* ਕਾਲੇ ਕੱਪੜੇ ਪਾ ਕੇ ਕੀਤਾ ਰੋਸ ਪ੍ਰਦਰਸ਼ਨ
* ਸੰਸਦ 'ਚ ਨਾਲ ਆਈ ਤ੍ਰਿਣਮੂਲ ਕਾਂਗਰਸ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦੇਣ ਦੇ ਮੁੱਦੇ 'ਤੇ ਕਾਂਗਰਸ ਨੇ ਇਸ ਕਾਨੂੰਨੀ ਅਤੇ ਸਿਆਸੀ ਲੜਾਈ 'ਚ ਸਿਆਸੀ ਲੜਾਈ ਨੂੰ ਹੋਰ ਤਿੱਖਾ ਕਰਦਿਆਂ ਅੱਜ ਸੜਕ ਤੋਂ ਸੰਸਦ ਤੱਕ 'ਬਲੈਕ ਡੇਅ' ਭਾਵ 'ਕਾਲਾ ਦਿਨ' ਮਨਾਇਆ। ਇਸ ਪ੍ਰਦਰਸ਼ਨ ਨੂੰ ਦੇਸ਼ ਵਿਆਪੀ ਬਣਾਉਂਦਿਆਂ ਕਾਂਗਰਸ ਨੇ ਵਿਧਾਨ ਸਭਾਵਾਂ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ, ਜਿਸ ਤਹਿਤ ਤਾਮਿਲਨਾਡੂ, ਬਿਹਾਰ, ਪੁਡੂਚੇਰੀ ਅਤੇ ਓਡੀਸ਼ਾ ਦੀਆਂ ਵਿਧਾਨ ਸਭਾਵਾਂ 'ਚ ਕਾਲੇ ਕੱਪੜਿਆਂ 'ਚ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਸੰਸਦ 'ਚ ਇਸ ਪ੍ਰਦਰਸ਼ਨ ਨੂੰ ਵਿਰੋਧੀ ਧਿਰਾਂ ਦੀ ਇਕਜੁੱਟਤਾ ਵਜੋਂ ਵੀ ਪੇਸ਼ ਕੀਤਾ, ਜਿਸ 'ਚ ਹੋਰ ਵਿਸਥਾਰ ਕਰਦਿਆਂ ਹਾਲੇ ਤੱਕ ਸੰਸਦ 'ਚ ਕਾਂਗਰਸ ਤੋਂ ਦੂਰੀ ਬਣਾ ਕੇ ਰਹਿਣ ਵਾਲੀ ਤ੍ਰਿਣਮੂਲ ਕਾਂਗਰਸ ਵੀ ਸੋਮਵਾਰ ਨੂੰ ਇਜਲਾਸ 'ਚ ਪਹਿਲੀ ਵਾਰ ਨਾ ਸਿਰਫ਼ ਵਿਰੋਧੀ ਧਿਰਾਂ ਦੀ ਰਣਨੀਤਕ ਬੈਠਕ 'ਚ ਸ਼ਾਮਿਲ ਹੋਈ, ਸਗੋਂ ਵਿਰੋਧੀ ਧਿਰਾਂ ਦੇ ਸਾਂਝੇ ਮਾਰਚ 'ਚ ਵੀ ਸ਼ਾਮਿਲ ਹੋਈ। ਪ੍ਰਦਰਸ਼ਨ ਨੂੰ ਸੜਕ ਤੱਕ ਲਿਜਾਂਦਿਆਂ ਯੂਥ ਕਾਂਗਰਸ ਨੇ ਦਿੱਲੀ 'ਚ ਜੰਤਰ-ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸਮਰਥਨ 'ਚ ਆਈਆਂ ਪਾਰਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਲ ਆਉਣ ਵਾਲੀਆਂ ਸਾਰੀਆਂ ਪਾਰਟੀਆਂ ਦਾ ਸਵਾਗਤ ਹੈ। ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਕਰਾਰ ਦੇਣ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰਦਿਆਂ ਕੰਮ ਮੁਲਤਵੀ ਨੋਟਿਸ ਦਿੱਤਾ।
ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਸੰਸਦ ਮੈਂਬਰ
ਕਾਂਗਰਸ ਸੰਸਦ ਮੈਂਬਰਾਂ ਨੇ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਕਾਲੇ ਕੁਰਤੇ ਅਤੇ ਪਗੜੀ ਬੰਨ੍ਹੀ ਨਜ਼ਰ ਆਏ ਜਦਕਿ ਸੋਨੀਆ ਗਾਂਧੀ ਕਾਲਾ ਸਕਾਰਫ਼ ਪਾਏ ਨਜ਼ਰ ਆਏ। ਇੱਥੋਂ ਤੱਕ ਕਿ ਕਾਂਗਰਸ ਦੀ ਹਿਮਾਇਤੀ ਅਤੇ ਤਾਮਿਲਨਾਡੂ 'ਚ ਗੱਠਜੋੜ ਭਾਈਵਾਲ ਡੀ.ਐੱਮ.ਕੇ. ਦੇ ਸੰਸਦ ਮੈਂਬਰ ਵੀ ਕਾਲੇ ਕੱਪੜੇ ਪਾਏ ਨਜ਼ਰ ਆਏ।
ਨਹੀਂ ਚੱਲੀ ਦੋਵੇਂ ਸਦਨਾਂ ਦੀ ਕਾਰਵਾਈ
ਹੰਗਾਮਿਆਂ ਕਾਰਨ ਦੋਵੇਂ ਸਦਨਾਂ 'ਚ ਕੋਈ ਵੀ ਕੰਮਕਾਜ ਨਾ ਹੋ ਸਕਿਆ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਕੀਤੀ ਕਾਰਵਾਈ ਦੇ ਵਿਰੋਧ 'ਚ ਸਭਾ ਦੇ ਵਿਚਕਾਰ ਆ ਗਏ। ਦੋ ਕਾਂਗਰਸੀ ਮੈਂਬਰ ਟੀ.ਐੱਨ. ਪ੍ਰਤਾਪਨ ਅਤੇ ਹਿਬੀ ਈਡੇਕ ਨੇ ਸਪੀਕਰ ਓਮ ਬਿਰਲਾ ਵੱਲ ਕਾਗਜ਼ ਅਤੇ ਆਪਣੇ ਕਾਲੇ ਸਕਾਰਫ਼ ਵੀ ਸੁੱਟੇ। ਹੰਗਾਮਿਆਂ ਤੋਂ ਬਾਅਦ ਸਪੀਕਰ ਨੇ 1 ਮਿੰਟ 'ਚ ਹੀ ਸਭਾ ਦੀ ਕਾਰਵਾਈ ਦੁਪਹਿਰ 4 ਵਜੇ ਤੱਕ ਉਠਾ ਦਿੱਤੀ। ਸਭਾ ਮੁੜ ਜੁੜਨ 'ਤੇ ਹੰਗਾਮੇ ਜਾਰੀ ਰਹਿਣ 'ਤੇ ਸਦਨ ਦੀ ਕਾਰਵਾਈ ਮੰਗਲਵਾਰ ਸਵੇਰ ਤੱਕ ਉਠਾ ਦਿੱਤੀ ਗਈ। ਹੰਗਾਮਿਆਂ ਦੌਰਾਨ ਰਾਜ ਸਭਾ ਵਲੋਂ ਸਿਫ਼ਾਰਸ਼ ਕੀਤੀਆਂ ਸੋਧਾਂ ਦੇ ਨਾਲ ਵਿੱਤ ਬਿੱਲ ਪਾਸ ਕਰ ਦਿੱਤਾ ਗਿਆ।
ਖੜਗੇ ਦੀ ਰਿਹਾਇਸ਼ 'ਤੇ 18 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਬੈਠਕ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ 'ਤੇ ਰਾਤ ਦੇ ਖਾਣੇ ਤੋਂ ਬਾਅਦ 18 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਇਕ ਬੈਠਕ ਹੋਈ, ਜਿਸ 'ਚ ਨੇਤਾਵਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਲੋਕਤੰਤਰ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖਣ ਦਾ ਫ਼ੈਸਲਾ ਵੀ ਕੀਤਾ। ਇਸ ਬੈਠਕ 'ਚ ਡੀ. ਐਮ. ਕੇ., ਐਨ. ਸੀ. ਪੀ., ਜੇ.ਡੀ. (ਯੂ), ਬੀ. ਆਰ. ਐਸ., ਸੀ. ਪੀ. ਆਈ. (ਐਮ), ਸੀ. ਪੀ. ਆਈ., 'ਆਪ', ਐਮ. ਡੀ. ਐਮ. ਕੇ., ਕੇ. ਸੀ., ਤ੍ਰਿਣਮੂਲ ਕਾਂਗਰਸ, ਆਰ. ਐਸ. ਪੀ., ਆਰ. ਜੇ. ਡੀ., ਐਨ. ਸੀ., ਆਈ. ਯੂ. ਐਮ. ਐਲ., ਵੀ. ਸੀ. ਕੇ., ਸਮਾਜਵਾਦੀ ਪਾਰਟੀ ਤੇ ਜੇ.ਐਮ.ਐਮ. ਪਾਰਟੀਆਂ ਨੇ ਸ਼ਮੂਲੀਅਤ ਕੀਤੀ। ਰਾਹੁਲ ਗਾਂਧੀ ਵਲੋਂ ਵੀਰ ਸਾਵਰਕਰ ਖ਼ਿਲਾਫ਼ ਦਿੱਤੇ ਬਿਆਨ ਕਰਕੇ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਨੇ ਬੈਠਕ 'ਚ ਸ਼ਮੂਲੀਅਤ ਨਹੀਂ ਕੀਤੀ।
ਗਾਂਧੀ ਪਰਿਵਾਰ ਖ਼ੁਦ ਨੂੰ ਸੰਵਿਧਾਨ ਤੋਂ ਉੱਪਰ ਸਮਝਦਾ ਹੈ-ਭਾਜਪਾ
ਭਾਜਪਾ ਨੇ ਕਾਂਗਰਸ ਵਲੋਂ ਐਲਾਨੇ ਕਾਲੇ ਦਿਵਸ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਖ਼ੁਦ ਨੂੰ ਸੰਵਿਧਾਨ ਤੋਂ ਉੱਪਰ ਸਮਝਦਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ਦੇ ਫ਼ੈਸਲੇ 'ਚ ਅਯੋਗ ਠਹਿਰਾਉਣ 'ਚ ਨਾ ਤਾਂ ਭਾਜਪਾ ਦਾ ਅਤੇ ਨਾ ਹੀ ਸਰਕਾਰ ਦਾ ਕੋਈ ਹੱਥ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਅਦਾਲਤੀ ਫ਼ੈਸਲੇ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਅਦਾਲਤ ਦਾ ਫ਼ੈਸਲਾ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਲੇ ਕੰਮ ਕਰਦੀ ਰਹੇਗੀ ਅਤੇ ਕਾਲਾ ਜਾਦੂ ਵਰਤਣਾ ਸ਼ੁਰੂ ਕਰੇਗੀ।
* ਕਿਸੇ ਤੀਜੇ ਦੇਸ਼ 'ਚ ਭੱਜਣ ਨਾ ਦੇਵੇ ਨਿਪਾਲ-ਭਾਰਤ * ਨਵੀਂ ਤਸਵੀਰ ਵਾਇਰਲ
ਕਠਮੰਡੂ, 27 ਮਾਰਚ (ਏਜੰਸੀ)-ਨਿਪਾਲ ਨੇ ਸੋਮਵਾਰ ਨੂੰ ਅੰਮ੍ਰਿਤਪਾਲ ਸਿੰਘ, ਜਿਸ ਦੇ ਨਿਪਾਲ 'ਚ ਲੁਕੇ ਹੋਣ ਦਾ ਸ਼ੱਕ ਹੈ, ਨੂੰ ਆਪਣੀ ਨਿਗਰਾਨ ਸੂਚੀ ਵਿਚ ਪਾ ਦਿੱਤਾ ਹੈ। ਭਾਰਤ ਵਲੋਂ ਉਸ ਨੂੰ ਕਿਸੇ ਤੀਜੇ ਦੇਸ਼ ਵਿਚ ਨਾ ਭੱਜਣ ਦੇਣ ਅਤੇ ਜੇਕਰ ਉਹ ਭਾਰਤੀ ਪਾਸਪੋਰਟ ਤੇ ਕਿਸੇ ਜਾਅਲੀ ਪਾਸਪੋਰਟ ਦੀ ਮਦਦ ਨਾਲ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਨਿਪਾਲ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਅੰਬੈਸੀ ਵਲੋਂ ਕੀਤੀ ਬੇਨਤੀ ਤੋਂ ਬਾਅਦ ਇੰਮੀਗ੍ਰੇਸ਼ਨ ਵਿਭਾਗ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਨਿਗਰਾਨ ਸੂਚੀ 'ਚ ਪਾਇਆ ਗਿਆ ਹੈ। ਵਿਭਾਗ ਦੇ ਸੂਚਨਾ ਅਧਿਕਾਰੀ ਕਮਲ ਪ੍ਰਸਾਦ ਪਾਂਡੇ ਨੇ ਕਿਹਾ ਕਿ ਭਾਰਤੀ ਅੰਬੈਸੀ ਵਲੋਂ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਪਾਸਪੋਰਟ ਦੀ ਕਾਪੀ ਦੇ ਨਾਲ ਇਕ ਨੋਟ ਮਿਲਿਆ ਹੈ, ਜਿਸ ਵਿਚ ਸ਼ੱਕ ਪ੍ਰਗਟਾਇਆ ਗਿਆ ਹੈ ਕਿ ਉਹ ਨਿਪਾਲ ਵਿਚ ਦਾਖ਼ਲ ਹੋ ਸਕਦਾ ਹੈ। ਪਾਂਡੇ ਨੇ ਕਿਹਾ ਕਿ ਭਾਰਤੀ ਅੰਬੈਸੀ ਨੇ ਵਿਭਾਗ ਨੂੰ ਅੰਮ੍ਰਿਤਪਾਲ ਨੂੰ ਨਿਗਰਾਨ ਸੂਚੀ 'ਚ ਰੱਖਣ ਲਈ ਇਕ ਨੋਟ ਭੇਜਿਆ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨਿਪਾਲ 'ਚ ਦਾਖ਼ਲ ਹੋ ਗਿਆ ਹੈ ਤੇ ਉਥੇ ਕਿਤੇ ਲੁਕਿਆ ਹੋਇਆ ਹੈ। ਭਾਰਤੀ ਮਿਸ਼ਨ ਵਲੋਂ ਪੱਤਰ ਬਾਰੇ ਤੁਰੰਤ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਕਠਮੰਡੂ ਪੋਸਟ ਅਖ਼ਬਾਰ ਦੀ ਰਿਪੋਰਟ ਅਨੁਸਾਰ ਸਨਿਚਰਵਾਰ ਨੂੰ ਕੌਂਸਲਰ ਸੇਵਾਵਾਂ ਵਿਭਾਗ ਨੂੰ ਭੇਜੇ ਪੱਤਰ 'ਚ ਕਠਮੰਡੂ 'ਚ ਭਾਰਤੀ ਅੰਬੈਸੀ ਨੇ ਸਰਕਾਰੀ ਏਜੰਸੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਨਿਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਨ। ਮਿਲੇ ਪੱਤਰ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਨਿਪਾਲ 'ਚ ਲੁਕਿਆ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇੰਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕਰੇ ਕਿ ਅੰਮ੍ਰਿਤਪਾਲ ਨੂੰ ਨਿਪਾਲ ਰਸਤੇ ਕਿਸੇ ਤੀਜੇ ਦੇਸ਼ ਨਾ ਜਾਣ ਦਿੱਤਾ ਜਾਵੇ ਤੇ ਜੇਕਰ ਇਸ ਮਿਸ਼ਨ ਦੀ ਸੂਚਨਾ ਤਹਿਤ ਉਹ ਭਾਰਤੀ ਪਾਸਪੋਰਟ ਜਾਂ ਕਿਸੇ ਜਾਅਲੀ ਪਾਸਪੋਰਟ ਦੀ ਮਦਦ ਨਾਲ ਨਿਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਕਈ ਸੂਤਰਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਕਿ ਇਹ ਪੱਤਰ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਵੇਰਵਾ ਹੋਟਲਾਂ ਤੋਂ ਲੈ ਕੇ ਏੇਅਰਲਾਈਨਜ਼ ਤੱਕ ਸਾਰਿਆਂ ਨੂੰ ਭੇਜ ਦਿੱਤਾ ਗਿਆ ਹੈ।
ਕਿਹਾ, ਕੇਂਦਰ ਤੇ ਰਾਜ ਸਰਕਾਰ ਵਲੋਂ ਬਿਨਾਂ ਵਜ੍ਹਾ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 27 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰ੍ਰੀਤ ਸਿੰਘ ਵਲੋਂ ਪਿਛਲੇ ਦਿਨਾਂ 'ਚ ਪੰਜਾਬ 'ਚੋਂ ਗ੍ਰਿਫ਼ਤਾਰ ਕੀਤੇ ਸੈਂਕੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ। ਨਾਲ ਹੀ ਸਰਕਾਰ ਨੂੰ ਤਾੜਨਾ ਕੀਤੀ ਗਈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਜਥੇਬੰਦੀਆਂ ਵਲੋਂ 'ਖ਼ਾਲਸਾ ਵਹੀਰ' ਆਰੰਭ ਕੀਤਾ ਜਾਵੇਗਾ, ਜਿਸ ਵਲੋਂ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਤੋਂ ਸੰਗਤ ਨੂੰ ਜਾਣੂੰ ਕਰਵਾਇਆ ਜਾਵੇਗਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਅੰਮ੍ਰਿਤਪਾਨ ਕਰਨ ਦੀ ਪ੍ਰੇਰਨਾ ਦਿੱਤੀ ਜਾਵੇਗੀ। ਇਹ ਐਲਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਤੇ ਧਾਰਮਿਕ ਜਥੇਬੰਦੀਆਂ, ਸਿੱਖ ਵਿਦਵਾਨਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਵਿਦਿਆਰਥੀ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਜ਼ਰੂਰੀ ਇਕੱਤਰਤਾ ਉਪਰੰਤ ਕੀਤਾ ਗਿਆ। ਕਰੀਬ ਤਿੰਨ ਘੰਟੇ ਤੱਕ ਚੱਲੀ ਇਸ ਪੰਥਕ ਇਕੱਤਰਤਾ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ, ਦਲ ਪੰਥ ਬਾਬਾ ਬਿਧੀ ਚੰਦ ਤੋਂ ਬਾਬਾ ਅਵਤਾਰ ਸਿੰਘ ਸੁਰ ਸਿੰਘ, ਬਾਬਾ ਜੋਗਾ ਸਿੰਘ ਤਰਨਾ ਦਲ, ਭਾਈ ਜਸਬੀਰ ਸਿੰਘ ਰੋਡੇ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਹਰਿਸਿਮਰਨ ਸਿੰਘ, ਸੰਤ ਅਮੀਰ ਸਿੰਘ ਜਵੱਦੀ ਟਕਸਾਲ, ਮਨਜੀਤ ਸਿੰਘ ਜੀ. ਕੇ. ਸਮੇਤ ਹੋਰ ਪੰਥਕ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਪੰਥਕ ਆਗੂਆਂ ਅਤੇ ਵਿਦਵਾਨਾਂ ਨੇ ਮੌਜੂਦਾ ਹਾਲਾਤ 'ਤੇ ਵਿਚਾਰ ਪੇਸ਼ ਕਰਦਿਆਂ ਕੇਂਦਰ ਤੇ ਪੰਜਾਬ ਦੀ 'ਆਪ' ਸਰਕਾਰ ਵਲੋਂ ਸਿੱਖਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਦੀ ਕਰੜੀ ਨਿੰਦਾ ਕੀਤੀ ਤੇ ਇਸ ਵਿਰੁੱੱਧ ਸੰਘਰਸ਼ ਆਰੰਭ ਕਰਦਿਆਂ ਇਸ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਰਨ ਦੀ ਅਪੀਲ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੇਂਦਰ ਤੇ ਸੂਬੇ ਦੀ ਰਾਜ ਸਰਕਾਰ ਨੇ ਸਾਡੇ ਲਈ ਇਕ ਜਾਲ (ਟਰੈਪ) ਵਿਛਾਇਆ ਹੈ ਤੇ ਅਸੀਂ ਉਸ 'ਟਰੈਪ' ਦਾ ਸ਼ਿਕਾਰ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਇਸ 'ਟਰੈਪ' 'ਚੋਂ ਕਿਵੇਂ ਨਿਕਲਣਾ ਹੈ, ਇਸੇ ਲਈ ਵਿਚਾਰ ਕਰਨ ਲਈ ਅੱਜ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਖ਼ਿਲਾਫ਼ ਸਟੇਟ ਵਲੋਂ ਬੜੀ ਜ਼ਹੀਨ ਤੇ ਕੂਟਨੀਤਕ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਵੀ ਸਾਨੂੰ ਹਿੰਸਕ ਨਾ ਹੋ ਕੇ ਕੂਟਨੀਤਕ ਤੌਰ 'ਤੇ ਦੇਣ ਲਈ ਸਿੱਖਾਂ ਅੰਦਰ ਸਮਰੱਥਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਇਸ ਜਮਹੂਰੀ ਤੇ ਵੱਖ-ਵੱਖ ਕੌਮਾਂ ਤੇ ਧਰਮਾਂ ਵਾਲੇ ਭਾਰਤ ਵਿਚ ਸ਼ਰ੍ਹੇਆਮ ਘੱਟ-ਗਿਣਤੀਆਂ ਦਾ ਦਮਨ ਕਰਕੇ ਹਿੰਦੂ ਰਾਸ਼ਟਰ ਬਣਾਉਣ ਦੇ ਐਲਾਨ ਕੀਤੇ ਜਾਂਦੇ ਹਨ, ਪਰ ਅਜਿਹੇ ਭੜਕਾਹਟ ਭਰੇ ਬਿਆਨ ਦੇਣ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ, ਦੂਜੇ ਪਾਸੇ ਜਮਹੂਰੀਅਤ ਦੇ ਦਾਇਰੇ ਅੰਦਰ ਰਹਿ ਕੇ ਆਪਣੇ ਵਿਚਾਰ ਪੇਸ਼ ਕਰਨ ਵਾਲੇ ਸਿੱਖਾਂ 'ਤੇ ਸਰਕਾਰਾਂ ਕਾਲੇ ਕਾਨੂੰਨ ਲਾਗੂ ਕਰਨ ਲੱਗਿਆਂ ਦੇਰ ਨਹੀਂ ਲਾਉਂਦੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 24 ਘੰਟਿਆਂ ਦੇ ਅੰਦਰ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਕੇ ਦਹਿਸ਼ਤ ਦੇ ਮਾਹੌਲ ਨੂੰ ਖਤਮ ਨਹੀਂ ਕਰਦੀ ਤਾਂ ਭਾਰਤੀ ਸਰਕਾਰ ਵਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਸਿਰਜੇ ਮਾਹੌਲ ਖ਼ਿਲਾਫ਼ ਦੇਸ਼-ਵਿਦੇਸ਼ ਵਿਚ ਕੂਟਨੀਤਕ ਤੌਰ 'ਤੇ ਪ੍ਰਚਾਰ ਦੀ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਵੱਡੇ ਪੰਥਕ ਇਕੱਠ ਵੀ ਸੱਦੇ ਜਾਣਗੇ ਤੇ ਸਿੱਖ ਰਾਜਨੀਤਕ ਆਗੂਆਂ ਦੀ ਇਕੱਤਰਤਾ ਬੁਲਾਈ ਜਾਵੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸਰਕਾਰਾਂ ਵਲੋਂ ਜੋ ਕੌਮੀ ਮੀਡੀਆ ਰਾਹੀਂ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਦੇ ਖ਼ਿਲਾਫ਼ ਅਦਾਲਤਾਂ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਜਾਰੀ ਕੀਤਾ ਕਿ ਸਾਰੇ ਨੌਜਵਾਨਾਂ ਉਪਰ ਲਾਏ ਗਏ ਕੌਮੀ ਸੁਰੱਖਿਆ ਐਕਟ ਨੂੰ ਤੁਰੰਤ ਹਟਾਇਆ ਜਾਵੇ, ਹਰੀਕੇ ਦੇ ਹੈੱਡਵਰਕਸ 'ਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਜ਼ਬਤ ਕੀਤੇ ਵਾਹਨ ਤੁਰੰਤ ਛੱਡੇ ਜਾਣ ਤੇ ਵਾਹਨਾਂ ਦੀ ਭੰਨ੍ਹ ਤੋੜ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਅਦਾਲਤ ਵਿਚ ਕੇਸ ਦਾਇਰ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਵਲੋਂ ਬੰਦ ਕੀਤੇ ਗਏ ਸਿੱਖ ਹਿਤੈਸ਼ੀ ਤੇ ਵੈੱਬ ਚੈਨਲ ਅਤੇ ਸੋਸ਼ਲ ਮੀਡੀਆ ਖਾਤੇ ਤੁਰੰਤ ਚਾਲੂ ਕੀਤੇ ਜਾਣ। ਇਸ ਦੌਰਾਨ ਉਨ੍ਹਾਂ ਜਿਥੇ ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਤੇ ਸਿੱਖ ਰਿਆਸਤਾਂ ਦੇ ਖ਼ਾਲਸਾਈ ਝੰਡੇ ਅਤੇ ਚਿੰਨ੍ਹਾਂ ਨੂੰ ਖ਼ਾਲਿਸਤਾਨ ਦੇ ਝੰਡੇ ਵਜੋਂ ਗਲਤ ਪ੍ਰਚਾਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ, ਉਥੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸੁਝਾਅ 'ਤੇ ਸਰਕਾਰੀ ਕੂੜ-ਪ੍ਰਚਾਰ ਨੂੰ ਠੱਲ੍ਹਣ ਲਈ ਸਿੱਖਾਂ ਨੂੰ ਖ਼ਾਲਸਾ ਰਾਜ ਤੇ ਸਿੱਖ ਵਿਰਾਸਤ ਨਾਲ ਸੰਬੰਧਿਤ ਝੰਡਿਆਂ ਨੂੰ ਸਿੱਖ ਆਪਣੇ ਵਾਹਨਾਂ ਤੇ ਘਰਾਂ ਉੱਪਰ ਲਗਾਉਣ ਦੀ ਵੀ ਅਪੀਲ ਕੀਤੀ ਗਈ।
ਤਸ਼ੱਦਦ ਵੀ ਸਾਡੇ 'ਤੇ, ਬਦਨਾਮ ਵੀ ਸਾਨੂੰ ਹੀ ਕੀਤਾ ਜਾ ਰਿਹੈ-ਐਡਵੋਕੇਟ ਧਾਮੀ
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਵਲੋਂ ਤਸ਼ੱਦਦ ਵੀ ਸਾਡੇ 'ਤੇ ਹੋ ਰਿਹਾ ਹੈ ਤੇ ਉਲਟਾ ਬਦਨਾਮ ਵੀ ਸਾਨੂੰ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ 'ਤੇ ਲਾਏ ਗਏ ਕੌਮੀ ਸੁਰੱਖਿਆ ਐਕਟ ਨੂੰ ਤੁੜਵਾਉਣ ਅਤੇ ਹੋਰ ਕਾਨੂੰਨੀ ਸਹਾਇਤਾ ਕਰਨ ਲਈ ਵਕੀਲਾਂ ਦੇ ਪੈਨਲ ਦਾ ਐਲਾਨ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਨੌਜਵਾਨਾਂ 'ਤੇ ਲਗਾਏ ਗਏ ਐਨ. ਐਸ. ਏ. ਵਰਗੇ ਕਾਨੂੰਨਾਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਪੀੜਤ ਪਰਿਵਾਰ ਸ਼੍ਰੋਮਣੀ ਕਮੇਟੀ ਨਾਲ ਤੁਰੰਤ ਰਾਬਤਾ ਕਰਨ ਤਾਂ ਜੋ ਉਨ੍ਹਾਂ ਦੀ ਕਾਨੂੰਨੀ ਸਹਾਇਤਾ ਅਤੇ ਵਕੀਲਾਂ ਦੀ ਫ਼ੀਸ ਆਦਿ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਾਨੂੰਨੀ ਪੈਰਵਾਈ ਕਰਨ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਬੇਨਤੀ ਨਹੀਂ ਬਲਕਿ ਆਦੇਸ਼ ਦੇਣੇ ਚਾਹੀਦੇ ਹਨ-ਜਥੇ: ਬਾਬਾ ਬਲਬੀਰ ਸਿੰਘ
ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਨਿੰਦਾ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਖ਼ਾਲਸਾ ਸਰਕਾਰਾਂ ਨੂੰ ਕੋਈ ਬੇਨਤੀ ਨਹੀਂ ਕਰਦਾ, ਬਲਿਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰਾਂ ਨੂੰ ਆਦੇਸ਼ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਾਮਲੇ 'ਤੇ ਸਰਕਾਰ ਅਤੇ ਖੁਦ ਉਸ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਲਕੀ ਸਾਹਿਬ ਮਾਮਲੇ 'ਚ ਉਸਦੀ ਕੋਈ ਗਲਤੀ ਸੀ ਤਾਂ ਉਸ ਨੂੰ ਬਣਦੀ ਧਾਰਮਿਕ ਸਜ਼ਾ ਦਿੱਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸਿੱਖ ਦੇਸ਼ ਦੇ ਗੱਦਾਰ ਨਹੀਂ ਹਨ, ਜਿਵੇਂ ਕਿ ਸਰਕਾਰਾਂ ਵਲੋਂ ਪ੍ਰਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਸ਼ਾਂਤੀ ਕਾਇਮ ਰੱਖਣੀ ਚਾਹੁੰਦੇ ਹਾਂ ਪਰ ਕੋਈ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਦੇ ਨਾਲ ਖੜ੍ਹੀਆਂ ਹਨ।
2024 ਦੀਆਂ ਚੋਣਾਂ ਨੂੰ ਲੈ ਕੇ ਪੈਦਾ ਕੀਤਾ ਜਾ ਰਿਹੈ ਦਹਿਸ਼ਤ ਦਾ ਮਾਹੌਲ-ਭਾਈ ਰੋਡੇ
ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਸਰਕਾਰਾਂ ਵਲੋਂ ਆਉਂਦੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਬਟੋਰਨ ਲਈ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੇਂਦਰ ਤੇ ਸਰਕਾਰਾਂ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤਾਂ ਜਥੇਦਾਰ ਸਾਹਿਬ ਨੂੰ ਪੁਲਿਸ ਅਧਿਕਾਰੀਆਂ ਨੂੰ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦਾ ਰਾਜ ਸਿੰਘਾਸਨ ਅਤੇ ਸੁਪਰੀਮ ਅਥਾਰਟੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ 'ਚ ਚੇਤਨਾ ਪੈਦਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਖ਼ਾਲਸਾ ਮਾਰਚ ਕੱਢੇ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਤੌਰ ਸਿੱਖ ਸੰਸਦ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਤੇ ਸਮੇਂ-ਸਮੇਂ ਇਸ ਦੇ ਇਜਲਾਸ ਬੁਲਾ ਕੇ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ 'ਤੇ ਚਰਚਾ ਕਰਨੀ ਚਾਹੀਦੀ ਹੈ।
ਅਣਐਲਾਨੀ ਐਮਰਜੈਂਸੀ ਲਾਗੂ-ਜੀ. ਕੇ.
ਦਿੱਲੀ ਤੋਂ ਆਏ ਸਿੱਖ ਆਗੂੁ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਵਰਗੇ ਹਾਲਾਤ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਸਿੱਖਾਂ ਨੇ ਪੀੜਤ ਲੋਕਾਂ ਦੀ ਸਹਾਇਤਾ ਕਰਕੇ ਵਿਸ਼ਵ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ 'ਚ ਕੋਈ ਵੀ ਵੱਡੀ ਘਟਨਾ ਨਹੀਂ ਹੋਈ, ਫਿਰ ਵੀ ਸਿੱਖ ਨੌਜਵਾਨਾਂ 'ਤੇ ਐਨ. ਐਸ. ਏ. ਵਰਗੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਦੇ ਪੋਰਟਲ 'ਤੇ ਦੇਸ਼-ਵਿਦੇਸ਼ ਦੇ ਸਿੱਖਾਂ ਬਾਰੇ ਮੰਗੇ ਗਏ ਸੁਝਾਵਾਂ ਦੀ ਵੀ ਨਿੰਦਾ ਕਰਦਿਆਂ ਇਹ ਮਾਮਲਾ ਜਥੇਦਾਰ ਦੇ ਧਿਆਨ 'ਚ ਲਿਆਂਦਾ।
ਐਡਵੋਕੇਟ ਸਿਆਲਕਾ ਨੇ ਕੀਤੀ ਅਦਾਰਾ 'ਅਜੀਤ' ਦੀ ਪ੍ਰਸੰਸਾ
ਸ਼੍ਰੋਮਣੀ ਕਮੇਟੀ ਮੈਂਬਰ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਸਰਕਾਰਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਕੌਮੀ ਤੇ ਇਲੈਕਟ੍ਰਾਨਿਕਸ ਮੀਡੀਆ ਵਲੋਂ ਸਿੱਖਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰਾਂ ਵੋਟਾਂ ਦੀ ਰਾਜਨੀਤੀ ਕਰਨੀ ਚਾਹੁੰਦੀਆਂ ਹਨ ਜਿਵੇਂ 1984 'ਚ ਕਾਂਗਰਸ ਨੇ ਕੀਤੀ ਸੀ। ਉਨ੍ਹਾਂ ਮੌਜੂਦਾ ਹਾਲਾਤ ਦੌਰਾਨ ਅਦਾਰਾ 'ਅਜੀਤ' ਵਲੋਂ ਪੂਰੀ ਜ਼ਿੰਮੇੇਵਾਰੀ ਨਾਲ ਆਪਣੇ ਅਖ਼ਬਾਰਾਂ ਤੇ ਚੈਨਲਾਂ ਵਿਚ ਹਾਲਾਤ ਦੀ ਸਹੀ ਤਸਵੀਰ ਪੇਸ਼ ਕਰਨ ਲਈ 'ਅਜੀਤ' ਅਦਾਰੇ ਤੇ ਇਸਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਵਿਚਾਰ ਪ੍ਰਗਟ ਕਰਦਿਆਂ ਸਿੱਖ ਕੌਮ ਅਤੇ ਸਿੱਖ ਨੌਜਵਾਨੀ ਨਾਲ ਹੋ ਰਹੇ ਅਨਿਆਂ ਖ਼ਿਲਾਫ਼ ਬੌਧਿਕ ਤੇ ਕੂਟਨੀਤਕ ਪੱਧਰ 'ਤੇ ਵੱਡੀ ਕਤਾਰਬੰਦੀ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿਚ ਇਕਜੁੱਟ ਹੋਣ ਦਾ ਭਰੋਸਾ ਦਿੰਦਿਆਂ ਗ੍ਰਿਫ਼ਤਾਰ ਕਰਕੇ ਪੰਜਾਬ ਤੋਂ ਬਾਹਰ ਆਸਾਮ 'ਚ ਲਿਜਾਏ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਤੇ ਪੰਜਾਬ ਲਿਆਉਣ ਦੀ ਮੰਗ ਕੀਤੀ।
ਕੌਣ-ਕੌਣ ਸ਼ਾਮਿਲ
ਇਕੱਤਰਤਾ 'ਚ ਬਾਬਾ ਅਵਤਾਰ ਸਿੰਘ ਸੁਰਸਿੰਘ, ਭੁਪਿੰਦਰ ਸਿੰਘ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ, ਭਾਈ ਸੁਖਪ੍ਰੀਤ ਸਿੰਘ ਉਦੋਕੇ, ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ, ਵਿਦਿਆਰਥੀ ਆਗੂ ਜੁਗਰਾਜ ਸਿੰਘ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਗਿਆਨੀ ਨਵਤੇਜ ਸਿੰਘ, ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ, ਭਾਈ ਪਰਮਜੀਤ ਸਿੰਘ ਢਾਡੀ ਯੂ. ਕੇ., ਰਣਜੀਤ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਅਗਵਾਨ, ਭਾਈ ਸਰਬਜੀਤ ਸਿੰਘ ਢੋਟੀਆਂ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਬਲਜੀਤ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਅਮਰਪ੍ਰੀਤ ਸਿੰਘ ਖ਼ਾਲਸਾ ਏਡ, ਡਾ: ਅਮਰਜੀਤ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ ਫਗਵਾੜਾ, ਬੀਬੀ ਇੰਦਰਜੀਤ ਕੌਰ ਮੁੰਬਈ, ਬਾਬਾ ਗੁਰਮੀਤ ਸਿੰੰਘ ਹਜ਼ੂਰ ਸਾਹਿਬ, ਗੁਰਪ੍ਰੀਤ ਸਿੰੰਘ ਜਲੰਧਰ, ਭਾਈ ਮਾਝੀ ਤੇ ਤੇਜਿੰਦਰ ਸਿੰਘ ਆਦਿ ਬੁਲਾਰਿਆਂ ਨੇ ਵੀ ਸ਼ਿਰਕਤ ਕਰਦਿਆਂ ਵਿਚਾਰ ਪ੍ਰਗਟ ਕੀਤੇ। ਇਕੱਤਰਤਾ ਵਿਚ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ, ਗੁਰਬਖਸ਼ ਸਿੰਘ ਖ਼ਾਲਸਾ, ਜਸਪਾਲ ਸਿੰਘ ਢੱਡੇ ਤੇ ਡਾ. ਗੁਰਮੀਤ ਸਿੰਘ ਤੇ ਸਕੱਤਰ ਪ੍ਰਤਾਪ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।
ਨਵੀਂ ਦਿੱਲੀ, 27 ਮਾਰਚ (ਏਜੰਸੀ)-ਅਯੋਗ ਠਹਿਰਾਏ ਗਏ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੂੰ 22 ਅਪ੍ਰੈਲ ਤੱਕ ਉਨ੍ਹਾਂ ਨੂੰ ਦਿੱਤਾ ਗਿਆ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਹੁਲ ਗਾਂਧੀ ਨੂੰ 12 ਤੁਗਲਕ ਲੇਨ 'ਤੇ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਲੋਕ ਸਭਾ ਦੀ ਹਾਊਸਿੰਗ ਕਮੇਟੀ ਵਲੋਂ ਦਿੱਤਾ ਗਿਆ ਸੀ ਤੇ ਜੋ ਪਿਛਲੇ ਹਫ਼ਤੇ ਜਾਰੀ ਅਯੋਗਤਾ ਨੋਟਿਸ ਦਾ ਪਾਲਣ ਕਰਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਕ ਅਯੋਗ ਲੋਕ ਸਭਾ ਮੈਂਬਰ ਨੂੰ ਆਪਣੀ ਮੈਂਬਰਸ਼ਿਪ ਖੁਸਣ ਦੇ ਇਕ ਮਹੀਨੇ ਦੇ ਅੰਦਰ ਸਰਕਾਰੀ ਬੰਗਲਾ ਖ਼ਾਲੀ ਕਰਨਾ ਪੈਂਦਾ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਰਾਹੁਲ ਗਾਂਧੀ ਹਾਊਸਿੰਗ ਕਮੇਟੀ ਨੂੰ ਪੱਤਰ ਲਿਖ ਕੇ ਜ਼ਿਆਦਾ ਸਮਾਂ ਠਹਿਰਨ ਦੀ ਮੰਗ ਕਰ ਸਕਦੇ ਹਨ ਅਤੇ ਇਸ ਬੇਨਤੀ 'ਤੇ ਕਮੇਟੀ ਵਲੋਂ ਵਿਚਾਰ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ, 27 ਮਾਰਚ (ਤਰੁਣ ਭਜਨੀ)-ਐਨ. ਐਸ. ਏ. ਲਗਾ ਕੇ ਆਸਾਮ ਸਥਿਤ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਗੁਰਿੰਦਰ ਪਾਲ ਸਿੰਘ ਔਜਲਾ ਉਰਫ਼ ਗੁਰੀ ਔਜਲਾ ਦੇ ਭਰਾ ਸੁਰਿੰਦਰਪਾਲ ਸਿੰਘ ਔਜਲਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਗੁਰੀ ਔਜਲਾ ਨੂੰ ਆਪਣੀ ਪਸੰਦ ਦੇ ਵਕੀਲ ਨੂੰ ਮਿਲਣ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਅਤੇ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਸ ਨੂੰ ਉਸਦੇ ਵੱਖ-ਵੱਖ ਮੌਲਿਕ ਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਰਾਜ ਸਰਕਾਰ ਦੇ ਸਾਹਮਣੇ ਇਕ ਪ੍ਰਭਾਵਸ਼ਾਲੀ ਪ੍ਰਤੀਨਿਧਤਾ ਦਾਇਰ ਕਰਨ ਦੀ ਸਹੂਲਤ ਵੀ ਦਿੱਤੀ ਜਾ ਸਕੇ। ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਜ਼ਿਕਰ ਕੀਤਾ ਹੈ ਕਿ ਨਜ਼ਰਬੰਦ (ਉਸ ਦੇ ਭਰਾ) ਦਾ ਨਜ਼ਰਬੰਦੀ ਦੇ ਦਿਨ ਤੋਂ ਲੈ ਕੇ, ਉਸ ਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੈ ਤੇ ਨਾ ਹੀ ਕਿਸੇ ਰਿਸ਼ਤੇਦਾਰ ਨੂੰ ਆਸਾਮ ਵਿਚ ਐਨ.ਐਸ.ਏ. ਤਹਿਤ ਉਸ ਦੀ ਨਜ਼ਰਬੰਦੀ ਦੇ ਤੱਥ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਦੇ ਲੈਂਡਲਾਈਨ ਫ਼ੋਨ ਨੰਬਰ ਜਿਵੇਂ ਕਿ ਜੇਲ੍ਹ ਦੀ ਵੈੱਬਸਾਈਟ 'ਤੇ ਦਰਸਾਏ ਗਏ ਹਨ, ਪਟੀਸ਼ਨਕਰਤਾ ਅਤੇ ਨਜ਼ਰਬੰਦਾਂ ਦੇ ਹੋਰ ਰਿਸ਼ਤੇਦਾਰਾਂ ਵਜੋਂ ਕੰਮ ਨਹੀਂ ਕਰ ਰਹੇ ਹਨ ਤੇ ਉਨ੍ਹਾਂ ਦੇ ਵਕੀਲਾਂ ਨੇ ਆਸਾਮ ਦੇ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਆਈ.ਜੀ.ਪੀ. ਜੇਲ੍ਹਾਂ, ਆਸਾਮ ਅਤੇ ਐਸ.ਪੀ. ਕੇਂਦਰੀ ਜੇਲ੍ਹ, ਆਸਾਮ ਦਾ ਫਰਜ਼ ਹੈ ਕਿ ਉਹ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਨਜ਼ਰਬੰਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਨਜ਼ਰਬੰਦਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਵਕੀਲਾਂ ਨੂੰ ਵੀ ਮਿਲਣ ਲਈ ਸੰਪਰਕ ਕਰਨ ਦੇਣ।
ਅੰਮ੍ਰਿਤਸਰ/ਰਾਜਾਸਾਂਸੀ, 27 ਮਾਰਚ (ਰੇਸ਼ਮ ਸਿੰਘ, ਹਰਦੀਪ ਸਿੰਘ ਖੀਵਾ)-ਭਾਈ ਅੰਮ੍ਰਿਤਪਾਲ ਸਿੰਘ ਭਾਵੇਂ ਅਜੇ ਪੁਲਿਸ ਦੇ ਹੱਥ ਨਹੀਂ ਲੱਗਾ ਪਰ ਉਸਦੇ ਸਾਥੀਆਂ ਦੀ ਫੜੋ-ਫੜੀ ਅਜੇ ਵੀ ਜਾਰੀ ਹੈ ਅਤੇ ਅੱਜ ਇਕ ਹੋਰ ਨੌਜਵਾਨ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਅੰਮ੍ਰਿਤਪਾਲ ਸਿੰਘ ਦਾ ਨੇੜੇ ਦਾ ਸਾਥੀ ਤੇ ਗੰਨਮੈਨ ਦੱਸਿਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਸ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਖੇਤਰ ਪੱਟੀ ਤੋਂ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖ਼ਤ ਵਰਿੰਦਰ ਸਿੰਘ ਜੌਹਲ ਵਾਸੀ ਪਿੰਡ ਜੌੜਾ ਸਿੰਘਾ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਅਤੇ ਇਹ ਨੌਜਵਾਨ ਸਾਬਕਾ ਫ਼ੌਜੀ ਹੈ ਅਤੇ ਉਸ ਨੇ ਫ਼ੌਜ 'ਚ ਡਿਊਟੀ ਸਮੇਂ ਜੰਮੂ-ਕਸ਼ਮੀਰ ਤੋਂ ਅਸਲ੍ਹਾ ਲਾਇਸੰਸ ਬਣਾਇਆ ਸੀ ਅਤੇ ਦੋਨਾਲੀ ਆਪਣੇ ਨਾਲ ਰੱਖਦਾ ਸੀ ਤੇ ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਜੋਂ ਵਿਚਰਦਾ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਉਸਨੂੰ ਅਜਨਾਲਾ ਵਿਖੇ ਹੋਈ ਹਿੰਸਾ ਦੇ ਚਰਚਿਤ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ 'ਤੇ ਐਨ. ਐਸ. ਏ. ਲਗਾ ਕੇ ਬਾਕੀ ਸਾਥੀਆਂ ਵਾਂਗ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ ਹੈ। ਪੁਸ਼ਟੀ ਕਰਦਿਆਂ ਐਸ. ਪੀ. ਡੀ. ਜੁਗਰਾਜ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਹੋਏ ਮਾਮਲੇ ਅਧੀਨ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਚਾਚੇ ਸਮੇਤ 8 ਨੌਜਵਾਨਾਂ ਨੂੰ ਡਿਬਰੂਗੜ ਦੀ ਜੇਲ੍ਹ 'ਚ ਭੇਜਿਆ ਜਾ ਚੁੱਕਾ ਹੈ।
ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਮਾਰਚ-ਜਲੰਧਰ ਦੀ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ 2-3 ਦਿਨਾਂ 'ਚ ਜਾਰੀ ਹੋ ਜਾਣ ਦੀ ਸੰਭਾਵਨਾ ਹੈ ਤੇ ਇਸ ਚੋਣ ਨਾਲ ਰਾਹੁਲ ਗਾਂਧੀ ਦੀ ਖ਼ਾਲੀ ਹੋਈ ਸੀਟ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਐਲਾਨਿਆ ਜਾ ਸਕਦਾ ਹੈ, ਜੇ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਆਪਣੀ ਦੋ ਸਾਲ ਦੀ ਸਜ਼ਾ ਤੇ ਅਮਲ ਸੰਬੰਧੀ ਅਦਾਲਤ ਤੋਂ ਰੋਕ ਨਹੀਂ ਲਗਵਾਉਂਦੇ। ਉੱਚ ਸਰਕਾਰੀ ਸੂਤਰਾਂ ਅਨੁਸਾਰ ਚੋਣ ਕਮਿਸ਼ਨ ਵਲੋਂ ਜਲੰਧਰ ਜ਼ਿਮਨੀ ਚੋਣ ਲਈ ਪ੍ਰੋਗਰਾਮ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ, ਕਿਉਂਕਿ ਕਮਿਸ਼ਨ ਨੇ ਇਸ ਮੰਤਵ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸੂਬੇ ਵਿਚਲੀ ਹੁਕਮਰਾਨ ਆਮ ਆਦਮੀ ਪਾਰਟੀ, ਜੋ ਪਹਿਲਾਂ ਵੀ ਸੰਗਰੂਰ ਦੀ ਸੰਸਦੀ ਜ਼ਿਮਨੀ ਚੋਣ ਹਾਰ ਚੁੱਕੀ ਹੈ, ਲਈ ਪਾਰਟੀ ਦਾ ਵੱਕਾਰ ਬਚਾਉਣ ਲਈ ਇਸ ਚੋਣ 'ਚ ਚੰਗਾ ਪ੍ਰਦਰਸ਼ਨ ਦੇਣਾ ਇਕ ਵੱਡੀ ਚੁਣੌਤੀ ਹੋਵੇਗੀ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਜੋ ਕਿ ਮਗਰਲੇ ਦਿਨੀਂ ਪੰਜਾਬ ਵਿਚ ਸਨ ਅਤੇ ਜਲੰਧਰ ਵਿਚ ਡੇਰਾ ਬੱਲਾਂ ਵਿਖੇ ਵੀ ਗਏ, ਜਿਥੇ ਪਾਰਟੀ ਦੇ ਮਿਲਵਰਤਣ ਨਾਲ ਇਕ ਰੈਲੀ ਦਾ ਵੀ ਪ੍ਰਬੰਧ ਕੀਤਾ ਸੀ। ਸੂਚਨਾ ਅਨੁਸਾਰ ਕੇਜਰੀਵਾਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ 'ਚ ਕਿਹਾ ਕਿ ਜ਼ਿਮਨੀ ਚੋਣ ਪਾਰਟੀ ਲਈ 2024 ਦੀਆਂ ਸੰਸਦੀ ਚੋਣਾਂ ਲਈ ਵੀ ਕਾਫ਼ੀ ਮਹੱਤਵਪੂਰਨ ਹੈ, ਜਦੋਂਕਿ ਪਾਰਟੀ ਦੇ ਸੂਬੇ ਵਿਚ ਇਕ ਸਾਲ ਦੇ ਰਾਜ ਭਾਗ ਤੇ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ ਵੀ ਰਿਪੋਰਟ ਕਾਰਡ ਮੰਨਿਆ ਜਾਵੇਗਾ ਪਰ ਦਿਲਚਸਪ ਗੱਲ ਇਹ ਹੈ ਕਿ ਪਾਰਟੀ ਨੂੰ ਅਜੇ ਤੱਕ ਇਸ ਚੋਣ ਲਈ ਕੋਈ ਚੰਗਾ ਪਾਏਦਾਰ ਉਮੀਦਵਾਰ ਨਹੀਂ ਮਿਲ ਸਕਿਆ। ਹਾਲਾਂਕਿ ਪਾਰਟੀ ਇਸ ਮੰਤਵ ਲਈ ਕੋਈ ਅੱਧੀ ਦਰਜਨ ਨਾਵਾਂ 'ਤੇ ਵਿਚਾਰ ਕਰ ਰਹੀ ਹੈ ਤੇ ਕੁਝ ਦੂਜੀਆਂ ਪਾਰਟੀਆਂ ਵਿਚਲੇ ਨਾਮੀ ਆਗੂਆਂ ਨੂੰ ਵੀ ਇਸ ਮੰਤਵ ਲਈ ਪਾਰਟੀ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਹੈ, ਜਿਸ ਵਿਚ ਉਹ ਕਾਮਯਾਬ ਨਹੀਂ ਹੋਈ ਪਰ ਕਾਂਗਰਸ ਵਲੋਂ ਉਮੀਦਵਾਰ ਦੇ ਐਲਾਨ ਵਿਚ ਕੀਤੀ ਗਈ ਪਹਿਲਕਦਮੀ ਤੋਂ ਬਾਅਦ ਭਾਜਪਾ ਤੇ ਦੂਜੇ ਪਾਸੇ ਅਕਾਲੀ ਦਲ ਤੇ ਬਸਪਾ ਵੀ ਉਮੀਦਵਾਰਾਂ ਦਾ ਐਲਾਨ ਕਿਸੇ ਸਮੇਂ ਵੀ ਕਰ ਸਕਦੇ ਹਨ। ਪਾਰਟੀ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਲਈ ਮਾਇਆਵਤੀ ਨੂੰ ਲਿਆਉਣ ਲਈ ਵੀ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਜਦੋਂਕਿ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਕਈ ਦਿੱਗਜ ਆਗੂਆਂ ਨੂੰ ਚੋਣ ਪ੍ਰਚਾਰ 'ਚ ਉਤਾਰਿਆ ਜਾ ਸਕਦਾ ਹੈ। ਭਾਜਪਾ ਵੀ ਇਸ ਚੋਣ ਨੂੰ ਵੱਕਾਰੀ ਬਣਾ ਕੇ ਲੜਨਾ ਚਾਹੁੰਦੀ ਹੈ। ਇਸ ਸੀਟ 'ਚ ਸ਼ਹਿਰੀ ਖੇਤਰ ਕਾਫ਼ੀ ਹੈ।
ਨੈਸ਼ਵਿਲੇ (ਅਮਰੀਕਾ), 27 ਮਾਰਚ (ਏਜੰਸੀ)-ਅਮਰੀਕਾ 'ਚ ਪੈਂਦੇ ਨੈਸ਼ਵਿਲੇ ਦੇ ਇਕ ਨਿੱਜੀ ਕ੍ਰਿਸਚਿਨ ਸਕੂਲ 'ਚ ਇਕ ਔਰਤ ਹਮਲਾਵਰ ਨੇ ਦੋ ਅਸਾਲਟ ਸਟਾਈਲ ਰਾਈਫਲਾਂ ਅਤੇ ਇਕ ਪਿਸਤੌਲ ਨਾਲ 3 ਵਿਦਿਆਰਥੀਆਂ ਅਤੇ 3 ਬਾਲਗਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਦੀ ਗੋਲੀ ਲੱਗਣ ਨਾਲ ...
ਗੁਰਾਇਆ, 27 ਮਾਰਚ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਮਹਿਸਮਪੁਰ ਦੇ ਇਕ ਨੌਜਵਾਨ ਤੇ ਉਸ ਦੀ ਪਤਨੀ ਦੀ ਫਿਲਪੀਨਜ਼ ਦੇ ਸ਼ਹਿਰ ਸੇਬੂ ਸਿਟੀ ਵਿਖੇ ਘਰ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਕਿਰਨਦੀਪ ਕੌਰ (33) ਪਤਨੀ ਸੁਖਵਿੰਦਰ ਸਿੰਘ (41) ...
ਸਭ ਤੋਂ ਵੱਡੀ ਭਰੋਸੇਯੋਗਤਾ ਵਾਲੀ ਅਖ਼ਬਾਰ 'ਅਜੀਤ' ਦੇ ਇਸ਼ਤਿਹਾਰ ਬੰਦ ਕਰਕੇ ਗਲਾ ਘੁਟਣ ਦੀ ਕੋਸ਼ਿਸ਼ ਕੀਤੀ ਗਈ-ਡਾ. ਚੀਮਾ
ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 27 ਮਾਰਚ-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਨਾਲ ਦਹਿਸ਼ਤ ਦਾ ਮਾਹੌਲ ਬਣਾ ...
ਨਵੀਂ ਦਿੱਲੀ, 27 ਮਾਰਚ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਬਿਲਕਿਸ ਬਾਨੋ ਦੀ ਪਟੀਸ਼ਨ 'ਤੇ ਸੋਮਵਾਰ ਨੂੰ ਕੇਂਦਰ, ਗੁਜਰਾਤ ਸਰਕਾਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਬਿਲਕਿਸ ਬਾਨੋ ਨੇ ਗੋਧਰਾ ਦੰਗੇ ਮਾਮਲੇ 'ਚ 11 ...
ਜੀ.ਕੇ. ਵਲੋਂ ਮੋਦੀ ਨੂੰ ਚਿੱਠੀ ਲਿਖ ਕੇ ਵਿਵਾਦਿਤ ਉਪ-ਸਿਰਲੇਖ ਹਟਾਉਣ ਦੀ ਮੰਗ
ਨਵੀਂ ਦਿੱਲੀ, 27 ਮਾਰਚ (ਜਗਤਾਰ ਸਿੰਘ)-ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਅਧੀਨ ਚੱਲ ਰਹੇ ਲੋਕ ਸ਼ਿਕਾਇਤ ਪੋਰਟਲ 'ਤੇ ਉਪ-ਸਿਰਲੇਖ 'ਸਿੱਖ ...
ਚੰਡੀਗੜ੍ਹ, 27 ਮਾਰਚ (ਏਜੰਸੀ)-ਸੋਮਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਆਪਣੇ ਸਾਥੀ ਪਪਲਪ੍ਰੀਤ ਸਿੰਘ ਨਾਲ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਅਧਿਕਾਰੀਆਂ ਨੇ ਕਿਹਾ ਕਿ ਇਹ ਤਸਵੀਰ ਉਸ ਦੇ ਸਮਰਥਕਾਂ ਵਿਰੁੱਧ ਪੁਲਿਸ ਆਪਰੇਸ਼ਨ ਦੇ ਇਕ ਦਿਨ ਬਾਅਦ ਲਈ ਗਈ ਸੀ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX