ਤਾਜਾ ਖ਼ਬਰਾਂ


ਬਾਬਾ ਬਲਵੰਤ ਸਿੰਘ ਹਸਪਤਾਲ ਵਲੋਂ ਰਵਾਨਾ ਕੀਤੀ ਗਈ ਫ੍ਰੀ ਆਕਸੀਜਨ ਔਨ ਵੀਲਸ ਐਂਬੂਲੈਂਸ
. . .  3 minutes ago
ਟਾਂਡਾ ਉੜਮੁੜ, 13 ਮਈ (ਦੀਪਕ ਬਹਿਲ) -- ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਸੰਤ ਬਾਬਾ ਗੁਰਦਿਆਲ ਸਿੰਘ ਜੀ ਅਤੇ ਬਾਬਾ ਬਲਵੰਤ ਸਿੰਘ...
ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲਗਾਤਾਰ ਘਿਰਾਓ
. . .  20 minutes ago
ਅੰਮ੍ਰਿਤਸਰ,13 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ...
ਕੋਟਕਪੂਰਾ ਗੋਲੀਕਾਂਡ : ਨਵੀਂ ਜਾਂਚ ਟੀਮ ਵਲੋਂ ਘਟਨਾ ਸਥਾਨ ਦਾ ਦੌਰਾ
. . .  35 minutes ago
ਫ਼ਰੀਦਕੋਟ, 13 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਗੋਲੀ ਕਾਂਡ ਵਿਚ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਨਵੀਂ ਤਿੰਨ ਮੈਂਬਰੀ ਜਾਂਚ ਟੀਮ ਨੇ ਅੱਜ ਬਕਾਇਦਾ ਤੌਰ 'ਤੇ...
ਬੰਗਾ ਲਾਗੇ ਪਤੀ ਵਲੋਂ ਪਤਨੀ ਦਾ ਕਤਲ
. . .  44 minutes ago
ਬੰਗਾ, 13 ਮਈ (ਜਸਬੀਰ ਸਿੰਘ ਨੂਰਪੁਰ ) - ਬੰਗਾ ਦੇ ਨਜ਼ਦੀਕ ਪੈਂਦੇ ਪਿੰਡ ਮਾਹਿਲ ਗਹਿਲਾਂ ਵਿਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੜਕੀ ਪਰਿਵਾਰ ਨੇ ਦੋਸ਼ ਲਾਉਂਦਿਆਂ ਕਿਹਾ...
ਨਿਤੀਕਾ ਭੱਲਾ ਦੇ ਸਿਰ ਸਜਿਆ ਨਗਰ ਨਿਗਮ ਮੋਗਾ ਦੇ ਮੇਅਰ ਦਾ ਤਾਜ
. . .  53 minutes ago
ਮੋਗਾ, 13 ਮਈ (ਗੁਰਤੇਜ ਸਿੰਘ ਬੱਬੀ, ਗੁਰਦੇਵ ਭਾਮ) - ਅੱਜ ਨਗਰ ਨਿਗਮ ਮੋਗਾ ਦੇ ਮੇਅਰ ਦੀ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੀ ਜੇਤੂ ਕੌਂਸਲਰ ਨਿਤੀਕਾ ਭੱਲਾ ਦੇ ...
ਵਣੀਏਕੇ ਦੀ ਦਾਣਾ ਮੰਡੀ ਵਿਚ ਡੇਢ ਲੱਖ ਤੋਂ ਉੱਪਰ ਕਣਕ ਦਾ ਭਰਿਆ ਤੋੜਾ ਮੀਂਹ ਕਾਰਨ ਹੋ ਰਿਹਾ ਖ਼ਰਾਬ
. . .  about 1 hour ago
ਚੋਗਾਵਾਂ,13 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਮਾਰਕੀਟ ਕਮੇਟੀ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਦਾਣਾ ਮੰਡੀ ਵਣੀਏਕੇ ਵਿਖੇ ਖੁੱਲ੍ਹੇ ਅਸਮਾਨ ਹੇਠ ਡੇਢ ਲੱਖ ਤੋਂ ਉੱਪਰ ਕਣਕ ਦਾ ...
ਜ਼ਿਲ੍ਹਾ ਮਾਨਸਾ ਦੇ ਕਸਬਾ ਜੋਗਾ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਦੇਣ ਲਈ ਕਿੱਟਾਂ ਹੋਈਆਂ ਖ਼ਤਮ
. . .  about 1 hour ago
ਜੋਗਾ, 13 ਮਈ (ਹਰਜਿੰਦਰ ਸਿੰਘ ਚਹਿਲ) - ਕੋਵਿਡ-19 ਦੀ ਜੰਗ 'ਤੇ ਫਤਿਹ ਪਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤਹਿਤ ਪਾਜ਼ੀਟਿਵ...
ਪ੍ਰਵਾਸੀ ਅਤੇ ਫਸੇ ਮਜ਼ਦੂਰਾਂ ਲਈ ਸੁਪਰੀਮ ਕੋਰਟ ਕਰੇਗੀ ਅੱਜ ਇਕ ਆਦੇਸ਼ ਪਾਸ
. . .  about 2 hours ago
ਨਵੀਂ ਦਿੱਲੀ , 13 ਮਈ - ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅੱਜ ਇਕ ਆਦੇਸ਼ ਪਾਸ ਕੀਤਾ ਜਾਵੇਗਾ । ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਪ੍ਰਵਾਸੀ ਅਤੇ ਫਸੇ ਮਜ਼ਦੂਰਾਂ ਨੂੰ ਘਰ ...
ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ
. . .  about 2 hours ago
ਨਵੀਂ ਦਿੱਲੀ , 13 ਮਈ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ਕੋਵਿਡ -19 ਮਹਾਂਮਾਰੀ ਦੌਰਾਨ ਟੀਕੇ...
ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 2 hours ago
ਤਪਾ ਮੰਡੀ, 13 ਮਈ (ਵਿਜੇ ਸ਼ਰਮਾ) - ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦੇ ਸ਼ੈੱਡ ਥੱਲੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਹੱਕੀ ...
ਕੀਟਨਾਸ਼ਕ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ, 4 ਲੋਕਾਂ ਦੀ ਮੌਤ
. . .  about 2 hours ago
ਕੁਡਲੋਰ (ਤਾਮਿਲਨਾਡੂ) : ਤਾਮਿਲਨਾਡੂ ਦੇ ਕੁਡਲੋਰ 'ਚ ਕੀਟਨਾਸ਼ਕ ਬਣਾਉਣ ਵਾਲੀ ਫ਼ੈਕਟਰੀ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 15...
ਡੀ.ਸੀ.ਜੀ.ਆਈ ਨੇ 2 ਤੋਂ 18 ਸਾਲ ਦੇ ਉਮਰ ਸਮੂਹ ਵਿਚ ਕੋਵੈਕਸਿਨ ਦੇ ਪੜਾਅ II / III ਦੇ ਕਲੀਨੀਕਲ ਅਜ਼ਮਾਇਸ਼ ਨੂੰ ਪ੍ਰਵਾਨਗੀ ਦਿੱਤੀ
. . .  50 minutes ago
ਨਵੀਂ ਦਿੱਲੀ , 13 ਮਈ - ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ 2 ਤੋਂ 18 ਸਾਲ ਦੇ ਉਮਰ ਸਮੂਹ ਨੂੰ ਕੋਵੈਕਸਿਨ ਦੇ ਪੜਾਅ II / III ਦੇ ਕਲੀਨੀਕਲ ਅਜ਼ਮਾਇਸ਼ ਨੂੰ ਪ੍ਰਵਾਨਗੀ ਦਿੱਤੀ...
ਨੌਜਵਾਨ ਲੜਕੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  about 3 hours ago
ਵੇਰਕਾ ,13 ਮਈ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪੁਲਿਸ ਹੇਰ ਕੰਬੋ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਨੇੜੇ ਅਣਪਛਾਤੇ ਵਿਅਕਤੀਆਂ ਨੇ 24 ਸਾਲਾਂ ਵਿਆਹੁਤਾ ਲੜਕੀ...
ਕਾਰੋਬਾਰੀ ਨਵਨੀਤ ਕਾਲੜਾ ਦੀ ਆਗਾਮੀ ਜ਼ਮਾਨਤ ਪਟੀਸ਼ਨ ਖ਼ਾਰਜ
. . .  about 3 hours ago
ਨਵੀਂ ਦਿੱਲੀ, 13 ਮਈ - ਦਿੱਲੀ ਹਾਈ ਕੋਰਟ ਦੀ ਅਦਾਲਤ ਨੇ ਕਾਰੋਬਾਰੀ ਨਵਨੀਤ ਕਾਲੜਾ ਦੀ ਆਗਾਮੀ ਜ਼ਮਾਨਤ ਪਟੀਸ਼ਨ...
ਤੂੜੀ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ
. . .  about 4 hours ago
ਗੜ੍ਹਸ਼ੰਕਰ, 13 ਮਈ (ਧਾਲੀਵਾਲ) - ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਸਿਕੰਦਰ ਪੁਰ ਵਿਖੇ ਲੰਘੀ ਰਾਤ ਤੋਂ ਤੂੜੀ ਨਾਲ ਭਰੀ ਸ਼ੈੱਡ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 3 ਲੱਖ 62 ਹਜ਼ਾਰ ਤੋਂ ਵਧੇਰੇ ਕੋਰੋਨਾ ਪਾਜ਼ੀਟਿਵ ਕੇਸ, 4 ਹਜ਼ਾਰ 120 ਹੋਈਆਂ ਮੌਤਾਂ
. . .  about 4 hours ago
ਨਵੀਂ ਦਿੱਲੀ, 13 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਤਿੰਨ ਲੱਖ 62 ਹਜ਼ਾਰ ਤੇ 727 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 120 ਮੌਤਾਂ ਹੋਈਆਂ ਹਨ। ਭਾਰਤ ਵਿਚ ਇਸ ਵਕਤ ਕੋਰੋਨਾ...
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਅਤੇ ਸਿੱਖ ਸੰਗਤ ਕੈਲਗਰੀ ਵਲੋਂ ਖ਼ਾਲਸਾ ਏਡ ਨੂੰ ਸਹਿਯੋਗ
. . .  about 5 hours ago
ਕੈਲਗਰੀ (ਕੈਨੇਡਾ), 13 ਮਈ (ਜਸਜੀਤ ਸਿੰਘ ਧਾਮੀ) - ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਕੈਲਗਰੀ ਦੇ...
ਇਜ਼ਰਾਈਲੀ ਹਮਲੇ 'ਚ ਹੁਣ ਤੱਕ 65 ਫ਼ਲਸਤੀਨੀਆਂ ਦੀ ਮੌਤ
. . .  about 5 hours ago
ਗਾਜ਼ਾ, 13 ਮਈ - ਇਜ਼ਰਾਈਲ ਤੇ ਫ਼ਲਸਤੀਨ ਵਿਚਕਾਰ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ। ਇਜ਼ਰਾਈਲ ਵਲੋਂ ਕੀਤੇ ਗਏ ਹਮਲਿਆਂ ਵਿਚ 65 ਲੋਕ ਗਾਜ਼ਾ ਵਿਚ ਮਾਰੇ ਗਏ ਹਨ ਅਤੇ ਇਸ ਦੇ ਨਾਲ ਹੀ ਹਮਾਸ ਵਲੋਂ ਦਾਗੇ ਰਾਕਟਾਂ ਨਾਲ...
ਸ੍ਰੀ ਮੁਕਤਸਰ ਸਾਹਿਬ ਵਿਖੇ ਗਰਜ ਤੇ ਚਮਕ ਨਾਲ ਬਾਰਸ਼ ਜਾਰੀ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਭਾਰੀ ਗਰਜ ਤੇ ਚਮਕ ਨਾਲ ਬਾਰਸ਼ ਜਾਰੀ ਹੈ। ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਕੁਝ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਚਲ...
ਅੱਜ ਦਾ ਵਿਚਾਰ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਕਿਤਾਬਾਂ

18-04-2021

ਗੈਡਫਲਾਈ
ਲੇਖਕ : ਇਥਲ ਲਿਲੀਅਨ ਵਾਓਨਿਚ
ਅਨੁਵਾਦ : ਜੰਗ ਬਹਾਦਰ ਗੋਇਲ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 297
ਸੰਪਰਕ : 011-26802488.


ਪੰਜਾਬੀ ਪਾਠਕਾਂ ਨੂੰ ਵਿਸ਼ਵ ਪ੍ਰਸਿੱਧ ਸਾਹਿਤ ਨਾਲ ਜੋੜਨ ਦਾ ਵਡਮੁੱਲਾ ਕਾਰਜ ਕਰ ਰਹੇ ਹਨ ਸ੍ਰੀ ਜੰਗ ਬਹਾਦਰ ਗੋਇਲ। ਇਸ ਨਾਵਲ ਦਾ ਅਨੁਵਾਦ ਮੂਲ ਰੂਪ ਵਿਚ ਪੰਜਾਬੀ ਵਿਚ ਲਿਖੇ ਵਰਗਾ ਹੀ ਲਗਦਾ ਹੈ। ਗੈਡਫਲਾਈ (ਜ਼ਹਿਰੀਲੀ ਘੋੜ ਮੱਖੀ) ਲੇਖਿਕਾ ਨੇ ਰੂਪਕ ਵਜੋਂ ਵਰਤਿਆ ਹੈ ਜੋ ਅਜਿਹੇ ਬੰਦੇ ਲਈ ਵਰਤਿਆ ਜਾਂਦਾ ਹੈ ਜੋ ਆਪਣੀ ਕਲਮ ਦੀ ਚੋਭ ਨਾਲ ਜਾਂ ਆਪਣੇ ਤਿੱਖੇ ਵਿਚਾਰਾਂ ਨਾਲ ਲੋਕਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਉਂਦਾ ਹੈ। ਚਿੰਤਨ-ਅਧੀਨ ਹਥਲੇ ਨਾਵਲ ਦੇ ਕਥਾ-ਪ੍ਰਸੰਗ ਦੀ ਰੂਪ-ਰੇਖਾ ਕੁਝ ਇਸ ਪ੍ਰਕਾਰ ਹੈ : ਇਸ ਨਾਵਲ ਦੀ ਸੈਟਿੰਗ 1830-40 ਦਰਮਿਆਨ ਇਟਲੀ ਦੀ, ਅਸਟਰੀਆ ਦੇ ਸਾਮਰਾਜੀ ਹੁਕਮਰਾਨਾਂ ਵਿਰੁੱਧ, ਕ੍ਰਾਂਤੀਕਾਰੀ ਸਮੇਂ ਵਿਚ ਕੀਤੀ ਗਈ ਹੈ। ਇਸ ਦਾ ਨਾਇਕ ਇਕ ਅੰਗਰੇਜ਼ ਨੌਜਵਾਨ ਆਰਥਰ ਬਰਟਨ ਹੈ ਜੋ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਕੈਥੋਲਿਕ ਸੈਮੀਨਰੀ ਵਿਚ ਚਲਿਆ ਜਾਂਦਾ ਹੈ। ਉਥੇ ਉਹ ਆਪਣੇ ਸਰਪ੍ਰਸਤ ਅਤੇ ਮੈਂਟਰ ਕੈਨਨ ਲੋਰੈਂਜੋ ਮੋਂਟੈਨਲੀ ਪ੍ਰਤੀ ਸਮਰਪਿਤ ਹੋ ਜਾਂਦਾ ਹੈ। ਮੋਂਟੈਨਲੀ ਅਗਿਆਤ ਹੀ ਉਸ ਦਾ ਜੀਵ ਵਿਗਿਆਨਕ ਬਾਪ ਹੈ। ਉਹ ਆਪਣੀ ਬਚਪਨ ਦੀ ਪ੍ਰੇਮਿਕਾ 'ਗੈਮਾ' ਨਾਲ ਰਲ ਕੇ 'ਯੰਗ ਇਟਲੀ' ਲਹਿਰ ਵਿਚ ਸ਼ਾਮਿਲ ਹੋ ਜਾਂਦਾ ਹੈ। ਇਸ ਲਹਿਰ ਦਾ ਉਦੇਸ਼ ਆਸਟਰੀਆ ਦੀ ਜ਼ੁਲਮੀ ਸਾਮਰਾਜੀ ਹਕੂਮਤ ਤੋਂ ਸੁਤੰਤਰਤਾ ਪ੍ਰਾਪਤ ਕਰਨਾ ਸੀ। ਪਰ ਆਰਥਰ ਭੋਲੇ ਭਾਅ ਹੀ ਪੁਲਿਸ ਅੱਗੇ ਇਕਬਾਲ ਕਰਕੇ, ਭੇਦ ਜ਼ਾਹਰ ਕਰਕੇ, ਆਪਣੇ ਕਾਮਰੇਡਾਂ ਨਾਲ ਧੋਖਾ ਕਰ ਬਹਿੰਦਾ ਹੈ। ਉਸੇ ਸਮੇਂ ਉਸ ਨੂੰ ਬਾਪ ਬਾਰੇ ਪਰਿਵਾਰਕ ਭੇਦ ਦਾ ਪਤਾ ਲੱਗ ਜਾਂਦਾ ਹੈ, ਜਿਸ ਕਾਰਨ ਉਸ ਦਾ ਚਰਚ ਵਿਚ ਵਿਸ਼ਵਾਸ ਭੰਗ ਹੋ ਜਾਂਦਾ ਹੈ। ਹੁਣ ਉਹ ਸਮੁੰਦਰ ਕਿਨਾਰੇ ਆਤਮ-ਹੱਤਿਆ ਦਾ ਬਹਾਨਾ ਘੜ ਕੇ ਦੱਖਣੀ ਅਮਰੀਕਾ ਚਲਿਆ ਜਾਂਦਾ ਹੈ, ਜਿਥੇ ਉਹ ਅਕਹਿ ਤੇ ਅਸਹਿ ਤਸੀਹੇ ਝੱਲਦਾ ਹੋਇਆ ਪੈਰ ਲੰਗੜਾ, ਖੱਬੀ ਬਾਂਹ ਟੁੱਟੀ, ਖੱਬੇ ਹੱਥ ਦੀਆਂ ਉਂਗਲਾਂ ਨਦਾਰਦ, ਚਿਹਰੇ 'ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ, ਹਕਲਾ ਕੇ ਬੋਲਣ ਲਗਦਾ ਹੈ। (ਪੰ. 90), ਬੇਇੱਜ਼ਤੀ ਵੀ ਮਹਿਸੂਸ ਕਰਦਾ ਹੈ। ਹੁਣ ਉਹ ਗੈਡਫਲਾਈ ਦੇ ਭੇਸ ਵਿਚ ਆਪਣਾ ਅਸਲੀ ਰੂਪ ਛੁਪਾ ਕੇ 'ਰਿਵਾਰਜ਼' ਨਾਂਅ ਰੱਖ ਕੇ ਇਟਲੀ ਪਰਤਦਾ ਹੈ ਅਤੇ ਕ੍ਰਾਂਤੀਕਾਰੀ ਕਾਮਰੇਡਾਂ ਵਿਚ ਮੁੜ ਗਤੀਸ਼ੀਲ ਹੋ ਜਾਂਦਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੋਂਟੈਨਲੀ ਮਿਲਣ ਆਉਂਦਾ ਹੈ। ਮੋਂਟੈਨਲੀ ਹੁਣ ਗਿਰਜੇ ਦਾ ਮੁਖੀ ਹੈ। ਉਹ ਆਰਥਰ ਨੂੰ ਉਸ ਦੇ ਬਚਾਅ ਲਈ ਲਾਈਫ-ਲਾਈਨ ਪੇਸ਼ ਕਰਦਾ ਹੈ ਪਰ ਆਰਥਰ ਉਸ ਨਾਲ ਅਸਹਿਮਤ ਹੋ ਕੇ ਸਪੱਸ਼ਟ ਕਹਿੰਦਾ ਹੈ, 'ਪਾਦਰੀ ਦਾ ਪਦ ਤਿਆਗ ਦਿਓ ਜਾਂ ਮੈਨੂੰ ਤਿਆਗ ਦਿਓ।' ਤੁਹਾਨੂੰ ਪਾਦਰੀਆਂ ਦੀਆਂ ਮੂਰਤੀਆਂ ਦੇ ਇਸ ਮੋਏ ਸੰਸਾਰ 'ਚੋਂ ਕੁਝ ਨਹੀਂ ਲੱਭਣਾ। (ਪੰ. 274-75). ਗੈਡਫਲਾਈ ਨੂੰ ਮਾਰਨ ਵੇਲੇ ਕਾਰਬਾਈਨਰਜ਼ ਕੰਬ ਰਹੇ ਸਨ। ਕਬਰ ਖੋਦਣ ਵਾਲੇ ਮਜ਼ਦੂਰ ਦੇ ਹੰਝੂ ਵੀ ਇਸ ਮਿੱਟੀ ਰਲੇ ਹੋਏ ਸਨ। (ਪੰ. 279). ਆਰਥਰ ਦੇ ਮਰਨ ਤੋਂ ਬਾਅਦ ਮੋਂਟੈਨਲੀ ਕਹਿੰਦਾ ਹੈ 'ਉਹ ਮੇਰੇ ਪਿਆਰੇ ਪੁੱਤਰ! ਮੇਰੇ ਕੋਲ ਵਾਪਸ ਆ ਜਾਓ। (ਪੰ. 289). 'ਇਹ ਚੁੱਕੋ ਆਪਣਾ ਸੁਰਗ ਤੇ ਇਹ ਚੁੱਕੋ ਆਪਣੀ ਮੁਕਤੀ। (ਪੰ. 292). ਕੋਰਪਸ ਡੋਮਿਨੀ ਦੇ ਪਵਿੱਤਰ ਦਿਹਾੜੇ 'ਤੇ ਮੋਂਟੈਨਲੀ ਖ਼ਲਕਤ ਨੂੰ ਇੰਜ ਸੰਬੋਧਨ ਕਰਕੇ ਦਿਲ ਫਟਣ ਨਾਲ ਮਰ ਗਿਆ। ਇੰਜ ਮੋਟੈਂਨਲੀ ਨਾਲ ਸ਼ੁਰੂ ਹੋਇਆ ਨਾਵਲ ਮੋਂਟੈਨਲੀ ਦੀ ਮੌਤ ਨਾਲ ਹੀ ਸਮਾਪਤ ਹੁੰਦਾ ਹੈ।
ਚੇਤੇ ਰਹੇ ਸੋਵੀਅਤ ਯੂਨੀਅਨ ਵਿਚ ਬੋਲੀਆਂ ਜਾਂਦੀਆਂ 22 ਭਾਸ਼ਾਵਾਂ ਦੀਆਂ 107 ਐਡੀਸ਼ਨਾਂ ਵਿਚ ਇਸ ਨਾਵਲ ਦੀਆਂ ਪੰਜਾਹ ਲੱਖ ਦੇ ਲਗਪਗ ਕਾਪੀਆਂ ਵਿਕੀਆਂ ਸਨ। ਜਾਰਜ ਬਰਨਾਰਡ ਸ਼ਾਅ ਨੇ ਇਸ ਦਾ ਨਾਟਕੀ ਰੂਪਾਂਤਰਨ ਕੀਤਾ। ਸੰਸਾਰ ਪ੍ਰਸਿੱਧ ਦਾਰਸ਼ਨਿਕ ਬਰਟਰੈਂਡ ਰਸਲ ਨੇ ਇਸ ਨੂੰ ਪੜ੍ਹ ਕੇ ਪ੍ਰਸੰਸਾ ਕੀਤੀ। ਲੇਖਿਕਾ ਨੇ ਇਹ ਨਾਵਲ 1895 ਵਿਚ ਸੰਪੂਰਨ ਕਰ ਲਿਆ ਸੀ ਪਰ ਪਬਲਿਸ਼ਰਜ਼ ਨੇ ਪ੍ਰਤੀਕੂਲ ਪ੍ਰਤੀਕਰਮ ਤੋਂ ਡਰਨ ਕਾਰਨ ਇਸ ਨੂੰ ਦੋ ਸਾਲ ਬਾਅਦ 1897 ਵਿਚ ਨਿਊਯਾਰਕ ਵਿਚ ਪ੍ਰਕਾਸ਼ਿਤ ਕੀਤਾ। ਅਨੁਵਾਦਕ ਨੇ ਕਠਿਨ ਸ਼ਬਦਾਵਲੀ ਦੇ ਅਰਥ ਫੁੱਟ ਨੋਟਾਂ ਵਿਚ ਦੇ ਕੇ ਪੰਜਾਬੀ ਪਾਠਕਾਂ ਲਈ ਇਸ ਦੀ ਪੜ੍ਹਤ ਨੂੰ ਆਸਾਨ ਬਣਾ ਦਿੱਤਾ ਹੈ। ਇਸ ਕਰਕੇ ਗੋਇਲ ਪ੍ਰਸੰਸਾ ਦਾ ਅਧਿਕਾਰੀ ਹੈ।


ਡਾ: ਧਰਮ ਚੰਦ ਵਾਤਿਸ਼
E. mail : vatish.dharamchand@gmail.com


ਇਕੱਲਤਾ ਤੇ ਬੇਗਾਨਗੀ ਦਾ ਕਥਾ-ਬਿਰਤਾਂਤ
'ਚੂੜੇ ਵਾਲੀ ਬਾਂਹ'

ਸੰਪਾਦਕ : ਡਾ: ਸੁਖਪਾਲ ਕੌਰ ਸਮਰਾਲਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 165
ਸੰਪਰਕ : 97797-18007.


ਡਾ: ਸੁਖਪਾਲ ਕੌਰ ਸਮਰਾਲਾ ਨੇ ਬੜੀ ਮਿਹਨਤ ਨਾਲ ਪੰਦਰਾਂ ਵਿਦਵਾਨਾਂ ਦੇ ਕਹਾਣੀ ਸਬੰਧੀ ਖੋਜ-ਪੱਤਰਾਂ ਨੂੰ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਜਸਬੀਰ ਰਾਣਾ ਦੀ ਇਹ ਕਹਾਣੀ ਅਜੋਕੇ ਕਾਲ-ਖੰਡ ਵਿਚ ਸਾਧਾਰਨ ਪੱਧਰ ਦਾ ਜੀਵਨ ਬਸਰ ਕਰ ਰਹੇ ਨਿਮਨ ਕਿਸਾਨ ਅਤੇ ਜ਼ਮੀਨ ਵਿਹੂਣੇ ਲੋਕਾਂ ਦੀ ਜੀਵਨ ਤੋਰ ਦਾ ਮਾਨਸਿਕ, ਸਮਾਜਿਕ, ਮਨੋਵਿਗਿਆਨਕ ਅਤੇ ਸੱਭਿਆਚਾਰਕ ਵਿਸ਼ਲੇਸ਼ਣ ਕਰਦੀ ਹੈ। ਇਹ ਕਹਾਣੀ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਗਲਪ ਦੇ ਅਧਿਐਨ ਕਰਤਾਵਾਂ ਵਲੋਂ ਪਛਾਣੀ ਗਈ ਹੈ। ਚੁੱਲ੍ਹੇ ਦੀ ਅੱਗ ਅਤੇ ਸਰੀਰਕ ਅੱਗ ਮਨੁੱਖੀ ਜੀਵਨ ਲਈ ਜ਼ਰੂਰੀ ਹੈ। ਪ੍ਰੰਤੂ ਇਸ ਕਹਾਣੀ ਦੇ ਪਾਤਰ ਇਨ੍ਹਾਂ ਦੋਵਾਂ ਚੀਜ਼ਾਂ ਤੋਂ ਵਿਰਵੇ ਹਨ। ਡਾ: ਜੁਗਿੰਦਰ ਸਿੰਘ ਰਾਹੀ ਅਤੇ ਡਾ: ਰਮਿੰਦਰ ਕੌਰ ਨੇ ਆਪਣੇ ਖੋਜ ਪਰਚੇ ਵਿਚ ਇਹੋ ਸਾਬਤ ਕੀਤਾ ਹੈ। ਡਾ: ਵਾਤਿਸ਼ ਨੇ ਇਸ ਕਹਾਣੀ ਨੂੰ ਬਹੁ-ਪਰਤੀ ਪਾਸਾਰਾਂ ਵਾਲੀ ਮੰਨਿਆ ਹੈ। ਡਾ: ਗੁਰਮੀਤ ਕੌਰ ਨੇ ਬੰਦੇ 'ਚੋਂ ਬੰਦੇ ਦੀ ਤਲਾਸ਼ ਅਤੇ ਉਸ ਦੇ ਮਨੋਭਰਮਾਂ ਦੇ ਪ੍ਰਗਟਾਵੇ ਵਾਲੀ ਕਹਾਣੀ ਕਿਹਾ ਹੈ। ਇਸੇ ਤਰ੍ਹਾਂ ਡਾ: ਕਮਲ ਪ੍ਰੀਤ ਕੌਰ ਨੇ ਇਸ ਕਹਾਣੀ ਨੂੰ ਛੜਿਆਂ ਦੀ ਇਕੱਲਤਾ ਅਤੇ ਬੇਗਾਨਗੀ ਦੇ ਸੰਕਲਪ ਨੂੰ ਉਘਾੜਦੀ ਕਿਹਾ ਹੈ। ਡਾ: ਗੁਰਮੇਲ ਸਿੰਘ ਨੇ ਸਾਧਨ ਵਿਹੂਣੇ ਮਨੁੱਖ ਦੀ ਗਾਥਾ ਅਤੇ ਪ੍ਰਗਟ ਸਿੰਘ ਟਿਵਾਣਾ ਨੇ ਇਸ ਨੂੰ ਔਰਤ ਵਿਹੂਣੇ ਮਰਦਾਂ ਦੀ ਤ੍ਰਾਸਦਿਕ ਸੰਵੇਦਨਾ ਦਾ ਪ੍ਰਗਟਾਵਾ ਕਿਹਾ ਹੈ। ਡਾ: ਬਲਵੰਤ ਸਿੰਘ ਅਤੇ ਰੇਖਾ ਰਾਣੀ ਨੇ ਇਸ ਕਹਾਣੀ ਵਿਚੋਂ ਅਤ੍ਰਿਪਤ ਮਾਨਵੀ ਕਾਮਨਾਵਾਂ ਨੂੰ ਪਛਾਣਿਆ ਹੈ। ਡਾ. ਮਲਕੀਤ ਕੌਰ ਨੇ ਚਿਹਨ ਵਿਗਿਆਨਕ ਦ੍ਰਿਸ਼ਟੀ ਤੋਂ ਕਹਾਣੀ ਨੂੰ ਪਰਖਿਆ ਹੈ ਜਦ ਕਿ ਡਾ: ਬਿੰਦਰ ਸਿੰਘ ਭੂਮਸੀ ਨੇ ਇਸ ਨੂੰ ਆਸਾਧਾਰਨ ਜੀਵਨ ਜੁਗਤ ਦਾ ਮਾਡਲ ਮੰਨਿਆ ਹੈ। ਇਸੇ ਤਰ੍ਹਾਂ ਪ੍ਰੋ: ਕਿਰਪਾਲ ਹੀਰਾ, ਅੰਜਨਾ ਸ਼ਿਵਦੀਪ ਅਤੇ ਪ੍ਰੋ: ਗੁਰਬਿੰਦਰ ਸਿੰਘ ਨੇ ਗ਼ਰੀਬੀ 'ਚ ਜੀਵਨ ਬਸਰ ਕਰ ਰਹੇ ਔਰਤ ਵਿਹੂਣੇ ਪਾਤਰਾਂ ਦੀ ਮਾਨਸਿਕ ਅਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖ ਕੀਤੀ ਹੈ।


ਡਾ: ਜਗੀਰ ਸਿੰਘ ਨੂਰ
ਮੋ: 98142-09732


ਹਾਇਕੂ ਪ੍ਰਵੇਸ਼ਕਾ
ਲੇਖਕ : ਬਲਦੇਵ ਸਿੰਘ ਬੇਦੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 92561-85475


ਹਾਇਕੂ ਕਾਵਿ ਦੀ ਸਿਰਜਣਾ ਜਾਪਾਨ ਵਿਚ ਹੋਈ ਮੰਨੀ ਜਾਂਦੀ ਹੈ। 17 ਅੱਖਰਾਂ ਦਾ ਇਹ ਕਾਵਿ ਰੂਪ ਅੱਜ ਵਿਸ਼ਵ ਦੀਆਂ ਬਹੁ-ਗਿਣਤੀ ਭਾਸ਼ਾਵਾਂ 'ਚ ਪ੍ਰਚੱਲਿਤ ਹੋ ਰਿਹਾ ਹੈ। ਤਿੰਨ ਪੰਕਤੀਆਂ ਦੀ ਇਹ ਭਾਵਪੂਰਤ ਛੋਟੀ ਕਵਿਤਾ ਹੈ ਜੋ ਸਹਿਜੇ-ਸਹਿਜੇ ਕਾਫ਼ੀ ਪ੍ਰਵਾਨ ਚੜ੍ਹ ਰਹੀ ਹੈ। ਇਸ ਹਥਲੀ ਪੁਸਤਕ 'ਹਾਇਕੂ ਪ੍ਰਵੇਸ਼ਕਾ' ਦੇ ਲੇਖਕ ਬਲਦੇਵ ਸਿੰਘ ਬੇਦੀ ਨੇ ਪੁਸਤਕ ਦੇ ਆਰੰਭ 'ਚ ਲਿਖੀ ਭੂਮਿਕਾ 'ਚ ਹਾਇਕੂ ਕਾਵਿ ਵਿਧਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ ਜੋ ਕਿ ਹਾਇਕੂ ਸਿਖਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗਾ। ਇਸ ਤੋਂ ਇਲਾਵਾ ਲੇਖਕ ਨੇ ਹੋਰ ਜਾਪਾਨੀ ਵਿਧਾਵਾਂ ਜਿਵੇਂ ਤਾਂਕਾ, ਸੇਦੋਕਾ, ਚੋਕਾ, ਹਾਈਬਨ, ਹਾਇਗਾ, ਰੇਂਗਾ ਆਦਿ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਹੈ। ਲੇਖਕ ਨੇ ਪੰਜਾਬੀ ਹਾਇਕੂ ਪ੍ਰਵੇਸ਼ਕਾ ਪੈਂਤੀ ਰਾਹੀਂ ਹਰ ਅੱਖਰ ਤੋਂ ਆਰੰਭ ਹੁੰਦੇ ਭਾਵਪੂਰਤ ਹਾਇਕੂ ਲਿਖੇ ਹਨ ।
ਉਦਾਹਰਨ ਵਜੋਂ :
'ੳ'
ਉਦਮੀ ਬੰਦੇ
ਮਿਹਨਤ ਕਰਦੇ
ਰੱਜ ਕੇ ਖਾਂਦੇ।
'ਰ'
ਰੁੱਖ ਲਗਾਓ
ਚਹਿਕਣ ਜੋ ਪੰਛੀ
ਸ਼ੁੱਧ ਹਵਾਵਾਂ।
ਇਨ੍ਹਾਂ ਹਾਇਕੂ 'ਚ ਲੇਖਕ ਨੇ ਮਹੀਨੇ, ਰੁੱਤਾਂ ਤੋਂ ਇਲਾਵਾ ਕਿਰਤ, ਜਲ ਸੰਕਟ, ਪ੍ਰਦੂਸ਼ਣ, ਪਿਆਰ, ਮਾਤ ਭਾਸ਼ਾ, ਵਕਤ ਆਦਿ ਨੂੰ ਵਿਸ਼ਾ ਬਣਾ ਕੇ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਾਰਤਕ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨੀ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਹਾਇਕੂ ਰਾਹੀਂ ਬੜੀ ਖ਼ੂਬਸੂਰਤੀ ਨਾਲ ਚਿਤਰਿਆ ਹੈ। ਇਸ ਪੁਸਤਕ 'ਚ ਛੰਦ, ਕਵਿਤਾ, ਗੀਤ ਗ਼ਜ਼ਲ, ਰੁਬਾਈਆਂ, ਮਾਹੀਆ, ਬੋਲੀਆਂ, ਵਿਅੰਗ ਆਦਿ ਵੰਨਗੀਆਂ ਬਾਰੇ ਵੀ ਲੇਖਕ ਨੇ ਵਿਸਥਾਰ ਨਾਲ ਸਮਝਾਇਆ ਹੈ। ਲੇਖਕ ਬਲਦੇਵ ਸਿੰਘ ਬੇਦੀ ਦੀ ਇਹ ਹਥਲੀ ਪੁਸਤਕ 'ਹਾਇਕੂ ਪ੍ਰਵੇਸ਼ਕਾ' ਹਾਇਕੂ ਪਾਠਕਾਂ ਅਤੇ ਖੋਜਾਰਥੀਆਂ ਲਈ ਕਾਫ਼ੀ ਸਹਾਇਕ ਸਿੱਧ ਹੋਵੇਗੀ।


ਮਨਜੀਤ ਸਿੰਘ ਘੜੈਲੀ
ਮੋ: 98153-91625


ਮੁਜ਼ਾਰਾ ਲਹਿਰ ਦਾ ਸ਼ੇਰ
ਬੰਤ ਰਾਮ ਅਲੀਸ਼ੇਰ

ਲੇਖਕ : ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98723-25201.


ਪੁਸਤਕ ਦੇ ਲੇਖਕ ਦੇਸ ਰਾਜ ਛਾਜਲੀ ਨੇ ਮੁਜ਼ਾਰਾ ਲਹਿਰ ਦੇ ਸ਼ੇਰ ਬੰਤ ਰਾਮ ਅਲੀਸ਼ੇਰ ਦੀ ਜੀਵਨੀ ਲਿਖ ਕੇ ਮੁਜ਼ਾਰਾ ਲਹਿਰ ਦੇ ਇਤਿਹਾਸ ਦੀ ਜਾਣਕਾਰੀ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਦੇਸ਼ ਭਗਤਾਂ ਵਿਚ ਆਪਣੇ ਦੇਸ਼ ਪ੍ਰਤੀ ਕਿੰਨਾ ਜਜ਼ਬਾ ਸੀ। ਬੇਸ਼ੱਕ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ, ਦੁੱਖਾਂ, ਤਸੀਹਿਆਂ ਨੂੰ ਆਪਣੇ ਪਿੰਡੇ 'ਤੇ ਝੱਲਣਾ ਪਿਆ ਪ੍ਰੰਤੂ ਉਨ੍ਹਾਂ ਕਦੇ ਵੀ ਪਿੱਠ ਨਹੀਂ ਵਿਖਾਈ। ਇਸ ਪੁਸਤਕ ਵਿਚ ਲੇਖਕ ਨੇ ਬੰਤ ਰਾਮ ਅਲੀਸ਼ੇਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾ ਕੇ ਇਹ ਅਮੁੱਲ ਖਜ਼ਾਨਾ ਆਪਣੀ ਲਗਾਤਾਰ ਕੀਤੀ ਕੋਸ਼ਿਸ਼ ਦੇ ਨਾਲ ਲੱਭਿਆ। ਇਸ ਪੁਸਤਕ ਦੀ ਹਰ ਲਾਈਨ ਵਿਚ ਬਹੁਤ ਕੁਝ ਝਲਕਦਾ ਹੈ ਅਤੇ ਰੌਂਗਟੇ ਵੀ ਖੜ੍ਹੇ ਹੁੰਦੇ ਹਨ। ਲੇਖਕ ਦੇਸ ਰਾਜ ਦੇ ਸਮੁੱਚੇ ਜੀਵਨ ਨੂੰ ਜਾਣਨਾ ਚਾਹੁੰਦਾ ਸੀ ਪ੍ਰੰਤੂ ਉਸ ਦੀ ਇੱਛਾ ਪੂਰੀ ਨਾ ਹੋ ਸਕੀ ਕਿਉਂਕਿ ਜੋ ਗੱਲਾਂ ਦੀ ਡੂੰਘਾਈ ਤੱਕ ਉਹ ਪੁੱਜਣਾ ਚਾਹੁੰਦਾ ਸੀ, ਉਸ ਨੂੰ ਉਸ ਦਾ ਜਵਾਬ ਨਾ ਮਿਲ ਸਕਿਆ। ਬੰਤ ਰਾਮ ਅਲੀਸ਼ੇਰ ਦੀ ਮੌਤ ਤੋਂ ਬਾਅਦ ਲੇਖਕ ਨੇ ਕਾਫੀ ਕਾਹਲੀ ਵਿਚ ਇਹ ਪੁਸਤਕ ਲਿਖੀ ਕਿਉਂਕਿ ਉਸ ਦੇ ਭੋਗ ਦੇ ਮੌਕੇ 'ਤੇ ਇਹ ਕਿਤਾਬ ਲੋਕਾਂ ਨੂੰ ਵੰਡਣੀ ਸੀ। ਲੇਖਕ ਦਾ ਕਹਿਣਾ ਹੈ ਕਿ ਉਹ ਇਸ ਪੁਸਤਕ ਨੂੰ ਦੁਬਾਰਾ ਤਿਆਰ ਕਰੇਗਾ ਅਤੇ ਬੰਤ ਰਾਮ ਅਲੀਸ਼ੇਰ ਦੇ ਪਰਿਵਾਰ, ਦੋਸਤਾਂ, ਸਨੇਹੀਆਂ ਤੇ ਪਿੰਡ ਵਾਲਿਆਂ ਤੋਂ ਜਾਣਕਾਰੀ ਇਕੱਠੀ ਕਰੇਗਾ। ਲੇਖਕ ਨੇ ਬੰਤ ਰਾਮ ਅਲੀਸ਼ੇਰ ਦੇ ਪਿੰਡ ਦੇ ਇਤਿਹਾਸ ਦੀ ਜਾਣਕਾਰੀ ਦੇਣ ਨਾਲ ਉਸ ਦੀ ਦਲੇਰੀ, ਵਿਵਹਾਰ, ਉਸ ਨਾਲ ਹੋਈਆਂ ਜ਼ਿਆਦਤੀਆਂ, ਦੇਸ਼ ਪ੍ਰੇਮ, ਨਿਡਰਤਾ, ਸੂਰਬੀਰਤਾ, ਘਟਨਾਵਾਂ ਤੇ ਹੋਰ ਅਨੇਕਾਂ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਨੂੰ ਮੁਜ਼ਾਰਾ ਲਹਿਰ ਬਾਰੇ ਪਤਾ ਲੱਗੇਗਾ ਕਿਉਂਕਿ ਅਜਿਹੀਆਂ ਕਿਤਾਬਾਂ ਪਾਠਕਾਂ ਦੇ ਕੋਲ ਘੱਟ ਪੁੱਜਦੀਆਂ ਹਨ। ਇਹ ਪੁਸਤਕ ਲਿਖਣ ਪ੍ਰਤੀ ਲੇਖਕ ਨੇ ਅਨੇਕਾਂ ਸ਼ਖ਼ਸੀਅਤਾਂ ਦੇ ਨਾਲ ਮੁਲਾਕਾਤ ਕਰਕੇ ਜਾਣਕਾਰੀ ਇਕੱਠੀ ਕਰਕੇ ਇਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਸ਼ਲਾਘਾਯੋਗ ਹੈ। ਇਸੇ ਪੁਸਤਕ ਵਿਚ ਜੋ ਸੁਝਾਅ ਚਿੱਠੀ ਦਿੱਤੀ ਗਈ ਹੈ, ਉਸ ਨੂੰ ਲੇਖਕ ਅਗਲੀ ਪੁਸਤਕ ਲਿਖਣ ਸਮੇਂ ਧਿਆਨ ਵਿਚ ਜ਼ਰੂਰ ਰੱਖੇ ਤਾਂ ਕਿ ਸੋਨੇ 'ਤੇ ਸੁਹਾਗਾ ਵਾਲਾ ਕੰਮ ਹੋ ਸਕੇ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990


ਸੋਫ਼ੀਆ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 98729-89313.


ਹਥਲਾ ਨਾਵਲ ਮਹਾਰਾਜਾ ਰਣਜੀਤ ਸਿੰਘ ਦੇ ਪੁੱੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਮਹਾਰਾਜਾ ਰਣਜੀਤ ਸਿੰਘ ਹੁਰਾਂ ਦੇ ਜੀਵਨ 'ਤੇ ਤਾਂ ਕਾਫ਼ੀ ਕੁਝ ਲਿਖਿਆ ਹੋਇਆ ਮਿਲ ਜਾਂਦਾ ਹੈ, ਪਰ ਉਨ੍ਹਾਂ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੇ ਸਮੁੱੱਚੇ ਜੀਵਨ ਸਬੰਧੀ ਬਹੁਤ ਕੁਝ ਜਾਣਨ ਲਈ ਇਹ ਨਾਵਲ ਕਾਫ਼ੀ ਵਿਸਥਾਰ ਸਹਿਤ ਜਾਣਕਾਰੀ ਦਿੰਦਾ ਹੈ। ਨਾਵਲਕਾਰ ਨੇ ਨਾਵਲ ਦੀ ਸਮੁੱਚੀ ਕਹਾਣੀ ਨੂੰ 36 ਕਾਂਡਾਂ 'ਚ ਸੁਚੱਜੇ ਢੰਗ ਨਾਲ ਵੰਡ ਕੇ ਬਿਆਨ ਕੀਤਾ ਹੈ। ਇਸ ਦੇ ਪਾਤਰਾਂ ਦੀ ਚੋਣ, ਮਾਹੌਲ ਉਸਾਰੀ, ਵਾਰਤਾਲਾਪ ਅਤੇ ਸ਼ੈਲੀ ਨਾਵਲ ਦੀ ਕਹਾਣੀ ਅਨੁਸਾਰ ਕਾਫ਼ੀ ਢੁੱਕਵੀਂ ਹੈ। ਪਾਠਕ 'ਚ ਅੱਗੇ ਦੀ ਅੱਗੇ ਹੋਰ ਜਾਣਨ ਦੀ ਉਤਸੁਕਤਾ ਲਗਾਤਾਰ ਬਣੀ ਰਹਿੰਦੀ ਹੈ। ਨਾਵਲ ਵਿਚਲੀ ਕਹਾਣੀ ਕਾਫ਼ੀ ਰੌਚਕ ਹੈ। ਇਤਿਹਾਸਕ ਘਟਨਾਵਾਂ ਅਤੇ ਤੱਥਾਂ ਨੂੰ ਪੂਰੇ ਵਿਧੀਵਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਉਪਰੰੰਤ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਅਤੇ ਮਹਾਰਾਜੇ ਨੂੰ ਇੰਗਲੈਂਡ ਲਿਆਂਦਾ ਗਿਆ। ਇੱੱਥੇ ਆ ਕੇ ਮਹਾਰਾਜੇ ਨੇ ਹੌਲੀ-ਹੌਲੀ ਬਰਤਾਨਵੀ ਸਮਾਜ ਦਾ ਪ੍ਰਭਾਵ ਕਬੂਲ ਲਿਆ ਅਤੇ ਆਪਣਾ ਅਤੀਤ ਭੁੱਲ ਗਿਆ। ਉਸ ਦਾ ਜੀਵਨ ਅੱਯਾਸ਼ ਹੋ ਗਿਆ। ਇੱਥੇ ਆ ਕੇ ਉਸ ਦੇ ਖ਼ਰਚੇ ਏਨੇ ਹੋ ਗਏ ਕਿ ਜੋ ਕੁਝ ਉਸ ਨੂੰ ਇੰਡੀਆ ਆਫ਼ਿਸ 'ਚੋਂ ਮਿਲਦਾ ਸੀ, ਉਹ ਉਸ ਦੇ ਖ਼ਰਚਿਆਂ ਦੇ ਹਿਸਾਬ ਨਾਲ ਥੋੜ੍ਹਾ ਸੀ। ਓਧਰ ਬਰਤਾਨਵੀ ਪ੍ਰਬੰੰਧ ਦੁਆਰਾ ਉਸ ਦੇ ਅੱਗੇ ਅਜਿਹਾ ਤਾਣਾ-ਬਾਣਾ ਬੁਣਿਆ ਜਾਂਦਾ ਹੈ ਕਿ ਉਸ ਦੇ ਪਰਿਵਾਰ, ਜਿਸ ਵਿਚ ਉਸ ਦੀਆਂ ਪਤਨੀ, ਬੱਚੀਆਂ ਅੱਡੋ-ਅੱੱਡ ਰਹਿੰਦੀਆਂ ਹੋਈਆਂ ਆਪਣਾ ਜੀਵਨ ਗੁਜ਼ਾਰਦੀਆਂ ਹਨ। ਨਾਵਲ ਦੀ ਕੇਂਦਰੀ ਪਾਤਰ ਸੋਫ਼ੀਆ ਨੂੰ ਆਪਣੇ ਜੀਵਨ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਉਹ ਆਪਣੀਆਂ ਭੈਣਾਂ ਨਾਲ ਲਾਹੌਰ ਵੇਖਣ ਜਾਣ ਦਾ ਮਨ ਬਣਾਉਂਦੀ ਹੈ ਤਾਂ ਉਸ ਨੂੰ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰੰਧ ਬਾਰੇ ਕਾਫ਼ੀ ਕੁਝ ਜਾਣਨ ਦਾ ਮੌਕਾ ਮਿਲਦਾ ਹੈ। ਉਹ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਇਕ ਲਹਿਰ ਦਾ ਹਿੱਸਾ ਬਣਦੀ ਹੈ ਅਤੇ ਹੋਰ ਵੀ ਸਮਾਜ ਭਲਾਈ ਦੇ ਕੰਮ ਕਰਦੀ ਹੈ। ਸਾਰੀ ਉਮਰ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲੀ ਸੋਫ਼ੀਆ ਦੀ ਅੰਤਿਮ ਇੱਛਾ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਕਬਰ 'ਚ ਦਫ਼ਨਾਉਣ ਦੀ ਬਜਾਏ ਅਗਨ ਭੇਟ ਕਰਕੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਨਾਵਲ ਦੇ ਜ਼ਰੀਏ ਇਤਿਹਾਸਕ, ਪ੍ਰਮਾਣਿਕ ਅਤੇ ਖੋਜ ਭਰਭੂਰ ਜਾਣਕਾਰੀ ਦੇਣ ਲਈ ਲੇਖਕ ਨੂੰ ਵਧਾਈ ਦਿੰਦੇ ਹਾਂ।


ਮੋਹਰ ਗਿੱਲ ਸਿਰਸੜੀ
ਮੋ: 98156-59110


ਕਿਥੇ ਹੈ ਰਾਤ ਦਾ ਚੰਨ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 328
ਸੰਪਰਕ : 94170-76735.


ਇਸ ਵੱਡ ਆਕਾਰੀ ਕਾਵਿ-ਸੰਗ੍ਰਹਿ 'ਕਿਥੇ ਹੈ ਰਾਤ ਦਾ ਚੰਨ' ਦੇ ਸੰਪਾਦਕ ਅਮੋਲਕ ਸਿੰਘ ਜੋ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਹਨ, ਪਹਿਲਾਂ ਵੀ ਲਗਪਗ 30 ਕਿਤਾਬਾਂ ਦਾ ਸੰਪਾਦਨ ਕਰ ਚੁੱਕੇ ਹਨ ਅਤੇ ਤਿੰਨ ਪਰਚਿਆਂ ਦੇ ਸੰਪਾਦਕ ਵੀ ਹਨ। ਅਮੋਲਕ ਸਿੰਘ ਸਿਰੜੀ ਬੁਲਾਰਾ, ਕਲਮੀ ਯੋਧਾ ਤੇ ਇਨਕਲਾਬੀ ਹਰਾਵਲ ਦਸਤਿਆਂ ਦਾ ਝੰਡਾਬਰਦਾਰ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਫਾਸ਼ੀਵਾਦ ਨਾਲ ਦਸਤਪੰਜਾ ਲੈਂਦੀਆਂ 328 ਸਫ਼ਿਆਂ ਤੱਕ ਫੈਲੀਆਂ ਹੋਈਆਂ ਹਨ। ਇਹ ਨਜ਼ਮਾਂ ਫਾਸ਼ੀਵਾਦ ਦੇ ਬਖੀਏ ਤਾਂ ਉਧੇੜਦੀਆਂ ਹੀ ਹਨ ਅਤੇ ਕਾਰਪੋਰੇਟ ਜਗਤ ਦੇ ਰਿਮੋਰਟ ਕੰਟਰੋਲ ਨਾਲ ਚੱਲ ਰਹੀ ਭਗਵਾਂ ਬ੍ਰਿਗੇਡ ਦੀ ਸਰਕਾਰ ਕਿਵੇਂ ਲੋਕਾਈ ਦੇ ਹਿਤਾਂ ਤੇ ਮੱਕੜਜਾਲ ਮਾਰਨ ਦੀ ਸਾਜਿਸ਼ ਰਚ ਰਹੀ ਹੈ, ਬਾਰੇ ਅਗਾਊਂ ਜਾਗਰੂਕ ਕਰਦੀਆਂ ਹਨ। ਨਜ਼ਮਾਂ ਦੀ ਤੰਦ ਫੜਾਉਂਦੀ ਉਸ ਦੀ ਸੰਪਾਦਕੀ ਦੱਸਦੀ ਹੈ ਕਿ ਕਿਥੇ ਹੈ ਰਾਤ ਦਾ ਚੰਨ? ਜੋ ਹਨੇਰੀ ਰਾਤ ਤੋਂ ਪਾਰ ਰੌਸ਼ਨੀ ਦੇ ਗੀਤ ਗਾਉਂਦਾ ਸਮਾਜ ਦੇ ਸਿਰਜਕਾਂ ਨੂੰ ਚਾਨਣ ਦੀ ਨਵੀਂ ਦੁਨੀਆ ਤੋਂ ਪਾਰ ਲੈ ਜਾਵੇ, ਜਿਥੇ ਕਸ਼ਮੀਰ ਦੀਆਂ ਘਾਟੀਆਂ ਵਿਚ ਛੈਲ-ਛਬੀਲੇ ਗੱਭਰੂਆਂ ਨੂੰ ਬਾਰੂਦ ਦਾ ਚਾਰਾ ਬਣਾਇਆ ਜਾ ਰਿਹਾ ਹੈ। ਕੁਦਰਤੀ ਨਿਆਮਤਾਂ ਦੇ ਵੰਨ-ਸੁਵੰਨੇ ਫੁੱਲਾਂ, ਜੋ ਸ਼ਾਹੀਨ ਬਾਗ ਵਿਚ ਨਾਗਰਿਕ ਸੋਧ ਬਿੱਲ ਦੇ ਖਿਲਾਫ਼ ਜੂਝ ਰਹੀਆਂ ਵੀਰਾਂਗਣਾ, ਦਲਿਤ ਵਰਗ ਅਤੇ ਮੁਸਲਮਾਨ ਭਾਈਚਾਰੇ, ਨੂੰ ਵਿਉਂਤਬੱਧ ਹਮਲਿਆਂ ਦਾ ਸ਼ਿਕਾਰ ਬਣਾ ਕੇ ਦੇਸ਼ ਧ੍ਰੋਹ ਦੀਆਂ ਸੰਗੀਨ ਧਾਰਾਵਾਂ ਲਗਾ ਕੇ ਅਤੇ ਕੋਰੋਨਾ ਦਾ ਡਰ ਦਿਖਾ ਕੇ ਲਾਮਬੰਦ ਹੋ ਰਹੀ ਜਨਤਾ ਨੂੰ ਤ੍ਰਿਸ਼ੂਲੀ ਡਰਾਵੇ ਨਾਲ ਕਿਵੇਂ ਭੈਭੀਤ ਕਰਕੇ ਆਪਣੇ ਹੱਕ ਦੇ ਮਨਸੂਬੇ ਘੜੇ ਜਾ ਰਹੇ ਹਨ। ਇਸ ਸਾਰੇ ਕਾਸੇ ਨੂੰ ਸਮਝਣ ਲਈ ਪਾਰਕਰ ਨਿਰਮੋਲਰ ਦੀ ਨਜ਼ਮ 'ਫਿਰ ਉਹ ਮੇਰੇ ਲਈ ਆਏ' ਪੜ੍ਹਨੀ ਤੇ ਗੁੜ੍ਹਨੀ ਬਣਦੀ ਹੈ:
'ਪਹਿਲਾਂ ਉਹ ਯਹੂਦੀਆਂ ਲਈ ਆਏ
ਮੈਂ ਕੁਝ ਨਹੀਂ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸਾਂ
ਫਿਰ ਉਹ ਕਮਿਊਨਿਸਟਾਂ ਲਈ ਆਏ
ਮੈਂ ਫਿਰ ਵੀ ਨਹੀਂ ਬੋਲਿਆ
ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ
ਫਿਰ ਉਹ ਯੂਨਿਅਨਿਸਟਾਂ ਲਈ ਆਏ
ਮੈਂ ਫਿਰ ਵੀ ਕੁਝ ਨਾ ਬੋਲਿਆ
ਕਿਉਂਕਿ ਮੈਂ ਯੂਨੀਅਨਿਸਟ ਨਹੀਂ ਸਾਂ
ਫਿਰ ਉਹ ਮੇਰੇ ਲਈ ਆਏ
ਹੁਣ ਕੋਈ ਵੀ ਨਹੀਂ ਸੀ ਮੇਰੇ ਲਈ ਬੋਲਣ ਵਾਸਤੇ।


ਭਗਵਾਨ ਢਿੱਲੋਂ
ਮੋ: 98143-78254.


ਹੁੰਦੇ ਜੇ ਪੰਛੀਆਂ ਦੇ ਧਰਮ
ਲੇਖਕ : ਮਿਹਰ ਸਿੰਘ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 94646-75892.


ਸਵੈ-ਜੀਵਨੀ ਸਮੇਤ ਅੱਠ ਪੁਸਤਕਾਂ ਦੇ ਰਚੇਤਾ ਦੀ ਇਹ ਪੁਸਤਕ 15 ਕਹਾਣੀਆਂ ਦੀ ਹੈ। ਪਹਿਲੀਆਂ ਦੋ ਕਹਾਣੀਆਂ ਦੇਸ਼ ਭਗਤੀ ਦੀਆਂ ਹਨ। 'ਜੈ ਭਾਰਤ' ਕਹਾਣੀ ਸੰਨ 1962 ਦੀ ਭਾਰਤ- ਚੀਨ ਜੰਗ ਦੀ ਹੈ। ਜੰਗ ਦੇ ਦ੍ਰਿਸ਼ ਹਨ। ਕਹਾਣੀ ਦੀ ਪਾਤਰ ਕੰਵਲ ਸੁਪਨੇ 'ਚ ਵੇਖਦੀ ਹੈ ਕਿ ਉਹ ਫ਼ੌਜੀ ਵਰਦੀ 'ਚ ਮੋਰਚੇ 'ਤੇ ਹੈ। ਨੇੜੇ ਗੋਲਾ ਡਿਗਦਾ ਹੈ। ਅਫਸਰਾਂ ਤੋਂ ਹੁਕਮ ਲੈ ਕੇ ਫਾਇਰ ਕਰਦੀ ਹੈ। ਪਰ ਉਹ ਆਪਣੀਆਂ ਸਾਥਣਾਂ ਨਾਲ ਮੌਕੇ 'ਤੇ ਸ਼ਹੀਦ ਹੋ ਜਾਂਦੀ ਹੈ। ਸੁਪਨਾ ਟੁੱਟ ਜਾਂਦਾ ਹੈ ਤੇ ਉਸ ਦੀ ਜਾਗ ਖੁੱਲ੍ਹ ਜਾਂਦੀ ਹੈ। ਕਹਾਣੀ 'ਸਮੇਂ ਦੀ ਕਦਰ' ਵਿਚ ਜੰਗ 'ਚ ਜਾਂਦੇ ਫ਼ੌਜੀ ਨੂੰ ਪਤਨੀ ਹੱਸ ਕੇ ਤੋਰਦੀ ਹੈ ਪਰ ਫ਼ੌਜੀ ਪਤੀ ਨੂੰ ਪਿਛਲੀ ਫੇਰੀ ਯਾਦ ਆਉਂਦੀ ਹੈ ਕਿ ਉਸ ਵੇਲੇ ਤਾਂ ਪਤਨੀ ਅੱਖ਼ਾਂ ਭਰ ਆਈ ਸੀ ਪਰ ਇਸ ਵਾਰ ---? ਅਗਲੇ ਪਲ ਉਸ ਦੇ ਬੋਲ ਹਨਮੈਂ ਰੱਬ ਤੋਂ ਸਦਾ ਦੁਆ ਮੰਗਾਂਗੀ ਕਿ ਤੁਸੀਂ ਵੈਰੀ ਨੂੰ ਮੁਕਾ ਕੇ ਛੇਤੀ ਘਰ ਪਰਤੋ.... (ਪੰਨਾ 19) ਬਾਕੀ ਕਹਾਣੀਆਂ ਦੇ ਵਿਸ਼ੇ ਸਮਾਜਿਕ, ਪਰਿਵਾਰਕ ਤੇ ਵਿਦੇਸ਼ੀ ਸੱਭਿਅਤਾ ਬਾਰੇ ਹਨ। 'ਜਿਊਂਦੇ ਦੀ ਮਜਬੂਰੀ' ਕਥਾ ਵਿਚ ਫ਼ੌਜੀ ਦਾ ਬਾਂਦਰ ਦੇ ਬੱਚੇ ਨਾਲ ਪਿਆਰ ਹੈ। ਜਦੋਂ ਫ਼ੌਜੀ ਬੱਚੇ ਨੂੰ ਜੰਗਲ ਵਿਚ ਛੱਡਣ ਬਾਰੇ ਸੋਚਦਾ ਹੈ ਤਾਂ ਉਹ ਤਾਂ ਉਸ ਨਾਲ ਚਿੰਬੜ ਹੀ ਜਾਂਦਾ ਹੈ। ਫ਼ੌਜੀ ਦੀ ਯੂਨਿਟ ਬਦਲਣ ਵੇਲੇ ਵਿਛੋੜੇ ਦੀ ਚੀਸ ਕਹਾਣੀ ਦੀ ਰੂਹ ਹੈ। ਜਾਨਵਰ ਨਾਲ ਮੁਹੱਬਤ ਦੀ ਤਸਵੀਰ ਹੈ। ਦੇਸ਼ ਵੰਡ ਵੇਲੇ ਨੌਜਵਾਨ ਕੁੜੀ ਕਾਫਲੇ ਤੋਂ ਵਿਛੜ ਜਾਂਦੀ ਹੈ। ਇਕ ਦਿਆਲੂ ਔਰਤ ਆਪਣਾ ਬੁਰਕਾ ਦੇ ਕੇ ਸੁਰੱਖਿਅਤ ਕੱਢ ਕੇ ਉਸ ਨੂੰ ਕਾਫਲੇ ਵਿਚ ਪੁਚਾਉਂਦੀ ਹੈ। (ਦੁਖਿਆਰੀ) ਕਹਾਣੀ ਮਨੁੱਖੀ ਮਾਨਵਤਾ ਦੀ ਹੈ। 'ਬੇਵਕਤੀ ਮੌਤ' 'ਚ ਘਰ ਦੀ ਮੰਦੀ ਆਰਥਿਕਤਾ ਕਾਰਨ ਬੰਦਾ ਖ਼ੁਦਕੁਸ਼ੀ ਕਰਦਾ ਹੈ। ਪਰਿਵਾਰ ਦੁਖੀ ਹੈ। ਪੱਤਰਕਾਰ ਨਾਲ ਕੁੜੀ ਗੱਲ ਕਰਦੀ ਹੈ---ਕਿੰਨਾ ਚੰਗਾ ਹੋਵੇ ਜੇ ਤੁਸੀਂ ਇਸ ਸੰਤਾਪ ਦੇ ਕਾਰਨ ਵੀ ਲੋਕਾਂ ਸਾਹਵੇਂ ਰੱਖੋ। ਕਹਾਣੀ 'ਮਖੌਟੇ' 'ਚ ਅਖੌਤੀ ਨੇਤਾ ਨੂੰ ਪੁਲਿਸ ਸੁਰੱਖਿਅਤ ਕੱਢ ਕੇ ਲੈ ਜਾਂਦੀ ਹੈ। 'ਅੱਡਰੀ ਹੋਂਦ' ਦੀ ਹਰਮਨਪ੍ਰੀਤ ਨੂੰ ਪੰਜਾਬੀ ਸਾਹਿਤ ਤੇ ਵਿਰਸੇ ਨਾਲ ਮੁਹੱਬਤ ਹੈ। ਵਿਦੇਸ਼ਾਂ ਵਿਚ ਬੱਸ 'ਚ ਸਫ਼ਰ ਕਰਦੇ ਬੱਚੇ ਦੀ ਉਮਰ ਦਾ ਝੂਠ ਨਹੀਂ ਚਲਦਾ। ਕਹਾਣੀ 'ਆਈ ਐਮ ਫਾਈਵ ਯੀਅਰਜ਼ ਓਲਡ' 'ਚ ਇਹੀ ਕੁਝ ਹੈ। ਕਹਾਣੀਆਂ ਦੀ ਭਾਸ਼ਾ ਅਲੰਕਾਰਕ, ਸੁਹਜਮਈ, ਸੰਖੇਪਤਾ, ਢੁਕਵੇਂ ਸੰਵਾਦ, ਦਿਲਚਸਪ ਪਾਤਰ ਚਿਤਰਣ ਆਦਿ ਮੀਰੀ ਗੁਣ ਹਨ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

17-04-2021

 ਕਸ਼ਮੀਰਨਾਮਾ
ਇਤਿਹਾਸ ਅਤੇ ਸਮਕਾਲ
ਲੇਖਕ : ਅਸ਼ੋਕ ਕੁਮਾਰ ਪਾਂਡੇਯ
ਅਨੁਵਾਦਕ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪ੍ਰਕਾਸ਼ਨ, ਸਮਾਣਾ
ਮੁੱਲ : 625 ਰੁਪਏ, ਸਫ਼ੇ : 520
ਸੰਪਰਕ : 98152-43917.

ਕਸ਼ਮੀਰ ਪ੍ਰਾਂਤ ਦੇ ਪ੍ਰਾਚੀਨ ਇਤਿਹਾਸ ਤੋਂ ਆਧੁਨਿਕ ਤੇ ਸਮਕਾਲੀਨ ਇਤਿਹਾਸ ਨਾਲ ਸਬੰਧਿਤ 18 ਅਧਿਆਵਾਂ ਵਿਚ ਇਤਿਹਾਸਕ ਸੋਮਿਆਂ, ਧਾਰਮਿਕ ਗ੍ਰੰਥਾਂ ਅਤੇ ਹੋਰ ਮਹੱਤਵਪੂਰਨ ਸ੍ਰੋਤਾਂ 'ਤੇ ਆਧਾਰਿਤ ਇਸ ਕਿਤਾਬ ਵਿਚ ਲੇਖਕ ਵਲੋਂ ਕਸ਼ਮੀਰ ਦੇ ਇਤਿਹਾਸ ਅਤੇ ਰਾਜਨੀਤੀ ਨਾਲ ਸਬੰਧਿਤ 9 ਅਤਿ ਮਹੱਤਵਪੂਰਨ ਅੰਤਿਕਾਵਾਂ ਦੇ ਰੂਪ ਵਿਚ ਸਮਝੌਤਿਆਂ ਅਤੇ ਮਤਿਆਂ ਦੀ ਸੂਚੀ ਵੀ ਲਗਾਈ ਗਈ ਹੈ।
ਕਿਤਾਬ ਦੇ ਵੱਖ-ਵੱਖ ਅਧਿਆਵਾਂ ਦਾ ਵੇਰਵਾ ਕਸ਼ਯਪਮਾਰ, ਕਸ਼ਮਾਰ, ਕਸ਼ਮੀਰ: ਮਿਥਕ ਤੋਂ ਇਤਿਹਾਸ ਤੱਕ; ਰਿੰਚਨ, ਪੰਡਿਤ ਸਭਾ, ਧਰਮ ਪਰਿਵਰਤਨ: ਇਸਲਾਮ ਦਾ ਆਗਮਾਨ; ਜ਼ੈਨਊੱਲ-ਆਬੀਦੀਨ: ਸ਼ਾਹਮੀਰ ਵੰਸ਼; ਰਿਸ਼ੀ ਲਹਿਰ ਤੇ ਕਸ਼ਮੀਰ; ਸ਼ਾਹਮੀਰੀ ਵੰਸ਼ ਦਾ ਪਤਨ; ਗੁਲਾਮੀ ਦਾ ਆਰੰਭ; ਕਸ਼ਮੀਰ 'ਤੇ ਅਫ਼ਗਾਨਾਂ ਦਾ ਕਬਜ਼ਾ; ਅਰਾਜਕਤਾ ਦਾ ਇਕ ਹੋਰ ਦੌਰ; ਆਧੁਨਿਕ ਜੰਮੂ ਤੇ ਕਸ਼ਮੀਰ ਰਾਜ ਦਾ ਉਭਾਰ; ਤੀਹ ਦਾ ਦਹਾਕਾ: ਸ਼ੇਖ਼ ਅਬੱਦੁਲਾ ਦਾ ਉਭਾਰ; ਮੁਸਲਿਮ ਕਾਨਫ਼ਰੰਸ, ਨੈਸ਼ਨਲ ਕਾਨਫ਼ਰੰਸ, ਆਜ਼ਾਦੀ ਉਲਝਣਾਂ; ਭਾਰਤ, ਪਾਕਿਸਤਾਨ ਅਤੇ ਕਸ਼ਮੀਰ (1947); ਸੰਯੁਕਤ ਰਾਸ਼ਟਰ, ਲੋਕਤੰਤਰ, ਧਾਰਾ ਅਤੇ ਕੋਝੇ ਮਜ਼ਾਕ; ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ; ਸ਼ੇਖ਼ ਅਬੱਦੁਲਾ ਦੀ ਗ੍ਰਿਫ਼ਤਾਰੀ ਤੇ ਰਿਹਾਈ; ਕਸ਼ਮੀਰ ਚੋਣਾਂ; ਨੱਬੇ ਦਾ ਤਬਾਹੀ ਭਰਿਆ ਦਹਾਕਾ ਅਤੇ ਜਿੰਨਾ ਬਦਲਦਾ ਹੈ, ਸਭ ਓਨਾ ਹੀ ਰਹਿ ਜਾਂਦਾ ਹੈ, ਉਵੇਂ ਹੀ ਹੈ।
ਕਸ਼ਮੀਰ ਦੇ ਆਧੁਨਿਕ ਇਤਿਹਾਸ ਨਾਲ ਸਬੰਧਿਤ ਅਤਿ ਮਹੱਤਵਪੂਰਨ ਸੰਧੀਆਂ, ਸਮਝੌਤੇ, ਮਤੇ ਅੰਮ੍ਰਿਤਸਰ ਦੀ ਸੰਧੀ (16 ਮਾਰਚ, 1846); ਨਵਾਂ ਕਸ਼ਮੀਰ (ਸੰਖੇਪ ਸੰਵਿਧਾਨ ਦੀ ਕਾਪੀ); ਕਸ਼ਮੀਰ-ਪਾਕਿਸਤਾਨ ਸਮਝੌਤਾ, 12 ਅਗਸਤ, 1947; ਜੰਮੂ ਅਤੇ ਕਸ਼ਮੀਰ ਰਾਜ ਦੇ ਰਲੇਵੇਂ ਦਾ ਦਸਤਾਵੇਜ਼ 26 ਅਕਤੂਬਰ, 1947; ਸੰਯੁਕਤ ਰਾਸ਼ਟਰ ਮਤਾ 13 ਅਗਸਤ, 1948; ਭਾਰਤੀ ਸੰਵਿਧਾਨ ਦੀ ਧਾਰਾ 370; ਤਾਸ਼ਕੰਦ ਸਮਝੌਤਾ 10 ਜਨਵਰੀ, 1966; ਸ਼ਿਮਲਾ ਸਮਝੌਤਾ 2 ਜੁਲਾਈ, 1972 ਅਤੇ ਕਸ਼ਮੀਰ ਸਮਝੌਤਾ 13 ਨਵੰਬਰ, 1974 ਆਦਿ ਦਾ ਵਰਨਣ ਹੈ।
ਜੰਮੂ ਅਤੇ ਕਸ਼ਮੀਰ ਦੀਆਂ ਸਰਹੱਦਾਂ ਪੰਜਾਬ ਅਤੇ ਪਾਕਿਸਤਾਨ ਨਾਲ ਲਗਦੀਆਂ ਹਨ। ਜੰਮੂ ਕਸ਼ਮੀਰ ਵਿਚ ਆਜ਼ਾਦੀ ਉਪਰੰਤ ਅੱਤਵਾਦ ਫ਼ੈਲਣ ਕਾਰਨ ਇਸ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦੀ ਗਈ ਹੈ। ਇਹ ਪ੍ਰਾਂਤ ਨਾ ਕੇਵਲ ਭਾਰਤ ਸਗੋਂ ਵਿਸ਼ਵ ਪੱਧਰ 'ਤੇ ਇਕ ਭੂਗੋਲਿਕ ਤੌਰ 'ਤੇ ਖੂਬਸੂਰਤ ਤੇ ਆਰਥਿਕ ਤੌਰ 'ਤੇ ਖੁਸ਼ਹਾਲ ਇਲਾਕੇ ਵਜੋਂ ਮਸ਼ਹੂਰ ਹੈ। ਕਸ਼ਮੀਰਨਾਮਾ ਕਿਤਾਬ ਪੜ੍ਹ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਪ੍ਰਾਂਤ ਪ੍ਰਤੀ ਲੋਕਾਂ ਦੇ ਭਰਮ ਅਤੇ ਭੁਲੇਖੇ ਦੂਰ ਹੋਣਗੇ। ਅਸ਼ੋਕ ਪਾਂਡੇਯ ਵਲੋਂ ਹਿੰਦੀ ਭਾਸ਼ਾ ਵਿਚ ਕਿਤਾਬ ਦੀ ਰਚਨਾ ਨਾਲ ਇਕ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਨੀਲਮਤ ਪੁਰਾਣ 'ਤੇ ਰਾਜਤਰੰਗਿਣੀ ਵਰਗੇ, ਪੁਰਾਤਨ ਇਤਿਹਾਸਕ ਸ੍ਰੋਤਾਂ ਤੋਂ ਸ਼ੁਰੂ ਕਰਕੇ ਆਧੁਨਿਕ ਅਖ਼ਬਾਰਾਂ ਤੇ ਕਿਤਾਬਾਂ 'ਤੇ ਆਧਾਰਿਤ ਇਸ ਇਤਿਹਾਸਕ ਸ੍ਰੋਤ ਦਾ ਪੰਜਾਬੀ ਪਾਠਕਾਂ ਲਈ ਅਨੁਵਾਦ ਜਸਪ੍ਰੀਤ ਸਿੰਘ ਜਗਰਾਓਂ ਪ੍ਰਮਾਣਿਕ ਰੂਪ ਵਿਚ ਕੀਤਾ ਗਿਆ ਹੈ। ਸਮੁੱਚੇ ਰੂਪ ਵਿਚ ਇਹ ਕਿਤਾਬ ਜੰਮੂ ਕਸ਼ਮੀਰ ਦੇ ਇਤਿਹਾਸ, ਰਾਜਨੀਤੀ, ਭੂਗੋਲ, ਸਮਾਜ, ਧਰਮ, ਆਰਥਿਕਤਾ ਅਤੇ ਇਤਿਹਾਸ ਦੇ ਵਿਦਵਾਨਾਂ ਅਤੇ ਪਾਠਕਾਂ ਲਈ ਪੰਜਾਬੀ ਭਾਸ਼ਾ ਵਿਚ ਜਾਣਕਾਰੀ ਇਕ ਮਹੱਤਵਪੂਰਨ ਸ੍ਰੋਤ ਹੈ।

ਡਾ: ਮੁਹੰਮਦ ਇਦਰੀਸ
ਮੋ: 98141-71786


ਖਾਲਸਾ ਨੀਤੀ ਸ਼ਾਸਤਰ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 750 ਰੁਪਏ, ਸਫ਼ੇ : 568
ਸੰਪਰਕ : 98725-91713.

ਭਾਈ ਹਰਿਸਿਮਰਨ ਸਿੰਘ ਨੇ ਆਪਣੇ ਇਸ ਗ੍ਰੰਥ ਵਿਚ ਖ਼ਾਲਸਾ ਨੀਤੀ-ਸ਼ਾਸਤਰ (S}kh 5th}cs) ਦਾ ਸੂਤਰਪਾਤ ਕੀਤਾ ਹੈ। ਉਹ ਖ਼ਾਲਸਾ ਨੀਤੀ-ਸ਼ਾਸਤਰ ਨੂੰ ਵੈਸ਼ਵਿਕ ਸਰੋਕਾਰਾਂ ਤੋਂ ਨਿਖੇੜ/ਵਿਜੋਗ ਕੇ ਨਹੀਂ ਪੇਸ਼ ਕਰਦਾ ਸਗੋਂ ਉਸ ਨੇ ਸਥਾਨਕ ਅਤੇ ਵੈਸ਼ਵਿਕ ਨੂੰ ਇਕ-ਦੂਜੇ ਦੇ ਸਮਵਿੱਥ ਅਤੇ ਅੰਤਰ ਸਬੰਧਿਤ ਕਰ ਕੇ ਗਲੋਬਲ ਬਣਾ ਕੇ ਪੇਸ਼ ਕੀਤਾ ਹੈ। ਲੇਖਕ ਆਪਣੇ ਪ੍ਰਵਚਨ ਨੂੰ ਗੁਰੂ ਨਾਨਕ ਸਾਹਿਬ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਿਆਨ ਕੀਤੇ ਪ੍ਰਥਮ ਵੈਸ਼ਵਿਕ ਸੰਦੇਸ਼ ਦੀ ਵਿਆਖਿਆ ਦੁਆਰਾ ਆਰੰਭ ਕਰਦਾ ਹੈ। ਸੁਲਤਾਨਪੁਰ ਲੋਧੀ ਵਿਖੇ 'ਵੇਈਂੰ ਪ੍ਰਵੇਸ਼' ਤੋਂ ਉਪਰੰਤ ਗੁਰੂ ਸਾਹਿਬ ਨੇ ਫ਼ਰਮਾਇਆ ਸੀ : ਨਾ ਕੋ ਹਿੰਦੂ ਨਾ ਮੁਸਲਮਾਨ, ਜਿਸ ਦਾ ਭਾਵ ਸੀ ਕਿ ਆਪ ਗਿਆਨ ਨੂੰ ਹਿੰਦੂ/ਮੁਸਲਿਮ ਸ਼੍ਰੇਣੀ ਵਿਚ ਨਹੀਂ ਰੱਖਦੇ, ਜਿਵੇਂ ਉਸ ਵਕਤ ਦੀ ਪਰੰਪਰਾ ਸੀ। ਗਿਆਨ ਕਿਉਂਕਿ ਪਰਮ ਸਤਿ ਦਾ ਪ੍ਰਕਾਸ਼ ਹੁੰਦਾ ਹੈ, ਇਸ ਕਾਰਨ ਇਹ ਬ੍ਰਹਿਮੰਡੀ ਹੁੰਦਾ ਹੈ, ਸਰਬਸਾਂਝਾ ਹੁੰਦਾ ਹੈ। ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਮੁੱਖ ਸੂਤਰਾਂ ਨੂੰ ਤਰਤੀਬ ਦੇ ਕੇ ਨੀਤੀ-ਸ਼ਾਸਤਰ ਦਾ ਇਕ ਬਲਿਊ-ਪ੍ਰਿੰਟ ਤਿਆਰ ਕੀਤਾ ਹੈ। ਗੁਰੂ ਸਾਹਿਬ ਸੱਤਾਧਾਰੀਆਂ ਦੀ ਸੋਚ ਅਤੇ ਮਾਨਸਿਕਤਾ ਦਾ ਨਿਚੋੜ ਪੇਸ਼ ਕਰਦੇ ਹੋਏ ਇਸ ਵਰਗ ਨੂੰ ਦਮਨਕਾਰੀ ਅਤੇ ਵਹਿਸ਼ੀ ਗਰਦਾਨਦੇ ਹਨ। ਆਪ ਦਲਿਤ ਅਤੇ ਦਮਿਤ ਵਰਗਾਂ ਦੀ ਨਾ ਕੇਵਲ ਵਕਾਲਤ ਕਰਦੇ ਹਨ ਸਗੋਂ ਉਨ੍ਹਾਂ ਦੀ ਧਿਰ ਬਣ ਕੇ ਨਾਲ ਖੜੋਂਦੇ ਹਨ। ਗੁਰਮਤਿ ਕਿਸੇ ਵੀ ਧਰਮ ਜਾਂ ਸੰਪਰਦਾਇ ਦੇ ਹੱਕ ਵਿਚ ਨਿਤਰਨ ਦੀ ਬਜਾਏ ਸਰਬੱਤ ਦਾ ਭਲਾ ਲੋਚਦੀ ਹੈ ਅਤੇ ਇਹ ਲੋਚਾ ਪੂੰਜੀਵਾਦੀ ਨਿਜ਼ਾਮ ਵਿਚ ਪੂਰੀ ਹੋਣੀ ਅਸੰਭਵ ਹੈ ਕਿਉਂਕਿ ਪੂੰਜੀਵਾਦ ਪੱਖਪਾਤ ਕਰਦਾ ਹੈ। ਇਹ ਆਬਾਦੀ ਦੇ ਬਹੁਤ ਵੱਡੇ ਭਾਗ-ਕਾਮਾ/ਮਜ਼ਦੂਰ ਸ਼੍ਰੇਣੀ ਦਾ ਸ਼ੋਸ਼ਣ ਕਰਕੇ ਪੂੰਜਪੀਤੀਆਂ ਦੀਆਂ ਤਿਜੋਰੀਆਂ ਭਰਦਾ ਹੈ। ਮਾਰਕਸਵਾਦੀ ਚਿੰਤਨ ਵੀ ਪੂੰਜੀਵਾਦੀ ਸ਼ੋਸ਼ਣ ਨੂੰ ਠੱਲ੍ਹ ਨਹੀਂ ਪਾ ਸਕਿਆ। ਕੇਵਲ ਗੁਰਮਤਿ ਹੀ ਇਸ ਵਿਵਸਥਾ ਨੂੰ ਧਰਾਸ਼ਾਈ ਕਰ ਸਕਦੀ ਹੈ। ਲਗਪਗ 600 ਪੰਨਿਆਂ ਵਿਚ ਫੈਲੇ ਇਸ ਗ੍ਰੰਥ ਦੀ ਸਮੱਗਰੀ ਨੂੰ 19 ਉਪਭਾਗਾਂ ਵਿਚ ਤਰਤੀਬ ਦਿੱਤੀ ਗਈ ਹੈ। ਲੇਖਕ ਸਿੱਖ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਵਿੱਦਿਅਕ-ਪ੍ਰਣਾਲੀਆਂ ਅਤੇ ਗੁਰਮਤਿ ਫਿਲਾਸਫ਼ੀ ਨੂੰ ਖਾਲਸਾ ਨੀਤੀ-ਸ਼ਾਸਤਰ ਦਾ ਆਧਾਰ-ਪ੍ਰਬੰਧ ਮੰਨਦਾ ਹੈ। ਲੇਖਕ ਅਨੁਸਾਰ ਸਿੱਖ ਜੈਕਾਰੇ 'ਰਾਜ ਕਰੇਗਾ ਖਾਲਸਾ' ਦਾ ਇਕ ਪਾਸਾਰ ਸਿੱਖ ਆਚਰਣ ਦੀ ਸ਼ੁੱਧਤਾ ਅਤੇ ਆਚਰਣ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਪਾਸਾਰ, ਸਿੱਖਾਂ ਦੇ ਵਿਸ਼ਵ-ਵਿਆਪੀ ਸ਼ਹਿਰੀ ਹੋਣ ਦੀ ਵੈਸ਼ਵਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ। ਇਸ ਜੈ-ਘੋਸ਼ ਦੀਆਂ ਕੁਝ ਹੋਰ ਵਿਆਖਿਆਵਾਂ ਸਿਰਦਾਰ ਕਪੂਰ ਸਿੰਘ, ਡਾ: ਗੁਰਭਗਤ ਸਿੰਘ ਅਤੇ ਕੁਝ ਹੋਰ ਚਿੰਤਕਾਂ ਨੇ ਵੀ ਕੀਤੀਆਂ ਹਨ। ਇਸ ਪੁਸਤਕ ਵਿਚ ਸਰਬੱਤ ਖਾਲਸਾ, ਵਿਸਮਾਦੀ ਆਗੂ, ਆਰਥਿਕ ਵਿਕਾਸ ਦੇ ਮਾਡਲਾਂ, ਸਾਂਝੀ-ਯੋਜਨਾਬੱਧ-ਜੈਵਿਕ ਖੇਤੀ, ਪ੍ਰਦੂਸ਼ਣ ਮੁਕਤ ਖੇਤੀ ਉਦਯੋਗਾਂ ਆਦਿ ਬਾਰੇ ਗੰਭੀਰ ਸੰਵਾਦ ਰਚਾਇਆ ਗਿਆ ਹੈ। ਖਾਲਸਾ ਰਣਨੀਤੀ ਅਤੇ ਕੂਟਨੀਤੀ ਦਾ ਵਿਵੇਚਨ ਹੋਇਆ ਹੈ। ਕੋਰੋਨਾ ਵਰਗੀਆਂ ਵਿਸ਼ਵ ਮਹਾਂਮਾਰੀਆਂ ਅਤੇ ਸਿੱਖ ਸੋਚ ਵੀ ਇਸ ਗ੍ਰੰਥ ਦਾ ਵਿਸ਼ਾ ਬਣੇ ਹਨ। ਉਸ ਨੇ ਆਪਣੇ ਇਸ ਗ੍ਰੰਥ ਵਿਚ ਇਹ ਜਾਣਨ-ਸਮਝਣ ਦਾ ਯਤਨ ਕੀਤਾ ਹੈ ਕਿ ਸਿੱਖ-ਪੰਥ ਨੇ ਵਿਸਮਾਦੀ ਮਾਡਲ ਸਟੇਟ ਕਿਵੇਂ ਬਣਾਉਣਾ ਹੈ। ਗੁਰਸਿੱਖੀ ਦੇ ਮੁੱਲ ਅਤੇ ਮਹੱਤਵ ਨੂੰ ਅਜੋਕੇ ਵੈਸ਼ਵਿਕ ਪ੍ਰਸੰਗ ਵਿਚ ਸਮਝਣ ਲਈ ਇਹ ਇਕ ਬੇਹੱਦ ਮਹੱਤਵਪੂਰਨ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਚੁੱਪ ਦੀ ਕਥਾ
ਲੇਖਕ : ਨਵਦੀਪ ਸਿੰਘ ਮੁੰਡੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98880-90038.

ਸ਼ਾਇਰ ਨਵਦੀਪ ਸਿੰਘ ਮੁੰਡੀ ਆਪਣੇ ਪਹਿਲੇ ਹੀ ਕਾਵਿ ਪਰਾਗੇ 'ਚੁੱਪ ਦੀ ਕਥਾ' ਨਾਲ ਹੀ ਡੂੰਘੀ ਕਾਵਿ ਛਾਪ ਛੱਡਦਾ ਨਜ਼ਰ ਆਉਂਦਾ ਹੈ। ਉਹ ਦੱਸਦਾ ਹੈ ਕਿ ਚੁੱਪ ਦੀ ਆਪਣੀ ਜ਼ਬਾਨ ਹੁੰਦੀ ਹੈ। ਚੁੱਪ ਅਤੇ ਅਣਸੁਣੇ ਨੂੰ ਅੰਗਰੇਜ਼ੀ ਕਵੀ ਦੀ ਇਹ ਸਤਰ '8eard me&od}es are sweet but unheard are sweeter.' ਤਸਦੀਕ ਕਰਦੀ ਹੈ। ਸੋ ਉਸ ਅਣਸੁਣੀ ਚੁੱਪ ਨੂੰ ਜ਼ਬਾਨ ਦਿੰਦਿਆਂ ਕਿਸੇ ਬੋਧ ਬਿਰਖ ਹੇਠ ਗਿਆਨ ਦੀ ਤਲਾਸ਼ ਵਿਚ ਧਿਆਨ ਮੁਦਰਾ ਵਿਚ ਬੈਠਾ ਇਹ ਸ਼ਾਇਰ ਸਿਧਾਰਥ ਤੋਂ ਮਹਾਤਮਾ ਬੁੱਧ ਜਿਹੀ ਸ਼ਖ਼ਸੀਅਤ ਬਣਨ ਦੇ ਪ੍ਰਯਤਨ ਵਿਚੋਂ ਗੁਜ਼ਰ ਰਿਹਾ ਹੈ। ਉਸ ਦੇ ਗਿਆਨ ਦੀ ਤੰਦ ਸੂਤਰ ਪਕੜਨ ਲਈ ਨਾਰੀਅਲ ਨੂੰ ਛਿੱਲ ਕੇ ਕੱਚੀ ਗਿਰੀ ਵਿਚੋਂ ਤਰਲ ਪਦਾਰਥ ਪ੍ਰਾਪਤ ਕਰਨ ਜਿਹੇ ਤਰੱਦਦ 'ਚੋਂ ਗੁਜ਼ਰਨਾ ਪੈਂਦਾ ਹੈ ਤੇ ਤਾਂ ਹੀ ਉਸ ਦੀਆਂ ਨਿੱਕੀਆਂ-ਨਿੱਕੀਆਂ ਨਜ਼ਮਾਂ ਵਿਚ ਛੁਪੇ ਵੱਡੇ ਅਰਥਾਂ ਦੀ ਥਾਹ ਪਾਈ ਜਾ ਸਕਦੀ ਹੈ। ਉਹ ਹਵਾ, ਪਾਣੀ, ਧੁੱਪ ਤੇ ਮੀਂਹ ਦੇ ਕੁਦਰਤੀ ਵਰਤਾਰਿਆਂ ਨੂੰ ਸਮਕਾਲੀ ਮਨੁੱਖ 'ਤੇ ਢਾਲਦਾ ਹੈ। ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡਾ ਲਿਹਾਜ਼ ਨਹੀਂ ਕਰੇਗੀ। ਇਸੇ ਤਰ੍ਹਾਂ ਬੰਦੇ ਅੰਦਰ ਵਿਗੜ ਰਹੀ ਮੁਹੱਬਤ ਦੀ ਵਿਆਕਰਨ ਨੂੰ ਸੁਰ ਸਿਰ ਕਰਨ ਲਈ ਮੁਹੱਬਤੀ ਰਿਸ਼ਤਿਆਂ ਨੂੰ ਪੱਕੇ ਪੀਡੇ ਕਰਨ ਲਈ ਜਿਸਮਾਂ ਦੀ ਸਰਕਸ ਤੋਂ ਵਿੱਥ ਸਿਰਜ ਕੇ ਰੂਹ ਦੇ ਬੰਦ ਦਰਵਾਜ਼ਿਆਂ 'ਤੇ ਦਸਤਕ ਦੇਣੀ ਬਣਦੀ ਹੈ। ਉਹ ਸਮਕਾਲੀ ਮਨੁੱਖ ਦੇ ਸੰਸਕਾਰਾਂ 'ਤੇ ਵੀ ਸੰਦੇਹ ਕਰਦਾ ਹੈ। ਇਸ ਸੰਦੇਹ ਨੂੰ ਤਸਦੀਕ ਕਰਨ ਲਈ ਨਿਤਸ਼ੇ ਆਪਣੇ ਨਾਇਕ ਜਰਬੁਸਤਰ ਰਾਹੀਂ ਆਖਦਾ ਹੈ ਕਿ ਬੌਣੀਆਂ ਸਮਾਜਿਕ ਵਰਜਣਾਵਾਂ ਤੇ ਮਰਯਾਦਾਵਾਂ ਤਾਂ ਪਲੇਗ ਤੋਂ ਵੀ ਘਾਤਕ ਹੁੰਦੀਆਂ ਹਨ ਤੇ ਅਜਿਹੇ ਸੰਸਕਾਰਾਂ ਦੀ ਰਾਮ ਕਾਰ ਉਲੰਘ ਕੇ ਹੀ ਮਹਾਂਮਾਨਵ ਬਣਿਆ ਜਾ ਸਕਦਾ ਹੈ। ਸ਼ਾਇਰ ਹੋਰ ਵਿਭਿੰਨ ਸਰੋਕਾਰਾਂ ਤੋਂ ਇਲਾਵਾ ਸੱਚ ਤੇ ਝੂਠ ਦੇ ਵਿਚਕਾਰ ਤ੍ਰਿਸ਼ੰਕੂ ਬਣੇ ਬੰਦੇ ਨੂੰ ਉਸ ਦੀ ਬੰਦਈ ਯਾਦ ਕਰਾਉਂਦਾ ਹੈ। ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਹੋਕਾ ਦਿੰਦਾ ਹੈ। ਆਰਕੈਸਟਰੇ ਵਿਚ ਨੱਚਦੀਆਂ ਗ਼ਰੀਬ ਕੁੜੀਆਂ ਦੇ ਜਿਸਮਾਂ ਵੱਲ ਝਾਕਦੀਆਂ ਹਾਬੜੀ ਨਜ਼ਰਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦਾ ਹੈ ਤੇ ਮੈਰਿਜ ਪੈਲੇਸ ਦੇ ਬਾਹਰ ਗੁਬਾਰੇ ਵੇਚ ਰਹੇ ਗ਼ਰੀਬ ਬੱਚੇ ਦਾ ਦਰਦ ਵੀ ਸਮਝਦਾ ਹੈ। ਉਸ ਦੇ ਕਾਵਿ ਸ਼ਿਲਪ ਦੀ ਹੇਠਲੀ ਕਾਵਿ ਟੁਕੜੀ ਦਾ ਜ਼ਰਾ ਨਮੂਨਾ ਦੇਖੋ :
'ਊਧਮ ਸਿਆਂ ਤੂੰ ਅੱਜ ਵੀ ਜਿਊਂਦਾ ਏਂ
ਤੇ ਅਸੀਂ ਅੱਜ ਵੀ ਮਰਿਆਂ ਵਰਗੇ
ਸਾਡਾ ਦੇਸ਼ ਪ੍ਰਤੀ ਕੋਈ ਨਿਸ਼ਾਨਾ ਨਹੀਂ
ਤੂੰ ਮਿੱਥੇ ਨਿਸ਼ਾਨੇ ਸਭ ਸਰ ਕਰ ਲਏ
ਤੂੰ ਲੰਡਨ ਓਡਵਾਇਰ ਲੱਭ ਲਿਆ
ਅਸੀਂ ਆਪਣਾ ਅੰਦਰਲਾ ਓਡਵਾਇਰ ਲੱਭਿਆ ਹੀ ਨਹੀਂ।'

ਭਗਵਾਨ ਢਿੱਲੋਂ
ਮੋ: 98143-78254.

ਜੀਵਨ ਬਿਰਤਾਂਤ : ਸ੍ਰੀ ਗੁਰੂ ਨਾਨਕ ਸਾਹਿਬ
(ਭਾਗ ਪਹਿਲਾ)
ਲੇਖਕ : ਡਾ: ਜਗਜੀਵਨ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ. ਚੰਡੀਗੜ੍ਹ
ਮੁੱਲ : 250, ਸਫ਼ੇ : 156
ਸੰਪਰਕ : 99143-01328.

ਹਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਲੇਖਕ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਿਰਤਾਂਤ ਨੂੰ 62 ਹਿੱਸਿਆਂ ਵਿਚ ਬੜੀ ਖੂਬਸੂਰਤ ਤਰਤੀਬ ਵਿਚ ਵੰਡਿਆ ਹੈ। ਇਸ ਪੁਸਤਕ ਦੀ ਸਿਰਜਣਾਤਮਿਕ ਪ੍ਰਕਿਰਿਆ ਦੌਰਾਨ ਲੇਖਕ ਨੇ ਛੋਟੀਆਂ-ਛੋਟੀਆਂ ਜੀਵਨ ਕਥਾਵਾਂ ਨੂੰ ਸਾਹਿਤਕ, ਇਤਿਹਾਸਕ, ਧਾਰਮਿਕ ਪੁੱਠ ਦੇ ਕੇ ਨਿੱਗਰ ਸਾਹਿਤ ਸਮੱਗਰੀ ਦੀ ਪੇਸ਼ਕਾਰੀ ਕੀਤੀ ਹੈੈ। ਇਸ ਪੁਸਤਕ ਦੀ ਸਿਰਜਣਾ ਦੌਰਾਨ ਡਾ: ਜਗਜੀਵਨ ਸਿੰਘ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸਬੰਧਿਤ ਵਿਭਿੰਨ ਮੂਲ ਸਰੋਤ ਗ੍ਰੰਥਾਂ ਦਾ ਡੂੰਘਾ ਅਧਿਐਨ-ਵਿਸ਼ਲੇਸ਼ਣ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਚੜ੍ਹਦੀ ਜਵਾਨੀ (1469 ਤੋਂ 1484 ਤੱਕ) ਰਾਇਭੋਇ ਦੀ ਤਲਵੰਡੀ ਨਾਨਕਿਆਣਾ ਵਿਚ ਗੁਜ਼ਾਰੇ ਪਹਿਲੇ ਪੰਦਰਾਂ ਸਾਲਾਂ ਦਾ ਜੀਵਨ ਸਫ਼ਰ, ਚਰਿੱਤਰ ਅਤੇ ਜੀਵਨ ਢੰਗ ਨੂੰ ਗੁਰੂ ਆਸ਼ੇ ਦੀ ਚਾਸ਼ਣੀ ਅਤੇ ਕਸਵੱਟੀ ਵਿਚੋਂ ਲੰਘਾਉਂਦਿਆਂ, ਨਿਸਚਿਤ ਇਤਿਹਾਸਕ, ਤਰਤੀਬ ਅਨੁਸਾਰ ਕਲਮਬੱਧ ਕੀਤਾ ਹੈ। ਲੇਖਕ ਨੇ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਲਿਖ ਕੇ, ਇਸ ਅਮੋਲਕ ਸਮੂਹਿਕ ਵਿਰਾਸਤੀ ਖਜ਼ਾਨੇ ਦੀ ਵੱਡੀ ਵਡਿਆਈ (ਬਰਕਤ) ਆਪਣੀ ਝੋਲੀ ਪਾਈ ਹੈ। ਡਾ: ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਪਹਿਲੇ 15 ਵਰ੍ਹਿਆਂ ਦੇ ਜੀਵਨ ਬਿਰਤਾਂਤ ਨੂੰ ਇਕ ਇਤਿਹਾਸਕਾਰ ਵਾਲੇ ਨਿਪਟ ਤੱਥਗਤ, ਵਸਤਪੂਰਕ ਅਤੇ ਰੁੱਖੇ ਦ੍ਰਿਸ਼ਟੀਕੋਣ ਤੋਂ ਵੇਖਣ ਅਤੇ ਵਾਚਣ ਦੀ ਸੀਮਾ ਤੋਂ ਪਾਰ ਲੰਘਾਉਂਦਿਆਂ ਇਸ ਨੂੰ ਇਕ ਸੰਵੇਦਨਸ਼ੀਲ ਸਾਹਿਤ ਅਧਿਐਨ ਕਰਤਾ ਵਾਲੇ ਡੂੰਘੇ ਕੀਮਤਪੂਰਕ ਅਤੇ ਆਤਮਪਰਕ, ਹਿਰਦੇਗਤ ਦ੍ਰਿਸ਼ਟੀਕੋਣ ਤੋਂ ਘੋਖਣ ਅਤੇ ਪੇਸ਼ ਕਰਨ ਦਾ ਇਕ ਵਧੀਆ ਸੁਹਜਾਤਮਕ ਸੁਹਿਰਦ ਯਤਨ ਕੀਤਾ ਹੈ। ਕਿਤਾਬ ਵਿਚ ਗੁਰੂ ਜੀ ਦੇ ਜੀਵਨ ਬਾਰੇ ਜੋ ਵਿਚਾਰ ਤੱਥ ਅਤੇ ਵੇਰਵੇ ਪੇਸ਼ ਕੀਤੇ ਗਏ ਹਨ, ਉਹ ਗੁਰੂ ਸਾਹਿਬ ਦੇ ਜੀਵਨ ਵਿਅਕਤਿੱਤਵ ਅਤੇ ਦਰਸ਼ਨ ਨੂੰ ਜਾਣਨ, ਘੋਖਣ ਅਤੇ ਸਮਝਣ-ਸਮਝਾਉਣ ਦੇ ਚਾਹਵਾਨ ਸੰਜੀਦਾ ਖੋਜਾਰਥੀਆਂ, ਵਿਦਵਾਨਾਂ ਅਤੇ ਅਧਿਆਪਕਾਂ ਲਈ ਇਹ ਪੁਸਤਕ ਗਿਆਨਵਰਧਕ ਸਾਬਤ ਹੋਵੇਗੀ। ਡਾ: ਜਗਜੀਵਨ ਦੀਆਂ ਗਿਆਰਾਂ ਪੁਸਤਕਾਂ ਪਾਠਕਾਂ ਦੇ ਪਹਿਲਾਂ ਹੀ ਦ੍ਰਿਸ਼ਟੀਗੋਚਰ ਹਨ, ਸੱਭਿਆਚਾਰ ਦੇ ਮੂਲ ਆਧਾਰ ਦੋ ਜਿਲਦਾਂ, ਸੁਜਾਖਿਆਂ ਦੇ ਰਾਹ ਦਸੇਰਾ ਵੀ ਦੋ ਜਿਲਦਾਂ ਵਿਚ, ਪੂਰਨ ਭਗਤ ਦੀ ਦੰਤ-ਕਥਾ ਅਤੇ ਆਧੁਨਿਕ ਪੰਜਾਬੀ ਚਿੰਤਨ, ਸ੍ਰੀ ਗੁਰੂ ਹਰਿਰਾਇ ਸਾਹਿਬ, ਜੀਵਨ ਅਤੇ ਪ੍ਰਤਿਭਾ, ਅਣਗੌਲਿਆ ਦਰਵੇਸ਼ ਸ਼ਹਿਜ਼ਾਦਾ: ਦਾਰਾ ਸ਼ਿਕੋਹ, ਵਿਸ਼ਵੀਕਰਨ ਅਤੇ ਆਧੁਨਿਕ ਪੰਜਾਬੀ ਸਾਹਿਤ, ਡੇਅਰੀ ਵਿਗਿਆਨ ਪਾਠ ਪੁਸਤਕ, ਧਰਮ ਦਰਸ਼ਨ ਅਤੇ ਭਾਰਤੀ ਸਮਾਜ ਅਤੇ ਗੁਰੂ ਨਾਨਕ ਗੁਰਮਤਿ ਸੰਗੀਤ ਅਤੇ ਗੁਰ ਇਤਿਹਾਸ। ਅਖੀਰ ਹਥਲੀ ਪੁਸਤਕ ਸਿੱਖ ਇਤਿਹਾਸ ਧਰਮ ਦਰਸ਼ਨ ਨਾਲ ਸਬੰਧਿਤ ਮੂਲ ਸਰੋਤਾਂ ਤੋਂ ਪ੍ਰਾਪਤ ਗਿਆਨ ਅਤੇ ਅੰਤਰ ਸੂਝਾਂ ਦਾ ਉੱਤਰਫਲ ਹੀ ਕਹੀ ਜਾ ਸਕਦੀ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

ਅਲਫ਼ਾਜ਼
ਗ਼ਜ਼ਲਕਾਰ : ਅਮਨਦੀਪ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97818-00325.

ਪੰਜਾਬੀ ਗ਼ਜ਼ਲ ਲਹਿਰ ਤੋਂ ਪਹਿਲਾਂ ਇੱਕਾ-ਦੁੱਕਾ ਗ਼ਜ਼ਲ ਲਿਖਣ ਵਾਲੇ ਸਨ। ਇਸ ਲਹਿਰ ਸਮੇਂ ਇਹ ਗਿਣਤੀ ਦਰਜਨਾਂ ਵਿਚ ਸੀ ਤੇ ਅਜੋਕੇ ਦੌਰ ਵਿਚ ਨਵੀਆਂ ਕਲਮਾਂ ਦੀ ਆਮਦ ਨਾਲ ਇਹ ਕਾਫ਼ਲਾ ਹਜ਼ਾਰ ਤੋਂ ਵੀ ਅੱਗੇ ਨਿਕਲ ਗਿਆ ਹੈ। ਕਾਫ਼ਲੇ ਵਿਚ ਖ਼ੂਬਸੂਰਤ ਦਿੱਖ ਤੇ ਸੰਭਾਵਨਾਵਾਂ ਵਾਲੀਆਂ ਕਲਮਾਂ ਵਿਚ ਅਮਨਦੀਪ ਦਰਦੀ ਦੀ ਕਲਮ ਵੀ ਸ਼ਾਮਿਲ ਹੈ। ਗ਼ਜ਼ਲਕਾਰ ਦੇ ਇਸ ਪਹਿਲੇ ਗ਼ਜ਼ਲ ਸੰਗ੍ਰਹਿ ਵਿਚ ਉਸ ਦੀਆਂ ਚੁਰਾਸੀ ਗ਼ਜ਼ਲਾਂ ਸੰਕਲਿਤ ਹਨ। ਸਮੁੱਚੀਆਂ ਗ਼ਜ਼ਲਾਂ ਆਮ ਫ਼ਹਿਮ ਭਾਸ਼ਾ ਵਿਚ ਹਨ ਤੇ ਇਨ੍ਹਾਂ ਵਿਚ ਮਨੁੱਖੀ ਜੀਵਨ ਦੀਆਂ ਭਿੰਨ-ਭਿੰਨ ਪਰਤਾਂ ਦੀ ਅਭਿਵਿਅਕਤੀ ਹੈ। ਪਹਿਲੀ ਰਚਨਾ ਗ਼ਜ਼ਲ ਦੇ ਬ੍ਰਹਿਮੰਡ ਦੀ ਤਾਰੀਫ਼ ਵਿਚ ਹੈ ਤੇ ਦੂਸਰੀ ਮਨੁੱਖ ਦੀ ਬਨਾਵਟੀ ਜ਼ਿੰਦਗੀ ਬਾਰੇ ਹੈ। ਇਸ ਵਿਚ ਗ਼ਜ਼ਲਕਾਰ ਦੱਸਦਾ ਹੈ ਕਿ ਮਨੁੱਖ ਉੱਤੋਂ ਉੱਤੋਂ ਹੋਰ ਹੈ ਤੇ ਅੰਦਰੋਂ ਹੋਰ ਹੈ। ਦਰਦੀ ਭਾਈਚਾਰੇ ਵਿਚ ਏਕਤਾ ਦਾ ਚਾਹਵਾਨ ਹੈ ਤੇ ਹਰ ਰਿਸ਼ਤੇ ਨੂੰ ਵਿਸਥਾਰ ਦੇਣ ਦਾ ਹਾਮੀ ਹੈ। ਉਹ ਆਪਣੇ ਦਿਲ ਦੇ ਸਾਂਝੀ ਦੀ ਉਡੀਕ ਕਰਦਾ ਹੈ ਤੇ ਉਸ ਦੀ ਆਮਦ 'ਤੇ ਰੌਣਕ ਮਾਣਨ ਦੀ ਇੱਛਾ ਰੱਖਦਾ ਹੈ। ਦਲਦਲ ਵਿਚ ਧਸੀ ਸਿਆਸਤ, ਰਿਸ਼ਵਤਖੋਰੀ, ਮਨੁੱਖੀ ਕਿਰਦਾਰ ਦੀ ਗਿਰਾਵਟ, ਅਸਾਵਾਂਪਨ, ਗ਼ਰੀਬੀ ਤੇ ਅਨਿਆਂ ਉਸ ਦਿਆਂ ਸ਼ਿਅਰਾਂ ਦੇ ਹੋਰ ਵਿਸ਼ੇ ਹਨ। ਪਿਆਰ ਮਾਨਵੀ ਜੀਵਨ ਦਾ ਧੁਰਾ ਹੈ ਤੇ ਦਰਦੀ ਦੇ ਇਸ ਸੰਗ੍ਰਹਿ ਵਿਚ ਵੀ ਪਿਆਰ ਆਧਾਰਿਤ ਸ਼ਿਅਰਾਂ ਦੀ ਗਿਣਤੀ ਵਧੇਰੇ ਹੈ। ਬਹੁਤੀਆਂ ਗ਼ਜ਼ਲਾਂ ਸੌਖੀ ਬਹਿਰ ਵਿਚ ਹਨ। ਗ਼ਜ਼ਲਕਾਰ ਦੇ ਕਈ ਸ਼ਿਅਰ ਧਿਆਨ ਖਿੱਚਦੇ ਹਨ ਪਰ ਉਸ ਨੂੰ ਨਿਰੀ ਕਾਫ਼ੀਆ ਪੈਮਾਈ ਤੋਂ ਬਚਣਾ ਚਾਹੀਦਾ ਹੈ। 'ਅਲਫ਼ਾਜ਼' ਬਾਰੇ ਦਸ ਦੇ ਕਰੀਬ ਸਥਾਪਤ ਕਲਮਕਾਰਾਂ ਦੇ ਲੇਖ ਜਾਂ ਟਿੱਪਣੀਆਂ ਵੀ ਛਾਪੀਆਂ ਗਈਆਂ ਹਨ ਪਰ ਹਰ ਲੇਖਕ ਨੂੰ ਤਾਰੀਫ਼ੀ ਮ੍ਰਿਗਤ੍ਰਿਸ਼ਨਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਂਝ ਅਮਨਦੀਪ ਦਰਦੀ ਦਾ ਪਹਿਲਾ ਯਤਨ ਪ੍ਰਸੰਸਾਯੋਗ ਹੈ ਤੇ ਉਸ ਦੀ ਸਥਾਪਤੀ ਦੀਆਂ ਸੰਭਾਵਨਾਵਾਂ ਉੱਜਲ ਹਨ। ਪਰ ਗ਼ਜ਼ਲ ਦੀ ਵਿਧਾ ਨੂੰ ਨਿਰੰਤਰ ਸਾਧਨਾ ਦੀ ਜ਼ਰੂਰਤ ਹੁੰਦੀ ਹੈ। ਪੰਜਾਬੀ ਗ਼ਜ਼ਲ ਬਹੁਤ ਅੱਗੇ ਨਿਕਲ ਗਈ ਹੈ। ਹਰ ਗ਼ਜ਼ਲਕਾਰ ਨੂੰ ਇਸ ਦੀ ਪੈੜ ਹੀ ਨਹੀਂ ਨੱਪਣੀ ਚਾਹੀਦੀ ਸਗੋਂ ਆਪਣੇ ਆਪ ਨੂੰ ਕੁਝ ਕਦਮ ਅੱਗੇ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।

ਗੁਰਦਿਆਲ ਰੌਸ਼ਨ
ਮੋ: 99884-44002

11-04-2021

ਜੰਮੂ ਕਸ਼ਮੀਰ ਦੀ ਸਿੱਖ ਤਵਾਰੀਖ
ਲੇਖਕ : ਡਾ. ਜਸਬੀਰ ਸਿੰਘ ਸਰਨਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 500, ਸਫ਼ੇ : 358
ਸੰਪਰਕ : 99065-66604.


ਡਾ: ਜਸਬੀਰ ਸਿੰਘ ਸਰਨਾ ਦੀ ਹਥਲੀ ਕਿਤਾਬ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਅਤੇ ਬੇਸ਼ਕੀਮਤੀ ਹੈ। ਉਸ ਦਾ ਇਹ ਕੰਮ ਤਾਂ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਦੇ ਬਰਾਬਰ ਹੈ। ਡਾ: ਸਰਨਾ ਉੱਘੇ ਵਿਦਵਾਨ, ਖੋਜੀ ਤੇ ਲਿਖਾਰੀ ਹਨ ਜਿਨ੍ਹਾਂ ਤਕਰੀਬਨ 50 ਤੋਂ ਵੱਧ ਪੁਸਤਕਾਂ ਛਾਪ ਕੇ ਮਾਂ ਬੋਲੀ ਦੀ ਬਾ-ਖੂਬੀ ਸੇਵਾ ਕੀਤੀ ਹੈ। ਅਜਿਹੀ ਇਤਿਹਾਸਕ ਕਿਤਾਬ ਜੇਕਰ ਕੋਈ ਸਭਾ, ਸੁਸਾਇਟੀ, ਸੰਸਥਾ ਦੀ ਸਹਾਇਤਾ ਨਾਲ ਛਪਦੀ ਤਾਂ ਹੋਰ ਵੀ ਮਹੱਤਵਪੂਰਨ ਹੁੰਦਾ। ਅਜਿਹੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਹ ਵੀ ਸੇਵਾ ਲੱਖੀ ਹੋ ਕੇ। ਕਸ਼ਮੀਰ ਦੇ ਇਲਾਕੇ ਵਿਚ ਬੈਠ ਸਮਾਧੀ ਲੀਨ ਹੋ ਕੇ ਅਜਿਹੇ ਕੰੰਮ ਨੂੰ ਨੇਪਰੇ ਚਾੜ੍ਹਨਾ ਲੇਖਕ ਵਧਾਈ ਦਾ ਹੱਕਦਾਰ ਹੈ। ਇਹ ਕੌਮੀ ਪੱਧਰ ਦਾ ਪ੍ਰਾਜੈਕਟ ਹੈ ਪਰ ਅਫਸੋਸ ਸਾਡੀ ਕੌਮ ਇਸ ਬੁਨਿਆਦੀ ਕੰੰਮ ਵਲੋਂ ਬਿਲਕੁਲ ਅਵੇਸਲੀ ਹੈ। ਹਥਲੀ ਪੁਸਤਕ ਨੂੰ ਲੇਖਕ ਨੇ 19 ਅਧਿਆਇਆਂ ਵਿਚ ਵੰਡਿਆ ਹੈ। ਭੂਗੋਲਿਕ ਭੌਤਿਕ ਭਾਗ, ਗੁਰੂ ਨਾਨਕ ਸਾਹਿਬ ਦਾ ਸਫ਼ਰ, ਗੁਰੂ ਹਰਿਗੋਬਿੰਦ ਸਾਹਿਬ ਦਾ ਸਫ਼ਰ, ਗੁਰੂ ਹਰਿਰਾਏ ਸਾਹਿਬ ਦਾ ਸਫ਼ਰ, ਸਿੱਖ ਪ੍ਰਚਾਰਕਾਂ ਦੇ ਦੌਰੇ, ਸਿੱਖ ਪ੍ਰਚਾਰ ਤੇ ਪ੍ਰਸਾਰ ਦੇ ਡੇਰੇ, ਗੁਰੂ ਸਾਹਿਬਾਨ ਨਾਲ ਸਬੰਧਿਤ ਤਵਾਰੀਖੀ ਗੁਰਦੁਆਰੇ, ਸਿੱਖ ਆਬਾਦੀ, ਸਿੱਖਾਂ ਦੀ ਉਤਪਤੀ ਅਤੇ ਧੰਦੇ, ਸਿੱਖ ਰਾਜ, 1947 ਦਾ ਘੱਲੂਘਾਰਾ, ਚੁਣੌਤੀਆਂ ਅਤੇ ਸਿਰਜਣਾਤਮਕਤਾ ਭਰੇ ਅੱਠ ਦਹਾਕੇ, ਪੰਜਾਬੀ ਭਾਸ਼ਾ ਤੇ ਸਾਹਿਤ, ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ, ਗੁਰਸਿੱਖ ਨਗੀਨੇ, ਪੁਰਾਤਨ ਕੀਰਤਨੀਏ ਤੇ ਪ੍ਰਚਾਰਕ, ਮੁਮਤਾਜ਼ ਸਿੱਖ ਸ਼ਖ਼ਸੀਅਤਾਂ ਅਤੇ ਚੌਣਵੇਂ ਬੰਸਾਵਲੀਨਾਮੇ ਆਦਿ।
ਇਹ ਪੁਸਤਕ ਜੰਮੂ ਕਸ਼ਮੀਰ ਵਿਚ ਸਿੱਖੀ ਰਵਾਇਤਾਂ, ਪ੍ਰਚਾਰ ਅਤੇ ਪ੍ਰਸਾਰ ਨਾਲ ਸਬੰਧਿਤ ਸਰੋਤਾਂ ਦੀ ਵਿਆਖਿਆ ਕਰਦੀ ਹੈ। ਵਿਦਵਾਨ ਲੇਖਕ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਅਦਬ ਨਾਲ ਜੁੜਿਆ ਹੋਇਆ ਹੈ। ਨਿਰਸੰਦੇਹ ਇਸ ਪੁਸਤਕ ਰਾਹੀਂ ਪੰਜਾਬ ਤੋਂ ਬਾਹਰ ਸਿੱਖ ਸਥਿਤੀਆਂ ਦਾ ਜਾਇਜ਼ਾ ਖੋਜ ਮੂਲਕ-ਢੰਗ ਨਾਲ ਪੇਸ਼ ਕਰ ਕੇ ਵਡਮੁੱਲਾ ਕਾਰਜ ਕੀਤਾ ਹੈ। ਸਿੱਖ ਗੁਰੂ ਸਾਹਿਬਾਨ, ਸਿੱਖੀ ਦੇ ਪ੍ਰਚਾਰ ਅਤੇ ਮਾਨਵਤਾ ਲਈ ਸੰਦੇਸ਼ ਦੇ ਰੂਪ ਵਿਚ ਸਫ਼ਰਾਂ ਰਾਹੀਂ ਜਿਨ੍ਹਾਂ ਖੇਤਰਾਂ ਵਿਚ ਵਿਚਰਦੇ ਰਹੇ, ਜੰਮੂ ਕਸ਼ਮੀਰ ਵੀ ਉਨ੍ਹਾਂ ਵਿਚੋਂ ਇਕ ਹੈ। ਜੰਮੂ ਕਸ਼ਮੀਰ ਵਿਚ ਸਿੱਖੀ ਦੇ ਪ੍ਰਚਾਰ ਹਿਤ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਵੀ ਵਿਆਖਿਆਨ ਕੀਤੇ ਗਏ, ਉਸ ਨਾਲ ਸਬੰਧਿਤ ਸਿੱਖਾਂ ਦੀ ਜੱਦੋ-ਜਹਿਦ ਗੁਰਦੁਆਰਿਆਂ, ਆਦਿ ਦੀ ਮਹੱਤਵਪੂਰਨ ਤਫਸੀਲ ਇਸ ਪੁਸਤਕ ਦੇ ਪਾਠ ਵਿਚ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ-ਨਾਲ ਪ੍ਰਚਾਰਕਾਂ, ਟਕਸਾਲਾਂ, ਡੇਰੇ, ਪ੍ਰਸਿੱਧ ਗੁਰਦੁਆਰੇ, ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ, ਉਨ੍ਹਾਂ ਦੀਆਂ ਮਰਿਯਾਦਾਵਾਂ ਆਦਿ ਸਮੇਤ ਰਾਜਨੀਤਕ ਵੇਰਵੇ ਦੀ ਸ਼ਾਮਿਲ ਹਨ। ਨਿਰਸੰਦੇਹ ਔਰੰਗਜ਼ੇਬ ਦੇ ਜ਼ੁਲਮ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ, ਡੋਗਰਿਆਂ ਦੀ ਹਕੂਮਤ ਅਤੇ 1947 ਦਾ ਵੱਡਾ ਘੱਲੂਘਾਰਾ ਵੀ ਇਸ ਕਿਤਾਬ ਦੇ ਅਧਿਐਨ ਵਿਚ ਸ਼ਾਮਿਲ ਹੈ, ਇਸ ਘੱਲੂਘਾਰੇ ਵਿਚ ਸ਼ਹੀਦ ਹੋਣ ਵਾਲਿਆਂ ਦਾ ਵੇਰਵਾ ਨਾਵਾਂ ਸਮੇਤ ਦਰਜ ਹੈ। ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਉਤਪਤੀ ਦਾ ਸੋਮਾ ਵੀ ਗੁਰੂ ਸਾਹਿਬਾਨ ਹੀ ਬਣੇ ਹਨ। ਨਤੀਜੇ ਵਜੋਂ ਜੰਮੂ ਕਸ਼ਮੀਰ ਵਿਚ ਸਿੱਖ ਆਬਾਦੀ ਦਾ ਕਾਫੀ ਪ੍ਰਭਾਵ ਹੈ। ਸਿੱਖਾਂ ਦੇ ਕੰਮ-ਧੰਦੇ ਅਤੇ ਰਾਜ-ਕਾਜ ਤੋਂ ਬਿਨਾਂ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਵੀ ਇਸ ਪੁਸਤਕ ਵਿਚ ਚਰਚਾ ਕੀਤੀ ਗਈ ਹੈ। ਜੰਮੂ ਕਸ਼ਮੀਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਇਕ ਅਭਿੰਨ ਅੰਗ ਹੈ। ਪਰ ਰਾਜਸੀ ਸਥਿਤੀਆਂ ਨੇ ਇਸ ਨੂੰ ਹਮੇਸ਼ਾ ਪੰਜਾਬੀ ਮੂਲ ਨਾਲੋਂ ਅੱਡ ਰੱਖਿਆ ਹੈ। 20 ਖੰਡਾਂ ਵਿਚ ਵੰਡੀ ਇਹ ਪੁਸਤਕ ਅਸਲ ਵਿਚ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਇਨਸਾਈਕਲੋਪੀਡੀਆ ਹੈ, ਜਿਸ 'ਤੇ ਮਾਣ ਕੀਤਾ ਜਾ ਸਕਦਾ ਹੈ। 150 ਦੇ ਕਰੀਬ ਤਸਵੀਰਾਂ ਇਸ ਕਿਤਾਬ ਦੀ ਜ਼ੀਨਤ ਬਣੀਆਂ ਹਨ।


-ਦਿਲਜੀਤ ਸਿੰਘ ਬੇਦੀ
ਮੋ: 98148-98570


ਫੁਰਨੇ
ਕਵੀ : ਦਵਿੰਦਰ ਅਹਿਸਾਸ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 112
ਸੰਪਰਕ : 88722-25800.


ਦਵਿੰਦਰ ਅਹਿਸਾਸ ਪੰਜਾਬੀ ਦਾ ਨਵਾਂ ਕਲਮਕਾਰ ਹੈ, ਜਿਸ ਨੇ ਆਪਣੇ ਫੁਰਨਿਆਂ ਨੂੰ ਕਾਵਿ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। 'ਫੁਰਨੇ' ਤੋਂ ਪਹਿਲਾਂ ਉਸ ਦਾ ਇਕ ਹਿੰਦੀ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ। ਫ਼ੁਰਨੇ ਦੀ ਸ਼ਾਇਰੀ ਸਮਝਣ ਤੋਂ ਪਹਿਲਾਂ ਮੁੱਖ ਬੰਦ ਵਿਚ ਉਸ ਦਾ ਸਵੈ-ਕਥਨ ਦ੍ਰਿਸ਼ਟੀਗੋਚਰ ਕਰਨਾ ਜ਼ਰੂਰੀ ਹੈ। ਉਹ ਲਿਖਦਾ ਹੈ, 'ਪਿਛਲੇ ਵੀਹ-ਪੱਚੀ ਸਾਲ ਤੋਂ ਜੋ ਜੋ ਫੁਰਨੇ ਮੇਰੇ ਮਨ 'ਚ ਪੈਦਾ ਹੁੰਦੇ ਗਏ, ਉਨ੍ਹਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਮੈਂ ਖ਼ੁਦ ਲਈ ਕਲਮਬੰਦ ਕਰਦਾ ਰਿਹਾ। ਸਮੇਂ ਸਮੇਂ ਇਸ 'ਚ ਸੁਧਾਰ ਕਰਦਾ ਗਿਆ, ਕਰਵਾਉਂਦਾ ਗਿਆ। ਹੌਲੀ-ਹੌਲੀ ਇਹ ਕੰਮ ਹਥਲੇ ਕਾਵਿ ਸੰਗ੍ਰਹਿ 'ਫ਼ੁਰਨੇ' ਦਾ ਰੂਪ ਧਾਰ ਗਿਆ।' ਇਸ ਤੋਂ ਦਵਿੰਦਰ ਅਹਿਸਾਸ ਦੀ ਮਨਸ਼ਾ, ਕਾਵਿਕ ਵਿਉਂਤਬੰਦੀ ਤੇ ਸ਼ਿਲਪਕਾਰੀ ਦਾ ਪਤਾ ਲੱਗ ਜਾਂਦਾ ਹੈ।
ਇਹ ਸੱਚ ਵੀ ਹੈ ਕਿ 'ਫੁਰਨੇ' ਸ਼ਾਇਰ ਦੇ ਮਨੋਵੇਗ ਤੇ ਵਲਵਲਿਆਂ ਨੂੰ ਸਾਂਭਣ ਦੀ ਕੋਸ਼ਿਸ਼ ਹੈ। ਪੁਸਤਕ ਦੀਆਂ ਪਹਿਲੀਆਂ ਛੇ ਰਚਨਾਵਾਂ ਧਾਰਮਿਕ ਹਨ ਜਿਨ੍ਹਾਂ 'ਚੋਂ ਦੋ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹਨ। ਇਨ੍ਹਾਂ ਵਿਚ ਸ਼ਾਇਰ ਨੇ ਬਾਬੇ ਨਾਨਕ ਨੂੰ ਸ੍ਰਿਸ਼ਟੀ ਦਾ ਰਚਨਾਕਾਰ ਕਿਹਾ ਹੈ ਤੇ ਉਨ੍ਹਾਂ ਦੇ ਜੀਵਨ ਕਾਲ ਦੀਆਂ ਘਟਨਾਵਾਂ ਨੂੰ ਸ਼ਰਧਾ ਪੂਰਬਕ ਉਲੀਕਿਆ ਹੈ। ਇਹ ਕਵਿਤਾਵਾਂ ਖੋਜ ਤੇ ਤਰਕ ਦੀ ਥਾਂ ਸ਼ਰਧਾ ਦਾ ਪ੍ਰਗਟਾਅ ਤੇ ਦੁਹਰਾਅ ਹਨ। ਹੋਰਨਾਂ ਰਚਨਾਵਾਂ ਦੇ ਬਹੁਤੇ ਵਿਸ਼ੇ ਪਿਆਰ ਆਧਾਰਿਤ ਹਨ ਜਿਨ੍ਹਾਂ ਵਿਚ ਮੇਲ-ਮਿਲਾਪ, ਵਿਛੋੜਾ ਤੇ ਹਲਕੀ-ਫੁਲਕੀ ਛੇੜਛਾੜ ਹੈ। ਵਿਧਾ ਪੱਖੋਂ ਇਸ ਪੁਸਤਕ ਦੀਆਂ ਕੁਝ ਰਚਨਾਵਾਂ ਗੀਤਾਂ ਨਾਲ ਮੇਲ ਖਾਂਦੀਆਂ ਹਨ ਤੇ ਕੁਝ ਕੁ ਦਾ ਮੁਹਾਂਦਰਾ ਗ਼ਜ਼ਲ ਨਾਲ ਮਿਲਦਾ ਜੁਲਦਾ ਹੈ। 'ਹੁਰ ਹੁਰ' ਵਰਗੀਆਂ ਤਕੀਆ ਕਲਾਮੀ ਰਚਨਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਤੇ ਕੁਝ ਕਵਿਤਾਵਾਂ ਤੁਕਾਂਤ ਮੁਕਤ ਵੀ ਹਨ। ਇਨ੍ਹਾਂ ਵਿਚ ਪਰਿਵਾਰਕ ਜ਼ਿੰਦਗੀ ਦੀਆਂ ਲਘੂ ਕਹਾਣੀਆਂ ਵੀ ਹਨ ਤੇ ਰਿਸ਼ਤਿਆਂ ਦਾ ਤਾਣਾ ਬਾਣਾ ਵੀ ਹੈ। 'ਫੁਰਨੇ' ਦੀਆਂ ਬਹੁਤੀਆਂ ਰਚਨਾਵਾਂ ਚਾਰ-ਦੀਵਾਰੀ ਦੇ ਅੰਦਰ ਦੀ ਮੰਜ਼ਰਕਸ਼ੀ ਪੇਸ਼ ਕਰਦੀਆਂ ਹਨ। ਚੰਗਾ ਹੁੰਦਾ ਤੰਗੀ ਤੁਰਸ਼ੀ ਹੰਢਾਅ ਰਹੇ ਲੋਕਾਂ ਦੇ ਮੰਦੇ ਹਾਲ ਬਾਰੇ ਵਧੇਰੇ ਲਿਖਿਆ ਜਾਂਦਾ ਤੇ ਭ੍ਰਿਸ਼ਟ ਰਾਜਨੀਤੀ ਵਰਗੇ ਵਿਸ਼ੇ ਲਏ ਜਾਂਦੇ। ਮੈਨੂੰ ਪੂਰਨ ਆਸ ਹੈ ਦਵਿੰਦਰ ਅਹਿਸਾਸ ਦੀ ਪੁਸਤਕ ਦੀ ਸ਼ਾਇਰੀ ਹੋਰ ਅਗਲੇਰੇ ਤੇ ਜ਼ਿੰਮੇਵਾਰੀ ਵਾਲੇ ਸਫ਼ਰ 'ਤੇ ਤੁਰੇਗੀ।


-ਗੁਰਦਿਆਲ ਰੌਸ਼ਨ
ਮੋ: 99884-44002


ਪੈਸੇ ਬਚਾਉਣ ਦੇ ਢੰਗ
ਲੇਖਕ : ਸਵੇਟ ਮਾਰਡਨ
ਅਨੁਵਾਦ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 78377-18723.


ਚਰਚਾ ਅਧੀਨ ਪੁਸਤਕ ਵਿਚ ਅਮਰੀਕੀ ਲੇਖਕ ਸਵੇਟ ਮਾਰਡਨ ਨੇ ਪੈਸੇ ਦੀ ਬੱਚਤ ਨਾਲ ਜੁੜੇ ਪੱਖਾਂ ਨੂੰ ਉਦਾਹਰਨਾਂ ਦੇ ਕੇ ਦ੍ਰਿਸ਼ਟੀ ਗੋਚਰ ਕੀਤਾ ਹੈ। ਇਨਸਾਨ ਲਈ ਦੁੱਖ ਸੁੱਖ ਵੇਲੇ ਪੈਸਾ ਕਿੰਨਾ ਮਹੱਤਵਪੂਰਨ ਹੁੰਦਾ ਹੈ, ਇਸ ਦੀ ਸਮਝ ਦਿੱਤੀ ਗਈ ਹੈ। ਪੈਸਾ ਸਫਲਤਾ ਦੀ ਪੌੜੀ ਮੰਨਿਆ ਜਾਂਦਾ ਹੈ ਅਤੇ ਸਫਲਤਾ ਨੂੰ ਖੁਸ਼ਕਿਸਮਤੀ ਦੀ ਨੀਂਹ ਮੰਨਿਆ ਜਾਂਦਾ ਹੈ। ਜਿਨ੍ਹਾਂ ਪੱਖਾਂ 'ਤੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ ਗਏ ਹਨ, ਉਨ੍ਹਾਂ ਵਿਚ ਖਰਚ ਘੱਟ ਕਰਨਾ, ਪੈਸਾ ਕਿਵੇਂ ਉੱਡਦਾ ਹੈ?, ਭਵਿੱਖ ਦੀਆਂ ਲੋੜਾਂ ਲਈ ਬੱਚਤ ਦੀ ਆਦਤ, ਖਰਚ ਦਾ ਹਿਸਾਬ ਕਿਤਾਬ ਰੱਖਣਾ, ਲੜਾਈ ਅਤੇ ਮੁਕੱਦਮੇ ਤੋਂ ਬਚਾਓ ਕਰਨਾ, ਮਾਨਸਿਕ ਸੰਤੁਲਨ ਬਣਾਈ ਰੱਖਣਾ, ਫ਼ਜ਼ੂਲ ਖਰਚ ਤੋਂ ਪਰਹੇਜ਼ ਸ਼ਾਮਿਲ ਹਨ। ਸਵੇਟ ਮਾਰਡਨ ਪੇਸ਼ੇਵਾਰ ਲੇਖਕ ਹੋਣ ਦੇ ਨਾਲ-ਨਾਲ ਖ਼ੁਦ ਹੀ ਇਕ ਪ੍ਰਕਾਸ਼ਕ ਸੀ। ਉਸ ਦੀਆਂ ਲਿਖੀਆਂ ਪੰਜਾਹ ਦੇ ਕਰੀਬ ਪੁਸਤਕਾਂ ਸਮੇਤ ਕਿਤਾਬਚੇ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਬੜੀਆਂ ਚਰਚਿਤ ਰਹੀਆਂ ਸਨ। ਉਸ ਦੀਆਂ ਲਿਖਤਾਂ ਪੜ੍ਹਨ ਵਾਲੇ ਨੂੰ ਸਵੈ-ਪੜਚੋਲ ਕਰਾਉਦੀਆਂ ਅਤੇ ਉਸ ਅੰਦਰ ਆਤਮ-ਵਿਸ਼ਵਾਸ ਜਗਾਉਂਦੀਆਂ ਹਨ। ਸਵੇਟ ਮਾਰਡਨ ਦੀ ਆਪਣੀ ਜੀਵਨ ਕਥਾ ਪਾਠਕਾਂ ਲਈ ਇਕ ਪ੍ਰੇਰਨਾ ਸਰੋਤ ਬਣੀ ਰਹੀ ਹੈ। ਉਸ ਨੇ ਇਕ ਹੋਟਲ ਵਿਚ ਇਕ ਮਾਮੂਲੀ ਕਰਿੰਦੇ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੌਲੀ-ਹੌਲੀ ਮਿਹਨਤ ਕਰਕੇ ਕਿੰਨਿਆਂ ਹੋਟਲਾਂ ਦਾ ਮਾਲਕ ਬਣ ਗਿਆ ਸੀ। ਹਰ ਕੋਈ ਕਿਣਕਾ ਕਿਣਕਾ ਸਰਮਾਇਆ ਜੋੜ ਕੇ ਮਹਾਨ ਕੰਮਾਂ ਨੂੰ ਨੇਪਰੇ ਚੜ੍ਹਾ ਸਕਦਾ ਹੈ। ਚੀਜ਼ਾਂ ਸੁੱਟ ਦੇਣ ਦੇ ਰਿਵਾਜ ਨਾਲੋਂ ਉਨ੍ਹਾਂ ਤੋਂ ਸੁੰਦਰ ਚੀਜ਼ਾਂ ਦਾ ਨਿਰਮਾਣ ਕਰਨਾ ਇਕ ਲਾਜਵਾਬ ਕਲਾ ਹੁੰਦੀ ਹੈ। ਚੀਜ਼ਾਂ ਸੁੱਟ ਦੇਣਾ ਤਾ ਸੌਖਾ ਹੁੰਦਾ ਹੈ। ਕੁਦਰਤ ਕੂੜੇ ਨੂੰ ਖਾਦ ਵਿਚ ਤਬਦੀਲ ਕਰਕੇ, ਪੌਦਿਆਂ ਦੀ ਪਰਵਰਿਸ਼ ਕਰਦੀ ਹੈ। ਇਨਸਾਨ ਕੁਦਰਤ ਕੋਲੋਂ ਕਿੰਨੇ ਹੀ ਲਾਜਵਾਬ ਸਬਕ ਸਿੱਖ ਸਕਦਾ ਹੈ। ਤੇਜਿੰਦਰ ਚੰਡਿਹੋਕ ਨੇ ਇਸ ਪੁਸਤਕ ਦਾ ਪੰਜਾਬੀ ਵਿਚ ਬੜੀ ਲਗਨ ਨਾਲ ਬੜਾ ਸਰਲ ਂਅਨੁਵਾਦ ਕੀਤਾ ਹੈ। ਅੰਗਰੇਜ਼ੀ ਸਾਹਿਤ ਦੀਆਂ ਸਿਆਣਪਾਂ ਦਾ ਪੰਜਾਬੀ ਪਾਠਕਾਂ ਨਾਲ ਤੁਆਰਫ ਕਰਾਇਆ ਹੈ। ਪਾਠਕ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ। ਕੁਝ ਨਾ ਕੁਝ ਫਾਇਦਾ ਹੀ ਹੋਵੇਗਾ।


-ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਕਿਵੇਂ ਲੱਗਿਆ ਇੰਗਲੈਂਡ
ਰਚਿਤ : ਰਾਮ ਸਰੂਪ ਅਣਖੀ
ਸੰਪਾਦਕ : ਬੇਅੰਤ ਬਾਜਵਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98881-00874.


ਰਾਮ ਸਰੂਪ ਅਣਖੀ ਦੁਆਰਾ ਰਚਿਤ ਸਫ਼ਰਨਾਮਾ 'ਕਿਵੇਂ ਲੱਗਿਆ ਇੰਗਲੈਂਡ' ਦੀ ਸੰਪਾਦਨਾ ਬੇਅੰਤ ਬਾਜਵਾ ਨੇ ਕੀਤੀ ਹੈ। ਰਾਮ ਸਰੂਪ ਅਣਖੀ ਪੰਜਾਬ ਦੀ ਮਿੱਟੀ ਨਾਲ ਹਮੇਸ਼ਾ ਹੀ ਜੁੜਿਆ ਹੋਇਆ ਹੈ, ਜਿਸ ਦੀ ਖੁਸ਼ਬੋ ਉਨ੍ਹਾਂ ਦੀ ਹਰ ਰਚਨਾ ਵਿਚੋਂ ਸਾਫ਼ ਝਲਕਦੀ ਹੈ ਅਤੇ ਨਾਲ ਹੀ ਮਾਲਵੇ ਦੀ ਗਲਵਕੜੀ ਦੀ ਸੂਹ ਵੀ ਵਿਖਾਈ ਦਿੰਦੀ ਹੈ। ਰਾਮ ਸਰੂਪ ਅਣਖੀ ਦੀਆਂ ਕਹਾਣੀਆਂ-ਨਾਵਲਾਂ ਵਿਚ ਵਿਸ਼ੇਸ਼ ਕਰਕੇ ਪੰਜਾਬੀ ਸੱਭਿਆਚਾਰ, ਸਮਾਜਿਕਤਾ, ਰਾਜਨੀਤੀ, ਜੀਵਨ ਜਾਚ ਤੇ ਹੋਰ ਅਨੇਕਾਂ ਪਹਿਲੂਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਿਸ ਤਰ੍ਹਾਂ ਚਿਤਰਿਆ ਹੈ, ਉਸ ਵਿਚ ਲੇਖਕ ਦੀ ਕਾਬਲੀਅਤ ਦਾ ਆਪਣੇ-ਆਪ ਹੀ ਪਤਾ ਲੱਗ ਜਾਂਦਾ ਹੈ। ਇਨ੍ਹਾਂ ਦੀ ਕੋਈ ਰਚਨਾ ਜੇਕਰ ਪੜ੍ਹਨੀ ਸ਼ੁਰੂ ਕੀਤੀ ਜਾਵੇ ਤਾਂ ਓਨੀ ਦੇਰ ਨਹੀਂ ਛੱਡੀ ਜਾਂਦੀ, ਜਿੰਨੀ ਦੇਰ ਸਮਾਪਤ ਨਹੀਂ ਹੋ ਜਾਂਦੀ। ਇਸ ਸਫ਼ਰਨਾਮੇ ਵਿਚ 18 ਕਾਂਡ ਹਨ ਅਤੇ ਪੁਸਤਕ ਦੇ ਅਖ਼ੀਰ ਵਿਚ ਯਾਦਗਾਰੀ ਤਸਵੀਰਾਂ ਹਨ ਜੋ ਉਨ੍ਹਾਂ ਦੀ ਯਾਦਗਾਰੀ ਦਾ ਇਕ ਮੀਲ ਪੱਥਰ ਹਨ। ਇਨ੍ਹਾਂ ਤਸਵੀਰਾਂ ਵਿਚ ਅਣਖੀ ਦੀ ਲੰਡਨ ਫੇਰੀ ਦੀ ਝਲਕ ਵਿਖਾਈ ਦਿੰਦੀ ਹੈ। ਸਫ਼ਰਨਾਮੇ ਵਿਚ ਇੰਗਲੈਂਡ ਦੀ ਬਰਮਿੰਘਮ ਸ਼ਹਿਰ ਦੀ ਲਾਇਬ੍ਰੇਰੀ ਦਾ ਜ਼ਿਕਰ ਹੈ। ਸਫ਼ਰਨਾਮੇ ਵਿਚ ਗੱਲਾਂ ਭਾਵੇਂ ਛੋਟੀਆਂ ਹਨ ਪਰ ਉਹ ਕਹਾਣੀ ਤੋਂ ਘੱਟ ਨਹੀਂ ਹਨ। ਰਾਮ ਸਰੂਪ ਅਣਖੀ ਨੇ ਸਫ਼ਰਨਾਮੇ ਵਿਚ ਆਪਣੀਆਂ ਅੱਖਾਂ ਨਾਲ ਵੇਖੇ ਇੰਗਲੈਂਡ ਦੇ ਪਾਠਕਾਂ ਨੂੰ ਦਰਸ਼ਨ ਕਰਵਾ ਦਿੱਤੇ ਹਨ। ਪੁਸਤਕ ਦੇ ਸੰਪਾਦਕ ਬੇਅੰਤ ਬਾਜਵਾ ਦੀ ਕੀਤੀ ਮਿਹਨਤ ਨੂੰ ਵੀ ਦਾਦ ਦੇਣੀ ਬਣਦੀ ਹੈ। ਸਫ਼ਰਨਾਮੇ ਵਿਚ ਕੋਈ ਲੁਕ-ਛਿਪ ਨਹੀਂ ਕੀਤੀ ਬਲਕਿ ਹਰ ਗੱਲ ਦਾ ਬੜੀ ਸਿੱਧੀ ਭਾਸ਼ਾ ਵਿਚ ਜ਼ਿਕਰ ਕੀਤਾ ਗਿਆ ਹੈ ਅਤੇ ਆਪਣੇ ਇੰਗਲੈਂਡ ਦੇ ਕੀਤੇ ਸਫ਼ਰ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ। ਸਫ਼ਰਨਾਮੇ ਵਿਚ 'ਪਿੱਛੋਂ ਸੁੱਝੀਆਂ' 25 ਵੱਖ-ਵੱਖ ਦਰਜ ਦੱਸੀਆਂ ਗਈਆਂ ਗੱਲਾਂ ਵਿਚ ਬਿਨਾਂ ਕਿਸੇ ਪ੍ਰਹੇਜ਼ ਤੋਂ ਨਿੱਕੀ ਤੋਂ ਨਿੱਕੀ ਗੱਲ ਦਾ ਜ਼ਿਕਰ ਕਰਕੇ ਸਫ਼ਰਨਾਮੇ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ, ਜਿਨ੍ਹਾਂ ਨੂੰ ਵਾਰ-ਵਾਰ ਪੜ੍ਹਨ ਦਾ ਦਿਲ ਕਰਦਾ ਹੈ। ਸਫ਼ਰਨਾਮੇ ਪ੍ਰਤੀ ਹਰ ਪੱਖ ਤੋਂ ਪੂਰੀ ਤਰ੍ਹਾਂ ਇਨਸਾਫ਼ ਤੇ ਬੇਝਿਜਕ ਤੋਂ ਕੰਮ ਲਿਆ ਗਿਆ ਹੈ।


-ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990


ਇਸ਼ਕ ਦੀ ਸੂਲੀ
ਗ਼ਜ਼ਲਕਾਰ : ਜਸਬੀਰ ਸਿੰਘ ਘੁਲਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 75290-70008.


ਹਥਲੀ ਪੁਸਤਕ ਗ਼ਜ਼ਲਕਾਰ ਜਸਬੀਰ ਸਿੰਘ ਘੁਲਾਲ ਦੀਆਂ 119 ਗ਼ਜ਼ਲਾਂ ਦਾ ਗ਼ਜ਼ਲ ਸੰਗ੍ਰਹਿ ਹੈ। ਘੁਲਾਲ ਹੁਣ ਤੱਕ 15 ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਉਹ ਉੱਘਾ ਸਮਾਜ ਸੇਵੀ ਹੈ ਅਤੇ ਧਰਤੀ ਮਾਂ ਦੀ ਹਰਿਆਵਲ ਵਾਸਤੇ ਵੀ ਰੁੱਖਾਂ ਪ੍ਰਤੀ ਸੰਵੇਦਨ ਰਹਿੰਦਾ ਹੈ। ਹਥਲੀ ਪੁਸਤਕ ਵਿਚ ਭਾਵੇਂ ਸਾਰੀਆਂ ਗ਼ਜ਼ਲਾਂ ਹਨ ਪਰ ਇਨ੍ਹਾਂ ਵਿਚ ਵੀ ਉਸ ਨੇ ਰੁੱਖਾਂ ਦੀ ਭਰਪੂਰ ਆਰਤੀ ਉਤਾਰੀ ਹੈ। ਅਸਲ ਵਿਚ ਪੰਜਾਬੀ ਗ਼ਜ਼ਲ ਨੇ ਹੁਣ ਫ਼ਾਰਸੀ ਵਾਲੀਆਂ ਪਰਿਭਾਸ਼ਾਵਾਂ ਆਪਣੇ ਨਾਲੋਂ ਲਾਹ ਦਿੱਤੀਆਂ ਹਨ ਅਤੇ ਉਸ ਨੇ ਪੰਜਾਬੀ ਰਹਿਤਲ ਅਨੁਸਾਰ ਜੀਣਾ-ਥੀਣਾ ਅਪਣਾ ਲਿਆ ਹੈ। ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਤੇ ਹਵਾ ਜ਼ਹਿਰੀ ਹੋ ਰਹੀ ਹੈ। ਸਾਰੇ ਸੰਸਾਰ ਦੇ ਵਿਦਵਾਨ ਇਸ ਪ੍ਰਤੀ ਚਿੰਤਤ ਹਨ ਤਾਂ ਫਿਰ ਗ਼ਜ਼ਲ ਕਿਉਂ ਨਾ ਫ਼ਿਕਰ ਕਰੇ? ਘੁਲਾਲ ਦੇ ਕੁਝ ਸ਼ਿਅਰ ਵੇਖੋ ਜੋ ਰੁੱਖਾਂ ਅਤੇ ਵਾਤਾਵਰਨ ਦੀ ਸ਼ੁੱਧਤਾ ਉੱਤੇ ਫ਼ਿਕਰਮੰਦੀ ਜ਼ਾਹਰ ਕਰਦੇ ਹਨ :
-ਇਨ੍ਹਾਂ ਰੁੱਖਾਂ ਦੇ ਲੱਖ ਸਾਜ ਬਣ ਜਾਂਦੇ ਨੇ,
ਹੋਵੇ ਹਰ ਦਿਲ ਵਿਚ ਚਾਹਤ ਰੁੱਖ ਵੀ।
-ਹਰੀ ਹਰਿਆਵਲ ਕਰਕੇ ਜਾਣੇ ਜਾਂਦੇ ਰੁੱਖ
ਹਰ ਪੱਤਾ ਸਾਫ਼ ਹਵਾ ਦੇਵੇ ਰੱਖੇ ਲਾਜ ਰੁੱਖ ਦੀ।
-ਬਲਿਹਾਰੇ ਜਾਵਾਂ ਜਿਨ੍ਹੇ ਧਰਤੀ 'ਤੇ ਰੁੱਖ ਲਾਏ,
ਘੁਲਾਲ ਭੁੱਲ ਜਾਵੀਂ ਇਹ ਬਾਤ ਰੁੱਖ ਦੀ।
ਘੁਲਾਲ ਪਾਣੀ ਦੀ ਦੂਸ਼ਿਤਤਾ ਬਾਰੇ ਚਿੰਤਤ ਹੈ ਤੇ ਫ਼ਿਕਰ ਜ਼ਾਹਰ ਕਰਦਾ ਹੈ ਕਿ ਪਾਣੀ ਡੂੰਘਾ ਤੇ ਹੋਰ ਡੂੰਘਾ ਤੁਰੀ ਜਾ ਰਿਹਾ ਹੈ:
ਪਾਣੀ ਅਮ੍ਰਿਤ ਸਭ ਦੀ ਜੀਵਨ, ਧਰਤੀ ਵਿਚਲਾ ਪਾਣੀ।
ਪਾਣੀ ਸੁਕਦਾ ਜਾਵੇ ਡੂੰਘਾ ਤੁਰੇਗੀ ਕਿਵੇਂ ਕਹਾਣੀ?
ਪਸ਼ੂ ਪੰਛੀ ਵੀ ਖੂਹਾਂ ਛੱਪੜਾਂ ਵਿਚੋਂ ਸੀ ਪਾਣੀ ਪੀਂਦੇ,
ਲਾਲਚ ਅਤੇ ਲੋਭ ਦੇ ਵਿਚ ਬਦਲੀ ਗਈ ਕਿਰਸਾਨੀ।
ਘੁਲਾਲ ਨੇ ਭਾਵੇਂ ਪੰਜਾਬੀ ਗ਼ਜ਼ਲ ਦਾ ਮਾਣ ਰੱਖਦਿਆਂ ਸਾਰੇ ਰਵਾਇਤੀ ਵਿਸ਼ੇ ਵੀ ਆਪਣੇ ਸ਼ਿਅਰਾਂ ਵਿਚ ਸ਼ੁਮਾਰ ਕੀਤੇ ਹਨ ਪਰ ਉਸ ਦੀ ਅਸਲ ਫ਼ਿਕਰਮੰਦੀ ਵਾਤਾਵਰਨ ਦੀ ਸ਼ੁੱਧਤਾ ਉੱਤੇ ਹੈ :
-ਹੋਵੇ ਜ਼ਿੰਦਗੀ ਬੜੀ ਕਮਾਲ,
ਲਈਏ ਵਾਤਾਵਰਨ ਸੰਭਾਲ।
-ਵਾਤਾਵਰਨ ਦੀ ਗੱਲ ਨਾ ਤੋਰੀ
ਜ਼ਿੰਦਗੀ ਬਣ ਗਈ ਮੱਛੀ ਦਾ ਜਾਲ।
ਪੰਜਾਬੀ ਜਨਜੀਵਨ ਵਿਚ ਨਸ਼ਿਆਂ ਦੇ ਕੋਹੜ ਨੂੰ ਵੀ ਸ਼ਿਅਰਾਂ ਵਿਚ ਉਕਰਿਆ ਗਿਆ ਹੈ। ਭਾਵੇਂ ਇਹ ਗ਼ਜ਼ਲ ਸੰਗ੍ਰਹਿ ਗ਼ਜ਼ਲ ਦੇ ਆਧੁਨਿਕ ਸ਼ਿਆਰਾਂ ਤੋਂ ਕਾਸਰ ਹੈ ਪਰ ਇਸ ਵਿਚ ਬਹੁਤ ਕੀਮਤੀ ਤੇ ਸਮਾਜ ਸੁਧਾਰ ਵਿਚਾਰ ਹਨ।


-ਸੁਲੱਖਣ ਸਰਹੱਦੀ
ਮੋ: 94174-84337.


ਮੋਨਾਲੀਸਾ ਹੱਸ ਰਹੀ ਸੀ
ਨਾਵਲਕਾਰ : ਅਸ਼ੋਕ ਭੌਮਿਕ
ਅਨੁਵਾਦਕ : ਤੇਜਿੰਦਰ ਬਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 99151-03490.


ਇਸ ਨਾਵਲ ਦਾ ਆਧਾਰ ਇਤਿਹਾਸਕ ਪਾਤਰ ਮੋਨਾਲੀਸਾ ਬਣਦੀ ਹੈ। ਮਹਾਨ ਕਲਾਕਾਰ ਲਿਉਨਾਰਦੋ-ਦ-ਵਿੰਸੀ ਨੇ ਇਕ ਅਮੀਰ ਵਿਅਕਤੀ ਦੀ ਪਤਨੀ ਮੋਨਾਲੀਸਾ ਦਾ ਚਿੱਤਰ ਬਣਾਇਆ ਸੀ ਜੋ ਅਮਰ ਕ੍ਰਿਤ ਬਣ ਗਿਆ। ਉਹ ਇਹ ਪੇਂਟਿੰਗ ਰਾਤ ਦੇ ਅਤੇ ਪਹੁ ਫੁਟਾਲੇ ਦੇ ਘੁਸਮੁਸੇ ਵਿਚ ਬਣਾਇਆ ਕਰਦਾ ਸੀ। ਮੋਨਾਲੀਸਾ ਦੇ ਬੁੱਲ੍ਹਾਂ 'ਤੇ ਇਕ ਭੇਦਭਰੀ ਮੁਸਕਰਾਹਟ ਸੀ ਜਿਸ ਵਿਚੋਂ ਉਦਾਸੀ, ਖੁਸ਼ੀ, ਕਟਾਖਸ਼ ਦੇ ਕਈ ਰੰਗ ਝਲਕਦੇ ਸਨ। ਇਹ ਪੇਂਟਿੰਗ ਫਰਾਂਸ ਦੇ ਸ਼ਹਿਰ ਪੈਰਿਸ ਵਿਚ ਸਾਂਭੀ ਹੋਈ ਹੈ। ਇਸ ਨਾਵਲ ਦਾ ਨਾਇਕ ਇਕ ਪੇਂਟਰ ਹੈ ਅਤੇ ਉਸ ਨੇ ਇਕ ਮਾਡਲ ਕੁੜੀ ਦਾ ਪੋਰਟ੍ਰੇਟ ਬਹੁਤ ਮਿਹਨਤ ਨਾਲ ਬਣਾਇਆ। ਕੁੜੀ ਦਾ ਨਾਂਅ 'ਕੁਸਮ' ਹੈ ਪਰ ਚਿੱਤਰਕਾਰ ਉਸ ਨੂੰ ਮੋਨਾਲੀਸਾ ਨਾਲ ਤੁਲਨਾ ਦਿੰਦਾ ਹੈ। ਨਾਵਲ ਵਿਚ ਚਿੱਤਰਕਲਾ, ਕਵਿਤਾ ਅਤੇ ਬੁੱਧੀਜੀਵੀਆਂ, ਕਲਾਕਾਰਾਂ ਦੀ ਜ਼ਿੰਦਗੀ ਦੀਆਂ ਝਲਕਾਂ ਹਨ। ਕੁਝ ਕਾਵਿ-ਸਤਰਾਂ ਚਿੰਤਨ ਅਤੇ ਚੇਤਨਤਾ ਜਗਾਉਂਦੀਆਂ ਹਨ ਜਿਵੇਂ-
ਪਿਆਸੀ ਅੱਖ ਨੂੰ ਪਾਣੀ ਦੇ ਤੂੰ
ਭੁੱਖੇ ਢਿੱਡ ਨੂੰ ਅੱਗ
ਮੰਗਤੇ ਨੂੰ ਦੁਤਕਾਰ ਦੇ ਤੂੰ,
ਆਸ ਲੱਭ ਰਹੇ ਨੂੰ ਲੱਤ।
ਕਦੋਂ ਖ਼ਤਮ ਹੋਵੇਗੀ,
ਸਾਡੀ ਇਹ ਕਾਲੀ ਰਾਤ।
ਕਦੋਂ ਮੁੜ ਕੇ ਅੱਛੇ ਵੱਲ ਤੱਕੇਗਾ
ਦਿਨ ਦਾ ਸੱਚਾ ਸੂਰਜ।
ਐ ਸ਼ਾਂਤੀ ਦੂਤ, ਐ ਮਾਦਾ ਕਬੂਤਰੀ
ਇਸ ਵਾਰ ਦਾ ਨੋਬੇਲ ਸ਼ਾਂਤੀ ਪੁਰਸਕਾਰ
ਮਿਲਣ 'ਤੇ ਤੈਨੂੰ ਵਧਾਈ।
ਨਾਵਲ ਵਿਚ ਦੇਸ਼ ਵੰਡ ਅਤੇ ਕਈ ਇਤਿਹਾਸਕ ਹਵਾਲੇ ਦਿੱਤੇ ਗਏ ਹਨ। ਅਨੁਵਾਦ ਵਧੀਆ ਹੈ। ਇਹ ਪੁਸਤਕ ਕਲਾਕਾਰਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੋ ਸਕਦੀ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਉਮੀਦ ਦਾ ਸੂਰਜ
ਲੇਖਕ : ਨਵਦੀਪ ਸਿੰਘ ਭਾਟੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98767-29056.


'ਉਮੀਦ ਦਾ ਸੂਰਜ' ਨਵਦੀਪ ਸਿੰਘ ਭਾਟੀਆ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾ ਕਾਵਿ-ਸੰਗ੍ਰਹਿ ਬਾਲ-ਕਵਿਤਾਵਾਂ ਨਾਲ ਸਬੰਧਿਤ ਹੈ। ਉਂਜ ਕਵਿਤਾ ਤਾਂ ਕਵਿਤਾ ਹੀ ਹੈ, ਉਹ ਹਰ ਇਕ ਪ੍ਰਾਣੀ ਲਈ ਹੁੰਦੀ ਹੈ ਕਿਉਂਕਿ ਉਸ ਦਾ ਸਬੰਧ ਮਨੁੱਖ ਦੇ ਅੰਤਰੀਵ ਸੰਸਾਰ ਨਾਲ ਹੁੰਦਾ ਹੈ, ਬਾਹਰੀ ਸਮਾਜੀ ਵਰਤਾਰਿਆਂ ਨਾਲ ਸਬੰਧਿਤ ਹੁੰਦਿਆਂ ਹੋਇਆਂ ਵੀ ਉਹ 'ਹੂਕ' ਦਿਲ ਦੀ ਹੀ ਬਣਦੀ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਸੁਪਤਨੀ ਸ੍ਰੀਮਤੀ ਜਤਿੰਦਰ ਕੌਰ (ਜੋਤ) ਨੂੰ ਸਮਰਪਿਤ ਕਰਦਿਆਂ ਆਪਣੇ ਅੱਧੇ ਸੰਸਾਰ ਨੂੰ ਮਾਨਤਾ ਪ੍ਰਦਾਨ ਕੀਤੀ ਹੈ ਅਤੇ ਤਸਲੀਮ ਕੀਤਾ ਹੈ ਕਿ ਉਹ ਪੁਸਤਕ ਦੀ ਪ੍ਰੇਰਨਾ-ਸ੍ਰੋਤ ਹੈ, ਜਿਸ ਦੀ ਹੱਲਾਸ਼ੇਰੀ ਸਦਕਾ ਹੀ ਦਿਲ ਦੇ ਵਲਵਲਿਆਂ ਨੂੰ ਬਿਆਨ ਕਰਦੀ ਇਹ ਸ਼ਾਇਰੀ ਕਾਵਿ-ਪਾਠਕਾਂ ਤੱਕ ਪਹੁੰਚ ਸਕੀ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਗੱਲ ਕਿਵੇਂ ਸੁਣਾਵਾਂ ਮੈਂ' ਤੋਂ ਲੈ ਕੇ 'ਕੈਦੀ' ਤੱਕ 121 ਛੰਦਬੱਧ ਨਜ਼ਮਾਂ ਸੰਕਲਿਤ ਕੀਤੀਆਂ ਗਈਆਂ ਹਨ। ਗ਼ਮ, ਦਰਦ, ਦੁੱਖ-ਸੁੱਖ, ਖਾਹਿਸ਼ਾਂ, ਸਧਰਾਂ, ਉਡੀਕ, ਆਸ, ਹੰਝੂ, ਦਿਲਾਸੇ, ਦਿਲ ਦੀਆਂ ਗੱਲਾਂ, ਪੁਰਾਣੀਆਂ ਯਾਦਾਂ ਨੂੰ 'ਯਾਰ ਸਪੇਰੇ', 'ਸੋਚ ਦਾ ਦੀਵਾ', 'ਪੈਗ਼ਾਮ', 'ਤੇਰਾ ਸੱਦਾ', 'ਬੁਰੇ ਵਕਤ ਵਿਚ ਬੰਦਾ', 'ਸਿਸਟਮ ਵਿਚ ਸਰਦਾਰੀ', 'ਅਹਿਸਾਸ', 'ਖ਼ੁਆਬ', 'ਸੂਰਜ ਉਮੀਦ ਦਾ', 'ਅਖੌਤੀ ਪਹਿਰੇਦਾਰ', 'ਮਹਿਫ਼ਿਲ', 'ਉਡੀਕ', 'ਦਸਤਾਰ', 'ਚੀਕ', 'ਪਹਿਚਾਣ', 'ਮੇਰੇ ਅਲਫ਼ਾਜ਼', 'ਸੁਪਨਾ', 'ਕਰੀਂ ਇਤਬਾਰ' ਅਤੇ 'ਉਲਾਂਭੇ' ਆਦਿ ਕਵਿਤਾਵਾਂ ਵਿਚੋਂ ਇਨ੍ਹਾਂ ਅਹਿਸਾਸਾਂ ਨੂੰ ਮਹਿਸੂਸਿਆ ਜਾ ਸਕਦਾ ਹੈ। 'ਅਹਿਸਾਸ' ਹੋਣਾ ਹੀ ਜ਼ਿੰਦਗੀ ਹੈ। ਉਮੀਦ ਦਾ ਪੱਲਾ ਫੜੀ ਮਨੁੱਖ ਪਰਬਤਾਂ ਦੀਆਂ ਚੋਟੀਆਂ ਵੀ ਸਰ ਕਰੀ ਜਾਂਦਾ ਹੈ। ਦਰਅਸਲ ਨਵਦੀਪ ਸਿੰਘ ਭਾਟੀਆ ਦੀ ਸ਼ਾਇਰੀ ਦਿਲ ਨੂੰ ਢਾਰਸ ਬੰਨ੍ਹਾਉਣ ਦੀ ਸ਼ਾਇਰੀ ਹੈ :
ਚੜ੍ਹੇਗਾ ਇਕ ਦਿਨ ਸੂਰਜ ਉਮੀਦ ਦਾ,
ਤੂੰ ਬੇਆਸ ਨਾ ਹੋ ਜਾਵੀਂ।
ਦਿਖੇਗਾ ਇਕ ਦਿਨ ਚੰਦ ਵੀ ਈਦ ਦਾ,
ਤੂੰ ਉਦਾਸ ਨਾ ਹੋ ਜਾਵੀਂ।
ਭਾਵਨਾਤਮਕ ਸ਼ਾਇਰੀ ਨੂੰ ਭਾਵੁਕ ਸ਼ਬਦਾਂ ਦੀ ਲੋੜ ਹੁੰਦੀ ਹੈ, ਇਸ ਲਈ ਸ਼ਾਇਰ ਨੇ ਆਪਣੀ ਸ਼ਾਇਰੀ 'ਚ 'ਯਾਦ', ਪਿਆਰ, ਮੁਗਦ, ਦਰਦ ਸਾਗਰ, ਸਰਦਾਰੀ, ਖ਼ੁਆਬ, ਚਾਅ ਆਦਿ ਸ਼ਬਦਾਂ ਨੂੰ ਢੁਕਵੀਂ ਥਾਂ ਦਿੰਦਿਆਂ ਅਹਿਸਾਸਾਂ ਨੂੰ ਕਈ-ਕਈ ਜ਼ਰਬਾਂ ਦਿੱਤੀਆਂ ਹਨ। 'ਉਮੀਦ ਦਾ ਸੂਰਜ' ਸਿਰਲੇਖ ਵੀ ਸਾਰਥਕ ਹੈ ਕਿਉਂਕਿ ਮਨੁੱਖ ਦੇ ਮਨ-ਮਸਤਕ 'ਚ ਆਸ-ਉਮੀਦ ਦਾ ਦੀਵਾ ਜਗਦਾ ਇਨ੍ਹਾਂ ਕਵਿਤਾਵਾਂ 'ਚ ਕਾਵਿ-ਪਾਠਕ ਮਹਿਸੂਸ ਕਰੇਗਾ, ਅਜਿਹੀ ਮੇਰੀ ਵੀ ਤਵੱਕੋਂ ਹੈ। ਭਾਟੀਆ ਜੀ ਨੂੰ ਵਧਾਈ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

10-04-2021

 ਡਾ. ਬਰਜਿੰਦਰ ਸਿੰਘ ਹਮਦਰਦ ਦੀ ਨਵ-ਪ੍ਰਕਾਸ਼ਿਤ ਪੁਸਤਕ 'ਪੰਜਾਬ ਅਤੇ ਪੰਜਾਬੀਅਤ' ਦੇ ਸੰਦਰਭ ਵਿਚ
ਪੰਜਾਬ ਅਤੇ ਪੰਜਾਬੀ ਦਾ ਪਹਿਰੇਦਾਰ'ਪੰਜਾਬੀਅਤ' ਇਕ ਅਜਿਹੇ ਚਰਿੱਤਰ ਦਾ ਨਾਂਅ ਹੈ, ਜੋ ਸਦੀਆਂ ਤੱਕ ਵਿਪਰੀਤ ਸਥਿਤੀਆਂ ਨਾਲ ਖਹਿੰਦਾ, ਜੂਝਦਾ ਅਤੇ ਰੂਪਾਂਤਰਣ-ਪ੍ਰਕਿਰਿਆ ਦੁਆਰਾ ਹੋਂਦ ਵਿਚ ਆਇਆ ਹੈ। ਪੰਜਾਬੀਅਤ ਕਿਸੇ ਜੜ੍ਹ ਜਾਂ ਸਥਿਰ ਅਵਸਥਾ ਦਾ ਨਾਂਅ ਨਹੀਂ ਹੈ ਬਲਕਿ ਇਹ ਸਦੈਵ ਨਿਰਮਾਣੀਕਰਨ (becom}n{) ਦੀ ਅਵਸਥਾ ਵਿਚ ਰਹਿੰਦੀ ਹੈ। ਪਿਛਲੇ ਜਰਜਿਤ ਹੋ ਗਏ ਰੀਤੀ-ਰਿਵਾਜ ਅਤੇ ਵੇਲਾ ਵਿਹਾ ਚੁੱਕੀਆਂ ਰਵਾਇਤਾਂ ਛੁੱਟਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਰਵਾਇਤਾਂ ਦੇ ਅਵਸ਼ੇਸ਼ ਵਿਚੋਂ ਨਵੀਆਂ ਕਦਰਾਂ-ਕੀਮਤਾਂ ਅਤੇ ਜੀਵਨ-ਸ਼ੈਲੀਆਂ ਅੰਕੁਰਿਤ ਹੁੰਦੀਆਂ ਰਹਿੰਦੀਆਂ ਹਨ। ਪਰ ਪੁਰਾਣੀਆਂ ਰਵਾਇਤਾਂ ਬਿਲਕੁਲ ਹੀ ਖ਼ਤਮ ਨਹੀਂ ਹੁੰਦੀਆਂ ਬਲਕਿ ਰੂਪਾਂਤਰਿਤ ਹੁੰਦੀਆਂ ਹਨ। ਪੰਜਾਬੀਅਤ ਇਕ ਅਜਿਹਾ ਸੰਕਲਪ ਹੈ ਜੋ ਅਤਿਅੰਤ ਨਵੀਨ ਅਤੇ ਸਥਾਈ ਹੋਣ ਦੇ ਨਾਲ-ਨਾਲ ਪ੍ਰਾਚੀਨਤਾ ਨਾਲ ਵੀ ਜੁੜਿਆ ਹੋਇਆ ਹੈ। ਪੰਜਾਬੀਅਤ ਦੇ ਸਦੀਆਂ ਲੰਮੇ ਅਤੇ ਗੌਰਵਸ਼ੀਲ ਇਤਿਹਾਸ ਵਿਚ ਕੁਝ ਅਜਿਹੇ ਸ਼ਾਸ਼ਵਤ ਲੱਛਣ ਵੀ ਨਜ਼ਰ ਆਉਂਦੇ ਹਨ, ਜਿਹੜੇ ਇਸ ਦੀ ਪਹਿਚਾਣ ਦਾ ਸੋਮਾ ਬਣੇ ਹੋਏ ਹਨ।
ਸਰਦਾਰ ਬਰਜਿੰਦਰ ਸਿੰਘ ਹਮਦਰਦ ਪੰਜਾਬੀਅਤ ਦੀ ਇਸੇ ਗੌਰਵਮਈ ਪਰੰਪਰਾ ਦਾ ਇਕ ਉੱਘੜਵਾਂ ਪ੍ਰਤੀਕ ਹੈ। ਉਹ ਪੰਜਾਬ ਦਾ ਸਤਿਕਾਰਤ ਪੱਤਰਕਾਰ ਹੈ। ਪਾਠਕ ਨਾ ਕੇਵਲ ਉਸ ਦੀਆਂ ਸਮਾਜਿਕ-ਰਾਜਨੀਤਕ ਟਿੱਪਣੀਆਂ ਨੂੰ ਪੜ੍ਹਦੇ ਹਨ ਬਲਕਿ ਇਨ੍ਹਾਂ ਉੱਪਰ ਅਮਲ ਵੀ ਕਰਦੇ ਹਨ। ਉਹ ਇਕ ਜਨਤਕ ਅੰਦੋਲਨ ਦਾ ਨਾਂਅ ਹੈ। ਪਿਛਲੇ ਤਿੰਨ-ਚਾਰ ਦਹਾਕਿਆਂ ਵਿਚ ਉਸ ਨੇ ਕਈ ਸਥਾਪਨਾਵਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਨੇ ਪੰਜਾਬੀ ਪਾਠਕਾਂ ਦੇ ਅਵਚੇਤਨ ਉੱਪਰ ਗਹਿਰੀ ਛਾਪ ਛੱਡੀ ਹੈ। ਸਭ ਤੋਂ ਪਹਿਲਾਂ ਤਾਂ ਉਸ ਨੇ ਸੱਭਿਆਚਾਰਕ ਇਤਿਹਾਸ ਲਿਖਣ ਦੀ ਇਕ ਨਵੀਂ ਵਿਧੀ ਸਮਝਾਈ। ਉਸ ਨੇ ਦੱਸਿਆ ਕਿ ਮੌਖਿਕ-ਇਤਿਹਾਸਕਾਰੀ ਦੀ ਪਰੰਪਰਾ ਅਤੇ ਲੀਜੈਂਡਜ਼ ਨੂੰ ਵੀ ਲਿਖਤ-ਇਤਿਹਾਸ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ, ਨਹੀਂ ਤਾਂ ਇਤਿਹਾਸਕਾਰੀ ਇਕਪਾਸੜ ਅਤੇ ਲੰਗੜੀ ਹੋ ਨਿੱਬੜਦੀ ਹੈ।
ਪਿਛਲੇ ਢਾਈ-ਤਿੰਨ ਦਹਾਕਿਆਂ ਵਿਚ ਪੰਜਾਬੀਅਤ ਨਿਰੇ-ਪੁਰੇ ਪੂਰਬੀ ਪੰਜਾਬ ਵਿਚ ਹੀ ਕੇਂਦਰਿਤ ਨਹੀਂ ਰਹੀ। ਭਾਵੇਂ ਪੱਛਮੀ ਪੰਜਾਬ ਤਾਂ ਇਕ ਤਰ੍ਹਾਂ ਨਾਲ ਸਾਡੇ ਸਮੂਹਿਕ ਅਵਚੇਤਨ ਵਿਚੋਂ ਹੌਲੀ-ਹੌਲੀ ਕਿਰਦਾ ਹੀ ਜਾ ਰਿਹਾ ਹੈ। ਜਿਹੜੇ ਪੰਜਾਬੀ ਲੋਕ, ਪੱਛਮੀ ਪੰਜਾਬ ਵਿਚੋਂ ਉਗਮੇ ਅਤੇ ਵਿਗਸੇ ਸਨ, ਉਹ ਹੌਲੀ-ਹੌਲੀ ਸਾਨੂੰ ਛੱਡ ਕੇ ਵਿਦਾ ਹੋ ਗਏ ਹਨ। ਇਨ੍ਹਾਂ ਪਰਿਵਾਰਾਂ ਦੀ ਨਵੀਂ ਪੀੜ੍ਹੀ ਜੋ ਇਧਰਲੇ ਪੰਜਾਬ ਵਿਚ ਹੀ ਜੰਮੀ-ਪਲੀ ਸੀ, ਉਹ ਵੀ ਆਪਣੀਆਂ ਜੜ੍ਹਾਂ ਨੂੰ ਭੁੱਲ ਬੈਠੀ ਹੈ ਪ੍ਰੰਤੂ ਵੈਸ਼ਵਿਕ ਪੂੰਜੀਵਾਦ ਦੇ ਦਬਾਵਾਂ ਅਧੀਨ ਲੱਖਾਂ ਦੀ ਗਿਣਤੀ ਵਿਚ ਜਿਹੜੇ ਪੰਜਾਬੀ ਵਿਕਸਿਤ ਸਰਮਾਏਦਾਰੀ ਦੇਸ਼ਾਂ ਵਿਚ ਪਲਾਇਨ ਕਰ ਗਏ ਸਨ, ਓਪਰੇ ਸੱਭਿਆਚਾਰਾਂ ਅਤੇ ਅਜਨਬੀ ਸਮਾਜਿਕ ਪਰਿਵੇਸ਼ ਦੇ ਦਬਾਵਾਂ ਅਧੀਨ ਉਹ ਵੀ ਪੰਜਾਬੀਅਤ ਨੂੰ ਭੁਲਾਈ-ਵਿਸਾਰੀ ਜਾਣ ਦੀ ਪ੍ਰਕਿਰਿਆ ਵਿਚ ਫਸਦੇ ਜਾ ਰਹੇ ਹਨ। ਇਸ ਵਸਤੂ-ਸਥਿਤੀ ਨੂੰ ਮੁਖ਼ਾਤਿਬ ਹੁੰਦਾ ਹੋਇਆ ਬਰਜਿੰਦਰ ਸਿੰਘ ਪੰਜਾਬੀ ਬੋਲੀ ਦੇ ਮਾਧਿਅਮ ਦੁਆਰਾ ਪੰਜਾਬੀਅਤ ਨੂੰ ਵਿਕਸਿਤ ਅਤੇ ਪ੍ਰਫੁੱਲਿਤ ਹੁੰਦਾ ਦੇਖਣਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਬੋਲੀ ਕੇਵਲ ਆਪਣੇ ਦਿਲੀ ਭਾਵਾਂ ਨੂੰ ਹੀ ਦੂਜੇ ਤੱਕ ਪਹੁੰਚਾਉਣ ਦਾ ਮਾਧਿਅਮ ਨਹੀਂ ਹੁੰਦੀ, ਜਿਵੇਂ ਅਸੀਂ ਕਾਫ਼ੀ ਸਮੇਂ ਤੋਂ ਮੰਨਦੇ ਆ ਰਹੇ ਹਾਂ ਬਲਕਿ ਇਹ ਇਕ ਭਰਿਆ-ਪੂਰਾ ਸੰਸਾਰ ਹੁੰਦੀ ਹੈ। ਇਸ ਪ੍ਰਕਾਰ ਮਾਂ-ਬੋਲੀ ਪੰਜਾਬੀ ਦਾ ਪੰਜਾਬ ਵਿਚ ਯਥਾਯੋਗ ਸਤਿਕਾਰ ਅਤੇ ਇਸ ਪ੍ਰਤੀ ਨਿਸ਼ਠਾ ਬਰਜਿੰਦਰ ਸਿੰਘ ਦੀ ਪੰਜਾਬੀਅਤ ਦਾ ਪ੍ਰਥਮ ਪ੍ਰਮਾਣ ਜਾਂ ਨਿਸ਼ਾਨ ਹੈ।
ਬਰਜਿੰਦਰ ਸਿੰਘ ਆਪਣੀ ਪਹਿਚਾਣ (9dent}t਼) ਨੂੰ ਪੰਜਾਬੀਅਤ ਨਾਲ ਜੋੜ ਕੇ ਵੇਖਦਾ ਹੈ।
ਪੰਜਾਬੀਅਤ ਦੇ ਇਸੇ ਸਰੂਪ ਨੂੰ ਬਰਕਰਾਰ ਰੱਖਣ ਲਈ ਅਤੇ ਇਸ ਨੂੰ ਵਿਕ੍ਰਿਤ ਜਾਂ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਬਰਜਿੰਦਰ ਸਿੰਘ ਆਪਣੇ ਲੇਖਾਂ ਅਤੇ ਸੰਪਾਦਕੀ-ਟਿੱਪਣੀਆਂ ਵਿਚ ਨਿਰੰਤਰ ਸੁਝਾਉ ਦਿੰਦਾ ਰਹਿੰਦਾ ਹੈ। ਪੁਸਤਕ ਦੇ ਪ੍ਰਥਮ ਲੇਖ ਅਤੇ ਕੁਝ ਹੋਰ ਰਚਨਾਵਾਂ ਵਿਚ ਉਹ ਪਿਛਲੀ ਸਦੀ ਵਿਚ ਹੁੰਦੀ ਰਹੀ ਪੰਜਾਬ ਦੀ ਕਾਂਟ-ਛਾਂਟ ਦਾ ਜ਼ਿਕਰ ਬਹੁਤ ਪੀੜਾ ਨਾਲ ਕਰਦਾ ਹੈ। ਉਹ ਜਾਣਦਾ ਹੈ ਕਿ ਹਰ ਜੀਵੰਤ ਪ੍ਰਾਣੀ ਵਾਂਗ ਧਰਤੀ, ਆਕਾਸ਼, ਪਾਣੀ ਅਤੇ ਵਾਯੂ ਵੀ ਪ੍ਰਾਣਧਾਰੀ ਤੱਤ ਹਨ। ਜਿਵੇਂ ਜੇ ਅਸੀਂ ਕਿਸੇ ਬੰਦੇ ਨੂੰ ਕੱਟਦੇ-ਤਰਾਸ਼ਦੇ ਰਹੀਏ ਤਾਂ ਉਹ ਅਪੰਗ ਬਣ ਜਾਂਦਾ ਹੈ, ਇਸੇ ਪ੍ਰਕਾਰ ਦੇਸ਼ ਅਤੇ ਧਰਤੀ ਵੀ ਪ੍ਰਾਣਧਾਰੀ ਹੁੰਦੇ ਹਨ। ਸਾਡੇ ਕਥਿਤ ਨੇਤਾਵਾਂ ਨੂੰ ਇਸ ਸੂਖ਼ਮ ਰਮਜ਼ ਦੀ ਸਮਝ ਨਹੀਂ ਪਈ। ਪਹਿਲਾਂ ਇਨ੍ਹਾਂ ਨੇ ਪੰਜਾਬ ਦਾ ਸਭ ਤੋਂ ਖ਼ੂਬਸੂਰਤ ਅਤੇ ਖੁਸ਼ਹਾਲ ਖੇਤਰ ਪੱਛਮੀ ਭਾਗ ਦਾ ਕੱਟਿਆ-ਵੱਢਿਆ ਜਾਣਾ ਸਵੀਕਾਰ ਕਰ ਲਿਆ, ਫਿਰ ਹਰਿਆਣੇ ਅਤੇ ਹਿਮਾਚਲ ਨੂੰ ਆਪਣੇ ਨਾਲੋਂ ਵੱਖ ਕਰਨ ਲਈ ਰਜ਼ਾਮੰਦ ਹੋ ਗਏ। ਜੇ ਪੱਛਮੀ ਪੰਜਾਬ ਸਾਡਾ ਦਿਲ ਸੀ ਤਾਂ ਹਰਿਆਣਾ ਅਤੇ ਹਿਮਾਚਲ ਦੋ ਭੁਜਾਵਾਂ ਸਨ। ਇਨ੍ਹਾਂ ਨੂੰ ਕਟਵਾ ਕੇ ਅਸੀਂ ਲੁੰਜ-ਪੁੰਜ ਹੋ ਗਏ ਹਾਂ। ਜੇ ਗੁਲਾਬ ਦੀ ਜੜ੍ਹ ਹੀ ਕੱਟ ਦਿਓਗੇ ਤਾਂ ਫੁੱਲ ਕਿਵੇਂ ਲੱਗਣਗੇ, ਖ਼ੁਸ਼ਬੂ ਕਿੱਥੋਂ ਆਵੇਗੀ? ਸਾਨੂੰ ਏਨੀ ਸਿੱਧੀ ਅਤੇ ਸਪੱਸ਼ਟ ਗੱਲ ਦੀ ਵੀ ਸਮਝ ਨਹੀਂ ਆਈ। ਬਰਜਿੰਦਰ ਸਿੰਘ ਨੇ ਉਤੋੜਿਤੀ ਲਿਖੇ ਆਪਣੇ ਲੇਖਾਂ ਵਿਚ ਇਸ ਬੇਸਮਝੀ ਦਾ ਉਲੇਖ ਕੀਤਾ ਹੈ ਅਤੇ ਪੰਜਾਬੀਆਂ ਨੂੰ ਸਮਝਦਾਰ ਬਣਨ ਦੀ ਪ੍ਰੇਰਨਾ ਦਿੱਤੀ ਹੈ।
ਪੰਜਾਬ ਦੇ ਨੇਤਾਵਾਂ, ਚਿੰਤਕਾਂ ਅਤੇ ਨੌਕਰਸ਼ਾਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਕੱਟੇ-ਵੱਢੇ ਅਤੇ ਵਲੂੰਧਰੇ ਪੰਜਾਬ ਦੇ ਕਲਿਆਣ ਵਾਸਤੇ ਇਕ ਇਹੋ ਜਿਹਾ ਆਧਾਰ-ਪ੍ਰਬੰਧ ਪੈਦਾ ਕੀਤਾ ਜਾਵੇ ਜੋ ਇਸ ਨੂੰ ਸਿਹਤਯਾਬ ਅਤੇ ਰਿਸ਼ਟ-ਪੁਸ਼ਟ ਬਣਾਉਣ ਲਈ ਕਾਰਗਰ ਸਿੱਧ ਹੋਵੇ ਪਰ ਉਨ੍ਹਾਂ ਨੇ ਕੀਤਾ ਬਿਲਕੁਲ ਉਲਟ। ਉਹ ਇਸ ਦੇ ਕੁਦਰਤੀ ਅਤੇ ਮਾਨਵੀ ਸੋਮਿਆਂ ਨੂੰ ਲੁੱਟਣ-ਪੁੱਟਣ ਦੇ ਰਾਹ ਉੱਪਰ ਚੱਲ ਪਏ। ਅੱਜ ਸਥਿਤੀ ਇਹ ਹੈ ਕਿ ਪੰਜਾਬ ਆਪਣੇ ਸਰੂਪ ਦੀ ਵਜ੍ਹਾ ਨਾਲ ਵੀ ਆਤੁਰ ਹੈ ਅਤੇ ਇਸ ਦੇ ਸਹਾਇਕ ਸੋਮੇ ਵੀ ਬੇਦਮ ਕਰ ਦਿੱਤੇ ਗਏ ਹਨ। ਮੈਨੂੰ ਖ਼ੁਸ਼ੀ ਹੈ ਕਿ ਪੰਜਾਬ ਨੂੰ ਪੁਨਰ-ਸਜੀਵ ਕਰਨ ਲਈ ਸ: ਬਰਜਿੰਦਰ ਸਿੰਘ ਨੇ ਆਪਣੀ ਭੂਮਿਕਾ ਬੜੀ ਦ੍ਰਿੜ੍ਹਤਾ, ਦਲੇਰੀ ਅਤੇ ਵਚਨਬੱਧਤਾ ਨਾਲ ਨਿਭਾਈ ਹੈ।
ਪੰਜਾਬ ਦੀ ਸਿਆਸਤ ਅਤੇ ਸਿਆਸਤਦਾਨਾਂ ਦੇ ਆਚਾਰ-ਵਿਹਾਰ ਨੂੰ ਨੇੜਿਓਂ ਦੇਖਣ ਦੇ ਕਾਰਨ ਬਰਜਿੰਦਰ ਸਿੰਘ ਜਾਣ ਗਿਆ ਹੈ ਕਿ ਇਹ ਲੋਕ ਡੰਗ ਟਪਾਉਣ ਜਾਂ 'ਐਡਹਾਕਇਜ਼ਮ' ਦੀ ਨੀਤੀ ਵਿਚ ਵਿਸ਼ਵਾਸ ਕਰਦੇ ਹਨ ਕਿਉਂਕਿ ਇਹ ਨੀਤੀ ਉਨ੍ਹਾਂ ਨੂੰ ਰਾਸ ਆਉਂਦੀ ਹੈ, ਉਨ੍ਹਾਂ ਦੇ ਹਿਤਾਂ ਦੇ ਅਨੁਕੂਲ ਹੈ। ਆਮ ਜਨਤਾ ਬਹਿਕਾਵੇ ਵਿਚ ਆ ਜਾਂਦੀ ਹੈ।
ਲੇਖਕ ਪੰਜਾਬ ਨੂੰ ਮਜ਼ਬੂਤ, ਆਤਮ-ਨਿਰਭਰ ਅਤੇ ਖੁਸ਼-ਖੁਸ਼ਹਾਲ ਦੇਖਣਾ ਚਾਹੁੰਦਾ ਹੈ, ਇਸੇ ਕਾਰਨ ਨਾ ਕੇਵਲ ਉਹ ਪੰਜਾਬ ਦੀ ਹਰ ਸਮੱਸਿਆ ਦਾ ਭਰਵਾਂ ਨੋਟਿਸ ਲੈਂਦਾ ਹੈ ਬਲਕਿ ਇਸ ਦੇ ਹੱਲ ਲਈ ਕਾਰਗਰ ਸੁਝਾਓ ਵੀ ਮੁਹੱਈਆ ਕਰਵਾਉਂਦਾ ਹੈ। ਸਦੀਆਂ ਤੋਂ ਵਿਦੇਸ਼ੀ ਹਮਲਿਆਂ ਦੇ ਭੰਨੇ ਅਤੇ ਹਾਰੇ-ਹੰਭੇ ਪੰਜਾਬੀ ਕਈ ਵਾਰ ਨਿਸੱਤੇ ਹੋ ਜਾਂਦੇ ਹਨ, ਜਿਸ ਪ੍ਰਕਾਰ ਉਹ ਪਿਛਲੇ ਕੁਝ ਦਹਾਕਿਆਂ ਤੋਂ ਪਏ ਹੋਏ ਹਨ। ਨਿਸੱਤਾ ਹੋਣ ਦੀ ਸੂਰਤ ਵਿਚ ਬੰਦਾ ਨਿਰਾਸ਼ ਅਤੇ ਅਵਸਾਦਗ੍ਰਸਤ (depressed) ਹੋ ਜਾਂਦਾ ਹੈ। ਇਹੋ ਜਿਹਾ ਬੰਦਾ ਜੀਵਨ ਦੇ ਸੰਘਰਸ਼ ਤੋਂ ਉਪਰਾਮ ਹੋ ਕੇ ਇਕ ਤਰਫ਼ ਬੈਠ ਜਾਂਦਾ ਹੈ।
ਪਿਛਲੇ ਕੁਝ ਵਰ੍ਹਿਆਂ ਤੋਂ ਬਰਜਿੰਦਰ ਸਿੰਘ ਪੰਜਾਬ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਲਈ ਵਾਤਾਵਰਨਿਕ ਚੇਤਨਾ ਨੂੰ ਜਾਗ੍ਰਿਤ ਕਰਨ ਲਈ ਵੀ ਅਗ੍ਰਸਰ ਹੋਇਆ ਹੈ। ਪੂੁੰਜੀਵਾਦ, ਵਾਤਾਵਰਨ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਪੂੰਜੀਵਾਦ ਇਕੋ ਮੰਤਵ ਲਈ ਕੰਮ ਕਰ ਰਿਹਾ ਹੈ : ਲਾਭ (Prof}t) ਅਤੇ ਹੋਰ ਲਾਭ। ਪ੍ਰਾਫਿਟ ਦੀ ਪ੍ਰਾਪਤੀ ਲਈ ਉਹ ਹਰ ਕੰਮ ਕਰਨ ਲਈ ਤਤਪਰ ਰਹਿੰਦਾ ਹੈ। ਫ਼ਿਜ਼ਾਵਾਂ ਵਿਚ ਜ਼ਹਿਰੀਲੀਆਂ ਗੈਸਾਂ ਘੋਲ ਸਕਦਾ ਹੈ, ਦਰਿਆਵਾਂ ਦੇ ਪਾਣੀਆਂ ਨੂੰ ਗੰਧਲਾ ਕਰ ਸਕਦਾ ਹੈ। ਧਰਤੀ ਹੇਠਲੇ ਪਾਣੀ ਨੂੰ ਵਿਸ਼ੈਲਾ ਬਣਾ ਸਕਦਾ ਹੈ, ਧਰੁਵ ਉੱਪਰ ਜੰਮੀ ਬਰਫ਼ ਨੂੰ ਪਿਘਲਾ ਸਕਦਾ ਹੈ ਅਤੇ ਵਾਯੂਮੰਡਲ ਵਿਚ ਮਘੋਰੇ (ਛੇਕ) ਕਰ ਸਕਦਾ ਹੈ। ਪੂੰਜੀਵਾਦ ਦੀ ਇਸ ਪ੍ਰਵਿਰਤੀ ਨੇ ਪੂਰੇ ਗਲੋਬ ਨੂੰ ਅਸੁਰੱਖਿਅਤ ਬਣਾਉਣਾ ਸ਼ੁਰੂ ਕਰ ਰੱਖਿਆ ਹੈ। ਦੁਨੀਆ ਭਰ ਦੇ ਚਿੰਤਕ ਅਤੇ ਪ੍ਰਗਤੀਸ਼ੀਲ ਸੰਗਠਨ ਨਾ ਕੇਵਲ ਵਾਤਾਵਰਨਿਕ ਸ਼ੁੱਧੀ ਲਈ ਚੇਤੰਨ ਹਨ ਬਲਕਿ ਪੂੰਜੀਵਾਦੀ ਮਾਨਸਿਕਤਾ ਦਾ ਵੀ ਡਟ ਕੇ ਵਿਰੋਧ ਕਰ ਰਹੇ ਹਨ ਪਰ ਪੂੰਜੀਪਤੀਆਂ ਨੂੰ ਅਜਿਹੇ ਵਿਰੋਧ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਪੂਰੇ ਵਿਸ਼ਵ ਦੀਆਂ ਸਰਕਾਰਾਂ, ਮੀਡੀਆ ਅਤੇ ਚਿੰਤਕ ਉਨ੍ਹਾਂ ਦੀ ਜੇਬ ਵਿਚ ਹਨ। ਇਸ ਮੰਤਵ ਲਈ ਇਕ ਲੋਕ-ਲਹਿਰ ਉਸਾਰਨ ਦੀ ਜ਼ਰੂਰਤ ਹੈ। 'ਅਜੀਤ' ਨੇ ਹਰਿਆਵਲ ਲਹਿਰ ਦੀ ਮਾਅਰਫ਼ਤ ਅਜਿਹੇ ਅੰਦੋਲਨ ਦੀ ਉਸਾਰੀ ਵਿਚ ਬਣਦਾ ਯੋਗਦਾਨ ਪਾਇਆ ਵੀ ਸੀ, ਜਿਸ ਤੋਂ ਉਤਸ਼ਾਹਿਤ ਅਤੇ ਪ੍ਰੇਰਿਤ ਹੋ ਕੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਰੁੱਖਾਂ ਦਾ ਆਰੋਪਣ ਅਤੇ ਸੰਭਾਲ ਦੇ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ। ਹੁਣ 'ਅਜੀਤ' ਨੇ ਪ੍ਰਦੂਸ਼ਣ ਦੇ ਕੁਝ ਹੋਰ ਪਹਿਲੂਆਂ ਵੱਲ ਵੀ ਤਵੱਜੋ ਦਿੱਤੀ ਹੈ ਅਤੇ ਸਰਦਾਰ ਬਰਜਿੰਦਰ ਸਿੰਘ ਨਿਰੰਤਰ ਪ੍ਰਦੂਸ਼ਣ ਵਿਰੋਧੀ ਮੁਹਿੰਮ ਦੀ ਅਗਵਾਈ ਕਰਦਾ ਆ ਰਿਹਾ ਹੈ।
ਸ. ਬਰਜਿੰਦਰ ਸਿੰਘ ਦੇ ਅਨੁਭਵ, ਚਿੰਤਨ ਅਤੇ ਲੇਖਣੀ ਨਾਲ ਜੁੜੇ ਵਿਭਿੰਨ ਪਾਸਾਰਾਂ ਦੇ ਅਧਿਐਨ ਦੁਆਰਾ ਉਸ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸਮਰਪਣ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ। ਉਹ ਪੰਜਾਬੀਅਤ ਦਾ ਇਕ ਅਜਿਹਾ ਰੌਸ਼ਨ ਹਸਤਾਖ਼ਰ ਹੈ ਜੋ ਪਿਛਲੀ ਅੱਧੀ ਸਦੀ ਤੋਂ ਨਿਰੰਤਰ ਨੂਰ ਅਤੇ ਨਿੱਘ ਵੰਡ ਰਿਹਾ ਹੈ। ਕੁਝ ਰੈਡੀਕਲ ਚਿੰਤਕ ਉਸ ਪਾਸੋਂ ਵਧੇਰੇ 'ਤੱਤੇ ਅਤੇ ਤਲਖ਼' ਅੰਦਾਜ਼ ਦੀ ਵੀ ਅਕਸਰ ਮੰਗ ਕਰਦੇ ਰਹਿੰਦੇ ਹਨ ਪ੍ਰੰਤੂ ਤੱਤਾਪਣ ਜਾਂ ਤਲਖ਼ੀ ਉਸ ਦੇ ਸੁਭਾਅ ਵਿਚ ਹੀ ਨਹੀਂ ਹੈ। ਇਸ ਤੋਂ ਬਿਨਾਂ ਉਸ ਨੇ ਕਿਸੇ ਇਕ ਧਿਰ ਦਾ ਪਰਵਕਤਾ ਜਾਂ ਬੁਲਾਰਾ ਨਹੀਂ ਬਣਨਾ ਬਲਕਿ ਸਮੁੱਚੇ ਪੰਜਾਬ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੈ, ਕਿਉਂਕਿ ਉਹ 'ਪੰਜਾਬ ਦੀ ਆਵਾਜ਼' ਬਣ ਚੁੱਕਾ ਹੈ। ਖੱਬੇ ਜਾਂ ਸੱਜੇ ਪੱਖੀ ਸੋਚ ਵਾਲੇ, ਰੈਡੀਕਲ ਅਤੇ ਰਵਾਇਤੀ, ਦੇਸੀ ਅਤੇ ਵਿਦੇਸ਼ੀ, ਪੰਜਾਬੀ ਅਤੇ ਗ਼ੈਰ-ਪੰਜਾਬੀ ਆਦਿ ਸਾਰੇ ਵਰਗਾਂ ਦੇ ਲੋਕ ਉਸ ਦੀ ਗੱਲ ਸੁਣਦੇ ਹਨ, ਉਸ ਦੇ ਸੰਦੇਸ਼ ਨੂੰ ਮੰਨਦੇ ਹਨ। ਮੌਜੂਦਾ ਦੌਰ ਵਿਚ ਸ਼ਾਇਦ ਹੀ ਹੋਰ ਕੋਈ ਅਜਿਹਾ ਦਾਨਿਸ਼ਵਰ ਹੋਵੇ, ਜਿਸ ਦੀ ਗੱਲ ਪੂਰਾ ਪੰਜਾਬ ਧਿਆਨ ਨਾਲ ਸੁਣਦਾ ਹੋਵੇ। ਮੈਨੂੰ ਮਾਣ ਹੈ ਕਿ ਮੈਂ ਸਰਦਾਰ ਬਰਜਿੰਦਰ ਸਿੰਘ ਦੇ ਯੁੱਗ ਵਿਚ ਜਿਊਂਦਾ ਹਾਂ ਅਤੇ ਉਸ ਨੂੰ ਥੋੜ੍ਹਾ-ਬਹੁਤ ਜਾਣਦਾ-ਸਮਝਦਾ ਵੀ ਹਾਂ। ਥੋੜ੍ਹਾ-ਬਹੁਤ ਇਸ ਲਈ ਕਿਉਂਕਿ ਉਹ ਇਕ ਅਸਗਾਹ ਸਾਗਰ ਹੈ ਅਤੇ ਉਸ ਦੀ ਥਾਹ ਪਾ ਸਕਣਾ ਸੰਭਵ ਨਹੀਂ। ਆਓ, ਉਸ ਦੇ ਨਾਲ ਮਿਲ ਕੇ ਪੰਜਾਬ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਸੰਭਾਲੀਏ, ਇਸ ਉੱਪਰ ਪਹਿਰਾ ਦੇਈਏ।

-ਮੋ: 98760-52136

ਇਕ ਸਫ਼ਰ ਇਹ ਵੀ
(ਡਾ. ਧਰਮਪਾਲ ਸਾਹਿਲ)
ਸੰਪਾਦਕ : ਜਤਿੰਦਰ ਸਿੰਘ ਮਾਣਕੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫੇ : 267
ਸੰਪਰਕ : 98761-56964.

ਰਾਸ਼ਟਰਪਤੀ ਵਲੋਂ ਸਨਮਾਨ ਪ੍ਰਾਪਤ ਅਧਿਕਾਰੀ ਕਿੱਤੇ ਅਤੇ ਸਾਹਿਤ ਨੂੰ ਸਮਰਪਿਤ ਡਾ: ਧਰਮਪਾਲ ਸਾਹਿਲ ਕਿਸੇ ਵੀ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਅਕਸਰ ਹੀ ਉਸ ਦੁਆਰਾ ਲਿਖੀਆਂ ਸਾਹਿਤਕ ਅਤੇ ਚਲੰਤ ਮਸਲਿਆਂ ਨਾਲ ਸਬੰਧਿਤ ਰਚਨਾਵਾਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ। 'ਇਕ ਸਫ਼ਰ ਇਹ ਵੀ' ਡਾ: ਧਰਮਪਾਲ ਸਾਹਿਲ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਪੇਸ਼ ਕਰਦੀ ਪੁਸਤਕ ਹੈ ਜਿਸ ਦਾ ਸੰਪਾਦਨ ਜਤਿੰਦਰ ਸਿੰਘ ਮਾਣਕੂ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਡਾ: ਧਰਮਪਾਲ ਸਾਹਿਲ ਦੇ ਜੀਵਨ ਨੂੰ ਜੀਵਨੀ ਮੂਲਕ ਅਤੇ ਸਵੈ-ਜੀਵਨੀ ਮੂਲਕ ਦੋਵਾਂ ਹੀ ਵਿਧੀਆਂ ਨਾਲ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਸ਼ੁਰੂ ਵਿਚ ਧਰਮਪਾਲ ਸਾਹਿਲ ਹੁਰਾਂ ਦੇ ਸਾਥੀਆਂ/ਸਮਕਾਲੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਉਭਾਰਿਆ ਗਿਆ ਹੈ। ਇਸ ਤੋਂ ਬਾਅਦ ਡਾ: ਸਾਹਿਲ ਦੁਆਰਾ ਆਪਣੇ ਅਧਿਆਪਕੀ ਕਿੱਤੇ ਦੀ ਸ਼ੁਰੂਆਤ, ਇਸ ਕਿੱਤੇ ਦੌਰਾਨ ਆਈਆਂ ਦੁਸ਼ਵਾਰੀਆਂ, ਮਾਣ-ਸਨਮਾਨ ਅਤੇ ਪ੍ਰਾਪਤੀਆਂ ਦਾ ਜ਼ਿਕਰ ਬੜੇ ਭਾਵਪੂਰਤ ਤਰੀਕੇ ਨਾਲ ਵੱਖ-ਵੱਖ ਸਿਰਲੇਖਾਂ ਤਹਿਤ ਕੀਤਾ ਗਿਆ ਹੈ। ਡਾ: ਸਾਹਿਲ ਨੇ ਜ਼ਿੰਦਗੀ ਵਿਚ ਜਿਹੜੀਆਂ ਵੀ ਪ੍ਰਾਪਤੀਆਂ ਕੀਤੀਆਂ, ਉਨ੍ਹਾਂ ਵਿਚੋਂ ਉਨ੍ਹਾਂ ਦੀ ਆਪਣੇ ਕਿੱਤੇ ਅਤੇ ਸਮਾਜ ਪ੍ਰਤੀ ਸਮਰਪਣ ਭਾਵਨਾ ਝਲਕਦੀ ਹੈ। ਇਸੇ ਕਰਕੇ ਹੀ ਪੁਸਤਕ ਵਿਚ ਇਕ ਵੇਰਵਾ ਮਿਲਦਾ ਹੈ ਕਿ ਜਦੋਂ ਲੇਖਕ ਬਿਮਾਰ ਹੋ ਜਾਂਦਾ ਹੈ ਅਤੇ ਦਵਾਈਆਂ ਠੀਕ ਨਹੀਂ ਕਰਦੀਆਂ ਤਾਂ ਸਕੂਲ ਦੇ ਛੋਟੇ ਬੱਚੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਨ। ਆਪਣੇ ਹੋਣਹਾਰ ਵਿਦਿਆਰਥੀਆਂ ਦਾ ਜ਼ਿਕਰ ਵੀ ਉਨ੍ਹਾਂ ਨੇ ਪੁਸਤਕ ਵਿਚ ਉਚੇਚੇ ਰੂਪ ਵਿਚ ਕੀਤਾ ਹੈ। ਵਿਭਾਗ ਦੇ ਵੱਖ-ਵੱਖ ਅਹੁਦਿਆਂ 'ਤੇ ਕਾਰਜ ਕਰਨ, ਸਹਿ ਵਿੱਦਿਅਕ ਖੇਤਰਾਂ ਵਿਚ ਜ਼ਿੰਮੇਵਾਰੀ ਨਿਭਾਉਣ, ਪੀ.ਐਚ.ਡੀ. ਦੀ ਆਨਰੇਰੀ ਡਿਗਰੀ ਪ੍ਰਾਪਤ ਕਰਨ ਦਾ ਵੀ ਜ਼ਿਕਰ ਵੀ ਪੁਸਤਕ ਵਿਚ ਹੋਇਆ ਹੈ। ਇਹ ਪੁਸਤਕ ਡਾ: ਧਰਮਪਾਲ ਸਾਹਿਲ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਪ੍ਰੇਰਨਾਦਾਇਕ ਪੁਸਤਕ ਹੈ ਜੋ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611

ਰੂਹ ਦਾ ਦਰਪਣ
(ਖ਼ਲੀਲ ਜਿਬਰਾਨ)
ਅਨੁਵਾਦਕਾ : ਡਾ. ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 98889-24664.

ਖ਼ਲੀਲ ਜਿਬਰਾਨ ਦੀ ਪੁਸਤਕ 'ਰੂਹ ਦਾ ਦਰਪਣ' ਦਾ ਅਨੁਵਾਦ ਡਾ: ਜਗਦੀਸ਼ ਕੌਰ ਵਾਡੀਆ ਦੁਆਰਾ ਕੀਤਾ ਗਿਆ ਹੈ। ਇਸ ਮਹਾਨ ਵਿਦਵਾਨ ਸਬੰਧੀ ਇਸ ਪੁਸਤਕ ਵਿਚ ਕਾਵਿਕ ਭਾਸ਼ਾ ਦੀ ਵਰਤੋਂ ਕਰਕੇ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਉਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਜੋ ਉਸ ਦੁਆਰਾ ਖ਼ੁਦ ਨਹੀਂ ਲਿਖੀਆਂ ਗਈਆਂ। ਜਿਬਰਾਨ ਦੇ ਜਨਮ ਸਥਾਨ, ਸ਼ਖ਼ਸੀਅਤ ਅਤੇ ਫ਼ਲਸਫ਼ੇ ਬਾਰੇ ਇਸ ਪੁਸਤਕ ਵਿਚ ਵੱਖੋ-ਵੱਖਰੇ ਅਧਿਆਇ ਵਿਚੋਂ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਜਿਬਰਾਨ ਦੀ ਵਿਚਾਰਧਾਰਾ ਅਤੇ ਹੋਰ ਕਿਤਾਬਾਂ ਦੀ ਰਚਨਾ-ਪ੍ਰਕਿਰਿਆ ਬਾਰੇ ਵੀ ਇਸ ਪੁਸਤਕ ਵਿਚ ਲਿਖਿਆ ਗਿਆ ਹੈ। ਜਿਬਰਾਨ ਦੀਆਂ ਵਿਚਾਰਧਾਰਾਵਾਂ ਦੇ ਕਈ ਵਿਸਥਾਰਤ ਫ਼ਲਸਫ਼ਿਆਂ ਨੂੰ ਇਸ ਪੁਸਤਕ ਵਿਚ ਕਲਮਬੱਧ ਕੀਤਾ ਗਿਆ ਹੈ। ਜਿਬਰਾਨ ਅਨੁਸਾਰ, 'ਮਨੁੱਖ ਨੂੰ ਨਾ ਤਾਂ ਆਪਣੇ ਜਨਮ ਬਾਰੇ ਤੇ ਨਾ ਹੀ ਮੌਤ ਬਾਰੇ ਜਾਣਕਾਰੀ ਹੈ ਅਤੇ ਉਸ ਦਾ ਅੰਤਿਮ ਟਿਕਾਣਾ ਕਿੱਥੇ ਹੈ, ਬਾਰੇ ਵੀ ਪਤਾ ਨਹੀਂ। ਮਨੁੱਖ ਦੀ ਹੋਂਦ ਦਾ ਪਤਾ ਕੇਵਲ ਉਦੋਂ ਲਗਦਾ ਹੈ ਜਦੋਂ ਜਨਮ ਸਮੇਂ ਰੋਂਦਾ ਹੈ ਅਤੇ ਜਦੋਂ ਮੌਤ ਦੇ ਡਰ ਦਾ ਸਾਇਆ ਉਸ ਦੇ ਸਿਰ 'ਤੇ ਮੰਡਰਾਉਂਦਾ ਹੈ ਤਾਂ ਮਰਨ ਦਾ ਪਲ ਅੱਗੇ ਆ ਖਲੋਂਦਾ ਹੈ।'
'ਜ਼ਿੰਦਗੀ ਇਕੱਲ ਅਤੇ ਵੈਰਾਗ ਦੇ ਸਮੁੰਦਰ ਵਿਚ ਇਕ ਟਾਪੂ ਵਾਂਗ ਹੈ। ਜ਼ਿੰਦਗੀ ਇਕ ਟਾਪੂ ਹੈ, ਚਟਾਨਾਂ ਇਸ ਦੀਆਂ ਇੱਛਾਵਾਂ, ਦਰੱਖ਼ਤ ਇਸ ਦੇ ਸੁਪਨੇ ਅਤੇ ਫੁੱਲ ਇਸ ਦੀ ਇਕੱਲ ਅਤੇ ਇਹ ਇਕਾਂਤ ਦੇ ਵੈਰਾਗ ਦੇ ਸਮੁੰਦਰ ਦੇ ਵਿਚਕਾਰ ਹੈ।'
'ਪਤਝੜ- ਜਿਵੇਂ ਆਤਮਾ ਯੁਗਾਂ ਦੇ ਗਿਆਨ ਨੂੰ ਆਦਿ ਜੁਗਾਦਿ ਦੇ ਭਾਂਡਿਆਂ ਵਿਚ ਰੱਖਦੀ ਹੈ। ਆਪਾਂ ਆਪਣੇ ਘਰ ਨੂੰ ਵਾਪਸ ਚੱਲੀਏ ਕਿਉਂਕਿ ਹਵਾ ਨੇ ਪੀਲੇ ਪੱਤਿਆਂ ਨੂੰ ਝਾੜ ਦਿੱਤਾ ਹੈ ਅਤੇ ਢਕ ਲਿਆ ਹੈ ਮੁਰਝਾਏ ਹੋਏ ਫੁੱਲਾਂ ਨੂੰ ਹੁਲਾਲ ਨੇ ਚੁੱਪਚਾਪ ਮਰਸੀਆ ਸੁਣਾਉਂਦੇ ਹਨ।'
'ਮੌਤ ਦਾ ਸੁਹੱਪਣ-ਮੈਂ ਇਕ ਪਹਾੜੀ ਦੀ ਚੋਟੀ ਪਾਰ ਕਰ ਚੁੱਕਾ ਹਾਂ ਅਤੇ ਮੇਰੀ ਰੂਹ ਸੰਪੂਰਨ ਤੇ ਅਸੀਮ ਮੁਕਤੀ ਦੇ ਅੰਬਰਾਂ ਵਿਚ ਉੱਡ ਰਹੀ ਹੈ, ਮੈਂ ਦੂਰ ਹਾਂ ਬਹੁਤ ਦੂਰ ਮੇਰੇ ਸਾਥੀਓ! ਅਤੇ ਬੱਦਲ ਪਹਾੜੀਆਂ ਨੂੰ ਕੈਰੀਆਂ ਅੱਖਾਂ ਨਾਲ ਲੁਕੋ ਰਹੇ ਨੇ।'

ਡਾ. ਸੰਦੀਪ ਰਾਣਾ
ਮੋ: 98728-87551

04-04-2021

ਚੋਣਵੀਂ ਅੰਤਰਰਾਸ਼ਟਰੀ ਪੰਜਾਬੀ ਗ਼ਜ਼ਲ
ਸੰ: ਆਤਮਾ ਰਾਮ ਰੰਜਨ, ਕੁਲਦੀਪ ਸਿੰਘ ਬੰਗੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 232
ਸੰਪਰਕ : 94787-02793.


ਪੰਜਾਬੀ ਵਿਚ 52 ਦਾ ਅੰਕੜਾ ਮਿੱਥ ਬਣ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ 52, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ 'ਚੋਂ ਮੁਕਤ ਕਰਵਾਇਆ। ਵਿਸ਼ਵ ਪ੍ਰਸਿੱਧ ਖੇਡ ਤਾਸ਼ ਦੇ ਵੀ 52 ਪੱਤੇ ਹੁੰਦੇ ਹਨ। ਸ਼ਾਇਦ ਇਸੇ ਮਿੱਥ ਤੋਂ ਸੇਧ ਪ੍ਰਾਪਤ ਕਰਦਿਆਂ 'ਸਾਂਝਾਂ ਪਿਆਰ ਦੀਆਂ' ਅਦਾਰੇ ਦੇ ਸੰਚਾਲਕਾਂ (ਸ: ਜਸਪਾਲ ਸਿੰਘ ਸੂਸ, ਆਤਮਾ ਰਾਮ ਰੰਜਨ, ਕੁਲਦੀਪ ਸਿੰਘ ਬੰਗੀ) ਦੀ ਤ੍ਰਿਵੈਣੀ ਨੇ 52 ਚੜ੍ਹਦੇ-ਲਹਿੰਦੇ ਪੰਜਾਬ ਦੇ ਦੇਸ਼-ਪ੍ਰਦੇਸ਼ਾਂ ਵਿਚ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਛਾਪਣ ਦਾ ਸ਼ਲਾਘਾਯੋਗ ਉੱਦਮ ਕੀਤਾ। ਸੰਪਾਦਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਨਿਰਪੱਖ ਦ੍ਰਿਸ਼ਟੀ ਨਾਲ ਗ਼ਜ਼ਲਕਾਰਾਂ ਅਤੇ ਉਨ੍ਹਾਂ ਦੀਆਂ ਚੋਣਵੀਆਂ ਗ਼ਜ਼ਲਾਂ ਦੀ ਚੋਣ ਕੀਤੀ ਹੈ। ਹਰ ਇਕ ਕਵੀ ਦੀਆਂ 4 ਗ਼ਜ਼ਲਾਂ ਚੁਣੀਆਂ ਗਈਆਂ ਹਨ। ਇੰਜ ਇਸ ਸੰਗ੍ਰਹਿ ਵਿਚ ਕੁੱਲ 208 ਗ਼ਜ਼ਲਾਂ ਸੰਕਲਿਤ ਕੀਤੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਮਤਲਿਆਂ ਤੋਂ ਲੈ ਕੇ ਮਕਤਿਆਂ ਤੱਕ ਗ਼ਜ਼ਲ ਵਿਧਾ ਦੀਆਂ ਬੰਦਸ਼ਾਂ ਨੂੰ ਬਹਿਰ ਵਜ਼ਨ ਸਮੇਤ ਬਾਖੂਬੀ ਨਿਭਾਇਆ ਗਿਆ ਹੈ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਅਨੰਦ ਪਾਠਕ ਇੰਜ ਮਾਣ ਸਕਦਾ ਹੈ :
ਇਹ ਸਹਿਜੇ ਸਹਿਜ ਸਿੱਧੀ ਦਿਲ 'ਚ ਉਤਰੇਗੀ ਤੇਰੇ,
ਗ਼ਜ਼ਲ ਦੀ ਦੇਖ ਪੜ੍ਹ ਕੇ ਹਰ ਸਤਰ ਹੌਲੀ ਹੌਲੀ। ਪੰ. 201
ਸਾਰੀਆਂ ਗ਼ਜ਼ਲਾਂ ਦੇ ਮਿਸਰੇ ਤਣਾਅ ਵਿਚੋਂ ਜਨਮ ਲੈਂਦੇ ਹਨ। ਜੇ ਪਹਿਲਾ ਮਿਸਰਾ ਕਾਰਨ (ਕੌਜ਼) ਹੈ ਤਾਂ ਦੂਜਾ ਮਿਸਰਾ ਪ੍ਰਭਾਵ (ਇਫੈਕਟ) ਸਿਰਜਦਾ ਹੈ। ਕਾਰਨ ਤੇ ਪ੍ਰਭਾਵ ਦੀ ਉਦਾਹਰਨ ਵੇਖੋ :
ਆਪਣੀ ਧੀ ਦਾ ਪ੍ਰੇਮ ਪੱਤਰ ਆ ਗਿਆ ਹੱਥ ਉਸ ਦੇ,
ਆਧੁਨਿਕਤਾ ਦੀ ਖ਼ੁਮਾਰੀ ਪਲ 'ਚ ਉਤਰ ਗਈ। ਪੰ. 13
ਪ੍ਰਭਾਵ ਪਹਿਲਾਂ ਵੀ ਆ ਸਕਦਾ ਹੈ ਅਤੇ ਕਾਰਨ ਬਾਅਦ ਵਿਚ:
ਹੁਣ ਮਹਿਲਾਂ ਦੇ ਨਾਸੀਂ ਧੂੰਆਂ ਆਏਗਾ,
ਢਾਰੇ ਰਲ ਕੇ ਐਸੀ ਅਗਨ ਧੁਖਾਵਾਂਗੇ। ਪੰ. 50
ਕਈ ਕਵੀਆਂ ਦੀ ਨਜ਼ਮੀਅਤ ਰੰਗ ਵਿਚ ਅਤਿ ਦੀ ਸਾਦਗੀ, ਸਪੱਸ਼ਟਤਾ, ਰਵਾਨਗੀ, ਖੁਸ਼ਬਿਆਨੀ ਏਦਾਂ ਝਲਕਾਰੇ ਮਾਰਦੀ ਹੈ ਕਿ ਸਾਧਾਰਨ ਪਾਠਕ ਵੀ ਸਮਝ ਕੇ ਪ੍ਰਸੰਨ ਹੋ ਜਾਂਦਾ ਹੈ :
* ਇਨ੍ਹਾਂ ਰਹਿਨੁਮਾਵਾਂ ਤੋਂ ਆਸ ਕੀ,
ਬਿਨਾਂ ਲਾਰਿਆਂ ਇਨ੍ਹਾਂ ਪਾਸ ਕੀ,
ਨਾ ਇਨ੍ਹਾਂ ਦਾ ਕੋਈ ਅਸੂਲ ਹੈ,
ਨਾ ਇਨ੍ਹਾਂ ਦੀ ਕੋਈ ਜ਼ਮੀਰ ਹੈ। ਪੰ. 74
* ਵਤਨ ਤੋਂ ਹੋ ਗਏ ਕੁਰਬਾਨ ਜਿਸ ਦੀ ਕੁੱਖ ਦੇ ਜਾਏ,
ਬੁਢਾਪਾ ਪੈਂਸ਼ਨਾਂ ਖ਼ਾਤਰ ਰੁਲੇ ਮਾਂ ਦਫ਼ਤਰਾਂ ਅੰਦਰ। ਪੰ. 95
ਯਮਕ ਅਲੰਕਾਰ ਦੁਆਰਾ ਸ਼ਬਦ-ਕਲੋਲ ਵੇਖੋ :
* ਚਾਰ ਦਿਨਾਂ ਦੀ ਚਾਂਦਨੀ, ਗਈ ਅਸਾਂ ਨੂੰ ਚਾਰ,
ਚਾਰ ਚੁਫੇਰੇ ਵੇਖੀਏ, ਹੋਣ ਜੇ ਅੱਖਾਂ ਚਾਰ। ਪੰ. 18
ਗੁੰਝਲਦਾਰ ਸ਼ਿਅਰਾਂ ਵਿਚ ਸ਼ਬਦ ਢਕੇ ਰਹਿ ਜਾਂਦੇ ਹਨ। ਅਰਥ ਨੰਗੇ ਹੋ ਜਾਂਦੇ ਨੇ। ਇਨ੍ਹਾਂ ਵਿਚ ਰਮਜ਼ਾਂ, ਇਸ਼ਾਰਿਆਂ, ਸੰਕੇਤਾਂ, ਪੁਰਖਲੂਸ ਪ੍ਰਭਾਵਸ਼ਾਲੀ ਤਗੱਜ਼ਲ, ਸਦੀਵੀਅਤ, ਮੌਲਿਕਤਾ ਅਤੇ ਸੱਜਰੇ ਅਲੰਕਾਰਾਂ, ਬਿੰਬਾਂ ਦਾ ਰੰਗ ਵੇਖਿਆ ਜਾ ਸਕਦਾ ਹੈ :
* ਅੱਖ ਦਾ ਪਾਣੀ, ਦਿਲ ਦੀ ਬਸਤੀ,
ਜੀਭਾ ਦਾ ਰਸ, ਪਿਆਰ ਮੁਹੱਬਤ,
ਮੈਂ ਤਾਂ ਅੱਜ ਤੱਕ ਵੇਖੇ ਨੇ ਬਈ,
ਏਹੀ ਨੇ ਕੁੱਲ ਚਾਰ ਸਮੁੰਦਰ। ਪੰ. 30
* ਦਫ਼ਨ ਇਕ ਵਿਚ ਹੈ ਮਿੱਟੀ ਤੇ ਇਕ ਵਿਚ ਖ਼ਾਬ ਮਿੱਟੀ ਦੇ,
ਤਦੇ ਰੁਤਬਾ ਉਚੇਰਾ ਹੈ ਇਹ ਕਬਰਾਂ ਤੇ ਕਿਤਾਬਾਂ ਦਾ। ਪੰ. 92
* ਸਾਨੂੰ ਜੀਵਨ ਦੇਣ ਲਈ ਇਕ ਬਲਦਾ ਅੱਗ ਦਾ ਗੋਲਾ,
ਅੰਬਾਰ ਦੇ ਗਮਲੇ ਵਿਚ ਸੂਰਜ, ਕਿੱਦਾਂ ਉਸ ਨੇ ਧਰਿਆ। ਪੰ. 199
ਸਾਰੀਆਂ ਗ਼ਜ਼ਲਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿਉਂਕਿ ਇਹ 'ਆਦਤ' 'ਚੋਂ ਹੋਂਦ ਗ੍ਰਹਿਣ ਕਰਦੀਆਂ ਹਨ, 'ਆਵੁਰਦ' ਘੱਟ ਹੀ ਵਿਖਾਈ ਦਿੰਦਾ ਹੈ। ਹੇਠ ਦਿੱਤਾ ਸ਼ਿਅਰ ਸਾਰੇ ਗ਼ਜ਼ਲ ਸੰਗ੍ਰਹਿ ਦੀ ਸਚਾਈ ਪੇਸ਼ ਕਰਦਾ ਹੈ :
* ਅਸੀਂ ਆਸ਼ਕ ਸ਼ਾਇਰ ਜਮਾਂਦਰੂ ਸਾਡੀ ਕਵਿਤਾ ਨੂੰ ਨਾ ਤੋਲ,
ਜਿਉਂ ਫੁੱਲ 'ਚੋਂ ਨਿਕਲਣ ਪੱਤੀਆਂ ਇੰਜ ਨਿਕਲਣ ਸਾਡੇ ਬੋਲ।
ਪੰ. 70


-ਡਾ: ਧਰਮ ਚੰਦ ਵਾਤਿਸ਼
E.mail : vatish.dharamchand@gmail.com


ਜੀਵਨ ਬੂਟੀ
ਕਵੀ : ਐਸ. ਖੁਸ਼ਹਾਲ ਗਲੋਟੀ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 104
ਸੰਪਰਕ : 98140-87063.


'ਜੀਵਨ ਬੂਟੀ' ਕਾਵਿ ਸੰਗ੍ਰਹਿ ਕਵੀ ਐਸ. ਖੁਸ਼ਹਾਲ ਗਲੋਟੀ ਦੀ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ 'ਪਲੇਠੀ ਧੀ' ਅਤੇ 'ਕਸਤੂਰੀ' ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਸੰਗ੍ਰਹਿ ਦੀਆਂ ਜ਼ਿਆਦਾਤਰ ਕਾਵਿ ਰਚਨਾਵਾਂ ਨੂੰ ਕਵੀ ਨੇ ਭਾਵੇਂ ਕੁਝ ਹੀ ਸਤਰਾਂ 'ਚ ਸਮੇਟਿਆ ਹੈ ਪ੍ਰੰਤੂ ਭਾਵਪੂਰਤ ਹੋਣ ਕਰਕੇ ਇਹ ਰਚਨਾਵਾਂ ਪਾਠਕ ਨੂੰ ਖਿੱਚਦੀਆਂ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਜ਼ਿੰਦਗੀ ਦੇ ਤਜਰਬੇ, ਤਲਖ਼ ਸਚਾਈਆਂ ਦੇ ਝਲਕਾਰੇ ਪੈਂਦੇ ਹਨ। ਕਵੀ ਮਨੁੱਖ ਨੂੰ ਆਲਸ ਅਤੇ ਨਿਖੱਟੂਪੁਣਾ ਤਿਆਗਣ, ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਹੱਥੀਂ ਕਿਰਤ ਕਰਨ ਲਈ ਪ੍ਰੇਰਦਾ ਹੈ। ਉਹ ਦੇਸ਼ ਦੇ ਅੰਨਦਾਤੇ ਕਿਸਾਨ ਦੀ ਦਿਨੋ-ਦਿਨ ਕਮਜ਼ੋਰ ਹੋ ਰਹੀ ਆਰਥਿਕ ਹਾਲਤ ਤੋਂ ਡਾਢਾ ਚਿੰਤਾਵਾਨ ਹੈ। ਕਵੀ ਅਨੁਸਾਰ ਪਰਮਾਤਮਾ ਨੇ ਨਹੀਂ ਸਗੋਂ ਮਨੁੱਖ ਨੇ ਹੀ ਜਾਤਾਂ-ਪਾਤਾਂ, ਧਰਮਾਂ ਦੀਆਂ ਵੰਡੀਆਂ ਪਾਈਆਂ ਹਨ, ਹਵਾ-ਪਾਣੀ ਨੂੰ ਪਲੀਤ ਕਰਨ ਵਾਲਾ ਵੀ ਮਨੁੱਖ ਹੀ ਹੈ :
ਜੇ ਜਾਤਾਂ ਦੀਆਂ ਪਾਈਆਂ ਵੰਡੀਆਂ
ਪਾਤਾਂ ਨੇ ਬਣਾਈਆਂ ਡੰਡੀਆਂ,
ਰੱਬ ਨੇ ਨਹੀਂ ਮਨੁੱਖਾਂ ਨੇ।
ਕਵੀ ਅਨੁਸਾਰ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੇ ਹਾਂ ਜੋ ਕਿ ਬੇਹੱਦ ਘਾਤਕ ਹੈ। ਮਨੁੱਖ ਦਾ ਸੱਚ ਕਹਿਣ ਤੋਂ ਮੁਨਕਰ ਹੋਣਾ ਉਸ ਦਾ ਹਿਰਦਾ ਵਲੂੰਧਰਦਾ ਹੈ। ਮਨੁੱਖੀ ਜ਼ਿੰਦਗੀ ਨੂੰ ਤਿੰਨ ਪੜਾਵਾਂ 'ਚ ਵੰਡਦਾ ਕਵੀ ਇਸ ਨੂੰ ਦੁੱਖਾਂ-ਸੁੱਖਾਂ, ਚਾਵਾਂ ਦਾ ਸੰਗਮ ਆਖਦਾ ਹੈ :
ਬਚਪਨ, ਜੋਬਨ ਤੇ ਬੁਢਾਪਾ
ਇਸ ਜ਼ਿੰਦਗੀ ਦੇ ਤਿੰਨ ਪੜਾਅ।
ਹਰ ਪੜਾਅ ਵਿਚ ਮਿਲਦੇ ਸਾਨੂੰ
ਦੁੱਖ, ਸੁੱਖ, ਇਨਕਲਾਪਾ, ਚਾਅ।
ਕਾਵਿ ਰਚਨਾਵਾਂ ਭਾਵੇਂ ਛੰਦ ਜਾਂ ਬਹਿਰ ਪੱਖੋਂ ਕਈ ਥਾਈਂ ਡਗਮਗਾਉਂਦੀਆਂ ਜਾਪਦੀਆਂ ਹਨ ਪ੍ਰੰਤੂ ਇਨ੍ਹਾਂ ਸੰਖੇਪ ਕਾਵਿ ਟੋਟਿਆਂ ਰਾਹੀਂ ਕਵੀ ਨੇ ਜ਼ਿੰਦਗੀ ਦੀਆਂ ਸਚਾਈਆਂ ਨੂੰ ਬਾਖੂਬੀ ਪੇਸ਼ ਕੀਤਾ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625.


ਉਰਫ ਰੋਸ਼ੀ ਜਲਾਦ

ਲੇਖਕ : ਜਸਵੀਰ ਸਿਂਘ ਰਾਣਾ
ਪ੍ਰਕਾਸ਼ਕ : ਔਟਮ ਆਰਟ ਪਟਿਆਲਾ
ਮੁੱਲ : 175 ਰੁਪਏ, ਸਫ਼ੇ : 95
ਸੰਪਰਕ : 98156-59220.


ਪੁਸਤਕ ਲੇਖਕ ਜਸਵੀਰ ਸਿੰਘ ਰਾਣਾ ਸਥਾਪਤ ਕਹਾਣੀਕਾਰ ਹੈ। ਉਸ ਦੀ ਇਹ ਚੌਥੀ ਕਥਾ ਪੁਸਤਕ ਹੈ । ਕਹਾਣੀ ਪੁਸਤਕ ਵਿਚ ਪੰਜ ਕਹਾਣੀਆਂ ਹਨ। ਇਸ ਤੋਂ ਪਹਿਲਾਂ ਲੇਖਕ ਦੀਆਂ ਸੱਤ ਕਿਤਾਬਾਂ ਛਪ ਚੁੱਕੀਆਂ ਹਨ। ਉਸ ਦਾ ਨਾਵਲ 'ਇਥੋਂ ਰੇਗਿਸਤਾਨ ਦਿਸਦਾ ਹੈ' ਚਰਚਿਤ ਰਿਹਾ ਹੈ। ਕੁਝ ਕਹਾਣੀਆਂ ਯੂਨੀਵਰਸਿਟੀ ਪਾਠਕ੍ਰਮ ਵਿਚ ਵੀ ਪੜ੍ਹਾਈਆਂ ਜਾ ਰਹੀਆਂ ਹਨ। ਲੇਖਕ ਨੂੰ ਬਿਹਤਰ ਕਹਾਣੀਆਂ ਲਈ ਕਈ ਨਾਮਵਰ ਪੁਰਸਕਾਰ ਤੇ ਸਨਮਾਨ ਮਿਲ ਚੁੱਕੇ ਹਨ। ਇਸ ਪੁਸਤਕ ਬਾਰੇ ਆਲੋਚਕ ਡਾ: ਬਲਦੇਵ ਸਿੰਘ ਧਾਲੀਵਾਲ ਦਾ ਕਥਨ ਹੈ ਕਿ ਕਥਾਕਾਰ ਰਾਣਾ ਸਹਿਜ ਸੁਭਾਅ ਪ੍ਰਾਪਤ ਅਨੁਭਵਾਂ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਨਵੇਂ ਕਥਾ ਵਸਤੂ ਦੀ ਤਲਾਸ਼ ਕਰਦਾ ਹੈ। ਡਾ: ਵਨੀਤਾ ਤੇ ਡਾ: ਗੁਰਮੀਤ ਕੌਰ ਨੇ ਵੀ ਇਸ ਕਿਸਮ ਦੇ ਵਿਚਾਰ ਲਿਖੇ ਹਨ। ਉਸ ਦੀ ਕਹਾਣੀ ਨਵੀਨ ਕਥਾ ਸ਼ੈਲੀਆਂ ਤੇ ਵਿਸ਼ਿਆਂ ਵਾਲੀ ਹੈ। ਇਸ ਪ੍ਰਸੰਗ ਵਿਚ ਜਦੋਂ ਪੁਸਤਕ ਦਾ ਪਾਠ ਕਰਦੇ ਹਾਂ ਤਾਂ 'ਖੌਫ਼ 84' ਕਹਾਣੀ ਪੜ੍ਹ ਕੇ ਪੰਜਾਬ ਦੇ ਕਾਲੇ ਦਿਨਾਂ ਦਾ ਪੂਰਾ ਨਕਸ਼ਾ ਸਾਹਮਣੇ ਆ ਜਾਂਦਾ ਹੈ। ਲੇਖਕ ਉਸ ਸਮੇਂ ਜਵਾਨੀ ਦੇ ਦਿਨਾਂ ਵਿਚ ਸੀ। ਪਰ ਕਹਾਣੀ ਦੇ ਦ੍ਰਿਸ਼ ਪਾਠਕ ਦੇ ਸਾਹਮਣੇ ਖੂਨੀ ਵਰਤਾਰੇ ਦੇ ਛੱਤੀ ਸਾਲ ਪਿੱਛੋਂ ਇਸ ਕਦਰ ਸਾਕਾਰ ਹੁੰਦੇ ਹਨ ਕਿ ਜਿਵੇਂ ਕੱਲ੍ਹ ਦੀ ਗੱਲ ਹੋਵੇ। 'ਜਦੋਂ ਦਰੱਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ' ਜਿਹੇ ਵਾਕ ਤੇ ਹੋਰ ਕਈ ਉਦਾਸੇ ਤੇ ਦੁਖੀ ਮਾਨਸਿਕਤਾ ਵਾਲੀਆਂ ਸਤਰਾਂ ਕਹਾਣੀਕਾਰ ਦੀ ਸ਼ੈਲੀ ਨੂੰ ਰੂਪਮਾਨ ਕਰਦੀਆਂ ਹਨ। ਇਸ ਦਿਸ਼ਾ ਤੋਂ ਕਥਾ ਸੰਗ੍ਰਹਿ ਇਤਿਹਾਸ ਦਾ ਅੰਗ ਬਣ ਜਾਂਦਾ ਹੈ। ਇਕ ਪਾਤਰ ਦੇ ਬੋਲ ਹਨ ....'ਮੈਨੂੰ ਕੀ ਪਤਾ ਸੀ ਕਿ ਇਕ ਦਿਨ ਮੇਰੇ ਦੇਸ਼ ਵਾਸੀ ਹੀ ਮੇਰੇ ਦੁਸ਼ਮਣ ਬਣ ਜਾਣਗੇ' ਤੇ ਹੋਰ ਸਭ ਕੁਝ ਲੂੰਅ ਕੰਡੇ ਖੜ੍ਹੇ ਕਰ ਜਾਂਦਾ ਹੈ। 'ਜਦੋਂ ਸ਼ੀਸ਼ੇ ਝੂਠ ਬੋਲਦੇ ਨੇ' ਲੰਮੀ ਕਹਾਣੀ ਨੂੰ ਟੁਕੜਿਆਂ ਵਿਚ ਪੇਸ਼ ਕਰਨ ਦੀ ਨਵੀਂ ਜੁਗਤ ਹੈ। ਕਿੰਨਰਾਂ ਦੀ ਜ਼ਿੰਦਗੀ ਦੀ ਤਸਵੀਰ ਹੈ। 'ਇਕ ਛੋਟੀ ਜਿਹੀ ਬੇਵਫਾਈ' ਦਾ ਕਥਾਨਕ ਖੋਜ ਤੱਕ ਦੀ ਸਿੱਖਿਆ ਹਾਸਲ ਕਰਨ ਵਾਲੀ ਕੁੜੀ ਵਲੋਂ ਹਾਣ ਦਾ ਵਰ ਤਲਾਸ਼ ਕਰਨ ਦੀ ਗਾਥਾ ਹੈ। ਸਿਰਲੇਖ ਵਾਲੀ ਕਹਾਣੀ ਦਾ ਰੌਸ਼ੀ ਜਲਾਦ ਆਪਣੀ ਗਾਥਾਂ ਦੇ ਨਾਲ ਕਈ ਫਾਂਸੀਆਂ ਦਾ ਜ਼ਿਕਰ ਕਰਦਾ ਹੈ। ਕਹਾਣੀ ਦੇ ਪਾਤਰ ਇਤਿਹਾਸਕ ਹਨ ਤੇ ਜ਼ਿੰਦਗੀ ਨਾਲ ਜੂਝਣ ਵਾਲੇ ਵੀ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਬਦਲੋ ਤੇ ਬਦਲਦੇ ਰਹੋ ਤੇ ਹੋਰ ਨਿਬੰਧ
ਲੇਖਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 84378-73565.


ਡਾ: ਅਮਰ ਕੋਮਲ ਨਿਰੰਤਰ ਪੜ੍ਹਨ-ਲਿਖਣ ਵਾਲਾ ਅਤੇ ਲੰਮੇਰੇ ਜੀਵਨ ਅਨੁਭਵ ਵਾਲਾ ਵਿਅਕਤੀ ਹੈ। ਉਸ ਦੇ ਲਿਖੇ ਲੇਖ ਅਤੇ ਨਿਬੰਧ ਅਕਸਰ ਹੀ ਅਖ਼ਬਾਰਾਂ, ਮੈਗਜ਼ੀਨਾਂ ਜਾਂ ਪੁਸਤਕ ਰੂਪ ਵਿਚ ਪੜ੍ਹਨ ਨੂੰ ਮਿਲਦੇ ਹਨ। ਜਿਸ ਵਿਅਕਤੀ ਕੋਲ ਜੀਵਨ ਦਾ ਲੰਮਾ ਤਜਰਬਾ ਹੋਵੇ ਅਤੇ ਪੜ੍ਹਨ-ਲਿਖਣ ਦਾ ਅਭਿਆਸ ਹੋਵੇ, ਉਸ ਦੀਆਂ ਗੱਲਾਂ ਸੁਣਨ ਅਤੇ ਉਸ ਦੀਆਂ ਲਿਖਤਾਂ ਪੜ੍ਹਨ ਦਾ ਵੀ ਆਪਣਾ ਅਨੰਦ ਹੁੰਦਾ ਹੈ। 'ਬਦਲੋ ਤੇ ਬਦਲਦੇ ਰਹੋ ਤੇ ਹੋਰ ਨਿਬੰਧ' ਡਾ: ਅਮਰ ਕੋਮਲ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਦੇ 23 ਨਿਬੰਧ, ਜੀਵਨ ਬਿਊਰਾ ਅਤੇ ਪ੍ਰਕਾਸ਼ਨਾ ਦੀ ਇਕ ਲੰਮੀ ਸੂਚੀ ਦਰਜ ਕੀਤੀ ਗਈ ਹੈ। ਡਾ: ਅਮਰ ਕੋਮਲ ਦੀ ਹਥਲੀ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿਸੇ ਸਾਧਾਰਨ ਸਿਰਲੇਖ ਨੂੰ ਪੜ੍ਹਨ ਤੋਂ ਬਾਅਦ ਇਸ ਦੇ ਗੂੜ੍ਹ ਦਾਰਸ਼ਨਿਕ ਅਰਥਾਂ ਵਿਚ ਉਤਰਦਾ ਤੁਰਿਆ ਜਾਂਦਾ ਹੈ।
ਇਨ੍ਹਾਂ ਨਿਬੰਧਾਂ ਵਿਚ ਲੇਖਕ ਆਪਣੇ ਵਿਚਾਰਾਂ ਨਾਲ ਤਹਿ-ਦਰ-ਤਹਿ ਫਰੋਲਦਾ ਹੈ। ਮਿਸਾਲ ਵਜੋਂ ਉਸ ਦੇ ਨਿਬੰਧ ਤਨ-ਮਨ, ਹੱਥ-ਪੈਰ, ਦਿਲ-ਦਿਮਾਗ, ਪੁੰਨ-ਪਾਪ, ਸੋਚ-ਸਮਝ, ਆਤਮ-ਪਰਮਾਤਮ, ਸੁੱਖ-ਦੁੱਖ ਅਤੇ ਹੋਰ ਵੀ ਕਿੰਨੇ ਹੀ ਪੜ੍ਹਦਿਆਂ ਪਾਠਕ ਦਿਲਾਂ ਦੀ ਤਹਿ ਥੱਲੇ ਛੁਪੇ ਅਰਥਾਂ ਦੇ ਰਹੱਸ ਮਾਣਦਾ ਹੈ। ਡਾ: ਅਮਰ ਕੋਮਲ ਬੜੇ ਸਹਿਜ ਨਾਲ ਆਪਣੀ ਗੱਲ ਸ਼ੁਰੂ ਕਰਦਾ ਹੈ। ਜਿਹੜੇ ਦੋ ਜੁੱਟ ਉਸ ਨੇ ਨਿਬੰਧ ਵਿਚ ਪੇਸ਼ ਕਰਨੇ ਹਨ, ਦੋਵਾਂ ਬਾਰੇ ਹੀ ਆਪਣੇ ਵਿਚਾਰ ਲਿਖਦਾ ਨਹੀਂ ਸਗੋਂ ਚਿਣਦਾ ਹੈ। ਉਹ ਇਨ੍ਹਾਂ ਨਿਬੰਧਾਂ ਵਿਚ ਸਰੀਰਕ ਅਤੇ ਮਾਨਸਿਕ ਅਰਥਾਂ ਦੀ ਸੋਝੀ ਬੜੇ ਸਹਿਜ ਨਾਲ ਹੀ ਕਰਵਾ ਜਾਂਦਾ ਹੈ। ਕਈ ਵਾਰੀ ਤਾਂ ਕਿਸੇ ਸ਼ਬਦ ਦੇ ਅਰਥ ਇਸ ਤਰ੍ਹਾਂ ਲੇਖਕ ਦੁਆਰਾ ਸਮਝਾਏ ਜਾਂਦੇ ਹਨ ਜਿਵੇਂ ਪਾਠਕ ਕੋਈ ਡਿਕਸ਼ਨਰੀ ਜਾਂ ਕੋਸ਼ ਪੜ੍ਹ ਰਿਹਾ ਹੋਵੇ। ਇਹ ਹੀ ਸ਼ਬਦ ਦੇ ਬਹੁਤ ਸਾਰੇ ਅਰਥ ਅਮਰ ਕੋਮਲ ਦੇ ਨਿਬੰਧਾਂ ਵਿਚੋਂ ਪੜ੍ਹਨ ਨੂੰ ਮਿਲਦੇ ਹਨ ਜੋ ਪਾਠਕ ਲਈ ਵਿਸ਼ੇਸ਼ ਜਾਣਕਾਰੀ ਦੇ ਲਿਖਾਇਕ ਬਣਦੇ ਹਨ। ਉਦਾਹਰਨ ਵਜੋਂ ਅਰਥ-ਅਨਰਥ ਵਾਲਾ ਨਿਬੰਧ ਦੇਖਿਆ ਜਾ ਸਕਦਾ ਹੈ। ਲੇਖਾਂ ਵਿਚ ਗਹਿਰ-ਗੰਭੀਰਤਾ ਪਾਠਕਾਂ ਲਈ ਦਿਲਚਸਪੀ ਅਤੇ ਜਾਣਕਾਰੀ ਦਾ ਖਜ਼ਾਨਾ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਚਿੜੀਆਂ ਦਾ ਚੰਬਾ

ਸੰਗ੍ਰਹਿ ਕਰਤਾ : ਗੁਰਮੀਤ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 286
ਸੰਪਰਕ : 98785-98205.


ਹਥਲੇ ਲੋਕ ਗੀਤ ਸੰਗ੍ਰਹਿ ਵਿਚ ਸੰਗ੍ਰਹਿ ਕਰਤਾ ਨੇ ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਵਿਚ ਪ੍ਰਚੱਲਿਤ ਲੋਕ ਗੀਤਾਂ ਨੂੰ ਖੇਤਰੀ ਖੋਜ ਅਤੇ ਦਸਤਾਵੇਜ਼ੀ ਪ੍ਰਾਪਤ ਸਮੱਗਰੀ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਲੋਕ ਗੀਤ ਮਾਝੇ, ਮਾਲਵੇ ਅਤੇ ਦੁਆਬੇ ਦੀ ਪੰਜਾਬੀ ਜੀਵਨ ਸ਼ੈਲੀ ਨੂੰ ਪ੍ਰਗਟ ਕਰਦੇ ਹਨ। ਸਭ ਤੋਂ ਪਹਿਲਾਂ ਗੁਰਮੀਤ ਕੌਰ ਨੇ ਬਿਰਹਾ ਦੇ ਗੀਤ ਅੰਕਿਤ ਕੀਤੇ ਹਨ। ਇਹ ਬਿਰਹਾ ਪਤੀ ਦੇ ਦੂਰ-ਦੁਰੇਡੇ ਖੱਟਣ ਕਮਾਉਣ ਜਾਣ ਸਦਕਾ ਵੀ ਹੈ ਅਤੇ ਸਖੀਆਂ ਸਹੇਲੀਆਂ ਦੇ ਉਦਰੇਵੇਂ ਦਾ ਪ੍ਰਗਟਾਵਾ ਵੀ ਕਰਦਾ ਹੈ ਅਤੇ ਨਾਲ ਦੀ ਨਾਲ ਬਿਰਹਾ ਵਿਚ ਜੀਵਨ ਹਢਾਉਂਦੀ ਨਾਰ ਨੂੰ ਸੱਸ, ਸਹੁਰਾ ਅਤੇ ਕੁਝ ਹੋਰ ਰਿਸ਼ਤੇਦਾਰੀਆਂ ਦੇ ਵਤੀਰੇ ਵਿਚੋਂ ਉਪਜੇ ਹਾਵਾਂ ਭਾਵਾਂ ਦਾ ਪ੍ਰਗਟਾਵਾ ਵੀ ਹੈ। ਇਸ ਉਪਰੰਤ ਢੋਲਕੀ ਨਾਲ ਸੁਆਣੀਆਂ ਦੇ ਗਾਏ ਜਾਣ ਵਾਲੇ ਲੋਕ ਗੀਤ ਅੰਕਿਤ ਹਨ, ਜਿਨ੍ਹਾਂ ਵਿਚ ਪਿਆਰ, ਮੁਹੱਬਤ, ਉਦਰੇਵਾਂ, ਮਿਲਣ ਦੀ ਤਾਂਘ, ਵਿਅੰਗ ਅਤੇ ਹਾਸਰਸ ਆਦਿ ਹੈ। ਇਸ ਉਪਰੰਤ ਮੁੰਡੇ ਅਤੇ ਕੁੜੀ ਦੇ ਵਿਆਹ ਸਮੇਂ ਨਿਭਾਈਆਂ ਜਾਂਦੀਆਂ ਰਸਮਾਂ ਅਤੇ ਇਨ੍ਹਾਂ ਨਾਲ ਸਬੰਧਿਤ ਲੋਕ ਗੀਤਾਂ ਨੂੰ ਅੰਕਿਤ ਕੀਤਾ ਗਿਆ ਹੈ। ਕੁੜੀ ਅਤੇ ਮੁੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਵਾਲਿਆਂ ਦੇ ਘਰ ਗਾਏ ਜਾਣ ਵਾਲੇ ਸੁਹਾਗ ਅੰਕਿਤ ਹਨ ਜਿਨ੍ਹਾਂ ਵਿਚ ਧੀ ਦੇ ਪਰਾਏ ਘਰ ਚਲੇ ਜਾਣ ਵਾਲੇ ਹਾਵਾਂ ਭਾਵਾਂ ਨੂੰ ਵੈਰਾਗਮਈ ਭਾਵਨਾ ਨਾਲ ਗਾਇਆ ਜਾਂਦਾ ਹੈ ਅਤੇ ਮੁੰਡੇ ਵਾਲਿਆਂ ਦੇ ਘਰ ਜੇਤੂ ਬਿਰਤੀ ਨਾਲ ਗਾਈਆਂ ਜਾਣ ਵਾਲੀਆਂ ਘੋੜੀਆਂ ਦਰਜ ਹਨ। ਇਸੇ ਤਰ੍ਹਾਂ ਵੱਖ-ਵੱਖ ਸਮਿਆਂ 'ਤੇ ਗਿੱਧੇ ਅਤੇ ਹੋਰ ਸਬੰਧਿਤ ਮੰਗਲਮਈ ਮੌਕਿਆਂ 'ਤੇ ਪਾਈਆਂ ਜਾਂਦੀਆਂ ਛੋਟੀਆਂ ਅਤੇ ਵੱਡੀਆਂ ਬੋਲੀਆਂ ਹਨ, ਜਿਨ੍ਹਾਂ ਵਿਚ ਸੱਭਿਆਚਾਰਕ ਵਰਤਾਰੇ ਦੀ ਆਭਾ ਸ਼ਿੱਦਤ ਨਾਲ ਪ੍ਰਗਟਾਈ ਗਈ ਹੁੰਦੀ ਹੈ। ਇਸ ਤੋਂ ਅੱਗੇ ਗੁਰਮੀਤ ਕੌਰ ਨੇ ਦਿਓਰ, ਜੇਠ, ਵੀਰ, ਸੱਸ ਅਤੇ ਛੜਿਆਂ ਸਬੰਧੀ ਪ੍ਰਚੱਲਿਤ ਬੋਲੀਆਂ ਨੂੰ ਸ਼ਾਮਿਲ ਕੀਤਾ ਹੈ। ਬੱਲੇ ਬੱਲੇ ਦੀਆਂ ਬੋਲੀਆਂ ਵਿਚ ਸਮੂਹਿਕ ਸੁਆਣੀਆਂ ਦੁਆਰਾ ਗਾਏ ਜਾਂਦੇ ਲੋਕ ਗੀਤ ਜੋ ਵਧੇਰੇਤਰ ਬੋਲੀਆਂ ਦੇ ਰੂਪ 'ਚ ਹਨ, ਦਰਜ ਹਨ। ਪੁਸਤਕ ਦੇ ਅੰਤਿਮ ਭਾਗ ਵਿਚ ਨਾਨਕਿਆਂ, ਦਾਦਕਿਆਂ ਅਤੇ ਕੁੜਮਾਂਚਾਰੀ ਆਦਿ ਧਿਰਾਂ ਵਲੋਂ ਇਕ ਦੂਜੀ ਧਿਰ ਨੂੰ ਦਿੱਤੀਆਂ ਜਾਣ ਵਾਲੀਆਂ ਸ਼ਿੰਗਾਰਮਈ ਸਿੱਠਣੀਆਂ, ਜਿਨ੍ਹਾਂ ਵਿਚੋਂ ਹਾਸਾ ਠੱਠਾ, ਮਖੌਲ-ਮਸ਼ਕਰੀ ਆਦਿ ਪ੍ਰਗਟ ਹੁੰਦੀ ਹੈ, ਦਰਸਾਈਆਂ ਗਈਆਂ ਹਨ। ਸਮੁੱਚੇ ਰੂਪ 'ਚ ਇਹ ਪੁਸਤਕ ਪੰਜਾਬੀ ਲੋਕ ਵਿਰਸੇ ਦੀ ਪਛਾਣ ਕਰਾਉਂਦੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਮੈਂ ਵੇਖਦਾ ਹਾਂ

ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 88
ਸੰਪਰਕ : 94635-61123.


ਵਿਵੇਕਸ਼ੀਲ ਸਾਧਕ 'ਮੈਂ ਵੇਖਦਾ ਹਾਂ' ਓਮ ਪ੍ਰਕਾਸ਼ ਗਾਸੋ ਦੀ 55ਵੀਂ ਪੁਸਤਕ ਹੈ। 88 ਸਾਲ ਦੇ ਇਸ ਬਹੁਵਿਧਾਵੀ ਸਾਹਿਤਕਾਰ ਦੀ ਲੋਕ-ਪੱਖੀ ਵਾਰਤਕ ਦੀ ਇਹ ਪੁਸਤਕ ਉਸ ਦੁਆਰਾ ਪੰਜਾਬੀ ਪੁਸਤਕ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤਾ ਉਪਰਾਲਾ ਹੈ। ਇਸ ਵਿਚ ਲੇਖਕ ਨੇ 17 ਲਲਿਤ ਨਿਬੰਧ ਲਿਖ ਕੇ ਵਿਲੱਖਣ ਵਾਰਤਕ ਲੇਖਣ ਦੀ ਉਦਾਹਰਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਨਵਾਦੀ ਭਾਵਨਾਵਾਂ ਵਿਚ ਮਾਨਵਵਾਦੀ ਸਰੋਕਾਰਾਂ ਨੂੰ ਕਲਮਬੱਧ ਕਰਕੇ ਲੇਖਕ ਨੇ ਸਮਾਜ ਵਿਚ 'ਕੀ ਗ਼ਲਤ ਹੋ ਰਿਹਾ ਹੈ' ਨੂੰ ਚਿਤਰਤ ਕੀਤਾ ਹੈ। ਪਹਿਲੇ ਲੇਖ ਵਿਚ ਹੀ ਲੇਖਕ ਨੇ 'ਮੈਂ' ਦੀ ਮੁਲਾਕਾਤ 'ਮੈਂ' ਨਾਲ ਕਰਵਾ ਕੇ ਸਾਧਕ, ਦ੍ਰਿਸ਼ਟੀ, ਪੂਰਨਤਾ, ਪ੍ਰਸੰਨਤਾ ਅਤੇ ਭਾਵਨਾਤਮਕ ਅਨਿਆਂ ਆਦਿ ਨੂੰ ਪਰਿਭਾਸ਼ਤ ਕੀਤਾ ਹੈ। ਇਕ ਹੋਰ ਲੇਖ 'ਮਾਤ-ਭਾਸ਼ਾ ਅਤੇ ਮਾਨਸਿਕਤਾ' ਵਿਚ ਲੇਖਕ ਨੇ ਮਾਤ-ਭਾਸ਼ਾ ਤੋਂ ਮੁਨਕਰ ਹੋਣ ਨੂੰ ਗ਼ੈਰ-ਕੁਦਰਤੀ ਦੱਸ ਕੇ ਕਈ ਔਕੜਾਂ ਦਾ ਕਾਰਨ ਦੱਸਿਆ ਹੈ ਅਤੇ ਪੰਜਾਬੀ ਭਾਸ਼ਾ ਦੀ ਉੱਤਮਤਾ ਨੂੰ ਸਿੱਧ ਕਰਨ ਲਈ ਇਸ ਭਾਸ਼ਾ ਨੂੰ ਲੋਕ-ਗੀਤਾਂ, ਲੋਕ-ਕਥਾਵਾਂ, ਲੋਰੀਆਂ, ਕਿਰਸਾਨੀ-ਸੱਭਿਆਚਾਰ, ਕਿੱਤੇ, ਮੇਲੇ, ਤਿਉਹਾਰ, ਸਾਕ-ਸਕੀਰੀਆਂ ਅਤੇ ਖੇਡ-ਤਮਾਸ਼ਿਆਂ ਦੀ ਪ੍ਰਮਾਣਿਕਤਾ 'ਤੇ ਆਧਾਰਿਤ ਦੱਸਿਆ ਹੈ। ਅਗਲੇ ਲੇਖਾਂ ਵਿਚ ਲੇਖਕ ਨੇ ਮਾਨਵਤਾ ਦੇ ਡਿਗ ਰਹੇ ਮਿਆਰਾਂ ਦੀ ਗੱਲ ਕਰਕੇ ਲੋਕਾਂ ਦੇ ਅਵੇਸਲੇਪਣ ਅਤੇ ਅਣਹੋਣੀਆਂ ਦੀ ਹਕੀਕਤ ਨੂੰ ਮੰਨਣ 'ਤੇ ਜ਼ੋਰ ਦਿੱਤਾ ਹੈ। ਇਤਿਹਾਸ ਦੀ ਗੱਲ ਕਰਦੇ ਸਮੇਂ ਲੇਖਕ ਇਸ ਨੂੰ ਸਮੇਂ, ਸੰਵੇਦਨਸ਼ੀਲਤਾ ਅਤੇ ਲੋਕ-ਭਲਾਈ ਦਾ ਜੋੜ ਮੰਨਦਾ ਹੈ। ਇਸੇ ਸੰਦਰਭ ਵਿਚ 'ਮੈਂ' ਦੀ ਗੱਲ ਕਰਦਿਆਂ ਤਬਦੀਲੀ ਨੂੰ ਕੁਦਰਤ ਦਾ ਨਿਯਮ ਸਿੱਧ ਕਰਕੇ ਉਹ ਇਨ੍ਹਾਂ ਸਭ ਸਰੋਕਾਰਾਂ ਨੂੰ ਸੰਪੂਰਨਤਾ ਦਾ ਆਧਾਰ ਮੰਨਦਾ ਹੈ। ਜੀਵਨ ਵਿਚ ਪ੍ਰਕਾਸ਼ ਅਤੇ ਤੰਦਰੁਸਤੀ ਲਈ ਅਜਿਹੇ ਸਾਹਿਤ ਦੀ ਲੋੜ ਨੂੰ ਸਿੱਧ ਕਰਦਾ ਲੇਖਕ ਤਾਤਵਿਕ ਚੇਤਨਾ ਵਾਲੇ ਵਿਸ਼ੇ ਵਸਤੂ ਵਾਲੀ ਇਸ ਪੁਸਤਕ ਦੀ ਮਕਬੂਲੀਅਤ ਲਈ ਦ੍ਰਿੜ੍ਹ ਨਜ਼ਰ ਆਉਂਦਾ ਹੈ।


-ਡਾ: ਸੰਦੀਪ ਰਾਣਾ
ਮੋ: 98728-87551


ਸੁਪਨ-ਸਕੀਰੀ

ਲੇਖਕ : ਤਰਨਦੀਪ ਬਿਲਾਸਪੁਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 96
ਸੰਪਰਕ : 98154-48958.


ਤਰਨਦੀਪ ਬਿਲਾਸਪੁਰ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਸੁਪਨ ਸਕੀਰੀ' ਨਾਲ ਪੰਜਾਬੀ ਸਾਹਿਤ ਜਗਤ ਦੇ ਰੂਬਰੂ ਹੋਇਆ ਹੈ। ਉਸ ਦੀ ਸ਼ਾਇਰੀ ਦੀ ਤੰਦ ਸੂਤਰ ਫੜਾਉਣ ਲਈ ਸ਼ਾਇਰ ਆਪਣੇ ਸਵੈ ਕਥਨ ਵਿਚ ਆਖਦਾ ਹੈ ਕਿ ਉਸ ਦੀ ਕਵਿਤਾ ਸਵੈ ਨਾਲ ਸੰਵਾਦ ਹੈ ਤੇ ਉਸ ਹਾਲਤ ਵਿਚ ਲਿਖੀ ਗਈ ਜਦੋਂ ਉਸ ਕੋਲ ਬੋਲਣ, ਵਿਸਥਾਰ ਵਿਚ ਲਿਖਣ ਤੇ ਗੱਲ ਕਰਨ ਦੇ ਹੋਰ ਰਾਹ ਬੰਦ ਹੋ ਜਾਂਦੇ ਹਨ ਤੇ ਉਸ ਹਾਲਤ ਵਿਚ ਉਹ ਬੇਚੈਨੀ ਦੇ ਆਲਮ ਵਿਚ ਚਲੇ ਜਾਂਦਾ ਹੈ ਤੇ ਕਵਿਤਾ ਵਿਚ ਠਾਹਰ ਭਾਲਦਾ ਹੈ। ਜਦੋਂ ਅਸੀਂ ਇਸ ਪੁਸਤਕ ਦੇ ਸਿਰਨਾਵੇਂ 'ਸੁਪਨ-ਸਕੀਰੀ' ਦੇ ਤੱਥ ਵੱਥ ਦੀ ਥਾਹ ਪਾਉਣ ਲਗਦੇ ਹਾਂ ਤਾਂ ਦੇਖਦੇ ਹਾਂ ਕਿ ਸ਼ਾਇਰ ਨੂੰ ਸੁਪਨਿਆਂ ਦੀ ਸਕੀਰੀ ਦੀ ਲੱਜ ਪਾਲਣ ਲਈ ਤਾਬੀਰ ਤੱਕ ਪਹੁੰਚਣ ਲਈ ਉਹ ਆਪਣੇ ਗਰਾਂ ਬਿਲਾਸਪੁਰ ਨੂੰ ਬੇਦਾਵਾ ਦੇ ਕੇ ਨਿਊਜ਼ੀਲੈਂਡ ਦੀ ਧਰਤੀ 'ਤੇ ਸੱਤ ਸਮੁੰਦਰੋਂ ਪਾਰ ਜਾ ਕੇ ਨਵੇਂ ਸਿਰਿਉਂ ਰੁਜ਼ਗਾਰ ਪ੍ਰਾਪਤੀ ਲਈ ਤੇ ਜੜ੍ਹਾਂ ਪੱਕੀਆਂ ਕਰਨ ਲਈ ਭਾਰੀ ਤਰੱਦਦ ਤੇ ਮੁਸ਼ੱਕਤ ਵਿਚੋਂ ਗੁਜ਼ਰਨਾ ਪਿਆ। ਇਸ ਧਰਤੀ 'ਤੇ ਵੱਖ-ਵੱਖ ਰੰਗਾਂ, ਨਸਲਾਂ ਤੇ ਕੌਮੀਅਤਾਂ ਦੇ ਲੋਕ ਵੱਸਦੇ ਹਨ ਅਤੇ ਇਨ੍ਹਾਂ ਵਿਚਕਾਰ ਗੁਜ਼ਰ ਬਸਰ ਕਰਦਿਆਂ ਗਲੋਬਲੀ ਚੇਤਨਾ ਨਾਲ ਲੈਸ ਹੋਣਾ ਸਹਾਈ ਹੋਇਆ ਹੈ। ਉਹ ਭਾਵੇਂ ਆਪਣੇ ਗਰਾਂ ਤੋਂ ਦੂਰ ਚਲੇ ਗਿਆ ਹੈ ਪਰ ਗਰਾਂ ਉਸ ਦੇ ਚੇਤਿਆਂ ਵਿਚੋਂ ਵਿਸਰਦਾ ਨਹੀਂ। ਉਹ ਬਾਬੇ ਨਾਨਕ ਦੇ ਕਥਨ 'ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ' ਦਾ ਗਾਡੀਰਾਹ ਬਣ ਜਾਂਦਾ ਹੈ ਤੇ ਅੱਜ ਦੇ ਸਿੱਖ ਨੂੰ ਇਸ ਗੱਲੋਂ ਫਿਟਕਾਰਦਾ ਹੈ ਕਿ ਇਸ ਪਦਾਰਥਵਾਦੀ ਯੁੱਗ ਵਿਚ ਉਹ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਫਲਸਫ਼ੇ ਵੱਲ ਪਿੱਠ ਕਰਕੇ ਬੈਠ ਗਿਆ ਹੈ। ਉਹ ਦੱਸਦਾ ਹੈ ਕਿ ਭਗਤ ਸਿੰਘ ਵਰਗੀ ਪਗੜੀ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਭਗਤ ਸਿੰਘ ਤਾਂ ਇਕ ਫਸਲਫ਼ੇ ਦਾ ਨਾਂਅ ਹੈ। ਇਸੇ ਤਰ੍ਹਾਂ ਉਹ ਦੱਸਦਾ ਹੈ ਕਿ ਜਬਰ ਵਿਰੁੱਧ ਖੜ੍ਹਨਾ, ਈਨ ਨਾ ਮੰਨਣਾ ਤੇ ਦੁਸ਼ਮਣ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਾ ਹੀ ਸੋਹਨ ਸਿੰਘ ਭਕਨੇ ਦਾ ਸੁਪਨਾ ਹੈ। ਉਹ ਭਗਵੇਂ ਬ੍ਰਿਗੇਡ ਵਲੋਂ ਨਾਰਥ ਬਲਾਕ ਵਿਚ ਬੈਠ ਕੇ ਜਿਸ ਤਰ੍ਹਾਂ ਇਹ ਭਗਵਾਂ ਬ੍ਰਿਗੇਡ ਲੋਕਾਂ ਲਈ ਜੋਕ ਬਣ ਰਿਹਾ ਹੈ, ਦੇ ਵੀ ਬਖੀਏ ਉਧੇੜਦਾ ਹੈ। ਉਹ ਦੰਭੀ ਕਵੀਆਂ ਜੋ ਸਰਕਾਰ ਤੋਂ ਕਿਸੇ ਵਜ਼ੀਫ਼ੇ ਦੀ ਝਾਕ ਵਿਚ ਸਰਕਾਰੀਏ ਬਣ ਰਹੇ ਹਨ, ਦੇ ਵੀ ਮੁਲੰਮੇ ਉਤਾਰਦਾ ਹੈ। ਉਹ ਕਿਤੇ ਵੀ ਲਾਊਡ ਨਹੀਂ ਹੁੰਦਾ ਤੇ ਸਹਿਜਤਾ ਨਾਲ ਇਹ ਹੋਕਾ ਦਿੰਦਾ ਹੈ ਕਿ ਜਦ ਹਨੇਰਿਆਂ ਨਾਲ ਦਸਤਪੰਜਾ ਲਵਾਂਗੇ ਤਾਂ ਸਮਿਆਂ ਦੇ ਸੂਰਜ ਆਪ ਹੀ ਕੁੰਡਾ ਖੋਲ੍ਹ ਦੇਣਗੇ। ਉਸ ਦੀ ਅਜਿਹੀ ਪ੍ਰਗੀਤਕ ਸ਼ਾਇਰੀ ਦੀ ਹੋਰ ਕਲਾਤਮਿਕ ਪ੍ਰਗਟਾਵੇ ਨਾਲ ਲੈਸ ਸ਼ਾਇਰੀ ਦੀ ਉਡੀਕ ਰਹੇਗੀ।


-ਭਗਵਾਨ ਢਿੱਲੋਂ
ਮੋ: 98143-78254.

03-04-2021

 ਪੰਜਾਬੀ ਜੁਝਾਰ ਕਾਵਿ
(ਭਾਗ 1 ਅਤੇ 2)
ਲੇਖਕ : ਡਾ: ਹਰਿਭਗਵਾਨ
ਪ੍ਰਕਾਸ਼ਕ : ਨਜ਼ਰੀਆ ਪ੍ਰਕਾਸ਼ਨ, ਮਲੇਰਕੋਟਲਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 94170-61667.

ਆਧੁਨਿਕ ਕਾਲ ਦੀਆਂ ਸਾਹਿਤਿਕ ਪ੍ਰਵਿਰਤੀਆਂ ਵਿਚੋਂ ਜੁਝਾਰ ਕਾਵਿ ਪੰਜਾਬੀ ਦੀ ਇਕ ਮਹੱਤਵਪੂਰਨ ਪ੍ਰਵਿਰਤੀ ਰਹੀ ਹੈ। ਦੋ ਭਾਗਾਂ ਵਿਚ ਲਿਖੀ ਇਹ ਪੁਸਤਕ ਪੰਜਾਬੀ ਕਾਵਿ ਆਲੋਚਨਾ ਵਿਚ ਨਿੱਗਰ ਵਾਧਾ ਕਰਦੀ ਹੈ।
ਭਾਗ ਪਹਿਲਾ
ਲੇਖਕ ਨੇ ਭਾਗ ਪਹਿਲਾ ਦੀ ਸਮੱਗਰੀ ਨੂੰ 6 ਭਾਗਾਂ ਵਿਚ ਵੰਡਿਆ ਹੈ। ਪਹਿਲੇ ਦੋ ਭਾਗਾਂ ਵਿਚ ਲੇਖਕ ਨੇ ਪੰਜਾਬੀ ਜੁਝਾਰ ਕਾਵਿ ਦੇ ਸਿਧਾਂਤ ਅਤੇ ਇਤਿਹਾਸ ਦਾ ਵਰਨਣ ਕੀਤਾ ਹੈ। ਡਾ: ਹਰਿਭਗਵਾਨ ਨੇ ਆਪਣੇ ਅਧਿਐਨ ਦੇ ਆਰੰਭ ਵਿਚ ਕਾਰਲ ਮਾਰਕਸ, ਫਰੈਡਰਿਕ ਏਂਗਲਜ਼, ਲੈਨਿਨ ਅਤੇ ਮਾਉ-ਜ਼ੇ-ਤੁੰਗ ਦੀ ਵਿਚਾਰਧਾਰਾ ਦੇ ਹਵਾਲੇ ਨਾਲ ਪ੍ਰਤੀਰੋਧ ਅਤੇ ਹਥਿਆਰਬੱਧ ਸੰਘਰਸ਼ ਦੀ ਸਾਰਥਿਕਤਾ ਨੂੰ ਉਲੀਕਿਆ ਹੈ, ਜਿਸ ਦਾ ਸਮਰਥਨ ਸਾਡੇ ਜੁਝਾਰਵਾਦੀ ਕਵੀ ਮਨ-ਬਚਨ ਅਤੇ ਕਰਮਾਂ ਨਾਲ ਵੀ ਕਰਦੇ ਰਹੇ ਸਨ।
ਹਥਲੀ ਪੁਸਤਕ ਦਾ ਵਿਵਹਾਰਕ ਅਧਿਐਨ ਸੰਤ ਰਾਮ ਉਦਾਸੀ (1939-86) ਨਾਲ ਸ਼ੁਰੂ ਹੁੰਦਾ ਹੈ। ਉਦਾਸੀ ਪੰਜਾਬ ਦੇ ਇਕ ਪ੍ਰਮੁੱਖ ਦਲਿਤ ਵਰਗ 'ਮਜ਼੍ਹਬੀ ਸਿੱਖ' ਨਾਲ ਸਬੰਧਿਤ ਸੀ। ਉਸ ਨੇ ਆਪਣੀ ਦਲਿਤ ਪਛਾਣ ਨੂੰ ਕੁਝ ਇਸ ਪ੍ਰਕਾਰ ਗੌਰਵਾਨਿਤ ਕੀਤਾ ਕਿ ਉਹ ਪੰਜਾਬੀਆਂ ਦਾ ਇਕ ਮਕਬੂਲ ਅਤੇ ਸਤਿਕਾਰਤ ਕਵੀ ਬਣ ਗਿਆ ਸੀ। ਪੁਸਤਕ ਦੇ ਲੇਖਕ ਨੇ ਉਦਾਸੀ ਦੀਆਂ ਚਾਰ ਪੁਸਤਕਾਂ (ਲਹੂ ਭਿੱਜੇ ਬੋਲ, ਸੈਨਤਾਂ, ਚੌਨੁਕਰੀਆਂ ਸੀਖਾਂ ਅਤੇ ਉਦਾਸੀ ਦੇ ਗੀਤ) ਨੂੰ ਆਧਾਰ ਬਣਾ ਕੇ ਉਸ ਦੇ ਜੁਝਾਰ ਕਾਵਿ ਦਾ ਲੇਖਾ-ਜੋਖਾ ਕੀਤਾ ਹੈ। ਅਗਲਾ ਕਵੀ ਹਰਭਜਨ ਸੋਹੀ ਹੈ, ਜੋ ਪ੍ਰੋ: ਹਰਭਜਨ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਉਹ ਪੰਜਾਬ ਵਿਚ ਪ੍ਰਫੁੱਲਿਤ ਹੋਈ ਨਕਸਲਵਾਦੀ ਲਹਿਰ ਦਾ ਸਿਧਾਂਤਵੇਤਾ ਵੀ ਸੀ। ਹਰਭਜਨ ਹਲਵਾਰਵੀ ਨੇ ਜੁਝਾਰ ਕਾਵਿ ਧਾਰਾ ਤੋਂ ਸ਼ੁਰੂ ਕੀਤਾ ਪਰ ਬਾਅਦ ਵਿਚ ਪ੍ਰਗਤੀਸ਼ੀਲ ਪ੍ਰਵਿਰਤੀ ਦਾ ਅਹਿਮ ਕਵੀ ਬਣ ਗਿਆ। ਇਸ ਪੁਸਤਕ ਵਿਚ ਸੰਕਲਿਤ ਅੰਤਿਮ ਕਵੀ ਲਾਲ ਸਿੰਘ ਦਿਲ ਹੈ। ਉਹ ਵੀ ਭਾਰਤ ਦੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਉਸ ਨੇ ਆਪਣੀਆਂ ਕਵਿਤਾਵਾਂ ਅਤੇ ਵਾਰਤਕ-ਰਚਨਾਵਾਂ ਵਿਚ ਦਲਿਤਾਂ ਨਾਲ ਹੋਣ ਵਾਲੇ ਵਿਤਕਰੇ, ਦੁਰਵਿਹਾਰ ਅਤੇ ਛੂਆਛਾਤ ਦੇ ਅਤਿਅੰਤ ਮਾਰਮਿਕ ਦ੍ਰਿਸ਼ ਪੇਸ਼ ਕੀਤੇ ਹਨ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਨਾਰੀ ਨਾਲ ਹੋਣ ਵਾਲੇ ਵਿਤਕਰੇ ਅਤੇ ਦਮਨ ਦੀ ਤਸਵੀਰ ਪੇਸ਼ ਹੁੰਦੀ ਹੈ। ਦੇਖੋ :

ਲੋਕ ਕਹਿਣ ਬਲਦ ਦੇ ਸਿੰਗਾਂ 'ਤੇ ਧਰਤੀ
ਮੈਂ ਮੁਨਕਰ ਹਾਂ!
ਮੇਰਾ ਵਿਸ਼ਵਾਸ ਅਟੱਲ ਹੈ
ਕਿ ਆਪਣੇ ਹੱਥਾਂ ਉੱਤੇ ਧਰਤੀ
ਔਰਤ ਨੇ ਹੀ ਚੁੱਕੀ ਹੋਈ। (ਨਾਗਲੋਕ, 98)

ਭਾਗ ਦੂਜਾ
ਮੁੱਲ : 150 ਰੁਪਏ, ਸਫ਼ੇ : 135

ਦੂਜੇ ਭਾਗ ਵਿਚ ਡਾ: ਹਰਿਭਗਵਾਨ ਜੁਝਾਰ ਕਾਵਿ ਨੂੰ ਸਮਾਜਿਕ ਬਰਾਬਰੀ ਦਾ ਅਲੰਬਰਦਾਰ ਘੋਸ਼ਿਤ ਕਰਦਾ ਹੈ। ਇਸ ਅਨੁਸਾਰ ਇਹ ਕਵਿਤਾ ਮਾਰਕਸਵਾਦੀ ਵਿਚਾਰਧਾਰਾ ਨਾਲ ਸੁਹਿਰਦ ਪ੍ਰਤੀਬੱਧਤਾ ਵਾਲਾ ਰਿਸ਼ਤਾ ਅਪਣਾਉਂਦੀ ਹੋਈ ਵਿਅੰਗ ਦੀ ਬਜਾਏ ਤਿੱਖੇ ਰੋਹ ਅਤੇ ਵਿਦਰੋਹ ਦੀ ਸੁਰ ਵਿਚ ਸੰਵਾਦ ਰਚਾਉਂਦੀ ਹੈ। ਇਸ ਕਾਵਿ-ਪ੍ਰਵਿਰਤੀ ਦਾ ਸਿਧਾਂਤਕ ਪਰਿਪੇਖ ਉਸਾਰਨ ਤੋਂ ਬਾਅਦ ਲੇਖਕ ਪੰਜਾਬੀ ਦੇ 6 ਪ੍ਰਮੁੱਖ ਜੁਝਾਰਵਾਦੀ ਕਵੀਆਂ ਦਾ ਵਿਸ਼ਲੇਸ਼ਣ ਕਰਦਾ ਹੈ। ਪਹਿਲੇ ਕਵੀ ਜੈਮਲ ਪੱਡਾ ਦੀ ਕੇਵਲ ਇਕੋ-ਇਕ ਕਾਵਿ ਪੁਸਤਕ 'ਲੋਕ ਪੀੜਾਂ' (1978) ਪ੍ਰਕਾਸ਼ਿਤ ਹੋਈ ਹੈ। ਆਪਣੇ ਦੇਸ਼ ਵਾਸੀਆਂ ਨੂੰ ਸੰਗਰਾਮ ਲਈ ਪ੍ਰੇਰਿਤ ਕਰਨ ਵਾਸਤੇ ਉਹ ਆਪਣੇ ਕਾਵਿ ਵਿਚ ਪੰਜਾਬ ਦੇ ਸੰਘਰਸ਼ਸ਼ੀਲ ਵਿਰਸੇ ਨੂੰ ਪੇਸ਼ ਕਰਦਾ ਹੈ। ਅਮਰਜੀਤ ਚੰਦਨ ਇਸ ਲਹਿਰ ਦਾ ਸਿਧਾਂਤਕਾਰ ਵੀ ਬਣਿਆ। ਉਸ ਦੇ ਕਾਵਿ ਵਿਚ ਨਾਇਕ ਇਕ ਗੁਰੀਲੇ ਯੋਧੇ ਵਜੋਂ ਪੇਸ਼ ਹੁੰਦਾ ਹੈ। ਓਮ ਪ੍ਰਕਾਸ਼ ਸ਼ਰਮਾ (ਜਨਮ 1948) ਇਸ ਧਾਰਾ ਦਾ ਇਕ ਹੋਰ ਪ੍ਰਮੁੱਖ ਕਵੀ ਹੈ। 'ਮੁਖਾਤਬ ਤੋਂ ਅਲਵਿਦਾ ਤੱਕ' ਉਸ ਦੀ ਪ੍ਰਮੁੱਖ ਰਚਨਾ ਹੈ। 'ਜੰਗ ਅਜੇ ਮੁੱਕੀ ਨਹੀਂ' ਉਸ ਦੀ ਇਕ ਲੰਮੀ ਕਾਵਿ ਕਥਾ ਹੈ। ਮਿੰਦਰਪਾਲ ਭੱਠਲ (ਜਨਮ 1950) ਦੀਆਂ ਪ੍ਰਮੁੱਖ ਰਚਨਾਵਾਂ ਦੇ ਨਾਂਅ ਹਨ : ਦਿੱਲੀ ਦਾ ਰੰਗ, ਖੇਤਾਂ ਦੀ ਬੁੱਕਲ 'ਚੋਂ। ਇਸ ਪੁਸਤਕ ਵਿਚ ਚਰਚਿਤ ਹੋਇਆ ਇਕ ਹੋਰ ਕਵੀ ਸੁਰਿੰਦਰ ਧੰਜਲ (ਜਨਮ 1950) ਹੈ। 'ਸੂਰਜਾਂ ਦੇ ਹਮਸਫ਼ਰ', 'ਤਿੰਨ ਕੋਣ', 'ਜ਼ਖ਼ਮਾਂ ਦੀ ਫ਼ਸਲ' ਅਤੇ ਕਵਿਤਾ ਦੀ ਲਾਟ। ਉਸ ਦੀਆਂ ਕਵਿਤਾਵਾਂ ਵਿਚ ਬੌਧਿਕਤਾ ਅਤੇ ਸੰਵੇਦਨਾ ਦਾ ਸੁੰਦਰ ਸੁਮੇਲ ਹੈ।
ਇਸ ਪੁਸਤਕ ਦਾ ਅੰਤਲਾ ਕਵੀ ਪਾਸ਼ (ਜਨਮ 1950) ਹੈ, ਜੋ ਜੁਝਾਰਵਾਦੀ ਕਾਵਿ ਧਾਰਾ ਦਾ ਇਕ ਸਰਵ-ਸ਼੍ਰੋਮਣੀ ਕਵੀ ਮੰਨਿਆ ਜਾਂਦਾ ਹੈ। ਉਸ ਨੇ ਜੁਝਾਰਵਾਦੀ ਕਾਵਿ ਨੂੰ ਇਕ ਵੱਖਰਾ ਅੰਦਾਜ਼ ਅਤੇ ਨਵਾਂ ਮੁਹਾਵਰਾ ਦਿੱਤਾ। 'ਲੋਹ ਕਥਾ', 'ਉਡਦੇ ਬਾਜ਼ਾਂ ਮਗਰ' ਅਤੇ 'ਸਾਡੇ ਸਮਿਆਂ ਵਿਚ' ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ। ਪੰਜਾਬੀ ਜੁਝਾਰਵਾਦੀ ਕਾਵਿ ਦੇ ਮਹੱਤਵ ਨੂੰ ਸਪੱਸ਼ਟ ਕਰਦਾ ਹੋਇਆ ਲੇਖਕ ਲਿਖਦਾ ਹੈ ਕਿ ਸਥਾਪਤੀ ਦੇ ਪ੍ਰਬੰਧ ਦੇ ਹਰ ਸੰਕਲਪ ਨੂੰ ਨਕਾਰਦੀ ਹੋਈ ਇਹ ਕਵਿਤਾ ਸ਼੍ਰੇਣੀਗਤ ਨਜ਼ਰੀਏ ਤੋਂ ਨਵੇਂ ਅਰਥ ਪ੍ਰਦਾਨ ਕਰਦੀ ਹੈ। ਡਾ: ਹਰਿਭਗਵਾਨ ਨੇ ਇਸ ਕਾਵਿ ਧਾਰਾ ਦੇ ਇਤਿਹਾਸ ਵਿਚ ਡੂੰਘਾ ਉਤਰ ਕੇ ਇਸ ਦੇ ਮੁੱਲ ਅਤੇ ਮਹੱਤਵ ਨੂੰ ਸੁਨਿਸਚਿਤ ਕਰ ਦਿੱਤਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜ਼ਲਾਲਤ
ਨਾਵਲਕਾਰ : ਸਆਦਤ ਹਸਨ ਮੰਟੋ
ਅਨੁਵਾਦਕ : ਡਾ: ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 149 ਰੁਪਏ, ਸਫ਼ੇ : 95
ਸੰਪਰਕ : 099588-31357.

ਨਾਮਵਰ ਸਾਹਿਤਕਾਰ ਸਆਦਤ ਹਸਨ ਮੰਟੋ ਚੜ੍ਹਦੇ ਪੰਜਾਬ ਦੇ ਜੰਮਪਲ ਸਨ ਪਰ ਵੰਡ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ। ਆਰਥਿਕ ਤੰਗੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਦੇ ਦਬਾਅ ਹੇਠ ਮੰਟੋ 42 ਕੁ ਸਾਲ ਦੀ ਉਮਰ ਵਿਚ ਹੀ ਚਲਾਣਾ ਕਰ ਗਏ। ਉਨ੍ਹਾਂ ਦੀਆਂ ਕਹਾਣੀਆਂ ਅਤੇ ਨਾਵਲ ਸਾਹਿਤ ਵਿਚ ਅਮਿਟ ਛਾਪ ਛੱਡ ਗਏ। ਹਥਲੀ ਪੁਸਤਕ ਮੰਟੋ ਦੇ ਨਾਵਲ 'ਬਗੈਰ ਉਨਵਾਨ ਕੇ', ਦਾ ਪੰਜਾਬੀ ਅਨੁਵਾਦ ਹੈ ਜੋ ਵਿਦਵਾਨ ਅਨੁਵਾਦਕ ਨੇ ਬਾਖੂਬੀ ਨਿਭਾਇਆ ਹੈ।
ਨਾਵਲ ਦਾ ਨਾਇਕ ਸਈਦ ਪਿਆਰ ਮੁਹੱਬਤ ਕਰਨ ਵਾਲੀ ਰੂਹ ਹੈ। ਸੰਸਕਾਰਾਂ ਦੇ ਕਰੜੇ ਬੰਧਨਾਂ ਕਾਰਨ ਉਹ ਆਪਣੀ ਪ੍ਰੇਮਿਕਾ ਕੋਲ ਮੁਹੱਬਤ ਦਾ ਇਜ਼ਹਾਰ ਕਰਨ ਤੋਂ ਸੰਕੋਚ ਕਰਦਾ ਹੈ। ਉਸ ਦਾ ਮਨ ਦੁਖੀ ਰਹਿੰਦਾ ਹੈ। ਇਸੇ ਕਸ਼ਮਕਸ਼ ਵਿਚ ਉਹ ਬਿਮਾਰ ਹੋ ਜਾਂਦਾ ਹੈ। ਉਸ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪੈਂਦਾ ਹੈ, ਜਿਥੇ ਉਸ ਦੀ ਮੁਲਾਕਾਤ ਇਕ ਇਸਾਈ ਨਰਸ ਫਰਿਆ ਨਾਲ ਹੁੰਦੀ ਹੈ। ਦੋਵਾਂ ਵਿਚ ਇਕ-ਦੂਜੇ ਪ੍ਰਤੀ ਖਿੱਚ ਪੈਦਾ ਹੁੰਦੀ ਹੈ। ਲੋਕ ਲਾਜ ਤੋਂ ਡਰਦਿਆਂ ਸਈਦ ਫਿਰ ਮਾਨਸਿਕ ਸੰਘਰਸ਼ ਵਿਚੋਂ ਗੁਜ਼ਰਦਾ ਹੈ। ਆਜ਼ਾਦ ਖਿਆਲਾਂ ਦੀ ਫਰਿਆ ਸਈਦ ਨਾਲ ਵਿਆਹ ਤੋਂ ਬਗੈਰ ਹੀ ਰਹਿਣ ਲਈ ਤਿਆਰ ਹੈ ਪਰ ਸਈਦ ਨੂੰ ਇਹ ਮਨਜ਼ੂਰ ਨਹੀਂ। ਲੇਖਕ ਨੇ ਸਈਦ ਦੀ ਮਨੋਵਿਗਿਆਨਕ ਦਸ਼ਾ ਦਾ ਬਾਕਮਾਲ ਵਿਸ਼ਲੇਸ਼ਣ ਕੀਤਾ ਹੈ। ਖੁੱਲ੍ਹੇ ਖਿਆਲਾਂ ਵਾਲੀ ਫਰਿਆ ਅੰਤ ਸਈਦ ਦੇ ਸੰਸਕਾਰੀ ਸੁਭਾਅ ਨੂੰ ਨਸ਼ਟ ਭ੍ਰਿਸ਼ਟ ਕਰ ਦਿੰਦੀ ਹੈ। ਨਾਵਲ ਦੇ ਸ਼ੁਰੂ ਵਿਚ ਮੰਟੋ ਨੇ ਆਪਣੇ ਬਾਰੇ ਵੀ ਲਿਖਿਆ ਹੈ। ਨਾਵਲ ਦਿਲਚਸਪ ਹੈ। ਇਸ ਦੀ ਰੌਚਿਕਤਾ ਵਧਾਉਣ ਲਈ ਸ਼ੇਅਰੋ-ਸ਼ਾਇਰੀ ਦੀ ਸਜਾਵਟ ਵੀ ਕੀਤੀ ਗਈ ਹੈ ਜਿਵੇਂ ਮੇਰੀ ਕਬਰ ਪੇ ਕੋਈ ਪਰਦਾਪੋਸ਼ ਆਤਾ ਹੈ, ਚਿਰਾਗ-ਗੋਰੇ-ਗ਼ਰੀਬਾਂ ਸਬਾ ਬੁਝਾ ਦੇਨਾ। ਇਸ ਨਾਵਲ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਬਾਬਾ ਬੰਦਾ ਸਿੰਘ ਬਹਾਦਰ
ਜੀਵਨ, ਸ਼ਖ਼ਸੀਅਤ ਅਤੇ ਦਰਸ਼ਨ
ਸੰਪਾਦਕ : ਡਾ: ਕੁਲਦੀਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 95011-45039.

ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ, ਸੰਘਰਸ਼ ਅਤੇ ਕੁਰਬਾਨੀ ਮਹੱਤਵਪੂਰਨ ਸਥਾਨ ਰੱਖਦੀ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪੇ ਇਸ ਜਰਨੈਲ ਦੇ ਜੇਤੂ ਮਾਰਚ ਨੇ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਉਸ ਨੇ ਦੱਬੇ-ਕੁਚਲੇ ਲੋਕਾਂ ਦੀ ਸੁੱਤੀ ਸ਼ਕਤੀ ਨੂੰ ਪ੍ਰਚੰਡ ਕਰਕੇ ਜਬਰ-ਜ਼ੁਲਮ ਖਿਲਾਫ਼ ਵਰਤਿਆ। ਉਸ ਨੇ ਪੰਜਾਬ ਵਿਚ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਇਨਕਲਾਬ ਦੀ ਸਿਰਜਣਾ ਕੀਤੀ। ਉਸ ਸਮਾਜਿਕ ਕ੍ਰਾਂਤੀ ਨੂੰ ਜਨਮ ਦਿੱਤਾ, ਜਿਸ ਅਧੀਨ ਲੋਕ ਵੱਡੀ ਗਿਣਤੀ ਵਿਚ ਜ਼ੁਲਮ ਖਿਲਾਫ਼ ਜਥੇਬੰਦ ਹੋਣ ਲੱਗੇ। ਗੁਰੂ ਸਾਹਿਬ ਦੇ ਆਦੇਸ਼ ਮੁਤਾਬਿਕ ਪੰਜਾਬ ਵੱਲ ਪਰਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਿਲੀ ਜ਼ਿੰਮੇਵਾਰੀ ਪੂਰੇ ਸਮਰਪਣ, ਦ੍ਰਿੜ੍ਹਤਾ ਅਤੇ ਸੁਹਿਰਦਤਾ ਨਾਲ ਨਿਭਾਈ ਤੇ ਇਕ ਨਵਾਂ ਇਤਿਹਾਸ ਸਿਰਜਿਆ। ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਰਵਾਏ ਗਏ ਇਕ ਵੈਬੀਨਾਰ ਵਿਚ ਸ਼ਾਮਿਲ ਸ਼ਖ਼ਸੀਅਤਾਂ ਵਲੋਂ ਦਿੱਤੇ ਗਏ ਭਾਸ਼ਨਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਹ ਕਾਰਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ (ਰਜਿ:) ਵਲੋਂ ਵਿਧੀਗਤ ਰੂਪ ਵਿਚ ਕਰਵਾਇਆ ਗਿਆ ਹੈ। ਇਹ ਕੋਈ ਖੋਜ ਭਰਪੂਰ ਪਰਚੇ ਨਾ ਹੋ ਕੇ ਸਾਧਾਰਨ ਜਾਣਕਾਰੀ ਪ੍ਰਦਾਨ ਕਰਨ ਤੱਕ ਸੀਮਤ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬੜਾ ਨਿੱਗਰ ਇਤਿਹਾਸ ਕਾਰਜ ਹੋਇਆ ਮਿਲਦਾ ਹੈ। ਇਸ ਸਬੰਧੀ ਇਤਿਹਾਸਕ ਸਮੱਗਰੀ ਤੱਥਾਂ ਦੇ ਰੂਪ ਵਿਚ ਮੌਜੂਦ ਹੈ। ਪਿਛਲੇ ਕਾਫੀ ਸਮੇਂ ਤੋਂ ਕ੍ਰਿਸ਼ਨ ਕੁਮਾਰ ਬਾਵਾ ਬਾਬਾ ਬੰਦਾ ਸਿੰਘ ਬਹਾਦਰ ਦੀ ਸਿਮਰਤੀ ਅਧੀਨ ਕਾਰਜ ਕਰ ਰਹੇ ਹਨ। ਇਹ ਕਾਰਜ ਉਨ੍ਹਾਂ ਯਤਨਾਂ ਦਾ ਇਕ ਹਿੱਸਾ ਹੈ। ਅਜਿਹੇ ਉਪਰਾਲੇ ਰਾਹੀਂ ਹੀ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਕੁਰਬਾਨੀ ਅਤੇ ਕਿਸਾਨੀ ਲਈ ਕੀਤੇ ਠੋਸ ਉਪਰਾਲੇ ਅੱਜ ਦੇ ਦੌਰ ਵਿਚ ਹੋਰ ਮਹੱਤਵ ਦੇ ਧਾਰਨੀ ਬਣਦੇ ਹਨ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਨੂਰੀ ਸੀਸ ਨੂੰ ਕਵਿ-ਸਿਜਦਾ
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 111
ਸੰਪਰਕ : 98151-23900.

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਆਗਮਨ ਵਰ੍ਹਾ ਸੰਸਾਰ ਵਿਚ ਵਸਣ ਵਾਲੇ ਗੁਰੂ ਨਾਨਕ ਨਾਮ-ਲੇਵਾ ਸਿੱਖਾਂ ਵਲੋਂ ਸਮਰਪਿਤ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਆਗਮਨ ਪੁਰਬ 'ਤੇ ਵੱਡੇ-ਵੱਡੇ ਸਮਾਗਮਾਂ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ। ਨੌਵੇਂ ਗੁਰੂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰਿਸ਼ਟੀ ਦੇ ਰੱਖਿਅਕ, ਮਾਨਵਤਾ ਦੇ ਭਲੇ ਦੀ ਖ਼ਾਤਰ ਅਤੇ ਉੱਚੇ ਆਦਰਸ਼ਾਂ ਲਈ ਆਪਾ ਵਾਰਨ ਵਾਲੀ ਮਹਾਨ ਹਸਤੀ ਹੀ ਨਹੀਂ ਸਨ, ਸਗੋਂ ਖ਼ੁਦਾਪ੍ਰਸਤਾਂ ਨਾਲ ਹੋ ਰਹੇ ਵਿਤਕਰੇ ਨੂੰ ਸੰਸਾਰਿਕ ਮੰਚ 'ਤੇ ਉਜਾਗਰ ਕਰਨ ਵਾਲੀ ਕੁਰਬਾਨੀ ਅਤੇ ਮਾਰਗ-ਦਰਸ਼ਨ ਕਰਨ ਲਈ ਰੱਬੀ ਬੰਦਗੀ ਨਾਲ ਓਤ-ਪੋਤ ਹਸਤੀ ਸਨ। ਹਥਲੀ ਪੁਸਤਕ ਦੇ ਸੰਪਾਦਕ ਇਸ ਤੋਂ ਪਹਿਲਾਂ ਲਗਪਗ ਢਾਈ ਦਰਜਨ ਪੁਸਤਕਾਂ ਲਈ ਸਫਲ ਸੰਪਾਦਕੀ ਕਾਰਜ ਸੰਪੰਨ ਕਰ ਚੁੱਕੇ ਹਨ। ਇਸ ਕਾਵਿ-ਸੰਗ੍ਰਹਿ ਵਿਚ ਇਤਿਹਾਸ ਦੇ ਇਸ ਸੱਚ ਨੂੰ ਬਿਆਨ ਕਰਨ ਦਾ ਇਕ ਸਫਲ ਉਪਰਾਲਾ ਹੈ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੇ ਜੀਵਨ-ਫਿਲਾਸਫ਼ੀ ਇਹ ਸੰਦੇਸ਼ ਦਿੰਦੀ ਹੈ ਕਿ ਮਾਨਵਤਾ ਦੇ ਜਬਰ ਤੇ ਜ਼ੁਲਮ ਕਰਨ ਵਾਲੇ ਹਮੇਸ਼ਾ ਹਾਰਦੇ ਰਹੇ ਹਨ। ਮਾਨਵੀ ਹੱਕਾਂ ਲਈ ਲੜਨ ਤੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ।
ਪੁਸਤਕ ਦੇ ਸੰਪਾਦਕ ਮਨਮੋਹਨ ਸਿੰਘ ਦਾਊਂ ਨੇ ਇਸ ਕਾਵਿ-ਸੰਗ੍ਰਹਿ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਕੇਵਲ ਝਲਕ ਮਾਤਰ ਨੌਵੇਂ ਪਾਤਸ਼ਾਹ ਦੇ ਸਮਕਾਲੀ ਅਤੇ ਦਸਮ ਪਿਤਾ ਜੀ ਦੇ ਮੰਗਲਾਚਾਰ ਵਜੋਂ ਕਾਵਿ ਸਤਰਾਂ ਦਰਜ ਹਨ। ਦੂਜੇ ਹਿੱਸੇ ਵਿਚ ਆਧੁਨਿਕ ਪੰਜਾਬੀ ਕਵੀਆਂ ਦੀਆਂ ਨੌਂ ਕਵਿਤਾਵਾਂ ਦਰਜ ਹਨ। ਇਹ ਸਾਰੇ ਉਹ ਨਾਮਵਰ ਕਵੀ ਹਨ, ਜਿਨ੍ਹਾਂ ਨੂੰ ਪੰਜਾਬੀਆਂ ਨੇ ਸਟੇਜਾਂ ਤੋਂ ਖੂਬ ਮਾਣ ਵਡਿਆਈ ਬਖਸ਼ਿਸ਼ ਕੀਤੀ। ਇਹ ਕਵਿਤਾਵਾਂ ਛੰਦਾਂ-ਬੰਦੀ ਕਾਵਿ ਦਾ ਉੱਤਮ ਨਮੂਨਾ ਹਨ। ਇਸ ਕਾਵਿ ਪੁਸਤਕ ਦੇ ਤੀਜੇ ਕਾਵਿ-ਖੰਡ ਵਿਚ ਪ੍ਰਗਤੀਵਾਦੀ ਕਾਵਿ-ਚਿੰਤਨ ਦੇ ਪ੍ਰੋ: ਮੋਹਨ ਸਿੰਘ ਤੋਂ ਲੈ ਕੇ 25 ਕਵੀਆਂ ਨੂੰ ਯੋਗ ਥਾਂ ਦਿੱਤੀ ਗਈ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਰੂਪਮਾਨ ਕੀਤਾ ਹੈ। ਅਸਲ ਵਿਚ ਇਹ ਸਾਰੀਆਂ ਰਚਨਾਵਾਂ ਪੰਜਾਬੀ ਕਵਿਤਾ ਦਾ ਆਧੁਨਿਕ ਸਰੂਪ ਹਨ।
ਇਸ ਕਾਵਿ ਪੁਸਤਕ 'ਚ ਚੌਥੇ ਹਿੱਸੇ ਵਿਚ ਉੱਘੇ ਕਵੀ ਰਾਮ ਸਰੂਪ ਅਣਖੀ, ਰਾਮਨਰੈਣ ਸਿੰਘ ਦਰਦੀ, ਡਾ: ਹਰਿੰਦਰ ਸਿੰਘ ਮਹਿਬੂਬ, ਮਹਿੰਦਰ ਸਿੰਘ ਸਰਨਾ ਦੇ ਬਿਰਤਾਂਤਕ ਕਾਵਿ ਅਤੇ ਮਹਾਂਕਾਵਿ ਪ੍ਰਸੰਗ ਵਿਚੋਂ ਚੋਣਵੀਆਂ ਕਵਿਤਾਵਾਂ ਉਪਲਬਧ ਹਨ, ਜਿਨ੍ਹਾਂ ਵਿਚ ਇਕ ਵਾਰ ਰੂਪ ਵਿਚ ਅਤੇ ਤਿੰਨ ਮਹਾਂ-ਕਾਵਿ 'ਚ ਚੋਣਵੇਂ ਪ੍ਰਸੰਗ ਪੇਸ਼ ਕੀਤੇ ਹਨ। ਇਹ ਕਾਵਿ-ਰਚਨਾਵਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਅਤੇ ਉੱਚ ਆਦਰਸ਼ਾਂ ਨੂੰ ਰੂਪਮਾਨ ਕਰਨ ਦਾ ਸ਼ਲਾਘਾਯੋਗ ਯਤਨ ਹੈ। ਪੁਸਤਕ ਦੀ ਅੰਤਿਕਾ ਵਿਚ ਉੱਘੀਆਂ ਹਸਤੀਆਂ ਦੇ ਨੌਵੇਂ ਸਤਿਗੁਰੂ ਪ੍ਰਤੀ ਵਿਚਾਰਾਂ ਨੂੰ ਯੋਗ ਥਾਂ ਦਿੱਤੀ ਹੈ। ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਦੇ ਸੀਸ ਮਾਰਗ ਦਾ ਨਕਸ਼ਾ ਅਤੇ ਗੁਰੂ ਸਾਹਿਬ ਦਾ ਇਕ ਹੁਕਮਨਾਮਾ ਵੀ ਦਰਜ ਹੈ। ਸੰਪਾਦਕ ਵਲੋਂ ਘਾਲੀ ਸਖ਼ਤ ਘਾਲਣਾ ਪਾਠਕਾਂ ਲਈ ਰਾਹ-ਦਸੇਰੇ ਦਾ ਕਾਰਜ ਕਰੇਗੀ।

ਭਗਵਾਨ ਸਿੰਘ ਜੌਹਲ
ਮੋ: 98143-24040.

ਰਿਸ਼ਤੇ ਰੂਹਾਂ ਦੇ
ਲੇਖਿਕਾ : ਸੁਰਿੰਦਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98766-75674.

'ਰਿਸ਼ਤੇ ਰੂਹਾਂ ਦੇ' ਸੁਰਿੰਦਰ ਸੰਧੂ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਉਸ ਨੇ 'ਕਲਮ' ਤੋਂ ਲੈ ਕੇ 'ਦਿਲ ਦਾ ਮੋਹ' ਤੱਕ ਆਪਣੀਆਂ 74 ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ। ਇਸ ਤੋਂ ਪਹਿਲਾਂ ਉਹ 'ਰੂਹ ਦੀ ਆਵਾਜ਼' (2018) ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਜਗਤ 'ਚ ਆਪਣੀ ਹਾਜ਼ਰੀ ਦਰਜ ਕਰਵਾ ਚੁੱਕੀ ਹੈ। ਸੁਰਿੰਦਰ ਸੰਧੂ ਆਪਣੀਆਂ ਕਵਿਤਾਵਾਂ ਰਾਹੀਂ ਔਰਤ ਦੇ 'ਕੁੱਖ' ਤੋਂ 'ਕਬਰ' ਤੱਕ ਦੇ ਸਫ਼ਰ ਦੀਆਂ ਦੁਸ਼ਵਾਰੀਆਂ ਦਾ ਬਿਆਨ ਕਰਦੀ ਹੈ। ਦੋਵਾਂ ਹੀ ਕਾਵਿ-ਸੰਗ੍ਰਹਿਆਂ ਵਿਚ ਮਨੁੱਖੀ ਸਰੀਰ ਦੀ ਥਾਵੇਂ ਮਨੁੱਖ ਦੇ ਅੰਦਰ ਵਸਦੀ ਰੂਹ ਦੀਆਂ ਇੱਛਾਵਾਂ ਦੀ ਗਾਥਾ ਹੀ ਕਹੀ ਜਾ ਰਹੀ ਹੈ। ਔਰਤ ਨੂੰ ਮਨੁੱਖ ਨਾ ਸਮਝ, ਵੰਡੀਆਂ ਦੇ ਸੰਸਾਰ 'ਚ ਵੰਡ ਦੇਖਣ ਦੀ ਫ਼ਿਤਰਤ ਮਨੁੱਖ ਦੀ ਅਜ਼ਲੀ ਰਹੀ ਹੈ। ਉਂਜ ਵੀ ਦੁਨੀਆ ਦੇ ਹਰ ਖੇਤਰ ਵਿਚ ਹੀ 'ਮਨੁੱਖ' ਨੂੰ 'ਮਨੁੱਖ' ਨਾ ਸਮਝਣ ਦੀ ਪ੍ਰਵਿਰਤੀ ਅਧੀਨ ਮਨੁੱਖ ਨੂੰ ਵੱਖ-ਵੱਖ ਨਾਵਾਂ : ਮਰਦ, ਔਰਤ, ਬੱਚਾ-ਬੱਚੀ, ਗੱਭਰੂ-ਮੁਟਿਆਰ, ਬੁੱਢਾ-ਬੁੱਢੀ, ਊਚ-ਨੀਚ ਅਤੇ ਹੋਰ ਅਨੇਕਾਂ ਨਾਵਾਂ ਨਾਲ ਯਾਦ ਕਰਨ, ਪੁਕਾਰਨ ਦੀ ਪ੍ਰਵਿਰਤੀ ਵਿਦਮਾਨ ਰਹੀ ਹੈ, ਵਿਦਮਾਨ ਹੈ, ਵਿਦਮਾਨ ਰਹੇਗੀ, ਤਦ ਤੱਕ ਜਦੋਂ ਤੱਕ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ। ਮਨੁੱਖ ਕਿਉਂਕਿ ਸਮਾਜਿਕ ਪ੍ਰਾਣੀ ਹੈ, ਇਸ ਲਈ ਉਸ ਨੂੰ ਆਪਣੀ ਹੋਂਦ ਦਾ ਪ੍ਰਗਟਾ ਕਰਨ ਲਈ ਸਮਾਜਿਕ ਤੌਰ 'ਤੇ ਸਮਾਜੀ ਰਿਸ਼ਤਿਆਂ ਨੂੰ ਪ੍ਰਵਾਨ ਕਰਨਾ ਹੀ ਪੈਣਾ ਹੈ। ਇਹ ਸਮਾਜਿਕ ਵਰਤਾਰਾ ਉਸ ਦੀ ਪੈਦਾਇਸ਼ ਦੇ ਸਮੇਂ ਹੀ ਤੈਅ ਹੋ ਜਾਂਦਾ ਹੈ। ਸਮਾਜਿਕ ਸੰਸਕਾਰ : ਜਨਮ, ਵਿਆਹ, ਮੌਤ ਸਮੇਂ ਮਨੁੱਖ ਦੇ ਸਮਾਜਿਕ ਦਾਇਰੇ ਮੁਤਾਬਿਕ ਹੀ ਤੈਅ ਹੋ ਜਾਂਦੇ ਹਨ ਜੋ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਸੰਸਾਰ 'ਚ ਤਣਾਅ ਪੈਦਾ ਕਰਦੇ ਹਨ। ਇਥੇ ਹੀ ਸਰੀਰ ਅਤੇ ਰੂਹ ਦੇ ਰਿਸ਼ਤਿਆਂ 'ਚ ਟਕਰਾਓ ਪੈਦਾ ਹੁੰਦਾ ਹੈ। ਸੁਰਿੰਦਰ ਸੰਧੂ ਕਿਉਂਕਿ ਔਰਤ ਹੈ, ਉਸ ਨੂੰ ਇੰਜ ਲਗਦਾ ਹੈ ਕਿ ਅਨਿਆਂ ਸਿਰਫ਼ ਔਰਤਾਂ ਨਾਲ ਹੀ ਹੋ ਰਿਹਾ ਹੈ, ਇਸ ਲਈ ਨਾਰੀ ਸਮੱਸਿਆਵਾਂ ਦਾ ਆਪਣੀਆਂ ਕਵਿਤਾਵਾਂ ਵਿਚ ਬਿਆਨ ਕਰਦਿਆਂ, ਸਮਾਧਾਨ ਰੂਹ ਦੇ ਰਿਸ਼ਤਿਆਂ ਰਾਹੀਂ ਤਲਾਸ਼ਦੀ ਹੈ। ਪੰਜਾਬ ਦੇ ਉਜਾੜੇ ਦੇ ਕਾਰਨਾਂ ਦੀ ਤਲਾਸ਼, ਪ੍ਰਦੂਸ਼ਣ ਨਾਲ ਜੁੜੀਆਂ ਸਮੱਸਿਆਵਾਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਧਾਰਮਿਕ ਸੌਦੇਬਾਜ਼ੀ ਅਤੇ ਹੋਰ ਅਨੇਕਾਂ ਚਲੰਤ ਮਸਲਿਆਂ ਬਾਰੇ ਵੀ ਆਪਣੀਆਂ ਕਵਿਤਾਵਾਂ 'ਚ ਬਿਆਨ ਕਰਦੀ ਹੈ ਅਤੇ ਪਾਠਕਾਂ ਦਾ ਬਿਆਨ ਆਕਰਸ਼ਿਤ ਕਰਦੀ ਹੈ:
* ਸੁਣ ਨੀ ਭੈਣੇ ਮੇਰੀਏ
ਪੰਜਾਬ ਕਿਉਂ ਉੱਜੜ ਗਿਆ
* ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ ਹੈ
ਹਰ ਥਾਂ ਮੰਦਰ ਮਸਜਿਦ ਦਿਸਦਾ ਹੈ।
ਕਾਸ਼! ਸੁਰਿੰਦਰ ਸੰਧੂ ਦੇ ਖੁਆਥ 'ਸਰੀਰ' ਦੀ ਥਾਂ 'ਰੂਹ' ਦੇ ਰਿਸ਼ਤਿਆਂ ਦੀ ਪ੍ਰਤੀ-ਪੂਰਤੀ ਮਨੁੱਖ ਦੀ ਹੁੰਦੀ ਤਾਂ ਸ਼ਾਇਦ ਇਹ ਵਿਤਕਰੇ ਭਰੇ ਸਮਾਜ ਦੀ ਉਤਪਤੀ ਹੀ ਨਾ ਹੁੰਦੀ। ਮੇਰੀ ਦੁਆ ਹੈ ਕਿ ਸੁਰਿੰਦਰ ਸੰਧੂ ਦਾ ਇਹ ਖੁਆਥ ਅਵੱਸ਼ ਹੀ ਕਿਸੇ ਨਾ ਕਿਸੇ ਦਿਨ ਪੂਰਾ ਹੋਵੇਗਾ, ਇਹ ਆਸ ਉਮੀਦ ਹਮੇਸ਼ਾ ਬਣਾਈ ਰੱਖਣੀ ਚਾਹੀਦੀ ਹੈ। ਇਸ ਕਾਵਿ-ਸੰਗ੍ਰਹਿ ਦੀ ਇਕ ਖੂਬਸੂਰਤੀ ਹੈ ਕਿ ਉਸ ਦੇ ਪੁੱਤਰ ਜੋਤਨਿੰਦਰ ਸਿੰਘ ਸੰਧੂ ਨੇ ਆਪਣੇ ਪੈਨਸਲ ਸਕੈੱਚਾਂ ਨਾਲ ਇਨ੍ਹਾਂ ਕਵਿਤਾਵਾਂ ਨੂੰ ਸ਼ਿੰਗਾਰਦਿਆਂ ਕਵਿਤਾਵਾਂ 'ਚ ਵਸਦੀ ਰੂਹ ਨੂੰ ਕਾਵਿ-ਪਾਠਕਾਂ ਦੇ ਹੋਰ ਨਜ਼ਦੀਕ ਲੈ ਆਨਾ ਹੈ। ਸੁਰਿੰਦਰ ਸੰਧੂ ਨੂੰ ਵਧਾਈ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096

28-03-2021

ਪੰਜਾਬੀ ਕਵਿਤਾ
ਲੇਖਕ : ਤੇਜਵੰਤ ਮਾਨ (ਡਾ:)
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 99151-29747.


ਹਥਲੀ ਪੁਸਤਕ ਵਿਚ ਡਾ: ਮਾਨ ਦੁਆਰਾ ਸਮਕਾਲੀ ਪੰਜਾਬੀ ਕਵਿਤਾ ਬਾਰੇ ਲਿਖੇ 40 ਆਲੋਚਨਾਤਮਕ ਲੇਖ ਸੰਗ੍ਰਹਿਤ ਹਨ। ਇਹ ਪੁਸਤਕ ਨਿਕਟ ਅਧਿਐਨ ਵਿਧੀ ਦੀ ਇਕ ਪ੍ਰਮਾਣਿਕ ਵੰਨਗੀ ਪੇਸ਼ ਕਰਦੀ ਹੈ। ਬੇਸ਼ੱਕ ਡਾ: ਮਾਨ ਦਾ ਮੂਲ ਆਗ੍ਰਹਿ ਪ੍ਰਗਤੀਵਾਦੀ ਤੋਂ ਲਾਂਭੇ ਨਹੀਂ ਜਾਂਦਾ ਪ੍ਰੰਤੂ ਪ੍ਰਗਤੀਵਾਦ ਸਬੰਧੀ ਉਸ ਦੀ ਸੂਝ ਅਤੇ ਸਮਝ ਬਹੁਤ ਵਿਆਪਕ ਅਤੇ ਰੈਡੀਕਲ ਹੈ। ਉਹ ਸਮੇਂ-ਸਮੇਂ ਰੋਲਾਂ ਬਾਰਤ, ਅਲਥਿਊਜ਼ਰ, ਟੈਰੀ ਈਗਲਟਨ, ਮਿਸ਼ੇਲ ਫੂਕੋ, ਗ੍ਰਾਮਸੀ ਅਤੇ ਮਿਖੇਲ ਬਾਖ਼ਤਿਨ ਵਰਗੇ ਆਧੁਨਿਕ ਚਿੰਤਕਾਂ ਨੂੰ ਵੀ ਵਾਚਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਉਸ ਦੀ ਆਲੋਚਨਾ, ਕਾਵਿ ਕਲਾ ਨਾਲ ਸਬੰਧਿਤ ਵਿਭਿੰਨ ਸਰੋਕਾਰਾਂ ਨੂੰ ਸਮਕਾਲੀ ਪਰਿਪੇਖ ਵਿਚ ਰੱਖ ਕੇ ਵੇਖਣ-ਸਮਝਣ ਦੇ ਕਾਬਲ ਹੈ। ਉਸ ਦੀ ਧਾਰਨਾ ਹੈ ਕਿ ਕਾਵਿ ਰਚਨਾ ਗੋਸ਼ਾਨਸ਼ੀਨੀ ਨਹੀਂ ਹੁੰਦੀ, ਨਾ ਇਕ ਕੋਈ ਮਨਬਚਨੀ ਆਵੇਸ਼ ਹੁੰਦੀ ਹੈ। ਸਗੋਂ ਇਹ ਇਕ ਬਹੁਵਚਨੀ ਪ੍ਰਵੇਸ਼ ਦਾ ਨਾਂਅ ਹੈ। ਹਥਲੇ ਸੰਕਲਨ ਵਿਚ ਉਸ ਨੇ ਜਿਨ੍ਹਾਂ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ, ਉਨ੍ਹਾਂ ਦਾ ਸੰਬੋਧਨ ਸਟੇਟ ਵੱਲ ਲਕਸ਼ਿਤ ਨਹੀਂ ਸਗੋਂ ਲੋਕਾਂ ਨੂੰ ਹੈ। ਇਹ ਪੁਸਤਕਾਂ ਰੱਦਣ, ਝਿੜਕਣ ਜਾਂ ਗਾਲੀ-ਗਲੋਚ ਵਾਲੇ ਅਮਲ ਵਿਚ ਪੈਣ ਦੀ ਬਜਾਏ ਲੋਕਾਂ ਨੂੰ ਪ੍ਰੇਰਨ, ਵੰਗਾਰਨ ਜਾਂ ਸੰਗਠਿਤ ਕਰਨ ਵੱਲ ਰੁਚਿਤ ਹਨ।
ਡਾ: ਤੇਜਵੰਤ ਸਿੰਘ ਮਾਨ ਨੇ ਪੰਜਾਬੀ ਆਲੋਚਨਾ ਨੂੰ ਬਹੁਤ ਸਾਰੇ ਨਵੇਂ ਸਿਧਾਂਤ ਅਤੇ ਅੰਤਰਦ੍ਰਿਸ਼ਟੀਆਂ ਦਿੱਤੀਆਂ ਹਨ, ਜਿਵੇਂ : 1. ਕਾਵਿ, ਕੁਦਰਤੀ ਯਥਾਰਥ ਦਾ ਆਵੇਸ਼ੀ ਨਿਰਪੇਖ ਉਲੱਥਾ ਨਹੀਂ ਹੁੰਦਾ, 2. ਕਿਸੇ ਵੀ ਲੋਕ-ਕਲਿਆਣਕਾਰੀ ਕਵੀ ਦਾ ਪ੍ਰਚਾਰਕ, ਰਾਜਨੀਤਕ ਅਤੇ ਪ੍ਰਵੇਸ਼ੀ ਹੋਣਾ ਲਾਜ਼ਮੀ ਹੈ, 3. ਕਵਿਤਾ ਸੰਗਠਿਤ ਸਮਾਜਿਕ ਕਾਰਜ ਦੀ ਸਮੂਹਿਕ ਅਭਿਵਿਅਕਤੀ ਹੈ, 4. ਹਰ ਕਵੀ ਦੀ ਰਚਨਾ ਦਾ ਵਸਤੂਪਰਕ ਆਧਾਰ ਉਸ ਦਾ ਪਰਿਵੇਸ਼ ਹੈ। ਮਨੁੱਖ ਆਪਣੇ ਦੁਆਲੇ ਅਨੁਸਾਰ ਨਹੀਂ ਸਗੋਂ ਪਰਿਵੇਸ਼ ਅਨੁਸਾਰ ਢਲਦਾ ਹੈ, 5. ਅੱਜ ਪੰਜਾਬੀ ਗੀਤਕਾਰੀ ਵਿਚ ਵਧ ਰਹੀ ਅਕਾਵਿਕਤਾ ਅਤੇ ਲੱਚਰਤਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੇ ਲੱਚਰ ਗੀਤਾਂ ਦੇ ਰਚਣਹਾਰੇ ਸਾਡੀ ਸਿਰਜਣਾਤਮਕ ਜੀਵਨ-ਸ਼ੈਲੀ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਹੇ ਹਨ, 6. ਕਲਪਨਾ ਅਤੇ ਹਕੀਕਤ ਦੀ ਮਾਨਵੀ ਸਾਪੇਖਤਾ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋਵੇਂ ਸੰਕਲਪ ਨਿਰਪੇਖ ਨਹੀਂ ਹਨ, ਇਕ ਦੂਜੇ ਦੇ ਪੂਰਕ ਹਨ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਰਾਹੀਂ ਪ੍ਰਬੁੱਧ ਆਲੋਚਕ ਨੇ ਪੰਜਾਬੀ ਲੇਖਕਾਂ ਨੂੰ ਇਕ ਨਵਾਂ ਕਾਵਿ-ਸ਼ਾਸਤਰ ਪ੍ਰਦਾਨ ਕੀਤਾ ਹੈ, ਜਿਸ ਦੀ ਸਹਾਇਤਾ ਨਾਲ ਸਾਹਿਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਨਜਿੱਠਿਆ ਜਾ ਸਕਦਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c


ਸਿੱਖ ਨੈਸ਼ਨਲ ਕਾਲਜ ਲਾਹੌਰ
ਸਥਾਪਨਾ ਤੇ ਵਿਕਾਸ

ਲੇਖਕ : ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 225 ਰੁਪਏ, ਸਫ਼ੇ : 96
ਸੰਪਰਕ : 94636-84511.


ਡਾ: ਹਰਪ੍ਰੀਤ ਸਿੰਘ ਹੁੰਦਲ ਦੀ ਹਥਲੀ ਪੁਸਤਕ ਸਿੱਖਿਆ ਦੇ ਖੇਤਰ ਵਿਚ ਸਿੱਖ ਨੈਸ਼ਨਲ ਕਾਲਜ ਲਾਹੌਰ ਤੇ ਇਸ ਦੀ ਪ੍ਰਬੰਧਕੀ ਸੰਸਥਾ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਵਿਲੱਖਣ ਯੋਗਦਾਨ ਦੀ ਚਰਚਾ ਕਰਦੀ ਅਤੇ ਇਸ ਦੀ ਬਣਤਰ, ਬੁਣਤਰ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਵਿੱਦਿਅਕ ਕਦਰਾਂ-ਕੀਮਤਾਂ 'ਤੇ ਪਹਿਰਾ ਦਿੰਦਿਆਂ ਇਸ ਕਾਲਜ ਦੀਆਂ ਸਬੰਧਿਤ ਸੰਸਥਾਵਾਂ ਨੇ ਵੱਖ-ਵੱਖ ਖੇਤਰਾਂ 'ਚ ਬਹੁਤ ਨਾਮਵਰ ਵਿਦਵਾਨ, ਚਿੰਤਕ ਅਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਦੇਸ਼ ਦੀ ਵੰਡ ਹੋਣ ਉਪਰੰਤ ਸਿੱਖ ਨੈਸ਼ਨਲ ਕਾਲਜ (ਲਾਹੌਰ) ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ ਵਿਚ ਆਪਣੇ ਗੌਰਵਮਈ ਵਿਰਸੇ ਦੀਆਂ ਰਵਾਇਤਾਂ ਮੁਤਾਬਿਕ ਚਲ ਰਿਹਾ ਹੈ। ਹਥਲੀ ਪੁਸਤਕ ਸਿੱਖ ਨੈਸ਼ਨਲ ਕਾਲਜ ਲਾਹੌਰ ਦੀ ਸਿਰਜਣਾ ਅਤੇ ਵਿਕਾਸ ਦੀ ਗਾਥਾ ਖੁੱਭ ਕੇ ਬਿਆਨ ਕਰਨ ਦਾ ਯਤਨ ਹੈ।
ਜਿਸ ਤਰ੍ਹਾਂ ਦੀ ਕਿਸੇ ਸਮਾਜ ਦੀ ਆਰਥਿਕ ਤੇ ਰਾਜਸੀ ਬਣਤਰ ਹੁੰਦੀ ਹੈ, ਜਿਸ ਤਰ੍ਹਾਂ ਦੇ ਕਿਸੇ ਇਨਸਾਨੀ ਪੀੜ੍ਹੀ ਦੇ ਜੀਵਨ ਮਨੋਰਥ ਹੁੰਦੇ ਹਨ ਉਸੇ ਤਰ੍ਹਾਂ ਦਾ ਹੀ ਉਸ ਕੌਮ ਦਾ ਸਿੱਖਿਆ ਪ੍ਰਬੰਧ ਅਤੇ ਸੱਭਿਆਚਾਰਕ, ਸੁਪਨੇ ਬਣ ਜਾਂਦੇ ਹਨ। ਸਿੱਖਿਆ ਸ਼ਾਸਤਰ ਦੇ ਨਿਸ਼ਾਨਿਆਂ ਵਿਚ ਸਮੇਂ ਅਨੁਕੂਲ ਤਬਦੀਲੀਆਂ ਕਰਨ ਲਈ ਚੰਗੀਆਂ ਵਿੱਦਿਅਕ ਸੰਸਥਾਵਾਂ ਅਜਿਹੇ ਪਰਉਪਕਾਰੀ ਕਾਰਜ ਕਰਦੀਆਂ ਹਨ, ਜਿਨ੍ਹਾਂ ਦੇ ਸਿੱਟੇ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਦਾਇਕ ਹੁੰਦੇ ਹਨ।
ਸਿੱਖ ਨੈਸ਼ਨਲ ਕਾਲਜ ਲਾਹੌਰ ਕਾਦੀਆਂ ਦੀ ਬਾਕੀ ਕਾਲਜਾਂ ਨਾਲੋਂ ਭਿੰਨਤਾ ਇਹ ਹੈ ਕਿ ਪੜ੍ਹਾਉਣ ਦਾ ਵਿਧੀ ਵਿਧਾਨ ਰਵਾਇਤੀ ਢੰਗ ਨਾਲੋਂ ਬਿਲਕੁਲ ਵੱਖਰਾ ਸੀ। ਕਾਲਜ ਦੇ ਅੰਦਰਲੇ ਵਾਤਾਵਰਨ ਨੂੰ ਦੇਸ਼ ਦੇ ਬਾਹਰਲੇ ਸਿਆਸੀ, ਸਮਾਜਿਕ ਮਾਹੌਲ ਨਾਲ ਜੋੜਨ ਲਈ ਮਾਹੌਲ ਤਿਆਰ ਕੀਤਾ ਜਾਂਦਾ ਸੀ। ਕਾਲਜ ਵਿਚ ਸਮੇਂ-ਸਮੇਂ ਭਾਸ਼ਨ ਦੇਣ ਵਾਲਿਆਂ ਵਿਚ ਲਾਹੌਰ ਹਾਈ ਕੋਰਟ ਦੇ ਐਡਵੋਕੇਟ ਸ੍ਰੀ ਰਾਮ ਚੰਦਰ ਮਨਚੰਦਾ, ਐਫ. ਸੀ. ਕਾਲਜ ਦੇ ਪ੍ਰੋ: ਅਬਦੁਲ ਮਜੀਦ ਖਾਨ, ਪ੍ਰਸਿੱਧ ਅਰਥ ਸ਼ਾਸਤਰੀ, ਪ੍ਰੋ: ਬ੍ਰਿਜ ਨਰਾਇਣ, ਸਿੱਖ ਇਤਿਹਾਸਕਾਰ ਪ੍ਰਿੰ: ਗੰਡਾ ਸਿੰਘ, ਅਤੇ ਦਿਆਲ ਸਿੰਘ ਕਾਲਜ ਦੇ ਕਈ ਪ੍ਰੋਫੈਸਰ ਮੌਲਾਨਾ ਤਾਜਵਰ ਆਦਿ ਪੁੱਜਦੇ ਸਨ। ਕਾਲਜ ਦੀ ਸਥਾਪਨਾ ਤੇ ਵਿਕਾਸ ਪ੍ਰਤੀ ਜੋ ਜਾਣਕਾਰੀ ਮਹੱਇਆ ਕੀਤੀ ਗਈ ਹੈ ਚੰਗੀ ਤੇ ਇਤਿਹਾਸਕ ਹੈ। ਲੇਖਕ ਨੇ ਹਥਲੀ ਪੁਸਤਕ ਨੂੰ ਅੱਠ ਭਾਗਾਂ ਵਿਚ ਵੰਡਿਆ ਹੈ। ਵਿੱਦਿਅਕ ਮਨੋਰਥ ਤੇ ਖਾਲਸਾ ਕਾਲਜ ਲਈ ਮੁਢਲੇ ਯਤਨ, ਕਾਲਜ ਦੀ ਵਿਲੱਖਣਤਾ, ਕਾਲਜ ਅਤੇ ਆਜ਼ਾਦੀ ਦੀ ਲਹਿਰ, ਪੰਜਾਬ ਦੀ ਵੰਡ ਤੇ ਕਾਲਜ, ਸਿੱਖ ਐਜੂਕੇਸ਼ਨਲ ਸੁਸਾਇਟੀ ਦਾ ਪੁਨਰਗਠਨ, ਸੁਸਾਇਟੀ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਅਖੀਰ ਵਿਚ ਕਾਲਜ ਦੀਆਂ ਫੋਟੋਆਂ, ਕਾਲਜ ਦੇ ਮੁਢਲੇ ਸੰਸਥਾਪਕਾਂ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਅਹੁਦੇਦਾਰਾਂ ਦੀਆਂ ਤਸਵੀਰਾਂ ਇਸ ਕਿਤਾਬ ਨੂੰ ਹੋਰ ਪੁਖਤਾ ਕਰਦੀਆਂ ਹਨ।


-ਦਿਲਜੀਤ ਸਿੰਘ ਬੇਦੀ
ਮੋ: 98148-98570


ਰੱਤ ਤੇ ਰੇਤਾ
ਨਾਵਲਕਾਰ : ਸਲੀਮ ਖਾਨ ਗਿੱਮੀ

ਲਿਪੀਅੰਤਰ ਤੇ ਸੰਪਾਦਨ :
ਡਾ: ਸਵਰਨਜੀਤ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 100
ਸੰਪਰਕ : 0172-5027429.


ਪੰਜਾਬੀ ਸਾਹਿਤ ਦੇ ਖੇਤਰ ਵਿਚ ਸਲੀਮ ਖਾਨ ਗਿੱਮੀ ਦਾ ਨਾਂਅ ਅਦਬ ਨਾਲ ਲਿਆ ਜਾਂਦਾ ਹੈ। ਉਸ ਦੇ ਨਾਵਲ ਅਤੇ ਕਹਾਣੀਆਂ ਨੇ ਪੰਜਾਬੀ ਸਾਹਿਤ ਨੂੰ ਅਮੀਰੀ ਦਿੱਤੀ ਹੈ। ਚੜ੍ਹਦੇ ਪੰਜਾਬ ਵਿਚ ਜੰਮੇ ਪਲੇ ਲੇਖਕ ਨੇ ਦੇਸ਼ ਦੀ ਵੰਡ ਦਾ ਸੰਤਾਪ ਝੱਲਿਆ ਹੈ। ਇਹ ਨਾਵਲ ਭਾਰਤ-ਪਾਕਿਸਤਾਨ ਦੀ ਵੰਡ ਤੋਂ ਮਗਰੋਂ ਦੇ ਸਮੇਂ ਦੀ ਗੱਲ ਕਰਦਾ ਹੈ। ਇਹ ਅਜਿਹੇ ਸਮਾਜ ਸੱਭਿਆਚਾਰ ਦਾ ਅਕਸ ਪੇਸ਼ ਕਰਦਾ ਹੈ ਜਿਸ ਵਿਚ ਵੰਡ ਤੋਂ ਪਹਿਲਾਂ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀਆਂ ਪ੍ਰੀਤ ਡੋਰੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਦੇਸ਼ਾਂ ਅਤੇ ਪਾਣੀਆਂ ਦੀ ਵੰਡ ਨੇ ਲਹੂਆਂ ਦੇ ਪਿਆਰ ਵਿਚ ਕੋਈ ਅੰਤਰ ਨਹੀਂ ਆਉਣ ਦਿੱਤਾ। ਪਰ ਕੁਝ ਕੱਟੜ ਫ਼ਿਰਕੂ ਲੋਕਾਂ ਦੇ ਸੀਨੇ ਵਿਚ ਨਫ਼ਰਤ ਦੀਆਂ ਚੰਗਿਆੜੀਆਂ ਭਖਦੀਆਂ ਰਹੀਆਂ ਅਤੇ ਉਨ੍ਹਾਂ ਨੇ ਮਾਸੂਮ ਲੋਕਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ। ਨਾਵਲ ਦੀ ਪਿੱਠਭੂਮੀ ਚੜ੍ਹਦਾ ਅਤੇ ਲਹਿੰਦਾ ਪੰਜਾਬ ਹੈ। ਪਰ ਨਾਇਕ ਕਿਸੇ ਕਤਲ ਦਾ ਬਦਲਾ ਲੈਣ ਲਈ ਲੰਡਨ ਪਹੁੰਚ ਜਾਂਦਾ ਹੈ। ਨਾਵਲਕਾਰ ਨੇ ਲੰਡਨ ਦੇ ਸਮਾਜ ਦੀ ਵੀ ਪੇਸ਼ਕਾਰੀ ਕੀਤੀ ਹੈ। ਉਥੋਂ ਦਾ ਖੁੱਲ੍ਹਾ ਸੱਭਿਆਚਾਰ ਨੌਜਵਾਨਾਂ ਉੱਤੇ ਕਿਸੇ ਤਰ੍ਹਾਂ ਦੀਆਂ ਸਦਾਚਾਰਕ ਪਾਬੰਦੀਆਂ ਨਹੀਂ ਲਾਉਂਦਾ। ਇਸ ਪੱਛਮੀ ਸੱਭਿਆਚਾਰ ਦਾ ਅਸਰ ਸਾਡੇ ਨੌਜਵਾਨਾਂ 'ਤੇ ਵੀ ਪੈਂਦਾ ਹੈ। ਨਾਵਲ ਵਿਚ ਪ੍ਰੇਮ, ਨਫ਼ਰਤ, ਈਰਖਾ, ਫੁੱਟ, ਝਗੜਿਆਂ ਅਤੇ ਮਾਰ-ਕਾਟ ਦੀ ਵੀ ਗੱਲ ਕੀਤੀ ਗਈ ਹੈ। ਇਹ ਕਹਾਣੀ ਇਕ ਤ੍ਰਾਸਦੀ ਹੈ ਜੋ ਸਮੇਂ ਦੇ ਹੇਰ-ਫੇਰ ਨਾਲ ਦਿਲਾਂ ਨੂੰ ਜੁਦਾ ਕਰ ਦਿੰਦੀ ਹੈ। ਜ਼ਮੀਨਾਂ ਦੇ ਮਾਮਲੇ 'ਤੇ ਵੀ ਜੱਟਾਂ ਦੀ ਦੁਸ਼ਮਣੀ ਪੀੜ੍ਹੀਆਂ ਤੱਕ ਚਲਦੀ ਹੈ। ਅਨੁਵਾਦ ਵਧੀਆ ਹੈ। ਨਾਵਲ ਦੀ ਰੌਚਿਕਤਾ ਅੰਤ ਤੱਕ ਬਣੀ ਰਹਿੰਦੀ ਹੈ। ਮਨੁੱਖੀ ਕਦਰਾਂ-ਕੀਮਤਾਂ ਦੇ ਘਾਣ ਦੀ ਕਹਾਣੀ ਦਿਲ ਨੂੰ ਟੁੰਬਦੀ ਹੈ। ਨਫ਼ਰਤ ਵਿਚੋਂ ਉਪਜੀ ਬਰਬਾਦੀ ਸਾਨੂੰ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਚੇਤਨਾ, ਸੰਵੇਦਨਾ ਅਤੇ ਚਿੰਤਨ ਨੂੰ ਜਗਾਉਣ ਵਾਲੇ ਇਸ ਨਾਵਲ ਦਾ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਬਾਂਦਰ ਨਾਲ ਬਹਿਸ ਕੌਣ ਕਰੇ
ਕਵੀ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 100 ਰੁਪਏ, ਸਫ਼ੇ : 144
ਸੰਪਰਕ : 78377-18723.


'ਬਾਂਦਰ ਨਾਲ ਬਹਿਸ ਕੌਣ ਕਰੇ' ਹਥਲੇ ਕਾਵਿ ਸੰਗ੍ਰਹਿ 'ਚ ਕਵੀ ਸੁਖਿੰਦਰ ਦੀਆਂ 72 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਕਵੀ ਭ੍ਰਿਸ਼ਟ ਰਾਜਨੀਤਕ ਸਿਸਟਮ, ਧਾਰਮਿਕ ਕੱਟੜਤਾ, ਫ਼ਿਰਕੂਵਾਦ ਖਿਲਾਫ਼ ਵਿਅੰਗਮਈ ਲਹਿਜੇ 'ਚ ਤਿੱਖੀਆਂ ਟਕੋਰਾਂ ਕਰਦਾ ਜਾਪਦਾ ਹੈ। ਮਾਂ ਬੋਲੀ ਪੰਜਾਬੀ ਦਾ ਆਪਣਿਆਂ ਹੱਥੋਂ ਹੀ ਅਣਗੌਲੇ ਜਾਣਾ, ਤਿੜਕ ਰਹੇ ਰਿਸ਼ਤਿਆਂ ਦੀ ਵੇਦਨਾ, ਗੁੰਡਾ ਰਾਜ, ਮਾਰ-ਧਾੜ, ਬਲਾਤਕਾਰਾਂ ਦੀਆਂ ਵਧ ਰਹੀਆਂ ਘਟਨਾਵਾਂ ਦੀ ਚਿੰਤਾ, ਨੌਜਵਾਨ ਪੀੜ੍ਹੀ ਦਾ ਨਸ਼ਿਆਂ 'ਚ ਗ੍ਰਸਤ ਹੋਣਾ ਉਸ ਦਾ ਹਿਰਦਾ ਵਲੂੰਧਰਦਾ ਹੈ :
ਹਰੀ ਸਿੰਘ ਨਲਵਾ, ਬਾਬਾ ਦੀਪ ਸਿੰਘ ਦੇ ਵਾਰਿਸ
ਬਾਹਾਂ 'ਚ ਨਸ਼ਿਆਂ ਦੇ ਸਰਿੰਜ ਖੋਭੀ
ਪਿੰਡਾਂ ਦੀਆਂ ਰੂੜੀਆਂ ਉਤੇ ਡਿੱਗੇ
ਮਿਲ ਰਹੇ, ਲਾਸ਼ਾਂ ਬਣੇ। (ਪੰਨਾ ਨੰ: 68)
ਕਵੀ ਅਨੁਸਾਰ ਅਜੋਕੇ ਸਮਿਆਂ 'ਚ ਜੁਗਾੜ-ਤੰਤਰ ਦੀ ਪ੍ਰਧਾਨਤਾ ਹੈ। ਮੀਡੀਆ ਵਲੋਂ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਬਜਾਏ ਸੱਤਾਧਾਰੀ ਤਾਕਤਾਂ ਦੇ ਸੋਹਿਲੇ ਗਾਉਣ ਤੋਂ ਸ਼ਾਇਰ ਡਾਢਾ ਖ਼ਫਾ ਹੈ। ਲੋੜ ਤੋਂ ਵੱਧ ਖਾਮੋਸ਼ੀ ਨੂੰ ਭਿਆਨਕ ਕਰਾਰ ਦਿੰਦਾ ਕਵੀ ਲਿਖਦਾ ਹੈ :
ਲੋੜ ਤੋਂ ਵੱਧ ਖਾਮੋਸ਼ੀ ਕਈ ਵਾਰ ਕਿਸੇ ਭਿਆਨਕ ਹਾਦਸੇ ਦੀ
ਪੇਸ਼ੀਨਗੋਈ ਕਰ ਰਹੀ ਹੁੰਦੀ ਹੈ
ਖੁਦਕੁਸ਼ੀ ਜਾਂ ਆਤੰਕਵਾਦ।
ਸਾਡੇ ਗੰਧਲੇ ਹੋ ਰਹੇ ਪੌਣ-ਪਾਣੀ, ਲੱਚਰਵਾਦੀ ਹੋ ਰਹੇ ਗੀਤ-ਸੰਗੀਤ, ਦੇਸ਼ ਦੇ ਅੰਨਦਾਤਾ ਦਾ ਖੁਦਕੁਸ਼ੀਆਂ ਦੇ ਰਾਹ ਪੈਣਾ ਕਵੀ ਨੂੰ ਬੇਚੈਨ ਕਰਦਾ ਹੈ। ਕਵੀ ਅਨੁਸਾਰ ਵਿਕਸਿਤ ਪੂੰਜੀਵਾਦ ਵਲੋਂ ਪੈਦਾ ਕੀਤੇ ਜਾ ਰਹੇ ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਰਾਜਨੀਤਕ ਸੰਕਟ ਨੂੰ ਚੁਣੌਤੀਆਂ ਦੇਣ ਲਈ ਵਿਚਾਰਧਾਰਕ ਸ਼ਾਇਰੀ ਦੀ ਸਿਰਜਣਾ ਸਮੇਂ ਦੀ ਲੋੜ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਾਨਵਕਾਰੀ ਅਤੇ ਅਮਾਨਵਕਾਰੀ ਪਾਤਰ ਆਪੋ-ਆਪਣੀ ਹੋਂਦ ਨੂੰ ਦਰਸਾਉਂਦੇ ਪ੍ਰਤੀਤ ਹੁੰਦੇ ਹਨ। ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਅਜੋਕੇ ਸਮਾਜ ਨੂੰ ਸਾਰਥਕ ਸੁਨੇਹਾ ਦਿੰਦੀਆਂ ਜਾਪਦੀਆਂ ਹਨ। ਇਹ ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625


ਕਮਰਾ ਨੰਬਰ 302 ਅਤੇ ਹੋਰ ਕਹਾਣੀਆਂ
ਸੰਪਾਦਕ : ਪ੍ਰੋ: ਬਲਵੀਰ ਕੌਰ ਰੀਹਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94643-30803.


ਕਹਾਣੀ ਸੰਗ੍ਰਹਿ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ (ਹੁਸ਼ਿਆਰਪੁਰ) ਦੀਆਂ ਛੇ ਵਿਦਿਆਰਥਣਾਂ ਤੇ ਇਕ ਵਿਦਿਆਰਥੀ ਦੀਆਂ 26 ਕਹਾਣੀਆਂ ਹਨ। ਇਹ ਵਿਦਿਆਰਥੀ ਪੁਸਤਕ ਸੰਪਾਦਕ ਤੇ ਪੰਜਾਬੀ ਵਿਭਾਗ ਦੇ ਪ੍ਰੋ: ਬਲਵੀਰ ਕੌਰ ਰੀਹਲ ਦੇ ਸਿਖਿਆਰਥੀ ਹਨ। ਪੰਜਾਬੀ ਸਾਹਿਤ ਦੇ ਵਿਦਿਆਰਥੀ ਹੋਣ ਕਰਕੇ ਸਾਹਿਤ ਰਚਨ ਦੀ ਚੇਟਕ ਪ੍ਰੋ: ਰੀਹਲ ਦੀ ਪ੍ਰੇਰਨਾ ਤੇ ਅਗਵਾਈ ਵਿਚ ਲੱਗੀ ਹੈ। ਸਹਿ ਸੰਪਾਦਕ ਪ੍ਰੋ: ਕੁਲਵਿੰਦਰ ਸਿੰਘ ਸੱਗੀ ਹਨ। ਸੰਗ੍ਰਹਿ ਵਿਚ ਕਹਾਣੀਕਾਰ ਹਰਦੀਪ ਕੌਰ ਦੀਆਂ ਦੋ, ਅਨੁਰਾਧਾ ਦੀਆਂ ਪੰਜ, ਹਜਮੀਤ ਕੌਰ ਦੀਆਂ ਚਾਰ, ਜ਼ੀਨਤ ਰਾਣੀ ਦੀਆਂ ਚਾਰ, ਹਰਪ੍ਰੀਤ ਕੌਰ ਦੀਆਂ ਵੀ ਚਾਰ, ਗਗਨਦੀਪ ਕੌਰ ਤਿੰਨ ਤੇ ਸੁਖਮਨ ਸਿੰਘ ਦੀਆਂ ਚਾਰ ਕਹਾਣੀਆਂ ਹਨ। ਵਿਦਿਆਰਥੀ ਕਥਾਕਾਰਾਂ ਕੋਲ ਕਹਾਣੀ ਕਹਿਣ ਦਾ ਹੁਨਰ ਹੈ। ਕਹਾਣੀ ਸਿਰਜਣਾ ਜੁਗਤਾਂ ਵੱਖ-ਵੱਖ ਹਨ। ਇਨ੍ਹਾਂ ਵਿਚ ਕਮਰਾ ਨੰਬਰ 302 (ਅਨੁਰਾਧਾ) ਵਿਚ ਹਸਪਤਾਲ ਦੇ ਕਮਰੇ ਦਾ ਨੰਬਰ 302 ਹੈ ਜਿਸ ਵਿਚ ਇਕ ਪਾਤਰ ਜ਼ੇਰੇ ਇਲਾਜ ਹੈ। ਪ੍ਰੀਤੀ ਨਰਸ ਹੈ। ਇਹ ਪਾਤਰ ਕਾਲਜ ਸਮੇਂ ਦਾ ਵਿਦਿਆਰਥੀ ਆਗੂ ਰਿਹਾ ਸੀ। ਸਮੇਂ ਨਾਲ ਨਸ਼ੇ ਦਾ ਆਦੀ ਹੋ ਗਿਆ। ਲੀਡਰੀ ਦੇ ਹੰਕਾਰ ਵਿਚ ਰਹਿਣ ਲੱਗਾ। ਦੁਖੀ ਹੋ ਕੇ ਮਾਪੇ ਵੀ ਖ਼ੁਦਕੁਸ਼ੀ ਕਰ ਗਏ। ਪ੍ਰੀਤੀ ਨੂੰ ਇਹ ਸਭ ਕੁਝ ਇਸ ਪਾਤਰ ਦੀਆਂ ਲਿਖੀਆਂ ਦੋ ਡਾਇਰੀਆਂ ਵਿਚੋਂ ਲੱਭਦਾ ਹੈ। ਵਧੇਰੇ ਕਹਾਣੀਆਂ ਦੇ ਵਿਸ਼ੇ ਔਰਤ ਦੇ ਦੁੱਖਾਂ ਦੀ ਦਾਸਤਾਨ ਹੈ। ਇਨ੍ਹਾਂ ਮਸਲਿਆਂ ਵਿਚ ਦਾਜ ਦਹੇਜ, ਬੇਮੇਲ ਰਿਸ਼ਤੇ, ਅਸਫਲ ਪਿਆਰ, ਟੀਨ ਏਜ ਕੁੜੀਆਂ ਦੇ ਸੁਪਨੇ, ਤਿੜਕਦੇ ਰਿਸ਼ਤੇ, ਨਸ਼ਿਆਂ ਵਿਚ ਗਰਕਦੀ ਜੁਆਨੀ, ਬਜ਼ੁਰਗਾਂ ਨਾਲ ਨੌਜਵਾਨਾਂ ਦਾ ਰੁੱਖਾ ਵਿਹਾਰ, ਅੰਤਰਜਾਤੀ ਵਿਆਹ, ਰੁੱਖਾਂ ਦੇ ਲਾਭ ਆਦਿ ਹਨ। ਸੰਗ੍ਰਹਿ ਦੀਆਂ ਕਹਾਣੀਆਂ ਵਿਚ ਬੁਣਤੀ, ਗੁਡੀ, ਰੇਪ, ਕੁਰਸੀ, ਮਜਬੂਰੀ, ਸੁਪਨਾ, ਦਹੇਜ, ਜ਼ਿੰਦਗੀ ਦੀ ਹਾਰ, ਧੋਖਾ, ਰੁੱਖ ਸਾਡੀ ਜਾਨ, ਨੂੰਹ ਦੀਆਂ ਟੂੰਮਾਂ, ਪਰਾਈ ਧੀ ਵਿਚ ਕਥਾ ਰਸ, ਸਸਪੈਂਸ, ਦਿਲਚਸਪ ਪਾਤਰੀ ਸੰਵਾਦ, ਸਿੱਖਿਆ ਦਾਇਕ ਰਚਨਾਵਾਂ ਹਨ। ਸੰਪਾਦਕੀ ਵਿਚ ਕਹਾਣੀਕਾਰਾਂ ਦੇ ਸੁਭਾਅ, ਰੁਚੀਆਂ ਤੇ ਪੰਜਾਬੀ ਕਹਾਣੀ ਦੇ ਇਤਿਹਾਸ ਦਾ ਜ਼ਿਕਰ ਹੈ। ਹਰੇਕ ਕਹਾਣੀਕਾਰ ਦੀ ਜਾਣ-ਪਛਾਣ ਦਿੱਤੀ ਗਈ ਹੈ। ਇਹ ਕਥਾਕਾਰ ਪੰਜਾਬੀ ਕਹਾਣੀ ਦਾ ਭਵਿੱਖ ਹਨ। ਸੰਪਾਦਕ ਦਾ ਯਤਨ ਸ਼ਲਾਘਾ ਯੋਗ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਹਨੇਰੇ ਵਿਚਲਾ ਚਾਨਣ
ਲੇਖਕ : ਗਗਨਦੀਪ ਸ਼ਰਮਾ ਯੂ. ਕੇ.
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 62
ਸੰਪਰਕ : 95011-45039.


ਗਗਨਦੀਪ ਸ਼ਰਮਾ ਯੂ. ਕੇ. ਨੇ 'ਹਨੇਰੇ ਵਿਚਲਾ ਚਾਨਣ' ਪੁਸਤਕ ਵਿਚ ਸੱਤ ਕਵਿਤਾਵਾਂ ਅਤੇ ਪੰਦਰਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ।
ਗਗਨਦੀਪ ਸ਼ਰਮਾ ਨੇ ਆਪਣੀਆਂ ਕਹਾਣੀਆਂ ਵਿਚ ਇਕ ਜ਼ਿੰਦਗੀ ਨੂੰ ਸਹੀ ਰਾਹ 'ਤੇ ਪਾਉਣ ਤੇ ਖੁਸ਼ੀਆਂ ਮਾਣਨ ਦੀ ਗੱਲ ਕਹੀ ਹੈ। ਜਿਵੇਂ ਪ੍ਰਿਥਵੀ ਨੂੰ ਉਸ ਦੀ ਗ਼ਰੀਬੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਤਾਂ ਇਕ ਦਿਨ ਉਸ ਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਉਹ ਇਹ ਗੱਲ ਆਪਣੇ ਪਿਤਾ ਨੂੰ ਫੋਨ 'ਤੇ ਦੱਸਦੀ ਹੈ। ਅਗਲੀ ਕਹਾਣੀ 'ਬੋਲ ਕਬੋਲ' ਵਿਚ ਦੱਸਿਆ ਗਿਆ ਹੈ ਕਿ ਅਚਾਨਕ ਕਹੀ ਗੱਲ ਵੀ ਕਈ ਵਾਰ ਪੂਰੀ ਹੋ ਜਾਂਦੀ ਹੈ, ਪਰ ਹੋਰ ਤਰ੍ਹਾਂ। ਪ੍ਰਿਥਵੀ ਆਪਣੇ ਪਿਤਾ ਨੂੰ ਵਿਦੇਸ਼ ਤੋਂ ਆਪਣੇ ਪਿੰਡ ਆਉਣ ਬਾਰੇ ਜੋ ਕਹਿੰਦੀ ਸੀ ਉਹ ਸੱਚ ਹੋ ਗਿਆ ਪਰ ਆਪਣੇ ਪਿਤਾ ਦੀ ਮੌਤ 'ਤੇ ਉਸ ਨੂੰ ਆਉਣਾ ਪਿਆ। 'ਧੀਆਂ' ਕਹਾਣੀ ਵਿਚ ਧੀਆਂ ਨੂੰ ਪਿਆਰ ਕਰਨ ਦਾ ਅਹਿਸਾਸ ਕਰਵਾਇਆ ਗਿਆ ਹੈ। 'ਭੂਆ' ਕਹਾਣੀ ਵਿਚ ਸਮੇਂ ਦੇ ਬਦਲਾਅ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਭੂਆ ਆਪਣੇ ਭਰਾ ਦੇ ਰੱਖੜੀ ਬੰਨ੍ਹਦੀ ਸੀ ਤੇ ਥੋੜ੍ਹੇ ਪੈਸਿਆਂ ਨਾਲ ਵੀ ਵੱਧ ਖੁਸ਼ੀ ਮਿਲਦੀ ਸੀ ਤੇ ਤਿਉਹਾਰਾਂ ਦਾ ਚਾਅ ਵੀ ਡਾਢਾ ਹੁੰਦਾ ਸੀ, ਪਰ ਅੱਜ ਪੰਦਰਾਂ ਵਰ੍ਹਿਆਂ ਬਾਅਦ ਸਭ ਕੁਝ ਬਦਲ ਗਿਆ, ਸਾਡੀਆਂ ਖੁਸ਼ੀਆਂ ਵੀ ਉਹ ਨਹੀਂ ਰਹੀਆਂ, ਰਿਸ਼ਤਿਆਂ ਦਾ ਘਾਣ ਹੁੰਦਾ ਦਰਸਾਇਆ ਗਿਆ ਹੈ। 'ਘੱਟ ਬੋਲਣ ਵਾਲੇ ਲੋਕ' ਕਹਾਣੀ ਵਿਚ ਲਾਇਬਰੇਰੀ ਵਿਚ ਕਿਤਾਬਾਂ ਪੜ੍ਹਨ ਤੇ ਕਿਤਾਬਾਂ ਨਾਲ ਗੱਲਾਂ ਕਰਨ ਦੇ ਸ਼ੌਕ ਬਾਰੇ ਦੱਸਿਆ ਗਿਆ ਹੈ। ਇਸ ਤਰ੍ਹਾਂ ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਕਹਾਣੀਆਂ ਵਿਚ ਹੀ ਗਗਨਦੀਪ ਸ਼ਰਮਾ ਨੇ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਅਹਿਸਾਸਾਂ ਨੂੰ ਚਿਤਰਿਆ ਹੈ ਪਰ ਗਲਪੀ ਬਿੰਬ ਸਿਰਜਣ ਦੀ ਘਾਟ ਰੜਕਦੀ ਹੈ। ਲੇਖਿਕਾ ਨੂੰ ਕਹਾਣੀਆਂ ਲਿਖਣ ਤੋਂ ਪਹਿਲਾਂ ਕਹਾਣੀ ਦੇ ਤੱਤਾਂ ਬਾਰੇ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਤਾਂ ਹੀ ਕਹਾਣੀ ਰਸ ਪੈਦਾ ਹੋ ਸਕਦਾ ਹੈ।


-ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161


ਅਸ਼ਾਂਤ ਚੇਤਨਾ
ਲੇਖਕ : ਲੋਕ ਨਾਥ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 180 ਰੁਪਏ, ਸਫ਼ੇ : 94
ਸੰਪਰਕ : 98769-57333.


ਅਸ਼ਾਂਤ ਚੇਤਨਾ, ਜੁਝਾਰਵਾਦੀ ਚੇਤਨਾ ਦੇ ਸ਼ਾਇਰ ਲੋਕ ਨਾਥ ਦੀ ਨਵੀਂ ਕਾਵਿ ਪੁਸਤਕ ਹੈ, ਜਿਸ ਵਿਚ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਉਸ ਦੀਆਂ ਕਵਿਤਾਵਾਂ ਸ਼ਾਮਿਲ ਹਨ। ਲੋਕ ਨਾਥ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਬਹੁਤ ਲੰਬੇ ਸਮੇਂ ਤੋਂ ਚਰਚਿਤ ਨਾਂਅ ਹੈ, ਜਿਸ ਕੋਲ ਇਕ ਵੱਖਰੀ ਕਾਵਿ ਦ੍ਰਿਸ਼ਟੀ ਹੈ। ਇਸ ਸੰਗ੍ਰਿਹ ਦੀਆਂ ਕਵਿਤਾਵਾਂ ਇਸੇ ਦ੍ਰਿਸ਼ਟੀ ਅਧੀਨ ਵੇਖੀਆਂ ਜਾ ਸਕਦੀਆਂ ਹਨ। ਇਸ ਸੰਗ੍ਰਿਹ ਦੀ ਪਹਿਲੀ ਕਵਿਤਾ ਵਿਚ ਹੀ ਉਹ ਉਸ ਖੰਡਿਤ ਹੋਏ ਸੁਪਨੇ ਦੀ ਗੱਲ ਕਰਦਾ ਹੈ, ਜਿਹੜਾ ਜੁਝਾਰੂ ਲੋਕਾਂ ਨੇ ਸਿਰਜਿਆ ਸੀ,
ਜਿਸ 'ਚ ਬਸਤੀਵਾਦ ਦਾ ਅੰਤ ਸ਼ੁਰੂ ਹੁੰਦਾ ਹੈ
ਉਦੋਂ ਤੋਂ ਹੁਣ ਤੱਕ ਲਗਪਗ ਸੱਤਰ ਸਾਲ ਹੋ ਗਏ
ਆਦਮੀ ਦੀ ਜੀਵਨ ਲੀਲਾ
ਸਮਾਪਤ ਹੋਣ ਨੂੰ ਆ ਗਈ ਹੈ
ਪਰ ਉਹ ਨਹੀਂ ਆਇਆ ਜਿਸ ਨੇ ਸਭ ਤੋਂ ਪਹਿਲਾਂ ਆਉਣਾ ਸੀ
ਲਹਿਰਾਉਂਦੇ ਹੋਏ ਤਿੰਨ ਰੰਗਾਂ ਨਾਲ।
ਇਸੇ ਤਰ੍ਹਾਂ ਬਾਕੀ ਕਵਿਤਾਵਾਂ ਵਿਚ ਵੀ ਉਹ ਇਸੇ ਚੇਤਨਾ ਦਾ ਪਸਾਰ ਕਰਦਾ ਹੈ। ਕਮਰੇ ਦੀ ਕੈਦ ਵਿਚ ਉਹ ਉਨ੍ਹਾਂ ਵਾਅਦਿਆਂ 'ਤੇ ਝੂਰਦਾ ਹੈ ਜੋ ਕਲਮ ਕਿਤਾਬਾਂ ਨਾਲ ਕੀਤੇ ਸਨ ਪਰ ਉਹ ਪੂਰੇ ਨਹੀਂ ਹੋਏ। ਅਸ਼ਾਂਤ ਚੇਤਨਾ ਵਿਚ ਲੋਕ ਨਾਥ ਵਲੋਂ ਲਿਖੇ ਸ਼ਬਦ ਚਿੱਤਰ ਵਿਸ਼ੇਸ਼ ਧਿਆਨ ਖਿੱਚਦੇ ਹਨ, ਜਿਨ੍ਹਾਂ ਵਿਚ ਡਾ: ਹਰਿਭਜਨ ਸਿੰਘ ਦਾ ਸ਼ਬਦ ਚਿੱਤਰ, ਮੋਹਨਜੀਤ, ਡਾ: ਸਿੰਦਰ, ਮਹਾਤਮਾ ਗਾਂਧੀ, ਲਾਓਜ਼ੇ ਗੁਸਤਾਵੋਵਨਾ ਦੇ ਸ਼ਬਦ ਚਿੱਤਰ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਇਨ੍ਹਾਂ ਵਿਚ ਉਹ ਬਹੁਤ ਹੀ ਬਾਰੀਕਬੀਨੀ ਨਾਲ ਇਹ ਕਿਰਦਾਰ ਸਿਰਜਦਾ ਵਿਚ ਵਿਚ ਹੋਰਨਾਂ ਕਿਰਦਾਰਾਂ ਬਾਰੇ ਵੀ ਟਿੱਪਣੀਆਂ ਕਰਦਾ ਹੈ। ਲੋਕ ਨਾਥ ਦੀ ਕਵਿਤਾ ਸਾਡੇ ਸਮਕਾਲੀਨ ਵਰਤਾਰਿਆਂ 'ਤੇ ਚਿੰਤਾ ਪ੍ਰਗਟ ਕਰਦੀ ਸਾਡੀਆਂ ਆਉਂਦੀਆਂ ਪੀੜ੍ਹੀਆਂ ਦੇ ਭਵਿੱਖ 'ਤੇ ਸਵਾਲ ਕਰਦੀ ਸਾਨੂੰ ਗ਼ਲਤ ਵਰਤਾਰਿਆਂ ਦਾ ਵਿਰੋਧ ਕਰਨ ਲਈ ਆਖਦੀ ਹੈ।
ਆਪਣੇ ਬੱਚਿਆਂ ਵੰਨੀ ਦੇਖ ਕੇ ਘਬਰਾਉਂਦੇ ਹਾਂ
ਹੌਲੀ ਹੌਲੀ ਬੱਚਿਆਂ ਦੇ ਬੋਲਾਂ ਨੂੰ ਸੁਣ ਕੇ ਉੱਚੀ ਨਾਅਰੇ ਲਾਉਂਦੇ ਹਾਂ
ਮਰੋ ਮਰੋ ਜੀਣ ਜੋਗੇ...ਪੰਜਾਬ ਵਾਸੀਓ
ਜਾਂ ਫਿਰ ਆਓ ਕਰੋ ਵਿਰੋਧ ਨਹੀਂ ਤੇ ਮਰ ਜਾਉ...
ਸਮੁੱਚੇ ਰੂਪ ਵਿਚ ਲੋਕ ਨਾਥ ਦੀ ਇਹ ਪੁਸਤਕ ਸਾਡੇ ਸਮਿਆਂ ਦਾ ਇਤਿਹਾਸਕ ਦਸਤਾਵੇਜ਼ ਹੈ। ਇਸ ਪੁਸਤਕ ਲਈ ਲੇਖਕ ਮੁਬਾਰਕ ਦਾ ਹੱਕਦਾਰ ਹੈ।


-ਡਾ: ਅਮਰਜੀਤ ਕੌਂਕੇ

27-03-2021

 ਕਿਰਤ ਦਾ ਗੌਰਵ
ਲੇਖਕ : ਡਾ: ਅਨੂਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 98768-01268.

ਡਾ: ਅਨੂਪ ਸਿੰਘ ਮੂਲ ਰੂਪ ਵਿਚ ਇਕ ਸਾਹਿਤਕ ਆਲੋਚਕ ਅਤੇ ਸਮਾਜ ਸ਼ਾਸਤਰੀ ਚਿੰਤਕ ਹੈ। ਇਹੀ ਕਾਰਨ ਹੈ ਕਿ ਉਸ ਦੀ ਹਰ ਲਿਖਤ ਆਲੋਚਨਾਤਮਕ ਦ੍ਰਿਸ਼ਟੀ ਤੋਂ ਪਰਿਪੱਕ ਹੁੰਦੀ ਹੈ। ਪ੍ਰੰਤੂ ਆਪਣੇ ਵਿਚਾਰਾਂ ਨੂੰ ਪਾਠਕਾਂ ਦੇ ਇਕ ਵੱਡੇ ਅਤੇ ਨਾਨ-ਟੈਕਨੀਕਲ ਵਰਗ ਤੱਕ ਪਹੁੰਚਾਉਣ ਲਈ ਉਹ ਨਿਬੰਧ-ਕਲਾ ਵੱਲ ਵੀ ਰੁਚਿਤ ਹੋਇਆ ਹੈ। ਪ੍ਰਿੰ: ਤੇਜਾ ਸਿੰਘ, ਪ੍ਰੋ: ਪੂਰਨ ਸਿੰਘ, ਸ: ਪ੍ਰੀਤਲੜੀ ਅਤੇ ਸ੍ਰੀ ਕਮਲਾ ਅਕਾਲੀ ਵਰਗੇ ਅਨੁਭਵੀ ਲੇਖਕਾਂ ਨੇ ਪੰਜਾਬੀ ਵਿਚ ਉੱਚ-ਕੋਟੀ ਦੇ ਨਿਬੰਧ ਲਿਖ ਕੇ ਇਸ ਸਿਨਫ਼ ਨੂੰ ਕਾਫੀ ਮਕਬੂਲ ਬਣਾ ਦਿੱਤਾ ਸੀ ਪਰ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜਾਬੀ ਵਿਚ ਸਾਹਿਤਕ ਨਿਬੰਧ ਲਿਖਣ ਦੀ ਪਰੰਪਰਾ ਕਾਫੀ ਖੀਣ ਹੁੰਦੀ ਗਈ ਹੈ।
ਡਾ: ਅਨੂਪ ਸਿੰਘ ਦੇ ਇਹ ਨਿਬੰਧ ਪੜ੍ਹ ਕੇ ਸਾਧਾਰਨ ਪਾਠਕ ਨੂੰ ਇਹ ਜਾਣ ਕੇ ਸੁਖਦ ਹੈਰਾਨੀ ਹੋਵੇਗੀ ਕਿ ਉਸ ਦੇ ਪੜ੍ਹਨ-ਲਿਖਣ ਦਾ ਖੇਤਰ ਕਿੰਨਾ ਵਿਸ਼ਾਲ ਹੈ। ਉਹ ਅੰਗਰੇਜ਼ੀ, ਯੂਰਪੀ, ਹਿੰਦੀ-ਸੰਸਕ੍ਰਿਤ ਅਤੇ ਉਰਦੂ-ਫਾਰਸੀ ਦੇ ਪ੍ਰਮੁੱਖ ਲੇਖਕਾਂ ਦਾ ਗੰਭੀਰ ਪਾਠਕ ਰਿਹਾ ਹੈ, ਇਹੀ ਕਾਰਨ ਹੈ ਕਿ ਉਸ ਦੇ ਨਿਬੰਧਾਂ ਵਿਚ ਇਨ੍ਹਾਂ ਲੇਖਕਾਂ ਦੇ ਬੇਸ਼ੁਮਾਰ ਹਵਾਲੇ ਮਿਲ ਜਾਂਦੇ ਹਨ। ਆਪਣੇ ਕਿਸੇ ਵੀ ਕਥਨ ਨੂੰ ਪ੍ਰਮਾਣਿਕ ਅਤੇ ਭਰੋਸੇਯੋਗ ਬਣਾਉਣ ਵਾਸਤੇ ਉਹ ਲੇਖਕਾਂ ਦੇ ਸੂਤਰਬੱਧ ਕਥਨਾਂ ਦਾ ਪ੍ਰਯੋਗ ਕਰਨ ਤੋਂ ਸੰਕੋਚ ਨਹੀਂ ਕਰਦਾ। ਇਸ ਵਿਧੀ ਦੇ ਕਾਰਨ ਉਸ ਦੇ ਇਹ ਲੇਖ ਬੜੇ ਗਿਆਨ ਭਰਪੂਰ ਅਤੇ ਵਿਚਾਰ-ਉਤੇਜਕ ਬਣ ਗਏ ਹਨ।
ਇਸ ਪੁਸਤਕ ਵਿਚ ਉਸ ਦੇ 12 ਲੇਖ ਸੰਗ੍ਰਹਿਤ ਹਨ। ਇਨ੍ਹਾਂ ਵਿਚੋਂ ਲਗਪਗ ਅੱਧੇ (6) ਲੇਖ, ਬੋਲਣ ਅਤੇ ਚੁੱਪ ਕਰਨ ਦੇ ਨਿਖੇੜੇ ਬਾਰੇ ਹਨ। ਅਜੋਕੇ ਦੌਰ ਵਿਚ ਆਤਮ-ਪ੍ਰਸੰਸਾ ਜਾ ਸਵੈ-ਪ੍ਰਦਰਸ਼ਨ ਉੱਪਰ ਏਨਾ ਜ਼ੋਰ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਮਹਿਫ਼ਿਲ ਜਾਂ ਇਕੱਠ ਵਿਚ ਹਰ ਕੋਈ ਬੋਲਣ ਲਈ ਤਤਪਰ ਰਹਿੰਦਾ ਹੈ ਅਤੇ ਜੇ ਕਿਸੇ ਨੂੰ ਮੌਕਾ ਮਿਲ ਜਾਵੇ ਤਾਂ ਉਹ ਨਿਰੰਤਰ ਬੋਲਦਾ ਜਾਂਦਾ ਹੈ। ਚੁੱਪ ਹੀ ਨਹੀਂ ਕਰਦਾ। ਪਰ ਜੇ ਕਿਸੇ ਨੂੰ ਮੌਕਾ ਨਾ ਮਿਲੇ ਤਾਂ ਉਹ ਚਿੱਟਾਂ ਭੇਜਦਾ ਰਹਿੰਦਾ ਹੈ ਕਿ ਮੈਂ ਵੀ ਬੋਲਣਾ ਹੈ, ਮੈਨੂੰ ਵੀ ਵਕਤ ਦਿਓ। ਡਾ: ਅਨੂਪ ਸਿੰਘ ਨੇ ਸੁਝਾਇਆ ਹੈ ਕਿ ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਵਿਚ ਸੁਣਨ ਦੀ ਸ਼ਕਤੀ ਪੈਦਾ ਕਰਨੀ ਚਾਹੀਦੀ ਹੈ। ਬੋਲਣ ਦੌਰਾਨ ਤੁਸੀਂ ਬਹੁਤ ਘੱਟ ਸਿੱਖਦੇ ਹੋ ਜਦੋਂ ਕਿ ਸੁਣਨ ਦੁਆਰਾ ਅਨੇਕ ਨਵੇਂ ਤੱਥਾਂ ਅਤੇ ਗੱਲਾਂ ਦਾ ਪਤਾ ਚਲਦਾ ਹੈ। ਲੇਖਕ ਨੇ 'ਸੁਣਨ ਸਿਆਣਪ', 'ਚੁੱਪ ਦੇ ਬੋਲ', 'ਬੋਲ ਕਿ ਲਥ...'। 'ਜਵਾਬਿ... ਖਾਮੋਸ਼ੀ', 'ਬਹੁਤੀ ਭਲੀ ਨਾ ਚੁੱਪ' ਆਦਿ ਲੇਖਕਾਂ ਵਿਚ ਵਾਣੀ ਅਤੇ ਖਾਮੋਸ਼ੀ ਦੇ ਮਹੱਤਵ ਨੂੰ ਇਕ-ਦੂਸਰੀ ਦੇ ਸਮਵਿੱਥ ਰੱਖ ਕੇ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। 'ਸ਼ਬਦ ਸਾਧਨਾ', 'ਕਿਰਤ ਦਾ ਗੌਰਵ', 'ਉਦਾਹੁਤਾ', 'ਕੰਮ ਕਸੌਟੀ' ਅਤੇ 'ਲਾਜ਼ਮੀ ਜਿੱਤਾਂਗੇ' ਉਸ ਦੇ ਕੁਝ ਹੋਰ ਮਹੱਤਵਪੂਰਨ ਨਿਬੰਧ ਹਨ।
ਡਾ: ਅਨੂਪ ਸਿੰਘ ਇਕ ਪ੍ਰਗਤੀਸ਼ੀਲ ਲੇਖਕ ਹੈ। ਉਹ ਗੁਰਬਾਣੀ ਵਿਚ ਮਿਲਦੇ ਕਲਿਆਣਕਾਰੀ ਅਤੇ ਪ੍ਰਗਤੀਸ਼ੀਲ ਸੰਦੇਸ਼ ਨੂੰ ਬੜੀ ਸਤਿਕਾਰ-ਭਾਵਨਾ ਨਾਲ ਪਕੜਦਾ ਹੈ ਅਤੇ ਪ੍ਰਸਤੁਤ ਕਰਦਾ ਹੈ। ਆਧੁਨਿਕ ਜੀਵਨ ਬਹੁਤ ਅਸਤ-ਵਿਅਸਤ ਹੋ ਚੁੱਕਾ ਹੈ। ਇਸ ਨੂੰ ਕਰੀਨੇ ਨਾਲ ਪੁਨਰ-ਟਿਕਾਉਣ ਜਾਂ ਸਥਾਪਤ ਕਰਨ ਦੀ ਜ਼ਰੂਰਤ ਹੈ। ਅਨੂਪ ਸਿੰਘ ਦੇ ਵਿਚਾਰ ਇਸ ਜ਼ਰੂਰਤ ਨੂੰ ਬਾਖੂਬੀ ਨਿਭਾਅ ਰਹੇ ਹਨ। ਮੈਂ ਉਸ ਦੇ ਇਨ੍ਹਾਂ ਨਿਬੰਧਾਂ ਨੂੰ ਖੁਸ਼-ਆਮਦੀਦ ਆਖਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜੋਤਿ ਰੂਪਿ ਹਰਿ ਆਪਿ
(ਭਾਗ ਦੂਜਾ)
ਲੇਖਕ/ਕਵੀ : ਗਿਆਨੀ ਅਜੀਤ ਸਿੰਘ 'ਫਤਿਹਪੁਰੀ'
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 81466-33646.

ਕਾਵਿ-ਪੁਸਤਕ 'ਜੋਤਿ ਰੂਪਿ ਹਰਿ ਆਪ' ਭਾਗ ਦੂਜਾ ਕਵੀ ਦੀਆਂ ਪਹਿਲਾਂ ਲਿਖੀਆਂ ਪੁਸਤਕਾਂ ਵਾਂਗ ਅਜਿਹੀ ਕਾਵਿ ਰਚਨਾ ਹੈ ਜੋ ਸਿੱਖ ਇਤਿਹਾਸ ਦਾ ਸ਼ੀਸ਼ਾ ਹੈ। ਇਸ ਵਿਚ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅਤੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਗਮਨ ਤੋਂ ਪ੍ਰਲੋਕ ਗਮਨ ਤੱਕ ਦੇ ਸਫ਼ਰ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੇ ਜੀਵਨ ਦਰਸ਼ਨ (ਫਿਲਾਸਫੀ) ਅਤੇ ਗੁਰਮਤਿ ਸਿਧਾਂਤ ਨੂੰ ਜਾਣਨਾ, ਸਮਝਣਾ, ਵਿਚਾਰਨਾ ਅਤੇ ਮਾਨਣਾ ਬਾਰੀਕਬੀਨੀ ਵਾਲੀ ਬੁੱਧੀ ਦਾ ਕੰਮ ਹੈ। ਬੁੱਧੀਮਾਨੀ ਲੇਖਕਾਂ ਤੇ ਵਿਚਾਰਕਾਂ ਵਲੋਂ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿਚ ਸਿੱਖ ਇਤਿਹਾਸ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਜਾਂਦਾ ਹੈ। ਇਤਿਹਾਸ ਦੀ ਰੌਸ਼ਨੀ ਵਿਚ ਕਾਵਿ-ਉਡਾਰੀ ਮਾਰਨੀ ਕੋਈ ਸੁਖੈਨ ਕਾਰਜ ਨਹੀਂ। ਲੇਖਕ ਨੇ ਤਿੰਨ ਗੁਰੂ ਸਾਹਿਬਾਨ ਦੇ ਜੀਵਨ ਨੂੰ ਕਾਵਿ ਰੂਪ ਦੇ ਕੇ ਇਤਿਹਾਸ ਨੂੰ ਗਾਇਨ ਕਰਨ ਵਾਲੇ ਸੁਰੀਲੇ ਕੰਠ ਵਾਲੇ ਸੱਜਣਾਂ ਲਈ ਵਿਲੱਖਣ ਅਤੇ ਚਿਰ ਸਥਾਈ ਘਾਲਣਾ ਘਾਲੀ ਹੈ। ਲੇਖਕ ਮੁਤਾਬਿਕ ਗੁਰਮਤਿ ਸਿਧਾਂਤਾਂ ਨੂੰ ਬਿਆਨਣ ਵਾਲੇ ਸਫਲ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਵਲੋਂ ਲਿਖੀਆਂ ਇਤਿਹਾਸਕ ਘਟਨਾਵਾਂ ਨੂੰ ਕਾਵਿਕ-ਰੂਪ ਵਿਚ ਪੇਸ਼ ਕਰਨ ਦਾ ਛੋਟਾ ਜਿਹਾ ਉਪਰਾਲਾ ਹੈ। ਸਮੁੱਚਾ ਸਿੱਖ ਇਤਿਹਾਸ ਥੋੜ੍ਹੇ ਜਿਹੇ ਪੰਨਿਆਂ ਵਿਚ ਬੰਨ੍ਹਣਾ ਕੋਈ ਸਹਿਜ ਕਾਰਜ ਨਹੀਂ ਹੈ। ਕਵੀ ਫਤਿਹਪੁਰੀ ਨੇ ਇਸ ਕਾਵਿ ਪੁਸਤਕ ਵਿਚ ਵਿਰਾਸਤੀ ਛੰਦਾਂ ਦੀ ਕਾਵਿ ਰੂਪ ਵਿਚ ਵਰਤੋਂ ਕੀਤੀ ਹੈ। ਗੁਰੂ ਸਾਹਿਬਾਨ ਦੀ ਅਣਖੀਲੀ ਜੀਵਨ-ਜਾਚ, ਸਵੈਮਾਣ, ਸਰਬੱਤ ਲੋਕਾਈ ਦੇ ਭਲੇ ਦੇ ਕਾਰਜਾਂ ਦਾ ਵਰਨਣ ਕਰਦਿਆਂ ਸੁਖੈਨ ਤੇ ਸਰਲ ਭਾਸ਼ਾ ਦੀ ਵਰਤੋਂ ਕੀਤੀ ਹੈ। ਬੋਝਲ ਤੇ ਔਖੀ ਸ਼ਬਦਾਵਲੀ ਤੋਂ ਬਚਣ ਦਾ ਯਤਨ ਕੀਤਾ ਗਿਆ ਹੈ।
168 ਸਫ਼ਿਆਂ ਵਿਚ 140 ਕਵਿਤਾਵਾਂ ਪੇਸ਼ ਕਰਕੇ ਕਵੀ ਨੇ ਥੋੜ੍ਹੇ ਸ਼ਬਦਾਂ ਵਿਚ ਬਹੁਮੁੱਲੀਆਂ ਇਤਿਹਾਸਕ ਘਟਨਾਵਾਂ ਸਮੋ ਕੇ ਪਾਠਕਾਂ ਨੂੰ ਇਤਿਹਾਸ ਦੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਸਫਲ ਯਤਨ ਕੀਤਾ ਹੈ। ਲੇਖਕ ਵਲੋਂ ਪੇਸ਼ ਕੀਤੀਆਂ ਕਾਵਿ ਵੰਨਗੀਆਂ ਟੂਕ ਮਾਤਰ ਪਾਠਕਾਂ ਲਈ ਪੇਸ਼ ਹਨ:
-ਸਮਾਂ ਬੀਤਿਆਂ ਤੇ ਸ਼ੁੱਭ ਸਮਾਂ ਆਇਆ,
ਮਾਂ ਗੰਗਾ ਦੀ ਕੁੱਖ ਨੂੰ ਭਾਗ ਲੱਗਾ।
ਛੇਵੇਂ ਗੁਰੂ ਭਾਰੀ ਨੂਰੀ-ਜੋਤਿ ਤਾਈਂ,
ਰੱਬੀ ਬਖਸ਼ ਅਗੰਮੀ ਦਾ ਜਾਗ ਲੱਗਾ।
(ਕਵਿਤਾ ਮੀਰੀ ਪੀਰੀ ਪ੍ਰਕਾਸ਼ ਹੋਇਆ)
-ਫੇਰੂ ਤੇਰੀ ਸੁੱਚੀ ਦਾਹੜੀ, ਜਗ ਵਿਚ ਸ਼ੋਭਦੀ।
ਫੇਰੂ ਤੇਰਾ ਸੇਵਾ ਗਾਹੜੀ, ਸਿੱਖਾਂ ਮੂੰਹੋਂ ਬੋਲਦੀ।
ਫੇਰੂ ਤੇਰੀ ਕਰਣੀ ਸਾਰੀ, ਨਾਮ-ਰਸ ਘੋਲਦੀ (ਕਵਿਤਾ ਫੇਰੂ ਤੇਰੀ ਸੁੱਚੀ ਦਾਹੜੀ)।

ਭਗਵਾਨ ਸਿੰਘ ਜੌਹਲ
ਮੋ: 98143-24040.

ਇੱਕੀਵੀਂ ਸਦੀ ਦੇ ਪੰਜਾਬੀ ਨਾਵਲ ਵਿਚ ਨਾਰੀ ਸਰੋਕਾਰ
ਲੇਖਿਕਾ : ਰਮਨੀਤ ਕੌਰ
ਪ੍ਰਕਾਸ਼ਨ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94784-03300.

ਹਥਲੀ ਪੁਸਤਕ ਲੇਖਿਕਾ ਰਮਨੀਤ ਕੌਰ ਦੁਆਰਾ ਕੀਤੀ ਗਈ ਖੋਜ ਅਤੇ ਉਸ ਦੁਆਰਾ ਲਿਖੇ ਗਏ ਖੋਜ-ਪੱਤਰਾਂ ਦਾ ਸੰਗ੍ਰਹਿ ਹੈ। ਲੇਖਿਕਾ ਅਚਨਚੇਤ ਖੋਜ-ਕਾਰਜ ਦੌਰਾਨ ਹੀ ਪ੍ਰਲੋਕ ਸਿਧਾਰ ਗਈ, ਇਸ ਦੇ ਆਰੰਭੇ ਹੋਏ ਖੋਜ ਕਾਰਜ ਨੂੰ ਇਸ ਦੇ ਪਰਿਵਾਰ ਅਤੇ ਉਸ ਦੀ ਨਿਗਰਾਨ ਡਾ: ਨੀਲਮ ਸ਼ਰਮਾ ਨੇ ਪਾਠਕਾਂ ਦੇ ਸਨਮੁੱਖ ਕਰਵਾਇਆ ਹੈ। ਇਹ ਪੁਸਤਕ ਪ੍ਰਸਿੱਧ ਨਾਰੀ ਨਾਵਲਕਾਰਾਂ ਕੈਲਾਸ਼ਪੁਰੀ, ਅਜੀਤ ਕੌਰ, ਸੰਤੋਖ ਧਾਲੀਵਾਲ, ਬਲਜੀਤ ਕੌਰ ਬੱਲੀ, ਬਲਬੀਰ ਕੌਰ ਸੰਘੇੜਾ ਅਤੇ ਸੁਰਿੰਦਰ ਨੀਰ ਆਦਿ ਦੀਆਂ ਰਚਨਾਵਾਂ ਦੇ ਦੀਰਘ ਅਧਿਐਨ ਨੂੰ ਪੇਸ਼ ਕਰਦੀ ਹੈ। ਪੁਸਤਕ ਦੇ ਕਾਂਡ 'ਨਾਰੀ ਸਰੋਕਾਰ ਸਿਧਾਂਤਕ ਅਤੇ ਇਤਿਹਾਸਕ ਪਰਿਪੇਖ' ਨੂੰ ਲੇਖਿਕਾ ਨੇ ਦਾਰਸ਼ਨਿਕ ਪੱਧਰ 'ਤੇ ਵਿਚਾਰਿਆ ਹੈ।
ਉਸ ਦਾ ਇਹ ਪਰਿਪੇਖ ਪੰਜਾਬ ਦੀਆਂ ਲੇਖਿਕਾਵਾਂ ਤੱਕ ਹੀ ਸੀਮਤ ਨਹੀਂ ਸਗੋਂ ਸਮੁੱਚੇ ਭਾਰਤੀ ਅਤੇ ਵਿਦੇਸ਼ੀ ਲੇਖਿਕਾਵਾਂ ਦੁਆਰਾ ਰਚਿਤ ਨਾਵਲਾਂ ਦੇ ਮਾਡਲਾਂ ਦੀ ਰੂਪ-ਰੇਖਾ ਵੀ ਪੇਸ਼ ਕਰਦਾ ਹੈ ਅਤੇ ਨਾਲ ਦੀ ਨਾਲ ਉਸ ਦਾ ਨਿਰਣਾ ਹੈ ਕਿ ਨਾਰੀਵਾਦ ਮਰਦ ਪ੍ਰਧਾਨਤਾ ਦਮਨ ਅਤੇ ਅਨਿਆਂ ਦਾ ਵਿਰੋਧੀ ਹੈ। ਇਹ ਔਰਤ ਨੂੰ ਆਪਣੇ ਅਸਤਿੱਤਵ ਪ੍ਰਤੀ ਸੁਚੇਤ ਕਰਦਾ ਹੈ। ਇੱਕੀਵੀਂ ਸਦੀ ਵਿਚ ਨਾਰੀਵਾਦ ਦੇ ਸਮਾਜਿਕ ਵਿਵਸਥਾ ਅਤੇ ਵਿਆਹ ਸਬੰਧੀ ਨਾਰੀ ਸਰੋਕਾਰਾਂ ਨੂੰ ਵਿਸ਼ੇਸ਼ਤਰ ਕੈਲਾਸ਼ਪੁਰੀ ਰਚਿਤ ਕਟਿਹਰੇ ਖੜ੍ਹੀ ਔਰਤ, ਸੂਜੀ ਰੋਂਦੀ ਰਹੀ, ਅਜੀਤ ਕੌਰ ਰਚਿਤ ਧੁੱਪ ਵਾਲਾ ਸ਼ਹਿਰ, ਫਾਲਤੂ ਔਰਤ, ਕਟੀਆਂ ਲਕੀਰਾਂ, ਸੰਤੋਖ ਧਾਲੀਵਾਲ ਰਚਿਤ ਉੱਖੜੀਆਂ ਪੈੜਾਂ, ਸਰਘੀ, ਬਲਜੀਤ ਕੌਰ ਬੱਲੀ ਰਚਿਤ ਠਰੀ ਰਾਤ, ਧੁੱਪ ਦੀ ਵਾਟ, ਬਲਬੀਰ ਕੌਰ ਸੰਘੇੜਾ ਰਚਿਤ ਹੱਕ ਦੀ ਮੰਗ, ਜਾਲ ਅਤੇ ਸੁਰਿੰਦਰ ਨੀਰ ਰਚਿਤ ਸ਼ਿਕਾਰਗਾਹ ਤੇ ਮਾਇਆ ਆਦਿ ਨਾਵਲਾਂ ਵਿਚ ਔਰਤ ਦੀ ਘੁਟਣ, ਆਜ਼ਾਦ ਹੋਣ ਦੀ ਤਮੰਨਾ ਅਤੇ ਉਸ ਉੱਪਰ ਢਾਹੇ ਜਾਂਦੇ ਜ਼ੁਲਮਾਂ ਨੂੰ ਬੜੀ ਸ਼ਿੱਦਤ ਨਾਲ ਪਛਾਣਿਆ ਹੈ।
ਇਸ ਤੋਂ ਇਲਾਵਾ ਰਮਨੀਤ ਕੌਰ ਦੁਆਰਾ ਲਿਖੇ ਦੋ ਖੋਜ-ਪਰਚੇ 'ਸੀਮੋਨ ਦਾ ਬੂਵਆਰ ਦੀਆਂ ਨਾਰੀਵਾਦੀ ਧਾਰਨਾਵਾਂ' ਅਤੇ 'ਸ੍ਰੀ ਗੁਰੂ ਨਾਨਕ ਬਾਣੀ ਦੀਆਂ ਨਾਰੀਵਾਦੀ ਧਾਰਨਾਵਾਂ' ਦਾ ਵੀ ਉਲੇਖ ਹੈ। ਵੱਖਰੇ-ਵੱਖਰੇ ਕਾਲ-ਖੰਡਾਂ ਵਿਚ ਮਰਦ ਜਾਤੀ ਵਲੋਂ ਨਾਰੀ ਹਿਤੈਸ਼ੀ ਨਾਵਲਾਂ ਬਾਬਤ ਵੀ ਇਸ ਪੁਸਤਕ ਵਿਚ ਜਾਣਕਾਰੀ ਹੈ। ਅਜੋਕੀ ਪੰਜਾਬੀ ਆਲੋਚਨਾ ਵਿਚ ਇਹ ਪੁਸਤਕ ਨਵੇਂ ਦ੍ਰਿਸ਼ਟੀਕੋਣ ਦੇ ਚਿੰਨ੍ਹਾਂ ਨੂੰ ਵੀ ਪ੍ਰਗਟ ਕਰਦੀ ਹੋਈ ਪ੍ਰਤੀਤ ਹੋਈ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਠੱਕ-ਠੱਕ-ਠੱਕ
ਲੇਖਕ : ਡਾ: ਅਮਰਜੀਤ ਸਿੰਘ 'ਉਮਰ'
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 112
ਸੰਪਰਕ : 098111-65455.

'ਠੱਕ-ਠੱਕ-ਠੱਕ' ਡਾ: ਅਮਰਜੀਤ ਸਿੰਘ 'ਉਮਰ' ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 14 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਸ ਨੇ ਦੋ ਨਾਵਲ ਅਤੇ ਦੋ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਪਾਠਕਾਂ ਨਾਲ ਆਪਣੀ ਭੱਲ ਬਣਾ ਲਈ ਹੈ। ਆਪਣੀਆਂ ਕਹਾਣੀਆਂ ਦੀ ਸਿਰਜਣਾ ਬਾਰੇ ਲੇਖਕ ਆਖਦਾ ਹੈ, 'ਮੇਰੇ ਇਸ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਕੁਝ ਸੁਣੀਆਂ-ਸੁਣਾਈਆਂ ਤੇ ਕੁਝ ਤਨ ਹੰਢਾਈਆਂ ਘਟਨਾਵਾਂ 'ਤੇ ਆਧਾਰਿਤ ਹਨ। ਆਪਣੀ ਜ਼ਿੰਦਗੀ ਦੇ ਤਜਰਬੇ ਤੇ ਆਪਣੇ ਮਿੱਤਰਾਂ ਦੇ ਤਜਰਬਿਆਂ ਦੀ ਵੀ ਇਨ੍ਹਾਂ ਕਹਾਣੀਆਂ ਰਾਹੀਂ ਤੁਹਾਡੇ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਹੈ।'
ਲੇਖਕ ਆਪਣੀਆਂ ਕਹਾਣੀਆਂ ਵਿਚ ਮਾਨਵੀ ਅਹਿਸਾਸਾਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਅਹਿਸਾਸ ਘਟਨਾਵਾਂ ਵਿਚੋਂ ਨਿਕਲਦੇ ਹਨ ਤੇ ਘਟਨਾਵਾਂ ਕਹਾਣੀ ਦੇ ਵਸਤਰ ਪਾ ਕੇ ਪਾਠਕਾਂ/ਆਲੋਚਕਾਂ ਤੱਕ ਪਹੁੰਚਦੇ ਹਨ। ਕਿਤੇ ਕਿਤੇ, ਕਿਥੇ ਕਿਥੇ, ਕਹਾਣੀ ਵਿਚ ਸੁਫ਼ਨੇ ਆਪਣਾ ਪ੍ਰਭਾਵ ਪਾਉਂਦੇ ਹਨ ਤੇ ਮਨੋਵਿਗਿਆਨ ਰਾਹੀਂ ਕਹਾਣੀ ਦੇ ਕੱਥ ਤੱਕ ਅੱਪੜਦੇ ਹਨ।
'ਖ਼ੂਬਸੂਰਤ' ਕਹਾਣੀ ਵਿਚ ਅਮੀਰੀ ਅਤੇ ਗ਼ਰੀਬੀ ਦਾ ਟਾਕਰਾ ਕਰਦਿਆਂ ਲੇਖਕ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜ਼ਰੂਰੀ ਨਹੀਂ ਖ਼ੂਬਸੂਰਤ ਤੇ ਸਜੀਆਂ ਨੂੰਹਾਂ ਹੀ ਚੱਜ ਆਚਾਰ ਵਾਲੀਆਂ ਹੁੰਦੀਆਂ ਹਨ। ਦਰਮਿਆਨੇ ਤਬਕੇ ਦੀਆਂ ਨੂੰਹਾਂ ਵੱਧ ਮਾਨਵੀ ਕਦਰਾਂ-ਕੀਮਤਾਂ ਸਿਰਜਦੀਆਂ ਦਿਖਾਈ ਦਿੰਦੀਆਂ ਹਨ। 'ਅਮੀਰ' ਕਹਾਣੀ ਵੀ ਇਸੇ ਤਰ੍ਹਾਂ ਦੇ ਬਿਰਤਾਂਤ ਨੂੰ ਦਰਸਾਉਂਦੀ ਹੈ, ਜਿਸ ਵਿਚ ਇਕ ਆਮ ਘਰ ਦੀ ਸੁਆਣੀ ਕਿਸੇ ਅਮੀਰ ਸੁਆਣੀ ਨਾਲੋਂ ਵੱਧ ਚੱਜ ਆਚਾਰ ਤੇ ਮਾਨਵੀ ਸਲੀਕੇ ਵਾਲੀ ਸਿੱਧ ਹੁੰਦੀ ਹੈ। 'ਰਿਪੋਰਟਰ' ਦਾ ਨਾਇਕ ਸੱਚ ਬੋਲਣ ਵਿਚ ਵਿਸ਼ਵਾਸ ਕਰਦਾ ਹੈ। ਝੂਠ 'ਤੇ ਪਰਦਾ ਨਹੀਂ ਪਾਉਂਦਾ। 'ਚਾਹ ਦਾ ਘੁੱਟ' ਗ਼ਰੀਬ ਅਤੇ ਮੁਫਲਸੀ ਦੇ ਮਾਰੇ ਬੱਚਿਆਂ ਦੀ ਦਾਸਤਾਂ ਹੈ ਜੋ ਗ਼ਰੀਬੀ ਕਾਰਨ ਜੂਠੀ ਚਾਹ ਦੀ ਤਿੱਪ-ਤਿੱਪ ਪੀਣ ਲਈ ਮਜਬੂਰ ਹਨ। 'ਮੱਖੀਆਂ ਦੀ ਰਾਣੀ' ਕਹਾਣੀ ਵਿਚ ਲੇਖਕ ਗ਼ਰੀਬ ਪਰ ਖ਼ੂਬਸੂਰਤ ਲੜਕੀ 'ਤੇ ਮੋਹਿਤ ਹੋ ਜਾਂਦਾ ਹੈ ਤੇ ਸੁਫ਼ਨੇ ਵਿਚ ਆਪਣੀ ਇੱਛਾ (ਉਸ ਨੂੰ ਮਿਲਣ ਦੀ) ਪੂਰੀ ਕਰਦਾ ਹੈ। 'ਲੂਣਾ ਦੀ ਭੈਣ' ਇਕ ਅਜਿਹੀ ਸੁਆਣੀ ਦੀ ਕਹਾਣੀ ਹੈ ਜਿਸ ਦੀਆਂ ਸਰੀਰਕ ਕਾਮਨਾਵਾਂ ਉਸ ਦੇ ਪਤੀ ਤੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਇਧਰ-ਉਧਰ ਹੱਥ ਮਾਰਦੀ ਦਿਖਾਈ ਪੈਂਦੀ ਹੈ। 'ਠੱਕ-ਠੱਕ-ਠੱਕ' ਪੰਜਾਬੀ ਪ੍ਰਾਹੁਣਾਚਾਰੀ ਦੀ ਵਧੀਆ ਤਸਵੀਰ ਪੇਸ਼ ਕਰਨ ਵਾਲੀ ਕਹਾਣੀ ਹੈ। 'ਕੁਲੀ' ਦੇਸ਼ ਵੰਡ ਤੋਂ ਬਾਅਦ ਹਮਸਾਇਆਂ ਵਿਚ ਪੈਦਾ ਹੋਏ ਪ੍ਰੇਮ ਦੇ ਜਜ਼ਬੇ ਦੀ ਕਹਾਣੀ ਹੈ। 'ਗੁਰੂ ਦੱਖਣਾ' ਇਕ ਸ਼ਿਸ਼ ਦੀ ਆਪਣੇ ਅਧਿਆਪਕ ਪ੍ਰਤੀ ਸ਼ਰਧਾ ਦਾ ਬਿਰਤਾਂਤ ਹੈ। 'ਭੁੱਖ' ਕਹਾਣੀ ਦੁੱਖ ਦੇ ਅਹਿਸਾਸ ਨੂੰ ਪੇਸ਼ ਕਰਦੀ ਹੈ ਜਿਥੇ ਮਾਨਵੀ ਕਦਰਾਂ-ਕੀਮਤਾਂ ਭੁੱਖ ਸਾਹਮਣੇ ਜੀਵਤ ਰਹਿੰਦੀਆਂ ਹਨ। 'ਹਿਰਨੀ' ਇਕ ਬਹਾਦਰ ਔਰਤ ਦੀ ਕਹਾਣੀ ਹੈ ਜੋ ਆਪਣੀ ਸਮਝਦਾਰੀ ਨਾਲ ਬਦਮਾਸ਼ਾਂ ਦੇ ਪੰਜੇ 'ਚੋਂ ਬਚ ਨਿਕਲਦੀ ਹੈ। 'ਪਤੰਦਰ' ਅਜਿਹੇ ਪਿਉ ਦੀ ਕਹਾਣੀ ਹੈ ਜੋ ਆਪਣੇ ਬੱਚੇ ਪ੍ਰਤੀ ਔਕੜਾਂ ਦੇ ਬਾਵਜੂਦ ਮੋਹ ਦਾ ਪ੍ਰਗਟਾਵਾ ਕਰਦਾ ਹੈ। ਪੰਜਾਬੀ ਕਹਾਣੀ ਸ਼ੈਲੀ, ਬਿਰਤਾਂਤ ਤੇ ਕੱਖ ਪੱਖੋਂ ਬਹੁਤ ਅਗਾਂਹ ਨਿਕਲ ਚੁੱਕੀ ਹੈ। ਵਰਤਮਾਨ ਪੰਜਾਬੀ ਕਹਾਣੀ ਦੇ ਹਾਣ ਦਾ ਬਣਨ ਲਈ ਲੇਖਕ ਨੂੰ ਹਾਲੇ ਕਾਫ਼ੀ ਕੰਮ ਕਰਨ ਦੀ ਜ਼ਰੂਰਤ ਹੈ।

ਕੇ. ਐਲ. ਗਰਗ
ਮੋ: 94635-37050.

ਮਨੋਜ ਸ਼ਰਮਾ ਦੀਆਂ ਚੋਣਵੀਆਂ ਕਵਿਤਾਵਾਂ
ਚੋਣ ਤੇ ਅਨੁਵਾਦ : ਅਰਤਿੰਦਰ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 151
ਸੰਪਰਕ : 98154-02081

ਦੁਨੀਆ ਦੀਆਂ ਸਾਰੀਆਂ ਧੀਆਂ ਨੂੰ ਸਮਰਪਿਤ ਇਹ ਕਵਿਤਾਵਾਂ ਹਿੰਦੀ ਕਵੀ ਮਨੋਜ ਸ਼ਰਮਾ ਦੀਆਂ ਲਿਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਉੱਘੀ ਪੰਜਾਬੀ ਕਵਿਤਰੀ ਅਰਤਿੰਦਰ ਸੰਧੂ ਨੇ ਅਨੁਵਾਦ ਕੀਤਾ ਹੈ। ਇਹ ਕਵਿਤਾਵਾਂ ਆਮ ਜ਼ਿੰਦਗੀ ਦੇ ਦਰਦਾਂ-ਦੁੱਖਾਂ ਦੀਆਂ ਕਵਿਤਾਵਾਂ ਹਨ। ਕਵਿਤਾਵਾਂ ਪੜ੍ਹਦਿਆਂ ਸ਼ਬਦਾਂ ਰਾਹੀਂ ਸਾਕਾਰ ਹੁੰਦਾ ਦਰਦ ਪਾਠਕ ਦੇ ਮਨ ਵਿਚ ਗਹਿਰੀ ਤਰ੍ਹਾਂ ਉਤਰਦਾ ਮਹਿਸੂਸ ਹੁੰਦਾ ਹੈ। ਇਹ ਮਾਨਵੀ ਸੰਵੇਦਨਾ ਦਾ ਅਜਿਹਾ ਸੰਵਾਦ ਹੈ ਜੋ ਗਹਿਰੇ ਦਾਰਸ਼ਨਿਕ ਅਹਿਸਾਸ ਨੂੰ ਕਥਾ ਸ਼ੈਲੀ ਅਤੇ ਨਾਟਕੀ ਅੰਦਾਜ਼ ਨਾਲ ਨਿਵੇਕਲੀਆਂ ਸਿਖਰਾਂ ਉੱਤੇ ਲੈ ਜਾਂਦਾ ਹੈ। ਵਿਚਾਰਾਂ ਅਤੇ ਪ੍ਰਸਥਿਤੀਆਂ ਦੇ ਤਣਾਅ ਵਿਚੋਂ ਕਵਿਤਾ ਨੂੰ ਕਸ਼ੀਦਣਾ ਕੋਈ ਸਹਿਜ ਕਾਰਜ ਨਹੀਂ ਹੁੰਦਾ ਪਰ ਮਨੋਜ ਸ਼ਰਮਾ ਇਸ ਨੂੰ ਸਹਿਜ ਬਣਾਉਂਦਾ ਪ੍ਰਤੀਤ ਹੁੰਦਾ ਹੈ। ਉਹ ਸਮਾਜਿਕ ਵਰਤਾਰਿਆਂ ਅਤੇ ਰਾਜਨੀਤਕ ਪਰਪੰਚਾਂ ਤੋਂ ਪੂਰੀ ਤਰ੍ਹਾਂ ਜਾਗਰੂਕ ਕਵੀ ਹੈ।
ਸੁਣਿਆ ਹੈ
ਕਿਹਾ ਸੀ ਆਈਨ ਸਟਾਈਨ ਨੇ
ਬਾਲ ਰੋਗ ਹੈ ਰਾਸ਼ਟਰਵਾਦ
ਆਵਾਜ਼ਾਂ ਦੇ ਜੰਗਲ ਵਿਚ ਪਰ
ਹੁੰਦਾ ਜਾ ਰਿਹਾ ਰਲਗਡ ਸਭ ਕੁਝ
ਰਲਗਡ ਹੋ ਰਹੀ ਨਸਲੀ ਬਹੁਰੰਗਤਾ
ਰਲਗਡ ਹੋ ਰਿਹਾ ਹਾਸਾ (ਪੰਨਾ 44)
ਜ਼ਿੰਦਗੀ ਦੀ ਕਰੂਰਤਾ ਵਿਚ ਵਿਦਮਾਨ ਕਵਿਤਾ ਨੂੰ ਜਗਾ ਲੈਣਾ, ਰਾਜਨੀਤਕ ਕਠੋਰਤਾ ਉੱਤੇ ਇਸ ਤਰ੍ਹਾਂ ਵਾਰ ਕਰਨਾ ਅਤੇ ਸ਼ਬਦਾਂ ਨੂੰ ਉਨ੍ਹਾਂ ਦੇ ਰਵਾਇਤੀ ਅਰਥਾਂ ਤੋਂ ਵਿਸਥਾਰ ਲੈਣਾ ਇਨ੍ਹਾਂ ਕਵਿਤਾਵਾਂ ਦਾ ਵਿਸ਼ੇਸ਼ ਗੁਣ ਹੈ। ਮਨੋਜ ਸ਼ਰਮਾ ਕੋਲ ਪ੍ਰਸਥਿਤੀਆਂ ਨੂੰ ਵਿਭਿੰਨ ਪਸਾਰਾਂ ਤੋਂ ਵੇਖਣ ਦੀ ਨੀਝ ਵੀ ਹੈ ਅਤੇ ਉਨ੍ਹਾਂ ਦੀ ਪ੍ਰਗਟਾਉਣ ਦੀ ਕਾਵਿ ਵਿਧੀ ਵੀ। ਇਸੇ ਲਈ ਮਨੋਜ ਦੀਆਂ ਕਈ ਕਵਿਤਾਵਾਂ ਬੰਦਾਂ ਦੀ ਬਜਾਏ ਖੰਡਾਂ ਵਿਚ ਰੂਪਮਾਨ ਹੁੰਦੀਆਂ ਹਨ। ਅਜਿਹੀਆਂ ਕਵਿਤਾਵਾਂ ਵਿਚ 'ਨਾਚ', 'ਸਮੁੰਦਰ', 'ਕਸ਼ਮੀਰੀ ਸ਼ਰਨਾਰਥੀ' 'ਦਾਖਲਾ' ਆਦਿ ਕਵਿਤਾਵਾਂ ਪ੍ਰਮੁੱਖ ਹਨ। ਇਨ੍ਹਾਂ ਕਵਿਤਾਵਾਂ ਦੇ ਵੱਖ-ਵੱਖ ਖੰਡ ਵੱਖ-ਵੱਖ ਪ੍ਰਸਥਿਤੀਆਂ ਨੂੰ ਇਕ ਸਾਂਝੀ ਕਟਾਖਸ਼ੀ ਤੰਦ ਵਿਚ ਪਰੋ ਕੇ ਕਾਵਿ ਬੋਧ ਜਗਾਉਣ ਦਾ ਯਤਨ ਕਰਦੀਆਂ ਹਨ
ਉਹ ਦੱਸ ਸਕਦਾ ਏ
ਕਿ ਮੰਗਲਵਾਰ ਤੋਂ ਪਹਿਲਾਂ
ਸੋਮਵਾਰ ਆਉਂਦਾ ਏ ਤੇ ਮਗਰੋਂ ਬੁੱਧ
ਉਹ ਜਾਣਦਾ ਏ
ਕਿ ਚਲਦੀ ਰਹਿ ਸਕਦੀ ਹੈ ਜ਼ਿੰਦਗੀ ਬਿਨਾਂ ਰੁਕੇ
ਕਿੰਨਾ ਵੀ ਦੁੱਖ ਹੋਵੇ ਭਾਵੇਂ... (ਪੰਨਾ 95)
ਕਵੀ ਮਨ ਦੀ ਦੁਚਿਤੀ ਅਤੇ ਬੇਚੈਨੀ ਵਿਚੋਂ ਵੀ ਕਾਵਿ ਸਪੱਸ਼ਟਤਾ ਦਾ ਉਦੈ ਹੋਣਾ ਮਨੋਜ ਸ਼ਰਮਾ ਦੀ ਕਵਿਤਾ ਦਾ ਕਮਾਲ ਹੈ। ਬੇਲੋੜੀ ਸ਼ਿਲਪਕਾਰੀ ਤੋਂ ਪਰਹੇਜ਼ ਕਰਦੀ ਇਹ ਕਵਿਤਾ ਅੰਤਰੀਵੀ ਗਹਿਰਾਈਆਂ ਅਤੇ ਕਰਤਾਰੀ ਸੁਭਾਅ ਵਾਲੀ ਹੈ। ਅਜਿਹੀ ਸਹਿਜਤਾ ਨੂੰ ਅਨੁਵਾਦ ਕਰਨਾ ਕੋਈ ਸਹਿਜ ਕਾਰਜ ਨਹੀਂ ਹੁੰਦਾ ਪਰ ਅਰਤਿੰਦਰ ਸੰਧੂ ਨੇ ਇਸ ਨੂੰ ਸਹਿਜ ਰੂਪ ਵਿਚ ਹੀ ਕਰ ਦਿਖਾਇਆ ਹੈ। ਕਵਿਤਾਵਾਂ ਲਿਖਣ ਅਤੇ ਅਨੁਵਾਦ ਰਾਹੀਂ ਕਵਿਤਾਵਾਂ ਦੇ ਪੁਨਰ ਸਿਰਜਣ ਦੇ ਇਸ ਹੁਨਰ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

21-03-2021

ਬਹੁਸੱਭਿਆਚਾਰਵਾਦ ਅਤੇ
ਪੰਜਾਬੀ ਸਾਹਿਤ

ਸੰਪਾ: ਡਾ: ਬਲਦੇਵ ਸਿੰਘ ਧਾਲੀਵਾਲ,
ਡਾ: ਸੁਖਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 278
ਸੰਪਰਕ : 98728-35835.


ਵਿਚਾਰ ਅਧੀਨ ਪੁਸਤਕ ਖੋਜ ਨਿਬੰਧਾਂ ਦਾ ਸੰਪਾਦਿਤ ਕਾਰਜ ਹੈ। ਸਤੰਬਰ 2016 ਵਿਚ ਦਿੱਲੀ ਯੂਨੀਵਰਸਿਟੀ ਵਲੋਂ ਬਹੁਸੱਭਿਆਚਾਰ ਅਤੇ ਪੰਜਾਬੀ ਸਾਹਿਤ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਖੇਤਰਾਂ/ਵਿਧਾਵਾਂ ਦੇ ਮਾਹਿਰਾਂ ਵਲੋਂ ਉਪਰੋਕਤ ਵਿਸ਼ੇ 'ਤੇ ਜਿਹੜੇ ਪੇਪਰ ਪੜ੍ਹੇ ਗਏ, ਉਹ ਹੀ ਸੰਕਲਿਤ ਰੂਪ ਵਿਚ ਇਸ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਖੋਜ ਨਿਬੰਧਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਦਿਆਂ ਕਲਚਰ ਐਂਡ ਸਿਵਲਾਈਜੇਸ਼ਨ (ਸੰਸਕ੍ਰਿਤੀਆਂ ਅਤੇ ਸੱਭਿਆਚਾਰ) ਦੇ ਅੰਤਰ-ਸਬੰਧਾਂ ਨੂੰ ਸਮਝਣਾ ਲਾਹੇਵੰਦ ਰਹੇਗਾ। ਕਲਚਰ ਦਾ ਭਾਵ ਹੈ 'ਜੋ ਕੁਝ ਅਸੀਂ ਹਾਂ' ਅਤੇ ਸੱਭਿਆਚਾਰ ਦਾ ਭਾਵ ਹੈ 'ਸਾਡੇ ਕੋਲ ਕੀ ਹੈ?' ਸੰਸਕ੍ਰਿਤੀ 'ਉਦੇਸ਼' ਹੈ ਅਤੇ ਸੱਭਿਆਚਾਰ 'ਸਾਧਨ'। ਕਲਚਰ ਕਿਸੇ ਸਮਾਜ ਦਾ 'ਦਿਮਾਗ' ਅਤੇ ਸੱਭਿਆਚਾਰ 'ਸਰੀਰ' ਸਮਝਣਾ ਬਣਦਾ ਹੈ। ਉੱਤਰ-ਆਧੁਨਿਕ/ਪੂੰਜੀਵਾਦੀ ਯੁੱਗ ਵਿਚ ਸੱਭਿਆਚਾਰ ਨੂੰ ਸਾਹਿਤਕ ਆਲੋਚਨਾ ਵਿਧੀ ਵਜੋਂ ਵਿਹਾਰਕ ਤੌਰ 'ਤੇ ਵਰਤਣ ਦੀ ਪਰੰਪਰਾ ਪੱਛਮ ਤੋਂ ਹੁੰਦੀ ਹੋਈ ਅਜੋਕੇ ਪੰਜਾਬੀ ਸਾਹਿਤ ਦੇ ਮੁਲਾਂਕਣ ਵਿਚ ਸਹਾਇਕ ਸਿੱਧ ਹੋ ਰਹੀ ਹੈ। ਤਾਂ ਵੀ ਬਹੁਸੱਭਿਆਚਾਰ ਦਾ ਸੰਕਲਪ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਸਮੇਂ ਤੋਂ ਪੰਜਾਬੀ ਮਾਨਸਿਕਤਾ ਦੇ ਅੰਗ-ਸੰਗ ਹੈ। 'ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥' ਮਾਝ ਮ. 5, ਪੰ. 97. ਸਤਿਕਾਰਤ ਵਿਜ਼ਟਿੰਗ ਸਕਾਲਰ ਪ੍ਰੋ: ਪ੍ਰੀਤਮ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਨ ਵਿਚ ਦੋ ਮੁੱਦਿਆਂ ਬਹੁਸੱਭਿਆਚਾਰ ਅਤੇ ਪਛਾਣ ਦਾ ਸੰਕਟ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਦਿਆਂ 'ਥਿੰਕ ਗਲੋਬਲੀ ਐਕਟ ਲੋਕਲੀ' ਦਾ ਸੁਝਾਅ ਦਿੱਤਾ ਹੈ। ਵਿਸ਼ਵੀਕਰਨ ਦੇ ਦੌਰ ਵਿਚ ਕਿਸੇ ਵੀ ਮੁਲਕ ਦਾ ਸੱਭਿਆਚਾਰ ਦੂਜੇ ਮੁਲਕਾਂ ਦੇ ਨਾਲ ਆਦਾਨ-ਪ੍ਰਦਾਨ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਸੱਤਾ ਦੇ ਸਹਾਰੇ ਕਿਸੇ ਸੱਭਿਆਚਾਰ ਵਲੋਂ ਘੱਟ-ਗਿਣਤੀ ਦੀ ਵਸੋਂ ਦੇ ਸੱਭਿਆਚਾਰ 'ਤੇ ਹਾਵੀ ਹੋਣ ਦਾ ਖ਼ਤਰਾ ਹਮੇਸ਼ਾ ਹੀ ਰਹਿੰਦਾ ਹੈ। ਬਹੁਸੱਭਿਆਚਾਰਾਂ ਦਰਮਿਆਨ ਸਹਿਣਸ਼ੀਲਤਾ, ਸਮਾਨਤਾ ਦੀ ਭਾਵਨਾ ਅਤੇ 'ਅਨੇਕਤਾ ਵਿਚ ਏਕਤਾ' ਦਾ ਸਿਧਾਂਤ ਹੀ ਇਸ ਸਮੱਸਿਆ ਦਾ ਇਕੋ-ਇਕ ਹੱਲ ਹੈ। ਅਜਿਹੀਆਂ ਗੱਲਾਂ ਨੂੰ ਪੰਜਾਬੀ ਸਾਹਿਤਕਾਰ ਨੇ ਆਪਣੀਆਂ ਸਾਰੀਆਂ ਵਿਧਾਵਾਂ ਵਿਚ ਰੂਪਮਾਨ ਕੀਤਾ ਹੈ। ਅਜਿਹੀਆਂ ਸਮੱਸਿਆਵਾਂ ਨੂੰ ਪੰਜਾਬੀ ਆਲੋਚਨਾ ਦੇ ਵਿਦਵਾਨਾਂ ਨੇ ਇਸ ਪੁਸਤਕ ਦੇ ਨਿਬੰਧਾਂ ਵਿਚ ਉਜਾਗਰ ਕੀਤਾ ਹੈ। ਖੋਜ ਨਿਬੰਧਕਾਰਾਂ ਦੀ ਮਾਲਾ ਦੇ ਮਣਕਿਆਂ ਵਿਚ ਕ੍ਰਮਵਾਰ ਡਾ: ਸੁਖਪ੍ਰੀਤ ਕੌਰ, ਪ੍ਰੋ: ਪ੍ਰੀਤਮ ਸਿੰਘ, ਡਾ: ਅਮਨਦੀਪ ਕੌਰ, ਪ੍ਰੋ: ਧਰਮ ਸਿੰਘ, ਪ੍ਰੋ: ਰਾਜਿੰਦਰਪਾਲ ਸਿੰਘ, ਪ੍ਰੋ: ਬਲਦੇਵ ਸਿੰਘ ਧਾਲੀਵਾਲ, ਪ੍ਰੋ: ਸਤੀਸ਼ ਵਰਮਾ, ਡਾ: ਬਲਜਿੰਦਰ ਨਸਰਾਲੀ, ਸ: ਬਲਵਿੰਦਰ ਸਿੰਘ ਗਰੇਵਾਲ, ਪ੍ਰੋ: ਬੂਟਾ ਸਿੰਘ ਬਰਾੜ, ਪ੍ਰੋ: ਗੁਰਮੀਤ ਸਿੰਘ, ਪ੍ਰੋ: ਗੁਰਮੁਖ ਸਿੰਘ ਆਦਿ ਸ਼ਾਮਿਲ ਹਨ। ਸਿਧਾਂਤਕ ਪਰਿਪੇਖ ਦੇ ਤਿੰਨ ਮੁਢਲੇ ਨਿਬੰਧਾਂ ਤੋਂ ਬਿਨਾਂ, ਕਾਵਿ, ਕਹਾਣੀ, ਨਾਟਕ, ਨਾਵਲ, ਵਾਰਤਕ, ਪੰਜਾਬੀ ਭਾਸ਼ਾਈ ਸੰਕਟ, ਪ੍ਰਵਾਸੀ ਕਹਾਣੀ, ਲੋਕ-ਦਰਸ਼ਨ, ਮੀਡੀਆ ਅਤੇ ਬਿਰਤਾਂਤਕ ਸੰਦਰਭ ਆਦਿ ਅਨੇਕ ਵਿਧਾਵਾਂ/ਵਿਸ਼ਿਆਂ ਦਾ ਬਹੁਸੱਭਿਆਚਾਰ ਦ੍ਰਿਸ਼ਟੀ 'ਤੇ ਕੇਂਦਰਿਤ ਰਹਿ ਕੇ ਮੁਲਾਂਕਣ ਕੀਤਾ ਗਿਆ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186


ਰਾਤਾਂ ਦੀਆਂ ਬਾਤਾਂ
ਲੇਖਕ : ਚਾਰਲਸm ਸਵੀਨਰਟਨ
ਅਨੁਵਾਦ ਤੇ ਸੰਪਾਦਕ : ਡਾ: ਕਰਮਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 315
ਸੰਪਰਕ : 98763-23862.


ਲੋਕ ਧਾਰਾ ਦੇ ਅੰਗਰੇਜ਼ ਵਿਦਵਾਨ ਚਾਰਲਸ ਸਵੀਨਰਟਨ ਦੀਆਂ ਬਾਤਾਂ ਦੀ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਵਿਚ ਵੰਨ-ਸੁਵੰਨੀਆਂ 85 ਗਾਥਾਵਾਂ ਹਨ। ਪੁਰਾਤਨ ਸਮਿਆਂ ਤੋਂ ਇਹ ਬਾਤਾਂ ਦਾਦੇ-ਦਾਦੀਆਂ ਬੱਚਿਆਂ ਨੂੰ ਰਾਤਾਂ ਨੂੰ ਸੌਣ ਵੇਲੇ ਸੁਣਾਇਆ ਕਰਦੇ ਸਨ। ਹੁਣ ਇਹ ਰੁਝਾਨ ਲਗਪਗ ਖ਼ਤਮ ਹੈ। ਪਰ ਵਿਸ਼ਵ ਦੀ ਕਥਾ ਕਹਾਣੀ ਦੇ ਵਿਕਾਸ ਵਿਚ ਇਹ ਬਾਤਾਂ ਅੱਜ ਵੀ ਮਨੁੱਖ ਨੂੰ ਉਸ ਦਾ ਯੁਗਾਂ ਪੁਰਾਣਾ ਵਿਰਸਾ ਯਾਦ ਕਰਾਉਂਦੀਆਂ ਹਨ। ਇਹ ਬਾਤਾਂ ਲੋਕ ਸੱਭਿਆਚਾਰ ਦਾ ਪ੍ਰਮੁੱਖ ਅੰਗ ਹਨ।
ਪੁਸਤਕ ਦੀਆਂ ਬਾਤਾਂ ਪਰੀ ਕਹਾਣੀਆਂ, ਰਾਜੇ-ਰਾਣੀਆਂ, ਦੇਵੀ-ਦੇਵਤਿਆਂ, ਮਹਾਤਮਾ, ਫ਼ਕੀਰ, ਜੰਗਲ ਬੀਆਬਾਨ ਦੇ ਜਾਨਵਰ ਬਾਂਦਰ, ਖੋਤਾ, ਕਰਾਮਾਤੀ ਤੋਤਾ, ਊਠ ਤੇ ਚੂਹਾ, ਗਿੱਦੜ, ਹਾਥੀ, ਕੁੱਤੇ ਚੀਤੇ, ਪਿਸੂ, ਕਾਂ ਕਾਉਣੀ, ਬਿੱਲੀਆਂ, ਲੂੰਬੜੀਆਂ, ਸ਼ੇਰ, ਕਬੂਤਰ, ਖਰਗੋਸ਼, ਕਛੂਕੁੰਮੇ, ਡੱਡੂ ਆਦਿ ਜਨੌਰਾਂ ਦੀਆਂ ਵਿਭਿੰਨ ਸਰਗਰਮੀਆਂ ਵਿਚੋਂ ਉਪਜੀਆਂ ਹਨ। ਹੁਣ ਵੀ ਮਨੁੱਖ ਕੁਦਰਤ ਨਾਲ ਜੁੜ ਕੇ ਇਹੋ ਜਿਹੀਆਂ ਗਾਥਾਵਾਂ ਸੁਣਾ ਕੇ ਬੱਚਿਆਂ ਦਾ ਮਨ ਮੋਹ ਸਕਦਾ ਹੈ। ਪਰ ਅਜੋਕੇ ਤਕਨੀਕੀ ਯੁੱਗ ਵਿਚ ਇਨ੍ਹਾਂ ਬਾਤਾਂ ਦੀ ਬੌਧਿਕ ਮਹੱਤਤਾ ਘਟ ਗਈ ਹੈ। ਕਿਉਂਕਿ ਸਮਾਂ ਖੋਜ ਤੇ ਤਰਕ ਦਾ ਹੈ। ਕਰਾਮਾਤੀ ਯੁੱਗ ਬੀਤੇ ਦੀ ਕਹਾਣੀ ਹੈ। ਸਾਡੀ ਬਾਲ ਕਥਾ ਦਾ ਰੂਪ ਵੀ ਵਿਗਿਆਨਕ ਬਣ ਗਿਆ ਹੈ। ਸੰਪਾਦਕ ਨੇ ਬਾਤਾਂ ਦੀ ਵਰਗ ਵੰਡ ਕੀਤੀ ਹੈ। ਕਈ ਮਨੁੱਖੀ ਪਾਤਰ ਹਨ। ਇਨ੍ਹਾਂ ਵਿਚ ਜੁਲਾਹੇ, ਨੀਮ ਹਕੀਮ, ਲਲੂ ਜਿਹੇ ਸਿਧੜੇ ਬੰਦੇ, ਮੌਲਵੀ, ਸੁਨਿਆਰ ਤੇ ਰਾਹੀ ਆਦਿ ਹਨ। ਕਿੱਸਾ ਰੂਪ ਬਸੰਤ ਦੀ ਲੰਮੀ ਗਾਥਾ ਹੈ। ਦੋ ਦਰਜਨ ਦੇ ਕਰੀਬ ਬਾਤਾਂ ਲੰਮੀਆਂ ਹਨ। ਬਾਕੀ ਛੋਟੀਆਂ ਹਨ।
ਛੋਟੀਆਂ ਬਾਤਾਂ ਵਿਚ ਨਿੱਕੇ-ਨਿੱਕੇ ਸੰਵਾਦ ਹਾਸਰਸ, ਵਿਅੰਗ ਦੀ ਸੁਰ ਹੈ। ਮਨੁੱਖ ਨੂੰ ਸਿੱਧੇ ਜਾਂ ਟੇਢੇ ਢੰਗ ਨਾਲ ਨੈਤਿਕ ਸਿੱਖਿਆ ਮਿਲਦੀ ਹੈ। ਰਾਜਾ ਤੇ ਚਾਰ ਰਾਣੀਆਂ ਵਿਚ ਰਾਜਾ ਕੁੜੀਆਂ ਨੂੰ ਸਵਾਲ ਕਰਦਾ ਹੈ ਉਹ ਉੱਤਰ ਦੇ ਰਹੀਆਂ ਹਨ ਜਿਸ ਦਾ ਉੱਤਰ ਰਾਜੇ ਨੂੰ ਚੰਗਾ ਲਗਦਾ ਹੈ, ਉਸ ਨਾਲ ਉਹ ਵਿਆਹ ਕਰਾ ਲੈਂਦਾ ਹੈ। ਬਾਤਾਂ ਵਿਚ ਧੋਖੇਬਾਜ਼ ਮਿੱਤਰਾਂ ਦੀ ਗਾਥਾ ਹੈ। ਮਨੁੱਖ ਜਨੌਰਾਂ ਨਾਲ ਲੋਹਾ ਲੈਂਦਾ ਹੈ। ਪਰੀਆਂ ਦੇ ਵਿਆਹ ਹੁੰਦੇ ਹਨ। ਦਿਓ ਤੇ ਪਰੀਆਂ ਆਪਣੀਆਂ ਬਾਤਾਂ ਪਾਉਂਦੇ ਹਨ। ਗੁਆਚ ਰਹੀ ਵਿਰਾਸਤ ਨੂੰ ਪੁਸਤਕ ਵਿਚ ਸਾਂਭਿਆ ਗਿਆ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160ਸਾਕਾ ਨਨਕਾਣਾ ਸਾਹਿਬ ਦੀ ਇਤਿਹਾਸਕਾਰੀ
ਲੇਖਕ : ਡਾ: ਗੁਰਬਚਨ ਸਿੰਘ ਮਾਵੀ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 187
ਸੰਪਰਕ : 98781-49511.


ਇਹ ਵਰ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਤਾਬਦੀ ਦਾ ਹੈ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਲੇ ਸੰਘਰਸ਼ ਵਿਚ ਨਨਕਾਣਾ ਸਾਹਿਬ ਦਾ ਸਾਕਾ ਸਭ ਤੋਂ ਅਹਿਮ ਘਟਨਾ ਹੈ। ਸੌ ਸਾਲ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਇਕ ਸ਼ਾਂਤਮਈ ਜਥਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ਵਿਚੋਂ ਛੁਡਾਉਣ ਜਾਂਦਾ ਹੈ, ਜਿਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਇਸ ਦੁਖਾਂਤਕ ਸਥਿਤੀ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਇਕ ਨਵਾਂ ਉੱਦਮ ਡਾ: ਗੁਰਬਚਨ ਸਿੰਘ ਮਾਵੀ ਨੇ ਹਥਲੀ ਪੁਸਤਕ ਵਿਚ ਕੀਤਾ ਹੈ। ਉਨ੍ਹਾਂ ਇਸ ਸਾਕੇ ਵਿਚ ਸ਼ਹੀਦ ਹੋਏ ਯੋਧਿਆਂ ਦੇ ਵਾਰਸਾਂ ਬਾਰੇ ਖੋਜ ਪੜਤਾਲ ਕਰਕੇ ਜਾਣਕਾਰੀ ਇਕੱਤਰ ਕੀਤੀ ਹੈ। ਉਹ ਸ਼ਹੀਦਾਂ ਦੇ 50 ਵਾਰਸਾਂ ਬਾਰੇ ਵੇਰਵੇ ਬੜੀ ਮਿਹਨਤ ਤੇ ਸ਼ਿੱਦਤ ਨਾਲ ਇਕੱਤਰ ਕਰਨ ਵਿਚ ਕਾਮਯਾਬ ਹੋਏ ਹਨ।
ਇਸ ਸਾਕੇ ਬਾਰੇ ਪਹਿਲੀ ਅਤੇ ਠੋਸ ਖੋਜ ਪੁਸਤਕ 1938 ਈ: ਵਿਚ ਸ: ਗੁਰਬਖਸ਼ ਸਿੰਘ ਸ਼ਮਸ਼ੇਰ ਝੁਬਾਲੀਏ ਨੇ ਲਿਖੀ ਸੀ। ਕਈ ਸਾਲਾਂ ਬਾਅਦ ਇਹ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਬਾਰਾ ਛਾਪੀ ਸੀ, ਜਿਸ ਵਿਚੋਂ ਇਕ ਦੁਰਲੱਭ ਤਸਵੀਰ ਹਟਾ ਦਿੱਤੀ ਗਈ ਸੀ। ਇਹ ਦੁਰਲੱਭ ਤਸਵੀਰ ਸ਼ਹੀਦ ਭਾਈ ਹਜ਼ਾਰਾ ਸਿੰਘ ਵਾਸੀ ਚੱਕ ਨੰਬਰ 64 ਬੰਡਾਲਾ ਨਿਗਲੋਆਣਾ, ਤਹਿਸੀਲ ਜੜ੍ਹਾਂਵਾਲਾ ਅਤੇ ਸ਼ਹੀਦ ਭਾਈ ਮੰਗਲ ਸਿੰਘ ਜੀ ਕ੍ਰਿਪਾਨ ਬਹਾਦਰ ਦੀ ਸੀ। ਇਨ੍ਹਾਂ ਦੀਆਂ ਲਾਸ਼ਾਂ ਮਹੰਤ ਨਰਾਇਣ ਦਾਸ ਨੇ ਇਹ ਦਿਖਾਉਣ ਲਈ ਕਿ ਏਨੇ ਕੁ ਸਿੱਖ ਹੀ ਆਏ ਸਨ, ਰੱਖ ਲਈਆਂ ਸਨ। ਇਹ ਦੁਰਲੱਭ ਤਸਵੀਰ ਮੇਰੇ ਪਰਿਵਾਰ ਕੋਲ ਹੈ। ਸ਼ਹੀਦ ਭਾਈ ਹਜ਼ਾਰਾ ਸਿੰਘ ਸਾਡਾ ਬਾਬਾ ਸੀ।
ਇਹ ਪੁਸਤਕ ਸਿੱਖ ਇਤਿਹਾਸਕਾਰੀ ਪਰੰਪਰਾ ਦੀ ਸ਼ਾਨ ਵਧਾਉਂਦੀ ਹੋਈ ਨਿਵੇਕਲੀ ਜਾਣਕਾਰੀ ਪਾਠਕਾਂ ਨੂੰ ਪ੍ਰਦਾਨ ਕਰਦੀ ਹੈ। ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਸੀਮਤ ਸਾਧਨਾਂ ਰਾਹੀਂ ਕੀਤੇ ਖੋਜ ਭਰਪੂਰ ਕਾਰਜ ਸਾਡੀ ਜਾਣਕਾਰੀ ਵਿਚ ਨਿੱਗਰ ਵਾਧਾ ਕਰਦੇ ਹਨ।


-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.ਹੱਦ ਤੋਂ ਪਰ੍ਹੇ
ਲੇਖਕ : ਮਹਿੰਦਰ ਸਿੰਘ ਤਤਲਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 190
ਸੰਪਰਕ : 98726-53150.


ਹਥਲਾ ਨਾਵਲ ਪੰਜਾਬੀ ਨਾਵਲ ਜਗਤ ਵਿਚ ਵਿਕੋਲਿਤਰੇ ਸੰਕਲਪ ਅਤੇ ਸ਼ੈਲੀ ਸਦਕਾ ਆਪਣੀ ਵੱਖਰੀ ਪਛਾਣ ਦਾ ਸੂਚਕ ਹੈ। ਲੇਖਕ ਦਾ ਇਹ ਪਹਿਲਾ ਨਾਵਲ ਹੈ। ਇਸ ਤੋਂ ਪਹਿਲਾਂ ਉਸ ਨੇ ਕਹਾਣੀ ਸਿਰਜਣਾ ਜ਼ਰੀਏ ਆਪਣੀ ਹੋਂਦ ਸਥਾਪਿਤ ਕਰ ਲਈ ਹੋਈ ਹੈ। ਨਾਵਲ ਦੀ ਵਸਤੂ ਅਤੇ ਘਟਨਾਵਾਂ ਦਾ ਪ੍ਰਗਟਾਵਾ ਉਸ ਦੇ ਨਿੱਜੀ ਜੀਵਨ ਦੇ ਯਥਾਰਥ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਹੈ। ਇਸ ਨਾਵਲ ਦੀ ਸਿਰਜਣਾ ਮਹਿਜ਼ ਲੇਖਕ ਦੀ ਸਮਾਜ, ਧਰਮ, ਨੈਤਿਕਤਾ ਅਤੇ ਜੀਵਨ ਦੀ ਵਿਵਹਾਰਿਕਤਾ ਪ੍ਰਤੀ ਦ੍ਰਿਸ਼ਟੀਕੋਣ ਦੀ ਪੇਸ਼ਕਾਰੀ ਹੈ। ਨਾਵਲ ਦੇ ਪੰਜ ਅਧਿਆਇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹਨ। ਇਹ ਪੰਜੇ ਉਲਾਰ ਬਿਰਤੀ ਵਿਚ ਜਾ ਕੇ ਵਿਕਾਰ ਬਣ ਜਾਂਦੇ ਹਨ। ਇਨ੍ਹਾਂ ਪੰਜਾਂ ਵਿਕਾਰਾਂ ਨੂੰ ਲੇਖਕ ਨੇ ਆਪਣੀ ਗਲਪੀ ਰੌਚਕ ਸ਼ੈਲੀ ਜ਼ਰੀਏ ਪੇਸ਼ ਕੀਤਾ ਹੈ। ਕੁਝ ਪਾਤਰ ਨਸ਼ਾਖੋਰੀ ਦੇ ਵਧੇਰੇ ਆਦੀ ਹੋ ਕੇ ਅਹੰਕਾਰ ਅਤੇ ਗੁੱਸੇ ਦੇ ਆਦੀ ਹੋ ਕੇ ਕ੍ਰੋਧੀ ਬਣ ਜਾਂਦੇ ਹਨ ਜੋ ਆਪਣਾ ਘਰੇਲੂ ਜੀਵਨ ਭੰਗ ਕਰ ਬੈਠਦੇ ਹਨ। ਸਮਾਜਿਕ ਵਰਤਾਰੇ ਵਿਚ ਉਨ੍ਹਾਂ ਦੀ ਹੋਂਦ ਜ਼ੀਰੋ ਹੋ ਜਾਂਦੀ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਘਰ ਦੇ ਜੀਅ ਜਿਨ੍ਹਾਂ ਵਿਚ ਪੁੱਤਰ, ਪਤਨੀ ਆਦਿ, ਦਮ ਤੋੜ ਜਾਂਦੇ ਹਨ ਅਤੇ ਉਹ ਇਕਲਾਪੇ ਵਿਚ ਜੀਵਨ ਬਸਰ ਕਰਦੇ ਹੋਏ, ਝੂਰਦੇ ਹੋਏ, ਬੇਸਹਾਰਾ ਹੋ ਕੇ ਜੀਵਨ ਤੋਂ ਹੱਥ ਧੋ ਬੈਠਦੇ ਹਨ। ਲੇਖਕ ਨੇ ਇਸ ਨਾਵਲ ਵਿਚ ਸਕੂਲ ਅਤੇ ਕਾਲਜ ਦੀ ਪੜ੍ਹਾਈ ਸਮੇਂ ਆਪਣੇ ਸੰਗੀਆਂ ਸਾਥੀਆਂ, ਪੇਂਡੂ ਸੱਭਿਆਚਾਰ ਅਤੇ ਅਧਿਆਪਕਾਂ ਦੇ ਕੌੜੇ-ਮਿੱਠੇ ਸੁਭਾਅ ਦਾ ਵਰਣਨ ਵੀ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਵਿਚ ਵਿਆਹ ਪ੍ਰਬੰਧ ਵਿਚ ਲਾਲਚੀ ਸੁਭਾਅ, ਦਾਜ 'ਚ ਪੈਸਿਆਂ ਦੀ ਮੰਗ, ਪਰਜਾਤੰਤਰ ਦੀਆਂ ਬੁਰਾਈਆਂ, ਪੁਲਿਸ ਦੀਆਂ ਵਧੀਕੀਆਂ ਅਤੇ ਪੰਜਾਬ ਵਿਚ ਵਾਪਰੇ ਕਾਲੇ ਦਿਨਾਂ ਦੀ ਦਾਸਤਾਨ ਨੂੰ ਵੀ ਗਲਪੀ ਜੁਗਤਾਂ ਜ਼ਰੀਏ ਪੇਸ਼ ਕੀਤਾ ਹੈ। ਪਾਤਰ ਭਾਵੇਂ ਹਰਿੰਦਰ ਹੋਵੇ ਜਾਂ ਹਰਦੀਪ, ਰਣਬੀਰ, ਕੁਲਦੀਪ, ਬੂਟਾ ਸਿੰਘ ਜਾਂ ਜਸਪਾਲ ਆਦਿ ਹੋਣ ਸਾਰੇ ਆਪਣੀ ਵੱਖੋ-ਵੱਖਰੀ ਪਛਾਣ ਰੱਖਦੇ ਹਨ ਅਤੇ ਹੱਦ ਤੋਂ ਪਾਰ ਹੋ ਕੇ ਕਈ ਪਾਤਰ ਸਮਾਜ ਅਤੇ ਘਰ ਪਰਿਵਾਰ ਨੂੰ ਗੰਧਲਾ ਕਰ ਲੈਂਦੇ ਹਨ।


-ਡਾ: ਜਗੀਰ ਸਿੰਘ ਨੂਰ
ਮੋ: 98142-09732ਲਾਕਡਾਊਨ ਡਾਇਰੀ

(ਦਹਿਸ਼ਤ ਦੇ ਦਿਨਾਂ ਦਾ ਦਸਤਾਵੇਜ਼)
ਲੇਖਕ : ਕੁਲਦੀਪ ਸਿੰਘ ਦੀਪ (ਡਾ:)
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 98552-55956.


ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਹੀ ਹਿਲਾ ਕੇ ਰੱਖ ਦਿੱਤੀ ਜਿਸ ਦੀ ਦਹਿਸ਼ਤ ਅੱਜ ਵੀ ਪੂਰੀ ਮਨੁੱਖਤਾ ਦੇ ਦਿਲ ਦਹਿਲਾ ਰਹੀ ਹੈ। ਪੂਰੀ ਦੁਨੀਆ ਵਿਚ ਇਸ ਭਿਆਨਕ ਬਿਮਾਰੀ ਅਤੇ ਇਸ ਦੇ ਖੌਫ਼ ਨਾਲ ਲੜਨ ਲਈ ਕਈ ਤੌਰ-ਤਰੀਕੇ ਅਪਣਾਏ ਗਏ। ਭਾਵੇਂ ਦਵਾਈ ਮਿਲਣ ਵਿਚ ਦੇਰੀ ਸੀ ਪਰ ਇਤਿਆਦ ਵਜੋਂ ਦੁਨੀਆ ਦੇ ਸਾਰੇ ਮੁਲਕਾਂ ਨੇ ਆਪਣੇ-ਆਪਣੇ ਯਤਨ ਕੀਤੇ, ਜਿਨ੍ਹਾਂ ਵਿਚ ਇਕ ਯਤਨ ਸੀ 'ਲਾਕਡਾਊਨ'। ਆਪਣੇ-ਆਪਣੇ ਮੁਲਕ ਦੇ ਬਾਸ਼ਿੰਦਿਆਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਤਾਂ ਕਿ ਇਸ ਬਿਮਾਰੀ ਦੀ ਲਾਗ ਅੱਗੇ ਫੈਲ ਨਾ ਸਕੇ। ਇਹ ਸਮਾਂ ਹੋਰ ਵੀ ਭਿਆਨਕ ਸੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਦੌਰਾਨ ਮਨੋਰੋਗਾਂ ਦੇ ਸ਼ਿਕਾਰ ਵੀ ਹੋਏ ਪਰ ਕੁਝ ਇਕ ਵਿਅਕਤੀਆਂ ਨੇ ਲਾਕਡਾਊਨ ਦਾ ਇਹ ਸਮਾਂ ਸਿਰਜਣਾਤਮਕ ਕਾਰਜਾਂ ਵਿਚ ਲਗਾ ਕੇ ਆਪਣੇ-ਆਪ ਨੂੰ ਰੁਝਾਉਣ ਦੇ ਨਾਲ-ਨਾਲ ਸਿਰਜਣਾਤਮਕ ਗਤੀਵਿਧੀਆਂ ਵੀ ਜਾਰੀ ਰੱਖੀਆਂ।
ਡਾ: ਕੁਲਦੀਪ ਸਿੰਘ ਦੀਪ ਦੀ ਪੁਸਤਕ 'ਲਾਕਡਾਊਨ ਡਾਇਰੀ' (ਦਹਿਸ਼ਤ ਦੇ ਦਿਨਾਂ ਦਾ ਦਸਤਾਵੇਜ਼) ਵੀ ਉਸ ਦੀ ਇਸ ਲਾਕਡਾਊਨ ਦੌਰਾਨ ਲਿਖੀ ਪੁਸਤਕ ਹੈ ਜਿਸ ਵਿਚ ਉਸ ਨੇ ਜਿਥੇ ਇਨ੍ਹਾਂ ਦਿਨਾਂ ਦੀ ਖੌਫ਼ਜ਼ਦਾ ਤਸਵੀਰਕਸ਼ੀ ਕੀਤੀ ਹੈ, ਉਥੇ ਫੈਲਦੀਆਂ ਅਫ਼ਵਾਹਾਂ, ਰਾਜਨੀਤਕ ਵਾਤਾਵਰਨ, ਸੁਝਾਏ ਗਏ ਪਰਹੇਜ਼ਾਂ ਬਾਰੇ ਵਿਸਤ੍ਰਿਤ ਬਿਊਰਾ ਪ੍ਰਸਤੁਤ ਕੀਤਾ ਹੈ। ਇਹ ਪੁਸਤਕ ਕਿਉਂਕਿ ਸਾਹਿਤਕ ਪੁਸਤਕ ਹੈ, ਇਸ ਕਰਕੇ ਇਸ ਵਿਚਲੀ ਜਾਣਕਾਰੀ ਵਿਚ ਤੱਥ ਜ਼ਰੂਰ ਹਨ ਪਰ ਇਹ ਤੱਥ ਬੇਰਸ ਜਾਂ ਨੀਰਸ ਸ਼ੈਲੀ ਵਿਚ ਨਹੀਂ ਸਗੋਂ ਦਿਲਚਸਪ ਰੂਪ ਵਿਚ ਪੇਸ਼ ਹੋਏ ਹਨ। ਲੇਖਕ ਕਿਤੇ-ਕਿਤੇ ਵਿਅੰਗਾਤਮਕ ਰੂਪ ਵਿਚ ਇਸ ਕਾਲ 'ਤੇ ਆਪਣੀਆਂ ਟਿੱਪਣੀਆਂ ਵੀ ਪੇਸ਼ ਕਰਦਾ ਹੈ। ਪਰ ਨਾਲ ਹੀ ਇਸ ਗੱਲ ਬਾਰੇ ਵੀ ਚਰਚਾ ਛੇੜੀ ਗਈ ਹੈ ਕਿ ਗਿਆਨਮਈ ਚਾਨਣ ਕਿਸੇ ਵੀ ਸੰਕਟ ਦਾ ਹੌਸਲੇ ਅਤੇ ਦਲੇਰੀ ਨਾਲ ਸਾਹਮਣਾ ਕਰਨ ਦੇ ਵਸੀਲੇ ਪ੍ਰਦਾਨ ਕਰ ਸਕਦਾ ਹੈ। ਇਹ ਲੇਖਕ ਦੀ ਡਾਇਰੀ ਹੈ ਜਿਸ ਦੇ ਹਰੇਕ ਨਵੇਂ ਅਧਿਆਇ ਉੱਪਰ ਇਸ ਦੇ ਲਿਖੇ ਜਾਣ ਦੀ ਤਰੀਕ ਵੀ ਅੰਕਿਤ ਕੀਤੀ ਗਈ ਹੈ। ਲੇਖਕ ਨੇ ਇਸ ਕਾਲ ਦੌਰਾਨ ਕਿਰਤੀਆਂ ਦੇ ਰੁਜ਼ਗਾਰ ਖੁਸ ਜਾਣ ਅਤੇ ਰੋਟੀ ਦੇ ਸੰਕਟ ਦੇ ਮਸਲੇ ਨੂੰ ਵੀ ਵਿਸ਼ੇਸ਼ ਰੂਪ ਵਿਚ ਪੇਸ਼ ਕੀਤਾ ਹੈ। ਪੁਸਤਕ ਵਿਚ ਲਘੂ ਨਾਟਕ ਅਤੇ ਕਵਿਤਾਵਾਂ ਵੀ ਦਰਜ ਕੀਤੀਆਂ ਗਈਆਂ ਹਨ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਧੁੱਪ-ਛਾਂ ਦੇ ਅੱਠ ਰੰਗ

ਅਨੁਵਾਦਕ : ਵਿਪਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 94632-23251.


ਸਾਹਿਤ ਸਮਾਜ ਦਾ ਅਜਿਹਾ ਦਰਪਣ ਹੈ ਜਿਸ ਰਾਹੀਂ ਸਮਾਜ ਦੇ ਅਕਸ ਨੂੰ ਦੇਖਿਆ ਅਤੇ ਸਮਝਿਆ ਜਾਂਦਾ ਹੈ। ਸਾਹਿਤ ਦੇ ਵੱਖ-ਵੱਖ ਰੂਪਾਂ ਵਿਚ ਉਸ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ। ਕਹਾਣੀ ਅਜਿਹਾ ਹੀ ਸਾਹਿਤ ਰੂਪ ਹੈ, ਜਿਸ ਵਿਚ ਸਮੇਂ ਦੇ ਸੱਚ ਨੂੰ ਪਛਾਣਿਆ ਜਾਂਦਾ ਰਿਹਾ ਹੈ। ਉਪਰੋਕਤ ਕਹਾਣੀ ਸੰਗ੍ਰਹਿ ਵੀ ਇਕ ਅਜਿਹਾ ਹੀ ਉਪਰਾਲਾ ਹੈ, ਜਿਸ ਰਾਹੀਂ ਸੰਸਾਰ ਦੀ ਕਹਾਣੀ ਨਾਲ ਪਾਠਕਾਂ ਦੀ ਸਾਂਝ ਪੁਆਈ ਗਈ ਹੈ। ਜੀਵਨ ਦੇ ਅਲੱਗ-ਅਲੱਗ ਰੰਗਾਂ ਨੂੰ ਪੇਸ਼ ਕਰਦੀਆਂ ਇਨ੍ਹਾਂ ਅੱਠ ਕਹਾਣੀਆਂ ਵਿਚ ਵਿਸ਼ਵ ਸਾਹਿਤ ਦੇ ਚੋਣਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ ਗਿਆ ਹੈ, ਜਿਸ ਕਰਕੇ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਵਿਸ਼ਵ ਪੱਧਰੀ ਕਹਾਣੀ ਨੂੰ ਜਾਣਨ ਅਤੇ ਮਾਣਨ ਦਾ ਅਵਸਰ ਮਿਲਿਆ ਹੈ। ਹਰ ਕਹਾਣੀ ਦਾ ਰੰਗ ਅਤੇ ਲਹਿਜਾ ਉਸ ਸਮੇਂ ਦੇ ਕੱਚ-ਸੱਚ ਨੂੰ ਬਾਖੂਬੀ ਪ੍ਰਗਟਾਉਂਦਾ ਹੈ। ਇਸ ਕਹਾਣੀ ਸੰਗ੍ਰਹਿ ਦਾ ਕਾਲ ਖੰਡ ਜਾਗਰਣ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਫੈਲਿਆ ਹੋਇਆ ਹੈ। ਕਹਾਣੀ 'ਮੁਟਿਆਰ' ਜੀਵਨ ਵਿਚ ਕਿਰਤ ਦੀ ਮਹੱਤਤਾ ਦੇ ਨਾਲ-ਨਾਲ ਸੁੰਦਰਤਾ ਅਤੇ ਕਿਰਤ ਦੀ ਇਕਸੁਰਤਾ ਨਾਲ ਪਾਠਕ ਨੂੰ ਜੋੜਦੀ ਹੈ। 'ਸਫੈਦ ਹਾਥੀਆਂ ਵਰਗੀਆਂ ਪਹਾੜੀਆਂ' ਔਰਤ-ਮਰਦ ਦੇ ਰਿਸ਼ਤੇ ਨੂੰ ਬਹੁਤ ਹੀ ਗਹਿਰਾਈ ਅਤੇ ਖੂਬਸੂਰਤੀ ਨਾਲ ਪੇਸ਼ ਕਰਦੀ ਕਹਾਣੀ ਹੈ। 'ਆੜੂ' ਅਹਿਸਾਸ ਅਤੇ ਪਿਆਰ ਦੀ ਪਰਿਭਾਸ਼ਾ ਦਰਸਾਉਂਦੀ ਕਹਾਣੀ ਹੈ ਜਿੱਥੇ ਆਪਣੀ ਪਤਨੀ ਲਈ ਨਾਇਕ ਹਰ ਹੀਲਾ ਵਸੀਲਾ ਵਰਤ ਉਸ ਦੀ ਖੁਸ਼ੀ ਹਾਸਲ ਕਰਨੀ ਲੋਚਦਾ ਹੈ। ਇਸੇ ਤਰ੍ਹਾਂ 'ਫ਼ੈਸਲਾ' ਕਹਾਣੀ ਆਪਣੀ ਹੋਂਦ ਲਈ ਜੂਝ ਰਹੇ ਨਾਇਕ ਦੀ ਕਹਾਣੀ ਹੈ, ਜਿਸ ਨੂੰ ਉਸ ਦੇ ਮਾਪੇ ਵੀ ਸ਼ਾਇਦ ਸਮਝ ਨਹੀ ਪਾਉਂਦੇ। ਬੋਰਡਿੰਗ ਹਾਊਸ ਦੀ ਕਹਾਣੀ ਮਾਂ ਅਤੇ ਧੀ ਦੇ ਰਿਸ਼ਤੇ ਅਤੇ ਮਾਂ ਦੀਆਂ ਚਿੰਤਾਵਾਂ ਦੇ ਨਾਲ ਨਾਲ ਇਕ ਸਿਆਣੀ ਔਰਤ ਵਜੋਂ ਆਪਣੇ ਧੀ ਦੇ ਬਿਹਤਰ ਭਵਿੱਖ ਲਏ ਸਖ਼ਤੀ ਨਾਲ ਲਏ ਜਾਣ ਵਾਲੇ ਫ਼ੈਸਲਿਆਂ ਦੀ ਦਾਸਤਾਨ ਹੈ। ਪੁਸਤਕ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਕਹਾਣੀਆਂ ਦੇ ਅਨੁਵਾਦ ਪੜ੍ਹਦਿਆਂ ਕਿਤੇ ਵੀ ਕੁਝ ਅੱਖਰਦਾ ਨਹੀਂ। ਇਸ ਲਈ ਅਨੁਵਾਦਕਾ ਦੀ ਮਿਹਨਤ ਵੀ ਸਾਫ਼ ਨਜ਼ਰੀਂ ਆਉਂਦੀ ਹੈ। ਧੁੱਪ-ਛਾਂ ਦੇ ਰੰਗਾਂ ਨੂੰ ਪੇਸ਼ ਕਰਦੀ ਇਹ ਪੁਸਤਕ ਸੰਸਾਰ ਸਾਹਿਤ ਨੂੰ ਜਾਣਨ ਲਈ ਪੜ੍ਹਨਯੋਗ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823ਪੇਟ-ਘਰੋੜੀ
ਲੇਖਕ : ਤ੍ਰਿਪਤ ਭੱਟੀ
ਪ੍ਰਕਾਸ਼ਕ : ਮੁਲਤਾਨੀ ਐਂਟਰੇਨਰਜ਼ (ਰਜਿ:), ਪਟਿਆਲਾ
ਸਫ਼ੇ : 96
ਸੰਪਰਕ : 94173-94793.


ਤ੍ਰਿਪਤ ਭੱਟੀ ਬਹੁਵਿਧਾਈ ਸਾਹਿਤਕਾਰ ਹੈ। ਉਸ ਨੇ ਕਵਿਤਾ, ਮਿੰਨੀ ਕਹਾਣੀਆਂ ਅਤੇ 10 ਪੁਸਤਕਾਂ ਅਨੁਵਾਦ ਵੀ ਕੀਤੀਆਂ ਹਨ। 'ਭਾਵ ਰਾਸ' ਕਾਵਿ-ਸੰਗ੍ਰਹਿ ਉਸ ਨੇ 1971 ਈ: ਵਿਚ ਛਪਵਾਇਆ। ਇਸ ਤੋਂ ਬਾਅਦ ਉਸ ਨੇ ਕਾਵਿ-ਪੁਸਤਕ 'ਸਿਸ਼ਟਾਚਾਰਸ਼ਿਤਾ' ਪ੍ਰਕਾਸ਼ਿਤ ਕਰਵਾਈ। ਇੰਜ 'ਪੇਟ-ਘਰੋੜੀ' ਕਾਵਿ-ਸੰਗ੍ਰਹਿ ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਬਣਦਾ ਹੈ। ਪੇਟ-ਘਰੋੜੀ ਸ਼ਬਦ ਦਾ ਸਿੱਧਾ-ਸਿੱਧਾ ਅਰਥ ਹੁੰਦਾ ਹੈ 'ਰਹਿੰਦ-ਖੂੰਹਦ' ਜਾਂ ਫਿਰ 'ਬਚਦਾ-ਖੁਚਦਾ'। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਮਹਿਮਾ' ਤੋਂ ਲੈ ਕੇ 'ਮਜ਼ਾ ਫੇਰ ਹੈ' ਤੱਕ 57 ਛੰਦ-ਬੱਧ ਕਾਵਿ-ਰਚਨਾਵਾਂ ਸੰਕਲਿਤ ਕੀਤੀਆਂ ਹਨ। ਇਹ ਕਾਵਿ-ਪੁਸਤਕ ਉਸ ਨੇ ਉਨ੍ਹਾਂ ਰੂਹਾਂ ਨੂੰ ਸਮਰਪਿਤ ਕੀਤੀ ਹੈ, ਜਿਨ੍ਹਾਂ ਨੂੰ ਮਨੁੱਖੀ ਜ਼ਿੰਦਗੀ 'ਚ ਰਹਿੰਦ-ਖੂੰਹਦ ਪਸੰਦ ਹੈ। ਇਸ ਦਾ ਭਾਵ ਹੈ ਕਿ ਇਹ ਕਾਵਿ ਰਚਨਾਵਾਂ ਦਰਅਸਲ ਮਨੁੱਖ ਦੀ ਮਾਨਸਿਕ ਸੰਤੁਸ਼ਟੀ ਦੀਆਂ ਲਖਾਇਕ ਹਨ। ਬਹੁਤੀਆਂ ਕਾਵਿ-ਰਚਨਾਵਾਂ 'ਗੀਤ' ਦੇ ਰੂਪ ਵਿਚ ਹਨ, ਜਿਨ੍ਹਾਂ ਵਿਚ ਦਿਲੀ ਵਲਵਲਿਆਂ ਨੂੰ ਸਤਹੀ ਪੱਧਰ 'ਤੇ ਬਿਆਨ ਕੀਤਾ ਗਿਆ ਹੈ। 'ਡਗਾ ਢੋਲ 'ਤੇ ਲਾ', 'ਅੱਖ ਨਾਲ ਅੱਖ', 'ਇਹ ਸੰਸਾਰ', 'ਮਹਿੰਦੀ', 'ਤੇਰੇ ਹੀ ਗੁਣ ਗਾਉਂਦਾ ਹਾਂ', 'ਓ ਮੇਰੇ ਦਿਲ ਦੇ ਜਾਨੀ', 'ਚੰਨ' ਅਤੇ 'ਪਿਆਰ' ਆਦਿ ਕਾਵਿ-ਰਚਨਾਵਾਂ ਉਕਤ ਕਥਨ ਦੀ ਪੁਸ਼ਟੀ ਕਰਦੀਆਂ ਹਨ। ਗੀਤ ਵਿਚ ਤਾਲ, ਲੈਅਬੱਧਤਾ, ਸੰਗੀਤਾਤਮਿਕਤਾ, ਭਾਵਾਤਮਿਕਤਾ ਆਦਿ ਦੇ ਦਰਸ਼ਨ-ਦੀਦਾਰੇ ਹੁੰਦੇ ਹਨ। ਸਰਲਤਾ, ਸਪੱਸ਼ਟਤਾ ਅਤੇ ਸਾਦਗੀ ਇਨ੍ਹਾਂ ਕਾਵਿ-ਰਚਨਾਵਾਂ 'ਚ ਪਾਠਕ ਮਹਿਸੂਸ ਕਰੇਗਾ। 'ਮਹਿਮਾ' ਗੀਤ ਦੀਆਂ ਇਹ ਸਤਰਾਂ ਵੇਖਣਯੋਗ ਹਨ।
ਪੁੱਤ ਦੀ ਆਪਣੀ ਹੈ ਸਰਦਾਰੀ
ਧੀ ਦੀ ਆਪਣੀ ਹੈ ਸਰਦਾਰੀ
ਘਰ ਦੀ ਮਹਿਮਾ ਤਾਂ ਹੀ ਹੁੰਦੀ
ਪਲੜਾ ਜੇ ਕਰ ਰੱਖਣ ਸਾਵਾਂ।
ਇਸ ਗੀਤ ਵਿਚ ਬਹੁਤ ਹੀ ਭਾਵਪੂਰਤ ਅੰਦਾਜ਼ ਵਿਚ ਧੀ ਅਤੇ ਪੁੱਤ ਦੀ ਸਮਾਜਿਕ ਲੋੜ ਦਾ ਵਰਨਣ ਕੀਤਾ ਗਿਆ ਹੈ। ਸਾਦਗੀ ਦੀ ਇਕ ਹੋਰ ਵੰਨਗੀ ਦੇਖੋ :
ਖਾਈ ਖਾਈ ਖਾਈ
ਮਾਹੀਏ ਮੈਨੂੰ ਦੇਖ ਦੇਖ ਕੇ
ਮੇਰੀ ਅਜ਼ਲਾਂ ਦੀ ਪਿਆਸ ਬੁਝਾਈ।
ਤ੍ਰਿਪਤ ਭੱਟੀ ਦੀ ਸਾਦਗੀ ਇਹ ਵੀ ਹੈ ਕਿ ਜਾਣਦੇ ਹਨ ਕਿ ਰੂਪਕ ਪੱਖ ਤੋਂ ਕੁਝ ਕਾਵਿ-ਰਚਨਾਵਾਂ ਕੱਚੀਆਂ ਹਨ, ਇਸ ਨੂੰ ਉਹ ਖ਼ੁਦ ਹੀ 'ਦੋ ਸ਼ਬਦ' ਭੂਮਿਕਾ ਵਿਚ ਤਸਲੀਮ ਕਰਦੇ ਹਨ। ਪਾਠਕਾਂ ਲਈ ਇਹ ਕਾਵਿ-ਸੰਗ੍ਰਹਿ ਦਿਲਚਸਪ ਅਤੇ ਮਨੋਰੰਜਕ ਰਹੇਗਾ। ਇਹ ਮੇਰੀ ਆਸ ਤੇ ਉਮੀਦ ਹੈ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

20-03-2021

 ਬਰਖਿਲਾਫ਼ ਬਜ਼ਾਤੇ-ਖ਼ੁਦ
ਲੇਖਿਕਾ : ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 550 ਰੁਪਏ, ਸਫ਼ੇ : 480
ਸੰਪਰਕ : 0181-2214196.

ਸ਼ਾਇਰਾ ਸਰਬਜੀਤ ਕੌਰ ਸੋਹਲ ਅਸਾਡੇ ਸਮਿਆਂ ਦੀ ਜਾਣੀ-ਪਹਿਚਾਣੀ ਤੇ ਸਾਹਿਤਕ ਸੱਥਾਂ ਦੀ ਧਰੂ ਤਾਰਾ ਹਥਲੀ ਕਾਵਿ ਕਿਤਾਬ 'ਬਰਖ਼ਿਲਾਫ਼ ਬਜ਼ਾਤੇ-ਖ਼ੁਦ ਤੋਂ ਪਹਿਲਾਂ ਆਲੋਚਨਾ ਦੀਆਂ ਤਿੰਨ ਪੁਸਤਕਾਂ, ਛੇ ਕਾਵਿ-ਸੰਗ੍ਰਹਿ, ਨੌਂ ਅਨੁਵਾਦਿਤ ਪੁਸਤਕਾਂ ਤੋਂ ਇਲਾਵਾ ਚਾਰ ਸੰਪਾਦਿਤ ਪੁਸਤਕਾਂ ਪੰਜਾਬੀ ਅਦਬ ਦੇ ਰੂਬਰੂ ਕਰਾ ਚੁਕੀ ਹੈ। ਹਥਲੀ ਕਾਵਿ ਕਿਤਾਬ ਲੇਖਕ ਦੀ ਹੁਣ ਤੱਕ ਦੀ ਕਾਵਿ ਯਾਤਰਾ ਹੈ ਜਿਸ ਵਿਚ ਉਸ ਦੀਆਂ ਕਾਵਿ ਕਿਤਾਬਾਂ 'ਸਫ਼ਰ ਦਰ ਸਫ਼ਰ', 'ਐਵੇਂ ਕਿਵੇਂ' 'ਗੁੰਨ੍ਹੀ ਮਿੱਟੀ', 'ਕਾਵਿ-ਕੁਣਕਾ', 'ਮੁਹੱਬਤਗਿਰੀ' ਅਤੇ 'ਐਨੀਮੇਟਿਡ ਰਿਸ਼ਤੇ' ਦਾ ਸੰਯੁਕਤ ਕਾਵਿ-ਸੰਗ੍ਰਹਿ ਹੈ। ਇਸ ਪੁਸਤਕ ਦੇ ਸੰਪਾਦਕ ਪ੍ਰਸਿੱਧ ਕਹਾਣੀਕਾਰ ਦੇਸ ਰਾਜ ਕਾਲੀ ਹਨ, ਜਿਨ੍ਹਾਂ ਨੇ ਪੁਸਤਕ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਸੋਹਲ ਕਾਵਿ ਦੀ ਥਾਹ ਪਵਾਈ ਹੈ। ਪੁਸਤਕ ਦੇ ਸਿਰਨਾਵੇਂ 'ਬਰਖ਼ਿਲਾਫ਼ ਬਜ਼ਾਤੇ ਖ਼ੁਦ' ਤੋਂ ਇਹ ਨਹੀਂ ਸਮਝ ਲੈਣਾ ਬਣਦਾ ਕਿ ਇਹ ਸਵੈ-ਕਥਨ ਉਸ ਦੇ ਖ਼ੁਦ ਹੀ ਖਿਲਾਫ਼ ਇਹ ਸਵੈ ਕਥਨ ਨਿੱਜ ਦਾ ਨਾ ਹੋ ਕੇ ਜੱਗ ਦਾ ਬਣ ਜਾਂਦਾ ਹੈ। ਇਹ ਕਾਵਿ-ਕਿਤਾਬ ਸਮਕਾਲ ਦੀ ਕਾਲ ਚਰਖੜੀ ਵਿਚ ਗ੍ਰਸੇ ਤਰੰਗਤ ਮੁਹੱਬਤੀ ਜੀਉੜਿਆਂ ਦੇ ਨਿਤਸ਼ੇ ਦੇ ਨਾਇਕ ਜਰਬੁਸਤਰ ਵਾਂਗ ਵਰਜਣਾਵਾਂ ਉਲੰਘਦੀ ਹੋਈ ਪਿੱਤਰੀ ਦਾਬੇ ਅੱਗੇ ਪ੍ਰਸ਼ਨ ਖੜ੍ਹੇ ਕਰਦੀ ਹੈ। ਮਨੁੱਖੀ ਗ੍ਰੰਥੀਆਂ ਜਿਵੇਂ ਕਿ ਤ੍ਰਿਪਤ-ਅਤ੍ਰਿਪਤ ਦੀ ਵਿਗੜ ਰਹੀ ਗਰਾਮਰ ਦੇ ਵਿਚਕਾਰ ਤ੍ਰਿਸ਼ੰਕੂ ਬਣੇ ਮਨੁੱਖ ਲਈ ਰਾਹ ਦਸੇਰਾ ਬਣ ਕੇ ਸਹਿਜ ਅਨੰਦ ਦੀ ਤੰਦ ਸੂਤਰ ਹੱਥ ਫੜਾਉਂਦੀ ਨਜ਼ਰ ਆਉਂਦੀ ਹੈ। ਜਿਥੇ ਪੰਜਾਬੀ ਸਾਹਿਤ ਜਗਤ ਸੋਹਲ ਦਾ ਧੰਨਵਾਦੀ ਹੋਣਾ ਬਣਦਾ ਹੈ, ਉਥੇ ਪੁਸਤਕ ਦੇ ਸੰਪਾਦਕ ਦੇਸ ਰਾਜ ਕਾਲੀ ਦਾ ਵੀ ਰਿਣੀ ਹੋਣਾ ਬਣਦਾ ਹੈ। ਆਮੀਨ

ਭਗਵਾਨ ਢਿੱਲੋਂ
ਮੋ: 98143-78254.

ਤ੍ਰੇਹ
ਲੇਖਕ : ਮੀਰ ਤਨਹਾ ਯੂਸਫ਼ੀ
ਲਿਪੀਅੰਤਰ ਤੇ ਸੰਪਾਦਨ : ਡਾ: ਸਵਰਨਜੀਤ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 0172-5027429.

ਪਾਕਿਸਤਾਨੀ ਪੰਜਾਬੀ ਨਾਵਲ ਦੀ ਪਰੰਪਰਾ ਵਿਲੱਖਣ ਥਾਂ ਰੱਖਦੀ ਹੈ। ਬਹੁਤ ਸਾਰੇ ਅਜਿਹੇ ਪਾਕਿਸਤਾਨੀ ਲੇਖਕ ਹਨ, ਜਿਹੜੇ ਪੰਜਾਬੀ ਪਾਠਕਾਂ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਹਨ। ਉਨ੍ਹਾਂ ਵਿਚੋਂ ਇਕ ਮੀਰ ਤਨਹਾ ਯੂਸਫ਼ੀ ਨੇ ਗਲਪ ਖੇਤਰ ਵਿਚ ਕਈ ਰਚਨਾਵਾਂ ਦੀ ਸਿਰਜਣਾ ਕੀਤੀ ਹੈ। ਇਹ ਨਾਵਲ (1997) ਭਾਰਤ-ਪਾਕਿਸਤਾਨ ਵੰਡ ਤੋਂ ਪਿੱਛੋਂ ਦੀ ਸਾਹਿਤਕ ਕਿਰਤ ਹੈ। ਇਸ ਨਾਵਲ ਦਾ ਕਥਾਨਕ ਲਹਿੰਦੇ ਪੰਜਾਬ ਵਿਚ ਜਾ ਵੱਸੇ ਪਰਿਵਾਰ ਦੀ ਕਹਾਣੀ ਪੇਸ਼ ਕਰਦਾ ਹੈ ਜਿਹੜਾ ਆਰਥਿਕ ਮੰਦਹਾਲੀ ਅਤੇ ਬਿਮਾਰੀ ਦੀ ਅਵਸਥਾ ਵਿਚ ਵਿਚਰਦਾ ਹੋਇਆ ਖੇਰੂੰ-ਖੇਰੂੰ ਹੋ ਜਾਂਦਾ ਹੈ। ਪਾਕਿਸਤਾਨੀ ਸਮਾਜ ਵਿਚ ਔਰਤ-ਮਰਦ ਦੇ ਸਬੰਧਾਂ ਦਾ ਖੁਲਾਸਾ ਕਰਦਿਆਂ ਆਪਸੀ ਕਾਮ ਤ੍ਰੇਹ ਰਾਹੀਂ ਨਾਵਲੀ ਬਿਰਤਾਂਤ ਵਿਚ ਕਥਾ ਦੀ ਉਸਾਰੀ ਕੀਤੀ ਹੈ। ਕਾਮ ਦੀ ਵਾਸਨਾ ਵਿਚ ਮਰਦ ਔਰਤ ਪਿੱਛੇ ਸਾਰਾ ਕੁਝ ਉਜਾੜ ਬੈਠਦਾ ਹੈ। ਔਰਤ ਆਪਣੀਆਂ ਬੇਕਾਬੂ ਭਾਵਨਾਵਾਂ ਕਾਰਨ ਥਾਂ-ਥਾਂ ਖ਼ੁਆਰ ਹੁੰਦੀ ਮਰਦਾਂ ਦੀ ਹਵਸ ਦਾ ਸ਼ਿਕਾਰ ਹੁੰਦੀ ਹੈ। ਇਕ ਜਾਸੂਸੀ ਨਾਵਲ ਵਾਂਗ ਇਹ ਕਥਾ ਤੁਰਦੀ ਹੈ। ਮੀਰ ਤਨਹਾ ਯੂਸਫ਼ੀ ਪਾਕਿਸਤਾਨੀ ਸਮਾਜ ਤੇ ਸੱਭਿਆਚਾਰਕ ਧਰਾਤਲ ਦੀ ਬਾਤ ਪਾਉਂਦਾ ਹੋਇਆ ਉਥੋਂ ਦੇ ਸਮਾਜਿਕ ਪ੍ਰਬੰਧ, ਆਰਥਿਕ ਢਾਂਚੇ ਅਤੇ ਹੋਰ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਨਹੀਂ ਕਰਦਾ ਜਿਨ੍ਹਾਂ ਅਜਿਹੇ ਹਾਲਾਤ ਸਿਰਜੇ ਹਨ ਕਿ ਮਿਹਨਤੀ ਤੇ ਸਾਧਾਰਨ ਲੋਕ ਗੁਰਬਤ ਭਰੀ ਜ਼ਿੰਦਗੀ ਵਿਚ ਧਸ ਰਹੇ ਹਨ। ਸਾਰੇ ਪਾਤਰ ਹੀ ਇਹ ਆਰਥਿਕ ਸੰਕਟ ਭੋਗਦੇ ਹਨ, ਪਰ ਇਸ ਸੰਕਟ ਨੂੰ ਪੈਦਾ ਕਰਨ ਵਾਲੀਆਂ ਧਿਰਾਂ ਖਿਲਾਫ਼ ਬੋਲਣ ਦਾ ਹੌਸਲਾ ਨਹੀਂ ਕਰਦੇ। ਔਰਤ-ਮਰਦ ਸਬੰੰਧਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਦਾ ਲੇਖਕ ਵਿਲੱਖਣ ਕ੍ਰਿਤ ਦੀ ਸਿਰਜਣਾ ਕਰਦਾ ਹੈ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਆਕਰਸ਼ਣ ਦਾ ਸਿਧਾਂਤ
ਲੇਖਕ : ਰਿਸ਼ੀ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 240
ਸੰਪਰਕ : 95011-45039.

ਰਿਸ਼ੀ ਗੁਲਾਟੀ ਦੀ ਇਹ ਪੁਸਤਕ ਸਵੈ-ਸੁਝਾਉ ਅਤੇ ਆਤਮ-ਵਿਸ਼ਵਾਸ ਦੇ ਪ੍ਰਸੰਗ ਵਿਚ ਇਕ ਨਵੇਂ ਜਗਤ ਦੇ ਸਨਮੁੱਖ ਲੈ ਜਾਣ ਵਾਲੀ ਰਚਨਾ ਹੈ। ਲੇਖਕ ਨੇ ਇਸ ਵੱਡ ਆਕਾਰੀ ਪੁਸਤਕ ਵਿਚ ਬਹੁਤ ਸਾਰੀਆਂ ਕਲਾ-ਵਿਧੀਆਂ ਦਾ ਪ੍ਰਯੋਗ ਕੀਤਾ ਹੈ। ਇਸ ਪੁਸਤਕ ਦੇ ਕੁਝ ਅੰਸ਼ ਸਵੈ-ਜੀਵਨੀ ਮੂਲਕ ਹਨ, ਜਿਨ੍ਹਾਂ ਵਿਚ ਲੇਖਕ ਆਪਣੇ ਜੀਵਨ-ਸੰਘਰਸ਼ ਦੇ ਕਠੋਰ ਵੇਰਵੇ ਬਿਆਨ ਕਰਕੇ ਇਹ ਦਰਸਾਉਂਦਾ ਹੈ ਕਿ ਲਗਨ ਅਤੇ ਉਦੇਸ਼ ਵਾਲੇ ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ ਹੈ। ਨੌਜਵਾਨ ਲੇਖਕ ਦਰਸਾਉਂਦਾ ਹੈ ਕਿ ਉਸ ਦੀ ਚੜ੍ਹਦੀ ਜਵਾਨੀ ਅਤੇ ਬਚਪਨ ਬਹੁਤ ਸਾਰੇ ਅਭਾਵਾਂ ਦੀ ਲੜੀ ਸਨ। ਉਸ ਦਾ ਪਿਤਾ ਫ਼ਰੀਦਕੋਟ ਦੇ ਨੇੜੇ ਇਕ ਛੋਟੇ ਜਿਹੇ ਪਿੰਡ ਵਿਚ ਹੱਟੀ ਚਲਾਉਂਦਾ ਸੀ। ਕੱਚੀ ਮਿੱਟੀ ਦੀ ਬਣੀ ਹੋਈ ਇਹ ਹੱਟੀ ਢਹਿ ਗਈ, ਕੁਝ ਸਮੇਂ ਬਾਅਦ ਪਿਤਾ ਦੀ ਮ੍ਰਿਤੂ ਹੋ ਗਈ ਅਤੇ ਇੰਜ ਪੂਰਾ ਪਰਿਵਾਰ ਸੜਕ 'ਤੇ ਆ ਗਿਆ। ਰਿਸ਼ੀ ਗੁਲਾਟੀ ਨੇ ਬਹੁਤ ਕਠਿਨ ਮਿਹਨਤ ਕਰਕੇ ਪਰਿਵਾਰ ਦੀ ਗੱਡੀ ਨੂੰ ਮੁੜ ਲੀਹ 'ਤੇ ਲੈ ਆਂਦਾ ਅਤੇ ਹੌਲੀ-ਹੌਲੀ ਆਪਣੇ ਦ੍ਰਿੜ੍ਹ ਸੰਕਲਪ ਸਦਕਾ ਆਸਟ੍ਰੇਲੀਆ ਵਰਗੇ ਉੱਨਤ ਦੇਸ਼ ਵਿਚ ਪਹੁੰਚ ਗਿਆ, ਮਿਹਨਤੀ ਇਨਸਾਨ ਲਈ ਕੁਝ ਵੀ ਅਸੰਭਵ ਨਹੀਂ ਹੈ। ਆਸਟ੍ਰੇਲੀਆ ਪਹੁੰਚ ਕੇ ਰਿਸ਼ੀ ਨੇ ਮਨੋਵਿਗਿਆਨ ਦੇ ਵਿਸ਼ੇ ਬਾਰੇ ਖੂਬ ਪੜ੍ਹਾਈ ਕੀਤੀ। ਅੱਜਕਲ੍ਹ ਮਾਰਕਿਟ ਵਿਚ ਇਹੋ ਜਿਹੀਆਂ ਬਹੁਤ ਸਾਰੀਆਂ ਪੁਸਤਕਾਂ ਮਿਲ ਜਾਂਦੀਆਂ ਹਨ ਜੋ ਪਾਠਕਾਂ ਨੂੰ ਪ੍ਰੇਰਨਾ (ਮੋਟੀਵੇਸ਼ਨ) ਦੇਣ ਦਾ ਕੰਮ ਕਰਦੀਆਂ ਹਨ। ਲੇਖਕ ਅਨੁਸਾਰ ਬੰਦੇ ਦਾ ਦਿਮਾਗ ਆਪਣੇ ਆਸ-ਪਾਸ ਦੀ ਦੁਨੀਆ ਵਿਚੋਂ ਨਿਰੰਤਰ ਬੇਹਿਸਾਬੇ ਡਾਟੇ ਦੀ ਵਿਉਂਤਬੰਦੀ ਕਰਦਾ ਰਹਿੰਦਾ ਹੈ ਅਤੇ ਜਿਹੜਾ ਡਾਟਾ ਉਸ ਨੂੰ ਮੋਟੀਵੇਟ ਕਰਦਾ ਹੈ, ਉਸ ਨੂੰ ਆਪਣੀ ਸਿਮ੍ਰਤੀ ਵਿਚ ਸਾਂਭ ਲੈਂਦਾ ਹੈ। ਇਸ ਤੱਥ ਤੋਂ ਲੇਖਕ ਇਹ ਸਿੱਟਾ ਕੱਢਦਾ ਹੈ ਕਿ ਆਪਣੇ ਦਿਮਾਗ ਵਿਚ ਸਕਾਰਾਤਮਕ ਵੇਰਵਿਆਂ ਅਤੇ ਵਿਚਾਰਾਂ ਨੂੰ ਸੰਗ੍ਰਹਿਤ ਕਰੋ, ਨਕਾਰਾਤਮਕ ਵੇਰਵਿਆਂ ਦੀ ਉਪੇਖਿਆ ਕਰੋ। ਆਪਣੇ ਟੀਚੇ ਬਣਾਉ। ਅਜਿਹੀਆਂ ਵਿਧੀਆਂ ਦੁਆਰਾ ਹਰ ਬੰਦਾ ਆਪਣੇ ਟੀਚੇ ਦੀ ਪ੍ਰਾਪਤੀ ਕਰ ਸਕਦਾ ਹੈ।
ਸਿਧਾਂਤਕ ਪਹਿਲੂਆਂ ਬਾਰੇ ਚਰਚਾ ਕਰਨ ਉਪਰੰਤ ਲੇਖਕ ਇਸ ਵਿਧੀ ਦੇ ਵਿਹਾਰਕ ਪੱਖ ਦਾ ਵਿਸ਼ਲੇਸ਼ਣ ਕਰਦਾ ਹੈ। ਉਸ ਅਨੁਸਾਰ ਆਕ੍ਰਸ਼ਣ-ਸਿਧਾਂਤ ਦੁਆਰਾ ਟੀਚੇ ਪ੍ਰਾਪਤ ਕਰਨ ਲਈ ਮਨੁੱਖ ਨੂੰ ਕੁਝ ਪਾਵਰ-ਟੂਲਜ਼ (ਸ਼ਕਤੀਦਾਇਕ ਹਥਿਆਰਾਂ) ਦੀ ਲੋੜ ਪੈਂਦੀ ਹੈ ਜਿਵੇਂ : ਧਿਆਨ ਕੇਂਦਰਿਤ ਕਰਨਾ, ਵਰਤਮਾਨ ਵਿਚ ਰਹਿਣਾ, ਧੰਨਵਾਦੀ ਹੋਣਾ, ਇਮਾਨਦਾਰੀ, ਭਾਵਨਾਵਾਂ ਦਾ ਯਥਾਯੋਗ ਪ੍ਰਗਟਾਵਾ, ਹਾਸਾ-ਮਖੌਲ ਅਤੇ ਸਵੈ-ਵਿਸ਼ਵਾਸ... ਆਦਿ। ਇਸ ਉਪਰੰਤ ਹਰ ਟੀਚੇ ਵਿਚ ਹੋਣ ਵਾਲੀ ਪ੍ਰਗਤੀ ਜਾਂ ਖੜੋਤ ਦਾ ਮਹੀਨੇਵਾਰ ਵਿਸ਼ਲੇਸ਼ਣ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਲੇਖਕ ਨੇ 'ਰਾਬਤਾ' ਨਾਂਅ ਦੀ ਇਕ ਸੰਸਥਾ ਵੀ ਬਣਾ ਰੱਖੀ ਹੈ, ਜਿਸ ਨੇ ਬੜੇ ਸਾਰਥਕ ਅਤੇ ਸਾਕਾਰਾਤਮਕ ਸਿੱਟੇ ਕੱਢੇ ਹਨ। ਪ੍ਰੇਰਨਾ ਅਤੇ ਸਵੈ-ਭਰੋਸਾ ਪ੍ਰਾਪਤ ਕਰਨ ਲਈ ਇਹ ਇਕ ਬਹੁਤ ਉਪਯੋਗੀ ਪੁਸਤਕ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਅਮਰੀਕੀ ਪੰਜਾਬੀ ਕਵਿਤਾ
(ਭਾਗ ਦੂਜਾ)
ਸੰਪਾਦਕ : ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ
ਪ੍ਰਕਾਸ਼ਕ ; ਸਪਰੈੱਡ ਪ੍ਰਕਾਸ਼ਨ, ਪਟਿਆਲਾ
ਮੁੱਲ : 260, ਸਫ਼ੇ : 240
ਸੰਪਰਕ : 95016-60416.

ਅਮਰੀਕੀ ਪੰਜਾਬੀ ਕਵਿਤਾ ਭਾਗ ਦੂਜਾ ਅਮਰੀਕਾ ਵਿਚ ਵਸਦੇ ਸ਼ਾਇਰਾਂ ਦੀ ਸ਼ਾਇਰੀ ਦਾ ਸੰਕਲਨ ਹੈ, ਜਿਸ ਵਿਚ ਸੱਠ ਦੇ ਕਰੀਬ ਕਵੀਆਂ ਦੀਆਂ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਪੰਜਾਬੀ ਕਵਿਤਾ ਦੇ ਪ੍ਰੋੜ੍ਹ ਤੇ ਸਥਾਪਤ ਨਾਂਅ ਵੀ ਸ਼ਾਮਿਲ ਹਨ ਅਤੇ ਨਾਲ ਹੀ ਬਿਲਕੁਲ ਨਵੇਂ ਸ਼ਾਇਰਾਂ ਨੂੰ ਵੀ ਇਸ ਸੰਗ੍ਰਿਹ ਵਿਚ ਥਾਂ ਦਿੱਤੀ ਗਈ ਹੈ। ਇਸ ਸੰਗ੍ਰਿਹ ਵਿਚਲੀਆਂ ਕਵਿਤਾਵਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਹ ਸਮਕਾਲੀਨ ਸਮਿਆਂ ਨਾਲ ਸੰਵਾਦ ਰਚਾਉਂਦੀਆਂ ਹਨ। ਬਾਹਰ ਵਸਦੇ ਪੰਜਾਬੀ ਕਵੀ ਰਾਸ਼ਟਰੀ-ਅੰਤਰਰਾਸ਼ਟਰੀ ਮਸਲਿਆਂ 'ਤੇ ਆਪਣੀ ਕਾਵਿਕ ਪ੍ਰਤੀਕਿਰਿਆ ਦਰਜ ਕਰਦੇ ਹਨ। ਸੁਰਿੰਦਰ ਸੀਰਤ ਦੀ ਕਵਿਤਾ, ਸੀਰੀਆ ਵਿਚ ਯਤੀਮ ਹੋਏ ਬਾਲਕ ਦੇ ਨਾਂਅ, ਇਸ ਪ੍ਰਸੰਗ ਵਿਚ ਦੇਖੀ ਜਾ ਸਕਦੀ ਹੈ।
ਸੱਤਾ ਦੇ ਰਾਵਣ ਇਕ ਪਾਸੇ
ਅੰਬਰ ਦੀ ਗੜ੍ਹਕਣ ਦੇ ਹਾਸੇ
ਮਨੁੱਖਤਾ ਗਰਕਾਣ ਲਈ ਜੋ
ਦੱਸ ਰਹੇ ਹਨ ਰੰਗ ਤਮਾਸ਼ੇ
ਪਰਮਾਣੂ ਦੇ ਬਲ ਦੇ ਉੱਤੇ
ਨਿਰਬਲ ਦੀ ਕਰ ਮਾਰ ਰਹੇ ਨੇ
ਆਪੋ ਆਪਣੀ ਸਾਰ ਰਹੇ ਨੇ।
ਇਸੇ ਤਰ੍ਹਾਂ ਹੀ ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਸੁਖਪਾਲ ਸੰਘੇੜਾ, ਸੁਰਿੰਦਰ ਸੋਹਲ ਦੀਆਂ ਕਵਿਤਾਵਾਂ ਵਿਚ ਵੀ ਸਮਕਾਲੀਨ ਸੰਕਟਾਂ ਤੇ ਵਰਤਾਰਿਆਂ ਦੀ ਨਿਸ਼ਾਨਦੇਹੀ ਕੀਤੀ ਮਿਲਦੀ ਹੈ। ਅਨੇਕ ਕਵੀਆਂ ਦੀ ਕਵਿਤਾ ਵਿਚ ਮਨੁੱਖ ਦੇ ਸਵੈ ਦੀ ਤਸਦੀਕ ਵੀ ਕੀਤੀ ਮਿਲਦੀ ਹੈ। ਨੀਲਮ ਲਾਜ ਸੈਣੀ ਦੀਆਂ ਕਵਿਤਾਵਾਂ ਇਸ ਪ੍ਰਸੰਗ ਵਿਚ ਦੇਖੀਆਂ ਜਾ ਸਕਦੀਆਂ ਹਨ। ਪਰਵਾਸੀ, ਅੰਤਿਮ ਇੱਛਾ ਤੇ ਲੇਖਿਕਾ ਤਿੰਨੋਂ ਕਵਿਤਾਵਾਂ ਅੱਜ ਦੇ ਜੀਵਨ ਦੇ ਤਲਖ ਯਥਾਰਥ ਨੂੰ ਪੇਸ਼ ਕਰਦੀਆਂ ਤਿੱਖਾ ਵਿਅੰਗ ਕਰਦੀਆਂ ਹਨ। ਇਸ ਪੁਸਤਕ ਵਿਚ ਹਰ ਕਵੀ ਆਪਣਾ ਵੱਖਰਾ ਮੁਹਾਵਰਾ ਲੈ ਕੇ ਹਾਜ਼ਰ ਹੁੰਦਾ ਹੈ। ਇਸ ਸੰਗ੍ਰਿਹ ਵਿਚ ਜਿਥੇ ਕਵਿਤਾਵਾਂ ਦੇ ਵਿਸ਼ਿਆਂ ਵਿਚ ਵੰਨ-ਸੁਵੰਨਤਾ ਹੈ, ਉਥੇ ਰੂਪ ਦੇ ਪੱਖ ਤੋਂ ਵੀ ਹਰ ਵਿਧਾ ਦੀ ਕਵਿਤਾ ਇਸ ਪੁਸਤਕ ਵਿਚ ਦੇਖਣ ਨੂੰ ਮਿਲਦੀ ਹੈ। ਗ਼ਜ਼ਲ, ਗੀਤ, ਖੁੱਲ੍ਹੀ ਕਵਿਤਾ ਹਰ ਤਰ੍ਹਾਂ ਦੀ ਕਵਿਤਾ ਸਮਾਜ ਨੂੰ ਕੋਈ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ। ਜਗਜੀਤ ਬਰਾੜ, ਸੁਰਿੰਦਰ ਸੀਰਤ, ਹਰਜਿੰਦਰ ਕੰਗ, ਕੁਲਵਿੰਦਰ, ਸੁਰਿੰਦਰ ਸੋਹਲ, ਸੁਰਜੀਤ ਸਖੀ, ਭੁਪਿੰਦਰ ਦਲੇਰ, ਤਨਵੀਰ ਅਤੇ ਹੋਰ ਸ਼ਾਇਰਾਂ ਦੀਆਂ ਗਜ਼ਲਾਂ ਵਿਚਲੇ ਸ਼ਿਅਰਾਂ ਦੀ ਬੁਲੰਦੀ ਵੇਖਣਯੋਗ ਹੈ।
ਅੰਤ ਦਰਵਾਜ਼ੇ ਦੀਆਂ ਵਿਰਲਾਂ 'ਚੋਂ ਨਿਕਲੀ ਰੌਸ਼ਨੀ
ਬੰਦ ਕਮਰੇ ਵਿਚ ਸੂਰਜ ਨੇ ਛੁਪੇ ਰਹਿਣਾ ਨਾ ਸੀ
ਸਮੁੱਚੇ ਰੂਪ ਵਿਚ ਇਹ ਕਾਵਿ ਸੰਗ੍ਰਿਹ ਅਮਰੀਕਾ ਵਿਚ ਲਿਖੀ ਜਾ ਰਹੀ ਕਵਿਤਾ ਦਾ ਇਕ ਪ੍ਰਮਾਣਿਕ ਦਸਤਾਵੇਜ਼ ਹੈ, ਜਿਸ ਵਿਚ ਪਰਵਾਸੀ ਪੰਜਾਬੀ ਕਵਿਤਾ ਦਾ ਇਕ ਮੁਕੰਮਲ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਸੰਪਾਦਕ ਇਸ ਪੁਸਤਕ ਲਈ ਉਚੇਚੀ ਮੁਬਾਰਕ ਦੇ ਹੱਕਦਾਰ ਹਨ।

ਡਾ: ਅਮਰਜੀਤ ਕੌਂਕੇ

ਖ਼ਿਲਾਫ਼-ਏ-ਦਸਤੂਰ
ਲੇਖਿਕਾ : ਜਯੋਤੀ ਬਾਵਾ
ਪ੍ਰਕਾਸ਼ਕ : ਪੰਜਾਬੀ ਸੰਵਾਦ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 87280-33911.

'ਖ਼ਿਲਾਫ਼-ਏ-ਦਸਤੂਰ' ਜਯੋਤੀ ਬਾਵਾ ਦੀ ਦੂਸਰੀ ਪੁਸਤਕ ਹੈ। ਇਸ ਪੁਸਤਕ ਵਿਚ ਕੁਝ ਮਸਲੇ ਹਨ, ਜਿਨ੍ਹਾਂ 'ਤੇ ਉਹ ਬੇਬਾਕ ਟਿੱਪਣੀਆਂ ਕਰਦੀ ਹੈ। ਇਸ ਪੁਸਤਕ ਵਿਚਲੀਆਂ ਉਸ ਦੀਆਂ ਤਹਿਰੀਰਾਂ ਤੇ ਲਿਖਤਾਂ ਪੜ੍ਹ ਕੇ ਪਾਠਕ ਦੇ ਮਨ ਵਿਚ ਬਾਵਾ ਦਾ ਅਕਸ ਇਕ ਅਜਿਹੀ ਔਰਤ ਦੇ ਰੂਪ ਵਿਚ ਨਿੱਖਰਦਾ ਹੈ ਜੋ ਚਿੰਤਨਸ਼ੀਲ ਹੈ, ਦਬੰਗ ਹੈ, ਮਨ ਆਈਆਂ ਕਰਦੀ ਹੈ ਤੇ ਜ਼ਿੰਦਗੀ ਆਪਣੀਆਂ ਸ਼ਰਤਾਂ 'ਤੇ ਜਿਊਣ ਦੀ ਕੋਸ਼ਿਸ਼ ਹੀ ਨਹੀਂ ਕਰਦੀ, ਸਚਮੁੱਚ ਜਿਊਂਦੀ ਵੀ ਹੈ।
ਜਯੋਤੀ ਬਾਵਾ ਦਿਲ ਅਤੇ ਦਿਮਾਗ ਦੋਵਾਂ ਪੱਧਰਾਂ 'ਤੇ ਵਿਚਰਦੀ ਪ੍ਰਤੀਤ ਹੁੰਦੀ ਹੈ। ਉਸ ਦਾ ਦਿਲ ਮੁਹੱਬਤੀ ਹੈ, ਗਹਿਗੱਚ ਪ੍ਰੇਮ ਕਰਨ ਵਾਲਾ ਹੈ। ਇਸ ਲਈ ਉਹ ਅਮਿਤ ਜਿਹੇ ਮੁਹੱਬਤੀ ਬੰਦੇ ਨੂੰ ਆਪਣੇ ਸਾਥੀ ਦੇ ਤੌਰ 'ਤੇ ਚੁਣਦੀ ਹੈ ਤੇ ਉਸ ਨਾਲ ਵਿਆਹ ਵੀ ਕਰਵਾਉਂਦੀ ਹੈ। ਉਸ ਨੂੰ ਉਸ ਦੀ ਪਹਿਲੀ ਮੁਹੱਬਤ ਦੇ ਮਕੜ ਜਾਲ 'ਚੋਂ ਕੱਢਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਖ਼ੁਦ ਵੀ ਜਲਣ 'ਚੋਂ ਨਿਕਲਣ ਲਈ ਸਿਰਤੋੜ ਯਤਨ ਕਰਦੀ ਹੈ। ਜਯੋਤੀ ਬਾਵਾ ਦਾ ਸਰੂਪ ਇਕ ਵਿਦਰੋਹੀ ਔਰਤ ਵਾਲਾ ਹੈ। ਖੁੱਲ੍ਹਾ ਖੁਲਾਸਾ ਜੀਵਨ ਜਿਊਣਾ ਉਸ ਦੀ ਚਾਹ ਹੈ। ਇਸ ਲਈ ਉਹ ਚੰਗਾ ਲੱਗਣ ਵਾਲਿਆਂ ਮੁੰਡਿਆਂ ਨੂੰ ਛੇੜਦੀ ਹੈ, ਸੀਟੀਆਂ ਵਜਾਉਣ ਦਾ ਯਤਨ ਕਰਦੀ ਹੈ, ਮੁੰਡਿਆਂ ਵਾਂਗ ਅੰਡਰ-ਸ਼ਰਟ ਨਹੀਂ ਪਾਉਣਾ ਚਾਹੁੰਦੀ। ਮੀਂਹ 'ਚ ਭਿੱਜਦੇ ਸੁਹਣੇ ਮੁੰਡਿਆਂ ਨੂੰ ਦੇਖ ਕੇ ਧਿਆਨ ਖਿੱਚਣ ਲਈ ਟੇਪ ਰਿਕਾਰਡ ਦੀ ਆਵਾਜ਼ ਉੱਚੀ ਕਰਦੀ ਹੈ, ਖੁਸਰਿਆਂ ਦੇ ਜੀਵਨ ਵਿਚ ਦਿਲਚਸਪੀ ਲੈਂਦੀ ਹੈ। ਉਹ ਔਰਤ ਦਾ ਮਜ਼ਲੂਮ, ਦੁਖਿਆਰੀ, ਹਮਦਰਦੀ ਦੀ ਪਾਤਰ ਤੇ ਰਸੋਈ ਤੋਂ ਭੱਜਣ ਵਾਲਾ ਰੂਪ ਪਸੰਦ ਨਹੀਂ ਹੈ। ਉਹ ਔਰਤ ਨੂੰ ਸੰਘਰਸ਼ਸ਼ੀਲ ਤੇ ਭਰਪੂਰ ਜ਼ਿੰਦਗੀ ਜਿਊਣ ਵਾਲੀ ਦੇਖਣਾ ਚਾਹੁੰਦੀ ਹੈ। ਦਿਮਾਗੀ ਪੱਧਰਾਂ 'ਤੇ ਉਹ ਤਰਕਸ਼ੀਲਾਂ ਵਾਂਗ ਜਿਊਂਦੀ ਹੈ। ਉਹ ਦਲੀਪ ਕੌਰ ਟਿਵਾਣਾ, ਤਲਵਿੰਦਰ ਸਿੰਘ ਤੇ ਅਜੀਤ ਕੌਰ ਦੀਆਂ ਕਹਾਣੀਆਂ ਦੇ ਔਰਤ ਪਾਤਰਾਂ ਨੂੰ ਰੱਦ ਕਰਦੀ ਹੈ। ਔਰਤਾਂ ਦੀਆਂ ਸਵੈ-ਜੀਵਨੀਆਂ (ਸਾਰਾ ਸ਼ਗੁਫ਼ਤਾ) ਨਾਲ ਇਤਫ਼ਾਕ ਨਹੀਂ ਰੱਖਦੀ। ਉਹ ਔਰਤਾਂ ਨੂੰ ਹਮਦਰਦੀ ਮੰਗਦੀਆਂ ਤੇ ਪਤੀ ਪ੍ਰਤੀ ਸ਼ਿਕਾਇਤਾਂ ਕਰਨ ਨੂੰ ਵੀ ਬਹੁਤਾ ਚੰਗਾ ਨਹੀਂ ਸਮਝਦੀ। ਉਹ ਸਹਿਜ ਤੇ ਆਪਣੇ ਮਨ ਮੁਤਾਬਿਕ ਜਿਊਣ ਵਾਲੀਆਂ ਔਰਤਾਂ ਨੂੰ ਪਿਆਰ ਕਰਦੀ ਹੈ ਜਿਵੇਂ ਤਬਲੀਆ ਨਸਰੀਨ ਉਸ ਦੀ ਮਨਪਸੰਦ ਲੇਖਿਕਾ ਹੈ। ਉਸ ਦੀ ਵਾਰਤਕ ਬਹੁਤ ਪਿਆਰੀ ਹੈ। ਸਰਲ, ਸਾਫ਼ ਤੇ ਪਹਾੜੀ ਝਰਨੇ ਵਾਂਗ ਵਗਣ ਵਾਲੀ ਜੋ ਪਾਠਕ ਦੇ ਧੁਰ ਅੰਦਰ ਲਹਿੰਦੀ ਜਾਂਦੀ ਹੈ। ਕਈ ਵਾਕ ਤਾਂ ਟੂਕਾਂ ਵਾਂਗ ਪੜ੍ਹੇ ਜਾ ਸਕਦੇ ਹਨ। ਇਕ ਔਰਤ ਵਲੋਂ ਮਾਹਵਾਰੀ, ਨਿਪੁੰਸਕਤਾ ਤੇ ਖੁੱਲ੍ਹਾ ਖੁਲਾਸਾ ਜੀਵਨ ਜਿਊਣ ਦੀ ਸ਼ੈਲੀ ਹੋ ਸਕਦੈ ਆਮ ਰਵਾਇਤੀ ਪਾਠਕਾਂ ਨੂੰ ਪਸੰਦ ਨਾ ਆਵੇ ਪਰ ਇਹ ਜੀਵਨ ਦਾ ਸੱਚ ਹੈ, ਜਿਸ ਨੂੰ ਜ਼ਰੂਰੀ ਨਹੀਂ ਮਰਦ ਹੀ ਬਿਆਨ ਕਰੇ, ਔਰਤ ਵੀ ਬਿਆਨ ਕਰ ਸਕਦੀ ਹੈ।
ਉਸ ਦੀਆਂ ਲਿਖਤਾਂ ਪੜ੍ਹ ਕੇ ਆਧੁਨਿਕ ਔਰਤ, ਅੱਜ ਦੀ ਔਰਤ ਆਪਣੇ ਪੈਰਾਂ 'ਤੇ ਖਲੋ ਕੇ ਸਹਿਜ ਤੇ ਸਚਿਆਰੀ ਜ਼ਿੰਦਗੀ ਜੀਅ ਸਕਦੀ ਹੈ। ਕਿਤਾਬ ਬਹੁਤ ਦਿਲਚਸਪ ਹੈ ਤੇ ਇਸ ਦੀ ਵਾਰਤਕ ਉਸ ਤੋਂ ਵੀ ਪਿਆਰੀ ਹੈ। ਮੈਂ ਇਸ ਨੂੰ ਵਾਰ-ਵਾਰ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।

ਕੇ. ਐਲ. ਗਰਗ
ਮੋ: 94635-37050.

ਚੰਗੇ ਵਿਦਿਆਰਥੀ ਦੀ ਸਿਰਜਣਾ
ਲੇਖਕ : ਸਵਰਨ ਸਿੰਘ ਭੰਗੂ
ਪ੍ਰਕਾਸ਼ਕ : ਗੁਰਮੇਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 220
ਸੰਪਰਕ : 94174-69290.

ਵਿਚਾਰ ਅਧੀਨ ਪੁਸਤਕ ਸਿੱਖਿਆ ਸ਼ਾਸਤਰੀ ਸਵਰਨ ਸਿੰਘ ਭੰਗੂ ਵਲੋਂ ਵੱਖ-ਵੱਖ ਸਮਿਆਂ 'ਤੇ ਲਿਖੇ 42 ਲੇਖਾਂ ਦਾ ਸੰਗ੍ਰਹਿ ਹੈ। ਇਨ੍ਹਾਂ ਲੇਖਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਦਿਆਂ ਪਤਾ ਚਲਦਾ ਹੈ ਕਿ ਲੇਖਕ ਨੂੰ ਸਿੱਖਿਆ ਦੇ ਖੇਤਰ ਦਾ ਜ਼ਿਕਰਯੋਗ ਅਨੁਭਵ ਪ੍ਰਾਪਤ ਹੈ। ਜ਼ਿਆਦਾਤਰ ਲੇਖ ਹਰਮਨ ਪਿਆਰੇ 'ਅਜੀਤ' ਅਖ਼ਬਾਰ ਦਾ 2002 ਤੋਂ 2013 ਤੱਕ ਸ਼ਿੰਗਾਰ ਬਣਦੇ ਰਹੇ ਹਨ। ਇਨ੍ਹਾਂ ਲੇਖਾਂ ਕਾਰਨ ਹੀ ਉਸ ਦੀ ਕਰੀਅਰ ਲੇਖਕ ਵਜੋਂ ਪਛਾਣ ਬਣੀ। ਲੇਖਕ ਦਾ ਮਤ ਹੈ ਕਿ ਅਸੀਂ ਸਿੱਖਿਆ ਨੂੰ ਰੁਜ਼ਗਾਰ ਮੁਖੀ ਬਣਾਉਣ ਵਿਚ ਸਫਲ ਨਹੀਂ ਹੋ ਸਕੇ। ਇਹੋ ਕਾਰਨ ਹੈ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਆਪਣੀ ਪ੍ਰਤਿਭਾ ਲੈ ਕੇ ਚੰਗੇਰੇ ਭਵਿੱਖ ਲਈ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੀ ਹੈ। ਦਰਅਸਲ, ਅਜੋਕੀ ਭਾਰਤੀ ਸਿੱਖਿਆ ਚੌਰਾਹੇ 'ਤੇ ਖੜ੍ਹੀ ਹੈ, ਦਿਸ਼ਾਹੀਣ ਜਾਪਦੀ ਹੈ। ਕਿਹਾ ਜਾ ਸਕਦਾ ਹੈ ਕਿ ਭਾਰਤੀ ਸਿੱਖਿਆ ਪ੍ਰਣਾਲੀ ਪ੍ਰਯੋਗਾਂ ਦੇ ਗੋਰਖਧੰਦੇ ਵਿਚ ਉਲਝੀ ਪਈ ਹੈ। ਲੇਖਕ ਨੇ ਅਜੋਕੀ ਸਿੱਖਿਆ ਨੂੰ ਦਰਪੇਸ਼ ਸਮੱਸਿਆਵਾਂ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਦਾ ਬਾਰੀਕੀ ਵਿਚ ਅਧਿਐਨ ਪੇਸ਼ ਕੀਤਾ ਹੈ। ਮਸਲਨ : ਸਕੂਲ, ਕਲਾਸ-ਰੂਮ, ਟਾਈਮ ਟੇਬਲ ਆਦਿ। ਅਜਿਹੇ ਲੇਖ ਲਿਖਣ ਲਈ ਲੇਖਕ ਨੂੰ ਅਨੇਕਾਂ ਪੁਸਤਕਾਂ ਦੇ ਅਧਿਐਨ ਤੋਂ ਬਿਨਾਂ ਫੀਲਡ ਵਰਕ (ਖੋਜ ਕਾਰਜ) ਵੀ ਕਰਨਾ ਪਿਆ। ਲੇਖਕ ਸਿੱਖਿਆ ਸੰਸਥਾਵਾਂ ਨੂੰ ਕਿਸਮਤ-ਘਾੜੀ ਕੇਂਦਰ ਮੰਨਦਾ ਹੈ। ਕਲਾਸ ਰੂਮ ਅਤੇ ਬੱਸਾਂ ਵਿਚ ਸਫ਼ਰ ਕਰਦਿਆਂ ਵੀ ਬੱਚਿਆਂ ਤੋਂ ਅਨੁਸ਼ਾਸਨ ਦੀ ਮੰਗ ਕਰਦਾ ਹੈ। ਸੰਸਥਾ ਦੇ ਮੁਖੀ ਅਤੇ ਉਸ ਦੀ ਅਧੀਨ ਕੰਮ ਕਰਦੀ ਅਧਿਆਪਕ-ਮਾਲਾ ਤੋਂ ਪ੍ਰਤੀਬਧਤਾ ਦੀ ਮੰਗ ਕਰਦਾ ਹੈ। ਅਧਿਆਪਕ ਦਾ ਕਿਰਦਾਰ ਅਤੇ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਹੀ ਚੰਗੇ ਵਿਦਿਆਰਥੀਆਂ ਦੀ ਸਿਰਜਣਾ ਕਰਨ ਲਈ ਜ਼ਿੰਮੇਵਾਰ ਹੈ। ਅਧਿਆਪਕਾਂ ਲਈ ਬੱਚੇ ਦਾ ਮਨ ਵੀ ਪਾਠ-ਪੁਸਤਕ ਹੈ। ਉਸ ਨੂੰ ਬੱਚੇ ਦੇ ਘਰੇਲੂ ਮਾਹੌਲ ਦਾ ਵੀ ਪਤਾ ਹੋਣਾ ਚਾਹੀਦਾ ਹੈ। ਅਜੋਕੀ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ। ਸਿੱਖਿਆ ਖ਼ਰੀਦਣ ਵਾਲੀ ਵਸਤੂ ਬਣ ਚੁੱਕੀ ਹੈ। ਇਕਾਗਰਤਾ ਨਾਲ ਮਿਹਨਤ ਕਰਨ ਵਾਲੇ ਗ਼ਰੀਬ ਵਿਦਿਆਰਥੀ ਵੀ ਉੱਚ ਪਦਵੀਆਂ ਪ੍ਰਾਪਤ ਕਰ ਸਕਦੇ ਹਨ। ਲੇਖਕ ਦੀ ਦਿਲੀ ਇੱਛਾ ਹੈ ਕਿ ਸਾਡੇ ਵਿਦਿਆਰਥੀ ਵੱਡੇ ਹੋ ਕੇ ਚੰਗੇ ਨਾਗਰਿਕ ਬਣ ਸਕਣ। ਇਹੋ ਉਸ ਦਾ ਪੁਸਤਕ ਲਿਖਣ ਦਾ ਉਦੇਸ਼ ਹੈ। ਸ਼ਾਇਦ ਪਹਿਲਾਂ ਲਿਖੇ ਲੇਖਾਂ ਕਾਰਨ 'ਕੋਰੋਨਾ ਕਾਲ' ਵਿਚ ਸਿੱਖਿਆ ਸਾਹਮਣੇ ਦਰਪੇਸ਼ ਸਮੱਸਿਆਵਾਂ ਇਸ ਪੁਸਤਕ ਵਿਚ ਨਹੀਂ ਆ ਸਕੀਆਂ। ਲੇਖਕ ਵਲੋਂ ਅੱਗੋਂ ਲਿਖੇ ਜਾਣ ਵਾਲੇ ਲੇਖਾਂ ਵਿਚ ਅਜਿਹੀ ਉਮੀਦ ਰਹੇਗੀ ਤਾਂ ਵੀ ਇਹ ਪੁਸਤਕ ਸਿੱਖਿਆ ਨਾਲ ਸਬੰਧਿਤ ਹਰ ਵਿਅਕਤੀ ਲਈ ਲਾਹੇਵੰਦ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

14-03-2021

ਗੁਰਬਾਣੀ ਦੇ ਮੱਧ-ਯੁਗੀ ਸੰਕਲਪਾਂ ਦੀ ਵਿਗਿਆਨਕ ਵਿਆਖਿਆ
ਲੇਖਕ : ਗੁਰਮੀਤ ਸਿੰਘ ਟਿਵਾਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 94638-36591.


ਹਥਲੀ ਪੁਸਤਕ ਗੁਰਬਾਣੀ ਦੇ ਪ੍ਰਮੁੱਖ ਸੰਕਲਪਾਂ ਜਿਨ੍ਹਾਂ ਵਿਚ ਨਾਮ, ਸ਼ਬਦਗੁਰੂ, ਮਾਇਆ, ਹੁਕਮ, ਅਧਿਆਤਮਵਾਦ, ਮਨੁੱਖ ਤੇ ਗੁਰਮੁਖ, ਸ਼ਬਦ, ਗੁਰੂ, ਗੁਰ ਅਤੇ ਗੁਰਿ, ਕੰਮ-ਧੰਦਾ, ਸੰਜੋਗ-ਵਿਜੋਗ, ਕਾਮ ਅਤੇ ਕਰਾਮਾਤ ਆਦਿ ਦੀ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਆਖਿਆ-ਮੂਲਕ ਅਧਿਐਨ ਪਾਠਕਾਂ ਦੇ ਸਨਮੁਖ ਕਰਦੀ ਹੈ। ਲੇਖਕ ਦਾ ਦ੍ਰਿਸ਼ਟੀਕੋਣ ਪ੍ਰੋ: ਕਿਸ਼ਨ ਸਿੰਘ ਦੀ ਸਾਹਿਤ ਪ੍ਰਤੀ ਦ੍ਰਿਸ਼ਟੀ ਅਤੇ ਕਾਰਲ ਮਾਰਕਸ ਦੀ ਸੋਚ-ਦ੍ਰਿਸ਼ਟੀ ਨੂੰ ਮੂਲ ਰੂਪ ਵਿਚ ਪਿਛੋਕੜ ਵਿਚ ਰੱਖਦੀ ਹੈ। ਇਸ ਤੋਂ ਇਲਾਵਾ ਕਿਊਬਾ ਦੇ ਪ੍ਰਸਿੱਧ ਸੰਘਰਸ਼ਸ਼ੀਲ ਅਤੇ ਉਘੇ ਚਿੰਤਕ ਫਿਡੇਲ ਕਾਸਟਰੋ ਤੋਂ ਵੀ ਉਸ ਦੀ ਵਿਚਾਰਧਾਰਾ ਅਤੇ ਵਿਆਖਿਆ ਪੱਧਤੀ ਪ੍ਰਭਾਵਿਤ ਹੈ। ਲੇਖਕ ਨੇ ਗੁਰਬਾਣੀ ਦੇ ਉਕਤ ਮੱਧ-ਯੁਗੀ ਸੰਕਲਪਾਂ ਨੂੰ ਪੇਸ਼ ਕਰਦਿਆਂ ਹੋਇਆਂ ਨਿਰੋਲ ਸ਼ਰਧਾ ਨੂੰ ਅਤੇ ਕਈ ਵਿਆਖਿਆਕਾਰਾਂ ਦੁਆਰਾ ਪ੍ਰਚੱਲਿਤ ਕੀਤੀਆਂ ਕਰਾਮਾਤੀ ਜੁਗਤਾਂ ਨੂੰ ਮੂਲੋਂ ਹੀ ਪ੍ਰਵਾਨ ਨਹੀਂ ਕੀਤਾ ਸਗੋਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਵਿਚੋਂ ਉਭਰਦੇ ਮਨੁੱਖੀ ਕਿਰਦਾਰਾਂ ਦੀ ਵਿਆਖਿਆ ਨੂੰ ਵਿਸ਼ਵ ਪ੍ਰਸਿੱਧ ਚਿੰਤਕਾਂ ਦੀ ਵਿਗਿਆਨਕ ਸੋਚ-ਦ੍ਰਿਸ਼ਟੀ ਦੇ ਤੁਲਨਾਤਮਕ ਅਧਿਐਨ ਤੋਂ ਗੁਰਮਤਿ ਦੀ ਧਾਰਨਾ ਨੂੰ ਸ੍ਰੇਸ਼ਠ ਦਰਸਾਇਆ ਹੈ ਅਤੇ ਦੱਸਿਆ ਹੈ ਕਿ ਗੁਰਬਾਣੀ ਇਕ ਰੱਬ ਦੀ ਹੋਂਦ ਨੂੰ ਸਵੀਕਾਰਦੀ ਹੈ, ਇਹ ਅਸਲ ਸਿਮਰਨ ਦਾ ਮਾਰਗ ਪ੍ਰਦਾਨ ਕਰਦੀ ਹੈ, ਕਿਸ ਤਰ੍ਹਾਂ ਮਨੁੱਖ ਸਚਿਆਰ ਹੋ ਕੇ ਮੋਖਿ ਪ੍ਰਾਪਤ ਕਰ ਸਕਦਾ ਹੈ, ਇਸ ਵਿਚ ਮਨੁੱਖ ਨੂੰ ਧਰਮ, ਕਰਮ, ਸਰਮ, ਗਿਆਨ ਅਤੇ ਸਚ-ਖੰਡ ਦੀ ਸੋਝੀ ਕਿਸ ਤਰ੍ਹਾਂ ਹੋ ਸਕਦੀ ਹੈ, ਆਦਿ ਨੂੰ ਅੰਗਰੇਜ਼ੀ, ਉਰਦੂ, ਫਾਰਸੀ, ਹਿੰਦੀ, ਸੰਸਕ੍ਰਿਤ ਭਾਸ਼ਾਵਾਂ ਦੇ ਚਿੰਤਕਾਂ ਦੀ ਸੋਚ-ਦ੍ਰਿਸ਼ਟੀ ਦੇ ਹਵਾਲਿਆਂ ਨਾਲ ਵੀ ਦਰਸਾਇਆ ਹੈ। ਹਰ ਖੋਜ ਭਰਪੂਰ ਕਾਂਡ ਦੇ ਅੰਤ ਤੇ ਹਵਾਲੇ ਅਤੇ ਟਿੱਪਣੀਆਂ ਲੇਖਕ ਦੇ ਵਿਸ਼ਾਲ ਅਧਿਐਨ ਦਾ ਪ੍ਰਗਟਾਵਾ ਹਨ। ਇਨ੍ਹਾਂ ਸਾਰੇ ਸੰਕਲਪਾਂ ਦਾ ਪ੍ਰਗਟਾਵਾ ਲੇਖਕ ਨੇ ਪਹਿਲਾਂ ਸਿਧਾਂਤ ਨੂੰ ਸਮਝਿਆ ਹੈ ਫਿਰ ਇਸ ਵਿਚਲੇ ਮੁਹਾਵਰੇ ਦੀ ਪਰੰਪਰਾਗਤ ਨਹੀਂ ਸਗੋਂ ਆਧੁਨਿਕਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਧਾਰਕ ਹੋ ਕੇ ਵਿਆਖਿਆ ਕੀਤੀ ਹੈ। ਨਿਸਚੈ, ਇਹ ਪੁਸਤਕ ਅਜੋਕੇ ਕਾਲ-ਖੰਡ ਵਿਚ ਗੁਰਬਾਣੀ ਨੂੰ ਸਮਝਣ ਲਈ ਬਹੁਤ ਹੀ ਉਪਯੋਗੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਖੁਸ਼ਬੂ ਕੈਦ ਨਹੀਂ ਹੁੰਦੀ
ਲੇਖਿਕਾ : ਗੁਰਪ੍ਰੀਤ ਕੌਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94678-12870.


'ਖੁਸ਼ਬੂ ਕੈਦ ਨਹੀਂ ਹੁੰਦੀ' ਗੁਰਪ੍ਰੀਤ ਕੌਰ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਆ ਗੱਲਾਂ ਕਰੀਏ' ਕਾਵਿ ਪੁਸਤਕ ਰਾਹੀਂ ਪੰਜਾਬੀ ਕਾਵਿ-ਜਗਤ 'ਚ ਆਪਣੀ ਹਾਜ਼ਰੀ ਦਰਜ ਕਰਵਾ ਚੁੱਕੀ ਹੈ। ਇਸ ਕਾਵਿ ਪੁਸਤਕ ਵਿਚ ਉਸ ਨੇ ਕਵਿਤਾਵਾਂ, ਟੱਪਿਆਂ ਅਤੇ ਗੀਤਾਂ ਨੂੰ ਸ਼ਾਮਿਲ ਕੀਤਾ ਹੈ। ਇਹ ਪੁਸਤਕ ਉਸ ਨੇ ਕੋਰੋਨਾ ਸੰਕਟ ਦੇ ਕਹਿਰ ਹੇਠ ਆਏ ਉਨ੍ਹਾਂ ਮਜ਼ਦੂਰਾਂ ਦੇ ਪੈਰਾਂ ਨੂੰ ਜਿਨ੍ਹਾਂ ਦੀ ਘਰ ਪਹੁੰਚਣ ਦੀ ਰੀਝ ਤੇ ਬੱਚਿਆਂ ਨੂੰ ਮਿਲਣ ਦੀ ਤਾਂਘ ਅਧਵਾਟੇ ਹੀ ਦਮ ਤੋੜ ਗਈ... ਦੇ ਨਾਂਅ ਕਰਦਿਆਂ ਮਾਨਵੀ ਮਾਨਸਿਕ ਸੰਤਾਪ ਨੂੰ ਮਾਨਵੀ ਸੰਵੇਦਨਾ ਅਨੁਸਾਰ ਸਮਝਣ ਦਾ ਸੰਕੇਤ ਦਿੱਤਾ ਹੈ ਜੋ ਮਾਨਵੀ ਰਿਸ਼ਤਿਆਂ 'ਚ ਸੰਬਾਦਕਤਾ ਦਾ ਸੰਕੇਤ ਦਿੰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਮੈਂ ਕਮਲੀ' ਤੋਂ ਲੈ ਕੇ 'ਚੁੱਪ ਦੀ ਭਾਸ਼ਾ' ਤੱਕ 80 ਕਾਵਿ-ਰਚਨਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਉਸ ਦੀ ਕਵਿਤਾ 'ਚ ਸਹਿਜ-ਸੰਗੀਤ ਦੀ ਪ੍ਰਵਿਰਤੀ ਅਧੀਨ ਲੈਅ, ਤਾਲ, ਰਿਦਮ ਦੇ ਝਲਕਾਰੇ ਮਿਲਦੇ ਹਨ। ਨਾਰੀ-ਮਨ ਦੀਆਂ ਅਨੇਕ ਪਰਤਾਂ 'ਮੈਂ' ਰਾਹੀਂ 'ਤੂੰ' ਨਾਲ ਸੰਵਾਦ ਰਚਾਉਂਦੀਆਂ ਹਨ। ਮਰਦ ਜਿੰਨਾ ਚਿਰ 'ਦੋਸਤ' ਹੈ, ਓਨਾ ਚਿਰ ਹੀ ਸੰਵਾਦ ਦੀ ਸਥਿਤੀ 'ਚ ਵਿਚਰਦਾ ਹੈ। ਮਹਿਬੂਬ ਤੋਂ ਖਾਵੰਦ ਤੱਕ ਪਹੁੰਚਦਿਆਂ ਉਹ ਵੀ ਪਿਤਰਕੀ ਸੋਚ ਅਧੀਨ ਦਾਬੇ ਦੀ ਨੀਤੀ 'ਤੇ ਆ ਜਾਂਦਾ ਹੈ। ਇਥੇ ਪਹੁੰਚ ਕੇ 'ਸੰਬਾਦ' ਦੀ ਥਾਵੇਂ 'ਹੁਕਮ' ਦੀ ਭਾਸ਼ਾ ਉਸ ਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ।
ਦੋਸਤ ਸੀ ਤਾਂ ਚੰਗਾ ਸੀ
ਮਹਿਬੂਬ ਬਣਿਆ
ਤਾਂ ਕੁਝ ਬਦਲਿਆ।
ਖਾਵੰਦ ਬਣਿਆ
ਹੋਰ ਦਾ ਹੋਰ ਹੋ ਗਿਆ। (ਪੰਨਾ 28)
ਉਸ ਦੀਆਂ ਲਘੂ ਨਜ਼ਮਾਂ 'ਚ ਵਿਅੰਗ ਵੀ ਹੈ। ਉਹ ਰਿਸ਼ਤਿਆਂ ਦੀ ਵਿਆਕਰਨ ਤੇ ਅਲਜਬਰੇ ਨੂੰ ਖੂਬ ਸਮਝਦੀ ਹੈ ਤਾਂ ਹੀ ਉਹ ਆਪਣੀਆਂ ਕਵਿਤਾਵਾਂ 'ਚ ਤਿੱਖੇ ਵਿਅੰਗ ਦੀਆਂ ਚੋਭਾਂ ਦੇ ਤੀਰ ਛੱਡਦੀ ਹੈ :
ਕਹੋ ਹਾਸਿਆਂ ਨੂੰ
ਨਾ ਇੰਜ ਆਉਣ
ਇਜਾਜ਼ਤ ਜ਼ਰੂਰੀ ਏ
ਸੱਜਣਾਂ ਦੀ। (ਪੰਨਾ 45)
ਬਹੁਤੀਆਂ ਕਵਿਤਾਵਾਂ 'ਚ ਇੰਜ ਵੀ ਲਗਦਾ ਹੈ ਕਿ ਉਹ ਕਾਵਿ-ਪਾਤਰਾਂ ਰਾਹੀਂ ਜੋ ਸੰਬਾਦਕ ਸਥਿਤੀ ਆਪਣੀਆਂ ਕਾਵਿ-ਰਚਨਾਵਾਂ 'ਚ ਲਗਾਤਾਰ ਸਿਰਜਦੀ ਹੈ, ਉਹ ਸੰਬਾਦ ਕਿਤੇ ਰੁਕ ਗਿਆ ਹੈ :
ਜੇ ਤੂੰ ਚੁੱਪ ਨਾ ਪੜ੍ਹ ਸਕਿਆ
ਤਾਂ ਬੋਲਣ ਦਾ ਫਾਇਦਾ ਈ ਕੀ?
ਅਨਿਆਂ ਖਿਲਾਫ਼ ਬੋਲਣਾ ਹੀ ਤਾਂ ਸੰਘਰਸ਼ ਹੈ। ਚੁੱਪ ਕਈ ਵਾਰ ਅੰਦਰੂਨੀ ਸੰਬਾਦ ਦਾ ਸਬੱਬ ਵੀ ਬਣਦੀ ਹੈ। ਆਪਣੀ ਹੋਂਦ ਨੂੰ ਪਛਾਣਨਾ ਹੀ ਅਸਲ ਪ੍ਰਾਪਤੀ ਹੈ, ਜੋ ਇਨ੍ਹਾਂ ਕਵਿਤਾਵਾਂ ਦੀ ਕੇਂਦਰੀ ਸੁਰ ਹੈ। ਅਹਿਸਾਸਾਂ ਨਾਲ ਲਬਰੇਜ਼ ਸ਼ਾਇਰੀ ਸਿਰਜਣ ਲਈ ਲੇਖਿਕਾ ਨੂੰ ਵਧਾਈ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਮੈਂ ਗੌਤਮ ਨਹੀਂ ਹਾਂ
ਲੇਖਿਕਾ : ਪ੍ਰੋ: ਬਲਵੀਰ ਕੌਰ ਰੀਹਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 128
ਸੰਪਰਕ : 94643-30803.


ਪੁਸਤਕ ਲੇਖਿਕਾ ਸਿੱਖਿਆ ਖੇਤਰ ਵਿਚ ਕਾਰਜਸ਼ੀਲ ਹੈ। ਇਸ ਕਹਾਣੀ ਸੰਗ੍ਰਹਿ ਵਿਚ 27 ਕਹਾਣੀਆਂ ਹਨ। ਇਸ ਤੋਂ ਪਹਿਲਾਂ ਉਸ ਦੀਆਂ ਨੌਂ ਕਿਤਾਬਾਂ ਛਪ ਚੁੱਕੀਆਂ ਹਨ। ਪੰਜ ਸੰਪਾਦਿਤ, ਦੋ ਅਨੁਵਾਦਿਤ, ਇਕ ਮਿੰਨੀ ਕਹਾਣੀ ਸੰਗ੍ਰਹਿ ਤੇ ਇਕ ਖੋਜ ਪੁਸਤਕ ਹੈ। ਕਹਾਣੀ ਸੰਗ੍ਰਹਿ ਬਾਰੇ ਭਾਵਪੂਰਤ ਵਿਚਾਰ ਉੱਘੇ ਸਾਹਿਤਕਾਰ ਬਚਿੰਤ ਕੌਰ ਨੇ ਲਿਖੇ ਹਨ। ਕਹਾਣੀਆਂ ਅਜੋਕੇ ਸਮੇਂ ਦੇ ਸੱਚ ਨੂੰ ਬਿਆਨ ਕਰਦੀਆਂ ਹਨ। ਕਹਾਣੀਆਂ ਦੀ ਸ਼ੈਲੀ ਰੌਚਿਕ, ਪਾਤਰ ਚਿਤਰਣ ਪ੍ਰਭਾਵਸ਼ਾਲੀ, ਵਿਭਿੰਨ ਵਿਸ਼ੇ ਹਨ। ਔਰਤ-ਮਰਦ ਰਿਸ਼ਤੇ ਦੇ ਕਈ ਪੱਖ ਇਨ੍ਹਾਂ ਕਹਾਣੀਆਂ ਵਿਚ ਹਨ। ਪੰਜਾਬ ਵਿਚ ਯੂਨੀਵਰਸਿਟੀਆਂ ਦੀ ਭਰਮਾਰ, ਨਿੱਘਰ ਰਿਹਾ ਸਿੱਖਿਆ ਤੰਤਰ, ਵਿੱਦਿਅਕ ਖੇਤਰ ਦੀਆਂ ਅਨੇਕਾਂ ਤਰੁਟੀਆਂ ਨੂੰ ਸਮਾਜਿਕ ਤੌਰ 'ਤੇ ਮਨੁੱਖੀ ਕਦਰਾਂ-ਕੀਮਤਾਂ ਵਿਚ ਅਨੈਤਿਕਤਾ, ਕਹਾਣੀਆਂ ਵਿਚ ਸ਼ੀਸ਼ੇ ਵਾਂਗ ਵਿਖਾਈ ਦਿੰਦੀਆਂ ਹਨ। ਵਿੱਦਿਅਕ ਅਦਾਰਿਆਂ ਵਿਚ ਪੱਖਪਾਤ, ਪੇਪਰ ਮਾਰਕਿੰਗ ਸਮੇਂ ਦੀ ਗੰਧਲੀ ਤਸਵੀਰ, ਸਿੱਖਿਆ ਦਾ ਵਪਾਰੀਕਰਨ, ਨਿਘਰਦੇ ਕਿਰਦਾਰ ਕਹਾਣੀਆਂ ਵਿਚ ਹਨ। ਸਿਰਲੇਖ ਵਾਲੀ ਕਹਾਣੀ ਵਿਚ ਸਿੱਖਿਆ ਖੇਤਰ ਦੀ ਝਲਕ ਵੇਖ ਕੇ ਖਿਝ ਜਿਹੀ ਆਉਂਦੀ ਹੈ। ਕਿਉਂਕਿ ਅਧਿਆਪਕ ਵਰਗ ਵਿਚ ਪਾਦਰਸ਼ਤਾ ਦੀ ਕਮੀ ਹੈ। ਉਨ੍ਹਾਂ ਦੀ ਨਜ਼ਰਾਂ ਵਿਚ ਮਲੀਨਤਾ ਹੈ। ਉਹ ਗੌਤਮ ਬੁੱਧ ਦੀ ਸਚਾਈ ਤੋਂ ਕੋਹਾਂ ਦੂਰ ਹਨ। ਕਹਾਣੀ ਸੁਪਨਿਆਂ ਵਾਲਾ ਕੰਬਲ ਦੀਆਂ ਦੋ ਔਰਤ ਪਾਤਰਾਂ ਵਿਚੋਂ ਇਕ ਦਾ ਪਤੀ ਵਿਦੇਸ਼ ਚਲਾ ਜਾਂਦਾ ਹੈ, ਦੂਸਰੀ ਕਿਸੇ ਅੰਕਲ ਦੇ ਚੁੰਗਲ ਵਿਚ ਫਸ ਜਾਂਦੀ ਹੈ। ਸ਼ੋਸ਼ਣ ਹੋਣ ਵੇਲੇ ਸ਼ੀਹਣੀ ਦਾ ਰੂਪ ਧਾਰਦੀ ਹੈ। ਸੰਨ ਚੁਰਾਸੀ ਦੇ ਦੁਖਾਂਤ ਸਮੇਂ ਔਰਤ ਦੇ ਦੁਖੜੇ, ਕਹਾਣੀ ਮੈਂ ਨਹੀਂ ਤੂੰ ਹੀ ਤੂੰ ਵਿਚ ਹਨ। ਕੁਝ ਸਥਿਤੀਆਂ ਵਿਚ ਔਰਤ ਦੀ ਬੇਵਸੀ ਹੈ। ਪਰ ਚੰਗਾ ਪੱਖ ਇਹ ਹੈ ਕਿ ਕਹਾਣੀਆਂ 'ਚ ਹੁਣ ਦੀ ਔਰਤ ਸੰਘਰਸ਼ ਕਰਦੀ ਹੈ। ਉਹ ਭੈੜੇ ਮਰਦਾਂ ਨਾਲ ਜੂਝਣਾ ਜਾਣਦੀ ਹੈ। (ਬੰਦਾ ਗ਼ੈਰ-ਹਾਜ਼ਰ ਨਹੀਂ) ਕਾਲਾ ਘੱਗਰਾ ਦੀ ਤਾਈ ਨੂੰ ਬੱਕਰੀਆਂ ਨਾਲ ਮੁਹੱਬਤ ਹੈ। ਵਿਧਵਾ ਔਰਤ ਦਾ ਜਿਊਣਾ ਕਿਸ ਕਦਰ ਔਖਾ ਹੈ। ਸਮਾਜ ਥਾਂ-ਥਾਂ ਉਸ ਨੂੰ ਘੂਰਦਾ ਹੈ। ਸੰਗ੍ਰਹਿ ਦੀਆਂ ਕਹਾਣੀਆਂ ਝੱਗੇ ਦਾ ਉਭਾਰ, ਕਠਪੁਤਲੀ, ਕਲਕੱਤੇ ਵਾਲੀ ਚੁੰਨੀ, ਪੱਲੇ ਤੈਂਡੇ ਲਾਗੀ, ਹੇਰਵਾ, ਚੱਕ ਘੁੰਮ ਰਿਹਾ ਹੈ, ਮੇਰੇ ਹਿੱਸੇ ਦੀ ਮਿੱਟੀ ਉੱਚ ਪੱਧਰ ਦੀਆਂ ਕਹਾਣੀਆਂ ਹਨ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਸਵੈ ਦੀ ਪਹਿਚਾਣ ਅਤੇ ਹੋਰ ਨਿਬੰਧ
ਲੇਖਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 84378-73565.


ਡਾ: ਅਮਰ ਕੋਮਲ ਦੀਆਂ ਨਿਬੰਧਾਂ ਦੀਆਂ ਦੋ ਪੁਸਤਕਾਂ ਪਾਠਕਾਂ ਦੀ ਨਜ਼ਰ ਹੋਈਆਂ ਹਨ। ਇਕ ਹੈ ਹਥਲੀ ਪੁਸਤਕ 'ਸਵੈ ਦੀ ਪਹਿਚਾਣ ਅਤੇ ਹੋਰ ਨਿਬੰਧ' ਅਤੇ ਦੂਜੀ 'ਬਦਲੋ ਤੇ ਬਦਲਦੇ ਰਹੋ ਤੇ ਹੋਰ ਨਿਬੰਧ'। ਇਨ੍ਹਾਂ ਦੋਵਾਂ ਹੀ ਪੁਸਤਕਾਂ ਵਿਚ ਲੇਖਕ ਨੇ ਆਪਣੇ ਜ਼ਿੰਦਗੀ ਦੇ ਅਨੁਭਵ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਹਥਲੀ ਵਿਚਾਰ ਅਧੀਨ ਪੁਸਤਕ ਵਿਚ ਉਸ ਨੇ ਆਪਣੇ 12 ਨਿਬੰਧ ਸ਼ਾਮਿਲ ਕੀਤੇ ਹਨ। ਇਨ੍ਹਾਂ ਨਿਬੰਧਾਂ ਵਿਚੋਂ ਜਿਹੜੀ ਮੂਲ ਸੁਰ ਉੱਭਰਦੀ ਹੈ, ਉਹ ਇਹ ਹੈ ਕਿ ਕਈ ਵਾਰੀ ਸਾਡੇ ਆਲੇ-ਦੁਆਲੇ ਵਿਚ ਬੜਾ ਕੁਝ ਵਾਪਰਦਾ ਰਹਿੰਦਾ ਹੈ। ਇਥੋਂ ਤੱਕ ਕਿ ਸਾਡੇ ਆਪਣੇ ਨਾਲ ਵੀ ਕਈ ਪ੍ਰਕਾਰ ਦੇ ਵਰਤਾਰੇ ਵਾਪਰਦੇ ਹਨ, ਜਿਨ੍ਹਾਂ ਦੇ ਅਸੀਂ ਖ਼ੁਦ ਭੋਗੀ ਬਣਦੇ ਹਾਂ। ਪਰ ਸਾਡੀ ਅੱਖ ਸਾਧਾਰਨ ਹੋਣ ਕਰਕੇ ਇਨ੍ਹਾਂ ਵਰਤਾਰਿਆਂ ਨੂੰ ਪਕੜਨ ਵਿਚ ਅਸਮਰੱਥ ਰਹਿੰਦੀ ਹੈ ਪਰ ਲੇਖਕ ਇਨ੍ਹਾਂ ਵਰਤਾਰਿਆਂ ਦੀ ਤਹਿ ਹੇਠ ਕਾਰਜਸ਼ੀਲ ਪ੍ਰਸਥਿਤੀਆਂ ਦੀ ਨਿਸ਼ਾਨਦੇਹੀ ਕਰਕੇ ਕਿਸੇ ਨੇ ਕਿਸੇ ਨਿਰਣੇ ਨੂੰ ਪੇਸ਼ ਕਰਨ ਦਾ ਹੀਲਾ ਕਰਦਾ ਹੈ। ਡਾ: ਅਮਰ ਕੋਮਲ ਦੇ ਇਸ ਪੁਸਤਕ ਵਿਚਲੇ ਨਿਬੰਧਾਂ ਨੂੰ ਪੜ੍ਹਦਿਆਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਮਨੁੱਖ ਅਜਿਹੇ ਅਨੁਭਵਾਂ ਵਿਚੋਂ ਰੋਜ਼ਾਨਾ ਗੁਜ਼ਰਦਾ ਹੈ ਪਰ ਪਕੜ ਨਹੀਂ ਸਕਦਾ। ਮਿਸਾਲ ਵਜੋਂ ਅਮੀਰੀ-ਗ਼ਰੀਬੀ, ਲਾਪਰਵਾਹੀ, ਆਸ਼ਾ-ਨਿਰਾਸ਼ਾ, ਸ਼ਖ਼ਸੀਅਤ ਬਾਰੇ ਵਿਦਵਾਨ ਪੁਰਸ਼ ਹਮੇਸ਼ਾ ਹੀ ਆਪਣੇ ਨਜ਼ਰੀਏ ਤੋਂ ਵਿਚਾਰ ਪੇਸ਼ ਕਰਦੇ ਹਨ ਪਰ ਇਨ੍ਹਾਂ ਦੇ ਸਤਹੀ ਅਰਥ ਹੁੰਦੇ ਹਨ। ਲੇਖਕ ਨੇ ਆਪਣੇ ਨਿਬੰਧਾਂ ਵਿਚ ਇਨ੍ਹਾਂ ਸਤਹੀ ਅਰਥਾਂ ਦੀ ਬਜਾਏ ਗਹਿਨ ਅਰਥਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਮਿਸਾਲ ਵਜੋਂ ਸਵੈ ਦੀ ਪਹਿਚਾਣ ਮਨੁੱਖ ਲਈ ਜ਼ਰੂਰੀ ਹੈ ਤਾਂ ਕਿ ਉਹ ਇਨਸਾਨੀਅਤ ਦੇ ਮਿਆਰਾਂ ਉੱਤੇ ਕਾਇਮ ਰਹਿੰਦਿਆਂ ਆਪਣੀਆਂ ਨਜ਼ਰਾਂ ਵਿਚ ਵੀ ਅਡਿੱਗ ਰਹੇ। ਆਮ ਤੌਰ 'ਤੇ ਚਿੰਤਾ ਨੂੰ ਚਿਖਾ ਸਮਾਨ ਕਿਹਾ ਜਾਂਦਾ ਹੈ। ਲੇਖਕ ਦੱਸਦਾ ਹੈ ਕਿ ਜੇਕਰ ਗਿਆਨ ਦੀ ਉਂਗਲ ਫੜੀ ਜਾਵੇ ਤਾਂ ਚਿੰਤਾ ਦਾ ਹਨੇਰਾ ਦੂਰ ਹੋ ਸਕਦਾ ਹੈ। ਸਹਿਜ, ਧੀਰਜ, ਗਿਆਨ ਨਾਲ ਮਨੁੱਖ ਨਿਰਾਸ਼ਾ ਵਿਚ ਵੀ ਆਸ਼ਾ ਦੀ ਕਿਰਨ ਦੇਖ ਸਕਦਾ ਹੈ। ਮਾਨਵਤਾ ਦੇ ਰਸਤੇ 'ਤੇ ਚੱਲ ਕੇ ਅਸੀਂ ਦਿਆਲਤਾ, ਹਮਦਰਦੀ, ਇਮਾਨਦਾਰੀ ਵਾਲੇ ਗੁਣ ਹਾਸਲ ਕਰ ਸਕਦੇ ਹਾਂ। 'ਮਾਂ' ਦਾ ਰੁਤਬਾ ਲੇਖਕ ਅਨੁਸਾਰ ਬੜਾ ਉੱਚਾ ਹੈ ਜੋ ਬੱਚੇ ਨੂੰ ਸਲੀਕੇਦਾਰ ਇਨਸਾਨ ਬਣਾ ਸਕਦੀ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611


ਮਨ ਦੀ ਬੁਲਬੁਲ
ਲੇਖਕ : ਧਰਮਿੰਦਰ ਸ਼ਾਹਿਦ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 99144-00151


ਧਰਮਿੰਦਰ ਸ਼ਾਹਿਦ ਲੋਕ-ਸਰੋਕਾਰਾਂ ਨੂੰ ਪ੍ਰਣਾਏ ਪੰਜਾਬੀ ਗ਼ਜ਼ਲ ਦੇ ਸਮਰੱਥ ਹਸਤਾਖ਼ਰ ਹਨ, ਜਿਨ੍ਹਾਂ ਦਾ ਨਾਂਅ ਕੁਝ ਕੁ ਗਿਣੇ-ਚੁਣੇ ਅਜਿਹੇ ਗ਼ਜ਼ਲਕਾਰਾਂ ਵਿਚ ਲਿਆ ਜਾ ਸਕਦਾ ਹੈ, ਜਿਹੜੇ ਇਸ ਵਿਚਾਰਧਾਰਾ ਦੇ ਧਾਰਨੀ ਹਨ ਕਿ ਕਲਾ, ਕਲਾ ਲਈ ਨਹੀਂ ਬਲਕਿ ਲੋਕਾਂ ਲਈ ਹੁੰਦੀ ਹੈ। ਅਜਿਹਾ ਸਾਹਿਤ ਕਦੇ ਵੀ ਲੋਕ ਸਾਹਿਤ ਨਹੀਂ ਬਣ ਸਕਦਾ, ਜਿਹੜਾ ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਨਹੀਂ ਕਰਦਾ। ਉਨ੍ਹਾਂ ਦਾ ਹੁਣੇ-ਹੁਣੇ ਪ੍ਰਕਾਸ਼ਿਤ ਹੋਇਆ ਗ਼ਜ਼ਲ-ਸੰਗ੍ਰਹਿ 'ਮਨ ਦੀ ਬੁਲਬੁਲ' ਵੀ ਕੁਝ ਅਜਿਹਾ ਐਲਾਨ ਹੀ ਕਰ ਰਿਹਾ ਹੈ-
ਵੇਖੀਂ ਤੇਰੇ ਸਾਰੇ ਦਾਅਵੇ ਹੋ ਜਾਵਣਗੇ ਰੱਦ ਓਏ ਹਾਕਮ।
ਜ਼ੁਲਮ ਤੇਰੇ ਤੋਂ ਉੱਚਾ ਹੈ ਅਖ਼ਲਾਕ ਮੇਰੇ ਦਾ ਕੱਦ ਓਏ ਹਾਕਮ।
ਆਖਣ ਨੂੰ ਤਾਂ ਬੇਸ਼ੱਕ ਅਸੀਂ ਵਿਗਿਆਨ ਦੇ ਅੱਖਾਂ ਚੁੰਧਿਆ ਦੇਣ ਵਾਲੇ ਯੁੱਗ ਵਿਚ ਸਾਹ ਲੈ ਰਹੇ ਹਾਂ ਪਰ ਸਚਾਈ ਇਹ ਹੈ ਕਿ ਅਸੀਂ ਅਜੇ ਵੀ ਜਾਤਾਂ-ਪਾਤਾਂ ਅਤੇ ਧਰਮਾਂ ਦੇ ਨਾਂਅ ਉੱਤੇ ਖੜ੍ਹੀਆਂ ਕੀਤੀਆਂ ਵਲਗਣਾਂ ਵਿਚ ਬੁਰੀ ਤਰ੍ਹਾਂ ਘਿਰੇ ਹੋਏ ਹਾਂ। ਧਰਮਿੰਦਰ ਸ਼ਾਹਿਦ ਚਾਹੁੰਦੇ ਹਨ ਕਿ ਮਨੁੱਖ ਇਕ ਨੂਰ ਤੋਂ ਸਾਰੇ ਵਿਸ਼ਵ ਦੇ ਉਪਜਣ ਦੇ ਕਲਿਆਣਕਾਰੀ ਸਿਧਾਂਤ ਦੀ ਸਿਰਫ਼ ਚਰਚਾ ਹੀ ਨਾ ਕਰੇ ਬਲਕਿ ਉਸ ਦੀ ਜੀਵਨ-ਜਾਚ ਵਿਚੋਂ ਇਸ ਦੇ ਅਮਲ ਦੀ ਝਲਕ ਵੀ ਦਿਖਾਈ ਦੇਵੇ-
ਮੰਦਰ 'ਚ ਵੇਖ ਮਸਜਿਦ ਸਜਦੇ 'ਚ ਜਾ ਰਿਹਾ ਹੈ।
ਇਨਸਾਨੀਅਤ ਦਾ ਨਗ਼ਮਾ ਕੋਈ ਗੁਣਗੁਣਾ ਰਿਹਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਾਹਿਤਕ ਹਲਕਿਆਂ ਵਿਚ ਬੇਹੱਦ ਸਲਾਹਿਆ ਗਿਆ ਹੈ। ਉਨ੍ਹਾਂ ਦੀ ਗ਼ਜ਼ਲ ਦਾ ਇਕ-ਇਕ ਸ਼ਿਅਰ ਕਿਸੇ ਉਸਤਾਦ ਰਾਜ ਮਿਸਤਰੀ ਵਾਂਗ ਬੜੀ ਹੀ ਖ਼ੂਬਸੂਰਤੀ ਨਾਲ ਚਿਣਿਆ ਹੁੰਦਾ ਹੈ ਕਿਉਂਕਿ ਬਹਿਰ-ਵਜ਼ਨ ਅਤੇ ਤੋਲ-ਤੁਕਾਂਤ ਦੇ ਮਾਮਲੇ ਵਿਚ ਉਹ ਬੜੀ ਸੂਖ਼ਮ ਸੂਝ ਰੱਖਦੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਫੁੱਲਤਾ ਲਈ ਕੀਤੇ ਗਏ ਉਨ੍ਹਾਂ ਦੇ ਇਸ ਸੁਹਿਰਦ ਹੰਭਲੇ ਦਾ ਭਰਵਾਂ ਸਵਾਗਤ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਅਸਹਿਮਤ
ਲੇਖਕ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 094160-61061

.
ਅਸਹਿਮਤ, ਬਹੁਤ ਹੀ ਸੰਜੀਦਾ ਕਵੀ ਰਮੇਸ਼ ਕੁਮਾਰ ਦੀ ਪੰਦਰਵੀਂ ਪੁਸਤਕ ਹੈ। ਇਸ ਪੁਸਤਕ ਵਿਚ ਉਸ ਦੀਆਂ ਕਵਿਤਾਵਾਂ ਆਧੁਨਿਕ ਜੀਵਨ ਵਰਤਾਰੇ ਵਿਚ ਇਕ ਸੰਵੇਦਨਸ਼ੀਲ ਮਨੁੱਖ ਦੀ ਮਾਨਸਿਕਤਾ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ। ਰਮੇਸ਼ ਕੁਮਾਰ ਕੋਲ ਜੀਵਨ ਦਾ ਇਕ ਲੰਬਾ ਅਨੁਭਵ ਹੈ ਤੇ ਉਸ ਦੀਆਂ ਕਵਿਤਾਵਾਂ ਉਸੇ ਅਨੁਭਵ ਵਿਚੋਂ ਆਕਾਰ ਲੈਂਦੀਆਂ ਹਨ। ਅਜੋਕਾ ਦੌਰ ਦੰਭੀ ਰਾਜਨੀਤੀ ਤੇ ਸਮਾਜਿਕ ਆਸਥਾਵਾਂ ਦੀ ਟੁੱਟ-ਭੱਜ ਦਾ ਦੌਰ ਹੈ, ਜਿਸ ਵਿਚ ਕਿਸੇ ਵੀ ਚਿੰਤਨਸ਼ੀਲ ਮਨੁੱਖ ਦਾ ਆਪਣੇ ਅਕੀਦੇ ਅਨੁਸਾਰ ਜਿਊਣਾ ਕਠਿਨ ਹੋ ਗਿਆ ਹੈ। ਕਵੀ ਇਸ ਨੂੰ ਅਸਹਿਮਤੀ ਦਾ ਨਾਂਅ ਦਿੰਦਾ ਹੈ। ਭੀੜ ਦਾ ਹਿੱਸਾ ਹੋ ਕੇ ਤੁਰਨਾ ਚੇਤਨ ਬੰਦੇ ਦੇ ਵੱਸ ਦਾ ਰੋਗ ਨਹੀਂ, ਇਸ ਲਈ ਉਹ ਇਸ ਨਾਲ ਅਸਹਿਮਤ ਹੁੰਦਾ ਹੈ ਪਰ ਹਾਲਾਤ ਵੱਸ ਉਹ ਇਸ ਅਸਹਿਮਤੀ ਨੂੰ ਹਰ ਥਾਂ ਆਪਣੇ ਵਿਵਹਾਰਕ ਜੀਵਨ ਦਾ ਹਿੱਸਾ ਨਹੀਂ ਬਣਾ ਸਕਦਾ। ਅਜਿਹਾ ਨਾ ਕਰਨ ਦੀ ਦਸ਼ਾ ਵਿਚ ਉਹ ਇਕ ਮਾਨਸਿਕ ਸੰਤਾਪ ਭੁਗਤਦਾ ਹੈ।
ਅਤੇ ਜਦ ਜਦ ਵੀ ਕਦੇ
ਮੈਂ ਚੁੱਪ ਦੀ ਦੜ ਵੱਟ ਕੇ
ਲਹੂ ਦੇ ਘੁੱਟ ਪੀ ਰਿਹਾ ਹੁੰਦਾ ਹਾਂ
ਤਾਂ ਹਰ ਵਾਰ ਮੇਰੇ ਅੰਦਰ
ਕੋਈ ਨਾ ਕੋਈ ਚੀਰਹਰਣ ਹੋ ਰਿਹਾ ਹੁੰਦਾ ਹੈ....
ਆਧੁਨਿਕ ਵਿਸ਼ਵੀਕਰਨ ਦੇ ਯੁੱਗ ਵਿਚ ਯੁੱਗ ਪਲਟਾਊ ਚੇਤਨਾ ਆਪਣੇ ਅੰਤਿਮ ਚਰਨ ਵਿਚ ਪਹੁੰਚ ਚੁੱਕੀ ਹੈ ਜਾਂ ਕਹਿ ਲਉ ਉਸ ਨੂੰ ਇਸ ਪੜਾਅ 'ਤੇ ਪਹੁੰਚਾ ਦਿੱਤਾ ਗਿਆ ਹੈ। ਜੀਵਨ ਸ਼ੈਲੀ ਇਸ ਤਰ੍ਹਾਂ ਸਿਰਜ ਦਿੱਤੀ ਗਈ ਹੈ, ਜਿਸ ਵਿਚ ਜੋ ਹੈ ਉਸੇ ਨੂੰ ਹੀ ਅੰਤਿਮ ਸੱਚ ਬਣਾ ਦਿੱਤਾ ਗਿਆ ਹੈ।
ਪੀਜੇ ਪਾਸਤੇ ਅਤੇ ਬਰਗਰ ਖਾਂਦੀ
ਇਹ ਪ੍ਰਸ਼ਨਹੀਣ ਕੌਮ
ਸਿਰਫ ਸੈਲਫੀਆਂ ਖਿੱਚ ਕੇ ਸੌਂ ਜਾਵੇਗੀ
ਕਿਸੇ ਫੇਸ ਬੁੱਕ ਦੇ ਸਰਾਹਣੇ ਸਿਰ ਰੱਖ ਕੇ
ਰਮੇਸ਼ ਕੁਮਾਰ ਦੀਆਂ ਕਵਿਤਾਵਾਂ ਸਾਡੀ ਜੜ੍ਹ ਹੋ ਰਹੀ ਚੇਤਨਾ ਲਈ ਬਹੁਤ ਸਾਰੇ ਸਵਾਲ ਖੜ੍ਹੇ ਕਰਦੀਆਂ ਹਨ। ਇਹ ਸਵਾਲ ਸਾਡੇ ਸਮਾਜ ਲਈ ਹਨ, ਖ਼ਾਸ ਤੌਰ 'ਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ। ਅਸੀਂ ਕਿਧਰ ਜਾ ਰਹੇ ਹਾਂ? ਸਾਨੂੰ ਇਨ੍ਹਾਂ ਸਵਾਲਾਂ ਦੇ ਤਲਾਸ਼ਣ ਦੀ ਜ਼ਰੂਰਤ ਹੈ। ਰਮੇਸ਼ ਕੁਮਾਰ ਨੂੰ ਇਸ ਖੂਬਸੂਰਤ ਸ਼ਾਇਰੀ ਲਈ ਮੁਬਾਰਕ ਦੇਣੀ ਬਣਦੀ ਹੈ।


-ਡਾ: ਅਮਰਜੀਤ ਕੌਂਕੇ।


ਬੁੱਲੇਟਨਾਮਾ
ਲੇਖਕ : ਗੁਰਪ੍ਰੇਮ ਲਹਿਰੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 200 ਰੁਪਏ, ਸਫ਼ੇ : 167
ਸੰਪਰਕ : 98886-48111.


ਸਫ਼ਰਨਾਮਾ ਜਾਂ ਯਾਤਰਾ-ਲਿਖਤ ਵਾਰਤਕ ਸਾਹਿਤ ਦੀ ਮਹੱਤਵਪੂਰਨ ਵੰਨਗੀ ਹੈ। ਲੇਖਕ ਨੇ ਆਪਣੇ ਅੱਠ ਸਾਥੀਆਂ ਨਾਲ ਬੁਲੇਟ ਮੋਟਰਸਾਈਕਲਾਂ 'ਤੇ ਦੁਨੀਆ ਦੇ ਪੰਜ ਦੇਸ਼ਾਂ ਦਾ ਸਫ਼ਰ ਕਰਕੇ ਇਸ ਮਹੱਤਵਪੂਰਨ ਪੁਸਤਕ ਦੀ ਰਚਨਾ ਕੀਤੀ ਹੈ। ਲੇਖਕ ਅਤੇ ਪੱਤਰਕਾਰ ਗੁਰਪ੍ਰੇਮ ਲਹਿਰੀ ਦੀ ਇਹ ਪਲੇਠੀ ਪੁਸਤਕ ਹੈ, ਜੋ ਉਸ ਨੇ ਦੁਨੀਆ ਨੂੰ ਨੇੜਿਓਂ ਤੱਕਣ ਦੇ ਅਨੂਠੇ ਸ਼ੌਕ ਕਰਕੇ ਲਿਖੀ ਹੈ। ਇਹ ਵਿਲੱਖਣ ਯਾਤਰਾ ਕਰਕੇ ਉਸ ਨੇ ਕੀ ਹਾਸਲ ਕੀਤਾ, ਬਾਰੇ ਉਹ ਪੁਸਤਕ ਦੇ ਆਰੰਭ ਵਿਚ ਲਿਖਦਾ ਹੈ, 'ਇਹ ਯਾਤਰਾ ਕਰਨ ਸਮੇਂ ਕਈ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਤਜਰਬੇ ਸਾਡੇ ਖਾਤੇ ਵਿਚ ਆ ਜੁੜੇ, ਜੋ ਮੇਰੇ ਜੀਵਨ ਲਈ ਬਹੁਤ ਅਨਮੋਲ ਤੇ ਅਭੁੱਲ ਹਨ।'
ਲੇਖਕ ਨੇ ਸਾਧਾਰਨ ਅਤੇ ਸੁਖੈਨ ਸ਼ੈਲੀ ਦੀ ਵਰਤੋਂ ਕਰਦਿਆਂ ਕੇਂਦਰੀ ਬੋਲੀ ਵਿਚ ਆਪਣੀ ਇਸ ਯਾਤਰਾ ਨੂੰ ਵੱਖ-ਵੱਖ ਸਿਰਲੇਖਾਂ ਵਾਲੇ ਲੇਖਾਂ ਅਧੀਨ ਪਾਠਕਾਂ ਦੇ ਸਨਮੁੱਖ ਕੀਤਾ। 54 ਦਿਨਾਂ ਦੀ ਯਾਤਰਾ ਨੂੰ ਉਸ ਨੇ 'ਚੱਲ ਪਏ ਸਿੰਗਾਪੁਰ ਨੂੰ', 'ਦਾਣਾ ਪਾਣੀ', 'ਜਾਦੂਗਰਨੀਆਂ ਦਾ ਦੇਸ਼', 'ਮੌਤ ਨਾਲ ਆਹਮਣਾ ਸਾਹਮਣਾ', 'ਭਾਰਤ ਦਾ ਪੂਰਬੀ ਦਰਵਾਜ਼ਾ ਖੱਜਲ-ਖੁਆਰੀ', 'ਕੁੰਢੀਆਂ ਦੇ ਸਿੰਗ ਫਸਗੇ', 'ਨਾ ਜਾਈਂ ਬਰਮਾ ਨੂੰ' ਆਦਿ 24 ਲੇਖਾਂ ਰਾਹੀਂ ਇਸ ਪੁਸਤਕ ਵਿਚ ਸਫਲਤਾਪੂਰਵਕ ਸਾਂਭਿਆ ਹੈ। ਮਲੇਸ਼ੀਆ, ਸਿੰਗਾਪੁਰ, ਬਰਮਾ ਅਤੇ ਨਿਪਾਲ ਦੀ ਯਾਤਰਾ ਕਰਦਿਆਂ ਲੇਖਕ ਅਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਆਪਣੇ ਪਿੰਡੇ 'ਤੇ ਔਖੇ ਅਤੇ ਸੌਖੇ ਪਲ ਹੰਢਾਏ ਹਨ। ਔਖ 'ਚੋਂ ਹੌਸਲੇ ਅਤੇ ਹਿੰਮਤ ਨਾਲ ਨਿਕਲਣ ਦਾ ਤਜਰਬਾ ਅਤੇ ਸੌਖੇ ਪਲਾਂ ਵਿਚ ਉਠਾਏ ਅਨੰਦ ਦਾ ਅਹਿਸਾਸ ਉਨ੍ਹਾਂ ਦਾ ਵਿਲੱਖਣ ਹਾਸਲ ਹੈ, ਜੋ ਪੁਸਤਕ ਦੇ ਪਾਠਕ ਨੂੰ ਅਨੰਦਿਤ ਅਤੇ ਰੁਮਾਂਚਿਤ ਕਰਦਾ ਹੈ। ਲੇਖਕ ਦੁਆਰਾ ਪੁਸਤਕ ਲਿਖਣ ਦਾ ਇਹੋ ਹੀ ਮਕਸਦ ਹੈ। ਸਫ਼ਰਨਾਮਾ ਸਾਹਿਤ ਵਿਚ ਇਹ ਪੁਸਤਕ ਆਪਣਾ ਵੱਖਰਾ ਤੇ ਨਿਵੇਕਲਾ ਸਥਾਨ ਬਣਾਉਂਦੀ ਨਜ਼ਰ ਆਉਂਦੀ ਹੈ।


-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

13-03-2021

 ਕੇਤੇ ਸੂਰਜ ਲਿਸ਼ਕਦੇ
ਲੇਖਕ : ਗੁਰਚਰਨ
ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 098117-40300.

ਪੰਜਾਬ ਦੇ ਰਿਆਸਤੀ ਸ਼ਹਿਰ ਫ਼ਰੀਦਕੋਟ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਪਹੁੰਚ ਕੇ ਸ੍ਰੀ ਗੁਰਚਰਨ ਨੇ ਬਹੁਤ ਕੁਝ ਪਾਇਆ ਹੈ। ਨਾ ਕੇਵਲ ਉਸ ਨੇ ਕਾਵਿ ਦੇ ਚਾਰ-ਪੰਜ ਸੰਗ੍ਰਹਿ ਸਿਰਜ ਲਏ ਹਨ ਸਗੋਂ ਉਸ ਨੇ ਆਪਣੀ ਇਕ ਨਿਵੇਕਲੀ ਅਭਿਵਿਅੰਜਨਾ-ਸ਼ੈਲੀ ਵੀ ਪ੍ਰਾਪਤ ਕਰ ਲਈ ਹੈ, ਜੋ ਹਜ਼ਾਰ ਕਲਮਾਂ ਵਿਚੋਂ ਪਛਾਣੀ ਜਾ ਸਕਦੀ ਹੈ। 'ਕੇਤੇ ਸੂਰਜ ਲਿਸ਼ਕਦੇ' ਵਿਚ ਉਸ ਨੇ ਧਰਮ, ਕਲਾ, ਇਤਿਹਾਸ ਅਤੇ ਮਿਥਿਹਾਸ ਦੇ 11 ਨਾਇਕਾਂ-ਨਾਇਕਾਵਾਂ ਦੇ ਸ਼ਬਦ-ਚਿੱਤਰ ਲਿਖੇ ਹਨ ਜੋ ਕਾਵਿਬੱਧ ਹਨ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ, ਮਾਈ ਭਾਗੋ, ਭਗਤ ਪੂਰਨ ਸਿੰਘ, ਅਮਰਪਾਲੀ, ਮਾਈਕਲ ਏਂਜਲੋ, ਵਾਨ ਗਾੱਗ, ਰਾਧਾ-ਰੁਕਮਣੀ-ਸਤਿਆਭਾਮਾ-ਸ੍ਰੀ ਕ੍ਰਿਸ਼ਨ, ਏਕਲੱਵਯ, ਦ੍ਰੋਪਦੀ, ਬਰਬਰੀਕ ਅਤੇ ਇਜ਼ਾਡੋਰਾ ਡੰਕਨ ਆਦਿ ਬਾਰੇ ਕਾਵਿਬੱਧ ਕੀਤੇ ਹੋਏ ਉਸ ਦੇ ਸ਼ਬਦ-ਚਿੱਤਰ ਦਰਸਾਉਂਦੇ ਹਨ ਕਿ ਕਵੀ ਗੁਰਚਰਨ ਦਾ ਕਾਵਿ-ਅਨੁਭਵ ਕਿੰਨਾ ਵਿਸ਼ਾਲ ਅਤੇ ਅਭਿਵਿਅਕਤੀ ਕਿੰਨੀ ਸਟੀਕ ਹੈ।
ਕਾਵਿ ਵਿਚ ਰਚੇ ਗਏ ਸ਼ਬਦ-ਚਿੱਤਰਾਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਇਹ ਪਾਠਕ ਪਾਸੋਂ ਵੀ ਵਿਸ਼ਾਲ ਜਾਣਕਾਰੀ ਅਤੇ ਡੁੱਲ੍ਹ-ਡੁੱਲ੍ਹ ਪੈਂਦੀ ਸੰਵੇਦਨਾ ਦੀ ਮੰਗ ਕਰਦੇ ਹਨ। ਵਾਰਤਕ ਵਿਚ ਤਾਂ ਸ਼ਬਦ ਚਿੱਤਰਕਾਰ ਬਹੁਤ ਸਾਰੀਆਂ ਸੂਚਨਾਵਾਂ ਇਕੱਠੀਆਂ ਕਰ ਕੇ ਪਾਠਕਾਂ ਨੂੰ ਆਪਣੇ ਨਾਲ ਤੋਰ ਲੈਂਦਾ ਹੈ ਪਰ ਕਾਵਿ ਵਿਚ ਰਚੇ ਗਏ ਸ਼ਬਦ-ਚਿੱਤਰਾਂ ਵਿਚ ਅਜਿਹੀ ਸੁਵਿਧਾ ਉਪਲਬਧ ਨਹੀਂ ਹੁੰਦੀ, ਖ਼ਾਸ ਕਰ ਉਸ ਵਕਤ ਜਦੋਂ ਸ਼ਬਦ-ਚਿੱਤਰਕਾਰ ਗੁਰਚਰਨ ਵਰਗਾ ਭਾਵੁਕ ਕਵੀ ਹੋਵੇ। ਅਜਿਹੇ ਸ਼ਬਦ-ਚਿੱਤਰਾਂ ਵਿਚ ਪਾਠਕ ਵਾਰ-ਵਾਰ ਪਿੱਛੇ ਛੁੱਟ ਜਾਂਦਾ ਹੈ ਅਤੇ ਉਸ ਨੂੰ ਦੋਹਰੀ ਇਕਾਗਰਤਾ ਨਾਲ ਇਨ੍ਹਾਂ ਕਾਵਿ-ਚਿੱਤਰਾਂ ਦੇ ਸੰਗ ਜੁੜਨਾ ਪੈਂਦਾ ਹੈ। ਇਹ ਸਾਰੇ ਕਾਵਿ-ਚਿੱਤਰ ਸਦ-ਵਰਤਮਾਨ ਕਾਲ ਵਿਚ ਰਚੇ ਗਏ ਹਨ। ਕਵੀ ਦਾ ਇਕ ਅੰਦਾਜ਼ ਦੇਖੋ :
ਕਿਸੇ ਪੁੱਛਿਆ :
ਨ੍ਰਿਤ ਦਾ ਆਦਿ ਕਦੋਂ ਹੋਇਆ?
ਬੋਲੀ : 'ਸ੍ਰਿਸ਼ਟੀ ਦਾ ਆਦਿ ਜਾਣਦੇ ਹੋ?
ਪੌਣ, ਪਾਣੀ ਦਾ ਆਦਿ ਕਿੱਥੇ ਹੈ?'
ਤੇ ਨ੍ਰਿਤ ਕੀ ਹੈ?
ਹਸਦਿਆਂ ਜਵਾਬ ਦਿੱਤਾ
'ਆਜ਼ਾਦੀ ਦੀ ਅਦਾ
ਗ਼ੁਲਾਮ ਵੀ ਨੱਚੇ ਨੇ ਕਦੇ?'
(ਇਜ਼ਾਡੋਰਾ ਡੰਕਨ)
ਗੁਰਚਰਨ ਦੀ ਇਹ ਪੁਸਤਕ ਬਹੁਤ ਸਾਰੇ ਸਵਾਲਾਂ ਦਾ ਜਵਾਬ ਲੱਭਣ ਲਈ ਤਾਂਘਦੀ ਦਿਖਾਈ ਦਿੰਦੀ ਹੈ। ਕਲਾ ਸਿਰਜਣਾ ਦੇ ਬੀਜ ਕਿੱਥੇ ਹੁੰਦੇ ਹਨ? ਕੀ ਕਲਾ ਦੀ ਸਿਰਜਣਾ ਲਈ ਜਨੂੰਨ ਅਤੇ ਤਲਾਸ਼ ਜ਼ਰੂਰੀ ਹੁੰਦੇ ਹਨ? ਕੀ ਅਭਾਵ ਵੀ ਕੋਈ ਭੂਮਿਕਾ ਨਿਭਾਉਂਦੇ ਹਨ? ਕਲਾਕਾਰ ਦਾ ਅਨੰਦ ਦਰਸ਼ਕਾਂ ਅਤੇ ਸਰੋਤਿਆਂ ਤੱਕ ਕਿਵੇਂ ਪਹੁੰਚਦਾ ਹੈ... ਇਤਿਆਦਿ। ਗੁਰਚਰਨ ਸਿੰਘ ਨੂੰ ਖ਼ੁਦ ਇਹ ਪੁਸਤਕ ਰਚ ਕੇ ਆਪਣੇ ਅੰਦਰਲੇ ਕਈ ਹਨੇਰਿਆਂ ਅਤੇ ਖਲਾਵਾਂ ਦੀ ਟੋਹ ਮਿਲੀ ਹੋਵੇਗੀ ਪਰ ਕੀ ਆਮ ਪਾਠਕਾਂ ਨੂੰ ਵੀ ਇਹ ਟੋਹ ਹਾਸਲ ਹੋ ਸਕੇਗੀ, ਮੈਨੂੰ ਸ਼ੰਕਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਇਕ ਸੀ ਡਾਕਟਰ ਇਕ ਸੀ ਸੰਤ
ਅੰਬੇਡਕਰ-ਗਾਂਧੀ ਸੰਵਾਦ
ਲੇਖਿਕਾ : ਅਰੁੰਧਤੀ ਰਾਏ
ਅਨੁ: ਡਾ: ਜਸਵੰਤ ਰਾਏ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 188
ਸੰਪਰਕ : 98158-25999.

ਇਤਿਹਾਸ ਗਵਾਹ ਹੈ ਕਿ ਸਦੀਆਂ ਤੋਂ ਭਾਰਤ ਦੀ ਵਰਣ-ਵਿਵਸਥਾ ਨੇ ਸ਼ੂਦਰਾਂ, ਦਲਿਤਾਂ, ਆਦਿਵਾਸੀਆਂ ਨਾਲ ਅਣਮਨੁੱਖੀ, ਪਸ਼ੂਆਂ ਵਰਗਾ, ਮਤਰੇਈ ਮਾਂ ਵਰਗਾ ਵਿਵਹਾਰ ਕੀਤਾ ਹੈ। ਵਿਸ਼ੇਸ਼ ਅਧਿਕਾਰ ਪ੍ਰਾਪਤ ਜਾਤਾਂ ਨੇ ਉਨ੍ਹਾਂ ਨੂੰ ਨੀਚ ਸਮਝ ਕੇ ਘਿਨਾਉਣੇ ਜ਼ੁਲਮ ਅਤੇ ਅਪਰਾਧ ਕੀਤੇ। ਉਨ੍ਹਾਂ ਨੂੰ ਮਾਨਵੀ-ਸਮਾਨ ਹੱਕ ਨਹੀਂ ਦਿੱਤੇ। ਉਨ੍ਹਾਂ ਨੂੰ ਅਸਤਿੱਤਵਹੀਣ ਕਰਕੇ ਉਨ੍ਹਾਂ ਦੇ ਮਨਾਂ ਵਿਚ ਹੀਣ ਭਾਵਨਾ ਪੈਦਾ ਕੀਤੀ। ਉਨ੍ਹਾਂ ਨੂੰ ਘਟੀਆ ਕੰਮਾਂ ਲਈ ਮਜਬੂਰ ਕੀਤਾ ਜਾਂਦਾ ਰਿਹਾ। ਅਜਿਹੀ ਮੰਦਭਾਗੀ ਵਿਵਸਥਾ ਨੂੰ ਚੁਣੌਤੀ ਦੇਣ ਲਈ ਡਾ: ਬੀ.ਆਰ. ਅੰਬੇਡਕਰ ਨੇ 1936 ਈ: ਵਿਚ ਇਕ ਅਜਿਹਾ ਭਾਸ਼ਨ (ਲੇਖ) ਤਿਆਰ ਕੀਤਾ ਜੋ 'ਜਾਤ ਪਾਤ ਤੋੜਨ ਮੰਡਲ' ਵਲੋਂ ਆਯੋਜਿਤ ਸਮਾਗਮ ਵਿਚ ਲਾਹੌਰ ਵਿਖੇ ਪੜ੍ਹਿਆ ਜਾਣਾ ਸੀ। ਡਾ: ਅੰਬੇਡਕਰ ਨੇ ਇਸ ਦਾ ਖਰੜਾ ਪੇਸ਼ਗੀ ਹੀ ਮੰਡਲ ਨੂੰ ਭੇਜ ਦਿੱਤਾ ਸੀ ਪਰ ਵਿਸ਼ੇਸ਼ ਅਧਿਕਾਰ ਪ੍ਰਾਪਤ ਜਾਤੀ ਮੰਡਲ ਦੇ ਮੈਂਬਰਾਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਮਹਾਤਮਾ ਗਾਂਧੀ ਨੇ ਵੀ ਇਸ ਦੀ ਨਿੰਦਾ ਕੀਤੀ ਸੀ।
ਅਰੁੰਧਤੀ ਰਾਏ ਦਾ ਇਹ ਲੇਖ ਡਾ: ਅੰਬੇਡਕਰ ਦੀ ਪੁਸਤਕ 'ਐਨਹੀਲੇਸ਼ਨ ਆਫ ਕਾਸਟ' ਵਿਚ 'ਦਾ ਡਾਕਟਰ ਐਂਡ ਦਾ ਸੰਤ' ਸਿਰਲੇਖ ਹੇਠ ਸ਼ਾਮਿਲ ਹੈ। ਇਸ ਵਿਚ ਹਵਾਲਾ ਟਿੱਪਣੀਆਂ ਵੀ ਹਨ। ਇਹੋ ਅਰੁੰਧਤੀ ਰਾਏ ਵਲੋਂ 'ਐਨਹੀਲੇਸ਼ਨ ਦੀ ਭੂਮਿਕਾ' ਹੈ। ਇਸੇ ਭੂਮਿਕਾ ਦਾ ਅਨੁਵਾਦ ਹਿੰਦੀ ਵਿਚ ਦੋ ਵਿਦਵਾਨਾਂ (ਅਨਿਲ ਯਾਦਵ 'ਜੈ ਹਿੰਦ' ਅਤੇ ਰਤਨ ਲਾਲ) ਨੇ ਮਿਲ ਕੇ ਕੀਤਾ ਹੈ। ਡਾ: ਜਸਵੰਤ ਰਾਏ ਨੇ ਹਥਲੀ ਪੁਸਤਕ (275 ਫੁੱਟ ਨੋਟਾਂ ਅਤੇ ਪੁਸਤਕ ਸੂਚੀ ਸਹਿਤ) ਪੰਜਾਬੀ ਪਾਠਕਾਂ ਨੂੰ ਪਰੋਸ ਦਿੱਤੀ ਹੈ। ਦਰਅਸਲ ਇਹ ਪੁਸਤਕ ਮੂਲ ਰੂਪ ਵਿਚ ਖੋਜ ਕਾਰਜ (ਥੀਸਿਸ) ਹੀ ਤਾਂ ਹੈ।
ਇਹ ਲੇਖ (ਭਾਸ਼ਨ) ਆਧਾਰਿਤ ਪੁਸਤਕ ਜ਼ਿਹਨ ਦੇ ਕਿਵਾੜ ਖੋਲ੍ਹਦੀ ਹੈ। ਇਸ ਵਿਚ 'ਜਾਤ, ਨਸਲ ਅਤੇ ਜਾਤ ਦਾ ਵਿਨਾਸ਼' ਵਿਸ਼ੇ 'ਤੇ ਮਹਾਤਮਾ ਗਾਂਧੀ ਜੀ ਅਤੇ ਡਾ: ਅੰਬੇਡਕਰ ਜੀ ਵਿਚਕਾਰ ਸਮੇਂ-ਸਮੇਂ ਹੋਏ ਵਿਚਾਰ-ਵਟਾਂਦਰੇ ਨੂੰ ਉਨ੍ਹਾਂ ਦੀਆਂ ਟੂਕਾਂ ਨੂੰ ਉਦ੍ਰਿਤ ਕਰਕੇ ਪੇਸ਼ ਕੀਤਾ ਗਿਆ ਹੈ। ਲੇਖਿਕਾ ਨੇ ਆਪਣੇ ਨਾਲੋਂ ਕਿਤੇ ਜ਼ਿਆਦਾ ਦੋਵਾਂ ਸ਼ਖ਼ਸੀਅਤਾਂ ਦੇ ਹਵਾਲਿਆਂ ਨਾਲ ਵੱਧ ਗੱਲ ਕੀਤੀ ਹੈ। ਦੋਵਾਂ ਅਹਿਮ ਸ਼ਖ਼ਸੀਅਤਾਂ ਦਰਮਿਆਨ ਸੰਵਾਦ ਨੂੰ ਨਿਰਪੱਖ, ਵਸਤੂਪਰਕ ਦ੍ਰਿਸ਼ਟੀ ਨਾਲ ਪੇਸ਼ ਕਰਨ ਦਾ ਪ੍ਰਯਾਸ ਕੀਤਾ ਹੈ। ਸਾਰੀ ਪੁਸਤਕ ਦਾ ਡੂੰਘਾਈ, ਗਹਿਨ ਦ੍ਰਿਸ਼ਟੀ ਨਾਲ ਅਧਿਐਨ ਕਰਦਿਆਂ ਪਾਠਕਾਂ ਨੂੰ ਅਜਿਹਾ ਪ੍ਰਤੀਤ ਹੋਣ ਦੀ ਸੰਭਾਵਨਾ ਹੈ ਜਿਵੇਂ ਦਲਿਤਾਂ ਨੂੰ ਸਮਾਨ ਅਧਿਕਾਰ ਦਿਵਾਉਣ ਲਈ ਡਾ: ਅੰਬੇਡਕਰ ਆਪਣੀਆਂ ਦਲੀਲਾਂ ਨਾਲ ਆਕਰਮਕ ਰੁਖ਼ ਅਖ਼ਤਿਆਰ ਕਰ ਰਹੇ ਹੋਣ ਅਤੇ ਮਹਾਤਮਾ ਗਾਂਧੀ ਆਪਣੇ ਤਰਕ ਨੂੰ ਛੂਤ-ਛਾਤ ਦੂਰ ਕਰਨ ਲਈ ਨਰਮ ਪੈਂਤੜਾ ਲੈ ਰਹੇ ਹੋਣ। ਡਾ: ਜਸਵੰਤ ਰਾਏ ਨੇ ਅਨੁਵਾਦ ਦੇ ਨਾਲ-ਨਾਲ 20ਵੀਂ ਸਦੀ ਤੋਂ ਹੁਣ ਤੱਕ ਦੇ ਆਪਣੇ ਵਿਸ਼ੇ ਨੂੰ ਕਲਾਵੇ ਵਿਚ ਲੈਣ ਦਾ ਯਤਨ ਕੀਤਾ ਹੈ। ਇਹ ਵੀ ਸੱਚ ਹੈ ਕਿ ਸੰਘਰਸ਼ ਦੁਆਰਾ ਬੜਾ ਕੁਝ ਬਦਲ ਚੁੱਕਾ ਹੈ। ਦਲਿਤਾਂ ਪ੍ਰਤੀ ਲੋਕ ਨਜ਼ਰੀਆ ਨਿਰੰਤਰ ਆਸ਼ਾਵਾਦੀ ਹੋ ਰਿਹਾ ਹੈ। ਅਜੇ ਵੀ ਹੋਰ ਬੜਾ ਕੁਝ ਹੋਣਾ ਬਾਕੀ ਹੈ। ਪ੍ਰੋ: ਮੋਹਨ ਸਿੰਘ ਦੀ ਕਾਵਿ ਪੰਕਤੀ ਸ਼ਾਇਦ ਅਜਿਹੇ ਭਵਿੱਖ ਵੱਲ ਹੀ ਇਸ਼ਾਰਾ ਕਰਦੀ ਹੈ :
ਕੁਝ ਹੋਰ ਵੀ ਹੋਵਣ ਵਾਲਾ ਹੈ
ਐਵੇਂ ਨਹੀਂ ਖਿੱਤੀਆਂ ਘੁੰਮ ਰਹੀਆਂ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਇਕ ਬੂੰਦ ਸਮੁੰਦਰ ਤੋਂ ਉਪਜੀ
ਲੇਖਿਕਾ : ਸੂਫ਼ੀ ਸੰਤ ਮਾਤਾ ਗੁਰਬਖ਼ਸ਼ ਕੌਰ
ਪ੍ਰਕਾਸ਼ਕ : ਪਾਰਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 300 ਰੁਪਏ, ਸਫ਼ੇ : 256
ਸੰਪਰਕ : 98146-68017.

ਪੁਸਤਕ ਦੀ ਲੇਖਿਕਾ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕੀ ਹੈ। ਇਸ ਹਥਲੀ ਪੁਸਤਕ ਨੂੰ ਪੈਂਤੀ ਅੱਖਰੀ ਦੇ ਇਕ-ਇਕ ਅੱਖਰ ਨੂੰ ਲੈ ਕੇ ਉਸ ਦਾ ਵਿਸਥਾਰ ਕਰਦਿਆਂ ਮਨੁੱਖੀ ਜੀਵਨ ਦਾ ਕੀ ਮਹੱਤਵ ਹੈ, ਜੀਵਨ ਦੌਰਾਨ ਇਨਸਾਨ ਨੇ ਕਿਹੜੇ ਕਾਰਜ ਕਰਨੇ ਹਨ। ਪੁਸਤਕ ਦੇ ਆਰੰਭ ਵਿਚ ਏਕ ਨੂਰ ਸਿਲਸਿਲਾ ਚਿਸ਼ਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਅੱਗੇ ਚਲ ਕੇ ਸੂਫ਼ੀਮਤ ਕੀ ਹੈ, ਸੱਚੇ ਸੂਫ਼ੀ ਫ਼ਕੀਰ ਦੇ ਕਿਹੜੇ ਗੁਣ ਹਨ, ਧਰਮ ਅਸਤਿਤਵ ਵਿਚ ਧਰਮ ਦੇ ਅਸਲੀ ਰੂਪ ਨੂੰ ਬਿਆਨਦਿਆਂ ਧਰਮ ਦਾ ਆਧਾਰ ਰੂਹਾਨੀਅਤ ਹੈ। ਪੁਸਤਕ ਵਿਚ ਰੂਹਾਨੀਅਤ ਸਬੰਧੀ ਵਿਚਾਰ ਕਰਦਿਆਂ ਲੇਖਿਕਾ ਨੇ ਦੱਸਿਆ ਕਿ ਸਭ ਮਜ਼ਹਬਾਂ, ਧਰਮਾਂ ਦੀ ਤਹਿ ਵਿਚ ਇਕੋ ਰੱਬੀ ਪ੍ਰੇਮ ਦੀ ਕਣੀ ਸਮੋਈ ਹੋਈ ਹੈ। ਦੁਨੀਆ ਦੇ ਸਾਰੇ ਧਰਮ ਮੁਹੱਬਤ ਤੇ ਰੱਬ ਦੀ ਪਛਾਣ ਦਾ ਪੈਗਾਮ ਦਿੰਦੇ ਹਨ। ਖਲਕਤ ਵਿਚ ਰੱਬ ਵਸਦਾ ਹੈ, ਖਲਕਤ ਦੀ ਸੇਵਾ ਹੀ ਰੱਬੀ ਸੇਵਾ ਹੈ। ਪੈਂਤੀ ਅੱਖਰੀ ਦੇ ਅੱਖਰਾਂ ਨੂੰ 'ਸੀਹਰਫ਼ੀ' ਦੇ ਆਧਾਰ 'ਤੇ ਪੇਸ਼ ਕੀਤਾ ਗਿਆ ਹੈ। ਲੇਖਿਕਾ ਨੇ ਗੁਰਬਾਣੀ ਦੇ ਹਵਾਲਿਆਂ ਤੋਂ ਇਲਾਵਾ ਸ਼ੇਖ ਬਾਬਾ ਫ਼ਰੀਦ, ਸੰਤ ਕਬੀਰ ਸਾਹਿਬ, ਹਜ਼ਰਤ ਸੁਲਤਾਨ ਬਾਹੂ, ਸਾਈਂ ਬੁੱਲੇ ਸ਼ਾਹ ਵਰਗੇ ਮਹਾਨ ਸੰਤਾਂ ਦੀਆਂ ਬਹੁਮੁੱਲੀਆਂ ਰਚਨਾਵਾਂ ਨੂੰ ਵੀ ਵਿਚਾਰਾਂ ਦੀ ਪੁਸ਼ਟੀ ਲਈ ਵਰਤਿਆ ਹੈ। ਵਿਚਾਰਾਂ ਦੀ ਪ੍ਰੋੜ੍ਹਤਾ ਲਈ ਸੰਤ ਪਲਟੂ ਸਾਹਿਬ, ਸੰਤ ਦਾਦੂ ਸਾਹਿਬ ਆਦਿ ਮਹਾਂਪੁਰਸ਼ਾਂ ਦੇ ਵਚਨਾਂ ਵਿਚੋਂ ਵੀ ਉਦਾਹਰਨਾਂ ਦੇ ਕੇ ਸੂਫ਼ੀ ਵਿਚਾਰਧਾਰਾ ਪ੍ਰਤੀ ਆਪਣੇ ਵਿਚਾਰਾਂ ਦੀ ਪ੍ਰਪੱਕਤਾ ਨੂੰ ਦ੍ਰਿੜ੍ਹ ਕਰਵਾਇਆ ਹੈ। ਲੇਖਿਕਾ ਨੇ ਪੁਸਤਕ ਵਿਚ ਅਨੇਕਾਂ ਥਾਵਾਂ 'ਤੇ ਓਸ਼ੋ ਰਜਨੀਸ਼ ਵਰਗੇ ਮਹਾਨ ਫਿਲਾਸਫਰ ਦੇ ਅਧਿਆਤਮਿਕ ਗਿਆਨ ਅਤੇ ਦਰਸ਼ਨ ਵਿਚੋਂ ਵੀ ਹਵਾਲੇ ਦਿੱਤੇ ਗਏ ਹਨ। ਅਸਲ ਵਿਚ ਪੁਸਤਕ ਨੂੰ ਪਾਠਕਾਂ ਨੂੰ ਭੇਟ ਕਰਨ ਦਾ ਅਸਲ ਕਾਰਨ ਇਨਸਾਨ ਨੇ ਆਤਮ-ਗਿਆਨ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਹੈ। ਇਸ ਬ੍ਰਹਮ-ਗਿਆਨ ਦੀ ਪ੍ਰਾਪਤੀ ਲਈ ਅਗਵਾਈ ਕੇਵਲ ਬ੍ਰਹਮ-ਗਿਆਨ ਪ੍ਰਾਪਤ ਕਰ ਚੁੱਕੇ ਉਹ ਰਹਿਬਰ ਹੀ ਕਰ ਸਕਦੇ ਹਨ, ਜਿਨ੍ਹਾਂ ਦਾ ਆਪਣਾ ਜੀਵਨ ਰੱਬੀ ਪ੍ਰੇਮ ਦੇ ਰੰਗ ਵਿਚ ਸਰਸ਼ਾਰ ਹੋ ਚੁੱਕਾ ਹੋਵੇ।
ਪੁਸਤਕ ਦੇ ਆਰੰਭ ਵਿਚ ਪ੍ਰਿੰਸੀਪਲ ਗੁਰਚਰਨ ਸਿੰਘ ਤਲਵਾੜਾ ਨੇ ਆਰੰਭਕ ਸ਼ਬਦ ਲਿਖਦਿਆਂ ਲੇਖਿਕਾ ਨੂੰ ਰੂਹਾਨੀਅਤ ਜੀਵਨ ਵਿਚੋਂ ਜਿਹੜਾ ਅਨੁਭਵ ਪ੍ਰਾਪਤ ਹੋਇਆ ਹੈ, ਉਸ ਦਾ ਵਿਸਥਾਰ ਹੀ ਇਹ ਪੁਸਤਕ ਹੈ। ਪੁਸਤਕ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਵਿਚਾਰਾਂ ਨੂੰ ਵਿਸਥਾਰ ਦਿੱਤਾ ਗਿਆ ਹੈ, ਇਨ੍ਹਾਂ ਵੱਖ-ਵੱਖ ਕਾਂਡਾਂ ਵਿਚ 'ਏਕ ਨੂਰ ਸਿਲਸਿਲਾ', 'ਸੂਫ਼ੀਮੱਤ ਅਤੇ ਸੱਚੇ ਸੂਫ਼ੀ', 'ਧਰਮ ਦਾ ਅਸਤਿਤਵ', 'ਪੈਂਤੀ ਅੱਖਰੀ ਵਿਆਖਿਆ', 'ਪੈਂਤੀ ਅੱਖਰੀ ਮੂਲ ਪਾਠ', 'ਅਜੋਕੇ ਸਮੇਂ ਦੀ ਮੰਗ', 'ਕਲਾਮ-ਤਰਸੇਮ ਸਾਈਂ, ਕਲਾਮ-ਲੱਡੂ ਸਾਈਂ ਸ਼ਾਮਿਲ ਕੀਤੇ ਗਏ ਹਨ।

ਭਗਵਾਨ ਸਿੰਘ ਜੌਹਲ
ਮੋ: 98143-24040.

ਚਲਦਾ ਫਿਰਦਾ ਯੰਤਰ-ਮੰਤਰ
(ਜਗੀਰ ਸਿੰਘ ਜਗਤਾਰ)
ਸੰਪਾਦਕ : ਡਾ: ਅਮਰ ਕੋਮਲ, ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 575 ਰੁਪਏ, ਸਫ਼ੇ : 312
ਸੰਪਰਕ : 88376-84173.

ਕੁਝ ਵਿਅਕਤੀ ਵਿਸ਼ੇਸ਼ ਕਿਸੇ ਸੰਸਥਾ ਵਾਂਗ ਵਿਚਰਦੇ ਹੋਏ ਸਾਰਾ ਜੀਵਨ ਸਮਾਜਿਕ ਕਲਿਆਣ ਦੇ ਲੇਖੇ ਲਾ ਦਿੰਦੇ ਹਨ। ਅਣਥੱਕ ਕਾਮੇ ਹੋਣ ਦੇ ਨਾਲ-ਨਾਲ ਇਮਾਨਦਾਰੀ ਤੇ ਵਫ਼ਾਦਾਰੀ ਦਾ ਪੱਲਾ ਫੜੀ ਰੱਖਦੇ ਹਨ। ਸਾਹਿਤ ਸਭਾ ਬਰਨਾਲਾ ਦੀ ਉਪਜ ਜਗੀਰ ਸਿੰਘ ਜਗਤਾਰ ਇਕ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਸਾਹਿਤ ਸਿਰਜਣਾ ਦੇ ਨਾਲ ਰਾਜਸੀ ਸਰਗਰਮੀਆਂ ਵਿਚ ਆਪਣੇ ਫ਼ਰਜ਼ ਨਿਭਾਉਂਦਾ ਹੋਇਆ ਉਹ ਪੱਤਰਕਾਰੀ ਵੱਲ ਕਾਰਜਸ਼ੀਲ ਹੁੰਦਾ ਹੈ। ਜੀਵਨ ਦਾ ਵੱਡਾ ਹਿੱਸਾ ਉਸ ਨੇ ਖੱਬੀ ਧਿਰ ਦੇ ਸਮਰਥਕ ਵਜੋਂ ਜੀਵਿਆ ਹੈ। ਹਰ ਸੰਘਰਸ਼ ਵਿਚ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ ਹੈ। ਇਹ ਪੁਸਤਕ ਉਸ ਦੇ ਸ਼ੁੱਭਚਿੰਤਕਾਂ ਨੇ ਉਸ ਦੀ ਲੰਮੀ ਸਾਧਨਾ ਨੂੰ ਸਮਰਪਿਤ ਕਰਕੇ ਤਿਆਰ ਕੀਤੀ ਹੈ। ਇਸ ਵੱਡ-ਆਕਾਰੀ ਪੁਸਤਕ ਦੇ ਦੋ ਭਾਗ ਹਨ। ਪਹਿਲੇ ਹਿੱਸੇ ਵਿਚ 30 ਦੇ ਕਰੀਬ ਲੇਖਕਾਂ/ਦੋਸਤਾਂ ਨੇ ਉਸ ਦੇ ਆਪਣੀ ਦ੍ਰਿਸ਼ਟੀ ਅਨੁਸਾਰ ਰੇਖਾ ਚਿੱਤਰ ਲਿਖੇ ਹਨ। ਕੁਝ ਵਲੋਂ ਉਸ ਦੇ ਕਾਵਿ-ਚਿੱਤਰ ਵੀ ਉਲੀਕੇ ਗਏ ਹਨ, ਜੋ ਵਧੇਰੇ ਕਰਕੇ ਪ੍ਰਸੰਸਾਮਈ ਹੋ ਨਿਬੜਦੇ ਹਨ। ਦੂਜੇ ਹਿੱਸੇ ਵਿਚ ਉਸ ਦੀ ਪੱਤਰਕਾਰੀ ਅਤੇ ਸਿਰਜਣਾ ਨਾਲ ਕੁਝ ਲੇਖ ਹਨ, ਜਿਨ੍ਹਾਂ ਵਿਚੋਂ ਕੁਝ ਉਸ ਦੇ ਸਮਕਾਲੀ ਪੱਤਰਕਾਰਾਂ ਵਲੋਂ ਲਿਖੇ ਹੋਏ ਹਨ। ਕੁਝ ਵੱਖ-ਵੱਖ ਅਖ਼ਬਾਰਾਂ ਵਿਚ ਛਪੇ ਉਸ ਦੇ ਲੇਖ ਇਕੱਠੇ ਕੀਤੇ ਗਏ ਹਨ। ਸੰਪਾਦਕਾਂ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਕਾਰੀ ਉੱਦਮ ਹੈ। ਸਾਰਾ ਜੀਵਨ ਸਾਹਿਤ ਸੇਵਾ ਅਤੇ ਪੱਤਰਕਾਰੀ ਦੇ ਖੇਤਰ ਵਿਚ ਲਗਾਉਣ ਵਾਲਾ ਜਗੀਰ ਸਿੰਘ ਜਗਤਾਰ ਇਸ ਕਾਰਜ ਦਾ ਹੱਕਦਾਰ ਹੈ। ਸਰਗਰਮ ਰਾਜਨੀਤੀ ਤੋਂ ਅਲੱਗ ਹੋਣਾ ਅਤੇ ਕੇਂਦਰੀ ਸਭਾਵਾਂ ਦੀ ਏਕਤਾ ਸਬੰਧੀ ਕੁਝ ਪ੍ਰਸ਼ਨ ਇਸ ਪੁਸਤਕ ਵਿਚੋਂ ਪ੍ਰਾਪਤ ਨਹੀਂ ਹੁੰਦੇ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਮੈਂ ਸੋਚਦੀ ਹਾਂ...
ਲੇਖਕ : ਪ੍ਰਸ਼ੋਤਮ ਪੱਤੋ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨਜ਼, ਨਿਹਾਲ ਸਿੰਘ ਵਾਲਾ
ਮੁੱਲ : 130 ਰੁਪਏ, ਸਫ਼ੇ : 80
ਸੰਪਰਕ : 98550-38775.

ਮੈਂ ਸੋਚਦੀ ਹਾਂ, ਪ੍ਰਸ਼ੋਤਮ ਪੱਤੋ ਦਾ ਨਵਾਂ ਕਾਵਿ ਸੰਗ੍ਰਿਹ ਹੈ, ਜਿਸ ਵਿਚ ਵੱਖੋ-ਵੱਖ ਵਿਸ਼ਿਆਂ ਨਾਲ ਸਬੰਧਿਤ ਉਸ ਦੀਆਂ 64 ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਕਵਿਤਾਵਾਂ ਵਿਚ ਵਿਭਿੰਨ ਵਸਤੂ ਵਰਤਾਰਿਆਂ ਨੂੰ ਆਪਣੀ ਕਾਵਿਕ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ। ਉਸ ਦੀਆਂ ਇਹ ਸਾਰੀਆਂ ਕਵਿਤਾਵਾਂ ਨਾਰੀ ਦੇ ਦ੍ਰਿਸ਼ਟੀਕੋਣ ਤੋਂ ਲਿਖੀਆਂ ਹੋਈਆਂ ਹਨ, ਜਿਸ ਵਿਚ ਨਾਰੀ ਦੇ ਵਿਭਿੰਨ ਰੂਪਾਂ ਜਿਵੇਂ ਮਾਂ, ਭੈਣ, ਪਤਨੀ, ਪ੍ਰੇਮਿਕਾ ਵਜੋਂ ਉਸ ਦੇ ਅਹਿਸਾਸਾਂ ਨੂੰ ਕਵਿਤਾ ਵਿਚ ਸਿਰਜਿਆ ਹੈ। ਸਭ ਤੋਂ ਪਹਿਲਾਂ ਔਰਤ ਨੂੰ ਇਕ ਮਾਂ ਦੇ ਰੂਪ ਵਿਚ ਚਿਤਰਿਆ ਹੈ। ਮਾਂ ਦੇ ਪਿਆਰ ਨੂੰ ਰੱਬ ਦੇ ਪਿਆਰ ਦੇ ਤੁਲ ਦਰਸਾਇਆ ਗਿਆ ਹੈ।
ਸੱਚਮੁੱਚ ਨਹੀਂ ਹੁੰਦਾ ਫ਼ਰਕ
ਮਾਂ ਤੇ ਰੱਬ ਵਿਚ
ਮਾਂ ਹੀ ਹੈ ਇਕ
ਜੋ ਪੂੰਝਦੀ ਹੈ ਅੱਥਰੂ
ਮਾਂ ਦਾ ਪਿਆਰ ਹੁੰਦਾ ਹੈ
ਪਾਣੀ ਵਾਂਗ ਨਿਰਛਲ ਤੇ ਸੱਚਾ ਸੁੱਚਾ....
ਔਰਤ ਜੀਵਨ ਦੀ ਸਿਰਜਕ ਹੈ। ਉਹ ਹਰ ਰੂਪ ਵਿਚ ਜੀਵਨ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਂਦੀ ਹੈ। ਇਸ ਸੰਗ੍ਰਹਿ ਦੀ ਹਰ ਕਵਿਤਾ ਔਰਤ ਦੇ ਇਸ ਸਿਰਜਨਾਤਮਕ ਰੂਪ ਨੂੰ ਹੀ ਦ੍ਰਿਸ਼ਟੀਗੋਚਰ ਕਰਦੀ ਹੈ
ਮੈਂ ਤੇਰੀ ਖਾਮੋਸ਼ੀ ਨੂੰ ਆਵਾਜ਼ ਦਿੱਤੀ
ਤੇਰੇ ਕਦਮਾਂ ਨੂੰ ਰਾਹ ਦਿੱਤੀ
ਤੇਰੇ ਸਵਾਲਾਂ ਦਾ ਉੱਤਰ ਦਿੱਤਾ
ਤੇਰੇ ਜੀਵਨ ਨੂੰ ਨਾਮ ਦਿੱਤਾ.....
ਨਾਰੀ ਹੋ ਕੇ ਨਾਰੀ ਦੇ ਅਹਿਸਾਸਾਂ ਨੂੰ ਜ਼ਬਾਨ ਦੇਣੀ ਸੌਖਾ ਕੰਮ ਹੈ ਪਰ ਇਕ ਮਰਦ ਹੋ ਕੇ ਨਾਰੀ ਦੇ ਦ੍ਰਿਸ਼ਟੀਕੋਣ ਤੋਂ ਏਨੀਆਂ ਕਵਿਤਾਵਾਂ ਲਿਖਣੀਆਂ ਸੱਚਮੁੱਚ ਇਕ ਵਿਲੱਖਣ ਕੰਮ ਹੈ।

ਡਾ: ਅਮਰਜੀਤ ਕੌਂਕੇ

ਦਸਮੇਸ਼ ਪਿਤਾ ਜੀ ਦੇ ਧਰਮ ਯੁੱਧ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98764-52223.

ਦੁਸ਼ਟ ਦਮਨ, ਮਹਾਨ ਪਰਉਪਕਾਰੀ, ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ, ਇਨਸਾਫ਼, ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੰਤ-ਸਿਪਾਹੀਆਂ ਦੀ ਸਿਰਜਣਾ ਕੀਤੀ। ਆਪ ਜੀ ਨੇ ਲਿਖਿਆ ਕਿ ਜਦੋਂ ਜਰਵਾਣਿਆਂ ਨੂੰ ਸਮਝਾਉਣ ਦੇ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਜਾਇਜ਼ ਹੈ। ਇਸ ਲਈ ਆਪ ਜੀ ਨੂੰ ਬਹੁਤ ਸਾਰੇ ਧਰਮ ਯੁੱਧ ਕਰਨੇ ਪਏ। ਇਨ੍ਹਾਂ ਜੰਗਾਂ ਦਾ ਮਕਸਦ ਜ਼ੁਲਮ ਨੂੰ ਰੋਕਣਾ ਅਤੇ ਮਜ਼ਲੂਮ ਨੂੰ ਬਚਾਉਣਾ ਸੀ। ਸਭ ਤੋਂ ਪਹਿਲੀ ਜੰਗ ਭੰਗਾਣੀ ਵਿਖੇ 15 ਅਪ੍ਰੈਲ, 1687 ਈ: ਨੂੰ ਹੋਈ ਜੋ ਬਾਰਾਂ ਦਿਨ ਚਲਦੀ ਰਹੀ। ਇਸ ਯੁੱਧ ਦਾ ਵਰਨਣ ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਬਚਿੱਤ੍ਰ ਨਾਟਕ ਵਿਚ 38 ਛੰਦਾਂ ਵਿਚ ਕੀਤਾ ਹੈ। ਇਸ ਜੰਗ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਆਪ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਦਾ ਨਾਂਅ ਸ੍ਰੀ ਅਜੀਤ ਸਿੰਘ ਰੱਖਿਆ ਸੀ। ਇਸ ਤੋਂ ਬਾਅਦ ਆਪ ਜੀ ਨੇ ਨਦੌਣ ਦੀ ਜੰਗ ਜਿੱਤੀ। ਰਾਜਾ ਬਲੀਆ ਚੰਦ ਅਤੇ ਆਲਮ ਚੰਦ ਨਾਲ ਯੁੱਧ ਉਪਰੰਤ ਆਪ ਜੀ ਨੇ ਹੁਸੈਨੀ ਯੁੱਧ ਜਿੱਤਿਆ। ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨਾਲ ਆਪ ਜੀ ਦਾ ਸੰਘਰਸ਼ ਚਲਦਾ ਰਿਹਾ। ਸ੍ਰੀ ਅਨੰਦਪੁਰ ਸਾਹਿਬ ਦੀਆਂ ਜੰਗਾਂ, ਨਿਰਮੋਹਗੜ੍ਹ ਦੀ ਲੜਾਈ, ਸਰਸਾ ਕੰਢੇ ਦੀ ਜੰਗ, ਚਮਕੌਰ ਸਾਹਿਬ ਦੀ ਜੰਗ ਵਿਚ ਅਨੇਕਾਂ ਸਿੰਘ ਸੂਰਮੇ ਸ਼ਹੀਦ ਹੋਏ। ਸ੍ਰੀ ਮੁਕਤਸਰ ਸਾਹਿਬ ਦੀ ਜੰਗ ਆਖ਼ਰੀ ਲੜਾਈ ਸੀ ਜਿਸ ਦੀ ਯਾਦ ਵਿਚ ਮਾਘੀ ਦਾ ਪੁਰਬ ਮਨਾਇਆ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਗਿਣਤੀ ਦੇ ਸੂਰਮਿਆਂ ਨਾਲ ਸਾਰੀਆਂ ਜੰਗਾਂ ਵਿਚ ਫ਼ਤਹਿ ਪ੍ਰਾਪਤ ਕਰਕੇ ਵਿਲੱਖਣ ਇਤਿਹਾਸ ਸਿਰਜਿਆ। ਲੇਖਕ ਨੇ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਜੰਗਾਂ ਦਾ ਤਰਤੀਬਵਾਰ ਵਰਨਣ ਬੜੀ ਸੁਚੱਜਤਾ ਨਾਲ ਕੀਤਾ ਹੈ। ਇਹ ਪੁਸਤਕ ਪੜ੍ਹਨਯੋਗ ਹੈ ਜੋ ਸਾਡੀਆਂ ਰਗਾਂ ਵਿਚ ਬੀਰ ਰਸ ਦਾ ਸੰਚਾਰ ਕਰਦੀ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

07-03-2021

ਮਹੱਤਵਪੂਰਨ ਇਤਿਹਾਸਕ ਦਸਤਾਵੇਜ਼
ਭਾਰਤ ਵੰਡ ਵਿਰੋਧੀ ਮੁਸਲਮਾਨ

ਲੇਖਕ : ਸ਼ਮਸੁਲ ਇਸਲਾਮ
ਅਨੁਾ: ਬੂਟਾ ਸਿੰਘ
ਪ੍ਰਕਾਸ਼ਕ : ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਸ.ਭ.ਸ ਨਗਰ
ਮੁੱਲ : 300 ਰੁਪਏ, ਸਫ਼ੇ : 264
ਸੰਪਰਕ : 94634-74342.


ਸ਼ਮਸੁਲ ਇਸਲਾਮ ਦੀ 'ਭਾਰਤ ਵੰਡ ਵਿਰੋਧੀ ਮੁਸਲਮਾਨ' (ਦੇਸ਼-ਪ੍ਰੇਮੀ ਮੁਸਲਮਾਨਾਂ ਦੀ ਅਣਕਹੀ ਦਾਸਤਾਨ) ਅੰਗਰੇਜ਼ੀ ਭਾਸ਼ਾ ਵਿਚ ਛਪੀ ਕਿਤਾਬ ਨੂੰ ਬੂਟਾ ਸਿੰਘ ਦੁਆਰਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ। ਸ਼ਮਸੁਲ ਇਸਲਾਮ ਵਲੋਂ ਹਿੰਦੂਕਾਂਤ ਸ਼ੁਕਲਾ, ਮੁਕੁਲ ਸਿਨਹਾ, ਅਤੀਕ ਸਿੱਦੀਕੀ, ਪ੍ਰਫੁੱਲ ਬਿਦਵਈ, ਆਰ.ਐਮ. ਪਾਲ ਅਤੇ ਗੌਰੀ ਲੰਕੇਸ਼, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਕਾਰਜਾਂ ਨਾਲ ਧਾਰਮਿਕ ਅਸਹਿਣਸ਼ੀਲਤਾ, ਅਨਿਆਂ, ਲੁੱਟ-ਖਸੁੱਟ ਅਤੇ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਈ, ਇਤਿਹਾਸਕ ਸਾਹਿਤ ਦੇ ਅਮੀਰ ਵਿਰਸੇ ਵਿਚ ਯੋਗਦਾਨ ਪਾਇਆ ਹੈ ਅਤੇ ਜ਼ੁਲਮ ਵੀ ਝੱਲੇ ਹਨ।
ਸ਼ਮਸੁਲ ਇਸਲਾਮ ਨੇ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਵਜੋਂ ਦਿੱਲੀ ਯੂਨੀਵਰਸਿਟੀ, ਦਿੱਲੀ ਵਿਖੇ ਸੇਵਾ ਨਿਭਾਈ ਹੈ। ਧਾਰਮਿਕ ਅਸਹਿਣਸ਼ੀਲਤਾ, ਕੱਟੜਤਾ ਅਤੇ ਸਾਮਰਾਜ ਵਿਰੋਧੀ ਉਸ ਦੀਆਂ ਅਨੇਕਾਂ ਲਿਖਤਾਂ ਉਰਦੂ, ਅੰਗਰੇਜ਼ੀ ਅਤੇ ਹਿੰਦੀ ਦੀਆਂ ਅਖ਼ਬਾਰਾਂ ਵਿਚ ਛਪਦੀਆਂ ਹਨ।
ਕਿਤਾਬ ਦਾ ਮੁੱਖਬੰਦ ਡਾ: ਹਰਬੰਸ ਮੁਖੀਆ, ਸੇਵਾ ਮੁਕਤ ਪ੍ਰੋਫ਼ੈਸਰ ਇਤਿਹਾਸ, ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਲੋਂ ਦਲੀਲਾਂ, ਇਤਿਹਾਸਕ ਲਿਖਤਾਂ 'ਤੇ ਆਧਾਰਿਤ ਲਿਖਿਆ ਗਿਆ ਹੈ। ਕਿਤਾਬ 10 ਅਧਿਆਵਾਂ ਭਾਰਤੀ ਮੁਸਲਮਾਨਾਂ ਦੀ ਦੁਚਿੱਤੀ; ਭਾਰਤ ਦੀ ਵੰਡ; ਦੋ-ਕੌਮ ਸਿਧਾਂਤ ਦਾ ਨਤੀਜਾ; ਦੋ ਕੌਮ ਸਿਧਾਂਤ; ਜਨਮ ਅਤੇ ਹਿੰਦੂ-ਮੁਸਲਿਮ ਰੂਪ; ਭਾਰਤ ਦਾ ਸੁਤੰਤਰਤਾ ਸੰਗਰਾਮ 1857; ਦੋ ਕੌਮ ਨਜ਼ਰੀਏ ਨੂੰ ਚੁਣੌਤੀ; ਵੰਡ ਦੇ ਖ਼ਿਲਾਫ਼ ਅੱਲ੍ਹਾਬਖ਼ਸ਼ ਦੀ ਅਗਵਾਈ ਵਿਚ ਮੁਸਲਮਾਨਾਂ ਦਾ ਯੁੱਧ; ਅੱਲ੍ਹਾਬਖ਼ਸ਼ ਦੀ ਹੱਤਿਆ; ਦੇਸ਼ ਪ੍ਰੇਮੀ ਮੁਸਲਮਾਨ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ; ਦੇਸ਼ ਪ੍ਰੇਮੀ ਮੁਸਲਮਾਨਾਂ ਦੀ ਪਾਕਿਸਤਾਨ ਵਿਰੋਧੀ ਉਰਦੂ ਸ਼ਾਇਰੀ ਅਤੇ ਦੇਸ਼ ਪ੍ਰੇਮੀ ਮੁਸਲਮਾਨ ਨਾਕਾਮ ਕਿਉਂ ਰਹੇ 'ਤੇ ਆਧਾਰਿਤ ਹੈ।
ਅੰਗਰੇਜ਼ੀ, ਉਰਦੂ, ਹਿੰਦੀ ਭਾਸ਼ਾਵਾਂ ਦੇ ਮੁਢਲੇ ਸ੍ਰੋਤਾਂ, ਕਿਤਾਬਾਂ, ਅਖ਼ਬਾਰਾਂ, ਸਰਕਾਰੀ ਰਿਪੋਰਟਾਂ, ਗੁਪਤ ਰਿਪੋਰਟਾਂ, ਗ਼ੈਰ-ਸਰਕਾਰੀ ਤੱਥਾਂ, ਅਖ਼ਬਾਰਾਂ, ਮੈਗਜ਼ੀਨਾਂ ਅਤੇ ਨੇਤਾਵਾਂ ਦੀਆਂ ਲਿਖਤਾਂ, ਚੋਣ ਮੈਨੀਫੈਸਟੋਆਂ ਅਤੇ ਹੋਰ ਮਹੱਤਵਪੂਰਨ ਸ੍ਰੋਤਾਂ 'ਤੇ ਆਧਾਰਿਤ ਕਈ ਸਾਲਾਂ ਦੀ ਮਿਹਨਤ ਉਪਰੰਤ ਲਿਖੀ ਗਈ ਇਸ ਕਿਤਾਬ ਨੂੰ ਲੇਖਕ ਵਲੋਂ ਵਿਸ਼ੇ ਨਾਲ ਸਬੰਧਿਤ ਵਿਸ਼ਵ ਪ੍ਰਸਿੱਧ ਵਿਦਵਾਨਾਂ ਡਾ: ਇਸ਼ਤਿਆਕ ਅਹਿਮਦ, ਸਟਾਕਹੋਮ ਯੂਨੀਵਰਸਿਟੀ, ਡਾ: ਰਿਸਰਡ ਬੋਨੀ, ਲੈਸਟਰ ਯੂਨੀਵਰਸਿਟੀ, ਡਾ: ਰਾਮ ਪੁਨਿਆਨੀ, ਮੁੰਬਈ ਅਤੇ ਆਨੰਦ ਪਟਵਰਧਨ ਲੇਖਕ ਅਤੇ ਫ਼ਿਲਮ ਨਿਰਮਾਤਾ ਆਦਿ ਨਾਲ ਡੂੰਘੇ ਵਿਚਾਰ ਵਟਾਂਦਰਿਆਂ ਅਤੇ ਮੁਢਲੇ ਖਰੜੇ 'ਤੇ ਆਧਾਰਿਤ ਸੁਝਾਵਾਂ ਅਨੁਸਾਰ ਪ੍ਰਕਾਸ਼ਿਤ ਕੀਤਾ ਗਿਆ ਹੈ।
ਲੇਖਕ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੀ ਸਥਾਪਨਾ ਅਤੇ 1947 ਵਿਚ ਆਜ਼ਾਦੀ ਉਪਰੰਤ ਆਮ ਧਾਰਨਾ ਅਨੁਸਾਰ ਭਾਰਤ ਵਿਚ ਰਹਿੰਦੇ ਮੁਸਲਮਾਨਾਂ ਦੀ ਮੰਗ ਪਾਕਿਸਤਾਨ ਦੇ ਹੱਕ ਵਿਚ ਸੀ, ਪ੍ਰੰਤੂ ਵਧੇਰੇ ਗਿਣਤੀ ਵਿਚ ਮੁਸਲਮਾਨ ਭਾਰਤ ਦੀ ਵੰਡ ਅਤੇ ਪਾਕਿਸਤਾਨ ਦੇ ਸਥਾਪਨਾ ਦੇ ਉਲਟ ਸਨ। ਰਾਸ਼ਟਰੀ ਭਾਵਨਾ ਤਹਿਤ ਵੱਡੀ ਗਿਣਤੀ ਵਿਚ ਮੁਸਲਮਾਨਾਂ ਦੁਆਰਾ ਭਾਰਤੀ ਰਾਸ਼ਟਰ ਦੀ ਰੱਖਿਆ, ਏਕਤਾ, ਧਾਰਮਿਕ ਸਹਿਣਸ਼ੀਲਤਾ ਤਹਿਤ ਸ਼ਹਾਦਤਾਂ ਦਿੱਤੀਆਂ ਸਨ। ਮੁਸਲਮਾਨਾਂ ਵਲੋਂ ਰਾਸ਼ਟਰੀ ਪੱਧਰ 'ਤੇ ਅਨੇਕਾਂ ਸੰਘਰਸ਼ ਕੀਤੇ ਗਏ, ਜਿਨ੍ਹਾਂ ਦੀ ਗਵਾਹੀ ਸਮਕਾਲੀਨ ਅਖ਼ਬਾਰ ਅਤੇ ਹੋਰ ਤੱਥ ਹਨ। ਆਪਣੀ ਦਲੀਲ ਅਤੇ ਤਰਕ ਦੇ ਹੱਕ ਵਿਚ ਲੇਖਕ ਵਲੋਂ ਅੱਲ੍ਹਾਬਖ਼ਸ਼ ਦਾ ਸੰਘਰਸ਼ ਤੇ ਕਤਲ, ਸ਼ਿਬਲੀ ਨੋਮਾਨੀ, ਹਸਰਤ ਮੋਹਾਨੀ, ਅਸ਼ਫਾਕਉੱਲ੍ਹਾ ਖ਼ਾਨ, ਮੁਖਤਾਰ ਅਹਿਮਦ ਅੰਸਾਰੀ, ਸ਼ੌਕਤਉੱਲ੍ਹਾ ਅੰਸਾਰੀ, ਖ਼ਾਨ ਅਬੁਦੱਲ ਗੱਫ਼ਾਰ ਖ਼ਾਨ, ਸਈਯਦ ਅਬਦੁੱਲ੍ਹਾ, ਬਰੇਲਵੀ, ਖ਼ਵਾਜਾ ਅਬਦੁੱਲ ਮਜੀਦ ਆਦਿ ਦੇ ਪ੍ਰਮੁੱਖ ਕਾਰਜਾਂ ਦਾ ਵੇਰਵਾ ਦਿੱਤਾ ਗਿਆ ਹੈ।
ਜਮਾਅਤ-ਏ-ਉਲਮਾ-ਏ-ਹਿੰਦ, ਮੋਮਿਨ ਕਾਨਫ਼ਰੰਸ, ਮਜਲਿਸ-ਏ-ਅਹਿਰਾਰ-ਏ- ਇਸਲਾਮ, ਆਲ ਪਾਰਟੀਜ਼ ਸ਼ੀਆ ਕਾਨਫ਼ਰੰਸ, ਕ੍ਰਿਸ਼ਕ ਪਰਜਾ ਪਾਰਟੀ, ਬੰਗਾਲ, ਅਹਿਲ-ਏ-ਹਦੀਸ, ਅੰਜੂਮਾਨ-ਏ-ਵਤਨ ਅਤੇ ਹੋਰ ਭਾਰਤੀ ਮੁਸਲਮਾਨਾਂ ਦੀਆਂ ਜਥੇਬੰਦੀਆਂ ਵਲੋਂ ਪਾਕਿਸਤਾਨ ਵਿਰੋਧੀ ਅੰਦੋਲਨਾਂ ਨੂੰ ਤੱਥਾਂ ਤੇ ਮਿਤੀਆਂ 'ਤੇ ਆਧਾਰਿਤ ਵਰਣਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੇਕਾਂ ਮੁਸਲਿਮ ਲੇਖਕਾਂ ਦੀਆਂ ਲਿਖਤਾਂ ਅਤੇ ਉਰਦੂ ਸ਼ਾਇਰੀ ਰਾਹੀਂ ਪਾਕਿਸਤਾਨ ਵਿਰੁੱਧ ਆਵਾਜ਼ ਬਾਰੇ ਵਰਨਣ ਹੈ। ਕੁਝ ਮਹੱਤਵਪੂਰਨ ਸ਼ਮੀਮ ਕਰਹਾਨੀ, ਸਾਗ਼ਰ ਨਿਜ਼ਾਮੀ, ਮੁਨੱਵਰ, ਜ਼ਫ਼ਰ ਅਲੀ ਖ਼ਾਨ, ਮੌਲਵੀ ਵਜਾਹਤ ਹੁਸੈਨ, ਸਲੀਮ ਮੱਛਲੀਸ਼ਹਰੀ, ਉਸਮਾਨ, ਅਸਰਾਰ-ਉਲ-ਹੱਕ ਮਿਜਾਜ਼ ਅਤੇ ਮਾਹਿਰ ਹਨ। ਸ਼ਮਸੁਲ ਇਸਲਾਮ ਦੁਆਰਾ ਆਪਣੇ ਮਿਸ਼ਨ ਵਿਚ ਮੁਸਲਮਾਨਾਂ ਦੀ ਅਸਫਲਤਾ ਬਾਰੇ ਵੀ ਆਲੋਚਨਾਤਮਕ ਮੁਲਾਂਕਣ ਕੀਤਾ ਗਿਆ ਹੈ।
ਹਰਬੰਸ ਮੁਖੀਆ ਅਨੁਸਾਰ 'ਇਹ ਕਿਤਾਬ ਡੂੰਘੀ-ਖੋਜ ਅਤੇ ਕਾਬਿਲੇ-ਤਾਰੀਫ਼ ਲਗਨ ਦੀ ਖੂਬਸੂਰਤ ਮਿਸਾਲ ਹੈ। ਸ਼ਮਸੁਲ ਇਸਲਾਮ ਦਾ ਜਨੂੰਨ ਅਤੇ ਸੁਪਨਾ ਇਕ ਐਸੇ ਸਮਾਜ ਦੀ ਸਿਰਜਣਾ ਹੈ, ਜਿੱਥੇ ਧਰਮ ਕਿਸੇ ਵਿਅਕਤੀ ਅਤੇ ਉਸ ਦੇ ਪੂਜਨੀਕ ਦਾ ਪੂਰੀ ਤਰ੍ਹਾਂ ਨਿੱਜੀ ਮਾਮਲਾ ਹੈ। ਐਸਾ ਸੁਪਨਾ ਜੋ ਅੱਜ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹੈ, ਏਨਾ ਖ਼ਤਰੇ ਵਿਚ ਉਹ ਪਹਿਲਾਂ ਕਦੇ ਨਹੀਂ ਸੀ।' ਸੰਖੇਪ ਵਿਚ ਇਹ ਕਿਤਾਬ ਅੱਜ ਦੇ ਦੌਰ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ ਜਿਸ ਦਾ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਣਾ ਹੋਰ ਵੀ ਸ਼ਲਾਘਾਯੋਗ ਹੈ। ਬੂਟਾ ਸਿੰਘ ਵਲੋਂ ਪੂਰੀ ਮੁਹਾਰਤ, ਮਿਹਨਤ ਅਤੇ ਲਗਨ ਨਾਲ ਅਨੁਵਾਦ ਕੀਤਾ ਗਿਆ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786


ਉਡਣਾ ਸਿੱਖ ਮਿਲਖਾ ਸਿੰਘ

ਲੇਖਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 94
ਸੰਪਰਕ : 98152-43917.


ਮਿਲਖਾ ਸਿੰਘ ਕਿਸੇ ਵੀ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਹ ਉਹ ਭਾਰਤੀ ਅਥਲੀਟ ਹੈ ਜਿਸ ਨੇ ਪੂਰੇ ਸੰਸਾਰ ਵਿਚ ਭਾਰਤੀਆਂ ਦਾ ਨਾਂਅ ਉੱਚਾ ਕੀਤਾ। ਇਸ ਦੇ ਨਾਂਅ ਨਾਲ ਜੁੜਿਆ ਹੋਇਆ 'ਉਡਣਾ ਸਿੱਖ' ਅੱਜ ਵੀ ਪੰਜਾਬੀਆਂ ਲਈ ਬਹੁਤ ਵੱਡੇ ਫ਼ਖ਼ਰ ਵਾਲੀ ਗੱਲ ਹੈ। ਇਸੇ ਹੀ ਭਾਰਤੀ ਖਿਡਾਰੀ ਦੇ ਜੀਵਨ ਅਤੇ ਜੀਵਨ ਵਿਚ ਮਾਰੀਆਂ ਮੱਲਾਂ 'ਤੇ ਝਾਤ ਪੁਆਉਂਦੀ ਪ੍ਰਿੰ: ਸਰਵਣ ਸਿੰਘ ਦੀ ਪੁਸਤਕ 'ਉਡਣਾ ਸਿੰਘ ਮਿਲਖਾ ਸਿੰਘ' ਜ਼ਿਕਰਯੋਗ ਹੈ। ਇਸ ਪੁਸਤਕ ਵਿਚ ਪ੍ਰਿੰ: ਸਰਵਣ ਸਿੰਘ ਨੇ ਜਿਥੇ ਸ: ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਭਾਵਪੂਰਤ ਜਾਣਕਾਰੀ ਪ੍ਰਦਾਨ ਕੀਤੀ ਹੈ, ਉਥੇ ਉਸ ਦੀ ਆਪਣੇ ਈਵੈਂਟ ਪ੍ਰਤੀ ਸਮਰਪਣ ਭਾਵਨਾ ਦਾ ਜ਼ਿਕਰ ਵੀ ਕੀਤਾ ਹੈ। ਲੇਖਕ ਨੇ ਪੁਸਤਕ ਵਿਚ 1947 ਦੀ ਦੇਸ਼ ਵੰਡ ਅਤੇ ਦੇਸ਼ ਵੰਡ ਤੋਂ ਉਪਜੇ ਦੁਖਾਂਤ ਦਾ ਜ਼ਿਕਰ ਵੀ ਛੇੜਿਆ ਹੈ, ਜਿਸ ਦਾ ਸ਼ਿਕਾਰ ਮਿਲਖਾ ਸਿੰਘ ਵੀ ਹੋਇਆ ਅਤੇ ਪਾਕਿਸਤਾਨ ਵਿਚਲੇ ਪਿੰਡ ਗੋਬਿੰਦਪੁਰਾ ਤੋਂ ਬੜੇ ਦੁੱਖ ਝੱਲਦਾ ਹੋਇਆ ਹਿੰਦੁਸਤਾਨ ਪਹੁੰਚਿਆ ਅਤੇ ਆਪਣੀ ਭੈਣ ਨੂੰ ਮਿਲਿਆ। ਭੈਣ ਨੂੰ ਵਾਲੀਆਂ ਦੇਣ ਵਾਲੀ ਘਟਨਾ ਅਤੇ ਹੋਰ ਵੀ ਬਹੁਤ ਸਾਰੀਆਂ ਭਾਵੁਕ ਘਟਨਾਵਾਂ ਨੂੰ ਪ੍ਰਿੰ: ਸਰਵਣ ਸਿੰਘ ਨੇ ਬੜੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਪ੍ਰਿੰ: ਸਰਵਣ ਸਿੰਘ ਨੇ ਇਸ ਪੁਸਤਕ ਵਿਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ 'ਫਲਾਈਂਗ ਸਿੱਖ' ਦਾ ਖ਼ਿਤਾਬ ਉਸ ਨੂੰ ਲਾਹੌਰ ਵਿਖੇ 200 ਮੀਟਰ ਦੌੜ ਜਿੱਤਣ ਤੋਂ ਬਾਅਦ ਪ੍ਰਾਪਤ ਹੋਇਆ ਸੀ। ਬਹੁਤੇ ਪਾਠਕ ਇਸ ਜਾਣਕਾਰੀ ਤੋਂ ਵਾਂਝੇ ਸਨ ਭਾਵੇਂ ਖਿਤਾਬ ਬਾਰੇ ਸਭ ਜਾਣਦੇ ਸਨ। ਇਸੇ ਤਰ੍ਹਾਂ ਲੇਖਕ ਨੇ ਪੁਸਤਕ ਵਿਚ ਮਿਲਖਾ ਸਿੰਘ ਦੁਆਰਾ ਕੀਤੀ ਮਿਹਨਤ ਨੂੰ ਵੀ ਬਹੁਤ ਹੀ ਸ਼ਾਨਦਾਰ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਕਿਤੇ-ਕਿਤੇ ਆਪਣੀ ਭਾਸ਼ਾ ਨੂੰ ਹਾਸਰਸ ਵਿਚ ਰੰਗ ਕੇ ਵਾਰਤਕ ਨੂੰ ਸੁਆਦਲੀ ਵੀ ਬਣਾਇਆ ਹੈ। ਜਿਵੇਂ ਮਿਲਖਾ ਸਿੰਘ ਦੇ ਘਰ ਚੋਰ ਆਉਣ ਵਾਲੀ ਘਟਨਾ ਦਾ ਜ਼ਿਕਰ ਹੈ। ਪ੍ਰਿੰ: ਸਰਵਣ ਸਿੰਘ ਦੀ ਇਹ ਵਿਸ਼ੇਸ਼ਤਾ ਹੈ ਕਿ ਜਦੋਂ ਉਹ ਮਿਲਖਾ ਸਿੰਘ ਦੇ ਕਿਸੇ ਦੌੜ ਮੁਕਾਬਲੇ ਦਾ ਜ਼ਿਕਰ ਕਰਦਾ ਹੈ ਤਾਂ ਅੱਖਾਂ ਸਾਹਮਣੇ ਦ੍ਰਿਸ਼ ਹੀ ਪੇਸ਼ ਕਰ ਜਾਂਦਾ ਹੈ। ਇਹ ਦ੍ਰਿਸ਼ ਭਾਵੇਂ ਰੋਮ ਉਲੰਪਿਕ ਵਾਲਾ ਹੋਵੇ ਜਾਂ ਅਬਦੁੱਲ ਖਾਲਿਕ ਨਾਲ ਮੁਕਾਬਲੇ ਦਾ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਗੀਤ ਰਹਿਣਗੇ ਕੋਲ

ਲੇਖਕ : ਬਿੱਕਰ ਬਾਈ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95011-45039.


'ਗੀਤ ਰਹਿਣਗੇ ਕੋਲ' ਬਿੱਕਰ ਬਾਈ ਦਾ ਪਲੇਠਾ ਗੀਤ-ਸੰਗ੍ਰਹਿ ਹੈ। ਉਂਜ ਉਹ ਇਸ ਤੋਂ ਪਹਿਲਾਂ ਵੀ 'ਬੋਲ ਪਏ ਅਲਫਾਜ਼' ਕਾਵਿ-ਸੰਗ੍ਰਹਿ ਪੰਜਾਬੀ ਕਾਵਿ-ਜਗਤ ਨੂੰ ਦੇ ਚੁੱਕਿਆ ਹੈ। ਪੰਜਾਬੀ ਕਾਵਿ-ਜਗਤ 'ਚ 'ਗੀਤ' ਦੀ ਆਪਣੀ ਨਿਵੇਕਲੀ ਪਛਾਣ ਰਹੀ ਹੈ, ਪ੍ਰੰਤੂ ਪਦਾਰਥਕ ਚਕਾਚੌਂਧ 'ਚ ਬਹੁਤੇ ਗੀਤਕਾਰਾਂ ਨੇ ਇਸ ਦੀ ਚਮਕ ਨੂੰ ਬੇਸ਼ੱਕ ਫਿੱਕਾ ਪਾਇਆ ਹੈ ਪ੍ਰੰਤੂ ਬਿੱਕਰ ਬਾਈ ਵਰਗੇ ਹੋਰ ਅਨੇਕਾਂ ਗੀਤਕਾਰਾਂ, ਗਾਇਕਾਂ ਨੇ ਇਸ ਦੀ ਆਭਾ ਬਣਾਈ ਰੱਖੀ ਹੈ। ਇਸ ਗੀਤ-ਸੰਗ੍ਰਹਿ ਵਿਚ 75 ਗੀਤ ਅਤੇ ਕੁਝ ਟੱਪੇ ਹਨ। ਇਸ ਸੰਗ੍ਰਹਿ ਦੇ ਆਪਣੇ ਵਲੋਂ ਕਹੇ ਇਹ ਬੋਲ, ਬਿੱਕਰ ਬਾਈ ਦੇ ਉਸ ਦੇ ਗੀਤਾਂ ਦੀ ਅੰਦਰੂਨੀ ਸੁਰ ਨੂੰ ਸਮਝਣ 'ਚ ਸਹਾਇਕ ਸਿੱਧ ਹੋਣਗੇ : ਮੇਰੇ ਗੀਤ ਵੀ ਮੇਰੇ ਸੁਭਾਅ ਦੀ ਤਰਜਮਾਨੀ ਕਰਦੇ ਹਨ। ਮੈਂ ਜ਼ਿੰਦਗੀ ਦੇ ਸੰਘਰਸ਼ ਵਿਚ ਸ਼ਬਦ ਸਾਧਨਾ ਜਾਰੀ ਰੱਖੀ। ਹਰ ਹਾਲ ਵਿਚ ਹਰ ਮੋੜ 'ਤੇ ਗੀਤ ਲਿਖੇ ਅਤੇ ਗੁਣਗੁਣਾਏ ਹਨ। ਗੀਤ ਮੇਰਾ ਇਸ਼ਕ ਹਨ, ਗੀਤ ਮੇਰੀਆਂ ਧੜਕਣਾਂ ਵਿਚ ਹੁੰਦੇ ਹਨ। ਆਪਣੇ ਸੱਚੇ-ਸੁੱਚੇ ਦਿਲ ਅਤੇ ਸਾਂਝੀਵਾਲਤਾ ਵਾਲੀ ਸੋਚ ਵਿਚੋਂ ਹੀ ਇਨ੍ਹਾਂ ਦੀ ਪੈਦਾਇਸ਼ ਹੋਈ ਹੈ। ਇਸ ਕਥਨ ਰਾਹੀਂ ਇਨ੍ਹਾਂ ਗੀਤਾਂ ਵਿਚ ਅਸੀਂ ਮਨੁੱਖੀ ਇੱਛਾਵਾਂ ਦੀ ਪਰਛਾਈਂ ਦੇਖ ਸਕਦੇ ਹਾਂ। ਇਹ ਗੀਤ ਦੁੱਖ-ਸੁੱਖ, ਵੰਡੀਆਂ 'ਚ ਵੰਡੇ ਸੰਸਾਰ, ਨਸ਼ਿਆਂ 'ਚ ਗਲਤਾਨ ਜਵਾਨੀ, ਹਥਿਆਰਾਂ ਦੀ ਬੇਕਿਰਕ ਦੌੜ, ਰਿਸ਼ਤਿਆਂ 'ਚ ਟੁੱਟ-ਭੱਜ, ਅਸਾਵੀਂ ਜ਼ਿੰਦਗੀ ਦੀਆਂ ਅਨੇਕਾਂ ਪਰਤਾਂ ਨੂੰ ਪਰਤ-ਦਰ-ਪਰਤ ਫਰੋਲਦੇ ਨਜ਼ਰ ਆਉਂਦੇ ਹਨ। ਗੀਤ ਮਹਿਜ਼ ਮਨੋਰੰਜਨ ਦਾ ਵਸੀਲਾ ਹੀ ਨਹੀਂ ਹਨ, ਸਗੋਂ ਸੁਚੱਜੀ ਜ਼ਿੰਦਗੀ ਦੀ ਤਲਾਸ਼ 'ਚ ਨਿਕਲੇ ਰਾਹੀਆਂ ਲਈ ਮੰਜ਼ਿਲ ਦਾ ਸਿਰਨਾਵਾਂ ਵੀ ਹਨ। 'ਉਡੀਕ' ਦੀ ਆਸਵੰਦੀ ਸੋਚ ਦਾ ਪ੍ਰਗਟਾ ਵੀ ਹੈ :
ਪੱਖੀਆਂ ਪੱਖੀਆਂ
ਮੈਂ ਤੇਰੀਆਂ ਰਾਹਾਂ ਤੱਕ ਤੱਕ ਥੱਕੀ ਆਂ
ਨਾ ਮੋੜ ਜਾਵੀਂ ਮੇਰੇ ਤੋਂ ਅੱਖੀਆਂ
ਵੇ ਮੈਂ ਆਸਾਂ ਤੇਰੇ 'ਤੇ ਰੱਖੀਆਂ।
ਸੰਗੀਤਕ ਭਾਸ਼ਾ ਨਾਲ ਕਾਵਿ-ਪਾਤਰਾਂ ਦੀ ਮਨੋਦਸ਼ਾ ਬਿਆਨ ਕਰਦੇ ਇਹ ਗੀਤ, ਸੁਚੱਜੀ ਗਾਇਕੀ ਅਤੇ ਗੀਤਕਾਰੀ ਦੀ ਦੱਸ ਪਾਉਂਦਾ ਬਿੱਕਰ ਬਾਈ ਦਾ ਇਹ ਗੀਤ-ਸੰਗ੍ਰਹਿ ਨਵੀਂ ਆਸ ਜਗਾਉਂਦਾ ਹੈ। ਆਮੀਨ!


-ਸੰਧੂ ਵਰਿਅਆਣਵੀ (ਪ੍ਰੋ:)
ਮੋ: 098786-14096


ਛੂਹ ਕੇ ਲੰਘਦੀ ਸ਼ਾਮ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 95011-45039.


ਪਰਮਿੰਦਰ ਸੋਢੀ ਜਾਪਾਨ ਵਿਚ ਵਸਦਾ ਸੂਖਮ ਭਾਵੀ ਪੰਜਾਬੀ ਕਵੀ ਹੈ, ਜੋ ਕਵਿਤਾ ਦਾ ਜਾਣਿਆ-ਪਛਾਣਿਆ ਨਾਂਅ ਹੈ। ਇਹ ਉਸ ਦੀਆਂ ਨਿੱਕੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਦੀ ਸ਼ੁਰੂਆਤ ਵਿਚ ਹੀ ਉਸ ਨੇ ਲਿਖਿਆ ਹੈ :
ਛੂਹ ਕੇ ਲੰਘਦੀ ਸ਼ਾਮ
ਖਾਲੀ ਖਾਲੀ ਕਿਸ਼ਤੀ
ਝੀਲ 'ਚ ਬੈਠੇ ਤਾਰੇ
ਛਾਤੀ 'ਚ ਕੰਬਦਾ ਦਿਨ
ਵਣ ਦੇਵ ਕਿਸ ਲਈ ਗਾਵੇ
ਤੂੰ ਹੀ ਦੱਸ...
ਪ੍ਰਕਿਰਤੀ ਦੇ ਮੰਜ਼ਰ ਨੂੰ ਕਵਿਤਾ ਵਿਚ ਢਾਲਣ ਦਾ ਅਜਿਹਾ ਵਿਲੱਖਣ ਅੰਦਾਜ਼ ਪੰਜਾਬੀ ਕਵਿਤਾ ਵਿਚ ਬਹੁਤ ਵਿਰਲਾ ਹੈ-ਝੀਲ, ਕਿਸ਼ਤੀ, ਤਾਰੇ, ਦਿਨ, ਗਾਇਨ-ਅਜਿਹੇ ਸ਼ਬਦ ਅਤੇ ਸੰਕਲਪ ਹਨ ਜਿਹੜੇ ਕਾਵਿ ਜੜਤ ਰਾਹੀਂ ਜੀਵਨ ਦਰਸ਼ਨ ਦੇ ਅਨੇਕ ਵਿਸਥਾਰ ਉਜਾਗਰ ਕਰਦੇ ਹਨ। ਕਵੀ ਦੀ ਕਲਪਨਾ ਚੌਗਿਰਦੇ ਦੇ ਸੱਚ ਨਾਲ ਮਿਚਦੀ ਹੈ ਤਾਂ ਕਾਵਿ-ਮਨ ਵਿਚਲਿਤ ਹੋ ਉੱਠਦਾ ਹੈ। ਕਵਿਤਾ ਦੀ ਸਿਰਜਣਾ ਅਜਿਹੇ ਸੁਮੇਲ ਦਾ ਹੀ ਹਾਸਲ ਹੁੰਦੀ ਹੈ। ਭਾਵਾਂ ਦੀ ਅਮੀਰੀ ਅਤੇ ਅਹਿਸਾਸ ਦੀ ਤੀਬਰਤਾ ਇਸ ਨੂੰ ਚਰਮ ਤੱਕ ਲੈ ਜਾਂਦੀ ਹੈ
ਕਿਸੇ ਟੁੱਟਦੇ ਤਾਰੇ ਵਾਂਗ
ਜ਼ਿੰਦਗੀ ਦੂਰ ਕਿਤੇ
ਪੱਲ ਛਿਣ ਝਿਲਮਿਲਾਏਗੀ
ਟੁਟਦੇ ਤਾਰੇ ਨੂੰ ਅਸੀਂ
ਅਕਾਸ਼ ਦੇ ਹਨੇਰਿਆਂ 'ਚ
ਲੋਪ ਹੁੰਦੇ ਦੇਖਾਂਗੇ
ਸਾਨੂੰ ਲੋਪ ਹੁੰਦਿਆਂ
ਕੌਣ ਦੇਖੇਗਾ! (ਪੰਨਾ 11)
ਤਾਰੇ ਦੇ ਬਿੰਬ ਰਾਹੀਂ ਵਿਅਕਤੀ ਨੂੰ ਪਰਿਭਾਸ਼ਤ ਕਰਨ ਅਤੇ ਜੀਵਨ ਦੇ ਖਿਲਾਰੇ ਨੂੰ ਆਕਾਸ਼ ਦੇ ਬਿੰਬ ਰਾਹੀਂ ਵੇਖਣ ਦਾ ਕਾਵਿਕ ਅੰਦਾਜ਼ ਹੌਲੀ-ਹੌਲੀ ਬੀਤ ਜਾਣ ਦਾ ਆਭਾਸ ਸਿਰਜਦਾ ਹੈ, ਜਿਸ ਵਿਚ ਸਦੀਆਂ ਦੀ ਸਦੀਵਤਾ ਅਤੇ ਫਾਸਲਿਆਂ ਦੀ ਹੋਂਦ ਵਿਦਮਾਨ ਹੈ।
ਇਸ ਸੰਗ੍ਰਹਿ ਦੀਆਂ-ਪਿਆਰ ਹੈ, ਰਾਤ 'ਚ ਡੁੱਬਦੀ ਝੀਲ, ਤੇਰਾ ਹੋਣਾ, ਚੁੱਪ, ਮੇਰੀ ਸੁਣ, ਬ੍ਰਹਮ ਤੱਤ, ਇਕੱਲੇ ਜਾਗਣਾ ਅਜਿਹੀਆਂ ਕਵਿਤਾਵਾਂ ਹਨ ਜੋ ਗਹਿਰੇ ਸੂਖਮ ਮਾਨਵੀ ਅਹਿਸਾਸਾਂ ਨੂੰ ਅਤਿ ਸੂਖ਼ਮ ਕਾਵਿ ਅਹਿਸਾਸ ਵਿਚ ਸਿਰਜ ਕੇ ਅਦਭੁੱਤ ਅਨੰਦ ਦਿੰਦੀਆਂ ਹਨ। ਇਸ ਅਨੰਦ ਦੀ ਆਮਦ ਆਹਟ ਵਿਹੂਣੀ ਹੈ-ਅਛੋਪਲੇ ਜਿਹੇ ਅੰਦਰ ਪ੍ਰਵੇਸ਼ ਕਰਨ ਵਾਲੀ। ਸੋਢੀ ਦਾ ਇਹ ਅੰਦਾਜ਼ ਕਵਿਤਾ ਨੂੰ ਸਹਿਜ ਬਣਾਉਂਦਾ ਹੈ-ਉੱਚ ਬੋਲੜੀ ਅਤੇ ਵਿਚਾਰ-ਉਤੇਜਿਕ ਕਵਿਤਾ ਦੇ ਸਮਾਨੰਤਰ ਵਿਚਰਦੀ ਸ਼ੁੱਧ ਕਵਿਤਾ ਨਾਲ ਇਸ ਦੀ ਸੁਰ ਮੇਲਦਾ ਹੈ। ਸਥਿਤੀਆਂ ਦੇ ਗਹਿਨ ਵਿਚ ਪਈ ਵਿਸ਼ਾਲਤਾ ਨੂੰ ਸ਼ਬਦ ਦਿੰਦਾ ਹੈ ਤੇ ਪ੍ਰਸਥਿਤੀਆਂ ਨੂੰ ਕਵਿਤਾ ਬਣਾਉਂਦਾ ਹੈ। ਨਵੀਂ ਪੰਜਾਬੀ ਕਵਿਤਾ ਦੇ ਪਾਠਕਾਂ ਲਈ ਅਜਿਹੀ ਕਵਿਤਾ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ-'ਛੂਹ ਕੇ ਲੰਘਦੀ ਸ਼ਾਮ' ਦੀ ਕਵਿਤਾ ਨਵੇਂ ਕਾਵਿ ਪਾਠਕਾਂ ਦੀਆਂ ਅੰਤਰੀਵੀ ਭਾਵਨਾਵਾਂ ਨੂੰ ਛੂਹਣ ਦੀ ਸਮਰੱਥਾ ਰੱਖਦੀ ਹੈ। ਇਹੀ ਇਸ ਦਾ ਹਾਸਲ ਹੈ।


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.


ਟਹਿਣੀ ਟਹਿਣੀ ਰਾਗ
ਲੇਖਕ: ਦਵਿੰਦਰ ਸਿੰਘ ਪੂਨੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 95011-45039.


ਪੰਜਾਬੀ ਸਾਹਿਤ ਦੀ ਦੁਨੀਆ ਵਿਚ ਦਵਿੰਦਰ ਸਿੰਘ ਪੂਨੀਆ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ। 'ਟਹਿਣੀ ਟਹਿਣੀ ਰਾਗ' ਤੋਂ ਪਹਿਲਾਂ ਉਨ੍ਹਾਂ ਦੀਆਂ ਪੌਣੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਵਿਲੱਖਣਤਾ ਹੈ ਕਿ ਉਹ ਸਿਰਫ਼ ਦਿਖਾਈ ਦਿੰਦੇ ਸੱਚ ਨੂੰ ਹੀ ਨਹੀਂ ਦੇਖਦੇ ਬਲਕਿ ਅਣਦਿਸਦੇ ਯਥਾਰਥ ਨੂੰ ਸਮਝਣ ਦੀ ਸਮਰੱਥਾ ਵੀ ਰੱਖਦੇ ਹਨ। ਜੰਨਤਾਂ ਅਤੇ ਦੋਜ਼ਖ਼ਾਂ ਦੀ ਇਸ ਸਵੈ-ਇੱਛਤ ਸਿਰਜਣਾ ਪਿੱਛੇ ਕਾਰਜਸ਼ੀਲ ਵਰਤਾਰੇ ਸਬੰਧੀ ਵੀ ਉਹ ਬੜੀ ਸੂਖ਼ਮ ਸੂਝ ਰੱਖਦੇ ਹਨ-
ਵੇਖ ਸਕਦਾ ਹਾਂ ਮੈਂ ਜੰਨਤ ਅਤੇ ਦੋਜ਼ਖ਼ ਅਕਸਰ,
ਆਪਣੇ ਅੰਦਰ ਹੀ ਤਾਂ ਦੋਹਾਂ ਨੂੰ ਵਸਾਇਆ ਹੋਇਆ।
ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਆਪਣੇ ਅਤੇ ਆਪਣੇ ਆਲੇ-ਦੁਆਲੇ ਸਬੰਧੀ ਤਰ੍ਹਾਂ-ਤਰ੍ਹਾਂ ਦੇ ਭਰਮ ਪਾਲ ਬਹਿੰਦਾ ਹੈ। ਫਿਰ ਉਨ੍ਹਾਂ ਆਪੇ ਪਾਲੇ ਹੋਏ ਭਰਮਾਂ ਦੇ ਏਨਾ ਅਧੀਨ ਹੋ ਜਾਂਦਾ ਹੈ ਕਿ ਹਰ ਹਾਲਤ ਵਿਚ ਉਨ੍ਹਾਂ ਨੂੰ ਬਣਾਈ ਰੱਖਣਾ ਚਾਹੁੰਦਾ ਹੈ ਅਤੇ ਉਨ੍ਹਾਂ ਬਾਰੇ ਕੋਈ ਕਿੰਤੂ-ਪ੍ਰੰਤੂ ਵੀ ਸੁਣਨਾ ਪਸੰਦ ਨਹੀਂ ਕਰਦਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਵਿਚ ਹੋ ਰਹੇ ਬਹੁਤੇ ਦੰਗੇ-ਫ਼ਸਾਦਾਂ ਦੀ ਜੜ੍ਹ ਅਜਿਹੇ ਲੋਕਾਂ ਦੇ ਪਾਲੇ ਹੋਏ ਅਜਿਹੇ ਭਰਮ ਹੀ ਦਿਖਾਈ ਦਿੰਦੇ ਹਨ-
ਸੋਚਦਾ ਹਾਂ ਮੈਂ ਵੀ ਤਾਂ ਭਰਮਾਂ ਦਾ ਹੀ ਗੱਠਜੋੜ ਹਾਂ,
ਇਸ ਬਿਨਾਂ ਕਿਸ ਸੱਚ 'ਤੇ ਮੇਰਾ ਕੋਈ ਹੱਕ ਹੋ ਗਿਆ।
ਭਾਵੇਂ ਦਵਿੰਦਰ ਸਿੰਘ ਪੂਨੀਆ ਦੀ ਇਸ ਪੁਸਤਕ ਦਾ ਵੱਡਾ ਹਿੱਸਾ ਗ਼ਜ਼ਲਾਂ ਨਾਲ ਹੀ ਸ਼ਿੰਗਾਰਿਆ ਹੋਇਆ ਹੈ ਪਰ ਅੰਤਲੇ ਕੁਝ ਪੰਨਿਆਂ ਉੱਤੇ ਆਪਣੀਆਂ ਗ਼ਜ਼ਲਾਂ ਵਾਂਗ ਹੀ ਖ਼ੂਬਸੂਰਤ ਤ੍ਰਿਵੈਣੀਆਂ ਅਤੇ ਦੋਹੇ ਵੀ ਸ਼ਾਮਿਲ ਕੀਤੇ ਗਏ ਹਨ। ਬੇਸ਼ੁਮਾਰ ਸ਼ਬਦ ਭੰਡਾਰ ਦੇ ਨਾਲ-ਨਾਲ ਵੰਨ-ਸਵੰਨੇ ਵਿਸ਼ਿਆਂ ਦੀ ਵੀ ਉਨ੍ਹਾਂ ਕੋਲ ਕੋਈ ਘਾਟ ਨਹੀਂ ਰੜਕਦੀ। ਕੁਰਾਹੇ ਪਈਆਂ ਸਾਹਿਤ ਸਭਾਵਾਂ ਨੂੰ ਆਪਣੀ ਅਸਲੀ ਭੂਮਿਕਾ ਵਿਚ ਯਤਨਸ਼ੀਲ ਦੇਖਣ ਦਾ ਉਨ੍ਹਾਂ ਦਾ ਕਲਿਆਣਕਾਰੀ ਸੁਪਨਾ ਵੀ ਬੇਹੱਦ ਸ਼ਲਾਘਾਯੋਗ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਮਾਲੀ ਹੱਥ ਪਨੀਰੀ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 224
ਸੰਪਰਕ : 62802-58057.


ਚਰਚਾ ਅਧੀਨ ਪੁਸਤਕ 'ਮਾਲੀ ਹੱਥ ਪਨੀਰੀ', ਛੋਟੇ ਅਤੇ ਔਸਤ ਆਕਾਰ ਦੇ ਸਾਦ ਮੁਰਾਦੇ 58 ਲੇਖਾਂ ਅਤੇ 25 ਬਾਲ ਕਵਿਤਾਵਾਂ ਦਾ ਸੰਗ੍ਰਹਿ ਹੈ। ਲੇਖ ਅਤੇ ਕਵਿਤਾਵਾਂ ਐਨੀਆਂ ਸਰਲ ਭਾਸ਼ਾ ਵਿਚ ਹਨ ਕਿ ਬਾਲ ਮਨਾਂ ਅਤੇ ਆਮ ਪਾਠਕਾਂ ਨਾਲ ਝੱਟ ਰਾਬਤਾ ਕਾਇਮ ਕਰ ਲੈਂਦੀਆਂ ਹਨ। ਸਚਿਆਰੀ ਜੀਵਨ-ਜਾਚ ਦਾ ਸੁਨੇਹਾ ਦੇ ਰਹੀਆਂ ਹਨ। ਲੇਖਕ ਨੱਬੇ ਸਾਲਾਂ ਦਾ ਤੰਦਰੁਸਤ, ਅਨੁਭਵੀ ਅਤੇ ਮਾਣਯੋਗ ਇਨਸਾਨ ਹੈ। ਇਕਵੰਜਾ ਸਾਲ ਉਸਨੇ ਬੱਚਿਆਂ ਨੂੰ ਪੜ੍ਹਾਉਣ ਦੇ ਲੇਖੇ ਲਗਾਏਹਨ। ਇਹ ਤਜਰਬਾ ਉਸ ਦੇ ਸਿਰਜੇ ਨਿਬੰਧਾਂ ਅਤੇ ਕਵਿਤਾਵਾਂ ਵਿਚ ਥਾਂ-ਥਾਂ ਸਿਆਣਪਾਂ, ਨਸੀਹਤਾਂ, ਪ੍ਰੇਰਨਾ, ਸਾਵਧਾਨੀਆਂ, ਸਲਾਹਾਂ-ਮਸ਼ਵਰੇ ਬਣ ਕੇ, ਪਾਠਕਾਂ ਨਾਲ ਗੱਲਾਂ ਕਰਦਾ ਪ੍ਰਤੀਤ ਹੁੰਦਾ ਹੈ। ਇਸ ਪੁਸਤਕ ਵਿਚਲੇ ਨਿਬੰਧਾਂ ਦੇ ਵਿਸ਼ੇ ਜ਼ਿਆਦਾਤਰ ਸਿੱਖਿਆ ਪ੍ਰਬੰਧ, ਸਕੂਲ ਵਿਚ ਪੜ੍ਹਨ ਦੇ ਨਾਲ ਹੋਰ ਸਰਗਰਮੀਆਂ, ਰੱਦੀ ਕਾਗ਼ਜ਼ ਗੱਤਿਆਂ ਤੋਂ ਉਪਯੋਗੀ ਸਾਮਾਨ ਤਿਆਰ ਕਰਨਾ, ਨਵੇਂ ਸਾਲ ਦੇ ਕਾਰਡ ਘਰੇ ਤਿਆਰ ਕਰਨੇ, ਕਿਤਾਬਾਂ ਪੜ੍ਹਨ ਦੀ ਆਦਤ, ਬਾਲ ਸਭਾ, ਭਾਰੀ ਬਸਤਾ, ਸੁੰਦਰ ਲਿਖਾਈ, ਬੁਝਾਰਤਾਂ ਬੁੱਝਣਾ, ਕਿਆਰੀ 'ਚ ਪੌਦੇ ਲਾਉਣੇ, ਮਾਟੋ ਲਿਖਣੇ, ਸਾਈਕਲ ਦੀ ਦੇਖਭਾਲ, ਡਿਕਸ਼ਨਰੀ ਦੀ ਵਰਤੋਂ, ਆਟੋਗ੍ਰਾਫ਼ ਲੈਣਾ, ਸਕੂਲ ਵਿਚ ਸ਼ੀਸ਼ਾ, ਪ੍ਰਸੰਸਾ ਦਾ ਅਸਰ ਆਦਿ ਹਨ। ਵੰਨ-ਸੁਵੰਨੇ ਨਿਬੰਧ ਛੋਟੇ ਹੋ ਕੇ ਵੀ ਵੱਡਾ ਸੁਨੇਹਾ ਦਿੰਦੇ ਜਾਪਦੇ ਹਨ। 'ਕੌਣ ਮੱਥੇ ਲੱਗਾ' ਅਤੇ 'ਰੱਬ ਜੀ ਦਾ ਸਿਰਨਾਵਾਂ' ਰਾਹੀਂ ਉਹ ਫੋਕੇ ਵਹਿਮਾਂ-ਭਰਮਾਂ ਅਤੇ ਅਖੌਤੀ ਧਾਰਮਿਕ ਲੋਕਾਂ ਦੀਆਂ ਨਿਰਾਧਾਰ ਸਰਗਰਮੀਆਂ ਤੋਂ ਪਰਦਾ ਹਟਾਉਂਦਾ ਹੈ। ਇਸ ਪੁਸਤਕ ਵਿਚ ਮੋਗੇ ਦਾ ਕਰੀਬ ਇਕ ਸਦੀ ਦਾ ਇਤਿਹਾਸ ਦਰਜ ਹੈ। ਪੁਰਾਣੇ ਮੋਗੇ ਅਤੇ ਨਵੇਂ ਮੋਗੇ ਦੀ ਕਹਾਣੀ ਕਾਫੀ ਦਿਲਚਸਪ ਹੈ। ਸਾਡੀਆਂ ਰਹੁ-ਰੀਤਾਂ ਅਤੇ ਸੱਭਿਆਚਾਰ ਦੀ ਬੇਸ਼ਕੀਮਤੀ ਜਾਣਕਾਰੀ ਵੀ ਇਸ ਪੁਸਤਕ 'ਚ ਸ਼ਾਮਿਲ ਹੈ। ਮਸਲਨ ਖੂਹ ਕਿਵੇਂ ਲਗਾਉਂਦੇ ਹਨ? ਚੱਕ ਉਤਾਰਨ ਵੇਲੇ ਕੀਤੇ ਜਾਂਦੇ ਰਸਮ-ਰਿਵਾਜ ਅਤੇ ਗਾਏ ਜਾਂਦੇ ਗੀਤ ਪਾਠਕਾਂ ਲਈ ਨਵੀਂ ਜਾਣਕਾਰੀ ਹੈ। ਇਸ ਪੁਸਤਕ ਦੇ 'ਚੰਦ ਮਾਮਾ ਕਿਵੇਂ ਬਣਿਆ', 'ਨੋਬਲ ਪੁਰਸਕਾਰ' ਆਦਿ ਲੇਖਾਂ ਵਿਚ ਬੱਚਿਆਂ ਲਈ ਵਿਗਿਆਨਕ ਜਾਣਕਾਰੀ ਵੀ ਉਪਲਬਧ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਕੂਲੀ ਬੱਚਿਆਂ ਲਈ ਬੜੀ ਉਪਯੋਗੀ ਪੁਸਤਕ ਹੈ। ਲੇਖਕ ਨੇ ਆਪਣੀ ਜ਼ਿੰਦਗੀ ਦੇ ਨੌਂ ਦਹਾਕਿਆਂ ਵਿਚ ਜੋ ਅਨੁਭਵਾਂ ਦੀ ਖੱਟੀ ਖੱਟੀ ਹੈ, ਉਹ ਪੋਟਲੀ ਵਿਚ ਬੰਨ੍ਹ ਕੇ ਇਸ ਪੁਸਤਕਰਾਹੀਂ ਪਾਠਕਾਂ ਨੂੰ ਸੌਂਪ ਦਿੱਤੀ ਹੈ। ਮੈਂ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਉਹ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ।


-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686.

06-03-2021

 ਭਾਰਤ ਦੇ ਸਿਰਤਾਜ
ਲੇਖਕ : ਡਾ: ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 121
ਸੰਪਰਕ : 099588-31357.

'ਭਾਰਤ ਦੇ ਸਿਰਤਾਜ' ਦੇਸ਼ ਭਗਤਾਂ, ਕ੍ਰਾਂਤੀਕਾਰੀਆਂ ਅਤੇ ਯੋਧਿਆਂ ਦੀਆਂ ਜੀਵਨੀਆਂ ਦੀ ਪੁਸਤਕ ਹੈ ਜਿਸ ਦੀ ਸਿਰਜਣਾ ਡਾ: ਬਲਦੇਵ ਸਿੰਘ 'ਬੱਦਨ' ਦੁਆਰਾ ਕੀਤੀ ਗਈ ਹੈ ਜੋ ਨੈਸ਼ਨਲ ਬੁੱਕ ਟਰੱਸਟ, ਇੰਡੀਆ 'ਚੋਂ ਇਕ ਅਧਿਕਾਰੀ ਵਜੋਂ ਸੇਵਾ-ਮੁਕਤ ਹੋਏ ਹਨ। ਇਸ ਪੁਸਤਕ ਵਿਚ ਸੱਤ ਮਹਾਂਪੁਰਖਾਂ ਦੀਆਂ ਜੀਵਨੀਆਂ ਦਰਜ ਹਨ ਜੋ 9-16 ਸਾਲ ਦੀ ਉਮਰ ਦੇ ਬੱਚਿਆਂ ਲਈ ਲਿਖੀਆਂ ਗਈਆਂ ਹਨ। ਬਾਲਗ ਉਮਰ ਜੀਵਨ ਦਾ ਇਕ ਅਜਿਹਾ ਪੜਾਅ ਹੁੰਦਾ ਹੈ ਜਦੋਂ ਬੱਚਾ ਵਿਕਾਸ ਦੀ ਤੋਰ ਤੁਰਨ ਲਗਦਾ ਹੈ। ਇਸ ਉਮਰ ਵਿਚ ਗ੍ਰਹਿਣ ਕੀਤੀਆਂ ਆਦਤਾਂ, ਚਰਿੱਤਰ, ਆਚਰਣ ਤਾਉਮਰ ਬੱਚੇ ਦੇ ਵਿਕਾਸ ਅਤੇ ਵਿਅਕਤਤਿੱਤਵ ਦਾ ਹਿੱਸਾ ਬਣਦਾ ਹੈ। ਇਸ ਤਰ੍ਹਾਂ ਇਹ ਪੁਸਤਕ ਬਾਲਗਾਂ ਨੂੰ ਦੇਸ਼ ਪ੍ਰੇਮ ਅਤੇ ਚਿੰਤਨ ਦੇ ਰਾਹੇ ਪਾ ਕੇ, ਵੱਡੇ ਉਪਰਾਲੇ ਵੱਲ ਯਤਨਸ਼ੀਲ ਹੈ।
ਇਸ ਵਿਚ ਸੱਤ ਜੀਵਨੀਆਂ ਸ਼ਾਮਿਲ ਹਨ, ਜਿਨ੍ਹਾਂ ਦੇਸ਼ ਦੀ ਆਜ਼ਾਦੀ, ਸੰਘਰਸ਼ ਅਤੇ ਸਮਾਜ ਅਤੇ ਸਾਹਿਤ ਅਤੇ ਵਿਸ਼ਵ ਸ਼ਾਂਤੀ ਲਈ ਭਰਪੂਰ ਘਾਲਣਾ ਘਾਲੀ ਹੈ। ਸ਼ਹੀਦ ਚੰਦਰ ਸ਼ੇਖਰ ਆਜ਼ਾਦ ਆਜ਼ਾਦੀ 'ਤੇ ਜਿੰਦ-ਜਾਨ ਵਾਰਨ ਵਾਲਾ ਅਜਿਹਾ ਯੋਧਾ ਸੀ ਜਿਸ ਨੇ ਮਰਦੇ ਦਮ ਤੱਕ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਯੋਧਿਆਂ ਦਾ ਰਾਹ ਦਸੇਰਾ ਬਣਿਆ। ਉਹ ਕ੍ਰਾਂਤੀ ਰਾਹੀਂ ਆਜ਼ਾਦੀ ਲਿਆਉਣ ਦੇ ਹਾਮੀਆਂ 'ਚੋਂ ਇਕ ਸਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਵੀ ਇਕ ਅਜਿਹੇ ਹੀ ਆਜ਼ਾਦੀ ਯੋਧੇ ਸਨ, ਜਿਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ ਰਾਹੀਂ ਅੰਗਰੇਜ਼ੀ ਸਾਮਰਾਜ ਨੂੰ ਢਹਿ-ਢੇਰੀ ਕਰਨ ਦਾ ਬੀੜਾ ਚੁੱਕਿਆ ਸੀ। ਛਤਰਪਤੀ ਸ਼ਿਵਾਜੀ ਨੇ ਵੀ ਮੁਗਲ ਸਾਮਰਾਜ ਨਾਲ ਪੂਰੀ ਟੱਕਰ ਲਈ। ਸਵਾਮੀ ਵਿਵੇਕਾਨੰਦ ਭਾਰਤੀ ਸੰਸਕ੍ਰਿਤੀ ਅਤੇ ਇਸ ਦੀਆਂ ਉੱਚੀਆਂ ਕਦਰਾਂ ਦੀ ਗੱਲ ਅਤੇ ਚਿੰਤਨ ਦੇ ਪੈਰੋਕਾਰ ਸਨ ਤੇ ਭਾਰਤੀ ਚਿੰਤਨ ਦਾ ਰੱਜ ਕੇ ਪ੍ਰਚਾਰ ਕੀਤਾ। ਰਾਬਿੰਦਰ ਨਾਥ ਟੈਗੋਰ ਦਾ ਸਾਹਿਤ, ਸਿੱਖਿਆ, ਆਜ਼ਾਦੀ ਦੇ ਸੰਘਰਸ਼ ਅਤੇ ਵਿਸ਼ਵ ਸ਼ਾਂਤੀ ਵਿਚ ਵਿਸ਼ੇਸ਼ ਯੋਗਦਾਨ ਹੈ। ਡਾ: ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਅਤੇ ਦਲਿਤ ਉਥਾਨ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਦੇਸ਼ ਦੇ ਅਛੂਤਾਂ ਨੂੰ ਮਾਨਵੀ ਗੁਣਾਂ ਅਤੇ ਸਵੈ-ਸਨਮਾਨ ਲਈ ਅੰਦੋਲਿਤ ਕੀਤਾ। ਦੇਸ਼ ਭਗਤ ਵਿਰਸਾ ਮੁੰਡਾ ਨੇ ਛੋਟੀ ਉਮਰ 'ਚ ਹੀ ਆਦਿਵਾਸੀਆਂ ਨੂੰ ਦੇਸ਼ ਭਗਤੀ ਲਈ ਪ੍ਰੇਰਿਤ ਕਰਨ ਦਾ ਵੱਡਾ ਉਪਰਾਲਾ ਕੀਤਾ। ਆਦਿਵਾਸੀ ਸਮਾਜ ਦੇ ਲੋਕਾਂ ਨੂੰ ਆਪਣੀ ਸਵੈ-ਪਛਾਣ ਕਰਵਾਉਣ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਡਾ: ਬੱਦਨ ਨੇ ਇਨ੍ਹਾਂ ਜੀਵਨੀਆਂ ਨੂੰ ਆਪਣੀ ਖੋਜ-ਬਿਰਤੀ ਕਾਰਨ ਬਹੁਤ ਭਰੋਸੇਯੋਗ ਬਣਾਇਆ ਹੈ। ਤੱਥ ਅਤੇ ਕੱਥ ਪ੍ਰੇਮ ਕਰਦਿਆਂ ਕਿਸੇ ਕਿਸਮ ਦੀ ਉਕਾਈ ਨਹੀਂ ਰਹਿਣ ਦਿੱਤੀ। ਇਹੋ ਜਿਹੀਆਂ ਪੁਸਤਕਾਂ ਸਕੂਲ ਸਿਲੇਬਸ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਨਵੀਂ ਪੀੜ੍ਹੀ ਦੇ ਬਾਲ, ਕਿਸ਼ੋਰ ਆਪਣੇ ਦੇਸ਼ ਅਤੇ ਸੰਸਕ੍ਰਿਤੀ 'ਤੇ ਮਾਣ ਮਹਿਸੂਸ ਕਰ ਸਕਣ।

ਕੇ. ਐਲ. ਗਰਗ
ਮੋ: 94635-37050.

ਸਵਰਨਜੀਤ ਸਵੀ ਕਾਵਿ
ਸਮੀਖਿਆ ਸੰਵਾਦ
ਸੰਪਾਦਕ : ਡਾ: ਯੋਗ ਰਾਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 336
ਸੰਪਰਕ : 98766-68999.

ਪੰਜਾਬੀ ਸਾਹਿਤ ਸਮੀਖਿਆ ਵਿਚ (ਸਿਧਾਂਤਕਾਰੀ) ਦਾ ਖੇਤਰ ਅਣਗੌਲਿਆ ਨਹੀਂ। ਉੱਤਰ-ਆਧੁਨਿਕਤਾ, ਵਿਰਚਨਾ, ਨਾਰੀਵਾਦ, ਬਸਤੀਵਾਦ, ਡਿਸਕੋਰਸ ਥਿਊਰੀ, ਲਾਕਾਂਵਦ ਅਤੇ ਸੱਭਿਆਚਾਰਕ ਅਧਿਐਨ ਵਿਚੋਂ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਨੂੰ ਸਾਡੇ ਸਕੂਲਾਂ-ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਵਾਨ-ਅਧਿਆਪਕ ਪੂਰੀ ਸਟੀਕਤਾ ਅਤੇ ਅਧਿਕਾਰ ਨਾਲ ਵਰਤਣ ਲੱਗੇ ਹਨ। ਭਾਵੇਂ ਪੱਛਮੀ ਵਿਦਵਾਨਾਂ ਦੇ ਸਿੱਖੇ-ਸਿਖਾਏ ਬਸਤੀਵਾਦੀ/ਉੱਤਰ ਬਸਤੀਵਾਦ ਸਿਧਾਂਤਕਾਰੀ ਦਾ ਪ੍ਰਯੋਗ ਕਰਨਾ ਵੀ 'ਬਸਤੀਵਾਦ' ਹੀ ਹੋਵੇ ਪ੍ਰੰਤੂ ਥਿਊਰੀ ਨੇ ਵਿਸ਼ਲੇਸ਼ਣ ਅਤੇ ਵਿਆਖਿਆ ਦੇ ਕੁਝ ਨਵੇਂ ਦੁਆਰ ਖੋਲ੍ਹ ਦਿੱਤੇ ਹਨ। ਸਿੱਟੇ ਵਜੋਂ ਪੰਜਾਬੀ ਆਲੋਚਨਾ ਦਾ ਦ੍ਰਿਸ਼ ਕਾਫੀ ਬਦਲ ਗਿਆ ਹੈ ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਹਥਲੀ ਪੁਸਤਕ ਵਿਚ ਸੰਕਲਿਤ ਲਗਪਗ 40 ਲੇਖ ਪੰਜਾਬੀ ਆਲੋਚਨਾ ਵਿਚ ਕੀਤੇ ਜਾ ਰਹੇ ਥਿਊਰੀ ਦੇ ਪ੍ਰਯੋਗ ਬਾਰੇ ਬੜੇ ਸਫਲ ਪ੍ਰਮਾਣ ਪੇਸ਼ ਕਰਦੇ ਹਨ। ਡਾ: ਯੋਗ ਰਾਜ ਦੇ ਨਿਮੰਤਰਣ ਅਧੀਨ ਲਿਖੇ ਗਏ ਇਹ ਲੇਖ ਸਵਰਨਜੀਤ ਸਵੀ ਦੀਆਂ 9 ਕਾਵਿ ਪੁਸਤਕਾਂ ਦਾ ਬੜਾ ਪ੍ਰਮਾਣਿਕ ਅਧਿਐਨ ਪੇਸ਼ ਕਰਦੇ ਹਨ।
ਸਵੀ ਦੀ ਕਾਵਿ ਯਾਤਰਾ 'ਅਵੱਗਿਆ' (1987) ਨਾਲ ਸ਼ੁਰੂ ਹੋਈ ਸੀ ਅਤੇ ਦਰਦ ਪਿਆਦੇ ਹੋਣ ਦਾ (1990), ਦੇਹੀ ਨਾਦ (1994), ਕਾਲਾ ਹਾਸ਼ੀਆ... (1998), ਕਾਮੇਸ਼ਵਰੀ (1999), ਆਸ਼ਰਮ (2005), ਮਾਂ (2008), ਤੇ ਮੈਂ ਆਇਆ ਬੱਸ (2013), ਊਰੀ (2018) ਆਦਿ ਪੁਸਤਕਾਂ ਰਾਹੀਂ ਵਰਤਮਾਨ ਤੱਕ ਪਹੁੰਚ ਗਈ ਹੈ। ਸਵੀ ਇਕ ਆਧੁਨਿਕ ਚਿੱਤਰਕਾਰ/ਸਕਲਪਟਰ ਵੀ ਹੈ। ਪੰਜਾਬ ਅਤੇ ਵਿਦੇਸ਼ਾਂ ਵਿਚ ਉਸ ਦੀਆਂ ਸਾਂਝੀਆਂ ਜਾਂ ਨਿੱਜੀ ਨੁਮਾਇਸ਼ਾਂ ਵੀ ਲੱਗ ਚੁੱਕੀਆਂ ਹਨ। ਉਹ ਕਮਰਸ਼ੀਅਲ ਆਰਟ ਵੀ ਕਰਦਾ ਰਿਹਾ ਹੈ। ਕੁੱਲ ਮਿਲਾ ਕੇ ਉਹ ਆਪਣੀ ਸਬਜੈਕਟਿਵਿਟੀ ਦੀ ਅਭਿਵਿਅਕਤੀ ਕਰਨ ਵਾਲਾ ਇਕ ਅਤਿਅੰਤ ਮਿਹਨਤੀ ਕਲਾਕਾਰ ਹੈ। ਉਸ ਨੇ ਆਪਣੀ ਪਛਾਣਯੋਗ ਸ਼ਨਾਖ਼ਤ ਬਣਾ ਲਈ ਹੈ, ਜੋ ਆਪਣੇ-ਆਪ ਵਿਚ ਇਕ ਮਾਣਯੋਗ ਪ੍ਰਾਪਤੀ ਹੈ।
ਹਥਲੀ ਪੁਸਤਕ ਵਿਚ ਡਾ: ਯੋਗਰਾਜ ਦੇ ਕੁੰਜੀਵਤ ਲੇਖ ਤੋਂ ਬਿਨਾਂ ਅਮਰਜੀਤ ਗਰੇਵਾਲ, ਪਾਲ ਕੌਰ, ਵਨੀਤਾ, ਗੁਰਭਗਤ ਸਿੰਘ, ਜਸਪਾਲ ਕੌਰ, ਕੁਲਵਿੰਦਰ ਮਿਨਹਾਸ, ਮੁਨੀਸ਼ ਕੁਮਾਰ, ਨੀਤੂ ਅਰੋੜਾ, ਜਗਵਿੰਦਰ ਜੋਧਾ, ਪਰਮਜੀਤ ਸੋਹਲ (ਸਾਰੇ ਡਾਕਟਰ), ਤਸਕੀਨ, ਰਾਕੇਸ਼ ਕੁਮਾਰ, ਗੁਰਬਖਸ਼ ਸੈਣੀ, ਅਜਾਇਬ ਕਮਲ, ਹਰਭਜਨ ਸਿੰਘ ਹੁੰਦਲ, ਕਰਨਲ ਗਰੇਵਾਲ, ਗੁਰਪ੍ਰੀਤ, ਪ੍ਰਮਿੰਦਰਜੀਤ, ਮਨਮੋਹਨ ਸਿੰਘ ਦਾਊਂ, ਅਤੈ ਸਿੰਘ, ਨਿਰੰਜਨ ਬੋਹਾ, ਡਾ: ਰਾਜਿੰਦਰਪਾਲ ਬਰਾੜ ਅਤੇ ਡਾ: ਗੁਰਮੀਤ ਸਿੰਘ ਵਰਗੇ ਵਿਦਵਾਨਾਂ ਦੇ ਲੇਖ ਸੰਗ੍ਰਹਿਤ ਹਨ। ਹਰ ਇਕ ਲੇਖਕ ਨੇ ਸਵੀ ਦੇ ਕਾਵਿ ਲੋਕ ਦੀ ਵਿਲੱਖਣਤਾ ਅਤੇ ਪ੍ਰਸੰਗਿਕਤਾ ਨੂੰ ਸਿੱਧ ਕਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਸਵਰਨਜੀਤ ਸਵੀ ਨੇ ਖ਼ੁਦ ਵੀ ਆਪਣੇ ਕਾਵਿ ਲੋਕ ਦੀ ਪਛਾਣ ਕਰਵਾਈ ਹੈ। ਉਹ ਨਾਬਰੀ ਅਤੇ ਪ੍ਰਤੀਰੋਧ ਦਾ ਕਵੀ ਹੈ ਅਤੇ ਅਜਿਹੇ ਵਿਸ਼ਿਆਂ, ਸਰੋਕਾਰਾਂ ਬਾਰੇ ਲਿਖਣਾ ਪਸੰਦ ਕਰਦਾ ਹੈ, ਜਿਨ੍ਹਾਂ ਤੋਂ ਭੱਦਰ ਲੋਕ ਅਤੇ ਵਰਟੀਕਲ ਮੋਬਿਲਿਟੀ ਦੇ ਚਾਹਵਾਨ ਲੋਕ ਬਚ ਕੇ ਚੱਲਣਾ ਪਸੰਦ ਕਰਦੇ ਹਨ। ਉਹ ਪਿਆਦਿਆਂ (ਮਹਿਕੂਮਾਂ, ਅਦਰਜ਼/ਗ਼ੈਰਾਂ ਅਤੇ ਹਾਸ਼ੀਏ ਉੱਪਰ ਧੱਕ ਦਿੱਤੇ ਗਏ ਵਰਗਾਂ) ਦੀ ਵੇਦਨਾ ਨੂੰ ਜ਼ਬਾਨ ਦਿੰਦਾ ਹੈ ਪਰ ਉਹ ਮੋਹਭੰਗ ਦਾ ਕਵੀ ਵੀ ਨਹੀਂ ਹੈ। ਮਾਤਾ-ਪਿਤਾ ਦੇ ਪਵਿੱਤਰ ਰਿਸ਼ਤੇ ਬਾਰੇ ਉਹ ਕੋਈ ਨਾਵਾਜਬ ਜਾਂ ਚੌਂਕਾ ਦੇਣ ਵਾਲੇ ਸਵਾਲ ਨਹੀਂ ਪੁੱਛਦਾ। ਉਸ ਦੀ ਨਜ਼ਰ ਵਿਚ ਕਾਮ ਕੋਈ ਵਰਜਿਤ ਵਿਸ਼ਾ ਨਹੀਂ ਹੈ ਬਲਕਿ ਇਹ ਵਿਅਕਤੀ (ਆਦਮੀ-ਔਰਤ) ਦੀ ਇਕ ਮੂਲ ਸੰਚਾਰਕ-ਸ਼ਕਤੀ ਹੈ। 'ਊਰੀ' ਵਾਂਗ ਘੁੰਮਦੇ ਰਹਿਣ ਵਾਲਾ ਸਵਰਨਜੀਤ ਸਵੀ ਆਧੁਨਿਕ ਪੰਜਾਬੀ ਕਾਵਿ ਜਗਤ ਦੀ ਇਕ ਗੌਰਵਮਈ ਹਸਤੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਦੋ ਫੁੱਲ ਜਜ਼ਬੇ ਦੇ
ਲੇਖਿਕਾ : ਕੁਲਦੀਪ ਕੌਰ ਭੁੱਲਰ
ਪ੍ਰਕਾਸ਼ਕ : ਗ੍ਰੇਸ਼ਿਅਸ ਬੁਕਸ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 92.
ਸੰਪਰਕ : 99151-67003

'ਦੋ ਫੁੱਲ ਜਜ਼ਬੇ ਦੇ' ਕੁਲਦੀਪ ਕੌਰ ਭੁੱਲਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਲੇਖਿਕਾ ਦੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਸ਼ਾਮਿਲ ਹਨ। ਸਮਕਾਲੀਨ ਸਾਹਿਤਿਕ ਦ੍ਰਿਸ਼ ਵਿਚ ਬਹੁਤ ਸਾਰੀ ਨਾਰੀ ਕਵਿਤਾ ਲਿਖੀ ਜਾ ਰਹੀ ਹੈ ਪਰ ਬਹੁਤ ਘੱਟ ਕਵਿਤਾ ਅਜਿਹੀ ਮਿਲਦੀ ਹੈ ਜੋ ਮਨ ਨੂੰ ਪ੍ਰਭਾਵਿਤ ਕਰ ਸਕੇ। ਬਹੁਤ ਸਾਰੀਆਂ ਕਵਿੱਤਰੀਆਂ ਇਸ ਵੇਲੇ ਪੰਜਾਬੀ ਕਵਿਤਾ ਦੇ ਦ੍ਰਿਸ਼ ਵਿਚ ਰੂਪਮਾਨ ਹਨ, ਇਨ੍ਹਾਂ ਵਿਚ ਕੁਲਦੀਪ ਕੌਰ ਭੁੱਲਰ ਆਪਣਾ ਵੱਖਰਾ ਰੰਗ ਲੈ ਕੇ ਹਾਜ਼ਰ ਹੋਈ ਹੈ। ਕੁਲਦੀਪ ਕੌਰ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਤੇ ਉਨ੍ਹਾਂ ਦਾ ਨਿਭਾਅ ਗੰਭੀਰ ਤੇ ਖੂਬਸੂਰਤ ਹੈ।
ਉਸ ਦੀਆਂ ਕਵਿਤਾਵਾਂ ਜੀਵਨ ਦੇ ਵਿਭਿੰਨ ਵਸਤੂ ਵਰਤਾਰਿਆਂ ਨਾਲ ਆਪਣਾ ਸੰਵਾਦ ਰਚਾਉਂਦੀਆਂ ਹਨ। ਇਨ੍ਹਾਂ ਵਿਚ ਸਮਾਜ ਵਿਚ ਹੋ ਰਹੀ ਲੁੱਟ-ਖਸੁੱਟ, ਘਰ-ਪਰਿਵਾਰ, ਨਿੱਜੀ ਖੁਸ਼ੀਆਂ-ਗਮੀਆਂ, ਪ੍ਰਦੂਸ਼ਣ, ਸਮਾਜਿਕ ਅਸਾਵਾਂਪਣ, ਕਿਸਾਨ ਅਤੇ ਮਜ਼ਦੂਰ ਦਾ ਸ਼ੋਸ਼ਣ ਆਦਿ ਵਿਸ਼ੇ ਪ੍ਰਮੁੱਖ ਹਨ। ਬਹੁਤ ਸਾਰੀਆਂ ਕਵਿਤਾਵਾਂ ਵਿਚ ਨਿੱਜੀ ਮੁਹੱਬਤ ਦੇ ਗਿਲੇ-ਸ਼ਿਕਵੇ ਵੀ ਰੂਪਮਾਨ ਹੁੰਦੇ ਹਨ। ਸਰਲ ਸਾਧਾਰਨ ਸ਼ਬਦਾਂ ਵਿਚ ਆਪਣੇ ਭਾਵਾਂ ਨੂੰ ਰੂਪਮਾਨ ਕੀਤਾ ਗਿਆ ਹੈ :
ਵਿਖਾ ਸਕਦੀ ਦਿਲ ਚੀਰ ਕੇ
ਤੈਨੂੰ ਵਿਖਾ ਜਾਂਦੀ
ਤਹਿ ਦਿਲੋਂ ਚਾਹਿਐ ਤੈਨੂੰ
ਅਹਿਸਾਸ ਕਰਾ ਜਾਂਦੀ
ਬੜੀ ਕੋਸ਼ਿਸ਼ ਕੀਤੀ ਦਿਲ ਖੋਲ੍ਹਣ ਦੀ
ਹਰ ਵਾਰੀ ਕਿਸਮਤ ਹਰਾ ਜਾਂਦੀ
ਨਹੀਂ ਖੌਫ਼ ਕਿਸੇ ਦਾ ਤੇਰੇ ਪਿਆਰ ਅੱਗੇ
ਪਰ ਇਹ ਚੰਦਰੀ ਦੁਨੀਆ ਡਰਾ ਜਾਂਦੀ
ਇਸੇ ਤਰ੍ਹਾਂ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਵਿਚ ਵੀ ਲੇਖਿਕਾ ਦੇ ਨਿੱਜੀ ਵਲਵਲਿਆਂ, ਮੁਹੱਬਤੀ ਸੰਜੋਗ-ਵਿਜੋਗ ਵਿਚੋਂ ਉਪਜੇ ਅਹਿਸਾਸਾਂ ਨੂੰ ਰੁਮਾਂਟਿਕ ਸ਼ੈਲੀ ਵਿਚ ਪ੍ਰਸਤੁਤ ਕੀਤਾ ਗਿਆ ਹੈ। ਸਮਾਜੀ ਸੰਕਟਾਂ ਦੀ ਨਿਸ਼ਾਨਦੇਹੀ ਵੀ ਅਨੇਕ ਸ਼ਿਅਰਾਂ ਵਿਚ ਦੇਖਣ ਨੂੰ ਮਿਲਦੀ ਹੈ। ਕਿਤੇ-ਕਿਤੇ ਆਸ਼ਾਵਾਦੀ ਰੰਗਤ ਦੀ ਸ਼ਾਇਰੀ ਵੀ ਵੇਖਣ ਨੂੰ ਮਿਲਦੀ ਹੈ :
ਜੇ ਸੂਰਜ ਫੜਨ ਦੀ ਚਾਹ ਹੋਵੇ
ਤਾਂ ਨ੍ਹੇਰਿਆਂ ਤੋਂ ਡਰਨ ਦੀ ਲੋੜ ਕੀ ਏ
ਪਾਉਣਾ ਹੋਵੇ ਜੇ ਉੱਚੀਆਂ ਮੰਜ਼ਿਲਾਂ ਨੂੰ
ਔਖੇ ਰਾਹਾਂ ਚ ਖੜ੍ਹਨ ਦੀ ਲੋੜ ਕੀ ਏ
ਕੁਲਦੀਪ ਕੌਰ ਭੁੱਲਰ ਕੋਲ ਕਵਿਤਾ ਕਹਿਣ ਦੀ ਕਲਾ ਹੈ। ਉਸ ਦੀਆਂ ਕਵਿਤਾਵਾਂ ਵਿਚ ਬਿੰਬਾਂ ਪ੍ਰਤੀਕਾਂ, ਅਲੰਕਾਰਾਂ ਨੂੰ ਢੁਕਵਾਂ ਸਥਾਨ ਹਾਸਲ ਹੈ। ਮਿਥਿਹਾਸਕ-ਇਤਿਹਾਸਕ ਹਵਾਲੇ ਵੀ ਉਸ ਦੀ ਕਵਿਤਾ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ। ਉਮੀਦ ਹੈ ਆਉਂਦੇ ਸਮੇਂ ਵਿਚ ਉਹ ਹੋਰ ਵੀ ਖੂਬਸੂਰਤ ਕਵਿਤਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਵੇਗੀ।

ਡਾ: ਅਮਰਜੀਤ ਕੌਂਕੇ

ਪੈੜਾਂ ਦੀ ਸ਼ਨਾਖਤ
ਲੇਖਕ : ਸੁਖਮਿੰਦਰ ਸੇਖੋਂ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 120 ਰੁਪਏ, ਸਫੇ : 103
ਸੰਪਰਕ : 99145-07693.

'ਪੈੜਾਂ ਦੀ ਸ਼ਨਾਖਤ' ਸੁਖਮਿੰਦਰ ਸੇਖੋਂ ਦੀ ਪੰਦਰਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 14 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਪਹਿਲੀ ਕਹਾਣੀ 'ਚੱਲ ਮੇਰੀ ਧੀਏ' ਵਿਚ ਇਕ ਮਰਦ ਦੀ ਮਾਨਸਿਕਤਾ ਦਾ ਬਿਰਤਾਂਤ ਸਿਰਜਿਆ ਗਿਆ ਹੈ। ਸਾਰੀਆਂ ਕਹਾਣੀਆਂ ਹੀ ਸਮਾਜਿਕ ਤਾਣੇ-ਬਾਣੇ ਦੀ ਗੱਲ ਕਰਦੀਆਂ ਹਨ। ਅਗਲੀ ਕਹਾਣੀ 'ਦੱਬੀ ਅੱਗ' ਹੈ ਜਿਸ ਵਿਚ ਕਹਾਣੀਕਾਰ ਨੇ ਇਕ ਵਿਧਵਾ ਔਰਤ ਬਚਿੰਤ ਕੌਰ ਦਾ ਬਿਰਤਾਂਤ ਸਿਰਜਿਆ ਹੈ ਕਿ ਉਸ ਦੇ ਬੱਚੇ ਪੁੱਤਰ ਰੁਪਿੰਦਰ ਤੇ ਧੀ ਸੁਖਦੀਪ ਹੈ ਜੋ ਆਪਣੀ ਮਾਂ ਦਾ ਪੂਰਾ ਖਿਆਲ ਰੱਖਦੇ ਹਨ ਪਰ ਜਦੋਂ ਕਰਨੈਲ ਕਾਣਾ ਉਸ ਦੀ ਮਾਂ 'ਤੇ ਮਾੜੀ ਅੱਖ ਰੱਖਦਾ ਹੈ ਤਾਂ ਉਹ ਉਸ ਦੀ ਧੀ ਸੁਖਦੀਪ ਇਹ ਸਭ ਕੁਝ ਬਰਦਾਸ਼ਤ ਹੀ ਨਹੀਂ ਕਰ ਸਕਦੀ ਤੇ ਕਹਾਣੀ ਦੇ ਅਖੀਰ ਵਿਚ ਕਰਨੈਲ ਕਾਣੇ ਜਟਾਧਾਰੀ ਸਾਧ ਬਣੇ ਨੂੰ ਮਾਰ ਮੁਕਾ ਕੇ ਹੀ ਆਪਣੀ ਦੱਬੀ ਅੱਗ ਬਾਹਰ ਕੱਢਦੀ ਹੈ। ਇਸੇ ਤਰ੍ਹਾਂ ਅਗਲੀ ਕਹਾਣੀ 'ਕੋਈ ਹੋਰ ਰਸਤਾ' ਵਿਚ ਦੱਸਿਆ ਗਿਆ ਹੈ ਕਿ ਜੀਤੇ ਨੂੰ ਆਪਣੇ ਪਰਿਵਾਰ ਦਾ ਜ਼ਰੂਰ ਫ਼ਿਕਰ ਹੁੰਦਾ ਹੈ ਤਾਂ ਹੀ ਜੀਤੇ ਦੀ ਅੰਦਰਲੀ ਜ਼ਮੀਰ ਜਾਗ ਪੈਂਦੀ ਹੈ ਤੇ ਉਹ ਗੁਰਦੁਆਰੇ ਤੋਂ ਆਵਾਜ਼ ਸੁਣਦਾ ਹੈ ਕਿ ਥੋੜ੍ਹੇ ਨੂੰ ਬਹੁਤਾ ਕਰਕੇ ਜਾਣਿਓ ਤਾਂ ਉਸ ਦਾ ਸਾਰਾ ਹੀ ਦਿਮਾਗ ਬਦਲ ਜਾਂਦਾ ਹੈ ਤੇ ਉਹ ਕਿਸੇ ਹੋਰ ਰਸਤੇ ਦੀ ਤਲਾਸ਼ ਕਰਦਾ ਹੈ। 'ਤਾੜੀ ਪ੍ਰੇਮ ਕੀ' ਕਹਾਣੀ ਵਿਚ ਅਖ਼ਬਾਰ ਵੇਚਣ ਵਾਲੇ ਹਰਦੀਪ ਦੀ ਜ਼ਿੰਦਗੀ ਨੂੰ ਚਿਤਰਿਆ ਗਿਆ ਹੈ ਕਿ ਉਸ ਦਾ ਵਿਆਹ ਤਾਂ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਉਹ ਆਪਣੀ ਦੁਲਹਨ ਕੋਲ ਜਾਂਦਾ ਹੈ ਤਾਂ ਹਿੱਜੜੇ ਤਾੜੀਆਂ ਮਾਰਦੇ ਉਸ ਦੇ ਘਰ ਆ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਜੋ ਕਿ ਬਹੁਤ ਹੀ ਤ੍ਰਾਸਦਿਕ ਕਹਾਣੀ ਹੈ। ਇਸ ਤਰ੍ਹਾਂ ਸੁਖਮਿੰਦਰ ਸੇਖੋਂ ਕਹਾਣੀਕਾਰ ਸਮਾਜਿਕ ਯਥਾਰਥ ਨੂੰ ਬਾਖੂਬੀ ਚਿਤਰਨ ਵਾਲਾ ਕਹਾਣੀਕਾਰ ਹੈ ਜਿਸ ਨੇ ਸਮਾਜਿਕ ਪ੍ਰਾਣੀ ਦੀ ਅੰਦਰੂਨੀ ਟੁੱਟ-ਭੱਜ ਦਾ ਵਿਸ਼ਲੇਸ਼ਣ ਕਰਕੇ ਮਨੁੱਖੀ ਮਨ ਦੀ ਅਗਲੀ ਪਰਤ ਉਘਾੜਦਿਆਂ ਯਥਾਰਥਕ ਪੇਸ਼ਕਾਰੀ ਕੀਤੀ ਹੈ।

ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161

ਗੋਰੀ ਨਦੀ ਦਾ ਗੀਤ
ਨਾਵਲਕਾਰ : ਮੋਹਨ ਕਾਹਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 95011-45039.

ਇਹ ਨਾਵਲ ਪੰਜਾਬੀ ਦੇ ਮਹਿਬੂਬ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਹੈ। ਨਾਵਲ ਵਿਚੋਂ ਵੀ ਸ਼ਿਵ ਕੁਮਾਰ ਦਾ ਹੀ ਝਲਕਾਰਾ ਪੈਂਦਾ ਹੈ। ਨਾਵਲ ਦਾ ਮੁੱਖ ਪਾਤਰ ਸ਼ੈਲਿੰਦਰ, ਮੋਹਨ ਕਾਹਲੋਂ ਤੇ ਸ਼ਿਵ ਦੇ ਵਿਅਕਤਿਤਵ ਦੀ ਤਰਜਮਾਨੀ ਕਰਦਾ ਹੈ। ਇਹ ਪੰਜਾਬੀ ਕਿਰਦਾਰ ਵੰਡੇ ਹੋਏ ਪੰਜਾਬ ਦੇ ਸੰਤਾਪ ਦੀ ਤਸਵੀਰ ਪੇਸ਼ ਕਰਦਾ ਹੈ। ਪੰਜਾਬ ਦੀ ਮਿੱਟੀ ਦੇ ਫਿੱਕੇ ਪਏ ਹੋਏ ਰੰਗਾਂ, ਹੌਕਿਆਂ ਅਤੇ ਵਿਗੋਚਿਆਂ ਦੀ ਕਹਾਣੀ ਪਾਉਂਦਾ ਹੋਇਆ ਇਹ ਨਾਵਲ ਸਾਡੇ ਹਿਰਦੇ ਵਿੰਨ੍ਹ ਜਾਂਦਾ ਹੈ। ਇਸ ਵਿਚੋਂ ਮਨੁੱਖ ਦੇ ਤਰਸੇਵਿਆਂ, ਇੱਛਾਵਾਂ ਅਤੇ ਅਤ੍ਰਿਪਤੀਆਂ ਦਾ ਦਰਦ ਝਲਕਦਾ ਹੈ। ਅਜੋਕੇ ਸਮੇਂ ਦੀ ਦੁਚਿੱਤੀ, ਭਟਕਣਾ, ਉਦਾਸੀ, ਨਿਰਾਸ਼ਾ ਅਤੇ ਦਿਸ਼ਾਹੀਣਤਾ ਦਾ ਨਕਸ਼ਾ ਬਹੁਤ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਨਸ਼ਿਆਂ ਵਿਚ ਸੁਆਹ ਹੋ ਰਹੀ ਜਵਾਨੀ ਸਾਡੀ ਸੰਵੇਦਨਾ ਨੂੰ ਹਲੂਣਦੀ ਹੈ। ਚੜ੍ਹਦੀ ਕਲਾ ਅਤੇ ਖੇੜੇ ਵਿਚ ਰਹਿਣ ਵਾਲੇ ਪੰਜਾਬੀ ਹੁਣ ਸ਼ਬਾਬ ਅਤੇ ਸ਼ਰਾਬ ਵਿਚ ਗਰਕ ਹੋ ਰਹੇ ਹਨ। ਸੱਭਿਆਚਾਰ ਅਤੇ ਸਦਾਚਾਰ ਅਲੋਪ ਹੁੰਦਾ ਜਾ ਰਿਹਾ ਹੈ। ਨਾਵਲ ਦੀ ਬੋਲੀ ਠੇਠ ਅਤੇ ਠੁਕਦਾਰ ਹੈ। ਕਾਵਿਕ ਅੰਦਾਜ਼ ਵਿਚ ਲਿਖਿਆ ਨਾਵਲ ਕਿਸੇ ਗੀਤ ਵਾਂਗ ਲਗਦਾ ਹੈ। ਇਸ ਵਿਚ ਕੁਝ ਉਦਾਸ ਹਾਦਸੇ ਹਨ। ਕੁਝ ਜਿਊਂਦੇ ਤੇ ਮਰੇ ਲੇਖਕਾਂ ਦੇ ਕਿਰਦਾਰ ਨਜ਼ਰੀਂ ਆਉਂਦੇ ਹਨ। ਮੁਹੱਬਤ ਦੇ ਰੰਗ ਇਸ਼ਕ ਮਿਜਾਜ਼ੀ ਦੇ ਹਨ। ਕਲਾ ਪੱਕੋਂ ਪੇਸ਼ਕਾਰੀ ਵਧੀਆ ਹੈ। ਇਸ ਨਾਵਲ ਦੇ ਦੂਜੇ ਐਡੀਸ਼ਨ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਜਦੋਂ ਤੂੰ ਚੁੱਪ ਸੀ
ਲੇਖਿਕਾ : ਮਨਦੀਪ ਰਿੰਪੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98143-85918.

ਮਨਦੀਪ ਰਿੰਪੀ ਕਹਿਣ ਨੂੰ ਤਾਂ ਬੇਸ਼ੱਕ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਜਦੋਂ ਤੂੰ ਚੁੱਪ ਸੀ' ਨਾਲ ਸਾਹਿਤ ਜਗਤ ਵਿਚ ਪ੍ਰਵੇਸ਼ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਕਵਿਤਾਵਾਂ ਦਾ ਮੁਹਾਂਦਰਾ, ਸੁਹਜ ਅਤੇ ਹੁਨਰ, ਉਨ੍ਹਾਂ ਦੇ ਸਮਰੱਥ ਕਵਿੱਤਰੀ ਹੋਣ ਦੀ ਸ਼ਾਹਦੀ ਭਰਦਾ ਪ੍ਰਤੀਤ ਹੁੰਦਾ ਹੈ। ਮਨ ਵਿਚ ਸੁਲਘਦੇ ਜਜ਼ਬਿਆਂ ਨੂੰ ਸਾਕਾਰ ਕਰਨ ਲਈ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਸਬੰਧੀ ਉਹ ਬੜੇ ਬੇਬਾਕ ਢੰਗ ਨਾਲ ਵਿਦਰੋਹੀ ਸੁਰ ਅਖ਼ਤਿਆਰ ਕਰਦੇ ਹਨ
ਮਨ ਦੇ ਜਜ਼ਬੇ ਮਨ ਦੇ ਅੰਦਰ, ਗੁੱਥਮ-ਗੁੱਥੀ ਕਰਿਆ ਨਾ ਕਰ।
ਲੋਕੀਂ ਪਿੱਠ ਦੇ ਪਿੱਛੇ ਹੱਸਦੇ, ਤੂੰ ਇਸ ਹਾਸੇ ਤੋਂ ਡਰਿਆ ਨਾ ਕਰ।
ਮਰਦ ਪ੍ਰਧਾਨ ਸਮਾਜ ਵਲੋਂ ਸਦੀਆਂ ਤੋਂ ਔਰਤ ਵਰਗ ਖਿਲਾਫ਼ ਕੀਤੇ ਜਾ ਰਹੇ ਛੜਯੰਤਰ ਨੂੰ ਉਹ ਭਲੀਭਾਂਤ ਸਮਝਦੇ ਹਨ, ਜਿਸ ਨੂੰ ਧਾਰਮਿਕ ਰੰਗਤ ਦੇ ਕੇ ਰੱਬੀ ਹੁਕਮ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਬਚਪਨ ਵਿਚ ਪਿਤਾ ਦੇ ਅਧੀਨ, ਜਵਾਨੀ ਵਿਚ ਪਤੀ ਦੇ ਅਧੀਨ ਅਤੇ ਬੁਢਾਪੇ ਵਿਚ ਪੁੱਤਾਂ ਦੇ ਅਧੀਨ ਕਰਕੇ ਉਸ ਦੀ ਹੋਂਦ 'ਤੇ ਹੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਗਿਆ ਪਰ ਮਨਦੀਪ ਰਿੰਪੀ ਨੂੰ ਅਜਿਹੀਆਂ ਬੰਦਿਸ਼ਾਂ ਅਤੇ ਸਾਜਿਸ਼ਾਂ ਦੀ ਪ੍ਰਵਾਹ ਕਰਨਾ ਉੱਕਾ ਹੀ ਮਨਜ਼ੂਰ ਨਹੀਂ
ਲੇਖਾਂ ਦੇ ਨਾਲ ਲੜ ਨੀ ਕੁੜੀਏ,
ਸੂਰਜ ਵਾਂਗੂੰ ਚੜ੍ਹ ਨੀ ਕੁੜੀਏ।
ਦੁਨੀਆ ਚਾਹੇ ਕੁਝ ਵੀ ਆਖੇ,
ਤੂੰ ਅੰਦਰ ਨਾ ਵੜ ਨੀ ਕੁੜੀਏ।
ਮਨਦੀਪ ਰਿੰਪੀ ਨੇ ਵਰਤਮਾਨ ਦੇ ਬਹੁਤ ਸਾਰੇ ਮਸਲਿਆਂ ਨੂੰ ਸੰਬੋਧਿਤ ਹੋਣ ਦੀ ਬੜੀ ਹੀ ਸਫਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਮਨੁੱਖਤਾ ਵਿਚੋਂ ਖ਼ਤਮ ਹੁੰਦੀ ਜਾ ਰਹੀ ਸੰਵੇਦਨਾ ਅਤੇ ਪਲੀਤ ਹੁੰਦੇ ਜਾ ਰਹੇ ਪੌਣ-ਪਾਣੀ ਪ੍ਰਤੀ ਵੀ ਉਹ ਪੂਰੀ ਤਰ੍ਹਾਂ ਸੁਚੇਤ ਹਨ। ਕਵਿਤਾਵਾਂ ਵਿਚ ਵਰਤੀ ਗਈ ਸਾਦੀ, ਸਰਲ ਪਰ ਮੁਹਾਵਰੇਦਾਰ ਸ਼ਬਦਾਵਲੀ ਪਾਠਕ ਦੀ ਉਂਗਲ ਫੜ ਕੇ ਆਪਣੇ ਨਾਲ-ਨਾਲ ਲੈ ਤੁਰਦੀ ਹੈ। ਉਨ੍ਹਾਂ ਦੇ ਇਸ ਬੇਹੱਦ ਖੂਬਸੂਰਤ ਅਤੇ ਨਿੱਗਰ ਉਪਰਾਲੇ ਦਾ ਭਰਪੂਰ ਸਮਰਥਨ ਕਰਨਾ ਬਣਦਾ ਹੈ।

ਕਰਮ ਸਿੰਘ ਜ਼ਖ਼ਮੀ
ਮੋ: 98146-28027.

28-02-2021

ਵਿੰਹਦਿਆਂ-ਵਿੰਹਦਿਆਂ
ਲੇਖਕ : ਜੰਗਪਾਲ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98723-81820.


ਪਰੰਪਰਾ ਅਤੇ ਆਧੁਨਿਕਤਾ ਦਾ ਰਿਸ਼ਤਾ ਮੁੱਢ-ਕਦੀਮ ਤੋਂ ਹੀ ਅੰਤਰ-ਸਬੰਧਿਤ ਰੂਪ ਵਿਚ ਚਲਦਾ ਆਉਂਦਾ ਹੈ। ਪਰੰਪਰਾ ਹੀ ਆਧੁਨਿਕਤਾ ਦੀ ਪੌੜੀ ਹੈ। ਹਰੇਕ ਵਰਤਾਰਾ ਆਪਣੇ-ਆਪ ਵਿਚ ਆਧੁਨਿਕ ਹੀ ਹੁੰਦਾ ਹੈ ਪਰ ਜਿਵੇਂ-ਜਿਵੇਂ ਜ਼ਿੰਦਗੀ ਦੀ ਤੋਰ ਬਦਲਦੀ ਹੈ, ਉਵੇਂ-ਉਵੇਂ ਪੁਰਾਣੇ ਦੀ ਥਾਂ ਨਵਾਂਪਣ ਥਾਂ ਲੈਂਦਾ ਹੈ ਅਤੇ ਪੁਰਾਣਾ ਪਰੰਪਰਾ ਦੇ ਖਾਤੇ ਵਿਚ ਚਲਾ ਜਾਂਦਾ ਹੈ। 'ਵਿੰਹਦਿਆਂ-ਵਿੰਹਦਿਆਂ' ਜੰਗਪਾਲ ਸਿੰਘ ਦੀ ਅਜਿਹੀ ਹੀ ਵਾਰਤਕ ਪੁਸਤਕ ਹੈ ਜਿਸ ਵਿਚ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੀ ਬਦਲਦੀ ਤੋਰ ਅਤੇ ਇਸ ਨਾਲ ਜੁੜੇ ਵਰਤਾਰਿਆਂ ਦਾ ਸਹਿਜਤਾ ਵਿਚ ਬਦਲਣ ਦਾ ਜ਼ਿਕਰ ਬੜੇ ਹੀ ਖੂਬਸੂਰਤ ਅਤੇ ਦਿਲਚਸਪ ਤਰੀਕੇ ਨਾਲ ਕੀਤਾ ਗਿਆ ਹੈ। ਲੇਖਕ ਨੇ ਜੀਵਨ ਯਥਾਰਥ ਦੀ ਬਦਲਦੀ ਨੁਹਾਰ ਨੂੰ ਉਦਾਹਰਨਾਂ ਸਹਿਤ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਪੁਸਤਕ ਆਪਣੇ ਸੁਨਹਿਰੀ ਅਤੀਤ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਵਾਲੀ ਵਿਸ਼ੇਸ਼ ਪੁਸਤਕ ਹੈ। ਲੇਖਕ ਨੇ ਪੁਸਤਕ ਵਿਚ ਪਰੰਪਰਾ ਦੇ ਆਧੁਨਿਕ ਦੌਰ ਵਿਚ ਰੂਪਾਂਤਰਿਤ ਹੋਣ ਅਤੇ ਵਾਪਰੀਆਂ ਤਬਦੀਲੀਆਂ ਦਾ ਜ਼ਿਕਰ ਸੰਵਾਦੀ ਲਹਿਜੇ ਵਿਚ ਕੀਤਾ ਹੈ। ਇਸ ਪੁਸਤਕ ਵਿਚ ਭਾਵੇਂ ਆਧੁਨਿਕ ਜ਼ਿੰਦਗੀ ਬਾਰੇ ਵੀ ਜ਼ਿਕਰ ਹੈ ਪਰ ਅਤੀਤ ਪ੍ਰਤੀ ਮੋਹ ਦਾ ਇਜ਼ਹਾਰ ਪਾਠਕ ਦੇ ਮਨ ਵਿਚ ਆਪਣੇ-ਆਪ ਹੀ ਜਾਗ ਜਾਂਦਾ ਹੈ। ਉਦਾਹਰਨ ਵਜੋਂ ਆਵਾਜਾਈ ਦੇ ਸਾਧਨਾਂ ਵਿਚ ਤਬਦੀਲੀ, ਪਾਥੀਆਂ ਵਾਲੇ ਗਹੀਰਿਆਂ, ਰੇਡੀਓ ਦੀ ਦੁਨੀਆ, ਸਿਨੇਮਾ ਘਰਾਂ ਦੀ ਰੌਣਕ, ਤਿਉਹਾਰਾਂ ਦੀਆਂ ਖੁਸ਼ੀਆਂ, ਖੇਤੀ ਦਾ ਬਦਲਦਾ ਮੂੰਹ-ਮੁਹਾਂਦਰਾ ਅਤੇ ਹੋਰ ਵੀ ਬਹੁਤ ਸਾਰੇ ਵਿਸ਼ੇ ਇਨ੍ਹਾਂ ਸੰਖੇਪ ਪਰ ਦਿਲਚਸਪ ਲੇਖਾਂ ਵਿਚ ਪੇਸ਼ ਹੋਏ ਹਨ ਜਿਨ੍ਹਾਂ ਵਿਚੋਂ ਜਿਥੇ ਵਿਗਿਆਨਕ ਯੁੱਗ ਦੀ ਗੱਲ ਕੀਤੀ ਗਈ ਹੈ ਉਥੇ ਸਾਡੇ ਸੱਭਿਆਚਾਰਕ ਮੂੰਹ-ਮੁਹਾਂਦਰੇ ਦੀ ਬਦਲਦੀ ਤਸਵੀਰ ਦੀ ਨੁਹਾਰ ਵੀ ਪੇਸ਼ ਹੋਈ ਹੈ। ਇਹ ਲੇਖ ਸਾਡੀ ਪਰੰਪਰਕ ਰਹਿਣੀ-ਬਹਿਣੀ ਨੂੰ ਵੀ ਬਾਖੂਬੀ ਪੇਸ਼ ਕਰਦੇ ਹਨ ਜਿਸ ਨਾਲ ਨਵੀਂ ਪੀੜ੍ਹੀ ਦੀ ਆਪਣੀ ਪਰੰਪਰਾ ਨਾਲ ਸਾਂਝ ਉਜਾਗਰ ਹੋ ਸਕਦੀ ਹੈ। ਲੇਖਕ ਨੇ ਹਰੇਕ ਲੇਖ ਵਿਚ ਦੋ ਵਰਤਾਰਿਆਂ ਨੂੰ ਸਮਾਨੰਤਰ ਰੂਪ ਵਿਚ ਪੇਸ਼ ਕਰਦਿਆਂ ਇਸ ਸੱਚ ਨੂੰ ਪੇਸ਼ ਕੀਤਾ ਹੈ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਅਤੇ ਸਾਨੂੰ ਇਸ ਨੂੰ ਸਵੀਕਾਰ ਕਰਦਿਆਂ ਹਰੇਕ ਦੌਰ ਨੂੰ ਹਾਂ-ਵਾਚੀ ਰੂਪ ਵਿਚ ਸਮਝਣਾ ਚਾਹੀਦਾ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਰੂਟਸ

ਲੇਖਕ : ਐਲੈਕਸ ਹੇਲੀ
ਅਨੁਵਾਦਕ : ਦਲਜੀਤ ਸਿੰਘ ਐਡਮਿੰਟਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 800 ਰੁਪਏ, ਸਫ਼ੇ : 828
ਸੰਪਰਕ : 95011-45039.


ਰੂਟਸ (Roots) ਐਲੈਕਸ ਹੇਲੀ (Alex Haley) ਦਾ ਸ਼ਾਹਕਾਰ ਨਾਵਲ ਹੈ। ਜਦੋਂ 1976 ਵਿਚ ਇਹ ਨਾਵਲ ਪਹਿਲੀ ਵਾਰ ਅੰਗਰੇਜ਼ੀ ਵਿਚ ਛਪਿਆ ਸੀ ਤਾਂ ਉਸੇ ਸਾਲ ਇਸ ਦੀਆਂ ਦਸ ਲੱਖ ਕਾਪੀਆਂ ਵਿਕ ਗਈਆਂ ਸਨ। ਇਸ ਨਾਵਲ ਉੱਤੇ ਬਣੇ ਟੀ.ਵੀ. ਲੜੀਵਾਰ ਨੂੰ 13 ਕਰੋੜ ਦਰਸ਼ਕਾਂ ਨੇ ਵੇਖਿਆ ਸੀ। ਇਸ ਨਾਵਲ ਨੂੰ ਲਿਖਣ ਵਿਚ ਹੇਲੀ ਨੇ 12 ਸਾਲ ਦੀ ਸਖ਼ਤ ਮਿਹਨਤ ਕੀਤੀ ਸੀ। ਉਸ ਨੇ ਤਿੰਨ ਮਹਾਂਦੀਪਾਂ ਦੀਆਂ ਲਗਪਗ 60 ਲਾਇਬਰੇਰੀਆਂ ਅਤੇ ਪੁਰਾਤੱਤਵ ਖੋਜ ਕੇਂਦਰ ਵਿਚੋਂ ਦੁਰਲੱਭ ਦਸਤਾਵੇਜ਼ਾਂ ਨੂੰ ਖੰਗਾਲਿਆ ਅਤੇ ਵਾਚਿਆ ਸੀ। ਅਨੇਕਾਂ ਬਜ਼ੁਰਗਾਂ ਨਾਲ ਮੁਲਾਕਾਤਾਂ ਕਰਕੇ ਮੌਖਿਕ ਇਤਿਹਾਸ ਦਾ ਖਜ਼ਾਨਾ ਪ੍ਰਾਪਤ ਕੀਤਾ ਸੀ ਤਾਂ ਜਾ ਕੇ ਉਹ ਅਫਰੀਕਾ ਦੇ ਇਤਿਹਾਸ-ਸੱਭਿਆਚਾਰ ਦੀਆਂ ਜੜ੍ਹਾਂ ਤੱਕ ਪਹੁੰਚਣ ਅਤੇ ਉਸ ਦੀ ਸਾਹਿਤਕ ਸਿਰਜਣਾ ਕਰਨ ਦੇ ਬਿੰਦੂ ਤੱਕ ਪਹੁੰਚ ਸਕਿਆ ਸੀ। ਫਿਰ ਵੀ ਉਸ ਨੇ ਕਿਹਾ ਸੀ ਕਿ ਇਹ ਸਿਰਫ ਅਫਰੀਕਾ ਦੇ ਇਕ ਭਾਗ ਦਾ ਵਿਸਥਾਰ ਹੀ ਹੈ। ਇਸ ਨਾਵਲ ਦਾ ਅਨੁਵਾਦ ਦਲਜੀਤ ਸਿੰਘ ਐਡਮਿੰਟਨ ਨੇ ਕੀਤਾ ਹੈ ਜਿਸ ਨੇ ਇਸ ਤੋਂ ਪਹਿਲਾਂ ਦੋ ਹੋਰ ਕਿਤਾਬਾਂ-ਮਨੁੱਖੀ ਪ੍ਰਾਪਤੀ ਦੇ ਸਿਖ਼ਰ (ਅਜੂਬੇ) ਅਤੇ ਸੱਚ ਦੀ ਭਾਲ (ਚੋਣਵੇਂ ਦਾਰਸ਼ਨਿਕ ਵਿਚਾਰ) ਵੀ ਲਿਖੀਆਂ ਹਨ। ਇਸ ਨਾਵਲ ਦੇ ਅਨੁਵਾਦ ਦੀ ਪ੍ਰੇਰਨਾ ਦਾ ਜ਼ਿਕਰ ਕਰਦਿਆਂ ਅਨੁਵਾਦਕ ਨੇ ਕਿਹਾ ਹੈ ਕਿ ਇਸ ਨਾਵਲ ਦੀ ਦਿਲਚਸਪ ਸ਼ੈਲੀ ਨੇ ਉਸ ਨੂੰ ਬੇਹੱਦ ਟੁੰਬਿਆ। ਨਾਵਲ ਦਾ ਹਰ ਸਫ਼ਾ ਮਨੁੱਖੀ ਮਨ ਦੇ ਡੂੰਘੇ ਅਹਿਸਾਸ/ਕਾਲੇ ਗ਼ੁਲਾਮਾਂ ਦੀ ਅੰਤਰੀਵੀ ਕੋਮਲਤਾ, ਆਜ਼ਾਦੀ ਦੀ ਪ੍ਰਾਪਤੀ ਲਈ ਉਨ੍ਹਾਂ ਦੀ ਤੜਪ ਅਤੇ ਸਦੀਆਂ ਦੇ ਇਤਿਹਾਸ ਨੂੰ ਵਿਵੇਕਸ਼ੀਲਤਾ ਨਾਲ ਸਫ਼ਿਆਂ ਉੱਤੇ ਉਤਾਰਨ ਦੀ ਅਦਭੁਤ ਕਲਾ ਇਸ ਨਾਵਲ ਦਾ ਹਾਸਲ ਹੈ। ਨਾਵਲ ਦੀ ਕਹਾਣੀ ਸੰਨ 1750 ਦੀ ਬਸੰਤ ਰੁੱਤ ਤੋਂ ਸ਼ੁਰੂ ਹੁੰਦੀ ਹੈ। ਪੱਛਮੀ ਅਫਰੀਕਾ ਦੇ ਮੈਂਬੀਆ ਦਰਿਆ ਦੇ ਕੰਢੇ ਵਸੇ ਪਿੰਡ ਜ਼ਫੂਰੇ ਦੇ ਇਕ ਪਰਿਵਾਰ ਦੀ ਇਹ ਕਹਾਣੀ ਇਕ ਬਾਤ ਵਾਂਗ ਚਲਦੀ ਹੈ ਪਰ ਸਮੁੱਚੇ ਸਮਾਜਿਕ ਤਾਣੇ-ਬਾਣੇ ਨੂੰ ਘਟਨਾਵਾਂ ਵਿਚ ਪਰੋਂਦੀ ਹੋਈ ਕਾਲੇ ਪਰਿਵਾਰ ਦੀ ਜੰਗਜੂ ਗਾਥਾ ਨੂੰ ਅਮਰ ਕਰ ਦਿੰਦੀ ਹੈ।
ਇਕ ਗ਼ੁਲਾਮ ਦਾ ਅਫਰੀਕਾ ਤੋਂ ਅਮਰੀਕਾ ਤੱਕ ਦਾ ਸਫ਼ਰ ਗ਼ੁਲਾਮਾਂ ਦੇ ਵਪਾਰ ਦੀਆਂ ਘਿਨਾਉਣੀਆਂ ਪਰਤਾਂ, ਗ਼ੁਲਾਮਾਂ ਉੱਤੇ ਹੁੰਦੇ ਅੱਤਿਆਚਾਰਾਂ ਦਾ ਦਿਲ ਹਿਲਾ ਦੇਣ ਵਾਲਾ ਵਰਨਣ ਅਤੇ ਗ਼ੁਲਾਮਾਂ ਦੀ ਆਜ਼ਾਦੀ ਦਾ ਸੰਘਰਸ਼ ਇਸ ਨਾਵਲ ਦਾ ਉਸਾਰ ਹੈ ਜੋ ਅਜਿਹਾ ਸੰਦੇਸ਼ ਸਿਰਜਣ ਦਾ ਯਤਨ ਹੈ ਕਿ ਘੋਰ ਜ਼ੁਲਮ ਅਤੇ ਘਿਨਾਉਣੀਆਂ ਹਾਲਤਾਂ ਵੀ ਮਾਨਵੀ ਆਤਮਾ ਨੂੰ ਕਦੇ ਮਰਨ ਨਹੀਂ ਦਿੰਦੀਆਂ। ਇਹ ਨਾਵਲ ਅਮਰੀਕਾ ਦੇ ਦੋ ਸੌ ਸਾਲਾ ਸਥਾਪਨਾ ਦਿਵਸ 'ਤੇ ਰਿਲੀਜ਼ ਕਰਦਿਆਂ ਹੇਲੀ ਨੇ ਕਿਹਾ ਸੀ-'ਮੈਂ 'ਰੂਟਸ' ਆਪਣੇ ਦੇਸ਼ ਦੇ ਜਨਮ ਦਿਨ ਦੇ ਮੌਕੇ 'ਤੇ ਅਰਪਣ ਕਰਦਾ ਹਾਂ ਕਿਉਂਕਿ 'ਰੂਟਸ' ਦਾ ਬਹੁਤਾ ਹਿੱਸਾ ਇਸ ਦੇਸ਼ ਵਿਚ ਵਾਪਰਿਆ ਹੈ।'
ਦਲਜੀਤ ਸਿੰਘ ਐਡਮਿੰਟਨ ਨੇ ਇਸ ਨਾਵਲ ਦਾ ਪੰਜਾਬੀ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਨੂੰ ਇਕ ਰੌਚਿਕ ਅਤੇ ਮੁੱਲਵਾਨ ਰਚਨਾ ਪੜ੍ਹਨ ਦਾ ਮੌਕਾ ਦਿੱਤਾ ਅਤੇ ਸੰਸਾਰ ਸਾਹਿਤ ਨਾਲ ਸਾਂਝ ਦਾ ਵਡਮੁੱਲਾ ਕਾਰਜ ਨਿਭਾਇਆ ਹੈ। ਰੌਚਿਕ ਅਤੇ ਇਤਿਹਾਸਕ ਨਾਵਲ ਪੜ੍ਹਨ ਦੀ ਰੁਚੀ ਰੱਖਣ ਵਾਲੇ ਅਤੇ ਸੰਸਾਰ ਸਾਹਿਤ ਨੂੰ ਜਾਣਨ ਦੀ ਜਗਿਆਸਾ ਵਾਲੇ ਪਾਠਕਾਂ ਲਈ ਇਹ ਨਾਵਲ ਪੜ੍ਹਨਾ ਬਹੁਤ ਜ਼ਰੂਰੀ ਹੈ। ਇਸ ਦਾ ਪਹਿਲਾ ਐਡੀਸ਼ਨ 2008 ਵਿਚ ਛਪਿਆ ਸੀ ਅਤੇ ਇਹ ਦੂਸਰਾ ਐਡੀਸ਼ਨ 2020 ਵਿਚ ਛਪਿਆ ਹੈ।


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.


ਆਵਾਜ਼ ਤੋਂ ਰਬਾਬ ਤੱਕ

ਲੇਖਕ : ਰਣਜੀਤ ਸਿੰਘ ਧੂਰੀ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98762-04508


ਹਥਲਾ ਗ਼ਜ਼ਲ-ਸੰਗ੍ਰਹਿ 'ਆਵਾਜ਼ ਤੋਂ ਰਬਾਬ ਤੱਕ' ਗ਼ਜ਼ਲ ਵਿਧਾ ਦੀ ਬਹੁਤ ਹੀ ਲੰਮੇ ਅਰਸੇ ਬਾਅਦ ਪ੍ਰਕਾਸ਼ਿਤ ਹੋਈ ਇਕ ਅਜਿਹੀ ਨਿਵੇਕਲੀ ਅਤੇ ਮੌਲਿਕ ਮੁਹਾਂਦਰੇ ਵਾਲੀ ਪੁਸਤਕ ਹੈ, ਜਿਸ ਵਿਚ ਪੰਜਾਬੀ ਦੇ ਸਮਰੱਥ ਗ਼ਜ਼ਲਕਾਰ ਰਣਜੀਤ ਸਿੰਘ ਧੂਰੀ ਨੇ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਕਲਿਆਣਕਾਰੀ ਤਰੰਗਾਂ ਦਾ ਬਾਖ਼ੂਬੀ ਅਹਿਸਾਸ ਕਰਵਾਇਆ ਹੈ। ਖ਼ਾਮੋਸ਼ੀ ਦੇ ਖੰਡਰਾਂ ਵਿਚ ਵੀ ਇਕੱਲਤਾ ਮਹਿਸੂਸ ਨਾ ਕਰਨ ਅਤੇ ਜ਼ਸ਼ਨਾਂ ਵਿਚ ਵੀ ਨਿਰਲੇਪਤਾ ਬਰਕਰਾਰ ਰੱਖ ਸਕਣ ਦੀ ਜੀਵਨ ਜੁਗਤ ਉਨ੍ਹਾਂ ਦੀ ਸ਼ਿਅਰਕਾਰੀ ਦਾ ਹਾਸਲ ਹੈ-
ਉਹ ਵੀ ਦਿਨ ਸਨ, ਮੈਂ ਜਦੋਂ ਖੰਡਰਾਂ 'ਚ ਵੀ 'ਕੱਲਾ ਨ ਸਾਂ,
ਹੁਣ ਤਾਂ ਪਰ 'ਕੱਲਾ ਹੀ ਰਹਿੰਦਾ ਹਾਂ ਸਦਾ ਜਸ਼ਨਾਂ 'ਚ ਵੀ।
ਅਜੋਕੇ ਸਮਾਜਿਕ ਤਾਣੇ-ਬਾਣੇ ਵਿਚੋਂ-ਵਿਚੋਂ ਪਦਾਰਥਵਾਦ ਦੀ ਅੰਨ੍ਹੇਵਾਹ ਦੌੜ ਕਾਰਨ ਖ਼ਤਮ ਹੋ ਰਹੇ ਮਾਨਵੀ ਜੀਵਨ ਮੁੱਲਾਂ ਪ੍ਰਤੀ ਉਹ ਬੇਹੱਦ ਫ਼ਿਕਰਮੰਦ ਹਨ, ਜਿਸ ਨੇ ਮਨੁੱਖ ਨੂੰ ਇਕ ਸੁੱਕੇ ਹੋਏ ਦਰੱਖਤ ਵਾਂਗ ਸੰਵੇਦਨਹੀਣ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਅਨੁਸਾਰ ਕੋਈ ਵਿਰਲਾ ਹੀ ਸ਼ਖ਼ਸ ਅਜਿਹਾ ਹੋਵੇਗਾ, ਜਿਹੜਾ ਆਪਣੇ ਨਿੱਜ ਤੋਂ ਉੱਤੇ ਉੱਠ ਕੇ ਦੂਜਿਆਂ ਲਈ ਜਿਊਣ ਦੀ ਇੱਛਾ ਰੱਖਦਾ ਹੋਵੇ-
ਬਿਰਖ ਹਾਂ ਸੁੱਕਾ ਮੈਂ ਹਰਿਆ ਭਰਿਆ ਹੋਣਾ ਲੋਚਦਾ,
ਤਾਂ ਕਿ ਫਿਰ ਉੱਜੜੇ ਪਰਿੰਦੇ ਵਾਸਤੇ ਬਣ ਘਰ ਸਕਾਂ।
ਰਣਜੀਤ ਸਿੰਘ ਧੂਰੀ ਕਿਸੇ ਤਰ੍ਹਾਂ ਦੇ ਬੌਧਿਕ ਪ੍ਰਵਚਨ ਨੂੰ ਆਪਣੇ ਨੇੜੇ ਵੀ ਨਹੀਂ ਫਟਕਣ ਦਿੰਦੇ ਬਲਕਿ ਇੱਕ ਆਮ ਆਦਮੀ ਦੀ ਬੋਲ-ਚਾਲ ਵਿਚ ਹੀ ਬੜੀ ਖ਼ੂਬਸੂਰਤੀ ਨਾਲ ਆਪਣੀ ਗੱਲ ਕਹਿਣ ਦਾ ਜਿਗਰਾ ਰੱਖਦੇ ਹਨ। ਬੇਸ਼ੱਕ ਕਿਤੇ-ਕਿਤੇ ਮਾਤਰਾਵਾਂ ਡੇਗਣ ਦੀ ਬੇਲੋੜੀ ਪ੍ਰਵਿਰਤੀ ਕੁਝ ਰੜਕਦੀ ਵੀ ਹੈ ਪਰ ਹਰੇਕ ਗ਼ਜ਼ਲ ਨਾਲ ਬਹਿਰ ਦਾ ਨਾਂਅ ਲਿਖ ਕੇ ਅਤੇ ਗ਼ਜ਼ਲ ਦੇ ਇਕ ਸ਼ਿਅਰ ਦੀ ਤਕਤੀਹ ਕਰ ਕੇ ਉਨ੍ਹਾਂ ਨੇ ਉਸਤਾਦੀ ਰੰਗ ਵੀ ਪੇਸ਼ ਕੀਤਾ ਹੈ। ਸ਼ਿਅਰਕਾਰੀ ਏਨੀ ਰੌਚਿਕ ਹੈ ਕਿ ਵਾਰ-ਵਾਰ ਪੁਸਤਕ ਪੜ੍ਹਨ ਨੂੰ ਜੀਅ ਕਰਦਾ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਉਹ ਇੱਕੀ ਦਿਨ

ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 98726-40994.


'ਆਤੂ ਖੋਜੀ', 'ਅੱਕ ਦਾ ਬੂਟਾ', 'ਸਾਰੰਗੀ ਦੀ ਮੌਤ' ਅਤੇ 'ਹਾਰੀਂ ਨਾ ਬਚਨਿਆ' ਵਰਗੇ ਪ੍ਰਚੱਲਿਤ ਕਹਾਣੀ-ਸੰਗ੍ਰਹਿ; 'ਸਾਰੰਗੀ', 'ਤੂੰ ਜਾਹ ਡੈਡੀ' ਤੇ 'ਛਿਲਤਰਾਂ' ਵਰਗੇ ਨਾਟਕ; ਵਾਰਤਕ ਤੇ ਵੱਡੀ ਗਿਣਤੀ ਵਿਚ ਬਾਲ ਸਾਹਿਤ ਰਚਣ ਵਾਲਾ ਬਹੁ-ਵਿਧਾਵੀ ਸਾਹਿਤਕਾਰ ਗੁਰਮੀਤ ਕੜਿਆਲਵੀ ਕੋਰੋਨਾ ਸੰਕਟ ਦੇ ਮੌਜੂਦਾ ਮੁੱਦੇ 'ਤੇ ਆਪਣਾ ਪਲੇਠਾ ਨਾਵਲ 'ਉਹ ਇੱਕੀ ਦਿਨ' ਲੈ ਕੇ ਪਾਠਕਾਂ ਸਾਹਮਣੇ ਹਾਜ਼ਰ ਹੈ। ਆਪਣੀਆਂ ਕਹਾਣੀਆਂ ਵਾਂਗ ਉਸ ਦੇ ਇਸ ਨਾਵਲ ਦਾ ਵਿਸ਼ਾ ਸਮਾਜਵਾਦੀ ਯਥਾਰਥਵਾਦ ਹੈ। 2020 ਸਾਲ ਵਿਚ ਕੋਰੋਨਾ ਸੰਕਟ ਦੌਰਾਨ ਆਮ ਲੋਕਾਂ ਲਈ ਦਰਪੇਸ਼ ਚੁਣੌਤੀਆਂ ਨੂੰ ਮਨੋਵਿਗਿਆਨਕ ਢੰਗ ਨਾਲ ਪੇਸ਼ ਕਰ ਕੇ ਇਹ ਨਾਵਲ ਅਸਲ ਵਿਚ ਉਨ੍ਹਾਂ ਸਮੱਸਿਆਵਾਂ ਦਾ ਵਾਹਕ ਬਣਿਆ ਹੈ। ਗੁਰਮੀਤ ਕੜਿਆਲਵੀ ਇਕ ਚੇਤੰਨ ਨਾਵਲਕਾਰ ਵਜੋਂ ਇਸ ਸੰਕਟ ਦੇ ਮਾਰੂ ਪ੍ਰਭਾਵਾਂ ਨਾਲ ਆਪਣੇ ਨਾਵਲ ਵਿਚ ਲੋਕਾਂ ਦੀ ਪੀੜ ਨੂੰ ਚਿਤਰਤ ਕਰਦਾ ਹੈ। 'ਉਹ ਇੱਕੀ ਦਿਨ' ਨਾਵਲ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਕੋਰੋਨਾ ਸੰਕਟ ਸਮੇਂ ਕਿਸੇ ਬਾਹਰਲੇ ਰਾਜ ਜਾਂ ਦੇਸ਼ ਵਿਚੋਂ ਆਉਣ ਦੇ ਕਾਰਨ 21 ਦਿਨਾਂ ਲਈ ਇਕਾਂਤਵਾਸ ਕੀਤੇ ਗਏ ਸਨ। ਇਨ੍ਹਾਂ 21 ਦਿਨਾਂ ਵਿਚ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਸਹੂਲਤਾਂ ਦੇ ਬਾਵਜੂਦ ਅਜਿਹੀਆਂ ਥਾਵਾਂ 'ਤੇ ਰਹਿਣ ਸਮੇਂ ਵੱਖ-ਵੱਖ ਲੋਕਾਂ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਅਤੇ ਉਨ੍ਹਾਂ ਵਿਅਕਤੀਆਂ 'ਤੇ ਪਏ ਮਨੋਵਿਗਿਆਨਕ ਪ੍ਰਭਾਵਾਂ ਨੂੰ ਗੁਰਮੀਤ ਕੜਿਆਲਵੀ ਨੇ ਸ਼ਾਨਦਾਰ ਢੰਗ ਨਾਲ ਚਿਤਰਤ ਕੀਤਾ ਹੈ। ਇਨ੍ਹਾਂ ਵਿਅਕਤੀਆਂ ਦੁਆਰਾ ਇਕੱਠੇ ਰਹਿਣਾ, ਲੜਨਾ-ਝਗੜਨਾ, ਗੱਲਾਂਬਾਤਾਂ ਕਰਨੀਆਂ, ਅਧਿਕਾਰੀਆਂ ਦੇ ਆਪਣੇ ਮਸਲੇ, ਅਧਿਕਾਰੀਆਂ ਵਲੋਂ ਦਿੱਤੀਆਂ ਸਹੂਲਤਾਂ ਦੀਆਂ ਸ਼ਿਕਾਇਤਾਂ, ਕੋਰੋਨਾ ਸੈਂਪਲ ਲੈਣੇ ਤੇ ਕੋਰੋਨਾ ਪਾਜ਼ੀਟਿਵ ਨਿਕਲਣ ਦਾ ਡਰ ਆਦਿ ਘਟਨਾਵਾਂ 'ਤੇ ਆਧਾਰਿਤ ਇਹ ਨਾਵਲ ਬਿਰਤਾਂਤਕ ਤਕਨੀਕਾਂ ਦਾ ਵੀ ਉੱਤਮ ਨਮੂਨਾ ਸਿੱਧ ਹੁੰਦਾ ਹੈ। ਹਰ ਕਾਂਡ ਦੀ ਸ਼ੁਰੂਆਤ ਵਿਚ ਮੌਸਮ ਦੀ ਖ਼ੁਸ਼ਗ਼ਵਾਰੀ ਜਾਂ ਤਲਖ਼ੀ ਪਾਤਰਾਂ ਦੇ ਮੂਡ ਅਨੁਸਾਰ ਸਿਰਫ਼ ਇਕ ਸਤਰ ਵਿਚ ਲਿਖਣਾ ਅਤੇ ਪਾਤਰਾਂ ਮੂੰਹੋਂ ਠੇਠ ਮਾਝੀ ਜਾਂ ਮਲਵਈ ਵਿਚ ਕੀਤੀ ਗੱਲਬਾਤ ਕਾਰਨ ਨਾਵਲਕਾਰ ਦੀ ਸ਼ੈਲੀ ਵੀ ਬਾਕਮਾਲ ਹੋ ਨਿੱਬੜਦੀ ਹੈ।


-ਡਾ: ਸੰਦੀਪ ਰਾਣਾ
ਮੋ: 98728-87551


ਵਲਾਦੀਮੀਰ ਲੈਨਿਨ
(ਇਕ ਜੀਵਨੀ)
ਲੇਖਕ : ਰਾਹੁਲ ਸਾਂਕਰਤਿਆਇਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 260
ਸੰਪਰਕ : 94604-77540.


ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਵਲਾਦੀਮੀਰ ਲੈਨਿਨ ਰੂਸੀ ਇਨਕਲਾਬ ਦੇ ਯੋਧੇ ਅਤੇ ਅਣਥੱਕ ਸਿਪਾਹੀ ਦੀ ਜੀਵਨੀ ਹੈ, ਜਿਸ ਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਅਤੇ ਚਿੰਤਨਸ਼ੀਲ ਲੇਖਕ ਰਾਹੁਲ ਸਾਂਕਰਤਿਆਇਨ ਨੇ ਲਿਖਿਆ ਹੈ। ਇਸ ਦਾ ਅਨੁਵਾਦ ਰਵਿੰਦਰ ਰਾਹੀ ਜੈਤੋਂ ਨੇ ਬਹੁਤ ਸੂਝਬੂਝ ਅਤੇ ਮਿਹਨਤ ਨਾਲ ਕੀਤਾ ਹੈ। ਅਨੁਵਾਦ ਵਾਸਤੇ ਮੂਲ ਰਚਨਾ ਦੀ ਆਤਮਾ ਅਤੇ ਸ਼ੈਲੀ ਨੂੰ ਫੜਨਾ ਹੁੰਦਾ ਹੈ ਜੋ ਅਨੁਵਾਦਕ ਨੇ ਵਧੀਆ ਢੰਗ ਨਾਲ ਕੀਤਾ ਹੈ।
ਇਸ ਪੁਸਤਕ ਦਾ ਲੇਖਕ ਪ੍ਰਸਿੱਧ ਬੁੱਧੀਜੀਵੀ, ਵਿਦਵਾਨ ਅਤੇ ਦਾਰਸ਼ਨਿਕ ਸੀ ਜਿਸ ਨੇ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਬਾਖੂਬੀ ਸਮਝਿਆ ਅਤੇ ਦੇਸ਼ ਵਾਸੀਆਂ ਤੇ ਹੋਰਨਾਂ ਨੂੰ ਸਮਝਾਇਆ। ਇਸ ਤੋਂ ਇਲਾਵਾ ਹੋਰ ਵੀ ਵੰਨਗੀਆਂ 'ਤੇ ਲੇਖਕ ਨੇ ਏਨਾ ਕੰਮ ਕੀਤਾ ਹੈ ਜੋ ਪੂਰੀ ਦੀ ਪੂਰੀ ਇਕ ਸੰਸਥਾ ਵੀ ਨਹੀਂ ਕਰ ਸਕਦੀ। 'ਵੋਲਗਾ ਤੋਂ ਗੰਗਾ' ਉਸ ਦੀ ਜਗਤ ਪ੍ਰਸਿੱਧ ਪੁਸਤਕ ਹੈ, ਜਿਸ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਹੈ। ਲੇਖਕ ਭਾਰਤੀ ਸੰਸਕ੍ਰਿਤੀ ਦਾ ਬੁਲਾਰਾ ਹੋਣ ਦੇ ਨਾਲ-ਨਾਲ ਸਮਾਜਵਾਦੀ ਤੇ ਸਾਮਵਾਦੀ ਦਰਸ਼ਨ 'ਚ ਵੀ ਨਿਸ਼ਠਾ ਰੱਖਦਾ ਸੀ।
ਹਥਲੀ ਪੁਸਤਕ ਵਿਚ ਲੇਖਕ ਰੂਸੀ ਕ੍ਰਾਂਤੀ ਦੇ ਬਹਾਦਰ ਯੋਧੇ ਦੀ ਜੀਵਨੀ ਰੇਖਾਂਕਿਤ ਕਰਦਾ ਹੋਇਆ ਉਸ ਦੇ ਜੀਵਨ ਅਤੇ ਚਰਿੱਤਰ ਦੇ ਅਨੇਕਾਂ ਪੱਖਾਂ ਨੂੰ ਉਘਾੜਨ ਦੇ ਯਤਨ ਵਿਚ ਹੈ। ਲੇਖਕ ਅਨੁਸਾਰ ਲੈਨਿਨ 14-15 ਵਰ੍ਹਿਆਂ ਦੀ ਉਮਰ ਵਿਚ ਹੀ ਰੂਸੀ ਕ੍ਰਾਂਤੀ ਲਿਆਉਣ ਲਈ ਤਤਪਰ ਹੋ ਗਿਆ ਸੀ, ਜਿਸ ਦੀ ਪ੍ਰੇਰਨਾ ਉਸ ਨੂੰ ਆਪਣੇ ਵੱਡੇ ਭਰਾ ਤੋਂ ਮਿਲੀ, ਜਿਸ ਨੂੰ ਜ਼ਾਰਸ਼ਾਹੀ ਨੇ ਇਨਕਲਾਬੀ ਗਤੀਵਿਧੀਆਂ ਕਾਰਨ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ ਸੀ। ਰੂਸੀ ਜੀਵਨ ਵਿਚ ਮਾਰਕਸਵਾਦੀ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਅਤੇ ਸੰਚਾਰ ਕੇਵਲ ਲੈਨਿਨ ਹੀ ਕਰ ਸਕਿਆ। ਉਸ ਨੇ ਉਸ ਦੀਆਂ ਸਿੱਖਿਆਵਾਂ ਤੇ ਸੋਚ 'ਤੇ ਅਮਲ ਕਰਕੇ ਹੀ ਰੂਸੀ ਜਨ-ਜੀਵਨ ਵਿਚ ਕ੍ਰਾਂਤੀ ਦੇ ਬੀਜ ਬੀਜੇ। ਲੇਖਕ ਅਨੁਸਾਰ ਲੈਨਿਨ ਦ੍ਰਿੜ੍ਹ ਇਰਾਦੇ ਵਾਲਾ ਉਤਸ਼ਾਹੀ, ਵਧੀਆ ਵਿਉਂਤਬੰਦੀ ਕਰਨ ਵਾਲਾ ਤੇ ਪਠਨਸ਼ੀਲ ਵਿਅਕਤੀ ਸੀ ਜਿਸ ਨੇ ਆਪਣੇ ਤਰਕ ਤੇ ਸਿਆਣਪ ਨਾਲ ਆਪਣੇ ਵਿਰੋਧੀਆਂ ਨੂੰ ਹਰਾਇਆ ਹੀ ਨਹੀਂ, ਸਗੋਂ ਸੱਤਾਹੀਣ ਕਰਨ ਵਿਚ ਵੀ ਭਰਪੂਰ ਮਿਹਨਤ ਕੀਤੀ। ਉਹ ਇਨਕਲਾਬ ਦਾ ਨਿਡਰ ਸਿਪਾਹੀ ਸੀ, ਜਿਸ ਨੇ ਭੁੱਖੇ-ਪਿਆਸੇ ਰਹਿ ਕੇ ਵੀ ਰੂਸੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਯੋਗ ਅਗਵਾਈ ਕੀਤੀ। ਉਸ ਨੇ ਰੂਸ ਦੀ ਹੀ ਨਹੀਂ, ਸਗੋਂ ਵਿਸ਼ਵ ਰਾਜਨੀਤੀ ਵਿਚ ਵੀ ਭਰਪੂਰ ਯੋਗਦਾਨ ਪਾਇਆ। ਪੂੰਜੀਵਾਦ ਤੇ ਸਾਮਰਾਜਵਾਦ ਨਾਲ ਟੱਕਰ ਲੈ ਕੇ ਸਮਾਜਵਾਦੀ ਸਿਸਟਮ ਦੀ ਸਥਾਪਨਾ ਕੋਈ ਹਾਰੀ-ਸਾਰੀ ਨਹੀਂ ਸੀ ਕਰ ਸਕਦਾ। ਲੈਨਿਨ ਅਜਿਹਾ ਕਰਮਸ਼ੀਲ ਯੋਧਾ ਸੀ ਜੋ ਬਿਮਾਰੀ ਦੀ ਹਾਲਤ ਵਿਚ ਵੀ ਆਖ਼ਰੀ ਦਮ ਤੱਕ ਆਪਣੇ ਮੁਲਕ ਤੇ ਉਸਾਰੇ ਨਵੇਂ ਸਿਸਟਮ ਦੀ ਚਿੰਤਾ ਕਰਦਾ ਰਿਹਾ। ਇਹ ਕੇਵਲ ਲੈਨਿਨ ਦੀ ਹੀ ਜੀਵਨੀ ਨਹੀਂ, ਸਗੋਂ ਰੂਸੀ ਕ੍ਰਾਂਤੀ ਦੀ ਵੀ ਜੀਵਨੀ ਅਤੇ ਇਤਿਹਾਸ ਹੈ, ਜਿਸ ਨੂੰ ਰਾਹੁਲ ਸਾਂਕਰਤਿਆਇਨ ਨੇ ਚਿੰਤਨਸ਼ੀਲ ਆਭਾ ਪ੍ਰਦਾਨ ਕੀਤੀ ਹੈ। ਕਿਤਾਬ 'ਚ ਰਵਾਨੀ ਹੈ, ਪੜ੍ਹਨ ਵਾਲੀ ਹੈ।


-ਕੇ. ਐਲ. ਗਰਗ
ਮੋ: 94635-37050.


ਸਰਦਾਰ ਭਗਤ ਸਿੰਘ ਦੀ ਜੀਵਨੀ

ਲੇਖਕ : ਰਣਬੀਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਪ੍ਰਕਾਸ਼ਨ, ਮੁਹਾਲੀ
ਮੁੱਲ : 450 ਰੁਪਏ, ਸਫ਼ੇ : 327
ਸੰਪਰਕ : 0172-5027429.


ਰਣਬੀਰ ਸਿੰਘ ਦੀ ਲਿਖਤ 'ਸਰਦਾਰ ਭਗਤ ਸਿੰਘ ਦੀ ਜੀਵਨੀ' ਦਾ ਪ੍ਰਕਾਸ਼ਨ ਰੂਪ ਵਿਚ ਸੰਕਲਨ ਅਤੇ ਸੰਪਾਦਨ ਹਰੀਸ਼ ਜੈਨ ਵਲੋਂ ਕੀਤਾ ਗਿਆ ਹੈ। ਰਣਬੀਰ ਸਿੰਘ ਸ਼ਹੀਦ ਭਗਤ ਸਿੰਘ ਦਾ ਛੋਟਾ ਭਰਾ ਹੈ। ਲੋਕਗੀਤ ਪ੍ਰਕਾਸ਼ਨ ਅਤੇ ਯੂਨੀਸਟਾਰ ਬੁੱਕਸ ਪ੍ਰਕਾਸ਼ਨ ਸੰਸਥਾ ਦੇ ਮਾਲਕ ਹਰੀਸ਼ ਜੈਨ ਵਲੋਂ ਆਧੁਨਿਕ ਪੰਜਾਬ, ਸੁਤੰਤਰਤਾ ਸੰਗਰਾਮ ਅਤੇ ਭਾਰਤੀ ਸੁਤੰਤਰਤਾ ਸੰਗਰਾਮੀਆਂ ਦੀਆਂ ਜੀਵਨੀਆਂ ਨਾਲ ਸਬੰਧਿਤ ਦੁਰਲੱਭ ਅਤੇ ਗੁਪਤ ਦਸਤਾਵੇਜ਼ਾਂ ਨੂੰ ਇਕੱਤਰ ਕਰਕੇ ਕਈ ਮਹੱਤਵਪੂਰਨ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਇਸੇ ਲੜੀ ਤਹਿਤ ਹੀ ਉਸ ਦੀ ਹਿੰਮਤ, ਪੰਜਾਬੀ ਭਾਸ਼ਾ ਪ੍ਰਤੀ ਸੁਹਿਰਦਤਾ ਅਤੇ ਗੌਰਵਮਈ ਇਤਿਹਾਸ ਸੰਭਾਲਣ ਪ੍ਰਤੀ ਕੋਸ਼ਿਸ਼ ਦੇ ਸਿੱਟੇ ਵਜੋਂ ਹਥਲੀ ਕਿਤਾਬ ਦੀ ਪ੍ਰਕਾਸ਼ਨਾ ਹੋਈ ਹੈ। ਰਣਬੀਰ ਸਿੰਘ ਦੇ ਪੁੱਤਰ ਸ਼ਿਓੁਨਨ ਸਿੰਘ ਤੋਂ ਪ੍ਰਾਪਤ ਸ਼ਹੀਦ ਭਗਤ ਦੇ ਪਰਿਵਾਰ ਦੀ ਪਿਛੋਕੜ, ਮਾਤਾ-ਪਿਤਾ, ਦਾਦਾ ਅਤੇ ਚਾਚਾ ਦੇ ਜੀਵਨ, ਆਦਰਸ਼, ਸੰਘਰਸ਼ ਅਤੇ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਇਤਿਹਾਸਕ ਦਸਤਾਵੇਜ਼ਾਂ ਦੀਆਂ ਨਕਲਾਂ, ਅਣਛਪੀਆਂ ਤੇ ਛਪੀਆਂ ਰਿਪੋਰਟਾਂ, ਬਰਤਾਨਵੀ, ਚਿੱਠੀਆਂ ਆਦਿ ਹੋਰ ਮਹੱਤਵਪੂਰਨ ਇਤਿਹਾਸਿਕ ਲਿਖਤਾਂ ਅਤੇ 43 ਦੁਰਲੱਭ ਫੋਟੋਆਂ 'ਤੇ ਆਧਾਰਿਤ ਇਸ ਕਿਤਾਬ ਦਾ ਸੰਪਾਦਨ ਕੀਤਾ ਗਿਆ ਹੈ।
ਕਿਤਾਬ ਦੇ ਸਿਰਲੇਖ ਸ਼ਹੀਦ ਭਗਤ ਸਿੰਘ ਦੇ ਖ਼ਾਨਦਾਨ ਤੋਂ ਸ਼ੁਰੂ ਕਰਕੇ ਉਸ ਨੂੰ ਪਸੰਦ ਕੁਝ ਮਹੱਤਵਪੂਰਨ ਸ਼ੇਅਰਾਂ ਸਮੇਤ ਹਨ। ਸ਼ਹੀਦ ਭਗਤ ਸਿੰਘ ਦੇ ਮੁਢਲੇ ਜੀਵਨ, ਪਰਿਵਾਰ, ਦੂਸਰੇ ਮਹੱਤਵਪੂਰਨ ਦੇਸ਼ ਭਗਤਾਂ ਸ਼ਹੀਦ ਊਧਮ ਸਿੰਘ, ਅਸਫ਼ਾਕਉੱਲਾ ਖ਼ਾਨ ਤੇ ਸੁਤੰਤਰਤਾ ਸੰਗਰਾਮ ਨਾਲ ਸਬੰਧਿਤ ਫੋਟੋਆਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਕਿਤਾਬ ਦੇ ਸਿਰਲੇਖਾਂ ਨੂੰ ਮੁੱਖ ਰੂਪ ਵਿਚ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਦੇ ਪਰਿਵਾਰਿਕ ਪਿਛੋਕੜ ਨਾਲ ਸਬੰਧਿਤ; ਬਰਤਾਨਵੀ ਸਰਕਾਰ ਦੀਆਂ ਸਾਮਰਾਜਵਾਦੀ ਨੀਤੀਆਂ ਤੇ ਦਮਨਕਾਰੀ ਨੀਤੀਆਂ ਨਾਲ ਸਬੰਧਿਤ ਅਤਿਆਚਾਰੀ ਕਾਰਵਾਈਆਂ; ਪੰਜਾਬ ਤੇ ਭਾਰਤ ਵਿਚ ਸਮਾਜਿਕ, ਸੱਭਿਆਚਾਰਕ, ਨਿਆਂਣਿਕ, ਰਾਜਨੀਤਕ ਤੇ ਆਰਥਿਕ ਅਧਿਕਾਰਾਂ ਦੀ ਪ੍ਰਾਪਤੀ ਲਈ ਸ਼ੁਰੂ ਹੋਏ ਕਾਰਜ; ਮੁਢਲੀਆਂ ਲਹਿਰਾਂ ਤੇ ਰਾਜਨੀਤਕ ਦਲਾਂ ਭਾਰਤੀ ਰਾਸ਼ਟਰੀ ਕਾਂਗਰਸ ਆਦਿ ਦੇ ਕਾਰਜ ਅਤੇ ਕ੍ਰਾਂਤੀਕਾਰੀਆਂ ਦੇ ਉਭਾਰ ਨਾਲ ਸਬੰਧਿਤ ਹਨ। ਕੁਝ ਮਹੱਤਵਪੂਰਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਦਾਦਾ ਅਰਜਨ ਸਿੰਘ, ਪਿਤਾ ਸਰਦਾਰ ਕਿਸ਼ਨ ਸਿੰਘ, ਅਜੀਤ ਸਿੰਘ, ਨਵਾਂ ਕਲੋਨੀ ਐਕਟ, ਭਗਤ ਸਿੰਘ ਦਾ ਜਨਮ ਤੇ ਨਾਮ, ਬਚਪਨ, ਦੇਸ਼ ਨਿਕਾਲਾ; ਗ਼ਦਰ ਪਾਰਟੀ ਦੀ ਸਥਾਪਨਾ; ਪੰਜਾਬ ਦੇ ਦਰਦਾਂ ਵਾਲੇ ਹਾਲਾਤ; ਫ਼ੌਜੀ ਕਾਨੂੰਨ; ਭਾਰਤੀ ਰਾਸ਼ਟਰੀ ਕਾਂਗਰਸ ਦਾ ਅੰਮ੍ਰਿਤਸਰ ਸੈਸ਼ਨ; ਭਗਤ ਸਿੰਘ ਦਾ ਕਾਨਪੁਰ ਰਹਿਣਾ; ਗੁਰਦੁਆਰਾ ਸੁਧਾਰ ਲਹਿਰ; ਸਹਾਰਨਪੁਰ ਬੰਬ ਫੈਕਟਰੀ; ਅਸੈਂਬਲੀ ਬੰਬ ਕੇਸ; ਵਾਇਸਰਾਏ ਦੀ ਗੱਡੀ ਉਡਾਉਣਾ; ਮੁਕੱਦਮੇ ਦੀ ਕਾਰਵਾਈ; ਲਾਹੌਰ ਸਾਜਿਸ਼ ਕੇਸ ਆਰਡੀਨੈਂਸ 1930 ਅਤੇ ਕਾਰਵਾਈ ਮੁਕੱਦਮਾ; ਲਾਹੌਰ ਸਾਜਿਸ਼ ਕੇਸ ਆਦਿ ਹਨ।
ਸੰਖੇਪ ਵਿਚ ਭਾਰਤੀ ਸੁਤੰਤਰਤਾ ਸੰਘਰਸ਼ ਵਿਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਯੋਗਦਾਨ, ਕਠਿਨਾਈਆਂ, ਸੰਘਰਸ਼, ਕੁਰਬਾਨੀਆਂ, ਯਾਤਰਾਵਾਂ ਅਤੇ ਮੁਸੀਬਤਾਂ ਸਬੰਧੀ ਇਹ ਕਿਤਾਬ ਇਕ ਮਹੱਤਵਪੂਰਨ ਇਤਿਹਾਸਕ ਸ੍ਰੋਤ ਹੈ। ਇਤਿਹਾਸਕ ਤੱਥਾਂ, ਘਟਨਾਵਾਂ, ਸਰਗਰਮੀਆਂ, ਬਰਤਾਨਵੀ ਅਫ਼ਸਰਾਂ ਦੇ ਅਤਿਆਚਾਰਾਂ, ਵਧੀਕੀਆਂ ਅਤੇ ਪੰਜਾਬੀਆਂ ਦੁਆਰਾ ਵੱਖ-ਵੱਖ ਰੂਪਾਂ ਉਦਾਰਵਾਦੀ, ਸਮਾਜਿਕ ਲਹਿਰਾਂ, ਕ੍ਰਾਂਤੀਕਾਰੀ ਗਤੀਵਿਧੀਆਂ ਅਤੇ ਸ਼ਹੀਦੀਆਂ ਵਿਚ ਵਧ-ਚੜ੍ਹ ਕੇ ਯੋਗਦਾਨ ਪਾਉਣ ਦੇ ਇਤਿਹਾਸ ਨੂੰ ਜਾਣਨ ਲਈ ਕਿਤਾਬ ਵੱਢਮੁੱਲਾ ਯੋਗਦਾਨ ਹੈ। ਮੌਜੂਦਾ ਸਮੇਂ ਜਦੋਂ ਭਾਰਤੀ ਕਿਸਾਨ ਅਤੇ ਹੋਰ ਵਰਗ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੇ ਜੀਵਨ ਆਦਰਸ਼ ਸਰਦਾਰ ਅਜੀਤ ਸਿੰਘ, ਸਰਦਾਰ ਕਿਸ਼ਨ ਸਿੰਘ, ਸਰਦਾਰ ਸਵਰਨ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਆਜ਼ਾਦੀ ਅੰਦੋਲਨ ਦੇ ਨਾਇਕਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਵਿਸਥਾਰਪੂਰਵਕ ਜਾਣਨ ਲਈ ਹੋਰ ਵੀ ਵੱਡਮੁੱਲਾ ਯੋਗਦਾਨ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786

27-02-2021

 ਇਕ ਸ਼ਿਅਰ ਦੀ ਪਰਿਕਰਮਾ
ਵਿਆਖਿਆਕਾਰ : ਤਰਲੋਕ ਸਿੰਘ ਆਨੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 320 ਰੁਪਏ, ਸਫ਼ੇ : 168
ਸੰਪਰਕ : 98158-80489.

ਡਾ: ਤਰਲੋਕ ਸਿੰਘ ਆਨੰਦ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਬੈਚ (1965) ਦਾ ਪੋਸਟ ਗਰੈਜੂਏਟ, ਰੀਸਰਚ ਸਕਾਲਰ ਅਤੇ ਪ੍ਰੋਫ਼ੈਸਰ ਹੈ। ਉਹ ਪੰਜਾਬੀ ਭਾਸ਼ਾ ਦੇ ਨਾਲ ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿਚ ਵੀ ਪੂਰੀ ਤਰ੍ਹਾਂ ਨਾਲ ਨਿਪੁੰਨ ਹੈ। ਉਸ ਦੀ ਹਰ ਲਿਖਤ ਪਾਠਕਾਂ ਪਾਸੋਂ ਉਚੇਚੇ ਧਿਆਨ ਦੀ ਮੰਗ ਕਰਦੀ ਹੈ। ਹਥਲੀ ਪੁਸਤਕ ਵਿਚ ਉਸ ਨੇ ਪੰਜਾਬੀ, ਹਿੰਦੁਸਤਾਨੀ ਅਤੇ ਉਰਦੂ ਭਾਸ਼ਾ ਵਿਚ ਕਹੀਆਂ ਗਈਆਂ ਪ੍ਰਸਿੱਧ ਗ਼ਜ਼ਲਾਂ ਦਾ ਇਕ-ਇਕ ਸ਼ਿਅਰ ਲੈ ਕੇ ਉਨ੍ਹਾਂ ਦੀ ਤਸ਼ਰੀਹ ਕੀਤੀ ਹੈ। ਉਂਜ ਤਾਂ ਹਰ ਕਵਿਤਾ ਦੀ ਪ੍ਰਕਿਰਤੀ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਸ ਵਿਚ ਕਹੀ ਗਈ ਗੱਲ ਦੀ ਬਜਾਏ ਅਣਕਿਹਾ ਵਧੇਰੇ ਧਿਆਨ ਦੀ ਮੰਗ ਕਰਦਾ ਹੈ ਪ੍ਰੰਤੂ ਗ਼ਜ਼ਲ ਉੱਪਰ ਇਹ ਕਥਨ ਵਧੇਰੇ ਢੁਕਦਾ ਹੈ। ਗ਼ਜ਼ਲ ਕਾਵਿ ਦੇ ਵਿਆਖਿਆਕਾਰ ਗ਼ਜ਼ਲ ਦੇ ਇਸ ਗੁਣ-ਲੱਛਣ ਨੂੰ ਤੁਗ਼ਜ਼ਲ ਦਾ ਨਾਂਅ ਦਿੰਦੇ ਹਨ। ਗ਼ਜ਼ਲ ਦਾ ਹਰ ਸ਼ਿਅਰ ਆਪਣੇ-ਆਪ ਵਿਚ ਮੁਕੰਮਲ ਜਾਂ ਸਵੈ-ਸੰਪੂਰਨ ਹੁੰਦਾ ਹੈ; ਇਸ ਕਾਰਨ ਉਸ ਦੀ ਵਿਆਖਿਆ ਕਰਨ ਲਈ ਕਿਸੇ ਸ਼ਿਅਰ ਵਿਸ਼ੇਸ਼ ਦੇ ਅਗਲੇ-ਪਿਛਲੇ ਸ਼ਿਅਰਾਂ ਦੀ ਜ਼ਰੂਰਤ ਨਹੀਂ ਹੁੰਦੀ।
ਡਾ: ਤਰਲੋਕ ਸਿੰਘ ਆਧੁਨਿਕ ਪੰਜਾਬੀ ਕਾਵਿ ਦੇ ਨਾਭਾ ਸਕੂਲ ਦਾ ਇਕ ਪ੍ਰਮੁੱਖ ਹਸਤਾਖਰ ਹੈ। ਨਾਭੇ ਦੇ ਸਾਹਿਤਿਕ-ਸੱਭਿਆਚਾਰਕ ਪਰਿਪੇਖ ਦੀ ਉਸਾਰੀ ਵਿਚ ਉਸ ਨੇ ਵੱਡਾ ਯੋਗਦਾਨ ਪਾਇਆ ਹੈ। ਨਾਭੇ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਾਹਿਤਕ ਪੱਤਰ 'ਮਹਿਰਮ' ਵਿਚ ਉਹ ਨੇਮ ਨਾਲ ਲਿਖਦਾ ਰਿਹਾ ਹੈ। ਇਸ ਪੁਸਤਕ ਵਿਚ ਪ੍ਰਕਾਸ਼ਿਤ ਉਸ ਦੇ ਵਿਭਿੰਨ ਲੇਖ ਵੀ ਪਹਿਲਾਂ 'ਮਹਿਰਮ' ਵਿਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਨ੍ਹਾਂ ਲੇਖਾਂ ਵਿਚ ਉਹ ਗ਼ਜ਼ਲ ਦੇ ਕਿਸੇ ਪ੍ਰਸਿੱਧ ਸ਼ਿਅਰ ਨੂੰ ਮਜ਼ਮੂਨ ਬਣਾ ਕੇ ਉਸ ਦੀ ਤਸ਼ਰੀਹ ਕਰਦਾ ਹੈ ਅਤੇ ਬਾਜ਼ ਦਫ਼ਾ ਕੁਝ ਹੋਰ ਸ਼ਿਅਰਾਂ ਦਾ ਹਵਾਲਾ ਦੇ ਕੇ ਆਪਣੀਆਂ ਧਾਰਨਾਵਾਂ ਨੂੰ ਪ੍ਰਮਾਣਿਤ ਵੀ ਕਰਦਾ ਹੈ। ਯੂਨੀਵਰਸਿਟੀਆਂ ਵਿਚ ਸਾਹਿਤ ਦੀਆਂ ਉੱਚ-ਜਮਾਤਾਂ ਦੇ ਵਿਦਿਆਰਥੀ ਅਤੇ ਸਾਹਿਤ ਦੇ ਪ੍ਰੇਮੀ-ਪਾਠਕ ਡਾ: ਆਨੰਦ ਦੀ ਵਿਆਖਿਆ ਵਿਧੀ ਤੋਂ ਨਾ ਕੇਵਲ ਬਹੁਤ ਕੁਝ ਸਿੱਖ ਸਕਦੇ ਹਨ ਬਲਕਿ ਆਪਣੀ ਪਾਠ-ਵਿਧੀ ਵਿਚ ਵੀ ਬਹੁਤ ਪਰਿਵਰਤਨ ਲਿਆ ਸਕਦੇ ਹਨ। ਡਾ: ਆਨੰਦ ਦੀ ਵਿਆਖਿਆ ਵਿਧੀ ਇਹ ਦਰਸਾਉਂਦੀ ਹੈ ਕਿ ਹਰ ਸ਼ਿਅਰ ਕਿਸੇ ਵਿਸ਼ੇਸ਼ ਭਾਵਭੂਮੀ ਵਿਚੋਂ ਉਪਜਦਾ ਹੈ ਅਤੇ ਇਹ ਭਾਵਭੂਮੀ ਅੱਗੋਂ ਕੁਝ ਸਮਾਜਿਕ-ਸੱਭਿਆਚਾਰਕ ਅਤੇ ਆਰਥਿਕ ਦਬਾਵਾਂ ਦੀ ਉਪਜ ਹੁੰਦੀ ਹੈ। ਇਸ ਕਾਰਨ ਕਿਸੇ ਵੀ ਸ਼ਿਅਰ ਨੂੰ ਸਮਝਣ ਲਈ ਇਨ੍ਹਾਂ ਦਬਾਵਾਂ ਦਾ ਵਿਸ਼ਲੇਸ਼ਣ ਜ਼ਰੂਰੀ ਹੋ ਜਾਂਦਾ ਹੈ। ਵਿਦਵਾਨ ਲੇਖਕ ਇਹ ਵੀ ਦੱਸ ਜਾਂਦਾ ਹੈ ਕਿ ਅਕਸਰ ਹੀ ਬਹੁਤ ਸਾਰੇ ਕਵੀ ਇਕੋ ਜਿਹੇ ਦਬਾਵਾਂ ਨੂੰ ਝੱਲਣ ਕਾਰਨ ਆਪਸ ਵਿਚ ਮਿਲਦਾ-ਜੁਲਦਾ ਕਲਾਮ ਵੀ ਲਿਖ ਜਾਂਦੇ ਹਨ ਅਤੇ ਇਹ ਤੱਥ ਕਵੀਆਂ ਦੀ ਕਮਜ਼ੋਰੀ ਦਾ ਸੂਚਕ ਨਹੀਂ ਹੁੰਦੇ। ਮੈਂ ਡਾ: ਆਨੰਦ ਦਾ ਆਭਾਰੀ ਹਾਂ ਕਿ ਉਸ ਨੇ ਨਵੀਂ ਪੀੜ੍ਹੀ ਨੂੰ ਸਾਹਿਤਕ ਪਾਠ ਬਾਰੇ ਨਵੀਂ ਅਤੇ ਪ੍ਰਮਾਣਿਕ ਜਾਣਕਾਰੀ ਦਿੱਤੀ ਹੈ। ਮੇਰਾ ਇਹ ਵੀ ਨਿਵੇਦਨ ਹੈ ਕਿ ਉਹ ਨਿਰੰਤਰ ਲਿਖਦਾ ਰਹੇ ਕਿਉਂਕਿ ਸਾਡੇ ਪਾਸੇ ਸਿਰਜਣਾਤਮਿਕ ਆਲੋਚਕਾਂ ਦੀ ਗਿਣਤੀ ਬਹੁਤੀ ਨਹੀਂ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਭਾਰਤ ਦਾ ਮਹਾਨ ਗ੍ਰੰਥ
ਮਹਾਭਾਰਤ
ਲੇਖਿਕਾ : ਸ਼ਾਂਤਾ ਰਾਮੇਸ਼ਵਰ ਰਾਉ
ਅਨੁਵਾਦਕ : ਨਰਿੰਜਨ ਸਿੰਘ ਸਾਥੀ
ਪ੍ਰਕਾਸ਼ਕ : ਭਾਈ ਚਤਰ ਸਿੰਘ, ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ 248
ਸੰਪਰਕ : 98155-40968.

ਇਹ ਮਹਾਨ ਗ੍ਰੰਥ ਪ੍ਰਸਿੱਧ ਲੇਖਿਕਾ ਸ਼ਾਂਤਾ ਰਾਮੇਸ਼ਵਰ ਰਾਉ ਨੇ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਸਿਰਜਿਆ ਹੈ। ਉਨ੍ਹਾਂ ਦਾ ਆਧਾਰ ਸੰਸਕ੍ਰਿਤ ਵਿਚ (ਪੂਰਵ ਈਸਾ) ਰਚਿਆ ਮਹਾਕਾਵਿ ਹੈ ਜੋ ਇਕ ਲੱਖ ਛੰਦਾਂ ਵਿਚ ਹੈ। ਨਰਿੰਜਨ ਸਿੰਘ ਸਾਥੀ ਵਲੋਂ ਕੀਤਾ ਗਿਆ ਹਥਲਾ ਅਨੁਵਾਦ ਸਰਲਤਾ, ਸਪੱਸ਼ਟਤਾ ਅਤੇ ਰਵਾਨਗੀ ਭਰਪੂਰ ਹੈ ਜਿਸ ਵਿਚ ਪੰਜਾਬੀ ਭਾਸ਼ਾ ਦੀ ਅੰਤਰੀਵੀ ਰੂਹ ਧੜਕਦੀ ਹੈ। ਇਸ ਦੀ ਮੁੱਖ ਥੀਮ ਕੌਰਵਾਂ ਅਤੇ ਪਾਂਡਵਾਂ ਦੀਆਂ ਜਿੱਤਾਂ-ਹਾਰਾਂ ਦਾ ਬਿਰਤਾਂਤ ਹੈ। ਇਨ੍ਹਾਂ ਦੋਵਾਂ ਖ਼ਾਨਦਾਨਾਂ ਦੀ 'ਸ਼ਰੀਕੇਬਾਜ਼ੀ' ਇਸ ਰਚਨਾ ਦਾ ਮਹਾਕਾਵਿਕ-ਪੈਰਾਡਾਇਮ ਹੈ। ਪੰਜਾਬੀ ਦਾ ਅਖਾਣ ਅੱਜ ਤੱਕ ਸੱਚ ਹੈ : ਸ਼ਰੀਕ ਲਾਵੇ ਲੀਕ ਪੁੱਜੇ ਜਿਥੋਂ ਤੀਕ।' ਇਵੇਂ ਹੀ ਕੌਰਵਾਂ ਦਾ ਰਾਜ ਕੁਮਾਰ ਦੁਰਯੋਧਨ ਪਾਂਡਵਾਂ ਦਾ ਨਾਸ਼ ਕਰਨ ਲਈ ਆਖਰੀ ਹੱਦ ਤੱਕ ਜਾਂਦਾਹ ੈ। ਉਹ ਪਾਂਡਵਾਂ ਦੀ ਪਰਜਾ ਵਲੋਂ ਹੋ ਰਹੀ ਵਡਿਆਈ ਅਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਜਰ ਨਹੀਂ ਸਕਿਆ। ਉਨ੍ਹਾਂ ਪ੍ਰਤੀ ਹਮੇਸ਼ਾ ਸਾੜਾ, ਈਰਖਾ, ਜਲਨ ਦੀ ਭਾਵਨਾ ਰੱਖਦਾ ਹੈ। ਪਾਂਡਵਾਂ ਦੇ ਸਰਵਨਾਸ਼ ਵਿਚ ਉਸ ਦਾ ਮਾਮਾ ਸ਼ਕੁਨੀ, ਦੁਸ਼ਾਸਨ ਅਤੇ ਕਰਨ ਵੀ ਉਸ ਦੇ ਸਹਾਇਕ ਹਨ। ਯੁਧਿਸ਼ਟਰ ਨੂੰ ਜੂਏਬਾਜ਼ੀ ਦਾ ਚਸਕਾ ਹੈ। ਉਸ ਦੀ ਇਸੇ ਕਮਜ਼ੋਰੀ ਦਾ ਦੁਰਉਪਯੋਗ ਕਰਕੇ, ਸ਼ਕੁਨੀ ਉਸ ਨੂੰ ਜੂਏ ਵਿਚ ਹਰਾ ਕੇ, ਦਰੋਪਦੀ ਸਮੇਤ ਪਾਂਡਵਾਂ ਦਾ ਰਾਜ-ਭਾਗ ਹਥਿਆ ਕੇ ਦੁਰਯੋਧਨ ਦੇ ਅਧੀਨ ਕਰ ਦਿੰਦਾ ਹੈ। ਦੁਰਯੋਧਨ ਦੇ ਹੁਕਮ ਨਾਲ ਦੁਸ਼ਾਸਨ ਦਰੋਪਦੀ ਦੇ ਬਸਤਰ ਉਤਾਰਨ ਦੀ ਹਰਕਤ ਕਰ ਕੇ ਉਸ ਦੀ ਭਰੀ ਸਭਾ ਵਿਚ ਬੇਪਤੀ ਕਰਦਾ ਹੈ ਪਰ ਕ੍ਰਿਸ਼ਨ ਮਹਾਰਾਜ ਦੁਆਰਾ ਦਰੋਪਦੀ ਦੀ ਪਤ ਬਚਾਈ ਜਾਂਦੀ ਹੈ। ਬਾਰਾਂ ਤੇਰਾਂ ਸਾਲ ਬਨਵਾਸ ਕੱਟ ਕੇ ਜਦੋਂ ਪਾਂਡਵ ਆਪਣਾ ਰਾਜ ਮੰਗਦੇ ਹਨ ਤਾਂ ਦੁਰਯੋਧਨ ਉਨ੍ਹਾਂ ਨੂੰ ਸੂਏ ਦੇ ਨੱਕੇ ਜਿੰਨੀ ਭੂਮੀ ਦੇ ਕੇ ਵੀ ਰਾਜ਼ੀ ਨਹੀਂ। ਸਮਝੌਤੇ ਦੇ ਸਾਰੇ ਯਤਨ ਅਸਫਲ ਹੋ ਜਾਂਦੇ ਹਨ। ਯੁੱਧ ਇਕੋ-ਇਕ ਹੱਲ ਰਹਿ ਜਾਂਦਾ ਹੈ। ਕੁਰਸ਼ੇਤਰ ਦੇ ਮੈਦਾਨ ਵਿਚ 18 ਦਿਨ ਦੋਵਾਂ ਧਿਰਾਂ ਦਾ ਖੂਨ ਵਹਿੰਦਾ ਹੈ। ਕ੍ਰਿਸ਼ਨ ਦੁਆਰਾ ਅਰਜਨ ਨੂੰ ਗੀਤਾ ਸੰਦੇਸ਼ ਵੀ ਇਸੇ ਸਮੇਂ ਦਿੱਤਾ ਜਾਂਦਾ ਹੈ। ਅਨੇਕਾਂ ਘਟਨਾਵਾਂ ਉਪਜਦੀਆਂ ਬਿਨਸਦੀਆਂ ਹਨ। ਅਖੀਰ ਨੂੰ ਪਾਂਡਵਾਂ ਦੀ ਜਿੱਤ ਹੁੰਦੀ ਹੈ।
ਅਸਲ ਵਿਚ ਦੋਵੇਂ ਧਿਰਾਂ ਆਪੋ-ਆਪਣੀ ਹੋਂਦ, ਅਸਤਿਤਵ, ਪ੍ਰਭੂਸਤਾ ਦੀ ਰਾਖੀ ਲਈ ਜੂਝਦੀਆਂ ਹਨ। ਜਿਸ ਦੇ ਅਸਤਿਤਵ ਨੂੰ ਠੇਸ ਪਹੁੰਚਦੀ ਹੈ, ਉਹ ਹੀ ਦੂਜੀ ਧਿਰ ਤੋਂ ਬਦਲੇ ਲਈ ਸੰਘਰਸ਼ ਕਰਦਾ/ਕਰਦੀ ਹੈ। ਦਰੋਪਦੀ ਆਪਣੀ ਬੇਪਤੀ ਦਾ ਬਦਲਾ ਲੈਣ, ਜੰਗ ਲਈ, ਬੀਰ-ਰਸੀ ਸ਼ਬਦਾਵਲੀ ਦਾ ਪ੍ਰਯੋਗ ਕਰਦੀ ਹੈ। ਦੁਰਯੋਧਨ ਕ੍ਰਿਸ਼ਨ ਜੀ ਦੀ ਵੀ ਹਤਕ ਕਰਦਾ ਹੈ। ਸ਼ਾਇਦ ਇਸੇ ਲਈ ਕ੍ਰਿਸ਼ਨ ਜੀ ਵੀ ਕਹਿੰਦੇ ਹਨ, 'ਆਪਣੀ ਅਣਖ-ਇੱਜ਼ਤ ਦੀ ਕੀਮਤ ਦੇ ਕੇ ਖ਼ਰੀਦੇ ਹੋਏ ਜ਼ਲੀਲ ਅਮਨ ਨਾਲੋਂ ਗ਼ੈਾਰਤ ਦੀ ਜੰਗ ਲੜਨਾ ਹੀ ਬਿਹਤਰ ਹੈ।' ਪੰ: 174.
ਸ਼ਿਖੰਡਿਨੀ ਜੋ ਪਿਛਲੇ ਜਨਮ ਦੀ 'ਅੰਬਾ' ਹੈ, ਜਿਸ ਨਾਲ ਉਸ ਜਨਮ ਵਿਚ ਭੀਸ਼ਮ ਵਲੋਂ ਨਿਰਾਦਰ ਕੀਤਾ ਗਿਆ ਸੀ, ਉਹ ਵੀ ਇਸ ਜਨਮ ਵਿਚ ਭੀਸ਼ਮ ਤੋਂ ਬਦਲਾ ਲੈ ਕੇ ਮਰਵਾਉਂਦੀ ਹੈ। ਇੰਜ ਭੀਸ਼ਮ ਤੋਂ ਆਰੰਭ ਹੋਇਆ ਮਹਾਕਾਵਿ ਭੀਸ਼ਮ ਦੀ ਮ੍ਰਿਤੂ ਨਾਲ ਹੀ ਸਮਾਪਤੀ ਨੇੜੇ ਜਾਕੇ ਬੂਮਰਿੰਗ ਤਕਨੀਕ ਦਾ ਮਹਾਕਾਵਿ ਹੋ ਨਿਬੜਦਾ ਹੈ। ਇਹ ਮਹਾਕਾਵਿ ਦੈਵੀ ਅਤੇ ਸੰਸਾਰਿਕਤਾ ਦਾ ਸੁਮੇਲ ਹੈ। ਪਰਾਸਰੀਰਕ ਘਟਨਾਵਾਂ, ਵਰ ਤੇ ਸਰਾਪ, ਸ਼ੜਯੰਤਰ ਆਦਿ ਬਿਰਤਾਂਤ ਦਾ ਸੰਚਾਲਨ ਕਰਨ ਵਿਚ ਸਹਾਇਕ ਹਨ। ਪੂਰਵ-ਈਸਾ ਸਮੇਂ ਦੇ ਮਹਾਭਾਰਤ ਦੇ ਪਾਤਰ 'ਵਿਦੁਰ' ਦੇ ਸੰਵਾਦ ਨਾਲ ਸ਼ੈਕਸਪੀਅਰ ਦੇ ਸੰਵਾਦ ਦੀ ਨਾਲ ਤੁਲਨਾ ਕਿੰਨੀ ਸਾਰਥਕ ਅਤੇ ਦਿਲਚਸਪ ਹੈ :
ਵਿਦੁਰ : 'ਕਸੂਰ ਬੰਦਿਆਂ ਦਾ ਹੁੰਦਾ ਹੈ... ਦੋਸ਼ ਹੋਣੀ ਨੂੰ ਦਿੰਦੇ ਹਨ।' ਪੰ: 120
ਸ਼ੈਕਸਪੀਅਰ : 'ਦਾ ਫਾਲਟ, ਡੀਅਰ ਬਰੁਟਸ, ਲਾਇਜ਼ ਇਨ ਅਵਰਸੈਲਵਜ਼, ਨੌਟ ਇਨ ਅਵਰ ਸਟਾਰਜ਼' ਦੋਵੇਂ ਸੰਵਾਦ ਮਹਾਭਾਰਤ ਦੇ ਦੁਖਾਂਤ 'ਤੇ ਇੰਨ ਬਿੰਨ ਢੁਕਦੇ ਹਨ।

ਡਾ: ਧਰਮ ਚੰਦ ਵਾਤਿਸ਼
ਮੋ: 88376-79186

ਕੰਬਣੀ
ਲੇਖਕ : ਅਮਰਜੀਤ ਫ਼ੌਜੀ ਦੀਨਾ ਸਾਹਿਬ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94174-04804.

'ਕੰਬਣੀ' ਕਾਵਿ-ਸੰਗ੍ਰਹਿ ਅਮਰਜੀਤ ਫ਼ੌਜੀ ਦੀਨਾ ਸਾਹਿਬ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜੋ ਉਸ ਨੇ ਜਸਵੰਤ ਰਾਊਕੇ ਅਤੇ ਸਵਰਨ ਸਿੰਘ ਪਤੰਗ ਦੀ ਸੁਚੱਜੀ ਅਗਵਾਈ ਹੇਠ ਪ੍ਰਕਾਸ਼ਿਤ ਕਰਵਾਇਆ ਹੈ। ਉਹ ਸਮਾਜਿਕ ਰਿਸ਼ਤਿਆਂ ਦਾ ਕਦਰਦਾਨ ਹੈ, ਇਸੇ ਲਈ ਉਸ ਨੇ ਆਪਣੇ ਪੂਜਨੀਕ ਮਾਂ ਸਵ: ਸਰਦਾਰਨੀ ਸੁਰਜੀਤ ਕੌਰ ਅਤੇ ਮਾਪਿਆਂ ਜਿੰਨੇ ਪਿਆਰੇ ਮਾਸੀ-ਮਾਸੜ ਚਰਨ ਕੌਰ ਅਤੇ ਅਜੇਬ ਸਿੰਘ ਛੋਕਰਾਂ ਨੂੰ ਇਹ ਕਾਵਿ-ਸੰਗ੍ਰਹਿ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਸੱਚ-ਝੂਠ' ਤੋਂ ਲੈ ਕੇ 'ਜ਼ਰਾ ਸੋਚੋ' ਤੱਕ 61 ਕਾਵਿ-ਰਚਨਾਵਾਂ ਨੂੰ ਸੰਕਲਿਤ ਕੀਤਾ ਹੈ। ਇਨ੍ਹਾਂ ਕਾਵਿ-ਰਚਨਾਵਾਂ ਨੂੰ ਪੜ੍ਹਦਿਆਂ ਕਾਵਿ-ਪਾਠਕ ਮਹਿਸੂਸ ਕਰੇਗਾ ਕਿ ਅਜੋਕੀ ਪਦਾਰਥਕ ਚਕਾਚੌਂਧ ਨੇ ਕਿਸ ਤਰ੍ਹਾਂ ਸੱਭਿਆਚਾਰਕ ਤੋਂ ਪਿਛੋਕੜ ਮਨੁੱਖ ਨੂੰ ਤੋੜਿਆ-ਭੰਨਿਆ ਹੈ। ਇਹ ਕਵਿਤਾਵਾਂ ਅਦਨੇ ਮਨੁੱਖ ਦੇ ਅਜਲੀ ਮਸਲਿਆਂ ਕੁੱਲੀ, ਗੁੱਲੀ, ਜੁੱਲੀ ਅਤੇ ਰੁਜ਼ਗਾਰ ਦੇ ਮਸਲਿਆਂ ਨਾਲ ਤਾਂ ਸਬੰਧਿਤ ਹੈ ਹੀ ਹਨ, ਇਸ ਦੇ ਨਾਲ-ਨਾਲ ਮਨੁੱਖੀ ਮਨ ਅੰਦਰ ਹੁੰਦੀ ਟੁੱਟ-ਭੱਜ ਦਾ ਮਾਨਸਿਕ ਵਿਸ਼ਲੇਸ਼ਣ ਵੀ ਕਰਦੀਆਂ ਹਨ। 'ਸਰਮਾਏਦਾਰੀ ਸਿਸਟਮ', 'ਮਜਬੂਰੀ', 'ਮਤਲਬੀ ਪਿਆਰ', 'ਪਿੰਡ ਦੀ ਸੱਥ, 'ਸਾਉਣ', 'ਵੰਗਾਂ', 'ਸਾਹਾਂ ਦਾ ਦੀਵਾ', 'ਤੀਆਂ', 'ਈ.ਵੀ.ਐਮ' ਅਤੇ 'ਮਤਲਬ ਦੇ ਯਾਰ' ਕਾਵਿ-ਰਚਨਾਵਾਂ ਪੜ੍ਹਦਿਆਂ ਪਾਠਕ ਸੁਤੇ-ਸਿੱਧ ਹੀ ਉਕਤ ਵਰਣਿਤ ਵਿਚਾਰਾਂ ਨਾਲ ਇਕ-ਮਿਕ ਹੋਇਆ ਮਹਿਸੂਸ ਕਰੇਗਾ। 'ਕੰਬਣੀ' ਕਵਿਤਾ 'ਚ ਆਮ ਨਾਗਰਿਕਾਂ ਦੀ ਗ਼ਰੀਬੀ, ਭੁੱਖ-ਨੰਗ ਦਾ ਜ਼ਿਕਰ ਕਰਦਿਆਂ ਉਹ ਸੱਚਮੁੱਚ ਹੀ ਮਨੁੱਖੀ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ। ਉਥੇ ਜਾਬਰ ਵੀ ਇਨ੍ਹਾਂ ਅਹਿਸਾਸਾਂ ਤੋਂ ਕੋਰਾ ਨਹੀਂ ਰਹਿੰਦਾ।
ਜਾਬਰ ਨੂੰ ਕੰਬਣੀ ਛਿੜਦੀ ਹੈ
ਜਦ ਮੈਂ ਲਿਖਾਂ ਦਰਦ ਲੁਕਾਈ ਦਾ।
ਹਰ ਪਾਸੇ ਦਿਸਣ ਹਾਲਾਤ ਬੁਰੇ,
ਸਭ ਸੁਬਕਣ ਜਿੱਧਰ ਜਾਈਦਾ।
ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜਿਥੇ ਅਜੋਕੇ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਮਸਲਿਆਂ ਨਾਲ ਪਾਠਕਾਂ ਦੀ ਸਾਂਝ ਪੁਆਉਂਦੀਆਂ ਹਨ, ਉਥੇ ਉਸ ਦੀ ਕਵਿਤਾ ਵਿਚ ਦੇਸ਼-ਪਿਆਰ, ਭਗਤੀ-ਰਸ ਅਤੇ ਕੁਦਰਤ-ਪਿਆਰ ਦੇ ਰੰਗ ਵੀ ਦੇਖੇ ਜਾ ਸਕਦੇ ਹਨ :
ਕੁਦਰਤ ਤੇਰੇ ਰੰਗ ਅਨੰਤ
ਤੂੰ ਬੇਅੰਤ ਤੂੰ ਬੇਅੰਤ
ਕਈ ਥਾਈਂ ਕਾਫੀਏ ਅਤੇ ਕੁਝ ਵਿਚਾਰਧਾਰਕ ਮਸਲਿਆਂ ਪ੍ਰਤੀ ਉਸ ਦੀ ਭਾਵੁਕ ਪਹੁੰਚ ਰੜਕਦੀ ਹੈ ਪ੍ਰੰਤੂ ਉਸ ਦੀ ਵਿਸ਼ੇ ਦੀ ਪੇਸ਼ਕਾਰੀ ਦੀ ਸਹਿਜ ਬਿਆਨੀ ਇਨ੍ਹਾਂ ਐਬਾਂ ਨੂੰ ਢਕ ਲੈਂਦੀ ਹੈ। ਫ਼ੌਜੀ ਸਾਹਿਬ ਨੂੰ ਮੁਬਾਰਕਵਾਦ ਦਿੰਦਿਆਂ ਇਹ ਤਵੱਕੋ ਕਰਾਂਗਾ ਕਿ ਛੇਤੀ ਹੀ ਉਨ੍ਹਾਂ ਦੇ ਅਗਲੇ ਕਾਵਿ-ਸੰਗ੍ਰਹਿ ਦੇ ਛੇਤੀ ਹੀ ਦਰਸ਼ਨ-ਦੀਦਾਰੇ ਹੋਣਗੇ। ਆਮੀਨ!

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਸ਼ਾਹਿਦ ਨਦੀਮ ਦੇ ਨਾਟਕ
ਲਿਪੀਅੰਤਰ : ਡਾ: ਅਰਵਿੰਦਰ ਕੌਰ ਧਾਲੀਵਾਲ
ਪ੍ਰਕਾਸ਼ਕ : ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ।
ਮੁੱਲ : 695 ਰੁਪਏ, ਸਫ਼ੇ : 560
ਸੰਪਰਕ : 99142-11422.

ਹਥਲੀ ਪੁਸਤਕ ਵਿਚ ਸਾਂਝੇ ਪੰਜਾਬ ਦੇ ਜਾਗਰੂਕ ਲੇਖਕ ਸ਼ਾਹਿਦ ਨਦੀਮ ਦੇ ਪੰਦਰਾਂ ਨਾਟਕ ਅੰਕਿਤ ਹਨ। ਇਹ ਨਾਟਕ ਪੰਜਾਬੀਅਤ ਦੀ ਹੋਂਦ-ਸਥਿਤੀ ਦੇ ਮੁੱਢ-ਕਦੀਮੀ ਗੁਣਾਂ-ਲੱਛਣਾਂ ਦੇ ਸਰੋਕਾਰਾਂ ਨੂੰ ਉਭਾਰਦੇ ਹਨ। ਇਨ੍ਹਾਂ ਵਿਚਲਾ ਸਾਂਝਾ ਪੈਗ਼ਾਮ ਇਹ ਉਦੈਮਾਨ ਹੁੰਦਾ ਹੈ ਕਿ ਵਕਤ-ਵਕਤ ਦੀਆਂ ਹਕੂਮਤਾਂ ਸੱਚ ਅਤੇ ਯਥਾਰਥ ਨੂੰ ਸਦਾ ਦਬਾਉਂਦੀਆਂ ਆ ਰਹੀਆਂ ਹਨ। ਡਾ: ਅਰਵਿੰਦਰ ਕੌਰ ਧਾਲੀਵਾਲ ਦੀ ਲੰਮੇ ਸਮੇਂ ਦੀ ਘਾਲਣਾ ਬਾਅਦ ਇਹ ਨਾਟਕ ਲਿਖਤੀ ਰੂਪ ਵਿਚ ਪਾਠਕਾਂ ਦੇ ਸਨਮੁੱਖ ਹਨ। ਨਾਟਕਕਾਰ ਸ਼ਾਹਿਦ ਨਦੀਮ ਪਾਕਿਸਤਾਨ ਦੇ ਸਨਮਾਨਯੋਗ ਅਹੁਦਿਆਂ 'ਤੇ ਕਾਰਜਸ਼ੀਲ ਰਿਹਾ ਹੈ। ਇਹ ਅਹੁਦੇ ਭਾਵੇਂ ਸੰਚਾਰ ਮੀਡੀਏ ਨਾਲ ਜੁੜੇ ਹੋਏ ਸਨ ਜਾਂ ਸਮਾਜਿਕ ਵਰਤਾਰੇ ਨਾਲ ਸਬੰਧਿਤ ਸਨ। ਇਨ੍ਹਾਂ ਸਭਨਾਂ ਨੇ ਉਸ ਦੀ ਡੂੰਘੀ ਸੋਚ ਨੂੰ ਹਲੂਣਾ ਦਿੱਤਾ ਜਿਸ ਦੇ ਸਿੱਟੇ ਵਜੋਂ ਕਰੂਰ ਯਥਾਰਥ ਲਿਖਣ ਸਦਕਾ ਉਸ ਨੂੰ ਕਈ ਅਹੁਦਿਆਂ ਤੋਂ ਮੁਅੱਤਲ ਵੀ ਹੋਣਾ ਪਿਆ, ਸੱਚ ਪ੍ਰਗਟ ਹੋਣ 'ਤੇ ਬਹਾਲ ਵੀ ਹੋਣਾ ਪਿਆ। ਪਰ ਉਸ ਨੇ ਸਮੇਂ ਦੇ ਸੱਚ ਦੀ ਪੇਸ਼ਕਾਰੀ ਕੀਤੀ ਅਤੇ ਨਾਲ ਦੀ ਨਾਲ ਉਸ ਦੀ ਧਰਮ ਪਤਨੀ ਦੇ ਸਹਿਯੋਗ ਨਾਲ ਵੱਖ-ਵੱਖ ਖੇਤਰਾਂ ਵਿਚ ਇਨ੍ਹਾਂ ਦਾ ਮੰਚਨ ਕਰਵਾ ਕੇ ਲੋਕਤਾ ਨੂੰ ਸਾਬਤ ਕਰ ਦਿੱਤਾ ਕਿ ਜੇ ਵਕਤ ਦੀ ਹਕੂਮਤ ਸੱਚ ਨੂੰ ਦਬਾਉਂਦੀ ਹੈ ਤਾਂ ਮਨੁੱਖਤਾ ਵਿਚ ਰਾਜਸੀ ਅਤੇ ਧਾਰਮਿਕ ਆਗੂਆਂ ਵਲੋਂ ਪੈਦਾ ਕੀਤੇ ਹੋਏ ਜ਼ਖ਼ਮ 'ਤੇ ਕੋਈ ਜਾਗਰੂਕਤਾ ਦੀ ਮੱਲ੍ਹਮ ਲਾਉਣ ਲਈ ਵੀ ਪੈਦਾ ਹੋ ਸਕਦਾ ਹੈ। ਪੁਸਤਕ ਵਿਚ ਅੰਕਿਤ ਨਾਟਕ, ਰਿਹਾਈ, ਚੁੱਲ੍ਹਾ, ਝੱਲੀ ਕਿਥੇ ਜਾਵੇ, ਧੀ ਰਾਣੀ ਅਤੇ ਅੰਨ੍ਹੀ ਮਾਈ ਦਾ ਸੁਪਨਾ ਅਤਿ ਗੰਭੀਰ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਹਨ। ਇਸੇ ਤਰ੍ਹਾਂ, ਥੱਪੜ, ਬੌਰਡਰ-ਬੌਰਡਰ, ਇਕ ਸੀ ਨਾਨੀ, ਜਾਦੂਈ ਤੋਤਾ, ਦੁੱਖ ਦਰਿਆ ਅਤੇ ਤੀਸਰੀ ਦਸਤਕ ਮਨੁੱਖੀ ਜੀਵਨ ਦੀਆਂ ਤਹਿ-ਦਰ-ਤਹਿ ਪਰਤਾਂ ਨੂੰ ਫੋਲਦੇ ਹੋਏ ਨਿੱਜੀ ਮਾਨਸਿਕਤਾ ਅਤੇ ਘਰੇਲੂ ਜਨਜੀਵਨ ਦੀਆਂ ਬਾਰੀਕੀਆਂ ਨੂੰ ਕਲਾਤਮਿਕ ਰੂਪ ਵਿਚ ਪੇਸ਼ ਕਰਦੇ ਹਨ। ਪੁਸਤਕ ਵਿਚਲਾ ਨਾਟਕ 'ਬੁੱਲ੍ਹਾ' ਇਹੋ ਜਿਹੀ ਹਕੀਕਤ ਦਾ ਪ੍ਰਤੀਮਾਨ ਹੈ ਜਿਸ ਸਦਕਾ ਲੇਖਕ ਨੂੰ ਹਕੂਮਤ ਦੇ ਕਸ਼ਟ ਵੀ ਸਹਾਰਨੇ ਪਏ ਕਿਉਂਕਿ ਬੁੱਲ੍ਹੇਸ਼ਾਹ ਦੇ ਸੱਚੇ-ਸੁੱਚੇ ਕਲਾਮ ਦੀ ਰੂਹ ਨੂੰ ਪਛਾਣ ਕੇ, ਉਸ ਦਾ ਮੰਚਨ ਵਿਦੇਸ਼ਾਂ ਵਿਚ ਵੀ ਕੀਤਾ। ਮੈਕੂੰ ਕਾਰੀ ਕਰੇਂਦੇ ਨੀ ਮਾਏ ਅਤੇ ਦੁਖੀਨੀ ਆਦਿ ਨਾਟਕ ਵੀ ਸਾਮਿਅਕ ਕਦਰਾਂ-ਕੀਮਤਾਂ ਦਾ ਆਲੋਚਨਾਤਮਿਕ ਯਥਾਰਥ ਪੇਸ਼ ਕਰਦੇ ਹਨ। ਨਿਰਸੰਦੇਹ, ਇਹ ਪੁਸਤਕ ਪੰਜਾਬੀ ਨਾਟ-ਸਾਹਿਤ ਨੂੰ ਅਮੀਰੀ ਅਤੇ ਇਤਿਹਾਸਿਕਤਾ ਪ੍ਰਦਾਨ ਕਰਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਤੇਰੇ ਤੁਰ ਜਾਣ ਬਾਅਦ
ਕਵੀ : ਮੁਹਿੰਦਰ ਸੂਮਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 100 ਰੁਪਏ, ਸਫ਼ੇ : 55
ਸੰਪਰਕ : 98152-98459.

'ਤੇਰੇ ਤੁਰ ਜਾਣ ਬਾਅਦ' ਕਾਵਿ ਸੰਗ੍ਰਹਿ 'ਚ ਕਵੀ ਮੁਹਿੰਦਰ ਸੂਮਲ ਦੀਆਂ 37 ਕਾਵਿ ਰਚਨਾਵਾਂ ਸ਼ਾਮਿਲ ਹਨ। ਇਸ ਸੰਗ੍ਰਹਿ ਦੀਆਂ ਬਹੁਗਿਣਤੀ ਕਵਿਤਾਵਾਂ 'ਚ ਜੋਬਨ ਰੁੱਤੇ ਤੁਰ ਗਏ ਪੁੱਤਰਾਂ ਦੇ ਮਾਪਿਆਂ ਉੱਪਰ ਟੁੱਟੇ ਦੁੱਖਾਂ ਦੇ ਪਹਾੜ ਦੀ ਦਰਦਮਈ ਵੇਦਨਾ ਹੈ, ਕਿ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦੇ ਬਚਦੇ ਵਰ੍ਹੇ ਤਿਲ-ਤਿਲ ਕਰਕੇ ਖ਼ੁਦ ਵੀ ਮਰਦੇ ਹਨ ਅਤੇ ਇਸ ਨੀਰਸ ਜ਼ਿੰਦਗੀ ਦਾ ਪੰਧ ਉਨਾਂ ਲਈ ਦੋਜਖ਼ ਬਣ ਜਾਂਦਾ ਹੈ। ਜੁਆਨੀ ਪਹਿਰੇ ਤੁਰ ਗਿਆਂ ਦੀਆਂ ਵਿਧਵਾਵਾਂ ਦੇ ਚਾਅ, ਸਧਰਾਂ, ਉਮੰਗਾਂ ਕਿਵੇਂ ਤੀਲਾ-ਤੀਲਾ ਕਰਕੇ ਬਿਖਰ ਜਾਂਦੀਆਂ ਹਨ। ਬਾਲ ਵਰੇਸਾਂ ਦਾ ਮਸਤੀਆਂ ਭਰਪੂਰ ਬਚਪਨ ਸੰਤਾਪਿਆ ਜਾਂਦਾ ਹੈ। ਜ਼ਿਆਦਾਤਰ ਕਾਵਿ ਰਚਨਾਵਾਂ ਅਜਿਹਾ ਸੰਤਾਪ ਹੱਡੀਂ ਹੰਢਾਅ ਰਹੇ ਮਾਪਿਆਂ ਵਲੋਂ ਆਪਣੀ ਬਿਖ਼ਰੀ ਜ਼ਿੰਦਗੀ ਦੇ ਖਿੰਡੇ-ਪੁੰਡੇ ਡੱਕੇ-ਡੋਲੇ ਇਕੱਠੇ ਕਰਕੇ ਮੁੜ ਸੰਭਲਣ ਲਈ ਜੂਝਣ ਦੀ ਦਰਦਨਾਕ ਦਾਸਤਾਨ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਕਵੀ ਕਰੁਣਾਮਈ ਸ਼ਬਦਾਂ 'ਚ ਵਿਰਲਾਪ ਕਰਦਾ ਜਾਪਦਾ ਹੈ :
ਉਨ੍ਹਾਂ ਕਿੰਨੇ ਰਿਸ਼ਤਿਆਂ ਦਾ ਖੂਨ ਕੀਤਾ,
ਬੇਟੀ ਦੇ ਹਾਸੇ ਦਾ,
ਪਤਨੀ ਦੀ ਉਡੀਕ ਦਾ,
ਮਾਂ ਦੀ ਮਮਤਾ ਦਾ,
ਪਿਤਾ ਦੀ ਪਹਿਚਾਣ ਦਾ,
ਤੇ ਇਨ੍ਹਾਂ ਸਾਰਿਆਂ ਦੇ ਰੰਗਲੇ ਸੰਸਾਰ ਦਾ। (ਪੰਨਾ ਨੰ: 10)
ਇਸ ਸੰਗ੍ਰਿਹ ਦੀਆਂ ਹੋਰ ਕਵਿਤਾਵਾਂ 'ਚ 'ਉਮਰ ਦੀਆਂ ਸ਼ਾਮਾਂ', 'ਯਾਦ ਤੇਰੀ ਸਾਨੂੰ ਭੁੱਲਦੀ ਨਾਹੀਂ', 'ਤੇਰੇ ਨਾਲ ਸੀ ਭਰੇ ਭਰਾਏ', 'ਉਦਾਸ ਸ਼ਾਮ', 'ਤੇਰੀ ਯਾਦ ਦੇ ਪਰਿੰਦੇ', 'ਅੱਖਾਂ ਅੱਗੇ ਤੇਰਾ ਚਿਹਰਾ', 'ਯਾਦ ਤੇਰੀ ਦੀ ਪੀੜ', 'ਦੁੱਖ ਤੇਰੇ ਨੇ ਮਾਰਿਆ', 'ਯਾਦ ਤੇਰੀ ਦਾ ਦੀਵਾ ਬਲਦਾ ਰੱਖਾਂਗੇ', 'ਇਕ ਸ਼ਹਿਰ ਪਿਆਰਾ ਸੀ' ਆਦਿ ਕਵਿਤਾਵਾਂ ਬਹੁਤ ਗ਼ਮਗੀਨ ਮਾਹੌਲ ਸਿਰਜਦੀਆਂ ਹਨ :
ਤੇਰੀਆਂ ਯਾਦਾਂ ਦੀ ਮਹਿਫ਼ਲ,
ਰੋਜ਼ ਰਾਤ ਨੂੰ ਜੁੜਦੀ।
ਕਿਣਕਾ-ਕਿਣਕਾ ਜਿਸਮ ਦੀ ਮਿੱਟੀ,
ਰਹੇ ਹਮੇਸ਼ਾ ਭੁਰਦੀ।
ਬੰਨ੍ਹ ਤਤੀਰੀ ਅੱਥਰੂ ਵਰ੍ਹਦੇ,
ਸਾਂਭ ਨਾ ਸਕੀਆਂ ਮਾਵਾਂ।
ਇਕ ਵਾਰੀਂ ਪੁੱਤ ਮਿਲ ਜਾ ਮੈਨੂੰ,
ਬਣ ਮੇਰਾ ਪਰਛਾਵਾਂ।
ਕਵੀ ਮੁਹਿੰਦਰ ਸੂਮਲ ਦੇ ਹਥਲੇ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ 'ਚ ਸ਼ਬਦ ਹੰਝੂ ਬਣ ਕੇ ਛਲਕਦੇ ਨੇ, ਜੋਬਨ ਰੁੱਤੇ ਤਰ ਗਿਆਂ ਦੇ ਕੀਰਨੇ ਪਾਉਂਦੇ ਨੇ, ਯਾਦਾਂ ਦੀ ਪੀੜ ਨੂੰ ਆਪਣੇ ਸੀਨਿਆਂ 'ਚ ਸਮੇਟ ਕੇ ਬੇ-ਰਸੀ ਜ਼ਿੰਦਗੀ 'ਚ ਜਿਊਣ ਦਾ ਸਾਹਸ ਜੁਟਾਉਂਦੇ ਪ੍ਰਤੀਤ ਹੁੰਦੇ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

21-02-2021

ਸੁਖਵਿੰਦਰ ਅੰਮ੍ਰਿਤ ਦੀ ਕਾਵਿ ਚੇਤਨਾ
ਸੰਪਾਦਕ : ਗੁਰਭੇਜ ਸਿੰਘ ਗੁਰਾਇਆ
ਪ੍ਰਕਾਸ਼ਕ : ਪੰਜਾਬੀ ਅਕਾਦਮੀ ਦਿੱਲੀ
ਮੁੱਲ : 300 ਰੁਪਏ, ਸਫ਼ੇ : 248
ਸੰਪਰਕ : 011-23616243.


ਪ੍ਰਸਿੱਧ ਜਰਮਨ ਚਿੰਤਕ ਮਾਰਟਿਨ ਹਾਈਡਿਗਰ ਦਾ ਵਿਚਾਰ ਹੈ ਕਿ ਕਿਸੇ ਵਿਅਕਤੀ ਦੇ ਜਨਮ ਦੀ ਤਥਾਤਮਿਕਤਾ ਹੀ ਉਸ ਦੀ ਹੋਂਦ ਅਤੇ ਹੋਣੀ ਨੂੰ ਪ੍ਰਭਾਵਿਤ ਕਰਿਆ ਕਰਦੀ ਹੈ। ਇਹ ਸੱਚ ਵਿਚਾਰ ਅਧੀਨ ਕਵਿੱਤਰੀ ਦੇ ਅਸਤਿੱਤਵ ਅਤੇ ਉਸ ਦੇ ਕਾਵਿ-ਪੈਂਡੇ 'ਤੇ ਪੂਰੀ ਤਰ੍ਹਾਂ ਢੁਕਦਾ ਹੈ। ਉਹ ਅਜਿਹੇ ਪਰਿਵਾਰ 'ਚ ਜਨਮ ਲੈਂਦੀ ਹੈ ਜਿਥੇ ਮਾਪੇ ਅਨਪੜ੍ਹ, ਪਛੜੀ ਸੋਚ ਵਾਲੇ, ਭਾਰੀ ਕਬੀਲਦਾਰੀ ਦੇ ਦੱਬੇ ਹੋਏ ਤੇ ਆਰਥਿਕ ਤੰਗੀਆਂ ਦੇ ਸਤਾਏ ਹੋਏ ਸਨ। ਅਜਿਹੇ ਦਮ-ਘੁੱਟਵੇਂ ਮਾਹੌਲ ਵਿਚ ਉਸ ਦੀ ਕਲਮ ਕੁਰਲਾਉਂਦੀ ਹੈ :
ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ
ਮੈਂ ਕੱਲ੍ਹ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ।
ਅਜਿਹੇ ਮਾਹੌਲ ਦੇ ਖ਼ਿਲਾਫ਼ ਉਸ ਵਿਚ ਰੋਹ ਤੇ ਵਿਦਰੋਹ ਭਾਵਨਾ ਪੈਦਾ ਹੁੰਦੀ ਹੈ। ਇਸੇ ਲਈ ਪ੍ਰਤਿਰੋਧ ਦਾ ਪ੍ਰਗਟਾਵਾ ਕਰਦੀ ਹੈ :
ਇਹ ਮਰ ਮਰ ਕੇ ਜਿਊਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆ 'ਤੇ ਕਿਸੇ ਦਾ ਰਾਜ ਕਿਉਂ ਹੋਵੇ।
ਇੰਜ ਉਸ ਦੇ ਪ੍ਰਤੀਰੋਧ ਦੇ ਫਲਸਰੂਪ ਉਸ ਦੇ ਅਸਤਿੱਤਵ ਦਾ ਵਿਕਾਸ ਹੁੰਦਾ ਹੈ :
ਮੈਂ ਤੁਰਨਾ ਕੀ ਸਿੱਖਿਆ, ਰਾਹ ਸਮੁੰਦਰ ਹੋ ਗਏ
ਫਿਰ ਪਤਾ ਨਹੀਂ ਪੈਰ ਮੇਰੇ, ਕਿਸ ਤਰ੍ਹਾਂ ਪਰ ਹੋ ਗਏ।
ਯਾਦ ਰਹੇ ਮਿਤੀ 21-22 ਦਸੰਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਅਕਾਦਮੀ ਦਿੱਲੀ ਵਲੋਂ ਸੁਖਵਿੰਦਰ ਅੰਮ੍ਰਿਤ ਦੀ ਕਾਵਿ-ਚੇਤਨਾ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਸੀ, ਜਿਸ ਵਿਚ 26 ਖੋਜ ਪੱਤਰ ਪੜ੍ਹੇ ਗਏ ਅਤੇ 8 ਵਿਦਵਾਨਾਂ ਨੇ ਇਸ ਬਾਰੇ ਟਿੱਪਣੀਆਂ ਭੇਜੀਆਂ ਸਨ। ਇਨ੍ਹਾਂ ਸਭ ਦਾ ਸੰਪਾਦਨ ਹੈ ਇਹ ਕਿਤਾਬ। ਸਮੇਤ ਇਕ ਮੁਲਾਕਾਤ ਦੇ।
ਵਿਦਵਾਨਾਂ ਨੇ ਉਸ ਦੀਆਂ ਗ਼ਜ਼ਲਾਂ, ਕਾਵਿ, ਗੀਤਾਂ ਦੀਆਂ ਪੁਸਤਕਾਂ-ਸੂਰਜ ਦੀ ਦਹਿਲੀਜ਼ (1997), ਚਿਰਾਗਾਂ ਦੀ ਡਾਰ (1999), ਕਣੀਆਂ (2000), ਪੱਤਝੜ ਵਿਚ ਪੁੰਗਰਦੇ ਪੱਤੇ (2002), ਧੁੱਪ ਦੀ ਚੁੰਨੀ (2006), ਹਜ਼ਾਰ ਰੰਗਾਂ ਦੀ ਲਾਟ (2008), ਪੁੰਨਿਆ (2011), ਨੀਲਿਆ ਮੋਰਾ ਵੇ (2012), ਚਿੜੀਆਂ (2014) ਆਦਿ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰ ਕੇ ਬੜੇ ਪ੍ਰਮਾਣਿਕ ਨਤੀਜੇ ਪ੍ਰਸਤੁਤ ਕੀਤੇ ਹਨ। ਇਨ੍ਹਾਂ ਨਿਬੰਧਾਂ ਵਿਚ ਕਵਿੱਤਰੀ ਦਾ ਮੁੱਖ ਵਿਸ਼ਾ 'ਪਿਆਰ' ਉੱਭਰਦਾ ਹੈ। ਆਸ਼ਕ ਦੀ ਤਲਵਾਰ ਲਈ ਮਾਸ਼ੂਕਾ ਦੀ ਗਰਦਨ ਖ਼ੁਦ-ਬ-ਖ਼ੁਦ ਤਿਆਰ ਹੈ। ਉਸ ਦੀ ਕਵਿਤਾ ਆਪਣੀ ਵਿਆਖਿਆ ਆਪ ਹੈ। 'ਕਾਵਿਕ ਫੋਰਮ-ਰੇਂਜ' ਕਮਾਲ ਹੈ। ਉਸ ਦੀ ਸ਼ਾਇਰੀ ਦਾ ਕੇਂਦਰੀ ਕੋਡ ਮੁਹੱਬਤ ਦੀ ਚਿਹਨਕਾਰੀ ਹੈ। ਇਹ ਤਾਂ ਕਾਮੁਕ ਇਸ਼ਕ ਦੀ ਥਾਂ 'ਜੀਵੰਤ ਇਸ਼ਕ' ਦੀ ਸ਼ਾਇਰੀ ਹੈ। ਮਹਾਂ ਬਿਰਤਾਂਤਾਂ ਦੀ ਥਾਂ ਲਘੂ ਬਿਰਤਾਂਤਾਂ ਦਾ ਮਹੱਤਵ ਹੈ। ਗ਼ਜ਼ਲਾਂ ਮੁਸਲਸਲ ਹਨ। ਸੁਖਵਿੰਦਰ ਕਾਵਿ ਪਿਆਰ ਦਾ ਇਜ਼ਹਾਰ, ਇਕਰਾਰ, ਸੰਜੋਗ-ਵਿਜੋਗ ਤੋਂ ਵੈਰਾਗ ਤੱਕ ਦੀ ਯਾਤਰਾ ਕਰਦਾ ਹੈ। ਉਸ ਦੇ ਕਾਵਿ ਵਿਚ ਸਮਕਾਲੀ ਸਮੱਸਿਆਵਾਂ ਤੋਂ ਬਿਨਾਂ ਮਾਂ, ਪਿਤਾ, ਪੁੱਤ, ਧੀ, ਪਤੀ, ਪ੍ਰੇਮੀ ਸਭ ਹਾਜ਼ਰ ਹਨ। ਪੁਰਾਣੇ ਬਿੰਬਾਂ ਨੂੰ ਨਵੇਂ ਅਰਥ ਪ੍ਰਦਾਨ ਕਰਦੀ ਹੈ। ਹਰ ਕਿਸਮ ਦੀ ਬਹਿਰ 'ਤੇ ਅਬੂਰ ਹਾਸਲ ਹੈ। ਇਸਤਰੀ ਹੱਕਾਂ ਦੀ ਬੁਲੰਦ ਅਵਾਜ਼ ਹੋਣ ਦੇ ਬਾਵਜੂਦ ਅੰਨ੍ਹੇ ਮਰਦ-ਵਿਰੋਧ ਦੀ ਵਕਾਲਤ ਨਹੀਂ ਕਰਦੀ। ਜਾਪਦਾ ਹੈ ਸੁਖਵਿੰਦਰ ਅੰਮ੍ਰਿਤ ਮਹਿਲਾ (ਫੀਮੇਲ), ਨਾਰੀਤਵ (ਫੈਮਿਨਿਟੀ) ਅਤੇ ਨਾਰੀਵਾਦੀ (ਫੈਮੀਨਿਸਟ) ਤਿੰਨਾਂ ਸਟੇਜਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਕਵਿੱਤਰੀ ਹੋ ਨਿੱਬੜੀ ਹੈ। ਜਿੰਨੇ ਨਿਬੰਧਕਾਰ ਨੇ ਕਿਤਾਬ ਦੇ ਅੰਦਰ, ਸਭੇ ਕਹਿ ਰਹੇ ਨੇ 'ਕਿਆ ਬਾਤ ਹੈ ਸੁਖਵਿੰਦਰ'।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਤੋਤੋਚਾਨ

(ਬੱਚਿਆਂ ਲਈ ਸੰਸਾਰ ਪ੍ਰਸਿੱਧ ਜਾਪਾਨੀ ਕਿਤਾਬ)
ਲੇਖਕ : ਤੇਤਸੁਕੋ ਕੁਰੋਯਾਂਗੀ
ਅਨੁਵਾਦਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 78377-18723.


ਜਪਾਨੀ ਲੇਖਕ ਵਲੋਂ ਆਪਣੀ ਭਾਸ਼ਾ ਵਿਚ ਬੱਚਿਆਂ ਲਈ ਲਿਖੀ ਗਈ ਇਹ ਸੰਸਾਰ ਭਰ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਿਤਾਬ ਹੈ, ਜਿਸ ਨੂੰ ਪੰਜਾਬੀ ਵਿਚ ਅਨੁਵਾਦਕ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ। ਬੇਹੱਦ ਦਿਲਚਸਪ ਲਹਿਜ਼ੇ ਵਿਚ ਰਚੀ ਗਈ ਇਸ ਪੁਸਤਕ ਤੋਂ ਬੇਹੱਦ ਤਿੱਖੀ ਅਤੇ ਸਪੱਸ਼ਟ ਪ੍ਰੇਰਨਾ ਮਿਲਦੀ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਅਤੇ ਹੋਰ ਜ਼ਿੰਮੇਵਾਰ ਲੋਕਾਂ ਨੂੰ ਬੱਚਿਆਂ ਦਾ ਮਨੋਵਿਗਿਆਨ ਸਮਝੇ ਬਿਨਾਂ ਉਨ੍ਹਾਂ ਦੀ ਪੜ੍ਹਾਈ ਅਤੇ ਸ਼ਖ਼ਸੀਅਤ ਉਸਾਰੀ ਬਾਰੇ ਫ਼ੈਸਲੇ ਨਹੀਂ ਲੈਣੇ ਚਾਹੀਦੇ। ਇਹ ਰਚਨਾ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਲਈ ਵੱਡੀ ਅਤੇ ਪੁਖਤਾ ਪ੍ਰੇਰਨਾ ਸਿੱਧ ਹੁੰਦੀ ਹੈ। ਇਸ ਪੁਸਤਕ ਦੀ ਭੂਮਿਕਾ ਲਿਖਣ ਵਾਲੇ ਤਰਕਸ਼ੀਲ ਆਗੂ ਅਤੇ ਲੇਖਕ ਮੇਘ ਰਾਜ ਮਿੱਤਰ ਨੇ ਇਸ ਦੀ ਤਾਰੀਫ਼ ਕਰਦਿਆਂ ਅਜਿਹੀਆਂ ਕਿਤਾਬਾਂ ਦੀ ਹੋਰ ਵੀ ਵੱਡੀ ਪੱਧਰ 'ਤੇ ਰਚਨਾ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪੁਸਤਕ ਦੇ ਵਿਸ਼ੇ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ 'ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਅਜੇ ਤੱਕ ਵੀ ਬੱਚਿਆਂ ਦੇ ਮਨੋਭਾਵਾਂ ਨਾਲ ਸਬੰਧਿਤ ਕਿਤਾਬਾਂ ਬਹੁਤ ਘੱਟ ਲਿਖੀਆਂ ਜਾ ਰਹੀਆਂ ਹਨ। ਇਸ ਕਿਤਾਬ 'ਚ ਬੱਚਿਆਂ ਦੇ ਮਨੋਭਾਵ, ਉਨ੍ਹਾਂ ਦੀ ਸੰਵੇਦਨਾ, ਤਿੱਖੇ ਵੇਗ ਨਾਲ ਤੁਰਦੇ ਜਜ਼ਬੇ ਤੇ ਕਲਪਨਾਵਾਂ ਨੂੰ 'ਤੋਤੋਚਾਨ' ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।' ਨਾਵਲ ਦੀ ਨਾਇਕਾ ਇਕ 7 ਸਾਲ ਬੱਚੀ ਤੋਤੋਜਾਨ ਹੈ ਜੋ ਆਪਣੇ ਅਸਾਧਾਰਨ ਵਤੀਰੇ ਨਾਲ ਸਭ ਨੂੰ ਹੈਰਾਨੀ ਵਾਲੀ ਸੋਚ ਵਿਚ ਪਾਉਂਦੀ ਹੈ। ਇਸ ਪੁਸਤਕ ਦਾ ਹਰੇਕ ਭਾਰਤੀ ਭਾਸ਼ਾ ਵਿਚ ਅਨੁਵਾਦ ਹੋ ਕੇ ਸਕੂਲਾਂ ਦੀ ਲਾਇਬ੍ਰੇਰੀਆਂ 'ਚ ਹੋਣਾ ਅਤਿ ਜ਼ਰੂਰੀ ਹੈ।


-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444


ਕਾਮਰੇਡ ਤੇਜਾ ਸਿੰਘ ਸੁਤੰਤਰ
ਲੇਖਕ : ਧਰਮ ਸਿੰਘ ਗੁਰਾਇਆ, ਸੁਲੱਖਣ ਸਰਹੱਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 259
ਸੰਪਰਕ : 94174-84337.


'ਲੋਹ ਪੁਰਖ ਮਰਜੀਵੜਾ ਕਾਮਰੇਡ ਤੇਜਾ ਸਿੰਘ ਸੁਤੰਤਰ' ਧਰਮ ਸਿੰਘ ਗੁਰਾਇਆ ਅਤੇ ਸੁਲੱਖਣ ਸਰਹੱਦੀ ਦੁਆਰਾ ਸਾਂਝੇ ਰੂਪ ਵਿਚ ਲਿਖੀ ਪੁਸਤਕ ਹੈ। ਇਸ ਜੀਵਨੀ ਮੂਲਕ ਪੁਸਤਕ ਵਿਚੋਂ ਤੇਜਾ ਸਿੰਘ ਸੁਤੰਤਰ ਦੀ ਸ਼ਖ਼ਸੀਅਤ ਬਾਰੇ ਵਿਸਤ੍ਰਿਤ ਰੂਪ ਵਿਚ ਚਾਨਣਾ ਪਾਇਆ ਗਿਆ ਹੈ। ਤੇਜਾ ਸਿੰਘ ਸੁਤੰਤਰ ਇਕ ਨਿੱਕੇ ਜਿਹੇ ਪਿੰਡ ਅਲੂਣਾ ਦਾ ਜੰਮਪਲ ਸੀ ਪਰ ਉਸ ਨੇ ਆਪਣੀ ਹਿੰਮਤ ਸ਼ਕਤੀ ਨਾਲ ਇਕ ਵੱਡਾ ਮੁਕਾਮ ਹਾਸਲ ਕੀਤਾ। ਇਸ ਪੁਸਤਕ ਵਿਚ ਜਿਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਜੀਵਨ ਦੇ ਹੋਰ ਪੱਖਾਂ 'ਤੇ ਚਾਨਣਾ ਪਾਇਆ ਗਿਆ ਹੈ, ਉੱਤੇ ਉਨ੍ਹਾਂ ਦੇ ਨਾਲ-ਨਾਲ 'ਸੁਤੰਤਰ' ਸ਼ਬਦ ਦੇ ਜੁੜਨ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਕਿਉਂਕਿ ਤੇਜਾ ਸਿੰਘ ਸੁਤੰਤਰ ਤੋਂ ਪਹਿਲਾਂ ਉਨ੍ਹਾਂ ਦਾ ਨਾਂਅ ਸੁਮੰਦ ਸਿੰਘ ਸੀ। ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਮੁਹਿੰਮ ਦੌਰਾਨ ਤੇਜਾ ਵੀਲ੍ਹਾ ਦਾ ਗੁਰਦੁਆਰਾ ਆਜ਼ਾਦ ਕਰਵਾਉਣ ਤੋਂ ਬਾਅਦ ਇਨ੍ਹਾਂ ਦੇ ਨਾਂਅ ਨਾਲ 'ਸੁਤੰਤਰ' ਸ਼ਬਦ ਪੱਕਾ ਜੁੜ ਗਿਆ। ਪੁਸਤਕ ਵਿਚ ਇਹ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਕਿ ਬੇਸ਼ੱਕ ਤੇਜਾ ਸਿੰਘ ਸੁਤੰਤਰ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਪਰ ਉਹ ਪੰਜਾਬ ਵਿਚ ਜੰਮੇ-ਪਲੇ ਹੋਣ ਕਰਕੇ ਸਿੱਖ ਵਿਰਾਸਤ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। ਪੁਸਤਕ ਵਿਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵਿਸ਼ੇਸ਼ ਕਰਕੇ ਗਦਰ ਪਾਰਟੀ ਦੀਆਂ ਗਤੀਵਿਧੀਆਂ ਦੌਰਾਨ ਇਨ੍ਹਾਂ ਦੀਆਂ ਸਰਗਰਮੀਆਂ ਨੂੰ ਤਥਾਤਮਕ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਤੇਜਾ ਸਿੰਘ ਸੁਤੰਤਰ ਦੀ ਆਜ਼ਾਦੀ ਤੋਂ ਬਾਅਦ ਜ਼ਿੰਦਗੀ ਅਤੇ ਗਤੀਵਿਧੀਆਂ ਨੂੰ ਵੀ ਪੁਸਤਕ ਵਿਚ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਤੇਜਾ ਸਿੰਘ ਸੁਤੰਤਰ ਦੀ ਜੀਵਨ ਕਹਾਣੀ ਦੇ ਨਾਲ-ਨਾਲ ਸਮਕਾਲੀ ਰਾਜਨੀਤਕ ਪਰੀਦ੍ਰਿਸ਼ ਦੀ ਭਾਵਪੂਰਤ ਤਸਵੀਰਕਸ਼ੀ ਕੀਤੀ ਗਈ ਹੈ। ਪੁਸਤਕ ਵਿਚ ਕਾਮਰੇਡ ਤੇਜਾ ਸਿੰਘ ਨਾਲ ਸਬੰਧਿਤ ਤਸਵੀਰਾਂ ਤੋਂ ਇਲਾਵਾ 12 ਅਪ੍ਰੈਲ, 1973 ਨੂੰ ਹੋਈ ਉਨ੍ਹਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਵਿਸ਼ੇਸ਼ ਵਿਅਕਤੀਆਂ ਦੇ ਕਥਨ ਵੀ ਇਸ ਪੁਸਤਕ ਵਿਚ ਦਰਜ ਕੀਤੇ ਗਏ ਹਨ। ਪੁਸਤਕ ਤੇਜਾ ਸਿੰਘ ਸੁਤੰਤਰ ਦੀ ਸੰਘਰਸ਼ੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਕਸਕ ਕਲੇਜੇ ਮਾਂਹਿੰ

ਲੇਖਕ : ਹਰੀ ਸਿੰਘ ਢਿੱਲੋਂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 136
ਸੰਪਰਕ : 0161-2740738.


ਸ਼ਾਇਰ ਹਰੀ ਸਿੰਘ ਢਿੱਲੋਂ ਸੰਤ ਸਮੁੰਦਰੋਂ ਪਾਰ ਬੈਠਾ ਵੀ ਸ਼ਾਇਰੀ ਦੀ ਧੂਣੀ ਧੁਖਾਈ ਬੈਠਾ ਹੈ। ਹਥਲੀ ਕਿਤਾਬ 'ਕਸਕ ਕਲੇਜੇ ਮਾਂਹਿੰ' ਰਾਹੀਂ ਇਕ ਸ਼ਰਧਾਲੂ ਸਿੱਖ ਦੇ ਬਾਣੀ ਬਾਣੇ ਤੇ ਗੁਰ ਮਰਯਾਦਾ ਤੋਂ ਦੂਰ ਜਾ ਰਹੇ ਪਦਾਰਥੀ ਚਕਾਚੌਂਧ ਵਿਚ ਗ੍ਰਸੇ ਸਿੱਖਾਂ ਨੂੰ ਤਾਹਨੇ ਮਿਹਣੇ ਹਨ ਤੇ ਇਕ ਅਰਜੋਈ ਕਰਦਾ ਹੈ ਕਿ ਮਨਮੁੱਖ ਸਿੱਖ ਆਪਣੇ ਵਿਰਸੇ ਵੱਲ ਫਿਰ ਤੋਂ ਵਾਪਸ ਆ ਜਾਵੇ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਉਨ੍ਹਾਂ ਨੂੰ ਲਾਹਣਤਾਂ ਪਾਉਣਗੀਆਂ ਕਿ ਉਨ੍ਹਾਂ ਦੇ ਪੁਰਖਿਆਂ ਨੇ ਉਨ੍ਹਾਂ ਨੂੰ ਸਿੱਖ ਫਲਸਫ਼ੇ ਤੇ ਰਹਿਤ ਮਰਯਾਦਾ ਤੋਂ ਦੂਰ ਕਿਉਂ ਰੱਖਿਆ ਹੈ, ਉਹ ਅੱਜ ਦੇ ਦੰਭੀ ਸਿੱਖ ਦੇ ਬਖੀਏ ਉਧੇੜਦਾ ਹੈ ਜੋ ਡਾਲਰਾਂ, ਪੌਂਡਾਂ ਤੇ ਰਿਆਲਾਂ ਦੇ ਅੰਬਾਰ ਤਾਂ ਇਕੱਠੇ ਕਰ ਰਿਹਾ ਹੈ ਪਰ ਆਪਣੀ ਅਧਿਆਤਮਿਕਤਾ ਵਾਲੀ ਦੌਲਤ ਨੂੰ ਤਿਲਾਂਜਲੀ ਦੇ ਰਿਹਾ ਹੈ। ਉਹ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਸਮੇਂ ਦਾ ਵਿਵਰਨ ਦਿੰਦਿਆਂ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਸਾਈਂ ਮੀਆਂ ਮੀਰ ਦੀ ਸਲਾਹ ਨੂੰ ਭਾਣਾ ਮੰਨਣ ਦੇ ਖੁਦਾਈ ਹੁਕਮ ਦੀ ਪਾਲਣਾ ਕਰਨ ਨੂੰ ਹੀ ਮੀਰੀ ਗੁਣ ਗਰਦਾਨਦਾ ਹੈ।
ਉਹ ਆਪਣੇ ਕਾਵਿਕ ਵਿਵਰਨ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਛਕਾਉਣ ਸਮੇਂ ਆਪੇ ਗੁਰ ਚੇਲਾ ਨੂੰ ਸਾਫ਼ ਨਜ਼ਰ ਆਉਂਦਾ ਦਿਖਾ ਰਿਹਾ ਹੈ, ਉਹ ਇਕ ਨਦੀ ਕਿਨਾਰੇ ਰੁੱਖ ਦੀ ਅਉਧ ਹੰਢ ਰਹੀ ਬੁੱਝੀ ਮਾਂ ਦਾ ਵਾਤਸਲ ਪ੍ਰੇਮ ਬੜੇ ਹੀ ਦਰਦ ਭਰੇ ਸ਼ਬਦਾਂ ਨਾਲ ਜ਼ਿਕਰ ਕਰਦਾ ਹੈ ਜੋ ਵਿਦੇਸ਼ੀ ਰਹਿੰਦਾ ਪੁੱਤਰ ਤਾਂ ਉਸ ਨੂੰ ਭੁਲਾ ਗਿਆ ਹੈ, ਪਰ ਉਹ ਫਿਰ ਵੀ ਉਸ ਦੀ ਖੈਰ ਸੁੱਖ ਮੰਗਦੀ ਘਰ ਦੀਆਂ ਬਰੂਹਾਂ 'ਤੇ ਪੁੱਤਰ ਦੀ ਉਡੀਕ ਵਿਚ ਟਿਕਟਿਕੀ ਲਗਾ ਕੇ ਦੇਖ ਰਹੀ ਹੈ। ਉਹ ਅੱਜ ਦੀ ਅਖੌਤੀ ਆਧੁਨਿਕਤਾ ਨੂੰ ਸਿਉਂਕ ਦੀ ਸੰਗਿਆ ਦਾ ਨਾਂਅ ਦਿੰਦਾ ਹੈ। ਸ਼ਾਇਰ ਸ਼ਾਬਦਿਕ ਕਲਾਬਾਜ਼ੀਆਂ ਵਿਚ ਨਹੀਂ ਪੈਂਦਾ ਤੇ ਸਿੱਧੀ ਸਪਾਟ ਸ਼ਾਇਰੀ ਰਾਹੀਂ ਆਪਣੇ ਦਿਲ ਦੀ ਗੱਲ ਕਹਿ ਦਿੰਦਾ ਹੈ। ਇਹ ਕਿਤਾਬ ਆਪਣੇ ਮਨਸੂਬਿਆਂ 'ਤੇ ਕਿੰਨਾ ਕੁ ਖਰੀ ਉਤਰਦੀ ਹੈ, ਇਸ ਦਾ ਜਵਾਬ ਤਾਂ ਸ਼ਰਧਾਲੂ ਸਿੱਖ ਹੀ ਦੇ ਸਕਣਗੇ।


-ਭਗਵਾਨ ਢਿੱਲੋਂ
ਮੋ: 98143-78254.


ਸਫ਼ਰ-ਬ੍ਰਹਿਮੰਡ ਤੋਂ ਮਨੁੱਖ
ਲੇਖਕ : ਤਰਸੇਮ ਸਿੰਘ ਰਿਐਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98761-33022.


ਚਰਚਾ ਅਧੀਨ ਇਸ ਪੁਸਤਕ ਵਿਚ ਪੰਦਰਾਂ ਛੋਟੇ ਅਤੇ ਵੱਡੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹ ਨਿਬੰਧ ਪ੍ਰਕਿਰਤੀ, ਵਿਗਿਆਨ ਅਤੇ ਪ੍ਰਿਥਵੀ ਉੱਪਰ ਮਨੁੱਖੀ ਸਰਗਰਮੀਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ। ਇਨ੍ਹਾਂ ਦੇ ਵਿਸ਼ੇ ਹਨ : ਬ੍ਰਹਿਮੰਡ ਦੀ ਉਤਪਤੀ, ਜੀਵ ਰਚਨਾ, ਪ੍ਰਕਿਰਤੀ ਦੀ ਦੇਣ, ਸਮਾਜ ਦੀ ਸਿਰਜਣਾ, ਜ਼ਿੰਦਗੀ ਦਾ ਉਦੇਸ਼, ਅਨੁਸ਼ਾਸਨ, ਵਿਚਾਰ ਪ੍ਰਵਾਹ, ਹਾਂ-ਪੱਖੀ ਤੇ ਨਾਂਹ-ਪੱਖੀ ਵਿਚਾਰ, ਚੁੱਪ, ਹਾਸਾ, ਮੁਸਕਾਨ, ਪਿਆਰ, ਸੰਦੇਹ ਅਤੇ ਅੰਤਿਮ ਪੜਾਅ ਆਦਿ। ਜਿਨ੍ਹਾਂ ਬਾਰੇ ਇਸ ਪੁਸਤਕ ਵਿਚ ਤਫ਼ਸੀਲ ਨਾਲ ਜਾਣਕਾਰੀ ਦਰਜ ਹੈ। ਇਸ ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਲੇਖਕ ਵਿਸ਼ੇ ਨੂੰ ਵਿਸਥਾਰ ਦੇਣ ਸਮੇਂ, ਵਿਗਿਆਨਕ ਪੱਖ ਅਤੇ ਅਧਿਆਤਮਿਕ ਪੱਖ ਦੋਵਾਂ 'ਤੇ ਹੀ ਵਿਚਾਰ-ਚਰਚਾ ਕਰਦਾ ਹੈ। ਬ੍ਰਹਿਮੰਡ ਦੀ ਉਤਪਤੀ ਬਿੰਦੂ ਤੋਂ ਇਕ ਵੱਡੇ ਵਿਸਫੋਟ (ਬਿੱਗ ਬੈਂਗ) ਨਾਲ ਹੋਈ ਮੰਨੀ ਜਾਂਦੀ ਹੈ। ਇਸ ਧਮਾਕੇ ਨਾਲ ਅੰਦਰਲੇ ਪਦਾਰਥ ਚਾਰੇ ਪਾਸੇ ਖਿੱਲਰ ਗਏ ਸਨ। ਉਤਪੰਨ ਹੋਈ ਊਰਜਾ ਸਭ ਦਿਸ਼ਾਵਾਂ ਵਿਚ ਫੈਲਣ ਲੱਗੀ। ਇਹ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਅੱਜ ਵੀ ਲਗਾਤਾਰ ਫੈਲ ਰਿਹਾ ਹੈ।
ਇਹ ਇਕ ਅਧਿਆਤਮਿਕ ਵਿਸ਼ਵਾਸ ਹੈ ਕਿ ਆਪਣੇ ਵਿਵੇਕ ਮੁਤਾਬਿਕ ਜ਼ਿੰਦਗੀ ਜਿਊਣ ਵਾਲਾ ਜੀਵ ਅੰਤ ਨੂੰ ਪਰਮ ਤੱਤ ਵਿਚ ਵਿਲੀਨ ਹੋ ਜਾਂਦਾ ਹੈ ਅਤੇ ਹੰਕਾਰੀ ਜੀਵ ਕੁਦਰਤ ਵਿਚ ਵਿਲੀਨ ਹੋ ਕੇ ਵੀ ਅੰਤ ਨੂੰ ਆਵਾਗਮਨ ਦੀ ਘੁੰਮਣ ਘੇਰੀ ਵਿਚ ਫਸ ਜਾਂਦਾ ਹੈ। 'ਕੁਦਰਤ ਦੀ ਦੇਣ' ਬੜਾ ਜਾਣਕਾਰੀ ਭਰਪੂਰ ਨਿਬੰਧ ਹੈ। ਮਨੁੱਖ ਪ੍ਰਕਿਰਤੀ ਦੀਆਂ ਨਿਆਮਤਾਂ ਨੂੰ ਮੁਫ਼ਤ ਦਾ ਮਾਲ ਸਮਝ ਕੇ ਹੁਰਮਤੀ ਕਰਨ ਲੱਗ ਪਿਆ। ਮਿੱਟੀ ਦਾ ਸੁਭਾਅ ਬਦਲ ਗਿਆ, ਪਾਣੀ ਜ਼ਹਿਰੀਲੇ ਹੋ ਗਏ, ਹਵਾ ਪਲੀਤ ਹੋ ਗਈ ਅਤੇ ਮਨੁੱਖ ਜੰਗਲਾਂ ਦਾ ਸਫ਼ਾਇਆ ਕਰਨ ਲੱਗਾ। ਨਿਬੰਧਾਂ ਤੋਂ ਸੰਕੇਤ ਮਿਲਦੇ ਹਨ ਕਿ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਬੜਾ ਡਰਾਉਣਾ ਨਿਕਲੇਗਾ। ਹੋ ਸਕਦੈ ਕੋਰੋਨਾ ਮਹਾਂਮਾਰੀ ਵੀ ਇਸੇ ਲੜੀ ਦਾ ਹੀ ਇਕ ਹਿੱਸਾ ਹੋਵੇ। ਮਨੁੱਖੀ ਭਲਾਈ ਦੀ ਉਮੀਦ ਨਾਲ ਸਿਰਜਿਆ ਸਮਾਜ ਹੁਣ ਆਪਣੇ ਮਕਸਦ ਤੋਂ ਭਟਕ ਗਿਆ ਹੈ।
ਸਾਡੇ ਜੀਵਨ ਦਾ ਮਨੋਰਥ ਆਤਮ ਤੱਤ ਦੀ ਪੂਰਨਤਾ ਹਾਸਲ ਕਰਨੀ, ਦੂਜਿਆਂ ਦੇ ਸੁਖ-ਦੁਖ ਵੰਡਾਉਣੇ ਅਤੇ ਉਨ੍ਹਾਂ ਨੂੰ ਸੁਖ ਪਹੁੰਚਾਉਣਾ ਹੁੰਦਾ ਹੈ। ਅੱਜ ਅਸੀਂ ਇਸ ਤੋਂ ਬੇਮੁੱਖ ਹੋ ਕੇ ਐਸ਼ੋ-ਆਰਾਮ ਅਤੇ ਭੌਤਿਕ ਤੱਤ ਇਕੱਤਰ ਕਰਨ ਦੀ ਦੌੜ, ਦੌੜ ਰਹੇ ਹਾਂ। ਦੂਜਿਆਂ ਨੂੰ ਗੁਲਾਮ ਬਣਾਉਣ ਅਤੇ ਉਨ੍ਹਾਂ ਦੀ ਆਜ਼ਾਦੀ ਹੜੱਪਣ ਦੀ ਸੋਚ ਰੱਖਦੇ ਹਾਂ। ਇਸ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ। ਜੀਵਨ ਉਦੇਸ਼ਾਂ ਦੀ ਪੜਚੋਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਅਸੀਂ ਪੱਛਮੀ ਸੱਭਿਅਤਾ ਅਤੇ ਆਸਥਾਵਾਂ ਨੂੰ ਮੰਨਣ ਲੱਗੇ ਹਾਂ। ਗਿਆਨ ਨਾਲੋਂ ਭ੍ਰਿਸ਼ਟਾਚਾਰ ਦੀ ਚੜ੍ਹਤ ਹੈ। ਮਨੁੱਖੀ ਜ਼ਿੰਦਗੀ ਦਾ ਉਦੇਸ਼ ਵਿਆਪਕ ਲੋਕ-ਹਿਤ ਵਾਲਾ ਹੋਣਾ ਚਾਹੀਦਾ ਹੈ ਨਾ ਕਿ ਨਿੱਜੀ ਹਿਤਾਂ ਨੂੰ ਪੂਰੇ ਕਰਨ ਵਾਲਾ। ਸਾਡੇ ਮਜ਼ਬੂਤ ਵਿਚਾਰ ਸਾਡੇ ਵਤੀਰੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਾਡੀ ਜ਼ਿੰਦਗੀ ਪ੍ਰਬਲ ਵਿਚਾਰਧਾਰਾ ਵੱਲ ਹੀ ਤੁਰ ਪੈਂਦੀ ਹੈ। ਹਾਸਾ ਅਤੇ ਮੁਸਕਾਨ ਸਾਡੇ ਕਈ ਸਰੀਰਕ ਦੁੱਖ ਦੂਰ ਕਰ ਜਾਂਦੇ ਹਨ। ਪ੍ਰੇਮ ਦੁਨਿਆਵੀ ਲੈਣ-ਦੇਣ ਨਹੀਂ ਸਗੋਂ ਆਤਮ-ਸਮਰਪਣ ਹੈ। ਸੰਦੇਹ ਦੀ ਅਵਸਥਾ ਵਿਚ ਨਿਰਨਿਆਂ ਨੂੰ ਕੁਝ ਸਮਾਂ ਟਾਲਣ ਵਿਚ ਹੀ ਬਿਹਤਰੀ ਹੁੰਦੀ ਹੈ। ਵਿਰਸਾ ਜੋ ਮਾਨਵਤਾ ਦੀ ਸੇਵਾ ਨਾਲ ਜੁੜਿਆ ਹੁੰਦਾ ਹੈ, ਲੋਕਾਂ ਨੂੰ ਯਾਦ ਰਹਿੰਦਾ ਹੈ। ਅੰਤਿਮਪੜਾਅ (ਮੌਤ) ਬਾਰੇ ਵੱਖ-ਵੱਖ ਧਰਮਾਂ ਦੇ ਵਿਕੋਲਿਤਰੇ ਵਿਸ਼ਵਾਸ, ਇਸ ਨਿਬੰਧ ਵਿਚ ਦਰਜ ਹਨ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੌਤ ਉਪਰੰਤ ਪਿੰਡ ਦਾਨ ਜਾਂ ਬ੍ਰਹਮ ਭੋਜ ਨੂੰ ਨਿਰਾ ਪਖੰਡ ਕਿਹਾ ਹੈ। ਉਨ੍ਹਾਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਨੂੰ ਜ਼ਿੰਦਗੀ ਜਿਊਣ ਦਾ ਮੂਲ ਮੰਤਰ ਕਿਹਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਸ ਵਿਚ ਹੈ ਕਿ ਇਸ ਵਿਚਲੇ ਲੇਖ ਮਨੁੱਖ ਨੂੰ ਅਨੂਕੂਲ ਵਿਵੇਕ ਨਾਲ ਅਤੇ ਕੁਦਰਤ ਦੀ ਰਜ਼ਾ ਵਿਚ ਰਹਿ ਕੇ ਜ਼ਿੰਦਗੀ ਜਿਊਣ ਦਾ ਹੋਕਾ ਦਿੰਦੇ ਹਨ। ਮੈਂ ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਹਾਰਦਿਕ ਸਵਾਗਤ ਕਰਦਾ ਹਾਂ।


-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਮਧੂਕਰੀ

ਲੇਖਕ : ਬਲਵਿੰਦਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 98155-14053.


ਮਧੂਕਰੀ ਪੰਜਾਬੀ ਕਵਿਤਾ ਦੇ ਵਿਲੱਖਣ ਕਵੀ ਬਲਵਿੰਦਰ ਸੰਧੂ ਦੀ ਪੰਜਵੀਂ ਕਾਵਿ ਪੁਸਤਕ ਹੈ। ਇਸ ਤੋਂ ਪਹਿਲਾਂ 'ਉਹ ਮੈਂ ਵੀ 'ਆਦਿ ਜੁਗਾਦਿ', ਘਾੜਤਿ, ਕੋਮਲ ਸਿੰਘ ਆਖਦਾ ਹੈ ਅਤੇ 'ਇਕ ਮੀਤ ਅਧੂਰਾ' ਲਿਖ ਕੇ ਪੰਜਾਬੀ ਕਵਿਤਾ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾ ਚੁੱਕਿਆ ਹੈ। ਇਹ ਕਿਤਾਬ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਹੈ ਅਤੇ ਇਸ ਕਿਤਾਬ ਦੇ ਆਰੰਭ ਵਿਚ 'ਮਧੂਕਰੀ' ਨੂੰ ਪਰਿਭਾਸ਼ਤ ਕਰਦਾ ਕਬੀਰ ਜੀ ਦਾ ਦੋਹਾ ਵੀ ਅੰਕਿਤ ਕੀਤਾ ਹੈ। ਕਿਤਾਬ ਦੇ ਤੁਆਰਫ਼ ਵਿਚ ਮਧੂਕਰੀ ਦੀ ਵਿਆਖਿਆ ਕਰਦੇ ਹੋਏ ਉਸ ਨੇ ਲਿਖਿਆ ਹੈ ਕਿ ਮਧੂਮੱਖੀ ਜਿਸ ਸਥਾਨ 'ਤੇ ਵਿਚਰ ਰਹੀ ਹੁੰਦੀ ਹੈ, ਕਈ ਵਾਰੀ ਉਸ ਸਥਾਨ 'ਤੇ ਇਕੋ ਵੰਨਗੀ ਦੇ ਫੁੱਲ ਹੁੰਦੇ ਹਨ ਅਤੇ ਕਈ ਵਾਰ ਬਹੁਭਾਂਤੀ ਫੁੱਲ। ਇਸ ਤਰ੍ਹਾਂ ਫੁੱਲਾਂ ਦੀ ਕਿਸਮ 'ਤੇ ਆਧਾਰਿਤ ਇਕੱਤਰ ਕੀਤੇ ਸ਼ਹਿਦ ਦਾ ਰੰਗ/ਫਲੇਵਰ ਕਈ ਵਾਰੀ ਤਾਂ ਇਕੋ ਜਿਹਾ ਹੁੰਦਾ ਅਤੇ ਕਈ ਵਾਰੀ ਮਿਸ਼ਰਤ ਅਰਥਾਤ ਮਿਲਵਾਂ ਹੁੰਦਾ ਹੈ। ਇਸ ਕਾਵਿ ਸੰਗ੍ਰਹਿ ਵਿਚ ਵੀ ਮਿਸ਼ਰਤ ਕਵਿਤਾਵਾਂ ਹਨ-ਵੱਖ-ਵੱਖ ਰੰਗਾਂ ਵਾਲੀਆਂ। ਉਹ ਭਲੀਭਾਂਤ ਜਾਣਦਾ ਹੈ ਕਿ ਕਵੀ ਲਈ ਕਵਿਤਾ ਲਿਖਣਾ ਸਿਰਫ ਕਾਗਜ਼ 'ਤੇ ਲਿਖਣਾ ਨਹੀਂ ਹੁੰਦਾ। ਕਵਿਤਾਕਵੀ ਦੇ ਵਿਹਾਰ ਵਿਚ ਵੀ ਉਤਰਨੀ ਚਾਹੀਦੀ ਹੈ। ਕਵਿਤਾ ਲਿਖਣਾ ਆਪਣੀਆਂ ਜੜ੍ਹਾਂ ਨਾਲ ਜੁੜਨਾ ਹੈ। ਆਪਣੇ ਸੱਭਿਆਚਾਰ ਦੀਆਂ ਪਰਤਾਂ ਫਰੋਲ ਕੇ ਨਵੀਂ ਪਰਤ ਦੀ ਸਿਰਜਣਾ ਕਰਨਾ ਹੈ। ਬਲਵਿੰਦਰ ਆਪਣੇ ਧਰਮਬੋਧ ਨੂੰ ਕਾਵਿ ਬੋਧ ਵਿਚ ਢਾਲਦਾ ਹੋਇਆ ਕਦੇ-ਕਦੇ ਧਰਮ ਦੀ ਸ਼ੁੱਧਤਾ ਨੂੰ ਸਥਾਪਤ ਕਰਨ ਪ੍ਰਤੀ ਵੀ ਵਚਨਬੱਧ ਦਿਸਦਾ ਹੈ। ਜਿਵੇਂ ਸਫ਼ਾ 75 'ਤੇ ਉਸ ਦੀ ਇਕ ਕਵਿਤਾ ਹੈ-ਨਾਨਕ ਜੀ-
ਨਾਨਕ ਜੀ,
ਸਾਡਾ ਸਿੱਖ ਨਾ ਪ੍ਰਗਟ ਹੋਏ
ਬਾਣੀ ਪੜ੍ਹੀਏ, ਬਾਣੇ ਪਾਈਏ
ਮਨਮੁੱਖ ਉੱਭ ਖਲੋਇ...
ਸਾਡਾ ਸਿੱਖ ਨਾ ਪ੍ਰਗਟ ਹੋਏ-
58 ਕਵਿਤਾਵਾਂ ਨਾਲ ਸਜੀ ਹੋਈ ਇਹ ਕਿਤਾਬ ਵੰਨ-ਸਵੰਨੀਆਂ ਕਵਿਤਾਵਾਂ ਵਾਲੀ ਹੈ। ਮਧੂਕਰੀ ਦੀ ਪ੍ਰਕਿਰਿਆ ਵਾਂਗ ਹੀ ਕੋਈ ਕਵੀ-ਮਨ ਵੱਖ-ਵੱਖ ਵਿਚਾਰਾਂ, ਵੱਖ-ਵੱਖ ਪ੍ਰਸਥਿਤੀਆਂ ਦਾ ਅਸਰ ਕਬੂਲਦਾ ਹੋਇਆ, ਜਦੋਂ ਕਵਿਤਾ ਰਾਹੀਂ ਪ੍ਰਗਟ ਹੁੰਦਾ ਹੈ ਤਾਂ ਕਵਿਤਾ ਦੇ ਵਿਭਿੰਨ ਸਰੂਪ ਰੂਪਮਾਨ ਹੁੰਦੇ ਹਨ। ਇਸ ਕਿਤਾਬ ਦੀ ਪਹਿਲੀ ਹੀ ਕਵਿਤਾ ਕਵੀ ਦੇ ਕਾਵਿ ਸ਼ਾਸਤਰ ਨੂੰ ਰੂਪਮਾਨ ਕਰਦੀ ਦਿਸਦੀ ਹੈ-
ਤਿਖੜ ਦੁਪਹਿਰ ਕਦੇ
ਜੇ ਰੋਹੀਏ ਰਾਹ ਜਾਵਾਂ
ਧੁਪਾਂ ਪੀਂਦੇ ਜੰਡ ਨੂੰ
ਫੜ ਸੀਨੇ ਛੁਹਾਵਾਂ
ਜਲ ਜੋ ਮੇਰੇ ਪੀਣ ਲਈ
ਓਹਦੇ ਮੁੱਢ ਡੋਲ ਆਵਾਂ
ਮੈਂ ਇੰਜ ਵੀ ਲਿਖਾਂ ਕਵਿਤਾ
ਇੰਜ ਹੀ ਗੀਤ ਗਾਵਾਂ...
ਕਵਿਤਾ ਲਿਖਣ ਅਤੇ ਕਵੀ ਹੋਣ ਦੇ ਅਮਲ ਵਿਚ ਪਿਆ ਹੋਇਆ ਬਲਵਿੰਦਰ ਸੰਧੂ ਆਪਣੇ-ਆਪ ਨੂੰ ਇਤਿਹਾਸ ਨਾਲ ਅਭੇਦ ਕਰਨ ਦੀ ਚੇਸ਼ਟਾ ਵਿਚ ਹੈ। ਧਰਮ, ਸੱਭਿਆਚਾਰ ਅਤੇ ਇਤਿਹਾਸ ਦੀਆਂ ਗਹਿਰੀਆਂ ਪਰਤਾਂ ਨਾਲ ਖਹਿ ਕੇ ਕਵਿਤਾ ਕਸ਼ੀਦਣੀ ਕੋਈ ਸਹਿਜ ਕਾਰਜ ਨਹੀਂ ਹੁੰਦਾ ਪਰ ਬਲਵਿੰਦਰ ਆਪਣੀ ਕਵਿਤਾ ਵਿਚ ਇਸ ਨੂੰ ਸਹਿਜ ਬਣਾਉਂਦਾ ਦਿਸਦਾ ਹੈ। ਬਹੁਤ ਹੀ ਬਾਰੀਕੀ ਨਾਲ ਜਦੋਂ ਉਹ 'ਮੈਂ ਜੋ ਇਤਿਹਾਸ ਹਾਂ' ਵਿਚ ਇਤਿਹਾਸ 'ਤੇ ਕਟਾਖਸ਼ ਕਰਦਾ ਹੈ ਤਾਂ ਕਵਿਤਾ ਦੇ ਮੰਤਵ ਨੂੰ ਸਾਕਾਰ ਕਰਦਾ ਦਿਸਦਾ ਹੈ। ਇਸ ਸੰਗ੍ਰਹਿ ਦੀਆਂ ਜੋ ਹੋਵੇ ਸੋ ਉਗਵੇ, ਫਕੀਰ ਦੀ ਜਗੀਰ, ਦੇਖਣਾ ਜ਼ਰਾ ਵਿੱਥ ਤੋਂ, ਕੀ ਉੱਚਾ ਕੀ ਨੀਵਾਂ ਆਦਿ ਕਵਿਤਾਵਾਂ ਨਵੀਂ ਕਵਿਤਾ ਦੇ ਉਹ ਹਸਤਾਖ਼ਰ ਹਨ ਜਿਹੜੇ ਇਸ ਕਵੀ ਨੂੰ ਬਲਵਿੰਦਰ ਸੰਧੂ ਬਣਾਉਂਦੇ ਹੋਏ ਨਵੀਂ ਕਵਿਤਾ ਨੂੰ ਵੱਖਰੀ ਪਛਾਣ ਦਿੰਦੇ ਪ੍ਰਤੀਤ ਹੁੰਦੇ ਹਨ। ਪਾਠਕਾਂ ਤੋਂ ਦੂਰ ਦੌੜ ਰਹੀ ਕਵਿਤਾ ਦੇ ਦਿਨਾਂ ਵਿਚ ਅਜਿਹੀ ਕਿਤਾਬ ਦੀ ਆਮਦ ਸਕੂਨ ਦਿੰਦੀ ਹੈ, ਇਸ ਕਰਕੇ ਗੰਭੀਰ ਕਵਿਤਾ ਦੇ ਪਾਠਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

20-02-2021

 ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ
ਡਾ. ਬਰਜਿੰਦਰ ਸਿੰਘ ਹਮਦਰਦ ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94170-87328.

ਇਹ ਪੁਸਤਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਸੁਹਜਮਈ, ਸੰਗੀਤਮਈ, ਸਾਹਿਤਕ ਅਤੇ ਸਹਿਜਮਈ ਸ਼ਖ਼ਸੀਅਤ ਨੂੰ ਪਿਆਰ ਭਰਿਆ ਸਿਜਦਾ ਹੈ। ਪੱਤਰਕਾਰੀ, ਸਾਹਿਤ, ਸਮਾਜ ਅਤੇ ਸੰਗੀਤ ਦੀ ਝੋਲੀ ਮਾਲਾਮਾਲ ਕਰਨ ਵਾਲੀ ਇਸ ਅਜ਼ੀਮ ਹਸਤੀ 'ਤੇ ਸਮਿਆਂ ਨੂੰ ਵੀ ਮਾਣ ਹੈ। ਉਨ੍ਹਾਂ ਦੀ ਮਿੱਠਤ, ਨਿਰਮਾਣਤਾ, ਸੁਹਿਰਦਤਾ, ਅਪਣੱਤ ਅਤੇ ਸੰਵੇਦਨਾ ਸਾਰਿਆਂ ਦੇ ਮਨ ਮੋਹ ਲੈਂਦੀ ਹੈ। ਡਾ: ਰਣਜੀਤ ਸਿੰਘ ਨੇ ਡਾ: ਹਮਦਰਦ ਦੀ ਬਹੁਪੱਖੀ, ਰਾਂਗਲੀ, ਗੁਣਵੰਤੀ ਅਨੁਪਮ ਸ਼ਖ਼ਸੀਅਤ ਦੀਆਂ ਕੁਝ ਝਲਕਾਂ ਇਸ ਪੁਸਤਕ ਵਿਚ ਸਾਡੇ ਰੂਬਰੂ ਕੀਤੀਆਂ ਹਨ। ਪਾਠਕ ਇਸ ਪੁਸਤਕ ਵਿਚੋਂ ਡਾ: ਹਮਦਰਦ ਦੇ ਜੀਵਨ ਵੇਰਵੇ, ਅਨੁਭਵ, ਗਾਇਕੀ, ਪੱਤਰਕਾਰੀ, ਪਰਿਵਾਰ, ਸਾਹਿਤਕਾਰੀ, ਪ੍ਰਾਪਤੀਆਂ ਅਤੇ ਸੰਘਰਸ਼ਾਂ ਦੇ ਦਰਸ਼ਨ ਕਰਨਗੇ। ਰੰਗਦਾਰ ਤਸਵੀਰਾਂ ਪੁਸਤਕ ਦਾ ਸ਼ਿੰਗਾਰ ਹਨ।
ਡਾ: ਹਮਦਰਦ ਦੀਆਂ ਪੁਸਤਕਾਂ, ਸੰਪਾਦਕੀਆਂ, ਲੇਖ, ਚਿੰਤਨ ਅਤੇ ਗਾਇਕੀ ਦਿਲਾਂ ਉਤੇ ਰਾਜ ਕਰਦੀ ਹੈ। ਉਨ੍ਹਾਂ ਨੇ ਗੁਰਬਾਣੀ ਦੀ ਇਸ ਪਾਵਨ ਤੁਕ ਅਨੁਸਾਰ ਆਪਣਾ ਜੀਵਨ ਢਾਲਿਆ ਹੋਇਆ ਹੈ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਇਸੇ ਲਈ ਪਰਮਾਤਮਾ ਨੇ ਉਨ੍ਹਾਂ ਨੂੰ ਗੁਣਾਂ ਦੇ ਖਜ਼ਾਨੇ ਬਖ਼ਸ਼ੇ ਹੋਏ ਹਨ। ਉਹ ਇਕ ਦਰਵੇਸ਼, ਮਾਸੂਮ, ਨਿਰਛਲ, ਨਿਧੜਕ ਅਤੇ ਨਿੱਘੇ ਸੁਭਾਅ ਦੇ ਮਾਲਕ ਹਨ। ਉਨ੍ਹਾਂ ਦੀ ਪੁਰਖਲੂਸੀ, ਖੁਸ਼ਮਿਜਾਜ਼ੀ, ਖੁਸ਼ਲਿਬਾਸੀ ਅਤੇ ਹਾਸਿਆਂ ਦੇ ਲਹਿਰੀਏ ਆਲਾ-ਦੁਆਲਾ ਸੁਗੰਧਿਤ ਕਰੀ ਰੱਖਦੇ ਹਨ। ਤਣਾਓ ਅਤੇ ਚਿੰਤਾ ਦੇ ਇਸ ਯੁੱਗ ਵਿਚ ਵੀ ਉਹ ਕੰਵਲ ਵਾਂਗ ਨਿਰਲੇਪ ਅਤੇ ਸਹਿਜ ਰਹਿੰਦੇ ਹਨ। ਹਰ ਛੋਟੇ-ਵੱਡੇ ਨਾਲ ਉਨ੍ਹਾਂ ਦਾ ਏਨਾ ਪਿਆਰਾ ਰਿਸ਼ਤਾ ਹੈ ਕਿ ਸਾਰੇ ਉਨ੍ਹਾਂ ਨੂੰ 'ਭਾਅ ਜੀ' ਕਹਿ ਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਨ। ਪੰਜਾਬ, ਪੰਜਾਬੀ, ਇਨਸਾਨੀਅਤ, ਸੱਚ, ਸਿਦਕ, ਵਿਸ਼ਾਲਤਾ, ਇਮਾਨਦਾਰੀ, ਕੁਦਰਤ ਅਤੇ ਸੰਗੀਤ ਨਾਲ ਉਨ੍ਹਾਂ ਨੇ ਰੱਜ ਕੇ ਇਸ਼ਕ ਕਮਾਇਆ ਹੈ। ਪੌਣੀ ਸਦੀ ਦਾ ਜੀਵਨ ਇਕ ਸ਼ਾਨਾਮੱਤਾ ਇਤਿਹਾਸ ਬਣ ਗਿਆ ਹੈ। ਵਿਰਸੇ ਦੀ ਸਾਂਭ-ਸੰਭਾਲ, ਸੰਗੀਤਕ ਐਲਬਮਾਂ, ਅਜਾਇਬਘਰ, ਵਿਰਾਸਤ-ਏ-ਖ਼ਾਲਸਾ, ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦੀ ਭੂਮਿਕਾ, ਪੰਜਾਬ ਦੀ ਵੰਡ ਦੇ ਸੰਤਾਪ ਉਤੇ ਆਪ ਦੀ ਅਣਥੱਕ ਮਿਹਨਤ, ਲਗਨ ਅਤੇ ਸਿਰੜ ਦੀ ਮੁਹਰ ਛਾਪ ਹੈ। ਅੱਜ 'ਅਜੀਤ' ਅਖ਼ਬਾਰ ਨੇ ਬੁਲੰਦੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ 'ਅਜੀਤ' ਪੰਜਾਬ ਦੀ ਆਵਾਜ਼ ਅਤੇ ਧੜਕਣ ਬਣ ਚੁੱਕਾ ਹੈ। ਡਾ: ਹਮਦਰਦ ਨੂੰ ਪਦਮਸ੍ਰੀ, ਸ਼੍ਰੋਮਣੀ ਪੱਤਰਕਾਰ, ਡਾਕਟਰੇਟ ਆਫ਼ ਲਿਟਰੇਚਰ, ਪਦਮ ਭੂਸ਼ਣ, ਪੰਜਾਬੀ ਸਾਹਿਤ ਰਤਨ ਅਤੇ ਹੋਰ ਅਨੇਕਾਂ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਆਪ ਪੰਜਾਬ ਤੋਂ ਮੈਂਬਰ ਰਾਜ ਸਭਾ ਵੀ ਚੁਣੇ ਗਏ ਸਨ।
ਅੰਬਰ ਛੂੰਹਦੀਆਂ ਪ੍ਰਾਪਤੀਆਂ ਦੇ ਬਾਵਜੂਦ ਇਨ੍ਹਾਂ ਦੇ ਪੈਰ ਸਦਾ ਧਰਤੀ 'ਤੇ ਰਹੇ ਹਨ। ਇਸ ਹਰਮਨ-ਪਿਆਰੀ ਅਤਿ ਸਤਿਕਾਰਤ ਸ਼ਖ਼ਸੀਅਤ ਬਾਬਤ ਲਿਖੀ ਗਈ ਇਸ ਅਨੋਖੀ ਪੁਸਤਕ ਦਾ ਭਰਪੂਰ ਸਵਾਗਤ ਹੈ। ਇਹ ਸਾਡਾ ਮਾਣਮੱਤਾ ਸਰਮਾਇਆ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ

ਪਰਮਾਤਮਾ ਅਤੇ ਧਰਮ : ਮਨੁੱਖ ਦੀ ਸਿਰਜਣਾ
ਲੇਖਕ : ਗੁਰਮੀਤ ਸਿੰਘ ਟਿਵਾਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : E. mail : garytiwana@gmail.com

ਪ੍ਰੋ: ਗੁਰਮੀਤ ਸਿੰਘ ਟਿਵਾਣਾ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਦੀ ਪ੍ਰਗਤੀਸ਼ੀਲ ਵਿਰਾਸਤ ਵਿਚੋਂ ਪ੍ਰਵਾਨ ਚੜ੍ਹਿਆ ਬੁੱਧੀਜੀਵੀ ਹੈ, ਜੋ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਨਿਵਾਸ ਕਰ ਰਿਹਾ ਹੈ। ਕੈਨੇਡਾ ਵਿਚ ਸੀਨੀਅਰ ਸ਼ਹਿਰੀਆਂ ਨੂੰ ਗਿਆਨ ਸਾਹਿਤ ਪੜ੍ਹਨ ਦਾ ਕਾਫੀ ਸਮਾਂ ਮਿਲ ਜਾਂਦਾ ਹੈ। ਸਿਆਣੇ ਲੋਕ ਕੁਝ ਲਿਖ ਵੀ ਲੈਂਦੇ ਹਨ। ਪ੍ਰੋ: ਟਿਵਾਣਾ ਨੇ ਵੀ ਉਥੇ ਜਾ ਕੇ ਕਾਫੀ ਕੁਝ ਪੜ੍ਹਿਆ-ਲਿਖਿਆ ਹੈ। ਹਥਲੀ ਪੁਸਤਕ ਉਸ ਦੇ ਅਜਿਹੇ ਰੁਝੇਵੇਂ ਵਿਚੋਂ ਉਪਜੀ ਹੈ। ਖੱਬੇ ਪੱਖੀ ਸੋਚ ਦਾ ਧਾਰਨੀ ਹੋਣ ਕਾਰਨ ਜ਼ਰੂਰੀ ਸੀ ਕਿ ਉਹ ਮਾਰਕਸ-ਏਂਗਲਜ਼ ਦੀਆਂ ਰਚਨਾਵਾਂ ਨੂੰ ਵਿਧੀਪੂਰਵਕ ਪੜ੍ਹਦਾ। ਪਰ ਇਨ੍ਹਾਂ ਚਿੰਤਕਾਂ ਦੇ ਨਾਲ-ਨਾਲ ਉਸ ਨੇ ਜਰਮਨੀ ਦੀ ਸਮੁੱਚੀ ਦਾਰਸ਼ਨਿਕ ਪਰੰਪਰਾ ਦਾ ਵੀ ਗੰਭੀਰ ਅਧਿਐਨ ਕਰ ਲਿਆ ਹੈ। ਇਸ ਲੜੀ ਵਿਚ ਉਸ ਨੇ ਇਮੈਨੂਅਲ ਕਾਂਤ, ਹੇਗਲ, ਕਾਰਲ ਯਾਸਪਰਜ਼, ਕਾਰਲ ਬਾਰਥ ਅਤੇ ਫਰੈਂਕਫਰਟ ਸਕੂਲ ਦੇ ਚਿੰਤਕਾਂ ਹਰਬਰਟ ਮਾਰਕਯੂਜ਼, ਐਰਿਖ ਫ਼ਰਾਮ ਅਤੇ ਕੁਝ ਹੋਰ ਚਿੰਤਕਾਂ ਦਾ ਵੀ ਗੰਭੀਰ ਅਧਿਐਨ ਕਰ ਰੱਖਿਆ ਹੈ। ਇਨ੍ਹਾਂ ਤੋਂ ਬਿਨਾਂ ਯੂਨਾਨੀ ਸੋਫਿਸਟ, ਸੁਕਰਾਤ, ਪਲੈਟੋ, ਅਰਸਤੂ, ਡੇਕਾਰਟੇ, ਸ਼ਾਪਨਹਿਊਰ, ਸ਼ਲੈਗਲ ਆਦਿ ਵੀ ਉਸ ਦੇ ਅਧਿਐਨ-ਕਕਸ਼ ਵਿਚ ਆ ਗਏ ਹਨ। ਸੁਭਾਵਿਕ ਹੈ ਕਿ ਜਦੋਂ ਲੇਖਕ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਪੁਸਤਕਾਂ ਪੜ੍ਹਦਾ ਹੈ ਤਾਂ ਉਹ ਹਵਾਲੇ ਵੀ ਇਨ੍ਹਾਂ ਪੁਸਤਕਾਂ ਵਿਚੋਂ ਦੇਵੇਗਾ; ਇਹੀ ਕਾਰਨ ਹੈ ਕਿ ਪ੍ਰੋ: ਟਿਵਾਣਾ ਦੀ ਇਸ ਪੁਸਤਕ ਵਿਚ ਅੰਗਰੇਜ਼ੀ ਪੁਸਤਕਾਂ ਦੇ ਹਵਾਲੇ, ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ ਪਰ ਲੇਖਕ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਉਹ ਨਾਲੋ-ਨਾਲ ਇਨ੍ਹਾਂ ਹਵਾਲਿਆਂ ਦਾ ਠੇਠ ਪੰਜਾਬੀ ਵਿਚ ਅਨੁਵਾਦ ਵੀ ਕਰ ਦਿੰਦਾ ਹੈ। ਸਿੱਟੇ ਵਜੋਂ ਹਰ ਪੰਜਾਬੀ ਥੋੜ੍ਹੀ ਜਿਹੀ ਖੇਚਲ ਨਾਲ ਇਸ ਕਿਤਾਬ ਵਿਚ ਅੰਕਿਤ ਦਾਰਸ਼ਨਿਕ ਅਤੇ ਸਮਾਜ-ਸ਼ਾਸਤਰੀ ਸਮੱਗਰੀ ਨੂੰ ਸਮਝ ਲਵੇਗਾ। ਅਜੋਕੇ ਦੌਰ ਵਿਚ ਹਰ ਸਮਝਦਾਰ ਆਦਮੀ ਜਾਣਦਾ ਹੈ ਕਿ ਧਰਮ ਅਤੇ ਪਰਮਾਤਮਾ ਆਦਿ ਸੰਸਥਾਵਾਂ ਅਤੇ ਸੰਕਲਪ ਸੱਭਿਆਚਾਰਕ ਘਾੜਤਾਂ ਹਨ। ਸੱਭਿਆਚਾਰ ਦੇ ਇਕ ਵਿਸ਼ੇਸ਼ ਦੌਰ ਵਿਚ ਇਹ ਘੜੀਆਂ ਗਈਆਂ ਅਤੇ ਉਸ ਦੌਰ ਦੇ ਗੁਜ਼ਰ ਜਾਣ ਤੋਂ ਬਾਅਦ ਜਾਂ ਤਾਂ ਇਹ ਰੂਪਾਂਤਰਿਤ ਹੋ ਜਾਣਗੀਆਂ ਜਾਂ ਸ਼ਾਇਦ ਮਿਟ ਵੀ ਜਾਣ। ਪਰਮਾਤਮਾ ਦੇ ਸੰਕਲਪ ਨਾਲ ਤਾਂ ਇਹ ਹੋਣੀ ਵਾਪਰਨ ਵੀ ਲੱਗ ਪਈ ਹੈ ਪਰ ਤਾਂ ਵੀ ਮਨੁੱਖੀ ਸਮਾਜ ਅਤੇ ਭਾਈਚਾਰੇ ਦੇ ਵਿਕਾਸ ਵਿਚ ਇਨ੍ਹਾਂ ਦਾ ਮਹੱਤਵ ਨਿਰਵਿਵਾਦ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਸਮੇਂ-ਸਮੇਂ ਇਸ ਮਹੱਤਵ ਨੂੰ ਡੀਕੋਡ ਕਰਨ ਦੀ ਜ਼ਰੂਰਤ ਹੁੰਦੀ ਹੈ। ਪ੍ਰੋ: ਗੁਰਮੀਤ ਸਿੰਘ ਟਿਵਾਣਾ ਵਰਗੇ ਵਿਦਵਾਨ ਅਤੇ ਨਿਸ਼ਠਾਵਾਨ ਸੱਜਣ ਅਜਿਹੀ ਡੀਕੋਡਿੰਗ ਬਾਖ਼ੂਬੀ ਕਰ ਸਕਦੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਘਰਾਂ ਨੂੰ ਪਰਤ ਰਹੇ ਲੋਕ
ਲੇਖਕ : ਕੁਲਦੀਪ ਸਿੰਘ ਕਰੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 99142-11773.

'ਘਰਾਂ ਨੂੰ ਪਰਤ ਰਹੇ ਲੋਕ' ਕਵੀ ਕੁਲਦੀਪ ਸਿੰਘ ਕਰੀਰ ਦੀ ਪਲੇਠੀ ਕਾਵਿ ਪੁਸਤਕ ਹੈ, ਜਿਸ ਵਿਚ ਉਸ ਨੇ ਲਗਪਗ ਸਾਰੀਆਂ ਕਵਿਤਾਵਾਂ ਹੀ ਕੋਰੋਨਾ ਮਹਾਂਮਾਰੀ ਦੇ ਸੰਦਰਭ ਵਿਚ ਲਿਖੀਆਂ ਹਨ। ਇਸ ਸੰਗ੍ਰਹਿ ਦੀਆਂ ਦੋ-ਤਿੰਨ ਕਵਿਤਾਵਾਂ ਜਿਵੇਂ 'ਦਾਦੇ-ਦਾਦੀ ਦਾ ਆਸ਼ੀਰਵਾਦ', 'ਅੱਜ ਦਾ ਦਿਨ' ਅਤੇ 'ਤੇਰਾ ਸ਼ੁਕਰਗੁਜ਼ਾਰ ਹਾਂ' ਨੂੰ ਛੱਡ ਕੇ ਬਾਕੀ ਸਾਰਾ ਕਾਵਿ ਸੰਗ੍ਰਹਿ ਕੋਰੋਨਾ ਮਹਾਂਮਾਰੀ ਨੂੰ ਹੀ ਸਮਰਪਿਤ ਹੈ। 'ਲਹਿਰ ਜੋ ਸ਼ਾਂਤ ਹੋ ਗਈ' ਫ਼ਿਲਮੀ ਕਲਾਕਾਰ ਸੁਸ਼ਾਂਤ ਰਾਜਪੂਤ ਦੀ ਹੱਤਿਆ 'ਤੇ ਵੇਦਨਾ ਅਤੇ ਹੈਰਾਨੀ ਪ੍ਰਗਟ ਕਰਦੀ ਹੈ।
ਕੋਰੋਨਾ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਹਾਲੇ ਤੱਕ ਇਸ ਦੀ ਕੋਈ ਦਵਾਈ ਨਹੀਂ ਸੀ ਬਣੀ (ਜਦੋਂ ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਕੀਤੀ ਗਈ)। ਚਾਰੇ ਪਾਸੇ ਡਰ, ਭੈਅ ਅਤੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। ਲੋਕ ਕਮਰਿਆਂ/ਘਰਾਂ ਵਿਚ ਤੜ ਗਏ ਹਨ। ਕੋਈ ਕਿਸੇ ਨੂੰ ਮਿਲ ਕੇ ਰਾਜ਼ੀ ਨਹੀਂ। 'ਮੇਰੇ ਪਿੰਡ ਦਾ ਮੁਖੀਆ' ਅਤੇ 'ਜਾਨ ਹੈ ਤਾਂ ਜਹਾਨ ਹੈ' ਕਵਿਤਾਵਾਂ ਦੇਸ਼ ਦੇ ਵੱਡੇ ਨੇਤਾ ਵਜੋਂ ਦਰਸਾਏ ਗਏ ਰਾਹ ਦਾ ਜ਼ਿਕਰ ਕਰਦੀਆਂ ਹਨ। ਇਸ ਬਿਮਾਰੀ ਬਾਰੇ ਜੋ ਕੁਝ ਅਖ਼ਬਾਰਾਂ/ਮੀਡੀਆ ਵਿਚ ਆਇਆ, ਲੇਖਕ ਨੇ ਉਸ ਨੂੰ ਕਲਮਬੱਧ ਕੀਤਾ ਹੈ। 'ਵੁਹਾਨ' ਨਾਂਅ ਦੀ ਕਵਿਤਾ ਵਿਚ ਉਹ ਚੀਨ ਦੀ ਬੁਰਛਾਗਰਦੀ ਨੂੰ ਤਾਂ ਨੰਗਾ ਕਰਦਾ ਹੀ ਹੈ ਪਰ ਨਾਲ ਹੀ ਵਾਇਰਸ ਨੂੰ ਜੰਗ ਦੇ ਰੂਪ ਵਿਚ ਵੀ ਦੇਖਦਾ ਹੈ।
ਕੰਮਕਾਰ ਠੱਪ ਹੋ ਗਏ ਹਨ। ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਹੋਰ ਵੀ ਜ਼ਿਆਦਾ ਨਿੱਘਰੀ ਹੋਈ ਹੈ। ਬੇਰੁਜ਼ਗਾਰੀ ਦਾ ਫਨੀਅਰ ਆਪਣਾ ਫਨ ਚੁੱਕ ਕੇ ਉਨ੍ਹਾਂ ਨੂੰ ਡੰਗਣ ਲਈ ਤਿਆਰ ਹੈ। ਉਨ੍ਹਾਂ ਨੂੰ ਮੌਤ ਸਿਰ 'ਤੇ ਮੰਡਰਾਉਂਦੀ ਦਿਸਦੀ ਹੈ ਤਾਂ ਉਹ ਆਪਣੇ ਘਰ, ਆਪਣੇ ਜੀਆਂ ਵਿਚ ਜਾ ਕੇ ਮਰਨਾ ਪਸੰਦ ਕਰਦੇ ਹਨ। ਆਵਾਜਾਈ ਦੇ ਸਾਧਨ ਠੱਪ ਹੋ ਜਾਣ ਕਾਰਨ ਉਹ ਪੈਦਲ ਹੀ ਆਪਣੇ ਘਰਾਂ ਨੂੰ ਤੁਰ ਪੈਂਦੇ ਹਨ ਤੇ ਸੈਂਕੜੇ ਮੀਲਾਂ ਦਾ ਫ਼ਾਸਲਾ ਰੱਬ ਆਸਰੇ ਹੀ ਤੈਅ ਕਰਦੇ ਹਨ। 'ਘਰਾਂ ਨੂੰ ਪਰਤ ਰਹੇ ਲੋਕ', 'ਉੱਠ ਨੀ ਜ਼ਿੰਦੇ ਹੁਣ ਇਥੋਂ ਚੱਲੀਏ', 'ਅੱਧੀ ਰਾਤ ਦੇ ਪਾਂਧੀ' ਆਦਿ ਕਵਿਤਾਵਾਂ ਇਨ੍ਹਾਂ ਸਰੋਕਾਰਾਂ ਨੂੰ ਹੀ ਸਾਕਾਰ ਕਰਦੀਆਂ ਹਨ। ਲੇਖਕ ਮੂਜਬ ਕੋਰੋਨਾ ਦਾ ਕੁਝ ਲਾਭ ਵੀ ਹੋਇਆ ਹੈ। ਦੁਰਘਟਨਾਵਾਂ ਘੱਟ ਹੋ ਗਈਆਂ ਹਨ। ਭੀੜ-ਭੜੱਕਾ ਮੁੱਕ ਜਾਣ 'ਤੇ ਪ੍ਰਦੂਸ਼ਣ ਘਟਿਆ ਹੈ। ਸਮਾਗਮਾਂ ਵਿਚ ਬਹੁਤ ਇਕੱਠ ਨਾ ਹੋਣ ਕਾਰਨ ਖ਼ਰਚੇ ਜਾਂ ਕਹੋ ਫਜ਼ੂਲ ਖਰਚੀ ਘੱਟ ਹੋ ਗਈ ਹੈ। 'ਤੇਰਾ ਧੰਨਵਾਦ ਕੋਰੋਨਾ' ਕਵਿਤਾ ਇਸੇ ਆਸ਼ੇ ਦੀ ਪੂਰਤੀ ਕਰਦੀ ਹੈ। ਪਰ ਏਡੀ ਮਹਾਂਮਾਰੀ ਤੇ ਮੌਤ ਸਾਹਮਣੇ ਖੜ੍ਹੀ ਦੇਖ ਕੇ ਵੀ ਲੇਖਕ ਪਾਜ਼ੇਟਿਵ ਦ੍ਰਿਸ਼ਟੀਕੋਣ ਅਪਣਾਉਂਦਾ ਹੈ। ਖ਼ਲਕਤ ਨੂੰ ਹੱਲਾਸ਼ੇਰੀ ਦਿੰਦਾ ਹੈ। ਜ਼ਿੰਦਗੀ ਜਿਊਣ ਦੀ ਗੱਲ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਲਾਤਮਿਕਤਾ ਦੀ ਘਾਟ ਤਾਂ ਭਾਵੇਂ ਰੜਕਦੀ ਹੈ ਪਰ ਕੋਰੋਨਾ ਮਹਾਂਮਾਰੀ 'ਤੇ ਲਿਖੀ ਇਹ ਸ਼ਾਇਦ ਪਹਿਲੀ ਕਿਤਾਬ ਹੈ।

ਕੇ. ਐਲ. ਗਰਗ
ਮੋ: 94635-37050.

ਬੰਦਗੀ ਰੱਬ ਦੀ
ਕਵੀ : ਮਸਤ ਖਾਂ ਮਸਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 0172-4613236.

ਹਥਲੀ ਪੁਸਤਕ ਵਿਚ ਮਸਤ ਖਾਂ ਮਸਤ ਦੀਆਂ 73 ਕਵਿਤਾਵਾਂ ਸ਼ਾਮਿਲ ਹਨ। ਇਹ ਕਵੀ ਸਟੇਜੀ ਕਵੀ ਵਜੋਂ ਹਰਮਨ-ਪਿਆਰਾ ਰਿਹਾ ਹੈ। ਉਸ ਦੀਆਂ ਇਹ ਸਾਰੀਆਂ ਕਵਿਤਾਵਾਂ ਅਧਿਆਤਮਕ, ਇਤਿਹਾਸਕ, ਸਮਾਜਿਕ ਅਤੇ ਨੈਤਿਕ ਵਿਸ਼ਿਆਂ ਨੂੰ ਪ੍ਰਗਟ ਕਰਦੀਆਂ ਹਨ। ਕਵੀ-ਗੁਰੂਆਂ ਜਿਨ੍ਹਾਂ 'ਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਧਰਮ ਅਤੇ ਮਨੁੱਖਤਾ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਵੀ ਹਨ ਅਤੇ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਕੌਮ ਖਾਤਰ ਲਾਸਾਨੀ ਸ਼ਹੀਦੀਆਂ ਪਾ ਜਾਣ ਦਾ ਬਿਰਤਾਂਤਿਕ ਵਰਣਨ ਵੀ ਕਰਦੀਆਂ ਹਨ। ਇਸ ਤੋਂ ਇਲਾਵਾ ਹੋਰ ਸੰਤਾਂ, ਭਗਤਾਂ ਜਿਨ੍ਹਾਂ ਵਿਚ ਰਵਿਦਾਸ ਜੀ ਮਹਾਰਾਜ, ਕਬੀਰ ਸਾਹਿਬ ਅਤੇ ਹੋਰ ਸੇਵਾ-ਭਾਵਨਾ ਰੱਖਣ ਵਾਲੇ ਭਗਤਾਂ, ਸੰਤਾਂ ਅਤੇ ਸਮਾਜ ਸੇਵੀਆਂ ਦੀ ਦੇਣ ਦਾ ਕਾਵਿਕ ਚਿਤਰਨ ਬੜੀ ਸਰਲ ਭਾਸ਼ਾ ਅਤੇ ਸਟੇਜੀ ਲਹਿਜੇ ਵਿਚ ਪੇਸ਼ ਕੀਤਾ ਹੈ। ਇਹ ਕਵਿਤਾਵਾਂ ਜਿਥੇ ਭਗਤੀ ਭਾਵਨਾ ਦਾ ਬਿੰਬ ਉਭਾਰਦੀਆਂ ਹਨ, ਉਥੇ ਮਨੁੱਖ ਨੂੰ ਮਨੁੱਖਤਾ ਪ੍ਰਤੀ ਸਚਿਆਰ ਅਤੇ ਸੇਵਾ ਭਾਵਨਾ ਵਾਲੀ ਜੀਵਨ ਸ਼ੈਲੀ ਦਾ ਮਾਰਗ ਵੀ ਪ੍ਰਦਾਨ ਕਰਦੀਆਂ ਹਨ। ਜਦੋਂ ਕਵੀ ਬੈਂਤਾਂ, ਕਬਿੱਤਾਂ, ਗੀਤਾਂ ਅਤੇ ਸ਼ਿਅਰਾਂ 'ਚ ਕਵਿਤਾ ਕਹਿੰਦਾ ਹੈ ਤਾਂ ਇਨ੍ਹਾਂ ਦੀ ਬਣਤ-ਬੁਣਤ ਅਤੇ ਸ਼ਬਦਾਵਲੀ ਸਹਿਜੇ ਹੀ ਪਾਠਕਾਂ ਅਤੇ ਸਰੋਤਿਆਂ ਦੇ ਦਿਲੋ-ਦਿਮਾਗ ਨੂੰ ਸਰਸ਼ਾਰ ਕਰ ਦਿੰਦੀ ਹੈ। ਉਸ ਦਾ ਪੈਗ਼ਾਮ ਹੈ ਕਿ 'ਗੀਤ ਰੱਬ ਦੇ ਜੋ ਗਾਉਂਦੇ, ਸਤਿਕਾਰੇ ਜਾਂਦੇ ਨੇ। ਪਾਪੀ ਦੋਵੇਂ ਹੀ ਜਹਾਨੇ ਫਿਟਕਾਰੇ ਜਾਂਦੇ ਨੇ। ਮੁੱਲ ਨੇਕੀਆਂ ਦਾ ਪੈਂਦਾ, ਇਸ ਚੱਮ ਦਾ ਨਹੀਂ। ਬੰਦਾ ਬੰਦਗੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ।' ਇਸ ਤੋਂ ਅੱਗੇ ਉਸ ਦਾ ਇਹ ਕਹਿਣਾ ਅਟੱਲ ਸਚਾਈ ਹੈ ਕਿ 'ਸਿਮਰਨ ਸਾਹਿਬ ਦਾ ਸੇਵਾ ਮਨੁੱਖਤਾ ਦੀ, ਹੋਣਾ ਅੰਤ ਨੂੰ ਇਹੋ ਸਹਾਈ ਸੱਜਣਾ।' ਇਹ ਕਵਿਤਾਵਾਂ ਜਿਥੇ ਇਤਿਹਾਸ ਅਤੇ ਮਿਥਿਹਾਸ ਨੂੰ ਨਵੇਂ ਵਿਗਿਆਨਕ ਸੋਚ-ਦ੍ਰਿਸ਼ਟੀ ਵਾਲੇ ਪ੍ਰਸੰਗ ਵਿਚ ਪੇਸ਼ ਕਰਦੀਆਂ ਹਨ, ਉਥੇ ਇਨ੍ਹਾਂ ਵਿਚੋਂ ਰਾਗ ਦੀ ਸਮਝ ਵੀ ਪ੍ਰਬਲ ਰੂਪ ਵਿਚ ਉਜਾਗਰ ਹੁੰਦੀ ਹੈ। ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਵਿਚ ਅਜੋਕਾ ਮਨੁੱਖ ਜੋ ਲੁੱਟ-ਖਸੁੱਟ ਕਰ ਰਿਹਾ ਹੈ ਅਤੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਸੱਚ ਦੀ ਥਾਂ ਝੂਠ-ਫਰੇਬ ਅਤੇ ਕੂੜ ਦਾ ਰਸਤਾ ਅਪਣਾ ਕੇ ਜੋ ਕਾਰੇ ਕਰ ਰਿਹਾ ਹੈ, ਉਨ੍ਹਾਂ ਦਾ ਵੀ ਇਹ ਕਵਿਤਾਵਾਂ ਬਾਖੂਬੀ ਦ੍ਰਿਸ਼ ਪ੍ਰਗਟ ਕਰਦੀਆਂ ਹਨ। ਕੁਝ ਧਾਰਮਿਕ ਸਥਾਨਾਂ ਜਿਵੇਂ ਭੱਠਾ ਸਾਹਿਬ, ਸਰਹੰਦ ਦੀ ਕੰਧ, ਪਾਉਂਟਾ ਸਾਹਿਬ ਅਤੇ ਸੰਨ੍ਹ ਸਾਹਿਬ ਆਦਿ ਨਾਲ ਸਬੰਧਿਤ ਕਵਿਤਾਵਾਂ ਦੀ ਰੌਚਿਕ ਕਾਵਿਮਈ ਸ਼ੈਲੀ ਹਰ ਵਰਗ ਦੇ ਪਾਠਕ ਨੂੰ ਰਸਕਤਾ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਇਹ ਕਾਵਿ-ਸੰਗ੍ਰਹਿ ਅਜੋਕੇ ਸਮੇਂ ਵਿਚ ਰਚੀ ਜਾ ਰਹੀ ਸਟੇਜੀ ਕਵਿਤਾ ਵਿਚ ਵਿਲੱਖਣ ਸਥਾਨ ਦਾ ਧਾਰਕ ਪ੍ਰਤੀਤ ਹੁੰਦਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਡਲੇ ਵਾਸੀ ਸੰਗਤਿ ਭਾਰੀ
ਲੇਖਕ : ਤਰਲੋਕ ਸਿੰਘ ਹੁੰਦਲ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 99150-48001.

ਵਿਦਵਾਨ ਲੇਖਕ ਦੀ ਇਹ ਤੀਜੀ ਕਿਤਾਬ ਹੈ। ਇਸ ਪੁਸਤਕ ਵਿਚ ਤੀਸਰੇ ਗੁਰੂ ਕਾਲ ਦੇ ਇਤਿਹਾਸ ਪੱਖਾਂ ਸਣੇ ਸਮੁੱਚੀ ਸਥਿਤੀ ਨੂੰ ਕਲਮਬੰਦ ਕੀਤਾ ਗਿਆ ਹੈ। ਗੁਰੂ ਘਰ ਦੇ ਵੇਦ-ਵਿਆਸ ਭਾਈ ਗੁਰਦਾਸ ਜੀ ਦੀ ਵਾਰ ਦੀ ਇਕ ਪੰਕਤੀ ਉੱਤੇ ਆਧਾਰਿਤ ਸਿਰਲੇਖ ਵਾਲੀ ਇਸ ਪੁਸਤਕ ਵਿਚ ਲੇਖਕ ਨੇ ਗੁਰੂ ਅਮਰਦਾਸ ਜੀ ਦੇ ਧਰਮ-ਪ੍ਰਚਾਰ ਰਟਨ ਦੌਰਾਨ ਮਹਾਨ ਗੁਰਸਿੱਖ ਭਾਈ ਡੱਲਾ ਅਤੇ ਸੁਲਤਾਨਪੁਰ ਇਲਾਕੇ ਦੀ ਸੰਗਤ ਦੇ ਗੁਰੂ ਪ੍ਰੇਮ ਦਾ ਜਿਸ ਖੋਜ ਭਰਪੂਰ ਤਰੀਕੇ ਨਾਲ ਚਿਤਰਨ ਕੀਤਾ ਹੈ, ਉਹ ਅਸਲੋਂ ਸਲਾਹੁਣਯੋਗ ਹੈ। ਭਾਈ ਗੁਰਦਾਸ ਜੀ ਪੁਸਤਕ ਦਾ ਪ੍ਰਥਮ ਅਤੇ 'ਉਪ-ਸੰਹਾਰ' ਅੰਤਲਾ ਲੇਖ ਹੈ। ਪੁਸਤਕ ਦੀ ਇਕ ਵੰਨਗੀ ਪੇਸ਼ ਹੈ।
ਸੁਲਤਾਨਪੁਰ ਬਹੁਤ ਸਿੱਖ ਪ੍ਰਭ ਭਾਰਾ।
ਸ੍ਰੀ ਮੁੱਖ ਕਹਿਓ ਭਗਤ ਭੰਡਾਰਾ।
ਅਰ ਡੱਲੇ ਸ੍ਰੀ ਮੁੱਖ ਕਹਿਓ ਬਖਾਨ।
ਕਹਾ ਸਤਿਗੁਰ ਰਤਨਨ ਕੀ ਖਾਨ।
(ਸ੍ਰੀ ਮਹਿਮਾ ਪ੍ਰਕਾਸ਼)
ਪੁਸਤਕ ਦੇ ਸਿਰਲੇਖ ਵਾਲੇ ਅਧਿਆਏ ਅਨੁਸਾਰ ਸਿੱਖ ਇਤਿਹਾਸਕਾਰਾਂ ਨੇ ਡੱਲੇ ਪਿੰਡ ਦੇ 72 ਗੁਰੂ ਪ੍ਰੇਮੀਆਂ ਦੀ ਪ੍ਰਮਾਣਿਕਤਾ ਤਸਲੀਮ ਕੀਤੀ ਹੈ। ਸਿੱਖਾਂ ਦੀ ਭਗਤ ਮਾਲਾ 'ਫੁੱਲਾਂ ਦੀ ਬਾਗਾਤਿ', 'ਪਰਮਹੰਸ ਭਾਈ ਪਾਰੋ ਜੁਲਕਾ', ਭਾਈ ਲਾਲੂ ਜੀ, 'ਸ਼ਾਹ ਅੱਲਾ ਯਾਰ' ਇਹ ਸਾਰੇ ਅਧਿਆਇ ਉਸ ਸਮੇਂ ਦੇ ਹਾਲਾਤ ਅਤੇ ਘਟਨਾਵਾਂ ਦੀ ਸਾਖੀ ਬਿਆਨਦੇ ਹਨ। ਅਧਿਆਏ 20 ਤੋਂ 28 ਤੱਕ ਇਤਿਹਾਸਕ ਗੁਰਦੁਆਰਾ ਸਾਹਿਬਾਨ ਅਤੇ ਹੋਰ ਯਾਦਗਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਨਾ 101 ਤੋਂ 103 ਤੱਕ ਤੀਜੇ ਗੁਰੂ ਸਾਹਿਬ ਦੀ ਡੱਲਾ ਫੇਰੀ ਪੜ੍ਹ ਕੇ ਪਾਠਕ ਉਸ ਸਮੇਂ ਦੇ ਵਿਸਮਾਦੀ ਮਾਹੌਲ ਨੂੰ ਮਹਿਸੂਸ ਕਰਦਾ ਹੈ।
ਪੁਸਤਕ ਪੜ੍ਹ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਨਗਰ ਡੱਲਾ ਸੁਲਤਾਨਪੁਰ ਲੋਧੀ ਇਲਾਕੇ ਨਾਲ ਸਬੰਧਿਤ ਹੈ, ਜਿਸ ਨੂੰ ਗੁਰੂ ਪ੍ਰੇਮ ਵਿਚ ਖੀਵੇ ਹੋਕੇ ਮਹਾਨ ਸੇਵਾ ਕਰਕੇ ਗੁਰੂ ਅਮਰਦਾਸ ਜੀ ਤੋਂ ਅਸੀਸਾਂ ਪ੍ਰਾਪਤ ਕੀਤੀਆਂ। ਮਹਾਨ ਵਿਦਵਾਨ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਲਿਖਤ ਅਨੁਸਾਰ ਗੁਰੂ ਅਮਰਦਾਸ ਜੀ ਪਿੰਡ ਡੱਲੇ ਤਿੰਨ ਦਿਨ ਸੱਚ ਦੇ ਸਿੰਘਾਸਣ 'ਤੇ ਬਿਰਾਜਮਾਨ ਰਹੇ। ਆਪ ਨੇ ਉਪਦੇਸ਼ ਕੀਤਾ, 'ਅਰਦਾਸਿ ਕਰਿਕੇ, ਪੈਸਾ ਰੂਪਈਆ, ਜੇਹੀ ਕਿਸੇ ਦੀ ਸ਼ਰਧਾ ਹੋਵੇ, ਸਿੱਖਾਂ ਨੂੰ ਇਕੱਠਾ ਕਰਿ, ਓਸ ਦਾ ਕਾਰਜ ਕਰ ਦੇਣਾ। ਸਦਾ ਸਿੱਖੀ ਤੁਹਾਡੇ ਘਰਿ ਹੋਵੇਗੀ, ਤੁਸਾਂ ਸੰਸਾ ਕੋਈ ਨਹੀਂ ਕਰਨਾ। (ਸਿੱਖਾਂ ਦੀ ਭਗਤਮਾਲਾ 'ਚੋਂ) (ਪੁਸਤਕ ਪੰਨਾ 109)। ਪੁਸਤਕ ਵਿਚ 19 ਰੰਗਦਾਰ ਇਤਿਹਾਸਕ ਚਿੱਤਰ ਇਸ ਦੀ ਆਭਾ ਵਿਚ ਵਾਧਾ ਕਰਦੇ ਹਨ।

ਤੀਰਥ ਸਿੰਘ ਢਿੱਲੋਂ
ਮੋ: 98154-61710

14-02-2021

...ਸੰਗਤੇ ਹਜ਼ੂਰ ਸਾਹਿਬ ਚੱਲੀਏ
ਬਾਜਾਂ ਵਾਲਾ 'ਵਾਜਾਂ ਮਾਰਦਾ

ਲੇਖਕ : ਭਜਨ ਸਿੰਘ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਭੇਟਾ : 180 ਰੁਪਏ, ਸਫ਼ੇ : 152
ਸੰਪਰਕ : 94177-00122.


ਇਸ ਸਫ਼ਰਨਾਮੇ ਤੋਂ ਪਹਿਲਾਂ ਲੇਖਕ ਇਕ ਦਰਜਨ ਦੇ ਕਰੀਬ ਪੁਸਤਕਾਂ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਇਸ ਸਫ਼ਰਨਾਮੇ ਦੇ ਆਰੰਭ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਨ ਨਾਲ ਸਬੰਧਿਤ ਇਤਿਹਾਸ ਨੂੰ ਸੰਖੇਪ ਰੂਪ ਵਿਚ ਲੜੀਵਾਰ ਪੇਸ਼ ਕੀਤਾ ਹੈ। ਇਸ ਇਤਿਹਾਸ ਨੂੰ 9 ਵੱਖ-ਵੱਖ ਭਾਗਾਂ ਵਿਚ ਵੰਡਿਆ ਹੈ ਜਿਸ ਵਿਚ ਹਿੰਦੂਆਂ 'ਤੇ ਇਸਲਾਮਿਕ ਹਕੂਮਤ ਦੇ ਜਬਰ-ਜ਼ੁਲਮ ਦੇ ਤੂਫ਼ਾਨ 'ਚੋਂ ਕੱਢਣ ਵਾਲੇ ਮਲਾਹ ਦਾ ਉਦੈ, ਹਿੰਦੂ-ਮੁਸਲਮਾਨ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ, ਔਰੰਗਜ਼ੇਬ ਦਾ ਕਾਲਾ ਦੌਰ, ਉੱਜੜ ਰਹੇ ਚਮਨ ਦਾ ਮਾਲੀ ਬਣ ਕੇ ਬਹੁੜੇ ਗੁਰੂ ਗੋਬਿੰਦ ਸਿੰਘ ਜੀ, ਖ਼ਾਲਸੇ ਦੀ ਸਾਜਣਾ ਅਤੇ ਸ੍ਰੀ ਅਨੰਦਪੁਰ ਸਾਹਿਬ ਛੱਡਣਾ, ਗੁਰੂ ਸਾਹਿਬ ਦਾ ਮਾਛੀਵਾੜੇ ਤੋਂ ਅਗਲੇਰਾ ਸਫ਼ਰ ਅਤੇ ਜਫ਼ਰਨਾਮਾ ਲਿਖਣਾ, ਬੇਦਾਵਾ ਪਾੜਨਾ ਅਤੇ ਟੁੱਟੀ ਗੰਢਣਾ, ਗੁਰੂ ਸਾਹਿਬ ਦਾ ਨਾਂਦੇੜ ਆਗਮਨ ਅਤੇ ਉਥੋਂ ਸੱਚਖੰਡ ਗਮਨ ਦਾ ਇਤਿਹਾਸ ਸੰਖੇਪ ਰੂਪ ਵਿਚ ਚਾਲੀ ਕੁ ਸਫ਼ਿਆਂ ਵਿਚ ਸਮੇਟ ਕੇ ਸਫ਼ਰਨਾਮਾ ਆਰੰਭ ਕੀਤਾ ਹੈ।
ਪੁਸਤਕ ਦੇ ਦੂਸਰੇ ਹਿੱਸੇ ਵਿਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਸਾਹਿਬ ਨਾਂਦੇੜ, ਜੋ ਪੰਜ ਤਖ਼ਤ ਸਾਹਿਬਾਨ ਵਿਚੋਂ ਇਕ ਅਜਿਹਾ ਪਾਵਨ ਅਸਥਾਨ ਹੈ। ਜਿਥੇ ਦਸਮ ਪਾਤਸ਼ਾਹ ਨੇ ਲਾਸਾਨੀ ਜੀਵਨ ਦੇ ਅੰਤਿਮ ਪੜਾਅ ਨੂੰ ਸੰਪੂਰਨ ਦਿੱਤੀ। ਲੇਖਕ ਨੇ ਬਿਨਾਂ ਕਿਸੇ ਹੀਲ-ਹੁਜਤ ਤੋਂ ਯਾਤਰਾ ਦੇ ਆਰੰਭ ਤੋਂ ਘਰ ਵਾਪਸੀ ਤੱਕ ਦੇ ਸਫ਼ਰ ਨੂੰ ਬੜੀ ਸੁਖੈਨ ਭਾਸ਼ਾ ਵਿਚ ਵਰਨਣ ਕੀਤਾ ਹੈ। ਨਾਲ-ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਲਗਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਵਾਉਣ ਦਾ ਸਫ਼ਲ ਉਪਰਾਲਾ ਵੀ ਕੀਤਾ ਹੈ। ਇਸ ਸਫ਼ਰ ਨੂੰ 10 ਭਾਗਾਂ ਵਿਚ ਵੰਡ ਕੇ ਪਾਠਕਾਂ ਦੀ ਉਂਗਲੀ ਫੜ ਕੇ ਆਪਣੀ ਯਾਤਰਾ ਸੰਪੂਰਨ ਕੀਤੀ ਹੈ। ਇਸ ਸਫ਼ਰ ਵਿਚ ਯਾਤਰਾ ਦਾ ਸਬੱਬ ਅਤੇ ਨਾਂਦੇੜ ਤੱਕ ਦਾ ਸਫ਼ਰ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ, ਗੁਰਦੁਆਰਾ ਮਾਲ ਟੇਕੜੀ, ਨਾਨਕਸਰ, ਮਾਤਾ ਸਾਹਿਬ ਦੇਵਾਂ, ਹੀਰਾ ਘਾਟ, ਸ਼ਿਕਾਰ ਘਾਟ ਤੇ ਸੰਗਤਸਰ ਆਦਿ ਗੁਰੂ ਘਰਾਂ ਦੇ ਦਰਸ਼ਨ, ਗੁਰਦੁਆਰਾ ਨਗੀਨਾ ਘਾਟ, ਬੰਦਾ ਘਾਟ, ਅੰਗੀਠਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਸਾਹਿਬ ਆਦਿ ਦੇ ਦਰਸ਼ਨਾਂ ਤੋਂ ਇਲਾਵਾ ਲੇਜ਼ਰ ਸ਼ੋਅ ਦੇ ਦਿਲਕਸ਼ ਨਜ਼ਾਰੇ, ਇਸ ਤੋਂ ਪਿੱਛੋਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕ), ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ, ਸ੍ਰੀ ਹਜ਼ੂਰ ਸਾਹਿਬ ਵਿਖੇ ਆਖ਼ਰੀ ਦਿਨ, ਸ੍ਰੀ ਅਬਿਚਲ ਨਗਰ ਸਾਹਿਬ ਦਾ ਸੰਖੇਪ ਇਤਿਹਾਸ ਅਤੇ ਸਫ਼ਰਨਾਮੇ ਦੇ ਅੰਤ ਵਿਚ ਗੁਰਦੁਆਰਾ ਸੱਚਖੰਡ ਬੋਰਡ ਦੀ ਬਣਤਰ ਨੂੰ ਬਿਆਨ ਕਰਦਿਆਂ ਘਰ ਵਾਪਸੀ ਤੱਕ ਸਫ਼ਰ ਕਰਦਿਆਂ ਪੜ੍ਹਨ ਵਾਲੇ ਸ਼ਰਧਾਵਾਨ ਪਾਠਕ ਨੂੰ ਵੀ ਨਾਲ ਲੈ ਕੇ ਚਲਦੇ ਹਨ। ਜਾਪਦਾ ਹੈ ਕਿ ਸਫ਼ਰਨਾਮਾ ਲਿਖਣ ਸਮੇਂ ਲੇਖਕ ਨੇ ਸ਼ਰਧਾਲੂ ਵਜੋਂ ਜਿਥੇ ਧਾਰਮਿਕ ਗੁਰਧਾਮਾਂ ਦੀ ਯਾਤਰਾ ਦਾ ਲੁਤਫ਼ ਪ੍ਰਾਪਤ ਕੀਤਾ ਹੈ, ਉਥੇ ਪਾਠਕਾਂ ਦੀ ਰੁਚੀ, ਸ਼ਰਧਾ ਅਤੇ ਵਿਸ਼ਵਾਸ ਨੂੰ ਵੀ ਪ੍ਰਪੱਕ ਕੀਤਾ ਹੈ।


-ਭਗਵਾਨ ਸਿੰਘ ਜੌਹਲ
ਮੋ: 98143-24040
c c c


ਹਰੀ ਕ੍ਰਾਂਤੀ ਦੀ ਪਟਾਰੀ ਵਿਚੋਂ
ਲੇਖਕ : ਕਰਮ ਸਿੰਘ ਬਾਬਾ ਅੜਬ
ਪ੍ਰਕਾਸ਼ਕ : ਆਸਥਾ ਪ੍ਰਕਾਸ਼ਨ, ਜਲੰਧਰ
ਮੁੱਲ : 220 ਰੁਪਏ, ਸਫ਼ੇ : 96
ਸੰਪਰਕ : 98784-03031.


ਹਰੀ ਕ੍ਰਾਂਤੀ ਦੀ ਪਟਾਰੀ ਵਿਚੋਂ ਕਰਮ ਸਿੰਘ ਉਰਫ ਬਾਬਾ ਅੜਬ ਦਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਲੇਖਕ ਦੀਆਂ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਕਵਿਤਾਵਾਂ ਸ਼ਾਮਿਲ ਹਨ। ਬਾਬਾ ਅੜਬ ਦੀਆਂ ਰਚਨਾਵਾਂ ਜਿਵੇਂ ਕਿ ਲੇਖਕ ਦੇ ਨਾਂਅ ਤੋਂ ਸਪੱਸ਼ਟ ਹੈ, ਆਪਣੀ ਵਿਲੱਖਣ ਅੜਬ ਸ਼ੈਲੀ ਵਿਚ ਹੀ ਲਿਖੀਆਂ ਗਈਆਂ ਹਨ ਅਤੇ ਇਹ ਸਮਕਾਲਕ ਮਸਲਿਆਂ 'ਤੇ ਸਿੱਧੀ ਗੱਲ ਕਰਦੀਆਂ ਹਨ, ਇਨ੍ਹਾਂ ਕਵਿਤਾਵਾਂ ਵਿਚ ਲੇਖਕ ਵੱਖੋ-ਵੱਖ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰਦਾ ਹੈ। ਚਾਰੇ ਪਾਸੇ ਫੈਲਿਆ ਪ੍ਰਦੂਸ਼ਣ, ਕਿਸਾਨੀ ਦੀ ਲੁੱਟ, ਅਖੌਤੀ ਲੋਕਰਾਜ ਦਾ ਦੰਭ, ਅਜੋਕੇ ਦੌਰ ਵਿਚ ਟੁੱਟ ਰਹੇ ਰਿਸ਼ਤੇ, ਭ੍ਰਿਸ਼ਟਾਚਾਰ, ਗੰਧਲੀ ਰਾਜਨੀਤੀ ਆਦਿ ਮਸਲੇ ਇਨ੍ਹਾਂ ਕਵਿਤਾਵਾਂ ਵਿਚ ਥਾਂ-ਥਾਂ ਦੇਖਣ ਨੂੰ ਮਿਲਦੇ ਹਨ।
ਕਰਮ ਸਿੰਘ ਬਹੁਤ ਹੀ ਸਿੱਧੇ ਸ਼ਬਦਾਂ ਵਿਚ ਇਨ੍ਹਾਂ ਮਸਲਿਆਂ ਬਾਰੇ ਆਪਣੀ ਕਵਿਤਾ ਵਿਚ ਇਨ੍ਹਾਂ 'ਤੇ ਟਿੱਪਣੀਆਂ ਕਰਦਾ ਹੈ। ਕਿਸਾਨੀ ਦੀ ਲੁੱਟ ਬਾਰੇ ਲਿਖੀ ਕਵਿਤਾ 'ਪਗੜੀ ਸੰਭਾਲ ਜੱਟਾ' ਵਿਚੋਂ ਕੁਝ ਸਤਰਾਂ ਦੇਖੀਆਂ ਜਾ ਸਕਦੀਆਂ ਹਨ :
ਮੱਤਦਾਨ ਦੇ ਤਾਣ ਤੂੰ ਸਰਕਾਰ ਬਦਲੀ
ਗੁੱਸਾ ਕੱਢ ਲਿਆ ਇਹੀ ਲੋਕਰਾਜ ਜੱਟਾ
ਰਾਜੇ ਸ਼ੀਂਹ ਦੋ ਗੁੱਟਾਂ ਵਿਚ ਵੰਡ ਜਾਂਦੇ
ਖੂਨਦਾਨ ਲਈ ਸਦਾ ਤੂੰ ਆਜ਼ਾਦ ਜੱਟਾ
ਤੇਰੇ ਕਰਜ਼ ਦੇ ਕੀਰਨੇ ਪਾਇ ਉਨ੍ਹਾਂ
ਸੱਤਾ ਬਦਲੀਆਂ ਮਰਕਜ਼ੀ ਤੇ ਰਾਜ ਜੱਟਾ।
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਅਜਿਹੀ ਸਾਫ਼-ਸਪੱਸ਼ਟ ਸ਼ੈਲੀ ਵਿਚ, ਪਰ ਉੱਚੀ ਸੁਰ ਵਿਚ ਲਿਖੀਆਂ ਗਈਆਂ ਹਨ, ਸ਼ਾਇਦ ਇਹ ਉੱਚਾਪਣ ਲੇਖਕ ਦੇ ਸੁਭਾਅ ਵਿਚ ਹੀ ਸ਼ਾਮਿਲ ਹੈ। ਆਪਣੀ ਭੂਮਿਕਾ ਵਿਚ ਉਹ ਇਕ ਥਾਂ ਲਿਖਦਾ ਹੈ ਕਿ ਮੈਨੂੰ ਡਰ ਹੈ ਕਿ ਮੇਰੀ ਇਸ ਪੁਸਤਕ 'ਤੇ ਪੰਛੀ ਝਾਤ ਮਾਰਦੇ ਪਾਠਕ ਦੀ ਚੀਕ ਨਿਕਲ ਸਕਦੀ ਹੈ। ਸ਼ਾਇਦ ਕਵੀ ਨੂੰ ਆਪਣੀ ਕਵਿਤਾ ਪ੍ਰਤੀ ਕਾਫੀ ਭਰਮ ਹੈ। ਇਹ ਕਵਿਤਾਵਾਂ ਉੱਚੇ ਸੁਰ ਵਿਚ ਲਿਖੀਆਂ ਜ਼ਰੂਰ ਹਨ ਪਰ ਇਹ ਕਲਾਤਮਕ ਪੱਖ ਤੋਂ ਵੀ ਏਨੀਆਂ ਉੱਚੀਆਂ ਹਨ, ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਆਉਂਦੇ ਸਮੇਂ ਵਿਚ ਕਵੀ ਤੋਂ ਹੋਰ ਚੰਗੀਆਂ ਕਵਿਤਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।


-ਡਾ: ਅਮਰਜੀਤ ਕੌਂਕੇ


ਝਨਾਂ ਦਿਆ ਪਾਣੀਆਂ ਵੇ

ਲੇਖਕ : ਦਿਲਜੀਤ ਬੰਗੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 88474-73354.


ਸ਼ਾਇਰ ਦਿਲਜੀਤ ਬੰਗੀ ਨੇ ਆਪਣੇ ਗੀਤ ਸੰਗ੍ਰਹਿ 'ਝਨਾਂ ਦਿਆ ਪਾਣੀਆਂ ਵੇ' ਨਾਲ ਪ੍ਰਗੀਤਕ ਸ਼ਾਇਰੀ ਦੇ ਦਰ-ਦਰਵਾਜ਼ੇ 'ਤੇ ਪਲੇਠੀ ਦਸਤਕ ਦਿੱਤੀ ਹੈ। ਸਮਕਾਲ ਵਿਚ ਪੜ੍ਹੀ ਜਾਣ ਵਾਲੀ ਪ੍ਰਗੀਤਕ ਸ਼ਾਇਰੀ ਦਿਲ ਦੀਆਂ ਬਰੂਹਾਂ 'ਤੇ ਮਾਖਿਓਂ ਮਿੱਠੀ ਆਵਾਜ਼ ਦੀ ਮਿਸ਼ਰੀ ਦਾ ਰਸ ਕੰਨਾਂ ਵਿਚ ਘੋਲ ਦਿੰਦੀ ਹੈ ਤੇ ਇਸ ਦਾ ਸਬੂਤ ਸ਼ਾਇਰ ਦੀ ਪਲੇਠੀ ਸਿੱਕੇਬੰਦ ਕਿਰਤ ਹੈ। ਸ਼ਾਇਰ ਮਾਰ-ਧਾੜ ਅਤੇ ਦੋਹਰੇ ਅਰਥਾਂ ਵਾਲੇ ਚਾਲੂ ਜਿਹੇ ਮੰਡੀ ਦੀ ਮੰਗ ਵਾਲੇ ਗੀਤਾਂ ਤੋਂ ਕਿਨਾਰਾ ਕਰਕੇ ਸੁਹਜ ਸ਼ਿਲਪ ਵਾਲਾ ਬਦਲ ਪੇਸ਼ ਕਰਦਾ ਹੈ ਤੇ ਇਹ ਸ਼ਾਇਰ ਦੀ ਸ਼ਾਇਰੀ ਦਾ ਮੀਰੀ ਗੁਣ ਹੈ।
ਇੰਜ ਸ਼ਾਇਰ ਵਿਕਾਰ ਪ੍ਰਵਿਰਤੀਆਂ ਦੀ ਨਰਸਰੀ 'ਤੇ ਨਦੀਨ ਮਾਰਨ ਜਿਹੀ ਦਵਾਈ ਦਾ ਛਿੜਕਾਅ ਕਰਦਾ ਹੈ। ਸ਼ਾਇਰ ਸੰਬੋਧਨੀ ਸੁਰ ਵਿਚ ਝਨਾਂ ਨੂੰ ਸਵਾਲ ਕਰਦਾ ਹੈ ਕਿ ਤੂੰ ਉਦਾਸ ਕਿਉਂ ਹੈ? ਤੇ ਆਪ ਹੀ ਉਸ ਦਾ ਜਵਾਬ ਤਲਾਸ਼ ਕਰ ਲੈਂਦਾ ਹੈ ਕਿ ਉਹ ਉਦਾਸ ਤਾਂ ਹੈ ਕਿ ਸੰਤਾਲੀ ਦੀ ਵੰਡ ਵੇਲੇ ਅਸਾਡਾ ਰੰਗਲਾ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਉਹ ਦੋਵਾਂ ਪੰਜਾਬਾਂ ਨੂੰ ਇਕ ਹੋਇਆ ਦੇਖਣ ਦਾ ਤਲਬਗਾਰ ਹੈ। ਦੋਵਾਂ ਪੰਜਾਬਾਂ ਨੂੰ ਇਕ ਹੋਇਆ ਦੇਖਣ ਦਾ ਸ਼ਾਇਰ ਦਾ ਸੁਪਨਾ ਪੂਰਾ ਹੋਣਾ ਤਾਂ ਅਸੰਭਵ ਹੈ ਕਿਉਂਕਿ ਭੂਗੋਲਿਕ ਹੱਦ ਬੰਨ੍ਹਾ ਤਾਂ ਅਸਾਡੇ ਲੀਡਰਾਂ ਨੇ ਬਣਾ ਦਿੱਤਾ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਆਉਣਾ-ਜਾਣਾ ਆਸਾਨ ਹੋ ਜਾਵੇ ਤੇ ਵੀਜ਼ੇ ਦੀਆਂ ਸ਼ਰਤਾਂ ਨਰਮ ਹੋ ਜਾਣ ਤੇ ਦੋਹਾਂ ਦੇਸ਼ਾਂ ਦੀਆਂ ਤਲਖੀਆਂ ਦੂਰ ਹੋ ਜਾਣ। ਸ਼ਾਇਰ ਆਪਣੀ ਮਾਂ ਬੋਲੀ ਨੂੰ ਬੜੀ ਹੀ ਸ਼ਿੱਦਤ ਨਾਲ ਪਿਆਰ ਕਰਦਾ ਹੈ।
ਇਸ ਸਮੇਂ 'ਮੇਰਾ ਦਾਗਿਸਤਾਨ' ਦੇ ਲੇਖਕ ਰਸੂਲ ਹਮਜ਼ਾਤੋਵ ਦਾ ਕਥਨ ਯਾਦ ਆਉਂਦਾ ਹੈ ਕਿ ਜਦੋਂ ਦਾਗਿਸਤਾਨੀ ਮਾਵਾਂ ਕਿਸੇ ਨੂੰ ਬਦ ਦੁਆ ਦਿੰਦੀਆਂ ਹਨ ਤਾਂ ਉਹ ਆਖਦੀਆਂ ਹਨ ਕਿ ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। 'ਮਾਂ', 'ਚੁੰਨੀ' ਅਤੇ 'ਪੱਗ' ਵਾਲੀਆਂ ਨਜ਼ਮਾਂ ਉਚੇਚਾ ਧਿਆਨ ਮੰਗਦੀਆਂ ਹਨ। ਝਨਾਂ ਅਸਾਡੇ ਮੁਹੱਬਤੀ ਜੀਉੜਿਆਂ ਦੀਆਂ ਪ੍ਰੇਮ ਕਥਾਵਾਂ ਦਾ ਕੇਂਦਰ ਬਿੰਦੂ ਹੈ ਤੇ ਅਸਾਡੀ ਪੰਜਾਬੀ ਰਹਿਤਲ ਦਾ ਸ਼ੀਸ਼ਾ ਹੈ। ਇਸੇ ਕਰਕੇ ਸ਼ਾਇਰੀ ਮੁਹੱਬਤ ਦੇ ਤਰੰਗਤੀ ਸ਼ਬਦਾਂ ਦਾ ਵਹਾਅ ਹੈ। ਮੇਰੀ ਤਾਂ ਇਹੀ ਦੁਆ ਹੈ ਕਿ ਇਸ ਸ਼ਾਇਰੀ ਨੂੰ ਸਾਜ਼ ਅਤੇ ਆਵਾਜ਼ ਦਾ ਵਰਦਾਨ ਮਿਲ ਜਾਵੇ ਅਤੇ ਆਲੋਚਕ ਇਸ ਦਾ ਨੋਟਿਸ ਜ਼ਰੂਰ ਲੈਣਗੇ। ਆਮੀਨ!


-ਭਗਵਾਨ ਢਿੱਲੋਂ
ਮੋ: 98143-78254


ਕੀਹਨੂੰ ਕੂਕ ਸੁਣਾਵਾਂ
ਲੇਖਕ : ਪੰਜਾਬ ਸਿੰਘ (ਮੋਹਸਿਨ)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ: 120
ਸੰਪਰਕ : 98723-90736.


ਪੰਜਾਬ ਸਿੰਘ (ਮੋਹਸਿਨ) ਪੰਜਾਬੀ ਸਾਹਿਤ ਦੇ ਬਹੁਤ ਹੀ ਸਤਿਕਾਰਤ ਕਵੀ ਹਨ। ਹਥਲਾ ਕਾਵਿ-ਸੰਗ੍ਰਹਿ 'ਕੀਹਨੂੰ ਕੂਕ ਸੁਣਾਵਾਂ' ਉਨ੍ਹਾਂ ਦੇ ਦੋ ਗ਼ਜ਼ਲ-ਸੰਗ੍ਰਹਿਆਂ 'ਹੂ ਦਾ ਆਵਾਜ਼ਾ' ਅਤੇ 'ਲੱਗੜਾ ਨਿਹੁੰ ਕੁਥਾਈਂ' ਤੋਂ ਬਾਅਦ ਪ੍ਰਕਾਸ਼ਿਤ ਹੋਇਆ ਹੈ, ਜਿਸ ਦਾ ਪਾਠ ਕਰਦਿਆਂ ਪਾਠਕ ਦਾ ਮਨ ਅਨੰਦ ਨਾਲ ਛਲਕਣ ਲੱਗ ਪੈਂਦਾ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਹੱਕ-ਸੱਚ ਦਾ ਪਰਚਮ ਬੁਲੰਦ ਕਰਨ ਵਾਲੇ ਸਚਿਆਰੇ ਲੋਕ ਹਮੇਸ਼ਾ ਹੀ ਦੁਨਿਆਵੀ ਫ਼ੈਸਲਿਆਂ ਵਿਚ ਦੋਸ਼ੀ ਠਹਿਰਾਏ ਜਾਂਦੇ ਹਨ-
ਇਕ ਵੱਡਾ ਇਲਜ਼ਾਮ ਹੈ ਚਾਨਣ 'ਤੇ ਵਿਹੜੇ ਵੜਨ ਦਾ,
ਜੇ ਹਨੇਰਾ ਹੀ ਹੈ ਮੁਨਸਿਫ਼ ਫਿਰ ਗਵਾਹੀ ਕੀ ਕਰੇ।
ਪਦਾਰਥਵਾਦੀ ਇੱਛਾਵਾਂ ਦੀ ਦੌੜ ਵਿਚ ਅਜੋਕਾ ਮਨੁੱਖ ਇਕ ਵਸਤੂ ਬਣ ਕੇ ਰਹਿ ਗਿਆ ਹੈ ਅਤੇ ਇਸੇ ਚੱਕਰ ਵਿਚ ਉਸ ਨੇ ਆਪਣਾ ਵਜੂਦ ਹੀ ਦਾਅ ਉੱਤੇ ਲਗਾ ਦਿੱਤਾ ਹੈ। ਜਿਉਂ-ਜਿਉਂ ਉਹ ਆਪਣੇ ਮਨ ਦੀ ਸ਼ਾਂਤੀ ਲਈ ਸੁੱਖ-ਆਰਾਮ ਦੀ ਸਮੱਗਰੀ ਦੇ ਭੰਡਾਰ ਇਕੱਤ੍ਰਿਤ ਕਰ ਰਿਹਾ ਹੈ, ਤਿਉਂ-ਤਿਉਂ ਉਸ ਦੀ ਭਟਕਣਾ ਹੋਰ ਫੈਲਦੀ ਜਾ ਰਹੀ ਹੈ। ਇਸੇ ਲਈ ਆਪਣੇ ਜੀਵਨ ਦੇ ਆਖ਼ਰੀ ਪਲਾਂ ਵਿਚ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਸਭ ਕੁਝ ਕਰਦਿਆਂ ਉਸ ਨੇ ਆਪਣੇ ਅੰਦਰਲੀ ਤਪਸ਼ ਨੂੰ ਹੋਰ ਵਧਾ ਲਿਆ ਹੋਵੇ-
ਸਦਾ ਕਿਉਂ ਰਾਖ਼ ਸਿਵਿਆਂ ਦੀ ਪਹੁੰਚ ਪਾਉਂਦੀ ਹੈ ਨਦੀਆਂ ਨੂੰ,
ਜੇ ਤੇਹ ਹੀ ਬੁਝ ਗਈ ਹੁੰਦੀ ਤਾਂ ਸਭ ਕੁਝ ਠਰ ਗਿਆ ਹੁੰਦਾ।
ਪੰਜਾਬ ਸਿੰਘ (ਮੋਹਸਿਨ) ਇਕ ਅਜਿਹੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਨ, ਜਿੱਥੇ ਸਾਰੇ ਹੀ ਲੋਕ ਅਮਨ-ਚੈਨ ਨਾਲ ਰਹਿ ਸਕਣ। ਕਿਸੇ ਦੇ ਵੀ ਮਨ ਵਿਚ ਹੋਰਨਾਂ ਲਈ ਈਰਖਾ, ਦਵੇਸ਼ ਜਾਂ ਨਫ਼ਰਤ ਨਾ ਹੋਵੇ ਬਲਕਿ ਸਮਰਪਣ ਅਤੇ ਤਿਆਗ ਦੀ ਭਾਵਨਾ ਹੋਵੇ। ਸਾਡੇ ਸਾਰਿਆਂ ਦੇ ਪ੍ਰੇਰਨਾਸ੍ਰੋਤ ਰਹਿਬਰਾਂ ਅਤੇ ਗੁਰੂਆਂ-ਪੀਰਾਂ ਦੇ ਮਾਨਵ-ਹਿਤੈਸ਼ੀ ਸੁਨੇਹੇ ਦੇ ਪ੍ਰਚਾਰ-ਪ੍ਰਸਾਰ ਦੀਆਂ ਮਹਿਕਾਂ ਵੰਡਦੀ, ਉਨ੍ਹਾਂ ਦੀ ਇਸ ਵਡਮੁੱਲੀ ਘਾਲਣਾ ਨੂੰ ਭਰਪੂਰ ਹੁੰਗਾਰਾ ਮਿਲਣਾ ਬੇਹੱਦ ਜ਼ਰੂਰੀ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਅੱਧੀ ਵਾਟ

ਕਹਾਣੀਕਾਰ : ਸੰਤ ਸਿੰਘ ਸੇਖੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 95011-45039.


ਅੱਧੀ ਵਾਟ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤ ਸਿੰਘ ਸੇਖੋਂ ਦੀਆਂ 10 ਕਹਾਣੀਆਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਆਪਣੀ ਕਹਾਣੀ ਕਲਾ ਦੇ ਕੁਝ ਨਵੇਂ ਪ੍ਰਯੋਗਾਂ ਅਧੀਨ ਕਹਾਣੀਆਂ ਦੀ ਰਚਨਾ ਕਰਦਿਆਂ ਉਨ੍ਹਾਂ ਨੂੰ ਪੇਸ਼ ਕੀਤਾ ਹੈ। ਕਹਾਣੀਕਾਰ ਦਾ ਇਹ ਤੀਸਰਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ 50ਵਿਆਂ ਦੇ ਇਤਿਹਾਸਿਕ ਪੜਾਅ ਅਧੀਨ ਕਹਾਣੀਆਂ ਦੀ ਰਚਨਾ ਅਤੇ ਉਨ੍ਹਾਂ ਦੀ ਲੋੜ ਨੂੰ ਆਪਣੇ ਇਸ ਸੰਗ੍ਰਹਿ ਵਿਚ ਸ਼ਾਮਿਲ ਲੇਖ 'ਮੇਰੀ ਕਹਾਣੀ ਵਿਚ ਕੀ ਨਹੀਂ' ਅਧੀਨ ਕਹਾਣੀਆਂ ਦੇ ਵਿਸ਼ਿਆਂ ਅਤੇ ਕਹਾਣੀਆਂ ਬਾਰੇ ਚਰਚਾ ਕੀਤੀ ਹੈ। ਨਵੀਨਤਾ ਅਤੇ ਪੁਰਾਤਨਤਾ ਦਾ ਸੁਮੇਲ ਇਹ ਕਹਾਣੀਆਂ ਜਿੱਥੇ ਇਕ ਪਾਸੇ ਕਹਾਣੀ ਕਾਲ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਨੂੰ ਦਰਸਾਉਦੀਆਂ ਹਨ, ਉਥੇ ਹੀ ਇਹ ਆਪਣੀ ਪਾਤਰ ਰਚਨਾ ਕਾਰਨ ਵੀ ਭਿੰਨ ਨਜ਼ਰ ਆਉਂਦੀਆਂ ਹਨ। ਹਰ ਕਹਾਣੀ ਦਾ ਵਿਸ਼ਾ ਵਸਤੂ ਵੱਖਰੇ ਅਨੁਭਵ ਅਤੇ ਵੱਖਰੇ ਲਹਿਜੇ ਦਾ ਧਾਰਨੀ ਹੈ। ਤਬਦੀਲੀਆਂ ਦੇ ਦੌਰ ਵਿਚੋਂ ਗੁਜ਼ਰਦੀ ਸੇਖੋਂ ਦੀ ਇਹ ਕਹਾਣੀ ਵੀ ਤਬਦੀਲੀ ਦੀ ਸੂਚਕ ਜਾਪਦੀ ਹੈ। 'ਕੁਰਬਾਨੀ ਦਾ ਬੱਕਰਾ' ਕਹਾਣੀ ਦੋ ਸੱਭਿਆਤਾਵਾਂ ਵਿਚਲੇ ਅੰਤਰ ਦੇ ਨਾਲ-ਨਾਲ ਮਾਨਵੀ ਸੰਵੇਦਨਾ ਦੀ ਚਰਚਾ ਕਰਦੀ ਹੈ ਜਿੱਥੇ ਬੇਟਨ ਆਪਣੀ ਬਸਤੀਵਾਦੀ ਸੱਭਿਅਤਾ ਦਾ ਵਾਸੀ ਹੋਣ ਦੇ ਬਾਵਜੂਦ ਸੰਵੇਦਨਾ ਭਰਪੂਰ ਹੈ ਪਰ ਬਸਤੀਵਾਦੀ ਰਾਜ ਦੇ ਵਿਰੋਧ ਦਾ ਸ਼ਿਕਾਰ ਹੁੰਦਾ ਹੈ ਅਤੇ ਕੁਰਬਾਨੀ ਦਾ ਬੱਕਰਾ ਬਣਿਆ ਜਾਪਦਾ ਹੈ। ਆਪਣੀ ਪੂਰੀ ਜ਼ਿੰਦਗੀ ਪੂਰਬ ਦੇ ਸੁਪਨੇ ਲੈਣ ਵਾਲੀ ਮਾਇਆ ਇਕ ਅੰਗਰੇਜ਼ ਹੋਣ ਦੇ ਬਾਵਜੂਦ ਪੂਰਬ ਵਿਚ ਸਮਾਅ ਜਾਣਾ ਚਾਹੁੰਦੀ ਹੈ ਪਰ ਪੂਰਬ ਉਸ ਨੂੰ ਅੰਤ ਤੱਕ ਪ੍ਰਦੇਸਣ ਦੇ ਰੂਪ ਵਿਚ ਵੇਖਦਾ ਹੈ, ਇਸ ਦੀ ਪੇਸ਼ਕਾਰੀ ਕਹਾਣੀ ਪ੍ਰਦੇਸੀ ਵਿਚ ਬਾਖੂਬੀ ਕੀਤੀ ਹੈ। ਦਸਤਖ਼ਤ, ਤਰੱਕੀ ਅਤੇ ਚੰਮ ਕਹਾਣੀਆਂ ਵਿਚ ਪ੍ਰਸਥਿਤੀਆਂ ਵਿਅੰਗਮਈ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹਨ ਜਿੱਥੇ ਇਕ ਅਖੌਤੀ ਬੁੱਧੀਜੀਵੀ ਦੇ ਕਪਟ ਨਸ਼ਰ ਕੀਤੇ ਗਏ ਹਨ, ਉਥੇ ਹੀ ਉੱਚ ਅਧਿਕਾਰੀ ਵਰਗ ਦੀਆਂ ਮਨਮਾਨੀਆਂ ਅਤੇ ਉਨ੍ਹਾਂ ਦੇ ਕਪਟੀ ਸੁਭਾਅ ਨੂੰ ਪੇਸ਼ ਕੀਤਾ ਹੈੇ। ਕੰਮ ਅਤੇ ਚੰਮ ਜੀਵਨ ਵਿਚ ਕਿਰਤ ਦੀ ਪ੍ਰਧਾਨਤਾ ਨੂੰ ਦਰਸਾਉਂਦੀ ਇਕ ਖ਼ੂਬਸੂਰਤ ਕਹਾਣੀ ਹੈ ਜੋ ਕਿਰਤ ਰਾਹੀਂ ਬਦਸੂਰਤੀ ਨੂੰ ਵੀ ਖ਼ੂਬਸੂਰਤੀ ਵਿਚ ਬਦਲਣ ਦੀ ਪ੍ਰੋੜ੍ਹਤਾ ਕਰਦੀ ਹੈ। 'ਮੀਂਹ ਜਾਵੋ ਅਨ੍ਹੇਰੀ ਜਾਵੋ' ਪਤੀ ਪਤਨੀ ਦੇ ਰਿਸ਼ਤੇ ਨੂੰ ਪ੍ਰਪੱਕ ਕਰਦੀ ਕਹਾਣੀ ਹੈ ਜਿਸ ਵਿਚ ਪਤਨੀ ਔਕੜਾਂ ਦੇ ਬਾਵਜੂਦ ਪਤੀ ਦੀ ਗ਼ੈਰ-ਹਾਜ਼ਰੀ ਵਿਚ ਵੀ ਨਹੀ ਡੋਲਦੀ ਪਰ ਉਸ ਦੇ ਆਉਣ 'ਤੇ ਉਸ ਦੇ ਗਲ ਲੱਗ ਇੰਜ ਹੌਕਾ ਭਰਦੀ ਹੈ ਜਿਵੇਂ ਝੱਖੜ ਮਾਰਿਆ ਪੰਛੀ। ਕਹਾਣੀ ਦੀ ਖ਼ੂਬਸੂਰਤੀ ਪਤਨੀ ਦੇ ਚਰਿੱਤਰ ਦੇ ਪ੍ਰਗਟਾਵੇ ਵਿਚੋਂ ਝਲਕਦੀ ਹੈ। 'ਦੂਧ ਬਰਾਬਰ' ਕਹਾਣੀ ਵਿਚ ਜੀਵਨ ਵਿਚ ਪਿਆਰ ਦੇ ਦੋ ਪਲ ਦੀ ਮਿਠਾਸ ਕਿਸ ਪ੍ਰਕਾਰ ਜੀਵਨ ਨੂੰ ਹੁਲਾਸ ਅਤੇ ਉਤਸ਼ਾਹ ਨਾਲ ਭਰ ਦਿੰਦੀ ਹੈ, ਇਸ ਤਰਕ ਨੂੰ ਪੇਸ਼ ਕੀਤਾ ਹੈ। ਸਾਰੀਆਂ ਕਹਾਣੀਆਂ ਆਪਣੀ ਭਾਸ਼ਾ, ਸ਼ੈਲੀ ਅਤੇ ਪਾਤਰ ਚਿਤਰਨ ਕਾਰਨ ਵੱਖਰਤਾ ਦਾ ਪ੍ਰਭਾਵ ਸਿਰਜਦੀਆਂ ਹਨ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਤਰੱਕੀ ਪਸੰਦ ਤਹਿਰੀਕ
ਤਪਦੀਆਂ ਰੁੱਤਾਂ ਦੇ ਸ਼ਾਇਰ

ਲੇਖਕ : ਸਰਵਣ ਜ਼ਫ਼ਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 0172-5002591


ਸਾਊਥਾਲ (ਯੂ.ਕੇ.) ਵਿਚ ਨਿਵਾਸ ਕਰਨ ਵਾਲਾ ਵਿਦਵਾਨ ਸ੍ਰੀ ਸਰਵਣ ਜ਼ਫ਼ਰ ਤਰੱਕੀ ਪਸੰਦ ਅਦਬ ਅਤੇ ਉਰਦੂ ਸ਼ਾਇਰੀ ਦੀ ਵਿਰਾਸਤ ਨਾਲ ਬੜੇ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੈ, ਵਰਨਾ ਉਰਦੂ ਸ਼ਾਇਰੀ ਦਾ ਕਾਇਆ-ਕਲਪ ਕਰਨ ਵਾਲੀ ਤਰੱਕੀਪਸੰਦ ਲਹਿਰ ਦਾ ਵਿਸ਼ਲੇਸ਼ਣ-ਵਿਵੇਚਨ ਕਰਨਾ ਬੜਾ ਕਠਿਨ ਕਾਰਜ ਸੀ। ਕੁਝ ਇਸ ਕਾਰਨ ਵੀ ਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ ਸੱਜੇ ਪੱਖੀ ਸੋਚ ਦੇ ਧਾਰਨੀ ਬਣ ਗਏ ਹਨ। ਭਾਰਤ ਵਰਗੇ ਸਭ ਤੋਂ ਵੱਡੇ ਜਮਹੂਰੀ ਮੁਲਕ ਉੱਪਰ ਵੀ ਸੱਜੇ ਪੱਖੀ ਧਿਰਾਂ ਸੱਤਾ ਉੱਪਰ ਕਾਬਜ਼ ਹੋ ਗਈਆਂ ਹਨ। ਇਸ ਵਸਤੂ-ਸਥਿਤੀ ਵਿਚ ਖੱਬੇ ਪੱਖੀ ਸੋਚ ਦਾ ਅਭਿਨੰਦਨ ਕਰਨ ਵਾਲੀ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਖੱਬੇ ਪੱਖੀ ਸੋਚ ਨੇ ਹੀ ਕਿਸਾਨਾਂ, ਮਜ਼ਦੂਰਾਂ, ਲੇਖਕਾਂ ਅਤੇ ਕਲਾਕਾਰਾਂ ਨੂੰ ਸਮਾਜਿਕ-ਨਿਆਇ ਅਤੇ ਸਮਾਨਤਾ ਪ੍ਰਦਾਨ ਕਰਨੀ ਹੈ।
ਸਰਵਣ ਜ਼ਫ਼ਰ ਦੀ ਇਸ ਪੁਸਤਕ ਵਿਚ ਸੱਜਾਦ ਜ਼ਹੀਰ, ਮਖ਼ਦੂਮ ਮਹੀਉਦੀਨ, ਅਲੀ ਸਰਦਾਰ ਜਾਫ਼ਰੀ, ਕੈਫ਼ੀ ਆਜ਼ਮੀ, ਫੈਜ਼ ਅਹਿਮਦ ਫੈਜ਼ ਅਤੇ ਮਿਰਜ਼ਾ ਗਾਲਿਬ ਦੀ ਸ਼ਾਇਰੀ ਬਾਰੇ ਲਿਖੇ 11 ਲੇਖ ਸੰਕਲਿਤ ਹੋਏ ਹਨ। ਮੁਢਲੇ ਲੇਖ ਵਿਚ ਜ਼ੁਬੈਰ ਰਿਜ਼ਵੀ ਜਮਹੂਰੀਅਤ ਅਤੇ ਧਰਮ-ਨਿਰਪੱਖਤਾ ਦੇ ਪ੍ਰਸੰਗ ਵਿਚ ਤਰੱਕੀ ਪਸੰਦ ਅਦਬ ਦੀ ਮਹੱਤਵਪੂਰਨ ਭੂਮਿਕਾ ਦਾ ਵਿਸ਼ਲੇਸ਼ਣ ਕਰਦਾ ਹੈ। ਸਰਵਣ ਜ਼ਫ਼ਰ ਨੇ ਕੈਫ਼ੀ ਆਜ਼ਮੀ ਅਤੇ ਮਿਰਜ਼ਾ ਗਾਲਿਬ ਦੀ ਸ਼ਾਇਰੀ ਬਾਰੇ ਖ਼ੁਦ ਵੀ ਦੋ ਲੇਖ ਲਿਖੇ ਹਨ, ਜੋ ਸਾਹਿਤ ਅਤੇ ਜੀਵਨ ਦੇ ਸਬੰਧਾਂ ਬਾਰੇ ਉਸ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਬਾਰੇ ਬੜਾ ਨਿੱਗਰ ਪ੍ਰਮਾਣ ਮੁਹੱਈਆ ਕਰਦੇ ਹਨ। ਪੁਸਤਕ ਵਿਚ ਸੰਕਲਿਤ ਹੋਰ ਸ਼ਾਇਰਾਂ ਬਾਰੇ ਡਾ: ਅਲੀ ਅਹਿਮਦ ਫ਼ਾਤਮੀ (ਸੱਜਾਦ ਜ਼ਹੀਰ), ਸ਼ਾਹਿਦ ਨਕਵੀ ਅਤੇ ਅਲੀ ਸਰਦਾਰ ਜਾਅਰਾਲ ਅਤੇ ਡਾ: ਕਮਰ ਰਈਸ (ਫ਼ੈਜ਼ ਅਹਿਮਦ ਫ਼ੈਜ਼), ਪ੍ਰੋ: ਮੁਹੰਮਦ ਹਸਨ ਅਤੇ ਸਆਦਤ ਹਸਨ ਮੰਟੋ (ਮਿਰਜ਼ਾ ਗ਼ਾਲਿਬ) ਵਰਗੇ ਪ੍ਰਤੀਬੱਧ ਲੇਖਕਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਅਜੋਕੇ ਪ੍ਰਸੰਗ ਵਿਚ ਨੋਟਿਸ ਲੈਣਾ ਬਣਦਾ ਹੈ।
ਜ਼ੁਬੈਰ ਰਿਜ਼ਵੀ ਦਾ ਸ਼ੀਰਸ਼ਕ ਲੇਖ ਇਸ ਗੱਲੋਂ ਵੀ ਬੜਾ ਮਹੱਤਵਪੂਰਨ ਹੈ ਕਿ ਉਸ ਨੇ ਉਰਦੂ ਬੋਲੀ ਦੀ ਹਿੰਦੁਸਤਾਨੀਅਤ ਉੱਪਰ ਬਲ ਦਿੱਤਾ ਹੈ। ਉਰਦੂ ਜ਼ਬਾਨ ਭਾਰਤ ਦੀ ਸਰਜ਼ਮੀਨ ਵਿਚ ਪੈਦਾ ਹੋਈ ਅਤੇ ਇਥੇ ਹੀ ਵਿਕਸਿਤ ਹੋ ਕੇ ਇਸ ਨੇ ਹਿੰਦੁਸਤਾਨ ਨੂੰ ਇਕ ਸਾਂਝੀ ਲੜੀ ਵਿਚ ਪਰੋ ਦਿੱਤਾ। ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਲੜੀ ਗਈ ਜੰਗ ਵਿਚ ਇਸ ਜ਼ਬਾਨ ਨੇ ਨੁਮਾਯਾਂ ਰੋਲ ਅਦਾ ਕੀਤਾ। ਇਸ ਪ੍ਰਕਾਰ ਪ੍ਰਗਤੀਸ਼ੀਲਤਾ ਅਤੇ ਉਰਦੂ ਜ਼ਬਾਨ ਦਾ ਚੋਲੀ-ਦਾਮਨ ਵਾਲਾ ਰਿਸ਼ਤਾ ਰਿਹਾ ਹੈ। ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਰੁਚੀਆਂ ਦੇ ਪ੍ਰਵੇਸ਼ ਲਈ ਅੰਮ੍ਰਿਤਸਰ ਦੇ ਓਰੀਐਂਟਲ ਕਾਲਜ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ, ਜਿਸ ਵਿਚ ਡਾ: ਮੁਹੰਮਦ ਦੀਨ ਨਸੀਰ ਪ੍ਰਿੰਸੀਪਲ ਸਨ ਅਤੇ ਉਨ੍ਹਾਂ ਪਾਸ ਫ਼ੈਜ਼ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਤਰੱਕੀ ਪਸੰਦ ਉਰਦੂ ਅਦੀਬ ਆਉਂਦੇ-ਜਾਂਦੇ ਰਹਿੰਦੇ ਸਨ। ਉਸ ਸਮੇਂ ਖਾਲਸਾ ਕਾਲਜ ਵਿਚ ਅਰਥ-ਸ਼ਾਸਤਰ ਅਤੇ ਅੰਗਰੇਜ਼ੀ ਦੇ ਪ੍ਰੋਫੈਸਰ ਸੰਤ ਸਿੰਘ ਸੇਖੋਂ ਵੀ ਕਈ ਮੀਟਿੰਗਾਂ ਵਿਚ ਹਾਜ਼ਰੀ ਦਿਆ ਕਰਦੇ ਸਨ। ਇਸ ਪੁਸਤਕ ਵਿਚ ਸੰਕਲਿਤ ਉਰਦੂ ਸ਼ਾਇਰਾਂ ਦੇ ਕਲਾਮ ਨੂੰ ਪੜ੍ਹ ਕੇ ਇਕ ਗੁੱਝੀ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਜਾਗੀਰਦਾਰੀ ਵਰਗ ਨਾਲ ਸਬੰਧ ਰੱਖਣ ਵਾਲੇ ਅਤੇ ਲੰਡਨ ਦੇ ਕਾਲਜਾਂ ਵਿਚ ਪੜ੍ਹ ਕੇ ਆਏ ਉਰਦੂ ਅਦੀਬਾਂ ਦੇ ਕਲਾਮ ਵਿਚ ਫ਼ਾਰਸੀ ਸ਼ਬਦਾਵਲੀ ਅਤੇ ਵਾਕਾਵਲੀ ਦੀ ਮਿੱਸ ਜ਼ਿਆਦਾ ਹੈ, ਜਦੋਂ ਕਿ ਕੈਫ਼ੀ ਸਾਹਿਬ ਵਰਗੇ ਅਦੀਬਾਂ ਦਾ ਉਰਦੂ ਕਲਾਮ ਅੱਜ ਵੀ ਸਮਝਣਾ ਔਖਾ ਨਹੀਂ ਹੈ। ਬਲਕਿ ਗ਼ਾਲਿਬ ਸਾਹਿਬ ਦੀਆਂ ਕਈ ਗ਼ਜ਼ਲਾਂ ਵੀ ਸੱਜਾਦ ਜ਼ਹੀਰ ਜਾਂ ਸਰਦਾਰ ਜਾਫਰੀ ਤੋਂ ਆਸਾਨ ਹਨ। ਸਰਵਣ ਜ਼ਫ਼ਰ ਦੀ ਇਹ ਚੰਗੀ ਕੋਸ਼ਿਸ਼ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

13-02-2021

 ਲਾਲ ਮੱਕੀ
ਮੂਲ ਲੇਖਕ : ਦਾਨੇਸ਼ ਰਾਣਾ
ਅਨੁਵਾਦਕ : ਡਾ: ਰਣਧੀਰ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 350 ਰੁਪਏ, ਸਫ਼ੇ : 286
ਸੰਪਰਕ : 094191-25425.

ਪੁਸਤਕ ਦਾ ਲੇਖਕ ਜੰਮੂ ਕਸ਼ਮੀਰ ਦਾ ਪੁਲਿਸ ਅਫ਼ਸਰ ਹੈ। ਉਸ ਦਾ ਅੰਗਰੇਜ਼ੀ ਵਿਚ ਲਿਖਿਆ ਨਾਵਲ 'ਰੈੱਡ ਮੇਜ਼' ਪਹਿਲੀ ਵਾਰ 2015 ਵਿਚ ਛਪਿਆ ਸੀ। ਪੰਜਾਬੀ ਅਨੁਵਾਦ ਹੁਣ ਛਪਿਆ ਹੈ। ਨਾਵਲ ਜੰਮੂ ਕਸ਼ਮੀਰ ਦੇ ਸਮਾਜਿਕ ਪ੍ਰਸੰਗ ਵਿਚ ਹੈ। ਡਾ: ਸੁਰਜੀਤ ਸਿੰਘ ਨੇ ਲਿਖਿਆ ਹੈ ਨਾਵਲ ਆਮ ਬੰਦੇ ਦੀ ਆਜ਼ਾਦੀ, ਮੁਕਤੀ ਅਤੇ ਮਰਜ਼ੀ ਦੀ ਥਾਹ ਪਾਉਣ ਦੀ ਕੋਸ਼ਿਸ਼ ਹੈ। ਖਾਲਦ ਹੁਸੈਨ ਦਾ ਵਿਚਾਰ ਹੈ ਨਾਵਲ ਜੰਮੂ ਕਸ਼ਮੀਰ ਦੀ ਦਹਿਸ਼ਤਗਰਦੀ ਤੇ ਰਾਜ ਵਿਚ ਪਸਰੀ ਤਬਾਹੀ ਦੀ ਅਲਾਮਤ ਹੈ। ਨਾਵਲ ਦੇ 16 ਕਾਂਡ ਹਨ ਤੇ ਹਰੇਕ ਕਾਂਡ ਦਾ ਸਿਰਲੇਖ ਹੈ। ਨਾਵਲ ਵਿਚ ਲੇਖਕ ਦੇ ਅੱਖੀਂ ਵੇਖੇ ਹਾਲਾਤ ਹਨ। ਸਿਰਲੇਖ ਹਨ ਕਾਲ ਕੋਠੜੀ, ਅਧੂਰੀਆਂ ਮਾਵਾਂ, ਸ਼ਾਲੀਮਾਰ ਹੋਟਲ, ਬੇਨਾਪਾ ਤਾਬੂਤ, ਵਿਆਹ ਦੇ ਗੀਤ, ਨੀਲ ਕਮਲ ਡਿੱਗੀ ਛੱਤ ਹੇਠਾਂ, ਪਹਾੜੀਆ ਬਜ਼ੁਰਗ, ਆਖਰੀ ਤਮਗਾ ਆਦਿ। ਸਿਰਲੇਖਾਂ ਅਨੁਸਾਰ ਕਹਾਣੀ ਤੁਰਦੀ ਹੈ। ਸਾਰੀ ਗਾਥਾ ਚਨਾਬ ਕੋਲ ਵਸੇ ਪਿੰਡ ਮੋਹੜਾ ਮਦਾਨਾ ਦੀ ਹੈ। ਇਕ ਔਰਤ ਕੌਸਰ ਜਾਨ ਦੇ ਤਿੰਨ ਪੁੱਤਰਾਂ ਦੀ ਆਜ਼ਾਦੀ ਲਈ ਚਲ ਰਹੇ ਹਥਿਆਰਬੰਦ ਸੰਘਰਸ਼ਾਂ ਵਿਚ ਕੁੱਦਣ ਦੀ ਦਾਸਤਾਨ ਹੈ। ਇਸ ਇਲਾਕੇ ਦੀ ਮੁੱਖ ਫ਼ਸਲ ਮੱਕੀ ਹੈ। ਲਾਲ ਮੱਕੀ ਮਨਭਾਉਂਦੀ ਖੁਰਾਕ ਹੈ। ਤਿੰਨੇ ਪੁੱਤਰ ਵਾਰੀ ਸਿਰ ਮੁਜਾਹਿਦਾਂ ਨਾਲ ਰਲ ਕੇ ਸ਼ਹੀਦ ਹੁੰਦੇ ਹਨ। ਖਾਲਿਦ ਵੱਡਾ ਪੁੱਤਰ ਹੈ, ਫਿਰਦੌਸ ਛੋਟਾ ਹੈ। ਨਾਵਲ ਦੀ ਭਾਸ਼ਾ ਮੂਲ ਰੂਪ ਵਿਚ ਗਾਲ੍ਹਾਂ ਸਮੇਤ ਅਨੁਵਾਦ ਹੈ। ਕਿਉਂਕਿ ਮੁਜਾਹਿਦ ਆਪਣਾ ਗੁੱਸਾ ਭੱਦੀ ਜ਼ਬਾਨ ਵਿਚ ਕੱਢਦੇ ਹਨ। ਦੋਵਾਂ ਦੇਸ਼ਾਂ ਦੇ ਲੀਡਰਾਂ ਦੀਆਂ ਮੁਲਾਕਾਤਾਂ ਦਾ ਜ਼ਿਕਰ ਹੈ। ਮੁਜਾਹਿਦ ਲੀਡਰਾਂ ਬਾਰੇ ਕੁਮੈਂਟ ਕਰਦੇ ਹਨ। ਇਲਾਕੇ ਵਿਚ ਦਹਿਸ਼ਤਗਰਦਾਂ ਦਾ ਪੂਰਾ ਖੌਫ਼ ਹੈ। ਲੜਕੀਆਂ ਨਾਲ ਅਸ਼ਲੀਲ ਵਿਵਹਾਰ ਕੀਤਾ ਜਾਂਦਾ ਹੈ। ਧੱਕੇਸ਼ਾਹੀ ਦਾ ਦੌਰ ਚਲਦਾ ਹੈ। ਮਾਵਾਂ ਨੂੰ ਰੁਪਏ ਦੇ ਕੇ ਗੁਜ਼ਾਰੇ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਮਾਵਾਂ ਦੇ ਕਮਾਊ ਪੁੱਤ ਸੰਘਰਸ਼ ਵਿਚ ਜਾਣ ਤੇ ਪਿੱਛੋਂ ਪਰਿਵਾਰਾਂ ਨੂੰ ਆਰਥਿਕ ਤੰਗੀ ਨਾ ਆਵੇ। ਕੌਸਰ ਖਾਨ ਨੂੰ ਵੀ ਮੁਜਾਹਿਦ ਲੁਕ ਛਿਪ ਕੇ ਘਰ ਆ ਕੇ ਸਹਾਇਤਾ ਕਰਦੇ ਹਨ। ਮਾਵਾਂ ਪੁੱਤਰਾਂ ਦਾ ਲੁਕ ਛਿਪ ਕੇ ਮਿਲਣਾ ਨਾਵਲ ਵਿਚ ਭਾਵੁਕਤਾ ਪੈਦਾ ਕਰਦਾ ਹੈ। ਲਹਿਰ ਨਾਲ ਜੁੜੇ ਸਾਰੇ ਪਾਤਰ ਹਨ। ਉਨ੍ਹਾਂ ਕੋਲ ਆਜ਼ਾਦੀ ਲਈ ਜਜ਼ਬਾ ਹੈ। ਬਾਰੂਦੀ ਧਮਾਕੇ, ਚਲਦੀਆਂ ਗੋਲੀਆਂ, ਗਾਲ੍ਹਾਂ ਦੀ ਬੁਛਾੜ, ਜਿਸਮਾਨੀ ਤੇ ਮਾਨਸਿਕ, ਤਸ਼ੱਦਦ ਦੇ ਦ੍ਰਿਸ਼ ਨਾਵਲ ਵਿਚ ਆਮ ਹਨ। ਮਨਮੋਹਨ ਦੇ ਸ਼ਬਦਾਂ ਵਿਚ ਲਾਲ ਮੱਕੀ ਦੇ ਰਚਨਾਕਾਰ ਕੋਲ ਕਥਾ ਕਹਿਣ ਦਾ ਸ਼ਿਲਪ ਕਮਾਲ ਦਾ ਹੈ। ਯਥਾਰਥਕ ਨਾਵਲ ਟਾਟਾ ਲਿਟਰੇਚਰ ਲਾਈਵ ਐਵਾਰਡ ਜੇਤੂ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਅਕਾਲ ਉਸਤਤਿ
(ਸ੍ਰੀ ਦਸਮ ਗ੍ਰੰਥ ਅਧਿਐਨ : ਭਾਗ ਦੂਜਾ)
ਵਿਆਖਿਆਕਾਰ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 238
ਸੰਪਰਕ : 98725-91713.

ਭਾਈ ਹਰਿਸਿਮਰਨ ਸਿੰਘ ਨੂੰ ਇਹ ਕਰੈਡਿਟ ਜਾਂਦਾ ਹੈ ਕਿ ਉਸ ਨੇ ਗੁਰਮਤਿ ਵਿਚਾਰਧਾਰਾ ਦੀ ਪੁਨਰ-ਵਿਆਖਿਆ ਦੁਆਰਾ ਇਸ ਭੱਵਯ (ਸਬਲਾਈਮ) ਵਿਚਾਰਧਾਰਾ ਨੂੰ ਆਧੁਨਿਕ ਜਨਜੀਵਨ ਲਈ ਪ੍ਰਾਸੰਗਿਕ ਅਤੇ ਮਾਰਗ-ਦਰਸ਼ਕ ਬਣਾਉਣ ਦੇ ਪਰਿਸ਼ਰਮ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਪ੍ਰਸੰਗ ਵਿਚ ਕਈ ਜਿਲਦਾਂ ਵਿਚ ਪ੍ਰਕਾਸ਼ਿਤ ਉਸ ਦੇ ਦੋ ਮਹੱਤਵਪੂਰਨ ਗ੍ਰੰਥ 'ਵਿਸਮਾਦ : ਤੀਸਰਾ ਬਦਲ' ਅਤੇ 'ਵਿਸਮਾਦੀ ਵਿਸ਼ਵ-ਆਰਡਰ', ਵਿਸ਼ੇਸ਼ ਤੌਰ 'ਤੇ ਉਲੇਖਯੋਗ ਹਨ। ਉਹ ਗੁਰਮਤਿ ਵਿਚਾਰਧਾਰਾ ਦਾ ਬੀਜ 'ਵਿਸਮਾਦ' ਨੂੰ ਮੰਨਦਾ ਹੈ। ਇਹ ਇਕ ਅਜਿਹਾ ਅਨੁਭਵ ਹੈ, ਜਿਸ ਦੁਆਰਾ ਵਿਅਕਤੀ ਆਤਮ-ਕੇਂਦਰਿਤ ਨਹੀਂ ਰਹਿੰਦਾ ਬਲਕਿ ਪਰ-ਕੇਂਦਰਿਤ ਜਾਂ ਵਿਕੇਂਦ੍ਰਿਤ (ਡੀਸੈਂਟਰ) ਹੋ ਜਾਂਦਾ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਤੋਂ ਬਾਹਰ ਨਿਕਲ ਕੇ ਪਰਸਵਾਰਥ ਲਈ ਸਮਰਪਿਤ ਹੋ ਜਾਂਦਾ ਹੈ।
'ਜਾਪੁ ਸਾਹਿਬ' ਤੋਂ ਬਾਅਦ 'ਅਕਾਲ ਉਸਤਤਿ' ਦਸਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਮਹਾਨ ਅਤੇ ਪ੍ਰਮਾਣਿਕ ਰਚਨਾ ਹੈ। ਜਾਪੁ ਸਾਹਿਬ ਦੇ ਮੁਢਲੇ, ਪ੍ਰਸਤਾਵਨਾ ਵਜੋਂ ਲਿਖੇ ਛੰਦ ਵਿਚ ਸਤਿਗੁਰੂ ਜੀ ਫ਼ੁਰਮਾਉਂਦੇ ਹਨ : ਤਵ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ॥ ਅਰਥਾਤ ਹੇ ਅਕਾਲ! ਤੇਰੇ ਸਾਰੇ ਨਾਵਾਂ ਦਾ ਬਖਾਣ ਕੌਣ ਕਰ ਸਕਦਾ ਹੈ? ਮੈਂ ਤੇਰੇ ਕਰਮ (ਬਖ਼ਸ਼ਿਸ਼) ਰੂਪੀ ਨਾਵਾਂ ਦਾ ਹੀ ਉਲੇਖ ਕਰ ਰਿਹਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਦੇ ਸ਼ੀਰਸ਼ਕ ਰਾਗਾਂ ਵਿਚ ਦਿੱਤੇ ਗਏ ਹਨ, ਜਦੋਂ ਕਿ ਦਸਮ ਗ੍ਰੰਥ ਵਿਚ ਜ਼ਿਆਦਾਤਰ ਬਾਣੀ ਛੰਦਾਂ ਦੇ ਸਿਰਲੇਖ ਅਧੀਨ ਅੰਕਿਤ ਹੋਈ ਹੈ। ਅਕਾਲ ਉਸਤਤਿ ਵਿਚ ਤੋਮਰ, ਲਘੂ ਨਾਰਾਜ, ਕਬਿੱਤ, ਦੀਰਘ ਤ੍ਰਿਭੰਗੀ, ਦੋਹਰਾ, ਭੁਜੰਗ ਪ੍ਰਯਾਤ ਅਤੇ ਸਵੱਈਆ ਆਦਿ ਛੰਦਾਂ ਦਾ ਪ੍ਰਯੋਗ ਹੋਇਆ ਹੈ। ਆਪ 'ਸਤਿਗੁਰ ਪ੍ਰਸਾਦਿ' ਦੀ ਬਜਾਏ 'ਤਵਪ੍ਰਸਾਦਿ' ਮੰਗਲ ਦਾ ਪ੍ਰਯੋਗ ਕਰਦੇ ਹਨ। ਕਬਿੱਤ, ਸਵੱਈਆ ਅਤੇ ਚੌਪਈ ਆਪ ਦੇ ਮਨਭਾਉਂਦੇ ਛੰਦ ਹਨ।
ਵਿਦਵਾਨ ਲੇਖਕ ਦਾ ਵਿਚਾਰ ਹੈ ਕਿ 'ਅਕਾਲ ਉਸਤਿਤ' (ਬਾਣੀ) ਵਾਹਿਗੁਰੂ ਦੇ ਅਨੇਕ ਪਸਾਰਿਆਂ ਦਾ ਦਰਸ਼ਨ ਹੈ। ਇਸ ਦੇ ਸਿਰਲੇਖ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਰਚਨਾ ਨਾ ਕੇਵਲ ਅਕਾਲ ਪੁਰਖ ਦੀ ਉਸਤਤਿ ਵਿਚ ਰਚੀ ਗਈ ਹੈ ਸਗੋਂ ਇਹ ਉਸ ਦੇ ਅਨੇਕ ਪਸਾਰਿਆਂ ਦਾ 'ਬ੍ਰਹਿਮੰਡੀ ਗੀਤ' ਹੈ। ਲੇਖਕ ਅਨੁਸਾਰ ਅਕਾਲ ਪੁਰਖ ਅਨੇਕ ਵੀ ਹੈ ਅਤੇ ਏਕ ਵੀ ਹੈ। ਇਹ ਰਚਨਾ ਇਕ ਅਜਿਹੀ ਦਾਰਸ਼ਨਿਕ ਮੁੰਦਾਵਣੀ ਹੈ, ਜੋ ਇਸ ਧਰਤੀ ਉੱਤੇ ਵਾਹਿਗੁਰੂ ਦੀ ਪ੍ਰਭੂ-ਸੱਤਾ ਸਥਾਪਤ ਕਰਨ ਦੀਆਂ ਵਿਸਮਾਦੀ ਦਿਸ਼ਾਵਾਂ ਨਿਰਧਾਰਤ ਕਰਦੀ ਹੈ। ਇਹ ਵਿਸ਼ਵ-ਗਿਆਨ ਨੂੰ ਵੀ ਨਵੇਂ ਪਾਸਾਰ ਅਤੇ ਦਿਸ਼ਾਵਾਂ ਪ੍ਰਦਾਨ ਕਰਨ ਵਾਲੀ ਇਕ ਮਹਾਨ ਰਚਨਾ ਹੈ। (ਪੰਨਾ 34) ਗੁਰਮਤਿ ਦਰਸ਼ਨ ਵਿਚ ਦਿਲਚਸਪੀ ਰੱਖਣ ਵਾਲੇ ਜਗਿਆਸੂ ਪਾਠਕਾਂ ਲਈ ਇਹ ਨਵ-ਮਾਰਗ ਦੀ ਸੋਝੀ ਪ੍ਰਦਾਨ ਕਰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜੈਨੇਂਦਰ ਮਹਾਂਵੀਰ
ਲੇਖਕ : ਅਸ਼ੋਕ ਚਰਨ ਆਲਮਗੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 500 ਰੁਪਏ, ਸਫ਼ੇ : 565
ਸੰਪਰਕ : 79730-67524.

ਹਥਲੀ ਰਚਨਾ ਪ੍ਰਥਮ ਤੇ ਅੰਤਿਮ ਚੌਵੀ ਸ਼ਿਖਰਾਂ ਤੀਰਥੰਕਰੀ ਗੁਣੀ ਗਹੀਰ ਜੈਨੇਂਦਰ ਮਹਾਂਵੀਰ ਬਾਰੇ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਜੈਨੇਂਦਰ ਮਹਾਂਵੀਰ ਤੋਂ ਪਹਿਲਾਂ ਹੋਏ ਤੇਈ ਤੀਰਥੰਕਰਾਂ ਵਿਚੋਂ ਸਭ ਤੋਂ ਪਹਿਲੇ ਛੇ ਤੀਰਥੰਕਰਾਂ ਬਾਰੇ ਭਰਪੂਰ ਜਾਣਕਾਰੀ ਦੇ ਕੇ ਬਾਅਦ ਵਿਚ ਜੈਨੇਂਦਰ ਮਹਾਂਵੀਰ ਦੇ ਜੀਵਨ ਬਿਰਤਾਂਤ ਅਤੇ ਕਾਰਨਾਮਿਆਂ ਨੂੰ ਬਿਆਨਿਆ ਹੈ। ਲੇਖਕ ਨੇ ਦੁਨੀਆ ਦੇ ਵਿਭਿੰਨ ਧਰਮਾਂ ਦੇ ਟਾਕਰੇ 'ਚ ਜੈਨ ਧਰਮ ਨੂੰ ਵਿਗਿਆਨਕ, ਤਾਰਕਿਕ ਅਤੇ ਵਿਲੱਖਣ ਧਰਮ ਦੱਸਿਆ ਹੈ। ਲੇਖਕ ਅਨੁਸਾਰ ਇਹ ਧਰਮ ਪਰਮਾਤਮਾ ਦੀ ਹੋਂਦ ਨੂੰ ਬਿਲਕੁਲ ਨਹੀਂ ਮੰਨਦਾ ਅਤੇ ਅਹਿੰਸਾ ਦਾ ਮਾਰਗ ਦਰਸਾਉਂਦਾ ਹੈ। ਇਹ ਧਰਮ ਆਰੀਆ ਦੀ ਸਥਾਪਤੀ ਤੋਂ ਪਹਿਲਾਂ ਹੋਇਆ ਦਰਸਾਇਆ ਹੈ। ਇਸ ਨੂੰ ਧਾਰਨ ਕਰਨ ਨਾਲ ਤੀਸਰੇ ਵੱਡੇ ਵਿਸ਼ਵ ਯੁੱਧ ਤੋਂ ਬਚਿਆ ਜਾ ਸਕਦਾ ਹੈ। ਲੇਖਕ ਦਾ ਮੰਨਣਾ ਹੈ ਕਿ ਪਹਿਲੇ ਤੀਰਥੰਕਰ ਨੇ ਹਲ ਵਾਹੁਣਾ, ਮਿੱਟੀ ਦੇ ਭਾਂਡੇ ਬਣਾਉਣਾ ਅਤੇ ਕੱਪੜੇ ਪਾਉਣਾ ਆਦਿ ਸਿਖਾਇਆ। ਇਸ ਤੋਂ ਬਾਅਦ ਅਗਲੇ ਤੀਰਥੰਕਰ ਦੋ ਵਰਗਾਂ ਵਿਚ ਵੰਡੇ ਗਏ। ਇਕ ਵਰਗ ਦੇ ਮੰਨਣ ਵਾਲੇ ਕੱਪੜੇ ਪਹਿਨਦੇ ਸਨ ਅਤੇ ਦੂਜੇ ਵਰਗ ਦੇ ਮੰਨਣ ਵਾਲੇ ਕੱਪੜੇ ਨਹੀਂ ਸਨ ਪਹਿਨਦੇ। ਇਹ ਸਾਰੇ ਤੀਰਥੰਕਰ ਰਾਜੇ ਹੁੰਦੇ ਸਨ ਪ੍ਰੰਤੂ ਤਾਜ ਨਹੀਂ ਸਨ ਪਹਿਨਦੇ ਅਤੇ ਹਿੰਸਕ ਕਾਰਵਾਈਆਂ ਵੀ ਨਹੀਂ ਸਨ ਕਰਦੇ। ਜੈਨੇਂਦਰ ਮਹਾਂਵੀਰ ਦੀ ਵਡੱਤਣ ਇਹ ਹੈ ਕਿ ਉਸ ਨੇ ਜੈਨ ਧਰਮ ਨੂੰ ਵਿਸ਼ਵ ਦੇ ਧਰਮਾਂ ਵਿਚ ਸੱਚ ਅਤੇ ਸੁੱਚੇ ਵਿਹਾਰ ਦਾ ਮਾਰਗ ਦਰਸਾਅ ਕੇ, ਸਾਦਗੀ 'ਚ ਰਹਿ ਕੇ, ਲੋਕਤਾ ਦੇ ਮਨਾਂ ਵਿਚ ਪ੍ਰਭਾਵਸ਼ਾਲੀ ਗੁਣਾਂ ਨੂੰ ਪ੍ਰਚਾਰਿਆ। ਇਸ ਰਚਨਾ ਦੇ ਉਣੰਜਾ ਕਾਂਡ ਸਰਲ, ਜੀਵਨੀ, ਕਹਾਣੀ, ਨਾਵਲ ਅਤੇ ਨਾਟਕ ਦੇ ਰੂਪਾਕਾਰ ਵਿਚ ਹਨ। ਬੋਲੀ ਭਾਸ਼ਾ ਸਰਲ ਹੈ।
ਇਸ ਰਚਨਾ ਵਿਚ ਯਥਾਰਥ ਅਤੇ ਕਲਪਨਾ ਦਾ ਸੁਮੇਲ ਹੈ। ਇਹ ਰਚਨਾ ਜੈਨੇਂਦਰ ਮਹਾਂਵੀਰ ਦੁਆਰਾ ਪ੍ਰਗਟ ਦਾਰਸ਼ਨਿਕ ਸਿਧਾਂਤਾਂ ਦੀ ਵਿਆਖਿਆ ਮੂਲਕ ਸ਼ੈਲੀ ਵਿਚ ਪ੍ਰਗਟਾਵਾ ਹੈ। ਭਾਵੇਂ ਵਿਸ਼ਵ ਦੇ ਮੁਢਲੇ ਧਰਮਾਂ ਬਾਰੇ ਕਈ ਪੁਸਤਕਾਂ ਮਿਲਦੀਆਂ ਹਨ ਪਰ ਜੈਨੇਂਦਰ ਮਹਾਂਵੀਰ ਬਾਰੇ ਕਿਸੇ ਵਿਰਲੇ ਹੀ ਲੇਖਕ ਨੇ ਲਿਖਿਆ ਹੋਵੇਗਾ। ਇਸ ਤਰ੍ਹਾਂ ਅਸ਼ੋਕ ਚਰਨ ਆਲਮਗੀਰ ਦੀ ਇਹ ਪੁਸਤਕ ਜੈਨ ਧਰਮ ਅਤੇ ਵਿਸ਼ੇਸ਼ਤਰ ਜੈਨੇਂਦਰ ਮਹਾਂਵੀਰ ਬਾਰੇ ਇਕ ਲਾਸਾਨੀ ਰਚਨਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਇਕ ਹੋਰ ਸੋਨੂੰ
ਲੇਖਕ : ਮੰਗਤ ਕੁਲਜਿੰਦ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94177-53892

'ਇਕ ਹੋਰ ਸੋਨੂੰ' ਲੇਖਕ ਮੰਗਤ ਕੁਲਜਿੰਦ ਦੀਆਂ 31 ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਮਿੰਨੀ ਕਹਾਣੀਆਂ ਵੱਖ-ਵੱਖ ਮਾਨਵੀ ਗੰਭੀਰ ਸਮੱਸਿਆਵਾਂ ਨੂੰ ਰੂਪਮਾਨ ਕਰਦੀਆਂ ਹਨ ਅਤੇ ਇਨ੍ਹਾਂ 'ਚੋਂ ਉੱਭਰਨ ਲਈ ਸਾਹਸ ਜੁਟਾਉਣ ਲਈ ਪ੍ਰੇਰਿਤ ਕਰਦੀਆਂ ਜਾਪਦੀਆਂ ਹਨ। 'ਅਤਿਵਾਦੀੇ' ਮਿੰਨੀ ਕਹਾਣੀ 'ਚ ਲੇਖਕ ਨੇ ਸੋਸ਼ਲ ਮੀਡੀਆ ਦੇ ਦੁਸ਼ਪ੍ਰਭਾਵਾਂ ਅਤੇ ਨੌਜਵਾਨ ਵਰਗ 'ਤੇ ਪੈ ਰਹੇ ਮਾਰੂ ਅਸਰ ਨੂੰ ਬਾਖ਼ੂਬੀ ਬਿਆਨਿਆ ਹੈ। 'ਇਮਪੋਰਟ' ਕਹਾਣੀ 'ਚ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਅਤੇ ਖਾਲੀ ਹੋ ਰਹੇ ਮੁਲਕ ਦੇ ਸੀਨੀਅਰ ਸਿਟੀਜ਼ਨਾਂ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। 'ਨਿਵੇਸ਼' ਕਹਾਣੀ 'ਚ ਧਰਮ ਦੇ ਨਾਂਅ 'ਤੇ ਚੱਲ ਰਹੇ ਵਪਾਰ ਦੇ ਬਖੀਏ ਉਧੇੜੇ ਗਏ ਹਨ। 'ਮੰਡੀ' ਕਹਾਣੀ 'ਚ ਇਕ ਮਿਹਨਤਕਸ਼ ਦਿਹਾੜੀਦਾਰ ਮਜ਼ਦੂਰ ਦਾ ਦਰਦ ਹੈ। 'ਗੁਣ' ਕਹਾਣੀ 'ਚ ਵਹਿਮਾਂ-ਭਰਮਾਂ 'ਚ ਗ੍ਰਸਤ ਹੋ ਰਹੀ ਮਨੁੱਖਤਾ ਦਾ ਦੁਖਾਂਤ ਹੈ। 'ਕਿਰਾਏ ਦਾ ਕਮਰਾ' ਕਹਾਣੀ 'ਚ ਵਿਆਹੁਤਾ ਜੋੜਿਆਂ ਦੀਆਂ ਸਰੀਰਕ ਸਮੱਸਿਆਵਾਂ ਕਾਰਨ ਨੀਰਸ ਬਣ ਰਹੀ ਜ਼ਿੰਦਗੀ ਦੀ ਪੀੜ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ। 'ਟੱਕਰ' ਕਹਾਣੀ 'ਚ ਨੌਜਵਾਨ ਵਰਗ ਦੇ ਧੁੰਦਲੇ ਭਵਿੱਖ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਦਰਦ ਹੈ। 'ਚੌਂਕੀ' ਕਹਾਣੀ 'ਚ ਅੰਧ-ਵਿਸ਼ਵਾਸਾਂ 'ਚ ਗ੍ਰਸਤ ਹੋ ਰਹੇ ਸਮਾਜ ਦਾ ਚਿਤਰਨ ਹੈ। 'ਕੀਮਤ' ਕਹਾਣੀ ਵੋਟ-ਵਟੋਰੂ ਲੀਡਰਾਂ ਦੇ ਕਿਰਦਾਰ ਅਤੇ ਗਰੀਬੜੇ ਵੋਟਰਾਂ ਦੀਆਂ ਮਜਬੂਰੀਆਂ ਨੂੰ ਬਿਆਨਦੀ ਹੈ। 'ਡਾਕਾ' ਕਹਾਣੀ 'ਚ ਨੌਕਰੀਆਂ ਦੀ ਤਲਾਸ਼ 'ਚ ਭਟਕ ਰਹੀ ਨੌਜਵਾਨ ਪੀੜ੍ਹੀ ਦਾ ਦਰਦ ਝਲਕਦਾ ਹੈ। 'ਆਊਟਡੇਟਡ' ਕਹਾਣੀ ਅਜੋਕੇ ਯੁੱਗ 'ਚ ਵਿਗੜੈਲ ਔਲਾਦ ਦੀ ਆਪਣੇ ਮਾਪਿਆਂ ਪ੍ਰਤੀ ਬਦਲ ਰਹੀ ਸੋਚ ਨੂੰ ਉਜਾਗਰ ਕਰਦੀ ਹੈ। 'ਵੱਡਾ ਢਿੱਡ' ਕਹਾਣੀ ਛੋਟੇ ਦੁਕਾਨਦਾਰਾਂ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਸਹਿਜੇ-ਸਹਿਜੇ ਨਿਗਲਣ ਦਾ ਦਰਦ ਹੈ। 'ਬਦਲਾਓ' ਕਹਾਣੀ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ 'ਚ ਵਧ ਰਹੇ ਪਾੜੇ ਦਾ ਦਖਾਂਤ ਹੈ। 'ਇਕ ਹੋਰ ਸੋਨੂੰ' ਕਹਾਣੀ 'ਚ ਡਾਕਟਰੀ ਕਿੱਤੇ ਦੀ ਅਹਿਮ ਭੂਮਿਕਾ ਅਤੇ ਸਮਾਜ ਪ੍ਰਤੀ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਬਿਆਨਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਹਾਣੀਆਂ 'ਚ 'ਸਮਝੌਤਾ', 'ਬਰਫ਼ ਬਨਾਮ ਪਾਣੀ', 'ਅੱਗ', 'ਖੂਨ', 'ਗਰਿੱਲਾਂ', 'ਹਿੱਸਾ', 'ਮੈਂ ਕਦ ਵੱਡਾ ਹੋਊਂ' 'ਖ਼ਜਾਨਾ', 'ਚਾਹ', 'ਫਰੀਜ' ਕਹਾਣੀਆਂ ਵੀ ਖ਼ੂਬਸੂਰਤ ਹਨ। ਇਸ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਦੇ ਵਿਸ਼ੇ ਨਵੇਂ ਨਕੋਰ ਹਨ ਅਤੇ ਵਿਸ਼ਵੀਕਰਨ ਦੇ ਸਮਾਜਿਕ ਜ਼ਿੰਦਗੀ ਉੱਪਰ ਪੈ ਰਹੇ ਪ੍ਰਭਾਵਾਂ ਨੂੰ ਰੂਪਮਾਨ ਕਰਦੀਆਂ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

ਮੈਜਿਸਟ੍ਰੇਟ ਮੁਜਰਿਮ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 284
ਸੰਪਰਕ : 99153-35032

ਇਸ ਪੁਸਤਕ ਦਾ ਲੇਖਕ ਰਾਮ ਸਿੰਘ ਇਕ ਕਵੀ ਵੀ ਹੈ ਤੇ ਵਾਰਤਕ ਲਿਖਾਰੀ ਵੀ। ਪਰ ਇਹ ਪੁਸਤਕ ਇਕ ਵਿਲੱਖਣ ਰਚਨਾ ਹੈ ਜੋ ਲੇਖਕ ਦੀ ਸਵੈ-ਜੀਵਨੀ ਦਾ ਹਿੱਸਾ ਕਹਿ ਸਕਦੇ ਹਾਂ ਜੋ ਉਸ ਨੇ ਸਜ਼ਾ ਦੌਰਾਨ ਜੇਲ੍ਹ ਵਿਚ ਬੈਠ ਕੇ ਲਿਖੀ। ਲੇਖਕ ਅਨੁਸਾਰ 'ਇਨ੍ਹਾਂ ਵਰਕਿਆਂ 'ਤੇ ਉਹ ਕੁਝ ਲਿਖਿਆ ਗਿਆ ਜੋ ਮੇਰੇ ਪਿੰਡੇ 'ਤੇ ਮੇਰਾ ਪਿੰਡਾ ਵਿੰਨ੍ਹ ਕੇ ਉਕਰਿਆ ਗਿਆ ਸੀ। ਇਸੇ ਕਰਕੇ ਇਸ ਪੁਸਤਕ ਵਿਚ ਕਲਪਨਾ ਨਾਂਅ ਦਾ ਸਾਹਿਤਕ ਤੱਤ ਮੌਜੂਦ ਨਹੀਂ ਹੈ ਜਾਂ ਸਿਰਫ਼ ਅੱਧਾ ਫ਼ੀਸਦੀ ਹੈ, ਜਿਸ ਦੀ ਵਰਤੋਂ ਕੇਵਲ ਕੜੀਆਂ ਜੋੜਨ ਲਈ ਕੀਤੀ ਗਈ ਹੈ।' ਇਹ ਪੁਸਤਕ ਲੇਖਕ ਦਾ ਜੇਲ੍ਹ ਵਿਚ ਬਿਤਾਇਆ ਸਮਾਂ ਤੇ ਅਨੁਭਵ ਹੈ ਜੋ ਜਿਵੇਂ ਘਟਨਾ ਵਾਪਰਦੀਆਂ ਗਈਆਂ ਲੇਖਕ ਦੀ ਕਲਮ ਉਲੀਕਦੀ ਗਈ। ਅਜਿਹੀ ਕਿਰਤ ਵਿਚੋਂ ਸੁਹਜ ਭਾਲਣਾ ਸਿਆਣਪ ਨਹੀਂ ਜੋ ਸਮਾਜ ਦੇ ਕੋਹਜ ਵਿਚੋਂ ਉਪਜੀ ਹੋਵੇ ਅਤੇ ਜੇਲ੍ਹ ਸਮਾਜ ਦਾ ਉਹ ਹਿੱਸਾ ਹੈ ਜਿਥੇ ਕੋਹਜ ਹੀ ਕੋਹਜ ਹੈ। ਫਾਂਸੀ ਦੀ ਸਜ਼ਾ ਯਾਫ਼ਤਾ ਮੁਜਰਮ ਤਾਂ ਸਿਰਫ ਇਕ ਵਾਰ ਮਰਦਾ ਹੈ ਪਰ ਫ਼ੈਸਲੇ ਦੀ ਉਡੀਕ ਵਿਚ ਬੈਠੇ ਹਵਾਲਾਤੀ ਇਕ ਦਿਨ ਵਿਚ ਕਈ ਵਾਰ ਮਰਦੇ ਹਨ ਭਾਵ ਜਿਹੜੇ ਨਿਰਦੋਸ਼ ਹੁੰਦੇ ਹਨ। ਲੇਖਕ ਵੀ ਇਕ ਅਜਿਹਾ ਮੁਜਰਮ ਸੀ ਜਿਸ ਉੱਤੇ ਝੁੱਗੀਆਂ ਸਾੜਨ ਦਾ ਝੂਠਾ ਦੋਸ਼ ਸੀ ਜੋ ਕਿਸੇ ਆਪਣੇ ਦੀ ਹੀ ਮਿਹਰਬਾਨੀ ਸੀ। ਲੇਖਕ ਐਸ.ਡੀ.ਐਮ. ਦੇ ਅਹੁਦੇ 'ਤੇ ਤਾਇਨਾਤ ਸੀ ਜਦੋਂ ਇਹ ਘਟਨਾ ਵਾਪਰੀ ਪਰ ਇਸ ਵਿਚ ਉਸ ਦਾ ਕੋਈ ਹੱਥ ਨਹੀਂ ਸੀ। ਜਿਵੇਂ ਅਕਸਰ ਹੁੰਦਾ ਹੈ ਕਿ ਸੱਚਾ ਮਨੁੱਖ ਕਾਬੂ ਆ ਜਾਂਦਾ ਹੈ ਤੇ ਝੂਠਾ ਬਚ ਕੇ ਨਿਕਲ ਜਾਂਦਾ ਹੈ। ਇਹੀ ਵਾਪਰਿਆ ਸੀ ਲੇਖਕ ਨਾਲ। ਸਜ਼ਾ ਹੋਣ ਤੋਂ ਬਾਅਦ ਜੋ ਕੁਝ ਜੇਲ੍ਹ ਦੇ ਅੰਦਰ ਵਾਪਰਿਆ, ਉਹ ਦੁਖਦਾਈ ਸੀ। ਕੁਝ ਸਮਾਂ ਤਾਂ ਅਹੁਦੇ ਦਾ ਖਿਆਲ ਕਰਕੇ ਠੀਕ-ਠਾਕ ਵਿਵਹਾਰ ਹੁੰਦਾ ਰਿਹਾ ਪਰ ਬਾਅਦ ਵਿਚ ਆਮ ਕੈਦੀਆਂ ਵਾਲਾ ਵਰਤਾਓ, ਮਾੜਾ ਖਾਣਾ-ਪੀਣਾ, ਰਹਿਣ ਦੀ ਗੰਦੀ ਜਗ੍ਹਾ ਤੇ ਸੇਵਾਦਾਰਾਂ ਦਾ ਮਾੜਾ ਵਤੀਰਾ। ਇਸ ਸਭ ਦਾ ਜ਼ਿਕਰ ਲੇਖਕ ਨੇ ਕੀਤਾ ਹੈ, ਨਾਲ ਹੀ ਆਪਣੇ ਸਾਥੀਆਂ, ਸਹਿ-ਕੈਦੀਆਂ ਵਲੋਂ ਮਿਲੇ ਚੰਗੇ ਵਤੀਰੇ ਦਾ ਵੀ ਲੇਖਕ ਨੇ ਵਰਨਣ ਕੀਤਾ ਹੈ। ਅਜਿਹੀ ਸਥਿਤੀ ਵਿਚ ਪਰਿਵਾਰ ਦੀ ਆਰਥਿਕ ਹਾਲਤ ਕਿੰਨੀ ਤਰਸਯੋਗ ਹੋ ਜਾਂਦੀ ਹੈ, ਬਾਰੇ ਵੀ ਲੇਖਕ ਨੇ ਜ਼ਿਕਰ ਕੀਤਾ ਹੈ ਤੇ ਜਿਨ੍ਹਾਂ ਦੋਸਤਾਂ-ਮਿੱਤਰਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਿਆ, ਲੇਖਕ ਉਨ੍ਹਾਂ ਦਾ ਧੰਨਵਾਦੀ ਹੈ। ਤਿੰਨ ਮਹੀਨੇ ਦਾ ਜੇਲ੍ਹ ਦੇ ਅੰਦਰ ਬਿਤਾਇਆ ਸਮਾਂ ਕਿੰਨਾ ਤਕਲੀਫ਼ਦੇਹ ਸੀ, ਜਿਸ ਦੇ ਤਨ ਉੱਤੇ ਬੀਤਦੀ ਹੈ, ਉਹੀ ਦੱਸ ਸਕਦਾ ਹੈ। ਇਹ ਇਕ ਸਬਕ ਵੀ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿਚ
ਜੇ ਬੇੜੀ ਡੁੱਬ ਵੀ ਜਾਏ ਤਾਂ ਹਿੰਮਤ ਡੋਬ ਨਾ ਬਹਿਣਾਂ,
ਮੁਸੀਬਤ ਖ਼ੁਦ ਸਿਖਾਉਂਦੀ ਹੈ, ਤਰੀਕਾ ਪਾਰ ਹੋਵਣ ਦਾ।

ਡਾ: ਜਗਦੀਸ਼ ਕੌਰ ਵਾਡੀਆ
ਗਾਂਧਾ ਸਿੰਘ ਕੱਚਰਭੰਨ
ਗੀਤ ਗਾਉਂਦਾ ਫਾਂਸੀ ਚੜ੍ਹਿਆ
ਗਦਰ ਲਹਿਰ ਦਾ ਨਿਡਰ ਯੋਧਾ

ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ (ਕੈਨੇਡਾ) ਲੁਧਿਆਣਾ
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 95305-03412.

ਗਦਰ ਲਹਿਰ ਦੇ ਮਿਸਾਲੀ ਸੂਰਮੇ ਗਾਂਧਾ ਸਿੰਘ ਕੱਚਰਭੰਨ ਉਰਫ ਭਗਤ ਸਿੰਘ ਬਾਰੇ ਇਹ ਪੁਸਤਕ ਸੰਪਾਦਿਤ ਕਰਕੇ ਲੇਖਕ ਨੇ ਇਸ ਅਣਗੌਲੇ ਦੇਸ਼ ਭਗਤ ਨੂੰ ਧੁਰ ਆਤਮਾ ਤੋਂ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਵਲੋਂ ਇਸ ਪੁਸਤਕ ਦੀ ਤਿਆਰੀ ਹਿਤ ਕੀਤੀ ਲਗਨ ਭਰੀ ਮਿਹਨਤ ਉਸ ਅੰਦਰ ਇਸ ਸ਼ਹੀਦ ਲਈ ਵਧਦੀ ਅਪਾਰ ਸ਼ਰਧਾ ਦਾ ਸਪੱਸ਼ਟ ਰੂਪ ਹੈ। ਪੁਸਤਕ ਦੇ ਆਰੰਭ ਵਿਚ ਇਤਿਹਾਸਕ ਤੱਥ ਬਿਆਨ ਕਰਦਾ ਹੋਇਆ ਲੇਖਕ ਦੱਸਦਾ ਹੈ ਕਿ ਗਾਂਧਾ ਸਿੰਘ ਇਕ ਅਣਗੌਲਿਆ ਗਦਰੀ ਹੈ। ਅੰਗਰੇਜ਼ ਸਰਕਾਰ ਵਲੋਂ ਇਨ੍ਹਾਂ ਨੂੰ ਥਾਣੇਦਾਰ ਦੇ ਕਤਲ ਅਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗਾਵਤ ਕਰਨ ਦੇ ਦੋਸ਼ ਹੇਠ 8 ਮਾਰਚ, 1916 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਲਗਾ ਦਿੱਤੀ ਸੀ। ਢੁਕਵੇਂ ਵਿਸ਼ਾ ਵਸਤੂ ਵਾਲੇ ਇਸ ਇਤਿਹਾਸਕ ਦਸਤਾਵੇਜ਼ ਜ਼ਰੀਏ ਗਦਰੀ ਯੋਧੇ ਗਾਂਧਾ ਸਿੰਘ ਦੇ ਜੀਵਨ 'ਤੇ ਨੇੜਿਉਂ ਝਾਤ ਪੁਆਈ ਗਈ ਹੈ। ਜਿਸ ਮੁਤਾਬਿਕ ਉਹ ਅਮਰੀਕਾ ਵਿਚ 28 ਸਾਲ ਦੀ ਉਮਰ ਵਿਚ ਗਦਰ ਲਹਿਰ ਨਾਲ ਜੁੜੇ ਸਨ। ਉਨ੍ਹਾਂ ਗਦਰੀਆਂ ਦੀਆਂ ਦੇਸ਼-ਵਿਦੇਸ਼ ਵਿਚ ਹੋਣ ਵਾਲੀਆਂ ਅਨੇਕਾਂ ਮੀਟਿੰਗਾਂ ਵਿਚ ਭਾਗ ਲਿਆ। ਗਦਰ ਲਹਿਰ ਲਈ ਗਾਂਧਾ ਸਿੰਘ ਵਲੋਂ ਘਾਲੀ ਘਾਲਣਾ ਦਾ ਜ਼ਿਕਰ ਸੋਹਣ ਸਿੰਘ ਭਕਨਾ ਸਮੇਤ ਹੋਰਨਾਂ ਸਮਕਾਲੀਆਂ ਨੇ ਬੜੇ ਮਾਣ ਨਾਲ ਕੀਤਾ ਹੈ। ਇਸ ਪੁਸਤਕ ਵਿਚ ਵੱਖ-ਵੱਖ ਕਵੀਆਂ ਦੀਆਂ ਗਾਂਧਾ ਸਿੰਘ ਬਾਰੇ ਲਿਖੀਆਂ ਕਵਿਤਾਵਾਂ ਅਤੇ ਲੇਖਕਾਂ ਦੇ ਲੇਖ ਇਸ ਪੁਸਤਕ ਦੇ ਅਹਿਮ ਅੰਗ ਹਨ, ਜਿਨ੍ਹਾਂ ਵਿਚ ਗਾਂਧਾ ਸਿੰਘ ਵਲੋਂ ਕੀਤੀਆਂ ਸਰਗਰਮੀਆਂ ਦਾ ਬਿਹਤਰੀਨ ਉਲੇਖ ਕੀਤਾ ਗਿਆ ਹੈ। ਸਾਂਭਣਯੋਗ ਇਸ ਪੁਸਤਕ ਵਿਚ ਸ਼ਹੀਦ ਦੇ ਜੀਵਨ ਅਤੇ ਸ਼ਹੀਦੀ ਬਾਰੇ ਤਮਾਮ ਪੱਖ ਉਜਾਗਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਤਿਹਾਸ ਦੇ ਵਿਦਿਆਰਥੀਆਂ ਲਈ ਇਹ ਪੁਸਤਕ ਅਹਿਮ ਸਥਾਨ ਰੱਖਦੀ ਹੈ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

07-02-2021

ਸ੍ਰੀ ਗੁਰੂ ਨਾਨਕ ਦੇਵ
ਬਾਣੀ ਤੇ ਵਿਚਾਰ

ਲੇਖਕ : ਡਾ: ਸੁਦਰਸ਼ਨ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 098962-01036.


ਡਾ: ਸੁਦਰਸ਼ਨ ਗਾਸੋ ਨੇ ਕਾਵਿ ਖੇਤਰ, ਵਾਰਤਕ/ਆਲੋਚਨਾ, ਸੰਪਾਦਨ ਤੇ ਅਨੁਵਾਦ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਹਥਲੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਵਿਚਾਰਾਂ ਨਾਲ ਸਬੰਧਿਤ ਵਾਰਤਕ ਪੁਸਤਕ ਹੈ ਜੋ 550ਵੇਂ ਪ੍ਰਕਾਸ਼ ਸ਼ਤਾਬਦੀ ਪੁਰਬ ਨੂੰ ਸਮਰਪਿਤ ਹੈ। ਇਹ ਪੁਸਤਕ 17 ਕਾਂਡਾਂ ਵਿਚ ਹੈ ਤੇ ਹਰ ਕਾਂਡ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਜੀਵਨ ਦੇ ਭਿੰਨ-ਭਿੰਨ ਪੱਖਾਂ ਨਾਲ ਸਬੰਧਿਤ ਹੈ। ਪਹਿਲਾ ਕਾਂਡ ਜਾਂ ਓਮ ਪ੍ਰਕਾਸ਼ ਗਾਸੋ ਵਲੋਂ ਲਿਖੇ ਦੋ ਸ਼ਬਦ ਬਹੁਤ ਹੀ ਖੂਬਸੂਰਤ ਤੇ ਗਿਆਨ ਭਰਪੂਰ ਹਨ ਜਿਵੇਂ ਨਾਨਕ ਬਾਣੀ ਪ੍ਰਕਾਸ਼ ਹੈ, ਸਮਰਪਣ ਹੈ, ਵਿਵੇਕ ਹੈ, ਸੂਖ਼ਮ ਹੈ, ਅਨੰਦ ਹੈ, ਸੰਸਕ੍ਰਿਤੀ ਹੈ। ਸੁਹਿਰਦਤਾ ਸਹਿਜ, ਸੁੰਦਰ, ਸੁਭਾਵਿਕ, ਸਪੱਸ਼ਟ ਤੇ ਸਨੇਹਮਈ ਹੁੰਦੀ ਹੈ। ਨਾਨਕ ਬਾਣੀ ਅਨੰਦਮਈ ਤਰੰਗ ਹੈ, ਸਿਦਕ ਹੈ, ਸਾਧਕ ਹੈ, ਸੰਤ ਹੈ। ਅੱਗੇ ਜਦੋਂ ਉਹ ਲਿਖਦੇ ਹਨ-ਗਿਆਨ ਸਹਿਜਧਾਰੀ ਹੁੰਦਾ ਹੈ, ਗੁਰਮੁਖ, ਉਪਦੇਸ਼ਕ, ਨਿਆਂਸ਼ੀਲ ਹੁੰਦਾ ਹੈ। ਅਗਲਾ ਕਾਂਡ ਹੈ ਗਿਆਨ ਦਾ ਸੂਰਜ ਨਾਨਕ ਬਾਣੀ, ਦੁਨੀਆ ਨਾਨਕ ਦੀ ਜੋ ਕਿਸੇ ਇਕ ਵਰਗ ਨਾਲ ਸਬੰਧਿਤ ਨਹੀਂ ਸਗੋਂ ਵਿਸ਼ਾਲ ਸਮੁੱਚਤਾ ਹੈ। ਅਗਲੇ ਕਾਂਡ ਹਨ-ਇਲਾਹੀ ਨੂਰ ਦਾ ਚਾਨਣ-ਜਪੁਜੀ ਸਾਹਿਬ, ਸਰਬਸਾਂਝੇ ਮਾਨਵ ਧਰਮ ਦੀ ਖੁਸ਼ਬੂ : ਨਾਨਕ ਬਾਣੀ; ਨਾਨਕ ਬਾਣੀ ਵਿਚ ਖੂਬਸੂਰਤੀ ਦਾ ਸੰਕਲਪ; ਨਾਨਕ ਬਾਣੀ ਵਿਚ ਕੁਦਰਤ ਦਾ ਸੰਕਲਪ; ਸੰਵੇਦਨਾ ਦਾ ਅਨੂਪਮ ਸਰੂਪ-ਨਾਨਕ ਬਾਣੀ; ਸਦੀਵੀ ਅਰਾਧਨਾ ਦਾ ਸੰਦੇਸ਼ : ਆਰਤੀ; ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਬਾਣੀ ਦੇ ਮੂਲ ਸਰੋਕਾਰ; ਨਾਨਕ ਬਾਣੀ ਦੀ ਅਜੋਕੇ ਜੀਵਨ ਵਿਚ ਪ੍ਰਾਸੰਗਿਕਤਾ; ਨਾਨਕ ਬਾਣੀ ਵਿਚ ਮਨੁੱਖੀ ਸਮਾਨਤਾ ਦਾ ਸੰਕਲਪ; ਸੱਚ ਅਤੇ ਸੰਘਰਸ਼ ਦੀ ਗਾਥਾ-ਨਾਨਕ ਬਾਣੀ; ਸਮੇਂ ਦੀਆਂ ਵਲਗਣਾਂ ਤੋਂ ਪਾਰ ਨਾਨਕ ਬਾਣੀ ਤੇ ਦਰਸ਼ਨ; ਗੁਰੂ ਨਾਨਕ ਬਾਣੀ ਦੇ ਪ੍ਰਭਾਵਸ਼ਾਲੀ ਪੱਖ; ਕਰਤਾਰਪੁਰ ਲਾਂਘਾ : ਇਕ ਨਵਾਂ ਸੰਸਾਰ ਮਾਡਲ ਤੇ ਅੰਤ ਵਿਚ ਕਵਿਤਾ ਭਾਗ ਹੈ।
ਲੇਖਕ ਨੇ ਇਨ੍ਹਾਂ ਵਿਭਿੰਨ ਪੱਖਾਂ ਉੱਤੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ਹੈ। ਵੱਖ-ਵੱਖ ਵਿਦਵਾਨਾਂ ਨੇ ਵਿਚਾਰਾਂ ਨੂੰ ਆਧਾਰ ਬਣਾ ਕੇ ਤੁਲਨਾਤਮਕ ਪਹਿਲੂ ਤੋਂ ਵਿਚਾਰ ਕਰਦੇ ਹੋਏ ਇਹ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਬਾਣੀ ਸਰਬੋਤਮ ਹੈ ਜਿਸ ਦੇ ਕਲਾਵੇ ਵਿਚ ਸਾਹਿਤ ਦੇ ਵੱਖ-ਵੱਖ ਰੂਪ-ਦਰਸ਼ਨ, ਮਨੋਵਿਗਿਆਨ, ਸਮਾਜਿਕ, ਆਰਥਿਕ ਤੇ ਰਾਜਸੀ ਪਹਿਲੂ ਸਮੋਏ ਹੋਏ ਹਨ ਅਤੇ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਕੇਵਲ ਸਿੱਖ ਧਰਮ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ ਹੈ, ਪ੍ਰੇਰਨਾ ਸਰੋਤ ਹੈ। ਇਸ ਬਾਰੇ ਓਸ਼ੋ ਤੇ ਟੈਗੋਰ ਜਿਹੇ ਮਹਾਨ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਤੇ ਪ੍ਰੇਰਨਾ ਵੀ ਲਈ ਹੈ, ਮਹਾਨਤਾ ਨੂੰ ਸਿੱਧ ਕੀਤਾ ਹੈ। ਕੀ ਬੋਧੀ, ਜੈਨੀ, ਤੇ ਹੋਰ ਧਰਮਾਂ ਦੇ ਲੋਕ ਇਸ ਬਾਣੀ ਤੋਂ ਪ੍ਰਭਾਵਿਤ ਹਨ ਤੇ ਗੁਰੂ ਨਾਨਕ ਜੀ ਨੂੰ ਆਪਣਾ ਗੁਰੂ ਮੰਨਦੇ ਹਨ, ਯਾਦਗਾਰਾਂ ਸਥਾਪਤ ਕੀਤੀਆਂ ਹਨ। ਸਮੁੱਚੀ ਪੁਸਤਕ ਵਿਚ ਗੁਰੂ ਨਾਨਕ ਬਾਣੀ ਦੀ ਮਹਿਮਾ ਦਾ ਵਰਨਣ ਹੈ।


-ਡਾ: ਜਗਦੀਸ਼ ਕੌਰ ਵਾਡੀਆ


ਹਲੂਣਾ

ਲੇਖਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-28027.


ਇਹ ਕਿਤਾਬ ਮਾਲਵਾ ਸਾਹਿਤ ਸਭਾ ਸੰਗਰੂਰ ਦੇ ਰੂਹੇ-ਰਵਾਂ ਸ਼ਖ਼ਸੀਅਤ ਕਰਮ ਸਿੰਘ ਜ਼ਖ਼ਮੀ ਵਲੋਂ ਕੀਤਾ ਗਿਆ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਦਾ ਮਿਸ਼ਰਤ ਗੁਲਦਸਤਾ ਹੈ। ਇਨ੍ਹਾਂ ਮਿਲੀਆਂ-ਜੁਲੀਆਂ ਰਚਨਾਵਾਂ ਵਿਚ ਗ਼ਜ਼ਲ ਸੰਗ੍ਰਹਿ, ਕਾਵਿ ਸੰਗ੍ਰਹਿ, ਗੀਤ ਸੰਗ੍ਰਹਿ, ਕਹਾਣੀ ਸੰਗ੍ਰਹਿ, ਬਾਲ-ਸਾਹਿਤ, ਆਤਮਕਥਾ, ਖੋਜ ਕਾਰਜ ਅਤੇ ਪੇਂਡੂ ਜੀਵਨ ਦੀ ਝਲਕ ਆਦਿ ਸੰਪਾਦਿਤ ਹਨ। ਸ਼ਾਇਦ ਸੰਪਾਦਕ ਨੇ ਪਾਠਕਾਂ ਨੂੰ ਵੱਖ-ਵੱਖ ਵਿਧਾਵਾਂ ਦਾ ਕ੍ਰਮ-ਭੰਜਨ ਦੁਆਰਾ ਅਨੰਦ ਦੇਣ ਲਈ ਅਜਿਹਾ ਕੀਤਾ ਹੋਵੇ। ਇਸ ਸੰਪਾਦਨ ਵਿਚ ਕੁਝ ਪ੍ਰੋੜ੍ਹ ਲੇਖਕਾਂ ਨਾਲੋਂ ਜ਼ਿਆਦਾਤਰ ਪੁੰਗਰਦੇ ਲੇਖਕਾਂ ਨਾਲ ਪਾਠਕਾਂ ਦੀ ਸਾਂਝ ਪੁਆਈ ਗਈ ਹੈ। ਪ੍ਰੋੜ੍ਹ ਲੇਖਕਾਂ ਵਿਚ ਸੁਲੱਖਣ ਸਰਹੱਦੀ (ਬਲਦੇ ਖੰਭਾਂ ਦੀ ਲੋਅ) ਗ਼ਜ਼ਲ ਸੰਗ੍ਰਹਿ; ਡਾ: ਮੀਤ ਖਟੜਾ (ਤਿਣਕਾ ਤਿਣਕਾ ਆਲ੍ਹਣਾ) ਆਤਮਕਥਾ; ਗੁਲਜ਼ਾਰ ਸਿੰਘ ਸ਼ੌਂਕੀ (ਮਹਾਂਰਿਸ਼ੀ ਬਾਲਮੀਕ) ਖੋਜ ਕਾਰਜ; ਡਾ: ਗੁਰਚਰਨ ਕੌਰ ਕੋਚਰ (ਹਰਫ਼ਾਂ ਦੀ ਮਹਿਕ) ਗ਼ਜ਼ਲ ਸੰਗ੍ਰਹਿ; ਤੋਤਾ ਰਾਮ ਚੀਮਾ (ਪੰਚ-ਨਾਦ) ਗ਼ਜ਼ਲ ਸੰਗ੍ਰਹਿ; ਅਨੇਮਨ ਸਿੰਘ (ਗਲੀ ਨੰ: ਕੋਈ ਨਹੀਂ) ਕਹਾਣੀ ਸੰਗ੍ਰਹਿ ਆਦਿ ਸ਼ਾਮਿਲ ਹਨ। ਪੁੰਗਰਦੇ ਲੇਖਕਾਂ ਵਿਚ ਅਮਰਜੀਤ ਕੌਰ ਅਮਰ, ਸੁਖਵਿੰਦਰ ਸਿੰਘ ਲੋਟੇ, ਭੁਪਿੰਦਰ ਸਿੰਘ ਬੋਪਾਰਾਏ, ਚਰਨ ਪਪਰਾਲਵੀ, ਰਣਜੀਤ ਸਿੰਘ ਧੂਰੀ (ਗ਼ਜ਼ਲ ਸੰਗ੍ਰਹਿ); ਸੁਖਵਿੰਦਰ ਕੌਰ ਸਿੱਧੂ (ਗੀਤ-ਕਾਵਿ); ਰਜਿੰਦਰ ਸਿੰਘ ਰਾਜਨ, ਡਾ: ਦੇਵਿੰਦਰ ਦਿਲਰੂਪ, ਗੁਰਦੀਪ ਕੋਮਲ, ਗੁਰਪ੍ਰੀਤ ਸਹੋਤਾ, (ਕਾਵਿ ਸੰਗ੍ਰਹਿ); ਮਦਨ ਲਾਲ ਗੋਇਲ (ਕਹਾਣੀ ਸੰਗ੍ਰਹਿ); ਜਗਜੀਤ ਸਿੰਘ ਲੱਡਾ, ਰਤਨਪਾਲ ਡੂਡੀਆਂ, (ਬਾਲ ਸਾਹਿਤ); (ਪਿੰਡ ਢਢੋਗਲ ਬਾਰੇ) ਗੁਰਪ੍ਰੀਤ ਸਿੰਘ ਸਹੋਤਾ ਆਦਿ। ਇਸ ਤੋਂ ਇਲਾਵਾ 'ਏਕੇ ਦਾ ਚਿਰਾਗ' ਪੁਸਤਕ ਵਿਚ 40 ਤੋਂ ਉੱਪਰ ਕਵੀਆਂ ਦੀਆਂ ਕਵਿਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗ਼ਜ਼ਲਕਾਰਾਂ, ਕਵੀਆਂ ਅਤੇ ਕਹਾਣੀਕਾਰਾਂ ਬਾਰੇ ਵਿਸ਼ਾ ਪੱਖ ਤੋਂ ਪ੍ਰਸੰਗ-ਸਹਿਤ ਵਿਆਖਿਆ ਦੀ ਤਕਨੀਕ ਅਪਣਾਈ ਗਈ ਹੈ। ਭਾਵ ਪਹਿਲਾਂ ਵਿਸ਼ਾ ਦੱਸ ਕੇ ਬਾਅਦ ਵਿਚ ਉਸੇ ਨਾਲ ਸਬੰਧਿਤ ਕਾਵਿ ਟੂਕਾਂ ਪੁਸ਼ਟੀ ਲਈ ਦਿੱਤੀਆਂ ਗਈਆਂ ਹਨ। ਕਲਾਤਮਕ ਪੱਖ ਸੰਖੇਪਤਾ ਨਾਲ ਦਿੱਤਾ ਹੈ। ਉਹ ਵੀ ਨਿਬੰਧ ਦੇ ਆਰੰਭ ਅਤੇ ਅੰਤ ਵਿਚ। ਸੰਪਾਦਕ ਦਾ ਉਦੇਸ਼ ਨਵ-ਲੇਖਕਾਂ ਨੂੰ ਉਤਸ਼ਾਹਿਤ ਕਰਨਾ ਪ੍ਰਤੀਤ ਹੁੰਦਾ ਹੈ ਕਿਉਂਕਿ ਨਵ-ਲੇਖਕਾਂ ਬਾਰੇ ਨਿਬੰਧਾਂ ਦਾ ਅੰਤ 'ਮੈਨੂੰ ਤਸੱਲੀ ਹੈ' ਜਾਂ 'ਸਵਾਗਤ ਕਰਨਾ ਬਣਦਾ ਹੈ' ਆਦਿ ਵਾਕੰਸ਼ਾਂ ਨਾਲ ਜ਼ਿਆਦਾਤਰ ਹੁੰਦਾ ਵੇਖਿਆ ਜਾ ਸਕਦਾ ਹੈ। ਉਪਰੋਕਤ ਵਿਲੱਖਣਤਾਵਾਂ ਕਰਕੇ ਇਹ ਕਿਤਾਬ-ਕਿਤਾਬ ਦੇ ਰੂਪ ਵਿਚ 'ਮੈਗਜ਼ੀਨ ਦਾ ਸੰਪਾਦਨ' ਪ੍ਰਤੀਤ ਹੁੰਦੀ ਹੈ। ਅਜਿਹੇ ਵਿਲੱਖਣ ਸੰਪਾਦਨ ਲਈ ਸੰਪਾਦਕ ਵਧਾਈ ਦਾ ਪਾਤਰ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਕਿਰਚਾਂ ਤੇ ਕਲੀਆਂ
ਗ਼ਜ਼ਲਕਾਰ : ਬਲਬੀਰ ਸਿੰਘ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 94646-47540.


ਬਲਬੀਰ ਸਿੰਘ ਸੈਣੀ ਤਕਰੀਬਨ ਇਕ ਦਰਜਨ ਪੁਸਤਕਾਂ ਦਾ ਰਚੇਤਾ ਹੈ, ਜਿਨ੍ਹਾਂ 'ਚੋਂ ਗ਼ਜ਼ਲ ਸੰਗ੍ਰਹਿ ਵਧੇਰੇ ਹਨ। ਉਹ ਪੰਜਾਬੀ ਦਾ ਪੁਰਾਣਾ ਸਮਰੱਥ ਗ਼ਜ਼ਲਕਾਰ ਹੈ ਜਿਸ ਦਾ ਗ਼ਜ਼ਲ ਲਹਿਰ ਦੇ ਵਿਚਕਾਰਲੇ ਦਿਨਾਂ ਵਿਚ ਗ਼ਜ਼ਲ ਸਬੰਧੀ ਭਰਪੂਰ ਯੋਗਦਾਨ ਰਿਹਾ ਹੈ। 'ਕਿਰਚਾਂ ਤੇ ਕਲੀਆਂ' ਸੈਣੀ ਦਾ ਨਵਾਂ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 81 ਗ਼ਜ਼ਲਾਂ ਸੰਮਿਲਤ ਹਨ। ਇਨ੍ਹਾਂ ਤਮਾਮ ਗ਼ਜ਼ਲਾਂ ਨੂੰ ਪੜ੍ਹਦਿਆਂ ਸਪੱਸ਼ਟ ਹੁੰਦਾ ਹੈ ਕਿ ਸੈਣੀ ਦੀ ਗ਼ਜ਼ਲ ਵਿਧਾਨ 'ਤੇ ਮਜ਼ਬੂਤ ਪਕੜ ਹੈ ਤੇ ਗ਼ਜ਼ਲ ਦੇ ਸੁਭਾਅ ਦਾ ਉਹ ਹੇਠਲੀ ਪਰਤ ਤੱਕ ਜਾਣਕਾਰ ਹੈ। ਸੈਣੀ ਦੀਆਂ ਬਹੁਤੀਆਂ ਗ਼ਜ਼ਲਾਂ ਦੇ ਵਿਸ਼ੇ ਲੋਕ ਪੱਖੀ ਤੇ ਲੋਕ ਦਰਦ ਦਾ ਚਿਤਰਨ ਕਰਦੇ ਹਨ। ਪੁਸਤਕ ਦੀ ਪਹਿਲੀ ਗ਼ਜ਼ਲ ਪੰਜਾਬੀ ਮਾਂ ਬੋਲੀ ਬਾਰੇ ਅਕੀਦਤ ਵਜੋਂ ਛਾਪੀ ਗਈ ਹੈ। ਇਸ ਨਾਲ ਉਸ ਨੇ ਬੋਲੀ ਦੇ ਨਾਲ-ਨਾਲ ਪੰਜਾਬੀ ਵਿਰਸੇ 'ਤੇ ਵੀ ਪਿਛਲਝਾਤ ਪਵਾਈ ਹੈ। ਦੂਸਰੀ ਗ਼ਜ਼ਲ 'ਗ਼ਜ਼ਲ ਲਿਖੋ' ਰਦੀਫ਼ 'ਤੇ ਆਧਾਰਿਤ ਹੈ, ਜਿਸ ਵਿਚ ਉਹ ਗ਼ਜ਼ਲ ਦੀ ਸਿਰਜਣਾ ਲਈ ਜ਼ਰੂਰੀ ਨੁਕਤੇ ਸਮਝਾਉਂਦਾ ਹੈ। ਗ਼ਜ਼ਲਕਾਰ ਦਾ ਅਧਿਆਤਮਵਾਦ ਵਿਚ ਯਕੀਨ ਹੈ ਤੇ ਪੁਸਤਕ ਦੀ ਤੀਸਰੀ ਗ਼ਜ਼ਲ ਵਿਚ ਉਹ ਆਪਣੇ ਇਸ਼ਟ ਦੇ ਸਨਮੁੱਖ ਹੋ ਕੇ ਉਸ ਦਾ ਧੰਨਵਾਦ ਕਰਦਾ ਹੈ। ਚੌਥੀ ਗ਼ਜ਼ਲ ਵਿਚ ਉਸ ਨੇ ਆਪਣੀ ਜਨਮ ਭੂਮੀ ਨੂੰ ਯਾਦ ਕੀਤਾ ਹੈ। ਪੰਜਾਬੀ ਸਾਹਿਤ ਦੇ ਖ਼ੇਤਰ ਵਿਚ ਆਲੋਚਨਾ, ਸਾਹਿਤਕ ਪੱਤਰਕਾਰੀ ਤੇ ਸਨਮਾਨਾਂ ਦੇ ਪੱਧਰ ਦੀ ਹਾਲਤ ਪਤਲੀ ਹੈ ਜਿਸ ਕਾਰਨ ਸੈਣੀ ਵਰਗੇ ਗ਼ਜ਼ਲਕਾਰ ਨੂੰ ਸਾਹਿਤਕ ਪੈਂਤੜਿਆਂ ਬਾਰੇ ਸ਼ਿਅਰ ਕਹਿਣੇ ਪਏ ਹਨ। ਗ਼ਜ਼ਲਕਾਰ ਨੂੰ ਧਰਮ ਦੀ ਆੜ ਵਿਚ ਪਲ ਰਹੇ ਕਾਫ਼ਿਰਾਂ ਦਾ ਮਲਾਲ ਹੈ ਤੇ ਨੇਤਾਵਾਂ ਦੇ ਭੇਸ ਵਿਚ ਡਾਕੂ ਉਸ ਨੂੰ ਤਕਲੀਫ਼ ਦਿੰਦੇ ਹਨ। ਇਸ ਗ਼ਜ਼ਲ ਸੰਗ੍ਰਹਿ ਵਿਚ ਮੁਹੱਬਤ ਰੰਗ ਵੀ ਕਾਫ਼ੀ ਗੂੜ੍ਹਾ ਹੈ ਤੇ ਗ਼ਜ਼ਲਕਾਰ ਦੇ ਮੁਹੱਬਤੀ ਸ਼ਿਅਰ ਵੀ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ। ਉਸ ਨੂੰ ਜ਼ਿੰਦਗੀ ਦੇ ਖਿਲਾਰੇ ਭਾਵੇਂ ਚੰਗੇ ਨਹੀਂ ਲਗਦੇ ਪਰ ਬੇਤਰਤੀਬੇ ਤਾਰੇ ਪੁਰਕਸ਼ਿਸ਼ ਜਾਪਦੇ ਹਨ। ਇੰਜ ਜ਼ਿੰਦਗੀ ਦੀ ਰੌਸ਼ਨੀ ਵੱਲ ਅਗਰਸਰਤਾ ਗ਼ਜ਼ਲਕਾਰ ਦੀ ਗ਼ਜ਼ਲਕਾਰੀ ਦਾ ਆਧਾਰ ਹੈ। ਬਲਬੀਰ ਸਿੰਘ ਸੈਣੀ ਦੇ ਸ਼ਿਅਰ ਆਮ ਫ਼ਹਿਮ ਜ਼ਬਾਨ ਵਿਚ ਹਨ ਤੇ ਸਰਲਤਾ ਉਸ ਦੀਆਂ ਗ਼ਜ਼ਲਾਂ ਦੀ ਵਿਸ਼ੇਸ਼ ਖ਼ੂਬੀ ਹੈ। ਨਵੇਂ ਸ਼ਾਇਰਾਂ ਲਈ ਇਹ ਪੁਸਤਕ ਲਾਹੇਵੰਦੀ ਸਾਬਤ ਹੋ ਸਕਦੀ ਹੈ ਤੇ ਬਲਬੀਰ ਸਿੰਘ ਸੈਣੀ ਦੇ ਗ਼ਜ਼ਲ ਲੇਖਣ ਤੋਂ ਬਹੁਤ ਕੁਝ ਗ੍ਰਹਿਣ ਕੀਤਾ ਜਾ ਸਕਦਾ ਹੈ।


-ਗੁਰਦਿਆਲ ਰੌਸ਼ਨ
ਮੋ: 99884-44002


ਸਿਰਫ਼ ਤੂੰ

ਲੇਖਕ : ਸ਼ਰਨ ਜੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 199 ਰੁਪਏ, ਸਫ਼ੇ : 96
ਸੰਪਰਕ : 91157-08671.


ਸ਼ਾਇਰ ਸ਼ਰਨ ਜੀਤ ਦੀ ਪੁਸਤਕ 'ਸਿਰਫ਼ ਤੂੰ' ਸ਼ਾਇਰ ਦੀ ਸ਼ਾਇਰੀ ਦਾ ਪਲੇਠਾ ਪਰਾਗਾ ਹੈ। ਸ਼ਾਇਰ ਚੰਡੀਗੜ੍ਹ ਪੁਲਿਸ ਵਿਚ ਹੈੱਡ ਕਾਂਸਟੇਬਲ ਹੈ ਤੇ ਪੁਲਿਸ ਦੀ ਭੰਗੜੇ ਦੀ ਟੀਮ ਦਾ ਅਹਿਮ ਮੈਂਬਰ ਹੈ। ਪੁਲਿਸ ਦੀਆਂ ਸੇਵਾਵਾਂ ਹੀ ਕੁਝ ਇਹੋ ਜਿਹੀਆਂ ਹੁੰਦੀਆਂ ਹਨ ਜਿਥੇ ਸੁਭਾਅ ਅਕਸਰ ਕੁਰੱਖਤ ਹੋ ਜਾਂਦਾ ਹੈ। ਅਜਿਹੇ ਮਹਿਕਮੇ ਵਿਚ ਧੂੜਾਂ ਪੁੱਟ ਭੰਗੜਾ ਪਾਉਣਾ ਤੇ ਫਿਰ ਸ਼ਾਇਰ ਹੋ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਖੈਰ 'ਕੋਈ ਹਰਿਆ ਬੂਟ ਰਹਿਓ ਰੀ' ਸ਼ਾਇਰ ਦੀਆਂ ਸਾਰੀਆਂ ਨਜ਼ਮਾਂ ਗਣਿਤ ਦੇ ਹਿਸਾਬ ਨਾਲ 'ਮੈਂ+ਉਹ=ਸਿਰਫ ਤੂੰ' 'ਤੇ ਖਰੀਆਂ ਉਤਰਦੀਆਂ ਪ੍ਰਤੀਤ ਹੁੰਦੀਆਂ ਹਨ ਕਿਉਂਕਿ ਲਗਪਗ ਸਾਰੀਆਂ ਹੀ ਨਜ਼ਮਾਂ ਮੁਹੱਬਤੀ ਤਰੰਗਤ ਸ਼ਬਦਾਂ ਨਾਲ ਓਤਪੋਤ ਹਨ। ਸ਼ਾਇਰ ਪਾਕ ਦਾਮਨੀ ਹੋਣ ਦਾ ਭਰਮ ਨਹੀਂ ਪਾਲਦਾ ਤੇ ਸਵੈ ਕਥਨ ਕਰਦਾ ਹੈ ਕਿ ਉਹ ਅੱਜ ਆਪਣਾ ਆਪ ਹੀ ਚਿਤਰਗੁਪਤ ਹੈ ਤੇ ਆਪਣੇ ਲੇਖਾਂ ਦੇ ਵਹੀ ਖਾਤੇ ਅਨੁਸਾਰ ਆਪ ਹੀ ਨਰਕ ਸੁਰਗ ਦਾ ਫ਼ੈਸਲਾ ਕਰਦਾ ਹੈ। ਸ਼ਾਇਰ ਮੁਹੱਬਤ ਵਿਚ ਆਪਣੇ ਸੰਗੀ ਸਾਥੀ ਦੇ ਤਾਅਨੇ, ਮਿਹਣੇ ਅਤੇ ਮੰਨਣ ਮਨਾਉਣ ਦਾ ਬਾਖੂਬੀ ਵਿਖਿਆਨ ਕਰਦਾ ਹੈ। ਉਹ ਆਖਦਾ ਹੈ ਕਿ ਮੁਹੱਬਤ ਗੁਰਾਂ ਦੀ ਅਰਦਾਸ ਹੈ, ਪੰਜ ਵਕਤਾਂ ਦੀ ਨਮਾਜ਼ ਤੇ ਕੁਦਰਤ ਦਾ ਰਾਜ ਹੈ। ਸ਼ਾਇਰ ਦੇ ਕਥਨ ਅਨੁਸਾਰ ਕੁਦਰਤ ਵਲੋਂ ਬਖਸ਼ਿਸ਼ ਕੀਤੇ ਮੁਹੱਬਤ ਦੇ ਅਹਿਸਾਸ ਨੂੰ ਸੁਹਿਰਦਤਾ ਨਾਲ ਮਾਣਨਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦਾ ਹੋਰ ਕੋਈ ਬਦਲ ਨਹੀਂ ਹੈ। ਬਾਈਬਲ ਆਖਦੀ ਹੈ ਕਿ ਬੰਦਾ ਸਿਰਫ ਰੋਟੀ ਨਾਲ ਹੀ ਨਹੀਂ ਜਿਊਂਦਾ ਤੇ ਸ਼ਾਇਰ ਇਸ ਕਥਨ ਦੀ ਲੱਜ ਪਾਲਦਾ ਮਹਿਸੂਸ ਹੁੰਦਾ ਹੈ। ਸ਼ਾਇਰ ਜਦੋਂ ਮਾਤ ਭਾਸ਼ਾ ਪੰਜਾਬੀ 'ਤੇ ਸੁਚੇਤ ਰੂਪ ਵਿਚ ਜਦ ਉਰਦੂ ਦੀਆਂ ਟਾਕੀਆਂ ਲਾਉਂਦਾ ਹੈ ਤਾਂ ਭਾਸ਼ਾਈ ਕਚਿਆਈ ਰੜਕਦੀ ਹੈ ਤੇ ਨਿਕਟ ਭਵਿੱਖ ਵਿਚ ਇਸ ਤੋਂ ਗੁਰੇਜ਼ ਕਰਨਾ ਬਣਦਾ ਹੈ। ਸ਼ਾਇਰ ਨੂੰ ਮੇਰੀ ਸੁਹਿਰਦ ਸਲਾਹ ਹੈ ਕਿ ਜੇ ਸ਼ਾਇਰੀ ਦੀ ਪਗਡੰਡੀ 'ਤੇ ਤੁਰਨਾ ਹੈ ਤਾਂ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਨਿਠ ਕੇ ਅਧਿਐਨ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਸ਼ਾਇਰੀ ਬਿਹਤਰ ਕਲਾਤਮਿਕ ਪ੍ਰਗਟਾਵਾ ਕਰ ਸਕੇ।


-ਭਗਵਾਨ ਢਿੱਲੋਂ
ਮੋ: 98143-78254.


ਠੋਕਰਾਂ ਤੋਂ ਕਿਵੇਂ ਬਚੀਏ?
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94631-89432.


ਗੁਰਸ਼ਰਨ ਸਿੰਘ ਕੁਮਾਰ ਕਹਾਣੀ ਲੇਖਕ ਹੋਣ ਦੇ ਨਾਲ-ਨਾਲ ਇਕ ਚੰਗਾ ਵਾਰਤਾਕਾਰ ਵੀ ਹੈ। ਡੇਨੀਅਲ ਕਾਰਨੇਜੀ ਵਾਂਗ ਉਸ ਨੇ ਮਾਨਵੀ ਆਚਰਣ ਤੇ ਉਸ ਦੇ ਸੰਕਲਪਾਂ ਅਤੇ ਇਰਾਦਿਆਂ ਨੂੰ ਸੇਧ ਦੇਣ ਲਈ ਇਕ ਵਾਰਤਾ ਲੜੀ ਆਰੰਭੀ ਹੋਈ ਹੈ, ਜਿਸ ਦੇ ਲੇਖ 'ਹੌਸਲੇ ਬੁਲੰਦ ਰੱਖੋ' ਤੋਂ ਸ਼ੁਰੂ ਹੋ ਕੇ 'ਜ਼ਿੰਦਗੀ ਦੇ ਕਪਤਾਨ ਬਣੋ' ਤੱਕ ਫੈਲੇ ਹੋਏ ਹਨ। 'ਠੋਕਰਾਂ ਤੋਂ ਕਿਵੇਂ ਬਚੀਏ' ਪੁਸਤਕ ਇਸੇ ਲੜੀ ਦਾ ਇਕ ਹੋਰ ਮਣਕਾ ਹੈ ਜਿਸ ਵਿਚ ਲੇਖਕ ਨੇ ਸੱਚਾ ਸੁਚੱਜਾ ਤੇ ਉਸ ਦੇ ਠੋਕਰਾਂ ਤੋਂ ਬਚਣ ਲਈ ਕੁਝ ਟਿੱਪਣੀਆਂ ਕੀਤੀਆਂ ਹਨ।
ਇਸ ਪੁਸਤਕ ਵਿਚ ਕੁੱਲ 17 ਲੇਖ ਸ਼ਾਮਿਲ ਕੀਤੇ ਗਏ ਹਨ। ਉਹ ਆਪਣੀ ਵਾਰਤਾ ਇਕ ਸਿਆਣੇ ਮਨੁੱਖ ਵਾਂਗ ਕਰਦਾ ਹੈ ਜਿਸ ਦੀ ਮੁਦਰਾ ਹਮੇਸ਼ਾ ਪ੍ਰਵਚਨੀ ਹੁੰਦੀ ਹੈ। ਇਸ ਪੁਸਤਕ ਵਿਚ ਉਹ ਉਨ੍ਹਾਂ ਤਰੀਕਿਆਂ 'ਤੇ ਝਾਤ ਪੁਆਉਂਦਾ ਹੈ ਜਿਨ੍ਹਾਂ ਰਾਹੀਂ ਮਨੁੱਖ ਦਾ ਕਿਰਦਾਰ ਨਿੱਖਰਦਾ ਹੈ ਤੇ ਟੋਇਆਂ-ਟਿੱਬਿਆਂ ਵਿਚ ਅੜਕਣ ਦੀ ਬਜਾਏ ਸਿੱਧੀ ਜੀਵਨ ਯਾਤਰਾ ਦਾ ਪਾਂਧੀ ਬਣਦਾ ਹੈ। ਇਨ੍ਹਾਂ 17 ਵਾਰਤਾਵਾਂ ਵਿਚ ਉਹ ਕੁਝ ਸੰਕੇਤ ਕਰਦਾ ਹੈ। ਕੁਝ ਇਸ਼ਾਰੇ ਕਰਦਾ ਪ੍ਰਤੀਤ ਹੁੰਦਾ ਹੈ, ਜਿਨ੍ਹਾਂ ਰਾਹੀਂ ਮਨੁੱਖੀ ਜੀਵਨ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ, ਸੁੱਚਾ ਰੱਖਿਆ ਜਾ ਸਕਦਾ ਹੈ।
ਇਸ ਰਾਹ 'ਤੇ ਸਫਲ ਹੋਣ ਲਈ ਤੇ ਅੜਚਣਾਂ ਤੋਂ ਬਚਣ ਲਈ ਮਨੁੱਖ ਨੂੰ ਕੁਝ ਨੁਕਤਿਆਂ 'ਤੇ ਚੱਲਣਾ ਪਵੇਗਾ ਜਿਸ ਨਾਲ ਉਸ ਦੀ ਜ਼ਿੰਦਗੀ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਰਹੇ। ਆਪਣੇ ਹੁਨਰ ਦੀ ਪਛਾਣ ਕਰੋ। ਬੇਹੁਨਰੇ ਬੰਦੇ ਕਿਤੇ ਨਹੀਂ ਪਹੁੰਚਦੇ। ਸਲੀਕੇਦਾਰ ਤੇ ਮਿੱਠੀ ਭਾਸ਼ਾ ਦੀ ਵਰਤੋਂ ਕਰੋ। ਗੰਦੀ ਜ਼ਬਾਨ ਤੁਹਾਨੂੰ ਕਿਸੇ ਵੀ ਨਰਕ ਵਿਚ ਸੁੱਟ ਸਕਦੀ ਹੈ। ਆਕੜ ਦੀ ਥਾਂ ਨਿਮਰਤਾ ਦੀ ਵਰਤੋਂ ਕਰੋ। ਕਿਸਮਤ ਨਾਲੋਂ ਆਪਣੇ ਕਰਮ ਵਿਚ ਯਕੀਨ ਕਰੋ। ਦੂਸਰਿਆਂ ਦਾ ਸਹਾਰਾ ਲੱਭਣ ਨਾਲੋਂ ਆਪਣੇ ਪੈਰ ਮਜ਼ਬੂਤ ਜ਼ਮੀਨ 'ਤੇ ਟਿਕਾਉ। ਮਸ਼ਹੂਰ ਹੋ ਕੇ ਮਗਰੂਰ ਨਾ ਬਣੋ। ਨਜ਼ਰ ਨਾਲੋਂ ਨਜ਼ਰੀਏ ਵਿਚ ਯਕੀਨ ਕਰੋ। ਕਦੀ ਹਾਰ ਨਾ ਮੰਨੋ। ਚੜ੍ਹਦੀ ਕਲਾ ਵਿਚ ਰਹੋ।
ਉਸ ਦੀ ਸ਼ੈਲੀ ਬਹੁਤ ਰੰਗ-ਰੰਗੀਲੀ ਹੈ। ਉਹ ਆਪਣਾ ਹਰ ਲੇਖ ਕਿਸੇ ਟੂਕ, ਅਖਾਣ ਜਾਂ ਕਾਵਿ-ਟੋਟੇ ਨਾਲ ਕਰਦਾ ਹੈ। ਕਹਾਣੀਆਂ ਅਤੇ ਬਿਰਤਾਂਤ ਪੇਸ਼ ਕਰਦਾ ਹੈ। ਕਈ ਥਾਈਂ ਉਸ ਦੇ ਵਾਕ ਖ਼ੁਦ ਹੀ ਟੂਕਾਂ ਦਾ ਰੂਪ ਧਾਰ ਜਾਂਦੇ ਹਨ। ਵਾਰਤਕ ਬਹੁਤ ਸਾਦਾ ਪਰ ਗੰਭੀਰ ਟੋਨ ਵਾਲੀ ਹੈ। ਇਹੋ ਜਿਹੀਆਂ ਪੁਸਤਕਾਂ ਮਨੁੱਖ ਦੇ ਕਿਰਦਾਰ ਨੂੰ ਨਿਖਾਰਨ ਲਈ ਲਾਹੇਵੰਦੀਆਂ ਹੋ ਸਕਦੀਆਂ ਹਨ।


-ਕੇ. ਐਲ. ਗਰਗ
ਮੋ: 94635-37050.


ਦਿਲਬਰ ਦੇ ਚੌਕੇ ਛੱਕੇ
ਕਵੀ : ਹਰੀ ਸਿੰਘ 'ਦਿਲਬਰ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 093550-18434.


ਪੰਜਾਬੀ ਹਾਸਰਸ ਕਾਵਿ-ਵਿਧਾ ਦਾ ਜਾਣਿਆ-ਪਛਾਣਿਆ ਨਾਂਅ ਹੈ ਹਰੀ ਸਿੰਘ 'ਦਿਲਬਰ'। ਉਸ ਦੀਆਂ ਉਮਦਾ ਵਿਅੰਗਾਤਮਕ ਕਵਿਤਾਵਾਂ, ਕਾਵਿਕ ਚੌਕੇ ਛੱਕੇ, ਸਾਹਿਤਕ ਪ੍ਰੇਮੀ ਬੜੀ ਰੀਝ ਨਾਲ ਸੁਣਦੇ, ਪੜ੍ਹਦੇ ਹਨ। ਆਪਣੀ ਵਿਲੱਖਣ ਸ਼ੈਲੀ ਰਾਹੀਂ 'ਦਿਲਬਰ' ਸਮਾਜਿਕ, ਆਰਥਿਕ, ਰਾਜਸੀ ਦੰਭਾਂ, ਗ਼ਲਤ ਮਾਨਤਾਵਾਂ ਅਤੇ ਦੁਬਿਧਾ ਵਿਚੋਂ ਕੱਢ ਕੇ ਪਾਠਕ/ਸਰੋਤੇ ਨੂੰ ਹਲਕਾ ਫੁੱਲ ਕਰ ਦਿੰਦਾ ਹੈ। ਉਸ ਦੀ ਕਾਵਿਕ ਸ਼ੈਲੀ ਸਮਾਜਿਕ ਸਰੋਕਾਰਾਂ ਨਾਲ ਨੇੜਿਓਂ ਜੁੜੀ ਹੋਈ ਹੈ। ਸਮਾਜ ਨੂੰ ਹਰ ਪ੍ਰਕਾਰ ਦੀ ਬੁਰਾਈ ਤੋਂ ਨਿਜਾਤ ਦਿਵਾ ਕੇ ਇਕ ਨਰੋਏ ਸਮਾਜ ਦੀ ਸਿਰਜਣਾ ਉਸ ਦੀ ਲੋਚਾ ਰਹੀ ਹੈ। ਆਓ ਵੇਖਦੇ ਹਾਂ ਉਸ ਦੀਆਂ ਪ੍ਰਬਲ, ਪ੍ਰੋੜ੍ਹ ਤੇ ਸੁਤੇਸਿੱਧ ਅਸਰ ਕਰਨ ਵਾਲੀਆਂ ਵਿਅੰਗਾਤਮਕ/ਹਾਸਰਸ ਕਾਵਿਕ ਚੌਕਿਆਂ ਚੱਕਿਆਂ ਦੀਆਂ ਕੁਝ ਵੰਨਗੀਆਂ, ਵਧ ਰਹੇ ਆਰਥਿਕ ਪਾੜੇ 'ਤੇ ਚੋਟ ਕਰਦੀਆਂ ਸਤਰਾਂ, ਵੇਖੋ-
ਆਜ਼ਾਦੀ ਤਾਂ ਆਈ ਹੈ ਪਰ,
ਆਉਂਦੀ ਚੜ੍ਹ ਗਈ ਕਾਰਾਂ ਅੰਦਰ।
ਇਨਕਲਾਬ ਖੜਾ ਹੈ ਅੱਜ ਵੀ,
ਰਾਸ਼ਨ ਦੀਆਂ ਕਤਾਰਾਂ ਅੰਦਰ। (ਪੰਨਾ 78)
-- -- -- -- -- -- --
ਜੰਗਾਲ ਲੱਗ ਕੇ ਮਰ ਜਾਣ ਨਾਲੋਂ।
ਘਸ ਘਸ ਕੇ ਮਰ ਜਾਣਾ ਚੰਗਾ। (ਪੰਨਾ 79)
(ਸਵੈ ਉਤੇ ਕਟਾਖ਼ਸ਼)
-ਇਕ ਹਰੀ ਸਿੰਘ ਨਲਵਾ ਜੀ ਨੇ, ਮਾਂਜੇ ਸੀ ਜ਼ਾਲਿਮ,
'ਦਿਲਬਰ' ਮੈਂ ਹਰੀ ਸਿੰਘ, ਕੜ੍ਹਾਹੀਆਂ ਮਾਂਜਦਾ ਹਾਂ।
(ਲਾਹੌਰ 'ਚ ਰਚਿਤ ਪਹਿਲਾ ਇਬਤਾਈ ਚੌਕਾ)
(ਪੰਨਾ 77)
-ਹਰੀਆਂ ਸਬਜ਼ੀਆਂ ਖਾਂਦੇ ਰਹੋ।
ਸੂਈ 'ਚ ਧਾਗਾ ਪਾਂਦੇ ਰਹੋ। (ਪੰਨਾ 63)
-ਕੰਮ ਚੰਗੇ ਚੰਗੇ ਕਰੋ, ਨਹੀਂ ਲੋਕ ਕਹਿਣਗੇ,
ਗੋਰੇ ਗਏ, ਕਾਲੇ ਅੰਗਰੇਜ਼ ਆ ਗਏ।
-ਅਜੋਕੇ ਦੌਰ ਦੇ ਦੋਗਲੇਪਨ ਦਾ ਪਾਜ,
ਦਿਲਬਰ, ਇੰਜ ਉਘੇੜਦਾ ਹੈ।
'ਦਿਲਬਰ' ਜਿਸ ਨਾਲ ਵਿਆਹ ਕਰੂੰਗੀ।
ਉਸ ਨਾਲ ਇਹ ਸ਼ਰਤ ਵੀ ਰੱਖੂੰ।
ਬੁਆਏ ਫਰੈਂਡ ਵੀ ਰੱਖੂੰਗੀ, ਤੇ ਕਰਵਾ ਚੌਥ ਵੀ ਰੱਖੂੰ।
-ਜੰਗਲ 'ਚ ਵੀ ਘਰ ਬਾਰ ਹੋਇਆ ਕਰਦੇ ਨੇ।
ਗ਼ਰੀਬ ਵੀ ਦਿਲਦਾਰ ਹੋਇਆ ਕਰਦੇ ਨੇ।
ਸਰਦਾਰ ਪਟੇਲ ਦੀ ਫੋਟੋ ਦੱਸ ਰਹੀ ਏ।
ਗੰਜੇ ਵੀ, ਸਰਦਾਰ ਹੋਇਆ ਕਰਦੇ ਨੇ। (ਪੰਨਾ 20)
-ਹਰੀ ਸਿੰਘ 'ਦਿਲਬਰ' ਦੀ ਇਸ ਪੁਸਤਕ ਨੂੰ ਪੜ੍ਹਨ ਬੈਠੋਗੇ ਤਾਂ ਪੂਰੀ ਪੜ੍ਹ ਕੇ ਹੀ ਉਠੋਗੇ।


-ਤੀਰਥ ਸਿੰਘ ਢਿੱਲੋਂ
ਮੋ: 98154-61710.


ਏਕ ਥਾ ਜੌਨ ਏਲੀਆ

ਅਨੁਵਾਦਕ ਤੇ ਸੰਪਾਦਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 85
ਸੰਪਰਕ : 94654-64502.


ਝੂਠੀ ਹਮਦਰਦੀ ਅਤੇ ਤਸੱਲੀ ਦੀ ਲਾਲਸਾ ਮਨੁੱਖ ਨੂੰ ਦੁਖੀ ਰਹਿਣ ਦਾ ਹੁਨਰ ਸਿਖਾ ਦਿੰਦੀ ਹੈ। ਅਜਿਹੀ ਮਾਨਸਿਕਤਾ ਦਾ ਆਦੀ ਹੋਇਆ ਮਨੁੱਖ ਕਿਸੇ ਵੀ ਹਾਲਤ ਵਿਚ ਆਪਣੇ ਆਪੇ ਸਿਰਜੇ ਇਸ ਚੱਕਰਵਿਊ ਵਿਚੋਂ ਬਾਹਰ ਨਿਕਲਣਾ ਪ੍ਰਵਾਨ ਨਹੀਂ ਕਰਦਾ। ਉੱਘੇ ਲੇਖਕ ਅਤੇ ਆਲੋਚਕ ਜਗਵਿੰਦਰ ਯੋਧਾ ਵਲੋਂ ਅਨੁਵਾਦਿਤ ਅਤੇ ਸੰਪਾਦਿਤ ਗ਼ਜ਼ਲ-ਸੰਗ੍ਰਹਿ 'ਏਕ ਥਾ ਜੌਨ ਏਲੀਆ' ਵਿਚ ਸ਼ਾਮਿਲ ਗ਼ਜ਼ਲ ਦਾ ਇਹ ਸ਼ਿਅਰ ਸ਼ਾਇਦ ਅਜਿਹੀ ਹੀ ਕਿਸੇ ਅਵਸਥਾ ਦੀ ਤਰਜਮਾਨੀ ਕਰਦਾ ਪ੍ਰਤੀਤ ਹੁੰਦਾ ਹੈ-
ਦਲੀਲੋਂ ਸੇ ਦਵਾ ਕਾ ਕਾਮ ਲੇਨਾ ਸਖ਼ਤ ਮੁਸ਼ਕਿਲ ਹੈ,
ਮਗਰ ਇਸ ਗ਼ਮ ਕੀ ਖ਼ਾਤਰ ਯੇ ਹੁਨਰ ਭੀ ਸੀਖਨਾ ਹੋਗਾ।
ਅਸੀਂ ਦੇਖਦੇ ਹਾਂ ਕਿ ਅਜੋਕੇ ਪੂੰਜੀਵਾਦੀ ਰਾਜ-ਪ੍ਰਬੰਧ ਵਿਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਹੋਰ ਗ਼ਰੀਬ। ਇਕ ਪਾਸੇ ਉੱਚੇ-ਉੱਚੇ ਪੁਲ, ਚੌੜੀਆਂ-ਚੌੜੀਆਂ ਸੜਕਾਂ ਅਤੇ ਵੱਡੇ-ਵੱਡੇ ਭਵਨ ਉਸਾਰੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਕ ਆਮ ਆਦਮੀ ਲਈ ਦੋ ਵੇਲਿਆਂ ਦੀ ਰੋਟੀ ਦਾ ਜੁਗਾੜ ਕਰਨਾ ਵੀ ਸਮਰੱਥਾ ਤੋਂ ਬਾਹਰ ਹੋ ਗਿਆ ਹੈ। ਇਹ ਵੀ ਸਾਡੇ ਸਮਿਆਂ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਅਜੇ ਵੀ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਨਾਲੋਂ ਗਲੀਆਂ ਵਿਚ ਪੱਥਰ ਲਗਵਾਉਣ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ-
ਬਹੁਤ ਬਦ-ਹਾਲ ਹੈਂ ਬਸਤੀ ਤੇਰੇ ਲੋਗ,
ਤੋ ਫਿਰ ਤੂ ਕਯੋਂ ਸੰਵਾਰੀ ਜਾ ਰਹੀ ਹੈ।
ਜੌਨ ਏਲੀਆ 14 ਦਸੰਬਰ, 1931 ਤੋਂ 8 ਨਵੰਬਰ, 2002 ਤੱਕ ਸਾਹਿਤਕ ਸੁਗੰਧਾਂ ਵੰਡਦੇ ਰਹੇ ਉੱਘੇ ਪਾਕਿਸਤਾਨੀ ਸ਼ਾਇਰ, ਜੀਵਨੀਕਾਰ ਅਤੇ ਫ਼ਿਲਾਸਫ਼ਰ ਸਨ, ਜਿਨ੍ਹਾਂ ਨੂੰ ਅਰਬੀ, ਫ਼ਾਰਸੀ, ਇਬਨਾਨੀ, ਅੰਗਰੇਜ਼ੀ ਅਤੇ ਸੰਸਕ੍ਰਿਤ ਵਿਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਉਨ੍ਹਾਂ ਦੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦੇ ਕੀਤੇ ਗਏ ਇਸ ਵਡਮੁੱਲੇ ਕਾਰਜ ਲਈ ਜਗਵਿੰਦਰ ਯੋਧਾ ਵਧਾਈ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੇ ਇਸ ਨਿੱਗਰ ਉਪਰਾਲੇ ਦਾ ਹਾਰਦਿਕ ਸਵਾਗਤ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027

06-02-2021

 ਸੂਲੀ ਟੁੰਗੇ ਸੂਰਜ
ਗ਼ਜ਼ਲਕਾਰ : ਆਤਮਾ ਰਾਮ ਰੰਜਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 94787-02793.

ਪੰਜਾਬੀ ਗ਼ਜ਼ਲ ਦੀ ਸਿਰਜਣਾ ਵਿਚ ਪਹਿਲਾਂ ਨਾਲੋਂ ਬਹੁਤ ਵੱਡਾ ਅੰਤਰ ਮਹਿਸੂਸਿਆ ਜਾ ਸਕਦਾ ਹੈ। ਹੁਣ ਇਹ ਮਹਿਜ਼ ਮੁਹੱਬਤ ਦੁਆਲੇ ਹੀ ਕੇਂਦਰਿਤ ਨਹੀਂ ਹੈ। ਗ਼ਜ਼ਲਕਾਰਾਂ ਦਾ ਇਕ ਵੱਡਾ ਹਿੱਸਾ ਲੋੜਾਂ ਥੁੜਾਂ ਵਾਲੇ ਲੋਕ ਮਨਾਂ ਦੀ ਵਿਆਖਿਆ ਆਪਣੇ ਸ਼ਿਅਰਾਂ ਵਿਚ ਵੱਡੀ ਪੱਧਰ 'ਤੇ ਕਰ ਰਿਹਾ ਹੈ। ਇਸ ਨਾਲ ਪੰਜਾਬੀ ਗ਼ਜ਼ਲ ਵਿਚ ਵੰਨ-ਸੁਵੰਨਤਾ ਤਾਂ ਆਈ ਹੀ ਹੈ ਨਾਲ-ਨਾਲ ਪੰਜਾਬੀ ਗ਼ਜ਼ਲ ਦਾ ਘੇਰਾ ਵੀ ਵਿਸਤ੍ਰਿਤ ਹੋਇਆ ਹੈ। ਆਤਮਾ ਰਾਮ ਰੰਜਨ ਵੀ ਅਜਿਹੀ ਸ਼੍ਰੇਣੀ ਦਾ ਗ਼ਜ਼ਲਕਾਰ ਹੈ। 'ਸੂਲੀ ਟੁੰਗੇ ਸੂਰਜ' ਜਿਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਉਸ ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੀ ਆਪਣੀ ਪਿੱਠਭੂਮੀ ਨਿਰੋਲ ਪਿੰਡਾਂ ਨਾਲ ਸਬੰਧਿਤ ਹੈ ਤੇ ਉਹ ਪੇਂਡੂ ਧਰਾਤਲ 'ਚੋਂ ਪੈਦਾ ਹੋਇਆ ਗ਼ਜ਼ਲਕਾਰ ਹੈ।
ਗ਼ਜ਼ਲ ਦੀ ਇਕ ਸੀਮਾ ਹੁੰਦੀ ਹੈ ਤੇ ਸੀਮਾ ਦਾ ਖ਼ਿਆਲ ਰੱਖਦਿਆਂ ਹੋਇਆਂ ਮਾਨਵੀ ਮਸਲਿਆਂ ਨੂੰ ਉਭਾਰਨਾ ਇਕ ਹੁਨਰ ਹੈ। ਇਹ ਹੁਨਰ ਰੰਜਨ ਦੀਆਂ ਗ਼ਜ਼ਲਾਂ ਵਿਚ ਸਹਿਜੇ ਦੇਖਿਆ ਜਾ ਸਕਦਾ ਹੈ। ਉਸ ਦੇ ਸ਼ਿਅਰ ਲੁੱਟੇ-ਪੁੱਟੇ ਜਾ ਰਹੇ ਲੋਕਾਂ ਦੇ ਨਾਲ ਖੜ੍ਹਦੇ ਹਨ ਤੇ ਇਨ੍ਹਾਂ ਵਿਚ ਧੁੰਦਲੀਆਂ ਰੌਸ਼ਨੀਆਂ ਦੀ ਥਾਂ ਧੁੱਪ ਵਾਂਗ ਖਿੜੀ ਰੌਸ਼ਨੀ ਦੀ ਜਗਮਗਾਹਟ ਹੈ। ਉਹ ਵਿਚਾਰਾਂ ਵਿਚ ਸਪੱਸ਼ਟਤਾ, ਸਰਲਤਾ ਤੇ ਹੁਨਰਮੰਦੀ ਨੂੰ ਬਰਾਬਰ ਰੱਖਦਾ ਹੈ। ਉਸ ਦੀਆਂ ਗ਼ਜ਼ਲਾਂ ਆਮ ਪਾਠਕ ਦੀ ਸਮਝ ਆਉਂਦੀਆਂ ਹਨ ਤੇ ਪੜ੍ਹਦਿਆਂ ਹੋਇਆਂ ਅਰਥ ਤਲਾਸ਼ਣ ਲਈ ਤਰੱਦਦ ਨਹੀਂ ਕਰਨਾ ਪੈਂਦਾ। ਅਜੋਕੀ ਦਲਦਲੀ ਸਿਆਸਤ ਤੇ ਇਸ ਦੇ ਜਨਜੀਵਨ 'ਤੇ ਪ੍ਰਭਾਵ ਰੰਜਨ ਦੀ ਗ਼ਜ਼ਲਗੋਈ ਦੇ ਮੁੱਖ ਧੁਰੇ ਹਨ। ਰੰਜਨ ਸਿਆਸਤ ਨੂੰ ਸ਼ੈਤਾਨਾਂ ਦੀ ਖੇਡ ਮੰਨਦਾ ਹੈ ਜਿਸ ਨੇ ਸਮਾਜ ਦਾ ਵਿਕਾਸ ਨਹੀਂ ਹਮੇਸ਼ਾ ਵਿਨਾਸ਼ ਕੀਤਾ ਹੈ। ਉਹ ਲੋਕਾਂ ਨੂੰ ਜਾਗ੍ਰਿਤ ਕਰਦਾ ਹੈ ਤੇ ਹੱਕਾਂ ਪ੍ਰਤੀ ਜੂਝਣ ਦੀ ਪ੍ਰੇਰਨਾ ਦਿੰਦਾ ਹੈ। ਨਸ਼ੇ, ਖ਼ੁਦਕਸ਼ੀਆਂ ਤੇ ਬੇਰੁਜ਼ਗਾਰੀ ਉਸ ਦੇ ਸ਼ਿਅਰਾਂ ਵਿਚ ਤੁੰਨੇ ਹੋਏ ਨਹੀਂ ਮਿਲਦੇ ਸਗੋਂ ਸਹਿਜਤਾ ਦੇ ਨਾਲ ਸ਼ਾਮਿਲ ਹੋਏ ਮਹਿਸੂਸ ਹੁੰਦੇ ਹਨ। ਮੁਹੱਬਤ ਜ਼ਿੰਦਗੀ ਦੀ ਪ੍ਰਮੁੱਖ ਜ਼ਰੂਰਤ ਹੈ ਤੇ ਕਿਤੇ-ਕਿਤੇ ਰੰਜਨ ਨੇ ਵੀ ਮੁਹੱਬਤੀ ਰੰਗ ਦੀਆਂ ਗ਼ਜ਼ਲਾਂ ਕਹੀਆਂ ਹਨ।
ਲੋਕ ਪੱਖੀ ਸਿਰਜਣਾ ਕਰਦਿਆਂ ਕਈ ਵਾਰ ਗ਼ਜ਼ਲ ਦੀਆਂ ਸੀਮਾਵਾਂ ਦਾ ਉਲੰਘਣ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਪਰ ਰੰਜਨ ਨੇ ਸੁਚੇਤ ਹੋ ਕੇ ਲਿਖਿਆ ਹੈ। ਸ਼ਿਅਰਾਂ ਵਿਚ ਕਿਤੇ-ਕਿਤੇ ਕਾਹਲ ਕੀਤੀ ਗਈ ਮਹਿਸੂਸ ਹੁੰਦੀ ਹੈ ਪਰ ਫਿਰ ਵੀ 'ਸੂਲੀ ਟੁੰਗੇ ਸੂਰਜ' ਰੰਜਨ ਦੀ ਵਧੀਆ ਪੇਸ਼ਕਾਰੀ ਹੈ।

ਗੁਰਦਿਆਲ ਰੌਸ਼ਨ
ਮੋ: 99884-44002

ਏਹ ਵੀ ਪੈੜਾਂ ਪਾ ਗਏ
(ਡਾ: ਅਮਰ ਕੋਮਲ ਸ਼ਬਦ-ਚਿੱਤਰ)
ਸੰਪਾਦਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 099588-31357.

ਡਾ: ਬਲਦੇਵ ਸਿੰਘ ਬੱਦਨ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਪੰਜਾਬੀ ਸਾਹਿਤ ਦੇ ਬਹੁਵਿਧਾਈ ਲੇਖਕ ਡਾ: ਅਮਰ ਕੋਮਲ ਦੁਆਰਾ ਰਚਿਤ 15 ਸ਼ਬਦ-ਚਿੱਤਰ ਸੰਕਲਿਤ ਹਨ, ਜੋ ਸਮੇਂ-ਸਮੇਂ ਵਿਭਿੰਨ ਪੁਸਤਕਾਂ ਜਾਂ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਪੁਸਤਕ ਦੇ ਆਰੰਭ ਵਿਚ ਡਾ: ਬੱਦਨ ਨੇ ਸ਼ਬਦ-ਚਿੱਤਰਾਂ ਦੀ ਵਿਧਾ ਦਾ ਇਕ ਵਿਸਤ੍ਰਿਤ ਆਲੋਚਨਾਤਮਕ ਇਤਿਹਾਸ ਵੀ ਲਿਖਿਆ ਹੈ, ਜੋ ਇਸ ਵਿਧਾ ਵਿਚ ਹੋਰ ਅੱਗੇ ਕੰਮ ਕਰਨ ਵਾਲੇ ਲੇਖਕਾਂ ਅਤੇ ਵਿਦਿਆਰਥੀਆਂ ਲਈ ਸ੍ਰੋਤ-ਸਮੱਗਰੀ ਦੀ ਭੂਮਿਕਾ ਨਿਭਾਏਗਾ। ਸੰਪਾਦਕ ਅਨੁਸਾਰ ਰੇਖਾ/ਸ਼ਬਦ ਚਿੱਤਰਾਂ ਦੀ ਵਿਧੀਵਤ ਪਰੰਪਰਾ ਬਲਵੰਤ ਗਾਰਗੀ ਰਚਿਤ 'ਨਿੰਮ ਦੇ ਪੱਤੇ' ਦੇ ਪ੍ਰਕਾਸ਼ਨ ਨਾਲ ਸ਼ੁਰੂ ਹੋਈ ਸੀ ਅਤੇ ਹੁਣ ਇਹ ਪਰੰਪਰਾ ਬੇਹੱਦ ਵਿਕਸਿਤ ਹੋ ਚੁੱਕੀ ਹੈ। ਸੁਹਿਰਦਤਾ, ਨਿਰਛਲਤਾ, ਇਮਾਨਦਾਰੀ ਅਤੇ ਲਾਲਸਾਮੁਕਤ ਲੇਖਣ ਡਾ: ਅਮਰ ਕੋਮਲ ਦੀ ਸ਼ਬਦ-ਚਿੱਤਰ ਕਲਾ ਦੇ ਕੁਝ ਵਿਸ਼ਿਸ਼ਟ ਲੱਛਣ ਹਨ। ਡਾ: ਅਮਰ ਕੋਮਲ ਨੇ ਕੁਝ ਵਰ੍ਹੇ ਸਕੂਲ-ਅਧਿਆਪਨ ਕਰਕੇ ਕਾਲਜ ਦੇ ਪ੍ਰੋਫੈਸਰ ਵਜੋਂ 1976 ਈ: ਵਿਚ ਕੰਮ ਸ਼ੁਰੂੁ ਕੀਤਾ ਸੀ। ਉਨ੍ਹਾਂ ਨੇ ਰਾਜਿੰਦਰਾ ਕਾਲਜ ਬਠਿੰਡਾ, ਰਣਬੀਰ ਕਾਲਜ ਸੰਗਰੂਰ ਅਤੇ ਮਹਿੰਦਰਾ ਕਾਲਜ ਪਟਿਆਲਾ ਦੇ ਰਿਆਸਤੀ ਕਾਲਜਾਂ ਵਿਚ ਲਗਪਗ 15 ਵਰ੍ਹੇ ਪੜ੍ਹਾਇਆ ਪਰ ਸੇਵਾਮੁਕਤੀ ਤੋਂ ਉਪਰੰਤ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਰਕਰਾਰ ਰੱਖਿਆ ਅਤੇ ਬੇਸ਼ੁਮਾਰ ਪੁਸਤਕਾਂ ਦੀ ਰਚਨਾ ਕੀਤੀ। ਇਸ ਪੁਸਤਕ ਵਿਚ ਉਨ੍ਹਾਂ ਨੇ ਕੁਝ ਅਜਿਹੇ ਕਰਮੱਠ ਲੇਖਕਾਂ ਦੇ ਵਿਅਕਤਿੱਤਵ ਨੂੰ ਪ੍ਰਕਾਸ਼ਮਾਨ ਕੀਤਾ ਹੈ, ਜਿਨ੍ਹਾਂ ਨੂੰ ਪ੍ਰਮਾਣਿਕ ਸਾਹਿਤ ਦੀ ਰਚਨਾ ਕਰਨ ਦੇ ਬਾਵਜੂਦ 'ਮਹੰਤ-ਮੰਡਲੀ' ਨੇ ਨਜ਼ਰ-ਅੰਦਾਜ਼ ਕਰੀ ਰੱਖਿਆ ਹੈ। ਅਜਿਹੇ ਅਣਗੌਲੇ ਕਰੀ ਰੱਖੇ ਸਾਹਿਤਕਾਰਾਂ ਵਿਚ ਕਿੱਸਾਕਾਰ ਪ੍ਰੋ: ਕਰਮ ਸਿੰਘ ਬਠਿੰਡਾ, ਬੁੱਧੀਮਾਨ ਆਲੋਚਕ ਧਰਮ ਪਾਲ ਸਿੰਗਲ, ਪ੍ਰਿੰ: ਕਰਤਾਰ ਸਿੰਘ ਕਾਲੜਾ, ਗਲਪਕਾਰ ਤੇ ਕਵੀ ਰਾਮਨਾਥ ਸ਼ੁਕਲਾ, ਅਨੁਵਾਦਕ ਅਤੇ ਆਲੋਚਕ ਜਗਦੀਸ਼ ਕੌਰ ਵਾਡੀਆ, ਪ੍ਰਮੁੱਖ ਕਹਾਣੀਕਾਰ ਅਤੇ ਕਥਾ-ਆਲੋਚਕ : ਡਾ: ਜੋਗਿੰਦਰ ਸਿੰਘ ਨਿਰਾਲਾ, ਗ਼ਜ਼ਲਕਾਰ ਸੁਲੱਖਣ ਸਰਹੱਦੀ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਪ੍ਰਮੁੱਖ ਖੋਜੀ ਅਤੇ ਸੰਪਾਦਕ : ਡਾ: ਗੁਰਮੁਖ ਸਿੰਘ, ਪ੍ਰਗਤੀਸ਼ੀਲ ਪੱਤਰਕਾਰ : ਜਗੀਰ ਸਿੰਘ ਜਗਤਾਰ, ਰਾਮ ਮੂਰਤ ਸਿੰਘ, ਸੁਰਜੀਤ ਸਿੰਘ ਪੰਛੀ, ਨਿਬੰਧਕਾਰ ਅਤੇ ਸੱਭਿਆਚਾਰਕ ਖੋਜੀ : ਪਰਮਜੀਤ ਕੌਰ ਸਰਹਿੰਦ, ਭਾਰਤ ਦੇ ਸਭ ਤੋਂ ਵੱਡੇ ਸਾਹਿਤਕਾਰ ਅਦਾਰੇ ਦਾ ਸੇਵਾਮੁਕਤ ਮੁਖੀ : ਡਾ: ਬਲਦੇਵ ਸਿੰਘ ਬੱਦਨ ਅਤੇ ਡਾ: ਜਗੀਰ ਸਿੰਘ ਢੇਸੀ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਨਾਲ ਭਰਪੂਰ ਸ਼ਬਦ-ਚਿੱਤਰ ਲਿਖੇ ਗਏ ਹਨ। ਹਰ ਸ਼ਬਦ-ਚਿੱਤਰਕਾਰ ਜਦੋਂ ਇਸ ਵਿਧਾ ਵਿਚ ਕੋਈ ਲੇਖ ਲਿਖਦਾ ਹੈ ਤਾਂ ਉਹ ਕਾਫੀ ਕੁਝ ਆਪਣੇ ਬਾਰੇ ਵੀ ਲਿਖ ਜਾਂਦਾ ਹੈ। ਘੱਟੋ-ਘੱਟ ਉਹ ਉਨ੍ਹਾਂ ਕਦਰਾਂ-ਕੀਮਤਾਂ ਨੂੰ ਤਾਂ ਜ਼ਰੂਰ ਪ੍ਰਕਾਸ਼ਮਾਨ ਕਰ ਜਾਂਦਾ ਹੈ, ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਉਸ ਨੂੰ ਖ਼ੁਦ ਨੂੰ ਵਿਸ਼ਵਾਸ ਹੁੰਦਾ ਹੈ। ਅਮਰ ਕੋਮਲ ਮਿਹਨਤ, ਸਚਾਈ, ਸੁਹਿਰਦਤਾ, ਸਾਦਗੀ, ਉਦੇਸ਼ ਪ੍ਰਤੀ ਸਮਰਪਣ, ਮਾਨਵਤਾ ਦੀ ਭਲਾਈ ਅਤੇ ਜਨ-ਕਲਿਆਣ ਨੂੰ ਕਿਸੇ ਲੇਖਕ ਦੇ ਪ੍ਰਮੁੱਖ ਲੱਛਣ ਮੰਨਦਾ ਹੈ। ਧੜੇਬੰਦੀ, ਦਿਖਾਵਾ, ਨਸ਼ੇਬਾਜ਼ੀ, ਵਿਦਿਆਰਥੀ-ਵਿਦਿਆਰਥਣਾਂ ਦਾ ਸ਼ੋਸ਼ਣ ਆਦਿ ਰੁਚੀਆਂ ਉਸ ਦੇ ਸ਼ਬਦ-ਕੋਸ਼ ਵਿਚ ਸ਼ਾਮਿਲ ਨਹੀਂ ਹਨ। ਪਰ ਅਜੋਕਾ ਯੁੱਗ ਇਨ੍ਹਾਂ ਰੁਚੀਆਂ ਨੂੰ ਹੀ ਲੇਖਕਾਂ ਅਤੇ ਕਲਾਕਾਰਾਂ ਦੇ ਪਛਾਣ-ਚਿੰਨ੍ਹ ਬਣਾਈ ਬੈਠਾ ਹੈ। ਉਪਭੋਗਤਾਵਾਦ ਅਤੇ ਪ੍ਰਦਰਸ਼ਨਵਾਦ ਨੇ ਜੀਵਨ ਦੀਆਂ ਸਾਰੀਆਂ ਸ਼ਾਸ਼ਵਤ ਕਦਰਾਂ-ਕੀਮਤਾਂ ਉੱਪਰ ਕਾਂਟੇ ਦੇ ਨਿਸ਼ਾਨ ਲਾ ਦਿੱਤਾ ਹੈ ਪਰ ਅਮਰ ਕੋਮਲ ਵਰਗੀਆਂ ਸਤਿਯੁਗੀ ਰੂਹਾਂ ਨੇ ਅਜੇ ਵੀ 'ਸੱਤਿਅਮ, ਸ਼ਿਵਮ ਅਤੇ ਸੁੰਦਰਮ' ਦੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੈਗ਼ਾਮ-ਏ-ਬਾਬਾ ਨਾਨਕ ''ਸ੍ਰੀ ਜਪੁਜੀ ਸਾਹਿਬ''
ਮੂਲ ਰੂਪ ਅਤੇ ਵਿਆਖਿਆ ਸਹਿਤ (ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ)
ਲੇਖਕ/ਸੰਪਾਦਕ : ਜਗਦੀਸ਼ ਸਿੰਘ
ਪ੍ਰਕਾਸ਼ਕ : ਸੰਤ ਸਿੰਘ ਸੁੱਖਾ ਸਿੰਘ ਗਰੁੱਪ ਆਫ ਸਕੂਲਜ਼ ਅਤੇ ਕਾਲਜਿਜ਼, ਅੰਮ੍ਰਿਤਸਰ
ਭੇਟਾ : 250 ਰੁਪਏ, ਸਫ਼ੇ : 100

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਸ੍ਰੀ ਜਪੁਜੀ ਸਾਹਿਬ ਦੀ ਅਰਥ-ਬੋਧ ਅਤੇ ਵਿਆਖਿਆ ਨਾਲ ਸਬੰਧਿਤ ਅਨੇਕਾਂ ਭਾਸ਼ਾਵਾਂ ਵਿਚ ਵੱਡੀ ਗਿਣਤੀ ਵਿਚ ਪੁਸਤਕਾਂ ਮਿਲਦੀਆਂ ਹਨ। ਮੌਜੂਦਾ ਪੁਸਤਕ ਜਗਤ ਗੁਰੂ ਬਾਬਾ ਨਾਨਕ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਹੈ। ਇਸ ਪੁਸਤਕ ਦੇ ਲੇਖਕ ਤੇ ਸੰਪਾਦਕ ਜਗਦੀਸ਼ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਾਣਕਾਰੀ ਭਰਪੂਰ ਰਚਨਾਵਾਂ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਲੇਖਕ ਅਤੇ ਸੰਪਾਦਕੀ ਬੋਰਡ ਦੇ ਮੈਂਬਰਾਂ ਨੇ ਸੰਤ ਸਿੰਘ ਸੁੱਖਾ ਸਿੰਘ ਸਿੱਖਿਆ ਸੰਸਥਾਵਾਂ ਵਲੋਂ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਕੇ ਵਡਮੁੱਲਾ ਕਾਰਜ ਕੀਤਾ ਹੈ। ਜਿਹੜੇ ਪਾਠਕ ਗੁਰਮੁਖੀ ਅੱਖਰਾਂ ਨੂੰ ਪੜ੍ਹਨ ਤੋਂ ਅਸਮਰੱਥ ਹਨ, ਉਨ੍ਹਾਂ ਲਈ ਅੰਗਰੇਜ਼ੀ ਵਿਚ ਵਿਆਖਿਆ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਸ੍ਰੀ ਜਪੁਜੀ ਸਾਹਿਬ ਦੇ ਸਾਰ-ਅੰਸ਼ ਵਿਚ ਪੰਛੀ ਝਾਤ ਪਾਉਂਦਿਆਂ ਸੰਪਾਦਕ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਪ੍ਰਭੂ-ਨਿਰੰਕਾਰ ਇਕ ਹੈ, ਉਹ ਸਰਬ ਵਿਆਪਕ ਹੈ, ਉਹ ਸ੍ਰਿਸ਼ਟੀ ਦਾ ਰਚਣ ਵਾਲਾ ਹੈ। ਉਸ ਨੂੰ ਕਿਸੇ ਵਲੋਂ ਥਾਪਿਆ ਨਹੀਂ ਗਿਆ। ਸਮੁੱਚਾ ਜਪੁਜੀ ਸਾਹਿਬ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਸਾਰ-ਅੰਸ਼ ਹੈ। ਸੱਚ ਦੇ ਮਾਰਗ 'ਤੇ ਚੱਲ ਕੇ ਹੀ ਸਚਿਆਰ ਬਣਿਆ ਜਾ ਸਕਦਾ ਹੈ।
ਪੁਸਤਕ ਦੇ ਪਹਿਲੇ ਹਿੱਸੇ ਵਿਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਮੂਲ ਰੂਪ ਵਿਚ ਦਿੱਤਾ ਗਿਆ ਹੈ। ਦੂਸਰੇ ਹਿੱਸੇ ਵਿਚ ਇਸ ਪਾਵਨ ਬਾਣੀ ਦੀ ਵਿਆਖਿਆ ਗੁਰਮੁਖੀ ਅੱਖਰਾਂ ਵਿਚ ਕੀਤੀ ਗਈ ਹੈ। ਤੀਸਰੇ ਹਿੱਸੇ ਵਿਚ ਅੰਗਰੇਜ਼ੀ ਵਿਚ ਵਿਆਖਿਆ ਕੀਤੀ ਗਈ ਹੈ। ਚੌਥੇ ਹਿੱਸੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਗੁਰਮੁਖੀ ਅੱਖਰਾਂ ਵਿਚ ਅਤੇ ਅੰਗਰੇਜ਼ੀ ਭਾਸ਼ਾ 'ਚ ਮੁਢਲੀ ਜਾਣਕਾਰੀ ਸੰਖੇਪ ਰੂਪ ਵਿਚ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਬਾਣੀਆਂ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਭਿਤ ਹਨ। ਗੁਰੂ ਸਾਹਿਬ ਵਲੋਂ ਕੀਤੀਆਂ ਚਾਰ ਉਦਾਸੀਆਂ ਨੂੰ 'ਚੜ੍ਹਿਆ ਸੋਧਿਣ ਧਰਤਿ ਲੁਕਾਈ' ਅਧੀਨ ਇਕ ਨਕਸ਼ੇ ਵਿਚ ਦਿਖਾਇਆ ਗਿਆ ਹੈ। ਸੁੰਦਰ ਰੰਗਦਾਰ ਤਸਵੀਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਾਵਨ ਅਸਥਾਨਾਂ ਅਤੇ ਜੀਵਨ ਚਰਿੱਤਰ ਨੂੰ ਵੀ ਦਰਸਾਇਆ ਗਿਆ ਹੈ। 550ਵੇਂ ਸ਼ਤਾਬਦੀ ਸਮਾਗਮਾਂ ਸਮੇਂ ਵੱਖ-ਵੱਖ ਸੰਸਥਾਵਾਂ ਵਲੋਂ ਜਾਰੀ ਸਿੱਕਿਆਂ ਦੀਆਂ ਤਸਵੀਰਾਂ ਦੇ ਦਰਸ਼ਨ ਕਰਵਾ ਕੇ ਬਹੁ-ਮੁੱਲਾ ਤੇ ਬਹੁਪਰਤੀ ਕਾਰਜ ਕੀਤਾ ਗਿਆ ਹੈ। ਪਾਠਕਾਂ ਲਈ ਪੁਸਤਕ ਸਾਂਭਣਯੋਗ ਸੌਗਾਤ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.

c c c

ਵਕਤ ਵਾਰਤਾ
ਕਵੀ : ਜਸਵੀਰ ਸਿੰਘ ਮੋਰੋਂ
ਪ੍ਰਕਾਸ਼ਕ : ਬੇਗਮਪੁਰਾ ਬੁੱਕ ਸ਼ਾਪ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 99 ਰੁਪਏ, ਸਫ਼ੇ : 152
ਸੰਪਰਕ : 94172-62838.

'ਵਕਤ ਵਾਰਤਾ' ਕਵੀ ਜਸਵੀਰ ਸਿੰਘ ਮੋਰੋਂ ਦੀ ਚੌਥੀ ਪੁਸਤਕ ਹੈ। ਲੇਖਕ ਇਸ ਤੋਂ ਪਹਿਲਾਂ 'ਜੋ ਬੋਲੇ ਸੋ ਨਿਰਭੈਅ', 'ਨਾਮ ਬਨਾਮ ਨਾਮ', 'ਯਤਨ ਜਾਰੀ ਹੈ' ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਹਥਲੇ ਕਾਵਿ ਸੰਗ੍ਰਹਿ 'ਚ ਕਵੀ ਨੇ ਅਜੋਕੇ ਜੀਵਨ ਦੀਆਂ ਕਈ ਚਲੰਤ ਗੰਭੀਰ ਸਮੱਸਿਆਵਾਂ ਨੂੰ ਪਰਤ-ਦਰ-ਪਰਤ ਫਰੋਲਿਆ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਦੇਸ਼ ਦੇ ਹੁਕਮਰਾਨਾਂ ਨੂੰ ਵੰਗਾਰ, ਭ੍ਰਿਸ਼ਟ ਨਿਜ਼ਾਮ ਖਿਲਾਫ਼ ਵਿਦਰੋਹ, ਸਮਾਜਿਕ ਰਿਸ਼ਤਿਆਂ 'ਚ ਵਧ ਰਹੀ ਕੁੜੱਤਣ ਦਾ ਦਰਦ ਹੈ। ਕਵੀ ਅਨੁਸਾਰ ਇੱਥੇ ਮੰਦਰ-ਮਸਜਿਦਾਂ ਦੇ ਝਗੜੇ ਰਾਜਨੀਤਕ ਲੋਕਾਂ ਦੀ ਖੋਟੀ ਨੀਅਤ ਦੀ ਉਪਜ ਹਨ ਜਦਕਿ ਸਾਡਾ ਸਾਂਝਾ ਮਸਲਾ ਤਾਂ ਰੋਟੀ ਦਾ ਹੈ। ਲੋਕ ਪੱਖੀ ਘੋਲਾਂ ਅਤੇ ਸੰਘਰਸ਼ਾਂ ਦੇ ਪਿੜ 'ਚ ਲੋਕਾਂ ਦੀ ਆਵਾਜ਼ ਬਣਨ ਵਾਲੀਆਂ ਕਲਮਾਂ ਨੂੰ ਸਿਜਦਾ ਕਰਦਾ ਸ਼ਾਇਰ ਲਿਖਦਾ ਹੈ :
ਹਾਕਮਾਂ ਨੂੰ ਨਾ ਭਾਉਣ ਉਹ ਕਲਮਾਂ,
ਲੋਕਾਂ ਦੇ ਜੋ ਨਾਲ ਨੇ ਖੜ੍ਹੀਆਂ।
ਹਾਂ, ਝੂਠ ਸੋਹਿਲੇ ਗਾਉਣ ਜਿਹੜੀਆਂ
ਉਹ ਕਲਮਾਂ ਤਾਂ ਜਿਊਂਦੀਆਂ ਮਰੀਆਂ। (ਪੰਨਾ : 46)
ਕਵੀ ਅਜੋਕੇ ਯੁੱਗ 'ਚ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਮਨੁੱਖ ਨੂੰ ਵਿਗਿਆਨਕ ਸੋਚ ਅਪਣਾਉਣ, ਮਜ਼ਦੂਰਾਂ-ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ ਤਿੱਖੇ ਸੰਘਰਸ਼ਾਂ ਦਾ ਰਾਹ ਅਖ਼ਤਿਆਰ ਕਰਨ ਲਈ ਉਤਸ਼ਾਹਿਤ ਕਰਦਾ ਜਾਪਦਾ ਹੈ। ਇਨ੍ਹਾਂ ਕਵਿਤਾਵਾਂ 'ਚ ਪਾਣੀ ਦੀ ਬੂੰਦ-ਬੂੰਦ ਬਚਾਉਣ ਦੀ ਅਰਜੋਈ, ਬੰਦੇ ਨੂੰ ਬੰਦਾ ਬਣ ਕੇ ਰਹਿਣ ਦੀ ਨਸੀਹਤ, ਧਰਮਾਂ ਦਾ ਮੁਲੰਮਾ ਲਾਹ ਕੇ ਸਿਰਫ਼ ਮਾਨਵੀ ਸੋਚ ਅਪਣਾਉਣ ਦਾ ਸੱਦਾ, ਰਾਜਨੀਤਕ ਲੋਕਾਂ ਦੀ ਦਲ ਬਦਲੂ ਨੀਤੀ ਖਿਲਾਫ਼ ਰੋਹ, ਹੱਕਾਂ ਲਈ ਸੰਘਰਸ਼, ਵਧ ਰਹੀ ਮਹਿੰਗਾਈ, ਗੁੰਡਾਗਰਦੀ, ਅਰਾਜਕਤਾ, ਨਸ਼ਿਆਂ ਦੇ ਵਧ ਰਹੇ ਰੁਝਾਨ ਖਿਲਾਫ਼ ਡਾਢੀ ਚਿੰਤਾ ਝਲਕਦੀ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਜ਼ਿੰਦਗੀ ਦੇ ਵੱਖ-ਵੱਖ ਅਹਿਮ ਪਹਿਲੂਆਂ ਨੂੰ ਰੂਪਮਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

ਅੰਮ੍ਰਿਤਾ ਪ੍ਰੀਤਮ ਦੇ ਅੰਗ ਸੰਗ
ਕਟਹਿਰੇ ਵਿਚ ਔਰਤ
ਲੇਖਿਕਾ : ਪਾਲ ਕੌਰ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 350 ਰੁਪਏ, ਸਫ਼ੇ : 240
ਸੰਪਰਕ : 0181-2214196.

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਇਕ ਨਵੀਂ ਨਰੋਈ ਸ਼ਬਦ ਸਿਰਜਣਾ ਦੀ ਸੰਸਥਾ ਮੂਲਕ ਕਵਿਤਰੀ, ਨਾਵਲਕਾਰਾ, ਸਵੈ-ਜੀਵਨੀਕਾਰਾ, ਡਾਇਰੀ ਲੇਖਿਕਾ, ਮੈਗਜ਼ੀਨ ਦੀ ਸੰਪਾਦਕ ਅਤੇ ਹੋਰ ਵਿਭਿੰਨ ਰੂਪਾਂ ਸਬੰਧੀ ਕਾਰਜਸ਼ੀਲ ਰਹਿ ਕੇ ਨਵੀਂ ਚੇਤਨਾ ਜਗਾਉਣ ਦੀ ਪ੍ਰਤਿਭਾਵਾਨ ਲੇਖਿਕਾ ਅੰਮ੍ਰਿਤਾ ਪ੍ਰੀਤਮ ਸਬੰਧੀ ਵਿਲੱਖਣ ਜਾਣਕਾਰੀ ਪ੍ਰਦਾਨ ਕਰਦੀ ਹੈ। ਪੁਸਤਕ ਦੇ ਛੇ ਅਧਿਆਇ ਹਨ, ਇਨ੍ਹਾਂ ਨੂੰ ਵਿਧੀਵਤ ਰੂਪ ਦਿੰਦਿਆਂ ਹੋਇਆਂ ਪਾਲ ਕੌਰ ਨੇ ਸਭ ਤੋਂ ਪਹਿਲਾਂ ਔਰਤ ਹੋਣ ਦੇ ਸਿਧਾਂਤਕ ਪਹਿਲੂਆਂ ਨੂੰ ਭਾਰਤ ਵਿਚ ਔਰਤ ਦੇ ਮਾਅਨੇ, ਪੰਜਾਬ ਵਿਚ ਔਰਤ ਦੇ ਮਾਅਨੇ ਦਰਸਾਏ ਹਨ ਅਤੇ ਨਾਲ ਹੀ ਔਰਤ ਦੀ ਦੁਖਦ ਅਵਸਥਾ ਦਾ ਜ਼ਿਕਰ ਕੀਤਾ ਹੈ ਅਤੇ ਇਹ ਵੀ ਲੋੜ ਮਹਿਸੂਸ ਕੀਤੀ ਹੈ ਕਿ ਔਰਤ ਆਦਿਕਾਲ ਤੋਂ ਵਰਤਮਾਨ ਕਾਲ ਤੱਕ ਸਦਾ ਸੰਘਰਸ਼ ਵਿਚ ਜੀਵੀ ਸੀ ਅਤੇ ਇਹ ਸੰਘਰਸ਼ ਅਜੇ ਵੀ ਜਾਰੀ ਹੈ। ਦੂਸਰੇ ਅਧਿਆਇ ਵਿਚ ਅੰਮ੍ਰਿਤਾ ਦੀ ਮੁਢਲੀ ਪਛਾਣ ਕੀ ਸੀ, ਉਸ ਦੁਆਰਾ ਕਲਮ-ਲੇਖਣੀ ਲਈ ਕਿਹੜੇ ਕਾਰਨ ਸਨ ਅਤੇ ਸਮਾਜ ਵਿਚ ਉਸ ਵਕਤ ਔਰਤ ਨੂੰ ਕਟਹਿਰੇ ਵਿਚ ਖਲ੍ਹਾਰ ਕੇ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰਿਵਾਰਕ ਹੋਂਦ-ਸਥਿਤੀ ਕਿਉਂ ਦੁਖਦਾਈ ਸੀ, ਪਤੀ ਜੋ ਉਸ ਨੂੰ ਰੋਟੀ ਖੁਆਉਂਦਾ ਸੀ, ਦਾ ਸਬੰਧ ਕੇਵਲ ਜਿਨਸੀ ਹੀ ਕਿਉਂ ਸੀ, ਔਰਤ ਦੀਆਂ ਭਾਵਨਾਵਾਂ ਉਸ ਦੀਆਂ ਕਲਪਨਾਵਾਂ ਅਤੇ ਉਸ ਦੀ ਆਜ਼ਾਦੀ ਨੂੰ ਕਿਉਂ ਨਹੀਂ ਸੀ ਸਮਝਿਆ ਜਾਂਦਾ ਆਦਿ ਦਾ ਵਰਨਣ ਬੜੀ ਬਾਰੀਕੀ ਨਾਲ ਕੀਤਾ ਹੈ। ਇਸੇ ਅਧਿਆਇ ਵਿਚ ਔਰਤ ਦੀ ਸੱਭਿਆਚਾਰਕ ਹੋਂਦ, ਉਸ ਦੀ ਕਲਮ ਦੀ ਲੇਖਣੀ ਦਾ ਉਥਾਨ ਅਤੇ ਅੰਮ੍ਰਿਤਾ ਦੀਆਂ ਹਮਸਾਈਆਂ ਦਾ ਖੂਬ ਵਰਨਣ ਹੈ। ਅੰਮ੍ਰਿਤਾ ਪ੍ਰੀਤਮ ਦੇ ਸਮਕਾਲ, ਭਾਰਤ ਦੀ ਵੰਡ ਸਮੇਂ ਹੋਈਆਂ ਅਧੋਗਤੀਆਂ ਅਤੇ ਅੰਮ੍ਰਿਤਾ ਦੀ ਬਹੁਪੱਖੀ ਪ੍ਰਤਿਭਾ ਦੇ ਸਿਖਰ 'ਤੇ ਅਪੜਨ ਦੇ ਕਾਰਨਾਂ ਆਦਿ ਦਾ ਉਦਾਹਰਨਾਂ ਸਹਿਤ ਵਰਨਣ ਹੈ। ਪੁਸਤਕ ਦਾ ਚੌਥੇ ਅਧਿਆਇ 'ਚ ਅੰਮ੍ਰਿਤਾ ਦੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਪ੍ਰਤੀ ਸਨੇਹ ਦਾ ਜ਼ਿਕਰ ਹੈ। ਇਸ ਤੋਂ ਅਗਲੇ ਕਾਂਡ ਵਿਚ ਅੰਮ੍ਰਿਤਾ ਦੀ ਰਚਨਾਤਮਕ ਯੋਗਤਾ ਦਾ ਵਿਸਥਾਰ ਸਹਿਤ ਵਰਨਣ ਹੈ। ਅੰਤਲੇ ਅਧਿਆਇ ਵਿਚ ਅੰਮ੍ਰਿਤਾ ਦੀ ਸਵੈ-ਜੀਵਨੀ, ਉਸ ਦੇ ਇਮਰੋਜ਼ ਨਾਲ ਸਬੰਧ ਅਤੇ ਉਸ ਦੀ ਵਸੀਅਤ ਦਾ ਜ਼ਿਕਰ ਕਰਕੇ ਪਾਲ ਕੌਰ ਨੇ ਅੰਮ੍ਰਿਤਾ ਤੇ ਉਸ ਨਾਲ ਹੰਢਾਏ ਪਲਾਂ ਦੇ ਡੂੰਘੇ ਅਧਿਐਨ ਅਤੇ ਅਨੁਭਵ ਨੂੰ ਪੇਸ਼ ਕੀਤਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਵਿਹੜਾ ਸ਼ਗਨਾਂ ਦਾ
ਲੇਖਕਾ : ਡਾ: ਸੁਖਵੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 278
ਸੰਪਰਕ : 98729-21718.

ਉਪਰੋਕਤ ਪੁਸਤਕ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਇਕ ਖੂਬਸੂਰਤ ਸੰਗ੍ਰਹਿ ਹੈ ਜਿਸ ਵਿਚ ਇਸ ਸ਼ਗਨਾਂ ਦੇ ਮੌਕੇ ਗਾਏ ਜਾਣ ਵਾਲੇ ਗੀਤਾਂ ਨੂੰ ਇਕੱਠਾ ਕਰਕੇ ਇਕ ਪੁਸਤਕ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਲੋਕ ਗੀਤ ਸਮਾਜ ਅਤੇ ਸੱਭਿਆਚਾਰ ਦਾ ਅਜਿਹਾ ਅਹਿਮ ਹਿੱਸਾ ਹੁੰਦੇ ਹਨ, ਜਿਨ੍ਹਾਂ ਰਾਹੀਂ ਸਮਾਜ ਦਾ ਅਕਸ ਪ੍ਰਤੀਬਿੰਬਤ ਹੁੰਦਾ ਹੈ। ਇਸੇ ਤਰ੍ਹਾਂ ਵਿਆਹ ਨਾਲ ਸਬੰਧਿਤ ਇਨ੍ਹਾਂ ਗੀਤਾਂ ਵਿਚ ਵੀ ਇਹ ਝਲਕ ਸਹਿਜੇ ਹੀ ਦ੍ਰਿਸ਼ ਚਿਤਰਨ ਰਾਹੀਂ ਨਜ਼ਰੀ ਪੈਂਦੀ ਹੈ। ਵਿਆਹ ਦੀ ਰਸਮ ਕਈ ਰਸਮਾਂ ਦਾ ਸੁਮੇਲ ਹੈ ਅਤੇ ਇਨ੍ਹਾਂ ਸਾਰਿਆਂ ਰਸਮਾਂ ਲਈ ਗੀਤਾਂ ਦਾ ਇਕ ਅਮੁੱਕ ਭੰਡਾਰ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਵਿਆਹ ਦੀ ਰਸਮ ਦੇ ਸ਼ੁਰੂ ਹੋਣ ਤੋਂ ਲੈ ਕੇ ਸੰਪੂਰਨ ਹੋਣ ਤੱਕ ਦਾ ਸਫ਼ਰ ਇਨ੍ਹਾਂ ਸੁਰੀਲੇ ਅਤੇ ਰਸੀਲੇ ਗੀਤਾਂ ਦੀ ਛਾਵੇਂ ਪੂਰਾ ਹੁੰਦਾ ਹੈ ਜਿਸ ਵਿਚ ਸੁਹਾਗ, ਘੋੜੀਆਂ, ਲੰਮੇ ਗੀਤ, ਢੋਲਕੀ ਦੇ ਗੀਤ, ਜਾਗੋ ਦੇ ਗੀਤ, ਵਟਣਾ/ਮਾਈਏਂ ਲਾਉਣ ਸਮੇਂ ਦੇ ਗੀਤ, ਨੁਹਾਈ ਧੁਆਈ ਦੇ ਗੀਤ, ਖਾਰਿਓਂ ਲਾਹੁਣਾ, ਸਿਹਰਾ ਬੰਨ੍ਹਣਾ, ਚੂੜਾ ਚੜ੍ਹਾਉਣਾ, ਜੰਜ ਤੋਰਨੀ, ਪਾਣੀ ਵਾਰਨਾ, ਮੁੱਕਦੀ ਗੱਲ ਕਿ ਹਰ ਮੌਕੇ 'ਤੇ ਹਰ ਰਸਮ ਨਾਲ ਸਬੰਧਿਤ ਗੀਤ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਇਸ ਸੱਭਿਆਚਾਰ ਦੇ ਸਰਮਾਏ ਨੂੰ ਸਾਂਭਣ ਦੇ ਉਦੇਸ਼ ਨਾਲ ਹੀ ਪੁਸਤਕ ਵਿਚ ਇਨ੍ਹਾਂ ਲੋਕ ਗੀਤਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਲੇਖਿਕਾ ਨੇ ਸ਼ਗਨਾਂ ਭਰੇ ਇਨ੍ਹਾਂ ਗੀਤਾਂ ਦੀਆਂ ਇਸ ਪੁਸਤਕ ਵਿਚ ਕਈ ਵੰਨਗੀਆਂ ਨੂੰ ਪੇਸ਼ ਕੀਤਾ ਹੈ ਜਿਨ੍ਹਾਂ ਵਿਚ ਵੰਗੜੀਆਂ, ਢੋਲਕ ਗੀਤ ਅਤੇ ਛੰਦ ਨੂੰ ਨਿਵੇਕਲੇ ਮੰਨਿਆ ਜਾ ਸਕਦਾ ਹੈ ਕਿਉਂਕਿ ਅਕਸਰ ਬਹੁਤੇ ਗੀਤ ਸੰਗ੍ਰਹਿਆਂ ਵਿਚ ਇਨ੍ਹਾਂ ਵੰਨਗੀਆਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਸੱਭਿਆਚਾਰ ਦੇ ਇਸ ਸਰਮਾਏ ਨੂੰ ਇਕੱਤਰ ਕਰਨ ਅਤੇ ਸੰਭਾਲਣ ਦਾ ਕੰਮ ਸੁਖਾਲਾ ਨਹੀਂ ਕਿਉਂਕਿ ਇਸ ਦਾ ਘੇਰਾ ਬਹੁਤ ਵਿਸ਼ਾਲ ਹੈ ਪਰ ਫਿਰ ਵੀ ਲੇਖਿਕਾ ਦਾ ਇਹ ਉਪਰਾਲਾ ਸਰਾਹੁਣਯੋਗ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

31-01-2021

ਵੋਲਗਾ ਤੋਂ ਗੰਗਾ
ਲੇਖਕ : ਰਾਹੁਲ ਸੰਕਰਤਾਇਨ
ਅਨੁਵਾਦਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 295
ਸੰਪਰਕ : 94633-31554.


ਰਾਹੁਲ ਸਾਂਕਰਤਿਆਨ ਵੀਹਵੀਂ ਸਦੀ ਦੇ ਮਹਾਨ ਚਿੰਤਕ ਅਤੇ ਬਹੁਪੱਖੀ ਪ੍ਰਤਿਭਾ ਦੇ ਸੁਆਮੀ ਸਨ। ਮਾਨਵੀ ਸੱਭਿਅਤਾ ਨੇ ਪੱਥਰ ਯੁੱਗ ਤੋਂ ਧਾਤ ਯੁੱਗ ਵਿਚ ਪ੍ਰਵੇਸ਼ ਕਰਨ ਉਪਰੰਤ ਕਿਵੇਂ ਅਜੋਕੇ ਵਿਗਿਆਨਕ ਯੁੱਗ ਤੱਕ ਦਾ ਪੈਂਡਾ, ਕਿੰਨੀਆਂ ਮੁਸੀਬਤਾਂ ਝੱਲ ਕੇ ਤੈਅ ਕੀਤਾ, ਇਹ ਕੁਝ ਇਸ ਪੁਸਤਕ ਦੀਆਂ ਕਹਾਣੀਆਂ ਵਿਚ ਜੀਵੰਤ ਰੂਪ ਵਿਚ ਪ੍ਰਸਤੁਤ ਹੋਇਆ ਹੈ। ਇਸ ਪੁਸਤਕ ਵਿਚ ਰੂਸੀ ਦਰਿਆ 'ਵੋਲਗਾ ਤੋਂ ਗੰਗਾ' ਤੱਕ ਦੇ ਕਲਾਵੇ ਵਿਚ ਆਉਂਦਾ 6000 ਈਸਾ ਪੂਰਵ ਤੋਂ ਲੈ ਕੇ 1942 ਤੱਕ ਦੇ ਮਾਨਵੀ ਵਿਕਾਸ ਦਾ ਇਤਿਹਾਸ ਕਥਾਵਾਂ ਦੇ ਰੂਪ ਵਿਚ ਚਿਤਰਿਆ ਗਿਆ ਹੈ। ਲੇਖਕ ਨੇ ਹਰ ਕਾਂਡ ਵਿਚ ਪਹਿਲਾਂ ਉਸ ਤਥਾਤਮਿਕਤਾ ਨੂੰ ਉਲੀਕਿਆ, ਜਿਸ ਵਿਚ ਪਾਤਰਾਂ ਨੂੰ ਸੰਵਾਦਕ ਰੂਪ ਵਿਚ ਗੱਲਾਂ ਕਰਦੇ ਵਿਖਾਇਆ ਗਿਆ ਹੈ। ਪ੍ਰਾਕਿਰਤ ਮਾਹੌਲ ਚਿਤਰਨ ਲਈ ਲੇਖਕ ਨੇ ਆਕਰਸ਼ਕ ਉਦੀਪਨ ਅਤੇ ਆਲੰਬਨ ਪ੍ਰਸਤੁਤ ਕੀਤੇ ਹਨ। ਪੁਸਤਕ ਦੀਆਂ ਕਥਾਵਾਂ ਨੂੰ 20 ਕਾਂਡਾਂ ਵਿਚ ਵੰਡਣ ਉਪਰੰਤ ਉਪ ਭਾਗਾਂ ਵਿਚ ਵੀ ਵੰਡਿਆ ਹੈ। ਇੰਜ ਇਕ ਉਪ ਭਾਗ ਤੋਂ ਦੂਜੇ ਭਾਗ ਵਿਚ ਪ੍ਰਵੇਸ਼ ਕਰਨ ਸਮੇਂ ਬਦਲਵਾਂ ਫੋਕਸੀਕਰਨ ਅਤੇ ਪਦਲੋਪ ਉਤਪੰਨ ਹੋਣਾ ਸੁਭਾਵਿਕ ਹੈ। ਹਰ ਕਾਂਡ 'ਚ ਨਾਇਕ/ਨਾਇਕਾਵਾਂ ਦੇ ਸਿਰਲੇਖ ਦਿੱਤੇ ਹਨ। ਕਿਹੜਾ ਕਾਂਡ ਕਿਸ ਸਦੀ ਜਾਂ ਕਿਸ ਵਰ੍ਹੇ ਨੂੰ ਬਿਰਤਾਂਤ ਦਾ ਆਧਾਰ ਬਣਾਉਂਦਾ ਹੈ, ਸਭ ਦੱਸਿਆ ਗਿਆ ਹੈ। ਪੜ੍ਹ ਕੇ ਪਾਠਕ ਨੂੰ ਸਮਝ ਪੈਂਦੀ ਹੈ-ਕਿਵੇਂ ਵੋਲਗਾ ਨਦੀ ਦੇ ਕੰਢੇ ਲੋਕ ਗੁਫਾਵਾਂ ਵਿਚ ਰਹਿੰਦੇ ਸਨ। ਅਗਨੀ ਨੂੰ ਦੇਵਤਾ ਮੰਨ ਕੇ ਪੂਜਾ ਕਰਦੇ ਸਨ। ਰੁੱਖਾਂ ਅਤੇ ਪਸ਼ੂਆਂ ਦੀ ਖਲ ਪਹਿਨਦੇ ਸਨ। ਕਿਹੜੇ ਪਸ਼ੂਆਂ ਦਾ ਮਾਸ ਭੁੰਨ ਕੇ ਖਾਂਦੇ ਸਨ। ਫ਼ਸਲਾਂ ਕਦੋਂ ਬੀਜਣੀਆਂ ਸ਼ੁਰੂ ਹੋਈਆਂ? ਜਦੋਂ ਕਬੀਲੇ ਬਣੇ ਤਾਂ ਕਿਵੇਂ ਆਪਸੀ ਚੌਧਰ ਲਈ ਲੜਨ ਲੱਗੇ। ਕਿਵੇਂ ਪੱਥਰ ਯੁੱਗ ਤੋਂ ਤਾਂਬਾ (ਧਾਤ) ਯੁੱਗ ਵਿਚ ਆਏ। ਮਾਤਰੀ ਪ੍ਰਧਾਨ ਤੋਂ ਪਿਤਰੀ ਪ੍ਰਧਾਨ ਵੱਲ ਕਿਵੇਂ ਕਰਵਟ ਲਈ? ਭਾਸ਼ਾ ਤੇ ਲਿਪੀ ਕਦੋਂ ਹੋਂਦ ਵਿਚ ਆਏ? ਕਿਹੜੇ-ਕਿਹੜੇ ਵਿਦਵਾਨਾਂ ਨੇ ਵੇਦਾਂ ਦੀ ਰਚਨਾ ਕੀਤੀ? ਅਰਸਤੂ-ਸਿਕੰਦਰ ਦਾ ਜ਼ਿਕਰ ਹੈ। ਬਿਕਰਮਾਦਿੱਤ, ਹਰਸ਼ ਵਰਧਨ, ਸੁਲਤਾਨਾਂ ਬਾਰੇ ਜ਼ਿਕਰ ਹੈ। ਬੁੱਧ ਵੱਲ ਸੰਕੇਤ ਹਨ। ਅਕਬਰ-ਬੀਰਬਲ ਦੀਆਂ ਰੌਚਿਕ ਕਥਾਵਾਂ ਹਨ। ਤਕਸ਼ਿਲਾ ਅਤੇ ਨਾਲੰਦਾ ਬਾਰੇ ਜਾਣਕਾਰੀ ਹੈ। ਅੰਗਰੇਜ਼ ਕੰਪਨੀ ਦੇ ਸਮੇਂ ਕਲਾਈਵ, ਬਾਰਨ ਹੇਸਟਿੰਗਜ਼, ਕਾਰਨਵਾਲਿਸ ਨੇ ਭਾਰਤ ਨੂੰ ਕਿਵੇਂ ਲੁੱਟਿਆ? 1857 ਦਾ ਗ਼ਦਰ ਕਿਵੇਂ ਫੇਲ੍ਹ ਹੋਇਆ? ਲੇਖਕ ਮਾਰਕਸ, ਏਂਜਲਸ, ਰਸਲ ਦੇ ਪ੍ਰਭਾਵ ਨੂੰ ਕਬੂਲਦਾ ਹੈ, ਰੂਸੀ ਕ੍ਰਾਂਤੀ 1917 ਦਾ ਪ੍ਰਭਾਵ ਹੈ, ਕਦੋਂ-ਕਦੋਂ ਕਿਹੜੀਆਂ ਵਿਗਿਆਨਕ ਕਾਢਾਂ ਨਿਕਲੀਆਂ? ਅੰਗਰੇਜ਼ਾਂ ਦੇ ਮਸ਼ੀਨੀ ਮਾਲ ਦੇ ਮੁਕਾਬਲੇ ਗਾਂਧੀ ਦਾ ਚਰਖਾ ਕਿੱਥੇ ਖੜ੍ਹ ਸਕਦਾ ਸੀ?, ਦਾ ਅਧਿਐਨ ਕਰਦਿਆਂ ਪਾਠਕ ਨੂੰ ਕੁਝ ਵਿਚਾਰ ਪ੍ਰਭਾਵਿਤ ਕਰ ਸਕਦੇ ਹਨ। ਮਸਲਨ: ਸੱਚ ਦੀ ਕਸੌਟੀ ਦਿਮਾਗ ਨਹੀਂ, ਸੰਸਾਰ ਦੀ ਪਦਾਰਥ ਪ੍ਰਕਿਰਤੀ ਹੈ। ਪੰ. 137. ਜਿਸ ਦਿਨ ਧਰਤੀ 'ਤੇ ਸਵਰਗ ਬਣ ਜਾਵੇਗਾ, ਉਸ ਦਿਨ ਆਕਾਸ਼ ਵਾਲਾ ਸਵਰਗ ਢਹਿ-ਢੇਰੀ ਹੋ ਜਾਵੇਗਾ। ਪੰ. 191. ਕਹਿੰਦੇ ਹਨ ਜੇ ਧਨੀ ਨਾ ਰਹੇ ਤਾਂ ਧਰਮ ਨਹੀਂ ਰਹੇਗਾ। ਮੈਂ (ਬਾਬਾ ਨੂਰਦੀਨ) ਕਹਿੰਦਾ ਹਾਂ ਜਿੰਨਾ ਚਿਰ ਧਨੀ ਰਹਿਣਗੇ ਤਦ ਤੱਕ ਅਧਰਮ ਦਾ ਪਲੜਾ ਭਾਰੀ ਰਹੇਗਾ। ਪੰ. 220. ਡੇਢ ਸਦੀ ਦੀਆਂ ਲੱਖਾਂ ਕਰੋੜਾਂ ਕੁਰਬਾਨੀਆਂ ਤੋਂ ਬਾਅਦ ਮਾਨਵਤਾ ਦੇ ਲਈ ਅਸਲੀ ਮਿਹਨਤਕਸ਼ ਲੋਕਾਂ ਲਈ ਇਹ ਸਮਾਜਵਾਦ ਦਾ ਦੀਵਾ ਧਰਤੀ 'ਤੇ ਪ੍ਰਕਾਸ਼ਵਾਨ ਹੋਇਆ। ਇਕ ਵਾਰ ਇਹ ਦੀਵਾ ਬੁਝ ਗਿਆ ਤਾਂ ਦੁਨੀਆ ਮੁੜ ਹਨ੍ਹੇਰਿਆਂ ਵਿਚ ਚਲੀ ਜਾਵੇਗੀ। ਪੰ. 289. ਸੰਖੇਪ ਇਹ ਕਿ ਕਹਾਣੀਆਂ ਦਾ ਸੰਵਾਦਕ ਰੂਪ ਬੜਾ ਰੌਚਿਕ ਅਤੇ ਗਿਆਨ ਵਰਧਕ ਹੈ। ਲੇਖਕ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਵਾਲਾ ਸਮਾਜ ਸਿਰਜਣ ਵੱਲ ਰੁਚਿਤ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਬਸਤੀ ਉਦਾਸ ਹੈ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ, ਅੰਮ੍ਰਿਤਸਰ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94640-76257.


ਚਰਚਾ ਅਧੀਨ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ 32 ਮਿੰਨੀ ਕਹਾਣੀਆਂ ਕੀਤੀਆਂ ਗਈਆਂ ਹਨ। ਮਿੰਨੀ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ ਮਸਲਿਨ : ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਨਿਰੂਮਿਤ ਕਰਦੀਆਂ ਨੇ ਕਹਾਣੀਆਂ : ਗੋਦੀ ਦਾ ਨਿੱਘ ਅਤੇ ਪਾਣੀ ਤੋਂ ਵੀ ਪਤਲੇ। ਕਹਾਣੀਆਂ ਰੰਗ, ਮਹਿੰਦੀ ਅਤੇ ਖੁਸ਼ੀ ਵਿਚ ਦੇਖਿਆ ਜਾ ਸਕਦਾ ਹੈ ਕਿ ਵਡਿਆਉਣ ਜਾਂ ਪ੍ਰਸੰਸਾ ਕਰਨ ਨਾਲ ਰਚਨਾਤਮਿਕ ਊਰਜਾ ਉਤਪੰਨ ਹੁੰਦੀ ਹੈ। ਮਨੁੱਖਤਾ ਤੋਂ ਕੋਈ ਵਰਤਾਉ ਦੀ ਮਿਸਾਲ ਹੈ ਕਹਾਣੀ 'ਦਿਹਾੜੀ'।
ਅਹਿਸਾਸਾਂ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ ਕਹਾਣੀਆਂ-ਪੌਣ, ਦੋ ਕੁ ਸਾਲ, ਉਦਾਰੀਕਰਨ, ਮੈਂ, ਵੁੱਕਤ ਅਤੇ ਮਦਦ। ਆਮ ਜੀਵਨ 'ਚਾਚੋਂ ਪਕੜੇ ਪਲ ਰੂਪਮਾਨ ਕਰਦੀਆਂ ਨੇ ਕਹਾਣੀਆਂ-ਜਸ਼ਨ, ਬੰਸੋ ਬੁੱਢੀ, ਮੂਲਕ ਸ਼ਬਦਾਂ ਦੀ ਵਾਪਸੀ ਅਤੇ ਕਤਾਰ। ਮਨੁੱਖ ਦੀ ਦੋਹਰੀ ਫ਼ਿਤਰਤ ਉਘਾੜਦੀਆਂ ਨੇ 'ਕਾਲਾ ਕੋਟ ਤੇ ਲਾਲ ਫ਼ਰਾਕਾ, ਬੱਕਰੀ ਦਾ ਦੁੱਧ, ਸੰਤਾਂ ਦੀ ਰੋਟੀ, ਦਾਨ ਪੁੰਨ। ਉਮੀਦ ਨਾਲ ਜੁੜੀ ਮਾਨਸਿਕਤਾ ਦਰਸਾਉਂਦੀ ਹੈ ਕਹਾਣੀ 'ਦਸ ਸਾਲ ਹੋਰ, ਬਾਲ ਮਾਨਸਿਕਤਾ ਦਰਸਾਉਂਦੀ ਹੈ 'ਮਨੀਟਰ'। ਖੁਸ਼ੀ ਪ੍ਰਤੀ ਵੱਖੋ ਵੱਖਰਾ ਨਜ਼ਰੀਆ ਪ੍ਰਗਟਾਉਂਦੀ ਹੈ ਕਹਾਣੀ 'ਖੁਸ਼ਖ਼ਬਰੀ'। ਭੁੱਖ ਦੀ ਇੰਤਹਾ ਦੀ ਕਹਾਣੀ ਹੈ 'ਬਰਫ਼'। ਧਰਮ ਰਾਜਨੀਤੀ ਤੇ ਲੋਕਾਂ ਦੀ ਹੋਣੀ ਦਰਸਾਉਂਦੀ ਹੈ ਕਹਾਣੀ 'ਬਸਤੀ ਉਦਾਸ ਹੈ'। ਕੁਝ ਕਹਾਣੀਆਂ ਸਾਦ ਮੁਰਾਦੇ ਵਿਚਾਰ ਵੀ ਸਿਰਜਦੀਆਂ ਹਨ। ਕੁੱਲ ਮਿਲਾ ਕੇ ਬਿਕਰਮਜੀਤ ਨੂਰ ਦੀ ਮਿੰਨੀ ਕਹਾਣੀਆਂ ਦੀ ਇਹ ਨੌਵੀਂ ਪੁਸਤਕ ਪੰਜਾਬੀ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ। ਮਿੰਨੀ ਕਹਾਣੀ ਦੀ ਸਥਾਪਤੀ ਦੀ ਦਿਸ਼ਾ ਵੱਲ ਇਕ ਪੁਲਾਂਘ ਅਗਾਂਹ ਵੱਲ ਪੁੱਟਦੀ ਹੈ। ਪੰਜਾਬੀ ਸਾਹਿਤ ਵਿਚ ਆਗਮਨ ਤੇ ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਨਾ ਬਣਦਾ ਹੈ।


-ਹਰੀ ਕ੍ਰਿਸ਼ਨ ਮਾਇਰ
ਮੋ: 97806-67686.


ਬੇਮਤਲਬ
ਲੇਖਿਕਾ : ਕਿਰਨਵੀਰ ਕੌਰ ਸਿੱਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 225 ਰੁਪਏ, ਸਫ਼ੇ : 75
ਸੰਪਰਕ : 0172-5027427.


'ਬੇਮਤਲਬ' ਕਾਵਿ-ਸੰਗ੍ਰਹਿ ਕਿਰਨਵੀਰ ਕੌਰ ਸਿੱਧੂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਸ ਨੇ ਇਸ ਕਾਵਿ-ਸੰਗ੍ਰਹਿ ਵਿਚ 'ਬੇਮਤਲਬ' ਤੋਂ ਲੈ ਕੇ 'ਮੜ੍ਹੀਆਂ' ਕਵਿਤਾ ਤੱਕ 50 ਨਜ਼ਮਾਂ ਸ਼ਾਮਿਲ ਕੀਤੀਆਂ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ 'ਉਡੀਕ' ਦੇ ਨਾਂਅ ਕਰਦਿਆਂ ਅਨੇਕਾਂ ਪਾਸਾਰਾਂ ਦੀ ਦੱਸ ਪਾਈ ਹੈ। ਇਹ ਉਡੀਕ ਨਾਰੀ ਮੁਕਤੀ ਦੀ ਵੀ ਹੋ ਸਕਦੀ ਹੈ। ਇਹ ਉਡੀਕ ਪਿੱਤਰੀ ਸੱਤਾ ਦੇ ਖ਼ਿਲਾਫ਼ ਵਿਦਰੋਹ ਦੀ ਵੀ ਹੋ ਸਕਦੀ ਹੈ। ਇਹ ਉਡੀਕ ਵਹਿਸ਼ੀਆਨਾ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ, ਭੂਗੋਲਿਕ ਅਤੇ ਸੱਭਿਆਚਾਰਕ ਪ੍ਰਬੰਧ ਦੇ ਖ਼ਿਲਾਫ਼ ਵੀ ਹੋ ਸਕਦੀ ਹੈ ਜੋ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ ਸਗੋਂ ਵੰਡੀਆਂ ਦੇ ਸੰਸਾਰ ਵਿਚ ਧਕੇਲਦੀ ਹੈ। ਗਹੁ ਨਾਲ ਵਾਚਦਿਆਂ ਕਾਵਿ-ਪਾਠਕ ਨੂੰ 'ਬੇਵਫ਼ਾ', 'ਪਰਵਾਸੀ, 'ਧੂਆਂ', 'ਟੈਕਸੀ', 'ਮਿੱਟੀ ਦੇ ਸਰਦਾਰ', 'ਸਿਆਣੇ ਲੋਕ', 'ਕੁਝ ਰਿਸ਼ਤੇ', 'ਲੀਰਾਂ ਦਾ ਗੁੱਡਾ', 'ਮੈਂ ਔਰਤ ਹਾਂ' ਅਤੇ ਮਾਤ-ਭੂਮੀ' ਆਦਿ ਕਵਿਤਾਵਾਂ ਵਿਚੋਂ ਇਨ੍ਹਾਂ ਸਰੋਕਾਰਾਂ ਦੀ ਝਲਕ ਮਿਲ ਜਾਵੇਗੀ। ਇਨ੍ਹਾਂ ਕਵਿਤਾਵਾਂ ਵਿਚ ਉਹ ਮਾਤ-ਭਾਸ਼ਾ ਦੇ ਬਦਲਦੇ ਸਰੂਪ ਸਬੰਧੀ ਵੀ ਚਿੰਤਤ ਹੈ :
ਮੱਥੇ 'ਤੇ ਹੱਥ ਮਾਰ ਰੋਵਣ
ਬਿੰਦੀਆਂ ਟਿੱਪੀਆਂ
ਨਵ-ਸਿਰਜਣ ਹਾਰੇ
ਕਿਹੋ ਜਿਹੇ ਸ਼ਬਦ ਬਣਾਈ ਜਾਂਦੇ
ਕਲਪ ਜਾਂਦੀ ਹਾਂ ਤੱਕ ਆਲਮ
ਮੇਰੀ ਮਾਂ ਦੇ ਕੇਸ ਖਿਲਾਰ।
ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਵਰਤਾਰਿਆਂ ਸਦਕਾ ਮਨੁੱਖੀ ਰਿਸ਼ਤਿਆਂ ਅਤੇ ਅਪਣੱਤ, ਮੋਹ ਅਤੇ ਸਾਂਝੀਵਾਲਤਾ ਦੀਆਂ ਹੱਦਾਂ ਢਿੱਲੀਆਂ ਪੈਂਦੀਆਂ ਜਾ ਰਹੀਆਂ ਹਨ ਅਤੇ ਮਨੁੱਖ ਅੰਦਰ ਸਵਾਰਥ ਦੀ ਹਵਸ ਭਾਰੂ ਹੁੰਦੀ ਜਾ ਰਹੀ ਹੈ। ਕਵਿੱਤਰੀ ਇਸ ਵਰਤਾਰੇ ਪ੍ਰਤੀ ਸੁਚੇਤ ਕਰਦਿਆਂ ਟੁੱਟ ਰਹੇ ਘਰਾਂ ਦੀ ਗਾਥਾ ਵੀ ਇਨ੍ਹਾਂ ਨਜ਼ਮਾਂ 'ਚ ਪੇਸ਼ ਕਰਦੀ ਹੈ। 'ਮੜ੍ਹੀਆਂ' ਨਜ਼ਮ ਮਨੁੱਖ 'ਤੇ ਤਰਕਵਾਦੀ ਸੋਚ ਭਾਰੂ ਹੋਣ ਦੇ ਬਾਵਜੂਦ ਪਰੰਪਰਕ ਮੜ੍ਹੀ (ਸੰਸਕਾਰ) ਤੋਂ ਖਹਿੜਾ ਨਾ ਛੁੱਟਣ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਮਨੁੱਖੀ ਮਨ-ਮਸਤਕ ਦਾ ਕਰਦੀ ਹੈ। ਸਰਲ, ਸਪੱਸ਼ਟ ਅਤੇ ਅਲੰਕਾਰਾਂ ਨਾਲ ਜੜੀਆਂ ਇਹ ਕਵਿਤਾਵਾਂ ਆਪਣਾ ਸੰਦੇਸ਼ ਪਾਠਕ ਤੱਕ ਪਹੁੰਚਾਉਣ 'ਚ ਸਫਲ ਹਨ। ਕਵਿੱਤਰੀ ਪਾਸੋਂ ਹੋਰ ਪਕਿਆਈ ਅਤੇ ਡੂੰਘਿਆਈ ਵਾਲੀ ਕਵਿਤਾ ਦੀ ਤਵੱਕੋ ਕਰਦਿਆਂ, ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14036


ਚੁਮੁਖੀਆ ਚਾਨਣ
ਇਕੱਤਰਨ : ਗਿੱਲ ਮੋਰਾਂਵਾਲੀ ਪਰਿਵਾਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 98146-73236.


ਪੰਜਾਬੀ ਕਾਵਿ ਖ਼ੇਤਰ ਵਿਚ ਪਰਵਾਸੀ ਸ਼ਾਇਰ ਗਿੱਲ ਮੋਰਾਂਵਾਲੀ ਸਥਾਪਤ ਹਸਤਾਖ਼ਰ ਹੈ। ਉਸ ਨੇ ਬਹੁਤ ਰਫ਼ਤਾਰ ਨਾਲ ਲਿਖਿਆ ਹੈ ਤੇ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਵਿਚਾਰਨਯੋਗ ਪੁਸਤਕ 'ਚੁਮੁਖੀਆ ਚਾਨਣ' ਵਿਚ ਉਸ ਦੇ ਦੋਹੇ ਸ਼ਾਮਿਲ ਹਨ, ਜਿਨ੍ਹਾਂ ਨੂੰ ਉਸ ਦੇ ਪਰਿਵਾਰ ਨੇ ਸੰਗ੍ਰਹਿਤ ਕੀਤਾ ਹੈ। ਪੁਸਤਕ ਨੂੰ ਕਈ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਢੁਕਵੇਂ ਸਿਰਲੇਖ ਦਿੱਤੇ ਗਏ ਹਨ। ਇਹ ਸਾਰੇ ਦੋਹੇ ਔਰਤ ਨਾਲ ਸਬੰਧਿਤ ਹਨ ਤੇ ਇਨ੍ਹਾਂ ਵਿਚ ਉਸ ਦੀ ਮਹੱਤਤਾ ਨੂੰ ਉਭਾਰਿਆ ਗਿਆ ਹੈ। ਇਸਤਰੀ ਦੇ ਬਿਨਾਂ ਇਸ ਸੰਸਾਰ ਦੀ ਹੋਂਦ ਹੀ ਸੰਭਵ ਨਹੀਂ ਸੀ ਤੇ ਸੱਭਿਅਤਾ ਦੇ ਪਾਸਾਰ ਵਿਚ ਉਸ ਦਾ ਯੋਗਦਾਨ ਕਿਸੇ ਹੀਲੇ ਵੀ ਘੱਟ ਨਹੀਂ ਆਂਕਣਾ ਚਾਹੀਦਾ। ਪਰ ਫਿਰ ਵੀ ਔਰਤ ਨੇ ਤ੍ਰਿਸਕਾਰ ਹੰਢਾਇਆ ਹੈ ਤੇ ਬੜੇ ਵੱਡੇ ਸੰਤਾਪ ਸਹਿਣ ਕੀਤੇ ਹਨ। 'ਚੁਮੁਖੀਆ ਚਾਨਣ' ਦੇ ਦੋਹਿਆਂ ਵਿਚ ਅਜਿਹਾ ਹੀ ਵਿਸਤਰਤ ਕਾਵਿਕ ਵਰਨਣ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਾਹਿਤ ਵਿਚ ਨਾਰੀ ਦੀ ਸਰਾਹਨਾ ਵਿਚ ਸਮੁੱਚੀ ਪੁਸਤਕ ਬਹੁਤ ਘੱਟ ਦੇਖਣ ਨੂੰ ਮਿਲੀ ਹੈ, ਇਸ ਲਈ ਗਿੱਲ ਪਰਿਵਾਰ ਪ੍ਰਸੰਸਾ ਦਾ ਪਾਤਰ ਹੈ। 'ਅੰਮਾ ਜਾਈ ਕੀ ਕਰੇ' ਭਾਗ ਇਸ ਪੁਸਤਕ ਦਾ ਹਾਸਲ ਹੈ ਜਿਸ ਵਿਚ ਬੇਟੀਆਂ ਵਲੋਂ ਝੱਲੀਆਂ ਜਾਂਦੀਆਂ ਪਾਬੰਦੀਆਂ, ਪੜਤਾੜਨਾਵਾਂ ਤੇ ਯਾਤਨਾਵਾਂ ਨੂੰ ਉਭਾਰਿਆ ਗਿਆ ਹੈ ਤੇ ਇਨ੍ਹਾਂ 'ਤੇ ਪ੍ਰਸ਼ਨ ਚਿੰਨ੍ਹ ਲਾਏ ਗਏ ਹਨ। ਗਿੱਲ ਮੋਰਾਂਵਾਲੀ ਦੀ ਸ਼ੈਲੀ ਸਰਲ ਤੇ ਪਾਠਕ ਦੀ ਪਹੁੰਚ ਵਾਲੀ ਹੈ। ਪੁਸਤਕ ਵਿਚ ਕੁੱਖ ਦੀ ਛਾਣਬੀਣ ਤੋਂ ਲੈ ਕੇ ਆਪਣਾ ਵਰ ਆਪ ਲੱਭਣ ਤੱਕ ਦੀਆਂ ਕਠਿਨਾਈਆਂ ਬਾਰੇ ਸੰਜੀਦਾ ਸੰਵਾਦ ਰਚਾਏ ਗਏ ਹਨ। ਝੂਠੀਆਂ ਰਸਮਾਂ ਤੇ ਰੀਤਾਂ ਤੇ ਔਰਤ ਲਈ ਤੈਅ ਕੀਤੀਆਂ ਸੀਮਾਵਾਂ ਦਾ ਜ਼ਿਕਰ ਵੀ ਸੁੰਦਰ ਲਹਿਜੇ ਨਾਲ ਕੀਤਾ ਗਿਆ ਹੈ ਤੇ ਨਾਲ ਹੀ ਇਨ੍ਹਾਂ ਦੀ ਨਿੰਦਾ ਕੀਤੀ ਮਿਲਦੀ ਹੈ। ਇਹ ਸ਼ਾਇਰੀ ਕਿਸੇ ਵੀ ਤਰ੍ਹਾਂ ਘੜੀ ਨਹੀਂ ਲਗਦੀ ਬਲਕਿ ਉਪਜੀ ਮਹਿਸੂਸ ਹੁੰਦੀ ਹੈ। ਇਕ ਵਿਸ਼ੇ 'ਤੇ ਲਿਖਣਾ ਕਈ ਵਾਰ ਪਾਠਕ ਨੂੰ ਉਕਾਊ ਮਹਿਸੂਸ ਹੁੰਦਾ ਹੈ ਪਰ ਇਨ੍ਹਾਂ ਦੋਹਿਆਂ ਨੂੰ ਪੜ੍ਹਦਿਆਂ ਅਜਿਹਾ ਬਿਲਕੁਲ ਮਹਿਸੂਸ ਨਹੀਂ ਹੁੰਦਾ।


-ਗੁਰਦਿਆਲ ਰੌਸ਼ਨ
ਮੋ: 99884-44002


ਹਾਂ, ਮੈਂ ਨਾਰੀ ਹਾਂ

ਲੇਖਿਕਾ : ਵਰਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 96468-52416.


ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ ਦੀ ਪੇਸ਼ਕਸ਼ ਹੇਠ ਪ੍ਰਕਾਸ਼ਿਤ ਵਰਿੰਦਰ ਕੌਰ ਰੰਧਾਵਾ ਦਾ ਕਹਾਣੀ-ਸੰਗ੍ਰਹਿ 'ਹਾਂ, ਮੈਂ ਨਾਰੀ ਹਾਂ' ਨਾਰੀ ਚੇਤਨਾ ਦੀ ਵਿਚਾਰਯੋਗ ਉਦਾਹਰਨ ਬਣ ਕੇ ਸਾਹਿਤ ਖੇਤਰ ਵਿਚ ਪੇਸ਼ ਹੋਇਆ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਕਹਾਣੀਕਾਰਾ ਨੇ ਔਰਤਾਂ ਦੀਆਂ ਸਮਾਜਿਕ ਮੁਸੀਬਤਾਂ ਅਤੇ ਸ਼ੋਸ਼ਣ ਨੂੰ ਕਲਾਤਮਿਕ ਢੰਗ ਨਾਲ ਸਿਰਜਿਆ ਹੈ। ਸਾਡੇ ਸਮਾਜ ਵਿਚ ਮਰਦ ਦੇ ਬਰਾਬਰ ਦਾ ਸਥਾਨ ਰੱਖਣ ਵਾਲੀ ਔਰਤ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ। ਘਰੇਲੂ ਹਿੰਸਾ, ਦਾਜ ਦੀ ਬਲੀ, ਭਰੂਣ ਹੱਤਿਆ, ਪਾਲਣ-ਪੋਸ਼ਣ ਵਿਚ ਵਿਤਕਰਾ ਅਤੇ ਉੱਚ ਕਿਰਦਾਰ ਨੂੰ ਸਿੱਧ ਕਰਨਾ ਆਦਿ ਕਈ ਪੱਖ ਔਰਤ ਸਾਹਮਣੇ ਸਮਾਜਿਕ ਕੁਰੀਤੀਆਂ ਦੇ ਰੂਪ ਵਿਚ ਹਮੇਸ਼ਾ ਖੜ੍ਹੇ ਰਹਿੰਦੇ ਹਨ। ਇਨ੍ਹਾਂ ਪੱਖਾਂ ਨੂੰ ਹੀ ਕਹਾਣੀ ਰੂਪ ਵਿਚ ਇਸ ਕਹਾਣੀਕਾਰਾ ਨੇ ਬਿਰਤਾਂਤਿਆ ਹੈ। ਅਸਲ ਵਿਚ ਇਹ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਹਨ ਜੋ ਸਮਾਜ ਦਾ ਹਿੱਸਾ ਹੁੰਦੇ ਹੋਏ ਵੀ ਹਾਸ਼ੀਆਗਤ ਹਨ। ਇੰਜ ਲਗਦਾ ਹੈ ਕਿ ਧੀਆਂ ਦੀ ਕਿਸਮਤ ਵਿਚ ਦੁੱਖ ਹੀ ਲਿਖੇ ਹੰਦੇ ਹਨ ਭਾਵੇਂ ਉਹ ਸਹੁਰਿਆਂ ਹੱਥੋਂ ਮਾਰ ਖਾਂਦੀ 'ਦੇਖ ਧੀਆਂ ਦੇ ਲੇਖ' ਕਹਾਣੀ ਦੀ ਸਰਘੀ ਹੋਵੇ ਜਾਂ ਆਪਣੀ ਦਾਦੀ ਦਾ ਵਿਤਕਰਾ ਸਹਿੰਦੀ ਕਹਾਣੀ 'ਵਿਤਕਰਾ' ਦੀ ਦੀਪੀ ਜਾਂ ਬਿਨਾਂ ਕਿਸੇ ਕਸੂਰ ਤੋਂ ਸਜ਼ਾ ਭੁਗਤਦੀ ਕਹਾਣੀ 'ਚਰਿੱਤਰਹੀਣ' ਦੀ ਨਸੀਬੋ। ਇਹ ਬਿਰਤਾਂਤਕ ਪਾਤਰ ਸਮਾਜ ਦੀਆਂ ਸਚਾਈਆਂ ਦੀ ਹਾਮੀ ਭਰਦੇ ਹਨ। ਕਹਾਣੀ 'ਭਰੂਣ ਹੱਤਿਆ' ਵਿਚ ਰਾਣੋ ਦੀ ਇਕ ਨਾ ਸੁਣੀ ਗਈ ਤੇ ਉਸ ਦੀ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ। ਕਹਾਣੀ 'ਸਮਝੌਤਾ' ਵਿਚ ਕਾਮਿਨੀ ਤੇਜ਼ਾਬ ਹਮਲੇ ਦੀ ਸ਼ਿਕਾਰ ਹੁੰਦੀ ਹੈ ਤੇ ਕਹਾਣੀ 'ਦਹੇਜ ਵੀ ਕੋਈ ਰੀਤ ਸੀ' ਵਿਚ ਬਿੰਦਰ ਨੂੰ ਸਾੜ ਕੇ ਮਾਰ ਦਿੱਤਾ ਜਾਂਦਾ ਹੈ। ਭਾਵੇਂ ਇਸ ਕਹਾਣੀ-ਸੰਗ੍ਰਹਿ ਵਿਚ ਅੰਤਿਮ ਤਿੰਨ ਕਹਾਣੀਆਂ ਆਮ ਸਮਾਜਿਕ ਵਿਸ਼ਿਆਂ ਵਾਲੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਪਰ ਇਸ ਸੰਗ੍ਰਹਿ ਦੀ ਸੁਰ ਨਾਰੀ ਚੇਤਨਾ ਵਾਲੀ ਹੀ ਹੈ। ਇਹ ਸੁਰ ਉਦੋਂ ਹੋਰ ਉੱਚੀ ਹੋ ਗਈ ਲਗਦੀ ਹੈ ਜਦੋਂ ਕਹਾਣੀਕਾਰਾ ਹਰ ਕਹਾਣੀ ਦਾ ਅੰਤ ਵਿਸ਼ੇ ਨਾਲ ਸਬੰਧਿਤ ਇਕ ਛੋਟੀ ਕਵਿਤਾ ਨਾਲ ਕਰਦੀ ਹੈ। ਇਸ ਢੰਗ ਨਾਲ ਪੁਸਤਕ ਦਾ ਸਿਰਲੇਖ 'ਹਾਂ, ਮੈਂ ਨਾਰੀ ਹਾਂ' ਵੀ ਕਹਾਣੀਆਂ ਦੇ ਵਿਸ਼ਿਆਂ ਨਾਲ ਮੇਲ ਖਾਂਦਾ ਹੀ ਸਿੱਧ ਹੁੰਦਾ ਹੈ। ਕਹਾਣੀਕਾਰਾ ਨੇ ਸਰਲ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਤੇ ਸਿੱਧੀ ਬਿਆਨੀਆ ਸ਼ੈਲੀ ਦੀ ਵਰਤੋਂ ਕਰਕੇ ਬਿਰਤਾਂਤ ਸਿਰਜਿਆ ਹੈ। ਇਹ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਵਿਚ ਨਾਰੀਵਾਦ ਵਿਚਾਰਧਾਰਾ ਦੀ ਇਕ ਮਹੱਤਵਪੂਰਨ ਕਦਮ ਸਿੱਧ ਹੋਵੇਗੀ।


-ਡਾ: ਸੰਦੀਪ ਰਾਣਾ
ਮੋ: 98728-87551

 


ਸੁਰਜੀਤ ਪਾਤਰ ਕਾਵਿ ਦੀ ਰਚਨਾਤਮਿਕ ਦ੍ਰਿਸ਼ਟੀ

ਸੰਪਾਦਕ : ਡਾ: ਕੁਲਵੰਤ ਸਿੰਘ ਰਾਣਾ
ਪ੍ਰਕਾਸ਼ਕ : ਆਸ਼ਨਾ ਪ੍ਰਕਾਸ਼ਨ, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 01882-256200


ਸੁਰਜੀਤ ਪਾਤਰ ਪੰਜਾਬੀ ਦਾ ਬਹੁਚਰਚਿਤ ਸ਼ਾਇਰ ਹੈ। ਉਸ ਦੀ ਸ਼ਾਇਰੀ ਤੇ ਹੁਣ ਤੱਕ ਬਹੁਤ ਸਾਰਾ ਆਲੋਚਨਾਤਮਕ ਕਾਰਜ ਕੀਤਾ ਜਾ ਚੁੱਕਿਆ ਹੈ। ਉਸੇ ਲੜੀ ਵਿਚ ਹਥਲੀ ਪੁਸਤਕ ਡਾ: ਕੁਲਵੰਤ ਸਿੰਘ ਰਾਣਾ ਵਲੋਂ ਸੰਪਾਦਿਤ ਨਿਬੰਧ ਪੁਸਤਕ ਹੈ ਜਿਸ ਵਿਚ ਸੁਰਜੀਤ ਪਾਤਰ ਦੀ ਸ਼ਾਇਰੀ ਨਾਲ ਸਬੰਧਿਤ 21 ਆਲੋਚਨਾ ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਸੁਰਜੀਤ ਪਾਤਰ ਦੀ ਸ਼ਾਇਰੀ ਵਿਚਲੇ ਵਿਭਿੰਨ ਪਸਾਰਾਂ ਨੂੰ ਰੇਖਾਂਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸੁਰਜੀਤ ਪਾਤਰ ਦੀ ਸ਼ਾਇਰੀ ਦੇ ਅਨੇਕਾਂ ਹੀ ਪਾਸਾਰ ਹਨ ਜਿਨ੍ਹਾਂ ਬਾਰੇ ਵਿਸਤ੍ਰਿਤ ਚਰਚਾ ਦੀ ਸੰਭਾਵਨਾ ਹਮੇਸ਼ਾ ਮੌਜੂਦ ਰਹਿੰਦੀ ਹੈ। ਉਸ ਦੀ ਸ਼ਾਇਰੀ ਅਸਤਿੱਤਵੀ ਸੰਕਟਾਂ, ਰਾਜਨੀਤਕ, ਆਰਥਿਕ, ਸਮਾਜਿਕ ਮਸਲਿਆਂ, ਵਿਸ਼ਵੀਕਰਨ ਅਤੇ ਪਦਾਰਥਵਾਦ ਅਤੇ ਪੂੰਜੀਵਾਦ ਕਾਰਨ ਉਪਜੇ ਸੰਕਟਾਂ ਨੂੰ ਚਿੰਤਨਸ਼ੀਲ ਅਤੇ ਵਿਅੰਗਾਤਮਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ।
ਇਸ ਪੁਸਤਕ ਵਿਚ ਸ਼ਾਮਿਲ ਸਾਰੇ ਹੀ ਲੇਖਕ ਵੱਖੋ-ਵੱਖ ਕਾਲਜਾਂ ਵਿਚ ਅਧਿਆਪਨ ਖੇਤਰ ਨਾਲ ਸਬੰਧਿਤ ਹਨ। ਇਸ ਲਈ ਇਨ੍ਹਾਂ ਨਿਬੰਧਾਂ ਦਾ ਸੁਭਾਅ ਵਿਹਾਰਕ ਆਲੋਚਨਾ ਵਾਲਾ ਹੈ। ਇਸ ਪੁਸਤਕ ਦੇ ਪਹਿਲੇ ਨਿਬੰਧ ਵਿਚ ਸੁਰਜੀਤ ਪਾਤਰ ਦੀ ਕਾਵਿ ਯਾਤਰਾ ਦੇ ਵਿਭਿੰਨ ਪੜਾਵਾਂ ਬਾਰੇ ਚਰਚਾ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਨਿਬੰਧਾਂ ਵਿਚ ਸੁਰਜੀਤ ਪਾਤਰ ਦੇ ਕਵਿਤਾ ਵਿਚਲੇ ਕਾਵਿ ਚਿੰਤਨ, ਹਨੇਰੇ ਤੇ ਚਾਨਣ ਦੇ ਸੰਕਲਪ, ਕਾਵਿ ਸੰਵੇਦਨਾ, ਅਰਥ ਸਿਰਜਣਾ, ਕਲਾਤਮਕ ਵਿਸ਼ੇਸ਼ਤਾਵਾਂ, ਵਿਚਾਰਧਾਰਾਈ ਪਰਿਪੇਖ, ਵਿਅੰਗਆਤਮਕ ਸ਼ੈਲੀ, ਪੇਂਡੂ ਜੀਵਨ ਦੀ ਪੇਸ਼ਕਾਰੀ, ਪੰਜਾਬ ਸੰਤਾਪ ਦੀ ਪੇਸ਼ਕਾਰੀ, ਅਜੋਕੇ ਮਨੁੱਖ ਦਾ ਸੰਕਟ ਆਦਿ ਵਿਸ਼ਿਆਂ ਨੂੰ ਲੈ ਕੇ ਵਿਚਾਰ ਚਰਚਾ ਦੇਖਣ ਨੂੰ ਮਿਲਦੀ ਹੈ। ਭਾਵੇਂ ਇਹ ਸਾਰੇ ਲੇਖਕ ਆਲੋਚਨਾ ਦੇ ਖੇਤਰ ਵਿਚ ਨਵੇਂ ਨਾਂਅ ਲਗਦੇ ਹਨ ਪਰ ਫਿਰ ਵੀ ਹਰ ਲੇਖਕ ਨੇ ਆਪਣੇ-ਆਪਣੇ ਵਿਸ਼ੇ ਨਾਲ ਪੂਰਾ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਨਿਬੰਧ ਆਲੋਚਨਾ ਦੇ ਕੋਈ ਨਵੇਂ ਮਾਪਦੰਡ ਉਸਾਰਨ ਵੱਲ ਰੁਚਿਤ ਨਹੀਂ ਹੁੰਦੇ ਸਗੋਂ ਪੂਰਵ ਪ੍ਰਚੱਲਿਤ ਸਿਧਾਂਤਾਂ ਦੇ ਆਧਾਰ 'ਤੇ ਹੀ ਆਪਣੀਆਂ ਧਾਰਨਾਵਾਂ ਨੂੰ ਸਥਾਪਤ ਕਰਦੇ ਹਨ। ਨਿਬੰਧਾਂ ਵਿਚ ਢੁਕਵੇਂ ਹਵਾਲੇ ਵੀ ਦਿੱਤੇ ਗਏ ਹਨ। ਸੁਰਜੀਤ ਪਾਤਰ ਦੀ ਸ਼ਾਇਰੀ ਬਾਰੇ ਸੰਵਾਦ ਰਚਾਉਂਦੀ ਇਹ ਪੁਸਤਕ ਪੰਜਾਬੀ ਖੋਜਾਰਥੀਆਂ ਤੇ ਪਾਠਕਾਂ ਨੂੰ ਪਸੰਦ ਆਵੇਗੀ।


-ਡਾ: ਅਮਰਜੀਤ ਕੌਂਕੇ।


ਸਵਾਹਾ

ਲੇਖਕ : ਗੁਰਸੇਵਕ ਸਿੰਘ ਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 240
ਸੰਪਰਕ : 94173-58073.


ਸਵਾਹਾ ਨਾਵਲ ਅਜੋਕੇ ਸਮੇਂ ਵਿਚ ਹਨੇਰੀ ਵਾਂਗ ਝੁੱਲੇ ਵਿਕਾਸ ਦੀ ਆੜ ਹੇਠ ਆਏ ਵਿਨਾਸ਼ ਦੀ ਕਹਾਣੀ ਹੈ, ਜਿਸ ਨੂੰ ਨਾਵਲਕਾਰ ਨੇ ਆਪਣੀ ਗੁੰਦਵੀ ਕਥਾ ਬਣਤਰ ਰਾਹੀਂ ਬਹੁਤ ਹੀ ਯਥਾਰਥਕ ਤਰੀਕੇ ਨਾਲ ਪੇਸ਼ ਕੀਤਾ ਹੈ। ਨਾਵਲ ਪੜ੍ਹਦਿਆਂ ਪਾਠਕ ਸਹਿਜੇ ਹੀ ਇਹ ਗੱਲ ਸਮਝਣ ਦੇ ਸਮੱਰਥ ਹੋ ਜਾਂਦਾ ਹੈ ਕਿ ਕਿਸ ਪ੍ਰਕਾਰ ਵਿਕਾਸ ਦੀ ਲਹਿਰ ਨੇ ਅਨੇਕਾਂ ਹੀ ਛੋਟੇ-ਵੱਡੇ ਕਸਬਿਆਂ ਨੂੰ ਵਿਨਾਸ਼ ਵੱਲ ਧੱਕਦਿਆਂ ਵਿਕਾਸ ਦੀ ਅਗਨਕੁੰਡ ਵਿਚ ਸਵਾਹਾ ਕੀਤਾ ਹੈ। ਨਾਵਲ ਦੀ ਕਹਾਣੀ ਇਕ ਛੋਟੇ ਜਿਹੇ ਪਿੰਡ ਟਿੱਬੀ ਰਾਮ ਸਿੰਘ ਵਾਲੀ ਦੇ ਰਾਮਲੀ ਬਣਨ ਦੀ ਹੈ ਜਿਹੜਾ ਕਿ ਖੇਤੀ ਪ੍ਰਧਾਨ ਹੈ, ਪਰ ਸਰਮਾਏਦਾਰਾਂ ਅਤੇ ਕਾਰਪੋਰੇਟਾਂ ਦੀ ਨਜ਼ਰ ਉਸ ਉੱਪਰ ਪੈਣ ਤੋਂ ਬਾਅਦ ਕਿਸ ਪ੍ਰਕਾਰ ਉਥੋਂ ਦੇ ਸਿੱਧੇ-ਸਾਦੇ ਲੋਕਾਂ ਨੂੰ ਮਾਇਆ ਜਾਲ ਦਿਖਾ ਕੇ ਅਮੀਰ ਬਣਨ ਦੇ ਸੁਪਨੇ ਦਿਖਾਏ ਜਾਂਦੇ ਹਨ। ਉਸ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਉਸ ਹੋਂਦ ਨੂੰ ਬਚਾਉਣ ਲਈ ਲੜਨ ਵਾਲਿਆਂ ਨੂੰ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਹੈ। ਕਾਮਰੇਡ ਬਿੱਛੂ ਵਰਗੇ ਪਾਤਰ ਰਾਹੀਂ ਨਾਵਲਕਾਰ ਨੇ ਇਹ ਦਰਸਾਇਆ ਹੈ ਕਿ ਕਿਸ ਪ੍ਰਕਾਰ ਲੋਕਾਂ ਨੂੰ ਅਸਲੀਅਤ ਦਿਖਾਉਣ ਵਾਲੇ ਨੇਤਾ ਆਪਣੀ ਜਾਨ ਦਾਅ 'ਤੇ ਲਾਉਣ ਤੋਂ ਨਹੀਂ ਝਿਜਕਦੇ ਪਰ ਲੋਕ ਯਥਾਰਥ ਤੋਂ ਪਰੇ ਸੁਪਨਿਆਂ ਦੀ ਦੁਨੀਆ ਵਿਚ ਰਹਿਣਾ ਪਸੰਦ ਕਰਦੇ ਹਨ। ਟਿੱਬੀ ਰਾਮ ਸਿੰਘ ਵਾਲੀ ਵਿਚ ਅਖੌਤੀ ਵਿਕਾਸ ਦੀ ਹਨੇਰੀ ਨੂੰ ਲੋਕ ਅੰਨ੍ਹੇ, ਬੋਲੇ ਅਤੇ ਗੂੰਗੇ ਬਣ ਕੇ ਦੇਖਦੇ ਰਹਿੰਦੇ ਹਨ। ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। ਪ੍ਰਤੀਕਾਤਮਕ ਢੰਗ ਨਾਲ ਨਾਵਲਕਾਰ ਨੇ ਦੇਸ਼ ਦੀ ਅਜੋਕੀ ਸਥਿਤੀ ਨੂੰ ਬਾਖੂਬੀ ਬਿਆਨ ਕੀਤਾ ਹੈ। ਨਾਵਲਕਾਰ ਦੀ ਪਾਤਰ ਉਸਾਰੀ ਬਾਕਮਾਲ ਹੈ। ਪਾਤਰਾਂ ਦੀ ਬੋਲੀ, ਸ਼ੈਲੀ ਭਾਸ਼ਾ ਨਾਵਲ ਨੂੰ ਹੋਰ ਦਿਲਚਸਪ ਬਣਾਉਂਦੀ ਹੈ। ਇਸ ਕਰਕੇ ਪਾਠਕ ਨਾਵਲ ਨੂੰ ਪੜ੍ਹਦਿਆਂ ਅਕੇਵਾਂ ਮਹਿਸੂਸ ਨਹੀਂ ਕਰਦਾ। ਅਖੌਤੀ ਮੀਡੀਆ ਦੇ ਰੋਲ ਨੂੰ ਵੀ ਨਾਵਲਕਾਰ ਨੇ ਬਹੁਤ ਬਾਖੂਬੀ ਪ੍ਰਗਟਾਇਆ ਹੈ। ਨਾਵਲ ਮਾਨਣਯੋਗ ਹੈ ਜਿਸ ਵਿਚ ਇਕ ਪਿੰਡ ਦੇ ਮਿਟਣ ਦੀ ਗਾਥਾ ਹੈ ਜਿਸ ਨੂੰ ਅੰਤ ਵਿਚ ਉਸ ਦੇ ਪਤੇ 'ਤੇ ਆਈ ਚਿੱਠੀ ਨੂੰ ਡਾਕੀਆ 'ਪਤਾ ਨਹੀਂ ਮਿਲਿਆ' ਕਹਿ ਕੇ ਵਾਪਸ ਭੇਜ ਦਿੰਦਾ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

30-01-2021

 ਬੋਲੀਆਂ ਦਾ ਬਾਦਸ਼ਾਹ
ਕਰਤਾਰ ਸਿੰਘ ਲੋਪੋਂ
ਸੰਪਾਦਕ : ਗੁਰਦੇਵ ਸਿੰਘ ਸਿੱਧੂ ਅਤੇ ਗੁਰਦੀਪ ਲੋਪੋਂ
ਪ੍ਰਕਾਸ਼ਕ : ਰਾਹਾਓ ਪਬਲੀਕੇਸ਼ਨ ਨਿਹਾਲ ਸਿੰਘ ਵਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98780-02774.

ਹਥਲੀ ਪੁਸਤਕ ਵਿਚ ਲੋਪੋਂ ਨਿਵਾਸੀ ਕਰਤਾਰ ਸਿੰਘ ਦੀਆਂ ਮਲਵਈ ਗਿੱਧੇ ਵਿਚ ਪ੍ਰਚਲਿਤ ਹੋਈਆਂ ਬੋਲੀਆਂ ਨੂੰ ਅੰਕਿਤ ਕੀਤਾ ਗਿਆ ਹੈ। ਕਰਤਾਰ ਸਿੰਘ ਭਾਵੇਂ ਅੱਖਰ ਗਿਆਨ ਤੋਂ ਕੋਰਾ ਸੀ ਪਰ ਬਹੁਤ ਸਾਰੇ ਕਿੱਸਾ ਬਿਰਤਾਂਤਾਂ ਤੋਂ ਵਾਕਿਫ ਅਤੇ ਰਸੀਆ ਸੀ। ਵਾਹੀ ਜੋਤੀ ਦੇ ਕੰਮ ਦੇ ਨਾਲ-ਨਾਲ ਉਸ ਵਿਚ ਸਹਿਜ, ਸਿਆਣਪ ਭਰਪੂਰ ਅਤੇ ਸਾਦਗੀ ਵਾਲੀ ਭਾਸ਼ਾ ਵਿਚ ਅਗੰਮੀ ਕਾਵਿ-ਸਿਰਜਣਾ ਪ੍ਰਵੇਸ਼ ਕਰ ਚੁੱਕੀ ਸੀ। ਆਪਣੇ ਨੇੜਲੇ ਮਿੱਤਰਾਂ ਦੇ ਸੰਗ ਸਾਥ ਉਹ ਮੇਲਿਆਂ ਮੁਸਾਹਦਿਆਂ 'ਤੇ ਸ਼ੌਕੀਆ ਤੌਰ 'ਤੇ ਮੌਕੇ 'ਤੇ ਹੀ ਬੋਲੀਆਂ ਸਿਰਜ ਕੇ ਪੇਸ਼ ਕਰਦਾ ਰਿਹਾ। ਪਿੰਡ ਨਿਵਾਸੀ ਕਾਕਾ ਦੀਨ ਅਤੇ ਗ੍ਰੰਥੀ ਪ੍ਰੀਤਮ ਸਿੰਘ ਦੁਆਰਾ ਫਾਰਸੀ ਅਤੇ ਗੁਰਮੁਖੀ ਅੱਖਰਾਂ ਵਿਚ ਲਿਖਵਾਉਂਦਾ ਰਿਹਾ।
ਪੁਸਤਕ ਦੇ ਦੋਵਾਂ ਸੰਪਾਦਕਾਂ ਦੀ ਖੇਤਰੀ-ਖੋਜ ਅਤੇ ਦਸਤਾਵੇਜ਼ੀ ਖੋਜ ਸਦਕਾ ਕਰਤਾਰ ਸਿੰਘ ਦੁਆਰਾ ਰਚਿਤ ਕਿੱਸਿਆਂ ਦੀਆਂ ਜੋ ਬੋਲੀਆਂ ਪ੍ਰਾਪਤ ਹਨ, ਇਸ ਪੁਸਤਕ ਦਾ ਸ਼ਿੰਗਾਰ ਬਣੀਆਂ ਹਨ। ਇਹ ਬੋਲੀਆਂ ਮਹਿਜ਼ ਮਲਵਈ ਖੇਤਰ ਤੱਕ ਦੇ ਵਰਣਨ ਦਾ ਦਰਪਣ ਹੀ ਨਹੀਂ ਹਨ, ਸਗੋਂ ਸਮੁੱਚੇ ਪੰਜਾਬੀ ਸਮਾਜਿਕ, ਸੱਭਿਆਚਾਰਕ, ਨੈਤਿਕ ਅਤੇ ਧਾਰਮਿਕ ਆਦਿ ਵਰਤਾਰੇ ਦੀ ਪੇਸ਼ਕਾਰੀ ਵੀ ਹਨ। ਇਨ੍ਹਾਂ ਬੋਲੀਆਂ ਵਿਚੋਂ ਪ੍ਰਗਟ ਹੁੰਦੀ ਪੰਜਾਬੀਅਤ, ਸਾਂਝੀਵਾਲਤਾ, ਪਿਆਰ-ਮੁਹੱਬਤ, ਰਿਸ਼ਤਿਆਂ ਦੀ ਪਾਕੀਜ਼ਗੀ ਆਦਿ ਦਾ ਵਰਣਨ ਖੂਬ ਮਿਲਦਾ ਹੈ। ਸੰਪਾਦਕ ਜਨਾਂ ਨੇ ਕਰਤਾਰ ਸਿੰਘ ਰਚਿਤ ਬੋਲੀਆਂ ਨੂੰ 'ਚਾਹ ਤੇ ਫੀਮ', ਬਾਰਾਂ ਮਾਹ, ਨਵਾਂ ਜੰਗ, ਪੂਰਨ ਪ੍ਰਕਾਸ਼, ਭਾਈ ਜੀ ਹਕੀਮ, ਹੀਰ, ਸੋਹਣੀ ਮਹੀਂਵਾਲ, ਕੌਲਾਂ ਰਸਾਲੂ, ਸਰਵਣ ਭਗਤ, ਪੈਂਤੀ ਅੱਖਰੀ ਅਤੇ ਫੁਟਕਲ ਬੋਲੀਆਂ ਦੇ ਸਿਰਲੇਖਾਂ ਤਹਿਤ ਅੰਕਿਤ ਕੀਤਾ ਹੈ।
ਇਨ੍ਹਾਂ ਬੋਲੀਆਂ ਦਾ ਆਰੰਭ, ਨਿਭਾਅ ਅਤੇ ਅੰਤਿਮ ਤੁਕ ਖੂਬ ਮਨੋਰੰਜਨਦਾਇਕ ਹੈ। ਬਹੁਤ ਸਾਰੀਆਂ ਬੋਲੀਆਂ ਵਿਚ ਕਰਤਾਰਾ ਸ਼ਬਦ ਤਾਂ ਹੈ ਹੀ ਹੈ ਕਿਤੇ-ਕਿਤੇ ਆਪਣੇ ਦੋਸਤ ਕਾਕਾ ਦੀਨ ਅਤੇ ਪ੍ਰੀਤਮ ਸਿੰਘ ਦਾ ਨਾਂਅ ਵੀ ਅੰਕਿਤ ਕੀਤਾ ਗਿਆ ਹੈ। ਆਮ ਪ੍ਰਚਲਿਤ ਬੋਲੀ ਵਿਚੋਂ ਇਕ ਤੁਕ ਹੈ ਕਿ ਵਿਆਹ ਕਰਤਾਰੇ ਦਾ ਚੱਕ ਲਓ ਢੋਲਕੀਆਂ ਛੈਣੇ। ਨਿਰਸੰਦੇਹ, ਇਹ ਸਾਰੀਆਂ ਬੋਲੀਆਂ ਲੋਕ ਕਾਵਿ ਰੂਪ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਆਓ ਸੱਚ ਜਾਣੀਏਂ
ਲੇਖਕ : ਸੁਰਜਨ ਜ਼ੀਰਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 98152-98459.

ਇਹ ਪੁਸਤਕ ਪੰਜਾਬ ਦੇ ਇਕ ਪ੍ਰਮੁੱਖ ਕਮਿਊਨਿਸਟ ਚਿੰਤਕ ਅਤੇ 'ਨਵਾਂ ਜ਼ਮਾਨਾ' ਅਖ਼ਬਾਰ ਦੇ ਸੰਪਾਦਕ ਸ੍ਰੀ ਸੁਰਜਨ ਜ਼ੀਰਵੀ ਦੇ ਸਮਕਾਲੀ ਮਸਲਿਆਂ ਅਤੇ ਕੁਝ ਅੰਤਰੰਗ ਮਿੱਤਰਾਂ ਬਾਰੇ ਲਿਖੇ ਲੇਖਾਂ ਅਤੇ ਸ਼ਬਦ-ਚਿਤਰਾਂ ਦਾ ਇਕ ਵਿਚਾਰ-ਉਤੇਜਕ ਸੰਗ੍ਰਹਿ ਹੈ। 'ਨਵਾਂ ਜ਼ਮਾਨਾ' ਵਿਚ ਕਈ ਵਰ੍ਹੇ ਪੱਤਰਕਾਰੀ ਦੇ ਖੇਤਰ ਵਿਚ ਪ੍ਰਮਾਣਿਕ ਕੰਮ ਕਰਨ ਤੋਂ ਬਾਅਦ ਅੱਜਕਲ੍ਹ ਉਹ ਕੈਨੇਡਾ ਵਿਚ ਨਿਵਾਸ ਕਰ ਰਿਹਾ ਹੈ। ਸਾਡੇ ਲਈ ਖੁਸ਼ੀ ਅਤੇ ਸੰਤੋਖ ਦੀ ਗੱਲ ਇਹ ਹੈ ਕਿ ਪਿਛਲੇ ਦੋ ਕੁ ਦਹਾਕਿਆਂ ਤੋਂ ਕੈਨੇਡਾ ਦੇ ਸੁਵਿਧਾਮਈ ਜੀਵਨ ਵਿਚ ਰਹਿਣ ਦੇ ਬਾਵਜੂਦ ਉਹ ਚੁੱਪ ਕਰਕੇ ਨਹੀਂ ਬੈਠਾ ਹੋਇਆ, ਬਲਕਿ ਉਥੇ ਵੀ ਨਿਰੰਤਰ ਪੰਜਾਬੀ ਪੱਤਰਕਾਰੀ ਨਾਲ ਜੁੜਿਆ ਰਿਹਾ ਹੈ। ਉਥੇ ਰਹਿੰਦਿਆਂ ਹੋਇਆਂ ਉਸ ਦੀਆਂ ਦੋ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਸ ਪੁਸਤਕ ਵਿਚ ਸੰਕਲਿਤ ਲੇਖਾਂ ਨੂੰ ਕਈ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ ਵਿਚ ਕੁਝ ਪ੍ਰਮੁੱਖ ਕਮਿਊਨਿਸਟ ਨੇਤਾਵਾਂ ਦੇ ਕਲਮੀ-ਚਿੱਤਰ ਆਉਂਦੇ ਹਨ, ਜਿਨ੍ਹਾਂ ਵਿਚ ਕਾਮਰੇਡ ਮਦਨ ਲਾਲ ਦੀਦੀ, ਕਾਮਰੇਡ ਨਰਿੰਦਰ ਜੋਸ਼ੀ ਅਤੇ ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਦੀ ਸ਼ਖ਼ਸੀਅਤ ਦੇ ਵਿਭਿੰਨ ਪਾਸਾਰ ਪੇਸ਼ ਹੋਏ ਹਨ। ਪ੍ਰਗਤੀਵਾਦੀ ਪੰਜਾਬੀ ਪੱਤਰਕਾਰੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਦਲਬੀਰ ਸਿੰਘ ਦਾ ਸ਼ਬਦ-ਚਿੱਤਰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਦੂਜੀ ਸ਼੍ਰੇਣੀ ਵਿਚ ਕੁਝ ਅਜਿਹੇ ਚਿੱਤਰਕਾਰ ਜਾਂ ਲੇਖਕ ਆਉਂਦੇ ਹਨ, ਜੋ ਜੰਮੇ-ਪਲੇ ਤਾਂ ਇਧਰ ਪੰਜਾਬ ਜਾਂ ਇਸ ਦੇ ਆਸ-ਪਾਸ ਹੀ ਸਨ ਪਰ ਉਹ ਵਿਖਿਆਤ ਉਧਰ ਉੱਤਰੀ ਅਮਰੀਕਾ ਵਿਚ ਜਾ ਕੇ ਹੋਏ ਜਿਵੇਂ ਯੰਗੋ ਸਿੰਘ ਵਰਮਾ, ਸੋਹਨ ਕਾਦਰੀ, ਰਛਪਾਲ ਰਣੀਆਂ ਅਤੇ ਉਮਰ ਖ਼ਯਾਮ ਦੀਆਂ ਰੁਬਾਈਆਂ ਨੂੰ ਪੰਜਾਬੀ ਕਵਿਤਾ ਵਿਚ ਅਨੁਵਾਦਿਤ ਕਰਨ ਵਾਲਾ ਸ.ਸ. ਜੋਗੀ। ਇਸ ਪੁਸਤਕ ਵਿਚ ਸੋਹਨ ਕਾਦਰੀ ਦੀ ਇਕ ਕਾਵਿ-ਪੁਸਤਕ ਦੇ ਆਧਾਰ 'ਤੇ ਉਸ ਦੀਆਂ ਕਾਵਿਕ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ ਹੈ। ਸ.ਸ. ਜੋਗੀ ਵਾਲੇ ਲੇਖ ਵਿਚ ਉਮਰ ਖ਼ਯਾਮ ਦੀ ਕਾਵਿ ਕਲਾ ਬਾਰੇ ਵੀ ਕੁਝ ਨਵੇਂ ਜ਼ਾਵੀਏ ਪੇਸ਼ ਹੋਏ ਹਨ। ਯੰਗੋ ਵਰਮਾ ਅਤੇ ਰਛਪਾਲ ਰਣੀਆ ਵਰਗੇ ਲੇਖ ਲਿਖਣੇ ਕਾਫੀ ਮੁਸ਼ਕਿਲ ਸਨ ਪਰ ਸੁਰਜਨ ਜ਼ੀਰਵੀ ਇਧਰ ਭਾਰਤ ਤੋਂ ਹੀ ਕਲਾ ਨੂੰ ਇਸ ਦੇ ਸੰਰਚਨਾਤਮਕ ਅਤੇ ਵਿਚਾਰਧਾਰਾਈ ਪਰਿਪੇਖ ਵਿਚ ਰੱਖ ਕੇ ਵਾਚਣ ਦੀ ਕਲਾ ਵਿਚ ਨਿਪੁੰਨ ਸੀ। ਇਸ ਕਾਰਨ ਉਹ ਰੰਗਾਂ, ਲਕੀਰਾਂ, ਆਕਾਰਾਂ ਅਤੇ ਪ੍ਰਕਾਸ਼ ਜਾਂ ਪਰਛਾਈਆਂ ਵਿਚੋਂ ਉੱਭਰਦੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਨੂੰ ਪੜ੍ਹਨ-ਵਿਚਾਰਨ ਦੇ ਪੂਰੀ ਤਰ੍ਹਾਂ ਯੋਗ ਸਿੱਧ ਹੁੰਦਾ ਹੈ।
ਜਿਵੇਂ ਕਿ ਅਸੀਂ ਜ਼ੀਰਵੀ ਸਾਹਿਬ ਤੋਂ ਆਸ ਰੱਖਦੇ ਸਾਂ, ਇਸ ਪੁਸਤਕ ਵਿਚਲੇ ਬਹੁਤੇ ਲੇਖ ਅਮਰੀਕੀ ਧੌਂਸ, ਧੱਕੇਸ਼ਾਹੀ ਅਤੇ ਸੋਵੀਅਤ ਰੂਸ ਦੇ ਬਿਖਰ ਜਾਣ ਸਬੰਧੀ ਵੇਰਵਿਆਂ ਦੀ ਬੜੀ ਡੂੰਘੀ ਅਤੇ ਅੰਦਰਲੀ ਜਾਣਕਾਰੀ ਪ੍ਰਦਾਨ ਕਰਦੇ ਹਨ। ਕਾਰਲ ਮਾਰਕਸ ਦੇ ਜੀਵਨ ਅਤੇ ਸੰਘਰਸ਼ ਬਾਰੇ ਲਿਖਿਆ ਲੇਖ ਵੀ ਉਸ ਦੇ ਗਹਿਰੇ ਅਧਿਐਨ ਦੀ ਗਵਾਹੀ ਭਰਦਾ ਹੈ। ਜ਼ੀਰਵੀ ਫ਼ੈਜ਼ ਸਾਹਿਬ ਦੀ ਸ਼ਾਇਰੀ ਦਾ ਆਸ਼ਿਕ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦੇ ਬਹੁਤੇ ਲੇਖ ਉਨ੍ਹਾਂ ਦੇ ਕਿਸੇ ਸ਼ਿਅਰ ਨਾਲ ਸ਼ੁਰੂ ਜਾਂ ਸਮਾਪਤ ਹੁੰਦੇ ਹਨ। ਲੇਖਕ ਨੇ ਇਸ ਤੱਥ ਨੂੰ ਕਿੰਨੀ ਉਦਾਰਤਾ ਸਹਿਤ ਪ੍ਰਵਾਨ ਕੀਤਾ ਹੈ ਕਿ ਅਸੀਂ ਕਮਿਊਨਿਸਟ ਲੋਕ ਇਹੀ ਸਮਝਦੇ ਹਾਂ ਕਿ ਪੂਰੀ ਦੁਨੀਆ ਨੂੰ ਨਾ ਕੇਵਲ ਉਨ੍ਹਾਂ ਨੇ ਚੁੱਕਿਆ ਹੋਇਆ ਹੈ, ਬਲਕਿ ਇਹ ਘੁੰਮਦੀ ਵੀ ਸਾਡੇ ਆਸਰੇ ਹੀ ਹੈ। (ਪੰਨਾ 253) ਆਧੁਨਿਕ ਨਿਜ਼ਾਮ ਦੀਆਂ ਵਿਭਿੰਨ ਵਿਸੰਗਤੀਆਂ ਨੂੰ ਸਮਝਣ ਲਈ ਇਹ ਰਚਨਾ ਇਕ ਸ੍ਰੋਤ-ਪੁਸਤਕ ਦੀ ਭੂਮਿਕਾ ਨਿਭਾਏਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜਿਉ ਕਰਿ ਸੂਰਜੁ ਨਿਕਲਿਆ
ਨਾਟਕਕਾਰ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 98142-99422.

ਇਹ ਪੁਸਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਵਿਚ ਮਹਾਰਾਜ ਜੀ ਦੇ ਸਮੁੱਚੇ ਜੀਵਨ ਦੀਆਂ ਪ੍ਰਮੁੱਖ ਝਾਕੀਆਂ ਨੂੰ ਨਾਟਕੀ ਰੂਪ ਵਿਚ ਦਰਸਾਇਆ ਗਿਆ ਹੈ। ਪੁਸਤਕ ਵਿਚ ਪਾਤਸ਼ਾਹ ਜੀ ਦੀ ਬਾਣੀ, ਫਿਲਾਸਫ਼ੀ ਅਤੇ ਸੰਦੇਸ਼ਾਂ ਨੂੰ ਸਾਖੀਆਂ ਰਾਹੀਂ ਰੂਪਮਾਨ ਕਰਨ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਕਾਵਿ ਅਤੇ ਸੰਗੀਤ ਨਾਲ ਸ਼ਿੰਗਾਰੇ ਇਸ ਨਾਟਕ ਦੀਆਂ ਕੁਝ ਝਲਕਾਂ ਪੇਸ਼ ਹਨ
-ਸੁਣੋ ਅਮਰ ਕਥਾ ਬਾਬੇ ਨਾਨਕ ਦੀ
ਨੂਰ ਨੂਰੀ ਬਣ ਜੱਗ ਤੇ ਢਲਿਆ।
-ਤਾਰਨਹਾਰੇ ਸਤਿਗੁਰੂ ਜੀ ਨੇ
ਐਸੀ ਵਿਧੀ ਬਣਾਈ
ਗੁਰਾਂ ਨੇ ਬਾਣੀ ਉਚਾਰੀ ਤੇ
ਮਰਦਾਨੇ ਰਬਾਬ ਵਜਾਈ।
-ਨਨਕਾਣੇ ਵਿਚ ਚੜ੍ਹਿਆ ਸੂਰਜ,
ਕਰਤਾਰਪੁਰ ਆ ਰੁਸ਼ਨਾਇਆ
ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ, ਆਖ਼ਰੀ ਸਮਾਂ ਬਿਤਾਇਆ।
-ਕਿਰਤ ਕਰਨੀ ਤੇ ਵੰਡ ਛਕਣਾ,
ਪੂਰੀ ਦੁਨੀਆ ਨੂੰ ਸਮਝਾ ਗਏ
ਸਤਿਨਾਮ ਵਾਹਿਗੁਰੂ ਦਾ ਮੰਤਰ,
ਸਭ ਦੇ ਕੰਨੀਂ ਪਾ ਗਏ।
ਗੁਰੂ ਮਹਾਰਾਜ ਜੀ ਦੇ ਸ਼ਾਨਾਮੱਤੇ, ਗੌਰਵਮਈ ਇਤਿਹਾਸ ਦੇ ਵੱਖੋ-ਵੱਖਰੇ ਰੰਗਾਂ 'ਤੇ ਚਾਨਣ ਪਾਉਂਦਾ ਇਹ ਨਾਟਕ ਸ਼ਲਾਘਾਯੋਗ ਹੈ। ਇਸ ਨਾਟਕ ਨੂੰ ਪੰਜਾਬ ਅਤੇ ਹੋਰ ਰਾਜਾਂ ਵਿਚ ਸਫਲਤਾਪੂਰਵਕ ਖੇਡਿਆ ਗਿਆ ਹੈ। ਅੱਖਾਂ ਨਾਲ ਦੇਖਣ ਦਾ ਪ੍ਰਭਾਵ ਸਭ ਤੋਂ ਵੱਧ ਹੁੰਦਾ ਹੈ। ਇਸ ਲਈ ਨਾਟਕ ਰੂਪ ਵਿਚ ਪੜ੍ਹਿਆਂ, ਅਨਪੜਿਆਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਹਾ ਮਿਲਦਾ ਹੈ। ਗੁਰੂ ਮਹਾਰਾਜ ਜੀ ਦੇ ਅਟੱਲ ਅਮਰ ਸੰਦੇਸ਼ ਨੂੰ ਗੁਰਬਾਣੀ ਦੀਆਂ ਤੁਕਾਂ ਰਾਹੀਂ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੜ੍ਹਨਯੋਗ, ਮਾਣਨਯੋਗ ਅਤੇ ਸਾਂਭਣਯੋਗ ਸਮੱਗਰੀ ਦਾ ਤਹਿ ਦਿਲੋਂ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਚਿਹਰਾ ਚਿਹਰਾ ਮੈਂ
ਕਵੀ : ਡਾ: ਰਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98724-82378

ਡਾ: ਰਵਿੰਦਰ ਦੀ ਹਥਲੀ ਕਾਵਿ ਪੁਸਤਕ 'ਚਿਹਰਾ ਚਿਹਰਾ ਮੈਂ' ਵਿਚ ਉਸ ਦੀਆਂ 43 ਕਾਵਿ ਰਚਨਾਵਾਂ ਸ਼ਾਮਿਲ ਹਨ। ਲੇਖਕ ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ ਪ੍ਰਤੀਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਤੋਂ ਡਾਢਾ ਚਿੰਤਾਵਾਨ ਹੈ। ਅਜੋਕੇ ਸਮਾਜ 'ਚ ਲੀਰੋ-ਲੀਰ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਚੀਸ, ਰਿਸ਼ਤਿਆਂ ਦੀ ਬਦਲ ਰਹੀ ਪਰਿਭਾਸ਼ਾ ਉਸ ਨੂੰ ਬੇਚੈਨ ਕਰਦੀ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਨੁੱਖ ਦੇ ਚਿਹਰੇ ਪਿੱਛੇ ਦਿਸਦੇ ਹੋਰ ਅਸੰਖ, ਅਨੇਕਾਂ ਚਿਹਰਿਆਂ ਦੀ ਦਾਸਤਾਨ, ਮਨੁੱਖੀ ਮਨ ਦੇ ਦਰਪਣ 'ਤੇ ਜੰਮੀ ਹੋਈ ਗਹਿਰੀ ਧੂੜ ਨੂੰ ਸਾਫ਼ ਕਰਨ ਦੀ ਨਸੀਹਤ, ਮਾਂ ਦੀ ਗੋਦ ਦਾ ਨਿੱਘ, ਸ਼ਬਦ ਦੀ ਤਾਕਤ, ਸਮੇਂ ਦੇ ਹੁਕਮਰਾਨਾਂ ਦੇ ਨਾਦਰਸ਼ਾਹੀ ਫ਼ਰਮਾਨਾਂ ਖਿਲਾਫ਼ ਵਿਦਰੋਹ ਉਮੜਦਾ ਹੈ।
ਕਵੀ ਕੋਰੋਨਾ ਮਹਾਂਮਾਰੀ ਦੌਰਾਨ ਕੁਦਰਤ ਵਲੋਂ ਮਨੁੱਖ ਨੂੰ ਦਿੱਤੇ ਸਬਕ ਨੂੰ ਗਹਿਰਾਈ ਨਾਲ ਵਾਚਣ ਦੀ ਨਸੀਹਤ ਦਿੰਦਾ ਹੈ। ਕੋਰੋਨਾ ਮਹਾਂਮਾਰੀ ਦੌਰ 'ਚ ਗ਼ਰੀਬ ਲੋਕਾਂ ਦੀ ਆਰਥਿਕ ਮੰਦਹਾਲੀ, ਭੁੱਖ, ਰੁਜ਼ਗਾਰ ਖੁੱਸਣ ਦੀ ਚੀਸ, ਰੋਜ਼ੀ-ਰੋਟੀ ਤੋਂ ਮੁਥਾਜ ਹੋਏ ਮਜ਼ਦੂਰਾਂ ਦਾ ਦਰਦ ਬਿਆਨਦਾ ਕਵੀ ਲਿਖਦਾ ਹੈ :
ਅੱਗ ਮੰਗੀ ਸੀ ਉਨ੍ਹਾਂ,
ਘਰਾਂ ਦੇ ਚੁੱਲ੍ਹਿਆਂ ਲਈ
ਸਫਰ ਮੰਗਿਆ, ਮੰਜ਼ਿਲ 'ਤੇ ਪਹੁੰਚਣ ਲਈ
ਭੁੱਖ ਕਬੂਲੀ ਸੀ, ਕਿਰਤ ਦੇ ਮਾਣ ਖ਼ਾਤਰ
ਵਿੱਦਿਆ ਮੰਗੀ, ਅੰਦਰ ਦਾ ਦੀਵਾ ਬਾਲਣ ਲਈ
ਬਹੁਤ ਜ਼ਿਆਦਾ ਦੇ ਦਿੱਤਾ ਏ, ਤੁਸੀਂ ਮਾਲਕੋ
ਸੋਚਾਂ ਲਈ ਨਫ਼ਰਤ ਦੇ ਭਾਂਬੜ, ਪੈਰਾਂ ਲਈ ਸਦੀਵੀ ਭਟਕਣ। (ਪੰਨਾ ਨੰਬਰ : 35)
ਕਵੀ ਅਜੋਕੇ ਦੌਰ 'ਚ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਗ਼ਲਤ ਰਸਤੇ ਲਿਜਾ ਰਹੇ ਚਾਲੂ, ਗ਼ੈਰ-ਮਿਆਰੀ ਕਿਸਮ ਦੇ ਗੀਤਾਂ ਦੇ ਰਚੇਤਾ ਅਤੇ ਗਾਇਕਾਂ 'ਤੇ ਗਹਿਰੀ ਚੋਟ ਕਰਦਾ ਉਸਾਰੂ ਸਾਹਿਤ ਰਚਨ ਦੀ ਪ੍ਰੇਰਨਾ ਦਿੰਦਾ ਹੈ :
ਸ਼ਾਇਰ ਪਿਆਰੇ, ਗਾਇਕ ਵੀਰੇ
ਸ਼ਬਦ, ਸੁਰਾਂ, ਸੰਗੀਤ, ਗਲੇ, ਆਵਾਜ਼ ਤੋਂ ਪੇਸ਼ਾ ਨਾ ਕਰਵਾਵੀਂ
ਮਾਨਵਤਾ ਲਈ ਪਿਆਰ, ਮੁਹੱਬਤ, ਖੁਸ਼ੀ, ਅਨੰਦ ਦਾ ਰਾਹ ਵਿਖਾਵੀਂ
ਇਨ੍ਹਾਂ ਕੋਲੋਂ ਖੂਨ ਦੀ ਹੋਲੀ ਨਾ ਖਿਡਵਾਵੀਂ।
ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਬੌਧਿਕ ਗਹਿਰਾਈ ਅਤੇ ਅਰਥ ਭਰਪੂਰ ਹੋਣ ਕਰਕੇ ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਮਿਥ : ਪੂਰਨ ਨਾਥ ਜੋਗੀ
ਲੇਖਿਕਾ : ਕੁਲਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96.
ਸੰਪਰਕ : 97795-95213

ਮਿਥ : ਪੂਰਨ ਨਾਥ ਜੋਗੀ ਡਾ: ਕੁਲਦੀਪ ਕੌਰ ਦੀ ਆਲੋਚਨਾ ਪੁਸਤਕ ਹੈ ਜਿਸ ਵਿਚ ਲੇਖਕਾ ਨੇ ਪ੍ਰੋ: ਪੂਰਨ ਸਿੰਘ ਦੀ ਲੰਬੀ ਕਵਿਤਾ ਵਿਚਲੀ ਮਿਥ ਸਬੰਧੀ ਡੂੰਘੀ ਪਰਖ ਪੜਚੋਲ ਨੂੰ ਆਪਣੀ ਇਸ ਪੁਸਤਕ ਦੇ ਵਸਤੂ ਵਜੋਂ ਪੇਸ਼ ਕੀਤਾ ਹੈ। 20ਵੀਂ ਸਦੀ ਵਿਚ ਪ੍ਰੋ: ਪੂਰਨ ਸਿੰਘ ਦੀ ਲੰਬੀ ਨਜ਼ਮ ਪੂਰਨ ਨਾਥ ਜੋਗੀ ਵਿਚ ਪੂਰਨ ਦੀ ਮਾਂ ਇਛਰਾਂ ਦਾ ਚਿਤਰਨ ਮਿਥਕ ਵਿਧੀ ਰਾਹੀਂ ਹੋਇਆ ਹੈ। ਲੇਖਿਕਾ ਨੇ ਇਸ ਪੁਸਤਕ ਵਿਚਲੇ ਆਪਣੇ ਥੀਸਿਸ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਪਾਠ ਵਿਚ ਮਿਥ ਦੀ ਪਰਿਭਾਸ਼ਾ, ਸੰਕਲਪ ਅਤੇ ਪ੍ਰਵਿਰਤੀ ਬਾਰੇ ਚਰਚਾ ਕੀਤੀ ਗਈ ਹੈ। ਇਸ ਅਧਿਆਏ ਵਿਚ ਮਿਥ ਸਦੀਆਂ ਪੂਰਵ ਦਾਰਸ਼ਨਿਕਾਂ ਵਲੋਂ ਦਿੱਤੇ ਸਿਧਾਂਤਾਂ ਦੇ ਆਧਾਰ 'ਤੇ ਮਿਥ ਕਥਾਵਾਂ ਨੂੰ ਪੁਨਰ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਠ ਵਿਚ ਮਿਥ ਅਤੇ ਸਾਹਿਤ ਵਿਚਲੇ ਅੰਤਰ ਸਬੰਧਾਂ ਬਾਰੇ ਚਰਚਾ ਕੀਤੀ ਗਈ ਹੈ। ਲੇਖਿਕਾ ਇਸ ਨਿਸ਼ਕਰਸ਼ 'ਤੇ ਪਹੁੰਚਦੀ ਹੈ ਕਿ ਮਿਥ ਕਥਾਵਾਂ ਮਾਨਵ ਸਮਾਜ ਦਾ ਵਿਸ਼ਿਸ਼ਟ ਅੰਗ ਹਨ, ਜਿਹੜਾ ਆਪਣੇ ਵਿਸ਼ੇਸ਼ ਗੁਣਾਂ ਲੱਛਣਾਂ ਕਾਰਨ ਵਿਲੱਖਣ ਚਰਿੱਤਰ ਦਾ ਲਖਾਇਕ ਹੈ। ਮਿਥਾਂ ਦੀ ਮਨੁੱਖ ਦੇ ਸਮਾਜਿਕ, ਧਾਰਮਿਕ, ਨੈਤਿਕ ਤੇ ਵਿਹਾਰਕ ਜੀਵਨ ਵਿਚ ਅਹਿਮ ਭੂਮਿਕਾ ਹੈ। ਇਸੇ ਤਰ੍ਹਾਂ ਅਗਲੇ ਪਾਠ ਵਿਚ ਪੂਰਨ ਨਾਥ ਜੋਗੀ ਕਵਿਤਾ ਵਿਚਲੀ ਮਿਥ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਇਸ ਕਵਿਤਾ ਵਿਚਲੀਆਂ ਵੱਖੋ-ਵੱਖ ਮਿਥਾਂ ਦੀ ਪਛਾਣ ਇਸ ਪਾਠ ਵਿਚ ਕੀਤੀ ਗਈ ਹੈ। ਇਸ ਬਾਰੇ ਲੇਖਿਕਾ ਇਹ ਨਿਸ਼ਕਰਸ਼ 'ਤੇ ਪਹੁੰਚਦੀ ਹੈ, ਮੱਧ ਕਾਲ ਵਿਚ ਮਿਥ ਦੀ ਦਿਬਦਾ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ। ਉਹ ਮਨੁੱਖੀ ਪਾਤਰਾਂ ਨੂੰ ਵਡਿਆਉਣ ਲਈ ਦੈਵੀ ਸੰਸਾਰ ਨਾਲ ਇਕਸੁਰ ਕਰ ਦਿੰਦੀ ਹੈ। ਪ੍ਰੋ: ਪੂਰਨ ਸਿੰਘ ਦੀ ਇਹ ਕਵਿਤਾ ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ। ਮਿਥ ਅਤੇ ਬਿਰਤਾਂਤ ਨਾਲੋ-ਨਾਲ ਚਲਦਿਆਂ ਸੰਤੁਲਨ ਬਣਾਈ ਰੱਖਦੇ ਹਨ। ਕਵੀ ਨੇ ਸੂਰਜ, ਅਗਨੀ-ਦੁਰਗਾ, ਭਵਾਨੀ, ਮਾਂ ਰੱਬੀ ਰੂਪ ਆਦਿ ਸਥਾਪਤ ਪ੍ਰਤੀਕ ਸਿਰਜਣਾ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ।
ਇਸ ਤੋਂ ਬਾਅਦ ਅੰਤਿਮ ਅਧਿਆਏ ਵਿਚ ਲੇਖਿਕਾ ਨੇ ਪੂਰਨ ਨਾਥ ਜੋਗੀ ਕਵਿਤਾ ਦਾ ਮੂਲ ਪਾਠ ਦਿੱਤਾ ਹੈ। ਇਉਂ ਇਹ ਪੁਸਤਕ ਮਿਥ ਬਾਰੇ ਵਿਸਤਾਰ ਸਾਹਿਤ ਚਰਚਾ ਕਰਦੀ ਪੂਰਨ ਨਾਥ ਜੋਗੀ ਕਵਿਤਾ ਵਿਚਲੀ ਮਿਥ ਬਾਰੇ ਅਨੇਕ ਨੁਕਤੇ ਉਜਾਗਰ ਕਰਦੀ ਹੈ। ਉਮੀਦ ਹੈ ਖੋਜਾਰਥੀਆਂ, ਪਾਠਕਾਂ ਤੇ ਲੇਖਕਾਂ ਲਈ ਇਹ ਪੁਸਤਕ ਫਾਇਦੇਮੰਦ ਹੋਵੇਗੀ।

ਡਾ: ਅਮਰਜੀਤ ਕੌਂਕੇ।

ਉਡਦੇ ਬੋਲ
ਲੇਖਕ : ਚੰਨ ਅਮਰੀਕ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98780-70130.

ਸ਼ਾਇਰ ਚੰਨ ਅਮਰੀਕ ਹਥਲੀ ਕਾਵਿ-ਕਿਤਾਬ 'ਉਡਦੇ ਬੋਲ' ਤੋਂ ਪਹਿਲਾਂ 'ਮੈਂ ਜੋ ਚਾਹਿਆ' ਨਾਂਅ ਦਾ ਕਾਵਿ-ਸੰਗ੍ਰਹਿ ਪੰਜਾਬੀ ਅਦਬ ਦੀ ਝੋਲੀ ਪਾ ਚੁੱਕਾ ਹੈ। ਸ਼ਾਇਰ ਜਲ ਸਰੋਤ ਮਹਿਕਮੇ ਦਾ ਸੇਵਾ-ਮੁਕਤ ਅਧਿਕਾਰੀ ਹੈ ਜੋ ਸੇਵਾ-ਮੁਕਤੀ ਉਪਰੰਤ ਅੰਮ੍ਰਿਤਸਰ ਸਿਫ਼ਤੀ ਦਾ ਘਰ ਵਿਖੇ ਕਵਿਤਾ ਨਾਲ ਕੁੱਲ ਵਕਤੀ ਕਲਿੰਗੜੀ ਪਾਈ ਕਵਿਤਾ ਨਾਲ ਅਠਖੇਲੀਆਂ ਕਰ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਉਸ ਦੀ ਨਜ਼ਮ 'ਸੂਹੀ ਸਵੇਰ' ਤੋਂ ਸਹਿਜੇ ਹੀ ਹੱਥ ਆ ਜਾਂਦੀ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸ ਨੇ ਸੋਚਾਂ ਨਾਲ ਸੂਰਜ ਨੂੰ ਵੱਸ ਕਰ ਲਿਆ ਹੈ। ਪਲੈਖਾਨੋਵ ਆਖਦਾ ਹੈ ਕਿ ਬੰਦੇ ਦਾ ਮੱਥਾ ਖ਼ੂਬਸੂਰਤ ਨਹੀਂ ਹੁੰਦਾ, ਖ਼ੂਬਸੂਰਤ ਤਾਂ ਮੱਥੇ ਅੰਦਰ ਪਿਆ ਸੋਚਾਂ ਦਾ ਖੂਬਸੂਰਤ ਖ਼ਿਆਲ ਹੁੰਦਾ ਹੈ। ਸ਼ਾਇਰ ਦੀ ਇਹ ਸੋਚ 104 ਸਫ਼ਿਆਂ ਤੱਕ ਫੈਲੀ ਹੋਈ ਹੈ। ਉਹ ਆਪਣੀ ਸੋਚ ਦੀ ਲੱਜ ਪਾਲਣ ਲਈ ਦੁਕਾਨਾਂ ਵਾਂਗ ਖੁੱਲ੍ਹੇ ਡੇਰੇਦਾਰਾਂ ਤੇ ਧਾਰਮਿਕ ਅਸਥਾਨਾਂ ਨੂੰ ਆੜੇ ਹੱਥੀਂ ਲੈਂਦਾ ਹੈ ਜੋ ਭੋਲੇ-ਭਾਲੇ ਲੋਕਾਂ ਦੀ ਹੱਡ ਭੰਨਵੀਂ ਕਮਾਈ 'ਤੇ ਅੰਨ੍ਹੀ ਸ਼ਰਧਾ ਦੀ ਜੁਗਾੜਬੰਦੀ ਰਾਹੀਂ ਡਾਕਾ ਮਾਰ ਰਹੇ ਹਨ। ਉਹ ਆਪਣੀਆਂ ਨਜ਼ਮਾਂ ਵਿਚ ਰੋਸੇ, ਮੇਹਣੇ, ਮੰਨਣ ਮਨਾਉਣ ਅਤੇ ਮੁਹੱਬਤ ਨਾਲ ਤਰੰਗਤ ਸ਼ਬਦਾਂ ਨਾਲ ਖ਼ੂਬਸੂਰਤ ਤਸਵੀਰਕਸ਼ੀ ਕਰਦਾ ਹੈ। ਉਹ ਜਿਸਮਾਂ ਨੂੰ ਹਾਬੜੀਆਂ ਅੱਖਾਂ ਨਾਲ ਦੇਖਦੇ ਭੇੜੀਆਂ ਤੋਂ ਔਰਤਾਂ ਅਤੇ ਧੀਆਂ ਧਿਆਣੀਆਂ ਨੂੰ ਜਾਗਰੂਕ ਕਰਨ ਦੇ ਨਾਲ ਚਰਿੱਤਰ ਦੀ ਸੁੱਚਮਤਾ 'ਤੇ ਪਹਿਰਾ ਦੇਣ ਦਾ ਹੋਕਾ ਵੀ ਦਿੰਦਾ ਹੈ। ਜਾਤ-ਪਾਤ ਦੇ ਫੈਲੇ ਕੋਹੜ 'ਤੇ ਵੀ ਨਸ਼ਤਰ ਚਲਾਉਂਦਾ ਹੈ ਅਤੇ ਜ਼ਿੰਦਗੀ ਜਿਊਣ ਦੀ ਤਾਂਘ ਪੈਦਾ ਕਰਦਾ ਹੈ ਕਿਉਂਕਿ ਜ਼ਿੰਦਗੀ ਦਾ ਕੋਈ ਹੋਰ ਬਦਲ ਤਾਂ ਹੁੰਦਾ ਹੀ ਨਹੀਂ। ਸਮਾਜ ਅੰਦਰ ਮਨੁੱਖੀ ਸਰੋਕਾਰਾਂ ਦੇ ਵਰਤਾਰਿਆਂ ਨਾਲ ਖ਼ੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਮਨੁੱਖਾ ਜ਼ਿੰਦਗੀ ਨੂੰ ਹੋਰ ਬਿਹਤਰ ਢੰਗ ਨਾਲ ਜੀਣ-ਥੀਣ ਦੀ ਤਲਬ ਪੈਦਾ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਦੇ ਦੂਸਰੇ ਪਰਾਰਾਂ ਨੂੰ ਜੀ ਆਇਆਂ ਨੂੰ ਕਹਿਣਾ ਤਾਂ ਬਣਦਾ ਹੀ ਹੈ।

ਭਗਵਾਨ ਢਿੱਲੋਂ
ਮੋ: 98143-78254.

24-01-2021

ਜਾ ਤੇਰਾ ਬੰਦਾ
ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ

ਲੇਖਕ : ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 550 ਰੁਪਏ, ਸਫ਼ੇ : 438
ਸੰਪਰਕ : 098181-59944.


ਕਮੋਡੋਰ ਗੁਰਨਾਮ ਸਿੰਘ ਇਕ ਬਹੁਵਿਧਾਵੀ ਸਾਹਿਤਕ ਸ਼ਖ਼ਸੀਅਤ ਹੈ। ਉਹ ਕਹਾਣੀਕਾਰ, ਨਾਵਲਕਾਰ, ਨਿਬੰਧਕਾਰ ਅਤੇ ਅਨੁਵਾਦਕ ਵੀ ਹੈ। ਹਥਲੀ ਪੁਸਤਕ 'ਜਾ ਤੇਰਾ ਬੰਦਾ' ਵਿਚ ਉਸ ਨੇ ਬਾਬਾ ਬੰਦਾ ਸਿੰਘ ਜੀ ਦੇ ਸੰਘਰਸ਼ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਇਹ ਉਸ ਦਾ ਉਪਾਧੀ-ਨਿਰਪੇਖ ਖੋਜ ਕਾਰਜ ਹੈ। ਲੇਖਕ ਨੇ ਇਸ ਨੂੰ ਮੁੱਖ ਤਿੰਨ ਭਾਗਾਂ (39 ਅਧਿਆਵਾਂ) ਵਿਚ ਸੰਪੰਨ ਕੀਤਾ ਹੈ। ਇਤਿਹਾਸ ਗਵਾਹ ਹੈ, ਮੁਗ਼ਲਾਂ ਦੀ ਹਕੂਮਤ ਨੇ ਜ਼ੁਲਮਾਂ ਦੀ ਅੱਤ ਚੁੱਕੀ ਹੋਈ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਬੱਚਿਆਂ ਦੀ ਸ਼ਹੀਦੀ ਯਾਦ ਕਰਕੇ ਸੰਸਾਰ ਹੁਣ ਤੱਕ ਤੜਪਦਾ ਹੈ। ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥ ਅਜਿਹੀ ਜ਼ੁਲਮੀ ਸਰਕਾਰ ਦੀਆਂ ਜੜ੍ਹਾਂ ਤਾਂ ਉਖੇੜਨੀਆਂ ਹੀ ਪੈਣੀਆਂ ਸਨ। ਪਰ ਇਨ੍ਹਾਂ ਪਾਪ ਦੀਆਂ ਜੜ੍ਹਾਂ ਨੂੰ ਉਖੇੜਣ ਲਈ ਇਕ ਸਿਰੜੀ ਯੋਧੇ ਦੀ ਲੋੜ ਸੀ, ਜੋ ਸੀਸ ਤਲੀ 'ਤੇ ਧਰ ਸਕਦਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੀ ਪਾਰਖੂ ਦ੍ਰਿਸ਼ਟੀ ਨੇ ਨਾਂਦੇੜ ਸਾਹਿਬ ਵਿਖੇ ਮਾਧੋ ਦਾਸ ਬੈਰਾਗੀ ਵਿਚ ਅਜਿਹੇ ਗੁਣ ਵੇਖ ਕੇ ਉਸ ਨੂੰ ਸਿੰਘ ਸਜਾ ਕੇ 25 ਸਿੰਘਾਂ ਦੀ ਟੁਕੜੀ ਸਮੇਤ ਮੁਗ਼ਲਾਂ ਦਾ ਨਾਸ਼ ਕਰਨ ਲਈ ਰਵਾਨਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਵੇ, ਮਾਝੇ ਦੀਆਂ ਜਿੱਤਾਂ ਜਿੱਤਦਿਆਂ ਮੁਗ਼ਲਾਂ ਦੇ ਜ਼ੁਲਮਾਂ ਵਿਰੁੱਧ ਭੜਥੂ ਪਾ ਦਿੱਤਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। 'ਚੱਪੜ ਚਿੜੀ' ਦੇ ਮੈਦਾਨ ਵਿਚ ਵਜ਼ੀਰ ਖਾਂ ਨੂੰ ਲਲਕਾਰ ਕੇ ਇੰਜ ਮਾਰਿਆ : '...ਤੇਜ਼ ਧਾਰ ਸ਼ਮਸ਼ੀਰ ਵਜ਼ੀਰ ਖਾਂ ਦਾ ਮੋਢਾ, ਹਿੱਕ ਅਤੇ ਪਸਲੀਆਂ ਚੀਰਦੀ ਹੋਈ ਉਸ ਦੇ ਸਰੀਰ ਨੂੰ ਦੋ ਕਰ ਕੇ ਪਾਰ ਹੋ ਗਈ...।' ਪੰ: 174. ਇਵੇਂ ਬਹਾਦਰ ਸ਼ਾਹ ਮਾਯੂਸ ਹੋਇਆ, ਲਾਹੌਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰ-ਡਰ ਕੰਬਦਾ ਸੀ। ਬੈਰਾਗੀ ਬੰਦੇ ਪਾਸ ਕਾਲਾ ਜਾਦੂ ਸਮਝਦਾ ਸੀ। ਕੁੱਤੇ ਭੌਂਕਦੇ, ਖੋਤੇ ਹਿਣਕਦੇ ਸੁਣ ਕੇ ਭੈਭੀਤ ਹੋ ਜਾਂਦਾ ਸੀ ਕਿ 'ਬੰਦਾ' ਨਾ ਆ ਜਾਵੇ। ਮਰਨ ਤੋਂ ਪਹਿਲਾਂ 'ਨੀਮ ਪਾਗਲਾਂ ਵਾਂਗ ਵਿਹਾਰ ਕਰਨ ਲੱਗ ਪਿਆ ਸੀ।' ਪੰ: 284. ਅਜਿਹੀਆਂ ਘਟਨਾਵਾਂ ਪੜ੍ਹ ਕੇ ਇਹ ਰਚਨਾ 'ਵਾਰਤਕ ਵਿਚ ਲਿਖਿਆ ਜੰਗਨਾਮਾ ਬਾਬਾ ਬੰਦਾ ਸਿੰਘ ਬਹਾਦਰ' ਜਾਪਣੀ ਸੁਭਾਵਿਕ ਹੈ। ਪਰ ਮੁਗ਼ਲਾਂ ਦੀ ਫ਼ੌਜ ਵੀ ਬੰਦਾ ਬਹਾਦਰ ਦਾ ਲਗਾਤਾਰ ਪਿੱਛਾ ਕਰਦੀ ਰਹੀ ਅਤੇ ਉਸ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗ੍ਰਿਫ਼ਤਾਰ ਕਰਕੇ ਦਿੱਲੀ ਵਿਖੇ ਜਲਾਦਾਂ ਦੇ ਹਵਾਲੇ ਕਰ ਦਿੱਤਾ। ਇਹ ਦ੍ਰਿਸ਼ ਪੜ੍ਹ ਸਕਣਾ ਬਹੁਤ ਹਿਰਦੇਵੇਧਕ ਹੈ। ਪਾਠਕ ਦੇ ਨੈਣਾਂ 'ਚੋਂ ਪਰਲ-ਪਰਲ ਹੰਝੂ ਵਹਿ ਸਕਦੇ ਹਨ। ਜਲਾਦਾਂ ਨੇ ਪਹਿਲਾਂ ਬਾਬੇ ਨੂੰ ਕਿਹਾ ਆਪਣੇ 4 ਸਾਲਾ ਪੁੱਤਰ ਅਜੈ ਸਿੰਘ ਨੂੰ ਕਤਲ ਕਰੇ। ਬਾਬਾ ਜੀ ਦੇ ਇਨਕਾਰ ਕਰਨ 'ਤੇ ਉਸ ਤੋਂ ਬੱਚਾ ਖੋਹ ਕੇ ਛੁਰੀ ਨਾਲ ਉਸ ਮਾਸੂਮ ਦਾ ਗਲਾ ਚੀਰ ਦਿੱਤਾ... ਉਸ ਦਾ ਧੜਕਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ 'ਚ ਤੁੰਨਿਆ। ਪੰ. 328. ਇਸ ਤੋਂ ਬਾਅਦ ਬੰਦਾ ਸਿੰਘ ਨੂੰ ਤੜਫਾ ਕੇ ਮਾਰਿਆ। ਇਕ ਅੱਖ ਕੱਢ ਦਿੱਤੀ। ਇਕ ਬਾਂਹ, ਇਕ ਲੱਤ ਵੱਢ ਦਿੱਤੀ।
ਬਾਬਾ ਜੀ ਸ਼ਹੀਦ ਹੋ ਗਏ। ਇਹ ਸ਼ਹੀਦੀ ਬੇਕਾਰ ਨਹੀਂ ਗਈ। ਇਹ ਸ਼ਹੀਦੀ ਮੁਗ਼ਲ ਰਾਜ ਦੇ ਕੱਫ਼ਨ ਵਿਚ ਕਿੱਲ ਸਾਬਤ ਹੋਈ। ਭਾਰਤੀਆਂ ਨੂੰ ਆਜ਼ਾਦੀ ਦੀ ਸੋਝੀ ਆਈ। ਮੁਗ਼ਲ ਰਾਜ ਖ਼ਤਮ ਹੋਇਆ। ਸਿੱਖ ਮਿਸਲਾਂ ਹੋਂਦ ਵਿਚ ਆਈਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਈ ਰਾਹ ਪੱਧਰਾ ਹੋਇਆ। ਸਿੱਖਾਂ ਦੀਆਂ ਰਜਮੈਂਟਾਂ ਬਣਨੀਆਂ ਆਰੰਭ ਹੋਈਆਂ।
ਨਿਰਸੰਦੇਹ ਕਮੋਡੋਰ ਗੁਰਨਾਮ ਸਿੰਘ ਨੇ ਇਸ ਪੁਸਤਕ ਨੂੰ ਥੀਸਿਸ ਵਾਂਗ ਤਿਆਰ ਕੀਤਾ ਹੈ। ਤਾਂ ਵੀ ਉਸ ਨੇ ਭਵਿੱਖ ਦੇ ਖੋਜਾਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਡੂੰਘੀ ਖੋਜ ਕਰਨ ਲਈ ਪ੍ਰੇਰਿਤ ਕੀਤਾ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.
ਮਾਨਸਿਕ ਉਲਝਣਾਂ ਅਤੇ ਸੁਝਾਅ
ਲੇਖਕ : ਡਾ: ਅਜਾਇਬ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 0161-2463978.


ਡਾ: ਅਜਾਇਬ ਸਿੰਘ ਇਕ ਦਰਜਨ ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਪੁਸਤਕ 'ਜੀਵਨ ਦੇ ਗੁੱਝੇ ਭੇਦ' ਦੇ ਪੰਜ ਐਡੀਸ਼ਨ ਛਪ ਚੁੱਕੇ ਹਨ, ਕਈ ਹੋਰ ਪੁਸਤਕਾਂ ਦੇ ਵੀ ਇਕ ਤੋਂ ਵੱਧ ਐਡੀਸ਼ਨ ਛਪੇ ਹਨ। ਇਹ ਇਸ ਗੱਲ ਦਾ ਸੰਕੇਤ ਹਨ ਕਿ ਲੇਖਕ ਦਾ ਲਿਖਣ ਪੱਧਰ ਕਿਸ ਪੱਧਰ ਦਾ ਹੈ। ਹਥਲੀ ਪੁਸਤਕ ਮਾਨਸਿਕ ਉਲਝਣਾਂ 'ਤੇ ਆਧਾਰਿਤ ਹੈ। ਮਨੋਵਿਗਿਆਨਕ ਵਿਸ਼ਿਆਂ 'ਤੇ ਰਚਨਾਕਾਰੀ ਕਰਨਾ ਕਾਫ਼ੀ ਕਠਿਨ ਕਾਰਜ ਹੁੰਦਾ ਹੈ। ਅੰਦਰਲੀ ਹਿਲਜੁੱਲ ਮਨੁੱਖੀ ਜੀਵਨ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਮਾਨਸਿਕ ਕਿਰਿਆਵਾਂ ਦਾ ਪ੍ਰਭਾਵ ਸਿੱਧੇ ਤੌਰ 'ਤੇ ਸਰੀਰਕ ਕਿਰਿਆਵਾਂ 'ਤੇ ਪੈਂਦਾ ਹੈ। ਇਸ ਪੁਸਤਕ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। ਪਹਿਲੇ ਭਾਗ 'ਚ ਇਕ ਦਰਜਨ ਅਤੇ ਦੂਜੇ ਭਾਗ 'ਚ ਕਰੀਬ ਡੇਢ ਦਰਜਨ ਲੇਖ ਹਨ। ਇਨ੍ਹਾਂ ਦੇ ਵਿਸ਼ੇ ਭਾਵੇਂ ਅਲੱਗ-ਅਲੱਗ ਹਨ, ਪਰ ਸਮੁੱਚੇ ਰੂਪ 'ਚ ਇਕ ਕੜੀ ਦਾ ਕੰਮ ਕਰਦੇ ਹਨ। ਲੇਖਕ ਨੇ ਯੋਗ ਆਸਣਾਂ ਨੂੰ ਮਨੁੱਖੀ ਸਿਹਤ ਦੇ ਕਈ ਪੱਖਾਂ ਤੋਂ ਫ਼ਾਇਦੇਮੰਦ ਦੱਸਿਆ ਹੈ। ਬਹੁਤ ਸਾਰੀਆਂ ਬਿਮਾਰੀਆਂ ਨਾਲ ਟਾਕਰਾ ਕਰਨ, ਲੰਬੀ ਉਮਰ ਭੋਗਣ, ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦੀ ਮਹੱਤਤਾ 'ਤੇ ਰੌਸ਼ਨੀ ਪਾਈ ਗਈ ਹੈ। ਯੋਗ ਆਸਣਾਂ ਦਾ ਨਾਂਅ ਲਿਖ ਕੇ ਉਨ੍ਹਾਂ ਦੀ ਮਹੱਤਤਾ ਵੀ ਦਰਸਾਈ ਹੈ। ਵਿਆਹੁਤਾ ਜੀਵਨ ਸੁਖੀ ਬਤੀਤ ਕਰਨ ਦੇ ਕਈ ਮਹੱਤਵਪੂਰਨ ਨੁਕਤਿਆਂ 'ਤੇ ਚਾਨਣਾ ਪਾਇਆ ਹੈ। ਲੇਖਕ ਨੇ ਪਤੀ-ਪਤਨੀ ਦਰਮਿਆਨ ਪਿਆਰ, ਸਤਿਕਾਰ ਵਧਾਉਣ, ਉਨ੍ਹਾਂ 'ਚ ਆਪਸੀ ਕਲੇਸ਼ ਪੈੈਣ, ਵਿਆਹੁਤਾ ਜੀਵਨ ਦਾ ਮਹੱਤਵ, ਗਰਭ ਕਾਲ ਦੌਰਾਨ ਔਰਤ ਦੀ ਮਨੋਦਸ਼ਾ, ਬੱਚਿਆਂ ਦੀ ਸ਼ਖ਼ਸੀਅਤ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ, ਮਨੋਰੋਗਾਂ ਦੇ ਕਾਰਨ ਤੇ ਇਲਾਜ ਅਤੇ ਹੋਰ ਵਿਸ਼ਿਆਂ 'ਤੇ ਬੜਾ ਹੀ ਖ਼ੂਬਸੂਰਤ ਤੇ ਸਰਲ ਭਾਸ਼ਾ 'ਚ ਲਿਖਿਆ ਹੈ। ਅਜੋਕੇ ਸਮੇਂ ਅੰਦਰ ਅਜਿਹੀਆਂ ਪੁਸਤਕਾਂ ਹਰੇਕ ਵਿਅਕਤੀ ਨੂੰ ਲਾਜ਼ਮੀ ਪੜ੍ਹਨੀਆਂ ਚਾਹੀਦੀਆਂ ਹਨ।


-ਮੋਹਰ ਗਿੱਲ ਸਿਰਸੜੀ
ਮੋ: 98156-59110
ਮਿੱਟੀ ਦੇ ਚੁੱਲ੍ਹੇ
ਲੇਖਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 106
ਸੰਪਰਕ : 98158-94856.


ਹਥਲੀ ਕਾਵਿ-ਕਿਤਾਬ 'ਮਿੱਟੀ ਦੇ ਚੁੱਲ੍ਹੇ' ਦਾ ਸ਼ਾਇਰ ਪਹਿਲਾਂ ਵੀ 'ਮੁਖੌਟਿਆਂ ਦੀ ਭੀੜ' ਕਾਵਿ-ਕਿਤਾਬ ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਸ਼ਾਇਰ ਬੈਂਕ ਦਾ ਸੇਵਾ-ਮੁਕਤ ਅਧਿਕਾਰੀ ਹੈ ਤੇ ਸਰਵਿਸ ਦੌਰਾਨ ਉਸ ਦੇ ਅੰਦਰ ਕਵਿਤਾ ਉਸਲਵੱਟੇ ਲੈਂਦੀ-ਲੈਂਦੀ ਹਾਈਬਰਨੇਸ਼ਨ ਦੀ ਅਵਸਥਾ ਵਿਚ ਚਲੀ ਗਈ। ਸੇਵਾ-ਮੁਕਤੀ ਉਪਰੰਤ ਮੌਸਮ ਸਾਜਗਾਰ ਹੋ ਗਿਆ ਤੇ ਹੁਣ ਸ਼ਾਇਰੀ ਦੇ ਆਵੇਸ਼ ਦਾ ਝਰਨਾ ਏਨਾ ਪ੍ਰਬਲ ਹੋ ਗਿਆ ਹੈ ਕਿ ਲਗਪਗ ਹਰ ਰੋਜ਼ ਹੀ ਨਵੀਂ ਫੁੱਟੀ ਨਜ਼ਮ ਦੀਆਂ ਕਰੂੰਬਲਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਪਾਠਕਾਂ ਦੇ ਅੰਗ-ਸੰਗ ਕਰਾਉਂਦਾ ਰਹਿੰਦਾ ਹੈ। ਸ਼ਾਇਰ ਬੌਧਿਕ ਮੁਹਾਵਰੇ ਦਾ ਕਵੀ ਹੈ ਤੇ ਉਸ ਦੀ ਸ਼ਾਇਰੀ ਦੇ ਡੂੰਘ ਤੱਕ ਜਾਣ ਲਈ ਨਾਰੀਅਲ ਨੂੰ ਛਿੱਲ ਕੇ ਖੋਪੇ ਦੀ ਗਿਰੀ ਅਤੇ ਗਿਰੀ ਅੰਦਰ ਪਏ ਤਰਲ ਪਦਾਰਥਾਂ ਤੱਕ ਪਹੁੰਚਣ ਦੇ ਤਰੱਦਦ ਰਾਹੀਂ ਗੁਜ਼ਰਨਾ ਪੈਂਦਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਉਸ ਦੀ ਨਜ਼ਮ ਮਿੱਟੀ ਦੇ ਚੁੱਲ੍ਹੇ ਵਿਚੋਂ ਸਹਿਜੇ ਹੀ ਹੱਥ ਆ ਜਾਂਦੀ ਹੈ ਜਿਥੇ ਰੰਗ ਬਦਲਦੇ ਤਖ਼ਤ ਦੇ ਪਾਵਿਆਂ ਨੂੰ ਫੈਵੀਕੋਲ ਲਗਾ ਰਹੇ ਦੰਭੀ ਸਿਆਸਤਦਾਨਾਂ ਦੀ ਹਿਮਾਕਤੀ ਸੁਰ ਵਿਚ ਰੋਟੀ ਲਈ ਤਪਦੇ ਚੁੱਲ੍ਹੇ ਰੱਖਣ ਲਈ ਬੰਦੇ ਨੂੰ ਜੱਦੋ-ਜਹਿਦ ਕਰਨੀ ਪੈਂਦੀ ਹੈ। ਪਾਬਲੋ ਨਰੂਦਾ ਰੋਟੀ ਲਈ ਆਖਦਾ ਹੈ ਕਿ ਰੋਟੀ ਤੋਂ ਜ਼ਿਆਦਾ ਕੋਈ ਹੋਰ ਖੂਬਸੂਰਤ ਤਸਵੀਰ ਨਹੀਂ ਹੁੰਦੀ। ਉਹ ਮਨੁੱਖ ਨੂੰ ਸਵੈ ਤੋਂ ਸਵੈ ਤੱਕ ਪਹੁੰਚਣ ਲਈ ਅਰਜਨ ਦੇ ਮੱਛੀ ਫੁੰਡਣ ਲਈ ਕੀਤੇ ਨਿਸ਼ਾਨੇ ਤੇ ਸੰਕਲਪ ਰਾਹੀਂ ਨਿਤਸ਼ੇ ਦੇ ਮਾਨਵ ਤੋਂ ਮਹਾਂਮਾਨਵ ਬਣਨ ਦੇ ਯਤਨ ਦੀ ਨਿਸ਼ਾਨਦੇਹੀ ਕਰਦਾ ਪ੍ਰਤੀਤ ਹੁੰਦਾ ਹੈ। ਉਹ ਸੁੱਤੇ ਪਏ ਚਿੰਤਨ ਦੇ ਹੁੱਝ ਮਾਰ ਕੇ ਸ਼ਬਦ ਦੀ ਸੁੱਚਮਤਾ ਰਾਹੀਂ ਸੱਤਿਅਮ, ਸ਼ਿਵਮ, ਸੁੰਦਰਮ ਦਾ ਲੱਜਪਾਲ ਬਣ ਜਾਂਦਾ ਹੈ। ਉਹ ਪਰੰਪਰਕ ਆਦਰਸ਼ ਤੇ ਸਮਾਜ ਨੂੰ ਜੋਕਾਂ ਬਣ ਕੇ ਲਹੂ ਚੂਸ ਰਹੇ ਮਜ਼ਹਬਾਂ ਨੂੰ ਤਰਕ ਦੀ ਸਕਵੱਟੀ ਨਾਲ ਬਖੀਏ ਉਧੇੜਦਾ ਹੈ। ਉਹ ਬੰਦੇ ਨੂੰ ਆਪਣੇ ਅੰਦਰ ਪਏ ਧੁੰਧਲਕੇ ਨੂੰ ਪਛਾਣ ਕੇ ਸ਼ੀਸ਼ੇ ਦੇ ਸਮਨੁੱਖ ਹੋਣ ਦੀ ਵੰਗਾਰ ਦਿੰਦਾ ਹੈ। ਉਹ ਭਾਰਤ ਦੇ ਲੋਕਤੰਤਰ ਜੋ ਅਸਲ ਵਿਚ ਛੜਯੰਤਰ ਹੈ, ਬਾਰੇ ਜਨਤਾ ਨੂੰ ਜਾਗਰੂਕ ਕਰਕੇ ਇਸ ਮੱਕੜਜਾਲ ਖਿਲਾਫ਼ ਜੂਝਣ ਲਈ ਹੋਕਾ ਵੀ ਦਿੰਦਾ ਹੈ। ਉਹ ਆਧੁਨਿਕ ਭਾਵਬੋਧ ਦੀ ਪਗਡੰਡੀ ਦਾ ਪਾਂਧੀ ਬਣਦਾ ਤਾਂ ਨਜ਼ਰ ਆਉਂਦਾ ਹੈ ਪਰ ਕਿਤੇ-ਕਿਤੇ ਕਵਿਤਾ ਜਦ ਵਾਰਤਕ ਦੇ ਨੇੜ-ਤੇੜ ਚਲੇ ਜਾਂਦੀ ਹੈ ਤਾਂ ਕਾਵਿ-ਸ਼ਿਲਪ ਝੋਲ ਮਾਰਦਾ ਨਜ਼ਰ ਆਉਂਦਾ ਹੈ। ਇਹ ਪੁਸਤਕ ਅਖ਼ਬਾਰੀ ਤਬਸਰੇ ਤੋਂ ਇਲਾਵਾ ਵੱਡ ਆਕਾਰੀ ਸਮੀਖਿਆ ਦੀ ਮੰਗ ਕਰਦੀ ਹੈ। ਨਿਕਟ ਭਵਿੱਖ ਵਿਚ ਸ਼ਾਇਰ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਅਤੇ ਸ਼ਾਇਰਾਨਾ ਤਖੱਯਲ ਨਾਲ ਪਾਠਕਾਂ ਦੇ ਰੂਬਰੂ ਹੋਏਗਾ, ਇਸ 'ਤੇ ਮੈਨੂੰ ਪੂਰਨ ਵਿਸ਼ਵਾਸ ਹੈ। ਆਮੀਨ!


-ਭਗਵਾਨ ਢਿੱਲੋਂ
ਮੋ: 98143-78254.ਪੰਜਾਬ ਦੀਆਂ ਲੋਕ ਕਹਾਣੀਆਂ
ਸੰਗ੍ਰਹਿਕਰਤਾ : ਏ.ਐਸ. ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 180
ਸੰਪਰਕ : 0172-5027427


ਲੋਕ ਸਾਹਿਤ ਕਿਸੇ ਵੀ ਖਿੱਤੇ ਦਾ ਵਡਮੁੱਲਾ ਸਰਮਾਇਆ ਹੁੰਦਾ ਹੈ, ਜਿਸ ਦੇ ਮੂਲ ਲੇਖਕ ਦਾ ਪਤਾ ਨਾ ਹੁੰਦੇ ਹੋਏ ਵੀ ਇਹ ਸਾਹਿਤ ਜ਼ਬਾਨ ਦੇ ਪਰਾਂ ਰਾਹੀਂ ਪੀੜ੍ਹੀ-ਦਰ-ਪੀੜ੍ਹੀ ਉਡਾਣ ਭਰਦਾ ਰਹਿੰਦਾ ਹੈ। ਇਹ ਲੋਕ ਸਾਹਿਤ ਖਿੱਤੇ ਵਿਸ਼ੇਸ਼ ਦੀ ਸੰਸਕ੍ਰਿਤੀ ਸੱਭਿਆਚਾਰ ਨੂੰ ਲੋਕਧਾਰਾ ਦਾ ਰੂਪ ਦੇ ਕੇ ਲੋਕ ਮਨਾਂ ਵਿਚ ਅਰਥ-ਸੰਚਾਰ ਦਾ ਕੰਮ ਕਰਦਾ ਹੈ। ਲੇਖਕ ਏ.ਐਸ. ਗਿੱਲ ਨੇ ਪੰਜਾਬ ਦੇ ਵੱਖੋ-ਵੱਖਰੇ ਖਿੱਤਿਆਂ ਦੀਆਂ ਸੁਣੀਆਂ-ਸੁਣਾਈਆਂ ਜਾਂਦੀਆਂ ਲੋਕ ਕਥਾਵਾਂ ਨੂੰ ਬੜੀ ਮਿਹਨਤ ਤੇ ਲਗਨ ਨਾਲ ਨਾ ਸਿਰਫ ਇਕੱਤਰ ਕੀਤਾ ਹੈ, ਸਗੋਂ ਉਨ੍ਹਾਂ ਨੂੰ ਉਸੇ ਰੂਪ ਵਿਚ ਪੁਸਤਕ ਵਿਚ ਦਰਜ ਕਰਕੇ ਸਾਂਭ ਲਿਆ ਹੈ ਤਾਂ ਜੋ ਤਕਨਾਲੋਜੀ ਦੀ ਅੰਨ੍ਹੀ ਦੌੜ 'ਚ ਲੋਕ ਮਨਾਂ 'ਚੋਂ ਵਿਸਰਦਾ ਜਾਂਦਾ ਇਹ ਅਮੁੱਲ ਖਜ਼ਾਨਾ, ਪ੍ਰਿੰਟ ਰੂਪ 'ਚ ਸਾਂਭਿਆ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਜੀਵਨ-ਸੇਧ ਤੇ ਜੀਵਨ-ਜਾਚ ਪ੍ਰਾਪਤ ਕਰ ਸਕਣ। ਹਥਲੇ ਸੰਗ੍ਰਹਿ ਵਿਚ ਅਜਿਹੀਆਂ 155 ਛੋਟੀਆਂ-ਵੱਡੀਆਂ ਲੋਕ ਕਥਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਪਰ ਨਾਲ ਹੀ ਲੇਖਕ ਵਲੋਂ ਲਗਪਗ 17 ਪੰਨਿਆਂ ਦੀ ਭੂਮਿਕਾ ਅਤੇ ਚਾਰ ਪੰਨਿਆਂ ਦੀ ਧੰਨਵਾਦੀ ਰਸਮ ਲੇਖਕ ਦੀ ਵਿਦਵਤਾ ਦਾ ਪ੍ਰਦਰਸ਼ਨ ਤਾਂ ਹੋ ਸਕਦਾ ਹੈ ਪਰ ਆਮ ਪਾਠਕ ਲਈ ਅਕਾਊ-ਥਕਾਊ ਹੀ ਹੈ। ਬਚਪਨ ਵਿਚ ਮਾਤਰ ਮਨੋਰੰਜਨ ਲਈ ਸੁਣੀਆਂ ਇਹ ਲੋਕ ਕਹਾਣੀਆਂ ਜ਼ਿੰਦਗੀ ਦੇ ਕਈ ਕਠਿਨ ਮਰਹਲਿਆਂ, ਔਖੀਆਂ ਘੜੀਆਂ ਇਕ ਸਫਲ ਬੁਲਾਰੇ ਵਜੋਂ ਬੋਲਦਿਆਂ ਵਿਅਕਤੀਤਵ ਨਿਰਮਾਣ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਲੇਖਕ ਨੇ ਪੰਜਾਬ ਭਰ ਦਾ ਭ੍ਰਮਣ ਕਰਕੇ, ਲੋਕਾਂ ਨੂੰ ਮਿਲ ਕੇ, ਲੋਕ ਕਹਾਣੀਆਂ ਨੂੰ ਅਲੱਗ-ਅਲੱਗ ਰੂਪਾਂ ਅਤੇ ਉਪਭਾਸ਼ਾਵਾਂ ਵਿਚ ਪ੍ਰਾਪਤ ਕਰਕੇ ਉਨ੍ਹਾਂ ਨੂੰ ਆਮ ਸਰਲ ਭਾਸ਼ਾ ਵਿਚ ਪੇਸ਼ ਕਰਨ ਦਾ ਵਡਮੁੱਲਾ ਕਾਰਜ ਕੀਤਾ ਹੈ ਤਾਂ ਜੋ ਪੰਜਾਬ ਦੇ ਕਿਸੇ ਵੀ ਖਿੱਤੇ ਦਾ ਪਾਠਕ ਇਨ੍ਹਾਂ ਲੋਕ ਕਥਾਵਾਂ ਦਾ ਲੁਤਫ਼ ਲੈ ਸਕੇ ਤੇ ਇਸ ਪਰੰਪਰਾ ਨੂੰ ਜਾਰੀ ਰੱਖ ਸਕੇ। ਹਰ ਵਰਗ ਦਾ ਪਾਠਕ ਅਤੇ ਲੋਕ ਸਾਹਿਤ ਦੇ ਖੋਜਾਰਥੀਆਂ ਲਈ ਇਹ ਪੁਸਤਕ 'ਰੈਫਰੈਂਸ ਬੁੱਕ' ਦੇ ਤੌਰ 'ਤੇ ਮਦਦਗਾਰ ਸਾਬਤ ਹੋਵੇਗੀ।


-ਡਾ: ਧਰਮਪਾਲ ਸਾਹਿਲ
ਮੋ: 98761-56964.ਚਾਅ ਨਨਕਾਣੇ ਦਾ

(ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਗੀਤ)
ਕਵੀ/ਗੀਤਕਾਰ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਭੇਟਾ : 200 ਰੁਪਏ, ਸਫ਼ੇ : 80
ਸੰਪਰਕ : 98764-52223.


ਹਥਲੀ ਪੁਸਤਕ ਦੇ ਲੇਖਕ ਨੇ ਹੁਣ ਤੱਕ ਅਨੇਕਾਂ ਬਾਲ ਪੁਸਤਕਾਂ ਅਤੇ ਵਾਰਤਕ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਪੁਸਤਕ ਦੇ ਸਾਰੇ ਗੀਤ ਕਵਿਤਾਵਾਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਸਾਲ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਹਨ। ਇਸ ਪੁਸਤਕ ਵਿਚ ਗੁਰੂ ਸਾਹਿਬ ਜੀ ਦੀ ਜੀਵਨੀ ਨੂੰ ਵਿਲੱਖਣ ਢੰਗ ਨਾਲ ਕਾਵਿ ਰੂਪ ਵਿਚ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਤਕਰੀਬਨ ਤਿੰਨ ਦਰਜਨ ਕਵਿਤਾਵਾਂ ਤੇ ਗੀਤਾਂ ਰਾਹੀਂ ਜਗਤ ਗੁਰੂ ਬਾਬਾ ਜੀ ਦੀ ਮਹਿਮਾ, ਉਸਤਤਿ, ਵਡਿਆਈ ਕੀਤੀ ਗਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਗਮਨ ਤੋਂ ਲੈ ਕੇ ਆਪਣੇ ਅੰਤਿਮ ਸਮੇਂ ਤੱਕ ਜੋ ਉਪਦੇਸ਼ ਸੰਸਾਰੀ ਲੋਕਾਂ ਨੂੰ ਦਿੱਤੇ, ਪਰਉਪਕਾਰੀ ਕਾਰਜ ਕੀਤੇ, ਸਮਾਜਿਕ ਕੁਰੀਤੀਆਂ ਸਬੰਧੀ ਸੁਚੇਤ ਕੀਤਾ, ਭੁੱਲੇ-ਭਟਕੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ, ਸੰਸਾਰ ਨੂੰ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਵੱਖਰਾ ਅਦੁੱਤੀ ਸਿਧਾਂਤ ਬਖ਼ਸ਼ਿਆ, ਉਸ ਨੂੰ ਕਲਮਬੰਦ ਕਰਕੇ ਕਵੀ ਨੇ ਆਪਣੀ ਅਕੀਦਤ, ਸ਼ਰਧਾ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਲੇਖਕ ਮੁਤਾਬਿਕ ਪੁਸਤਕ 'ਚਾਅ ਨਨਕਾਣੇ ਦਾ' ਸਿਰਲੇਖ ਇਸੇ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਹ ਪਾਵਨ ਧਰਤੀ 'ਨਨਕਾਣਾ ਸਾਹਿਬ' ਦੇ ਵਿਛੋੜੇ ਦੀ ਚੀਸ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਚਿਹਰੇ ਵਿਚੋਂ ਨਿਕਲਦੀ ਹੈ। ਜਦੋਂ ਸਵੇਰੇ ਸ਼ਾਮ ਹਰ ਗੁਰੂ ਨਾਨਕ ਲੇਵਾ ਮਨੁੱਖ ਅਰਦਾਸ ਕਰਦਾ ਹੈ ਤਾਂ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰਿਆਂ ਦੀ ਲੋਚਾ ਰੱਖਦਾ ਹੈ।
ਇਸ ਧਰਤੀ ਉੱਪਰ ਪਈਆਂ ਵੰਡੀਆਂ, ਵਖਰੇਵਿਆਂ ਨੂੰ ਵੇਖ ਕੇ ਗੁਰੂ ਸਾਹਿਬ ਦਾ ਮਨ ਕੁਰਲਾ ਉੱਠਿਆ। 'ਵਿਹੜਾ ਬਾਬੇ ਨਾਨਕ ਦਾ' ਵਿਚ ਕਵਿਤਾ ਦੇ ਬੋਲ ਹਨ :
ਇਹ ਸੋਹਣਾ ਸੰਸਾਰ ਜੋ ਵਸਦਾ, ਇਹ ਵਿਹੜਾ ਬਾਬੇ ਨਾਨਕ ਦਾ।
ਵੰਡ ਕੇ ਛਕਣਾ ਸਭਨਾਂ ਤਾਈਂ, ਇਹ ਇਕਰਾਰ ਏ ਬਾਬੇ ਨਾਨਕ ਦਾ।
ਭੁਖਿਆਂ ਤਾਈਂ ਅੰਨ ਖੁਆਉ, ਇਹ ਵਿਵਹਾਰ ਬਾਬੇ ਨਾਨਕ ਦਾ।
ਤੇਰਾ ਤੇਰਾ ਕਰਕੇ ਵੰਡ ਦੇ ਜਾਉ, ਗੋਸਲ ਇਹ ਵਪਾਰ ਏ ਬਾਬੇ ਨਾਨਕ ਦਾ।
ਵੱਖ-ਵੱਖ ਕਵਿਤਾਵਾਂ ਵਿਚ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਮਨੁੱਖ ਨੂੰ ਕਰਮਕਾਂਡਾਂ ਤੋਂ ਰੋਕ ਕੇ ਸੱਚ ਦਾ ਉਪਦੇਸ਼ ਦਿੱਤਾ। ਦੋ ਕਵਿਤਾਵਾਂ 'ਸੁਲਤਾਨਪੁਰ ਸਾਹਿਬ ਵਾਲੀ ਬੇਰੀ', 'ਕੰਧ ਸਾਹਿਬ ਬਟਾਲਾ' ਯਾਦਗਾਰਾਂ ਨੂੰ ਸਮਰਪਿਤ ਹਨ। ਸਮੁੱਚੇ ਰੂਪ ਵਿਚ ਇਸ ਕਾਵਿ-ਪੁਸਤਕ ਵਿਚ ਸ਼ਾਮਿਲ ਰਚਨਾਵਾਂ ਕਵੀ ਹਿਰਦੇ ਵਿਚੋਂ ਨਿਕਲੀ ਹੂਕ ਹੈ। ਭਾਵੇਂ ਸਾਰੀ ਦੁਨੀਆ ਵੇਖ ਲਈ ਹੈ, ਹਰ ਸਿੱਖ ਲਈ 'ਚਾਅ ਨਨਕਾਣੇ ਦਾ' ਕਦੋਂ ਪੂਰਾ ਹੋਵੇਗਾ। ਗੀਤਕਾਰਾਂ ਤੇ ਕਵੀਆਂ ਲਈ ਪੁਸਤਕ ਪ੍ਰੇਰਨਾਦਾਇਕ ਅਤੇ ਵਿਚਾਰਨਯੋਗ ਹੈ।


-ਭਗਵਾਨ ਸਿੰਘ ਜੌਹਲ
ਮੋ: 98143-24040.ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ
(ਮੇਰਾ ਪਿੰਡ : ਨਾਗਰਾ)
ਲੇਖਕ : ਸੁਰਿੰਦਰ ਸ਼ਰਮਾ ਨਾਗਰਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 98786-46595.


ਭਾਸ਼ਾ ਵਿਭਾਗ ਪੰਜਾਬ ਨੇ ਭਲੇ ਵੇਲਿਆਂ ਵਿਚ ਪੰਜਾਬ ਦੇ ਕੁਝ ਇਤਿਹਾਸਕ ਨਗਰਾਂ ਅਤੇ ਪਿੰਡਾਂ ਦੇ ਸੱਭਿਆਚਾਰ ਬਾਰੇ ਸਰਵੇਖਣ-ਪੁਸਤਕਾਂ ਲਿਖਵਾਈਆਂ-ਛਪਵਾਈਆਂ ਸਨ, ਤਾਂ ਜੋ ਪੰਜਾਬ ਦੇ ਸੱਭਿਆਚਾਰ ਦਾ ਮਾਈਕਰੋ-ਅਧਿਐਨ ਕੀਤਾ ਜਾ ਸਕੇ। ਵਿਭਾਗ ਦੀ ਯੋਜਨਾ ਤਾਂ ਬਹੁਤ ਮਹੱਤਵਪੂਰਨ ਸੀ ਪਰ ਕਈ ਕਾਰਨਾਂ ਕਰਕੇ ਇਹ ਪੁਸਤਕਾਂ ਕੁਝ ਨਾਵਾਂ-ਥਾਵਾਂ ਦੇ ਅੰਕੜੇ ਬਣ ਕੇ ਹੀ ਰਹਿ ਗਈਆਂ ਹਨ। ਪ੍ਰੰਤੂ ਸੁਰਿੰਦਰ ਸ਼ਰਮਾ ਨਾਗਰਾ ਦੀ ਲਿਖੀ ਇਹ ਪੁਸਤਕ ਇਕ ਮਹੱਤਵਪੂਰਨ ਦਸਤਾਵੇਜ਼ ਬਣ ਕੇ ਸਾਹਮਣੇ ਆਉਂਦੀ ਹੈ। ਲੇਖਕ ਨੇ ਆਪਣੇ ਪਿੰਡ ਨਾਗਰੇ ਬਾਰੇ, ਜੋ ਭਵਾਨੀਗੜ੍ਹ ਅਤੇ ਸੁਨਾਮ ਦੇ ਐਨ ਵਿਚਕਾਰ, ਦੋਵੇਂ ਨਗਰਾਂ ਤੋਂ ਦਸ-ਦਸ ਮੀਲ (ਸੋਲਾਂ ਕਿਲੋਮੀਟਰ) ਦੀ ਦੂਰੀ 'ਤੇ ਸਥਿਤ ਹੈ, ਸੱਭਿਆਚਾਰਕ ਇਤਿਹਾਸਕਾਰੀ ਦਾ ਇਕ ਸੁੰਦਰ ਨਮੂਨਾ ਪੇਸ਼ ਕੀਤਾ ਹੈ। ਲੇਖਕ ਓਰੀਐਂਟਲ ਬੈਂਕ ਆਫ ਕਾਮਰਸ ਦਾ ਸੇਵਾ-ਮੁਕਤ ਮੁੱਖ ਪ੍ਰਬੰਧਕ ਹੈ ਅਤੇ ਅੱਜਕਲ੍ਹ ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਕਸਬਾ ਧੂਰੀ ਵਿਚ ਨਿਵਾਸ ਕਰਦਾ ਹੈ। ਉਸ ਨੇ ਆਪਣੇ ਜੀਵਨ ਦੇ ਮੁਢਲੇ 14-15 ਵਰ੍ਹੇ ਇਸੇ ਪਿੰਡ ਵਿਚ ਬਿਤਾਏ ਸਨ।
ਪੂੰਜੀਵਾਦੀ ਨਿਜ਼ਾਮ ਦੀ ਸਥਾਪਨਾ ਹੋ ਜਾਣ ਨਾਲ ਪੰਜਾਬ ਦੇ ਪਿੰਡ ਵੀ ਰਵਾਇਤੀ ਸੱਭਿਆਚਾਰ ਦੇ ਕੇਂਦਰ ਨਹੀਂ ਰਹੇ, ਬਲਕਿ ਇਨ੍ਹਾਂ ਦਾ ਵੀ ਬੜੀ ਤੇਜ਼ੀ ਨਾਲ ਰੂਪਾਂਤਰਨ ਹੁੰਦਾ ਗਿਆ ਹੈ। ਪੂੰਜੀ ਦੀ ਪ੍ਰਧਾਨਤਾ ਨਾਲ ਸਾਰਾ ਆਚਾਰ-ਵਿਹਾਰ ਬਾਜ਼ਾਰੀ ਹੋ ਗਿਆ ਹੈ। ਲੋਕਾਂ ਦੇ ਕੰਮ-ਧੰਦੇ ਅਤੇ ਇਨ੍ਹਾਂ ਨੂੰ ਕਰਨ ਦਾ ਵਿਧੀ-ਵਿਹਾਰ ਵੀ ਬਦਲ ਗਿਆ ਹੈ। ਇਸ ਸੂਰਤ ਵਿਚ ਇਹ ਪੁਸਤਕ ਲਿਖ ਕੇ ਸੁਰਿੰਦਰ ਸ਼ਰਮਾ ਨੇ ਸੱਭਿਆਚਾਰ ਵਿਗਿਆਨ ਦੇ ਖੇਤਰ ਵਿਚ ਇਕ ਨਿੱਗਰ ਕੰਮ ਕੀਤਾ ਹੈ। ਉਸ ਨੇ ਆਪਣੇ ਪਿੰਡ ਬਾਰੇ ਇਕੱਠੀ ਕੀਤੀ ਸਮੱਗਰੀ ਨੂੰ 41 ਛੋਟੇ-ਛੋਟੇ ਉਪਭਾਗਾਂ ਵਿਚ ਵੰਡਿਆ ਹੈ। ਪੇਂਡੂ ਲੋਕਾਂ ਦਾ ਰਵਾਇਤੀ ਰਹਿਣ-ਸਹਿਣ, ਘਰ-ਬਾਰ, ਪਿੰਡ ਦੇ ਦੇਵੀ-ਦੇਵਤੇ ਅਤੇ ਪੂਜਾ ਸਥਾਨ, ਪਿੰਡ ਦੀ ਬਣਤਰ, ਕੰਮ ਧੰਦੇ, ਲੋਕ ਗੀਤ, ਮੇਲੇ, ਖੇਡਾਂ, ਸ਼ੁਗਲ, ਮਨਪ੍ਰਚਾਵੇ, ਮੰਗਤੇ, ਸਾਧੂ-ਸੰਗਤ, ਤ੍ਰਿੰਞਣ, ਤੀਆਂ, ਕਵੀਸ਼ਰੀ ਅਤੇ ਪਿੰਡ ਦੇ ਪੁਰੋਹਿਤਾਂ ਬਾਰੇ ਲਿਖੇ ਲੇਖ ਇਸ ਪੁਸਤਕ ਦੇ ਵਿਸ਼ੇਸ਼ ਅਧਿਆਏ ਬਣਦੇ ਹਨ।
ਪਟਿਆਲਾ ਰਿਆਸਤ ਵਿਚ ਸਥਿਤ ਇਹ ਪਿੰਡ 13ਵੀਂ-14ਵੀਂ ਸਦੀ ਵਿਚ ਜਲੰਧਰ ਦੇ ਸੂਬੇਦਾਰ ਨਾਗਰ ਖਾਂ ਨੇ ਇਕ ਪੁਰਾਣੇ ਪਿੰਡ ਬਲੋਆਲਾ ਨੂੰ 'ਥੇਹ' ਕਰਕੇ ਵਸਾਇਆ ਸੀ। ਬਾਅਦ ਵਿਚ ਬਾਬਾ ਕਾਲਾ ਜੀ ਇਸ ਪਿੰਡ ਵਿਚ ਆਏ ਅਤੇ ਉਨ੍ਹਾਂ ਨੇ ਨਾਗਰ ਖਾਂ ਨੂੰ ਇਥੋਂ ਨਠਾ ਦਿੱਤਾ। ਬਾਬਾ ਕਾਲਾ ਜੀ 'ਸਿੱਧ ਘੁਮਾਣ' ਵਜੋਂ ਪ੍ਰਸਿੱਧ ਹੋਏ। ਅੱਜ ਤੋਂ 60-70 ਵਰ੍ਹੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਕਿਸੇ ਪ੍ਰਕਾਰ ਦੀ ਸੱਭਿਆਚਾਰਕ ਜਾਂ ਧਾਰਮਿਕ ਸੰਕੀਰਣਤਾ ਨਹੀਂ ਸੀ ਹੁੰਦੀ, ਬਲਕਿ ਸਭ ਇਕ-ਦੂਜੇ ਨਾਲ ਮਿਲ-ਜੁਲ ਕੇ ਰਹਿੰਦੇ ਸਨ। ਸੰਕੀਰਣਤਾ ਦਾ ਦੌਰ ਆਜ਼ਾਦੀ ਤੋਂ ਬਾਅਦ ਹੀ ਕੁਝ ਮੌਕਾਪ੍ਰਸਤ ਲੀਡਰਾਂ ਜਾਂ ਨੇਤਾਵਾਂ ਨੇ ਸ਼ੁਰੂ ਕੀਤਾ ਹੈ। ਉਨ੍ਹਾਂ ਦਿਨਾਂ ਵਿਚ ਹਰ ਪਿੰਡ ਇਕ ਸੁਤੰਤਰ ਅਤੇ ਆਤਮ-ਨਿਰਭਰ ਇਕਾਈ ਹੁੰਦਾ ਸੀ। ਲਗਪਗ ਹਰ ਘਰ ਪਾਸ ਲੋੜ ਜੋਗੀ ਜ਼ਮੀਨ ਹੁੰਦੀ ਸੀ, ਕਾਮਿਆਂ ਅਤੇ ਲਾਗੀਆਂ ਪਾਸ ਵੀ, ਪਰ ਜਿਨ੍ਹਾਂ ਨੇ ਗੁਆ ਲਈ ਹੁੰਦੀ ਸੀ, ਉਨ੍ਹਾਂ ਨੂੰ ਵੀ ਦਾਣੇ-ਫੱਕੇ ਦਾ ਫ਼ਿਕਰ ਨਹੀਂ ਸੀ ਹੁੰਦਾ। ਸਾਲ ਵਿਚ ਦੋ ਵਾਰ ਉਨ੍ਹਾਂ ਨੂੰ ਦਾਣੇ ਅਤੇ ਤੂੜੀ ਮਿਲਦੀ ਰਹਿੰਦੀ ਸੀ। ਹਰ ਘਰ ਵਿਚ ਲਵੇਰਾ ਵੀ ਹੁੰਦਾ ਸੀ। ਇਹ ਪੁਸਤਕ ਨਾ ਕੇਵਲ ਹਰ ਪੰਜਾਬੀ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ, ਬਲਕਿ ਆਪਣੇ-ਆਪਣੇ ਪਿੰਡ, ਨਗਰ ਬਾਰੇ ਇਹੋ ਜਿਹੀ ਇਕ ਵਿਸਤ੍ਰਿਤ ਪੁਸਤਕ ਲਿਖਣੀ ਵੀ ਚਾਹੀਦੀ ਹੈ। ਇਹ ਇਕ ਲਿਖਣ-ਪ੍ਰੇਰਕ ਰਚਨਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

23-01-2021

 ਜਪੁ ਜੀ
ਨਿਰਗੁਣ ਸ਼ਬਦ ਵਿਚਾਰ
ਲੇਖਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94176-58139.

ਜਪੁਜੀ ਸਾਹਿਬ ਦੀ ਪਾਵਨ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਜਿਹਾ ਅਦੁੱਤੀ ਅਤੇ ਅਧਿਆਤਮਿਕ ਵਿਚਾਰਧਾਰਾਂ ਦਾ ਸਿਖ਼ਰ ਹੈ, ਜਿਸ ਸਬੰਧੀ ਹਰ ਵਿਚਾਰਵਾਨ ਲੇਖਕ ਨੇ ਆਪਣੀ ਸੋਚ ਤੇ ਵਿਚਾਰਧਾਰਾ ਮੁਤਾਬਿਕ ਇਸ ਪਾਵਨ ਬਾਣੀ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ਲੇਖਕ ਦੇਸ ਰਾਜ ਕਾਲੀ ਨੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ, ਪੰਜ ਨਾਵਲ, ਤਿੰਨ ਖੋਜ ਕਾਰਜਾਂ 'ਤੇ ਇਕ ਹੰਢੇ ਵਰਤੇ ਲੇਖਕ ਵਾਂਗ ਸਖ਼ਤ ਘਾਲਣਾ ਘਾਲੀ ਹੈ। ਲੇਖਕ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਜਪੁਜੀ ਵਿਚਲੇ 'ਹੁਕਮਿ' ਨੂੰ ਸਮਝਣਾ ਹੀ ਵੱਡਾ ਸਵਾਲ ਹੈ। ਗੁਰੂ ਸਾਹਿਬ ਮੁਤਾਬਿਕ ਪੂਰਾ ਬ੍ਰਹਿਮੰਡ ਉਸ 'ਹੁਕਮਿ' 'ਚ ਹੀ ਕਾਰਜਸ਼ੀਲ ਹੈ। ਇਸ ਹੁਕਮਿ ਦੀ ਪਛਾਣ ਹੀ ਮੁਕਤੀ ਹੈ। ਜੇਕਰ ਬ੍ਰਹਿਮੰਡ ਵਿਚ ਸ਼ਾਮਿਲ ਸੂਰਜ, ਚੰਦ, ਤਾਰੇ, ਧਰਤੀਆਂ, ਸਮੁੰਦਰ ਉਸ ਦੇ ਹੁਕਮਿ ਵਿਚ ਹਨ ਤਾਂ ਇਸ ਦੇ ਮੁਕਾਬਲੇ ਵਿਚ ਬੰਦਾ ਕੀ ਚੀਜ਼ ਹੈ, ਇਸੇ ਕਰਕੇ ਗੁਰੂ ਸਾਹਿਬ ਦੀ ਇਹ ਪਾਵਨ ਸ਼ਾਹਕਾਰ ਰਚਨਾ ਕ੍ਰਾਂਤੀਕਾਰੀ ਬਾਣੀ ਹੈ। ਜਦੋਂ ਲੇਖਕ ਦੀ ਮਨੋਬਿਰਤੀ ਉੱਪਰ ਇਸ ਪਾਵਨਬਾਣੀ ਦੇ ਅਧਿਆਤਮ ਵਿਚਾਰਾਂ ਦੀ ਚੋਟ ਵੱਜਦੀ ਹੈ ਤਾਂ ਲੇਖਕ ਨੇ ਜਪੁਜੀ ਦੀਆਂ 38 ਪਉੜੀਆਂ ਨੂੰ ਇਕ-ਇਕ ਕਰ ਕੇ ਇਸ ਨੂੰ ਵਿਸਥਾਰ ਦਿੱਤਾ ਹੈ। ਇਹ ਸਾਰੀ ਵਿਚਾਰ ਚਰਚਾ ਇਕ ਗੁਲਦਸਤੇ ਵਾਂਗ ਹੈ, ਜਿਸ ਵਿਚ ਵੱਖਰੇ-ਵੱਖਰੇ ਫੁੱਲਾਂ ਦੇ ਰੰਗ ਮਨੁੱਖ ਦੀ ਆਰਥਿਕ ਕ੍ਰਾਂਤੀ ਦੇ ਨਾਲ-ਨਾਲ ਅਧਿਆਤਮਿਕ, ਸਮਾਜਿਕ, ਬੌਧਿਕ, ਰਾਜਨੀਤਕ ਆਦਿ ਖੇਤਰਾਂ ਵਿਚ ਬਦਲਾਅ ਲਿਆ ਕੇ ਜੀਵਨ ਦੀ ਰੌਂਅ ਨੂੰ ਸੁੰਦਰ ਜਲੌਅ ਵਾਂਗ ਮਾਨਣਾ ਹੈ। ਜਪੁਜੀ ਸਾਹਿਬ ਦੀਆਂ ਇਨ੍ਹਾਂ 38 ਪਉੜੀਆਂ ਵਿਚ ਇਸ ਪਾਵਨ ਬਾਣੀ ਨੂੰ ਵਿਚਾਰਦਿਆਂ ਤੁਸੀਂ ਉਸ ਵਿਚ ਉੱਚ ਅਵਸਥਾ ਵਿਚ ਜਾ ਸਕਦੇ ਹੋ, ਜਿਥੇ ਕੇਵਲ ਤੁਹਾਡੀ ਅਵਸਥਾ ਉਸ ਅਨੰਦ ਵਾਲੀ ਹੋ ਜਾਂਦੀ ਹੈ, ਜਿਸ ਨਾਲ ਜੀਵਨ ਦੇ ਸੱਚ ਪਛਾਣਨਾ ਹੋਰ ਸੁਖੈਨ ਤੇ ਆਸਾਨ ਹੋ ਜਾਂਦਾ ਹੈ। ਇਹ ਤਾਕਤ ਕੇਵਲ ਇਸ ਪਾਵਨ ਸ਼ਬਦ ਵਿਚ ਹੀ ਹੈ, ਜਿਸ ਦਾ ਜ਼ਿਕਰ ਗੁਰੂ ਸਾਹਿਬ ਵਾਰ-ਵਾਰ ਕਰਦੇ ਹਨ। ਲੇਖਕ ਨੇ ਜਪੁਜੀ ਨੂੰ ਨਿਰਗੁਣ ਸ਼ਬਦ ਦੀ ਵਿਚਾਰ ਵਜੋਂ ਪੇਸ਼ ਕਰਦਿਆਂ ਇਕ ਪੱਕਾ ਨਿਸਚਾ ਬਣਦਾ ਹੈ, ਜੋ ਸੱਚ ਹੈ, ਉਹ ਹੀ ਨਿਰੰਕਾਰ ਹੈ। ਉਸ ਸੱਚ ਨਾਲ ਸਚਿਆਰ ਹੋਣ ਤੱਕ ਦਾ ਸਫ਼ਰ ਉਸ ਦੇ ਹੁਕਮ ਨੂੰ ਪਛਾਣ ਕੇ ਹੋਵੇਗਾ। ਸਮੁੱਚੇ ਰੂਪ ਵਿਚ ਜਪੁ ਜੀ ਸਾਹਿਬ ਦੀ ਪਾਵਨਬਾਣੀ ਨੂੰ ਧੁਰ ਹਿਰਦੇ ਤੋਂ ਵਿਚਾਰ ਕੇ ਲੇਖਕ ਨੇ ਇਸ ਪਾਵਨ ਬਾਣੀ ਉੱਪਰ ਲਿਖੀਆਂ ਹੋਰ ਦਾਰਸ਼ਨਿਕਾਂ ਦੀਆਂ ਅਨੇਕਾਂ ਖੋਜ-ਕਾਰਜਾਂ ਵਾਂਗ ਸਖ਼ਤ ਮਿਹਨਤ ਕੀਤੀ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.

ਅਰਥਾਂ ਦਾ ਜੰਗਲ
ਸ਼ਾਇਰ : ਅਮਰਦੀਪ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ 192
ਸੰਪਰਕ : 98207-45058.

ਅਮਰਦੀਪ ਸਿੰਘ ਗਿੱਲ ਆਪਣੇ ਮੁਕੰਮਲ 'ਸੋਚ-ਪ੍ਰਬੰਧ' ਨਾਲ ਕਾਵਿ ਦੇ ਖੇਤਰ ਵਿਚ ਪ੍ਰਵੇਸ਼ ਕਰਦਾ ਹੈ। ਹੋ ਸਕਦਾ ਹੈ ਕਿ ਮੇਰਾ ਇਹ ਕਥਨ ਕੁਝ ਅਟਪਟਾ ਪ੍ਰਤੀਤ ਹੋਵੇ ਪਰ ਸਾਡੇ ਬਹੁਤੇ ਸ਼ਾਇਰ ਜਦੋਂ ਕੋਈ ਕਵਿਤਾ ਲਿਖਦੇ ਹਨ ਤਾਂ ਉਨ੍ਹਾਂ ਦੀ ਸੋਚ ਪ੍ਰਬੰਧ ਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਹੀ ਸਿਰਜਣ-ਪ੍ਰਕਿਰਿਆ ਵਿਚ ਸ਼ਾਮਿਲ ਹੁੰਦਾ ਹੈ, ਬਹੁਤਾ ਹਿੱਸਾ ਪਰ੍ਹੇ ਹੀ ਪਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਉਹ ਗਿਣੇ-ਚੁਣੇ ਕੁਝ ਨਿੱਜੀ ਭਾਵਾਂ ਨੂੰ ਹੀ ਜ਼ਬਾਨ ਦੇ ਪਾਉਂਦੇ ਹਨ, ਉਨ੍ਹਾਂ ਦੀਆਂ ਕਵਿਤਾਵਾਂ ਵੀ ਮਸਾਂ ਦਸਾਂ-ਬਾਰਾਂ ਵਾਕਾਂ ਵਿਚ ਮੁੱਕ/ਸਿਮਟ ਜਾਂਦੀਆਂ ਹਨ ਪਰ ਅਮਰਦੀਪ ਸਿੰਘ ਗਿੱਲ ਦੇ ਕਾਵਿ-ਸੰਸਾਰ ਵਿਚੋਂ ਗੁਜ਼ਰਦਿਆਂ ਇਹ ਮਾਲੂਮ ਹੁੰਦਾ ਹੈ ਕਿ ਉਸ ਦਾ ਸਮੁੱਚਾ ਵਜੂਦ ਹੀ ਕਵੀ ਹੈ। ਇਸ ਕਾਰਨ ਵੀ ਕਿ ਉਸ ਨੂੰ ਘਰ ਵਿਚੋਂ ਹੀ ਸਮਕਾਲੀ ਜੀਵਨ ਅਤੇ ਜਗਤ ਨੂੰ ਵੈਕਲਪਿਕ ਦ੍ਰਿਸ਼ਟੀ ਨਾਲ ਵੇਖਣ ਦੀ ਪ੍ਰੇਰਨਾ ਅਥਵਾ ਅਗਵਾਈ ਮਿਲੀ ਹੋਈ ਹੈ। ਉਸ ਦੇ ਪਿਤਾ ਜੀ ਕਾਮਰੇਡ ਸੁਰਜੀਤ ਗਿੱਲ ਅਕਸਰ ਕਿਹਾ ਕਰਦੇ ਸਨ ਕਿ ਸਾਡੇ ਕੋਲ ਉਦਾਸ ਜਾਂ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ। 'ਮੇਰੇ ਬੱਚਿਓ! ਤੁਸੀਂ ਦਾਨਾਬਾਦ ਨੂੰ ਜਾਂਦੇ ਹੋਏ ਰਾਹ ਵਿਚ ਆਉਂਦਾ ਹਰ ਜੰਡ ਛਾਂਗਦੇ ਜਾਇਓ! ਕਿਉਂਕਿ ਇਨ੍ਹਾਂ ਦੀ ਛਾਂ ਛਲਾਵਾ ਹੁੰਦੀ ਹੈ... ਨਗਾਰਿਆਂ ਦੀ ਰੁੱਤੇ ਵੰਝਲੀ ਚੰਗੀ ਨਹੀਂ ਲਗਦੀ।' (ਬਾਪੂ ਨੇ ਕਿਹਾ ਸੀ, ਪੰਨੇ 191-92) ਇਸੇ ਕਾਰਨ ਕਵੀ ਨੇ ਬਾਸਾਂ ਦੇ ਜੰਗਲ ਵਿਚੋਂ ਵੰਝਲੀਆਂ ਦੀ ਬਜਾਏ ਡਾਂਗਾਂ ਛਾਂਗ ਲਈਆਂ।
ਅਮਰਦੀਪ ਸਿੰਘ ਗਿੱਲ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਕਾਵਿ-ਸਿਰਜਣਾ ਦੇ ਖੇਤਰ ਵਿਚ ਸਰਗਰਮ ਹੈ। ਉਸ ਦਾ ਵਿਚਾਰ ਹੈ ਕਿ ਕਵਿਤਾ ਵਿਚ ਭਾਸ਼ਾ ਦੀ ਬਜਾਏ ਉਚਾਰ ਵਧੇਰੇ ਮਹੱਤਵਪੂਰਨ ਹੁੰਦਾ ਹੈ। ਉਚਾਰ ਹੀ ਕਵਿਤਾ ਦੀ ਮੂਲ ਇਕਾਈ ਹੁੰਦਾ ਹੈ ਜੋ ਕਿਸੇ ਕਵੀ ਦੀ ਪਛਾਣ ਬਣਦਾ ਹੈ। ਕਵੀ ਉਨ੍ਹਾਂ ਮੱਧਵਰਗੀ ਪਾਠਕਾਂ ਦੇ ਬਹੁਤ ਸਾਰੇ ਭਾਗਾਂ ਦਾ ਨਿਵਾਰਨ ਕਰਦਾ ਹੈ, ਜੋ ਸੁਵਿਧਾ-ਜ਼ੋਨ ਵਿਚ ਬੈਠੇ ਹੋਏ ਇਨਕਲਾਬ ਦੀਆਂ ਗੱਲਾਂ ਕਰਕੇ ਆਪਣੇ ਜੀਵਨ ਨੂੰ ਪ੍ਰਮਾਣਿਕ ਸਿੱਧ ਕਰਨ ਦਾ ਮਿਥਿਆ ਪ੍ਰਯਾਸ ਕਰਦੇ ਰਹਿੰਦੇ ਹਨ :
ਹੋ ਸਕਦਾ ਹੈ ਤੁਹਾਨੂੰ ਲਗਦਾ ਹੋਵੇ ਕਿ
ਇਨਕਲਾਬ ਬੈਲਟ-ਬਾਕਸ 'ਚੋਂ ਨਿਕਲੇਗਾ
ਪਰ ਅਜਿਹਾ ਹੋਣਾ ਨਹੀਂ...
ਇਹ ਕੋਈ ਪਾਰਟ ਟਾਈਮ ਜੌਬ ਨਹੀਂ।
ਦਫਤਰ ਦੇ ਬਾਬੂਆਂ ਨੂੰ ਸਿਰਫ ਸਰਕਾਰੀ
ਸ਼ਹੀਦਾਂ ਦੇ ਸ਼ਹੀਦੀ ਦਿਨ ਯਾਦ ਰਹਿੰਦੇ ਨੇ
ਉਸ ਦਿਨ ਛੁੱਟੀ ਜੋ ਹੁੰਦੀ ਹੈ,
ਮੱਧ ਵਰਗ ਓਨਾ ਹੀ ਲੜਦਾ ਹੈ
ਜਿੰਨਾ ਉਹ ਅਫੋਰਡ ਕਰ ਸਕਦਾ ਹੈ। (ਪੰਨਾ 15)
ਕਵੀ ਮੁਕਾਬਲਤਨ ਲੰਮੀਆਂ ਕਵਿਤਾਵਾਂ ਲਿਖਦਾ ਹੈ। ਦਰਅਸਲ ਉਸ ਪਾਸ ਕਿਸੇ ਵੀ ਸਮੱਸਿਆ ਦੇ ਹੱਲ ਦਾ ਕੋਈ ਜਾਦੂਈ ਮੰਤਰ ਨਹੀਂ ਹੈ। ਉਸ ਨੂੰ ਤਾਂ ਮਨੁੱਖ ਜੀਵਨ ਦੇ ਹਰ ਉਲਝੇ, ਉਲਝਾ ਦਿੱਤੇ ਸਰੋਕਾਰ ਨਾਲ ਜੂਝਣਾ ਪੈਂਦਾ ਹੈ, ਇਸ ਦੇ ਆਕਾਰ-ਪ੍ਰਕਾਰ ਅਤੇ ਇਸ ਵਿਚਲੀਆਂ ਗੰਢਾਂ-ਗ੍ਰੰਥੀਆਂ ਦਾ ਭਰਪੂਰ ਜਾਇਜ਼ਾ ਲੈਣਾ ਪੈਂਦਾ ਹੈ ਤਾਂ ਕਿਤੇ ਉਸ ਦੀ ਕਲਮ ਹਰਕਤ ਵਿਚ ਆਉਂਦੀ ਹੈ। ਇਧਰ ਉਹ ਕਲਾ ਦੇ ਕੁਝ ਹੋਰ ਰੂਪਾਂ ਨਾਲ ਵੀ ਦਸਤਪੰਜਾ ਲਈ ਬੈਠਾ ਹੈ, ਜਿਸ ਕਾਰਨ ਜੀਵਨ ਅਤੇ ਉਸ ਦੀ ਹਰ ਅਦਾ ਹੀ ਕਵਿਤਾ ਹੈ ਅਤੇ ਪੜ੍ਹਨ ਵਾਲੇ ਪੜ੍ਹ ਹੀ ਲੈਂਦੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜਿਨ ਪੇ ਤਕੀਆ ਥਾ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 95011-45039.

ਹਥਲੀ ਪੁਸਤਕ ਅਜੋਕੇ ਪੰਜਾਬੀ ਪਾਠਕਾਂ ਦੀ ਚੇਤਨਤਾ ਨੂੰ ਜਗਾਉਂਦੀ ਹੋਈ ਅਤੀਤ ਤੋਂ ਵਰਤਮਾਨ ਤੱਕ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਸੁਭਾਅ ਨੂੰ ਪ੍ਰਵਾਹਮਾਨ ਕਰਨ ਵਾਲੇ ਸਰੋਕਾਰਾਂ ਨਾਲ ਸਬੰਧਿਤ ਹੈ। ਲੇਖਿਕਾ ਨੇ ਪੁਸਤਕ ਨੂੰ ਵਿਧੀਵਤ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਅਠਾਰਾਂ ਕਾਂਡਾਂ ਦੇ ਅੰਤਰਗਤ ਉਸ ਨੇ ਨਿੱਜੀ ਅਨੁਭਵਾਂ ਅਤੇ ਦੇਖਣੀ-ਦ੍ਰਿਸ਼ਟੀ ਦੇ ਅੰਤਰਗਤ ਆਲੋਚਨਾਤਮਕ ਯਥਾਰਥ ਨੂੰ ਬੇਬਾਕ ਪ੍ਰਗਟ ਕੀਤਾ ਹੈ। ਪੁਸਤਕ ਦੇ ਸਿਰਲੇਖ ਵਾਲੇ ਕਾਂਡ ਵਿਚ ਪੰਜਾਬੀਆਂ ਦੀ ਅਸਲ ਹੋਂਦ-ਸਥਿਤੀ ਤੋਂ ਤਿੜਕ ਕੇ ਨਿੱਜੀ ਹਿੱਤਾਂ ਹਿਤ ਭੰਬਲਭੂਸਿਆਂ ਵਿਚ ਪੈ ਕੇ ਪੰਜਾਬੀਅਤ ਦਾ ਘਾਣ ਕਰਨ ਦਾ ਫਿਕਰ ਪ੍ਰਗਟਾਇਆ ਹੈ। ਕਿਉਂ ਜੋ ਲੇਖਿਕਾ ਖ਼ੁਦ ਕਵਿਤਰੀ, ਕਹਾਣੀਕਾਰਾ ਅਤੇ ਵਾਰਤਕ ਸਿਰਜਣਹਾਰੀ ਹੈ, ਇਸ ਲਈ ਉਸ ਨੇ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਮਾਂ-ਬੋਲੀ ਪੰਜਾਬੀ ਲਈ ਦੇਸ਼ ਅਤੇ ਖ਼ਾਸ ਕਰਕੇ ਵਿਦੇਸ਼ਾਂ ਵਿਚ ਹੁੰਦੇ ਸਾਹਿਤਕ ਸਮਾਗਮਾਂ ਦੇ ਦ੍ਰਿਸ਼ਾਂ ਨੂੰ ਅਤੇ ਮਾਣ-ਸਨਮਾਨ ਅਤੇ ਰੂ-ਬ-ਰੂ ਹੁੰਦੇ ਸਮਾਗਮਾਂ ਵਿਚ ਹੁੰਦੀਆਂ ਕੁਰੀਤੀਆਂ ਦਾ ਵਰਣਨ ਵੀ ਕੀਤਾ ਹੈ। ਮਾਣ-ਸਨਮਾਨ ਕਿਹੜੇ ਲੋਕ ਦਿੰਦੇ ਹਨ, ਕੀ ਉਹ ਨਿਆਂਪੂਰਕ ਹੁੰਦੇ ਹਨ ਜਾਂ ਮੱਲੋਜ਼ੋਰੀ ਪ੍ਰਬੰਧਕਾਂ ਦੀ ਪ੍ਰਸੰਸਾ ਕਰਨ ਵਾਲੇ ਹਲਕੇ-ਫੁਲਕੇ ਲੋਕਾਂ ਨੂੰ ਮੂੰਹ ਮੰਗਵੇਂ, ਜਾਤੀ ਪਾਤੀ ਆਧਾਰ ਜਾਂ ਗੁੱਟ ਬੰਦੀਆਂ ਜਾਂ ਖ਼ੁਦ ਖਰਚਾ ਕਰਨ ਵਾਲੇ ਲੇਖਕਾਂ ਨੂੰ ਦਿੰਦੇ ਹਨ, ਆਦਿ ਦਾ ਵਰਣਨ ਵੱਖ-ਵੱਖ ਸੰਸਥਾਵਾਂ, ਸੰਸਥਾਪਕਾਂ ਅਤੇ ਇਨਾਮ ਪ੍ਰਾਪਤ ਕਰਤਾ ਲੇਖਕਾਂ ਦੇ ਨਾਵਾਂ ਸਹਿਤ ਬੇਬਾਕ ਪ੍ਰਗਟਾਇਆ ਹੈ। ਇਧਰਲੇ ਪੰਜਾਬ ਵਿਚ ਉੱਚੀਆਂ-ਉੱਚੀਆਂ ਸਾਹਿਤਕ ਉਪਾਧੀਆਂ ਉਤੇ ਢੁਕਵੇਂ ਸਾਹਿਤਕਾਰ ਜਾਂ ਚਿੰਤਕਾਂ ਨੂੰ ਨਾ ਬਿਠਾ ਕੇ, ਪਾਰਟੀਬਾਜ਼ੀ ਦੇ ਆਧਾਰ 'ਤੇ ਉਭਾਰਨ ਵਾਲਿਆਂ ਦਾ ਪਰਦਾ ਵੀ ਫਾਸ਼ ਕੀਤਾ ਹੈ। ਪੁਸਤਕ ਦੇ ਦੂਜੇ ਮਹੱਤਵਪੂਰਨ ਭਾਗ, ਜਿਸ ਵਿਚ ਚੌਵੀ ਕਾਂਡ ਹਨ, ਵਿਚ ਪੰਜਾਬੋਂ ਬਾਹਰ ਅਤੇ ਵਿਸ਼ੇਸ਼ ਤੌਰ 'ਤੇ ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਂ ਚਾਹੇ ਉਹ ਕਹਾਣੀ ਹੈ, ਕਵਿਤਾ ਹੈ, ਨਾਵਲ ਹੈ, ਸਫ਼ਰਨਾਮਾ ਹੈ, ਡਾਇਰੀ ਹੈ ਜਾਂ ਜੀਵਨੀ ਸਵੈ-ਜੀਵਨੀ ਹੈ ਆਦਿ ਰਚਨਹਾਰਿਆਂ ਦੀ ਇਕ-ਇਕ ਪੁਸਤਕ ਦਾ ਨਿਕਟ ਵਿਸ਼ਲੇਸ਼ਣਾਤਮਕ ਅਧਿਐਨ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਮੂਲ ਪਾਠਗਤ ਅਧਿਐਨ ਨੂੰ ਵੀ ਪੇਸ਼ ਕੀਤਾ ਹੈ ਅਤੇ ਕੁਝ ਇਕ ਹੋਰ ਲੇਖਕਾਂ ਵਲੋਂ ਮੂਲ ਲੇਖਕਾਂ ਦੀ ਕੀਤੀ ਆਲੋਚਨਾਤਮਕ ਦ੍ਰਿਸ਼ਟੀ ਨੂੰ ਮੈਟਾ-ਆਲੋਚਨਾ ਜ਼ਰੀਏ ਵੀ ਪ੍ਰਗਟਾਇਆ ਹੈ। ਇੰਦਰਜੀਤ ਕੌਰ ਸਿੱਧੂ ਦੀ ਵਿਚਾਰਾਤਮਕ ਸੂਝ ਬੂਝ, ਪ੍ਰਗਟਾਓ ਸ਼ੈਲੀ ਅਤੇ ਸ਼ਬਦਾਵਲੀ ਬੇਬਾਕ ਹੈ, ਜੋ ਪਾਠਕਾਂ ਨੂੰ ਕੀਲਣ ਦੇ ਸਮਰੱਥ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਕਿੱਥੇ ਜਾਣ ਪਰਿੰਦੇ?
ਲੇਖਕ : ਦਰਸ਼ਨ ਸਿੰਘ ਆਸ਼ਟ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 100 ਰੁਪਏ, ਸਫ਼ੇ : 76
ਸੰਪਰਕ : 98144-23703.

'ਕਿੱਥੇ ਜਾਣ ਪਰਿੰਦੇ?' ਪੰਜਾਬੀ ਬਾਲ ਸਾਹਿਤ ਦੇ ਨਾਮਵਰ ਲੇਖਕ ਡਾ: ਦਰਸ਼ਨ ਸਿੰਘ ਆਸ਼ਟ ਦੀਆਂ 15 ਬਾਲ ਕਹਾਣੀਆਂ ਦੀ ਰੌਚਿਕ ਪੁਸਤਕ ਹੈ। ਪਹਿਲੀ ਬਾਲ ਕਹਾਣੀ 'ਕਿੱਥੇ ਜਾਣ ਪਰਿੰਦੇ?' 'ਚ ਮਨੁੱਖਤਾ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਰੁੱਖਾਂ ਦੀ ਸਾਡੇ ਜੀਵਨ 'ਚ ਬੇਹੱਦ ਮਹੱਤਤਾ ਹੈ ਅਤੇ ਕੁਦਰਤ ਨਾਲ ਖਿਲਵਾੜ ਕਰਕੇ ਮਨੁੱਖ ਕਿਵੇਂ ਗੰਭੀਰ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ। 'ਜ਼ਿੰਮੇਵਾਰ ਕੌਣ?' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਕਿਸੇ ਦਾ ਬੁਰਾ ਨਾ ਸੋਚੋ।
'ਖ਼ਬਰਦਾਰ' ਕਹਾਣੀ 'ਚ ਮਨੁੱਖ ਵਲੋਂ ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ, ਪਾਣੀ ਦੀ ਬਰਬਾਦੀ, ਪ੍ਰਦੂਸ਼ਣ, ਆਲਮੀ ਤਪਸ਼ ਕਾਰਨ ਗਲੇਸ਼ੀਅਰਾਂ ਦਾ ਪਿਘਲਣਾ, ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣਾ ਆਦਿ ਪ੍ਰਕਿਰਤੀ ਨਾਲ ਛੇੜਛਾੜ ਲਈ ਜ਼ਿੰਮੇਵਾਰ ਮਨੁੱਖ ਨੂੰ ਖ਼ਬਰਦਾਰ ਕੀਤਾ ਗਿਆ ਹੈ। 'ਸ਼ਾਬਾਸ਼ ਧੀਏ' ਬਾਲ ਕਹਾਣੀ 'ਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਸਾਹਿਤਕ ਪੁਸਤਕਾਂ, ਰਸਾਲੇ ਬਗ਼ੈਰਾ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਆ ਗਿਆ ਹੈ।
'ਸਵੈ-ਭਰੋਸਾ' ਕਹਾਣੀ 'ਚ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਸਵੈ-ਭਰੋਸਾ ਸਫਲਤਾ ਦੀ ਕੁੰਜੀ ਹੈ। 'ਅਨੋਖੀ ਸਜ਼ਾ' ਕਹਾਣੀ 'ਚ ਨਸੀਹਤ ਦਿੱਤੀ ਗਈ ਹੈ ਕਿ ਸਾਨੂੰ ਮੁਸੀਬਤ 'ਚ ਇਕ ਦੂਸਰੇ ਦੇ ਕੰਮ ਆਉਣਾ ਚਾਹੀਦਾ ਹੈ। 'ਦੌਲਤ' ਕਹਾਣੀ 'ਚ ਸੰਦੇਸ਼ ਦਿੱਤਾ ਗਿਆ ਹੈ ਕਿ ਇਮਾਨਦਾਰੀ ਹੀ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ। 'ਫੁੱਲ ਬੋਲਿਆ' ਕਹਾਣੀ 'ਚ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਕਿ ਆਪਣੀਆਂ ਕਿਤਾਬਾਂ 'ਚ ਫੁੱਲ ਪੱਤੀਆਂ ਜਾਂ ਮੋਰ ਖੰਭਾਂ ਨੂੰ ਰੱਖਣ ਨਾਲ ਪੜ੍ਹਾਈ ਨਹੀਂ ਆਉਂਦੀ ਸਗੋਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਇਸ ਪੁਸਤਕ ਦੀਆਂ ਹੋਰ ਬਾਲ ਕਹਾਣੀਆਂ 'ਚ 'ਸੋਚ ਬਦਲ ਗਈ', 'ਪਹਿਲਾ ਬੈਂਚ', 'ਰੰਗ ਵਿਚ ਭੰਗ ਨਹੀਂ', 'ਮੀਤ ਖ਼ੁਸ਼ ਹੈ', 'ਜੀਵਨਦਾਨ', 'ਮੁੜਦੇ ਹੋਏ ਕਦਮ', 'ਲਗਾ ਸ਼ਰਤ' ਆਦਿ ਬਾਲ ਕਹਾਣੀਆਂ ਵੀ ਬੇਹੱਦ ਪ੍ਰੇਰਨਾਦਾਇਕ ਹਨ। ਸਮੁੱਚੀ ਪੁਸਤਕ ਦੀਆਂ ਬਾਲ ਕਹਾਣੀਆਂ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਸੁਆਦਲੀਆਂ ਵੀ ਹਨ ਅਤੇ ਸਿੱਖਿਆਦਾਇਕ ਵੀ। ਬਾਲ ਸਾਹਿਤ 'ਚ ਅਜਿਹੀ ਰੌਚਿਕ ਬਾਲ ਕਹਾਣੀਆਂ ਦੀ ਪੁਸਤਕ ਨੂੰ ਖ਼ੁਸ਼ਆਮਦੀਦ ਕਹਿਣਾ ਬਣਦਾ ਹੈ।

ਮਨਜੀਤ ਸਿੰਘ ਘੜੈਲੀ
ਮੋ : 98153-91625

ਟੁੱਟਣਾ ਵੀ ਖ਼ੂਬਸੂਰਤ ਹੁੰਦੈ
ਲੇਖਕ : ਰਜਨੀ ਵਾਲੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੱਲ : 180 ਰੁਪਏ, ਸਫ਼ੇ : 96
ਸੰਪਰਕ : 99880-95932.

'ਟੁੱਟਣਾ ਵੀ ਖ਼ੂਬਸੂਰਤ ਹੁੰਦੈ' ਰਜਨੀ ਵਾਲੀਆ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਰਾਹੀਂ ਉਸ ਨੇ ਪੰਜਾਬੀ ਕਾਵਿ-ਜਗਤ 'ਚ ਹਾਜ਼ਰੀ ਲਗਵਾਈ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ 56 ਛੰਦ-ਬੱਧ ਅਤੇ ਗ਼ੈਰ ਛੰਦ-ਬੱਧ ਕਵਿਤਾਵਾਂ ਦਰਜ ਹਨ, ਜੋ 'ਆਪਣੀ ਜੰਗ ਖ਼ੁਦ ਲੜੀ' ਤੋਂ ਲੈ ਕੇ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ, ਥੀਮਿਕ ਪਾਸਾਰਾਂ ਨੂੰ ਸਮੋਈ ਬੈਠੀਆਂ ਹਨ। ਇਹ ਵਿਤਕਰਿਆਂ ਅਤੇ ਕਾਣੀ ਵੰਡ ਵਾਲਾ ਸਾਡਾ ਸਮਾਜਿਕ ਢਾਂਚਾ ਦਰਅਸਲ ਅਜੇ ਵੀ ਔਰਤ ਨੂੰ 'ਮਨੁੱਖ' ਸਵੀਕਾਰਨ ਦੀ ਪ੍ਰਵਿਰਤੀ ਧਾਰਨ ਕਰਨ 'ਚ ਬਣਦੀ ਥਾਂ ਨਹੀਂ ਦੇ ਸਕਿਆ। ਅਜੇ ਵੀ ਅਸੀਂ ਵਿਗਿਆਨਕ ਪਹੁੰਚ ਅਪਣਾਉਣ ਦੀ ਥਾਵੇਂ ਅਖੌਤੀ ਧਾਰਮਿਕ ਫਲਸਫ਼ਿਆਂ ਦੇ ਇਰਦ-ਗਿਰਦ ਘੁੰਮੀ ਜਾ ਰਹੇ ਹਾਂ ਅਤੇ ਸਮਾਜ ਨੂੰ ਔਰਤ-ਮਰਦ ਦੀ ਵੰਡ ਕਰ ਦੋਵਾਂ ਨੂੰ ਵੱਖਰੇ-ਵੱਖਰੇ ਦਰਸਾ ਵਿਰੋਧ ਦੀਆਂ ਸੁਰਾਂ ਉਤਪੰਨ ਕਰੀ ਜਾ ਰਹੇ ਹਾਂ। ਅਜਿਹੇ ਹਾਲਾਤ ਕਾਵਿ-ਪਾਠਕ ਰਜਨੀ ਵਾਲੀਆ ਦੀਆਂ 'ਧੀਆਂ ਅਤੇ ਧਰੇਕਾਂ', 'ਕੁੜੀਆਂ ਤਾਂ ਕਵਿਤਾਵਾਂ ਵਰਗੀਆਂ ਹੁੰਦੀਆਂ ਹਨ', 'ਸ਼ਬਦਾਂ ਦਾ ਤਰਕਸ਼', 'ਰੂਹਾਂ ਦੀ ਸਾਂਝ', 'ਮੋਹ ਦੀ ਤੰਦ', 'ਮੇਰੀ ਹੋਂਦ' ਅਤੇ 'ਰੂਹਾਨੀ ਰਿਸ਼ਤੇ' ਆਦਿ ਕਵਿਤਾਵਾਂ 'ਚ ਦੇਖੇ ਜਾ ਸਕਦੇ ਹਨ। ਮੇਰੀ ਧਾਰਨਾ ਹੈ ਕਿ ਕਾਵਿਕ-ਦ੍ਰਿਸ਼ਟੀ ਤੋਂ ਔਰਤ-ਮਰਦ ਦੀ ਹੋਂਦ ਨੂੰ ਇਕ-ਦੂਜੇ ਦੇ ਪੂਰਕ ਹੋਣ ਦੀ ਅਵਸਥਾ ਵਿਚ ਵਧੇਰੇ ਸੁਖੈਨ ਢੰਗ ਨਾਲ ਸਮਝਿਆ ਜਾ ਸਕਦਾ ਹੈ, ਵਿਰੋਧ ਵਿਚ ਨਹੀਂ। ਮਰਦ ਵੀ ਇਸ ਸਮਾਜਿਕ ਵਿਵਸਥਾ ਦਾ ਇਕ ਅੰਗ ਹੈ, ਸਮੂਹ ਨਹੀਂ। 'ਟੁੱਟਣਾ ਵੀ ਖ਼ੂਬਸੂਰਤ ਹੁੰਦੈ' ਨਜ਼ਮ ਮਨੁੱਖੀ ਸੰਘਰਸ਼ ਵੱਲ ਸੇਧਿਤ ਕਰਦੀ ਹੈ। ਸਮਝੌਤਾਵਾਦੀ ਰੁਚੀਆਂ ਦਾ ਤਿਆਗ ਕਰਦਿਆਂ ਸਹੀ ਪਰਿਪੇਖ ਵਿਚ ਜੂਝਣਾ ਵੀ ਸੂਰਮਗਤੀ ਹੈ। ਇਹੀ ਇਸ ਕਵਿਤਾ ਦਾ ਹਾਸਲ ਵੀ ਹੈ ਅਤੇ ਸੰਦੇਸ਼ ਵੀ :
ਨੰਗੇ ਪੈਰੀਂ ਅੱਗ 'ਤੇ ਤੁਰ ਦਿਖਾਉਣਾ,
ਆਪਣੀ ਰੂਹ ਨੂੰ ਜ਼ਖ਼ਮੀ ਕਰ ਕੇ
ਕਿਸੇ ਅੱਗੇ ਆਪਣਾ ਸਿਰ ਝੁਕਾਉਣਾ।
ਪਾੜ ਦਿੱਤਾ ਮਾਫ਼ੀਨਾਮਾ ਮੈਂ,
ਕਿਉਂਕਿ ਕਈ ਵਾਰ
ਟੁੱਟਣਾ ਵੀ ਖ਼ੂਬਸੂਰਤ ਹੁੰਦੈ
ਟੁੱਟਣਾ ਵੀ ਖ਼ੂਬਸੂਰਤ ਹੁੰਦੈ।
ਰਜਨੀ ਵਾਲੀਆ ਨੇ ਇਸ ਕਾਵਿ-ਸੰਗ੍ਰਹਿ ਵਿਚ ਖੁੱਲ੍ਹੀ ਕਵਿਤਾ, ਨਜ਼ਮ, ਗੀਤ ਕਈ ਸਿਨਫਾਂ ਅਪਣਾਉਂਦਿਆਂ ਭਾਵੁਕ ਵਿਚਾਰਾਂ ਦੀ ਪੇਸ਼ਕਾਰੀ ਕਾਵਿਕ-ਮੁਹਾਵਰੇ ਰਾਹੀਂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਅਹਿਸਾਸਾਂ ਦੀ ਇਸ ਸ਼ਾਇਰੀ ਦਾ ਪੰਜਾਬੀ ਕਾਵਿ-ਪਾਠਕ ਭਰਪੂਰ ਅਨੰਦ ਉਠਾਉਣ ਦੇ ਨਾਲ-ਨਾਲ ਅਹਿਸਾਸਾਂ ਨੂੰ ਮਹਿਸੂਸਣ ਦਾ ਯਤਨ ਵੀ ਕਰਨਗੇ। ਮੁਬਾਰਕਬਾਦ ਦਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14036

17-01-2021

ਦਰਦ ਦੇਸ਼-ਵੰਡ ਦਾ
47 ਦੇ ਦੁਖਾਂਤ ਦੀਆਂ 47 ਕਹਾਣੀਆਂ

ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 455
ਸੰਪਰਕ : 011-42502364.


ਇਸ ਪੁਸਤਕ ਦੇ ਸੰਪਾਦਕਾਂ (ਗੁਰਬਚਨ ਸਿੰਘ ਭੁੱਲਰ ਅਤੇ ਅਨੇਮਨ ਸਿੰਘ) ਨੇ ਦੇਸ਼-ਵੰਡ ਨਾਲ ਸਬੰਧਿਤ 70 ਕਹਾਣੀਆਂ ਵਿਚੋਂ ਛਾਂਟ ਕੇ 47 ਕਹਾਣੀਆਂ ਸੰਪਾਦਿਤ ਕੀਤੀਆਂ ਹਨ। ਇਸ ਵਿਚ ਸਾਰੀਆਂ ਹੀ ਕਹਾਣੀਆਂ ਭਾਰਤੀ ਲੇਖਕਾਂ ਵਿਸ਼ੇਸ਼ ਕਰਕੇ ਪੰਜਾਬੀ ਲੇਖਕਾਂ ਦੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਸਾਰੀਆਂ ਕਹਾਣੀਆਂ ਹਿਰਦੇਵੇਧਕ ਅਤੇ ਕਰੁਣਮਈ ਹਨ। ਅਜੋਕੇ ਪਾਠਕ ਤਾਂ ਇਨ੍ਹਾਂ ਨੂੰ ਪੜ੍ਹ ਕੇ ਹੈਰਾਨ, ਪ੍ਰੇਸ਼ਾਨ, ਪਸ਼ੇਮਾਨ ਹੋਣਗੇ ਕਿ 'ਹੈਂਅ' ਅਜਿਹਾ ਵੀ ਕਦੇ ਹੋਇਆ ਹੋਣੈਂ। ਅਜਿਹੀ ਆਜ਼ਾਦੀ ਪ੍ਰਾਪਤ ਕਰਨ ਖ਼ਾਤਰ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਨੇ ਵਡੇਰਿਆਂ ਨੇ!!! ਲਗਪਗ ਡੇਢ ਕਰੋੜ ਵਸੋਂ ਇੱਧਰੋਂ-ਉਧਰੋਂ ਬੇਘਰ ਹੋਈ ਅਤੇ ਲਗਪਗ 10 ਲੱਖ ਮਰਦ, ਔਰਤਾਂ, ਬੱਚੇ ਮੌਤ ਦੇ ਘਾਟ ਉਤਾਰੇ ਗਏ। ਸਵਾਲਾਂ ਦਾ ਸਵਾਲ ਹੈ : ਕੀ ਇਸ ਵੰਡ ਨੂੰ ਰੋਕਿਆ ਨਹੀਂ ਸੀ ਜਾ ਸਕਦਾ? ਕੀ ਕਾਹਲੀ ਪਈ ਹੋਈ ਸੀ ਜਿਨਾਹ ਨੂੰ ਤੇ ਨਹਿਰੂ ਨੂੰ? ਕੀ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਦੀ ਹੀ ਸ਼ਰਾਰਤ ਸੀ? ਕਾਫ਼ਲਿਆਂ ਦੇ ਕਾਫ਼ਲੇ ਧਰਮ ਦੇ ਨਾਂਅ 'ਤੇ ਕਾਫ਼ਲਿਆਂ ਦੇ ਕਾਫ਼ਲਿਆਂ ਨੂੰ ਜਹੰਨਮ ਪੁਚਾਉਂਦੇ ਰਹੇ। 'ਅਦਲੇ ਦਾ ਬਦਲਾ' ਸਮੇਂ ਦਾ ਸੱਚ ਹੋ ਨਿੱਬੜਿਆ ਸੀ। ਹਮਸਾਏ ਹੀ ਹਮਸਾਇਆਂ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ। ਗੁਆਂਢੀਆਂ ਨੂੰ ਘਰ ਦੀਆਂ ਕੁੰਜੀਆਂ ਫੜਾ ਕੇ ਜਾਣ ਵਾਲੇ ਸਮਝਦੇ ਸਨ-ਦੋ-ਚਾਰ ਦਿਨ ਦਾ ਰੌਲਾ ਰੱਪਾ ਖ਼ਤਮ ਹੋਣ 'ਤੇ ਵਾਪਸ ਆ ਜਾਵਾਂਗੇ। ਵਤਨ ਦੀ ਮਿੱਟੀ ਨਾਲੋਂ ਵਿਛੜਨ ਲਈ ਕਿਸੇ ਦਾ ਜੀਅ ਨਹੀਂ ਸੀ ਕਰਦਾ। ਅਨੇਕਾਂ ਹਮਸਾਇਆਂ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਗੁਆਂਢੀਆਂ ਦੀ ਰੱਖਿਆ ਵੀ ਕੀਤੀ। ਦੇਰ ਤੋਂ ਵਿਛੜਿਆਂ ਦਾ ਸਬੱਬੀ ਮਿਲਾਪ ਵੀ ਹੋਇਆ-ਧਾਹਾਂ ਮਾਰ-ਮਾਰ ਕੇ ਰੋਏ। ਔਰਤਾਂ ਦੀ ਦਸ਼ਾ ਬਦ ਤੋਂ ਬਦਤਰ ਹੋਈ। ਇੱਜ਼ਤਾਂ ਲੁੱਟੀਆਂ ਗਈਆਂ। ਪੱਤ ਬਚਾਉਂਦੀਆਂ ਨਹਿਰਾਂ ਵਿਚ ਕੁੱਦ ਗਈਆਂ। ਧਰਮ ਪਰਿਵਰਤਨ ਕਰਕੇ ਧੱਕੇ ਨਾਲ ਵਸਾਈਆਂ ਗਈਆਂ। ਪਸ਼ੂਆਂ ਵਾਂਗ ਵੇਚੀਆਂ ਗਈਆਂ। ਛਾਤੀਆਂ ਲਹੂ-ਲੁਹਾਣ ਹੋਈਆਂ। ਬੱਚਿਆਂ, ਬੁੱਢਿਆਂ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ। ਅੱਜ ਵੀ ਵੀਜ਼ੇ ਲੈ ਕੇ ਆਪਣਿਆਂ ਨੂੰ ਢੂੰਡਦੇ, ਤੜਪਦੇ ਵੇਖੇ ਜਾਂਦੇ ਹਨ। ਜ਼ਿਆਦਾਤਰ ਕਹਾਣੀਆਂ ਫ਼ਿਰਕੂ ਦੰਗਿਆਂ ਦੀ ਪੇਸ਼ਕਾਰੀ ਦੇ ਨਾਲ-ਨਾਲ ਆਫਟਰ-ਅਫੈਕਟ (ਪਿਛਲ-ਪ੍ਰਭਾਵ) ਨੂੰ ਰੂਪਮਾਨ ਕਰਦੀਆਂ ਹਨ। ਕਿਸੇ-ਕਿਸੇ ਕਹਾਣੀ ਦੀ ਫੇਬੁਲਾ ਤਾਂ 47 ਤੋਂ ਆਰੰਭ ਹੋ ਕੇ, 84 ਦੇ ਦਿੱਲੀ ਦੰਗਿਆਂ, ਪੰਜਾਬ ਦੇ ਕਾਲੇ ਦਿਨਾਂ ਤੱਕ ਆਪਣਾ ਪਾਸਾਰ ਕਰਦੀ ਆ। ਇੰਜ ਲਗਦਾ ਹੈ 47 ਤੋਂ ਬਾਅਦ ਵੀ ਬੰਦੇ-ਬੰਦੇ ਨਹੀਂ ਬਣੇ। ਹਰੇਕ ਕਹਾਣੀਕਾਰ ਨੇ ਆਪੋ-ਆਪਣੇ ਨਜ਼ਰੀਏ ਨਾਲ ਘਟਨਾਵਾਂ 'ਤੇ ਫੋਕਸੀਕਰਨ ਕੀਤਾ ਹੈ। ਅਧਿਐਨ ਕਰਦਿਆਂ ਘਿਣਾਉਣੇ ਦ੍ਰਿਸ਼ਾਂ ਦੀ ਪੇਸ਼ਕਾਰੀ ਪਾਠਕਾਂ ਦੀ ਰੂਹ ਨੂੰ ਕਾਂਬਾ ਛੇੜਦੀ ਹੈ। ਅਜੇ ਕਿਹੜਾ ਟਿਕ-ਟਿਕਾਅ ਹੈ, ਕਸ਼ਮੀਰ ਹੀ ਦੋਵਾਂ ਮੁਲਕਾਂ ਲਈ 'ਨਾਸੂਰ' ਬਣਿਆ ਹੋਇਆ ਹੈ। ਇਧਰੋਂ ਉਧਰੋਂ ਸਾਹਿਤਕ ਫੇਰੀਆਂ ਦਾ ਵੀ ਗਲਪੀਕਰਨ ਉਪਲਬਧ ਹੈ। ਪਾਠਕ ਨਿਚਲੇ ਦੋ ਸੰਵਾਦਾਂ ਤੋਂ 47 ਦੀ ਦਸ਼ਾ ਦਾ ਅਨੁਮਾਨ ਸਹਿਜੇ ਹੀ ਲਾ ਸਕਦੇ ਨੇ : 'ਓਏ ਧੰਨਿਆ, ਏਸ ਮੱਲ੍ਹਮ ਦੀ ਪਾਕੀਜ਼ਗੀ ਤੂੰ ਕੀ ਜਾਣੇ ਨਿਰਦੋਸ਼ਾਂ ਦੇ ਕਾਤਲਾ। ਇਹ ਦਾ ਵਾਰਿਸ ਬਣਨ ਲਈ ਤਾਂ ਭਾਈ ਘਨ੍ਹੱਈਆ ਜੀ ਅਰਗੀ ਸੋਚ ਚਾਹੀਦੀ ਆ'। ਪੰਨਾ 135 ਮਾਂ ਨੇ ਮੈਨੂੰ ਕੋਸਿਆ ਤੇ ਕਿਹਾ, 'ਸਾਡੀ ਸਿਰਫ ਕਹਾਣੀ ਰਹਿ ਗਈ। ਕੱਲੀ ਜਿੰਦ ਨਿਮਾਣੀ ਰਹਿ ਗਈ। ਤੇਰੇ ਦੀਦ ਸਵਾਲੀ ਹੋ ਗਏ। ਆਹਾਂ ਦੇ ਭਾਂਡੇ ਖਾਲੀ ਹੋ ਗਏ।' (ਪੰ. 219)


-ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c


ਤਿੰਨ ਸੁਨਹਿਰੀ ਦਰਵਾਜ਼ੇ

ਲੇਖਿਕਾ : ਡਾ: ਭਵਨੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 120


ਇਹ ਨਾਵਲ ਮਨੁੱਖ ਦੀ ਹਯਾਤੀ ਨਾਲ ਜੁੜੇ ਕਈ ਪ੍ਰਸ਼ਨਾਂ, ਤਰਕਾਂ-ਵਿਤਰਕਾਂ, ਮਨੁੱਖੀ ਹੋਂਦ ਤੇ ਉਸ ਦੇ ਸੰਸਿਆਂ ਦਾ ਪੀੜਾ, ਜਵਾਬ ਲੱਭਣ ਦੀ ਕੋਸ਼ਿਸ਼ ਹੈ। ਇਸ ਨਾਵਲ ਵਿਚ ਭਾਵੇਂ ਕੁੱਲ ਚਾਰ ਪਾਤਰ ਹੀ ਹਨ, ਮੈਗਸ, ਲਾਗ, ਕਾਰਾ ਅਤੇ ਐਮਾ। ਪਰ ਇਹ ਸੰਪੂਰਨ ਮਨੁੱਖਤਾ ਦੀ ਪ੍ਰਤੀਨਿਧਤਾ ਕਰਦੇ ਪ੍ਰਤੀਤ ਹੁੰਦੇ ਹਨ। ਅੱਜ ਦਾ ਮਨੁੱਖ ਸੰਸਿਆਾਂ ਅਤੇ ਅੰਦਰੂਨੀ ਸੰਘਣੀਆਂ ਸੋਚਾਂ ਵਿਚ ਘਿਰਿਆ ਹੋਇਆ ਪੀੜ-ਪੀੜ ਹੈ। ਮੈਗਸ ਨੂੰ ਹੀ ਲੈ ਲਓ। ਉਹ ਪ੍ਰਸਿੱਧਤਾ ਦੀ ਸਿਖ਼ਰ 'ਤੇ ਪੁੱਜ ਕੇ ਵੀ ਆਂਤਰਿਕ ਵੇਦਨਾ ਨਾਲ ਪੀੜਤ ਹੈ। 'ਪਾਣੀ ਦੀ ਬੂੰਦ' ਇਕ ਅਜਿਹੀ ਸ਼ਕਤੀ ਹੈ ਜੋ ਧਰਤੀ 'ਤੇ ਜੀਵਨ ਦੀ ਸਿਰਜਕ ਬਣ ਕੇ ਉੱਭਰਦੀ ਹੈ ਤੇ ਮਨੁੱਖੀ ਹਯਾਤੀ 'ਤੇ ਬੇਬਾਕ ਟਿੱਪਣੀਆਂ ਕਰਦੀ ਹੋਈ ਉਸ ਦੀ ਰਾਹ-ਦਸੇਰੀ ਬਣਦੀ ਹੈ। ਕਾਰਾ ਆਪਣੀ ਮਾਂ ਤੋਂ ਸੁਣੀ ਹੋਈ ਇਕ ਮਿੱਥ-ਕਥਾ ਮੈਗਸ ਨੂੰ ਸੁਣਾਉਂਦੀ ਹੋਈ 'ਤਿੰਨ ਸੁਨਹਿਰੀ ਦਰਵਾਜ਼ਿਆਂ' ਦਾ ਜ਼ਿਕਰ ਕਰਦੀ ਹੈ, ਜਿਨ੍ਹਾਂ ਅੰਦਰ ਮਨੁੱਖੀ ਜੀਵਨ ਦੀ ਸੁੱਖ-ਸ਼ਾਂਤੀ ਦੀਆਂ ਕੁੰਜੀਆਂ ਸਾਂਭੀਆਂ ਹੋਈਆਂ ਹਨ ਪਰ ਉਸ ਦੇ ਬਾਹਰ ਅਜਿਹੇ ਰਾਖਸ਼ ਪਹਿਰਾ ਦਿੰਦੇ ਹਨ ਜੋ ਮਨੁੱਖ ਦੀ ਹਰ ਹਿੰਮਤ ਦੇ ਰਾਹ 'ਚ ਰੁਕਾਵਟ ਬਣਦੇ ਹਨ ਤੇ ਉਸ ਨੂੰ ਬੇਬੱਸ ਕਰਨ ਦੇ ਆਹਰ 'ਚ ਰਹਿੰਦੇ ਹਨ। ਪਹਿਲਾ ਦਰਵਾਜ਼ਾ 'ਰਾਜ਼ੀ ਹੋਣ ਦੀ ਇੱਛਾ' ਹੈ ਤੇ ਦੂਸਰਾ 'ਪ੍ਰੇਮ ਮਾਰਗ' ਦਾ ਹੈ। ਆਪਣੀ ਮਾਨਸਿਕ ਸ਼ਕਤੀ ਤੇ ਪ੍ਰੇਮ ਮਾਰਗ 'ਤੇ ਚਲਦਿਆਂ ਮਨੁੱਖ ਇਨ੍ਹਾਂ ਬੂਹਿਆਂ ਤੱਕ ਅੱਪੜ ਕੇ ਪਰਮ ਸੁੱਖ ਅਤੇ ਸ਼ਾਂਤੀ ਦੀ ਸਿਰਜਣਾ ਕਰ ਸਕਦਾ ਹੈ। ਉਸ ਕੋਲ 'ਵਿਸ਼ਵਾਸ' ਅਤੇ 'ਅਰਦਾਸ' ਦੀਆਂ ਤਿੱਖੀਆਂ ਤਲਵਾਰਾਂ ਹੋਣੀਆਂ ਚਾਹੀਦੀਆਂ ਹਨ ਜੋ ਇਨ੍ਹਾਂ ਰਾਖ਼ਸ਼ ਰੂਪੀ ਵਿਕਾਰਾਂ ਅਤੇ ਮਨਾਹੀਆਂ ਦਾ ਮੁਕਾਬਲਾ ਕਰ ਸਕੇ। ਲੇਖਿਕਾ ਮਨੁੱਖ ਦੇ ਸੁਖੀ ਭਰੇ ਭਵਿੱਖ ਵੱਲ ਵੀ ਸੰਕੇਤ ਕਰਦੀ ਹੈ। ਇਹ ਨਾਵਲ ਪੰਜਾਬੀ ਦੇ ਰਵਾਇਤੀ ਪਾਠਕ ਲਈ ਨਹੀਂ ਹੈ। ਇਸ ਨੂੰ ਪੜ੍ਹ ਕੇ ਇਸ ਦੇ ਗੰਭੀਰ ਦਰਸ਼ਨ ਨੂੰ ਸਮਝਣ ਲਈ ਪਾਤਰ ਦਾ ਚਿੰਤਨਸ਼ੀਲ ਤੇ ਸੂਖਮਭਾਵੀ ਹੋਣਾ ਜ਼ਰੂਰੀ ਸ਼ਰਤਾਂ ਹਨ।


-ਕੇ. ਐਲ. ਗਰਗ
ਮੋ: 94635-37050


ਮਨ ਮਰਜ਼ੀ ਦੀ ਬੁਣਤੀ
ਲੇਖਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 96
ਸੰਪਰਕ : 99156-34722.


ਸੁਰਿੰਦਰ ਰਾਮਪੁਰੀ ਬਹੁਵਿਧਾਈ ਲੇਖਕ ਹੈ। ਉਸ ਨੇ ਕਹਾਣੀ, ਕਵਿਤਾ, ਸ਼ਬਦ-ਚਿੱਤਰਾਂ ਅਤੇ ਆਲੋਚਨਾ ਦੇ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਂਜ ਵੀ ਰਾਮਪੁਰ ਪਿੰਡ ਸਾਹਿਤਕ ਪਿੜ 'ਚ ਜਾਣਿਆ-ਪਛਾਣਿਆ ਨਾਂਅ ਹੈ ਜੋ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਮੱਲ ਸਿੰਘ ਰਾਮਪੁਰੀ ਅਤੇ ਹੋਰ ਅਨੇਕਾਂ ਨਾਵਾਂ ਕਰਕੇ ਜਾਣਿਆ ਜਾਂਦਾ ਹੈ। ਇਥੋਂ ਦੀ ਸਾਹਿਤ ਸਭਾ ਬਹੁਤ ਹੀ ਉੱਦਮਸ਼ੀਲ ਰਹੀ ਹੈ ਅਤੇ ਸੁਰਿੰਦਰ ਰਾਮਪੁਰੀ ਵੀ ਇਸੇ ਸਭਾ ਦੀ ਪੈਦਾਇਸ਼ ਹੈ। 'ਮਨਮਰਜ਼ੀ ਦੀ ਬੁਣਤੀ' ਕਾਵਿ-ਸੰਗ੍ਰਹਿ ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਅੱਗ ਨਾਲ ਖੇਡਦਿਆਂ' (2004), 'ਦੇਹਲੀ 'ਤੇ ਬੈਠੀ ਉਡੀਕ' (2014) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲਾ ਕਾਵਿ-ਸੰਗ੍ਰਹਿ ਉਸ ਨੇ ਉਨ੍ਹਾਂ ਸਿਰੜੀ ਲੋਕਾਂ ਦੇ ਨਾਂਅ ਕੀਤਾ ਹੈ ਜੋ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਵੀ ਜ਼ਿੰਦਗੀ ਦੇ ਕੈਨਵਸ 'ਤੇ ਮਨਮਰਜ਼ੀ ਦੀ ਬੁਣਤੀ ਪਾਉਣ ਦਾ ਹਰ ਸੰਭਵ ਯਤਨ ਕਰਦੇ ਰਹੇ ਹਨ। ਇਸ ਲਈ ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਮਨਮਰਜ਼ੀ ਦੀ ਬੁਣਤੀ' ਤੋਂ ਲੈ 'ਧਰੋਹਰ' ਤੱਕ 52 ਕਵਿਤਾਵਾਂ ਮਨੁੱਖੀ ਜ਼ਿੰਦਗੀ ਦੇ ਹਰ ਸਰੋਕਾਰ ਨਾਲ ਵਾ-ਬਸਤਾ ਹਨ। ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਨਾਂਅ 'ਤੇ ਜਿੰਨਾ ਮਾਨਸਿਕ ਤਸ਼ੱਦਦ ਅਜੋਕਾ ਮਨੁੱਖ ਸਹਿਣ ਕਰ ਰਿਹਾ ਹੈ, ਉਸ ਦਾ ਉਲੇਖ ਇਨ੍ਹਾਂ ਕਵਿਤਾਵਾਂ ਵਿਚ ਥਾਂ-ਪੁਰ-ਥਾਂ ਮਿਲਦਾ ਹੈ। ਜਾਤਾਂ, ਧਰਮਾਂ, ਮਜ਼੍ਹਬਾਂ, ਊਚ-ਨੀਚ, ਗ਼ਰੀਬ-ਅਮੀਰ, ਮਾਦਾ ਭਰੂਣ ਹੱਤਿਆ, ਬੇਰੁਜ਼ਗਾਰੀ, ਆਪਾਧਾਪੀ, ਖੋਹ-ਖਿੱਚ ਅਨੇਕਾਂ ਪ੍ਰਕਾਰ ਦੇ ਵਰਤਾਰਿਆਂ ਦੇ ਖਿਲਾਫ਼ ਇਹ ਕਵਿਤਾਵਾਂ ਨਪੀੜੀ ਜਨਤਾ ਦੀ ਹੂਕ ਤੇ ਹਾਕ ਬਣਦੀਆਂ ਹਨ। ਬਾਜ਼ਾਰ ਦਾ 'ਅਲਜ਼ਬਰਾ' ਨਜ਼ਮ ਇਸ ਵਰਤਾਰੇ ਦੀ ਪ੍ਰਤੀਨਿਧ ਕਵਿਤਾ ਹੈ। ਉਂਜ ਅਜਿਹੇ ਵਰਤਾਰੇ ਕਾਵਿ-ਪਾਠਕ 'ਕਰਮੀਏ ਏਧਰ ਆਈਂ', 'ਚਿੰਤਨ ਵੇਲਾ', 'ਮੈਂ ਤੈਨੂੰ ਪਹਿਚਾਣ ਲਿਆ', 'ਕਦੋਂ ਤੱਕ', 'ਫ਼ਿਕਰ', 'ਪੈਰਾਂ ਦੀ ਭਟਕਣ', 'ਰੰਗ, ਸ਼ਬਦ ਤੇ ਸੰਗੀਤ' 'ਅੱਗ 1-4', 'ਪਾਣੀ ਵਰਗੇ ਬੰਦੇ', 'ਸਾਹਾਂ ਵਿਚ ਵਸੀ ਕਵਿਤਾ', 'ਬਚਪਨ' ਅਤੇ 'ਪਛਾਣ' ਆਦਿ ਕਵਿਤਾਵਾਂ ਵਿਚ ਦੇਖ ਸਕਦੇ ਹਨ। 'ਫੁੱਲ ਖਿੜੇ ਅੰਗਿਆਰ ਦਾ-ਸੋਹਣ ਗਰੇਵਾਲ' ਅਤੇ 'ਸ਼ਬਦ-ਸਾਗਰ-ਸੁਰਜੀਤ ਖੁਰਸ਼ੀਦੀ' ਦੋ ਕਾਵਿ-ਚਿੱਤਰ ਵੀ ਇਸ ਕਾਵਿ-ਸੰਗ੍ਰਹਿ ਦਾ ਹਾਸਲ ਹਨ। ਇਹ ਕਵਿਤਾ ਆਸ-ਉਮੀਦ ਦੀ ਕਵਿਤਾ ਹੈ ਜੋ ਮਨੁੱਖ ਨੂੰ ਸੰਘਰਸ਼ ਦੇ ਲਈ ਪ੍ਰੇਰਦੀ ਹੈ :
ਦੁਨੀਆ ਦਾ ਇਤਿਹਾਸ ਗਵਾਹ
ਹਰ ਯੁੱਗ / ਚਾਨਣ ਹੀ ਜਿੱਤਿਐ
ਸੁਰਿੰਦਰ 'ਰਾਮਪੁਰੀ' ਦੇ ਇਸ ਕਾਵਿ-ਸੰਗ੍ਰਹਿ ਨੂੰ ਖੁਸ਼ਆਮਦੀਦ ਕਹਿੰਦਿਆਂ ਹਾਰਦਿਕ ਪ੍ਰਸੰਨਤਾ ਮਹਿਸੂਸ ਕਰਦਾ ਹਾਂ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c


ਮੈਂ ਚਰਖਾ ਤੂੰ ਕੱਤਣ ਵਾਲੀ

ਕਵੀ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ , ਸਫ਼ੇ : 120
ਸੰਪਰਕ : 95011-45039.


ਪਰਮਿੰਦਰ ਸੋਢੀ ਅਜੋਕੇ ਕਾਲ-ਖੰਡ ਦਾ ਆਧੁਨਿਕ ਕਵੀ ਹੈ। ਇਸ ਦਾ ਅਹਿਸਾਸ ਉਸ ਦੀ ਪੁਸਤਕ 'ਮੈਂ ਚਰਖਾ ਤੂੰ ਕੱਤਣ ਵਾਲੀ' ਦੇ ਨੇੜਿਉਂ ਕੀਤੇ ਅਧਿਐਨ ਤੋਂ ਹੁੰਦਾ ਹੈ। ਪੁਸਤਕ ਵਿਚ 128 ਕਵਿਤਾਵਾਂ ਕਹਿ ਲਈਏ ਜਾਂ ਵਾਰਤਕ ਟੁਕੜੀਆਂ ਸਮਝ ਲਈਏ, ਪਰ ਇਨ੍ਹਾਂ ਵਿਚ ਕਾਵਿਕ ਸੰਵੇਦਨਾ ਪ੍ਰਬਲ ਰੂਪ ਵਿਚ ਪਾਠਕਾਂ ਤੱਕ ਪੁੱਜਦੀ ਹੋਈ ਨਵੇਂ ਸੰਚਾਰ ਜ਼ਾਵੀਏ ਰਾਹੀਂ ਸਾਧਾਰਨ ਅਤੇ ਦਾਰਸ਼ਨਿਕ ਸ਼ਬਦਾਵਲੀ ਤਹਿਤ ਨਿੱਜੀ ਮਨੁੱਖ ਤੋਂ ਲੈ ਕੇ ਬ੍ਰਹਿਮੰਡੀ ਦੇ ਗਿਆਨ ਦਾ ਬੋਧ ਕਰਵਾਉਂਦੀਆਂ ਹਨ। ਕਵੀ ਦੀ ਅੰਤਰੀਵ ਭਾਵਨਾ ਮਨੁੱਖ ਦੀ, ਮਾਨਵਤਾ ਦੀ ਅਤੇ ਸਮੁੱਚੇ ਵਿਸ਼ਵ ਦੀ ਲੋਕਤਾ ਨੂੰ ਅਨੁਭਵ ਕਰਨ ਦਾ ਪ੍ਰਗਟਾਵਾ ਹੈ। ਉਸ ਦਾ ਵਿਸ਼ਵ ਵਿਆਪੀ ਸੰਦੇਸ਼ ਹੈ ਕਿ 'ਤੁਹਾਡੀਆਂ ਸਿਆਣਪਾਂ, ਤੁਹਾਡੇ ਇਤਿਹਾਸ-ਮਿਥਿਹਾਸ ਸਭ ਸਿਰ ਮੱਥੇ। ਪਰ ਇਕ ਮੌਕਾ ਅਮਨ-ਸ਼ਾਂਤੀ ਨੂੰ ਵੀ ਦੇ ਕੇ ਦੇਖ ਲਵੋ।' ਕਵਿਤਾਵਾਂ ਫੇਸ ਬੁੱਕ ਦਾ ਆਉਣ ਜਾਣ, ਕਰੋਨਾ ਕਾਲ ਅਤੇ ਕਥਾ ਫੇਸਬੁੱਕ ਦੀ ਅਜੋਕੇ ਦਿਨਾਂ ਦੇ ਜੀਵਨ ਵਰਤਾਰੇ ਦੇ ਸੱਚ ਦੇ ਬਿਆਨ ਨੂੰ ਸਾਧਾਰਨਤਾ ਅਤੇ ਵਿਅੰਗਾਤਮਕਤਾ ਦੋਵਾਂ ਰੂਪਾਂ ਵਿਚ ਬਿਆਨ ਕਰਦੀਆਂ ਹਨ। ਪੁਸਤਕ ਵਿਚ ਤਿੰਨ ਦਰਜਨ ਤੋਂ ਉੱਪਰ ਕਵਿਤਾਵਾਂ ਮਨੁੱਖ ਦੇ ਸਮਾਜਿਕ, ਆਰਥਿਕ, ਨੈਤਿਕ ਅਤੇ ਰਾਜਨੀਤਕ ਵਰਤਾਰੇ ਦਾ ਦਰਪਣ ਹਨ, ਜਿਨ੍ਹਾਂ ਵਿਚ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਮਾਨਵ ਪਲ-ਪਲ ਕਿਉਂ ਖੁਰ ਰਿਹਾ ਹੈ ਅਤੇ ਕਿਉਂ ਨਹੀਂ ਉਹ ਆਪਣੀ ਹੋਂਦ ਨੂੰ ਸਮਝਦਾ। ਕਵੀ ਭਾਰਤੀ ਸੰਸਕ੍ਰਿਤੀ ਤੋਂ ਇਲਾਵਾ ਪੰਜਾਬੀਅਤ ਦਾ ਵੀ ਸੁਨੇਹੀ ਬਣਦੀ ਹੈ। ਉਸ ਦਾ ਪ੍ਰਵਚਨ ਹੈ ਕਿ 'ਧੰਨ ਨੇ ਪੰਜਾਬੀ ਜੋ ਪੰਜ ਪਾਣੀਆਂ ਦੇ ਸਵਰਗ ਛੱਡ ਕੇ ਅਰਬ ਦੇ ਮਾਰੂਥਲਾਂ ਅਤੇ ਕੈਨੇਡਾ ਅਮਰੀਕਾ ਦੇ ਠੰਢੇ-ਠਾਰ ਜਾਨ-ਲੇਵਾ ਟੁੰਡਰ-ਪ੍ਰਦੇਸਾਂ ਵਿਚ 'ਝੰਡੇ' ਗੱਡਣ ਲਈ ਬਜ਼ਿਦ ਨੇ।' ਕਵੀ ਪਰ ਤੋਂ ਨਿੱਜ ਦੀ ਵੀ ਗੱਲ ਕਰਦਾ ਹੈ ਅਤੇ ਨਿੱਜ ਤੋਂ ਮਨੁੱਖੀ ਜੀਵ ਦੀ ਅੰਤਰਲੀਨਤਾ ਨੂੰ ਵੀ ਪਛਾਣਦਾ ਪ੍ਰਤੀਤ ਹੋਇਆ ਹੈ। ਉਸ ਅਨੁਸਾਰ ਅਨੰਦ ਦੁੱਖ-ਸੁੱਖ ਤੋਂ ਉੱਪਰਲੀ ਅਵਸਥਾ ਦਾ ਨਾਂਅ ਹੈ। ਪੁਸਤਕ ਵਿਚ ਹਾਇਕੂ ਕਾਵਿ, ਪੰਜਾਬੀ ਹਾਇਕੂ ਅਤੇ ਨਵਤੇਜ ਜਿਹੇ ਲੇਖਕਾਂ ਬਾਬਤ ਵੀ ਚੰਗੀ ਜਾਣਕਾਰੀ ਦਿੱਤੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732
c c c


ਜੱਟਾਂ ਦਾ ਪ੍ਰਾਚੀਨ ਇਤਿਹਾਸ

ਲੇਖਕ : ਗੁਰਚਰਨ ਸਿੰਘ ਗਿੱਲ ਅਤੇ ਜੇਮਜ਼ ਗੋਲਬਰਗ
ਸੰਪਾਦਕ : ਜੈਨਜ਼ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 214
ਸੰਪਰਕ : 95011-45039.


ਜੱਟ ਅਤੇ ਰਾਜਪੂਤ ਸ਼੍ਰੇਣੀਆਂ ਦੇ ਇਤਿਹਾਸ ਦੀ ਨਿਸ਼ਾਨਦੇਹੀ ਕਰਦੀ ਇਹ ਸੰਪਾਦਿਤ ਪੁਸਤਕ ਇਕ ਵਿਲੱਖਣ ਦਸਤਾਵੇਜ਼ ਹੈ। ਇਸ ਪੁਸਤਕ ਦੇ 9 ਅਧਿਆਇ ਹਨ। ਪਹਿਲੇ ਭਾਗ ਵਿਚ ਪ੍ਰਾਚੀਨ ਪੰਜਾਬ ਦਾ ਸੰਖੇਪ ਇਤਿਹਾਸ ਦਿੱਤਾ ਗਿਆ ਹੈ। ਇਹ ਤਿੰਨ ਖਿੱਤਿਆਂ ਦੇ ਤੋਖੇ ਠੱਡੇ ਤੋਂ ਤੁਰਦਾ ਹੈ। ਤੱਥਾਂ ਲਈ ਇਬਟਸਨ, ਐ.ਐਲ. ਗ੍ਰਿਫ਼ਸ ਜੇਮਜ਼ ਟੌਡ, ਕੰਨਿਘਮ ਅਤੇ ਆਰ.ਸੀ. ਮਜੂਮਦਾਰ ਦੇ ਹਵਾਲੇ ਲਏ ਗਏ ਹਨ। ਵੱਖ-ਵੱਖ ਵੰਸ਼ਾਂ ਦੇ ਰਾਜ ਕਾਲ ਦਾ ਪੁਖਤਾ ਉਲੇਖ ਇਸ ਭਾਗ ਵਿਚ ਮਿਲਦਾ ਹੈ।
ਦੂਜਾ ਭਾਗ ਗਿੱਲ ਖਾਨਦਾਨ ਬਾਰੇ ਹੈ। ਇਬਸਟਨ ਅਤੇ ਰੌਸ ਨੇ ਗਿੱਲ ਖਾਨਦਾਨ ਦਾ ਜ਼ਿਕਰ 299 ਤੋਂ 301 ਸਫ਼ਿਆਂ ਉੱਤੇ ਕੀਤਾ ਹੈ। ਉਨ੍ਹਾਂ ਦੀ ਰਾਜਧਾਨੀ ਬਠਿੰਡਾ ਸੀ। ਗਿੱਲ, ਈਰਾਨ ਦੇ ਸੂਬੇ ਗਿਲਨ ਨਾਲ ਸਬੰਧਿਤ ਸਨ।
ਤੀਜਾ ਅਧਿਆਇ ਸੂਰਜਮੁਖੀ ਅਤੇ ਭੱਟੀ ਖਾਨਦਾਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਫ਼ਰਾਹਮ ਕਰਦਾ ਹੈ। ਭੱਟੀ ਯਾਦੂ ਤੇ ਜੈਸਲ ਭੱਟੀ ਵੰਸ਼, ਰਾਜਪੂਤਾਨੇ ਵਿਚ ਭੱਟੀ ਵੰਸ਼ ਦੇ ਦਬਦਬੇ ਅਤੇ ਹਕੂਮਤ ਬਾਰੇ ਵਡਮੁੱਲੀ ਜਾਣਕਾਰੀ ਇਸ ਕਾਂਡ 'ਚ ਮਿਲਦੀ ਹੈ। ਪੋਰਸ ਬਾਦਸ਼ਾਹ ਕ੍ਰਿਸ਼ਨ ਜੀ ਦਾ ਵਾਰਿਸ ਅਤੇ ਭੱਟੀ ਵੰਸ਼ ਦਾ ਰਿਸ਼ਤੇਦਾਰ ਸੀ। (ਪੰਨਾ 59)
ਸਿੱਧੂ, ਸਿੱਧੂ ਬਰਾੜ ਤੇ ਸਬੰਧਿਤ ਖਾਨਦਾਨ-ਇਸ ਕਾਂਡ ਵਿਚ ਸਿੱਧੂ ਅਤੇ ਸਿੱਧੂ ਬਰਾੜਾਂ ਦੇ ਭੱਟੀ ਕੌਮ ਨਾਲ ਸਬੰਧਾਂ, ਬਾਬਾ ਆਲਾ ਸਿੰਘ, ਭਦੌੜ ਦੇ ਪਰਿਵਾਰਾਂ, ਫੂਲਕੀਆ ਤੇ ਹੋਰ ਪਰਿਵਾਰਾਂ ਬਾਰੇ ਬੇਸ਼ਕੀਮਤੀ ਜਾਣਕਾਰੀ ਅੰਕਿਤ ਹੈ। 'ਆਹਲੂਵਾਲੀਆ ਕੌਮ, ਜੈਸਲ ਭੱਟੀ ਦੇ ਬੇਟੇ ਸਲਬਾਹਨ ਦੀ ਔਲਾਦ ਹੈ।' (ਪੰਨਾ 93)
ਤੁੜਾਂ ਦਾ ਸਬੰਧ ਹਿਸਾਰ ਜ਼ਿਲ੍ਹੇ ਦੇ ਜਾਤੂ ਕਬੀਲੇ ਦੇ ਤੰਵਰਾਂ ਨਾਲ ਮਿਲਦਾ ਹੈ। ਤੁੜਾਂ ਦੀ ਜ਼ਿਮੀਂਦਾਰ ਹਿੰਦੂ ਜੱਟਾਂ ਵਾਹੀਕਾਰ ਗੁੱਜਰਾਂ ਅਤੇ ਵਾਹੀਕਾਰ ਬਲੋਚਾਂ ਨਾਲ ਸਕੀਰੀ ਦੇ ਇਤਿਹਾਸਕ ਪ੍ਰਮਾਣ ਹਨ। ਪਾਂਡੋਂ ਖਾਨਦਾਨ ਦੇ 22 ਰਾਜਿਆਂ ਦਾ ਸਬੰਧ ਇਨ੍ਹਾਂ ਨਾਲ ਹੀ ਸੀ। ਦਿੱਲੀ ਦੇ ਤੁਮਰਾਂ/ਤੁੜਾਂ ਦੇ 20 ਸ਼ਾਸਕਾਂ ਦੀ ਸੂਚੀ ਦਿੱਤੀ ਗਈ ਹੈ। (ਪੰਨਾ 103)
ਮਾਲਵੇ ਦੇ ਰਾਜਿਆਂ ਬਾਰੇ 7 ਖੰਡ ਇਸ ਭਾਗ ਵਿਚ ਨਾਵਾਂ ਸਮੇਤ ਹਨ। (129 ਤੋਂ 134 ਪੰਨਾ)
ਸੂਰੀਆ ਤੇ ਅਗਨੀ ਕੁੱਲ ਦੀਆਂ ਕੁਝ ਕੌਮਾਂ -ਗਿੱਲ ਕੌਮ ਆਪਣੇ ਆਪ ਨੂੰ ਰਾਮਚੰਦਰ ਜੀ ਦੇ ਪੁੱਤਰ (ਕੁਸ਼) ਦੀ ਔਲਾਦ ਮੰਨਦੀ ਹੈ। ਦੂਜੀਆਂ ਸਬੰਧਿਤ ਕੌਮਾਂ ਤੇ 'ਰਾਮਚੰਦਰ ਜੀ ਤੋਂ ਢੁੱਡੀਕੇ ਦੇ ਗਿੱਲ ਵੀ ਜਾਣਕਾਰੀ ਭਰਪੂਰ ਕਾਂਡ ਹਨ। ਅੰਤਲੇ ਅਧਿਆਇ ਮੁਤਾਬਿਕ ਜੱਟਾਂ ਦਾ ਕੰਗ ਖਾਨਦਾਨ ਪ੍ਰਮੁੱਖ ਹੈ। ਪੰਜਾਬ ਦੀਆਂ 12 ਮਿਸਲਾਂ 'ਚੋਂ ਇਕ ਦਾ ਬਾਨੀ ਡੱਲਾ, ਕੰਗ ਗੋਤ ਦਾ ਸੀ।
ਇਹ ਪੁਸਤਕ ਇਕ ਅਜਿਹਾ ਇਤਿਹਾਸਕ ਦਸਤਾਵੇਜ਼ ਹੈ ਜਿਸ ਨੂੰ ਬਹੁਤ ਬਾਰੀਕਬੀਨੀ ਨਾਲ ਪੜ੍ਹਨ ਦੀ ਲੋੜ ਹੈ।


-ਤੀਰਥ ਸਿੰਘ ਢਿੱਲੋਂ
ਮੋ: 98154-61710.
c c c


ਨਿੰਦਰ ਗਿੱਲ : ਪ੍ਰਤਿਰੋਧ ਦਾ ਬਿਰਤਾਂਤ
ਸੰਪਾਦਕ : ਡਾ: ਗੁਰਮੇਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 97817-82474.


ਡਾ: ਗੁਰਮੇਲ ਸਿੰਘ ਨੇ ਆਪਣੀ ਇਸ ਪੁਸਤਕ ਵਿਚ ਪੰਜਾਬੀ ਰਾਜਨੀਤਕ ਨਾਵਲ ਦੇ ਪਰਿਪੇਖ ਵਿਚ ਸ੍ਰੀ ਨਿੰਦਰ ਗਿੱਲ ਦੀਆਂ ਵਿਭਿੰਨ ਗਲਪ-ਰਚਨਾਵਾਂ ਬਾਰੇ ਲਿਖੇ ਪ੍ਰਸਿੱਧ ਆਲੋਚਕਾਂ ਦੇ ਕੁਝ ਖੋਜ-ਪੱਤਰਾਂ ਨੂੰ ਸੰਕਲਿਤ ਕੀਤਾ ਹੈ। ਨਿੰਦਰ ਗਿੱਲ ਹੁਣ ਤਾਂ ਪਿਛਲੇ ਦੋ ਕੁ ਦਹਾਕਿਆਂ ਤੋਂ ਸਵੀਡਨ ਵਿਚ ਨਿਵਾਸ ਕਰ ਰਿਹਾ ਹੈ ਪਰ ਇਧਰ ਭਾਰਤ ਵਿਚ ਰਹਿੰਦਿਆਂ ਹੋਇਆਂ ਉਸ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬ ਦੇ ਸੱਭਿਆਚਾਰਕ ਅਤੇ ਰਾਜਨੀਤਕ ਪਰਿਪੇਖ ਦਾ ਕਾਫੀ ਦਿਲਚਸਪ ਅਤੇ ਡੂੰਘਾ ਵਿਸ਼ਲੇਸ਼ਣ ਕੀਤਾ ਸੀ। ਆਪਣੀ ਚੜ੍ਹਦੀ ਜਵਾਨੀ ਦੇ ਕੁਝ ਵਰ੍ਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਡਾ: ਸਾਧੂ ਸਿੰਘ, ਡਾ: ਸੁਰਜੀਤ ਪਾਤਰ ਅਤੇ ਸ੍ਰੀ ਅਮਰਜੀਤ ਗਰੇਵਾਲ ਵਰਗੇ ਰੈਡੀਕਲ ਚਿੰਤਕਾਂ ਦੀ ਸੰਗਤ ਵਿਚ ਵਾਦ-ਵਿਵਾਦ ਰਚਾਉਂਦਿਆਂ ਬਿਤਾਏ ਸਨ। ਉਸੇ ਵਾਦ-ਵਿਵਾਦ ਨੂੰ ਗਲਪੀ-ਬਿਰਤਾਂਤ ਦੀ ਵਸਤੂ-ਸਮੱਗਰੀ ਬਣਾ ਕੇ ਨਿੰਦਰ ਗਿੱਲ ਨੇ ਬੜੇ ਕਲਾਤਮਿਕ ਢੰਗ ਨਾਲ ਰੂਪਮਾਨ ਕੀਤਾ ਹੈ।
ਸੰਪਾਦਕ ਨੇ ਬੜਾ ਸੁਚੱਜਾ ਪ੍ਰਯਾਸ ਕੀਤਾ ਹੈ ਕਿ ਨਿੰਦਰ ਗਿਲ ਦੀ ਹਰ ਰਚਨਾ ਬਾਰੇ ਵਿਸ਼ਲੇਸ਼ਣਾਤਮਕ ਅਧਿਐਨ ਪੇਸ਼ ਕੀਤਾ ਜਾਵੇ ਤਾਂ ਜੋ ਇਕ ਹੀ ਪੁਸਤਕ ਵਿਚ ਨਾਵਲਕਾਰ ਬਾਰੇ ਸਰਬਾਂਗੀ ਜਾਣਕਾਰੀ ਮਿਲ ਜਾਵੇ। ਇਸ ਪ੍ਰਸੰਗ ਵਿਚ ਉਹ ਸਮੇਂ-ਸਮੇਂ ਡਾ: ਕੇਸਰ ਸਿੰਘ ਕੇਸਰ ਅਤੇ ਡਾ: ਸੁਖਦੇਵ ਸਿੰਘ ਸਿਰਸਾ ਤੋਂ ਅਗਵਾਈ ਅਤੇ ਪ੍ਰੇਰਨਾ ਹਾਸਲ ਕਰਦਾ ਰਿਹਾ ਹੈ। ਇਹ ਦੋਵੇਂ ਵਿਦਵਾਨ ਮਾਰਕਸਵਾਦੀ ਚੇਤਨਾ ਨੂੰ ਪ੍ਰਣਾਏ ਹੋਏ ਹਨ ਅਤੇ ਪ੍ਰਤਿਰੋਧ ਬਾਰੇ ਕੀਤਾ-ਕਰਵਾਇਆ ਬਹੁਤਾ ਕੰਮ ਡਾ: ਸਿਰਸਾ ਦਾ ਹੀ ਹੈ। ਇਸ ਪੁਸਤਕ ਵਿਚ ਸੰਕਲਿਤ ਲੇਖ ਡਾ: ਸੰਤੋਖ ਸਿੰਘ ਸੁੱਖੀ, ਡਾ: ਸੋਹਜਦੀਪ ਕੌਰ, ਡਾ: ਮਿਨਾਕਸ਼ੀ ਰਾਠੌਰ, ਡਾ: ਨਿਰੰਜਣ ਸਿੰਘ ਢੇਸੀ, ਡਾ: ਅਤੈ ਸਿੰਘ, ਮੇਜਰ ਮਾਂਗਟ, ਡਾ: ਗੁਰਮੇਲ ਸਿੰਘ, ਪ੍ਰੋ: ਰਾਕੇਸ਼ ਰਮਨ, ਡਾ: ਗੁਲਜ਼ਾਰ ਪੰਧੇਰ, ਡਾ: ਲਾਭ ਸਿੰਘ ਖੀਵਾ, ਡਾ: ਸਰਬਜੀਤ ਸਿੰਘ, ਡਾ: ਰਵਿੰਦਰ ਸਿੰਘ, ਡਾ: ਜੇ.ਬੀ. ਸੇਖੋਂ, ਪਿਆਰਾ ਸਿੰਘ ਸਹਿਰਾਈ ਅਤੇ ਡਾ: ਅਜੀਤ ਸਿੰਘ (ਤਤਕਰਾ-ਵਿਉਂਤ ਅਨੁਸਾਰ) ਦੀ ਰਚਨਾ ਹਨ। ਅੰਤ ਵਿਚ ਇਕ ਲੇਖ ਨਿੰਦਰ ਗਿੱਲ ਦਾ ਆਪਣਾ ਵੀ ਹੈ, ਜਿਸ ਵਿਚ ਉਹ ਆਪਣੇ ਨਾਵਲਾਂ ਦੀ ਰਚਨਾ-ਪ੍ਰਕਿਰਿਆ ਬਾਰੇ ਸੰਖੇਪ ਤੁਆਰਫ਼ ਕਰਵਾਉਂਦਾ ਹੈ।
ਸੰਪਾਦਕ ਇਸ ਧਾਰਨਾ ਨੂੰ ਲੈ ਕੇ ਚਲਦਾ ਹੈ ਕਿ ਨਿੰਦਰ ਗਿੱਲ ਰਾਜਨੀਤਕ ਚੇਤਨਾ ਦਾ ਗਲਪਕਾਰ ਹੈ ਪਰ ਉਸ ਦੀ ਰਾਜਨੀਤਕ ਚੇਤਨਾ ਇਕਹਿਰੀ ਨਹੀਂ ਹੈ ਬਲਕਿ ਬਹੁਪਰਤੀ ਤੇ ਬਹੁਆਯਾਮੀ ਹੈ। ਰਾਜਸੀ ਮੁੱਦਿਆਂ ਪ੍ਰਤੀ ਉਸ ਦੀ ਇਹ ਸਮਝ ਬਣੀ ਹੈ ਕਿ ਕੋਈ ਵੀ ਘਟਨਾ ਸਥਾਨਕ ਜਾਂ ਇਕਹਿਰੀ ਨਹੀਂ ਹੁੰਦੀ ਬਲਕਿ ਉਸ ਦੀਆਂ ਜੜ੍ਹਾਂ ਕੌਮੀ ਤੇ ਕੌਮਾਂਤਰੀ ਰਾਜਨੀਤੀ ਵਿਚ ਪਈਆਂ ਹੁੰਦੀਆਂ ਹਨ। ਇਸ ਕਾਰਨ ਉਸ ਦੀ ਗਲਪਕਾਰੀ ਵਿਚ ਵਾਦ-ਵਿਵਾਦ ਦੀ ਵਿਧੀ ਭਾਰੂ ਰਹਿੰਦੀ ਹੈ। (ਪੰਨੇ 9-10)। ਇਸ ਪੁਸਤਕ ਵਿਚ ਨਿੰਦਰ ਗਿੱਲ ਦੀਆਂ ਰਚਨਾਵਾਂ 'ਜ਼ਿੰਦਗੀ ਦੇ ਇਸ਼ਤਿਹਾਰ', 'ਇਨਸਾਈਡ ਆਊਟਸਾਈਡ' (ਦੋਵੇਂ ਕਹਾਣੀ ਸੰਗ੍ਰਹਿ), 'ਪਲ ਪਲ ਮਰਨਾ', 'ਪੰਜਾਬ-84', 'ਚੋਣ ਹਲਕਾ ਪਾਇਲ', 'ਦਹਿਸ਼ਤ ਦੇ ਦਿਨਾਂ ਵਿਚ', 'ਗਿਰ ਰਿਹਾ ਗਰਾਫ਼', 'ਵਾਅਦਾ ਮੁਆਫ਼ ਗਵਾਹ', 'ਉਹ ਤਿੰਨ ਦਿਨ', 'ਵਿਚ ਵਿਚਾਲੇ' ਅਤੇ 'ਪੰਡੋਰੀ ਪ੍ਰੋਹਿਤਾਂ' (ਸਾਰੇ ਨਾਵਲ) ਦਾ ਮਾਈਕਰੋ-ਅਧਿਐਨ ਦ੍ਰਿਸ਼ਟੀਗੋਚਰ ਹੁੰਦਾ ਹੈ। ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਲਿਖਦਾ ਹੋਇਆ ਨਿੰਦਰ ਗਿੱਲ ਪੰਜਾਬੀ ਪਾਠਕਾਂ ਦੀ ਸਰਦਮਿਹਰੀ ਉੱਪਰ ਗਿਲਾ ਕਰਦਾ ਹੈ, 'ਮੈਂ ਜਿੰਨੀ ਜੁਰਅਤ ਨਾਲ ਲਿਖਿਆ ਹੈ, ਓਨਾ ਜੁਰਅਤ ਭਰਿਆ ਮੈਨੂੰ ਰਿਸਪਾਂਸ ਨਹੀਂ ਮਿਲਿਆ। ਪੰਜਾਬ 'ਚ ਪਤਾ ਨਹੀਂ ਕਿਉਂ, ਸਪੱਸ਼ਟ ਤੇ ਜੁਰਅਤ ਵਾਲੀ ਗੱਲ ਕਰਨ ਦੀ ਪਰੰਪਰਾ ਦਿਨੋ-ਦਿਨ ਘਟ ਰਹੀ ਹੈ। ਬਸ ਲਿਪਾ-ਪੋਚੀ ਹੀ ਚੱਲ ਰਹੀ ਹੈ।' (ਪੰਨਾ 148) ਨਿੰਦਰ ਦਾ ਗਿਲਾ ਬਿਲਕੁਲ ਜਾਇਜ਼ ਹੈ ਪਰ ਮੈਨੂੰ ਡਰ ਹੈ ਕਿ ਇਹ ਲਿਪਾ-ਪੋਚੀ ਵੀ ਕਿਧਰੇ ਖ਼ਤਮ ਨਾ ਹੋ ਜਾਵੇ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

16-01-2021

 ਵਾਰਾਂ ਭਾਈ ਗੁਰਦਾਸ ਜੀ
ਲੇਖਕ : ਸ਼ਮਸ਼ੇਰ ਸਿੰਘ ਧਨੋਆ
ਪਬਲਿਸ਼ਰ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 795 ਰੁਪਏ, ਸਫ਼ੇ : 591
ਸੰਪਰਕ : 98887-19880

ਇਹ ਸੇਵਾ-ਮੁਕਤ ਕਰਨਲ ਸ਼ਮਸ਼ੇਰ ਸਿੰਘ ਧਨੋਆ ਵਲੋਂ ਲਿਖੀ ਗਈ ਦੂਸਰੀ ਪੁਸਤਕ ਹੈ। ਇਸ ਤੋਂ ਪਹਿਲਾਂ 2016 ਵਿਚ ਉਸ ਨੇ 'ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ : ਤਰਤੀਬ ਅਤੇ ਬਣਤਰ' ਪੁਸਤਕ ਲਿਖ ਕੇ ਆਪਣੀ ਖੋਜੀ ਅਤੇ ਵਿਸ਼ਲੇਸ਼ਣੀ ਪਹੁੰਚ ਨੂੰ ਬਹੁਤ ਹੀ ਪੁਖਤਾ ਤਰੀਕੇ ਨਾਲ ਉਜਾਗਰ ਕਰ ਦਿੱਤਾ ਸੀ। ਇੱਕੀ ਅਧਿਆਇਆਂ ਵਿਚ ਸੰਪੂਰਨ ਹੋਈ ਇਸ ਪੁਸਤਕ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮੁੱਖ ਵਿਸ਼ਿਆਂ ਉੱਤੇ ਵਿਸਥਾਰ ਪੂਰਬਕ ਵਿਚਾਰ ਕੀਤੀ ਗਈ ਹੈ। ਭਾਈ ਗੁਰਦਾਸ ਜੀ ਦੀ ਲੇਖਣੀ ਦੇ ਸਿਧਾਂਤਕ ਪੱਖਾਂ ਨੂੰ ਵਿਚਾਰਦੇ ਹੋਏ ਵਾਰਾਂ ਵਿਚ ਆਏ ਸਮਸਤ ਵਿਸਥਾਰਾਂ ਨੂੰ ਬਹੁਤ ਹੀ ਬਾਰੀਕੀ ਨਾਲ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਪੁਸਤਕ ਦਾ ਹਰ ਅਧਿਆਏ ਆਪਣੇ-ਆਪ ਵਿਚ ਇਕ ਵਿਲੱਖਣ ਵਿਉਂਤ ਦਾ ਲਖਾਇਕ ਹੈ। ਵਾਰਾਂ ਵਿਚ ਆਏ ਯੁਗਾਂ ਦਾ ਵਰਨਣ, ਭਾਈ ਗੁਰਦਾਸ ਜੀ ਦੀ ਗੁਰੂ ਪਰਿਵਾਰਾਂ ਨਾਲ ਸਾਂਝ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਰ ਬ੍ਰਹਮ ਸਰਗੁਣ ਸਰੂਪ, ਗੁਰੂ ਸਾਹਿਬਾਨ ਵਿਚ ਏਕ ਨਾਨਕ ਜੋਤ ਦੀ ਪਛਾਣ, ਗੁਰੂ ਸਾਹਿਬਾਨ ਦੇ ਸਮੇਂ ਵਿਚ ਸੰਸਾਰ ਦੀ ਦਸ਼ਾ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਦ੍ਰਿਸ਼ਟੀ ਤੋਂ ਸਮਾਜ ਦੀ ਹਾਲਤ ਆਦਿ ਅਜਿਹੇ ਖੇਤਰ ਅਤੇ ਵਿਸ਼ੇ ਹਨ ਜਿਨ੍ਹਾਂ ਬਾਰੇ ਇਸ ਪੁਸਤਕ ਵਿਚ ਗੰਭੀਰ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਕ ਬ੍ਰਹਮ ਦਾ ਸੰਕਲਪ, ਸਾਧ ਸੰਗਤ ਦਾ ਸੰਕਲਪ, ਨਿਰਮਲ ਪੰਥ, ਗੁਰਮੁਖ ਪੰਥ ਅਤੇ ਸਿੱਖ ਮਤ ਦੇ ਸੰਗਠਿਤ ਰੂਪ ਦੇ ਸੰਕਲਪਾਂ ਨੂੰ ਵੀ ਗਹਿਰਾਈ ਤੱਕ ਵਿਚਾਰਿਆ ਗਿਆ ਹੈ ਅਤੇ ਵਾਰਾਂ ਵਿਚੋਂ ਰੂਪਮਾਨ ਹੋ ਰਹੇ ਭਾਈ ਗੁਰਦਾਸ ਜੀ ਦੇ ਵਿਚਾਰਾਂ ਦੀ ਵੀ ਵਿਆਖਿਆ ਕੀਤੀ ਗਈ ਹੈ। ਪੁਸਤਕ ਦਾ ਹਰ ਅਧਿਆਏ ਗੁਰੂ ਕਾਲ ਦੀਆਂ ਸਮਰਥਾਵਾਂ ਅਤੇ ਚਮਤਕਾਰੀ ਵਿਚਾਰ ਪ੍ਰਵਾਹ ਦੇ ਧਰਾਤਲਾਂ ਨੂੰ ਸਮਝਣ ਦੀ ਦ੍ਰਿਸ਼ਟੀ ਤੋਂ ਵਿਉਂਤਿਆ ਗਿਆ ਹੈ। ਸਿੱਖ ਨਾਮਾਵਾਲੀ, ਪੁਰਾਤਨ ਕਥਾਵਾਂ, ਬਿਨਸਣਹਾਰ ਜਗਤ, ਰਿਸ਼ਤੇ ਨਾਤੇ, ਮੁਕਤੀ ਦਾ ਸਹਲ ਸਾਧਨ ਪ੍ਰੇਮ, ਯੋਗ ਦਰਸ਼ਨ, ਸੁਚੇਤ ਮਨ ਅਚੇਤ ਮਨ, ਨੈਤਿਕਤਾ, ਅਨਹਤ-ਅਨਾਹਦ, ਚਾਰ ਵਰਣ, ਚਾਰ ਪਦਾਰਥ, ਚਾਰ ਬਾਣੀ-ਖਾਣੀ, ਚਉਥਾ ਪਦ, ਸਿੱਖ ਧਰਮ ਦੀ ਰਹਿਤ ਮਰਯਾਦਾ ਆਦਿ ਸੰਕਲਪਾਂ ਦੀ ਵਿਆਖਿਆ ਬਹੁਤ ਹੀ ਮਾਰਮਿਕ ਢੰਗ ਨਾਲ ਕੀਤੀ ਗਈ ਹੈ।
ਇਸ ਪੁਸਤਕ ਦਾ ਇੱਕੀਵੇਂ ਅਤੇ ਅਖੀਰਲੇ ਅਧਿਆਏ ਵਿਚ ਸਿੱਖ ਪੰਥ ਦੇ ਕੁਪੰਥੀ : ਪ੍ਰਸੰਗ ਦੀ ਭੂਮਿਕਾ ਵਜੋਂ ਚਾਰ ਪਾਉੜੀਆਂ ਦੀ ਵਿਆਖਿਆ ਕੀਤੀ ਗਈ ਹੈ। ਇਸੇ ਅਧਿਆਏ ਵਿਚ ਹੀ ਨਿੰਦਕ : ਵਿਆਖਿਆ ਨਿੰਦਕ ਅਤੇ ਉਸਤਤਿ ਨਿੰਦਾ ਦੇ ਸੰਕਲਪ ਨੂੰ ਵਿਚਾਰਦੇ ਹੋਏ ਗੁਰ ਗੋਪੂ, ਨਿਗੁਰਾ ਅਤੇ ਅਕ੍ਰਿਤਘਣ ਬਾਰੇ ਭਾਈ ਗੁਰਦਾਸ ਜੀ ਕੀ ਕਹਿੰਦੇ ਹਨ, ਇਸ ਉੱਤੇ ਚਾਨਣਾ ਪਾਇਆ ਗਿਆ ਹੈ।
ਅੰਤਿਕਾ ਦੇ ਸਿਰਲੇਖ ਹੇਠ ਲਿਖੇ ਗਏ ਇਸ ਪੁਸਤਕ ਦੇ ਗਿਆਰਾਂ ਸਫ਼ੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਮਨ ਬੁਧਿ ਨੂੰ ਸਰਸ਼ਾਰ ਕਰਨ ਵਾਲੀਆਂ ਕੁਝ ਪੰਕਤੀਆਂ ਨੂੰ ਸਮਰਪਿਤ ਕੀਤੇ ਗਏ ਹਨ। ਇਹ ਪੰਕਤੀਆਂ ਕਿਸ ਵਾਰ ਵਿਚੋਂ ਲਈਆਂ ਗਈਆਂ ਹਨ ਇਸ ਦਾ ਪੂਰਨ ਵੇਰਵਾ ਦਰਜ ਹੈ। ਇਨ੍ਹਾਂ ਸਫ਼ਿਆਂ ਵਿਚ ਹੀ ਭਾਈ ਗੁਰਦਾਸ ਜੀ ਦੀ ਅਦਭੁੱਤ ਕਲਪਨਾ, ਦ੍ਰਿਸ਼ਟਾਂਤ ਸਿਰਜਣਾ ਦੀ ਕਾਰੀਗਰੀ, ਲੰਮੀ ਕਥਾ ਨੂੰ ਸੰਕੁਚਿਤ ਕਰਨ ਦੀ ਕਲਾ ਅਤੇ ਦ੍ਰਿਸ਼ਟਾਂਤ ਲਈ ਢੁਕਵੀਂ ਸ਼ਬਦਾਵਲੀ ਦੀ ਪ੍ਰਮਾਣਿਕ ਚਰਚਾ ਵੀ ਕੀਤੀ ਗਈ ਹੈ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਹਾਈ ਹੋਈਆਂ ਪੁਸਤਕਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਹ ਪੁਸਤਕ ਨਾ ਸਿਰਫ ਗਿਆਨ ਵਰਧਕ ਹੈ ਸਗੋਂ ਗੁਰੂ ਕਾਲ ਅਤੇ ਗੁਰੂ ਸਿਧਾਂਤ ਬਾਰੇ ਜਾਣਨ ਦੀ ਜਗਿਆਸਾ ਵਾਲੇ ਖੋਜਾਰਥੀਆਂ ਲਈ ਵੀ ਇਕ ਮੁੱਲਵਾਨ ਪੁਸਤਕ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਲਫ਼ਜ਼ਾਂ ਦੀ ਧਾਰ
ਲੇਖਕ : ਦਿਨੇਸ਼ ਨੰਦੀ
ਪ੍ਰਕਾਸ਼ਕ : ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 94174-58831

ਸ਼ਾਇਰ ਦਿਨੇਸ਼ ਨੰਦੀ ਹਥਲੀ ਕਾਵਿ-ਕਿਤਾਬ 'ਲਫ਼ਜ਼ਾਂ ਦੀ ਧਾਰ' ਤੋਂ ਪਹਿਲਾਂ 'ਕਿਰ ਰਹੀ ਰੇਤ' ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਸ਼ਾਇਰ ਪਰੰਪਰਾਗਤ ਆਦਰਸ਼ ਨਾਲ ਓਤ ਪੋਤ ਵਿਚਾਰਧਾਰਾ ਮੁਕਤ ਸ਼ਾਇਰੀ ਕਰਦਾ ਹੈ। ਵਿਚਾਰਧਾਰਾ ਮੁਕਤ ਤੋਂ ਇਹ ਭਾਵ ਹਰਗਿਜ਼ ਨਹੀਂ ਕਿ ਸ਼ਾਇਰ ਦੀ ਕੋਈ ਵਿਚਾਰਧਾਰਾ ਨਹੀਂ। ਉਸ ਦੀ ਵਿਚਾਰਧਾਰਾ ਦੀ ਪ੍ਰਤੀਬੱਧਤਾ ਉਸ ਦੀ ਸੁਹਿਰਦਤਾ ਨਾਲ ਹੈ ਅਤੇ ਇਸ ਸੁਹਿਰਦਤਾ ਦੀ ਠਾਹਰ ਭਾਲਦਿਆਂ ਉਹ ਸਮਾਜ ਦੇ ਵਿਭਿੰਨ ਵਰਤਾਰਿਆਂ ਨੂੰ ਆਪਣੀ ਕਲਮ ਦੀ ਨੋਕ ਹੇਠ ਲਿਆਉਂਦਾ ਹੈ। ਉਸ ਦੀ ਸ਼ਾਇਰੀ ਦੀ ਤੰਦ ਕਿਤਾਬ ਦੇ ਸਰਵਰਕ 'ਲਫ਼ਜ਼ਾਂ ਦੀ ਧਾਰ' ਤੋਂ ਸਹਿਜੇ ਹੀ ਹੱਥ ਆ ਜਾਂਦੀ ਹੈ। ਧਾਰ ਕੋਈ ਵੀ ਹੋਵੇ ਚਾਕੂ ਦੀ, ਖੰਜਰ ਦੀ ਤੇ ਜਾਂ ਫਿਰ ਤਲਵਾਰ ਦੀ ਪਰ ਸਭ ਤੋਂ ਤਿੱਖੀ ਧਾਰ ਤਾਂ ਕਲਮ ਦੇ ਲਫ਼ਜ਼ਾਂ ਦੀ ਹੁੰਦੀ ਹੈ। ਤਾਹੀਓਂ ਤਾਂ ਕਿਹਾ ਜਾਂਦਾ ਹੈ Pen is mighter than sword ਅਰਥਾਤ ਕਲਮ ਦੀ ਤਾਕਤ ਤਲਵਾਰ ਤੋਂ ਜ਼ਿਆਦਾ ਹੁੰਦੀ ਹੈ। ਹੁਣ ਦੇਖਣਾ ਇਹ ਬਣਦਾ ਹੈ ਕਿ ਕੀ ਸ਼ਾਇਰ ਆਪਣੀ ਕਿਤਾਬ ਦੇ ਸਰਵਰਕ ਦੀ ਲੱਜ ਪਾਲਦਾ ਹੈ, ਤਾਂ ਬਿਨਾਂ ਸ਼ੱਕ ਇਹ ਕਹਿਣਾ ਬਣਦਾ ਹੈ ਕਿ ਸ਼ਾਇਰ ਇਸ ਤੋਂ ਭਲੀ-ਭਾਂਤ ਖ਼ਬਰਦਾਰ ਰਹਿੰਦਾ ਹੈ। ਉਸ ਦੀ ਸ਼ਾਇਰੀ ਸ਼ਬਦਾਂ ਦੀ ਸਰਕਸ ਦੀਆਂ ਕਲਾਬਾਜ਼ੀਆਂ ਨਹੀਂ ਲਗਾਉਂਦੀ ਬਲਕਿ ਸਿੱਧੀ ਸਪਾਟ ਅਰਥਾਂ ਦਾ ਦਰਵਾਜ਼ਾ ਖੜਕਾਉਂਦੀ ਹੈ। ਸ਼ਾਇਰੀ ਸੰਦੇਹ ਤਾਂ ਪੈਦਾ ਕਰਦੀ ਹੈ ਪਰ ਨਾਲ ਦੀ ਨਾਲ ਸਵਾਲ ਵੀ ਖੜ੍ਹੇ ਕਰਦੀ ਹੈ।
ਸਵਾਲ ਇਹ ਹੈ ਕਿ ਕੀ ਭਾਰਤ ਦਾ ਲੋਕਤੰਤਰ ਲੋਕਤੰਤਰ ਹੈ ਜਾਂ ਛੜਯੰਤਰ? ਕੀ ਪਰ ਮਹਿਜ਼ ਇੱਟਾਂ ਦੀ ਚਾਰਦੀਵਾਰੀ ਨੂੰ ਹੀ ਕਹਿੰਦੇ ਹਨ, ਜਿਥੇ ਰਿਸ਼ਤਿਆਂ ਦੀ ਮੁਹੱਬਤੀ ਤੰਦ ਨਹੀਂ? ਉਹ ਰਾਸ਼ੀਫਲ 'ਤੇ ਵੀ ਸੰਦੇਹ ਕਰਦਿਆਂ ਸਵਾਲ ਖੜ੍ਹੇ ਕਰਦਾ ਹੈ ਕਿ ਇਕੋ ਅੱਖਰ ਨਾਲ ਸ਼ੁਰੂ ਹੁੰਦੇ ਨਾਂਅ ਦੀ ਕਿਸਮਤ ਵੱਖਰੀ-ਵੱਖਰੀ ਕਿਉਂ ਹੈ? ਅਸਾਡੀ ਕਿਰਤ 'ਤੇ ਡਾਕਾ ਕੌਣ ਮਾਰ ਰਿਹਾ ਹੈ? ਇਨ੍ਹਾਂ ਅਤੇ ਹੋਰ ਵਿਭਿੰਨ ਸਰੋਕਾਰਾਂ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਇਸ ਪੁਸਤਕ ਦੇ ਪਾਠ ਵਿਚ ਦੀ ਗੁਜ਼ਰਨਾ ਲਾਜ਼ਮੀ ਬਣ ਜਾਂਦਾ ਹੈ। ਭਵਿੱਖ ਵਿਚ ਇਹ ਸ਼ਾਇਰ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਨਾਲ ਪਾਠਕਾਂ ਦੇ ਰੂਬਰੂ ਹੋਏਗਾ, ਇਸ ਦਾ ਮੈਨੂੰ ਪੂਰਨ ਯਕੀਨ ਹੈ। ਆਮੀਨ!

ਭਗਵਾਨ ਢਿੱਲੋਂ
ਮੋ: 98143-78254.

c c c

ਔਰਤ ਤੇ ਸਮਾਜ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 264
ਸੰਪਰਕ : 011-42502364.

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਬਹੁ-ਵਿਧਾਵੀ ਸਾਹਿਤ ਸਿਰਜਣਾ ਕਰਨ ਵਾਲੇ ਲੇਖਕ ਗੁਰਬਚਨ ਸਿੰਘ ਭੁੱਲਰ ਰਚਿਤ ਨਾਵਲ 'ਇਹੁ ਜਨਮੁ ਤੁਮਹਾਰੇ ਲੇਖੇ' ਦਾ ਬਹੁ-ਦਿਸ਼ਾਵੀ ਅਧਿਐਨ ਪੇਸ਼ ਕਰਦੀ ਹੈ। ਡੇਢ ਦਰਜਨ ਦੇ ਕਰੀਬ ਵਿਦਵਾਨਾਂ ਨੇ ਇਸ ਦਾ ਦੀਰਘ ਅਧਿਐਨ ਕੀਤਾ ਹੈ ਅਤੇ ਗੁਰਬਚਨ ਸਿੰਘ ਭੁੱਲਰ ਦੇ ਇਸ ਨਾਵਲ ਵਿਚਲੀ ਆਭਾ ਨੂੰ ਉਭਾਰਿਆ ਹੈ। ਨਾਵਲ ਦੀ ਨਾਇਕਾ ਜਗਦੀਪ ਚਿਰ ਕਾਲ ਤੋਂ ਪ੍ਰਚੱਲਿਤ ਔਰਤ ਦੀ ਘਰੇਲੂ ਅਤੇ ਸਮਾਜਿਕ ਦਸ਼ਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਵਿਖਾਈ ਗਈ ਹੈ। ਉਹ ਆਪਣਾ ਖੁੱਲ੍ਹ ਖੁਲਾਸੇ ਵਾਲਾ ਨਿੱਜੀ ਜੀਵਨ ਬਤੀਤ ਕਰਨਾ ਲੋਚਦੀ ਹੈ। ਉਹ ਕਵਿੱਤਰੀ, ਸਵੈ ਜੀਵਨੀਕਾਰਾ, ਗਲਪਕਾਰਾ ਅਤੇ ਨਵੀਂ ਦਿਸ਼ਾ ਦੇਣ ਵਾਲੇ ਮੈਗਜ਼ੀਨ ਨੂੰ ਵੀ ਕੱਢਦੀ ਹੈ। ਉਸ ਦਾ ਵਿਆਹ ਗੁਰਮੁਖ ਸਿੰਘ ਨਾਲ ਹੁੰਦਾ ਹੈ। ਉਹ ਘਰੇਲੂ ਘੁਟਣ ਅਤੇ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਸਾਹਿਰ ਜਿਹੇ ਸਾਹਿਤਕ ਵਿਅਕਤੀ ਨਾਲ ਸਬੰਧ ਬਣਾਉਂਦੀ ਹੈ। ਫਿਰ ਚਿੱਤਰਕਾਰ ਚਰਨਜੀਤ ਨਾਲ ਸਬੰਧ ਜੋੜਦੀ ਹੈ, ਪਤੀ ਤੋਂ ਦੂਰ ਰਹਿੰਦੀ ਹੈ, ਬੱਚਿਆਂ ਤੋਂ ਵਖਰੇਵਾਂ ਰੱਖਦੀ ਹੈ, ਸਾਹਿਤਕ ਅਤੇ ਹੋਰ ਕਲਾਕਾਰਾਂ ਨੂੰ ਘਰੇ ਜਾਂ ਬਾਹਰ ਗੋਸ਼ਟੀਆਂ ਜਾਂ ਸੰਮੇਲਨਾਂ ਵਿਚ ਖੂਬ ਮਿਲਦੀ ਹੈ। ਹਰ ਪ੍ਰਕਾਰ ਦੀ ਆਜ਼ਾਦੀ ਮਾਣਦੀ ਹੋਈ ਚੋਖੀ ਸਾਹਿਤ ਸਿਰਜਣਾਂ ਬਾਅਦ ਲੰਮੀ ਬਿਮਾਰੀ ਉਸ ਦਾ ਅੰਤ ਕਰ ਦਿੰਦੀ ਹੈ। ਪੁਸਤਕ ਦੇ ਦੋਵਾਂ ਭਾਗਾਂ ਵਿਚ ਔਰਤ ਦੀ ਹੋਂਦ-ਸਥਿਤੀ ਨੂੰ ਅਤਿ-ਆਧੁਨਿਕਤਾ ਦੇ ਰੂਪ ਵਿਚ ਜਿਸ ਪ੍ਰਕਾਰ ਭੁੱਲਰ ਨੇ ਵਰਨਣ ਕੀਤਾ ਹੈ, ਇਸ ਨੂੰ ਨੀਤੂ ਅਰੋੜਾ, ਅਸ਼ੋਕ ਸ਼ਰਮਾ, ਸਰਵਣ ਸਿੰਘ, ਕੁਲਦੀਪ ਸਿੰਘ ਧੀਰ, ਗੁਰਚਰਨ ਸਿੰਘ ਜੈਤੋ, ਗੁਰਦਿਆਲ ਦਲਾਲ, ਗੁਰਮੀਤ ਸਿੰਘ ਫਾਜ਼ਿਲਕਾ, ਜਸਵਿੰਦਰ ਕੌਰ ਬਿੰਦਰਾ, ਜਸਵੀਰ ਸਮਰ, ਜੋਗਿੰਦਰ ਕੈਰੋਂ, ਪਰਗਟ ਸਿੰਘ ਸਿੱਧੂ, ਪ੍ਰਿਥਵੀ ਰਾਜ ਥਾਪਰ, ਬਲਕਾਰ ਸਿੰਘ ਬਾਜਵਾ ਅਤੇ ਮਿਨਾਕਸ਼ੀ ਰਾਠੌਰ ਨੇ ਵੱਖਰੇ-ਵੱਖਰੇ ਸਿਰਲੇਖਾਂ ਤਹਿਤ ਨਾਵਲ ਦਾ ਦੀਰਘ ਅਧਿਐਨ ਪੇਸ਼ ਕੀਤਾ ਹੈ। ਇਨ੍ਹਾਂ ਸਾਰੇ ਵਿਚਾਰਾਂ ਤੋਂ ਪਤਾ ਲਗਦਾ ਹੈ ਕਿ ਨਾਵਲ ਦੀ ਨਾਇਕਾ ਜਗਦੀਪ ਅਸਲ 'ਚ ਅੰਮ੍ਰਿਤਾ ਪ੍ਰੀਤਮ ਹੈ, ਜਿਸ ਨੇ ਨਾਰੀ ਚੇਤਨਾ ਨੂੰ ਹਲੂਣਾ ਦਿੱਤਾ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਵੇਨਿਸ ਦਾ ਵਪਾਰੀ ਤੇ ਹੋਰ ਕਹਾਣੀਆਂ
ਕਹਾਣੀਕਾਰ : ਵਿਲੀਅਮ ਸ਼ੈਕਸਪੀਅਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 78377-18723

ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ, ਕਿਸੇ ਵੀ ਭਾਸ਼ਾ ਨੂੰ ਅਮੀਰ ਬਣਾਉਣ ਦਾ ਮਹੱਤਵਪੂਰਨ ਕੰਮ ਹੈ। ਤਰਕ ਭਾਰਤੀ ਪ੍ਰਕਾਸ਼ਨ ਇਹ ਸਾਹਿਤਕ ਕਾਰਜ ਵਧੀਆ ਢੰਗ ਨਾਲ ਨੇਪਰੇ ਚੜ੍ਹਾ ਰਿਹਾ ਹੈ। ਇਸੇ ਲੜੀ ਵਿਚ ਵਿਸ਼ਵ ਪ੍ਰਸਿੱਧ ਸਾਹਿਤਕਾਰ ਵਿਲੀਅਮ ਸ਼ੈਕਸਪੀਅਰ ਦੀਆਂ ਦਸ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਸੰਗ੍ਰਹਿ ਰੂਪ ਵਿਚ ਛਾਪਿਆ ਗਿਆ ਹੈ। ਇਹ ਨਿਸਚਿਤ ਹੈ ਕਿ ਸੰਸਕ੍ਰਿਤ ਭਾਸ਼ਾ ਵਿਚ ਜਿਹੜੀ ਥਾਂ ਮਹਾਂਕਵੀ ਕਾਲੀਦਾਸ ਦੀਆਂ ਕਿਰਤਾਂ ਨੂੰ ਪ੍ਰਾਪਤ ਹੈ, ਬਿਲਕੁਲ ਉਂਜ ਹੀ ਸ਼ੈਕਸਪੀਅਰ ਦਾ ਸਾਹਿਤ ਵੀ7 ਅੰਗਰੇਜ਼ੀ ਹੀ ਨਹੀਂ ਸਗੋਂ ਵਿਸ਼ਵ ਸਾਹਿਤ ਵਿਚ ਉੱਚਾ ਸਥਾਨ ਰੱਖਦਾ ਹੈ। ਸ਼ੈਕਸਪੀਅਰ ਨੇ 38 ਨਾਟਕਾਂ, 154 ਲਘੂ ਕਾਵਿ ਆਦਿ ਅਜੇ ਵੀ ਵਿਸ਼ਵ ਭਰ ਦੇ ਲੇਖਕਾਂ-ਪਾਠਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਹਥਲੇ ਕਹਾਣੀ ਸੰਗ੍ਰਹਿ ਵਿਚ ਸ਼ੈਕਸਪੀਅਰ ਦੀਆਂ ਕਿੰਗ ਹੇਨਰੀ ਦਿ ਸਿਕਸਥ-1, ਕਿੰਗ ਹੇਨਰੀ ਦਿ ਸਿਕਸਥ-2, ਕਿੰਗ ਹੇਨਰੀ ਦਿ ਸਿਕਸਥ-3, ਵੇਨਿਸ ਦਾ ਵਪਾਰੀ, ਭੁੱਲ-ਚੁੱਕ ਮੁਆਫ਼, ਝਗੜਾਲੂ ਦਾ ਸੁਧਾਰ, ਆਲਜ਼ ਵੈੱਲ ਦੈਟ ਐਂਡਸ ਵੈੱਲ, ਏਥੇਂਸ ਦਾ ਰਾਜਾ ਤਿਮਨ, ਤੂਫ਼ਾਨ, ਮੈਕਬੇਬ ਆਦਿ ਸ਼ਾਮਿਲ ਹਨ। ਇਨ੍ਹਾਂ 'ਚੋਂ ਕਈ ਕਹਾਣੀਆਂ ਅਤੇ ਨਾਟਕ ਦੁਨੀਆ ਭਰ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸਕੂਲਾਂ, ਕਾਲਜਾਂ, ਵਿਸ਼ਵਵਿਦਿਆਲਿਆਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤੇ ਗਏ ਹਨ। ਲਗਪਗ 300 ਵਰ੍ਹੇ ਪਹਿਲਾਂ ਲਿਖਿਆ ਗਿਆ ਇਹ ਸਾਹਿਤ ਬੇਸ਼ੱਕ ਉਸ ਸਮੇਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸੰਸਕ੍ਰਿਤ ਵਿਵਸਥਾ ਦੀਆਂ ਕਦਰਾਂ-ਕੀਮਤਾਂ ਨੂੰ ਜ਼ਾਹਰ ਕਰਦਾ ਹੈ ਪਰ ਉਸ ਸਮੇਂ ਦਾ ਜੀਵਨ ਦਰਸ਼ਨ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਵੇਨਿਸ ਦੇ ਵਪਾਰੀ ਨੂੰ ਹੀ ਲਓ, ਐਂਟਨਿਓ ਵਲੋਂ ਮਿੱਤਰ ਵੇਸੈਨਿਓ ਲਈ ਕੀਤੀ ਗਈ ਕੁਰਬਾਨੀ ਦੀ ਮਿਸਾਲ ਪੇਸ਼ ਕਰਨਾ, ਨਾਲ ਹੀ ਵੇਸੈਨਿਓ ਦੀ ਪ੍ਰੇਮਿਕਾ ਖੋਰਸ਼ਿਆ ਵਲੋਂ ਐਂਟਨਿਓ ਦੀ ਜਾਨ ਬਚਾਉਣ ਲਈ ਦਰਸਾਈ ਬੁੱਧੀਮਤਾ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀ ਮਿਸਾਲ ਪੇਸ਼ ਕੀਤੀ ਹੈ। ਸੂਦਖੋਰ ਸ਼ਾਇਲੋਕ ਖਲਨਾਇਕ ਦੀ ਹਾਰ ਪਾਠਕਾਂ ਨੂੰ ਬੁਰੇ ਦਾ ਅੰਤ ਬੁਰਾ ਸਾਬਤ ਕਰਦਾ ਹੈ। ਇੰਜ ਹੀ 'ਮੈਕਬੇਬ' ਵਿਚ ਜਾਦੂਗਰਨੀਆਂ ਦੇ ਪ੍ਰਤੀਕਾਂ ਰਾਹੀਂ ਰਾਜ ਘਰਾਣਿਆਂ ਵਿਚਲੇ ਛੱਲ-ਕਪਟ ਅਤੇ ਸਾਜਿਸ਼ ਨੂੰ ਨੰਗਾ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਦੀ ਸ਼ੈਲੀ ਬਹੁਤ ਰੌਚਕ, ਜਗਿਆਸਾ ਭਰਪੂਰ ਅਤੇ ਸਨਸਨੀਖੇਜ਼ ਹੈ ਜੋ ਪਾਠਕਾਂ ਨੂੰ ਅੰਤਿਮ ਸ਼ਬਦ ਤੱਕ ਜੋੜ ਕੇ ਰੱਖਦੀ ਹੈ। ਪਾਠਕ ਵਿਸ਼ਵ ਸਾਹਿਤ ਨਾਲ ਰੂਬਰੂ ਹੋ ਕੇ ਸਾਹਿਤਕ ਲਾਭ ਪ੍ਰਾਪਤ ਕਰਨਗੇ।

ਡਾ: ਧਰਮਪਾਲ ਸਾਹਿਲ
ਮੋ: 98761-56964.

c c c

ਤਿੜਕੇ ਸੁਪਨੇ ਦੀ ਗਾਥਾ
ਲੇਖਕ : ਅਸ਼ਵਨੀ ਜੇਤਲੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98150-24577.

'ਤਿੜਕੇ ਸੁਪਨੇ ਦੀ ਗਾਥਾ' ਕਾਵਿ-ਸੰਗ੍ਰਹਿ ਅਸ਼ਵਨੀ ਜੇਤਲੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਨੇ 24 ਨਜ਼ਮਾਂ ਅਤੇ 22 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਪੂਜਨੀਕ ਮਾਤਾ-ਪਿਤਾ, ਸਾਥ ਛੱਡ ਗਈ ਹਮਸਫ਼ਰ ਚੰਚਲ ਅਤੇ ਜਿਗਰ ਦੇ ਟੋਟੇ ਅਦਿੱਤਯ ਜੇਤਲੀ ਨੂੰ ਸਮਰਪਿਤ ਕਰਦਿਆਂ ਪਾਠਕਾਂ ਨੂੰ ਇਹ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਹੈ ਕਿ ਤੁਰ ਗਿਆਂ ਦੀ ਯਾਦ ਜਿਥੇ ਦੁਖਦਾਈ ਪਲਾਂ ਦਾ ਅਹਿਸਾਸ ਕਰਵਾਉਂਦੀ ਹੈ, ਉਥੇ ਨਾਲ ਦੀ ਨਾਲ ਸੰਵੇਦਨਸ਼ੀਲ ਵਿਅਕਤੀ ਲਈ ਸਿਰਜਣਾਤਮਕ ਛਿਣਾਂ ਦੀ ਦਾਤ ਵੀ ਬਖਸ਼ਦੀ ਹੈ ਜੋ ਸ਼ਬਦਾਂ ਦਾ ਜਾਮਾ ਪਹਿਨ ਕਵਿਤਾ ਅਤੇ ਗ਼ਜ਼ਲ ਵੀ ਬਣ ਸਕਦੀ ਹੈ। ਕਵਿਤਾਵਾਂ/ਗ਼ਜ਼ਲਾਂ ਦਾ ਪਾਠ ਕਰਦਿਆਂ, ਇਹ ਅਹਿਸਾਸ ਹੁੰਦਾ ਹੈ ਕਿ ਕਵੀ ਪਿਆਰ ਦਾ ਕਵੀ ਹੈ। ਪਿਆਰ ਨੂੰ ਨਿਭਾਉਣ, ਪੁਗਾਉਣ ਦਾ ਉਹ ਪੁਰਜ਼ੋਰ ਹੀਲਾ-ਵਸੀਲਾ ਕਰਦਾ ਹੈ ਪਰ ਸਮਾਜਿਕ, ਆਰਥਿਕ ਦੁਸ਼ਵਾਰੀਆਂ, ਇਹ ਪਿਆਰ ਦਾ ਸੁਪਨਾ ਸਾਕਾਰ ਕਰਨ 'ਚ ਰੁਕਾਵਟ ਪੈਦਾ ਕਰਦੀਆਂ ਹਨ ਪਰ ਉਹ ਫਿਰ ਵੀ ਵਸਲ ਦੇ ਪਲਾਂ ਦੀ ਉਡੀਕ 'ਚ ਹੈ। ਇਹੀ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਦ੍ਰਿਸ਼ਟੀ ਹੈ ਜੋ ਔਕੜਾਂ ਵਿਚ ਵੀ ਮਨੁੱਖ ਨੂੰ ਡੋਲਣ ਨਹੀਂ ਦਿੰਦੀ।
ਬੁਝਿਆ ਮੇਰੀ ਆਸ ਦਾ ਦੀਵਾ
ਕਿੰਝ ਬਲੇ ਬਿਨ ਤੇਲ
ਸੁਪਨਾ ਬਣ ਕੇ ਰਹਿ ਗਿਆ ਸਾਡਾ
ਏਸ ਜਨਮ ਦਾ ਮੇਲ (ਜਨਮ ਦਾ ਮੇਲ)
ਪਰ ਪਿਆਰੇ ਦੇ ਵਿਛੜਨ ਤੋਂ ਵਸਲ ਦੇ ਪਲਾਂ ਦੀ ਉਡੀਕ ਜ਼ਿੰਦਗੀ ਨੂੰ ਧੜਕਾਉਣਾ ਅਤੇ ਰੁਸ਼ਨਾਉਣਾ ਵੀ ਹੈ :
ਤੇਰਾ ਆਉਣਾ, ਮੇਰੇ ਲਈ ਜ਼ਿੰਦਗੀ ਦਾ
ਵਾਪਸ ਪਰਤਣਾ ਹੈ (ਆਮਦ)
ਪਿਆਰ ਦੇ ਰੰਗਾਂ ਤੋਂ ਇਲਾਵਾ ਮਾਨਵੀ ਸ਼ੋਸ਼ਣ, ਜੰਗ ਦੀ ਤਬਾਹੀ ਦਾ ਅਮਾਨਵੀ ਵਿਹਾਰ, ਜਾਤੀ ਹਿੰਸਾ ਤੇ ਸੰਪਰਦਾਇਕਤਾ, ਦੋਹਰੇ ਕਿਰਦਾਰ, ਧਾਰਮਿਕ ਕੱਟੜਤਾ, ਆਰਥਿਕ ਨਾਬਰਾਬਰੀ, ਬੇਰੁਜ਼ਗਾਰੀ, ਅਮਨ ਅਤੇ ਹੋਰ ਸਮਾਜਿਕ ਸਰੋਕਾਰਾਂ ਨੂੰ ਵੀ ਉਹ ਵਿਅੰਗਾਤਮਕ ਸ਼ੈਲੀ 'ਚ ਪ੍ਰਗਟਾਉਂਦਾ ਹੈ। ਉਸ ਦੀ ਨਿੱਜੀ ਜ਼ਿੰਦਗੀ ਅਤੇ ਉਸ ਦੀ ਕਾਵਿਕ-ਪ੍ਰਤਿਭਾ ਦੇ ਸਬੰਧ 'ਚ ਗੁਰਇਕਬਾਲ ਦਾ ਲਿਖਿਆ 'ਮੁੱਖ ਬੰਦ' ਵੀ ਉਸ ਦੀ ਕਵਿਤਾ/ਗ਼ਜ਼ਲ ਨੂੰ ਸਮਝਣ, ਮਾਣਨ 'ਚ ਅਹਿਮ ਰੋਲ ਨਿਭਾਉਂਦਾ ਹੈ। ਗ਼ਜ਼ਲਾਂ ਦੇ ਸ਼ਿਅਰਾਂ 'ਚ ਉਹ ਸਕੂਨ ਦੀ ਥਾਂ ਦਰਦ ਦੇ ਰੇਗਿਸਤਾਨ ਵੱਲ ਜਾਣ ਦੀ ਤਵੱਕੋ ਕਰਦਾ ਹੈ :
ਸੱਤ ਬਹਿਸ਼ਤਾਂ, ਇਕੋ ਸਾਹੇ ਛੱਡਦਿਆਂ
ਉਸ ਦੇ ਨਾਂਅ ਦਾ ਪਹਿਲਾ ਅੱਖਰ ਦੇ ਦਿਓ
ਮੇਰੀ ਦੁਆ ਹੈ ਕਿ ਉਸ ਨੂੰ ਆਪਣੀ ਕਾਵਿਕ-ਸਿਰਜਣਾ ਰਾਹੀਂ ਪਹਿਲਾ ਅੱਖਰ ਜ਼ਰੂਰ ਨਸੀਬ ਹੋਵੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਇਕ ਸੀ ਸ਼ਾਜ਼ੀਆ
ਲੇਖਕ : ਮਹਿੰਦਰ ਸਿੰਘ ਦਿਲਬਰ (ਤਲਵਾੜ)
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੱਲ : 200 ਰੁਪਏ, ਸਫ਼ੇ : 112
ਸੰਪਰਕ : 98141-01312.

'ਇਕ ਸੀ ਸ਼ਾਜ਼ੀਆ' ਲੇਖਕ ਮਹਿੰਦਰ ਸਿੰਘ ਦਿਲਬਰ ਦਾ ਤੀਜਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ 17 ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚ ਉਸ ਨੇ ਆਪਣੇ ਜੀਵਨ ਅਨੁਭਵ ਨੂੰ ਸਾਂਝਾ ਕੀਤਾ ਹੈ। ਕਹਾਣੀਕਾਰ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ ਜਿਸ ਦਾ ਜ਼ਿਕਰ ਵੀ ਉਹ ਆਪਣੀਆਂ ਕਹਾਣੀਆਂ ਵਿਚ ਕਰਦਾ ਹੈ। ਕਹਾਣੀ 'ਫਲੂਹਾ' ਵਿਚ ਦੱਸਿਆ ਗਿਆ ਹੈ ਕਿ ਦੋ ਪਿਆਰ ਕਰਨ ਵਾਲੇ ਕਿਸੇ ਤਰ੍ਹਾਂ ਇਕ-ਦੂਜੇ ਦਾ ਪਿੱਛਾ ਤਾਂ ਕਰਦੇ ਹਨ ਪਰ ਉਹ ਕਿਸੇ ਹੱਦ ਤੱਕ ਜਾ ਕੇ ਸਮਝਦਾਰ ਵੀ ਬਣ ਜਾਂਦੇ ਹਨ। ਅਗਲੀ ਕਹਾਣੀ 'ਮੰਗਤੀ' ਵਿਚ ਦੱਸਿਆ ਗਿਆ ਹੈ ਕਿ ਮੰਦਰਾਂ, ਗੁਰਦੁਆਰਿਆਂ ਵਿਚ ਚੜ੍ਹਾਵੇ ਚੜ੍ਹਾਉਣ ਨਾਲੋਂ ਤਾਂ ਗ਼ਰੀਬ ਦੀ ਸੇਵਾ ਕਰ ਲੈਣੀ ਚਾਹੀਦੀ ਹੈ। ਮਨੋਹਰ ਅਜਿਹਾ ਹੀ ਵਿਅਕਤੀ ਹੈ ਜੋ ਆਪਣੀ ਪਤਨੀ ਦੇ ਹੱਥੋਂ ਦੁੱਧ ਫੜ ਕੇ ਮੰਗਤੀ ਦੇ ਡੋਲੂ ਵਿਚ ਪਾ ਦਿੰਦਾ ਹੈ ਤੇ ਕਹਿੰਦਾ ਹੈ, ਆਪਣਾ ਕੰਮ ਹੋ ਗਿਆ ਹੈ, ਚੱਲ ਘਰੇ ਚੱਲੀਏ। 'ਪ੍ਰੀਤੋ ਮੈਨੂੰ ਮਾਫ਼ ਕਰਦੇ' ਕਹਾਣੀ ਵਿਚ ਪ੍ਰੀਤੋ ਨਾਲ ਹੁੰਦੇ ਧੋਖੇ ਬਾਰੇ ਦੱਸਿਆ ਗਿਆ ਹੈ। ਅਗਲੀ ਕਹਾਣੀ 'ਸਮਾਜ ਪਲਟਾ' ਵਿਚ ਭਰੂਣ-ਹੱਤਿਆ ਬਾਰੇ ਦੱਸਿਆ ਗਿਆ ਹੈ ਕਿ ਕੁੜੀਆਂ ਜੰਮਣ ਵਿਚ ਔਰਤ ਦਾ ਦੋਸ਼ ਨਹੀਂ ਹੁੰਦਾ ਸਗੋਂ ਸਮਾਜ ਹੀ ਉਸ 'ਤੇ ਦੋਸ਼ ਲਾਉਂਦਾ ਰਹਿੰਦਾ ਹੈ। 'ਬੇਰੰਗ' ਕਹਾਣੀ ਵਿਚ ਵੀ ਇਕ ਬਰਾਤ ਦੇ ਦਾਜ ਵੱਧ ਮੰਗਣ ਕਾਰਨ ਵਾਪਸ ਬੇਰੰਗ ਭੇਜਣ ਬਾਰੇ ਹੈ ਪਰ ਬਿਕਰਮਜੀਤ ਇਕ ਚੰਗਾ ਇਨਸਾਨ ਹੈ ਜੋ ਮੋਹਨ ਲਾਲ ਦੀ ਕੁੜੀ ਨੂੰ ਆਪ ਵਿਆਹ ਕੇ ਇਕ ਚੰਗੀ ਮਿਸਾਲ ਕਾਇਮ ਕਰਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਦਿਲਬਰ ਇਕ ਵਿਸ਼ਾਲ ਅਨੁਭਵੀ ਕਹਾਣੀਕਾਰ ਹੈ ਤੇ ਦੂਰ ਦ੍ਰਿਸ਼ਟੀ ਰੱਖਦਾ ਹੋਇਆ, ਸਮਾਜਿਕ ਲੋਕਾਈ ਦੀ ਗੱਲ ਬੜੀ ਹੀ ਖੂਬਸੂਰਤੀ ਨਾਲ ਕਰਦਾ ਹੈ ਤੇ ਉਹ ਕੁਦਰਤ ਨੂੰ ਪਿਆਰ ਕਰਨ ਵਾਲਾ ਕਹਾਣੀਕਾਰ ਵੀ ਹੈ। ਕਹਾਣੀਕਾਰ ਨੂੰ ਮੁਬਾਰਕਬਾਦ।

ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161.
c c c

10-01-2021

ਕੇਸੂ ਫਿਰ ਖਿੜਨਗੇ
ਲੇਖਕ : ਸਿਮਰਤ ਸੁਮੈਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98550-04485.


ਬੀਬਾ ਸਿਮਰਤ ਸੁਮੈਰਾ ਦਾ 'ਬਾਨੋ' (2018) ਤੋਂ ਪਿੱਛੋਂ ਇਹ ਉਸ ਦਾ ਦੂਜਾ ਨਾਵਲ ਹੈ। ਉਹ ਆਦਿਵਾਸੀ ਤੇ ਕਬਾਇਲੀ ਲੋਕਾਂ ਦੀ ਜੀਵਨ-ਸ਼ੈਲੀ ਵਿਚ ਕਾਫੀ ਦਿਲਚਸਪੀ ਰੱਖਦੀ ਹੈ। ਸ਼ਾਇਦ ਉਸ ਨੂੰ ਲਗਦਾ ਹੈ ਕਿ ਸੱਭਿਅਤਾ ਅਤੇ ਸੁਵਿਧਾਵਾਂ ਵਾਲੀ ਜ਼ਿੰਦਗੀ ਦੇ ਪਿੱਛੇ ਲੱਗ ਕੇ ਮਨੁੱਖ ਨੇ ਆਪਣਾ ਬਹੁਤ ਕੁਝ ਗੁਆ ਲਿਆ ਹੈ। ਉਸ ਨੇ ਪ੍ਰਿਥਵੀ ਅਤੇ ਇਸ ਦੇ ਵਾਯੂਮੰਡਲ (ਵਾਤਾਵਰਨ) ਦਾ ਵੀ ਕੱਖ ਨਹੀਂ ਛੱਡਿਆ। ਲੇਖਿਕਾ ਆਪਣੀ ਕਲਮ ਨੂੰ ਪ੍ਰਕਿਰਤੀ ਉੱਪਰ ਕੇਂਦਰਿਤ ਕਰਕੇ ਮਨੁੱਖੀ ਜੀਵਨ ਦੇ ਵਧੇਰੇ ਸਹਿਜ ਅਤੇ ਸਵਸਥ ਵੇਰਵਿਆਂ ਦੀ ਪੇਸ਼ਕਾਰੀ ਕਰ ਰਹੀ ਹੈ। ਇਸ ਆਸ ਵਿਚ ਕਿ ਸ਼ਾਇਦ ਉਪਭੋਗਤਾਵਾਦੀ ਰੁਚੀਆਂ ਦੇ ਗਿੱਝੇ ਹੋਏ ਲੋਕ ਇਕ ਆਦਿਮ ਜਵਿਨ-ਸ਼ੈਲੀ ਉੱਪਰ ਝਾਤ ਪਾ ਕੇ ਆਪਣੇ-ਆਪ ਨੂੰੇ ਬਦਲਣ ਦਾ ਯਤਨ ਕਰਨ। ਕਿਉਂਕਿ ਇਸੇ ਪ੍ਰਕਾਰ ਬ੍ਰਹਿਮੰਡ ਵਿਚ ਜੀਵਨ ਦੀ ਪ੍ਰਕਿਰਿਆ ਵਧੇਰੇ ਸਹਿਜ-ਸੁਭਾਵਿਕ ਅਤੇ ਲੰਮੀ ਹੋ ਸਕਦੀ ਹੈ।
ਇਸ ਨਾਵਲ ਦਾ ਬਿਰਤਾਂਤ ਝਾਰਖੰਡ ਦੀ ਇਕ ਬਸਤੀ ਕੇਸ਼ਵਾਗੜ੍ਹ ਦੀਆਂ ਝੁੱਗੀਆਂ ਵਿਚੋਂ ਖੁੱਲ੍ਹਦਾ ਹੈ। ਜੰਗਲਾਂ ਵਿਚ ਰਹਿਣ ਵਾਲੇ ਇਸ ਬਸਤੀ ਦੇ ਲੋਕ ਫਲ-ਫੁੱਲ ਚੁੱਕ ਕੇ, ਮੱਛੀਆਂ ਪਕੜ ਕੇ ਜਾਂ ਛੋਟਾ-ਮੋਟਾ ਸ਼ਿਕਾਰ ਕਰਕੇ ਆਪਣਾ ਜੀਵਨ-ਨਿਰਵਾਹ ਕਰਦੇ ਹਨ ਪਰ ਪੂੰਜੀਵਾਦੀ ਵਿਵਸਥਾ ਉਨ੍ਹਾਂ ਨੂੰ ਸ਼ਾਂਤੀ ਨਾਲ ਗੁਜ਼ਰ-ਬਸਰ ਨਹੀਂ ਕਰਨ ਦਿੰਦੀ। ਬਾਜ਼ਾਰ ਨਿੱਤ ਦਿਨ ਫੈਲਦਾ ਜਾ ਰਿਹਾ ਹੈ, ਇਸ ਨੇ ਪਿੰਡਾਂ ਦੇ ਪਿੰਡ ਤਾਂ ਖਾ ਹੀ ਲਏ ਹਨ, ਹੁਣ ਇਸ ਨੇ ਜੰਗਲਾਂ ਉੱਪਰ ਵੀ ਹਮਲਾ ਕਰ ਦਿੱਤਾ ਹੈ। ਧਰਤੀ ਦੀ ਸਤਹਿ ਉੱਪਰ ਆਪਣੀ ਮਸ਼ੀਨਰੀ ਸੈੱਟ ਕਰ ਕੇ ਉਹ ਇਹ ਪਤਾ ਲਗਾ ਲੈਂਦੇ ਹਨ ਕਿ ਇਸ ਦੇ ਗਰਭ ਵਿਚ ਕਿਹੜੇ-ਕਿਹੜੇ ਖਣਿਜ ਪਦਾਰਥ ਦੱਬੇ ਪਏ ਹਨ ਅਤੇ ਫਿਰ ਸਰਕਾਰੀ ਪ੍ਰਣਾਲੀਆਂ ਨਾਲ ਲੈਣ-ਦੇਣ ਕਰਕੇ ਅਜਿਹੀ ਭੂਮੀ ਉੱਪਰ ਕਬਜ਼ਾ ਜਮਾ ਲੈਂਦੇ ਹਨ, ਜਿਨ੍ਹਾਂ ਵਿਚੋਂ ਕੋਲਾ, ਸੋਨਾ ਅਤੇ ਹੋਰ ਕੀਮਤੀ ਧਾਤਾਂ ਕੱਢ ਕੇ ਸਰਮਾਏਦਾਰ ਲੋਕ ਆਪਣੀ ਨਿੱਜੀ ਪੂੰਜੀ ਉੱਪਰ ਵਾਧਾ ਕਰਦੇ ਰਹਿੰਦੇ ਹਨ। ਨਾਵਲਕਾਰ ਨੇ ਇਸ ਸਮੁੱਚੀ ਪ੍ਰਕਿਰਿਆ ਨੂੰ ਬੜੇ ਸੁਝਾਉ ਪਰ ਪਰ ਭਰੋਸੇਯੋਗ ਢੰਗ ਨਾਲ ਬਿਆਨ ਕੀਤਾ ਹੈ। ਕਹਾਣੀ ਨੂੰ ਰੌਚਕ ਬਣਾਉਣ ਲਈ ਸੁਮੈਰਾ ਨੇ ਆਪਣਾ ਧਿਆਨ ਰਜਤ ਅਤੇ ਤੱਬੋ ਦੇ ਪ੍ਰੇਮ-ਪ੍ਰਸੰਗ ਉੱਪਰ ਕੇਂਦਰਿਤ ਕਰ ਲਿਆ ਹੈ। ਰਜਤ ਬਸਤੀ ਵਿਚੋਂ ਨਿਕਲ ਕੇ ਇਕ ਸੁਹਿਰਦ ਅਧਿਆਪਕਾ ਦੀ ਸਹਾਇਤਾ ਨਾਲ ਨੇੜੇ ਦੇ ਨਗਰ ਦੇ ਕਾਲਜ ਵਿਚੋਂ ਉਚੇਰੀ ਪੜ੍ਹਾਈ ਕਰਕੇ ਅਫਸਰ ਲੱਗ ਜਾਂਦਾ ਹੈ ਅਤੇ ਫਿਰ ਆਪਣੇ ਪੇਂਡੂ ਭੈਣਾਂ-ਭਾਈਆਂ ਦੀ ਅਗਵਾਈ ਕਰਦਾ ਹੈ ਤਾਂ ਜੋ ਤਿਖਲਾ ਵਰਗੇ ਮੁਖੀਏ, ਦੋ-ਚਾਰ ਬੋਤਲਾਂ ਦੇ ਲਾਲਚ ਪਿੱਛੇ ਆਪਣੀ ਬਸਤੀ ਦੇ ਲੋਕਾਂ ਦਾ ਜੀਵਨ ਦੁੱਭਰ ਨਾ ਕਰਨ। ਇੰਜ ਇਹ ਨਾਵਲ ਮਨੁੱਖੀ ਜੀਵਨ ਦੇ ਇਕ ਨਵੇਂ ਦੌਰ ਵੱਲ ਸੰਕੇਤ ਕਰਦਾ ਹੈ। ਇਸ ਦੌਰ ਦੀ ਵਾਪਸੀ ਕਠਿਨ ਤਾਂ ਹੈ ਪਰ ਅਸੰਭਵ ਨਹੀਂ। ਮਨੁੱਖਤਾ ਨੂੰ ਆਪਣੇ ਚੰਗੇਰੇ ਭਵਿੱਖ ਲਈ ਇਸ ਦੌਰ ਵਿਚ ਪਰਤਣਾ ਹੀ ਹੋਵੇਗਾ।
ਬੀਬਾ ਸੁਮੈਰਾ ਦਾ ਇਹ ਬਿਰਤਾਂਤ ਸਰਮਾਏਦਾਰੀ ਨਿਜ਼ਾਮ ਦੇ ਇਸ ਡਿਸਕੋਰਸ ਵੱਲ ਵੀ ਧਿਆਨ ਦਿਵਾਉਂਦਾ ਹੈ ਕਿ ਇਹ 'ਗ਼ਰੀਬੀ-ਗ਼ਰੀਬੀ' ਦਾ ਰੌਲਾ ਪਾ ਕੇ ਆਮ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਦਿੰਦਾ ਹੈ। ਭਾਰਤ ਕਦੇ ਵੀ ਗ਼ਰੀਬ ਵਸੀਲਿਆਂ ਵਾਲਾ ਦੇਸ਼ ਨਹੀਂ ਰਿਹਾ, ਨਾ ਕਦੇ ਹੋਵੇਗਾ। ਸਾਧਾਰਨ ਬੰਦਿਆਂ ਦੀ ਲੁੱਟ-ਖਸੁੱਟ ਕਰਨ ਲਈ ਸਰਮਾਏਦਾਰ ਸ਼੍ਰੇਣੀ, ਭ੍ਰਿਸ਼ਟ ਸਰਕਾਰਾਂ ਅਤੇ ਨੌਕਰਸ਼ਾਹੀ ਨਾਲ ਮਿਲ ਕੇ ਗ਼ਰੀਬੀ ਦਾ ਰਾਗ ਅਲਾਪਣ ਲੱਗ ਪੈਂਦੀ ਹੈ ਤਾਂ ਜੋ ਲੋਕ ਗ਼ਰੀਬੀ ਨੂੰ ਰੱਬੀ ਕਰੋਪੀ ਮੰਨ ਕੇ ਟਿਕੇ ਰਹਿਣ, ਭਾਣਾ ਮੰਨੀ ਜਾਣ! ਪਰ ਹੁਣ ਪ੍ਰਤੀਰੋਧ ਅਤੇ ਵਿਦਰੋਹ ਦਾ ਵਕਤ ਆਣ ਪਹੁੰਚਾ ਹੈ। ਇਸ ਨੂੰ ਹੋਰ ਟਾਲੀ ਜਾਣਾ ਠੀਕ ਨਹੀਂ ਹੋਵੇਗਾ। ਸੁਮੈਰਾ ਦੀ ਮਨਸ਼ਾ ਅਤੇ ਬਿਰਤਾਂਤਕਾਰੀ ਦੋਵੇਂ ਪਹਿਲੂ ਸਫਲ ਰਹੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ

ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98150-30221.


ਇਹ ਪੁਸਤਕ ਪ੍ਰਭਾਵਸ਼ਾਲੀ ਲੇਖਾਂ ਦਾ ਸੁੰਦਰ ਗੁਲਦਸਤਾ ਹੈ। ਇਹ ਵੰਨ-ਸੁਵੰਨੇ ਵਿਸ਼ਿਆਂ ਨੂੰ ਉਜਾਗਰ ਕਰਦੇ ਹਨ ਜਿਵੇਂ ਕੋਰੋਨਾ ਸੰਕਟ, ਨਸ਼ੇ, ਦਹੇਜ ਪ੍ਰਥਾ, ਬਜ਼ੁਰਗਾਂ ਦੀ ਹਾਲਤ, ਪ੍ਰਦੂਸ਼ਣ, ਸਿੱਖਿਆ ਪ੍ਰਣਾਲੀ, ਦੇਸ਼ ਪਿਆਰ, ਟੁੱਟਦੇ ਰਿਸ਼ਤਿਆਂ ਦੀ ਤ੍ਰਾਸਦੀ ਆਦਿ। ਇਹ ਸਾਰੇ ਵਿਸ਼ੇ ਅੱਜ ਦੇ ਹਾਲਾਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਮਾਨਵਵਾਦੀ ਵਿਚਾਰਧਾਰਾ ਹੈ। ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਸਾਨੂੰ ਵਿਚਾਰਨਾ ਚਾਹੀਦਾ ਹੈ ਕਿ ਸਾਡੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਸਮੱਸਿਆਵਾਂ ਵਿਚ ਸਾਡਾ ਆਪਣਾ ਹੀ ਕਸੂਰ ਹੈ। ਕੁਤਰਤ ਨਾਲ ਖਿਲਵਾੜ, ਰਿਸ਼ਵਤ, ਭ੍ਰਿਸ਼ਟਾਚਾਰ ਅਤੇ ਨਸ਼ੇ ਅੱਜ ਦੇ ਮਨੁੱਖ ਦੀ ਹੋਣੀ ਹਨ। ਵਾਤਾਵਰਨ ਦੇ ਨਾਲ-ਨਾਲ ਸਾਡੇ ਮਨ ਵੀ ਪ੍ਰਦੂਸ਼ਿਤ ਹੋ ਗਏ ਹਨ। ਬਜ਼ੁਰਗਾਂ ਦੀ ਦੁਰਦਸ਼ਾ, ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਨਸ਼ਿਆਂ ਦੀ ਦਲਦਲ ਲਈ ਬਹੁਤ ਹੱਦ ਤੱਕ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਲੇਖਿਕਾ ਨੇ ਕੋਰੋਨਾ ਕਾਲ ਵਿਚ ਵਧੀ ਘਰੇਲੂ ਹਿੰਸਾ ਬਾਰੇ ਵੀ ਸੁਚੇਤ ਕੀਤਾ ਹੈ। ਇਨ੍ਹਾਂ ਸਾਰੇ ਨਿਬੰਧਾਂ ਵਿਚ ਮਨੁੱਖਤਾ ਦਾ ਦਰਦ ਸਮੇਟਿਆ ਹੋਇਆ ਹੈ ਪਰ ਨਾਲ ਹੀ ਸਾਰਥਕ ਹੱਲ ਵੀ ਸੁਝਾਏ ਗਏ ਹਨ। ਅਗਿਆਨਤਾ, ਗ਼ਰੀਬੀ, ਬੇਰੁਜ਼ਗਾਰੀ, ਸਦਾਚਾਰਕ ਗਿਰਾਵਟ ਅਤੇ ਪੈਸੇ ਦੀ ਦੌੜ ਨੇ ਸਾਡਾ ਵਰਤਮਾਨ ਅਤੇ ਭਵਿੱਖ ਧੁੰਦਲਾ ਕਰ ਦਿੱਤਾ ਹੈ। ਸਰਲ ਸਪੱਸ਼ਟ ਭਾਸ਼ਾ ਵਿਚ ਲਿਖੇ ਗਏ ਇਹ ਨਿਬੰਧ ਸਾਰੇ ਵਰਗਾਂ ਦੀ ਰਹਿਨੁਮਾਈ ਕਰਦੇ ਹਨ। ਗੁੰਦਵੀਂ ਸ਼ੈਲੀ, ਦਿਲਚਸਪ ਬਿਰਤਾਂਤ ਅਤੇ ਪ੍ਰਸਿੱਧ ਵਿਦਵਾਨਾਂ ਦੇ ਕਥਨਾਂ ਨਾਲ ਸ਼ਿੰਗਾਰੀ ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ। ਇਸ ਦਾ ਪੰਜਾਬੀ ਸਾਹਿਤ ਜਗਤ ਵਿਚ ਭਰਪੂਰ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਕੰਧ ਓਹਲੇ ਅਮਰੀਕਾ
ਲੇਖਕ : ਗੁਰਮੀਤ ਸਿੰਘ ਮਰਾੜ੍ਹ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 94
ਸੰਪਰਕ : 0172-5027427


ਕਵਿਤਾ ਤੋਂ ਮਿੰਨੀ ਕਹਾਣੀ ਵੱਲ ਪਰਤੇ ਗੁਰਮੀਤ ਸਿੰਘ ਮਰਾੜ੍ਹ ਦੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ 'ਕੰਧ ਓਹਲੇ ਅਮਰੀਕਾ' ਵਿਚ 94 ਮਿੰਨੀ ਕਹਾਣੀਆਂ ਦਰਜ ਹਨ। ਲੇਖਕ ਨੇ ਜ਼ਿੰਦਗੀ ਦੇ ਕਈ ਗੁੰਝਲਦਾਰ ਵਿਸ਼ਿਆਂ ਨੂੰ ਇਸ ਸੂਖਮ ਭਾਵੀ ਵਿਧਾ ਰਾਹੀਂ ਪੇਸ਼ ਕਰਨ ਦਾ ਸਫਲ ਉਪਰਾਲਾ ਕੀਤਾ ਹੈ। ਸੰਗ੍ਰਹਿ ਦੀਆਂ ਲਗਪਗ ਸਾਰੀਆਂ ਹੀ ਮਿੰਨੀ ਕਹਾਣੀਆਂ ਸਮਾਜ ਦੀਆਂ ਨਵੀਆਂ-ਪੁਰਾਣੀਆਂ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਲਿਖੀਆਂ ਗਈਆਂ ਹਨ। ਅਜੋਕੇ ਸਮਾਜ ਵਿਚ ਧਾਰਮਿਕ, ਆਰਥਿਕ, ਰਾਜਨੀਤਕ ਤੇ ਸਮਾਜਿਕ ਅਨਿਆਂ, ਨਾਬਰਾਬਰੀ, ਵਿਸੰਗਤੀ, ਸ਼ੋਸ਼ਣ, ਉਤਪੀੜਨ ਆਮ ਗੱਲ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ 'ਚ ਨਿਘਾਰ ਮਨੁੱਖ ਦੇ ਨਾਲ-ਨਾਲ ਪਰਿਵਾਰਕ ਅਤੇ ਸਮਾਜਿਕ ਨੈਤਿਕ ਪਤਨ ਦਾ ਕਾਰਨ ਬਣ ਰਿਹਾ ਹੈ। ਇਨ੍ਹਾਂ ਕਰਕੇ ਕਈ ਸਮੱਸਿਆਵਾਂ ਨਵੇਂ-ਨਵੇਂ ਰੂਪ ਧਾਰਨ ਕਰਕੇ ਲੁਕਾਈ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਹੀਆਂ ਹਨ। ਲੇਖਕ ਦੀ ਜਾਗਰੂਕ ਕਲਮ ਨੇ ਉਨ੍ਹਾਂ ਸਮੱਸਿਆਵਾਂ ਦੀ ਨਾ ਸਿਰਫ ਨਿਸ਼ਾਨਦੇਹੀ ਕੀਤੀ ਹੈ, ਸਗੋਂ ਉਨ੍ਹਾਂ ਦੀ ਚੀਰਫਾੜ ਕਰਕੇ ਵਿਸ਼ਲੇਸ਼ਣਾਤਮਕ ਢੰਗ ਅਪਣਾਉਂਦਿਆਂ ਰੌਚਕ, ਸਾਰਥਿਕ, ਦਿਲ ਟੁੰਬਵੇਂ, ਤਨਜ਼ ਕਰਨ ਵਾਲੇ ਛੋਟੇ-ਛੋਟੇ ਕਥਾਨਕਾਂ ਰਾਹੀਂ ਪਾਠਕਾਂ ਦੀ ਸੋਚ ਨੂੰ ਝੰਜੋੜਨ ਦੀ ਕੋਸ਼ਿਸ਼ ਕਰਕੇ ਇਕ ਲੇਖਕ ਹੋਣ ਦਾ ਫ਼ਰਜ਼ ਨਿਭਾਇਆ ਹੈ। ਚਾਹੇ ਵਿਦੇਸ਼ ਜਾਣ ਦੀ ਤਾਂਘ (ਨਾਮਕਰਨ; ਕੰਧ ਓਹਲੇ ਅਮਰੀਕਾ), ਮੋਬਾਈਲ ਫੋਨ ਦੀ ਦੁਰਵਰਤੋਂ (ਇਹ ਵੀ ਦਿਨ), ਸਰਹੱਦ 'ਤੇ ਨਿੱਤ ਦੁਸ਼ਮਣ ਵਲੋਂ ਹੁੰਦੇ ਹਮਲਿਆਂ ਦੀ ਸਮੱਸਿਆ (ਬੰਬਾਰੀ), ਨਸ਼ਿਆਂ ਦਾ ਹੜ੍ਹ (ਡਰ, ਖੁੱਲ੍ਹੇ ਸ਼ੇਰ ਆਦਿ), ਟੁੱਟਦੇ ਪਰਿਵਾਰ (ਰਿਸ਼ਤੇ, ਸੂਰਜ ਨੂੰ ਅੱਗ, ਚਪੇੜ ਆਦਿ), ਦਾਜ ਸਮੱਸਿਆ (ਅਸਲੀ ਦੁੱਖ), ਮਰਗ-ਭੋਗ ਤੇ ਵਿਖਾਵਾ (ਕਰਜ਼ਾ, ਕਲਹਿਣੀ, ਬੋਝ, ਬੀਮਾ, ਮੈਂ ਕੀ ਕਰਾਂ ਆਦਿ), ਧਾਰਮਿਕ ਵਿਸੰਗਤੀ (ਮੈਂ ਬਾਬਾ ਬਣੂ, ਅੰਨ੍ਹੀ ਸ਼ਰਧਾ, ਨੂਰਾਨੀ ਚਿਹਰਾ), ਕਿਸਾਨ ਤੇ ਕਰਜ਼ਾ (ਬੋਝ), ਔਰਤ ਦੀ ਦੁਰਦਸ਼ਾ (ਚੰਗਾ ਹੋਇਆ, ਮੁਕਤੀ, ਸਬਕ), ਵਿੱਦਿਅਕ ਨਿਘਾਰ, ਕੈਂਸਰ, ਸਿਆਸੀ ਪੈਂਤੜੇਬਾਜ਼ੀ, ਮਹਾਂਨਗਰਾਂ ਦਾ ਯਥਾਰਥ ਆਦਿ ਨਾਲ ਸਬੰਧਿਤ ਅਨੇਕਾਂ ਮਿੰਨੀ ਕਹਾਣੀਆਂ ਸ਼ਾਮਿਲ ਹਨ। ਵਰਤੀ ਗਈ ਭਾਸ਼ਾ ਸਰਲ ਹੈ, ਵਾਰਤਾਲਾਪ ਚੁਸਤ ਹੈ। ਵਿਅੰਗਾਤਮਕ ਸ਼ੈਲੀ ਹੈ। ਦ੍ਰਿਸ਼ਟੀਕੋਣ ਉਸਾਰੂ ਹੈ। ਨੈਤਿਕਤਾ ਅਤੇ ਜੀਵਨ-ਜਾਚ ਪ੍ਰਤੀ ਜਾਗਰੂਕਤਾ ਉਸਾਰਨ ਦਾ ਉਦੇਸ਼ ਰੱਖ ਕੇ ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਵਿਸ਼ੇ ਅਤੇ ਸ਼ਿਲਪ ਪੱਖੋਂ ਪਰਿਪੱਕ ਇਹ ਮਿੰਨੀ ਕਹਾਣੀਆਂ ਸਮੱਸਿਆਵਾਂ, ਕੁਰੀਤੀਆਂ, ਬੁਰਾਈਆਂ 'ਤੇ ਉਂਗਲ ਧਰਦੀਆਂ, ਉਸ ਮਗਰਲੇ ਕਾਰਨਾਂ ਵੋਲ ਵੀ ਸੰਕੇਤ ਕਰਦੀਆਂ ਜਾਪਦੀਆਂ ਹਨ। ਗੁਰਮੀਤ ਸਿੰਘ ਮਰਾੜ੍ਹ ਆਪਣੇ ਪਹਿਲੇ ਮਿੰਨੀ ਕਹਾਣੀ ਸੰਗ੍ਰਹਿ ਨਾਲ ਹੀ ਮੂਹਰਲੇ ਮਿੰਨੀ ਕਹਾਣੀਕਾਰਾਂ ਦੀ ਕਤਾਰ ਵਿਚ ਆਣ ਖੜੋਤਾ ਹੈ।


-ਡਾ: ਧਰਮਪਾਲ ਸਾਹਿਲ
ਮੋ: 98761-56964.


ਚੁੱਪ ਦੀ ਚੀਖ਼
ਲੇਖਕ : ਕੀਰਤ ਸਿੰਘ ਤਪੀਆ
ਪ੍ਰਕਾਸ਼ਕ : ਸਮੂਹ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 98728-17873.


ਕੀਰਤ ਸਿੰਘ ਤਪੀਆ ਦੀ ਕਾਵਿ ਸੰਗ੍ਰਹਿ ਦੀ ਪੁਸਤਕ 'ਚੁੱਪ ਦੀ ਚੀਖ਼' ਵਿਚ ਵੰਨ-ਸਵੰਨੇ ਵਿਸ਼ਿਆਂ ਦੀਆਂ 82 ਕਵਿਤਾਵਾਂ ਹਨ। ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਪੁਸਤਕ ਵਿਚ ਲੇਖਕ ਨੇ ਮਨੁੱਖ ਦੀਆਂ ਪੈਦਾ ਹੋਣ ਤੋਂ ਲੈ ਕੇ ਜੀਵਨ ਦੇ ਅਖੀਰਲੇ ਪੜਾਅ ਦੀਆਂ ਚੀਕਾਂ ਨੂੰ ਪੁਸਤਕ ਵਿਚ ਕਲਮਬੱਧ ਕੀਤਾ ਹੈ ਅਤੇ ਆਪਣੀ ਮਾਨਵਵਾਦੀ ਸੋਚ ਦਾ ਹਰ ਕਵਿਤਾ ਵਿਚ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਲੇਖਕ ਨੇ ਕੁਰੀਤੀਆਂ, ਸਮੱਸਿਆਵਾਂ, ਬੁਰਾਈਆਂ, ਪੀੜਾਂ, ਦਰਦਾਂ, ਮਨਸੂਬਿਆਂ, ਤੜਫ਼, ਬਿਰਹਾ, ਵਿਛੋੜੇ ਨੂੰ ਆਪਣੇ ਧੁਰ ਅੰਦਰ ਲੈ ਕੇ ਆਪਣੇ ਜਜ਼ਬਿਆਂ, ਮਨ ਦੇ ਵਲਵਲਿਆਂ ਅਤੇ ਭੜਾਸ ਨੂੰ ਬਾਹਰ ਕੱਢਿਆ ਹੈ ਅਤੇ ਸੁਚੱਜੇ ਅਤੇ ਸੁਖਮਈ ਜੀਵਨ ਜਿਊਣ ਦੇ ਪ੍ਰਤੀ ਦੁਹਾਈ ਪਾ ਕੇ ਜਾਗਰੂਕ ਤੇ ਸੁਚੇਤ ਹੋਣ ਦੀ ਕਵਿਤਾਵਾਂ ਰਾਹੀਂ ਗੱਲ ਕੀਤੀ ਹੈ। ਲੇਖਕ ਨੇ ਆਪਣੇ ਨਿੱਜੀ ਜੀਵਨ ਵਿਚ ਜੋ ਵੇਖਿਆ, ਸੁਣਿਆ, ਤੱਕਿਆ, ਮਹਿਸੂਸ ਕੀਤਾ, ਉਸ ਨੂੰ ਬੇਧੜਕ ਹੋ ਕੇ ਬਿਆਨਿਆ ਵੀ ਹੈ ਅਤੇ ਨਾਲ ਹੀ ਆਪਣੀ ਜ਼ਿੰਮੇਵਾਰੀ ਨੂੰ ਵੀ ਜ਼ਾਹਰ ਕੀਤਾ ਹੈ।
ਜਿਵੇਂ ਕਿ ਕਵੀ ਦਾ ਹਿਰਦਾ ਅਕਸਰ ਕੋਮਲ ਹੁੰਦਾ ਹੈ। ਇਸੇ ਹੀ ਤਰ੍ਹਾਂ ਲੇਖਕ ਕੋਮਲਤਾ ਦੇ ਨਾਲ ਬਿਨਾਂ ਕਿਸੇ ਝਿਜਕ ਤੋਂ ਆਪਣੀ ਗੱਲ ਕਹਿਣ ਵਿਚ ਕੋਈ ਕਸਰ ਨਹੀਂ ਛੱਡਦਾ। ਕਿਤੇ-ਕਿਤੇ ਲੇਖਕ ਏਨਾ ਭਾਵੁਕ ਤੇ ਉਤਾਵਲਾ ਹੋ ਜਾਂਦਾ ਹੈ ਕਿ ਉਸ ਦਾ ਇਸ ਦੁਨੀਆ ਵਿਚ ਜਿਊਣ ਦਾ ਦਿਲ ਵੀ ਨਹੀਂ ਕਰਦਾ। ਜਿਵੇਂ ਕਿ ਲੇਖਕ 'ਜੀਅ ਕਰਦੈ' ਕਵਿਤਾ ਵਿਚ ਕਹਿੰਦਾ ਹੈ, 'ਹੁਣ ਜੀਅ ਕਰਦਾ ਹੈ ਮੈਂ ਇਸ ਦੁਨੀਆ 'ਚੋਂ ਉੱਠ ਜਾਵਾਂ, ਬਦਲ ਕੇ ਇਸ ਤਨ ਦੀ ਜੂਨੀ ਕੋਈ ਹੋਰ ਜੂਨੀ ਹੰਢਾਵਾਂ'। ਇਸੇ ਹੀ ਤਰ੍ਹਾਂ ਹੋਰ ਕਈ ਕਵਿਤਾਵਾਂ ਵਿਚ ਏਨਾ ਭਾਰੂ ਹੋ ਜਾਂਦਾ ਹੈ ਕਿ ਉਹ ਆਪਣੀ ਗੱਲ ਕਹਿਣ ਤੋਂ ਪ੍ਰਹੇਜ਼ ਨਹੀਂ ਕਰਦਾ। ਭਾਵੇਂ ਕਿਸੇ ਦੇ ਗਿੱਟੇ ਲੱਗੇ ਭਾਵੇਂ ਗੋਡੇ। ਗੱਲਾਂ ਤਾਂ ਖਰੀਆਂ ਹਨ ਪਰ ਕਈ ਵਾਰ ਜ਼ਿਆਦਾ ਸੱਚ ਕਿਹਾ ਕਈਆਂ ਨੂੰ ਹਜ਼ਮ ਨਹੀਂ ਹੁੰਦਾ।


-ਬਲਵਿੰਦਰ ਸਿੰਘ ਸੋਢੀ
ਮੋ: 092105-88990


ਸ਼ਬਦਾਂ ਦਾ ਵਣਜਾਰਾ

ਜਸਬੀਰ ਗੁਣਾਚੌਰੀਆ
ਸੰਪਾਦਕ : ਡਾ: ਮਨਦੀਪ ਕੌਰ ਢੀਂਡਸਾ
ਪ੍ਰਕਾਸ਼ਕ : ਕੈਲੀਬਰ ਪਬਲੀਕੇੇਸ਼ਨ, ਪਟਿਆਲਾ
ਮੁੱਲ : 400 ਰੁਪਏ, ਸਫ਼ੇ : 333


ਡਾ: ਮਨਦੀਪ ਕੌਰ ਢੀਂਡਸਾ ਵਲੋਂ ਸੰਪਾਦਿਤ ਕੀਤੀ ਗਈ ਇਹ ਪੁਸਤਕ ਪ੍ਰਬੁੱਧ ਪੰਜਾਬੀ ਗੀਤਕਾਰ ਜਸਬੀਰ ਗੁਣਾਚੌਰੀਆ ਬਾਰੇ ਹੈ। ਇਹ ਪੁਸਤਕ ਜਸਬੀਰ ਗੁਣਾਚੌਰੀਆ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਬੁਲੰਦ ਕਰਨ ਵਾਲੀਆਂ ਤਮਾਮ ਰੂਹਾਂ ਨੂੰ ਸਮਰਪਿਤ ਹੈ। ਸਮਕਾਲੀ ਗਾਇਕਾਂ, ਗੀਤਕਾਰਾਂ, ਸਾਹਿਤਕਾਰਾਂ, ਸੰੰਗੀਤਕਾਰਾਂ ਅਤੇ ਦੇਸ਼-ਵਿਦੇਸ਼ ਵਿਚ ਵਸਦੀਆਂ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਦੀਆਂ ਲਿਖਤਾਂ ਰਾਹੀਂ ਜਸਬੀਰ ਗੁਣਾਚੌਰੀਆ ਦੀ ਸ਼ਖ਼ਸੀਅਤ, ਰਚਨਾ ਦ੍ਰਿਸ਼ਟੀ ਅਤੇ ਸ਼ਬਦ ਕਲਾ ਨੂੰ ਸਾਕਾਰ ਕਰਨ ਦਾ ਸਫਲ ਯਤਨ ਕਰਦੀ ਹੋਈ ਇਹ ਪੁਸਤਕ ਇਕ ਮਿਸਾਲੀ ਕਾਰਜ ਹੈ। ਇਨ੍ਹਾਂ ਲਿਖਤਾਂ ਰਾਹੀਂ ਜਸਬੀਰ ਦੀ ਸ਼ਖ਼ਸੀਅਤ ਦਾ ਜੋ ਬਿੰਬ ਉਘੜਦਾ ਹੈ, ਉਸ ਅਨੁਸਾਰ ਉਹ ਦਿਲਗੀਰ ਸੁਭਾਅ ਵਾਲਾ ਨੇਕ ਦਿਲ ਇਨਸਾਨ ਹੋਣ ਦੇ ਨਾਲ-ਨਾਲ ਸਪੱਸ਼ਟ ਭਾਵੀ ਰਚੇਤਾ ਵੀ ਹੈ, ਜਿਹੜਾ ਆਪਣੇ ਸਮਾਜ ਪੱਖੀ ਵਿਚਾਰਾਂ ਨਾਲ ਕਦੇ ਸਮਝੌਤਾ ਨਹੀਂ ਕਰਦਾ ਅਤੇ ਕਲਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਣ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਹੈ। ਉਹਦੇ ਲਈ ਕਲਮ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਹਥਿਆਰ ਵਾਂਗ ਹੈ। ਉਹ ਸਮਾਜ ਦੀਆਂ ਵਧੀਕੀਆਂ ਤੋਂ ਉਪਰਾਮ ਹੋਏ ਦਿਲਾਂ ਨੂੰ ਵੀ ਆਸ ਦੀ ਮੱਲ੍ਹਮ ਨਾਲ ਪਲੋਸ ਕੇ ਢਾਰਸ ਦਿੰਦਾ ਹੈ। ਇਸੇ ਕਰਕੇ ਉਸ ਦੇ ਗੀਤ ਵਾਰ-ਵਾਰ ਗਾਏ, ਗੁਣਗੁਣਾਏ ਅਤੇ ਸੁਣੇ ਜਾਂਦੇ ਹਨ। ਉਸ ਦੇ ਗੀਤਾਂ ਨੂੰ ਗਾਉਣ ਵਾਲਿਆਂ ਵਿਚ ਸਰਦੂਲ ਸਿਕੰਦਰ ਅਤੇ ਮਨਮੋਹਨ ਵਾਰਿਸ ਸਮੇਤ ਦਰਜਨਾਂ ਗਾਇਕ ਸ਼ਾਮਿਲ ਹਨ ਅਤੇ ਉਸ ਦੇ ਮਸ਼ਹੂਰ ਗੀਤਾਂ ਵਿਚ-ਕੱਲੀ ਬਹਿ ਕੇ ਸੋਚੀਂ ਨੀਂ, ਕੁਦਰਤ ਤੋਂ ਡਰ ਬੰਦਿਆ, ਇਕ ਖ਼ਤ ਸੱਜਣਾ ਸਾਡੇ ਨਾਂਅ ਲਿਖ ਦੇ, ਸਾਡਿਆਂ ਪਰਾਂ ਤੋਂ ਸਿੱਖੀ ਉਡਣਾ, ਪਤਾ ਨਹੀਂ ਕਿੱਥੇ ਕਦੋਂ ਕੀ ਹੋਣਾ, ਜਿੰਦੇ ਨੀ ਜਿੰਦੇ, ਤੁਰ ਗਈ ਜਹਾਜ਼ ਚੜ੍ਹ ਕੇ, ਆਦਿ ਗੀਤ ਸ਼ਾਮਿਲ ਹਨ ਜਿਹੜੇ ਹਰ ਪੰਜਾਬੀ ਪਿਆਰੇ ਦੀ ਜ਼ਬਾਨ 'ਤੇ ਹਨ। ਅਦਭੁਤ ਰਚਨ-ਸ਼ੈਲੀ ਵਾਲੇ ਇਸ ਗੀਤਕਾਰ ਦੀ ਵਿਲੱਖਣਤਾ ਉਸ ਦੀ ਦ੍ਰਿਸ਼-ਕਲਾ ਹੈ। ਪ੍ਰਸਥਿਤੀਆਂ ਨੂੰ ਸ਼ਬਦਾਂ ਰਾਹੀਂ ਅੱਖਾਂ ਸਾਹਮਣੇ ਸਾਕਾਰ ਕਰ ਦੇਣਾ ਅਤੇ ਸ਼ਬਦ ਧੁਨੀਆਂ ਦੀ ਅਜਬ ਜੜਤ ਰਾਹੀਂ ਧੁਨੀਆਂ ਦਾ ਸਹਿਜ ਸੁਮੇਲ ਸਿਰਜ ਕੇ ਭਾਵ-ਬੋਧ ਨੂੰ ਪਾਠਕ/ਸਰੋਤੇ ਦੇ ਦਿਲ ਵਿਚ ਉਤਾਰ ਦੇਣਾ ਜਸਬੀਰ ਗੁਣਾਚੌਰੀਆ ਦਾ ਸਹਿਜ ਹੈ। ਉਹ ਆਪਣੇ ਗੀਤਾਂ ਬਾਰੇ ਆਪ ਕਹਿੰਦਾ ਹੈ-
ਮੇਰੀ ਜਿੰਦ ਮੇਰੀ ਜਾਨ ਮੇਰੇ ਗੀਤ ਨੇ
ਮੇਰੇ ਦਿਲ ਦੀ ਜ਼ਬਾਨ ਮੇਰੇ ਗੀਤ ਨੇ
ਜਿਥੇ ਤੜਪ, ਵਿਛੋੜੇ ਤੇ ਮੁਹੱਬਤ ਦੀ ਗੱਲ
ਮੇਰਾ ਵੱਖਰਾ ਜਹਾਨ ਮੇਰੇ ਗੀਤ ਨੇ.....।
ਆਪਣੇ ਗੀਤਾਂ ਨੂੰ ਆਪਣੀ ਜਿੰਦ ਅਤੇ ਜਾਨ ਬਣਾਉਣ ਵਾਲੇ ਇਸ ਗੀਤਕਾਰ ਦਾ ਮੁਹੱਬਤੀ ਸੰਸਾਰ ਬਹੁਤ ਵਿਸ਼ਾਲ ਹੈ। ਇਸੇ ਕਰਕੇ ਇਸ ਵੱਡਆਕਾਰੀ ਪੁਸਤਕ ਵਿਚ ਪੰਜਾਬੀ ਗਾਇਕੀ ਨਾਲ ਜੁੜੀ ਹੋਈ ਲਗਪਗ ਹਰ ਸ਼ਖ਼ਸੀਅਤ ਨੇ ਉਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਅੱਜ ਜਦੋਂ ਪੰਜਾਬੀ ਗਾਇਕੀ ਅਤੇ ਗੀਤਕਾਰੀ ਆਪਣੀ ਜ਼ਿੰਮੇਵਾਰੀ ਤੋਂ ਅਵੇਸਲੀ ਹੋ ਕੇ ਕੁਰਾਹੇ ਪੈ ਚੁੱਕੀ ਹੈ ਉਦੋਂ ਡਾ: ਮਨਦੀਪ ਕੌਰ ਢੀਂਡਸਾ ਵਲੋਂ ਅਜਿਹੀ ਪੁਸਤਕ ਦੀ ਪ੍ਰਕਾਸ਼ਨਾ ਕਰਕੇ ਗੀਤਕਾਰੀ ਦੇ ਉਸ ਹੀਰੇ ਦੀ ਚਮਕ ਨੂੰ ਹੋਰ ਚਮਕਾਉਣ ਦਾ ਯਤਨ ਕਰਨਾ ਨਾ ਸਿਰਫ ਸ਼ਲਾਘਾਯੋਗ ਕਾਰਜ ਹੈ ਸਗੋਂ ਇਕ ਜ਼ਿੰਮੇਵਾਰੀ ਭਰਿਆ ਉੱਦਮ ਵੀ ਹੈ। ਨਵੇਂ ਗੀਤਕਾਰਾਂ ਅਤੇ ਗਾਇਕਾਂ ਲਈ ਬਹੁਤ ਜ਼ਰੂਰੀ ਹੈ ਕਿ ਇਸ ਕਿਤਾਬ ਰਾਹੀਂ ਸਿਹਤਮੰਦ ਗੀਤਕਾਰੀ ਦੇ ਮਹੱਤਵ ਨੂੰ ਸਮਝਣ ਦਾ ਯਤਨ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵੱਲ ਅੱਗੇ ਵਧਣ।


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.


ਗ਼ਜ਼ਲ ਅਸ਼ਰਫ਼ੀਆਂ
ਲੇਖਕ : ਡਾ: ਗੁਰਚਰਨ ਕੌਰ ਕੋਚਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 407
ਸੰਪਰਕ : 94170-31464.


ਡਾ: ਗੁਰਚਰਨ ਕੌਰ ਕੋਚਰ ਦੀਆਂ ਗ਼ਜ਼ਲ ਅਸ਼ਰਫ਼ੀਆਂ ਸੱਚਮੁੱਚ ਹੀ ਮੋਹਰਾਂ ਨੇ, ਦੀਨਾਰ ਨੇ, ਸ਼ੁੱਧ ਸੋਨੇ ਦੀਆਂ ਡਲੀਆਂ ਨੇ-ਕਾਰਨ ਇਹ ਹੈ ਕਿ ਇਨ੍ਹਾਂ ਵਿਚ ਸ਼ਾਮਿਲ ਗ਼ਜ਼ਲਾਂ ਸੱਚੇ ਤੇ ਸ਼ੁੱਧ ਹਿਰਦੇ 'ਚੋਂ ਹੋਂਦ ਗ੍ਰਹਿਣ ਕਰਦੀਆਂ ਹਨ, ਜੰਮਣ ਪੀੜਾਂ ਜਰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਦੀ ਸਿਰਜਣ ਪ੍ਰਕਿਰਿਆ ਇਹ ਹੈ ਕਿ ਜੋ ਕੁਝ ਵੀ 'ਕੋਚਰ' ਦੇਖਦੀ, ਮਹਿਸੂਸਦੀ ਹੈ, ਉਹ ਹੀ ਸਭ ਕੁਝ ਉਸ ਦੀ ਕਲਮ ਲਿਖਵਾ ਰਹੀ ਹੈ। ਰਤਾ ਵੇਖੋ :
ਇਹ ਉਹੀ ਲਫ਼ਜ਼ ਹਨ ਜੋ ਪਾ ਰਹੇ ਸਨ ਭੜਥੂ ਮਨ ਅੰਦਰ
ਗ਼ਜ਼ਲ ਦੇ ਸ਼ਿਅਰ ਬਣ ਕੇ ਕਰ ਰਹੇ ਆਰਾਮ ਕਾਗਜ਼ 'ਤੇ (ਪੰ 321)
ਇਸ ਪੁਸਤਕ ਵਿਚ ਹਰ ਚਾਰ ਗ਼ਜ਼ਲ ਸੰਗ੍ਰਹਿ (ਅਹਿਸਾਸ ਦੀ ਖੁਸ਼ਬੂ, ਅਹਿਸਾਸ ਦਾ ਸਫ਼ਰ, ਅਹਿਸਾਸ ਦੀਆਂ ਰਿਸ਼ਮਾਂ, ਹਰਫ਼ਾਂ ਦੀ ਮਹਿਕ) ਇਕੋ ਜਿਲਦ ਵਿਚ ਸੰਕਲਿਤ ਹਨ। 'ਕੋਚਰ' ਨੂੰ ਸ਼ਬਦ-ਦਰ-ਸ਼ਬਦ ਅਰੂਜ਼ ਅਨੁਸਾਰ ਤੋਲਣ 'ਤੇ ਅਬੂਰ ਹਾਸਲ ਹੈ। ਉਸ ਦੁਆਰਾ ਵਰਤੇ ਗਏ ਕਾਫ਼ੀਏ, ਰਦੀਫ਼ ਗ਼ਜ਼ਲ ਦੇ ਵਿਚਾਰਾਂ ਨੂੰ 'ਇਕਮੁੱਠਤਾ' ਪ੍ਰਦਾਨ ਕਰਦੇ ਹਨ। ਜੀਵਨ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਦ੍ਰਿਸ਼ ਸ਼ਾਇਰਾ ਦੇ ਮਨ ਵਿਚ ਪਾਰੇ ਵਾਂਗ ਡੋਲਦੇ ਹਨ। ਮਸਲਨ: ਕਿਤੇ ਦਿਲਦਾਰ ਦੀ ਵਫ਼ਾ ਹੈ, ਕਿਤੇ ਉਹ ਬੇਵਫ਼ਾ ਹੈ, ਕਦੇ ਪੌਣ ਸੁੱਖ ਦਾ ਸੁਨੇਹਾ ਲਿਆਉਂਦੀ ਹੈ, ਕਦੇ ਕਿਸੇ ਦੀ ਯਾਦ 'ਚ ਤੜਫਾਉਂਦੀ ਹੈ, ਕਦੇ ਹੰਝੂ ਖਾਰਾ ਹੈ, ਕਦੇ ਪਿਆਰਾ ਹੈ, ਕਿਤੇ ਬੱਚੇ ਪਿਆਰੇ ਨੇ, ਕਿਤੇ ਮਾਪੇ ਦੁਖਿਆਰੇ ਨੇ, ਕਿਤੇ ਕੋਈ ਪ੍ਰਦੇਸਾਂ 'ਚ ਕਮਾਉਂਦਾ ਹੈ, ਕਿਤੇ ਕਿਸੇ ਨੂੰ ਹਿਜਰ ਸਤਾਉਂਦਾ ਹੈ। ਅਜਿਹੇ ਵਿਰੋਧੀ ਜੁੱਟ (ਬਾਇਨਰੀ ਆਪੋਜ਼ੀਸ਼ਨ) ਸਾਰੇ ਸੰਗ੍ਰਹਿਆਂ ਦੇ ਆਰ-ਪਾਰ ਫੈਲੇ ਹੋਏ ਹਨ। ਗ਼ਜ਼ਲ ਦੇ ਰੂਪਾਕਾਰ ਦੀਆਂ ਬੰਦਿਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦੀ ਹੋਈ ਸ਼ਾਇਰਾ ਨਜ਼ਮੀਅਤ ਦੇ ਰੰਗ ਵਿਚ ਬੱਝੇ ਖੂਬਸੂਰਤ ਸ਼ਿਅਰਾਂ ਦੀ ਸਿਰਜਣਾ ਕਰਦੀ ਹੈ। ਉਸ ਦੇ ਨਜ਼ਮੀਅਤ ਰੰਗ ਵਿਚ ਅਤਿ ਦੀ ਸਾਦਗੀ, ਸਪੱਸ਼ਟਤਾ, ਰਵਾਨਗੀ, ਖੁਸ਼ ਬਿਆਨੀ ਸਾਫ਼ ਝਲਕਾਰੇ ਮਾਰਦੀ ਹੈ। ਏਦੂੰ ਵੱਧ ਸਾਦਗੀ ਹੋਰ ਕੀ ਹੋਊ :
* ਬਜ਼ੁਰਗਾਂ ਦੀ ਸਿਆਣਪ ਤੇ ਤਜਰਬੇ ਤੋਂ ਲਓ ਲਾਹਾ,
ਨਹੀਂ ਕੀਤੇ ਉਨ੍ਹਾਂ ਧੁੱਪ ਵਿਚ ਇਹ ਚਿੱਟੇ ਵਾਲ ਉਮਰਾਂ ਦੇ। (ਪੰ: 367)
* ਹਵਾ, ਪਾਣੀ ਤੇ ਧਰਤੀ ਹੋ ਗਈ ਜ਼ਹਿਰੀਲੀ ਹੈ ਸਾਡੀ,
ਇਹ ਮਾਨਵ ਨੇ ਕੁਦਰਤ 'ਤੇ ਬੜਾ ਹੀ ਕਹਿਰ ਢਾਇਆ ਹੈ। (ਪੰ: 371)
* ਦਾਲ ਤੇ ਰੋਟੀ ਖਾਣੀ ਵੀ ਹੈ ਮੁਸ਼ਕਿਲ ਹੁਣ,
ਲੱਕ ਤੋੜਵੀਂ ਹੁਣ ਮਹਿੰਗਾਈ ਹੋਈ ਹੈ। (ਪੰ: 359)
ਪਰ ਕਾਵਿ-ਨਾਇਕਾ ਬੜੀ ਸਮਝਦਾਰ ਹੈ। ਆਪਣੇ ਦਿਲਦਾਰ ਦੀ ਸਲਾਹ ਮੰਨ ਕੇ ਗੁੰਝਲਦਾਰ ਸ਼ਿਅਰ ਵੀ ਤਾਂ ਸਿਰਜਦੀ ਹੈ। ਏਨੀ ਗੁੰਝਲਦਾਰ ਸ਼ਾਇਰੀ ਤਾਂ ਇੱਜ਼ਤ ਵਧਾਉਂਦੀ ਹੈ। ਦਿਲਦਾਰ ਦੇ ਬੋਲ ਵੇਖੋ :
ਉਹ ਮੇਰੀ ਸਾਦਗੀ ਨੂੰ ਰਾਹ ਦਾ ਰੋੜਾ ਕਹਿ ਕੇ, ਕਹਿੰਦੇ ਨੇ,
ਮੇਰੀ ਇੱਜ਼ਤ ਵਧੇਗੀ ਜੇ ਮੈਂ ਗੁੰਝਲਦਾਰ ਹੋ ਜਾਵਾਂ। (ਪੰ: 162)
ਗੁੰਝਲਦਾਰ ਸ਼ਿਅਰਾਂ ਵਿਚ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਨੇ। ਇਨ੍ਹਾਂ ਵਿਚ ਰਮਜ਼ਾਂ, ਇਸ਼ਾਰਿਆਂ, ਸੰਕੇਤਾਂ, ਪੁਰਖ਼ਲੂਸ ਪ੍ਰਭਾਵਸ਼ਾਲੀ ਤਗੱਜ਼ਲ, ਸਦੀਦੀਅਤ, ਮੌਲਿਕਤਾ, ਸੱਜਰੇ ਅਲੰਕਾਰਾਂ, ਬਿੰਬਾਂ ਦਾ ਰੰਗ ਵੇਖਿਆ ਜਾ ਸਕਦਾ ਹੈ :
* ਤੂੰ ਕਹਿੰਦਾ ਮੈਂ, 'ਮੈਂ ਸੂਰਜ ਹਾਂ ਤੇ ਤੈਨੂੰ ਪਿਆਰ ਕਰਦਾ ਹਾਂ,'
ਮੈਂ ਠਰਦੀ ਰਹਿ ਗਈ, ਤੈਥੋਂ ਕਿਰਨ ਇਕ ਵੀ ਨਾ ਘੱਲ ਹੋਈ। (ਪੰ: 120)
* ਕਲੀ ਜਦ ਤੋਂ ਖਿੜੀ ਹੈ ਓਸ ਦੇ ਬਗ਼ੀਚੇ ਵਿਚ,
ਸਤਾਵੇ ਖੌਫ਼ ਮਾਲੀ ਨੂੰ ਕਿ ਕੋਈ ਮਸਲ ਨਾ ਜਾਵੇ। (ਪੰ: 380)
* ਮੇਰੀ ਕਿਸਮਤ ਸੰਵਰ ਗਈ ਸੀ ਉਸ ਵੇਲੇ ਹੀ,
ਜਦ ਤੂੰ ਮੇਰੇ ਵਾਲ ਸੰਵਾਰੇ ਇਕ ਇਕ ਕਰ ਕੇ। (ਪੰ: 220)
* ਕੱਲ੍ਹ ਇਕ ਡੇਰੇ ਦੇ ਬਾਬੇ ਦਾ ਐਕਸੀਡੈਂਟ ਸੀ ਹੋਇਆ,
ਜੇਬ ਫਰੋਲੀ ਵਿਚੋਂ ਨਿਕਲੇ ਨਾਰਾਂ ਦੇ ਸਿਰਨਾਵੇਂ। (ਪੰ: 332)
* ਉਹ ਬੋਤਲ 'ਚੋਂ ਦੁੱਧ ਪੀ ਕੇ ਫੇਰ ਸੌਂ ਗਏ ਨੇ,
ਅਜੇ ਦਫ਼ਤਰੋਂ ਪਰਤ ਮਾਵਾਂ ਨਾ ਆਈਆਂ। (ਪੰ: 358)
ਸੰਖੇਪ ਇਹ ਕਿ 'ਕੋਚਰ' ਦੀਆਂ ਅਸ਼ਰਫ਼ੀਆਂ ਦਾ ਗ਼ਜ਼ਲ ਪੈਰਾਡਾਇਮ 'ਮੁਹੱਬਤ' ਹੈ। ਇਸ ਮੁਹੱਬਤ ਵਿਚ ਨਿੱਜ ਤੋਂ ਪਾਰ ਜਾ ਕੇ ਸਮੁੱਚੀ ਮਾਨਵਤਾ ਦੇ ਦੁੱਖਾਂ-ਸੁੱਖਾਂ ਨਾਲ ਸਾਂਝ ਰੂਪਮਾਨ ਹੋਈ ਹੈ। ਲਗਪਗ ਸਾਰੀਆਂ ਸਮਕਾਲੀ ਸਮੱਸਿਆਵਾਂ ਸ਼ਿਅਰਾਂ ਦੀ ਮਾਲਾ ਵਿਚ ਪਰੋਈਆਂ ਗਈਆਂ ਹਨ। ਇਸ ਸੰਗ੍ਰਹਿ ਨੂੰ ਦੋ ਦਰਜਨ ਤੋਂ ਵੱਧ ਗ਼ਜ਼ਲ ਖੇਤਰ ਦੇ ਵਿਦਵਾਨਾਂ ਨੇ ਪਰਮ-ਸ੍ਰੇਸ਼ਠ ਸ਼ਬਦਾਂ ਨਾਲ ਸਲਾਹਿਆ ਹੈ। ਮੈਂ ਤਾਂ ਗੋੜ੍ਹੇ 'ਚੋਂ ਪੂਣੀ ਹੀ ਕੱਤੀ ਹੈ। ਪੁਸਤਕ ਦੇ ਅੰਤ 'ਤੇ ਫੋਟੋਆਂ ਦੇ 16 ਪੰਨੇ ਉਸ ਦੇ ਮਾਨਾਂ-ਸਨਮਾਨਾਂ ਦੀ ਸਾਖੀ ਭਰਦੇ ਹਨ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.

09-01-2021

 ਹਰੇ ਰੰਗ ਦੀ ਕਵਿਤਾ
ਕਵੀ : ਗੁਲ ਚੌਹਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98152-98459.

ਸ੍ਰੀ ਗੁਲ ਚੌਹਾਨ ਕਿਸੇ ਵਿਚਾਰਧਾਰਾ ਜਾਂ ਪਰੰਪਰਾ ਦੇ ਬੰਨ੍ਹੇ-ਬੰਨ੍ਹਾਏ ਚੌਖਟੇ ਨੂੰ ਸਵੀਕਾਰ ਕਰ ਕੇ ਲਿਖਣ ਵਾਲੇ ਲੇਖਕਾਂ ਵਿਚੋਂ ਨਹੀਂ ਹੈ ਬਲਕਿ ਵਿਚਾਰਧਾਰਾ ਨੂੰ ਨਿਰੰਤਰ ਵਿਸਤਾਰਦਾ ਅਤੇ ਪਰੰਪਰਾ ਨੂੰ ਭੰਨ-ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਵਿਚ ਲੀਨ ਰਹਿੰਦਾ ਹੈ। 'ਹਰੇ ਰੰਗ ਦੀ ਕਵਿਤਾ' ਵਿਚ ਉਹ ਕਾਵਿ-ਰੂਪਾਕਾਰ ਉੱਪਰ ਏਨਾ ਦਬਾਅ ਪਾਉਂਦਾ ਹੈ ਕਿ ਇਸ ਦੀ ਸ਼ਕਲ-ਸੂਰਤ ਬਦਲ ਜਾਂਦੀ ਹੈ। ਇਸ ਦੇ ਨਾਲ ਹੀ ਉਹ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਨੂੰ ਇਕ-ਦੂਜੇ ਤੋਂ ਦੂਰ ਰੱਖਣ ਦਾ ਪ੍ਰਯਾਸ ਵੀ ਨਹੀਂ ਕਰਦਾ। ਉਸ ਦੀਆਂ ਕਵਿਤਾਵਾਂ ਬਾਤਾਂ ਪਾਉਣ ਲਗਦੀਆਂ ਹਨ ਅਤੇ ਕਥਾਵਾਂ ਕਾਵਿ-ਸੰਵੇਦਨਾ ਨਾਲ ਜੁੜ ਜਾਂਦੀਆਂ ਹਨ। 'ਹਰੇ ਰੰਗ ਦੀ ਕਵਿਤਾ' ਗੁਲ ਚੌਹਾਨ ਦੇ ਕਵਿਤਵ ਦਾ ਇਕ ਨਿਵੇਕਲਾ ਪ੍ਰਮਾਣ ਪੇਸ਼ ਕਰਦੀ ਹੈ। ਸਾਡੇ ਬੁੱਧੀਜੀਵੀ ਆਲੋਚਕ ਸ੍ਰੀ ਮਨਮੋਹਨ ਨੇ ਇਸ ਕਾਵਿ ਸੰਗ੍ਰਹਿ ਦੀ ਵਿਲੱਖਣ ਨੁਹਾਰ ਦਾ ਤਆਰੁਫ਼ ਕਰਵਾਉਣ ਲਈ ਇਕ ਬਹੁਤ ਵਿਸਤ੍ਰਿਤ ਭੂਮਿਕਾ ਲਿਖ ਦਿੱਤੀ ਹੈ ਕਿਉਂਕਿ ਥੋੜ੍ਹੇ ਸ਼ਬਦਾਂ ਵਿਚ ਇਸ ਸੰਗ੍ਰਹਿ ਦਾ ਪਰਿਚੈ ਕਰਵਾਉਣਾ ਬਹੁਤ ਮੁਸ਼ਕਿਲ ਕੰਮ ਸੀ। ਉਨ੍ਹਾਂ ਨੇ ਮੇਰੇ ਲਈ ਵੀ ਡਾਢੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਬਚਣ ਲਈ ਮੈਂ ਗੁਲ ਚੌਹਾਨ ਦੇ ਵਿਲੱਖਣ ਅੰਦਾਜ਼ ਅਤੇ ਅਭਿਵਿਅੰਜਨ-ਕਲਾ ਦੇ ਕੁਝ ਪ੍ਰਮਾਣ ਪੇਸ਼ ਕਰ ਦਿੰਦਾ ਹਾਂ :
1. ਤੇਰੀ ਚਾਚੀ ਨੇ ਅੱਜ ਹੱਥ ਖੜ੍ਹੇ ਕਰ ਦਿੱਤੇ। ਇਹ ਵੀ ਕੀ ਹੋਇਆ, ਰੋਜ਼-ਰੋਜ਼ ਉਹੀ ਮੀਟ ਜਾਂ ਮੁਰਗਾ? (ਭਤੀਜੀ ਲਈ ਇਕ ਕਵਿਤਾ, ਪੰਨਾ 134)
2. ਮੰਗਲ, ਕਿ ਬੁੱਧ, ਕਿ ਵੀਰ... ਹਮੇਸ਼ ਸ਼ੁਰੂ ਕੀਤਾ ਓਸ ਪਊਏ ਤੋਂ (ਪਊਆ, ਪੰਨਾ 116)
3. ਲਾਈਨ ਵਿਚ ਹੁਣ ਕੋਈ ਨਹੀਂ ਮੇਰੇ ਤੋਂ ਅੱਗੇ। ਬਾਬਾ ਪਿਤਾ ਜੀ, ਦੋਵੇਂ ਤਾਏ.... ਮਰ ਚੁੱਕੇ ਨੇ ਸਭ (ਪੰਨਾ 110)
4. ਨਹੀਂ! ਨਹੀਂ ਮਰੀ ਟਮਾਟਰਾਂ ਦੀ ਮਾਂ ਅੱਜ! (ਪੰਨਾ 98)
ਇੰਜ ਕਵੀ ਆਧੁਨਿਕ ਮੱਧ ਸ਼੍ਰੇਣਿਕ ਵਿਅਕਤੀ ਦੇ ਕਿਰਦਾਰ ਅਤੇ ਉਸ ਦੀ ਹਕੀਕਤ ਨੂੰ ਅਤਿਅੰਤ ਨਾਟਕੀ ਅਤੇ ਬੇਰਹਿਮ ਢੰਗ ਨਾਲ ਬੇਨਕਾਬ ਕਰਦਾ ਹੈ। ਮੱਧ ਸ਼੍ਰੇਣਿਕ ਵਿਅਕਤੀ ਘਰ, ਪਰਿਵਾਰ, ਸਮਾਜ ਅਤੇ ਮਿੱਤਰ ਮੰਡਲ ਦੀ ਸੰਗਤ ਵਿਚ ਬਹੁਤ 'ਭੱਦਰ ਪੁਰਸ਼' ਬਣ ਕੇ ਰਹਿੰਦਾ ਹੈ, ਹਾਲਾਂਕਿ ਉਹ ਭੱਦਰ ਪੁਰਸ਼ 'ਹੁੰਦਾ ਨਹੀਂ'। ਬਲਕਿ ਉਹ ਹਰ ਵਕਤ ਦਾਅ ਲਾਉਣ ਦੀ ਕੋਸ਼ਿਸ਼ ਵਿਚ ਤਣਿਆ ਰਹਿੰਦਾ ਹੈ। ਗੁਲ ਚੌਹਾਨ ਉਸ ਦੀ ਇਸ ਫ਼ਿਤਰਤ ਨੂੰ ਚੌਰਾਹੇ ਵਿਚ ਨੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਤਰਕ ਹੈ ਕਿ ਅੰਦਰੋਂ-ਬਾਹਰੋਂ ਇਕ ਜੈਸੇ ਰਹੋ! ਜੇ ਭਲੇਮਾਣਸ ਨਹੀਂ ਹੋ ਤਾਂ ਢੋਂਗ ਕਰਨ ਦੀ ਕੀ ਲੋੜ ਹੈ? ਸਾਡੇ ਦੌਰ ਵਿਚ ਭਲੇਮਾਣਸਾਂ ਨੂੰ ਪੁੱਛਦਾ ਹੀ ਕੌਣ ਹੈ? ਇੰਜ ਕਵੀ ਰਸਮੀ ਅਤੇ ਬਨਾਉਟੀ ਆਚਾਰ-ਵਿਹਾਰ ਦੀਆਂ ਧੱਜੀਆਂ ਉਡਾਉਂਦਾ ਹੈ।
'ਹਰੇ ਰੰਗ ਦੀ ਕਵਿਤਾ' ਕੋਈ ਸੁਰੀਅਲਇਸਟ ਜਾਂ ਕੰਕਰੀਟ ਪੋਇਟਰੀ ਨਹੀਂ ਹੈ। ਬਲਕਿ ਇਹ ਸਾਡੇ ਯੁੱਗ ਦੇ ਬੇਰਹਿਮ ਸੱਚ ਨੂੰ ਪੂਰੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਉਜਾਗਰ ਕਰਦੀ ਹੈ। 'ਹਰੀ', ਇਹ ਇਸ ਕਾਰਨ ਹੈ ਕਿਉਂਕਿ ਕਵੀ ਨੇ ਆਪਣੇ ਪੁੰਸਕ ਅਨੁਭਵ ਦੀ ਮਾਅਰਫ਼ਤ ਆਪਣੀ ਹਰ ਕਵਿਤਾ ਨੂੰ ਗਰਭਿਤ ਕਰ ਦਿੱਤਾ ਹੈ। 'ਹਰੀ ਹੋਣਾ' ਪਰੈਗਨੈਂਟ ਹੋਣਾ ਹੁੰਦਾ ਹੈ। ਕਵੀ ਨੂੰ ਪ੍ਰਤੀਤ ਹੋਇਆ ਹੋਣਾ ਹੈ ਕਿ ਅਜੋਕੀ ਕਵਿਤਾ ਬਾਂਝ ਹੁੰਦੀ ਜਾ ਰਹੀ ਹੈ, ਇਸ ਨੂੰ ਗਰਭਿਤ ਕਰਨ ਦੀ ਜ਼ਰੂਰਤ ਹੈ। ਇਸ ਸੰਗ੍ਰਹਿ ਵਿਚ ਸੰਕਲਿਤ ਹਰ ਕਵਿਤਾ ਕਵੀ ਦੀ ਇਸੇ ਸੋਚ ਉੱਪਰ ਪਹਿਰਾ ਦਿੰਦੀ ਹੈ, ਪ੍ਰਮਾਣਿਕ ਜਾਂ ਅਪ੍ਰਮਾਣਿਕ ਕਰਾਰ ਦੇਣ ਦਾ ਫ਼ੈਸਲਾ ਪਾਠਕਾਂ ਦੇ ਹੱਥ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਹਾਂ! ਮੈਂ ਔਰਤ ਹਾਂ...
ਲੇਖਿਕਾ : ਮਾਨੋਬੀ ਬੰਧੋਪਾਧਿਆਏ
ਅਨੁਵਾਦ : ਸੁਖਵਿੰਦਰ
ਪ੍ਰਕਾਸ਼ਕ : ਕੈਲੀਬਰ ਐਂਡ ਗਰੈਵਿਟੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 184

ਇਹ ਪੁਸਤਕ ਟਰਾਂਸਜੈਂਡਰ ਦੀ ਬੇਬਾਕ ਆਤਮਕਥਾ ਹੈ ਜੋ ਸਮਾਜ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀ ਹੋਈ ਆਪਣੇ ਬਲਬੂਤੇ ਤੇ ਹੌਸਲੇ ਨਾਲ ਕਾਲਜ ਪ੍ਰਿੰਸੀਪਲ ਦੇ ਅਹੁਦੇ ਤੱਕ ਪੁੱਜੀ। ਹੁਣ ਤੱਕ ਸਾਡੇ ਸਮਾਜ ਵਿਚ ਇਸ ਵਰਗ ਨੂੰ 'ਖੁਸਰੇ' ਦਾ ਨਾਂਅ ਦੇ ਕੇ ਮਾਣ-ਸਨਮਾਨ ਤੋਂ ਦੂਰ ਹੀ ਰੱਖਿਆ ਜਾਂਦਾ ਹੈ ਤੇ ਇਨ੍ਹਾਂ ਦਾ ਪੇਸ਼ਾ ਹੀ ਹੈ ਬੱਚੇ (ਮੁੰਡੇ) ਹੋਣ 'ਤੇ ਨੱਚ ਗਾ ਕੇ ਵਧਾਈ ਲੈਣੀ ਤੇ ਜੀਵਨ ਬਸਰ ਕਰਨਾ। ਇਨ੍ਹਾਂ ਨੂੰ ਹਰ ਅਧਿਕਾਰ ਤੋਂ ਵਾਂਝੇ ਰੱਖਿਆ ਜਾਂਦਾ ਹੈ।
ਇਸ ਪੁਸਤਕ ਦੀ ਲੇਖਿਕਾ ਮਾਨੋਬੀ ਆਪਣੇ ਬਚਪਨ ਤੋਂ ਲੈ ਕੇ ਵਡੇਰੀ ਉਮਰ ਤੱਕ ਦੀ ਗਾਥਾ ਨੂੰ ਬੇਬਾਕੀ ਨਾਲ ਪੇਸ਼ ਕਰਦੀ ਹੈ, ਕੋਈ ਓਹਲਾ ਨਹੀਂ ਰੱਖਿਆ। ਉਸ ਦੇ ਆਪਣੇ ਕਥਨ ਅਨੁਸਾਰ ਇਹ ਪੁਸਤਕ ਉਨ੍ਹਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ 'ਮੈਨੂੰ ਬੇਇੱਜ਼ਤ ਕੀਤਾ ਅਤੇ ਅਮਾਨਵ ਕਹਿ ਕੇ ਜ਼ਿੰਦਗੀ ਦੇ ਹਾਸ਼ੀਏ 'ਤੇ ਧੱਕ ਦਿੱਤਾ। ਉਨ੍ਹਾਂ ਦੇ ਕਾਰਨ ਹੀ ਮੈਨੂੰ ਲੜਨ ਦੀ ਤਾਕਤ ਮਿਲੀ ਤੇੇ ਜ਼ਿੰਦਗੀ ਵਿਚ ਅੱਗੇ ਵਧ ਸਕੀ।' ਲੇਖਿਕਾ ਦਾ ਜਨਮ 23 ਸਤੰਬਰ, 1964 ਨੂੰ ਹੋਇਆ, ਦੋ ਲੜਕੀਆਂ ਤੋਂ ਬਾਅਦ ਲੜਕੇ ਦਾ ਜਨਮ ਖੁਸ਼ੀ ਦਾ ਕਾਰਨ ਸੀ ਪਰ ਕਿਸੇ ਨੂੰ ਇਹ ਅਹਿਸਾਸ ਹੀ ਨਾ ਹੋਇਆ ਕਿ ਇਹ ਲੜਕਾ ਨਹੀਂ ਖੁਸਰਾ ਹੈ। ਉਸ ਦੀਆਂ ਹਰਕਤਾਂ ਕੁੜੀਆਂ ਵਾਲੀਆਂ ਸਨ। ਸਜਣਾ ਸੰਵਰਨਾ ਤੇ ਮੇਕਅਪ ਕਰਕੇ ਕੁੜੀਆਂ ਦੀ ਤਰ੍ਹਾਂ ਹੀ ਰਹਿਣਾ। ਡਾਂਸ ਸਿੱਖਣਾ ਉਸ ਦਾ ਸ਼ੌਕ ਸੀ ਪਰ ਸਮਾਜ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣਾ ਮੁਸ਼ਕਿਲ ਹੁੰਦਾ ਹੈ। ਸਕੂਲ, ਕਾਲਜ ਦੀ ਪੜ੍ਹਾਈ ਵੇਲੇ ਸਾਥੀਆਂ ਦੇ ਵਿਅੰਗ ਉਸ ਨੂੰ ਪ੍ਰੇਸ਼ਾਨ ਕਰਦੇ ਪਰ ਕੋਈ ਤਾਕਤ ਹੀ ਸੀ ਜੋ ਦ੍ਰਿੜ੍ਹਤਾ ਬਖ਼ਸ਼ ਰਹੀ ਸੀ ਕਿ ਪੜ੍ਹ ਕੇ ਕੁਝ ਬਣਨਾ ਹੈ, ਸਮਾਜ ਵਿਚ ਮਾਣ-ਸਨਮਾਨ ਹਾਸਲ ਕਰਨਾ ਹੈ। ਐਮ.ਏ. ਕਰਕੇ ਪੀ.ਐਚ.ਡੀ. ਕਰਨੀ ਬੜੇ ਹੌਸਲੇ ਵਾਲਾ ਕਦਮ ਸੀ।
ਪਰ ਇਕ ਮਨੋਵਿਗਿਆਨਕ ਪਹਿਲੂ ਵੀ ਸੀ ਕਿ ਜੈਂਡਰ ਬਦਲ ਕੇ ਲੜਕੀ ਬਣਨਾ ਹੈ ਇਕੋ ਧੁਨ ਸਵਾਰ ਸੀ ਉਸ ਉੱਤੇ। ਮਨੋਵਿਗਿਆਨੀਆਂ ਦੀ ਸਲਾਹ ਨਾਲ ਅਖੀਰ ਆਪ੍ਰੇਸ਼ਨ ਕਰਵਾ ਕੇ ਲੜਕੀ ਦਾ ਰੂਪ ਅਖ਼ਤਿਆਰ ਕਰ ਲਿਆ। ਮਰਦ ਤੋਂ ਔਰਤ ਬਣੀ ਤੇ ਸੋਮਨਾਥ ਤੋਂ ਮਾਨੋਬੀ। ਆਪਣੇ ਦ੍ਰਿੜ੍ਹ ਨਿਸਚੇ ਸਦਕਾ 9 ਜੂਨ, 2015 ਵਿਚ ਪੱਛਮੀ ਬੰਗਾਲ ਦੇ ਕ੍ਰਿਸ਼ਨ ਨਗਰ ਮਹਿਲਾ ਕਾਲਜ ਦੀ ਪ੍ਰਿੰਸੀਪਲ ਬਣੀ, ਬੱਚਾ ਐਡਾਪਟ ਕੀਤਾ ਤੇ ਜੀਵਨ ਦਾ ਸਫ਼ਰ ਸਹਿਜ ਸ਼ੁਰੂ ਹੋਇਆ। ਇਹ ਇਕ ਅਜਿਹਾ ਮਿਸਾਲ ਹੈ ਜੋ ਹਰ ਟਰਾਂਸਜੈਂਡਰ ਦੇ ਨਾਲ-ਨਾਲ ਪੂਰੇ ਸਮਾਜ ਲਈ ਪ੍ਰੇਰਨਾ ਸ੍ਰੋਤ ਹੈ। ਹੁਣ ਭਾਵੇਂ ਸਰਕਾਰ ਨੇ ਇਸ ਵਰਗ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਹੋਰ ਅਧਿਕਾਰ ਵੀ ਦਿੱਤੇ ਹਨ ਪਰ ਹਾਲਾਂ ਵੀ ਬੱਸਾਂ ਵਿਚ ਤੇ ਟੋਲ ਪਲਾਜ਼ਾਂ 'ਤੇ ਇਨ੍ਹਾਂ ਨੂੰ ਮੰਗਦਿਆਂ ਵੇਖਿਆ ਜਾਂਦਾ ਹੈ। ਬੇਰੁਜ਼ਗਾਰੀ ਤੇ ਅਨਪੜ੍ਹਤਾ ਸਦਕਾ ਇਸ ਵਰਗ ਨੂੰ ਬਹੁਤੀਆਂ ਸਹੂਲਤਾਂ ਪ੍ਰਾਪਤ ਨਹੀਂ ਹਨ ਜਾਂ ਇਹ ਕਹਿ ਲਈਏ ਕਿ ਨੱਚ ਗਾ ਕੇ ਕਮਾਉਣ ਦੀ ਆਦਤ ਬਣ ਚੁੱਕੀ ਹੈ ਜੋ ਹੌਲੀ-ਹੌਲੀ ਹੀ ਜਾਏਗੀ।

ਡਾ: ਜਗਦੀਸ਼ ਕੌਰ ਵਾਡੀਆ

c c c

ਮਿਲ ਗਿਆ ਨੈੱਕਲੈਸ
ਲੇਖਕ : ਕੁਲਜੀਤ ਮਾਨ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ-250 ਰੁਪਏ, ਸਫ਼ੇ : 175
ਸੰਪਰਕ : 95011-45039.

ਸੱਤ ਕਹਾਣੀਆਂ 'ਤੇ ਆਧਾਰਿਤ ਕੁਲਜੀਤ ਮਾਨ ਦਾ ਇਹ ਨਵਾਂ ਕਹਾਣੀ-ਸੰਗ੍ਰਹਿ 'ਮਿਲ ਗਿਆ ਨੈੱਕਲੈਸ' ਵਿਸ਼ੇ ਪੱਖੋਂ ਪਰਵਾਸੀ ਪੰਜਾਬੀ ਕਹਾਣੀ ਦਾ ਇਕ ਨਵੇਂ ਪਰਿਵੇਸ਼ ਵਿਚ ਅਤੇ ਬਦਲ ਚੁੱਕੀ ਸਮਾਜਕ ਸੰਰਚਨਾ ਦਾ ਚਿੱਤਰ ਸਿੱਧ ਹੁੰਦਾ ਹੈ। ਪੈਸੇ ਦੀ ਅੰਨ੍ਹੀ ਦੌੜ ਵਿਚ ਪਦਾਰਥਵਾਦੀ ਜ਼ਿੰਦਗੀ ਜੀਅ ਰਹੀ ਅੱਜ ਦੀ ਨਵੀਂ ਪੀੜ੍ਹੀ ਦੀ ਸੋਚ ਕਾਰਨ ਹੋ ਰਹੇ ਰਿਸ਼ਤਿਆਂ ਦੇ ਨਿਘਾਰ ਦੀਆਂ ਕਹਾਣੀਆਂ ਨੂੰ ਇਸ ਪਰਵਾਸੀ ਕਹਾਣੀਕਾਰ ਨੇ ਬਹੁਤ ਸੂਖ਼ਮਤਾ ਨਾਲ ਬਿਰਤਾਂਤਿਆ ਹੈ। ਪੰਜਾਬੀ ਸਮਾਜ ਦੀ ਮਰਿਆਦਾ ਵਿਚ ਪਨਪ ਚੁੱਕੀ ਪਰਵਾਸੀ ਹੋਣ ਦੀ ਇੱਛਾ ਤੇ ਇਸ ਦੀ ਪੂਰਤੀ ਲਈ ਸਭ ਕੁਝ ਦਾਅ 'ਤੇ ਲਾਉਣ ਦੇ ਹੀਲੇ-ਵਸੀਲਿਆਂ ਦੀ ਵੀ ਇਨ੍ਹਾਂ ਕਹਾਣੀਆਂ ਵਿਚ ਭਰਪੂਰ ਪੇਸ਼ਕਾਰੀ ਹੋਈ ਹੈ। ਪਹਿਲੀ ਕਹਾਣੀ 'ਵਰਜਿਤ ਫ਼ਲ' ਅਜਿਹੇ ਰਿਸ਼ਤਿਆਂ ਦੀ ਕਹਾਣੀ ਹੈ ਜਿਸ ਵਿਚ ਬਾਹਰਲੇ ਦੇਸ਼ਾਂ ਵਿਚ ਜਾਣ ਲਈ ਉਤਾਵਲਾਪਣ ਹਰ ਤਰ੍ਹਾਂ ਦੇ ਸਮਝੌਤੇ ਦਾ ਕਾਰਨ ਬਣਦਾ ਹੈ। ਦੂਜੀ ਕਹਾਣੀ 'ਵਿਸ਼ ਕੰਨਿਆ' ਵਿਚ ਕਹਾਣੀਕਾਰ ਲਿਵ ਇਨ ਰਿਲੇਸ਼ਨ ਨੂੰ ਚਿਤਰ ਤਾਂ ਰਿਹਾ ਹੈ ਪਰ ਉਹ ਗਵਾਹੀ ਵਿਆਹ ਸੰਸਥਾ ਦੇ ਉੱਤਮ ਹੋਣ ਦੀ ਭਰਦਾ ਹੈ। 'ਡਾਊਨ ਟਾਊਨ' ਅਤੇ 'ਸਵੈ ਸ਼ਿਕਨ' ਕਹਾਣੀਆਂ ਵੀ ਬਾਹਰਲੇ ਦੇਸ਼ ਦੀ ਤੇਜ਼ ਜ਼ਿੰਦਗੀ ਵਿਚ ਪਨਪ ਰਹੀਆਂ ਨਿਵੇਕਲੇ ਢੰਗ ਦੀਆਂ ਦੋਸਤੀਆਂ ਦੀਆਂ ਖ਼ੂਬਸੂਰਤ ਤਸਵੀਰਾਂ ਹਨ। 'ਡਾਇਵੋਰਸ ਪਾਰਟੀ' ਕਹਾਣੀ ਜਿਥੇ ਸਾਡੇ ਪਿਤਰਕੀ ਸਮਾਜ ਵਿਚ ਇਕ ਢੰਗ ਨਾਲ ਵਰਜਿਤ ਵਰਤਾਰੇ ਤਲਾਕ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਦੀ ਕਹਾਣੀ ਹੈ ਉਥੇ ਹੀ ਪਰਵਾਸੀ ਵਿਗੜੀ ਪੰਜਾਬੀ ਦੀ ਖ਼ੂਬਸੂਰਤ ਵਰਤੋਂ ਕਾਰਨ ਵੀ ਪਾਠਕ ਦੀ ਪਹਿਲੀ ਪਸੰਦ ਬਣਦੀ ਹੈ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਨੈੱਕਲੈਸ ਮਿਲ ਗਿਆ' ਵਿਚ ਕਹਾਣੀਕਾਰ ਨੇ ਨੈੱਕਲੈਸ ਲੱਭਣ ਦਾ ਪ੍ਰਤੀਕ ਵਰਤ ਕੇ ਆਧੁਨਿਕ ਤੇ ਪਿਤਰਕੀ ਸੋਚ ਦੀ ਤੁਲਨਾ ਪੇਸ਼ ਕੀਤੀ ਹੈ। ਕਹਾਣੀਕਾਰ ਦੁਆਰਾ ਭਾਸ਼ਾ ਦੀ ਵਰਤੋਂ ਸਮੇਂ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਖੁਲ੍ਹਦਿਲੀ ਨਾਲ ਕੀਤੀ ਗਈ ਹੈ ਜੋ ਅੱਜ ਦੀ ਪਰਵਾਸੀ ਕਹਾਣੀ ਦੀ ਮੰਗ ਵੀ ਹੈ ਅਤੇ ਇਹ ਸ਼ਬਦਾਵਲੀ ਉਸ ਸਮੇਂ ਹੋਰ ਜ਼ਿਆਦਾ ਅਸਲੀਅਤ ਦੇ ਨੇੜੇ ਲਗਦੀ ਹੈ ਜਦੋਂ ਕਹਾਣੀਕਾਰ ਉਨ੍ਹਾਂ ਸ਼ਬਦਾਂ ਨੂੰ ਅਸਲ ਨਹੀਂ ਸਗੋਂ ਪੰਜਾਬੀ ਭਾਈਚਾਰੇ ਦੇ ਉਚਾਰਣ ਅਨੁਸਾਰ ਵਰਤਦਾ ਹੈ। ਕਹਾਣੀਕਾਰ ਵਲੋਂ ਬਿਰਤਾਂਤ ਸਿਰਜਣ ਲਈ ਵਾਰਤਾਲਾਪ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ।

ਡਾ: ਸੰਦੀਪ ਰਾਣਾ
ਮੋ: 98728-87551

c c c

ਚਾਨਣ ਕਣੀਆਂ
ਲੇਖਕ : ਨਰਿੰਦਰ ਸਿੰਘ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 98146-62260.

ਚਰਚਾ ਅਧੀਨ ਪੁਸਤਕ 'ਚਾਨਣ ਕਣੀਆਂ' ਵਿਚ ਛਪੰਜਾ ਛੋਟੇ-ਵੱਡੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਲੇਖਕ ਦੀ ਇਹ ਪਲੇਠੀ ਪੁਸਤਕ ਹੈ। ਪੁਸਤਕ ਦੇ ਤਕਰੀਬਨ ਅੱਧੇ ਨਿਬੰਧ ਸਿੱਖਿਆ ਦੇ ਸੰਦਰਭ ਵਿਚ ਹਨ। ਕਈ ਨਿਬੰਧ ਸਾਦ ਮੁਰਾਦੇ ਸੁਭਾਅ ਦੇ ਵੀ ਹਨ ਅਤੇ ਕਈ ਗੰਭੀਰ ਚਰਚਾ ਵੀ ਛੇੜਦੇ ਹਨ। ਸਿੱਖਿਆ ਵਿਚ ਸੁਧਾਰ ਲਿਆਉਣ, ਨਕਲ ਰੋਕਣ, ਵਪਾਰ ਬਣ ਗਈ ਸਿੱਖਿਆ, ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ, ਸਿੱਖਿਆ ਦਾ ਨਿਘਾਰ, ਮਿਆਰੀ ਸਿੱਖਿਆ ਦੀ ਲੋੜ, ਸਰਕਾਰੀ ਸਕੂਲਾਂ ਦੀ ਹਾਲਤ ਸਬੰਧੀ ਨਿਬੰਧ ਪਾਠਕ ਨੂੰ ਚੋਖੀ ਜਾਣਕਾਰੀ ਮੁਹੱਈਆ ਕਰਾਉਂਦੇ ਹਨ। ਸਿੱਖਿਆ ਤੋਂ ਇਲਾਵਾ ਇਸ ਪੁਸਤਕ ਦੇ ਹੋਰ ਨਿਬੰਧਾਂ ਵਿਚ : ਅਮੀਰ ਤੇ ਗ਼ਰੀਬ ਵਿਚਾਲੇ ਵਧਦਾ ਪਾੜਾ, ਲੋਕਾਂ ਦੀ ਵਿਦੇਸ਼ਾਂ ਵੱਲ ਲੱਗੀ ਦੌੜ, ਬਜ਼ੁਰਗਾਂ ਦੀ ਦੁਰਦਸ਼ਾ, ਜੀਵਨ ਜਾਚ, ਮੋਬਾਈਲ ਤੇ ਬਚਪਨ, ਪਾਣੀ ਦੀ ਸੰਭਾਲ, ਤੰਬਾਕੂ ਤੇ ਰੋਕ, ਨਸ਼ਿਆਂ ਦੀ ਲੱਤ, ਵਧ ਰਹੀ ਆਬਾਦੀ, ਲੱਚਰ ਗਾਇਕੀ, ਮੌਜੂਦਾ ਵਿਕਾਸ ਮਾਡਲ ਬਦਲਣ ਦੀ ਲੋੜ, ਸਮੇਂ ਦੀ ਕਦਰ, ਔਰਤਾਂ ਦੀ ਸੁਰੱਖਿਆ, ਸੜਕਾਂ 'ਤੇ ਹਾਦਸੇ, ਬਾਲ ਮਜ਼ਦੂਰੀ, ਸਿਹਤ ਸੇਵਾਵਾਂ, ਆਮਦਨ ਵਿਚ ਨਾਬਰਾਬਰੀ, ਪਹੁੰਚ ਤੋਂ ਦੂਰ ਬੁਨਿਆਦੀ ਸਹੂਲਤਾਂ ਆਦਿ ਵਿਸ਼ੇ ਵੀ ਲੇਖਕ ਨੇ ਤਾਜ਼ਾ ਰਿਪੋਰਟਾਂ ਅਤੇ ਤੱਥਾਂ ਨਾਲ ਬਾਖੂਬੀ ਨਿਭਾਏ ਹਨ। ਇਕੋ ਵਿਸ਼ੇ 'ਤੇ ਦੋ-ਤਿੰਨ ਨਿਬੰਧ ਹੋਣ ਦੀ ਸੂਰਤ ਵਿਚ ਕਈ ਥਾਵਾਂ 'ਤੇ, ਇਕੋ ਤਰ੍ਹਾਂ ਦੀਆਂ ਰਿਪੋਰਟਾਂ ਅਤੇ ਉਦਾਹਰਨਾਂ ਦਾ ਦੁਹਰਾਅ ਵੀ ਦੇਖਣ ਨੂੰ ਮਿਲਿਆ ਹੈ। ਕਈ ਥਾਂ ਸ਼ਬਦ ਜੋੜਾਂ ਪ੍ਰਤੀ ਅਵੇਸਲਾਪਣ ਅਤੇ ਕਿਤੇ-ਕਿਤੇ ਅਧੂਰੇ ਛੱਡੇ ਹੋਏ ਵਾਕਾਂ 'ਤੇ ਵੀ ਵਿਚਾਰ ਕੀਤਾ ਜਾਣਾ ਬਣਦਾ ਹੈ। ਪੁਸਤਕ ਵਿਚਲੇ ਬਹੁਤੇ ਨਿਬੰਧ ਪਾਠਕਾਂ ਨੂੰ ਲਾਹੇਵੰਦ ਜਾਣਕਾਰੀ ਦੇਣ ਦੇ ਸਮਰੱਥ ਹਨ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਭਰਪੂਰ ਸਵਾਗਤ ਹੈ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686.


ਗੁਰੂ ਨਾਨਕ ਅਤੇ ਨਵਾਂ ਵਿਗਿਆਨ
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 151
ਸੰਪਰਕ : 011 22303184.

ਡਾ: ਕੁਲਦੀਪ ਸਿੰਘ ਧੀਰ ਸਾਹਿਤਕ, ਧਾਰਮਿਕ ਅਤੇ ਵਿਗਿਆਨਕ ਪ੍ਰਤਿਭਾ ਤ੍ਰਿਵੈਣੀ ਦਾ ਨਾਂਅ ਹੈ। ਉਨ੍ਹਾਂ ਦੇ ਲੇਖ ਸਮਕਾਲ ਨੂੰ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬੇਹੱਦ ਪ੍ਰਭਾਵਿਤ ਕਰਦੇ ਰਹਿਣਗੇ। ਉਨ੍ਹਾਂ ਦਾ ਹਥਲੀ ਪੁਸਤਕ ਨੂੰ ਲਿਖਣ ਦਾ ਉਦੇਸ਼ ਸਪੱਸ਼ਟ ਹੈ। ਡਾ: ਧੀਰ ਲਿਖਦੇ ਹਨ 'ਗੁਰੂ ਨਾਨਕ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬੜਾ ਕੁਝ ਅਜਿਹਾ ਹੈ ਜਿਸ ਨੂੰ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਪੱਖੋਂ ਜਾਣਨ-ਸਮਝਣ ਦੀ ਜ਼ਰੂਰਤ ਹੈ। ਇਹ ਪੁਸਤਕ ਇਸੇ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।' ਇਸ ਵਿਚ 11 ਨਿਬੰਧ ਸ਼ਾਮਿਲ ਕੀਤੇ ਗਏ ਹਨ। ਲੇਖਕ ਨੇ 'ਧਰਤੀ ਹੋਰੁ ਪਰੇ ਹੋਰੁ' ਬਾਰੇ ਚਰਚਾ ਕਰਦਿਆਂ ਇਨਫਲੇਸ਼ਨ ਦੀ ਵਿਧੀ ਅਤੇ ਕਵਾਂਟਮ ਗਰੈਵਟੀ ਦੀ ਪੁਸ਼ਟੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੇ 'ਅੰਤਰ-ਗਿਆਨ' ਨੂੰ ਰੂਹ ਦੀ ਰੌਸ਼ਨੀ ਸਮਝਦੇ ਹੋਏ ਦੇਸ਼ ਕਾਲ ਤੋਂ ਪਾਰ ਯਥਾਰਥ ਦੇ ਟੁਕੜਿਆਂ ਦੀ ਸੋਝੀ ਕਰਵਾਈ ਗਈ ਹੈ। ਗੁਰਬਾਣੀ ਦੇ ਆਧਾਰ 'ਤੇ ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਨੂੰ ਸਮਝਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਭੌਤਿਕ ਵਿਗਿਆਨ ਨੂੰ ਪਰੀ ਲੋਕ ਵਰਗਾ ਅਸਚਰਜ ਤੇ ਅਦਭੁਤ ਪ੍ਰਵਾਨ ਕੀਤਾ ਗਿਆ ਹੈ। ਕਵਾਂਟਮ ਮਕੈਨਿਕਸ ਦਾ ਦੀਰਘ ਅਧਿਐਨ ਕਰਦਿਆਂ ਅਤੇ ਰਹੱਸਮਈ ਯਥਾਰਥ 'ਤੇ ਫੋਕਸੀਕਰਨ ਕਰਦਿਆਂ ਇਸ ਸਿੱਟੇ 'ਤੇ ਅੱਪੜਿਆ ਗਿਆ ਹੈ ਕਿ ਸੰਸਾਰ ਦੀ ਹਰ ਸ਼ੈਅ ਇਕ ਦੂਜੇ ਨਾਲ ਜੁੜੀ ਹੋਈ ਹੈ, ਕੁਝ ਵੀ ਸੁਤੰਤਰ ਨਹੀਂ ਹੈ। ਗੁਰੂ ਨਾਨਕ ਦਾ ਸੁੰਨ-ਸੰਕਲਪ ਦਾਰਸ਼ਨਿਕ ਵਿਆਖਿਆ ਨਾਲੋਂ ਵਿਗਿਆਨ ਦੇ ਵਧੇਰੇ ਨੇੜੇ ਹੈ। ਨਵੇਂ ਵਿਗਿਆਨ ਦੇ ਸਿੰਗੁਲੈਰਿਟੀ ਸਿਧਾਂਤ ਨੂੰ ੴ ਚਿਹਨਕ ਦੁਆਰਾ ਵਿਚਾਰਿਆ ਜਾਣਾ ਬਣਦਾ ਹੈ। ਨਿਰਸੰਦੇਹ ਮਨੁੱਖੀ ਕਾਇਆ ਦੀ ਕਲਪਨਾ ਕਰਨੀ ਕਠਿਨ ਹੈ ਪਰ ਡਾ: ਧੀਰ ਦਾ ਵਿਚਾਰ ਹੈ ਕਿ ਇਸ ਸਬੰਧੀ ਵਿਗਿਆਨ ਤੇ ਗੁਰਬਾਣੀ ਵਿਚ ਵਿਰੋਧ ਉੱਕਾ ਹੀ ਨਹੀਂ, ਬਸ ਅੰਦਾਜ਼ ਵਿਚ ਅੰਤਰ ਹੈ। ਗੁਰਬਾਣੀ ਵਿਚ ਅਨੇਕਾਂ ਅਜਿਹੇ ਮਹਾਂਵਾਕ ਹਨ ਜਿਨ੍ਹਾਂ ਦੀ ਅੰਗਲੀ-ਸੰਗਲੀ ਨਵੇਂ ਭੌਤਿਕ ਵਿਗਿਆਨ ਨਾਲ ਜੁੜਦੀ ਪ੍ਰਤੀਤ ਹੁੰਦੀ ਹੈ। ਵਿਗਿਆਨੀ ਸਟੀਫ਼ਨ ਹਾਕਿੰਗ ਕੁਆਂਟਮ ਦੀ ਸੂਖ਼ਮਤਾ ਨੂੰ ਆਪਣੇ ਚਿੰਤਨ ਦੁਆਰਾ ਸਥੂਲ ਬ੍ਰਹਿਮੰਡ ਦੇ ਇਤਿਹਾਸ ਨੂੰ ਸਮਝਣ ਵੱਲ ਰੁਚਿਤ ਹੈ। ਗਰੈਂਡ ਡਿਜ਼ਾਇਨ ਪੁਸਤਕ ਵਿਚ ਉਹ (ਹਾਕਿੰਗ) ਇਸ ਬ੍ਰਹਿਮੰਡ ਨੂੰ ਨੇਮਾਂ ਅਨੁਸਾਰ ਸੰਗਠਿਤ ਹੁੰਦਾ ਸਮਝਦਾ ਹੈ। ਇੰਜ ਇਹ ਪੁਸਤਕ ਗੁਰਬਾਣੀ ਨੂੰ ਵਿਗਿਆਨਕ ਦ੍ਰਿਸ਼ਟੀ ਅਨੁਸਾਰ ਸਮਝਣ ਲਈ ਬੜੀ ਲਾਹੇਵੰਦ ਜਾਪਦੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਪਾਸ਼ੋ ਦਾ ਮੁੰਡਾ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 99153-35032.

ਇਹ ਪੁਸਤਕ ਲੇਖਕ ਦੀ ਆਪਣੀ ਕਹਾਣੀ ਬਿਆਨ ਕਰਦੀ ਹੈ। ਤੰਗੀਆਂ-ਤੁਰਸ਼ੀਆਂ ਵਿਚ ਲੰਘਾਏ ਬਚਪਨ, ਜੀਵਨ ਦੇ ਸੰਘਰਸ਼ ਅਤੇ ਤਲਖ਼ ਹਕੀਕਤਾਂ ਨੂੰ ਪਾਠਕਾਂ ਦੇ ਰੂਬਰੂ ਕਰ ਕੇ ਲੇਖਕ ਨੇ ਆਪਣੇ ਹਾਲਾਤ ਬਿਆਨ ਕੀਤੇ ਹਨ। ਉਸ ਦਾ ਜਨਮ ਪਿੰਡ ਚੱਕ ਕਰੇ ਖਾਂ ਵਿਖੇ ਹੋਇਆ ਜੋ ਜ਼ਿਲ੍ਹਾ ਤਰਨ ਤਾਰਨ ਵਿਚ ਹੈ। ਲੇਖਕ ਬਚਪਨ ਵਿਚ ਬਹੁਤ ਸ਼ਰਾਰਤੀ ਸੀ। ਲੋਕਾਂ ਦੇ ਉਲਾਂਭੇ ਆਉਣ ਕਰਕੇ ਉਸ ਨੂੰ ਘਰੋਂ ਰੋਜ਼ ਕੁੱਟ ਪੈਂਦੀ ਸੀ। ਉਹ ਤਾਂ ਪੰਛੀਆਂ ਦੇ ਆਲ੍ਹਣੇ ਵੀ ਤੋੜ ਦਿੰਦਾ ਸੀ, ਆਂਡੇ ਭੰਨ ਦਿੰਦਾ ਸੀ ਅਤੇ ਬੋਟਾਂ ਨੂੰ ਮਾਰ ਦਿੰਦਾ ਸੀ।
ਲੋਕ ਇਸ ਪਾਸ਼ੋ ਦੇ ਮੁੰਡੇ ਤੋਂ ਬਹੁਤ ਦੁਖੀ ਸਨ। ਉਸ ਦਾ ਪਿਤਾ ਇਕ ਗ਼ਰੀਬ ਕਾਮਾ ਸੀ। ਨਮੋਸ਼ੀਆਂ ਅਤੇ ਗ਼ੁਰਬਤਾਂ ਦੇ ਮਾਰੇ ਟੱਬਰ ਨੂੰ ਛੋਟੀ ਜਾਤ ਹੋਣ ਕਰਕੇ ਬਹੁਤ ਹੀ ਅਪਮਾਨ ਸਹਿਣਾ ਪੈਂਦਾ ਸੀ। ਲੇਖਕ ਦੇ ਮਨ 'ਤੇ ਇਨ੍ਹਾਂ ਗੱਲਾਂ ਦਾ ਡੂੰਘਾ ਅਸਰ ਹੋਇਆ ਅਤੇ ਉਸ ਨੇ ਪੜ੍ਹ-ਲਿਖ ਕੇ ਘੱਟੋ-ਘੱਟ ਏਨੇ ਜੋਗਾ ਹੋਣ ਦਾ ਫ਼ੈਸਲਾ ਕਰ ਲਿਆ ਕਿ ਲੋਕ ਉਸ ਦੇ ਪਿਤਾ ਨੂੰ ਪ੍ਰੀਤੂ ਦੀ ਥਾਂ ਸਰਦਾਰ ਪ੍ਰੀਤਮ ਸਿੰਘ ਕਹਿਣ ਅਤੇ ਉਸ ਦੀ ਮਾਂ ਨੂੰ ਪਾਸ਼ੋ ਦੀ ਥਾਂ ਸਰਦਾਰਨੀ ਪ੍ਰਕਾਸ਼ ਕੌਰ ਕਹਿਣ। ਉਸ ਨੇ ਮਿਹਨਤਾਂ, ਮੁਸ਼ੱਕਤਾਂ, ਮਜ਼ਦੂਰੀਆਂ ਕਰਦੇ ਹੋਏ ਉੱਚੀ ਪੜ੍ਹਾਈ ਕੀਤੀ, ਫੋਟੋਗ੍ਰਾਫੀ ਸਿੱਖੀ ਅਤੇ ਕਾਫੀ ਜੱਦੋ-ਜਹਿਦ ਮਗਰੋਂ ਨਾਇਬ ਤਹਿਸੀਲਦਾਰ ਲੱਗ ਗਿਆ। ਇੰਜ ਇਕ ਲੰਮੇ ਸੰਘਰਸ਼ ਦੀ ਰਾਤ ਮਗਰੋਂ ਉਸ ਦੀ ਜ਼ਿੰਦਗੀ ਵਿਚ ਖੁਸ਼ੀਆਂ ਦਾ ਪਹੁ-ਫੁਟਾਲਾ ਹੋਇਆ। ਪੁਸਤਕ ਦੇ ਸਾਰੇ ਪਾਤਰ ਅਸਲੀ ਹਨ ਅਤੇ ਉਨ੍ਹਾਂ ਦੇ ਨਾਂਅ ਵੀ ਅਸਲੀ ਹਨ। ਇਹ ਪੁਸਤਕ ਲੇਖਕ ਦੇ ਨਾਲ-ਨਾਲ ਉਸ ਦੇ ਪਿੰਡ ਦੀ ਵੀ ਕਹਾਣੀ ਹੈ। ਇਹ ਦਰਦਨਾਕ ਕਹਾਣੀ ਦਿਲਾਂ ਨੂੰ ਟੁੰਬਦੀ ਹੈ ਅਤੇ ਚੇਤਨਾ ਨੂੰ ਜਗਾਉਂਦੀ ਹੈ। ਅਣਖ ਅਤੇ ਆਜ਼ਾਦੀ ਨਾਲ ਜਿਊਣਾ ਕਿਸੇ-ਕਿਸੇ ਦੇ ਹੀ ਭਾਗਾਂ ਵਿਚ ਹੁੰਦਾ ਹੈ। ਗ਼ਰੀਬ ਮਜ਼ਦੂਰ ਅਤੇ ਸ਼ੋਸ਼ਿਤ ਵਰਗ ਨੂੰ ਪੈਰ-ਪੈਰ 'ਤੇ ਬੇਹੁਰਮਤੀ ਅਤੇ ਬੇਇੱਜ਼ਤੀ ਸਹਿਣੀ ਪੈਂਦੀ ਹੈ। ਇਸ ਪ੍ਰੇਰਨਾਦਾਇਕ ਪੁਸਤਕ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX