ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪੋਸਟਰ ਲਗਾਉਣ ਵਾਲਿਆਂ 'ਤੇ ਐੱਫ਼.ਆਈ.ਆਰ. ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਵਾਦ ਚੱਲ ਰਿਹਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਮੁੱਦਾ ਬਣਾਉਂਦੇ ਹੋਏ ਕਿਹਾ ਹੈ ਕਿ ਇਹ ਤਾਨਾਸ਼ਾਹੀ ਹੈ। ਪਰ ਹਕੀਕਤ ਇਹ ਹੈ ਕਿ ਜੇਕਰ ਭਾਜਪਾ ਅਤੇ ਉਸ ਦੀਆਂ ਸਰਕਾਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਪਸੰਦ ਜਾਂ ਬਰਦਾਸ਼ਤ ਨਹੀਂ ਹੈ ਤਾਂ ਉਸੇ ਤਰ੍ਹਾਂ ਕਿਸੇ ਖੇਤਰੀ ਪਾਰਟੀ ਦੇ ਨੇਤਾਵਾਂ ਨੂੰ ਵੀ ਆਪਣੀ ਆਲੋਚਨਾ ਪਸੰਦ ਨਹੀਂ ਹੈ। ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਤੋਂ ਲੈ ਕੇ ਤਾਮਿਲਨਾਡੂ 'ਚ ਐਮ.ਕੇ. ਸਟਾਲਿਨ ਤੱਕ ਦੀ ਆਲੋਚਨਾ ਕਰਨ ਵਾਲਿਆਂ ਦੇ ਖ਼ਿਲਾਫ਼ ਮੁਕੱਦਮੇ ਹੋਏ ਅਤੇ ਉਨ੍ਹਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਲੋਕਤੰਤਰ ਨੂੰ ਖ਼ਤਰੇ 'ਚ ਦੱਸਣ ਵਾਲੀਆਂ ਪਾਰਟੀਆਂ ਵੀ ਭਾਜਪਾ ਵਾਂਗ ਵਿਵਹਾਰ ਕਰ ਰਹੀਆਂ ਹਨ। ਤਾਜ਼ਾ ਮਾਮਲਾ ਤਾਮਿਲਨਾਡੂ ਦਾ ਹੈ, ਜਿੱਥੇ ਇਕ ਪ੍ਰਦੀਪ ਨਾਂਅ ਦੇ 23 ਸਾਲ ਦੇ ਇਕ ਨੌਜਵਾਨ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕਰ 15 ਦਿਨ ਲਈ ਜੇਲ੍ਹ ਭੇਜ ਦਿੱਤਾ ਗਿਆ, ਕਿਉਂਕਿ ਉਸ ਨੇ ਤਾਮਿਲਨਾਡੂ ਸਰਕਾਰ ਦੇ ਬਜਟ ਦੀ ਆਲੋਚਨਾ ਵਾਲੀ ਇਕ ਵੀਡੀਓ ਸਾਂਝੀ ਕੀਤੀ ਸੀ। ਮਮਤਾ ਬੈਨਰਜੀ ਬਾਰੇ ਕਾਰਟੂਨ ਸਾਂਝਾ ਕਰਨ 'ਤੇ ਇਕ ਪ੍ਰੋਫ਼ੈਸਰ ਦੀ ਗ੍ਰਿਫ਼ਤਾਰੀ ਸਾਰਿਆਂ ਨੂੰ ਪਤਾ ਹੈ। ਪਿਛਲੇ ਦਿਨੀਂ ਮਮਤਾ ਬੈਨਰਜੀ ਦੀ ਪੁਲਿਸ ਨੇ ਕਾਂਗਰਸ ਦੇ ਨੇਤਾ ਕੌਸਤੁੰਭ ਬੈਨਰਜੀ ਨੂੰ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਨ੍ਹਾਂ ਨੇ ਮਮਤਾ ਦੀ ਆਲੋਚਨਾ ਕੀਤੀ ਸੀ। ਨਿਤੀਸ਼ ਕੁਮਾਰ ਹੁਣ ਤਾਂ ਆਰ.ਜੇ.ਡੀ. ਦੇ ਨਾਲ ਆ ਗਏ ਹਨ, ਪਰ ਕੁਝ ਸਮਾਂ ਪਹਿਲਾਂ ਜਦੋਂ ਉਹ ਭਾਜਪਾ ਦੇ ਨਾਲ ਸਨ ਤਾਂ ਉਨ੍ਹਾਂ ਦੀ ਸ਼ਰਾਬ ਨੀਤੀ ਦੀ ਆਲੋਚਨਾ ਕਰਨ ਵਾਲੇ ਇਕ ਆਰ.ਜੇ.ਡੀ. ਨੇਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੁਝ ਮਹੀਨੇ ਪਹਿਲਾਂ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਨ ਵਾਲੇ ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ 'ਤੇ ਪੰਜਾਬ ਪੁਲਿਸ ਨੇ ਮੁਕੱਦਮੇ ਦਰਜ ਕੀਤੇ ਸਨ।
ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲ
ਪੰਜਾਬ 'ਚ ਖ਼ਾਲਿਸਤਾਨ ਸਮਰਥਕ ਸੰਗਠਨ 'ਵਾਰਿਸ ਪੰਜਾਬ ਦੇ' ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਦੀ ਕਾਰਵਾਈ ਦੀ ਸਮਾਂ (ਟਾਈਮਿੰਗ) ਹੈਰਾਨ ਕਰਨ ਵਾਲਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ 'ਤੇ ਚਰਚਾ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ ਅਰਧ ਸੈਨਿਕ ਬਲਾਂ ਦੀ ਜ਼ਰੂਰਤ ਵੀ ਦੱਸੀ ਸੀ। ਉਸ ਮੁਲਾਕਾਤ 'ਚ ਤੈਅ ਹੋਇਆ ਸੀ ਕਿ ਅੰਮ੍ਰਿਤਸਰ 'ਚ ਹੋਣ ਵਾਲੀ ਜੀ-20 ਦੇਸ਼ਾਂ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਕਾਰਵਾਈ ਹੋਵੇਗੀ। ਪਰ ਅੰਮ੍ਰਿਤਸਰ 'ਚ ਜੀ-20 ਦੇ ਸੰਮੇਲਨ 'ਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਪ੍ਰਤੀਨਿਧੀਆਂ ਦਾ ਪਹੁੰਚਣਾ ਸ਼ੁਰੂ ਹੋਇਆ ਅਤੇ ਉੱਧਰ ਦੋ ਸੂਬਿਆਂ ਦੀ ਪੁਲਿਸ ਨੇ ਅੰਮ੍ਰਿਤਪਾਲ ਦੇ ਖ਼ਿਲਾਫ਼ ਮੁਹਿੰਮ ਛੇੜ ਦਿੱਤੀ! ਅੰਮ੍ਰਿਤਸਰ 'ਚ ਜੀ-20 ਨਾਲ ਜੁੜਿਆ ਪਹਿਲਾਂ ਪ੍ਰੋਗਰਾਮ ਸਿੱਖਿਆ 'ਤੇ 15 ਤੋਂ 17 ਮਾਰਚ ਤੱਕ ਚੱਲਿਆ। ਇਸ ਤੋਂ ਬਾਅਦ 19 ਅਤੇ 20 ਮਾਰਚ ਨੂੰ ਕਿਰਤ ਨਾਲ ਜੁੜਿਆ ਪ੍ਰੋਗਰਾਮ ਹੋਇਆ। ਜਿਸ ਦਿਨ ਇਹ ਬੈਠਕ ਸ਼ੁਰੂ ਹੋਣੀ ਸੀ, ਉਸ ਤੋਂ ਇਕ ਦਿਨ ਪਹਿਲਾਂ 18 ਮਾਰਚ ਨੂੰ ਜਲੰਧਰ ਅਤੇ ਮੋਗਾ ਦੀ ਪੁਲਿਸ ਨੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਦਿਨ 'ਚ 12 ਵਜੇ ਮੋਬਾਈਲ, ਇੰਟਰਨੈੱਟ ਅਤੇ ਥੋਕ 'ਚ ਐਸ.ਐਮ.ਐਸ. ਭੇਜਣ ਦੀ ਸੇਵਾ 24 ਘੰਟਿਆਂ ਲਈ ਬੰਦ ਕਰ ਦਿੱਤੀ ਗਈ। ਕਈ ਸ਼ਹਿਰਾਂ 'ਚ ਧਾਰਾ 144 ਲਾਗੂ ਹੋ ਗਈ। ਪੁਲਿਸ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਸੂਬੇ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਅੰਤਰਰਾਸ਼ਟਰੀ ਪ੍ਰਤੀਨਿਧੀ ਮੰਡਲ ਸੂਬੇ 'ਚ ਸੀ ਅਤੇ ਚਾਰੇ ਪਾਸੇ ਪੁਲਿਸ ਦੀ ਕਾਰਵਾਈ ਅਤੇ ਲੋਕਾਂ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ। ਅਜਿਹੇ 'ਚ ਸਵਾਲ ਹੈ ਕਿ ਸੂਬੇ ਦੀ ਪੁਲਿਸ ਨੇ ਖ਼ੁਦ ਅਜਿਹਾ ਕੀਤਾ ਜਾਂ ਕੇਂਦਰ ਦੇ ਨਾਲ ਤਾਲਮੇਲ ਕਰ ਕੇ ਕੀਤਾ ਗਿਆ?
ਜਸ਼ਨਾਂ ਦੀ ਤਿਆਰੀ 'ਚ ਜੁਟੀ ਮੋਦੀ ਸਰਕਾਰ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਸ਼ਨ ਮਨਾਉਣ ਲਈ ਮਸ਼ਹੂਰ ਹੈ। ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਜਾ ਰਹੇ ਹਨ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਚੌਥੀ ਵਰ੍ਹੇਗੰਢ ਮਈ ਦੇ ਅਖੀਰ 'ਚ ਹੈ ਅਤੇ ਉਸ ਮੌਕੇ 'ਤੇ ਵੱਡਾ ਜਸ਼ਨ ਮਨਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਵੀ ਕਹਿ ਸਕਦੇ ਹਾਂ ਕਿ ਜਸ਼ਨ ਸ਼ੁਰੂ ਹੋ ਗਿਆ ਹੈ। ਨਰਿੰਦਰ ਮੋਦੀ ਦੀ 'ਮੁਝੇ ਚਲਤੇ ਜਾਣਾ ਹੈ' ਸਿਰਲੇਖ ਹੇਠ ਜਾਰੀ ਨਵੀਂ ਐਨੀਮੇਟੇਡ ਵੀਡੀਓ ਇਸ ਦੀ ਮਿਸਾਲ ਹੈ। ਇਸ 'ਚ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਹੁਣ ਤੱਕ ਦੀ ਉਨ੍ਹਾਂ ਦੀ ਯਾਤਰਾ ਦਾ ਬਿਊਰਾ ਹੈ ਅਤੇ ਸੰਕਲਪ ਹੈ ਕਿ ਸਮਾਜ ਦੇ ਹਰ ਵਰਗ ਦੇ ਲਈ ਕੰਮ ਕਰਦੇ ਹੋਏ ਉਹ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣਗੇ। ਇਹ ਇਕ ਤਰ੍ਹਾਂ ਨਾਲ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦਾ ਪਹਿਲਾ ਕਦਮ ਹੈ। ਇਸ ਤਰ੍ਹਾਂ ਵੱਖ-ਵੱਖ ਥੀਮ 'ਤੇ ਹੋਰ ਵੀ ਪ੍ਰਚਾਰ ਸਮੱਗਰੀ ਜਾਰੀ ਹੁੰਦੀ ਰਹੇਗੀ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਜਸ਼ਨ ਦਾ ਆਖ਼ਰੀ ਮੌਕਾ ਹੋਵੇਗਾ। ਇਸ ਲਈ ਪ੍ਰਚਾਰ ਦੀ ਬੇਹਿਸਾਬ ਸਮੱਗਰੀ ਤਿਆਰ ਹੋਵੇਗੀ। ਲਗਾਤਾਰ ਤੀਜੀ ਵਾਰ ਜਨਾਦੇਸ਼ ਲਿਆਉਣ ਦੇ ਮਕਸਦ ਨਾਲ ਭਾਜਪਾ ਦੱਸੇਗੀ ਕਿ ਦੋ ਕਾਰਜਕਾਲ 'ਚ ਉਸ ਨੇ ਦੇਸ਼ ਨੂੰ ਕਿੰਨਾ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਕਈ ਪ੍ਰੋਗਰਾਮ ਹੋਣਗੇ। ਪਾਰਟੀ ਦੇ ਸਾਰੇ ਬੁਲਾਰੇ ਅਤੇ ਸਰਕਾਰ ਦੇ ਮੰਤਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਪ੍ਰੈੱਸ ਕਾਨਫਰੰਸ ਕਰਨਗੇ। ਪਹਿਲੀ ਐਨੀਮੇਟੇਡ ਵੀਡੀਓ ਨਾਲ ਪਾਰਟੀ ਨੇ ਇਹ ਵੀ ਦੱਸ ਦਿੱਤਾ ਹੈ ਕਿ ਮੋਦੀ 'ਤੇ ਵਿਰੋਧੀ ਧਿਰ ਦੇ ਹਮਲਿਆਂ ਨੂੰ ਕੇਂਦਰ 'ਚ ਰੱਖਿਆ ਜਾਵੇਗਾ।
ਭਗਤ ਸਿੰਘ ਨੂੰ ਭੁੱਲ ਗਏ ਕੇਜਰੀਵਾਲ
ਇਕ ਸਾਲ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ ਦੇ ਦਫ਼ਤਰਾਂ 'ਚ ਹੁਣ ਸਿਰਫ਼ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਤਸਵੀਰਾਂ ਲੱਗਣਗੀਆਂ। ਉਨ੍ਹਾਂ ਨੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਹਟਵਾ ਕੇ ਉਨ੍ਹਾਂ ਦੀ ਥਾਂ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਵਾ ਦਿੱਤੀਆਂ ਸਨ। ਪਰ ਇਸ ਸਾਲ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਭਗਤ ਸਿੰਘ ਦੀ ਯਾਦ ਨਹੀਂ ਆਈ। ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ, ਦਿੱਲੀ ਸਰਕਾਰ ਦੇ ਬਜਟ ਅਤੇ ਕੌਮੀ ਪੱਧਰ 'ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਦਾ ਮੋਰਚਾ ਬਣਾਉਣ 'ਚ ਲੱਗੇ ਕੇਜਰੀਵਾਲ ਸ਼ਹੀਦ-ਏ-ਆਜ਼ਮ ਨੂੰ ਭੁੱਲ ਗਏ। ਉਨ੍ਹਾਂ ਦੀ ਸਰਕਾਰ ਦਾ ਇਸ਼ਤਿਹਾਰ ਦਾ ਬਜਟ 568 ਕਰੋੜ ਰੁਪਏ ਹੋ ਗਿਆ ਹੈ, ਜੋ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਦੇ ਆਖ਼ਰੀ ਪੂਰੇ ਸਾਲ ਭਾਵ 2012-13 'ਚ ਸਿਰਫ਼ 15 ਕਰੋੜ ਰੁਪਏ ਦਾ ਸੀ, ਪਰ ਕੇਜਰੀਵਾਲ ਦੀ ਸਰਕਾਰ ਨੇ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕੋਈ ਇਸ਼ਤਿਹਾਰ ਨਹੀਂ ਦਿੱਤਾ। ਆਮ ਤੌਰ 'ਤੇ ਦਿੱਲੀ ਦੀਆਂ ਅਖ਼ਬਾਰਾਂ ਦਿੱਲੀ ਸਰਕਾਰ ਦੇ ਇਸ਼ਤਿਹਾਰਾਂ ਨਾਲ ਭਰੀਆਂ ਰਹਿੰਦੀਆਂ ਹਨ, ਪਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਕੋਈ ਇਸ਼ਤਿਹਾਰ ਨਹੀਂ ਛਪਿਆ। ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਦੇ ਇਸ਼ਤਿਹਾਰ ਦਿੱਲੀ ਤੋਂ ਲੈ ਕੇ ਤਾਮਿਲਨਾਡੂ ਅਤੇ ਕਰਨਾਟਕ ਤੱਕ ਦੀਆਂ ਅਖ਼ਬਾਰਾਂ 'ਚ ਛਪਦੇ ਰਹਿੰਦੇ ਹਨ, ਪਰ ਪੰਜਾਬ ਸਰਕਾਰ ਦਾ ਇਸ਼ਤਿਹਾਰ ਵੀ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਦਿੱਲੀ ਦੀਆਂ ਅਖ਼ਬਾਰਾਂ 'ਚ ਨਹੀਂ ਛਪਿਆ। ਦਿੱਲੀ ਦੀਆਂ ਅਖ਼ਬਾਰਾਂ 'ਚ ਇਕ ਇਸ਼ਤਿਹਾਰ ਹਰਿਆਣਾ ਸਰਕਾਰ ਦਾ ਦਿਸਿਆ ਅਤੇ ਦੂਜਾ ਮੱਧ ਪ੍ਰਦੇਸ਼ ਸਰਕਾਰ ਦਾ। ਨਾ ਤਾਂ ਕੇਂਦਰ ਸਰਕਾਰ ਨੇ ਇਸ਼ਤਿਹਾਰ ਦਿੱਤਾ ਅਤੇ ਨਾ ਦਿੱਲੀ ਤੇ ਪੰਜਾਬ ਸਰਕਾਰ ਦਾ ਇਸ਼ਤਿਹਾਰ ਆਇਆ।
ਪੰਕਜ ਕਪੂਰ ਇਕ ਸੰਵੇਦਨਸ਼ੀਲ ਫ਼ਿਲਮ ਟੈਲੀਵਿਜ਼ਨ ਅਦਾਕਾਰ ਹੈ। ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮਾਂ ਵਿਚ ਆਪਣੀ ਕਲਾ ਰਾਹੀਂ ਉਸ ਨੇ ਦਰਸ਼ਕ ਮਨਾਂ 'ਤੇ ਗਹਿਰੀ ਛਾਪ ਛੱਡੀ ਹੈ। ਨਤੀਜੇ ਵਜੋਂ ਬਹੁਤ ਸਾਰੇ ਪੁਰਸਕਾਰ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਜੁੜਦੇ ਗਏ ...
ਪੰਜਾਬ ਵਿਚ ਅੱਜ-ਕੱਲ੍ਹ ਬਿਜਲੀ ਦੀ ਪੈਦਾਵਾਰ ਲਈ ਕੋਲੇ ਦੀ ਸਪਲਾਈ ਨੂੰ ਲੈ ਕੇ ਕਾਫ਼ੀ ਚਰਚਾ ਛਿੜੀ ਹੋਈ ਹੈ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਤੋਂ ਕੋਲੇ ਦੀ ਸਪਲਾਈ ਲਈ ਰੇਲਵੇ ਦੇ ਵਾਧੂ ਰੈਕ ਉਪਲਬਧ ਕਰਵਾਉਣ ਲਈ ਵੀ ਬੇਨਤੀ ਕੀਤੀ ਗਈ ਹੈ। ਪ੍ਰੰਤੂ ਕੇਂਦਰ ਸਰਕਾਰ ...
ਪੰਜਾਬ 'ਚ ਇਕ ਵਾਰ ਫਿਰ ਬੇਮੌਸਮੀ ਬਾਰਿਸ਼, ਹਨੇਰੀ, ਝੱਖੜ ਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੀ ਪਕਾਈ ਕਣਕ ਦੀ ਫ਼ਸਲ 'ਤੇ ਕਹਿਰ ਢਾਹ ਦਿੱਤਾ ਹੈ। ਇਸ ਕਾਰਨ ਇਕ ਅਨੁਮਾਨ ਅਨੁਸਾਰ ਲਗਭਗ ਚਾਰ ਲੱਖ ਏਕੜ ਤੋਂ ਵੱਧ ਰਕਬੇ 'ਚ ਕਣਕ ਦੀ ਫ਼ਸਲ ਜਾਂ ਤਾਂ ਤਬਾਹ ਹੋ ਗਈ ਹੈ ਜਾਂ ਖ਼ਰਾਬ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX