ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਵੈਬਕਾਸਟਿੰਗ
. . .  11 minutes ago
ਚੰਡੀਗੜ੍ਹ, 7 ਦਸੰਬਰ - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਰੋਕਣ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਚੋਣ ...
ਕੇਰਲ 'ਚ ਟਮਾਟਰ ਦੀ ਕੀਮਤ 150 ਰੁਪਏ ਤੋਂ ਉਪਰ
. . .  about 1 hour ago
ਤਿਰੂਵਨੰਤਪੁਰਮ, 7 ਦਸੰਬਰ - ਟਮਾਟਰ ਦੀਆਂ ਕੀਮਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਖਣੀ ਭਾਰਤ ਦੇ ਕੁਝ ਹਿੱਸਿਆਂ 'ਚ ਟਮਾਟਰ ਦੀ ਪ੍ਰਚੂਨ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕੇਰਲ 'ਚ ਟਮਾਟਰ 140 ਤੋਂ ...
ਪਾਕਿ ਹਿੰਦੂ ਬੱਚੇ ਬਾਰਡਰ ਦੀ ਮਦਦ ਲਈ ਵਕੀਲ ਨਵਜੋਤ ਕੌਰ ਚੱਬਾ ਆਏ ਅੱਗੇ
. . .  about 1 hour ago
ਅਟਾਰੀ, 7 ਦਸੰਬਰ ( ਗੁਰਦੀਪ ਸਿੰਘ ਅਟਾਰੀ )-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ’ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਵਕੀਲ ਨਵਜੋਤ ਕੌਰ ਚੱਬਾ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ...
ਨਵੀਂ ਦਿੱਲੀ: 7 ਦਸੰਬਰ - ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 1 hour ago
ਸਿਹਤ ਮਾਹਿਰ ਦਾ ਬਿਆਨ, ਜ਼ਰੂਰ ਲਗਵਾਓ ਬੱਚਿਆਂ ਨੂੰ ਵੈਕਸੀਨ
. . .  about 2 hours ago
ਨਵੀਂ ਦਿੱਲੀ, 7 ਦਸੰਬਰ-ਸਿਹਤ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ..
ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਦੱਸਾਂਗੇ ਤਾਂ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋਣਗੇ : ਹਰਮੀਤ ਸਿੰਘ ਕਾਲਕਾ
. . .  about 2 hours ago
ਨਵੀਂ ਦਿੱਲੀ, 7 ਦਸੰਬਰ : ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਈਏ ਤਾਂ ਯਕੀਨੀ ਤੌਰ 'ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ...
ਅਜੇ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਲਨ: ਰਾਕੇਸ਼ ਟਿਕੈਤ
. . .  about 2 hours ago
ਨਵੀਂ ਦਿੱਲੀ, 7 ਦਸੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ ਤੁਸੀਂ ਉੱਠ ਜਾਓ। ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣਗੇ। ਪਰ ਕੁੱਝ ਸਪੱਸ਼ਟ ਨਹੀਂ ਹੈ..
ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ, 10 ਪਾਏ ਗਏ ਓਮੀਕਰੋਨ ਪਾਜ਼ੀਟਿਵ: ਡਾ. ਪ੍ਰਦੀਪ ਆਵਟੇ
. . .  about 3 hours ago
ਪੁਣੇ, 7 ਦਸੰਬਰ- ਮਹਾਰਾਸ਼ਟਰ ਦੇ ਪੁਣੇ ਤੋਂ ਕੋਵਿਡ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ. ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਹੁਣ ਤੱਕ ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ ਹੈ...
ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰਲ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਕਰੇਗੀ ਸੰਬੋਧਿਤ
. . .  about 3 hours ago
ਨਵੀਂ ਦਿੱਲੀ, 7 ਦਸੰਬਰ-ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ...
ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  about 3 hours ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  about 4 hours ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  about 4 hours ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  about 4 hours ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  about 4 hours ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  about 4 hours ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  about 5 hours ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  about 6 hours ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  about 6 hours ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  about 6 hours ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  about 6 hours ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  about 6 hours ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  about 6 hours ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  about 7 hours ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  about 7 hours ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  about 7 hours ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਭਰ ਦੀਆਂ ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਜਾਮ ਕਰ ਦਿੱਤਾ। ਇਸ ਸੜਕ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਮੁੜਦੀ ਸੜਕ ਤੇ ਰੋਸ ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਕਿਤਾਬਾਂ

24-10-2021

 ਫ਼ਰਿਸ਼ਤਾ
ਲੇਖਕ : ਡਾ. ਸਨੋਬਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 094191-27228.


ਡਾ. ਸਨੋਬਰ ਪ੍ਰਸਿੱਧ ਪੰਜਾਬੀ ਕਵੀ ਕੰਵਰ ਇਮਤਿਆਜ਼ ਅਤੇ ਉਸ ਦੀ ਜੀਵਨ-ਸਾਥਣ ਫ਼ਰੀਦਾ ਬੇਗ਼ਮ ਦੀ ਹੋਣਹਾਰ ਸਪੁੱਤਰੀ ਹੈ। ਉਸ ਨੂੰ ਕਾਵਿਕ ਮਾਹੌਲ ਅਤੇ ਪੰਜਾਬੀ ਪਿਆਰ ਵਿਰਸੇ ਤੋਂ ਹੀ ਪ੍ਰਾਪਤ ਹੋਇਆ ਹੈ। ਉਹ ਐਮ.ਏ. ਪੰਜਾਬੀ ਪੀ.ਐਚ.ਡੀ. ਕਰਕੇ ਅਜੋਕੇ ਸਮੇਂ ਜੰਮੂ ਦੇ ਇਕ ਸਰਕਾਰੀ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਉਸ ਦੇ ਮਨ ਵਿਚ ਜਜ਼ਬਾਤਾਂ ਦਾ ਦਰਿਆ ਜਦੋਂ ਕੰਢੇ ਤੋੜ ਕੇ ਵਹਿੰਦਾ ਹੈ ਤਾਂ ਉਹ ਉਸ ਨੂੰ ਸ਼ਾਂਤ ਕਰਨ ਲਈ ਆਪ-ਮੁਹਾਰੇ ਕਲਮ ਚੁੱਕਣ ਲਈ ਬੇਵਸ ਹੋ ਜਾਂਦੀ ਹੈ। ਉਹ ਆਪਣੀ ਕਵਿਤਾ ਨਾਲ ਅਭੇਦ ਹੋ ਜਾਂਦੀ ਹੈ। 'ਫ਼ਰਿਸ਼ਤਾ' ਉਸ ਦਾ ਪਹਿਰਾ ਕਾਵਿ-ਸੰਗ੍ਰਹਿ ਹੈ। ਉਸ ਨੇ ਇਸ ਵਿਚ ਵਿਭਿੰਨ ਵਿਸ਼ਿਆਂ ਨੂੰ ਬਾਖੂਬੀ ਕਵਿਤਾਇਆ ਹੈ। ਪਹਿਲੀ ਹੀ ਕਵਿਤਾ ਉਸ ਨੇ ਆਪਣੇ 'ਅੱਬਾ ਜੀ' ਨੂੰ ਸਮਰਪਿਤ ਕੀਤੀ ਹੈ। ਮਾਂ ਨੂੰ ਤਾਂ ਉਹ 'ਰਹਿਮਤਾਂ ਦੀ ਠੰਢੀ ਛਾਂ' ਮੰਨਦੀ ਹੈ। ਸੇਖ਼ ਫ਼ਰੀਦ, ਬਾਬਾ ਨਾਨਕ, ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦੀ ਹੈ। ਨਾਰੀ ਸੰਵੇਦਨਾ ਵੱਖ-ਵੱਖ ਰੂਪਾਂ ਵਿਚ ਉਦੇ ਹੁੰਦੀ ਹੈ। ਉਹ ਮੰਨਦੀ ਹੈ ਕਿ ਅਜੋਕੀ ਨਾਰੀ ਅਬਲਾ ਨਹੀਂ ਹੈ ਪਰ ਤਾਂ ਵੀ ਇਸ ਸੱਚ ਨੂੰ ਪ੍ਰਵਾਨ ਕਰਦੀ ਹੈ ਕਿ ਅਜੇ ਵੀ ਨਾਰੀ ਤੀਹਰੀ (ਪਿਤਾ, ਪਤੀ, ਪੁੱਤਰ) ਗੁਲਾਮੀ ਸਹਿਣ ਕਰਦੀ ਹੈ। ਉਹ ਨਾਰੀ ਨੂੰ ਆਪਣੀ ਹੋਂਦ ਬੁਲੰਦ ਕਰਨ ਲਈ ਪ੍ਰੇਰਿਤ ਕਰਦੀ ਹੈ। ਉਸ ਦੇ ਕਾਵਿ ਦਾ ਦ੍ਰਿਸ਼-ਚਿਤਰਨ ਕਮਾਲ ਹੈ। ਮਸਲਨ : ਨਿੱਕੇ ਬਾਲ ਦਾ ਰੇਤੇ ਵਿਚ ਘਰ ਬਣਾਉਣਾ, ਬਾਲੜੀ ਦਾ ਗੁੱਡੀ ਨਾਲ ਖੇਡਣਾ (ਸਪਨ ਸਿਰਜਣਾ), ਭੇਡਾਂ ਚਾਰਨ ਵਾਲਾ ਬੰਦਾ, ਕਿਸਾਨ ਦੇ ਰੋਜ਼ਾਨਾ ਕੰਮ ਧੰਦੇ, ਪਿੰਡ, ਸਾਵਣ-ਮਾਂਹ ਦੇ ਨਜ਼ਾਰੇ ਅਤੇ ਕਸ਼ਮੀਰ ਦੀ ਸੁੰਦਰਤਾ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ। ਕਸ਼ਮੀਰ ਦਾ ਖੂਬਸੂਰਤ ਦ੍ਰਿਸ਼ ਵੇਖੋ :
ਚਿਨਾਰ ਤੇ ਦੇਵਦਾਰ ਦੇ ਬਿਰਖ
ਰਲ ਮਿਲ ਸੰਵਾਦ ਰਚਾਵਣ
...ਜ਼ਿਹਲਮ ਦੀਆਂ ਲਹਿਰਾਂ
ਵੈਰੀ ਨਾਗ ਬਣ ਜਾਵਣ
ਚਸ਼ਮੇ ਤੇ ਝੀਲਾਂ
ਵਿਚ ਇਹਦੇ ਸਮਾਉਣ ਲਈ....
(ਪੰਨਾ 121)
ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਦਾ ਦ੍ਰਿਸ਼ ਵੇਖੋ:
ਹਰ ਪਾਸੇ ਸੰਨਾਟਾ ਪਸਰਿਆ
ਲੋਕਾਂ ਦਾ ਕਾਫ਼ਲਾ ਨੱਸਿਆ
ਕੀ ਹੋਇਆ ਖ਼ਾਮੋਸ਼ੀ ਕਿਉਂ ਹੈ
ਆਲਮ 'ਚ ਏਨੀ ਦਹਿਸ਼ਤ ਕਿਉਂ ਹੈ।
(ਪੰ. 58)
ਅਨੇਕਾਂ ਕਵਿਤਾਵਾਂ 'ਚ ਬਿਰਹਾ ਵਰਨਣ ਸਮੋਇਆ ਹੈ। ਕੁੱਲ ਮਿਲਾ ਕੇ ਇਹ ਅਤਿ ਖ਼ੂਬਸੂਰਤ 'ਵਾਕੰਸ਼ੀ-ਕਾਵਿ' ਹੈ। ਇਹ ਪਲੇਠਾ ਕਾਵਿ ਸੰਗ੍ਰਹਿ ਡਾ. ਸਨੋਬਰ ਦੀ ਕਲਮ ਦੇ ਇਕ ਦਿਨ ਸਿਖ਼ਰਾਂ ਛੋਹਣ ਦੀ ਭਵਿੱਖਬਾਣੀ ਕਰਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਆਓ ਵਧੀਆ ਪੰਜਾਬੀ ਲਿਖੀਏ

ਲੇਖਕ : ਸੁਰਜੀਤ ਖੁਰਸ਼ੀਦੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 70 ਰੁਪਏ, ਸਫ਼ੇ : 40
ਸੰਪਰਕ : 95016-60416.


ਹਥਲੀ ਪੁਸਤਕ 'ਆਓ ਵਧੀਆ ਪੰਜਾਬੀ ਲਿਖੀਏ' ਸੁਰਜੀਤ ਖੁਰਸ਼ੀਦੀ ਨੇ ਇਹ ਪੁਸਤਕ ਲਿਖ ਕੇ ਬਾਕੀ ਲੇਖਕਾਂ ਨਾਲੋਂ ਬਿਲਕੁਲ ਨਿਵੇਕਲਾ ਕਾਰਜ ਕਰ ਵਿਖਾਇਆ ਹੈ, ਜਿਸ ਦੀ ਅੱਜ ਦੇ ਸਮੇਂ ਦੀ ਵੱਡੀ ਮੰਗ ਅਤੇ ਲੋੜ ਸੀ। ਇਹ ਸੱਚ ਹੈ ਕਿ ਅਸੀਂ ਪੰਜਾਬੀ ਹੁੰਦੇ ਹੋਏ ਵੀ ਬਹੁਤ ਵਾਰੀ ਪੰਜਾਬੀ ਗ਼ਲਤ ਲਿਖੀ ਜਾਂਦੇ ਹਾਂ। ਇਨ੍ਹਾਂ ਨੇ ਇਸ ਪੁਸਤਕ ਵਿਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਛੋਟੇ-ਛੋਟੇ, ਪਿਆਰੇ- ਪਿਆਰੇ, ਸੁੰਦਰ ਅਤੇ ਸਰਲ ਵਾਕ ਸ਼ੁੱਧ ਪੰਜਾਬੀ ਵਿਚ ਲਿਖੀਏ। ਉਦਾਹਰਨ ਵਜੋਂ ਲਿਖ ਕੇ ਵੀ ਦੱਸੇ ਹਨ ਜਿਵੇਂ ਅਸੀਂ ਲਿਖਦੇ ਹਾਂ 'ਤੂੰ ਘਰੋਂ ਕੱਲ੍ਹ ਕੀ ਗਈ ਕਿ ਘਰ ਦੀ ਰੌਣਕ ਹੀ ਚਲੀ ਗਈ'। ਵਾਕ ਦਾ ਅਰਥ ਸੰਚਾਰ ਸਪੱਸ਼ਟ ਹੈ ਪਰ ਬਿਆਨ ਦੀ ਖੁਬਸੂਰਤੀ ਕਿੱਥੇ ਹੈ ਇਹ ਇੰਝ ਵੀ ਲਿਖ ਸਕਦੇ ਸਾਂ: 'ਘਰ ਦੀ ਰੌਣਕ ਤੇਰੇ ਨਾਲ ਹੀ ਚਲੀ ਗਈ' ਅਸੀਂ ਕੁਝ ਸ਼ਬਦ ਬੇਲੋੜੇ ਵਰਤ ਲੈਂਦੇ ਹਾਂ। ਜਿਵੇਂ: 'ਸੁਖਜੀਤ ਗਿਆ ਤਾਂ ਹੈ ਪਰ ਦੇਖੋ ਕੀ ਬਣਦਾ ਹੈ'। ਇਸ ਨੂੰ ਬੇਲੋੜੇ 'ਪਰ' ਤੋਂ ਬਿਨਾਂ ਵੀ ਲਿਖਿਆ ਜਾ ਸਕਦਾ ਸੀ ਜਿਵੇਂ:-'ਸੁਖਜੀਤ ਗਿਆ ਤਾਂ ਹੈ, ਦੇਖੋ ਕੀ ਬਣਦਾ ਹੈ'। ਇਕ ਇਨ੍ਹਾਂ ਨੇ 'ਲੱਲੇ' ਪੈਰ ਬਿੰਦੀ ਲਾਉਣ ਬਾਰੇ ਵੀ ਦੱਸਿਆ ਹੈ ਕਿ ਜਿਹੜੀ ਕਿ ਅਕਸਰ ਹੀ ਆਪਣੇ ਆਪ ਨੂੰ ਵੱਡੇ ਵਿਦਵਾਨ ਅਖਵਾਉਣ ਵਾਲੇ ਵੀ ਅਕਸਰ ਕੁਤਾਹੀ ਕਰ ਜਾਂਦੇ ਹਨ। ਇਨ੍ਹਾਂ ਨੇ ਸ਼ਾਨਦਾਰ ਉਦਾਹਰਨਾਂ ਦੇ ਕੇ 'ਲੱਲੇ' ਪੈਰ ਬਿੰਦੀ ਦਾ ਮਹੱਤਵ ਬਹੁਤ ਹੀ ਸੁੰਦਰ ਢੰਗ ਨਾਲ ਦੱਸਿਆ ਹੈ ਜਿਵੇਂ: 'ਲਾਲ' ਇਕ ਰੰਗ ਦਾ ਨਾਂਅ ਹੈ। 'ਲਾਲ਼' ਮੂੰਹ 'ਚੋਂ ਡਿਗਣ ਵਾਲੀ ਤਰਲ ਧਾਰ ਹੈ, ਇਸੇ ਤਰ੍ਹਾਂ 'ਖੱਲ' ਚਮੜੀ ਹੈ 'ਖਲ਼' ਪਸ਼ੂਆਂ ਦੀ ਖੁਰਾਕ ਹੈ ਇਵੇਂ ਹੀ 'ਜਲ' ਪਾਣੀ ਹੈ 'ਜਲ਼' ਸੜਨਾ ਹੈ ਇਵੇਂ ਹੀ 'ਗੱਲ' ਗੱਲ ਬਾਤ ਹੈ 'ਗਲ਼' ਗਲਣਾ ਹੁੰਦਾ ਹੈ। ਸੁਰਜੀਤ ਖੁਰਸ਼ੀਦੀ ਨੂੰ ਇਕੋ ਸਮੇਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਵਿਸ਼ਾਲ ਗਿਆਨ ਹੈ। ਇਹ ਪੁਸਤਕ ਬਾਲਾਂ ਲਈ ਹੀ ਨਹੀਂ ਇਹ ਹਰ ਲੇਖਕ ਲਈ ਵੀ ਪੜ੍ਹਨੀ ਜ਼ਰੂਰੀ ਹੈ ਖ਼ਾਸ ਕਰਕੇ ਨਵੇਂ ਲੇਖਕ ਇਸ ਪੁਸਤਕ ਤੋਂ ਬਹੁਤ ਜ਼ਿਆਦਾ ਲਾਹਾ ਲੈ ਸਕਦੇ ਹਨ। ਸੁਰਜੀਤ ਖੁਰਸ਼ੀਦੀ ਦੀ ਇਸ ਨਿਵੇਕਲੀ ਪੁਸਤਕ ਦੀ ਮੈਂ ਭਰਪੂਰ ਪ੍ਰਸੰਸਾ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


ਧੁੱਪਾਂ ਤੇ ਛਤਰੀਆਂ

ਲੇਖਿਕਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਲਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128 ਰੁਪਏ
ਸੰਪਰਕ : 98782-49641.


ਚਰਚਾ ਅਧੀਨ ਪੁਸਤਕ ਲੇਖਿਕਾ ਦੀ 32 ਅਲੱਗ-ਅਲੱਗ ਭਾਗਾਂ ਵਿਚ ਲਿਖੀ ਸਵੈ-ਜੀਵਨੀ ਹੈ। ਲੇਖਿਕਾ ਸਪੱਸ਼ਟ ਕਰਦੀ ਹੈ ਕਿ ਪਰਮਾਤਮਾ ਨੇ ਕੜਕਦੀ ਧੁੱਪ ਦਾ ਸਫ਼ਰ ਉਸ ਦੇ ਮੁਕੱਦਰ ਵਿਚ ਤਾਂ ਲਿਖ ਦਿੱਤਾ ਸੀ, ਪਰ ਧੁੱਪ ਤੋਂ ਬਚਣ ਲਈ ਉਸ ਨੇ ਕਿੰਨੀਆਂ ਹੀ ਛੋਟੀਆਂ ਵੱਡੀਆਂ ਛਤਰੀਆਂ ਵੀ ਉਸ ਨੂੰ ਦੇ ਦਿੱਤੀਆਂ ਸਨ। ਉਸ ਦੇ ਸਵੈ ਦੀ ਕਹਾਣੀ ਖੇਡਣ ਦੇ ਵਿਹੜੇ ਤੋਂ ਤੁਰਦੀ ਹੈ। ਤਰਨ ਤਾਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ ਤੇ ਸ਼ਹਿਰ ਤੋਂ ਦੋ ਕੁ ਕਿੱਲੋਮੀਟਰ ਬਾਹਰ ਵੱਲ ਬਿਜਲੀ ਘਰ ਦੇ ਸਾਹਮਣੇ ਚਾਰ ਵੱਡੀਆਂ ਕੋਠੀਆਂ ਵਿਚੋਂ ਇਕ ਕੋਠੀ ਉਸ ਦੇ ਪਿਤਾ ਦੀ ਸੀ। ਬਗ਼ੀਚਿਆਂ ਵਾਲੇ ਵਿਹੜੇ ਦੀਆਂ ਉਸ ਕੋਲ ਕਿੰਨੀਆਂ ਹੀ ਅਭੁੱਲ ਯਾਦਾਂ ਹਨ। ਉਸ ਦੇ ਸਾਹਸ ਅਤੇ ਹਿੰਮਤ ਦਾ ਸੰਕੇਤ ਉਦੋਂ ਹੀ ਮਿਲ ਗਿਆ ਸੀ ਜਦੋਂ ਉਹ ਤਰਨ ਤਾਰਨ ਦਰਬਾਰ ਸਾਹਿਬ ਤੋਂ ਪੈਦਲ ਤੁਰ ਕੇ ਘਰ ਪਹੁੰਚ ਗਈ ਸੀ। ਉਸ ਦਾ ਬਚਪਨ ਦਿਲਚਸਪ ਸ਼ਰਾਰਤਾਂ ਅਤੇ ਭੋਲੇਪਣ ਨਾਲ ਭਰਿਆ ਹੋਇਆ ਹੈ। ਸਖ਼ਤ ਸੁਭਾਅ ਦੇ ਪਤੀ ਨਾਲ ਉਸ ਨੇ ਸਾਰਾ ਜੀਵਨ ਬਿਤਾਇਆ। ਉਸ ਦੀ ਇਕ ਮਜਬੂਰੀ ਇਹ ਵੀ ਰਹੀ ਕਿ ਉਸ ਨੂੰ ਸਕੂਟਰ ਜਾਂ ਕਾਰ ਨਹੀਂ ਸੀ ਚਲਾਉਣੀ ਆਉਂਦੀ। ਉਸ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਰਿਕਸ਼ੇ, ਟੈਂਪੂਆਂ ਤੇ ਸਫ਼ਰ ਕਰਕੇ ਮੁਲਾਕਾਤਾਂ ਦੀ ਪੁਸਤਕ 'ਚੰਡੀਗੜ੍ਹ ਦੇ ਬੇਸ਼ ਕੀਮਤੀ ਹੀਰੇ' ਪੰਜਾਬੀ ਸਾਹਿਤ ਦੀ ਝੋਲੀ ਪਾਈ। ਵਿਆਹੁਤਾ ਜੀਵਨ ਵਿਚ ਉਸ ਨਾਲ ਹੋਈਆਂ ਵਧੀਕੀਆਂ ਨੂੰ ਉਸ ਦਾ ਸਿਆਣਪ ਨਾਲ ਸਹਿਣ ਕਰਨਾ ਉਸ ਦੇ ਸੰਸਕਾਰੀ ਸੁਭਾਅ ਦੀ ਗਵਾਹੀ ਭਰਦਾ ਹੈ। ਗੱਡੀ ਚੜ੍ਹਦੇ ਬੀ.ਈ.ਓ. ਕੋਲੋਂ ਉਸ ਦੇ ਪਤੀ ਦਾ ਬਾਂਹ ਫੜ ਕੇ ਛੁੱਟੀ 'ਤੇ ਦਸਤਖ਼ਤ ਕਰਾਉਣਾ ਬੜਾ ਦਿਲਚਸਪ ਕਿੱਸਾ ਹੈ। 'ਵਸਣਾ ਫ਼ੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ' ਅਤੇ 'ਕੰਧ 'ਤੇ ਟੰਗਿਆ ਝੂਠ' ਉਸ ਦੇ ਵਿਆਹੁਤਾ ਜੀਵਨ ਦੀ ਹਕੀਕਤ 'ਤੇ ਅੰਤਰ ਝਾਤ ਪੁਆਉਂਦੇ ਹਨ।
ਉਸ ਦੀ ਜ਼ਿੰਦਗੀ ਉਦੋਂ ਬੜਾ ਖ਼ਤਰਨਾਕ ਮੋੜ ਕੱਟ ਗਈ, ਜਦੋਂ ਉਸ ਦੇ ਭਰ ਜੁਆਨ ਪੁੱਤਰ ਦਾ ਸਿਰ ਇਕ ਮਨਹੂਸ ਰਾਤ ਨੂੰ ਗੱਡੀ ਥੱਲੇ ਆ ਗਿਆ ਸੀ। ਉਸ ਦੀ ਰੀੜ੍ਹ ਦੀ ਹੱਡੀ ਜ਼ਖ਼ਮੀ ਹੋ ਗਈ ਸੀ, 482 ਦਿਨਾਂ ਦਾ ਦਰਦ ਲੇਖਿਕਾ ਦੇ ਪੁੱਤਰ ਦੇ ਇਲਾਜ ਕਰਾਉਣ ਤੋਂ ਲੈ ਕੇ ਉਸ ਦੇ ਵਿਛੜ ਜਾਣ ਤੱਕ ਦੇ ਸੰਘਰਸ਼ ਦੀ ਕਹਾਣੀ ਹੈ। ਇਸ ਜੱਦੋ-ਜਹਿਦ ਦੌਰਾਨ ਲੇਖਿਕਾ ਦੇ ਕਰੀਬੀ ਰਵੀ ਗੌਤਮ, ਪਵਨ ਅਰੋੜਾ, ਪਰਮਿੰਦਰ ਤੇ ਕੰਵਲ, ਜਗਦੀਸ਼ ਤੇ ਨਿਰਮਲ ਸਿੰਘ, ਮਨਜੀਤ ਤੇ ਓਮ ਪ੍ਰਕਾਸ਼ ਚਾਵਲਾ ਉਸ ਦੇ ਮਦਦਗਾਰ ਬਣੇ। ਰੀਟਾ ਭਾਗਲਪੁਰ ਅਤੇ ਮਿਅੰਕ ਸ੍ਰੀਵਾਸਤਵ ਦੀ ਮੁਲਾਕਾਤ ਯਾਦਗਾਰੀ ਬਣ ਗਈ ਸੀ। ਪੁੱਤਰ ਦੀ ਮੌਤ ਪਿੱਛੋਂ ਆਰਥਿਕ ਦੁਸ਼ਵਾਰੀਆਂ, ਮਕਾਨ ਦਾ ਕਰਜ਼ਾ ਆਦਿ ਦੀਆਂ ਦੇਣਦਾਰੀਆਂ ਨੂੰ ਉਸ ਨੇ ਹਿੰਮਤ ਨਾਲ ਸਿਰੇ ਚੜ੍ਹਾਇਆ ਸੀ। ਬੇਟੇ ਦੇ ਫੋਨ ਗੁੰਮਣ ਤੋਂ ਮੁੜ ਖ਼ਰੀਦਣ ਅਤੇ ਸਕਰੀਨ ਬਦਲਵਾਉਣ ਤੱਕ ਉਸ ਦੀ ਮਮਤਾ ਦਾ ਕੋਈ ਜਵਾਬ ਨਹੀਂ। ਸੀ.ਬੀ.ਐਸ.ਈ. ਤੋਂ ਬੇਟੇ ਦੇ ਗ਼ਲਤ ਐਲਾਨੇ ਨਤੀਜੇ ਨੂੰ ਸੋਧ ਕਰਾ ਕੇ ਉਸੇ ਦਿਨ ਲੈ ਕੇ ਆਉਣਾ ਕੋਈ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੇ ਮਨ ਦੀਆਂ ਨੁੱਕਰਾਂ ਵਿਚ ਦੱਬੇ ਪਏ ਸੁਪਨੇ ਜਿਵੇਂ ਤਲਬ ਇਕ ਕਮਰੇ ਦੀ, 'ਲੰਘ ਗਈ ਪੈੜ ਦੱਬ ਕੇ' ਜੇਹੇ ਬੋਲਾਂ ਵਿਚ ਸਕੂਨ, ਮਨੋ ਮਨ ਬਣੇ ਇਕਪਾਸੜ ਰਿਸ਼ਤੇ, ਉਸ ਦੀ ਵਿਲੱਖਣਤਾ ਦੀ ਬਾਤ ਪਾਉਂਦੇ ਹਨ। ਘਰ ਦੇ ਇਕ ਇਕ ਜੀਅ ਦਾ ਤੁਆਰਫ਼ ਕਰਵਾ ਕੇ ਉਸ ਨੇ ਸਵੈ-ਜੀਵਨੀ ਨੂੰ ਜੜ੍ਹਾਂ ਤੋਂ ਲੈ ਕੇ, ਟਾਹਣੀਆਂ, ਪੱਤਿਆਂ, ਫੁੱਲ, ਫਲ਼ਾਂ ਨੂੰ ਮਾਨਤਾ ਦੇ ਕੇ ਸਵੈ-ਜੀਵਨੀ ਨੂੰ ਪਰਿਵਾਰ ਨਾਲ ਜੋੜਨ ਅਤੇ ਸੰਪੂਰਨਤਾ ਵੱਲ ਲੈ ਕੇ ਜਾਣ ਵੱਲ ਇਕ ਸਾਰਥਕ ਕਦਮ ਉਠਾਇਆ ਹੈ। ਮੈਂ ਨਿੱਜੀ ਤੌਰ 'ਤੇ ਉਸ ਦੇ ਸਿਦਕ ਨੂੰ ਸਲਾਮ ਕਹਿੰਦਾ ਹਾਂ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਦ ਡਾਇਰੀ ਆਫ਼ ਏ ਯੰਗ ਗਰਲ
ਮੂਲ : ਐਨੀ ਫ਼ਰੈਂਕ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੁੱਲ : 250 ਰੁਪਏ, ਸਫ਼ੇ : 312
ਸੰਪਰਕ : 99151-29747.


ਪੰਜਾਬੀ ਵਿਚ ਅਨੁਵਾਦਿਤ ਸਾਹਿਤ ਦਾ ਵਿਸ਼ੇਸ਼ ਮਹੱਤਵ ਹੈ। ਇਸ ਮਾਧਿਅਮ ਦੁਆਰਾ ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਇਕ ਦੂਜੇ ਦੇ ਸਾਹਿਤਕ, ਭਾਸ਼ਾਈ, ਰਾਜਨੀਤਕ, ਸਮਾਜਿਕ, ਸੱਭਿਆਚਾਰਕ ਅਤੇ ਭੂਗੋਲਿਕ ਮਸਲਿਆਂ ਨੂੰ ਸਮਝਣ ਦਾ ਅਵਸਰ ਮਿਲਦਾ ਰਹਿੰਦਾ ਹੈ। ਇਸ ਸੰਦਰਭ ਵਿਚ ਹੁਣੇ-ਹੁਣੇ ਅਨੁਵਾਦਿਤ ਰੂਪ ਵਿਚ ਸਾਹਮਣੇ ਆਈ ਪੁਸਤਕ ਦ ਡਾਇਰੀ ਆਫ਼ ਏ ਯੰਗ ਗਰਲ' ਜ਼ਿਕਰਯੋਗ ਹੈ ਜਿਸ ਨੂੰ ਮੂਲ ਰੂਪ ਵਿਚ ਐਨੀ ਫ਼ਰੈਂਕ ਨੇ ਲਿਖਿਆ ਹੈ ਅਤੇ ਪੰਜਾਬੀ ਵਿਚ ਸੁਖਪਾਲ ਸਿੰਘ ਹੁੰਦਲ ਨੇ ਅਨੁਵਾਦ ਕੀਤਾ ਹੈ।
ਨੀਦਰਲੈਂਡ ਦੀ ਤੇਰਾਂ ਚੌਦਾਂ ਵਰ੍ਹਿਆਂ ਦੀ ਇਕ ਯਹੂਦੀ ਲੜਕੀ ਨੂੰ ਜਨਮ ਦਿਨ 'ਤੇ ਮਿਲੀ ਡਾਇਰੀ ਸਮਾਜ ਲਈ ਇਤਿਹਾਸਕ ਅਤੇ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜਦੀ ਹੈ। ਲੇਖਿਕਾ ਆਪਣੀ ਇਸ ਡਾਇਰੀ ਦਾ ਆਰੰਭ 12 ਜੂਨ, 1942 ਤੋਂ ਕਰਦੀ ਹੈ ਅਤੇ 1 ਅਗਸਤ, 1944 ਨੂੰ ਇਸ ਨੂੰ ਅੰਜਾਮ ਦਿੰਦੀ ਹੈ। ਇਸ ਡਾਇਰੀ ਦੇ ਆਰੰਭਿਕ ਪੜਾਅ ਵਿਚ ਲੇਖਿਕਾ ਆਪਣੇ ਜਨਮ ਦਿਨ ਅਤੇ ਜਨਮ ਦਿਨ 'ਤੇ ਮਿਲੇ ਵੰਨ-ਸੁਵੰਨੇ ਤੋਹਫ਼ਿਆਂ ਦੇ ਨਾਲ-ਨਾਲ ਆਪਣੇ ਸਹਿਪਾਠੀਆਂ ਅਤੇ ਪ੍ਰਸੰਸਕਾਂ ਦੇ ਵਿਵਹਾਰ ਬਾਰੇ ਤਫ਼ਸੀਲ ਨਾਲ ਚਰਚਾ ਕਰਦੀ ਹੈ। ਉਪਰੰਤ ਉਹ ਉਨ੍ਹਾਂ ਜਟਿਲ ਪ੍ਰਸਥਿਤੀਆਂ ਅਤੇ ਤਨ 'ਤੇ ਹੰਢਾਏ ਅਨੁਭਵਾਂ ਬਾਰੇ ਖੋਲ੍ਹ ਕੇ ਦੱਸਦੀ ਹੈ। ਯੂਰਪ ਮਹਾਂਦੀਪ ਵਿਚ ਜਦੋਂ ਐਡੋਲਫ਼ ਹਿਟਲਰ ਯਹੂਦੀਆਂ ਵਿਰੁੱਧ ਆਰੰਭੇ ਹਮਲਾਵਰ ਅਭਿਆਨ ਦੌਰਾਨ ਜਰਮਨੀ ਨੀਦਰਲੈਂਡ ਵਿਚ ਪ੍ਰਵੇਸ਼ ਕਰਦਾ ਹੈ ਤਾਂ ਕਿਸ਼ੋਰ ਅਵਸਥਾ ਵਿਚ ਦਾਖ਼ਲ ਹੋਣ ਵਾਲੀ ਇਹ ਯਹੂਦੀ ਲੜਕੀ, ਇਕ ਲੱਕੜ ਦੀ ਅਲਮਾਰੀ ਪਿੱਛੇ ਛਿਪੇ ਹੋਏ ਇਕ ਸੀਲਬੰਦ ਕਮਰੇ ਵਿਚ ਅਗਿਆਤ ਸਥਾਨ 'ਤੇ ਚਲੀ ਜਾਂਦੀ ਹੈ ਜਿਸ ਨੂੰ ਜਰਮਨ ਫ਼ੌਜੀ ਇਕ ਅਜਿਹੇ ਤਸੀਹਾ ਕੇਂਦਰ ਵਿਚ ਭੇਜ ਦਿੰਦੇ ਹਨ ਜਿੱਥੇ ਅੰਤਾਂ ਦੀ ਠੰਢ ਨਾਲ ਜੁੜ ਕੇ ਇਸ ਬਾਲੜੀ ਦੀ ਜੀਵਨ ਲੀਲ੍ਹਾ ਸਮਾਪਤ ਹੋ ਜਾਂਦੀ ਹੈ। ਆਪਣੇ ਗੁਪਤਵਾਸ ਦੇ ਇਨ੍ਹਾਂ ਦੋ ਸਾਲਾਂ ਦੌਰਾਨ ਐਨੀ ਫ਼ਰੈਂਕ ਦੂਜੇ ਵਿਸ਼ਵ ਯੁੱਧ ਨੂੰ ਸਮਝਣ ਲਈ ਡਾਇਰੀ ਦੇ ਰੂਪ ਵਿਚ ਅਜਿਹਾ ਪ੍ਰਮਾਣਿਕ ਦਸਤਾਵੇਜ਼ ਛੱਡ ਜਾਂਦੀ ਹੈ ਜਿਸ ਨਾਲ ਤਤਕਾਲੀ ਰਾਜਨੀਤਕ, ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਪ੍ਰਸਥਿਤੀਆਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ।
ਇਸ ਪ੍ਰਕਾਰ ਇਹ ਡਾਇਰੀ ਲੇਖਿਕਾ ਵਲੋਂ ਬਹੁਤ ਨੇੜਿਉਂ ਤੱਕੇ ਹਾਲਾਤ ਦੀ ਇਤਿਹਾਸਕ ਤਸਵੀਰ ਸਿੱਧ ਹੁੰਦੀ ਹੈ। ਜੇਕਰ ਇਹ ਹਕੀਕਤ ਸਾਹਮਣੇ ਨਾ ਆਉਂਦੀ ਤਾਂ ਪਤਾ ਨਹੀਂ ਅੱਤਿਆਚਾਰ ਦੇ ਸ਼ਿਕਾਰ ਕਿੰਨੇ ਹੀ ਲੋਕ ਗੁੰਮਨਾਮੀ ਦੀ ਦਲਦਲ ਵਿਚ ਸਦੀਵੀ ਤੌਰ 'ਤੇ ਧਸ ਕੇ ਰਹਿ ਜਾਂਦੇ।
ਅਨੁਵਾਦਕ ਨੇ ਵਾਸਤਵਿਕਤਾ ਦੇ ਨੇੜੇ ਰਹਿ ਕੇ ਸੋਹਣੇ ਢੰਗ ਨਾਲ ਐਨੀ ਫ਼ਰੈਂਕ ਦੀਆਂ ਭਾਵਨਾਵਾਂ ਨੂੰ ਪਾਠਕ ਵਰਗ ਤੱਕ ਪਹੁੰਚਾਉਣ ਦਾ ਸਾਰਥਕ ਉੱਦਮ ਕੀਤਾ ਹੈ। ਇਸ ਪੁਸਤਕ ਦੀ ਛਪਾਈ ਬਹੁਤ ਸੁੰਦਰ ਹੈ ਅਤੇ ਗੈਟਅੱਪ ਪਾਠਕਾਂ ਨੂੰ ਪਹਿਲੀ ਨਜ਼ਰੇ ਹੀ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ।
ਪੰਜਾਬੀ ਅਨੁਵਾਦ ਸਾਹਿਤ ਵਿਚ ਇਹ ਪੁਸਤਕ ਇਕ ਮਿਆਰੀ ਪ੍ਰਾਪਤੀ ਹੈ।


ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703


ਸਚੁ ਸੁਣਾਇਸੀ
ਲੇਖਕ : ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
ਪ੍ਰਕਾਸ਼ਕ : ਕੁਕਨੁਸ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98721-65741.


'ਕਾਨੂੰਨੀ ਨੁਕਤੇ ਤੇ ਆਮ ਆਦਮੀ' ਪੁਸਤਕ ਤੋਂ ਬਾਅਦ 'ਸਚੁ ਸੁਣਾਇਸੀ' ਸ੍ਰੀ ਸ਼ੁਗਲੀ ਦੀ ਦੂਜੀ ਪੁਸਤਕ ਹੈ, ਜਿਸ ਵਿਚ 40 ਮਘਦੇ ਵਿਸ਼ਿਆਂ 'ਤੇ ਲੇਖਕ ਨੇ ਬੜੀ ਦਲੇਰੀ ਤੇ ਚਿੰਤਕ-ਦ੍ਰਿਸ਼ਟੀ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਐਡਵੋਕੇਟ ਕਿੱਤੇ ਨਾਲ ਸੰਬੰਧਿਤ ਹੋਣ ਕਾਰਨ ਲੇਖਕ ਦੀ ਅੰਤਰ-ਬੁੱਧ ਅਤੇ ਜੇਰਾ ਬਹੁਤ ਸਪੱਸ਼ਟ ਸ਼ੈਲੀ ਵਿਚ ਝਲਕਦਾ ਹੈ। ਬਾਬਾ ਨਾਨਕ ਦੇ ਬਾਣੀ ਕਥਨ ਨੂੰ ਯਾਦ ਕਰਾਉਂਦੀ : 'ਸਚੁ ਸੁਣਾਇਸੀ ਸਚੁ ਕੀ ਬੇਲਾ॥' ਸਮਕਾਲ ਬਾਰੇ ਫ਼ਿਕਰਮੰਦੀ ਦਾ ਪ੍ਰਗਟਾਵਾ ਹੈ। ਲੇਖਕ ਦੇ ਸੱਚੇ-ਸੁੱਚੇ ਕਰਤਵ ਪਾਲਣ ਲਈ, ਇਹ ਲਿਖਤ ਹੋਕਾ ਦੇਣ ਦਾ ਕਾਰਜ ਵੀ ਕਰਦੀ ਹੈ। ਪੰਜਾਬ ਦੇ ਹਰ ਖੇਤਰ ਵਿਚ ਅਧੋਗਤੀ ਦੀ ਹਾਲਤ 'ਤੇ ਉਂਗਲ ਧਰਦੀ ਇਹ ਰਚਨਾ ਸੁਚਾਰੂ ਢੰਗ ਨਾਲ ਕੁਝ ਉਪਾਅ ਅਤੇ ਇਲਾਜ ਲਈ ਵੀ ਸੰਦੇਸ਼ ਦਿੰਦੀ ਹੈ। ਜਤਿੰਦਰ ਪੰਨੂੰ ਇਸ ਪੁਸਤਕ ਬਾਰੇ ਦੋ ਸ਼ਬਦ ਲਿਖਦਿਆਂ ਕਹਿੰਦਾ ਹੈ : 'ਇਸ ਕਿਤਾਬ ਵਿਚਲੇ ਲੇਖ ਸਮੇਂ ਦੀ ਤੋਰ ਦੇ ਨਾਲ-ਨਾਲ ਲਿਖੇ ਹੋਣ ਕਾਰਨ ਇਕ ਤਰ੍ਹਾਂ ਦਾ ਇਕ ਦੌਰ ਦਾ ਚੇਤਾ ਰੱਖਣ ਲਈ ਦਸਤਾਵੇਜ਼ ਦਾ ਕੰਮ ਕਰ ਸਕਦੇ ਹਨ।' ਮਿਤੀਬੱਧ ਲਿਖੇ ਲੇਖ 3 ਜਨਵਰੀ, 2016 ਤੋਂ ਪ੍ਰਾਰੰਭ 5 ਅਪ੍ਰੈਲ, 2019 ਦੇ ਸਮੇਂ ਨੂੰ ਨਿਰੂਪਣ ਕਰਦੇ ਹਨ। ਇਨ੍ਹਾਂ ਲੇਖਾਂ ਵਿਚਲੀ ਰਾਜਨੀਤਕ ਚੇਤਨਾ, ਨਿਰਪੱਖ ਬਿਆਨਬਾਜ਼ੀ, ਕਾਨੂੰਨੀ ਨਜ਼ਰੀਆ ਅਤੇ ਉਸਾਰੂ ਤੇ ਸੁਚਾਰੂ ਦ੍ਰਿਸ਼ਟੀ ਪਾਠਕ ਨੂੰ ਟੁੰਬਦੀ ਹੈ। ਪੁਸਤਕ 'ਚ ਸ਼ਾਮਿਲ ਲੇਖਾਂ 'ਚੋਂ ਟਿੱਪਣੀਆਂ 'ਤੇ ਝਾਤ ਮਾਰਨੀ ਚੰਗੀ ਰਹੇਗੀ। ਰਾਜਨੀਤਕ ਪਾਰਟੀਆਂ ਜੋੜ ਮੇਲਿਆਂ 'ਤੇ ਕੀਤੇ ਇਕੱਠ ਠਾਠਾਂ ਮਾਰਦਾ ਇਕੱਠ ਵਾਲੀ ਸੁਰਖੀ ਤਾਂ ਬਣਾ ਸਕਦੇ ਹਨ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸਹੀ ਭਲਾ ਨਹੀਂ ਕਰ ਸਕਦੇ। ਜਾਤ ਦੇ ਮੁੱਦੇ ਨੇ ਬਹੁਤ ਵਾਰ ਸਰਕਾਰਾਂ ਬਣਾਉਣ ਤੇ ਤੁੜਵਾਉਣ ਦਾ ਕੰਮ ਕੀਤਾ ਹੈ। ਭਾਰਤ 'ਚ ਗਊ ਦੇ ਮੁੱਦੇ 'ਤੇ ਜਿਹੜੀ ਰਾਜਨੀਤੀ ਹੋ ਰਹੀ ਹੈ, ਮੰਦਭਾਗੀ ਹੈ। ਗਰੁੱਪ ਬਣਾ ਕੇ ਅਵਾਰਾ ਕੁੱਤੇ ਦਹਿਸ਼ਤ ਫੈਲਾਉਂਦੇ ਫਿਰਦੇ ਹਨ। ਪਾਣੀ ਬਿਨਾਂ ਜੀਵਨ ਸੰਭਵ ਨਹੀਂ ਪਰ ਇਸ ਬਿਨਾਂ ਪੰਜਾਬ ਦੀ ਰਾਜਨੀਤੀ ਵੀ ਸੰਭਵ ਨਹੀਂ। ਜੁੱਤੀ ਦੇ ਜਰਨੈਲ, ਰਾਵਣਾਂ ਦੀ ਰਾਵਣ ਨਾਲ ਜੰਗ ਤੇ ਵਾਅਦਿਆਂ ਦੀ ਅਧੂਰੀ ਖੇਤੀ ਲੇਖ ਵਿਅੰਗਮਈ ਰਚਨਾ ਦਾ ਕਮਾਲ ਹਨ। 'ਲਾਸ਼ਾਂ ਦੀ ਰਾਜਨੀਤੀ' ਪੰਜਾਬ ਦੀ ਸਥਿਤੀ ਨੂੰ ਸ਼ਰਮਸਾਰ ਕਰਦੀ ਹੈ। ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਵਿਸ਼ੇ ਗ਼ੌਰ ਕਰਨ ਯੋਗ ਹਨ। ਪੰਜਾਬੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਬਚਾਉਣ ਲਈ ਲੇਖਕ ਨੇ ਉੱਚੀ ਆਵਾਜ਼ ਨਾਲ ਸੱਚ ਸੁਣਾਇਆ। ਪੰਜਾਬ ਦੀ ਹਰ ਰਾਜਸੀ ਪਾਰਟੀ ਦੀ ਕਾਰਜਸ਼ੈਲੀ 'ਤੇ ਲੇਖਕ ਨੇ ਤਨਜ਼ ਕੱਸਿਆ ਹੈ।


ਮਨਮੋਹਨ ਸਿੰਘ ਦਾਊਂ
ਮੋ: 98151-23900.


ਪੰਜਾਬ ਸਿਆਂ

ਲੇਖਕ : ਡਾ. ਦੀਪ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨ ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 98885-09978.


ਸ਼ਾਇਰ ਡਾ. ਦੀਪ ਆਪਣੇ ਪਲੇਠੇ ਕਾਵਿ-ਪਰਾਗ 'ਪੰਜਾਬ ਸਿਆਂ' ਰਾਹੀਂ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਭਾਵੇਂ ਅਮਰੀਕਾ ਵਿਚ ਰਹਿੰਦਾ ਹੈ ਪਰ ਫਿਰ ਵੀ ਉਸ ਦਾ ਦਿਲ ਪੰਜਾਬ ਲਈ ਧੜਕਦਾ ਰਹਿੰਦਾ ਹੈ ਤੇ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ 'ਤੇ ਖੁੁਰਦਬੀਨੀ ਤੇ ਪੜਚੋਲਵੀਂ ਅੱਖ ਰੱਖਦਾ ਹੈ। ਉਹ ਦੱਸਦਾ ਹੈ ਕਿ ਭਗਵੇਂ ਬ੍ਰਿਗੇਡ ਦੀ ਮੋਦੀ ਸਰਕਾਰ ਕਾਰਪੋਰੇਟਰਾਂ ਦੀ ਕਠਪੁਤਲੀ ਬਣ ਕੇ ਬਹੁਸੰਮਤੀ ਦੀ ਆੜ ਵਿਚ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅੱਖ ਰੱਖ ਕੇ ਉਨ੍ਹਾਂ ਦੇ ਹੀ ਖੇਤਾਂ ਵਿਚ ਕਿਸਾਨਾਂ ਨੂੰ ਮਜ਼ਦੂਰ ਤੇ ਘਸਿਆਰੇ ਬਣਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਕਿਸਾਨ ਅੰਦੋਲਨ ਦੌਰਾਨ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਹੌਸਲੇ ਦੀ ਦਾਦ ਦਿੰਦਿਆਂ ਦੱਸਦਾ ਹੈ ਕਿ ਕਿਵੇਂ ਕਕਰੀਲੀਆਂ ਯੱਖ ਠੰਢੀਆਂ ਰਾਤਾਂ ਵਿਚ ਵੀ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ। ਉਹ ਕਿਸਾਨਾਂ ਦੇ ਟਰੈਕਟਰਾਂ ਦੀ ਤੁਲਨਾ ਨੁਕਰੇ ਘੋੜਿਆਂ ਨਾਲ ਕਰਦਿਆਂ ਸਪੱਸ਼ਟ ਕਰਦਾ ਹੈ ਕਿ ਕਿਸਾਨਾਂ ਨੂੰ ਹੁਣ ਅਸਲੀ ਦੁਸ਼ਮਣ ਦੀ ਪਛਾਣ ਹੋ ਗਈ ਹੈ ਤੇ ਅੱਜ ਨਹੀਂ ਤਾਂ ਕੱਲ੍ਹ ਉਹ ਜੈਕਾਰੇ ਛੱਡਦੇ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਘਰਾਂ ਨੂੰ ਪਰਤਣਗੇ। ਉਹ ਅਗਾਊਂ ਜਾਗਰੂਕ ਕਰਦਾ ਹੈ ਕਿ ਕੁਝ ਪਿੰਜਰੇ ਦੇ ਤੋਤੇ ਸਰਕਾਰ ਦੀ ਬੋਲੀ ਬੋਲ ਰਹੇ ਹਨ ਤੇ ਉਨ੍ਹਾਂ ਦੀਆਂ ਜ਼ਮੀਰਾਂ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ। ਅੱਗੋਂ ਚੱਲ ਕੇ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਡੋਗਰਿਆਂ ਨੇ ਖੇਰੂੰ-ਖੇਰੂੰ ਕਰਕੇ ਲਹੂ ਦੀ ਹੋਲੀ ਖੇਡੀ ਸੀ ਤੇ ਅੱਜ ਵੀ ਨਵੀਂ ਕਿਸਮ ਦੇ ਡੋਗਰੇ ਅੰਦੋਲਨ ਵਿਚ ਘੁਸਪੈਠ ਕਰਕੇ ਅੰਦੋਲਨ ਨੂੰ ਢਾਹ ਲਾਉਣ ਦੀ ਤਾਕ ਵਿਚ ਹਨ ਤੇ ਇਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਉਹ ਸਿਆਸਤਦਾਨਾਂ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ ਜਿਨ੍ਹਾਂ ਨੇ ਕੰਡਿਆਲੀ ਤਾਰ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਵੰਡ ਦਿੱਤਾ ਹੈ ਪਰ ਦਿਲ ਨਹੀਂ ਵੰਡੇ ਗਏ ਤੇ ਅੱਜ ਵੀ ਲੋਕ ਇਸ ਵੰਡ ਦਾ ਖਮਿਆਜ਼ਾ ਭੁਗਤ ਰਹੇ ਹਨ। ਇਹ ਕਹਿੰਦਾ ਹੈ :
'ਏਧਰ ਹੈ ਜਲੰਧਰ, ਓਧਰ ਹੈ ਪਸ਼ੌਰ
ਏਧਰ ਅੰਬਰਸਰ ਤੇ ਓਧਰ ਹੈ ਲਾਹੌਰ
ਦੋਹਾਂ ਪਾਸੇ ਵਸਦੇ ਨੇ ਪੰਜਾਬੀ
ਇਕੋ ਜੇਹੇ ਨੈਣ ਨਕਸ਼ ਇਕੋ ਜੇਹੀ ਤੋਰ।'


ਭਗਵਾਨ ਢਿੱਲੋਂ
ਮੋ: 98143-78254.


ਜਨਮ ਭੋਇੰ ਟਾਂਡੀ
ਲੇਖਕ : ਅਸ਼ੋਕ ਟਾਂਡੀ
ਪ੍ਰਕਾਸ਼ਕ : ਲੇਖਕ ਆਪ
ਸਫ਼ੇ : 193
ਸੰਪਰਕ : 98550-53839.


ਆਪਣੀ ਜਨਮ ਭੂਮੀ ਨੂੰ ਆਪਣੇ ਚੇਤਿਆਂ ਵਿਚ ਵਸਾਈ ਰੱਖਣਾ ਮਨੁੱਖ ਦਾ ਮੁਢਲਾ ਫ਼ਰਜ਼ ਹੈ ਕਿਉਂਕਿ ਉਹ ਤਰੱਕੀ ਕਰਦਾ ਭਾਵੇਂ ਕਿਸੇ ਵੀ ਮੁਕਾਮ ਉੱਤੇ ਪਹੁੰਚ ਜਾਵੇ ਪਰ ਉਸ ਦੀ ਜਨਮ ਭੂਮੀ ਦੇ ਯੋਗਦਾਨ ਨੂੰ ਕਦੇ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਵਿਚਾਰ ਅਧੀਨ ਪੁਸਤਕ 'ਜਨਮ ਭੋਇੰ ਟਾਂਡੀ' ਦੇ ਲੇਖਕ ਅਸ਼ੋਕ ਟਾਂਡੀ ਨੇ ਵੀ ਇਸ ਪੁਸਤਕ ਦੁਆਰਾ ਆਪਣੇ ਪਿੰਡ ਟਾਂਡੀ ਦੀ ਜਨਮ ਭੂਮੀ ਨੂੰ ਨਮਨ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਪਿੰਡ ਟਾਂਡੀ ਦੇ ਇਤਿਹਾਸਕ ਪਿਛੋਕੜ ਬਾਰੇ ਜ਼ਿਕਰ ਕਰਦਿਆਂ ਬਹੁਤ ਸਾਰੇ ਇਤਿਹਾਸਕ ਵੇਰਵਿਆਂ ਨੂੰ ਵੀ ਦਰਜ ਕੀਤਾ ਹੈ। ਪਿੰਡ ਦੀ ਭੂਗੋੋਲਿਕ ਸਥਿਤੀ ਪਿੰਡ ਵਿਚ ਵਸਦੇ ਲੋਕਾਂ, ਉਨ੍ਹਾਂ ਦੇ ਰਹਿਣ-ਸਹਿਣ ਨੂੰ ਪੇਸ਼ ਕਰਨ ਦੇ ਨਾਲ-ਨਾਲ ਪਿੰਡ ਦੇ ਬਹੁਤ ਸਾਰੇ ਖ਼ਾਨਦਾਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਵੀ ਕਾਫੀ ਮਹੱਤਵਪੂਰਨ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਵੱਖ-ਵੱਖ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਜਾਂ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਣ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਅੰਕਿਤ ਕੀਤਾ ਗਿਆ ਹੈ। ਪਿੰਡ ਦੀ ਆਰਥਿਕਤਾ ਦਾ ਭਾਵੇਂ ਮੁੱਖ ਸਾਧਨ ਖੇਤੀਬਾੜੀ ਹੀ ਹੈ ਪਰ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਦੁਆਰਾ ਹੋਰ ਕਿੱਤਿਆਂ ਨੂੰ ਅਪਣਾਉਣ ਬਾਰੇ ਵੀ ਕਾਫੀ ਭਾਵਪੂਰਤ ਜਾਣਕਾਰੀ ਪੁਸਤਕ ਵਿਚੋਂ ਪ੍ਰਾਪਤ ਹੁੰਦੀ ਹੈ। ਲੋਕਾਂ ਦਾ ਰਹਿਣ-ਸਹਿਣ, ਮਨੋਰੰਜਨ, ਖੇਡਾਂ ਆਦਿ ਬਾਰੇ ਵੀ ਲੇਖਕ ਨੇ ਬਾਰੀਕੀ ਨਾਲ ਵੇਰਵੇ ਪੇਸ਼ ਕੀਤੇ ਹਨ। ਪਿੰਡ ਦੀ ਜ਼ਮੀਨ ਦੀਆਂ ਕਿਸਮਾਂ ਬਾਰੇ ਜਾਣਕਾਰੀ ਭਾਵੇਂ ਨਵੀਂ ਨਹੀਂ ਪਰ ਅੱਜ ਦੇ ਪਾਠਕਾਂ ਲਈ ਜ਼ਰੂਰ ਮਹੱਤਵਪੂਰਨ ਹੈ ਜਿਵੇਂ ਨਿਆਈਂ ਜ਼ਮੀਨ, ਛੰਭ, ਥੇਹ, ਰੋਹੀ ਆਦਿ ਬਾਰੇ ਵੀ ਲੇਖਕ ਨੇ ਜ਼ਿਕਰ ਛੇੜਿਆ ਹੈ। ਪੁਸਤਕ ਵਿਚ ਪਿੰਡ ਦੀ ਤਾਸੀਰ ਨੂੰ ਪੇਸ਼ ਕਰਦੀਆਂ ਕਾਵਿ-ਰਚਨਾਵਾਂ ਵੀ ਸ਼ਾਮਿਲ ਹਨ। ਇਹ ਪੁਸਤਕ ਕੋਰੋਨਾ ਕਾਲ ਦੀ ਹੀ ਉਪਜ ਹੈ ਕਿਉਂਕਿ ਆਸਟ੍ਰੇਲੀਆ ਵਿਚ ਤਾਲਾਬੰਦੀ ਦੌਰਾਨ ਪਿੰਡ ਦੀ ਯਾਦ ਨੇ ਲੇਖਕ ਨੂੰ ਪੁਸਤਕ ਲਿਖਣ ਲਈ ਪ੍ਰੇਰਿਤ ਕੀਤਾ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਨਾਰਕੋ ਟੈਸਟ

ਲੇਖਕ : ਦਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98550-73018.


ਦਵਿੰਦਰ ਸਿੰਘ ਗਿੱਲ ਪੰਜਾਬੀ ਹਾਸ-ਵਿਅੰਗ ਦੇ ਖੇਤਰ ਵਿਚ ਆਇਆ ਸਿੱਕੇਬੰਦ ਵਿਅੰਗ ਲੇਖਕ ਹੈ, ਜਿਸ ਨੇ ਆਪਣੀਆਂ ਕਲਾਤਮਿਕ ਲਿਖਤਾਂ ਨਾਲ ਪੰਜਾਬੀ ਪਾਠਕਾਂ ਦਾ ਦਿਲ ਬਹੁਤ ਥੋੜ੍ਹੇ ਸਮੇਂ ਵਿਚ ਹੀ ਜਿੱਤ ਲਿਆ ਹੈ। 'ਮਿਰਜ਼ਾ ਸਾਹਿਬਾਂ ਇਨ ਟਵੰਟੀ ਫਸਟ ਸੈਂਚਰੀ' (ਹਾਸ-ਰਸੀ ਕਵਿਤਾ) ਅਤੇ 'ਇਸ਼ਕ ਰੀਮਿਕਸ' ਨਾਟਕਾਂ ਰਾਹੀਂ ਉਸ ਨੇ ਆਪਣੀ ਕਲਾ ਦਾ ਨਮੂਨਾ ਪੇਸ਼ ਕਰਕੇ ਖੂਬ ਵਡਿਆਈ ਖੱਟੀ ਹੈ।
'ਨਾਰਕੋ ਟੈਸਟ' ਅਪਰਾਧੀਆਂ ਦਾ ਝੂਠ ਫੜਨ ਦਾ ਇਕ ਟੈਸਟ ਹੁੰਦਾ ਹੈ ਜਿਸ ਦੀ ਵਰਤੋਂ ਪੁਲਿਸ ਦੇ ਉੱਚ ਜਾਂਚ ਅਧਿਕਾਰੀ ਔਖੇ ਤੇ ਫਸੇ ਹੋਏ ਮਾਮਲਿਆਂ ਵਿਚ ਆਮ ਕਰਦੇ ਹਨ। ਵਿਅੰਗ ਲੇਖਕ ਦੀਆਂ ਆਪਣੀਆਂ ਵਿਅੰਗ ਲਿਖਤਾਂ ਵੀ ਨਾਰਕੋ ਟੈਸਟ ਜਿਹੀਆਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਦੰਭ, ਦਿਖਾਵੇ, ਹੋਛੇਪਨ, ਵਿਸੰਗਤੀ ਅਤੇ ਝੂਠ ਨੂੰ ਬੇਪਰਦ ਕਰਨ ਲਈ ਹੀ ਲਿਖੀਆਂ ਜਾਂਦੀਆਂ ਹਨ। ਵਿਅੰਗ ਲੇਖਕ ਆਪਣੇ ਤਿੱਖੇ ਵਿਅੰਗਾਂ ਰਾਹੀਂ ਇਨ੍ਹਾਂ ਲੋਕਾਂ ਦੇ ਮਖੌਟੇ ਲਾਹ ਕੇ ਉਨ੍ਹਾਂ ਦੇ ਝੂਠ ਨੂੰ ਬੇਨਕਾਬ ਕਰਦਾ ਹੈ। ਲੇਖਕ ਨੇ ਜੁਗਾੜੂ ਲੇਖਕਾਂ, ਅਖੌਤੀ ਸੱਭਿਆਚਾਰਕ ਸੰਸਥਾਵਾਂ, ਲਾਲਚੀ ਡਾਕਟਰਾਂ, ਅੰਨਦਾਤਿਆਂ, ਬੇਸੁਰੇ ਗਾਇਕਾਂ, ਆਪੇ ਬਣੇ ਟੀ.ਵੀ. ਪੱਤਰਕਾਰਾਂ, ਨਾਲਾਇਕ ਅਧਿਆਪਕਾਂ ਦੇ ਨਾਰਕੋ ਟੈਸਟ ਪੇਸ਼ ਕੀਤੇ ਹਨ, ਉਹ ਉਨ੍ਹਾਂ ਨੂੰ ਅਜਿਹੇ ਡੂੰਘੇ ਸਵਾਲ ਕਰਦਾ ਹੈ ਕਿ ਉਨ੍ਹਾਂ ਦਾ ਸਾਰਾ ਹੀਲ-ਪਿਆਜ਼ ਨੰਗਾ ਹੋ ਜਾਂਦਾ ਹੈ। ਉਹ ਸੱਚ-ਸੱਚ ਦੱਸਣ ਲਈ ਮਜਬੂਰ ਹੋ ਜਾਂਦੇ ਹਨ।
ਕੋਰੋਨਾ ਬਿਮਾਰੀ ਤਾਲਾਬੰਦੀ ਤੇ ਕਰਫ਼ਿਊ ਜਿਹੀਆਂ ਸਥਿਤੀਆਂ ਪੈਦਾ ਕਰਨ ਲਈ ਜ਼ਿੰਮੇਵਾਰ ਆਖੀ ਜਾ ਸਕਦੀ ਹੈ। ਪਰ ਗਿੱਲ ਨੇ ਇਨ੍ਹਾਂ ਸਥਿਤੀਆਂ ਤੇ ਹਾਲਤ ਵਿਚ ਵੀ ਅਜਿਹੀਆਂ ਸਥਿਤੀਆਂ ਲੱਭ ਲਈਆਂ ਹਨ ਜੋ ਹਾਸਾ ਪੈਦਾ ਕਰਦੀਆਂ ਹਨ। ਇਨ੍ਹਾਂ ਲੇਖਾਂ ਵਿਚਲੇ ਕਿਰਦਾਰ ਆਪਣੇ ਹੰਝੂਆਂ ਵਿਚ ਵੀ ਮੁਸਕਰਾਉਂਦੇ ਪ੍ਰਤੀਤ ਹੁੰਦੇ ਹਨ। 'ਅਸੀਂ ਵੀ ਸਨਮਾਨ ਵਾਪਸ ਕੀਤਾ', ਕਵੀ ਜੀ ਨੇ ਘਰ ਦਾ ਬਜਟ ਬਣਾਇਆ, ਅਸੀਂ ਯੋਗਾ ਦਿਵਸ ਮਨਾਇਆ, ਜਿਹੇ ਰਵਾਇਤੀ ਹਾਸ-ਵਿਅੰਗ ਲੇਖਾਂ ਨੂੰ ਵੀ ਉਸ ਨੇ ਪ੍ਰਵੀਨਤਾ ਦੀ ਪਾਨ ਚੜ੍ਹਾ ਕੇ ਨਵੀਂ ਹਾਸ-ਰਸੀ ਸ਼ੈਲੀ ਦਾ ਉਦਘਾਟਨ ਕੀਤਾ ਹੈ। ਰਿੱਛ ਅਤੇ ਆਦਮੀ, ਮੋਗੇ ਦੀਆਂ ਸਰਵਿਸ ਲੇਨਾਂ, ਗੁਰੂ ਸਿੱਖ ਦਾ ਸੰਵਾਦ ਲੇਖ ਪੜ੍ਹ ਕੇ ਪਾਠਕ ਬੌਧਿਕ ਹੁਲਾਰੇ ਵੀ ਲੈਂਦਾ ਹੈ। ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।


ਕੇ. ਐਲ. ਗਰਗ
ਮੋ: 94635-37050.


ਮਘਦਾ ਰਹੀਂ ਵੇ ਸੂਰਜਾ

ਸੰਪਾਦਕ : ਰਾਜਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98157-51332.


ਸਰਹੱਦੀ ਖਿੱਤਾ ਹੋਣ ਕਰਕੇ ਪੰਜਾਬ ਦੀ ਧਰਤੀ ਦੇਸ਼ ਉੱਤੇ ਹਮਲਾਵਰ ਵਿਦੇਸ਼ੀ ਧਾੜਵੀਆਂ ਨੂੰ ਸਬਕ ਸਿਖਾਉਣ ਵਾਲੇ ਯੋਧਿਆਂ ਦੀ ਜ਼ਰਖ਼ੇਜ਼ ਜ਼ਮੀਨ ਮੰਨੀ ਗਈ ਹੈ। ਜੰਗਾਂ-ਯੁੱਧਾਂ ਵਾਲੇ ਨਿੱਤ ਦੇ ਵਰਤਾਰਿਆਂ ਨੇ ਪੰਜਾਬੀਆਂ ਨੂੰ ਸੂਰਬੀਰ ਬਣਾ ਦਿੱਤਾ ਅਤੇ ਇਸੇ ਕਰਕੇ ਇੱਥੋਂ ਦਾ ਬਹੁਤਾ ਸਾਹਿਤ ਬੀਰ ਰਸ ਨਾਲ ਹੀ ਲਬਰੇਜ਼ ਹੈ। ਸੱਤਰਵਿਆਂ ਦੌਰਾਨ ਪੰਜਾਬ ਦੀ ਇਸੇ ਜੁਝਾਰੂ ਮਿੱਟੀ ਨੇ ਨਕਸਲਬਾੜੀ ਲਹਿਰ ਨੂੰ ਪ੍ਰਚੰਡ ਕੀਤਾ, ਜਿਸ ਵਿਚੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਅਜਿਹੇ ਜੋਸ਼ੀਲੇ ਗੀਤਾਂ ਨੇ ਜਨਮ ਲਿਆ :
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।
ਲੋਕ ਕਵੀ ਸੰਤ ਰਾਮ ਉਦਾਸੀ ਇਸ ਚਿੱਟੇ ਦਿਨ ਵਰਗੀ ਸੱਚਾਈ ਨੂੰ ਭਲੀਭਾਂਤ ਸਮਝਦੇ ਸਨ ਕਿ ਪੰਜਾਬੀਆਂ ਦੀ ਸੂਰਬੀਰਤਾ ਅਤੇ ਬਹਾਦਰੀ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਵਲੋਂ ਸਾਜੇ-ਨਿਵਾਜੇ ਖ਼ਾਲਸੇ ਦਾ ਸੰਘਰਸ਼ਮਈ ਇਤਿਹਾਸ ਹੈ। ਉਨ੍ਹਾਂ ਕਵਿਤਾ ਵਿਚ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਵਲੋਂ ਕੀਤੇ ਗਏ ਯੁੱਗ ਪਲਟਾਊ ਕਾਰਨਾਮਿਆਂ ਦਾ ਜ਼ਿਕਰ ਬੜੇ ਮਾਣ ਨਾਲ ਕੀਤਾ ਹੈ :
ਦਿੱਲੀਏ ਦਿਆਲਾ ਦੇਖ ਦੇਗ 'ਚ ਉੱਬਲਦਾ ਨੀਂ,
ਅਜੇ ਤੇਰਾ ਚਿੱਤਾ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ,
ਅਜੇ ਮਨਮੱਤੀਆਂ ਕਰੇ।
ਲੋਕ ਕਵੀ ਸੰਤ ਰਾਮ ਉਦਾਸੀ ਦੇ ਚੋਣਵੇਂ ਗੀਤਾਂ ਦੀ ਇਸ ਪੁਸਤਕ 'ਮਘਦਾ ਰਹੀਂ ਵੇ ਸੂਰਜਾ' ਦੇ ਸੰਪਾਦਕ ਰਾਜਿੰਦਰ ਸਿੰਘ ਰਾਹੀ ਖ਼ੁਦ ਵੀ ਇਨਕਲਾਬੀ ਵਿਚਾਰਧਾਰਾ ਦੇ ਧਾਰਨੀ ਹਨ। ਉਨ੍ਹਾਂ ਨੇ ਲੰਮਾ ਸਮਾਂ ਲੋਕ ਲਹਿਰਾਂ ਵਿਚ ਕੰਮ ਕੀਤਾ ਹੈ ਅਤੇ ਸਾਹਿਤਕ ਖੇਤਰ ਵਿਚ ਵੀ ਉਨ੍ਹਾਂ ਨੇ ਬੜਾ ਜ਼ਿਕਰਯੋਗ ਯੋਗਦਾਨ ਪਾਇਆ ਹੈ। ਪੁਸਤਕ ਵਿਚਲੇ ਗੀਤਾਂ ਦੀ ਚੋਣ ਅਤੇ ਤਰਤੀਬ ਵੀ ਬੜੀ ਤਸੱਲੀਬਖ਼ਸ਼ ਹੈ। ਉਮੀਦ ਹੈ ਕਿ ਪਾਠਕ ਕੰਮੀਆਂ ਦੇ ਵਿਹੜੇ ਦੇ ਇਸ ਮਹਾਨ ਨਾਇਕ ਦੀ ਇਨਕਲਾਬੀ ਯਾਦ ਨੂੰ ਤਾਜ਼ਾ ਕਰਨ ਵਾਲੇ ਉਨ੍ਹਾਂ ਦੇ ਇਸ ਬੇਹੱਦ ਸ਼ਲਾਘਾਯੋਗ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਸੋਚ ਨੂੰ ਸਿਜਦਾ-2020
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਲੇਖਕ ਆਪ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 91151-75174.


ਡਾ. ਭੀਮ ਰਾਓ ਅੰਬੇਡਕਰ ਦੀ ਮਾਨਵਤਾਵਾਦੀ ਵਿਚਾਰਧਾਰਾ 'ਤੇ ਆਧਾਰਿਤ ਸੋਹਣ ਸਹਿਜਲ ਦਾ ਕਾਵਿ-ਸੰਗ੍ਰਹਿ 'ਸੋਚ ਨੂੰ ਸਿਜਦਾ-2020' ਇਸ ਕਾਵਿ-ਲੜੀ ਦੀ ਤੀਜੀ ਪੁਸਤਕ ਹੈ। ਇਸ ਲੜੀ ਦੀਆਂ ਪਹਿਲੀਆਂ ਦੋ ਪੁਸਤਕਾਂ 2014 ਤੇ 2019 ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਵੀ ਇਸ ਲੇਖਕ ਦੀਆਂ ਕਰੀਬ ਦੋ ਦਰਜਨ ਪੁਸਤਕਾਂ ਸੰਬੰਧਿਤ ਵਿਸ਼ਿਆਂ ਵਿਚ ਪ੍ਰਕਾਸ਼ਿਤ ਕਰਵਾਈਆਂ ਜਾ ਚੁੱਕੀਆਂ ਹਨ। ਇਸ ਵਿਸ਼ੇ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਸਾਹਿਤ ਦਾ ਇਕੋ-ਇਕ ਮਕਸਦ ਦੇਸ਼ ਵਿਚ ਆਰਥਿਕ ਬਰਾਬਰੀ ਤੇ ਸਮਾਜਿਕ ਨਿਆਂ ਦੀ ਸਥਾਪਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਸੋਹਣ ਸਹਿਜਲ ਦੁਆਰਾ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਭਗਤ ਕਬੀਰ, ਗੁਰੂ ਰਵਿਦਾਸ, ਮਹਾਤਮਾ ਬੁੱਧ ਦੀ ਵਿਚਾਰਧਾਰਾ ਤੇ ਸੋਚ ਨੂੰ ਅਪਣਾ ਕੇ ਹੀ ਦੇਸ਼ ਵਿਚ ਇਸ ਬਦਲਾਅ ਲਈ ਜਾਗ੍ਰਿਤੀ ਪੈਦਾ ਕੀਤੀ ਜਾ ਸਕਦੀ ਹੈ। ਇਸ ਸੰਗ੍ਰਹਿ ਵਿਚ ਲਗਭਗ ਚਾਰ ਦਰਜਨ ਕਵਿਤਾਵਾਂ ਸ਼ਾਮਿਲ ਹਨ ਜਿਨ੍ਹਾਂ ਦੇ ਵਿਸ਼ੇ ਵਿਲੱਖਣ ਹੁੰਦੇ ਹੋਏ ਵੀ ਇਨ੍ਹਾਂ ਦੀ ਸੁਰ ਇਕ ਹੀ ਹੈ। ਆਰਥਿਕਤਾ, ਸਮਾਜਿਕਤਾ ਅਤੇ ਅੰਧਵਿਸ਼ਵਾਸ ਨਾਲ ਸੰਬੰਧਿਤ ਕਈ ਵਿਸ਼ਿਆਂ ਬਾਰੇ ਲਿਖਦੇ ਹੋਏ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ-ਨਾਲ ਬੇਗਮਪੁਰਾ, ਅਸ਼ੋਕ ਮਹਾਨ, ਚਰਨਦਾਸ, ਫੂਲਨ ਦੇਵੀ, ਸੰਤ ਗਾਡਗੇ ਬਾਬਾ, ਨੈਲਸਨ ਮੰਡੇਲਾ, ਸਵਾਮੀ ਨਾਰਾਇਣਾ ਜੀ ਅਤੇ ਦੀਨਾ ਭਾਨਾ ਜੀ ਦੀਆਂ ਜੀਵਨ ਸੰਬੰਧੀ ਸੋਚ ਨੂੰ ਇਨਕਲਾਬੀ ਤਰਕ ਸੋਚ ਵਿਚ ਇਕ-ਮਿੱਕ ਕੀਤਾ ਹੈ। ਇਸ ਸੋਚ ਨੂੰ ਕਵੀ ਇਸ ਦੇਸ਼ ਵਿਚ ਸਮਾਨਤਾਵਾਦ ਲਿਆਉਣ ਲਈ ਵਰਤਣਾ ਚਾਹੁੰਦਾ ਹੈ। ਇਹ ਬਦਲਾਅ ਸਮਕਾਲੀ ਸਮੇਂ ਨਾਲ ਅਜੋਕੇ ਸਮੇਂ ਦੇ ਸੰਕਟਾਂ ਦਾ ਹੱਲ ਵੀ ਬਣ ਸਕਦਾ ਹੈ ਜੋ ਇਸ ਦੇਸ਼ ਦੇ ਆਮ ਨਾਗਰਿਕ ਦੇ ਹੱਕਾਂ ਲਈ ਜ਼ਰੂਰੀ ਹੈ। ਕਿਸੇ ਧਰਮ ਮਨੁੱਖ ਜਾਂ ਜਾਤ ਦੇ ਨਾਲ, ਸਾਡਾ ਝਗੜਾ ਕੋਈ ਲੜਾਈ ਨਹੀਂ ਹੈ।
ਬੰਦਾ, ਬੰਦੇ ਦੇ ਨਾਲ ਕਿਉਂ ਕਰੇ ਨਫ਼ਰਤ, ਸਾਡੀ ਸਮਝ ਵਿਚ ਇਹ ਗੱਲ ਆਈ ਨਹੀਂ ਹੈ।
ਨਹੀਂ ਚਾਹੀਦੀ ਉਹ ਵਿਚਾਰਧਾਰਾ, ਜੋ ਊਚ-ਨੀਚ, ਰੰਗ ਭੇਦ ਦਾ ਫ਼ਰਕ ਕਰਦੀ।
ਸਹਿਜਲ ਭਾਵਨਾ ਗ਼ੈਰ-ਬਰਾਬਰੀ ਦੀ, ਲੋਕਤੰਤਰ ਦਾ ਬੇੜਾ ਗਰਕ ਕਰਦੀ।


ਡਾ. ਸੰਦੀਪ ਰਾਣਾ
ਮੋ: 9872887551


ਇਕ ਕਦਮ ਮੰਜ਼ਿਲ ਵੱਲ
ਲੇਖਕ : ਸੰਦੀਪ ਰਾਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 70092-07717.


ਲੇਖਿਕਾ ਸੰਦੀਪ ਰਾਣੀ ਅਜੋਕੀ ਨਵੀਂ ਪੀੜ੍ਹੀ ਦੀ ਅਗਾਂਹਵਧੂ ਵਿਚਾਰਾਂ ਵਾਲੀ ਸ਼ਾਇਰਾ ਹੈ। ਉਹ ਆਪਣੇ ਜੀਵਨ ਨੂੰ ਜਿਵੇਂ ਵੇਖਦੀ, ਹੰਢਾਉਂਦੀ ਅਤੇ ਮਹਿਸੂਸ ਕਰਦੀ ਹੈ, ਬੱਸ ਇਹੀ ਉਸ ਦੀ ਰਚਨਾ ਦਾ ਵਿਸ਼ਾ ਵਸਤੂ ਬਣ ਜਾਂਦਾ ਹੈ। ਉਹ ਸਮਾਜ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਬਹੁਤ ਸੰਜੀਦਾ ਹੋ ਕੇ ਵੇਖਦੀ ਹੈ। ਸਮਾਜ ਅੰਦਰ ਫ਼ੈਲੀਆਂ ਹੋਈਆਂ ਕੁਰੀਤੀਆਂ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਉਨ੍ਹਾਂ ਦਾ ਹੱਲ ਦੱਸਣ ਦਾ ਯਤਨ ਵੀ ਕਰਦੀ ਹੈ। ਉਸ ਦੀ ਸੰਵੇਦਨਾ ਬਹੁਪੱਖੀ ਹੈ। ਉਸ ਨੂੰ ਪੰਜਾਬ ਦੀ ਜਵਾਨੀ ਦਾ ਫ਼ਿਕਰ ਹੈ। ਉਹ ਉਨ੍ਹਾਂ ਦਾ ਸੁਨਿਹਰਾ ਭਵਿੱਖ ਆਪਣੇ ਮੁਲਕ 'ਚ ਹੀ ਚੰਗਾ ਹੋਣਾ ਲੋਚਦੀ ਹੈ। ਉਹ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਹਲੂਣਦੀ ਹੈ ਅਤੇ ਇਕ ਆਦਰਸ਼ਵਾਦੀ ਸਮਾਜ ਦੀ ਸਿਰਜਣਾ ਕਰਨਾ ਉਸ ਦਾ ਸੁਪਨਾ ਹੈ। ਉਹ ਰਸਾਤਲ ਵੱਲ ਨੂੰ ਜਾ ਰਹੀ ਰਾਜਨੀਤੀ, ਬੇਲੋੜੀਆਂ ਸਮਾਜਿਕ ਰਸਮਾਂ, ਨਸ਼ੇ, ਭਰੂਣ ਹੱਤਿਆ, ਪ੍ਰਦੂਸ਼ਣ ਅਤੇ ਹੋਰਨਾਂ ਭਖਦੀਆਂ ਸਮੱਸਿਆਵਾਂ ਪ੍ਰਤੀ ਚੇਤੰਨ ਹੋਣ ਕਰਕੇ ਚਿੰਤਾ ਵਿਅਕਤ ਕਰਦੀ ਹੈ। ਉਹ ਖ਼ੁਦ ਲਿਖਦੀ ਹੈ, 'ਮੈਂ ਅਤੇ ਮੇਰੀ ਕਵਿਤਾ ਜਿਸ ਰਸਤੇ 'ਚੋਂ ਲੰਘੇ ਹਾਂ। ਉਸ ਰਸਤੇ 'ਚੋਂ ਹਿੰਮਤ ਅਤੇ ਹੌਂਸਲੇ ਉਪਜੇ ਹਨ। ਬੰਜਰ ਜ਼ਮੀਨ 'ਚੋਂ ਲਹਿ-ਲਹਾਉਂਦੀਆਂ ਫ਼ਸਲਾਂ, ਸੋਕੇ ਦੀ ਰੁੱਤ 'ਚ ਪਾਣੀ ਦੇ ਝਰਨੇ, ਗੂੰਗੇ ਦੇ ਮੁੱਖ 'ਚੋਂ ਸੁਰੀਲੇ ਗੀਤ ਉਪਜੇ ਹਨ। ਮੇਰੀ ਕਵਿਤਾ ਦੀ ਸ਼ਬਦਾਵਲੀ ਪੰਜਾਬੀ ਘਰਾਂ 'ਚ ਬੋਲੀ ਜਾਣ ਵਾਲੀ ਆਮ ਬੋਲਚਾਲ ਵਾਲੀ ਮਾਂ ਬੋਲੀ ਹੁੰਦੀ ਹੈ'। ਉਹ ਕੁੱਖਾਂ, ਰੁੱਖਾਂ ਅਤੇ ਪਾਣੀ ਦਾ ਫ਼ਿਕਰ ਕਰਦੀ ਹੋਈ ਲਿਖਦੀ ਹੈ :
ਜੇ ਖ਼ਤਮ ਹੋ ਗਿਆ ਪਾਣੀ
ਧਰਤੀ ਨੂੰ ਵਸਦਾ ਨਾ ਜਾਣੀ
ਜੇ ਕੁਦਰਤ ਸੰਗ ਕਰਾਂਗੇ ਧੋਖਾ
ਸਾਹ ਲੈੇਣਾ ਵੀ ਹੋ ਜਾਊ ਔਖਾ
ਸਮਾਜ ਅੰਦਰ ਔਰਤ ਦੀ ਸੁਤੰਤਰਤਾ ਅਤੇ ਸਨਮਾਨ ਸੰਬੰਧੀ ਉਸ ਦੀ ਹੋਂਦ ਨੂੰ ਇਉਂ ਪ੍ਰਗਟ ਕੀਤਾ ਹੈ :
ਮੈਂ ਨੱਚ ਸਕਦੀ ਹਾਂ ਤਲਵਾਰਾਂ ਤੇ
ਤੁਰ ਸਕਦੀ ਹਾਂ ਅੰਗਿਆਰਾਂ ਤੇ।
ਰਚਨਾਤਮਿਕ ਪੱਖੋਂ ਲੇਖਿਕਾ ਦੀਆਂ ਰਚਨਾਵਾਂ 'ਚ ਰਵਾਨਗੀ, ਖਿਆਲ ਉਡਾਰੀ, ਸੰਦੇਸ਼, ਪੇਸ਼ਕਾਰੀ, ਜਜ਼ਬਾਤ, ਸੰਵੇਦਨਾ, ਵਿਚਾਰ ਅਤੇ ਹੋਰ ਸਾਹਿਤਕ ਵੰਨਗੀਆਂ ਸ਼ਾਮਿਲ ਹਨ। ਪੁਸਤਕ ਵਿਚਲਾ ਸੁਨੇਹਾ ਘਰ-ਘਰ ਤੱਕ ਜਾਣਾ ਚਾਹੀਦਾ ਹੈ ਅਤੇ ਲੇਖਿਕਾ ਤੋਂ ਭਵਿੱਖ 'ਚ ਹੋਰ ਚੰਗਾ ਲਿਖੇ ਜਾਣ ਦੀ ਉਮੀਦ ਰੱਖਦੇ ਹਾਂ।


ਮੋਹਰ ਗਿੱਲ ਸਿਰਸੜੀ
ਮੋ: 98156-59110


ਹਨੇਰੇ ਪੰਧਾਂ ਦੀ ਲੋਅ

ਲੇਖਿਕਾ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 250 ਰੁਪਏ, ਸਫ਼ੇ : 126
ਸੰਪਰਕ : 98150-18947.


ਹਨੇਰੇ ਪੰਧਾਂ ਦੀ ਲੋਅ ਕਾਵਿ ਸੰਗ੍ਰਹਿ ਜਸਵੰਤ ਕੌਰ ਬੈਂਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਦੇ ਸਿਰਲੇਖ ਵਾਲੀ ਪਹਿਲੀ ਕਵਿਤਾ ਹੀ ਕੁੜੀਆਂ ਨੂੰ ਸੰਬੋਧਿਤ ਹੈ। ਨਾਰੀ ਜਾਤੀ ਦੇ ਸਮੁੱਚੇ ਜੀਵਨ ਉੱਪਰ ਝਾਤ ਪਾਉਂਦੀ ਇਸ ਕਵਿਤਾ ਰਾਹੀਂ ਸ਼ਾਇਰਾ ਨੇ ਉਸ ਨੇ ਹਨੇਰੇ ਪੰਧਾਂ ਦੀ ਲੋਅ ਆਖਿਆ ਹੈ :
ਆਪਣੇ ਪਰਿਵਾਰ ਨੂੰ ਆਖਰੀ ਸਾਹਾਂ ਤੱਕ
ਚੰਗੇ ਮਾੜੇ ਵਕਤਾਂ ਵਿਚ ਵੀ ਚਿਰਾਗਾਂ ਨਾਲ
ਦਿੰਦੀ ਹੈ ਹਨੇਰੇ ਪੰਧਾਂ ਦੀ ਲੋਅ।
ਉਸ ਦੀਆਂ ਸਭ ਕਵਿਤਾਵਾਂ ਵੱਖੋ-ਵੱਖਰੇ ਵਿਸ਼ਿਆਂ ਦੀ ਪੇਸ਼ਕਾਰੀ ਕਰਦੀਆਂ ਹਨ। 'ਕੁਦਰਤ' ਕਵਿਤਾ ਰਾਹੀਂ ਉਸ ਨੇ ਮਨੁੱਖ ਦੁਆਰਾ ਪ੍ਰਕਿਰਤੀ ਨਾਲ ਕੀਤੇ ਜਾਂਦੇ ਖਿਲਵਾੜ ਬਾਰੇ ਗੱਲ ਕੀਤੀ ਹੈ। ਉਹ ਉਸ ਸਰਬ ਵਿਆਪਕ ਪਰਮਾਤਮਾ ਦੀ ਤਾਰੀਫ਼ ਕਰਦੀ ਹੈ। 'ਅਨਮੋਲ ਜ਼ਿੰਦਗੀ' ਕਵਿਤਾ ਇਸ ਸੰਬੰਧ ਵਿਚ ਵੇਖੀ ਜਾ ਸਕਦੀ ਹੈ। ਉਹ ਇਕ ਅਜਿਹੇ ਸਮਾਜ ਦੀ ਕਲਪਨਾ ਕਰਦੀ ਹੈ, ਜਿਥੇ ਮਨੁੱਖ ਜਾਤਾਂ-ਪਾਤਾਂ, ਧਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਜ਼ਾਦ ਫਿਜ਼ਾ ਵਿਚ ਸਾਹ ਲੈ ਸਕੇ। ਉਹ ਮਾਂ ਬੋਲੀ ਦੀ ਪ੍ਰਸੰਸਾ ਕਰਦੀ ਹੋਈ ਇਸ ਦੀ ਮਧੁਰਤਾ ਰਾਗਾਤਮਿਕਤਾ ਤੇ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਹੈ। ਪਰਵਾਸ ਹੰਢਾਅ ਰਹੇ ਪੰਜਾਬੀਆਂ ਦੀ ਇਕੱਲਤਾ, ਉਦਾਸੀ ਬਾਰੇ ਵੀ 'ਆਪਣਾ ਪਿੰਡ ਅਤੇ ਖੇਤ' ਕਵਿਤਾ ਵੇਖੀ ਜਾ ਸਕਦੀ ਹੈ।
ਬਲਜਿੰਦਰ ਮਾਨ ਨੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਜਸਵੰਤ ਕੌਰ ਬੈਂਸ ਜਿਥੇ ਅਮੀਰ ਵਿਰਾਸਤੀ ਕਦਰਾਂ-ਕੀਮਤਾਂ ਦਾ ਵਿਸ਼ਾਲ ਭੰਡਾਰਾ ਹੈ, ਉਥੇ ਅਜੋਕੇ ਜੀਵਨ ਦੀਆਂ ਤ੍ਰਾਸਦੀਆਂ ਦਾ ਵੀ ਗਹਿਰਾ ਤਜਰਬਾ ਹੈ। ਉਸ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਵਿਦੇਸ਼ ਜਾਣ ਦੀ ਲਾਲਸਾ ਲਈ ਫ਼ਰਜ਼ੀ ਏਜੰਟਾਂ ਵਲੋਂ ਹੁੰਦੇ ਧੋਖੇ, ਬਚਪਨ ਦੀਆਂ ਯਾਦਾਂ ਦਾ ਕਾਵਿਮਈ ਉਲੇਖ, ਭਾਰਤੀ ਸਿਸਟਮ ਵਿਚ ਸਰਕਾਰੀ ਕੰਮਾਂ ਵਿਚ ਹੁੰਦੀ ਦੇਰੀ, ਸੈਨਿਕਾਂ ਪ੍ਰਤੀ ਸਤਿਕਾਰ ਭਾਵਨਾ, ਵਿਰਸੇ ਦੀ ਸੰਭਾਲ, ਰਿਸ਼ਤਿਆਂ ਦਾ ਮਹੱਤਵ ਆਦਿ ਵਿਸ਼ਿਆਂ ਨੂੰ ਪ੍ਰਗਟਾਇਆ ਗਿਆ ਹੈ। ਪਰਵਾਸੀ ਜੀਵਨ ਹੰਢਾਉਂਦਿਆਂ ਜੋ ਅਨੁਭਵ, ਸੰਵੇਦਨਾ ਅਤੇ ਮਨੋਭਾਵ ਉਹ ਮਹਿਸੂਸ ਕਰਦੀ ਹੈ, ਉਹ ਵੀ ਕਾਵਿ ਵਿਸ਼ੇ ਬਣੇ ਹਨ।
ਪਹਿਰ ਦੇ ਤੜਕੇ, ਹੁੰਦਾ ਏ ਉਹ, ਕਰੜੀ ਅਜ਼ਮਾਇਸ਼ ਦਾ ਮੌਕਾ
ਜਦੋਂ ਉੱਦਮ ਕਰਕੇ ਆਪਣੇ ਪਿੰਡ ਅਤੇ ਰਿਸ਼ਤਿਆਂ ਤੋਂ
ਜਾਣਾ ਪੈਂਦਾ ਏ ਦੂਰ, ਕਰਕੇ ਸੱਤ ਸਮੁੰਦਰ ਪਾਰ....।
ਨਾਰੀ ਮਨ ਦੇ ਕਈ ਵਲਵਲੇ ਅਤੇ ਚਾਅ ਉਸ ਦੀਆਂ ਰਚਨਾਵਾਂ ਵਿਚ ਆਪਮੁਹਾਰੇ ਹੀ ਆ ਗਏ ਹਨ। ਵਿਸ਼ਾਲ ਰਿਸ਼ਤੇ, ਆਖਰੀ ਪਹਿਰ, ਰਸਮਾਂ ਰੀਤਾਂ, ਨੂਰ, ਪ੍ਰਕਾਸ਼ ਥੰਮ੍ਹ, ਮੱਧਮ ਰਿਸ਼ਤੇ, ਹਵਾ ਮਹਿਲ, ਅੰਗਿਆਰ, ਜੰਗਲ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਪ੍ਰਕਿਰਤੀ ਨਾਲ ਮਨੁੱਖ ਵਲੋਂ ਕੀਤੇ ਜਾਂਦੇ ਖਿਲਵਾੜ, ਪ੍ਰਕਿਰਤੀ ਦਾ ਕੋਰੋਨਾ ਵਾਇਰਸ ਦੇ ਰੂਪ ਵਿਚ ਪ੍ਰਕੋਪ ਮਹਿਸੂਸ ਕਰਦੀ ਕਵਿੱਤਰੀ ਮਨੁੱਖ ਨੂੰ ਪ੍ਰਕਿਰਤਕ, ਵਸੀਲਿਆਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਦੀ ਹੈ। ਸਮੁੱਚੇ ਤੌਰ 'ਤੇ ਜਸਵੰਤ ਕੌਰ ਬੈਂਸ ਦਾ ਇਹ ਕਾਵਿ ਸੰਗ੍ਰਹਿ ਰੂਪ ਅਤੇ ਵਿਸ਼ੇ ਪੱਖੋਂ ਵੰਨ-ਸੁਵੰਨਤਾ ਨਾਲ ਭਰਪੂਰ ਹੈ ਜੋ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ।


ਪ੍ਰੋ: ਕੁਲਜੀਤ ਕੌਰ


ਇਮਾਨਦਾਰੀ ਦੀ ਇਬਾਰਤ
ਲੇਖਕ : ਮਾ: ਬੋਹੜ ਸਿੰਘ ਮੱਲਣ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 287
ਸੰਪਰਕ : 96461-41243.


ਲੇਖਕ ਨੇ ਆਪਣੀ ਇਹ ਆਪ-ਬੀਤੀ ਕੁਦਰਤੀ ਸ਼ੈਲੀ ਵਿਚ ਰਚੀ ਹੈ। ਪਾਠਕ ਇੰਜ ਮਹਿਸੂਸ ਕਰਦਾ ਜਿਵੇਂ ਲੇਖਕ ਠੇਠ ਮਾਂ ਬੋਲੀ ਪੰਜਾਬੀ ਵਿਚ ਆਪਣੀ ਜੀਵਨ-ਬਾਤ ਉਸ ਦੇ ਕੰਨ 'ਚ ਸੁਣਾ ਰਿਹਾ। ਪੰਜਾਬੀ ਦੇ ਚੋਟੀ ਦੇ ਲੇਖਕ ਓਮ ਪ੍ਰਕਾਸ਼ ਗਾਸੋ ਨੇ ਇਸ ਸਵੈ-ਜੀਵਨੀ ਲੇਖਕ ਨੂੰ ਅਲਮਸਤ ਫ਼ਕੀਰੀ ਵਾਲੀ ਸ਼ਖ਼ਸੀਅਤ ਕਿਹੈ। ਸੱਚਮੁੱਚ ਇਹ ਪੁਸਤਕ ਪੜ੍ਹਦਿਆਂ ਇਹ ਸੱਚ ਤੱਥਾਂ ਸਮੇਤ ਸਿੱਧ ਹੋ ਜਾਂਦਾ ਹੈ। ਲੇਖਕ ਮਾ: ਬੋਹੜ ਸਿੰਘ ਮੱਲਣ ਨੇ ਆਪਣੀ ਜੀਵਨ ਗਾਥਾ ਨੂੰ ਆਪਣੀ ਜ਼ਬਾਨੀ ਕਹਿਣ ਦੇ ਨਾਲ-ਨਾਲ ਆਪਣੇ ਪਿੰਡ ਮੱਲਣ ਦਾ ਇਤਿਹਾਸ ਵੀ ਸੰਖੇਪ ਪਰ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਬਿਆਨ ਕੀਤਾ ਹੈ। ਆਪਣੇ ਜੀਵਨ-ਵੇਰਵਿਆਂ ਨੂੰ ਉਸ ਨੇ ਬੜੇ ਸਲੀਕੇ ਨਾਲ ਬਣਾ-ਸੰਵਾਰ ਕੇ ਪੇਸ਼ ਕੀਤਾ ਹੈ। ਆਪਣੇ ਜਨਮ, ਸਕੂਲੀ ਪੜ੍ਹਾਈ ਦੀ ਵਿਥਿਆ ਕਹਿੰਦਿਆਂ ਉਸ ਨੇ ਬਤੌਰ ਕਵੀਸ਼ਰ ਤੇ ਕਵੀਸ਼ਰੀ ਲੇਖਕ ਵਜੋਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਉਸ ਵਲੋਂ ਉਪਜੀਵਕਾ ਹਿਤ ਅਪਣਾਏ ਅਧਿਆਪਨ ਕਿੱਤੇ ਬਾਰੇ ਬੜੀ ਬਰੀਕੀ ਨਾਲ ਲਿਖਿਆ ਹੈ। ਆਪਣੀ ਪਤਨੀ ਮਹਿੰਦਰ ਕੌਰ ਨਾਲ ਹੋਏ ਵਿਆਹ ਤੋਂ ਲੈ ਕੇ ਉਸ ਦੇ ਬਤੌਰ ਅਧਿਆਪਕਾ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਗੱਲ ਕਰਦਿਆਂ ਪੁਸਤਕ ਦੇ ਅੰਤ ਤੱਕ ਉਸ ਨੇ ਆਪਣੀ ਪਤਨੀ ਨਾਲ ਕੀਤੇ ਮਿਸਾਲੀ ਪਿਆਰ ਨੂੰ ਸਾਧਾਰਨ ਪਰ ਠੋਸ ਸ਼ਬਦਾਂ 'ਚ ਬਿਆਨ ਕੀਤਾ ਹੈ। ਇਹ ਵੱਡ-ਆਕਾਰੀ ਸਵੈ-ਜੀਵਨੀ ਪੁਸਤਕ ਵਿਲੱਖਣ ਪ੍ਰਭਾਵ ਸਿਰਜਦੀ ਹੈ। ਪੰਜਾਬੀ ਸਾਹਿਤ ਦੀ ਨਿਰਾਲੀ ਤੇ ਗਲਪੀ ਗੁਣਾਂ ਵਾਲੀ ਸਾਹਿਤ-ਵੰਨਗੀ 'ਸਵੈ-ਜੀਵਨੀ' ਦੀ ਇਹ ਪੁਸਤਕ ਸ਼ਾਨ ਕਹਾਉਣ ਦਾ ਦਮ ਰੱਖਦੀ ਹੈ। ਮਾ: ਬੋਹੜ ਸਿੰਘ ਮੱਲਣ ਦੇ ਕਹਿਣ ਅਨੁਸਾਰ ਉਹ ਪੰਜਾਬੀ ਸਾਹਿਤਕਾਰਾਂ ਦੀ ਪਾਲ ਵਿਚ ਪੱਛੜ ਕੇ ਰਲੇ ਹਨ। ਇਸ ਸੱਚ ਦੇ ਬਾਵਜੂਦ ਇਹ ਸਵੈ-ਜੀਵਨੀ ਉਸ ਅੰਦਰ ਵਸਦੇ ਪ੍ਰਭਾਵਸ਼ਾਲੀ ਪੰਜਾਬੀ ਲੇਖਕ ਦੇ ਨਿੱਠ ਕੇ ਦਰਸ਼ਨ ਕਰਵਾਉਂਦੀ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

23-10-2021

 ਕਿੱਸਾ ਪੂਰਨ ਭਗਤ
ਲੇਖਕ : ਮਾਸਟਰ ਲਛਮਣ ਸਿੰਘ ਰਠੌਰ
ਪ੍ਰਕਾਸ਼ਕ : ਸਿੱਖ ਲਿਟਰੇਰੀ ਐਂਡ ਕਲਚਰਲ ਸਟਾਰ, ਯੂ.ਕੇ.
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : is.rathaur@rediffmail.com


ਕਿੱਸਾ ਪੂਰਨ ਭਗਤ ਦਾ ਵਿਸ਼ਾ-ਵਸਤੂ ਹਰ ਪੀੜ੍ਹੀ ਦੇ ਕਵੀਆਂ ਨੂੰ ਟੁੰਬਦਾ ਰਿਹਾ ਹੈ। ਇਸ ਕਿੱਸੇ ਦਾ ਪਹਿਲਾ ਸਿਰਜਕ ਕਾਦਰ ਯਾਰ ਸੀ। ਉਸ ਦੇ ਮਨ ਵਿਚ ਮਤ੍ਰੇਈ ਮਾਂ ਦੇ ਕਿਰਦਾਰ ਬਾਰੇ ਇਹੋ ਜਿਹਾ ਫੁਰਨਾ ਕਿਵੇਂ ਫੁਰਿਆ, ਇਹ ਤਾਂ ਫਰਾਇਡ ਜਾਂ ਲਾਗਾਂ ਵਰਗਾ ਕੋਈ ਮਨੋਵਿਗਿਆਨੀ ਹੀ ਦੱਸ ਸਕਦਾ ਹੈ। ਫਰਾਇਡ ਨੇ 'ਈਡਿਪਸ ਕੰਪਲੈਕਸ' ਦੇ ਸਿਧਾਂਤ ਦੁਆਰਾ ਇਸ ਗੁੱਥੀ ਨੂੰ ਸੁਲਝਾਇਆ ਤਾਂ ਜ਼ਰੂਰ ਪਰ ਅਜੇ ਵੀ ਭੱਦਰ-ਪੁਰਸ਼ਾਂ ਦੇ ਇਹ ਗੱਲ ਸਮਝ ਵਿਚ ਨਹੀਂ ਆਉਂਦੀ। ਇਸ ਵਿਸ਼ਾ-ਵਸਤੂ ਦੇ ਸੰਮੋਹਨ ਵਿਚੋਂ ਨਿਕਲਣ ਲਈ ਪ੍ਰੋ: ਪੂਰਨ ਸਿੰਘ, ਸ਼ਿਵ ਕੁਮਾਰ ਅਤੇ (ਹੁਣ) ਮਾਸਟਰ ਲਛਮਣ ਸਿੰਘ ਰਠੌਰ, ਕੈਲੀਫੋਰਨੀਆ ਨੇ ਇਸ ਕਥਾ ਦਾ ਪੁਨਰ-ਲੇਖਣ ਕੀਤਾ ਹੈ।
ਮਾਸਟਰ ਰਠੌਰ ਨੂੰ ਕਾਦਰ ਯਾਰ ਦੀ ਕਹਾਣੀ ਦੇ ਕਈ ਪੱਖਾਂ ਉੱਪਰ ਇਤਰਾਜ਼ ਰਿਹਾ ਹੈ। ਇਸ ਕਾਰਨ ਆਪਣੇ ਕਿੱਸੇ ਵਿਚ ਉਸ ਨੇ ਕੁਝ ਘਟਨਾਵਾਂ ਨਵੀਆਂ ਪਾ ਦਿੱਤੀਆਂ ਹਨ ਅਤੇ ਕੁਝ ਨੂੰ ਸੋਧ ਦਿੱਤਾ ਹੈ। ਪਹਿਲੀ ਤਬਦੀਲੀ ਤਾਂ ਉਸ ਨੇ ਇਹ ਕੀਤੀ ਕਿ ਪੂਰਨ ਨੂੰ ਸਲਵਾਨ ਹੱਥੋਂ ਸਜ਼ਾ ਨਹੀਂ ਹੋਣ ਦਿੱਤੀ, ਗੁਰੂ ਗੋਰਖ ਨਾਥ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਪੂਰਨ ਨੂੰ ਬਚਾ ਲੈਂਦਾ ਹੈ। ਦੂਜੀ ਗੱਲ ਇਹ ਕਿ ਪੂਰਨ ਨੂੰ ਭਰਮਾਉਣ ਲਈ ਲੂਣਾ ਆਪਣੀ ਇਕ ਬਾਂਦੀ ਮੇਨਕਾ ਦਾ ਸਹਾਰਾ ਲੈਂਦੀ ਹੈ ਅਤੇ ਉਸ ਰਾਹੀਂ ਪੂਰਨ ਨੂੰ ਪ੍ਰੇਮ-ਪੱਤਰ ਭੇਜਦੀ ਰਹਿੰਦੀ ਹੈ। ਤੀਜੀ ਵੱਡੀ ਤਬਦੀਲੀ ਇਹ ਕਿ ਗੋਰਖ ਨਾਥ ਸਲਵਾਨ ਨੂੰ ਸੇਵਾਮੁਕਤ (ਰਿਟਾਇਰ) ਕਰਕੇ ਰਾਜ-ਭਾਗ, ਪੂਰਨ ਨੂੰ ਦਿਵਾ ਦਿੰਦਾ ਹੈ ਅਤੇ ਪੂਰਨ ਦੀ ਸੁੰਦਰਾਂ ਨਾਲ ਸ਼ਾਦੀ ਕਰਵਾ ਦਿੰਦਾ ਹੈ। ਰਾਠੌਰ ਸਾਹਿਬ ਨੂੰ ਆਪਣੀ ਕਹਾਣੀ ਵਧੇਰੇ ਸੰਭਵ (probab&e) ਅਤੇ ਮੰਨਣਯੋਗ ਲਗਦੀ ਹੈ।
ਕਵੀ ਨੇ ਆਪਣਾ ਇਹ ਕਿੱਸਾ 372 ਬੰਦਾਂ ਵਿਚ ਮੁਕੰਮਲ ਕੀਤਾ ਹੈ ਹਰ ਬੰਦ ਵਿਚ ਛੇ-ਛੇ ਪੰਕਤੀਆਂ (ਮਿਸਰੇ) ਹਨ। ਮੱਧਕਾਲੀ ਕਵੀਆਂ ਵਾਂਗ ਸ: ਰਠੌਰ ਹਰ ਬੰਦ ਦੇ ਅੰਤਿਮ ਮਿਸਰੇ ਵਿਚ ਆਪਣਾ ਉਪਨਾਮ (ਰਾਠੌਰ) ਜ਼ਰੂਰ ਅੰਕਿਤ ਕਰਦਾ ਹੈ। ਦੇਖੋ : ਜਿੰਨੀ ਬੁਧਿ ਬਖ਼ਸ਼ੀ ਸੱਚੇ ਪਾਤਸ਼ਾਹ ਨੇ, ਉਹਾ ਕਲਮ ਦੇ ਰਾਹੀਂ ਸੁਣਾਇਆ ਏ। ਮੀਰਪੁਰ ਜੱਟਾਂ ਦਾ ਰਠੌਰ ਰਾਜਪੂਤ ਹਾਂ ਮੈਂ, ਹਰ ਇਕ ਬੰਦ ਦੇ ਪਿੱਛੇ ਜਣਾਇਆ ਏ (ਬੰਦ 372, ਪੰਨਾ 99)। ਇਹ ਪੁਸਤਕ ਵੱਡੇ ਸਾਈਜ਼ ਵਿਚ ਅਤੇ ਮੋਟੇ ਫੌਂਟ ਵਿਚ ਪੁਰਾਣੇ ਕਿੱਸਿਆਂ ਵਾਂਗ ਹੀ ਛਪੀ ਹੈ। ਮੈਂ ਲੇਖਕ ਦੇ ਸਿਦਕ ਅਤੇ ਸਾਧਨਾਂ ਦੀ ਵਡਿਆਈ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਪਲੀਮੈਂਟਰੀ ਬੈਚ
ਲੇਖਕ : ਸਚਿਨ ਸ਼ਰਮਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98729-21121.

ਇਸ ਨਾਵਲ ਦੀ ਵਿਲੱਖਣਤਾ ਇਹ ਹੈ ਕਿ ਇਸ ਦਾ ਵਿਸ਼ਾ ਵੀ ਨਵਾਂ ਨਰੋਆ ਅਤੇ ਸਮੇਂ ਦੀ ਲੋੜ ਅਨੁਸਾਰ ਹੈ। ਇਸ ਦਾ ਲੇਖਕ ਵੀ ਨਵਾਂ ਸਮਾਂ ਸਮਾਜ ਅਤੇ ਲੋਕਾਂ ਦੀ ਰਹਿਣੀ-ਬਹਿਣੀ ਅਤੇ ਜੀਵਨਸ਼ੈਲੀ ਦਾ ਮਾਹਰ ਹੈ। ਨਾਵਲ ਪੜ੍ਹਦਿਆਂ ਇੰਜ ਜਾਪਦੈ, ਜਿਵੇਂ ਨਾਵਲਕਾਰ ਖ਼ੁਦ ਇਸ ਨਾਵਲ ਦਾ ਮੁੱਖ ਪਾਤਰ ਆਪਣੀ ਆਪਬੀਤੀ ਦੀ ਗਾਥਾ ਆਪ ਹੀ ਸੁਣਾ ਰਿਹਾ ਹੈ। ਸਪਲੀਮੈਂਟਰੀ ਬੈਚ ਨਾਵਲ ਦਾ ਨਾਂਅ ਹੈ। ਜਿਹੜੇ ਵਿਦਿਆਰਥੀ ਇਕ ਤੋਂ ਵੱਧ ਵਿਸ਼ਿਆਂ ਵਿਚ ਫੇਲ੍ਹ ਹੋ ਜਾਂਦੇ ਹਨ, ਉਹ ਅਗਲੀ ਸ਼੍ਰੇਣੀ ਵਿਚ ਬੈਠ ਕੇ ਪੜ੍ਹਾਈ ਨਹੀਂ ਕਰ ਸਕਦੇ। ਉਹ ਅੱਧਾ ਸਾਲ ਜੂਨੀਅਰ ਵਿਦਿਆਰਥੀਆਂ ਨਾਲ ਪੜ੍ਹਦੇ ਹਨ, ਅੱਧਾ ਸਾਲ ਆਪਣੀ ਜਮਾਤ ਨਾਲ ਅਜਿਹੇ ਵਿਦਿਆਰਥੀਆਂ ਦਾ ਇਕ ਵੱਖਰਾ ਬੈਚ ਬਣ ਜਾਂਦਾ ਹੈ, ਇਸ ਨੂੰ ਸਪਲੀਮੈਂਟਰੀ ਬੈਚ ਕਿਹਾ ਜਾਂਦਾ ਹੈ। ਇਹ ਨਾਵਲ ਇਸ ਕਿਸਮ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਉਲਝਣਾਂ, ਲੜਾਈ-ਝਗੜਿਆਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਨ੍ਹਾਂ ਪ੍ਰਾਈਵੇਟ (ਜਾਂ ਸਰਕਾਰੀ) ਕਾਲਜਾਂ ਵਿਚ ਵੀ ਵੱਖ-ਵੱਖ ਸਮੱਸਿਆਵਾਂ ਉਪਜਦੀਆਂ ਰਹਿੰਦੀਆਂ ਹਨ, ਜਿਵੇਂ ਰੈਗਿੰਗ (ਨਵੇਂ ਵਿਦਿਆਰਥੀਆਂ ਨੂੰ ਪੁਰਾਣੇ ਵਿਦਿਆਰਥੀ ਮਰਯਾਦਾਵਾਂ ਸਿਖਾਉਣ ਦੇ ਬਹਾਨੇ ਬੁਰੇ ਦੀ ਹੱਦ ਤੱਕ ਜ਼ਲੀਲ ਕਰਦੇ ਹਨ। ਜਾਂ ਉਨ੍ਹਾਂ ਵਿਦਿਆਰਥੀਆਂ ਨੂੰ ਮਾਪੇ ਦਾਖ਼ਲ ਕਰਵਾ ਦਿੰਦੇ ਹਨ, ਜਿਹੜੇ ਮਨ ਬੁੱਧੀ ਤੋਂ ਇਸ ਪੇਸ਼ੇ ਨੂੰ ਪਸੰਦ ਹੀ ਨਹੀਂ ਕਰਦੇ, ਇੰਜ ਵਿਦਿਆਰਥੀ ਮਨੋਰੋਗੀ ਨਿਰਾਸ਼ਾਵਾਦੀ ਬਣ ਜਾਂਦੇ ਹਨ। ਇਨ੍ਹਾਂ ਕਾਲਜਾਂ ਦਾ ਪ੍ਰਬੰਧ ਜਰਜਰਾ ਅਤੇ ਪੈਸੇ ਬਣਾਉਣ ਅਤੇ ਕਮਾਉਣ ਵਾਲਾ ਹੁੰਦਾ ਹੈ। ਇਨ੍ਹਾਂ ਕਾਲਜਾਂ ਵਿਚ ਪੜ੍ਹਦੇ ਨੌਜਵਾਨ ਮੁੰਡੇ-ਕੁੜੀਆਂ ਉਪ ਭਾਵਕੀ ਪਿਆਰ ਵਿਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੈਂਦੇ ਹਨ।
ਨਾਵਲ ਕਹਾਣੀ ਪਾਤਰਾਂ, ਘਟਨਾਵਾਂ ਅਤੇ ਸਥਿਤੀਆਂ ਪ੍ਰਸਥਿਤੀਆਂ ਪੱਖੋਂ ਭਰਪੂਰ ਹੈ ਅਤੇ ਨਾਵਲ ਕਥਾਨਕ ਨੂੰ ਸਫਲ ਬਣਾਉਂਦਾ ਹੈ। ਪੜ੍ਹਨ ਸਮੇਂ ਅੱਗੋਂ ਹੋਰ ਜਾਣਨ ਦੀ ਰੁਚੀ ਪ੍ਰਬਲ ਰਹਿੰਦੀ ਹੈ। ਘਟਨਾਵਾਂ, ਵਸਤੂ ਵੇਰਵੇ, ਪ੍ਰਾਧਿਆਪਕਾਂ, ਅਥਵਾ ਸਮੁੱਚੇ ਸਟਾਫ ਦੇ ਵਸਤੂ-ਵੇਰਵੇ ਰੌਚਿਕ ਅਤੇ ਢੁਕਵੇਂ ਹਨ। ਫੋਕੇ ਪਿਆਰ ਕਰਨ ਵਾਲੇ ਵਿਦਿਆਰਥੀ ਜੋੜਿਆਂ ਦੀਆਂ ਕਹਾਣੀਆਂ ਰੌਚਿਕ ਹਨ।
ਨਾਵਲਕਾਰ ਦਾ ਪਹਿਲਾ ਨਾਵਲ ਨਵੇਂ ਵਿਸ਼ੇ ਨੂੰ ਰੌਚਿਕ ਵਿਧੀ ਨਾਲ ਪੇਸ਼ ਕਰਨ ਦੀ ਤਕਨੀਕ ਸੱਚੇ ਅਰਥਾਂ ਵਿਚ ਇਕ ਨਵੀਂ ਸਮੱਸਿਆ ਨੂੰ ਸਾਡੇ ਸਾਹਮਣੇ ਪੇਸ਼ ਹੈ। ਸਾਨੂੰ ਇਸ ਵਿਸ਼ੇ ਵਿਚੋਂ ਪੇਸ਼ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਮਰ ਕੋਮਲ
ਮੋ: 088376-84173

ਪੰਜਾਬ ਦੇ ਵਾਰਸੋ
ਲੇਖਕ : ਮਨਜਿੰਦਰ ਗੋਲ੍ਹੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98156-41312.

'ਪੰਜਾਬ ਦੇ ਵਾਰਸੋ' ਕਾਵਿ-ਸੰਗ੍ਰਹਿ ਮਨਜਿੰਦਰ ਗੋਲ੍ਹੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਹ ਪੁਲਿਸ ਅਧਿਕਾਰੀ ਹੋਣ ਦੇ ਨਾਲ-ਨਾਲ ਕਾਵਿਕ ਦਿਲ ਵੀ ਰੱਖਦਾ ਹੈ। ਇਹ ਸੰਗ੍ਰਹਿ ਉਸ ਦੀ ਇਸ ਫ਼ਿਤਰਤ ਦੀ ਸ਼ਾਹਦੀ ਭਰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਦੇਸ਼ ਦੇ ਆਗੂ ਤੋਂ ਲੈ ਕੇ ਮਨਾ ਕਰ ਖੋਜ' ਤੱਕ 46 ਕਵਿਤਾਵਾਂ, 20 ਗ਼ਜ਼ਲਾਂ, 30 ਗੀਤ, 5 ਰੁਬਾਈਆਂ ਅਤੇ ਕੁਝ ਫੁਟਕਲ ਸ਼ਿਅਰ ਸ਼ਾਮਿਲ ਕੀਤੇ ਹਨ। ਇਹ ਕਾਵਿ-ਸੰਗ੍ਰਹਿ 'ਗੁਰੂਆਂ, ਪੀਰਾਂ, ਫ਼ਕੀਰਾਂ, ਬਲੀਆਂ, ਦਾਤਿਆਂ, ਗੱਭਰੂਆਂ, ਮੁਟਿਆਰਾਂ, ਭਲਵਾਨਾਂ, ਅਣਖੀ ਯੋਧਿਆਂ ਦੀ ਵਿਰਾਸਤ ਦੇ ਮਾਲਕ ਅਜੋਕੇ ਪੰਜਾਬ ਦੇ ਵਾਰਸਾਂ ਨੂੰ ਜਗਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ, ਗ਼ਜ਼ਲਾਂ, ਗੀਤ, ਰੁਬਾਈਆਂ ਨੂੰ ਪੜ੍ਹਦਿਆਂ ਕਾਵਿ-ਪਾਠਕ ਅਜੋਕੇ ਸਮੇਂ 'ਚ ਸਮਾਜ 'ਚ ਵਾਪਰਦੀਆਂ ਵਿਸੰਗਤੀਆਂ : ਆਪਾਧਾਪੀ, ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸ਼ਟਾਚਾਰੀ ਰੁਚੀਆਂ, ਕਿਰਦਾਰ ਤੋਂ ਗਿਰੀਆਂ ਹਰਕਤਾਂ, ਜਬਰ ਜਨਾਹੀ ਮੰਜ਼ਰ, ਕਿਰਤ ਦੀ ਲੁੱਟ, ਧਾਰਮਿਕ ਪਾਖੰਡਵਾਦ, ਭਰੂਣ ਹੱਤਿਆ ਆਦਿ ਦੇ ਸਨਮੁੱਖ ਹੁੰਦਾ ਮਹਿਸੂਸ ਕਰਦਾ ਹੈ। ਅਜੋਕੀ ਤਾਨਾਸ਼ਾਹੀ ਲੋਕਤੰਤਰ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਉੱਠੇ ਵਿਦਰੋਹ ਦੀ ਗਾਥਾ ਵੀ ਬਿਆਨਦੀ ਹੈ। ਭਾਵ ਹੈ ਕਿ ਸਰਲ, ਸਪੱਸ਼ਟ ਅਤੇ ਸਾਧਾਰਨ ਬੋਲਚਾਲ ਦੀ ਭਾਸ਼ਾ ਰਾਹੀਂ ਮਨਜਿੰਦਰ ਗੋਲ੍ਹੀ ਨੇ ਅਵਾਮ ਦੇ ਬੁਨਿਆਦੀ ਮਸਲਿਆਂ ਪ੍ਰਤੀ ਕਾਵਿ-ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿਚ ਰਹੁ-ਰੀਤਾਂ, ਮਾਨਤਾਵਾਂ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਇਸੇ ਲਈ 'ਇਕੋ ਮਾਂ ਦੇ ਜਾਏ', 'ਕਰੋ ਦੁਆਵਾਂ', 'ਬਣ ਇਨਸਾਨ', 'ਅੰਨਦਾਤਾ' ਆਦਿ ਕਵਿਤਾਵਾਂ ਵਿਚ ਕਿਰਤੀ ਦੀ ਲੁੱਟ ਦਾ ਜ਼ਿਕਰ ਕਰਦਾ ਹੈ। 'ਅੰਬਰ ਫਟਿਆ' ਕਵਿਤਾ ਵਿਚ ਉਹ ਕਿਰਤ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਦੀ ਗੱਲ ਕਰਦਾ ਹੈ :
ਕਿਰਤੀ ਵਿਚ ਵੀ ਰੱਬ ਵੱਸਦਾ ਏ
ਭਈਆ ਕਹਿ ਕੇ ਮੂਰਖ ਹੱਸਦਾ ਏ
ਕਿਧਰ ਗਈ ਇਨਸਾਨੀਅਤ ਤੇਰੀ
ਜਿਊਂਦਾ ਏਂ ਜਾਂ ਦੱਸ ਤੂੰ ਮੋਇਆ?
ਮਨਜਿੰਦਰ ਗੋਲ੍ਹੀ ਦੇ ਗੀਤ ਵੀ ਸਮਾਜਿਕ ਸਮੱਸਿਆਵਾਂ ਦੀ ਬਾਖੂਬੀ ਪੇਸ਼ਕਾਰੀ ਕਰਦੇ ਹਨ। ਉਸ ਦੇ ਬਹੁਤੇ ਗੀਤ ਨਾਮਵਰ ਗਾਇਕਾਂ ਵਲੋਂ ਗਾਏ ਗਏ ਹਨ। ਮੈਂ ਇਸ ਕਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਵੀ ਇਸ ਕਾਵਿ-ਸੰਗ੍ਰਹਿ ਦਾ ਭਰਵਾਂ ਸਵਾਗਤ ਕਰਨਗੇ।

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096

17-10-2021

ਸਾਡੇ ਕੌਮੀ ਹੀਰੇ ਸਿੱਖ ਜਰਨੈਲ
ਲੇਖਕ : ਪ੍ਰੋ: ਕਿਰਪਾਲ ਸਿੰਘ ਬਡੂੰਗਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 288
ਸੰਪਰਕ : 98158-05100.


ਇਸ ਨਾਯਾਬ ਪੁਸਤਕ ਦੇ ਲੇਖਕ ਹਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੁਯੋਗ ਪ੍ਰਧਾਨ, ਉੱਘੇ ਸਿੱਖ ਚਿੰਤਕ ਅਤੇ ਖੋਜੀ। ਪ੍ਰੋ: ਸਾਹਿਬ ਦੀ ਪੁਰਜ਼ੋਰ ਕਲਮ ਇਸ ਵਿਚਾਰ-ਗੋਸ਼ਟੀ ਪੁਸਤਕ ਤੋਂ ਪੇਸ਼ਤਰ, ਛੇ ਬੇਸ਼ਕੀਮਤੀ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਇਸ ਸੱਜਰੀ ਪੁਸਤਕ ਵਿਚ ਸਿੱਖ ਕੌਮ ਉਨ੍ਹਾਂ ਸਤਾਰਾਂ ਲਾਮਿਸਾਲ ਜਰਨੈਲਾਂ ਅਤੇ ਬੇਜੋੜ ਸੂਰਮਿਆਂ ਬਾਰੇ ਵਡਮੁੱਲੀ ਜਾਣਕਾਰੀ ਹੈ, ਜਿਨ੍ਹਾਂ ਦੇ ਕਾਬਿਲੇ-ਫ਼ਖ਼ਰ ਕਾਰਨਾਮਿਆਂ ਨੇ ਸਮੁੱਚੀ ਸਿੱਖ ਕੌਮ ਦਾ ਨਾਂਅ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ ਹੈ। ਪੁਸਤਕ ਦੇ ਲੇਖਾਂ ਵਿਚ ਕੌਮੀ ਸ਼ਹੀਦਾਂ ਦੀਆਂ ਜੀਵਨ ਘਾਲਣਾਵਾਂ ਅਤੇ ਲਾਸਾਨੀ ਕੁਰਬਾਨੀਆਂ ਦਾ ਨਾਲ-ਨਾਲ ਉਨ੍ਹਾਂ ਦੇ ਬੇਮਿਸਾਲ ਹੌਸਲੇ, ਸਿਰੜ ਪਰਉਪਕਾਰੀ ਸੋਚ ਤੇ ਜਜ਼ਬੇ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਹੈ ਤਾਂ ਕਿ ਪਾਠਕ ਇਸ ਤੋਂ ਸੇਧ ਲੈ ਕੇ ਇਨ੍ਹਾਂ ਸ਼ੁੱਭ ਗੁਣਾਂ ਦੇ ਧਾਰਨੀ ਹੋ ਸਕਣ।
ਪੁਸਤਕ ਵਿਚ ਪੰਥ ਦੇ 17 ਮਹਾਨ ਸੂਰਬੀਰ ਅਤੇ ਮਾਣਮੱਤੇ ਜਰਨੈਲਾਂ ਬਾਰੇ ਲੇਖ ਸ਼ਾਮਿਲ ਹਨ। ਪਹਿਲਾ ਲੇਖ ਪਹਿਲੇ ਖ਼ਾਲਸਾ ਰਾਜ ਦੇ ਬਾਨੀ ਅਜੀਮੋ-ਸ਼ਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੈ। ਬੰਦਾ ਸਿੰਘ ਬਹਾਦਰ ਨੇ ਬੇਜ਼ਮੀਨੇ ਹਲ ਵਾਹਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹਕੂਕ ਦਿੱਤੇ। ਵਿਦਵਾਨ ਲੇਖਕ ਦੀ ਚਾਹਨਾ ਹੈ ਕਿ ਅਜੋਕੇ ਦੌਰ ਵਿਚ ਅੱਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਨਿਸ਼ਕਾਮ ਸ਼ਖ਼ਸੀਅਤ ਦੀ ਲੋੜ ਹੈ।
ਦੂਜਾ ਲੇਖ ਮਹਾਨ ਯੋਧੇ, ਸੇਵਾ ਤੇ ਸਿਮਰਨ ਦੇ ਮੁਜੱਸਮੇ ਨਵਾਬ ਕਪੂਰ ਸਿੰਘ ਦੀਆਂ ਮਹਾਨ ਪੰਥਕ ਘਾਲਣਾਵਾਂ ਬਾਰੇ ਹੈ। ਨਵਾਬੀ ਦੀ ਪਦਵੀ ਪ੍ਰਾਪਤ ਕਰਨ ਦੇ ਬਾਵਜੂਦ ਉਨ੍ਹਾਂ ਗੁਰੂ ਖ਼ਾਲਸੇ ਨੂੰ ਅਤੀ ਬਿਖੜੇ ਸਮੇਂ ਜਿਹੜੀ ਸੁਚੱਜੀ ਅਗਵਾਈ ਪ੍ਰਦਾਨ ਕੀਤੀ ਅਤੇ 'ਸੇਵਾ' ਨੂੰ ਵੀ ਬਾਦਸਤੂਰ ਜਾਰੀ ਰੱਖਿਆ, ਉਹ ਇਤਿਹਾਸ ਦੇ ਸੁਨਹਿਰੀ ਪੰਨੇ ਹਨ।
ਤੀਸਰਾ ਲੇਖ ਸੁਲਤਾਨ-ਉਲ-ਕੌਮ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਜ਼ੀਮ ਦੇਣ ਸੰਬੰਧੀ ਹੈ। ਉਹ ਕਪੂਰਥਲਾ ਰਿਆਸਤ ਦੇ ਬਾਨੀ ਸਨ। ਨਵਾਬ ਕਪੂਰ ਸਿੰਘ ਦੇ ਗੁਰਪੁਰੀ ਪਿਆਨਾ ਕਰਨ ਤੋਂ ਬਾਅਦ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਏ ਨੂੰ ਬੰਨ੍ਹਾਈ ਗਈ ਸੀ। ਉਨ੍ਹਾਂ 60 ਸਾਲ ਕੌਮ ਦੀ ਅਗਵਾਈ ਕੀਤੀ।
ਚੌਥਾ ਲੇਖ ਪੰਥ ਦੀ ਸ਼ਾਨ ਕਹੇ ਜਾਂਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਬਾਰੇ ਹੈ। ਉਹ ਰਾਮਗੜ੍ਹੀਆ ਮਿਸਲ ਦੇ ਮੁਖੀ ਸਨ। ਉਨ੍ਹਾਂ ਦੇ ਖ਼ਾਨਦਾਨ ਨੇ ਇਕ ਸਦੀ ਤੱਕ ਪੰਥ ਦੀ ਸੇਵਾ ਕੀਤੀ।
ਅਗਲਾ ਲੇਖ ਧਰਮ ਅਤੇ ਸੂਰਬੀਰਤਾ ਦੀ ਮੂਰਤ ਬਾਬਾ ਬਘੇਲ ਸਿੰਘ ਬਾਰੇ ਹੈ। ਜਥੇਦਾਰ ਬਘੇਲ ਸਿੰਘ ਨੇ ਦਿੱਲੀ ਫ਼ਤਹਿ ਕਰਨ ਤੋਂ ਬਾਅਦ ਉਥੇ ਰਹਿ ਕੇ 7 ਇਤਿਹਾਸਕ ਗੁਰਧਾਮਾਂ ਦੀ ਉਸਾਰੀ ਕਰਵਾਈ। ਉਨ੍ਹਾਂ ਬੜੀ ਸੰਤੁਲਿਤ ਪਹੁੰਚ ਨਾਲ ਕੌਮੀ ਸੇਵਾਵਾਂ ਨੂੰ ਸਰਅੰਜਾਮ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੰਗਾਂ-ਯੁੱਧਾਂ ਵਿਚ ਬਹੁਤ ਮਦਦ ਕੀਤੀ। ਉਨ੍ਹਾਂ ਰਣ-ਤੱਤੇ ਵਿਚ ਜੂਝਦਿਆਂ ਹੀ ਸ਼ਹਾਦਤ ਪ੍ਰਾਪਤ ਕੀਤੀ।
ਜਰਨੈਲ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਸਿਰਮੌਰ ਜਰਨੈਲ ਸਨ। ਉਹ ਰਿਆਸਤ ਕਸ਼ਮੀਰ ਦੇ ਗਵਰਨਰ ਵੀ ਰਹੇ। ਖ਼ਾਲਸਾ ਰਾਜ ਦੇ ਪਸਾਰ ਵਿਚ ਉਨ੍ਹਾਂ ਦਾ ਮਹਾਨ ਯੋਗਦਾਨ ਹੈ।
ਅਗਲਾ ਲੇਖ ਤਿੱਬਤ ਦੀ ਜੰਗ ਦੇ ਨਾਇਕ ਜਨਰਲ ਜ਼ੋਰਾਵਰ ਸਿੰਘ ਬਾਰੇ ਹੈ। ਉਹ 1711 ਵਿਚ ਲੇਹ ਲੱਦਾਖ ਦੀ ਜੰਗ ਦੇ ਜੇਤੂ ਨਾਇਕ ਸਨ। ਉਨ੍ਹਾਂ ਬਾਰੇ ਸ: ਇੰਦਰਜੀਤ ਸਿੰਘ ਦੀ ਅੰਗਰੇਜ਼ੀ ਨਜ਼ਮ ਦਾ ਪੰਜਾਬੀ ਤਰਜਮਾ ਕਾਬਿਲੇ-ਜ਼ਿਕਰ ਹੈ।
ਜਥੇਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਰਾਜ ਦੇ ਪਤਨ ਮਗਰੋਂ ਕਾਬਜ਼ ਫਿਰੰਗੀ ਫ਼ੌਜਾਂ ਨੂੰ ਸਭਰਾਉਂ ਦੀ ਜੰਗ ਵਿਚ ਦਿਨੇ ਤਾਰੇ ਵਿਖਾ ਦਿੱਤੇ। 'ਜੰਗੇ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ' ਬਾਰੇ ਲੇਖ ਬਾਕਮਾਲ ਤੇ ਦੁਰਲੱਭ ਜਾਣਕਾਰੀ ਨਾਲ ਭਰਪੂਰ ਹੈ। ਇਸੇ ਤਰ੍ਹਾਂ ਸਾਰਾਗੜ੍ਹੀ ਜੰਗ ਦੇ ਹੀਰੋ ਹੌਲਦਾਰ ਈਸ਼ਰ ਸਿੰਘ ਆਈ.ਐਮ.ਓ. ਬਾਰੇ ਲੇਖ ਬਹੁਤ ਅਸਾਵੀਂ ਜੰਗ ਵਿਚ 36 ਸਿੱਖ ਪਲਟਨ ਦੇ 21 ਸਿੱਖ ਸੈਨਿਕਾਂ ਵਲੋਂ 10 ਹਜ਼ਾਰ ਕਬਾਇਲੀ ਹਮਲਾਵਰਾਂ ਦੇ ਦ੍ਰਿੜ੍ਹਤਾ ਨਾਲ ਮੂੰਹ ਤੋੜਨ ਦਾ ਵੇਰਵਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਕੂਲੀ ਪਾਠਕ੍ਰਮ ਵਿਚ ਇਸ ਅਦੁੱਤੀ ਜੰਗ ਬਾਰੇ ਗਾਥਾ ਪੜ੍ਹਾਈ ਜਾਂਦੀ ਹੈ ਪਰ ਅਫ਼ਸੋਸ ਸਾਡੇ ਦੇਸ਼ ਦੇ ਆਵਾਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਏਅਰ ਕਮਾਂਡਰ ਮੇਹਰ ਸਿੰਘ ਬਾਬਾ, ਏਅਰ ਫੋਰਸ ਦੇ ਉਤਕ੍ਰਿਸ਼ਟ ਅਫ਼ਸਰ ਸਨ। 6 ਡਕੋਟਾ ਜਹਾਜ਼ਾਂ ਦੀ ਫਲੀਟ ਨੂੰ ਲੀਡ ਕਰਦਿਆਂ ਲੇਹ ਲੱਦਾਖ ਵਿਖੇ ਲੈਂਡ ਕਰਨ ਵਾਲਾ ਉਹ ਪਹਿਲਾ ਸਿੱਖ ਪਾਇਲਟ ਸੀ। ਉਨ੍ਹਾਂ ਨੂੰ ਨੇਕਾਂ ਉੱਚ ਪੁਰਸਕਾਰ ਮਿਲੇ।
ਅਗਲਾ ਲੇਖ ਹੈ 1965 ਦੀ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਸਾਨੀ ਦੇਣ ਬਾਰੇ ਹੈ ਜਿਨ੍ਹਾਂ ਦੀ ਦ੍ਰਿੜ੍ਹਤਾ, ਦੂਰ-ਅੰਦੇਸ਼ੀ ਸੋਚ ਤੇ ਤੁਰਤ ਫ਼ੈਸਲਾ ਲੈਣ ਦੇ ਗੁਣਾਂ ਕਾਰਨ, ਅੱਧਾ ਭਾਰਤ, ਪਾਕਿਸਤਾਨ ਹੱਥ ਜਾਣ ਤੋਂ ਬਚ ਗਿਆ। ਉਨ੍ਹਾਂ ਨਾਲ ਕੀਤੀ ਗਈ ਇਕ ਭੇਟ-ਵਾਰਤਾ, ਪੜ੍ਹਨ ਵਾਲੀ ਹੈ।
1971 ਦੀ ਹਿੰਦ-ਪਾਕਿ ਜੰਗ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ, ਮੂਹਰੇ ਪਾਕਿਸਤਾਨੀ ਫ਼ੌਜ ਦੇ 93 ਹਜ਼ਾਰ ਤੋਂ ਵੱਧ ਅਫ਼ਸਰਾਂ/ਜਵਾਨਾਂ ਸਣੇ ਆਤਮ-ਸਮਰਪਣ ਕੀਤਾ। ਇਸੇ ਜੰਗ ਦੇ ਹੀਰੋ ਏਅਰ ਫੋਰਸ ਦੇ ਫਲਾਇੰਗ ਅਫ਼ਸਰ ਨਿਰਮਜੀਤ ਸਿੰਘ ਸੇਖੋਂ, ਲੱਦਾਖ ਜੰਗ ਦੇ ਹੀਰੋ ਜਨਰਲ ਬਿਕਰਮ ਸਿੰਘ ਅਤੇ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਬਾਰੇ ਸਾਰੇ ਲੇਖ ਧਿਆਨ ਨਾਲ ਪੜ੍ਹਨ ਵਾਲੇ ਹਨ। ਅਰਜਨ ਸਿੰਘ ਵਿਸ਼ਵ ਪੱਧਰ ਦੇ ਏਅਰ ਚੀਫ਼ ਸਨ।
ਪ੍ਰੋ: ਬਡੂੰਗਰ ਨੇ ਪੁਸਤਕ ਵਿਚ ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣ ਉਰਦੂ-ਫ਼ਾਰਸੀ ਦੇ ਸ਼ਿਅਰ, ਇਤਿਹਾਸਕਾਰਾਂ ਦੇ ਹਵਾਲੇ, ਕਾਵਿਕ-ਟੋਟੇ ਬਤੌਰ ਹਵਾਲਾ ਦੇਣ ਦੇ ਨਾਲ-ਨਾਲ ਪੁਖ਼ਤਾ ਸੁਝਾਅ ਵੀ ਦਿੱਤੇ ਹਨ ਜਿਵੇਂ ਸਿੱਖਾਂ ਦੀ ਲਾਸਾਨੀ ਜੰਗੀ ਦੇਣ ਦੇ ਮੱਦੇਨਜ਼ਰ ਫ਼ੌਜ ਵਿਚ ਉਨ੍ਹਾਂ ਦੀ ਨਫ਼ਰੀ ਵਧਾਈ ਜਾਵੇ, ਸੈਨਿਕ ਪਰਿਵਾਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਹਰ ਘਟਨਾ ਦੀਆਂ ਸਹੀ ਤਰੀਕਾਂ, ਸਥਾਨ ਤੇ ਵੇਰਵੇ ਪੁਸਤਕ ਨੂੰ ਸ਼ਾਹਕਾਰ ਰਚਨਾ ਬਣਾਉਂਦੇ ਹਨ। ਟਾਈਟਲ ਸਫ਼ੇ 'ਤੇ ਸਾਰੇ ਸਿੱਖ ਜਰਨੈਲਾਂ ਦੀਆਂ ਪੁਸਤਕ ਨੂੰ ਸ਼ਾਨਦਾਰ ਦਿੱਖ ਪ੍ਰਦਾਨ ਕਰਦੀਆਂ ਹਨ।
ਹਰੇਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪ੍ਰੋ: ਸਾਹਿਬ ਦੀ ਪੁਰਜ਼ੋਰ ਕਲਮ ਨੂੰ ਸਲਾਮ।


ਤੀਰਥ ਸਿੰਘ ਢਿੱਲੋਂ
ਮੋ: 98154-61710


ਜਦੋਂ ਸੋਚ ਬਦਲੇਗੀ

ਲੇਖਕ : ਕੇਵਲ ਧਰਮਪੁਰਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98788-01561.


'ਜਦੋਂ ਸੋਚ ਬਦਲੇਗੀ' ਕਾਵਿ-ਸੰਗ੍ਰਹਿ ਰਾਹੀਂ ਕੇਵਲ ਧਰਮਪੁਰਾ ਨੇ ਪੰਜਾਬੀ ਕਾਵਿ-ਜਗਤ 'ਚ ਪਲੇਠੀ ਹਾਜ਼ਰੀ ਲਗਾਈ ਹੈ। ਹਥਲੇ ਕਾਵਿ-ਸੰਗ੍ਰਹਿ ਵਿਚ ਉਸ ਨੇ 'ਸ਼ਬਦਾਂ ਦੇ ਗਲ਼ ਸੰਗਲ' ਤੋਂ ਲੈ ਕੇ 'ਫਸਲੀ ਬਟੇਰੇ' ਤੱਕ 32 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਪੁਸਤਕ ਦਾ ਸਮਰਪਣ ਹੀ ਉਨ੍ਹਾਂ ਅਧਿਆਪਕਾਂ ਦੇ ਨਾਂਅ ਕੀਤਾ ਹੈ, ਜਿਨ੍ਹਾਂ ਨੇ ਉਸ ਨੂੰ ਤਾਲੀਮ ਦਿੱਤੀ। ਕਵਿਤਾ ਦੇ ਲਿਖਣ ਦੇ ਮਨੋਰਥ ਪ੍ਰਤੀ ਕੇਵਲ ਧਰਮਪੁਰਾ ਦੀ ਸੋਚ ਬਿਲਕੁਲ ਸਪੱਸ਼ਟ ਹੈ ਕਿ ਕਵਿਤਾ ਰਾਹੀਂ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਤਬਦੀਲੀ ਕਿਵੇਂ ਲਿਆਉਣੀ ਹੈ। ਅਜਿਹਾ ਤਾਂ ਹੀ ਸੰਭਵ ਹੈ ਜੇਕਰ ਅਸੀਂ ਹਰ ਖੇਤਰ ਵਿਚ ਵਾਪਰਦੇ ਵਰਤਾਰੇ ਪ੍ਰਤੀ ਸਜੱਗ ਹੋਵਾਂਗੇ। ਕਵਿਤਾ ਰਾਹੀਂ ਉਨ੍ਹਾਂ ਮੁੱਦਿਆਂ ਨੂੰ ਉਭਾਰਨਾ ਹੈ, ਜਿਨ੍ਹਾਂ ਸਦਕਾ ਮਨੁੱਖ ਦੀ ਸੋਚ ਤਾਰਕਿਕ ਹੋਵੇ। ਇਸੇ ਲਈ ਉਹ ਅੰਧ-ਵਿਸ਼ਵਾਸੀ, ਨਫ਼ਰਤਾਂ ਭਰੀ, ਵਿਤਕਰਿਆਂ ਭਰੀ ਹੈਵਾਨੀ ਫ਼ਿਤਰਤ ਦੇ ਖਿਲਾਫ਼ ਮਨੁੱਖਤਾਵਾਦੀ ਸੋਚ ਦਾ ਪਰਚਮ ਬੁਲੰਦ ਕਰਕੇ ਜੁਗਨੂੰ ਬਣ ਕੇ ਕਵਿਤਾ ਰਾਹੀਂ ਗਿਆਨ ਰੂਪੀ ਚਾਨਣ ਦਾ ਛੱਟਾ ਦੇਣ ਦੀ ਗੱਲ ਦਾ ਅਹਿਦ ਕਰਦਾ ਹੈ :
ਇਹ ਸ਼ਬਦਾਂ ਅੰਦਰ/ਮੈਂ ਸੰਘਰਸ਼ ਭਰਿਆ ਹੈ
ਮੈਂ ਆਪਣੀ ਰੂਹ ਵਿਲੀਨ ਕੀਤੀ ਹੈ/ਮੈਂ ਹਿਰਦੇ ਦੇ ਖ਼ੂਨ ਨਾਲ ਉੱਕਰੀ ਹੈ
ਇਸ ਦੀ ਹਰ ਸਤਰ/ਜਦੋਂ ਸੋਚ ਬਦਲੇਗੀ।
ਕੇਵਲ ਧਰਮਪੁਰਾ ਅਜੋਕੀ ਅਖੌਤੀ ਆਧੁਨਿਕਤਾ, ਨਿੱਜਤਾ, ਉਦਾਰਤਾ, ਵਿਸ਼ਾਲਤਾ ਵਾਲੀ ਤਰਜ਼-ਏ-ਜ਼ਿੰਦਗੀ ਦੀਆਂ ਵਿਕਰਾਲ ਦਿੱਕਤਾਂ ਪੇਸ਼ ਕਰਦਿਆਂ ਸਾਵੀ ਪੱਧਰੀ ਮਨੁੱਖੀ ਜ਼ਿੰਦਗੀ ਜਿਊਣ ਦਾ ਹਮਾਇਤੀ ਹੈ। ਅਜਿਹੀਆਂ ਧਾਰਨਾਵਾਂ ਦੀ ਪੁਸ਼ਟੀ ਉਹ 'ਕਲਮ ਦਾ ਸਫ਼ਰ', 'ਸੁਫ਼ਨੇ', 'ਅਣਜੰਮੀ ਧੀ ਦੀ ਦਾਸਤਾਂ', 'ਮੈਂ ਕੀ ਲਿਖਾਂ', 'ਸਾਡੀ ਪ੍ਰਗਤੀ', 'ਜਦੋਂ ਸੋਚ ਬਦਲੇਗੀ', 'ਮੰਗਲ', 'ਬੁੱਧ', 'ਕਾਲੀ ਦੇਵੀ', 'ਫ਼ਸਲੀ ਬਟੇਰੇ' ਆਦਿ ਕਵਿਤਾਵਾਂ ਵਿਚ ਕਰਦਾ ਹੈ। ਉਸ ਦੀ ਕਵਿਤਾ ਮਨੁੱਖੀ ਜ਼ਿਹਨ 'ਚ ਪ੍ਰਸ਼ਨ ਪੈਦਾ ਕਰਦੀ ਹੈ। ਪ੍ਰਸ਼ਨਾਂ ਅਤੇ ਸੁਪਨਿਆਂ ਦੀ ਆਂਤਰਿਕ ਸਾਂਝ ਸੰਬੰਧੀ ਪੂਰੀ ਤਰ੍ਹਾਂ ਸੁਚੇਤ ਹੈ ਤਾਂ ਹੀ ਉਸ ਦੀਆਂ ਇਹ ਸਤਰਾਂ ਕਾਵਿ-ਪਾਠਕ ਦਾ ਧਿਆਨ ਆਕਰਸ਼ਿਤ ਕਰਦੀਆਂ ਹਨ :
ਸੁਪਨੇ ਜੇ ਮਰ ਗਏ ਤਾਂ ਸਮਝੋ/ਜ਼ਿੰਦਗੀ ਹੀ ਮਰ ਗਈ।
ਮਨੁੱਖੀ ਜ਼ਿੰਦਗੀ ਨਾਲ ਸੰਵਾਦ ਰਚਾਉਂਦੀ ਸ਼ਾਇਰੀ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਕੋਠਾ ਨੰ: 64
ਲੇਖਕ : ਰਾਕੇਸ਼ ਸ਼ੰਕਰ ਭਾਰਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 192
ਸੰਪਰਕ : 01679-233244.


ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਜੀ ਬੀ ਰੋਡ ਦੇ ਉਨ੍ਹਾਂ ਕੋਠਿਆਂ ਦੇ ਅੰਦਰਲੇ ਹਨੇਰਿਆਂ ਦੀ ਦਾਸਤਾਨ ਹਨ ਜੋ ਬਾਹਰੋਂ ਬੜੇ ਰੌਸ਼ਨ ਨਜ਼ਰ ਆਉਂਦੇ ਹਨ। ਹਾਸਿਆਂ ਦੇ ਪਿੱਛੇ ਛੁਪੇ ਦਰਦ, ਮੇਕਅੱਪ ਦੀਆਂ ਪਰਤਾਂ ਥੱਲੇ ਲੁਕੇ ਦੁੱਖਾਂ ਦੀਆਂ ਚਿਹਰੇ ਤੇ ਪਈਆਂ ਲਕੀਰਾਂ ਅਤੇ ਆਪਣੀ ਜ਼ਿੰਦਗੀ ਦੇ ਬੀਤੇ ਨੂੰ ਯਾਦ ਕਰਦੀਆਂ ਇਨ੍ਹਾਂ ਸੈਕਸ ਵਰਕਰਾਂ ਦੀਆਂ ਮਜਬੂਰੀਆਂ, ਦੁਸ਼ਵਾਰੀਆਂ, ਭਾਵਨਾਵਾਂ ਅਤੇ ਭਵਿੱਖ ਵੱਲ ਦੀ ਆਸ ਇਹ ਸਭ ਦਾ ਵਰਨਣ ਇਨ੍ਹਾਂ ਕਹਾਣੀਆਂ ਵਿਚ ਬਾਖੂਬੀ ਨਜ਼ਰ ਆੳਂਦਾ ਹੈ। ਹਰੇਕ ਕਹਾਣੀ ਦੇ ਪਿੱਛੇ ਛੁਪੀ ਕਹਾਣੀ ਨੂੰ ਕਹਾਣੀਕਾਰ ਨੇ ਆਪਣੇ ਮਖ਼ਸੂਸ ਅੰਦਾਜ਼ ਵਿਚ ਪੇਸ਼ ਕੀਤਾ ਹੈ ਜਿਸ ਤੋਂ ਪਾਠਕ ਇਨ੍ਹਾਂ ਦੀ ਜੀਵਨ ਕਹਾਣੀ ਤੋਂ ਜਾਣੂ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਲੜਕੀਆਂ ਇਸ ਧੰਦੇ ਵਿਚ ਸ਼ਾਮਿਲ ਹੁੰਦੀਆਂ ਹਨ। ਜ਼ਿੰਦਗੀ ਕਿਵੇਂ ਉਨ੍ਹਾਂ ਨਾਲ ਖੇਡ ਖੇਡਦੀ ਹੈ। ਪਿਆਰ ਦੀ ਆੜ ਵਿਚ, ਵਿਆਹ ਦਾ ਝਾਂਸਾ, ਚੰਗੇ ਭਵਿੱਖ ਦੀ ਕਾਮਨਾ ਅਤੇ ਪਰਿਵਾਰ ਦੀ ਗ਼ਰੀਬੀ ਨੂੰ ਦੂਰ ਕਰਨ ਦੇ ਸੁਪਨੇ, ਸੁਪਨੇ ਲੱਦੀਆਂ ਇਹ ਅੱਖਾਂ ਕਦੋਂ ਉਨੀਂਦਰੇ ਦਾ ਸ਼ਿਕਾਰ ਹੋ ਜਾਂਦੀਆਂ ਹਨ, ਇਸ ਸਾਰੇ ਸਫ਼ਰ ਦੀ ਦਾਸਤਾਨ ਇਹ ਕਹਾਣੀਆਂ ਹਨ। 14 ਕਹਾਣੀਆਂ ਵਾਲੀ ਇਹ ਕਿਤਾਬ ਦੀਆਂ ਕਹਾਣੀਆਂ ਪੜ੍ਹਦਿਆਂ ਇਨ੍ਹਾਂ ਵਿਚਲੇ ਪਿਆਰ ਦੀ ਖੂਬਸੂਰਤੀ ਨਜ਼ਰ ਆਉਂਦੀ ਹੈ। ਦੱਲਾ, ਰਿਕਸ਼ੇ ਵਾਲਾ ਮਹਿਬੂਬ, ਪ੍ਰੇਮ ਨਗਰ ਤੋਂ ਕਿਤੇ ਦੂਰ ਅਤੇ ਮੈਂ ਚੂੜੀਆਂ ਤੋੜ ਦਿੱਤੀਆਂ ਉਹ ਕਹਾਣੀਆਂ ਹਨ ਜਿਨਾਂ ਵਿਚ ਸਿਰਫ ਆਪਣੇ ਪਿਆਰੇ ਲਈ ਪਿਆਰ ਹੈ, ਉਸ ਦਾ ਸਤਿਕਾਰ ਹੈ, ਮਰ ਮਿਟਣ ਦੀ ਭਾਵਨਾ ਹੈ, ਇਸ ਅਹਿਸਾਸ ਤੋਂ ਕਿਤੇ ਪਰ੍ਹੇ ਹੈ ਕਿ ਉਹ ਕਿਸ ਪੇਸ਼ੇ ਨਾਲ ਸੰਬੰਧਿਤ ਹਨ। ਜ਼ਿੰਦਗੀ ਇਕ ਖੂਬਸੂਰਤ ਇਤਫ਼ਾਕ ਹੈ ਕਹਾਣੀ ਜ਼ਿੰਦਗੀ ਦੇ ਉਨ੍ਹਾਂ ਇਤਫ਼ਾਕ ਨਾਲ ਰੂਬਰੂ ਕਰਾੳਂਦੀ ਹੈ ਜੋ ਇਨਸਾਨ ਦੀ ਜ਼ਿੰਦਗੀ ਵਿਚ ਆਉਣ ਵਾਲੇ ਰਾਹ ਰਸਤਿਆਂ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੰਦੀ ਹੈ। ਕੋਠਾ ਨੰ: 64 ਢਲਦੀ ਉਮਰ ਦੀਆਂ ਸੈਕਸ ਵਰਕਰਾਂ ਦੀ ਦਾਸਤਾਨ ਹੈ ਜਿਹੜੀਆਂ ਆਪਣੀ ਪੂਰੀ ਜਵਾਨੀ ਇਸ ਕੋਠੇ ਵਿਚ ਗੁਜ਼ਾਰ ਦਿੰਦੀਆਂ ਹਨ ਪਰ ਅੰਤ ਕਿਸੇ ਬੇਜਾਨ ਵਸਤ ਵਾਂਗ ਇਕ ਪਾਸੇ ਸੁੱਟ ਦਿੱਤੀਆਂ ਜਾਂਦੀਆਂ ਹਨ। ਇਹੀ ਕਹਾਣੀਕਾਰ ਦੀ ਖੂਬੀ ਹੈ ਕਿ ਉਸ ਦੀਆਂ ਇਹ ਕਹਾਣੀਆਂ ਇਸ ਵਿਸ਼ੇ 'ਤੇ ਲਿਖੀਆਂ ਕਹਾਣੀਆਂ ਨਾਲੋਂ ਥੋੜ੍ਹੇ ਵੱਖਰੇ ਲਹਿਜੇ ਨਾਲ ਪੇਸ਼ ਕੀਤੀਆਂ ਗਈਆਂ ਹਨ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਅੰਧਕਾਰ ਯੁੱਗ : ਭਾਰਤ ਵਿਚ ਬਰਤਾਨਵੀ ਸਾਮਰਾਜ
ਲੇਖਕ : ਸ਼ਸ਼ੀ ਥਰੂਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 28+311
ਸੰਪਰਕ : 0161-2740738.


'ਅੰਧਕਾਰ ਯੁੱਗ' ਲੇਖਕ ਸ਼ਸ਼ੀ ਥਰੂਰ ਦੀ ਅੰਗਰੇਜ਼ੀ ਭਾਸ਼ਾ ਵਿਚ ਛਪੀ ਕਿਤਾਬ 'ਐਨ ਏਰਾ ਆਫ ਡਾਰਕਨੈੱਸ : ਦਾ ਬ੍ਰਿਟਿਸ਼ ਐਮਪਾਇਰ ਇਨ ਇੰਡੀਆ' ਦੀ ਪੰਜਾਬੀ ਭਾਸ਼ਾ ਵਿਚ ਅਨੁਵਾਦਤ ਕਿਤਾਬ ਹੈ। ਅੰਗਰੇਜ਼ੀ ਭਾਸ਼ਾ ਵਿਚ ਐਲਫ ਬੁੱਕ ਕੰਪਨੀ ਵਲੋਂ ਇੰਗਲੈਂਡ ਵਿਚ 2016 ਦੌਰਾਨ ਪਹਿਲਾ ਸੰਸਕਰਣ ਪ੍ਰਕਾਸ਼ਿਤ ਕੀਤਾ ਗਿਆ ਸੀ। ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ 2019 ਦੀ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਇਸ ਕਿਤਾਬ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਦੀਪ ਜਗਦੀਪ ਵਲੋਂ ਕੀਤਾ ਗਿਆ ਹੈ।
ਸ਼ਸ਼ੀ ਥਰੂਰ ਮੌਜੂਦਾ ਸਮੇਂ ਕੇਰਲਾ ਤੋਂ ਭਾਰਤੀ ਲੋਕ ਸਭਾ ਦਾ ਮੈਂਬਰ ਹੈ ਤੇ ਮੰਤਰੀ ਰਹਿ ਚੁੱਕੇ ਹਨ। ਉਸ ਦਾ ਜਨਮ ਇੰਗਲੈਂਡ ਵਿਚ ਹੋਇਆ। ਉਹ ਇਕ ਸਫ਼ਲ ਇਤਿਹਾਸਕਾਰ, ਭਾਰਤੀ ਰਾਜਨੀਤੀਵਾਨ ਅਤੇ ਸਾਬਕਾ ਅੰਤਰਰਾਸ਼ਟਰੀ ਰਾਜਦੂਤ ਹੈ। ਯੂ.ਐਨ.ਓ. ਵਿਚ ਅੰਡਰ-ਸੈਕਟਰੀ ਜਨਰਲ ਦੇ ਵੱਕਾਰੀ ਅਹੁਦੇ 'ਤੇ ਕਾਰਜ ਕਰ ਚੁੱਕਾ ਹੈ।
ਅਕਾਦਮਿਕਤਾ ਤੇ ਖੋਜ ਵਿਸ਼ੇਸ਼ ਕਰਕੇ ਇਤਿਹਾਸ, ਧਰਮ, ਭਾਰਤੀ ਵਿਰਾਸਤ, ਰਾਜਨੀਤੀ, ਵਿਦੇਸ਼ੀ ਨੀਤੀ ਅਤੇ ਲਲਿਤ ਕਲਾਵਾਂ ਦੇ ਇਤਿਹਾਸ ਵਿਚ ਸ਼ਸ਼ੀ ਥਰੂਰ ਦੀ ਵਿਸ਼ੇਸ਼ ਰੁਚੀ ਹੈ। ਉਨ੍ਹਾਂ ਦੇ ਲੇਖ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਅਖ਼ਬਾਰਾਂ 'ਚ ਛਪਦੇ ਰਹਿੰਦੇ ਹਨ।
ਅੰਧਕਾਰ ਯੁੱਗ : ਭਾਰਤ ਵਿਚ ਬਰਤਾਨਵੀ ਸਾਮਰਾਜ ਕਿਤਾਬ ਦੇ ਕੁੱਲ ਅੱਠ ਅਧਿਆਇ ਕ੍ਰਮਵਾਰ ਭਾਰਤ ਦੀ ਲੁੱਟ; ਕੀ ਅੰਗਰੇਜ਼ਾਂ ਨੇ ਭਾਰਤ ਦਾ ਸਿਆਸੀ ਏਕੀਕਰਨ ਕੀਤਾ; ਲੋਕਤੰਤਰ, ਪੱਤਰਕਾਰੀ, ਸੰਸਦੀ ਪ੍ਰਣਾਲੀ ਅਤੇ ਕਾਨੂੰਨ ਦਾ ਰਾਜ; ਗਿਆਨਵਾਨ ਤਾਨਾਸ਼ਾਹੀ ਦੀ ਮਿੱਥ; ਡਾਵਾਂਡੋਲ ਬਹੀ-ਖ਼ਾਤਾ; ਸਮਾਪਤੀ ਟਿੱਪਣੀ ਅਤੇ ਬਸਤੀਵਾਦ ਤੋਂ ਬਾਅਦ ਦੀ ਉਲਝੀ ਹੋਈ ਜ਼ਿੰਦਗੀ ਹਨ। ਲੇਖਕ ਵਲੋਂ ਇਕ ਪ੍ਰਬੰਧ ਇਤਿਹਾਸਕਾਰ ਵਜੋਂ ਕਿਤਾਬ ਦੇ ਮੁੱਢ ਵਿਚ ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ, ਮੁਗ਼ਲ ਸਾਮਰਾਜ ਦੇ ਪਤਨ, ਅੰਗਰੇਜ਼ਾਂ, ਫਰਾਂਸੀਸੀਆਂ ਅਤੇ ਜਰਮਨਾਂ ਦਾ ਆਉਣਾ, ਅੰਗਰੇਜ਼ਾਂ ਵਲੋਂ ਵੱਖ-ਵੱਖ ਭਾਰਤੀ ਇਲਾਕਿਆਂ ਵਿਚ ਆਪਣਾ ਅਧਿਕਾਰ ਜਮਾਉਣ, ਭਾਰਤ ਵਿਚ ਸੰਵਿਧਾਨਕ ਵਿਕਾਸ ਦੀ ਸ਼ੁਰੂਆਤ ਅਤੇ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਕੁਝ ਮਹੱਤਵਪੂਰਨ ਘਟਨਾਵਾਂ, ਲੜਾਈਆਂ, ਸੰਧੀਆਂ, ਨੇਤਾਵਾਂ ਦੇ ਜਨਮ, ਧਾਰਮਿਕ ਉਤਸਵਾਂ ਆਦਿ ਨਾਲ ਸੰਬੰਧਿਤ ਸਾਲਾਂ ਦੀ ਤਰਤੀਬ ਦਿੱਤੀ ਗਈ ਹੈ।
ਕਿਤਾਬ ਦੀ ਸ਼ੁਰੂਆਤ ਲੇਖਕ ਵਲੋਂ ਕੁਝ ਵੱਖਰੇ ਤਰੀਕੇ ਨਾਲ ਉਸ ਵਲੋਂ ਆਕਸਫੋਰਡ ਯੂਨੀਵਰਸਿਟੀ ਵਿਚ ਮਈ 2015 ਦੌਰਾਨ ਦਿੱਤੇ ਗਏ ਭਾਸ਼ਨ 'ਭਾਰਤੀ ਪ੍ਰਤਿਕਿਰਿਆ-ਆਲੋਚਨਾ' ਤੇ ਵਿਚਾਰ ਇਤਿਹਾਸ ਨਾ ਬਹਾਨਿਆ ਲਈ ਹੁੰਦਾ ਹੈ ਨਾ ਹੀ ਬਦਲੇ ਲਈ, ਤੋਂ ਕੀਤੀ ਗਈ ਹੈ। ਸ਼ਸ਼ੀ ਥਰੂਰ ਅਨੁਸਾਰ ਮੁਗ਼ਲ ਬਾਦਸ਼ਾਹ ਮੋਈਊਦਦੀਨ ਮੁਹੰਮਦ ਔਰੰਗਜੇਬ ਦੇ ਕਾਲ ਦੌਰਾਨ ਭਾਰਤ ਦੀ ਸੰਸਾਰ ਦੇ ਕੁੱਲ ਅਰਥਚਾਰੇ ਵਿਚ 27 ਫ਼ੀਸਦੀ ਹਿੱਸੇਦਾਰੀ ਸੀ। ਕਿਤਾਬ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਰਤ ਦੇ ਬਸਤੀਵਾਦ ਬਾਰੇ ਅਨੁਭਵਾਂ ਨਾਲ ਸੰਬੰਧਿਤ ਹੈ।
ਸਮੁੱਚੇ ਰੂਪ ਵਿਚ ਕਿਤਾਬ ਦਾ ਹਰ ਅਧਿਆਇ ਪੜ੍ਹਨ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਈਸਟ ਇੰਡੀਆ ਕੰਪਨੀ ਅਤੇ ਬਰਤਾਨਵੀ ਰਾਜ ਦੌਰਾਨ ਹਰ ਸਕੀਮ ਅੰਗਰੇਜ਼ ਅਫ਼ਸਰਾਂ ਵਲੋਂ ਅਜਿਹੇ ਤਰੀਕੇ ਨਾਲ ਬਣਾਈ ਤੇ ਅਪਣਾਈ ਜਾਂਦੀ ਸੀ ਕਿ ਭਾਰਤ ਦੀ ਆਰਥਿਕ ਲੁੱਟ-ਖਸੁੱਟ ਨੂੰ ਜਾਇਜ਼ ਤਰੀਕੇ ਨਾਲ ਨਿਰੰਤਰ ਰੂਪ ਵਿਚ ਜਾਰੀ ਰੱਖਿਆ ਜਾ ਸਕੇ। ਸ਼ਸ਼ੀ ਥਰੂਰ ਅਨੁਸਾਰ ਇਸ ਕਿਤਾਬ ਦਾ ਮੰਤਵ ਆਪਣੀ ਵਿਰਾਸਤ ਦਾ ਪੁਨਰ ਮੁਲਾਂਕਣ ਕਰਨਾ ਅਤੇ ਆਲੋਚਨਾਤਮਿਕ ਢੰਗ ਨਾਲ ਘਟਨਾਵਾਂ ਅਤੇ ਤੱਥਾਂ ਦੀ ਪੁਣ-ਛਾਣ ਕਰਨਾ ਹੈ। ਲੇਖਕ ਅਨੁਸਾਰ ਭਾਵੇਂ ਆਜ਼ਾਦੀ ਪ੍ਰਾਪਤੀ ਹੋਈ ਨੂੰ ਲਗਭਗ 74 ਸਾਲ ਹੋ ਚੁੱਕੇ ਹਨ ਪ੍ਰੰਤੂ ਅਜੇ ਵੀ ਲੋੜ ਹੈ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਅਸਫਲਤਾ, ਬਰਤਾਨਵੀ ਆਰਥਿਕ ਲੁੱਟ-ਖਸੁੱਟ ਅਤੇ ਆਜ਼ਾਦੀ ਉਪਰੰਤ ਬਣੀਆਂ ਰਾਸ਼ਟਰੀ ਸਰਕਾਰਾਂ ਦੇ ਕੰਮਾਂ ਕਾਜਾਂ ਦੇ ਪੁਨਰ ਮੁਲਾਂਕਣ ਕਰਨ ਦੀ।
ਸੰਖੇਪ ਵਿਚ ਕਿਤਾਬ ਦੀ ਅਹਿਮੀਅਤ ਬਾਰੇ ਬਿਜ਼ਨਸ ਸਟੈਂਡਰਡ ਵਿਚ ਛਪੀ ਸੰਖੇਪ ਟਿੱਪਣੀ ਬੰਨ੍ਹ ਕੇ ਬਿਠਾ ਦੇਣ ਵਾਲੀ ਕਿਤਾਬ। ਉਸ ਦੀ ਆਪਣੇ ਅੰਦਾਜ਼ ਵਾਲੀ ਹਾਜ਼ਰ ਜੁਆਬੀ, ਚੋਭਵਾਂ ਵਿਅੰਗ ਅਤੇ ਗੁਣਵੰਤੀ ਲੇਖਣੀ, ਉਸ ਨੇ ਧੜਾਧੜ ਵਿਕਣ ਵਾਲੀ ਅਜਿਹੀ ਕਿਤਾਬ ਲਿਖੀ ਹੈ, ਜਿਹੜੀ ਇਸ 'ਅੰਧਕਾਰ ਯੁੱਗ' ਬਾਰੇ ਚਿੰਤਨ ਅਤੇ ਚਰਚਾ ਨੂੰ ਮੁੜ ਤੋਂ ਚਾਨਣ ਦੇ ਰਾਹ ਤੋਰੇਗੀ।
ਅੰਤ ਵਿਚ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਦੀਪ ਜਗਦੀਪ ਵਲੋਂ ਤੱਥਾਂ ਅਤੇ ਘਟਨਾਵਾਂ ਦੀ ਅਹਿਮੀਅਤ ਅਨੁਸਾਰ ਬਾਖੂਬੀ ਅਸਲੀਅਤ ਦੇ ਨੇੜੇ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿਚ ਇਸ ਕਿਤਾਬ ਦਾ ਕਿਸਾਨ ਅੰਦੋਲਨ ਦੇ ਸਮੇਂ ਦੌਰਾਨ ਆਉਣਾ ਹੋਰ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਨੂੰ ਪੜ੍ਹਨ ਨਾਲ ਭਾਰਤੀਆਂ ਦੀ ਲੁੱਟ-ਖਸੁੱਟ ਦੇ ਇਤਿਹਾਸਕ ਵੇਰਵਿਆਂ ਦੀ ਜਾਣਕਾਰੀ ਮੁਢਲੇ ਸ੍ਰੋਤਾਂ 'ਤੇ ਆਧਾਰਿਤ ਪਾਠਕਾਂ ਨੂੰ ਪ੍ਰਾਪਤ ਹੋਵੇਗੀ ਜੋ ਅੱਜ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਭਾਰਤੀਆਂ ਲਈ ਸਖ਼ਤ ਲੋੜ ਹੈ।


ਡਾ. ਮੁਹੰਮਦ ਇਦਰੀਸ


ਅੱਖੀਆਂ
ਲੇਖਕ : ਗੁਰਚਰਨ ਸਿੰਘ ਜ਼ਿਲੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 085588-50143.


'ਅੱਖੀਆਂ' ਗੁਰਚਰਨ ਸਿੰਘ ਜ਼ਿਲੇਦਾਰ ਦੀ ਸੱਤਵੀਂ ਪੁਸਤਕ ਹੈ। ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ, ਗੀਤ, ਦੋਗਾਣੇ ਇਸ ਪੁਸਤਕ ਵਿਚ ਸ਼ਾਮਿਲ ਹਨ। ਲੇਖਕ ਨੇ ਸਮਾਜਿਕ ਸਮੱਸਿਆਵਾਂ ਰਿਸ਼ਤਿਆਂ ਦੇ ਅਨੁਭਵ ਅਤੇ ਕੁਝ ਇਤਿਹਾਸਕ ਪਲਾਂ ਦਾ ਵਰਨਣ ਵੀ ਆਪਣੇ ਗੀਤਾਂ ਰਾਹੀਂ ਕੀਤਾ ਹੈ। ਇਸ ਸੰਗ੍ਰਹਿ ਵਿਚ 60 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਲੇਖਕ ਨੇ ਲੋਕ ਜੀਵਨ ਦੇ ਕਈ ਰੰਗਾਂ ਵਿਚ ਢਾਲ ਕੇ ਪੇਸ਼ ਕੀਤਾ ਹੈ। ਛੰਦ ਪਰਾਗੇ ਵਰਗਾ ਲੋਕ ਕਾਵਿ ਰੂਪ ਵੀ ਪ੍ਰਯੋਗ ਕੀਤਾ ਹੈ। ਪ੍ਰੇਰਨਾਤਮਿਕ ਕਵਿਤਾਵਾਂ ਜਿਵੇਂ ਤਮਾ, ਪਛਤਾਵਾ, ਸ਼ਰਾਬੀ, ਤੱਕੀਏ ਨਾ ਮਾੜਾ, ਕੰਮ ਹੀ ਪੂਜਾ ਹੈ, ਆਦਿ ਬਹੁਤ ਸਲਾਹੁਣਯੋਗ ਹਨ ਜੋ ਪਾਠਕਾਂ ਨੂੰ ਪ੍ਰੇਰਨਾ ਵੀ ਪ੍ਰਦਾਨ ਕਰਦੀਆਂ ਹਨ। ਕਵੀ ਰਿਸ਼ਤਿਆਂ ਦੀ ਸੰਵੇਦਨਾ ਨੂੰ ਮਹਿਸੂਸ ਕਰਦਾ ਹੋਇਆ ਜੀਵਨ ਸਾਥੀ ਦੇ ਰਿਸ਼ਤੇ ਦੀ ਉੱਤਮਤਾ ਅਤੇ ਸਨੇਹ ਪਿਆਰ ਬਾਰੇ ਜ਼ਿਕਰ ਕਰਦਾ ਹੈ :
ਵਿਛੜੇ ਨਾ ਜੀਵਨ ਸਾਥੀ
ਕਰੇ ਜੋ ਪਲ ਪਲ ਰਾਖੀ
ਕੰਧਾਂ ਵੱਢ ਖਾਂਦੀਆਂ
ਛਾ ਜਾਏ ਉਦਾਸੀ
ਮਸਲੇ ਨਾ ਹੱਲ ਹੁੰਦੇ ਲੜ ਕੇ,
ਲੜ ਲਓ ਭਾਵੇਂ ਡਾਂਗਾਂ ਫੜ ਕੇ।
ਸਮਾਜਿਕ ਮਸਲੇ ਜਿਵੇਂ ਸ਼ਰਾਬ, ਜੂਆ, ਨਸ਼ੇ ਆਦਿ ਬਾਰੇ ਆਮ ਪਾਠਕਾਂ ਨੂੰ ਸੁਚੇਤ ਕਰਨਾ ਵੀ ਕਵੀ ਨੇ ਆਪਣਾ ਫ਼ਰਜ਼ ਸਮਝਿਆ ਹੈ। ਕਵੀ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਮਹਿਸੂਸ ਕਰਦਾ ਹੈ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਬਹੁਤ ਸਾਰੇ ਮੁਖੀ ਅਤੇ ਸਰਪ੍ਰਸਤ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ। ਵਿਧਵਾ ਔਰਤ ਦੀ ਸਮਾਜਿਕ ਸਥਿਤੀ, ਸਾਰੇ ਪਾਸੇ ਜੱਟ-ਜੱਟ ਹੋਈ ਪਈ ਆ ਵਿਚ ਜੱਟ ਕੌਮ ਦੇ ਫੋਕੇ ਵਿਖਾਵਿਆਂ ਤੋਂ ਵੀ ਲੇਖਕ ਚਿੰਤਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ, ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਲੌਅ ਦਾ ਪ੍ਰਗਟਾਵਾ :
ਜਿਧਰ ਖ਼ਾਲਸਾ ਜਾਂਵਦਾ,
ਜੱਗ ਕਰੇ ਸਲਾਮਾਂ
ਜਿਥੇ ਖ਼ਾਲਸਾ ਜਾਂਵਦਾ
ਵੱਜੇ ਗਗਨ ਦਮਾਮਾ
ਇਹ ਧਨ ਕਮਾਈਆਂ ਤੇਰੀਆਂ
ਗੋਬਿੰਦ ਦਾਤਾ।
ਸਮੁੱਚੇ ਤੌਰ 'ਤੇ ਗੁਰਚਰਨ ਸਿੰਘ ਜ਼ਿਲੇਦਾਰ ਦੀਆਂ ਸਾਰੀਆਂ ਕਾਵਿ ਰਚਨਾਵਾਂ ਸਮਾਜ ਦੀਆਂ ਕਈ ਪਰਤਾਂ ਦਾ ਸੰਵੇਦਨਾ ਭਰਪੂਰ ਪ੍ਰਗਟਾਵਾ ਹਨ। ਆਮ ਪਾਠਕਾਂ ਦੀ ਭਾਸ਼ਾ ਵਿਚ ਰਚੀ ਇਹ ਪੁਸਤਕ ਪ੍ਰਭਾਵਸ਼ਾਲੀ ਅਤੇ ਜਨ-ਸਾਧਾਰਨ ਦੇ ਪੜ੍ਹਨਯੋਗ ਹੈ। ਹਰ ਤਰ੍ਹਾਂ ਦੀਆਂ ਸਮਾਜਿਕ ਚੁਣੌਤੀਆਂ ਸੰਬੰਧੀ ਰਚੀਆਂ ਕਾਵਿ ਰਚਨਾਵਾਂ ਪਾਠਕਾਂ ਲਈ ਪ੍ਰੇਰਨਾਦਾਇਕ ਹਨ।


ਪ੍ਰੋ: ਕੁਲਜੀਤ ਕੌਰ

16-10-2021

 ਲੰਘਣ ਖੁਸ਼ੀਆਂ ਵਿਚ ਦਿਹਾੜੇ
ਲੇਖਕ : ਸੁਰਜੀਤ ਸਿੰਘ ਬਲਾੜ੍ਹੀ ਕਲਾਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 95015 03315.

ਹਥਲੀ ਪੁਸਤਕ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਸੁਰਜੀਤ ਬਲਾੜ੍ਹੀ ਕਲਾਂ ਦੀ ਦੂਸਰੀ ਬਾਲ ਪੁਸਤਕ ਹੈ, ਜਿਸ ਵਿਚ 25 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭੇ ਰਚਨਾਵਾਂ ਸਰਲ, ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ।
ਜਿਵੇਂ : 'ਮੰਨ ਲਓ ਮੇਰਾ ਕਹਿਣਾ' ਕਵਿਤਾ ਵਿਚ ਬਾਲਾਂ ਨੂੰ ਤੰਦਰੁਸਤ ਰਹਿਣ ਦਾ ਰਾਜ਼ ਸਮਝਾਉਂਦੇ ਹੋਏ ਲਿਖਦੇ ਹਨ :
ਜੇ ਤੰਦਰੁਸਤ ਰਹਿਣਾ ਬੱਚਿਓ।
ਮੰਨ ਲਓ ਮੇਰਾ ਕਹਿਣਾ ਬੱਚਿਓ।
ਡੋਸੇ, ਨਿਊਡਲਜ਼, ਬਰਗਰ, ਮਿੱਠਾ,
ਇਨ੍ਹਾਂ ਜਿਹਾ ਨਾ ਦੁਸ਼ਮਣ ਡਿੱਠਾ।
ਦੰਦਾਂ ਦੀ ਇਹ ਉਮਰ ਘਟਾਉਂਦੇ,
ਪੇਟ ਦੇ ਭੈੜੇ ਰੋਗ ਨੇ ਲਗਾਉਂਦੇ ।
ਦੁੱਖ ਪੈਣਾ ਫਿਰ ਸਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਖਾਂਦੇ ਰਹਿਣ ਜਿਹੜੇ ਬਾਲਕ,
ਗਾਜਰ, ਖੀਰਾ, ਮੂਲੀ, ਪਾਲਕ।
ਹੋਣ ਉਗਾਏ ਖੇਤ ਜਾਂ ਵਿਹੜੇ,
ਮੂੰਹ 'ਤੇ ਆਉਂਦੇ ਖੁਸ਼ੀਆਂ ਖੇੜੇ।
ਤੰਦਰੁਸਤੀ ਚੰਗਾ ਗਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਇਵੇਂ ਹੀ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਕਵਿਤਾ ਵਿਚ ਬਚਪਨ ਦੇ ਸੁੰਦਰ ਦਿਨਾਂ ਦੀ ਗੱਲ ਬੜੇ ਹੀ ਪਿਆਰੇ ਢੰਗ ਨਾਲ ਕੀਤੀ ਗਈ ਹੈ :
ਸਾਲ ਮਹੀਨੇ ਪੰਦਰ-ਵਾੜੇ।
ਹੁੰਦੇ ਨਾ ਬਚਪਨ ਦੇ ਦਿਨ ਮਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਖੇਡਣਾ ਮਿੱਟੀ ਰੇਤਿਆਂ ਦੇ ਨਾਲ।
ਬਚਪਨ ਦੇ ਦਿਨ ਹੋਣ ਕਮਾਲ।
ਹਰ ਕਿਸੇ ਲਈ ਬੀਬੇ ਨੇ ਬਾਲ।
ਘਰਾਂ ਅੰਦਰ ਨਾ ਰਹੀਏ ਤਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਇਸੇ ਤਰ੍ਹਾਂ ਹੀ ਰੁੱਤ ਪੜ੍ਹਨੇ ਦੀ, ਸਾਡੀ ਬਗੀਚੀ, ਮੇਰੀਆਂ ਕਿਤਾਬਾਂ, ਪਿਆਰੇ ਪੰਛੀ, ਜਾਦੂਗਰ, ਮੇਰਾ ਪਿੰਡ ਅਤੇ ਮੋਰ ਆਦਿ ਸਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ। ਅੰਤ ਵਿਚ ਬਾਲਾਂ ਅਤੇ ਵੱਡਿਆਂ ਦੀ ਜਾਣਕਾਰੀ ਲਈ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਂਅ ਅਤੇ ਸਮਾਂ ਲਿਖਿਆ ਹੋਇਆ ਹੈ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜ਼ਰੂਰ ਵਾਧਾ ਕਰੇਗੀ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਕੰਡਿਆਲੇ ਸਾਕ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭਿੱਖੀ, ਮਾਨਸਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 99889-13155.

ਜਸਵਿੰਦਰ ਰੱਤੀਆਂ ਇਕ ਅਨੁਭਵੀ ਨਾਵਲਕਾਰ ਹੈ। 'ਕੰਡਿਆਲੇ ਸਾਕ' ਤੋਂ ਪਹਿਲਾਂ ਵੀ ਤਿੰਨ ਨਾਵਲਾਂ ਦੀ ਰਚਨਾ ਕਰ ਚੁੱਕਾ ਹੋਣ ਕਾਰਨ ਉਹ ਨਾਵਲੀ-ਬਿਰਤਾਂਤ ਦੇ ਕਲਾਤਮਿਕ ਪੱਖਾਂ ਤੋਂ ਸੁਪਰਿਚਿਤ ਹੈ। ਹਥਲੇ ਨਾਵਲ ਦਾ ਕੈਨਵਸ ਕਾਫੀ ਵੱਡਾ ਹੈ ਪਰ ਨਾਵਲਕਾਰ ਨੇ ਬੜੀ ਨਿਪੁੰਨਤਾ ਨਾਲ ਇਸ ਰਚਨਾ ਦੇ ਸਾਰੇ ਪਾਸਾਰਾਂ-ਵਿਸਤਾਰਾਂ ਨੂੰ ਚੰਗੀ ਤਰ੍ਹਾਂ ਸਰੰਜਾਮ ਤੱਕ ਪਹੁੰਚਾ ਦਿੱਤਾ ਹੈ। ਇਹ ਨਾਵਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੀ ਉਲਝੀ ਕਹਾਣੀ ਨੂੰ ਬਿਆਨ ਕਰਦਾ ਹੈ।
ਨਾਵਲ ਦਾ ਆਰੰਭ ਖੇਤੇ ਦੇ ਪਰਿਵਾਰ ਦੀ ਕਹਾਣੀ ਤੋਂ ਸ਼ੁਰੂ ਹੁੰਦਾ ਹੈ। ਉਸ ਦਾ ਵੱਡਾ ਪੁੱਤਰ ਸਰਬਣ ਸੂਬੇਦਾਰ ਦਲੀਪ ਸਿੰਘ ਦੀ ਧੀ ਅਮਰੋ ਨਾਲ ਵਿਆਹਿਆ ਹੋਇਆ ਸੀ ਪਰ ਅਮਰੋ ਦੀ ਕੈਂਸਰ ਵਰਗੀ ਕਿਸੇ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। ਅਮਰੋ ਦੇ ਦੋ ਬੱਚੇ ਵੀ ਸਨ : ਬੰਸਾ ਤੇ ਮਾੜੂ। ਇਨ੍ਹਾਂ ਬੱਚਿਆਂ ਦੀ ਪਾਲਣਾ-ਪੋਸਣਾ ਦੇ ਕਾਰਨ ਦਲੀਪ ਸਿੰਘ ਆਪਣੀ ਦੂਸਰੀ ਲੜਕੀ ਬਲਬੀਰੋ ਨੂੰ ਸਰਬਣ ਨਾਲ ਵਿਆਹ ਦਿੰਦਾ ਹੈ। ਅਮਰੋ ਦੀ ਅਚਾਨਕ ਮੌਤ ਤੋਂ ਪਹਿਲਾਂ ਬਲਬੀਰੋ ਦਾ ਵਿਆਹ ਸਰਬਣ ਦੇ ਛੋਟੇ ਭਰਾ ਅਰਜਨ ਨਾਲ ਕਰਨ ਦੀ ਵਿਉਂਤ ਸੀ ਪਰ ਉਹ ਸਿਰੇ ਨਾ ਚੜ੍ਹ ਸਕੀ, ਜਿਸ ਕਾਰਨ ਪਰਿਵਾਰ ਵਿਚ ਸਦਾ ਇਕ ਉਥਲ-ਪੁਥਲ ਹੁੰਦੀ ਰਹੀ। ਬਲਬੀਰੋ ਉੱਪਰ ਕਦੇ ਅਰਜਨ ਕਬਜ਼ਾ ਕਰ ਲੈਂਦਾ ਅਤੇ ਕਦੇ ਉਹ ਵਾਪਸ ਸਰਬਣ ਪਾਸ ਪਰਤ ਜਾਂਦੀ। ਇਸ ਪ੍ਰਕਿਰਿਆ ਵਿਚ ਬਲਬੀਰੋ ਦੇ ਛੇ ਬੱਚੇ ਪੈਦਾ ਹੋ ਗਏ, ਕੁਝ ਸਰਬਣ ਦੇ, ਕੁਝ ਅਰਜਨ ਦੇ। ਸਾਰਾ ਨਾਵਲ ਇਨ੍ਹਾਂ ਬੱਚਿਆਂ ਦੇ ਜੀਵਨ ਦੁਆਲੇ ਘੁੰਮਦਾ ਹੈ।
ਲੇਖਕ ਨੂੰ ਕਿਸਾਨੀ ਪਰਿਵਾਰਾਂ ਦੇ ਸੰਗਠਨ ਅਤੇ ਪ੍ਰਕਿਰਤੀ ਬਾਰੇ ਭਰਪੂਰ ਜਾਣਕਾਰੀ ਹੈ। ਕਿਸਾਨ ਲੋਕ ਔਰਤਾਂ ਨੂੰ ਜ਼ਮੀਨ ਵਾਂਗ ਸਮਝਦੇ ਹਨ। ਪੁਰਸ਼ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਹੈ ਪਰ ਇਸਤਰੀ ਉੱਪਰ ਜਾਤ-ਗੋਤ ਦੇ ਬੰਧਨ ਲੱਗੇ ਰਹਿੰਦੇ ਹਨ। ਨਾਵਲ ਵਿਚ ਖਾਲਿਸਤਾਨੀ ਲਹਿਰ ਦਾ ਵੀ ਭਰਪੂਰ ਵਰਨਣ ਹੋਇਆ ਹੈ। ਅਰਜਨ ਅਤੇ ਸੀਬੇ ਵਰਗੇ ਵੈਲੀ ਪੁਰਸ਼ ਆਪਣੀਆਂ ਰੰਜਿਸ਼ਾਂ ਕੱਢਣ ਲਈ ਖਾਲਿਸਤਾਨੀ ਬਣ ਜਾਂਦੇ ਹਨ। ਗੁਰਮੀਤ ਸਿੰਘ, ਬੋਹੜ ਸਿੰਘ ਅਤੇ ਕਸ਼ਮੀਰ ਸਿੰਘ ਪ੍ਰਗਤੀਸ਼ੀਲ ਪਾਤਰ ਹਨ। ਉਹ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਨਾਵਲ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬੀ ਰਹਿਤਲ ਦੀ ਇਕ ਤ੍ਰਾਸਦਿਕ ਝਾਕੀ ਪੇਸ਼ ਕਰਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੁਰਗ਼ਾਬੀਆਂ
ਲੇਖਕ: ਗੁਰਮੀਤ ਪਨਾਗ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ. ਲਿ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 0172-5027427.

ਗੁਰਮੀਤ ਪਨਾਗ ਇਕ ਪਰਵਾਸੀ ਕਹਾਕਾਰ ਹੈ, ਜੋ ਕੈਨੇਡਾ ਵਿਚ ਰਹਿੰਦੀ ਹੋਈ ਉੱਥੋਂ ਦੇ ਜੀਵਨ-ਵਿਵਹਾਰ ਨੂੰ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਵਿਚ ਹੈ। 'ਢਾਹਾਂ ਪੁਰਸਕਾਰ' (2019) ਲਈ ਨਾਮਜ਼ਦ ਪਨਾਗ ਦੇ ਰੀਵਿਊ ਅਧੀਨ ਕਹਾਣੀ ਸੰਗ੍ਰਹਿ 'ਮੁਰਗ਼ਾਬੀਆਂ' ਵਿਚ ਕੁੱਲ ਦਸ ਕਹਾਣੀਆਂ ਹਨ, ਜੋ ਉੱਥੋਂ ਦੇ ਨੇਟਿਵ ਤੇ ਪਰਵਾਸੀਆਂ ਦੀ ਹੋਂਦ ਤੇ ਹੋਣੀ ਨਾਲ ਵਾਬਸਤਾ ਹਨ। ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਇਕ ਪ੍ਰਤੀਕਾਤਮਕ ਹੈ। ਜਿਵੇਂ ਮੁਰਗ਼ਾਬੀਆਂ ਦੇ ਖੰਭ ਲਾਹ ਦਿੱਤੇ ਜਾਣ ਅਤੇ ਉਹ ਉੱਡਣ ਅਤੇ ਤੈਰਨ ਤੋਂ ਅਸਮਰੱਥ ਹੋ ਜਾਣ, ਉਸੇ ਤਰ੍ਹਾਂ ਕੈਨੇਡਾ ਦੇ ਮੂਲ ਵਾਸੀਆਂ ਦਾ ਹਾਲ ਹੈ।
ਮਨੁੱਖੀ ਜਟਿਲਤਾਵਾਂ ਅਤੇ ਗੰਭੀਰ ਸਮੱਸਿਆਵਾਂ ਨੂੰ ਗੁਰਮੀਤ ਨੇ ਇਨ੍ਹਾਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਔਰਤ ਦੇ ਅਸਤਿਤਵ, ਵਿਦੇਸ਼ੀ ਧਰਤੀ 'ਤੇ ਪਰਵਾਸੀਆਂ ਨਾਲ ਹੁੰਦੇ ਵਿਤਕਰੇ, ਸ਼ੋਸ਼ਣ ਅਤੇ ਸੁਪਨਿਆਂ ਦੀ ਮੌਤ ਇਨ੍ਹਾਂ ਕਹਾਣੀਆਂ ਵਿਚ ਬੜੀ ਸੰਜੀਦਗੀ ਨਾਲ ਪ੍ਰਸਤੁਤ ਹੋਏ ਹਨ।
ਅਖੌਤੀ ਕਦਰਾਂ-ਕੀਮਤਾਂ ਵਿਰੁੱਧ ਗੁੱਸਾ ('ਇੰਡੀਅਨ ਮਾਂ-ਬਾਪ ਬੱਚਿਆਂ ਨੂੰ ਵੱਡੇ ਨਹੀਂ ਹੋਣ ਦਿੰਦੇ। ਸਾਰੀ ਉਮਰ ਸਪੂਨ ਫੀਡਿੰਗ ਕਰੀ ਜਾਣਗੇ। ਮੈਂ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਪੇਰੈਂਟਸ ਆਖਦੀ ਹਾਂ ਜੋ ਉਨ੍ਹਾਂ ਉੱਪਰ ਮੰਡਰਾਉਂਦੇ ਰਹਿੰਦੇ ਨੇ...', 'ਮਾਈ ਲਾਈਫ ਮਾਈ ਵੇਅ', ਪੰਨਾ 36), ਪਰਵਾਸੀਆਂ ਨਾਲ ਹੁੰਦਾ ਦੁੁਰ-ਵਿਵਹਾਰ ('ਅਖੇ ਬਹੁਤ ਸ਼ਾਂਤਮਈ ਤੇ ਵਧੀਆ ਮੁਲਕ ਏ। ਸਿਸਟਮ ਚਮੜੀ ਦੇ ਰੰਗ ਦਾ ਕੋਈ ਭੇਦਭਾਵ ਨਹੀਂ ਕਰਦਾ... ਮਾਈ ਫੁੱਟ! ਇੱਥੇ ਤਾਂ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ...' 'ਗੋਰੀ ਅੱਖ ਦਾ ਟੀਰ', ਪੰਨਾ 74), ਵਤਨ ਦਾ ਉਦਰੇਵਾਂ ('ਯਾਦ ਹੈ ਲਾਰੈਂਸ ਰੋਡ ਅੰਮ੍ਰਿਤਸਰ ਦਾ ਡਾਊਨ ਟਾਊਨ? ਨਾਲੇ ਨਾਵਲਟੀ ਦੀ ਮਟਕੇ ਵਾਲੀ ਕੁਲਫ਼ੀ... ਕੇਸਰ ਦੇ ਢਾਬੇ ਦੇ ਲੱਛੇਦਾਰ ਪਰੌਂਠੇ ਤੇ ਹਾਲ ਗੇਟ ਕੋਲ ਮਿਲਦੇ ਮੱਛੀ ਦੇ ਅੰਬਰਸਰੀ ਪਕੌੜੇ...', 'ਕਾਸ਼ਨੀ ਸੁਪਨੇ', ਪੰਨਾ 108), ਧੀ ਦੀ ਪੜ੍ਹਾਈ ਵਿਚੇ ਰੋਕ ਕੇ ਤੁਰੰਤ ਵਿਦੇਸ਼ੀ ਮੁੰਡੇ ਨਾਲ ਵਿਆਹੁਣਾ ('ਪੜ੍ਹ ਕੇ ਤੂੰ ਵਕੀਲ ਬਣਨੈ? ਅਗਲਿਆਂ ਦੀ ਕੋਈ ਮੰਗ ਨਹੀਂ। ਲੋਕ ਤਾਂ ਮੱਖੀਆਂ ਆਂਗੂ ਭਿਣਕਦੇ ਨੇ ਉਨ੍ਹਾਂ ਦੇ ਘਰ... 'ਜਿਨ੍ਹਾਂ ਦੇ ਰੂਪ ਨੇ ਸੋਹਣੇ', ਪੰਨਾ 67), ਡਰੱਗ ਤੇ ਸੈਕਸ ਦਾ ਖੁੱਲ੍ਹਾ ਵਪਾਰ, ਐੱਲਐੱਸਡੀ, ਵੀਡ, ਮੈਰੀਊਆਨਾ, ਆਕਸੀਟੋਸਿਨ, ਸਮੈਕ, ਕੋਕੀਨ ਦੇ ਕਾਰੋਬਾਰ ਵਿਚ ਭਾਰਤੀ ਕੁੜੀਆਂ ਦਾ ਮਾਸੂਮੀਅਤ ਵਿਚ ਫਸਣਾ ਤੇ ਫਿਰ ਇਸ ਦਲਦਲ 'ਚੋਂ ਨਾ ਨਿਕਲ ਸਕਣਾ, ('ਨਾਈਟ ਲਾਈਫ') ਜਿਹੇ ਵਿਸ਼ੇ ਵੀ ਇਨ੍ਹਾਂ ਕਹਾਣੀਆਂ ਵਿਚ ਵੇਖੇ ਜਾ ਸਕਦੇ ਹਨ।ਇਨ੍ਹਾਂ ਕਹਾਣੀਆਂ ਨੂੰ ਮਹਿਜ਼ ਕਲਪਨਾ ਦੇ ਆਧਾਰ 'ਤੇ ਨਹੀਂ ਸਿਰਜਿਆ ਗਿਆ, ਸਗੋਂ ਗੁਰਮੀਤ ਬਾਕਾਇਦਾ ਇਸ ਅਨੁਭਵ ਵਿੱਚੋਂ ਗੁਜ਼ਰੀ ਹੈ 'ਮੇਰਾ ਮੰਨਣਾ ਹੈ ਕਿ ਲੇਖਕ ਜਦੋਂ ਆਪ ਕਿਸੇ ਅਨੁਭਵ ਚੋਂ ਲੰਘਿਆ ਹੋਵੇ ਤਾਂ ਪ੍ਰਗਟਾਵੇ ਸਮੇਂ ਉਹ ਲਿਖਤ ਨਾਲ ਬਿਹਤਰ ਇਨਸਾਫ਼ ਕਰ ਸਕਦਾ ਹੈ।... ਕੈਨੇਡਾ ਦੀ ਧਰਤੀ ਨੇ ਬਹੁਤ ਕੁਝ ਦਿੱਤਾ ਹੈ। ਇਸ ਦੀ ਬਰਫ਼ ਵਾਲੀ ਨਿੱਘੀ ਬੁੱਕਲ 'ਚ ਮੈਂ ਖੁਸ਼ ਹਾਂ, ਸੰਤੁਸ਼ਟ ਹਾਂ। ਫਿਰ ਵੀ ਆਲੇ-ਦੁਆਲੇ ਦੀਆਂ ਦੁਸ਼ਵਾਰੀਆਂ ਅਤੇ ਬੇਤਰਤੀਬੀਆਂ ਮੈਨੂੰ ਲਿਖਣ ਲਈ ਚੋਭ ਲਾਉਂਦੀਆਂ ਰਹਿੰਦੀਆਂ ਹਨ।' (ਪੰਨਾ 10)
ਬਾਹਰੀ ਵਿਖਾਵੇ ਅਤੇ ਅੰਦਰੂਨੀ ਯਥਾਰਥ ਨੂੰ ਬਿਆਨ ਕਰਦੀਆਂ ਗੁਰਮੀਤ ਪਨਾਗ ਦੀਆਂ ਇਹ ਕਹਾਣੀਆਂ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ, ਸਗੋਂ ਇਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c

ਟ੍ਰਾਫ਼ੀ ਵਾਈਫ਼
ਲੇਖਿਕਾ : ਜੱਸੀ ਧਾਲੀਵਾਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 0183-5011003.

'ਟ੍ਰਾਫ਼ੀ ਵਾਈਫ਼' ਆਸਟ੍ਰੇਲੀਆ ਵਸਦੀ ਕਹਾਣੀ-ਲੇਖਿਕਾ ਜੱਸੀ ਧਾਲੀਵਾਲ ਦੀ ਤੀਸਰੀ ਕਥਾ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਦੇਸਣ' ਅਤੇ 'ਬਾਕੀ ਸਭ ਸੁੱਖ ਸਾਂਦ ਹੈ' ਕਹਾਣੀ ਪੁਸਤਕਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਨਾਲ ਚੰਗਾ ਰਾਬਤਾ ਬਣਾ ਚੁੱਕੀ ਹੈ। ਧਾਲੀਵਾਲ ਦੂਰ-ਦੁਰੇਡੇ ਮੁਲਕ ਆਸਟ੍ਰੇਲੀਆ ਵਿਚ ਪੰਜਾਬੀ ਕਥਾ-ਸਾਹਿਤ ਦੀ ਧਾਰਾ ਵਗਾਉਣ ਵਾਲੀ ਕਾਰਜਸ਼ੀਲ ਲੇਖਿਕਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 84 ਨਿੱਕੀਆਂ ਤੇ ਵੱਡੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜੱਸੀ ਧਾਲੀਵਾਲ ਸਾਹਿਤ ਦੇ ਕਲਿਆਣਕਾਰੀ ਰੁਝਾਨ ਵਾਲੀ ਲੇਖਿਕਾ ਹੈ। ਉਹ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਆਖਦੀ ਹੈ। ਉਸ ਦੀਆਂ ਕਹਾਣੀਆਂ ਦਾ ਟੀਚਾ ਮਨੁੱਖ ਦੀਆਂ ਜਾਤੀ ਵਡਿਆਈਆਂ ਨੂੰ ਵੱਡਾ ਕਰਕੇ ਦਿਖਾਉਣਾ ਹੈ। ਉਹ ਮਨੁੱਖ ਦੇ ਇਖ਼ਲਾਕੀ ਤੇ ਰੂਹਾਨੀ ਕਿਰਦਾਰ ਦੀ ਥਾਹ ਪਾਉਣ ਵਾਲੀ ਲੇਖਿਕਾ ਹੈ। ਉਸ ਦੀਆਂ ਕਹਾਣੀਆਂ ਦੇ ਕਿਰਦਾਰ ਮਨੁੱਖੀ ਜੀਵਨ ਅਤੇ ਸਮਾਜ ਦੇ ਉਦੈਕਾਰੀ ਰੁਝਾਨ ਨਾਲ ਜੁੜੇ ਹੋਏ ਹਨ। ਉਹ ਅਜਿਹੀਆਂ ਕਹਾਣੀਆਂ ਸਿਰਜਦੀ ਹੈ ਜੋ ਮਨੁੱਖੀ ਜੀਵਨ ਦਾ ਸੁਨਹਿਰੀ ਪੱਖ ਉਜਾਗਰ ਕਰਦੀਆਂ ਹੋਣ। ਕਹਾਣੀ ਭਾਵੇਂ 'ਆਤਮ-ਸਨਮਾਨ' ਹੋਵੇ, 'ਮਾੜੀ ਧੀ', 'ਚਿੱਤਰਕਾਰ', 'ਡੱਬਾ', 'ਬਦਨਾਮ ਔਰਤ', 'ਮਾੜਾ ਢੱਗਾ ਛੱਤੀ ਰੋਗ' ਹੋਵੇ, ਇਹ ਸਭ ਕਹਾਣੀਆਂ ਮਨੁੱਖ ਦੀ ਹੋਣੀ ਦੇ ਆਦਰਸ਼ ਰੂਪ ਨੂੰ ਹੀ ਚਿਤਰਦੀਆਂ ਪ੍ਰਤੀਤ ਹੁੰਦੀਆਂ ਹਨ। ਕਹਾਣੀਆਂ 'ਸਾਧੂ', 'ਪਛਤਾਵਾ' ਅਤੇ 'ਟ੍ਰਾਫ਼ੀ ਵਾਈਫ਼' ਵੀ ਮਨੁੱਖੀ ਕਿਰਦਾਰ ਦੇ ਉੱਜਲ ਰਾਹ ਵੱਲ ਸੰਕੇਤ ਕਰਦੀਆਂ ਹਨ। ਜੱਸੀ ਧਾਲੀਵਾਲ ਕਹਾਣੀ ਨਹੀਂ ਲਿਖਦੀ, ਸੁਚੱਜੀ ਜੀਵਨ-ਜਾਚ ਜਿਊਣ ਦੇ ਪ੍ਰਵਚਨ ਕਰਦੀ ਪ੍ਰਤੀਤ ਹੁੰਦੀ ਹੈ। ਹਰੇਕ ਕਹਾਣੀ ਦੇ ਅੰਤ ਵਿਚ ਉਹ ਚੰਗੇਰੇ ਅਤੇ ਸੁਚੱਜੀ ਜੀਵਨ ਵਿਉਂਤ ਲਈ ਪਾਠਕਾਂ ਨੂੰ ਪ੍ਰੇਰਿਤ ਕਰਦੀ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਨੂੰ 'ਕਲਾ ਸਮਾਜ ਲਈ' ਦੇ ਖਾਨੇ ਵਿਚ ਰੱਖ ਕੇ ਹੀ ਪੜ੍ਹਿਆ, ਪਰਖਿਆ ਤੇ ਪੜਚੋਲਿਆ ਜਾ ਸਕਦਾ ਹੈ। ਇਹ ਕਹਾਣੀਆਂ ਲੇਖਿਕਾ ਦੇ ਇਕ ਤਰ੍ਹਾਂ ਨਾਲ ਪ੍ਰਵਚਨ ਹੀ ਤਾਂ ਹਨ, ਜੋ ਰੌਚਿਕ ਵੀ ਹਨ ਤੇ ਉਪਦੇਸ਼ਾਤਮਕ ਵੀ। 'ਲਾਕ ਡਾਊਨ' ਲੇਖਿਕਾ ਦੇ ਸਾਹਿਤ ਰਚਨਾ ਲਈ ਰਾਸ ਆ ਗਿਆ ਜਾਪਦਾ ਹੈ।

ਕੇ. ਐਲ. ਗਰਗ
ਮੋ: 94635-37050.

ਟੀਸੀ ਦਾ ਬੇਰ
ਸੰਪਾਦਕ : ਬੇਅੰਤ ਬਾਜਵਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98881-00874.

ਇਹ ਪੁਸਤਕ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦਾ ਉਪਰਾਲਾ ਹੈ। ਇਸ ਵਿਚ ਸ਼੍ਰੋਮਣੀ ਨਾਵਲਕਾਰ ਰਾਮ ਸਰੂਪ ਅਣਖੀ ਦੀਆਂ 28 ਚੋਣਵੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਅਤੇ ਮਨੋਵਿਗਿਆਨਕ ਹਨ। ਇਨ੍ਹਾਂ ਵਿਚ ਮਲਵਈ ਸੱਭਿਆਚਾਰ ਦੀ ਝਲਕ ਹੈ। ਬੋਲੀ ਠੁੱਕਦਾਰ ਅਤੇ ਮੁਹਾਵਰੇਦਾਰ ਹੈ। ਆਓ ਕੁਝ ਝਲਕਾਂ ਦੇਖੀਏ
-ਦੁਨੀਆ ਦੇ ਸਾਰੇ ਰਿਸ਼ਤੇ ਤੇਰੇ ਵਿਚ ਆ ਕੇ ਇਕੱਠੇ ਹੋ ਗਏ ਸਨ। ਤੂੰ ਪਿਆਰ ਦਾ ਇਕ ਮੁਜੱਸਮਾ ਹੀ ਤਾਂ ਸੀ। ਤੂੰ ਮੇਰੀ ਮਾਂ ਸੀ, ਭੈਣ ਵੀ, ਦੋਸਤ ਵੀ ਅਤੇ ਪ੍ਰੇਮਿਕਾ ਤਾਂ ਸੀ ਹੀ।
-ਪਹਿਲੇ ਦਿਨੋਂ ਸਤਜੁਗੀ ਬੰਦਾ ਸੀ ਥੰਮਣ ਤਾਂ। ਦੇਖ ਲੌ, ਨਿੱਕੀ ਜਿੰਨੀ ਗੱਲ 'ਤੇ ਜਾਨ ਦੇ ਤੀ। ਨਹੀਂ ਤਾਂ ਕੀ ਨੀ ਹੁੰਦਾ ਏਸ ਸੰਸਾਰ ਤੇ।
-ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ 'ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ 'ਚ।
-ਬੱਸ ਬੱਸ, ਇਹੀ ਜ਼ਿੰਦਗੀ ਐ, ਅਸਲੀ ਜ਼ਿੰਦਗੀ। ਤੂੰ ਜਿਹੜੇ ਪਹਿਲਾਂ ਨਾਵਲ ਪੜ੍ਹਦਾ ਰਿਹੈਂ ਨਾ, ਉਹ ਤਾਂ ਹਵਾਈ ਕਿਲ੍ਹੇ ਹੁੰਦੇ ਨੇ। ਜ਼ਿੰਦਗੀ ਤੋਂ ਦੂਰ ਦੀ ਚੀਜ਼, ਬੱਸਾਂ ਗੱਡੀਆਂ ਵਿਚ ਸਫ਼ਰ-ਕਟੀ ਦਾ ਸਸਤਾ ਮਨੋਰੰਜਨ।
-ਮਾਂ, ਜੇ ਤੇਰਾ ਮੁਖੜਾ ਉਦਾਸ ਹੋ ਜਾਏ, ਤਾਂ ਮੈਂ ਅੱਥਰੂਆਂ ਵਿਚ ਡੁੱਬ ਜਾਂਦਾ ਹਾਂ। ਤੇ ਹੁਣ ਏਸੇ ਮੱਘਰ ਦੀ ਰੁੱਤ ਵਿਚ ਸਾਰਾ ਬੰਗਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਸੀ। ਮੁਕਤੀ ਵਾਹਿਨੀ ਤੇ ਭਾਰਤੀ ਫ਼ੌਜ ਹੀ ਇਕ ਆਸ ਸਨ।
-ਜ਼ਮਾਨਾ ਕਿੰਨਾ ਅਗਾਂਹ ਜਾ ਖਲੋਤਾ ਹੈ। ਫੈਸ਼ਨ ਸਿਖਰ 'ਤੇ ਹੈ। ਅੱਜਕਲ੍ਹ ਅਨਪੜ੍ਹ ਤੀਵੀਆਂ ਵੀ ਪੜ੍ਹੀਆਂ ਲਿਖੀਆਂ ਲਗਦੀਆਂ ਹਨ। ਬੋਲ ਚਾਲ ਚੁਸਤ, ਕੱਪੜੇ ਚੁਸਤ ਤੇ ਨਖ਼ਰਾ ਚੁਸਤ। ਹੋਰ ਕੀ ਪੜ੍ਹੀਆਂ ਲਿਖੀਆਂ ਦੇ ਸਿੰਗ ਹੁੰਦੇ ਨੇ?
ਸਮੁੱਚੇ ਤੌਰ 'ਤੇ ਇਹ ਕਹਾਣੀ ਸੰਗ੍ਰਹਿ ਦਿਲਚਸਪ ਅਤੇ ਸਾਰਥਕ ਹੈ। ਇਸ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਸ਼ਿਕਾਰਗਾਹ
ਨਾਵਲਕਾਰਾ : ਸੁਰਿੰਦਰ ਨੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 280
ਸੰਪਰਕ : 096220-06304.

ਕਸ਼ਮੀਰ ਦੀ ਪੰਜਾਬੀ ਨਾਵਲਕਾਰਾ ਦੁਆਰਾ ਖੂਬਸੂਰਤ ਨਾਵਲੀ ਯੁਗਤਾਂ ਨਾਲ ਘੜਿਆ-ਰਚਿਆ ਇਹ ਇਕ ਵਿਲੱਖਣ ਨਾਵਲ ਹੈ। ਜੋ ਸਮੁੱਚੇ ਪੰਜਾਬੀ ਨਾਵਲ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੀ ਸਮਰੱਥਾ ਰੱਖਦਾ ਤੱਕਿਆ ਜਾ ਸਕਦਾ ਹੈ। ਕਸ਼ਮੀਰੀ ਪੰਜਾਬੀਆਂ ਦੇ ਸੱਭਿਆਚਾਰ ਅਤੇ ਰਾਜਨੀਤਕ ਜੀਵਨ ਨੂੰ ਬੇਹੱਦ ਬਾਰੀਕਬੀਨੀ ਨਾਲ ਪੇਸ਼ ਕਰਦਿਆਂ ਨਾਵਲਕਾਰਾ ਨੇ ਕਸ਼ਮੀਰੀ ਸਮਾਜ ਦੀਆਂ ਬਹੁਪਰਤੀ ਗੁੰਝਲਾਂ ਨੂੰ ਪੇਸ਼ ਕੀਤਾ ਹੈ। ਨਾਵਲ ਦੀ ਭੂਮਿਕਾ ਵਿਚ ਅਮਰਜੀਤ ਸਿੰਘ ਗਰੇਵਾਲ ਲਿਖਦੇ ਹਨ, 'ਸੁਰਿੰਦਰ ਨੀਰ ਨੇ ਇਸ ਨਾਵਲ ਰਾਹੀਂ ਪੰਜਾਬੀ ਕਸ਼ਮੀਰ ਦੀ ਵਿਲੱਖਣ ਪਛਾਣ ਨੂੰ ਬਰਾਬਰੀ ਦੇ ਆਧਾਰ 'ਤੇ, ਵਿਸ਼ਵ ਪੰਜਾਬੀ ਭਾਈਚਾਰੇ ਦੀ ਸਮਾਨਾਂਤਰ ਧਾਰਾ ਵਜੋਂ ਸਥਾਪਤ ਕਰਕੇ ਵਿਸ਼ਾਲ ਪੰਜਾਬ ਦੇ ਨਿਰਮਾਣ ਦੀ ਜੋ ਸੰਭਾਵਨਾ ਪੈਦਾ ਕੀਤੀ ਹੈ, ਉਹ ਯਥਾਰਥ ਤੋਂ ਦੂਰ ਨਹੀਂ।'
ਇਸ ਨਾਵਲ ਦੀ ਕਹਾਣੀ ਦੀਆਂ ਜੜ੍ਹਾਂ ਵਿਚ ਕਸ਼ਮੀਰ ਸਮੱਸਿਆ ਨੂੰ ਤੱਕ ਕੇ ਦਹਿਸ਼ਤਵਾਦ ਕਾਰਨ ਉਸ ਸਮਾਜ ਦਾ ਹੋਇਆ ਜਾਂ ਹੋ ਰਿਹਾ ਨੁਕਸਾਨ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਅਸਲ ਵਿਚ ਨਾਵਲ ਅੱਤਵਾਦ ਅਤੇ ਕਸ਼ਮੀਰੀ ਭਾਈਚਾਰੇ ਦੀ ਲੜਾਈ ਪੇਸ਼ ਕਰਦਾ ਹੋਇਆ ਮੁਸਲਮਾਨ, ਸਿੱਖ ਅਤੇ ਹਿੰਦੂ ਨਾਗਰਿਕਾਂ ਦੀ ਏਕਤਾ 'ਤੇ ਕੇਂਦਰਿਤ ਹੁੰਦਾ ਨਜ਼ਰ ਆਉਂਦਾ ਹੈ। ਤਿੰਨਾਂ ਭਾਈਚਾਰਿਆਂ ਦੀ ਸਾਂਝ ਦਿਖਾ ਕੇ ਲੇਖਿਕਾ ਸਿੱਧ ਕਰਦੀ ਹੈ ਕਿ ਸੌੜੀ ਸੋਚ ਵਾਲੇ ਲੋਕਾਂ ਨੇ ਆਪਣੇ ਸਵਾਰਥ ਲਈ ਕਸ਼ਮੀਰੀ ਪੰਜਾਬ ਨੂੰ ਦਹਿਸ਼ਤ ਦਾ ਅੱਡਾ ਬਣਾਇਆ ਹੋਇਆ ਹੈ। ਬਿੱਦੋ, ਨਿੱਕੀ ਵਰਗੇ ਔਰਤ ਪਾਤਰਾਂ ਸਮੇਤ ਰਾਜਬੀਰ ਸਿੰਘ ਵਰਗੇ ਪਾਤਰ 'ਅੱਤਵਾਦ' ਨੂੰ ਵੰਗਾਰਦੇ ਨਜ਼ਰ ਆਉਂਦੇ ਹਨ। ਤਕਨੀਕੀ ਤੌਰ 'ਤੇ ਨਾਵਲਕਾਰਾ ਸੁਰਿੰਦਰ ਨੀਰ ਨੇ ਇਕ ਮਿਸਾਲੀ ਰਚਨਾ ਪੰਜਾਬੀ ਨਾਵਲ ਸਾਹਿਤ ਦੀ ਝੋਲੀ ਪਾਈ ਹੈ। ਇਸ ਨਾਵਲ ਦੀ ਨਿਰਖ-ਪਰਖ ਅਤੇ ਪੜਚੋਲ ਹੋਣੀ ਚਾਹੀਦੀ ਹੈ, ਤਾਂ ਜੋ ਨਾਵਲਕਾਰਾ ਦੀ ਘਾਲਣਾ ਥਾਏਂ ਪੈ ਸਕੇ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX