ਫਿਰਕੂ ਦੰਗੇ ਦੇਸ਼ ਲਈ ਇਕ ਅਜਿਹਾ ਵੱਡਾ ਕਲੰਕ ਹਨ, ਜਿਨ੍ਹਾਂ ਨੂੰ ਸਮੇਂ ਦੇ ਬੀਤਣ ਨਾਲ ਮਿਟਾਇਆ ਨਹੀਂ ਜਾ ਸਕਿਆ। ਆਜ਼ਾਦੀ ਤੋਂ ਪਹਿਲਾਂ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਅੰਗਰੇਜ਼ਾਂ ਦੇ ਸੌ ਸਾਲ ਦੇ ਰਾਜ ਦੌਰਾਨ ਇਹ ਪ੍ਰਭਾਵ ਵੀ ਪ੍ਰਪੱਕ ਹੁੰਦਾ ਰਿਹਾ ਹੈ ਕਿ ਉਸ ਸਮੇਂ ਦੇ ਹੁਕਮਰਾਨ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਵਿਚ ਫੁੱਟ ਪਾਉਣ ਲਈ ਆਪਣੀ ਦੋਗਲੀ ਨੀਤੀ ਨੂੰ ਇਸ ਲਈ ਉਤਸ਼ਾਹਿਤ ਕਰਦੇ ਰਹੇ ਤਾਂ ਜੋ ਲੋਕ ਇਕੱਠੇ ਨਾ ਹੋ ਸਕਣ। ਉਨ੍ਹਾਂ ਦੀ ਸਾਰੀ ਸ਼ਕਤੀ ਆਪਸੀ ਝਗੜਿਆਂ ਵਿਚ ਹੀ ਖਪਤ ਹੁੰਦੀ ਰਹੇ ਅਤੇ ਲੋਕ ਹਾਕਮਾਂ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਦੇ ਕਾਬਲ ਨਾ ਹੋ ਸਕਣ। ਇਸ ਲੰਮੇ ਸਮੇਂ ਦੌਰਾਨ ਜਦੋਂ ਕਦੇ ਵੀ ਵੱਖ-ਵੱਖ ਭਾਈਚਾਰਿਆਂ ਦਾ ਆਪਸੀ ਮਿਲਵਰਤਣ ਹੋ ਜਾਂਦਾ ਸੀ ਤਾਂ ਉਹ ਆਜ਼ਾਦੀ ਲਈ ਸੰਘਰਸ਼ ਵਿਚ ਇਕੱਠੇ ਹੋ ਕੇ ਮੈਦਾਨ ਵਿਚ ਉਤਰਦੇ ਸਨ, ਜੋ ਕਿ ਵਿਦੇਸ਼ੀ ਹੁਕਮਰਾਨਾਂ ਲਈ ਫਿਕਰਮੰਦੀ ਦਾ ਸਮਾਂ ਬਣ ਜਾਂਦਾ ਸੀ।
ਉਸ ਸਮੇਂ ਬਹੁਤੀਆਂ ਚੱਲੀਆਂ ਆਜ਼ਾਦੀ ਦੀਆਂ ਲਹਿਰਾਂ ਵਿਚ ਅਕਸਰ ਸਾਰੇ ਅਕੀਦਿਆਂ ਦੇ ਲੋਕ ਇਕੱਠੇ ਹੋ ਜਾਂਦੇ ਸਨ। ਕਾਂਗਰਸ ਦੀ ਨਾ ਮਿਲਵਰਤਣ ਲਹਿਰ ਵਿਚ ਵੀ ਅਜਿਹਾ ਕੁਝ ਹੀ ਦੇਖਣ ਨੂੰ ਮਿਲਿਆ ਸੀ। ਬੰਗਾਲ ਤੇ ਪੰਜਾਬ ਦੇ ਕ੍ਰਾਂਤੀਕਾਰੀਆਂ ਵਿਚ ਵੀ ਜਾਤ-ਬਰਾਦਰੀ ਤੇ ਧਰਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਫ਼ਰਕ ਨਹੀਂ ਸੀ। ਉਹ ਅਕਸਰ ਸਾਂਝੇ ਰੂਪ ਵਿਚ ਅਜਿਹੇ ਘੋਲ ਲੜਦੇ ਰਹੇ, ਪਰ ਸ਼ਾਤਰ ਫਿਰੰਗੀਆਂ ਨੇ ਆਪਣੀਆਂ ਅਜਿਹੀਆਂ ਚਾਲਾਂ ਬੰਦ ਨਾ ਕੀਤੀਆਂ ਅਤੇ ਅਖ਼ੀਰ ਵਿਚ ਉਹ ਇਸ ਵਿਚ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਏ। ਜੇਕਰ ਹਰ ਤਰ੍ਹਾਂ ਦੇ ਸੰਘਰਸ਼ ਦੇ ਦਬਾਅ ਵਿਚ, ਉਨ੍ਹਾਂ ਨੇ ਸੀਮਤ ਪੱਧਰ 'ਤੇ ਚੋਣਾਂ ਕਰਵਾਉਣ ਦੀ ਯੋਜਨਾ ਵੀ ਬਣਾਈ ਤਾਂ ਵੱਖ-ਵੱਖ ਧਾਰਮਿਕ ਫਿਰਕਿਆਂ ਨੂੰ ਆਧਾਰ ਬਣਾ ਕੇ ਉਨ੍ਹਾਂ ਲਈ ਵੱਖੋ-ਵੱਖਰੇ ਵੋਟ ਪਾਉਣ ਦੇ ਪ੍ਰਬੰਧ ਕਰਕੇ ਉਨ੍ਹਾਂ ਦੇ ਫਿਰਕੂ ਰੰਗ ਨੂੰ ਹੋਰ ਵੀ ਗੂੜ੍ਹਾ ਕਰ ਦਿੱਤਾ। ਉਨ੍ਹਾਂ ਦੀ ਇਸ ਚਾਲ ਦੀ ਲੰਬੀ ਕਹਾਣੀ ਹੈ। ਇਹ ਉਨ੍ਹਾਂ 'ਤੇ ਇਕ ਵੱਡਾ ਦਾਗ ਵੀ ਸੀ। ਜੇਕਰ ਮਜਬੂਰੀਵੱਸ ਅੰਗਰੇਜ਼ਾਂ ਨੂੰ ਦੇਸ਼ ਛੱਡਣਾ ਵੀ ਪਿਆ ਤਾਂ ਉਨ੍ਹਾਂ ਨੇ ਇਸ ਧਰਤੀ ਵਿਚ ਡੂੰਘੀਆਂ ਲਕੀਰਾਂ ਪਾ ਕੇ ਇੱਥੇ ਵੱਖਰੇ ਦੋ ਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ। ਦੇਸ਼ ਦੇ ਗਣਤੰਤਰ ਬਣਨ ਤੋਂ ਬਾਅਦ ਅਤੇ ਲਿਖਤੀ ਸੰਵਿਧਾਨ ਵਿਚ ਸਭ ਨੂੰ ਇਕੋ ਜਿਹੇ ਹੱਕ ਦਿੱਤੇ ਜਾਣ 'ਤੇ ਇਹ ਉਮੀਦ ਜ਼ਰੂਰ ਕੀਤੀ ਜਾਣ ਲੱਗੀ ਸੀ ਕਿ ਭਾਈਚਾਰਿਆਂ ਵਿਚ ਆਪਸੀ ਨਫ਼ਰਤ ਖ਼ਤਮ ਹੋ ਜਾਵੇਗੀ ਅਤੇ ਇਕ ਸਾਂਝ ਦੇ ਅਹਿਸਾਸ ਨਾਲ ਦੇਸ਼ ਅੱਗੇ ਵਧੇਗਾ, ਪਰ ਅਮਲੀ ਰੂਪ ਵਿਚ ਅਜਿਹਾ ਨਹੀਂ ਹੋ ਸਕਿਆ। ਪਿਛਲੇ ਕਈ ਦਹਾਕਿਆਂ ਵਿਚ ਨਾ ਸਿਰਫ਼ ਜਾਤ-ਬਰਾਦਰੀਆਂ ਆਪਣੀ ਪਛਾਣ ਵਿਚ ਪ੍ਰਪੱਕ ਹੋਈਆਂ ਹਨ, ਸਗੋਂ ਧਰਮ ਦੇ ਨਾਂਅ 'ਤੇ ਵੱਡੀਆਂ ਵੰਡੀਆਂ ਵੀ ਪਾਈਆਂ ਗਈਆਂ ਹਨ, ਜਿਸ ਕਰਕੇ ਸਮੁੱਚੇ ਰੂਪ ਵਿਚ ਦੇਸ਼ ਦਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਤੇ ਗਧਲਾ ਹੋ ਗਿਆ ਹੈ। ਅੱਜ ਵੀ ਅਜਿਹਾ ਹੀ ਚਲਨ ਜਾਰੀ ਹੈ। ਧਾਰਮਿਕ ਦਿਨ-ਤਿਉਹਾਰਾਂ 'ਤੇ ਅਜਿਹੇ ਝਗੜੇ ਹੋਰ ਵੀ ਵਧ ਜਾਂਦੇ ਹਨ।
ਪਿਛਲੇ ਦਿਨੀਂ ਰਾਮ ਨੌਮੀ ਦੇ ਮੌਕੇ 'ਤੇ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਗੁਜਰਾਤ ਵਿਚ ਅਨੇਕਾਂ ਥਾਵਾਂ 'ਤੇ ਹੋਈ ਹਿੰਸਾ ਇਸ ਦਾ ਪ੍ਰਮਾਣ ਹੈ, ਜਿਸ ਵਿਚ ਭੀੜਾਂ ਨੇ ਇਕ-ਦੂਜੇ 'ਤੇ ਪਥਰਾਅ ਕੀਤੇ, ਦੁਕਾਨਾਂ ਦੀ ਭੰਨ-ਤੋੜ ਕੀਤੀ, ਪੈਟਰੋਲ ਬੰਬ ਸੁੱਟੇ ਤੇ ਵਾਹਨਾਂ ਨੂੰ ਅੱਗ ਲਗਾਈ ਤੇ ਪੁਲਿਸ ਕਰਮੀ ਤੇ ਲੋਕ ਵੀ ਜ਼ਖਮੀ ਹੋ ਗਏ। ਅਜਿਹਾ ਵਰਤਾਰਾ ਅਨੇਕ ਥਾਵਾਂ 'ਤੇ ਵਾਪਰਿਆ। ਵੱਖੋ-ਵੱਖਰੇ ਫ਼ਿਰਕਿਆਂ ਦਾ ਆਪਸ ਵਿਚ ਇਸ ਤਰ੍ਹਾਂ ਭਿੜ ਜਾਣਾ ਬੇਹੱਦ ਸ਼ਰਮਨਾਕ ਕਾਰਾ ਹੈ। ਅਜਿਹਾ ਘਟਨਾਕ੍ਰਮ ਕਿਸ ਤਰ੍ਹਾਂ ਦੇ ਘਿਰਣਾਮਈ ਮਾਹੌਲ ਨੂੰ ਜਨਮ ਦਿੰਦਾ ਹੈ ਜਿਸ ਦਾ ਸੇਕ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਚਾਹੇ ਇਹ ਫਿਰਕੇ ਇਕ-ਦੂਜੇ 'ਤੇ ਅਜਿਹੀ ਹਿੰਸਾ ਦੇ ਇਲਜ਼ਾਮ ਲਗਾਉਂਦੇ ਹਨ ਪਰ ਅਸੀਂ ਇਸ ਨੂੰ ਸੰਬੰਧਿਤ ਸਰਕਾਰਾਂ ਦੀ ਨਾਲਾਇਕੀ ਅਤੇ ਪ੍ਰਸ਼ਾਸਨ ਦੀ ਨਾਕਾਮੀ ਸਮਝਦੇ ਹਾਂ। ਬਿਨਾਂ ਸ਼ੱਕ ਅਜਿਹੇ ਫਿਰਕੂ ਦੰਗਿਆਂ ਨੂੰ ਰੋਕਣ ਲਈ ਜਿੱਥੇ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ, ਉਥੇ ਪ੍ਰਸ਼ਾਸਨ ਨੂੰ ਹਰ ਸੂਰਤ ਵਿਚ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ। ਲਗਾਤਾਰ ਤੇ ਵਾਰ-ਵਾਰ ਅਜਿਹਾ ਕੁਝ ਵਾਪਰਨ ਦੇ ਬਾਵਜੂਦ ਵੀ ਹੁਣ ਤੱਕ ਸੰਬੰਧਿਤ ਪ੍ਰਸ਼ਾਸਨਾਂ ਵਲੋਂ ਅਜਿਹੀ ਭੜਕਾਹਟ ਨੂੰ ਰੋਕਣ ਦੀ ਕੋਈ ਚੰਗੀ ਯੋਜਨਾਬੰਦੀ ਨਹੀਂ ਕੀਤੀ ਗਈ। ਕੀ ਅਜਿਹੀਆਂ ਸੜਕਾਂ ਤੇ ਰਾਹਾਂ ਤੋਂ ਜਲੂਸਾਂ ਜਾਂ ਕੱਢੀਆਂ ਜਾਣ ਵਾਲੀਆਂ ਯਾਤਰਾਵਾਂ ਨੂੰ ਰੋਕ ਕੇ ਅਜਿਹੇ ਰਾਹਾਂ 'ਤੇ ਨਹੀਂ ਤੋਰਿਆ ਜਾ ਸਕਦਾ ਜੋ ਨਾਜ਼ੁਕ ਨਾ ਹੋਣ। ਪਰ ਜਦੋਂ ਪ੍ਰਸ਼ਾਸਨ ਨਾਕਾਮ ਹੋ ਜਾਂਦੇ ਹਨ ਤਾਂ ਹੀ ਅਜਿਹਾ ਕੁਝ ਘਿਨੌਣਾ ਵਾਪਰਦਾ ਹੈ। ਸਿਆਸਤਦਾਨਾਂ ਨੂੰ ਦੇਸ਼ ਦੇ ਇਨ੍ਹਾਂ ਵੱਡੇ ਹਿਤਾਂ ਨੂੰ ਮੁੱਖ ਰੱਖਦਿਆਂ ਜਿਥੇ ਅਜਿਹੇ ਘਟਨਾਕ੍ਰਮ ਪ੍ਰਤੀ ਸਖ਼ਤ ਕਦਮ ਪੁੱਟਣੇ ਹੋਣਗੇ, ਉਥੇ ਕੋਈ ਅਜਿਹੇ ਪੁਖ਼ਤਾ ਕਾਨੂੰਨ ਬਣਾਏ ਜਾਣੇ ਵੀ ਜ਼ਰੂਰੀ ਹਨ, ਜੋ ਅਜਿਹੀਆਂ ਫਿਰਕੂ ਹਿੰਸਕ ਭੀੜਾਂ ਲਈ ਅਮਲੀ ਰੂਪ ਵਿਚ ਸਖ਼ਤ ਸਾਬਤ ਹੋ ਸਕਣ।
-ਬਰਜਿੰਦਰ ਸਿੰਘ ਹਮਦਰਦ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ, ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ, ਪ੍ਰੰਤੂ ਉਨ੍ਹਾਂ ਸਿਆਸਤ ਨੂੰ ਆਪਣੀਆਂ ...
ਆਜ਼ਾਦੀ ਦੇ ਅੰਮ੍ਰਿਤ ਕਾਲ 'ਚ ਵੀ ਇੰਜ ਲਗਦਾ ਹੈ ਕਿ ਦੇਸ਼ ਵਾਸੀ ਉਸ ਯੁੱਗ 'ਚ ਜੀਅ ਰਹੇ ਹਨ, ਜਿੱਥੇ ਰੇਤਾ, ਸੁਆਹ, ਧੂੜ-ਮਿੱਟੀ ਦੇ ਵਾਵਰੋਲੇ (ਬਵੰਡਰ) ਜਿੱਥੇ ਵੀ ਜਾਓ, ਉੱਠਦੇ ਹੀ ਰਹਿੰਦੇ ਹਨ। ਆਸਪਾਸ ਨਦੀ ਹੋਵੇ ਤਾਂ ਉਸ 'ਚ ਨਹਾਉਣਾ ਤਾਂ ਦੂਰ ਦੀ ਗੱਲ ਉਸ ਦਾ ਪਾਣੀ ਪੀਣ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX