ਤਾਜਾ ਖ਼ਬਰਾਂ


ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  10 minutes ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  39 minutes ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  about 1 hour ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  about 1 hour ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  about 1 hour ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  about 1 hour ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  about 1 hour ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  about 1 hour ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 2 hours ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  about 2 hours ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  about 2 hours ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  about 3 hours ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  about 3 hours ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  about 3 hours ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  about 4 hours ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  about 4 hours ago
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 20570 ਅਤੇ 7 ਮਰੀਜ਼ਾਂ...
ਮੋਗਾ ਵਿਚ ਕੋਰੋਨਾ ਪੀੜਤ 81 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮੋਗਾ, 7 ਮਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 81 ਹੋਰ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ...
ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ - ਏਮਜ਼ ਅਧਿਕਾਰੀ
. . .  about 4 hours ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ ਹੈ, ਉਸ ਦਾ ਏਮਜ਼ ਵਿਖੇ ਕੋਰੋਨਾ ਦਾ ਇਲਾਜ ਚਲ ਰਿਹਾ ਹੈ ...
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  about 5 hours ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  about 5 hours ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  about 5 hours ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  about 5 hours ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਸਿਆਚਿਨ ਦੇ ਸ਼ਹੀਦ ਅਮਰਦੀਪ ਸਿੰਘ ਕਰਮਗੜ੍ਹ ਦੇ ਭੋਗ ਮੌਕੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਚੈੱਕ ਭੇਟ
. . .  about 6 hours ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸਿਆਚਿਨ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਬਹਾਦਰ ਸਿਪਾਹੀ ਅਮਰਦੀਪ ਸਿੰਘ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਤੁਹਾਡੇ ਖ਼ਤ

2-03-2021

 ਰਾਜਨੀਤੀ ਦੇ ਰੰਗ

ਛੋਟੇ ਹੁੰਦੇ ਸਾਂ ਪਿੰਡਾਂ ਵਿਚ ਕਦੇ ਪਾਰਟੀ ਸ਼ਬਦ ਨਹੀਂ ਸੀ ਸੁਣਿਆ। ਇਕੱਠੇ ਰਹਿੰਦੇ ਸੀ, ਪੰਚਾਂ-ਸਰਪੰਚ ਨੂੰ ਪਿਆਰ ਤੇ ਆਦਰ ਸਤਿਕਾਰ ਨਾਲ ਚਾਚਾ ਤਾਇਆ ਜੀ ਬੋਲਦੇ ਹੁੰਦੇ ਸਾਂ। ਵੱਡੇ ਹੋਏ ਹਾਂ ਤਾਂ ਅਨੇਕਾਂ ਪਾਰਟੀਆਂ ਸਾਹਮਣੇ ਆ ਖਲੋਤੀਆਂ, ਜਿਨ੍ਹਾਂ ਦੀ ਰਾਜਨੀਤੀ ਰੰਗਤ ਵਿਚ ਉਹੀ ਚਾਚੇ-ਤਾਏ ਆਪਣੀ ਪਾਰਟੀਆਂ ਦੀ ਵੱਖ-ਵੱਖ ਬੋਲੀ ਬੋਲ ਕੇ ਸਾਡੇ ਪੇਂਡੂ ਜੀਵਨ ਵਿਚ ਘ੍ਰਿਣਾ ਦੁਸ਼ਮਣੀ ਪੈਦਾ ਕਰ ਚੁੱਕੇ ਹਨ। ਪਿੰਡ ਦੀਆਂ ਗਲੀਆਂ ਤੇ ਗੰਦੇ ਛੱਪੜ ਉਹੀ ਪੁਰਾਣੇ ਹਨ ਜੋ ਗੰਦੀ ਰਾਜਨੀਤੀ ਝਗੜਿਆਂ ਦੇ ਪੱਖੋਂ ਵਿਕਾਸ ਤੋਂ ਵਾਂਝੇ ਪਏ ਹਨ। 10 ਕੁ ਫ਼ੀਸਦੀ ਰਾਜਨੀਤੀ ਚਮਚਿਆਂ ਦੇ ਨਾਲ ਹੀ ਹਰੇਕ ਪਾਰਟੀ ਚਲ ਰਹੀ ਹੈ। 90 ਫ਼ੀਸਦੀ ਤੋਂ ਵੱਧ ਲੋਕ ਤਾਂ ਪੰਜ ਸਾਲ ਮਹਿੰਗਾਈ, ਭ੍ਰਿਸ਼ਟਾਚਾਰ ਤੇ ਗੰਦੀ ਰਾਜਨੀਤੀ ਵੇਖਦੇ ਹੋਏ ਪੰਚਾਂ-ਸਰਪੰਚਾਂ, ਨੇਤਾਵਾਂ, ਮੰਤਰੀਆਂ ਜਾਂ ਪ੍ਰਧਾਨ ਮੰਤਰੀ ਤੱਕ ਰੋਜ਼ਾਨਾ ਗਾਲੀ-ਗਲੋਚ ਕੱਢਦੇ ਸੁਣਾਈ ਦਿੰਦੇ ਹਨ। ਚੋਣਾਂ ਵਾਲੇ ਦਿਨ ਪਤਾ ਨਹੀਂ ਹਰੇਕ ਵੋਟਰ ਦੀ ਬੁੱਧੀ ਕਿਵੇਂ ਫੇਲ੍ਹ ਹੋ ਜਾਂਦੀ ਹੈ ਜਾਂ ਮਸ਼ੀਨਾਂ ਵਿਚ ਹੇਰ-ਫੇਰ ਹੋ ਜਾਂਦੀ ਹੈ ਕਿ ਗਾਲਾਂ ਖਾਣ ਵਾਲੇ ਪੰਚ-ਸਰਪੰਚ, ਨੇਤਾ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਮੁੜ ਪੰਜ ਸਾਲ ਲਈ ਆਕੜ ਕੇ ਕੁਰਸੀਆਂ 'ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਸਿਆਣੇ ਲੋਕ ਰਾਜਨੀਤੀ ਦੇ ਰੰਗ ਵੇਖਦੇ ਹੱਕੇ-ਬੱਕੇ ਰਹਿ ਜਾਂਦੇ ਹਨ।

-ਹਰਜਿੰਦਰ ਸਿੰਘ ਧਾਮੀ
ਜਲੰਧਰ ਸ਼ਹਿਰ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੇ ਲੋਕ

ਅੱਜ ਦੇ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਇਕ ਤਰ੍ਹਾਂ ਨਾਲ ਦੇਸ਼ ਦੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨਰਮ ਹੋਣ ਦੇ ਬਾਵਜੂਦ ਘਰੇਲੂ ਪੱਧਰ'ਤੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਕੇਂਦਰੀ ਸਰਕਾਰ ਦੀ ਵਿੱਤ ਮੰਤਰੀ ਨੇ ਇਸ ਨੂੰ ਇਕ ਗੰਭੀਰ ਮੁਦਾ ਕਹਿ ਕੇ ਟਾਲ ਦਿੱਤਾ ਅਤੇ ਕੀਮਤਾਂ ਵਿਚ ਕਮੀ ਤੋਂ ਇਲਾਵਾ ਕੋਈ ਵੀ ਜਵਾਬ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਜੋ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾਉਂਦਾ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧਦੀਆਂ ਕੀਮਤਾਂ ਕਾਰਨ ਮੱਧ ਵਰਗ ਦੇ ਲੋਕ ਹਾਲੋਂ-ਬੇਹਾਲ ਹੋ ਰਹੇ ਹਨ ਤੇ ਖੁਦ ਨੂੰ ਇਸ ਸਮੇਂ ਬੁਰੀ ਤਰ੍ਹਾਂ ਨਪੀੜਿਆ ਮਹਿਸੂਸ ਕਰ ਰਹੇ ਹਨ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਉੱਗਣ ਵਾਲੇ ਤਾਂ ਉੱਗ ਪੈਂਦੇ ਨੇ...

ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਤਾਲਾਬੰਦੀ ਦੌਰਾਨ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਕੇ ਪੰਜਾਬ ਸਿੱਖਿਆ ਪੱਧਰ ਨੂੰ ਡਿੱਗਣ ਤੋਂ ਬਚਾ ਲਿਆ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਬਾਰ੍ਹਵੀਂ ਪੱਧਰ ਤੱਕ ਦੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੀਆਂ ਵੱਖ-ਵੱਖ ਵਿਧੀਆਂ ਅਪਣਾ ਕੇ ਸਿੱਖਿਆ ਦਾ ਮਿਆਰ ਉੱਚਾ ਰੱਖਿਆ। ਦੂਰਦਰਸ਼ਨ ਦੇ ਮਾਧਿਅਮ, ਜ਼ੂਮ ਐਪ ਰਾਹੀਂ, ਵਟਸ ਐਪ ਆਦਿ ਰਾਹੀਂ ਵੱਖ-ਵੱਖ ਸਾਧਨਾਂ ਨਾਲ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਦੇ ਸਾਰੇ ਦਾ ਸਾਰਾ ਸਿਲੇਬਸ ਸਮੇਂ ਸਿਰ ਪੂਰਾ ਕਰਵਾ ਕੇ ਬਹੁਤ ਹੀ ਭਲਾਈ ਦਾ ਕੰਮ ਕੀਤਾ ਹੈ। ਹਫਤਾਵਾਰੀ ਗੂਗਲ ਲਿੰਕ ਦੇ ਕੇ ਵਿਦਿਆਰਥੀਆਂ ਦਾ ਮੁਲਾਂਕਣ ਵੀ ਸਮੇਂ-ਸਮੇਂ ਕੀਤਾ। ਵਾਕਈ ਸਿੱਖਿਆ ਵਿਭਾਗ ਪੰਜਾਬ ਦੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਇਸ ਮਹਾਂਮਾਰੀ ਦੌਰਾਨ ਤਾਲਾਬੰਦੀ ਵਿਚ ਆਨਲਾਈਨ ਸਿੱਖਿਆ ਇਕ ਵਡਮੁੱਲੀ ਦਾਤ ਰਹੀ ਹੈ।

-ਅੰਜੂ ਸੂਦ
ਈ.ਟੀ.ਟੀ. ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ, ਬਲਾਕ ਖੰਨਾ-2, ਲੁਧਿਆਣਾ।

ਵਧਦਾ ਟਕਰਾਅ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਲਿਖੇ ਲੇਖ ਸਰਕਾਰ ਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਵਧਦਾ ਟਕਰਾਅ ਵਿਚ ਲੇਖਕ ਪ੍ਰੋ: ਕੁਲਬੀਰ ਸਿੰਘ ਨੇ ਬੜੇ ਸੁਚੱਜੇ ਵਿਚਾਰ ਪੇਸ਼ ਕੀਤੇ ਸਨ। ਅਜੋਕੇ ਸਮਾਜ ਵਿਚ ਸੋਸ਼ਲ ਮੀਡੀਆ ਜਾਣਕਾਰੀ ਦਾ ਮੁੱਖ ਸਰੋਤ ਬਣ ਕੇ ਉੱਭਰ ਰਿਹਾ ਹੈ ਅਤੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਰਾਹੀਂ ਲੋਕ ਆਪਣੇ ਵਿਚਾਰ, ਸੋਚ ਰਾਏ ਆਦਿ ਦਾ ਪ੍ਰਗਟਾਵਾ ਕਰਦੇ ਹਨ ਪਰ ਸਰਕਾਰ ਨੂੰ ਜੋ ਜਾਣਕਾਰੀ ਆਪਣੇ ਵਿਰੋਧ ਵਿਚ ਜਾਪਦੀ ਹੈ, ਉਸ ਨੂੰ ਫੇਕ ਨਿਊਜ਼ ਜਾਂ ਝੂਠੀ ਖ਼ਬਰ ਆਖ ਇੰਟਰਨੈੱਟ ਤੋਂ ਹਟਵਾ ਦਿੱਤਾ ਜਾਂਦਾ ਹੈ। ਇਹ ਸਭ ਲੋਕ ਆਵਾਜ਼ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਹਨ। ਚੰਗੇ ਸਮਾਜ ਦੀ ਸਿਰਜਣਾ ਲਈ ਨਾਗਰਿਕਾਂ ਨੂੰ ਵਿਚਾਰ-ਵਟਾਂਦਰੇ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਰੋਧ ਵਿਚ ਬੋਲੇਗਾ ਤਦ ਹੀ ਸੁਧਾਰ ਹੋਵੇਗਾ।

-ਰਸ਼ਨਦੀਪ ਕੌਰ
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ।

ਮਾਂ-ਬੋਲੀ ਨੂੰ ਸਲਾਮ

ਨਾਰੀ ਸੰਸਾਰ ਅੰਕ ਵਿਚ ਗੁਰਜੋਤ ਕੌਰ ਦਾ ਲੇਖ ਮਾਂ-ਬੋਲੀ ਪ੍ਰਤੀ ਮਾਵਾਂ ਦੀ ਜ਼ਿੰਮੇਵਾਰੀ ਪੜ੍ਹਿਆ, ਬਹੁਤ ਹੀ ਸਲਾਹੁਣਯੋਗ ਸੀ। ਮਾਂ-ਬੋਲੀ ਸਾਡੀ ਪਛਾਣ ਤੇ ਹੋਂਦ ਦੀ ਜਾਮਨ ਹੈ। ਇਸ ਕਰਕੇ ਅਸੀਂ ਆਪਣੀ ਮਾਂ-ਬੋਲੀ ਨੂੰ ਪਿਆਰ ਕਰਦੇ ਹਾਂ। ਮਨੁੱਖ ਨੇ ਕਿਵੇਂ ਤੇ ਕਦੋਂ ਬੋਲਣਾ ਸਿੱਖਿਆ ਇਹ ਬੜੀ ਦਿਲਚਸਪੀ ਕਹਾਣੀ ਹੈ। ਬੱਚਾ ਆਪਣੀ ਮਾਂ ਦੀ ਕੁੱਖ ਵਿਚ ਹੀ ਸਿੱਖਦਾ ਹੈ। ਬੱਚਾ ਜਨਮ ਤੋਂ ਬਾਅਦ ਮਾਂ ਦੀ ਨਕਲ ਕਰਦਾ ਹੈ। ਬੱਚੇ ਦੇ ਵਿਕਾਸ ਵਿਚ ਜਿੰਨੀ ਭੂਮਿਕਾ ਮਾਂ ਦੀ ਹੁੰਦੀ ਹੈ, ਵਿਅਕਤੀ ਦੇ ਵਿਕਾਸ ਵਿਚ ਓਨਾ ਹੀ ਰੋਲ ਮਾਂ-ਬੋਲੀ ਦਾ ਹੁੰਦਾ ਹੈ। ਮਾਂ-ਬੋਲੀ ਦਾ ਕਰਜ਼ਾ ਮਨੁੱਖ ਦੇ ਸਿਰ 'ਤੇ ਮਾਂ ਦੇ ਦੁੱਧ ਨਾਲ ਚੜ੍ਹਦਾ ਹੈ। ਅੱਜ ਮਾਂ ਬੋਲੀ ਨੂੰ ਬਚਾਉਣ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀਆਂ ਸਤਿਕਾਰਯੋਗ ਮਾਵਾਂ ਸਿਰ ਹੈ। ਜੇ ਬੱਚਾ ਆਪਣੀ ਮਾਂ-ਬੋਲੀ ਵਿਚ ਗੱਲ ਕਰੇਗਾ ਤਾਂ ਦੁਨੀਆ ਦੀ ਕੋਈ ਵੀ ਮਾਂ ਬੋਲੀ ਨਹੀਂ ਮਰ ਸਕੇਗੀ।

-ਮਾ: ਜਗੀਰ ਸਿੰਘ ਸਠਿਆਲਾ

1-03-2021

 ਇੰਟਰਨੈੱਟ ਦੀ ਸੁਚੱਜੀ ਵਰਤੋਂ
ਇੰਟਰਨੈੱਟ ਇਕ ਅਜਿਹੀ ਸਹੂਲਤ ਹੈ ਜੋ ਮਨੁੱਖੀ ਜੀਵਨ ਦੇ ਵਿਕਾਸ ਲਈ ਬੜੀ ਹੀ ਲਾਭਦਾਇਕ ਹੈ। ਜੇਕਰ ਕੋਈ ਕੁਝ ਵੀ ਸਿੱਖਣ ਦਾ ਚਾਹਵਾਨ ਹੋਵੇ ਤਾਂ ਇੰਟਰਨੈੱਟ ਉਸ ਨੂੰ ਇਕ ਅਧਿਆਪਕ ਵਾਂਗੂ ਸਿਖਾਉਂਦਾ ਹੈ। ਇੰਟਰਨੈੱਟ ਹਰ ਪਹਿਲੂ ਦੀ ਜਾਣਕਾਰੀ ਘਰ ਬੈਠੇ ਸਾਡੇ ਅੱਗੇ ਖੋਲ੍ਹ ਦਿੰਦੀ ਹੈ। ਅਸੀਂ ਜੇਕਰ ਘਰ ਬੈਠੇ ਕੋਈ ਭਾਸ਼ਾ ਸਿੱਖਣ ਦੇ ਚਾਹਵਾਨ ਹੋਈਏ ਤਾਂ ਘਰ ਬੈਠ ਕੇ ਇਸ ਦੀ ਸਹਾਇਤਾ ਨਾਲ ਨਵੀਂ ਭਾਸ਼ਾ ਸਿੱਖ ਸਕਦੇ ਹਾਂ। ਆਮ ਗਿਆਨ ਵਧਾਉਣ ਲਈ ਇਹ ਲਾਭਦਾਇਕ ਹੈ। ਜੇਕਰ ਅਸੀਂ ਇਕ ਉਦਾਹਰਨ ਲਈਏ ਤਾਂ ਕੇਵਿਨ ਸਿਸਟਰੋਮ ਉਹ ਇਨਸਾਨ ਹੈ ਜਿਸ ਨੇ ਇੰਸਟਾਗ੍ਰਾਮ ਦੀ ਖੋਜ ਕੀਤੀ, ਜੋ ਅੱਜਕਲ੍ਹ ਦਾ ਵਧੇਰੇ ਵਰਤੋਂ ਵਾਲਾ ਐਪ ਹੈ। ਕੇਵਿਨ ਨੇ ਕਿਹਾ ਕਿ ਉਨ੍ਹਾਂ ਇੰਟਰਨੈੱਟ ਦੀ ਸਹਾਇਤਾ ਨਾਲ ਐਪ ਨੂੰ ਬਣਾਉਣਾ ਸਿੱਖਿਆ। ਸੋ ਅਸੀਂ ਵੀ ਇਸ ਦਾ ਫਾਇਦਾ ਲਈਏ, ਇਸ ਦਾ ਦੁਰਉਪਯੋਗ ਕਰਨਾ ਛੱਡ ਕੇ ਇਸ ਦੀ ਸਹੀ ਵਰਤੋਂ ਕਰੀਏ ਤਾਂ ਜੋ ਅਸੀਂ ਵੀ ਕੁਝ ਚੰਗਾ ਕਰ ਸਕਈੇ।


-ਸਹਿਲੀਨ ਕੌਰ
ਪਿੰਡ ਮਾਨ ਸੈਂਡਵਾਲ, ਜ਼ਿਲ੍ਹਾ ਗੁਰਦਾਸਪੁਰ।


ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਭਰਮਾਰ
ਭਾਵੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅਵਾਰਾ ਫਿਰਦੇ ਪਸ਼ੂਆਂ (ਗਊਆਂ ਅਤੇ ਬਲਦਾਂ) ਤੇ ਕੁੱਤਿਆਂ ਨੂੰ ਫੜਨ ਸਬੰਧੀ ਬਣੀਆਂ ਕਮੇਟੀਆਂ ਇਨ੍ਹਾਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਭੇਜਦੀਆਂ ਹਨ ਅਤੇ ਕੱਤਿਆਂ ਨੂੰ ਆਪ੍ਰੇਸ਼ਨ ਕਰਨ ਵਾਲੇ ਥਾਵਾਂ 'ਤੇ ਲੈ ਜਾਂਦੀਆਂ ਹਨ ਪ੍ਰੰਤੂ ਫਿਰ ਵੀ ਇਨ੍ਹਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆ ਰਹੀ। ਜਿਥੇ ਇਹ ਅਵਾਰਾ ਫਿਰਦੇ ਪਸ਼ੂ ਦਿਨ-ਰਾਤ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਹਨ ਉਥੇ ਹੀ ਸੜਕਾਂ, ਬਾਜ਼ਾਰਾਂ, ਹਾਈਵੇ 'ਤੇ ਘੁੰਮਦੇ ਆਮ ਹੀ ਦੇਖੇ ਸਕਦੇ ਹਨ, ਜਿਸ ਨਾਲ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਕਈ ਕੀਮਤਾਂ ਜਾਨਾਂ ਜਾ ਰਹੀਆਂ ਹਨ। ਇਸੇ ਤਰ੍ਹਾਂ ਅਵਾਰਾ ਫਿਰਦੇ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਰਾਹਗੀਰ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੰਦੇ ਹਨ ਜਾਂ ਨੋਚ-ਨੋਚ ਕੇ ਖਾ ਜਾਂਦੇ ਹਨ ਪਿਛਲੇ ਦਿਨੀਂ ਮਾਸੂਮ ਬੱਚੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਵੀ ਹੋਏ ਹਨ। ਸੋ ਸਰਕਾਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਅਤੇ ਇਸ ਦਾ ਕੋਈ ਠੋਸ ਹੱਲ ਕੱਢੇ ਤਾਂ ਜੋ ਫਿਰ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ।


ਆਬਾਦੀ ਵਾਲੇ ਖੇਤਰਾਂ 'ਚ ਗੋਬਰ ਪਲਾਂਟ
ਇਕ ਪਾਸੇ ਜਿਥੇ ਸਰਕਾਰ ਸਵੱਛ ਭਾਰਤ ਅਤੇ ਸਾਫ਼-ਸਫਾਈ ਦੀਆਂ ਗੱਲਾਂ ਕਰ ਰਹੀ ਹੈ, ਉਥੇ ਦੂਜੇ ਪਾਸੇ ਸਰਕਾਰ ਦੁਆਰਾ ਗੋਬਰ ਪਲਾਂਟਾਂ ਨੂੰ ਲਗਾਉਣ ਲਈ ਕਾਫੀ ਮਾਲੀ ਰਿਆਤ ਵੀ ਦਿੱਤੀ ਜਾ ਰਹੀ ਹੈ। ਪ੍ਰੰਤੂ ਇਨ੍ਹਾਂ ਗੋਬਰ ਪਲਾਂਟਾਂ ਨੇ ਸਾਧਾਰਨ ਲੋਕਾਂ ਦਾ ਜਿਊਣਾ ਹੀ ਦੁੱਬਰ ਕਰਕੇ ਰੱਖ ਦਿੱਤਾ ਹੈ।ਪਿੰਡਾਂ ਦੀ ਸੰਘਣੀ ਆਬਾਦੀ ਵਿਚ ਜਦੋਂ ਕੋਈ ਸਰਦਾ-ਪੁੱਜਦਾ ਪਰਿਵਾਰ ਆਪਣੇ ਘਰ ਵਿਚ ਗੋਬਰ ਪਲਾਂਟ ਲਗਵਾਉਂਦਾ ਹੈ ਤਾਂ ਉਹ ਅਕਸਰ ਹੀ ਗੋਬਰ ਪਲਾਂਟ ਦਾ ਬਾਹਰ ਨਿਕਲਿਆ ਮਲ-ਮੂਤਰ ਹਮੇਸ਼ਾ ਹੀ ਆਪਣੇ ਘਰ ਤੋਂ ਬਾਹਰ ਗਲੀ ਵੱਲ ਨੂੰ ਧੱਕ ਦਿੰਦਾ ਹੈ। ਜਿਸ ਨਾਲ ਆਸ-ਪਾਸ ਦੇ ਗ਼ਰੀਬ ਲੋਕਾਂ ਨੂੰ ਮਜਬੂਰੀ ਵੱਸ ਬਦਬੂ ਭਰੇ ਵਾਤਾਵਰਨ ਵਿਚ ਹੀ ਦਿਨ ਕਟੀ ਕਰਨੇ ਪੈਂਦੇ ਹਨ। ਕਿਉਂਕਿ ਪਿੰਡਾਂ ਵਿਚ ਆਮ ਗ਼ਰੀਬ ਪਰਿਵਾਰਾਂ ਕੋਲ ਬਹੁਤ ਹੀ ਤੰਗ ਘਰ ਹੁੰਦੇ ਹਨ ਤੇ ਮਸਾਂ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਘਰਾਂ ਦੀ ਗਰੀਬੀ ਕਾਰਨ ਉਹ ਆਪਣੇ ਗੁਆਂਢੀ ਨੂੰ ਵੀ ਡਰਦੇ ਹੋਏ ਗੋਬਰ ਪਲਾਂਟ ਤੋਂ ਨਿਕਲਿਆ ਗੰਦੇ ਤੇ ਬਦਬੂ ਵਾਲੇ ਤਰਲ ਦੀ ਰੋਕਥਾਮ ਬਾਰੇ ਨਹੀਂ ਆਖਦੇ। ਇਸ ਤਰ੍ਹਾਂ ਦੇ ਗੰਦੇ ਤੇ ਬਦਬੂ ਵਾਲੇ ਵਾਤਾਵਰਨ ਵਿਚ ਰੋਜ਼ਾਨਾ ਰਹਿਣਾ ਬਿਮਾਰੀਆਂ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹੈ। ਪਿੰਡਾਂ ਦੇ ਆਬਾਦੀ ਵਿਚ ਲੱਗੇ ਜਾਂ ਲੱਗ ਰਹੇ ਅਜਿਹੇ ਗੋਬਰ ਪਲਾਂਟਾਂ ਨੂੰ ਸਰਕਾਰ ਨੂੰ ਸਖਤੀ ਨਾਲ ਬੰਦ ਕਰਵਾਉਣਾ ਚਾਹੀਦਾ ਹੈ, ਤਾਂ ਜੋ ਬਿਨਾਂ ਕਿਸੇ ਕਸੂਰੋਂ ਗੰਦੇ ਵਾਤਾਵਰਨ ਵਿਚ ਰਹਿਣ ਦੀ ਸਜ਼ਾ ਭੁਗਤ ਰਹੇ ਲੋਕਾਂ ਨੂੰ ਵਧੀਆ ਅਤੇ ਸਾਫ਼-ਸੁਥਰਾ ਵਾਤਾਵਰਨ ਦਿੱਤਾ ਜਾ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।


ਕੋਰੋਨਾ ਮਹਾਂਮਾਰੀ ਦੀ ਦੁਬਾਰਾ ਦਸਤਕ
ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਪੰਜਾਬ 'ਚ ਕੋਵਿਡ-19 ਦਾ ਕਹਿਰ ਦੁਬਾਰਾ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜ਼ਰੂਰੀ ਹਿਦਾਇਤਾਂ ਜਾਰੀ ਵੀ ਕੀਤੀਆਂ ਹਨ। ਖਾਸ ਕਰਕੇ ਇਹ ਕੋਰੋਨਾ ਦਾ ਡਰ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਜ਼ਿਆਦਾ ਪੈਂਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਸਾਡੇ ਦੇਸ਼ ਨੇ ਕੋਵਿਡ-19 ਦਾ ਟੀਕਾ ਤਿਆਰ ਕਰ ਲਿਆਹੈ ਪਰ ਫਿਰ ਵੀ ਸਾਡੀ ਇੱਛਾਸ਼ਕਤੀ ਤੇ ਸੋਚ ਇਕ ਟੀਕੇ ਤੋਂ ਵੱਧ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਇਸ ਮਹਾਂਮਾਰੀ ਤੋਂ ਮੁਕਤ ਹੋ ਸਕਦੇ ਹਾਂ। ਮਾਸਕ ਲਗਾਉਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਸਾਡਾ ਆਪਣਾ ਫਰਜ਼ ਹੈ ਤਾਂ ਹੀ ਸਾਡਾ ਸਮਾਜ ਅਤੇ ਦੇਸ਼ ਦੇ ਸਾਡੇ ਨਾਗਰਿਕ ਸੁਰੱਖਿਅਤ ਰਹਿ ਸਕਦੇ ਹਾਂ।


-ਰਾਜੇਸ਼ ਭਾਰਦਵਾਜ, ਪਿੰਡ ਤੇ ਡਾਕ: ਦਾਤਾਰਪੁਰ (ਚੌਕੀ), ਹੁਸ਼ਿਆਰਪੁਰ।

25-02-2021

 ਵਿਰੋਧੀ ਸੁਰਾਂ ਦਾ ਸਤਿਕਾਰ ਕਰੇ ਸਰਕਾਰ

ਅਸਲੀ ਲੋਕਤੰਤਰ ਵਿਚ ਵਿਰੋਧ ਕਰਨ ਵਾਲਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੁਆਰਾ ਕਹੇ ਸੁਰਾਂ 'ਤੇ ਸੋਚ ਵਿਚਾਰ ਕੀਤੀ ਜਾਂਦੀ ਹੈ। ਜੇਕਰ ਵਿਰੋਧੀ ਸੁਰ ਸਚਾਈ ਅਤੇ ਤਰਕ 'ਤੇ ਆਧਾਰਿਤ ਹੋਣ ਤਾਂ ਰਾਜ ਕਰ ਰਹੀਆਂ ਪਾਰਟੀਆਂ ਵਲੋਂ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਂਦਾ ਹੈ। ਪਰ ਮੋਦੀ ਸਰਕਾਰ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ 'ਤੇ ਉਤਾਰੂ ਹੈ। ਬੰਗਲੌਰ ਦੀ ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਨੇ ਕਿਸਾਨੀ ਹਮਾਇਤ ਲਈ ਟੂਲਕਿੱਟ ਸਵੀਡਨ ਦੀ ਗ੍ਰੇਟਾ ਥੁੰਨਬਰਗ ਨੂੰ ਸ਼ੇਅਰ ਕੀਤਾ ਤਾਂ ਜੋ ਇਸ ਨੂੰ ਅੰਦੋਲਨ ਲਈ ਵੱਧ ਤੋਂ ਵੱਧ ਅੰਤਰਰਾਸ਼ਟਰੀ ਹਮਾਇਤ ਪ੍ਰਾਪਤ ਕੀਤੀ ਜਾ ਸਕੇ। ਭਾਜਪਾ ਸਰਕਾਰ ਤੇ ਉਸ ਦੀ ਨੌਕਰਸ਼ਾਹੀ ਨੇ ਇਸ ਨੂੰ ਦੇਸ਼ ਵਿਰੋਧੀ ਤਾਕਤਾਂ ਨਾਲ ਜੋੜ ਕੇ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਉਸ ਨੇ ਆਪਣੇ ਲੋਕ ਵਿਰੋਧੀ ਰਵੱਈਏ ਵਿਚ ਬਦਲਾਅ ਨਾ ਲਿਆਂਦਾ ਤਾਂ ਲੋਕ ਲਹਿਰ ਦਾ ਵਧ ਰਿਹਾ ਸਮੁੰਦਰ ਉਸ ਦੇ ਰਾਜਨੀਤਕ ਢਾਂਚੇ ਨੂੰ ਵਹਾ ਕੇ ਅਜਿਹੀ ਡੂੰਘੀ ਖਾਈ ਵਿਚ ਸੁੱਟੇਗਾ, ਜਿਥੋਂ ਉਹ ਕਦੇ ਵੀ ਉੱਭਰ ਨਹੀਂ ਸਕੇਗਾ। ਇਸ ਲਈ ਚੰਗਾ ਹੋਵੇਗਾ ਜੇਕਰ ਮੋਦੀ ਸਰਕਾਰ ਲੋਕਾਂ ਦੀ ਤਾਕਤ ਨੂੰ ਸਮਝ ਕੇ ਉਸ ਦੇ ਵਿਰੋਧੀ ਸੁਰਾਂ ਦਾ ਸਤਿਕਾਰ ਕਰੇ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

ਪਹਿਲਕਦਮੀ ਦੀ ਲੋੜ

ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਖ਼ਾਸ ਕਰਕੇ ਦਿੱਲੀ ਦੇ ਬਾਰਡਰਾਂ ਉੱਪਰ ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਿਤ ਕਾਨੂੰਨਾਂ ਜਿਨ੍ਹਾਂ ਨੂੰ ਕਾਲੇ ਕਾਨੂੰਨਾਂ ਦੇ ਨਾਂਅ 'ਤੇ ਵੀ ਜਾਣਿਆ ਜਾਂਦਾ ਹੈ, ਨੂੰ ਲੈ ਕੇ ਵੱਡੀ ਪੱਧਰ 'ਤੇ ਅੰਦੋਲਨ, ਸੰਘਰਸ਼ ਕੀਤਾ ਜਾ ਰਿਹਾ ਹੈ। ਉਂਜ ਤਾਂ ਸਾਰੇ ਦੇਸ਼ ਦੇ ਰਾਜਾਂ ਦੇ ਕਿਸਾਨ ਮਜ਼ਦੂਰ ਅਤੇ ਹੋਰ ਵਰਗਾਂ ਦੇ ਲੋਕ ਇਸ ਸੰਘਰਸ਼ ਵਿਚ ਸ਼ਾਮਿਲ ਹੋ ਕੇ ਆਪਣਾ ਸਰਦਾ ਬਣਦਾ ਯੋਗਦਾਨ ਪਾ ਰਹੇ ਹਨ ਪਰ ਪੰਜਾਬ ਜਿਥੋਂ ਕਿ ਇਸ ਸੰਘਰਸ਼ ਦਾ ਮੁੱਢ ਬੱਝਾ, ਉਹ ਸ਼ੁਰੂ ਲੈ ਕੇ ਹੁਣ ਤੱਕ ਇਸ ਵਿਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਪੰਜਾਬੀ ਭਾਈਚਾਰਾ ਚਾਹੇ ਦੇਸ਼ ਵਿਚ ਹੈ ਜਾਂ ਵਿਦੇਸ਼ ਵਿਚ ਉਹ ਹਰ ਪੱਖੋਂ ਇਸ ਵਿਚ ਸਹਿਯੋਗ ਕਰ ਰਿਹਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਜਲਦੀ ਸੰਭਵ ਹੋਵੇ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਸੰਜੀਦਾ ਗੱਲਬਾਤ ਕਰਨ ਦੀ ਪਹਿਲਕਦਮੀ ਕਰੇ ਤਾਂ ਕਿ ਇਸ ਮਸਲੇ ਦਾ ਸਨਮਾਨਜਨਕ ਹੱਲ ਨਿਕਲ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਚੰਗਾ ਬੋਲਚਾਲ

'ਚੰਗਾ ਬੋਲਚਾਲ' ਇਕ ਅਹਿਮ ਗੁਣ ਹੈ ਜੋ ਕਿਤੇ ਨਾ ਕਿਤੇ ਅੱਜ ਸਾਡੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ। ਸਾਨੂੰ ਲੋੜ ਹੈ ਇਸ ਨੂੰ ਮੁੜ ਸੁਰਜੀਤ ਕਰਨ ਦੀ ਕਿਉਂਕਿ ਇਹ ਇਕ ਅਜਿਹਾ ਗੁਣ ਹੈ, ਜਿਸ ਨਾਲ ਵੱਡੇ ਤੋਂ ਵੱਡੇ ਝਗੜੇ ਆਰਾਮ ਨਾਲ ਨਿਪਟਾਏ ਜਾ ਸਕਦੇ ਹਨ, ਜਿਸ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਹਨ। ਵੱਡੀ ਗੱਲ ਤਾਂ ਇਹ ਹੈ ਕਿ ਇਸ ਨਾਲ ਕਾਰੋਬਾਰ ਵਿਚ ਵੀ ਵਾਧਾ ਹੁੰਦਾ ਹੈ, ਜਿਸ ਨਾਲ ਔਖੇ ਤੋਂ ਔਖੇ ਕਾਰਜ ਸੌਖੇ ਹੋ ਜਾਂਦੇ ਹਨ। ਜੇ ਸਾਡੀ ਬੋਲੀ ਵਿਚ ਮਿਠਾਸ ਹੋਵੇਗੀ ਤਾਂ ਮੌਕੇ ਮੁਤਾਬਿਕ ਇਹ ਅਜਿਹੀ ਕਰਾਮਾਤ ਕਰ ਜਾਂਦੀ ਹੈ ਜੋ ਨਾ ਤਾਂ ਪੈਸਾ ਕਰ ਸਕਦਾ ਹੈ ਤੇ ਨਾ ਕੋਈ ਹਥਿਆਰ। ਇਸ ਕਰਕੇ ਹੀ ਸਾਡੇ ਸਕੂਲਾਂ ਵਿਚ ਭਾਸ਼ਾਵਾਂ ਨੂੰ ਵਿਸ਼ਿਆਂ ਵਜੋਂ ਰੱਖਿਆ ਗਿਆ ਹੈ, ਜਿੰਨੀ ਕਿਸੇ ਦੀ ਪਕੜ ਭਾਸ਼ਾ ਉੱਪਰ ਹੋਵੇਗੀ, ਓਨੀ ਹੀ ਬੋਲੀ ਵਿਚ ਨਿਖਾਰਤਾ ਹੋਵੇਗੀ। ਚੰਗੇ ਬੋਲਚਾਲ ਵਾਲੇ ਵਿਅਕਤੀ ਦਾ ਹਰ ਜਗ੍ਹਾ ਸਨਮਾਨ ਹੁੰਦਾ ਹੈ ਤੇ ਉਹ ਕਦੀ ਵੀ ਆਪਣੀ ਜ਼ਿੰਦਗੀ ਵਿਚ ਖੁਆਰ ਨਹੀਂ ਹੁੰਦਾ। ਸੋ, ਇਹ ਇਕ ਸਮਾਜਿਕ ਮਹੱਤਤਾ ਵਾਲਾ ਗੁਣ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਗੁਣ ਨੂੰ ਧਾਰਨ ਕਰੀਏ ਤਾਂ ਜੋ ਸਾਡੀ ਸ਼ਖ਼ਸੀਅਤ ਵਿਚ ਹੋਰ ਨਿਖਾਰ ਆ ਸਕੇ।

-ਏਕਮਨੂਰ ਸਿੰਘ

ਸਥਾਨਕ ਚੋਣਾਂ ਅਤੇ ਹਿੰਸਾ

ਪਿਛਲੇ ਦਿਨੀਂ ਨਗਰ ਨਿਗਮਾਂ, ਨਗਰ ਕੌਂਸਲਰਾਂ ਅਤੇ ਨਗਰ ਪੰਚਾਇਤਾਂ ਦੀ ਵੋਟਿੰਗ ਪ੍ਰਕਿਰਿਆ ਦੌਰਾਨ ਪੰਜਾਬ 'ਚ ਕਈ ਥਾਵਾਂ 'ਤੇ ਤਲਵਾਰਾਂ, ਗੋਲੀਆਂ ਅਤੇ ਲਾਠੀਆਂ ਚੱਲੀਆਂ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਥਾਨਕ ਸਰਕਾਰਾਂ ਦੀਆਂ ਇਹ ਚੋਣਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀ-ਫਾਈਨਲ ਹੈ। ਸਾਰੀਆਂ ਰਾਜਸੀ ਪਾਰਟੀਆਂ ਦਾ ਵਕਾਰ ਦਾਅ 'ਤੇ ਲੱਗਾ ਹੋਇਆ ਹੈ। ਇਸ ਕਰਕੇ ਹੀ ਕਈ ਥਾਵਾਂ 'ਤੇ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਹਨ, ਜਿਸ ਨੂੰ ਵੇਖ ਕੇ ਇੰਜ ਲਗਦਾ ਹੈ ਕਿ ਵੋਟਿੰਗ ਦੀ ਆਜ਼ਾਦੀ, ਨਿਰਪੱਖਤਾ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਕੋਈ ਸੌਖਾ ਕੰਮ ਨਹੀਂ ਹੈ। ਚੋਣ ਕਮਿਸ਼ਨ ਜਾਂ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਸਾਡੀਆਂ ਸਾਰੀਆਂ ਰਾਜਸੀ ਪਾਰਟੀਆਂ ਉਡਾਉਂਦੀਆਂ ਹਨ। ਕਿਸੇ ਵੀ ਧਿਰ ਦਾ ਨੇਤਾ ਹੋਵੇ, ਉਸ ਨੂੰ ਆਪਣੇ ਦਿਮਾਗ 'ਚੋਂ ਇਹ ਗ਼ਲਤਫਹਿਮੀ ਕੱਢ ਦੇਣੀ ਚਾਹੀਦੀ ਹੈ ਕਿ ਕਿਸੇ ਨੂੰ ਡਰਾ ਜਾਂ ਧਮਕਾ ਕੇ ਕੋਈ ਵੋਟ ਨਹੀਂ ਪੁਆ ਸਕਦਾ। ਚੋਣਾਂ ਦੌਰਾਨ ਹਿੰਸਾ ਲੋਕਤੰਤਰ ਦਾ ਘਾਣ ਹੈ। ਕੋਈ ਵੀ ਚੋਣ ਪ੍ਰਕਿਰਿਆ ਸ਼ਾਂਤੀ ਨਾਲ ਹੀ ਨੇਪਰੇ ਚੜ੍ਹਨੀ ਚਾਹੀਦੀ ਹੈ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ) ਹੁਸ਼ਿਆਰਪੁਰ।

24-02-2021

 ਵਧਦੀ ਮਹਿੰਗਾਈ

ਭਾਰਤ ਦੇਸ਼ ਅੰਦਰ ਅੱਗ ਦੀ ਰਫ਼ਤਾਰ ਨਾਲ ਵਧ ਰਹੀ ਮਹਿੰਗਾਈ ਠੱਲ੍ਹਣ ਦਾ ਨਾਂਅ ਹੀ ਨਹੀਂ ਲੈ ਰਹੀ। ਅੱਜਕਲ੍ਹ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਸੌ ਦਾ ਅੰਕੜਾ ਪਾਰ ਕਰ ਗਈਆਂ ਹਨ। ਅਮੀਰ ਲੋਕਾਂ ਨੂੰ ਬੇਸ਼ੱਕ ਇਸ ਨਾਲ ਬਹੁਤਾ ਫਰਕ ਨਾ ਪਵੇ ਪਰ ਆਮ ਵਿਅਕਤੀ ਦੀ ਜੇਬ 'ਤੇ ਵਧ ਰਹੀ ਮਹਿੰਗਾਈ ਇਕ ਤਰ੍ਹਾਂ ਦੇ ਡਾਕੇ ਬਰਾਬਰ ਹੈ। ਜਦੋਂ ਇਸ ਗੱਲ 'ਤੇ ਕਦੇ ਪਬਲਿਕ ਦੀ ਸੁਣੀ ਜਾਂਦੀ ਹੈ ਤਾਂ ਅੱਖਾਂ ਬੰਦ ਕਰਕੇ ਸਿਰ ਹਿਲਾਉਣ ਵਾਲੇ ਕੁਝ ਲੋਕ ਇਹੀ ਬੋਲਦੇ ਹਨ ਕਿ ਜੋ ਹੋ ਰਿਹਾ ਹੈ ਦੇਸ ਹਿਤ ਵਿਚ ਹੋ ਰਿਹਾ ਹੈ ਅਤੇ ਕੀ ਜਿਸ ਕੋਲ ਵਾਹਨ ਖਰੀਦਣ ਦੀ ਪਹੁੰਚ ਹੈ ਉਸ 'ਚ ਪੈਟਰੋਲ ਡੀਜ਼ਲ ਪਵਾਉਣ ਦੀ ਪਹੁੰਚ ਨਹੀਂ। ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਵਾਹਨ ਖਰੀਦਣ ਵਾਲਿਆਂ ਨੂੰ ਐਨੇ ਹੀ ਖੁਸ਼ਹਾਲ ਸਮਝਿਆ ਜਾਂਦਾ ਹੈ ਤਾਂ ਕੀ ਆਮ ਆਦਮੀ ਨੂੰ ਮਹਿੰਗਾਈ ਕਰਕੇ ਵਾਹਨਾਂ ਦੀ ਪਹੁੰਚ ਤੋਂ ਦੂਰ ਰੱਖਣਾ ਹੀ ਮਕਸਦ ਹੈ? ਕੀ ਹਰ ਵਿਅਕਤੀ ਆਪਣੀ ਜ਼ਿੰਦਗੀ ਖੁਸ਼ਹਾਲ ਨਹੀਂ ਚਾਹੁੰਦਾ? ਸਾਂਸਦਾਂ ਦੀਆਂ ਚਲਦੀਆਂ ਪੈਨਸ਼ਨਾਂ ਬੰਦ ਕਰਕੇ ਮਹਿੰਗਾਈ ਨੂੰ ਠੱਲ੍ਹ ਪਾ ਕੇ ਕਿਉਂ ਨਹੀਂ ਦੇਸ਼ ਹਿਤ ਦੇ ਇਸ ਕੰਮ ਵਿਚ ਯੋਗਦਾਨ ਦਿੱਤਾ ਜਾਂਦਾ। ਇਥੇ ਇਹ ਵੀ ਸਮਝਣ ਦੀ ਲੋੜ ਹੈ ਕਿ ਮਹਿੰਗਾਈ ਜਿਸ ਤੀਬਰ ਗਤੀ ਨਾਲ ਵਧਦੀ ਹੈ ਕੀ ਆਮਦਨੀ ਉਸ ਰਫ਼ਤਾਰ ਨਾਲ ਵਧਦੀ ਹੈ। ਬਰਾਬਰਤਾ ਤਾਂ ਹੀ ਹੋ ਸਕਦੀ ਹੈ ਜੇਕਰ ਇਨ੍ਹਾਂ ਦੋਵਾਂ ਪਾਸਿਉਂ ਇਕੋ ਜਿਹੀ ਗਤੀ ਨਾਲ ਚੱਲਿਆ ਜਾ ਸਕੇ।

-ਹਰਪ੍ਰੀਤ ਕੌਰ ਘੁੰਨਸ

ਪੈਟਰੋਲ, ਡੀਜ਼ਲ ਤੇ ਰਸੋਈ ਗੈਸ

ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਭਰ 'ਚ ਡੀਜ਼ਲ, ਪੈਟਰੋਲ ਤੇ ਘਰੇਲੂ ਗੈਸ ਮਹਿੰਗੇ ਕਰ ਕੇ ਗਰੀਬ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ ਪਰ ਯੂ.ਪੀ.ਏ. ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਖਿਲਾਫ਼ ਬਿਆਨ ਦਾਗਣ ਵਾਲੇ ਭਾਜਪਾ ਨੇਤਾਵਾਂ ਨੇ ਹੁਣ ਚੁੱਪੀ ਧਾਰ ਲਈ ਹੈ। ਪੈਟਰੋਲੀਅਮ ਮੰਤਰੀ ਜੇਕਰ ਤੇਲ ਦੀਆਂ ਕੀਮਤਾਂ ਨੂੰ ਘੱਟ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੰਗੇ ਦਿਨ ਦੇ ਵਾਅਦੇ 'ਤੇ ਚੁਣਿਆ ਸੀ ਪਰ ਉਨ੍ਹਾਂ ਨੇ ਦੇਸ਼ ਵਾਸੀਆਂ ਦਾ ਭਰੋਸਾ ਤੋੜਿਆ ਹੈ। ਦੇਸ਼ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਗੱਲ ਕਰਨੀ ਚਾਹੀਦੀ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫ਼ਿਰੋਜ਼ਪੁਰ।

ਸਖ਼ਤ ਹੋਣ ਦੀ ਲੋੜ

ਪਿਛਲੇ ਦਿਨੀਂ 'ਅਜੀਤ' ਦੇ ਪਹਿਲੇ ਸਫ਼ੇ 'ਤੇ ਬੇਹੱਦ ਦਰਦਨਾਕ ਖ਼ਬਰ 'ਪੱਟੀ ਨੇੜੇ ਵਿਆਹ ਸਮਾਗਮ 'ਚ ਗੋਲੀ ਚੱਲੀ-13 ਸਾਲਾ ਬੱਚੇ ਦੀ ਮੌਤ' ਪੜ੍ਹ ਕੇ ਮਨ ਬੜਾ ਹੀ ਦੁਖੀ ਹੋਇਆ। ਕਿਸ ਤਰ੍ਹਾਂ ਇਕ ਵਿਆਹ ਸਮਾਗਮ ਵਿਚ ਡੀਜੇ 'ਤੇ ਚਲਦੇ ਭੰਗੜੇ ਦੌਰਾਨ ਗੋਲੀ ਨੇ 13 ਸਾਲਾਂ ਦੇ ਪਿਆਰੇ ਬੱਚੇ ਜਸ਼ਨਦੀਪ ਸਿੰਘ ਦੀ ਜਾਨ ਲੈ ਲਈ। ਸਾਡੇ ਸਮਾਜ ਵਿਚ ਅਕਸਰ ਕੁਝ ਸਮੇਂ ਬਾਅਦ ਇਸ ਤਰ੍ਹਾਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਪਰ ਅਸੀਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਕੁਝ ਦਿਨ ਦੀ ਵਿਚਾਰ ਪਿੱਛੋਂ ਸਭ ਕੁਝ ਭੁੱਲ-ਭੁਲਾ ਜਾਂਦੇ ਹਾਂ। ਇਸ ਘਟਨਾ ਨੇ ਸਾਨੂੰ ਮੁੜ ਜਗਾਇਆ ਹੈ। ਸ਼ਰਾਬ ਜਾਂ ਹੋਰ ਨਸ਼ਿਆਂ ਦੀ ਲੋਰ ਵਿਚ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਸਾਨੂੰ ਬੇਹੱਦ ਜਾਗਰੂਕ ਤੇ ਸਖ਼ਤ ਹੋਣ ਦੀ ਲੋੜ ਹੈ। ਸਮਾਜ ਵਿਚ ਹਥਿਆਰਾਂ ਨਾਲ ਵੱਡੇ ਹੋਣ ਦਾ ਵਹਿਮ ਪਾਲੀ ਬੈਠੇ ਲੋਕਾਂ ਤੋਂ ਦੂਰੀ ਬਣਾਉਂਦਿਆਂ ਵਿਆਹ ਦੇ ਸੱਦਾ ਪੱਤਰਾਂ ਉੱਪਰ ਪੂਰੀ ਸਖ਼ਤੀ ਨਾਲ ਲਿਖਿਆ ਜਾਵੇ ਕਿ ਕੋਈ ਵੀ ਵਿਅਕਤੀ ਵਿਆਹ ਸਮਾਗਮ ਵਿਚ ਕਿਸੇ ਪ੍ਰਕਾਰ ਦਾ ਹਥਿਆਰ ਨਾ ਲੈ ਕੇ ਆਵੇ ਅਤੇ ਜੇਕਰ ਅਜਿਹਾ ਕਰੇਗਾ ਤਾਂ ਉਸ ਨੂੰ ਵਿਆਹ ਸਮਾਗਮ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੀ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਪਾਬੰਦੀ ਲਗਾਏ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

ਵਧ ਰਹੇ ਸੜਕ ਹਾਦਸੇ

ਹਰ ਰੋਜ਼ ਸਵੇਰੇ ਲੋਕ ਆਪਣੇ ਕੰਮਾਂਕਾਰਾਂ ਨੂੰ ਜਾਣ ਵਿਚ ਜਲਦਬਾਜ਼ੀ ਕਰਦੇ ਹੋਏ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਕਿਤੇ ਨਾ ਕਿਤੇ ਵਧ ਰਹੀ ਧੁੰਦ ਸਰਦ ਮੌਸਮ ਵਿਚ ਕਾਹਲੀ ਕਰਨੀ ਵੀ ਇਕ ਬਹੁਤ ਵੱਡਾ ਕਾਰਨ ਬਣ ਗਿਆ ਹੈ। ਕਈ ਲੋਕ ਬਹੁਤ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ, ਫੋਨ ਦਾ ਇਸਤੇਮਾਲ ਕਰਦੇ ਹਨ, ਕਈ ਵਾਰ ਤਾਂ ਵੱਡੇ ਵਾਹਨ ਛੋਟੇ ਵਾਹਨਾਂ ਨੂੰ ਰਸਤਾ ਨਹੀਂ ਦਿੰਦੇ, ਜਿਸ ਕਾਰਨ ਸੜਕ ਤੋਂ ਗੁਜ਼ਰ ਰਹੇ ਲੋਕ ਇਨ੍ਹਾਂ ਵਾਹਨਾਂ ਦੀ ਲਪੇਟ ਵਿਚ ਆ ਜਾਂਦੇ ਹਨ। ਜ਼ਿਆਦਾਤਰ ਬਜ਼ੁਰਗ ਜਾਂ ਫਿਰ ਸਕੂਲੀ ਬੱਚੇ ਇਨ੍ਹਾਂ ਦਾ ਸ਼ਿਕਾਰ ਹੁੰਦੇ ਹਨ। ਇਹ ਲੋਕ ਖੁਦ ਵੀ ਜਾਨ ਤਾਂ ਮੁਸੀਬਤ ਵਿਚ ਪਾਉਂਦੇ ਹਨ ਪਰ ਅਨਜਾਣ ਸ਼ਖਸ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ। ਸਰਕਾਰ ਤੇ ਪੁਲਿਸ ਦੁਆਰਾ ਬਹੁਤ ਸਖਤਾਈ ਵੀ ਕੀਤੀ ਜਾਂਦੀ ਹੈ, ਇਹ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਵਾਸਤੇ। ਪਰ ਕੁਝ ਬੇਸਮਝ ਲੋਕ ਹੁਸ਼ਿਆਰੀ ਮਾਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਦੇ ਹਨ। ਅੱਜ ਲੋਕਾਂ ਨੂੰ ਜਾਗਰੂਕ ਹੋਣ ਦੇ ਨਾਲ-ਨਾਲ ਸਮਝਣਾ ਹੋਵੇਗਾ ਕਿ ਗੱਡੀ ਦੀ ਸਪੀਡ 'ਤੇ ਕਾਬੂ ਰੱਖਣ ਦੀ ਜ਼ਰੂਰਤ ਹੈ ਨਹੀਂ ਤਾਂ ਜ਼ਿੰਦਗੀ ਕਦ ਬੇਕਾਬੂ ਹੋ ਜਾਵੇ ਪਤਾ ਵੀ ਨਹੀਂ ਚੱਲਣਾ। ਸੋ, ਸਾਵਧਾਨੀ ਵਰਤਣ ਵਿਚ ਹੀ ਸਭ ਦਾ ਭਲਾ ਹੈ।

-ਪਵਨ ਮੰਨਣ. ਕੇ.ਐਮ.ਵੀ., ਜਲੰਧਰ।

23-02-2021

 ਸਾਡੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ?

ਹਾਰਨ ਤੋਂ ਬਾਅਦ ਕਈ ਪਾਰਟੀਆਂ ਇਕ-ਦੂਜੇ 'ਤੇ ਆਪਣੀ ਹਾਰ ਦਾ ਠੀਕਰਾ ਭੰਨਦੀਆਂ ਹਨ, ਹਰ ਵਾਰ ਹੀ ਇਉਂ ਕਰ ਕੇ ਪਾਰਟੀਆਂ ਆਪਣੀ ਹਾਰ ਦੀ ਬਾਖੂਬੀ ਸਫ਼ਾਈ ਦਿੰਦੀਆਂ ਹਨ ਤੇ ਸਾਡੇ ਮਨ ਨੂੰ ਸਕੂਨ ਦੇ ਕੇ ਪੰਜ ਸਾਲ ਆਰਾਮ ਕਰਦੀਆਂ ਹਨ। ਸਾਨੂੰ ਕਦੋਂ ਸਮਝ ਆਵੇਗੀ, ਕੀ ਅਸੀਂ ਕਦੇਂ ਇਨ੍ਹਾਂ ਲੂੰਬੜ ਚਾਲਾਂ ਨੂੰ ਸਮਝ ਪਾਵਾਂਗੇ ਜਾਂ ਫਿਰ ਅਖ਼ਬਾਰਾਂ ਦੀਆਂ ਮੋਟੀਆਂ ਸੁਰਖੀਆਂ ਪੜ੍ਹ ਕੇ ਚਟਕਾਰੇ ਲੈ ਕੇ ਹੀ ਗੁਜ਼ਾਰ ਦਿਆਂਗੇ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਬ੍ਰਾਂਚ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਲੋਕਤੰਤਰ ਦਾ ਘਾਣ

ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਕੇ ਹਟੀਆਂ ਹਨ। ਸੱਤਾਧਾਰੀ ਪਾਰਟੀ ਨੂੰ ਛੱਡ ਬਾਕੀ ਪਾਰਟੀਆਂ ਚੋਣਾਂ ਦੌਰਾਨ ਲੋਕਤੰਤਰ ਦੇ ਘਾਣ ਦੀਆਂ ਗੱਲਾਂ ਕਰਦੀਆਂ ਹਨ ਪਰ ਜਦੋਂ ਆਪ ਸੱਤਾ ਵਿਚ ਹੁੰਦੀਆਂ ਹਨ, ਇਹ ਵਰਤਾਰਾ ਉਨ੍ਹਾਂ ਦੀ ਸੱਤਾ ਦੌਰਾਨ ਵੀ ਹੁੰਦਾ ਹੈ। ਲੋਕਤੰਤਰ ਦੇ ਅਰਥ ਦਾ ਪਤਾ ਸੱਤਾ ਦੇ ਨਸ਼ੇ ਦੌਰਾਨ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਵੀ ਹੁਕਮਰਾਨ ਪਾਰਟੀ ਦਾ ਹੀ ਪੱਖ ਪੂਰਦਾ ਹੈ। ਇਨ੍ਹਾਂ ਚੋਣਾਂ ਨੂੰ ਕਰਾਉਣ ਦਾ ਮਕਸਦ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੀ ਮੁੱਖ ਮੰਤਵ ਹੁੰਦਾ ਹੈ ਪਰ ਹੁੰਦਾ ਬਿਲਕੁੱਲ ਉਲਟ ਹੈ। ਮੁੱਦਿਆਂ ਦੇ ਆਧਾਰ 'ਤੇ ਲੜੀਆਂ ਜਾ ਰਹੀਆਂ ਚੋਣਾਂ ਬੇਮਕਸਦ ਹੋ ਕੇ ਰਹਿ ਜਾਂਦੀਆਂ ਹਨ। ਸੱਤਾਧਾਰੀ ਪਾਰਟੀ ਦੇ ਲੋਕ ਵਿਰੋਧੀਆਂ ਕੋਲੋਂ ਬਦਲਾ ਲਊ ਭਾਵਨਾਵਾਂ ਰੱਖ ਕੇ ਲੋਕਤੰਤਰ ਦਾ ਘਾਣ ਕਰਦੇ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਬੇਰੁਜ਼ਗਾਰੀ ਦਾ ਵਿਕਰਾਲ ਰੂਪ

ਅਜੋਕੇ ਸਮੇਂ 'ਚ ਬੇਰੁਜ਼ਗਾਰੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦਾ ਅਰਥਚਾਰਾ ਵਿਸ਼ਾਲ ਹੈ ਪਰ ਸਰਕਾਰਾਂ ਦੀ ਨੀਤੀ ਤੇ ਨੀਅਤ ਸਹੀ ਨਹੀਂ ਹੈ ਕਿਉਂਕਿ ਘੱਟ ਤੋਂ ਘੱਟ ਬੰਦਿਆਂ ਨਾਲ ਕੰਮ ਚਲਾਇਆ ਜਾਣ ਲੱਗਿਆ ਹੈ। ਉਨ੍ਹਾਂ ਨੂੰ ਤਨਖਾਹ ਘੱਟ ਤੋਂ ਘੱਟ ਦਿੱਤੀ ਜਾ ਰਹੀ ਹੈ। ਜਿਸ ਕਰਕੇ ਨੌਜਵਾਨ ਵਰਗ ਆਪਣੇ ਰੁਜ਼ਗਾਰ ਲਈ ਚਿੰਤਤ ਹੈ, ਉਹ ਪ੍ਰਵਾਸ ਕਰਨ ਪ੍ਰਤੀ ਸੋਚਦਾ ਹੈ। ਪਰ ਰਾਜਨੀਤਕ ਪਾਰਟੀਆਂ ਬੇਰੁਜ਼ਗਾਰੀ ਦੇ ਵਿਸ਼ੇ ਨੂੰ ਚੋਣ ਏਜੰਡਾ ਕਿਉਂ ਨਹੀਂ ਬਣਾਉਂਦੀਆਂ? ਅਤੇ ਵੋਟਾਂ ਦੀ ਭੰਨ-ਤੋੜ ਕਰਕੇ ਸੱਤਾ ਪ੍ਰਾਪਤ ਕਰਨ ਵਾਲੇ ਚੋਣ ਏਜੰਡੇ ਹੀ ਮਾਹਰ ਲੋਕ ਬਣਾਉਂਦੇ ਹਨ। ਬੇਰੁਜ਼ਗਾਰੀ ਨੂੰ ਅਣਗੌਲਿਆ ਕੀਤਾ ਹੋਇਆ ਹੈ। ਸਰਕਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ, ਆਬਾਦੀ ਦਾ ਬਹਾਨਾ ਹੀ ਨਹੀਂ ਬਣਾਉਣਾ ਚਾਹੀਦਾ। ਇਸ ਚੁਣੌਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਮਨੁੱਖੀ ਸ਼ਖ਼ਸੀਅਤ ਦਾ ਭਾਸ਼ਾ 'ਤੇ ਪ੍ਰਭਾਵ

ਅਸੀਂ ਵੇਖਦੇ ਹਾਂ ਕਿ ਯੂਰਪੀ ਕੌਮਾਂ ਨੇ ਜਿਵੇਂ-ਜਿਵੇਂ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਭਾਸ਼ਵਾਂ ਨੇ ਵੀ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ। ਅੱਜ ਜਦੋਂ ਅਸੀਂ ਕਿਸੇ ਵਿਕਸਿਤ ਭਾਸ਼ਾ ਦੀ ਗੱਲ ਕਰਦੇ ਹਾਂ ਅਤੇ ਜੇਕਰ ਉਸ ਪਿੱਛੇ ਉਸ ਦੇ ਵਿਕਾਸ ਦੇ ਕਾਰਨਾਂ ਦੀ ਪੜਚੋਲ ਕਰੀਏ ਤਾਂ ਵੇਖਦੇ ਹਾਂ ਕਿ ਉਸ ਭਾਸ਼ਾ ਦੇ ਵਿਕਾਸ ਪਿੱਛੇ ਉਸ ਕੌਮ ਦੇ ਲੋਕਾਂ ਦੀ ਸ਼ਖ਼ਸੀਅਤ ਅਤੇ ਕਿਰਦਾਰ ਦਾ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਸਮੇਂ ਦੀ ਕਦਰ ਕਰਨੀ ਅਤੇ ਉਸ ਦਾ ਪਾਬੰਦ ਹੋਣਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ, ਜਾਤਪਾਤ, ਧਰਮ, ਰੰਗ, ਨਸਲ, ਊਚ ਨੀਚ ਆਦਿ ਸਭ ਤਰ੍ਹਾਂ ਦੀ ਵਿਤਕਰੇਬਾਜ਼ੀ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਭਲਾਈ ਅਤੇ ਉਸ ਦੇ ਵਿਕਾਸ ਲਈ ਕੰਮ ਕਰਨਾ, ਆਪਣੇ ਫ਼ਰਜ਼ਾਂ ਨੂੰ ਆਪਣਾ ਧਰਮ ਸਮਝਣਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਆਦਿ। ਇਸੇ ਤਰ੍ਹਾਂ ਜੇਕਰ ਅਸੀਂ ਪੰਜਾਬੀ ਵੀ ਆਪਣੀ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸ਼ਖ਼ਸੀਅਤ ਅਤੇ ਕਿਰਦਾਰ ਨੂੰ ਖੂਬਸੂਰਤ ਬਣਾਉਣ ਲਈ ਉਪਰਾਲੇ ਕਰਨੇ ਪੈਣਗੇ, ਆਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਪਵੇਗਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਨਿਸਚੇ ਹੀ ਸਾਡੀ ਪੰਜਾਬੀ ਵਿਕਸਿਤ ਭਾਸ਼ਾਵਾਂ ਦੀ ਕਤਾਰ ਵਿਚ ਖੜ੍ਹੀ ਨਜ਼ਰ ਆਵੇਗੀ।

-ਕੁਲਦੀਪ ਸਿੰਘ ਮਮਦੋਟ, ਲੋਕ ਚੇਤਨਾ ਮੰਚ।

ਕੇਂਦਰੀ ਮੰਤਰੀ ਦਾ ਤੋਤਾ ਰਟਨ

ਪਿਛਲੇ ਦਿਨੀਂ 'ਅਜੀਤ' 'ਚ (ਮੁੱਖ ਪੰਨਾ) ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਪੜ੍ਹਿਆ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਅਜੇ ਵੀ ਗੱਲਬਾਤ ਕਰਨ ਲਈ ਤਿਆਰ ਹੈ। ਸ੍ਰੀ ਤੋਮਰ ਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਦਾ ਇਹ ਤੋਤਾ ਰਟਨ ਪਹਿਲਾਂ ਵੀ ਕਈ ਵਾਰ ਪੜ੍ਹ-ਸੁਣ ਚੁੱਕੇ ਹਾਂ। ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਦੇਖ ਕੇ ਇੰਜ ਲਗਦਾ ਹੈ ਜਿਵੇਂ ਕੇਂਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨਾਲ ਕੋਈ ਮੋਹ ਹੀ ਨਹੀਂ ਹੈ। ਇਸੇ ਕਰਕੇ ਹੀ ਸਰਕਾਰ ਦੇ ਮੰਤਰੀਆਂ ਵਲੋਂ ਅਸਲ ਮੁੱਦੇ ਦੀ ਗੱਲ ਕਰਨ ਦੀ ਥਾਂ ਇਧਰ-ਉਧਰ ਦੀਆਂ ਗੱਲਾਂ ਕਰਕੇ ਵਕਤ ਟਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਹੀ ਨਹੀਂ ਹਨ, ਉਨ੍ਹਾਂ ਨੂੰ ਤੁਰੰਤ ਰੱਦ ਕਰੇ ਤੇ ਦੇਸ਼ ਦੀ ਸੁਹਿਰਦ ਤੇ ਲੋਕ ਪੱਖੀ ਸਰਕਾਰ ਹੋਣ ਦਾ ਸਬੂਤ ਦੇਵੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਪੰਜਾਬ ਸਰਕਾਰ ਦੇ ਧਿਆਨ ਹਿਤ

ਮੈਂ ਪੰਜਾਬ ਵਿਚ ਅਵਾਰਾ ਕੁੱਤਿਆਂ ਵਲੋਂ ਮਚਾਈ ਜਾ ਰਹੀ ਦਹਿਸ਼ਤ ਬਾਰੇ ਜ਼ਿਕਰ ਛੇੜਨ ਲੱਗਾ ਹਾਂ। ਅਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ। ਆਏ ਦਿਨ ਕੁੱਤਿਆਂ ਵਲੋਂ ਮਾਸੂਮ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਜੰਗਲੀ ਜੀਵ ਕਾਨੂੰਨ ਤਹਿਤ ਮਨਾਹੀ ਹੈ। ਮੇਰੇ ਪਿਤਾ ਜੀ ਸਵਰਗਵਾਸੀ ਕਾਮਰੇਡ ਦਰਸ਼ਨ ਸਿੰਘ ਝਬਾਲ ਨੇ ਪੰਜਾਬ ਵਿਧਾਨ ਸਭਾ ਵਿਚ ਸਾਲ 1983 ਵਿਚ ਮਸਲਾ ਉਠਾਇਆ ਸੀ। ਉਸ ਵਕਤ ਦੇ ਸਿਹਤ ਮੰਤਰੀ ਸਵਰਗੀ ਜੋਗਿੰਦਰ ਪਾਲ ਪਾਂਡੇ ਨੇ ਸਦਨ ਵਿਚ ਐਲਾਨ ਕੀਤਾ ਸੀ ਕਿ ਸਰਕਾਰ ਅਵਾਰਾ ਕੁੱਤਿਆਂ ਬਾਰੇ ਕਾਨੂੰਨ ਬਣਾਏਗੀ। ਪਰ ਏਨੇ ਸਾਲ ਬਾਅਦ ਵੀ ਕੋਈ ਸਰਕਾਰ ਇਸ ਬਾਰੇ ਕਾਨੂੰਨ ਨਹੀਂ ਬਣਾ ਸਕੀ। ਸੋ, ਮੈਂ ਆਪ ਸਭ ਨੂੰ ਇਸ ਮਸਲੇ ਬਾਰੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਲਿਖ ਕੇ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੱਢਣ ਦੀ ਬੇਨਤੀ ਕਰਦਾ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਦੀ ਜਾਨ ਦੀ ਸੁਰੱਖਿਆ ਹੋ ਸਕੇ।

-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।

22-02-2021

 ਬੇਲਗਾਮ ਹੁੰਦੀ ਮਹਿੰਗਾਈ
ਕਦੀ ਸਮਾਂ ਸੀ ਕਿ ਜਦੋਂ ਰਸੋਈ ਗੈਸ ਦੀ ਸਪਲਾਈ ਸ਼ੁਰੂ ਹੋਈ ਸੀ, ਗੈਸ ਸਿਲੰਡਰ ਨਾਮਾਤਰ ਕੀਮਤ ਵਿਚ ਮਿਲ ਜਾਂਦਾ ਸੀ ਅਤੇ ਇਸ 'ਤੇ ਜ਼ਿਆਦਾਤਰ ਰਕਮ ਦੀ ਸਬਸਿਡੀ ਹੁੰਦੀ ਸੀ ਅਤੇ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ ਵਧਦੀ-ਵਧਦੀ ਏਨੀ ਜ਼ਿਆਦਾ ਹੋ ਗਈ ਹੈ ਕਿ ਸਬਸਿਡੀ ਨਾਮਾਤਰ ਹੀ ਰਹਿ ਗਈ ਹੈ। ਉਪਰੋਂ ਡੀਜ਼ਲ, ਪੈਟਰੋਲ ਦੀਆਂ ਨਿਤ-ਦਿਨ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਕਚੂੰਮਰ ਕੱਢ ਦਿੱਤਾ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਇਸ ਦਾ ਸਿੱਧਾ ਅਸਰ ਆਵਾਜਾਈ 'ਤੇ ਪੈਂਦਾ ਹੈ। ਸਾਡੇ ਹਰੇਕ ਖਾਧ-ਪਦਾਰਥ ਆਦਿ ਦੀ ਢੋਆ-ਢੋਆਈ ਕਾਰਨ ਉਨ੍ਹਾਂ ਦੀਆਂ ਕੀਮਤਾਂ ਵੱਧ ਜਾਣਾ ਕੁਦਰਤੀ ਹੈ ਅਤੇ ਮਹਿੰਗਾਈ ਹੁਣ ਧੜੱਲੇ ਨਾਲ ਵਧਦੀ ਜਾ ਰਹੀ ਹੈ ਅਤੇ ਇਸ ਮਹਿੰਗਾਈ ਦੇ ਦੌਰ ਵਿਚ ਆਮ ਆਦਮੀ ਨੂੰ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਪਿਛਲੇ ਸਮੇਂ ਵਿਚ ਕਾਫੀ ਸਮੇਂ ਬਾਅਦ ਰਸੋਈ ਗੈਸ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾਂਦਾ ਸੀ, ਜਦੋਂ ਕਿ ਹੁਣ ਇਨ੍ਹਾਂ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਜਿਥੇ ਵਿਰੋਧੀ ਪਾਰਟੀਆਂ ਨੂੰ ਇਸ ਬਾਰੇ ਗੰਭੀਰ ਹੋਣਾ ਚਾਹੀਦਾ ਹੈ, ਉਥੇ ਹੀ ਸਰਕਾਰ ਨੂੰ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ 'ਤੇ ਜ਼ਰੂਰ ਸ਼ਿਕੰਜਾ ਕੱਸਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਗੱਲ ਰੱਖਣ ਦੀ ਆਜ਼ਾਦੀ
ਕੀ ਅਸੀਂ ਸੱਚਮੁੱਚ ਇਕ ਲੋਕਤੰਤਰੀ ਦੇਸ਼ ਵਿਚ ਰਹਿ ਰਹੇ ਹਾਂ, ਜਿਥੇ ਸਾਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ, ਜਿਥੇ ਸਾਨੂੰ ਸਾਡੇ ਅਧਿਕਾਰਾਂ ਲਈ ਲੜਨ ਦੀ ਆਜ਼ਾਦੀ ਹੈ। ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੇ ਉਸ ਦਾ ਸੱਚਮੁੱਚ ਖਾਲਿਸਤਾਨੀ ਨਾਲ ਸਬੰਧ ਹੈ ਤਾਂ ਸਬੂਤ ਦਿਖਾਏ ਜਾਣੇ ਚਾਹੀਦੇ ਹਨ। 21 ਸਾਲ ਦੀ ਕੁੜੀ ਜੋ ਬਿਨਾਂ ਕਿਸੇ ਲਾਲਚ ਦੇ ਦੇਸ਼ ਦੇ ਵਾਤਾਵਰਨ ਨੂੰ ਬਚਾਉਣ ਲਈ ਲੱਗੀ ਹੋਈ ਹੈ, ਉਹ ਦੇਸ਼ ਵਿਰੋਧੀ ਕਿਵੇਂ ਹੋ ਸਕਦੀ ਹੈ। ਨੌਦੀਪ ਕੌਰ ਵੀ ਆਪਣੇ ਹੱਕਾਂ ਲਈ ਲੜ ਰਹੀ ਸੀ ਅਤੇ ਇਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੀ ਸਰਕਾਰ ਸੱਚਮੁੱਚ ਸੱਚਾਈ ਨਹੀਂ ਵੇਖ ਰਹੀ? ਜਦੋਂ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਰਗੇ ਮੰਤਰੀ ਲੋਕਾਂ ਵਿਚ ਭੜਕਾਊ ਭਾਸ਼ਨ ਦਿੰਦੇ ਹਨ ਅਤੇ ਲੋਕਾਂ ਨੂੰ ਭੜਕਾਉਂਦੇ ਹਨ, ਉਦੋਂ ਇਹ ਕਾਨੂੰਨ ਕਿੱਥੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਕੋਈ ਹੱਲ ਕੱਢ ਕੇ ਉਨ੍ਹਾਂ ਨਾਲ ਗੱਲ ਕਰੇ, ਜਿਸ ਕਾਰਨ ਇਹ ਸਭ ਹੋ ਰਿਹਾ ਹੈ। ਜੇਕਰ ਸਰਕਾਰ ਕਿਸਾਨਾਂ ਦੀ ਗੱਲ ਸੁਣਦੀ ਹੈ ਅਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਲੱਭ ਲੈਂਦੀ ਹੈ ਤਾਂ ਇਹ ਸਾਰੇ ਮੁੱਦੇ ਪੈਦਾ ਨਹੀਂ ਹੋਣਗੇ। ਸਰਕਾਰ ਨੂੰ ਆਪਣਾ ਹੰਕਾਰ ਤੋੜਨਾ ਚਾਹੀਦਾ ਹੈ ਅਤੇ ਦੇਸ਼ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ। ਕੋਰੋਨਾ ਦੇ ਕਾਰਨ ਦੇਸ਼ ਵਿਚ ਬੇਰੁਜ਼ਗਾਰੀ ਬਹੁਤ ਵਧ ਗਈ ਹੈ, ਗਰੀਬ ਇਨਸਾਨ ਭੁੱਖਾ ਮਰ ਰਿਹਾ ਹੈ। ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰੇ।


-ਨੇਹਾ ਜਮਾਲ, ਮੁਹਾਲੀ।


ਠੱਗਾਂ ਦੀ ਦੌੜ
ਅੱਜਕਲ੍ਹ ਬੇਰੁਜ਼ਗਾਰੀ ਦਾ ਗ੍ਰਾਫ਼ ਸਿਖਰਾਂ ਨੂੰ ਛੂਹ ਰਿਹਾ ਹੈ। ਪਰ ਇਸ ਬੇਰੁਜ਼ਗਾਰੀ ਦਾ ਫਾਇਦਾ ਹਰ ਪਹਿਲੂ ਤੇ ਠੱਗ ਲੈ ਰਹੇ ਹਨ। ਭਾਵੇਂ ਬਾਹਰ ਭੇਜਣ ਵਾਲੇ ਹੋਣ ਜਾਂ ਇਥੋਂ ਦੇ ਮਹਿਕਮਿਆਂ ਵਿਚ ਨੌਕਰੀਆਂ ਦਾ ਝਾਂਸਾ ਦੇ ਕੇ ਠਗਦੇ ਹੋਣ। ਠੱਗਾਂ ਦੇ ਸੈਂਸਰ ਬਹੁਤ ਤੇਜ਼ ਹੁੰਦੇ ਹਨ। ਇਹ ਕਿਸੇ ਨਾ ਕਿਸੇ ਮਹਿਕਮੇ ਵਿਚ, ਕੋਈ ਚੋਰ ਮੋਰੀ ਲੱਭ ਹੀ ਲੈਂਦੇ ਹਨ। ਠੱਗ ਟੈਸਟ ਤੋਂ ਪਹਿਲਾਂ ਹੀ ਲੋਕਾਂ ਨਾਲ ਤਾਲਮੇਲ ਬਣਾ ਲੈਂਦੇ ਹਨ। ਉਮੀਦਵਾਰਾਂ ਨੂੰ ਸੁਪਨਿਆਂ ਵਿਚ ਹੀ ਕੁਰਸੀ 'ਤੇ ਬਿਠਾ ਦਿੰਦੇ ਹਨ। ਫਿਰ ਲਾਈਲੱਗ ਉਮੀਦਵਾਰ ਆਪਣੀ ਮਿਹਨਤ ਛੱਡ ਕੇ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਪੈਸੇ ਦੇਣ ਸਮੇਂ ਕੋਈ ਅੱਗੇ ਪਿੱਛੇ ਨਹੀਂ ਸੋਚਦੇ। ਪਤਾ ਉਸ ਸਮੇਂ ਲਗਦਾ ਹੈ ਜਦ ਠੱਗ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਉਹ ਉਮੀਦਵਾਰ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਹੁਣੇ-ਹੁਣੇ ਖ਼ਬਰ ਸਾਹਮਣੇ ਆਈ ਹੈ ਕਿ ਪਟਿਆਲੇ ਵਿਚ ਠੱਗ ਫ਼ੌਜ ਵਿਚ ਭਰਤੀ ਕਰਵਾਉਣ ਵਾਲਿਆਂ ਨੂੰ ਠੱਗ ਕੇ ਲੈ ਗਏ ਹਨ। ਉਨ੍ਹਾਂ ਵਿਚੋਂ ਕੁਝ ਫੜੇ ਗਏ ਹਨ। ਫੌਜ ਵਿਚ ਭਰਤੀ ਹੋਣ ਵਾਲੇ ਤਾਂ ਘੱਟ ਦੌੜਦੇ ਹਨ। ਪਰ ਭਰਤੀ ਕਰਵਾਉਣ ਵਾਲੇ ਠੱਗ ਜ਼ਿਆਦਾ ਦੌੜ ਰਹੇ ਹਨ। ਇਨ੍ਹਾਂ ਠੱਗਾਂ 'ਤੇ ਸਰਕਾਰ ਕਦੋਂ ਸ਼ਿਕੰਜਾ ਕੱਸੇਗੀ, ਇਹ ਹੁਣ ਵੇਖਣਾ ਹੋਵੇਗਾ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕ ਕਦੋਂ ਤੱਕ ਹੋਰ ਸਮੁੱਚੇ ਦੇਸ਼ ਦੇ ਮੂੰਹ ਵੱਲ ਵੇਖਦੇ ਰਹਿਣਗੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


ਬੇਰੁਜ਼ਗਾਰਾਂ ਦੇ ਕਾਰਡ
ਕੋਰੋਨਾ ਵਰਗੀ ਮਹਾਂਮਾਰੀ ਦੇ ਚਲਦਿਆਂ ਪੂਰੇ ਦੇਸ਼ ਵਿਚ ਤਾਲਾਬੰਦੀ ਹੋਣ ਕਰਕੇ ਸਾਰੇ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਸਨ, ਜਿਸ ਕਰਕੇ ਇਕ ਵਾਰ ਤਾਂ ਜ਼ਿੰਦਗੀ ਦੀ ਗੱਡੀ ਪੂਰੀ ਤਰ੍ਹਾਂ ਲੀਹ ਤੋਂ ਲਹਿ ਗਈ ਸੀ। ਪਰ ਹੁਣ ਸਹਿਜੇ-ਸਹਿਜੇ ਜ਼ਿੰਦਗੀ ਦੀ ਗੱਡੀ ਮੁੜ ਲੀਹ 'ਤੇ ਆ ਗਈ ਹੈ। ਸਾਰੇ ਦਫਤਰਾਂ ਦੇ ਕੰਮਕਾਜ ਆਮ ਵਾਂਗ ਹੋਣ ਲੱਗ ਪਏ ਹਨ ਪਰ ਦੂਜੇ ਪਾਸੇ ਕੋਰੋਨਾ ਕਾਲ ਦੇ ਸਮੇਂ ਦੀ ਸਭ ਤੋਂ ਵੱਡੀ ਮਾਰ ਬੇਰੁਜ਼ਗਾਰ ਵਰਗ ਨੂੰ ਪੈ ਰਹੀ ਹੈ। ਇਕ ਪਾਸੇ ਬੇਰੁਜ਼ਗਾਰੀ ਅਤੇ ਦੂਜੇ ਪਾਸੇ ਕੋਰੋਨਾ ਦੀ ਕੁਦਰਤੀ ਕਰੋਪੀ ਨੇ ਬੇਰੁਜ਼ਗਾਰਾਂ ਨੂੰ ਬੁਰੀ ਤਰ੍ਹਾਂ ਝੰਬ ਕੇਰੱਖ ਦਿੱਤਾ ਹੈ। ਪ੍ਰੰਤੂ ਹੁਣ ਬੇਰੁਜ਼ਗਾਰ ਵਰਗ ਨੂੰ ਤੀਜੀ ਵੱਡੀ ਮਾਰ ਪੰਜਾਬ ਸਰਕਾਰ ਦੀ ਬੇਰੁਖ਼ੀ ਦੀ ਪੈ ਰਹੀ ਹੈ। ਸਕੂਲਾਂ, ਕਾਲਜਾਂ ਸਮੇਤ ਹੋਰ ਦਫ਼ਤਰਾਂ ਦੇ ਕੰਮ ਆਮਵਾਂਗ ਚੱਲ ਪਏ ਹਨ ਤਾਂ ਫਿਰ ਬੇਰੁਜ਼ਗਾਰਾਂ ਦੇ ਰੁਜ਼ਗਾਰ ਦਫਤਰਾਂ ਦੇ ਕਾਰਡ ਦੀ ਮਿਆਦ ਵਧਾਉਣ ਵਿਚ ਕੀ ਹਰਜ਼ ਹੈ? ਬੇਰੁਜ਼ਗਾਰਾਂ ਪ੍ਰਤੀ ਸਰਕਾਰ ਦੀ ਨੀਤੀ ਵਿਚ ਕਿਤੇ ਖੋਟ ਨਜ਼ਰ ਆਉਂਦਾ ਪ੍ਰਤੀਤ ਹੋ ਰਿਹਾ ਹੈ। ਬੀਤੇ ਦਿਨੀਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੀ ਚੋਣ ਸਮੇਂ ਅਜਿਹੀ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਸੀ। ਕੀ ਸਭ ਰੋਕਾਂ ਬੇਰੁਜ਼ਗਾਰ ਵਰਗ ਲਈ ਹੀ ਲਾਗੂ ਹੁੰਦੀਆਂ ਹਨ? ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾ: ਕੋਟਗੁਰੂ (ਬਠਿੰਡਾ)।


ਅਵਾਰਾ ਕੁੱਤੇ
ਬਹੁਤ ਦੁੱਖ ਹੁੰਦਾ ਹੈ ਜਦੋਂ ਅਵਾਰਾ ਕੁੱਤੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਤੇ ਰਾਹਗੀਰਾਂ ਨੂੰ ਘੇਰ ਕੇ ਨੋਚ-ਨੋਚ ਕੇ ਖਾ ਜਾਂਦੇ ਹਨ। ਕੱਲ੍ਹ ਕਿਸੇ ਹੋਰ ਦੀ ਵਾਰੀ ਨਾ ਆਵੇ, ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਹੱਡਾਂ ਰੋੜੀਆਂ ਪਿੰਡਾਂ ਤੇ ਸੜਕਾਂ ਤੋਂ ਦੂਰ ਹੋਣੀਆਂ ਚਾਹੀਦੀਆਂ ਹਨ ਤੇ ਕੋਈ ਨਾ ਕੋਈ ਜ਼ਿੰਮੇਵਾਰ ਜਾਂ ਪਹਿਰੇਦਾਰ ਜ਼ਰੂਰ ਹੋਣਾ ਚਾਹੀਦਾ ਹੈ। ਅਵਾਰਾ ਕੁੱਤੇ ਗਲੀਆਂ ਸੜਕਾਂ ਤੇ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੇ ਹਨ। ਇਸ ਦਾ ਵੀ ਬੰਦੋਬਸਤ ਹੋਵੇ ਤਾਂ ਕਿ ਉਹ ਕਿਸੇ ਦੀ ਜਾਨ ਦਾ ਖੌਅ ਨਾ ਬਣ ਜਾਣ ਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।


-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਕੀ ਅਸੀਂ ਚੀਨ ਜਿੱਤ ਲਵਾਂਗੇ?
ਭਾਵੇਂ ਇਹ ਸਵਾਲ ਪੜ੍ਹਨ ਤੇ ਸੁਣਨ ਨੂੰ ਅਜੀਬ ਲਗਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਡੀਆਂ ਸੈਨਾਵਾਂ ਵਿਸ਼ਵ ਦੀ ਕਿਸੇ ਵੀ ਸ਼ਕਤੀ ਨੂੰ ਗੋਡੇ ਟੋਕਣ ਲਈ ਮਜਬੂਰ ਕਰ ਸਕਦੀਆਂ ਹਨ। ਪਰ ਮੇਰੀ ਸ਼ੰਕਾ ਦਾ ਕਾਰਨ ਕੋਈ ਹੋਰ ਹੈ। ਸਾਡੇ ਅਫਸਰਾਂ, ਸਾਸ਼ਕਾਂ ਤੇ ਸਰਕਾਰਾਂ ਨੇ ਜਿਵੇਂ ਚਾਈਨਾ ਡੋਰ ਅੱਗੇ ਹੀ ਗੋਡੇ ਟੇਕ ਦਿੱਤੇ ਹਨ, ਹਰ ਸਾਲ ਸੈਂਕੜੇ ਕੀਮਤੀ ਜਾਨਾਂ, ਹਜ਼ਾਰਾਂ ਦੁਰਘਟਨਾਵਾਂ ਤੇ ਲੱਖਾਂ ਪੰਛੀਆਂ ਦੀ ਮੌਤ ਦਾ ਕਾਰਨ ਬਣਨ ਵਾਲੀ ਪਲਾਸਟਿਕ ਡੋਰ (ਚਾਈਨਾ ਡੋਰ) ਸ਼ਰੇਆਮ ਬਾਜ਼ਾਰਾਂ ਵਿਚ ਵਿਕ ਰਹੀ ਹੈ, ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਉਡੀਕਦਾ ਰਹਿੰਦਾ ਹੈ, ਅਖ਼ਬਾਰਾਂ ਦੇ ਪੱਤਰਕਾਰਾਂ ਵਲੋਂ ਕੀਤੇ ਜਾਣ ਵਾਲੇ ਸਵਾਲ ਤੇ ਤਿਆਰ ਤੇ ਘੜੇ ਘੜਾਏ ਉੱਤਰ ਨਾਲ ਕਿ ਦੋਸ਼ੀਆਂ ਖਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਸਮਝ ਨਹੀਂ ਲਗਦੀ ਕਿ ਕੀ ਮਜਬੂਰੀ ਹੈ ਸਰਕਾਰਾਂ ਦੀ? ਅਜਿਹੀਆਂ ਸਥਿਤੀਆਂ ਦੇ ਚਲਦੇ ਮਨ ਵਿਚ ਇਹ ਸਵਾਲ ਜ਼ਰੂਰ ਖਟਕਦਾ ਹੈ ਕਿ ਜੇਕਰ ਅਸੀਂ ਇਸ ਚਾਈਨਾ ਡੋਰ ਅੱਗੇ ਹੀ ਐਨੇ ਮਜਬੂਰ ਹੋ ਗਏ ਤਾਂ ਕੀ ਅਸੀਂ ਚੀਨ ਨੂੰ ਜਿੱਤ ਸਕਾਂਗੇ?


-ਸੁਖਦੇਵ ਸਿੰਘ ਪੰਜਰੁੱਖਾ
sukhdevpanjrukha@gmail.com

19-02-2021

 ਤਿਰੰਗੇ ਦਾ ਨਿਰਾਦਰ
ਗੱਲ ਬਹੁਤ ਪੁਰਾਣੀ ਨਹੀਂ। ਮਿਤੀ 26 ਜਨਵਰੀ ਵਾਲੀ ਘਟਨਾ ਬੜੀ ਨਿੰਦਣਯੋਗ ਹੈ ਪਰ ਉਸ ਦਿਨ ਤਿਰੰਗੇ ਦਾ ਅਪਮਾਨ ਕਿਸੇ ਨੇ ਨਹੀਂ ਸੀ ਕੀਤਾ, ਸਗੋਂ ਮਿਤੀ 29 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਹੋਇਆ ਸੀ। ਇਕ ਟੀ.ਵੀ. ਨਿਊਜ਼ ਚੈਨਲ ਦਿਖਾ ਰਿਹਾ ਸੀ ਕਿ ਕੋਈ 200 ਦੇ ਕਰੀਬ ਸ਼ਰਾਰਤੀ ਅਨਸਰ ਕਿਸਾਨ ਵਿਰੋਧੀ ਨਾਅਰੇ ਲਗਾ ਰਹੇ ਸਨ ਤੇ ਉਨ੍ਹਾਂ ਦੇ ਹੱਥਾਂ ਵਿਚ ਤਿਰੰਗੇ ਝੰਡੇ ਫੜੇ ਹੋਏ ਸਨ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਨੇ ਸ਼ਾਂਤੀ ਨਾਲ ਬੈਠੇ ਕਿਸਾਨਾਂ ਵੱਲ ਜਾਣ ਲਈ ਰਾਹ ਦੇ ਦਿੱਤਾ, ਜਿਨ੍ਹਾਂ ਨੇ ਕਿਸਾਨਾਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਲੰਗਰ ਵਾਲੇ ਤੰਬੂਆਂ ਨੂੰ ਵੀ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਨੇ ਡੰਡਿਆਂ ਤੋਂ ਤਿਰੰਗੇ ਉਤਾਰ ਕੇ ਪੈਰਾਂ ਵਿਚ ਰੋਲ ਦਿੱਤੇ ਤੇ ਕਿਸਾਨਾਂ ਨਾਲ ਲੜਨ ਲੱਗ ਪਏ। ਇਸ ਤਰ੍ਹਾਂ ਤਿਰੰਗੇ ਦਾ ਨਿਰਾਦਰ ਹੁੰਦਾ ਦੇਖ ਕੇ ਮਨ ਨੂੰ ਬੜੀ ਤਕਲੀਫ਼ ਹੋਈ ਸੀ। ਉਸ ਘਟਨਾ ਤੋਂ ਸਪੱਸ਼ਟ ਸੀ ਕਿ ਉਹ ਬੰਦੇ ਭਾਰਤੀ ਜਨਤਾ ਪਾਰਟੀ ਵਲੋਂ ਭੇਜੇ ਗਏ ਸਨ। ਇੰਜ ਉਸ ਪਾਰਟੀ ਨਾਲ ਸਬੰਧਿਤ ਕਾਰਕੁੰਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਸੀ ਪਰ ਇਹ ਘਟਨਾ ਗੋਦੀ ਮੀਡੀਆ ਵਾਲੇ ਕਿਸੇ ਟੀ.ਵੀ. ਚੈਨਲ ਨੇ ਨਹੀਂ ਸੀ ਦਿਖਾਈ। ਉਸ ਘਟਨਾ ਤੋਂ ਸਾਫ਼ ਹੋ ਗਿਆ ਸੀ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਸੀ ਅਤੇ ਕੇਂਦਰ ਦਾ ਇਹ ਵਰਤਾਰਾ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ।


-ਵਿਦਵਾਨ ਸਿੰਘ ਸੋਨੀ
ਪਟਿਆਲਾ।


ਮਹਿੰਗਾਈ ਦੀ ਮਾਰ
ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦਾ ਅਰਥਚਾਰਾ ਡਗਮਗਾ ਗਿਆ ਹੈ। ਅਜਿਹੇ ਸਮੇਂ ਵਿਚ ਆਮ ਜਨਤਾ ਲਈ ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਗਿਆ ਹੈ। ਆਮ ਆਦਮੀ ਪਹਿਲੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਲਿਆ। ਆਪਣੇ-ਆਪ ਨੂੰ ਖੱਬੀ ਖਾਨ ਕਹਾਉਣ ਵਾਲੇ ਅਮਰੀਕਾ ਵਰਗੇ ਦੇਸ਼ਾਂ ਦੇ ਅਰਥਚਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਭਾਰਤ ਵਿਚ ਲੱਖਾਂ ਲੋਕ ਪੀੜਤ ਹੋਏ। ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਵਧ ਰਹੀ ਮਹਿੰਗਾਈ ਦਾ ਮੱਧ ਵਰਗ 'ਤੇ ਬਹੁਤ ਜ਼ਿਆਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਦੀ ਜ਼ਰੂਰਤ ਹੈ ਰੋਟੀ, ਕੱਪੜਾ ਅਤੇ ਮਕਾਨ। ਖਾਣ ਵਾਲੇ ਤੇਲ, ਚਾਹ ਪੱਤੀ, ਬਾਸਮਤੀ ਚਾਵਲ, ਰਾਜਮਾਂਹ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਸਰਕਾਰ ਨੂੰ ਮਹਿੰਗਾਈ 'ਤੇ ਕੰਟਰੋਲ ਕਰਨ ਲਈ ਨਵੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ, ਤਾਂ ਜੋ ਲੋਕਾਂ ਨੂੰ ਇਸ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ।


-ਸੰਜੀਵ ਸਿੰਘ ਸੈਣੀ
ਮੁਹਾਲੀ।

18-02-2021

 ਹੱਸਣਾ ਵੀ ਸਿੱਖੋ

ਸੋਹਣੀ ਜ਼ਿੰਦਗੀ ਜਿਊਣ ਲਈ ਬਹੁਤ ਸਾਰੇ ਤੱਤ ਜ਼ਰੂਰੀ ਹੁੰਦੇ ਹਨ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਤੱਤ ਹੈ ਹਾਸਹਸ ਦੀ ਕਲਾ। ਜੇਕਰ ਤੁਹਾਡੇ ਵਿਚ ਇਹ ਤੱਤ ਮੌਜੂਦ ਨਹੀਂ ਹੈ ਤਾਂ ਤੁਸੀਂ ਇਨਸਾਨ ਨਹੀਂ ਮਸ਼ੀਨ ਹੋ। ਮਸ਼ੀਨ ਦਾ ਕੰਮ ਹੁੰਦਾ ਆਪਣਾ ਕੰਮ ਕਰੀ ਜਾਣਾ ਅਤੇ ਅੰਤ ਵਿਚ ਖ਼ਰਾਬ ਹੋ ਕੇ ਖ਼ਤਮ ਹੋ ਜਾਣਾ। ਹਾਸੇ-ਮਜ਼ਾਕ ਤੋਂ ਸੱਖਣਾ ਵਿਅਕਤੀ ਵੀ ਇਸੇ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਜਾਂਦਾ ਹੈ। ਮੈਂ ਅਕਸਰ ਲੋਕਾਂ ਨੂੰ ਉਦਾਸ ਮੂੰਹ ਲੈ ਕੇ ਕੰਮ 'ਤੇ ਜਾਂਦੇ ਜਾਂ ਕੰਮ ਕਰਦੇ ਦੇਖਦਾ ਹਾਂ। ਕਈ ਵਾਰ ਤਾਂ ਉਦਾਸੀ ਦਾ ਆਲਮ ਇਥੋਂ ਤੱਕ ਹੁੰਦਾ ਹੈ ਕਿ ਲੋਕ ਵਿਆਹਾਂ-ਸ਼ਗਨਾਂ ਦੇ ਮੌਕਿਆਂ 'ਤੇ ਵੀ ਉਤਰੇ ਜਿਹੇ ਮੂੰਹ ਲੈ ਤੁਰੇ ਫਿਰਦੇ ਨਜ਼ਰ ਆਉਂਦੇ ਹਨ। ਪਤਾ ਨਹੀਂ ਜ਼ਿੰਦਗੀ ਦਾ ਉਨ੍ਹਾਂ 'ਤੇ ਐਡਾ ਕਿੱਡਾ ਕੁ ਬੋਝ ਹੁੰਦਾ ਹੈ ਕਿ ਖੁਸ਼ੀ ਦੇ ਮੌਕੇ 'ਤੇ ਵੀ ਹੱਸਣਾ ਭੁੱਲ ਜਾਂਦੇ ਹਨ। ਦੁੱਖ, ਚਿੰਤਾਵਾਂ, ਪ੍ਰੇਸ਼ਾਨੀਆਂ, ਉਲਝਣਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਕੋਈ ਮਨੁੱਖ ਇਨ੍ਹਾਂ ਤੋਂ ਸੱਖਣਾ ਨਹੀਂ ਰਹਿ ਸਕਦਾ। ਪਰ ਇਨ੍ਹਾਂ ਸਭ ਦੇ ਬਾਵਜੂਦ ਸਾਡੇ ਕੋਲ ਖੁਸ਼ ਹੋਣ ਦੇ ਵੀ ਬਹੁਤ ਮੌਕੇ ਹੁੰਦੇ ਹਨ। ਸਾਡੀ ਬਦਕਿਸਮਤੀ ਇਹ ਹੁੰਦੀ ਹੈ ਕਿ ਅਸੀਂ ਬੋਝ ਥੱਲੇ ਖ਼ੁਦ ਨੂੰ ਏਨਾ ਦੱਬ ਲੈਂਦੇ ਹਾਂ ਕਿ ਹਾਸੇ ਕਿਧਰੇ ਗਵਾਚ ਹੀ ਜਾਂਦੇ ਹਨ। ਇਨ੍ਹਾਂ ਹਾਸਿਆਂ ਨੂੰ ਗਵਾਚਣ ਤੋਂ ਪਹਿਲਾਂ ਹੀ ਬੋਚ ਲੈਣਾ ਜ਼ਰੂਰੀ ਹੈ। ਸੋ, ਹਾਲਾਤ ਨੂੰ ਸੁਖਾਵੇਂ ਕਰਨ ਲਈ ਝੂਠ-ਮੂਠ ਦਾ ਖੁਸ਼ ਹੋਣ ਵਿਚ ਵੀ ਕੋਈ ਹਰਜ ਨਹੀਂ ਹੈ।

-ਵਿਜੈ ਗਰਗ
ਸਾਬਕਾ ਪ੍ਰਿੰਸੀਪਲ, ਮਲੋਟ।

ਕਿਸਾਨਾਂ ਦੀਆਂ ਸਮੱਸਿਆਵਾਂ

ਮਹਾਂਮਾਰੀ ਕੋਰੋਨਾ ਕਾਲ ਵਿਚ ਕਿਸਾਨੀ ਖਿਲਾਫ਼ ਬਣਾਏ ਤਿੰਨ ਕਾਨੂੰਨਾਂ ਖਿਲਾਫ਼ ਪਹਿਲਾਂ ਪੰਜਾਬ ਦਾ ਕਿਸਾਨ ਤੇ ਹੌਲੀ-ਹੌਲੀ ਦੂਜੇ ਸੂਬਿਆਂ ਦੇ ਕਿਸਾਨ ਵੀ ਸਰਕਾਰ ਦੇ ਵਿਰੋਧ ਵਿਚ ਦਿਲ ਦੀਆਂ ਬਰੂਹਾਂ ਮੱਲੀ ਬੈਠੇ ਹਨ। ਅੰਦੋਲਨ ਦਾ ਮੁੱਖ ਮੁੱਦਾ ਤਿੰਨ ਬਿੱਲ ਵਾਪਸ ਲੈਣ ਦਾ ਹੈ ਪਰ ਸਰਕਾਰ 'ਤੇ ਇਸ ਅੰਦੋਲਨ ਦਾ ਕੋਈ ਅਸਰ ਨਹੀਂ ਹੋ ਰਿਹਾ। ਖੇਤੀ ਸੰਦਾਂ, ਬੀਜਾਂ ਅਤੇ ਖਾਦਾਂ ਦਵਾਈਆਂ ਦੀਆਂ ਕੀਮਤਾਂ ਵੀ ਅਸਮਾਨ ਚੜ੍ਹੀਆਂ ਹੋਈਆਂ ਹਨ। ਸਰਕਾਰ ਦਾ ਕੋਈ ਕੰਟਰੋਲ ਨਹੀਂ। ਕਿਸਾਨ ਕਿਸ ਅੱਗੇ ਫ਼ਰਿਆਦ ਕਰਨ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵੀ ਅਸਮਾਨ ਛੂੰਹਦੀਆਂ ਹਨ। ਹੋਰ ਤਾਂ ਹੋਰ ਮਾਲ ਮਹਿਕਮਾ ਵੀ ਭ੍ਰਿਸ਼ਟਾਚਾਰ ਦੀਆਂ ਹੱਦਾਂ ਬੰਨੇ ਟੱਪੀ ਖੜ੍ਹਾ ਹੈ। ਪਟਵਾਰਖਾਨਿਆਂ ਅਤੇ ਤਹਿਸੀਲਾਂ ਕਚਹਿਰੀਆਂ ਵਿਚ ਵੀ ਆਪਣੇ ਜ਼ਮੀਨਾਂ ਦੇ ਕੰਮਾਂ ਲਈ ਕਿਸਾਨਾਂ ਨੂੰ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਖ਼ਰ ਕਿਸਾਨ ਦਾ ਕਸੂਰ ਕੀ ਹੈ? ਛੋਟੀਆਂ ਵਾਹੀਆਂ (ਜੋਤਾਂ) ਵਾਲੇ ਤਾਂ ਨਰਕ ਦੀ ਜ਼ਿੰਦਗੀ ਭੋਗਦੇ ਹਨ। ਫ਼ਸਲ ਖ਼ਰਾਬ ਹੋ ਜਾਣ 'ਤੇ ਮੰਡੀ ਵਿਚ ਕਿਸਾਨ ਦੀ ਪੂਰੀ ਲੁੱਟ ਹੋ ਜਾਂਦੀ ਹੈ। ਅੱਜ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨੀ ਨੂੰ ਮੰਦਹਾਲੀ 'ਚੋਂ ਬਾਹਰ ਕੱਢਣ ਲਈ ਬਿਹਤਰ ਯੋਜਨਾਵਾਂ ਬਣਾਏ। ਕਿਸਾਨੀ ਬਚੇਗੀ ਤਾਂ ਹੀ ਦੇਸ਼ ਬਚੇਗਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਜਦ ਹੀਰੋ ਬਣ ਗਏ ਜ਼ੀਰੋ

ਸੰਯੁਕਤ ਕਿਸਾਨ ਮੋਰਚਾ ਇਕ ਅਜਿਹਾ ਅੰਦੋਲਨ ਹੈ ਜੋ ਭਾਰਤ ਦੇ ਹਰ ਵਰਗ ਦੀ ਦਿਲੀ ਹਮਾਇਤ ਤਾਂ ਪ੍ਰਾਪਤ ਕਰ ਹੀ ਚੁੱਕਾ ਹੈ, ਨਾਲ ਹੀ ਨਾਲ ਦੁਨੀਆ ਦੇ ਹੋਰ ਕਿੰਨੇ ਹੀ ਦੇਸ਼ਾਂ ਦੀਆਂ ਅਨੇਕਾਂ ਸੰਸਥਾਵਾਂ, ਨੇਤਾ ਅਤੇ ਹੋਰ ਸ਼ਖ਼ਸੀਅਤਾਂ ਵੀ ਕਿਸਾਨ ਮਜ਼ਦੂਰ ਅੰਦੋਲਨ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੀਆਂ ਹਨ। ਪੰਜਾਬੀ ਕਲਾਕਾਰਾਂ ਨੇ ਵੀ ਵੱਧ-ਚੜ੍ਹ ਕੇ ਇਸ ਘੋਲ ਵਿਚ ਯੋਗਦਾਨ ਪਾਇਆ ਪਰ ਦੂਜੇ ਪਾਸੇ ਬਾਲੀਵੁੱਡ ਇੰਡਸਟਰੀ ਦੇ ਕੁਝ ਅਦਾਕਾਰ ਤਾਂ ਇਸ ਮਸਲੇ 'ਤੇ ਚੁੱਪੀ ਧਾਰੀ ਬੈਠੇ ਹਨ, ਜਦੋਂ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਜਾਂ ਕਿਸਾਨੀ ਪਿਛੋਕੜ ਦੇ ਹਨ। ਇਨ੍ਹਾਂ ਵਿਚੋਂ ਦਿਓਲ ਪਰਿਵਾਰ ਤਾਂ ਆਪਣੇ-ਆਪ ਨੂੰ ਠੇਠ ਪੰਜਾਬੀ ਜੱਟ ਅਖਵਾਉਂਦਾ ਹੈ। ਪਰ ਅਫ਼ਸੋਸ ਉਹ ਤਾਂ ਮੋਦੀ ਦੀ ਗੋਦੀ ਅਜਿਹਾ ਵੜਿਆ ਕਿ ਢਾਈ ਕਿਲੋ ਦਾ ਹੱਥ ਬੱਸ ਮੋਦੀ ਦੀਆਂ ਮੱਖੀਆਂ ਝੱਲਣ ਜੋਗਾ ਰਹਿ ਗਿਆ ਅਤੇ ਪੰਜਾਬ ਦਾ ਪੁੱਤਰ ਧਰਮਿੰਦਰ ਵੀ ਕੁਝ ਨਹੀਂ ਬੋਲ ਰਿਹਾ। ਇਨ੍ਹਾਂ ਤੋਂ ਇਲਾਵਾ ਸ਼ਾਹਰੁਖ਼ ਖਾਨ, ਸਲਮਾਨ ਖਾਨ, ਆਮਿਰ ਖਾਨ ਆਦਿ ਹੋਰ ਅਨੇਕਾਂ ਬਾਲੀਵੁੱਡ ਅਭਿਨੇਤਾ ਅਤੇ ਕਪਿਲ ਸ਼ਰਮਾ ਵਰਗੇ ਕਮੇਡੀਅਨ ਇਸ ਮੌਕੇ ਮੂੰਹ 'ਤੇ ਤਾਲਾ ਲਾਈ ਬੈਠੇ ਹਨ। ਇਨ੍ਹਾਂ ਵਿਚੋਂ ਕੁਝ ਕੁ ਅਦਾਕਾਰ ਅਤੇ ਮਸ਼ਹੂਰ ਖਿਡਾਰੀ ਬੋਲੇ ਵੀ ਹਨ ਪਰ ਉਹ ਵੀ ਮੋਦੀ ਦੇ ਤੋਤੇ ਬਣ ਕੇ ਹੀ ਬੋਲੇ। ਸ਼ਰਮ ਵਾਲੀ ਗੱਲ ਹੈ ਜੋ ਲੋਕਾਂ ਦੇ ਸਿਰ 'ਤੇ ਨਾਂਅ 'ਤੇ ਸ਼ੁਹਰਤ ਖੱਟਦੇ ਹਨ, ਲੋਕਾਂ 'ਤੇ ਹੋ ਰਹੇ ਜ਼ੁਲਮ ਲਈ ਦਿਖਾਵਾ ਮਾਤਰ ਲੜਾਈ ਲੜਦੇ ਹਨ ਪਰ ਜਦੋਂ ਅਸਲੀਅਤ ਵਿਚ ਲੋਕਾਂ ਦੇ ਨਾਲ ਖੜ੍ਹਨ ਦਾ ਮੌਕਾ ਆਉਂਦਾ ਹੈ ਤਾਂ ਜਾਂ ਤਾਂ ਖੁੱਡ ਵਿਚ ਲੁਕ ਜਾਂਦੇ ਹਨ ਜਾਂ ਸਰਕਾਰੀ ਬੋਲੀ ਬੋਲਦੇ ਹਨ। ਅਸਲ ਵਿਚ ਇਹ ਹੀਰੋ ਨਹੀਂ ਜ਼ੀਰੋ ਹਨ।

-ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

ਮੁਕਾਬਲਾ ਪ੍ਰੀਖਿਆਵਾਂ ਦਾ ਮਾਧਿਅਮ ਪੰਜਾਬੀ ਹੋਵੇ

ਸੂਬੇ ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਅਤੇ ਐਸ.ਐਸ.ਐਸ. ਬੋਰਡ ਵਲੋਂ ਵੱਖ-ਵੱਖ ਵਿਭਾਗਾਂ ਵਿਚ ਦੂਜੇ ਅਤੇ ਤੀਜੇ ਦਰਜੇ ਦੀਆਂ ਵੱਖ-ਵੱਖ ਅਸਾਮੀਆਂ ਦੀ ਭਰਤੀ ਕਰਨ ਲਈ ਕਰਵਾਈਆਂ ਜਾਣ ਵਾਲੀਆਂ ਮੁਕਾਬਲਾ ਪ੍ਰੀਖਿਆਵਾਂ ਦਾ ਮਾਧਿਅਮ ਪੰਜਾਬੀ ਕੀਤਾ ਜਾਣਾ ਬਣਦਾ ਹੈ ਜਿਸ ਨਾਲ ਪੰਜਾਬ ਦੇ ਲੱਖਾਂ ਪੇਂਡੂ, ਮੱਧ ਵਰਗ ਅਤੇ ਗ਼ਰੀਬ ਪਰਿਵਾਰਾਂ ਦੇ ਨੌਜਵਾਨ ਰੁਜ਼ਗਾਰ ਹਾਸਲ ਕਰਨ ਦਾ ਸੁਪਨਾ ਸਾਕਾਰ ਕਰ ਸਕਣਗੇ। ਪੰਜਾਬ ਸਰਕਾਰ ਵਲੋਂ 31 ਮਾਰਚ, 2022 ਤੱਕ ਇਕ ਲੱਖ ਦੇ ਕਰੀਬ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਐਸ.ਐਸ.ਐਸ. ਬੋਰਡ ਪੰਜਾਬ ਵਲੋਂ 1152 ਮਾਲ ਅਤੇ ਨਹਿਰੀ ਪਟਵਾਰੀ, ਜੇਲ੍ਹ ਸੁਪਰਡੈਂਟ, ਨਾਇਬ ਤਹਿਸੀਲਦਾਰ, ਡਰਾਫਟਸਮੈਨ ਸਿਵਲ/ਮਕੈਨੀਕਲ ਦੀ ਭਰਤੀ ਸ਼ੁਰੂ ਹੋ ਚੁੱਕੀ ਹੈ। ਯਾਦ ਰਹੇ ਪੰਜਾਬ ਵਿਚ ਤੀਜੇ ਦਰਜੇ ਦੀ ਭਰਤੀ ਲਈ ਕੋਈ ਇੰਟਰਵਿਊ ਨਹੀਂ, ਚੋਣ ਸਿਰਫ ਪੇਪਰ ਦੇ ਆਧਾਰ 'ਤੇ ਹੋਣੀ ਹੁੰਦੀ ਹੈ। ਜੇਕਰ ਪੰਜਾਬ ਵਿਚ ਦੂਜੇ, ਤੀਜੇ ਦਰਜੇ ਦੀ ਭਰਤੀ ਲਈ ਕਰਵਾਈਆਂ ਜਾਣ ਵਾਲੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਪੰਜਾਬੀ ਮਾਧਿਅਮ ਦੀ ਛੋਟ ਦਿੱਤੀ ਜਾਵੇ ਤਾਂ ਪੰਜਾਬ ਦੇ ਪੇਂਡੂ ਨੌਜਵਾਨ ਵੀ ਆਪਣੀਆਂ ਮਨਪਸੰਦ ਅਸਾਮੀਆਂ ਹਾਸਲ ਕਰਕੇ ਆਪਣਾ ਭਵਿੱਖ ਬਣਾ ਸਕਦੇ ਹਨ। ਅਜਿਹਾ ਕਰਨ ਨਾਲ ਨੌਜਵਾਨਾਂ 'ਚ ਵਿਆਪਕ ਹੋ ਰਹੇ ਵਿਦੇਸ਼ ਜਾਣ ਦੇ ਰੁਝਾਨ ਨੂੰ ਵੀ ਠੱਲ੍ਹ ਪਾਈ ਜਾ ਸਕੇਗੀ।

-ਅਸ਼ੋਕ ਭਾਰਤੀ ਬਰਨਾਲਾ
ਭਾਰਤੀ ਕਰੀਅਰ ਗਾਈਡੈਂਸ ਕੇਂਦਰ, ਬਰਨਾਲਾ।

17-02-2021

 ਨੌਦੀਪ ਕੌਰ ਦੇ ਹੱਕ ਵਿਚ ਕਦੋਂ ਮਤੇ ਪਾਉਣਗੀਆਂ ਪੰਚਾਇਤਾਂ...?

ਪਿਛਲੇ ਦਿਨੀਂ ਦਿੱਲੀ ਦੀ ਇਕ ਹੱਦ ਤੋਂ 23 ਸਾਲ ਦੀ ਸਮਾਜਿਕ ਕਾਰਕੁੰਨ ਤੇ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਕੇਂਦਰ ਦੀ ਮੋਦੀ ਹਕੂਮਤ ਦੇ ਇਸ਼ਾਰੇ 'ਤੇ ਹਰਿਆਣਾ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਵਿਚ ਸੁੱਟਣ ਉਪਰੰਤ ਉਸ 'ਤੇ ਭਾਰੀ ਤਸ਼ੱਦਦ ਵੀ ਢਾਹਿਆ ਗਿਆ। ਮਹੀਨਾ ਭਰ ਤਾਂ ਆਮ ਲੋਕਾਂ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗੀ। ਜਦੋਂ ਵਿਦੇਸ਼ਾਂ ਤੋਂ ਆਵਾਜ਼ ਉੱਠੀ ਤਾਂ ਫਿਰ ਹੀ ਕੁਝ ਲੋਕ ਨੌਦੀਪ ਕੌਰ ਦੇ ਹੱਕ ਵਿਚ ਨਿੱਤਰੇ ਹਨ। ਪਲ ਪਲ ਦੀ ਖ਼ਬਰ ਦੇਣ ਵਾਲੇ ਮੀਡੀਆ ਤੋਂ ਵੀ ਇਹ ਖ਼ਬਰ ਕਿਉਂ ਮਹੀਨਾ ਭਰ ਨਜ਼ਰਅੰਦਾਜ਼ ਰਹੀ ਸਮਝੋਂ ਬਾਹਰ ਦੀ ਗੱਲ ਹੈ। ਨੌਦੀਪ ਕੌਰ ਦੇ ਹੱਕ ਵਿਚ ਕਿਸੇ ਕਿਸਾਨ ਆਗੂ ਦਾ ਖੁੱਲ੍ਹ ਕੇ ਨਾ ਬੋਲਣਾ ਵੀ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ। ਕੀ ਨੌਦੀਪ ਕੌਰ ਗ਼ਰੀਬ ਦੀ ਧੀ ਹੈ ਤਾਂ ਕਰਕੇ ਜਾਂ ਜਾਤੀਵਾਦ ਹੋਣ ਕਰਕੇ ਲੋੜੀਂਦੀ ਹਮਦਰਦੀ ਨਹੀਂ ਹਾਸਲ ਕਰ ਸਕੀ। ਧੀਆਂ ਦੀ ਰਾਖੀ ਕਰਨ ਵਾਲਾ ਪੰਜਾਬ ਵੀ ਪੂਰੀ ਤ੍ਰਾਸਦੀ ਖੁੱਲ੍ਹ ਕੇ ਨਹੀਂ ਸਾਹਮਣੇ ਨਹੀਂ ਲਿਆ ਰਿਹਾ। ਪੰਜਾਬ ਦੀਆਂ ਪੰਚਾਇਤਾਂ ਵੀ ਗ਼ਰੀਬਾਂ ਦੇ ਵਿਰੁੱਧ ਤਾਂ ਮਤੇ ਪਾਉਣ ਲੱਗਿਆਂ ਦੇਰ ਨਹੀਂ ਲਾਉਂਦੀਆਂ, ਪਰ ਹੁਣ ਨੌਦੀਪ ਕੌਰ ਦੇ ਹੱਕ ਵਿਚ ਮਤੇ ਪਾਉਣ ਲਈ ਕਿਉਂ ਚੁੱਪ ਹਨ? ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਨੂੰ ਖੁੱਲ੍ਹ ਕੇ ਨੌਦੀਪ ਕੌਰ ਦੇ ਹੱਕ ਵਿਚ ਨਿੱਤਰਨਾ ਚਾਹੀਦਾ ਹੈ ਤੇ ਉਸ ਦੇ ਹੱਕ ਵਿਚ ਮਤੇ ਪਾਉਣ ਲਈ ਹੋਰ ਦੇਰ ਨਹੀਂ ਕਰਨੀ ਚਾਹੀਦੀ। ਮਸਲਾ ਪੰਜਾਬ ਦੀ ਧੀ ਅਤੇ ਪੰਜਾਬ ਦੀ ਇੱਜ਼ਤ-ਆਬਰੂ ਦਾ ਹੋਣ ਕਰਕੇ ਬਹੁਤ ਹੀ ਗੰਭੀਰ ਹੈ। ਬਹੁਤੀ ਦੇਰੀ ਪੰਜਾਬੀਆਂ ਦੀ ਭਾਈਚਾਰਕ ਸਾਂਝ ਨੂੰ ਵੀ ਵੱਡੀ ਸੱਟ ਮਾਰੇਗੀ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

ਮਹਿੰਗਾਈ

ਅਸੀਂ ਸਾਰੇ ਜਾਣਦੇ ਹਾਂ ਕਿ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਮਹਿੰਗਾਈ ਦੀ ਸਮੱਸਿਆ ਭਾਰਤ ਵਿਚ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ। ਦਿਨੋ-ਦਿਨ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲਗਾਤਾਰ ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਅਸੀਂ ਸਾਰੇ ਵੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਮਹਿੰਗਾਈ ਹੋਰ ਵਧ ਰਹੀ ਹੈ, ਜੋ ਕਿ ਗ਼ਰੀਬ ਲੋਕਾਂ 'ਤੇ ਬਹੁਤ ਮਾੜਾ ਅਸਰ ਪਾ ਰਹੀ ਹੈ। ਮਹਿੰਗਾਈ ਏਨੀ ਜ਼ਿਆਦਾ ਹੋ ਗਈ ਹੈ ਕਿ ਗ਼ਰੀਬ ਲੋਕ ਆਸਾਨੀ ਨਾਲ ਦੋ ਵੇਲੇ ਦੀ ਰੋਟੀ ਵੀ ਨਹੀਂ ਖਾ ਸਕਦੇ, ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਤੇ ਇਸ ਸਮੱਸਿਆ ਦੇ ਹੱਲ ਵੱਲ ਵੱਧ ਤੋਂ ਵੱਧ ਧਿਆਨ ਦੇਣ ਚਾਹੀਦਾ ਹੈ।

-ਸਾਕਸ਼ੀ ਸ਼ਰਮਾ
ਜਲੰਧਰ।

ਚਾਈਨਾ ਡੋਰ

ਘਾਤਕ ਹੁੰਦਾ ਜਾ ਰਿਹਾ ਮਨੁੱਖਾਂ, ਪਸ਼ੂਆਂ, ਪੰਛੀਆਂ ਦਾ ਜਿਊਣਾ। ਅਸੀਂ ਪਹਿਲਾਂ ਤਾਂ ਘਰੋਂ ਨਿਕਲਣ ਸਮੇਂ ਗਲੀਆਂ ਜਾਂ ਸੜਕਾਂ ਵਿਚ ਚਲਦੇ ਸਿਰਫ ਅਵਾਰਾ ਕੁੱਤਿਆਂ, ਜਾਨਵਰਾਂ ਜਾਂ ਫਿਰ ਅੱਗੇ ਤੋਂ ਆ ਰਹੇ ਸਾਈਕਲ ਸਕੂਟਰ, ਮੋਟਰਸਾਈਕਲ ਤੋਂ ਹੀ ਬਚਦੇ ਸਾਂ, ਪਰ ਹੁਣ ਤਾਂ ਅਸਮਾਨੀ ਹਮਲੇ ਤੋਂ ਵੀ ਬਚਣ ਦੀ ਜ਼ਰੂਰਤ ਸ਼ੁਰੂ ਹੋ ਗਈ ਹੈ। ਮੇਰਾ ਮਤਲਬ ਪਤੰਗ ਕੱਟਣ ਤੋਂ ਬਾਅਦ ਧਰਤੀ 'ਤੇ ਡਿਗ ਰਹੀ ਚਾਈਨਾ ਡੋਰ ਤੋਂ ਹੈ। ਅਸੀਂ ਸੱਜੇ ਖੱਬੇ ਤਾਂ ਬਹੁਤ ਸੁਚੱਜੇ ਢੰਗ ਨਾਲ ਦੇਖ ਕੇ ਚਲਦੇ ਸਾਂ ਪਰ ਉੱਪਰ ਬਹੁਤ ਘੱਟ ਦੇਖਦੇ ਸੀ ਸ਼ਾਇਦ ਇਸ ਕਰਕੇ ਹੀ ਸਾਡੇ ਦੇਸ਼ ਦੇ ਸਿਆਸੀ ਲੀਡਰਾਂ ਨੇ ਇਸ ਚਾਈਨਾ ਡੋਰ ਨੂੰ ਆਮ ਦੁਕਾਨਾਂ 'ਤੇ ਵੇਚਣ ਨੂੰ ਭੇਜਿਆ ਹੋਵੇ ਤਾਂ ਜੋ ਸਰਵਾਈਕਲ ਮੁੱਢ ਤੋਂ ਹੀ ਖ਼ਤਮ ਕਰਨ ਵਿਚ ਡੋਰ ਆਪਣਾ ਯੋਗਦਾਨ ਪਾ ਸਕੇ, ਪਰ ਇਕ ਦਿਨ ਇਸ ਦੇ ਭਿਆਨਕ ਨਤੀਜੇ ਨਿਕਲਣਗੇ, ਜਿਸ 'ਤੇ ਕਾਬੂ ਪਾਉਣਾ ਫਿਰ ਸ਼ਾਇਦ ਨਾਮੁਮਕਿਨ ਹੋਵੇ ।

-ਕੰਵਰਦੀਪ ਸਿੰਘ ਭੱਲਾ
ਬਰਾਂਚ ਮੈਨਜਰ ਨਿਊ ਗ੍ਰੇਨ ਮਾਰਕੀਟ ਸਹਿਕਾਰੀ ਬੈਂਕ, ਹਸ਼ਿਆਰਪੁਰ।

16-02-2021

 ਹਾਈਕੋਰਟ ਦਾ ਫ਼ੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੜੀਆਂ ਦੀ ਵਿਆਹ ਦੀ ਉਮਰ ਦੇ ਸਬੰਧ ਵਿਚ ਇਕ ਮਹੱਤਵਪੂਰਨ ਫ਼ੈਸਲਾ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਮੁਸਲਿਮ ਪਰਸਨਲ ਲਾਅ ਤਹਿਤ 18 ਸਾਲ ਤੋਂ ਘੱਟ ਉਮਰ ਦੀ ਮੁਸਲਿਮ ਕੁੜੀ ਆਪਣੀ ਪਸੰਦ ਦੇ ਕਿਸੇ ਵੀ ਮੁੰਡੇ ਨਾਲ ਵਿਆਹ ਕਰਵਾ ਸਕਦੀ ਹੈ। ਕਾਨੂੰਨੀ ਤੌਰ 'ਤੇ ਪਰਿਵਾਰ ਇਸ ਵਿਚ ਦਖ਼ਲ ਨਹੀਂ ਦੇ ਸਕਦਾ। ਇਹ ਫ਼ੈਸਲਾ ਜਸਟਿਸ ਅਲਕਾ ਸਰੀਨ ਨੇ ਇਕ ਮੁਸਲਿਮ ਧਾਰਮਿਕ ਕਿਤਾਬ ਦੇ ਆਰਟੀਕਲ-1955 ਦੇ ਆਧਾਰ 'ਤੇ ਦਿੱਤਾ ਹੈ। ਪਰ ਅਦਾਲਤ ਤੋਂ ਆਉਣ ਵਾਲੇ ਅਜਿਹੇ ਫ਼ੈਸਲੇ ਕੁੜੀ ਦੇ ਭਵਿੱਖ ਨੂੰ ਖ਼ਰਾਬ ਕਰਨ ਵਿਚ ਸਹਾਇਤਾ ਕਰਨਗੇ। ਇਸ ਕਾਨੂੰਨ ਤਹਿਤ ਕੁੜੀਆਂ ਭਵਿੱਖ ਵਿਚ ਇਸ ਕਾਨੂੰਨ ਦਾ ਲਾਭ ਲੈਣਗੀਆਂ ਜੋ ਗ਼ਲਤ ਹੋਣਗੀਆਂ। ਇਸ ਕਾਨੂੰਨ ਦੇ ਤਹਿਤ ਬਾਲ ਵਿਆਹ ਦੇ ਮਾਮਲੇ ਵੀ ਵਧ ਜਾਣਗੇ। ਜੇ ਕੁੜੀਆਂ ਜਲਦੀ ਵਿਆਹ ਕਰਵਾ ਲੈਂਦੀਆਂ ਹਨ ਤਾਂ ਉਹ ਸਹੀ ਢੰਗ ਨਾਲ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੀਆਂ, ਜਿਸ ਕਾਰਨ ਅਨਪੜ੍ਹਤਾ ਫੈਲੇਗੀ ਕਿਉਂਕਿ 'ਪੜੇਗਾ ਭਾਰਤ, ਤਾਂ ਹੀ ਵਧੇਗਾ ਭਾਰਤ' ਲੜਕੀ ਦੇ ਵਿਆਹ ਲਈ ਘੱਟੋ-ਘੱਟ 18 ਸਾਲ ਦੀ ਹੋਣੀ ਚਾਹੀਦੀ ਹੈ।

-ਨੇਹਾ ਜਮਾਲ, ਮੁਹਾਲੀ।

ਸ਼ਾਨ ਦਾ ਪ੍ਰਤੀਕ ਬਣਿਆ ਕਿਸਾਨੀ ਸੰਘਰਸ਼ ਦਾ ਝੰਡਾ

ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਆਮ ਜਨ-ਜੀਵਨ ਵਿਚ ਵੀ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਇਸ ਸੰਘਰਸ਼ ਤੋਂ ਪਹਿਲਾਂ ਟਰੈਕਟਰਾਂ ਆਦਿ 'ਤੇ ਭੜਕੀਲੇ ਅਤੇ ਗ਼ੈਰ-ਮਿਆਰੀ ਗੀਤ ਵੱਜਦੇ ਆਮ ਸੁਣਦੇ ਸਨ ਅਤੇ ਨੌਜਵਾਨ ਵਰਗ ਦੀ ਸੋਚ ਵੀ ਅਜਿਹੇ ਗੀਤਾਂ ਨੂੰ ਜ਼ਿਆਦਾ ਪ੍ਰਮੋਟ ਕਰਨ ਵਾਲੀ ਸੀ ਜੋ ਅਸੱਭਿਅਕ ਭਾਸ਼ਾ ਨਾਲ ਲੈਸ ਸਨ ਪਰ ਕਿਸਾਨੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਪੰਜਾਬੀ ਗੀਤ-ਸੰਗੀਤ ਵਿਚ ਜਿੱਥੇ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਕਿਸਾਨੀ ਮੁੱਦਿਆਂ ਨਾਲ ਸਬੰਧਿਤ ਗੀਤ ਅੱਜ ਨੌਜਵਾਨ ਵਰਗ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਸ ਸੰਘਰਸ਼ ਤੋਂ ਪਹਿਲਾਂ ਇੰਜ ਮਹਿਸੂਸ ਹੋ ਰਿਹਾ ਸੀ ਜਿਵੇ ਅਜੋਕਾ ਨੌਜਵਾਨ ਵਰਗ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਹੈ। ਜ਼ਿਆਦਾਤਰ ਨੌਜਵਾਨਾਂ ਵਲੋਂ ਅਜਿਹੇ ਗੀਤਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਜੋ ਸਾਡੇ ਸੱਭਿਆਚਾਰ ਤੋਂ ਕੋਹਾਂ ਦੂਰ ਦੀ ਗੱਲ ਕਰਦੇ ਸਨ ਅਤੇ ਸੁਣਨ ਪੱਖੋਂ ਵੀ ਗ਼ੈਰ-ਮਿਆਰੀ ਸਨ ਪਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨ ਵਰਗ ਦੀ ਸੋਚ ਵਿਚ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਅੱਜ ਨੌਜਵਾਨਾਂ ਵਲੋਂ ਕਿਸਾਨੀ ਮੁੱਦਿਆਂ ਨਾਲ ਸਬੰਧਿਤ ਗੀਤ ਜ਼ਿਆਦਾ ਸੁਣੇ ਅਤੇ ਪਸੰਦ ਕੀਤੇ ਜਾ ਰਹੇ ਹਨ ਜੋ ਭਵਿੱਖ ਲਈ ਸ਼ੁਭ ਸੰਕੇਤ ਹੈ।

-ਜਗਤਾਰ ਸਮਾਲਸਰ
ਏਲਨਾਬਾਦ, ਸਿਰਸਾ (ਹਰਿਆਣਾ)।

ਲੁੱਟ-ਖੋਹ ਤੇ ਬੇਰੁਜ਼ਗਾਰੀ

ਭਾਵੇਂ ਪਹਿਲਾਂ ਹੀ ਨੌਜਵਾਨ ਮੁੰਡੇ-ਕੁੜੀਆਂ ਪੜ੍ਹ-ਲਿਖ ਕੇ ਸਰਕਾਰੀ ਨੌਕਰੀਆਂ ਦੀ ਘਾਟ ਕਾਰਨ ਬੇਰੁਜ਼ਗਾਰ ਫਿਰ ਰਹੇ ਹਨ ਪ੍ਰੰਤੂ ਕੋਰੋਨਾ ਮਹਾਂਮਾਰੀ ਦੌਰਾਨ ਇਸ ਵਿਚ ਹੋਰ ਵੀ ਵਾਧਾ ਹੋਇਆ ਹੈ ਅਤੇ ਇਹ ਨੌਜਵਾਨ ਜਿਥੇ ਰੋਜ਼ਾਨਾ ਧਰਨੇ ਮੁਜ਼ਾਹਰੇ ਕਰਦੇ ਹਨ, ਉਥੇ ਹੀ ਮੰਤਰੀਆਂ ਦਾ ਘਿਰਾਓ ਵੀ ਕਰਦੇ ਹਨ ਕਿਉਂਕਿ ਇਨ੍ਹਾਂ ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਅਤੇ ਬੇਰੁਜ਼ਗਾਰੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੂਰੇ ਯਤਨ ਕੀਤੇ ਜਾਂਦੇ ਹਨ ਪ੍ਰੰਤੂ ਰਾਜ ਵਿਚ ਨਿਤ ਦਿਨ ਲੁੱਟਾਂ-ਖੋਹਾਂ, ਲੋਕਾਂ ਦੇ ਘਰਾਂ ਵਿਚੋਂ ਦਿਨ-ਦਿਹਾੜੇ ਚੋਰੀਆਂ ਦੀਆਂ ਵਾਰਦਾਤਾਂ ਆਏ ਦਿਨ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਜਿਥੇ ਪੁਲਿਸ ਨੂੰ ਗਸ਼ਤ ਹੋਰ ਤੇਜ਼ ਕਰਨੀ ਚਾਹੀਦੀ ਹੈ, ਉਥੇ ਹੀ ਸਰਕਾਰ ਨੂੰ ਬੇਰੁਜ਼ਗਾਰੀ ਦੂਰ ਕਰਨ ਲਈ ਖਾਲੀ ਪਈਆਂ ਆਸਾਮੀਆਂ ਨੂੰ ਵੀ ਜਲਦੀ ਭਰਨਾ ਚਾਹੀਦਾ ਹੈ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।

ਤੀਰਥ

ਇਕ ਸਚਾਈ ਅੱਧੀ ਰਾਤ ਤੋਂ ਬਾਅਦ ਇਕ ਅਲੌਕਿਕ ਊਰਜਾ ਅਤੇ ਸ਼ਾਂਤੀ ਮਹਿਸੂਸ ਕੀਤੀ ਹੈ, ਉਥੇ ਬ੍ਰਹਿਮੰਡ ਜਿੰਨੀ ਵਿਸ਼ਾਲਤਾ ਅਤੇ ਗਹਿਰਾਈ ਨਾਲ ਲਬਰੇਜ਼ ਧੁਰ ਅੰਦਰ ਤੱਕ ਮਹਿਸੂਸ ਹੁੰਦੀ ਗੁਰਬਾਣੀ ਦੀ ਮਿੱਠੀ ਧੁਨ ਹਰ ਸਮੇਂ ਅਸਮਾਨ ਵਿਚ ਗੂੰਜਦੀ ਹੈ। ਉਥੇ ਸਿਰਫ਼ ਕਿਸਾਨ ਬੈਠੇ ਹਨ, ਕੋਈ ਧਰਮ ਦਾ ਠੱਪਾ ਨਹੀਂ, ਸਭ ਆਪਸ ਵਿਚ ਰਲਗੱਡ ਹੋਏ ਪਏ ਹਨ, ਇਕ ਦੂਜੇ ਲਈ ਦਰਦ ਹੈ, ਅਪਣੱਤ ਹੈ ਅਤੇ ਆਪਾ ਨਿਛਾਵਰ ਕਰਨ ਦਾ ਚਾਅ ਹੈ, ਟਿਕਰੀ ਅਤੇ ਸਿੰਘੂ ਬਾਰਡਰ 'ਤੇ। ਰੱਬ ਵਾਕਿਆ ਹੀ ਇਨਸਾਨਾਂ ਵਿਚ ਵਸਦਾ ਹੈ, ਇਕ ਅਜੀਬ ਜਿਹੀ ਕਸ਼ਿਸ਼ ਅਤੇ ਲੋਕਾਂ ਵਿਚ ਆਪਸੀ ਸਾਂਝ ਹੈ, ਜਿਸ ਨੂੰ ਮਹਿਸੂਸ ਕਰਕੇ ਹੁਣ ਵੀ ਦਿਲ ਭਰ ਆਉਂਦਾ ਹੈ। ਰਹਿੰਦੀ ਹਯਾਤੀ ਤੱਕ ਇਹ ਪਲ ਯਾਦ ਰਹਿਣਗੇ, ਇਹ ਇਕ ਤੀਰਥ ਹੈ ਜੀ।

-ਰਿਪਨਜੋਤ ਕੌਰ ਸੋਨੀ ਬੱਗਾ
ਆਰਮੀ ਪਬਲਿਕ ਸਕੂਲ, ਪਟਿਆਲਾ।

ਕੇਂਦਰ ਸਰਕਾਰ ਤੇ ਕਿਸਾਨ ਅੰਦੋਲਨ

ਪਿਛਲੇ ਦਿਨੀਂ 'ਅਜੀਤ' ਵਿਚ ਸ੍ਰੀ ਸਤਨਾਮ ਸਿੰਘ ਮਾਣਕ ਦਾ ਲੇਖ ਪੜ੍ਹਿਆ, ਜਿਸ ਵਿਚ ਦੋਵੇਂ ਧਿਰਾਂ ਨੂੰ ਵਧੀਆ ਵਿਚਾਰ ਦਿੱਤੇ ਹਨ। ਜਿਵੇਂ ਖੇਤੀ ਕਾਨੂੰਨ ਰਾਜ ਸਰਕਾਰ ਦਾ ਵਿਸ਼ਾ ਹੈ, ਕੇਂਦਰ ਸਰਕਾਰ ਨੂੰ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ। ਕਿਸਾਨ ਆਗੂਆਂ ਨੂੰ ਲੰਮੇ ਘੋਲ ਦੇ ਹੋਰ ਪਟੜੀ 'ਤੇ ਚੜ੍ਹਨ ਤੋਂ ਰੋਕਣ ਲਈ ਸਨਮਾਨਜਨਕ ਸਮਝੌਤੇ ਦਾ ਸੁਝਾਅ ਸ਼ਲਾਘਾਯੋਗ ਹੈ। ਸਿਆਸੀ ਪਾਰਟੀਆਂ ਅੰਦੋਲਨ ਨੂੰ 2022 ਦੀਆਂ ਚੋਣਾਂ ਤੱਕ ਖਿੱਚਣਾ ਚਾਹੁੰਦੀਆਂ ਹਨ। ਭਾਜਪਾ ਵੀ ਚੋਣਾਂ ਨੇੜੇ ਜਾ ਕੇ ਕਿਸਾਨਾਂ ਨੂੰ ਖੁਸ਼ ਕਰਕੇ ਪੰਜ ਰਾਜਾਂ ਵਿਚ ਸਰਕਾਰ ਬਣਾਉਣ ਲਈ ਸੋਚ ਰਹੀ ਹੈ। ਲੰਮੀ ਲੜਾਈ ਦੇਸ਼ ਦੀ ਅੰਦਰੂਨੀ ਬਣਤਰ ਲਈ ਬਹੁਤ ਖ਼ਤਰਨਾਕ ਹੈ। ਦੋਵੇਂ ਧਿਰਾਂ ਨੂੰ ਦੇਸ਼ ਹਿਤਾਂ ਅਤੇ ਕਿਸਾਨ ਹਿਤੈਸ਼ੀ ਸਮਝੌਤੇ ਵੱਲ ਵਧਣਾ ਚਾਹੀਦਾ ਹੈ।

-ਬਲਵੰਤ ਸਿੰਘ ਸੋਹੀ
ਬਾਗੜੀਆਂ, ਸੰਗਰੂਰ।

ਆਤਮ-ਹੱਤਿਆਵਾਂ

ਆਤਮ-ਹੱਤਿਆਵਾਂ ਦੀਆਂ ਅਕਸਰ ਹਰ ਰੋਜ਼ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ। ਪਰ ਹੱਤਿਆਵਾਂ ਰੁਕਣ ਨਾਂਅ ਕਿਉਂ ਨਹੀਂ ਲੈ ਰਹੀਆਂ। ਇਹ ਬੜਾ ਵੱਡਾ ਸਵਾਲ ਅੱਜ ਸਾਡੇ ਸਮਾਜ ਦੇ ਸਾਹਮਣੇ ਖੜ੍ਹਾ ਹੈ। ਬਹਾਨੇ ਬੇਸ਼ੱਕ ਕੋਈ ਬਾਅਦ ਵਿਚ ਲੱਖ ਲਾ ਦੇਵੇ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ, ਜਿਸ ਅਸਲੀਅਤ 'ਤੇ ਪਹੁੰਚਣਾ ਅੱਜ ਵੀ ਔਖਾ ਹੋਇਆ ਪਿਆ ਹੈ। ਕੀ ਸਮਾਜ ਦੀਆਂ ਕੁਰੀਤੀਆਂ ਆਤਮ-ਹੱਤਿਆਵਾਂ ਨੂੰ ਜਨਮ ਦਿੰਦੀਆਂ ਹਨ ਜਾਂ ਮਜਬੂਰੀਆਂ? ਕੋਈ ਵੀ ਕਾਨੂੰਨ ਇਨ੍ਹਾਂ ਹੱਤਿਆਵਾਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਇਆ। ਸਮਝ ਨਹੀਂ ਆਉਂਦੀ ਕਿ ਏਡੀ ਕਿਹੜੀ ਮਜਬੂਰੀ ਇਨਸਾਨ ਦੇ ਸਾਹਮਣੇ ਆ ਜਾਂਦੀ ਹੈ, ਜਿਹੜੀ ਉਸ ਨੂੰ ਮਰਨ ਲਈ ਮਜਬੂਰ ਕਰ ਦਿੰਦੀ ਹੈ। ਜ਼ਿੰਦਗੀ ਕੋਈ ਵਾਰ-ਵਾਰ ਥੋੜ੍ਹੀ ਇਨਸਾਨ ਨੂੰ ਮਿਲਦੀ ਹੈ। ਅੱਜ ਜ਼ਰੂਰਤ ਹੈ ਇਹੋ ਜਿਹੀਆਂ ਘਟਨਾਵਾਂ 'ਤੇ ਚਿੰਤਾ ਕਰਨ ਤੇ ਸੋਚਣ ਦੀ। ਆਤਮ-ਹੱਤਿਆਵਾਂ ਸਾਡੇ ਸਮੁੱਚੇ ਸਮਾਜ 'ਤੇ ਧੱਬਾ ਲਾ ਰਹੀਆਂ ਹਨ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

15-02-2021

 ਕੋਰੋਨਾ ਮਹਾਂਮਾਰੀ
ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਬਹੁਤ ਸਮਾਂ ਤਾਲਾਬੰਦੀ ਰਹੀ, ਜਿਸ ਕਾਰਨ ਲੋਕਾਂ ਨੂੰ ਆਪਣਾ ਸਾਰਾ ਸਮਾਂ ਘਰਾਂ ਵਿਚ ਹੀ ਬਤੀਤ ਕਰਨਾ ਪਿਆ ਅਤੇ ਸਾਰੇ ਕੰਮਕਾਜ ਠੱਪ ਹੋ ਗਏ। ਹੁਣ ਤਾਲਾਬੰਦੀ ਤਾਂ ਖੁੱਲ੍ਹ ਗਈ ਹੈ ਅਤੇ ਮਹਾਂਮਾਰੀ ਵੀ ਘਟ ਗਈ ਹੈ ਪਰ ਲੋਕ ਉਸੇ ਤਰ੍ਹਾਂ ਹੀ ਘਰਾਂ ਵਿਚ ਬੇਰੁਜ਼ਗਾਰ ਬੈਠੇ ਹਨ। ਇਸ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਦੇਸ਼ ਦੇ ਹਾਲਾਤ ਸੁਧਰ ਸਕਣ।


-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ ਜਲੰਧਰ।


ਲਾਜਵਾਬ ਕਹਾਣੀ
ਕੁਝ ਦਿਨ ਪਹਿਲਾਂ 'ਅਜੀਤ' ਦੇ ਕਹਾਣੀ ਅੰਕ ਵਿਚ ਨਦੀਪ ਕੁੰਦੀ ਤਖਤੂਪੁਰਾ ਦੀ ਕਹਾਣੀ 'ਧਰਤੀ ਪੁੱਤਰ' ਪੜ੍ਹ ਕੇ ਮਨ ਪ੍ਰਸੰਨ ਹੋ ਗਿਆ। ਕਿਸਾਨੀ ਸੰਘਰਸ਼ ਨੂੰ ਬਾਖੂਬੀ ਪੇਸ਼ ਕਰਨ ਲਈ ਕਹਾਣੀਕਾਰ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ। ਆਮ ਤੌਰ 'ਤੇ ਸੱਚ ਨੂੰ ਪੇਸ਼ ਕਰਨ ਲਈ ਇਕ ਕਹਾਣੀਕਾਰ ਨੂੰ ਇਸ ਖੇਤਰ ਵਿਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਕੁੰਦੀ ਸਾਹਬ ਦੀਆਂ ਕਹਾਣੀਆਂ ਪੜ੍ਹ ਕੇ ਬਹੁਤ ਅਨੰਦ ਆਉਂਦਾ ਹੈ। ਅਦਾਰਾ ਅਜੀਤ ਦਾ ਬਹੁਤ-ਬਹੁਤ ਧੰਨਵਾਦ।


-ਹਰਮਨਦੀਪ ਹੰਮੂ
ਸਤਿਅਮ ਆਈ.ਟੀ.ਆਈ. ਭਦੌੜ, (ਬਰਨਾਲਾ)।


ਬਜ਼ੁਰਗਾਂ ਦੀ ਸੰਭਾਲ ਕਰੀਏ
ਬਜ਼ੁਰਗ ਪਰਿਵਾਰ ਦਾ ਗਹਿਣਾ ਹੁੰਦੇ ਹਨ। ਅਜੋਕੇ ਸਮੇਂ ਬਿਰਧ ਆਸ਼ਰਮਾਂ ਦਾ ਖੁੱਲ੍ਹਣਾ, ਸਾਡਾ ਸੱਭਿਆਚਾਰ ਨਹੀਂ ਹੈ। ਬੁਢਾਪਾ ਜੀਵਨ ਦਾ ਆਖਰੀ ਪੜਾਅ ਹੁੰਦੈ, ਜੋ ਅੱਜ ਬਿਰਧ ਆਸ਼ਰਮਾਂ ਤੇ ਜ਼ਿਆਦਾਤਰ ਘਰਾਂ ਵਿਚ ਵੀ ਰੁਲ ਰਿਹਾ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਅੱਜ ਅਸੀਂ ਆਪਣੇ ਬਜ਼ੁਰਗ ਮਾਪਿਆਂ ਦੀ ਬੁਢਾਪੇ ਵਿਚ ਸੰਭਾਲ ਕਰਾਂਗੇ ਤਾਂ ਹੀ ਆਉਣ ਵਾਲੇ ਸਮੇਂ ਵਿਚ ਸਾਡੀ ਹੋਵੇਗੀ। ਬੁੱਢੇ ਮਾਪੇ ਜੀਵਨ ਦੀਆਂ ਕੌੜੀਆਂ, ਮਿੱਠੀਆਂ ਘਟਨਾਵਾਂ ਵਿਚਂ ਹੁੰਦੇ ਹੋਏ ਅਤੇ ਸਾਡੀ ਸੰਭਾਲ ਕਰਦੇ ਹੋਏ ਗੁਜਰੇ ਹਨ, ਸਾਨੂੰ ਉਨ੍ਹਾਂ ਦੇ ਕੀਤੇ ਹੋਏ ਕਾਰਜ ਨੂੰ ਭੁੱਲਣਾ ਨਹੀਂ ਚਾਹੀਦਾ। ਬਜ਼ੁਰਗ ਸਾਡੇ ਤੋਂ ਇੱਜ਼ਤ, ਪਿਆਰ ਭਰੇ ਬੋਲ, ਸਤਿਕਾਰ ਭਾਲਦੇ ਹਨ। ਸਾਨੂੰ ਉਨ੍ਹਾਂ ਕੋਲ ਸਮਾਂ ਕੱਢ ਕੇ ਬੈਠਣਾ ਚਾਹੀਦਾ ਹੈ ਤੇ ਉਨ੍ਹਾਂ ਤੋਂ ਉਨ੍ਹਾਂ ਦੇ ਤਜਰਬਿਆਂ ਤੋਂ ਜ਼ਿੰਦਗੀ ਲਈ ਸੇਧ ਲੈਣੀ ਚਾਹੀਦੀ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਕਿਸਾਨ ਮੋਰਚੇ ਦਾ ਮਹੱਤਵ

ਇਹ ਮੋਰਚਾ ਬੇਸ਼ੱਕ ਕਿਸਾਨਾਂ ਵਲੋਂ ਆਰੰਭ ਕੀਤਾ ਗਿਆ, ਅਸਲ ਵਿਚ ਦੇਸ਼ ਦੇ ਸਮੁੱਚੇ ਕਿਰਤੀ ਵਰਗ ਵਿਚ ਫੈਲੀ ਵਿਆਪਕ ਬੇਚੈਨੀ ਅਤੇ ਘਬਰਾਹਟ ਦਾ ਪ੍ਰਗਟਾਵਾ ਹੈ। ਇਸ ਸੰਘਰਸ਼ ਨਾਲ ਆਮ ਲੋਕਾਂ ਵਿਚ ਹਾਂ-ਪੱਖੀ ਜਾਗ੍ਰਤੀ ਉਤਪਨ ਹੋਈ ਹੈ, ਜਿਸ ਦੇ ਨਰੋਏ ਸਿੱਟੇ ਨਿਕਲਣੇ ਸੁਭਾਵਿਕ ਹਨ। ਚਿਰ ਤਾਂ ਲੱਗ ਸਕਦਾ ਹੈ, ਕੁਰਬਾਨੀ ਵੀ ਕਰਨੀ ਪਏਗੀ ਪਰ ਫਾਸ਼ੀ ਤਾਕਤਾਂ ਦੀ ਗੋਡਣੀ ਲੱਗ ਕੇ ਰਹੇਗੀ, ਇਹ ਮੇਰਾ ਯਕੀਨ ਹੈ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਫਰੀਦਕੋਟ।


ਕਬੱਡੀ ਜਗਤ ਨੂੰ ਸਲਾਮ
ਸਾਡੀ ਖੇਡ ਕਬੱਡੀ ਦੇ ਸਪੂਤ ਤੇ ਸਮੂਹ ਕਬੱਡੀ ਜਗਤ ਅੱਜ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਕਬੱਡੀ ਦੇ ਰਾਸ਼ਟਰੀ, ਅੰਤਰਰਾਸ਼ਟਰੀ ਖਿਡਾਰੀ, ਖੇਡ ਪ੍ਰਮੋਟਰ, ਕੁਮੈਂਟੇਟਰ, ਸਪਾਂਸਰ ਕੋਚ ਤੇ ਫੈਡਰੇਸ਼ਨਾਂ ਦੇ ਨੁਮਾਇੰਦੇ ਕਿਸਾਨੀ ਸੰਘਰਸ਼ ਨੂੰ ਆਪਣਾ ਤਨੋ, ਮਨੋ, ਧਨੋ ਯੋਗਦਾਨ ਪਾਉਂਦੇ ਹੋਏ ਦਿਨ-ਰਾਤ ਆਪਣੀਆਂ ਸੇਵਾਵਾਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿਚ ਨਿਭਾਅ ਰਹੇ ਹਨ। ਕਿਸਾਨੀ ਸੰਘਰਸ਼ ਵਿਚ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾਉਣ ਵਿਚ ਲੱਗੇ ਹੋਏ ਹਨ। ਇਹ ਕਬੱਡੀ ਖੇਡ ਦੇ ਸਪੂਤ ਉਹੀ ਹਨ ਜਿਨ੍ਹਾਂ ਨੂੰ ਆਰਥਿਕ ਪੱਖੋਂ ਕੋਰੋਨਾ ਦੀ ਮਾਰ ਵੀ ਸਹਿਣੀ ਪਈ, ਹੁਣ ਵੀ ਕਿਸਾਨਾਂ ਨੂੰ ਹੱਕ ਦਿਵਾਉਣ ਵਿਚ ਤਨਦੇਹੀ ਨਾਲ ਸੇਵਾ ਕਰ ਰਹੇ ਹਨ। ਸਲਾਮ ਹੈ ਇਨ੍ਹਾਂ ਕਬੱਡੀ ਖਿਡਾਰੀਆਂ ਨੂੰ ਤੇ ਕਬੱਡੀ ਜਗਤ ਨਾਲ ਜੁੜੀਆਂ ਉਨ੍ਹਾਂ ਸ਼ਖ਼ਸੀਅਤਾਂ ਨੂੰ ਜਿਨ੍ਹਾਂ ਦਾ ਇਹ ਯੋਗਦਾਨ ਕਦੇ ਨਹੀਂ ਭੁਲਾਇਆ ਜਾ ਸਕਦਾ।


-ਗੁਰਪ੍ਰੀਤ ਸਿੰਘ ਸਹੋਤਾ
ਪਿੰਡ : ਡੱਫਰ, ਤਹਿ: ਦਸੂਹਾ, (ਹੁਸ਼ਿਆਰਪੁਰ)।


ਚੋਣ ਮਨੋਰਥ ਪੱਤਰ
ਚੋਣ ਮਨੋਰਥ ਪੱਤਰ ਇਕ ਰਾਜਨੀਤਕ ਪਾਰਟੀ ਦੁਆਰਾ ਚੋਣ ਤੋਂ ਪਹਿਲਾਂ ਜਾਰੀ ਕੀਤਾ ਇਕ ਪ੍ਰਕਾਸ਼ਨ ਹੁੰਦਾ ਹੈ ਅਤੇ ਇਸ ਵਿਚ ਸਬੰਧਿਤ ਪਾਰਟੀ ਦੀਆਂ ਨੀਤੀਆਂ ਦਾ ਜ਼ਿਕਰ ਸ਼ਾਮਿਲ ਹੁੰਦਾ ਹੈ। ਹਰ ਇਕ ਪਾਰਟੀ ਜੋ ਚੋਣ ਲੜ ਰਹੀ ਹੋਵੇ, ਉਸ ਦਾ ਆਪਣਾ ਅਲੱਗ ਚੋਣ ਮਨੋਰਥ ਪੱਤਰ ਹੁੰਦਾ ਹੈ ਤੇ ਉਸ ਵਿਚ ਇਹ ਦਰਸਾਇਆ ਗਿਆ ਹੁੰਦਾ ਹੈ ਕਿ ਪਾਰਟੀ ਦਾ ਸਮਾਜ ਤੇ ਸਮਾਜ ਵਿਚ ਵਿਚਰਦੇ ਹਰ ਇਕ ਨਾਗਰਿਕ ਲਈ ਕੀ ਮਨੋਰਥ ਹੈ। ਚੋਣਾਂ ਦੌਰਾਨ ਚੋਣ ਮਨੋਰਥ ਪੱਤਰ ਇਕ ਅਹਿਮ ਦਸਤਾਵੇਜ਼ ਹੁੰਦਾ ਹੈ ਜੋ ਉਮੀਦਵਾਰ ਤੇ ਵੋਟਰ ਦੇ ਰਿਸ਼ਤੇ ਦੀ ਪਹਿਲੀ ਕੜੀ ਹੁੰਦੀ ਹੈ। ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਚੋਣਾਂ ਦੌਰਾਨ ਨਾ ਤਾਂ ਉਮੀਦਵਾਰ ਸਬੰਧਿਤ ਵੋਟਰਾਂ ਨੂੰ ਚੋਣ ਮਨੋਰਥ ਪੱਤਰ ਮੁਹੱਈਆ ਕਰਵਾਉਂਦੇ ਹਨ ਤੇ ਨਾ ਹੀ ਜ਼ਿਆਦਾਤਰ ਵੋਟਰ ਇਹ ਅਹਿਮ ਦਸਤਾਵੇਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਰ ਉਹ ਨਾਗਰਿਕ ਜਿਸ ਕੋਲ ਉਮੀਦਵਾਰ ਚੁਣਨ (ਵੋਟ) ਦਾ ਅਧਿਕਾਰ ਹੈ ਉਹ ਚੋਣ ਲੜ ਰਹੇ ਉਮੀਦਵਾਰ ਤੋਂ ਚੋਣ ਮਨੋਰਥ ਪੱਤਰ ਮੰਗਣ ਦਾ ਵੀ ਅਧਿਕਾਰ ਰੱਖਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਸਬੰਧਿਤ ਉਮੀਦਵਾਰ, ਰਾਜਨੀਤਕ ਪਾਰਟੀ ਦਾ ਸਮਾਜ ਤੇ ਸਮਾਜ ਵਿਚ ਵਿਚਰਦੇ ਨਾਗਰਿਕਾਂ (ਵੋਟਰਾਂ) ਪ੍ਰਤੀ ਕੀ ਵਿਚਾਰ ਅਤੇ ਭਵਿੱਖ ਦੀਆਂ ਕੀ ਯੋਜਨਾਵਾਂ ਹਨ।


-ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।

12-02-2021

 ਕਾਰਪੋਰੇਟ ਬੇਨਕਾਬ
ਕਾਰਪੋਰੇਟ ਦਾ ਮਾਇਆ ਜਾਲ ਛੋਟੇ ਦੁਕਾਨਦਾਰ ਅਤੇ ਵਪਾਰੀ ਨੂੰ ਅਜਗਰ ਦੀ ਤਰ੍ਹਾਂ ਨਿਗਲ ਰਿਹਾ ਹੈ, ਜਿਸ ਨੇ ਦੇਸ਼ ਵਿਚ ਬੇਰੁਜ਼ਗਾਰੀ ਪੈਦਾ ਕਰਕੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਖੇਤੀ ਕਾਨੂੰਨਾਂ ਵਿਚ ਵੀ ਕਾਰਪੋਰੇਟ ਪੱਖੀ ਚਿਹਰਾ ਸਾਫ਼ ਤੌਰ 'ਤੇ ਝਲਕਦਾ ਹੈ, ਜਿਸ ਵਿਚ ਜ਼ਮੀਨ ਅਤੇ ਇਸ ਨਾਲ ਜੁੜੀ ਪੈਦਾਵਾਰ 'ਤੇ ਕਾਰਪੋਰੇਟ ਕਬਜ਼ਾ ਕਰ ਲੈਣਾ ਚਾਹੁੰਦੇ ਹਨ। ਅੱਜ ਦਾ ਕਿਸਾਨ ਅੰਦੋਲਨ ਕਾਰਪੋਰੇਟ ਦੇ ਰਾਕਸ਼ੀ ਚਿਹਰੇ ਨੂੰ ਬੇਨਕਾਬ ਕਰ ਰਿਹਾ ਹੈ। ਮੋਦੀ ਸਰਕਾਰ ਲਗਾਤਾਰ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਤਾਂ ਜੋ ਉਹ ਆਪਣੇ ਕਾਰਪੋਰੇਟ ਦੋਸਤਾਂ ਨਾਲ ਦੇਸ਼ ਨੂੰ ਵੇਚਣ ਦੇ ਕੀਤੇ ਵਾਅਦੇ 'ਤੇ ਖਰਾ ਉਤਰ ਸਕੇ ਅਤੇ ਇਸ ਅੰਦੋਲਨ ਤੋਂ ਛੁਟਕਾਰਾ ਪਾ ਕੇ ਅੰਬਾਨੀ, ਅਡਾਨੀ ਅਤੇ ਵਾਲਮਾਰਟ ਵਰਗੀਆਂ ਕੰਪਨੀਆਂ ਦੇ ਜੋਟੀਦਾਰਾਂ ਨਾਲ ਕੀਤੇ ਵਾਅਦੇ ਨਿਭਾਅ ਸਕੇ। ਪਰ ਕਿਸਾਨ ਅੰਦੋਲਨ ਦੀ ਪ੍ਰਸਿੱਧੀ ਮੋਦੀ ਸਰਕਾਰ ਆਪਣੇ ਕਦਮ ਪਿੱਛੇ ਹਟਾਉਣ ਲਈ ਮਜਬੂਰ ਕਰ ਰਹੀ ਹੈ। ਕਿਸਾਨ ਅੰਦੋਲਨ ਜਿੱਤ ਦੀ ਸਿਖ਼ਰ 'ਤੇ ਪਹੁੰਚ ਚੁੱਕਾ ਹੈ। ਇਸ ਲੋਕ ਅੰਦੋਲਨ ਸਾਹਮਣੇ ਮੋਦੀ ਸਰਕਾਰ ਤੇ ਕਾਰਪੋਰੇਟ ਦੀਆਂ ਚਾਲਾਂ ਫੇਲ੍ਹ ਹੋ ਰਹੀਆਂ ਹਨ।


-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।


ਚਾਈਨਾ ਡੋਰ
ਆਏ ਦਿਨ ਚਾਈਨਾ ਡੋਰ ਨਾਲ ਹੋਣ ਵਾਲੇ ਘਾਤਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅਖ਼ਬਾਰ ਵਿਚ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਬਿਆਨ ਪੜ੍ਹਨ ਨੂੰ ਮਿਲਦਾ ਹੈ ਕਿ ਚਾਈਨਾ ਡੋਰ ਤੇ ਫਲਾਨੀ (ਇਕ ਖ਼ਾਸ ਮਿਤੀ ਤੱਕ) ਤਾਰੀਖ਼ ਤੱਕ ਪਾਬੰਦੀ ਲਗਾਈ ਜਾਂਦੀ ਹੈ। ਹਮੇਸ਼ਾ ਵਾਸਤੇ ਪਾਬੰਦੀ ਦੇ ਹੁਕਮ ਕਿਉਂ ਨਹੀਂ ਜਾਰੀ ਕੀਤੇ ਜਾਂਦੇ? ਲਗਦਾ ਹੈ ਪ੍ਰਸ਼ਾਸਨ ਇਸ ਬਾਰੇ ਸੰਜੀਦਾ ਨਹੀਂ ਹੈ। ਚਾਈਨਾ ਡੋਰ ਦੇ ਵਿਕਰੇਤਾਵਾਂ ਨੂੰ ਵੀ ਇਨਸਾਨੀਅਤ ਦੇ ਨਾਤੇ, ਇਸ ਡੋਰ ਦੀ ਵਿਕਰੀ ਨਹੀਂ ਕਰਨੀ ਚਾਹੀਦੀ। ਇਸ ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਮਾਂ-ਬਾਪ ਤੇ ਅਧਿਆਪਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਮਾਂ-ਬਾਪ ਆਪਣੇ ਬੱਚਿਆਂ ਨੂੰ ਸਮਝਾ-ਬੁਝਾ ਕੇ ਚੀਨੀ ਡੋਰ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ। ਅਧਿਆਪਕ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚੀਨੀ ਡੋਰ ਨਾਲ ਹੋਣ ਵਾਲੇ ਨੁਕਸਾਨ ਬਾਰੇ ਆਗਾਹ ਕਰ ਸਕਦੇ ਹਨ। ਟੀ.ਵੀ. ਚੈਨਲਾਂ 'ਤੇ ਵੀ ਚਾਈਨਾ ਡੋਰ ਦੇ ਨੁਕਸਾਨ ਤੇ ਇਸ ਦੀ ਮਨਾਹੀ ਬਾਰੇ ਸਰਕਾਰੀ ਇਸ਼ਤਿਹਾਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਹੀ ਚਾਈਨਾ ਡੋਰ ਦੀ ਵਿਕਰੀ 'ਤੇ ਪੂਰਨ ਪਾਬੰਦੀ ਲੱਗ ਸਕਦੀ ਹੈ।


-ਉਰਮਲ ਜੀਤ ਸਿੰਘ, ਜਲੰਧਰ।


ਪੰਜਾਬ ਵਿਚ ਪਟਵਾਰੀਆਂ ਦੀ ਭਰਤੀ
ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਐਸ.ਐਸ.ਐਸ. ਬੋਰਡ ਰਾਹੀਂ 1152 ਮਾਲ ਵਿਭਾਗ ਦੇ ਪਟਵਾਰੀਆਂ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਐਸ.ਐਸ.ਐਸ. ਬੋਰਡ ਨੇ ਦਸੰਬਰ 2001 ਵਿਚ ਮਾਲ ਵਿਭਾਗ ਦੇ 415 ਪਟਵਾਰੀਆਂ ਦੀਆਂ ਅਸਾਮੀਆਂ ਲਈ ਪੰਜਾਬ ਦੇ ਉਮੀਦਵਾਰਾਂ ਤੋਂ ਅਰਜ਼ੀਆਂ ਲਈਆਂ ਸਨ, ਜਿਨ੍ਹਾਂ ਨੇ ਅਰਜ਼ੀਆਂ ਦੇ ਨਾਲ ਫੀਸ ਦੇ ਤੌਰ 'ਤੇ ਪੰਜਾਬ ਵਿਚ ਸਥਿਤ ਸਟੇਟ ਬੈਂਕ ਆਫ ਇੰਡੀਆ ਅਤੇ ਸਟੇਟ ਬੈਂਕ ਆਫ ਪਟਿਆਲਾ ਦੀਆਂ ਬਰਾਂਚਾਂ ਵਿਚ ਚਲਾਨ ਫਾਰਮਾਂ ਰਾਹੀਂ 2 ਕਰੋੜ ਰੁਪਏ (ਸਾਰੇ ਉਮੀਦਵਾਰਾਂ ਦੀ ਫੀਸ) ਫੀਸ ਦੇ ਤੌਰ 'ਤੇ ਜਮ੍ਹਾਂ ਕਰਵਾਏ ਸਨ। ਐਸ.ਐਸ.ਐਸ. ਬੋਰਡ ਵਲੋਂ ਅੱਜ ਤੱਕ ਕੋਈ ਪ੍ਰੀਖਿਆ ਨਹੀਂ ਲਈ ਗਈ। ਸਿੱਟੇ ਵਜੋਂ ਉਮੀਦਵਾਰ ਹੁਣ ਭਰਤੀ ਲਈ ਉਮਰ ਹੱਦ ਦੀ ਸੀਮਾ ਪਾਰ ਕਰ ਚੁੱਕੇ ਹਨ ਅਤੇ ਨਿਰਾਸ਼ਾ ਵਿਚ ਜੀਵਨ ਗੁਜ਼ਾਰ ਰਹੇ ਹਨ। ਅਸੀਂ ਪੰਜਾਬ ਸਰਕਾਰ ਅਤੇ ਐਸ.ਐਸ.ਐਸ. ਬੋਰਡ ਪੰਜਾਬ ਦੇ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਦਸੰਬਰ 2001 ਵਿਚ ਮਾਲ ਵਿਭਾਗ ਦੇ 415 ਪਟਵਾਰੀਆਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਨੂੰ 1152 ਪਟਵਾਰੀਆਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਵਿਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਨੌਕਰੀਆਂ ਦੇਣਾ ਚਾਹੁੰਦੀ ਹੈ। ਉਮੀਦਵਾਰਾਂ ਨੇ ਅਰਜ਼ੀਆਂ ਦੇ ਨਾਲ ਫੀਸ ਦੇ ਤੌਰ 'ਤੇ 2 ਕਰੋੜ ਰੁਪਏ ਐਸ.ਐਸ.ਐਸ. ਬੋਰਡ ਨੂੰ ਚਲਾਨ ਫਾਰਮਾਂ ਰਾਹੀਂ ਭੇਜੇ ਸਨ। ਹੁਣ ਐਸ.ਐਸ.ਐਸ. ਬੋਰਡ ਹੀ 1152 ਪਟਵਾਰੀਆਂ ਦੀਆਂ ਅਸਾਮੀਆਂ ਦੀ ਭਰਤੀ ਕਰ ਰਿਹਾ ਹੈ।


-ਕੁਲਵਿੰਦਰ ਕੁਮਾਰ ਐਮ.ਏ. ਤੇ ਸਮੂਹ ਉਮੀਦਵਾਰ
ਪਿੰਡ ਤੇ ਡਾਕ: ਬਾੜੀਆਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ।


ਸਬਰ ਤੇ ਜਬਰ ਦੀ ਜੰਗ
ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਲੱਖਾਂ ਲੋਕਾਂ ਵਲੋਂ ਚਲਾਏ ਜਾ ਰਹੇ ਸ਼ਾਂਤਮਈ ਅੰਦੋਲਨ ਨੂੰ ਫੇਲ੍ਹ ਕਰਨ ਲਈ ਕੇਂਦਰ ਸਰਕਾਰ ਵਲੋਂ ਹਰ ਹੀਲਾ ਤੇ ਹਰ ਜ਼ੁਲਮ ਦੀ ਸਿਖ਼ਰ ਵਰਤੀ ਜਾ ਰਹੀ ਹੈ। ਪਰ ਦੂਜੇ ਪਾਸੇ ਅੰਦੋਲਨਕਾਰੀਆਂ ਦੇ ਸਬਰ ਦੇ ਸਿਖਰ ਨੂੰ ਵੀ ਪੂਰੀ ਦੁਨੀਆ ਸਲਾਮ ਕਰ ਰਹੀ ਹੈ। ਇਸ ਸ਼ਾਂਤਮਈ ਅੰਦੋਲਨ ਨੂੰ ਲਗਾਤਾਰ ਗੋਦੀ ਮੀਡੀਆ, ਬਾਲੀਵੁੱਡ ਦੀਆਂ ਕਈ ਹਸਤੀਆਂ ਤੇ ਮੋਦੀ ਭਗਤਾਂ ਵਲੋਂ ਭੜਕਾਉਣ ਅਤੇ ਭੰਡਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਮੋਦੀ ਸਰਕਾਰ ਨੂੰ ਵਕਤ ਰਹਿੰਦੇ ਇਸ ਅੰਦੋਲਨ ਦਾ ਜਲਦੀ ਹੱਲ ਕੱਢਣਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ ਤਹਿ: ਪੱਟੀ, ਤਰਨ ਤਾਰਨ।


ਅਧਿਆਪਕ ਦਾ ਸਨਮਾਨ ਹੋਵੇ
ਅਧਿਆਪਕ ਸਹੀ ਅਰਬਾਂ 'ਚ ਦੇਸ਼ ਦਾ ਨਿਰਮਾਤਾ ਹੈ। ਇਸ ਦਾ ਸਨਮਾਨ ਹੋਣਾ ਅਤੀ ਜ਼ਰੂਰੀ ਹੈ। ਅੰਗਰੇਜ਼ੀ ਰਾਜ ਵਿਚ ਸਰਕਾਰੀ ਮੁਲਾਜ਼ਮਾਂ ਦੀ ਕਦਰ ਅਤੇ ਚੜ੍ਹਤ ਹੁੰਦੀ ਸੀ। ਤਨਖਾਹਾਂ ਭਾਵੇਂ ਘੱਟ ਸਨ ਪਰ ਮਹਿੰਗਾਈ ਨਹੀਂ ਸੀ। ਗੁਜ਼ਾਰਾ ਸੋਹਣਾ ਚਲਦਾ ਸੀ। ਸੰਤਾਲੀ ਦੀ ਵੰਡ ਤੋਂ ਪਿੱਛੋਂ ਮਹਿੰਗਾਈ ਛਾਲਾਂ ਮਾਰ ਕੇ ਵਧਣ ਲੱਗੀ, ਪਰ ਤਨਖਾਹਾਂ ਦਾ ਵਾਧਾ ਜੂੰ ਦੀ ਚਾਲੇ ਚੱਲਣ ਲੱਗਾ।
ਅੱਜ ਦੇਸ਼ ਨੂੰ ਆਜ਼ਾਦ ਹੋਇਆਂ ਪੌਣੀ ਸਦੀ ਹੋਣ ਲੱਗੀ ਹੈ ਪਰ ਅੱਜ ਵੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਹੋ ਰਿਹਾ ਹੈ। ਅਧਿਆਪਕ ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹ ਕੇ ਆਪਣੇ ਆਪ ਨੂੰ ਅੱਗ ਲਗਾ ਰਹੇ ਹਨ, ਪੱਗਾਂ ਉਤਾਰੀਆਂ ਜਾ ਰਹੀਆਂ ਹਨ। ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਹਨ, ਸਿਆਸੀ ਆਗੂ ਆਪ ਪੈਨਸ਼ਨਾਂ ਇਕ ਨਹੀਂ, ਦੋ ਨਹੀਂ ਪੰਜ-ਪੰਜ ਲੈ ਰਹੇ ਹਨ। ਲਗਦਾ ਹੈ ਇਹ ਮੁਲਾਜ਼ਮਾਂ ਨਾਲੋਂ ਜ਼ਿਆਦਾ ਗ਼ਰੀਬ ਹਨ। ਜਦੋਂ ਕੋਈ ਅਧਿਆਪਕ ਮਹਾਰਾਜਾ ਕਪੂਰਥਲਾ ਨੂੰ ਮਿਲਣ ਜਾਂਦਾ ਸੀ ਤਾਂ ਉਹ ਆਪ ਉੱਠ ਕੇ ਅਧਿਆਪਕ ਦਾ ਸਵਾਗਤ ਕਰਦੇ ਸਨ।
ਅੱਜ ਅਧਿਆਪਕ ਨੂੰ ਭਰਤੀ ਸਮੇਂ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ। ਤਨਖਾਹਾਂ ਘੱਟ ਦੇਣ ਖਾਤਰ ਝੋਨੇ ਕਣਕ ਵਾਂਗ ਅਧਿਆਪਕਾਂ ਦੀਆਂ ਕਈ ਕਿਸਮਾਂ ਬਣਾ ਦਿੱਤੀਆਂ ਗਈਆਂ ਹਨ। ਆਓ ਅਧਿਆਪਕ ਦਾ ਸਨਮਾਨ ਕਰਨਾ ਸਿੱਖੀਏ ਅਤੇ ਦੇਸ਼ ਨੂੰ ਸਾਫ਼ ਸੁਥਰੀ ਅਤੇ ਸੁਚੱਜੀ ਦਿੱਖ ਦੇਈਏ।


-ਮਹਿੰਦਰ ਸਿੰਘ ਬਾਜਵਾ
ਮਸੀਤਾਂ, ਜ਼ਿਲ੍ਹਾ ਕਪੂਰਥਲਾ।

11-02-2021

 ਵਧ ਰਹੀਆਂ ਖ਼ੁਦਕੁਸ਼ੀਆਂ
ਅੱਜ ਸਾਡੇ ਸਮਾਜ ਵਿਚ ਵਧ ਰਹੀਆਂ ਖ਼ੁਦਕੁਸ਼ੀਆਂ ਦੇ ਮਸਲੇ 'ਤੇ ਚਾਨਣ ਪਾਉਣ ਦੀ ਸਖ਼ਤ ਜ਼ਰੂਰਤ ਹੈ। ਸੋਚਣਾ ਹੋਵੇਗਾ ਕਿ ਆਖ਼ਰ ਇਸ ਦਾ ਅਸਲ ਕਾਰਨ ਕੀ ਹੈ। ਵੇਖਿਆ ਜਾਵੇ ਤਾਂ ਜ਼ਿਆਦਾਤਰ ਮਾਮਲਿਆਂ ਵਿਚ ਛੋਟੀ ਉਮਰ ਦੇ ਬੱਚੇ ਜਾਂ ਫਿਰ ਨੌਜਵਾਨ ਵਰਗ ਸ਼ਾਮਿਲ ਹੁੰਦਾ ਹੈ। ਅੱਜ ਦੌੜ-ਭੱਜ ਵਾਲੀ ਜ਼ਿੰਦਗੀ ਦੇ ਚਲਦਿਆਂ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਕੋਰੋਨਾ ਕਾਲ ਦੌਰਾਨ ਘਰਾਂ ਵਿਚ ਰਹਿਣ ਕਾਰਨ ਜਾਂ ਫਿਰ ਬੇਰੁਜ਼ਗਾਰੀ ਦੇ ਚਲਦਿਆਂ ਵਧਿਆ ਮਾਨਸਿਕ ਤਣਾਅ, ਇਕੱਲਾਪਨ ਇਕ ਬਹੁਤ ਵੱਡਾ ਕਾਰਨ ਬਣ ਚੁੱਕਾ ਹੈ ਖ਼ੁਦਕੁਸ਼ੀਆਂ ਦਾ। ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਘਟਨਾ ਸੁਣਨ ਨੂੰ ਮਿਲਦੀ ਹੈ ਜਿਸ 'ਤੇ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ। ਅੱਜ ਸਮਾਜ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮਾੜਾ ਵਕਤ ਬਹੁਤ ਚਿਰ ਨਹੀਂ ਟਿਕਦਾ, ਲੋੜ ਹੈ ਚੰਗੀ ਸੋਚ ਨੂੰ ਅਪਣਾ ਕੇ ਜ਼ਿੰਦਗੀ ਜਿਊਣ ਦੀ। ਮੁਸ਼ਕਿਲਾਂ ਤੋਂ ਘਬਰਾਏ ਬਿਨਾਂ ਉਸ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਜ਼ਿੰਦਗੀ ਨੂੰ ਖ਼ਤਮ ਕਰ ਲੈਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ।


-ਪਵਨ ਮੰਨਣ, ਕੇ.ਐਮ.ਵੀ. ਜਲੰਧਰ।


ਮਨੁੱਖੀ ਅਧਿਕਾਰਾਂ ਦਾ ਘਾਣ
ਸਰਕਾਰ ਵਲੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਅੰਦੋਲਨਕਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਸਹੀ ਨਹੀਂ, ਇਹ ਮਨੁੱਖੀ ਅਧਿਕਾਰਾਂ ਦਾ ਸਿੱਧੇ ਰੂਪ ਵਿਚ ਘਾਣ ਹੈ। ਇਸ ਅੰਦੋਲਨ ਵਿਚ ਹੁਣ ਤੱਕ ਤਕਰੀਬਨ 200 ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਤਕਰੀਬਨ 70-75 ਦਿਨ ਅੰਦੋਲਨ ਨੂੰ ਹੋ ਗਏ ਹਨ। ਇਸ ਅੰਕੜੇ ਦੇ ਹਿਸਾਬ ਨਾਲ ਹਰ ਰੋਜ਼ ਤਕਰੀਬਨ ਤਿੰਨ ਕਿਸਾਨ ਸ਼ਹੀਦੀ ਪਾ ਰਹੇ ਹਨ। ਕੀ ਕੋਈ ਦੱਸ ਸਕਦਾ ਕਿ ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਕੀ ਸਰਕਾਰ ਦਾ ਫ਼ਰਜ਼ ਨਹੀਂ ਬਣਦਾ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦਾ ਖਿਆਲ ਰੱਖੇ? ਕੀ ਕਿਸਾਨ ਇਸ ਦੇਸ਼ ਦੇ ਵਸਨੀਕ ਨਹੀਂ? ਕੀ ਇਹ ਦੇਸ਼ ਕਿਸਾਨਾਂ ਦਾ ਨਹੀਂ? ਲੋੜ ਹੈ ਇਸ ਸਮੇਂ ਉਨ੍ਹਾਂ ਸੰਸਥਾਵਾਂ ਨੂੰ ਹਾਅ ਦਾ ਨਾਅਰਾ ਮਾਰਨ ਦੀ ਜੋ ਮਨੁੱਖੀ ਅਧਿਕਾਰ ਦੀ ਗੱਲ ਕਰਦੀਆਂ ਹਨ।


-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਹੜ੍ਹ, ਭੁਚਾਲ, ਤੂਫ਼ਾਨ, ਸੋਕਾ ਅਤੇ ਬੱਦਲ ਫਟਣਾ
ਜੰਗਲ ਵਿਚ ਅਗਜ਼ਨੀ ਦੀਆਂ ਘਟਨਾਵਾਂ ਮਨੁੱਖਤਾ ਨੂੰ ਅਸਹਿ ਪੀੜਾਂ ਦੇ ਰਹੀਆਂ ਹਨ, ਉਥੇ ਖੇਤੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਅਵਾਰਾ ਪਸ਼ੂਆਂ ਆਦਿ ਦੇ ਸੰਕਟ ਗਹਿਰਾਏ ਹੋਏ ਹਨ। ਸਰਕਾਰ ਦੀਆਂ ਨੀਤੀਆਂ ਵੱਧ ਜ਼ਿੰਮੇਵਾਰ ਹਨ। ਸਰਕਾਰ ਲੋਕਾਂ ਦੀ ਗੱਲ ਨਾ ਸੁਣਨ ਦੀ ਆਦਤ ਤੋਂ ਮਜਬੂਰ ਹੈ। ਜਨਤਾ ਦੀ ਦਲੀਲ, ਅਪੀਲ ਖੂਹ ਖਾਤੇ ਸੁੱਟ ਕੇ ਜਨਤਕ ਰੋਹ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਢਿੱਡ 'ਤੇ ਲੱਤ ਨਾ ਮਾਰਦੇ ਹੋਏ ਇਨ੍ਹਾਂ ਸੰਕਟਾਂ ਨੂੰ ਅੜੀਅਲ ਵਤੀਰਾ ਛੱਡ ਕੇ ਹੱਲ ਕਰਨਾ ਚਾਹੀਦਾ ਹੈ।


-ਬਲਵੰਤ ਸਿੰਘ ਸੋਹੀ, ਬਾਗੜੀਆਂ, ਸੰਗਰੂਰ।


ਜਿੱਤ ਯਕੀਨੀ
ਦਿੱਲੀ ਮੋਰਚਾ ਕੇਵਲ ਕਿਰਸਾਨਾਂ ਦਾ ਹੀ ਨਹੀਂ, ਸਗੋਂ ਸਮੁੱਚੇ ਕਿਰਤੀ ਵਰਗ ਦੇ ਭਵਿੱਖ ਦੀ ਜ਼ਿੰਦਗੀ-ਮੌਤ ਦਾ ਸਵਾਲ ਹੈ। ਇਸ ਦੀ ਸਫਲਤਾ ਵਿਚ ਵਿਹਲੜਾਂ ਅਤੇ ਮੱਕਾਰਾਂ ਦੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਹੈ। ਮਾਮੂਲੀ ਸਮਝ ਵਾਲਾ ਵਿਅਕਤੀ ਵੀ ਇਸ ਹਕੀਕਤ ਦੀ ਪਛਾਣ ਕਰ ਚੁੱਕਾ ਹੈ। ਕੇਂਦਰ ਦੀ ਸ਼ਾਤਰ ਸਰਕਾਰ ਕਿੰਨੇ ਮਰਜ਼ੀ ਤਰਲੇ ਲਵੇ ਜਾਂ ਹਥਕੰਡੇ ਵਰਤੇ, ਲੋਕਾਂ ਦੀ ਜਿੱਤ ਯਕੀਨੀ ਹੈ। ਕਿਸੇ ਵੱਡੀ ਪ੍ਰਾਪਤੀ ਲਈ ਕੁਰਬਾਨੀ ਤਾਂ ਕਰਨੀ ਹੀ ਪੈਂਦੀ ਹੈ ਜੋ ਅਸੀਂ ਕਰ ਰਹੇ ਹਾਂ ਤੇ ਭਵਿੱਖ ਵਿਚ ਕਰਾਂਗੇ ਵੀ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਸੰਸਦ ਦੀ ਬਹਿਸ ਖੇਤੀ ਕਾਨੂੰਨ
ਭਾਜਪਾ ਸਰਕਾਰ ਦੀ ਬਹੁਗਿਣਤੀ ਹੋਣ ਕਾਰਨ ਖੇਤੀ ਕਾਨੂੰਨ ਪਾਸ ਕਰਕੇ ਵਿਰੋਧੀਆਂ ਨੂੰ ਅਤੇ ਕਿਸਾਨ ਅੰਦੋਲਨ ਦੇ ਆਗੂਆਂ ਦੀ ਗੱਲ ਨਾ ਸੁਣਨ ਦਾ ਤਰੀਕਾ ਫਾਸ਼ੀਵਾਦ ਦਾ ਸੂਚਕ ਹੈ। ਕੋਰੋਨਾ ਦਾ ਬਹਾਨਾ ਲਾਉਣਾ ਫੇਲ੍ਹ ਹੋ ਗਿਆ ਹੈ। ਕਿਸਾਨ ਅੰਦੋਲਨ ਨੇ ਸੰਸਾਰ ਪੱਧਰ 'ਤੇ ਹਮਦਰਦੀ ਪ੍ਰਾਪਤ ਕਰਕੇ ਨਾਮਣਾ ਖੱਟਿਆ ਹੈ। ਸਰਕਾਰ ਦੇ ਪੱਲੇ ਥੂਹ-ਥੂਹ ਪੈ ਰਹੀ ਹੈ। ਹਰਮਨ-ਪਿਆਰੇ 'ਅਜੀਤ' ਦਾ ਸੰਪਾਦਕੀ ਠੀਕ ਵਿਸ਼ਲੇਸ਼ਣ ਹੈ। ਸਰਕਾਰ ਅਤੇ ਕਿਸਾਨ ਆਗੂਆਂ ਨੂੰ ਠੰਢੇ ਦਿਮਾਗ ਨਾਲ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਵਿਚ ਹੀ ਸਰਕਾਰ ਦਾ, ਕਿਸਾਨ ਦਾ, ਦੇਸ਼ ਦਾ ਭਲਾ ਹੋਵੇਗਾ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ (ਸੰਗਰੂਰ)।


ਅਜੋਕਾ ਭਾਰਤੀ ਮੀਡੀਆ
ਅਜੋਕੇ ਯੁੱਗ ਅੰਦਰ ਮੀਡੀਆ ਉੱਪਰ ਬਹੁਤ ਸਵਾਲ ਖੜ੍ਹੇ ਹੋ ਰਹੇ ਹਨ ਕਿ ਮੀਡੀਆ ਟੀ.ਆਰ.ਪੀ. ਖ਼ਾਤਰ 'ਪੀਲੀ ਪੱਤਰਕਾਰੀ' ਕਰ ਰਿਹਾ ਹੈ ਅਤੇ ਆਮ ਜਨਤਾ ਅਜੋਕੇ ਮੀਡੀਆ ਨੂੰ 'ਵਿਕਾਊ' ਵੀ ਆਖ ਰਹੀ ਹੈ ਪਰ ਅਸੀਂ ਧੰਨਵਾਦੀ ਹਾਂ 'ਪ੍ਰਿੰਟ ਮੀਡੀਆ' ਦੇ, ਜੋ ਆਮ ਜਨਤਾ ਤੱਕ ਸਹੀ ਜਾਣਕਾਰੀ ਪਹੁੰਚਾ ਰਿਹਾ ਹੈ। ਅਖ਼ਬਾਰ ਹੀ ਹੈ ਜੋ ਸਾਨੂੰ ਸੁਚੇਤ ਕਰ ਰਹੀ ਹੈ, ਆਖ਼ਰ ਦੁਨੀਆ ਅੰਦਰ ਵਾਪਰ ਕੀ ਰਿਹਾ ਹੈ? ਦਿਨੋ-ਦਿਨ ਲੋਕਾਂ ਦਾ ਭਰੋਸਾ ਪ੍ਰਿੰਟ ਮੀਡੀਆ ਵੱਲ ਵਧ ਰਿਹਾ ਹੈ।


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

10-02-2021

 ਬੈਰੀਕੇਡ

ਅਸੀਂ ਅਕਸਰ ਹੀ ਵੱਡੇ ਸ਼ਹਿਰਾਂ ਤੇ ਮਹਾਂਨਗਰਾਂ ਵਿਚ ਸੁਰੱਖਿਆ ਕਰਮੀਆਂ ਵਲੋਂ ਚੈਕਿੰਗ ਲਈ ਜਾਂ ਸੜਕੀ ਮਾਰਗਾਂ 'ਤੇ ਵੱਡੇ-ਵੱਡੇ ਬੈਰੀਕੇਡ ਦੇਖਦੇ ਸਾਂ। ਪਰ ਜਦੋਂ ਦਾ ਕਿਸਾਨ ਮੋਰਚਾ ਲੱਗਿਆ ਹੈ ਤਾਂ ਉਸ ਵੇਲੇ ਤੋਂ ਜਿਧਰ ਦੇਖੋ ਬੈਰੀਕੇਡ ਬੈਰੀਕੇਡ ਹੀ ਹੋਈ ਪਈ ਹੈ। ਪਹਿਲੋਂ ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਤਾਂ ਹਰਿਆਣਾ ਦੀ ਸਰਕਾਰ ਨੇ ਵੱਡੇ-ਵੱਡੇ ਬੈਰੀਕੇਡ ਲਾ ਕੇ ਕਿਸਾਨਾਂ ਦਾ ਸਵਾਗਤ ਕੀਤਾ। ਵੱਡੇ ਬੈਰੀਕੇਡ ਲਾ ਕੇ ਸਭ ਕੁਝ ਰੋਕਣਾ ਚਾਹਿਆ ਪਰ ਲੋਕ ਰੋਹ ਅੱਗੇ ਵੱਡੇ-ਵੱਡੇ ਬੈਰੀਕੇਡ ਵੀ ਨਾ ਖੜ੍ਹੇ। ਬੈਰੀਕੇਡ ਤੇ ਹੋਰ ਸਖ਼ਤ ਰਸਤਿਆਂ ਨੂੰ ਤੋੜਦੇ ਹੋਏ ਕਿਸਾਨ ਸਭ ਕੁਝ ਪਾਰ ਕਰ ਕੇ ਦਿੱਲੀ ਦੀਆਂ ਬਰੂਹਾਂ ਵਿਚ ਰੁਕ ਗਏ।
ਜਿਥੇ ਵੱਡੇ-ਵੱਡੇ ਬੈਰੀਕੇਡ ਹੀ ਉਨ੍ਹਾਂ ਨੂੰ ਰੋਕ ਰਹੇ ਸਨ ਤੇ ਕਿਸਾਨ ਰੁਕੇ ਵੀ ਅਖ਼ੀਰ ਨੂੰ ਕਿਸਾਨ ਸੰਘਰਸ਼ ਮੋਰਚਾ ਲੰਮਾ ਚਲਦਾ ਹੋਇਆ ਇਨ੍ਹਾਂ ਬੈਰੀਕੇਡਾਂ 'ਤੇ ਹੀ ਲੱਗਾ ਹੋਇਆ ਹੈ। 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਤਾਂ ਜਿਥੇ-ਜਿਥੇ ਕਿਸਾਨ ਡਟੇ ਹੋਏ ਹਨ। ਆਪਣੇ ਮੁਲਕ ਵਿਚ ਹੀ ਕਿਸਾਨਾਂ ਨਾਲ ਬਦਸਲੂਕੀ ਵੱਡੀ ਪੱਧਰ 'ਤੇ ਸਰਕਾਰ ਕਰ ਰਹੀ ਹੈ। ਪੰਜਾਬ ਵਿਚ ਵੀ ਉਸ ਵੇਲੇ ਬੈਰੀਕੇਡ ਦੇਖਣ ਨੂੰ ਮਿਲਿਆ ਜਦੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ 'ਤੇ ਬੈਰੀਕੇਡ ਲਗਾਏ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਬੈਰੀਕੇਡ ਪੁੱਟ ਕੇ ਆਪਣਾ ਮਾਰਚ ਕੋਠੀ ਵੱਲ ਕੀਤਾ। ਗੱਲ ਬੈਰੀਕੇਡ ਦੀ ਹੀ ਹੈ ਕਿ ਦਿੱਲੀ ਵਿਚ ਤਾਂ ਸਰਕਾਰ ਨੇ ਕਿਸਾਨਾਂ ਨੂੰ ਤੇ ਹੋਰ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਦਿਵਾ ਕੇ ਬੈਰੀਕੇਡ ਖੜ੍ਹੇ ਕੀਤੇ ਹਨ ਪਰ ਪੰਜਾਬ ਪੁਲਿਸ ਨੇ ਜੋ ਬੈਰੀਕੇਡ ਕੀਤੇ ਹਨ, ਉਹ ਆਪਣਿਆਂ ਨਾਲ ਹੀ ਆਪਣਿਆਂ ਵਲੋਂ ਬੁਰਾ ਕੀਤਾ ਜਾ ਰਿਹਾ ਗ਼ਲਤ ਸਲੂਕ ਨਜ਼ਰ ਆਇਆ। ਲੋਕ ਸੰਘਰਸ਼ਾਂ ਅੱਗੇ ਬੈਰੀਕੇਡ ਨਹੀਂ ਖੜ੍ਹਦੇ।

-ਬਲਬੀਰ ਸਿੰਘ ਬੱਬੀ।

ਕਿਸਾਨ ਦਾ ਟਰੈਕਟਰ

ਸਾਨੂੰ ਬੜਾ ਮਾਣ ਹੈ ਕਿਸਾਨ ਕਿਰਤੀ ਦੀ ਨਿੱਤ ਵਰਤੋਂ ਵਾਲੀ ਮਸ਼ੀਨਰੀ 'ਤੇ ਜੋ ਕਿਰਤ ਕਰਨ ਦੇ ਨਾਲ ਕਿਸਾਨ ਦਾ ਸਾਥ ਮਨੁੱਖ ਦੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਹਰ ਦੁੱਖ-ਸੁੱਖ ਵਿਚ ਸਾਥੀ ਹੁੰਦੀ ਹੈ। ਅੱਜ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਟਰੈਕਟਰਾਂ ਟਰਾਲੀਆਂ ਨੂੰ ਆਪਣਾ ਰੈਣ ਬਸੇਰਾ ਬਣਾ ਕੇ ਬੈਠੇ ਹੋਏ ਹਨ। ਦਿੱਲੀ ਤੋਂ ਹੱਕ ਲੈਣ ਲਈ ਅੱਜ ਟਰੈਕਟਰ ਰਾਫੇਲ ਜਹਾਜ਼ ਦੀ ਤਰ੍ਹਾਂ ਸੜਕਾਂ 'ਤੇ ਉੱਡੇ ਜਾ ਰਹੇ ਹਨ। ਦਿੱਲੀ ਕਦੇ ਬਾਦਸ਼ਾਹਾਂ ਦਾ ਤਾਜ ਹੋਇਆ ਕਰਦੀ ਸੀ, ਜੋ ਅੱਜ ਕਿਸਾਨ ਕਿਰਤੀਆਂ ਦੇ ਪੈਰਾਂ ਵਿਚ ਹੈ। ਕਿਸਾਨ ਦੇ ਟਰੈਕਟਰਾਂ ਨੇ ਦਿੱਲੀ ਦੂਰ ਨਹੀਂ, ਨਵਾਂ ਨਾਅਰਾ ਦਿੱਤਾ, ਜੱਟ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਮਿਲਿਆ ਸੀ। ਪਰ ਅੱਜ ਰਾਫੇਲ ਨੂੰ ਪਿੱਛੇ ਛੱਡ ਗਿਆ ਕਿਉਂਕਿ ਜਹਾਜ਼ ਲੜਾਈ ਚਾਹੁੰਦਾ ਟਰੈਕਟਰ ਖੁਸ਼ਹਾਲੀ ਤਰੱਕੀ ਤੇ ਸ਼ਾਂਤੀ ਚਾਹੁੰਦਾ। ਜੇ ਅੱਜ ਜਿੱਤ ਹੋਵੇ ਤਾਂ ਕਿਸਾਨ ਕਿਰਤੀ ਇਕੱਲੇ ਦੀ ਨਹੀਂ ਟਰੈਕਟਰਾਂ ਦੀ ਇਸ ਤੋਂ ਵੀ ਵੱਧ ਹੋਵੇਗੀ। ਪਰਮਾਤਮਾ ਕਿਰਪਾ ਕਰੇ ਇਹ ਦੋਵੇਂ ਜਿੱਤ ਕੇ ਘਰਾਂ ਨੂੰ ਮੁੜਨ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਵਧ ਰਿਹਾ ਪ੍ਰਦੂਸ਼ਣ

ਪ੍ਰਦੂਸ਼ਣ ਦੀ ਸਮੱਸਿਆ ਦਿਨੋ-ਦਿਨ ਵਧ ਰਹੀ ਹੈ। ਪ੍ਰਦੂਸ਼ਣ ਕਈ ਤਰ੍ਹਾਂ ਪੈਦਾ ਹੁੰਦਾ ਹੈ, ਜਿਸ ਵਿਚ ਧੂੰਏਂ ਦਾ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ ਆਦਿ। ਪਿਛਲੇ ਸਮਿਆਂ ਵੱਲ ਵੇਖਿਆ ਜਾਵੇ ਤਾਂ ਪ੍ਰਦੂਸ਼ਣ ਬਿਲਕੁਲ ਨਾਮਾਤਰ ਹੁੰਦਾ ਸੀ ਕਿਉਂਕਿ ਉਨ੍ਹਾਂ ਸਮਿਆਂ 'ਚ ਆਵਾਜਾਈ ਦੇ ਸਾਧਨ ਘੱਟ ਸਨ। ਕਾਰਖਾਨੇ, ਫੈਕਟਰੀਆਂ ਨਾਮਾਤਰ ਸਨ। ਮਕਾਨ ਕੱਚੇ ਸਨ। ਇਨ੍ਹਾਂ ਕਾਰਨਾਂ ਕਰਕੇ ਪ੍ਰਦੂਸ਼ਣ ਘੱਟ ਸੀ। ਅੱਜ ਜੇਕਰ ਵੇਖਿਆ ਜਾਵੇ ਤਾਂ ਫੈਕਟਰੀਆਂ, ਕਾਰਖਾਨਿਆਂ 'ਚੋਂ ਨਿਕਲਣ ਵਾਲਾ ਧੂੰਆਂ ਤੇ ਗੰਦਾ ਪਾਣੀ ਸਾਡੀ ਧਰਤੀ ਤੇ ਆਕਾਸ਼ ਨੂੰ ਗੰਧਲਾ ਕਰ ਰਿਹਾ ਹੈ। ਝੂਠੀ ਸ਼ੁਹਰਤ ਤੇ ਪੈਸੇ ਦੀ ਹੋੜ 'ਚ ਮਨੁੱਖ ਕੁਦਰਤੀ ਨਜ਼ਾਰੇ ਭੁੱਲ ਕੇ ਆਪਣੀ ਬਨਾਵਟੀ ਜ਼ਿੰਦਗੀ ਜੀਅ ਕੇ ਖੁਸ਼ੀ ਲੱਭਣੀ ਚਾਹੁੰਦਾ ਹੈ ਪਰ ਮਿਲਦੀ ਨਿਰਾਸ਼ਾ ਹੀ ਹੈ। ਕਿਉਂਕਿ ਜਦੋਂ ਤੱਕ ਅਸੀਂ ਕੁਦਰਤ ਦੁਆਰਾ ਬਖਸ਼ੀਆਂ ਦਾਤਾਂ ਦਾ ਸਤਿਕਾਰ ਨਹੀਂ ਕਰਦੇ, ਓਨਾ ਚਿਰ ਅਸੀਂ ਸੁਖ ਨਹੀਂ ਪਾ ਸਕਦੇ। ਸੋ, ਅੰਤ 'ਚ ਇਹੀ ਕਹਾਂਗੇ ਕਿ ਵਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ, ਵੱਧ ਤੋਂ ਵੱਧ ਰੁਖ਼ ਲਗਾਈਏ।

-ਡਾ: ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।

ਸੱਭਿਆਚਾਰ ਨੂੰ ਸੰਭਾਲਣ ਦੀ ਜ਼ਰੂਰਤ

ਪੱਛਮੀ ਸੱਭਿਆਚਾਰ ਸਾਡੀ ਨੌਜਵਾਨ ਪੀੜ੍ਹੀ 'ਤੇ ਹਾਵੀ ਹੋ ਰਿਹਾ ਹੈ। ਕੁਝ ਟੀ.ਵੀ. ਚੈਨਲਾਂ 'ਤੇ ਪ੍ਰਸਾਰਿਤ ਕੀਤੇ ਗਏ ਗੀਤ ਅਤੇ ਪ੍ਰੋਗਰਾਮ ਵੀ ਨੌਜਵਾਨ ਪੀੜ੍ਹੀ 'ਤੇ ਮਾੜਾ ਪ੍ਰਭਾਵ ਪਾ ਰਹੇ ਹਨ ਜੋ ਕਿ ਨੌਜਵਾਨਾਂ ਲਈ ਘਾਤਕ ਸਾਬਤ ਹੋ ਸਕਦੇ ਹਨ। ਬਹੁਤ ਸਾਰੇ ਪੰਜਾਬੀ ਗਾਣੇ ਵੀ ਅਜਿਹੇ ਹਨ, ਜਿਨ੍ਹਾਂ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ ਜੋ ਕਿ ਸਹੀ ਨਹੀਂ ਹੈ। ਇਸ ਦਾ ਦੇਸ਼ ਦੇ ਭਵਿੱਖ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਪ੍ਰੋਗਰਾਮਾਂ ਅਤੇ ਗਾਣਿਆਂ 'ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਕਿਉਂਕਿ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹਨ। ਜੇਕਰ ਉਹ ਹੀ ਗ਼ਲਤ ਹੋ ਗਏ ਤਾਂ ਸਾਡੇ ਦੇਸ਼ ਦਾ ਕੀ ਹੋਵੇਗਾ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ., ਜਲੰਧਰ।

09-02-2021

 ਕਿਥੇ ਅਲੋਪ ਹੋ ਰਹੇ ਹਨ ਸਾਡੇ ਰਵਾਇਤੀ ਖਾਣੇ?

ਬਦਲਦੇ ਦੌਰ ਨਾਲ ਪਹਿਰਾਵਾ ਤਾਂ ਬਦਲਿਆ ਹੀ ਹੈ ਪਰ ਖਾਣਾ ਵੀ ਬਦਲ ਗਿਆ ਹੈ। ਰੈਡੀਮੇਡ ਟਰੈਂਡ ਚੱਲਣ ਨਾਲ ਨਵੀਂ ਪੀੜ੍ਹੀ ਦਾ ਖਾਣਾ ਵੀ ਰੈਡੀਮੇਡ ਹੋ ਗਿਆ ਹੈ। ਮੱਕੀ ਦੀ ਰੋਟੀ ਦੀ ਜਗ੍ਹਾ ਬਰਾਊਨ ਬਰੈੱਡ ਨੇ ਲੈ ਲਈ ਹੈ। ਫਾਸਟ ਫੂਡ ਖਾਣ ਨਾਲ ਸਰੀਰਕ ਅਤੇ ਮਾਨਸਿਕ ਰੋਗ ਵੀ ਤੇਜ਼ੀ ਨਾਲ ਵਧ ਰਹੇ ਹਨ। ਵਧੇਰੇ ਮਿਰਚ-ਮਸਾਲੇ ਵਾਲੇ ਪਕਵਾਨ ਖਾਣ ਨਾਲ ਲੋਕਾਂ ਦਾ ਸੁਭਾਅ ਵੀ ਚਿੜਚਿੜਾ ਹੁੰਦਾ ਜਾ ਰਿਹਾ ਹੈ ਅਤੇ ਸਹਿਣਸ਼ੀਲਤਾ ਘਟ ਰਹੀ ਹੈ। ਪਹਿਲੇ ਸਮੇਂ ਵਿਚ ਖਾਣੇ ਸਾਦੇ ਸੀ ਤੇ ਸੁਭਾਅ ਵਿਚ ਵੀ ਨਿਮਰਤਾ ਸੀ। ਅੱਜਕਲ੍ਹ ਤਾਂ ਸੁਆਣੀਆਂ ਵੀ ਰਸੋਈ ਵਿਚ ਕੰਮ ਕਰਕੇ ਖੁਸ਼ ਨਹੀਂ ਹਨ। ਮਾਂ-ਪਿਓ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਫਾਸਟ ਫੂਡ ਖਾਣ ਦੇ ਨੁਕਸਾਨ ਬਾਰੇ ਦੱਸਣ, ਨਾ ਕਿ ਨਾਲ ਬੈਠ ਕੇ ਸਵਾਦ ਲੈ ਕੇ ਖਾਣ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਨਵੀਂ ਚੇਤਨਾ ਦਾ ਉਭਾਰ

ਚੱਲ ਰਿਹਾ ਮੌਜੂਦਾ ਕਿਸਾਨ ਅੰਦੋਲਨ ਕਿਰਤੀ ਕਿਰਸਾਨ ਅਤੇ ਆਮ ਮਨੁੱਖ ਵਿਚ ਉਪਜੀ ਉਸਾਰੂ ਚੇਤਨਾ ਦਾ ਪ੍ਰਤੀਕ ਹੈ। ਇਹ ਕੋਈ ਸਾਧਾਰਨ ਸੰਘਰਸ਼ ਨਹੀਂ। ਇਸ ਦੇ ਪ੍ਰਣਾਮ ਦੇਰਰਸੀ ਅਤੇ ਚਿਰਸਥਾਈ ਹੋਣਗੇ। ਇਹ ਇਨਕਲਾਬ ਹੈ ਜੋ ਸਿਆਸਤ ਵਿਚ ਆਏ ਇਖ਼ਲਾਕੀ ਨਿਘਾਰ ਨੂੰ ਇਕ ਵੱਡੀ ਚੁਣੌਤੀ ਹੈ। ਇਸ ਨਾਲ ਕੂੜ ਕਪਟ ਨੂੰ ਠੱਲ੍ਹ ਪਏਗੀ। ਕਿਸੇ ਵੱਡੀ ਪ੍ਰਾਪਤੀ ਲਈ ਕੁਰਬਾਨੀ ਤਾਂ ਕਰਨੀ ਹੀ ਪੈਂਦੀ ਹੈ। ਸੋ ਘਬਰਾਉਣ ਦੀ ਲੋੜ ਨਹੀਂ। ਚੰਗੇ ਸਿੱਟਿਆਂ ਦੀ ਆਸ ਕਰਨੀ ਚਾਹੀਦੀ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਫ਼ਿਲਮੀ ਸਰਦਾਰ

ਅੱਜ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ, ਜਿਸ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਪੂਰਨ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਇਸ ਸੰਘਰਸ਼ ਨੂੰ ਬਹੁਤ ਵੱਡਾ ਹੁੰਗਾਰਾ ਦਿੰਦੇ ਹੋਏ ਦਿੱਲੀ ਵਿਖੇ ਜਾ ਕੇ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਪਰ ਬਾਲੀਵੁੱਡ ਹਸਤੀਆਂ ਵਲੋਂ ਕੋਈ ਵੀ ਕਿਸਾਨਾਂ ਦੇ ਹੱਕ ਵਿਚ ਨਹੀਂ ਨਿਤਰਿਆ। ਜਦੋਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਅਨੇਕਾਂ ਫ਼ਿਲਮੀ ਕਲਾਕਾਰ ਸਰਦਾਰਾਂ, ਸਿੱਖੀ ਅਤੇ ਕਿਰਸਾਨੀ 'ਤੇ ਆਧਾਰਿਤ ਫ਼ਿਲਮਾਂ ਬਣਾ ਕੇ ਨਾਮਣਾ ਖੱਟਦੇ ਹਨ ਪਰ ਇਹ ਜ਼ਰੂਰ ਸਾਬਤ ਹੋ ਗਿਆ ਹੈ ਕਿ ਇਨ੍ਹਾਂ ਨੇ ਆਪਣੇ-ਆਪ ਨੂੰ ਮਸ਼ਹੂਰ ਕਰਨ ਲਈ ਸਰਦਾਰਾਂ, ਸਿੱਖਾਂ ਤੇ ਪੰਜਾਬ 'ਤੇ ਫ਼ਿਲਮਾਂ ਬਣਾਈਆਂ ਪਰ ਜਦ ਹੁਣ ਜ਼ਰੂਰਤ ਸੀ ਕਿਸਾਨਾਂ ਤੇ ਪੰਜਾਬੀਆਂ ਨਾਲ ਖੜ੍ਹਨ ਦੀ ਤਾਂ ਕੋਈ ਅੱਗੇ ਨਹੀਂ ਆਇਆ। ਅੱਜ ਇਨ੍ਹਾਂ ਬਾਲੀਵੁੱਡ ਹਸਤੀਆਂ ਖਿਲਾਫ਼ ਪੰਜਾਬ ਦੇ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਬਾਲੀਵੁੱਡ ਹਸਤੀਆਂ 'ਚੋਂ ਕਿਸੇ ਨੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ।

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਡਾਕ ਦੀ ਮਹੱਤਤਾ

ਪੰਜਾਬੀ ਮਾਂ-ਬੋਲੀ ਦੇ ਸਿਰਕੱਢ ਅਖ਼ਬਾਰ 'ਅਜੀਤ' ਨੂੰ ਸਭ ਤੋਂ ਵੱਧ ਲੋਕਾਂ ਵਲੋਂ ਪੜ੍ਹਿਆ ਜਾਂਦਾ ਹੈ। ਇਸ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬਹੁਤ ਜ਼ਿਆਦਾ ਪ੍ਰਭਾਵਿਤ ਮੰਨਿਆ ਜਾਂਦਾ ਹੈ। ਸੰਪਾਦਕ ਦੀ ਡਾਕ ਅਖ਼ਬਾਰ ਵਿਚ ਛਪਦੇ ਰਹਿੰਦੇ ਲੇਖਾਂ ਸਬੰਧੀ ਪਾਠਕਾਂ ਦੀ ਪੜਚੋਲ ਦਾ ਸ਼ੀਸ਼ਾ ਹੁੰਦੀ ਹੈ।
ਇਹ ਹਰ ਅਖ਼ਬਾਰ ਦੇ ਹਾਜ਼ਮੇ ਲਈ ਬਹੁਤ ਜ਼ਰੂਰੀ ਤੱਤ ਹੈ। ਇਸ ਲਈ ਚਿੱਠੀ ਭੇਜਣ ਤੇ ਲਿਖਣ ਤੋਂ ਬਾਅਦ ਵਧੀਆ ਵਿਚਾਰ ਦਾ ਛਪਣਾ ਜ਼ਰੂਰੀ ਹੈ। ਲੇਖਕ ਅਤੇ ਪਾਠਕ ਲਈ ਬੇਹੱਦ ਜ਼ਰੂਰੀ ਹੈ ਡਾਕ ਦੀ ਉਡੀਕ ਕਰਨਾ। ਇਹ ਅਖ਼ਬਾਰ ਨੂੰ ਹਰਮਨ-ਪਿਆਰਾ ਬਣਾਉਣ ਲਈ ਸਹਾਇਕ ਸਿੱਧ ਹੁੰਦੀ ਹੈ।

-ਬਲਵੰਤ ਸਿੰਘ ਸੋਹੀ

ਤਪੋ ਰਾਜ ਤੇ ਰਾਜੋ ਨਰਕ

ਇਸ ਗੱਲ ਦੀ ਸਮਝ ਮੈਨੂੰ ਹੁਣ 66 ਸਾਲ ਦੀ ਉਮਰ ਬਾਅਦ ਲੱਗੀ ਹੈ ਕਿਉਂਕਿ ਇਹ ਛੋਟੇ ਹੁੰਦੇ ਘਰ ਵਿਚ ਜਦੋਂ ਕੋਈ ਤਾਕਤਵਰ ਬੰਦਾ ਬੇਇਨਸਾਫ਼ੀ ਕਰਦਾ ਤੇ ਇਹ ਸ਼ਬਦ ਆਮ ਸੁਣੇ ਜਾਂਦੇ ਹਨ ਤੇ ਇਕ ਵਾਰ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ, 'ਪਿਤਾ ਜੀ ਇਹ ਤਪੋ ਰਾਜ ਤੇ ਰਾਜੋ ਨਰਕ ਕੀ ਹੁੰਦਾ ਹੈ' ਤੇ ਉਨ੍ਹਾਂ ਮੈਨੂੰ ਦੱਸਿਆ ਪੁੱਤਰ ਬੜੀ ਭਗਤੀ ਕਰਨ ਤੋਂ ਬਾਅਦ ਰਾਜ ਭਾਗ ਮਿਲਦਾ ਹੈ ਤੇ ਰਾਜਾ ਬਣਦਾ ਹੈ ਤੇ ਉਸ ਦੇ ਮੂੰਹ ਵਿਚੋਂ ਕੱਢੀ ਗੱਲ ਸਾਰੀ ਦੁਨੀਆ ਮੰਨਦੀ ਹੈ। ਉਸ ਦਾ ਹੁਕਮ ਰੱਬ ਦਾ ਹੁਕਮ ਹੁੰਦਾ ਹੈ ਅਤੇ ਰਾਜਾ ਬਣ ਉਹ ਜਾਣੇ ਅਨਜਾਣੇ ਵਿਚ ਕਈ ਮਾੜੇ ਕੰਮ ਕਰਦਾ ਹੈ, ਉਹ ਵੀ ਪਾਪ ਬਣ ਜਾਂਦੇ ਹਨ। ਇਸ ਨੂੰ ਹੀ ਤਪੋ ਰਾਜ ਅਤੇ ਰਾਜੋ ਨਰਕ ਕਹਿੰਦੇ ਹਨ। ਇਹੋ ਜਿਹੇ ਰਾਜਿਆਂ ਦੇ ਜ਼ੁਲਮਾਂ ਨੂੰ ਦੇਖ ਕੇ ਸਾਡੇ ਗੁਰੂ, ਧੰਨ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਤੇ ਆਪ ਰੱਬ ਦਾ ਰੂਪ ਹੁੰਦੇ ਵੀ ਰੱਬ ਨੂੰ ਉਲਾਹਮਾ ਦੇਣਾ ਪਿਆ ਕਿ 'ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ।'

-ਪਰਮਿੰਦਰ ਕੌਰ।

ਅਨੂਠੀ ਲੋਕ ਲਹਿਰ

ਕਿਸਾਨ ਅੰਦੋਲਨ ਨੇ ਸ਼ਾਂਤਮਈ ਅਨੂਠੀ ਲੋਕ ਲਹਿਰ ਪੈਦਾ ਕੀਤੀ ਹੈ। ਸੁਣਨ ਨਾਲੋਂ ਦੇਖਣ 'ਚ ਸੁਆਦ ਹੈ। ਜਿਸ ਤਰ੍ਹਾਂ ਨੈਤਿਕ ਸਿੱਖਿਆ ਦਾ ਅਤੇ ਸ਼ਾਂਤਮਈ ਅੰਦੋਲਨ ਚਲ ਰਿਹਾ ਹੈ ਇਸ ਵਿਚੋਂ ਬਹੁਤ ਤਰ੍ਹਾਂ ਦੇ ਸਬਕ ਨਵੀਂ ਪੀੜ੍ਹੀ ਨੂੰ ਮਿਲ ਰਹੇ ਹਨ। ਅੰਦੋਲਨ ਦੇ ਬੀਂਡੀ ਜੁੜਿਆਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਵੀ ਆਉਂਦੀਆਂ ਹਨ। ਫ਼ੈਸਲੇ ਇਕੱਲੇ ਦੀ ਬਜਾਏ ਜ਼ਮੀਨੀ ਹਕੀਕਤ ਤੋਂ ਸਬਕ ਲੈ ਕੇ ਸੂਚਨਾ ਲੈ ਕੇ ਅਤੇ ਸੁਝਾਅ ਲੈ ਕੇ ਕਰਨੇ ਪੈਂਦੇ ਹਨ। ਇਸ ਲਈ ਸਾਰੀਆਂ ਯੂਨੀਅਨਾਂ ਦੀ ਸਿਫ਼ਤ ਕਰਨੀ ਬਣਦੀ ਹੈ। ਜਵਾਨੀ ਦਾ ਮਨੋਬਲ ਉੱਚਾ ਕਰਕੇ ਅਨੂਠੀ ਲੋਕ ਲਹਿਰ ਪੈਦਾ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤਕਾਂ ਤੋਂ ਨਿਰਲੇਪ ਹੋ ਕੇ ਰਾਸ਼ਟਰੀ, ਖੇਤਰੀ ਅਤੇ ਜ਼ਿੰਮੇਵਾਰੀ ਭਾਵਨਾ ਦਾ ਵਗਦਾ ਸਮੁੰਦਰ ਹੈ। ਇਸ ਲਹਿਰ ਦੇ ਨਿਗਰਾਨ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਲਹਿਰ ਵਿਚ ਵਿਸ਼ਵਾਸ ਪੈਦਾ ਕਰਕੇ ਸੰਤੁਲਨ ਬਣਾਈ ਰੱਖਿਆ।

-ਸੁੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

08-02-2021

 ਕੇਂਦਰ ਦੀ ਬੌਖਲਾਹਟ
ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਕੇਂਦਰ ਸਰਕਾਰ ਅਤੇ ਉਸ ਦੇ ਸਮਰਥਕਾਂ ਤੋਂ ਬਿਨਾਂ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਪਿਛਲੇ ਦਿਨੀਂ ਹਾਲੀਵੁੱਡ ਦੀਆਂ ਮਸ਼ਹੂਰ ਅੰਤਰਰਾਸ਼ਟਰੀ ਹਸਤੀਆਂ ਨੇ ਟਵੀਟ ਕਰਕੇ ਕਿਸਾਨਾਂ ਦਾ ਪੱਖ ਪੂਰਿਆ। ਇਨ੍ਹਾਂ ਵਿਚ ਅਮਰੀਕੀ ਪੌਪ ਸਟਾਰ ਰਿਹਾਨਾ, ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਸਾਫ਼ ਵਾਤਾਵਰਨ ਲਈ ਆਵਾਜ਼ ਉਠਾਉਣ ਵਾਲੀ ਗ੍ਰੇਟਾ ਥੁਨਵਰਗ, ਗਾਇਕਾ ਜੋਅ ਸੀਨ, ਡਾਕਟਰ ਜਿਊਸ, ਮੀਆਂ ਖਲੀਫ਼ਾ ਆਦਿ ਪ੍ਰਮੁੱਖ ਹਨ। ਹੁਣ ਟਵਿਟਰ ਤੇ ਹੈਸ਼ਟੈਗ ਫਾਰਮਰ ਪ੍ਰੋਟੈਸਟ ਇਨ ਇੰਡੀਆ ਟ੍ਰੈਂਡ ਕਰ ਰਿਹਾ ਹੈ ਅਤੇ ਵੱਧ ਤੋਂ ਵੱਧ ਲੋਕ ਕਿਸਾਨ ਮੋਰਚੇ ਦੀ ਹਮਾਇਤ ਕਰ ਰਹੇ ਹਨ। ਬਾਲੀਵੁੱਡ ਦੇ ਕਈ ਸਟਾਰ ਅਤੇ ਕ੍ਰਿਕਟ ਖਿਡਾਰੀ ਵੀ ਸਰਕਾਰੀ ਜਾਂ ਕਾਰਪੋਰੇਟਰੀ ਹੱਕ ਵਿਚ ਟਵੀਟ ਕਰ ਰਹੇ ਹਨ। ਜਿਨ੍ਹਾਂ ਵਿਚ ਅਕਸ਼ੈ ਕੁਮਾਰ, ਅਜੈ ਦੇਵਗਨ, ਸੁਨੀਲ ਸ਼ੈਟੀ, ਸਚਿਨ ਤੇਂਦੁਲਕਰ ਆਦਿ ਸ਼ਾਮਿਲ ਹਨ। ਕੰਗਨਾ ਤਾਂ ਸੁਰੂ ਤੋਂ ਹੀ ਇਹ ਕੰਮ ਕਰ ਰਹੀ ਹੈ। ਕਈ ਸਮਰਥਕਾਂ ਨੇ ਤਾਂ ਅੰਤਰਰਾਸ਼ਟਰੀ ਹਸਤੀਆਂ ਦੀਆਂ ਤਸਵੀਰਾਂ ਤੱਕ ਜਲਾ ਕੇ ਪ੍ਰਦਰਸ਼ਨ ਕੀਤਾ ਹੈ। ਹੋਰ ਤਾਂ ਹੋਰ ਇਕ ਦੋ ਹਸਤੀਆਂ ਨੂੰ ਖਾਲਿਸਤਾਨੀ ਕੁਨੈਕਸ਼ਨ ਦਾ ਸਰਟੀਫਿਕੇਟ ਤੱਕ ਦੇ ਦਿੱਤਾ ਹੈ। ਇਨ੍ਹਾਂ ਹਸਤੀਆਂ ਦੇ ਟਵੀਟਾਂ ਤੇ ਐਨੀ ਕੜਵਾਹਟ ਵਿਚ ਕੇਂਦਰ ਸਰਕਾਰ ਦੀ ਬੌਖਲਾਹਟ ਸਾਫ਼ ਦਿਖਾਈ ਦੇ ਰਹੀ ਹੈ।


-ਚਾਨਣਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।


ਪਰਦੇ ਪਿਛਲਾ ਸੱਚ

ਖੇਤੀ ਕਾਨੂੰਨਾਂ ਪਿੱਛੇ ਮੰਤਵ ਕੀ ਹੈ, ਜੋਗਿੰਦਰ ਸਿੰਘ ਤੂਰ ਦੁਆਰਾ ਪਿਛਲੇ ਦਿਨੀਂ ਅਖ਼ਬਾਰ 'ਅਜੀਤ' ਵਿਚ ਲਿਖਿਆ ਲੇਖ ਸੱਚਮੁੱਚ ਉਸ ਸੱਚ ਨੂੰ ਸਹਿਜੇ ਹੀ ਉਜਾਗਰ ਕਰਦਾ ਹੈ, ਜਿਸ ਨੂੰ ਸਿਆਸੀ ਜਮਾਤਾਂ ਕਦੇ ਆਮ ਨਾਗਰਿਕ ਤੱਕ ਪਹੁੰਚਣ ਨਹੀਂ ਦਿੰਦੀਆਂ। ਇਹੋ ਸੱਚ ਦਾ ਗਿਆਨ ਹੀ ਹੈ ਜਿਸ ਨੇ ਕਿਸਾਨਾਂ ਨੂੰ ਸਿਰ-ਧੜ ਦੀ ਬਾਜ਼ੀ ਲਾਕੇ ਆਪਣੀ ਹੋਂਦ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ ਹੈ। ਜੇਕਰ ਅੱਜ ਵੀ ਕੋਈ ਖੇਤੀ ਕਾਨੂੰਨਾਂ ਦੇ ਹੱਕ ਵਿਚ ਭੁਗਤਦਾ ਹੈ ਤਾਂ ਉਸ ਨੂੰ ਇਹ ਲੇਖ ਜ਼ਰੂਰ ਪੜ੍ਹਨਾ ਤੇ ਸਮਝਣਾ ਚਾਹੀਦਾ ਹੈ। ਅਜਿਹੇ ਵਿਦਵਾਨ ਤੇ ਸੂਝਵਾਨ ਲੇਖਕਾਂ ਨਾਲ ਪਾਠਕਾਂ ਦੀ ਸਾਂਝ ਪਵਾਉਣ ਅਤੇ ਜਨ-ਸਮੂਹ ਵਿਚ ਜਾਗਰੂਕਤਾ ਪੈਦਾ ਕਰਨ ਲਈ ਅਦਾਰਾ 'ਅਜੀਤ' ਵਧਾਈ ਦਾ ਪਾਤਰ ਹੈ।


-ਸੁਖਦੇਵ ਸਿੰਘ ਪੰਜਰੁੱਖਾ


ਕਾਲਾ ਰੰਗ ਬਨਾਮ ਤਿੰਨੇ ਖੇਤੀ ਕਾਲੇ ਕਾਨੂੰਨ
ਮਾਣਯੋਗ ਨਰਿੰਦਰ ਸਿੰਘ ਤੋਮਰ, ਜੋ ਸਮਝ ਨਹੀਂ ਪਾ ਰਹੇ ਕਿ ਖੇਤੀ ਕਾਲੇ ਕਾਨੂੰਨਾਂ ਵਿਚ 'ਕਾਲਾ' ਕੀ ਹੈ? ਚਲੋ, ਕੋਈ ਗੱਲ ਨਹੀਂ, ਤੋਮਰ ਜੀ ਆਪ ਦੱਸ ਸਕਦੇ ਹੋ ਕਿ ਕਾਲੇ ਰੰਗ ਵਿਚ 'ਕੀ ਕੁਝ' ਹੁੰਦਾ ਹੈ ਅਤੇ ਇਸ ਦਾ ਪ੍ਰਭਾਵ ਪ੍ਰਕਿਰਤੀ ਦੇ ਜੀਵਾਂ, ਵਸਤੂਆਂ ਅਤੇ ਹੋਰ ਵਰਤਾਰਿਆਂ ਤੋਂ ਕੈਸਾ ਹੁੰਦਾ ਹੈ? ਜੋ ਭਾਰਤ ਭਰ ਦੇ ਕਿਸਾਨ ਅਤੇ ਮਜ਼ਦੂਰ ਨੌਜਵਾਨ ਲੜਕੇ-ਲੜਕੀਆਂ, ਬੱਚੇ-ਬੱਚੀਆਂ, ਬਜ਼ੁਰਗ ਮਾਤਾ-ਪਿਤਾ ਸਾਮਾਨ ਦਾਦੇ ਦਾਦੀਆਂ ਕਿਸਾਨ ਅਤੇ ਮਜ਼ਦੂਰਾਂ ਦੇ ਹੱਕ, ਕਿਸਾਨੀ ਕਿੱਤੇ ਤੇ ਉਕਤ ਕਾਲੇ ਕਾਨੂੰਨਾਂ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਰਾਜਧਾਨੀ ਦਿੱਲੀ ਦੇ ਵੱਖਰੇ-ਵੱਖਰੇ ਚੌਕਾਂ ਤੇ ਸੜਕਾਂ ਉਪਰ ਹੱਡ ਚੀਰਵੀਂ ਠੰਢ ਵਿਚ ਕੂਕ ਪੁਕਾਰ ਅਤੇ ਫਰਿਆਦਾਂ ਕਰ ਰਹੇ ਹਨ। ਕੀ ਦੁਨੀਆ ਭਰ ਦੇ ਮੁਲਕ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਅਗਾਂਹਵਧੂ ਦੇਸ਼ਾਂ ਵਿਚ ਭਾਰਤ ਦੀ ਕਿਸਾਨੀ ਅਤੇ ਮਜ਼ਦੂਰ ਸੰਘਰਸ਼ ਦੇ ਸਮਰਥਨ ਅਤੇ ਪ੍ਰਦਰਸ਼ਨਾਂ ਤੋਂ ਵੀ ਆਪ, ਮੋਦੀ ਅਤੇ ਅਮਿਤ ਸ਼ਾਹ ਨੂੰ ਕਾਲੇ ਕਾਨੂੰਨਾਂ ਵਿਚ ਕਾਲੇਪਨ ਦੀ ਸਮਝ ਨਹੀਂ ਆ ਰਹੀ। ਤੁਸੀਂ ਤਿੰਨੇ ਪ੍ਰਸਿੱਧ ਅਤੇ ਜ਼ਿੰਮੇਵਾਰ ਨੇਤਾ ਹੋ ਜੇ ਕੁਝ ਸਮਝ ਗਏ ਹੋ ਤਾਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰਨ ਦੀ ਕਿਰਪਾ ਕਰੋ। ਪਰ ਖੁਦਾ ਨਾ-ਖਾਸਤਾ ਜੋ ਹਾਲੇ ਵੀ ਬੇਸਮਝ ਹੋ ਤਾਂ ਰੱਬ ਰਾਖਾ।


-ਬਲਵੀਰ ਸਿੰਘ ਕੋਮਲ
ਮਕਸੂਦਾਂ, ਜਲੰਧਰ ਸ਼ਹਿਰ।


ਮੌਤੋਂ ਭੁੱਖ ਬੁਰੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਵਿਆਪੀ ਚੱਲ ਰਹੇ ਸੰਘਰਸ਼ ਵਿਚ ਪਿਛਲੇ 5-6 ਮਹੀਨੇ ਤੋਂ ਲੋਕ ਅੱਤ ਦੀ ਗਰਮੀ ਤੇ ਅੱਤ ਦੀ ਸਰਦੀ ਵਿਚ ਰੁਲ ਰਹੇ ਹਨ ਤੇ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਇਸ ਸੰਘਰਸ਼ ਵਿਚ ਸੈਂਕੜੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਪਰ ਦੇਸ਼ ਦੀ ਸਰਕਾਰ ਟੱਸ ਤੋਂ ਮਸ ਨਹੀਂ ਹੋ ਰਹੀ। ਇਸ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਹੋਏ ਆਪਣੇ ਧਰਮੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਤੇ ਅਮੀਰ ਘਰਾਣੇ ਇਹ ਮਹਿਸੂਸ ਕਰਨ ਕਿ ਮੌਤ ਨਾਲੋਂ ਭੁੱਖ ਬੁਰੀ ਹੁੰਦੀ ਹੈ ਤੇ ਸਿਰਫ਼ ਮਜ਼ਦੂਰ ਜਿਹੜੇ ਪਹਿਲਾਂ ਹੀ ਆਪਣੇ ਘਰ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਨ, ਉਨ੍ਹਾਂ ਨਾਲ ਇਹ ਧੱਕਾ ਨਾ ਕੀਤਾ ਜਾਵੇ।


-ਸੁਰਿੰਦਰ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।


ਅਣਮੁੱਲੇ ਪੰਛੀ
ਇਕ ਪਾਸੇ ਜਿਥੇ ਵਿਕਾਸ ਦੇ ਨਾਂਅ 'ਤੇ ਪਿੰਡਾਂ ਵਿਚ ਕੱਚਿਆਂ ਘਰਾਂ ਦਾ ਖਾਤਮਾ ਹੋਇਆ ਹੈ ਅਤੇ ਵੱਡੇ-ਵੱਡੇ ਦਰੱਖਤਾਂ ਦਾ ਪਿੰਡਾਂ, ਸ਼ਹਿਰਾਂ ਤੇ ਸੜਕਾਂ 'ਤੇ ਸਫਾਇਆ ਹੋ ਗਿਆ ਹੈ, ਜਿਸ ਕਾਰਨ ਪੰਛੀਆਂ ਦੇ ਰੈਣ-ਬਸੇਰੇ ਖਤਮ ਹੋ ਜਾਣ ਕਾਰਨ ਉਨ੍ਹਾਂ ਦੀਆਂ ਨਸਲ ਦਾ ਖਾਤਮਾ ਹੋ ਰਿਹਾ ਹੈ, ਉਥੇ ਹੀ ਪ੍ਰਵਾਸੀ ਪੰਛੀ ਜੋ ਕਿ ਲੰਮਾ ਪੈਂਡਾ ਤੈਅ ਕਰਕੇ ਹਰੀਕੇ ਝੀਲ, ਛੰਭਾਂ 'ਤੇ ਆ ਕੇ ਇਨ੍ਹਾਂ ਦੀ ਸ਼ੋਭਾ ਵਧਾਉਂਦੇ ਹਨ ਅਤੇ ਦੂਰੋਂ-ਦੂਰੋਂ ਸੈਲਾਨੀ ਇਨ੍ਹਾਂ ਪੰਛੀਆਂ ਨੂੰ ਦੇਖਣ ਆਉਂਦੇ ਹਨ, ਪ੍ਰੰਤੂ ਕਈ ਲੋਕ ਆਪਣੇ ਸਵਾਰਥ ਲਈ ਇਨ੍ਹਾਂ ਪੰਛੀਆਂ ਦਾ ਸਿੱਧੇ-ਅਸਿੱਧੇ ਢੰਗ ਨਾਲ ਸ਼ਿਕਾਰ ਕਰਕੇ ਇਨ੍ਹਾਂ ਦਾ ਮਾਸ ਵੇਚਦੇ ਹਨ। ਭਾਵੇਂ ਸਬੰਧਿਤ ਵਿਭਾਗ ਵਲੋਂ ਨਾਜਾਇਜ਼ ਸ਼ਿਕਾਰ ਕਰਨ ਵਾਲਿਆਂ ਨੂੰ ਵੱਖ-ਵੱਖ ਧਰਾਵਾਂ, ਐਕਟ, ਕਾਨੂੰਨਾਂ ਅਨੁਸਾਰ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਕਰਵਾਉਂਦੇ ਹਨ ਪ੍ਰੰਤੂ ਇਹ ਨਿਰਦਈ ਲੋਕ ਨਾਜਾਇਜ਼ ਕੰਮ ਕਰਨ ਤੋਂ ਬਾਜ਼ ਨਹੀਂ ਆਉਂਦੇ। ਜਿਥੇ ਇਨ੍ਹਾਂ ਅਣਮੁੱਲੇ ਪੰਛੀਆਂ ਦੀ ਹੋਂਦ ਬਚਾਉਣ ਲਈ ਸ਼ਿਕਾਰ ਕਰਨ ਵਾਲੇ ਲੋਕਾਂ ਨੂੰ ਰੱਬ ਦਾ ਖੌਅ ਖਾਂਦੇ ਹੋਏ, ਚੰਦ ਛਿੱਲੜਾਂ ਖਾਤਰ ਇਨ੍ਹਾਂ ਪੰਛੀਆਂ ਅਤੇ ਮੱਛੀਆਂ ਨੂੰ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਸਬੰਧਿਤ ਵਿਭਾਗ ਨੂੰ ਨਾਜਾਇਜ਼ ਸ਼ਿਕਾਰ ਦੀ ਰੋਕਥਾਮ ਲਈ ਗਸ਼ਤ ਹੋਰ ਤੇਜ਼ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਬੰਦ ਹੋਣ ਅਤੇ ਇਨ੍ਹਾਂ ਅਣਮੁੱਲੇ ਪੰਛੀਆਂ ਦੀ ਹੋਂਦ ਬਚੀ ਰਹੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਦੁਨੀਆ ਜਾਣ ਚੁੱਕੀ ਹੈ

ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਜੋ ਝੰਡਾ ਪੰਜਾਬ ਦੀ ਧਰਤੀ ਤੋਂ ਲਹਿਰਾਇਆ, ਇਸ ਹੇਠ ਪੂਰਾ ਦੇਸ਼ ਇਕੱਠਾ ਹੋ ਗਿਆ। ਦੁਨੀਆ ਜਾਣ ਚੁੱਕੀ ਹੈ ਕਿ ਪੋਹ, ਮਾਘ ਦੀਆਂ ਰਾਤਾਂ ਤੇ ਸੀਤ ਲਹਿਰ 'ਚ ਕਿਹੜੇ ਹਾਲਾਤ 'ਚ ਲੋਕ ਸੰਘਰਸ਼ ਕਰ ਰਹੇ ਹਨ। ਲੱਖਾਂ ਲੋਕ ਆਪਣੇ ਹੱਕਾਂ ਲਈ ਠੰਢੀਆਂ ਰਾਤਾਂ ਸੜਕਾਂ 'ਤੇ ਗੁਜ਼ਾਰਨ ਲਈ ਮਜਬੂਰ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਤਕਰੀਬਨ 70-75 ਦਿਨਾਂ ਤੋਂ ਉਪਰ ਸ਼ਾਂਤਮਈ ਸੰਘਰਸ਼ ਕਰਦੇ ਸੈਂਕੜੇ ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ। ਹੁਣ ਖੇਤੀ ਕਾਨੂੰਨਾਂ ਦੀ ਲੜਾਈ ਪੰਜਾਬੀਆਂ ਦੀ ਨਹੀਂ ਬਲਕਿ ਪੂਰੇ ਭਾਰਤ ਦੀ ਲੜਾਈ ਬਣ ਗਈ ਹੈ, ਇਹ ਲੜਾਈ ਹੈ ਮਜ਼ਦੂਰ ਦੀ, ਕਿਸਾਨ ਦੀ, ਨੌਜਵਾਨ ਦੀ ਤੇ ਇਹ ਲੜਾਈ ਹੈ ਹੋਂਦ ਦੀ, ਪਛਾਣ ਦੀ। ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਸਾਨੂੰ ਕਿਸਾਨ ਆਗੂਆਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਨਾਲ ਹੀ ਸਭ ਨੂੰ ਕਿਸਾਨ ਆਗੂਆਂ ਦੀ ਹਲੀਮੀਤੇ ਇਕਜੁੱਟਤਾ ਤੋਂ ਬੁਹਤ ਕੁਝ ਸਿੱਖਣ ਦੀ ਲੋੜ ਹੈ।


-ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ।

05-02-2021

 ਕਿਸਾਨਾਂ 'ਤੇ ਲਾਠੀਚਾਰਜ

ਸਾਡੇ ਦੇਸ਼ ਵਿਚ ਜੋ ਹੋ ਰਿਹਾ ਹੈ, ਉਸ ਦੇ ਬਹੁਤ ਹੀ ਗੰਭੀਰ ਸਿੱਟੇ ਨਿਕਲ ਸਕਦੇ ਹਨ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਈ ਕਿਸਾਨੀ ਸੰਘਰਸ਼ ਪਿਛਲੇ ਦੋ-ਢਾਈ ਮਹੀਨਿਆਂ ਤੋਂ ਬੜੇ ਹੀ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਅਤੇ ਜਿੰਨਾ ਚਿਰ ਹਾਕਮ ਕਾਲੇ ਕਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਬਣਦੇ ਹੱਕ ਨਹੀਂ ਦਿੰਦਾ ਓਨਾ ਸਮਾਂ ਮੋਰਚਾ ਇਸੇ ਤਰ੍ਹਾਂ ਹੀ ਏਕਤਾ ਨਾਲ ਸ਼ਾਂਤਮਈ ਤਰੀਕੇ ਹੀ ਚਲਦਾ ਰਹੇਗਾ। ਪਰ ਕੁਝ ਸ਼ਰਾਰਤੀ ਅਨਸਰਾਂ ਨੇ ਮਿਲ ਕੇ ਕਿਸਾਨੀ ਮੋਰਚੇ ਨੂੰ ਬਿਖੇੜਨ ਦੀ ਕੋਸ਼ਿਸ਼ ਕੀਤੀ ਜੋ ਸਰਾਸਰ ਗ਼ਲਤ ਹੈ। ਇਸ ਤਰ੍ਹਾਂ ਕਿਸਾਨੀ ਮੋਰਚੇ ਦੀ ਤਾਕਤ ਘਟਦੀ ਹੈ ਅਤੇ ਮੋਰਚੇ ਨੂੰ ਢਾਅ ਵੀ ਲਗਦੀ ਹੈ। ਸੋ ਵੀਰੋ ਅੱਜ ਵੀ ਮੋਰਚੇ ਵਿਚ ਏਕਤਾ ਅਤੇ ਸ਼ਾਂਤੀ ਬਰਕਰਾਰ ਰੱਖੋ। ਡਰੋ ਨਹੀਂ ਏਕਤਾ ਵਿਚ ਬਲ ਹੁੰਦਾ ਹੈ। ਕਿਸਾਨ, ਮਜ਼ਦੂਰ ਏਕਤਾ ਰਹੇਗੀ ਤਾਂ ਹੱਕ ਸਰਕਾਰ ਨੂੰ ਦੇਣੇ ਹੀ ਪੈਣਗੇ। ਸੋ ਅਫ਼ਵਾਹਾਂ ਤੋਂ ਬਚੋ ਅਤੇ ਚੜ੍ਹਦੀ ਕਲਾ ਵਿਚ ਰਹੋ। ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੇ। ਪਰ ਕਿਸਾਨਾਂ 'ਤੇ ਲਾਠੀਚਾਰਜ ਕਰਨਾ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਗ਼ਲਤ ਨੀਤੀ ਤੇ ਸੌੜੀ ਸੋਚ ਦਾ ਸਬੂਤ ਹੈ, ਜਿਸ ਨਾਲ ਪੂਰੇ ਅਵਾਮ ਲਈ ਮੰਦਭਾਗਾ ਸਮਾਂ ਜਾਪ ਰਿਹਾ ਹੈ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਬਹੁਤ ਵਧੀਆ ਲੇਖ

ਕਿਸਾਨ ਅੰਦੋਲਨ ਦੀ ਗੱਲ ਕਰਦੇ ਸ: ਸਤਨਾਮ ਸਿੰਘ ਮਾਣਕ ਜੀ ਦਾ ਲੇਖ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਵਿਥਿਆ ਸੁਣਨ ਅਤੇ ਕਿਸਾਨ ਆਗੂਆਂ ਨੂੰ ਮੰਗਾਂ ਸਬੰਧੀ ਲਚਕਦਾਰ ਪਹੁੰਚ 'ਤੇ ਜ਼ੋਰ ਦੇਣ ਲਈ ਕਹਿੰਦਾ ਹੈ। ਇਸ ਤਰ੍ਹਾਂ ਹੀ ਕਿਸਾਨ ਅੰਦੋਲਨ ਦਾ ਸਾਰਥਕ ਹੱਲ ਕੱਢਣ ਵਿਚ ਠੀਕ ਨਿਸ਼ਾਨੇ 'ਤੇ ਪਹੁੰਚਿਆ ਜਾ ਸਕਦਾ ਹੈ। ਅੜੀਅਲ ਰਵੱਈਏ ਨਾਲ ਦੇਸ਼ ਦਾ ਵਿਕਾਸ ਨਹੀਂ ਹੋਵੇਗਾ, ਕਿਸਾਨ ਵੀ ਮੰਗਾਂ ਸਬੰਧੀ ਲਚਕਦਾਰ ਪਹੁੰਚ ਦਿਖਾਉਣ ਤਾਂ ਕਿ ਅੰਦੋਲਨ ਦਾ ਸਾਰਥਕ ਹੱਲ ਹੋ ਸਕੇ। ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਦੇਸ਼ ਹਿਤਾਂ ਲਈ ਇਹ ਫ਼ੈਸਲਾ ਜਲਦੀ ਕਰਨਾ ਚਾਹੀਦਾ ਹੈ। ਹੋਰ ਦੇਰੀ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਸਰਕਾਰ ਤੇ ਕਿਸਾਨਾਂ ਨੂੰ ਅੜੀਅਲ ਰਵੱਈਏ ਨੂੰ ਛੱਡ ਦੇਣਾ ਚਾਹੁੰਦਾ ਹੈ।

-ਬਲਵੰਤ ਸਿੰਘ ਸੋਹੀ
ਬਾਗੜੀਆਂ, ਸੰਗਰੂਰ।

ਆਖ਼ਰ ਕਦ ਸਮਝਣਗੇ ਲੋਕ?

ਅੱਜ ਬਾਜ਼ਾਰਾਂ ਵਿਚ ਆਮ ਵਿਕ ਰਹੀ ਚਾਈਨਾ ਡੋਰ ਭਿਆਨਕ ਹਾਦਸਿਆਂ ਦਾ ਇਕ ਬਹੁਤ ਵੱਡਾ ਕਾਰਨ ਬਣ ਚੁੱਕੀ ਹੈ। ਸਰਕਾਰ ਦੁਆਰਾ ਇਸ ਦੀ ਵਿਕਰੀ 'ਤੇ ਕਈ ਵਾਰ ਰੋਕ ਲਗਾਈ ਜਾ ਚੁੱਕੀ ਹੈ ਪਰ ਫਿਰ ਵੀ ਵੱਧ ਮੁਨਾਫ਼ਾ ਕਮਾਉਣ ਦੇ ਇੱਛਕ ਕੁਝ ਦੁਕਾਨਦਾਰ ਇਸ ਨੂੰ ਵੇਚ ਰਹੇ ਹਨ। ਅੱਜ ਲੋਕਾਂ ਨੂੰ ਆਪਣੀਆਂ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ ਕਿ ਚਾਈਨਾ ਡੋਰ ਕਿੰਨਿਆਂ ਘਰਾਂ ਦੇ ਚਿਰਾਗ ਬੁਝਾ ਚੁੱਕੀ ਹੈ। ਪਤਾ ਨਹੀਂ ਲਗਦਾ ਕਦ, ਕੌਣ ਇਸ ਖ਼ਤਰਨਾਕ ਡੋਰ ਦਾ ਸ਼ਿਕਾਰ ਹੋ ਜਾਂਦਾ ਹੈ। ਭਾਵੇਂ ਉਹ ਹਵਾ ਵਿਚ ਉੱਡਣ ਵਾਲਾ ਪੰਛੀ ਹੋਵੇ, ਚਾਹੇ ਸੜਕ 'ਤੇ ਤੁਰਨ ਵਾਲਾ ਵਿਅਕਤੀ ਹੋਵੇ, ਜ਼ਿੰਦਗੀ ਸਭ ਲਈ ਕੀਮਤੀ ਹੁੰਦੀ ਹੈ। ਅੱਜ ਲੋਕਾਂ ਨੂੰ ਸੋਚਣ, ਸਮਝਣ ਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।

-ਪਵਨ ਮੰਨਣ
ਕੇ.ਐਮ.ਵੀ., ਜਲੰਧਰ।

ਕਿਸਾਨ ਅਤੇ ਬਸੰਤ

ਕਿਸਾਨੀ ਅੰਦੋਲਨ ਸੰਗ ਪੁਰਾਣਾ ਇਤਿਹਾਸ ਫਰੋਲੀਏ ਤਾਂ ਹੁਣ ਵੀ ਨਵੇਂ ਪੁੰਗਾਰੇ ਫੁੱਟ ਰਹੇ ਹਨ। ਕਿਸਾਨੀ ਅੰਦੋਲਨ ਨੇ ਨਾਨਕ ਬਾਬੇ ਦੀ ਸੰਤਾਨ ਹੋਣ ਕਰਕੇ ਪੰਜਾਬੀਆਂ ਦੇ ਹਰ ਤਰ੍ਹਾਂ ਦੇ ਸਮਾਜਿਕ ਅਤੇ ਪਰਿਵਾਰਕ ਝਗੜੇ ਨਿਬੇੜਨ ਦਾ ਸੁਨਹਿਰੀ ਸੁਨੇਹਾ ਵੀ ਦਿੱਤਾ ਹੈ। ਹਾਂ, ਇਕ ਗੱਲ ਜ਼ਰੂਰ ਹੈ ਇਸ ਅੰਦੋਲਨ ਨੂੰ ਜਿੱਤਣ ਤੋਂ ਬਾਅਦ ਦਿੱਲੀ ਦੇ ਬਾਰਡਰ 'ਤੇ ਪੰਜਾਬੀਆਂ ਦਾ ਨਵਾਂ ਇਤਿਹਾਸਕ ਅਸਥਾਨ ਬਣੇਗਾ ਅਤੇ ਅੰਦੋਲਨ 'ਚ ਸ਼ਹੀਦ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਇਆ ਕਰੇਗੀ। ਪੰਜਾਬੀਆਂ ਦੇ ਇਤਿਹਾਸਕ ਸਥਾਨਾਂ 'ਚ ਵਾਧਾ ਹੋਵੇਗਾ। ਬਸੰਤ ਰੁੱਤ ਨੂੰ ਕਿਸਾਨੀ ਦੇ ਅੰਦੋਲਨ ਦੇ ਸੰਗ ਚੇਤੇ ਕਰਦਿਆਂ ਅਜੋਕੀ ਪੀੜ੍ਹੀ ਨੂੰ ਭਵਿੱਖ ਨਾਲ ਬਸੰਤੀ ਦੇ ਰੰਗ ਅਤੇ ਪੱਗੜੀ ਸੰਭਾਲ ਓ ਜੱਟਾ ਕਿਸਾਨੀ ਦੇ ਸੰਗ ਨਾਲ ਜੋੜਨ ਦਾ ਇਹ ਸੁਨੇਹਾ ਵੀ ਮਿਲੇਗਾ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ'।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਖ਼ੁਸ਼ ਹੋਣ ਦਾ ਢੰਗ

ਆਪਣੇ ਜੀਵਨ ਵਿਚ ਹਰ ਕੋਈ ਖ਼ੁਸ਼ ਰਹਿਣਾ ਲੋਚਦਾ ਹੈ। ਖ਼ੁਸ਼ ਰਹਿਣ ਲਈ ਵਿਅਕਤੀ ਅਨੇਕਾਂ ਸੋਚਾਂ ਸੋਚਦਾ ਹੈ ਤੇ ਕਰਮ ਕਰਦਾ ਹੈ। ਧਨ, ਮਾਲ ਤੇ ਵਸਤਾਂ ਦਾ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਨੂੰ ਵੀ ਖ਼ੁਸ਼ੀ ਦਾ ਸੋਮਾ ਸਮਝਣ ਦਾ ਭੁਲੇਖਾ ਪਾਲ ਬੈਠਦਾ ਹੈ, ਪਰ ਸਚਾਈ ਇਹ ਹੈ ਇਹ ਏਨਾ ਸਭ ਕੁਝ ਕਰਕੇ ਵੀ ਮਨੁੱਖ ਨੂੰ ਖੁਸ਼ੀ ਪ੍ਰਾਪਤ ਨਹੀਂ ਹੁੰਦੀ, ਸਦੀਵੀ ਖੁਸ਼ੀ ਤਾਂ ਦੂਰ ਦੀ ਗੱਲ ਰਹੀ। ਇਸ ਪਿੱਛੇ ਮੂਲ ਕਾਰਨ ਇਹ ਹੈ ਕਿ ਖੁਸ਼ੀ ਦੀ ਤਲਾਸ਼ ਹੀ ਸਾਨੂੰ ਸੱਚੀ ਤੇ ਸਦੀਵੀ ਖ਼ੁਸ਼ੀ ਤੋਂ ਦੂਰ ਲੈ ਜਾਂਦੀ ਹੈ। ਸੱਚੀ ਤੇ ਸਦੀਵੀ ਖ਼ੁਸ਼ੀ ਦੇ ਰਹੱਸ ਬਾਰੇ ਤਾਂ ਸਾਡੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਸਮਝ ਕੇ, ਸਾਡੇ ਧਾਰਮਿਕ ਗ੍ਰੰਥਾਂ ਨੂੰ ਵਾਚ ਕੇ ਅਤੇ ਵਿਦਵਾਨਾਂ ਦੇ ਜੀਵਨ ਨੂੰ ਸਮਝਦਿਆਂ ਪਤਾ ਲਗਦਾ ਹੈ ਤਾਂ ਫਿਰ ਇਹੋ ਇਕ ਤੱਥ ਸਾਹਮਣੇ ਆਉਂਦਾ ਹੈ ਕਿ ਸੱਚੀ, ਸਦੀਵੀ ਤੇ ਹਿਰਦੇ ਵਿਚ ਉਪਜੀ ਵਸੀ ਖੁਸ਼ੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਜੇਕਰ ਅਸੀਂ ਦੂਸਰਿਆਂ ਨੂੰ ਖੁਸ਼ੀ ਦੇਈਏ, ਦੂਸਰਿਆਂ ਦਾ ਸਤਿਕਾਰ ਮਾਣ ਕਰੀਏ, ਦੂਸਰਿਆਂ ਨੂੰ ਇੱਜ਼ਤ ਦੇਈਏ, ਦੂੁਸਰਿਆਂ ਨੂੰ ਨਾਲ ਲੈ ਕੇ ਚੱਲੀਏ। ਇਹੋ ਸੱਚੀ ਖ਼ੁਸ਼ੀ ਹੈ, ਇਹੋ ਸੱਚੀ ਖ਼ੁਸ਼ੀ ਦਾ ਮਾਰਗ ਹੈ, ਇਹੋ ਸਦੀਵੀ ਖ਼ੁਸ਼ੀ ਹੈ, ਇਹੋ ਈਸ਼ਵਰ ਦੇ ਵੱਲ ਨਜ਼ਦੀਕ ਹੋਣ ਦਾ ਮਾਰਗ ਹੈ ਤੇ ਇਹੋ ਇਨਸਾਨੀਅਤ ਹੈ। ਦੁਨੀਆ ਦੇ ਪ੍ਰਸਿੱਧ ਵਿਦਵਾਨ ਸ੍ਰੀ ਰਾਬਰਟ ਜੀ. ਇੰਗਰਸੌਲ ਦੇ ਅਨੁਸਾਰ, 'ਖ਼ੁਸ਼ ਹੋਣ ਦਾ ਢੰਗ, ਦੂਸਰਿਆਂ ਨੂੰ ਖ਼ੁਸ਼ ਕਰਨਾ ਹੈ।'

-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਕਿਸਾਨਾਂ ਦੀ ਇਕਜੁਟਤਾ

ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਨੂੰ ਚਲਾ ਕੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤਣਗੇ। ਗਾਜ਼ੀਪੁਰ ਬਾਰਡਰ 'ਤੇ ਚੱਲ ਰਹੇ ਕਿਸਾਨੀ ਮੋਰਚੇ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਧਰਮਾਂ, ਜਾਤਾਂ-ਪਾਤਾਂ ਅਤੇ ਹਰਿਆਣਾ-ਪੰਜਾਬ ਦੇ ਕਿਸਾਨਾਂ ਵਿਚ ਵਖਰੇਵੇਂ ਪਾਉਣ ਦੀ ਨੀਤੀ ਨੂੰ ਖ਼ੁਦ ਕਿਸਾਨਾਂ ਨੇ ਹੀ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਮੋਰਚਿਆਂ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਨਾਕਾਮ ਕਰ ਦਿੱਤਾ ਹੈ। ਕਿਸਾਨਾਂ ਦਾਦਾਅਵਾ ਹੈਕਿ ਕੇਂਦਰ ਸਰਕਾਰ ਕਿਸਾਨਾਂ ਦੇ ਇਕੱਠ ਨੂੰ ਦੇਖ ਕੇ ਬੁਰੀ ਤਰ੍ਹਾਂ ਬੌਖਲਾਹਟ ਵਿਚ ਆ ਗਈ ਹੈ। ਕਿਸਾਨਾਂ ਦੇ ਇਕੱਠ ਨੂੰ ਦੇਖਦਿਆਂ ਕੇਂਦਰ ਸਰਕਾਰਨੂੰ ਜਲਦੀ ਤੋਂ ਜਲਦੀ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ, ਜਿਸ ਵਿਚ ਦੇਸ਼ ਦਾ ਵੀ ਭਲਾ ਤੇ ਅਵਾਮ ਦਾ ਵੀ ਭਲਾ ਹੋਵੇਗਾ। ਜ਼ਿਦ ਤੇ ਅੜੀ ਨਾਲ ਕਦੇ ਕਿਸੇ ਮਸਲੇ ਦਾਹੱਲ ਨਹੀਂ ਨਿਕਲਦਾ। ਕਾਨੂੰਨਾਂ ਨੂੰ ਰੱਦ ਨਾ ਕਰਨਾ ਮੋਦੀ ਸਰਕਾਰ ਦੀ ਬਹੁਤ ਵੱਡੀ ਭੁੱਲ ਹੋਵੇਗੀ, ਜਿਸ ਦਾ ਖਮਿਆਜ਼ਾ ਆਉਂਦੀਆਂ ਚੋਣਾਂ ਵਿਚ ਭੁਗਤਣ ਨੂੰ ਤਿਆਰ ਹੋ ਜਾਵੇ। ਐਵੇਂ ਮੁੱਛ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ, ਫਿਰੋਜ਼ਪੁਰ।

04-02-2021

 ਮੰਦਭਾਗੀਆਂ ਘਟਨਾਵਾਂ

26 ਜਨਵਰੀ ਨੂੰ ਠੀਕ ਰਸਤੇ 'ਤੇ ਜਾਣ ਵਾਲਿਆਂ ਨੂੰ ਰੋਕਿਆ ਗਿਆ ਪਰ ਜੋ ਟਰੈਕਟਰ ਗ਼ਲਤ ਰਸਤੇ ਚਲੇ ਗਏ, ਉਨ੍ਹਾਂ ਨੂੰ ਜਾਣ ਦਿੱਤਾ। ਉਨ੍ਹਾਂ 'ਚੋਂ ਕੁਝ ਵਾਪਸ ਮੁੜਨ ਲੱਗੇ ਤਾਂ ਉਨ੍ਹਾਂ ਨੂੰ ਵਾਪਸ ਨਾ ਜਾਣ ਦਿੱਤਾ। ਇਹ ਦਿੱਲੀ ਪੁਲਿਸ ਦੀ ਇਕ ਸਾਜਿਸ਼ ਸੀ। ਗੋਦੀ ਮੀਡੀਆ ਦਾ ਕਹਿਣਾ ਹੈ ਕਿ ਖਾਲਿਸਤਾਨੀਆਂ ਨੇ ਤਿਰੰਗਾ ਉਤਾਰ ਕੇ ਨਿਸ਼ਾਨ ਸਾਹਿਬ ਲਗਾ ਦਿੱਤਾ ਤੇ ਇੰਜ ਤਿਰੰਗੇ ਦਾ ਅਪਮਾਨ ਕੀਤਾ। ਉਂਜ ਜਿਸ ਨੇ ਵੀ ਕੀਤਾ, ਉਸ ਨੇ ਤਿਰੰਗੇ ਨੂੰ ਕੁਝ ਨਹੀਂ ਕਿਹਾ, ਇਹ ਗ਼ਲਤ ਨੀਤੀ ਲੋਕਾਂ ਨੂੰ ਭੁਲੇਖਾ ਪਾਉਣ ਵਾਲੀ ਕੇਂਦਰੀ ਸਰਕਾਰ ਦੀ ਸੋਚੀ-ਸਮਝੀ ਸਾਜਿਸ਼ ਦਾ ਨਤੀਜਾ ਹੈ। ਕੇਂਦਰ ਨੇ ਆਪੇ ਹੀ ਇਤਿਹਾਸਕ ਰਾਸ਼ਟਰੀ ਸਮਾਰਕ ਲਾਲ ਕਿਲ੍ਹੇ ਦਾ ਅਪਮਾਨ ਕੀਤਾ ਹੈ, ਜੋ ਸਾਰੀ ਦੁਨੀਆ ਨੇ ਦੇਖਿਆ। ਫਿਰ 29 ਤਰੀਕ ਨੂੰ ਇਕ ਹੋਰ ਬੜੀ ਮਾੜੀ ਘਟਨਾ ਵਾਪਰੀ। ਕੋਈ 200 ਦੇ ਕਰੀਬ ਭਾਰਤੀ ਜਨਤਾ ਪਾਰਟੀ ਦੇ ਸ਼ਰਾਰਤੀ ਅਨਸਰਾਂ ਨੂੰ, ਜਿਨ੍ਹਾਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਫੜੇ ਹੋਏ ਸਨ ਤੇ ਕਿਸਾਨ ਵਿਰੋਧੀ ਨਾਅਰੇ ਲਗਾ ਰਹੇ ਸਨ, ਉਨ੍ਹਾਂ ਨੂੰ ਪੁਲਿਸ ਨੇ ਸ਼ਾਂਤੀ ਨਾਲ ਬੈਠੇ ਕਿਸਾਨਾਂ ਵੱਲ ਜਾਣ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਲੰਗਰ ਵਾਲੇ ਤੰਬੂਆਂ ਨੂੰ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਨੇ ਡੰਡਿਆਂ ਤੋਂ ਤਿਰੰਗੇ ਉਤਾਰ ਕੇ ਪੈਰਾਂ ਵਿਚ ਰੋਲ ਦਿੱਤੇ ਤੇ ਕਿਸਾਨਾਂ ਨਾਲ ਲੜਨ ਲੱਗ ਪਏ। ਇਕ ਅੰਮ੍ਰਿਤਧਾਰੀ ਨੌਜਵਾਨ ਨੇ ਬੀਬੀਆਂ ਵੱਲ ਵਧ ਰਹੇ ਗੁੰਡਿਆਂ ਨੂੰ ਰੋਕਣ ਲਈ ਤਲਵਾਰ ਦਿਖਾਈ ਤਾਂ ਉਸ ਨੂੰ ਘਸੀਟ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਫਿਰ ਪੁਲਿਸ ਉਸ ਨੂੰ ਫੜ ਕੇ ਲੈ ਗਈ ਤੇ ਉਸ 'ਤੇ ਦੋਸ਼ ਲਾਇਆ ਕਿ ਉਸ ਨੇ ਇਕ ਪੁਲਿਸ ਅਫਸਰ ਨੂੰ ਜ਼ਖ਼ਮੀ ਕੀਤਾ ਹੈ, ਜੋ ਸ਼ਾਇਦ ਖਿੱਚ-ਧੂ ਦੌਰਾਨ ਜ਼ਖ਼ਮੀ ਹੋਇਆ ਹੋਊ। ਸੋ ਸ਼ਰਾਰਤੀਆਂ ਨੇ ਤਿਰੰਗੇ ਦਾ ਅਪਮਾਨ ਆਪ ਹੀ ਕੀਤਾ ਤੇ ਇਹ ਘਟਨਾ ਕਿਸੇ ਗੋਦੀ ਮੀਡੀਆ ਨੂੰ ਦਿਸੀ ਨਹੀਂ। ਇੰਜ ਲਗਾਤਾਰ ਕੇਂਦਰੀ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

-ਵਿਦਵਾਨ ਸਿੰਘ ਸੋਨੀ
ਪਟਿਆਲਾ।

ਟਿਕੈਤ ਦਾ ਟਿਕਾਓ

ਪਿਛਲੇ ਸਮੇਂ ਤੋਂ ਕਿਸਾਨ ਅੰਦੋਲਨ ਨੂੰ ਜਨਅੰਦੋਲਨ ਵਿਚ ਬਦਲਣ ਲਈ 'ਅਜੀਤ' ਨੇ ਪੰਜਾਬੀਆਂ ਦੀ ਅਣਖ, ਜ਼ਮੀਰ ਅਤੇ ਗੈਰਤ ਨੂੰ ਜਿਊਂਦਾ ਰੱਖਣ ਦਾ ਵਡਮੁੱਲਾ ਉਪਰਾਲਾ ਪੈਦਾ ਕੀਤਾ ਹੈ। ਟਿਕੈਤ ਦੇ ਟਿਕਾਓ ਨੇ ਸਥਿਤੀ ਨੂੰ ਉਜਾਗਰ ਕਰਕੇ ਦੁੱਧ ਪਾਣੀ ਅੱਡੋ-ਅੱਡ ਕਰ ਦਿੱਤੇ ਹਨ। ਜਿੱਥੇ ਅੰਦੋਲਨ ਦਾ ਮੇਲਾ ਲੁੱਟ ਲਿਆ, ਉੱਥੇ ਅੱਖ 'ਚੋਂ ਗਿਰੇ ਹੰਝੂ ਨੂੰ ਹਰ ਕਿਸਾਨ ਦੀ ਅੱਖ ਦਾ ਹੰਝੂ ਬਣਾ ਕੇ ਇਨ੍ਹਾਂ ਹੰਝੂਆਂ ਵਿਚੋਂ ਗੁੱਸਾ ਅਤੇ ਜਸ਼ਨ ਪ੍ਰਤੱਖ ਦਿਖਾਏ ਹਨ। ਉਂਜ ਤਾਂ ਪੰਜਾਬੀ ਜਿਸ ਅਣਖ ਨਾਲ ਅੰਦੋਲਨ ਚਲਾ ਰਹੇ ਹਨ, ਉਸ ਤੋਂ ਪਿੱਛੇ ਹਟਣ ਦੀ ਤਾਂ ਇਨ੍ਹਾਂ ਨੂੰ ਆਦਤ ਹੀ ਨਹੀਂ ਅਤੇ ਪੁਰਖਿਆਂ ਦੇ ਇਤਿਹਾਸ ਨੂੰ ਧੱਬਾ ਲੱਗਣ ਤੋਂ ਵੀ ਬਚਾਇਆ। ਪਰ ਟਿਕੈਤ ਨੇ ਆਪਣੇ ਆਪ ਨੂੰ ਸੱਚਾ ਦੇਸ਼ ਭਗਤ ਅਤੇ ਸੱਚਾ ਕਿਸਾਨ ਬਣਨ ਦਾ ਵਰਕਾ ਵੀ ਲਿਖਿਆ ਹੈ। ਉਂਜ ਤਾਂ 'ਅਜੀਤ' ਪਹਿਲੇ ਵੀ ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਵਿਚ ਬਦਲਣ ਦੀ ਇਬਾਦਤ ਲਿਖ ਚੁੱਕਾ ਹੈ। ਇਸ ਨੇ ਪੰਜਾਬੀਆਂ ਦੇ ਦੁੱਖ ਅਤੇ ਹੰਝੂਆਂ ਨੂੰ ਜਸ਼ਨ ਮਨਾਉਣ ਦੇ ਚਸ਼ਮੇ ਨਾਲ ਦੇਖਿਆ ਹੈ। ਸੰਪਾਦਕੀਆਂ ਰਾਹੀ ਜ਼ਮੀਰਾਂ ਨੂੰ ਜਗਾਉਣ ਦਾ ਹੋਕਾ ਦੇ ਕੇ ਅੰਦੋਲਨ ਨੂੰ ਜਜ਼ਬਾਤੀ ਬਣਾ ਦਿੱਤਾ। ਜਿਸ ਤਰ੍ਹਾਂ ਮੀਡੀਏ ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਵਿਚ ਇਹ ਅਦਾਰਾ ਕਮਲ ਦਾ ਫੁੱਲ ਬਣ ਉਭਰਿਆ। ਆਸ ਕਰਦੇ ਹਾਂ ਕਿ ਭਵਿੱਖ ਵਿਚ ਵੀ 'ਅਜੀਤ' ਲੋਕ ਆਵਾਜ਼ ਵਜੋਂ ਕੰਮ ਕਰਦਾ ਰਹੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਕਿਸਾਨ ਅੰਦੋਲਨ ਅੱਗੇ ਵੱਲ

ਹੁਣ ਅੰਦੋਲਨ ਦਾ ਸਮਾਂ ਕੁਝ ਹੋਰ ਲੰਮਾ ਹੋਣ ਦੇ ਆਸਾਰ ਬਣ ਗਏ ਹਨ ਪਰ ਪਹਿਲਾਂ ਹੀ ਦ੍ਰਿੜ੍ਹ ਇਰਾਦੇ ਨਾਲ ਬੈਠੇ ਅੰਦੋਲਨਕਾਰੀਆਂ ਲਈ ਕੋਈ ਨਵੀਂ ਗੱਲ ਨਹੀਂ, ਬਸ਼ਰਤੇ ਕਿਸਾਨ ਆਗੂ ਸਾਰੇ ਅੰਦੋਲਨਕਾਰੀਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਅੰਦੋਲਨ ਨੂੰ ਸਿਰੇ ਲਾ ਦੇਣ ਦਾ ਭਰੋਸਾ ਪੈਦਾ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖਣ। ਇਹ ਅੰਦੋਲਨ ਕੇਵਲ ਤਿੰਨ ਕਾਨੂੰਨ ਵਾਪਸ ਕਰਾਉਣ ਤੱਕ ਸੀਮਤ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫ਼ੇ ਦੇ ਵਿਕਾਸ ਦੀ ਤਬਦੀਲੀ ਦਾ ਨਜ਼ਰੀਆ ਵਿਕਸਿਤ ਕਰਨ ਵਾਲਾ ਵੀ ਹੈ। ਇਹ ਸਮਾਜਿਕ ਇਨਸਾਫ਼ ਦਾ ਹੋਕਾ ਵੀ ਦੇ ਰਿਹਾ ਹੈ। ਲੋਕਾਂ ਦੇ ਚੰਗੇ ਜੀਵਨ ਵਿਚ ਯਕੀਨ ਅਤੇ ਸਰਕਾਰਾਂ ਦੇ ਜਬਰ ਨੂੰ ਠੱਲ੍ਹ ਪਾਉਣ ਦੇ ਜੋਸ਼ ਕਾਰਨ ਇਹ ਅੰਦੋਲਨ ਮੁੜ ਪੁਰਾਣੇ ਰੌਂਅ ਵਿਚ ਆਉਣ ਦੇ ਸਮਰੱਥ ਹੈ। ਅੰਦੋਲਨ ਦੀ ਇਕਜੁੱਟਤਾ ਅਤੇ ਸ਼ਾਂਤਮਈ ਰਹਿਣ ਦੇ ਤਰੀਕੇ ਨਾਲ ਹੀ ਲੋਕਾਂ ਦੇ ਭਰੋਸੇ ਦੀ ਬਹਾਲੀ ਹੋਵੇਗੀ। ਇਤਿਹਾਸ ਵਿਚ ਬੜੀ ਵਾਰ ਅੰਦੋਲਨਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਤਾਂ ਹੋਏ ਨੁਕਸਾਨ ਦੀ ਭਰਪਾਈ ਲਈ ਮੁੜ ਵਿਉਂਤਬੰਦੀ ਦੀ ਲੋੜ ਹੈ।

-ਪ੍ਰਸ਼ੋਤਮ ਪੱਤੋ, ਮੋਗਾ।

ਆਫਲਾਈਨ ਜਾਂ ਆਨਲਾਈਨ ਪੇਪਰ

ਸਭ ਬੱਚਿਆਂ ਦੇ ਪੇਪਰ ਸ਼ੁਰੂ ਹੋਣ ਵਾਲੇ ਹਨ। ਸਾਰੇ ਵਿਦਿਆਰਥੀ ਇਸ ਗੱਲ 'ਤੇ ਧਰਨਾ ਲਗਾਉਂਦੇ ਸੀ ਕਿ ਸਾਡੇ ਪੇਪਰ ਆਨਲਾਈਨ ਹੋਣ। ਪਰ ਸਰਕਾਰ ਨੇ ਵਿਦਿਆਰਥੀਆਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਜੇ ਪੂਰਾ ਸਾਲ ਕੋਰੋਨਾ ਕਰਕੇ ਬੱਚੇ ਆਨਲਾਈਨ ਪੜ੍ਹਾਈ ਕਰਦੇ ਰਹੇ ਤਾਂ ਪੇਪਰ ਵੀ ਆਨਲਾਈਨ ਕਿਉਂ ਨਹੀਂ ਦੇ ਸਕਦੇ? ਕੋਰੋਨਾ ਦਾ ਕਹਿਰ ਅਜੇ ਵੀ ਖ਼ਤਮ ਨਹੀਂ ਹੋਇਆ। ਅੱਜ ਵੀ ਦੁਨੀਆ ਦਾ ਉਹ ਹੀ ਹਾਲ ਚੱਲ ਰਿਹਾ ਹੈ, ਜੋ ਕੋਰੋਨਾ ਚੱਲਣ ਸਮੇਂ ਸੀ। ਜੇ ਵਿਦਿਆਰਥੀਆਂ ਨੂੰ ਸਕੂਲ, ਕਾਲਜ ਆ ਕੇ ਪੜ੍ਹਾਈ ਕਰਨ 'ਤੇ ਕੋਰੋਨਾ ਦਾ ਡਰ ਸੀ ਤੇ ਫਿਰ ਹੁਣ ਪੇਪਰ ਦੇਣ ਲਈ ਕੋਰੋਨਾ ਦਾ ਡਰ ਕਿਉਂ ਨਹੀਂ?

-ਕਿਰਨਦੀਪ, ਜਲੰਧਰ।

03-02-2021

 ਕਾਇਦੇ-ਕਾਨੂੰਨਾਂ ਦਾ ਪਾਲਣ ਹੋਵੇ

ਪਿਛਲੇ ਦਿਨੀਂ ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਚੋਣਾਂ ਦੇ ਐਲਾਨ ਨਾਲ ਹੀ ਸੂਬੇ 'ਚ ਚੋਣ ਜ਼ਾਬਤਾ ਲੱਗ ਗਿਆ ਹੈ। ਉਪਰੋਕਤ ਚੋਣਾਂ ਨੂੰ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਵੇਂ ਪਿਛਲਾ ਚੋਣ ਇਤਿਹਾਸ ਤਾਂ ਇਹੀ ਦੱਸਦਾ ਹੈ ਕਿ ਸੂਬੇ 'ਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ। ਉਸੇ ਪਾਰਟੀ ਦਾ ਅਜਿਹੀਆਂ ਚੋਣਾਂ 'ਚ ਪੱਲੜਾ ਭਾਰੂ ਹੁੰਦਾ ਹੈ। ਪਰ ਅੱਜ ਲੋਕ ਸਿਆਣੇ ਹੋ ਚੁੱਕੇ ਹਨ। ਉਹ ਆਪਣਾ ਚੰਗਾ-ਮਾੜਾ ਸੋਚਣ ਦੇ ਸਮਰੱਥ ਹੋ ਗਏ ਹਨ। ਪਰ ਅਹਿਮ ਗੱਲ ਇਹ ਹੈ ਕਿ ਚੋਣ ਕਮਿਸ਼ਨ ਵਲੋਂ ਰਾਜਸੀ ਪਾਰਟੀਆਂ ਲਈ ਉਪਰੋਕਤ ਚੋਣਾਂ ਦੌਰਾਨ ਹਰੇਕ ਉਮੀਦਵਾਰ ਲਈ ਖਰਚ ਹੱਦ ਇਕ ਤੋਂ ਤਿੰਨ ਲੱਖ ਤੱਕ ਤੈਅ ਕੀਤੀ ਗਈ ਹੈ। ਕਮਿਸ਼ਨ ਦੀ ਸਖਤਾਈ ਦੇ ਬਾਵਜੂਦ ਤੇ ਹਰ ਕਦਮ ਫੂਕ-ਫੂਕ ਰੱਖਣ ਕਾਰਨ ਵੀ ਏਨਾ ਖਰਚ ਕਰਨਾ ਹੈਰਾਨੀ ਦੇ ਨਾਲ-ਨਾਲ ਕਈ ਸਵਾਲ ਖੜ੍ਹੇ ਕਰਦਾ ਹੈ। ਜਿਸ ਦਾ ਜਵਾਬ ਰਾਜਨੀਤਕ ਲੋਕਾਂ ਨੂੰ ਇਕ ਦਿਨ ਦੇਣਾ ਪਵੇਗਾ। ਹੋਣਾ ਤਾਂ ਇਹ ਚਾਹੀਦਾ ਹੈ ਕਿ ਕਾਇਦੇ ਕਾਨੂੰਨਾਂ ਦੀ ਪਾਲਣਾ ਹੋਵੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਕਿਸਾਨੀ ਜੀਵਨ ਮੁੱਢ ਤੋਂ ਹੀ ਸੰਘਰਸ਼

ਕਿਸਾਨੀ ਜੀਵਨ ਮੁੱਢ ਤੋਂ ਹੀ ਸੰਘਰਸ਼ ਭਰਿਆ ਰਿਹਾ ਹੈ। ਕਿਸਾਨੀ ਦੇ ਸੰਕਟ ਦੇ ਵਿਚ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤਾਂ ਜੋ ਕਿਸਾਨੀ ਬਿੱਲਾਂ ਨੂੰ ਵਾਪਸ ਲਿਆ ਜਾ ਸਕੇ। ਇਸ ਸੰਘਰਸ਼ ਵਿਚ ਕਿਸਾਨਾਂ ਨੇ ਸ਼ਾਂਤੀਪੂਰਨ ਅੰਦੋਲਨ ਕਰਨ ਦਾ ਦਾਅਵਾ ਜਤਾਇਆ ਅਤੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਘਰ ਪਰਤਣਗੇ, ਭਾਵੇਂ ਉਨ੍ਹਾਂ ਨੂੰ ਦਿੱਲੀ ਪਹੁੰਚਣ ਤੱਕ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ। ਹੁਣ ਤੱਕ ਕਿਸਾਨ ਕਈ ਦਿੱਕਤਾਂ ਦਾ ਸਾਹਮਣਾ ਕਰ ਚੁੱਕੇ ਹਨ। ਜਿਵੇਂ ਕਿ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ, ਵੱਡੇ ਪੱਥਰਾਂ ਦਾ ਰਾਹ ਵਿਚ ਹੋਣਾ ਅਤੇ ਵੱਡੇ ਵਾਹਨਾਂ ਨੂੰ ਸੜਕ ਵਿਚ ਖੜ੍ਹਾਉਣਾ। ਕਿਸਾਨ ਆਪਣੇ ਹੱਕਾਂ ਪ੍ਰਤੀ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹਨ, ਕਿਸਾਨਾਂ ਦੇ ਹੌਸਲੇ ਬੁਲੰਦ ਹਨ, ਉਹ ਆਪਣੇ ਹੱਕ ਲੈ ਕੇ ਹੀ ਮੁੜਨਗੇ, ਇਸ ਸੰਘਰਸ਼ ਵਿਚ ਨੌਜਵਾਨਾਂ ਨੇ ਕਿਸਾਨਾਂ ਦਾ ਸਾਥ ਬਹੁਤ ਵਧੀਆ ਢੰਗ ਨਾਲ ਦਿੱਤਾ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਬਿਰਧ ਆਸ਼ਰਮ ਅਤੇ ਮਾਪੇ

ਸਾਡੇ ਸਮਾਜ ਵਿਚ ਬਿਰਧ ਆਸ਼ਰਮਾਂ ਦੀ ਗਿਣਤੀ ਵਧਦੀ ਹੀ ਜਾਂਦੀ ਹੈ ਅਤੇ ਬੱਚੇ ਮਾਪਿਆਂ ਨੂੰ ਬੋਝ ਸਮਝ ਬਿਰਧ ਆਸ਼ਰਮ ਵਿਚ ਛੱਡਣਾ ਹੀ ਬਿਹਤਰ ਸਮਝਦੇ ਹਨ। ਪਰ ਇਹ ਸਭ ਸਾਡੇ ਵੱਡ-ਵਡੇਰਿਆਂ, ਗੁਰੂਆਂ-ਪੀਰਾਂ ਦੀ ਦਿੱਤੀ ਸਿੱਖਿਆ ਦੇ ਉਲਟ ਹੋ ਰਿਹਾ ਹੈ। ਸੋਚੋ ਅਸੀਂ ਆਪਣੇ ਬੱਚਿਆਂ ਲਈ ਕੀ ਨਹੀਂ ਕਰਦੇ? ਅਸੀਂ ਆਪਣੇ ਬੱਚਿਆਂ ਨੂੰ ਜਨਮ ਤੋਂ ਲੈ ਕੇ ਪਾਲਣ, ਪੋਸ਼ਣ, ਪੜ੍ਹਾਈ, ਲਿਖਾਈ, ਮਹਿੰਗੇ ਕੱਪੜੇ ਅਤੇ ਜ਼ਿੰਦਗੀ ਵਿਚ ਹਰ ਤਰ੍ਹਾਂ ਦੀ ਸਹੂਲਤ ਇਕ ਤੋਂ ਇਕ ਵੱਧ ਦੇ ਕੇ ਸਾਰੀਆਂ ਖਵਾਹਿਸ਼ਾਂ ਪੂਰੀਆਂ ਕਰਨ ਲਈ ਆਪਣੀ ਜਵਾਨੀ ਬੁਢਾਪੇ ਵਿੱਚ ਲੈ ਆਉਂਦੇ ਹਾਂ। ਪਰ ਜਿਥੇ ਅਸੀਂ ਇਨ੍ਹਾਂ ਸਾਰੀਆਂ ਸੁੱਖ ਸਹੂਲਤਾਂ ਨੂੰ ਮਹੁੱਈਆ ਕਰਵਾਉਂਦੇ ਹਾਂ ਉੱਥੇ ਕਿਤੇ ਨਾ ਕਿਤੇ ਚੰਗੇ ਸੰਸਕਾਰ ਅਤੇ ਮਾਪਿਆਂ ਪ੍ਰਤੀ ਜ਼ਰੂਰੀ ਫਰਜ਼ ਨਿਭਾਉਣ ਜਿਹੇ ਗੁਣ ਜਾਂ ਤਾਂ ਸਿਖਾਉਣ ਤੋਂ ਵਾਂਝੇ ਰਹਿ ਜਾਂਦੇ ਹਾਂ ਜਾਂ ਫਿਰ ਸਾਡੇ ਬੱਚੇ ਵੱਡੇ ਹੋ ਕੇ ਨਿਰਮੋਹੇ ਹੋ ਜਾਂਦੇ ਹਨ ਅਤੇ ਮਾਪਿਆਂ ਵਲੋਂ ਦਿੱਤਾ ਪਿਆਰ ਅਤੇ ਸੁੱਖ-ਸਹੂਲਤਾਂ ਭੁੱਲ ਹੀ ਜਾਂਦੇ ਹਨ। ਜੇਕਰ ਬੱਚੇ ਮਾਪਿਆਂ ਪ੍ਰਤੀ ਆਪਣਾ ਨਜ਼ਰੀਆ ਆਪਣੇ ਖਿਆਲ ਮਾਪਿਆਂ ਦੀ ਸੇਵਾ ਭਾਵਨਾ ਵਾਲੇ ਬਣਾ ਕੇ ਸੁੱਖ ਸ਼ਾਂਤੀ ਨਾਲ ਘਰ ਵਿਚ ਰਹਿਣ ਤਾਂ ਬਜ਼ੁਰਗ ਮਾਪੇ ਆਪਣੇ ਬੱਚਿਆਂ ਤੋਂ ਦੂਰ ਰਹਿਣ ਲਈ ਮਜਬੂਰ ਨਾ ਹੋਣ ਅਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਕਿਸੇ ਵਿਹਾਰ ਤਿਉਹਾਰ 'ਤੇ ਕੋਈ ਗਿਫਟ, ਉਨ੍ਹਾਂ ਦੇ ਕੀਤੇ ਹੋਏ ਚੰਗੇ ਕੰਮਾਂ 'ਤੇ ਸ਼ਾਬਾਸ਼ ਦਿੰਦੇ ਰਹਿਣ ਤਾਂ ਜੋ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਹੋ ਸਕੇ ਅਤੇ ਮਾਪੇ ਅਤੇ ਬੱਚਿਆਂ ਦਾ ਆਪਸੀ ਪ੍ਰੇਮ ਬਣਿਆ ਰਹੇ। ਬਿਰਧ ਆਸ਼ਰਮਾਂ ਦਾ ਰੁਝਾਨ ਆਪਣੇ-ਆਪ ਘਟਣਾ ਸ਼ੁਰੂ ਹੋ ਜਾਵੇਗਾ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਨਾਜਾਇਜ਼ ਡੋਰ ਦਾ ਧੰਦਾ

ਅਨੇਕਾਂ ਲੋਕਾਂ ਨੂੰ ਪਤੰਗਬਾਜ਼ੀ ਦਾ ਸ਼ੌਕ ਹੈ। ਪਤੰਗਾਂ ਦਾ ਸ਼ੌਕ ਰੱਖਣ ਵਾਲੇ ਲੋਕ ਅਕਸਰ ਹੀ ਮੂੰਹ ਉੱਤੇ ਨੂੰ ਚੁੱਕ ਕੇ ਅਸਮਾਨ ਵਿਚ ਨੂੰ ਨਿਗ੍ਹਾ ਟਿਕਾਈ ਰੱਖਦੇ ਹਨ। ਇਹ ਸਭ ਅਸੀਂ ਹਰ ਪਿੰਡ ਸ਼ਹਿਰ ਆਦਿ ਵਿਚ ਦੇਖਦੇ ਹਾਂ। ਪਤੰਗਬਾਜ਼ੀ ਦੇ ਮੌਸਮ ਵਿਚ ਪਤੰਗਾਂ ਉਡਾਉਣ ਲਈ ਬੱਚੇ ਹਰ ਸਮੇਂ ਪਤੰਗਾਂ ਵਿਚ ਹੀ ਉਲਝੇ ਨਜ਼ਰ ਆਉਂਦੇ ਹਨ। ਪਤੰਗ ਚੜ੍ਹਾਉਣ ਦੇ ਚੱਕਰ ਵਿਚ ਸਭ ਤੋਂ ਵੱਧ ਸੱਟਾਂ ਵੀ ਬੱਚੇ ਹੀ ਖਾਂਦੇ ਹਨ। ਫਿਰ ਜਦੋਂ ਸਾਡੇ ਦੇਸ਼ ਵਿਚ ਇਕ ਖ਼ਾਸ ਦਿਨ ਤਿਉਹਾਰ ਉੱਤੇ ਪਤੰਗ ਨਾ ਉਡਾਏ ਜਾਣ ਫਿਰ ਹੋ ਹੀ ਨਹੀਂ ਸਕਦਾ। ਇਸ ਦਿਨ ਹਰ ਕੋਈ ਪਤੰਗ ਉਡਾ ਕੇ ਆਪਣੀ ਹਾਜ਼ਰੀ ਅਸਮਾਨ ਵਿਚ ਲਗਾਉਂਦਾ ਹੈ। ਇਥੇ ਇਹ ਗੱਲ ਹੈਰਾਨ ਕਰਦੀ ਹੈ ਕਿ ਜਦੋਂ ਕਿਸੇ ਵੀ ਦੇਸ਼ ਦਾ ਦੂਜੇ ਦੇਸ਼ ਨਾਲ ਵਪਾਰ ਸਬੰਧੀ ਸਮਝੌਤਾ ਹੁੰਦਾ ਹੈਤਾਂ ਉਸ ਵੇਲੇ ਇਹੋ ਜਿਹੀਆਂ ਗੱਲਾਂ ਕਿਉਂ ਨਹੀਂ ਵਿਚਾਰੀਆਂ ਜਾਂਦੀਆਂ ਕਿ ਦੂਜੇ ਦੇਸ਼ ਤੋਂ ਚਾਈਨਾ ਡੋਰ ਵਰਗੀ ਖ਼ਤਰਨਾਕ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਸਾਡੇ ਦੇਸ਼ ਵਿਚ ਆਵੇ ਹੀ ਨਾ। ਮੰਨਦੇ ਹਾਂ ਕਿ ਨਸ਼ੇ ਆਦਿ ਤਾਂ ਲੁਕਵੇਂ ਤਰੀਕੇ ਨਾਲ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਆ ਗਏ ਹਨ ਪਰ ਚਾਈਨਾ ਡੋਰ ਤਾਂ ਵਪਾਰ ਰਾਹੀਂ ਸਾਡੇ ਦੇਸ਼ ਵਿਚ ਆਉਂਦੀ ਹੈ ਫਿਰ ਉਸ ਨੂੰ ਕੌਣ ਰੋਕੇਗਾ। ਇਸ ਵਜ੍ਹਾ ਵੱਲ ਧਿਆਨ ਦੇਣ ਦੀ ਲੋੜ ਪਰ ਜਿਨ੍ਹਾਂ ਨੇ ਧਿਆਨ ਦੇਣਾ ਹੈ, ਉਹ ਇਨ੍ਹਾਂ ਮਾਰੂ ਚੀਜ਼ਾਂ ਵੱਲ ਬਿਲਕੁਲ ਹੀ ਨਹੀਂ ਦੇਖ ਰਹੇ ਜਾਂ ਫਿਰ ਵਿਚ ਕੋਈ ਲਾਲਚ...।

-ਬਲਬੀਰ ਸਿੰਘ ਬੱਬੀ।

02-02-2021

 ਗ਼ਰੀਬ ਲੋਕਾਂ ਨੂੰ...

ਪੰਜਾਬ ਵਿਚ ਗ਼ਰੀਬ ਲੋਕਾਂ ਦਾ ਜਿਊਣਾ ਦਿਨੋ-ਦਿਨ ਨਰਕ ਬਣਦਾ ਜਾ ਰਿਹਾ ਹੈ। ਸਰਕਾਰ ਗ਼ਰੀਬਾਂ ਦੀ ਜ਼ਿੰਦਗੀ ਸੁਧਾਰਨ ਦੀਆਂ ਤਕਰੀਰਾਂ ਕਰਦੀ ਨਹੀਂ ਥੱਕਦੀ ਪਰ ਜਾਪ ਇਸ ਤਰ੍ਹਾਂ ਰਿਹਾ ਹੈ ਕਿ ਜਿਵੇਂ ਸਰਕਾਰ ਨੇ ਜਾਣਬੁਝ ਕੇ ਹੀ ਗ਼ਰੀਬ ਲੋਕਾਂ ਨੂੰ ਕਾਗਜ਼ਾਂ ਵਿਚ ਉਲਝਾ ਰੱਖਿਆ ਹੈ। ਗ਼ਰੀਬਾਂ ਦੇ ਨਾਂਅ 'ਤੇ ਸਿਰਫ਼ ਵੋਟਾਂ ਹੀ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਸਹੂਲਤਾਂ ਦਾ ਸਿਰਫ਼ ਢੋਲ ਹੀ ਵਜਾਇਆ ਜਾਂਦਾ ਹੈ। ਇਸ ਸਮੇਂ ਹੁਣ ਸਭ ਤੋਂ ਵੱਡੀ ਤੇ ਵਿਆਪਕ ਮੁਸ਼ਕਿਲ ਪੰਜਾਬ ਲੇਬਰ ਅਤੇ ਅਦਰ ਕੰਸਟਰੱਕਸ਼ਨ ਭਲਾਈ ਬੋਰਡ ਦੇ ਕਿਰਤੀ ਲਾਭਪਾਤਰੀਆਂ ਦੇ ਬੱਚਿਆਂ ਨੂੰ ਆ ਰਹੀ ਹੈ। ਇਨ੍ਹਾਂ ਲਾਭਪਾਤਰੀਆਂ ਦੇ ਸਕੂਲਾਂ, ਕਾਲਜਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਕੂਲਾਂ, ਕਾਲਜਾਂ ਦੇ ਮੁਖੀ ਬੋਰਡ ਤੋਂ ਮਿਲਣ ਵਾਲੇ ਵਜ਼ੀਫੇ ਦੇ ਫਾਰਮ ਇਸ ਕਰਕੇ ਤਸਦੀਕ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਤੁਹਾਡਾ ਵਜ਼ੀਫਾ ਘੱਟ ਗਿਣਤੀ ਵਿਦਿਆਰਥੀਆਂ ਵੀ ਅਪਲਾਈ ਕੀਤਾ ਹੋਇਆ ਹੈ। ਜਦਕਿ ਬੋਰਡ ਨੇ ਫਾਰਮ ਵਿਚ ਬਾਕਾਇਦਾ ਲਿਖਿਆ ਹੋਇਆ ਹੈ ਕਿ ਬੋਰਡ ਵਲੋਂ ਲਾਭ ਵਿਦਿਆਰਥੀਆਂ ਦੇ ਲਾਭਪਾਤਰੀ ਪਿਤਾ ਨੂੰ ਹੀ ਦਿੱਤਾ ਜਾਵੇਗਾ ਭਾਵੇਂ ਵਿਦਿਆਰਥੀ ਨੂੰ ਹੋਰ ਕਿਸੇ ਸੰਸਥਾ ਤੋਂ ਵੀ ਵਜ਼ੀਫ਼ੇ ਦਾ ਲਾਭ ਮਿਲ ਰਿਹਾ ਹੋਵੇ। ਪ੍ਰੰਤੂ ਫਾਰਮ ਤਸਦੀਕ ਨਾ ਹੋਣ ਕਰਕੇ ਲਾਭਪਾਤਰੀਆਂ ਦੇ ਬੱਚੇ ਫਾਰਮ ਅਪਲਾਈ ਕਰਨ ਤੋਂ ਵੀ ਵਾਂਝੇ ਰਹਿ ਰਹੇ ਹਨ। ਬਠਿੰਡਾ ਜ਼ਿਲ੍ਹੇ ਵਿਚ ਕੁਝ ਜ਼ਿਆਦਾ ਹੀ ਇਹ ਮੁਸ਼ਕਿਲ ਆ ਰਹੀ ਹੈ, ਜਿਥੇ ਕੁਝ ਵਿੱਦਿਅਕ ਸੰਸਥਾਵਾਂ ਦੇ ਮੁਖੀ ਬਿਨਾਂ ਬੱਚੇ ਦਾ ਪੱਖ ਸੁਣੇ/ਸਮਝੇ ਹੰਕਾਰ ਵਿਚ ਫਾਰਮ ਤਸਦੀਕ ਕਰਨ ਤੋਂ ਝੱਟ ਜਵਾਬ ਦੇ ਰਹੇ ਹਨ। ਸਰਕਾਰ ਅਤੇ ਬੋਰਡ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਹਜ਼ਾਰਾਂ ਲਾਭਪਾਤਰੀ ਇਸ ਲਾਭ ਤੋਂ ਵਾਂਝੇ ਰਹਿ ਜਾਣਗੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

ਕਿਤਾਬਾਂ

ਪਿਛਲੇ ਦਿਨੀਂ 'ਅਜੀਤ' ਵਿਚ ਕਿਤਾਬਾਂ ਸਬੰਧੀ ਲੇਖ ਪੜ੍ਹਿਆ। ਉਸ ਵਿਚ ਬਹੁਤ ਹੀ ਮਹੱਤਵਪੂਰਨ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜਿਹੜੇ ਚੰਗੇ ਲੇਖਕ ਹਨ, ਉਨ੍ਹਾਂ ਦੀਆਂ ਕਿਤਾਬਾਂ ਬਾਰੇ ਸੀ। ਇਹ 'ਅਜੀਤ' ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਹਰ ਪਾਠਕ ਨੂੰ ਕਿਤਾਬਾਂ ਸਬੰਧੀ ਜਲਦੀ ਪਤਾ ਚੱਲ ਜਾਂਦਾ ਹੈ ਅਤੇ ਪਾਠਕ ਉਹ ਕਿਤਾਬ ਖਰੀਦ ਸਕਦਾ ਹੈ। ਮੈਂ 'ਅਜੀਤ' ਵਿਚ ਕਿਤਾਬਾਂ 'ਮਾਨਸਿਕ ਉਲਝਣਾ ਅਤੇ ਸੁਝਾਅ' ਜਾਂ 'ਤੇਰਾ ਬੰਦਾ', 'ਚਾਅ ਨਨਕਾਣੇ ਦਾ', 'ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ' 'ਮਿੱਟੀ ਦੇ ਚੁੱਲ੍ਹੇ' ਅਤੇ 'ਪੰਜਾਬ ਦੀਆਂ ਲੋਕ ਕਹਾਣੀਆਂ' ਆਦਿ ਬਾਰੇ ਪਤਾ ਲੱਗਿਆ। ਕਿਤਾਬਾਂ ਪੜ੍ਹਨ ਨਾਲ ਬੰਦੇ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਸ ਦੀ ਸੋਚਣੀ ਦਾ ਘੇਰਾ ਵਿਸ਼ਾਲ ਹੁੰਦਾ ਹੈ। ਇਹ ਕਿਤਾਬਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਵੀ ਜਾਂਦੀਆਂ ਹਨ, ਜਿਨ੍ਹਾਂ ਨੂੰ ਬੱਚੇ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਹਨ। ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਹੋਰ ਬਹੁਤ ਕਿਸਮ ਦੀਆਂ ਕਿਤਾਬਾਂ ਹੁੰਦੀਆਂ ਹਨ ਅਤੇ ਬੱਚੇ ਪੜ੍ਹ ਕੇ ਆਪਣੇ ਬੌਧਿਕ ਗਿਆਨ ਨੂੰ ਵਧਾਉਂਦੇ ਹਨ। ਮੈਂ ਦਿਲੋਂ 'ਅਜੀਤ' ਦਾ ਧੰਨਵਾਦ ਕਰਦਾ ਹਾਂ ਜੋ ਕਿ ਪਾਠਕਾਂ ਨੂੰ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਜੋ ਲੇਖ, ਕਹਾਣੀਆਂ, ਕਵਿਤਾ ਆਦਿ ਆਉਂਦੇ ਹਨ, ਉਨ੍ਹਾਂ ਨੂੰ ਪੜ੍ਹ ਕੇ ਬਹੁਤ ਹੀ ਵਧੀਆ ਲਗਦਾ ਹੈ।

-ਦੇਸ ਰਾਜ
ਪਿੰਡ ਤੇ ਡਾਕ: ਰੈਲ ਮਾਜਰਾ।

ਟਰਾਂਸਫਾਰਮਰ ਚੋਰ ਗਰੋਹ

ਇਕ ਤਾਂ ਖੇਤੀ ਪਹਿਲਾਂ ਹੀ ਘਾਟੇ ਦਾ ਸੌਦਾ ਬਣਿਆ ਹੋਇਆ ਹੈ, ਜਿਸ ਦੇ ਫਲਸਰੂਪ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ ਤੇ ਉਤੋਂ ਦੂਜੇ ਪਾਸੇ ਉਸ ਦੇ ਖੇਤਾਂ ਵਿਚੋਂ ਟਰਾਂਸਫਾਰਮਰ ਚੋਰੀ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਨੇ ਉਸ ਦਾ ਜਿਊਣਾ ਦੁਸ਼ਵਾਰ ਕੀਤਾ ਹੋਇਆ ਹੈ। ਗੱਲ ਹੁਣ ਟਰਾਂਸਫਾਰਮਰ ਚੋਰੀ ਕਰਨ ਤੱਕ ਹੀ ਸੀਮਤ ਨਹੀਂ ਰਹਿ ਗਈ ਸਗੋਂ ਉਸ ਦੇ ਤੇਲ ਕੱਢਣ ਤੇ ਹੋਰ ਤਾਰਾਂ ਕੱਟਣ ਤੱਕ ਪਹੁੰਚ ਗਈ ਹੈ। ਜਿੰਨੇ ਵੀ ਕਿਸਾਨਾਂ ਦੇ ਖੇਤਾਂ ਵਿਚ ਤਾਂਬੇ ਵਾਲੇ ਟਰਾਂਸਫਾਰਮਰ ਸਨ, ਉਨ੍ਹਾਂ ਦਾ ਤਾਂਬਾ ਕੱਢ ਕੇ ਉਹ ਚੋਰ ਗਰੋਹਾਂ ਦੁਆਰਾ ਖਤਮ ਕੀਤੇ ਜਾ ਚੁੱਕੇ ਹਨ। ਹੁਣ ਜਦੋਂ ਸਰਕਾਰ ਤੇ ਸਬੰਧਿਤ ਵਿਭਾਗਾਂ ਨੇ ਅੱਕ ਕੇ ਐਲੂਮੀਨੀਅਮ ਦੇ ਟਰਾਂਸਫਾਰਮਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਚੋਰ ਗਰੋਹਾਂ ਦੁਆਰਾ ਉਪਰ ਖੜ੍ਹੇ ਟਰਾਂਸਫਾਰਮਰ ਦਾ ਤੇਲ ਕੱਢਿਆ ਜਾ ਰਿਹਾ ਹੈ। ਸਰਕਾਰ ਤੇ ਪੁਲਿਸ ਵਿਭਾਗ ਨੂੰ ਇਸ ਪਾਸੇ ਸੁਚੇਤ ਹੋਣ ਦੀ ਬੜੀ ਲੋੜ ਹੈ ਤਾਂ ਕਿ ਕਿਸਾਨਾਂ ਦੀ ਦੋਹਰੀ ਲੁੱਟ ਨਾ ਹੋਵੇ। ਪਾਵਰਕਾਮ ਨੂੰ ਵੀ ਟਰਾਂਸਫਾਰਮਰ ਚੋਰੀ ਤੋਂ ਦੁਖੀ ਹੋਏ ਕਿਸਾਨਾਂ ਦੀ ਛਿੱਲ ਨਹੀਂ ਲਾਹੁਣੀ ਚਾਹੀਦੀ ਹੈ, ਸਗੋਂ ਉਨ੍ਹਾਂ ਦੀ ਨਿਰਸੁਆਰਥ ਮਦਦ ਕਰਨੀ ਚਾਹੀਦੀ ਹੈ। ਟਰਾਂਸਫਾਰਮਰ ਗਰੋਹ ਰਾਤ ਨੂੰ ਜਿਸ ਵੀ ਇਲਾਕੇ ਵਿਚ ਆਪਣੀ ਕਾਰਵਾਈ ਕਰਦਾ ਹੈ ਤਾਂ ਉਸ ਇਲਾਕੇ ਦੀਆਂ ਦਸ-ਪੰਦਰਾਂ ਮੋਟਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਦੁਖੀ ਕਿਸਾਨਾਂ ਨੇ ਆਪਣੇ ਟਰਾਂਸਫਾਰਮਰ ਰੇਹੜੀਆਂ 'ਤੇ ਫਿੱਟ ਕਰਾਏ ਹਨ ਤੇ ਜਦੋਂ ਲੋੜ ਹੁੰਦੀ ਹੈ ਤਾਂ ਪਾਣੀ ਲਾ ਕੇ ਟਰਾਂਸਫਾਰਮਰ ਘਰੇ ਲੈ ਆਉਂਦੇ ਹਨ। ਇਕੱਲਾ ਕਿਸਾਨ ਡਰ ਦੇ ਮਾਰੇ ਰਾਤ ਵੇਲੇ ਆਪਣੇ ਖੇਤਾਂ ਨੂੰ ਗੇੜਾ ਨਹੀਂ ਮਾਰ ਸਕਦਾ ਕਿਉਂਕਿ ਚੋਰ ਗਰੋਹ ਕੋਲ ਭਿਆਨਕ ਹਥਿਆਰ ਹੁੰਦੇ ਹਨ। ਹੁਣ ਤੁਸੀਂ ਹੀ ਸੋਚੋ ਮਰਦਾ ਕਿਸਾਨ ਕੀ ਕਰੇ, ਫੇਰ ਕਹਿ ਦਿੰਦੇ ਹਨ ਕਿ ਕਿਸਾਨ ਧਰਨੇ ਲਾਉਂਦੇ ਹਨ। ਇਸ ਲਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਟਰਾਂਸਫਾਰਮਰ ਚੋਰ ਗਰੋਹਾਂ ਨੂੰ ਫੜ ਠੱਲ੍ਹ ਪਾਈ ਜਾਵੇ ਤੇ ਇਨ੍ਹਾਂ 'ਤੇ ਬਣਦੀ ਠੋਸ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਅਜਿਹੀਆਂ ਘਟਨਾਵਾਂ ਨਾ ਵਾਪਰਨ 'ਤੇ ਦੁਖੀ ਹੋਏ ਕਿਸਾਨਾਂ ਨੂੰ ਸੁੱਖ ਦਾ ਸਾਹ ਆਵੇ।

-ਸਰਬਜੀਤ ਸਿੰਘ
ਜਿਉਣ ਵਾਲਾ ਫਰੀਦਕੋਟ।

01-02-2021

 ਪੰਜਾਬ ਦੀ ਸਿੱਖਿਆ
ਜਦੋਂ ਦੀ ਪੰਜਾਬ ਦੀ ਵਾਗਡੋਰ ਕਾਂਗਰਸ ਸਰਕਾਰ ਨੇ ਸੰਭਾਲੀ ਹੈ, ਉਦੋਂ ਤੋਂ ਹੀ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਦਾ ਬੇੜਾ ਗਰਕ ਹੋਇਆ ਪਿਆ ਹੈ। ਸਿਰਫ਼ ਅੰਕੜਿਆਂ ਤੱਕ ਹੀ ਸਿੱਖਿਆ ਸੀਮਤ ਹੋ ਕੇ ਰਹਿ ਗਈ ਹੈ। ਸਿੱਖਿਆ ਸਕੱਤਰ ਇਕ ਕੰਪਨੀ ਦੀ ਤਰ੍ਹਾਂ ਪੰਜਾਬ ਦੀ ਸਿੱਖਿਆ ਨੂੰ ਚਲਾ ਰਿਹਾ ਹੈ। ਬਾਕੀ ਸਾਰੇ ਅਧਿਕਾਰੀ ਉਸ ਦੀ ਸ਼ਹਿ 'ਤੇ ਸਿੱਖਿਆ ਨੂੰ ਤਬਾਹ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਵਿਚੋਂ ਕੱਢ ਕੇ ਬਾਬੂ ਬਣਾ ਰੱਖਿਆ ਹੈ। ਸਰਕਾਰ ਬਿਲਕੁਲ ਸੁੱਤੀ ਪਈ ਹੈ, ਜਿਸ ਨੂੰ ਪੰਜਾਬ ਦੀ ਸਿੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ। ਬੱਚੇ ਤੇ ਅਧਿਆਪਕ ਮਾਨਸਿਕ ਰੋਗੀ ਬਣ ਚੁੱਕੇ ਹਨ। ਹਰ ਹਫ਼ਤੇ ਪੇਪਰ ਹੋ ਰਹੇ ਹਨ, ਨਿੱਤ ਨਵੀਆਂ ਡਾਕਾਂ ਉਹ ਵੀ ਬੇਲੋੜੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਸ ਨੇ ਸਿੱਖਿਆ ਤਬਾਹ ਹੀ ਕਰ ਦਿੱਤੀ ਹੈ। ਸਰਕਾਰ ਜੀ ਜਾਗੋ ਨਹੀਂ ਤਾਂ ਸਿੱਖਿਆ ਖਤਮ ਹੋ ਜਾਣੀ ਹੈ। ਸਿੱਖਿਆ ਨੂੰ ਅੰਕੜਿਆਂ ਵਿਚੋਂ ਬਾਹਰ ਕੱਢੋ ਤਾਂ ਜੋ ਪੰਜਾਬ ਦੇ ਬੱਚਿਆਂ ਦਾ ਭਲਾ ਹੋ ਸਕੇ। ਸਕੂਲ ਸਮਾਰਟ ਬਣਾਉਣ ਨਾਲੋਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ।


-ਰਘਬੀਰ ਸਿੰਘ
ਮਾਜਰੀ, ਜ਼ਿਲ੍ਹਾ ਲੁਧਿਆਣਾ।


ਬੇਟੀ ਬਚਾਓ, ਬੇਟੀ ਪੜ੍ਹਾਓ
ਭਾਵੇਂ ਗੁਰੂਆਂ, ਪੀਰਾਂ, ਪੈਗੰਬਰਾਂ, ਰਹਿਬਰਾਂ ਨੇ ਇਸਤਰੀ ਨੂੰ ਰਾਜਿਆਂ, ਮਹਾਰਾਜਿਆਂ ਦੀ ਜਣਨੀ ਦੱਸਿਆ ਹੈ ਅਤੇ ਇਸਤਰੀ ਦੀ ਇੱਜ਼ਤ, ਸਨਮਾਨ ਕਰਨ ਦਾ ਉਪਦੇਸ਼ ਦਿੱਤਾ ਹੈ ਪ੍ਰੰਤੂ ਫਿਰ ਵੀ ਪੂਰੇ ਦੇਸ਼ ਵਿਚ ਕਿਤੇ ਨਾ ਕਿਤੇ ਬਾਲੜੀਆਂ ਨਾਲ ਘਿਨਾਉਣੇ ਕਾਰੇ ਕਰਕੇ ਮਾਰ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦਰਿੰਦਿਆਂ ਨੂੰ ਸਜ਼ਾਵਾਂ ਦੇਣ ਵਿਚ ਕਾਫ਼ੀ ਸਮਾਂ ਲੰਘ ਜਾਂਦਾ ਹੈ। ਜਿਥੇ ਹਰ ਖੇਤਰ ਵਿਚ ਲੜਕੀਆਂ ਨੇ ਮੱਲਾਂ ਮਾਰੀਆਂ ਹਨ, ਉਥੇ ਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਅਧੀਨ ਜ਼ਿਲ੍ਹਾ ਜਲੰਧਰ 'ਚ ਪ੍ਰਸ਼ਾਸਨ ਵਲੋਂ ਦੂਜਾ ਮੁਫ਼ਤ ਡਰਾਈਵਿੰਗ ਸਿਖਲਾਈ ਕੈਂਪ ਲਗਾਇਆ ਅਤੇ ਲੜਕੀਆਂ ਨੂੰ ਸਵੈ-ਨਿਰਭਰ ਅਤੇ ਹੁਨਰਮੰਦ ਬਣਾਉਣ ਅਤੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਦੇ ਸਸ਼ਕਤੀਕਰਨ ਬਣਾਉਣ ਲਈ ਪ੍ਰਸ਼ਾਸਨ ਵਲੋਂ ਕਈ ਕਦਮ ਚੁੱਕੇ ਹਨ, ਜੋ ਸ਼ਲਾਘਾਯੋਗ ਹਨ। ਲੜਕੀਆਂ ਨਾਲ ਮਾੜਾ ਵਰਤਾਓ ਕਰਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਵਲੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਲੜਕੀ ਹਰ ਖੇਤਰ ਵਿਚ ਖੁੱਲ੍ਹ ਕੇ ਵਿਚਰ ਸਕੇ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ।


ਨਾਜਾਇਜ਼ ਮਾਈਨਿੰਗ
ਪੰਜਾਬ 'ਚ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਪੂਰੇ ਜ਼ੋਰਾਂ-ਸ਼ੋਰਾਂ ਨਾਲ ਹੁੰਦੀ ਆ ਰਹੀ ਹੈ। ਇਸ ਮਾੜੇ ਰੁਝਾਨ ਦਾ ਪਤਾ ਨਹੀਂ ਕਦੋਂ ਅੰਤ ਹੋਵੇਗਾ। ਪਿੱਛੇ ਜਿਹੇ ਇਹ ਪੜ੍ਹਨ-ਸੁਣਨ ਨੂੰ ਮਿਲਿਆ ਹੈ ਕਿ ਨਾਜਾਇਜ਼ ਮਾਈਨਿੰਗ ਹੁਣ ਬਿਜਲੀ ਸਿਸਟਮ ਲਈ ਵੀ ਵੱਡੀ ਮੁਸੀਬਤ ਬਣਾਈ ਜਾ ਰਹੀ ਹੈ। ਪਿਛਲੀ ਸਰਕਾਰ ਮੌਕੇ ਇਸ ਨਾਜਾਇਜ਼ ਮਾਈਨਿੰਗ ਦਾ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲਦਾ ਰਿਹਾ ਹੈ। ਪਿਛਲੀ ਸਰਕਾਰ ਦੀ ਹਾਰ ਦਾ ਇਸ ਨੂੰ ਵੀ ਇਕ ਕਾਰਨ ਮੰਨਿਆ ਜਾਂਦਾ ਰਿਹਾ ਹੈ। ਹੁਣ ਸਿਤਮ ਜ਼ਰੀਫੀ ਇਹ ਹੈ ਕਿ ਮੌਜੂਦਾ ਸਰਕਾਰ ਜਿਸ ਦੇ ਚਾਰ ਸਾਲ ਲੰਘ ਚੁੱਕੇ ਹਨ, ਵਲੋਂ ਵੀ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਇਸ ਨੇ ਚੋਣਾਂ ਮੌਕੇ ਨਾਜਾਇਜ਼ ਮਾਈਨਿੰਗ ਨੂੰ ਅਹਿਮ ਮੁੱਦਾ ਬਣਾ ਕੇ ਪੇਸ਼ ਕੀਤਾ ਸੀ। ਜਦੋਂ ਕਿਸੇ ਮੁੱਦੇ ਨੂੰ ਲੈ ਕੇ ਅਜਿਹੀ ਸਥਿਤੀ ਬਣ ਜਾਵੇ ਤਾਂ ਇਸ ਦੇ ਅਰਥ ਸਪੱਸ਼ਟ ਹੋ ਜਾਂਦੇ ਹਨ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕੋਈ ਹੋਰ ਨਹੀਂ, ਉਹ ਇਨ੍ਹਾਂ ਸਰਕਾਰਾਂ ਦੇ ਖੁਦ ਦੇ ਹੀ ਬੰਦੇ ਹਨ। ਹੁਣ ਸਮਾਂ ਹੈ ਮੌਜੂਦਾ ਸਰਕਾਰ ਜਾਗੇ। ਇਸ ਮਾੜੇ ਵਰਤਾਰੇ ਨੂੰ ਗੰਭੀਰਤਾ ਨਾਲ ਲਵੇ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਪ੍ਰਮਾਣੂ ਹਥਿਆਰ ਰੋਕ ਸੰਧੀ
ਪਿਛਲੇ ਦਿਨੀਂ 'ਅਜੀਤ' 'ਚ ਛਪਿਆ ਲੇਖ 'ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ ਪ੍ਰਮਾਣੂ ਹਥਿਆਰ ਰੋਕ ਸੰਧੀ' ਨੂੰ ਪੜ੍ਹ ਕੇ ਲੱਗਿਆ ਕਿ ਇਹ ਇਕ ਵਧੀਆ ਸ਼ੁਰੂਆਤ ਹੈ। 22 ਜਨਵਰੀ, 2021 ਨੂੰ ਸੰਯੁਕਤ ਰਾਸ਼ਟਰ ਦੁਆਰਾ ਪਾਸ ਕੀਤੀ ਪ੍ਰਮਾਣੂ ਹਥਿਆਰ ਰੋਕਣ ਵਾਲੀ ਸੰਧੀ, ਟੀ.ਪੀ.ਐਨ.ਡਬਲਯੂ. ਲਾਗੂ ਹੋ ਗਈ ਹੈ। ਜਿਸ ਨਾਲ ਪ੍ਰਮਾਣੂ ਹਥਿਆਰ ਗ਼ੈਰ-ਕਾਨੂੰਨੀ ਹੋ ਜਾਣਗੇ। ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਕਿਉਂਕਿ ਇਸ ਨਾਲ ਮਨੁੱਖ ਜਾਤੀ ਨੂੰ ਬਚਾਉਣ ਦਾ ਇਕ ਅਸਲ ਮੌਕਾ ਹੈ। ਇਤਿਹਾਸ ਵਿਚ ਪ੍ਰਮਾਣੂ ਹਥਿਆਰਾਂ ਨਾਲ ਬਹੁਤ ਨੁਕਸਾਨ ਹੋਇਆ ਹੈ। 6 ਅਤੇ 9 ਅਗਸਤ, 1945 ਨੂੰ ਜਾਪਾਨ ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ਉਤੇ ਪ੍ਰਮਾਣੂ ਬੰਬਾਰੀ ਦੀਆਂ ਦੋਵਾਂ ਘਟਨਾਵਾਂ ਵਿਚ ਦੋ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੁਣਾ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਤੇ ਉਥੋਂ ਦੀ ਧਰਤੀ ਵੀ ਬੰਜਰ ਹੋ ਗਈ ਸੀ। ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਸ ਕਰਕੇ ਜੋ ਪ੍ਰਮਾਣੂ ਹਥਿਆਰ ਰੋਕ ਸੰਧੀ ਵਧੀਆ ਉਪਰਾਲਾ ਹੈ, ਇਸ ਨਾਲ ਵਾਯੂਮੰਡਲ ਵਿਚ ਧੂੰਏਂ ਅਤੇ ਧੂੜ ਦੇ ਫੈਲਣ ਦੇ ਕਾਰਨ ਬਹੁਤ ਨੁਕਸਾਨ ਹੋ ਰਿਹਾ ਸੀ।


-ਦੇਸ ਰਾਜ
ਪਿੰਡ ਤੇ ਡਾਕ: ਰੈਲ ਮਾਜਰਾ।


ਅਵਾਰਾ ਕੁੱਤਿਆਂ ਦਾ ਠੋਸ ਹੱਲ ਕੱਢਿਆ ਜਾਵੇ
ਪਿਛਲੇ ਦਿਨੀਂ 'ਅਜੀਤ' 'ਚ ਛਪੀ ਰਾਏਕੋਟ ਦੇ ਪਿੰਡ ਬਿੰਜਲ ਦੀ ਖ਼ਬਰ ਕਿ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਮਾਸੂਮ ਬੱਚੀ ਦੀ ਨੋਚ-ਨੋਚ ਕੇ ਖਾਣ ਨਾਲ ਮੌਤ ਹੋ ਗਈ। ਅਸੀਂ ਜਾਣਦੇ ਹਾਂ ਕਿ ਹੱਡਾਰੋੜੀਆਂ ਦੇ ਅਵਾਰਾ ਕੁੱਤੇ ਬਹੁਤ ਹੀ ਖੂੰਖਾਰ ਅਤੇ ਬੇਰਹਿਮ ਹੁੰਦੇ ਹਨ ਤੇ ਅਜਿਹੇ ਅਵਾਰਾ ਜਾਂ ਹੱਡਾਰੋੜੀਆਂ ਦੇ ਕੁੱਤੇ ਪਹਿਲਾਂ ਵੀ ਕਈ ਘਰਾਂ ਦੇ ਛੋਟੇ-ਛੋਟੇ ਮਾਸੂਮਾਂ ਦੀ ਬਲੀ ਲੈ ਚੁੱਕੇ ਹਨ। ਸੋ, ਜਿਥੇ ਮਾਸੂਮਾਂ ਬਲੂਰਾਂ 'ਤੇ ਕਹਿਰ ਬਣ ਕੇ ਟੁੱਟਣ ਵਾਲੇ ਖੂੰਖਾਰ ਕੁੱਤਿਆਂ ਦਾ ਕੋਈ ਠੋਸ ਹੱਲ ਕਰਨ ਲਈ ਸਾਡੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ। ਸਾਨੂੰ ਸਭ ਨੂੰ ਆਪਣੇ ਬੱਚਿਆਂ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਉਪਰੋਕਤ ਜਿਹੀ ਕੋਈ ਵੀ ਮੰਦਭਾਗੀ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ।


-ਯਸ਼ ਪੱਤੋ
ਪਿੰਡ ਤੇ ਡਾਕ: ਹੀਰਾ ਸਿੰਘ (ਮੋਗਾ)।


ਪਤੰਗ ਜ਼ਰੂਰ ਉਡਾਓ ਪਰ ਚਾਈਨਾ ਡੋਰ ਨਾਲ ਨਹੀਂ

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਪਤੰਗਬਾਜ਼ੀ ਨੂੰ ਬਸੰਤ ਪੰਚਮੀ ਤਿਉਹਾਰ ਨਾਲ ਜੋੜਿਆ ਜਾਂਦਾ ਹੈ। ਵਿੱਦਿਆ ਦੀ ਦੇਵੀ ਸਰਸਵਤੀ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਘਰਾਂ ਵਿਚ ਪੀਲੇ ਰੰਗ ਦੇ ਪਕਵਾਨ ਬਣਦੇ ਹਨ ਤੇ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ। ਪੁਰਾਣੇ ਸਮੇਂ ਵਿਚ ਰਾਜੇ ਮਹਾਰਾਜੇ ਵੀ ਪਤੰਗਬਾਜ਼ੀ ਦਾ ਬਹੁਤ ਸ਼ੌਕ ਰੱਖਦੇ ਸਨ ਤੇ ਸੂਤ ਦੇ ਧਾਗਿਆਂ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਸਨ। ਪਰ ਅੱਜਕਲ੍ਹ ਤਾਂ ਚਾਈਨਾ ਡੋਰ ਨਾਲ ਲੋਕ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਰਾਹਗੀਰਾਂ ਦੇ ਜ਼ਖ਼ਮੀ ਹੋਣ ਦਾ ਸਿਲਸਿਲਾ ਲਗਾਤਾਰ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ। ਹਰ ਸਾਲ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ, ਸੁਣਦੇ ਹਾਂ ਕਿ ਚਾਈਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਹੋ ਗਈ। ਹੁਣ ਤਾਂ ਲੋਕ ਆਨਲਾਈਨ ਵੀ ਚਾਈਨਾ ਡੋਰ ਨੂੰ ਮੰਗਵਾ ਲੈਂਦੇ ਹਨ। ਸੋ ਚਾਈਨਾ ਡੋਰ ਇਹ ਸਿੰਥੈਟਿਕ, ਨਾਈਲੋਨ ਧਾਗੇ ਦੀ ਬਣੀ ਹੁੰਦੀ ਹੈ। ਪੰਛੀਆਂ ਅਤੇ ਰਾਹਗੀਰਾਂ ਲਈ ਇਹ ਮੌਤ ਦਾ ਕਾਰਨ ਬਣਨ ਲੱਗ ਪਈ ਹੈ। ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਪਤੰਗ ਜ਼ਰੂਰ ਉਡਾਓ, ਪਰ ਖ਼ਤਰਨਾਕ ਡੋਰ ਦਾ ਪ੍ਰਯੋਗ ਬਿਲਕੁਲ ਵੀ ਨਾ ਕਰੋ।


-ਸੰਜੀਵ ਸਿੰਘ ਸੈਣੀ, ਮੁਹਾਲੀ।

29-01-2021

 ਕੇਂਦਰ ਸਰਕਾਰ ਦੀ ਹਠਧਰਮੀ

ਕਿਸਾਨ ਅੰਦੋਲਨ ਹੁਣ ਸਿਰਫ ਕਿਸਾਨਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਲੋਕ ਲਹਿਰ ਬਣ ਚੁੱਕਾ ਹੈ। ਹੁਣ ਇਸ ਨੂੰ ਬਾਹਰਲੇ ਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਅੱਤ ਦੀ ਸਰਦੀ ਵਿਚ ਬੱਚੇ, ਜਵਾਨ, ਬਜ਼ੁਰਗ ਅਤੇ ਔਰਤਾਂ ਆਪਣੀਆਂ ਹੱਕੀ ਤੇ ਵਾਜਬ ਮੰਗਾਂ ਲਈ ਘਰ-ਬਾਰ ਛੱਡ ਕੇ ਸੰਘਰਸ਼ ਦੇ ਮੈਦਾਨ ਵਿਚ ਹਨ। ਜਿਸ ਘੋਲ ਨੂੰ ਕੇਂਦਰ ਸਰਕਾਰ ਸਿਰਫ ਪੰਜਾਬ ਤੱਕ ਸੀਮਤ ਦੇਖਦੀ ਸੀ, ਹੁਣ ਉਸੇ ਘੋਲ ਨੂੰ ਸੁਪਰੀਮ ਕੋਰਟ ਨੇ ਵੀ ਦੇਸ਼ ਵਿਆਪੀ ਘੋਲ ਮੰਨਿਆ ਹੈ। ਪਰ ਅਫ਼ਸੋਸ ਦੀ ਗੱਲ ਕੇਂਦਰ ਸਰਕਾਰ ਅਜੇ ਵੀ ਆਪਣੀ ਹਠਧਰਮੀ ਨਹੀਂ ਛੱਡ ਰਹੀ ਜੋ ਕਿ ਕੇਂਦਰ ਸਰਕਾਰ ਅਤੇ ਜਨਤਾ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸੋ, ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਘੋਲ ਦਾ ਸਾਰਥਕ ਹੱਲ ਕੱਢੇ।

-ਇੰਜੀ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਹੁਕਮਰਾਨ ਖਲਕਤ ਦੀ ਆਵਾਜ਼ ਸੁਣੇ

ਅੱਜ ਸਮੁੱਚੀ ਖਲਕਤ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਪਰ ਹੁਕਮਰਾਨ ਸਰਕਾਰ ਨਹੀਂ ਸੁਣ ਰਹੀ। ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਖਲਕਤ ਵਿਚ ਰੱਬ ਵਸਦਾ ਹੈ। ਖਲਕਤ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ। ਸੋ, ਸਾਡੀ ਹੁਕਮਰਾਨ ਸਰਕਾਰ ਨੂੰ ਸ਼ਾਂਤੀਪੂਰਵਕ ਅਪੀਲ ਹੈ ਕਿ ਕਿਸੇ ਪਾਰਟੀ ਜਾਂ ਹੋਰ ਕਿਸੇ ਦੀ ਨਾ ਸਹੀ, ਰੱਬ ਦੀ ਆਵਾਜ਼ ਜ਼ਰੂਰ ਸੁਣੋ।

-ਲਵਪ੍ਰੀਤ ਸਿੰਘ ਨਰਕਟ
ਪਿੰਡ ਨਰਕਟ, ਜ਼ਿਲ੍ਹਾ ਕਪੂਰਥਲਾ।

ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਪਰਿਵਾਰ ਦੀ ਸ਼ਹੀਦੀ ਦੀਆਂ ਘਟਨਾਵਾਂ ਸਿੱਖ ਇਤਿਹਾਸ ਵਿਚ ਅਹਿਮ ਮੋੜ ਸਾਬਤ ਹੋਈਆਂ। ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਮਿਲੀ ਅਤੇ ਸਿੱਖ ਕੌਮ ਯੋਧੇ ਬਹਾਦਰਾਂ ਦੀ ਕੌਮ ਬਣ ਗਈ। ਗੁਰੂ ਜੀ ਨੇ ਸਿੱਖਾਂ ਵਿਚ ਬਹਾਦਰੀ ਦੇ ਗੁਣ ਪੈਦਾ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਾਹਮਣਾ ਕਰਨ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਮੇਂ ਜਿੱਤਾਂ, ਐਂਗਲੋ ਸਿੱਖ ਜੰਗਾਂ, ਸਾਰਾਗੜ੍ਹੀ ਦੀ ਜੰਗ ਵਿਚ ਸਿੱਖਾਂ ਨੇ ਬਹਾਦਰੀ ਦਿਖਾਈ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸਹੀ ਰਾਹ ਦਿਖਾਉਣ ਦੇ ਮਿਸ਼ਨ ਵਿਚ ਕਾਮਯਾਬ ਹੋਏ ਸਨ। ਸਿੱਖ ਹਰ ਸੰਕਟ ਦਾ ਨਿਡਰਤਾ ਨਾਲ ਸਾਹਮਣਾ ਕਰਦੇ ਹਨ।

-ਯਾਦਵਿੰਦਰ ਸਿੰਘ ਰੱਲੀ, ਮਾਨਸਾ।

ਕਿਸਾਨ ਸੰਘਰਸ਼

ਦਿਨੋ-ਦਿਨ ਕਿਸਾਨ ਸੰਘਰਸ਼ ਹੋਰ ਵੀ ਪ੍ਰਚੰਡ ਹੁੰਦਾ ਜਾ ਰਿਹਾ ਹੈ। ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਤਕਰੀਬਨ ਦੋ ਮਹੀਨੇ ਹੋ ਚੁੱਕੇ ਹਨ। ਹਰ ਧਰਮ, ਜਾਤ ਦੇ ਲੋਕ ਇਸ ਸੰਘਰਸ਼ ਵਿਚ ਆਪ-ਮੁਹਾਰੇ ਸਾਹਮਣੇ ਆ ਰਹੇ ਹਨ। ਤਕਰੀਬਨ ਹਰ ਤਬਕੇ ਵਲੋਂ ਪੰਜਾਬ ਵਿਚ ਕਿਸਾਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉਠ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਇਕ ਹੀ ਜਗ੍ਹਾ ਬੈਠ ਕੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਕੱਠੇ ਖਾਣਾ ਬਣਾਇਆ ਜਾ ਰਿਹਾ ਹੈ ਤੇ ਖਾਧਾ ਜਾ ਰਿਹਾ ਹੈ। ਧਰਨੇ 'ਤੇ ਹੀ ਕਿਸਾਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਯਾਦ ਕੀਤਾ ਗਿਆ। ਨਵਾਂ ਵਰ੍ਹਾ ਵੀ ਮਨਾਇਆ ਗਿਆ। ਲੋਹੜੀ ਦੇ ਤਿਉਹਾਰ ਤੇ ਭੁੱਗੇ ਦੇ ਰੂਪ ਵਿਚ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਮਾਰੂ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

-ਸੰਜੀਵ ਸਿੰਘ ਸੈਣੀ
ਮੁਹਾਲੀ।
ਸੰਪਾਦਕ ਦੇ ਨਾਂਅ

ਇਕ ਜੁਮਲਾ ਹੋਰ

ਸਾਡੇ ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਸਮੇਂ ਦੇ ਹਾਕਮ ਕੰਮ ਘੱਟ ਕਰਦੇ ਹਨ, ਜੁਮਲੇ ਜ਼ਿਆਦਾ ਛੱਡਦੇ ਹਨ। ਵਰਤਮਾਨ ਸਰਕਾਰ ਨੇ ਤਾਂ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਮਈ 2014 ਦੀਆਂ ਪਾਰਲੀਮੈਂਟ ਦੀਆਂ ਵੋਟਾਂ ਤੋਂ ਪਹਿਲੇ ਅਕਸਰ ਟੈਲੀਵਿਜ਼ਨ ਤੋਂ ਇਕ ਜੁਮਲੇਬਾਜ਼ੀ ਬਹੁਤ ਪ੍ਰਸਾਰਿਤ ਹੁੰਦੀ ਸੀ ਕਿ 'ਅੱਛੇ ਦਿਨ ਆਨੇ ਵਾਲੇ ਹੈਂ'। ਹੋਇਆ ਇਹ ਕਿ ਜਦੋਂ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚਾ ਤੇਲ 107 ਡਾਲਰ ਪਹੁੰਚ ਗਿਆ ਸੀ, ਉਦੋਂ ਦੇਸ਼ ਵਿਚ ਡੀਜ਼ਲ 57 ਰੁਪਏ, ਲੀਟਰ ਤੋਂ ਹੇਠਾਂ ਅਤੇ ਪੈਟਰੋਲ 80 ਰੁਪਏ ਲੀਟਰ ਤੋਂ ਹੇਠਾਂ ਵਿਕ ਰਿਹਾ ਸੀ। ਅੱਛੇ ਦਿਨਾਂ ਵਿਚ ਡੀਜ਼ਲ 80 ਰੁਪਏ ਤੇ ਪੈਟਰੋਲ 90 ਰੁਪਏ ਲੀਟਰ ਨੂੰ ਛੂਹਣ ਜਾ ਰਿਹਾ ਹੈ। 15 ਲੱਖ ਰੁਪਏ ਵੀ ਭਾਰਤਵਾਸੀਆਂ ਦੇ ਬੈਂਕ ਖਾਤਿਆਂ ਵਿਚ ਆ ਚੁੱਕਾ ਹੈ। ਲੱਗ ਤਾਂ ਇੰਜ ਰਿਹਾ ਹੈ ਕਿ ਸਾਡੇ ਭਾਰਤ ਦੇ ਮਹਾਨ ਦਾਰਸ਼ਨਿਕ ਸ੍ਰੀ ਰਬਿੰਦਰਾ ਨਾਥ ਟੈਗੋਰ ਇਸ ਸਾਲ ਪੱਛਮੀ ਬੰਗਾਲ ਵਿਚ ਹੋ ਰਹੇ ਚੋਣਾਂ ਮੌਕੇ ਅੱਜ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਨੂੰ ਜ਼ਰੂਰ ਦਰਸ਼ਨ ਦੇਣ ਵਾਸਤੇ ਆ ਰਹੇ ਹੋਣ। ਹੋ ਸਕਦਾ ਹੈ ਕਿ ਅਗਲੇ ਸਾਲ ਤੱਕ ਸਾਡੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੁਬਾਰਾ ਮਿਲ ਜਾਣ। ਇਸੇ ਤਰ੍ਹਾਂ ਜੁਮਲੇ ਵਾਰੀ-ਵਾਰੀ ਲੋਕ ਦੇਖ ਸਕਣ।

-ਰਿਟਾ: ਸੂਬੇਦਾਰ ਹਰਭਜਨ ਸਿੰਘ
ਪਿੰਡ ਤੇ ਡਾਕ: ਸਹੂੰਗੜਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਸਰਕਾਰ ਤੁਰੰਤ ਧਿਆਨ ਦੇਵੇ

ਪੰਜਾਬ ਵਿਚ ਗ਼ਰੀਬਾਂ ਦੀ ਯਾਦ ਸਰਕਾਰ ਨੂੰ ਖ਼ਾਸ ਕਰ ਕੇ ਵੋਟਾਂ ਵੇਲੇ ਹੀ ਆਉਂਦੀ ਹੈ। ਹਰ ਸਿਆਸੀ ਧਿਰ ਆਪਣੇ-ਆਪ ਨੂੰ ਗ਼ਰੀਬਾਂ ਦੀ ਸੱਚੀ ਹਮਦਰਦ ਸਮਝਦੀ ਹੈ ਪਰ ਸੱਤਾ ਵਿਚ ਆਉਂਦਿਆਂ ਹੀ ਸੱਤਾਧਾਰੀ ਧਿਰ ਦੀ ਸੋਚ ਵਿਚ ਵੱਡੇ ਪੱਧਰ 'ਤੇ ਖੋਟ ਆ ਜਾਂਦਾ ਹੈ। ਹਰ ਸਿਆਸੀ ਧਿਰ ਗ਼ਰੀਬਾਂ ਨੂੰ ਸਿਰਫ ਵੋਟਾਂ ਦੀ ਗਰਜ ਤੱਕ ਹੀ ਸੀਮਤ ਸਮਝਦੀ ਹੈ। ਪੰਜਾਬ ਅੰਦਰ ਘੱਟ-ਗਿਣਤੀ ਦੇ ਯੋਗ ਤੇ ਗ਼ਰੀਬ ਵਿਦਿਆਰਥੀਆਂ ਨੂੰ ਮਿਲਣ ਵਾਲਾ ਵਜ਼ੀਫ਼ਾ ਤਾਂ ਬੇਸ਼ੱਕ ਸਿਆਸਤ ਦੀ ਭੇਟ ਚੜ੍ਹ ਗਿਆ ਹੈ, ਜਿਸ ਕਰਕੇ ਯੋਗ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਆਸ ਲਗਾਈ ਬੈਠੇ ਹੋਣ ਦੇ ਬਾਵਜੂਦ ਵਜ਼ੀਫ਼ਾ ਨਹੀਂ ਮਿਲਿਆ। ਕਈ ਵਿਦਿਆਰਥੀ ਤਾਂ ਵਜ਼ੀਫ਼ਾ ਨਾ ਮਿਲਣ ਕਾਰਨ ਆਪਣੀ ਪੜ੍ਹਾਈ ਹੀ ਅੱਧ ਵਿਚਕਾਰ ਛੱਡ ਗਏ ਹਨ। ਦੂਜੇ ਪਾਸੇ ਜੇਕਰ ਗੱਲ ਉਸਾਰੀ ਕਿਰਤੀ ਮਜ਼ਦੂਰਾਂ ਦੀ ਕੀਤੀ ਜਾਵੇ ਜੋ ਕਿ ਪੰਜਾਬ ਭਵਨ ਨਿਰਮਾਣ ਅਤੇ ਹੋਰ ਉਸਾਰੀ ਭਲਾਈ ਸੰਗਠਨ ਕੋਲ ਰਜਿਸਟਰਡ ਹਨ। ਉਨ੍ਹਾਂ ਦੇ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਵੀ ਸੰਗਠਨ ਕੋਲ ਫੰਡ ਹੋਣ ਦੇ ਬਾਵਜੂਦ ਮਿਲਣ ਵਾਲਾ ਵਜ਼ੀਫ਼ਾ ਵੀ ਕਈ-ਕਈ ਸਾਲ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਲਾਭਪਾਤਰੀ ਸਾਲਾਂਬੱਧੀ ਸਬਰ ਕਰਦਾ-ਕਰਦਾ ਥੱਕ ਹਾਰ ਕੇ ਚੁੱਪ ਕਰ ਜਾਂਦਾ ਹੈ। ਸੰਗਠਨ ਕੋਲ ਰਜਿਸਟਰਡ ਲਾਭਪਾਤਰੀ ਵੀ ਜ਼ਿਆਦਾਤਰ ਗ਼ਰੀਬ ਹੀ ਹਨ। ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਗਰੀਬ ਵਰਗ ਪ੍ਰਤੀ ਸਰਕਾਰ ਦੀ ਨੀਤੀ ਨੇਕ ਨਹੀਂ ਹੈ। ਕਿਉਂਕਿ ਹਰ ਪਾਸੇ ਗ਼ਰੀਬ ਵਿਦਿਆਰਥੀਆਂ ਦੇ ਵਜ਼ੀਫ਼ੇ ਹੀ ਕਿਉਂ ਰੋਕੇ ਜਾ ਰਹੇ ਹਨ? ਸਰਕਾਰ ਨੂੰ ਤੁਰੰਤ ਇਸ ਪਾਸੇ ਨੇਕ ਨੀਅਤ ਨਾਲ ਗ਼ਰੀਬਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਿਸ਼ੇਸ਼ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਸੋਹਣੇ ਤੇ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਤਹਿ: ਤੇ ਜ਼ਿਲ੍ਹਾ ਬਠਿੰਡਾ।

28-01-2021

 ਕਿਸਾਨੀ ਸੰਘਰਸ਼, ਸਮਾਜ ਤੇ ਸਰਕਾਰ

ਪਿਛਲੇ ਕੁਝ ਮਹੀਨਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਹੁਣ ਨਾ ਕੇਵਲ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ ਦਾ ਅੰਦੋਲਨ ਬਣ ਚੁੱਕਾ ਹੈ। ਇਸ ਲੋਕ ਸੰਘਰਸ਼ ਦੀ ਅਹਿਮੀਅਤ ਇਸ ਕਰਕੇ ਵੀ ਹੈ ਕਿ ਇਕ ਤਾਂ ਇਹ ਹੱਕ, ਸੱਚ ਅਤੇ ਇਨਸਾਫ਼ ਲਈ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਦੂਜਾ ਇਸ ਦੇ ਆਗੂ ਲੋਕ ਵਿਸ਼ਵਾਸ ਅਤੇ ਭਾਵਨਾਵਾਂ 'ਤੇ ਖਰੇ ਉੱਤਰ ਰਹੇ ਹਨ।
ਸਮਾਜ ਦਾ ਹਰ ਵਰਗ ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ, ਆੜ੍ਹਤੀ ਜਾਂ ਟਰਾਂਸਪੋਰਟਰ ਹੋਵੇ ਜਾਂ ਫਿਰ ਸਰਕਾਰੀ ਅਤੇ ਗ਼ੈਰ-ਸਰਕਾਰੀ ਮੁਲਾਜ਼ਮ ਜਥੇਬੰਦੀ ਹੋਵੇ, ਇਸ ਸੰਘਰਸ਼ ਜੋ ਕਿ ਲੋਕਪੱਖੀ ਹੈ, ਦਾ ਹਿੱਸਾ ਬਣ ਚੁੱਕਾ ਹੈ ਅਤੇ ਸਾਰੇ ਇਕ ਆਵਾਜ਼ ਵਿਚ ਕਿਸਾਨ ਵਿਰੋਧੀ ਕੇਂਦਰੀ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਪੁਰਜ਼ੋਰ ਮੰਗ ਕਰ ਰਹੇ ਹਨ। ਕੇਂਦਰੀ ਸਰਕਾਰ ਆਪਣਾ ਅੜੀਅਲ ਰਵੱਈਆ ਤਿਆਗ ਕੇ ਦੇਸ਼ ਦੇ ਅੰਨਦਾਤੇ ਵਿਰੁੱਧ ਬਣਾਏ ਕਾਨੂੰਨ ਫੌਰੀ ਤੌਰ 'ਤੇ ਰੱਦ ਕਰੇ ਤਾਂ ਕਿ ਘਰੋਂ ਬੇਘਰ ਹੋ ਕੇ ਬੈਠੇ ਸੰਘਰਸ਼ਸ਼ੀਲ ਕਿਸਾਨ ਆਪੋ-ਆਪਣੇ ਘਰੀਂ ਪਰਤ ਸਕਣ ਅਤੇ ਦੇਸ਼ ਦਾ ਮਾਹੌਲ ਵੀ ਸ਼ਾਂਤ ਹੋ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਸਾਰਥਕ ਅਪੀਲਾਂ

ਅੱਜ ਕਿਸਾਨੀ ਅੰਦੋਲਨ ਪੂਰੇ ਜੋਬਨ 'ਤੇ ਚੱਲ ਰਿਹਾ ਹੈ। ਅਜਿਹੇ ਸਮੇਂ ਜੋਸ਼ ਦੇ ਨਾਲ-ਨਾਲ ਹੋਸ਼ ਦਾ ਹੋਣਾ ਵੀ ਸਮੇਂ ਦੀ ਵੱਡੀ ਲੋੜ ਹੈ। ਇਸੇ ਕਰਕੇ ਸਮੇਂ ਦੀ ਨਜਾਕਤ ਨੂੰ ਸਮਝਣ ਵਾਲੇ ਕੁਝ ਸਿਆਣੇ ਕਿਸਾਨ ਆਗੂ ਵਾਰ-ਵਾਰ ਸਾਰਥਕ ਅਪੀਲਾਂ ਕਰ ਰਹੇ ਹਨ ਕਿ ਹਰ ਹਾਲ 'ਚ ਸ਼ਾਂਤੀ ਬਣਾ ਕੇ ਰੱਖੀ ਜਾਵੇ। ਲਗਦਾ ਹੈ ਕਿ ਸਾਰਥਕ ਅਪੀਲਾਂ ਕਰਨ ਵਾਲੇ ਆਗੂ ਸਰਕਾਰ ਦੀ ਮਨਸ਼ਾ ਨੂੰ ਸਮਝਦੇ ਹਨ। ਇਹ ਸਚਾਈ ਵੀ ਹੈ ਕਿ ਪੁਰਅਮਨ ਤੇ ਅਨੁਸ਼ਾਸਨ 'ਚ ਰਹਿਣ ਨਾਲ ਕਿਸਾਨ ਅੱਧੀ ਜੰਗ ਜਿੱਤੀ ਬੈਠੇ ਹਨ। ਬੱਸ ਲੋੜ ਹੈ ਕਿ ਹਰ ਕਦਮ ਸ਼ਾਂਤੀਪੂਰਵਕ ਤੇ ਸੋਚ ਵਿਚਾਰ ਕੇ ਪੁੱਟਿਆ ਜਾਵੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਕਤੀਸ਼ਾਲੀ ਕਿਸਾਨ ਅੰਦੋਲਨ

ਮੌਜੂਦਾ ਕਿਸਾਨੀ ਅੰਦੋਲਨ ਪੰਜਾਬੀ ਲੋਕਾਂ ਦੀ ਏਕਤਾ, ਇਕਜੁਟਤਾ ਦਾ ਪ੍ਰਤੱਖ ਪ੍ਰਮਾਣ ਹੈ। ਪਹਿਲਾਂ ਵੀ ਕਿਸਾਨ ਅੰਦੋਲਨ ਅੰਗਰੇਜ਼ਾਂ ਦੀ ਹਕੂਮਤ ਖਿਲਾਫ਼ ਲੜੇ ਗਏ ਸਨ। ਵਰਤਮਾਨ ਕਿਸਾਨੀ ਅੰਦੋਲਨ ਮੌਜੂਦਾ ਸਰਕਾਰ ਦੇ ਜ਼ਮੀਨਾਂ ਸਬੰਧੀ ਮਾੜੇ ਕਾਨੂੰਨਾਂ ਦਾ ਨਤੀਜਾ ਹੈ। ਅੱਜ ਫਿਰ ਕਿਸਾਨੀ ਅੰਦੋਲਨ ਵਿਚ 'ਪਗੜੀ ਸੰਭਾਲ ਜੱਟਾ' ਲਹਿਰ ਦਾ ਗੀਤ ਗੂੰਜਦਾ ਸੁਣਾਈ ਦਿੰਦਾ ਹੈ। ਇਹ ਅੰਦੋਲਨ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ। ਤਕਰੀਬਨ ਦੋ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਕੜਕਦੀ ਠੰਢ ਵਿਚ ਖੇਤੀ ਕਾਨੂੰਨਾਂ ਦੇ ਖਿਲਾਫ਼ ਅਹਿੰਸਕ ਸੰਘਰਸ਼ ਚੱਲ ਰਿਹਾ ਹੈ। ਕਿਸਾਨੀ ਅੰਦੋਲਨ ਨਾਲ ਟਕਰਾ ਵਾਲੀ ਹਾਲਤ ਪੈਦਾ ਕਰਨ ਲਈ ਹੁਕਮਰਾਨਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਹ ਤਾਂ ਕਿਸਾਨਾਂ ਦੀ ਲੀਡਰਸ਼ਿਪ ਨੂੰ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਸਰਕਾਰ ਦੇ ਹਿੰਸਾ ਵੱਲ ਜਾਂਦੇ ਹਰ ਕਦਮ ਦਾ ਜਵਾਬ ਅਹਿੰਸਕ ਸੰਘਰਸ਼ ਨਾਲ ਦਿੱਤਾ। ਅੱਜ ਇਹ ਇਤਿਹਾਸਕ ਅੰਦੋਲਨ ਪੀੜਾਂ ਭਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਸਮੇਂ ਸਮਾਜ ਦੇ ਚੇਤੰਨ ਹਿੱਸਿਆਂ ਅਤੇ ਸਮਾਜਿਕ ਕਾਰਕੁੰਨਾਂ ਤੋਂ ਦ੍ਰਿੜ੍ਹਤਾ ਨਾਲ ਆਵਾਜ਼ ਉਠਾਉਣ ਅਤੇ ਨਾਲ ਖੜ੍ਹਨ ਦੀ ਲੋੜ ਪਹਿਲੇ ਸਮਿਆਂ ਨਾਲੋਂ ਵੱਧ ਬਣ ਗਈ ਹੈ। ਕਿਸਾਨੀ ਅੰਦੋਲਨ ਭਾਰਤ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਲਿਖਿਆ ਜਾਵੇਗਾ।

-ਪ੍ਰਸ਼ੋਤਮ ਪੱਤੋ
ਮੋਗਾ।

ਸਾਦੇ ਗੁਰੂ ਕੇ ਲੰਗਰ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਫ਼ਤਹਿਗੜ੍ਹ ਸਾਹਿਬ ਪਹੁੰਚੇ। ਗੁ: ਠੰਢਾ ਬੁਰਜ, ਭੌਰਾ ਸਾਹਿਬ ਅਤੇ ਜੋਤੀ ਸਰੂਪ ਗੁਰਦੁਆਰਿਆਂ ਵਿਚ ਦਰਸ਼ਨਾਂ ਲਈ ਸੰਗਤਾਂ ਦਾ ਭਾਰੀ ਇਕੱਠ ਅਤੇ ਉਤਸ਼ਾਹ ਇਸ ਸ਼ਹਾਦਤ ਨੂੰ ਪ੍ਰਣਾਮ ਕਰਕੇ ਮਾਣ ਮਹਿਸੂਸ ਕਰ ਰਿਹਾ ਸੀ। ਥਾਂ-ਥਾਂ ਲੱਗੀਆਂ ਦਸਤਾਰਾਂ ਦੀਆਂ ਸਟਾਲਾਂ ਉੱਤੇ ਨੌਜਵਾਨਾਂ ਦਾ ਪੱਗਾਂ ਬੰਨ੍ਹਣ ਅਤੇ ਸਿੱਖਣ ਵਿਚ ਕਾਫ਼ੀ ਉਤਸ਼ਾਹ ਵੇਖਿਆ ਗਿਆ। ਪ੍ਰਸ਼ਾਸਨ ਇਨ੍ਹਾਂ ਸਾਰੇ ਪ੍ਰਬੰਧਾਂ ਨੂੰ ਬੜੇ ਵਧੀਆ ਅਤੇ ਸੁਚੱਜੇ ਤਰੀਕੇ ਨਾਲ ਚਲਾ ਰਿਹਾ ਸੀ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹੇ ਸ਼ਹੀਦੀ ਦਿਹਾੜੇ 'ਤੇ ਸਾਨੂੰ ਸਾਦੇ ਲੰਗਰ ਹੀ ਤਿਆਰ ਕਰਨੇ ਚਾਹੀਦੇ ਹਨ, ਨਾ ਕਿ ਕੋਈ ਸਵਾਦ ਵਾਲੇ ਪਕਵਾਨ ਬਣਾ ਕੇ ਸੰਗਤ ਨੂੰ ਰੋਕਣ ਦਾ ਯਤਨ ਕਰੀਏ। ਇਕ ਹੋਰ ਗੱਲ ਕਿ ਅਸੀਂ ਅਲੱਗ-ਅਲੱਗ ਪਿੰਡਾਂ ਦੀ ਬਜਾਏ ਸਾਂਝੇ ਲੰਗਰ ਲਾਇਆ ਕਰੀਏ। ਸੰਗਤਾਂ ਨੂੰ ਲੰਗਰ ਵੱਲ ਨਹੀਂ ਇਤਿਹਾਸ ਤੋਂ ਜਾਣੂੰ ਕਰਵਾਉਣ ਵੱਲ ਨੂੰ ਜ਼ਿਆਦਾ ਜ਼ੋਰ ਲਗਾਈਏ ਤਾਂ ਕਿ ਸਾਡੀ ਨਵੀਂ ਪੀੜ੍ਹੀ ਜੋ ਵਿਦੇਸ਼ਾਂ ਨੂੰ ਭੱਜ ਰਹੀ ਹੈ, ਉਨ੍ਹਾਂ ਆਪਣੇ ਇਤਿਹਾਸ ਆਪਣੇ ਪਿਛੋਕੜ ਬਾਰੇ ਵਿਸਥਾਰਪੂਰਵਕ ਪਤਾ ਲੱਗ ਸਕੇ ਅਤੇ ਉਹ ਆਪਣਾ ਸਿਰ ਉੱਚਾ ਕਰਕੇ ਕਹਿ ਸਕਣ ਕਿ ਅਸੀਂ ਉਸ ਗੁਰੂ ਜੀ ਦੇ ਬੱਚੇ ਹਾਂ ਜਿਨ੍ਹਾਂ ਨੇ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ। ਉਮੀਦ ਕਰਦੇ ਹਾਂ ਕਿ ਅਜਿਹਾ ਕਰਨ ਨਾਲ ਸਾਡਾ ਸਿੱਖ ਧਰਮ ਹੋਰ ਤਰੱਕੀਆਂ ਵੱਲ ਜਾਵੇਗਾ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

26-01-2021

 ਮੀਡੀਆ ਨੂੰ ਜ਼ਿੰਮੇਵਾਰੀ ਸਮਝਣ ਦੀ ਲੋੜ

ਕਿਸਾਨੀ ਸੰਘਰਸ਼ ਦੇ ਵਿਚ ਨੌਜਵਾਨਾਂ ਅਦਾਕਾਰਾਂ ਅਤੇ ਕਲਾਕਾਰਾਂ ਨੇ ਵਧ ਚੜ੍ਹ ਕੇ ਹਿੱਸਾ ਪਾਇਆ। ਪ੍ਰੰਤੂ ਨਿੰਦਣਯੋਗ ਗੱਲ ਇਹ ਹੈ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਨਹੀਂ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ। ਉਹ ਪੀਲੀ ਪੱਤਰਕਾਰੀ ਅਤੇ ਟੀ.ਆਰ.ਪੀ. ਦੇ ਜਾਲ ਵਿਚ ਫਸ ਕੇ ਆਪਣੇ ਅਸਲੀ ਉਦੇਸ਼ ਤੋਂ ਭਟਕ ਰਿਹਾ ਹੈ। ਮੀਡੀਆ ਨੂੰ ਟੀ.ਆਰ.ਪੀ. ਦੇ ਜਾਲ ਵਿਚੋਂ ਨਿਕਲ ਕੇ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ। ਇਸ ਸਮੇਂ ਮੀਡੀਆ ਦਾ ਨਿਰਪੱਖ ਹੋ ਕੇ ਸੱਚਾਈ ਬਿਆਨ ਕਰਨਾ ਅਤੇ ਤੱਥਾਂ ਦੇ ਆਧਾਰ 'ਤੇ ਜਾਣਕਾਰੀ ਪ੍ਰਦਾਨ ਕਰਨਾ ਪਹਿਲਾ ਸਿਧਾਂਤ ਹੈ। ਇਸ ਕਰਕੇ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣ ਅਤੇ ਕਿਸਾਨਾਂ ਦਾ ਸਾਥ ਦੇਣ ਲਈ ਹੋਰ ਵਰਗਾਂ ਨੂੰ ਵੀ ਉਤਸ਼ਾਹਿਤ ਕਰਨ। ਇਸ ਸੰਘਰਸ਼ ਵਿਚ ਮੀਡੀਆ ਕਿਸਾਨਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਰੋਕਣ ਵਿਚ ਸਭ ਤੋਂ ਵੱਧ ਮਦਦ ਕਰੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲਣ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਨਸ਼ਿਆਂ ਦੀ ਸਮੱਸਿਆ

ਅੱਜਕਲ੍ਹ ਸਾਡੇ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਬਹੁਤ ਵਧ ਗਈ ਹੈ। ਪੰਜਾਬ ਵਿਚ 95 ਫ਼ੀਸਦੀ ਘਰ ਅਜਿਹੇ ਹਨ, ਜਿਨ੍ਹਾਂ ਵਿਚੋਂ ਘਰ ਦਾ ਕੋਈ ਨਾ ਕੋਈ ਇਕ ਮੈਂਬਰ ਨਸ਼ਾ ਜ਼ਰੂਰ ਕਰ ਰਿਹਾ ਹੈ। ਪੰਜਾਬ ਵਿਚ ਬੇਰੁਜ਼ਗਾਰੀ ਹੋਣ ਕਰਕੇ ਵੀ ਬੁਹਤ ਸਾਰੇ ਲੋਕ ਨਸ਼ਿਆਂ ਵੱਲ ਜਾ ਰਹੇ ਹਨ। ਨਸ਼ਿਆਂ ਨਾਲ ਉਹ ਆਪਣੀ ਜ਼ਿੰਦਗੀ ਤਾਂ ਖਰਾਬ ਕਰਦੇ ਹੀ ਕਰਦੇ ਹਨ ਤੇ ਨਾਲ-ਨਾਲ ਉਹ ਆਪਣੇ ਘਰਦਿਆਂ ਦੀ ਵੀ ਜ਼ਿੰਦਗੀ ਖਰਾਬ ਕਰ ਰਹੇ ਹਨ। ਨਸ਼ਿਆਂ ਨਾਲ ਬਹੁਤ ਸਾਰੇ ਵਸਦੇ ਘਰ ਉਜੜ ਜਾਂਦੇ ਹਨ।

-ਅੰਜਲੀ

ਬਰਡ ਫਲੂ ਨੂੰ ਹਲਕੇ 'ਚ ਨਾ ਲਓ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਹੁਣ ਦੇਸ਼ 'ਚ ਬਰਡ ਫਲੂ ਨੇ ਵੀ ਪੈਰ ਪਸਾਰ ਲਏ ਹਨ। ਜਿਸ ਨੂੰ ਲੈ ਕੇ ਹੁਣ ਲੋਕਾਂ 'ਚ ਚਿੰਤਾ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਵੀ ਬਰਡ ਫਲੂ ਨੂੰ ਲੈ ਕੇ ਰਾਜ ਸਰਕਾਰਾਂ ਨੂੰ ਸਤਰਕ ਕੀਤਾ ਹੈ ਅਤੇ ਇਸ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਕੇਰਲ 'ਚ ਤਾਂ ਬਰਡ ਫਲੂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਹਾਲਾਂ ਇਨ੍ਹਾਂ ਸੂਬਿਆਂ 'ਚ ਇਸ ਫਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ। ਮਾਹਿਰਾਂ ਨੇ ਵਿਦੇਸ਼ੀ ਪੰਛੀਆਂ ਦੇ ਆਉਣ ਦੇ ਨਾਲ ਹੀ ਇਸ ਫਲੂ ਦੇ ਜਲਦ ਹੀ ਫੈਲਣ ਦਾ ਖਦਸ਼ਾ ਜਤਾਇਆ ਹੈ। ਅਜਿਹੇ 'ਚ ਹਰ ਕੋਈ ਬਰਡ ਫਲੂ ਤੋਂ ਬਚਾਅ ਦੇ ਤਰੀਕੇ ਲੱਭ ਰਿਹਾ ਹੈ। ਪੰਛੀਆਂ ਤੋਂ ਹੋਣ ਵਾਲੇ ਇਸ ਫਲੂ ਨਾਲ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ।
ਕਈ ਵਾਰ ਪੇਟ ਦਰਦ ਦੀ ਸਮੱਸਿਆ, ਛਾਤੀ 'ਚ ਦਰਦ ਅਤੇ ਪੇਟ ਸਬੰਧੀ ਤਕਲੀਫ਼ ਜਿਵੇਂ ਦਸਤ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਅਜਿਹੀਆਂ ਅਲਾਮਤਾਂ ਨਜ਼ਰ ਆਉਂਦੀਆਂ ਹਨ ਤਾਂ ਆਪਣਾ ਟੈਸਟ ਜ਼ਰੂਰ ਕਰਵਾਓ। ਗੰਭੀਰ ਲੱਛਣਾਂ 'ਚ ਸਾਹ ਲੈਣ 'ਚ ਤਕਲੀਫ਼ ਅਤੇ ਨਿਮੋਨੀਆ ਜਿਹੀਆਂ ਸਮੱਸਿਆਵਾਂ ਦੇ ਪਿਛੇ ਦਾ ਕਾਰਨ ਬਰਡ ਫਲੂ ਵੀ ਹੋ ਸਕਦਾ ਹੈ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ।

ਨਵਾਂ ਇਨਕਲਾਬ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਚੱਲ ਰਿਹਾ ਕਿਸਾਨ ਮੋਰਚਾ ਅਸਲ ਵਿਚ ਨਵਾਂ ਇਨਕਲਾਬ ਹੈ। ਜਿਸ ਦਾ ਮੁੱਢ ਪੰਜਾਬ ਨੇ ਬੰਨ੍ਹਿਆ ਹੈ। ਇਹ ਸੰਘਰਸ਼ ਲੋਕਾਂ ਤੇ ਜੋਕਾਂ ਵਿਚਕਾਰ ਚਲ ਰਹੀ ਕਸ਼ਮਕਸ਼ ਦਾ ਪ੍ਰਗਟਾਵਾ ਹੈ ਜੋ ਸੁਭਾਵਿਕ ਤੇ ਸਾਰਥਿਕ ਹੈ। ਇਸ ਸੰਘਰਸ਼ ਨੂੰ ਸਹੀ ਸੋਚ ਵਾਲੇ, ਲੋਕ ਪੱਖੀ ਲੋਕਾਂ ਦਾ ਭਾਰੀ ਸਮਰਥਨ ਹਾਸਲ ਹੈ। ਇਹ ਬੇਮਿਸਾਲ ਤੇ ਇਤਿਹਾਸਕ ਮੋਰਚਾ ਹੈ, ਜਿਸ ਦੀ ਸਫਲਤਾ ਯਕੀਨੀ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਫਰੀਦਕੋਟ।

ਆਨਲਾਈਨ ਪੜ੍ਹਾਈ ਦੀ ਮਹੱਤਤਾ

ਕੋਵਿਡ-19 ਮਹਾਂਮਾਰੀ ਦੇ ਫੈਲਣ ਕਾਰਨ ਆਨਲਾਈਨ ਮੀਡੀਆ ਦਾ ਰੁਝਾਨ ਵਧ ਗਿਆ ਹੈ ਅਤੇ ਹਰ ਕੰਮ ਆਨਲਾਈਨ ਹੋਣ ਲੱਗਾ ਜਿਵੇਂ ਕਿ ਆਨਲਾਈਨ ਪੜ੍ਹਾਈ, ਆਨਲਾਈਨ ਸ਼ਾਪਿੰਗ, ਪੈਸਿਆਂ ਦਾ ਲੈਣ-ਦੇਣ ਆਦਿ। ਸਭ ਤੋਂ ਜ਼ਿਆਦਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ। ਇਸ ਨੂੰ ਮੁੱਖ ਰੱਖਦੇ ਹੋਏ ਆਨਲਾਈਨ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਗਈਆਂ। ਜਿਸ ਕਾਰਨ ਪੜ੍ਹਾਈ ਹੋਰ ਵੀ ਦਿਲਚਸਪ ਬਣ ਗਈ ਹੈ। ਪਰ ਇਸ ਵਿਚ ਇਹੋ ਜਿਹੀ ਗੱਲਬਾਤ ਨਹੀਂ ਜੋ ਸਕੂਲ, ਕਾਲਜ ਵਿਚ ਜਾ ਕੇ ਬਣਦੀ ਹੈ। ਇਸ ਵਿਚ ਬਹੁਤ ਸਾਰੀਆਂ ਰੁਕਾਵਟਾਂ ਜਿਵੇਂ ਕਿ ਸਲੋਅ ਇੰਟਰਨੈੱਟ ਕੁਨੈਕਸ਼ਨ, ਸਾਈਟ ਕ੍ਰੈਸ਼ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਸਹੂਲਤ ਦਾ ਹੋਣਾ ਜ਼ਰੂਰੀ ਹੈ। ਪਰ ਸਭ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਪੜ੍ਹਾਈ ਕਰਨਾ ਹੀ ਸਭ ਤੋਂ ਵੱਧ ਪਸੰਦ ਹੈ।

-ਮਨਪ੍ਰੀਤ ਕੌਰ
ਕੇ.ਐਮ.ਵੀ., ਜਲੰਧਰ।

ਟਾਲ-ਮਟੋਲ

ਕਿਸਾਨ ਕਈ ਮਹੀਨਿਆਂ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਦਿੱਲੀ ਦੀਆਂ ਹੱਦਾਂ ਉਤੇ ਬੈਠਿਆਂ ਨੂੰ ਵੀ ਦੋ ਮਹੀਨੇ ਹੋ ਚੁੱਕੇ ਹਨ। ਇਸ ਸੰਘਰਸ਼ ਦੌਰਾਨ ਸੌ ਤੋਂ ਉੱਪਰ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਮੀਂਹ ਅਤੇ ਠੰਢ ਨਾਲ ਜੂਝ ਰਹੇ ਕਿਸਾਨਾਂ ਦੇ ਦ੍ਰਿਸ਼ ਕੁੱਲ ਦੁਨੀਆ ਨੇ ਦੇਖੇ ਹਨ। ਇਹੀ ਨਹੀਂ, ਇਹ ਅੰਦੋਲਨ ਪੰਜਾਬ, ਹਰਿਆਣਾ ਦੀਆਂ ਹੱਦਾਂ ਪਾਰ ਕਰਦਾ ਪਹਿਲਾਂ ਭਾਰਤ ਅਤੇ ਫਿਰ ਸੰਸਾਰ ਭਰ ਵਿਚ ਫੈਲ ਚੁੱਕਾ ਹੈ। ਇਸ ਸੰਘਰਸ਼ ਵਿਚ ਸਮਾਜ ਦਾ ਹਰ ਤਬਕਾ ਸ਼ਾਮਿਲ ਹੋਇਆ ਹੈ ਪਰ ਕੀ ਕਾਰਨ ਹੈ ਕਿ ਸਰਕਾਰ ਦੇ ਕੰਨ 'ਤੇ ਅਜੇ ਤੱਕ ਜੂੰ ਤੱਕ ਨਹੀਂ ਸਰਕ ਰਹੀ। ਅਸਲ ਵਿਚ ਸਰਕਾਰ ਦੀ ਮੁੱਢ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਨੂੰ ਲਗਾਤਾਰ ਟਾਲਿਆ ਜਾਵੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)

ਕਾਰਪੋਰੇਟ ਦੀ ਖੇਤੀ ਨੂੰ ਹੜੱਪਣ ਦੀ ਸਾਜਿਸ਼

ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਤੋਂ ਚੋਣ ਫੰਡ ਲੈਂਦੀ ਹੈ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਜਨਤਕ ਅਦਾਰਿਆਂ ਨੂੰ ਉਨ੍ਹਾਂ ਦੇ ਹਵਾਲੇ ਕਰਦੀ ਆਈ ਹੈ। ਹੁਣ ਤੱਕ ਰੇਲਵੇ, ਕੋਲੇ ਦੀਆਂ ਖਾਣਾਂ, ਬੰਦਰਗਾਹਾਂ, ਹਵਾਈ ਜਹਾਜ਼ਾਂ ਦੇ ਅੱਡੇ, ਮੋਬਾਈਲ ਕੰਪਨੀਆਂ ਅਤੇ ਬਿਜਲੀ ਆਦਿ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਫ਼ੈਸਲੇ ਲਏ ਗਏ ਹਨ। ਪ੍ਰੰਤੂ ਹੁਣ ਉਸ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੀ ਜ਼ਮੀਨ ਉਨ੍ਹਾਂ ਦੇ ਹਵਾਲੇ ਕਰਨ ਸਬੰਧੀ ਤਿੰਨ ਖੇਤੀਬਾੜੀ ਕਾਨੂੰਨ ਬਣਾਏ ਹਨ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਹਰ ਉੱਘੇ ਖੇਤੀ ਮਾਹਿਰਾਂ ਅਨੁਸਾਰ ਸਰਕਾਰ ਇਨ੍ਹਾਂ ਕਾਨੂੰਨਾਂ ਜ਼ਰੀਏ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪ ਕੇ ਉਥੇ ਕਾਰਖਾਨੇ ਸਥਾਪਤ ਕਰਨ ਅਤੇ ਕਿਸਾਨਾਂ ਨੂੰ ਆਪਣੀਆਂ ਹੀ ਮਾਲਕੀ ਫਸਲਾਂ 'ਤੇ ਮਜ਼ਦੂਰ ਬਣਾ ਦੇਣਾ ਚਾਹੁੰਦੀ ਹੈ। ਅਸਲ ਵਿਚ ਭਾਜਪਾ ਅਤੇ ਉਸ ਦੇ ਜੋਟੀਦਾਰਾਂ ਦੀ ਇਕ ਵੱਡੀ ਸਾਜਿਸ਼ ਹੈ ਤਾਂ ਜੋ ਉਪਜਾਊ ਜ਼ਮੀਨ ਕਿਸਾਨਾਂ ਤੋਂ ਖੋਹ ਕ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾਵੇ। ਪ੍ਰੰਤੂ ਕਿਸਾਨ ਅੰਦੋਲਨ ਜੋ ਲੋਕ ਅੰਦੋਲਨ ਬਣ ਚੁੱਕਾ ਹੈ, ਨੇ ਭਾਜਪਾ ਦੀ ਸਾਜਿਸ਼ ਨੂੰ ਫੇਲ੍ਹ ਕਰ ਦਿੱਤਾ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ, ਜ਼ਿਲ੍ਹਾ ਤਰਨ ਤਾਰਨ।

25-01-2021

 ਮੰਤਰੀ ਅਤੇ ਮਨੁੱਖ
ਵੈਸੇ ਤਾਂ ਮੰਤਰੀ ਵੀ ਮਨੁੱਖ ਹੀ ਹੁੰਦਾ ਹੈ ਪਰ ਕਈ ਵਾਰੀ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਮੰਤਰੀ ਬਣਦੇ ਹੀ ਕਈ ਲੋਕ ਮਨੁੱਖਤਾ ਤੋਂ ਪਾਸਾ ਵੱਟਣ ਲੱਗਦੇ ਹਨ। ਤਾਕਤ ਦੇ ਨਸ਼ੇ ਵਿਚ ਉਨ੍ਹਾਂ ਵਿਚੋਂ ਮਨੁੱਖਤਾ ਦੇ ਪ੍ਰਮੁੱਖ ਗੁਣ, ਪਿਆਰ, ਹਮਦਰਦੀ, ਲੋਕ-ਭਲਾਈ ਦੀ ਭਾਵਨਾ, ਮਾਂਦ ਪੈਣ ਲਗਦੇ ਹਨ। ਉਂਜ ਲਾਲ ਬਹਾਦਰ ਸ਼ਾਸਤਰੀ, ਸਰ ਛੋਟੂ ਰਾਮ ਅਤੇ ਗਿਆਨੀ ਕਰਤਾਰ ਸਿੰਘ ਵਰਗੇ ਨੇਕ-ਸੀਰਤ ਮੰਤਰੀਆਂ ਦੀਆਂ ਉਦਾਹਰਨਾਂ ਵੀ ਹਨ। ਕਾਸ਼! ਸਾਰੇ ਮੰਤਰੀ ਹੀ ਅਜਿਹੇ ਹੋਣ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਕਿਸਾਨਾਂ ਦੇ ਸੰਘਰਸ਼ ਨੂੰ ਸਮਝਣਾ ਚਾਹੀਦੈ
ਪੰਜਾਬੀ ਮੁੱਢ ਤੋਂ ਹੀ ਖੇਤੀ ਕਰਦੇ ਤੇ ਜ਼ਮੀਨ ਨੂੰ ਮਾਂ ਵਾਂਗ ਪਿਆਰ ਕਰਦੇ ਆ ਰਹੇ ਹਨ। ਏਨਾ ਪਿਆਰ ਇਹ ਜ਼ਮੀਨਾਂ ਨਾਲ ਕਰਦੇ ਹਨ ਕਿ ਕਈ ਵਾਰ ਜਾਨ ਵੀ ਵਾਰ ਦਿੰਦੇ ਹਨ ਪਿੱਛੇ ਨਹੀਂ ਹਟਦੇ। ਵੱਟ ਦੀ ਸੇਧ ਤਾਂ ਇਹ ਇੰਜ ਨਾਪਦੇ, ਜਿਵੇਂ ਕੋਈ ਲੇਜ਼ਰ ਮਸ਼ੀਨ ਹੋਣ। ਪੰਜਾਬੀ ਕਿਸਾਨ ਖੁੱਲ੍ਹੇ ਸੁਭਾਅ ਦੇ ਮਾਲਕ, ਮਿਹਨਤੀ, ਦਿਲ ਦੇ ਅਮੀਰ ਅਤੇ ਰੱਬ ਤੋਂ ਡਰਨ ਵਾਲੇ ਹਨ। ਪੰਜਾਬੀ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਕੌਡੀਆਂ ਦੇ ਭਾਅ ਸੁੱਟ ਕੇ, ਭਾਰਤ ਦੀ ਭੁੱਖ ਮਿਟਾਉਂਦਾ ਆ ਰਿਹਾ ਹੈ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹੋ ਰਹੇ ਸੰਘਰਸ਼ ਨੂੰ ਦੇਖ ਕੇ ਕਾਫੀ ਆਸ ਬੱਝੀ ਹੈ। ਇਹ ਸੰਘਰਸ਼ ਦੁਨੀਆ 'ਤੇ ਇਕ ਮਿਸਾਲ ਬਣ ਗਿਆ ਹੈ। ਸੰਘਰਸ਼ ਕਰਨਾ ਕਿਸਾਨ ਅਤੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਦਾ ਮੁਢਲਾ ਹੱਕ ਹੈ। ਭਾਰਤੀ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਨੂੰ ਸਮਝਣਾ ਚਾਹੀਦਾ ਹੈ ਤੇ ਸੰਘਰਸ਼ ਨੂੰ ਖ਼ਤਮ ਕਰਨ ਲਈ ਆਪਣੀਆਂ ਕੋਝੀਆਂ ਚਾਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਨਵੇਂ ਕਾਨੂੰਨਾਂ ਨੂੰ ਜਲਦ ਰੱਦ ਕਰਕੇ, ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਕਿਉਂਕਿ ਇਹ ਗੱਲ ਸਿਰਫ ਕਿਸਾਨਾਂ ਨਾਲ ਹੀ ਨਹੀਂ, ਸਗੋਂ ਅਤਿ ਜ਼ਰੂਰੀ ਦੇਸ਼ ਦੇ ਰੱਖਿਆ ਪ੍ਰਬੰਧ ਨਾਲ ਵੀ ਜੁੜੀ ਹੋਈ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫ਼ਿਰੋਜ਼ਪੁਰ)


ਦੇਸ਼ ਦੀ ਕਮਜ਼ੋਰ ਵਿੱਤੀ ਹਾਲਤ
ਕਿਸੇ ਵੀ ਸਰਕਾਰ ਦੇ ਵਿਕਾਸ ਅਤੇ ਲੋਕ ਕਲਿਆਣ ਕਾਰਜ, ਉਸ ਦੀ ਆਮਦ ਤੇ ਨਿਰਭਰ ਕਰਦੇ ਹਨ। ਟੈਕਸ ਹਰ ਸਰਕਾਰ ਦੀ ਆਮਦਨ ਦਾ ਵੱਡਾ ਸਾਧਨ ਹੈ ਪਰ ਇਸ ਦੇ ਨਾਲ ਸਰਕਾਰ ਵਲੋਂ ਚੱਲ ਰਹੇ ਵਪਾਰਕ ਕੰਮਾਂ ਤੋਂ ਮਿਲਣ ਵਾਲੇ ਲਾਭ ਸਰਕਾਰ ਦੀ ਗ਼ੈਰ-ਟੈਕਸ ਆਮਦਨ ਹੈ। ਸਾਡਾ ਦੇਸ਼ ਇਸ ਸਮੇਂ ਇਕ ਵੱਡੇ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਬੀਤੇ ਸਾਲ ਪਈ ਕੋਰੋਨਾ ਮਹਾਂਮਾਰੀ ਦੀ ਮਾਰ ਨੇ ਦੇਸ਼ ਨੂੰ ਹੋਰ ਨਿਰਾਸ਼ਤਾ ਵੱਲ ਧਕੇਲਿਆ। ਬਾਕੀ ਰਹਿੰਦੀ-ਖੂੰਹਦੀ ਕਸਰ ਸਰਕਾਰ ਨੇ ਨਵੇਂ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਖੇਤਾਂ ਦੀਆਂ ਵੱਟਾਂ ਤੋਂ ਕੱਢ ਦਿੱਲੀ ਦੀਆਂ ਸੜਕਾਂ ਉਤੇ ਬੈਠਣ ਨੂੰ ਮਜਬੂਰ ਕਰ ਦਿੱਤਾ। ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਸ਼ਾਸਕ ਚੰਗੀ ਤਰ੍ਹਾਂ ਜਾਣਦੇ ਹਨ, ਦੇਸ਼ ਦੀ 67 ਫ਼ੀਸਦੀ ਜਨਸੰਖਿਆ ਖੇਤੀਬਾੜੀ ਦੇ ਧੰਦੇ ਉੱਪਰ ਨਿਰਭਰ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੀ ਆਮਦਨ ਵਿਚ ਸਭ ਤੋਂ ਵੱਡਾ ਹਿੱਸਾ ਕਿਸਾਨਾਂ ਦਾ ਹੈ। ਜੇਕਰ ਸਾਡੀ ਸਰਕਾਰ ਉਸਾਰੂ ਸੋਚ ਦੀ ਮਾਲਕ ਹੋਵੇ ਤਾਂ ਉਸ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਖੇਤਰਾਂ ਜਾਂ ਕਿੱਤਿਆਂ ਵਿਚ ਬਹੁਤਾਤ ਲੋਕ ਸ਼ਾਮਿਲ ਹਨ। ਉਨ੍ਹਾਂ ਨੂੰ ਪ੍ਰਫੁਲਿਤ ਕਰਨ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾਣ। ਪਰ ਰਾਜਨੀਤੀ ਦੇ ਨਾਂਅ ਉਤੇ ਦੇਸ਼ ਦੇ ਲੋਟੂ ਬਣੇ ਨੇਤਾ ਦੇਸ਼ ਨੂੰ ਪੂਰੀ ਤਰ੍ਹਾਂ ਕੰਗਾਲ ਕਰਨ ਉਤੇ ਤੁਲੇ ਹੋਏ ਹਨ। ਇਹ ਮਸਲਾ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲਾ ਅਤੇ ਧਿਆਨ ਹੇਠਾਂ ਲਿਆਉਣ ਵਾਲਾ ਵਿਸ਼ਾ ਹੈ। ਸਾਡਾ ਦੇਸ਼ ਨਾਂਅ ਨੂੰ ਵਿਕਾਸ਼ਸੀਲ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੈ ਪਰ ਮੈਨੂੰ ਲਗਦਾ ਹੈ ਕਿ ਜੇਕਰ ਸਾਡੇ ਦੇਸ਼ ਦੀ ਵਾਗਡੋਰ ਅਜਿਹੇ ਲੋਟੂ ਨੇਤਾਵਾਂ ਦੇ ਹੱਥ ਰਹੀ ਤਾਂ ਸਾਡੇ ਦੇਸ਼ ਦੇ ਵਿਕਾਸਸ਼ੀਲ ਤੋਂ ਅਵਿਕਸਿਤ ਦੇਸ਼ ਵਿਚ ਤਬਦੀਲ ਹੁੰਦਿਆਂ ਦੇਰ ਨਹੀਂ ਲੱਗੇਗੀ।


-ਹਰਕੀਰਤ ਕੌਰ


ਕਿਸਾਨ ਔਰਤ ਦਿਵਸ
ਕਿਸਾਨ ਸੰਘਰਸ਼ ਨੂੰ ਦਿੱਲੀ ਵਿਚ ਚਲਦਿਆਂ ਲਗਪਗ ਦੋ ਮਹੀਨੇ ਹੋਣ ਵਾਲੇ ਹਨ। ਕਿਸਾਨ ਸੰਘਰਸ਼ ਵਿਚ ਸਭ ਵਰਗਾਂ ਦੀ ਸ਼ਮੂਲੀਅਤ ਨਾਲ ਲੋਕ ਸੰਘਰਸ਼ ਵਿਚ ਤਬਦੀਲ ਹੋ ਗਿਆ ਹੈ। ਔਰਤਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਸੰਘਰਸ਼ ਦੀ ਮਜ਼ਬੂਤੀ ਦਾ ਆਧਾਰ ਹੋ ਨਿਬੜੀ ਹੈ।
18 ਜਨਵਰੀ ਨੂੰ ਕਿਸਾਨ ਔਰਤ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਭਵਿੱਖੀ ਤਬਦੀਲੀਆਂ ਦੀਆਂ ਸੰਭਾਵਨਾਵਾਂ ਨਾਲ ਲਬਰੇਜ਼ ਹੈ। ਔਰਤਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿਚ ਪਿਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

22-01-2021

 ਆਜ਼ਾਦੀ ਤੋਂ ਬਾਅਦ
ਆਜ਼ਾਦੀ ਤੋਂ ਬਾਅਦ ਖਾਸ ਕਰਕੇ ਪਿਛਲੇ ਕੁਝ ਸਾਲਾਂ ਦਰਮਿਆਨ, ਬੇਰੁਜ਼ਗਾਰੀ ਅਤੇ ਆਰਥਿਕਤਾ ਦੇ ਝੰਬੇ ਕਿਸਾਨ, ਮਜ਼ਦੂਰ ਅਤੇ ਨੌਜਵਾਨ ਅੱਜ ਖੇਤੀ, ਬਿਜਲੀ ਅਤੇ ਵਾਤਾਵਰਨ ਜਿਹੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਨੂੰ ਵਹੀਰਾਂ ਘੱਤ ਚੁੱਕੇ ਹਨ। ਖੇਤੀ ਸਬੰਧੀ ਕਾਨੂੰਨਾਂ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ ਹੈ। ਕਹਿਣ ਦਾ ਭਾਵ ਇਸ ਸੰਘਰਸ਼ ਪਿੱਛੇ ਇਕੱਲੇ ਖੇਤੀ ਕਾਨੂੰਨ ਹੀ ਨਹੀਂ ਉਨ੍ਹਾਂ ਦੁਆਰਾ ਦਹਾਕਿਆਂ ਤੋਂ ਹੰਢਾਇਆ ਜਾ ਰਿਹਾ ਸੰਤਾਪ ਵੀ ਹੈ। ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਲੋਕਾਂ ਨੂੰ ਲਾਰਿਆਂ ਅਤੇ ਝੂਠੇ ਵਾਅਦਿਆਂ ਤੋਂ ਸਿਵਾ ਕੁਝ ਪ੍ਰਾਪਤ ਨਹੀਂ ਹੋਇਆ। ਅਸੀਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ, ਸਾਡਾ ਸੰਘਰਸ਼ ਤਦ ਤੱਕ ਜਾਰੀ ਰਹੇਗਾ, ਜਦੋਂ ਤੱਕ ਉਪਰੋਕਤ ਦਰਸਾਏ ਸਾਰੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਨੌਜਵਾਨਾਂ ਦਾ ਸਾਥ
ਕਿਸਾਨੀ ਜੀਵਨ ਸ਼ੁਰੂ ਤੋਂ ਹੀ ਸੰਘਰਸ਼ ਭਰਿਆ ਰਿਹਾ ਹੈ, ਇਸ ਕਿਸਾਨੀ ਸੰਘਰਸ਼ ਦੇ ਵਿਚ ਨੌਜਵਾਨਾਂ, ਕਲਾਕਾਰਾਂ ਅਤੇ ਅਦਾਕਾਰਾਂ ਨੇ ਵਧ-ਚੜ੍ਹ ਕੇ ਯੋਗਦਾਨ ਪਾਇਆ ਤਾਂ ਜੋ ਕਿਸਾਨਾਂ ਦੇ ਨਾਲ ਹੁੰਦੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ। ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਦਾ ਇਸ ਸੰਘਰਸ਼ ਵਿਚ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ਼ ਕਿਸਾਨਾਂ ਦਾ ਸੰਘਰਸ਼ ਨਹੀਂ, ਸਗੋਂ ਸਾਰੇ ਮਨੁੱਖ ਜਾਤੀ ਦਾ ਸੰਘਰਸ਼ ਹੈ ਕਿਉਂਕਿ ਸਾਡਾ ਮਨੁੱਖੀ ਜੀਵਨ ਪੂਰੀ ਤਰ੍ਹਾਂ ਕਿਸਾਨਾਂ ਉਤੇ ਵੀ ਨਿਰਭਰ ਕਰਦਾ ਹੈ। ਅਸੀਂ ਕਿਸਾਨਾਂ ਤੋਂ ਬਿਨ ਆਪਣੇ ਜੀਵਨ ਦੀ ਆਸ ਤੱਕ ਨਹੀਂ ਲਗਾ ਸਕਦੇ ਇਸ ਕਿਸਾਨੀ ਸੰਘਰਸ਼ ਵਿਚ ਵਧ ਤੋਂ ਵਧ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ।


-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ, ਰੋਪੜ।


ਬਹੁਤ ਜ਼ਰੂਰੀ ਹੋ ਗਿਐ
ਮੋਬਾਈਲ ਅੱਜ ਦੇ ਯੁੱਗ ਵਿਚ ਬਹੁਤ ਜ਼ਰੂਰੀ ਹੋ ਗਿਆ ਹੈ। ਲੋਕ ਹਰ ਸਮੇਂ ਇਸ ਵਿਚ ਹੀ ਰੁੱਝੇ ਰਹਿੰਦੇ ਹਨ। ਮੋਬਾਈਲ ਵਿਚ ਰੁੱਝੇ ਰਹਿਣ ਕਾਰਨ ਅੱਜਕਲ੍ਹ ਲੋਕ ਰਿਸ਼ਤਿਆਂ ਨੂੰ ਵੀ ਭੁੱਲੀ ਜਾ ਰਹੇ ਹਨ। ਅੱਜਕਲ੍ਹ ਤਾਂ ਹਰ ਛੋਟੇ-ਵੱਡੇ ਕੋਲ ਆਪਣਾ-ਆਪਣਾ ਮੋਬਾਈਲ ਹੈ। ਪਹਿਲੇ ਸਮੇਂ ਵਿਚ ਸਾਰੇ ਲੋਕ ਇਕੱਠੇ ਬੈਠਦੇ ਸਨ ਅਤੇ ਆਪਸ ਵਿਚ ਗੱਲਾਂਬਾਤਾਂ ਕਰਦੇ ਸਨ। ਪਰ ਹੁਣ ਇਕੱਠੇ ਹੋ ਕੇ ਵੀ ਸਾਰੇ ਇਕ-ਦੂਜੇ ਤੋਂ ਦੂਰ ਹਨ। ਕਿਉਂਕਿ ਸਾਰੇ ਆਪਣੇ-ਆਪਣੇ ਫੋਨ ਵਿਚ ਹੀ ਲੱਗੇ ਰਹਿੰਦੇ ਹਨ। ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਰਿਹਾ।


-ਅੰਜਲੀ


ਪਲਾਸਟਿਕ ਦੇ ਲਿਫ਼ਾਫ਼ੇ
ਭਾਵੇਂ ਸਰਕਾਰ ਨੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਉਤਪਾਦਨ, ਭੰਡਾਰਨ ਅਤੇ ਖਰੀਦ-ਵੇਚ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਸਮੇਂ-ਸਮੇਂ ਸਿਰ ਪ੍ਰਸ਼ਾਸਨ ਵਲੋਂ ਇਸ ਦੀ ਰੋਕਥਾਮ ਕਰਨ ਕਾਰਨ ਸ਼ੁਰੂ-ਸ਼ੁਰੂ ਵਿਚ ਬਹੁਤੇ ਲੋਕ ਘਰੋਂ ਥੈਲਾ ਲੈ ਕੇ ਬਾਜ਼ਾਰੋਂ ਸਾਮਾਨ ਖਰੀਦਣ ਜਾਂਦੇ ਸਨ, ਪ੍ਰੰਤੂ ਜਿਉਂ-ਜਿਉਂ ਸਮਾਂ ਲੰਘਿਆ ਹੈ ਇਸ 'ਤੇ ਲੱਗੀ ਪਾਬੰਦੀ ਦੇ ਬਾਵਜੂਦ ਕਰਿਆਨਾ ਸਟੋਰਾਂ, ਸਬਜ਼ੀਆਂ, ਫਲਾਂ ਆਦਿ ਦੀਆਂ ਦੁਕਾਨਾਂ, ਰੇਹੜੀਆਂ 'ਤੇ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਲਿਫ਼ਾਫ਼ੇ ਦੁਕਾਨਾਂ ਆਦਿ 'ਤੇ ਆਸਾਨੀ ਨਾਲ ਮਿਲ ਜਾਣ ਕਾਰਨ ਹੁਣ ਲੋਕ ਘਰੋਂ ਥੈਲਾ ਲਿਜਾਣਾ ਵੀ ਭੁੱਲ ਗਏ ਹਨ। ਕਿਉਂਕਿ ਇਨ੍ਹਾਂ ਲਿਫ਼ਾਫ਼ਿਆਂ ਦਾ ਮਨੁੱਖੀ ਸਿਹਤ, ਵਾਤਾਵਰਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਕਈ ਲੋਕ ਇਨ੍ਹਾਂ ਲਿਫ਼ਾਫ਼ਿਆਂ ਵਿਚ ਕੂੜਾ ਆਦਿ ਪਾ ਕੇ ਖਾਲੀ ਪਲਾਟਾਂ, ਸੜਕਾਂ 'ਤੇ ਸੁੱਟ ਦਿੰਦੇ ਹਨ, ਜਿਨ੍ਹਾਂ ਨੂੰ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਅਤੇ ਸੜਕਾਂ ਉੱਪਰ ਵੀ ਗੰਦਗੀ ਖਿੱਲਰਦੀ ਰਹਿੰਦੀ ਹੈ, ਜਿਸ ਕਰਕੇ ਰਾਹਗੀਰਾਂ ਲਈ ਸਿਰਦਰਦੀ ਦਾ ਕਾਰਨ ਬਣਦੇ ਹਨ, ਇਸ ਕਰਕੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਪ੍ਰਸ਼ਾਸਨ ਨੂੰ ਅਸਰਦਾਰ ਢੰਗ ਨਾਲ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਪੂਰਨ ਰੂਪ ਵਿਚ ਸਖ਼ਤੀ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਅੰਗੀਠੀ ਲਗਾ ਕੇ ਸੌਣ ਦੇ ਨੁਕਸਾਨ
ਪਿਛਲੇ ਦਿਨੀਂ 'ਅਜੀਤ' 'ਚ ਛਪਿਆ ਲੇਖ 'ਜਾਨ ਲੇਵਾ ਸਾਬਤ ਹੋ ਸਕਦੀ ਹੈ ਬੰਦ ਕਮਰੇ 'ਚ ਰੱਖੀ ਗਈ ਅੰਗੀਠੀ' ਨੂੰ ਪੜ੍ਹ ਕੇ ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਤੇ ਸਾਵਧਾਨੀਆਂ ਦਾ ਵੀ ਪਤਾ ਲੱਗਾ।
ਠੰਢ ਦੇ ਵਧਣ ਨਾਲ ਲੋਕ ਅਕਸਰ ਬੰਦ ਕਮਰੇ 'ਚ ਅੰਗੀਠੀ ਬਾਲ ਕੇ ਸੌਂ ਜਾਂਦੇ ਹਨ, ਜਿਸ ਨਾਲ ਲੱਕੜੀ ਜਾਂ ਕੋਲੇ ਦੇ ਜਲਣ ਨਾਲ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਸ ਨਾਲ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਤੇ ਹੌਲੀ-ਹੌਲੀ ਪੂਰੇ ਸਰੀਰ ਦਾ ਸਿਸਟਮ ਫੇਲ੍ਹ ਕਰ ਦਿੰਦੀ ਹੈ ਅਤੇ ਸਾਹ ਲੈਣ ਵਿਚ ਕਾਫੀ ਦਿੱਕਤ ਮਹਿਸੂਸ ਹੋਣ ਲਗਦੀ ਹੈ, ਜਿਸ ਕਰਕੇ ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਮੱਲਾਂਵਾਲਾ ਨੇੜੇ 5 ਜੀਆਂ ਦੀ ਮੌਤ ਹੋ ਗਈ, ਜੋ ਕਿ ਬੰਦ ਕਮਰੇ ਵਿਚ ਅੰਗੀਠੀ ਲਗਾ ਕੇ ਸੌਂ ਰਹੇ ਸਨ। ਜੇਕਰ ਥੋੜ੍ਹੀ ਜਿਹੀ ਵੀ ਸਾਵਧਾਨੀ ਵਰਤੀ ਜਾਵੇ ਤਾਂ ਬਚਾਅ ਹੋ ਸਕਦਾ ਹੈ।


-ਡਾ: ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।


ਹਰ ਕੋਈ ਫਿਕਰਮੰਦ
ਅੱਜ ਪੰਜਾਬ ਦੀ ਨਿੱਘਰਦੀ ਜਾ ਰਹੀ ਆਰਥਿਕਤਾ ਬਾਰੇ ਹਰ ਕੋਈ ਫਿਕਰਮੰਦ ਹੈ। ਇਸ ਨਿੱਘਰਦੀ ਜਾ ਰਹੀ ਆਰਥਿਕਤਾ ਬਾਰੇ ਕਈ ਕਾਰਨ ਹਨ ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਵੱਡਾ ਕਾਰਨ ਹੈ ਕਿ ਇਥੇ ਪੰਜਾਬ ਵਿਚ ਸਨਅਤੀ ਵਿਕਾਸ ਨਹੀਂ ਹੋਇਆ ਅਤੇ ਵੱਡੀ ਪੱਧਰ 'ਤੇ ਉਦਯੋਗ ਬੰਦ ਹੋ ਗਏ ਹਨ ਭਾਵੇਂ ਉਹ ਖੇਤੀ ਆਧਾਰਿਤ ਹੋਣ ਜਾਂ ਦੂਸਰੇ ਉਦਯੋਗ ਹੋਣ। ਇਹੋ ਕਾਰਨ ਹੈ ਕਿ ਅੱਜ ਪੰਜਾਬ ਆਮਦਨ ਕਮਾਉਣ ਦੇ ਸਾਧਨਾਂ ਵਿਚ ਬਾਰ੍ਹਵੀਂ ਸਥਿਤੀ 'ਤੇ ਪਹੁੰਚ ਗਿਆ ਹੈ। ਜਿਵੇਂ ਕਿ ਪੰਜਾਬ ਵਿਚੋਂ ਸਰਕਾਰੀ ਖੰਡ ਮਿੱਲਾਂ ਦਾ ਬੰਦ ਹੋਣਾ, ਲੋਹੇ ਅਤੇ ਮਸ਼ੀਨਾਂ ਦੇ ਕਾਰਖਾਨੇ, ਊਨੀ ਕੱਪੜੇ ਦੇ ਅਤੇ ਨਕਲੀ ਰੇਸ਼ਮ ਦੇ ਕਾਰਖਾਨੇ ਬੰਦ ਹੋਣ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋਏ ਹਨ। ਅੰਮ੍ਰਿਤਸਰ, ਧਾਰੀਵਾਲ, ਖਰੜ, ਬਟਾਲਾ ਵਿਚੋਂ ਕੱਪੜਾ ਉਦਯੋਗ ਅਤੇ ਗੋਬਿੰਦਗੜ੍ਹ ਅਤੇ ਗੁਰਾਇਆ ਵਿਚੋਂ ਲੋਹੇ ਦੇ ਉਦਯੋਗ ਬੰਦ ਹੋਣ ਨਾਲ ਹਜ਼ਾਰਾਂ ਕਿਰਤੀ ਬੇਰੁਜ਼ਗਾਰ ਹੋਏ ਹਨ। ਜੇਕਰ ਅੱਜ ਦੁਨੀਆ ਦੀ ਆਰਥਿਕਤਾ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਦੁਨੀਆ ਦਾ ਕੋਈ ਵੀ ਵਿਕਸਿਤ ਦੇਸ਼ ਇਸ ਤਰ੍ਹਾਂ ਦਾ ਨਹੀਂ ਜਿਹੜਾ ਉਦਯੋਗਿਕ ਦੇਸ਼ ਨਾ ਹੋਵੇ। ਸੋ, ਜੇਕਰ ਅੱਜ ਪੰਜਾਬ ਦੀ ਆਰਥਿਕਤਾ ਨੂੰ ਫਿਰ ਤੋਂ ਪੈਰਾਂ ਸਿਰ ਲਿਆਉਣਾ ਹੈ ਤਾਂ ਇਥੇ ਖੇਤੀ ਆਧਾਰਿਤ ਅਤੇ ਦੂਸਰੇ ਉਦਯੋਗਾਂ ਨੂੰ ਵੱਡੀ ਪੱਧਰ 'ਤੇ ਵਿਕਸਿਤ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਾਂਝਾ ਯਤਨ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨ ਤਾਰਨ।

21-01-2021

 ਨਰਿੰਦਰ ਸਿੰਘ ਤੋਮਰ ਜੀ ਬਿਆਨ ਨਹੀਂ ਧਿਆਨ ਦਿਉ

ਭਾਰਤ ਦੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਹਰ ਰੋਜ਼ ਇੱਕੋ ਰਾਗ ਅਲਾਪ ਰਿਹਾ ਹੈ ਕਿ ਕਿਸਾਨ ਕਾਨੂੰਨ ਰੱਦ ਕਰਾਉਣ ਦੀ ਬਜਾਏ ਕੋਈ ਹੋਰ ਸ਼ਰਤ ਰੱਖਣ। 10 ਵਾਰੀ ਤੋਮਰ ਕਿਸਾਨਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸਨੂੰ ਅਜੇ ਵੀ ਸਮਝ ਨਹੀਂ ਆਈ ਕਿ ਕਿਸਾਨ ਬਹੁਤਾ ਕੁਝ ਨਹੀਂ ਬੋਲ ਰਹੇ। ਇਕੋ ਹੀ ਗੱਲ ਕਹਿੰਦੇ ਹਨ ਕਿ ਸਾਨੂੰ ਕਾਨੂੰਨ ਰੱਦ ਕਰਾਉਣ ਤੋਂ ਇਲਾਵਾ ਕੁਝ ਵੀ ਮਨਜ਼ੂਰ ਨਹੀਂ। ਪਤਾ ਨਹੀ ਕਿਇਹ ਬੇਸਮਝ ਹੈ ਜਾਂ ਜਾਣਬੁੱਝ ਕੇ ਇਹੋ ਜਿਹੇ ਬਿਆਨ ਦੇ ਰਿਹਾ ਹੈ।
ਜੇ ਇਸ ਨੂੰ ਜ਼ਰਾ ਜਿੰਨਾ ਵੀ ਕਿਸਾਨਾਂ ਪ੍ਰਤੀ ਲਗਾਅ ਹੈ, ਫਿਰ ਕਿਉਂ ਨਹੀਂ ਆਪਣਾ ਅਸਤੀਫ਼ਾ ਦੇ ਕੇ ਪਾਸੇ ਹੋ ਜਾਂਦਾ। ਅਗਰ ਅੰਗਰੇਜ਼ ਦੇਸ਼ ਦੇ ਲੋਕਾਂ ਅੱਗੇ ਝੁਕ ਗਏ ਸਨ ਤਾਂ ਫਿਰ ਪ੍ਰਧਾਨ ਮੰਤਰੀ ਨੂੰ ਕਿਉਂ ਸ਼ਰਮ ਆ ਰਹੀ ਹੈ। ਆਪਣਾ ਹੀ ਦੇਸ਼ ਆਪਣੇ ਹੀ ਦੇਸ਼ ਦੇ ਕਿਸਾਨ, ਫਿਰ ਈਰਖਾ ਕਿਸ ਗੱਲ ਦੀ। ਇਹ ਵਿਰੋਧ ਵੀ ਓਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਇਹ ਤੂੰ ਆਪ ਹੀ ਵੇਖ ਲਵੀਂ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਸਵੱਛਤਾ ਵਿਚ ਸਹਿਯੋਗ

ਬੇਸ਼ੱਕ ਪੂਰੇ ਦੇਸ਼ ਵਿਚ ਸਵੱਛ ਭਾਰਤ ਮੁਹਿੰਮ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਹਾਲੇ ਵੀ ਬਹੁਤ ਕੁਝ ਠੀਕ ਹੋਣਾ ਬਾਕੀ ਹੈ। ਸਰਕਾਰਾਂ ਸਫ਼ਾਈ ਨੂੰ ਲੈ ਕੇ ਆਪਣੇ-ਆਪਣੇ ਰਾਜ ਵਿਚ ਭਰਪੂਰ ਕੰਮ ਕਰ ਰਹੀਆਂ ਹਨ। ਇਸ ਮਾਮਲੇ ਵਿਚ ਸਮਾਜਿਕ ਤੌਰ 'ਤੇ ਸਾਡੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ। ਗੰਦਗੀ ਨੂੰ ਰੋਕਣ ਲਈ ਹਰ ਖੇਤਰ ਵਿਚ ਸਰਕਾਰਾਂ ਵਲੋਂ ਕੁਝ ਨਾ ਕੁਝ ਇੰਤਜ਼ਾਮਾਂ ਦਾ ਫਾਇਦਾ ਨਹੀਂ ਲੈ ਰਹੇ। ਕੂੜੇਦਾਨਾਂ ਵਿਚ ਕੂੜਾ ਸੁੱਟਣ ਦੀ ਬਜਾਏ ਬਾਹਰ ਸੁੱਟਿਆ ਜਾਂਦਾ ਹੈ ਤੇ ਅਵਾਰਾ ਪਸ਼ੂ ਇਸ ਨੂੰ ਖਿਲਾਰ ਕੇ ਹੋਰ ਜ਼ਿਆਦਾ ਗੰਦਗੀ ਫੈਲਾਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸਫ਼ਾਈ ਕਰਮੀਆਂ ਦਾ ਕੰਮ ਵੀ ਵਧ ਜਾਂਦਾ ਹੈ। ਇਹ ਫੈਲਿਆ ਕੂੜਾ ਹੀ ਸੀਵਰੇਜ ਸਿਸਟਮ ਦੇ ਬੰਦ ਹੋਣ ਦਾ ਕਾਰਨ ਬਣ ਜਾਂਦਾ ਹੈ। ਸੋ, ਸਾਡੇ ਸਾਰੇ ਨਾਗਰਿਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਸਾਫ਼-ਸੁਥਰੇ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ।

-ਅਰਵਿੰਦਰ ਰਾਏਕੋਟ।

ਅਲੌਕਿਕ ਊਰਜਾ

ਇਕ ਸਚਾਈ ਜਿਉਂ-ਜਿਉਂ ਰਾਤ ਬੀਤਦੀ ਹੈ, ਤਿਉਂ-ਤਿਉਂ ਮੈਂ ਇਕ ਅਲੌਕਿਕ ਊਰਜਾ ਅਤੇ ਸ਼ਾਂਤੀ ਮਹਿਸੂਸ ਕੀਤੀ ਹੈ। ਕਿਰਸਾਨੀ ਅੰਦੋਲਨ ਵਾਲੀ ਜਗ੍ਹਾ 'ਤੇ ਬ੍ਰਹਿਮੰਡ ਜਿੰਨੀ ਵਿਸ਼ਾਲਤਾ ਅਤੇ ਗਹਿਰਾਈ ਨਾਲ ਲਬਰੇਜ਼ ਧੁਰ ਅੰਦਰ ਤੱਕ ਮਹਿਸੂਸ ਹੁੰਦੀ ਗੁਰਬਾਣੀ ਦੀ ਮਿੱਠੀ ਧੁਨ ਹਰ ਸਮੇਂ ਅਸਮਾਨ ਵਿਚ ਗੂੰਜਦੀ ਹੈ। ਉਥੇ ਸਿਰਫ ਕਿਰਸਾਨ ਬੈਠੇ ਹਨ, ਕੋਈ ਧਰਮ ਦਾ ਠੱਪਾ ਨਹੀਂ, ਸਭ ਆਪਸ ਵਿਚ ਰਲਗੱਡ ਹੋਏ ਪਏ ਹਨ। ਇਕ-ਦੂਜੇ ਲਈ ਦਰਦ ਹੈ, ਅਪਣੱਤ ਹੈ ਅਤੇ ਆਪਾ ਨਿਛਾਵਰ ਕਰਨ ਦਾ ਚਾਅ ਹੈ।
ਟਿਕਰੀ ਅਤੇ ਸਿੰਘੂ ਬਾਰਡਰ 'ਤੇ। ਪੋਹ ਮਾਘ ਦੀਆਂ ਠੰਢੀਆਂ ਰਾਤਾਂ ਵਿਚ ਘਰ ਬਾਰ ਛੱਡ ਕੇ ਇਹ ਕਿਸਾਨ ਇਕ ਸਾਂਝੇ ਉਦੇਸ਼ ਲਈ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਹਨ। ਇਸ ਸੰਘਰਸ਼ ਨੇ ਜਾਤਪਾਤ ਧਰਮ ਤੇ ਊਚ-ਨੀਚ ਨੂੰ ਭੁਲਾ ਕੇ ਇਨਸਾਨੀਅਤ ਪੱਖੋਂ ਸਭ ਨੂੰ ਬਰਾਬਰ ਕਰ ਦਿੱਤਾ ਹੈ। ਅੱਜ ਹਰ ਵਿਅਕਤੀ ਵਿਚ ਉਹ ਸੱਭਿਆਚਾਰ ਨਜ਼ਰ ਆਉਂਦਾ ਹੈ ਜੋ ਕਿਸੇ ਸਮੇਂ ਸਾਡੇ ਪਿੰਡਾਂ ਵਿਚ ਵਾਸ ਕਰਦਾ ਸੀ। ਇਨ੍ਹਾਂ ਦਾ ਮਜ਼ਬੂਤ ਇਰਾਦਾ ਤੇ ਚੜ੍ਹਦੀ ਕਲਾ ਵਾਲਾ ਹੌਸਲਾ ਜ਼ਰੂਰ ਜਿੱਤ ਦਿਵਾਏਗਾ।

-ਰਿਪਨਜੋਤ ਕੌਰ ਸੋਨੀ ਬੱਗਾ
ਅਧਿਆਪਕਾ, ਆਰਮੀ ਪਬਲਿਕ ਸਕੂਲ, ਪਟਿਆਲਾ।

ਹੁਣ ਜਾਗਣ ਦੀ ਲੋੜ

ਅੰਦੋਲਨ ਅਤੇ ਰਾਜਨੀਤੀ ਦੋਵੇਂ ਅਲੱਗ-ਅਲੱਗ ਵਿਸ਼ੇ ਹਨ। ਅੰਦੋਲਨ ਆਪਣੇ ਹੱਕਾਂ ਲਈ ਕੋਈ ਵੀ ਕਰ ਸਕਦਾ ਹੈ। ਪਰ ਰਾਜਨੀਤੀ ਸਿਰਫ ਰਾਜਨੇਤਾ ਹੀ ਕਰੇ, ਅਜਿਹਾ ਕਿਉਂ? ਸਾਡੇ ਸਾਰੇ ਰਾਜਨੇਤਾਵਾਂ ਨੂੰ ਪਤਾ ਹੈ ਕਿ ਕਿਸਾਨ ਦੇ ਪੁੱਤ ਨੇ ਕਿਸਾਨ, ਗ਼ਰੀਬ ਦੇ ਪੁੱਤ ਨੇ ਗ਼ਰੀਬ ਅਤੇ ਰਾਜਨੇਤਾ ਦੇ ਪੁੱਤਰ ਨੇ ਰਾਜਨੇਤਾ ਹੀ ਰਹਿਣਾ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਜਾਗੋ ਅਤੇ ਸਰਕਾਰਾਂ ਦਾ ਹੰਕਾਰ ਮਿਟਾਓ। ਰਾਜਨੇਤਾ ਉਹ ਹੀ ਹੋ ਸਕਦਾ ਹੈ ਜਿਸ ਨੇ ਰਾਜਨੀਤੀ ਸ਼ਾਸਤਰ ਪੜ੍ਹਿਆ ਹੋਵੇ। ਸਾਡੇ ਸੰਵਿਧਾਨ ਵਿਚ ਅੱਜ ਵੀ ਕਈ ਕਮੀਆਂ ਅਤੇ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਕਿਸਾਨ ਅੰਦੋਲਨ ਵਾਂਗ ਕਈ ਹੋਰ ਅੰਦੋਲਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਰਾਜਨੇਤਾ ਬਣਨ ਲਈ ਕੋਈ ਵੀ ਵਿੱਦਿਆ ਯੋਗਤਾ ਦੀ ਲੋੜ ਨਹੀਂ ਹੈ ਪਰ ਇਕ ਚਪੜਾਸੀ ਦੀ ਨੌਕਰੀ ਹਾਸਲ ਕਰਨ ਲਈ ਕਈ ਸਿਫ਼ਾਰਸ਼ਾਂ, ਰਿਸ਼ਵਤਾਂ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਹਨ। ਇਕ ਪ੍ਰਦੇਸ਼ ਨੂੰ ਅਨਪੜ੍ਹ ਮੁੱਖ ਮੰਤਰੀ ਬਣਨ ਲਈ ਕਿਸੇ ਵੀ ਦਸਤਾਵੇਜ਼ ਜਾਂ ਵਿੱਦਿਅਕ ਯੋਗਤਾ ਦੀ ਲੋੜ ਨਹੀਂ ਹੈ। ਅਜਿਹਾ ਕਿਉਂ? ਜੇਕਰ ਕਾਨੂੰਨ ਸਾਰਿਆਂ ਨੂੰ ਇਕ ਅੱਖ ਨਾਲ ਵੇਖਦਾ ਹੈ ਤਾਂ ਰਾਜਨੇਤਾ ਬਣਨ ਲਈ ਕੋਈ ਵਿੱਦਿਅਕ ਯੋਗਤਾ ਦੀ ਸ਼ਰਤ ਉਲੀਕੀ ਜਾਵੇ, ਨਾ ਕਿ ਰਾਜਨੀਤੀ ਖਾਨਦਾਨੀ ਦੁਕਾਨਾਂ 'ਤੇ ਚਲਾਈ ਜਾਵੇ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ), ਹੁਸ਼ਿਆਰਪੁਰ।

ਗ਼ਰੀਬਾਂ 'ਤੇ ਦੋਹਰੀ ਮਾਰ

ਕੋਰੋਨਾ ਸੰਕਟ ਵਿਚ ਜਿਥੇ ਗ਼ਰੀਬਾਂ 'ਤੇ ਇਕ ਬੇਰੁਜ਼ਗਾਰੀ, ਭੁੱਖਮਰੀ ਦਾ ਕਹਿਰ ਢਹਿ ਰਿਹਾ ਹੈ, ਉਥੇ ਹੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸੰਕਟ ਵੱਖਰਾ ਖੜ੍ਹਾ ਹੋ ਗਿਆ ਹੈ। ਜਿਥੇ ਕੋਈ ਗ਼ਰੀਬ ਆਪਣੀ ਰੋਜ਼ੀ-ਰੋਟੀ ਲਈ ਤਰਸ ਰਿਹਾ ਹੈ, ਉਥੇ ਉਸ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪਹਿਲਾਂ ਤਾਂ ਲਗਪਗ 10-12 ਹਜ਼ਾਰ ਰੁਪਏ ਖ਼ਰਚ ਕੇ ਸਮਾਰਟ ਫੋਨ ਦੀ ਜ਼ਰੂਰਤ ਪੂਰੀ ਕਰਨੀ ਪੈਂਦੀ ਹੈ ਅਤੇ ਫੀਸਾਂ ਦਾ ਖ਼ਰਚਾ ਵੱਖਰਾ ਹੈ। ਕਿਸੇ ਗ਼ਰੀਬ ਲਈ ਇਹ ਜ਼ਰੂਰਤ ਪੂਰੀ ਕਰਨੀ ਇਸ ਸਮੇਂ ਦੀ ਇਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਜਿਥੇ ਸਰਕਾਰਾਂ ਨੇ ਵੀ ਅਜਿਹੀ ਸਮੱਸਿਆ ਲਈ ਚੁੱਪ ਧਾਰੀ ਹੋਈ ਹੈ। ਸਰਕਾਰਾਂ ਗ਼ਰੀਬਾਂ ਲਈ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਲਈ ਵੀ ਤਿਆਰ ਨਹੀਂ ਹਨ। ਇਸ ਤਰ੍ਹਾਂ ਦੀ ਸਮੱਸਿਆ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਸਹੀ ਹੱਲ ਲੱਭ ਕੇ ਅਜਿਹੇ ਗ਼ਰੀਬ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਗ਼ਰੀਬਾਂ ਨੂੰ ਦੋਹਰੀ ਮਾਰ ਤੋਂ ਬਚਾਇਆ ਜਾ ਸਕੇ।

-ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ।

ਅੰਤਰ-ਚੇਤਨਾ ਨਾਲ ਵੋਟ ਦਿਓ

ਪੰਜਾਬ ਰਾਜ ਚੋਣ ਕਮਿਸ਼ਨ ਦੁਆਰਾ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਐਲਾਨ ਨਾਲ ਰਾਜਨੀਤਕ ਨੇਤਾ ਅਤੇ ਪੰਜਾਬ ਦੇ ਲੋਕ ਇਕ ਵਾਰ ਫਿਰ ਚੋਣ ਰੰਗ ਵਿਚ ਸਰਗਰਮ ਹੋ ਗਏ ਹਨ। ਇਸ ਵਾਰ ਆਜ਼ਾਦ ਉਮੀਦਵਾਰਾਂ ਤੋਂ ਇਲਾਵਾ ਚਾਹਵਾਨ ਉਮੀਦਵਾਰਾਂ ਦੁਆਰਾ ਇਹ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਜਾ ਰਹੀਆਂ ਹਨ। ਜਿਵੇਂ ਕਿ ਲੋਕਤੰਤਰ ਦੀ ਵਿਸ਼ੇਸ਼ਤਾ ਹੈ। ਆਉਣ ਵਾਲੀ 14 ਫਰਵਰੀ ਨੂੰ 8 ਨਗਰ ਨਿਗਮਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਪ੍ਰਤੀਨਿਧਤਾ ਕਰਨ ਲਈ ਉੱਤਮ, ਸਮਰੱਥ, ਉਚਿਤ, ਇਮਾਨਦਾਰ, ਜਨਤਕ ਜ਼ਰੂਰਤਾਂ ਅਤੇ ਭਾਵਨਾਵਾਂ ਪ੍ਰਤੀ ਉੱਤਰਦਾਇਕ ਉਮੀਦਵਾਰਾਂ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਵੋਟਰਾਂ ਉੱਪਰ ਹੀ ਹੈ ਅਤੇ ਇਸ ਲਈ ਵੋਟਰਾਂ ਨੂੰ ਖੋਖਲੇ, ਲੁਭਾਉਣੇ ਅਤੇ ਝੂਠੇ ਚੋਣ ਵਾਅਦਿਆਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ 14 ਫਰਵਰੀ, 2021 ਨੂੰ ਅੰਤਰ-ਚੇਤਨਾ ਦੀ ਆਵਾਜ਼ ਨਾਲ ਵੋਟ ਪਾਉਣੀ ਚਾਹੀਦੀ ਹੈ।

-ਇੰ: ਕ੍ਰਿਸ਼ਨ ਕਾਂਤ ਸੂਦ, ਨੰਗਲ।

20-01-2021

 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ

ਇਹ ਦਿੱਲੀ ਦੀ ਸਿੰਘੂ ਸਰਹੱਦ 'ਤੇ ਸਰਦੀ ਦੀ ਇਕ ਰਾਤ ਹੈ ਅਤੇ ਸਮਾਂ ਸਵੇਰ ਦੇ 4 ਵਜੇ ਦਾ ਹੈ, ਜਦੋਂ ਸਿੰਘ ਅੰਮ੍ਰਿਤ ਵੇਲੇ ਅਰਦਾਸ ਕਰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂਅ ਆਉਣ 'ਤੇ 'ਦਸਵੇਂ ਪਾਤਸ਼ਾਹ, ਸਭ ਥਾਈਂ ਹੋਏ ਸਹਾਏ' ਬੋਲਦਿਆਂ ਦੀ ਇਕ ਬਾਜ਼ ਆਕਾਸ਼ ਵੱਲ ਉੱਡਦਾ ਹੈ ਅਤੇ ਅਰਦਾਸ ਦੀ ਸੰਪੂਰਨਤਾ ਹੋਣ ਸਾਰ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਚਾਰੇ ਪਾਸੇ ਫੈਲ ਜਾਂਦਾ ਹੈ। ਜਿਹੜੇ ਜ਼ੁਲਮ ਦੇ ਜ਼ਰੀਏ ਸਾਡੀਆਂ ਆਜ਼ਾਦੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਅੱਜ 300 ਸਾਲ ਬਾਅਦ ਵੀ ਉਨ੍ਹਾਂ ਲਈ ਅੜਿੱਕਾ ਬਣਿਆ ਹੋਇਆ ਹੈ। ਇਕ ਮਹਾਨ ਕਵੀ, ਮਹਾਨ ਯੋਧਾ, ਵਿਦਵਾਨ, ਇਕ ਸੁਧਾਰਕ ਅਤੇ ਨਾਇਕ ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸਾਰੀ ਦੁਨੀਆ ਗੁਰੂ ਜੀ ਦੀ ਬਹਾਦਰੀ ਅਤੇ ਦਇਆ ਤੋਂ ਜਾਣੂ ਹੈ।
ਗੁਰੂ ਜੀ ਹਮੇਸ਼ਾ ਕੂਟਨੀਤੀ ਅਤੇ ਵਿਚਾਰ-ਵਟਾਂਦਰੇ ਲਈ ਖੁੱਲ੍ਹੇ ਸਨ। ਉਹ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ ਵੀ ਵਜ਼ੀਰ ਖਾਨ ਦੇ ਕਹਿਣ 'ਤੇ ਔਰੰਗਜ਼ੇਬ ਨਾਲ ਗੱਲਬਾਤ ਕਰਨ ਲਈ ਤਿਆਰ ਸਨ। 'ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ' ਰਾਹੀਂ ਉਨ੍ਹਾਂ ਸਮਰਾਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਦੇ ਵੀ ਪਹਿਲਾਂ ਕਿਸੇ 'ਤੇ ਹਮਲਾ ਨਹੀਂ ਕੀਤਾ। ਹਮਲਾਵਰਾਂ ਵਲੋਂ ਹਮਲਾ ਕੀਤੇ ਜਾਣ 'ਤੇ ਪੈਦਾ ਹੋਏ ਖ਼ਤਰੇ ਦੌਰਾਨ ਆਪਣਾ ਬਚਾਅ ਕੀਤਾ। ਇਸ ਤੋਂ ਪ੍ਰਦਰਸ਼ਨਕਾਰੀਆਂ 'ਚ ਸ਼ਾਮਿਲ ਸਬਰ ਅਤੇ ਸੰਤੋਖ ਦੀ ਦਿੱਖ ਵੀ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਦਾ ਪ੍ਰਤੀਕ ਹੈ। ਸਰਕਾਰ ਅਤੇ ਉਨ੍ਹਾਂ ਦੇ ਕਾਰਪੋਰੇਟ ਮਿੱਤਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਸਾਨ ਗੁਰੂ ਦੇ ਭੇਜੇ ਹੋਏ ਬੰਦੇ, ਬਾਬਾ ਬੰਦਾ ਸਿੰਘ ਬਹਾਦਰ ਵਲੋਂ ਉਨ੍ਹਾਂ ਨੂੰ ਜ਼ਮੀਨਾਂ ਦੀਆਂ ਦਿੱਤੀਆਂ ਗਈਆਂ ਮਾਲਕੀਆਂ ਕਿਸੇ ਵੀ ਹਾਲਤ ਵਿਚ ਖੋਹਣ ਨਹੀਂ ਦੇਣਗੇ। ਪ੍ਰਦਰਸ਼ਨ ਦੌਰਾਨ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆ ਜਾਣ ਪਰ ਲੰਬੇ ਸਮੇਂ ਲਈ ਇਹ ਲੜਾਈ ਸਰਕਾਰ ਦੇ ਗਲੇ ਦੀ ਹੱਡੀ ਸਾਬਤ ਹੁੰਦੇ ਹੋਏ ਅੜਿੱਕਾ ਬਣੀ ਰਹੇਗੀ ਅਤੇ ਜਿੱਤ ਕਿਸਾਨਾਂ ਦੀ ਹੀ ਹੋਵੇਗੀ।

-ਇੰਦਰ ਦਿਓਲ

ਟਰੈਕਟਰ ਪਰੇਡ

ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਸੰਘਰਸ਼ ਸਵਾ ਮਹੀਨੇ ਦੇ ਨੇੜੇ ਪਹੁੰਚ ਚੁੱਕਾ ਹੈ। ਏਨੀ ਜ਼ਿਆਦਾ ਠੰਢ ਅਤੇ ਖ਼ਰਾਬ ਮੌਸਮ ਵਿਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਨੇ ਪੱਕੀ ਠਾਣ ਲਈ ਹੈ ਕਿ ਇਹ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਮੁੜਨਾ ਹੈ। ਪਰ ਦੂਜੇ ਪਾਸੇ ਕੇਂਦਰ ਸਰਕਾਰ ਮੀਟਿੰਗ 'ਤੇ ਮੀਟਿੰਗ ਕਰ ਕੇ ਕਾਨੂੰਨਾਂ ਵਿਚ ਸੋਧਾਂ ਕਰਨ ਦੀ ਗੱਲ ਤਾਂ ਕਰ ਰਹੀ ਹੈ ਪਰ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਦੀ ਗੱਲ ਨਹੀਂ ਮੰਨ ਰਹੀ। ਪਰ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਇਹ ਕਾਲੇ ਕਾਨੂੰਨ ਰੱਦ ਕਰਨ ਸਮੇਤ ਉਨ੍ਹਾਂ ਦੀਆਂ ਹੋਰ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ, ਗਣਤੰਤਰ ਦਿਵਸ ਵਾਲੇ ਦਿਨ ਟਰੈਕਰਾਂ ਨਾਲ ਪਰੇਡ ਕੀਤੀ ਜਾਵੇਗੀ। ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਨੱਕ ਵਿਚ ਦਮ ਕਰਨ ਦੀ ਪੂਰੀ ਯੋਜਨਾਬੰਦੀ ਤਿਆਰ ਕਰ ਰੱਖੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਮੀਟਿੰਗ ਵਿਚ ਕਿਸਾਨਾਂ ਪੱਲੇ ਕੀ ਪਾਉਂਦੀ ਹੈ।

-ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

ਆਨਲਾਈਨ ਪੜ੍ਹਾਈ ਤੇ ਜ਼ਿੰਮੇਵਾਰੀ

ਸਕੂਲਾਂ, ਕਾਲਜਾਂ ਵਿਚ ਹੋ ਰਹੀ ਸਕੂਲੀ ਅਤੇ ਆਨਲਾਈਨ ਪੜ੍ਹਾਈ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀ ਅਤੇ ਮਾਪਿਆਂ ਦਾ ਵੀ ਸਹਿਯੋਗ ਅਤੇ ਜ਼ਿੰਮੇਵਾਰੀ ਬਣਦੀ ਹੈ। ਸਤਿਕਾਰਯੋਗ ਮਾਤਾ-ਪਿਤਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਵਿਚ ਅਧਿਆਪਕਾਂ ਦੀ ਮਦਦ ਕਰਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਜਿਥੇ ਤੁਹਾਡੇ ਮਾਤਾ-ਪਿਤਾ ਜੀ ਕੋਰੋਨਾ ਵਾਇਰਸ ਬਿਮਾਰੀ ਦੇ ਪ੍ਰਕੋਪ ਦੇ ਚਲਦੇ ਅਤੇ ਕਿਸਾਨੀ ਸੰਘਰਸ਼ ਦੇ ਚਲਦੇ ਕੰਮ ਧੰਦਿਆਂ ਦੇ ਘਟਣ ਦੇ ਬਾਵਜੂਦ ਮਿਹਨਤ ਕਰਕੇ ਸਕੂਲੀ ਫੀਸਾਂ ਦੇ ਕੇ ਤੁਹਾਨੂੰ ਪੜ੍ਹਾ-ਲਿਖਾ ਕੇ ਵਧੀਆ ਭਵਿੱਖ ਸਿਰਜਣ ਲਈ ਤੁਹਾਡੇ ਅੱਗੇ ਵਧਣ ਦੇ ਸੁਪਨੇ ਪੂਰੇ ਕਰਨੇ ਚਾਹੁੰਦੇ ਹਨ ਤਾਂ ਫਿਰ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੜ੍ਹਾਈ ਸਬੰਧੀ ਅਣਗਹਿਲੀ ਨਾ ਵਰਤਣ। ਅਧਿਆਪਕਾਂ ਦੁਆਰਾ ਕਰਵਾਈ ਜਾ ਰਹੀ ਮਿਹਨਤ ਅਤੇ ਆਨਲਾਈਨ ਪੜ੍ਹਾਈ ਵੱਲ ਪੂਰੀ ਲਗਨ ਅਤੇ ਮਿਹਨਤ ਨਾਲ ਧਿਆਨ ਦੇ ਕੇ ਮਾਪਿਆਂ ਵਲੋਂ ਦਿੱਤੀਆਂ ਜਾਂਦੀਆਂ ਫੀਸਾਂ ਦਾ ਵਿਦਿਆਰਥੀ ਵਧੀਆ ਪੜ੍ਹ ਕੇ ਚੰਗੇ ਨਤੀਜੇ ਸਾਹਮਣੇ ਲਿਆ ਕੇ ਮਾਪਿਆਂ ਦੀ ਮਿਹਨਤ ਦਾ ਮੁੱਲ ਅਦਾ ਕਰਨ ਨਾ ਕਿ ਖ਼ੁਦ ਨਾਲ ਖਿਲਵਾੜ ਕਰਨ।

-ਬਬੀਤਾ ਘਈ
ਡਾਕਟਰ ਕੁੰਦਨ ਹਸਪਤਾਲ ਰੋਡ, ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ

ਸੰਘਣੀ ਧੁੰਦ ਤੇ ਕਿਸਾਨੀ ਸੰਘਰਸ਼

ਪਿਛਲੇ ਇਕ ਮਹੀਨੇ ਤੋਂ ਦਿੱਲੀ 'ਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਜਿਥੇ ਹਰ ਦਿਨ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਦਿਨ-ਰਾਤ ਕਿਸਾਨ ਦਿੱਲੀ ਪਹੁੰਚ ਰਹੇ ਸਨ, ਉਥੇ ਲੱਖਾਂ ਹੀ ਕਿਸਾਨ ਇਕੱਠੇ ਵੀ ਹੋਏ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ। ਪਰ ਹੁਣ ਦੇਖਿਆ ਜਾਵੇ ਤਾਂ ਅਜੋਕੇ ਦਿਨਾਂ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਕਈ ਸੜਕ ਹਾਦਸੇ ਅਜਿਹੇ ਦਿਲ ਕੰਬਾਊ ਹੋਏ ਕਿ ਜਿਨ੍ਹਾਂ ਨੂੰ ਦੇਖ ਕੇ ਦਿਲ ਝੰਜੋੜਿਆ ਗਿਆ ਕਿਉਂਕਿ ਇਨ੍ਹਾਂ ਹਾਦਸਿਆਂ 'ਚ ਕਈ ਘਰਾਂ ਦੇ ਚਿਰਾਗ ਬੁਝ ਗਏ ਅਤੇ ਇਹ ਹਾਦਸੇ ਜ਼ਿਆਦਾਤਰ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਜਾਂ ਵਾਪਸ ਆਉਣ ਵਾਲਿਆਂ ਦੇ ਸਨ। ਸੋ, ਹੁਣ ਜੋ ਵੀ ਇਸ ਸੰਘਰਸ਼ 'ਚ ਟਰਾਲੀਆਂ ਜਾਂ ਹੋਰ ਸਾਧਨਾਂ ਰਾਹੀਂ ਪਹੁੰਚ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਹਿਲੇ ਤਾਂ ਦਿਨ ਵੇਲੇ ਹੀ ਆਪਣੇ-ਆਪਣੇ ਪਿੰਡਾਂ ਤੋਂ ਤੁਰਨ, ਕੋਈ ਵੀ ਰਾਤ ਦਾ ਸਫ਼ਰ ਨਾ ਕਰੇ ਅਤੇ ਦੂਜਾ ਆਪਣੇ ਸਾਧਨਾਂ ਮਗਰ ਰਿਫਲੈਕਟਰ ਜ਼ਰੂਰ ਲਾਉਣ ਤਾਂ ਜੋ ਸੜਕ 'ਤੇ ਜਾ ਰਿਹਾ ਸਾਧਨ ਧੁੰਦ ਵਿਚ ਦਿੱਖ ਸਕੇ। ਨਾਲ ਹੀ ਹੁਣ ਮੋਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਹ ਖੇਤੀ ਬਿੱਲਾਂ ਨੂੰ ਜਲਦ ਤੋਂ ਜਲਦ ਵਾਪਸ ਲਵੇ ਤਾਂ ਜੋ ਇਹ ਹਾਦਸੇ ਨਾ ਵਾਪਰ ਸਕਣ ਅਤੇ ਕਈ ਘਰਾਂ ਦੇ ਚਿਰਾਗਾਂ ਨੂੰ ਬੁਝਣ ਤੋਂ ਰੋਕਿਆ ਜਾ ਸਕੇ।

-ਜਸਕਿਰਨ ਕੌਰ ਮਾਂਗਟ।

19-01-2021

 ਪਗੜੀ ਸੰਭਾਲ ਜੱਟਾ

ਅੱਜ ਇਕ ਵਾਰ ਫਿਰ ਇਤਿਹਾਸ ਦੇ ਪੰਨੇ ਪਲਟੇ ਹਨ। ਇਤਿਹਾਸ ਆਪਣੇ-ਆਪ ਨੂੰ ਦੁਹਰਾ ਰਿਹਾ ਹੈ। ਇਤਿਹਾਸ ਗਵਾਹ ਹੈ ਕਿ 1907 ਵਿਚ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਤੇ ਚਾਚਾ ਅਜੀਤ ਸਿੰਘ ਨੇ ਅੰਗਰੇਜ਼ਾਂ ਦੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਕੀਤਾ ਸੀ ਤੇ ਉਸ ਸਮੇਂ ਦੀ ਅੰਗਰੇਜ਼ ਸਰਕਾਰ ਨੂੰ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਵਾਪਸ ਲੈਣਾ ਪਿਆ। ਉਸ ਸਮੇਂ ਬਹੁਤ ਵੱਡਾ ਸੰਘਰਸ਼ ਹੋਇਆ ਸੀ। ਜੇ ਉਸ ਸਮੇਂ ਇਹ ਮਾਰੂ ਖੇਤੀ ਕਾਨੂੰਨ ਵਾਪਸ ਨਾ ਹੁੰਦੇ ਤਾਂ ਜ਼ਿਮੀਂਦਾਰ ਆਪਣੀ ਹੀ ਜ਼ਮੀਨ 'ਤੇ ਮਜ਼ਦੂਰ ਬਣ ਜਾਂਦੇ। 'ਪਗੜੀ ਸੰਭਾਲ ਜੱਟਾ' ਇਸ ਸੰਘਰਸ਼ ਦਾ ਨਾਅਰਾ ਬਣਿਆ। ਜਮਹੂਰੀਅਤ ਵਿਚ ਕਿਸੇ ਵੀ ਬਿੱਲ ਤੇ ਦੁਬਾਰਾ ਵਿਚਾਰ ਕਰਨਾ ਸੰਭਵ ਨਹੀਂ ਹੈ। ਅੱਜ ਵੀ ਉਹੀ ਸਥਿਤੀ ਹੈ।
ਆਖਿਰ ਕੇਂਦਰ ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਮੂਡ ਵਿਚ ਨਹੀਂ ਹੈ। ਅੱਜ ਪੂਰੇ ਵਿਸ਼ਵ ਵਿਚ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਇਕ ਮੈਂਬਰ ਨੇ ਅਦਾਲਤੀ ਕਮੇਟੀ ਨੂੰ ਅਲਵਿਦਾ ਵੀ ਕਹਿ ਦਿੱਤਾ ਹੈ। ਹਾਲਾਂਕਿ ਜੋ ਕਮੇਟੀ ਦੇ ਮੈਂਬਰ ਹਨ, ਉਹ ਸ਼ੁਰੂ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਆਏ ਹਨ। ਵਿਚਾਰਨ ਵਾਲੀ ਗੱਲ ਇਹ ਹੈਕਿ ਜਦ ਕਿਸਾਨ ਅਜਿਹੇ ਬਿੱਲ ਚਾਹੁੰਦੇ ਹੀ ਨਹੀਂ ਹਨ ਤਾਂ ਕੇਂਦਰ ਸਰਕਾਰ ਧੱਕੇ ਨਾਲ ਕਿਸਾਨਾਂ ਦੇ ਗਲ ਇਹ ਕਾਲੇ ਕਾਨੂੰਨ ਕਿਉਂ ਮੜ੍ਹ ਰਹੀ ਹੈ? ਆਖਿਰ ਕੇਂਦਰ ਸਰਕਾਰ ਆਪਣੀ ਅੜੀ ਕਿਉਂ ਨਹੀਂ ਛੱਡ ਰਹੀ? ਕਿਉਂ ਐਮ.ਐਸ.ਪੀ. ਨੂੰ ਕਾਨੂੰਨੀ ਰੂਪ ਦੇਣ ਵਿਚ ਸਰਕਾਰ ਝਿਜਕ ਰਹੀ ਹੈ?

-ਸੰਜੀਵ ਸਿੰਘ ਸੈਣੀ, ਮੁਹਾਲੀ।

ਚਾਰ ਮੈਂਬਰੀ ਕਮੇਟੀ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ 50 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਬਹੁਤ ਸਾਰੇ ਰਾਜਾਂ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਇਸ ਅੰਦੋਲਨ ਵਿਚ ਸ਼ਾਮਿਲ ਹੋ ਰਹੇ ਹਨ। ਕਿਸਾਨਾਂ ਵਲੋਂ ਲਗਾਤਾਰ ਤਿੰਨ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਭਾਵੇਂ ਖੇਤੀ ਕਾਨੂੰਨਾਂ 'ਤੇ ਰੋਕ ਲਗਾ ਕੇ ਇਕ ਚਾਰ ਮੈਂਬਰੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਹਨ ਜੋ ਦੋ ਮਹੀਨੇ ਦੇ ਸਮੇਂ ਵਿਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੇਗੀ। ਅਜਿਹੇ ਵਿਚ ਇਸ ਕਮੇਟੀ ਦੀ ਰਿਪੋਰਟ ਕੀ ਹੋਵੇਗੀ, ਇਸ ਤੋਂ ਕਿਸਾਨ ਆਗੂ ਭਲੀ-ਭਾਂਤ ਜਾਣੂ ਹਨ। ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੀ ਇਸ ਕਮੇਟੀ ਅੱਗੇ ਪੇਸ਼ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤ ਦੀ ਮੌਜੂਦਾ ਦਖਲਅੰਦਾਜ਼ੀ ਕਿਸਾਨਾਂ ਨੂੰ ਫਸਾਉਣ ਲਈ ਸਰਕਾਰ ਦੁਆਰਾ ਵਿਛਾਇਆ ਇਕ ਨਵਾਂ ਜਾਲ ਹੈ ਪਰ ਕਿਸਾਨ ਕਿਸੇ ਤਰ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ।

-ਚਾਨਣਦੀਪ ਸਿੰਘ ਔਲਖ

ਪਤੰਗਬਾਜ਼ੀ ਬਨਾਮ ਚਾਈਨਾ ਡੋਰ

ਅੱਜ ਕੀ ਪਿੰਡ ਤੇ ਕੀ ਸ਼ਹਿਰ ਹਰ ਪਾਸੇ ਬੱਚੇ ਤੋਂ ਲੈ ਕੇ ਨੌਜਵਾਨਾਂ ਤੱਕ ਪਤੰਗ ਉਡਾਉਣ ਦਾ ਜਾਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਿਰੋਂ ਪੈਰੋਂ ਨੰਗੇ ਛੋਟੇ-ਛੋਟੇ ਬੱਚਿਆਂ ਦੀਆਂ ਟੋਲੀਆਂ ਪਤੰਗ ਲੁੱਟਣ ਲਈ ਅੱਤ ਦੀ ਸਰਦੀ ਵਿਚ ਸੜਕਾਂ, ਗਲੀਆਂ ਅਤੇ ਖੇਤਾਂ ਵਿਚ ਭੱਜੀਆਂ ਫਿਰਦੀਆਂ ਹਨ। ਸਭ ਤੋਂ ਖਤਰਨਾਕ ਗੱਲ ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਨ ਦੇ ਬਾਜ਼ਾਰ ਵਿਚ ਆਉਣ ਕਰਕੇ ਹਰ ਸਾਲ ਬਹੁਤੇ ਸਾਰੇ ਹਾਸੇ ਵਾਪਰ ਰਹੇ ਹਨ। ਅੱਜਕਲ੍ਹ ਚਾਈਨਾ ਡੋਰ ਹਰ ਨਿੱਕੇ ਵੱਡੇ ਸ਼ਹਿਰ ਵਿਚ ਪ੍ਰਸ਼ਾਸਨ ਦੀ ਨੱਕ ਹੇਠ ਧੜੱਲੇ ਨਾਲ ਵਿਕ ਰਹੀ ਹੈ। ਇਹ ਡੋਰ ਮਹਿੰਗੀ ਅਤੇ ਬੇਹੱਦ ਖਤਰਨਾਕ ਹੈ। ਸੋ, ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਉਮੀਦਾਂ ਛੱਡ ਕੇ ਸਾਡੇ ਸਮਾਜ ਨੂੰ ਖੁਦ ਅੱਗੇ ਆ ਕੇ ਇਸ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ।

-ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ।

ਮਨੁੱਖਤਾ ਦੇ ਸੇਵਕ ਵੀ ਗ਼ਲਤ

ਕੇਂਦਰ ਸਰਕਾਰ ਵਲੋਂ ਗ਼ਲਤ ਖੇਤੀ ਕਾਨੂੰਨੀ ਬਿੱਲਾਂ ਦੇ ਖਿਲਾਫ਼ ਉੱਠਿਆ ਕਿਸਾਨ ਮੋਰਚਾ, ਜੋ ਪੰਜਾਬ ਦੀ ਧਰਤੀ ਤੋਂ ਚੱਲਿਆ, ਹੁਣ ਪੂਰੇ ਭਾਰਤ ਵਿਚ ਪ੍ਰਚੰਡ ਹੋ ਦਿੱਲੀ ਨੂੰ ਘੇਰਾ ਪਾਈ ਬੈਠਾ ਹੈ। ਅੱਜਕਲ੍ਹ ਕਿਸਾਨ ਹੀ ਨਹੀਂ, ਆਮ ਲੋਕ ਵੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਇਸ ਮੋਰਚੇ ਵਿਚੋਂ ਬੜਾ ਕੁਝ ਨਿਕਲ ਕੇ ਨਿੱਤ ਦਿਨ ਸਾਡੇ ਸਾਹਮਣੇ ਆ ਰਿਹਾ ਹੈ ਜੋ ਅਹਿਮ ਤੇ ਅਜੀਬ ਹੈ। ਇਸ ਮੋਰਚੇ ਵਿਚ ਰੱਬੀ ਕਲਾ ਹੀ ਵਰਤ ਰਹੀ ਹੈ।
ਇਸ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਲਈ ਵੀ ਸਰਕਾਰ ਅਨੇਕਾਂ ਹੱਥਕੰਡੇ ਵਰਤ ਰਹੀ ਹੈ। ਬੜਾ ਕੁਝ ਸੁਣ ਰਹੇ ਹਾਂ। ਪੂਰੀ ਦੁਨੀਆ ਵਿਚ ਮਨੁੱਖਤਾ ਦੀ ਪੂਜਾ ਕਰ ਰਹੀ ਖਾਲਸਾ ਏਡ ਜਿਹੀ ਪਰਉਪਰਕਾਰੀ ਸੰਸਥਾ 'ਤੇ ਵੀ ਭਾਰਤ ਸਰਕਾਰ ਗ਼ਲਤ ਅੱਖ ਰੱਖ ਰਹੀ ਹੈ। ਇਕ ਪਾਸੇ ਤਾਂ ਇਸ ਸੰਸਥਾ ਨੂੰ ਪੂਰੀ ਦੁਨੀਆ ਵਿਚ ਇਨਸਾਨੀਅਤ ਦੀ ਸੇਵਾ ਕਰਨ 'ਤੇ ਮਾਣ-ਸਨਮਾਨ ਮਿਲ ਰਹੇ ਹਨ, ਪਰ ਭਾਰਤ ਸਰਕਾਰ ਉਸ ਦੇ ਕਿਸਾਨੀ ਅੰਦੋਲਨ ਵਿਚ ਹੀ ਸ਼ਾਮਿਲ ਹੋਣ 'ਤੇ ਬਦਨਾਮ ਕਰਨ 'ਤੇ ਤੁਲੀ ਹੈ, ਜੋ ਠੀਕ ਨਹੀਂ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਲਾਚਾਰ ਵੋਟਰ, ਮਚਲੀ ਵਿਰੋਧੀ ਧਿਰ ਅਤੇ ਲੋਕਤੰਤਰ ਦੀ ਮੌਤ

ਰਾਜ ਚਲਾਉਣ ਲਈ ਕਿਸੇ ਵੀ ਦੇਸ਼ ਵਿੱਚ ਅਪਣਾਈ ਜਾ ਰਹੀ ਲੋਕਤੰਤਰੀ ਪ੍ਰਣਾਲੀ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਸੁਚੇਤ ਵੋਟਰ ਅਤੇ ਤਾਕਤਵਰ ਵਿਰੋਧੀ ਧਿਰ ਦਾ ਸੱਤਾ ਧਿਰ ਨੂੰ ਜਵਾਬਦੇਹ ਬਣਾਈ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਵੋਟਰ ਨਿਰਾਸ਼ ਤੇ ਬੇਮੁੱਖ ਹੋ ਜਾਵੇ ਅਤੇ ਵਿਰੋਧੀ ਧਿਰ ਕਮਜ਼ੋਰ ਤੇ ਬੇਜਾਨ ਹੋ ਜਾਵੇ ਤਾਂ ਲੋਕਤੰਤਰ ਨੂੰ ਅਧਰੰਗ ਹੋ ਜਾਂਦਾ ਹੈ, ਫਿਰ ਸੱਤਾ ਧਿਰ ਮਨਮਰਜ਼ੀ ਕਰਨ ਲੱਗ ਜਾਂਦੀ ਹੈ। ਭਾਰਤ ਵਿਚ ਵੀ ਅੱਜ ਕੁਝ ਅਜਿਹਾ ਹੀ ਦੁਖਦਾਈ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਲੋਕਤੰਤਰ ਦਾ ਅਕਸ ਤਾਂ ਪਹਿਲਾਂ ਹੀ ਨਿਰੋਲ ਸਿਆਸੀ ਹੋਣ ਕਾਰਨ ਧੁੰਦਲਾ ਰਿਹਾ ਹੈ ਪਰ ਕੁਝ ਅਰਸੇ ਤੋਂ ਪੂੰਜੀਵਾਦੀ ਗਲਬਾ ਵਧਣ ਨਾਲ ਇਹ ਕਰੂਪ ਵੀ ਹੋ ਗਿਆ ਹੈ। ਅੱਜ ਦੀ ਸੱਤਾ ਵਲੋਂ ਕੀਤੇ ਜਾ ਰਹੇ ਪੂੰਜੀਪਤੀ ਪੱਖੀ ਅਤੇ ਲੋਕ ਵਿਰੋਧੀ ਕੰਮਾਂ ਨੇ ਤਾਂ ਲੋਕਤੰਤਰ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ ਹੈ। ਪਿਛਲੇ ਦਿਨੀਂ ਲਿਆਂਦੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੇ ਹੋ ਰਹੇ ਦੇਸ਼ 'ਤੇ ਵਿਸ਼ਵ ਪੱਧਰੀ ਜ਼ਬਰਦਸਤ ਵਿਰੋਧ ਨੂੰ ਅਣਗੌਲਿਆ ਕਰ ਕੇ ਸਰਕਾਰ ਵਲੋਂ ਅਪਣਾਈ ਜਾ ਰਹੀ ਪੂੰਜੀਪਤੀ ਪੱਖੀ ਅੜਵਾਈ ਤੇ ਢੀਠਤਾਈ ਲੋਕਤੰਤਰ ਦੇ ਨਾਂਅ 'ਤੇ ਕਲੰਕ ਹੈ। ਕਰੋਨਾ ਵਾਂਗ ਇਹ ਲੋਕ ਮਾਰੂ ਤੇ ਕਾਰਪੋਰੇਟ ਪੱਖੀ ਬਿਮਾਰੀ ਵੀ ਭਾਰਤ ਤੋਂ ਬਾਅਦ ਕਿਸੇ ਵੀ ਦੇਸ਼ ਅਤੇ ਖਿੱਤੇ ਤੱਕ ਫੈਲ ਕੇ ਮਹਾਂਮਾਰੀ ਬਣ ਸਕਦੀ ਹੈ।

-ਸੁਖਵੀਰ ਸਿੰਘ ਕੰਗ
ਪਿੰਡ ਕੋਟਲਾ ਸ਼ਮਸ਼ਪੁਰ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।

15-01-2021

 ਸਿੱਖਿਆ ਖੇਤਰ 'ਚ ਪਛੜ ਜਾਣ ਦਾ ਖਦਸ਼ਾ

ਕੋਰੋਨਾ ਬਿਮਾਰੀ ਕਾਰਨ ਸਾਡੇ ਦੇਸ਼ ਦੇ ਭਵਿੱਖ ਜਾਂ ਸਾਡਾ ਵਿਦਿਆਰਥੀ ਵਰਗ ਬਹੁਤ ਪਛੜ ਜਾਵੇਗਾ। ਖ਼ਾਸ ਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦਾ ਬਹੁਤਾ ਨੁਕਸਾਨ ਹੋਣ ਦਾ ਖ਼ਤਰਾ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬੜਾ ਕੁਝ ਸਿਰਫ਼ ਅਧਿਆਪਕ ਕੇਂਦਰਿਤ ਹੁੰਦਾ ਹੈ। ਮਾਪੇ ਅਨਪੜ੍ਹ ਹੁੰਦੇ ਹਨ। ਉਨ੍ਹਾਂ ਕੋਲ ਆਧੁਨਿਕ ਫ਼ੋਨ ਜੇਕਰ ਹਨ ਤਾਂ ਇਸਤੇਮਾਲ ਕਰਨ ਦੀ ਸਮੱਸਿਆ ਹੈ। ਬਹੁਤੇ ਲੋਕਾਂ ਕੋਲ ਤਾਂ ਸਧਾਰਨ ਫ਼ੋਨ ਵੀ ਨਹੀਂ ਹਨ।
ਸ਼ਹਿਰੀ ਖੇਤਰ ਦੇ ਬੱਚੇ ਫਿਰ ਵੀ ਅਗਾਂਹ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੇ ਮਾਪੇ ਪੜ੍ਹੇ-ਲਿਖੇ ਹਨ ਤੇ ਪੜ੍ਹਾਈ ਦੀ ਮਹੱਤਤਾ ਨੂੰ ਸਮਝਦੇ ਹਨ। ਅਜੋਕਾ ਅਧਿਆਪਕ ਚਾਹੇ ਉਹ ਸਰਕਾਰੀ ਹੈ ਤੇ ਭਾਵੇਂ ਪ੍ਰਾਈਵੇਟ ਪਰ ਉਹ ਪੂਰੀ ਤਨਦੇਹੀ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਹਨ। ਪਰ ਵਿਦਿਆਰਥੀ ਇਸ ਪ੍ਰਕਿਰਿਆ ਨੂੰ ਸਹਿਜਤਾ ਨਾਲ ਨਹੀਂ ਅਪਣਾ ਰਹੇ। ਵਿਦਿਆਰਥੀ ਵਰਗ ਪੜ੍ਹਾਈ ਦੇ ਬਹਾਨੇ ਸੋਸ਼ਲ ਮੀਡੀਅ ਅਤੇ ਗੇਮਾਂ ਖੇਡਣ ਵੱਲ ਵਧੇਰੇ ਰੁਚਿਤ ਹੋ ਗਿਆ ਹੈ। ਬੌਧਿਕ ਪੱਧਰ 'ਤੇ ਦਿਨੋ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਇਹ ਖੱਪਾ ਪੂਰਨਾ ਮੁਸ਼ਕਿਲ ਕਾਰਜ ਹੋ ਨਿਬੜੇਗਾ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।

ਨੈਤਿਕ ਸਿੱਖਿਆ ਦੀ ਲੋੜ

ਸਾਡੇ ਵਿੱਦਿਅਕ ਪ੍ਰਬੰਧਾਂ ਵਿਚ ਇਕ ਘਾਟ ਹੈ, ਜੋ ਹਰੇਕ ਸੁਹਿਰਦ ਅਤੇ ਮਾਨਵਤਾ ਪ੍ਰੇਮੀ ਨੂੰ ਵੀ ਰੜਕਦੀ ਹੋਵੇਗੀ, ਉਹ ਹੈ ਵਿੱਦਿਅਕ ਸਿਲੇਬਸ ਵਿਚ 'ਨੈਤਿਕ ਸਿੱਖਿਆ' ਦੀ ਘਾਟ। ਪੁਰਾਣੇ ਸਮੇਂ ਵਿਚ ਸਿੱਖਿਆ ਕੇਵਲ ਮੰਦਿਰਾਂ, ਮਸਜਿਦਾਂ ਜਾਂ ਗੁਰਦੁਆਰਿਆਂ ਵਿਚ ਹੀ ਦਿੱਤੀ ਜਾਂਦੀ ਸੀ। ਜਿਥੇ ਆਮ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਵੀ ਪਾਠ ਪੜ੍ਹਾਇਆ ਜਾਂਦਾ ਸੀ। ਅੱਜਕਲ੍ਹ ਦੇ ਵਿਦਿਆਰਥੀ ਪੜ੍ਹ-ਲਿਖ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਉਨ੍ਹਾਂ ਵਿਚ ਨੈਤਿਕਤਾ ਦੀ ਘਾਟ ਰਹਿ ਜਾਂਦੀ ਹੈ। ਜਿਸ ਦੀ ਪ੍ਰਤੱਖ ਉਦਾਹਰਨ ਉਸ ਸਮੇਂ ਮਿਲ ਜਾਂਦੀ ਹੈ ਜਦ ਪੜ੍ਹ ਲਿਖ ਕੇ ਡਾਕਟਰ ਬਣਿਆ ਵਿਅਕਤੀ ਕਿਸੇ ਗਰੀਬ ਮਰੀਜ਼ ਦਾ ਇਲਾਜ ਕਰਨ ਤੋਂ ਇਸ ਲਈ ਮਨਾ ਕਰ ਦਿੰਦਾ ਹੈ ਕਿਉਂਕਿ ਮਰੀਜ਼ ਕੋਲ ਇਲਾਜ ਦੇ ਪੈਸੇ ਨਹੀਂ ਹੁੰਦੇ। ਜੇਕਰ ਸਾਡੇ ਵਿੱਦਿਅਕ ਢਾਂਚੇ ਵਿਚ ਨੈਤਿਕ ਸਿੱਖਿਆ ਵਿਚ ਅਹਿਮ ਹਿੱਸੇ ਵਜੋਂ ਪ੍ਰਮਾਣਿਤ ਕੀਤੀ ਜਾਂਦੀ ਤਾਂ ਧਿਰ ਚੰਗੇ ਡਾਕਟਰ, ਅਧਿਆਪਕ, ਇਮਾਨਦਾਰ ਵਕੀਲ ਅਤੇ ਦੇਸ਼ ਦੀ ਹਾਲਾਤ ਨੂੰ ਸੁਧਾਰਨ ਵਾਲੇ ਰਾਜ ਨੇਤਾ ਪੈਦਾ ਹੋਣਗੇ।

-ਹਰਕੀਰਤ ਕੌਰ

ਕਿਤਾਬਾਂ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਨਵੀਆਂ ਆਈਆਂ ਕਿਤਾਬਾਂ ਦੀ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ। ਇਸ ਜਾਣਕਾਰੀ ਸਦਕਾ ਕਿਤਾਬ ਦੀ ਚੋਣ ਕਰਨਾ ਅਤੇ ਸੰਪਰਕ ਨੰਬਰ ਰਾਹੀਂ ਕਿਤਾਬ ਪ੍ਰਾਪਤ ਕਰਨਾ ਸੁਖਾਲਾ ਹੁੰਦਾ ਹੈ,ਇਸ ਉਪਰਾਲੇ ਲਈ ਅਜੀਤ ਦਾ ਧੰਨਵਾਦ।

-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।

ਸਰਕਾਰ ਦੀ ਨੀਅਤ ਮਾੜੀ

ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਕਿਸਾਨਾਂ ਨੂੰ ਤਕਰੀਬਨ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਹੈ। ਹਾਲ ਹੀ ਵਿਚ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਅੱਠਵੇਂ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਹੁਣ 15 ਜਨਵਰੀ ਨੂੰ ਕਿਸਾਨਾਂ ਨੂੰ ਮੁੜ ਮੀਟਿੰਗ ਲਈ ਸੱਦਿਆ ਗਿਆ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਲੋਹੜੀ ਦੇ ਤਿਉਹਾਰ ਦੇ ਭੁੱਗੇ ਦੇ ਰੂਪ ਵਿਚ ਤਿੰਨੇ ਮਾਰੂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 7 ਜਨਵਰੀ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਵੜ ਕੇ ਟਰੈਕਟਰ ਪਰੇਡ ਕੀਤੀ ਜਾਵੇਗੀ। ਕਿਸਾਨਾਂ ਨੇ ਸਾਫ਼-ਸਾਫ਼ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਧਰ ਬਰਤਾਨੀਆ ਵਿਚ ਵੀ ਤਕਰੀਬਨ 100 ਸੰਸਦ ਮੈਂਬਰਾਂ ਨੇ ਇਸ ਸੰਘਰਸ਼ ਸਬੰਧੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਹਸਤਾਖਰ ਕਰ ਕੇ ਮੰਗ ਪੱਤਰ ਦਿੱਤਾ ਹੈ। ਹੁਣ ਇਸ ਸੰਘਰਸ਼ ਦੀ ਗੂੰਜ ਪੂਰੇ ਵਿਸ਼ਵ ਤੱਕ ਫੈਲ ਚੁੱਕੀ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX