ਤਾਜਾ ਖ਼ਬਰਾਂ


ਨਵੀਂ ਦਿੱਲੀ: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਇਲਾਜ ਲਈ ਬਿਹਾਰ ਤੋਂ ਦਿੱਲੀ ਲਿਆਂਦਾ ਗਿਆ
. . .  1 day ago
ਕੇਰਲ ਦੇ ਰਾਜਪਾਲ ਨੇ ਮੰਤਰੀ ਸਾਜੀ ਚੇਰਿਅਨ ਦਾ ਅਸਤੀਫ਼ਾ ਕੀਤਾ ਸਵੀਕਾਰ
. . .  1 day ago
ਤਿਰੂਵਨੰਤਪੁਰਮ, 6 ਜੁਲਾਈ - ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਅੱਜ ਕੇਰਲ ਦੇ ਮੰਤਰੀ ਸਾਜੀ ਚੇਰਿਅਨ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਸਾਜੀ ਚੇਰੀਅਨ ਨੇ ਰਾਜ ਮੰਤਰੀ ਮੰਡਲ ਤੋਂ ...
ਅੰਮ੍ਰਿਤਸਰ ਦੇ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਇਲਿਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਅਤੇ ਗਾਇਕ ਇਲਿਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ।
ਸੀ. ਐਮ. ਦੀ ਹੋਣ ਵਾਲੀ ਲਾੜੀ ਡਾ. ਗੁਰਪ੍ਰੀਤ ਕੌਰ ਬਾਰੇ ਜਾਣੋ ਕੁਝ ਖ਼ਾਸ ਗੱਲਾਂ
. . .  1 day ago
ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਡੀ.ਐੱਸ.ਪੀ. ਲਖਵੀਰ ਸਿੰਘ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)-ਬੀਤੇ ਦਿਨੀਂ ਸੀ.ਆਈ.ਏ. ਸਟਾਫ਼ ਪੱਟੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਨਸ਼ੇ ਦੇ ਕੇਸ ਵਿਚੋਂ ਗ੍ਰਿਫ਼ਤਾਰ ਨਾ ਕਰਨ ਲਈ ਡੀ.ਐੱਸ.ਪੀ. ਫ਼ਰੀਦਕੋਟ ...
24 ਲੱਖ ਦੀ ਕੋਕੀਨ ਨਾਲ ਵਿਦੇਸ਼ੀ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਮੁੰਬਈ, 6 ਜੁਲਾਈ - ਮੁੰਬਈ ਐਂਟੀ ਨਾਰਕੋਟਿਕ ਸੈੱਲ ਬਾਂਦਰਾ ਯੂਨਿਟ ਨੇ 80 ਗ੍ਰਾਮ ਕੋਕੀਨ ਸਮੇਤ ਵਿਦੇਸ਼ੀ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੋਕੀਨ ਦੀ ਕੀਮਤ 24 ਲੱਖ ਰੁਪਏ ਦੱਸੀ...
ਘਰੇਲੂ ਖਿਡੌਣਾ ਉਦਯੋਗ ਦੇ ਨਿਰਯਾਤ 'ਚ ਤੇਜ਼ੀ ਨਾਲ ਵਾਧਾ
. . .  1 day ago
ਨਵੀਂ ਦਿੱਲੀ, 6 ਜੁਲਾਈ - 'ਮੇਕ ਇਨ ਇੰਡੀਆ' ਲਈ ਕੇਂਦਰ ਦੇ ਉਤਸ਼ਾਹ ਵਿਚਕਾਰ ਘਰੇਲੂ ਖਿਡੌਣਾ ਉਦਯੋਗ ਦੀ ਦਰਾਮਦ 'ਚ ਗਿਰਾਵਟ ਅਤੇ ਨਿਰਯਾਤ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ...
ਭਰਪੂਰ ਸਿੰਘ ਨੇ ਸੰਭਾਲਿਆ ਡੀ.ਐੱਸ.ਪੀ. ਸੁਨਾਮ ਦਾ ਅਹੁਦਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੰਗਰੂਰ ਤੋਂ ਬਦਲ ਕੇ ਆਏ ਡੀ.ਐੱਸ.ਪੀ. ਭਰਪੂਰ ਸਿੰਘ ਵਲੋਂ ਅੱਜ ਡੀ.ਐੱਸ.ਪੀ. ਸੁਨਾਮ ਦਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਭਰਪੂਰ ਸਿੰਘ...
ਸਿਹਤ ਮੰਤਰਾਲੇ ਨੇ ਬਾਲਗ਼ਾਂ ਲਈ ਕੋਵਿਡ-19 ਸਾਵਧਾਨੀ ਖ਼ੁਰਾਕ ਦਾ ਅੰਤਰ ਘਟਾਇਆ
. . .  1 day ago
ਨਵੀਂ ਦਿੱਲੀ, 6 ਜੁਲਾਈ - ਕੇਂਦਰੀ ਸਿਹਤ ਮੰਤਰਾਲੇ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਵਿਡ-19 ਸਾਵਧਾਨੀ ਖ਼ੁਰਾਕ ਦਾ ਅੰਤਰ ਮੌਜੂਦਾ 9 ਮਹੀਨਿਆਂ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ...
ਕੇਰਲ ਦੇ ਮੰਤਰੀ ਸਾਜੀ ਚੇਰੀਅਨ ਵਲੋਂ ਮੰਤਰੀ ਮੰਡਲ ਤੋਂ ਅਸਤੀਫ਼ਾ
. . .  1 day ago
ਤਿਰੂਵਨੰਤਪੁਰਮ, 6 ਜੁਲਾਈ - ਕੇਰਲ ਦੇ ਮੰਤਰੀ ਸਾਜੀ ਚੇਰੀਅਨ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੰਵਿਧਾਨ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਉਨ੍ਹਾਂ ਦੇ ਅਸਤੀਫ਼ੇ...
ਬਰਤਾਨੀਆ ਦੇ 2 ਹੋਰ ਮੰਤਰੀਆਂ ਵਲੋਂ ਅਸਤੀਫ਼ੇ
. . .  1 day ago
ਲੰਡਨ, 6 ਜੁਲਾਈ - ਬਰਤਾਨੀਆ ਦੇ 2 ਹੋਰ ਮੰਤਰੀਆਂ ਜੌਨ ਗਲੇਨ ਅਤੇ ਵਿਕਟੋਰੀਆ ਐਟਕਿਨਸ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬੀ ਮੂਲ ਦੇ ਮੰਤਰੀਆਂ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਅਤੇ ਸਿਹਤ ਮੰਤਰੀ...
ਪੰਜਾਬ 'ਚ ਹੁਣ ਸਾਰੇ ਮੀਲ ਪੱਥਰਾਂ ਅਤੇ ਨਾਮ ਪੱਟੀਆਂ 'ਚ ਸਿਖਰ 'ਤੇ ਹੋਵੇਗੀ ਪੰਜਾਬੀ ਭਾਸ਼ਾ
. . .  1 day ago
ਚੰਡੀਗੜ੍ਹ, 6 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਦਫ਼ਤਰਾਂ 'ਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾਂ 'ਚ ਪੰਜਾਬੀ ਭਾਸ਼ਾ...
ਨਿਪਾਲ ਦੇ ਵਿੱਤ ਮੰਤਰੀ ਵਲੋਂ ਅਸਤੀਫ਼ਾ
. . .  1 day ago
ਕਾਠਮੰਡੂ, 6 ਜੁਲਾਈ - ਨਿਪਾਲ ਦੇ ਵਿੱਤ ਮੰਤਰੀ ਜਨਾਰਦਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਉਨ੍ਹਾਂ ਲੋਕ ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ...
ਡਾ. ਗੁਰਪ੍ਰੀਤ ਕੌਰ ਨੇ ਵੀ ਵਧਾਈਆਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਇਸ ਮੌਕੇ ਭਗਵੰਤ ਮਾਨ ਦੇ ਨਾਲ ਨਾਲ ਡਾ. ਗੁਰਪ੍ਰੀਤ ਕੌਰ ਨੇ ਵੀ...
ਗੁਰਜੀਤ ਸਿੰਘ ਔਜਲਾ ਨੇ ਭਗਵੰਤ ਮਾਨ ਨੂੰ ਦਿੱਤੀ ਮੁਬਾਰਕਬਾਦ
. . .  1 day ago
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰ ਸਿੰਘ ਵਰਪਾਲ) - ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ...
ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਧੂ ਸਿੰਘ ਧਰਮਸੋਤ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ
. . .  1 day ago
ਨਾਭਾ, 6 ਜੁਲਾਈ (ਕਰਮਜੀਤ ਸਿੰਘ) - ਭ੍ਰਿਸ਼ਟਾਚਾਰ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਲਗਪਗ 30 ਮਿੰਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ...
ਮੁਖ਼ਤਾਰ ਅੱਬਾਸ ਨਕਵੀ ਵਲੋਂ ਮੋਦੀ ਕੈਬਨਿਟ ਤੋਂ ਅਸਤੀਫ਼ਾ
. . .  1 day ago
ਨਵੀਂ ਦਿੱਲੀ, 6 ਜੁਲਾਈ - ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ...
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੰਭਾਲਿਆ ਅਹੁਦਾ
. . .  1 day ago
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ) - ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੂਬੇ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ
. . .  1 day ago
ਮੁੰਬਈ, 6 ਜੁਲਾਈ - ਵੈਸਟ ਇੰਡੀਜ਼ ਖ਼ਿਲਾਫ਼ 3 ਇਕਦਿਨਾਂ ਮੈਚਾਂ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਿਖਰ ਧਵਨ ਟੀਮ ਦੇ ਕਪਤਾਨ ਹੋਣਗੇ, ਜਦਕਿ ਰਵਿੰਦਰ ਜਡੇਜਾ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ...
ਰਾਘਵ ਚੱਢਾ ਵਲੋਂ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ
. . .  1 day ago
ਚੰਡੀਗੜ੍ਹ, 6 ਜੁਲਾਈ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਛੋਟੇ ਦਾ ਨੰਬਰ ਵੱਡੇ ਤੋਂ ਬਾਅਦ...
ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 6 ਜੁਲਾਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਉਨ੍ਹਾਂ ਨੂੰ ਵਿਆਹ ਦੀ ਵਧਾਈ ਦੇਣ 'ਤੇ ਧੰਨਵਾਦ ਕੀਤਾ...
ਅੰਮ੍ਰਿਤਸਰ ਇਮਾਰਤ ਡਿੱਗਣ ਦੇ ਮਾਮਲੇ 'ਚ 4 ਮੁਅੱਤਲ
. . .  1 day ago
ਅੰਮ੍ਰਿਤਸਰ, 6 ਜੁਲਾਈ (ਹਰਮਿੰਦਰ ਸਿੰਘ)-ਬੀਤੇ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਸਾਹਮਣੇ ਇਕ ਇਮਾਰਤ ਡਿੱਗਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਨਗਰ ਨਿਗਮ ਦੇ ਐੱਮ.ਟੀ.ਪੀ...
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 536 ਦੇ ਕਰੀਬ ਪਾਸਪੋਰਟ ਸਮੇਤ 4 ਟਰੈਵਲ ਏਜੰਟ ਕਾਬੂ
. . .  1 day ago
ਜਲੰਧਰ, 6 ਜੁਲਾਈ (ਅੰਮ੍ਰਿਤਪਾਲ)-ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਵਲੋਂ 536 ਦੇ ਕਰੀਬ ਪਾਸਪੋਰਟ ਸਮੇਤ 4 ਟਰੈਵਲ ਏਜੰਟਾਂ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਚਾਰ ਵੱਖ-ਵੱਖ ਦਫ਼ਤਰਾਂ ਤੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।
ਨੂਰਪੁਰਬੇਦੀ: ਡਾ.ਮਨੀਸ਼ ਦੇਵ ਸ਼ਰਮਾ ਯੂਨੀਵਰਸਿਟੀ ਆਫ਼ ਲੇਹ ਲੱਦਾਖ ਦੇ ਰਜਿਸਟਰਾਰ ਨਿਯੁਕਤ
. . .  1 day ago
ਨੂਰਪੁਰਬੇਦੀ, 6 ਜੁਲਾਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰਬੇਦੀ ਦੇ ਜੰਮਪਲ ਅਤੇ ਸੇਵਾਮੁਕਤ ਅਧਿਆਪਕ ਮਾਸਟਰ ਤੇਲੂ ਰਾਮ ਦੇ ਸਪੁੱਤਰ ਡਾ. ਮਨੀਸ਼ ਦੇਵ ਸ਼ਰਮਾ ਦੀ ਯੂਨੀਵਰਸਿਟੀ ਆਫ ਲੇਹ, ਲੱਦਾਖ ਵਿਖੇ ਬਤੌਰ ਰਜਿਸਟਰਾਰ ਨਿਯੁਕਤੀ ਹੋਈ ਹੈ। ਕੇਂਦਰ ਸ਼ਾਸਿਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਕਿਤਾਬਾਂ

19-06-2022

ਜਿਥੇ ਬਾਬਾ ਪੈਰੁ ਧਰੇ
ਲੇਖਕ : ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ
ਪ੍ਰਕਾਸ਼ਕ : ਸੰਤ ਸੇਵਾ ਸਿੰਘ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਹੁਸ਼ਿਆਰਪੁਰ
ਭੇਟਾ : ਵੀਚਾਰ ਅਤੇ ਅਮਲ, ਸਫ਼ੇ : 320
ਸੰਪਰਕ : 98767-60334.


ਲੇਖਕ ਨੇ 'ਜਿਥੇ ਬਾਬਾ ਪੈਰੁ ਧਰੇ' ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਤ ਨਿਕਟ ਵਰਤੀ ਤੇ ਰੂਹਾਨੀ ਰਬਾਬੀ ਭਾਈ ਮਰਦਾਨਾ ਜੀ ਦੇ ਦ੍ਰਿੜ੍ਹ ਨਿਸਚੇ ਨੂੰ ਸਮਰਪਿਤ ਕੀਤੀ ਹੈ। ਲੇਖਕ ਨੇ ਹਥਲੀ ਪੁਸਤਕ ਵਿਚ ਕੁੱਲ 40 ਲੇਖ ਧਾਰਮਿਕ ਅਸਥਾਨਾਂ ਨਾਲ ਸੰਬੰਧਿਤ ਸ਼ਾਮਿਲ ਕੀਤੇ ਹਨ। ਪਹਿਲੇ 28 ਲੇਖ ਭਾਰਤ ਵਿਚਲੇ ਗੁਰਧਾਮਾਂ ਅਤੇ 12 ਲੇਖ ਪਾਕਿਸਤਾਨ ਸਥਿਤ ਗੁਰਧਾਮਾਂ ਨਾਲ ਸੰਬੰਧਿਤ ਹਨ। ਜਿਵੇਂ ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ, ਜਿਥੇ ਬਾਬਾ ਪੈਰੁ ਧਰੇ, ਲੱਦਾਖ ਯਾਤਰਾ, ਸੇਗਾਂਗ ਮੰਚੂਖਾ, ਗੁਰੂ ਨਾਨਕ ਤਪਸਥਾਨ-ਪੇਮੋਸ਼ੁਬੂ (ਅਰੁਣਾਚਲ), ਚੁੰਗਥਾਂਗ (ਸਿਕਿਮ) ਲਾਚਿਨ (ਸਿਕਿਮ), ਥਾਂਗੂ (ਸਿਕਿਮ), ਝੀਲ ਗੁਰੂ ਡਾਂਗ ਮਾਰ (ਸਿਕਿਮ), ਗੁਰਦੁਆਰਾ ਢੁੱਬਰੀ (ਧੂਬੜੀ) ਸਾਹਿਬ ਆਸਾਮ, ਨਾਨਕ ਝੀਰਾ ਬਿਦਰ (ਕਰਨਾਟਕ)-ਹਜ਼ੂਰ ਸਾਹਿਬ ਨਾਂਦੇੜ, ਡੋਮੇਂ ਗਾਉਂ-ਕਮਾਲਪੁਰ (ਮਹਾਰਾਸ਼ਟਰ), ਬੁਰਹਾਨਪੁਰ, ਗੁਰਦੁਆਰਾ ਕੋਹੜ ਨਿਵਾਰਨ-ਭੁਪਾਲ (ਮੱਧ ਪ੍ਰਦੇਸ਼), ਗੁਰਦੁਆਰਾ ਬੰਦੀ-ਛੋੜ ਗਵਾਲੀਅਰ (ਮੱਧ ਪ੍ਰਦੇਸ਼), ਗੁਰੂ ਕਾ ਤਾਲ ਆਗਰਾ (ਉੱਤਰ ਪ੍ਰਦੇਸ਼), ਦਿੱਲੀ ਜਿੱਥੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਨੇ ਮੁਗਲਾਂ ਦੀ ਜੜ੍ਹ ਹਿਲਾ ਦਿੱਤੀ, ਪਾਉਂਟਾ ਸਾਹਿਬ ਭੰਗਾਣੀ (ਹਿਮਾਚਲ ਪ੍ਰਦੇਸ਼), ਪਟਿਆਲਾ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਮਾਛੀਵਾੜਾ, ਆਲਮਗੀਰ, ਟਾਹਲੀ ਸਾਹਿਬ, ਰਤਨ (ਲੁਧਿਆਣਾ), ਗੁਰੂ ਸਰ ਸੁਧਾਰ, ਟਾਹਲੀਆਣਾ ਸਾਹਿਬ ਰਾਏਕੋਟ, ਸ਼ਤਰੰਜਸਰ-ਬੱਸੀਆਂ, ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਲੇਖਕ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਤਸਵੀਰਾਂ ਸਹਿਤ ਗੁਰ ਚਰਨ ਛੋਹ ਸਥਾਨਾਂ ਦੀ ਯਾਤਰਾ ਵਿਚ ਵਰਨਣ ਕੀਤਾ ਹੈ। ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ, ਗੁਰਦੁਆਰਾ ਸੱਚਾ ਸੌਦਾ, ਪੰਜਾ ਸਾਹਿਬ ਹਸਨ ਅਬਦਾਲ, ਲਾਹੌਰ ਸ਼ਹਿਰ, ਕਰਤਾਰਪੁਰ ਸਾਹਿਬ (ਪਾਕਿਸਤਾਨ), ਏਮਨਾਬਾਦ ਅਤੇ ਲਾਹੌਰ ਸ਼ਹਿਰ ਅਤੇ ਕਿਲ੍ਹਾ ਆਦਿ। ਤਿੱਬਤ, ਸਿੱਕਮ, ਭੂਟਾਨ, ਲੇਹ ਲੱਦਾਖ, ਆਸਾਮ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਚੀਨ ਦੇ ਲੋਕ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਇਸ਼ਟ ਜਾਣ ਕੇ ਉਨ੍ਹਾਂ ਦੀ ਆਪਣੇ ਆਪਣੇ ਢੰਗ ਨਾਲ ਬੜੀ ਸ਼ਰਧਾ ਸਹਿਤ ਪੂਜਾ ਕਰਦੇ ਹਨ, ਉੱਥੇ ਪੱਥਰ 'ਤੇ ਲੱਗੇ ਹੋਏ ਗੁਰੂ ਨਾਨਕ ਦੇਵ ਜੀ ਦੇ ਪਗ ਚਿੰਨ੍ਹ, ਸਤਿਗੁਰੂ ਜੀ ਦੇ ਬਸਤਰ, ਕਰਮੰਡਲ ਅਤੇ ਹੋਰ ਅਨੇਕਾਂ ਨਿਸ਼ਾਨੀਆਂ ਵੀ ਉਨ੍ਹਾਂ ਸਥਾਨਕ ਲੋਕਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਪੁਸਤਕ ਵਿਚ ਲੇਖਕ ਨੇ ਗੁਰੂ ਜੀ ਦੀਆਂ ਚਾਰ ਮੁੱਖ ਉਦਾਸੀਆਂ ਕੀਤੀਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਉਹ ਰੂਸ ਤੋਂ ਸ੍ਰੀਲੰਕਾ ਅਤੇ ਚੀਨ ਤੋਂ ਅਫ਼ਰੀਕਾ ਤੱਕ ਗਏ। ਆਪ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਸਮੇਂ, ਸਥਾਨਾਂ, ਧਰਮਾਂ ਅਤੇ ਬੋਲੀਆਂ ਦੇ ਪ੍ਰਭਾਵਾਂ ਹੇਠ ਗੁਰੂ ਜੀ ਨੂੰ ਇਨ੍ਹੀਂ ਥਾਈਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਪੰਜਾਬ ਵਿਚ ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ, ਨਾਨਕ ਨਿਰੰਕਾਰੀ, ਨਾਨਕ ਤਪਾ, ਭੂਟਾਨ, ਨਿਪਾਲ, ਸਿੱਕਮ ਤੇ ਤਿੱਬਤ ਵਿਚ ਗੁਰੂ ਰਿੰਪੋਸ਼, ਗੁਰੂ ਨਾਨਾ, ਨਾਨਕ ਲਾਮਾ, ਦੱਖਣੀ ਤਿੱਬਤ ਵਿਚ ਭੱਦਰਾ ਗੁਰੁ, ਨੇਪਾਲ ਵਿਚ ਨਾਨਕ ਰਿਸ਼ੀ-ਧੋਮਰੀ, ਅਰਬ ਦੇਸ਼ਾਂ ਵਿਚ ਨਾਨਕ ਪੀਰ-ਜੱਦਾ, ਕਾਬਾ-ਮੱਕਾ, ਸੀਰੀਆ ਵਿਚ ਵਲੀ ਹਿੰਦ, ਰੂਸ ਵਿਚ ਉਰਾ ਤਿਉਬੇ, ਕਾਹਿਰਾ ਮਿਸਰ ਵਿਚ ਨਾਨਕ ਵਲੀ, ਹਿੰਦ-ਤੁਰਕਿਸਤਾਨ ਵਿਚ ਗੁਰੂ ਨਾਨਕ ਵਲੀ, ਅਲਕੂਟ ਅਤੇ ਬਗਦਾਦ ਇਲਾਕੇ ਵਿਚ ਬਾਬਾ ਨਾਨਕ ਤੇ ਬਾਬਾ ਨਾਨਾ, ਅਫ਼ਗਾਨਿਸਤਾਨ ਮਜ਼ਾਰਇ ਸ਼ਰੀਫ ਵਿਚ ਬਾਲਗਦਾਂ, ਬੁਖਾਰਾ ਰੂਸ ਵਿਚ ਨਾਨਕ ਕਲੰਦਰ ਆਦਿ।ਸਤਿਗੁਰੂ ਸਾਹਿਬ ਦੁਆਰਾ ਇਨ੍ਹਾਂ ਥਾਵਾਂ 'ਤੇ ਵਰਤਾਏ ਅਲੌਕਿਕ ਬ੍ਰਿਤਾਂਤਾਂ ਤੋਂ ਅਤੇ ਅਜਿਹੀਆਂ ਉਚਾਈਆਂ ਉੱਪਰ ਸੁਸ਼ੋਭਿਤ ਗੁਰ-ਅਸਥਾਨਾਂ ਦੀ ਹੋਂਦ ਤੋਂ ਬਹੁਤੀਆਂ ਸੰਗਤਾਂ ਸ਼ਾਇਦ ਅਜੇ ਅਣਜਾਣ ਹਨ। ਡਾ. ਗਰੇਵਾਲ ਨੇ ਅਥਾਹ ਸ਼ਰਧਾ, ਲਗਨ ਅਤੇ ਮਿਹਨਤ ਨਾਲ ਸਿੱਖ ਯਾਦ ਦੇ ਅਛੋਹ ਗੁਰ-ਅਸਥਾਨਾਂ ਦੀਆਂ ਖੋਜ-ਯਾਤਰਾਵਾਂ ਕਰਕੇ ਇਨ੍ਹਾਂ ਨੂੰ ਲਿਖਤੀ ਰੂਪ ਦੇ ਕੇ ਨਿਸਚੇ ਹੀ ਇਕ ਵਡਮੁੱਲਾ ਅਤੇ ਸ਼ਲਾਘਾਯੋਗ ਇਤਿਹਾਸਕ ਕਾਰਜ ਕੀਤਾ ਹੈ।


ਦਿਲਜੀਤ ਸਿੰਘ ਬੇਦੀ
ਮੋ: 98148-98570


ਗਿੱਦੜ ਦਾ ਹੰਕਾਰ

ਲੇਖਕ : ਬਲਬੀਰ ਸੰਧਾ ਡਡਵਿੰਡੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 56
ਸੰਪਰਕ : 94174 76027.


ਹਥਲੀ ਪੁਸਤਕ ਬਲਬੀਰ ਸੰਧਾ ਡਡਵਿੰਡੀ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਕਿ ਢੁਕਵੀਆਂ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁਤ ਹੀ ਸੁੰਦਰ ਪੁਸਤਕ ਹੈ। ਸਾਰੀਆਂ ਕਹਾਣੀਆਂ ਬਾਲਾਂ ਦੀ ਦਿਲਚਸਪੀ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦਿੰਦੀਆਂ ਹਨ ਜਿਵੇਂ-'ਗਿੱਦੜ ਦਾ ਹੰਕਾਰ' ਕਹਾਣੀ ਵਿਚ ਸ਼ੇਰ ਗਿੱਦੜ ਨੂੰ ਸਿਆਣਾ ਸਮਝ ਕੇ ਆਪਣਾ ਮਿੱਤਰ ਬਣਾ ਲੈਂਦਾ ਹੈ ਪਰ ਉਹ ਸ਼ੇਰ ਦੀ ਚੌਧਰ ਵੇਖ ਕੇ ਆਪ ਹੰਕਾਰ ਵਿਚ ਆ ਕੇ ਹਾਥੀ ਨਾਲ ਪੰਗਾ ਲੈ ਲੈਂਦਾ ਹੈ ਤਾਂ ਉਸ ਨਾਲ ਬਹੁਤ ਬੁਰੀ ਹੁੰਦੀ ਹੈ। ਇੱਥੋਂ ਇਹੀ ਸਿੱਖਿਆ ਮਿਲਦੀ ਹੈ ਕਿ ਹੰਕਾਰ ਤੋਂ ਬਚੋ। ਇਵੇਂ ਹੀ 'ਆਦਤ ਨਹੀਂ ਬਦਲਦੀ' ਕਹਾਣੀ ਵਿਚ ਧਾਨਕੂ ਨਾਂਅ ਦਾ ਬੰਦਾ ਹੈ ਉਸ ਨੂੰ ਚੋਰੀ ਕਰਨ ਦੀ ਆਦਤ ਸੀ। ਉਹ ਕਿਸੇ ਡੇਰੇ ਵਿਚ ਜਾ ਬੈਠਾ। ਡੇਰੇ ਦੇ ਮਾਲਕ ਨੇ ਉਸ ਨੂੰ ਆਪਣਾ ਚੇਲਾ ਬਣਾ ਲਿਆ ਪਰ ਉਹ ਆਪਣੇ ਗੁਰੂ ਨਾਲ ਵੀ ਧੋਖਾ ਕਰ ਗਿਆ ਸੀ। ਜਿੱਥੋਂ ਪਤਾ ਲਗਦਾ ਹੈ ਕਿ ਆਦਤ ਚੰਗੀ ਹੋਵੇ ਜਾਂ ਮਾੜੀ ਹੋਵੇ ਛੇਤੀ ਕੀਤੇ ਬਦਲਦੀ ਨਹੀਂ ਹੈ। ਇਵੇਂ ਹੀ 'ਲਾਲਚ ਬੁਰੀ ਬਲਾ' ਕਹਾਣੀ ਹੈ ਚੰਦਰ ਦੱਤ ਪੰਡਿਤ ਜੋ ਕਿ ਬਹੁਤ ਸਿਆਣਾ ਅਤੇ ਸਾਊ ਸੀ। ਉਸ ਦਾ ਇਕ ਚੇਲਾ ਗੰਗਾ ਰਾਮ ਸੀ। ਉਹ ਰਾਜਾ ਵੀਰ ਪ੍ਰਤਾਪ ਸਿੰਘ ਕੋਲ ਇਕ ਚੰਗੇ ਇਲਾਕੇ ਦੀ ਭਾਲ ਵਿਚ ਜੰਗਲ ਵਿਚ ਜਾ ਰਹੇ ਸਨ, ਜਿੱਥੇ ਡਾਕੂ ਮਿਲ ਗਏ। ਪੰਡਿਤ ਕੋਲ ਹੀਰੇ ਜਵਾਹਰਾਤ ਪੈਦਾ ਕਰਨ ਦੀ ਕਲਾ ਸੀ ਜੋ ਡਾਕੂਆਂ ਦੇ ਲਾਲਚ ਕਰਨ ਤੇ ਮੌਤ ਦਾ ਕਾਰਨ ਬਣ ਗਈ ਸੀ। ਇਵੇਂ ਹੀ 'ਅਨੋਖਾ ਵਟਵਾਰਾ' ਕਹਾਣੀ ਵੀ ਏਹੀ ਸਿੱਖਿਆ ਦਿੰਦੀ ਹੈ ਕਿ ਆਪਸ ਵਿਚ ਬੈਠ ਕੇ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਵੰਡ-ਵੰਡਾਈ ਕਰ ਲਵੋ, ਤੀਜੇ ਆਦਮੀ ਦੇ ਦਖ਼ਲ ਤੋਂ ਬਚਣਾ ਚਾਹੀਦਾ ਹੈ। ਇਵੇਂ ਹੀ 'ਸਵਾਰਥ ਦੀ ਸਜ਼ਾ' ਹਾਥੀ, ਗ਼ਰੀਬ ਦਾਸ ਅਤੇ ਬਾਂਦਰ ਦੀ ਕਹਾਣੀ ਹੈ, ਜਿੱਥੇ ਹਾਥੀ ਸਾਫ਼ ਦਿਲ ਹੋ ਕੇ ਗਰੀਬ ਦਾਸ ਦੀ ਮਦਦ ਕਰਕੇ ਗ਼ਰੀਬੀ ਦੂਰ ਕਰਦਾ ਹੈ ਅਤੇ ਗਰੀਬ ਦਾਸ ਸਵਾਰਥੀ ਬਣ ਜਾਂਦਾ ਹੈ ਜਿਸ ਕਰਕੇ ਉਸ ਨੂੰ ਸਜ਼ਾ ਮਿਲਦੀ ਹੈ। ਸਾਰੀਆਂ ਕਹਾਣੀਆਂ ਬਾਲਾਂ ਨੂੰ ਭਵਿੱਖ ਦੇ ਬਹੁਤ ਹੀ ਸਿਆਣੇ ਅਤੇ ਸਮਝਦਾਰ ਬੱਚੇ ਬਣਾਉਣ ਦਾ ਯਤਨ ਕਰਦੀਆਂ ਹਨ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896


ਗੁਰੂ ਰਵਿਦਾਸ ਪ੍ਰਗਾਸੁ ਦੀ ਖੋਜ
ਲੇਖਕ : ਰੂਪ ਲਾਲ ਰੂਪ (ਸਟੇਟ ਐਵਾਰਡੀ)
ਪ੍ਰਕਾਸ਼ਕ : ਮਨੀਸ਼ਾ ਪ੍ਰਕਾਸ਼ਨ, ਜਲੰਧਰ
ਮੁੱਲ : 900 ਰੁਪਏ, ਸਫ਼ੇ : 432
ਸੰਪਰਕ : 94652-29722.


ਗੁਰੂ ਰਵਿਦਾਸ ਜੀ, ਅਧਿਆਤਮ ਦੇ ਖੇਤਰ ਵਿਚ ਇਕ ਕ੍ਰਾਂਤੀਕਾਰੀ, ਸਮਾਜ ਸੁਧਾਰਕ ਅਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਮਹਾਂਪੁਰਖ ਵਜੋਂ ਜਾਣੇ ਅਤੇ ਸਤਿਕਾਰੇ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਫੋਕੇ ਕਰਮ ਕਾਂਡਾਂ ਅਤੇ ਛੂਆਛਾਤ ਤੋਂ ਮੁਕਤ ਹੋ ਕੇ ਇਕ ਨਰੋਏ ਅਤੇ ਬਰਾਬਰੀ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ। ਉਨ੍ਹਾਂ ਦੀ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਰੋਤਾਂ ਤੋਂ ਵੀ ਉਨ੍ਹਾਂ ਵਲੋਂ ਉਚਾਰਨ ਕੀਤੀ ਬਾਣੀ ਮਿਲਦੀ ਹੈ ਜਿਸ ਨੂੰ ਅੰਮ੍ਰਿਤ ਬਾਣੀ ਸਿਰਲੇਖ ਹੇਠ ਇਕ ਵੱਖਰੇ ਗ੍ਰੰਥ ਦੇ ਤੌਰ 'ਤੇ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ। ਉਂਜ ਆਪ ਜੀ ਵਲੋਂ ਉਚਾਰੀ ਬਾਣੀ ਦੇ 12 ਵੱਖ-ਵੱਖ ਸਰੋਤ ਹਨ। ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਦਰਸ਼ਨ ਬਾਰੇ ਹੁਣ ਤੱਕ ਅਣਗਿਣਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਵਿਚਾਰ ਗੋਚਰੀ ਵੱਡ ਆਕਾਰੀ ਪੁਸਤਕ ਆਪਣੇ ਆਪ ਵਿਚ ਅਸਲੋਂ ਹੀ ਨਿਵੇਕਲੀ ਅਤੇ ਉਤਕ੍ਰਿਸ਼ਟ ਰਚਨਾ ਹੋ ਨਿੱਬੜੀ ਹੈ। ਇਸ ਵਿਚ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ, ਘਾਲਣਾਵਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਬਾਰੇ ਬੜੀ ਖੋਜ ਭਰਪੂਰ ਅਤੇ ਨਿਵੇਕਲੀ ਜਾਣਕਾਰੀ ਦਿੱਤੀ ਗਈ ਹੈ ।
ਪੁਸਤਕ ਦੇ ਮੂਲ ਰੂਪ ਵਿਚ 11 ਵਿਸਥਾਰ ਪੂਰਵਕ ਅਧਿਆਏ ਹਨ, ਜਿਨ੍ਹਾਂ ਰਾਹੀਂ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਹਰ ਪੱਖ ਨੂੰ ਵੇਰਵੇ ਸਹਿਤ ਪਾਠਕਾਂ ਦੇ ਸਨਮੁਖ ਕੀਤਾ ਗਿਆ ਹੈ। ਪੁਸਤਕ ਦਾ ਪਹਿਲਾ ਭਾਗ, ਗੁਰੂ ਜੀ ਦੇ ਪ੍ਰਕਾਸ਼ ਧਾਰਨ ਸਮੇਂ ਦੀਆਂ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਸਮਕਾਲੀ ਪ੍ਰਸਥਿਤੀਆਂ ਬਾਰੇ ਖੁੱਲ੍ਹ ਕੇ ਚਾਨਣਾ ਪਾਉਂਦਾ ਹੈ। ਇਸ ਤੋਂ ਅਗਲੇ ਭਾਗ ਵਿਚ ਗੁਰੂ ਰਵਿਦਾਸ ਜੀ ਦੇ ਪਰਉਪਕਾਰੀ ਜੀਵਨ ਬਾਰੇ 9 ਸਾਰਣੀਆਂ ਦੇ ਕੇ ਤਫਸੀਲ ਨਾਲ ਚਰਚਾ ਕੀਤੀ ਗਈ ਹੈ। ਗੁਰੂ ਰਵਿਦਾਸ ਜੀ 151 ਸਾਲ ਦੀ ਲੰਮੀ ਆਰਜਾ ਭੋਗ ਕੇ ਸੱਚਖੰਡ ਗਏ। ਉਨ੍ਹਾਂ ਦੀ ਬਾਬਰ ਬਾਦਸ਼ਾਹ ਨਾਲ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸੇ ਭਾਗ ਵਿਚ ਗੁਰੂ ਜੀ ਦਾ ਬੰਸਾਵਲੀਨਾਮਾ ਅਤੇ ਗੁਰੂ ਪਰੰਪਰਾ ਬਾਰੇ ਵੀ ਜ਼ਿਕਰ ਹੈ। ਪ੍ਰੋਫ਼ੈਸਰ ਪ੍ਰਕਾਸ਼ ਸਿੰਘ ਅਨੁਸਾਰ ਗੁਰੂ ਰਵਿਦਾਸ ਜੀ ਸ੍ਰੀ ਰਾਮਾਨੰਦ ਦੇ ਸ਼ਿਸ਼ ਸਨ। ਅਗਲੇ ਭਾਗ ਦਾ ਸਿਰਲੇਖ ਹੈ ਗੁਰੂ ਰਵਿਦਾਸ ਨਾਮ : ਸ਼ੰਕਾਵਾਂ ਦੀ ਨਵਿਰਤੀ। ਲੇਖਕ ਅਨੁਸਾਰ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਮੇਹਰਬਾਨੀ ਸਾਹਿਤ, ਹਰਿਜਸ ਕੀ ਪੋਥੀ, ਪੋਥੀ ਸਾਹਿਬ ਕੁਸ਼ਲ ਦਾਸ, ਪ੍ਰੇਮ ਅੰਬੋਧ ਪੋਥੀ ਸਮੇਤ ਵੱਖ-ਵੱਖ ਪੋਥੀਆਂ ਵਿਚ ਦਰਜ ਹੈ। ਇਸ ਤੋਂ ਇਲਾਵਾ ਉਨ੍ਹਾਂ ਬਾਰੇ ਜਨਮ ਸਾਖੀਆਂ ਅਤੇ ਕੁਝ ਕੱਚੀ ਬਾਣੀ ਵੀ ਬੈਂਤਾਂ ਅਤੇ ਕਬਿੱਤਾਂ ਦੇ ਰੂਪ ਵਿਚ ਮਿਲਦੀ ਹੈ। ਇਸ ਤੋਂ ਅਗਲੇ ਅਧਿਆਏ ਦਾ ਸਿਰਲੇਖ ਹੈ ਗੁਰੂ ਰਵਿਦਾਸ ਮਹਿਮਾ। ਇਕ ਵੰਨਗੀ-ਸੰਤ ਜਨ ਗੋਪਾਲ ਜੀ (16ਵੀਂ ਸਦੀ)
ਜਨ ਰੈਦਾਸ ਬਿਪ੍ਰ ਤਾਸ ਗੰਗਾ ਤੈ ਕਾਢੈ ॥
ਭਕਤੁ ਵਸਲਤਾ ਜਨਾਇ ਫਿਰ ਪ੍ਰਵਾਹ ਬਾਢੈ॥
(ਪੰਨਾ 144)
ਅਗਲੇ ਭਾਗ ਵਿਚ ਗੁਰੂ ਰਵਿਦਾਸ ਬਾਣੀ ਦੀ ਪ੍ਰਮਾਣਿਕਤਾ ਦਾ ਬਾਰੀਕਬੀਨੀ ਨਾਲ ਜ਼ਿਕਰ ਕੀਤਾ ਗਿਆ ਹੈ। ਵੱਖ-ਵੱਖ ਸੰਤਾਂ ਵਲੋਂ ਉਚਾਰੀਆਂ ਲਾਵਾਂ ਅਤੇ ਸ਼ਾਦੀ ਉਪਦੇਸ਼ਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ। ਅਗਲੇ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਰਵਿਦਾਸ ਬਾਣੀ ਦੀ ਸਰਬੋਤਮ ਸੁਰ ਦਾ ਵਿਸਥਾਰ ਪੂਰਵਕ ਚਿਤਰਣ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਰਵਿਦਾਸ ਬਾਣੀ ਦੇ ਅਨੇਕਾਂ ਪ੍ਰਮਾਣ ਦਿੱਤੇ ਗਏ ਹਨ। ਅਗਲੇ ਅਧਿਆਏ ਵਿਚ ਰਾਣੀ ਝਾਲੀ ਤੇ ਮੀਰਾ ਬਾਈ ਵਲੋਂ ਗੁਰੂ ਰਵਿਦਾਸ ਜੀ ਨੂੰ ਗੁਰੂ ਧਾਰਨ ਦਾ ਜ਼ਿਕਰ ਹੈ। ਬਾਕੀ ਅਧਿਆਏ ਉਨ੍ਹਾਂ ਦੀਆਂ ਲੋਕ ਭਲਾਈ ਯਾਤਰਾਵਾਂ, ਉਨ੍ਹਾਂ ਦੀ ਬਾਣੀ, ਉਨ੍ਹਾਂ ਵਲੋਂ ਉਚਾਰੇ ਸ਼ਲੋਕਾਂ ਅਤੇ ਉਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਅਤੇ ਚੇਤੰਨਯਾ ਮਹਾਪ੍ਰਭੂ ਨਾਲ ਮਿਲਾਪ ਬਾਰੇ ਹਨ। ਲੇਖਕ ਅਨੁਸਾਰ ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ ਨੂੰ ਉਨ੍ਹਾਂ ਦੇ ਨਗਰ ਕਾਂਸ਼ੀ ਜਾ ਕੇ ਮਿਲੇ ਅਤੇ ਉਨ੍ਹਾਂ ਤੋਂ ਉਨ੍ਹਾਂ ਦੀ ਬਾਣੀ ਪ੍ਰਾਪਤ ਕੀਤੀ, ਜਿਹੜੀ ਸੀਨਾ ਬਸੀਨਾ ਗੁਰੂ ਅਰਜਨ ਦੇਵ ਜੀ ਤੱਕ ਪੁੱਜੀ, ਜਿਸ ਨੂੰ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਅੰਤ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੁਸਤਕਾਂ ਦਾ ਹਵਾਲਾ ਦਰਜ ਹੈ।
ਲੇਖਕ ਨੇ ਜਿਸ ਕਰੜੀ ਘਾਲਣਾ, ਡੂੰਘੀ ਖੋਜ, ਸਮਰਪਣ ਅਤੇ ਸ਼ਰਧਾ ਨਾਲ ਇਹ ਪੁਸਤਕ ਲਿਖੀ ਹੈ ਉਸ ਲਈ ਉਹ ਵਧਾਈ ਦਾ ਪਾਤਰ ਹੈ ਕਿਉਂਕਿ ਇਹ ਪੁਸਤਕ ਆਪਣੇ ਆਪ ਵਿਚ ਇਕ ਸ਼ਾਹਕਾਰ ਰਚਨਾ ਹੋ ਨਿੱਬੜੀ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710



ਅਜਮੇਰ ਕੈਂਥ ਦੀਆਂ ਕਹਾਣੀਆਂ ਦਾ ਸ਼ੈਲੀਗਤ ਅਧਿਐਨ
ਸੰਪਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ ਨਾਭਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98766-36159.


ਹਥਲੀ ਪੁਸਤਕ ਵਿਚ ਨਿਊਜ਼ੀਲੈਂਡ ਵਿਚ ਰਹਿੰਦੇ ਬਹੁ-ਵਿਧਾਵੀ ਸਾਹਿਤਕਾਰ ਦੀਆਂ ਕਹਾਣੀਆਂ ਦਾ ਮੁਲਾਂਕਣ ਪੇਸ਼ ਕੀਤਾ ਗਿਆ ਹੈ। ਸੰਪਾਦਕ ਨੇ ਪੁਸਤਕ ਨੂੰ ਵਿਧੀਵਤ ਰੂਪ ਦੇਣ ਲਈ ਜਿਥੇ ਸਾਹਿਤ ਚਿੰਤਕਾਂ ਦੀਆਂ ਟਿੱਪਣੀਆਂ ਨੂੰ ਅੰਕਿਤ ਕੀਤਾ ਹੈ, ਉਥੇ ਨਾਲ ਦੀ ਨਾਲ ਵੱਖਰੀਆਂ-ਵੱਖਰੀਆਂ ਕਹਾਣੀ ਪੁਸਤਕਾਂ ਬਾਰੇ ਵੱਖ-ਵੱਖ ਵਿਦਵਾਨਾਂ ਵਲੋਂ ਲਿਖੇ ਗਏ ਖੋਜ ਪੱਤਰਾਂ ਨੂੰ ਵੀ ਅੰਕਿਤ ਕੀਤਾ ਹੈ। ਕਿਰਪਾਲ ਸਿੰਘ ਕਸੇਲ ਅਨੁਸਾਰ ਅਜਮੇਰ ਕੈਂਥ ਵਿਸ਼ੇ ਦੇ ਨਿਭਾਓ ਅਤੇ ਸ਼ੈਲੀ ਦੀ ਵਿਲੱਖਣਤਾ ਹਾਸਲ ਕਰ ਚੁੱਕਿਆ ਜਾਪਦਾ ਹੈ। ਇਸੇ ਤਰ੍ਹਾਂ ਪ੍ਰਿੰ. ਸੰਤ ਸਿੰਘ ਸੇਖੋਂ ਦਾ ਅਨੁਭਵ ਹੈ ਕਿ ਕੈਂਥ ਕੋਲ ਬੇਬਹਾ ਦਰਦ ਦਾ ਭੰਡਾਰਾ ਹੈ। ਪ੍ਰਿੰ. ਕ੍ਰਿਸ਼ਨ ਸਿੰਘ ਅਨੁਸਾਰ ਕੈਂਥ ਮਾਨਵ ਜਾਤੀ ਦੇ ਮਨੋਵਿਗਿਆਨਕ ਪੱਖਾਂ ਦਾ ਜਾਣੂ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਵੱਖ-ਵੱਖ ਦਸ ਵਿਦਵਾਨਾਂ ਵਲੋਂ ਖੋਜ ਨਿਬੰਧ ਅੰਕਿਤ ਕੀਤੇ ਗਏ ਹਨ। ਛੇ ਖੋਜ ਨਿਬੰਧ 'ਹਥੇਲੀ 'ਤੇ ਉਕਰਿਆ ਸੱਚ' ਕਹਾਣੀ ਸੰਗ੍ਰਹਿ ਦੇ ਸਮੁੱਚੇ ਅਧਿਐਨ ਥੀਮਕ ਵਿਸ਼ਲੇਸ਼ਣ ਅਤੇ ਉਸ ਦੀ ਕਹਾਣੀ ਕਲਾ ਅਥਵਾ ਸ਼ੈਲੀ ਦਾ ਬੋਧ ਕਰਵਾਉਂਦੇ ਹਨ। ਇਨ੍ਹਾਂ ਵਿਚ ਆਮ ਬੰਦੇ ਦੀ ਲਾਚਾਰੀ, ਉਸ ਦੀ ਹੋਂਦ ਸਥਿਤੀ ਤੋਂ ਇਲਾਵਾ ਮਾਨਵੀ ਰਿਸ਼ਤਿਆਂ ਦੇ ਸਜੀਵ ਸੱਚ ਦਾ ਪ੍ਰਗਟਾਵਾ ਵੀ ਉਪਲਬਧ ਹੈ। ਇਸੇ ਪ੍ਰਸੰਗਤਾ 'ਚ ਡਾ. ਸਤਿੰਦਰ ਸਿੰਘ ਨੂਰ ਨੇ ਉਸ ਦੇ ਕਹਾਣੀ ਸੰਗ੍ਰਹਿ 'ਦੂਰ ਦਿਸਦੇ ਤਾਰੇ' ਦੀ ਪ੍ਰਸੰਗਤਾ 'ਚ ਪ੍ਰਵਾਸੀ ਪੰਜਾਬੀ ਕਹਾਣੀ ਦੇ ਮਸਲਿਆਂ ਨੂੰ ਪਛਾਣਿਆ ਹੈ।
ਡਾ. ਸਰਬਜੀਤ ਸਿੰਘ ਨੇ 'ਜਿਨ ਕੇ ਚੋਲੇ ਰੱਤੜੇ' ਨੂੰ ਆਧਾਰ ਬਣਾ ਕੇ ਪੰਜਾਬੀ ਕਥਾ ਵਿਚ ਵਾਪਰ ਰਹੇ ਨਵੇਂ ਪ੍ਰਸੰਗਾਂ ਦਾ ਜ਼ਿਕਰ ਕੀਤਾ ਹੈ। ਡਾ. ਰਜਨੀਸ਼ ਬਹਾਦਰ ਸਿੰਘ ਨੇ ਵੀ 'ਜਿਨ ਕੇ ਚੋਲੇ ਰੱਤੜੇ' ਵਿਚਲੇ ਵਿਲੱਖਣ ਸਰੋਕਾਰਾਂ ਨੂੰ ਪਛਾਣਿਆ ਹੈ। ਨਵਦੀਪ ਕੌਰ ਨੇ 'ਦੂਰ ਦਿਸਦੇ ਤਾਰੇ' ਵਿਚਲੇ ਬਹੁਪੱਖੀ ਪਸਾਰਿਆਂ ਨੂੰ ਪਛਾਣਿਆ ਹੈ। ਪੁਸਤਕ ਦੇ ਅੰਤਿਮ ਪੰਨੇ 'ਤੇ ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਦੁਆਰਾ ਰਚਿਤ ਕੈਂਥ ਦਾ ਕਾਵਿ ਚਿੱਤਰ ਅੰਕਿਤ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਖ਼ੁਸ਼ੀਆਂ ਦੀ ਖੁਸ਼ਬੋਈ
ਲੇਖਿਕਾ : ਗੁਰਦੀਸ਼ ਕੌਰ ਗਰੇਵਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਗੋਸਲ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 98728-60488.


'ਖੁਸ਼ੀਆਂ ਦੀ ਖ਼ੁਸ਼ਬੋਈ' ਬਹੁਵਿਧਾਵੀ ਸਾਹਿਤਕਾਰਾ ਗੁਰਦੀਸ਼ ਕੌਰ ਗਰੇਵਾਲ ਦੀ ਤਿੰਨ ਕਾਵਿ-ਸੰਗ੍ਰਹਿ, ਦੋ ਨਿਬੰਧ-ਸੰਗ੍ਰਹਿ ਅਤੇ ਇਕ ਗ਼ਜ਼ਲ-ਸੰਗ੍ਰਹਿ ਤੋਂ ਬਾਅਦ ਸੱਤਵੀਂ ਪੁਸਤਕ ਹੈ ਜੋ ਇਕ ਨਿਬੰਧ-ਸੰਗ੍ਰਹਿ ਹੈ। ਇਹ ਪੁਸਤਕ ਚਾਰ ਭਾਗਾਂ ਵਿਚ ਵੰਡੀ ਹੋਈ ਹੈ ਤੇ ਇਸ ਵਿਚ ਸਮਾਜਿਕ, ਧਾਰਮਿਕ, ਅੱਖੀਂ ਡਿੱਠਾ ਕੈਨੇਡਾ ਅਤੇ ਸਿਹਤ ਸੰਭਾਲ ਸਿਰਲੇਖਾਂ ਅਧੀਨ ਨਿਬੰਧ ਰਚਨਾ ਕੀਤੀ ਗਈ ਹੈ। ਪਹਿਲੇ ਭਾਗ ਵਿਚ ਸਮਾਜ ਨਾਲ ਸੰਬੰਧਿਤ ਨਿਬੰਧ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸਮਾਜ ਵਿਚ ਘੱਟ ਸਬਰ ਸੰਤੋਖ ਕਾਰਨ ਟੁੱਟਦੇ ਵਿਆਹੁਤਾ ਰਿਸ਼ਤੇ, ਜਾਇਦਾਦਾਂ ਦੀ ਵੰਡ ਸੰਬੰਧੀ ਹੋ ਰਹੇ ਧੋਖੇ, ਲੋਕ ਭਲਾਈ ਕਰਨ ਸੰਬੰਧੀ ਬਦਲ ਰਿਹਾ ਨਜ਼ਰੀਆ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਗ਼ਲਤ ਢੰਗ ਨਾਲ ਸਮਝਣ ਅਤੇ ਅੰਧਵਿਸ਼ਵਾਸ ਫੈਲਾਅ ਰਹੇ ਅਖੌਤੀ ਬਾਬਿਆਂ ਨੂੰ ਭੰਡਦੀ ਲੇਖਿਕਾ ਆਪਣੇ ਆਪ ਦੇ ਰੂਬਰੂ ਹੋਣ ਦੀ ਲੋੜ ਨੂੰ ਤਰਜੀਹ ਦਿੰਦੀ ਹੈ। ਇਕ ਲੇਖ ਵਿਚ ਲੇਖਿਕਾ ਮਾਂ ਦੇ ਰੱਬੀ ਸਰੂਪ ਦੇ ਦਰਸ਼ਨ ਕਰਵਾਉਂਦੀ ਹੈ। ਦੂਜੇ ਭਾਗ ਵਿਚ ਧਾਰਮਿਕ ਨਿਬੰਧ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਨਿਬੰਧ ਵਿਚ ਸਿੱਖ ਧਰਮ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਅਤੇ ਉੱਤਮਤਾ ਨੂੰ ਅਤੇ ਇਕ ਹੋਰ ਵਿਚ ਔਰਤ ਦੇ ਉੱਤਮ ਸਥਾਨ ਅਤੇ ਸਿੱਖ ਧਰਮ ਵਿਚ ਮਿਲਣ ਵਾਲੀ ਇੱਜ਼ਤ ਨੂੰ ਵਿਸ਼ਾ ਬਣਾਇਆ ਗਿਆ ਹੈ। ਲੇਖਿਕਾ ਨੇ ਗੁਰੂ ਰਵਿਦਾਸ ਦੀ ਜੀਵਨੀ ਨੂੰ ਅਤੇ ਖ਼ਾਲਸਾ ਪੰਥ ਦੀ ਸਾਜਨਾ ਨੂੰ ਵੀ ਨਿਬੰਧਾਂ ਦਾ ਵਿਸ਼ਾ ਬਣਾਇਆ ਹੈ।
ਤੀਜੇ ਭਾਗ ਵਿਚ ਲੇਖਿਕਾ ਨੇ ਕੈਨੇਡਾ ਦੇ ਇਕ ਸੱਚੇ ਨਾਗਰਿਕ ਵਜੋਂ ਕੈਨੇਡਾ ਬਾਰੇ ਉਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਤੋਂ ਭਾਰਤ ਬੈਠੇ ਲੋਕ ਅਣਜਾਣ ਹਨ। ਉਹ ਸੋਚ ਵੀ ਨਹੀਂ ਸਕਦੇ ਕਿ ਸਵਰਗ ਕਹੇ ਜਾਣ ਵਾਲਾ ਉਹ ਮੁਲਕ ਕਿਹੋ ਜਿਹਾ ਹੈ, ਉਥੋਂ ਦੀ ਸਵੇਰ, ਸ਼ਾਮ ਅਤੇ ਆਲਾ-ਦੁਆਲਾ ਸਭ ਬਾਰੇ ਲੇਖਿਕਾ ਨੇ ਜਾਣਕਾਰੀ ਦਿੱਤੀ ਹੈ। ਰਾਜਨੀਤਕ ਨੇਤਾਵਾਂ ਬਾਰੇ, ਇਨ੍ਹਾਂ ਦੇਸ਼ਾਂ ਦੀ ਪੀ.ਆਰ. ਲੈਣ ਲਈ ਕੱਚੇ ਵਿਆਹ ਅਤੇ ਰਕਮਾਂ ਦੇ ਲੈਣ-ਦੇਣ ਨੂੰ ਵੀ ਲੇਖਿਕਾ ਨੇ ਬੇਨਕਾਬ ਕੀਤਾ ਹੈ। ਇਸ ਭਾਗ ਦੇ ਅੰਤਲੇ ਨਿਬੰਧ ਵਿਚ ਲੇਖਿਕਾ ਨੇ ਪ੍ਰਵਾਸੀਆਂ ਦੇ ਦੁੱਖ-ਦਰਦ ਅਤੇ ਤ੍ਰਾਸਦੀਆਂ ਨੂੰ ਬਿਆਨ ਕੀਤਾ ਹੈ। ਸਿਹਤ-ਸੰਭਾਲ ਸੰਬੰਧੀ ਅੰਤਿਮ ਭਾਗ ਵਿਚ ਲੇਖਿਕਾ ਨੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕੀਤੀ ਹੈ ਅਤੇ ਹਾਂ-ਪੱਖੀ ਸੋਚ ਅਪਣਾਉਣ ਲਈ ਕਿਹਾ ਹੈ। ਚਿੰਤਾ ਨੂੰ ਤਿਆਗ ਕੇ ਤੇ ਨੈਤਿਕ ਗੁਣਾਂ ਨੂੰ ਅਪਣਾ ਕੇ ਹੀ ਤੰਦਰੁਸਤੀ ਭਰਿਆ ਜੀਵਨ ਜਿਊਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਨ੍ਹਾਂ ਸਭ ਨਿਬੰਧਾਂ ਨੂੰ ਲੇਖਿਕਾ ਨੇ ਵਿਸਥਰਿਤ ਸ਼ੈਲੀ ਰਾਹੀਂ ਜੀਵਨ ਅਨੁਭਵਾਂ ਵਿਚੋਂ ਦਲੀਲਾਂ ਲੈ ਕੇ ਆਪਣੇ ਵਿਚਾਰਾਂ ਨੂੰ ਸਿੱਧ ਕੀਤਾ ਹੈ। ਲੇਖਿਕਾ ਨੇ ਸਰਲ ਸਾਦੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਆਦਰਸ਼ਕ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਇਹ ਪੁਸਤਕ ਵਾਰਤਕ ਸਾਹਿਤ ਵਿਚ ਇਕ ਵਧੀਆ ਉਪਰਾਲਾ ਸਿੱਧ ਹੁੰਦੀ ਹੈ।


ਡਾ. ਸੰਦੀਪ ਰਾਣਾ
ਮੋ: 98728-87551


ਆਪਣੀ ਮਿੱਟੀ ਦਾ ਮੋਹ

ਲੇਖਿਕਾ : ਅਮਨਪਾਲ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 71
ਸੰਪਰਕ : 94174-74018.


ਸਿਆਣੇ ਕਹਿੰਦੇ ਹਨ ਕਿ ਉਮਰ ਦਾ ਸਿਆਣਪ ਨਾਲ ਏਨਾ ਸੰਬੰਧ ਨਹੀਂ ਹੁੰਦਾ ਜਿੰਨਾ ਹਾਲਾਤ ਕਿਸੇ ਵਿਅਕਤੀ ਨੂੰ ਸਿਆਣਾ ਕਰ ਦਿੰਦੇ ਹਨ। ਜ਼ਿੰਦਗੀ ਵਿਚ ਇਕ ਕਿਤਾਬੀ ਗਿਆਨ ਹੁੰਦਾ ਹੈ ਅਤੇ ਦੂਜਾ ਆਪਣੇ ਤਜਰਬੇ ਦੁਆਰਾ ਅਰਜਿਤ ਕੀਤਾ ਗਿਆ ਹੁੰਦਾ ਹੈ। 'ਆਪਣੀ ਮਿੱਟੀ ਦਾ ਮੋਹ' ਅਮਨਪਾਲ ਕੌਰ ਦੀ ਅਜਿਹੀ ਹੀ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੀ ਸਕੂਲੀ ਜ਼ਿੰਦਗੀ ਵੇਲੇ ਲਿਖੇ ਨਿਬੰਧਾਂ ਨੂੰ ਮੁੜ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਭਾਵੇਂ ਕਿ ਅਮਨਪਾਲ ਕੌਰ ਹੁਣ ਅਮਨਪਾਲ ਕੌਰ ਤੋਂ ਡਾ. ਅਮਨਪਾਲ ਕੌਰ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ। ਇਹ ਲਘੂ ਲੇਖ ਹਨ ਜਿਨ੍ਹਾਂ ਵਿਚ ਅਮਨਪਾਲ ਨੇ ਅਜੋਕੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਦੀ ਪੜਚੌਲ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ।
ਇਨ੍ਹਾਂ ਨਿਬੰਧਾਂ ਵਿਚ ਕੁਝ ਇਕ ਨਿਬੰਧ ਤਾਂ ਅਜਿਹੇ ਹਨ ਜਿਹੜੇ ਸਾਡੀ ਜ਼ਿੰਦਗੀ ਦੇ ਫ਼ਿਕਰ ਜਾਂ ਮਸਲੇ ਹਨ ਮਿਸਾਲ ਵਜੋਂ ਅਜੋਕੀ ਨੌਜਵਾਨੀ ਦੇ ਰੁਝਾਨ, ਕਰਮਕਾਂਡੀ ਜੀਵਨ, ਜੀਵਨ ਯਥਾਰਥ ਦੇ ਕੁਝ ਕੌੜੇ ਸੱਚ ਅਤੇ ਆਪਣੇ ਸੁਪਨਿਆਂ ਦੀ ਤਾਮੀਰਦਾਰੀ ਲਈ ਯਤਨਸ਼ੀਲ ਹੋੜ ਦੀ ਚੇਸ਼ਟਾ ਆਦਿ।
ਇਨ੍ਹਾਂ ਨਿਬੰਧਾਂ ਵਿਚ ਰਿਸ਼ਤਿਆਂ ਦਾ ਨਿੱਘ ਵੀ ਹੈ ਅਤੇ ਅਤੀਤ ਨਾਲ ਸੰਵਾਦ ਵੀ ਹੈ, ਜਿਸ ਵਿਚ ਹੇਰਵਾ ਵੀ ਨਜ਼ਰ ਆਉਂਦਾ ਹੈ। ਪਿੰਡ ਦੀ ਸਾਦਗੀ ਭਰੀ ਜ਼ਿੰਦਗੀ ਅਤੇ ਸਾਦੇ ਲੋਕਾਂ ਦੀ ਸੰਗਤ ਲੇਖਕ ਮਨ ਨੂੰ ਸਕੂਨ ਦਿੰਦੀ ਹੈ। ਇਨ੍ਹਾਂ ਲੇਖਾਂ ਵਿਚ ਕਿਤੇ-ਕਿਤੇ ਬਿਰਤਾਂਤਕ ਛੋਹਾਂ ਪਾਠਕ ਲਈ ਕਹਾਣੀ ਰਸ ਵੀ ਪ੍ਰਦਾਨ ਕਰਦੀਆਂ ਹਨ। ਜਿਵੇਂ 'ਦਾਦਾ ਜੀ ਦੀਆਂ ਝਿੜਕਾਂ', 'ਸਾਧਵੀ ਦਾ ਮੋਹ' ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 'ਮਿੱਟੀ ਦਾ ਮੋਹ' ਪੁਸਤਕ ਲੇਖਿਕਾ ਦੇ ਅਨੁਭਵ ਵਿਚੋਂ ਪੈਦਾ ਹੋਈ ਪੁਸਤਕ ਹੈ, ਜਿਸ ਵਿਚ ਉਸ ਨੇ ਹਰੇਕ ਵਰਤਾਰੇ ਨੂੰ ਆਪਣੀ ਬਾਰੀਕ ਨਜ਼ਰ ਨਾਲ ਦੇਖ ਕੇ ਪੇਸ਼ ਕੀਤਾ ਹੈ ਭਾਵੇਂ ਕਿ ਕਿਸੇ ਦੂਜੇ ਲਈ ਉਹ ਵਰਤਾਰਾ ਕੁਝ ਹੋਰ ਅਰਥ ਰੱਖਦਾ ਹੋਵੇ। ਇਨ੍ਹਾਂ ਲਘੂ ਨਿਬੰਧਾਂ ਵਿਚੋਂ ਕਿਤੇ-ਕਿਤੇ ਕਵਿਤਾ ਦੀਆਂ ਟੂਕਾਂ ਵੀ ਰੌਚਕਤਾ ਅਤੇ ਰਵਾਨਗੀ ਭਰਨ ਦਾ ਕਾਰਜ ਕਰਦੀਆਂ ਹਨ। ਹਰੇਕ ਨਿਬੰਧ ਵਿਚ ਲੇਖਿਕਾ ਨੇ ਕੋਈ ਨਾ ਕੋਈ ਮਸਲਾ ਪੇਸ਼ ਕਰਨ ਦੇ ਨਾਲ-ਨਾਲ ਫਿਰ ਉਸ ਬਾਰੇ ਕੋਈ ਨਾ ਕੋਈ ਉਸਾਰੂ ਟਿੱਪਣੀ ਕਰਨ ਦਾ ਵੀ ਯਤਨ ਕੀਤਾ ਹੈ। ਅਮਨਪਾਲ ਕੌਰ ਦੀ ਇਹ ਪੁਸਤਕ ਹੋਰ ਦੀ ਉਮੀਦਾਂ ਬੰਨ੍ਹਾਉਂਦੀ ਹੈ ਕਿ ਭਵਿੱਖ ਵਿਚ ਉਹ ਹੋਰ ਵੀ ਵਧੀਆ ਸਿਰਜਣਾ ਪਾਠਕਾਂ ਦੇ ਰੂ-ਬਰੂ ਕਰੇਗੀ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਦਾਸਤਾਨ ਸ਼ੇਰ-ਏ-ਪੰਜਸ਼ੀਰ ਕਮਾਂਡਰ ਅਹਿਮਦ ਸ਼ਾਹ ਮਸੂਦ ਅਤੇ ਅਫ਼ਗਾਨ ਖ਼ਾਨਾਜੰਗੀ ਦੀ

ਲੇਖਕ : ਸੋਢੀ ਸੁਲਤਾਨ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 500/- ਰੁਪਏ, ਸਫ਼ੇ : 359
ਸੰਪਰਕ : 99151-29747.


ਸੋਢੀ ਸੁਲਤਾਨ ਸਿੰਘ ਦੀ ਇਸ ਕਿਤਾਬ 'ਦਾਸਤਾਨ ਸ਼ੇਰ-ਏ-ਪੰਜਸ਼ੀਰ ਕਮਾਂਡਰ ਅਹਿਮਦ ਸ਼ਾਹ ਮਸੂਦ ਅਤੇ ਅਫ਼ਗਾਨ ਖ਼ਾਨਾਜੰਗੀ ਦੀ' ਤੋਂ ਪਹਿਲਾਂ ਮਹੱਤਵਪੂਰਨ ਕਿਤਾਬਾਂ ਵਿਸ਼ਿਆਂ ਮੁਲਕੋ-ਮੁਲਕ ਸਾਈਕਲਨਾਮਾ; ਗਾਥਾ ਕਮਾਂਡਰ ਅਹਿਮਦ ਸ਼ਾਹ ਮਸੂਦ ਅਤੇ ਅਫ਼ਗਾਨ ਖ਼ਾਨਜੰਗੀ ਦੀ : ਹਿੰਦੂ ਸਮਾਜਵਾਦ ਦਾ ਇਤਿਹਾਸ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਭਾਰਤੀ ਪੁਰਾਤਤਵ ਵਿਭਾਗ ਮੁਤਾਬਿਕ ਅਤਿ ਪ੍ਰਚੀਨ ਭਾਰਤੀ ਆਦਿਵਾਸੀ ਅਤੇ ਆਰੀਆਨ ਹੱਲਿਆਂ ਦੀ ਹਕੀਕਤ ਅਨੁਵਾਦ ਅਧੀਨ ਚੱਲ ਰਹੀ ਹੈ।
ਇਹ ਕਿਤਾਬ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਹੈ। ਇਸ ਨੂੰ ਲੇਖਕ ਵਲੋਂ ਪ੍ਰਮੁੱਖ ਸਿਰਲੇਖਾਂ ਇਕ ਅਦਬੀ ਮੁਕੱਦਮਾ; ਮੈਂ ਅਫ਼ਗਾਨਿਸਤਾਨ ਹਾਂ; ਅਫ਼ਗਾਨਿਸਾਨ : ਖੁਰਾਸਾਨ ਤੋਂ ਅੱਜ ਦੇ ਅਫ਼ਗਾਨਿਸਤਾਨ ਤੱਕ; 21ਵੀਂ ਸਦੀ ਦੇ ਅਫ਼ਗਾਨਿਸਤਾਨ ਦਾ ਇਨਕਲਾਬੀ ਨੌਜਵਾਨ ਅਹਿਮਦ ਸ਼ਾਹ ਮਸੂਦ; ਪੇਸ਼ਾਵਰ ਤੇ ਮਸੂਦ; ਗੁਰੀਲਾ ਆਗੂ; ਕਮਜ਼ੋਰ ਨਜ਼ੀਬਉੱਲਾ ਕਮਿਊਨਿਸਟ ਸਰਕਾਰ ਅਤੇ ਤਾਕਤਵਰ ਮੁਜਾਹਿਦੀਨ; ਹਾਬਮ ਫ਼ਤਿਹ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਦ ਬਣਾਈ; ਤੱਤੀ ਤਵੀ ਦਾ ਸਫ਼ਰ ਤਖ਼ਤ-ਏ-ਕਾਬੁਲ; ਖ਼ਾਨਾਜੰਗੀ ਦੇ ਸ਼ਿਕਾਰ ਅਫ਼ਗਾਨੀ; ਅਫ਼ਗਾਨਿਸਤਾਨ ਅੰਦਰ ਪਾਕਿਸਤਾਨ ਦੀ ਨਵੀਂ ਹਥਿਆਰਬੰਦ ਤਾਕਤ ਤਾਲਿਬਾਨ ਦਾ ਉਭਾਰ; ਸੂਰਾ ਸੋ ਪਹਿਚਾਨੀਐ ਅਤੇ ਵਿਸ਼ੇਸ਼ ਨੋਟ ਹਨ।
ਸੋਢੀ ਸੁਲਤਾਨ ਸਿੰਘ ਨੇ ਆਪਣੀ ਜੁਆਨੀ ਦਾ ਵਧੇਰੇ ਸਮਾਂ ਜਾਪਾਨ, ਅਫ਼ਗਾਨਿਸਤਾਨ ਅਤੇ ਵਿਸ਼ਵ ਦੇ ਹੋਰ ਅਨੇਕਾਂ ਮਹੱਤਵਪੂਰਨ ਦੇਸ਼ਾਂ ਅਮਰੀਕਾ ਆਦਿ ਵਿਚ ਉਨ੍ਹਾਂ ਦੇ ਇਤਿਹਾਸ, ਸੱਭਿਆਚਾਰ, ਬੋਲੀਆਂ ਅਤੇ ਸਥਾਨਕ ਪਰੰਪਰਾਵਾਂ ਨੂੰ ਸਮਝਣ ਹਿਤ ਸਾਈਕਲ ਯਾਤਰਾ ਰਾਹੀਂ ਇਤਿਹਾਸਕ ਸ੍ਰੋਤਾਂ ਨੂੰ ਇਕੱਠਾ ਕਰਨ ਹਿਤ ਗੁਜ਼ਾਰਿਆ ਹੈ।
ਅਫ਼ਗਾਨਿਸਤਾਨ ਨੂੰ ਇਤਿਹਾਸ ਵਿਚ ਵੱਖ-ਵੱਖ ਨਾਵਾਂ 'ਏਸ਼ੀਆ ਦਾ ਦਿਲ' ਅਤੇ 'ਸਾਮਰਾਜਾਂ ਦਾ ਕਬਰਸਤਾਨ' ਆਦਿ ਨਾਲ ਜਾਣਿਆ ਜਾਂਦਾ ਹੈ। ਸਿਕੰਦਰ-ਏ-ਆਜ਼ਮ ਤੋਂ ਲੈ ਕੇ ਅਫ਼ਗਾਨਿਸਤਾਨੀ ਕਬੀਲਿਆਂ ਨੇ ਕਿਸੇ ਵੀ ਵਿਸ਼ਵ ਜੇਤੂ ਰਾਜੇ, ਮਹਾਰਾਜੇ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ। ਅਫ਼ਗਾਨਿਸਤਾਨ ਦੀ ਧਰਤੀ 'ਤੇ ਲੇਖਕ ਅਨੁਸਾਰ ਜੇਕਰ ਵਿਦੇਸ਼ ਹਕੂਮਤਾਂ ਦੁਆਰਾ ਕਬਜ਼ਾ ਕੀਤਾ ਗਿਆ ਤਾਂ ਉਹ ਪੁਰਾਤਨ ਕਾਲ ਤੋਂ ਛਲ-ਕਪਟ, ਚਾਲਾਕੀ, ਮੱਕਾਰੀ ਜਾਂ ਹੋਰ ਗ਼ੈਰ-ਮਿਆਰੀ ਸਾਧਨਾਂ ਰਾਹੀਂ ਸਥਾਪਤ ਕੀਤਾ ਗਿਆ ਹੈ।
ਅਹਿਮਦ ਸ਼ਾਹ ਮਸੂਦ ਨੇ ਅਫ਼ਗਾਨਿਸਤਾਨ ਦੀ ਆਜ਼ਾਦੀ, ਅਫ਼ਗਾਨੀ ਕਬੀਲਿਆਂ ਦੇ ਅੰਦਰੂਨੀ ਰੀਤੀ-ਰਿਵਾਜਾਂ, ਪਰੰਪਰਾਵਾਂ ਅਤੇ ਸੱਭਿਆਚਾਰਾਂ ਵਿਚ ਵਿਦੇਸ਼ੀ ਦਖ਼ਲ ਵਿਰੁੱਧ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ। ਉਸ ਸੰਘਰਸ਼ ਦੌਰਾਨ ਅਹਿਮਦ ਸ਼ਾਹ ਮਸੂਦ ਦੀਆਂ ਕੁਝ ਮਹੱਤਵਪੂਰਨ ਲੜਾਈਆਂ, ਸਮਝੌਤੇ, ਨੀਤੀਆਂ ਅਤੇ ਕੂਟਨੀਤੀਆਂ, ਯੂ.ਐਨ.ਓ. ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਗੱਲਬਾਤਾਂ ਸਮਝੌਤੇ ਆਦਿ ਵੀ ਸ਼ਾਮਿਲ ਹਨ। ਅਹਿਮਦ ਸ਼ਾਹ ਮਸੂਦ ਇਕ ਦਲੇਰ, ਜਾਂਬਾਂਜ਼, ਫੁਰਤੀਲਾ, ਅਣਥੱਕ, ਨਿਡਰ, ਹੌਸਲੇ ਵਾਲਾ, ਨਿਰਪੱਖ ਅਤੇ ਇਮਾਨਦਾਰ ਆਗੂ ਸੀ, ਜਿਸ ਨੇ ਅਫ਼ਗਾਨਿਸਤਾਨ ਦੀ ਰੱਖਿਆ ਲਈ ਆਪਣੀ ਸ਼ਹਾਦਤ ਵੀ ਦਿੱਤੀ। 9 ਸਤੰਬਰ, 2001 ਨੂੰ ਨਕਲੀ ਪੱਤਰਕਾਰਾਂ ਦੇ ਰੂਪ ਵਿਚ ਆਏ ਵਿਰੋਧੀ ਕੈਂਪ ਦੋ ਨੌਜਵਾਨਾਂ ਦੁਆਰਾ ਉਸ ਨੂੰ ਸਵੇਰ ਦਸ ਵਜੇ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ ਸੀ। ਲੇਖਕ ਵਲੋਂ ਇਸ ਕਿਤਾਬ ਵਿਚ 70 ਦੇ ਲਗਭਗ ਅਹਿਮਦ ਸ਼ਾਹ ਮਸੂਦ ਦੇ ਜੀਵਨ ਨਾਲ ਸੰਬੰਧਿਤ ਅਤਿ ਮਹੱਤਵਪੂਰਨ ਤਸਵੀਰਾਂ ਕੁਝ ਰੰਗਦਾਰ ਅਤੇ ਕੁਝ ਮੁਢਲੇ ਰੂਪ ਵਿਚ ਲਗਾਈਆਂ ਗਈਆਂ ਹਨ। ਅਫ਼ਗਾਨਿਸਤਾਨ ਦੇ ਪੁਰਾਤਨ ਕਾਲ ਤੋਂ ਇਤਿਹਾਸ ਨੂੰ ਅਹਿਮਦ ਸ਼ਾਹ ਮਸੂਦ ਦੇ ਵਿਸ਼ੇਸ਼ ਹਵਾਲੇ ਨਾਲ ਆਧੁਨਿਕ ਕਾਲ ਤੱਕ ਸਮਝਣ ਲਈ ਪੰਜਾਬੀ ਭਾਸ਼ਾ ਵਿਚ ਸੋਢੀ ਸੁਲਤਾਨ ਸਿੰਘ ਦਾ ਇਹ ਇਕ ਮਹੱਤਵਪੂਰਨ ਯੋਗਦਾਨ ਹੈ, ਜੋ ਨਿਰਸੰਦੇਹ ਪੰਜਾਬੀ ਭਾਸ਼ਾ ਦੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗਾ।


ਮੁਹੰਮਦ ਇਦਰੀਸ
ਮੋ: 98141-71786


ਟਰਨਿੰਗ ਪੁਆਇੰਟ

ਸ਼ਾਇਰ : ਪ੍ਰੋ. ਕਵਲਜੀਤ ਮਹਿਰੋਕ
ਪ੍ਰਕਾਸ਼ਨ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 300 ਰੁਪਏ, ਸਫ਼ੇ : 191


ਪ੍ਰੋ. ਕਵਲਜੀਤ ਮਹਿਰੋਕ ਲੰਬਾ ਸਮਾਂ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਰਹੀ ਹੈ ਜਿਸ ਕਾਰਨ ਉਸ ਦਾ ਵਾਹ ਪੰਜਾਬੀ ਅਦਬ ਖ਼ਾਸ ਤੌਰ 'ਤੇ ਸ਼ਾਇਰੀ ਨਾਲ ਰਿਹਾ ਹੈ। ਪੰਜਾਬੀ ਸਾਹਿਤ ਦੇ ਅਧਿਆਪਨ ਕਾਰਜ ਵਿਚ ਵਿਚਰਦਿਆਂ ਉਸ ਨੇ ਆਪ ਵੀ ਕਾਵਿ ਸਿਰਜਣਾ ਕੀਤੀ ਹੈ ਤੇ ਆਪਣੀ ਕਲਮ ਨਾਲ ਆਪਣੇ ਰੰਜਾਂ, ਵਲਵਲਿਆਂ, ਅਨੁਭਵਾਂ ਤੇ ਸੁਪਨਿਆਂ ਨੂੰ ਜ਼ਬਾਨ ਦਿੱਤੀ ਹੈ। ਇਹ ਹੋਰ ਵੀ ਮਹੱਤਵਪੂਰਨ ਹੈ ਕਿ 'ਟਰਨਿੰਗ ਪੁਆਇੰਟ' ਮਹਿਰੋਕ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਖੁੱਲ੍ਹੀਆਂ ਨਜ਼ਮਾਂ ਸੰਕਲਿਤ ਹਨ। ਪਹਿਲੀ ਪੁਸਤਕ ਕਿਸੇ ਵੀ ਅਦੀਬ ਦੇ ਸਾਹਿਤਕ ਜੀਵਨ ਲਈ ਬੁਨਿਆਦ ਦਾ ਕੰਮ ਕਰਦੀ ਹੈ। ਇਸ ਪੁਸਤਕ ਦੀਆਂ ਤਮਾਮ ਰਚਨਾਵਾਂ ਕਿਸੇ ਨਾ ਕਿਸੇ ਸਮੱਸਿਆ ਦੁਆਲੇ ਕੇਂਦਰਿਤ ਹਨ। ਪੁਸਤਕ ਦੀ ਪਹਿਲੀ ਨਜ਼ਮ 'ਕੁਦਰਤ ਦਾ ਸਬਕ' ਕੋਰੋਨਾ ਦੇ ਉਸ ਦੌਰ ਬਾਰੇ ਹੈ ਜਦੋਂ ਅਸੀਂ ਆਪਣੇ ਪਿਆਰੇ ਦੀ ਬਾਂਹ ਫੜਨ ਤੋਂ ਵੀ ਕਤਰਾਉਣ ਲੱਗ ਪਏ ਸਾਂ। ਇੱਥੋਂ ਤੱਕ ਕਿ ਏਸ ਕਾਰਨ ਜਹਾਨੋਂ ਕੂਚ ਕਰ ਗਏ ਲੋਕਾਂ ਦੇ ਆਖ਼ਰੀ ਦਰਸ਼ਨ ਕਰਨੇ ਵੀ ਮੁਸ਼ਕਿਲ ਹੋ ਗਏ ਸਨ। ਲੱਖਾਂ ਲੋਕਾਂ ਨੇ ਭੁੱਖੇ ਭਾਣੇ ਘਰਾਂ ਨੂੰ ਪੈਦਲ ਵਹੀਰਾਂ ਘੱਤ ਦਿੱਤੀਆਂ ਸਨ ਤੇ ਪ੍ਰਸ਼ਾਸਨ ਨੂੰ ਲਕਵਾ ਹੋ ਗਿਆ ਸੀ। ਮਹਿਰੋਕ ਨੇ ਇਸ ਨੂੰ ਕੁਦਰਤ ਦਾ ਸਬਕ ਕਹਿ ਕੇ ਮਨੁੱਖ ਨੂੰ ਹੀ ਕਸੂਰਵਾਰ ਠਹਿਰਾਇਆ ਹੈ, ਜਿਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ। 'ਟਰਨਿੰਗ ਪੁਆਇੰਟ' ਵਿਚ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਨਜ਼ਮਾਂ ਵੀ ਹਨ, ਜੋ ਇਤਿਹਾਸ ਦਾ ਹਿੱਸਾ ਬਣ ਗਏ ਦੌਰ ਨੂੰ ਕਲਾਵੇ ਵਿਚ ਲੈਂਦੀਆਂ ਹਨ। ਆਪਣੀਆਂ ਰਚਨਾਵਾਂ ਵਿਚ ਸ਼ਾਇਰਾ ਨੇ ਕਿਸਾਨ ਅੰਦੋਲਨ ਨੂੰ ਵੀ ਤਰਜੀਹ ਦਿੱਤੀ ਹੈ। 'ਇਕ ਨਜ਼ਮ' ਸਿਰਲੇਖ ਵਾਲੀ ਨਜ਼ਮ ਵਿਚ ਉਹ ਜ਼ਿੰਦਗੀ ਨੂੰ ਵੱਖਰੇ ਨਜ਼ਰੀਏ ਤੋਂ ਵਾਚਦੀ ਹੈ, ਉਸ ਅਨੁਸਾਰ ਜ਼ਿੰਦਗੀ ਨਾਟਕ, ਅਖਾੜਾ, ਰਮਜ਼ ਜਾਂ ਖਿਲਾਰਾ ਨਹੀਂ ਹੈ ਬਲਕਿ ਅੰਕੜਿਆਂ ਦੀ ਖੇਡ ਹੈ। 'ਚੱਲ ਮਨਾਂ' ਵਿਚ ਸ਼ਾਇਰਾ ਸ਼ਹਿਰੀ ਸੱਭਿਆਚਾਰ ਨੂੰ ਤਿਆਗ ਕੇ ਪਿੰਡ ਦੀ ਜੂਹ ਵਿਚ ਜਾਣਾ ਲੋਚਦੀ ਹੈ। ਉਸ ਮੁਤਾਬਿਕ ਸ਼ਹਿਰਾਂ ਦੀ ਗੁੰਝਲਦਾਰ ਜ਼ਿੰਦਗੀ ਨਾਲੋਂ ਪਿੰਡ ਦੀ ਸਿੱਧ-ਪੱਧਰੀ ਜ਼ਿੰਦਗੀ ਕਿਤੇ ਬਿਹਤਰ ਹੈ। ਕੁਝ ਨਜ਼ਮਾਂ ਨੂੰ ਲੈਅਬੱਧ ਤੇ ਕਾਫ਼ੀਆ ਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਵਲਜੀਤ ਮਹਿਰੋਕ ਦੀ ਕਲਮ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਹੈ ਜਿਸ ਨੂੰ ਦਾਇਰੇ ਪਸੰਦ ਨਹੀਂ।


ਗੁਰਦਿਆਲ ਰੌਸ਼ਨ
ਮੋ: 99884-44002


ਨਿੰਪੀ ਦੀਆਂ ਕਿਲਕਾਰੀਆਂ

ਲੇਖਿਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਮੋਹਾਲੀ
ਮੁੱਲ : 125 ਰੁਪਏ, ਸਫ਼ੇ 48
ਸੰਪਰਕ : 98783-17796.


ਬਲਰਾਜ ਧਾਰੀਵਾਲ ਦੀ ਬਾਲ ਪੁਸਤਕ 'ਨਿੰਪੀ ਦੀਆਂ ਕਿਲਕਾਰੀਆਂ' ਵਿਚ ਕੁੱਲ 9 ਕਹਾਣੀਆਂ ਸ਼ਾਮਿਲ ਹਨ, ਜਿਨ੍ਹਾਂ ਦੇ ਕ੍ਰਮਵਾਰ ਸਿਰਲੇਖ ਹਨ 'ਮਾਊਸੀ', 'ਹੁਮਾ ਦੀ ਫੁਲਵਾੜੀ', 'ਜੀਨੀ ਤੇ ਕੁੱਕੂ', 'ਨਿੰਪੀ ਦੀਆਂ ਕਿਲਕਾਰੀਆਂ', 'ਨਮਨ ਵੱਡਾ ਵਿਗਿਆਨੀ', 'ਸਵੱਛ ਭਾਰਤ ਮਿਸ਼ਨ', 'ਸੋਫ਼ੀਆ ਰੰਗ ਬਿਰੰਗੀ ਚਿੜੀ', 'ਦ੍ਰਿੜ੍ਹ ਇਰਾਦਾ' ਅਤੇ 'ਬਿੱਲੀ ਤੇ ਕੁੱਕੜ ਦੀ ਵਿਸਾਖੀ।' ਇਨ੍ਹਾਂ ਕਹਾਣੀਆਂ ਵਿਚ ਜਨੌਰ ਅਤੇ ਮਨੁੱਖੀ-ਦੋਵੇਂ ਕਿਸਮ ਦੇ ਪਾਤਰ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਵਿਖਾਈ ਦਿੰਦੇ ਹਨ। ਸਮੁੱਚੀਆਂ ਕਹਾਣੀਆਂ ਦਾ ਬੁਨਿਆਦੀ ਆਸ਼ਾ ਦੱਸਦਾ ਹੈ ਕਿ ਸਮਾਜ ਵਿਚ ਭੈੜੇ ਅਤੇ ਚੰਗੇ ਦੋਵੇਂ ਕਿਸਮ ਦੇ ਕਿਰਦਾਰ ਵਿਚਰਦੇ ਹਨ। ਭੈੜੇ ਕਿਰਦਾਰ ਸੰਕਟਮਈ ਪ੍ਰਸਥਿਤੀਆਂ ਪੈਦਾ ਕਰ ਕੇ ਵਿਕਾਸ ਵਿਚ ਵਿਘਨ ਪੈਦਾ ਕਰਦੇ ਹਨ। ਅਜਿਹੇ ਪਾਤਰ ਦੂਜਿਆ ਦੇ ਹੱਕਾਂ ਉੱਪਰ ਡਾਕੇ ਮਾਰਦੇ ਹਨ, ਖ਼ੁਦਗਰਜ਼ੀ ਦੇ ਮਾਲਕ ਬਣਦੇ ਹਨ, ਰੱਜ ਕੇ ਬੇਈਮਾਨ, ਚਾਪਲੂਸ ਅਤੇ ਮੱਕਾਰ ਹਨ। ਦੂਜਿਆ ਦੀ ਤਰੱਕੀ ਵੇਖ ਕੇ ਈਰਖਾ ਕਰਨਾ ਉਨ੍ਹਾਂ ਦੇ ਵਿਵਹਾਰ ਵਿਚ ਸ਼ਾਮਿਲ ਹੈ। ਅਜਿਹੀ ਸਥਿਤੀ ਵਿਚ ਸਮਾਜ ਦੇ ਚੰਗੇ ਅਤੇ ਅਗਾਂਹਵਧੂ ਸੋਚਣੀ ਵਾਲੇ ਪਾਤਰ ਉਨ੍ਹਾਂ ਨੂੰ ਗ਼ਲਤੀਆਂ ਦਾ ਪਸ਼ਚਾਤਾਪ ਕਰਵਾ ਕੇ ਚੰਗੇ ਰਾਹ 'ਤੇ ਲਿਆਉਂਦੇ ਹਨ। ਜ਼ਿਆਦਤੀਆਂ ਕਰਨ ਵਾਲੇ ਝੂਠੇ ਪਾਤਰ ਅੰਤ ਵਿਚ ਠੋਕਰ ਖਾ ਕੇ ਸੰਭਲਦੇ ਹਨ ਅਤੇ ਅੱਗੋਂ ਲਈ ਤੌਬਾ ਕਰਦੇ ਹਨ। ਕੁੱਲ ਮਿਲਾ ਕੇ ਇਹ ਬਾਲ ਕਹਾਣੀਆਂ ਦਿਲਚਸਪੀ ਭਰਪੂਰ ਹਨ ਅਤੇ ਪਾਤਰਾਂ ਦੇ ਆਪਸੀ ਸੰਵਾਦ ਨਾਲ ਕਥਾ-ਪ੍ਰਵਾਹ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਇਹ ਕਹਾਣੀਆਂ ਚਰਮਸੀਮਾ 'ਤੇ ਅੱਪੜ ਕੇ ਵਿਸਫੋਟ ਕਰਦੀਆਂ ਹਨ। ਸਰਲ ਸ਼ਬਦਾਵਲੀ ਅਤੇ ਸੁਭਾਵਿਕ ਚਾਲ ਨਾਲ ਇਹ ਕਹਾਣੀਆਂ ਪੜ੍ਹਨਯੋਗ ਹਨ ਅਤੇ ਬਾਲ ਪਾਠਕਾਂ ਨੂੰ ਸੇਧ ਪ੍ਰਦਾਨ ਕਰਦੀਆਂ ਹੋਈਆਂ ਉਨ੍ਹਾਂ ਦੇ ਮਨਾਂ ਵਿਚ ਮਾਤ-ਭਾਸ਼ਾ ਪ੍ਰਤੀ ਗੂੜ੍ਹੀ ਸਾਂਝ ਕਰਦੀਆਂ ਹਨ। ਧਾਰੀਵਾਲ ਤੋਂ ਅਜਿਹੀਆਂ ਹੋਰ ਬਾਲ ਕਹਾਣੀਆਂ ਦੀ ਆਸ ਕੀਤੀ ਜਾਂਦੀ ਹੈ ਪਰ ਕੇਵਲ 48 ਸਫ਼ਿਆਂ ਦੀ ਪੁਸਤਕ ਦਾ ਮੁੱਲ 125 ਰੁਪਏ ਹੋਣਾ ਆਮ ਬੱਚਿਆਂ ਦੀ ਪਹੁੰਚ ਤੋਂ ਦੂਰ ਪ੍ਰਤੀਤ ਹੁੰਦਾ ਹੈ। ਬਾਲ ਪੁਸਤਕਾਂ ਬਾਲਾਂ ਦੀ ਸਹਿਜ ਪਹੁੰਚ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ।


ਡਾ. ਦਰਸ਼ਨ ਸਿੰਘ 'ਆਸ਼ਟ'
ਮੋ: 98144-23703


ਸੂਫ਼ੀ ਕਹਾਣੀਆਂ
ਲੇਖਕ : ਮਾਲਚੰਦ ਤਿਵਾੜੀ
ਪੰਜਾਬੀ ਰੂਪ : ਭਜਨਬੀਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 0172-5027427.


ਸੂਫ਼ੀ ਸਾਹਿਤ ਦਾ ਪੰਜਾਬੀ ਸਾਹਿਤ ਵਿਚ ਅਹਿਮ ਸਥਾਨ ਹੈ। ਆਪਣੇ ਵੱਖਰੇ ਲਹਿਜੇ ਅਤੇ ਵਾਰਤਕ ਵੰਨਗੀਆਂ ਕਾਰਨ ਸੂਫ਼ੀ ਸਾਹਿਤ ਵਿਚਲੀਆਂ ਮਸਨਵੀਆਂ ਵਿਚ ਆਪਣੀ ਗੱਲ ਨੂੰ ਯਥਾਰਥ ਅਤੇ ਕਲਪਨਾ ਦੇ ਸੁਮੇਲ ਨਾਲ ਪੇਸ਼ ਕਰਨ ਦਾ ਰਿਵਾਜ ਰਿਹਾ ਹੈ। ਉਪਰੋਕਤ ਪੁਸਤਕ ਅਜਿਹੀਆਂ ਕਥਾਵਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਵਿਚ ਗਹਿਰ ਗੰਭੀਰ ਸਚਾਈਆਂ ਨੂੰ ਬਹੁਤ ਹੀ ਹਲਕੇ-ਫੁਲਕੇ ਅੰਦਾਜ਼ ਵਿਚ ਬਿਆਨ ਕੀਤਾ ਗਿਆ ਹੈ। ਪੁਸਤਕ ਦੀ ਭੂਮਿਕਾ ਵਿਚ ਲੇਖਕ ਨੇ ਸੂਫ਼ੀਵਾਦ ਵਿਚਲੇ ਅਧਿਆਤਮ, ਸਾਧਨਾਂ ਅਤੇ ਸਾਹਿਤ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਸੂਫ਼ੀਵਾਦ ਦੇ ਇਨ੍ਹਾਂ ਅਹਿਮ ਹਿੱਸਿਆਂ ਬਾਰੇ ਰੌਸ਼ਨੀ ਪਾਈ ਹੈ। ਤਕਰੀਬਨ 82 ਦੇ ਕਰੀਬ ਕਥਾਵਾਂ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕਥਾਵਾਂ ਵਿਚ ਮਾਨਵੀ ਹੋਂਦ, ਇਨਸਾਨੀ ਅਕਲ, ਦਾਰਸ਼ਨਿਕਤਾ ਅਤੇ ਅਧਿਆਤਮ ਦੇ ਨਾਲ-ਨਾਲ ਵਿਅੰਗ ਵੀ ਬਾਖੂਬੀ ਪੇਸ਼ ਕੀਤੇ ਗਏ ਹਨ। ਇਨ੍ਹਾਂ ਕਥਾਵਾਂ ਵਿਚ ਮਹਾਨ ਸੂਫ਼ੀ ਸੰਤਾਂ ਦੇ ਜੀਵਨ ਕਥਾਵਾਂ ਦੇ ਨਾਲ-ਨਾਲ ਮੁੱਲਾ ਨਸਰੂਦੀਨ ਜੋ ਸੂਫ਼ੀ ਕਥਾਵਾਂ ਦੇ ਅਹਿਮ ਹਿੱਸਾ ਮੰਨੇ ਜਾਂਦੇ ਹਨ, ਦੁਆਰਾ ਵਿਅੰਗ ਅਤੇ ਦਾਰਸ਼ਨਿਕਤਾ ਦੇ ਸਮੇਲ ਨਾਲ ਦਿੱਤੀਆਂ ਸਿਖਿਆਵਾਂ ਅਤੇ ਜੀਵਨ ਸੱਚ ਇਨ੍ਹਾਂ ਕਥਾਵਾਂ ਦਾ ਹਾਸਲ ਹੈ। ਮੁੱਲਾ ਨਸਰੂਦੀਨ ਦੇ ਪਾਤਰ ਰਾਹੀਂ ਇਨ੍ਹਾਂ ਕਥਾਵਾਂ ਵਿਚ ਪੇਸ਼ ਕੀਤੀਆਂ ਗਈਆਂ ਕਦਰਾਂ-ਕੀਮਤਾਂ, ਸੱਚ, ਅਧਿਆਤਮ ਆਦਿ ਨੂੰ ਬੜੀ ਸਹਿਜਤਾ ਅਤੇ ਹੁਨਰਮੰਦੀ ਨਾਲ ਸਿਰਜਿਆ ਗਿਆ ਹੈ, ਜਿਨ੍ਹਾਂ ਨੂੰ ਮਾਣਨਾ ਪਾਠਕ ਲਈ ਰੌਚਿਕਤਾ ਭਰਿਆ ਹੈ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਚੇਤਨਾ ਦੇ ਫੁੱਲ
ਲੇਖਕ : ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਪ੍ਰਕਾਸ਼ਕ : ਯੂਨੀਮੈਕਸ ਪਬਲੀਕੇਸ਼ਨਜ਼-ਜਲੰਧਰ
ਮੁੱਲ : 140 ਰੁਪਏ, ਸਫ਼ੇ : 80
ਸੰਪਰਕ : 98764-74858.


ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਇਕ ਆਦਰਸ਼ਵਾਦੀ ਸਟੇਟ ਐਵਾਰਡੀ ਅਧਿਆਪਕ ਹਨ। ਉਨ੍ਹਾਂ ਦੀਆਂ ਅਗਾਂਹਵਧੂ ਲਿਖਤਾਂ ਪੰਜਾਬੀ ਦੀਆਂ ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲਿਆਂ 'ਚ ਅਕਸਰ ਛਪਦੀਆਂ ਰਹਿੰਦੀਆਂ ਹਨ। ਉਹ ਚੇਤਨ, ਅਨੁਭਵੀ ਅਤੇ ਤਜਰਬੇਕਾਰ ਲਿਖਾਰੀ ਹਨ ਅਤੇ ਸਾਡੇ ਸਮਾਜਿਕ ਅਤੇ ਰਾਜਸੀ ਵਿਵਸਥਾ ਪ੍ਰਤੀ ਡੂੰਘੀ ਸਮਝ ਰੱਖਦੇ ਹਨ। 'ਚੇਤਨਾ ਦੇ ਫੁੱਲ' ਵੱਖ-ਵੱਖ 13 ਕਾਂਡਾਂ ਵਾਲਾ ਆਕਾਰ ਪੱਖੋਂ ਛੋਟਾ, ਪਰ ਉਦੇਸ਼ ਪੱਖੋਂ ਉਨ੍ਹਾਂ ਦਾ ਲਿਖਿਆ ਇਹ ਵੱਡਾ ਨਾਵਲ ਹੈ। ਇਸ ਦੇ ਜ਼ਰੀਏ ਉਹ ਵਿਦਿਆਰਥੀਆਂ ਨੂੰ ਆਦਰਸ਼ਵਾਦੀ ਇਨਸਾਨ ਬਣਾਉਣਾ ਲੋਚਦੇ ਹਨ। ਨਾਵਲ ਦੇ ਪਹਿਲੇ ਕਾਂਡ 'ਚ ਖੇਤੀਬਾੜੀ ਨਾਲ ਜੁੜਿਆ ਕਰਮਾ ਆਪਣੀ ਇਕਲੌਤੀ ਬੇਟੀ ਸਿਮਰਨ ਨੂੰ ਬੇਟਿਆਂ ਵਾਂਗ ਸਤਿਕਾਰ ਦਿੰਦਾ ਹੈ। ਲੇਖਕ ਇਕ ਅਧਿਆਪਕ ਦੇ ਰੂੂਪ 'ਚ ਬਾਲ ਵਿਆਹ ਅਤੇ ਲੜਕੀਆਂ ਨੂੰ ਉਚੇਰੀ ਪੜ੍ਹਾਈ ਤੋਂ ਵਾਂਝੇ ਰੱਖੇ ਜਾਣ ਦੇ ਪੱਖ 'ਚ ਨਹੀਂ ਹੈ ਅਤੇ ਨਾ ਹੀ ਅੰਧ-ਵਿਸ਼ਵਾਸ ਨੂੰ ਮਾਨਤਾ ਦਿੰਦਾ ਹੈ, ਸਗੋਂ ਉਹ ਵਿਦਿਆਰਥੀਆਂ ਦੀ ਬੌਧਿਕ ਸਮਝ ਨੂੰ ਵਿਗਿਆਨ ਨਾਲ ਜੋੜਨ ਲਈ ਯਤਨਸ਼ੀਲ ਹੈ। ਉਹ ਧੀਆਂ ਦੀਆਂ ਲੋਹੜੀਆਂ ਮਨਾਏ ਜਾਣ ਨੂੰ ਉਤਸ਼ਾਹਿਤ ਕਰਦਾ ਹੈ। ਨਾਵਲ ਦੀ ਮੁੱਖ ਪਾਤਰ ਸਿਮਰਨ, ਧੀਆਂ ਨੂੰ ਆਪਣੇ ਮਾਪਿਆਂ ਦੀ ਇੱਜ਼ਤ ਰੱਖਣ ਦਾ ਸੰਦੇਸ਼ ਦਿੰਦੀ ਹੈ। ਲੇਖਕ ਦਾਜ ਦੀ ਬਲੀ, ਧੀਆਂ 'ਤੇ ਤੇਜ਼ਾਬੀ ਹਮਲਿਆਂ, ਵਿਆਹ-ਸ਼ਾਦੀਆਂ 'ਚ ਠੱਗੇ ਜਾਣਾ, ਬਲਾਤਕਾਰ, ਭਰੂਣ ਹਤਿਆਵਾਂ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਲੁੱਟ ਪ੍ਰਤੀ ਚਿੰਤਤ ਹੈ। ਸਿਮਰਨ ਦਾ ਛੋਟਾ ਭਰਾ ਸੁਰਿੰਦਰ ਸਿੰਘ ਉਰਫ਼ ਛਿੰਦਾ ਵੀ ਮਿਹਨਤੀ ਵਿਦਿਆਰਥੀ ਹੈ ਅਤੇ ਉਹ ਪੜ੍ਹ-ਲਿਖ ਕੇ ਕੁਝ ਬਣਨਾ ਚਾਹੁੰਦਾ ਹੈ। ਲੇਖਕ ਕਿਸਾਨ ਦੀ ਆਮਦਨ ਘਟਣ ਅਤੇ ਧਰਮ, ਜਾਤ, ਰੰਗ, ਨਸਲਾਂ ਦੇ ਆਧਾਰ 'ਤੇ ਮਨੁੱਖਤਾ ਦੇ ਘਾਣ ਪ੍ਰਤੀ ਫ਼ਿਕਰਮੰਦ ਹੈ। ਨਾਵਲ ਦੇ ਅੰਤ 'ਚ ਮੁੱਖ ਪਾਤਰ ਸਿਮਰਨ ਕੌਰ ਤੇ ਸੁਰਿੰਦਰ ਸਿੰਘ (ਭੈਣ-ਭਰਾ) ਆਪੋ-ਆਪਣੇ ਪਰਿਵਾਰਾਂ ਨਾਲ ਖ਼ੁਸ਼ਹਾਲ ਜੀਵਨ ਜਿਊਣ ਲੱਗ ਪੈਂਦੇ ਹਨ। ਨਾਵਲ ਦਾ ਵਿਸ਼ਾ-ਵਸਤੂ, ਸ਼ੈਲੀ, ਪਾਤਰਾਂ ਦੀ ਚੋਣ ਅਤੇ ਪੇਸ਼ਕਾਰੀ ਢੁੱਕਵੀਂ ਹੈ ਅਤੇ ਸਿਰਲੇਖ ਵੀ ਵਧੀਆ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110


ਦਰਦ ਦਾ ਅਨੁਵਾਦ

ਲੇਖਕ : ਕੁਲਦੀਪ ਵੜੈਚ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 79869-54953.


ਦਰਦ ਦਾ ਅਨੁਵਾਦ ਨੌਜਵਾਨ ਸ਼ਾਇਰ ਕੁਲਦੀਪ ਵੜੈਚ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ ਨਜ਼ਮਾਂ ਅਤੇ ਗ਼ਜ਼ਲਾਂ ਸ਼ਾਮਿਲ ਹਨ। ਸ਼ਾਇਰ ਕੁਲਦੀਪ ਕੋਲ ਭਾਵਾਂ ਦੇ ਪ੍ਰਗਟਾਵੇ ਦੀ ਕਲਾ ਹੈ। ਉਹ ਆਪਣੇ ਕੋਮਲ ਖਿਆਲਾਂ ਅਤੇ ਵਲਵਲਿਆਂ ਨੂੰ ਬੜੀ ਗੰਭੀਰਤਾ ਨਾਲ ਕਹਿ ਜਾਂਦਾ ਹੈ। ਉਸ ਨੇ ਸੁਪਨਿਆਂ ਦੇ ਕਈ ਅਹਿਸਾਸ ਆਪਣੀ ਕਾਵਿ ਸੰਵੇਦਨਾ ਵਿਚ ਢਾਲੇ ਹਨ। ਉਸ ਨੇ ਸਮਾਜ ਵਿਚ ਧੀਆਂ ਦੇ ਬਦਲ ਰਹੇ ਜੀਵਨ ਵਿੱਦਿਆ ਦੇ ਚਾਨਣ ਨਾਲ ਉਨ੍ਹਾਂ ਅੰਦਰ ਭਰ ਰਹੀ ਚੇਤਨਾ ਦਾ ਪ੍ਰਗਟਾਵਾ ਆਪਣੀ ਰਚਨਾ 'ਪਰੀਆਂ ਦਾ ਸ਼ਹਿਰ' ਵਿਚ ਕੀਤੀ ਹੈ :
ਇਸ ਸ਼ਹਿਰ ਦੀਆਂ ਕੁੜੀਆਂ
ਚਿੜੀਆਂ ਨਾ ਰਹੀਆਂ
ਇਹ ਸ਼ਹਿਰ ਪਰੀਆਂ ਦਾ ਬਣਦਾ ਜਾ ਰਿਹਾ
ਧੀਆਂ ਕੀ ਨੀ ਕਰ ਸਕਦੀਆਂ
ਧੀਆਂ ਦੀ ਤਾਕਤ ਨੂੰ
ਜ਼ਮਾਨਾ ਮੰਨਦਾ ਜਾ ਰਿਹਾ (ਪੰਨਾ 61)
ਕੁਲਦੀਪ ਵੜੈਚ ਕੋਲ ਵਿਸ਼ਿਆਂ ਦੀ ਵੰਨ-ਸੁਵੰਨਤਾ ਵੀ ਹੈ ਅਤੇ ਕਾਵਿਕ ਪੇਸ਼ਕਾਰੀ ਵੀ। ਸਾਧਾਰਨ ਭਾਸ਼ਾ ਰਾਹੀਂ ਉਹ ਆਪਣੀ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰ ਜਾਂਦਾ ਹੈ। ਪਰਵਾਸ ਧਾਰਨ ਕਰਨ ਦੀ ਮਜਬੂਰੀ ਨੂੰ ਉਹ ਮਹਿਸੂਸ ਕਰਦਾ ਹੈ ਅਤੇ ਬੇਗਾਨੇ ਦੇਸ਼ ਦੀ ਧਰਤੀ ਉੱਪਰਲੇ ਓਪਰੇਪਣ ਅਤੇ ਬੇਗਾਨਗੀ ਨੂੰ ਉਹ ਮਹਿਸੂਸ ਕਰਦਾ ਹੈ। ਉਸ ਨੇ 'ਪੈਂਤੀ ਅੱਖਰੀ' ਦਾ ਨਵਾਂ ਅਰਥ ਦੇ ਕੇ ਜੀਵਨ ਦੀਆਂ ਨਵੀਆਂ ਕਦਰਾਂ-ਕੀਮਤਾਂ ਸੰਗ ਦੋਸਤੀ ਪਾਉਣ ਦੀ ਸਲਾਹ ਦਿੱਤੀ ਹੈ।
ਲਾਹੌਰ ਅੰਮ੍ਰਿਤਸਰ, ਅੰਗਰੇਜ਼ ਨੀਤੀ, ਧੁੱਪਾਂ ਤੋਂ ਤਪ ਕੇ, ਸੰਨ ਸੰਤਾਲੀ ਦੇ ਦੰਗੇ ਆਦਿ ਕਵਿਤਾਵਾਂ ਕਵੀ ਦੇ ਰਾਜਨੀਤਕ ਵਰਤਾਰਿਆਂ ਪ੍ਰਤੀ ਨਜ਼ਰੀਏ ਨੂੰ ਪ੍ਰਗਟ ਕਰਦੀਆਂ ਹਨ। ਉਹ ਰੁਮਾਂਟਿਕ ਕਾਵਿ ਰਚਨਾ ਰਾਹੀਂ 'ਪਿਆਰ ਦੇ ਡੂੰਘੇ ਭਾਵ' ਦਾ ਸੂਖਮ ਪ੍ਰਗਟਾਵਾ ਕਰ ਜਾਂਦਾ ਹੈ। ਉਸ ਨੇ ਆਪਣੇ ਅੰਦਰ ਦੇ ਕ੍ਰਾਂਤਾਕਾਰੀ ਵਿਚਾਰਾਂ ਨੂੰ ਵੀ ਪ੍ਰਗਟਾਇਆ ਹੈ।
ਹੱਕਾਂ ਖ਼ਾਤਰ ਲੜਦੇ ਆਂ
ਯਾਰਾਂ ਖ਼ਾਤਰ ਮਰਦੇ ਆਂ
ਅਤੇ
ਸੌਖਾ ਨਹੀਂ ਹੁੰਦਾ ਸੱਚ ਦਾ ਸਾਥ ਦੇਣਾ
ਚਾਨਣੇ ਰਾਹਾਂ 'ਤੇ ਤੁਰਨਾ
ਸੀਨਾ ਅਗਨ ਬਾਲਣੀ ਪੈਂਦੀ ਏ
ਮੱਥੇ ਸੂਰਜ ਖੁਣਨਾ ਪੈਂਦਾ ਏ। (ਪੰਨਾ 20)
ਭਾਵਨਾ ਦਾ ਕਤਲ, ਜ਼ਿੰਦਗੀ ਦੀ ਡੋਰ, ਮੋਰੀ ਮੰਜ਼ਿਲ ਹੋਰ ਸੀ, ਬੇਸ਼ੱਕ ਮੁਹੱਬਤ ਦਾ ਮਹਿਲ, ਮੱਥੇ 'ਚ ਮਹਾਂਕਾਵਿ, ਸਾਡੀ ਨਾ ਸੁਣ, ਮਨੋਰਥ, ਕਰਜ਼ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਸਮੁੱਚੇ ਤੌਰ 'ਤੇ ਦਰਦ ਦਾ ਅਨੁਵਾਦ ਕਾਵਿ ਸੰਗ੍ਰਹਿ ਪਾਠਕ ਅੰਦਰ ਸਮਾਜ ਦੇ ਵਰਤਾਰਿਆਂ ਪ੍ਰਤੀ ਨਵਾਂ ਨਜ਼ਰੀਆ ਪੈਦਾ ਕਰਦਾ ਹੈ। ਆਲੇ-ਦੁਆਲੇ ਹੋਣ ਵਾਲੀਆਂ ਚੰਗੀਆਂ ਅਤੇ ਮਾੜੀਆਂ ਤਬਦੀਲੀਆਂ ਲਈ ਜ਼ਿੰਮੇਵਾਰ ਕਾਰਨਾਂ ਵੱਲ ਵੀ ਸੰਕੇਤ ਕਰਦੀ ਕੁਲਦੀਪ ਵੜੈਚ ਦੀ ਕਵਿਤਾ ਪ੍ਰਸੰਸਾਯੋਗ ਹੈ। ਸਤਪਾਲ ਭੀਖੀ ਦੁਆਰਾ ਲਿਖੀ ਭੂਮਿਕਾ ਕਵੀ ਲਈ ਇਕ ਅਜਿਹੀ ਹੌਸਲਾ ਅਫ਼ਜ਼ਾਈ ਹੈ ਜੋ ਭਵਿੱਖ ਵਿਚ ਵੀ ਕਵੀ ਦਾ ਰਾਹ ਰੌਸ਼ਨ ਕਰੇਗੀ।


ਪ੍ਰੋ. ਕੁਲਜੀਤ ਕੌਰ


ਤੇਰਾ ਆਪਣਾ
ਲੇਖਕ : ਆਦੇਸ਼ ਅੰਕੁਸ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 98768-12725.


ਆਦੇਸ਼ ਅੰਕੁਸ਼ ਦੇ ਪਲੇਠੇ ਗ਼ਜ਼ਲ-ਸੰਗ੍ਰਹਿ 'ਤੇਰਾ ਆਪਣਾ' ਨੂੰ ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਭੱਠ ਵਾਂਗ ਤਪਦੀ ਤਿੱਖੜ ਦੁਪਹਿਰ ਵਿਚ ਹਵਾ ਦਾ ਕੋਈ ਠੰਢਾ ਜਿਹਾ ਬੁੱਲਾ ਆ ਗਿਆ ਹੋਵੇ। ਆਦਤ ਅਨੁਸਾਰ ਜਦੋਂ ਮੈਂ ਚੰਗੇ ਲੱਗੇ ਸ਼ਿਅਰਾਂ 'ਤੇ ਨਿਸ਼ਾਨੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਤਾਂ ਕੋਈ ਅਜਿਹਾ ਸ਼ਿਅਰ ਹੀ ਨਹੀਂ ਮਿਲਿਆ, ਜਿਸ ਨੂੰ ਭਰਤੀ ਦਾ ਸ਼ਿਅਰ ਕਿਹਾ ਜਾ ਸਕੇ। ਸੱਚਮੁੱਚ ਹੀ ਉਨ੍ਹਾਂ ਦ

18-06-2022

 ਮੇਰੀਆਂ ਚੋਣਵੀਆਂ ਕਹਾਣੀਆਂ
ਲੇਖਕ : ਮੁਖਤਿਆਰ ਸਿੰਘ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 550 ਰੁਪਏ, ਸਫ਼ੇ : 408
ਸੰਪਰਕ : 98728-23511.

ਪ੍ਰਸਿੱਧ ਕਹਾਣੀਕਾਰ ਦੀ ਇਸ ਵੱਡਆਕਾਰੀ ਪੁਸਤਕ ਵਿਚ ਉਸ ਦੀਆਂ 44 ਕਹਾਣੀਆਂ ਸੰਗ੍ਰਹਿਤ ਹਨ। ਕਹਾਣੀਆਂ ਦੀ ਚੋਣ ਲੇਖਕ ਨੇ ਆਪਣੀਆਂ ਛਪੀਆਂ ਛੇ ਕਹਾਣੀ ਪੁਸਤਕਾਂ (1982-2018) ਵਿਚੋਂ ਕੀਤੀ ਹੈ। ਲੇਖਕ ਦਾ ਕਹਾਣੀ ਸਿਰਜਨਾ ਦਾ ਸਫ਼ਰ ਚਾਰ ਦਹਾਕਿਆਂ ਤੱਕ ਦਾ ਹੈ। ਕਹਾਣੀਆਂ ਵਿਚ ਛੇ ਉਹ ਕਹਾਣੀਆਂ ਹਨ ਜੋ ਕਿ ਪਹਿਲਾਂ ਛਪੀਆਂ ਕਿਤਾਬਾਂ ਦੇ ਸਿਰਲੇਖ ਹੇਠ ਪਾਠਕ ਪੜ੍ਹ ਚੁੱਕੇ ਹਨ। ਲੁੱਕ ਵਿਚ ਫਸੇ ਪੈਰ, ਕੱਚੀ ਖੂਹੀ, ਖਾਲੀ ਸਿਲੰਡਰ, ਗੰਢ ਪਰਾਏ ਹੱਥ, ਇਕ ਮੁੱਠੀ ਚੁੱਕ ਲੈ, ਚੜ੍ਹਦੇ ਸੂਰਜ ਦੀ ਲਾਲੀ। ਇਸ ਤੋਂ ਇਲਾਵਾ ਲੇਖਕ ਨੇ ਤਿੰਨ ਨਾਵਲ, ਦੋ ਵਾਰਤਕ ਪੁਸਤਕਾਂ, ਜੀਵਨੀ ਬਾਬਾ ਆਮਟੇ ਤੇ ਇਕ ਕਿਤਾਬ ਸੰਪਾਦਿਤ ਕੀਤੀ ਹੈ। ਲੇਖਕ ਨੇ ਕਹਾਣੀ ਸੰਗ੍ਰਹਿ ਆਪਣੇ ਜਿਊਂਦੇ-ਜਾਗਦੇ ਪਾਤਰਾਂ ਨੂੰ ਸਮਰਪਿਤ ਕੀਤਾ ਹੈ। ਜਿਨ੍ਹਾਂ ਨੇ ਲੇਖਕ ਤੋਂ ਇਹ ਕਹਾਣੀਆਂ ਲਿਖਵਾਈਆਂ। ਕਹਾਣੀਆਂ ਨਿਰੋਲ ਪੰਜਾਬ ਦੇ ਪਿੰਡਾਂ ਦੇ ਸੱਭਿਆਚਾਰ, ਕਿਸਾਨੀ ਮਸਲੇ, ਤਿੜਕਦੇ ਰਿਸ਼ਤੇ, ਨਸ਼ਿਆਂ ਵਿਚ ਗ਼ਲਤਾਨ ਲੋਕ, ਕਿਸਾਨੀ ਸੰਘਰਸ਼, ਖੇਤੀ ਧੰਦਿਆਂ ਦੇ ਸਰੋਕਾਰ, ਨੌਜਵਾਨੀ ਤੇ ਬਜ਼ੁਰਗੀ ਵਿਚ ਵਧ ਰਿਹਾ ਪੀੜ੍ਹੀ ਅੰਤਰ, ਸੋਚਾਂ ਦੀਆਂ ਉਡਾਰੀਆਂ, ਪੇਂਡੂ ਸੱਥਾਂ, ਨਿੱਘਰਦੀਆਂ ਕਦਰਾਂ-ਕੀਮਤਾਂ, ਤੇਜ਼ੀ ਨਾਲ ਬਦਲ ਰਿਹਾ ਪੰਜਾਬੀ ਸੱਭਿਆਚਾਰ, ਸਿੱਖਿਆ ਖੇਤਰ ਵਿਚ ਨਿਘਾਰ, ਆਰਥਿਕ ਮਸਲੇ ਵਿਦੇਸ਼ਾਂ ਦੀ ਖਿੱਚ, ਦੂਸਰੇ ਸੂਬਿਆਂ ਵਿਚੋਂ ਲੋਕਾਂ ਦਾ ਪੰਜਾਬ ਵਿਚ ਆਉਣਾ, ਅਨਪੜ੍ਹਤਾ, ਗ਼ਰੀਬੀ, ਸਾਡੇ ਖੇਤਾਂ ਵਿਚ ਕੰਮ ਕਰਦੀਆਂ ਨੌਜਵਾਨ ਮੁਟਿਆਰਾਂ, ਔਰਤਾਂ, ਪੰਜਾਬ ਦਾ ਸੰਨ ਚੁਰਾਸੀ ਦਾ ਕਾਲਾ ਦੌਰ, ਪੁਲਿਸ ਦਾ ਕਹਿਰ, ਕਿਰਤੀ ਲੋਕਾਂ ਦਾ ਜੀਵਨ, ਪਿੰਡਾਂ ਦੀਆਂ ਸ਼ਰੀਕੇਬਾਜ਼ੀਆਂ, ਜਨਮ ਮਰਨ ਸਮੇਂ ਦੇ ਰਸਮੋ-ਰਿਵਾਜ ਤੇ ਜ਼ਿੰਦਗੀ ਦੇ ਕਈ ਸਰੋਕਾਰ ਕਹਾਣੀਆਂ ਵਿਚ ਹਨ। ਕਹਾਣੀਆਂ ਵਿਚ ਪਾਤਰੀ ਸੰਵਾਦ, ਦ੍ਰਿਸ਼ ਚਿਤਰਣ, ਬਿਰਤਾਂਤ, ਵਿਧੀ ਮਾਨਸਿਕ ਚਿਤਰਣ, ਮਨੋਵਿਗਿਆਨਕ ਸੂਝ ਤੇ ਕਈ ਜੁਗਤਾਂ ਹਨ। ਪ੍ਰਸਿੱਧ ਕਹਾਣੀ ਲੁੱਕ ਵਿਚ ਫਸੇ ਪੈਰ ਵਿਚ ਕਤੂਰਾ ਲੁੱਕ ਨਾਲ ਲਿੱਬੜਿਆ ਹੈ। ਤੁਰ ਨਹੀਂ ਹੁੰਦਾ; ਚੀਕਾਂ ਮਾਰੀ ਜਾਂਦਾ ਹੈ। ਦਫ਼ਤਰੀ ਲੋਕ ਚੁੱਪ-ਚਾਪ ਅੰਦਰ ਤੁਰੇ ਜਾਂਦੇ ਹਨ। ਕੋਈ ਧਿਆਨ ਨਹੀਂ ਕਰਦਾ। ਗਾਰਡ ਵੀ ਮਜਬੂਰ ਕਤੂਰੇ 'ਤੇ ਵਿਅੰਗ ਕਰਦਾ ਹੈ। ਗ਼ਰੀਬ ਬੰਦੇ ਦੀ ਮਾਨਸਿਕਤਾ ਵੀ ਕਤੂਰੇ ਵਰਗੀ ਹੈ। ਨੀਂਹ ਕਹਾਣੀ ਵਿਚ ਅਧਿਆਪਕ ਦੀ ਪਤਨੀ ਪਤੀ ਨੂੰ ਕਹਿ ਰਹੀ ਹੈ ਕਿ ਉਹ ਬੱਚਿਆਂ ਨੂੰ ਨਿੱਜੀ ਪਬਲਿਕ ਸਕੂਲ ਵਿਚ ਪਾਵੇ। ਕੁਝ ਸਿੱਖ ਜਾਣਗੇ। ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਚਿੰਤਾਜਨਕ ਹਾਲਤ ਨੂੰ ਵਿਅੰਗਮਈ ਸ਼ੈਲੀ ਵਿਚ ਸਿਰਜਿਆ ਹੈ। ਸੰਗ੍ਰਹਿ ਦੀਆਂ ਕਹਾਣੀਆਂ ਭੁਕਾਨੇ, ਸਰ੍ਹੋਂ, ਗਦਰ ਬੇਰ, ਪਪੀਹਾ, ਸਿਰੜ, ਧੀਏ ਤੂੰ ਵੀ?, ਛੋਕਰੇ ਜਬਾੜ੍ਹੇ, ਬੁਲੇ, ਖੋਲੇ, ਰਾਵੀ ਦੇ ਆਰ-ਪਾਰ ਵਿਚ ਜ਼ਿੰਦਗੀ ਧੜਕਦੀ ਹੈ। ਕਥਾਕਾਰ ਰਘਬੀਰ ਸਿੰਘ ਸਿਰਜਣਾ ਤੇ ਡਾ. ਹਰਜਿੰਦਰ ਸਿੰਘ ਅਟਵਾਲ ਨੇ ਪੁਸਤਕ ਲੇਖਕ ਤੇ ਕਹਾਣੀਆਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਸਮਕਾਲੀ ਪੰਜਾਬ
(2016-2017)
ਲੇਖਕ : ਡਾ. ਮੇਘਾ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 750 ਰੁਪਏ, ਸਫ਼ੇ : 595
ਸੰਪਰਕ : 97800-36137.

ਡਾ. ਮੇਘਾ ਸਿੰਘ ਆਪਣੇ ਵਿਵਸਾਇਕ ਜੀਵਨ ਦੇ ਬਹੁਤੇ ਵਰ੍ਹੇ ਜਨਸੰਚਾਰ ਮਾਧਿਅਮਾਂ ਨਾਲ ਜੁੜਿਆ ਰਿਹਾ ਹੈ। ਇਸੇ ਕਾਰਨ ਉਸ ਦੁਆਰਾ ਰਚੇ ਗਏ ਸਾਹਿਤ ਵਿਚ ਪੱਤਰਕਾਰੀ ਦੇ ਮਸਲੇ, ਸਰੋਕਾਰ ਅਤੇ ਪੰਜਾਬੀ ਜਨਜੀਵਨ ਦੇ ਸਮਾਜਿਕ-ਰਾਜਨੀਤਕ ਵੇਰਵੇ ਅਗਰਭੂਮੀ ਵਿਚ ਰਹੇ ਹਨ। ਉਸ ਨੇ ਆਪਣੇ ਜੀਵਨ ਦੇ ਕੁਝ ਵਰ੍ਹੇ 'ਪੰਜਾਬੀ ਟ੍ਰਿਬਿਊਨ' ਵਿਚ ਸੇਵਾਵਾਂ ਕੀਤੀਆਂ। ਉਸ ਵਕਤ ਇਸ ਅਖ਼ਬਾਰ ਦੇ ਸਹਾਇਕ ਸੰਪਾਦਕ ਵਜੋਂ ਉਹ ਕੁਝ ਸਮਾਂ ਸੰਪਾਦਕੀ-ਟਿੱਪਣੀਆਂ ਵੀ ਲਿਖਦਾ ਰਿਹਾ। ਸੰਪਾਦਕੀ-ਟਿੱਪਣੀਆਂ ਕਿਸੇ ਅਖ਼ਬਾਰ ਦੀ ਆਤਮਾ ਵਜੋਂ ਦੇਖੀਆਂ ਜਾਂਦੀਆਂ ਹਨ। ਇਸ ਸੂਰਤ ਵਿਚ ਹਥਲੀਆਂ ਟਿੱਪਣੀਆਂ ਵਿਚ 'ਪੰਜਾਬੀ ਟ੍ਰਿਬਿਊਨ' ਦੀ ਸਮਾਜਿਕ ਪ੍ਰਤੀਬੱਧਤਾ ਵੀ ਇਨ੍ਹਾਂ ਟਿੱਪਣੀਆਂ ਵਿਚੋਂ ਉਜਾਗਰ ਹੋ ਜਾਂਦੀ ਹੈ।
ਜੇ ਅਸੀਂ ਆਪਣੇ ਪਿਆਰੇ ਪੰਜਾਬ ਨੂੰ ਸਮੁੱਚੇ ਭਾਰਤੀ ਪਰਿਵੇਸ਼ ਦੇ ਪ੍ਰਸੰਗ ਵਿਚ ਰੱਖ ਕੇ ਵੇਖੀਏ ਤਾਂ ਪੰਜਾਬ ਵਿਚ 'ਤਬਦੀਲੀ' ਦੀ ਰਫ਼ਤਾਰ ਵਧੇਰੇ ਤਿੱਖੀ ਅਤੇ ਤੱਤੀ ਨਜ਼ਰ ਆਉਂਦੀ ਹੈ। ਇਸ ਕਾਰਨ ਪੰਜਾਬ ਉੱਪਰ ਨਜ਼ਰਸਾਨੀ ਕਰਨ ਵਾਲੇ ਇਤਿਹਾਸਕਾਰਾਂ ਨੂੰ ਨਾ ਕੇਵਲ ਸਤਰਕ ਰਹਿਣਾ ਪੈਂਦਾ ਹੈ, ਸਗੋਂ ਘਟਨਾਵਾਂ ਦੀ ਚੋਣ ਅਤੇ ਨਿਰਖ-ਪਰਖ ਸਮੇਂ ਅਤਿਅੰਤ ਜ਼ਿੰਮੇਵਾਰ ਰਹਿਣ ਦੀ ਲੋੜ ਵੀ ਪੈਂਦੀ ਹੈ। ਸਾਨੂੰ ਖ਼ੁਸ਼ੀ ਹੈ ਕਿ ਡਾ. ਸਿੰਘ ਦੁਆਰਾ ਲਿਖੀਆਂ ਇਹ ਟਿੱਪਣੀਆਂ ਇਨ੍ਹਾਂ ਦੋਵਾਂ ਤਕਾਜ਼ਿਆਂ ਉੱਪਰ ਪੂਰੀ ਉਤਰਦੀਆਂ ਹਨ।
ਇਨ੍ਹਾਂ ਟਿੱਪਣੀਆਂ ਵਿਚ ਜਨਵਰੀ 2016 ਤੋਂ ਮਾਰਚ 2017 ਤੱਕ ਦੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਵਿਚਲੀ ਬੇਚੈਨੀ ਅਤੇ ਕਸ਼ਮਕਸ਼ ਦੇ ਦਰਸ਼ਨ ਹੁੰਦੇ ਹਨ। 15 ਮਹੀਨਿਆਂ ਦੇ ਇਸ ਕਾਲ-ਖੰਡ ਦੌਰਾਨ ਲਗਭਗ 14 ਮਹੀਨੇ ਪੰਜਾਬ ਉੱਪਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ। ਇਸ ਕਾਰਨ ਇਸ ਕਾਲ ਦੀਆਂ ਬਹੁਤੀਆਂ ਚੰਗੀਆਂ-ਮੰਦੀਆਂ ਘਟਨਾਵਾਂ ਲਈ ਇਸੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਲੇਖਕ ਨੇ ਇਹ ਕੰਮ ਕਾਫੀ ਸੂਝਬੂਝ ਨਾਲ ਨਿਭਾਇਆ ਹੈ। ਇਸ ਪੁਸਤਕ ਵਿਚਲੀ ਸਮਗੱਰੀ ਆਮ ਪਾਠਕਾਂ ਦੇ ਨਾਲ-ਨਾਲ ਪ੍ਰੋਫੈਸ਼ਨਲ ਇਤਿਹਾਸਕਾਰਾਂ ਲਈ ਵੀ ਇਕ ਸਰੋਤ (ਭੰਡਾਰ) ਦਾ ਕੰਮ ਕਰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਆਤਮਜੀਤ ਦੇ ਪ੍ਰਤੀਨਿਧ ਇਕਾਂਗੀ
ਸੰਪਾਦਕ : ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 219
ਸੰਪਰਕ : +91-172-5027427.

ਇਸ ਪੁਸਤਕ ਦੇ ਵਿਦਵਾਨ ਸੰਪਾਦਕ ਡਾ. ਸਤੀਸ਼ ਕੁਮਾਰ ਵਰਮਾ ਨੇ ਆਤਮਜੀਤ ਦੇ ਕੁੱਲ ਨਾਟਕ 34 (17 ਲਘੂ ਅਤੇ 17 ਪੂਰੇ ਨਾਟਕਾਂ) ਵਿਚੋਂ ਉਸ ਦੇ 10 ਲਘੂ ਨਾਟਕਾਂ ਅਰਥਾਤ ਇਕਾਂਗੀਆਂ ਦੀ ਚੋਣ ਕਰਕੇ ਉਸ ਦੀ ਵਿਲੱਖਣਤਾ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ। ਡਾ. ਆਤਮਜੀਤ ਤੀਜੀ ਪੀੜ੍ਹੀ ਦਾ ਅਦੁੱਤੀ ਨਾਟਕਕਾਰ ਹੈ। ਉਸ ਨੂੰ ਕਿਸੇ ਵਰਗਾ ਕਹਿਣਾ ਠੀਕ ਨਹੀਂ। ਉਹ ਕਿਸੇ ਦੀ ਰੀਸ ਨਹੀਂ ਕਰਦਾ ਸਗੋਂ ਆਪਣਾ ਨਾਟਕੀ ਪੈਂਡਾ ਆਪ ਉਲੀਕਦਾ ਹੈ। ਨਾਟਕੀ ਖੇਤਰ ਵਿਚ ਉਸ ਦੀ ਵਜੂਦੀਅਤ ਧਰੂ ਤਾਰੇ ਵਾਂਗ ਹੈ। ਉਹ ਪੰਜਾਬੀ ਨਾਟਕ ਭਾਵੁਕ ਕਿਸਮ ਦੀ ਪ੍ਰਗਤੀਬੱਧਤਾ ਦੇ ਰਾਹੇ ਵੀ ਨਹੀਂ ਪੈਂਦਾ। ਇਹ ਮੰਨਿਆ ਜਾ ਸਕਦਾ ਹੈ ਕਿ ਉਹ ਕਿਧਰੇ-ਕਿਧਰੇ ਅਬਸਰਡ ਚਿੰਨ੍ਹਾਂ ਦੀ ਵਰਤੋਂ ਕਰਦਾ ਵੇਖਿਆ ਜਾ ਸਕਦਾ ਹੈ। ਉਹ ਪੰਜਾਬੀ ਨਾਟਕ ਲਈ ਨਵੇਂ ਪ੍ਰਤੀਮਾਨ ਸਿਰਜਦਾ ਹੈ। ਲਘੂ-ਨਾਟਕ ਸਥਾਪਤ ਕਰਨ ਦਾ ਸਿਹਰਾ ਵੀ ਉਸ ਦੇ ਸਿਰ ਹੀ ਬੱਝਦਾ ਹੈ। ਉਹ ਸੁਰਜੀਤ ਪਾਤਰ ਦੇ ਕਾਵਿ-ਸਿਧਾਂਤ ਵਾਂਗ ਰਾਹਾਂ 'ਤੇ ਨਹੀਂ ਤੁਰਦਾ ਸਗੋਂ ਜਦੋਂ ਤੁਰਦਾ ਹੈ ਉਦੋਂ ਨਵੇਂ ਰਾਹ ਬਣਦੇ ਹਨ। ਸੰਪਾਦਕ ਨੇ ਆਪਣੇ ਸੰਪਾਦਕੀ ਪੰਨਿਆਂ 'ਤੇ ਅਜਿਹੇ ਮਾਅਨੀਖੇਜ਼ ਨੁਕਤੇ ਉਜਾਗਰ ਕੀਤੇ ਹਨ, ਜਿਨ੍ਹਾਂ ਦਾ ਅਧਿਐਨ ਪਾਠਕਾਂ, ਦਰਸ਼ਕਾਂ, ਵਿਦਿਆਰਥੀਆਂ ਅਤੇ ਖੋਜੀਆਂ ਲਈ ਨਿਰਸੰਦੇਹ ਲਾਹੇਵੰਦ ਹੋ ਸਕਦਾ ਹੈ।
ਡਾ. ਵਰਮਾ ਨੇ ਡਾ. ਆਤਮਜੀਤ ਨਾਲ ਆਪਣੀ 45 ਸਾਲਾਂ ਦੀ ਨੇੜਤਾ 'ਚੋਂ ਜੋ ਅਨੁਭਵ ਪ੍ਰਾਪਤ ਕੀਤੇ ਹਨ, ਉਨ੍ਹਾਂ ਦੇ ਫਲਸਰੂਪ ਹੀ 10 ਇਕਾਂਗੀਆਂ (ਲਘੂ-ਨਾਟਕਾਂ) ਦਾ ਵਡਮੁੱਲਾ ਸੰਪਾਦਨ ਕੀਤਾ ਹੈ।
ਇਨ੍ਹਾਂ 10 ਪ੍ਰਤੀਨਿਧ ਇਕਾਂਗੀਆਂ ਦਾ ਅਧਿਐਨ ਕਰਦਿਆਂ ਕੁਝ ਸਾਰਥਕ ਨਤੀਜੇ ਪ੍ਰਾਪਤ ਹੁੰਦੇ ਹਨ ਜੋ ਨਾਟਕਕਾਰ ਦੀ ਅਨੂਪਤਾ/ਅਨੋਖੇਪਣ ਨੂੰ ਉਜਾਗਰ ਕਰਨ ਵਿਚ ਸਹਾਈ ਹੋ ਸਕਦੇ ਹਨ। ਇਨ੍ਹਾਂ ਦੀ ਇਕ ਝਾਕੀ ਹਾਈਲਾਈਟ ਕੀਤੀ ਜਾ ਸਕਦੀ ਹੈ।
'ਪੱਲੂ ਦੀ ਉਡੀਕ' ਵੇਟਿੰਗ ਫਾਰ ਗੋਦੋ ਦਾ ਰੁਪਾਂਤਰਣ ਹੈ। 'ਪੱਲੂ ਆਉਂਦਾ ਹੈ ਪਰ ਚਾਹ ਨਹੀਂ ਬਣਾਉਂਦਾ ਹੈ ਕਿਉਂਕਿ ਉਸ ਨੂੰ ਜਹਾਜ਼ ਡਿਗਣ ਕਾਰਨ ਮਲਬਾ ਚੁੱਕਣ ਦਾ ਕੰਮ ਮਿਲ ਗਿਆ ਹੈ ਪਰ 'ਗੋਦੋ' ਤਾਂ ਆਉਂਦਾ ਹੀ ਨਹੀਂ। ਚਾਹ ਉਡੀਕਣ ਵਾਲੇ ਦੋਵੇਂ ਸਰੀਰਕ ਅਤੇ ਮਾਨਸਿਕ ਤੌਰ 'ਤੇ 'ਸਥਿਰ' ਹੋ ਚੁੱਕੇ ਹਨ। 'ਲੋਕਨਾਥ ਅਕਲਮੰਦ' ਸਮਾਜਿਕ ਗਤੀਹੀਣਤਾ ਦਾ ਮੈਟਾਫਰ ਬੇਪਰਵਾਹੀ ਹੈ। ਹਰ ਗੱਲ ਸਮਾਜ ਦੇ ਕਰਨ ਵਾਲੀ ਕਹਿ ਕੇ ਵਿਅਕਤੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ। 'ਹਵਾ ਮਹਿਲ' ਅਰਦਾਸਾਂ ਦੀ ਥਾਂ ਮਿਹਨਤ ਕਰਨ ਦਾ ਸੰਕੇਤ ਦਿੰਦਾ ਹੈ। 'ਅੰਨ੍ਹੇ-ਕਾਣੇ' ਇਕਾਂਗੀ ਅਨੁਸਾਰ ਅਗਿਆਕਾਰੀ ਲੋਕ ਆਪਣੀ ਵਜੂਦੀਅਤ (ਹੋਂਦ) ਨੂੰ ਮਾਰ ਕੇ ਵੱਡੇ ਲੋਕਾਂ ਦੀ ਅਧੀਨਗੀ ਸਵੀਕਾਰਦੇ ਹਨ ਜਦੋਂ ਕਿ ਜਾਗ੍ਰਿਤ ਲੋਕ ਆਪਣੇ ਅਸਤਿਤਵ ਨੂੰ ਬੁਲੰਦ ਕਰਦੇ ਹਨ। 'ਮੁਰਗੀਖ਼ਾਨਾ' ਰਾਜਸੀ ਚੋਣ ਪ੍ਰਣਾਲੀ 'ਤੇ ਵਿਅੰਗ ਹੈ। ਇਸ ਵਿਚ ਨੌਕਰਸ਼ਾਹੀ 'ਬਾਜ਼ੀਗਰ' ਦਾ ਰੋਲ ਅਦਾ ਕਰਦੀ ਹੈ। 'ਹਨੀਮੂਨ' ਇਕਾਂਗੀ ਅਨੁਸਾਰ ਬੱਚਾ ਹੋਣ ਤੋਂ ਬਾਅਦ 'ਹਨੀਮੂਨ' ਦਾ ਅਨੰਦ ਨਹੀਂ ਰਹਿੰਦਾ। ਕਬੀਲਦਾਰੀ ਨਾਲ ਪਿਆਰ ਵਿਚ ਨੀਰਸਤਾ ਆ ਜਾਂਦੀ ਹੈ। 'ਦਾਇਰਾ ਅਤੇ ਸਲੀਬ' ਵਿਚ ਔਰਤ-ਮਰਦ ਦੇ ਰਿਸ਼ਤੇ ਦੀ ਜਟਿਲ ਪੇਸ਼ਕਾਰੀ ਹੈ। 'ਚਿੜੀਆਂ' ਦੇ ਮੈਟਾਫ਼ਰ ਰਾਹੀਂ ਭਾਰਤ-ਵੰਡ ਸਮੇਂ ਔਰਤਾਂ ਦੇ ਦੋਵਾਂ ਪਾਸਿਉਂ ਤੋਂ ਇਧਰ-ਉਧਰ ਗਈਆਂ, ਦੀ ਦੁਖਾਂਤਕ ਵਸਤੂ-ਸਥਿਤੀ ਦੀ ਪੇਸ਼ਕਾਰੀ ਹੈ। ਇਕਾਂਗੀ 'ਅਜੀਤ ਰਾਮ' ਸਥਾਪਤ ਹੋ ਚੁੱਕੀ ਇਸ ਧਾਰਨਾ ਨੂੰ ਉਲਟਾਉਂਦਾ ਹੈ ਕਿ ਸਿੱਖ ਹੀ ਹਮੇਸ਼ਾ ਹਿੰਦੂ ਦਾ ਰਾਖਾ ਹੈ, ਹਿੰਦੂ ਵੀ ਸਿੱਖ ਦੀ ਰਾਖੀ ਕਰ ਸਕਦਾ ਹੈ। ਸੰਪਾਦਕ ਦੀ ਇਸ ਚੋਣ ਵਿਚ 'ਗੁਬਾਰੇ' ਇਕੋ ਇਕ ਬਾਲ ਨਾਟਕ ਹੈ। ਇਸ ਵਿਚ ਬਜ਼ੁਰਗਾਂ ਦੀ ਪ੍ਰਸੰਸਾ ਦੇ ਨਾਲ-ਨਾਲ ਵਹਿਮਾਂ ਦੇ ਗੁਬਾਰੇ ਦੀ ਹਵਾ ਕੱਢੀ ਗਈ ਹੈ। ਨਿਰਸੰਦੇਹ, ਡਾ. ਆਤਮਜੀਤ ਨੇ ਪੰਜਾਬੀ ਨਾਟਕ ਦੇ ਖੇਤਰ ਵਿਚ ਅਮਿਟ ਪੈੜਾਂ ਪਾਈਆਂ ਹਨ। ਇਹ ਪੁਸਤਕ ਡਾ. ਵਰਮਾ ਦੀ ਵੀ ਸੰਪਾਦਨਾ-ਕਲਾ ਨੂੰ ਅਦੁੱਤੀ ਦੇਣ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c

ਸੁਨਹਿਰੇ ਫਲ
ਲੇਖਕ : ਬ.ਸੰ. ਡਡਵਿੰਡੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 0172-5027427.

ਜ਼ਿਕਰਯੋਗ ਪੁਸਤਕ ਵਿਚ ਕੁੱਲ 23 ਦਿਲਚਸਪ ਕਹਾਣੀਆਂ ਹਨ। ਪੂਰੀਆਂ ਕਹਾਣੀਆਂ ਦੀ ਰੌਚਕਤਾ ਲਗਦਾ ਬੱਚਿਆਂ ਦੀ ਦਿਲਚਸਪੀ ਨੂੰ ਜ਼ਿਆਦਾ ਉਭਾਰਦੀਆਂ ਹਨ। 'ਬਾਪੂ ਕੱਕਰ' ਕਹਾਣੀ 'ਚ ਦੂਸਰੀ ਪਤਨੀ ਦਾ ਪਹਿਲੀ ਦੀ ਕੁੜੀ ਨਾਲ ਰੁੱਖਾ ਵਰਤਾਓ ਦਿਖਾਇਆ ਗਿਆ ਹੈ। ਠੀਕ ਜਿਸ ਤਰ੍ਹਾਂ 'ਸੁਨਹਿਰੇ ਫਲ' (ਜੋ ਕਿਤਾਬ ਦਾ ਸਿਰਲੇਖ ਹੈ) ਵਿਚ ਵੀ ਮਤਰੇਈ ਕੁੜੀ ਦਾ ਜ਼ਿਕਰ ਉਸ ਦੀ ਸੁਘੜ ਸਿਆਣਪ ਦਾ ਪ੍ਰਗਟਾਅ ਪੇਸ਼ ਕੀਤਾ ਹੈ।
ਬੀਰੂ ਦੀ ਬੰਸਰੀ 'ਚ ਬੇਸਹਾਰਾ ਬੀਰੂ ਦੀ ਸਿਆਣਪ ਜੋ ਤਿੜਕੀ ਬੰਸਰੀ ਵੀ ਭਿਖਾਰਨ (ਪਰੀ) ਨੂੰ ਦੇ ਦਿੰਦਾ ਹੈ। 'ਉਡਣ ਵਾਲਾ ਹਾਥੀ' ਤੋਂ ਲੈ ਕੇ 'ਸ਼ੀਸ਼ੇ ਦੀ ਦੀਵਾਰ', 'ਪਰੀ ਦਾ ਸ਼ਹਿਰ', 'ਮੈਂ ਦਾਸੀ ਨਹੀਂ', 'ਬਣ ਗਿਆ ਪਹਾੜ ਚਾਂਦੀ ਦਾ ਝੂਲਾ', 'ਮੂੰਹ ਧੋਤਾ ਤਰੇਲ ਨੇ', 'ਪਿੰਕੀ ਦੇ ਪੈਰ' ਗੱਲ ਕੀ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਰਚਣ ਦੀ ਵਿਧਾ ਤੇ ਪਾਤਰਾਂ ਦੇ ਨਾਂਅ ਰੱਖਣ 'ਚ ਡਡਵਿੰਡੀ ਨੇ ਬੜੀ ਕਮਾਲ ਦੀ ਕਲਾਕਾਰੀ ਦਿਖਾਈ ਹੈ। ਤਕਰੀਬਨ ਸਾਰੀਆਂ ਕਹਾਣੀਆਂ 'ਚ ਪੂਰੀ ਤਰ੍ਹਾਂ ਕਾਲਪਨਿਕਤਾ ਤੇ ਰੱਜ ਕੇ ਰੌਚਕਤਾ ਭਰੀ ਹੈ। ਹਰ ਕਹਾਣੀ ਨੂੰ ਵਾਰ-ਵਾਰ ਪੜ੍ਹਨ ਨੂੰ ਮੰਨ ਕਰਦਾ ਹੈ। ਲੇਖਕ ਆਪਣੀ ਕਲਪਨਾ ਨੂੰ ਏਨੀ ਸ਼ਿੱਦਤ ਨਾਲ ਰੌਚਕ ਬਣਾਉਂਦਾ ਹੈ ਜਿਸ ਦੀ ਤਾਰੀਫ਼ ਕਰਨੀ ਬਣਦੀ ਹੈ ਪਰ ਪਰੂਫ ਪੜ੍ਹਨ 'ਚ ਕੁਤਾਹੀ ਕੀਤੀ ਲਗਦੀ ਹੈ। ਜੇ ਗ਼ਲਤੀਆਂ ਸੁਧਾਰੀਆਂ ਜਾਂਦੀਆਂ ਤਾਂ ਹੋਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ।

ਡੀ.ਆਰ. ਬੰਦਨਾ
ਮੋ: 94173-89003

ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ
ਲੇਖਕ : ਮਨੋਜ ਮਲਿਕ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 94634-32405.

ਮਨੋਜ ਮਲਿਕ ਇਕ ਅਧਿਆਪਕ ਹੈ ਤੇ ਅੱਜਕਲ੍ਹ ਚੰਡੀਗੜ੍ਹ ਵਿਖੇ ਰਹਿ ਰਿਹਾ ਹੈ। ਉਹ ਕਿਸੇ ਸਮੇਂ ਪਾਣੀਪਤ (ਹਰਿਆਣਾ) ਰਹਿੰਦਾ ਸੀ, ਜਿੱਥੇ ਉਹ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਉਹ 30 ਸਾਲਾਂ (1987-2016) ਤੱਕ ਸੰਘ ਦਾ ਕੱਟੜ ਵਰਕਰ ਰਿਹਾ। ਪਰ ਹੁਣ ਉਹ ਇਕ ਤਰਕਸ਼ੀਲ (ਹਿਊਮਨਿਸਟ) ਬਣ ਚੁੱਕਾ ਹੈ। ਰੀਵਿਊ ਅਧੀਨ ਪੁਸਤਕ ਇਸੇ ਪਰਿਵਰਤਨ ਬਾਰੇ ਹੈ।
ਇਹ ਪੁਸਤਕ ਲਿਖਣ ਦੀ ਪ੍ਰੇਰਨਾ ਉਸ ਨੂੰ ਤਰਕਸ਼ੀਲ ਲਹਿਰ ਦੇ ਮੋਢੀ ਮੇਘ ਰਾਜ ਮਿੱਤਰ ਤੋਂ ਪ੍ਰਾਪਤ ਹੋਈ, ਜਦੋਂ ਉਹ ਮਿੱਤਰ ਨਾਲ ਬੱਸ ਰਾਹੀਂ ਲੁਧਿਆਣੇ ਦਾ ਸਫ਼ਰ ਕਰ ਰਿਹਾ ਸੀ।
ਇਸ ਕਿਤਾਬ ਦੇ ਦੋ ਭਾਗ ਹਨ ਪਹਿਲਾ ਭਾਗ ਲੇਖਕ ਦੇ ਸੰਘੀ ਜੀਵਨ ਬਾਰੇ ਹੈ ਤੇ ਦੂਜਾ ਸੰਘ ਤੋਂ ਪਿੱਛੋਂ ਦਾ। ਪਹਿਲੇ ਭਾਗ ਵਿਚ ਮੇਰਾ ਸੰਘੀ ਜੀਵਨ, ਸੰਘ ਦੀ ਕਾਰਜਸ਼ੈਲੀ, ਸੰਘ ਦੀ ਵਿਚਾਰਧਾਰਾ ਨਾਂਅ ਦੇ ਤਿੰਨ ਅਧਿਆਇ (ਪੰਨਾ 9-62) ਹਨ; ਦੂਜੇ ਵਿਚ ਵੀ ਤਿੰਨ ਚੈਪਟਰ ਮੇਰੇ ਮੱਤਭੇਦ ਦੇ ਨੁਕਤੇ, ਤਰਕਸ਼ੀਲਤਾ ਦੀ ਰਾਹ, ਮਾਨਵਵਾਦ ਦਾ ਚਾਨਣ ਮੁਨਾਰਾ (ਪੰਨਾ 63-148) ਹਨ।ਲੇਖਕ ਕਿਉਂਕਿ ਲੰਮਾ ਸਮਾਂ ਸੰਘ ਨਾਲ ਜੁੜਿਆ ਰਿਹਾ ਹੈ, ਇਸ ਲਈ ਉਸ ਨੂੰ ਇਸ ਦੀਆਂ ਨਿੱਕੀਆਂ-ਨਿੱਕੀਆਂ ਜਾਣਕਾਰੀਆਂ ਵੀ ਪਤਾ ਹਨ, ਜਿਨ੍ਹਾਂ ਦਾ ਕਿਤਾਬ ਵਿਚ ਮੁੱਖ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ। ਇਸ ਕਿਤਾਬ ਰਾਹੀਂ ਸੰਘ ਦੀ ਸਹੀ ਤੇ ਨਿਰਪੱਖ ਜਾਣਕਾਰੀ ਦੇ ਨਾਲ-ਨਾਲ ਉਸ ਦੇ ਕਮਜ਼ੋਰ ਤੇ ਮਜ਼ਬੂਤ ਪੱਖਾਂ ਬਾਰੇ ਵੀ ਪਤਾ ਲਗਦਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਸੰਘ (ਆਰ.ਐੱਸ.ਐੱਸ.) ਕਿਵੇਂ ਕੰਮ ਕਰਦਾ ਹੈ, ਇਸ ਦਾ ਉਦੇਸ਼ ਕੀ ਹੈ ਆਦਿ...। ਮਨੋਜ ਮਲਿਕ ਦੀ ਇਹ ਕਿਤਾਬ ਉਸ ਦੇ ਆਪਣੇ ਅਨੁਭਵਾਂ 'ਤੇ ਆਧਾਰਿਤ ਹੈ। ਇਸ ਨੂੰ ਉਸ ਦੀ ਹੱਡਬੀਤੀ ਵੀ ਕਿਹਾ ਜਾ ਸਕਦਾ ਹੈ।
ਪੁਸਤਕ ਪੜ੍ਹਨ 'ਤੇ ਪਤਾ ਲਗਦਾ ਹੈ ਕਿ ਇਸ ਦੀ ਪਰੂਫ਼- ਰੀਡਿੰਗ ਚੰਗੀ ਤਰ੍ਹਾਂ ਨਹੀਂ ਹੋਈ। ਬਹੁਤ ਸਾਰੇ ਸ਼ਬਦ ਹਿੰਦੀਨੁਮਾ ਲਿਖੇ ਗਏ ਹਨ। ਉਦਾਹਰਨ ਵਜੋਂ ਆਰ.ਐਸ.ਐਸ., ਓਫ, ਵਯਾਪਾਰ, ਦੁਨਿਆ, ਪਸ਼ਚਿਮ, ਹਿਮਾਯਤੀ, ਕਾਰਯਵਾਹ ਆਦਿ। ਧਰਮ, ਵਿਗਿਆਨ, ਹਿੰਦੂ ਧਰਮ ਤੇ ਨਾਸਤਿਕਤਾ, ਮਾਨਵਵਾਦ, ਮੌਤ, ਜੀਵਨ ਦਾ ਮਕਸਦ, ਨੈਤਿਕਤਾ, ਤਰਕਸ਼ੀਲਤਾ ਆਦਿ ਨੁਕਤਿਆਂ ਬਾਰੇ ਲੇਖਕ ਨੇ ਆਪਣੇ ਅਤੇ ਹੋਰਨਾਂ ਲੇਖਕਾਂ ਦੇ ਵਿਚਾਰ ਦੇ ਕੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਂਜ ਤਾਂ ਇਹ ਕਿਤਾਬ ਹਰੇਕ ਦੀ ਜ਼ਿੰਦਗੀ ਰੌਸ਼ਨ-ਮੀਨਾਰ ਕਰੇਗੀ, ਅਜਿਹਾ ਮੇਰਾ ਵਿਸ਼ਵਾਸ ਹੈ! ਪਰ ਕੱਟੜਵਾਦੀਆਂ ਨੂੰ ਮੈਂ ਇਹ ਕਿਤਾਬ ਜ਼ਰੂਰ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c
ਸੁੱਤੇ ਸ਼ਹਿਰ ਦਾ ਸਫ਼ਰ
ਲੇਖਕ : ਪ੍ਰੋ. ਜਸਵੰਤ ਸਿੰਘ ਗੰਡਮ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98766-55055.

ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ। ਇਸ ਵਿਚਲੇ 28 ਲੇਖਾਂ ਵਿਚੋਂ ਕੁਝ ਲੇਖ ਇਤਿਹਾਸਕ ਹਨ, ਕੁਝ ਵਿਚਾਰਕ, ਕੁਝ ਵਿਅੰਗਮਈ ਅਤੇ ਕੁਝ ਵਿਜੋਗ ਵਿਛੋੜੇ ਨੂੰ ਪ੍ਰਗਟਾਉਂਦੇ ਹਨ। ਸਾਰੇ ਲੇਖ ਬਹੁਤ ਦਿਲਚਸਪ ਅਤੇ ਗਿਆਨਮਈ ਹਨ। ਲੇਖਾਂ ਵਿਚ ਜੜੀਆਂ ਕਾਵਿਕ ਸਤਰਾਂ ਇਨ੍ਹਾਂ ਨੂੰ ਹੋਰ ਸੁੰਦਰ ਬਣਾਉਂਦੀਆਂ ਹਨ। ਇਨ੍ਹਾਂ ਦੇ ਸਿਰਲੇਖ ਵੀ ਬਹੁਤ ਰੌਚਿਕ ਹਨ ਜਿਵੇਂ 'ਟੱਲੀਆਂ ਵਜਾਉਂਦਾ ਜਾਊ ਬਹਿ ਜਾ ਸਾਈਕਲ 'ਤੇ', ਦਿਨ ਦੇਸੀ ਡੌਗੀਆਂ ਦੇ ਆਏ, ਬੁੱਢਾ ਹੋਊ ਤੇਰਾ ਬਾਪ ਆਦਿ। ਸਾਰੇ ਲੇਖ ਸਾਡੇ ਅੰਦਰ ਸੰਵੇਦਨਾ, ਚੇਤਨਾ ਅਤੇ ਚਿੰਤਨ ਨੂੰ ਜਗਾਉਂਦੇ ਹਨ। ਗੰਭੀਰ ਵਿਸ਼ਿਆਂ ਨੂੰ ਹਲਕੇ-ਫੁਲਕੇ ਢੰਗ ਨਾਲ ਬਿਆਨਿਆ ਗਿਆ ਹੈ। ਐਂਡਨ ਚੈਖੋਵ, ਕ੍ਰਿਸ਼ਨ ਚੰਦਰ, ਵਿਲੀਅਮ ਸਮਰਸੈਟ ਮਾਮ ਅਤੇ ਓ. ਹੈਨਰੀ ਦੀਆਂ ਕਹਾਣੀਆਂ ਦੇ ਅਨੁਵਾਦ ਵੀ ਕੀਤੇ ਗਏ ਹਨ। ਅੰਤ ਵਿਚ ਗਾਇਕ ਪੰਛੀਆਂ ਵਿਚੋਂ ਕੋਇਲਾਂ, ਬਬੀਹਿਆਂ ਅਤੇ ਬੁਲਬੁਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਦੀਆਂ ਬਹੁਤੀਆਂ ਰਚਨਾਵਾਂ ਕੋਰੋਨਾ ਕਾਲ ਵਿਚ ਲਿਖੀਆਂ ਗਈਆਂ ਹਨ ਜਦੋਂ ਆਦਮੀ ਘਰਾਂ ਵਿਚ ਬੈਠ ਗਏ, ਸੜਕਾਂ ਦਾ ਸ਼ੋਰ ਬੰਦ ਹੋ ਗਿਆ ਅਤੇ ਇਸ ਖਾਮੋਸ਼ੀ ਅਤੇ ਇਸ ਖਾਮੋਸ਼ੀ ਵਿਚ ਪੰਛੀਆਂ ਦੇ ਗੀਤ ਸੁਣਾਈ ਦੇਣ ਲੱਗੇ। ਸ਼ਹਿਰਾਂ ਵਿਚ ਸੜਕਾਂ ਉੱਤੇ ਮੋਰ, ਹਿਰਨ ਅਤੇ ਹੋਰ ਪਸ਼ੂ ਪੰਛੀ ਰੌਣਕਾਂ ਲਾਉਣ ਲੱਗੇ
ਸ਼ਹਿਰ ਮੇਂ ਸ਼ੋਰ ਥਮਾ ਤੋ ਪਰਿੰਦੇ ਸੁਨਾਈ ਪੜੇ।
ਸਪੀਕਰੋਂ ਕੀ ਦਹਾੜ ਕਮ ਹੂਈ ਤੋਂ ਕਾਦਰ ਦਿਖਾਈ ਪੜੇ।
ਕੁਝ ਲੇਖਾਂ ਦੇ ਸਿਰਲੇਖ ਗੁਰਬਾਣੀ ਦੀਆਂ ਪਾਵਨ ਤੁਕਾਂ ਹਨ ਜਿਵੇਂ 'ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ, ਵਖਤੁ ਵੀਚਾਰੇ ਸੁ ਬੰਦਾ ਹੋਇ, ਸਚੁ ਸੁਣਾਇਸੀ ਸਚ ਕੀ ਬੇਲਾ ਅਤੇ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ। ਲੇਖਕ ਨੇ ਮਹਾਨ ਕੋਸ਼, ਗੁਰਬਾਣੀ, ਸਾਹਿਤ ਅਤੇ ਲੋਕ ਗੀਤਾਂ ਵਿਚੋਂ ਹਵਾਲੇ ਦੇ ਕੇ ਸਾਰੇ ਹੀ ਲੇਖਾਂ ਨੂੰ ਸਜਾਇਆ ਅਤੇ ਸੰਵਾਰਿਆ ਹੈ। ਠੁੱਕਦਾਰ ਬੋਲੀ ਅਤੇ ਮੁਹਾਵਰੇ ਇਨ੍ਹਾਂ ਵਿਚ ਹੋਰ ਸੁਹਜ ਭਰਦੇ ਹਨ। ਇਹ ਪੁਸਤਕ ਬਹੁਤ ਮਹੱਤਵਪੂਰਨ ਵਿਸ਼ਿਆਂ 'ਤੇ ਗੱਲ ਕਰਦੀ ਹੈ। ਇਸ ਨੂੰ ਹਰ ਘਰ ਅਤੇ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

12-06-2022

ਅਦਭੁਤ ਬ੍ਰਹਿਮੰਡ ਅਤੇ ਨੈਨੋ ਤਕਨਾਲੋਜੀ
ਲੇਖਕ : ਡਾ. ਸਤਬੀਰ ਸਿੰਘ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98880-29401.


ਚਰਚਾ ਅਧੀਨ ਇਹ ਪੁਸਤਕ, ਤੇਈ ਵਿਗਿਆਨਕ ਨਿਬੰਧਾਂ ਦਾ ਇਕ ਸੰਗ੍ਰਹਿ ਹੈ ਇਨ੍ਹਾਂ ਨਿਬੰਧਾਂ ਨੂੰ ਲੇਖਕ ਨੇ ਚਾਰ ਹਿੱਸਿਆਂ ਵਿਚ ਵੰਡਿਆ ਹੈ। ਪਹਿਲਾ ਭਾਗ ਬ੍ਰਹਿਮੰਡ ਦਾ ਰਸਮੀ ਤੁਆਰਫ਼ ਕਰਾਉਂਦਾ ਹੈ। ਸਮਾਂ ਪ੍ਰਕਾਸ਼ ਅਤੇ ਵਿਸ਼ਾਲ ਬ੍ਰਹਿਮੰਡ ਨਿਬੰਧ ਵਿਚ ਕੁਝ ਸ਼ਬਦ ਮੁੜ ਵਿਚਾਰ ਮੰਗਦੇ ਹਨ। ਵਿਗਿਆਨ ਦੇ ਸੰਕਲਪਾਂ ਨੂੰ ਪੰਜਾਬੀ ਵਿਚ ਲਿਖਦਿਆਂ ਉਚਿਤ ਸ਼ਬਦਾਂ ਦੀ ਕਿਤੇ-ਕਿਤੇ ਘਾਟ ਰੜਕਦੀ ਹੈ। ਬ੍ਰਹਿਮੰਡ ਦਾ ਫੈਲਾਅ ਅਤੇ ਆਉਣ ਵਾਲਾ ਭਵਿੱਖ, ਬ੍ਰਹਿਮੰਡ ਵਿਚ ਕੀ ਅਸੀਂ ਇਕੱਲੇ ਹਾਂ, ਜ਼ਾਹਰ ਕਰਦਾ ਹੈ ਕਿ ਹੋ ਸਕਦਾ ਲੰਬਾ ਸਮਾਂ ਪਾ ਕੇ ਸਾਡਾ ਰਾਬਤਾ ਕਿਸੇ ਹੋਰ ਸੱਭਿਅਤਾ ਨਾਲ ਹੋ ਜਾਵੇ। ਕਾਲਾ ਪਦਾਰਥ ਅਤੇ ਕਾਲੀ ਊਰਜਾ ਦੀ ਪਾਠਕਾਂ ਨਾਲ ਸੰਖੇਪ ਸਾਂਝ ਪੁਆਈ ਗਈ ਹੈ। ਨਿਊਟ੍ਰੀਨੋ ਕਣ ਅਤੇ ਬਲੈਕ ਹੋਲ ਦੀ ਵਿਨਾਸ਼ਕਾਰੀ ਤਾਕਤ, ਵਿਸਤਾਰ ਨਾਲ ਦ੍ਰਿਸ਼ਟੀਗੋਚਰ ਕੀਤੇ ਗਏ ਹਨ। ਬ੍ਰਹਿਮੰਡੀ ਗਲੈਕਸੀਆਂ ਦੇ ਜਾਲੇ ਅਤੇ ਬ੍ਰਹਿਮੰਡ ਵਿਚ ਸਮਾਂ ਯਾਤਰਾ ਕਰਨ ਬਾਰੇ ਨਿਬੰਧਾਂ ਵਿਚ ਵਿਲੱਖਣ ਜਾਣਕਾਰੀ ਮੌਜੂਦ ਹੈ। ਦੂਜੇ ਭਾਗ ਵਿਚ ਮਨੁੱਖੀ ਜੀਵਨ ਨੂੰ ਆਧੁਨਿਕ ਤੇ ਆਸਾਨ ਬਣਾਉਂਣ ਵਾਲੀ 'ਨੈਨੋਟੈਕਨਾਲੋਜੀ' ਦੀ ਜਾਣ ਪਛਾਣ ਕਰਾਈ ਗਈ ਹੈ। ਨੈਨੋਟੈਕਨਾਲੋਜੀ ਦੇ ਵੱਖ-ਵੱਖ ਖੇਤਰ ਅਤੇ ਭਾਰਤ ਵਿਚ ਇਸ ਸੰਬੰਧੀ ਹੋ ਰਹੇ ਖੋਜ ਕਾਰਜਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਨੈਨੋ ਇਲੈਕਟ੍ਰਾਨਿਕਸ ਦੀ ਖ਼ਾਸ ਕਰਕੇ ਪੁਲਾੜ, ਊਰਜਾ ਅਤੇ ਚਿਕਿਤਸਾ ਦੇ ਖੇਤਰ ਵਿਚ ਉਪਯੋਗਤਾ ਦਾ ਸਾਰ ਵੀ ਦਿੱਤਾ ਗਿਆ ਹੈ। ਨੀਲਾ ਪ੍ਰਕਾਸ਼ ਉਤਪੰਨ ਕਰਨ ਵਾਲੇ ਡਾਈਓਡਾਂ (*54s) ਤੇ ਨੋਬਲ ਪੁਰਸਕਾਰ ਜੇਤੂਆਂ ਦੀ ਕਹਾਣੀ ਦਿਲਚਸਪ ਹੈ। ਤੀਜੇ ਭਾਗ ਵਿਚ -ਸੂਰਜੀ ਊਰਜਾ ਤੋਂ ਬਿਜਲੀ ਬਣਾਉਣ ਵਾਲੇ ਸੂਰਜੀ ਸੈੱਲ, ਉਪਗ੍ਰਹਿ ਰਾਹੀਂ ਸੌਰ ਊਰਜਾ ਨੂੰ ਬਿਜਲੀ ਵਿਚ ਬਦਲਣ ਦੇ ਭਵਿੱਖ ਵਿਚ ਫਾਇਦੇ, ਭਾਰਤ ਵਿਚ ਸੌਰ ਊਰਜਾ ਕ੍ਰਾਂਤੀ ਦਾ ਅਧੁਨਿਕੀਕਰਨ, ਜਿਹੇ ਨਿਬੰਧ ਸਾਡੇ ਦੇਸ਼ ਵਿਚ ਹੋ ਰਹੇ ਕਾਰਜਾਂ ਦੀ ਤਾਜ਼ਾ ਤਰੀਨ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਚੌਥੇ ਭਾਗ ਵਿਚ ਮੋਬਾਈਲ ਫੋਨਾਂ ਤੋਂ ਉਤਪੰਨ ਵਿਕਿਰਨਾਂ ਦਾ ਮਨੁੱਖ ਅਤੇ ਵਾਤਾਵਰਨ ਉੱਤੇ ਪ੍ਰਭਾਵ, ਉਪਗ੍ਰਹਿ ਡਿਸ਼ ਐਂਟੀਨਾ, ਈਸਰੋ ਦੇ ਖੋਜ ਕੰਮਾਂ ਵਿਚ ਕਾਮਯਾਬੀ ਅਤੇ ਭਵਿੱਖ ਦੇ ਪੁਲਾੜੀ ਮਿਸ਼ਨ, ਭਾਰਤ ਦਾ ਨਵਾਂ ਉਪਗ੍ਰਹਿ ਮਿਸ਼ਨ- ੪ 3R, ਨੈਨੋ ਉਪਗ੍ਰਹਿ ਪ੍ਰਣਾਲੀ ਰਾਹੀ ਸੰਚਾਰ ਕ੍ਰਾਂਤੀ, ਲਾਹੇਵੰਦ ਜਾਣਕਾਰੀ ਪਾਠਕਾਂ ਤੀਕ ਪੁੱਜਦੀ ਕਰ ਰਹੇ ਹਨ। ਪੁਸਤਕ ਦੇ ਪਿਛਲੇ ਪੰਨਿਆਂ 'ਤੇ ਸਰੋਤਾਂ ਦੇ ਹਵਾਲੇ ਦੇ ਕੇ ਲੇਖਕ ਨੇ ਤੱਥਾਂ ਅਤੇ ਅੰਕੜਿਆਂ ਨੂੰ ਪ੍ਰਮਾਣਿਕ ਬਣਾਇਆ ਹੈ। ਹੋ ਸਕਦਾ ਇਸ ਪੁਸਤਕ ਦਾ ਪਾਠ ਕਰਦਿਆਂ ਪਾਠਕ ਅਕੇਵਾਂ ਵੀ ਮਹਿਸੂਸ ਕਰਨ। ਇਹ ਪੁਸਤਕ ਜਾਣਕਾਰੀਆਂ ਨਾਲ ਭਰਪੂਰ ਹੈ, ਭਾਵੇਂ ਇਸ ਦੀ ਵਾਰਤਕ ਕਹਾਣੀ ਵਾਂਗ ਪਾਠਕ ਦੇ ਨਾਲ ਨਹੀਂ ਤੁਰਦੀ। ਇਸ ਪੁਸਤਕ ਦੇ ਪਿਛਲੇ ਤਿੰਨ ਪੰਨਿਆਂ ਤੇ ਵਿਗਿਆਨਕ ਸ਼ਬਦਾਵਲੀ ਪਾਠਕਾਂ ਦੀ ਇਸ ਸਮੱਸਿਆ ਨੂੰ ਕਿਸੇ ਹੱਦ ਤੱਕ ਦੂਰ ਜ਼ਰੂਰ ਕਰਦੀ ਹੈ। ਮੈਂ ਮਹਿਸੂਸ ਕੀਤਾ ਹੈ ਕਿ ਪੰਜਾਬੀ ਵਿਚ ਵਰਤੇ ਜਾਣ ਵਾਲੇ ਵਿਗਿਆਨਕ ਸ਼ਬਦਾਂ ਦੀ ਇਕਸਾਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਗਿਆਨ ਵਾਰਤਕ ਲਿਖਣ ਵਾਲੇ ਸੂਝਵਾਨ ਲੇਖਕਾਂ, ਭਾਸ਼ਾ ਮਾਹਿਰਾਂ ਨੂੰ ਮਿਲ ਬੈਠ ਕੇ ਵਿਗਿਆਨ ਦੇ ਅੰਗਰੇਜ਼ੀ ਤੋਂ ਢੁਕਵੇਂ ਪੰਜਾਬੀ ਸ਼ਬਦਾਂ ਦੀ ਇਕ ਸ਼ਬਦ ਸੂਚੀ ਤਿਆਰ ਕਰਨੀ ਬਣਦੀ ਹੈ। ਤਾਂ ਜੋ ਵਿਗਿਆਨ ਸਾਹਿਤ ਵਿਚ ਮਨ-ਘੜਤ ਸ਼ਬਦਾਂ ਦਾ ਰੁਝਾਨ ਘਟ ਸਕੇ। ਵਕਤ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਮਾਣਮੱਤੇ ਢੰਗ ਨਾਲ ਆਮ ਲੋਕਾਂ ਤੱਕ ਵਿਗਿਆਨਕ ਸੂਚਨਾਵਾਂ ਅਤੇ ਗਿਆਨ ਪਹੁੰਚਦਾ ਕਰਨ ਲਈ ਇਕ ਵਧੀਆ ਵਾਹਕ ਬਣ ਸਕੇ। ਪੰਜਾਬੀ ਵਿਚ ਵਿਗਿਆਨ ਸਾਹਿਤ ਦੀ ਇਸ ਪੁਸਤਕ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ। ਡਾ. ਸਤਬੀਰ ਸਿੰਘ ਨੇ ਕੁੱਲ ਮਿਲਾ ਕੇ ਇਸ ਪੁਸਤਕ 'ਤੇ ਚੋਖੀ ਮਿਹਨਤ ਕੀਤੀ ਹੈ। ਉਸ ਤੋਂ ਭਵਿੱਖ ਵਿਚ ਹੋਰ ਵੀ ਸਸ਼ਕਤ ਵਿਗਿਆਨ ਸਾਹਿਤ ਦੀ ਸਿਰਜਣਾ ਕੀਤੇ ਜਾਣ ਦੀ ਪੂਰੀ ਉਮੀਦ ਬੱਝਦੀ ਹੈ।


ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀ

ਲੇਖਕ : ਮਾਸਟਰ ਗੁਰਚਰਨ ਸਿੰਘ ਢੁੱਡੀਕੇ
ਪ੍ਰਕਾਸ਼ਕ : ਫਾਈਵ ਰਿਵਰ ਪਬਲੀਕੇਸ਼ਨ
ਮੁੱਲ : 150 ਰੁਪਏ, ਸਫ਼ੇ : 162
ਸੰਪਰਕ : 94171-55585.


ਭਾਰਤ ਦੀ ਅਜ਼ਾਦੀ ਦੇ ਇਤਿਹਾਸ 'ਚ ਪਿੰਡ ਢੁੱਡੀਕੇ ਇਕ ਅਹਿਮ ਸਥਾਨ ਰੱਖਦਾ ਹੈ ਤੇ ਇਹ ਪਿੰਡ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਇਤਿਹਾਸਕ ਪਿੰਡ ਹੈ ਜਿਸ ਨੇ ਕੌਮਾਂਤਰੀ ਪੱਧਰ 'ਤੇ ਬਹੁਤ ਹੀ ਮਾਣ ਹਾਸਲ ਕੀਤਾ ਹੈ। ਪਿੰਡ ਦੀ ਬੜੀ ਅਜੀਬ ਮਿੱਟੀ ਹੈ ਤੇ ਪਿੰਡ ਗ਼ਦਰੀ ਬਾਬਿਆਂ ਤੇ ਅਕਾਲੀ ਸ਼ਹੀਦਾਂ ਦਾ ਪਿੰਡ ਹੈ, ਲਾਲਾ ਲਾਜਪਤ ਰਾਏ ਦਾ ਜਨਮ ਸਥਾਨ ਹੈ। ਇਹ ਲਿਖਾਰੀਆਂ, ਖਿਡਾਰੀਆਂ, ਪ੍ਰਵਾਸੀ ਭਾਰਤੀਆਂ, ਦਾਨੀ ਸੱਜਣਾਂ, ਸਿਫਤੀ ਕਾਮਿਆ, ਅਗਾਂਹ ਵਾਧੂ ਵੀਰਾਂ ਤੇ ਚੰਗੇ ਗਾਇਕਾਂ ਦਾ ਪਿੰਡ ਹੈ ਤੇ ਹੁਣ ਇਸ ਦੀ ਰਹਿੰਦੀ-ਖੂੰਹਦੀ ਕਸਰ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਕੱਢ ਦਿੱਤੀ ਤੇ ਇਸ ਇਤਿਹਾਸਕ ਪਿੰਡ ਦੇ ਨਾਮੀ ਖਿਡਾਰੀਆਂ ਤੇ ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀਆਂ ਨੂੰ ਇਕ ਮੋਤੀਆਂ ਦੀ ਮਾਲਾ ਦੇ ਵਿਚ ਪਿਰੋ ਕੇ ਇਕ ਕਿਤਾਬ ਦੇ ਰੂਪ ਵਿਚ ਪੇੇਸ਼ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ ਤੇ ਇਸ ਕਿਤਾਬ ਵਿਚ ਇਲਾਕੇ ਦੇ ਉੱਘੇ ਖਿਡਾਰੀਆਂ ਬਾਰੇ ਭਰਭੂਰ ਜਾਣਕਾਰੀ ਦੇ ਕੇ ਉਨ੍ਹਾਂ ਦੇ ਖੇਡ ਖੇਤਰ ਵਿਚ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ ਸੰਬੰੰਧੀ ਪਾਠਕਾਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ ਜੋ ਕਾਬਿਲੇ ਤਾਰੀਫ਼ ਹੈ। ਇਸ ਪੁਸਤਕ ਵਿਚ 1980 ਤੋਂ ਪਹਿਲੇ ਖਿਡਾਰੀ, ਲਾਲਾ ਲਾਜਪਤ ਰਾਏ ਖੇਡ ਮੇਲੇ ਦੇ ਇਤਿਹਾਸ, ਦੇਸ਼ ਭਗਤ ਸਪੋਰਟਸ ਕਲੱਬ ਦਾ ਇਤਿਹਾਸ ਤੋਂ ਇਲਾਵਾ ਕੁੱਲ 48 ਖਿਡਾਰੀਆਂ ਤੇ ਕਲੱਬਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਯਾਦਗਾਰੀ ਤਸਵੀਰਾਂ ਨੂੰ ਕਿਤਾਬ ਦੇ ਵਿਚ ਲਗਾ ਕੇ ਖੇਡ ਇਤਿਹਾਸ ਨੂੰ ਸਾਂਭਣ ਦਾ ਵੀ ਸਫਲ ਉਪਰਾਲਾ ਕੀਤਾ ਹੈ। ਇਸ ਕਿਤਾਬ ਵਿਚ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਜੋ ਸਾਡੇ ਪੁਰਾਣੇ ਨਾਮੀ ਖਿਡਾਰੀਆਂ ਨੂੰ ਲੋਕਾਂ ਦੇ ਸਨਮੁੱਖ ਕੀਤਾ ਹੈ ਮਾਸਟਰ ਜੀ ਦਾ ਚੰਗਾ ਉਪਰਾਲਾ ਹੈ ਤੇ ਇਸ ਪੁਸਤਕ ਦੇ ਨਾਲ ਨਵੇਂ ਖ਼ਿਡਾਰੀਆਂ ਦੇ ਵਿਚ ਉਤਸ਼ਾਹ ਪੈਦਾ ਹੋਵੇਗਾ ਤੇ ਉਸ ਤੋਂ ਸੇਧ ਲੈ ਕੇ ਆਪਣੇ ਨਿਸ਼ਾਨੇ ਨੂੰ ਨਿਰਧਾਰਿਤ ਕਰਨਗੇ।


ਡਾ. ਜਤਿੰਦਰ ਸਾਬੀ
ਮੋ: 98729-78781


ਗੀਤ ਗੁਲਦਸਤਾ
ਲੇਖਕ : ਸੁਖਮਿੰਦਰ ਸਿੰਘ ਭਾਗੀਵਾਂਦਰ
ਪ੍ਰਕਾਸ਼ਕ : ਗੁੱਡਵਿਲ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 94174-00560.


ਲੇਖਕ ਸੁਖਮਿੰਦਰ ਸਿੰਘ ਭਾਗੀਵਾਂਦਰ ਆਪਣੀ ਪਲੇਠੀ ਕਿਤਾਬ 'ਗੀਤ ਗੁਲਦਸਤਾ' ਰਾਹੀਂ ਪੰਜਾਬੀ ਅਦਬ ਦੀਆਂ ਸੱਥਾਂ ਵਿਚ ਰੂਬਰੂ ਹੋ ਰਿਹਾ ਹੈ। ਪੁਸਤਕ ਨੂੰ ਵਾਚਣ ਤੋਂ ਬਾਅਦ ਪੁਸਤਕ ਦਾ ਨਾਂਅ 'ਗੀਤ ਗੁਲਦਸਤਾ' ਪੁਸਤਕ ਦੇ ਤੱਥ-ਵੱਥ ਦੀ ਤੰਦ ਸੂਤਰ ਅਸਾਡੇ ਹੱਥ ਫੜਾ ਦਿੰਦਾ ਹੈ, ਜਿਵੇਂ ਵੱਖ-ਵੱਖ ਰੰਗਾਂ ਦੇ ਫੁੱਲ ਜਦੋਂ ਇਕ ਸੂਤਰ ਵਿਚ ਬੱਝ ਜਾਂਦੇ ਹਨ ਤਾਂ ਇਕ ਗੁਲਦਸਤਾ ਬਣ ਜਾਂਦਾ ਹੈ। ਇਸੇ ਤਰ੍ਹਾਂ ਇਸ ਪੁਸਤਕ ਦੇ ਬਹੁਆਯਾਮੀ ਸਰੋਕਾਰ ਵੀ ਇਕ ਗੁਲਦਸਤਾ ਬਣ ਜਾਂਦੇ ਹਨ। ਰਚਨਾਵਾਂ ਰਾਸ਼ਟਰੀ, ਅੰਤਰਰਾਸ਼ਟਰੀ ਤੇ ਹੋਰ ਸਮਾਜਿਕ ਸਰੋਕਾਰਾਂ ਨਾਲ ਦਸਤਪੰਜਾ ਲੈਂਦੀਆਂ ਹਨ। ਰਚਨਾਵਾਂ ਵਿਚ ਪ੍ਰਗੀਤਕ ਵਹਾਅ ਇਕ ਵਗਦੀ ਨਦੀ ਵਰਗਾ ਹੈ। ਪੁਸਤਕ ਆਦਰਸ਼ਵਾਦ, ਸਮਾਜਿਕ ਜਾਗਰੂਕਤਾ ਅਤੇ ਧਾਰਮਿਕ ਸਥਾਨਾਂ ਵਿਚ ਫੈਲੇ ਦੰਭ ਦੇ ਬਖੀਏ ਉਧੇੜਦੀ ਹੈ। ਜ਼ਿਆਦਾ ਕਰਕੇ ਰਚਨਾਵਾਂ ਧਾਰਮਿਕ ਅਤੇ ਵਿਸ਼ੇਸ਼ ਕਰਕੇ ਸਿੱਖੀ ਫ਼ਲਸਫ਼ੇ ਦੇ ਮੂਲ ਸਿਧਾਂਤਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ 'ਤੇ ਪਹਿਰਾ ਤਾਂ ਦਿੰਦੀ ਹੀ ਹੈ ਤੇ ਨਾਲ ਹੀ ਨਾਲ ਉਨ੍ਹਾਂ ਮਜ਼ਹਬੀ ਅਲੰਬਰਦਾਰਾਂ ਦੇ ਮੁਖੌਟੇ ਵੀ ਉਧੇੜਦੀ ਹੈ, ਜਿਨ੍ਹਾਂ ਨੇ ਮਜ਼ਹਬ ਨੂੰ ਇਕ ਰੁਜ਼ਗਾਰ ਦਾ ਵਸੀਲਾ ਬਣਾ ਰੱਖਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਭਾਣਾ ਮੰਨਣ ਦੇ ਸੰਕਲਪ ਦੇ ਨਾਲ 'ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥' ਤੇ ਸ਼ਬਦ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਇਸ ਤੋਂ ਇਲਾਵਾ ਗੰਧਲੀ ਰਾਜਨੀਤੀ, ਬਾਪ ਦਾ ਅਸ਼ੀਰਵਾਦ, ਨਵੀਂ ਜਨਮੀ ਬੱਚੀ ਦੀ ਪੁਕਾਰ, 1947 ਦੇ ਵਿਛੋੜੇ ਦਾ ਦਰਦ ਅਤੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੀ ਤੜਪ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਕਵੀ ਕੋਲ ਕਾਵਿ-ਸ਼ਿਲਪ ਤਾਂ ਹੈ ਪਰ ਉਸ ਸਮੇਂ ਕਾਵਿ-ਧਰਮ ਝੋਲ ਖਾਂਦਾ ਨਜ਼ਰ ਆਉਂਦਾ ਹੈ ਜਦੋਂ ਉਹ ਚਾਰ ਕੁ ਬੰਦੇ ਮੋਢਾ ਦੇਣ ਲਈ ਛੱਡਣ ਦੀ ਅਰਜੋਈ ਕਰਦਾ ਹੈ। ਇਹ ਸਤਰ ਕਿਸੇ ਹੋਰ ਸ਼ਾਇਰ ਦੀ ਪਰਛਾਈ ਦਾ ਪਰਤੋ ਨਜ਼ਰ ਆਉਂਦੀ ਹੈ, ਜਿਸ ਤੋਂ ਸ਼ਾਇਰ ਨੂੰ ਵਿਥ ਸਿਰਜ ਲੈਣੀ ਚਾਹੀਦੀ ਹੈ। ਸ਼ਾਇਰ ਜੇ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਅਧਿਐਨ ਕਰਕੇ ਅਧਿਐਨ ਉਪਰੰਤ ਆਪਣੀ ਸ਼ਾਇਰੀ ਦਾ ਸਥਾਨ ਨਿਸਚਿਤ ਕਰੇ ਤਾਂ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਆਮਦ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਖੈਰ, ਸ਼ਾਇਰ ਦੀ ਪਲੇਠੀ ਕਾਵਿ ਕਿਰਤ ਨੂੰ ਜੀ ਆਇਆਂ ਤਾਂ ਕਹਿਣਾ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਆਰਵ ਰਿਧਿਮਾ

ਗ਼ਜ਼ਲਕਾਰ : ਪੂਰਨ ਚੰਦ ਜੋਸ਼ੀ
ਪ੍ਰਕਾਸ਼ਕ : ਗੁਰਮਿਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98141-47405


ਅਜੋਕੇ ਦੌਰ ਵਿਚ ਪੰਜਾਬੀ ਗ਼ਜ਼ਲ ਦੀ ਹਰਮਨ ਪਿਆਰਤਾ ਸਿਖ਼ਰ 'ਤੇ ਹੈ। ਹਰ ਸ਼ਾਇਰ ਇਸ ਸਿਨਫ਼ ਨਾਲ ਜੁੜਨਾ ਚਾਹੁੰਦਾ ਹੈ ਜਾਂ ਜੁੜਨ ਦੀ ਕੋਸ਼ਿਸ਼ ਵਿਚ ਹੈ। ਨਵੀਆਂ ਕਲਮਾਂ ਵੀ ਪੁੰਗਰ ਰਹੀਆਂ ਹਨ ਤੇ ਦੇਰ ਤੋਂ ਗ਼ਜ਼ਲ ਨਾਲ ਜੁੜੀਆਂ ਕਲਮਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਨੂੰ ਪ੍ਰਚਾਰਿਆ ਨਹੀਂ ਸੀ। ਪੂਰਨ ਚੰਦ ਜੋਸ਼ੀ ਭਾਵੇਂ ਪੁਰਾਣੀ ਪਛਾਣ ਵਾਲੀ ਕਲਮ ਹੈ ਪਰ ਆਪਣੀਆਂ ਰਚਨਾਵਾਂ ਨੂੰ ਪੁਸਤਕ ਰੂਪ ਵਿਚ ਛਪਵਾਉਣ ਦੀ ਸਰਗਰਮੀ ਉਸ ਨੇ ਛੇ ਕੁ ਸਾਲ ਪਹਿਲਾਂ ਸ਼ੁਰੂ ਕੀਤੀ ਤੇ ਪ੍ਰਤੀ ਸਾਲ ਦੋ ਕਿਤਾਬਾਂ ਦੀ ਔਸਤ ਨਾਲ ਉਸ ਨੇ ਹੁਣ ਤੱਕ ਦਰਜਨ ਦੇ ਕਰੀਬ ਪੁਸਤਕਾਂ ਦਾ ਪ੍ਰਕਾਸ਼ਨ ਕਰਵਾਇਆ ਹੈ, ਇਨ੍ਹਾਂ 'ਚੋਂ ਬਹੁਤੇ ਗੀਤ ਜਾਂ ਗ਼ਜ਼ਲ ਸੰਗ੍ਰਹਿ ਹਨ। 'ਆਰਵ ਰਿਧਿਮਾ' ਨਿਰੋਲ ਗ਼ਜ਼ਲਾਂ ਦਾ ਮਜਮੂਆ ਹੈ। ਤਮਾਮ ਗ਼ਜ਼ਲਾਂ ਸਰਲ ਭਾਸ਼ਾ ਵਿਚ ਤੇ ਆਮ ਪਾਠਕ ਦੀ ਸਮਝ ਆਉਣ ਵਾਲੀਆਂ ਹਨ। ਇਨ੍ਹਾਂ ਵਿਚ ਮਨੁੱਖੀ ਮਨ ਦੀਆਂ ਵੱਖ-ਵੱਖ ਪਰਤਾਂ ਦਾ ਪ੍ਰਗਟਾਓ ਹੈ ਤੇ ਅਜੋਕੀ ਜੀਵਨ-ਸ਼ੈਲੀ ਦੀਆਂ ਗੁੰਝਲਾਂ ਦਾ ਵਰਨਣ ਹੈ। ਗ਼ਜ਼ਲਕਾਰ ਜਿੱਥੇ ਸਮਾਜੀ ਗਿਰਾਵਟ 'ਤੇ ਚੋਟ ਕਰਦਾ, ਉਥੇ ਸਿਆਸਤਦਾਨਾਂ ਨੂੰ ਵੀ ਕੋਈ ਰਿਆਇਤ ਨਹੀਂ ਦਿੰਦਾ। ਉਹ ਅਜੋਕੇ ਪ੍ਰਬੰਧਨ ਨੂੰ ਜੰਗਲ ਰਾਜ ਕਹਿੰਦਾ ਹੈ ਤੇ ਮੁਲਕ ਦੀ ਹਾਲਤ ਨੂੰ ਅਪਾਹਜਾਂ ਵਰਗੀ ਦੱਸਦਾ ਹੈ। ਜੋਸ਼ੀ ਨੂੰ ਜਿੱਥੇ ਸੱਜਣਾਂ ਦੇ ਮਨੋਂ ਲਹਿ ਜਾਣ ਦਾ ਰੰਜ ਹੈ, ਉਥੇ ਉਸ ਨੂੰ ਆਪਣੀ ਵਫ਼ਾ 'ਤੇ ਮਾਣ ਵੀ ਹੈ। ਗ਼ਜ਼ਲਕਾਰ ਨੂੰ ਹੁਸਨ ਦੀ ਜਾਇਦਾਦ ਦੇ ਖੁੱਸ ਜਾਣ ਦਾ ਵੀ ਮਲਾਲ ਹੈ ਤੇ ਹਾਸਿਆਂ-ਤਮਾਸ਼ਿਆਂ ਦੀ ਰੁੱਤ ਦੇ ਗੁਜ਼ਰ ਜਾਣ ਦਾ ਗ਼ਮ ਹੈ। ਉਸ ਮੁਤਾਬਿਕ ਜ਼ਿੰਦਗੀ ਆਪਣੇ ਅਰਥ ਗੁਆ ਚੁੱਕੀ ਹੈ ਤੇ ਮਨੁੱਖ ਆਪਣੇ ਔਝੜੇ ਰਾਹ ਪੈ ਗਿਆ ਹੈ। ਇੰਝ ਜੋਸ਼ੀ ਦੀ ਪੁਸਤਕ 'ਆਰਵ ਰਿਧਿਮਾ' ਦੀਆਂ ਗ਼ਜ਼ਲਾਂ ਮਾਨਵੀ ਉਥਲ-ਪੁਥਲ ਦੁਆਲੇ ਕੇਂਦਰਿਤ ਹਨ। ਸ਼ਾਇਰ ਦਾ ਰੋਹ ਤੇ ਵਲਵਲੇ ਅੱਥਰੇ ਦਰਿਆ ਦੇ ਵੇਗ ਵਾਂਗ ਹੁੰਦੇ ਹਨ ਤੇ ਬਹੁਤੀ ਵਾਰ ਉਹ ਕਿਨਾਰਿਆਂ ਤੋਂ ਉੱਪਰ ਵਗਣ ਲਗਦੇ ਹਨ। ਅਜਿਹਾ ਹੀ ਕੁਝ ਇਸ ਗ਼ਜ਼ਲ ਸੰਗ੍ਰਹਿ ਵਿਚ ਹੈ। ਪੂਰਨ ਚੰਦ ਜੋਸ਼ੀ ਦੀਆਂ ਗ਼ਜ਼ਲਾਂ ਗ਼ਜ਼ਲ ਦੀ ਵਿਆਕਰਨ ਦੀ ਬਹੁਤੀ ਪਰਵਾਹ ਨਹੀਂ ਕਰਦੀਆਂ ਜਦ ਕਿ ਇਹ ਜ਼ਰੂਰੀ ਸੀ। ਜੋਸ਼ੀ ਕੋਲੋਂ ਗ਼ਜ਼ਲ ਸੰਬੰਧੀ ਹੋਰ ਸੰਜੀਦਗੀ ਦੀ ਸੰਭਾਵਨਾ ਹੈ ਤੇ ਆਸ ਹੈ ਉਸ ਦਾ ਅਗਲਾ ਗ਼ਜ਼ਲ ਸੰਗ੍ਰਹਿ ਮੇਰੀ ਧਾਰਨਾ ਨੂੰ ਪਰਪੱਕ ਕਰੇਗਾ।


ਗੁਰਦਿਆਲ ਰੌਸ਼ਨ
ਮੋ: 99884-44002


ਸਿਫ਼ਤ ਤੇਰੀ

ਗੀਤਕਾਰ : ਸੂਫ਼ੀ ਰਾਣਾ ਬੂਲਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 136
ਸੰਪਰਕ : 73071-01101.


ਹਥਲੀ ਪੁਸਤਕ ਸੂਫ਼ੀ ਰਾਣਾ ਬੂਲਪੁਰੀ ਦੀ ਪਹਿਲੀ ਸਾਹਿਤਕ ਪੁਸਤਕ ਦੀ ਪ੍ਰਕਾਸ਼ਨਾ ਹੈ। ਇਸ ਤੋਂ ਪਹਿਲਾਂ ਰਾਣਾ ਕਈ ਸਾਂਝੀਆਂ ਸਮਿਲਤ ਕਾਵਿ ਪੁਸਤਕਾਂ ਵਿਚ ਛਪਦਾ ਰਿਹਾ ਹੈ ਤੇ ਆਪਣੀ ਕਾਵਿ ਪਛਾਣ ਬਣਾ ਚੁੱਕਾ ਹੈ। ਪੁਸਤਕ ਦੇ ਮੁੱਖ ਬੰਦ ਵਿਚ ਪ੍ਰਸਿੱਧ ਕਵੀ ਤੇ ਸੰਪਾਦਨ ਖੇਤਰ ਵਿਚ ਆਪਣੀ ਪਛਾਣ ਬਣਾ ਚੁੱਕਾ ਪ੍ਰੀਤਮ ਲੁਧਿਆਣਵੀ ਰਾਣਾ ਬੂਲਪੁਰੀ ਬਾਰੇ ਜਾਣਕਾਰੀ ਦਿੰਦਿਆਂ ਲਿਖਦਾ ਹੈ ਕਿ ਰਾਣਾ ਬੂਲਪੁਰੀ ਭਾਵੇਂ ਹਰ ਵਿਸ਼ੇ 'ਤੇ ਸਫਲ ਕਲਮ ਅਜ਼ਮਾਈ ਕਰ ਰਿਹਾ ਹੈ ਪਰ ਸੂਫ਼ੀ ਟੱਚ ਉਸ ਦੀ ਕਲਮ 'ਤੇ ਕਾਫ਼ੀ ਭਾਰੂ ਹੈ। ਸੂਫ਼ੀ ਪੀਰਾਂ ਫ਼ਕੀਰਾਂ ਦੇ ਮਜ਼ਾਰਾਂ 'ਤੇ ਲੱਗਦੇ ਮੇਲਿਆਂ ਵਿਚ ਕਈ-ਕਈ ਘੰਟੇ ਮਸਤ ਅਲਮਸਤ ਰਹਿ ਕੇ ਨੂਰੀ ਨਜ਼ਾਰੇ ਮਾਣਨੇ ਉਸ ਦਾ ਮੁੱਖ ਸ਼ੌਕ ਹੈ। ਮਸਤਾਂ ਤੇ ਦਰਵੇਸ਼ਾਂ ਦੇ ਡੇਰਿਆਂ ਦੀ ਹਾਜ਼ਰੀ ਨੇ ਉਸ ਨੂੰ ਸੂਫ਼ੀ ਕਵੀ ਬਣਾ ਦਿੱਤਾ ਹੈ। ਪੁਸਤਕ ਦੇ ਆਰੰਭ ਵਿਚ ਕਈ ਸੂਫ਼ੀ ਸੰਤਾਂ ਦੀਆਂ ਤਸਵੀਰਾਂ ਵੀ ਹਨ। ਹਥਲੀ ਪੁਸਤਕ ਵਿਚ ਕਵੀ ਬੂਲਪੁਰੀ ਨੇ 116 ਗੀਤ ਸ਼ਾਮਿਲ ਕੀਤੇ ਹਨ। ਅਸਲ ਵਿਚ ਇਹ ਗੀਤ ਕਾਫ਼ੀਆਂ ਵੀ ਹਨ। ਜਿਵੇਂ ਸੂਫ਼ੀ ਸੰਤਾਂ ਨੇ ਕਾਫ਼ੀਆਂ ਦੀ ਸਿਰਜਣਾ ਕੀਤੀ, ਉਸੇ ਤਰ੍ਹਾਂ ਇਸ ਪੁਸਤਕ ਵਿਚ ਵੀ 116 ਕਾਫ਼ੀਆਂ ਹਨ। ਮਿਸਾਲ ਵਾਸਤੇ :
-ਰਚਨਾ ਲਿਖੀ ਸੂਫ਼ੀ ਸੁਰ ਮਿੱਠੀ
ਸਿਫ਼ਤ ਤੇਰੀ ਦੇ ਕੀ ਕਹਿਣੇ
ਇਸ਼ਕ ਯਾਰ ਵਾਲੇ ਤਲਬਾਂ ਨਾਲ,
ਅਮਲ ਤੇਰੀ ਦੇ ਜੀ ਕੀ ਕਹਿਣੇ
-ਯਾਰ ਮੱਕੇ ਮਦੀਨੇ ਦਾ, ਜਿਨ੍ਹੇ ਹੱਜ ਦੀ ਰੀਤ ਚਲਾਈ
ਪੰਜ ਨਿਮਾਜਾਂ ਪੜ੍ਹੋ ਕੁਰਾਨ ਸੀ ਈਮਾਨ ਕਬੂਲ ਕਰਾਈ
-ਨਾਥਾਂ ਦੇ ਨਾਥ ਦੇਹੋ ਫਿਰਦੇ ਮਸਤ ਦੀਵਾਨੇ
ਖ਼ੁਦਾ ਦੀ ਬੀਨ ਵੱਜੇ ਨੱਚੇ ਗਜ਼ਾ ਦੇ ਬਹਾਨੇ
ਜੋਗੀਆਂ 'ਚ ਕੀਲ ਸੋਚੇ ਮਲੰਗ ਹੀ ਸ਼ੁਦਾਈ ਏ।
ਭਾਵੇਂ ਕਵੀ ਨੇ ਸਿੱਖ ਧਰਮ ਦੇ ਪੈਰੋਕਾਰਾਂ ਦੀ ਸਿਫ਼ਤ ਵਿਚ ਵੀ ਦੋ ਚਾਰ ਗੀਤ ਲਿਖੇ ਹਨ ਪਰ 90 ਫ਼ੀਸਦੀ ਗੀਤ ਸੂਫ਼ੀਇਜ਼ਮ ਦੀ ਤਰਜ਼ ਦੇ ਹੀ ਹਨ :
ਸੁਣ ਲਾਹੌਰ ਤੋਂ ਜਾਂਦੀ ਸੜਕ ਭੈਣੇਂ,
ਸੰਗ ਨਨਕਾਣੇ ਜਾਣਾ ਜ਼ਰੂਰ ਨੀ
ਉਨ੍ਹਾਂ ਰਾਹਾਂ ਦੀ ਮਿੱਟੀ ਲਾਵਾਂ ਮੱਥੇ
ਜਿਨ੍ਹਾਂ ਰਾਹਾਂ 'ਚ ਚਲਿਆ ਹਜ਼ੂਰ ਸੀ।
ਇਸ ਤਰ੍ਹਾਂ ਵੇਖਿਆ ਜਾਵੇ ਤਾਂ ਇਹ ਪੁਸਤਕ ਇਕ ਧਾਰਮਿਕ ਕਿਤਾਬ ਹੈ ਅਤੇ ਖ਼ਾਸ ਕਰ ਸੂਫ਼ੀਇਜ਼ਮ ਦੀਆਂ ਕਾਫ਼ੀਆਂ ਹਨ ਜੋ ਕਿ ਕਵਾਲੀ ਰੂਪ ਵਿਚ ਗੌਣ ਯੋਗ ਹਨ।


ਸੁਲੱਖਣ ਸਰਹੱਦੀ
ਮੋ: 94174-84337


ਨਿੱਘੀਆਂ ਯਾਦਾਂ ਦੇ ਸਿਰਨਾਵੇਂ

(ਭਾਰਤ ਯਾਤਰਾਵਾਂ)
ਲੇਖਕ : ਬਾਬੂ ਸਿੰਘ ਰੈਹਲ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 62841-21600.


ਫੇਰਾ ਤੋਰਾ ਮਨੁੱਖ ਦੀ ਹਮੇਸ਼ਾਂ ਫ਼ਿਤਰਤ ਰਹੀ ਹੈ ਤਾਂ ਕਿ ਕੁਝ ਨਵਾਂ ਜਾਣਨ, ਸਮਝਣ ਤੇ ਗ੍ਰਹਿਣ ਕਰਨ ਦੀ ਚੇਸ਼ਟਾ ਦੀ ਤ੍ਰਿਪਤੀ ਹੋ ਸਕੇ। ਇਸ ਬਿਰਤੀ ਦੇ ਮਾਲਕ ਲੇਖਕ ਬਾਬੂ ਸਿੰਘ ਰੈਹਲ ਨੇ ਸਮੇਂ-ਸਮੇਂ ਯਾਤਰਾ ਕਰ ਕੇ ਆਪਣੇ ਅਨੁਭਵਾਂ ਨੂੰ ਕਲਮ ਬੰਦ ਕਰ ਕੇ ਪੁਸਤਕ 'ਨਿੱਘੀਆਂ ਯਾਦਾਂ ਦੇ ਸਿਰਨਾਵੇਂ (ਭਾਰਤ ਯਾਤਰਾਵਾਂ)' ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈ ਹੈ।
ਇਸ ਪੁਸਤਕ ਵਿਚ ਕਰੀਬ ਸਾਢੇ ਤਿੰਨ ਕੁ ਦਹਾਕੇ ਵਿਚਲੇ (ਸੰਨ 1980 ਤੋਂ ਲੈ ਕੇ 2015 ਤੱਕ) ਸਮੇਂ-ਸਮੇਂ ਦੇ ਸਫ਼ਰਨਾਮਾ ਦਾ ਕਲਮੀ ਵਿਖਿਆਨ ਕਰਦਾ ਲੇਖਕ ਪਾਠਕ ਨੂੰ ਭਾਰਤ ਦੇ ਸਾਰੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਂਦਾ ਹੈ। ਰਸਤੇ ਵਿਚ ਪੈਂਦੇ ਜੰਗਲ-ਬੇਲਿਆਂ, ਨਦੀ-ਨਾਲਿਆਂ ਤੇ ਸਮੁੰਦਰਾਂ ਦੇ ਕੁਦਰਤੀ ਤੇ ਮਨੁੱਖ ਵਲੋਂ ਨਜ਼ਾਰਿਆਂ ਨੂੰ ਬਾਖ਼ੂਬੀ ਨਾਲ ਸ਼ਬਦੀ ਚਿਤਰਨ ਕਰਦਾ ਹੈ। ਇਸ ਪੁਸਤਕ ਦੀਆਂ ਵੱਖ-ਵੱਖ ਲਿਖਤਾਂ ਨੂੰ ਪੜ੍ਹਦਿਆਂ ਇੰਜ ਮਹਿਸੂਸ ਹੋਣ ਲਗਦੈ ਜਿਵੇਂ ਵਰਨਣ ਕੀਤੀਆਂ ਜਾ ਰਹੀਆਂ ਥਾਵਾਂ 'ਤੇ ਖ਼ੁਦ ਹੀ ਪਹੁੰਚ ਕੇ ਅਲੌਕਿਕ ਨਜ਼ਾਰਿਆਂ ਨੂੰ ਮਾਣ ਰਹੇ ਹੋਈਏ।
ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਜਿਵੇਂ (ਸਿੱਕਮ, ਭੂਟਾਨ, ਕਲਕੱਤਾ, ਆਸਾਮ, ਗੋਆ, ਮੇਘਾਲਿਆ, ਕੰਨਿਆ ਕੁਮਾਰੀ, ਚੇਨਈ, ਉੜੀਸਾ, ਉੱਤਰਾਖੰਡ, ਜੈਪੁਰ ਤੇ ਪਟਨਾ ਸਾਹਿਬ, ਗਵਾਲੀਅਰ ਆਦਿ) ਵਿਚ ਵਸਦੇ ਲੋਕਾਂ ਦੇ ਸੱਭਿਆਚਾਰ, ਰਹਿਣ-ਸਹਿਣ, ਬੋਲ-ਚਾਲ, ਮਿਲਣ-ਵਰਤਣ ਤੇ ਕੰਮ ਧੰਦਿਆਂ ਆਦਿ ਦੀ ਜਾਣਕਾਰੀ ਵੀ ਕਾਫ਼ੀ ਹੱਦ ਤੱਕ ਇਸ ਪੁਸਤਕ ਵਿਚ ਉਪਲਬਧ ਹੈ ਜੋ ਲੇਖਕ ਦਾ ਇਕ ਬਹੁਤ ਵੱਡਾ ਸਾਰਥਕ ਉਪਰਾਲਾ ਹੈ। ਆਸ ਹੈ ਕਿ ਇਹ ਪੁਸਤਕ 'ਨਿੱਘੀਆਂ ਯਾਦਾਂ ਦੇ ਸਿਰਨਾਵੇਂ (ਭਾਰਤ ਯਾਤਰਾਵਾਂ)' ਪਾਠਕਾਂ ਦੀ ਪਸੰਦ ਬਣ ਕੇ ਉਨ੍ਹਾਂ ਦੇ ਗਿਆਨ ਵਿਚ ਇਜ਼ਾਫ਼ਾ ਜ਼ਰੂਰ ਕਰੇਗੀ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.


ਪੰਜਾਬੀ ਸੱਭਿਆਚਾਰ ਦੀਆਂ ਸਤਰੰਗੀ ਪੀਂਘਾਂ

ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98764-52223.


ਵੱਖ-ਵੱਖ ਵਿਸ਼ਿਆਂ 'ਤੇ ਲਗਾਤਾਰ ਲਿਖਣ ਵਾਲੇ ਲੇਖਕ ਬਹਾਦਰ ਸਿੰਘ ਗੋਸਲ ਨੇ ਆਪਣੀ ਇਹ ਪੁਸਤਕ 'ਪੰਜਾਬੀ ਸੱਭਿਆਚਾਰ ਦੀਆਂ ਸਤਰੰਗੀ ਪੀਂਘਾਂ' ਵਿਚਲੇ ਲੇਖਾਂ ਰਾਹੀਂ ਪੰਜਾਬੀ ਸੱਭਿਆਚਾਰ ਵਿਚਲੀਆਂ ਵਿਰਾਸਤੀ ਕਦਰਾਂ-ਕੀਮਤਾਂ 'ਤੇ ਚਾਨਣਾ ਪਾਇਆ ਹੈ, ਖ਼ਾਸ ਤੌਰ 'ਤੇ ਜੋ ਹੌਲੀ-ਹੌਲੀ ਆਧੁਨਿਕਤਾ ਦੀ ਭੇਟ ਚੜ੍ਹ ਰਹੀਆਂ ਹਨ। ਪੇਸ਼ੇ ਵਜੋਂ ਗੋਸਲ ਅਧਿਆਪਕ ਹੈ। ਇਸ ਲਈ ਉਸ ਦੀ ਪ੍ਰਵਿਰਤੀ ਸਮਾਜ ਵਿਚ ਵਾਪਰ ਰਹੇ ਚੰਗੇ-ਮਾੜੇ ਸਰੋਕਾਰਾਂ ਨਾਲ ਜੁੜੀ ਰਹਿੰਦੀ ਹੈ ਅਤੇ ਉਹ ਆਪਣੀ ਕਲਮ ਰਾਹੀਂ ਸਮਾਜਿਕ ਸੁਧਾਰਾਂ ਦਾ ਹੋਕਾ ਦਿੰਦਾ ਹੈ। ਇਸ ਪੁਸਤਕ ਵਿਚਲੇ ਲੇਖਾਂ ਰਾਹੀਂ ਵੀ ਉਸ ਨੇ ਅਜਿਹਾ ਹੀ ਹਲੂਣਾ ਦਿੱਤਾ ਹੈ ਕਿ ਆਪਣੇ ਵਿਰਸੇ ਨਾਲੋਂ ਟੁੱਟ ਕੇ ਅਸੀਂ ਖੋਖਲੇ ਹੋ ਜਾਵਾਂਗੇ।
ਪੁਸਤਕ ਦੇ ਲੇਖਾਂ ਵਿਚ ਕੁਝ ਕੰਮਾਂਕਾਰਾਂ ਦਾ ਜ਼ਿਕਰ ਜੋ ਅਸੀਂ ਸਹੂਲਤਾਂ ਕਰਕੇ ਛੱਡ ਦਿੱਤੇ ਹਨ, ਮਸ਼ੀਨਰੀ 'ਤੇ ਨਿਰਭਰ ਹੋ ਗਏ ਹਾਂ ਜਿਵੇਂ ਖੂਹਾਂ ਤੋਂ ਪਾਣੀ ਭਰਨਾ, ਨਾਲੇ ਬੁਣਨਾ, ਖੇਸ ਬੁਣਨਾ, ਚੱਕੀ ਝੋਣਾ, ਝਾਲਰੀ ਪੱਖੇ ਝੱਲਣੇ, ਕਢਾਈ-ਸਿਲਾਈ ਵਰਗੇ ਅਹਿਮ ਕੰਮਾਂ ਵਾਂਗ ਹੀ ਕੁਝ ਰਸਮਾਂ ਅਲੋਪ ਹੋ ਰਹੀਆਂ ਹਨ, ਜਿਨ੍ਹਾਂ ਦਾ ਜ਼ਿਕਰ ਲੇਖਕ ਨੇ ਕੀਤਾ ਹੈ ਜਿਵੇਂ ਨਿਓਂਦਾ ਪਾਉਣਾ, ਪਾਣੀ ਵਾਰਨਾ, ਵਿਆਹ ਮੰਗਣ ਦੀਆਂ ਰਸਮਾਂ ਆਦਿ। ਲੇਖਕ ਨੇ ਇਨ੍ਹਾਂ ਕੰਮਾਂਕਾਰਾਂ, ਰਸਮਾਂ, ਰਿਵਾਜਾਂ ਦੇ ਅਲੋਪ ਹੋਣ ਨਾਲ ਵਿਸਰ ਰਹੇ ਉਸ ਲੋਕ ਸਾਹਿਤ ਖ਼ਾਸ ਕਰ ਗੀਤਾਂ, ਟੱਪਿਆਂ ਦੀ ਗੱਲ ਕੀਤੀ ਹੈ, ਜੋ ਮਨਾਂ 'ਚੋਂ ਵਿੱਸਰ ਰਹੇ ਹਨ। ਪੰਜਾਬੀਆਂ ਦੇ ਹਾਰ ਸ਼ਿੰਗਾਰ, ਰਹਿਣ-ਸਹਿਣ, ਖਾਣ-ਪੀਣ ਅਤੇ ਵਰਤ-ਵਰਤਾਅ ਵਿਚ ਆਈ ਅਹਿਮ ਤਬਦੀਲੀ ਦਾ ਜ਼ਿਕਰ ਕਰਦਿਆਂ ਲੇਖਕ ਨੇ ਪੰਜਾਬੀਆਂ ਦੇ ਬਦਲ ਰਹੇ ਸੁਭਾਅ ਦੀ ਬਾਤ ਪਾਈ ਹੈ। ਸਮੇਂ ਦੇ ਬਦਲ ਨਾਲ ਰਿਸ਼ਤਿਆਂ ਵਿਚ ਆਏ ਨਵੇਂ ਰੰਗਾਂ ਦੇ ਬਾਵਜੂਦ ਲੇਖਕ ਇਨ੍ਹਾਂ ਰਿਸ਼ਤਿਆਂ ਵਿਚਲੀ ਅਪਣੱਤ ਨੂੰ ਖ਼ੂਬਸੂਰਤ ਅਤੇ ਸਦੀਵੀ ਹੋਣ ਦੀ ਹਾਮੀ ਭਰਦਾ ਹੈ। ਖ਼ਾਸ ਤੌਰ 'ਤੇ ਨਣਾਨ-ਭਰਜਾਈ ਦੇ ਰਿਸ਼ਤੇ ਦੀ। ਬਹੁਤ ਸਾਰੇ ਲੋਕ ਗੀਤਾਂ ਅਤੇ ਬੋਲੀਆਂ ਦਾ ਹਵਾਲਾ ਦੇ ਕੇ ਪੰਜਾਬੀ ਸੱਭਿਆਚਾਰ ਵਿਚ ਨਣਾਨ-ਭਰਜਾਈ ਦੇ ਰਿਸ਼ਤੇ ਨੂੰ ਰੰਗੀਨ ਅਤੇ ਮਾਣਮੱਤਾ ਕਿਹਾ ਗਿਆ ਹੈ। ਇਕ ਲੇਖ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਉਟਾਲਾਂ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਨੇ ਇਸ ਪਿੰਡ ਦੀ ਸੱਭਿਆਚਾਰਕ ਦਿੱਖ ਨੂੰ ਪੇਸ਼ ਕੀਤਾ, ਪਿੰਡ ਦੇ ਬਾਰਾਂ ਦਰਵਾਜ਼ਿਆਂ ਦੀ ਇਤਿਹਾਸਕ ਮਹੱਤਤਾ ਬਹੁਤ ਵਡਮੁੱਲੀ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਦੀ ਬਣਤਰ ਵਿਚ ਦਰਵਾਜ਼ਿਆਂ ਦਾ ਹਮੇਸ਼ਾ ਅਹਿਮ ਸਥਾਨ ਰਿਹਾ ਹੈ। ਪੁਸਤਕ ਵਿਚੋਂ ਜਿਥੇ ਲੇਖਕ ਦਾ ਇਨ੍ਹਾਂ ਅਲੋਪ ਹੋ ਰਹੇ ਸੱਭਿਆਚਾਰਕ ਰੰਗਾਂ ਪ੍ਰਤੀ ਫ਼ਿਕਰ ਝਲਕਦਾ ਹੈ, ਉਥੇ ਪੰਜਾਬੀ ਵਿਰਸੇ ਬਾਰੇ ਗਿਆਨ ਵੀ ਮਿਲਦਾ ਹੈ।


ਨਿਰਮਲ ਜੌੜਾ
ਮੋ: 98140-78799

11-06-2022

 ਦਾਰਸ਼ਨਿਕ ਕਵੀ ਤੇ ਸਮੀਖਿਅਕ
ਹਰਿਭਜਨ ਸਿੰਘ
ਸੰਪਾਦਕ : ਚਰਨਦੀਪ ਸਿੰਘ ਡਾ.
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 156
ਸੰਪਰਕ : 94631-62877.

ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਬੁੱਧ ਚਿੰਤਕ ਅਤੇ ਆਧੁਨਿਕ ਭਾਵਬੋਧ ਦੇ ਕਵੀ ਡਾ. ਹਰਿਭਜਨ ਸਿੰਘ ਦੇ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਹਥਲੀ ਪੁਸਤਕ ਸਵਾਗਤਯੋਗ ਹੈ। ਵਰਨਾ ਅਸੀਂ ਪੰਜਾਬੀ ਲੋਕ ਹੱਥ ਆਈਆਂ ਦਾਤਾਂ ਨੂੰ ਯਾਦ ਨਹੀਂ ਰੱਖਦੇ, ਭੁੱਲਣ-ਭੁਲਾਉਣ ਵਿਚ ਵਿਸ਼ਵਾਸ ਰੱਖਦੇ ਹਾਂ। ਸ਼ਾਇਦ ਇਹੀ ਮਾਨਸਿਕਤਾ ਅਤੇ ਅਗਾਂਹਵਧੂ ਹੋਣ ਦਾ ਸਬੂਤ ਹੋਵੇ। ਪਰ ਚਰਨਦੀਪ ਸਿੰਘ (ਡਾ.) ਦੁਆਰਾ ਸੰਪਾਦਿਤ ਇਹ ਪੁਸਤਕ ਇਕ ਸੁਖਦ ਅਪਵਾਦ ਹੈ। ਉਸ ਨੇ ਡਾ. ਹਰਿਭਜਨ ਦੀ ਸਿਮਰਤੀ ਨੂੰ ਕਿਰਨ ਨਹੀਂ ਦਿੱਤਾ। ਇਸ ਪੁਸਤਕ ਵਿਚ ਡਾ. ਹਰਿਭਜਨ ਸਿੰਘ ਦੇ ਸਮੁੱਚੇ ਰਚਨਾ ਸੰਸਾਰ ਬਾਰੇ ਪੰਜਾਬੀ ਦੇ ਕਈ ਪ੍ਰਸਿੱਧ ਅਤੇ ਵਚਨਬੱਧ ਲੇਖਕਾਂ ਦੇ ਲੇਖ ਸੰਕਲਿਤ ਹਨ। ਡਾ. ਸੁਖਦੇਵ ਸਿੰਘ, ਜੋਗਿੰਦਰ ਸਿੰਘ ਰਾਹੀ, ਡਾ. ਜਗਜੀਤ ਸਿੰਘ, ਡਾ. ਧਰਮਚੰਦ ਵਾਤਿਸ਼, ਸਬਦੀਸ਼, ਹਰਵਿੰਦਰ ਭੰਡਾਲ, ਤਸਕੀਨ, ਡਾ. ਅਮਰਜੀਤ ਸਿੰਘ, ਗੁਰਦੀਪ ਸਿੰਘ, ਡਾ. ਅਮਨਦੀਪ ਵਾਤਿਸ਼ ਅਤੇ ਡਾ. ਗੁਰਮੀਤ ਸਿੰਘ ਵਰਗੇ ਸਾਰੇ ਹੀ ਲੇਖਕ ਪੰਜਾਬੀ ਦੇ ਮੁਹਤਬਰ ਚਿੰਤਕ ਹਨ ਅਤੇ ਹਰ ਚਿੰਤਕ ਨੇ ਡਾ. ਹਰਿਭਜਨ ਦੇ ਰਚਨਾ-ਸੰਸਾਰ ਬਾਰੇ ਨਵੇਂ ਨਜ਼ਰੀਏ ਪੇਸ਼ ਕੀਤੇ ਹਨ। ਹਰਿਭਜਨ ਸਿੰਘ ਇਕ ਅਜਿਹਾ ਵਿਅਕਤੀਵਾਦੀ ਕਵੀ ਸੀ, ਜੋ ਭੀੜ ਦਾ ਹਿੱਸਾ ਬਣਨ ਤੋਂ ਸਦਾ ਇਨਕਾਰੀ ਰਿਹਾ। ਉਹ ਆਪਣੇ ਵੱਖਰੇਪਣ ਉੱਪਰ ਮਾਣ ਵੀ ਕਰਦਾ ਸੀ ਅਤੇ ਇਸ ਦਾ ਜਸ਼ਨ ਵੀ ਮਨਾਉਂਦਾ ਸੀ, ਹਾਲਾਂਕਿ ਉਹ ਇਹ ਜਾਣਦਾ ਸੀ ਕਿ ਭੀੜ ਦਾ ਹਿੱਸਾ ਬਣ ਜਾਣ ਨਾਲ ਬੰਦਾ ਸੌਖਾ ਰਹਿੰਦਾ ਹੈ। ਪਰ ਉਹ ਹਮੇਸ਼ਾ ਰਉਂ-ਰੁਖ ਦੀ ਵਿਪਰੀਤ ਦਿਸ਼ਾ ਵਿਚ ਤੈਰਦਾ ਰਿਹਾ।
ਡਾ. ਹਰਿਭਜਨ ਸਿੰਘ ਕਿਸੇ ਇਕ ਮੰਜ਼ਿਲ ਉੱਪਰ ਟਿਕ ਕੇ ਨਹੀਂ ਸੀ ਬੈਠਦਾ। ਰੋਲਾਂ ਬਾਰਤ ਵਾਂਗ ਉਹ ਆਪਣੇ ਵਜੂਦ ਅਤੇ ਅਹਿਸਾਸਾਂ ਨਾਲ ਪ੍ਰਯੋਗ ਕਰਦਾ ਰਹਿੰਦਾ ਸੀ। ਉਹ ਜਾਣ ਗਿਆ ਸੀ ਕਿ ਮਨੁੱਖੀ ਆਤਮ ਕੋਈ ਸੁਗਠਿਤ ਜਾਂ ਸੰਗਠਿਤ ਵਰਤਾਰਾ ਨਹੀਂ ਹੈ। ਇਸ ਨੂੰ ਆਪਣੀ ਸ਼ਨਾਖਤ ਬਣਾਈ ਰੱਖਣ ਲਈ ਕਥਿਤ ਆਪਣਿਆਂ ਦੀ ਨਹੀਂ ਬਲਕਿ ਕਥਿਤ ਗ਼ੈਰਾਂ ਦੀ ਜ਼ਰੂਰਤ ਪੈਂਦੀ ਹੈ। ਇਸ ਕਾਰਨ ਸਮੇਂ-ਸਮੇਂ ਉਹ ਆਪਣੀ ਪੋਜ਼ੀਸ਼ਨ ਬਦਲਦਾ ਰਿਹਾ। ਪੰਜਾਬੀ ਦੇ ਬਹੁਤੇ ਸਥਾਪਤ ਲੇਖਕਾਂ ਨੂੰ ਉਸ ਪਾਸੋਂ ਸਿੱਖ-ਸਮਝ ਲੈਣ ਦੀ ਲੋੜ ਹੈ ਅਤੇ ਇਹ ਪੋਥੀ ਇਸ ਲੋੜ ਨੂੰ ਪੂਰੀ ਕਰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕਾਦਰ ਦੀ ਕੁਦਰਤ
(ਕਾਵਿ-ਸੰਗ੍ਰਹਿ)
ਲੇਖਕ : ਇੰਜ. ਗੁਰਜੀਤ ਸਿੰਘ (ਸੰਤ) ਗੋਹਾਵਰ ਵਾਲੇ
ਪ੍ਰਕਾਸ਼ਕ : ਭਾਈ ਰਜਿੰਦਰ ਸਿੰਘ ਸਿੱਧੂ ਕੈਨੇਡੀਅਨ
ਭੇਟਾ : 100 ਰੁਪਏ, ਸਫ਼ੇ : 79
ਸੰਪਰਕ : 94174-71608.

ਪੁਸਤਕ ਦਾ ਲੇਖਕ ਧਾਰਮਿਕ ਬਿਰਤੀ ਦਾ ਮਾਲਕ ਹੈ, ਜਿਸ ਨੂੰ ਧਾਰਮਿਕ ਖੇਤਰ ਵਿਚ ਸੰਤ ਬਾਬਾ ਗੁਰਜੀਤ ਸਿੰਘ ਗੋਹਾਵਰ ਵਾਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਲੇਖਕ ਵਲੋਂ ਪੰਜ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਜਾ ਚੁੱਕੀਆਂ ਹਨ। ਹਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਲੇਖਕ ਦੇ ਜੀਵਨ ਅਤੇ ਪਰਉਪਕਾਰੀ ਕਾਰਜਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਅਗਲੇ ਹਿੱਸੇ ਵਿਚ ਲੇਖਕ ਵਲੋਂ ਵੱਖ-ਵੱਖ ਸਮੇਂ ਲਿਖੀਆਂ ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੀ ਪਹਿਲੀ ਕਵਿਤਾ 'ਕਾਦਰ ਦੀ ਕੁਦਰਤ' ਦੇ ਨਾਂਅ ਉੱਪਰ ਹੀ ਪੁਸਤਕ ਦੇ ਸਿਰਲੇਖ ਦਾ ਨਾਮਕਰਨ ਕੀਤਾ ਹੈ। 'ਬਲਿਹਾਰੀ ਕੁਦਰਤ ਵਸਿਆ' ਦੇ ਫ਼ਰਮਾਨ ਮੁਤਾਬਿਕ ਕਵਿਤਾ ਦੀ ਰਚਨਾ ਕੀਤੀ ਹੈ। ਅਗਲੀ ਕਵਿਤਾ 'ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ' ਪੁਰਬ ਨੂੰ ਸਮਰਪਿਤ ਕੀਤੀ ਹੈ। ਇਸ ਤੋਂ ਬਾਅਦ ਕਵਿਤਾਵਾਂ 'ਸਮਾਂ', 'ਛਿੰਝ ਮੇਲੇ', 'ਛਿੰਝ ਅਖਾੜੇ', 'ਮੱਲ-ਅਖਾੜਿਆ ਦੇ', 'ਗਾਮੇ ਦਾ ਪ੍ਰੇਤ ਨਾਲ ਘੋਲ', 'ਨਸ਼ਾ', 'ਮੱਲ ਤੇ ਨਸ਼ਈ', 'ਪਹਿਲਵਾਨ ਤੇ ਨਸ਼ੇੜੀ', 'ਲੱਚਰ ਗੀਤਾਂ ਸੰਬੰਧੀ', 'ਪੁੱਠੀ ਮੱਤ' ਅਤੇ 'ਬਾਰਾਂ-ਮਾਹਾ' ਦੇ ਰੂਪ ਵਿਚ ਦੇਸੀ ਮਹੀਨਿਆਂ ਦੇ ਵੇਰਵੇ ਮੁਤਾਬਿਕ 12 ਕਵਿਤਾਵਾਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਪਾਠਕਾਂ ਨੂੰ ਪ੍ਰਭੂ-ਪਰਮਾਤਮਾ ਦੀ ਸਿਫਤ-ਸਾਲਾਹ ਕਰਨ ਲਈ ਪ੍ਰੇਰਿਆ ਗਿਆ ਹੈ। ਸਾਰੀਆਂ ਰੁੱਤਾਂ, ਮਹੀਨੇ, ਹਫ਼ਤੇ, ਦਿਨ-ਰਾਤ ਪਲ-ਪਲ ਪ੍ਰਭੂ ਬੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ। ਪੁਸਤਕ ਦੇ ਅੰਤ ਵਿਚ 'ਜੀਵਨ ਦਾ ਸੁਹੱਪਣ' ਕਵਿਤਾ ਮਨੁੱਖੀ ਜ਼ਿੰਦਗੀ ਨੂੰ ਪਰਮਾਤਮਾ ਦੀ ਸਭ ਤੋਂ ਉੱਤਮ ਵਸਤੂ ਗਰਦਾਨਿਆ ਗਿਆ ਹੈ।
ਵੰਨਗੀ ਵਜੋਂ ਕਵਿਤਾਵਾਂ ਦੀਆਂ ਕੁਝ ਕੁ ਸਤਰਾਂ ਹਨ
-ਇਕ-ਰਸ ਜੋ ਰੱਬ ਨਾਲ ਜੁੜੇ ਰਹਿੰਦੇ,
ਠੰਢ-ਗਰਮੀ, ਅਸਰ ਨਾ ਪਾਂਵਦੇ ਨੇ।
ਇਹ ਮਹੀਨਾ ਹੈ, ਤਨ ਦੀਆਂ ਮਿਹਨਤਾਂ ਦਾ,
ਤੇਲ ਮਲਦੇ, ਪੱਟ ਬਣਾਂਵਦੇ ਨੇ।
(ਕਵਿਤਾ ਮਹੀਨਾ ਚੇਤ (ਬਾਂਹਮਾਹ)
-ਜੱਗ ਵਿਚ ਸੀ, ਜ਼ੁਲਮ ਦਾ ਹੜ੍ਹ ਆਇਆ,
ਧਰਤੀ ਕੰਬਦੀ, ਧਰਮ ਕੁਰਲਾਂਵਦਾ ਸੀ,
ਕਾਮ, ਕ੍ਰੋਧ, ਹੰਕਾਰ ਦੀ ਅੱਗ ਬਲਦੀ,
ਕੋਈ ਸਮਰੱਥ ਨਾ, ਅੱਗ ਬੁਝਾਂਵਦਾ ਸੀ।
(ਕਵਿਤਾ ਸ੍ਰੀ ਗੁਰੂ ਨਾਨਕ ਆਗਮਨ)
ਧੰਨ ਕਾਦਰ, ਕੁਦਰਤ ਧੰਨ ਉਹਦੀ,
ਕੁਦਰਤ ਕਰਕੇ, ਵਿਚ ਹੈ ਆਪ ਵਸਿਆ,
ਉਸ ਨੂੰ ਦੇਖਣਾ, ਸਮਝਣਾ, ਅਸਾਨ ਭਾਰੀ,
ਕੁਦਰਤ ਵਿਚ ਅਨੁਭਵਤਾ ਦਾ ਰਾਜ਼ ਹੈ।
(ਕਾਦਰ ਦੀ ਕੁਦਰਤ)
ਸਮੁੱਚੇ ਰੂਪ ਵਿਚ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਲੇਖਕ ਦੇ ਧੁਰ ਹਿਰਦੇ ਵਿਚੋਂ ਨਿਕਲੀ ਹੂਕ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040

ਜਿੰਦੜੀਏ ਤਣ ਦੇਸਾਂ ਤੇਰਾ ਤਾਣਾ
(ਬੁਰਜ ਵਾਲਾ ਤੋਂ ਵਾਸ਼ਿੰਗਟਨ ਤੀਕਰ)
ਲੇਖਕ : ਡਾ. ਮਨਜ਼ੂਰ ਏਜਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 215
ਸੰਪਰਕ : manzurejaz@yahoo.com

ਇਹ ਪੁਸਤਕ ਡਾ. ਮਨਜ਼ੂਰ ਏਜਾਜ਼ ਦੀ ਸਵੈ-ਜੀਵਨੀ ਹੈ ਜਿਸ ਨੂੰ ਲੇਖਕ ਨੇ 'ਜਿੰਦੜੀਏ ਤਣ ਦੇਸਾਂ ਤੇਰਾ ਤਾਣਾ' ਦਾ ਨਾਂਅ ਦਿੱਤਾ ਹੈ। ਇਸ ਤਾਣੇ ਦੀ ਇਕ ਕੰਨੀ ਉਸ ਦਾ ਪਾਕਿਸਤਾਨੀ ਪਿੰਡ ਬੁਰਜਵਾਲਾ ਹੈ ਅਤੇ ਦੂਸਰੀ ਕੰਨੀ ਵਾਸ਼ਿੰਗਟਨ (ਅਮਰੀਕਾ) ਹੈ। ਉਹ ਆਰੰਭ ਵਿਚ ਲਿਖਦਾ ਹੈ 'ਮੈਂ ਪਾਕਿਸਤਾਨ ਦਾ ਸਗਵਾਂ ਹਾਣੀ ਹਾਂ' ਅਤੇ ਇਹੋ ਗੱਲ ਅੰਤਲਿਆਂ ਪੰਨਿਆਂ (210) 'ਤੇ ਮੁੜ ਕਹਿੰਦਾ ਹੈ। ਵਿਚ-ਵਿਚਾਲੇ ਲੇਖਕ ਦੀਆਂ ਸਾਹਿਤਕ, ਵਿੱਦਿਅਕ, ਸੱਭਿਆਚਾਰਕ, ਜੀਵਨ ਦੇ ਦੁੱਖਾਂ-ਸੁੱਖਾਂ ਦਾ ਬਿਰਤਾਂਤ ਹੈ। ਇਸ ਤਾਣੇ-ਬਾਣੇ ਦੀ ਜੀਵਨ-ਦਰੀ ਨੂੰ ਸੰਪੂਰਨ ਕਰਨ ਲਈ ਲੇਖਕ ਨੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਦੇ 'ਪੰਜੇ' ਦਾ ਪ੍ਰਯੋਗ ਸੁਘੜ-ਸੁਆਣੀਆਂ ਵਾਂਗ ਕੀਤਾ ਹੈ। ਯਾਦ ਰੱਖਣਾ ਬਣਦਾ ਹੈ ਲੇਖਕ ਬਚਪਨ ਤੋਂ ਹੀ ਇਕ ਲੱਤ ਤੋਂ ਪੋਲੀਓ ਦਾ ਮਰੀਜ਼ ਰਿਹਾ ਹੈ। ਜੇ ਪੋਲੀਓ ਦਾ ਮਰੀਜ਼ ਨਾ ਹੁੰਦਾ, ਮਾਪਿਆਂ ਨੇ ਖੇਤੀ 'ਚ ਲਾ ਕੇ ਅਨਪੜ੍ਹ ਰੱਖ ਲੈਣਾ ਸੀ। ਮਾਂ ਪਹਿਲੀ ਉਸਤਾਦ ਬਣੀ। ਲਿਖਾਰੀ ਬਣਨ ਲਈ ਮਿਡਲ ਦੇ ਅਧਿਆਪਕ ਅਬਦੁੱਲਾ ਈਦਵੀ ਨੂੰ ਯਾਦ ਕਰਦਾ ਹੈ। ਪੋਲੀਓ ਕਾਰਨ ਸਾਰੀ ਉਮਰ ਦੁਖੀ ਰਿਹਾ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਫ਼ਿਲਾਸਫ਼ੀ ਦੀ ਐਮ.ਏ. ਅਤੇ ਹਾਰਵਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ 'ਤੇ ਪੀ.ਐਚ.ਡੀ. ਕੀਤੀ। ਖੋਜ ਵੀ ਕੀਤੀ, ਪ੍ਰਾਧਿਆਪਕ ਵੀ ਰਿਹਾ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰੀ ਉਮਰ ਯਤਨਸ਼ੀਲ ਰਿਹਾ। ਪੁਸਤਕਾਂ ਲਿਖੀਆਂ, ਛਾਪੀਆਂ। ਇਧਰਲੇ-ਉਧਰਲੇ ਪੰਜਾਬੀ ਲੇਖਕਾਂ ਨਾਲ ਦੂਰ-ਦੁਰਾਡੇ ਸਫ਼ਰ ਕਰਕੇ ਵਿਚਾਰ-ਵਟਾਂਦਰੇ ਕਰਦਾ ਰਿਹਾ। ਸਭ ਤੋਂ ਵੱਧ ਪ੍ਰਭਾਵ 'ਨਜ਼ਮ ਹੁਸੈਨ ਸਈਅਦ' ਦਾ ਕਬੂਲਿਆ। 'ਵਜੂਦਵਾਦ' ਵੀ ਪੜ੍ਹਿਆ ਪਰ ਮਾਰਕਸ ਨੂੰ ਪੜ੍ਹ ਕੇ ਖੱਬੇ-ਪੱਖੀ ਵਿਚਾਰਧਾਰਾ ਨਾਲ ਜੁੜਿਆ। ਸਵੈ-ਰੁਜ਼ਗਾਰ ਦੀ ਖਾਤਰ ਅਨੇਕਾਂ ਪਾਪੜ ਵੇਲੇ। ਡਰਾਮੇ ਵੀ ਖੇਡੇ। 'ਤਖ਼ਤ ਲਾਹੌਰ' ਦੇ ਖੇਡੇ ਜਾਣ ਦੀ ਵਿਸ਼ੇਸ਼ ਗੱਲ ਕਰਦਾ ਹੈ। ਫਰਾਂਸ, ਕੈਨੇਡਾ, ਜਾਪਾਨ, ਚੀਨ ਆਦਿ ਮੁਲਕਾਂ ਦੇ ਦੌਰਿਆਂ ਨਾਲ ਆਤਮਕਥਾ ਵਿਚ ਸਫ਼ਰਨਾਮੇ ਦਾ ਅੰਸ਼ ਵੀ ਸ਼ਾਮਿਲ ਹੋ ਗਿਆ ਹੈ। ਕਿਤਾਬ ਵਿਚ ਮਿੱਤਰਾਂ, ਲੇਖਕਾਂ, ਸੰਬੰਧੀਆਂ ਦੇ ਨਾਵਾਂ, ਥਾਵਾਂ ਦੀਆਂ ਲੰਮੇਰੀਆਂ ਸੂਚੀਆਂ ਪੜ੍ਹੀਆਂ ਜਾ ਸਕਦੀਆਂ ਹਨ। ਘਰੇਲੂ ਗੱਲਾਂ 'ਚ ਪਤਨੀ ਅਤੀਆ, ਬੇਟੀ ਮੋਨੀ, ਬੇਟਾ ਧੀਦੋ ਨੂੰ ਯਾਦ ਕਰਦਾ ਹੈ। ਅਨੇਕਾਂ ਉੱਚ ਕੋਟੀ ਦੇ ਅਖ਼ਬਾਰਾਂ ਲਈ ਕਾਲਮ ਲਿਖਦਾ ਰਿਹਾ। ਜੀਵੰਤ ਪਾਤਰਾਂ ਦੇ ਰੇਖਾ-ਚਿੱਤਰ ਵੀ ਸੁਭਾਵਿਕ ਹੀ ਸ਼ਾਮਿਲ ਹੋ ਗਏ। ਪਾਕਿਸਤਾਨ ਵਿਚ ਅਪ੍ਰੈਲ 79 ਵਿਚ ਭੁੱਟੋ ਨੂੰ ਫਾਂਸੀ ਅਤੇ ਅਮਰੀਕਾ ਵਿਚ 9/11 ਦੀ ਘਟਨਾ ਦਾ ਵਿਸ਼ੇਸ਼ ਜ਼ਿਕਰ ਹੈ। 2011 'ਚ ਸੇਵਾ-ਮੁਕਤ ਹੋ ਕੇ ਪਿੰਡ ਆਇਆ ਪਰ ਪਿੰਡ ਨੂੰ ਪਛਾਣ ਨਹੀਂ ਸਕਿਆ। ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ। ਪਿਛਲੇ 40 ਸਾਲਾਂ ਵਿਚ ਇੰਟਰਨੈੱਟ ਅਤੇ ਵਿਸ਼ਵੀਕਰਨ ਨਾਲ ਆਈ ਤਬਦੀਲੀ, ਬਾਖੂਬੀ ਉਲੀਕੀ ਗਈ ਹੈ। ਇਸ ਆਤਮ-ਕਥਾ ਵਿਚੋਂ ਅਨੇਕਾਂ ਮਹੱਤਵ ਵਾਲੀਆਂ ਗੱਲਾਂ ਨੋਟ ਕੀਤੀਆਂ ਜਾ ਸਕਦੀਆਂ ਹਨ ਪਰ ਸਭ ਤੋਂ ਮਹੱਤਵਪੂਰਨ ਗੱਲ ਨਿਮਨਲਿਖਤ ਹੈ : 'ਮੈਨੂੰ ਮਾਰਕਸ ਤੋਂ ਇਹ ਸਮਝ ਆਇਆ ਜੋ ਸਮਾਜ ਨੇ ਸਰਮਾਏਦਾਰੀ ਨਿਜ਼ਾਮ ਵਿਚੋਂ ਲੰਘ ਕੇ ਸੋਸ਼ਲਿਜ਼ਮ ਤਾਈਂ ਅੱਪੜਨਾ ਹੈ। ਤਾਰੀਖ਼ ਵਿਚ ਛਾਲ ਮਾਰ ਕੇ ਤੁਸੀਂ ਜਾਗੀਰਦਾਰੀ ਨਿਜ਼ਾਮ ਤੋਂ ਸਿੱਧੇ ਸੋਸ਼ਲਿਜ਼ਮ ਤਾਈਂ ਨਹੀਂ ਅੱਪੜ ਸਕਦੇ। ਇਹੋ ਹੀ ਵਜ੍ਹਾ ਹੈ ਜੋ ਰੂਸ, ਚੀਨ ਤੇ ਵੀਅਤਨਾਮ ਪਲਟਾ ਖਾ ਕੇ ਸਰਮਾਏਦਾਰੀ ਨਿਜ਼ਾਮ ਦੇ ਅਦਾਰੇ ਬਣਾਉਣ 'ਤੇ ਮਜਬੂਰ ਹੋਏ। ਪੰ. 127
ਸੰਖੇਪ ਇਹ ਕਿ ਪੁਸਤਕ ਵਡੇਰੇ ਆਕਾਰ ਦੇ ਪੇਪਰ ਦੀ ਮੰਗ ਕਰਦੀ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਅਮਨ ਤੇ ਪ੍ਰੀਤ ਦੀਆਂ ਪੈੜਾਂ
ਲੇਖਕ : ਗੁਰਪੁਰਵਾਸੀ ਡਾ. ਅਮਨਪ੍ਰੀਤ ਸਿੰਘ
ਪ੍ਰਕਾਸ਼ਕ : ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਜ਼ ਵੈੱਲਫੇਅਰ ਸੁਸਾਇਟੀ, ਲੁਧਿਆਣਾ
ਮੁੱਲ : ਭੇਟਾ ਰਹਿਤ, ਸਫ਼ੇ : 328
ਸੰਪਰਕ : 79733-29833

ਡਾ. ਅਮਨਪ੍ਰੀਤ ਸਿੰਘ ਗੁਰਮਤਿ ਰਹੁ-ਰੀਤਾਂ ਅਨੁਸਾਰ ਮਨੁੱਖੀ ਜੀਵਨ ਦਾ ਅਭਿਲਾਸ਼ੀ ਹੋਣ ਸਦਕਾ ਹੀ 'ਅਮਨ ਤੇ ਪ੍ਰੀਤ ਦੀਆਂ ਪੈੜਾਂ' ਕਾਵਿ-ਸੰਗ੍ਰਹਿ ਦੀ ਸਿਰਜਣਾ ਕਰ ਸਕਿਆ ਹੈ। ਇਹ ਕਾਵਿ-ਸੰਗ੍ਰਹਿ ਉਸ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਉਪਰੰਤ ਪ੍ਰਕਾਸ਼ਿਤ ਹੋਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਦੀਆਂ 'ਕਰ ਮੇਹਰਾਂ ਮੇਰੇ ਸਾਈਆਂ ਵੇ' ਤੋਂ ਲੈ ਕੇ 'ਚੱਲ ਜਿੰਦੜੀਏ' ਤੱਕ ਲਗਭਗ 165 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। 'ਤੇਰੇ ਗੀਤਾਂ ਦੇ ਬੋਲਾਂ 'ਚ ਪੰਜਾਬੀਅਤ ਹੋਵੇ' ਕਵਿਤਾ 'ਚ ਉਹ ਆਪਣੀ ਕਾਵਿ-ਸਿਰਜਣ ਪ੍ਰਕਿਰਿਆ ਦੇ ਮਨੋਰਥ ਦੀ ਗੱਲ ਕਰਦਿਆਂ ਸਾਂਝੀਵਾਲਤਾ ਦੀਆਂ ਤੰਦਾਂ ਨੂੰ ਮਜ਼ਬੂਤੀ ਬਖਸ਼ਣ ਵਾਲੀਆਂ ਧਿਰਾਂ ਦੀ ਹਾਮੀ ਭਰਦਾ ਹੈ। ਵੰਡੀਆਂ ਅਤੇ ਨਫ਼ਰਤੀ ਅੱਗਾਂ ਲਾਉਣ ਵਾਲੀਆਂ ਧਿਰਾਂ ਵਿਰੁੱਧ ਸੰਘਰਸ਼ੀ ਪਿੜ 'ਚ ਕੁੱਦਣ ਦੀ ਤਾਕੀਦ ਕਰਦਾ ਹੈ। ਇਸ ਕਵਿਤਾ 'ਚ ਉਹ ਆਪਣਾ ਕਾਵਿ-ਮੈਨੀਫੈਸਟੋ ਪੇਸ਼ ਕਰਦਾ ਹੈ। ਗੁਰਮਤਿ ਦੇ ਆਸ਼ੇ ਮੁਤਾਬਿਕ 'ਗੁਰਮੁਖ ਮਨੁੱਖ' ਦੀ ਸਿਰਜਣਾ ਅਤੇ 'ਮਨਮੁਖ ਬੰਦੇ' ਦੇ ਅਹਿਮ ਨੂੰ ਨਕਾਰਨਾ ਹੈ। ਇਸ ਦੇ ਨਾਲ-ਨਾਲ ਉਸ ਦੀਆਂ ਕਵਿਤਾਵਾਂ ਜਿਥੇ ਸੰਪੂਰਨ ਆਜ਼ਾਦੀ ਦੀ ਬਾਤ ਛੋਂਹਦੀਆਂ ਹਨ, ਉਥੇ ਉਹ ਵਾਦ-ਵਿਵਾਦੀ ਫ਼ਲਸਫ਼ਿਆਂ, ਧਾਰਮਿਕ ਕੱਟੜਤਾ, ਪੁਜਾਰੀਆਂ ਦੇ ਝੂਠੇ ਕਿਰਦਾਰ, ਰਾਜਨੀਤਕ ਦੰਭ ਦਾ ਵੀ ਪਰਦਾ ਫਾਸ਼ ਕਰਦੀਆਂ ਹਨ। ਭਾਰਤ ਸਰਕਾਰ ਵਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਲੜਦੀਆਂ ਧਿਰਾਂ ਕਿਸਾਨਾਂ, ਮਜ਼ਦੂਰਾਂ, ਬੱਚਿਆਂ, ਬੁੱਢਿਆਂ, ਨੌਜਵਾਨਾਂ, ਇਸਤਰੀਆਂ ਦੇ ਯੋਗਦਾਨ ਦੀ ਉਹ ਸਿਫ਼ਤ ਕਰਦਿਆਂ ਉਨ੍ਹਾਂ ਦੀ ਨਿਖੇਧੀ ਕਰਦਾ ਹੈ। ਹੱਕ-ਸੱਚ ਲਈ ਡਟੇ ਰਹਿਣ ਲਈ ਵੀ ਉਤਸ਼ਾਹਿਤ ਕਰਦਾ ਹੈ ਅਤੇ ਇਸ ਕੂੜ ਪ੍ਰਚਾਰ ਨੂੰ ਵੀ ਨਕਾਰਦਾ ਹੈ ਕਿ ਪੰਜਾਬੀ ਨੌਜਵਾਨ ਨਸ਼ਿਆਂ 'ਚ ਹੀ ਗਲਤਾਨ ਹੈ :
ਕਈਆਂ ਹੱਥ ਬੋਲੀਆਂ ਤੇ ਦਾਤੀਆਂ ਦੇ ਚਿੰਨ੍ਹ ਨੇ।
ਕਈਆਂ ਹੱਥ ਹਰਾ ਝੰਡਾ ਕ੍ਰਾਂਤੀ ਦਾ ਮੁਥਾਜ ਹੈ।
ਪਿੰਡਾਂ ਵਿਚੋਂ ਪਿੰਡ ਆਉਣ ਭਰ ਟਰਾਲੇ ਗੱਡੀਆਂ।
ਕੌਣ ਆਖੇ ਪੁੱਤ ਪੰਜਾਬੀ ਨਸ਼ਿਆਂ 'ਚ ਬਰਬਾਦ ਹੈ।
ਇਸ ਸੰਭਾਵਨਾ ਭਰਪੂਰ ਨੌਜਵਾਨ ਸ਼ਾਇਰ ਪਾਸੋਂ ਬਹੁਤੀਆਂ ਪ੍ਰਾਪਤੀਆਂ ਦੀ ਆਸ ਕੀਤੀ ਜਾ ਸਕਦੀ ਸੀ ਪਰ ਮੌਤ ਨੇ ਉਸ ਨੂੰ ਸਾਥੋਂ ਖੋਹ ਲਿਆ ਹੈ। ਉਸ ਦੀ ਰਚੀ ਸ਼ਾਇਰੀ ਨੂੰ ਪੜ੍ਹਨਾ ਹੀ ਮੇਰੇ ਜਾਚੇ ਸੱਚੀ ਸ਼ਰਧਾਂਜਲੀ ਹੈ।

ਸੰਧੂ ਵਰਿਆਣਵੀ
ਮੋ: 98786-14096

c c c

ਕੋਤਰ ਸੌ ਪਗਡੰਡੀਆਂ
ਲੇਖਕ : ਮਹਿੰਦਰ ਸਿੰਘ ਸੋਢੀ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 127
ਸੰਪਰਕ : 98779-92262.

ਮਹਿੰਦਰ ਸਿੰਘ ਸੋਢੀ ਦੂਰਦ੍ਰਿਸ਼ਟੀ ਵਾਲਾ ਅਨੁਭਵੀ ਅਤੇ ਸੰਵੇਦਨਸ਼ੀਲ ਸੁਭਾਅ ਵਾਲਾ ਲਿਖਾਰੀ ਹੈ। ਇਸ ਪੁਸਤਕ ਤੋਂ ਪਹਿਲਾਂ ਉਹ 16 ਪੁਸਤਕਾਂ ਲਿਖ ਚੁੱਕਿਆ ਹੈ। ਇਹ ਪੁਸਤਕਾਂ ਨਿਬੰਧ, ਮਿੰਨੀ ਕਹਾਣੀਆਂ ਅਤੇ ਸਫ਼ਰਨਾਮੇ ਹਨ। ਚਰਚਾ ਅਧੀਨ ਪੁਸਤਕ ਉਸ ਦੀ ਸਵੈ-ਜੀਵਨੀ 'ਤੇ ਆਧਾਰਿਤ ਹੈ। ਇਸ ਵਿਚ ਉਸ ਨੇ ਵੱਖ-ਵੱਖ ਸਿਰਲੇਖਾਂ ਅਧੀਨ ਆਪਣੇ ਜੀਵਨ 'ਚ ਜੋ ਕੁਝ ਆਪਣੇ ਨੰਗੇ ਪਿੰਡੇ 'ਤੇ ਹੰਢਾਇਆ ਹੈ, ਨੂੰ ਬਾਖ਼ੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਸੋਢੀ ਵਾਂਗ ਹਰ ਸਫ਼ਲ ਬੰਦੇ ਦੇ ਜੀਵਨ 'ਚ ਕੌੜਾ-ਕੁਸੈਲਾ ਵਾਪਰਦਾ ਹੈ, ਪਰ ਸਾਰੇ ਇਸ ਨੂੰ ਲਿਖ ਕੇ ਬਿਆਨ ਨਹੀਂ ਕਰ ਸਕਦੇ। ਇਸ ਕਾਮਯਾਬ ਹੋਏ ਵਿਅਕਤੀ ਦੇ ਜੀਵਨ 'ਚ ਘਾਲਣਾਵਾਂ ਅਤੇ ਸੰਘਰਸ਼ ਕੀ ਅਰਥ ਰੱਖਦਾ ਹੈ, ਇਹ ਉਸ ਦੇ ਲਿਖ ਕੇ ਜਾਂ ਬੋਲ ਕੇ ਬਿਆਨ ਕਰਨ ਤੋਂ ਹੀ ਪਤਾ ਲਗਦਾ ਹੈ। ਇਸ ਪੁਸਤਕ 'ਚ ਵਾਪਰਦੀਆਂ ਘਟਨਾਵਾਂ ਮਨੁੱਖ ਨੂੰ ਹੌਸਲਾ ਤੇ ਤਸੱਲੀ ਦੇਣ ਵਾਲੀਆਂ ਹਨ। ਨਵੇਂ ਰਾਹਾਂ ਦੀ ਭਾਲ 'ਚ ਡਟੇ ਰਹਿਣ ਦੀ ਪ੍ਰੇਰਨਾ ਇਨ੍ਹਾਂ ਲਿਖਤਾਂ 'ਚੋਂ ਮਿਲਦੀ ਹੈ। ਨੇਕ-ਨੀਅਤ ਅਤੇ ਇਮਾਨਦਾਰੀ ਨਾਲ ਬੰਦਾ ਹੌਲੀ-ਹੌਲੀ ਇਕ ਸੰਕਲਪ ਲੈ ਕੇ ਦ੍ਰਿੜ੍ਹ ਇਰਾਦੇ ਨਾਲ ਲਗਾਤਾਰ ਚਲਦਾ ਰਹੇ ਤਾਂ ਬਹੁਤੀਆਂ ਸਮੱਸਿਆਵਾਂ ਉਸ ਦੇ ਰਸਤੇ 'ਚ ਰੁਕਾਵਟ ਖੜ੍ਹੀ ਨਹੀਂ ਕਰ ਸਕਦੀਆਂ। 'ਕੋਤਰ ਸੌ ਪਗਡੰਡੀਆਂ' ਇਸ ਦਾ ਸਿਰਲੇਖ ਬਹੁਤ ਢੁੱਕਵਾਂ ਹੈ। 'ਬਚਪਨ ਤੇ ਪ੍ਰਾਇਮਰੀ ਸਿੱਖਿਆ' ਤੋਂ 'ਆਈ.ਏ.ਐਸ. ਲੜਕੇ ਦੀ ਸ਼ਾਦੀ' ਤੱਕ ਕੁੱਲ 13 ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਘਟਨਾਵਾਂ ਹਨ। ਗ਼ਰੀਬੀ ਅਤੇ ਪੇਂਡੂ ਪਿਛੋਕੜ 'ਚੋਂ ਉੱਠ ਕੇ ਪੜ੍ਹਾਈ ਕਰਕੇ ਨੌਕਰੀ ਹਾਸਲ ਕਰਨਾ, ਬੱਚਿਆਂ ਨੂੰ ਉੱਚ ਪੱਧਰ ਦੀ ਪੜ੍ਹਾਈ ਕਰਾਉਣਾ, ਜੀਵਨ 'ਚ ਉਨ੍ਹਾਂ ਨੂੰ ਸੈੱਟ ਕਰਨਾ, ਮਾਲਵੇ ਦੇ ਇਕ ਪਛੜੇ ਪਿੰਡ 'ਚੋਂ ਉੱਠ ਕੇ ਦੋਆਬੇ ਦੇ ਵਧੀਆ ਸ਼ਹਿਰੀ ਬਣਨ ਤੱਕ ਬੜਾ ਕੁਝ ਵਾਪਰਦਾ ਹੈ, ਜਿਸ ਨੂੰ ਲੇਖਕ ਨੇ ਬੇਬਾਕ ਲਿਖਿਆ ਹੈ। ਰਚਨਾਤਮਿਕ ਪੱਖੋਂ ਲਿਖਤਾਂ ਦੀ ਸ਼ੈਲੀ ਢੁੱਕਵੀਂ, ਯਥਾਰਥਕ, ਦਿਲਚਸਪ ਅਤੇ ਕਾਫ਼ੀ ਰੌਚਕ ਹੈ। ਰਚਨਾਵਾਂ ਪਾਠਕ ਦੇ ਮਨੋਬਲ ਨੂੰ ਡਿਗਣ ਨਹੀਂ ਦਿੰਦੀਆਂ, ਸਗੋਂ ਕਾਫ਼ੀ ਹੌਸਲਾ ਦਿੰਦੀਆਂ ਹਨ। ਅਸੀਂ ਲੇਖਕ ਤੇ ਪ੍ਰਕਾਸ਼ਕ ਦੋਵਾਂ ਨੂੰ ਵਧਾਈ ਦਿੰਦੇ ਹਾਂ।

ਮੋਹਰ ਗਿੱਲ ਸਿਰਸੜੀ
ਮੋ: 98156-59110

5-06-2022

 ਅੰਬਰੀ ਸੋਚਾਂ
ਗੀਤਕਾਰ : ਪ੍ਰੀਤਮ ਲੁਧਿਆਣਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 236
ਸੰਪਰਕ : 98764-28641.


ਸਾਹਿਤਕ ਖੇਤਰ 'ਚ ਸ. ਪ੍ਰੀਤਮ ਲੁਧਿਆਣਵੀ ਦਾ ਨਾਂਅ ਇਕ ਵਿਅੰਗਕਾਰ, ਗੀਤਕਾਰ ਅਤੇ ਪੱਤਰਕਾਰ ਵਜੋਂ ਉੱਘਾ ਹੈ। ਉਨ੍ਹਾਂ ਨੇ ਹਰ ਖੇਤਰ 'ਚ ਆਪਣੇ ਨਾਂਅ ਦਾ ਸਿੱਕਾ ਚਲਾਇਆ ਹੈ। 'ਅੰਬਰੀਂ ਸੋਚਾਂ' 'ਗੀਤ-ਸੰਗ੍ਰਹਿ) ਉਨ੍ਹਾਂ ਦੀ 13ਵੀਂ ਕਾਵਿ-ਪੁਸਤਕ ਹੈ। ਇਹ ਕਾਵਿ-ਪੁਸਤਕ ਉਨ੍ਹਾਂ ਨੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਗਏ ਪਰਿਵਾਰਕ ਮੈਂਬਰਾਂ, ਮਾਤਾ, ਪਿਤਾ, ਭਰਾਵਾਂ ਅਤੇ ਜੀਵਨ-ਸਾਥਣ ਨੂੰ ਸਮਰਪਿਤ ਕਰਦਿਆਂ ਬਾਬਾ ਫ਼ਰੀਦ ਦੇ ਉਨ੍ਹਾਂ ਫ਼ਿਕਰਾਂ ਵੱਲ ਸੰਕੇਤ ਦਿੱਤੇ ਹਨ ਜਿਥੇ 'ਬਿਰਹਾ' ਮਨੁੱਖੀ ਜੀਵਨ ਦੀ ਅਟੱਲ ਸਚਾਈ ਹੈ। 'ਬਿਰਹਾ' ਦੇ ਅਨੁਭਵ ਨੂੰ ਉਨ੍ਹਾਂ ਬਹੁਤ ਸ਼ਿੱਦਤਤਾ ਨਾਲ ਹੰਢਾਉਂਦਿਆਂ ਕਾਵਿ-ਪਾਠਕਾਂ ਨੂੰ ਇਸ ਦਾ ਗੰਭੀਰ ਅਹਿਸਾਸ ਕਰਵਾਇਆ ਹੈ। ਇਸ ਗੀਤ, ਸੰਗ੍ਰਹਿ ਦੇ ਗੀਤ 'ਘੁੱਗੀਏ ਅਮਨ ਦੀਏ' ਤੋਂ ਲੈ ਕੇ 'ਬੱਚੇ ਤੇਰੇ ਰਹਿ ਲੱਭਦੇ' ਤੱਕ 102 ਗੀਤਾਂ ਨੂੰ ਸੰਕਲਿਤ ਕੀਤਾ ਹੈ। ਇਹ ਗੀਤ ਮਨੁੱਖੀ ਜੀਵਨ ਦੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਪੱਖਾਂ ਨਾਲ ਸੰਬੰਧਿਤ ਹੋਣ ਕਰਕੇ ਸੂਖ਼ਮ-ਭਾਵੀ ਭਾਸ਼ਾ ਵਿਚ ਬਹੁਤ ਸਰਲ ਅਤੇ ਸਪੱਸ਼ਟਤਾ ਨਾਲ ਕਹੇ ਗਏ ਹਨ। ਦਰਅਸਲ ਪੰਜਾਬੀ ਮਾਨਸਿਕਤਾ ਦੇ ਪ੍ਰਗਟਾ ਦਾ ਅਸਲ ਮਾਧਿਅਮ 'ਗੀਤ' ਹੀ ਰਿਹਾ ਹੈ।
ਗੀਤ ਦਾ ਸੰਗੀਤ ਨਾਲ ਡੂੰਘਾ ਸੰਬੰਧ ਹੋਣ ਕਰਕੇ 'ਰਾਗ' ਰਾਹੀਂ ਸੰਗੀਤਾਮਿਕਤਾ ਦੀ ਪੁੱਠ ਚੜ੍ਹਦਿਆਂ ਸ਼ਬਦ ਮਨੁੱਖੀ ਆਤਮਾ ਨੂੰ ਜਿਥੇ ਆਨੰਦਿਤ ਕਰਦੇ ਹਨ, ਉਥੇ ਜੀਵਨ ਰੌਂ ਨੂੰ ਬਦਲਣ ਵਿਚ ਵੀ ਸਹਾਇਕ ਹੁੰਦੇ ਹਨ। ਅਜਿਹੇ ਭਾਵ ਕਾਵਿ-ਪਾਠਕ 'ਧੀਆਂ ਲੋਕੋ ਧੀਆਂ ਹੁੰਦੀਆਂ', 'ਅੱਖ ਮੇਰੀ ਰੋਈ', 'ਧੀ ਝੋਲੀ ਸਾਡੀ ਪਾ ਕੇ', 'ਪਿਆਰ', 'ਜਦੋਂ ਯਾਰ ਲਾ ਰਹੇ', 'ਰਿਸ਼ਤਿਆਂ ਦੀ ਮਾਲਾ', 'ਇਸ਼ਕ ਅੱਲਾ ਦਾ ਗਹਿਣਾ', 'ਹਾਲ ਜੁਦਾਈ ਦਾ', 'ਫ਼ਕੀਰ ਹੋ ਗਏ', 'ਲੱਭਦਾ ਨਾ ਛੱਲਾ', 'ਧੀਆਂ ਦਾਤ', 'ਘਰ ਮਾਂ-ਬਾਪ', 'ਰੱਬ', 'ਨਾਨਕ ਦੁਖੀਆ ਸਭ ਸੰਸਾਰ', 'ਤੇਰੀਆਂ ਗੁੱਝੀਆਂ ਰਮਜ਼ਾਂ', 'ਜੁਗਨੀ ਤੇ ਅਮਲੀ' ਅਤੇ 'ਮਾਂ' ਆਦਿ 'ਚ ਕਾਵਿ-ਪਾਠਕ ਅਨੁਭਵ ਕਰ ਸਕਦਾ ਹੈ। ਰਵਾਨਗੀ ਉਸ ਦੇ ਗੀਤਾਂ ਦੀ ਅਹਿਮ ਸਿਫ਼ਤ ਹੈ। 'ਲਾਹੌਰ ਦਿਖਾ ਦੇ ਤੂੰ' ਗੀਤ 'ਚ ਲੰਗੋਟੀਏ ਯਾਰਾਂ ਦਾ ਜ਼ਿਕਰ, ਛੱਡੀ ਧਰਤੀ ਦੀ ਜਿਥੇ ਕਸਕ ਹਿਰਦੇ 'ਚ ਪੈਦਾ ਕਰਦਾ ਹੈ, ਉਥੇ ਮਿਲਣ ਦੀ ਤੀਬਰਤਾ ਦਾ ਅਹਿਸਾਸ ਵੀ ਮਹਿਸੂਸ ਹੁੰਦਾ ਹੈ :
ਗੱਲ ਸ਼ਬੀਰ ਦੀ ਸੁਣਾਉਂਦਾ ਤੂੰ ਅੱਕਦਾ ਨਾ।
'ਜ਼ਹੀਰ ਅਲੀ' ਦੀਆਂ ਛੇੜ ਲਏ ਥੱਕਦਾ ਨਾ।
ਸਾਰੇ ਲੰਗੋਟੀਏ ਯਾਰ ਮਿਲਾ ਦੇ ਤੂੰ।
ਬਾਪੂ ਮੈਨੂੰ ਵੀ.....।
ਪ੍ਰੀਤਮ ਲੁਧਿਆਣਵੀ ਜੀ ਇਵੇਂ ਹੀ ਆਪਣੇ ਸੱਜਰੇ ਗੀਤਾਂ' ਦੀ ਝੜੀ ਲਾਉਂਦੇ ਰਹਿਣ, ਅਜਿਹੀ ਮੇਰੀ ਦਿਲੀ ਕਾਮਨਾ ਹੈ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096
c c c


'84 ਦੇ ਆਰ-ਪਾਰ

ਨਾਵਲਕਾਰ : ਸੁੱਚਾ ਸਿੰਘ ਰੰਧਾਵਾ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 148
ਸੰਪਰਕ : 98728-13702.


'84 ਦੇ ਆਰ-ਪਾਰ ਸੁੱਚਾ ਸਿੰਘ ਰੰਧਾਵਾ ਦਾ ਨਵਾਂ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਪੰਜਾਬ ਦੇ ਉਨ੍ਹਾਂ ਦੁਖਾਂਤਕ ਦਿਨਾਂ ਦਾ ਜ਼ਿਕਰ ਕੀਤਾ ਹੈ, ਜਿਸ ਦੌਰ ਨੂੰ ਪੰਜਾਬ ਦੇ ਲੋਕਾਂ ਨੇ ਹੱਡੀਂ ਹੰਢਾਇਆ ਅਤੇ ਜਿਸ ਦੀ ਪੀੜ ਨੂੰ ਅੱਜ ਤੱਕ ਵੀ ਭੁੱਲ ਨਹੀਂ ਸਕੇ। ਇਸ ਦੁਖਾਂਤ ਬਾਰੇ ਵਰਿਆਮ ਸੰਧੂ ਅਤੇ ਮਨਿੰਦਰ ਕਾਂਗ ਨੇ ਵੀ ਆਪਣੀਆਂ ਕਹਾਣੀਆਂ ਵਿਚ ਪੇਸ਼ਕਾਰੀ ਕੀਤੀ ਹੈ। ਭਾਵੇਂ ਕਿ ਹੋਰ ਵੀ ਬਹੁਤ ਸਾਰੀਆਂ ਸਾਹਿਤਕ ਪੁਸਤਕਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਇਸ ਦੌਰ ਬਾਰੇ ਬਿਰਤਾਂਤਕ ਰੂਪ ਵਿਚ ਜ਼ਿਕਰ ਹੋਇਆ ਮਿਲਦਾ ਹੈ। ਇਸ ਨਾਵਲ ਵਿਚ ਵੀ ਨਾਵਲਕਾਰ ਨੇ ਜਿਥੇ ਲਗਭਗ ਡੇਢ ਦਹਾਕੇ ਵਿਚ ਪੰਜਾਬ ਨੇ ਇਸ ਸੰਤਾਪ ਨੂੰ ਭੋਗਿਆ ਅਤੇ ਪੰਜਾਬ ਦੀ ਨੌਜਵਾਨੀ ਦੇ ਸੁਨਹਿਰੇ ਭਵਿੱਖ ਕਿਵੇਂ ਇਸ ਦੀ ਭੇਟ ਚੜ੍ਹੇ, ਉਸ ਦੇ ਵਿਸਥਾਰਤ ਵੇਰਵੇ ਨਾਵਲੀ ਬਿਰਤਾਂਤ ਵਿਚੋਂ ਮਿਲਦੇ ਹਨ। ਜਸਵੰਤ ਸਿੰਘ ਦੇ ਨਿਆਰਾ ਸਿੰਘ ਬਣਨ ਦੇ ਨਾਲ-ਨਾਲ ਉਸ ਵੇਲੇ ਦੀ ਰਾਜਨੀਤਕ, ਧਾਰਮਿਕ ਅਤੇ ਪ੍ਰਸ਼ਾਸਨਿਕ ਵਿਵਸਥਾ ਬਾਰੇ ਵੀ ਨਾਵਲਕਾਰ ਨੇ ਭਰਪੂਰ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਲੇਖਕ ਨੇ ਕਿਤੇ-ਕਿਤੇ ਪ੍ਰਸ਼ਨੋਤਰੀ ਸ਼ੈਲੀ ਵਿਚ ਕੁਝ ਸਵਾਲ ਵੀ ਖੜ੍ਹੇ ਕਰਨ ਦਾ ਯਤਨ ਕੀਤਾ ਹੈ। ਕਦੇ-ਕਦੇ ਇਹ ਨਾਵਲ ਨਾਵਲੀ ਵਿਧਾ ਨਾਲੋਂ ਉਸ ਵੇਲੇ ਦੀ ਇਤਿਹਾਸਕ ਚਾਲ ਨੂੰ ਪੇਸ਼ ਕਰਨ ਵਾਲੀ ਪੁਸਤਕ ਜਾਪਣ ਲਗਦਾ ਹੈ। ਨਾਵਲ ਵਿਚ ਕਈ ਥਾਵਾਂ 'ਤੇ ਉਸ ਦੀ ਰਾਜਨੀਤਕ ਅਵਸਥਾ ਦੇ ਲੰਮੇ ਚੌੜੇ ਬਿਰਤਾਂਤਕ ਵੇਰਵੇ ਪੀ ਪੇਸ਼ ਹੋਏ ਮਿਲਦੇ ਹਨ। ਪਰ ਨਾਵਲ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਇਹ ਨਾਵਲ ਇਸ ਦੌਰ ਨੂੰ ਪਾਠਕ ਦੀਆਂ ਅੱਖਾਂ ਅੱਗੇ ਖੜ੍ਹਾ ਕਰ ਦਿੰਦਾ ਹੈ। ਜਿਨ੍ਹਾਂ ਪਾਠਕਾਂ ਨੇ ਇਹ ਸਮਾਂ ਅੱਖੀਂ ਦੇਖਿਆ ਅਤੇ ਘਟਨਾਵਾਂ ਵਾਪਰਦੀਆਂ ਸੁਣੀਆਂ/ ਹੰਢਾਈਆਂ, ਉਹ ਦੁਬਾਰਾ ਉਨ੍ਹਾਂ ਦੇ ਚੇਤਿਆਂ ਵਿਚ ਸੰਜੀਵ ਹੁੰਦੀਆਂ ਹਨ। ਪੰਜਾਬ ਵਿਚ ਇਹ ਦੁਖਾਂਤ ਕਿਉਂ ਵਾਪਰਿਆ, ਨਾਵਲਕਾਰ ਨੇ ਇਸ ਬਾਰੇ ਵੀ ਨਾਵਲ ਵਿਚ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। ਨਾਵਲੀ ਬਿਰਤਾਂਤ 30 ਕਾਂਡਾਂ ਵਿਚ ਵੰਡਿਆ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਲੇਖਕ : ਇੰਜੀਨੀਅਰ ਬਲਦੇਵ ਸਿੰਘ
ਪ੍ਰਕਾਸ਼ਕ : ਅਸਤਿਤਵਾ ਪ੍ਰਕਾਸ਼ਨ, ਬਿਲਾਸਪੁਰ (ਛੱਤੀਸਗੜ੍ਹ)
ਮੁੱਲ : 450 ਰੁਪਏ, ਸਫ਼ੇ : 321
ਸੰਪਰਕ : 087280-11335.


ਹਥਲੀ ਪੁਸਤਕ ਦੇ ਲੇਖਕ ਦਾ ਪਹਿਲਾ ਉੱਦਮ ਹੈ। ਲੇਖਕ ਮੁਤਾਬਿਕ ਉਸ ਨੂੰ ਇਹ ਬੇਸ਼ਕੀਮਤੀ ਪੁਸਤਕ ਨੂੰ ਸੰਪੂਰਨ ਕਰਨ ਲਈ ਚਾਰ ਸਾਲ ਦਾ ਸਮਾਂ ਲੱਗਾ। ਲੇਖਕ ਅਨੁਸਾਰ ਜਦੋਂ ਵੀ ਕਦੇ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਕਰਨ ਦਾ ਵਰਨਣ ਹੁੰਦਾ ਹੈ ਤਾਂ ਇਸ ਦਾ ਮਤਲਬ ਜਿਊਂਦੇ ਜਾਗਦੇ ਮਨੁੱਖ ਨੂੰ ਸਤਿਗੁਰੂ ਵਜੋਂ ਪੇਸ਼ ਕੀਤਾ ਜਾਂਦਾ ਹੈ, ਜੋ ਆਪਣੇ ਮੂੰਹੋਂ ਬੋਲੇ ਸ਼ਬਦਾਂ ਨਾਲ ਗਿਆਨ ਅਤੇ ਸਿੱਖਿਆ ਦੇ ਕੇ ਜਗਿਆਸੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ। ਕਈ ਵਾਰ ਅਜਿਹੇ ਸ਼ਰਧਾਲੂਆਂ ਵਲੋਂ ਅਜਿਹੇ ਸਤਿਗੁਰੂ ਤੋਂ ਬਿਨਾਂ ਹੋਰ ਕੁਝ ਚਿਤਵਿਆ ਵੀ ਨਹੀਂ ਜਾਂਦਾ। ਅਜਿਹੇ ਸ਼ਰਧਾਲੂ ਵਿਅਕਤੀ ਇਹ ਸਮਝਦੇ ਹਨ, ਕਿਸੇ ਖ਼ਾਸ ਸ਼ਬਦ ਦਾ ਸਿਮਰਨ ਕਰਕੇ ਹੀ ਉਨ੍ਹਾਂ ਦਾ ਭਲਾ ਹੋ ਰਿਹਾ ਹੈ। ਇਸ ਪੁਸਤਕ ਦਾ ਵਿਸ਼ਾ-ਵਸਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਸਤਿਗੁਰੂ ਤੇ ਜਾਗਤਿ-ਜੋਤ ਸਤਿਗੁਰੂ ਵਜੋਂ ਪੇਸ਼ ਕਰਨ ਦਾ ਸਫਲ ਤੇ ਨਿਵੇਕਲਾ ਯਤਨ ਹੈ। ਲੇਖਕ ਵਲੋਂ ਪੁਸਤਕ ਨੂੰ 28 ਭਾਗਾਂ ਵਿਚ ਵੰਡ ਕੇ ਗੁਰਬਾਣੀ ਵਿਚੋਂ ਪ੍ਰਮਾਣ ਦੇ ਕੇ ਵਿਚਾਰਾਂ ਦੀ ਪੁਸ਼ਟੀ ਕੀਤੀ ਗਈ ਹੈ।
ਪੁਸਤਕ ਦੇ ਇਨ੍ਹਾਂ ਵੱਖ-ਵੱਖ ਭਾਗਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਸਥਾਪਤ ਕਰਨ ਦਾ ਉਦੇਸ਼, ਗੁਰਬਾਣੀ ਸਿਧਾਂਤ, ਪਰਮਾਤਮਾ ਦਾ ਸਰੂਪ ਅਤੇ ਗੁਣ, ਸ੍ਰਿਸ਼ਟੀ ਰਚਨਾ, ਸਥੂਲ ਸਰੀਰ ਅਤੇ ਜੀਵ ਆਤਮਾ ਦੀ ਰਚਨਾ, ਤਿੰਨ ਗੁਣੀ ਮਾਇਆ ਦੀ ਰਚਨਾ, ਜੀਵ ਆਤਮਾ ਦੀ ਹਊਮੈ, ਜੀਵ ਆਤਮਾ ਕਰਮਬੰਧ ਕਿਵੇਂ ਹੁੰਦੀ ਹੈ? ਕਰਮਬੰਧ ਜੀਵ ਆਤਮਾ ਦਾ ਕਰਮਫਲ, ਮਨੁੱਖ ਦਾ ਕੋਈ ਕਰਮ ਪਰਮਾਤਮਾ ਤੋਂ ਲੁਕਦਾ ਨਹੀਂ, ਕਰਮ ਜੀਵ ਆਤਮਾ ਦੇ ਨਾਲ ਚਲਦੇ ਹਨ। ਪਰਮਾਤਮਾ ਜੀਵ ਆਤਮਾ ਦੇ ਕਰਮਾਂ ਅਨੁਸਾਰ ਨਿਆਂ ਕਰਦਾ ਹੈ। ਜੀਵ ਆਤਮਾ ਕਰਮਾਂ ਦੇ ਮੁਤਾਬਿਕ ਦੁੱਖ-ਸੁੱਖ ਭੋਗਦੀ ਹੈ, ਮਨੁੱਖ ਜੀਵ ਆਤਮਾ ਦੀ ਪ੍ਰਵਿਰਤੀ ਦੀ ਪ੍ਰੇਰਨਾ ਅਨੁਸਾਰ ਕਰਮ ਕਮਾਉਂਦਾ ਹੈ, ਜੀਵ ਆਤਮਾ ਦੇ ਕਮਾਏ ਕਰਮ ਮਿਟਦੇ ਨਹੀਂ, ਜੀਵ ਆਤਮਾ ਦੀ ਹਊਮੈ ਕਿਵੇਂ ਖ਼ਤਮ ਹੋਵੇ, ਸਤਿਗੁਰੂ ਦਾ ਸ਼ਬਦ (ਗੁਰ ਸ਼ਬਦ), ਸਿੱਖ ਧਰਮ ਅਤੇ ਮਨੁੱਖਾ ਜੀਵਨ, ਜੀਵਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ ਭੂਮਿਕਾ ਅਤੇ ਇਨ੍ਹਾਂ ਦਾ ਵਿਕਾਰੀ ਰੂਪ, ਪਰਮਾਤਮਾ ਦਾ ਭੈਅ (ਡਰ) ਅਤੇ ਭਾਉ (ਪਿਆਰ) ਅਤੇ ਜੀਵਨ ਮੁਕਤ ਹੋਣਾ, ਦੇਵੀ-ਦੇਵਤਿਆਂ ਦੀ ਪੂਜਾ ਤੇ ਤੀਰਥ ਭਰਮਣ, ਪ੍ਰਚੱਲਿਤ ਧਾਰਮਿਕ ਪਰੰਪਰਾਵਾਂ ਅਤੇ ਸਹਿਜ ਭਗਤੀ, ਮਨੁੱਖਾ ਦੇਹ, ਭੂਤ-ਪ੍ਰੇਤ ਤੇ ਜਾਦੂ-ਟੂਣਾ, ਤਿੰਨ ਗੁਣੀ ਮਾਇਆ ਦੇ ਬੰਧਨ ਅਤੇ ਚੌਥਾ ਪਦ, ਨਾਮ ਸਿਮਰਨ ਦਾ ਵੇਲਾ, ਨਾਮ ਸਿਮਰਨ ਅਤੇ ਗੁਰਮੁਖਿ ਮਨੁੱਖ, ਮਾਇਆ ਅਤੇ ਮਨਮੁੱਖ ਮਨੁੱਖ, ਗੁਰਬਾਣੀ ਦੁਆਰਾ ਪਰਮਾਤਮਾ ਦਾ ਸਿਮਰਨ ਸ਼ਾਮਿਲ ਕਰਕੇ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਗਈ ਹੈ।
ਪੁਸਤਕ ਵਿਚ ਲੇਖਕ ਨੇ ਦ੍ਰਿੜ੍ਹਤਾ ਨਾਲ ਇਸ ਵਿਚਾਰ ਅਤੇ ਫਲਸਫ਼ੇ ਨੂੰ ਦਰਸਾਉਣ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਜਗਤ ਵਿਚ ਚਾਨਣ ਦੀ ਤਰ੍ਹਾਂ ਹੈ, ਜੋ ਮਨੁੱਖ-ਮਾਤਰ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖ਼ਤਮ ਕਰਕੇ, ਮਨੁੱਖ ਨੂੰ ਮਾਇਆ ਦੇ ਮੋਹ ਵਿਚ ਫਸ ਕੇ ਜੀਵਨ ਵਿਅਰਥ ਨਾ ਗਵਾਉਣ ਦੀ ਸੋਝੀ ਅਤੇ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦੀ ਹੈ, ਪਰ ਮਨੁੱਖੀ ਮਨ ਦੀ ਕਮਜ਼ੋਰੀ ਹੈ, ਉਹ ਗੁਰਬਾਣੀ ਦੇ ਉਪਦੇਸ਼ ਨੂੰ ਉਸ ਸਮੇਂ ਮੰਨਦਾ ਹੈ ਜਦੋਂ ਉਸ ਦੇ ਕਰਮ ਅਤੇ ਭਾਗ ਚੰਗੇ ਹੋਣ।
ਲੇਖਕ ਗੁਰਬਾਣੀ ਵਿਚੋਂ ਹਵਾਲੇ ਦੇ ਕੇ, ਸਤਿਗੁਰੂ ਦੀ ਪ੍ਰਾਪਤੀ ਲਈ ਹਰ ਵਿਅਕਤੀ ਨੂੰ ਇਹ ਗੱਲ ਆਖਣ ਲਈ ਦ੍ਰਿੜ੍ਹ-ਵਿਸ਼ਵਾਸੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਥਾਂ-ਪੁਰ-ਥਾਂ ਭਟਕਣ ਦੀ ਕੋਈ ਲੋੜ ਨਹੀਂ, ਸਗੋਂ ਸਹਿਜੇ ਹੀ ਗੁਰ-ਸ਼ਬਦ ਦਾ ਸਿਮਰਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ। ਲੇਖਕ ਦੀ ਘਾਲਣਾ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਨੇ ਇਸ ਗਹਿਰ-ਗੰਭੀਰ ਵਿਸ਼ੇ ਉੱਪਰ ਲਗਾਤਾਰ ਮਿਹਨਤ ਕਰਕੇ ਗੁਰਮਤਿ ਦੇ ਖੋਜੀ ਪਾਠਕਾਂ ਦਾ ਮਾਰਗ-ਦਰਸ਼ਨ ਕੀਤਾ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040
c c c


ਕਹਾਣੀਧਾਰਾ

(ਜਨਵਰੀ- ਜੂਨ 2022)
'ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ'
ਸੰਪਾਦਕ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਸੰਪਾਦਕ ਆਪ, ਜਲੰਧਰ
ਮੁੱਲ : 100 ਰੁਪਏ, ਸਫ਼ੇ : 240
ਸੰਪਰਕ : 94170-64350.


ਤ੍ਰੈਮਾਸਿਕ 'ਕਹਾਣੀਧਾਰਾ' ਦੇ ਅੰਕ ਨੰ. 64-65 ਲਈ ਇੱਕੋ ਅੰਕ (ਜਨਵਰੀ- ਜੂਨ 2022) ਪ੍ਰਕਾਸ਼ਿਤ ਕੀਤਾ ਗਿਆ ਹੈ, ਜੋ ਤੀਜੀ ਪੀੜ੍ਹੀ ਦੇ ਮਹੱਤਵਪੂਰਨ ਕਥਾਕਾਰ ਪ੍ਰੇਮ ਗੋਰਖੀ (15.6.1947-25.4.2021) ਦੇ ਜੀਵਨ ਤੇ ਸਾਹਿਤਕਾਰੀ ਨਾਲ ਵਾਹਬਾਸਤਾ ਹੈ। ਇਸ ਪੱਤ੍ਰਿਕਾ ਵਿਚ ਸਾਰੀਆਂ ਹੀ ਲਿਖਤਾਂ ਪ੍ਰੇਮ ਗੋਰਖੀ ਨਾਲ ਸੰਬੰਧਿਤ ਹਨ। ਸੰਪਾਦਕੀ (ਭਗਵੰਤ ਰਸੂਲਪੁਰੀ); ਗੱਲਬਾਤ (ਗੁਰਬਚਨ ਸਿੰਘ ਭੁੱਲਰ, ਜਿੰਦਰ, ਦਵਾਰਕਾ ਭਾਰਤੀ, ਲਕਸ਼ਮੀ ਨਰਾਇਣ ਭੀਖੀ, ਜਸਬੀਰ ਕਲਸੀ); ਸ਼ਬਦ ਚਿੱਤਰ (ਜਿੰਦਰ, ਮੋਹਨ ਫਿਲੌਰੀਆ, ਭਗਵੰਤ ਰਸੂਲਪੁਰੀ, ਦਵਿੰਦਰ ਮੰਡ, ਸੁਰਿੰਦਰ ਸੋਹਲ, ਗੁਰਮੀਤ ਕੜਿਆਲਵੀ, ਮਨਮੋਹਨ ਸਿੰਘ ਦਾਊਂ, ਕੇ.ਕੇ. ਰੱਤੂ, ਮੁਖਤਿਆਰ ਸਿੰਘ, ਕੁਲਬੀਰ ਬਡੇਸਰੋਂ, ਲਕਸ਼ਮੀ ਨਰਾਇਣ ਭੀਖੀ, ਅੰਮ੍ਰਿਤ ਦੀਵਾਨਾ, ਮੇਜਰ ਮਾਂਗਟ, ਕੇਹਰ ਸ਼ਰੀਫ, ਦਵਿੰਦਰ ਬਿਮਰਾ, ਨਵਰੂਪ ਕੌਰ, ਨਿਰਪਾਲ ਕੌਰ, ਸੋਨਿਕਾ ਸਿੰਘ- ਪਿਛਲੀਆਂ ਤਿੰਨ ਗੋਰਖੀ ਦੀਆਂ ਬੇਟੀਆਂ); ਚਿੱਠੀਆਂ (ਜਸਬੀਰ ਭੁੱਲਰ, ਸੁਰਿੰਦਰ ਸੋਹਲ, ਮਲੂਕ ਚੰਦ ਕਲੇਰ); ਸਵੈ- ਕਥਨ (ਗੋਰਖੀ ਵਲੋਂ ਆਪਣੀ ਸਿਰਜਣ-ਪ੍ਰਕਿਰਿਆ ਬਾਰੇ 18 ਲੇਖ); ਪ੍ਰੇਮ ਗੋਰਖੀ ਅਧਿਐਨ (ਰਘੁਬੀਰ ਸਿੰਘ, ਗੁਰਮੇਲ ਸਿੰਘ, ਜੇ.ਬੀ. ਸੇਖੋਂ, ਪਰਮਜੀਤ ਢੀਂਗਰਾ, ਚੰਦਰਮੋਹਨ, ਸੰਤੋਖ ਸਿੰਘ, ਮੀਨਾਕਸ਼ੀ ਰਾਠੌਰ, ਹਰਨੇਕ ਕਲੇਰ, ਸੁਖਪਾਲ ਕੌਰ, ਪਰਗਟ ਸਿੰਘ ਟਿਵਾਣਾ, ਮਨਮੋਹਨ ਕੌਰ) ਅਤੇ ਅੰਤ ਵਿਚ ਪ੍ਰੇਮ ਗੋਰਖੀ ਦੀ ਇਕ ਕਹਾਣੀ 'ਜੀਣ ਮਰਨ' ਵੀ ਸ਼ਾਮਿਲ ਹੈ।
ਸੰਪਾਦਕੀ ਦੇ ਅੰਤਰਗਤ ਭਗਵੰਤ ਰਸੂਲਪੁਰੀ ਨੇ ਕੁਝ ਪ੍ਰਸ਼ਨ ਉਠਾਏ ਹਨ ਗੋਰਖੀ ਦੀ ਕਿਤਾਬ ਦਾ ਕੋਈ ਦੂਜਾ ਐਡੀਸ਼ਨ ਕਿਉਂ ਨਹੀਂ ਛਪਿਆ? ਉਸ ਬਾਰੇ ਆਲੋਚਨਾ ਦੀ ਪੁਸਤਕ ਕਿਉਂ ਨਹੀਂ ਛਪੀ? ਉਸ ਨੂੰ ਕੋਈ ਵੱਡਾ ਵੱਕਾਰੀ ਇਨਾਮ ਕਿਉਂ ਨਹੀਂ ਮਿਲਿਆ? ਉਸ ਨੂੰ ਸਿਲੇਬਸ ਵਿਚ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ?- ਵਾਕਈ ਇਹ ਸਵਾਲ ਬਹੁਤ ਅਹਿਮ ਹਨ, ਜਿਨ੍ਹਾਂ ਦੇ ਜਵਾਬ ਲੱਭਣ ਦੀ ਚੇਸ਼ਟਾ ਵੀ ਕਰਨੀ ਬਣਦੀ ਹੈ।
ਇਸ ਸਮੁੱਚੀ ਪੱਤ੍ਰਿਕਾ ਵਿਚ ਪ੍ਰਕਾਸ਼ਿਤ ਸਮੱਗਰੀ ਤੇ ਲਿਖਤਾਂ ਦੁਆਰਾ ਪ੍ਰੇਮ ਗੋਰਖੀ ਦੀ ਜ਼ਿੰਦਗੀ ਅਤੇ ਸਾਹਿਤ ਨੂੰ ਗੰਭੀਰਤਾ ਨਾਲ ਸਮਝਿਆ ਜਾ ਸਕਦਾ ਹੈ। ਰਸੂਲਪੁਰੀ ਦਾ ਇਹ ਉਪਰਾਲਾ ਵਾਕਈ ਗੋਰਖੀ ਦੀ ਸਿਰਜਣ-ਪ੍ਰਕਿਰਿਆ ਨੂੰ ਸਮਝਣ ਤੇ ਜਾਣਨ ਦਾ ਸ੍ਰੇਸ਼ਟ ਮਾਧਿਅਮ ਹੈ। ਅੰਦਰਵਾਰ ਵਿਭਿੰਨ ਤਸਵੀਰਾਂ ਅਤੇ ਸਰਵਰਕ 'ਤੇ ਆਸਿਫ਼ ਰਜ਼ਾ ਦੀ ਪੇਂਟਿੰਗ, ਸਤਾਰਵੇਂ ਵਰ੍ਹੇ ਵਿਚ ਦਾਖ਼ਲ ਹੋ ਚੁੱਕੀ ਇਸ ਪੱਤ੍ਰਿਕਾ ਨੂੰ ਹੋਰ ਵੀ ਗੂੜ੍ਹਾ ਰੰਗ ਪ੍ਰਦਾਨ ਕਰਦੇ ਹਨ। ਗੋਰਖੀ ਦੀਆਂ ਕੁਝ ਕਿਤਾਬਾਂ ਦੇ ਸਰਵਰਕ ਦੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਗੁਰਬਚਨ ਸਿੰਘ ਭੁੱਲਰ ਦੀ ਲੰਮੀ ਗੱਲਬਾਤ (ਪੰਨਾ 6- 28) ਵਿਚੋਂ ਗੋਰਖੀ ਦੇ ਕਥਾ-ਰੰਗ ਦੀ ਵਿਸ਼ਾਲ ਕੈਨਵਸ ਨਜ਼ਰ ਆਉਂਦੀ ਹੈ। 240 ਪੰਨਿਆਂ ਦਾ ਇਹ ਵਿਸ਼ੇਸ਼ ਅੰਕ ਸਾਂਭਣਯੋਗ ਵੀ ਹੈ ਅਤੇ ਪੜ੍ਹਨਯੋਗ ਵੀ। ਚੰਗਾ ਹੁੰਦਾ, ਜੇਕਰ ਗੋਰਖੀ ਦੀਆਂ ਸਾਰੀਆਂ/ਮੁਕੰਮਲ ਪੁਸਤਕਾਂ ਅਤੇ ਉਸ ਨੂੰ ਮਿਲੇ ਮਾਣ-ਸਨਮਾਨ ਦੀ ਸੂਚੀ ਵੀ ਦੇ ਦਿੱਤੀ ਜਾਂਦੀ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015


ਸ਼ਾਇਰਸਤਾਨ
ਲੇਖਕ : ਅਰਸ਼ਦੀਪ ਸਮਾਘ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭੀਖੀ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98120-27350.


ਸ਼ਾਇਰਸਤਾਨ ਅਰਸ਼ਦੀਪ ਸਮਾਘ ਦੀ ਪਲੇਠੀ ਪੁਸਤਕ ਹੈ ਜੋ ਪੰਜਾਬੀ ਸੱਥ ਮੈਲਬੌਰਨ ਦੇ ਸਹਿਯੋਗ ਨਾਲ ਕੁਲਜੀਤ ਕੌਰ ਗ਼ਜ਼ਲ ਅਤੇ ਜੈਸਮੀਨ ਕੌਰ ਪਨੂੰ ਦੇ ਯਤਨਾਂ ਨਾਲ ਛਪਵਾਈ ਗਈ। ਇਸ ਪੁਸਤਕ ਵਿਚ ਨੌਜਵਾਨ ਕਵੀ ਅਰਸ਼ਦੀਪ ਉਰਫ਼ ਆਰ.ਡੀ. ਨੇ ਸਮਾਜਿਕ ਵਿਸ਼ਿਆਂ ਬਾਰੇ ਆਪਣੇ ਭਾਵ ਪ੍ਰਗਟ ਕੀਤੇ ਹਨ। ਉਹ ਮਾਂ-ਬੋਲੀ ਪੰਜਾਬੀ ਨੂੰ ਨਤਮਸਤਕ ਹੁੰਦਾ ਹੋਇਆ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਆਪਣੇ ਫ਼ਰਜ਼ ਨੂੰ ਪਛਾਣਦਾ ਹੈ।
ਜਿਹਦੇ ਸਿਰ 'ਤੇ ਹਾਂ ਅਸੀਂ ਜੀਂਵਦੇ
ਜੀਹਦੇ ਸਿਰ 'ਤੇ ਨਿਕਲੇ ਜਾਨ
ਸਾਡੀ ਮਾਂ-ਬੋਲੀ ਹੀ ਹੋਂਦ ਹੈ।
ਸਾਡੀ ਬੋਲੀ ਹੀ ਹੈ ਸ਼ਾਨ। (ਪੰਨਾ 18)
ਉਹ ਸਿਆਸਤ ਦੇ ਬਦਲਦੇ ਰੰਗ, ਪ੍ਰਕਿਰਤੀ ਨਾਲ ਮਨੁੱਖ ਦੀ ਸਾਂਝ, ਪ੍ਰਦੇਸ ਵਸਦੇ ਪੁੱਤ ਲਈ ਤੜਪਦੀਆਂ ਮਾਵਾਂ ਆਦਿ ਵਿਸ਼ਿਆਂ ਬਾਰੇ ਬੜੀ ਸੰਵੇਦਨਾ ਨਾਲ ਕਾਵਿ ਸਿਰਜਣਾ ਕਰਦਾ ਹੈ। ਪ੍ਰਕਿਰਤੀ ਉਸ ਨੂੰ ਹੈਰਾਨ ਵੀ ਕਰਦੀ ਹੈ ਤੇ ਮਨੁੱਖ ਨੂੰ ਅਸ਼ੀਰਵਾਦ ਦਿੰਦੀ ਨਜ਼ਰ ਵੀ ਆਉਂਦੀ ਹੈ। ਕੁਦਰਤ ਦੇ ਰੰਗ ਕਵਿਤਾ ਵੇਖੀ ਜਾ ਸਕਦੀ ਹੈ। ਉਹ ਸਮਕਾਲੀ ਸਮਾਜ ਵਿਚ ਆ ਰਹੀ ਗਿਰਾਵਟ ਪ੍ਰਤੀ ਚਿੰਤਾ ਜ਼ਾਹਰ ਕਰਦਾ ਹੋਇਆ ਨਵ ਸਮਾਜ ਦੀ ਉਸਾਰੀ ਦਾ ਸੁਪਨ ਲੈਂਦਾ ਹੈ। ਗ਼ਰੀਬੀ, ਬੇਕਾਰੀ ਅਤੇ ਕਰਜ਼ੇ ਦੀ ਲਾਹਨਤ ਨਾਲ ਹਾਲੋ-ਬੇਹਾਲ ਹੋਏ ਆਮ ਮਨੁੱਖ ਦੇ ਜਜ਼ਬਿਆਂ ਨੂੰ ਕਵੀ ਅਰਸ਼ਦੀਪ ਨੇ ਜ਼ਬਾਨ ਦਿੱਤੀ ਹੈ। 'ਸੋਚ' ਕਵਿਤਾ ਵਕਤ, ਦਰਪਣ, ਗ਼ਰੀਬਾਂ ਦੀ ਸਰਕਾਰ, ਇਸ ਸੰਬੰਧੀ ਵੇਖੀਆਂ ਜਾ ਸਕਦੀਆਂ ਹਨ। ਸੂਚਨਾ ਤਕਨਾਲੋਜੀ ਦੇ ਆਉਣ ਨਾਲ ਬਦਲਦੇ ਸਮਾਜ ਦੀ ਤਸਵੀਰ ਵਿਚ ਚਿੱਠੀਆਂ ਦਾ ਖ਼ਤਮ ਹੋਣਾ ਅਤੇ ਸਵੈ-ਕੇਂਦਰਿਤ ਹੋ ਰਹੇ ਮਨੁੱਖ ਦਾ ਆਪਾ ਚਿੱਤਰਿਆ ਹੈ। 'ਮੈਂ ਤੇ ਬਾਪੂ' ਉਸ ਦੀ ਬੜੀ ਸੰਵੇਦਨਸ਼ੀਲ ਰਚਨਾ ਹੈ। ਪੰਜਾਬ ਦੇ ਜਾਏ, ਮੇਰੇ ਦੋ ਪੰਜਾਬ, ਖ਼ੈਰ ਖਵਾਹ ਆ ਪੰਜਾਬ ਆ ਵੀ ਉਸ ਦੀਆਂ ਸਲਾਹੁਣਯੋਗ ਕਵਿਤਾਵਾਂ ਹਨ। ਉਹ ਕਿਸਾਨੀ ਸੰਘਰਸ਼ ਬਾਰੇ ਬੜੀ ਆਸ਼ਾਵਾਦੀ ਕਾਵਿ ਰਚਨਾ ਕਰਦਾ ਹੋਇਆ ਲਿਖਦਾ ਹੈ :
ਬਾਬੇ ਸਾਡੇ ਹੁਣ ਤੱਕ ਕਿਸਮਤ ਸੀ ਪੜ੍ਹਦੇ
ਹੌਲੀ-ਹੌਲੀ ਸਿਆਸਤ ਵੀ ਤੇਰੀ ਪੜ੍ਹਦੇ ਜਾ ਰਹੇ....।
'ਮੇਰੇ ਖੇਤ ਵੀ ਗੱਲਾਂ ਕਰਦੇ' ਕਵੀ ਦੀ ਕਿਰਸਾਨ ਦੁਆਰਾ ਉਗਾਈਆਂ ਜਾਂਦੀਆਂ ਫ਼ਸਲਾਂ ਦੇ ਸੰਦਰਭ ਵਿਚ ਕਵੀ ਦੁਆਰਾ ਲਿਖੀ ਜਾਂਦੀ ਕਵਿਤਾ ਨਾਲ ਤੁਲਨਾਈ ਗਈ ਹੈ। ਇਹ ਕਵੀ ਦੀ ਉੱਤਮ ਸਿਰਜਣਾ ਹੈ। ਮਾਡਰਨ ਜ਼ਮਾਨਾ, ਸਿਵੇ ਬਲਦੇ ਰਹਿਣਗੇ, ਸ਼ਾਇਰਸਤਾਨ, ਸੁਪਨਾ, ਚਮਕਦੇ ਸਿਤਾਰੇ, ਜਿਨ੍ਹਾਂ ਨੇ ਵਿਦੇਸ਼ ਪੁੱਤ ਤੋਰੇ ਵੀ ਬਹੁਤ ਖ਼ੂਬਸੂਰਤ ਰਚਨਾਵਾਂ ਹਨ। ਕਵੀ ਅਰਸ਼ਦੀਪ ਆਪਣੇ ਰਚਨਾ ਸੰਸਾਰ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕਰਦਾ ਹੈ। ਉਸ ਕੋਲ ਬੌਧਿਕ ਸਮਝ ਵੀ ਹੈ ਅਤੇ ਕਾਵਿਕ ਪ੍ਰਤਿਭਾ ਵੀ। ਭਵਿੱਖ ਵਿਚ ਇਸ ਨੌਜਵਾਨ ਸ਼ਾਇਰ 'ਤੇ ਬਹੁਤ ਉਮੀਦਾਂ ਹਨ। ਉਸ ਨੇ ਨਾਰੀ ਮਨ ਦੇ ਜਜ਼ਬੇ ਵੀ ਬਿਆਨ ਕੀਤੇ ਹਨ। 'ਮੇਰੇ ਦੇਸ਼ ਦੀ ਨਾਰੀ' ਕਵਿਤਾ ਇਸ ਪ੍ਰਸੰਗ ਵਿਚ ਵੇਖੀ ਜਾ ਸਕਦੀ ਹੈ। ਇਸ ਪੁਸਤਕ ਲਈ ਬਹੁਤ ਮੁਬਾਰਕਬਾਦ।


ਪ੍ਰੋ. ਕੁਲਜੀਤ ਕੌਰ।
c c c


ਇਕ ਰਾਤ ਉਧਾਰੀ

ਨਾਵਲਕਾਰਾ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 95019-80201.


ਕਹਾਣੀਕਾਰਾ, ਕਵਿੱਤਰੀ, ਸਫ਼ਰਨਾਮਾ ਲੇਖਕ ਅਤੇ ਨਾਵਲਕਾਰਾ ਰਾਜਬੀਰ ਰੰਧਾਵਾ ਤੀਸਰੇ ਨਾਵਲ 'ਇਕ ਰਾਤ ਉਧਾਰੀ' ਨਾਲ ਪਾਠਕਾਂ ਦੇ ਰੂਬਰੂ ਹੋਈ ਹੈ। ਰਾਜਬੀਰ ਇਕ ਪ੍ਰੌੜ੍ਹ ਅਤੇ ਪ੍ਰਪੱਕ ਲੇਖਿਕਾ ਹੈ। 'ਇਕ ਰਾਤ ਉਧਾਰੀ' ਨਾਵਲ ਇਕ ਚਰਿੱਤਰ ਪ੍ਰਧਾਨ ਨਾਵਲ ਹੈ ਜਿਸ ਵਿਚ 'ਸੋਨਾ' ਨਾਂਅ ਦੀ ਪਾਤਰ ਉਸ ਦੇ ਬਚਪਨ, ਸਕੂਲੀ ਤੇ ਕਾਲਜ ਦੇ ਜੀਵਨ, ਵਿਆਹ, ਇਕ ਸਾਹਿਤਕਾਰ, ਫੇਸਬੁੱਕੀ ਕਿਰਦਾਰ, ਸਹੇਲੀਆਂ ਦੀ ਪੱਕੀ ਸਹੇਲੜੀ ਦੇ ਮਰਦਾਂ ਲਈ ਸਾਹਿਬਾਂ, ਸਨਮਾਨਯੋਗ, ਜ਼ਿੰਦਗੀ ਨੂੰ ਹਰ ਹੀਲੇ ਮਾਣਨ ਵਾਲੀ ਔਰਤ ਹੈ ਜੋ 'ਮਾਣੀ' ਦੇ ਪਤੀ ਤੋਂ ਬੇਟਾ ਪੈਦਾ ਕਰਕੇ ਉਸ ਦਾ ਪਰਿਵਾਰ ਟੁੱਟਣੋਂ ਬਚਾ ਲੈਂਦੀ ਹੈ। ਅਜਿਹਾ ਕਿਰਦਾਰ ਪਾਠਕਾਂ ਨੂੰ ਕੀਲ ਲੈਣ ਦੇ ਸਮਰੱਥ ਹੈ। ਸੋਨਾ ਦਾ ਹਰਦੀਪ ਨਾਲ ਵਿਆਹ, ਫਿਰ ਉਸ ਦੀ ਜ਼ਿੰਦਗੀ ਵਿਚ ਫੇਸਬੁੱਕ ਤੇ ਅਲੀ ਸਿੰਗਰ, ਬੋਬ, ਰਤਨੀਸ਼ ਜਿਹੇ ਕਈ ਕਲਾਕਾਰ, ਜਿੰਦਾ ਦਿਲ ਤੇ ਸਤਿਕਾਰ ਕਰਨ ਵਾਲੇ ਮਰਦ ਪਾਤਰ ਆਉਂਦੇ ਹਨ। ਉਸ ਦੀ ਸ਼ਾਇਰਾਨਾ ਤਬੀਅਤ, ਕਲਾ ਪ੍ਰੇਮਣ, ਕੁਦਰਤ ਨਾਲ ਪਿਆਰ, ਪਿੰਡ ਦੀਆਂ ਜੜ੍ਹਾਂ ਨਾਲ ਜੁੜੀ ਸਰਬਗਿਆਨੀ ਤੇ ਸਰਬਵਿਆਪੀ ਪਾਤਰ ਹੈ। ਨਾਵਲਕਾਰਾ ਨੇ 'ਸੋਨਾ' ਪਾਤਰ ਦੀ ਵਿਲੱਖਣ ਸ਼ਖ਼ਸੀਅਤ ਦਾ ਚਿਤਰਨ ਕਰਦਿਆਂ ਨਾਲੋ-ਨਾਲ ਸਿੰਘੂ ਬਾਰਡਰ 'ਤੇ ਕਿਸਾਨੀ ਘੋਲ, ਘਰਾਂ ਦੀ ਜਾਇਦਾਦ ਵੰਡ ਦਾ ਦੁਖਾਂਤ, ਔਰਤਾਂ 'ਤੇ ਪਤੀ ਦਾ ਤਸ਼ੱਦਦ, ਮੋਬਾਈਲ ਫੋਨ ਦਾ ਔਰਤ-ਮਰਦ ਦੀ ਜ਼ਿੰਦਗੀ 'ਤੇ ਪ੍ਰਭਾਵ, ਬੀਨਾ ਵਕੀਲਣੀ ਦਾ ਦੁਖਾਂਤ, ਵਟਸਐਪ-ਫੇਸਬੁੱਕ 'ਤੇ ਪਨਪਦੇ ਰਿਸ਼ਤੇ, ਉਨ੍ਹਾਂ ਦਾ ਛਿਣਭੰਗਰੀ ਪਿਆਰ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਤਾਸੀਰ ਦੀ ਗੱਲ ਆਦਿ ਨਾਲ ਬਹੁਤ ਹੀ ਗੁੰਦਵੀਂ ਗੋਂਦ ਰਚੀ ਗਈ ਹੈ। ਇਹ ਨਾਵਲ ਜਿਥੇ ਪੰਜਾਬ, ਭਾਰਤ ਅਤੇ ਵਿਦੇਸ਼ੀ ਸੱਭਿਆਚਾਰ ਨਾਲ ਸੰਵਾਦ ਰਚਾਉਂਦਾ ਹੈ, ਉਥੇ ਇਨ੍ਹਾਂ ਦਾ ਇਕ-ਦੂਸਰੇ 'ਤੇ ਪ੍ਰਭਾਵ ਅਤੇ ਪੈਦਾ ਹੋ ਰਹੇ ਰਲੇ-ਮਿਲੇ ਸੱਭਿਆਚਾਰ ਦੀ ਤਰਜਮਾਨੀ ਵੀ ਕਰਦਾ ਹੈ। ਨਾਵਲ ਵਿਚ ਕਈ ਥਾਂ ਸ਼ਾਇਰ-ਓ-ਸ਼ਾਇਰੀ ਪੇਸ਼ ਕਰਕੇ ਕਥਾਨਕ ਨੂੰ ਕਾਵਿਕਤਾ ਪ੍ਰਦਾਨ ਕੀਤੀ ਗਈ ਹੈ। ਭਾਸ਼ਾ ਪੰਜਾਬੀ, ਹਿੰਦੀ, ਅੰਗਰੇਜ਼ੀ ਸਥਾਨ ਅਤੇ ਪਾਤਰਾਂ ਮੁਤਾਬਿਕ ਵਰਤੀ ਗਈ ਹੈ। ਨਾਵਲਕਾਰਾ ਨਾਵਲ ਵਿਚ ਆਪਣੇ ਧਰਮ, ਗੁਰੂਆਂ ਆਦਿ ਪ੍ਰਤੀ ਬਹੁਤ ਸਤਿਕਾਰ ਅਤੇ ਪ੍ਰੇਮ ਦਰਸਾਉਂਦੀ ਹੈ। ਨਾਵਲ ਰੌਚਿਕਤਾ, ਜਿਗਿਆਸਾ, ਜਾਣਕਾਰੀ ਨਾਲ ਭਰਪੂਰ ਹੈ। ਅੰਤ ਵਿਚ 'ਸੋਨਾ' ਦੀ ਮੌਤ ਪਾਠਕ ਨੂੰ ਉਦਾਸ ਕਰ ਜਾਂਦੀ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਚਾਹਨਾਮਾ

ਲੇਖਕ : ਕਾਕੂਜ਼ੋ ਓਕਾਕੁਰਾ
ਅਨੁਵਾਦਕ : ਹਰਪਾਲ ਸਿੰਘ ਪੰਨੂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94642-51454.


ਪੰਜਾਬੀ ਸਾਹਿਤ ਵਿਚ ਡਾ. ਹਰਪਾਲ ਸਿੰਘ ਪੰਨੂ ਦਾ ਇਕ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਦਿੱਬ-ਦ੍ਰਿਸ਼ਟੀ ਬ੍ਰਹਿਮੰਡੀ ਹੈ। ਸਿੱਖ ਧਰਮ, ਗੁਰਬਾਣੀ, ਜਨਮ ਸਾਖੀਆਂ ਦੀ ਵਿਆਖਿਆ ਅਤੇ ਅਨੁਵਾਦ ਦੇ ਖੇਤਰ ਵਿਚ ਉਨ੍ਹਾਂ ਦਾ ਕੀਤਾ ਨਿੱਗਰ ਕਾਰਜ ਬਹੁਤ ਵਡਿਆਈ ਯੋਗ ਹੈ। ਹਥਲੀ ਪੁਸਤਕ 'ਚਾਹਨਾਮਾ' ਤੋਂ ਪਹਿਲਾਂ ਉਨ੍ਹਾਂ ਨੇ ਕਿੰਨੇ ਹੀ ਮਿਆਰੀ ਅਨੁਵਾਦ ਕੀਤੇ ਹਨ। 'ਚਾਹਨਾਮਾ' ਪੁਸਤਕ ਬਾਰੇ ਡਾ. ਪੰਨੂ ਦੀ ਦਿਲਚਸਪੀ ਇਕ ਅਲੌਕਿਕ ਵਿਥਿਆ ਹੈ। ਪ੍ਰੋ. ਪੂਰਨ ਸਿੰਘ ਨੂੰ ਪੜ੍ਹਦਿਆਂ ਉਨ੍ਹਾਂ ਨੂੰ ਜਾਪਾਨੀ ਵਿਦਵਾਨ ਲੇਖਕ ਕਾਕੂਜ਼ੋ ਓਕਾਕੁਰਾ ਦੀ ਜਗਤ ਪ੍ਰਸਿੱਧ ਪੁਸਤਕ 'ਦ ਬੁੱਕ ਆਫ ਟੀ' ਪੜ੍ਹਨ ਦੀ ਜਗਿਆਸਾ ਪੈਦਾ ਹੋਈ। 1972 ਤੋਂ ਉਸ ਪੁਸਤਕ ਦੀ ਭਾਲ ਜਾਰੀ ਰਹੀ। ਇਸ ਪੁਸਤਕ ਦੀ ਪ੍ਰਾਪਤੀ ਲਈ ਸਾਰਾ ਬਿਰਤਾਂਤ ਅਨੁਵਾਦਕੀ ਪੜ੍ਹ ਕੇ ਹੈਰਾਨੀ ਹੁੰਦੀ ਹੈ। ਕਾਕੂਜ਼ੋ ਓਕਾਕੁਰਾ ਦੀ ਵਿਦਵਤਾ ਬਾਰੇ ਜ਼ੇਨ ਬੋਧਮਤਿ ਦੇ ਦੋ ਵਿਦਵਾਨਾਂ ਦੇਸੇਜ਼ ਤੇਤ੍ਰੋ, ਸੁਜ਼ੁਕੀ ਅਤੇ ਮਸਾਓ ਐਬੀ ਨੇ ਵੀ ਪ੍ਰਸੰਸਾ ਕੀਤੀ ਹੈ। 'ਚਾਹਨਾਮਾ' ਦੇ ਮੁੱਢ 'ਚ 'ਜਾਣ-ਪਛਾਣ' 'ਚ ਲਿਖਦਿਆਂ ਕਵੀ ਬਾਸ਼ੋ ਲਿਖਦਾ ਹੈ ਕਿ ਮਾਮੂਲੀ ਚਾਹ ਪੀਣ ਦੀ ਰਸਮ ਨੂੰ ਜਾਪਾਨ ਦਾ ਮਹਾਨਤਮ ਕਵੀ ਬਿਹਤਰੀਨ ਸ਼ਾਇਰੀ ਅਤੇ ਪੇਂਟਿੰਗ ਦੇ ਬਰਾਬਰ ਰੱਖ ਸਕਦਾ ਹੈ। ਇਹੋ ਇਸ ਪੁਸਤਕ ਦੀ ਵੱਖਰਤਾ ਤੇ ਵਿਸ਼ੇਸ਼ਤਾ ਹੈ ਕਿ ਲੇਖਕ ਨੇ ਚਾਹ ਪੈਦਾ ਕਰਨ, ਸੰਗ੍ਰਹਿਣ, ਬਣਾਉਣ ਤੇ ਪੇਸ਼ਕਾਰੀ ਦੇ ਮਾਧਿਅਮ ਰਾਹੀਂ ਚੀਨ ਤੇ ਜਾਪਾਨ ਦੇ ਵਿਦਵਾਨਾਂ ਦੀ ਜਾਣਕਾਰੀ ਦਿੰਦਿਆਂ ਬਹੁਤ ਹੀ ਦਾਰਸ਼ਨਿਕ ਗੱਲਾਂ ਦੀ ਵਿਆਖਿਆ ਕਰਕੇ ਅਚੰਭਿਤ ਕੀਤਾ ਹੈ। ਪਹਿਲਾ ਅਧਿਆਇ 'ਮਨੁੱਖਤਾ ਦਾ ਪਿਆਲਾ', ਦੂਜਾ 'ਚਾਹ ਟਕਸਾਲਾਂ', ਤੀਜਾ 'ਤਾਓਵਾਦ ਅਤੇ ਜ਼ੇਨਵਾਦ', ਚੌਥਾ 'ਚਾਹਖਾਨਾ', ਪੰਜਵਾਂ 'ਕਲਾ ਦਾ ਸੁਹਜ ਸੁਆਦ', ਛੇਵਾਂ 'ਫੁੱਲ', ਸੱਤਵਾਂ 'ਚਾਹ ਉਸਤਾਦ' ਪੁਸਤਕ ਦੀ ਸਮੁੱਚੀ ਸਮੱਗਰੀ 'ਤੇ ਕੇਂਦਰਿਤ ਹਨ। ਮਹਾਤਮਾ ਬੁੱਧ ਦਰਸ਼ਨ ਤੋਂ ਲੈ ਕੇ ਅਜੋਕੇ ਯੁੱਗ ਵਿਚ ਜ਼ੇਨਵਾਦ ਦੀ ਮਹਿਮਾ ਦਾ ਪ੍ਰਕਾਸ਼ ਤੁਹਾਡੀ ਰੂਹ ਨੂੰ ਵਿਸਮਾਦੀ ਅਵਸਥਾ ਦੇ ਦੁਆਰ ਲੈ ਜਾਂਦਾ ਹੈ। ਇਸ ਪੁਸਤਕ ਵਿਚ ਥਾਂ-ਥਾਂ ਜਾਪਾਨੀ ਤੇ ਚੀਨੀ ਅਨੇਕ ਵਿਦਵਾਨਾਂ, ਕਲਾਕਾਰਾਂ ਤੇ ਲੇਖਕਾਂ ਦੇ ਪ੍ਰਵਚਨ ਪੜ੍ਹਨ ਨੂੰ ਮਿਲਦੇ ਹਨ, ਜਿਸ ਕਾਰਨ ਇਹ ਰਚਨਾ ਚਾਹ ਦੇ ਮਾਧਿਅਮ ਰਾਹੀਂ ਪਾਠਕ ਨਾਲ ਜੀਵਨ, ਸਾਹਿਤ, ਕਲਾ ਤੇ ਸੱਭਿਆਚਾਰ ਬਾਰੇ ਮੁੱਲਵਾਨ ਵਿਚਾਰ ਸਾਂਝੇ ਕਰਦੀ ਹੈ। ਇਸੇ ਕਰਕੇ ਚਾਹ ਕੇਵਲ ਮਨੋਰੰਜਨ ਦਾ ਸਾਧਨ ਨਾ ਰਹੀ, ਆਤਮਬੋਧ ਦਾ ਤਰੀਕਾ ਬਣ ਗਈ। ਪੂਰਬ ਦਾ ਕਲਚਰ ਚਾਹ ਦੇ ਆਦਰਸ਼ਾਂ ਤੋਂ ਪਛਾਣਿਆ ਜਾਂਦਾ ਹੈ। ਜਾਪਾਨ ਵਿਚ ਓਕਾਕੁਰਾ ਅੱਜ ਵੀ ਯਾਦ ਕੀਤਾ ਜਾਂਦਾ ਹੈ ਤੇ ਲੋਕ ਉਸ ਨੂੰ ਸਤਿਕਾਰ ਵਜੋਂ ਤੇਨਸ਼ਿਕ ਆਖਦੇ ਹਨ ਭਾਵ ਰੂਹਾਨੀ ਦਿਲ, ਸਾਹਿਬ ਦਿਮਾਗ, ਹੁਸਨਲ ਚਿਰਾਗ਼। ਉਸ ਦਾ ਜਨਮ 1862 'ਚ ਯੋਕੋਹਾਮਾ ਦੇ ਵਪਾਰੀ ਪਰਿਵਾਰ 'ਚ ਹੋਇਆ। ਉਸ ਦੀ ਕਲਪਨਾ ਅਸੀਮ ਸੀ ਜਿਸ ਦਾ ਆਰਟ ਅਤੇ ਸਿੱਖਿਆ ਪ੍ਰਤੀ ਜਜ਼ਬਾ ਬੇਮਿਸਾਲ ਸੀ। ਤਾਉਵਾਦ ਦੀ ਪ੍ਰਮੁੱਖ ਦੇਣ ਉਸ ਦੇ ਸੌਂਦਰਯ ਸ਼ਾਸਤਰ ਦਾ ਜਲਵਾ ਹੈ। ਜ਼ੇਨ ਨੇ ਪੂਰਬੀ ਚਿੰਤਨ ਨੂੰ ਇਹ ਖ਼ਾਸ ਦੇਣ ਦਿੱਤੀ ਕਿ ਲੌਕਿਕ ਅਤੇ ਅਲੌਕਿਕ ਬਰਾਬਰ ਕਰ ਦਿੱਤੇ। ਜੀਵਨ ਦੀ ਛੋਟੀ ਤੋਂ ਛੋਟੀ ਘਟਨਾ ਵਿਚ ਵੱਡੀ ਤੋਂ ਵੱਡੀ ਮਹਾਨਤਾ ਲੱਭਣ ਦੀ ਬਿਰਤੀ, ਜ਼ੇਨ ਪਰੰਪਰਾ ਦਾ ਸੰਪੂਰਨ ਆਦਰਸ਼ਵਾਦ ਹੈ, ਚਾਹਵਾਦ ਹੈ। ਕਲਾ ਬਾਰੇ : ਕਲਾ ਦਾ ਪੂਰਾ ਮੁੱਲ ਉਦੋਂ ਪੈਂਦਾ ਹੈ ਜਦੋਂ ਇਹ ਸਮਕਾਲੀ ਜੀਵਨ ਉੱਪਰ ਖਰੀ ਉਤਰੇ। ਇਕ ਥਾਂ ਜ਼ਿਕਰ ਆਉਂਦਾ ਹੈ ਕਿ ਸਾਦਗੀ, ਸ਼ਾਇਸਤਗੀ ਅਤੇ ਦੁਨੀਆਦਾਰੀ ਦੇ ਜੰਜਾਲ ਤੋਂ ਮੁਕਤ ਕਰਨ ਵਾਲੀ ਪਵਿੱਤਰ ਥਾਂ ਦਾ ਨਾਂਅ ਚਾਹਖਾਨਾ ਹੈ। ਇੰਜ ਲੇਖਕ ਨੇ ਆਪਣੇ ਜੀਵਨ ਅਨੁਭਵ ਅਤੇ ਗਿਆਨ ਦੀ ਗੰਗਾ ਦੇ ਛਿੱਟੇ ਦੇ ਕੇ ਇਸ ਨੂੰ ਰੌਚਿਕ ਬਣਾ ਦਿੱਤਾ ਹੈ। ਕਾਵਿ-ਟੂਕਾਂ ਦਾ ਅਨੁਵਾਦ ਬੜਾ ਹੀ ਢੁਕਵਾਂ ਕੀਤਾ ਗਿਆ ਹੈ। 'ਫੁੱਲ' ਨਾਂਅ ਦੇ ਅਧਿਆਇ 'ਚ ਫੁੱਲਾਂ ਦੀ ਮਹਿਮਾ ਦਾ ਜ਼ਿਕਰ ਪ੍ਰਕਿਰਤੀ ਨਾਲ ਮੋਹ ਜਗਾਉਂਦਾ ਹੈ। ਲੇਖਕ ਲਿਖਦਾ ਹੈ : ਮਨੁੱਖਤਾ ਦਾ ਫੁੱਲਾਂ ਨਾਲ ਸਨੇਹ ਉਦੋਂ ਦਾ ਹੈ ਜਦੋਂ ਦੀ ਕਵਿਤਾ ਹੈ ਅਤੇ ਜਦੋਂ ਦਾ ਪਿਆਰ ਹੈ। ਅੰਤਲੇ ਅਧਿਆਇ 'ਚ ਰਿਕਯੂ ਅਤੇ ਬਾਦਸ਼ਾਹ ਤਾਇਕੋ ਦੀ ਮੁਹੱਬਤ ਦੋਸ਼ੀਆਂ ਕਾਰਨ, ਇਕ ਕਰੁਣਾਮਈ ਘਟਨਾ ਬਣ ਜਾਂਦੀ ਹੈ। ਸੱਚ ਹੈ ਜਿਸ ਨੇ ਸੁੰਦਰ ਜੀਵਨ ਜੀਵਿਆ ਉਸੇ ਨੂੰ ਸੁੰਦਰ ਮੌਤ ਨਸੀਬ ਹੁੰਦੀ ਹੈ। ਖਿੜੇ-ਮੱਥੇ ਬਾਦਸ਼ਾਹ ਦੀ ਸਜ਼ਾ ਕਬੂਲਦੇ ਰਿਕਯੂ ਆਪਣਾ-ਆਪ ਕਟਾਰ ਨਾਲ ਨਿਛਾਵਰ ਕਰ ਦਿੰਦਾ ਹੈ। ਡਾ. ਹਰਪਾਲ ਸਿੰਘ ਪੰਨੂ ਦਾ ਇਹ ਪਰਉਪਕਾਰੀ ਅਨੁਵਾਦ ਪੰਜਾਬੀ ਪਾਠਕਾਂ ਲਈ ਲਾਹੇਵੰਦ ਸਿੱਧ ਹੋਵੇਗਾ। ਢੁਕਵੀਂ ਵਾਰਤਕ ਤੇ ਉੱਤਮ ਸ਼ੈਲੀ ਪੁਸਤਕ ਦੇ ਗੁਣਾਂ 'ਚ ਵਾਧਾ ਕਰਦੀ ਹੈ। ਕਾਕੂਜ਼ੋ ਓਕਾਕੁਰਾ ਦੀ ਸ਼ਾਹਕਾਰ ਰਚਨਾ ਦਾ ਅਨੁਵਾਦ ਪ੍ਰਸੰਸਾਯੋਗ ਹੈ।


ਮਨਮੋਹਨ ਸਿੰਘ ਦਾਊਂ
ਮੋ: 98151-23900


ਗਾਉਂਦੇ ਜਜ਼ਬੇ

ਲੇਖਕ : ਸੁਦਰਸ਼ਨ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 79
ਸੰਪਰਕ : 098962-01036.


ਹਥਲੀ ਪੁਸਤਕ 'ਗਾਉਂਦੇ ਜਜ਼ਬੇ' ਨਾਮਵਰ ਸਾਹਿਤਕਾਰ ਸੁਦਰਸ਼ਨ ਗਾਸੋ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਕਵੀ ਨੂੰ ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖਣਾ ਅਤੇ ਉਨ੍ਹਾਂ 'ਚ ਰੰਗ ਭਰਨਾ ਚੰਗਾ ਲਗਦਾ ਹੈ। ਸ਼ਾਇਰ ਅਨੁਸਾਰ ਮਸਤਕ 'ਚ ਰਾਵਣ ਦੀ ਸੋਚ ਭਰ ਕੇ ਰਾਮ ਨਹੀਂ ਬਣਿਆ ਜਾ ਸਕਦਾ। ਉਸ ਦੀਆਂ ਕਵਿਤਾਵਾਂ ਝੂਠ ਅਤੇ ਫਰੇਬ ਖਿਲਾਫ਼ ਵਿਦਰੋਹ ਕਰਦੀਆਂ ਪ੍ਰਤੀਤ ਹੁੰਦੀਆਂ ਹਨ।
ਸੱਚ ਕਹਿੰਦਾ ਹਾਂ ਤਾਂ
ਜੀਭ ਛਿੱਲੀ ਜਾਂਦੀ ਹੈ,
ਚੁੱਪ ਰਹਿੰਦਾ ਹਾਂ ਤਾਂ ਆਤਮਾ ਛਿੱਲੀ ਜਾਂਦੀ ਹੈ।
(ਪੰਨਾ : 28)
ਧਾਰਮਿਕ ਕੱਟੜਤਾ ਨੂੰ ਕਵੀ ਮਨੁੱਖਤਾ ਲਈ ਬੇਹੱਦ ਘਾਤਕ ਅਤੇ ਇਸ ਨੂੰ ਫਸਾਦਾਂ ਦੀ ਜੜ੍ਹ ਗਰਦਾਨਦਾ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਿਹਨਤਕਸ਼ ਲੋਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਹੈ ਜਦਕਿ ਆਰਾਮਪ੍ਰਸਤ ਲੋਕਾਂ ਪ੍ਰਤੀ ਸਖ਼ਤ ਨਫ਼ਰਤ ਸਪੱਸ਼ਟ ਝਲਕਦੀ ਹੈ। ਮੁਲਕਾਂ ਦੇ ਬਟਵਾਰੇ, ਨਫ਼ਰਤ ਦੀਆਂ ਦੀਵਾਰਾਂ ਉਸ ਦਾ ਹਿਰਦਾ ਵਲੂੰਧਰਦੀਆਂ ਹਨ। ਮਨੁੱਖਤਾ ਨੂੰ ਅਮਨ-ਸ਼ਾਂਤੀ ਦਾ ਹੋਕਾ ਦਿੰਦਾ ਕਵੀ ਲਿਖਦਾ ਹੈ :
ਦੁਨੀਆ ਦੇ ਸਾਰੇ ਹਥਿਆਰਾਂ ਨੂੰ
ਦੱਬ ਆਈਏ ਸਮੁੰਦਰ ਦੀ ਤਹਿ ਥੱਲੇ।
ਆਓ, ਕਿ ਲਿਖ ਦੇਈਏ
ਹਰ ਚਿਹਰੇ 'ਤੇ ਖੁਸ਼ੀ ਦਾ ਨਾਂਅ। (ਪੰਨਾ : 42)
ਧਾਰਮਿਕ-ਕਰਮਕਾਂਡਾਂ ਨੂੰ ਕਵੀ ਸਿਰੇ ਤੋਂ ਨਕਾਰਦਾ ਹੈ। ਸਮਾਜਿਕ ਨਾ-ਬਰਾਬਰੀ ਉਸ ਨੂੰ ਧੁਰ ਅੰਦਰੋਂ ਝੰਜੋੜਦੀ ਹੈ। ਧਰਮ-ਨਿਰਪੱਖਤਾ, ਸਰਬ-ਸਾਂਝੀਵਾਲਤਾ ਦੀ ਲੋਅ ਹੇਠ ਮਾਨਵਤਾ ਦੀ ਭਲਾਈ ਲੋਚਦਾ ਕਵੀ ਗਾਸੋ ਨਵੇਂ ਨਰੋਏ ਅਤੇ ਉਸਾਰੂ ਨਿਜ਼ਾਮ ਦੀ ਕਾਮਨਾ ਕਰਦਾ ਹੈ। ਕਾਵਿਕ ਮੁਹਾਵਰਾ ਉਸ ਦੀ ਕਵਿਤਾ ਨੂੰ ਹੋਰ ਨਿਖਾਰਦਾ ਅਤੇ ਸ਼ਿੰਗਾਰਦਾ ਹੈ। ਇਸ ਸੰਗ੍ਰਿਹ ਦੀਆਂ ਕਾਵਿ ਰਚਨਾਵਾਂ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਖੂਬਸੂਰਤੀ ਦਾ ਪ੍ਰਮਾਣ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਡਾ. ਸੁਦਰਸ਼ਨ ਗਾਸੋ ਦੇ ਇਸ ਕਾਵਿ ਸੰਗ੍ਰਹਿ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।


ਮਨਜੀਤ ਸਿੰਘ ਘੜੈਲੀ
ਮੋ: 98153-91625
c c c


ਮਿੱਠੇ ਕਰੇਲੇ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 80 ਰੁਪਏ, ਸਫ਼ੇ : 32
ਸੰਪਰਕ-98764 52223.


ਹਥਲੀ ਪੁਸਤਕ 'ਮਿੱਠੇ ਕਰੇਲੇ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀਆਂ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਾਲਾਂ ਨੂੰ ਨੈਤਿਕ ਸਿਖਿਆਵਾਂ ਨਾਲ ਭਰਪੂਰ ਕਰਦੀ ਹੈ। ਇਹ ਬਹੁਤ ਹੀ ਪਿਆਰੀ ਨਿਆਰੀ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁਮੁੱਲੀ ਪੁਸਤਕ ਹੈ। ਪਹਿਲੀ ਕਹਾਣੀ 'ਵੱਡੀ ਅਕਲ ਜਾਂ ਤਾਕਤ' ਵਿਚ ਬਾਲਾਂ ਨੂੰ ਸ਼ੇਰ ਅਤੇ ਖ਼ਰਗੋਸ਼ ਦੀ ਦਿਲਚਸਪ ਕਹਾਣੀ ਸੁਣਾ ਕੇ ਖ਼ਰਗੋਸ਼ ਨੂੰ ਬਹੁਤ ਹੀ ਅਕਲਮੰਦ ਵਿਖਾਇਆ ਗਿਆ ਹੈ। ਇਸੇ ਤਰ੍ਹਾਂ ਦੂਸਰੀ ਕਹਾਣੀ 'ਧੋਖੇਬਾਜ਼ਾਂ ਤੋਂ ਬਚੋ' ਸ਼ੇਰ, ਚੀਤਾ, ਲੂੰਬੜ, ਗਿਰਝ ਅਤੇ ਜ਼ਿਰਾਫ ਵਰਗੇ ਜਾਨਵਰ ਪਾਤਰ ਲੈ ਕੇ ਇਹ ਦੱਸਿਆ ਹੈ ਕਿ ਅੱਖਾਂ ਮੀਚ ਕੇ ਵਿਸ਼ਵਾਸ ਕਰਨ ਵਿਚ ਅਕਸਰ ਧੋਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ 'ਚੰਦਨ ਦੀ ਸੰਗਤ' ਕਹਾਣੀ ਵਿਚ ਕਿਵੇਂ ਚੰਦਨ ਦੀ ਸੁਗੰਧੀ ਇਕ ਜ਼ਹਿਰੀਲੇ ਸੱਪ ਦੀ ਜ਼ਹਿਰ ਨੂੰ ਸ਼ਾਂਤ ਕਰਕੇ ਕਿਵੇਂ ਉਸ ਨੂੰ ਸੁੰਦਰ ਜ਼ਿੰਦਗੀ ਬਖਸ਼ਦੀ ਹੈ ਬਾਲਾਂ ਨੂੰ ਚੰਗੀ ਸੰਗਤ ਕਰਨ ਦਾ ਸੁਨੇਹਾ ਦਿੰਦੀ ਹੈ। ਇਸੇ ਤਰ੍ਹਾਂ 'ਬੁੱਧੀ ਦੀ ਸਹੀ ਵਰਤੋਂ' ਕਹਾਣੀ ਬਾਲਾਂ ਨੂੰ ਆਪਣੀ ਬੁੱਧੀ ਦੀ ਵਰਤੋਂ ਸੋਚ-ਸਮਝ ਕੇ ਕਰਨ ਦਾ ਸੁਨੇਹਾ ਦਿੰਦੀ ਹੈ ਨਹੀਂ ਤਾਂ ਭਿਆਨਕ ਨਤੀਜੇ ਨਿਕਲ ਸਕਦੇ ਹਨ। ਇਵੇਂ ਹੀ 'ਮਿੱਠੇ ਕਰੇਲੇ' ਕਹਾਣੀ ਬਾਲਾਂ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਤੁਸੀਂ ਵੀ ਗੁਣਦੀਪ ਲੜਕੀ ਵਾਂਗ ਆਪਣਾ ਸੁਭਾਅ ਮਿੱਠਾ ਰੱਖੋ, ਮਿੱਠੇ ਸੁਭਾਅ ਨਾਲ ਕੌੜੇ ਕਰੇਲੇ ਵੀ ਕਿਵੇਂ ਮਿੱਠੇ ਬਣ ਜਾਂਦੇ ਹਨ। ਇਵੇਂ ਹੀ ਸਾਰੀਆਂ ਕਹਾਣੀਆਂ ਬਾਲਾਂ ਨੂੰ ਮਨੋਰੰਜਨ ਦੇ ਨਾਲ ਨਾਲ ਸੁਭਾਵਿਕ ਹੀ ਉੱਚੀ-ਸੁੱਚੀ ਸਿੱਖਿਆ ਦਿੰਦੀਆਂ ਹਨ। ਬੱਚੇ, ਪੰਛੀਆਂ ਅਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਕਰਕੇ ਲੇਖਕ ਨੇ ਜ਼ਿਆਦਾ ਪਾਤਰ ਜਾਨਵਰ ਅਤੇ ਪੰਛੀ ਹੀ ਲਏ ਹਨ। ਲੇਖਕ ਖ਼ੁਦ ਸੇਵਾ-ਮੁਕਤ ਪ੍ਰਿੰਸੀਪਲ ਹੋਣ ਕਰਕੇ ਬਾਲਾਂ ਦੀ ਨਬਜ਼ ਨੂੰ ਬਹੁਤ ਬਾਰੀਕੀ ਨਾਲ ਪਛਾਣਦੇ ਹਨ। ਜ਼ਿੰਦਗੀ ਦਾ ਢੇਰ ਸਾਰਾ ਤਜਰਬਾ ਵੀ ਰੱਖਦੇ ਹਨ। ਇਸ ਤੋਂ ਪਹਿਲਾਂ ਲੇਖਕ ਪੰਜ ਦਰਜਨ ਤੋਂ ਉੱਪਰ ਪੁਸਤਕਾਂ ਪੰਜਾਬੀ ਮਾਂ ਬੋਲੀ ਅਤੇ ਬਾਲਾਂ ਦੀ ਝੋਲੀ ਪਾ ਚੁੱਕੇ ਹਨ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ। ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896


ਹਨੇਰੇ ਸਵੇਰੇ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 130
ਸੰਪਰਕ : 98147-83069.


'ਹਨੇਰੇ ਸਵੇਰੇ' ਕਹਾਣੀ ਸੰਗ੍ਰਹਿ ਬਲਦੇਵ ਸਿੰਘ ਸੜਕਨਾਮਾ ਉੱਘੇ ਗਲਪਕਾਰ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ ਗਿਆਰਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਗਲਪਕਾਰ ਨੇ ਇਸ ਤੋਂ ਪਹਿਲਾਂ ਵੀ 27 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। 'ਮਰ ਗਿਆ ਬਿਸਨੂੰ' ਪਹਿਲੀ ਕਹਾਣੀ ਹੈ ਜਿਸ ਵਿਚ ਇਕ ਗ਼ਰੀਬ ਬੰਦੇ ਤੇ ਅਮੀਰ ਆਦਮੀ ਦੀ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ। ਕਹਾਣੀਕਾਰ ਨੇ ਇਸ ਕਹਾਣੀ ਵਿਚ ਅਜਿਹਾ ਬਿਰਤਾਂਤ ਸਿਰਜਿਆ ਹੈ ਕਿ ਇਉਂ ਲਗਦਾ ਹੈ ਕਿ ਜਿਵੇਂ ਸਭ ਕੁਝ ਸਾਡੀਆਂ ਅੱਖਾਂ ਸਾਹਮਣੇ ਹੀ ਵਾਪਰ ਰਿਹਾ ਹੋਵੇ। ਬਿਸ਼ਨੂੰ ਜੋ ਮਿਸਿਜ਼ ਸੇਠੀ ਦੀ ਇਕ ਵੱਡੀ ਕੋਠੀ ਦਾ ਲੈਂਟਰ ਪਵਾਉਂਦਾ ਹੈ, ਪਰ ਮਿਸਿਜ਼ ਸੇਠੀ ਜਿਸ ਦਾ ਘਰ ਬਣ ਰਿਹਾ ਹੁੰਦਾ ਹੈ, ਬਿਸ਼ਨੂੰ ਤੇ ਉਸ ਦੇ ਦੋਸਤਾਂ ਤੋਂ ਘਰ ਦੇ ਹੋਰ ਕੰਮ ਵੀ ਕਰਵਾਉਂਦੀ ਹੈ ਜਿਸ ਕਰਕੇ ਬਿਸ਼ਨੂੰ ਨੂੰ ਲਗਦਾ ਹੈ ਕਿ ਮਾਲਕਣ ਉਨ੍ਹਾਂ ਦਾ ਖ਼ਾਸ ਧਿਆਨ ਰੱਖਦੀ ਹੈ ਕਿਉਂਕਿ ਘਰ ਦੇ ਨਿੱਕੇ-ਮੋਟੇ ਕੰਮ ਕੁੜੀ ਨੂੰ ਟਿਊਸ਼ਨ ਛੱਡ ਕੇ ਆਉਣਾ, ਇੱਥੋਂ ਤੱਕ ਕਿ ਘਰ ਦਾ ਸਿਲੰਡਰ ਭਰਾਉਣ ਦਾ ਕੰਮ ਵੀ ਬਿਸ਼ਨੂੰ ਹੀ ਕਰਦਾ ਹੈ ਤੇ ਇਹੋ ਲਾਰਾ ਲਗਾਈ ਰੱਖਦੀ ਹੈ ਕਿ ਕੋਠੀ ਦੇ ਮਹੂਰਤ 'ਤੇ ਵੀ ਤੁਹਾਨੂੰ ਹੀ ਬੁਲਾਉਣਾ ਹੈ ਪਰ ਜਿਸ ਦਿਨ ਕੋਠੀ ਦਾ ਮਹੂਰਤ ਹੁੰਦਾ ਹੈ, ਬਿਸ਼ਨੂੰ ਪੂਰੀ ਤਿਆਰੀ ਨਾਲ ਮਹੂਰਤ 'ਤੇ ਜਾਂਦਾ ਹੈ ਤੇ ਨਵੀਂ ਸ਼ਰਟ ਵੀ ਖ਼ਰੀਦ ਕੇ ਲਿਆਉਂਦਾ ਹੈ ਪਰ ਮਕਾਨ ਮਾਲਕਣ ਇਹ ਕਹਿ ਕੇ ਉਨ੍ਹਾਂ ਨੂੰ ਰੋਕਦੀ ਹੈ ਕਿ ਪਹਿਲਾਂ ਰਿਸ਼ਤੇਦਾਰਾਂ ਨੇ ਖਾਣਾ ਖਾਣਾ ਤੁਸੀਂ ਰੁਕ ਕੇ ਖਾ ਲਓ! ਮਿਸਿਜ਼ ਸੇਠੀ ਅਤੇ ਉਸ ਦਾ ਪਤੀ ਉਨ੍ਹਾਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੰਦੇ ਪਰ ਗ਼ਰੀਬ ਬਿਸ਼ਨੂੰ ਦੀ ਇਹ ਮਾਨਸਿਕਤਾ ਹੈ ਕਿ ਉਹ ਬਿਨਾਂ ਕੁਝ ਖਾਧੇ ਤੋਂ ਹੀ ਸਾਰਿਆਂ ਨੂੰ ਆਪਣੇ ਨਾਲ ਵਾਪਸ ਲੈ ਜਾਂਦਾ ਹੈ ਤੇ ਸੇਠੀ ਨੂੰ ਗਾਲ੍ਹਾਂ ਕੱਢਦਾ ਹੈ ਤੇ ਇਹ ਕਹਿ ਕੇ ਆਪਣੇ ਮਨ ਨੂੰ ਹੌਲਾ ਮਹਿਸੂਸ ਕਰਦਾ ਹੈ ਕਿ ਜਿੱਥੇ ਤੁਸੀਂ ਮਹੂਰਤ ਕਰਾ ਰਹੇ ਹੋ, ਅਸੀਂ ਪਖਾਨਾ ਕੀਤਾ ਹੈ। ਅਗਲੀ ਕਹਾਣੀ 'ਮੰਤਰੀ ਕੁੜੀ ਤੇ ਦਾਤੀ' ਹੈ ਜਿਸ ਵਿਚ ਕਹਾਣੀਕਾਰ ਨੇ ਰਾਜਨੀਤਕ ਘਿਨਾਉਣੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਜਦੋਂ ਗ਼ਰੀਬ ਕੁੜੀ ਨੂੰ ਗ਼ਲਤ ਕੰਮ ਕਰਨ ਲਈ ਮੰਤਰੀ ਕੋਲ ਲਿਜਾਇਆ ਜਾਂਦਾ ਹੈ ਤਾਂ ਉਹ ਕੁੜੀ ਮੰਤਰੀ ਦੇ ਦਾਤੀ ਮਾਰ ਕੇ ਉਸ ਦਾ ਕਤਲ ਕਰ ਦਿੰਦੀ ਹੈ। ਇੱਥੇ ਕਹਾਣੀਕਾਰ ਨੇ ਕੁੜੀਆਂ ਦੀ ਦਲੇਰੀ ਦੀ ਗੱਲ ਕੀਤੀ ਹੈ।
ਗੱਲ ਕੀ ਬਲਦੇਵ ਸਿੰਘ ਸੜਕਨਾਮਾ ਨੇ ਸਾਰੀਆਂ ਕਹਾਣੀਆਂ ਦਾ ਯਥਾਰਥ ਹੀ ਬਾਖ਼ੂਬੀ ਆਪਣੇ ਸਮਾਜਿਕ ਅਨੁਭਵ ਵਿਚੋਂ ਚਿਤਰਿਆ ਹੈ ਤੇ ਵਿਅੰਗ ਅਤੇ ਕਟਾਖਸ਼ ਭਰੇ ਕਥਾ ਜਗਤ ਦੀ ਉਸਾਰੀ ਵੀ ਕੀਤੀ ਹੈ। ਉਸ ਕੋਲ ਪੇਂਡੂ ਸ਼ਹਿਰੀ ਤੇ ਮਹਾਂਨਗਰਾਂ ਦਾ ਵਿਸ਼ਾਲ ਅਨੁਭਵ ਹੈ ਜਿਸ ਕਰਕੇ ਉਸ ਨੇ ਗਲਪ ਦੇ ਖੇਤਰ ਵਿਚ ਨਾਮਣਾ ਖੱਟਿਆ ਹੈ। ਸਮੁੱਚੇ ਰੂਪ ਵਿਚ ਬਲਦੇਵ ਸਿੰਘ ਦੀਆਂ ਸਾਰੀਆਂ ਕਹਾਣੀਆਂ ਵਿਚ ਜਿਵੇਂ-'ਆ ਭੈਣ ਫਾਤਿਮਾ', 'ਆਪਣੀ ਆਪਣੀ ਥਾਂ', 'ਘੁੱਗੀਆਂ', 'ਸਾਵਧਾਨ! ਅੱਗੇ ਖ਼ਤਰਾ ਹੈ', 'ਧੀਏ ਘਰ ਜਾ ਆਪਣੇ' ਅਤੇ 'ਬਿੱਲੀ' ਵਿਚ ਅਨੁਭਵ ਦੀ ਵੰਨ-ਸੁਵੰਨਤਾ ਹੈ। ਲੇਖਕ ਵਧਾਈ ਦਾ ਪਾਤਰ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161


ਰੱਬ ਦਾ ਬੰਦਾ

(ਵਾਰਤਕ)
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 98147-34035.


ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਕਮਲਜੀਤ ਸਿੰਘ ਬਨਵੈਤ ਇਕ ਜਾਣਿਆ-ਪਛਾਣਿਆ ਨਾਂਅ ਹੈ। ਜਿੰਨਾ ਸਰਗਰਮ ਉਹ ਪੱਤਰਕਾਰੀ ਦੇ ਖੇਤਰ ਵਿਚ ਹੈ, ਸਾਹਿਤ ਰਚਨਾ ਦੇ ਖੇਤਰ ਵਿਚ ਵੀ ਉਸ ਦੀ ਸਰਗਰਮੀ ਓਨੀ ਹੀ ਹੈ। ਉਸ ਦੀ ਵਿਚਾਰ ਅਧੀਨ ਪੁਸਤਕ ਰੱਬ ਦਾ ਬੰਦਾ ਤੋਂ ਪਹਿਲਾਂ 9 ਪੁਸਤਕਾਂ ਸਾਹਿਤ ਦੇ ਖੇਤਰ ਵਿਚ ਆ ਚੁੱਕੀਆਂ ਹਨ। ਉਸ ਦੀ ਹਥਲੀ ਪੁਸਤਕ ਵਿਚ 28 ਲੇਖ ਦਰਜ ਹਨ। ਜਿਵੇਂ ਖ਼ਬਰ ਵਿਚ, ਖ਼ਬਰ ਦੇ ਟਾਈਟਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਉਵੇਂ ਕਿਸੇ ਸਾਹਿਤਕ ਰਚਨਾ ਵਿਚ ਉਸ ਦਾ ਸਿਰਲੇਖ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਪੁਸਤਕ ਵਿਚ ਦਰਜ ਲੇਖਾਂ ਦੇ ਦਿਲਖਿੱਚਵੇਂ ਸਿਰਲੇਖ ਪਾਠਕ ਨੂੰ ਆਪ-ਮੁਹਾਰੇ ਹੀ ਪੁਸਤਕ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਇਕ ਪੱਤਰਕਾਰ ਹੋਣ ਨਾਤੇ ਕਿਸੇ ਵਿਸ਼ੇ 'ਤੇ ਲੇਖ ਲਿਖਣ ਤੋਂ ਪਹਿਲਾਂ ਬਨਵੈਤ ਵਿਸ਼ੇ ਦੀ ਘੋਖ-ਪੜਤਾਲ ਕਰਦਾ ਹੈ, ਉਸ ਦੇ ਸਮਾਜਿਕ ਪ੍ਰਭਾਵਾਂ ਅਤੇ ਆਰਥਿਕ ਨਫ਼ੇ-ਨੁਕਸਾਨ ਦਾ ਹਿਸਾਬ-ਕਿਤਾਬ ਬਣਾ ਕੇੇ ਇਕ ਲੈਅ ਵਿਚ ਆਪਣੀ ਗੱਲ ਰੱਖਦਾ ਹੈ। ਬਨਵੈਤ ਦੀ ਕਲਮ ਸਮਾਜ ਵਿਚ ਵਾਪਰ ਰਹੇ ਅਮਾਨਵੀ, ਅਸਮਾਜਿਕ ਅਤੇ ਅਸਾਵੇਂ ਵਰਤਾਰਿਆਂ ਲਈ ਕਾਰਜਸ਼ੀਲ ਤਾਕਤਾਂ ਦੀ ਨਿਸ਼ਾਨਦੇਹੀ ਕਰਦੀ ਹੋਈ ਉਨ੍ਹਾਂ ਨੂੰ ਬੇਲਿਹਾਜ਼ ਨੰਗਾ-ਚਿੱਟਾ ਕਰਦੀ ਹੈ ਅਤੇ ਜਿੱਥੇ ਕਿਤੇ ਚੰਗਾ ਹੋ ਰਿਹਾ ਹੈ ਉਸ ਦੀ ਭਰਪੂਰ ਪ੍ਰਸੰਸਾ ਵੀ ਕਰਦੀ ਹੈ। ਜਿੱਥੇ ਇਕ ਪਾਸੇ, ਤੂੰ ਮਰ ਲੇਖ ਰਾਹੀਂ ਕੋਰੋਨਾ ਦੌਰਾਨ ਡਾਕਟਰੀ ਪੇਸ਼ੇ ਨਾਲ ਜੁੜੇ ਬਹੁਤੇ ਹਸਪਤਾਲਾਂ ਵਲੋਂ, ਸਾਧਾਰਨ ਲੋਕਾਂ ਦੇ ਡਰ ਅਤੇ ਸਹਿਮ ਦਾ ਫਾਇਦਾ ਉਠਾ ਕੇ ਕੀਤੀ ਗਈ ਲੁੱਟ-ਖਸੁੱਟ ਨੂੰ ਉਜਾਗਰ ਕੀਤਾ ਗਿਆ ਹੈ, ਉੱਥੇ ਰੱਬ ਦਾ ਬੰਦਾ ਵਿਚ ਇਕ ਨੇਕਦਿਲ ਡਾਕਟਰ ਵਲੋਂ ਮਰੀਜ਼ਾਂ ਲਈ ਕੀਤੇ ਗਏ ਨੇਕ ਕਾਰਜਾਂ ਨੂੰ ਵੀ ਦਰਸਾਇਆ ਹੈ। ਕੈਦੀ ਕਰਤਾਰ ਸਿੰਘ ਵਿਚ ਰਿਸ਼ਤਿਆਂ ਦੇ ਤਾਣੇ-ਬਾਣੇ ਓਹਲੇ ਪਲਮਦੀ ਮਾਨਵਤਾ ਦਾ ਇਜ਼ਹਾਰ ਹੈ। ਗਿਰਝਾਂ ਲੇਖ ਵਿਚ ਕੁਦਰਤੀ ਰੂਪ ਵਿਚ ਘਟਦੀਆਂ ਜਾ ਰਹੀਆਂ ਗਿਰਝਾਂ (ਪੰਛੀ) ਅਤੇ ਦੂਸਰੇ ਪਾਸੇ ਗਿਰਝਾਂ ਵਾਲੀ ਬਿਰਤੀ ਵਾਲੇ ਮਨੁੱਖਾਂ ਦੀ ਵਧਦੀ ਗਿਣਤੀ ਨੂੰ ਵਿਰੋਧੀ-ਰੁਚੀਆਂ ਅਤੇ ਕਾਰਜਾਂ ਦੇ ਪ੍ਰਸੰਗ ਵਿਚ ਪੇਸ਼ ਕੀਤਾ ਗਿਆ ਹੈ। ਲੰਬੀ ਸੀਟੀ ਮਾਰ ਮਿੱਤਰਾ ਲੇਖ ਵਿਚ ਜਨਤਾ ਨੂੰ ਰਾਜਸੀ ਨੇਤਾਵਾਂ ਦੀਆਂ ਚਾਲਾਂ ਅਤੇ ਲੋਕ-ਲੁਭਾਉਣੇ ਵਾਅਦਿਆਂ ਤੋਂ ਸੁਚੇਤ ਕੀਤਾ ਗਿਆ ਹੈ। ਬਨਵੈਤ ਦੇ ਬਾਕੀ ਲੇਖਾਂ ਦੇ ਵਿਸ਼ੇ ਕਿਸਾਨੀ ਅੰਦੋਲਨ, ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਹੋ ਰਹੀ ਉਥਲ-ਪੁਥਲ, ਪੂੰਜੀਵਾਦੀ ਦੌਰ ਅੰਦਰ ਮਾਨਵੀ ਕਦਰਾਂ-ਕੀਮਤਾਂ ਦਾ ਵਿਖੰਡਨ, ਸਮਾਜ ਅੰਦਰ ਸਮਾਜਿਕ, ਰਾਜਨੀਤਕ ਅਤੇ ਆਰਥਿਕ ਗਿਰਾਵਟ, ਸੱਭਿਆਚਾਰਕ ਕਦਰਾਂ ਵਿਚ ਗਿਰਾਵਟ, ਪਰਵਾਸ, ਖਬਤ ਸੱਭਿਆਚਾਰ, ਵਧ ਰਹੇ ਵਪਾਰੀਕਰਨ ਅਤੇ ਬਾਜ਼ਾਰੀਕਰਨ ਨਾਲ ਆ ਰਹੀ ਸਮਾਜਿਕ ਗਿਰਾਵਟ ਆਦਿ ਵਿਸ਼ੇ, ਅਜੋਕੇ ਦੌਰ ਵਿਚ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਲੇਖਕ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਸਮਾਜ ਨੂੰ ਇਨ੍ਹਾਂ ਮਸਲਿਆਂ ਪ੍ਰਤੀ ਸੁਚੇਤ ਕਰਦਾ ਹੋਇਆ, ਵੇਲੇ ਸਿਰ ਇਨ੍ਹਾਂ ਦੇ ਹੱਲ ਲਈ ਗੰਭੀਰ ਅਤੇ ਇਮਾਨਦਾਰ ਉਪਰਾਲੇ ਕਰਨ ਦੀ ਤਵੱਕੋ ਰੱਖਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ।


ਡਾ. ਪ੍ਰਦੀਪ ਕੌੜਾ
ਮੋ: 95011-15200
c c c


ਮੈਂ-ਅਮੈਂ
ਲੇਖਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94654-64502.


ਡਾ. ਜਗਵਿੰਦਰ ਜੋਧਾ ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਹਨ। ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਉਨ੍ਹਾਂ ਦੀਆਂ 14 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੇ ਗ਼ਜ਼ਲ-ਸੰਗ੍ਰਹਿ 'ਮੈਂ-ਅਮੈਂ' ਨੂੰ ਉਨ੍ਹਾਂ ਨੇ ਛੇ ਪਰਤਾਂ ਵਿਚ ਵੰਡਿਆ ਹੈ। ਪਹਿਲੀ ਪਰਤ ਵਿਚ 'ਘਰ', ਦੂਜੀ ਵਿਚ 'ਬਾਪੂ', ਤੀਜੀ ਵਿਚ 'ਅੰਮੀ', ਚੌਥੀ ਵਿਚ 'ਬੀਵੀ', ਪੰਜਵੀਂ ਵਿਚ 'ਖ਼ੁਸ਼ਬੂ' ਅਤੇ ਆਖ਼ਰੀ ਪਰਤ ਵਿਚ 'ਮੈਂ' ਨੂੰ ਰਦੀਫ਼ ਵਿਚ ਵਿਚ ਰੱਖ ਕੇ ਉਨ੍ਹਾਂ ਨੇ ਛੇ ਖ਼ੂਬਸੂਰਤ ਗ਼ਜ਼ਲਾਂ ਕਹੀਆਂ ਹਨ। ਉਨ੍ਹਾਂ ਦਾ ਘਰ ਬਾਰੇ ਕਿਹਾ ਗਿਆ ਇਹ ਸ਼ਿਅਰ ਏਨਾ ਵਿਆਪਕ ਹੈ ਕਿ ਕੁਝ ਹੋਰ ਕਹਿਣ ਲਈ ਬਚਦਾ ਹੀ ਨਹੀਂ:
ਕਿਸੇ ਲਈ ਮਸਲਿਆਂ ਦਾ ਆਖ਼ਰੀ ਹੱਲ ਘਰ ਦੀ ਦੇਹਲੀ ਸੀ,
ਕਿਸੇ ਲਈ ਜ਼ਿੰਦਗੀ ਦਾ ਆਖ਼ਰੀ ਮਸਲਾ ਰਿਹਾ ਹੈ ਘਰ।
ਅਜੋਕੇ ਯੁੱਗ ਦੀਆਂ ਬਾਜ਼ਾਰੂ ਪ੍ਰਵਿਰਤੀਆਂ ਦੀ ਭੱਜ-ਦੌੜ ਵਿਚ ਵਿਅਕਤੀ ਏਨਾ ਗੁਆਚ ਚੁੱਕਿਆ ਹੈ ਕਿ ਉਸ ਨੂੰ ਕੁਝ ਵੀ ਜਾਇਜ਼ ਜਾਂ ਨਾਜਾਇਜ਼ ਦਿਖਾਈ ਨਹੀਂ ਦਿੰਦਾ। ਆਪਣੇ ਅੰਦਰ ਚੱਲ ਰਹੇ ਇਸ ਦਬੰਦ ਨੂੰ ਉਹ ਜਿਉਂ-ਜਿਉਂ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ, ਤਿਉਂ-ਤਿਉਂ ਹੋਰ ਉਲਝਦਾ ਜਾਂਦਾ ਹੈ। ਇਨ੍ਹਾਂ ਦੁਬਿਧਾ ਭਰਪੂਰ ਪ੍ਰਸਥਿਤੀਆਂ ਦੇ ਭੰਬਲਭੂਸੇ ਵਿਚ ਉਹ ਜਿਹੜਾ ਵੀ ਫ਼ੈਸਲਾ ਕਰਦਾ ਹੈ, ਉਹ ਉਸ ਦੀ ਅੰਦਰਲੀ ਟੁੱਟ-ਭੱਜ ਨੂੰ ਹੋਰ ਵਧਾ ਦਿੰਦਾ ਹੈ:
ਕਦੇ ਹਥਿਆਰ ਸੁੱਟ ਦਿੱਤੇ ਮੈਂ ਸਾਹਵੇਂ ਦੇਖ ਕੇ ਰਿਸ਼ਤੇ,
ਕਦੇ ਉਪਦੇਸ਼ ਖ਼ੁਦ ਨੂੰ ਫ਼ਰਜ਼ ਦਾ ਦਿੰਦਾ ਰਿਹਾਂ ਮੈਂ।
ਪਹਿਲੀ ਗ਼ਜ਼ਲ ਵਿਚ ਉਨ੍ਹਾਂ ਨੇ ਇਕੱਤਰ, ਦੂਜੀ ਵਿਚ ਛਿਆਹਠ, ਤੀਜੀ ਵਿਚ ਸਤਾਹਠ, ਚੌਥੀ ਵਿਚ ਇਕੱਤਰ, ਪੰਜਵੀਂ ਵਿਚ ਅਠਾਹਠ ਅਤੇ ਆਖ਼ਰੀ ਗ਼ਜ਼ਲ ਵਿਚ ਇਕੱਤਰ ਸ਼ਿਅਰ ਸ਼ਾਮਿਲ ਕੀਤੇ ਹਨ। ਤਸੱਲੀ ਵਾਲੀ ਗੱਲ ਹੈ ਕਿ ਏਨੀਆਂ ਲੰਬੀਆਂ ਗ਼ਜ਼ਲਾਂ ਹੋਣ ਦੇ ਬਾਵਜੂਦ ਉਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਦੁਹਰਾਓ ਨਹੀਂ ਰੜਕਦਾ। ਕਦੇ ਮੁੱਦਤਾਂ ਬਾਅਦ ਹੀ ਅਜਿਹੀ ਬੇ

04-06-2022

 ਮੱਥੇ 'ਚ ਉੱਗਦਾ ਸੂਰਜ
ਸੰਪਾਦਕ : ਸੰਧੂ ਵਰਿਆਣਵੀ, ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ:), ਗੜ੍ਹੰਸ਼ਕਰ
ਮੁੱਲ : 200 ਰੁਪਏ, ਸਫ਼ੇ : 121
ਸੰਪਰਕ : 98786-14096.

ਹਥਲਾ ਕਾਵਿ-ਸੰਗ੍ਰਹਿ 'ਮੱਥੇ 'ਚ ਉੱਗਦਾ ਸੂਰਜ' ਪ੍ਰਬੁੱਧ ਸਾਹਿਤਕਾਰ ਜਨਾਬ ਸੰਧੂ ਵਰਿਆਣਵੀ ਤੇ ਅਵਤਾਰ ਸਿੰਘ ਸੰਧੂ ਦੀ ਸੰਪਾਦਨਾ ਹੇਠ ਛਪਿਆ ਹੈ। ਸ਼ਾਇਰ ਸੁਖਵਿੰਦਰ ਸਿੰਘ ਬੋਦਲਾਂ ਵਾਲਾ ਜੋ ਹੁਣ ਅਮਰੀਕਾ ਦਾ ਵਾਸੀ ਬਣ ਗਿਆ ਹੈ, ਉਥੇ ਯੂ-ਟਿਊਬ ਚੈਨਲ 'ਤੇ ਹਫ਼ਤਾਵਾਰੀ ਸਨਿਚਰਵਾਰ ਤੇ ਐਤਵਾਰ ਨੂੰ ਦੋ ਘੰਟੇ ਦਾ 'ਸਾਹਿਤਧਾਰਾ' ਨਾਂਅ ਦਾ ਸਾਹਿਤਕ ਪ੍ਰੋਗਰਾਮ ਪੇਸ਼ ਕਰਦੇ ਹਨ ਤੇ ਉਥੇ ਰਹਿੰਦੇ ਤੇ ਭਾਰਤ ਦੇ ਸ਼ਾਇਰਾਂ ਦੀਆਂ ਨਜ਼ਮਾਂ ਇਸ ਯੂ-ਟਿਊਬ 'ਤੇ ਪੇਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਸਹਿਯੋਗ ਸਦਕਾ ਹੀ ਇਹ 17 ਕਵੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਪੰਜਾਬੀ ਅਦਬ ਦੇ ਰੂਬਰੂ ਹੋਇਆ ਹੈ। ਜਦ ਇਸ ਕਾਵਿ-ਸੰਗ੍ਰਹਿ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕੀਤੀ ਗਈ ਤਾਂ ਕਿਤਾਬ ਦਾ ਟਾਈਟਲ ਹੀ ਨਜ਼ਮਾਂ ਦੀ ਤੱਥ-ਵੱਥ ਦੀ ਤੰਦ ਸੂਤਰ ਅਸਾਡੇ ਹੱਥ ਫੜਾ ਦਿੰਦਾ ਹੈ। ਪਲੈਖਾਨੋਵ ਕਹਿੰਦਾ ਹੈ 'ਮੱਥਾ ਖੂਬਸੂਰਤ ਨਹੀਂ ਹੁੰਦਾ ਬਲਕਿ ਖੂਬਸੂਰਤ ਤਾਂ ਮੱਥੇ ਵਿਚ ਪਿਆ ਖਿਆਲ ਖੂਬਸੂਰਤ ਹੁੰਦਾ ਹੈ'। ਇਸੇ ਤਰ੍ਹਾਂ ਜੋ ਮੱਥੇ 'ਚੋਂ ਸੂਰਜ ਉੱਗਦਾ ਹੈ, ਉਹ ਜ਼ਿਆਦਾ ਸਾਹਿਤਕ ਨਿੱਘ ਦਿੰਦਾ ਹੈ। ਸੋ, ਇਸ ਸਾਹਿਤਕ ਨਿੱਘ ਨੂੰ ਹੀ ਸਮਿਲਤ ਸ਼ਾਇਰਾਂ ਨੇ ਕਵਿਤਾਇਆ ਹੈ। ਕਿਤਾਬ ਵਿਚ ਸਮਿਲਤ ਨਜ਼ਮਾਂ ਬਹੁਅੱਯਾਮੀ ਸਰੋਕਾਰਾਂ ਨਾਲ ਦਸਤਪੰਜਾ ਤਾਂ ਲੈਂਦੀਆਂ ਹਨ ਪਰ ਵਿਸ਼ੇਸ਼ ਕਰਕੇ ਦਿੱਲੀ ਘੇਰੀ ਬੈਠੇ ਕਿਸਾਨ ਜੋ ਭਗਵੇਂ ਬ੍ਰਿਗੇਡ ਵਲੋਂ ਬਹੁਗਿਣਤੀ ਦੀ ਆੜ ਵਿਚ ਜੋ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ, ਉਹ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਉਸ ਦੇ ਰੀਮੋਟ ਕੰਟਰੋਲ ਨਾਲ ਚੱਲ ਰਹੀ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਟੀਰੀ ਅੱਖ ਰੱਖ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਬਣਾਉਣ ਦੇ ਬਾਨ੍ਹਣੂੰ ਬੰਨ੍ਹ ਰਹੀ ਹੈ। ਕਿਸਾਨੀ ਅੰਦੋਲਨ ਨੇ ਅਸਲੀ ਦੁਸ਼ਮਣ ਦੀ ਪਛਾਣ ਕਰ ਲਈ ਹੈ। ਸ਼ਾਇਰ ਪੁਰ ਉਮੀਦ ਹਨ ਕਿ ਕਿਸਾਨ ਅੱਜ, ਕੱਲ੍ਹ ਜਾਂ ਪਰਸੋਂ ਜ਼ਰੂਰ ਜੇਤੂ ਹੋ ਕੇ ਜਿੱਤ ਦਾ ਪਰਚਮ ਲਹਿਰਾਉਂਦੇ ਆਪਣੇ ਘਰਾਂ ਨੂੰ ਜੈਕਾਰੇ ਬੁਲਾਉਂਦੇ ਪਰਤਣਗੇ। ਸ਼ਾਇਰਾ ਦੀ ਇਹ ਸੋਚ ਉਸ ਸਮੇਂ ਸੱਚ ਹੋ ਨਿੱਬੜੀ ਜਦੋਂ ਦੇਸ਼ ਦੇ ਪ੍ਰਮੁੱਖ ਸਿਪਾਹਸਲਾਰ ਮੋਦੀ ਨੇ ਕਿਸਾਨੀ ਅੰਦੋਲਨ ਅੱਗੇ ਗੋਡੇ ਟੇਕ ਦਿੱਤੇ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ। ਕਵਿਤਾਵਾਂ ਸਿਖਾਂਦੜੂ ਪ੍ਰਯਤਨ ਤੇ ਪ੍ਰਬੁੱਧਤਾ ਵਿਚਕਾਰ ਤ੍ਰਿਸ਼ੰਕੂ ਅਤੇ ਕੁਝ ਕਵਿਤਾਵਾਂ ਤਾਂ ਟੀਸੀ ਦਾ ਬੇਰ ਹਨ। ਮਨਜੀਤ ਕੌਰ ਗਿੱਲ ਦੀਆਂ ਬੋਲੀਆਂ ਇਸ ਸਿਖਰ ਦਾ ਸੁੰਦਰ ਨਮੂਨਾ ਹਨ। ਜਿਵੇਂ ਕਿ :
ਬਾਰ੍ਹੀਂ ਬਰਸੀ ਖੱਟਣ ਗਿਆ ਸੀ
ਕੀ ਖੱਟ ਲਿਆਂਦਾ
ਖੱਟ ਕੇ ਲਿਆਂਦੇ ਪਾਵੇ
ਮੋਦੀ ਦੀ ਚਾਹ ਵਿਚ ਜੀ
ਖੱਟਰ ਭਿਉਂ ਭਿਉਂ ਬਿਸਕੁਟ ਖਾਵੇ।'

ਭਗਵਾਨ ਢਿੱਲੋਂ
ਮੋ: 98143-78254.

ਪਰਵਾਸੀ ਕਲਮਾਂ
ਸੰਪਾਦਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਪ੍ਰੀਤ ਪ੍ਰਕਾਸ਼ਨ, ਨਾਭਾ
ਮੁੱਲ : 350 ਰੁਪਏ, ਸਫ਼ੇ : 264
ਸੰਪਰਕ : 98141-01312.

ਰਵਿੰਦਰ ਸਿੰਘ ਸੋਢੀ (ਜਨਮ 1951 ਈ.) ਨੇ ਆਪਣੇ ਬਚਪਨ ਅਤੇ ਜਵਾਨੀ ਪੰਜਾਬ ਦੇ ਪ੍ਰਸਿੱਧ ਰਿਆਸਤੀ ਸ਼ਹਿਰ ਪਟਿਆਲਾ ਵਿਚ ਬਿਤਾਏ। ਮਹਿੰਦਰਾ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (1970-72) ਕਰਨ ਉਪਰੰਤ ਕਾਫੀ ਸਮਾਂ ਉਸ ਨੇ ਪੰਜਾਬ ਪਬਲਿਕ ਸਕੂਲ ਨਾਭਾ ਵਿਚ ਅਧਿਆਪਨ-ਕਾਰਜ ਕੀਤਾ। ਅੱਜਕਲ੍ਹ ਉਹ ਆਪਣੇ ਬੱਚਿਆਂ ਪਾਸ ਕੈਨੇਡਾ ਵਿਖੇ ਨਿਵਾਸ ਕਰ ਰਿਹਾ ਹੈ। ਪੰਜਾਬੀ ਵਿਚ ਉਸ ਦੇ ਲਿਖੇ ਅਤੇ ਮੰਚਿਤ ਕੀਤੇ ਕੁਝ ਨਾਟਕ ਕਾਫੀ ਚਰਚਿਤ ਰਹੇ। ਉਹ ਕਵਿਤਾ ਦੀਆਂ ਕਈ ਵਿਧਾਵਾਂ ਵਿਚ ਵੀ ਕੰਮ ਕਰਦਾ ਰਿਹਾ। ਅੱਜਕਲ੍ਹ ਉਹ ਸਾਹਿਤਕ ਪੱਤਰਕਾਰੀ ਦੇ ਮਾਧਿਅਮ ਦੁਆਰਾ ਪਰਵਾਸੀ ਪੰਜਾਬੀ ਲੇਖਕਾਂ ਲਈ ਇਕ ਮੰਚ ਮੁਹੱਈਆ ਕਰਾਉਣ ਵਿਚ ਸੁਚੱਜਾ ਯੋਗਦਾਨ ਪਾ ਰਿਹਾ ਹੈ।
ਉਸ ਦੀ ਹਥਲੀ ਪੁਸਤਕ ਇਕ ਕਾਫੀ ਵੱਡੇ ਪ੍ਰਾਜੈਕਟ ਦਾ ਸਿੱਟਾ ਹੈ। ਇਸ ਪੁਸਤਕ ਵਿਚ ਉਸ ਨੇ ਆਸਟਰੇਲੀਆ, ਯੂ.ਕੇ., ਅਮਰੀਕਾ, ਨਿਊਜ਼ੀਲੈਂਡ ਅਤੇ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿਚ ਰਹਿਣ ਵਾਲੇ 19 ਪੰਜਾਬੀ ਲੇਖਕਾਂ ਨਾਲ ਕਲਮੀ ਸਾਂਝ ਪੁਆਈ ਹੈ। ਪੁਸਤਕ ਵਿਚ ਸੰਕਲਿਤ ਲੇਖਕਾਂ ਬਾਰੇ ਦੋ-ਤਿੰਨ ਪੰਨਿਆਂ ਦੀ ਭੂਮਿਕਾ ਲਿਖਣ ਉਪਰੰਤ ਸੰਪਾਦਕ ਇਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ (ਕਹਾਣੀ, ਲੇਖ ਜਾਂ ਕਵਿਤਾਵਾਂ) ਨਾਲ ਤਆਰੁਫ਼ ਕਰਵਾਉਂਦਾ ਹੈ। ਪੁਸਤਕ ਵਿਚ ਸੰਕਲਿਤ ਕੁਝ ਲੇਖਕ ਜਿਵੇਂ ਐਸ. ਸਾਕੀ ਅਤੇ ਡਾ. ਅਵਤਾਰ ਸਿੰਘ ਸੰਘਾ ਤਾਂ ਇਧਰੋਂ ਭਾਰਤ ਵਿਚੋਂ ਹੀ ਸਥਾਪਤ ਲੇਖਕਾਂ ਵਜੋਂ ਵਿਦੇਸ਼ਾਂ ਵਿਚ ਪਹੁੰਚੇ ਸਨ ਪਰ ਬਹੁਤੇ ਬਾਹਰਲੇ ਦੇਸ਼ਾਂ ਦੇ ਬਹੁਮੁਖੀ ਦਬਾਵਾਂ ਕਾਰਨ ਹੀ ਸਾਹਿਤਕਾਰ ਬਣੇ ਹਨ, ਭਾਵੇਂ ਹੁਣ ਉਹ ਵੀ ਕਾਫੀ ਚੰਗਾ ਲਿਖ ਰਹੇ ਹਨ।
ਜੇ ਅਜੋਕੇ ਪੰਜਾਬ ਉੱਪਰ ਝਾਤ ਪਾਈ ਜਾਵੇ ਤਾਂ ਪੰਜਾਬੀਆਂ ਵਿਚ ਪਰਵਾਸ ਕਰਨ ਦੀ ਰੁਚੀ ਬਹੁਤ ਤੀਬਰ ਦਿਖਾਈ ਦਿੰਦੀ ਹੈ। ਬਾਹਰ ਜਾਣ ਵਾਲਾ ਹਰ ਪੰਜਾਬੀ ਇਥੋਂ ਦੇ ਰਾਜਨੀਤਕ ਨੇਤਾਵਾਂ ਅਤੇ ਅਫ਼ਸਰਸ਼ਾਹੀ ਨੂੰ 'ਦੁਰ-ਫਿਟੇ ਮੂੰਹ' ਕਹਿ ਕੇ ਪ੍ਰਸਥਾਨ ਕਰ ਰਿਹਾ ਹੈ ਪਰ ਸਾਡੇ ਨੇਤਾਵਾਂ ਅਤੇ ਅਫ਼ਸਰਾਂ ਦੇ ਕੰਨਾਂ ਉੱਪਰ ਕੋਈ ਜੂੰ ਵੀ ਨਹੀਂ ਸਰਕਦੀ। ਆਖਰ ਇੰਜ ਕਿੰਨਾ ਕੁ ਸਮਾਂ ਚੱਲ ਸਕਦਾ ਹੈ? ਕਿਸੇ ਨਾ ਕਿਸੇ 'ਮਰਦ ਦੇ ਚੇਲੇ' ਨੂੰ ਤਾਂ ਉੱਠਣਾ ਹੀ ਪਵੇਗਾ...। ਖ਼ੈਰ! ਰਵਿੰਦਰ ਸੋਢੀ ਦੇ ਮਿਹਨਤ ਨੂੰ ਸ਼ਾਬਾਸ਼!

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਤਿਜੁਗ
(ਸ਼ਹਾਦਤ ਅੰਕ)
ਲੇਖਕ : ਵੱਖ ਵੱਖ ਲੇਖਕ
ਪ੍ਰਕਾਸ਼ਕ : ਨਾਮਧਾਰੀ ਦਰਬਾਰ, ਨਵੀਂ ਦਿੱਲੀ
ਸਫ਼ੇ : 290
ਸੰਪਰਕ : 97800-97898.

ਨਾਮਧਾਰੀ ਪੰਥ, ਸਿੱਖ ਪੰਥ ਦਾ ਮਾਣਮੱਤਾ ਅਤੇ ਹਰਿਆਵਲ ਦਸਤਾ ਹੈ। ਨਾਮਧਾਰੀ ਪੰਥ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਨੇ ਜਿੱਥੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਿਆ, ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਸਮਾਜ ਨੂੰ ਸਿੱਧੇ ਰਾਹੇ ਪਾਇਆ, ਉੱਥੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿਚ ਮੋਹਰੀ ਭੂਮਿਕਾ ਅਦਾ ਕੀਤੀ।
ਅੱਜ ਜਦੋਂ ਕਿ ਦੇਸ਼ ਵਿਚ ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ ਤਾਂ ਇਸ ਮੌਕੇ ਨਾਮਧਾਰੀ ਪੰਥ ਵਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਦਿੱਤੀਆਂ ਲਾਸਾਨੀ ਕੁਰਬਾਨੀਆਂ ਅਤੇ ਸਤਿਗੁਰੂ ਰਾਮ ਸਿੰਘ ਜੀ ਵਲੋਂ ਸ਼ੁਰੂ ਕੀਤੀ ਗਈ ਨਾਮਿਲਵਰਤਣ ਲਹਿਰ ਦਾ ਜ਼ਿਕਰ ਕਰਨ ਦੇ ਨਾਲ-ਨਾਲ ਅੰਮ੍ਰਿਤਸਰ, ਲਾਹੌਰ, ਰਾਏਕੋਟ, ਮਲੌਦ, ਲੁਧਿਆਣਾ ਅਤੇ ਮਲੇਰਕੋਟਲਾ ਵਿਚ ਕੂਕਿਆਂ (ਨਾਮਧਾਰੀ ਸਿੰਘਾਂ) ਵਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਤੋਂ ਲੋਕਾਈ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਸਤਿਜੁਗ ਦਾ ਇਹ ਵਿਸ਼ੇਸ਼ ਸ਼ਹਾਦਤ ਅੰਕ ਇਸੇ ਮੰਤਵ ਨੂੰ ਮੁੱਖ ਰੱਖ ਕੇ ਕੱਢਿਆ ਗਿਆ ਹੈ। ਮੂਲ ਰੂਪ ਵਿਚ ਇਸ ਅੰਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਸੰਪਾਦਕੀ ਤੋਂ ਇਲਾਵਾ 35 ਪ੍ਰਸਿੱਧ ਪੰਜਾਬੀ ਵਿਦਵਾਨਾਂ ਦੇ ਵੱਖ-ਵੱਖ ਸ਼ਹੀਦੀ ਪ੍ਰਸੰਗਾਂ ਬਾਰੇ ਲੇਖ ਸ਼ਾਮਿਲ ਹਨ। ਪਹਿਲੇ ਤਿੰਨ ਲੇਖ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ, ਸ੍ਰੀ ਸਤਿਗੁਰੂ ਜਗਜੀਤ ਸਿੰਘ ਅਤੇ ਮੌਜੂਦਾ ਸਤਿਗੁਰੂ ਉਦੇ ਸਿੰਘ ਦੇ ਉਪਦੇਸ਼ਾਂ ਉੱਤੇ ਅਧਾਰਿਤ ਹਨ। ਇਸ ਤੋਂ ਇਲਾਵਾ ਸੁਵਰਨ ਸਿੰਘ ਵਿਰਕ, ਸਵਰਨ ਸਿੰਘ ਸਨੇਹੀ, ਜਸਵਿੰਦਰ ਸਿੰਘ ਹਿਸਟੋਰੀਅਨ, ਗੁਰਬਚਨ ਸਿੰਘ ਭੁੱਲਰ, ਸੰਤ ਨਿਸ਼ਾਨ ਸਿੰਘ, ਗੁਲਜ਼ਾਰ ਸਿੰਘ ਸੰਧੂ, ਵਿਜੇ ਬੰਬੇਲੀ, ਅਜੀਤ ਸਿੰਘ ਨਾਮਧਾਰੀ, ਡਾ. ਧਰਮ ਸਿੰਘ, ਗੁਰਭਗਤ ਸਿੰਘ ਪੂਰਬਾ, ਚਿਰੰਜੀ ਲਾਲ ਕੰਗਣੀਵਾਲ, ਸੰਤ ਹਰਪਾਲ ਸਿੰਘ ਸੇਵਕ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋਫੈਸਰ ਮਨਜੀਤ ਸਿੰਘ ਦਿੱਲੀ, ਗੁਰਬਚਨ ਸਿੰਘ ਨਾਮਧਾਰੀ, ਡਾ. ਹਰਸ਼ਿੰਦਰ ਕੌਰ, ਗੁਰਦੇਵ ਸਿੰਘ ਸਿੱਧੂ, ਸਵਿੰਦਰ ਸਿੰਘ ਨਾਮਧਾਰੀ, ਸੰਤੋਖ ਸਿੰਘ ਨਾਮਧਾਰੀ, ਭਜਨ ਸਿੰਘ, ਗੁਰਲਾਲ ਸਿੰਘ, ਸਰਬ ਸ਼ਕਤੀਮਾਨ, ਗਿਆਨੀ ਗੁਰਦੀਪ ਸਿੰਘ ਕੰਬੋਜ, ਦੇਵਇੰਦਰ ਸਿੰਘ ਗਿੱਲ, ਡਾ. ਜੋਗਿੰਦਰ ਸਿੰਘ, ਡਾ. ਲਖਵੀਰ ਸਿੰਘ, ਮਨਮੋਹਨ ਪੂਨੀ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਨਿਰਮਲ ਸਿੰਘ ਲਾਂਬੜਾ, ਡਾ. ਰਜਵੰਤ ਕੌਰ (ਵਰਿਆਮ) ਅਤੇ ਮਹਿੰਦਰ ਸਿੰਘ ਕੂਕਾ ਵਲੋਂ ਬੜੀ ਖੋਜ ਨਾਲ ਲਿਖੇ ਹੋਏ ਹਨ। ਦੂਜੇ ਭਾਗ ਵਿਚ ਸਾਬਕਾ ਐੱਮ.ਪੀ. ਹਰਵਿੰਦਰ ਸਿੰਘ ਹੰਸਪਾਲ, ਸਵਰਨ ਸਿੰਘ ਸਨੇਹੀ, ਮਹਿੰਦਰ ਸਿੰਘ ਕੂਕਾ, ਆਲਾ ਸਿੰਘ ਅਤੇ ਅਜੀਤ ਸਿੰਘ ਨਾਮਧਾਰੀ ਦੇ ਅੰਗਰੇਜ਼ੀ ਵਿਚ ਲਿਖੇ ਲੇਖ ਸ਼ਾਮਿਲ ਹਨ। ਇਸ ਅੰਕ ਦੇ ਤੀਜੇ ਭਾਗ ਕਾਵਿ ਕਿਆਰੀ ਵਿਚ ਉੱਘੇ ਸ਼ਾਇਰ ਸਰਦਾਰ ਪੰਛੀ ਸਮੇਤ 11 ਪ੍ਰਸਿੱਧ ਕਵੀਆਂ ਦੀਆਂ ਕਾਵਿਕ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੰਤ ਵਿਚ ਵੱਖ-ਵੱਖ ਥਾਈਂ ਜੰਗ-ਏ-ਆਜ਼ਾਦੀ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ 105 ਨਾਮਧਾਰੀ ਸੂਰਬੀਰ ਸਿੰਘਾਂ ਦੇ ਨਾਵਾਂ ਦੀ ਸੂਚੀ ਨੱਥੀ ਹੈ। ਸੂਚੀ ਵਿਚ ਸੰਖੇਪ ਤੌਰ 'ਤੇ ਸ਼ਹਾਦਤ ਵਾਲੇ ਸਥਾਨਾਂ ਦਾ ਵੀ ਜ਼ਿਕਰ ਹੈ। ਹਰ ਲੇਖ ਦੇ ਨਾਲ ਲੇਖਕ ਦੀ ਤਸਵੀਰ ਦਿੱਤੀ ਗਈ ਹੈ ਅਤੇ ਸਿਰਲੇਖ ਪੰਨੇ ਸਮੇਤ ਪੰਜ ਇਤਿਹਾਸਕ ਰੰਗਦਾਰ ਤਸਵੀਰਾਂ ਪੁਸਤਕ ਦੀ ਆਭਾ ਨੂੰ ਹੋਰ ਵਧਾਉਂਦੀਆਂ ਹਨ। ਹਰੇਕ ਦੇਸ਼ ਪ੍ਰੇਮੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710

c c c
ਆਜੁ ਮਿਲਾਵਾ
ਲੇਖਕ : ਸਵਿੰਦਰ ਸਿੰਘ ਸੀਹਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 59
ਸੰਪਰਕ : 94786-13521.

ਇਸ ਪੁਸਤਕ ਵਿਚ ਲੇਖਕ ਨੇ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਦੇ ਸਾਂਝੇ ਰਹਿਬਰ ਹਨ। ਇਨ੍ਹਾਂ ਦੇ ਉਪਦੇਸ਼ ਕਮਾ ਕੇ ਇਸੇ ਜਨਮ ਵਿਚ ਅੱਜ ਹੀ ਪ੍ਰਭੂ ਨਾਲ ਮੇਲ ਹੋ ਸਕਦਾ ਹੈ। ਦੇਹਧਾਰੀ ਗੁਰੂਆਂ ਦਾ ਪੱਲਾ ਛੱਡ ਕੇ 'ਸ਼ਬਦ ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਲੜ ਲੱਗਣਾ ਚਾਹੀਦਾ ਹੈ। ਸਤਿਗੁਰੂ ਜੀ ਦਾ ਆਦੇਸ਼, ਮਤਿ, ਉਪਦੇਸ਼ ਇਹੋ ਹੈ ਕਿ ਪਰਮਾਤਮਾ ਨੂੰ ਪ੍ਰੇਮਾ ਭਗਤੀ ਨਾਲ ਪਾਉਣਾ ਹੈ। ਸੰਤਾਂ ਸਾਧੂਆਂ ਦੀ ਸੰਗਤ, ਨਾਮ ਸਿਮਰਨ, ਨਿਮਰਤਾ, ਪਵਿੱਤਰਤਾ, ਦੁੱਖਾਂ-ਸੁੱਖਾਂ ਤੋਂ ਨਿਰਲੇਪਤਾ, ਸਹਿਜ, ਧੀਰਜ ਅਤੇ ਵਿਸ਼ਵਾਸ ਇਹੋ ਜਿਹੇ ਗੁਣ ਹਨ ਜੋ ਪਰਮੇਸ਼ਵਰ ਨਾਲ ਮਿਲਾਪ ਕਰਵਾ ਦਿੰਦੇ ਹਨ। ਪਰ ਇਕ ਗੱਲ ਬਹੁਤ ਦੁਖਦਾਈ ਹੈ ਕਿ ਲੇਖਕ ਜੋ ਕਿਸੇ ਸਮੇਂ ਗੁਰਦੁਆਰੇ ਦਾ ਭਾਈ ਅਤੇ ਰਾਗੀ ਵੀ ਰਿਹਾ ਹੈ, ਉਸ ਨੇ ਕਿਤੇ ਵੀ ਬਾਣੀ ਦੀ ਸ਼ੁੱਧਤਾ ਦਾ ਖਿਆਲ ਨਹੀਂ ਰੱਖਿਆ। ਪੁਸਤਕ ਵਿਚ ਲਿਖੀਆਂ ਹੋਈਆਂ ਗੁਰਬਾਣੀ ਦੀਆਂ ਤੁਕਾਂ ਅਸ਼ੁੱਧੀਆਂ ਨਾਲ ਭਰਪੂਰ ਹਨ, ਤੁਕਾਂ ਦੇ ਅਖੀਰ ਵਿਚ ਵਿਸ਼ਰਾਮ ਚਿੰਨ੍ਹ ਵੀ ਨਹੀਂ ਲਾਏ ਹੋਏ। ਲੇਖਕ ਦਾ ਵਿਚਾਰ ਹੈ ਕਿ ਕਿਸੇ ਵੀ ਗੁਰੂ ਨੇ ਸਾਨੂੰ ਇਹ ਆਦੇਸ਼ ਨਹੀਂ ਦਿੱਤਾ ਕਿ ਤੁਸੀਂ ਵਾਹਿਗੁਰੂ ਜਪੋ ਜਾਂ ਵਾਹਿਗੁਰੂ ਬੋਲੋ। ਇਹ ਤਾਂ ਅਸੀਂ ਭੱਟਾਂ ਦੀ ਰੀਸ ਕੀਤੀ ਹੈ, ਗੁਰੂ ਦਾ ਹੁਕਮ ਨਹੀਂ ਮੰਨਿਆ, ਇਹ ਤਾਂ ਫਿਰ ਹੁਕਮ ਅਦੂਲੀ ਹੋ ਗਈ। ਉਹ ਲਿਖਦਾ ਹੈ ਕਿ ਜਿਸ ਪੰਧ 'ਤੇ ਚਲਦਿਆਂ ਸਾਨੂੰ ਅਜੇ ਤੱਕ ਕੋਈ ਪਰਿਣਾਮ ਨਹੀਂ ਮਿਲਿਆ, ਉਸ ਨੂੰ ਬਿਨਾਂ ਵਕਤ ਜ਼ਾਇਆ ਕਰੇ ਬਦਲ ਦਿਓ। ਸਿਰਫ ਰਾਮ ਹੀ ਪਰਮਾਤਮਾ ਦਾ ਅਸਲੀ ਨਾਂਅ ਹੈ। ਇਹੋ ਜਿਹੇ ਵਿਚਾਰ ਪੜ੍ਹ ਕੇ ਦਿਲ ਨੂੰ ਬਹੁਤ ਸੱਟ ਲੱਗੀ ਹੈ। ਲੇਖਕ ਨੇ ਗੁਰਬਾਣੀ ਦੇ ਆਸ਼ੇ ਨੂੰ ਸਮਝਿਆ ਹੀ ਨਹੀਂ, ਸਗੋਂ ਮਨਮਤਿ ਕਰਕੇ ਅਰਥਾਂ ਦਾ ਅਨਰਥ ਕੀਤਾ ਹੈ। ਸਾਡੀ ਇਹੋ ਅਰਦਾਸ ਹੈ ਕਿ ਪਰਮਾਤਮਾ ਇਨ੍ਹਾਂ ਨੂੰ ਸੁਮਤਿ ਬਖ਼ਸ਼ਣ, ਸਹੀ ਰਾਹ ਦਿਖਾਉਣ, ਗੁਰਬਾਣੀ ਦੀ ਸੁੱਚਮਤਾ ਅਤੇ ਸ਼ੁੱਧਤਾ ਦਾ ਮਹਾਤਮ ਸਮਝਾਉਣ ਇਹੋ ਜਿਹੇ ਆਪਹੁਦਰੇ ਵਿਚਾਰ ਪਾਠਕਾਂ ਨੂੰ ਪ੍ਰਭੂ ਨਾਲ ਜੋੜਨ ਦਾ ਨਹੀਂ, ਵਿਛੋੜਨ ਦਾ ਕੰਮ ਕਰਦੇ ਹਨ। ਲੇਖਕ ਨੂੰ ਬੇਨਤੀ ਹੈ ਕਿ ਉਹ ਗੁਰਬਾਣੀ ਦੇ ਅਸਲੀ ਭਾਵ ਨੂੰ ਸਮਝਣ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸ੍ਰਿਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ
(ਧਾਰਮਿਕ ਕਾਵਿ-ਸੰਗ੍ਰਹਿ)
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨ, ਦਿੱਲੀ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 099588-31357

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਆਜ਼ਾਦੀ ਲਈ ਅਤੇ ਆਪਣੇ ਧਰਮ ਦੀ ਖ਼ਾਤਰ ਬੇਮਿਸਾਲ ਕੁਰਬਾਨੀ ਦਿੱਤੀ, ਜਿਸ ਨੇ ਸਿੱਖਾਂ ਨੂੰ ਮੁਗ਼ਲਾਂ ਦੇ ਜ਼ੁਲਮ ਵਿਰੁੱਧ ਬਗਾਵਤ ਕਰਨ ਦੀ ਪ੍ਰੇਰਨਾ ਦਿੱਤੀ। ਆਪ ਦੀ ਇਸ ਕੁਰਬਾਨੀ ਨੇ ਮਨੁੱਖਤਾ ਨੂੰ ਜਾਤ-ਪਾਤ, ਧਰਮ ਅਤੇ ਫ਼ਿਰਕਿਆਂ ਤੋਂ ਉੱਪਰ ਉੱਠ ਕੇ ਪਿਆਰ ਤੇ ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਮੁਗ਼ਲ ਹਕੂਮਤ ਦੀ ਬੇਇਨਸਾਫ਼ੀ ਅਤੇ ਜਬਰ ਜ਼ੁਲਮ ਅੱਗੇ ਝੁਕਣ ਦੀ ਬਜਾਏ ਸ਼ਹਾਦਤ ਦਾ ਰਸਤਾ ਚੁਣਿਆ। ਲੋਕਾਂ ਦੀ ਜਮੀਰ ਜਾਗ ਉੱਠੀ। ਆਪ ਦਾ ਸੀਸ ਭਾਈ ਜੈਤਾ ਜੀ ਨਿਡਰਤਾ ਨਾਲ ਲੈ ਗਏ। ਆਪ ਦੇ ਧੜ ਦਾ ਸਸਕਾਰ ਘਰ ਫੂਕ ਕੇ ਕੀਤਾ ਗਿਆ। ਅੰਤ ਨੂੰ ਖ਼ਾਲਸਾ ਦੀ ਸਾਜਨਾ ਹੋਈ, ਜਿਸ ਨੇ ਹਰ ਪ੍ਰਕਾਰ ਦੇ ਜਬਰ ਅਨਿਆਂ ਦਾ ਵਿਰੋਧ ਕਰਦਿਆਂ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਪੁੱਟ ਸੁੱਟੀਆਂ।
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਪੰਜਾਬੀ ਲੇਖਕਾਂ, ਕਵੀਆਂ ਤੇ ਵਿਦਵਾਨਾਂ ਵਲੋਂ ਆਪ ਜੀ ਦੀ ਵਿਚਾਰਧਾਰਾ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਬੱਦਨ ਦੀ ਇਹ ਪੁਸਤਕ ਇਸੇ ਮੰਤਵ ਦੀ ਪੂਰਤੀ ਹਿਤ ਇਕ ਸ਼ਲਾਘਾਯੋਗ ਉੱਦਮ ਹੈ। ਡਾ. ਬੱਦਨ ਇਕ ਬਹੁਪੱਖੀ ਲੇਖਕ ਹੈ, ਜਿਸ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਲੇਖਕ ਨੇ ਪੰਜਾਬੀ ਦੇ 64 ਕਵੀਆਂ ਦੀਆਂ 72 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਗੁਰੂ ਸਾਹਿਬ ਦੀ ਸ਼ਹਾਦਤ, ਵਿਚਾਰਧਾਰਾ ਅਤੇ ਉਪਦੇਸ਼ ਉੱਪਰ ਚਾਨਣਾ ਪਾਇਆ ਗਿਆ ਹੈ। ਇਨ੍ਹਾਂ ਕਵੀਆਂ ਦੇ ਨਾਂਅ ਇਸ ਪ੍ਰਕਾਰ ਹਨ : ਐਸ.ਐਸ. ਚਰਨ ਸਿੰਘ ਸ਼ਹੀਦ, ਅਨੂੁਪ ਸਿੰਘ ਨੂਰੀ, ਅਮਰ ਕੋਮਲ (ਡਾ.), ਇੰਦਰਜੀਤ ਸਿੰਘ ਤੁਲਸੀ, ਇੰਦਰ ਸਿੰਘ ਖਾਮੋਸ਼, ਸੋਹਨ ਸਿੰਘ ਜੋਸ਼, ਸੋਹਨ ਸਿੰਘ ਸੀਤਲ, ਸੰਤਰਾਮ ਉਦਾਸੀ, ਸੁਖਪਾਲਵੀਰ ਸਿੰਘ ਹਸਰਤ, ਸਰਦਾਰ ਪੰਛੀ, ਸਰਬਜੀਤ ਕੌਰ ਸੰਧਾਵਾਲੀਆ, ਸ.ਸ. ਮੀਸ਼ਾ, ਹਜ਼ਾਰਾ ਸਿੰਘ ਗੁਰਦਾਸਪੁਰੀ, ਹਰਭਜਨ ਸਿੰਘ ਹੁੰਦਲ, ਕਰਤਾਰ ਸਿੰਘ ਬਲੱਗਣ, ਕਰਨੈਲ ਸਿੰਘ ਪਾਰਸ ਰਾਮੂੁਵਾਲੀਆ, ਗੁਰਦੇਵ ਸਿੰਘ ਮਾਨ, ਗੁਰਦਿੱਤ ਸਿੰਘ ਕੁੰਦਨ, ਗੁਰਭਜਨ ਗਿੱਲ, ਚਰਨ ਸਿੰਘ ਸਫ਼ਰੀ, ਦਿਆਲ ਚੰਦ ਮਿਗਲਾਨੀ, ਦਾਨ ਸਿੰਘ ਕੋਮਲ, ਧਨੀ ਰਾਮ ਚਾਤ੍ਰਿਕ, ਨਾਨਕ ਸਿੰਘ (ਨਾਵਲਕਾਰ), ਨਾਜ਼ਰ ਸਿੰਘ ਤਰਸ, ਪ੍ਰਭਜੋਤ ਕੌਰ, ਪ੍ਰੀਤਮ ਸਿੰਘ ਕਾਸਦ, ਬਿਸ਼ਨ ਸਿੰਘ ਉਪਾਸ਼ਕ, ਬਲਦੇਵ ਸਿੰਘ 'ਬੱਦਨ' (ਡਾ.), ਵਿਧਾਤਾ ਸਿੰਘ ਤੀਰ ਆਦਿ। ਕਵਿਤਾ ਦੇ ਕੁਝ ਨਮੂਨੇ ਪੇਸ਼ ਹਨ:
-ਇਕ ਨੂਰ ਚਾਂਦਨੀ ਚੌਕ ਅੰਦਰ,
ਆਇਆ ਸੀ ਸੀਸ ਕਟਾਣ ਲਈ,
ਉਸ ਆਪਣੀ ਹੋਂਦ ਮਿਟਾ ਦਿੱਤੀ,
ਕੁਲ ਜਗ ਦੇ ਦਰਦ ਹੰਢਾਣ ਲਈ।
(ਸੁਖਪਾਲਵੀਰ ਸਿੰਘ ਹਸਰਤ)
-ਜੇ ਗੁਰ ਤੇਗ ਬਹਾਦਰ ਦਾ ਬਲੀਦਾਨ ਨਾ ਹੁੰਦਾ,
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।

(ਸਰਦਾਰ ਪੰਛੀ)
ਕੰਵਲਜੀਤ ਸਿੰਘ ਸੂਰੀ
ਮੋ: 93573-24241

c c c
ਮੈਂ ਲਿਖਾਂਗਾ
ਲੇਖਕ : ਕਾਮਰੇਡ ਗੁਰਨਾਮ ਸਿੰਘ ਰੋਪੜ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼,ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94787-90932.

'ਮੈਂ ਲਿਖਾਂਗਾ' ਨੂੰ ਜੇਕਰ ਲੇਖ ਸੰਗ੍ਰਹਿ ਕਹਿ ਲਿਆ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਇਸ ਪੁਸਤਕ ਵਿਚਲੇ ਇਨ੍ਹਾਂ ਲੇਖਾਂ ਰਾਹੀਂ ਲੇਖਕ ਨੇ ਸਮਾਜ ਦੇ ਕਈ ਅਣਗੌਲੇ ਪੱਖਾਂ ਵੱਲ ਧਿਆਨ ਦਿਵਾਇਆ ਹੈ। ਸਾਡੇ ਸਮਾਜਿਕ ਚੌਗਿਰਦੇ ਵਿਚ ਵਾਪਰਦੀਆਂ ਅਨੇਕਾਂ ਇਨ੍ਹਾਂ ਘਟਨਾਵਾਂ ਨੂੰ ਅਸੀਂ ਕਈ ਵਾਰ ਅਣਗੌਲਿਆਂ ਕਰਦੇ ਹਾਂ ਜਾਂ ਛੋਟੀਆਂ ਗੱਲਾਂ ਸਮਝ ਕੇ ਧਿਆਨ ਨਹੀਂ ਦਿੰਦੇ, ਲੇਖਕ ਨੇ ਇਨ੍ਹਾਂ ਹੀ ਬਾਰੇ ਬੜੇ ਤਿੱਖੇ ਅਤੇ ਵਿਅੰਗਾਤਮਕ ਲਹਿਜ਼ੇ ਵਿਚ ਗੱਲ ਕੀਤੀ ਹੈ। ਕਮਿਊਨਿਸਟ ਪਾਰਟੀ ਦਾ ਮੈਂਬਰ ਹੋਣ ਕਰਕੇ ਉਸ ਦੀ ਲੇਖਣੀ ਅਤੇ ਵਿਚਾਰਧਾਰਾ ਵਿਚ ਸਮਾਜਵਾਦ ਦੀ ਝਲਕ ਮਿਲਦੀ ਹੈ। ਕਿਤੇ-ਕਿਤੇ ਲੇਖਕ ਆਪਣੀ ਉਸ ਪਾਰਟੀ ਅਤੇ ਉਸ ਦੀ ਵਿਚਾਰਧਾਰਾ ਤੋਂ ਨਿਰਾਸ਼ ਵੀ ਜਾਪਦਾ ਹੈ। ਲੇਖਕ ਦੇ ਇਹ ਲੇਖ ਪਹਿਲਾਂ ਕਈ ਰਸਾਲਿਆਂ, ਅਖ਼ਬਾਰਾਂ ਵਿਚ ਛਪੇ ਹਨ ਜਿਨ੍ਹਾਂ ਨੂੰ ਉਸ ਨੇ ਪੁਸਤਕ ਰੂਪ ਵਿਚ ਪੇਸ਼ ਕੀਤਾ ਹੈ। ਗੱਲ ਚਾਹੇ ਦਲਿਤ ਸਮਾਜ ਦੀ ਹੋਣੀ ਦੀ ਹੋਵੇ ਜਾਂ ਕ੍ਰਿਕਟ ਦੇ ਜਜ਼ਬੇ ਦੀ ਜਾਂ ਫਿਰ ਦੁਨੀਆ ਵਿਚ ਦੂਸਰਿਆਂ ਦੇ ਕੰਮ ਆਉਣ ਵਾਲੇ ਸਮੇਂ ਸਮੇਂ ਦੇ ਲੋਕਾਂ ਦੀ, ਰਾਜਨੀਤੀ ਦੀ ਭੇਟ ਚੜ੍ਹ ਰਹੇ ਸ਼ਹੀਦੀ ਸਮਾਰਕਾਂ ਦੀ, ਲੇਖਕ ਇਨ੍ਹਾਂ ਸੰਬੰਧੀ ਅਫ਼ਸੋਸ ਜ਼ਾਹਰ ਕਰਦਾ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਭੁਲਾ ਬੈਠੇ ਹਾਂ। ਪੰਜ ਆਬਾਂ ਦੀ ਧਰਤੀ ਵਿਚ ਪੀਣ ਵਾਲੇ ਪਾਣੀ ਦੇ ਨਾ ਹੋਣ ਦਾ ਝੋਰਾ, ਰਾਮ ਮੰਦਰ ਤੋਂ ਰਾਮ ਰਾਜ ਤੱਕ ਦੀ ਰਾਜਨੀਤੀ, ਅਖੌਤੀ ਬਾਬੇ, 84 ਦੇ ਦੰਗਿਆਂ ਦੀ ਦਾਸਤਾਨ ਆਦਿ ਵਰਗੇ ਕਈ ਸੰਵੇਦਨਸ਼ੀਲ ਮੁੱਦਿਆਂ ਨੂੰ ਲੇਖਕ ਨੇ ਗੰਭੀਰਤਾ ਨਾਲ ਥੋੜ੍ਹੇ ਸ਼ਬਦਾਂ ਵਿਚ ਪਾਠਕਾਂ ਦੇ ਸਾਹਵੇਂ ਰੱਖਿਆ ਹੈ। 50 ਕੁ ਦੇ ਕਰੀਬ ਇਨ੍ਹਾਂ ਲੇਖਾਂ ਵਿਚ ਸ਼ਬਦਾਵਲੀ ਤਿੱਖੀ ਤੇ ਚੋਟ ਕਰਨ ਵਾਲੀ ਹੈ ਜੋ ਪਾਠਕਾਂ ਦੇ ਜ਼ਿਹਨ ਨੂੰ ਝੰਜੋੜਦੀ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ. 83606-83823

29-05-2022

ਅਨੋਖਾ ਅਕਾਲੀ ਯੋਧਾ ਸ: ਆਤਮਾ ਸਿੰਘ
ਲੇਖਕ : ਹਰਵਿੰਦਰ ਸਿੰਘ ਖ਼ਾਲਸਾ
ਪ੍ਰਕਾਸ਼ਕ : ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਕਪੂਰਥਲਾ
ਮੁੱਲ : 750 ਰੁਪਏ, ਸਫ਼ੇ : 162
ਸੰਪਰਕ : 98155-33725.


ਹਥਲੀ ਪੁਸਤਕ ਜੋ ਅਕਾਲੀ ਨੇਤਾ ਸ: ਆਤਮਾ ਸਿੰਘ ਦੇ ਜੀਵਨ ਕਾਲ ਨੂੰ ਲਗਭਗ 25 ਭਾਗਾਂ ਵਿਚ ਪੇਸ਼ ਕਰਦੀ ਆਪਣੇ ਰਚਨਾਮਿਕ ਵਿਵਹਾਰ ਨੂੰ ਸੰਪੂਰਨ ਰੂਪ ਦਿੰਦੀ ਹੈ। ਪਹਿਲੇ ਭਾਗ ਵਿਚ ਸ: ਪ੍ਰਕਾਸ਼ ਸਿੰਘ ਬਾਦਲ, ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜਥੇ: ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼ੁੱਭ ਇੱਛਾਵਾਂ ਦੇ ਸ਼ਬਦ ਅੰਕਿਤ ਹਨ। ਬੀਬੀ ਗੁਰਪ੍ਰੀਤ ਕੌਰ ਵਲੋਂ ਦੋ ਸ਼ਬਦ, ਸ: ਤਰਲੋਚਨ ਸਿੰਘ ਵਲੋਂ ਜੀਵਨ ਸਾਂਝ ਦੀ ਯਾਦ, ਸ: ਹਰਵਿੰਦਰ ਸਿੰਘ ਖ਼ਾਲਸਾ ਵਲੋਂ ਸੱਚੋ-ਸੱਚ ਵਿਚਾਰ ਆਤਮਿਕ ਸ਼ਬਦ ਅੰਕਿਤ ਕੀਤੇ ਹਨ। ਸ: ਆਤਮਾ ਸਿੰਘ ਦਾ ਮੁਢਲਾ ਜੀਵਨ, ਪੰਜਾਬ ਬਟਵਾਰਾ, ਸਿੱਖ ਰਾਜਨੀਤੀ ਵਿਚ ਪ੍ਰਵੇਸ਼, ਗਾਥਾ ਪੰਜਾਬੀ ਸੂਬਾ ਮੋਰਚਾ, ਅਕਾਲੀ ਸਰਕਾਰਾਂ, ਗੁਰੂ ਨਾਨਕ ਸਾਹਿਬ ਦੀ ਪੰਜਵੀਂ ਸ਼ਤਾਬਦੀ, ਪੰਥਕ ਏਕਤਾ ਐਲਾਨਨਾਮਾ, ਅਗਨਕੁੰਡਾਂ ਦੀ ਵਾਰਤਾ ਅਮਰ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ, ਦਿੱਲੀ ਗੁਰਦੁਆਰਿਆਂ ਦੀ ਆਜ਼ਾਦੀ ਦਾ ਮੋਰਚਾ, ਐਮਰਜੈਂਸੀ ਮੋਰਚਾ ਬਨਾਮ ਅਕਾਲੀ ਦਲ, ਸਾਕਾ ਨੀਲਾ ਤਾਰਾ ਤੇ ਉਸ ਤੋਂ ਬਾਅਦ, ਮੰਤਰੀ ਕਿ ਸਿੱਖ ਪ੍ਰਚਾਰਕ, ਪੰਜਾਬ ਦਾ ਅਮੀਰ ਸੱਭਿਆਚਾਰਕ ਵਿਰਸਾ, ਕਿਥੋਂ ਲੱਭੀਏ ਟਕਸਾਲੀ ਅਕਾਲੀ, ਪਿੰਡ ਦੀ ਨਵੀਂ ਨੁਹਾਰ, ਅਨੋਖੇ ਪੰਥ ਦਾ ਅਨੋਖਾ ਰਾਹੀ, ਪੰਜਾਬੀ ਸੂਬਾ ਨਹੀਂ ਇਕ ਸਾਜਿਸ਼, ਸ: ਕਪੂਰ ਸਿੰਘ ਦਾ ਪਾਰਲੀਮੈਂਟ ਵਿਚ ਇਤਿਹਾਸਕ ਭਾਸ਼ਨ ਆਦਿ। ਇਹ ਸਾਰੇ ਲੇਖ ਸ: ਆਤਮਾ ਸਿੰਘ ਦੇ ਜੀਵਨ ਨੂੰ ਕੁੰਜੀਵੱਤ ਸ਼ਬਦਾਂ ਦੇ ਰੂਪ 'ਚ ਪੇਸ਼ ਕਰਦੇ ਹਨ। ਕਿਤਾਬ ਦੇ ਵਿਚਾਲੇ ਕੋਈ 38 ਕੁ ਪੰਨੇ ਸ: ਆਤਮਾ ਸਿੰਘ ਦੇ ਸੰਘਰਸ਼ੀ ਸਾਫ਼ਗੋਈ ਰਾਜਸੀ ਜੀਵਨ ਦੀ ਸਚਿੱੱਤਰ ਐਲਬਮ ਰੂਪੀ ਤਸਵੀਰ ਪੇਸ਼ ਹੁੰਦੀ ਹੈ। ਫੋਟੋ ਆਪਣੇ ਆਪ ਵਿਚ ਇਕ ਕਹਾਣੀ, ਇਤਿਹਾਸ ਪੇਸ਼ ਕਰਦੀ ਹੈ। ਇਸ ਕਿਤਾਬ ਵਿਚ ਇਕ ਸੌ ਦੇ ਕਰੀਬ ਤਸਵੀਰਾਂ ਸ਼ਾਮਿਲ ਹਨ। ਸ: ਆਤਮਾ ਸਿੰਘ ਨੇ ਸਾਰਾ ਜੀਵਨ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਸੇਵਾ ਕਰਦਿਆਂ ਬਸਰ ਕੀਤਾ। ਆਪ ਐਮ. ਐਲ. ਏ. , ਮੰਤਰੀ ਅਤੇ ਸਾਕਾ ਨੀਲਾ ਤਾਰਾ ਸਮੇਂ ਸ਼੍ਰੋ. ਗੁ: ਪ੍ਰ: ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਉਹ ਆਪਣੀ ਧੁਨ ਦੇ ਪੱਕੇ, ਅਣਥੱਕ, ਸਿਰੜੀ, ਸਿਦਕੀ ਤੇ ਅਡੋਲ ਪੰਥਕ ਸੋਚ ਵਾਲੇ ਅਕਾਲੀ ਨੇਤਾ ਸਨ। ਉਹ ਹਰ ਮੋਰਚੇ ਤੇ ਸੰਘਰਸ਼ ਵਿਚ ਸਭ ਤੋਂ ਅੱਗੇ ਰਹੇ। ਉਨ੍ਹਾਂ ਦਾ ਗੁਰਸਿੱਖੀ ਜੀਵਨ ਮਿਸਾਲੀ ਸੀ। ਇਮਾਨਦਾਰੀ ਉਨ੍ਹਾਂ ਦੇ ਜੀਵਨ ਦਾ ਧੁਰਾ ਸੀ। ਸ: ਆਤਮਾ ਸਿੰਘ ਨੇ 1952 ਵਿਚ ਸੁਲਤਾਨਪੁਰ ਲੋਧੀ ਵਿਖੇ ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਖ਼ਾਲਸਾ ਕਾਲਜ 1969 ਵਿਚ ਅਤੇ 1981 ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਸਥਾਪਨਾ ਕਰਕੇ ਵੱਡਾ ਪਰ ਉਪਕਾਰੀ ਕੰਮ ਕੀਤਾ। ਸ: ਆਤਮਾ ਸਿੰਘ ਸੈਂਕੜੇ ਮੁਖੀ ਅਕਾਲੀ ਸੇਵਾਦਾਰਾਂ ਤੇ ਨੇਤਾਵਾਂ ਵਿਚੋਂ ਸਨ ਜਿਨ੍ਹਾਂ ਕਈ ਵੱਡੀਆਂ ਤਬਦੀਲੀਆਂ ਆਪਣੀ ਅੱਖੀਂ ਦੇਖੀਆਂ। ਉਨ੍ਹਾਂ ਦੇ ਜੀਵਨ ਦੀ ਛਵੀ ਅੰਤਲੇ ਪਲਾਂ ਤੱਕ ਇਮਾਨਦਾਰ, ਨਿਸ਼ਕਾਮ ਤੇ ਦ੍ਰਿੜ੍ਹ ਅਕਾਲੀ ਨੇਤਾ ਦੇ ਰੂਪ ਵਿਚ ਬਣੀ ਰਹੀ। ਰਾਜਨੀਤਕ ਪਿੜ ਵਿਚ ਆਉਣ ਵਾਲੇ ਤੇ ਮੌਜੂਦਾ ਰਾਜਸੀ ਨੌਜਵਾਨਾਂ ਲਈ ਪੰਥਕ ਚੇਤਨਤਾ ਅਤੇ ਲੋਕ ਹਿਤਾਂ ਲਈ ਇਮਾਨਦਾਰੀ ਨਾਲ ਸੇਵਾ ਕਰਨ ਦੀ ਪ੍ਰੇਰਨਾ-ਸਰੋਤ ਹਥਲੀ ਪੁਸਤਕ ਹੋਵੇਗੀ। ਪਰ ਕੀਮਤ ਪੱਖੋਂ ਕਿਤਾਬ ਆਮ ਪਾਠਕ ਤੋਂ ਦੂਰ ਰਹੇਗੀ।


ਦਿਲਜੀਤ ਸਿੰਘ ਬੇਦੀ
c c c


ਤੋਤੋ-ਚਾਨ

ਲੇਖਿਕਾ : ਤੇਤਸੁਕੋ ਕੁਰੋਯਾਨਾਗੀ
ਅਨੁਵਾਦ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 160
ਸੰਪਰਕ :jaspreetjagraon@hotmail.com


ਇਹ ਪੁਸਤਕ ਜਾਪਾਨੀ ਸਵੈ-ਜੀਵਨੀ ਮੂਲਕ ਨਾਵਲ ਹੈ। ਲੇਖਿਕਾ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਕਲਮਬੰਦ ਕੀਤਾ ਹੈ। ਖ਼ਾਸ ਕਰਕੇ ਆਪਣੇ ਪ੍ਰਾਇਮਰੀ ਸਕੂਲ ਸਮੇਂ ਦੀਆਂ ਯਾਦਾਂ ਦਾ ਜ਼ਿਕਰ ਹੈ। ਇਸ ਵੇਲੇ ਲੇਖਿਕਾ ਜਾਪਾਨ ਵਿਚ ਟੈਲੀਵਿਜ਼ਨ ਦੀ ਪ੍ਰਸਿੱਧ ਕਲਾਕਾਰ ਹੈ। ਪੁਸਤਕ ਵਿਚ ਆਦਰਸ਼ ਸਕੂਲ ਦੀ ਆਦਰਸ਼ ਸਿੱਖਿਆ ਨੂੰ ਬਹੁਤ ਰੌਚਿਕ ਸ਼ੈਲੀ ਵਿਚ ਵਰਣਿਤ ਕੀਤਾ ਹੈ। ਲੇਖਿਕਾ ਆਪਣੀ ਕਾਮਯਾਬੀ ਲਈ ਪ੍ਰਾਇਮਰੀ ਸਕੂਲ ਅਧਿਆਪਕਾ ਦਾ ਯੋਗਦਾਨ ਮੰਨਦੀ ਹੈ। ਚੰਗਾ ਅਧਿਆਪਕ ਬੱਚੇ ਦਾ ਸਰਬਪੱਖੀ ਵਿਕਾਸ ਕਰਦਾ ਹੈ। ਪਹਿਲੀ-ਦੂਸਰੀ ਤੇ ਤੀਸਰੀ ਸ਼੍ਰੇਣੀ ਦੇ ਬਚਪਨ ਨੂੰ ਲੇਖਿਕਾ ਜਿਸ ਕਦਰ ਮਾਣਦੀ ਹੈ, ਉਸ ਦਾ ਨਾਵਲ ਵਿਚ ਭਰਵਾਂ ਜ਼ਿਕਰ ਹੈ। ਜਾਪਾਨ ਦਾ ਇਹ ਤੋਮੋਏ ਸਕੂਲ ਆਪਣੀ ਕਿਸਮ ਦਾ ਹੈ। ਤੋਤਲੀ ਜ਼ਬਾਨ ਵਿਚ ਉਹ ਗੱਲ ਕਰਦੀ ਹੈ। ਅਧਿਆਪਕ ਉਸ ਨੂੰ ਰੱਜਵਾਂ ਪਿਆਰ ਦਿੰਦੇ ਹਨ। ਸਕੂਲ ਵਿਚ ਮਾਤ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ। ਅਧਿਆਪਕ ਕਲਾਸ ਨੂੰ ਸਾਰੇ ਵਿਸ਼ਿਆਂ ਦਾ ਕੰਮ ਕਰਨ ਲਈ ਦੇ ਦਿੰਦੇ ਹਨ। ਫਿਰ ਵੇਖਦੇ ਹਨ ਕਿ ਕਿਸ ਵਿਸ਼ੇ ਦਾ ਕੰਮ ਬੱਚਾ ਪਹਿਲਾਂ ਕਰਦਾ ਹੈ, ਕਿਸ ਦਾ ਬਾਅਦ ਵਿਚ। ਉਸ ਦੀ ਰੁਚੀ ਦੀ ਪਰਖ ਕਰ ਲਈ ਜਾਂਦੀ ਹੈ। ਅਗਲੀ ਸਿੱਖਿਆ ਉਸ ਅਨੁਸਾਰ ਦਿੱਤੀ ਜਾਂਦੀ ਹੈ। ਤੋਮੋਏ ਸਕੂਲ ਵਿਚ ਬੱਚੇ ਜ਼ਿੰਦਗੀ ਦੇ ਕਈ ਰੰਗ ਵੇਖਦੇ ਮਾਣਦੇ ਹਨ। ਅਧਿਆਪਕ ਬੱਚਿਆਂ ਵਿਚ ਸਦਭਾਵਨਾ, ਦੇਸ਼ ਭਗਤੀ, ਸੇਵਾ ਭਾਵ, ਲਾਇਬਰੇਰੀ ਨਾਲ ਜੋੜਨ, ਤਸਵੀਰਾਂ ਰਾਹੀਂ ਸਿੱਖਣ, ਸੰਤੁਲਿਤ ਖਾਣਾ, ਤੈਰਨ, ਕੁਦਰਤ ਨਾਲ ਜੁੜਨ, ਖੇਤੀ ਦਾ ਕੰਮ ਕਰਨ, ਖੇਡਾਂ ਵਿਚ ਪ੍ਰਬੀਨਤਾ, ਸਮੁੰਦਰੀ ਖੁਰਾਕ, ਮਾਤ ਭਾਸ਼ਾ ਨਾਲ ਜੁੜਨ, ਇਤਿਹਾਸ ਦੀ ਜਾਣਕਾਰੀ, ਗਰਮੀਆਂ ਦੀਆਂ ਛੁੱਟੀਆਂ ਵਿਚ ਕੈਂਪ ਲਾਉਣ ਦਾ ਅਹਿਮ ਕਾਰਜ ਕਰਦੇ ਹਨ। ਸਾਰੀ ਮੁਢਲੀ ਸਿੱਖਿਆ ਵਿਚ ਲਿਖਤੀ ਤੇ ਅਮਲੀ ਕੰਮ ਕਰਾਇਆ ਜਾਂਦਾ ਹੈ। ਅੰਗਰੇਜ਼ੀ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਅਧਿਆਪਕ ਹਰੇਕ ਬੱਚੇ ਦੀ ਖੁੱਲ੍ਹ ਕੇ ਪ੍ਰਸੰਸਾ ਕਰਦਾ ਹੈ। ਜਿਸ ਨਾਲ ਬੱਚੇ ਵਿਚ ਉਤਸ਼ਾਹ ਭਰਦਾ ਹੈ। ਕਿਸੇ ਵੀ ਬੱਚੇ ਵਿਚ ਹੀਣ ਭਾਵਨਾ ਨੇੜੇ ਨਹੀਂ ਆਉਣ ਦਿੱਤੀ ਜਾਂਦੀ। ਬੱਚੇ ਖ਼ੁਦ ਮਿਲ ਕੇ ਨਾਟਕ ਖੇਡਦੇ ਹਨ। ਬੱਚਿਆਂ ਨੂੰ ਇਮਾਨਦਾਰੀ ਸਿਖਾਈ ਜਾਂਦੀ ਹੈ। ਮੁਢਲੀ ਸਿੱਖਿਆ ਪ੍ਰਾਪਤੀ ਪਿੱਛੋਂ ਬੱਚੇ ਚੰਗੀ ਸ਼ਖ਼ਸੀਅਤ ਬਣ ਕੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਹਨ। ਇਸ ਦਾ ਜ਼ਿਕਰ ਪੁਸਤਕ ਦੇ ਅੰਤਿਕਾ ਵਿਚ ਹੈ। ਲੇਖਿਕਾ ਅਨੁਸਾਰ ਪੁਸਤਕ ਦੀ ਵਿਕਰੀ ਪਹਿਲੀ ਵਾਰ 45 ਲੱਖ ਕਾਪੀਆਂ ਹੋਈ। ਵੱਖ-ਵੱਖ ਦੇਸ਼ਾਂ ਵਿਚ ਇਸ ਦਾ ਤਰਜਮਾ ਹੋਇਆ। ਪ੍ਰਕਾਸ਼ਕਾ ਨੇ ਰੀਝ ਨਾਲ ਛਾਪਿਆ। ਪੁਸਤਕ ਪੜ੍ਹ ਕੇ ਪ੍ਰਾਇਮਰੀ ਸਿੱਖਿਆ ਬਾਰੇ ਨਰੋਈ ਸੇਧ ਮਿਲਦੀ ਹੈ ਤੇ ਮੁਢਲੀ ਸਿੱਖਿਆ ਮਨੋਵਿਗਿਆਨਕ ਤੇ ਕੇਵਲ ਮਾਤ ਭਾਸ਼ਾ ਵਿਚ ਦੇਣ ਦਾ ਸਦੀਵੀ ਸੱਚ ਉੱਭਰਦਾ ਹੈ।


ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਜੀਵਨ ਸੇਧਾਂ

ਲੇਖਿਕਾ : ਡਾ. ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98555-84298.


ਮਨੁੱਖਤਾ ਜੀਵਨ ਨੂੰ ਬਾਕੀ ਕੁੱਲ 84 ਲੱਖ ਜੂਨਾਂ 'ਚੋਂ ਉੱਤਮ ਸਮਝਿਆ ਜਾਂਦਾ ਹੈ। ਪਰ ਚੰਗੇ ਮਾੜੇ ਜੀਵਨ ਦਾ ਅਸਲ ਨਿਤਾਰਾ ਗੁਰਬਾਣੀ ਦੀ ਕਸਵੱਟੀ ਰਾਹੀਂ ਹੀ ਹੋ ਸਕਦਾ ਹੈ। 'ਜੀਵਨ ਸੇਧਾਂ' ਪੁਸਤਕ ਵਿਚ ਲੇਖਿਕਾ ਡਾ. ਜਗਦੀਸ਼ ਕੌਰ ਵਾਡੀਆ ਵਲੋਂ ਮਨੁੱਖੀ ਜੀਵਨ ਸੰਵਾਰਨ ਲਈ ਗੁਰਬਾਣੀ ਅਨੁਸਾਰ ਦੱਸੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨ ਦਾ ਸਾਰਥਕ ਯਤਨ ਕੀਤਾ ਗਿਆ ਹੈ।
ਇਸ ਪੁਸਤਕ ਵਿਚ ਅਲੱਗ-ਅਲੱਗ ਵਿਸ਼ਿਆਂ ਨੂੰ ਸਵਾਲ ਦੇ ਰੂਪ ਵਿਚ ਹੀ ਹਰ ਲੇਖ ਦਾ ਸਿਰਲੇਖ ਬਣਾਇਆ ਗਿਆ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਬੜੇ ਹੀ ਭਾਵਪੂਰਤ ਰੂਪ ਵਿਚ ਗੁਰਬਾਣੀ ਨੂੰ ਆਧਾਰ ਬਣਾ ਕੇ ਹੀ ਦਿੱਤੇ ਗਏ ਹਨ। ਸੋ ਜਗਿਆਸੂ ਦੀ ਪੂਰੀ ਸੰਤੁਸ਼ਟੀ ਕਰਵਾਉਂਦੇ ਹਨ। ਆਮ ਲੋਕਾਈ ਤੇ ਸਾਧੂ ਸੰਤਾਂ ਵਿਚਾਲੇ ਅੰਤਰ ਅਤੇ ਇਸ ਤੋਂ ਵੀ ਅੱਗੇ ਵਧ ਕੇ ਅਸਲ ਸਾਧ ਸੰਤਾਂ ਨੂੰ ਵੀ ਪ੍ਰਭਾਸ਼ਿਤ ਕੀਤਾ ਹੈ ਤਾਂ ਕਿ ਆਮ ਲੋਕ ਪਾਖੰਡਬਾਜ਼ਾਂ ਦੇ ਪਾਖੰਡੀ ਜਾਲ ਤੋਂ ਬਚ ਸਕਣ।
ਜਿਥੇ ਸਕੂਨ ਭਰੀ ਜ਼ਿੰਦਗੀ ਹੈ ਉਹੀ ਸਵਰਗ ਹੁੰਦਾ ਹੈ। 'ਇਹੀ ਜਹਾਨ ਮਿੱਠਾ ਅਗਲਾ ਕਿਸ ਡਿੱਠਾ' ਨੂੰ ਮੁੱਖ ਰੱਖ ਕੇ ਗੁਜ਼ਾਰੀ ਸੰਤੁਲਿਤ ਜ਼ਿੰਦਗੀ ਦਾ ਲਾਹਾ ਹੀ ਅਸਲ ਜੀਵਨ ਮਾਣਨਾ ਹੁੰਦਾ ਹੈ। ਅਗਿਆਤ ਪ੍ਰਲੋਕ ਜੀਵਨ ਬਾਰੇ ਸਿਰਫ ਕਿਆਸ ਅਰਾਈਆਂ ਹੀ ਲਗਾਈਆਂ ਜਾ ਸਕਦੀਆਂ ਹਨ।
ਲੇਖਿਕਾ ਨੇ ਇਸ ਪੁਸਤਕ ਰਾਹੀਂ ਗੁਰਬਾਣੀ ਅਨੁਸਾਰ ਜੀਵਨ ਜਿਊਣ/ਢਾਲਣ 'ਤੇ ਪੂਰਾ ਜ਼ੋਰ ਦਿੰਦਿਆਂ ਹੀ ਜੀਵਨ ਸੇਧਾਂ ਦੇਣ ਦਾ ਉਪਰਾਲਾ ਕੀਤਾ ਹੈ ਕਿ 'ਸੱਚਖੰਡ' ਤਾਂ ਮਨ ਦੀ ਉਹ ਉਚ ਅਵਸਥਾ ਹੈ, ਜਿਸ ਵਿਚ ਨਿਰੰਕਾਰ ਦਾ ਵਾਸਾ ਪ੍ਰਤੱਖ ਦਿਖਾਈ ਦੇਣ ਲੱਗ ਪੈਂਦਾ ਹੈ। ਇਸ ਉਚ ਅਵਸਥਾ ਨੂੰ ਪਾਉਣ ਲਈ ਵਿਖਾਵੇ, ਸ਼ੋਸ਼ੇ, ਅਡੰਬਰਾਂ ਤੋਂ ਨਿਰਲੇਪ ਕਮਾਏ ਜਾਂਦੇ 'ਕਰਮ ਧਰਮ' ਆਪਣਾ ਇਕ ਵੱਡਾ ਰੋਲ ਅਦਾ ਕਰਦੇ ਹਨ। ਜਿਸ ਦੀ ਪ੍ਰਾਪਤੀ ਉਨ੍ਹਾਂ ਵਿਰਲੇ ਸੱਜਣ ਜਨਾਂ ਨੂੰ ਹੀ ਹੁੰਦੀ ਹੈ, ਜੋ ਗੁਰ ਉਪਦੇਸ਼ ਅਨੁਸਾਰ ਇਹ ਨਿਵੇਕਲੀ ਕਮਾਈ ਕਰਨ ਦਾ ਆਹਰ ਪਾਹਰ ਕਰਦੇ ਹਨ। ਇਸ ਪੁਸਤਕ ਵਿਚਲੀਆਂ 'ਜੀਵਨ ਸੇਧਾਂ' ਨੂੰ ਪੜ੍ਹਨ ਵਿਚਾਰਨ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਹੈ ਕਿ 'ਗੁਰ ਬਿਨ ਘੋਰ ਅੰਧਾਰ।' ਦਾ ਸੰਦੇਸ਼ ਪਾਠਕਾਂ ਤੱਕ ਪਹੁੰਚਾਉਣ ਵਿਚ ਇਹ ਪੁਸਤਕ ਵਿਚ ਕਾਫੀ ਸਫਲ ਰਹੇਗੀ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਜੈਤੋ ਮੋਰਚੇ ਦੇ ਬਾਨੀ
ਗਿਆਨੀ ਇੰਦਰ ਸਿੰਘ ਮੌੜ

ਲੇਖਕ : ਹਰਭਜਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਜਿੰਦਰ ਪ੍ਰਿੰਟਰਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 118
ਸੰਪਰਕ : 98146-13178.


ਹਥਲੀ ਪੁਸਤਕ ਵਿਚ ਲੇਖਕ ਨੇ ਇਕ ਆਦਰਸ਼ਕ ਸ਼ਖ਼ਸੀਅਤ ਗਿਆਨੀ ਅਜੀਤ ਸਿੰਘ ਮੌੜ ਦੇ ਜੀਵਨ ਨੂੰ ਵੱਖ-ਵੱਖ ਵੰਨਗੀਆਂ ਵਜੋਂ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਅੰਗਰੇਜ਼ ਹਕੂਮਤ ਦੇ ਵਿਰੋਧ ਵਿਚ ਲੜੇ ਸੰਘਰਸ਼ ਦੀ ਗਾਥਾ ਪੇਸ਼ ਕਰਦਿਆਂ ਗਿਆਨੀ ਅਜੀਤ ਸਿੰਘ ਮੌੜ ਨੇ ਇਕ ਮਰਜੀਵੜੇ ਤੇ ਸੰਘਰਸ਼ਸ਼ੀਲ ਯੋਧੇ ਵਜੋਂ ਜਿਹੜਾ ਯੋਗਦਾਨ ਪਾਇਆ ਹੈ, ਉਹ ਬੇਮਿਸਾਲ ਹੈ। ਪੁਸਤਕ ਵਿਚ ਸ਼ਾਮਿਲ ਵਿਸ਼ਾ ਸੂਚੀ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਲੇਖਕ ਨੇ ਜੀਵਨ ਬਿਰਤਾਂਤ ਨੂੰ ਜਾਣਨਾ ਹੋਰ ਵੀ ਸੁਖੈਨ ਕਰ ਦਿੱਤਾ। ਪੁਸਤਕ ਦੇ ਆਰੰਭ ਵਿਚ ਕੁਝ ਕੁ ਨਾਮਵਰ ਸ਼ਖ਼ਸੀਅਤਾਂ ਦੇ ਸੰਦੇਸ਼ ਦਿੱਤੇ ਗਏ ਹਨ। ਪਹਿਲੇ ਭਾਗ ਵਿਚ ਗਿਆਨੀ ਜੀ ਦੇ ਜੀਵਨ 'ਤੇ ਕੁਝ ਕੁ ਲੇਖ ਵੱਖ-ਵੱਖ ਸਿਰਲੇਖਾਂ ਅਧੀਨ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ 'ਗਿਆਨੀ ਜੀ ਮੁਢਲਾ ਜੀਵਨ', ਜੈਤੋ ਦੇ ਮੋਰਚੇ ਦੀ ਆਰੰਭਤਾ', 'ਗੁ: ਗੰਗਸਰ ਸਾਹਿਬ', 'ਇਸ ਮਰਜੀਵੜੇ ਦੀ ਗ੍ਰਿਫ਼ਤਾਰੀ', 'ਰਿਹਾਈ', 'ਜ਼ਿਮੀਂਦਾਰ ਕਮੇਟੀਆਂ ਦਾ ਗਠਨ', 'ਤਲਵੰਡੀ ਮੱਲ੍ਹੀਆਂ ਠਹਿਰ', 'ਵਾਪਸੀ', 'ਵਿਆਹ ਦਾ ਬੰਧਨ', 'ਸ਼ਹਿਣਾ ਰਿਹਾਇਸ਼', '1947 ਦਾ ਦਰਦ', 'ਘਰੇਲੂ ਹਾਲਾਤ ਦਾ ਡਾਵਾਂਡੋਲ ਰਹਿਣਾ' ਆਦਿ ਸ਼ਾਮਿਲ ਹਨ।
ਪੁਸਤਕ ਦੇ ਦੂਜੇ ਭਾਗ ਵਿਚ ਗਿਆਨੀ ਜੀ ਦੀਆਂ ਸਾਹਿਤਕ ਰਚਨਾਵਾਂ ਵਿਚ ਡੇਢ ਦਰਜਨ ਉਹ ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਸਿੱਖ ਧਰਮ ਪ੍ਰਤੀ ਪਿਆਰ, ਸ਼ਰਧਾ ਤੇ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਇਨ੍ਹਾਂ ਵਿਚ ਉਚੇਚੇ ਤੌਰ 'ਤੇ ਲੇਖਕ ਨੇ ਚੋਣਵੀਆਂ ਕਵਿਤਾਵਾਂ, 'ਗੁਰੂ ਨਾਨਕ ਦੇਵ ਜੀ ਨੂੰ', 'ਘੜੇ ਨੂੰ ਸਵਾਲ-ਉੱਤਰ', 'ਸੂਰਮੇ ਨੂੰ ਸਵਾਲ-ਜਵਾਬ' ਆਦਿ ਸ਼ਾਮਿਲ ਹਨ। ਪੁਸਤਕ ਦੇ ਤੀਜੇ ਤੇ ਅੰਤਿਮ ਭਾਗ ਵਿਚ ਲੇਖਕ ਨੇ ਮੌੜ ਪਿੰਡ ਸੰਬੰਧੀ ਜਾਣਕਾਰੀ ਵਿਚ 'ਤਿੰਨ ਰਾਜਾਂ ਦਾ ਪਿੰਡ ਮੌੜ' (ਨਾਭਾ), 'ਮੌੜਾਂ ਦੇ ਅਨਮੋਲ ਹੀਰੇ', 'ਮੌੜਾਂ ਬਾਰੇ ਅੰਗਰੇਜ਼ ਲੇਖਕਾਂ ਦੇ ਵਿਚਾਰ' ਪੁਸਤਕ ਦੀ ਅੰਤਿਕਾ (ਪਹਿਲੀ) ਵਿਚ 'ਕਾਰਖਾਸ ਜੇਲ੍ਹ ਦੇ ਭਿਆਨਕ ਅੱਤਿਆਚਾਰ', ਦੂਜੀ ਅੰਤਿਕਾ ਵਿਚ 'ਨਗਰ ਕੁਠਾਲਾ', 'ਰਿਆਸਤ ਮਲੇਰਕੋਟਲਾ ਦੀ ਦੁਰਘਟਨਾ', ਤੀਜੀ ਅੰਤਿਕਾ ਵਿਚ 'ਜ਼ਿਮੀਂਦਾਰ ਯੂਨੀਅਨ ਸੰਬੰਧੀ ਜਾਣਕਾਰੀ' ਧੰਨਵਾਦੀ ਸ਼ਬਦ ਤੇ ਅਖੀਰ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਛਾਪ ਕੇ ਚਿਰ-ਸਥਾਈ ਕਾਰਜ ਕੀਤਾ ਹੈ। ਸੰਘਰਸ਼ਸ਼ੀਲ ਸੂਰਮੇ ਦੀਆਂ ਅਣਗੌਲੀਆਂ ਯਾਦਾਂ ਨੂੰ ਕਿਤਾਬੀ ਰੂਪ ਦੇ ਕੇ ਲੇਖਕ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040


ਸਪੇਰਿਆਂ ਦੀ ਧੀ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 248
ਸੰਪਰਕ : 94649-61436.


ਕਰਨੈਲ ਸਿੰਘ ਵਜ਼ੀਰਾਬਾਦ ਇਸ ਨਾਵਲ ਤੋਂ ਪਹਿਲਾਂ ਦੋ ਹੋਰ ਨਾਵਲ ਅਤੇ ਚਾਰ ਕਹਾਣੀ-ਸੰਗ੍ਰਹਿ ਲਿਖ ਕੇ ਪੰਜਾਬੀ ਦੇ ਵਰਤਮਾਨ ਗਲਪ ਸਾਹਿਤ ਵਿਚ ਆਪਣੀ ਹਾਜ਼ਰੀ ਲਵਾ ਚੁੱਕਾ ਗਲਪਕਾਰ ਹੈ। ਇਸੇ ਨਾਵਲ ਦੀ ਕਥਿਤ ਕਹਾਣੀ ਵੀਹਵੀਂ ਸਦੀ ਦੇ ਪਿਛਲੇ ਉੱਤਰ ਕਾਲ ਦੀ ਹੈ ਜੋ ਪੰਜਾਬ ਵਿਚ ਤਬਦੀਲੀ ਦੀ ਖਾਮੋਸ਼ ਲਹਿਰ, ਪੰਜਾਬ ਦੀ ਸਮਾਜਿਕ, ਸੱਭਿਆਚਾਰਕ, ਆਰਥਿਕ ਵਿਵਸਥਾ ਵਿਚ ਹੀ ਨਹੀਂ, ਸਗੋਂ ਰਾਜਨੀਤਕ ਖੇਤਰ ਵਿਚ ਵੀ ਲੋਕ-ਚੇਤਨਾ ਹੌਲੇ-ਹੌਲੇ ਪ੍ਰਜਵਲਿਤ ਹੋ ਰਹੀ ਸੀ। ਇਸ ਲੋਕ ਚੇਤਨਾ ਤੋਂ ਪ੍ਰਭਾਵਿਤ ਹੋ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ, ਅਮੀਰਾਂ, ਸਰਦਾਰਾਂ ਅਤੇ ਸਾਧਾਂ, ਲੁਟੇਰਿਆਂ ਨੂੰ ਖ਼ਤਮ ਕਰਨ ਲਈ ਸਹਿਜ-ਤਬਦੀਲੀ ਆ ਰਹੀ ਸੀ, ਜਿਸ ਦੇ ਪ੍ਰਭਾਵ ਕਾਰਨ ਨਵੀਆਂ ਜਾਤਾਂ ਦੇ ਲੋਕਾਂ ਦੇ ਬੱਚੇ ਪੜ੍ਹ ਲਿਖ ਕੇ ਉੱਚੀਆਂ ਨੌਕਰੀਆਂ ਉੱਪਰ ਲੱਗ ਰਹੇ ਸਨ। ਪਿੰਡਾਂ ਵਿਚ ਬਹੁਤੀਆਂ ਜ਼ਮੀਨਾਂ ਵਾਲੇ ਜਾਗੀਰਦਾਰਾਂ ਦੀ ਠਾਠ-ਬਾਠ ਉਨ੍ਹਾਂ ਦੇ ਵਿਗੜੇ ਬੱਚਿਆਂ ਦੀਆਂ ਕਰਤੂਤਾਂ, ਭੈੜੀਆਂ ਹਰਕਤਾਂ ਕਾਰਨ ਮਿੱਟੀ 'ਚ ਪਲੀਤ ਹੋਣ ਲੱਗੀ ਸੀ। ਪਰਿਵਾਰਕ ਰਿਸ਼ਤਿਆਂ ਵਿਚ ਜਾਤ-ਪਾਤ ਤੇ ਗੋਤਰ ਊਚ-ਨੀਚ ਖ਼ਤਮ ਹੋ ਰਹੀ ਸੀ।
ਨਾਵਲ ਦੀ ਮੂਲ ਕਹਾਣੀ ਪਿੰਡ ਦੇ ਨਾਈ ਜਾਤ ਦੇ ਦੋ ਭਰਾਵਾਂ ਦੀ ਹੈ, ਜਿਹੜੇ ਸਮੇਂ ਦੀ ਤਬਦੀਲੀ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਆਪਣੇ ਰੁਜ਼ਗਾਰ ਦੇ ਧੰਦੇ ਬਦਲ ਕੇ ਪਿੰਡਾਂ ਵਿਚ ਲੱਗੇ ਖੇਤਾਂ ਨੂੰ ਪਾਣੀ ਦੇ ਇੰਜਣਾਂ ਨੂੰ ਸੰਵਾਰਨ ਦੇ ਮਿਸਤਰੀ ਬਣ ਜਾਂਦੇ ਹਨ। ਇਸ ਨਾਈ ਪਰਿਵਾਰਾਂ ਦੇ ਦੋ ਭਰਾ ਅਮਰੂ (ਅਮਰ ਸਿੰਘ ਤੇ ਉਸ ਦੀ ਘਰ ਵਾਲੀ ਨਸੀਬੋ (ਨਸੀਬ ਕੌਰ), ਨੰਜਾ (ਨਿਰੰਜਨ ਸਿੰਘ ਤੇ ਉਸ ਦੀ ਘਰ ਵਾਲੀ ਮੁਖਤਿਆਰੋ (ਮੁਖਤਿਆਰ ਕੌਰ) ਵੱਖਰੇ-ਵੱਖਰੇ ਘਰਾਂ ਵਿਚ ਗੁਆਂਢੀ ਬਣ ਕੇ ਰਹਿ ਰਹੇ ਹਨ। ਨਿਰੰਜਨ ਸਿੰਘ ਇੰਜਣ ਮਕੈਨਿਕ ਦਾ ਕੰਮ ਕਰਦਾ-ਕਰਦਾ ਵਾਹਵਾ ਕਮਾਈ ਕਰ ਲੈਂਦਾ ਸੀ, ਜਦ ਕਿ ਉਸ ਦਾ ਵੱਡਾ ਭਰਾ ਆਰੰਭ ਵਿਚ ਸ਼ਹਿਰ ਵਿਚ ਜਾ ਕੇ ਨਾਈ ਦੀ ਦੁਕਾਨ ਖੋਲ੍ਹ ਕੇ ਵੀ ਮਸਾਂ ਗੁਜ਼ਾਰਾ ਕਰਦਾ ਸੀ, ਜਿਸ ਦੀ ਭੈੜੀ ਹਾਲਤ ਦੇਖ ਕੇ ਉਸ ਨੂੰ ਵੀ ਨਿਰੰਜਨ ਸਿੰਘ ਆਪਣੇ ਨਾਲ ਰਲਾ ਕੇ ਹੌਲੀ-ਹੌਲੀ ਇੰਜਣ ਮਕੈਨਿਕ ਬਣਾ ਦਿੰਦਾ ਹੈ।
ਪਿੰਡ ਧਮੋਟ ਦਾ ਨੰਬਰਦਾਰ ਜੰਗ ਸਿੰਘ ਹੈ, ਜਿਹੜਾ ਆਪਣੇ ਪਿੰਡ ਦੇ ਨਿਰੰਜਨ ਸਿੰਘ ਮਕੈਨਿਕ ਨੂੰ ਲੈ ਕੇ ਅਮਰਗੜ੍ਹ ਆਪਣੇ ਸਹੁਰੇ ਪਰਿਵਾਰ ਦੇ ਖੇਤਾਂ ਦਾ ਇੰਜਣ ਠੀਕ ਕਰਵਾਉਣ ਲਈ ਗਿਆ ਹੋਇਆ ਸੀ, ਜਿਸ ਨੂੰ ਪਹਿਲੇ ਦਿਨ ਹੀ ਆਪਣੇ ਪਿੰਡ ਜ਼ਰੂਰੀ ਪਏ ਕੰਮ ਕਾਰਨ ਮੁੜਨਾ ਪਿਆ, ਪਰ ਦੂਜੇ ਦਿਨ ਜਦ ਨੰਜਾ ਮਕੈਨਿਕ ਨੂੰ ਅਮਰਗੜ੍ਹ ਤੋਂ ਵਾਪਸ ਪਿੰਡ ਆਪਣੇ ਹੋਰ ਸਾਥੀ ਨਾਲ ਪਿੰਡ ਵਾਪਸ ਆਉਣਾ ਪਿਆ ਤਾਂ ਉਨ੍ਹਾਂ ਨੇ ਰਸਤੇ ਵਿਚ ਇਕ ਸਪੇਰਾ ਤੜਪਦਾ ਦਮ ਤੋੋੜਦਾ ਨਜ਼ਰੀਂ ਆਇਆ, ਜਿਸ ਕੋਲ ਉਸ ਦੀ ਚਾਰ ਕੁ ਸਾਲ ਦੀ ਧੀ ਬੇਵੱਸ ਲਾਚਾਰ ਡਰਦੀ ਬੈਠੀ ਰੋ ਰਹੀ ਸੀ। ਇਸ ਤੜਪਦੇ ਸਪੇਰੇ ਨੂੰ ਉਹ ਪਿੰਡੋਂ ਮੰਗਵਾਈ ਟਰੈਕਟਰ ਟਰਾਲੀ ਵਿਚ ਪਾ ਕੇ ਮਲੇਰਕੋਟਲੇ ਹਸਪਤਾਲ 'ਚ ਲਿਆਉਂਦੇ ਹਨ, ਜਿਥੇ ਉਹ ਦਮ ਤੋੜ ਦਿੰਦਾ ਹੈ। ਲਾਵਾਰਸ ਕੁੜੀ ਨੂੰ ਕੌਣ ਸੰਭਾਲੇ ਇਹ ਹੋਰ ਵੱਡੀ ਸਮੱਸਿਆ ਸਾਹਮਣੇ ਆ ਖੜ੍ਹੀ ਹੋ ਗਈ ਸੀ। ਸਥਿਤੀ ਨੂੰ ਨਿਰੰਜਨ ਮਕੈਨਿਕ ਨੇ ਸੰਭਾਲ ਲਿਆ, ਜਦ ਉਸ ਨੇ ਸਪੇਰੇ ਦੀ ਧੀ ਨੂੰ ਆਪਣੀ ਧੀ ਬਣਾ ਕੇ ਗੋਦ ਲੈਣ ਦਾ ਫ਼ੈਸਲਾ ਕੀਤਾ ਤੇ ਘਰ ਲਿਆਂਦਾ।
ਹੌਲੀ-ਹੌਲੀ ਚੁਪਕੇ-ਚੁਪਕੇ ਆ ਰਹੀ ਜਾਗ੍ਰਿਤ ਤਬਦੀਲੀ ਦੇ ਫਲਸਰੂਪ ਜਿਥੇ ਨਿਮਨ ਵਰਗ ਦੇ ਨਾਵਲ ਵਿਚ ਦਰਸਾਏ ਦਲਿਤ ਸਮਝੇ ਜਾਂਦੇ ਪਰਿਵਾਰਾਂ ਦੇ ਬੱਚੇ ਪੜ੍ਹ-ਲਿਖ ਕੇ ਉੱਚੀਆਂ ਨੌਕਰੀਆਂ 'ਤੇ ਲੱਗ ਜਾਂਦੇ ਹਨ, ਜਦ ਕਿ ਪਿੰਡ ਦੇ ਜ਼ੈਲਦਾਰ ਦਾ 'ਸਰਦਾਰ ਪਰਿਵਾਰ' ਆਪਣੇ ਦੋਵੇਂ ਮੁੰਡਿਆਂ ਦੀਆਂ ਕਰਤੂਤਾਂ ਕਾਰਨ ਬਹੁਤ ਜ਼ਲੀਲ ਹੋ ਕੇ ਮੁੜ ਸੁਧਰਨ ਦਾ ਯਤਨ ਕਰਦਾ ਹੈ। ਇੰਜ ਇਹ ਨਾਵਲ ਆਪਣੇ ਜਿਸ ਉਦੇਸ਼ ਨੂੰ ਲੈ ਕੇ ਲਿਖਿਆ ਗਿਆ ਹੈ, ਉਸ ਨੂੰ ਅਸੀਂ ਸਫਲ, ਸਾਰਥਕ ਅਤੇ ਬਣਤਰ, ਭਾਸ਼ਾ, ਕਥਾ, ਸੰਵਾਦ ਅਤੇ ਪੇਸ਼ਕਾਰੀ ਵਿਧੀ ਤੋਂ ਸੰਪੂਰਨ ਕਹਿ ਸਕਦੇ ਹਾਂ। ਨਾਵਲ ਪੜ੍ਹਨ ਅਤੇ ਸਮਝਣਯੋਗ ਹੈ।


ਡਾ. ਅਮਰ ਕੋਮਲ
ਮੋ: 084378-73565.


'ਮੈਂ ਸਾਊ ਕੁੜੀ ਨਹੀਂ ਹਾਂ'

ਲੇਖਿਕਾ : ਬਰਾੜ ਜੈਸੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 136
ਸੰਪਰਕ : 98154-48958


ਸ਼ਾਇਰਾ ਬਰਾੜ ਜੈਸੀ ਦੀ ਪੜ੍ਹਨ ਦੀ ਉਤਸੁਕਤਾ ਵਧਾਉਣ ਵਾਲੇ ਸਿਰਨਾਵੇਂ ਵਾਲੀ ਕਾਵਿ-ਕਿਤਾਬ 'ਮੈਂ ਸਾਊ ਕੁੜੀ ਨਹੀਂ ਹਾਂ' ਦੇ ਪੰਜਵੇਂ ਐਡੀਸ਼ਨ ਨਾਲ ਇਕ ਵਾਰ ਫਿਰ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਸਾਰੀ ਕਿਤਾਬ ਦੀ ਪੜ੍ਹਤ ਤੋਂ ਬਾਅਦ ਖੁਰਦਬੀਨੀ ਅੱਖ ਨਾਲ ਇਸ ਦੇ ਤੱਥ-ਵੱਥ ਦੀ ਜਦ ਸਕੈਨਿੰਗ ਕਰਦੇ ਹਾਂ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਨਿੱਕੀਆਂ-ਵੱਡੀਆਂ 119 ਕਵਿਤਾਵਾਂ ਜਵਾਨ ਹੋ ਰਹੀ ਧੀ ਧਿਆਣੀ ਦੀ ਪੁੰਗਰ ਰਹੀ ਤਰੰਗਤੀ ਮੁਹੱਬਤ ਦੀ ਪ੍ਰਕਰਮਾ ਕਰਦੀਆਂ ਹਨ। ਦੁਨੀਆ ਦਾ ਸਭ ਤੋਂ ਜ਼ਿਆਦਾ ਸਾਹਿਤ ਮੁਹੱਬਤ ਦੇ ਇਰਦ-ਗਿਰਦ ਘੁੰਮਦਾ ਹੈ ਪਰ ਜਿਸ ਸ਼ਿੱਦਤ ਨਾਲ ਬਰਾੜ ਜੈਸੀ ਨੇ ਤਾਰਕਿਕਤਾ ਦਾ ਪੱਲਾ ਫੜਦਿਆਂ ਸਮਾਜ ਅੰਦਰ ਕੁੜੀਆਂ ਪ੍ਰਤੀ ਜਿਸ ਤਰ੍ਹਾਂ ਹਾਬੜੀਆਂ ਨਜ਼ਰਾਂ ਔਰਤਾਂ ਦੇ ਜਿਸਮ ਦੇ ਜੁਗਰਾਫ਼ੀਏ ਦਾ ਨਾਮਤੋਲ ਕਰਦਿਆਂ 'ਸਾਊਪੁਣੇ' ਦੇ ਚਗਲੇ ਜਿਹੇ ਅਰਥ ਕਰਦੀਆਂ ਉਨ੍ਹਾਂ 'ਤੇ ਨਜ਼ਰ ਨੂੰ ਨਜ਼ਰੀਏ 'ਚ ਤਬਦੀਲ ਕਰਕੇ ਪਰੰਪਰਾਗਤ ਬੋਦੇ ਸੰਸਕਾਰਾਂ 'ਤੇ ਕਾਟਾ ਫੇਰਦੀ ਹੈ ਇਹ ਸ਼ਾਇਰਾ। ਕਾਵਿ-ਸ਼ਿਲਪ, ਕਾਵਿ-ਚਿੰਤਨ, ਸੱਤਿਅਮ ਸ਼ਿਵਮ ਸੁੰਦਰਮ ਅਤੇ ਆਧੁਨਿਕ ਭਾਵ-ਬੋਧ ਦਾ ਮੁਜੱਸਮਾ ਬਣ ਜਾਂਦੀ ਹੈ ਇਹ ਨਵੇਂ ਅਰਥਾਂ ਦੀ ਸ਼ਾਇਰੀ। ਇੰਜ ਜਾਪਦਾ ਹੈ ਜਿਵੇਂ ਇਹ ਸ਼ਾਇਰਾ ਕਵਿਤਾ ਲਿਖਦੀ ਹੋਈ ਖ਼ੁਦ ਕਵਿਤਾ ਬਣ ਗਈ ਹੋਵੇ। ਇਕੋ ਵਿਸ਼ੇ ਨੂੰ ਨਿਭਾਉਣਾ ਹੁੰਦਾ ਤਾਂ ਹੈ ਬੜਾ ਮੁਸ਼ਕਿਲ ਪਰ ਜਿਸ ਤਰ੍ਹਾਂ ਇਸ ਸ਼ਾਇਰਾ ਨੇ ਮੁਹੱਬਤ ਦੇ ਵੱਖ-ਵੱਖ ਸ਼ੇਡਜ਼ ਨੂੰ ਇਕ ਕੋਲਾਜ ਵਿਚ ਪਰੋਂਦਿਆਂ ਕਾਵਿ-ਧਰਮ ਨਿਭਾਇਆ ਹੈ, ਉਹ ਸਿਰਜਣਾਤਮਿਕ ਊਰਜਾ ਦਾ ਪਿਰਾਮਿਡ ਹੋ ਨਿੱਬੜਦਾ ਹੈ। ਮਾਂ ਬਾਰੇ ਕੀਤਾ ਕਥਨ ਕਿ ਕਿਵੇਂ ਮਮਤਾ ਦੀ ਮੂਰਤ ਮਾਂ ਟੀਰੀਆਂ ਅੱਖਾਂ ਤੋਂ ਆਪਣੇ ਖੰਭਾਂ ਹੇਠ ਲੁਕਾਉਂਦੀ ਹੈ ਆਪਣੀ ਧੀ ਨੂੰ ਤਾਂ ਕੁਰਾਨ ਮਜੀਦ ਦੀ ਇਹ ਆਇਤ ਸੱਚ ਨਜ਼ਰ ਆਉਂਦੀ ਦਿਸਦੀ ਹੈ ਕਿ ਮਾਂ ਦੇ ਪੈਰਾਂ ਹੇਠ ਜ਼ੱਨਤ ਹੁੰਦੀ ਹੈ। ਸ਼ਾਇਰਾ ਪਿੱਤਰੀ ਸੱਤਾ ਅੱਗੇ ਨਾਬਰੀ ਦਿਖਾਉਂਦੀ ਹੋਈ ਵੰਗਾਰਾਂ ਵੀ ਪੈਦਾ ਕਰਦੀ ਹੈ। ਹੁਣ ਉਹ ਸਮਾਂ ਨਹੀਂ ਰਿਹਾ ਕਿ ਮਾਤਾ ਪਿਤਾ ਜਿਥੇ ਮਰਜ਼ੀ ਕਿਸੇ ਡੰਗਰ ਵਾਂਗ ਕਿਸੇ ਵੀ ਕੀਲੇ ਨਾਲ ਨੂੜ ਦੇਣ। ਸ਼ਾਇਰਾ ਦੀ ਸ਼ਾਇਰੀ ਦੀ ਥਾਹ ਪਾਉਣ ਲਈ ਨਿਤਸ਼ੇ ਵਲੋਂ ਆਪਣੇ ਨਾਇਕ ਜ਼ਰਬੂਸਤਰ ਤੋਂ ਕਹਾਏ ਸ਼ਬਦ ਸਹਾਈ ਹੁੰਦੇ ਹਨ ਕਿ 'ਬੋਦੀਆਂ ਵਰਜਨਾਵਾਂ ਤੇ ਮਰਯਾਦਾਵਾਂ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ।' ਅਤੇ ਬਾਵਾ ਬਲਵੰਤ ਦੀਆਂ ਸਤਰਾਂ 'ਜ਼ਿੰਦਗੀ ਏ ਪਰਾਇਆ ਧਨ ਨਹੀਂ, ਜ਼ਿੰਦਗੀ ਨੂੰ ਮਾਣਨਾ ਔਗੁਣ ਨਹੀਂ, ਕਿਉਂ ਨੇ ਪਿਆਰਾਂ ਦੇ ਪੈਰੀਂ ਬੇੜੀਆਂ, ਜਦ ਹਵਾ ਤੇ ਖੁਸ਼ਬੂ ਤੇ ਬੰਧਨ ਨਹੀਂ' ਵੀ ਇਹ ਸ਼ਾਇਰੀ ਸਮਝਣ ਲਈ ਰਾਹ ਦਸੇਰਾ ਬਣਦੀਆਂ ਹਨ। ਸ਼ਾਇਰਾ ਨੂੰ ਇਕ ਉਲਾਹਮਾ ਵੀ ਹੈ ਕਿ ਇਹ ਪੁਸਤਕ ਪੜ੍ਹਨ ਵਾਲੀ ਤਾਂ ਹੈ ਹੀ ਪਰ ਸਾਂਭਣ ਯੋਗ ਵੀ ਹੈ, ਜੇ ਥੋੜ੍ਹੇ ਪੈਸੇ ਹੋਰ ਖ਼ਰਚ ਕਰਕੇ ਜਿਲਦ ਬੰਨ੍ਹਾ ਦਿੰਦੀ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋ ਜਾਣਾ ਸੀ। ਚਲੋ ਕਲਮ ਚਾਹੇ ਸੋਨੇ ਦੀ ਹੋਵੇ ਚਾਹੇ ਪਿੱਤਲ ਦੀ, ਕੰਮ ਤਾਂ ਅੱਖਾਂ ਦੀ ਠਾਹਰ ਨੇ ਹੀ ਆਉਣਾ ਹੈ। ਸ਼ਾਇਰਾ ਦੀ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ ਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਪੁਸਤਕ ਦੀ ਉਡੀਕ ਰਹੇਗੀ। ਆਮੀਨ! ਮੁਹੱਬਤੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਤਰਜਮਾਨੀ ਕਰਦੀਆਂ ਸਤਰਾਂ ਦਾ ਤੁਸੀਂ ਵੀ ਅਨੰਦ ਮਾਣੋ :
'ਰਿਸ਼ਤੇ ਪਰਸ਼ਾਦ ਵਰਗੇ ਹੁੰਦੇ ਨੇ
ਭੁੰਜੇ ਡਿਗ ਵੀ ਪੈਣ
ਤਾਂ ਚੁੱਕਣ ਤੋਂ ਗੁਰੇਜ਼ ਨਾ ਕਰੋ
ਪਰਸ਼ਾਦ ਕਦੇ ਭਿੱਟਿਆ ਨਹੀਂ ਜਾਂਦਾ।'


ਭਗਵਾਨ ਢਿੱਲੋਂ
ਮੋ: 98143-78254.

28-05-2022

 ਬਾਰੀਂ ਬਰਸੀਂ ਖੱਟਣ ਗਿਆ ਸੀ
ਲੇਖਿਕਾ : ਜਤਿੰਦਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 180
ਸੰਪਰਕ : 94638-36591.

ਜਤਿੰਦਰ ਰੰਧਾਵਾ ਕੈਨੇਡਾ ਰਹਿੰਦੀ ਪਰਵਾਸੀ ਪੰਜਾਬੀ ਲੇਖਿਕਾ ਹੈ। ਉਹ ਹੁਣ ਤੱਕ ਤਿੰਨ ਕਿਤਾਬਾਂ ਦੀ ਰਚਨਾ ਕਰ ਚੁੱਕੀ ਹੈ, ਜਿਨ੍ਹਾਂ ਵਿਚ ਇਕ ਕਾਵਿ ਸੰਗ੍ਰਹਿ (ਮੈਂ ਵੇਲ ਹਾਂ), ਇਕ ਆਲੋਚਨਾ (ਪੰਜਾਬੀ ਲੋਕ ਗੀਤਾਂ ਵਿਚ ਨਾਰੀ ਸਰੋਕਾਰ) ਅਤੇ ਇਕ ਸੰਪਾਦਿਤ (ਇੰਟਰਨੈਸ਼ਨਲ ਜਰਨਲ ਆਫ਼ ਪੰਜਾਬੀ ਲਿਟਰੇਚਰ) ਕਿਤਾਬ ਸ਼ਾਮਿਲ ਹੈ। ਰੀਵਿਊ ਅਧੀਨ ਪੁਸਤਕ ਉਸ ਦੀ ਚੌਥੀ ਕਿਤਾਬ ਹੈ, ਜਿਸ ਵਿਚ 21 ਕਹਾਣੀਆਂ ਹਨ।
'ਬਾਰੀਂ ਬਰਸੀਂ...' ਦੀਆਂ ਲਗਭਗ ਸਾਰੀਆਂ ਹੀ ਕਹਾਣੀਆਂ ਛੋਟੇ ਆਕਾਰ ਦੀਆਂ ਹਨ, ਦੋ ਤੋਂ ਅੱਠ ਪੰਨਿਆਂ ਦੀਆਂ। ਸਿਰਫ਼ ਚਾਰ ਕਹਾਣੀਆਂ ਅਜਿਹੀਆਂ ਹਨ, ਜੋ 10 ਤੋਂ 27 ਪੰਨਿਆਂ ਤੱਕ ਫ਼ੈਲੀਆਂ ਹੋਈਆਂ ਹਨ (ਇਹ ਹਨ : ਬਾਰੀਂ ਬਰਸੀਂ ਖੱਟਣ ਗਿਆ ਸੀ, ਇਕ ਸਵਾਲ, ਸੁੰਨੀ ਕੁੱਖ ਅਤੇ ਪਹੁ ਫੁਟਾਲੇ ਦੀ ਲਾਲੀ)।
ਜਤਿੰਦਰ ਰੰਧਾਵਾ ਨੇ ਆਪਣੇ ਲੇਖਨ ਸੰਬੰਧੀ ਸਪੱਸ਼ਟ ਕੀਤਾ ਹੈ 'ਮੇਰੀਆਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ, ਵਾਰ-ਵਾਰ ਦੁਹਰਾਏ ਨਹੀਂ। ਮੈਂ ਜ਼ਿੰਦਗੀ ਦੇ ਹਰ ਪੱਖ 'ਤੇ ਲਿਖਣ ਦੀ ਕੋਸ਼ਿਸ਼ ਕੀਤੀ ਹੈ।...ਮੇਰੀਆਂ ਕਹਾਣੀਆਂ ਕਿਸੇ ਇਕ ਖ਼ਾਸ ਖਿੱਤੇ ਜਾਂ ਵਰਗ ਦੀ ਗੱਲ ਨਹੀਂ ਕਰਦੀਆਂ ਸਗੋਂ ਇਹ ਤਾਂ ਸਮੁੱਚੇ ਪੰਜਾਬੀ ਗਲੋਬਲੀ ਸਮਾਜ ਦੀ ਝਲਕ ਪੇਸ਼ ਕਰਨ ਦਾ ਹੀਆ ਕਰਦੀਆਂ ਹਨ।'
(ਪੰਨੇ 33-34)
ਜਤਿੰਦਰ ਇਕ ਨਾਰੀ ਹੈ, ਇਸ ਲਈ ਇਸ ਸੰਗ੍ਰਹਿ ਦੀਆਂ ਕਹਾਣੀਆਂ ਔਰਤ ਦੀ ਦ੍ਰਿਸ਼ਟੀ ਤੋਂ ਲਿਖੀਆਂ ਗਈਆਂ ਹਨ। ਕਹਾਣੀਆਂ ਵਿਚ ਪ੍ਰਸਤੁਤ ਔਰਤ ਆਪਣੀ ਹੋਂਦ ਦਰਸਾਉਣ ਦੇ ਆਹਰ ਵਿਚ ਹੈ। ਪਰ ਅਜਿਹਾ ਕਰਦਿਆਂ ਉਹ ਸਮਾਜਿਕ ਮਾਨਤਾਵਾਂ ਨੂੰ ਅੱਖੋਂ ਪਰੋਖੇ ਨਹੀਂ ਕਰਦੀ।
ਇਸ ਸੰਗ੍ਰਹਿ ਵਿਚ ਪਰਵਾਸੀ ਜ਼ਿੰਦਗੀ ਦੇ ਮਸਲੇ ਵੀ ਪੇਸ਼ ਹੋਏ ਹਨ, ਜਿਨ੍ਹਾਂ ਵਿਚ ਪਰਵਾਸੀ ਸੱਭਿਆਚਾਰ, ਜ਼ਿੰਦਗੀ ਦੀ ਦੌੜ-ਭੱਜ, ਤਣਾਵਾਂ ਅਤੇ ਤਕਾਜ਼ਿਆਂ ਦੀ ਨਿਸ਼ਾਨਦੇਹੀ ਹੋਈ ਹੈ। ਇਹ ਭਾਵੇਂ ਆਕਾਰ ਪੱਖੋਂ ਛੋਟੀਆਂ ਕਹਾਣੀਆਂ ਹਨ ਪਰ ਇਨ੍ਹਾਂ ਵਿਚ ਪ੍ਰਸਤੁਤ ਵਿਚਾਰ ਬਹੁਤ ਸੰਜੀਦਾ ਹਨ। ਰੰਧਾਵਾ ਨੇ ਬਿਨਾਂ ਕਾਰਨ ਕਹਾਣੀ ਨੂੰ ਨਹੀਂ ਵਧਾਇਆ, ਸਗੋਂ ਸਹਿਜ-ਸਪੱਸ਼ਟ ਢੰਗ ਨਾਲ ਗੱਲ ਕਹਿ ਕੇ ਕਹਾਣੀ ਖ਼ਤਮ ਕਰ ਦਿੱਤੀ ਹੈ।
'ਲੀਵ ਮੀ ਅਲੋਨ', 'ਪ੍ਰਾਈਵੇਸੀ', 'ਨਾਈਟ ਆਊਟ', 'ਸੋਲਮੇਟ' 'ਹੈਪੀ ਫ਼ਾਦਰਜ਼ ਡੇਅ ਮੌਮ', 'ਹੈਪੀ ਫ਼ੇਮਿਲੀ ਡੇਅ' ਆਦਿ ਅੰਗਰੇਜ਼ੀ ਸਿਰਲੇਖ ਵਾਲੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਵੀ ਕੀਤਾ ਜਾ ਸਕਦਾ ਸੀ, ਪਰ ਪਰਵਾਸੀ ਪੰਜਾਬੀ ਲੇਖਕਾਂ ਲਈ ਅੰਗਰੇਜ਼ੀ ਤੇ ਪੰਜਾਬੀ ਦੇ ਮਿਲੇ-ਜੁਲੇ ਸ਼ਬਦ ਵਰਤਣਾ ਇਕ ਸਹਿਜ ਵਰਤਾਰਾ ਹੈ।
ਜਤਿੰਦਰ ਰੰਧਾਵਾ ਦੀਆਂ ਇਹ ਕਹਾਣੀਆਂ ਪਰਵਾਸੀ-ਪਰਿਵੇਸ਼ ਨੂੰ ਨਿਰਉਚੇਚ ਢੰਗ ਨਾਲ ਬਿਆਨ ਕਰਨ ਵਿਚ ਸਫਲ ਕਹੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

ਬੰਦੇ ਖਾਣੀਆਂ
ਲੇਖਕ : ਅਫ਼ਜ਼ਲ ਅਹਿਸਨ ਰੰਧਾਵਾ
ਸੰਪਾਦਕ : ਜਿੰਦਰ, ਖ਼ਾਲਿਦ ਫਰਹਾਦ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 325 ਰੁਪਏ, ਸਫ਼ੇ : 272
ਸੰਪਰਕ : 98148-03254.

ਅਫ਼ਜ਼ਲ ਅਹਿਸਨ ਰੰਧਾਵਾ ਪੰਜਾਬੀ ਦਾ ਇਕ ਮੁਮਤਾਜ਼ ਲੇਖਕ ਸੀ, ਜੋ ਮਸ਼ਰਿਕੀ ਅਤੇ ਮਗ਼ਰਬੀ ਦੋਵਾਂ ਪੰਜਾਬਾਂ ਵਿਚ ਇਕੋ ਜਿੰਨਾ ਅਤੇ ਬੇਹੱਦ ਮਕਬੂਲ ਸੀ। ਉਸ ਨੇ ਸ਼ਾਇਰੀ ਦੇ ਨਾਲ-ਨਾਲ ਨਾਵਲ-ਨਿਗਾਰੀ ਅਤੇ ਕਹਾਣੀ ਰਚਨਾ ਵੀ ਕੀਤੀ। ਉਸ ਦੀਆਂ ਕਹਾਣੀਆਂ ਦੇ ਤਿੰਨ ਮਜਮੂਏ ਪ੍ਰਕਾਸ਼ਿਤ ਹੋਏ : 1. ਰੰਨ, ਤਲਵਾਰ ਤੇ ਘੋੜਾ (1973), 2. ਮੁੰਨਾ ਕੋਹ ਲਾਹੌਰ (1989) ਅਤੇ 3. ਇਲਾਹੀ ਮੁਹਰ (2010)। 'ਬੰਦੇ-ਖਾਣੀਆਂ' ਵਿਚ ਉਸ ਦੀਆਂ ਸਾਰੀਆਂ 29 ਕਹਾਣੀਆਂ ਲਿਪੀਆਂਤਰ ਕੀਤੀਆਂ ਗਈਆਂ ਹਨ। ਇਹ ਕੰਮ ਸ. ਸੁਖਪਾਲ ਸਿੰਘ ਹੁੰਦਲ ਨੇ ਬੜੀ ਸਟੀਕਤਾ ਨਾਲ ਕੀਤਾ ਹੈ।
ਅਫ਼ਜ਼ਲ ਅਹਿਸਨ ਸਾਹਿਬ ਦੀਆਂ ਕਹਾਣੀਆਂ ਵਿਚ ਮੁਸਲਮਾਨ ਜ਼ਿਮੀਂਦਾਰ ਦੇ ਨਾਲ-ਨਾਲ ਜੱਟ ਸਿੱਖ ਪਾਤਰ ਵੀ ਬਹੁਗਿਣਤੀ ਵਿਚ ਪੇਸ਼ ਹੁੰਦੇ ਹਨ। ਉਹ ਜੱਟ-ਸਿੱਖਾਂ ਦੀ ਜਵਾਂਮਰਦੀ, ਬੇਪਰਵਾਹੀ ਅਤੇ ਨੇਕਨੀਤੀ ਦਾ ਵਰਨਣ ਬੜੀ ਸੁਹਿਰਦਾ ਨਾਲ ਕਰਦਾ ਹੈ। ਇਹ ਦੱਸਣ ਦੀ ਲੋੜ ਨਹੀਂ ਕਿ ਉਸ ਦੀਆਂ ਰਚਨਾਵਾਂ ਫਿਊਡਲ ਕਦਰਾਂ-ਕੀਮਤਾਂ ਦੀ ਪੇਸ਼ਕਾਰੀ ਅਤੇ ਗੁਣਗਾਨ ਵੀ ਕਰਦੀਆਂ ਹਨ। ਫਿਊਡਲ ਨਿਜ਼ਾਮ ਵਿਚ ਔਰਤ ਦੀ ਪ੍ਰਸੰਸਾ 'ਰੰਨ' ਦੇ ਹਵਾਲੇ ਨਾਲ ਕੀਤੀ ਜਾਂਦੀ ਸੀ, ਜੋ ਯਾਰ ਨੂੰ ਮਿਲਣ ਵਾਸਤੇ ਕੱਚੇ ਉੱਪਰ ਠਿੱਲ੍ਹ ਕੇ, ਝਨਾਂ ਵਰਗੇ ਸ਼ੂਕਦੇ ਦਰਿਆਵਾਂ ਨੂੰ ਪਾਰ ਕਰ ਜਾਂਦੀ ਸੀ। ਰੰਧਾਵੇ ਦੀਆਂ ਇਨ੍ਹਾਂ ਕਹਾਣੀਆਂ ਵਿਚ ਔਰਤ ਤਾਕਤ ਅਤੇ ਹੌਸਲੇ ਵਿਚ ਮਰਦਾਂ ਨਾਲੋਂ ਘੱਟ ਨਹੀਂ ਤੇ (ਦੇਖੋ : ਹੱਕਦਾਰ, ਰੰਡੀ)। ਪਰ ਕਈ ਕਹਾਣੀਆਂ ਵਿਚ ਔਰਤ, ਰੰਨਾਂ ਵਾਂਗ ਦਗ਼ਾ ਵੀ ਦੇ ਜਾਂਦੀ ਹੈ।
ਲੇਖਕ ਪੱਛਮੀ ਤਰਜ਼ ਦੀਆਂ ਇਕ ਵਿਸ਼ੇਸ਼ ਪ੍ਰਬੰਧ ਵਿਚ ਬੱਝੀਆਂ ਹੋਈਆਂ ਕਹਾਣੀਆਂ ਨਹੀਂ ਲਿਖਦਾ ਬਲਕਿ ਪੂਰਬੀ ਰੰਗ-ਢੰਗ ਦੀਆਂ 'ਬਾਤਾਂ' ਲਿਖਦਾ ਹੈ, ਜਿਨ੍ਹਾਂ ਦਾ ਕੋਈ ਇਕ ਬਿਰਤਾਂਤਕਾਰ ਨਹੀਂ ਹੁੰਦਾ ਬਲਕਿ ਅਨੇਕ ਹੁੰਦੇ ਹਨ। ਉਹ ਕਿਸੇ ਇਕ ਪਾਤਰ ਦੇ ਨੁਕਤਾ-ਨਿਗਾਹ ਤੋਂ ਵੀ ਕਹਾਣੀ-ਰਚਨਾ ਨਹੀਂ ਕਰਦਾ ਸਗੋਂ ਉਸ ਦੀਆਂ ਕਹਾਣੀਆਂ ਵਿਚ ਆਏ ਹਰ ਪਾਤਰ ਦਾ ਨਜ਼ਰੀਆ ਮਹੱਤਵਪੂਰਨ ਰਹਿੰਦਾ ਹੈ। ਉਹ ਸਮੇਂ ਨਾਲ ਖੇਡਦਾ ਹੈ। ਕਈ ਵਾਰ ਇਕ ਹੀ ਛੜੱਪੇ ਵਿਚ ਅਨੇਕ ਵਰ੍ਹਿਆਂ ਦਾ ਫ਼ਾਸਲਾ ਤੈਅ ਕਰ ਜਾਂਦਾ ਹੈ। ਕਹਾਣੀ ਲਿਖਣ ਸਮੇਂ ਉਹ ਪੂਰੇ ਪ੍ਰਸੰਗ ਉੱਪਰ ਆਪਣੀ ਨਜ਼ਰ ਰੱਖਦਾ ਹੈ ਅਤੇ ਉਸ ਦੀ ਬੋਲੀ-ਸ਼ੈਲੀ ਦੇ ਤਾਂ ਕੀ ਕਹਿਣੇ! ਆਪਣੇ ਬਾਲਾਂ ਨੂੰ ਜ਼ਰੂਰ ਪੜ੍ਹਾਉਣੀਆਂ ਚਾਹੀਦੀਆਂ ਹਨ ਇਹ ਕਹਾਣੀਆਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਅਧੂਰੀ ਆਜ਼ਾਦੀ
(ਜੇਲ੍ਹ ਯਾਦਾਂ)
ਲੇਖਕ : ਕੋਬਾਦ ਗਾਂਧੀ
ਅਨੁ: ਬੂਟਾ ਸਿੰਘ
ਪ੍ਰਕਾਸ਼ਕ : ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਮਹਿਮੂਦਪੁਰ, ਸ.ਭ.ਸ. ਨਗਰ,
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 94634-74342.

ਸੰਸਮਰਣ (ਯਾਦਾਂ) ਦੇ ਪ੍ਰਕਾਰ ਦੇ ਹੁੰਦੇ ਹਨ ਸਵੈ ਸੰਸਮਰਣ ਅਤੇ ਪਰ ਸੰਸਮਰਣ। ਪਰ ਤਾਂ ਵੀ ਨਿੱਜੀ ਯਾਦਾਂ ਪਰ ਯਾਦਾਂ ਦੇ ਦੁਆਲੇ ਪਰਕਰਮਾ ਕਰਦੀਆਂ ਰਹਿੰਦੀਆਂ ਹਨ। 'ਸਵੈ' ਕਿਸੇ ਖਲਾਅ ਵਿਚ ਨਹੀਂ ਹੁੰਦਾ। ਹਥਲੀ ਪੁਸਤਕ ਕੁੱਲੀਆਂ ਲਈ ਸੰਘਰਸ਼ ਕਰਨ ਵਾਲੇ ਪਰ ਮਹਿਲਾਂ ਦੇ ਜੰਮਪਲ ਕੋਬਾਦ ਗਾਂਧੀ ਦੀਆਂ ਜੇਲ੍ਹ ਯਾਤਰਾਵਾਂ ਨਾਲ ਸੰਬੰਧਿਤ ਹੈ। ਮੂਲ ਲੇਖਕ ਚਾਰਟਰ ਅਕਾਊਂਟੈਂਟ ਬਣਨ ਲਈ ਲੰਡਨ ਗਿਆ ਸੀ ਜਿਥੇ ਨਸਲੀ ਵਿਤਕਰੇ ਕਾਰਨ ਉਸ ਦੀ ਕੁੱਟਮਾਰ ਹੋਈ ਅਤੇ ਤਿੰਨ ਮਹੀਨੇ ਦੀ ਜੇਲ੍ਹ ਕੱਟਣੀ ਪਈ। 'ਜਬੈ ਬਾਣ ਲਾਗਯੋ। ਤਬੈ ਰੋਸ ਜਾਗਯੋ॥' ਦੇ ਮਹਾਂਵਾਕ ਅਨੁਸਾਰ ਇਸ ਦੇ ਅਸਤਿਤਵ ਨੂੰ ਭਾਰੀ ਠੇਸ ਵੱਜੀ, ਜਿਸ ਦੇ ਫਲਸਰੂਪ ਉਸ ਨੇ ਆਪਣੀ ਅਕਾਊਂਟੈਂਸੀ ਛੱਡ ਕੇ ਆਪਣਾ ਮੌਲਿਕ ਪ੍ਰਾਜੈਕਟ ਬਦਲ ਕੇ ਵਿਤਕਰਿਆਂ ਵਿਰੁੱਧ ਲੜਨ ਦਾ ਫ਼ੈਸਲਾ ਕਰ ਲਿਆ।
ਉਹ 1972 ਵਿਚ ਭਾਰਤ ਆ ਕੇ ਪ੍ਰਗਤੀਵਾਦੀ ਲਹਿਰ ਵਿਚ ਸ਼ਾਮਿਲ ਹੋ ਗਿਆ। ਉਸ ਨੇ ਆਪਣੀ ਜੀਵਨ ਸਾਥਣ ਅਨੁਰਾਧਾ (ਅਨੁ) ਨਾਲ ਮਿਲ ਕੇ ਮਜ਼ਦੂਰਾਂ, ਨੌਜਵਾਨਾਂ, ਔਰਤਾਂ ਆਦਿਵਾਸੀਆਂ ਅਤੇ ਦਲਿਤਾਂ ਦੇ ਹੱਕਾਂ ਦੀ ਲੜਾਈ ਲਈ ਸੰਘਰਸ਼ ਕਰਨਾ ਆਰੰਭ ਕਰ ਦਿੱਤਾ। ਉਸ ਨੂੰ ਪ੍ਰਤੀਬੰਧਤ ਪਾਰਟੀ ਭਾਰਤੀ ਕਮਿਊਨਿਸਟ (ਮਾਓਵਾਦੀ) ਦਾ ਕਾਰਕੁੰਨ ਸਮਝ ਕੇ 21 ਸਤੰਬਰ, 2009 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਉਹ ਬਿਮਾਰ ਵੀ ਸੀ ਅਤੇ ਉਮਰ 62 ਸਾਲ ਸੀ। ਕੈਦ ਦੌਰਾਨ ਉਸ ਨੇ ਪੰਜ ਰਾਜਾਂ ਦੀਆਂ ਦਸ ਜੇਲ੍ਹਾਂ ਵਿਚ ਰਹਿੰਦਿਆਂ ਹੀ ਇਹ ਯਾਦਾਂ ਮੁਕੰਮਲ ਕੀਤੀਆਂ। ਸਾਰੀਆਂ ਜੇਲ੍ਹਾਂ ਦੀਆਂ ਅੰਦਰੂਨੀ ਹਾਲਤਾਂ ਦਾ ਵਿਸਤ੍ਰਿਤ ਵਰਨਣ ਹੈ। ਆਖਰੀ ਪੰਨਿਆਂ 'ਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਜੇਲ੍ਹ ਦੇ ਸਮੇਂ ਦੌਰਾਨ ਉਸ ਨੂੰ ਵੱਖ-ਵੱਖ ਕਿਸਮ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ।
ਉਂਜ ਇਹ ਕਿਤਾਬ ਤਿੰਨ ਮੁੱਖ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਭਾਗ ਵਿਚ ਹੁੰਗਾਰੇ ਅਤੇ ਪ੍ਰਤੀਕਰਮ, ਮੁੰਬਈ 'ਚ ਇਨਕਲਾਬੀ ਰਾਜਨੀਤੀ ਨਾਲ ਵਾਹ, ਅਨੁਰਾਧਾ ਹੋਣ ਦਾ ਮਹੱਤਵ, ਸਾਡੇ ਪਰਿਵਾਰ, ਬੁਨਿਆਦੀ ਕੰਮ, ਦਲਿਤ ਸੰਘਰਸ਼ ਆਦਿ ਕਾਂਡ ਸ਼ਾਮਿਲ ਕੀਤੇ ਗਏ ਹਨ। ਦੂਜੇ ਭਾਗ ਵਿਚ ਭਾਰਤੀ ਜੇਲ੍ਹਾਂ ਦਾ ਦਹਾਕਾ, ਰਾਜਨੀਤਕ ਮੁਲਾਕਾਤਾਂ, ਡੌਨ ਅਤੇ ਹੋਰ, ਨਿਆਇਕ ਅਮਲ ਤੇ ਵਕੀਲ ਅਧਿਆਇ ਉਪਲਬਧ ਹਨ ਅਤੇ ਤੀਜੇ ਭਾਗ ਵਿਚ (ਸੋਚ ਵਿਚਾਰ ਅਤੇ ਪ੍ਰਸੰਗਿਕਤਾ, ਇਨਕਲਾਬੀ ਤਬਦੀਲੀ ਦੀ ਲਗਾਤਾਰ ਪ੍ਰਸੰਗਿਕਤਾ) ਤੋਂ ਬਿਨਾਂ ਦੋ ਅੰਤਿਕਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਲੇਖਕ ਨੇ 12 ਅਪ੍ਰੈਲ, 2008 ਦੀ ਰਾਤ ਆਪਣੇ ਜੀਵਨ ਦੀ ਸਭ ਤੋਂ ਭੈੜੀ ਰਾਤ ਮਹਿਸੂਸ ਕੀਤੀ ਹੈ। ਉਸ ਰਾਤ ਉਸ ਦੀ ਪਤਨੀ ਅਨੁਰਾਧਾ ਦੀ ਮੌਤ ਹੋਈ ਸੀ, ਜਿਸ ਦਾ ਉਸ ਨੇ ਹਿਰਦੇਵੇਦਕ ਜ਼ਿਕਰ ਕੀਤਾ ਹੈ। ਕੁੱਲ ਮਿਲਾ ਕੇ ਇਹ ਯਾਦਾਂ ਲੇਖਕ ਦੇ ਅਣਥੱਕ ਸੰਘਰਸ਼ੀ ਜੀਵਨ ਨੂੰ ਰੂਪਮਾਨ ਕਰਦੀਆਂ ਹਨ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c
ਕਰਮਯੋਗੀ ਚਾਨਣ-ਮੁਨਾਰੇ
ਲੇਖਕ : ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਪ੍ਰਕਾਸ਼ਕ : ਯੂਨੀਮੈਕਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 120 ਰੁਪਏ, ਸਫ਼ੇ : 56
ਸੰਪਰਕ : 98764-74858.

ਚਰਚਿਤ ਸਾਹਿਤ-ਵੰਨਗੀ 'ਵਾਰਤਕ' ਦੀ ਇਸ ਪੁਸਤਕ ਵਿਚ ਲੇਖਕ ਨੇ 20 ਅਜਿਹੀਆਂ ਕਰਮਯੋਗੀ ਹਸਤੀਆਂ ਦੀਆਂ ਸੰਖੇਪ ਜੀਵਨੀਆਂ ਦਰਜ ਕੀਤੀਆਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਨਾਂਅ ਦਰਜ ਕਰਾਇਆ ਹੈ। ਜਿਸ ਕਰਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੁਰਸਕਾਰ, ਰਾਸ਼ਟਰੀ ਪੁਰਸਕਾਰ ਅਤੇ ਨੋਬਲ ਪੁਰਸਕਾਰ ਵਰਗੇ ਵੱਕਾਰੀ ਪੁਰਸਕਾਰ ਪ੍ਰਾਪਤ ਹੋਏ ਹਨ। ਆਪਣੇ ਸਮਾਜ, ਆਪਣੇ ਦੇਸ਼ ਲਈ ਇਹ ਸ਼ਖ਼ਸੀਅਤਾਂ ਚਾਨਣ ਮੁਨਾਰੇ ਸਾਬਤ ਹੋਈਆਂ, ਜਿਨ੍ਹਾਂ ਵਿਚ ਐਲਫਰਡ ਬਰਨਹਾਰਡ, ਫਰੈਡਰਿਕ ਪਾਸੀ, ਥੋਮਸ ਅਲਵਾ ਐਡੀਸਨ, ਗਲੀਲੀਓ, ਮੈਰੀ ਕਿਊਰੀ, ਪੈਰੀ ਕਿਊਰੀ, ਰਾਈਟ ਭਰਾ, ਵਾਸਕੋ-ਡੀ-ਗਾਮਾ, ਰਵਿੰਦਰਨਾਥ ਟੈਗੋਰ, ਤੇਨਜਿੰਗ ਨੋਰਗੇ ਸ਼ੇਰਪਾ, ਲੂਈ ਬਰੇਲ, ਚੰਦਰ ਸ਼ੇਖਰ ਵੈਂਕਟ ਰਮਨ ਅਤੇ ਨੀਲ ਐਲਡਿਨ ਆਰਮਸਟ੍ਰਾਂਗ ਵਰਗੀਆਂ ਹਸਤੀਆਂ ਸ਼ਾਮਿਲ ਹਨ।
ਇਹ ਪੁਸਤਕ ਉਨ੍ਹਾਂ ਵਿਦਿਆਰਥੀਆਂ ਲਈ ਜਾਂ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਸਥਾਨ ਰੱਖਦੀ ਹੈ ਜਿਹੜੇ ਵੱਖਰਾ ਸੰਸਾਰ-ਸਮਾਜ ਦੇ ਭਲੇ ਹਿਤ, ਮਨੁੱਖੀ ਜੀਵਨ ਲਈ ਕਲਿਆਣਕਾਰੀ 'ਕੁਝ' ਕਰਨ ਦਾ ਜਜ਼ਬਾ ਰੱਖਦੇ ਹਨ। ਜਾਗਦੀਆਂ ਅੱਖਾਂ ਨਾਲ ਵੱਡੇ ਸੁਪਨੇ ਤੱਕਦੇ ਹਨ। ਲੇਖਕ ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ ਨੇ ਬੜੀ ਮਿਹਨਤ, ਲਗਨ ਅਤੇ ਸਮਰਪਣ ਦੀ ਭਾਵਨਾ ਦਿਖਾਉਂਦੇ ਹੋਏ ਇਹ ਕੀਮਤੀ ਜਾਣਕਾਰੀ ਸਮੋਈ ਬੈਠੀ ਸਾਂਭਣਯੋਗ ਪੁਸਤਕ ਲਿਖੀ ਹੈ। ਇਸ ਵਿਚ ਦਰਜ ਵਿਸ਼ੇਸ਼ ਅਤੇ ਆਮ ਜਾਣਕਾਰੀ ਵਿਦਿਆਰਥੀਆਂ, ਸਿਖਿਆਰਥੀਆਂ ਲਈ ਬੇਹੱਦ ਕੀਮਤੀ ਹੈ, ਜੋ ਵੱਖ-ਵੱਖ ਪ੍ਰੀਖਿਆਵਾਂ ਵਿਚ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਸਕਦੀ ਹੈ। ਇਹ ਪੁਸਤਕ ਹਰੇਕ ਲਾਇਬ੍ਰੇਰੀ ਦੀ ਜਿੰਦ-ਜਾਨ ਬਣਨ ਦਾ ਦਮ ਰੱਖਦੀ ਹੈ। ਵਧਾਈ ਹੋਵੇ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444

ਸਿਦਕ ਸਵਾਸਾਂ ਸੰਗ
ਗ਼ਜ਼ਲਕਾਰ : ਮਹਿੰਦਰ ਸਾਥੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 395 ਰੁਪਏ, ਸਫ਼ੇ : 304
ਸੰਪਰਕ : 94783-33696.

ਹਥਲੀ ਪੁਸਤਕ ਸੁਪ੍ਰਸਿੱਧ ਮਰਹੂਮ ਗ਼ਜ਼ਲਕਾਰ ਮਹਿੰਦਰ ਸਾਥੀ ਦੀਆਂ ਕੁੱਲ ਗ਼ਜ਼ਲਾਂ ਵਿਚੋਂ 348 ਚੋਣਵੀਆਂ ਗ਼ਜ਼ਲਾਂ ਦੀ ਯਾਦਗਾਰੀ ਗ਼ਜ਼ਲ ਪੁਸਤਕ ਹੈ। ਮਹਿੰਦਰ ਨੇ ਬਚਪਨ ਵਿਚ ਹੀ ਆਪਣਾ ਤਖੱਲਸ 'ਸਾਥੀ' ਰੱਖ ਲਿਆ ਸੀ। ਸਾਥੀ ਦਾ ਸੰਸਾਰ ਸੰਦਰਭ ਵਿਚ ਅਰਥ ਕਾਮਰੇਡ ਹੁੰਦਾ ਹੈ। ਇਹ ਸ਼ਬਦ ਕਮਿਊਨਿਸਟਾਂ ਨੇ ਆਮ ਫਹਿਮ ਕੀਤਾ। ਸੰਕਲਪ ਇਹ ਸੀ ਕਿ ਸੰਸਾਰ ਭਰ ਦੇ ਦੱਬੇ-ਕੁਚਲੇ ਤੇ ਲੁੱਟੇ-ਪੁੱਟੇ ਲੋਕ ਇਕ-ਦੂਜੇ ਦਾ ਸਾਥ ਦੇਣ। ਮਹਿੰਦਰ ਵੀ ਅਜਿਹੇ ਨੀਵੇਂ ਵਿਹੜਿਆਂ ਵਿਚੋਂ ਪੈਦਾ ਹੋਇਆ ਕਮਲ ਕਿਰਦਾਰ ਸੀ। ਸਾਰੀ ਉਮਰ ਸਾਥੀ ਇਕ ਕਾਮਰੇਡ ਬਣ ਕੇ ਵਿਚਰਿਆ। ਉਸ ਨੇ ਜਨ ਸਭਾਵਾਂ ਵਿਚ ਆਪਣੀਆਂ ਅਗਾਂਹਵਧੂ ਅਤੇ ਖੱਬੀ ਰਾਜਨੀਤੀ ਨੂੰ ਮਜ਼ਬੂਤ ਕਰਦੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਸੰਘਰਸ਼ੀ ਸਭਾਵਾਂ ਦਾ ਉਹ ਅਣਥੱਕ ਬੁਲਾਰਾ ਸ਼ਾਇਰ ਸੀ। ਉਸ ਦੀ ਗ਼ਜ਼ਲ : 'ਮਿਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ' ਤਾਂ ਸੰਘਰਸ਼ੀ ਲੋਕਾਂ ਦੀ ਹੇਕ ਬਣ ਗਈ। ਅਨੇਕਾਂ ਲੋਕਾਂ ਨੇ ਇਹ ਗਾਈ।
ਮਹਿੰਦਰ ਸਾਥੀ ਨੇ ਜ਼ਿੰਦਗੀ ਵਿਚ 4 ਕਾਵਿ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। ਪੰਜਾਬੀ ਗ਼ਜ਼ਲ ਨੂੰ ਸਾਥੀ ਨੇ ਨਵੀਆਂ ਲੀਹਾਂ ਉੱਤੇ ਪਾਇਆ ਅਤੇ ਉਸ ਦੀ ਰੂਹ ਵਿਚ ਸੰਘਰਸ਼ੀ ਹੂਕ ਪੈਦਾ ਕੀਤੀ। 1936 ਵਿਚ ਜਨਮਿਆ ਇਹ ਵੱਡਾ ਸ਼ਾਇਰ 2021 ਵਿਚ ਸਾਥੋਂ ਸਰੀਰਕ ਤੌਰ 'ਤੇ ਵਿਛੜ ਗਿਆ ਪ੍ਰੰਤੂ ਇਕ ਮਹਾਂ ਗ਼ਜ਼ਲਕਾਰ ਦੇ ਤੌਰ 'ਤੇ ਉਹ ਸਾਥੋਂ ਕਦੇ ਵੀ ਨਹੀਂ ਵਿਛੜੇਗਾ।
ਹਥਲਾ ਗ਼ਜ਼ਲ ਸੰਗ੍ਰਹਿ ਸਾਥੀ ਆਪਣੇ ਜੀਂਦੇ ਜੀਅ ਆਪਣੇ ਹੱਥੀਂ ਤਿਆਰ ਕਰ ਗਿਆ ਸੀ ਪਰ ਪ੍ਰਕਾਸ਼ਕ ਅਨੁਸਾਰ ਕੋਰੋਨਾ ਮਹਾਂਮਾਰੀ ਨੇ ਇਹ ਯਾਦਗਾਰੀ ਗ਼ਜ਼ਲ ਸੰਗ੍ਰਹਿ ਉਨ੍ਹਾਂ ਨੂੰ ਜੀਂਦੇ ਜੀਅ ਭੇਟ ਨਾ ਕਰਨ ਦਿੱਤਾ। ਪਰ ਸੰਘਰਸ਼ੀ ਲੋਕਾਂ ਤੇ ਅਗਾਂਹਵਧੂ ਸਾਥੀਆਂ ਵਾਸਤੇ ਇਹ ਇਕ ਅਮੁੱਲ ਸ਼ਿਅਰ ਭੰਡਾਰ ਬਣ ਗਿਆ ਹੈ। ਸਾਥੀ ਨੇ ਆਪਣੀਆਂ ਛਪੀਆਂ ਅਤੇ ਅਣਛਪੀਆਂ ਗ਼ਜ਼ਲਾਂ ਇਸ ਵਿਚ ਸ਼ਾਮਿਲ ਕਰ ਦਿੱਤੀਆਂ ਹਨ, ਜਿਨ੍ਹਾਂ ਤੋਂ ਆਉਂਦੇ ਸਮੇਂ ਵਿਚ ਉਨ੍ਹਾਂ ਸੰਬੰਧੀ ਸਮਾਲੋਚਕ ਕਾਰਜ ਸਹਿਲ ਹੋਵੇਗਾ। ਗ਼ਜ਼ਲ ਸੰਬੰਧੀ ਉਸ ਦਾ ਮੌਕਿਫ ਇਹ ਸੀ :
-ਜ਼ਮਾਨਾ ਲਦ ਗਿਆ ਜਦ ਮੁਜਰਿਆਂ ਦੀ ਅੱਯਾਸ਼ੀ ਸੀ
ਗ਼ਜ਼ਲ ਅੱਜ ਤਾਂ ਮੁਹਾਜ਼ਾਂ 'ਤੇ ਨਿਆਂ ਦੀ ਗੱਲ ਕਰਦੀ ਹੈ
-ਨਾ ਗਾਉਂਦੀ ਮੈਅ ਦਾ ਗੋਗਾ ਨਾ ਕਰਦੀ ਸਾਕੀ ਦਾ ਤਰਲਾ
ਜੋਸ਼ੀਲਾ ਤੇ ਰੋਬੀਲਾ ਜ਼ਿੰਦਗੀ ਦਾ ਰੰਗ ਕਰਦੀ ਹੈ।
ਉਹ ਸਰਮਾਏਦਾਰ ਸਿਸਟਮ ਪ੍ਰਤੀ ਹਮੇਸ਼ਾ ਇਸੇ ਤਰ੍ਹਾਂ ਦੀ ਸਮਾਨੰਤਰ ਦੂਰੀ ਬਣਾ ਕੇ ਤੁਰਦਾ ਰਿਹਾ :
ਤੇਰੇ ਮੇਰੇ ਪਿਆਰ ਨੇ ਅੜੀਏ ਚੜ੍ਹਨਾ ਨਈਂ ਪਰਵਾਨ ਅਜੇ
ਓਹੀ ਜ਼ਾਲਮ ਕੈਦੋ ਖੇੜੇ, ਇਥੇ ਨੇ ਪ੍ਰਧਾਨ ਅਜੇ।

ਸੁਲੱਖਣ ਸਰਹੱਦੀ
ਮੋ: 94174-84337

ਮਾਹਿਲਪੁਰ ਦਾ ਫੁੱਟਬਾਲ ਸੰਸਾਰ
ਲੇਖਕ : ਬਲਜਿੰਦਰ ਮਾਨ
ਪ੍ਰਕਾਸ਼ਕ : ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ (ਹੁਸ਼ਿਆਰਪੁਰ)
ਮੁੱਲ : 525 ਰੁਪਏ , ਸਫ਼ੇ 156
ਸੰਪਰਕ : 98150-18947.

ਮਾਹਿਲਪੁਰ ਫੁੱਟਬਾਲ ਦੇ ਮੱਕੇ ਦੇ ਨਾਂਅ ਨਾਲ ਪ੍ਰਸਿੱਧ ਹੈ, ਜਿਵੇਂ ਸੰਸਾਰਪੁਰ ਨੂੰ ਹਾਕੀ ਦਾ ਘਰ ਕਿਹਾ ਜਾਂਦਾ ਹੈ ਤੇ ਉਸੇ ਤਰ੍ਹਾਂ ਮਾਹਿਲਪੁਰ ਵੀ ਫੁੱਟਬਾਲ ਦਾ ਘਰ ਹੈ। ਇਸ ਦੇ ਖੇਡ ਇਤਿਹਾਸ 'ਤੇ ਲਿਖੀ ਗਈ ਬਲਜਿੰਦਰ ਮਾਨ ਵਲੋਂ ਪੁਸਤਕ ਫੁੱਟਬਾਲ ਦਾ ਘਰ ਮਾਹਿਲਪੁਰ ਇਕ ਬਹੁਤ ਹੀ ਚੰਗਾ ਤੇ ਸਫਲ ਉਪਰਾਲਾ ਹੈ। ਇਸ ਵਿਚ ਫੁੱਟਬਾਲ ਨਾਲ ਸੰਬੰਧਿਤ 150 ਤੋਂ ਉੱਪਰ ਫੁੱਟਬਾਲ ਖੇਡ ਪ੍ਰੇਮੀਆਂ, ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਦਾ ਸੰਖੇਪ ਵੇਰਵਾ ਤੇ ਰੇਖਾ ਚਿੱਤਰ ਬਹੁਤ ਹੀ ਖੂਬਸੂਰਤੀ ਦੇ ਨਾਲ ਉਲੀਕ ਕੇ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਮਾਹਿਲਪੁਰ ਦੇ ਫੁੱਟਬਾਲ ਨੂੰ ਵਿਸ਼ਵ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਵਾਲੇ ਸੂਰਮਿਆਂ ਤੇ ਇਸ ਦੇ ਨਾਲ ਹਰ ਪ੍ਰਕਾਰ ਦੀ ਮਦਦ ਤੇ ਉਤਸ਼ਾਹਿਤ ਕਰਨ ਵਾਲੇ ਖੇਡ ਪ੍ਰੇਮੀਆਂ ਤੇ ਪ੍ਰਬੰਧਕਾਂ ਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਰੰਗਦਾਰ ਤਸਵੀਰਾਂ ਨਾਲ ਵਰਨਣ ਕੀਤਾ ਗਿਆ ਹੈ। ਇਸ ਵਿਚ ਪ੍ਰਿੰਸੀਪਲ ਸਰਵਣ ਸਿੰਘ ਵਲੋਂ ਮਾਹਿਲਪੁਰ ਦੇ ਫੁੱਟਬਾਲ ਦੇ ਘਰ ਬਾਰੇ ਚੰਗੇ ਤਰੀਕੇ ਨਾਲ ਵਰਨਣ ਕੀਤਾ ਗਿਆ ਹੈ ਤੇ ਇਲਾਕੇ ਦੇ ਫੁੱਟਬਾਲ ਪ੍ਰਤੀ ਪ੍ਰੇਮ ਤੇ ਖੇਡ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਨਾਲ ਲਿਖੀ ਗਈ ਲੇਖਕ ਬਲਜਿੰਦਰ ਮਾਨ ਵਲੋਂ ਪੁਸਤਕ ਦੀ ਬਹੁਤ ਹੀ ਤਾਰੀਫ਼ ਕੀਤੀ ਗਈ ਹੈ ਤੇ ਲੇਖਕ ਬਲਜਿੰਦਰ ਮਾਨ ਨੇ ਵੀ ਇਸ ਨੂੰ ਵੱਖ-ਵੱਖ ਖੇਡ ਵੰਨਗੀਆਂ ਦੇ ਵਿਚ ਵੰਡ ਕੇ ਹਰ ਖੇਤਰ ਨੂੰ ਬਣਦਾ ਮਾਣ ਦੇਣ ਦੀ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਵਿਚ ਇਲਾਕੇ ਦੇ ਅਰਜਨਾ ਐਵਾਰਡੀਆਂ, ਪਾਲਕ ਤੇ ਸੰਚਾਲਕ, ਉਡਣ ਪਰੀਆਂ, ਮਾਰਦੇ ਜੋ ਉੱਚੀਆਂ ਉਡਾਰੀਆਂ, ਸਿਜਦੇ ਜੋ ਖੇਡ ਕਿਆਰੀਆਂ, ਸੰਦਲੀ ਪੈੜਾਂ, ਫੁੱਟਬਾਲ ਜਗਤ ਦੇ ਸੁਨਹਿਰੀ ਪੰਨੇ, ਜਿਨ੍ਹਾਂ ਦੀ ਚਰਚਾ ਹੁੰਦੀ, ਅੰਬਰਾਂ ਦੇ ਤਾਰਿਆਂ ਦਾ ਇਸ ਤਰ੍ਹਾਂ ਨਾਲ ਵਰਨਣ ਕੀਤਾ ਹੈ ਕਿ ਪੂਰੇ ਵਿਸ਼ਵ ਨੂੰ ਮਾਹਿਲਪੁਰ ਦੇ ਫੁੱਟਬਾਲ ਦੇ ਖੇਡ ਇਤਿਹਾਸ ਦੇ ਇਸ ਕਿਤਾਬ ਵਿਚ ਪੂਰੇ ਦਰਸ਼ਨ ਹੋ ਜਾਂਦੇ ਹਨ ਤੇ ਲੇਖਕ ਬਲਜਿੰਦਰ ਮਾਨ ਜੋ ਆਪ ਇਕ ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਜੇਤੂ ਹੈ, ਵਧਾਈ ਦਾ ਪਾਤਰ ਹੈ ਤੇ ਇਸ ਨੂੰ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਸਹਿਯੋਗ ਨਾਲ ਮੁਕੰਮਲ ਕਰਕੇ ਫੁੱਟਬਾਲ ਖੇਡ ਪ੍ਰੇਮੀਆਂ ਦੇ ਸਨਮੁੱਖ ਪੇਸ਼ ਕੀਤਾ ਹੈ, ਇਹ ਬਹੁਤ ਹੀ ਚੰਗਾ ਉਪਰਾਲਾ ਹੈ ਜੋ ਦੇਸ਼-ਵਿਦੇਸ਼ ਦੇ ਫੁੱਟਬਾਲ ਖਿਡਾਰੀਆਂ ਦਾ ਰਾਹ ਦਸੇਰਾ ਬਣੇਗੀ ਤੇ ਉਹ ਇਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਖੇਡ ਜਗਤ ਵਿਚ ਹੋਰ ਉੱਚੀਆਂ ਉਡਾਰੀਆਂ ਤੇ ਮੱਲਾਂ ਮਾਰਨ ਦਾ ਯਤਨ ਜ਼ਰੂਰ ਕਰਨਗੇ।

ਡਾ. ਜਤਿੰਦਰ ਸਾਬੀ
ਮੋ: 98729-78781

22-05-2022

 ਆਤਮਜੀਤ ਦੀ ਸ਼ਬਦ ਸਾਧਨਾ
ਪਰਤਾਂ ਤੇ ਪਾਸਾਰ
ਸੰਪਾਦਕ : ਹਰਿਭਜਨ ਸਿੰਘ ਭਾਟੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 625 ਰੁਪਏ, ਸਫ਼ੇ : 394
ਸੰਪਰਕ : 98557-19118.

ਆਤਮਜੀਤ ਪੰਜਾਬੀ ਨਾਟਕ ਦਾ ਹਾਸਲ ਹੈ। 72 ਵਰ੍ਹੇ ਪਹਿਲਾਂ ਜਨਮੇ ਆਤਮਜੀਤ ਨੇ ਕਵਿਤਾ ਤੋਂ ਸ਼ੁਰੂਆਤ ਕਰਕੇ ਹੁਣ ਤੱਕ 21 ਪੂਰੇ ਨਾਟਕਾਂ ਅਤੇ ਇਕਾਂਗੀ/ਲਘੂ ਨਾਟਕਾਂ ਦੀ ਸਿਰਜਣਾ ਕੀਤੀ ਹੈ। 1971 ਤੋਂ 2010 ਤੱਕ ਕਰੀਬ ਚਾਲੀ ਵਰ੍ਹੇ ਅਧਿਆਪਨ/ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਉਪਰੰਤ ਉਹ ਪਿਛਲੇ ਪੰਜ ਕੁ ਸਾਲਾਂ ਤੋਂ ਨਿਰੋਲ ਸਾਹਿਤ ਨੂੰ ਸਮਰਪਿਤ ਹੈ। 1975 ਤੋਂ ਸ਼ੁਰੂ ਹੋਇਆ ਉਸ ਦਾ ਨਾਟਕੀ ਸਫ਼ਰ ਹੁਣ ਤੱਕ ਨਿਰਵਿਘਨ ਜਾਰੀ ਹੈ। ਉਸ ਨੇ ਆਲੋਚਨਾ, ਸੰਪਾਦਨ ਅਤੇ ਅਨੁਵਾਦ ਦਾ ਕਾਰਜ ਵੀ ਕੀਤਾ ਹੈ।
ਵਿਚਾਰ ਅਧੀਨ ਸੰਪਾਦਿਤ ਪੁਸਤਕ ਵਿਚ ਡਾ. ਭਾਟੀਆ ਨੇ ਉਸ ਦੇ ਜੀਵਨ ਤੇ ਕਾਰਜ ਨੂੰ ਪੰਜ ਭਾਗਾਂ ਵਿਚ ਵੰਡ ਕੇ ਸਾਹਮਣੇ ਲਿਆਂਦਾ ਹੈ, ਜਿਸ ਵਿਚ ਸਵੈ-ਕਥਨ ਤੇ ਮੰਚੀ ਪਾਸਾਰ; ਲਘੂ ਨਾਟਕਾਂ ਦਾ ਸਰੂਪ; ਪੂਰੇ ਨਾਟਕਾਂ ਦਾ ਸਰੂਪ; ਨਾਟ ਚਿੰਤਨ; ਅਤੇ ਅਦੀਬਾਂ ਦੀ ਨਜ਼ਰ ਵਿਚ ਅਧਿਆਏ ਬਣਾਏ ਗਏ ਹਨ। ਅੰਤਿਕਾ ਵਿਚ ਜੀਵਨ ਬਿਉਰਾ, ਪੁਸਤਕਾਂ ਦਾ ਵੇਰਵਾ ਅਤੇ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਹੈ।
ਪੁਸਤਕ ਦੇ ਆਰੰਭ ਵਿਚ ਡਾ. ਭਾਟੀਆ ਦੀ ਲੰਮੀ ਭੂਮਿਕਾ (19 ਪੰਨੇ) ਦੀ ਹੈ, ਜਿਸ ਵਿਚ ਉਸ ਨੇ ਆਤਮਜੀਤ ਦੀ ਨਾਟਕੀਅਤਾ ਨੂੰ ਬਹੁਤ ਨੇੜੇ ਤੋਂ ਵਿਸ਼ਲੇਸ਼ਿਤ ਕੀਤਾ ਹੈ। ਪਿਤਾ ਐਸ.ਐਸ. ਅਮੋਲ ਦਾ ਸਾਹਿਤਕਾਰ ਸਪੁੱਤਰ ਆਤਮਜੀਤ ਇਕ ਸਮੇਂ ਆਤਮਜੀਤ ਸਿੰਘ 'ਅਮਰ' ਵਜੋਂ ਵੀ ਵਿਚਰਦਾ ਰਿਹਾ ਹੈ ਪਰ ਛੇਤੀ ਹੀ ਉਹ ਨਿਰੋਲ ਆਤਮਜੀਤ ਬਣ ਗਿਆ ਤੇ ਅੱਜ ਤੱਕ ਇਸੇ ਨਾਂਅ ਨਾਲ ਚਰਚਿਤ ਹੈ। ਉਸ ਦੀ ਸਾਰੀ ਪੜ੍ਹਾਈ-ਲਿਖਾਈ ਮਾਝੇ ਵਿਚ ਹੋਈ ਪਰ ਉਹਦਾ ਕਰਮ-ਖੇਤਰ ਵਧੇਰੇ ਕਰਕੇ ਮਾਲਵੇ ਦੀ ਧਰਤੀ ਰਿਹਾ।
ਇਸ ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਲੇਖ ਸ਼ਾਮਿਲ ਹਨ ਉਨ੍ਹਾਂ ਵਿਚ ਤਰਲੋਕ ਸਿੰਘ ਕੰਵਰ, ਸੁਰਜੀਤ ਸਿੰਘ ਸੇਠੀ, ਅਤਰ ਸਿੰਘ, ਦਲਜੀਤ ਸਿੰਘ, ਹਰਿਭਜਨ ਸਿੰਘ, ਆਤਮਜੀਤ ਸਿੰਘ, ਸੁਤਿੰਦਰ ਸਿੰਘ ਨੂਰ, ਜੇ.ਐੱਨ. ਕੌਸ਼ਲ (ਸਾਰੇ ਮਰਹੂਮ) ਦੇ ਨਾਲ-ਨਾਲ ਕੇਵਲ ਧਾਲੀਵਾਲ, ਸਾਹਿਬ ਸਿੰਘ, ਜਗਬੀਰ ਸਿੰਘ, ਤੇਜਵੰਤ ਗਿੱਲ, ਸੁਖਦੇਵ ਸਿੰਘ ਸਿਰਸਾ, ਸਰਬਜੀਤ ਸਿੰਘ, ਉਮਾ ਸੇਠੀ, ਸਵਰਾਜ ਰਾਜ, ਰਵੇਲ ਸਿੰਘ ਆਦਿ ਦੇ ਨਾਂਅ ਪੇਸ਼ ਹਨ। ਪੁਸਤਕ ਵਿਚ ਆਤਮਜੀਤ ਦੀ ਦੇਣ, ਨਾਟਕੀ ਮੈਟਾਫਰ, ਰਾਜਸੀ ਵਿਅੰਗ, ਚਿਹਨਕੀ ਜੁਗਤਾਂ, ਨਾਟ ਸੰਰਚਨਾ, ਤਕਨੀਕ, ਨਾਬਰੀ ਦਾ ਪ੍ਰਵਚਨ, ਖੋਜ ਤੇ ਸਿਧਾਂਤ ਦ੍ਰਿਸ਼ਟੀ, ਸਾਹਿਤ ਇਤਿਹਾਸ ਤੇ ਆਲੋਚਨਾ ਦ੍ਰਿਸ਼ਟੀ ਆਦਿ ਪੱਖਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਆਤਮਜੀਤ ਦੇ ਸਾਹਿਤ- ਸੰਸਾਰ ਨੂੰ ਸਮਝਣ ਲਈ ਇਹ ਪੁਸਤਕ ਇਕ ਸੰਦਰਭ ਗ੍ਰੰਥ ਦੀ ਭੂਮਿਕਾ ਨਿਭਾਉਂਦੀ ਹੈ, ਅਜਿਹਾ ਮੇਰਾ ਵਿਸ਼ਵਾਸ ਹੈ!

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c

ਮਹਿਕਦੇ ਗੀਤ
ਲੇਖਕ : ਕੁਲਵੰਤ ਸੈਦੋਕੇ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 132
ਸੰਪਰਕ : 78891-72043.

ਹਥਲਾ ਕਾਵਿ-ਸੰਗ੍ਰਹਿ 'ਮਹਿਕਦੇ ਗੀਤ' ਭਾਵੇਂ ਕੁਲਵੰਤ ਸੈਦੋਕੇ ਦੀ ਪਲੇਠੀ ਪੁਸਤਕ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਦੀ ਪੰਜਾਬਣ ਵਰਗੀ ਸਾਦਗੀ, ਮੜਕ ਅਤੇ ਤੋਰ ਉਨ੍ਹਾਂ ਦੇ ਪ੍ਰਪੱਕ ਕਲਮਕਾਰ ਹੋਣ ਦੀ ਸ਼ਾਹਦੀ ਭਰਦੀ ਹੈ। ਵਿਸ਼ਵ ਮੰਡੀ ਦੇ ਪੂੰਜੀਵਾਦੀ ਪ੍ਰਭਾਵ ਵਿਚ ਪਰਿਵਾਰਾਂ ਨੂੰ ਚੜ੍ਹੀ ਬਾਜ਼ਾਰੂ ਰੰਗਤ ਨੂੰ ਦੇਖਦਿਆਂ ਉਨ੍ਹਾਂ ਦਾ ਮੰਨਣਾ ਹੈ ਕਿ ਨਿੱਜੀ ਸਵਾਰਥਾਂ ਦੀ ਪੂਰਤੀ ਵਿਚ ਉਲਝਿਆ ਮਨੁੱਖ ਭਾਈਚਾਰਕ ਸਾਂਝ ਦੀ ਸੋਚ ਨੂੰ ਤਿਲਾਂਜਲੀ ਦੇ ਚੁੱਕਿਆ ਹੈ :
ਘਰ ਸੀਗੇ ਕੱਚੇ ਪਰ ਰਿਸ਼ਤੇ ਸੀ ਪੱਕੇ ਹੁੰਦੇ
'ਕੱਠਾ ਇੱਕੋ ਟੱਬਰ ਆਬਾਦ ਹੁੰਦਾ ਸੀ।
ਚੌਂਕੇ ਵਿਚ ਬੇਬੇ ਕੋਲ ਬਹਿ ਕੇ ਰੋਟੀ ਖਾਣ ਦਾ
ਆਪਣਾ ਹੀ ਵੱਖਰਾ ਸਵਾਦ ਹੁੰਦਾ ਸੀ।
ਦੇਸ਼ ਦੀ ਲੰਗੜੀ ਆਜ਼ਾਦੀ ਲਈ ਧਰਮ ਦੇ ਨਾਂਅ 'ਤੇ ਪੰਜਾਬ ਨੂੰ ਦੋ ਟੁਕੜਿਆਂ ਵਿਚ ਵੰਡਣ ਦੀ ਸਾਜਿਸ਼ ਦਾ ਵਿਰੋਧ ਉਹ ਬੜੇ ਬੇਬਾਕ ਢੰਗ ਨਾਲ ਕਰਦੇ ਹਨ, ਕਿਉਂਕਿ ਇਸ ਦੀ ਸਭ ਤੋਂ ਵੱਧ ਕੀਮਤ ਪੰਜਾਬੀਆਂ ਨੂੰ ਹੀ ਚੁਕਾਉਣੀ ਪਈ ਸੀ। ਕਤਲ ਭਾਵੇਂ ਸਰਹੱਦ ਦੇ ਇਧਰਲੇ ਪਾਸੇ ਹੋਵੇ ਜਾਂ ਉਧਰਲੇ ਪਾਸੇ, ਉਹ ਦੋਵਾਂ ਦੀ ਪੀੜ ਬਰਾਬਰ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਗੀਤ ਦੀਆਂ ਇਹ ਸਤਰਾਂ ਪਾਠਕ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦੀਆਂ ਹਨ :
ਐਸੀ ਰਾਜਨੀਤੀ ਤਾਈਂ ਲੱਖ ਲਾਹਣਤਾਂ,
ਜਦੋਂ ਵੀਰਾਂ ਹੱਥੋਂ ਵੱਢੇ ਗਏ ਵੀਰ ਨੇ।
ਪੰਜੇ ਦਰਿਆ ਉਦੋਂ ਭੁੱਬਾਂ ਮਾਰ ਰੋਏ,
ਜਦੋਂ ਵੱਖ ਕੀਤੇ ਵਾਘੇ ਦੀ ਲਕੀਰ ਨੇ।
ਕੁਲਵੰਤ ਸੈਦੋਕੇ ਦੀ ਗੀਤਕਾਰੀ ਉਨ੍ਹਾਂ ਸਾਰੇ ਗੁਣਾਂ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ, ਜੋ ਇਕ ਚੰਗੀ ਗੀਤਕਾਰੀ ਵਿਚ ਹੋਣੇ ਲਾਜ਼ਮੀ ਹੁੰਦੇ ਹਨ। ਜਿੱਥੇ ਉਨ੍ਹਾਂ ਦੀ ਗੀਤਕਾਰੀ ਤੋਲ-ਤੁਕਾਂਤ ਦੇ ਪੱਖ ਤੋਂ ਬੜੀ ਅਮੀਰ ਪ੍ਰਤੀਤ ਹੁੰਦੀ ਹੈ, ਉੱਥੇ ਵਿਚਾਰਕ ਪੱਖ ਤੋਂ ਵੀ ਉਹ ਕਿਤੇ ਥਿੜਕਦੇ ਦਿਖਾਈ ਨਹੀਂ ਦਿੰਦੇ। ਪੁਸਤਕ ਵਿਚ ਲਗਭਗ ਹਰੇਕ ਭਖਦੇ ਮਸਲੇ ਨੂੰ ਛੂਹਣ ਦੀ ਉਨ੍ਹਾਂ ਦੀ ਸਫਲ ਅਤੇ ਸੁਚੱਜੀ ਕੋਸ਼ਿਸ਼ ਲਈ ਵੀ ਉਹ ਵਧਾਈ ਦੇ ਹੱਕਦਾਰ ਹਨ।

ਕਰਮ ਸਿੰਘ ਜ਼ਖ਼ਮੀ
ਮੋ: 98146-28027

ਮੇਰੇ ਭਾਰਤੀ ਸਫ਼ਰਨਾਮੇ (ਭਾਰਤ ਦੇ ਚਾਰ ਗੇੜੇ)
ਲੇਖਕ : ਅਸ਼ਰਫ਼ ਗਿੱਲ
ਲਿਪੀਅੰਤਰ ਤੇ ਸੰਪਾਦਨ : ਜਸਪਾਲ ਘਈ
ਪ੍ਰਕਾਸ਼ਕ : ਕੈਫੇ ਵਰਲਡ,ਜਲੰਧਰ
ਮੁੱਲ : 600 ਰੁਪਏ, ਸਫ਼ੇ : 276
ਸੰਪਰਕ : 99140-22845.

ਲਹਿੰਦੇ ਪੰਜਾਬ ਦਾ ਜੰਮਪਲ, ਕੈਲੀਫੋਰਨੀਆ ਦੇ ਫਰਿਜਨੋ ਸ਼ਹਿਰ ਵਿਚ ਵਸਦਾ, ਅਸ਼ਰਫ ਗਿੱਲ ਉਰਦੂ ਅਤੇ ਪੰਜਾਬੀ ਜ਼ਬਾਨ ਦਾ ਇਕ ਅਲਬੇਲਾ ਸ਼ਾਇਰ ਹੈ ਅਤੇ ਮੌਸੀਕੀ ਦਾ ਅਜ਼ੀਮ ਫ਼ਨਕਾਰ। ਜਿੱਥੇ ਉਸ ਦੀਆਂ ਗ਼ਜ਼ਲਾਂ ਨੂੰ ਗੁਲਾਮ ਅਲੀ ਨੇ ਗਾਇਆ, ਉੱਥੇ ਉਸ ਨੇ ਚਰਚਿਤ ਫਨਕਾਰ ਨਸੀਬੋ ਲਾਲ ਨਾਲ ਗੀਤ ਵੀ ਗਾਏ ਹਨ। ਇਸ ਪੁਸਤਕ ਦਾ ਲਿਪੀਅੰਤਰ ਅਤੇ ਸੰਪਾਦਨ ਮਾਣਯੋਗ ਜਸਪਾਲ ਘਈ ਨੇ ਬੜੀ ਮਿਹਨਤ ਨਾਲ ਕੀਤਾ ਹੈ। ਇਹ ਸਫ਼ਰਨਾਮੇ ਲੇਖਕ ਵਲੋਂ ਸੰਨ 2000 ਤੋਂ ਲੈ ਕੇ ਸੰਨ 2014 ਤੱਕ ਭਾਰਤ ਵਿਚ ਲਗਾਏ ਚਾਰ ਗੇੜਿਆਂ 'ਤੇ ਆਧਾਰਿਤ ਹਨ। ਪ੍ਰਚੱਲਿਤ ਰਵਾਇਤ ਤੋਂ ਉਲਟ, ਉਸ ਨੇ ਪੁਰਾਤਨ ਯਾਤਰੀ ਹਿਊਨ ਸਾਂਗ ਵਾਂਗ ਭਾਰਤ ਦੀਆਂ ਯਾਤਰਾਵਾਂ ਕੀਤੀਆਂ ਅਤੇ ਉੱਥੋਂ ਦੇ ਲੋਕਾਂ ਦੇ ਹਾਲਾਤਅਤੇ ਵਾਕਿਆਤ, ਜੋ ਉਸ ਨੇ ਅੱਖੀਂ ਦੇਖੇ ਅਤੇ ਹੰਢਾਏ, ਉਨ੍ਹਾਂ ਨੂੰ ਹੂਬਹੂ ਉਸੇ ਤਰ੍ਹਾਂਬਿਆਨ ਕੀਤਾ ਹੈ। ਪੰਜਾਬੀ ਵਿਚ ਉਸਵਲੋਂ ਕੀਤਾ ਇਹ ਪਲੇਠਾ ਯਤਨ ਹੈ। ਪਹਿਲਾ ਗੇੜਾ ਗਿਆਰਾਂ ਦਿਨਾਂ ਦਾ ਸੀ, ਜਿਸ ਦੌਰਾਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ ਆਦਿ ਸ਼ਹਿਰਾਂ ਬਾਰੇ ਉਹ ਲਿਖਦਾ ਹੈਇੱਥੇ ਪੇਂਡੂ ਮਾਹੌਲ ਪਾਕਿਸਤਾਨ ਦਿਆਂ ਪਿੰਡਾਂ ਵਰਗਾ ਹੀ ਸੀ। ਸਿਰਫ ਪਹਿਰਾਵੇ ਦਾ ਹੀ ਫ਼ਰਕ ਸੀ। ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਕੀਤੀ। ਸਤਨਾਮ ਸਿੰਘ ਮਾਣਕ ਦੇ ਉਲੀਕੇ ਪ੍ਰੋਗਰਾਮ ਮੁਤਾਬਿਕ ਪਹਿਲੇ ਦਿਨ ਉਹ ਲੁਧਿਆਣਾ ਸ਼ਹਿਰ ਗਿਆ। ਉੱਥੋਂ ਦੇ ਸਾਹਿਤਕਾਰਾਂ ਨਾਲ ਸਾਂਝ ਬਣਾਈ। ਫਿਰ ਇਕ ਦਿਨ ਉਹ ਚੰਡੀਗੜ੍ਹ, ਰੋਜ਼ ਗਾਰਡਨ ਅਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਨਾਲ ਗੱਲਾਂਬਾਤਾਂ ਸਾਂਝੀਆਂ ਕੀਤੀਆਂ। ਜਲੰਧਰ ਆਉਂਦਿਆਂ ਅਨੰਦਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਜਲੰਧਰ ਵਿਚ ਕਈ ਸਾਹਿਤਕ ਸੰਮੇਲਨਾਂ ਵਿਚ ਸ਼ਿਰਕਤ ਕੀਤੀ। ਖ਼ਾਲਸਾ ਕਾਲਜ ਦੇ ਮੁੰਡੇ-ਕੁੜੀਆਂ ਨੇ ਖੁੱਲ੍ਹ ਕੇ ਇਲਮੀ ਸੰਜੀਦਗੀ 'ਤੇ ਗੱਲਬਾਤ ਕੀਤੀ। ਉਸਨੇ ਗੁਲੂਕਾਰ ਹੰਸ ਰਾਜ ਹੰਸ, ਐਸ.ਐਸ.ਪੀ. ਫਾਰੂਕੀ ਅਤੇ ਡਾ. ਜਗਤਾਰ ਨਾਲ ਅਦਬੀ ਸਾਂਝ ਬਣਾਈ। ਫਿਰ ਅੰਮ੍ਰਿਤਸਰ ਜਤਿੰਦਰਪਾਲ ਸਿੰਘ ਜੌਲੀ ਨੇ ਉਸ ਦੀ ਮੁਲਾਕਾਤ ਯੂਨੀਵਰਸਿਟੀ ਪ੍ਰੋਫ਼ੈਸਰਾਂ ਨਾਲ ਕਰਵਾਈ। ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਤਲਵਿੰਦਰ ਸਿੰਘ ਨਾਲ ਸਫ਼ਰ ਦੇ ਅਖੀਰਲੇ ਦਿਹਾੜੇ ਬੜੀ ਹਿਫ਼ਾਜ਼ਤ ਤੇ ਅਪਣੱਤ ਨਾਲ ਬੀਤੇ। ਫਿਰ ਉਹ ਲਾਹੌਰ ਪਰਤ ਗਿਆ। ਸੰਨ 2004 ਵਿਚ ਉਸ ਵਲੋਂ ਭਾਰਤ ਦੇ ਲਗਾਏ ਦੂਜੇ ਗੇੜੇ ਵੇਲੇ ਭਾਰਤ ਦਾ ਵੀਜ਼ਾ ਲੈਣ ਬਾਰੇ ਦਿਲਚਸਪ ਗੱਲਾਂ ਇਸ ਪੁਸਤਕ ਵਿਚ ਦਰਜ ਹਨ। ਪਟਿਆਲੇ ਇੰਦਰ ਸਿੰਘ ਖਾਮੋਸ਼ ਨੂੰ ਮਿਲਣ ਲਈ ਉਹ 'ਸਮਝੌਤਾ ਐਕਸਪ੍ਰੈੱਸ' ਚੜ੍ਹਿਆ। ਗੱਡੀ ਕਹਿਣ ਨੂੰ ਤਾਂ ਐਕਸਪ੍ਰੈੱਸ ਸੀ ਪਰ ਵਾਹਗੇ ਤੋਂ ਅਟਾਰੀ ਵੱਲ ਇੰਜ ਚੱਲੀ, ਜਿਵੇਂ ਪੈਦਲ ਤੁਰ ਰਹੀ ਸੀ। ਅਟਾਰੀ ਸਟੇਸ਼ਨ 'ਤੇ ਟੈਕਸੀਆਂ ਦੇ ਮਾੜੇ ਪ੍ਰਬੰਧ, ਤਲਵਿੰਦਰ ਸਿੰਘ ਅਤੇ ਰਮਨਦੀਪ ਦੇ ਨਾਲ ਬਿਤਾਏ ਖੂਬਸੂਰਤ ਪਲ, ਉਸ ਦੀ ਗੁਰਮੁਖੀ ਲਿਪੀ ਵਿਚ ਛਪ ਰਹੀ ਕਿਤਾਬ 'ਤੋਲਵੇਂ ਬੋਲ' ਬਾਰੇ ਦਿਲਚਸਪ ਜਾਣਕਾਰੀ ਇਸਪੁਸਤਕਵਿਚ ਦਰਜ ਹੈ। ਉਸ ਨੂੰ ਜਾਮਾ ਮਸਜਿਦਵਿਚ ਨਮਾਜ਼ ਪੜ੍ਹਨ ਦਾ ਮੌਕਾ ਮਿਲਿਆ। ਲਖਨਊ ਵੇਖਣ ਨਿਕਲਿਆ ਤਾਂ ਰਿਕਸ਼ੇ ਦੀ ਸਵਾਰੀ ਕਰਦੇ 'ਯੇ ਲਖਨਊ ਕੀ ਸਰ ਜ਼ਮੀਨ' ਵਾਲਾ ਤਸੱਵਰ ਧੁੰਦਲਾ ਪੈ ਗਿਆ। ਰਾਹਤ ਇੰਦੌਰੀ ਨਾਲ ਸੰਖੇਪ ਮੁਲਾਕਾਤ ਉਸ ਲਈ ਯਾਦਗਾਰੀ ਬਣ ਗਈ। ਭੁਪਾਲ ਵਿਚ ਇਕਬਾਲ ਦੇ ਪਰਿਵਾਰ ਵਲੋਂ ਉਸ ਦੀ ਕੀਤੀ ਖ਼ਾਤਰਦਾਰੀ ਅਭੁੱਲ ਬਣ ਗਈ। ਮੁੜ ਜਲੰਧਰ ਆ ਕੇਦੇਸ਼ ਭਗਤ ਯਾਦਗਾਰੀ ਹਾਲ 'ਚ ਜਾਣਾ, ਦੇਵ ਦਰਦ ਨਾਲ ਮੁਲਾਕਾਤ, ਰਮਨਦੀਪ ਦੇ ਘਰ ਇਕ ਰਾਤ ਬਿਤਾਉਣ ਪਿੱਛੋਂ ਉਹਵਾਪਸ ਲਾਹੌਰਮੁੜ ਜਾਂਦਾ ਹੈ। ਸੰਨ 2008 'ਚ ਭਾਰਤ ਆਉਣ ਵੇਲੇ ਤਲਵਿੰਦਰ ਸਿੰਘ ਉਸ ਨੂੰ ਵਾਹਗੇ ਬਾਰਡਰ ਤੋਂ ਲੈ ਕੇ ਆਇਆ। ਦੂਜੇ ਦਿਨ ਮਿਊਜ਼ਿਕ ਐਲਬਮ ਦੇ ਸਿਲਸਿਲੇ ਵਿਚ ਨਿਰਮਲ ਸਿੰਘ ਨਿੰਮਾ ਨੂੰ ਮਿਲਣ ਗਿਆ। ਪਿੰਡ ਸਾਹਨੀ ਖੇੜਾ ਬਾਰੇ ਅਤੇ ਮਲੋਟ ਥਾਣੇ ਵਿਚ ਰੌਣਕ ਮੇਲਾ ਰੌਚਿਕ ਬਿਰਤਾਂਤ ਹਨ।
ਸਫ਼ਰ ਦੇ ਇੱਕੀਵੇਂ ਦਿਨ ਤੋਂ ਅਠੱਤੀਵੇਂ ਦਿਨ ਤੀਕਰ ਉਹ ਅਤੇ ਮਹਿੰਦਰ ਸਿੰਘ ਕਾਹਲੋਂ ਮੁੰਬਈ ਸ਼ਹਿਰ ਵਿਚ ਦੀਦਾਰ ਸਿੰਘ ਦੇ ਘਰੇ ਰਹੇ। ਅਦਨਾਨ ਸਾਮੀ, ਸ਼ੰਕਰ ਸ਼ੰਭੂ ਕੱਵਾਲ ਦੇ ਸਪੁੱਤਰ, ਜਗਜੀਤ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਫਿਰ ਦਿੱਲੀ ਵਿਚ ਪਾਰਲੀਮੈਂਟ ਹਾਊਸ ਦੇਖਿਆ। ਉਸ ਦੇ ਚੌਥਾ ਗੇੜੇ ਦੌਰਾਨ ਰਮਨਦੀਪ ਉਸ ਨੂੰ ਹਵਾਈ ਅੱਡੇ 'ਤੇ ਲੈਣ ਆਇਆ। ਫਿਰ ਕਲਕੱਤੇ ਗਿਆ। ਕਲਕੱਤੇ ਵਿਚ ਚੰਗਾ ਸਾਹਿਤਕ ਰੰਗ ਬੰਨ੍ਹਿਆ। ਫਿਰ ਲੇਖਕ ਹੈਦਰਾਬਾਦ ਵੱਲ ਕੂਚ ਕਰਦਾ ਹੈ। ਰਾਊਫ ਖ਼ੈਰ ਦੇ ਘਰ ਕਿਆਮ ਕੀਤਾ, ਹੈਦਰਾਬਾਦ ਵਿਚ ਮੌਤ ਦਾ ਖੂਹ ਨੇ ਉਸ ਨੂੰ ਹੈਰਾਨ ਕੀਤਾ। ਇਸ ਪੁਸਤਕ ਵਿਚ ਛਪਾਈ ਦੀਆਂ ਬੜੀਆਂ ਗ਼ਲਤੀਆਂ ਹਨ, ਅਗਲੇ ਸੰਸਕਰਨ ਵਿਚ ਜੇ ਸੇਧ ਲਈ ਜਾਵੇ ਤਾਂ ਸਹੀ ਹੋਵੇਗਾ। ਯਾਤਰਾ ਦੌਰਾਨ ਭਾਰਤੀਆਂ ਵਿਚ ਪਾਕਿਸਤਾਨੀ ਲੋਕਾਂ ਬਾਰੇ ਨਫ਼ਰਤ ਭਰੀ ਹੋਈ ਦੇਖ ਕੇ ਉਸ ਦਾ ਮਨ ਬੜਾ ਦੁਖੀ ਹੋਇਆ।

ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686

c c c

ਰਜਨੀ
ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 111
ਸੰਪਰਕ : 98889-24664.

ਇਸ ਨਾਵਲ ਦੇ ਮੂਲ ਲੇਖਕ ਬੰਕਿਮ ਚੰਦਰ ਹਨ ਅਤੇ ਅਨੁਵਾਦਕ ਨਾਨਕ ਸਿੰਘ ਹਨ। ਨਾਨਕ ਸਿੰਘ ਦੇ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਪੰਜਾਬੀ ਸਾਹਿਤ ਵਿਚ ਉਹ ਚਮਕਦਾ ਸਿਤਾਰਾ ਹਨ ਜਿਨ੍ਹਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ। ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਅਨੇਕਾਂ ਪੁਸਤਕਾਂ ਹਨ ਜੋ ਕਦੇ ਵੀ ਓਹਲੇ ਨਹੀਂ ਹੋ ਸਕਦੀਆਂ। ਨਾਨਕ ਸਿੰਘ ਨੇ ਅਨੇਕਾਂ ਨਾਵਲ, ਕਹਾਣੀਆਂ ਲਿਖ ਕੇ ਜੋ ਨਾਮਣਾ ਖੱਟਿਆ ਹੈ, ਉਹ ਸਾਡੇ ਸਾਹਮਣੇ ਹੈ। ਇਹ ਨਾਵਲ ਬੰਕਿਮ ਬਾਬੂ ਨੇ 1876 ਵਿਚ ਲਿਖਿਆ ਸੀ, ਜਿਸ ਦਾ ਨਾਂਅ ਪਹਿਲੇ ਐਡੀਸ਼ਨ ਵਿਚ ਰਾਗਨੀ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਦੂਸਰੇ ਐਡੀਸ਼ਨ ਵਿਚ ਰਜਨੀ ਕਰ ਦਿੱਤਾ ਗਿਆ ਸੀ। ਇਸ ਨਾਵਲ ਦੀ ਨਾਇਕਾ ਰਜਨੀ ਜੋ ਕਿ ਅੱਖਾਂ ਤੋਂ ਅੰਨ੍ਹੀ ਹੈ ਅਤੇ ਨਾਲ ਹੀ ਗ਼ਰੀਬ ਵੀ ਹੈ, ਉਹ ਅਨਪੜ੍ਹ ਵੀ ਹੈ ਅਤੇ 20 ਸਾਲ ਦੀ ਉਮਰ ਵਿਚ ਕੁਆਰੀ ਹੈ। ਅੰਨ੍ਹੀ ਹੋਣ ਕਾਰਨ ਉਸ ਨੂੰ ਉਮੀਦ ਵੀ ਨਹੀਂ ਸੀ ਕਿ ਉਸ ਦਾ ਵਿਆਹ ਹੋਵੇਗਾ। ਉਹ ਵੇਖ ਨਹੀਂ ਸਕਦੀ ਬਲਕਿ ਆਪਣੇ ਅੰਦਰਲੇ ਚਾਨਣ ਰਾਹੀਂ ਸਭ ਕੁਝ ਮਹਿਸੂਸ ਜ਼ਰੂਰ ਕਰਦੀ ਹੈ। ਉਹ ਕੁਝ ਲੱਭਣਾ ਚਾਹੁੰਦੀ ਹੈ ਪ੍ਰੰਤੂ ਉਸ ਨੂੰ ਲੱਭਣ ਵਿਚ ਪੂਰੀ ਤਰ੍ਹਾਂ ਅਸਮਰੱਥ ਹੈ ਅਤੇ ਉਸ ਵਿਚ ਤਿਆਗ ਦੀ ਭਾਵਨਾ ਹੈ। ਇਸੇ ਤਰ੍ਹਾਂ ਅਖ਼ੀਰ ਲਲਿਤਾ ਦੀ ਹਿੰਮਤ ਨਾਲ ਰਜਨੀ ਨੂੰ ਉਹ ਸਭ ਪ੍ਰਾਪਤ ਹੋ ਜਾਂਦਾ ਹੈ, ਜਿਸ ਬਾਰੇ ਉਹ ਸੋਚ ਵੀ ਨਹੀਂ ਸੀ ਸਕਦੀ। ਅਖੀਰ ਵਿਚ ਜਿਸ ਤਰ੍ਹਾਂ ਲੇਖਕ ਨੇ ਨਾਵਲ ਵਿਚਲੀ ਕਹਾਣੀ ਨੂੰ ਸੁਖਾਂਤ ਬਣਾ ਕੇ ਪੇਸ਼ ਕੀਤਾ ਹੈ, ਉਹ ਵੀ ਉਸ ਦੀ ਖੂਬੀ ਹੈ। ਪੂਰੇ ਨਾਵਲ ਵਿਚ ਦ੍ਰਿਸ਼ ਘਟਨਾਵਾਂ, ਪਾਤਰਾਂ ਦੇ ਰੋਲ ਨੂੰ ਬਹੁਤ ਹੀ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਲੇਖਕ ਦੀ ਲਿਖਤ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990.

ਪਾਕਿਸਤਾਨ ਤੋਂ ਹਿੰਦੋਸਤਾਨ ਤੱਕ
ਲੇਖਕ : ਜੇ.ਡੀ. ਸਿੱਧੂਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 95010-29359.

'ਪਾਕਿਸਤਾਨ ਤੋਂ ਹਿੰਦੁਸਤਾਨ ਤੱਕ' ਨਾਵਲ ਜੇ.ਡੀ. ਸਿੱਧੂਵਾਲ ਦਾ ਲਿਖਿਆ ਪਲੇਠਾ ਨਾਵਲ ਹੈ, ਜਿਸ ਵਿਚ ਉਸ ਨੇ ਪਾਕਿਸਤਾਨ ਦੀਆਂ ਦਿਲ ਕੰਬਾਊ ਘਟਨਾਵਾਂ ਨੂੰ ਬਾਖ਼ੂਬੀ ਬਿਆਨ ਕਰਕੇ ਆਪਣੇ ਨਾਵਲ ਵਿਚ ਚਿਤਰਿਆ ਹੈ। ਨਾਵਲਕਾਰ ਜੇ. ਡੀ. ਸਿੱਧੂਵਾਲ ਨੇ ਨਾਵਲ ਆਪਣੇ ਤਜਰਬੇ ਵਿਚੋਂ ਲਿਖਿਆ ਹੈ, ਜਿਸ ਵਿਚ ਪਾਕ ਪਵਿੱਤਰ ਰੂਹ ਬਾਬੇ ਪਾਲੇ ਬਾਰੇ ਹੀ ਨਾਵਲੀ ਪੈਰਾਡਾਈਮ ਸਿਰਜਿਆ ਗਿਆ ਹੈ। ਸਾਰੀ ਕਹਾਣੀ ਹੀ ਉਨ੍ਹਾਂ ਦੇ ਜੀਵਨ ਤਜਰਬਿਆਂ ਨਾਲ ਸੰਬੰਧਿਤ ਜਾਪਦੀ ਹੈ। ਜਦੋਂ ਬਾਬੇ ਪਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਬਾਬੇ ਪਾਲੇ ਦੀ ਰੂਹ ਨੂੰ ਤਕਲੀਫ਼ ਨਹੀਂ ਦੇਣੀ ਸਗੋਂ ਉਸ ਨੂੰ ਦਫ਼ਨਾਇਆ ਜਾਂਦਾ ਹੈ ਤੇ ਹੱਥ ਜੋੜ ਕੇ ਨਮਸਕਾਰ ਕੀਤਾ ਜਾਂਦਾ ਹੈ, ਮੇਲੇ ਨਹਾਉਣ ਦੀ ਤਜਵੀਜ਼ ਕੀਤੀ ਜਾਂਦੀ ਹੈ ਪਰ ਮਨਸੀਹਾਂ ਜੋ ਬਾਬੇ ਪਾਲੇ ਦੀ ਭੈਣ ਹੁੰਦੀ ਹੈ, ਹਟਕੋਰੇ ਲੈ ਲੈ ਕੇ ਰੋਂਦੀ ਹੋਈ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੀ ਹੈ ਕਿ ਉਹ ਸਮੇਂ ਕਿੱਥੇ ਗਏ ਜਦੋਂ ਮੁੰਡੇ ਕੁੜੀ ਦਾ ਰਿਸ਼ਤਾ ਵੀ ਵੱਡਿਆਂ ਦੁਆਰਾ ਹੀ ਕੀਤਾ ਜਾਂਦਾ ਸੀ, 10-10 ਸਾਲ ਤੱਕ ਮੰਗਣੇ ਹੋਏ ਰਹਿੰਦੇ ਸਨ। ਕਿੰਨੇ ਚੰਗੇ ਦਿਨ ਸਨ ਉਹ। ਇਸੇ ਤਰ੍ਹਾਂ ਹੀ ਨਾਵਲ ਦਾ ਪਾਤਰ ਗੁਲਾਬ ਸਿੰਘ ਜਦੋਂ ਨੰਬਰਦਾਰ ਬਣਿਆ ਤਾਂ ਪਿੰਡ ਦੇ ਨੀਵੀਂ ਜਾਤੀ ਦੇ ਲੋਕਾਂ ਨੂੰ ਵੀ ਖੁੱਲ੍ਹ ਕੇ ਜਿਊਣ ਦਿੱਤਾ ਗਿਆ। ਨਾਵਲ ਦੇ ਪਾਤਰ ਮਨਸੀਹਾਂ, ਪਾਲਾ, ਗੁਲਾਬ ਆਪਣੇ-ਆਪਣੇ ਬਚਪਨ-ਜਵਾਨੀ ਦੀਆਂ ਯਾਦਾਂ ਨੂੰ ਯਾਦ ਕਰਦੇ ਹਨ ਤੇ ਆਪਣੇ ਆਪ ਨੂੰ ਖ਼ੁਸ਼ ਰੱਖਣ ਦਾ ਯਤਨ ਕਰਦੇ ਹੋਏ ਇਤਫ਼ਾਕ ਦੀ ਗੱਲ ਕਰਦੇ ਦਿਖਾਏ ਗਏ ਹਨ। ਸਮੁੱਚੇ ਨਾਵਲ ਵਿਚ ਹਿੰਦੂ ਤੇ ਮੁਸਲਮਾਨਾਂ ਦੀ ਪਾਕ ਮੁਹੱਬਤ ਦੀ ਗੱਲ ਕੀਤੀ ਗਈ ਹੈ ਕਿ ਗੁਲਾਬ ਸਿੰਘ ਤੇ ਦਾਦਾ ਸੁਲੇਮਾਨ ਦੋ ਭਰਾਵਾਂ ਵਾਂਗ ਰਹਿੰਦੇ ਸਨ, ਉਨ੍ਹਾਂ ਵਿਚ ਕੋਈ ਫ਼ਰਕ ਨਹੀਂ ਸੀ। ਲੇਖਕ ਨੇ ਆਪਣੀ ਸਮਝ ਮੁਤਾਬਿਕ ਇਸ ਨਾਵਲ ਦੀ ਸਿਰਜਣਾ ਕੀਤੀ ਹੈ ਤੇ 1947 ਦੀ ਹਿੰਦ-ਪਾਕਿ ਵੰਡ ਦੀਆਂ ਦਿਲ ਨੂੰ ਝੰਜੋੜਨ ਵਾਲੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਹੈ।
ਨਾਵਲਕਾਰ ਨੇ ਸਮੁੱਚੇ ਨਾਵਲ ਵਿਚ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਰਸਮਾਂ-ਰਿਵਾਜਾਂ ਤੇ ਘੋੜੀਆਂ ਵੀ ਗਾਈਆਂ ਗਈਆਂ ਹਨ। ਸ਼ੰਮਣੇ ਦੀ ਗੱਲ ਵੀ ਕੀਤੀ ਗਈ ਹੈ, ਹਾਸੇ ਠੱਠੇ ਨੂੰ ਵੀ ਬਹੁਤ ਦਰਸਾਇਆ ਗਿਆ ਤੇ ਇਹ ਵੀ ਕਿਹਾ ਗਿਆ ਹੈ ਕਿ ਉਸ ਵੇਲੇ ਕੋਈ ਹਾਸੇ ਠੱਠੇ ਦਾ ਗੁੱਸਾ ਗਿਲਾ ਨਹੀਂ ਸੀ ਕਰਦਾ। ਲੇਖਕ ਨੇ ਸਾਰੀਆਂ ਗੱਲਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੈ ਜਿਸ ਵਿਚ ਪਿਆਰ ਮੁਹੱਬਤ ਦੀਆਂ ਪੁਰਾਣੀਆਂ ਪੁਰਾਤਨ ਗੱਲਾਂ ਨੂੰ ਹੀ ਦਰਸਾਇਆ ਗਿਆ ਹੈ। ਇਹ ਨਾਵਲ ਪੜ੍ਹਨਯੋਗ ਹੈ। ਲੇਖਕ ਨੂੰ ਮੁਬਾਰਕਬਾਦ!

ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161

ਬੁੱਢਾ ਤੇ ਸਮੁੰਦਰ
ਲੇਖਕ : ਅਰਨੈਸਟ ਹੈਮਿੰਗਵੇ
ਅਨੁਵਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 099588-31357

ਅਰਨੈਸਟ ਹੈਮਿੰਗਵੇ ਅਮਰੀਕਾ ਦਾ ਇਕ ਪ੍ਰਸਿੱਧ ਨਾਵਲਕਾਰ ਸੀ। ਹੈਮਿੰਗਵੇ ਅਜਿਹਾ ਅਨੁਭਵੀ ਵਿਅਕਤੀ ਜੋ ਜੀਵਨ ਦੇ ਕਿਸੇ ਸੰਖੇਪ ਵੇਰਵੇ ਨੂੰ ਵੀ ਵਧੀਆ ਬਿਰਤਾਂਤਕ ਕਿਰਤ ਵਿਚ ਢਾਲਣ ਦੇ ਸਮਰੱਥ ਸੀ। 'ਬੁੱਢਾ ਤੇ ਸਮੁੰਦਰ' ਉਸ ਦਾ ਸੰਸਾਰ ਪ੍ਰਸਿੱਧ ਨਾਵਲ ਹੈ ਜਿਸ ਨੂੰ ਸੰਸਾਰ ਦਾ ਵੱਡਾ ਪੁਰਸਕਾਰ 'ਨੋਬਲ ਪੁਰਸਕਾਰ' ਪ੍ਰਾਪਤ ਹੋਇਆ। 1954 ਈ. ਵਿਚ ਇਸ ਨਾਵਲ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਵੀ ਹੈਮਿੰਗਵੇ ਨੇ ਬਹੁਤ ਸਾਰੀਆਂ ਸਾਹਿਤਕ ਅਤੇ ਗ਼ੈਰ-ਸਾਹਿਤਕ ਰਚਨਾਵਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਦਾ ਵੇਰਵਾ ਇਸੇ ਵਿਚਾਰ ਅਧੀਨ ਪੁਸਤਕ ਦੇ ਪਿਛਲੇ ਪਾਸੇ ਦਿੱਤਾ ਗਿਆ ਹੈ। ਪਰ ਅਰਨੈਸਟ ਹੈਮਿੰਗਵੇ ਨੂੰ ਉਸ ਦੀ ਇਸ ਸ਼ਾਹਕਾਰ ਕਿਰਤ ਦੇ ਨਾਲ ਪੂਰੇ ਸੰਸਾਰ ਵਿਚ ਪ੍ਰਸਿੱਧੀ ਮਿਲੀ। ਇਸ ਨਾਵਲ ਵਿਚ ਨਾਵਲਕਾਰ ਨੇ ਮਨੁੱਖੀ ਸੰਘਰਸ਼ ਦੀ ਗਾਥਾ ਨੂੰ ਬਿਆਨ ਕੀਤਾ ਹੈ ਕਿਵੇਂ ਪ੍ਰਤੀਕੂਲ ਹਾਲਾਤ ਵਿਚ ਮਨੁੱਖ ਸੰਘਰਸ਼ ਕਰਦਿਆਂ ਵਧੀਆ ਜ਼ਿੰਦਗੀ ਦੀ ਆਸ ਜਾਗਦੀ ਰੱਖ ਸਕਦਾ ਹੈ। ਇਸ ਨਾਵਲ ਵਿਚਲਾ ਪਾਤਰ ਜੋ ਮੱਛੀਆਂ ਫੜਦਾ ਹੈ ਭਾਵੇਂ ਉਸ ਦੀਆਂ ਮੱਛੀਆਂ ਵੱਡੀਆਂ ਮੱਛੀਆਂ ਖੋਹ ਕੇ ਲੈ ਜਾਂਦੀਆਂ ਹਨ ਪਰ ਸਤਿਆਂਗੋ ਨਾਂਅ ਦਾ ਇਹ ਪਾਤਰ ਸ਼ੇਰਾਂ ਦੇ ਸੁਪਨੇ ਲੈਂਦਾ ਹੈ ਅਤੇ ਨਿਰੰਤਰ ਸੰਘਰਸ਼ ਕਰਦਾ ਰਹਿੰਦਾ ਹੈ। ਇਸ ਦਾ ਭਾਵ ਇਹ ਹੈ ਕਿ ਮਨੁੱਖ ਭਾਵੇਂ ਜ਼ਿੰਦਗੀ ਵਿਚ ਹਾਰ ਦਾ ਹੀ ਸਾਹਮਣਾ ਕਿਉਂ ਨਾ ਕਰੇ ਪਰ ਸੰਘਰਸ਼ ਹਮੇਸ਼ਾ ਜਾਰੀ ਰੱਖੇ ਤਾਂ ਹੀ ਕੋਈ ਪ੍ਰਾਪਤੀ ਹੋ ਸਕਦੀ ਹੈ। ਅਸਲ ਵਿਚ ਸਤਿਆਂਗੋ ਦਾ ਸਮੁੰਦਰ ਵਿਚ ਮੱਛੀਆਂ ਫੜਨਾ ਜ਼ਿੰਦਗੀ ਦੇ ਸੰਘਰਸ਼ ਨੂੰ ਹੀ ਪੇਸ਼ ਕਰਦਾ ਹੈ। ਇਸ ਨਾਵਲ ਦੀ ਕਹਾਣੀ ਏਨੀ ਰੌਚਕ ਹੈ ਕਿ ਪਾਠਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਦੀ ਗੁੰਦਵੀਂ ਬਿਰਤਾਂਤਕ ਤੋਰ ਨਾਲ ਬੱਝਾ ਰਹਿੰਦਾ ਹੈ। ਲਗਭਗ 87 ਦਿਨ ਸਤਿਆਂਗੋ ਮੱਛੀਆਂ ਫੜਨ ਜਾਂਦਾ ਹੈ ਅਤੇ ਇਕੱਲਾ ਹੀ ਸੰਘਰਸ਼ ਕਰਦਾ ਹੈ ਭਾਵੇਂ ਕਿ ਇਕ ਮੁੰਡਾ ਵੀ ਇਸ ਨਾਵਲ ਵਿਚ ਇਕ ਪਾਤਰ ਦੀ ਭੂਮਿਕਾ ਨਿਭਾਉਂਦਾ ਹੈ। ਨਾਵਲ ਵਿਚ ਦ੍ਰਿਸ਼ ਵਰਨਣ, ਪਿਛਲ ਝਾਤ ਅਤੇ ਨਾਟਕੀ ਬਿਰਤਾਂਤ ਜੁਗਤਾਂ ਦਾ ਸਫਲਤਾ ਪੂਰਵਕ ਪ੍ਰਯੋਗ ਕੀਤਾ ਗਿਆ ਹੈ। ਜਦੋਂ ਇਸ ਨਾਵਲ ਦੇ ਬਿਰਤਾਂਤਕ ਚੌਖਟੇ ਨੂੰ ਅਨੁਵਾਦ ਦੀ ਦ੍ਰਿਸ਼ਟੀ ਤੋਂ ਦੇਖਦੇ ਹਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਡਾ. ਬੱਦਨ ਕੋਲ ਅਨੁਵਾਦ ਕਰਨ ਦਾ ਬਹੁਤ ਵੱਡਾ ਅਨੁਭਵ ਹੈ, ਇਸ ਕਰਕੇ ਨਾਵਲ ਨੂੰ ਪੜ੍ਹਦਿਆਂ ਮੌਲਿਕ ਨਾਵਲ ਦਾ ਹੀ ਭਰਮ ਬਣਿਆ ਰਹਿੰਦਾ ਹੈ ਜੋ ਇਕ ਵਧੀਆ ਅਨੁਵਾਦ ਦੀ ਨਿਸ਼ਾਨੀ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

ਇਕ ਰੂਪੋਸ਼ ਆਦਮੀ ਦੀ ਡਾਇਰੀ
ਮੂਲ ਲੇਖਕ : ਫਿਓਦਰ ਦਸਤੋਵਸਕੀ
ਪੰਜਾਬੀ ਅਨੁ: ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 95018-77033.

'ਇਕ ਰੂਪੋਸ਼ ਆਦਮੀ ਦੀ ਡਾਇਰੀ' ਰੂਸੀ ਲੇਖਕ ਦਸਤੋਵਸਕੀ ਦੇ ਪ੍ਰਸਿੱਧ ਨਾਵਲ '©otes from "nder{round' ਦਾ ਜਗਦੀਸ਼ ਰਾਏ ਕੁਲਰੀਆਂ ਵਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਇਹ ਨਾਵਲ ਲੇਖਕ ਦੇ ਨਾਵਲਾਂ 'ਚੋਂ ਵੱਖਰੀ ਕਿਸਮ ਦਾ ਵੀ ਹੈ ਤੇ ਆਕਾਰ ਪੱਖੋਂ ਛੋਟਾ ਵੀ ਹੈ। ਇਹ ਨਾਵਲ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ, ਪਹਿਲਾ ਭਾਗ 'ਰੂਪੋਸ਼' ਹੈ ਜੋ ਦੂਸਰੇ ਨਾਲੋਂ ਛੋਟਾ ਹੈ। ਇਹ 1860 ਵਿਚ ਰਚਿਆ ਗਿਆ ਸੀ ਜਦੋਂ ਰੂਪੋਸ਼ ਮਨੁੱਖ ਜਾਂ ਪਾਤਰ ਕੁੱਲ ਚਾਲ੍ਹੀ ਕੁ ਵਰ੍ਹਿਆਂ ਦਾ ਹੀ ਸੀ। ਇਸ ਹਿੱਸੇ ਵਿਚ ਰੂਪੋਸ਼ ਮਨੁੱਖ ਦੀ ਜਾਣ-ਪਛਾਣ ਹੁੰਦੀ ਹੈ ਜੋ ਆਪਣੇ-ਆਪ ਨੂੰ ਸਮਾਜ ਵਿਰੋਧੀ ਦੱਸਦਾ ਹੋਇਆ ਆਪਣੇ ਸਿਧਾਂਤਾਂ ਦਾ ਜ਼ਿਕਰ ਕਰਦਾ ਹੈ। ਪਾਤਰ ਮਨਵਚਨੀ ਰਾਹੀਂ ਆਪਣੇ ਅਤੇ ਆਪਣੇ ਸਿਧਾਂਤਾਂ ਅਤੇ ਜੀਵਨ ਦੀਆਂ ਘਟਨਾਵਾਂ ਦੇ ਵੇਰਵੇ ਦਿੰਦਾ ਹੈ।
ਦਸਤੋਵਸਕੀ ਇਕ ਅਜਿਹੇ ਪਾਤਰ ਦੀ ਕਥਾ ਬਿਆਨ ਕਰਦਾ ਹੈ ਜੋ ਲੋੜੋਂ ਵੱਧ ਚੇਤਨ ਹੈ। ਇਹ ਪਾਤਰ ਏਨਾ ਸੁਚੇਤ ਹੈ ਕਿ ਉਹ ਸਾਰੇ ਨਾਵਲ ਵਿਚ ਆਪਣਾ ਨਾਂਅ-ਪਤਾ ਨਹੀਂ ਲੱਗਣ ਦਿੰਦਾ ਤਾਂ ਕਿ ਉਸ ਦੇ ਵਿਚਾਰਾਂ ਅਤੇ ਗ਼ੈਰ-ਫ਼ੈਸਲਾਕੁੰਨ ਮੰਤਵਾਂ ਦਾ ਪਤਾ ਲੱਗ ਸਕੇ। ਇਸ ਨਾਵਲ ਨੂੰ ਪੜ੍ਹਨਾ ਇਸ ਲਈ ਔਖਾ ਲਗਦਾ ਹੈ ਕਿ ਲੇਖਕ ਨੇ ਕਿੰਨੇ ਹੀ ਵਚਿੱਤਰ ਵਿਚਾਰ ਅਤੇ ਸਿਧਾਂਤ ਥੋੜ੍ਹੇ ਜਿਹੇ ਸਪੇਸ ਵਿਚ ਹੀ ਵਿਉਂਤੇ ਹਨ। ਇਸੇ ਲਈ ਇਸ ਨਾਵਲ ਵਿਚ ਸ਼ਿੱਦਤ ਜ਼ਿਆਦਾ ਮਹਿਸੂਸ ਹੁੰਦੀ ਹੈ। ਪਾਠਕ ਨੂੰ ਇਸ ਨਾਵਲ ਵਿਚ ਦਸਤੋਵਸਕੀ ਦੇ ਕਈ ਵੱਖਰੇ ਵਿਚਾਰ ਵੀ ਪੜ੍ਹਨ ਨੂੰ ਮਿਲਣਗੇ।
ਰੂਪੋਸ਼ ਆਦਮੀ ਛੋਟਾ ਜਿਹਾ ਸਿਵਲ ਸਰਵੈਂਟ ਹੈ ਜੋ 19ਵੀਂ ਸਦੀ ਵਿਚ ਸੇਂਟ ਪੀਟਰਜ਼ਬਰਗ ਵਿਚ ਸੇਵਾ-ਮੁਕਤ ਜ਼ਿੰਦਗੀ ਬਿਤਾ ਰਿਹਾ ਹੈ, ਜਿਸ ਨੂੰ ਉਹ ਬਿਲਕੁਲ ਰੂਪੋਸ਼ ਜ਼ਿੰਦਗੀ ਆਖਦਾ ਹੈ। ਜਿਸ ਦਾ ਸਮਾਜ ਨਾਲ ਕੋਈ ਸੰਬੰਧ ਨਹੀਂ ਤੇ ਉਹ ਨਿਰੋਲ ਤੇ ਨਿਪਟ ਇਕੱਲ ਹੰਢਾਅ ਰਿਹਾ ਹੈ। ਇਸ ਨੂੰ ਦਸਤੋਵਸਕੀ ਦਾ ਪਹਿਲਾ ਹੋਂਦਵਾਦੀ ਨਾਵਲ ਆਖਿਆ ਜਾ ਸਕਦਾ ਹੈ ਕਿਉਂਕਿ ਇਸ ਦਾ ਪਾਤਰ ਅਨੰਤ ਅਸਫਲਤਾਵਾਂ ਅਤੇ ਸੰਘਰਸ਼ਾਂ ਦੌਰਾਨ ਵੀ ਆਪਣੀ ਹੋਂਦ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਰੂਪੋਸ਼ ਆਦਮੀ ਦੀ ਜ਼ਿੰਦਗੀ ਦੇ ਮਨੋਵਿਗਿਆਨਕ ਪੱਖ ਦੀਆਂ ਕਈ ਪਰਤਾਂ ਵੀ ਖੋਲ੍ਹਣ ਵਿਚ ਇਹ ਨਾਵਲ ਸਫਲ ਹੋਇਆ ਹੈ। ਇਸ ਦਾ ਪਾਤਰ ਆਪਣੇ-ਆਪ ਨੂੰ ਰੂਪੋਸ਼ ਦੱਸਦਾ ਹੋਇਆ ਸੰਕੇਤ ਦਿੰਦਾ ਹੈ ਕਿ ਉਹ ਸਮਾਜ ਵਿਰੋਧੀ ਹੈ ਤੇ ਆਪਣੇ ਮਨ ਅਨੁਸਾਰ ਹੀ ਚੱਲਣ ਦਾ ਯਤਨ ਕਰਦਾ ਹੈ।
ਲੇਖਕ ਦਸਤੋਵਸਕੀ ਦੇ ਇਸ ਨਾਵਲ ਨੂੰ ਪੜ੍ਹਨ ਲਈ ਪਾਠਕ ਵਲੋਂ ਵਧੇਰੇ ਸੁਚੇਤ ਅਤੇ ਧਿਆਨ ਦੀ ਮੰਗ ਕਰਦਾ ਹੈ। ਅਜਿਹੇ ਪੇਚੀਦਾ ਨਾਵਲ ਨੂੰ ਅਨੁਵਾਦ ਕਰਨਾ ਹਾਰੀ-ਸਾਰੀ ਦੇ ਬੱਸ ਦਾ ਕਾਰਜ ਨਹੀਂ ਹੁੰਦਾ।

ਕੇ.ਐਲ. ਗਰਗ
ਮੋ: 94635-37050

ਟਿੱਬਿਆਂ ਦਾ ਫੁੱਲ
ਲੇਖਕ : ਗੀਤਕਾਰ ਗੁੱਡੂ ਸਿੱਧਵਾਂ ਵਾਲਾ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 98720-20072.

ਗੀਤਕਾਰ ਗੁੱਡੂ ਸਿੱਧਵਾਂ ਵਾਲੇ ਦਾ ਅਸਲ ਨਾਂਅ ਰਮੇਸ਼ਵਰ ਸ਼ਰਮਾ ਹੈ। ਪੰਜਾਬੀ ਗੀਤ-ਸੰਗੀਤ ਨਾਲ ਮੋਹ ਰੱਖਣ ਵਾਲਾ ਸ਼ਾਇਦ ਕੋਈ ਵਿਰਲਾ ਬੰਦਾ ਹੀ ਹੋਵੇਗਾ, ਜੋ ਇਸ ਗੀਤਕਾਰ ਨੂੰ ਨਾ ਜਾਣਦਾ ਹੋਵੇ। ਇਸ ਅਲਬੇਲੇ ਗੀਤਕਾਰ ਦੇ ਲਿਖੇ ਹੋਏ ਗੀਤ ਰਣਜੀਤ ਮਣੀ, ਕੁਲਦੀਪ ਮਾਣਕ, ਹੰਸ ਰਾਜ ਹੰਸ, ਸੁਰਿੰਦਰ ਛਿੰਦਾ, ਅਮਰਿੰਦਰ ਗਿੱਲ, ਸਰਦੂਲ ਸਿਕੰਦਰ, ਨਿਰਮਲ ਸਿੱਧੂ, ਕੇ.ਐਸ. ਮੱਖਣ, ਲਹਿੰਬਰ ਹੁਸੈਨਪੁਰੀ, ਸੁੱਚਾ ਰੰਗੀਲਾ, ਮਾਸਟਰ ਸਲੀਮ ਸਮੇਤ ਹੋਰ ਵੀ ਨਾਮਵਰ ਗਾਇਕਾਂ, ਗਾਇਕਾਵਾਂ ਨੇ ਗਾਏ ਅਤੇ ਰਿਕਾਰਡ ਕਰਵਾਏ ਹਨ। ਇਸ ਪੁਸਤਕ 'ਚ ਉਸ ਨੇ ਆਪਣੇ ਪਿੰਡ ਸਿੱਧਵਾਂ ਦੋਨਾ 'ਚ ਬਿਤਾਏ ਪਲ, ਮੁਢਲੀ ਪੜ੍ਹਾਈ, ਘਰ-ਪਰਿਵਾਰ ਦੇ ਹਾਲਾਤ, ਰਿਸ਼ਤੇ-ਨਾਤੇ ਅਤੇ ਜੀਵਨ ਸੰਘਰਸ਼ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਡੀ.ਪੀ. ਮਾਸਟਰ ਲੱਗ ਕੇ ਖੇਡਾਂ ਨੂੰ ਉਤਸ਼ਾਹਿਤ ਕਰਨਾ, ਆਪਣੇ ਕਿੱਤੇ ਪ੍ਰਤੀ ਸੁਹਿਰਦ ਹੋਣਾ, ਵਿਦਿਆਰਥੀਆਂ, ਸਾਥੀ ਅਧਿਆਪਕਾਂ, ਆਪਣੇ ਮਿੱਤਰਾਂ-ਸਨੇਹੀਆਂ ਅਤੇ ਆਮ ਲੋਕਾਂ 'ਚ ਆਪਣੀ ਵਧੀਆ ਸ਼ਖ਼ਸੀਅਤ ਦੀ ਪਛਾਣ ਬਣਾਉਣਾ ਲੇਖਕ ਦੇ ਹਿੱਸੇ ਆਇਆ ਹੈ।
ਵਿਦੇਸ਼ ਯਾਤਰਾ, ਪਰਿਵਾਰ ਅਤੇ ਹੋਰਨਾਂ ਵਿਅਕਤੀਆਂ ਦਾ ਸਮੇਂ-ਸਮੇਂ ਸਹਿਯੋਗ, ਸਾਹਿਤਕ ਸ਼ੌਕ ਅਤੇ ਪ੍ਰੇਰਨਾ ਸੰਬੰਧੀ ਗੁੱਡੂ ਨੇ ਨਿੱਠ ਕੇ ਲਿਖਿਆ ਹੈ। ਉਹ ਆਪਣਾ ਉਸਤਾਦ ਉਲਫ਼ਤ ਬਾਜਵਾ ਨੂੰ ਮੰਨਦਾ ਹੈ, ਸਵਰਗੀ ਬਾਪੂ ਦੇਵ ਥਰੀਕਿਆਂ ਵਾਲਾ, ਸਵ. ਗਾਇਕ ਕੁਲਦੀਪ ਮਾਣਕ ਉਸ ਲਈ ਪ੍ਰੇਰਨਾ ਸਰੋਤ ਹਨ। ਜ਼ਿੰਦਗੀ 'ਚ ਹੋਰ ਵੀ ਜੇਕਰ ਕੋਈ ਜਾਣਕਾਰ ਮਿਲਿਆ, ਹਰੇਕ ਤੋਂ ਉਸ ਨੇ ਲਾਜ਼ਮੀ ਕੁਝ ਨਾ ਕੁਝ ਸਿੱਖਣ ਦਾ ਯਤਨ ਕੀਤਾ। ਆਪਣੇ-ਆਪ ਨੂੰ ਸਥਾਪਤ ਕਰਨ ਦੀ ਗਾਥਾ ਅਤੇ ਜੀਵਨ ਸੰਘਰਸ਼ ਨੂੰ ਉਸ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਉਸ ਦੀ ਸਵੈ-ਜੀਵਨੀ ਰੌਚਕ, ਉੁਤਸੁਕਤਾ ਭਰਪੂਰ, ਸਾਹਿਤਕ ਹੋਣ ਕਰਕੇ ਪੜ੍ਹਨ ਵਾਲੇ ਦਾ ਰਾਹ ਰੁਸ਼ਨਾਉਂਦੀ ਹੈ।
ਪੁਸਤਕ 'ਟਿੱਬਿਆਂ ਦਾ ਫੁੱਲ' ਸਿਰਲੇਖ ਬੜਾ ਢੁੱਕਵਾਂ ਹੈ। ਉਹ ਲਿਖਦਾ ਹੈ, 'ਟਾਹਣੀ 'ਤੇ ਬੈਠਣ ਵਾਲਾ ਪੰਛੀ ਕਦੇ ਵੀ ਟਾਹਣੀ ਹਿੱਲਣ 'ਤੇ ਘਬਰਾਉਂਦਾ ਨਹੀਂ, ਕਿਉਂਕਿ ਉਸ ਨੂੰ ਆਪਣੇ ਖੰਭਾਂ ਉੱਪਰ ਭਰੋਸਾ ਹੁੰਦਾ ਹੈ'। ਗੁੱਡੂ ਨੇ ਆਪਣੇ ਜੀਵਨ 'ਚ ਜੋ ਵੀ ਪ੍ਰਾਪਤੀਆਂ ਕੀਤੀਆਂ, ਉਸ ਵਿਚ ਉਸ ਦੀ ਘਾਲਣਾ, ਮਿਹਨਤ ਸਪੱਸ਼ਟ ਝਲਕਦੀ ਹੈ। ਪਰਮਾਤਮਾ ਉਸ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖ਼ਸ਼ੇ, ਇਹੋ ਕਾਮਨਾ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਰੰਗਲਾ-ਗੁਲਦਸਤਾ
ਲੇਖਿਕਾ : ਸਰਬਜੀਤ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 01679-241744

ਹਥਲੀ ਪੁਸਤਕ 'ਰੰਗਲਾ-ਗੁਲਦਸਤਾ' ਲੇਖਿਕਾ ਸਰਬਜੀਤ ਕੌਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ 'ਚ ਉਸ ਦੀਆਂ 41 ਕਾਵਿ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਜਿਨ੍ਹਾਂ 'ਚ ਜ਼ਿਆਦਾਤਰ ਗੀਤ ਹਨ। ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ 'ਚ ਭਾਈਚਾਰਕ ਸਾਂਝ ਦਾ ਹੋਕਾ, ਪਿਆਰ-ਮੁਹੱਬਤ ਦੇ ਤਰਾਨੇ, ਬ੍ਰਿਹੋਂ ਦੀ ਕਸਕ, ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ, ਦਾਜ-ਦਹੇਜ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਤਿਲਾਂਜਲੀ ਦੇ ਕੇ ਨਰੋਆ ਸਮਾਜ ਸਿਰਜਣ ਦੀ ਪ੍ਰੇਰਨਾ ਹੈ। ਲੇਖਿਕਾ ਅਨਪੜ੍ਹਤਾ ਨੂੰ ਇਕ ਸਰਾਪ ਦੱਸਦਿਆਂ ਅਨਪੜ੍ਹਤਾ ਖਿਲਾਫ਼ ਜੰਗ ਛੇੜਨ ਦਾ ਹੋਕਾ ਦਿੰਦੀ ਜਾਪਦੀ ਹੈ :
ਪੜ੍ਹ-ਲਿਖ ਜ਼ਿੰਦਗੀ, ਬਣਾ ਲਓ ਵੀਰ ਮੇਰਿਓ।
ਜ਼ਿੰਦਗੀ 'ਚ ਮੁੜ ਕੇ ਨਾ ਹੰਝੂ ਕਿਤੇ ਕੇਰਿਓ।
ਇਸੇ ਨੇ ਸਿਖਾਉਣਾ ਜ਼ਿੰਦਗੀ ਦਾ ਰੰਗ-ਢੰਗ ਏ।
(ਪੰਨਾ : 24)
ਇਨ੍ਹਾਂ ਕਾਵਿ ਰਚਨਾਵਾਂ 'ਚ ਖੂਨ ਦੇ ਰਿਸ਼ਤਿਆਂ 'ਚ ਪਈਆਂ ਤਰੇੜਾਂ ਦੀ ਚੀਸ, ਮਾਨਵੀ ਜੀਵਨ 'ਚ ਵਧ ਰਹੀ ਨਫ਼ਰਤ, ਈਰਖਾ-ਸਾੜੇ, ਦੂਈ-ਦਵੈਤ ਦੀ ਭਾਵਨਾ ਪ੍ਰਤੀ ਉਦਰੇਵਾਂ ਸਾਫ਼ ਝਲਕਦਾ ਹੈ। ਲੇਖਿਕਾ ਅਜੋਕੇ ਸਮਾਜ 'ਚ ਧੀਆਂ ਅਤੇ ਪੁੱਤਰਾਂ 'ਚ ਬਰਾਬਰਤਾ ਦੀ ਹਾਮੀ ਹੈ। ਉਸ ਦੇ ਗੀਤਾਂ 'ਚ ਆਲਸਪੁਣਾ ਤਿਆਗਣ ਦੀ ਨਸੀਹਤ, ਕਿਰਤੀ ਲੋਕਾਂ ਲਈ ਹੱਡ ਭੰਨਵੀਂ ਮਿਹਨਤ ਲਈ ਹੱਲਾਸ਼ੇਰੀ, ਪਰਾਇਆ ਹੱਕ ਖਾਣ ਖਿਲਾਫ਼ ਵਿਦਰੋਹ ਹੈ। ਨੌਜਵਾਨ ਪੀੜ੍ਹੀ ਨੂੰ 'ਪੱਗ' ਬੰਨ੍ਹਣ ਲਈ ਉਤਸ਼ਾਹਿਤ ਕਰਦੀ ਲੇਖਿਕਾ 'ਪੱਗ' ਦੀ ਸਿਫ਼ਤ 'ਚ ਲਿਖਦੀ ਹੈ :
ਆਨ ਅਤੇ ਸ਼ਾਨ ਹੈ, ਇਹ ਸਿੰਘਾਂ ਸਰਦਾਰਾਂ ਦੀ।
ਵੱਖਰੀ ਪਹਿਚਾਣ ਹੈ ਇਹ, ਅੱਛੇ ਕਿਰਦਾਰਾਂ ਦੀ।
(ਪੰਨਾ : 41)
ਇਸ ਕਾਵਿ ਸੰਗ੍ਰਹਿ ਦੇ ਗੀਤਾਂ 'ਚ ਸਮਾਜ ਨੂੰ ਇਕ ਸਾਰਥਕ ਸੁਨੇਹਾ ਹੈ। ਇਨ੍ਹਾਂ ਕਾਵਿ ਰਚਨਾਵਾਂ ਦੀ ਸ਼ੈਲੀ ਸਰਲ ਵੀ ਹੈ ਅਤੇ ਰਵਾਨਗੀ ਭਰਪੂਰ ਵੀ। ਲੇਖਿਕਾ ਸਰਬਜੀਤ ਕੌਰ ਦੇ ਇਸ ਪਲੇਠੇ ਕਾਵਿ ਸੰਗ੍ਰਹਿ 'ਰੰਗਲਾ-ਗੁਲਦਸਤਾ' ਦਾ ਸਵਾਗਤ ਕਰਨਾ ਬਣਦਾ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਧਰਤ ਪਰਾਈ ਆਪਣੇ ਲੋਕ
ਸੰਪਾਦਕ : ਅਮਰਜੀਤ ਕੌਰ ਪੰਨੂੰ, ਸੁਰਜੀਤ ਅਤੇ ਲਾਜ ਨੀਲਮ ਸੈਣੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 272.
ਸੰਪਰਕ : 01679-233244.

'ਧਰਤ ਪਰਾਈ ਆਪਣੇ ਲੋਕ' ਉੱਤਰੀ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਪੰਜਾਬੀ ਕਹਾਣੀਕਾਰਾਂ ਵਲੋਂ ਰਚੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਅਮਰਜੀਤ ਕੌਰ ਪੰਨੂੰ, ਸੁਰਜੀਤ ਅਤੇ ਲਾਜ ਨੀਲਮ ਸੈਣੀ ਵਲੋਂ ਸੰਪਾਦਤ ਕੀਤਾ ਗਿਆ ਹੈ। ਇਹ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਸੁਯੋਗ ਯਤਨਾਂ ਕਾਰਨ ਹੋਂਦ ਵਿਚ ਆਇਆ। ਕੁੱਲ 18 ਕਹਾਣੀਆਂ ਵਿਚੋਂ 10 ਅਮਰੀਕੀ ਕਹਾਣੀਕਾਰ ਅਤੇ 8 ਕੈਨੇਡੀਅਨ ਕਹਾਣੀਕਾਰ ਹਨ। ਇਹ ਕਹਾਣੀਆਂ ਦਰਅਸਲ ਪਰਦੇਸ ਵਿਚ ਵਿਚਰ ਰਹੇ ਪੰਜਾਬੀਆਂ ਖ਼ਾਸ ਕਰਕੇ ਔਰਤਾਂ ਦੇ ਹਾਲਾਤ ਨੂੰ ਵੱਖਰੇ ਅੰਦਾਜ਼ ਅਤੇ ਮੁਹਾਂਦਰੇ ਵਿਚ ਸਿਰਜਿਆ ਬਿਰਤਾਂਤ ਹੈ। ਪਰਦੇਸਾਂ ਦੀ ਆਜ਼ਾਦ ਜ਼ਿੰਦਗੀ ਵਿਚ ਆਪਣੇ ਆਪ ਨੂੰ ਢਾਲ ਰਹੀਆਂ ਇਹ ਔਰਤਾਂ ਸੰਵੇਦਨਸ਼ੀਲ ਮਾਨਸਿਕ ਹਾਲਤ ਵਿਚੋਂ ਲੰਘ ਕੇ ਜਿਥੇ ਕੁਝ ਰਿਸ਼ਤਿਆਂ ਨੂੰ ਖ਼ਤਮ ਕਰਨ ਦਾ ਹੌਸਲਾ ਕਰਦੀਆਂ ਹਨ, ਉਥੇ ਕੁਝ ਵਰਜਿਤ ਨਵੇਂ ਰਿਸ਼ਤੇ ਵੀ ਜੋੜਦੀਆਂ ਹਨ। ਅਮਰਜੀਤ ਕੌਰ ਪੰਨੂੰ ਦੀ ਕਹਾਣੀ 'ਥੋਹਰਾਂ ਕੰਡਿਆਲੀਆਂ' ਦੇ ਪਾਤਰ ਗਲੋਰੀਆ ਤੇ ਸੁੱਖੀ ਅਜਿਹਾ ਰਿਸ਼ਤਾ ਹੀ ਨਿਭਾਉਂਦੀਆਂ ਹਨ। ਕੁਲਜੀਤ ਮਾਨ ਦੀ ਕਹਾਣੀ 'ਵਰਜਿਤ ਫਲ' ਵਿਚ ਪਾਤਰਾਂ ਦੇ ਮਨੋਵਿਗਿਆਨਕ ਪੱਖ ਦੀ ਗੱਲ ਹੋਈ ਹੈ ਤੇ ਬਲਬੀਰ ਕੌਰ ਸੰਘੇੜਾ ਦੀ ਕਹਾਣੀ 'ਆਖ਼ਿਰ ਉਹ ਜਿੱਤ ਗਿਆ' ਵਿਚ ਵੀ ਅਜਿਹਾ ਪੱਖ ਹੀ ਚਿਤਰਤ ਹੋਇਆ ਹੈ। ਚਰਨਜੀਤ ਪੰਨੂੰ ਦੀ ਕਹਾਣੀ 'ਸ਼ਗਨਾਂ ਦਾ ਲਿਫ਼ਾਫ਼ਾ' ਰਿਸ਼ਤਿਆਂ ਵਿਚ ਉੱਭਰਦੀ ਬਗ਼ਾਵਤ ਨੂੰ ਬਿਆਨ ਕਰਦੀ ਹੈ ਅਤੇ ਗੁਰਮੀਤ ਪਨਾਗ ਦੀ ਕਹਾਣੀ 'ਕਾਸ਼ਨੀ ਸੁਪਨੇ' ਰਿਸ਼ਤਿਆਂ ਬਾਰੇ ਕੁਝ ਨਵੇਂ ਫ਼ੈਸਲਿਆਂ ਲਈ ਪ੍ਰੇਰਦੀ ਹੈ। ਕਰਮ ਸਿੰਘ ਮਾਨ ਦੀ ਕਹਾਣੀ 'ਮੁਤਬੰਨਾ' ਅਤੇ ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਕਹਾਣੀ 'ਦੇਸੀ ਕੁੜੀ' ਰਿਸ਼ਤਿਆਂ ਦੇ ਨਵੇਂ ਸਮੀਕਰਨਾਂ ਦੁਆਲੇ ਬਿਰਤਾਂਤ ਸਿਰਜਦੀਆਂ ਹਨ। ਸੁਰਜੀਤ ਦੀ ਕਹਾਣੀ 'ਤੂੰ ਭਰੀਂ ਹੁੰਗਾਰਾ' ਅਤੇ ਲਾਜ ਨੀਲਮ ਸੈਣੀ ਦੀ ਕਹਾਣੀ 'ਚੀਸ' ਦਾ ਕਥਾਨਕ ਇਨ੍ਹਾਂ ਸਭ ਕਹਾਣੀਆਂ ਤੋਂ ਅਲੱਗ ਹੈ। ਸੁਰਜੀਤ ਦੀ ਕਹਾਣੀ ਇਕ ਪ੍ਰਤੀਕਾਤਮਕ ਕਹਾਣੀ ਹੈ ਜਿਸ ਵਿਚ ਪਰਵਾਸੀ ਪੰਜਾਬੀਆਂ ਦੇ ਪ੍ਰਤੀਕ ਵਜੋਂ ਇਕ ਬੂਟੇ ਨੂੰ ਇਕ ਥਾਂ ਤੋਂ ਦੂਜੀ ਥਾਂ ਲਾ ਕੇ ਵਧਦਾ-ਫੁੱਲਦਾ ਚਿਤਰਤ ਕੀਤਾ ਗਿਆ ਹੈ ਅਤੇ 'ਚੀਸ' ਕਹਾਣੀ 84 ਵਿਚ ਘਟੀਆਂ ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਹੈ। ਇਸ ਢੰਗ ਨਾਲ਼ ਇਹ ਕਹਾਣੀਆਂ ਬਾਹਰਲੇ ਦੇਸ਼ਾਂ ਦੇ ਜੀਵਨ ਦੇ ਗੁਣਾਂ ਅਤੇ ਔਗੁਣਾਂ ਨੂੰ ਸੁੰਦਰ ਭਾਸ਼ਾ ਅਤੇ ਗਠਿਤ ਸ਼ੈਲੀ ਰਾਹੀਂ ਸਾਹਮਣੇ ਲਿਆਉਂਦੀਆਂ ਹਨ।

ਡਾ. ਸੰਦੀਪ ਰਾਣਾ
ਮੋ: 98728-87551

c c c

ਉਹ ਤੇ ਮੈਂ
ਲੇਖਕ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 80546-10060

ਇਹ ਕਹਾਣੀ ਸੰਗ੍ਰਹਿ ਲੇਖਕ ਦੀ ਪਹਿਲੀ ਪੁਸਤਕ ਹੈ, ਜਿਸ ਵਿਚ ਉਸ ਨੇ 37 ਦੇ ਕਰੀਬ ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਹਾਣੀਆਂ ਨੂੰ ਜੇਕਰ ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਤਜਰਬਿਆਂ ਦੀਆਂ ਘਟਨਾਵਾਂ ਦਾ ਸੰਗ੍ਰਹਿ ਵੀ ਕਹਿ ਲਿਆ ਜਾਵੇ ਤਾਂ ਕੋਈ ਹਰਜ਼ ਨਹੀਂ। ਹਰ ਕਹਾਣੀ ਇਕ ਪੈਰਾ ਰਚਨਾ ਵਾਂਗ ਮਹਿਸੂਸ ਹੁੰਦੀ ਹੈ, ਜਿਸ ਵਿਚ ਉਹ ਆਪਣੇ ਜੀਵਨ ਦੀ ਘਟਨਾ ਨੂੰ ਬਿਆਨ ਕਰਦਾ ਹੈ। ਉਹ ਆਪਣੀਆਂ ਕਹਾਣੀਆਂ ਦੇ ਵਿਸ਼ੇ ਤਾਂ ਆਪਣੇ ਚੌਗਿਰਦੇ ਵਿਚੋਂ ਹੀ ਲੈਂਦਾ ਹੈ ਪਰ ਉਨ੍ਹਾਂ ਦੇ ਨਿਭਾਅ ਵਿਚ ਕਿਤੇ ਨਾ ਕਿਤੇ ਕਮੀ ਖਟਕਦੀ ਹੈ। ਪਹਿਲੀ ਪੁਸਤਕ ਹੋਣ ਕਾਰਨ ਸ਼ਾਇਦ ਅਜਿਹਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਉਸ ਦੇ ਨਾਲ ਵਿਚਰਦੇ ਮਹਿਸੂਸ ਹੁੰਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਸ਼ਬਦਾਂ ਵਿਚ ਪਾਠਕਾਂ ਦੇ ਸਾਂਹਵੇ ਪੇਸ਼ ਕਰਦਾ ਹੈ। ਕੁਝ ਕੁ ਕਹਾਣੀਆਂ ਵਿਚ ਉਸ ਦੀ ਸ਼ਬਦਾਵਲੀ ਥੋੜ੍ਹੀ ਅੱਖਰਦੀ ਹੈ ਜਿਵੇਂ ਕਿ ਕਹਾਣੀ 'ਉਹ' ਵਿਚ ਉਸ ਦਾ ਪਹਿਲਾ ਹੀ ਵਾਕ ਉਹ ਵੀ ਇਕ ਅਜੀਬ ਚੀਜ਼...ਸੀ... ਕਹਾਣੀ 'ਖੁਸ਼ੀ ਦੇ ਪਲ' ਵਿਚ ਵੀ ਅਜਿਹੇ ਹੀ ਵਾਕ ਹਨ ਜਿਹੜੇ ਕਿ ਪੜ੍ਹੇ-ਲਿਖੇ ਪਾਤਰਾਂ ਦੇ ਮੂੰਹੋਂ ਨਿਕਲਣੇ ਅਸੁਭਾਵਿਕ ਜਿਹੇ ਜਾਪਦੇ ਹਨ। ਕਹਾਣੀ 'ਸੱਪ ਦਾ ਸ਼ਿਕਾਰ' ਅਚੇਤਨ ਦੀਆਂ ਖਾਹਸ਼ਾਂ ਅਤੇ ਗੁੰਝਲਾਂ ਦੀ ਕਹਾਣੀ ਹੈ ਜਿਸ ਨੂੰ ਲੇਖਕ ਨੇ ਖੂਬਸੂਰਤੀ ਨਾਲ ਬਿਆਨਿਆ ਹੈ। ਕਹਾਣੀ 'ਬੇਕਦਰ' ਅਤੇ 'ਚੰਨਤਾਰਾ' ਇਕੋ ਜਿਹੇ ਲਹਿਜੇ ਵਾਲੀਆਂ ਕਹਾਣੀਆਂ ਹਨ ਜਿਨ੍ਹਾਂ ਵਿਚ ਪਿਆਰ ਕਰਨ ਵਾਲਿਆਂ ਦੇ ਇੰਤਜ਼ਾਰ ਅਤੇ ਬੇਕਦਰੀ ਦੋਵੇਂ ਹੀ ਅਹਿਸਾਸ ਦਿਖਾਏ ਗਏ ਹਨ, ਜਿਨ੍ਹਾਂ ਦੀ ਚੀਸ ਉਮਰ ਭਰ ਰਹਿੰਦੀ ਹੈ। ਕਹਾਣੀਕਾਰ ਦੀ ਸ਼ੈਲੀ ਭਾਵਨਾਤਮਿਕ ਹੈ ਜਿਸ ਵਿਚ ਕਲਪਨਾ ਅਤੇ ਰਮਾਂਸ ਦਾ ਅੰਸ਼ ਵਧੇਰੇ ਹੈ। ਭਾਸ਼ਾ ਸਹਿਜ ਅਤੇ ਸਰਲ ਹੈ ਪਰ ਪਾਤਰ ਉਸਾਰੀ ਅਤੇ ਬੁਣਤਰ ਵਧੇਰੇ ਮਿਹਨਤ ਅਤੇ ਧਿਆਨ ਦੀ ਮੰਗ ਕਰਦੀ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823

ਬਾਲ ਸਾਹਿਤ ਦੀਆਂ ਚਾਰ ਪੁਸਤਕਾਂ

ਬਲਵੀਰ ਸੰਧਾ ਡਡਵਿੰਡੀ ਦੀਆਂ ਚਾਰ ਬਾਲ ਪੁਸਤਕਾਂ ਲੋਕ ਗੀਤ ਪ੍ਰਕਾਸ਼ਨ ਨੇ ਇਕੱਠੀਆਂ ਛਾਪੀਆਂ ਹਨ ਜੋ ਕਿ ਸਾਰੀਆਂ ਹੀ ਸਿੱਖਿਆਦਾਇਕ ਬਾਲ ਕਹਾਣੀਆਂ ਦੀਆਂ ਹਨ। ਪਹਿਲੀ ਪੁਸਤਕ ਹੈਇਮਾਨਦਾਰੀ ਦਾ ਫਲ-ਇਸ ਵਿਚ ਅੱਠ ਬਾਲ ਕਹਾਣੀਆਂ ਹਨ ਜੋ ਕਿ ਬਾਲਾਂ ਦੇ ਵੱਖ-ਵੱਖ ਗੁੱਟਾਂ ਨਾਲ ਸੰਬੰਧਿਤ ਹਨ। ਪਹਿਲੀ ਕਹਾਣੀ ਹੈ 'ਰਾਜਾ ਦਾ ਨਿਆਂ'। ਇਹ ਬਹੁਤ ਹੀ ਨਿਆਂ ਪਸੰਦ ਰਾਜੇ ਦੀ ਕਹਾਣੀ ਹੈ, ਜਿਸ ਦੇ ਨਿਆਂ ਤੋਂ ਪੂਰੀ ਜਨਤਾ ਬਹੁਤ ਖ਼ੁਸ਼ ਹੈ ਜੋ ਕਿ ਰਾਜੇ ਦੇ ਗੁਣ ਗਾਉਂਦੀ ਹੈ। ਦੂਜੀ ਕਹਾਣੀ 'ਮਿਹਨਤ ਦਾ ਫਲ਼ ਮਿੱਠਾ' ਹੈ ਇਹ ਕਹਾਣੀ ਵੀ ਬਾਲਾਂ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੰਦੀ ਹੈ। ਤੀਜੀ ਕਹਾਣੀ ਹੈ 'ਇਮਨਾਦਾਰੀ ਦਾ ਫਲ਼'। ਇਹ ਕਹਾਣੀ ਬਾਲਾਂ ਨੂੰ ਇਮਾਨਦਾਰੀ ਨਾਲ ਆਪਣੇ ਕੰਮ ਕਰਨ ਦੀ ਬਹੁਤ ਹੀ ਉਸਾਰੂ ਸਿੱਖਿਆ ਦਿੰਦੀ ਹੈ। ਬਾਕੀ ਸਾਰੀਆਂ ਕਹਾਣੀਆਂ ਵੀ ਬਾਲਾਂ ਨੂੰ ਅਨੁਸ਼ਾਸਨ, ਮਿਹਨਤ, ਇਮਾਨਦਾਰੀ ਅਤੇ ਸਚਾਈ 'ਤੇ ਪਹਿਰਾ ਦੇਣ ਦੀ ਸਿੱਖਿਆ ਦਿੰਦੀਆਂ ਹਨ। ਇਸ ਪੁਸਤਕ ਦੇ ਪੰਨੇ-48 ਹਨ ਅਤੇ ਕੀਮਤ ਹੈ 125/-ਰੁਪਏ।
ਦੂਜੀ ਪੁਸਤਕ ਹੈ ਸ਼ਰਾਰਤ ਦਾ ਫਲ਼-ਇਸ ਪੁਸਤਕ ਵਿਚ ਵੀ ਅੱਠ ਬਾਲ ਕਹਾਣੀਆਂ ਹਨ ਜੋ ਕਿ ਬਾਲਾਂ ਨੂੰ ਪੰਛੀਆਂ ਅਤੇ ਜਾਨਵਰ ਪਾਤਰ ਲੈ ਕੇ ਬਹੁਤ ਹੀ ਰੌਚਿਕ ਢੰਗ ਨਾਲ ਬਾਲਾਂ ਨੂੰ ਸੁਭਾਵਿਕ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ। ਪਹਿਲੀ ਕਹਾਣੀ ਹੈ ਗ਼ਰੀਬ ਦਾਸ ਦੀ ਭਗਤੀ-ਇਸ ਵਿਚ ਬਾਲਾਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਸੱਚੇ ਦਿਲੋਂ ਕੀਤੀ ਭਗਤੀ ਜੀਵਨ ਨੂੰ ਸੁੰਦਰ ਬਣਾਉਂਦੀ ਹੈ। ਦੂਜੀ ਕਹਾਣੀ ਹੈਬੁਰੀ ਆਦਤ। ਇਸ ਕਹਾਣੀ ਰਾਹੀਂ ਵੀ ਬਾਲਾਂ ਨੂੰ ਹਮੇਸ਼ਾ ਚੰਗੀਆਂ ਆਦਤਾਂ ਪਾਉਣ ਦੀ ਸਿੱਖਿਆ ਦਿੱਤੀ ਗਈ ਹੈ। ਤੀਜੀ ਕਹਾਣੀ ਹੈ ਅਫ਼ਵਾਹ-ਇਸ ਕਹਾਣੀ ਰਾਹੀਂ ਵੀ ਬਾਲਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਬਚਣ ਦੀ ਸਿੱਖਿਆ ਦਿੱਤੀ ਗਈ ਹੈ। ਭਾਸ਼ਾ ਬਾਲਾਂ ਦੇ ਹਾਣ ਦੀ ਵਰਤੀ ਗਈ ਹੈ। ਸਾਰੀਆਂ ਕਹਾਣੀਆਂ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦੇ ਦੁਆਲੇ ਘੁੰਮਦੀਆਂ ਹਨ। ਇਸ ਪੁਸਤਕ ਦੇ ਪੰਨੇ 50 ਹਨ ਜਦੋਂ ਕਿ ਕੀਮਤ 125/-ਰੁਪਏ ਹੈ।
ਤੀਜੀ ਪੁਸਤਕ ਵੀ ਮਿਹਨਤ ਦਾ ਫਲ ਮਿੱਠਾ-ਬਲਵੀਰ ਸੰਧਾ ਡਡਵਿੰਡੀ ਦੀ ਇਸ ਪੁਸਤਕ ਵਿਚ ਕੁੱਲ ਬਾਰਾਂ ਬਾਲ ਕਹਾਣੀਆਂ ਹਨ ਜੋ ਕਿ ਬਾਲਾਂ ਵਿਚ ਵੱਖ-ਵੱਖ ਗੁਣ ਪੈਦਾ ਕਰਨ ਦੀ ਕੋਸ਼ਿਸ਼ ਵਜੋਂ ਹਨ। ਜਿੰਨੇ ਵੀ ਬਾਲਾਂ ਵਿਚ ਵੱਧ ਤੋਂ ਵੱਧ ਗੁਣ ਹੋਣੇ ਚਾਹੀਦੇ ਹਨ ਸਭੇ ਗੁਣ ਇਨ੍ਹਾਂ ਚਾਰ ਪੁਸਤਕਾਂ ਵਿਚ ਮੌਜੂਦ ਹਨ। ਇਹ ਕਿਤਾਬਾਂ ਪੜ੍ਹ ਕੇ ਬੱਚਾ ਜਮਾਤ ਦੀ ਗੱਲ ਛੱਡੋ ਆਪਣੀ ਜ਼ਿਦਗੀ ਵਿਚੋਂ ਵੀ ਚੰਗੇ ਨੰਬਰ ਲੈ ਕੇ ਪਾਸ ਹੋਵੇਗਾ। ਇਸ ਪੁਸਤਕ ਦੇ 55 ਪੰਨੇ ਹਨ ਅਤੇ ਕੀਮਤ 125/-ਰੁਪਏ ਹੈ।
ਚੌਥੀ ਪੁਸਤਕ ਹੈ ਕਿਸਾਨ ਦੀ ਸਮਝਦਾਰੀ। ਇਸ ਪੁਸਤਕ ਵਿਚ ਵੀ ਬਾਰਾਂ ਬਾਲ ਕਹਾਣੀਆਂ ਹਨ । ਪਹਿਲੀ ਕਹਾਣੀ ਹੈ-ਬੇਈਮਾਨ ਸੂਦਖੋਰ-ਇਸ ਵਿਚ ਬਾਲਾਂ ਨੂੰ ਬੇਈਮਾਨੀ ਅਤੇ ਸੂਦਖੋਰੀ ਤੋਂ ਬਚਣ ਦੀ ਸਿੱਖਿਆ ਦਿੰਦੀ ਹੈ। ਅਗਲੀ ਕਹਾਣੀ ਹੈ-ਪਾਗਲ ਕਹਿਣਾ ਅਪਰਾਧ ਹੈ-ਇਹ ਕਹਾਣੀ ਵੀ ਪਾਗਲ ਨੂੰ ਜਦੋਂ ਪਾਗਲ ਆਖੋਂਗੇ ਉਹ ਚਿੜ੍ਹੇਗਾ ਉਂਝ ਵੀ ਕਿਸੇ ਪਾਗਲ ਨੂੰ ਪਾਗਲ ਕਹਿਣਾ ਅਪਰਾਧ ਹੁੰਦਾ ਹੈ। ਅਗਲੀ ਕਹਾਣੀ ਹੈ-ਅਨੋਖਾ ਸੇਵਕ, ਜੋ ਕਿ ਬਾਲਾਂ ਨੂੰ ਸਮਾਜਿਕ ਸਿੱਖਿਆ ਦਿੰਦੀ ਹੈ। ਸਮਾਜ ਵਿਚ ਕਿਵੇਂ ਵਿਚਰਨਾ ਹੈ ਅਤੇ ਸਮਾਜ ਦੀ ਸੇਵਾ ਵਿਚ ਕਿਵੇਂ ਯੋਗਦਾਨ ਪਾਉਣਾ ਹੈ। ਇਸ ਪੁਸਤਕ ਦੇ ਪੰਨੇ 50 ਹਨ ਜਦੋਂ ਕਿ ਕੀਮਤ 125/ਰੁਪਏ ਹੈ। ਕੁੱਲ ਮਿਲਾ ਕੇ ਬਲਬੀਰ ਸੰਧਾ ਡਡਵਿੰਡੀ ਦੀ ਮਿਹਨਤ ਦੀ ਪ੍ਰਸੰਸਾ ਅਤੇ ਸਵਾਗਤ ਕਰਦਾ ਹਾਂ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896

c c c

ਰਤਨਾਵਲੀ
ਲੇਖਕ : ਅਵਤਾਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 94175-18384.

ਸਾਹਿਤ ਦੀ ਵਿਲੱਖਣ ਵਿਧਾ 'ਰੇਖਾ-ਚਿੱਤਰ' ਲੇਖਕ ਦੀ ਕਿਸੇ ਨਾਲ ਨਿੱਜੀ ਅਤੇ ਆਤਮਿਕ ਸਾਂਝ ਦੇ ਪ੍ਰਗਟਾਵੇ ਦਾ ਬੇਹੱਦ ਕਾਰਗਰ ਜ਼ਰੀਆ ਹੈ। ਪਿਆਰ-ਭਾਵਨਾ ਸਮੇਤ ਹੋਰ ਅਨੇਕਾਂ ਭਾਵਨਾਵਾਂ ਨੂੰ ਦੂਜਿਆਂ ਤੱਕ ਸਾਰਥਕ ਢੰਗ ਨਾਲ ਪਹੁੰਚਾਉਣ ਦਾ ਪਿਆਰਾ ਸਾਧਨ ਹੈ ਇਹ ਸਾਹਿਤ-ਸਿਨਫ਼। ਲੇਖਕ ਦੀ ਇਹ ਰਚਨਾ ਪਾਠਕ ਨੂੰ ਇਹੋ ਤਿੱਖਾ ਅਹਿਸਾਸ ਕਰਾਉਂਦੀ ਹੈ।
ਆਪਣੀ ਜ਼ਿੰਦਗੀ ਵਿਚ ਆਈਆਂ 14 ਅਸਾਧਾਰਨਤਾ ਵਾਲੀਆਂ ਸਾਧਾਰਨ ਸ਼ਖ਼ਸੀਅਤਾਂ ਨਾਲ ਲੇਖਕ ਵਲੋਂ ਬਿਤਾਏ ਪਲਾਂ ਨੂੰ, ਯਾਦਾਂ ਨੂੰ, ਘਟਨਾਵਾਂ ਨੂੰ, ਯਾਦਗਾਰੀ ਵਾਰਤਾਲਾਪ ਨੂੰ, ਉਨ੍ਹਾਂ ਦੇ ਅੰਦਾਜ਼ ਅਤੇ ਸੁਭਾਅ ਨੂੰ ਆਪਣੇ ਮਖਸੂਸ ਅੰਦਾਜ਼ ਵਿਚ ਇਸ ਪੁਸਤਕ 'ਚ ਸਾਂਭਿਆ ਗਿਆ ਹੈ।
ਲੇਖਕ ਅਵਤਾਰ ਸਿੰਘ ਦਾ ਪੰਜਾਬ ਦੇ ਖਿੱਤੇ ਦੋਆਬੇ ਦੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਨਾਲ ਪਿੱਤਰੀ ਮਾਤਰੀ ਸੰਬੰਧ ਹੈ। ਇਸ ਕਰਕੇ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਸ਼ਖ਼ਸੀਅਤਾਂ ਦੇ ਵੇਰਵੇ ਵੀ ਪਾਠਕ ਦੇ ਸਮਝ ਗੋਚਰੇ ਹੁੰਦੇ ਹਨ। ਸਾਧਾਰਨ ਸਹਿਜ ਭਾਸ਼ਾ ਵਿਚ ਰਚੇ ਇਹ ਰੇਖਾ-ਚਿੱਤਰ ਇਸ ਸਾਹਿਤ ਵਿਧਾ ਦਾ ਹਾਸਲ ਹਨ ਜੋ 'ਰੇਖਾ-ਚਿੱਤਰ' ਰਚਨ ਰੀਤ ਤੋਂ ਹਟ ਕੇ ਹਨ। ਯਕੀਨਨ ਪੁਸਤਕ ਦੀ ਇਹ ਵਿਲੱਖਣਤਾ ਇਸ ਦੀ ਹਰਮਨ-ਪਿਆਰਤਾ ਵਧਾਉਣ ਵਾਲੀ ਹੈ। ਇਸ ਰਚਨਾ ਨੂੰ ਸਾਹਿਤਕ ਹਲਕਿਆਂ ਵਲੋਂ ਖੁਸ਼ਆਮਦੀਦ ਕਹਿਣਾ ਤਾਂ ਬਣਦਾ ਹੀ ਹੈ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444

21-05-2022

 ਗੁਰਬਾਣੀ ਵਿਚ ਮਿਥਿਹਾਸਕ/ ਇਤਿਹਾਸਕ ਹਵਾਲੇ
(ਭਾਗ ਤੀਜਾ)
ਲੇਖਕ : ਹਰਬੰਸ ਸਿੰਘ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ : 94179-23046.

ਲੇਖਕ ਹਰਬੰਸ ਸਿੰਘ ਦੀ ਇਹ ਪੁਸਤਕ ਅਸਲੋਂ ਹੀ ਨਿਵੇਕਲੇ ਵਿਸ਼ੇ 'ਤੇ ਲਿਖੀ ਗਈ ਹੈ। ਮੇਰੀ ਜਾਚੇ ਹਾਲੇ ਤੱਕ ਇਸ ਸੰਬੰਧੀ ਕੰਮ ਨਹੀਂ ਹੋਇਆ। ਨਵੇਂ-ਨਕੋਰ ਵਿਸ਼ੇ 'ਤੇ ਲੇਖਕ ਦੀਆਂ ਦੋ ਪੁਸਤਕਾਂ ਭਾਗ ਦੂਜਾ ਅਤੇ ਤੀਜਾ ਦਾ ਪਠਨ ਪਾਠਨ ਮੈਂ ਕੀਤਾ ਹੈ।
ਵਿਚਾਰ ਗੋਚਰੀ ਪੁਸਤਕ ਭਾਗ ਤੀਜਾ ਹੈ। ਪੁਸਤਕ ਦੀ ਰਚਨਾ ਦਾ ਮੁੱਖ ਮਕਸਦ ਗੁਰਬਾਣੀ ਪ੍ਰੇਮੀਆਂ ਨੂੰ ਇਕ ਅਕਾਲ ਪੁਰਖ ਦੀ ਪੂਜਾ ਲਈ ਉਨ੍ਹਾਂ ਦਾ ਗੁਰਬਾਣੀ ਰਾਹੀਂ ਮਾਰਗ ਦਰਸ਼ਨ ਕਰਕੇ ਪ੍ਰੇਰਿਤ ਕਰਨਾ ਹੈ। ਪੁਰਾਤਨ ਸਮਿਆਂ ਦੌਰਾਨ ਗੁਰੂ ਘਰਾਂ ਦਾ ਪ੍ਰਬੰਧ ਅਤੇ ਸੇਵਾ ਸੰਭਾਲ ਕਰਦੇ ਮਹੰਤਾਂ ਆਦਿ ਨੇ ਅਨਮਤੀ ਵਿਆਖਿਆ ਰਾਹੀਂ ਸੰਗਤ ਨੂੰ ਆਪਣੀਆਂ ਲਿਖਤਾਂ ਜ਼ਰੀਏ ਜੋ ਦ੍ਰਿੜ੍ਹ ਕਰਾਇਆ, ਉਸ ਨਾਲ ਸੰਗਤ ਉਨ੍ਹਾਂ ਹੀ ਭਰਮ-ਭੁਲੇਖਿਆਂ ਅਤੇ ਕਰਮਕਾਂਡਾਂ ਵਿਚ ਫਸਦੀ ਜਾ ਰਹੀ ਹੈ, ਜਿਨ੍ਹਾਂ 'ਚੋਂ ਗੁਰੂ ਸਾਹਿਬਾਨ ਅਤੇ ਬਾਣੀਕਾਰਾਂ ਨੇ ਸਾਨੂੰ ਕੱਢ ਕੇ ਇਕੋ ਅਕਾਲ ਪੁਰਖ ਦੀ ਅਰਾਧਨਾ ਕਰਨ ਅਤੇ 'ਏਕੋ ਟੇਕ ਰਖਹੁ ਮਨ ਮਾਹਿ' ਦਾ ਸੁਨੇਹੜਾ ਦਿੱਤਾ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਦੇਵੀ-ਦੇਵਤਿਆਂ, ਧਾਰਮਿਕ ਰਹੁ-ਰੀਤਾਂ ਅਤੇ ਧਾਰਮਿਕ ਸੰਸਕਾਰਾਂ ਦਾ ਜ਼ਿਕਰ ਸਿਰਫ ਹਵਾਲਿਆਂ ਵਜੋਂ ਕੀਤਾ ਗਿਆ ਹੈ ਨਾ ਕਿ ਇਨ੍ਹਾਂ ਦੀ ਪ੍ਰਮਾਣਿਕਤਾ 'ਤੇ ਮੋਹਰ ਲਾਉਣ ਲਈ। ਗੁਰਬਾਣੀ ਹਰੇਕ ਪ੍ਰਕਾਰ ਦੇ ਧਾਰਮਿਕ ਆਡੰਬਰਾਂ, ਵਿਖਾਵਿਆਂ, ਰੂੜ੍ਹੀਵਾਦੀ ਰਹੁ-ਰੀਤਾਂ ਅਤੇ ਕਰਮ-ਕਾਂਡਾਂ ਦਾ ਪੁਰਜ਼ੋਰ ਖੰਡਨ ਕਰਦੀ ਹੋਈ 'ਸਹਿਜ ਮਾਰਗ' ਦੇ ਧਾਰਨੀ ਹੋਣ ਦਾ ਸਪੱਸ਼ਟ ਉਪਦੇਸ਼ ਦਿੰਦੀ ਹੈ।
ਇਸ ਪੁਸਤਕ ਵਿਚ ਧਰਤੀ, ਆਕਾਸ਼ ਅਤੇ ਜਲ ਵਿਚ ਵਿਚਰਨ ਵਾਲੇ ਜੀਵਾਂ, ਪ੍ਰਾਣੀਆਂ ਨੂੰ ਵਿਸ਼ਾ ਬਣਾਇਆ ਹੈ। ਕੁਝ ਵੰਨਗੀਆਂ ਪੇਸ਼ ਹਨ :
1. ਊਠ/ਬੋਤਾ/ਕਰਹਲਾ :
('ਤੁਰੇ ਉਸਟ ਮਾਇਆ ਮਹਿ ਭੇਲਾ॥' (ਅੰਗ 1160)
ਅਰਥ ਘੋੜੇ ਊਠ, ਸਭ ਮਾਇਆ ਵਿਚ ਫਸੇ ਪਏ ਹਨ। (ਪੰਨਾ 16)
2. ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ (ਅੰਗ 858)
ਅਰਥ ਸ਼ੇਰ ਦੀ ਸ਼ਰਨ ਵਿਚ ਜਾਣ ਦਾ ਕੀ ਲਾਭ,
ਜੇ ਫਿਰ ਵੀ ਗਿੱਦੜ ਖਾ ਜਾਵੇ। (ਪੰਨਾ 28)
3. ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥ (ਅੰਗ 276)
ਅਰਥ ਅਤੇ ਕਰੋੜਾਂ ਹੀ ਭੂਤ, ਪ੍ਰੇਤ,
ਸੂਰ ਅਤੇ ਸ਼ੇਰ ਹਨ (ਪੰਨਾ 37)
4. ਮਾਂਜਾਰ ਗਾਡਰ ਅਰੁ ਲੂਬਰਾ॥
ਬਿਰਖ ਮੂਲ ਮਾਇਆ ਮਹਿ ਪਰਾ॥ (ਅੰਗ 1160)
ਅਰਥ ਬਿੱਲੇ, ਭੇਡਾਂ ਅਤੇ ਲੂੰਬੜ, ਰੁੱਖ, ਕੰਦ ਮੂਲ
ਸਭ ਮਾਇਆ ਦੇ ਅਧੀਨ ਹਨ। (ਪੰਨਾ 213)
ਡੂੰਘੀ ਖੋਜ ਨਾਲ ਲੇਖਕ ਨੇ ਸੱਪ, ਮੋਰ, ਮੱਛਰ, ਟਿੱਡਾ, ਬਾਂਦਰ, ਭੇਡ, ਮੱਝ, ਕੀੜੀ, ਬਾਜ਼, ਕੋਇਲ, ਕੁੱਤਾ, ਹਿਰਨ, ਕਾਂ, ਕਬੂਤਰ, ਗਊ, ਹਾਥੀ ਅਤੇ ਹੋਰ ਅਨੇਕਾਂ ਬਾਰੇ ਪ੍ਰਮਾਣ ਤੇ ਵਿਆਖਿਆ ਸਹਿਤ ਭੇਦ ਖੋਲ੍ਹੇ ਹਨ। ਪੁਸਤਕ ਬੜੀ ਮੁੱਲਵਾਨ ਰਚਨਾ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710

ਸੁਖਦੇਵ ਸਿੰਘ ਢੀਂਡਸਾ
(ਸਿਆਸਤ ਦੇ ਸ਼ਾਹ ਅਸਵਾਰ)
ਲੇਖਕ : ਗੁਰਮੀਤ ਸਿੰਘ ਜੌਹਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 750 ਰੁਪਏ, ਸਫ਼ੇ : 248
ਸੰਪਰਕ : 94177-41032.

ਸ: ਗੁਰਮੀਤ ਸਿੰਘ ਜੌਹਲ ਨੇ ਅਕਾਲੀ ਦਲ (ਹੁਣ ਸੰਯੁਕਤ) ਦੇ ਸੀਨੀਅਰ ਆਗੂ ਸ: ਸੁਖਦੇਵ ਸਿੰਘ ਢੀਂਡਸਾ ਦਾ ਜੀਵਨ-ਬਿਰਤਾਂਤ ਕਾਫੀ ਮਿਹਨਤ ਅਤੇ ਨਿਸ਼ਠਾ ਨਾਲ ਤਿਆਰ ਕੀਤਾ ਹੈ। ਉਸ ਨੇ ਇਸ ਪ੍ਰਕਾਰ ਦਾ ਕੋਈ ਵੀ ਵੇਰਵਾ ਨਜ਼ਰਅੰਦਾਜ਼ ਨਹੀਂ ਕੀਤਾ, ਜੋ ਸ: ਢੀਂਡਸਾ ਦੀ ਸ਼ਖ਼ਸੀਅਤ ਨੂੰ ਉਭਾਰਨ ਦੇ ਕੰਮ ਆ ਸਕਦਾ ਹੋਵੇ। 2017 ਦੀਆਂ ਚੋਣਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਢੀਂਡਸਾ ਸਾਹਿਬ ਨੇ ਇਸ ਰਾਜਸੀ ਪਾਰਟੀ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਕੁਝ ਸੁਝਾਓ ਵੀ ਦਿੱਤੇ, ਜਿਨ੍ਹਾਂ ਨੂੰ ਪਾਰਟੀ ਦੇ ਸਿਖਰਲੇ ਆਗੂਆਂ ਨੇ ਅਣਗੌਲਿਆ ਕਰ ਦਿੱਤਾ, ਜਿਸ ਕਾਰਨ ਸ: ਢੀਂਡਸਾ ਅਤੇ ਬਾਦਲ ਸਾਹਿਬ ਦਰਮਿਆਨ ਕੁਝ ਮਤਭੇਦ ਵੀ ਪੈਦਾ ਹੋ ਗਏ। ਗੁਰਮੀਤ ਸਿੰਘ ਜੌਹਲ ਨੇ ਅਜਿਹੇ ਨਾਜ਼ੁਕ ਮਸਲਿਆਂ ਨੂੰ ਵੀ ਬੜੀ ਸੁਹਿਰਦਤਾ ਅਤੇ ਸੰਜੀਦਗੀ ਨਾਲ ਪੇਸ਼ ਕੀਤਾ ਹੈ। ਨਾ ਕਿਸੇ ਦਾ 'ਪੱਖ' ਲਿਆ ਅਤੇ ਨਾ ਹੀ 'ਪਾਤ' ਕੀਤਾ ਹੈ।
ਸ: ਢੀਂਡਸਾ ਦਾ ਜਨਮ 1936 ਈ. ਵਿਚ ਜ਼ਿਲ੍ਹਾ ਸੰਗਰੂਰ ਦੇ ਇਕ ਛੋਟੇ ਜਿਹੇ ਪਿੰਡ ਉੱਭਾਵਾਲ ਵਿਚ ਹੋਇਆ। ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਅਤੇ ਰਣਬੀਰ ਕਾਲਜ ਸੰਗਰੂਰ ਤੋਂ ਗ੍ਰੈਜੂਏਸ਼ਨ ਕੀਤੀ। ਕਾਲਜ ਯੂਨੀਅਨ ਦਾ ਨੇਤਾ ਬਣਿਆ, ਪਿੰਡ ਦੀ ਸਰਪੰਚੀ ਕੀਤੀ ਅਤੇ ਫਿਰ ਆਪਣੇ ਸਾਥੀਆਂ ਤੇ ਸ਼ੁੱਭਚਿੰਤਕਾਂ ਦੇ ਕਹਿਣ 'ਤੇ ਦੋ ਵਾਰ ਉਸ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਪਹਿਲੀ ਵਾਰ ਉਹ ਚੋਣ ਹਾਰ ਗਿਆ ਪਰ ਮਾਯੂਸ ਨਾ ਹੋਇਆ, ਦੂਜੀ ਵਾਰ 1972 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸੀ.ਪੀ.ਐਮ. ਦੇ ਸਾਂਝੇ ਗੱਠਜੋੜ ਦੇ ਉਮੀਦਵਾਰ ਨੂੰ ਹਰਾ ਕੇ ਉਹ ਚੋਣ ਜਿੱਤ ਗਿਆ। ਬਾਅਦ ਵਿਚ ਸ਼੍ਰੋਮਣੀ ਅਕਾਲੀ ਦੇ ਮੈਂਬਰ ਵਜੋਂ ਉਹ ਪੰਜਾਬ ਸਰਕਾਰ ਅਤੇ ਕੇਂਦਰ ਵਿਚ ਵਜ਼ੀਰ ਵੀ ਰਿਹਾ, ਯੂ.ਐਨ.ਓ. ਤੱਕ ਵੀ ਜਾ ਪਹੁੰਚਿਆ। ਪਦਮ ਭੂਸ਼ਣ ਵਰਗਾ ਵੱਕਾਰੀ ਸਨਮਾਨ ਹਾਸਲ ਕਰਕੇ ਸ਼ੋਭਾ ਖੱਟੀ।
ਰਾਜਨੀਤੀ ਇਕ 'ਮੈਰਾਥਨ ਦੌੜ' ਵਾਂਗ ਹੁੰਦੀ ਹੈ, ਕਾਹਲੀ ਕਰਨ ਵਾਲੇ ਥੱਕ-ਹੰਭ ਕੇ ਛੇਤੀ ਹੀ ਡਿਗ ਪੈਂਦੇ ਹਨ। ਸਬਰ-ਸੰਤੋਖ ਨਾਲ ਲੱਗਿਆ ਰਹਿਣ ਵਾਲਾ ਵਿਅਕਤੀ ਹੀ ਪ੍ਰਕਾਸ਼ ਸਿੰਘ ਬਾਦਲ ਜਾਂ ਗਿਆਨੀ ਜ਼ੈਲ ਸਿੰਘ ਬਣਦਾ ਹੈ। ਇਹ ਪੁਸਤਕ ਇਸੇ ਸੱਚ ਨੂੰ ਪ੍ਰਕਾਸ਼ਮਾਨ ਕਰਦੀ ਹੈ। ਕੋਈ ਮੰਨੇ, ਨਾ ਮੰਨੇ!

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੋਟੇ ਜਾਗੀ ਕੰਬਣੀ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : sodhiparminder@gmail.com

ਇਹ ਕਾਵਿ-ਸੰਗ੍ਰਹਿ ਜਾਪਾਨ ਨਿਵਾਸੀ ਪੰਜਾਬੀ ਕਵੀ ਪਰਮਿੰਦਰ ਸੋਢੀ ਦੀ ਸੋਲ੍ਹਵੀਂ ਕਿਰਤ ਹੈ। ਇਸ ਸੰਗ੍ਰਹਿ ਦੀਆਂ 61 ਕਵਿਤਾਵਾਂ ਦਾ ਦੀਰਘ ਅਧਿਐਨ ਕਰਦਿਆਂ ਅਨੇਕਾਂ ਕਾਵਿ-ਵਿਲੱਖਣਤਾਵਾਂ ਉਜਾਗਰ ਹੁੰਦੀਆਂ ਹਨ। ਇਸ ਵਿਚ ਸੰਵੇਦਨਸ਼ੀਲ ਮਾਨਸਿਕ ਤਰੰਗਾਂ (ਫੈਂਟੇਸੀ) ਅਤੇ ਕਲਪਨਸ਼ੀਲਤਾ (ਇਮੈਜੀਨੇਸ਼ਨ) ਦਾ ਸੁਮੇਲ ਅਨੋਖੇ ਰੰਗ 'ਚ ਉਪਲਬਧ ਹੈ। ਕੋਮਲਤਾ ਵੀ ਹੈ, ਸੂਖਮਤਾ ਵੀ ਹੈ। ਇਹ ਸਮੁੱਚਾ ਕਾਵਿ-ਸੰਗ੍ਰਹਿ 'ਡੇ-ਡਰੀਮਿੰਗ' ਵਜੋਂ ਵਿਚਾਰੇ ਜਾਣ ਦੇ ਯੋਗ ਹੈ। ਕਵੀ ਨੇ ਅਨੇਕਾਂ ਕਵਿਤਾਵਾਂ 'ਬਾਰੀ' ਵਿਚੋਂ ਕੁਦਰਤ ਨੂੰ ਨਿਹਾਰ ਕੇ ਸਿਰਜੀਆਂ ਹਨ। ਇਸ ਲਈ 'ਬਾਰੀ' ਇਸ ਦਾ ਕਾਵਿ-ਕੋਡ ਮੰਨਿਆ ਜਾ ਸਕਦਾ ਹੈ। ਕਾਵਿ-ਨਾਇਕ ਕਦੇ ਨੀਂਦ ਦੀਆਂ 'ਪੌੜੀਆਂ' ਚੜ੍ਹਦੈ, ਕਦੇ ਸ਼ਾਮ ਦੀਆਂ, ਕਦੇ ਦਿਲ ਦੀ 'ਪੌੜੀ' ਚੜ੍ਹਦੈ, ਕਦੇ ਕਾਵਿ-ਨਾਇਕ ਦੇ ਸ਼ਬਦ ਪੌੜੀਆਂ ਚੜ੍ਹਦੇ ਨੇ, ਕਦੇ ਉਸ ਦੀਆਂ ਪੌੜੀਆਂ ਲਟਕਦੀਆਂ ਨੇ। 'ਬਾਰੀ' ਵਾਂਗ ਹੀ 'ਪੌੜੀ' ਮੈਟਾਫ਼ਰ ਦਾ ਪ੍ਰਯੋਗ ਹੈ। ਕਿਤਾਬ ਦਾ ਸਿਰਲੇਖ 'ਪੋਟੇ ਜਾਗੀ ਕੰਬਣੀ' ਕੁਆਂਟਮ ਜੰਪ ਦਾ ਹੀ ਰੂਪਾਂਤਰਣ ਪ੍ਰਤੀਤ ਹੁੰਦਾ ਹੈ। 'ਬੇਵਜ੍ਹਾ' ਅਤੇ 'ਅਚਾਨਕ' ਸ਼ਬਦਾਂ ਦੀ ਵਾਕਾਂ ਵਿਚ ਫਰੀਕੁਐਂਸੀ ਹੈ। ਅਕਸਰ ਉੱਤਮ-ਪੁਰਖ (ਮੈਂ) ਹੀ 'ਮੱਧਮ ਪੁਰਖ (ਤੂੰ) ਨੂੰ ਸੰਬੋਧਨ ਕਰਦਾ ਹੈ। 'ਤੂੰ' ਕੇਵਲ ਸਰੋਤਾ ਹੈ। ਭਾਵ ਸੰਵਾਦ ਇਕਤਰਫ਼ਾ ਹੈ। ਕਈ ਕਵਿਤਾਵਾਂ ਵਿਚ ਮਾਨਸਿਕ ਤਰੰਗ ਜਾਂ ਕਲਪਨਾ ਜਿਥੋਂ ਸ਼ੁਰੂ ਹੁੰਦੀ ਹੈ, ਉਥੇ ਹੀ ਆਣ ਕੇ ਸਮਾਪਤ ਹੁੰਦੀ ਹੈ। ਸਨੈਪ-ਸ਼ਾਟਸ ਹਨ। ਨਿੱਕੇ-ਨਿੱਕੇ ਮੋਟਿਫ਼ਾਂ ਦਾ ਕਾਵਿਕ-ਬਿਰਤਾਂਤ ਹੈ। 'ਚਾਹ' ਦਾ ਕੱਪ ਉਸ ਦਾ 'ਹੋਂਦਵਾਦੀ' ਮਿੱਤਰ ਹੈ। ਉਸ ਦਾ ਅਸਤਿਤਵਵਾਦੀ ਵਿਚਾਰ ਹੈ 'ਮੇਰਾ ਹੋਣਾ ਹੀ/ਸ਼ੋਰ ਹੈ/ਢੋਲ ਦਾ ਵੱਜਣਾ (ਪੰ. 41), 'ਜੀਵਨ ਹੀ ਮੈਂ ਹਾਂ/ਤੇ ਮੈਂ ਹੀ ਜੀਵਨ ਹਾਂ/ਜੀਵਨ ਮੈਨੂੰ ਜੀ ਰਿਹਾ ਹੈ/ਮੈਂ ਜੀਵਨ ਨੂੰ ਜੀ ਰਿਹਾ ਹਾਂ। (ਪੰ. 50) ਇਹ ਸੋਚ 'ਦੇਕਾਰਤ' ਵਰਗੀ ਹੀ ਹੈ 'ਆਇ ਥਿੰਕ ਦੇਅਰਫੋਰ ਆਇ ਐਮ' ਇਕ ਹੋਰ ਹੋਂਦਵਾਦੀ ਵਿਚਾਰ 'ਖਾਲੀ ਕਮਰਾ ਵੇਖ/ਬੜਾ ਕੁਝ ਸਹਿਜ/ਅੰਦਰ ਆ ਜਾਂਦਾ ਹੈ, ਕਾਵਿ ਸ਼ੂਨਯ ਵਿਚ (ਨਥਿੰਗਨੈੱਸ ਵਿਚ ਬੀਇੰਗ) ਹੋਂਦ ਦਾ ਪ੍ਰਵੇਸ਼ ਸੁਭਾਵਿਕ ਹੈ। ਕਾਵਿ ਵਿਚ ਅਨੇਕਾਂ ਤਣਾਅ ਉਪਲਬਧ ਹਨ ਮਸਲਨ: ਵੇਖਣ/ਛੂਹਣ, ਪਰਿੰਦਾ/ਬਿਰਖ, ਬੇਵਜ੍ਹਾ/ਵਜ੍ਹਾ, ਆਦਿ।
ਪੰਜਾਬੀਅਤ ਦਾ ਰੰਗ ਵੀ ਮਿਲਦਾ ਹੈ :
ਸਰ੍ਹੋਂ ਦੇ ਖੇਤਾਂ ਵਿਚ/ਤੇਰਾ ਹਰਾ ਪੀਲਾ/ਦੁਪੱਟਾ ਲਹਿਰਾਵੇ ਪੰ. 48
ਪਸ਼ੂਆਂ ਦਾ ਵੱਗ/ਪਿੰਡ ਵੱਲ ਪਰਤ ਰਿਹਾ...
ਔਰਤਾਂ ਚੁੱਲ੍ਹਿਆਂ ਮੂਹਰੇ... ਪੰ. 45
ਇਵੇਂ ਹੀ : ਮੈਂ ਰੋਟੀ ਖਾਣ ਬੈਠਦਾ
ਤੂੰ ਬਾਹਰੋਂ ਅੰਦਰ ਝਾਕਦੀ
ਤੇ ਆਖਦੀ
ਪ੍ਰਦੇਸ ਵਿਚ ਸਾਗ ਲੱਗੀ? ਪੰ. 19
ਕਾਵਿ-ਮਹਿਬੂਬ ਦੇ ਵੱਖ-ਵੱਖ ਰੰਗ : ਕਦੇ ਝੀਲ, ਕਦੇ ਜਗਦਾ ਦੀਵਾ, ਕਦੇ ਧੁੱਪ ਦੀ ਕਾਤਰ। ਕਵੀ ਜਾਪਾਨ ਵਿਚ ਬੁੱਧ ਦੇ ਸੂਤਰ, ਨਿਰਵਾਣ ਵੱਲ ਵੀ ਸੰਕੇਤ ਕਰਦਾ ਹੈ। ਗੱਲ ਕੀ ਇਹ ਸਮਝਣਯੋਗ ਬੌਧਿਕ ਕਾਵਿ ਹੈ।

ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c
ਫ਼ਿਕਰ, ਜ਼ਿਕਰ ਦੇ ਫ਼ਿਕਰੇ
ਸ਼ਾਇਰ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਨਿਊ ਬੁੱਕ ਕੰਪਨੀ, ਜਲੰਧਰ
ਮੁੱਲ-175 ਰੁਪਏ, ਸਫ਼ੇ : 144
ਸੰਪਰਕ : 98728-64932

ਰਘਬੀਰ ਸਿੰਘ ਸੋਹਲ ਪੁਰਾਣਾ ਤੇ ਹੰਢਿਆ ਵਰਤਿਆ ਕਲਮਕਾਰ ਹੈ, ਜਿਸ ਦੀਆਂ ਇਸ ਪੁਸਤਕ ਤੋਂ ਪਹਿਲਾਂ ਸੱਤ ਪੁਸਤਕਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਹਾਸ ਵਿਅੰਗ, ਗ਼ਜ਼ਲਾਂ, ਕਾਵਿ ਸੰਗ੍ਰਹਿ, ਲਘੂ ਕਵਿਤਾਵਾਂ ਆਦਿ ਸ਼ਾਮਿਲ ਹਨ। ਸੋਹਲ ਦੀਆਂ ਦੋ ਕਿਤਾਬਾਂ ਹਿੰਦੀ ਤੇ ਇਕ ਅੰਗ੍ਰੇਜ਼ੀ ਵਿਚ ਵੀ ਛਪੀ ਹੈ। ਇੰਝ ਉਸ ਦੇ ਅਨੁਭਵ ਦੀ ਕੈਨਵਸ ਕਾਫ਼ੀ ਵੱਡੀ ਹੈ ਤੇ ਉਸ ਨੇ ਉਸ 'ਤੇ ਆਪਣੀ ਜ਼ਿੰਦਗੀ ਦਾ ਬਹੁਤਾ ਕੁਝ ਚਿਤਰ ਰੱਖਿਆ ਹੈ ਤੇ ਬੜਾ ਕੁਝ ਅਜੇ ਹੋਰ ਚਿਤਰਿਆ ਜਾਏਗਾ। ਸਾਹਿਤਕਾਰ ਸਮਾਜ ਦਾ ਦਿੱਤਾ ਸਮਾਜ ਨੂੰ ਮੋੜਦਾ ਹੈ ਤੇ ਵਕਤ ਵਕਤ ਦੀ ਪਰਖ ਹੁਨਰ ਵਿਚ ਉਤਾਰਦਾ ਹੈ। ਇਹ ਹੁਨਰ ਹਾਸ ਵਿਅੰਗ ਵਿਚ ਵਧੇਰੇ ਕਾਰਗਰ ਹੈ। 'ਫ਼ਿਕਰ, ਜ਼ਿਕਰ ਤੇ ਫ਼ਿਕਰੇ' ਹਾਸ ਵਿਅੰਗ ਆਧਾਰਿਤ ਰੁਬਾਈ ਸੰਗ੍ਰਹਿ ਹੈ ਜਿਸ ਦੇ ਹਰ ਪੰਨੇ 'ਤੇ ਦੋ ਦੋ ਰੁਬਾਈਆਂ ਛਾਪੀਆਂ ਗਈਆਂ ਹਨ। ਹਾਸ ਵਿਅੰਗ ਨੂੰ ਭਾਵੇਂ ਕੁਝ ਲੋਕ ਅਦਬ ਦਾ ਹਿੱਸਾ ਮੰਨਣੋਂ ਮੁਨਕਰ ਰਹੇ ਹਨ ਪਰ ਇਹ ਸਾਹਿਤ ਦਾ ਮਹੱਤਵਪੂਰਨ ਅੰਗ ਹੈ। ਅਜੋਕੇ ਦੌਰ ਵਿਚ ਹਾਸ ਵਿਅੰਗ ਲਿਖਣ ਵਾਲਿਆਂ ਦੀ ਗਿਣਤੀ ਵੀ ਨਾਮਾਤਰ ਹੈ ਪਰ ਰਘਬੀਰ ਸਿੰਘ ਸੋਹਲ ਜਿਹੇ ਅਦੀਬ ਇਸ ਨੂੰ ਪੂਰੀ ਵਾਹ ਨਾਲ ਜ਼ਿੰਦਾ ਰੱਖ ਰਹੇ ਹਨ। 'ਫ਼ਿਕਰ, ਜ਼ਿਕਰ ਤੇ ਫ਼ਿਕਰੇ' ਕਿਤਾਬ ਦੀਆਂ ਬਹੁਤੀਆਂ ਰੁਬਾਈਆਂ ਭਾਵੇਂ ਰੁਬਾਈ ਦੇ ਮਾਪਦੰਡਾਂ 'ਤੇ ਪੂਰਾ ਨਾ ਵੀ ਉਤਰਦੀਆਂ ਹੋਣ ਪਰ ਇਨ੍ਹਾਂ ਦੀ ਮਨਸ਼ਾ 'ਤੇ ਸ਼ੰਕਾ ਨਹੀਂ ਹੈ। ਸੋਹਲ ਨੇ ਜਿਸ ਤਰ੍ਹਾਂ ਸਮਾਜ ਵਿਚ ਕੁਚਲੇ ਜਾ ਰਹੇ ਸੱਚ ਨੂੰ ਪੇਸ਼ ਕਰਕੇ ਵਿਅੰਗ ਦੀ ਪੁੱਠ ਚਾੜ੍ਹੀ ਹੈ, ਉਹ ਤਾਰੀਫ਼ ਯੋਗ ਹੈ। ਜਿਵੇਂ ਆਮ ਸਟੇਜੀ ਕਵਿਤਾ ਲਈ ਵਿਅੰਗ ਦਾ ਕੋਈ ਤੋੜ ਨਹੀਂ ਹੈ ਇਵੇਂ ਹੀ ਗ਼ਜ਼ਲ ਵਰਗੀ ਗੰਭੀਰ ਸਿਨਫ਼ ਵਿਚ ਵੀ ਇਸ ਦੀ ਜ਼ਰੂਰਤ ਹਮੇਸ਼ਾ ਮਹਿਸੂਸੀ ਜਾਂਦੀ ਰਹੀ ਹੈ। ਹੁਣ ਰੁਬਾਈ ਵਿਚ ਇਸ ਦਾ ਪ੍ਰਯੋਗ ਕਰਕੇ ਰਘਬੀਰ ਸਿੰਘ ਸੋਹਲ ਨੇ ਨਵੀਂ ਪਿਰਤ ਤਾਂ ਭਾਵੇਂ ਨਹੀਂ ਪਾਈ ਪਰ ਪਰੰਪਰਾ ਨੂੰ ਜ਼ਿੰਦਾ ਰੱਖਿਆ ਹੈ। ਅਜੋਕੇ ਦੌਰ ਵਿਚ ਮਨੁੱਖ ਤੋਂ ਮਨੁੱਖ ਦਾ ਪਾੜਾ ਵਧ ਰਿਹਾ ਹੈ ਤੇ ਸਿਆਸਤ ਇਸ ਦੀ ਮੁੱਖ ਕਸੂਰਵਾਰ ਹੈ। ਕਰਾਰੀ ਚੋਟ ਕਰਨ ਲਈ ਹਾਸ ਵਿਅੰਗ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ ਤੇ ਸੋਹਲ ਨੇ ਇਸ ਦਾ ਸੁਚੇਤ ਹੋ ਕੇ ਉਪਯੋਗ ਕੀਤਾ ਹੈ।

ਗੁਰਦਿਆਲ ਰੌਸ਼ਨ
ਮੋ: 99884-44002

ਕਿਸਾਨੀ ਸੰਕਟ
ਬਲਬੀਰ ਪਰਵਾਨਾ ਦੇ ਨਾਵਲਾਂ ਦੇ ਪ੍ਰਸੰਗ 'ਚ
ਲੇਖਿਕਾ : ਰਮਨਦੀਪ ਕੌਰ (ਡਾ.)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 162
ਸੰਪਰਕ : 97793-84383.

ਹਥਲੀ ਪੁਸਤਕ ਬਹੁ-ਵਿਧਾਵੀ ਸਾਹਿਤਕ ਕਿਰਤਾਂ ਦੇ ਸਿਰਜਕ ਬਲਬੀਰ ਪਰਵਾਨਾ ਦੇ ਛੇ ਨਾਵਲਾਂ ਦਾ ਚਿੰਤਨ ਪ੍ਰਗਟ ਕਰਦੀ ਹੈ। ਗੰਭੀਰ ਖੋਜਕਾਰਾ ਰਮਨਦੀਪ ਕੌਰ ਨੇ ਗਹਿਰ ਚੜ੍ਹੀ ਅਸਮਾਨ, ਨਿੱਕੇ ਨਿੱਕੇ ਯੁੱਧ, ਆਪਣੇ ਆਪਣੇ ਮੋਰਚੇ, ਖੇਤਾਂ ਦਾ ਰੁਦਨ, ਅੰਬਰ ਵੱਲ ਉਡਾਨ ਅਤੇ ਕਥਾ ਇਸ ਯੁੱਗ ਦੀ, ਨਾਵਲਾਂ ਨੂੰ ਆਧਾਰ ਬਣਾ ਕੇ ਵੀਹਵੀਂ ਅਤੇ ਇੱਕਵੀਂ ਸਦੀ ਵਿਚ ਕਿਸਾਨੀ ਜਨਜੀਵਨ ਨੇ ਜੋ ਸੰਕਟ ਝੱਲੇ ਹਨ ਅਤੇ ਇਨ੍ਹਾਂ ਸੰਕਟਾਂ ਵਿਚੋਂ ਜੋ ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਸੀ ਅਤੇ ਨੈਤਿਕ ਹਿਲਜੁਲ ਹੋਈ ਹੈ, ਦਾ ਖੂਬ ਵਰਨਣ ਕੀਤਾ ਹੈ। ਭਾਵੇਂ ਕਿ ਬਲਬੀਰ ਪਰਵਾਨਾ ਪੰਜਾਬ ਦੇ ਕੰਢੀ ਖੇਤਰ ਦੇ ਕਿਸਾਨਾਂ, ਕਿਰਤੀਆਂ ਜੋ ਕਿ ਨਿਮਨ ਵਰਗ ਨਾਲ ਸੰਬੰਧਿਤ ਹਨ, ਨੂੰ ਆਧਾਰ ਬਣਾ ਕੇ ਗਲਪ ਜਗਤ ਵਿਚ ਸਥਾਪਤ ਹੋਇਆ ਜਾਪਦਾ ਹੈ ਪ੍ਰੰਤੂ ਇਹ ਸੰਕਟ ਸਮੁੱਚੇ ਪੰਜਾਬ ਦੇ ਕਿਸਾਨੀ ਦੇ ਸੰਕਟ ਨੂੰ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ। ਲੇਖਿਕਾ ਨੇ ਆਪਣੇ ਇਸ ਖੋਜ ਕਾਰਜ ਨੂੰ ਪੇਸ਼ ਕਰਨ ਲਈ ਪੁਸਤਕ ਦੇ ਪੰਜ ਅਧਿਆਇ ਬਣਾਏ ਹਨ। ਪਹਿਲੇ ਅਧਿਆਇ ਵਿਚ ਬਲਬੀਰ ਪਰਵਾਨਾ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਰਚਨਾਵਾਂ ਦਾ ਬਿਓਰਾ ਦਿੱਤਾ ਹੈ। ਇਸ ਉਪਰੰਤ ਪੰਜਾਬ ਦੀ ਕਿਸਾਨੀ ਦੇ ਸੰਕਟ ਤੋਂ ਪਹਿਲਾਂ ਹਰੀ ਕ੍ਰਾਂਤੀ ਕਾਲ ਅਤੇ ਹਰੀ ਕ੍ਰਾਂਤੀ ਕਾਲ ਵਿਚ ਜੋ ਤਬਦੀਲੀਆਂ ਹੋਈਆਂ ਉਨ੍ਹਾਂ ਦੇ ਰੂਪਾਂਤਰਣ ਨੂੰ ਪਛਾਣ ਕੇ ਉਦਾਹਰਨਾਂ ਸਹਿਤ ਪ੍ਰਗਟਾਇਆ ਹੈ। ਇਸ ਉਪਰੰਤ ਸਮੇਂ-ਸਮੇਂ ਜੋ ਆਰਥਿਕ ਨੀਤੀਆਂ ਬਣਦੀਆਂ ਰਹੀਆਂ ਅਤੇ ਉਨ੍ਹਾਂ ਦਾ ਜੋ ਕਿਸਾਨੀ ਜੀਵਨ ਸ਼ੈਲੀ 'ਤੇ ਪ੍ਰਭਾਵ ਪਿਆ, ਦਾ ਉਲੇਖ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੇਖਿਕਾ ਨੇ ਪਰਵਾਨਾ ਦੇ ਤਿੰਨ ਨਾਵਲਾਂ ਖੇਤਾਂ ਦਾ ਰੁਦਨ, ਅੰਬਰ ਵੱਲ ਉਡਾਨ ਅਤੇ ਕਥਾ ਇਸ ਯੁੱਗ ਦੀ, ਦੇ ਆਧਾਰ 'ਤੇ ਪੂੰਜੀਵਾਦੀ ਕਾਰਪੋਰੇਟ ਮਾਡਲਾਂ ਅਤੇ ਜੋ ਜਨਜੀਵਨ ਵਿਚ ਗਿਰਾਵਟ ਆਈ ਹੈ, ਦਾ ਉਲੇਖ ਕੀਤਾ ਹੈ।
ਲੇਖਿਕਾ ਨੇ ਇਨ੍ਹਾਂ ਛੇ ਨਾਵਲਾਂ ਦੇ ਅਧਿਐਨ ਉਪਰੰਤ ਬਲਬੀਰ ਪਰਵਾਨਾ ਦੁਆਰਾ ਪ੍ਰਗਟਾਏ ਵਿਚਾਰਾਂ ਨੂੰ ਪਛਾਣਦਿਆਂ ਹੋਇਆਂ ਕਿਸਾਨਾਂ ਦੀ ਜ਼ਮੀਨਾਂ ਵੇਚਣ ਦੀ ਪ੍ਰਵਿਰਤੀ, ਆਰਥਿਕ ਕਮਜ਼ੋਰੀ ਕਰਕੇ ਲਏ ਕਰਜ਼ਿਆਂ ਦੇ ਦੁਖਾਂਤ, ਕਿਸਾਨਾਂ ਦੁਆਰਾ ਖ਼ੁਦਕਸ਼ੀਆਂ ਕੀਤੇ ਜਾਣ ਅਤੇ ਸੰਕਟ-ਦਰ-ਸੰਕਟ ਝੱਲਣ ਦੀ ਨਿਸ਼ਾਨਦੇਹੀ ਵੀ ਕੀਤੀ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਇਸ਼ਕ ਮੇਰਾ ਸੁਲਤਾਨ
ਲੇਖਕ : ਸ਼ਮੀ ਜਲੰਧਰੀ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99140-42845.

'ਇਸ਼ਕ ਮੇਰਾ ਸੁਲਤਾਨ' ਕਾਵਿ-ਸੰਗ੍ਰਹਿ ਸ਼ਮੀ ਜਲੰਧਰੀ ਦਾ ਸੂਫ਼ੀਆਨਾ ਕਲਾਮ ਦਾ ਲੜੀਬੱਧ ਮਜ਼ਮੂਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਇਸ਼ਕ ਮੇਰਾ ਸੁਲਤਾਨ' ਤੋਂ ਲੈ ਕੇ 'ਮੇਰੇ ਮਗਰੋਂ' ਤੱਕ 53 ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ' A drop ਤੋਂ ਲੈ ਕੇ Unity The Day of... 10 ਕਵਿਤਾਵਾਂ ਨੂੰ ਉਸ ਦੀ ਸਪੁੱਤਰੀ (ਬੇਟੀ) ਰੀਆ ਨੇ ਅੰਗਰੇਜ਼ੀ ਵਿਚ ਅਨੁਵਾਦਿਤ ਕੀਤਾ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਕਾਇਨਾਤ ਦੇ ਹਰ ਜ਼ੱਰੇ-ਜ਼ੱਰੇ ਨੂੰ ਸਮਰਪਿਤ ਕਰਦਿਆਂ ਕਾਦਰ ਅਤੇ ਕੁਦਰਤ ਦੇ ਪਰਸਪਰ ਸੰਬੰਧਾਂ ਦੀਆਂ ਬਾਤਾਂ ਸ਼ਾਇਰਾਨਾ ਅੰਦਾਜ਼ ਵਿਚ ਵਿਅਕਤ ਕੀਤੀਆਂ ਹਨ। ਕੁਦਰਤ ਦੀ ਸਿਰਜਣਾ ਕਰਦਿਆਂ ਕਾਦਰ ਨੇ ਜਿਥੇ ਧਰਤੀ, ਆਕਾਸ਼, ਪਾਤਾਲ, ਪਹਾੜਾਂ, ਝਰਨਿਆਂ, ਨਦੀਆਂ, ਸਾਗਰਾਂ, ਪੌਣਾਂ, ਸੂਰਜਾਂ, ਤਾਰਿਆਂ, ਪੌਣਾਂ, ਖੁਸ਼ਬੂਆਂ ਦੀ ਮਹਿਕ' ਦੀ ਸਿਰਜਣਾ ਕੀਤੀ, ਉਥੇ ਇਨ੍ਹਾਂ ਬਰਕਤਾਂ ਨੂੰ ਮਾਣਨ ਲਈ ਆਦਮ ਅਤੇ ਹਵਾ ਦੀ ਸਿਰਜਣਾ ਕਰਦਿਆਂ : ਮੁਹੱਬਤ/ਨਫ਼ਰਤ, ਵਸਲ/ਵਿਛੋੜਾ, ਦੁੱਖ/ਸੁੱਖ, ਰੱਜ/ਭੁੱਖ, ਲਾਚਾਰੀ/ਬੇਪਰਵਾਹੀ ਜੁਟਾਂ 'ਚ ਵੰਡਦਿਆਂ ਪੂਰੀ ਕਾਇਨਾਤ ਅਤੇ ਖ਼ਲਕਤ ਨੂੰ ਆਹਰੇ ਲਾਈ ਰੱਖਣ ਦੀ ਯੁਕਤ ਰਾਹੀਂ ਇਸ ਸਾਰੇ ਪਸਾਰੇ ਦੀ ਨਾਸ਼ਮਾਨਤਾ ਅਤੇ ਪੁਨਰਸੁਰਜੀਤੀ ਦੇ ਰਾਹੀਂ ਵੀ ਤੋਰ ਦਿੱਤਾ। ਅਜਿਹੇ ਅਹਿਸਾਸ ਕਾਵਿ-ਪਾਠਕ ਇਸ ਸੰਗ੍ਰਹਿ ਵਿਚਲੀਆਂ 'ਮੁਹੱਬਤ ਦੀਆਂ ਕਲਮਾਂ', 'ਹਸ਼ਰ ਤੀਕ', 'ਇਸ਼ਕ ਜੁਲਾਹਾ', 'ਨੂਰ-ਏ-ਅਜ਼ਲ', 'ਇਲਮ ਦਾ ਦੀਵਾ', 'ਬੁਝਾਰਤ', 'ਰੂਹਾਂ ਦੀ ਮਿਜ਼ਰਾਬ', 'ਜ਼ੱਰਾ-ਜ਼ੱਰਾ ਰੰਗਿਆ', 'ਲਫ਼ਜ਼ਾਂ ਦਾ ਸਿਕੰਦਰ', 'ਨੈਣਾਂ ਦੇ ਜੰਗਲ', 'ਤੇਰਾ ਫ਼ਜ਼ਲ', 'ਅਕੀਦਾ', 'ਮਿੱਟੀ', 'ਦਿਲ ਦਾ ਵਿਹੜਾ', 'ਇਸ਼ਕ ਮੁਬਾਰਕ', 'ਮਿੱਟੀ ਦਾ ਘਰ' ਅਤੇ 'ਇਸ਼ਕੇ ਦੇ ਵਿਚ ਲਾਜ਼ਮੀ' ਕਵਿਤਾਵਾਂ 'ਚ ਮਹਿਸੂਸ ਕਰ ਸਕਦਾ ਹੈ। 'ਮੇਰੇ ਮਗਰੋਂ' ਕਵਿਤਾ ਉਸ ਦਾ ਇਕ ਵਸੀਅਤਨਾਮਾ ਹੀ, ਜਿਸ ਵਿਚ ਉਸ ਦੀ ਇੱਛਾ ਹੈ ਕਿ ਸ਼ਬਦਾਂ ਦੀ ਲੋਈ ਹੀ ਉਸ ਦੇ ਆਖ਼ਰੀ ਸਫ਼ਰ ਦੀ ਸਾਥਣ ਬਣੇ।
ਚੌਥੇ ਕੋਨੇ ਤੇ ਬੰਨ੍ਹ ਦੇਣਾ
ਮੇਰੇ ਵਾਂਗਰ ਜੋ ਅਧੂਰੀਆਂ।
ਸਾਰੀ ਹੀ ਉਮਰ ਜਿਨਾਂ ਦੀਆਂ
ਹੋਈਆਂ ਨਾ ਰੀਝਾਂ ਪੂਰੀਆਂ।
ਮਿੱਟੀ ਮੇਰੀ ਦਾ ਦੀਵਾ ਘੜ
ਉਹ ਨਜ਼ਮਾਂ ਮੁੱਢ ਜਗਾ ਦੇਣਾ।
ਮੇਰੇ ਮਗਰੋਂ ਕਬਰ ਮੇਰੀ 'ਤੇ
ਹਰਫ਼ਾਂ ਦੀ ਲੋਈ ਪਾ ਦੇਣਾ।
ਸ਼ਮੀ ਜਲੰਧਰੀ ਦੇ 'ਇਸ਼ਕ ਮੇਰਾ ਸੁਲਤਾਨ' ਦੀ ਆਮਦ 'ਤੇ ਖ਼ੁਸ਼ੀ ਮਹਿਸੂਸ ਕਰਦਾ ਹਾਂ ਅਤੇ ਤਵੱਕੋ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਵੀ ਅਜਿਹਾ ਹੀ ਮਹਿਸੂਸ ਕਰਨਗੇ।

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.

15-05-2022

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਸ਼ਹੀਦੀ ਸਾਕੇ
ਸ੍ਰੀ ਤਰਨ ਤਾਰਨ ਸ੍ਰੀ ਨਨਕਾਣਾ ਸਾਹਿਬ
ਲੇਖਿਕ : ਹਰਵਿੰਦਰ ਸਿੰਘ ਖ਼ਾਲਸਾ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98155-33725.


ਵਿਚਾਰ-ਗੋਚਰੀ ਪੁਸਤਕ ਦੇ ਲੇਖਕ ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ) ਦਾ ਨਾਂਅ ਪੰਥਕ ਸਫ਼ਾਂ ਵਿਚ ਚਰਚਿਤ ਅਤੇ ਜਾਣਿਆ-ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੀ ਜਵਾਨੀ ਦਾ ਵਧੇਰੇ ਸਮਾਂ ਪੰਥਕ ਸੰਘਰਸ਼ਾਂ ਦੇ ਲੇਖੇ ਲਾਇਆ ਹੈ ਅਤੇ ਨਾਲ ਹੀ ਸਿੱਖ ਇਤਿਹਾਸ, ਵਿਰਾਸਤ, ਪਰੰਪਰਾਵਾਂ ਬਾਰੇ ਡੂੰਘੀ ਖੋਜ ਕਰਕੇ 14 ਨਾਯਾਬ ਪੁਸਤਕਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਬੇਬਾਕ ਲੇਖਣੀ ਦੀ ਕਈ ਵਾਰ ਉਨ੍ਹਾਂ ਨੂੰ ਕੀਮਤ ਵੀ ਤਾਰਨੀ ਪਈ ਹੈ। ਉਨ੍ਹਾਂ ਨੇ ਦੋ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ।
ਹਥਲੀ ਪੁਸਤਕ ਉਨ੍ਹਾਂ ਦੀ 15ਵੀਂ ਪੁਸਤਕ ਹੈ, ਜਿਸ ਰਾਹੀਂ ਉਨ੍ਹਾਂ ਸ੍ਰੀ ਦਰਬਾਰ ਸਾਹਿਬ (ਤਰਨ ਤਾਰਨ) ਅਤੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦੀ ਸਾਕਿਆਂ ਦੇ ਪਰਿਪੇਖ ਵਿਚ ਭ੍ਰਿਸ਼ਟ ਨਿਜ਼ਾਮ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਮੁਕਤ ਕਰਾਉਣ ਵਾਲੀ ਲਾਸਾਨੀ ਲਹਿਰ (ਅੰਦੋਲਨ) ਦਾ ਬਹੁਤ ਵਿਸਥਾਰ ਅਤੇ ਬਾਰੀਕਬੀਨੀ ਨਾਲ ਜ਼ਿਕਰ ਕੀਤਾ ਹੈ। ਇਸ ਪੁਸਤਕ ਵਿਚ ਸਮੁੱਚੀ ਜਾਣਕਾਰੀ 13 ਲੇਖਾਂ ਰਾਹੀਂ ਦਿੱਤੀ ਗਈ ਹੈ।
ਪੁਸਤਕ ਦਾ ਪ੍ਰਥਮ ਲੇਖ ਹੈ 'ਗੁਰਦੁਆਰਾ ਪ੍ਰਬੰਧ ਲਹਿਰ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧ'। ਵਿਦਵਾਨ ਲੇਖਕ ਨੇ ਇਤਿਹਾਸਕ ਹਵਾਲੇ ਦੇ ਕੇ ਦੱਸਿਆ ਹੈ ਕਿ ਦੇਸ਼ ਦੀ ਵੰਡ ਤੋਂ ਪੇਸ਼ਤਰ ਇਤਿਹਾਸਕ ਗੁਰਧਾਮਾਂ 'ਤੇ ਮਹੰਤ, ਪੁਜਾਰੀ ਆਦਿ ਕਾਬਜ਼ ਸਨ, ਜਿਹੜੇ ਗੁਰਧਾਮਾਂ ਦੀ ਮਰਯਾਦਾ ਦੇ ਉਲਟ ਅਨਮਤੀ ਅਤੇ ਨਿੰਦਣਯੋਗ ਕਾਰੇ ਕਰਦੇ ਸਨ। ਇਨ੍ਹਾਂ ਨੂੰ ਅੰਗਰੇਜ਼ ਹਕੂਮਤ ਦੀ ਸ਼ਹਿ ਅਤੇ ਸਰਪ੍ਰਸਤੀ ਹਾਸਲ ਸੀ।
'ਸ੍ਰੀ ਦਰਬਾਰ ਸਾਹਿਬ, ਜਿਥੇ ਸਾਂਝੀਵਾਲਤਾ ਦੀ ਗੱਲ ਹੁੰਦੀ ਸੀ, ਉਥੇ ਛੂਤਛਾਤ ਭਾਰੂ ਹੋ ਗਿਆ ਸੀ। ਕਈ ਗੁਰਧਾਮਾਂ ਦੇ ਮਹੰਤ ਸੰਗਤਾਂ, ਖ਼ਾਸ ਕਰ ਧੀਆਂ-ਭੈਣਾਂ ਨਾਲ ਦੁਰਵਿਹਾਰ ਕਰਦੇ।' (ਪੰਨਾ 21)। ਇਸ ਤੋਂ ਅਗਲੇ ਅਧਿਆਇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਦਾ ਬਿਰਤਾਂਤ ਹੈ, ਜਿਸ ਦੀ ਸ਼ੁਰੂਆਤ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵਰਗੇ ਧੜਵੈਲ ਪੰਥਕ ਆਗੂਆਂ ਨੇ ਕੀਤੀ। ਲੰਮੀ ਘਾਲਣਾ ਅਤੇ ਜੱਦੋ-ਜਹਿਦ ਉਪਰੰਤ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ 30 ਅਪ੍ਰੈਲ, 1921 ਨੂੰ ਰਜਿਸਟਰਡ ਸਿੱਖ ਨੁਮਾਇੰਦਾ ਜਥੇਬੰਦੀ ਤਸਲੀਮ ਹੋਈ।
(ਪੰਨਾ 28)
ਤੀਜਾ ਲੇਖ ਸਿੱਖਾਂ ਦੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਬਾ-ਤਫ਼ਸੀਲ ਵਿਵਰਣ ਹੈ। 21 ਮਈ, 1920 ਨੂੰ ਲਾਹੌਰ ਤੋਂ 'ਅਕਾਲੀ' ਅਖ਼ਬਾਰ ਸ਼ੁਰੂ ਹੋਣ ਨਾਲ ਸਿੱਖਾਂ ਲਈ ਰਾਜਸੀ ਜਥੇਬੰਦੀ ਦੇ ਗਠਨ ਦਾ ਮੁੱਢ ਬੱਝਾ।
ਦੂਰ ਹੋਣਗੇ ਦੁਖੜੇ ਸਾਰੇ,
ਵਰਤੇਗੀ ਖੁਸ਼ਹਾਲੀ ਜੇ।
ਅੱਖਾਂ ਖੋਲ੍ਹੋ ਢਿੱਲੜ ਵੀਰੋ,
ਆ ਗਿਆ ਫਿਰ ਅਕਾਲੀ ਜੇ।
(ਅਕਾਲੀ ਅਖ਼ਬਾਰ ਵਿਚ ਛਪੀ ਕਵਿਤਾ 'ਚੋਂ) (ਪੰਨਾ 30)
ਅਨੇਕ ਪੜਾਵਾਂ ਵਿਚੀਂ ਲੰਘਦੀ ਹੋਈ ਤਹਿਰੀਕ ਅਤੇ ਦੀਰਘ ਸੋਚ ਵਿਚਾਰ ਮਗਰੋਂ 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ। (ਪੰਨਾ 34)
ਪੁਸਤਕ ਦੇ ਪੰਜਵੇਂ ਲੇਖ ਦਾ ਉਨਵਾਨ ਹੈ 'ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਪਹਿਲਾ ਸ਼ਹੀਦੀ ਸਾਕਾ ਸ੍ਰੀ ਤਰਨ ਤਾਰਨ ਸਾਹਿਬ।' ਕਾਬਜ਼ ਭ੍ਰਿਸ਼ਟ ਮਹੰਤਾਂ ਤੋਂ ਗੁਰਧਾਮ ਨੂੰ ਆਜ਼ਾਦ ਕਰਾਉਣ ਲਈ ਪੁੱਜੇ ਸ਼ਾਂਤਮਈ ਸਿੰਘਾਂ 'ਤੇ ਮਹੰਤਾਂ, ਪੁਜਾਰੀਆਂ ਦੇ ਹਥਿਆਰਬੰਦ ਗੁੰਡਿਆਂ ਨੇ ਹਮਲਾ ਕੀਤਾ। ਸਿੱਟੇ ਵਜੋਂ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ ਭਾਈ ਹੁਕਮ ਸਿੰਘ ਵਸਾਊਕੋਟ ਸ਼ਹੀਦ ਹੋ ਗਏ। 'ਇਹ ਗੁਰਦੁਆਰਾ ਸੁਧਾਰ ਲਹਿਰ ਦੀਆਂ ਪਹਿਲੀਆਂ ਸ਼ਹੀਦੀਆਂ ਸਨ।' (ਪੰਨਾ 41)
ਅਗਲੇ ਮਹੱਤਵਪੂਰਨ ਲੇਖ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਮਾਰਮਿਕ ਵਿਵਰਣ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਦੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ। ਕਿਵੇਂ ਭਾਈ ਲਛਮਣ ਸਿੰਘ, ਭਾਈ ਦਲੀਪ ਸਿੰਘ ਸਮੇਤ ਅਨੇਕਾਂ ਨਿਹੱਥੇ ਸਿੰਘਾਂ ਨੂੰ ਨਰੈਣੂ ਮਹੰਤ ਦੇ ਹਥਿਆਰਬੰਦ ਟੋਲੇ ਨੇ ਅਣਮਨੁੱਖੀ ਢੰਗ ਨਾਲ ਸ਼ਹੀਦ ਕੀਤਾ। ਓੜਕ ਇਹ ਮੋਰਚਾ ਸਿੰਘਾਂ ਨੇ ਜਿੱਤਿਆ। ਅਗਲਾ ਲੇਖ ਸ਼ਹੀਦ ਸਿੰਘਾਂ ਦੇ ਸਸਕਾਰ ਸੰਬੰਧੀ ਹੈ। ਉਸ ਤੋਂ ਅਗਲੇ ਲੇਖ ਵਿਚ ਸ੍ਰੀ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦ ਸਿੰਘਾਂ ਦਾ ਜ਼ਿਲ੍ਹੇਵਾਰ (ਪੂਰਾ ਵੇਰਵਾ) ਦਰਜ ਹੈ। (ਪੰਨਾ 85 ਤੋਂ ਪੰਨਾ 89 ਤੱਕ)। ਇਕ ਲੇਖ ਦਾ ਸਿਰਲੇਖ ਹੈ 'ਮਹਾਤਮਾ ਗਾਂਧੀ ਅਤੇ ਸਾਕਾ ਨਨਕਾਣਾ ਸਾਹਿਬ'। ਮਹਾਤਮਾ ਗਾਂਧੀ ਵਲੋਂ ਸ਼ਹੀਦਾਂ ਨਮਿੱਤ ਭੋਗ ਸਮੇਂ ਭੇਜੇ ਗਏ ਸ਼ੋਕ ਸੰਦੇਸ਼ ਦੀ ਆਖ਼ਰੀ ਸਤਰ ਧਿਆਨ ਮੰਗਦੀ ਹੈ 'ਕੁਰਬਾਨੀ ਮਹਾਨ ਹੈ। ਕਾਤਲ ਸਾਡੇ ਆਪਣੇ ਹੀ ਲੋਕ ਹਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੁਆਫ਼ ਕਰ ਦੇਈਏ।' (ਪੰਨਾ 95)
ਇਕ ਹੋਰ ਲੇਖ ਵਿਚ ਇਸ ਸਾਕੇ ਲਈ ਕਸੂਰਵਾਰਾਂ ਨੂੰ ਸੁਣਾਈਆਂ ਵੱਖ-ਵੱਖ ਸਜ਼ਾਵਾਂ ਦਾ ਤਫ਼ਸੀਲੀ ਜ਼ਿਕਰ ਹੈ। ਮੁੱਖ ਦੋਸ਼ੀ ਮਹੰਤ ਨਰੈਣੂ ਦੀ ਸਜ਼ਾਏ-ਮੌਤ ਰੱਦ ਕਰ ਦਿੱਤੀ ਗਈ।
(ਪੰਨਾ 100)
ਬਾਕੀ ਦੇ ਲੇਖਾਂ ਦੇ ਉਨਵਾਨ ਹਨ 'ਅੰਗਰੇਜ਼ ਸਰਕਾਰ ਵਲੋਂ ਸਿੱਖਾਂ 'ਤੇ ਤਸ਼ੱਦਦ ਦਾ ਨਵਾਂ ਦੌਰ', 'ਨਨਕਾਣਾ ਸਾਹਿਬ ਦਾ ਸਾਕਾ ਸਮਕਾਲੀ ਕਵੀਆਂ ਦੀ ਕਲਮ ਤੋਂ', 'ਬਾਬਾ ਕਰਤਾਰ ਸਿੰਘ ਬੇਦੀ ਨੂੰ ਪੰਥ ਨੇ ਕਿਵੇਂ ਬਖਸ਼ਿਆ?' ਅਤੇ 'ਸਾਕਾ ਨਨਕਾਣਾ ਸਾਹਿਬ ਦਾ ਮੁੱਖ ਦੋਸ਼ੀ ਮਹੰਤ ਨਾਰਾਇਣ ਦਾਸ।'
ਅੰਤ ਵਿਚ ਚੋਣਵੀਂ ਸਹਾਇਕ ਪੁਸਤਕ ਸੂਚੀ ਅਤੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਸਮੇਤ 22 ਦੁਰਲੱਭ ਤਸਵੀਰਾਂ ਦਰਜ ਹਨ। ਇਸ ਪੁਸਤਕ ਨੂੰ ਜਿਸ ਸ਼ਿੱਦਤ, ਖੋਜ, ਘਾਲਣਾ ਅਤੇ ਬਾਰੀਕਬੀਨੀ ਨਾਲ ਸ. ਖ਼ਾਲਸਾ ਨੇ ਮੁਰੱਤਬ ਕੀਤਾ ਹੈ, ਇਹ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ। ਪੁਸਤਕ ਬੇਸ਼ਕੀਮਤੀ ਇਤਿਹਾਸਕ ਦਸਤਾਵੇਜ਼ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710


ਇਥੋਂ ਸੂਰਜ ਦਿਸਦਾ ਹੈ
ਕਹਾਣੀਕਾਰ : ਜਸਬੀਰ ਕਲਸੀ
ਪ੍ਰਕਾਸ਼ਕ : ਪੰਜ ਆਬ ਪਬਲੀਕੇਸ਼ਨਜ਼, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 81468-13291.


ਧੀਮੀ ਗਤੀ ਪਰ ਪੁਖਤੇ ਪੈਰੀਂ ਕਹਾਣੀ ਸਿਰਜਣ ਵਾਲਾ ਜਸਬੀਰ ਕਲਸੀ 2015-ਔਲੇ ਦਾ ਬੂਟਾ ਮਗਰੋਂ 2021 ਵਿਚ 'ਇਥੋਂ ਸੂਰਜ ਦਿਸਦਾ ਹੈ' ਚੌਥੇ ਕਹਾਣੀ ਸੰਗ੍ਰਹਿ ਦੀਆਂ ਸੱਤ ਕਹਾਣੀਆਂ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਜਸਬੀਰ ਕਲਸੀ ਕਹਾਣੀ ਲਿਖਣ ਦੇ ਨਾਲ-ਨਾਲ ਸਵੈ-ਆਲੋਚਕ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ। ਇਸ ਪੁਸਤਕ ਦੀ ਪ੍ਰਸਤਾਵਨਾ ਵਜੋਂ 'ਕਥਾਪੈਂਡਾ' ਰਾਹੀਂ ਲੇਖਕ ਨੇ ਨਾ ਸਿਰਫ ਆਪਣੀ ਕਥਾ ਯਾਤਰਾ ਅਤੇ ਕਹਾਣੀ ਪੁਸਤਕ ਦੇ ਬੇਸਿਕ ਕਨਸੈਪਟ ਨੂੰ ਹੀ ਸਪੱਸ਼ਟ ਨਹੀਂ ਕੀਤਾ ਸਗੋਂ ਹਥਲੇ ਕਹਾਣੀ ਸੰਗ੍ਰਹਿ ਦੀ ਰਚਨ ਪ੍ਰਕਿਰਿਆ 'ਤੇ ਵੀ ਪੰਛੀ ਝਾਤ ਪੁਆਈ ਹੈ। ਕਹਾਣੀਆਂ ਦੀ ਤਰਤੀਬ ਅਤੇ ਚੋਣ ਬਾਰੇ ਖੁਲਾਸਾ ਕੀਤਾ ਹੈ। ਹਥਲੇ ਸੰਗ੍ਰਹਿ ਵਿਚ ਜਸਬੀਰ ਕਲਸੀ ਦਾ ਕਥਾ ਸੰਸਾਰ ਆਜ਼ਾਦੀ ਦੇ ਮੁਢਲੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵ 'ਚਿੱਟਾ ਤੇਲਾ' ਰਾਹੀਂ ਪ੍ਰਗਟ ਹੋਏ ਹਨ। ਵਾਤਾਵਰਨ ਦਾ ਪ੍ਰਦੂਸ਼ਣ ਦੀ ਵਿਅਥਾ 'ਪਵਣੁ ਗੁਰੂ ਦਾ ਦੇਸ਼' ਰਾਹੀਂ ਸੁਣਾਈ ਗਈ ਹੈ। ਵਹੀਰਾਂ ਘੱਤ ਕੇ ਵਿਦੇਸ਼ਾਂ ਵੱਲ ਤੁਰੀ ਪੰਜਾਬ ਦੀ ਜਵਾਨੀ ਅਤੇ ਬ੍ਰੇਨ ਡਰੇਨ ਦੀ ਸਮੱਸਿਆ ਨੂੰ ਵੱਡਾ ਜੋਗੀ 'ਕਮੀ' ਦੱਸਿਆ ਗਿਆ ਹੈ। 'ਬਲੱਡ ਮੈਰਿਜ' ਪੜ੍ਹਦਿਆਂ ਰਾਹੁਲ ਸਾਂਕ੍ਰਤਾਇਨ ਦੀ 'ਵੋਲਗਾ ਸੇ ਗੰਗਾ ਤੱਕ' ਦੀ ਮੁਢਲੇ ਆਦਮ ਦੀ ਕਥਾ ਚੇਤੇ ਆਉਣ ਲਗਦੀ ਹੈ। ਇੰਜ ਹੀ 'ਦਿੱਲੀ ਵਾਇਆ ਸਿੰਘੂ ਬਾਰਡਰ' ਲਾਸਾਨੀ ਕਿਸਾਨੀ ਘੋਲ 'ਤੇ ਆਧਾਰਿਤ ਹੈ ਅਤੇ ਇਸ ਘੋਲ ਦੇ ਵੱਖੋ-ਵੱਖਰੇ ਕੋਣਾਂ ਤੋਂ ਇਸ ਸੰਘਰਸ਼ 'ਤੇ ਦ੍ਰਿਸ਼ਟੀਪਾਤ ਕਰਾਉਂਦੀ ਹੈ। ਇਨ੍ਹਾਂ ਕਹਾਣੀਆਂ ਦੇ ਪਾਠ ਤੋਂ ਜਸਬੀਰ ਕਲਸੀ ਦੀ ਪੰਜਾਬੀ ਪੇਂਡੂ ਜਨਜੀਵਨ ਬਾਰੇ ਖੁਰਦਬੀਨੀ ਸਮਝ ਅਤੇ ਪੀਡੀਆਂ ਤੰਦਾਂ ਦੀ ਜਾਣਕਾਰੀ ਦਾ ਪਤਾ ਲਗਦਾ ਹੈ। ਉਸ ਨੂੰ ਸਿਆਸੀ ਦਾਅ ਪੇਚਾਂ ਦੀ ਸਮਝ ਵੀ ਹੈ। ਲੇਖਕ ਨੇ ਸਮਕਾਲੀ ਵਰਤਾਰਿਆਂ ਨੂੰ ਵਿਸ਼ਲੇਸ਼ਣਾਤਮਿਕ ਢੰਗ ਨਾਲ ਪੇਸ਼ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਕਹਾਣੀ ਵਿਚ ਰੌਚਕਤਾ, ਤਣਾਅ ਅਤੇ ਦਵੰਦ ਵੀ ਲੋੜੀਂਦੀ ਮਾਤਰਾ 'ਚ ਉਸਾਰੇ ਗਏ ਹਨ। ਭਾਸ਼ਾ ਮਲਵਈ ਟੱਚ ਵਾਲੀ ਹੈ। ਲੇਖਕ ਨੇ ਅਲੱਗ-ਅਲੱਗ ਕਹਾਣੀਆਂ ਵਿਚ ਨਵੀਆਂ ਕਥਾ ਜੁਗਤਾਂ ਦਾ ਪ੍ਰਯੋਗ ਵੀ ਕੀਤਾ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਸੰਘਰਸ਼ਸ਼ੀਲ, ਅਗਾਂਹਵਧੂ, ਤਾਰਕਿਕ ਸੋਚ ਵਾਲੇ ਹਨ। ਵਾਤਾਵਰਨ ਚਿਤਰਨ ਕਹਾਣੀਆਂ ਵਿਚੋਂ ਮੰਜ਼ਰਕਸ਼ੀ ਪੈਦਾ ਕਰਦਾ ਹੈ। 'ਇਥੋਂ ਸੂਰਜ ਉੱਗਦਾ ਹੈ' ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੂੰਹ ਬੋਲਦੀ ਤਸਵੀਰ ਹਨ।


ਡਾ. ਧਰਮਪਾਲ ਸਾਹਿਲ
ਮੋ: 98761-56964


ਅੱਠਵੇਂ ਰੰਗ ਦੀ ਤਲਾਸ਼
ਸ਼ਾਇਰਾ : ਜਸਪ੍ਰੀਤ ਕੌਰ ਫ਼ਲਕ
ਪ੍ਰਕਾਸ਼ਕ : ਕਥਾ ਕਾਰਵਾਂ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 470 ਰੁਪਏ, ਸਫ਼ੇ : 124
ਸੰਪਰਕ : 96468-63733.


ਜਸਪ੍ਰੀਤ ਕੌਰ ਫ਼ਲਕ ਮੂਲ ਰੂਪ ਵਿਚ ਹਿੰਦੀ ਭਾਸ਼ੀ ਇਲਾਕੇ ਨਾਲ ਜੁੜੀ ਹੋਈ ਸ਼ਾਇਰਾ ਹੈ, ਜਿਸ ਨੇ ਪੰਜਾਬੀ ਵਿਚ ਥੋੜ੍ਹਾ ਪਛੜ ਕੇ ਲਿਖਣਾ ਸ਼ੁਰੂ ਕੀਤਾ ਹੈ। ਉਸ ਦੇ ਦੋ ਹਿੰਦੀ ਕਾਵਿ ਸੰਗ੍ਰਹਿ ਪਹਿਲਾਂ ਹੀ ਛਪ ਚੁੱਕੇ ਹਨ ਤੇ ਉਨ੍ਹਾਂ 'ਚੋਂ 'ਚੁੱਪ ਕਾ ਗੀਤ' ਦਾ ਪੰਜਾਬੀ ਸਮੇਤ ਤਿੰਨ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। 'ਅੱਠਵੇਂ ਰੰਗ ਦੀ ਤਲਾਸ਼' ਫ਼ਲਕ ਦਾ ਪਹਿਲਾ ਪੰਜਾਬੀ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਖੁੱਲ੍ਹੀਆਂ ਨਜ਼ਮਾਂ, ਛੰਦ ਬੰਦ ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਿਲ ਹਨ। ਇਸ ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਜਸਪ੍ਰੀਤ ਕੌਰ ਫ਼ਲਕ ਨੂੰ ਦੁਨੀਆ ਦੇ ਰੰਗ ਮਹਿਲ ਦਾ ਕੋਈ ਵੀ ਰੰਗ ਰਾਸ ਨਹੀਂ ਆਇਆ ਤੇ ਉਹ ਕਿਸੇ ਅੱਠਵੇਂ ਰੰਗ ਦੀ ਤਲਾਸ਼ ਵਿਚ ਹੈ ਜੋ ਉਸ ਦੀ ਰੂਹ ਦੇ ਹਾਣ ਦਾ ਹੋਵੇ। ਕਿਸੇ ਵੀ ਔਰਤ ਨੂੰ ਮਰਦ ਪ੍ਰਧਾਨ ਦੁਨੀਆ ਵਿਚ ਵਿਚਰਦਿਆਂ ਕੁਝ ਅਜਿਹੇ ਅਨੁਭਵ ਹਾਸਲ ਹੁੰਦੇ ਹਨ, ਜਿਨ੍ਹਾਂ ਦਾ ਬਹੁਤਾ ਕਰਕੇ ਨਾ ਪ੍ਰਗਟਾਵਾ ਕੀਤਾ ਜਾਂਦਾ ਹੈ ਤੇ ਉਹ ਉਸ ਨੂੰ ਹਜ਼ਮ ਵੀ ਨਹੀਂ ਹੁੰਦੇ। ਇਨ੍ਹਾਂ ਅਨੁਭਵਾਂ ਨੂੰ ਜਦੋਂ ਕਿਸੇ ਕਲਮ ਦੀ ਛੂਹ ਮਿਲਦੀ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣਦੇ ਹਨ। ਸ਼ਾਇਰੀ ਦੀ ਵਿਧਾ ਅਜਿਹੇ ਪ੍ਰਗਟਾਵੇ ਲਈ ਸਭ ਤੋਂ ਵੱਧ ਢੁਕਵੀਂ ਹੈ ਤੇ ਇਸੇ ਵਿਧਾ ਨੂੰ ਅਪਣਾ ਕੇ ਫ਼ਲਕ ਵਰਗੀ ਸ਼ਾਇਰਾ ਆਪਣੀ ਪਛਾਣ ਬਣਾਉਂਦੀ ਹੈ। 'ਅੱਠਵੇਂ ਰੰਗ ਦੀ ਤਲਾਸ਼' ਦੀਆਂ ਬਹੁਤੀਆਂ ਰਚਨਾਵਾਂ ਨਾ ਮਹਿਜ਼ ਔਰਤ ਦੇ ਅੰਦਰਲੀ ਖ਼ਾਮੋਸ਼ੀ ਨੂੰ ਜ਼ਬਾਨ ਦਿੰਦੀਆਂ ਹਨ ਸਗੋਂ ਉਹ ਜੂਝਣ ਲਈ ਉੱਪਰ ਵੱਲ ਉੱਠੀਆਂ ਹੋਈਆਂ ਬਾਹਾਂ ਵੀ ਪ੍ਰਤੀਤ ਹੁੰਦੀਆਂ ਹਨ। ਪੰਜਾਬੀ ਸਾਹਿਤ ਵਿਚ ਆਪਣੇ ਮੁਢਲੇ ਸਫ਼ਰ ਵਿਚ ਹੀ ਸ਼ਾਇਰਾ ਦੀ ਇਹ ਪ੍ਰਾਪਤੀ ਅਣਗੌਲੀ ਨਹੀਂ ਕੀਤੀ ਜਾ ਸਕਦੀ। ਫ਼ਲਕ ਦੀਆਂ ਖੁੱਲ੍ਹੀਆਂ ਨਜ਼ਮਾਂ ਬੋਝਲ ਨਾ ਹੋ ਕੇ ਸਰਲ ਭਾਸ਼ਾ ਵਿਚ ਹਨ ਤੇ ਇਨ੍ਹਾਂ ਦੇ ਅੰਤ ਪ੍ਰਸ਼ਨ-ਚਿੰਨ੍ਹ ਬਣਦੇ ਹਨ। ਜਸਪ੍ਰੀਤ ਕੌਰ ਫ਼ਲਕ ਦਾ ਪੰਜਾਬੀ ਅਦਬ ਵਿਚ ਭਾਵੇਂ ਨਵਾਂ ਪ੍ਰਵੇਸ਼ ਹੈ ਪਰ ਇਹ ਹੈ ਸੰਭਾਵਨਾਵਾਂ ਭਰਪੂਰ ਤੇ ਚਕਾਚੌਂਧ ਵਾਲਾ। ਇਸ ਚਕਾਚੌਂਧ ਵਿਚ ਝਿਲਮਿਲ ਵੀ ਹੈ ਤੇ ਕਈ ਜਗ੍ਹਾ ਧੁੰਦਲਕਾ ਵੀ। ਪੰਜਾਬੀ ਵਿਚ ਗ਼ਜ਼ਲ ਦਾ ਸਰੂਪ ਪਹਿਲਾਂ ਵਾਲਾ ਨਹੀਂ ਰਿਹਾ ਤੇ ਵਕਤ ਦੇ ਨਾਲ ਗ਼ਜ਼ਲਕਾਰੀ ਵੀ ਬਦਲੀ ਹੈ ਤੇ ਗ਼ਜ਼ਲਕਾਰ ਵੀ। ਜਸਪ੍ਰੀਤ ਕੌਰ ਫ਼ਲਕ ਨੂੰ ਨਾ ਕੇਵਲ ਇਸ ਬਦਲਾਓ ਦੇ ਨਾਲ-ਨਾਲ ਚੱਲਣਾ ਹੋਵੇਗਾ ਸਗੋਂ ਅੱਗੇ ਨਿਕਲਣਾ ਪਵੇਗਾ। 'ਅੱਠਵੇਂ ਰੰਗ ਦੀ ਤਲਾਸ਼' ਪੁਸਤਕ ਨੂੰ ਬਹੁਤ ਰੀਝਾਂ ਨਾਲ ਛਾਪਿਆ ਗਿਆ ਹੈ ਤੇ ਮੈਨੂੰ ਆਸ ਹੈ ਪਾਠਕਾਂ ਵਲੋਂ ਇਸ ਨੂੰ ਰੀਝਾਂ ਨਾਲ ਹੀ ਪੜ੍ਹਿਆ ਜਾਵੇਗਾ।


ਗੁਰਦਿਆਲ ਰੌਸ਼ਨ
ਮੋ: 99884-44002


ਚੜ੍ਹਦੇ ਸੂਰਜ ਦੀ ਲਾਲੀ
ਸੰਪਾਦਕ : ਬਲਵੀਰ ਕੌਰ ਰੀਹਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 94643-30803.


ਚੜ੍ਹਦੇ ਸੂਰਜ ਦੀ ਲਾਲੀ ਨਵੀਆਂ ਕਲਮਾਂ ਦੀ ਸਿਰਜਣਾ ਹੈ। ਬਲਬੀਰ ਕੌਰ ਰੀਹਲ ਜੋ ਮੁਢਲੇ ਤੌਰ 'ਤੇ ਇਕ ਕਹਾਣੀਕਾਰਾ ਹੈ, ਨੇ ਆਪਣੇ ਯਤਨਾਂ ਨਾਲ ਬਲਬੀਰ ਕੌਰ ਰੀਹਲ ਸਾਹਿਤ ਸਕੂਲ ਦੇ ਕਵੀਆਂ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਕੇ ਸੰਗ੍ਰਹਿ ਦਾ ਰੂਪ ਦਿੱਤਾ ਹੈ।
ਇਸ ਕਾਵਿ ਸੰਗ੍ਰਹਿ ਵਿਚ ਮੁਹੱਬਤ ਮੀਤ, ਐਵੀਨੀਤ, ਅਨੁਰਾਧਾ, ਸੁਖਮਨ ਸਿੰਘ, ਮਨਦੀਪ ਗੌਤਮ, ਮਨਵੀਰ ਕੌਰ, ਹਰਕੰਵਲ ਸਿੰਘ, ਰਜਮੀਤ ਕੌਰ, ਦੀਪਕਾ, ਮਨਦੀਪ ਸਿੰਘ ਅਤੇ ਗੁਰਿੰਦਰ ਮਹਿਮੀ ਦੀਆਂ ਰਚਨਾਵਾਂ ਸ਼ਾਮਿਲ ਹਨ। ਪੁੰਗਰਦੀਆਂ ਕਲਮਾਂ ਦੇ ਨਾਂਅ ਸਮਰਪਿਤ ਇਹ ਕਾਵਿ ਪੁਸਤਕ ਪੰਜ ਕਵਿੱਤਰੀਆਂ, ਛੇ ਕਵੀਆਂ ਦੇ ਮਨੋਭਾਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਦੀ ਹੈ। ਕੁਝ ਕਵੀਆਂ ਵਿਚ ਹਾਲੇ ਕਾਵਿਕ ਪਕਿਆਈ ਨਹੀਂ ਹੈ ਪਰ ਕੁਝ ਕਲਮਾਂ ਵਿਚ ਵਿਚਾਰਾਂ ਦੀ ਪਰਿਪੱਕਤਾ ਹੈ ਤੇ ਕਾਵਿਕ ਸਮਝ ਵੀ ਹੈ। ਮੁਹੱਬਤ ਮੀਤ ਦੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਜੀਵਨ ਸੰਵੇਦਨਾ ਤੇ ਸੂਖਮਤਾ ਦਾ ਪ੍ਰਗਟਾਵਾ ਹਨ :
ਕਿਸੇ ਜਨਮ ਮੇਰੀ
ਤਪੱਸਿਆ ਭੰਗ ਹੋਈ ਸੀ
ਜਦੋਂ ਕਿਸੇ ਰਿਸ਼ੀ ਦੀ
ਤਪੱਸਿਆ 'ਚ ਵਿਘਨ ਪੈਂਦਾ ਏ
ਤਾਂ ਉਹ ਕਵੀ ਹੋ ਜਾਂਦਾ ਏ...।
ਇਸੇ ਪ੍ਰਕਾਰ ਅਨੁਰਾਧਾ ਅਤੇ ਐਵੀਨੀਤ ਨਾਰੀ ਜਜ਼ਬਿਆਂ ਦੀ ਪੇਸ਼ਕਾਰੀ ਕਰਨ ਵਾਲੀਆਂ ਗੰਭੀਰ ਵਿਚਾਰਾਂ ਵਾਲੀਆਂ ਕਵਿੱਤਰੀਆਂ ਹਨ।
ਮੈਨੂੰ ਸਮੇਂ ਦੀਆਂ ਬੇੜੀਆਂ 'ਚ
ਨਾ ਸਮੇਟ ਪਾਉਗੇ
ਮੈਂ ਤਾਂ ਹਵਾਵਾਂ ਦੇ ਰੁਖ਼
ਬਦਲਣ 'ਚ ਮਗਰੂਰ ਹਾਂ। (ਅਨੁਰਾਧਾ)
ਸੁਖਮਨ ਸਿੰਘ, ਮਨਦੀਪ ਗੌਤਮ ਅੰਦਰ ਵੀ ਖਿਆਲਾਂ ਦੀ ਡੂੰਘਾਈ ਹੈ। ਉਹ ਵਰਤਮਾਨ ਮਨੁੱਖ ਦੀ ਆਪਣੇ ਅੰਦਰ ਸਿਮਟ ਜਾਣ ਦੀ ਮਜਬੂਰੀ ਅਤੇ ਬਾਹਰੀ ਜਗਤ ਤੋਂ ਟੁੱਟਣ ਦੀ ਭਾਵਨਾ ਦਾ ਬਿਆਨ ਸੱਭਿਆਚਾਰਕ ਪ੍ਰਸੰਗ ਵਿਚ ਵੀ ਕਰਦੇ ਹਨ।
ਬਸ ਮੈਂ ਤੂੰ ਮੇਰੀ ਤਨਹਾਈ ਨੇ
ਇਕੱਲਿਆਂ ਹੀ ਰਹਿ ਜਾਣਾ
(ਸੁਖਮਨ ਸਿੰਘ)
ਤੀਰਾਂ ਨਾਲੋਂ ਗਹਿਰੇ ਜ਼ਖ਼ਮ ਨੇ ਬੋਲਾਂ ਦੇ
ਜ਼ਖ਼ਮਾਂ ਉੱਤੇ ਲੂਣ ਕਦੇ ਨਾ ਪਾਈਏ।
(ਐਮ. ਗੌਤਮ)
ਮਨਵੀਰ ਦੀਆਂ ਕਵਿਤਾਵਾਂ ਵੀ ਸਲਾਹੁਣਯੋਗ ਹਨ। ਅਲਫ਼ਾਜ਼ ਨਹੀਂ ਰੁਕਦੇ ਰਾਹੀਂ ਉਹ ਕਾਵਿਕ ਮਨ ਦਾ ਪ੍ਰਗਟਾਵਾ ਕਰ ਜਾਂਦੀ ਹੈ। ਹਰਕੰਵਲ ਸਿੰਘ ਨੇ ਕਿਸਾਨੀ ਸੰਘਰਸ਼, ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਪ੍ਰੋੜ੍ਹ ਰਚਨਾਵਾਂ ਕੀਤੀਆਂ ਹਨ। ਰਜਮੀਤ ਕੌਰ ਨੇ ਸੱਭਿਆਚਾਰਕ ਮੋਹ ਅਤੇ ਪਰੰਪਰਾਵਾਂ ਨੂੰ ਸੰਭਾਲਣ ਲਈ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸਮਝਣ ਲਈ ਪ੍ਰੇਰਿਆ ਹੈ। ਦੀਪਿਕਾ ਨੇ ਪਰਵਾਸ ਹੰਢਾਉਂਦੇ ਮਨ ਦੇ ਭਾਵਾਂ ਨੂੰ ਜ਼ਬਾਨ ਦਿੱਤੀ ਹੈ
ਮੈਂ ਇਕ ਉੱਡਦਾ ਪੰਛੀ ਹਾਂ,
ਬੈਠਾ ਦੂਰ ਦੁਰਾਡੇ ਜਾ ਕੇ
ਆਪਣਿਆਂ ਤੋਂ ਦੂਰ ਹਾਂ ਬੈਠਾ,
ਗ਼ੈਰਾਂ ਨਾਲ ਸਾਂਝ ਪਾ ਕੇ।
ਮਨਦੀਪ ਸਿੰਘ ਨੇ ਵਿਦੇਸ਼ਾਂ ਵਿਚ ਜਾ ਰਹੀ ਨਵੀਂ ਪੀੜ੍ਹੀ ਦੀਆਂ ਮਜਬੂਰੀਆਂ ਬਾਰੇ ਦੱਸਿਆ ਹੈ। ਨਾਲ ਹੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਵਿਚ ਆਈਆਂ ਮਾਰੂ ਤਬਦੀਲੀਆਂ ਦਾ ਜ਼ਿਕਰ ਵੀ ਕੀਤਾ ਹੈ। ਗੁਰਿੰਦਰ ਮਹਿਮੀ ਨੇ ਰਿਸ਼ਤਿਆਂ ਵਿਚ ਮਾਂ ਦੇ ਰਿਸ਼ਤੇ ਦੀ ਉੱਤਮਤਾ ਅਤੇ ਸੰਵੇਦਨਾ ਸੰਬੰਧੀ ਬੜੀ ਭਾਵਪੂਰਤ ਰਚਨਾ ਲਿਖੀ ਹੈ। ਉਸ ਨੇ ਕੁਝ ਰੁਮਾਂਟਿਕ ਭਾਵ ਵੀ ਪ੍ਰਗਟਾਏ ਹਨ।
ਸਮੁੱਚੇ ਤੌਰ 'ਤੇ ਚੜ੍ਹਦੇ ਸੂਰਜ ਦੀ ਲਾਲੀ ਕਾਵਿ ਪੁਸਤਕ ਨਵੀਆਂ ਕਲਮਾਂ ਨੂੰ ਬਲਬੀਰ ਕੌਰ ਰੀਹਲ ਵਲੋਂ ਦਿੱਤੀ ਗਈ ਹੱਲਾਸ਼ੇਰੀ ਹੈ, ਜਿਸ ਵਿਚ ਸੰਪਾਦਕਾ ਨੇ ਨੌਜਵਾਨ ਕਵੀ/ਕਵਿੱਤਰੀ ਦੀਆਂ ਰਚਨਾਵਾਂ ਨੂੰ ਸਮੇਟਿਆ ਹੈ। ਪੁਸਤਕ ਲਈ ਮੁਬਾਰਕਬਾਦ!


-ਪ੍ਰੋ. ਕੁਲਜੀਤ ਕੌਰ।


ਪ੍ਰੀਭਾਸ਼ਾ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98141-01312.


ਸ਼ਾਇਰਾ ਇੰਦਰਜੀਤ ਕੌਰ ਸਿੱਧੂ ਆਪਣੀ 20ਵੀਂ ਕਿਤਾਬ 'ਪ੍ਰੀਭਾਸ਼ਾ' ਤੋਂ ਪਹਿਲਾਂ ਵੀ 6 ਕਹਾਣੀ ਸੰਗ੍ਰਹਿ, 8 ਕਾਵਿ-ਸੰਗ੍ਰਹਿ, ਇਕ ਸਵੈ-ਜੀਵਨੀ, 3 ਵਾਰਤਕ ਪੁਸਤਕਾਂ ਤੇ ਆਪਣੀ ਸਮੁੱਚੀ ਕਵਿਤਾ ਦੀ ਕਿਤਾਬ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਸਰੀ, ਬੀ.ਸੀ. (ਕੈਨੇਡਾ) ਵਿਖੇ ਰਹਿ ਰਹੀ ਹੈ। ਕੈਨੇਡਾ ਵਿਖੇ ਵੱਖ-ਵੱਖ ਕੌਮੀਅਤਾਂ, ਨਸਲਾਂ ਤੇ ਮਜ਼੍ਹਬਾਂ ਦੇ ਲੋਕ ਰਹਿੰਦੇ ਹਨ।
ਅਜਿਹੀਆਂ ਕੌਮੀਅਤਾਂ ਵਿਚ ਰਹਿ ਕੇ ਗਲੋਬਲ ਚੇਤਨਾ ਦੀ ਧਾਰਨੀ ਹੋਣਾ ਤਾਂ ਸੁਭਾਵਿਕ ਹੀ ਹੈ। ਸੱਤ ਸਮੁੰਦਰੋਂ ਪਾਰ ਜਾ ਕੇ ਵੀ ਪੰਜਾਬੀ ਸ਼ਾਇਰੀ ਦੀ ਧੂਣੀ ਧੁਖਾਉਣਾ ਤਾਂ ਪੰਜਾਬੀ ਅਦਬ ਲਈ ਧੰਨਭਾਗ ਹੀ ਕਿਹਾ ਜਾ ਸਕਦਾ ਹੈ। ਏਨੀ ਦੂਰ ਰਹਿ ਕੇ ਵੀ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦੇ ਸਰੋਕਾਰਾਂ ਦੀ ਫ਼ਿਕਰਮੰਦੀ ਕਰਨੀ ਇਸ ਸੰਵੇਦਨਸ਼ੀਲ ਸ਼ਾਇਰਾ ਦੇ ਹਿੱਸੇ ਆਈ ਹੈ। ਸ਼ਾਇਰਾ ਬਹੁ-ਅੱਯਾਮੀ ਸਰੋਕਾਰਾਂ ਦੀ ਫ਼ਿਕਰਮੰਦੀ ਤਾਂ ਕਰਦੀ ਹੈ ਪਰ ਵਿਸ਼ੇਸ਼ ਕਰਕੇ ਉਸ ਦੀ ਫ਼ਿਕਰਮੰਦੀ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਹੈ। ਸ਼ਾਇਰਾ ਨੇ ਆਪਣੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਇਹ ਜਾਣ ਲਿਆ ਹੈ ਕਿ ਬਹੁਗਿਣਤੀ ਦੀ ਆੜ ਹੇਠ ਭਗਵਾਂ ਬ੍ਰਿਗੇਡ ਜਿਸ ਤਰ੍ਹਾਂ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਤੇ ਉਨ੍ਹਾਂ ਦੇ ਹੱਥ ਰਿਮੋਰਟ ਕੰਟਰੋਲ ਫੜਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆ ਕੇ ਉਨ੍ਹਾਂ ਦੇ ਹੀ ਖੇਤਾਂ ਵਿਚ ਉਨ੍ਹਾਂ ਨੂੰ ਘਸਿਆਰੇ ਬਣਾਉਣ ਦੀਆਂ ਜੋ ਮੋਦੀ ਸਰਕਾਰ ਸਾਜਿਸ਼ਾਂ ਰਚ ਰਹੀ ਹੈ, ਉਸ ਪ੍ਰਤੀ ਕਿਸਾਨ ਜਾਗਰੂਕ ਹਨ ਤੇ ਉਨ੍ਹਾਂ ਨੂੰ ਆਪਣੇ ਦੁਸ਼ਮਣ ਦੀ ਪਛਾਣ ਹੋ ਗਈ ਹੈ। ਤਾਹੀਓਂ ਤਾਂ ਉਹ ਗਰਮੀ-ਸਰਦੀ ਦੇ ਮੌਸਮਾਂ ਦੀ ਮਾਰ ਝੱਲਦਿਆਂ ਸਰਕਾਰੀ ਰੁਕਾਵਟਾਂ ਨੂੰ ਦੂਰ ਕਰਕੇ ਦਿੱਲੀ ਦੀਆਂ ਬਰੂਹਾਂ 'ਤੇ ਆਪਣੀਆਂ ਫ਼ਸਲਾਂ ਤੇ ਨਸਲਾਂ ਦੀ ਰਾਖੀ ਲਈ ਬੈਠੇ ਹਨ।
ਸ਼ਾਇਰਾ ਨੂੰ ਪੂਰੀ ਉਮੀਦ ਹੈ ਕਿ ਕਿਸਾਨ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਜਿੱਤ ਕੇ ਪਰਚਮ ਲਹਿਰਾਉਂਦੇ ਆਪਣੇ ਘਰਾਂ ਨੂੰ ਪਰਤਣਗੇ। ਸ਼ਾਇਰਾ ਕਹਿੰਦੀ ਹੈ ਕਿ ਜਿਸ ਨੂੰ ਗੰਗਾ ਪਵਿੱਤਰ ਨਦੀ ਕਿਹਾ ਜਾਂਦਾ ਹੈ, ਉਥੇ ਕੋਰੋਨਾ ਕਾਲ ਦੌਰਾਨ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਤੈਰ ਰਹੀਆਂ ਲਾਸ਼ਾਂ ਗੰਗਾ ਨੂੰ ਪਲੀਤ ਕਰ ਰਹੀਆਂ ਹਨ। ਉਹ ਮਜ਼੍ਹਬ ਦੇ ਠੇਕੇਦਾਰਾਂ ਦੇ ਬਖੀਏ ਉਧੇੜਦੀ ਹੋਈ ਮੋਦੀ 'ਤੇ ਤਨਜ਼ ਦੇ ਨਸ਼ਤਰ ਚਲਾਉਂਦਿਆਂ ਆਖਦੀ ਹੈ ਕਿ ਮੋਦੀ ਚੌਕੀਦਾਰ ਨਹੀਂ ਚੋਬਦਾਰ ਹੈ ਜੋ 10 ਲੱਖ ਦਾ ਸੂਟ ਪਾ ਕੇ ਮੋਦੀ ਭਗਤ ਹੋਣ ਦੀ ਨੌਟੰਕੀ ਕਰ ਰਿਹਾ ਹੈ।
ਉਹ ਸਮਕਾਲੀ ਸਮਾਜ ਨੂੰ ਪਿਤਰਕੀ ਸੱਤਾ ਦੀ ਹੈਂਕੜ ਵਿਚ ਇਸਤਰੀ ਨੂੰ ਅਬਲਾ ਕਹਿਣ ਨੂੰ ਵੰਗਾਰਦੀ ਹੈ। ਸਰਕਾਰੀ ਵਜ਼ੀਫ਼ੇ ਦੀ ਝਾਕ ਰੱਖਣ ਵਾਲੇ ਕਲਮਕਾਰਾਂ 'ਤੇ ਲਾਹਣਤਾ ਦੀ ਵਾਛੜ ਮਾਰਦੀ ਹੈ। ਉਹ ਅੱਜ ਦੇ ਚੱਲ ਰਹੇ ਮਹਾਂਭਾਰਤ ਵਿਚ ਸਮੇਂ ਦੇ ਅਰਜਨਾਂ ਤੋਂ ਉਮੀਦ ਰੱਖਦੀ ਹੈ ਕਿ ਮੱਛੀ ਦੀ ਅੱਖ ਵੱਲ ਨਿਸ਼ਾਨਾ ਸਾਧ ਲੈਣ। ਸ਼ਾਇਰਾ ਦੇ ਆਧੁਨਿਕ ਭਾਵ ਬੋਧ ਤੇ ਕਾਵਿ-ਸ਼ਿਲਪ ਨੂੰ ਸਲਾਮ ਤਾਂ ਕਹਿਣਾ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254

14-05-2022

 ਪਾਕਿਸਤਾਨੀ ਕਲਾਸਿਕ ਉਰਦੂ ਕਹਾਣੀਆਂ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98148-03254.

ਕਹਾਣੀਕਾਰ ਜਿੰਦਰ ਨੇ ਇਸ ਪੁਸਤਕ ਵਿਚ 11 ਪਾਕਿਸਤਾਨੀ ਉਰਦੂ ਕਹਾਣੀਆਂ ਸੰਗ੍ਰਹਿਤ ਕੀਤੀਆਂ ਹਨ। ਕਹਾਣੀਆਂ ਹਿੰਦੀ ਤੋਂ ਅਨੁਵਾਦ ਹੋਈਆਂ ਹਨ। ਸੰਪਾਦਕ ਲਈ ਕਹਾਣੀਆਂ ਦੀ ਚੋਣ ਕਰਨੀ ਔਖਾ ਕੰਮ ਸੀ, ਕਿਉਂਕਿ ਉਸ ਕੋਲ 150-200 ਕਹਾਣੀਆਂ ਸਨ। ਇਹ ਸਾਰੇ ਕਹਾਣੀਕਾਰ ਪਾਕਿਸਤਾਨ ਦੇ ਹਨ। ਪਰ ਕੁਝ ਸਾਹਿਤਕਾਰ ਇਧਰਲੇ ਪੰਜਾਬ ਦੇ ਜੰਮਪਲ ਹਨ। ਦੇਸ਼ ਵੰਡ ਵੇਲੇ ਪਾਕਿਸਤਾਨ ਵਿਚ ਚਲੇ ਗਏ ਸੀ। ਕਈ ਕਈ ਪੁਸਤਕਾਂ ਦੇ ਰਚਨਹਾਰ ਹਨ। ਸਆਦਤ ਹਸਨ ਮੰਟੋ (ਖੋਲ੍ਹ ਦਿਓ) ਸਮਰਾਲੇ ਦਾ ਜੰਮਪਲ ਹੈ। ਮੁਮਤਾਜ਼ ਮੁਫਤੀ (ਸਮੇਂ ਦਾ ਬੰਨ੍ਹਣ) ਗੁਰਦਾਸਪੁਰ ਤੋਂ, ਗੁਲਾਮ ਅੱਬਾਸ (ਆਨੰਦੀ) ਅੰਮ੍ਰਿਤਸਰ, ਆਗਾ ਬਾਬਰ ਬਟਾਲਾ (ਗੁਲਾਬਦੀਨ ਡਾਕੀਆ), ਬਾਨੋ ਕੁਦਸੀਆ ਫਿਰੋਜ਼ਪੁਰ (ਅੰਤਰ ਹੋਤ ਉਦਾਸ), ਇੰਤਜ਼ਾਰ ਹੁਸੈਨ ਉੱਤਰ ਪ੍ਰਦੇਸ਼ (ਨਰ ਨਾਰੀ) ਪੁਸਤਕ ਪਰਵਾਸੀ ਸਾਹਿਤਕਾਰ ਹਰਜੀਤ ਅਟਵਾਲ ਨੂੰ ਸਮਰਪਿਤ ਹੈ। ਆਰੰਭ ਵਿਚ ਸੰਪਾਦਕ ਨੇ ਵੱਖ-ਵੱਖ ਭਾਸ਼ਾਵਾਂ ਦੀਆਂ ਕਲਾਸਿਕ ਰਚਨਾਵਾਂ ਦਾ ਜ਼ਿਕਰ ਕੀਤਾ ਹੈ ਤੇ ਰਚਨਾ ਦੇ ਕਲਾਸਿਕ ਹੋਣ ਦੇ ਅਰਥ ਕੀਤੇ ਹਨ। ਪ੍ਰਸਿੱਧ ਚਿੰਤਕ ਡਾ. ਜੁਗਿੰਦਰ ਸਿੰਘ ਰਾਹੀ, ਡਾ. ਧਨਵੰਤ ਕੌਰ, ਡਾ. ਮੇਘਾ ਸਲਵਾਨ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਕੁਲਦੀਪ ਸਿੰਘ ਦੇ ਕਲਾਸਿਕ ਸਾਹਿਤ ਬਾਰੇ ਸਟੀਕ ਵਿਚਾਰ ਲਿਖੇ ਹਨ। ਪਾਕਿਸਤਾਨ ਵਿਚ ਉਰਦੂ ਸਾਹਿਤ ਰਾਜਸੀ ਉਥਲ-ਪੁਥਲ, ਪਾਕਿਸਤਾਨੀ ਕਹਾਣੀਆਂ ਦੀ ਤਕਨੀਕ ਤੇ ਸ਼ੈਲੀ ਬਾਰੇ 20 ਪੰਨਿਆਂ ਦੀ ਭੂਮਿਕਾ ਹੈ। ਉਰਦੂ ਦੀਆਂ ਹੋਰ ਚਰਚਿਤ ਕਹਾਣੀਆਂ ਦਾ ਵੀ ਵੇਰਵਾ ਹੈ। ਪੁਸਤਕ ਦੀਆਂ ਕਹਾਣੀਆਂ ਦੀ ਉੱਤਮਤਾ ਇਸ ਵਿਚ ਹੈ ਕਿ ਇਨ੍ਹਾਂ ਦੇ ਪਾਤਰ ਵੱਖ-ਵੱਖ ਵੰਨਗੀਆਂ ਦੇ ਹਨ। ਔਰਤ ਦੇ ਵੇਸਵਾ ਰੂਪ ਨੂੰ ਵਧੇਰੇ ਉਜਾਗਰ ਕੀਤਾ ਹੈ। ਦੇਸ਼ ਵੰਡ ਵੇਲੇ ਔਰਤ ਦੇ ਸ਼ੋਸ਼ਣ ਦੀ ਤ੍ਰਾਸਦਿਕ ਤਸਵੀਰ ਹੈ। ਆਨੰਦੀ ਕਹਾਣੀ ਵਿਚ ਵੇਸਵਾਵਾਂ ਦੀ ਬਸਤੀ ਨੂੰ ਸ਼ਹਿਰ ਤੋਂ ਦੂਰ ਲੇ ਕੇ ਜਾਣ ਦਾ ਬਿਰਤਾਂਤ ਹੈ। ਕਿਉਂਕਿ ਸ਼ਹਿਰ ਦੇ ਪਤਵੰਤੇ ਲੋਕ ਇਕੱਠੇ ਹੋ ਕੇ ਫ਼ੈਸਲਾ ਕਰਦੇ ਹਨ। ਗੁਲਾਬਦੀਨ ਡਾਕੀਆ ਵੇਸਵਾਵਾਂ ਦੇ ਮੁਹੱਲੇ ਵਿਚ ਘਰ-ਘਰ ਜਾ ਕੇ ਡਾਕ ਵੰਡਦਾ ਹੈ। ਪਹਿਲਾਂ ਉਸ ਨੂੰ ਕਚਿਆਣ ਜਿਹੀ ਆਉਂਦੀ ਸੀ। ਫਿਰ ਜਦੋਂ ਉਹ ਰਾਗ ਰੰਗ ਵੇਖਣ ਦਾ ਆਦੀ ਹੋ ਗਿਆ ਤਾਂ ਪੋਸਟਮਾਸਟਰ ਵਲੋਂ ਡਿਊਟੀ ਬਦਲਣ ਵੇਲੇ ਕਹਿੰਦਾ ਹੈ ਮੈਨੂੰ ਇਥੇ ਹੀ ਰਹਿਣ ਦਿਓ। ਕਹਾਣੀ ਵਿਚ ਵੇਸਵਾ ਸਮਾਗਮ ਦਾ ਬੇਬਾਕ ਜ਼ਿਕਰ ਹੈ। ਕਹਾਣੀ ਅਸ਼ਰਫ ਸਟੀਲ ਮਾਰਟ (ਅਸ਼ਫਾਕ ਅਹਿਮਦ) ਨਿਰੋਲ ਵਿਗਿਆਨਕ ਰਚਨਾ ਹੈ। ਪਾਤਰ ਵੀ ਵਿਗਿਆਨੀ ਹਨ। ਹਰੇਕ ਕਹਾਣੀਕਾਰ ਦਾ ਜੀਵਨ ਵੇਰਵਾ ਵੀ ਹੈ। ਪੁਸਤਕ ਉਰਦੂ ਕਹਾਣੀ ਦਾ ਪੰਜਾਬੀ ਵਿਚ ਪਸਾਰ ਕਰਨ ਦੇ ਸਮਰੱਥ ਹੈ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਆਤਮਜੀਤ ਦੇ ਸਾਰੇ ਲਘੂ ਨਾਟਕ
ਸੰਪਾਦਕ : ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 500 ਰੁਪਏ, ਸਫ਼ੇ : 312
ਸੰਪਰਕ : 99157-06407

ਡਾ. ਆਤਮਜੀਤ ਪੰਜਾਬੀ ਦੇ ਕੁਝ ਉਨ੍ਹਾਂ ਨਾਟਕਕਾਰਾਂ ਵਿਚੋਂ ਹੈ, ਜਿਨ੍ਹਾਂ ਨੇ 20ਵੀਂ ਸਦੀ ਦੀ ਆਖਰੀ ਚੌਥਾਈ ਵਿਚ ਪੰਜਾਬੀ ਨਾਟਕ ਨੂੰ ਇਕ ਖੜੋਤ ਦੀ ਅਵਸਥਾ ਵਿਚੋਂ ਕੱਢ ਕੇ ਇਕ ਨਵੀਨ ਊਰਜਾ ਤੇ ਗਤੀ ਪ੍ਰਦਾਨ ਕੀਤੀ ਸੀ। ਆਈ.ਸੀ. ਨੰਦਾ, ਹਰਚਰਨ ਸਿੰਘ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਸ੍ਰੀ ਖੋਸਲਾ, ਸੁਰਜੀਤ ਸਿੰਘ ਸੇਠੀ ਅਤੇ ਕਪੂਰ ਸਿੰਘ ਘੁੰਮਣ ਆਦਿ ਨੇ 70-75 ਵਰ੍ਹੇ ਪੰਜਾਬੀ ਨਾਟਕ ਨੂੰ ਪ੍ਰਾਣਵੰਤ ਅਤੇ ਊਰਜਾਸ਼ੀਲ ਬਣਾਈ ਰੱਖਿਆ ਸੀ ਪਰ ਇਨ੍ਹਾਂ ਦੇ ਵਧੇਰੇ ਨਾਟਕ ਕਿਸੇ ਸੁਧਾਰ, ਸੁਨੇਹੇ ਜਾਂ ਕਥਾ-ਬਿਰਤਾਂਤ ਦੀ ਪੇਸ਼ਕਾਰੀ ਕਰਦੇ ਸਨ। ਇਨ੍ਹਾਂ ਨੇ ਆਪਣੇ ਲਈ ਕਿਸੇ 'ਨਾਟਕੀ ਭਾਸ਼ਾ' ਦੀ ਈਜਾਦ ਵੀ ਨਹੀਂ ਸੀ ਕੀਤੀ। ਆਤਮਜੀਤ ਵਾਂਗ ਇਹ ਆਤਮ-ਅਭਿਵਿਅਕਤੀ ਲਈ ਮਾਧਿਅਮ ਨਾਲ ਤੀਬਰ ਸੰਘਰਸ਼ ਨਹੀਂ ਸੀ ਕਰਦੇ, ਇਨ੍ਹਾਂ ਦਾ ਸੰਘਰਸ਼ ਵਿਸ਼ੈ-ਵਸਤੂ ਦੀ ਪੇਸ਼ਕਾਰੀ ਨਾਲ ਹੀ ਜੁੜਿਆ ਰਹਿੰਦਾ ਸੀ। ਇਸੇ ਕਾਰਨ ਉਹ ਹੌਲੀ-ਹੌਲੀ ਜੜ੍ਹਤਾ ਦਾ ਸ਼ਿਕਾਰ ਹੁੰਦੇ ਗਏ।
ਹਥਲੇ ਸੰਕਲਨ ਵਿਚ ਸ੍ਰੀ ਆਤਮਜੀਤ ਦੇ 'ਪੱਲੂ ਦੀ ਉਡੀਕ ਵਿਚ' ਤੋਂ ਲੈ ਕੇ 'ਕੀਣਾਂ' ਤੱਕ 14 ਲਘੂ ਨਾਟਕ ਸੰਗ੍ਰਹਿਤ ਹੋਏ ਹਨ। 1975 ਤੋਂ 2010 ਤੱਕ, 36 ਵਰ੍ਹਿਆਂ ਦੀ ਯਾਤਰਾ ਵਿਚ ਉਸ ਨੇ ਪੰਜਾਬੀ ਨਾਟਕ ਨੂੰ ਬਹੁਤ ਸਮਰਿਧ ਅਤੇ ਬਹੁਆਯਾਮੀ ਬਣਾਇਆ ਹੈ। ਯੁਵਾ ਪੰਜਾਬੀ ਨਾਟਕਕਾਰਾਂ ਦੀ ਇਕ ਵੱਡੀ ਟੋਲੀ ਉਸੇ ਤੋਂ ਸੇਧ, ਪ੍ਰੇਰਨਾ ਅਤੇ ਅੰਤਰ-ਦ੍ਰਿਸ਼ਟੀਆਂ ਹਾਸਲ ਕਰਦੀ ਰਹੀ ਹੈ। ਉਹ ਸਪੈਕਟੇਕਲ ਦਾ ਨਾਟਕਰਮੀ ਹੈ। ਕਿਸੇ ਡਿਸਕੋਰਸ ਜਾਂ ਬਿਰਤਾਂਤ ਦਾ ਪੁਨਰ-ਲੇਖਣ ਨਹੀਂ ਕਰਦਾ, ਇਹ ਉਸ ਦੀ ਇਕ ਪ੍ਰਮੁੱਖ ਪ੍ਰਾਪਤੀ ਰਹੀ ਹੈ।
"h਼ work }s done (ਅਪ੍ਰਕਾਸ਼ਿਤ) ਅੰਗਰੇਜ਼ੀ ਨਾਟਕ ਲਿਖ ਕੇ ਉਹ ਖਾਮੋਸ਼ ਹੋਣ ਵਾਲਾ ਨਹੀਂ ਹੈ। ਕਿਸੇ ਵੀ ਕਲਾਕਾਰ (ਜਾਂ ਹੋਰ) ਨੂੰ ਆਪਣੀ ਸ਼ਨਾਖ਼ਤ ਬਣਾਈ ਰੱਖਣ ਲਈ ਤਾਉਮਰ ਹੱਥ-ਪੈਰ ਮਾਰਦੇ ਰਹਿਣਾ ਪੈਂਦਾ ਹੈ, ਨਹੀਂ ਤਾਂ ਬੰਦਾ ਡੁੱਬ ਜਾਂਦਾ ਹੈ। ਸਾਨੂੰ ਆਤਮਜੀਤ ਤੋਂ ਅਜੇ ਬਹੁਤ ਆਸ਼ਾਵਾਂ ਹਨ। ਉਹ ਜ਼ਰੂਰ ਰੰਗਮੰਚ ਦੀ ਦੁਨੀਆ ਵਿਚ ਨਵੇਂ ਅਤੇ ਸਾਰਥਕ ਵਿਸਫੋਟ ਕਰਦਾ ਰਹੇਗਾ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
(ਦੀ ਬਾਣੀ ਦਾ ਭਾਵ ਅਰਥੀ ਕਾਵਿ-ਸਟੀਕ)
ਲੇਖਕ : ਗਿਆਨੀ ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98157-39855.

ਇਹ ਪੁਸਤਕ ਧਰਮ ਦੀ ਚਾਦਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ ਸ਼ਤਾਬਦੀ ਨੂੰ ਸਮਰਪਣ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ 15 ਰਾਗਾਂ ਵਿਚ 59 ਸ਼ਬਦ ਉਚਾਰਨ ਕੀਤੇ ਹਨ। ਇਕ ਵੱਖਰੇ ਰਾਗ ਜੈਜਾਵੰਤੀ ਵਿਚ ਕੇਵਲ ਆਪ ਦੇ ਹੀ ਚਾਰ ਸ਼ਬਦ ਹਨ। ਆਪਣੀ ਬਾਣੀ ਦੇ ਵੈਰਾਗਮਈ ਉਪਦੇਸ਼ਾਂ ਨੂੰ ਆਮ ਹਿੰਦੂ ਜਨਤਾ ਦੀ ਸੌਖ ਲਈ ਸਰਲ ਹਿੰਦਵੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਪੰਚਾਲੀ, ਗਨਕਾ, ਗਜਰਾਜ, ਅਜਾਮਲ ਆਦਿ ਦੀਆਂ ਸਾਖੀਆਂ ਦੁਆਰਾ ਵਿਸ਼ੇ ਨੂੰ ਸੌਖਾ ਬਣਾਇਆ ਹੈ। ਇਸ ਪੁਸਤਕ ਵਿਚ ਲੇਖਕ ਨੇ ਨੌਵੀਂ ਪਾਤਸ਼ਾਹੀ ਦੀ ਬਾਣੀ ਦਾ ਕਵਿਤਾ ਵਿਚ ਟੀਕਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਸੁਖਮਨੀ ਸੁੱਖ, ਦਿਲਹੁ ਮੁਹਬਤਿ, ਜ਼ਫ਼ਰਨਾਮਾ ਆਦਿ ਬਾਣੀਆਂ ਦੇ ਕਾਵਿ ਅਨੁਵਾਦ ਪ੍ਰਕਾਸ਼ਿਤ ਹੋ ਚੁੱਕੇ ਹਨ। ਕਵਿਤਾ ਦਾ ਕਾਵਿ ਰੂਪ ਵਿਚ ਅਨੁਵਾਦ ਕਰਨਾ ਬੜੀ ਸੂਝ-ਬੂਝ ਵਾਲੀ ਕਲਾ ਹੈ, ਜਿਸ ਵਿਚ ਲੇਖਕ ਪਰਵੀਣ ਹੈ। ਕਾਵਿ ਅਨੁਵਾਦ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ :
ਮੂਲ ਰੂਪ :
ਹਰਿ ਜਸੁ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ
ਅਓਸਰੁ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ।
ਕਾਵਿ ਅਨੁਵਾਦ :
ਮਨਾ ਮੇਰਿਆ ਪ੍ਰਭੂ ਦੀ ਸਿਫ਼ਤ ਗਾ ਲੈ,
ਵੇਲੇ ਅੰਤ ਦੇ ਇਸੇ ਹੀ ਨਾਲ ਜਾਣਾ।
ਸਮਾਂ ਕਿਰ ਰਿਹਾ ਮੁੱਠੀ 'ਚੋਂ ਰੇਤ ਵਾਂਗੂੰ,
ਆਖਾ ਮਨ ਨਹੀਂ ਪਵੇਗਾ ਪਛੁਤਾਣਾ।

ਕੰਵਲਜੀਤ ਸਿੰਘ ਸੂਰੀ
ਮੋ: 93573-24241

c c c

ਕਲਾਸ
ਕਹਾਣੀਕਾਰ : ਬਲਜੀਤ ਸਿੰਘ ਰੈਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫੇ : 120
ਸੰਪਰਕ : 097976-57211.

ਪੰਜਾਬੀ ਨਿੱਕੀ ਕਹਾਣੀ ਦੇ ਖੇਤਰ ਵਿਚ ਬਲਜੀਤ ਸਿੰਘ ਰੈਨਾ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ। ਕਹਾਣੀ ਸੰਗ੍ਰਹਿ, ਨਾਵਲਿੱਟ, ਕਵਿਤਾ, ਨਾਟਕ, ਹਿੰਦੀ ਅਤੇ ਪੰਜਾਬੀ ਅਨੁਵਾਦ ਆਦਿ ਦੀਆਂ ਚੋਖੀ ਮਾਤਰਾ ਵਿਚ ਪੁਸਤਕਾਂ ਦੇ ਰਚੇਤਾ ਬਲਜੀਤ ਸਿੰਘ ਰੈਨਾ ਟੈਲੀ ਅਤੇ ਫ਼ਿਲਮ ਮੀਡੀਆ ਨਾਲ ਵੀ ਸਰਗਰਮ ਰੂਪ ਵਿਚ ਜੁੜਿਆ ਹੋਇਆ ਹੈ। ਟੀ.ਵੀ. ਅਤੇ ਫ਼ਿਲਮ ਜਗਤ ਦੇ ਅਨੁਭਵ, ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਨੂੰ ਬਲਜੀਤ ਰੈਨਾ ਦੀਆਂ ਕਹਾਣੀਆਂ ਵਿਚ ਅਤੇ ਖ਼ਾਸ ਕਰਕੇ ਵਿਚਾਰ ਅਧੀਨ ਕਹਾਣੀ ਸੰਗ੍ਰਹਿ ਕਲਾਸ ਵਿਚ ਦਰਜ ਕੁਝ ਕਹਾਣੀਆਂ ਵਿਚ ਵੀ ਪ੍ਰਤੱਖ ਵੇਖਿਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਸਾਹਿਤਕਾਰ ਨਵੇਂ-ਨਵੇਂ ਵਿਸ਼ਿਆਂ ਨੂੰ ਲੈ ਕੇ ਹੀ ਚੰਗੀ ਸਾਹਿਤਕ ਕਿਰਤ ਦੀ ਰਚਨਾ ਕਰ ਸਕਦਾ ਹੈ, ਸਗੋਂ ਸਾਹਿਤਕਾਰ ਦੀ ਸਮਰੱਥਾ ਦੀ ਪਰਖ, ਕਿਸੇ ਚਿਰ-ਪਰਚਿਤ ਵਿਸ਼ੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣ ਅਤੇ ਵੱਖ-ਵੱਖ ਧਰਾਤਲਾਂ ਤੋਂ ਕਿਸੇ ਖ਼ਾਸ ਪ੍ਰਸੰਗ ਵਿਚ ਪ੍ਰਸਤੁਤ ਕਰਨ ਤੋਂ ਹੁੰਦੀ ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ ਚਾਹੇ ਬਹੁਤ ਹੀ ਚਰਚਿਤ ਵਿਸ਼ੇ ਔਰਤ-ਮਰਦ ਦੇ ਸੰਬੰਧਾਂ ਨੂੰ ਹੀ ਮੂਲ ਰੂਪ ਵਿਚ ਪੇਸ਼ ਕਰਦੀ ਹੈ ਪ੍ਰੰਤੂ ਜਿਸ ਖੇਤਰ ਅਤੇ ਦਾਇਰਿਆਂ ਦਾ ਬਿਰਤਾਂਤ ਸਿਰਜਿਆ ਗਿਆ ਹੈ, ਉਸ ਦੇ ਪਾਤਰ, ਉਨ੍ਹਾਂ ਦੀ ਜੀਵਨ-ਜਾਚ, ਵਿਵਹਾਰ ਆਦਿ ਫ਼ਿਲਮੀ ਦੁਨੀਆ ਦੀ ਸੰਘਰਸ਼ ਭਰੀ ਜ਼ਿੰਦਗੀ ਵਿਚ ਕਾਮਯਾਬ ਹੋਣ ਦੇ ਹੱਥਕੰਡਿਆਂ ਅਤੇ ਸੁਪਨਿਆਂ ਦੀ ਦੁਨੀਆ ਦਾ ਕੱਚ-ਸੱਚ ਪੇਸ਼ ਕੀਤਾ ਗਿਆ ਹੈ। ਸੰਗ੍ਰਹਿ ਦੀ ਦੂਸਰੀ ਕਹਾਣੀ ਕਲਾਕਾਰ, ਮੁਕਾਬਲੇ ਅਤੇ ਅੱਗੇ ਨਿਕਲਣ ਦੀ ਦੌੜ ਵਿਚੋਂ ਪਛੜ ਜਾਣ ਵਾਲਿਆਂ ਦੀ ਮਾਨਸਕਿਤਾ ਨੂੰ ਮਨੋਵਿਗਿਆਨਕ ਜਾਵੀਏ ਤੋਂ ਪ੍ਰਭਾਸ਼ਿਤ ਕਰਦੀ ਹੈ। ਸੀਪ ਅਤੇ ਪ੍ਰੇਮ ਕਥਾ ਅਤੇ ਸਿਆਸਤ ਕਹਾਣੀਆਂ ਰਾਜਨੀਤਕ ਪ੍ਰਸੰਗ ਵਿਚ ਪੇਸ਼ ਹੁੰਦੀਆਂ ਹਨ ਜਦੋਂ ਕਿ ਪਿਛੋਕੜ ਕਹਾਣੀ ਦਾ ਵਿਸ਼ਾ ਵੇਸਵਾਪੁਣਾ ਹੰਢਾਅ ਰਹੀਆਂ ਔਰਤਾਂ ਅੰਦਰਲੀ ਮਾਂ ਦੇ ਦਰਦ ਅਤੇ ਉਨ੍ਹਾਂ ਦੀ ਆਪਣੇ ਬੱਚਿਆਂ ਲਈ ਸੁਰੱਖਿਅਤ ਅਤੇ ਸੁਨਹਿਰੇ ਭਵਿੱਖ ਦੀ ਤੜਪ ਨੂੰ ਬਿਆਨ ਕਰਦਾ ਹੈ। ਸਰਕਸ ਕਹਾਣੀ ਦਾ ਵਿਸ਼ਾ ਕਿਸੇ ਹੱਦ ਤੱਕ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਅਜੋਕੇ ਦੌਰ ਵਿਚ ਫ਼ਿਲਮੀ ਜਗਤ ਦੀ ਚਕਾਚੌਂਧ ਵਿਚ ਸਰਕਸ ਆਪਣਾ ਵਜੂਦ ਖੋ ਚੁੱਕੀ ਹੈ। ਸਰਕਸ ਨਾਲ ਜੁੜੇ ਕਲਾਕਾਰਾਂ ਨੂੰ ਰੋਜ਼ੀ-ਰੋਟੀ ਲਈ ਹੋਰ ਕੰਮ-ਧੰਦਿਆਂ ਵੱਲ ਮੁੜਨਾ ਪੈ ਰਿਹਾ ਹੈ। ਸੈਲਾਬ ਕਹਾਣੀ ਦਾ ਵਿਸ਼ਾ ਇਕਪਾਸੜ ਇਸ਼ਕ ਅਤੇ ਧਾਰਮਿਕ ਵਲਗਣਾਂ ਵਿਚ ਫ਼ਿਰਕਾਪ੍ਰਸਤੀ ਦੀ ਰੰਗਣ ਜਿਹੇ ਘਟਨਾਕ੍ਰਮ ਦੁਆਲੇ ਘੁੰਮਦਾ ਹੈ। ਰਿੱਛ ਕਹਾਣੀ, ਜਵਾਨੀ-ਰੁੱਤੇ ਹੋ ਜਾਣ ਵਾਲੇ ਪਿਆਰ, ਪ੍ਰੰਤੂ ਪ੍ਰਵਾਨ ਨਾ ਚੜ੍ਹਨ ਕਰਕੇ ਕਿਤੇ ਹੋਰ ਵਿਆਹ ਹੋ ਜਾਣ ਜਿਹੀਆਂ, ਸਾਡੇ ਦੁਆਲੇ ਨਿੱਤ-ਵਾਪਰਨ ਵਾਲੇ ਵਿਸ਼ੇ 'ਤੇ ਆਧਾਰਿਤ ਹੈ। ਪ੍ਰੰਤੂ ਕਹਾਣੀ ਵਿਚ ਇਹ ਸਭ ਕੁਝ ਇਕ ਯਾਦ ਵਾਂਗ ਵਾਪਰਦਾ ਹੈ। ਲੋਕ ਜ਼ਿੰਦਗੀ ਵਿਚ, ਬਹੁਤ ਵਾਰ ਜੋ ਨਹੀਂ ਮਿਲਿਆ ਹੁੰਦਾ ਤੇ ਪਛਤਾਵਾ ਕਰਨ ਨਾਲੋਂ ਜੋ ਮਿਲਿਆ ਉਸ ਨਾਲ ਹੀ ਸਮਝੌਤਾ ਕਰਕੇ ਜ਼ਿੰਦਗੀ ਬਸਰ ਕਰ ਲੈਂਦੇ ਹਨ।
ਬਲਜੀਤ ਸਿੰਘ ਰੈਨਾ ਦੀਆਂ ਕਹਾਣੀਆਂ ਚਾਹੇ ਵਿਸ਼ੇ ਪੱਖ ਤੋਂ ਕਿਸੇ ਨਵੇਂ ਵਿਸ਼ੇ ਨੂੰ ਨਹੀਂ ਛੂੰਹਦੀਆਂ ਪ੍ਰੰਤੂ ਜਿਸ ਪਿਠਵਰਤੀ ਭੂਮੀ 'ਤੇ ਇਹ ਕਹਾਣੀਆਂ ਵਾਪਰਦੀਆਂ ਹਨ ਅਤੇ ਰੈਨਾ ਜਿਸ ਤਰ੍ਹਾਂ ਇਨ੍ਹਾਂ ਕਹਾਣੀਆਂ ਨੂੰ ਰੂਪਕ ਪੱਖ ਤੋਂ ਤਰਾਸ਼ਦਾ ਹੈ, ਉਸ ਨਾਲ ਇਹ ਕਹਾਣੀਆਂ ਕਮਾਲ ਦਾ ਪ੍ਰਭਾਵ ਸਿਰਜਣ ਵਿਚ ਕਾਮਯਾਬ ਰਹਿੰਦੀਆਂ ਹਨ।

ਡਾ. ਪ੍ਰਦੀਪ ਕੌੜਾ
ਮੋ: 95011-15200

ਚਾਰੂ-ਵਸੰਤਾ
(ਕੱਨੜ ਮਹਾਂਕਾਵਿ)
ਮੂਲ ਲੇਖਕ : ਪ੍ਰੋ. ਹੰਪਾ ਨਾਗਰਾਜਈਆਂ
ਅਨੁਵਾਦਕਾ : ਰਜਵੰਤ ਕੌਰ ਪ੍ਰੀਤ
ਪ੍ਰਕਾਸ਼ਨ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 288
ਸੰਪਰਕ : 099643-71596.

ਕੱਨੜ ਭਾਸ਼ਾ 'ਚ ਲਿਖੀ ਇਹ ਪੁਸਤਕ ਅੰਗਰੇਜ਼ੀ ਤੋਂ ਛੁੱਟ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦਤ ਹੋ ਚੁੱਕੀ ਹੈ। ਮਹਾਂਕਾਵਿ ਨੂੰ ਕਿਸੇ ਹੋਰ ਭਾਸ਼ਾ ਦੇ ਕਾਵਿਕ ਅੰਦਾਜ਼ ਵਿਚ ਅਨੁਵਾਦ ਕਰਨਾ ਸੌਖਾ ਨਹੀਂ ਹੁੰਦਾ। ਰਜਵੰਤ ਕੌਰ ਪ੍ਰੀਤ ਨੇ ਇਸ ਪੁਸਤਕ ਦੇ ਹਿੰਦੀ ਭਾਸ਼ਾ ਵਿਚ ਹੋਏ ਅਨੁਵਾਦ ਨੂੰ ਪੰਜਾਬੀ ਭਾਸ਼ਾ ਵਿਚ ਸ਼ਬਦਾਵਲੀ ਪੱਖੋਂ ਹੀ ਨਹੀਂ ਸਗੋਂ ਮੌਲਿਕ ਕਾਵਿ-ਸਿਰਜਣ ਪ੍ਰਕਿਰਿਆ ਰਾਹੀਂ ਇਸ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ। ਚਾਰੂ ਅੰਗਦੇਸ਼ ਦੀ ਰਾਜਧਾਨੀ ਚੰਪਾਪੁਰ ਦੇ ਇਕ ਪ੍ਰਸਿੱਧ ਵਪਾਰੀ ਭਾਨੂਦੱਤ ਦਾ ਪੁੱਤਰ ਸੀ ਜੋ ਖ਼ੁਦ ਪਿਤਾ ਪੁਰਖੀ ਕਾਰਜ ਵਿਚ ਧਨਾਢ ਬਣਿਆ ਹੋਇਆ ਸੀ ਪ੍ਰੰਤੂ ਉਹ ਵਿਆਹ ਹੋਣ ਦੇ ਬਾਵਜੂਦ ਪਤਨੀ ਨਾਲ ਗ੍ਰਹਿਸਤੀ ਜੀਵਨ ਵਿਵਹਾਰ ਤੋਂ ਗੁਰੇਜ਼ ਕਰਦਾ ਰਿਹਾ। ਇਸ ਪ੍ਰਕਿਰਿਆ ਨੂੰ ਨਿਭਾਉਣ ਹਿਤ ਉਸ ਦੇ ਮਾਮੇ ਦੀ ਅਗਵਾਈ ਹੇਠ ਘਰ ਗ੍ਰਹਿਸਤੀ ਦੀ ਸਮਝਦਾਰੀ ਕਰਾਉਣ ਹਿਤ ਵਸੰਤਾ ਨਾਂਅ ਦੀ ਵੇਸਵਾ ਦੇ ਸੰਪਰਕ ਵਿਚ ਲਿਆਂਦਾ ਗਿਆ। ਇਸ ਦੇ ਸੰਪਰਕ ਵਿਚ ਆ ਕੇ ਚਾਰੂ ਨੇ ਆਪਣੀ ਸਾਰੀ ਧਨ-ਦੌਲਤ ਲੁਟਾਅ ਦਿੱਤੀ। ਥੋੜ੍ਹੀ ਬਹੁਤ ਸੂਝ ਆਉਣ 'ਤੇ ਕਿਉਂ ਜੋ ਧਾਰਮਿਕਤਾ ਪੱਖੋਂ ਉਹ ਜੈਨ ਧਰਮ ਦੇ ਮੂਲ ਸਿਧਾਂਤਾਂ ਨੂੰ ਵੀ ਜਾਣਦਾ ਸੀ ਮੁੜ ਆਪਣੀ ਪਹਿਲੀ ਅਵਸਥਾ ਵਿਚ ਸ਼ਾਂਤ ਸੁਭਾਅ ਹੋ ਕੇ ਪਰਤ ਆਇਆ। ਇਸ ਸਾਰੇ ਬਿਰਤਾਂਤ ਨੂੰ ਵਿਸਤਾਰ ਸਹਿਤ ਬਹੁਤ ਸਾਰੇ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਪ੍ਰੋ. ਹੰਪਾ ਨਾਗਰਾਜਈਆ ਨੇ ਖੂਬ ਸਮਝਿਆ ਅਤੇ ਮਹਾਂ ਕਾਵਿ ਸਿਰਜਣ ਸਮੇਂ ਉਸ ਨੇ ਜੈਨ ਧਰਮ ਦੇ ਮੂਲ ਸਿਧਾਂਤਾਂ ਨੂੰ ਭਲੀ-ਭਾਂਤ ਆਪਣੀ ਸੋਚ ਦ੍ਰਿਸ਼ਟੀ ਦੇ ਅੰਤਰਗਤ ਕਾਵਿਕ ਰੂਪ ਵਿਚ ਪੇਸ਼ ਕੀਤਾ। ਰਜਵੰਤ ਕੌਰ ਪ੍ਰੀਤ ਨੇ ਇਸ ਮਹਾਂਕਾਵਿ ਨੂੰ ਹਿੰਦੀ ਦੇ ਪਾਠ ਵਿਚੋਂ ਸਮਝਦਿਆਂ ਹੋਇਆਂ ਆਪਣੀ ਉਲਥਾਅ ਦੀ ਸ਼ਕਤੀ 'ਤੇ ਨਿਰਭਰ ਨਹੀਂ ਰੱਖਿਆ ਸਗੋਂ ਉਸ ਨੇ ਕਵਿੱਤਰੀ ਹੋਣ ਦੇ ਨਾਤੇ ਇਸ ਕਥਾ ਬਿਰਤਾਂਤ ਨੂੰ ਪੰਜ ਸਰਗਾਂ ਤੁਰੀ ਕਹਾਣੀ, ਸੁਹਜ-ਸੁਹੱਪਣ, ਪੀੜਾਂ ਦਾ ਪਰਾਗਾ, ਚੜ੍ਹਦੀ ਕਲਾ ਵੱਲ ਅਤੇ ਗਾਹ ਛੱਡੇ ਦੇਸ-ਪ੍ਰਦੇਸ ਦੇ ਅੰਤਰਗਤ ਵੱਖ-ਵੱਖ ਉਪ ਖੰਡਾਂ ਜ਼ਰੀਏ ਇਸ ਕਥਾ ਨੂੰ ਬਾਖੂਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ। ਅਜਿਹੀ ਪੁਸਤਕ ਵਿਸ਼ਵ ਵਿਆਪੀ ਪੰਜਾਬੀ ਭਾਈਚਾਰੇ ਦੀਆਂ ਅੰਦਰੂਨੀ ਅਤੇ ਬਾਹਰੀ ਭਾਵਨਾਵਾਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦੀ ਵੀ ਪ੍ਰਤੀਤ ਹੁੰਦੀ ਹੈ ਅਤੇ ਕਲਾਸਿਕ ਸਾਹਿਤ ਦੀ ਝਲਕ ਵੀ ਪ੍ਰਦਾਨ ਕਰਦੀ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਮੈ ਜਾਣਿਆ ਦੁਖ ਮੁਝ ਕੋ
ਲੇਖਕ : ਜਸਵਿੰਦਰ ਸਿੰਘ ਮਾਣੋਚਾਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 94636-13035.

ਇਸ ਸਵੈ-ਬਿਰਤਾਂਤ ਵਿਚ ਲੇਖਕ ਨੇ ਆਪਣੇ ਜੀਵਨ ਸੰਘਰਸ਼ ਨੂੰ ਬਿਆਨ ਕਰਦਿਆਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਉਸ ਨੂੰ ਪਹਿਲਾਂ-ਪਹਿਲ ਇਹੀ ਜਾਪਦਾ ਸੀ ਕਿ ਸਿਰਫ ਉਸ ਦਾ ਜੀਵਨ ਹੀ ਸੰਘਰਸ਼ ਭਰਿਆ ਸੀ ਪਰ ਜਿਵੇਂ ਹੀ ਉਸ ਨੇ ਦੁਨੀਆ ਨੂੰ ਜਾਣਨਾ ਅਤੇ ਸਮਝਣਾ ਸ਼ੁਰੂ ਕੀਤਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਦੁਨੀਆ ਵਿਚ ਸੰਘਰਸ਼ ਹਰੇਕ ਇਨਸਾਨ ਦੇ ਹਿੱਸੇ ਆਇਆ ਹੈ ਪਰ ਉਸ ਦਾ ਰੂਪ ਅਲੱਗ-ਅਲੱਗ ਹੈ। ਇਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਲੇਖਕ ਨੇ ਆਪਣੇ ਬਚਪਨ ਦੇ ਦਿਨਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਦਿਨਾਂ ਦੇ ਸੰਘਰਸ਼ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਆਪਣਿਆਂ ਨਾਨਕਿਆਂ ਖ਼ਾਸ ਕਰਕੇ ਆਪਣੇ ਮਾਮਾ ਜੀ ਦੇ ਪ੍ਰਭਾਵ ਅਧੀਨ ਉਹ ਜ਼ਿੰਦਗੀ ਦੇ ਸੁਲਝੇ ਰਾਹਾਂ ਵੱਲ ਆਪਣੇ ਪੈਰ ਵਧਾਉਂਦਾ ਹੈ ਅਤੇ ਆਪਣੇ ਅਧਿਆਪਕ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟ ਜਾਂਦਾ ਹੈ। ਇਸ ਰਾਹ ਭਾਵੇਂ ਉਸ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਗੰਭੀਰ ਅਤੇ ਸਿਆਣੇ ਮਿੱਤਰਾਂ ਦਾ ਸਾਥ ਉਸ ਨੂੰ ਆਪਣੇ ਰਾਹਾਂ ਵੱਲ ਲਗਨ ਨਾਲ ਤੋਰੀ ਰੱਖਦਾ ਹੈ।
ਆਪਣੇ ਇਨ੍ਹਾਂ ਮਿੱਤਰਾਂ ਨੂੰ ਲੇਖਕ ਨੇ ਧਰੂ ਤਾਰੇ ਕਹਿ ਕੇ ਨਿਵਾਜਿਆ ਹੈ ਜਿਹੜੇ ਕਿ ਰਾਹ-ਦਸੇਰੇ ਸਾਬਤ ਹੁੰਦੇ ਹਨ। ਜੇ.ਬੀ.ਟੀ. ਦੀ ਟ੍ਰੇਨਿੰਗ ਤੋਂ ਬਾਅਦ ਰੁਜ਼ਗਾਰ ਦੀ ਭਾਲ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਨੌਕਰੀਆਂ ਤੋਂ ਸਰਕਾਰੀ ਨੌਕਰੀ ਲੈਣ ਤੋਂ ਬਾਅਦ ਆਪਣੇ ਗ੍ਰਹਿਸਥ ਜੀਵਨ ਦੀ ਗਾਥਾ ਬਿਆਨ ਕਰਦਾ ਹੈ। ਪੰਜਾਬ ਦੇ ਕਾਲੇ ਦਿਨਾਂ ਦੇ ਖ਼ੌਫ ਵਿਚ ਬਿਤਾਏ ਦਿਨ, ਨਿਆਂ ਪਾਲਿਕਾ ਵਿਵਸਥਾ, ਆਪਣੇ ਆਖਰੀ ਸਕੂਲ ਬਾਰੇ ਚਰਚਾ ਕਰਨ ਦੇ ਨਾਲ-ਨਾਲ ਉਹ ਆਪਣੀ ਮਾਂ ਅਤੇ ਆਪਣੇ ਚਾਚੇ ਨਾਲ ਆਪਣੇ ਰਿਸ਼ਤੇ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵੀ ਗੱਲ ਕਰਦਾ ਹੈ। ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸ਼ਹਿਰ ਰਹਿਣ ਦਾ ਫ਼ੈਸਲਾ, ਪਿਤਾ ਦੇ ਤੁਰ ਜਾਣ ਦਾ ਦਰਦ, ਅਧਿਆਪਕ ਯੂਨੀਅਨ ਵਿਚ ਕੰਮ ਕਰਨਾ, ਬੀ.ਐਡ ਕੋਰਸ ਅਤੇ ਬਾਅਦ ਦੀ ਖੱਜਲ ਖੁਆਰੀ, ਇਹ ਸਭ ਵੀ ਲੇਖਕ ਦੇ ਸਵੈ-ਬਿਰਤਾਂਤ ਦਾ ਹਿੱਸਾ ਬਣੇ ਹਨ। ਸੇਵਾਮੁਕਤੀ ਤੋਂ ਬਾਅਦ ਲੇਖਕ ਆਪਣੇ ਨਿੱਜੀ ਸੰਘਰਸ਼ ਤੋਂ ਉੱਪਰ ਉੱਠ ਕੇ ਸਮਾਜਿਕ ਸੰਘਰਸ਼ ਵਿਚ ਹਿੱਸਾ ਪਾਉੇਣ ਲਈ ਯਤਨਸ਼ੀਲ ਹੈ। ਸਰਲ ਸਾਦਾ ਭਾਸ਼ਾ ਵਾਲਾ ਇਹ ਬਿਰਤਾਂਤ ਲੇਖਕ ਦੇ ਨਿੱਜ ਨੂੰ ਬਿਆਨਦਾ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823

08-05-2022

 ਭਾਸ਼ਨ ਕਲਾ ਅਤੇ ਕਾਮਯਾਬੀ
ਮੂਲ ਲੇਖਕ : ਡੇਲ ਕਾਰਨੇਗੀ
ਅਨੁਵਾਦ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 98146-28027.


ਕੁਦਰਤ ਨੇ ਹਾਵ ਭਾਵ ਪੈਦਾ ਕਰਨ ਲਈ ਵੱਖ-ਵੱਖ ਜੀਵ ਜੰਤੂਆਂ ਵਿਚ ਵੱਖ-ਵੱਖ ਮੁਦਰਾਵਾਂ ਪੈਦਾ ਕੀਤੀਆਂ ਹਨ। ਜੀਭ ਇਨ੍ਹਾਂ ਮੁਦਰਾਵਾਂ ਵਿਚ ਬੋਲ ਬਾਣੀ ਦਾ ਇਕ ਵਿਸ਼ੇਸ਼ ਰੋਲ ਅਦਾ ਕਰਦੀ ਹੈ। ਇਹ ਬੋਲ ਬਾਣੀ ਹੀ ਇਕ ਵੱਖਰੀ ਪਛਾਣ/ਸ਼ਖ਼ਸੀਅਤ ਵੀ ਬਣਾਉਣ ਵਿਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਮਨੁੱਖੀ ਜੀਵਨ ਵਿਚ ਹੋਰ ਕਲਾਵਾਂ ਦੇ ਨਾਲ-ਨਾਲ ਭਾਸ਼ਨ ਕਲਾ ਦੀ ਵੀ ਬਹੁਤ ਮਹੱਤਤਾ ਹੈ।
ਡੇਲ ਕਾਰਨੇਗੀ ਦੀ ਸੰਸਾਰ ਪ੍ਰਸਿੱਧ ਪੁਸਤਕ @Pub&}c Speak}n{ for Success@ ਦਾ ਅਨੁਵਾਦ 'ਭਾਸ਼ਨ ਕਲਾ ਅਤੇ ਕਾਮਯਾਬੀ' ਵਿਚ ਭਾਸ਼ਨ ਕਲਾ ਨੂੰ ਸੰਵਾਰਨ ਤੇ ਨਿਖਾਰਨ ਦੇ ਬਹੁਤ ਸਾਰੇ ਗੁਰ ਦਰਸਾਏ ਗਏ ਹਨ। ਇਕ ਵਧੀਆ ਚੰਗਾ ਵਕਤਾ/ਬੁਲਾਰਾ ਬਣਨ ਦੇ ਕਰੀਬ ਇਕੱਤੀ ਵਿਸ਼ਿਆਂ ਨੂੰ ਬੜੇ ਗੂੜ੍ਹ ਗਿਆਨ ਦੇ ਵਿਸਥਾਰ ਨਾਲ ਪੇਸ਼ ਕੀਤਾ ਹੈ। ਜਗਤ ਪ੍ਰਸਿੱਧ ਬਹੁਤ ਸਾਰੇ ਵਿਦਵਾਨਾਂ, ਬੁੱਧੀਜੀਵੀਆਂ ਤੇ ਦਾਰਸ਼ਨਿਕਾਂ ਦੇ ਵਿਚਾਰਾਂ ਨਾਲ ਇਸ ਵਿਸਥਾਰ ਨੂੰ ਪ੍ਰਮਾਣਿਤ ਕੀਤਾ ਹੋਇਆ ਪਾਠਕ ਨੂੰ ਪੜ੍ਹਨ ਲਈ ਮਿਲਦਾ ਹੈ।
ਦੂਜਿਆਂ ਦੇ ਸਾਹਮਣੇ ਆਪਣੀ ਗੱਲ ਰੱਖਣ ਜਾਨੀ ਭਾਸ਼ਨ ਦੇਣ ਵਿਚ ਮਾਹਰ ਹੋਣ ਲਈ ਵਿਸ਼ੇ ਦਾ ਗਿਆਨ, ਅਭਿਆਸ, ਆਤਮ-ਵਿਸ਼ਵਾਸ, ਸਵਰ ਬਦਲਣ ਨਿਪੁੰਨਤਾ ਜਾਨੀ ਕਿਸੇ ਖ਼ਾਸ ਅੱਖਰ, ਸ਼ਬਦ ਤੇ ਵਾਕ ਉਤੇ ਬਲ ਦੇਣ ਲਈ ਉੱਚੀ-ਨੀਵੀਂ, ਲਮਕਾਅ ਵਾਲੀ ਸੁਰ ਵਿਚ ਬੋਲਣਾ, ਅੱਖਾਂ ਵਿਚ ਅੱਖਾਂ ਪਾ ਕੇ ਬੋਲਣਾ, ਘਸੇ-ਪਿਟੇ ਸ਼ਬਦਾਂ ਤੇ ਦੁਹਰਾਓ ਤੋਂ ਬਚਣਾ, ਕੁਫ਼ਰ ਤੋਲਣ ਦੇ ਤਸ਼ੱਦਦ ਤੋਂ ਗ਼ੁਰੇਜ਼, ਪਹਿਲਾਂ ਤੋਲੋ ਫਿਰ ਬੋਲੋ ਖ਼ੁਸ਼ੀ ਮੌਕੇ ਖੁਸ਼ੀ ਭਰੀ ਸ਼ਬਦਾਵਲੀ ਤੇ ਸ਼ੋਕ ਸਭਾ ਵਿਚ ਹਮਦਰਦੀ ਭਰੀ ਬੋਲ ਬਾਣੀ ਆਦਿ ਗੁਰ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਸੋਨੇ 'ਤੇ ਸੁਹਾਗਾ ਹੋ ਨਿੱਬੜਦੇ ਹਨ।
ਸੋ ਜਿਹੜੇ ਪਾਠਕ/ਸਿਖਿਆਰਥੀ ਇਕ ਚੰਗਾ ਵਕਤਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਪੁਸਤਕ @Pub&}c Speak}n{ for Success@ ਦਾ ਆਮ ਸਮਝ ਵਿਚ ਆਉਣ ਵਾਲੀ ਕਰਮ ਸਿੰਘ ਜ਼ਖ਼ਮੀ ਦੁਆਰਾ ਅਨੁਵਾਦਿਤ (ਪੁਸਤਕ) 'ਭਾਸ਼ਨ ਕਲਾ ਅਤੇ ਕਾਮਯਾਬੀ' ਜ਼ਰੂਰ ਪੜ੍ਹਨਾ ਚਾਹੀਦਾ ਹੈ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ
ਲੇਖਕ : ਡਾ. ਅਮਨਪ੍ਰੀਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 224
ਸੰਪਰਕ : 96537-90000.


ਡਾ. ਅਮਨਪ੍ਰੀਤ ਸਿੰਘ ਬਰਾੜ ਭਾਰਤ ਦੀ ਸਮਕਾਲੀ ਸਮਾਜਿਕ-ਆਰਥਿਕ ਵਿਵਸਥਾ ਬਾਰੇ ਸਪੱਸ਼ਟ ਅਤੇ ਸੁਦ੍ਰਿੜ੍ਹ ਅੰਦਾਜ਼ ਵਿਚ ਲਿਖਣ ਵਾਲਾ ਇਕ ਯੁਵਾ ਲੇਖਕ ਹੈ। ਉਹ ਪੰਜਾਬੀ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਵਿਚਾਰ ਪੇਸ਼ ਕਰਦਾ ਹੈ। ਸਾਡੇ ਸਮਕਾਲੀ ਪੰਜਾਬ ਵਿਚ ਅਨੇਕ ਸਮੱਸਿਆਵਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਵਿਚਾਰ ਪ੍ਰਗਟ ਕਰਨ ਦਾ, ਹਰ ਬੁੱਧੀਜੀਵੀ ਆਪਣਾ ਅਧਿਕਾਰ ਤਾਂ ਬੇਸ਼ੱਕ ਸਮਝਦਾ ਹੈ ਪਰ ਵਿਸੰਗਤੀ ਇਹ ਹੈ ਕਿ ਬਹੁਤੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਵਾਸਤਵਿਕ ਸਰੂਪ ਬਾਰੇ ਖ਼ੁਦ ਵੀ ਸਮਝ ਨਹੀਂ ਹੁੰਦੀ, ਡਾ. ਬਰਾੜ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਸਟੀਕ ਜਾਣਕਾਰੀ ਦੇ ਕੇ ਸਮੂਹ ਪੰਜਾਬੀਆਂ ਨੂੰ ਚੇਤੰਨ ਬਣਾਇਆ ਹੈ।
ਪੁਸਤਕ ਦਾ ਮੁਢਲਾ ਲੇਖ 'ਕਿਸਾਨ ਅੰਦੋਲਨ' ਬਾਰੇ ਹੈ। ਲੇਖਕ ਨੇ ਦਰਸਾਇਆ ਹੈ ਕਿ ਜੇ ਕਿਸਾਨ ਲੋਕ ਇਸ ਅੰਦੋਲਨ ਦੁਆਰਾ ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਨਾ ਕਰ ਦਿੰਦੇ ਤਾਂ ਕਾਰਪੋਰੇਟ ਘਰਾਣਿਆਂ ਨੇ ਆਪਣੇ ਮੁਨਾਫ਼ੇ ਲਈ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰ ਦੇਣਾ ਸੀ (ਪੰਨੇ 18-19)। ਉਹ ਲਿਖਦਾ ਹੈ ਕਿ ਸਰਕਾਰੀ ਮੰਡੀਆਂ ਦਾ ਟੁੱਟਣਾ ਕਿਸਾਨਾਂ ਲਈ ਬੇਹੱਦ ਨੁਕਸਾਨਦੇਹ ਹੋਵੇਗਾ ਕਿਉਂਕਿ ਵੱਡੇ ਵਪਾਰੀਆਂ ਅਤੇ ਕਾਰਪੋਰੇਟ ਜਗਤ ਨੇ ਕਦੇ ਵੀ ਕਿਸਾਨ ਨੂੰ ਉਸ ਦੀ ਜਿਨਸ ਦਾ ਵਾਜਬ ਮੁੱਲ ਨਹੀਂ ਦੇਣਾ। ਉਹ ਸਰਕਾਰ ਵਲੋਂ ਫੈਲਾਏ ਜਾ ਰਹੇ ਇਸ ਭਰਮ ਨੂੰ ਬੇਕਨਾਬ ਕਰਦਾ ਹੈ ਕਿ ਅੰਨ-ਉਤਪਾਦਨ ਵਿਚ ਅਸੀਂ ਆਤਮ-ਨਿਰਭਰ ਹੋ ਗਏ ਹਾਂ। ਹਕੀਕਤ ਇਹ ਹੈ ਕਿ ਵਿਸ਼ਵ ਭੁੱਖ-ਸੂਚਕ ਸਰਵੇਖਣ ਵਿਚ ਦੁਨੀਆ ਦੇ 117 ਦੇਸ਼ਾਂ ਵਿਚੋਂ ਸਾਡਾ ਨੰਬਰ 103 ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਅੱਜ ਵੀ ਸਾਡੇ ਦੇਸ਼ ਦੇ 19.4 ਕਰੋੜ ਲੋਕ ਭੁੱਖੇ ਸੌਂਦੇ ਹਨ (ਪੰਨਾ 42)।
ਕੌਮੀ ਸਿੱਖਿਆ ਨੀਤੀ (2020), ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ, ਆਈਲਟਸ ਦੀ ਸਿਰਦਰਦੀ, ਪੰਜਾਬ ਦੀ ਰਾਜਨੀਤੀ ਵਿਚ ਮੁਫ਼ਤਖੋਰੀ ਦਾ ਰੁਝਾਨ, ਜੀ.ਡੀ.ਪੀ. ਵਿਚ ਵਾਧਾ ਅਤੇ ਆਮ ਲੋਕ, ਨਵੀਂ ਕਿਸਮ ਦਾ ਬੈਂਕ 'ਬੈਡ ਬੈਂਕ' ਇਸ ਪੁਸਤਕ ਵਿਚਲੇ ਕੁਝ ਹੋਰ ਮਹੱਤਵਪੂਰਨ ਲੇਖ ਹਨ। ਪੰਜਾਬੀ ਵਿਚ ਅਜਿਹੀ ਪੁਸਤਕ ਦਾ ਛਪਣਾ ਸ਼ੁੱਭ ਸੰਕੇਤ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਿੱਖ ਇਤਿਹਾਸ ਦੇ ਖੋਜਕਾਰ
ਸੰਪਾਦਕ : ਡਾ. ਮੁਹੰਮਦ ਸ਼ਫੀਕ
ਪ੍ਰਕਾਸ਼ਨ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 154
ਸੰਪਰਕ : 98149-75686.


ਹਥਲੀ ਕਿਤਾਬ ਵਿਚ ਇਕ ਦਰਜਨ ਇਤਿਹਾਸਕਾਰਾਂ ਦੀ ਇਤਿਹਾਸਕਾਰੀ ਤੇ ਜੀਵਨ ਸਰੋਕਾਰ ਪ੍ਰਸਤੁਤ ਕੀਤੇ ਗਏ ਹਨ। ਸੰਪਾਦਕ ਡਾ. ਸ਼ਫੀਕ ਨੇ ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਲਿਖਣ ਵਾਲਿਆਂ ਵਿਚ ਰਤਨ ਸਿੰਘ ਭੰਗੂ, ਮੈਕਸ ਆਰਥਰ ਮੈਕਾਲਿਫ, ਭਾਈ ਕਾਨ ਸਿੰਘ ਨਾਭਾ, ਭਗਤ ਲਛਮਣ ਸਿੰਘ, ਪ੍ਰੇਮ ਸਿੰਘ ਹੋਤੀ, ਭਾਈ ਜੋਧ ਸਿੰਘ, ਕਰਮ ਸਿੰਘ ਹਿਸਟੋਰੀਅਨ, ਇੰਦੂ ਭੂਸ਼ਨ ਬੈਨਰਜੀ, ਪ੍ਰਿ: ਤੇਜਾ ਸਿੰਘ, ਗਿ: ਸੋਹਣ ਸਿੰਘ ਸੀਤਲ, ਸ. ਹਰਬੰਸ ਸਿੰਘ, ਡਾ. ਕਿਰਪਾਲ ਸਿੰਘ ਹਿਸਟੋਰੀਅਨ ਦੇ ਨਾਂਅ ਸ਼ਾਮਿਲ ਕੀਤੇ ਗਏ ਹਨ। ਲੇਖਕ ਡਾ. ਕਿਰਪਾਲ ਸਿੰਘ, ਡਾ. ਸੰਦੀਪ ਕੌਰ, ਡਾ. ਅਜੇ ਸਿੰਘ, ਡਾ. ਕਰਮਜੀਤ ਸਿੰਘ, ਸ. ਸੁਖਦੇਵ ਸਿੰਘ, ਡਾ. ਸ਼ੇਰ ਸਿੰਘ, ਸ. ਗੁਰਪ੍ਰੀਤ ਸਿੰਘ, ਅਮਨਦੀਪ ਕੌਰ ਪਾਸੋ ਅਤੇ ਡਾ. ਮੁਹੰਮਦ ਸ਼ਫੀਕ ਨੇ ਤਿੰਨ ਇਤਿਹਾਸਕਾਰਾਂ ਬਾਰੇ ਇਸ ਪੁਸਤਕਾਂ 'ਚ ਆਪ ਲਿਖਿਆ ਹੈ। ਇਤਿਹਾਸ ਦੀ ਸਮੱਸਿਆ ਕੇਵਲ ਮਿਸਾਲਾਂ ਇਕੱਤਰ ਕਰਨਾ ਹੀ ਨਹੀਂ ਸਗੋਂ ਇਸ ਨੂੰ ਠੀਕ ਢੰਗ ਵਿਚ ਤੇ ਠੀਕ ਸਪਿਰਟ ਵਿਚ ਪੇਸ਼ ਕਰਨਾ ਹੈ। ਪ੍ਰਸਿੱਧ ਇਤਿਹਾਸਕ ਵਿਗਿਆਨੀ ਈ.ਐਚ. ਕਾਰ ਲਿਖਦਾ ਹੈ ਕਿ ਬੀਤੇ ਸਮੇਂ ਦੀਆਂ ਘਟਨਾਵਾਂ ਆਪਣੇ ਆਪ ਵਿਚ ਕੋਈ ਮਹਾਨਤਾ ਨਹੀਂ ਰੱਖਦੀਆਂ। ਇਤਿਹਾਸਕਾਰ ਹੀ ਉਨ੍ਹਾਂ ਨੂੰ ਮਹਾਨਤਾ ਪ੍ਰਦਾਨ ਕਰਦਾ ਹੈ। ਇਤਿਹਾਸ ਇਤਿਹਾਸਕਾਰ ਮਨ 'ਤੇ ਪਿਆ ਵਾਕਿਅਤ ਦਾ ਪ੍ਰਤੀਬਿੰਬ ਹੈ। ਹਾਲਾਤ ਨੂੰ ਸਮੇਂ ਦੀ ਚਾਲ ਨਾਲ ਠੀਕ ਬੰਦ ਵਿਚ ਪੇਸ਼ ਕਰਨ ਲਈ ਸੁਹਿਰਦਤਾ, ਨੇਕਨੀਅਤੀ ਅਤੇ ਸੁਘੜ ਕਲਪਨਾ ਦੀ ਲੋੜ ਹੁੰਦੀ ਹੈ। ਇਤਿਹਾਸ ਵਰਤਮਾਨ ਦਾ ਬੀਤੇ ਸਮੇਂ ਨਾਲ ਇਕ ਵਾਰਤਾਲਾਪ ਹੈ, ਜੋ ਨਿਰੰਤਰ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਇਤਿਹਾਸਕਾਰ ਤੇ ਬੀਤੇ ਸਮੇਂ ਦੇ ਹਾਲਾਤ ਇਕ-ਦੂਜੇ ਦੇ ਪਰਸਪਰ ਪ੍ਰਭਾਵ ਪਾਉਂਦੇ ਹਨ।
ਇਤਿਹਾਸ ਬੀਤੇ ਦੀਆਂ ਘਟਨਾਵਾਂ ਪਰੰਪਰਾਵਾਂ ਜਾਂ ਹੋਰ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਰਹੁਰੀਤਾਂ ਨੂੰ ਸੰਗਠਿਤ ਕਰਕੇ ਸਾਡੇ ਸਾਹਮਣੇ ਰੱਖਦਾ ਹੈ। ਇਸ ਨੂੰ ਜਾਣ ਕੇ ਵੱਖ-ਵੱਖ ਕੌਮਾਂ ਅਤੇ ਧਰਮਾਂ ਦੇ ਲੋਕ ਆਪਣੇ ਨੈਤਿਕ, ਧਾਰਮਿਕ ਅਤੇ ਸੱਭਿਆਚਾਰਕ ਵਜੂਦ ਨੂੰ ਕਾਇਮ ਰੱਖਦੇ ਹਨ। ਪੰਜਾਬ ਦਾ ਜ਼ਿਕਰ ਪ੍ਰਚੀਨ ਸਮੇਂ ਦੇ ਗ੍ਰੰਥਾਂ, ਵੇਦਾਂ ਜਾਂ ਇਤਿਹਾਸਕ ਲਿਖਤਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਰਿਹਾ ਪਰ ਜੋ ਇਤਿਹਾਸ ਪੰਜਾਬ ਦਾ ਸਿੱਖ ਇਤਿਹਾਸ ਬਣਿਆ ਉਹ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਦੇਸ਼ ਨੇ ਸਿਰਜਿਆ ਹੋਵੇ। ਸਿੱਖ ਇਤਿਹਾਸਕਾਰੀ ਦਾ ਮੁੱਢ ਗੁੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਬਾਅਦ ਸਮੇਂ-ਸਮੇਂ 'ਤੇ ਗੁਰੂਆਂ, ਲਿਖਾਰੀਆਂ ਅਤੇ ਇਤਿਹਾਸਕਾਰਾਂ ਦੁਆਰਾ ਇਤਿਹਾਸ ਨੂੰ ਰਚਿਆ ਗਿਆ ਹੈ। ਖੋਜ ਤੇ ਇਤਿਹਾਸਕਾਰੀ ਦਾ ਮੂਲ ਆਧਾਰ ਸਰੋਤ ਹੁੰਦੇ ਹਨ। ਸਰੋਤ ਲਈ ਲਿਖਤੀ ਦਸਤਾਵੇਜ਼ ਆਧਾਰ ਬਣਦੇ ਹਨ। ਖੋਜ ਅਤੇ ਇਤਿਹਾਸ ਅੰਗ-ਸੰਗ ਰਹਿ ਕੇ ਯਾਤਰਾ ਕਰਦੇ ਹਨ। ਇਤਿਹਾਸ ਵਿਚ ਖੋਜ ਦੀ ਭੂਮਿਕਾ ਨਿਰਵਿਵਾਦ ਹੈ। ਇਸ ਪੁਸਤਕ ਵਿਚ ਦਿੱਤੇ ਗਏ ਸਾਰੇ ਸਿੱਖ ਇਤਿਹਾਸਕਾਰ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਨਾਂਅ, ਉਨ੍ਹਾਂ ਦੇ ਜੀਵਨ 'ਤੇ ਚਾਣਨਾ ਪਾਉਣ ਦੀ ਚੰਗੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਨੂੰ ਪੜ੍ਹਨ ਦਾ ਮੌਲਿਕ ਯਤਨ ਹੈ। ਕਿਸ ਨੇ ਕਿਸ ਦ੍ਰਿਸ਼ਟੀਕੋਣ ਨਾਲ ਇਤਿਹਾਸ ਸਿਰਜਿਆ ਅਤੇ ਕਿਹੜੇ ਸੋਮਿਆਂ ਦੀ ਵਰਤੋਂ ਕੀਤੀ, ਸਿੱਖ ਇਤਿਹਾਸਕਾਰੀ ਨੂੰ ਲਿਖਣ ਵਾਲੇ ਕੁਝ ਚੋਣਵੇਂ ਇਤਿਹਾਸਕਾਰਾਂ ਨੂੰ ਇਸ ਪੁਸਤਕ ਵਿਚ ਦਰਜ ਕੀਤਾ ਗਿਆ ਹੈ। ਸੰਪਾਦਕ ਨੇ ਇਸ ਪੁਸਤਕ ਨੂੰ ਨਿਰੋਲ ਇਤਿਹਾਸਕਾਰ, ਧਰਮ ਅਧਿਐਨ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਇਤਿਹਾਸਕਾਰਾਂ ਦੀ ਲੋੜ ਨੂੰ ਸਾਹਮਣੇ ਰੱਖਦੇ ਹੋਏ ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜਕਾਰਾਂ ਬਾਰੇ ਜਾਣਕਾਰੀ ਮੁਹੱਈਆ ਕੀਤੀ ਹੈ।


ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਬੰਦਾ ਸਿੰਘ ਬਹਾਦਰ

(ਇਤਿਹਾਸਕ ਨਾਵਲ)
ਲੇਖਕ: ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 94178-55876.


ਹਰੀ ਸਿੰਘ ਢੁੱਡੀਕੇ ਇਕ ਸਿਰੜੀ ਗਲਪਕਾਰ ਹੈ। 2004 ਤੋਂ ਲਗਾਤਾਰ ਲਿਖਦਿਆਂ ਉਹ ਹੁਣ ਤੱਕ 19 ਕਿਤਾਬਾਂ ਦੀ ਰਚਨਾ ਕਰ ਚੁੱਕਾ ਹੈ। ਜਿਸ ਵਿਚ 14 ਨਾਵਲ (ਸੱਤ ਇਤਿਹਾਸਕ ਨਾਵਲ), ਦੋ ਬਾਲ ਪੁਸਤਕਾਂ, ਇਕ ਢੁੱਡੀਕੇ ਪਿੰਡ ਬਾਰੇ ਪੁਸਤਕ, ਦੋ ਜੀਵਨੀਮੂਲਕ ਕਿਤਾਬਾਂ ਸ਼ਾਮਿਲ ਹਨ।
ਇਤਿਹਾਸਕ ਨਾਵਲਾਂ ਦੀ ਲੜੀ ਵਿਚ ਹੀ ਵਿਚਾਰ-ਅਧੀਨ ਨਾਵਲ 'ਬੰਦਾ ਸਿੰਘ ਬਹਾਦਰ' ਸ਼ਾਮਿਲ ਹੈ, ਜਿਸ ਦੇ ਕੁੱਲ 39 ਅਧਿਆਏ ਹਨ। ਇਹ ਨਾਵਲ ਬੰਦਾ ਸਿੰਘ ਬਹਾਦਰ ਦੇ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਲਛਮਣ ਦੇਵ ਵਜੋਂ ਉਹਦੇ ਹੱਥੋਂ ਇਕ ਹਿਰਨੀ ਦਾ ਸ਼ਿਕਾਰ ਹੁੰਦਾ ਹੈ ਤੇ ਉਹਦੇ ਪੇਟੋਂ ਦੋ ਬੱਚੇ ਉਹਦੇ ਸਾਹਮਣੇ ਹੀ ਤੜਪ-ਤੜਪ ਕੇ ਮਰ ਜਾਂਦੇ ਹਨ। ਇਸ ਤੋਂ ਬਾਅਦ ਉਸ ਦਾ ਮਨ ਦੁਨੀਆ ਤੋਂ ਉਚਾਟ ਹੋ ਜਾਂਦਾ ਹੈ ਤੇ ਵੱਖ-ਵੱਖ ਸਾਧੂਆਂ ਦੀ ਸੰਗਤ ਕਰਦਾ ਹੋਇਆ ਉਹ ਜੋਗੀ ਔਘੜ ਨਾਥ ਕੋਲ ਪਹੁੰਚਦਾ ਹੈ, ਜੋ ਉਸ ਨੂੰ ਰਿੱਧੀਆਂ-ਸਿੱਧੀਆਂ ਅਤੇ ਮੰਤਰਾਂ-ਤੰਤਰਾਂ ਵਿਚ ਨਿਪੁੰਨ ਕਰ ਦਿੰਦਾ ਹੈ। ਜੋਗੀ ਔਘੜ ਨਾਥ ਦੀ ਮੌਤ ਪਿੱਛੋਂ ਮਾਧੋਦਾਸ ਆਪਣਾ ਡੇਰਾ ਗੋਦਾਵਰੀ ਦੇ ਕੰਢੇ ਬਣਾ ਲੈਂਦਾ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਹੋਣ 'ਤੇ ਉਹ ਉਨ੍ਹਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੰਦਾ ਹੈ। ਗੁਰੂ ਜੀ ਉਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾਉਂਦੇ ਹਨ ਤੇ ਕੁਝ ਸਿੰਘ ਦੇ ਕੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ ਵੱਲ ਭੇਜਦੇ ਹਨ। ਗੁਰੂ ਦੀ ਬਖ਼ਸ਼ਿਸ਼ ਸਦਕਾ ਬੰਦਾ ਸਿੰਘ ਕੁਝ ਸਾਲਾਂ ਵਿਚ ਹੀ 25 ਸਿੰਘਾਂ ਤੋਂ ਚਾਰ ਹਜ਼ਾਰ ਘੋੜਸਵਾਰ, ਅਠੱਤਰ ਸੌ ਪੈਦਲ ਸੈਨਿਕਾਂ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਹੁੰਦਾ ਹੈ। ਪੰਜਾਬ ਭਰ ਦੇ ਵੱਖ-ਵੱਖ ਖੇਤਰਾਂ ਦੇ ਸਿੰਘ ਉਸ ਦੀ ਸੈਨਾ ਵਿਚ ਸਿਰਫ਼ ਸ਼ਾਮਿਲ ਹੀ ਨਹੀਂ ਹੁੰਦੇ, ਸਗੋਂ ਜੋਸ਼, ਉਤਸ਼ਾਹ ਤੇ ਸੂਰਮਗਤੀ ਨਾਲ ਮੁਗਲ ਸੈਨਾ ਦੇ ਛੱਕੇ ਛੁਡਾ ਦਿੰਦੇ ਹਨ ਤੇ ਆਖਿਰਕਾਰ ਚੱਪੜਚਿੜੀ ਦੇ ਮੈਦਾਨ ਵਿਚ ਮੁਗਲ ਬਾਦਸ਼ਾਹ ਵਜ਼ੀਰ ਖਾਂ ਨੂੰ ਮਾਰਨ ਪਿੱਛੋਂ ਉਹਦੀ ਪੂਰੀ ਸਲਤਨਤ ਨੂੰ ਮਿੱਟੀ ਵਿਚ ਮਿਲਾ ਦਿੰਦੇ ਹਨ।
ਬੰਦਾ ਸਿੰਘ ਦੀਆਂ ਹੋਰ ਲੜਾਈਆਂ ਅਤੇ ਜਿੱਤਾਂ ਦੇ ਨਾਲ-ਨਾਲ ਚੰਬੇ ਦੀ ਰਾਜਕੁਮਾਰੀ ਨਾਲ ਵਿਆਹ ਨੂੰ ਵੀ ਵਿਖਾਇਆ ਗਿਆ ਹੈ ਤੇ ਆਖਿਰਕਾਰ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬੰਦਾ ਸਿੰਘ ਨੂੰ ਫਰੁਖ਼ਸੀਅਰ ਦੀ ਸੈਨਾ ਵਲੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਦਿੱਲੀ ਲਿਜਾ ਕੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ। ਨਾਵਲ ਵਿਚ ਲੇਖਕ ਨੇ ਬੰਦਾ ਸਿੰਘ ਦੇ ਜੰਗੀ ਪੈਂਤੜਿਆਂ ਅਤੇ ਮੁਖੀ ਸਿੰਘਾਂ ਨਾਲ ਵਿਚਾਰ-ਵਟਾਂਦਰਾ ਕਰਕੇ ਫ਼ੈਸਲੇ ਲੈਣ ਬਾਰੇ ਦੱਸਿਆ ਹੈ।
ਰੋਮਾਂਚਿਕਤਾ ਨਾਲ ਭਰਪੂਰ ਨਾਵਲ ਵਿਚ ਵਿਸ਼ੇ ਦੇ ਮੁਤਾਬਿਕ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਯੁੱਧ ਅਤੇ ਸ਼ਹੀਦੀ-ਬਿਰਤਾਂਤ ਪੜ੍ਹ ਕੇ ਅੱਖਾਂ ਕਈ ਵਾਰ ਨਮ ਹੁੰਦੀਆਂ ਹਨ। ਨਾਵਲਕਾਰ ਆਪਣੇ ਆਸ਼ੇ ਵਿਚ ਪੂਰੀ ਤਰ੍ਹਾਂ ਸਫਲ ਕਿਹਾ ਜਾ ਸਕਦਾ ਹੈ।


ਪ੍ਰੋ. ਨਵਸੰਗੀਤ ਸਿੰਘ
ਮੋ: 94176-92015


ਇਕ ਬਟਾ ਦੋ
(ਹਿੰਦੀ ਨਾਵਲ)
ਲੇਖਿਕਾ : ਸੁਜਾਤਾ
ਅਨੁਵਾਦਕ : ਤੇਜਿੰਦਰ ਬਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 136
ਸੰਪਰਕ : 98781-77812.


ਇਕ ਬਟਾ ਦੋ : ਨਾਵਲ ਦੀ ਮੁੱਖ ਪਾਤਰ ਪਦਮਨੀ, ਭਾਵੇਂ ਗਹਿਰ-ਗੰਭੀਰ ਔਰਤ ਹੈ ਪਰ ਚੜ੍ਹਦੀ ਜਵਾਨੀ ਵਿਚ ਆਪਣੇ ਪੇਕਿਆਂ ਦੀ ਟੋਕਾ-ਟਕਾਈ ਤੋਂ ਛੁਟਕਾਰਾ ਪਾਉਣ ਲਈ ਉਹ ਬਗ਼ਾਵਤ ਵਜੋਂ ਜਾਂ ਅਲੇਲ ਉਮਰ ਦੀ ਗ਼ਲਤੀ ਕਾਰਨ ਪਹਿਲਾਂ ਰੋਮੀਓ ਨਾਲ, ਫਿਰ ਵਿਆਹ ਤੋਂ ਬਾਅਦ ਮਹਾਂਨਗਰ ਵਿਖੇ ਪਾਰਲਰ ਖੋਲ੍ਹ ਕੇ ਵੀ ਖ਼ੁਦਮੁਖ਼ਤਿਆਰ, ਆਜ਼ਾਦ ਨਾਰੀ ਵਾਂਗ ਵਿਚਰਨ ਲਗਦੀ ਹੈ। ਮਾਪਿਆਂ ਦੇ ਪਰਿਵਾਰ ਵਿਚ ਵੀ ਹੋਰ ਭੈਣ ਭਰਾ 'ਆਜ਼ਾਦ' ਹੋ ਕੇ ਮਨਮਰਜ਼ੀ ਕਰਦੇ ਰਹੇ। ਇਸ ਤਰ੍ਹਾਂ 'ਪਦਮਨੀ' ਦੀ ਖ਼ੁਦਮੁਖ਼ਤਿਆਰ ਬਾਗ਼ੀ ਔਰਤ ਦੀ ਕਹਾਣੀ ਨੂੰ ਲੇਖਿਕਾ ਸੁਜਾਤਾ ਨੇ ਆਪਣੇ ਹਿੰਦੀ ਨਾਵਲ ਵਿਚ ਆਪਣੇ ਹੀ ਅੰਦਾਜ਼-ਬਿਆਨ ਵਿਚ ਪੇਸ਼ ਕੀਤਾ ਹੈ, ਜਿਸ ਨੂੰ ਅਸੀਂ ਨਾਰੀਵਾਦੀ ਸੰਸਾਰ ਦਾ ਵਿਲੱਖਣ ਆਤਮ-ਪ੍ਰਸੰਗ ਕਹਿ ਸਕਦੇ ਹਾਂ। ਨਾਵਲ ਦੀ ਪੇਸ਼ਕਾਰੀ ਦਾ ਆਰੰਭ ਪਿਛਲ-ਝਾਤ ਵਿਧੀ ਨਾਲ ਹੁੰਦਾ ਹੈ ਅਤੇ ਵਰਤਮਾਨ ਵਿਚ ਕਹਾਣੀ, ਨਾਵਲ ਦੀ ਨਾਇਕਾ ਮੁੱਖ ਪਾਤਰ ਆਰੰਭ ਕਰਦੀ ਹੈ। ਆਪਣੇ ਸੰਬੰਧੀ, ਆਪਣੇ ਪਰਿਵਾਰ ਸੰਬੰਧੀ ਜਾਣਕਾਰੀ ਦੇਣ ਦੀ ਵਿਧੀ ਵੀ ਉਸ ਦੀ ਆਪਣੀ ਹੈ। ਜਨਮ ਲੈਂਦਿਆਂ ਕੁੜੀ ਦਾ ਨਿਰਾਦਰ ਕਰਨ ਦੇ ਬਹਾਨੇ ਕੀਤੇ ਜਾਂਦੇ ਹਨ। ... ਪਰ ਨਾਵਲ ਦੀ ਨਾਇਕਾ ਨੇ ਹੋਸ਼ ਸੰਭਾਲਣ ਪਿੱਛੋਂ ਚੜ੍ਹਦੀ ਜਵਾਨੀ ਸਮੇਂ ਘਰ ਵਿਚ ਬਗ਼ਾਵਤ ਕਰ ਦਿੱਤੀ ਸੀ। ਮੁਕਤੀ ਦੀ ਚਾਹਤ ਔਰਤ ਨੂੰ ਬਾਗ਼ੀ ਬਣਾਉਂਦੀ ਹੈ। ਔਰਤ ਨੂੰ ਭੋਗ-ਭੋਗ ਕੇ ਬਿਮਾਰ ਅਧਮੋਇਆ ਕਰਨ ਦਾ ਜ਼ਿੰਮੇਵਾਰ ਮਰਦ ਹੈ। 'ਜ਼ਰੂਰਤ' ਔਰਤ ਨੂੰ ਘਰੋਂ ਕੱਢਦੀ ਹੈ। ਇੰਜ ਇਸ ਨਾਵਲ ਦੀ ਕਥਾ ਵਾਰਤਾ, ਵਿਸ਼ਾ ਵਿਸਥਾਰ ਨਾਵਲ ਦੀ ਮੁੱਖ ਪਾਤਰ ਨੂੰ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਘਰੋਂ ਬਾਹਰ ਕੱਢਦਾ ਹੈ। ਮਹਾਂਨਗਰ ਵਿਚ ਵਿਆਹ ਕਰਾ ਕੇ ਆਜ਼ਾਦ ਔਰਤ ਵਾਂਗ ਉਹ ਮਹਾਂਨਗਰ ਵਿਚ 'ਪਾਰਲਰ' ਖੋਲ੍ਹ ਕੇ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਜਿਊਂਦੀ, ਆਜ਼ਾਦ ਔਰਤ ਵਾਂਗ ਆਪਣੇ ਦੋਸਤ ਭੋਗਦੀ ਹੈ। ਮਨਮਰਜ਼ੀਆਂ ਕਰਦੀ ਹੋਈ ਵੀ ਉਹ ਬੇਚੈਨ ਅੱਧੀ-ਅਧੂਰੀ ਹੈ। ਇਕ ਬਟਾ ਦੋ ਬਣ ਕੇ ਰਹਿ ਗਈ ਹੈ। ਨਾਵਲ ਵਿਚ ਕੀਤਾ ਚਿਤਰਨ ਅਜੀਬ, ਅਨੋਖਾ ਅਤੇ ਅੱਜ ਦੀ ਮੁਕਤ ਆਜ਼ਾਦ ਔਰਤ ਦੀ ਗਾਥਾ ਦਾ ਕੌੜਾ ਸੱਚ ਹੈ, ਜਿਸ ਨੂੰ ਲੇਖਿਕਾ ਸੁਜਾਤਾ ਨੇ ਕਮਾਲ ਦੀ ਭਾਸ਼ਾ ਵਿਚ ਕਥਨ ਕਰਦਿਆਂ ਆਪਣੀ ਸ਼ੈਲੀ ਦਾ ਜਲਵਾ ਦਰਸਾਇਆ ਹੈ। ਪੰਜਾਬੀ ਪਾਠਕਾਂ ਲਈ ਇਸ ਨਾਵਲ ਦੀ ਗਾਥਾ, ਵਾਰਤਾ, ਕਥਨ ਵਿਧੀ, ਨਵੀਂ ਪਰ ਓਪਰੀ ਲਗਦੀ ਹੋਵੇਗੀ। ਫਿਰ ਵੀ ਇਸ ਦਾ ਪੰਜਾਬੀ ਅਨੁਵਾਦ, ਪੰਜਾਬੀ ਪਾਠਕਾਂ ਲਈ ਅਦਭੁੱਤ ਜ਼ਰੂਰ ਹੈ। ਅਨੁਵਾਦਕ ਵਧਾਈ ਦਾ ਪਾਤਰ ਹੈ।


ਡਾ. ਅਮਰ ਕੋਮਲ
ਮੋ: 088376-84173


ਵਤਨਾਂ ਦੇ ਲੇਖੇ
ਲੇਖਿਕਾ : ਹਰਦੀਪ ਕੌਰ ਦੀਪਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 50
ਸੰਪਰਕ : 094692-11113.


ਸ਼ਾਇਰਾ ਹਰਦੀਪ ਕੌਰ ਦੀਪਕ ਹਥਲੀ ਕਾਵਿ-ਕਿਤਾਬ 'ਵਤਨਾਂ ਦੇ ਲੇਖੇ' ਤੋਂ ਪਹਿਲਾਂ ਦੋ ਕਾਵਿ-ਕਿਤਾਬਾਂ 'ਸੁਨਹਿਰੀ ਸੁਪਨੇ', 'ਸੁੱਖ ਸੁਨੇਹੇ' ਤੇ ਇਕ ਕਹਾਣੀ ਸੰਗ੍ਰਹਿ 'ਸਵਰਗ ਦੀ ਭਾਲ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਦੀ ਕਿਤਾਬ ਦੇ ਸਰਵਰਕ ਦੇ ਨਾਂਅ ਤੋਂ ਹੀ ਉਸ ਦੀ ਸ਼ਾਇਰੀ ਦੇ ਤੱਥ ਸਾਰ ਦੀ ਤੰਦ ਹੱਥ ਆ ਜਾਂਦੀ ਹੈ ਕਿ ਸ਼ਾਇਰਾ ਆਪਣੇ ਦੇਸ਼ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦੀ ਹੈ। ਸ਼ਾਇਰਾ ਜਿਸ ਭੂਗੋਲਿਕ ਖਿੱਤੇ ਅਰਥਾਤ ਜੰਮੂ-ਕਸ਼ਮੀਰ ਵਿਖੇ ਰਹਿ ਰਹੀ ਹੈ, ਉਹ ਖਿੱਤਾ ਤਿੰਨ ਪਾਸਿਆਂ ਤੋਂ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਰਿਹਾ ਹੈ। ਇਕ ਪਾਸੇ ਤਾਂ ਸਥਾਨਕ ਦਹਿਸ਼ਤਗਰਦੀ ਦਾ ਸੰਤਾਪ ਹੈ, ਇਕ ਸਟੇਟ ਦਹਿਸ਼ਤਗਰਦੀ ਅਤੇ ਤੀਜੀ ਸਰਹੱਦ ਤੋਂ ਪਾਰ ਦਹਿਸ਼ਤਗਰਦੀ ਦਾ ਜਨਤਾ ਸੰਤਾਪ ਭੋਗ ਰਹੀ ਹੈ। ਅਜਿਹੇ ਸਮੇਂ ਉਹ ਆਪਣੇ ਪਿਆਰੇ ਵਤਨ ਦੇ ਸਿਪਾਹੀਆਂ ਦੇ ਹੌਸਲੇ ਤੇ ਬਹਾਦਰੀ ਨੂੰ ਸਲਾਮ ਕਰਦੀ ਹੈ ਤੇ ਸਰਹੱਦ ਤੋਂ ਪਾਰ ਦੇ ਤਾਨਾਸ਼ਾਹਾਂ ਨੂੰ ਨਸੀਹਤ ਦਿੰਦੀ ਹੋਈ ਲਲਕਾਰਦੀ ਵੀ ਹੈ ਕਿ ਆਪਣੇ ਨਾਪਾਕ ਇਰਾਦਿਆਂ ਤੋਂ ਕਿਨਾਰਾ ਕਰ ਲਓ। ਜੰਗ ਵਿਚ ਦੋਵਾਂ ਪਾਸਿਆਂ ਦੇ ਮਾਵਾਂ ਦੇ ਪੁੱਤ ਤੋਪਾਂ ਦਾ ਚਾਰਾ ਬਣਦੇ ਹਨ, ਦੋਵਾਂ ਪਾਸਿਆਂ ਤੋਂ ਸੁਹਾਗਣਾਂ ਵਿਧਵਾ ਵਰਗੀ ਪਹਾੜ ਜੇਡੀ ਉਮਰ ਬਤੀਤ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ। ਸ਼ਾਇਰਾ ਹੋਰ ਬਹੁ-ਆਯਾਮੀ ਸਰੋਕਾਰਾਂ ਦੀ ਖੁਰਦਬੀਨੀ ਸਕੈਨਿੰਗ ਕਰਦੀ ਹੈ। ਉਹ ਵਾਦ-ਮੁਕਤ ਸ਼ਾਇਰਾ ਹੈ, ਉਹ ਕਿਸੇ ਵਾਦ ਨਾਲ ਬੱਝੀ ਹੋਈ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਵਾਦਾਂ ਦੀ ਸਮਝ ਨਹੀਂ, ਉਹ ਤਾਂ ਆਪਣੀ ਸੁਹਿਰਦਤਾ ਦੇ ਵਾਦ ਨੂੰ ਹੀ ਸਮਰਪਿਤ ਹੈ। ਉਹ ਪ੍ਰਚੱਲਿਤ ਤੇ ਪਰੰਪਰਕ ਅਧਿਆਤਮਿਕਵਾਦ ਤੇ ਆਦਰਸ਼ਵਾਦ ਦੀ ਫਸੀਲ ਅੰਦਰ ਹੀ ਰਹਿੰਦੀ ਹੈ। ਭਾਰਤੀ ਚਿੰਤਨ ਚੌਰਾਸੀ ਲੱਖ ਜੂਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਪਦਾਰਥਵਾਦੀ ਯੁੱਗ ਵਿਚ ਲੋਕ ਬਹੁਤ ਕੁਝ ਭੁਲਾ ਰਹੇ ਹਨ। ਇਹ ਸੋਹਣੀ ਸੂਰਤ, ਜ਼ਮੀਨਾਂ, ਮਿਲਖਾਂ ਤੇ ਸ਼ੁਹਰਤਾਂ ਇਥੇ ਰਹਿ ਜਾਣੀਆਂ ਹਨ। ਅਖੀਰ ਵਿਚ ਕਬਰਾਂ ਤੇ ਸ਼ਮਸ਼ਾਨਘਾਟਾਂ ਵਿਚ ਅਮੀਰ ਤੇ ਗ਼ਰੀਬ ਨੂੰ ਓਨੀ ਹੀ ਥਾਂ ਮਿਲਣੀ ਹੈ, ਫ਼ਰਕ ਸਿਰਫ ਸਾਧਾਰਨ ਕੱਪੜੇ ਤੇ ਕੀਮਤੀ ਕੱਪੜੇ ਦਾ ਹੀ ਪੈਣਾ ਹੈ। ਸ਼ਾਇਰਾ ਨੂੰ ਕੋਈ ਨਸੀਹਤ ਜਾਂ ਫ਼ਤਵਾ ਨਹੀਂ ਸਿਰਫ ਸਨਿਮਰ ਬੇਨਤੀ ਹੈ ਕਿ ਸਮਕਾਲ ਵਿਚ ਲਿਖੀ ਜਾ ਰਹੀ ਕਵਿਤਾ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਆਪਣਾ ਸਥਾਨ ਨਿਸਚਿਤ ਕਰੇ ਤਾਂ ਕਿ ਭਵਿੱਖ ਵਿਚ ਲਿਖੀ ਜਾਣ ਵਾਲੀ ਸ਼ਾਇਰੀ ਦਾ ਹੋਰ ਬਿਹਤਰ ਕਲਾਤਮਿਕ ਪ੍ਰਗਾਟਾਵਾ ਹੋ ਸਕੇ। ਆਪਣੇ ਵਤਨ ਨੂੰ ਪਿਆਰ ਕਰਨ ਵਾਲੀ ਸੰਵੇਦਨਸ਼ੀਲ ਸ਼ਾਇਰਾ ਦੀ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ। ਨਿਕਟ ਭਵਿੱਖ ਵਿਚ ਕਵੀ ਕਾਵਿ ਕਿਤਾਬ ਦੀ ਪਾਠਕਾਂ ਨੂੰ ਤੇ ਮੈਨੂੰ ਖ਼ੁਦ ਨੂੰ ਬੇਸਬਰੀ ਨਾਲ ਉਡੀਕ ਰਹੇਗੀ। ਆਮੀਨ!


ਭਗਵਾਨ ਢਿੱਲੋਂ
ਮੋ: 98143-78254.


ਗ਼ਜ਼ਲ ਗੁਲਜ਼ਾਰ
ਵਾਘਿਉਂ ਪਾਰ

ਲਿਪੀਅੰਤਰ ਤੇ ਸੰਪਾਦਕ : ਨੂਰ ਮੁਹੰਮਦ ਨੂਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 600 ਰੁਪਏ, ਸਫ਼ੇ : 584
ਸੰਪਰਕ : 98555-51359.


ਹਥਲਾ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਲਹਿੰਦੇ ਪੰਜਾਬ ਦੇ 101 ਚੋਣਵੇਂ ਗ਼ਜ਼ਲਕਾਰਾਂ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਮਜਮੂਆ ਹੈ ਜਿਸ ਨੂੰ ਸੁਪ੍ਰਸਿੱਧ ਸ਼ਾਇਰ ਜਨਾਬ ਨੂਰ ਮੁਹੰਮਦ ਨੂਹ ਮਲੇਰਕੋਟਲਾ ਨੇ ਪ੍ਰਕਾਸ਼ਿਤ ਕਰਵਾ ਕੇ ਦੋਵਾਂ ਪੰਜਾਬਾਂ ਦੀ ਸ਼ਿਅਰੀ ਸਾਂਝ ਨੂੰ ਤੋਪੇ ਲਾਏ ਹਨ। ਸੰਸਾਰ ਭਰ ਦੇ ਦੇਸ਼ਾਂ ਦਾ ਬਟਵਾਰਾ ਤਾਂ ਹੋਇਆ ਪਰ ਪੰਜਾਬ ਦੇ ਬਟਵਾਰੇ ਦੀ ਵਿਡੰਬਨਾ ਤੇ ਹੋਣੀ ਕਿੱਧਰੇ ਨਹੀਂ ਵਾਪਰੀ। ਜਰਮਨ ਨੂੰ ਵੰਡ ਕੇ ਵਿਚ ਕੰਧ ਕੱਢ ਦਿੱਤੀ ਗਈ ਸੀ ਪਰ ਉਸ ਦੀ ਭਾਸ਼ਾ ਨਹੀਂ ਸੀ ਵੰਡੀ ਗਈ। ਲਿਪੀ ਡੱਚ ਹੀ ਰਹੀ ਸੀ ਪਰ ਪੰਜਾਬੀ ਨਾਲ ਅਨੋਖਾ ਇਹ ਹੋਇਆ ਕਿ ਇਸ ਨੂੰ ਲੰਮੇ ਰੁਖ਼ ਚੀਰ ਕੇ ਵੰਡਿਆ ਗਿਆ। ਮਾਂ ਦਾ ਇਕ ਸੀਰ ਲਹਿੰਦੇ ਪੰਜਾਬ ਵਿਚ ਅਤੇ ਦੂਜਾ ਸੀਰ ਚੜ੍ਹਦੇ ਪੰਜਾਬ ਵਿਚ ਚਲਾ ਗਿਆ। ਪੰਜਾਬੀ ਪੁੱਤਾਂ ਦੀ ਲਿਪੀ ਸੀਰ ਸਾਂਝ ਮੁੱਕ ਗਈ। ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਅਤੇ ਚੜ੍ਹਦੇ ਪੰਜਾਬ ਵਿਚ ਗੁਰਮੁਖੀ ਲਿਪੀ ਪ੍ਰਚੱਲਿਤ ਹੋਈ। ਸੰਨ '47 ਤੋਂ ਬਾਅਦ ਜਾਂ ਆਰ-ਪਾਰ ਜਨਮੇ ਮੇਰੇ ਜਿਹੇ ਪੰਜਾਬੀ ਇਕ-ਦੂਜੇ ਪੰਜਾਬ ਦੀ ਪੰਜਾਬੀ ਪੜ੍ਹਨਯੋਗ ਹੀ ਨਾ ਰਹੇ। ਬੋਲਦੇ ਭਾਵੇਂ ਦੋਵੇਂ ਪੰਜਾਬ ਸ਼ੁੱਧ ਪੰਜਾਬੀ ਹੀ ਹਨ ਪਰ ਲਿਖਤ ਪ੍ਰਤੀ ਉਹ ਅਨਪੜ੍ਹ ਹੋ ਗਏ।
ਰੇਡੀਉ 'ਤੇ, ਟੀ.ਵੀ. 'ਤੇ ਤਾਂ ਇਕ-ਦੂਜੇ ਪੰਜਾਬ ਦੇ ਸਰੋਤੇ ਸ਼ਿਅਰ ਨੂੰ ਬਾਕਾਇਦਾ ਸਮਝ ਵੀ ਲੈਂਦੇ ਹਨ ਪਰ ਅਖ਼ਬਾਰ ਅਤੇ ਕੰਧ 'ਤੇ ਲਿਖਿਆ ਸਭਨਾਂ ਲਈ ਕਾਲਾ ਅੱਖਰ ਭੈਂਸ ਬਰਾਬਰ ਹੋ ਗਿਆ। ਇਸ ਅਨਹੋਣੀ ਨੂੰ ਹੋਣੀ ਵਿਚ ਬਦਲਣ ਦਾ ਬੀੜਾ ਸਾਡੇ ਸਾਂਝੇ ਸਾਹਿਤਕਾਰਾਂ ਨੇ ਉਠਾਇਆ ਵੀ ਹੈ। ਕਈ ਗ਼ਜ਼ਲਕਾਰਾਂ ਨੇ ਲਹਿੰਦੇ ਪੰਜਾਬ ਦੀ ਸ਼ਾਇਰੀ ਜੋ ਕਿ ਸ਼ਾਹਮੁਖੀ ਵਿਚ ਸੀ, ਨੂੰ ਗੁਰਮੁਖੀ ਵਿਚ ਉਲਥਾਉਣ ਦਾ ਪੁੰਨੀ ਕਾਰਜ ਕੀਤਾ। ਅਜਿਹਾ ਪੁੰਨ ਖੱਟਣ ਵਾਲਿਆਂ ਵਿਚੋਂ ਨੂਰ ਮੁਹੰਮਦ ਨੂਰ ਵੀ ਹੈ, ਜਿਸ ਨੇ 101 ਲਹਿੰਦੇ ਪੰਜਾਬ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਗੁਰਮੁਖੀ ਵਿਚ ਪੇਸ਼ ਕਰਕੇ ਸਾਨੂੰ ਅੱਖਾਂ ਬਖ਼ਸ਼ੀਆਂ ਹਨ।
ਇਹ ਪੁਸਤਕ 18 ਕਰੋੜ ਲੋਕਾਂ ਦੀ ਪੁਸਤਕ ਹੈ। ਪੰਜਾਬੀ ਭਾਸ਼ਾ ਨੂੰ ਸਲਾਮੀ ਹੈ। ਇਸ ਦੇ ਮੁੱਢ ਵਿਚ ਇਹ ਸ਼ਿਅਰ ਜਗਦੇ ਹਨ :
-ਜਿਸ ਨੂੰ ਬੋਲਣ ਲੱਗਿਆਂ ਕੋਈ ਝਾਕਾ ਨਹੀਂ
ਉਸ ਬੋਲੀ ਨੂੰ ਕਹਿੰਦੇ ਨੇ ਮਾਂ ਬੋਲੀ ਵੀ (ਅਸ਼ਰਫ ਗਿੱਲ)
-ਮਾਂ ਬੋਲੀ ਮਾਂ ਧਰਤੀ ਤੇ ਮਾਂ ਜਣਨੀ ਨਾਲੋਂ
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।
(ਗੁਰਭਜਨ ਗਿੱਲ)
ਵਿਦਵਾਨ ਸੰਪਾਦਕ ਨੇ ਲਿਪੀਅੰਤਰ ਬਹੁਤ ਹੀ ਧਿਆਨ ਨਾਲ ਤੇ ਸਹੀ ਕੀਤਾ ਹੈ। ਇਨ੍ਹਾਂ 101 ਸ਼ਾਇਰਾਂ ਨੂੰ ਨੂਰ ਨੇ ੳ, ਅ, ਈ, ਵਰਣਮਾਲਾ ਅਨੁਸਾਰ ਤਰਤੀਬ ਦਿੱਤੀ ਹੈ। ਇਹ ਤਾਂ ਸੰਪਾਦਕ 'ਤੇ ਨਿਰਭਰ ਕਰਦਾ ਸੀ ਕਿ ਉਸ ਨੇ ਪੁਰਾਣੇ ਸ਼ਾਇਰਾਂ ਨੂੰ ਪਹਿਲਾਂ ਤੇ ਨਵੇਂ ਸ਼ਾਇਰਾਂ ਨੂੰ ਬਾਅਦ ਵਿਚ ਪੇਸ਼ ਕਰਦੇ ਲਹਿੰਦੇ ਪੰਜਾਬ ਦੀ ਸ਼ਾਇਰੀ ਦਾ ਵਿਵੇਚਨ ਸਹਿਜ ਕਰਨਾ ਹੈ ਜਾਂ ਸਾਰੀ ਸ਼ਾਇਰੀ ਨੂੰ ਰਲਗੱਡ ਕਰਨਾ ਹੈ। ਪੁਸਤਕ ਸਾਂਭਣਯੋਗ ਦਸਤਾਵੇਜ਼ ਹੈ। ਨੂਰ ਇਸ ਲਈ ਵਧਾਈ ਦਾ ਪਾਤਰ ਹੈ।


ਸੁਲੱਖਣ ਸਰਹੱਦੀ
ਮੋ: 94174-84337
c c c


ਬੁਝਾਰਤਾਂ
ਲੇਖਕ : ਪ੍ਰਿੰ:ਦਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲੀਸਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 70873-49450.


ਹਥਲੀ ਪੁਸਤਕ ਪ੍ਰਿੰਸੀਪਲ ਦਲਜੀਤ ਸਿੰਘ ਦੀ ਬਾਲ ਬੁਝਾਰਤਾਂ ਦੀ ਬਹੁਤ ਵੱਡੀ ਪੁਸਤਕ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਸੌ ਪੰਜਾਹ ਬੁਝਾਰਤਾਂ ਇਕੱਠੀਆਂ ਵੇਖੀਆਂ ਅਤੇ ਸੁਣੀਆਂ ਹੋਣਗੀਆਂ ਪਰ ਪੁਸਤਕ ਵੇਖ ਕੇ ਮੈਂ ਹੈਰਾਨ ਰਹਿ ਗਿਆ ਹਾਂ ਜਦੋਂ ਮੇਰੇ ਸਾਹਮਣੇ ਇਕੱਠੀਆਂ ਬਹੁਤ ਹੀ ਪਿਆਰੀਆਂ 890 ਬੁਝਾਰਤਾਂ ਦੀ ਪੁਸਤਕ ਪਈ ਸੀ। ਫਿਰ ਮੈਂ ਮੁੱਖ ਬੰਦ ਵੇਖਿਆ ਤਾਂ ਪਤਾ ਲੱਗਿਆਂ ਕਿ ਲੇਖਕ ਨੇ ਏਨੀਆਂ ਸ਼ਾਨਦਾਰ ਬੁਝਾਰਤਾਂ ਕਿੱਥੋਂ ਅਤੇ ਕਿਵੇਂ ਇਕੱਠੀਆਂ ਕੀਤੀਆਂ ਹਨ। ਉਥੋਂ ਪਤਾ ਲੱਗਾ ਕਿ ਲੇਖਕ ਇਕੱਲਾ ਪੰਜਾਬ ਦੇ ਕੋਨੇ-ਕੋਨੇ ਵਿਚ ਹੀ ਨਹੀਂ ਗਿਆ ਬਲਕਿ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਦੁੂਰ-ਦੁਰਾਡੇ ਇਲਾਕਿਆਂ ਤੱਕ ਵੀ ਗਿਆ ਹੈ। ਬੁਝਾਰਤਾਂ ਹਰ ਸੱਭਿਆਚਾਰ ਦਾ ਬਹੁਤ ਹੀ ਅਨਿੱਖੜਵਾਂ ਅੰਗ ਹਨ। ਵੱਖ-ਵੱਖ ਇਲਾਕਿਆਂ ਵਿਚ ਇਨ੍ਹਾਂ ਦੇ ਨਾਂਅ ਵੀ ਵੱਖ-ਵੱਖ ਹਨ, ਜਿਵੇਂ ਪੰਜਾਬ ਵਿਚ ਬੁਝਾਰਤਾਂ, ਹਰਿਆਣੇ ਵਿਚ ਫਾਲੀ ਆੜਨਾ, ਹਿਮਾਚਲ ਵਿਚ ਬਝੌਣੀ, ਡੋਗਰੀ ਭਾਸ਼ਾ ਵਿਚ ਫਲੋਣੀ, ਵਿਆਹ ਵਿਚ ਗਾਏ ਜਾਣ ਵਾਲੇ ਛੰਦ ਪਰਾਗੇ ਵੀ ਬੁਝਾਰਤਾਂ ਦਾ ਰੂਪ ਹੀ ਹਨ। ਪੁਰਾਣੇ ਸਮੇਂ ਵਿਚ ਜਦੋਂ ਇਕੱਠੇ ਪਰਿਵਾਰ ਹੋਇਆ ਕਰਦੇ ਸਨ ਸਾਡੇ ਦਾਦੇ-ਦਾਦੀਆਂ ਅਤੇ ਨਾਨੇ-ਨਾਨੀਆਂ ਰਾਤ ਸਮੇਂ ਅੱਧੀ-ਅੱਧੀ ਰਾਤ ਤੱਕ ਸਾਨੂੰ ਬਾਤਾਂ ਪਾਉਂਦੇ ਅਤੇ ਅਸੀਂ ਬੁੱਝਦੇ ਸਾਂ। ਇਹ ਬੁਝਾਰਤਾਂ ਜਿੱਥੇ ਬਾਲਾਂ ਵਿਚ ਜਗਿਆਸਾ, ਉਤਸੁਕਤਾ ਅਤੇ ਹੋਰ ਜਾਣਨ ਦੀ ਇੱਛਾ ਪੈਦਾ ਕਰਦੀਆਂ ਹਨ, ਉਥੇ ਇਨ੍ਹਾਂ ਦੇ ਅਭਿਆਸ ਨਾਲ ਬਾਲਾਂ ਦੀ ਬੁੱਧੀ ਨੂੰ ਹੋਰ ਤੀਖਣ ਵੀ ਕਰਦੀਆਂ ਹਨ, ਉਥੇ ਸਿਆਣੀ ਉਮਰ ਦੇ ਲੋਕਾਂ ਨੂੰ ਵੀ ਆਪਣੇ ਬਚਪਨ ਦੇ ਦਿਲਚਸਪ ਦਿਨ ਯਾਦ ਕਰਵਾਉਂਦੀਆਂ ਹਨ। ਇਸ ਪੁਸਤਕ ਵਿਚ ਇਕੱਲੀਆਂ ਬੁਝਾਰਤਾਂ ਹੀ ਨਹੀਂ ਹਨ ਬਲਕਿ ਪ੍ਰਸ਼ਨਾਂ ਦੇ ਉੱਤਰ ਵੀ ਪੁੱਛੇ ਗਏ ਹਨ ਜੋ ਕਿ ਅੰਗਰੇਜ਼ੀ ਵਿਚ ਬੁਝਾਰਤਾਂ ਦਾ ਰੂਪ ਹੀ ਹਨ। ਕੁਝ ਬੁਝਾਰਤਾਂ ਉਦਾਹਰਨ ਵਜੋਂ ਹਾਜ਼ਰ ਹਨ ਜਿਵੇਂ :
1. ਹੱਥ ਨਹੀਂ, ਸਿਰ ਨਹੀਂ, ਮੂੰਹ ਨਹੀਂ, ਨਾ ਲੱਤਾਂ ਨਾ ਬਾਹਾਂ।
ਜਿਉਂ-ਜਿਉਂ ਹੇਠਾਂ ਪਟਕੋ, ਤਿਉਂ-ਤਿਉਂ ਚੜ੍ਹਦੀ ਤਾਹਾਂ।
(ਗੇਂਦ)
2. ਕਾਲੀ ਕਲੋਟੀ ਜਹੀ, ਪਰ ਮਿੱਠੜੇ ਉਸ ਦੇ ਬੋਲ।
ਗਰਮੀਆਂ ਨੂੰ ਗਾਉਂਦੀ, ਬੈਠ ਅੰਬਾਂ ਦੇ ਕੋਲ। (ਕੋਇਲ)
3. ਬਿਮਾਰ ਨਹੀਂ ਰਹਿੰਦੀ, ਫਿਰ ਵੀ ਖਾਵੇ ਗੋਲੀ।
ਬੱਚੇ, ਬੁੱਢੇ ਡਰ ਜਾਂਦੇ ਨੇ, ਸੁਣ ਕੇ ਉਸ ਦੀ ਬੋਲੀ।
(ਬੰਦੂਕ)
4. ਖੰਭ ਨਹੀਂ ਪਰ ਉਡਦਾ ਹੈ, ਨਾ ਹੱਡੀਆਂ ਨਾ ਮਾਸ।
ਬੰਦੇ ਚੁੱਕ ਕੇ ਉੱਡ ਜਾਂਦਾ ਹੈ, ਕਦੇ ਨਾ ਹੋਵੇ ਉਦਾਸ।
(ਜਹਾਜ਼)
5. ਇਕ ਲਾਠੀ ਵਿਚ ਗੱਠਾਂ ਨੇ ਅੱਠ।
ਜਿਹੜਾ ਮਰਜ਼ੀ ਪੀ ਲਵੇ ਉਸ ਦਾ ਮਿੱਠਾ ਰਸ।
(ਗੰਨਾ)
ਇਸੇ ਤਰ੍ਹਾਂ ਬਾਲਾਂ ਦੇ ਹਰ ਵਰਗ ਲਈ ਬਹੁਤ ਹੀ ਦਿਲਚਸਪ ਗਿਆਨ ਵਧਾਊ ਅਣਗਿਣਤ ਬੁਝਾਰਤਾਂ ਅਤੇ ਪ੍ਰਸ਼ਨ ਉੱਤਰ ਹਨ। ਪ੍ਰਿੰ. ਦਲਜੀਤ ਸਿੰਘ ਦੀ ਅਥਾਹ ਮਿਹਨਤ ਦੀ ਜਿੰਨੀ ਵੀ ਦਾਦ ਦਿੱਤੀ ਜਾਵੇ ਥੋੜ੍ਹੀ ਹੈ। ਬਾਲਾਂ ਅਤੇ ਅਧਿਆਪਕਾਂ ਨੂੰ ਜ਼ਰੂਰ ਬੇਨਤੀ ਕਰੂੰ ਇਹ ਪੁਸਤਕ ਬਹੁਤ ਹੀ ਪਿਆਰੀ ਹੈ ਨਿਆਰੀ ਹੈ, ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਵਿਲੱਖਣ ਕਿਸਮ ਦੀ ਪੁਸਤਕ ਪਾਉਣ 'ਤੇ ਪ੍ਰਿੰ. ਦਲਜੀਤ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896
c c c


ਕ੍ਰਾਂਤੀ ਦੀਆਂ ਇਬਾਰਤਾਂ
(ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀਆਂ ਯਾਦਾਂ)
ਲੇਖਕ : ਸੁਧੀਰ ਵਿਦਿਆਰਥੀ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98153-17028.


ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਭਰਿਆ ਸਕੂਨ ਪ੍ਰਦਾਨ ਕੀਤਾ। ਇਨ੍ਹਾਂ ਸਿਰਲੱਥ ਯੋਧਿਆਂ ਨੇ ਬਗੈਰ ਕਿਸੇ ਸਵਾਰਥ ਦੇ ਆਪਣੀ ਜਾਨ ਦੀ ਆਹੂਤੀ ਦਿੱਤੀ। ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਵਿਚੋਂ ਕੁਝ ਇਕ ਦੇ ਨਾਂਅ ਸਾਡੇ ਇਤਿਹਾਸ ਵਿਚ ਗੂੜ੍ਹੇ ਰੰਗਾਂ ਵਿਚ ਚਿਤਰੇ ਗਏ ਅਤੇ ਅੱਜ ਵੀ ਦੇਸ਼ ਵਾਸੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਮਨ ਵੀ ਕਰਦੇ ਹਨ ਅਤੇ ਬੜੇ ਸਤਿਕਾਰ ਨਾਲ ਉਨ੍ਹਾਂ ਦਾ ਨਾਂਅ ਵੀ ਲੈਂਦੇ ਹਨ। ਮਿਸਾਲ ਵਜੋਂ ਸ. ਭਗਤ ਸਿੰਘ ਇਨਕਲਾਬ ਦਾ ਅਜਿਹਾ ਯੋਧਾ ਸੀ, ਜਿਸ ਦਾ ਨਾਂਅ ਦੇਸ਼ ਦੇ ਬੱਚੇ-ਬੱਚੇ ਦੀ ਜ਼ਬਾਨ 'ਤੇ ਹੈ। ਇਸੇ ਤਰ੍ਹਾਂ ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ ਆਦਿ ਦੇ ਨਾਵਾਂ ਤੋਂ ਕੌਣ ਵਾਕਫ਼ ਨਹੀਂ? ਪਰ ਇਨ੍ਹਾਂ ਦੇ ਕੁਝ ਅਜਿਹੇ ਵੀ ਸਾਥੀ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ ਭਰਪੂਰ ਯੋਗਦਾਨ ਪਾਇਆ, ਜੇਲ੍ਹਾਂ ਵੀ ਕੱਟੀਆਂ, ਤਸੀਹੇ ਵੀ ਝੱਲੇ ਅਤੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਹਰੇਕ ਹੀਲਾ ਕੀਤਾ ਪਰ ਇਸ ਦੇਸ਼ ਦੇ ਇਤਿਹਾਸ ਵਿਚ ਉਨ੍ਹਾਂ ਦਾ ਉਸ ਤਰ੍ਹਾਂ ਦਾ ਜ਼ਿਕਰ ਨਹੀਂ ਹੋਇਆ ਜਿਵੇਂ ਹੋਣਾ ਚਾਹੀਦਾ ਸੀ ਤੇ ਉਹ ਗੁੰਮਨਾਮ ਹੀ ਇਸ ਦੁਨੀਆ ਤੋਂ ਤੁਰ ਗਏ। 'ਕ੍ਰਾਂਤੀ ਦੀਆਂ ਇਬਾਰਤਾਂ' ਸੁਧੀਰ ਵਿਦਿਆਰਥੀ ਦੁਆਰਾ ਲਿਖੀ ਅਤੇ ਬਲਬੀਰ ਲੌਂਗੋਵਾਲ ਦੁਆਰਾ ਪੰਜਾਬੀ ਵਿਚ ਅਨੁਵਾਦ ਕੀਤੀ ਅਜਿਹੀ ਹੀ ਪੁਸਤਕ ਵਿਚ ਜਿਸ ਵਿਚ ਉਸ ਨੇ ਉਨ੍ਹਾਂ ਆਜ਼ਾਦੀ ਪਰਵਾਨਿਆਂ ਦੇ ਜੀਵਨ ਨੂੰ ਚਿਤਰਨ ਦਾ ਯਤਨ ਕੀਤਾ ਹੈ ਜੋ ਸ਼ਹੀਦ ਸ. ਭਗਤ ਸਿੰਘ ਦੇ ਸਾਥੀ ਵੀ ਰਹੇ ਅਤੇ ਕੁਰਬਾਨੀ ਦੇਣ ਵਿਚ ਵੀ ਪਿੱਛੇ ਨਹੀਂ ਰਹੇ। ਇਸ ਪੁਸਤਕ ਵਿਚ ਆਜ਼ਾਦੀ ਪਰਵਾਨਿਆਂ ਮੁਕੰਦੀ ਲਾਲ, ਕੁੰਦਨ ਲਾਲ, ਸੁਸ਼ੀਲਾ ਦੀਦੀ, ਮਾਸਟਰ ਰੁਦਰ ਨਾਰਾਇਣ ਸਿੰਘ, ਭਗਵਾਨ ਦਾਸ ਮਾਹੌਰ, ਸਦਾਸ਼ਿਵ ਮਲਕਾਪੁਰਕਰ, ਸੁਖਦੇਵ ਰਾਜ, ਰਮੇਸ਼ ਚੰਦਰ ਗੁਪਤ, ਅਗੇਯ ਆਦਿ ਦੇ ਜੀਵਨ ਅਤੇ ਆਜ਼ਾਦੀ ਸੰਘਰਸ਼ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ। ਪੁਸਤਕ ਵਿਚ ਅੰਗਰੇਜ਼ੀ ਸ਼ਾਸਨ ਵਲੋਂ ਵੱਖ-ਵੱਖ ਕੇਸਾਂ ਵਿਚ ਇਨ੍ਹਾਂ ਨੂੰ ਦਿੱਤੀਆਂ ਸਜ਼ਾਵਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਆਜ਼ਾਦੀ ਸੰਗਰਾਮੀਆਂ ਨੇ ਹਥਿਆਰਬੰਦ ਵੀ ਅਤੇ ਸਿਰਜਣਾਤਮਿਕ ਯੋਗਦਾਨ ਆਜ਼ਾਦੀ ਦੇ ਸੰਘਰਸ਼ ਵਿਚ ਪਾਇਆ। ਇਹ ਜਾਂ ਤਾਂ ਖ਼ੁਦ ਵੀ ਗੁੰਮਨਾਮ ਹੀ ਰਹਿਣਾ ਚਾਹੁੰਦੇ ਸਨ ਜਾਂ ਫਿਰ ਇਤਿਹਾਸਕਾਰਾਂ ਨੇ ਇਨ੍ਹਾਂ ਦੇ ਜੀਵਨ ਬਾਰੇ ਪੂਰੀ ਖੋਜ ਨਹੀਂ ਕੀਤੀ। ਮੌਲਿਕ ਪੁਸਤਕ ਵਰਗੀ ਅਨੁਵਾਦਿਤ ਹਥਲੀ ਪੁਸਤਕ ਇਤਿਹਾਸ ਦੀ ਸਾਂਭਣਯੋਗ ਪੁਸਤਕ ਹੈ ਜੋ ਇਸ ਪਾਸੇ ਵਧੀਆ ਕਦਮ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਬੱਚਿਆਂ ਲਈ ਅਰਥਸ਼ਾਸਤਰ

ਮੂਲ ਲੇਖਕ : ਰੰਗਨਾਇਕੰਮਾ
ਹਿੰਦੀ ਅਨੁ: ਪ੍ਰਸ਼ਾਂਤ ਰਾਹੀ
ਪੰਜਾਬੀ ਅਨੁ: ਸੁਸ਼ੀਲ ਦੁਸਾਂਝ ਤੇ ਕਮਲ ਦੁਸਾਂਝ
ਪ੍ਰਕਾਸ਼ਕ : ਸਵੀਟ ਹੋਮ ਪਬਲੀਕੇਸ਼ਨਜ਼, ਹੈਦਰਾਬਾਦ
ਮੁੱਲ : 100 ਰੁਪਏ, ਸਫ਼ੇ : 376
ਸੰਪਰਕ : 98887-99870.


ਦੂਜਿਆਂ ਭਾਸ਼ਾਵਾਂ ਦੀਆਂ ਉੱਘੀਆਂ ਪੁਸਤਕਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣਾ ਗਿਆਨ 'ਚ ਅਤੇ ਜਾਣਕਾਰੀ 'ਚ ਵਾਧਾ ਕਰਨ ਵਾਲਾ ਉੱਦਮ ਹੈ। ਪੁਰਾਤਨ ਗ੍ਰੰਥਾਂ ਦਾ ਵੀ ਪੰਜਾਬੀ 'ਚ ਅਨੁਵਾਦ ਕਰਾਉਣ ਦੀ ਅਮੀਰ ਪਰੰਪਰਾ ਹੈ। ਜਗਤ ਪ੍ਰਸਿੱਧ ਚਿੰਤਕ ਦੀ ਮਸ਼ਹੂਰ ਵੱਡ ਆਕਾਰੀ ਰਚਨਾ 'ਪੂੰਜੀ' ਮਾਰਕਸ ਦੀ ਕ੍ਰਾਂਤੀ ਲਿਆਉਣ ਵਿਚ ਵਿਸ਼ੇਸ਼ ਥਾਂ ਰੱਖਦੀ ਹੈ। ਇਸ ਰਚਨਾ ਨੂੰ ਬੱਚਿਆਂ ਲਈ ਉਪਯੋਗੀ ਕਿਵੇਂ ਬਣਾਇਆ ਜਾ ਸਕਦਾ, ਇਕ ਵੱਡੀ ਚੁਣੌਤੀ ਹੈ, ਕਠਿਨ ਕਾਰਜ ਹੈ ਪ੍ਰੰਤੂ ਤੇਲਗੂ ਮੂਲ ਦੀ ਲੇਖਿਕਾ ਰੰਗਨਾਇਕੰਮਾ ਨੇ ਅੰਗਰੇਜ਼ੀ ਵਿਚ ਲਿਖਣ ਦੀ ਪਹਿਲ ਕੀਤੀ ਕਿ ਮਾਰਕਸ ਦੀ 'ਪੂੰਜੀ' 'ਤੇ ਆਧਾਰਿਤ ਪਾਠ ਬੱਚਿਆਂ ਲਈ ਤਿਆਰ ਕੀਤੇ ਜਾਣ। ਯਤਨ ਸਫਲ ਹੋਇਆ ਤੇ ਸਲਾਹਿਆ ਗਿਆ। ਉਸ ਦਾ ਹਿੰਦੀ ਅਨੁਵਾਦ ਪ੍ਰਸ਼ਾਂਤ ਰਾਹੀ ਨੇ ਕਰਕੇ ਹੋਰ ਭਾਸ਼ਾਵਾਂ ਲਈ ਵੀ ਦਰ ਖੋਲ੍ਹ ਦਿੱਤਾ। ਪੰਜਾਬੀ ਵਿਚ ਅਨੁਵਾਦ ਕਰਨ ਲਈ ਸੁਸ਼ੀਲ ਦੁਸਾਂਝ ਤੇ ਉਸ ਦੀ ਜੀਵਨ-ਸਾਥਣ ਕਮਲ ਦੁਸਾਂਝ ਨੇ ਬੀੜਾ ਚੁੱਕਿਆ ਤੇ ਕਮਾਲ ਕਰ ਦਿੱਤੀ। ਬੱਚਿਆਂ ਲਈ ਲਿਖਣਾ ਏਨਾ ਸੌਖਾ ਨਹੀਂ ਜਿੰਨਾ ਲਿਖਿਆ ਹੋਇਆ ਸੌਖਾ ਲਗਦਾ ਹੈ। ਸੁਸ਼ੀਲ ਤੇ ਕਮਲ ਕੋਲ ਸੂਝ-ਸਿਆਣਪ, ਸੰਪਾਦਨਾ ਤੇ ਅਨੁਵਾਦ ਦਾ ਡੂੰਘਾ ਤਜਰਬਾ ਹੈ। ਬੱਚਿਆਂ ਲਈ ਜਿਥੇ ਨਰਸਰੀ ਗੀਤਾਂ, ਕਵਿਤਾਵਾਂ, ਕਹਾਣੀਆਂ, ਨਾਟਕਾਂ-ਇਕਾਂਗੀਆਂ, ਨਾਵਲਾਂ, ਜੀਵਨੀਆਂ ਆਦਿ ਦੀ ਬੜੀ ਲੋੜ ਹੈ, ਉਥੇ ਅੱਜ ਦੇ ਵਿਗਿਆਨਕ ਯੁੱਗ ਵਿਚ ਨਵੀਆਂ ਉਪਲਬਧੀਆਂ ਬਾਰੇ ਪੁਸਤਕਾਂ ਰਾਹੀਂ ਗਿਆਨ ਦੇਣਾ ਹੋਰ ਵੀ ਜ਼ਰੂਰੀ ਹੈ। ਇਸ ਪੱਖੋਂ 'ਅਰਥਸ਼ਾਸਤਰ' ਪਹਿਲਕਦਮੀ ਹੈ।
ਅਰਥਸ਼ਾਸਤਰ ਇਨਸਾਨਾਂ ਵਿਚਲੇ ਆਪਸੀ ਰਿਸ਼ਤਿਆਂ ਅਤੇ ਉਨ੍ਹਾਂ ਨੂੰ ਜਿਊਣ ਦੇ ਤਰੀਕੇ ਸਿਖਾਉਂਦਾ ਹੈ। ਇਹ ਉਹ ਵਿਗਿਆਨ ਹੈ ਜੋ ਕੱਲ੍ਹ, ਅੱਜ ਅਤੇ ਭਵਿੱਖ ਦੀ ਤਸਵੀਰ ਪੇਸ਼ ਕਰਦਾ ਹੈ। ਇਸ ਪੁਸਤਕ ਵਿਚ ਢੁਕਵੇਂ ਚਿੱਤਰ ਹਨ ਜੋ ਬਾਲ-ਪਾਠਕਾਂ ਨੂੰ ਸਮੱਗਰੀ ਸਮਝਣ ਵਿਚ ਸਹਾਈ ਹੁੰਦੇ ਹਨ। ਇਸ ਵੱਡ-ਆਕਾਰੀ ਪੁਸਤਕ 'ਚ 95 ਕਾਂਡ ਹਨ। ਹਰ ਕਾਂਡ ਦੇ ਵਿਸ਼ੇ ਨੂੰ ਸੌਖੀ ਭਾਸ਼ਾ 'ਚ ਵਰਨਣ ਕੀਤਾ ਗਿਆ ਹੈ, ਉਪਰੰਤ ਸਵਾਲ ਅਤੇ ਜਵਾਬ ਦਿੱਤੇ ਗਏ ਹਨ ਤਾਂ ਜੋ ਬੱਚਿਆਂ ਦੀ ਗ੍ਰਹਿਣ ਸ਼ਕਤੀ ਦੀ ਪਰਖ ਕੀਤੀ ਜਾ ਸਕੇ। ਪੈਸਾ, ਚੀਜ਼, ਕਿਰਤ, ਮੁੱਲ, ਇਨਸਾਨ, ਸੰਪਤੀ, ਇਨਸਾਨੀ-ਰਿਸ਼ਤੇ, ਮੁਨਾਫ਼ਾ, ਉਤਪਾਦਨ, ਉਪਜ, ਭਾਅ, ਪੂੰਜੀ, ਬੇਰੁਜ਼ਗਾਰੀ, ਮਜ਼ਦੂਰੀ, ਸਮਾਜਵਾਦ, ਆਰਥਿਕ ਸੰਕਟ, ਸ਼ਾਸਕ ਵਰਗ, ਪੂੰਜੀਪਤੀ, ਔਰਤ, ਮਸ਼ੀਨਾਂ, ਗੁਲਾਮ ਅਤੇ ਮਾਲਕ, ਜ਼ਿਮੀਂਦਾਰ ਸਮਾਜ ਆਦਿ ਵਿਸ਼ਿਆਂ ਬਾਰੇ ਰੌਚਿਕ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਬਾਲ ਪਾਠਕਾਂ ਲਈ ਇਹ ਵਿਲੱਖਣ ਪੁਸਤਕ ਪੜ੍ਹਨੀ ਜ਼ਰੂਰੀ ਹੈ। ਅਨੁਵਾਦਕ ਜੋੜੀ ਨੂੰ ਮੁਬਾਰਕ!


ਮਨਮੋਹਨ ਸਿੰਘ ਦਾਊਂ
ਮੋ: 98151-23900


ਉਹ ਸਾਂਭਣਾ ਜਾਣਦੀ ਮੈਨੂੰ
ਲੇਖਕ : ਸੰਦੀਪ ਸ਼ਰਮਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 104
ਸੰਪਰਕ : 91158-72450.


'ਉਹ ਸਾਂਭਣਾ ਜਾਣਦੀ ਮੈਨੂੰ' ਕਾਵਿ-ਸੰਗ੍ਰਹਿ ਸੰਦੀਪ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਮੱਥੇ ਦਾ ਚਾਨਣ' ਤੋਂ ਲੈ ਕੇ 'ਤਾਣਾ-ਬਾਣਾ' ਤੱਕ 74 ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ। ਪੁਸਤਕ ਦੇ ਸਰਵਰਕ 'ਤੇ ਬਣੇ ਚਿੱਤਰ ਮੌਲਦਾ ਰੁੱਖ, ਹੱਕਾਂ 'ਚ ਗੰਭੀਰ ਮੁਦਰਾ 'ਚ ਬੱਤਖ ਫੜੀ ਔਰਤ ਦਾ ਦ੍ਰਿਸ਼ ਅਤੇ ਆਖ਼ਰੀ ਕਵਿਤਾ ਤੋਂ ਬਾਅਦ ਕਲਮ ਦੀ ਨੋਕ 'ਤੇ ਬਣਿਆ ਚੁੱਲ੍ਹਾ, ਉੱਪਰ ਪਈ ਤੌੜੀ 'ਚੋਂ ਨਿਕਲਦੀ ਭਾਫ਼ ਤੇ ਸਿਰੇ 'ਤੇ ਲਿਖਿਆ 'ਉਹ ਸਾਂਭਣਾ ਜਾਣਦੀ ਮੈਨੂੰ' ਸੰਦੀਪ ਸ਼ਰਮਾ ਦੇ ਮਨ ਦੀ ਭਾਫ਼ ਨੂੰ ਕਲਮ ਸਮੇਟਦੀ ਜਾਪਦੀ ਹੈ। ਸਾਫ਼-ਸਾਫ਼ ਸ਼ਬਦਾਂ ਦੀ ਥਾਵੇਂ ਮਨੁੱਖ ਦੇ ਮਨ ਦੀ ਬੇਚੈਨੀ ਦੇ ਸਬੱਬ ਬਣਦੇ ਕਾਰਕਾਂ ਦੀ ਨਿਸ਼ਾਨਦੇਹੀ ਕਰਦਿਆਂ ਚੌਂਕੇ 'ਚ ਬੈਠੀ ਮਾਂ ਦੇ ਫ਼ਿਕਰ ਵਾਂਗ ਹੀ ਇਹ ਕਵਿਤਾਵਾਂ ਸੰਸਾਰੀ ਫ਼ਿਕਰਾਂ ਦੀਆਂ ਬਾਤਾਂ ਪਾਉਂਦੀਆਂ ਕਾਵਿ-ਪਾਠਕ ਨੂੰ ਜਾਪਦੀਆਂ ਪ੍ਰਤੀਤ ਹੋਣਗੀਆਂ ਅਤੇ ਉਸ ਨੂੰ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਤਲਾਸ਼ਣ ਲਈ ਉਤੇਜਿਤ ਕਰਨਗੀਆਂ। ਮਨੁੱਖੀ ਰਿਸ਼ਤਿਆਂ 'ਚ ਮਾਂ-ਬਾਪ ਦੇ ਫ਼ਿਕਰ ਸਾਨੂੰ ਅਲਪ ਬੁੱਧੀ ਕਾਰਨ ਉਦੋਂ ਸਮਝ ਨਹੀਂ ਪੈਂਦੇ ਜਦੋਂ ਅਸੀਂ ਹਾਲੇ ਮਾਂ-ਬਾਪ ਨਹੀਂ ਬਣੇ ਹੁੰਦੇ, ਪਰ ਜਦੋਂ ਬਣ ਜਾਂਦੇ ਹਾਂ ਤਾਂ ਫਿਰ ਉਹੀ ਸਥਿਤੀ 'ਚ ਗੁਜ਼ਰਦਿਆਂ ਉਨ੍ਹਾਂ ਵਰਤਾਰਿਆਂ ਦੀ ਸਮਝ ਸੁਭਾਵਿਕ ਤੌਰ 'ਤੇ ਮਹਿਸੂਸ ਵੀ ਹੁੰਦੀ ਅਤੇ ਵਾਰ-ਵਾਰ ਦੁਹਰਾਈ ਵੀ ਜਾਂਦੀ ਹੈ। 'ਬਿਲਾਲ ਦੀ ਚਿੰਤਾ', 'ਧੀ ਦਾ ਪਿਉ', 'ਧੀਆਂ ਖੁਸ਼ਬੋਆਂ', 'ਘਰ ਮੁੜਨ ਦਾ ਚਾਅ', ਅਤੇ 'ਲਕੀਰ' ਕਵਿਤਾਵਾਂ ਅਜਿਹੇ ਭਾਵਾਂ ਦੀ ਪੇਸ਼ਕਾਰੀ ਹੋਈ ਹੈ। ਲਕੀਰ ਕਵਿਤਾ 'ਚ ਬਾਪ ਦੇ ਮੱਥੇ 'ਤੇ ਤਿੰਨ ਉਕਰੀਆਂ ਲਕੀਰਾਂ ਦਾ ਦ੍ਰਿਸ਼ਟਾਂਤ ਬੱਚੇ ਨੂੰ ਅੱਖਰਦਾ ਪਰ ਜਦੋਂ ਬਾਪ ਬਣਦਾ ਹੈ, ਉਸੇ ਸਥਿਤੀ 'ਚ ਉਹ ਆਪਣੇ-ਆਪ ਨੂੰ ਮਹਿਸੂਸ ਕਰਦਾ ਹੈ :
ਹੁਣ ਸ਼ੀਸ਼ਾ ਦੇਖਾਂ
ਮੇਰੇ ਮੱਥੇ 'ਚ ਵੀ ਉਕਰ ਆਈ
ਇਕ ਲਕੀਰ ਪੱਕੀ
ਅਜੇ ਤਾਂ ਨਿੱਕਾ ਜਿਹਾ
ਮੇਰਾ ਪੁੱਤਰ
ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ-ਸਮਝਾਉਣ ਲਈ ਉਸ ਨੇ 'ਸ਼ੁੱਭ ਸਵੇਰ', 'ਸਭ ਤੋਂ ਖੂਬਸੂਰਤ', 'ਸਫ਼ਰ ਦਾ ਸੰਗੀਤ', 'ਪਿੰਡ ਨੂੰ ਜਾਂਦਾ ਰਾਹ', 'ਘਰ ਮੁੜਨ ਦਾ ਚਾਅ', 'ਘਾਹ', 'ਇੰਝ ਮੁਕੰਮਲ ਹੋਈਏ' ਅਤੇ ਮੰਡੀ ਆਦਿ ਕਵਿਤਾਵਾਂ ਸਿਰਜਦਿਆਂ ਮਨੁੱਖੀ ਮਨ ਦੀ ਪਲ-ਪਲ ਬਦਲਦੀ ਮੰਜ਼ਰ-ਕਸ਼ੀ ਕੀਤੀ ਹੈ। 'ਗਿੱਠਮੁਠੀਏ' ਕਵਿਤਾ ਬਾਲਪਨ ਦੇ ਗਿੱਠਮੁਠੀਆਂ ਨੂੰ ਖੂਹ ਦੀ ਮੌਣ 'ਤੇ ਬੈਠ ਕੇ ਲੱਭਣ ਦਾ ਸਫ਼ਰ ਅਜੋਕੇ ਵਿਵਹਾਰਕ ਮਨੁੱਖੀ ਜੀਵਨ ਦੇ ਖੂਹ ਵਿਚੋਂ ਲੱਭਦਾ ਪ੍ਰਤੀਤ ਹੁੰਦਾ ਹੈ। ਗੁਰਪ੍ਰੀਤ ਦਾ ਇਹ ਵਾਕ 'ਲੋਰੀ, ਸੰਦੀਪ ਦੀ ਧੀ ਹੈ, ਸੰਦੀਪ ਦੀ ਕਵਿਤਾ ਹੈ। ਲੋਰੀ ਹਜ਼ਾਰਾਂ ਧੀਆਂ ਬਣ ਜਾਂਦੀ ਹੈ ਤੇ ਸੰਦੀਪ ਹਜ਼ਾਰਾਂ ਧੀਆਂ ਦਾ ਬਾਪ।' ਇਸ ਕਾਵਿ-ਸੰਗ੍ਰਹਿ ਦੀ ਅੰਤਰ-ਆਤਮਾ ਨੂੰ ਸਮਝਣ ਲਈ ਕਾਵਿ-ਪਾਠਕ ਰਾਹ ਦਸੇਰਾ ਹੈ। ਪੁਸਤਕ ਪੜ੍ਹਨਯੋਗ ਹੈ ਅਤੇ ਸਾਂਭਣਯੋਗ ਹੈ। ਮੁਬਾਰਕਾਂ! ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.
c c c


ਨਿਲੱਜ
ਲੇਖਕ : ਮਹੇਸ਼ ਸੀਲਵੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 97795-84271.


ਵਿਚਾਰ ਅਧੀਨ ਕਹਾਣੀ ਸੰਗ੍ਰਹਿ ਵਿਚ ਕੁੱਲ 19 ਕਹਾਣੀਆਂ ਹਨ। ਲੇਖਕ ਦੇ ਕਹਿਣ ਅਨੁਸਾਰ ਇਨ੍ਹਾਂ ਵਿਚੋਂ 12 ਕਹਾਣੀਆਂ ਲੇਖਕ ਦੇ ਦਾਦੇ ਵਲੋਂ ਸੁਣਾਈਆਂ ਗਈਆਂ, ਦਾ ਰੁਪਾਂਤਰਣ ਰੂਪ ਹੀ ਪੇਸ਼ ਹੈ। ਇਨ੍ਹਾਂ ਕਹਾਣੀਆਂ ਵਿਚ ਅਨੇਕਾਂ ਵਿਸ਼ੇ ਸਮਾਏ ਹੋਏ ਹਨ, ਜਿਵੇਂ : ਅਜਗਰ ਨੂੰ ਰਵਿਦਾਸੀਏ ਜਾਗਰ ਨੇ ਫੜਵਾਉਣ ਵਿਚ ਹਿੰਮਤ ਕੀਤੀ ਸੀ ਪਰ ਚਿੜੀਆ ਘਰ ਵਿਚ ਸਰਪੰਚ ਨੇ 'ਆਪਣੇ ਰਾਹੀਂ' ਦਾ ਨਾਂਅ ਲਿਖਵਾ ਲਿਆ (ਨਾਂਅ ਦੀ ਮਹਿਮਾ), ਵਿਸ਼ਾ ਲਿਆ ਹੈ ਭੈਣ ਦੇ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ (ਘਰ ਜਵਾਈ), ਨਾਇਕ ਨੂੰ ਜੱਟ ਦੀ ਚੋਰੀ ਬਦਲੇ 12 ਸਾਲ ਦੀ ਗੁਲਾਮੀ ਕੱਟਣੀ ਪਈ (ਪਛਤਾਵਾ), ਮਰੇ ਹੋਏ ਪੁੱਤ ਨੂੰ ਜਿਊਂਦੇ ਹੋਣ ਦਾ ਵਹਿਮ ਨਾਇਕਾ ਨੂੰ (ਬੀਰੋ), ਬੀਮਾ ਏਜੰਟਾਂ 'ਤੇ ਵਿਅੰਗ (ਨਿੱਕੀ ਜਿਹੀ ਪਾਲੀਸੀ), ਬੌਸ ਤੋਂ ਤੰਗ ਆਈ ਨਾਇਕਾ ਨੇ ਬੌਸ ਦੀ ਹੱਤਿਆ ਕਰਕੇ ਖ਼ੁਦਕੁਸ਼ੀ ਕਰ ਲਈ (ਉਡੀਕ), ਅਧਿਆਪਕ 'ਤੇ ਵਿਅੰਗ (ਢੱਗਾ), ਗੱਡੀ ਦੇ ਸਫ਼ਰ ਦੌਰਾਨ ਨਾਇਕਾ ਨਾਲ ਪ੍ਰੀਤ (ਇਕ ਅਨੋਖੀ ਮੁਲਾਕਾਤ), ਹਰ ਸਹੂਲਤ ਦੀ ਬਹੁਤਾਤ ਬੁਰੀ ਹੁੰਦੀ ਹੈ (ਖਾਜ), ਤਲਾਕ ਬਾਰੇ ਸਮਾਜ ਤੋਂ ਡਰਦੀ ਧੀ ਵਲੋਂ ਆਤਮ-ਹੱਤਿਆ (ਧੀਆਂ), ਰਿਸ਼ਵਤ ਨਾ ਦੇ ਸਕਣਾ, ਨੌਕਰੀ ਨਾ ਮਿਲਣਾ (ਖ਼ੁਦਕੁਸ਼ੀ), ਜੱਟ ਅਤੇ ਗਡਰੀਏ ਦੀ ਹਊਮੈ ਕਾਰਨ ਦੁਖਾਂਤ (ਘਸੁੰਨ), ਚੁੱਪ-ਚੁਪੀਤਾ ਪਤੀ (ਨਿਲੱਜ), ਪਾਣੀ ਵਿਚ ਕਾਗਜ਼ ਦੀ ਕਿਸ਼ਤੀ ਤਾਰਦੀ ਬੱਚੀ ਨੂੰ ਵੇਖ ਕੇ ਬਚਪਨ ਯਾਦ ਆਉਣਾ (ਬਚਪਨ), ਭਾਰਤ-ਵੰਡ ਦਾ ਦੁਖਾਂਤ (ਜਨਮ ਭੂਮੀ), ਕੁੰਡਲੀ ਮਿਲਾਣ ਦੇ ਚੱਕਰ 'ਚ ਵਿਆਹ ਦੀ ਦੇਰੀ (ਹਨੇਰੀ ਗੁਫ਼ਾ), ਤਿਕੋਨੀਆ ਪਿਆਰ (ਜੋਸ਼), ਮਾਪੇ ਵਲੋਂ ਅਧਿਆਪਕ ਦੀ ਉੱਤਰ-ਪੱਤਰੀ 'ਚ ਮਾਰਕਿੰਗ-ਗ਼ਲਤੀ ਦੱਸਣ ਦਾ ਖਮਿਆਜ਼ਾ ਬੱਚੇ ਨੇ ਭੁਗਤਣਾ (ਸਨਕੀ), ਘਰ ਦਾ ਕੰਮ ਕਰਨ ਵਾਲੀ ਨੌਕਰਾਣੀ ਦੀ ਦਾਸਤਾਂ (ਅਰੁਣਾ) ਆਦਿ। ਕਹਾਣੀਕਾਰ ਮਹੇਸ਼ ਸੀਲਵੀ ਕਹਾਣੀਆਂ ਵਿਚ ਵਾਰ-ਵਾਰ ਆਪਣੇ ਪਿੰਡ 'ਸੀਲ' ਦੀ ਗੱਲ ਕਰਦਾ ਹੈ। ਕਈ ਵਾਰੀ ਪਾਤਰਾਂ ਦੇ ਨਾਂਅ ਵੀ ਹੂ-ਬਹੂ ਵਰਤ ਲੈਂਦਾ ਹੈ। ਪਾਤਰਾਂ ਦਾ ਮੁਹਾਂਦਰਾ ਵਧੀਆ ਸਿਰਜਦਾ ਹੈ। ਦ੍ਰਿਸ਼ ਚਿਤਰਣ ਵੀ ਕਮਾਲ ਦਾ ਹੈ। ਉਸ ਦੀਆਂ ਯਾਦਾਂ ਹੀ ਕਹਾਣੀਆਂ ਦੀ ਮੁੱਖ ਫੇਬੁਲਾ ਦਾ ਆਧਾਰ ਬਣਦੀਆਂ ਨੋਟ ਕੀਤੀਆਂ ਜਾ ਸਕਦੀਆਂ ਹਨ।


ਡਾ. ਧਰਮ ਚੰਦ ਵਾਤਿਸ਼
ਈ.ਮੇਲ vatish.dharamchand@gmail.com

ਪਹਿਲਾ ਪਾਣੀ ਜੀਉ ਹੈ ਸ਼ਲਾਘਾਯੋਗ ਉਪਰਾਲਾ

 ਵਾਤਾਵਰਨ ਦਾ ਮੁੱਦਾ ਕਿਸੇ ਇਕ ਦੇਸ਼ ਜਾਂ ਕਿਸੇ ਖ਼ਾਸ ਖਿੱਤੇ ਦਾ ਨਹੀਂ ਹੈ ਸਗੋਂ ਇਹ ਆਲਮੀ ਪੱਧਰ 'ਤੇ ਹਰ ਵਿਅਕਤੀ ਅਤੇ ਬਨਾਸਪਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਾਤਾਵਰਨ ਵਿਚ ਆਏ ਨਿਘਾਰ ਕਾਰਨ ਅਸੀਂ ਬਹੁਤ ਹੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਏ ਹਾਂ।
ਆਲਮੀ ਤਪਸ਼ ਬਾਰੇ ਕੌਮਾਂਤਰੀ ਮੰਚਾਂ ਤੋਂ ਫ਼ਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਹੈ ਜੋ ਕਿ ਸਮੇਂ ਦੀ ਮੁੱਖ ਲੋੜ ਵੀ ਹੈ। ਆਖਿਰਕਾਰ ਵਾਤਾਵਰਨ ਦੇ ਪੱਖ ਤੋਂ ਜਿੱਥੇ ਅਸੀਂ ਖੜ੍ਹੇ ਹਾਂ, ਉਹ ਬਹੁਤ ਹੀ ਖ਼ਤਰਨਾਕ ਤੇ ਡਰਾਉਣਾ ਹੈ। ਦੁਨੀਆ ਭਰ ਦੇ ਮੁਲਕ ਇਸ ਚਿੰਤਾ ਵਿਚ ਡੁੱਬੇ ਹੋਏ ਹਨ ਕਿ ਆਖਿਰਕਾਰ ਇਹ ਧਰਤੀ ਰਹਿਣਯੋਗ ਰਹਿ ਵੀ ਜਾਵੇਗੀ ਜਾਂ ਫਿਰ ਸਾਰਾ ਕੁਝ ਤਬਾਹ ਹੋ ਜਾਵੇਗਾ? ਅਸਲ ਵਿਚ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਵਰਤਾਰਾ ਵਾਪਰਿਆ ਕਿਉਂ ਹੈ? ਇਸ ਵਰਤਾਰੇ ਲਈ ਅੰਨ੍ਹੇਵਾਹ ਮੁਨਾਫ਼ੇ ਦੀ ਲੱਗੀ ਹੋੜ ਜ਼ਿੰਮੇਵਾਰ ਹੈ। ਵੱਡੇ ਸਾਮਰਾਜੀ ਮੁਲਕਾਂ ਨੇ ਵਿਕਾਸਸ਼ੀਲ ਤੇ ਗ਼ਰੀਬ ਦੇਸ਼ਾਂ ਦੇ ਜ਼ਿੰਮੇ ਇਹ ਲਾ ਦਿੱਤਾ ਹੈ ਕਿ ਉਹ ਵਾਤਾਵਰਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣ ਤੇ ਉਹ ਇਨ੍ਹਾਂ ਗ਼ਰੀਬ ਮੁਲਕਾਂ ਦੀ ਆਰਥਿਕ ਮਦਦ ਕਰਦੇ ਰਹਿਣਗੇ। ਦੁਨੀਆ ਦੇ ਬਹੁਤੇ ਦੇਸ਼ ਵਾਤਾਵਰਨ ਵਿਚ ਆਏ ਨਿਘਾਰ ਦਾ ਸਾਹਮਣਾ ਕਰ ਰਹੇ ਹਨ ਤੇ ਖ਼ਾਸ ਕਰਕੇ ਪੀਣ ਵਾਲੇ ਪਾਣੀ ਦੀ ਚਿੰਤਾ ਵਧਦੀ ਜਾ ਰਹੀ ਹੈ।
ਇਸ ਆਲਮੀ ਪੱਧਰ 'ਤੇ ਪੈਦਾ ਹੋਏ ਸੰਕਟ ਦਾ ਰਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਲੋਕ ਵਿਚੋਂ ਦੀ ਹੋ ਕੇ ਹੀ ਜਾਂਦਾ ਹੈ, ਜੋ ਬਹੁਤ ਸਪੱਸ਼ਟ ਸ਼ਬਦਾਂ ਵਿਚ ਵਾਤਾਵਰਨ ਦੀ ਆਲਮੀ ਪੱਧਰ ਦੀ ਵਿਆਖਿਆ ਕਰਦਾ ਹੈ;
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।
550 ਸਾਲ ਪਹਿਲਾਂ ਇਸ ਧਰਤੀ 'ਤੇ ਅਵਤਾਰ ਧਾਰਨ ਕਰਨ ਵਾਲੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਹੀ ਆਲਮੀ ਪੱਧਰ 'ਤੇ ਆਏ ਵਾਤਾਵਰਨ ਦੇ ਸੰਕਟ ਤੋਂ ਪਾਰ ਪਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੰਦੇਸ਼ 'ਤੇ ਅਮਲ ਕੀਤੇ ਬਿਨਾਂ ਇਸ ਸੰਕਟ ਵਿਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਇਹ ਸੰਦੇਸ਼ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇਸ ਸੰਸਾਰ ਵਿਚ ਗਿਆ ਸੀ। ਸੁਲਤਾਨਪੁਰ ਦੀ ਇਸ ਇਤਿਹਾਸਕ ਨਗਰੀ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਗੁਜ਼ਾਰੇ ਸਨ।
ਸੁਲਤਾਨਪੁਰ ਲੋਧੀ ਰਹਿੰਦਿਆਂ ਹੀ ਉਨ੍ਹਾਂ ਨੇ ਕਾਲੀ ਵੇਈਂ (ਨਦੀ) ਵਿਚ ਡੁਬਕੀ ਲਗਾਈ ਸੀ। ਗੁਰੂ ਜੀ ਦੀ ਇਸ ਡੁਬਕੀ ਨੇ ਇਸ ਸੰਸਾਰ ਨੂੰ ਤਾਰਨ ਦਾ ਜਿਹੜਾ ਸੁਨੇਹਾ ਦਿੱਤਾ, ਉਹ ਸਰਬੱਤ ਦੇ ਭਲੇ ਦਾ ਸੁਨੇਹਾ ਸੀ। ਗੁਰੂ ਨਾਨਕ ਦੇਵ ਜੀ ਵਲੋਂ ਰਚੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੀ ਸਲੋਕ ਦੀ ਪਹਿਲੀ ਹੀ ਪੰਕਤੀ ਵਿਚ ਹਵਾ, ਪਾਣੀ ਤੇ ਧਰਤੀ ਦੀ ਗੱਲ ਕਰਕੇ ਇਸ ਕੁੱਲ ਲੋਕਾਈ ਨੂੰ ਇਕ ਸੁਚੱਜੀ ਜੀਵਨ-ਜਾਚ ਦਾ ਰਸਤਾ ਵੀ ਦਿਖਾਇਆ ਗਿਆ ਹੈ। ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਨਦੀ ਵੀ ਪਲੀਤ ਹੋ ਗਈ ਸੀ। ਇਸ ਪਵਿੱਤਰ ਨਦੀ ਵਿਚ ਮੁੜ ਨਿਰਮਲ ਧਾਰਾ ਵਗਾਉਣ ਲਈ ਜੁਲਾਈ 2000 ਦੀ ਸਾਉਣ ਦੀ ਸੰਗਰਾਂਦ ਨੂੰ ਗੁਰਦੁਆਰਾ ਬੇਰ ਸਾਹਿਬ ਵਿਚ ਅਰਦਾਸ ਕੀਤੀ ਗਈ ਸੀ ਤੇ ਇਸ ਨਦੀ ਨੂੰ ਸਾਫ਼ ਕਰਨ ਦਾ ਕਾਰਜ ਆਰੰਭ ਹੋ ਗਿਆ ਸੀ। ਕਾਰ ਸੇਵਾ ਦੇ 22 ਸਾਲਾਂ ਦੇ ਸਫ਼ਰ ਨੇ ਪੰਜਾਬ ਵਿਚ ਵਾਤਾਵਰਨ ਬਾਰੇ ਚੇਤਨਾ ਦੀ ਲਹਿਰ ਪੈਦਾ ਕੀਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਬਾਬੇ ਨਾਨਕ ਦੀ ਇਹ ਪਵਿੱਤਰ ਵੇਈਂ ਫਿਰ ਤੋਂ ਵਗਣ ਲੱਗ ਪਈ ਹੈ। ਇਸ ਨਦੀ ਦੇ ਵਗਣ ਨੇ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਦੀ ਪੱਧਰ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ।
ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ, ਪੰਜਾਬ ਦੇ ਪਲੀਤ ਹੁੰਦੇ ਦਰਿਆਵਾਂ ਬਾਰੇ ਡਾ. ਬਰਜਿੰਦਰ ਸਿੰਘ ਹਮਦਰਦ ਹੋਰੀਂ ਆਪਣੀਆਂ ਲਿਖਤਾਂ ਰਾਹੀ 35 ਸਾਲਾਂ ਤੋਂ ਪੰਜਾਬ ਦੀ ਪਹਿਰੇਦਾਰੀ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ 1986 ਤੋਂ ਲੈ ਕੇ 2021 ਤੱਕ ਵਾਤਾਵਰਨ ਬਾਰੇ ਤੇ ਖ਼ਾਸ ਕਰਕੇ ਪਾਣੀਆਂ ਬਾਰੇ ਜਿਹੜੇ ਤੱਥ ਪੇਸ਼ ਕੀਤੇ ਹਨ, ਉਹ ਸੱਚਮੁੱਚ ਹੀ ਸਮੁੱਚੇ ਪੰਜਾਬੀਆਂ ਨੂੰ ਚੌਕਸ ਕਰਨ ਵਾਲੇ ਹਨ। ਆਪਣੀਆਂ ਲਿਖਤਾਂ ਰਾਹੀ ਬਰਜਿੰਦਰ ਸਿੰਘ ਹਮਦਰਦ ਹੋਰੀਂ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਤੇ ਸਮੇਂ ਦੀਆਂ ਸਰਕਾਰਾਂ ਨੂੰ ਸੁਚੇਤ ਕਰਨ ਵਿਚ ਲੱਗੇ ਹੋਏ ਹਨ।
ਉਨ੍ਹਾਂ ਵਲੋਂ 1986 ਵਿਚ ਲਿਖੀ ਸੰਪਾਦਕੀ 'ਲਿੰਕ ਨਹਿਰ ਦਾ ਮਸਲਾ' ਤੋਂ ਲੈ ਕੇ ਸਾਲ 2021 ਵਿਚ 'ਗੰਭੀਰ ਹੁੰਦਾ ਜਾ ਰਿਹੈ ਪਾਣੀ ਦਾ ਸੰਕਟ' ਤੱਕ ਦੇ ਸਫ਼ਰ ਵਿਚ ਵੱਡੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ। ਇਕ ਸੁਘੜ ਸਿਆਣੇ ਨਾਗਰਿਕ ਵਜੋਂ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਹੈ ਤੇ ਉਨ੍ਹਾਂ ਦੀ ਇਸ ਭੂਮਿਕਾ ਨੇ ਸਮੇਂ ਦੀਆਂ ਸਰਕਾਰਾਂ ਦੇ ਹਾਕਮਾਂ ਨੂੰ ਵੀ ਝੰਜੋੜਿਆ ਹੈ ਅਤੇ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਆਗੂਆਂ ਨੂੰ ਹੱਲਾਸ਼ੇਰੀ ਵੀ ਦਿੱਤੀ ਹੈ। ਮਨੁੱਖ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਪ੍ਰਸੰਸਾ ਵੀ ਕਰਨੀ ਚਾਹੀਦੀ ਹੈ, ਜਿਸ ਦਾ ਉਹ ਹੱਕਦਾਰ ਹੁੰਦਾ ਹੈ।
ਇਸ ਹਥਲੀ ਪੁਸਤਕ ਵਿਚ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ ਬਹੁਤ ਸਾਰੀਆਂ ਸੰਪਾਦਕੀਆਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਕੁਝ ਇਕ ਦਾ ਜ਼ਿਕਰ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਵਿਚ 24 ਜੁਲਾਈ, 1982 ਨੂੰ ਲਿਖੀ ਸੰਪਾਦਕੀ 'ਪਾਣੀਆਂ ਦੀ ਵੰਡ' ਖ਼ਾਸ ਧਿਆਨ ਮੰਗਦੀ ਹੈ। ਇਸ ਵਿਚ ਉਨ੍ਹਾਂ ਵਲੋਂ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਸੁਰਿੰਦਰ ਨਾਥ ਦੇ ਦਿੱਤੇ ਗਏ ਹਵਾਲੇ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਸ ਵਿਚ ਉਸ (ਗਵਰਨਰ ਸੁਰਿੰਦਰ ਨਾਥ) ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਜੇ ਸਤਲੁਜ ਦੇ ਪਾਣੀਆਂ 'ਤੇ ਹਰਿਆਣੇ ਦਾ ਹੱਕ ਹੈ ਤਾਂ ਜਮਨਾ ਦੇ ਪਾਣੀਆਂ 'ਤੇ ਵੀ ਪੰਜਾਬ ਦਾ ਓਨਾ ਹੀ ਹੱਕ ਹੈ, ਕਿਉਂਕਿ ਇਹ ਵੀ ਕਦੇ ਇਕੱਠੇ ਪੰਜਾਬ ਵਿਚ ਵਹਿੰਦਾ ਸੀ।
ਇਨ੍ਹਾਂ ਸੰਪਾਦਕੀਆਂ ਵਿਚ 1982 'ਚ ਲੱਗੇ ਕਪੂਰੀ ਮੋਰਚੇ ਤੋਂ ਲੈ ਕੇ ਹੁਣ ਤੱਕ ਐਸ.ਵਾਈ.ਐਲ. ਦੇ ਕੇਸ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਜਿਹੜੀ ਸੰਪਾਦਕੀ 'ਸਪੱਸ਼ਟ ਨੀਤੀ ਦੀ ਲੋੜ' ਉਨ੍ਹਾਂ ਨੇ 30 ਜੂਨ, 1995 ਨੂੰ ਲਿਖੀ ਸੀ, ਉਸ ਵਿਚ ਸਮੇਂ ਦੀ ਕੇਂਦਰੀ ਹਕੂਮਤ ਵਲੋਂ ਪੰਜਾਬ ਦੇ ਪਾਣੀਆਂ ਦੀ ਗੁਪਤ ਤਰੀਕੇ ਨਾਲ ਕੀਤੀ ਜਾਣ ਵਾਲੀ ਲੁੱਟ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਰਿਪੇਰੀਅਨ ਕਾਨੂੰਨ ਅਨੁਸਾਰ ਸਤਲੁਜ, ਬਿਆਸ ਤੇ ਰਾਵੀ ਦੇ ਪਾਣੀਆਂ 'ਤੇ ਸਿਰਫ਼ ਪੰਜਾਬ ਦਾ ਹੀ ਹੱਕ ਬਣਦਾ ਹੈ। ਇਸ ਲਈ ਪੰਜਾਬ ਵਿਚ ਨਵੀਆਂ ਨਹਿਰਾਂ ਕੱਢ ਕੇ ਸਾਰੇ ਖੇਤਾਂ ਨੂੰ ਪਾਣੀ ਦਿੱਤਾ ਜਾਏ। ਇਸੇ ਸੰਪਾਦਕੀ ਦੇ ਅਖ਼ੀਰ ਵਿਚ ਉਨ੍ਹਾਂ ਨੇ ਇਹ ਗੱਲ ਬੜੀ ਸਪੱਸ਼ਟਤਾ ਨਾਲ ਕਹੀ ਸੀ ਕਿ ਜੇਕਰ ਹੁਣ ਪੰਜਾਬ ਦੇ ਹਿੱਸੇ ਦਾ ਪਾਣੀ ਵੀ ਹੋਰ ਵੰਡਿਆ ਗਿਆ ਤਾਂ ਇਹ ਪੰਜਾਬ ਦੇ ਕਿਸਾਨਾਂ ਲਈ ਸਮੁੱਚੇ ਰੂਪ ਵਿਚ ਬੜੀ ਮਾੜੀ ਗੱਲ ਹੋਵੇਗੀ, ਕਿਉਂਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਹੇਠਾਂ ਉਤਰਦਾ ਜਾ ਰਿਹਾ ਹੈ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਇਸ ਮਸਲੇ 'ਤੇ ਕੇਂਦਰ ਅੱਗੇ ਨਹੀਂ ਝੁਕੇਗੀ।
ਇਸ ਲਿਖਤ ਵਿਚ ਉਨ੍ਹਾਂ ਨੇ ਜਿੱਥੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦੀ ਫ਼ਿਕਰਮੰਦੀ ਕੀਤੀ ਹੈ, ਉਥੇ ਸੂਬਾ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਦੀ ਹੋਰ ਵੰਡ ਨਾ ਕਰਨ ਤੋਂ ਸੁਚੇਤ ਕੀਤਾ ਸੀ ਤੇ ਇਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਕੇਂਦਰ ਅੱਗੇ ਝੁਕਣ ਤੋਂ ਵਰਜਿਆ ਸੀ।
ਸੰਨ 2000 ਦੇ ਜੂਨ ਤੇ ਜੁਲਾਈ ਮਹੀਨਿਆਂ ਵਿਚ ਲਿਖੀਆਂ ਦੋ ਸੰਪਾਦਕੀਆਂ ਦਾ ਇੱਥੇ ਖ਼ਾਸ ਜ਼ਿਕਰ ਕਰਨਾ ਬਣਦਾ ਹੈ, ਕਿਉਂਕਿ ਇਨ੍ਹਾਂ ਵਿਚ ਉਨ੍ਹਾਂ ਨੇ ਅਸਲ ਸੰਕਟ ਵੱਲ ਬਹੁਤ ਹੀ ਸੰਜੀਦਗੀ ਨਾਲ ਸਪੱਸ਼ਟ ਇਸ਼ਾਰਾ ਕੀਤਾ ਹੈ। 18 ਜੂਨ, 2000 ਦੀ ਸੰਪਾਦਕੀ 'ਪਾਣੀ ਦੀ ਸਹੀ ਵਰਤੋਂ ਵੱਲ ਧਿਆਨ ਦਿਓ' ਵਿਚ ਉਨ੍ਹਾਂ ਬਹੁਤ ਹੀ ਗੰਭੀਰ ਸਥਿਤੀ ਵੱਲ ਇਸ਼ਾਰਾ ਕੀਤਾ ਹੈ। ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਨੇ 22 ਸਾਲ ਪਹਿਲਾਂ ਲਿਖਿਆ ਸੀ ਕਿ ਪੰਜਾਬ ਵਿਚ ਅੱਜ ਵੀ ਲਗਭਗ ਪੰਜ ਹਜ਼ਾਰ ਪਿੰਡ ਅਜਿਹੇ ਹਨ, ਜਿਨ੍ਹਾਂ ਵਿਚ ਸ਼ੁੱਧ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਜੇ ਹਾਲਾਤ ਇਹ ਹੀ ਰਹੇ ਤਾਂ ਪੰਜਾਬ ਰਾਜਸਥਾਨ ਬਣ ਜਾਵੇਗਾ।
ਇਹ ਸਾਰੀਆਂ ਲਿਖਤਾਂ ਅੱਖਾਂ ਖੋਲ੍ਹਣ ਵਾਲੀਆਂ ਹਨ। ਦੋ ਹੋਰ ਸੰਪਾਦਕੀਆਂ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ। ਪੰਜਾਬ ਨੂੰ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਅਤੇ ਖ਼ਾਸ ਕਰਕੇ ਝੋਨੇ ਤੋਂ ਕਿਸਾਨਾਂ ਦਾ ਖਹਿੜਾ ਛੁਡਵਾਉਣ ਲਈ ਉਨ੍ਹਾਂ ਨੇ ਆਪਣੀ 3 ਜੂਨ, 2015 ਨੂੰ ਲਿਖੀ ਸੰਪਾਦਕੀ 'ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ' ਵਿਚ ਬਹੁਤ ਹੀ ਸੰਜੀਦਗੀ ਨਾਲ ਇਸ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਉਹ ਲਿਖਦੇ ਹਨ ਕਿ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਕਾਰਨ ਪੰਜਾਬ 'ਚ ਧਰਤੀ ਹੇਠੋਂ ਏਨਾ ਪਾਣੀ ਕੱਢ ਲਿਆ ਗਿਆ ਹੈ ਕਿ ਆਉਂਦੇ ਕੁਝ ਸਾਲਾਂ 'ਚ ਹੀ ਧਰਤੀ ਹੇਠਲਾ ਪਾਣੀ ਪਤਾਲ 'ਚ ਚਲਾ ਜਾਏਗਾ। ਖੇਤੀਬਾੜੀ ਦੇ ਖੇਤਰ ਵਿਚ ਆਈ ਮੰਦੀ ਸੂਬੇ ਦੀ ਆਰਥਿਕਤਾ 'ਤੇ ਵੱਡੀ ਸੱਟ ਮਾਰੇਗੀ। ਅੰਮ੍ਰਿਤ ਰੂਪੀ ਪਾਣੀ ਨਦਾਰਦ ਹੁੰਦਾ ਜਾਏਗਾ। ਇਸੇ ਲਿਖਤ ਦੇ ਅਖ਼ੀਰ ਵਿਚ ਉਨ੍ਹਾਂ ਨੇ ਸਥਿਤੀ ਨੂੰ ਹੋਰ ਵੀ ਸਪੱਸ਼ਟ ਕਰਦਿਆ ਲਿਖਿਆ ਹੈ ਕਿ ਪੰਜਾਬ ਦਾ ਹਾਲ ਤਾਂ ਮਾੜਾ ਹੈ ਹੀ, ਇਹ ਰਿਪੋਰਟਾਂ ਵੀ ਹਨ ਕਿ ਸਾਲ 2025 'ਚ ਸਮੁੱਚੇ ਭਾਰਤ ਵਿਚ ਪਾਣੀ ਦੀ ਵੱਡੀ ਕਿੱਲਤ ਹੋ ਜਾਏਗੀ।
ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅੱਜ ਜਦੋਂ ਸਾਲ 2022 ਵਿਚ ਪੰਜਾਬ ਦੇ ਪਾਣੀਆਂ ਬਾਰੇ ਡੂੰਘੀ ਫ਼ਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਹੈ, ਤਾਂ ਸਾਲ 2019 ਵਿਚ ਸੈਂਟਰਲ ਗਰਾਊਂਡ ਵਾਟਰ ਬੋਰਡ ਨਵੀਂ ਦਿੱਲੀ ਨੇ ਪੰਜਾਬ ਸਰਕਾਰ ਨੂੰ ਇਹ ਰਿਪੋਰਟ ਦਿੱਤੀ ਸੀ ਕਿ ਪੰਜਾਬ ਦੀ ਧਰਤੀ ਹੇਠਾਂ 22 ਸਾਲ ਦਾ ਪਾਣੀ ਬਚਿਆ ਹੈ। ਇਸ ਕੀਤੇ ਗਏ ਸਰਵੇ ਨੂੰ ਚਾਰ ਸਾਲ ਬੀਤ ਗਏ ਹਨ ਭਾਵ ਕਿ ਅੱਜ ਦੀ ਤਰੀਕ ਵਿਚ ਸਾਡੇ ਕੋਲ ਸਿਰਫ 17-18 ਸਾਲਾਂ ਦਾ ਹੀ ਪਾਣੀ ਬਚਿਆ ਹੈ। ਫਿਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛੱਡ ਕੇ ਜਾ ਰਹੇ ਹਾਂ? ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਸਮੇਤ ਹੋਰ ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ਨੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਖ਼ਤਮ ਹੋਣ ਬਾਰੇ ਖ਼ਤਰੇ ਦੀ ਘੰਟੀ ਵਜਾਈ ਹੈ। ਇੱਥੋਂ ਤੱਕ ਕਿ ਨਾਸਾ ਦੀ ਇਕ ਰਿਪੋਰਟ ਵਿਚ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਨਾਲ ਪੈਦਾ ਹੋਣ ਵਾਲੇ ਸੰਕਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਾਤਾਵਰਨ ਚੇਤਨਾ ਲਹਿਰ ਵਲੋਂ ਵਾਤਾਵਰਨ ਦੇ ਮੁੱਦੇ ਸੰਬੰਧੀ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਗੰਭੀਰ ਮੁੱਦੇ ਨੂੰ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਵਿਚ ਪਾਉਣ। ਕਈ ਰਾਜਨੀਤਕ ਪਾਰਟੀਆਂ ਨੇ ਇਸ ਨੂੰ ਸ਼ਾਮਿਲ ਕੀਤਾ ਤੇ ਕਈਆਂ ਨੇ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਆਪਣੇ ਹੱਕਾਂ ਨੂੰ ਲੈ ਕੇ ਹੋਰ ਸੁਚੇਤ ਹੋਣ ਦੀ ਲੋੜ ਹੈ।
8 ਜੁਲਾਈ, 2021 ਦੀ ਲਿਖਤ ਵਿਚ ਤਾਂ ਸ. ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਅੰਕੜਿਆਂ ਤੇ ਤੱਥਾਂ ਨਾਲ ਜਿਹੜੀ ਤਸਵੀਰ ਖਿੱਚੀ ਹੈ, ਉਸ ਨਾਲ ਸਾਡੇ ਹੁਕਮਰਾਨਾਂ ਦੀ ਕੁੰਭਕਰਨੀ ਨੀਂਦ ਕਿਉਂ ਨਹੀਂ ਟੁੱਟਦੀ, ਇਹ ਬਹੁਤ ਹੀ ਹੈਰਾਨੀਜਨਕ ਹੈ। ਇਸ ਲਿਖਤ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸੂਬੇ (ਪੰਜਾਬ) ਵਿਚ 1960-61 ਦੌਰਾਨ ਸਾਢੇ 7000 ਦੇ ਲਗਭਗ ਟਿਊਬਵੈੱਲ ਸਨ। ਅੱਜ ਇਨ੍ਹਾਂ ਦੀ ਗਿਣਤੀ 15 ਲੱਖ ਤੱਕ ਪੁੱਜ ਗਈ ਹੈ। ਪੰਜਾਬ ਦੇ ਬਹੁਤੇ ਬਲਾਕ 'ਡਾਰਕ ਜ਼ੋਨ' ਐਲਾਨੇ ਜਾ ਚੁੱਕੇ ਹਨ। ਸਥਿਤੀ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਵਿਚੋਂ ਨਿਕਲਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਹਮਦਰਦ ਹੋਰਾਂ ਦੀਆਂ ਇਹ ਲਿਖਤਾਂ ਇਸ ਕਾਰਜ ਲਈ ਸਹਾਈ ਹੋਣਗੀਆਂ।
'ਅਜੀਤ' ਅਖ਼ਬਾਰ ਵਿਚ ਲਿਖੀਆਂ ਆਪਣੀਆਂ ਇਨ੍ਹਾਂ ਸੰਪਾਦਕੀਆਂ ਨੂੰ ਕਿਤਾਬ ਦਾ ਰੂਪ ਦੇ ਕੇ ਡਾ. ਹਮਦਰਦ ਹੋਰਾਂ ਨੇ ਇਕ ਤਰ੍ਹਾਂ ਨਾਲ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਜਿਹੜਾ ਉਪਰਾਲਾ ਤੇ ਉੱਦਮ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਇਤਿਹਾਸਕ ਸੰਪਾਦਕੀਆਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਸੀ, ਕਿਉਂਕਿ ਇਹੀ ਲਿਖਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣਨਗੀਆਂ।

01-05-2022

 ਨਾਨਕ ਏਵੈ ਜਾਣੀਐ
ਲੇਖਕ : ਜਸਵੰਤ ਸਿੰਘ ਜ਼ਫਰ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 142
ਸੰਪਰਕ : 99888-03277.

ਨਾਨਕ ਏਵੈ ਜਾਣੀਐ ਦੇ ਲੇਖਕ ਨੇ ਹੱਥਲੀ ਪੁਸਤਕ ਪੰਜਾਬ ਦੀ ਜਵਾਨੀ ਦੇ ਨਾਂਅ ਕੀਤੀ ਹੈ। ਇਸ ਪੁਸਤਕ ਨੂੰ ਦਸ ਨਿਬੰਧਾਂ ਵਿਚ ਪੇਸ਼ ਕੀਤਾ ਹੈ। ਗੁਰੂ ਨਾਨਕ ਬਾਣੀ ਵਰਤਮਾਨ ਪ੍ਰਸੰਗ, ਗੁਰੂ ਨਾਨਕ ਬਾਣੀ ਦੇ ਸਰੋਤਾਂ ਸਰੋਕਾਰ, ਨਾਨਕ ਕਿਛੁ ਸੁਣੀਐ ਕਿਛੁ ਕਹੀਐ, ਨਾਮਿ ਰਤੇ ਸਿੱਧ ਗੋਸਿਟ ਹੋਇ, ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ, ਕੁਦਰਤਿ ਕਵਣ ਕਹਾ ਵੀਚਾਰੁ, ਦਰੀਆਵਾ ਸਿਉ ਦੋਸਤੀ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ। ਆਪਣੀ ਬੋਲੀ ਧਰਮ ਤੇ ਲਿਪੀਅੰਤਰ ਸੰਬੰਧ, ਗੁਰਾਂ ਦੇ ਨਾਂਅ 'ਤੇ ਵਸਦਾ ਪੰਜਾਬ ਕਿਹੜੇ ਰੋਗਾਂ ਦਾ ਸ਼ਿਕਾਰ?
ਜ਼ਫਰ ਨੇ ਗੁਰੂ ਨਾਨਕ ਸਾਹਿਬ ਸੰਬੰਧੀ ਮਨਾਈਆਂ ਸ਼ਤਾਬਦੀਆਂ ਦੇ ਸੰਬੰਧ ਵਿਚ ਵੀ ਸਵਾਲ ਖੜ੍ਹੇ ਕੀਤੇ ਹਨ, ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਦੀ ਵਰਤਮਾਨ ਸਮੇਂ 'ਚ ਸਾਰਥਕਤਾ ਬਾਰੇ ਬਹੁਤ ਕੁਝ ਲਿਖਿਆ/ਪੜ੍ਹਿਆ/ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਬੇਸ਼ੱਕ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਸਮਝਣ ਤੇ ਸੰਚਾਰਨ ਦੇ ਇਨ੍ਹਾਂ ਯਤਨਾਂ ਰਾਹੀਂ ਉਨ੍ਹਾਂ ਦੀ ਯਾਦ ਨੂੰ ਅਜੋਕੀਆਂ ਰਾਜਨੀਤਕ-ਸਾਂਸਕ੍ਰਿਤਕ ਪ੍ਰਸਥਿਤੀਆਂ ਅਨੁਸਾਰ ਪੁਨਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਅਜੋਕੀ ਸਿੱਖ ਪਛਾਣ ਨੂੰ ਪੁਨਰ ਸਥਾਪਤ ਕੀਤਾ ਜਾ ਸਕੇ ਪ੍ਰੰਤੂ ਸਥਿਤੀ ਦੀ ਵਿਡੰਬਨਾ ਇਹ ਹੈ ਕਿ ਨਾਨਕ ਨਾਮ ਲੇਵਾ ਦੇ ਵਿਵਹਾਰ ਵਿਚੋਂ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਪ੍ਰਤੀਬਿੰਧਤ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ। ਆਖਿਰ ਗੁਰੂ ਨਾਨਕ ਚਿੰਤਨ ਨੂੰ ਵਿਵਹਾਰਕ ਪੱਧਰ 'ਤੇ ਨਾ ਅਪਣਾਉਣ ਦੇ ਕੀ ਕਾਰਨ ਹਨ? ਲੇਖਕ ਪ੍ਰਸ਼ਨ ਕਰਦਾ ਹੈ ਕਿ ਗੁਰੂ ਨਾਨਕ ਬਾਣੀ ਦੀ ਮਹਾਨਤਾ 'ਤੇ ਕਿਹੜੀ ਚੀਜ਼ ਦਾ ਪਰਦਾ ਪਿਆ ਹੋਇਆ ਹੈ ਤੇ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਗੁਰੂ ਨਾਨਕ ਹੋਣ ਦੇ ਮਹੱਤਵ ਨੂੰ ਲੱਭਣਾ ਤੇ ਖੋਜਣਾ ਮਿਹਨਤ ਤੇ ਉਚੇਚਾ ਭਰਿਆ ਕਾਰਜ ਬਣ ਗਿਆ ਹੈ। ਇਸ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਗਹਿਰ ਤੇ ਗੰਭੀਰ ਢੂੰਡ ਭਾਲ ਕਰਦਿਆਂ ਲੇਖਕ ਸਿੱਖ ਭਾਈਚਾਰੇ ਦੇ ਵਿਹਾਰ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਚਿੰਤਨ ਦੀ ਗ਼ੈਰ-ਹਾਜ਼ਰੀ ਦਾ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦੇਵ ਜੀ ਦੇ ਬਿਰਧ ਪੈਗ਼ੰਬਰੀ ਬਿੰਬ ਨੂੰ ਦਰਸਾਉਂਦਾ ਹੈ। ਕਿਸ ਤਰ੍ਹਾਂ ਸਾਖੀਕਾਰਾਂ ਅਤੇ ਵਪਾਰਕ ਬਿਰਤੀ ਦੇ ਧਾਰਨੀ ਕੁਝ ਚਿੱਤਰਕਾਰਾਂ ਨੇ ਬਗੈਰ ਤੱਥਾਂ ਨੂੰ ਘੋਖਿਆਂ ਗੁਰੂ ਜੀ ਦਾ ਸੱਤਰ ਅੱਸੀ ਸਾਲਾਂ ਦੇ ਬਜ਼ੁਰਗ ਉਪਦੇਸ਼ਕ ਦਾ ਬਿੰਬ ਸਥਾਪਤ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਬਾਣੀ, ਉਪਦੇਸ਼ ਤੇ ਵਿਚਾਰਧਾਰਾ ਪ੍ਰਤੀ ਲੋਕ ਮਾਨਸਿਕਤਾ ਦਰੁਸਤ ਪਹੁੰਚ ਧਾਰਨ ਕਰਨ ਤੋਂ ਮਹਿਰੂਮ ਰਹਿ ਗਈ।
ਨਾਨਕ ਏਵੈ ਜਾਣੀਐ ਦੀ ਪੜ੍ਹਤ ਇਹ ਸੋਚਣ/ਸਮਝਣ ਲਈ ਉਤਸਕ ਕਰਦੀ ਹੈ ਕਿ ਆਖਿਰ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਕਿਵੇ ਜਾਣੀਏ? ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਜਨਮ ਸਾਖੀਕਾਰਾਂ ਵਿਆਖਿਆਕਾਰਾਂ, ਪ੍ਰਚਾਰਕਾਂ, ਸਾਹਿਤਕਾਰਾਂ, ਚਿੱਤਰਕਾਰਾਂ, ਖੋਜੀਆਂ, ਚਿੰਤਕਾਂ, ਫ਼ਿਲਾਸਫਰਾਂ, ਪ੍ਰਚਾਰਕਾਂ, ਟੀਕਾਕਾਰਾਂ, ਫ਼ਿਲਮਸਾਜ਼ਾਂ ਆਦਿ ਵਲੋਂ ਪ੍ਰਸਤੁਤ ਕੀਤੇ ਗਏ 'ਨਾਨਕ ਬਿੰਬ' ਦੇ ਸਨਮੁਖ ਹੁੰਦੇ ਹਾਂ ਤਾਂ ਪਾਠਕ ਮਨਾਂ ਨਾਲ ਲੇਖਕ ਨਵੇਂ-ਨਵੇਂ ਸੰਵਾਦ ਰਚਾਉਂਦਾ ਹੈ। ਪਰੰਪਰਾ ਤੋਂ ਹਟ ਕੇ ਮੌਲਿਕਤਾ ਪੈਦਾ ਕਰਦਾ ਹੈ। ਉਹ ਆਪਣੀ ਬੌਧਿਕ ਤਾਰਕਿਕ ਗੱਲ ਨੂੰ ਬੇਬਾਕੀ, ਸਹਿਜਤਾ ਤੇ ਸੰਖੇਪਤਾ ਨਾਲ ਸਮਝਾਉਣ ਦੀ ਸਮਰੱਥਾ ਰੱਖਦਾ ਹੈ। ਹਥਲੀ ਕਿਤਾਬ ਗੁਰੂ ਨਾਨਕ ਅਤੇ ਗੁਰੂ ਫ਼ਲਸਫ਼ੇ ਨੂੰ ਸਮਝਣ ਲਈ ਬੇਸ਼ਕੀਮਤੀ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

c c c

ਫੁੱਲ ਅਤੇ ਤਿਤਲੀਆਂ
ਕਹਾਣੀਕਾਰ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਐਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫੇ : 150
ਸੰਪਰਕ : 93165-44777.

ਵਿਚਾਰ ਅਧੀਨ ਪੁਸਤਕ ਫੁੱਲ ਅਤੇ ਤਿਤਲੀਆਂ, ਗੁਰਸ਼ਰਨ ਸਿੰਘ ਨਰੂਲਾ ਦੀ 8ਵੀਂ ਪੁਸਤਕ ਹੈ, ਜਿਸ ਵਿਚ 39 ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਲੇਖਕ ਅਨੁਸਾਰ ਪਹਿਲਾਂ ਹੀ ਪੰਜਾਬੀ ਦੇ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਗੁਰਸ਼ਰਨ ਸਿੰਘ ਨਰੂਲਾ ਇਕ ਪ੍ਰੋੜ੍ਹ ਸਾਹਿਤਕਾਰ ਹੈ ਅਤੇ ਉਸ ਦਾ ਆਪਣੀ ਗੱਲ ਕਹਿਣ ਦਾ ਢੰਗ ਕਹਾਣੀ-ਨੁਮਾ ਹੈ। ਹਥਲੀ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਤਹਾਨੂੰ ਆਪਣੇ ਤਜਰਬੇ, ਜ਼ਿੰਦਗੀ ਦੀਆਂ ਅਹਿਮ ਘਟਨਾਵਾਂ ਜਾਂ ਕਿੱਸੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੋਵੇ। ਮਿਸਾਲ ਦੇ ਤੌਰ 'ਤੇ ਕਲਾ ਦੀ ਕਰਾਮਾਤ ਰਾਹੀਂ ਜ਼ਿੰਦਗੀ ਵਿਚ ਤੰਗ-ਦਿਲੀ ਅਤੇ ਸੌੜੀ ਸੋਚ ਨੂੰ ਛੱਡਣ ਦੇ ਬਿਰਤਾਂਤ ਨੂੰ ਦੋ ਦੋਸਤਾਂ ਦੇ ਸੰਦਰਭ ਵਿਚ ਬਿਆਨਿਆ ਗਿਆ ਹੈ। ਧੋਖੇ ਦੇ ਰਾਹ 'ਤੇ ਚਲਦਿਆਂ ਪਤੀ-ਪਤਨੀ ਦੇ ਰਿਸ਼ਤਿਆਂ ਵਿਚਲੀ ਤਰੇੜ, ਬੱਚਿਆਂ ਪ੍ਰਤੀ ਪਿਆਰ ਅਤੇ ਧੋਖੇ ਨੂੰ ਇਕ ਪਰਿਵਾਰਕ ਘਟਨਾ ਦੇ ਪਰਿਪੇਖ ਵਿਚ ਪੇਸ਼ ਕੀਤਾ ਗਿਆ ਹੈ। ਇਕ ਝਾਕੀ, ਰਚਨਾ ਦਾ ਵਿਸ਼ਾ, ਅਚੇਤ ਮਨ ਦੀਆਂ ਦੱਬੀਆਂ ਖਾਹਸ਼ਾਂ ਨੂੰ ਸੁਪਨੇ ਦੇ ਰੂਪ ਵਿਚ ਦਰਸਾਇਆ ਗਿਆ ਹੈ। ਇਸੇ ਪ੍ਰਕਾਰ ਹੁਣ 'ਮੈਂ ਸੋਚ ਰਹੀ ਹਾਂ' ਮਨੋਵਿਗਿਆਨਕ ਪ੍ਰਸਥਿਤੀਆਂ ਦੀ ਪ੍ਰਸਤੁਤੀ ਕਰਦੀ ਹੈ। ਨਵੀਂ ਔਰਤ, ਅਗਾਂਹਵਧੂ ਨਾਰੀਵਾਦੀ ਸੋਚ ਦੀ ਤਰਜਮਾਨੀ ਕਰਦੀ ਹੈ ਜਦੋਂ ਕਿ ਤਿਤਲੀ ਨੂੰ ਸਜ਼ਾ, ਘਰ ਵਿਚ ਵੱਡਿਆਂ ਵਲੋਂ ਛੋਟਿਆਂ ਨੂੰ ਅੱਗੇ ਵਧਣ ਦੇ ਸਹੀ ਮੌਕੇ ਨਾ ਦਿੱਤੇ ਜਾਣ ਦੇ ਨਤੀਜਿਆਂ ਨੂੰ ਵਿਅਕਤ ਕਰਦੀ ਹੈ। ਬਿਨਾਂ ਸਿਰਲੇਖ ਰਾਹੀਂ ਅਧੂਰੇ ਪਿਆਰ ਦਾ ਬਿਰਤਾਂਤ ਸਿਰਜਿਆ ਗਿਆ ਹੈ। ਘੜੰਮ ਚੌਧਰੀ, ਧਰਮ ਦੇ ਨਾਂਅ ਹੇਠ ਆਪਣੇ ਸੁਆਰਥਾਂ ਦੀ ਪੂਰਤੀ ਅਤੇ ਪੈਸਾ ਕਮਾਉਣ ਵਾਲੀ ਮਾਨਸਿਕਤਾ ਨੂੰ ਉਗਾਗਰ ਕੀਤਾ ਗਿਆ ਹੈ। ਸਵੀਟੀ ਭਾਬੀ ਰਚਨਾ ਵਿਚ ਸਮਾਜਿਕ ਰਿਸ਼ਤਿਆਂ ਦਾ ਜਿਜ਼ਤੇ ਉਸ ਦੇ ਦੂਰ-ਅੰਦੇਸ਼ੀ ਸਿੱਟਿਆਂ ਨੂੰ ਪੇਸ਼ ਕੀਤਾ ਗਿਆ ਹੈ। ਰਚਨਾਵਾਂ ਦੀ ਸ਼ੈਲੀ ਬਹੁਤ ਹੀ ਸਾਦ-ਮੁਰਾਦੀ ਹੈ। ਲੇਖਕ ਨੇ ਆਪਣੇ ਮਨ-ਚਿਤਰਪਟ 'ਤੇ ਚਲਦੀਆਂ ਘਟਨਾਵਾਂ, ਵਿਚਾਰ, ਕਲਪਨਾਵਾਂ ਅਤੇ ਵਿਚਾਰਧਾਰਕ ਸੋਚ ਦੇ ਪ੍ਰਗਟਾਅ ਲਈ ਘਟਨਾਵਾਂ ਅਤੇ ਪਾਤਰਾਂ ਦੀ ਚੋਣ ਲਈ ਆਪਣੇ ਆਲੇ-ਦੁਆਲੇ ਵਾਪਰਦੇ ਵਰਤਾਰੇ ਨੂੰ ਆਧਾਰ ਬਣਾਇਆ ਹੈ। ਰਚਨਾਵਾਂ ਦੇ ਸਿਰਲੇਖ ਪਾਠਕਾਂ ਨੂੰ ਰਚਨਾਵਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ ਅਤੇ ਬਹੁਤੀਆਂ ਰਚਨਾਵਾਂ ਦੇ ਸਿਰਲੇਖਾਂ ਤੋੋਂ ਹੀ ਰਚਨਾ ਵਿਚ ਬਿਆਨ ਕੀਤੇ ਜਾਣ ਵਾਲੇ ਵਿਸ਼ੇ ਦਾ ਅੰਦਾਜ਼ਾ ਹੋ ਜਾਂਦਾ ਹੈ।

ਡਾ. ਪ੍ਰਦੀਪ ਕੌੜਾ
ਮੋ: 95011-15200

ਤੇ ਪ੍ਰੀਖਿਆ ਚਲਦੀ ਰਹੀ
ਲੇਖਕ : ਅਵਤਾਰ ਐੱਸ ਸੰਘਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 94631-70369.

ਗਲਪ ਦੀਆਂ ਪੰਜ ਪੁਸਤਕਾਂ ਦੇ ਰਚੇਤਾ ਪਰਵਾਸੀ ਸਾਹਿਤਕਾਰ ਦੀ ਇਹ ਨਵੀਂ ਨਾਵਲ ਪੁਸਤਕ ਹੈ। ਨਾਵਲ ਵਿਚ ਲੇਖਕ ਨੇ ਬਹੁਤ ਭਾਵਕਤਾ ਨਾਲ ਪੰਜਾਬ ਦੇ ਇਤਿਹਾਸਕ ਸੰਦਰਭ ਵਿਚ 1947 ਤੇ 1984 ਦੀਆਂ ਘਟਨਾਵਾਂ ਦੇ ਸਨਮੁੱਖ ਸਿੱਖਾਂ ਦੀ ਹੋਣੀ ਦਾ ਜ਼ਿਕਰ ਕੀਤਾ ਹੈ। ਪਾਤਰ ਆਪਸੀ ਸੰਵਾਦ ਵਿਚ ਦੇਸ਼ ਵੰਡ ਸਮੇਂ ਸਿੱਖ ਆਗੂਆਂ ਵਲੋਂ ਅੰਗਰੇਜ਼ਾਂ ਨਾਲ ਹੋਏ ਸੰਵਾਦ ਬਾਰੇ ਚਰਚਾ ਕਰਦੇ ਹਨ। ਦੇਸ਼ ਵੰਡ ਪਿੱਛੋਂ ਵੀ ਸਮੇਂ ਦੀਆਂ ਤਤਕਾਲੀ ਸਰਕਾਰਾਂ ਵਲੋਂ; ਸਿੱਖਾਂ ਨਾਲ ਆਜ਼ਾਦੀ ਮਿਲਣ ਸਮੇਂ ਕੀਤੇ ਇਕਰਾਰਾਂ ਦੀ ਗੱਲ ਕੀਤੀ ਹੈ। ਪੰਜਾਬ ਨਾਲ ਸਮੇਂ-ਸਮੇਂ 'ਤੇ ਕੇਂਦਰ ਵਲੋਂ ਕੀਤੇ ਧੱਕੇ ਤੇ ਬੇਇਨਸਾਫ਼ੀਆਂ ਨੂੰ ਉਜਾਗਰ ਕੀਤਾ ਹੈ। 1978 ਤੋਂ 1992 ਤੱਕ ਦੇ ਸਮੇਂ ਦੇ ਪੰਜਾਬ ਦੀ ਤ੍ਰਾਸਦਿਕ ਤਸਵੀਰ ਨਾਵਲ ਵਿਚ ਪੇਸ਼ ਕੀਤੀ ਹੈ। ਇਹ ਉਹ ਸਮਾਂ ਸੀ ਜਦੋਂ ਸ਼ਾਮ ਪੈਂਦੇ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਜਾਂਦੇ ਸਨ। ਅੱਤਵਾਦ ਸਿਖਰ 'ਤੇ ਸੀ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਇਮਤਿਹਾਨਾਂ ਵਿਚ ਕੋਈ ਸੂਰਬੀਰ ਹੀ ਡਿਊਟੀ ਦੇਣ ਨੂੰ ਤਿਆਰ ਹੁੰਦਾ ਸੀ। ਕਿਉਂਕਿ ਨਕਲਾਂ ਦਾ ਜ਼ੋਰ ਸੀ। ਨਾਵਲ ਵਿਚ ਕਈ ਇਤਿਹਾਸਕ ਤੱਥ ਹਨ। ਨਾਵਲ ਦੇ ਸੰਜੀਦਾ ਪਾਤਰਾਂ ਵਿਚ ਕਾਲਜ ਪ੍ਰੋਫ਼ੈਸਰ ਹਨ, ਪ੍ਰਿੰਸੀਪਲ ਹਨ। ਲੈਕਚਰਾਰ ਕਾਂਤਾ ਤੇ ਪ੍ਰਸ਼ੋਤਮ ਲਾਲ ਇਕ ਪ੍ਰੀਖਿਆ ਡਿਊਟੀ ਵਿਚ ਹਨ। ਗਰਮ ਖਿਆਲੀ ਨੌਜਵਾਨ ਪ੍ਰੀਖਿਆ ਦੇ ਰਿਹਾ ਹੈ। ਉਹ ਕੇਂਦਰ ਦਾ ਪੂਰਾ ਜਾਇਜ਼ਾ ਲੈ ਕੇ ਸੁਪਰਡੈਂਟ ਨੂੰ ਚਿਤਾਵਨੀ ਦੇ ਜਾਂਦਾ ਹੈ। ਉਸ ਦੀ ਥਾਂ 'ਤੇ ਜ਼ਹੀਨ ਤੇ ਖੋਜੀ ਡਾ. ਪਤਵੰਤ ਸਿੰਘ ਡਿਊਟੀ 'ਤੇ ਹਾਜ਼ਰ ਹੁੰਦਾ ਹੈ। ਉਹ ਕੇਂਦਰ 'ਤੇ ਸਖ਼ਤੀ ਕਰਦਾ ਹੈ ਫਿਰ ਕੁਝ ਦਿਨਾਂ ਪਿੱਛੋਂ ਉਸ 'ਤੇ ਵੀ ਗ਼ਲਤ ਇਲਜ਼ਾਮ ਲਗਦੇ ਹਨ। ਪੁਲਿਸ ਲੈ ਜਾਂਦੀ ਹੈ ਪਰ ਗ਼ਲਤ ਸੂਚਨਾ ਮਿਲੀ ਹੋਣ ਕਰਕੇ ਛੱਡ ਦਿੱਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਲ ਗੁਰੂ ਗੋਬੰਦ ਸਿੰਘ ਜੀ ਦਾ ਸੰਵਾਦ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਵਾਂ ਸਮੇਤ ਹਵਾਲੇ, ਜਸਵੰਤ ਸਿੰਘ ਕੰਵਲ ਦੇ ਨਾਵਲ ਹਵਾਲੇ, ਸ਼ਰਾਬ ਤੇ ਹੋਰ ਨਸ਼ਿਆਂ ਬਾਰੇ ਪਾਤਰੀ ਸੰਵਾਦ, ਜਵਾਨ ਦਿਲਾਂ ਦੀ ਨੇੜਤਾ, ਯੂਨੀਵਰਸਿਟੀ ਵਿਚ ਟੇਬਲ ਮਾਰਕਿੰਗ ਸਮੇਂ ਪਾਤਰਾਂ ਦੀ ਮੁਹੱਬਤ ਨੂੰ ਖੁੱਲ੍ਹਾ ਮਾਹੌਲ ਮਿਲਣਾ ਅਖੀਰ ਵਿਆਹ ਲਈ ਸਹਿਮਤੀ ਹੋਣੀ ਨਾਵਲ ਦੀਆਂ ਪ੍ਰਮੁੱਖ ਘਟਨਾਵਾਂ ਹਨ। ਇਤਿਹਾਸਕ ਪ੍ਰਸੰਗ ਵਾਲੇ ਨਾਵਲ ਬਾਰੇ ਡਾ. ਜੋਗਿੰਦਰ ਸਿੰਘ ਕੈਰੋਂ, ਕਥਾਕਾਰ ਦੀਪ ਦਵਿੰਦਰ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ ਦੇ ਸਾਰਥਕ ਵਿਚਾਰ ਹਨ। ਪੰਜਾਬ ਦਾ ਵਿਰਸਾ ਸਮਝਣ ਲਈ ਨੌਜਵਾਨ ਪੀੜ੍ਹੀ ਦੇ ਪੜ੍ਹਨ ਵਾਲਾ ਹੈ।

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਬੰਬਈ ਸੇ ਆਇਆ ਮੇਰਾ ਦੋਸਤ, ਹੋਰ ਕਹਾਣੀਆਂ ਤੇ ਨਾਟਕ 'ਅਸੀਂ ਲੜਾਂਗੇ ਸਾਥੀ'
ਲੇਖਕ : ਸੀਤਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98158-10630.

ਇਸ ਪੁਸਤਕ ਦੇ ਲੇਖਕ ਸੀਤਲ ਹਨ, ਜਿਨ੍ਹਾਂ ਦੀਆਂ ਲਿਖੀਆਂ ਕਈ ਪੁਸਤਕਾਂ ਹਨ। ਸੀਤਲ ਅਜਿਹਾ ਲੇਖਕ ਹੈ ਜੋ ਲੋਕਾਂ ਦਾ ਦਰਦ ਆਪਣੇ ਅੰਦਰ ਸਮੋਈ ਬੈਠਾ ਹੈ ਅਤੇ ਉਸੇ ਦਰਦ ਨੂੰ ਆਪਣੀਆਂ ਰਚਨਾਵਾਂ ਰਾਹੀਂ ਭਾਵਪੂਰਤ ਸ਼ੈਲੀ ਦੇ ਨਾਲ ਬਿਆਨ ਕਰਦਾ ਹੈ। ਇਨ੍ਹਾਂ ਦੀਆਂ ਰਚਨਾਵਾਂ ਵਿਚ ਕੋਈ ਲੁਕ-ਛੁਪ ਨਹੀਂ ਹੈ ਅਤੇ ਜਿਸ ਗੱਲ ਨੂੰ ਕਹਿਣਾ ਹੁੰਦਾ ਹੈ, ਇਹ ਸਿੱਧੇ ਤੌਰ 'ਤੇ ਆਖ ਦਿੰਦਾ ਹੈ। ਇਸ ਪੁਸਤਕ ਵਿਚ 23 ਦੇ ਕਰੀਬ ਵੱਖੋ-ਵੱਖਰੇ ਵਿਸ਼ਿਆਂ ਦੀਆਂ ਕਹਾਣੀਆਂ ਹਨ ਅਤੇ ਨਾਲ ਹੀ ਇਕ ਲਘੂ ਨਾਟਕ 'ਅਸੀਂ ਲੜਾਂਗੇ ਸਾਥੀ' ਵੀ ਇਸੇ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਸੀਤਲ ਦੀਆਂ ਸਾਰੀਆਂ ਕਹਾਣੀਆਂ ਵਿਚ ਹਕੀਕਤ ਦੀ ਝਲਕ ਸਾਫ਼ ਤੌਰ 'ਤੇ ਨਜ਼ਰ ਆਉਂਦੀ ਹੈ। ਕਹਾਣੀ ਬੰਬਈ ਸੇ ਆਇਆ ਮੇਰਾ ਦੋਸਤ ਵਿਚ ਲੇਖਕ ਨੇ ਉਹ ਸਥਿਤੀ ਬਿਆਨ ਕੀਤੀ ਹੈ ਜੋ ਅੱਜ ਸਾਹਮਣੇ ਵਰਤ ਰਹੀ ਹੈ ਅਤੇ ਅਸੀਂ ਦਿਨੋ-ਦਿਨ ਕਿਸ ਦੇ ਅਧੀਨ ਹੁੰਦੇ ਜਾ ਰਹੇ ਹਾਂ, ਪਤਾ ਸਭ ਨੂੰ ਲੱਗ ਰਿਹਾ ਹੈ ਪ੍ਰੰਤੂ ਵੱਡੀਆਂ ਤਾਕਤਾਂ ਦੇ ਸਾਹਮਣੇ ਸਾਡਾ ਹੀਆ ਹੀ ਨਹੀਂ ਪੈਂਦਾ। ਇਸੇ ਤਰ੍ਹਾਂ ਹੀ 'ਮੈਂ ਜੂਆ ਖੇਲਿਆ ਨਹੀਂ ਪਰ ਹਾਰ ਗਿਆ' ਦੇ ਵਿਚ ਲੇਖਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਿਹਨਤ ਕਰਨ ਵਾਲਾ ਵਿਅਕਤੀ ਵੀ ਮੰਜ਼ਿਲ 'ਤੇ ਪੁੱਜ ਸਕਦਾ ਹੈ। ਇਸੇ ਤਰ੍ਹਾਂ ਹੀ ਨਵਾਂ ਥਾਣੇਦਾਰ, ਅਕਲ ਤਿੰਨ ਰੁਪਏ ਕਿੱਲੋ ਸੁਪਨੇ ਵੇਚਣ ਵਾਲਾ, ਸਮਝੌਤਾ, ਘਰ ਫੂਕ ਤਮਾਸ਼ਾ ਕਰਦੇ ਲੋਕ, ਨੀਹਾਂ ਵਿਚ ਚੁਰਸਤੇ ਆਦਿ ਕਹਾਣੀਆਂ ਵਿਚ ਲੇਖਕ ਨੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਲੇਖਕ ਦੀ ਕੋਸ਼ਿਸ਼ ਹੈ ਕਿ ਉਹ ਲੋਕ ਜੋ ਕਿਸੇ ਨਾ ਕਿਸੇ ਕਾਰਨ ਦੱਬ ਗਏ ਹਨ, ਉਹ ਵੀ ਉੱਪਰ ਉੱਠਣ ਤੇ ਸਾਡੇ ਵਿਚ ਸ਼ਾਮਿਲ ਹੋਣ। ਲੇਖਕ ਦਾ ਇਹ ਹੱਲਾਸ਼ੇਰੀ ਵਾਲਾ ਉਪਰਾਲਾ ਹੈ। ਕਹਾਣੀਆਂ ਵਿਚ ਵਰਤੀ ਗਈ ਸ਼ਬਦਾਵਲੀ ਵੀ ਮੌਕੇ ਅਨੁਸਾਰ ਵਰਤੀ ਗਈ ਹੈ ਅਤੇ ਉਸ ਦੀ ਜ਼ਿਆਦਤੀ ਕਿਤੇ ਵੀ ਨਹੀਂ ਰੜਕਦੀ। ਸੀਤਲ ਦਾ ਲਿਖਿਆ ਲਘੂ ਨਾਟਕ ਵੀ ਕਿਸੇ ਗੱਲ ਤੋਂ ਘੱਟ ਨਹੀਂ ਅਤੇ ਆਪਣੇ-ਆਪ ਵਿਚ ਵੀ ਕਿਸੇ ਪੱਖੋਂ ਘੱਟ ਨਹੀਂ। ਇਸ ਵਿਚ ਪਾਤਰ ਉਸਾਰੀ ਸਮੇਂ ਸਥਿਤੀ ਤੇ ਘਟਨਾਵਾਂ ਦੇ ਅਨੁਸਾਰ ਕੀਤੀ ਗਈ ਹੈ। ਲੇਖਕ ਦਾ ਇਹ ਉਪਰਾਲਾ ਵੀ ਸ਼ਲਾਘਾਯੋਗ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਮੋ: 092105-88990

... ਤੇ ਉਹ ਜੁਰਮ ਕਰਦਾ ਰਿਹਾ
ਲੇਖਕ : ਕੁਲਦੀਪ ਸਿੰਘ ਕਰੀਰ ਐਮ.ਏ.
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 188
ਸੰਪਰਕ : 98773-56999.

ਸ਼ਾਇਰ ਕੁਲਦੀਪ ਸਿੰਘ ਕਰੀਰ ਐਮ.ਏ. ਹਥਲੀ ਪੁਸਤਕ '...ਤੇ ਉਹ ਜੁਰਮ ਕਰਦਾ ਰਿਹਾ' ਤੋਂ ਪਹਿਲਾਂ ਕਾਵਿ-ਸੰਗ੍ਰਹਿ 'ਘਰਾਂ ਨੂੰ ਪਰਤ ਰਹੇ ਲੋਕ' ਰਾਹੀਂ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਪੁਸਤਕ ਦੇ ਨਾਂਅ ਤੋਂ ਹੀ ਸ਼ਾਇਰੀ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ। ਜੁਰਮ ਕੌਣ ਕਰਦਾ ਹੈ ਤੇ ਜੁਰਮ ਦਾ ਸ਼ਿਕਾਰ ਕੌਣ ਹੋ ਰਿਹਾ, ਦਾ ਪਤਾ ਇਸ ਪੁਸਤਕ ਦੇ ਪਾਠ ਵਿਚ ਦੀ ਗੁਜ਼ਰਿਆਂ ਪਤਾ ਲੱਗ ਜਾਂਦਾ ਹੈ। ਸਪੱਸ਼ਟ ਹੈ ਕਿ ਜੁਰਮ ਭਗਵੇਂ ਬ੍ਰਿਗੇਡ ਦਾ ਸਿਪਾਹਸਲਾਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਿਹਾ ਹੈ। ਸ਼ਾਇਰ ਬਹੁਮਤ ਦੀ ਆੜ ਵਿਚ ਸੱਤਾ ਵਿਚ ਆਈ ਹੈਂਕੜ ਨਾਲ ਇਸ ਮੋਦੀ ਨੇ ਤਿੰਨ ਕਾਲੇ ਕਾਨੂੰਨ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਅਤੇ ਕਾਰਪੋਰੇਟ ਜਗਤ ਹੱਥ ਰਿਮੋਟ ਕੰਟਰੋਲ ਫੜਾ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਟੇਢੀ ਅੱਖ ਰੱਖ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਅੰਦਰ ਘਸਿਆਰੇ ਬਣਾਉਣ ਦੀਆਂ ਜੋ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਸ਼ਾਇਰ ਉਸ ਦੀ ਬੜੀ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਾ ਹੈ। ਨਵੀਂ ਕਿਸਮ ਦੇ ਰਾਸ਼ਟਰਵਾਦ ਰਾਹੀਂ ਦੇਸ਼ ਭਗਤਾਂ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਅਸਹਿਮਤੀ ਵਾਲੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨਦਾ ਹੈ। 'ਮਨ ਕੀ ਬਾਤ' ਰਾਹੀਂ ਉਹ ਮਨ ਦੀ ਗੱਲ ਤਾਂ ਛੁਪਾ ਕੇ ਰੱਖਦਾ ਹੈ ਕਰਦਾ ਨਹੀਂ। ਧਨ ਕੁਬੇਰਾਂ ਨਾਲ ਪਾਈ ਦੋਸਤੀ ਦੇਸ਼ ਨੂੰ ਗਿਰਵੀ ਰੱਖਣ ਦੇ ਰਾਹ ਵੱਲ ਜਾਂਦੀ ਪਗਡੰਡੀ ਹੈ। ਬਾਹਰੋਂ ਕਾਲਾ ਧਨ ਲਿਆ ਕੇ ਹਰੇਕ ਭਾਰਤੀ ਦੇ ਬੈਂਕ ਖਾਤੇ ਵਿਚ ਪੰਦਰਾਂ ਲੱਖ ਪਾਉਣ ਦਾ ਕੀਤਾ ਐਲਾਨ ਇਕ ਜੁਮਲੇ ਤੋਂ ਵੱਧ ਕੁਝ ਨਹੀਂ ਹੈ ਤੇ ਚੋਣਾਂ ਤੋਂ ਬਾਅਦ ਲੋਕ ਆਪਣੇ-ਆਪ ਨੂੰ ਠੱਗੇ ਗਏ ਮਹਿਸੂਸ ਕਰਨ ਲੱਗੇ। ਭਾਰਤ ਦੇਸ਼ ਦਾ ਇਹ ਅੰਨ ਰਾਜਾ ਪੱਥਰ ਦੀ ਮੂਰਤ ਤੋਂ ਸਿਵਾ ਕੁਝ ਨਹੀਂ ਹੈ। ਪੱਥਰ ਦੀ ਮੂਰਤ ਜਜ਼ਬਾਤਾਂ ਤੋਂ ਖਾਲੀ ਹੀ ਹੁੰਦੀ ਹੈ। ਅੱਛੇ ਦਿਨ ਲਿਆਉਣ ਦੇ ਭਰਮ ਸਿਰਜਦਾ ਐਲਾਨ ਸਪੱਸ਼ਟ ਕਰ ਦਿੰਦਾ ਹੈ ਕਿ ਅੱਛੇ ਦਿਨ ਜਨਤਾ ਲਈ ਨਹੀਂ ਆਏ, ਅੱਛੇ ਦਿਨ ਤਾਂ ਧਨ ਕੁਬੇਰਾਂ ਲਈ ਤੇ ਵਜ਼ੀਰਾਂ ਦੀ ਧਾੜ ਦੇ ਹਿੱਸੇ ਹੀ ਆਏ ਹਨ। ਏਡੀ ਵੱਡੀ ਕਿਤਾਬ ਵਿਚ ਇਕੋ ਵਿਸ਼ੇ ਨੂੰ ਦੁਹਰਾਉਣਾ ਤਾਂ ਕਾਫੀ ਔਖਾ ਹੁੰਦਾ ਹੈ ਤੇ ਕਈ ਵਾਰ ਦੁਹਰਾਅ ਝੋਲ ਮਾਰ ਜਾਂਦਾ ਹੈ। ਕਾਫ਼ੀਆ ਮਿਲਾਉਣ ਦੀ ਕੋਸ਼ਿਸ਼ ਕਰਦਿਆਂ 'ਰਸਤੇ' ' 'ਰਾਸਤੇ' ਲਿਖਣਾ ਥੋੜ੍ਹਾ ਰੜਕਦਾ ਹੈ ਪਰ ਖੈਰ ਗੱਲ ਸਮਝ ਆ ਜਾਂਦੀ ਹੈ। ਕਿਸਾਨੀ ਅੰਦੋਲਨ ਵਿਚ ਕਿਸਾਨ ਸਮੇਂ ਦੇ ਅਰਜਨ ਬਣ ਕੇ ਨਿੱਤਰਨਗੇ ਜੋ ਮੱਛੀ ਦੀ ਅੱਖ ਵਿਚ ਸਹੀ ਨਿਸ਼ਾਨਾ ਲਗਾ ਕੇ ਜਿੱਤ ਦੇ ਪਰਚਮ ਲਹਿਰਾਉਂਦੇ ਕਿਸਾਨ ਅੱਜ ਨਹੀਂ ਤਾਂ ਕੱਲ੍ਹ ਜੈਕਾਰੇ ਛੱਡਦੇ ਘਰਾਂ ਨੂੰ ਪਰਤਣਗੇ ਤੇ ਜੁਰਮ ਕਰਨ ਵਾਲੇ ਨੂੰ ਲੋਹੇ ਦੇ ਚਨੇ ਚਬਾਉਣਗੇ। ਹੋਰ ਸਮਾਜਿਕ ਸਰੋਕਾਰਾਂ ਨਾਲ ਵੀ ਕਲਮੀ ਦਸਤਪੰਜਾ ਲਿਆ ਹੈ। ਅਖੌਤੀ ਰਹਿਬਰਾਂ ਦੇ ਬਖੀਏ ਉਧੇੜਦੀ ਇਹ ਕਾਵਿਕ ਟੁਕੜੀ ਧਿਆਨ ਖਿੱਚਦੀ ਹੈ :
'ਇਹ ਮੰਦਰ ਮਸਜਿਦ ਜੋ ਗੁਰਦੁਆਰੇ ਨੇ
ਇਹ ਤਾਂ ਗੰਦੀ ਸਿਆਸਤ ਦੇ ਅਖਾੜੇ ਨੇ
ਇਹ ਨਫ਼ਰਤ ਦਾ ਪ੍ਰਸ਼ਾਦਿ ਵੰਡਦੇ ਨੇ।
ਦਿਲਾਂ 'ਚ ਪਾਉਂਦੇ ਹਮੇਸ਼ਾ ਇਹ ਪਾੜੇ ਨੇ।'

ਭਗਵਾਨ ਢਿੱਲੋਂ
ਮੋ: 98143-78254

ਦਿਲ ਨਾ ਛੱਡਿਆ ਕਰ
ਲੇਖਿਕਾ : ਸ਼ਮਿੰਦਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 75268-08047.

ਦਿਲ ਨਾ ਛੱਡਿਆ ਕਰ ਸ਼ਮਿੰਦਰ ਦੀ ਕਾਵਿ ਪੁਸਤਕ ਹੈ ਜੋ ਉਸ ਦੇ ਇਕ ਸੰਵੇਦਨਸ਼ੀਲ ਕਵਿੱਤਰੀ ਹੋਣ ਦੀ ਗਵਾਹੀ ਭਰਦੀ ਹੈ। ਜ਼ਿੰਦਗੀ ਦੀਆਂ ਸੂਖਮ ਅਤੇ ਸੰਵੇਦਨਾ ਭਰਪੂਰ ਘੜੀਆਂ ਦਾ ਪ੍ਰਗਟਾਵਾ ਸ਼ਮਿੰਦਰ ਨੇ ਸਹਿਜੇ ਹੀ ਆਪਣੀਆਂ ਇਨ੍ਹਾਂ ਰਚਨਾਵਾਂ ਰਾਹੀਂ ਕੀਤਾ ਹੈ। ਉਸ ਦੀ ਕਵਿਤਾ ਪਾਠਕ ਨਾਲ ਅਤੇ ਆਲੇ-ਦੁਆਲੇ ਦੇ ਵਰਤਾਰਿਆਂ ਨਾਲ ਡੂੰਘਾ ਸੰਵਾਦ ਰਚਾਉਂਦੀ ਨਜ਼ਰ ਆਉਂਦੀ ਹੈ।
ਉਸ ਦਾ ਸਮੁੱਚਾ ਕਾਵਿ ਸੰਸਾਰ ਆਸ਼ਾਵਾਦੀ ਨਜ਼ਰੀਏ ਨਾਲ ਸੰਬੰਧਿਤ ਹੈ। ਉਹ ਉਡੀਕ ਅਤੇ ਇੰਤਜ਼ਾਰ ਨੂੰ ਵੀ ਸਾਕਾਰਾਤਮਿਕ ਨਜ਼ਰੀਏ ਨਾਲ ਵੇਖਦੀ ਹੈ ਅਤੇ ਉਮੀਦ ਕਾਇਮ ਰੱਖਣ ਦਾ ਸੁਨੇਹਾ ਦੇ ਜਾਂਦੀ ਹੈ :
ਦਿਸਹੱਦੇ 'ਤੇ ਮਿਲਦੇ ਨੇ
ਧਰਤੀ ਤੇ ਗਗਨ ਦੋਵੇਂ
ਕਦੇ ਮਿਲੇਂਗਾ ਤੂੰ
ਦਿਲਦਾਰ ਮੈਂ ਉਡੀਕ ਕਰਦੀ ਹਾਂ...
(ਪੰਨਾ 14)
ਪ੍ਰੇਰਨਾਦਾਇਕ ਕਾਵਿ ਪੰਜਾਬੀ ਵਿਚ ਬਹੁਤ ਹੀ ਘੱਟ ਲਿਖਿਆ ਗਿਆ ਹੈ। 'ਦਿਲ ਨਾ ਛੱਡਿਆ ਕਰ' ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਕਾਵਿ ਸੰਗ੍ਰਹਿ ਪਾਠਕ ਦੀ ਇੱਛਾ ਸ਼ਕਤੀ ਅਤੇ ਆਸ ਨੂੰ ਮਜ਼ਬੂਤ ਕਰਦਾ ਹੈ। ਉਹ ਅਚੇਤ ਤੌਰ 'ਤੇ ਹੀ ਇਨਕਲਾਬ ਲਈ ਲੜ ਰਹੇ ਕ੍ਰਾਂਤੀਕਾਰੀ ਲੋਕਾਂ ਨੂੰ ਵੀ ਆਪਣੀ ਕਲਮ ਨਾਲ ਸੁਨੇਹਾ ਦੇ ਜਾਂਦੀ ਹੈ :
ਯੁੱਗ ਇਕ ਦਿਨ ਵਿਚ ਨਹੀਂ ਬਦਲਦੇ
ਤਖ਼ਤ ਰਾਤੋ ਰਾਤ ਨਹੀਂ ਪਲਟਦੇ
ਪੱਥਰ ਚਾਹੇ ਆਖਰੀ ਸੱਟ ਨਾਲ ਹੀ ਟੁੱਟਦਾ ਹੈ
ਪਰ ਪਹਿਲੀ ਸੱਟ
ਅਰਥਹੀਣ ਨਹੀਂ ਹੁੰਦੀ। (ਪੰਨਾ 17)
ਉਸ ਦੀ ਕਵਿਤਾ ਦਾ ਆਧਾਰ ਵਿਗਿਆਨਕ ਸੋਚ ਹੈ। ਉਹ ਜ਼ਿੰਦਗੀ ਦੇ ਹਰ ਵਰਤਾਰੇ ਨੂੰ ਉਪਭਾਵਕਤਾ ਨਾਲ ਨਹੀਂ ਵੇਖਦੀ। ਉਹ ਅਧਿਆਤਮਿਕਤਾ ਦੀਆਂ ਕਈ ਨਿਰਾਸ਼ ਕਰਨ ਵਾਲੀਆਂ ਸੋਚਾਂ ਨੂੰ ਵੀ ਮੌਤ ਦੀ ਸਚਾਈ ਨੂੰ ਵੀ ਸਹਿਜੇ ਸਵੀਕਾਰ ਕਰਦੀ ਹੋਈ ਜ਼ਿੰਦਗੀ ਜਿਊਣ ਨੂੰ ਜ਼ਰੂਰੀ ਸਮਝਦੀ ਹੈ :
ਜਿਊਣਾ ਸਿੱਖ ਮਾਂ/ਮਰਨਾ ਇਕ ਦਿਨ ਹੈ
ਬਾਕੀ ਹਰ ਦਿਨ ਜਿਊਣਾ ਹੈ
ਜ਼ਿੰਦਗੀ ਨੂੰ ਮਾਣਨਾ ਹੈ। (ਪੰਨਾ 50)
ਉਹ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦੀ ਹੈ। ਅਗਲੇ ਪਲ ਦਾ ਕੀ ਭਰਵਾਸਾ, ਤੁਰਦੇ ਰਹਿਣਾ, ਜ਼ਿੰਦਗੀ 'ਚ ਕੁਝ ਵੀ ਹੋ ਸਕਦੈ, ਅਣਸੁਣੀ ਪੁਕਾਰ, ਜ਼ਿੰਦਗੀ ਖੁਮਾਰ ਲਗਦੀ, ਦਸ਼ਰਥ ਮਾਂਝੀ, ਨਾ ਸ਼ੁਕਰੇ, ਚਾਨਣਾ ਵੇ, ਸੁਮੇਲ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਕ ਨਾਰੀ ਲੇਖਿਕਾ ਹੋਣ ਦੇ ਨਾਤੇ ਸ਼ਮਿੰਦਰ ਨੇ ਨਾਰੀ ਮਨ ਦੀਆਂ ਬਹੁਤ ਸਾਰੀਆਂ ਤੈਹਾਂ ਅਤੇ ਪਰਤਾਂ ਨੂੰ ਉਘਾੜਿਆ ਹੈ। 'ਇਕ ਆਮ ਘਟਨਾ' ਕਵਿਤਾ ਬਾਲੜੀਆਂ ਦੇ ਹੁੰਦੇ ਸ਼ੋਸ਼ਣ ਨੂੰ ਉਘਾੜਦੀ ਹੈ :
ਅੱਜ ਫੇਰ ਚਰਚਾ ਹੈ।
ਇਕ ਬਾਲੜੀ ਨੂੰ
ਨੋਚ ਸੁੱਟਿਆ ਹੈ।
ਜੀਭ ਕੱਟ ਦਿੱਤੀ ਹੈ
ਤਨ ਲੀਰੋ-ਲੀਰ ਕਰ ਦਿੱਤਾ ਹੈ।
ਦੁਨੀਆ ਪ੍ਰੇਸ਼ਾਨ ਤਾਂ ਹੈ।
ਹੈਰਾਨ ਨਹੀਂ.... (ਪੰਨਾ 69)
ਸ਼ਮਿੰਦਰ ਆਪਣੇ ਕਾਵਿ ਸੰਗ੍ਰਹਿ ਦਿਲ ਨਾ ਛੱਡਿਆ ਕਰ ਲਈ ਵਧਾਈ ਦੀ ਪਾਤਰ ਹੈ। ਪਾਠਕਾਂ ਨੂੰ ਉਸ ਦੀ ਹਰ ਰਚਨਾ ਪ੍ਰਭਾਵਿਤ ਕਰਦੀ ਹੈ। ਭਾਸ਼ਾ ਵੀ ਪਾਠਕਾਂ ਦੇ ਪੱਧਰ ਦੀ ਹੈ। ਲੋਕ ਵੇਦਨਾ ਤੇ ਮਾਨਵੀ ਸੰਵੇਦਨਾ ਭਰਪੂਰ ਇਹ ਸੰਗ੍ਰਹਿ ਸਲਾਹੁਣਯੋਗ ਹੈ :
ਕੋਈ ਕੀ ਜਾਣੇਗਾ ਬਹਾਰ ਦੀ ਕਦਰ
ਕੋਈ ਕਿਵੇਂ ਵੇਖੇਗਾ, ਪਤਝੜ ਦਾ ਖੁੱਲ੍ਹਾ ਅਸਮਾਨ
ਜੇ ਸਦਾ ਹੀ ਬਹਾਰ ਰਹੇਗੀ
ਤੂੰ ਦਿਲ ਨਾ ਛੱਡਿਆ ਕਰ। (ਪੰਨਾ 24)।

ਪ੍ਰੋ. ਕੁਲਜੀਤ ਕੌਰ

30-04-2022

 ਵੱਡੇ ਲੋਕਾਂ ਦੀਆਂ ਛੁਪੀਆਂ ਗੱਲਾਂ
ਲੇਖਕ : ਪ੍ਰੋ. ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98149-41214.


ਪ੍ਰੋ. ਬਸੰਤ ਸਿੰਘ ਬਰਾੜ ਆਪਣਾ ਪੂਰਾ ਜੀਵਨ ਉੱਤਮ ਸਾਹਿਤ ਅਤੇ ਪ੍ਰਸਿੱਧ ਮਹਾਂਪੁਰਖਾਂ ਦੀ ਜੀਵਨ ਰੂਪੀ ਟੈਕਸਟ ਦਾ ਗੰਭੀਰ ਪਾਠਕ ਰਿਹਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਅੰਗਰੇਜ਼ੀ ਸਾਹਿਤ ਦਾ ਪ੍ਰਾਧਿਆਪਕ ਰਿਹਾ ਹੋਣ ਕਾਰਨ ਉਸ ਦੀ ਚੰਗੇ ਸਾਹਿਤ ਅਤੇ ਚੰਗੇਰੀਆਂ ਕਦਰਾਂ-ਕੀਮਤਾਂ ਨਾਲ ਮੁਹੱਬਤ ਰਹੀ ਹੈ। ਹੁਣ ਉਹ ਆਪਣੇ ਜੀਵਨ ਭਰ ਦੇ ਅਨਮੋਲ ਖਜ਼ਾਨੇ ਨੂੰ ਸੁਹਿਰਦ ਪਾਠਕਾਂ ਵਿਚ ਵੰਡ ਰਿਹਾ ਹੈ। ਇਸ ਪੁਸਤਕ ਵਿਚ ਉਸ ਨੇ ਨਾ ਕੇਵਲ ਪੂਰੇ ਭਾਰਤ ਦੇ ਬਲਕਿ ਪੂਰੇ ਵਿਸ਼ਵ ਵਿਚ ਵਿਖਿਆਤ 24 ਵੱਡੇ ਲੋਕਾਂ ਦੀ ਵਡਿਆਈ ਨਾਲ ਸੰਬੰਧਿਤ ਛੁਪੇ ਰਾਜ਼ ਆਪਣੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਨ੍ਹਾਂ ਕਿਰਦਾਰਾਂ ਵਿਚ ਅਮਰ ਸ਼ਹੀਦ (ਸ. ਭਗਤ ਸਿੰਘ, ਸ. ਅਜੀਤ ਸਿੰਘ), ਆਜ਼ਾਦੀ ਸੰਗਰਾਮੀਏ (ਜਵਾਹਰ ਲਾਲ ਨਹਿਰੂ ਤੇ ਉਸ ਦਾ ਪਰਿਵਾਰ), ਫ਼ੌਜੀ ਅਫ਼ਸਰ ਜਨਰਲ ਹਰਬਖ਼ਸ਼ ਸਿੰਘ, ਨਾਮਧਾਰੀ ਗੁਰੂ ਬਾਬਾ ਰਾਮ ਸਿੰਘ, ਦੇਸ-ਵਿਦੇਸ਼ੀ ਰਾਜਨੀਤਕ ਆਗੂ (ਲੈਨਿਨ, ਹਿਟਲਰ, ਰਾਲਫ ਨੇਡਰ, ਸਰ ਛੋਟੂ ਰਾਮ, ਡਾ. ਕਲਾਮ) ਲੇਖਕ ਤੇ ਕਲਾਕਾਰ (ਰਾਬਰਟ ਬਰਾਊਨਿੰਗ, ਐਲਜ਼ਾਬੈਥ ਬੈਰਟ, ਮਾਸਟਰ ਮਦਨ) ਭਾਰਤੀ ਮਹਾਰਾਜੇ, ਨਿਜ਼ਾਮ ਹੈਦਰਾਬਾਦ ਅਤੇ ਖਿਡਾਰੀ ਲੁਜ਼ ਲੌਂਗ ਵਰਗੇ 'ਵੱਡੇ ਲੋਕ' ਸ਼ਾਮਿਲ ਹਨ।
ਪ੍ਰੋ. ਬਰਾੜ ਨੂੰ ਇਸ ਤੱਥ ਦੀ ਜਾਣਕਾਰੀ ਹੈ ਕਿ ਕਾਦਰ ਹਰ ਵਿਅਕਤੀ ਨੂੰ ਇਕੋ ਜਿੰਨੀਆਂ ਸੰਭਾਵਨਾਵਾਂ ਨਾਲ ਭਰਪੂਰ ਕਰਕੇ ਇਸ ਕਾਇਨਾਤ ਵਿਚ ਭੇਜਦਾ ਹੈ। ਪਰ ਬਹੁਤੇ ਲੋਕ ਪ੍ਰਤੀਕੂਲ ਪ੍ਰਸਥਿਤੀਆਂ, ਸੁਭਾਵਿਕ ਆਲਸ ਜਾਂ ਲਾਪਰਵਾਹੀ ਦੇ ਕਾਰਨ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਨਹੀਂ ਕਰ ਪਾਉਂਦੇ, ਜਦੋਂ ਕਿ ਮਿਹਨਤੀ ਅਤੇ ਨਿਸ਼ਠਾਵਾਨ ਵਿਪਰੀਤ ਸਥਿਤੀਆਂ ਨਾਲ ਆਢਾ ਲਾ ਕੇ, ਕੁਰਬਾਨੀਆਂ ਕਰਕੇ ਆਪਣੇ ਜੀਵਨ-ਮਕਸਦ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਪੁਸਤਕ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਮੁੱਲਾਂ ਦਾ ਗੁਣਗਾਨ ਹੋਇਆ ਹੈ। ਲੇਖਕ ਦੀ ਸ਼ੈਲੀ ਅਤੇ ਸੋਚ ਤਰਕਸ਼ੀਲ, ਦਲੀਲਮਈ ਅਤੇ ਵਿਗਿਆਨਕ ਹੈ। ਉਹ ਆਪਣੀ ਦੁਨੀਆ ਨੂੰ ਹੋਰ ਖ਼ੂਬਸੂਰਤ ਅਤੇ ਕਲਿਆਣਕਾਰੀ ਬਣਾਉਣਾ ਚਾਹੁੰਦਾ ਹੈ। ਇਸੇ ਕਾਰਨ ਉਹ ਆਪਣੇ ਪਾਠਕਾਂ ਨੂੰ ਗਿਆਨ ਸਾਹਿਤ ਨਾਲ ਜੋੜ ਰਿਹਾ ਹੈ। ਇਹ ਪੁਸਤਕ ਹਰ ਉਮਰ ਤੇ ਵਰਗ ਦੇ ਪਾਠਕਾਂ, ਖ਼ਾਸ ਕਰ ਕਿਸ਼ੋਰਾਂ ਲਈ ਲਿਖੀ ਇਕ ਪ੍ਰੇਰਨਾ ਭਰਪੂਰ ਰਚਨਾ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c


ਅਸੀਮ
ਲੇਖਕ : ਸਨੀ ਲੁਧਿਆਣਵੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 77176-37914.


ਸਾਡੇ ਗੁਰੂ ਸਾਹਿਬਾਨ ਨੇ ਸਫਲ ਜੀਵਨ ਦੀ ਸੁਚੱਜੀ ਜੁਗਤ ਸਮਝਾਉਂਦਿਆਂ ਕਿਹਾ ਸੀ ਕਿ ਜਿਹੜੇ ਲੋਕ ਹੱਕ-ਸੱਚ ਦੀ ਕਿਰਤ ਕਰ ਕੇ ਖਾਂਦੇ ਹਨ ਅਤੇ ਆਪਣੀ ਕਮਾਈ ਵਿਚੋਂ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਹਨ, ਜੀਵਨ ਦਾ ਅਸਲੀ ਰਾਹ ਕੇਵਲ ਉਹੀ ਪਛਾਣਦੇ ਹਨ। ਇਸੇ ਬ੍ਰਹਿਮੰਡੀ ਪ੍ਰਵਚਨ ਨੂੰ ਉੱਭਰਦੇ ਕਵੀ ਸਨੀ ਲੁਧਿਆਣਵੀ, ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਅਸੀਮ' ਵਿਚਲੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿਚ, ਕਿਰਤ ਵਿਚ ਬਰਕਤ ਦੇ ਇਸ ਬੁਨਿਆਦੀ ਸਿਧਾਂਤ ਦੀ ਪ੍ਰੋੜ੍ਹਤਾ ਕਰਦੇ ਹਨ:
ਦਸਾਂ ਨਹੁੰਆਂ ਦੀ, ਕਿਰਤ-ਕਮਾਈ ਕਾਮਿਲ ਐ।
ਓਸੇ ਬਰਕਤ ਦੇ ਵਿਚ, ਨਾਨਕ ਸ਼ਾਮਿਲ ਐ।
ਉਨ੍ਹਾਂ ਦੀ ਧਾਰਨਾ ਹੈ ਕਿ ਅਜੋਕੇ ਦੁਨਿਆਵੀ ਵਰਤਾਰੇ ਵਿਚ ਜੇਕਰ ਕਿਸੇ ਨੂੰ ਦਿਲਾਸਾ ਦੇਣਾ ਪੈ ਜਾਵੇ, ਤਾਂ ਲੋਕਾਂ ਕੋਲ ਸ਼ਬਦ ਹੀ ਮੁੱਕ ਜਾਂਦੇ ਹਨ ਪਰ ਜੇਕਰ ਕਿਸੇ ਦਾ ਭੰਡੀ-ਪ੍ਰਚਾਰ ਕਰਨਾ ਹੋਵੇ, ਤਾਂ ਖੰਭਾਂ ਦੀਆਂ ਡਾਰਾਂ ਬਣਾ ਦਿੱਤੀਆਂ ਜਾਂਦੀਆਂ ਹਨ। ਇਸ ਪ੍ਰਕਿਰਿਆ ਵਿਚ ਲੋਕ-ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਤੀਬੱਧ ਕਹਾਉਂਦੇ ਲੋਕ ਵੀ ਗੂੰਗੇ ਬਣੇ ਦਿਖਾਈ ਦਿੰਦੇ ਹਨ। ਸਨੀ ਲੁਧਿਆਣਵੀ ਇਸ ਲੋਕ-ਵਿਰੋਧੀ ਮਾਨਸਿਕਤਾ ਦੇ ਖ਼ਿਲਾਫ਼ ਬੜੇ ਬੇਬਾਕ ਢੰਗ ਨਾਲ ਆਵਾਜ਼ ਬੁਲੰਦ ਕਰਦੇ ਹਨ:
ਹੱਲਾਸ਼ੇਰੀ ਦੇਣ ਦੀ ਵਾਰੀ ਮਨਸੂਰ ਵੀ ਬਣਿਆ ਗੂੰਗਾ,
ਤਾਹਨੇ ਵਾਰੀ ਗੂੰਗਿਆਂ ਨੇ ਵੀ ਲਾਇਆ ਉੱਚੀ ਹੋਕਾ।
ਸਨੀ ਲੁਧਿਆਣਵੀ ਨੇ ਇਸ ਪੁਸਤਕ ਵਿਚ ਚੌਵੀ ਕਵਿਤਾਵਾਂ, ਵੀਹ ਗ਼ਜ਼ਲਾਂ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੌਂ ਕਵਿਤਾਵਾਂ ਅਤੇ ਇਕ ਗ਼ਜ਼ਲ, ਛੇ ਗੀਤ ਅਤੇ ਉੱਨੀ ਕਾਵਿ-ਟੁਕੜੀਆਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਖ਼ਿਆਲ ਦਾ ਸਿਰਲੇਖ ਦਿੱਤਾ ਗਿਆ ਹੈ। ਭਾਵੇਂ ਪਿੰਗਲ-ਅਰੂਜ਼ ਦੇ ਵਿਧੀ-ਵਿਧਾਨ ਮੁਤਾਬਿਕ ਅਜੇ ਉਨ੍ਹਾਂ ਦੀ ਗ਼ਜ਼ਲ ਵਿਚ ਸੁਧਾਰ ਦੀ ਕਾਫ਼ੀ ਗੁੰਜਾਇਸ਼ ਹੈ, ਪਰ ਉਨ੍ਹਾਂ ਦੀ ਸਿਰਜਣਾ ਨੇ ਅਜੇ ਹੋਰ ਨਿੱਖਰਨਾ ਹੈ ਅਤੇ ਹੋਰ ਸੰਵਰਨਾ ਹੈ, ਇਸੇ ਉਮੀਦ ਨਾਲ ਮੈਂ ਉਨ੍ਹਾਂ ਦੇ ਇਸ ਸ਼ਲਾਘਾਯੋਗ ਯਤਨ ਦਾ ਭਰਪੂਰ ਸਵਾਗਤ ਕਰਦਾ ਹਾਂ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਜੈ ਜੈ ਜੈ ਸੁਰਲੋਕ
ਸੰਪਾਦਕ : ਸੁਰਜੀਤ ਸਿੰਘ 'ਸਾਜਨ'
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 495 ਰੁਪਏ, ਸਫ਼ੇ : 238
ਸੰਪਰਕ : 99144-98234.


ਸੁਰਜੀਤ ਸਿੰਘ 'ਸਾਜਨ' ਹੁਣ ਤੱਕ 8 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ, ਜਿਨ੍ਹਾਂ ਵਿਚੋਂ ਇਸ ਪੁਸਤਕ ਸਮੇਤ ਦੋ ਸੰਪਾਦਿਤ ਪੁਸਤਕਾਂ ਹਨ। ਵਿਚਾਰ-ਗੋਚਰੀ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜਿਸ ਦਾ ਮੁੱਖ ਬੰਦ ਉੱਘੀ ਕਲਮਕਾਰ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਲਿਖਿਆ ਹੈ। ਵੱਡ-ਆਕਾਰੀ ਪੁਸਤਕ ਵਿਚ ਉੱਘੇ ਰਚਨਕਾਰਾਂ ਦੀਆਂ 59 ਕਾਵਿਕ-ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਰਾਹੀਂ ਨੌਵੇਂ ਪਾਤਸ਼ਾਹ ਦੇ ਜੀਵਨ, ਪਰਉਪਕਾਰੀ ਕਾਰਜਾਂ, ਉਨ੍ਹਾਂ ਦੀ ਬਾਣੀ-ਰਚਨਾ ਅਤੇ ਲਾਸਾਨੀ ਸ਼ਹਾਦਤ ਬਾਰੇ 59 ਕਾਵਿਕ ਰਚਨਾਵਾਂ ਸ਼ਾਮਿਲ ਹਨ। ਹਰੇਕ ਰਚਨਾ ਡੂੰਘਾ ਪ੍ਰਭਾਵ ਛੱਡਣ ਵਾਲੀ ਤੇ ਭਾਵ-ਪੂਰਤ ਹੋ ਨਿੱਬੜਦੀ ਹੈ। ਪੁਸਤਕ ਦੀ ਆਰੰਭਿਕ ਰਚਨਾ ਡਾ. ਅਮਰਜੀਤ ਕੌਰ 'ਨਾਜ਼' ਦੀ ਅਤੇ ਅੰਤਿਮ ਕਾਵਿ-ਰਚਨਾ ਰਜਿੰਦਰ ਸਿੰਘ 'ਗੁਲਸ਼ਨ' ਦੀ ਹੈ। ਇਨ੍ਹਾਂ ਤੋਂ ਇਲਾਵਾ ਅਮਰ ਕੌਰ ਬੇਦੀ, ਚਰਨ ਸੀਚੇਵਾਲਵੀ, ਐਲ.ਐਸ. ਮਜਬੂਰ, ਸੂਰਜ ਸਿੰਘ, ਸੀਤਲ ਸਿੰਘ 'ਸੀਤਲ', ਇੰਦਰਜੀਤ ਕੌਰ, ਸਰਦਾਰ 'ਪੰਛੀ', ਸਤਿਨਾਮ ਸਿੰਘ 'ਕੋਮਲ', ਡਾ. ਸਰਬਜੀਤ ਕੌਰ ਸੰਧਾਵਾਲੀਆ, ਡਾ. ਸਰਦੂਲ ਸਿੰਘ ਔਜਲਾ, ਸਰੂਪ ਸਿੰਘ ਸਾਕੀ, ਸੁਰਜੀਤ ਸਿੰਘ ਜੀਤ, ਡਾ. ਇੰਦਰਜੀਤ ਸਿੰਘ ਵਾਸੂ, ਬਿਸ਼ਨ ਸਿੰਘ 'ਉਪਾਸ਼ਕ', ਮਸਤ ਖ਼ਾਂ ਮਸਤ, ਮਨਿੰਦਰ ਕੌਰ ਬਸੀ, ਰਤਨ ਸਿੰਘ ਕੰਵਲ ਉਸਤਾਦ ਹਰਭਜਨ ਸਿੰਘ 'ਸਾਜਨ', ਹਰਸਿਮਰਨ ਕੌਰ, ਗੁਰਚਰਨ ਕੌਰ ਕੋਚਰ, 'ਚੰਨ ਨਨਕਾਣਵੀ', ਚਰਨ ਸਿੰਘ 'ਸਫ਼ਰੀ', ਜੈ ਰਾਮ ਨਿਰਦੋਸ਼, ਜੈ ਦੇਵ ਦਿਲਬਰ, ਗੌਰਵ ਮਜਬੂਰ, ਕਰਤਾਰ ਸਿੰਘ ਪੰਛੀ, ਹਿੰਮਤ ਸਿੰਘ 'ਸਾਗਰ', ਦਿਵਜੋਤ ਕੌਰ ਜੋਤ, ਡਾ. ਜਗਦੀਪ ਕੌਰ ਅਤੇ ਹੋਰਨਾਂ ਨਾਮਵਰ ਸ਼ਾਇਰਾਂ ਦੇ ਕਲਾਮ ਦਰਜ ਹਨ। ਕੁਝ ਵੰਨਗੀਆਂ :
ਜੇ ਗੁਰੂ ਤੇਗ ਬਹਾਦਰ ਦਾ ਬਲੀਦਾਨ ਨਾ ਹੁੰਦਾ
ਹਿੰਦੂ ਧਰਮ ਦਾ ਕਿਧਰੇ ਨਿਸ਼ਾਨ ਨਾ ਹੁੰਦਾ।
(ਪੰਨਾ 31) (ਸਰਦਾਰ ਪੰਛੀ)
ਨਾਮ ਨੌਵੇਂ ਪਾਤਸ਼ਾਹ ਦਾ, ਹਸ਼ਰ ਤੀਕਰ ਰਹੇਗਾ,
ਨਹੀਂ ਜਨੇਊ ਪੰਡਿਤਾਂ ਦੇ, ਗਲੇ ਵਿਚ ਲਹੇਗਾ। (ਪੰਨਾ 140)
(ਉਸਤਾਦ ਚਰਨ ਸਿੰਘ ਸਫ਼ਰੀ)
'ਸਾਜਨ' ਹੋ ਗਏ ਸ਼ਹੀਦ ਮਨੁੱਖਤਾ ਲਈ,
ਚਾਦਰ ਹਿੰਦ ਦੀ ਬੇਪਰਵਾਹ ਸਤਿਗੁਰ।
ਨਾਨਕ ਨਾਮ ਜਹਾਜ਼ ਦੇ ਬੇੜਿਆਂ ਦੇ,
ਨੌਵੇਂ ਸਰਬ ਸਮਰੱਥ ਮਲਾਹ ਸਤਿਗੁਰ।
(ਪੰਨਾ 69) (ਉਸਤਾਦ ਹਰਭਜਨ ਸਿੰਘ ਸਾਜਨ)
ਅੱਜ ਅੰਬਰ ਸੋਹਿਲੇ ਗਾਂਵਦਾ,
ਪਿਆ ਉਪਮਾ ਕਰੇ ਜਹਾਨ,
ਤੇਗ ਬਹਾਦਰ ਸੀ ਕ੍ਰਿਆ,
ਕਰੀ ਨਾ ਕਿਨਹੂੰ ਆਨ।
(ਉਸਤਾਦ ਬਿਸ਼ਨ ਸਿੰਘ 'ਉਪਾਸ਼ਕ' (ਪੰਨਾ 193)
ਪੁਸਤਕ ਦੀ ਖ਼ੂਬੀ ਇਹ ਹੈ ਕਿ ਹਰੇਕ ਰਚਨਾ ਤੋਂ ਪਹਿਲਾਂ ਰਚਨਾਕਾਰ ਬਾਰੇ ਮੁਕੰਮਲ ਜਾਣਕਾਰੀ ਅਤੇ ਸੰਪਰਕ ਫੋਨ ਨੰਬਰ ਦਿੱਤਾ ਗਿਆ ਹੈ। ਅੰਤਿਕਾ ਦੇ ਤੌਰ 'ਤੇ 'ਸੰਪਾਦਕ ਦੇ ਵਲਵਲੇ' ਸਿਰਲੇਖ ਹੇਠ ਸੁਰਜੀਤ ਸਿੰਘ 'ਸਾਜਨ' ਦੀਆਂ ਭਾਵ-ਪੂਰਤ ਕਾਵਿਕ ਰਚਨਾਵਾਂ ਦਰਜ ਹਨ। ਪੁਸਤਕ ਬਿਹਤਰੀਨ ਤਖ਼ਲੀਕ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710

ਹਨ੍ਹੇਰੇ ਦਾ ਚੀਰਹਰਨ
ਲੇਖਕਾ : ਸੋਮਾ ਸਬਲੋਕ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 98736-60693.


ਸੋਮਾ ਸਬਲੋਕ ਪੰਜਾਬੀ ਦੀ ਇਕ ਪਰਿਚਿਤ ਲੇਖਿਕਾ ਹੈ। ਉਹ 1996 ਤੋਂ ਸਾਹਿਤ ਦੇ ਖੇਤਰ ਵਿਚ ਕਾਰਜਸ਼ੀਲ ਹੈ। ਉਸ ਨੇ ਬਹੁਤ ਸਾਰੇ ਸਾਹਿਤ ਰੂਪਾਂ 'ਤੇ ਕਲਮ ਅਜ਼ਮਾਈ ਹੈ, ਜਿਸ ਵਿਚ ਦੋ ਇੰਡੌਲੋਜੀ, ਤਿੰਨ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਇਕ ਨਾਵਲੈੱਟ, ਛੇ ਬਾਲ ਸਾਹਿਤ ਪੁਸਤਕਾਂ ਅਤੇ ਉੱਨੀ ਅਨੁਵਾਦਿਤ ਕਿਤਾਬਾਂ ਸ਼ਾਮਿਲ ਹਨ। 'ਹਨੇਰੇ ਦਾ ਚੀਰਹਰਨ' ਸੋਮਾ ਸਬਲੋਕ ਦੀ ਸਵੈ-ਜੀਵਨੀ ਹੈ। ਸੋਮਾ ਦੀ ਇਸ ਸਵੈਜੀਵਨੀ ਦੇ 10 ਭਾਗ ਹਨ, ਜਿਸ ਵਿਚ ਉਸ ਨੇ ਆਪਣੇ ਜਨਮ, ਪਰਿਵਾਰ, ਪਰਿਵੇਸ਼, ਪੜ੍ਹਾਈ, ਵਿਚਾਰਧਾਰਾ, ਅੰਤਰਜਾਤੀ ਪਿਆਰ-ਵਿਆਹ, ਚੁਣੌਤੀਆਂ, ਲੇਖਨ, ਅਧਿਆਪਨ, ਸਾਹਿਤ-ਸੇਵਾ ਆਦਿ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਹੈ। ਇਸੇ ਪੁਸਤਕ ਵਿਚ ਹੀ 21 ਰੰਗਦਾਰ ਤਸਵੀਰਾਂ ਰਾਹੀਂ ਉਸ ਨੇ ਆਪਣੀਆਂ ਵਿਭਿੰਨ ਗਤੀਵਿਧੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ। 25 ਅਕਤੂਬਰ, 1956 ਨੂੰ ਜਨਮੀ ਸੋਮਾ ਨੇ ਬੜੀਆਂ ਮੁਸ਼ਕਿਲ ਪ੍ਰਸਥਿਤੀਆਂ ਵਿਚ ਐਮ.ਏ. ਐਮ.ਐਡ. ਦੀ ਪੜ੍ਹਾਈ ਕੀਤੀ ਅਤੇ 1973-74 ਤੋਂ ਹੀ ਤਰਕਸ਼ੀਲ ਵਿਚਾਰਧਾਰਾ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 1977 ਵਿਚ ਡਾ. ਸੁਰਿੰਦਰ ਅਜਨਾਤ ਨਾਲ ਪਿਆਰ-ਕਮ-ਅਰੇਂਜਡ ਵਿਆਹ ਕਰਵਾਇਆ। ਜਿਵੇਂ-ਜਿਵੇਂ ਸੋਮਾ ਦੀ ਸਮਝ ਪਰਿਪੱਕ ਹੁੰਦੀ ਗਈ, ਉਸ ਨੂੰ ਪਤਾ ਲਗਦਾ ਗਿਆ ਕਿ ਗਹਿਣੇ ਪਾਉਣਾ ਗ਼ੁਲਾਮੀ ਦੀ ਨਿਸ਼ਾਨੀ ਹੈ। ਇਵੇਂ ਹੀ ਉਸ ਨੂੰ ਮੂੰਹ, ਸਿਰ ਤੇ ਨਹੁੰਆਂ ਨੂੰ ਰੰਗਣ ਦਾ ਕਦੇ ਖਿਆਲ ਨਹੀਂ ਆਇਆ। ਰੱਬ ਦੀ ਹੋਂਦ ਬਾਰੇ ਹਿੰਦੀ ਪੱਤ੍ਰਿਕਾ 'ਮੁਕਤਾ' ਵਿਚ ਵਿਚਾਰ ਲਿਖੇ ਤੇ ਛਪੇ ਤੇ ਜਦੋਂ ਸ਼ਹਿਰ ਦੇ ਲੋਕਾਂ ਨੇ ਪੜ੍ਹੇ ਤਾਂ ਉਹ ਉਸ ਨੂੰ 'ਨਾਸਤਕਣੀ' ਕਹਿਣ ਲੱਗ ਪਏ। 'ਸਰਿਤਾ' (1978) ਵਿਚ ਪ੍ਰਕਾਸ਼ਿਤ ਉਸ ਦੇ ਇਕ ਲੇਖ 'ਤੇ ਧਾਰਮਿਕ ਭਾਵਨਾਵਾਂ 'ਤੇ ਸੱਟ ਮਾਰਨ ਦਾ ਮੁਕੱਦਮਾ ਦਾਇਰ ਹੋਇਆ, ਪਰ 1983 ਵਿਚ ਜੱਜ ਵਲੋਂ ਉਸ ਨੂੰ ਦੋਸ਼ਮੁਕਤ ਸਿੱਧ ਕੀਤਾ ਗਿਆ। ਸੋਮਾ ਨੇ ਪੂਰੇ ਦਾਅਵੇ ਨਾਲ ਸਪੱਸ਼ਟ ਕੀਤਾ ਹੈ ਕਿ ਜਦੋਂ ਤੁਹਾਡੇ 'ਤੇ ਭੀੜ ਬਣਦੀ ਹੈ ਤਾਂ ਕੋਈ ਤੁਹਾਡਾ ਸਾਥ ਨਹੀਂ ਦਿੰਦਾ। ਇਸ ਸਵੈ-ਜੀਵਨੀ ਵਿਚ ਸੋਮਾ ਨੇ ਅਧਿਆਪਕ ਬਣਨ ਸਮੇਂ ਦਾ ਸੰਘਰਸ਼, ਇੰਟਰਵਿਊ, ਬਾਈਕ ਚਲਾਉਣਾ ਆਦਿ ਸਭ ਕੁਝ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਸੋਮਾ ਨੇ ਹੌਸਲੇ ਨਾਲ ਸਭ ਵੰਗਾਰਾਂ ਤੇ ਚੁਣੌਤੀਆਂ ਦਾ ਮੁਕਾਬਲਾ ਕੀਤਾ ਅਤੇ ਅੰਤ ਦੋ ਸਾਲ ਦੀ ਐਕਸਟੈਂਸ਼ਨ ਲੈ ਕੇ 2016 ਵਿਚ ਸੇਵਾ-ਮੁਕਤ ਹੋਈ। ਔਰਤ ਦੀ ਹੋਂਦ ਅਤੇ ਹੋਣੀ ਨੂੰ ਸਮਝਣ ਸੋਮਾ ਸਬਲੋਕ ਦੀ ਇਹ ਸਵੈ-ਜੀਵਨੀ ਹਰ ਉਸ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ, ਜੋ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੇਚੀਦਗੀਆਂ ਦੇ ਆਪੂੰ ਬਣਾਏ ਤਾਣੇ-ਬਾਣੇ ਨੂੰ ਤੋੜਨਾ ਲੋਚਦਾ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015.


ਬੀਤੇ ਨੂੰ ਫਰੋਲਦਿਆਂ..
(ਸਾਡੇ ਮੁਸਲਿਮ ਹਮਸਾਏ)

ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ
ਮੁੱਲ : 150 ਰੁਪਏ, ਸਫ਼ੇ : 130
ਸੰਪਰਕ : 94634-39075


ਵਿਜੈ ਬੰਬੇਲੀ ਦੀ 'ਮਾਂ ਨੂੰ ਸਮਰਪਿਤ' ਇਹ ਕਿਤਾਬ ਇਕ ਅਜਿਹਾ ਦਸਤਾਵੇਜ਼ ਹੈ ਜੋ ਨਾ ਸਿਰਫ ਸਰਬ ਸਾਂਝੇ ਭਾਰਤੀ ਸਮਾਜ ਦੀ ਇਤਿਹਾਸਕ ਬਣਤਰ ਨੂੰ ਰੇਖਾਂਕਿਤ ਕਰਦੀ ਹੈ ਸਗੋਂ ਪੰਜਾਬ ਦੀਆਂ ਉਨ੍ਹਾਂ ਵਿਰਾਸਤੀ ਰਵਾਇਤਾਂ ਨੂੰ ਸ਼ਬਦ-ਸਾਤ ਕਰਦੀਆਂ ਜਿਹੜੀਆਂ ਭਾਈਚਾਰਕ ਏਕਤਾ ਦੀਆਂ ਅਦਭੁਤ ਮਿਸਾਲਾਂ ਹਨ। ਇਹ ਦੇਸ਼ ਜਦੋਂ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੰਗਾਰ ਭਰੇ ਦੌਰ ਵਿਚੋਂ ਗੁਜ਼ਰ ਰਿਹਾ ਹੋਵੇ, ਉਦੋਂ ਇਸ ਕਿਤਾਬ ਦਾ ਮਹੱਤਵ ਹੋਰ ਵੀ ਗਹਿਰਾ ਹੋ ਜਾਂਦਾ ਹੈ। ਸੂਫ਼ੀ ਪਰੰਪਰਾਵਾਂ ਵਾਲਾ ਇਸਲਾਮਿਕ ਪਿਛੋਕੜ ਭਾਰਤੀ ਸੰਸਕ੍ਰਿਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸੰਸਕ੍ਰਿਤੀ ਦੀ ਗੌਰਵਮਈ ਧਰੋਹਰ ਹੈ ਜਿਸ ਨੂੰ ਧਾਰਮਿਕ ਜਨੂੰਨ ਨੇ ਰਾਜਨੀਤਕ ਸੌੜੇਪਨ ਲਈ ਬੇਹੱਦ ਕਰੂਰਤਾ ਨਾਲ ਵਰਤਿਆ। ਪਰ ਪੰਜਾਬੀਆਂ ਦੀ ਭਾਈਚਾਰਕ ਸਾਂਝ ਦੁਨੀਆ ਭਰ ਵਿਚ ਭਰਾਤਰੀਭਾਵ ਦੀ ਅਦਭੁਤ ਮਿਸਾਲ ਬਣ ਕੇ ਉੱਭਰੀ। ਪੰਜ ਖੰਡਾਂ ਵਿਚ ਵਿਉਂਤੀ ਗਈ ਇਹ ਕਿਤਾਬ ਉਨ੍ਹਾਂ ਮੁਸਲਮਾਨ ਮਰਜੀਵੜਿਆਂ ਦੀ ਬਾਤ ਪਾਉਂਦੀ ਹੈ ਜੋ ਸਾਧਾਰਨ ਵਿਅਕਤੀ ਨਹੀਂ ਸਨ। ਉਨ੍ਹਾਂ ਦੇ ਜਿਸਮਾਂ ਅੰਦਰ ਮਾਨਵਤਾ ਦੇ ਦਰਦਾਂ ਨਾਲ ਭਰੇ ਹੋਏ ਦਰਿਆ ਵਗਦੇ ਸਨ। ਉਨ੍ਹਾਂ ਦੇ ਰੌਸ਼ਨ ਦਿਮਾਗਾਂ ਵਿਚ ਚਾਨਣ ਦੇ ਚੌਮੁਖੀਏ ਜਗਦੇ ਸਨ ਗਾਮਾ ਗਵੱਈਆ, ਨੱਥਾ ਮਿਰਾਸੀ, ਬਜਵਾੜੇ ਦੇ ਨਾਇਕ, ਜੈਨਾ, ਨਾਮਾ, ਫਜ਼ਲਦੀਨ ਉਰਫ਼ ਫਜ਼ਲਾ ਦੀਆਂ ਸ਼ਖ਼ਸੀਅਤਾਂ ਦੇ ਸ਼ਬਦ ਚਿੱਤਰ ਇਸ ਕਿਤਾਬ ਦਾ ਨਿਵੇਕਲਾ ਹਾਸਲ ਹਨ।
ਇਸ ਤੋਂ ਬਿਨਾਂ 1857 ਦੇ ਗ਼ਦਰ ਦੇ ਮੁਸਲਿਮ ਨਾਇਕ, ਗ਼ਦਰ ਪਾਰਟੀ ਵਿਚ ਮੁਸਲਮਾਨਾਂ ਦਾ ਯੋਗਦਾਨ, ਸਿੰਘਾਪੁਰ ਦੀ ਫ਼ੌਜੀ ਬਗ਼ਾਵਤ ਵਿਚ ਗ਼ਦਰ ਪਾਰਟੀ, ਜਲਿਆਂਵਾਲਾ ਬਾਗ ਅਤੇ ਆਜ਼ਾਦ ਹਿੰਦ ਫ਼ੌਜ ਅਤੇ ਵਤਨ ਆਜ਼ਾਦੀ ਦੀਆਂ ਹੋਰ ਲਹਿਰਾਂ ਵਿਚ ਮੁਸਲਮਾਨਾਂ ਦੀਆਂ ਸ਼ਹਾਦਤਾਂ ਇਸ ਕਿਤਾਬ ਦੇ ਸਫ਼ਿਆਂ ਦਾ ਗੌਰਵ ਵਧਾਉਂਦੀਆਂ ਹੋਈਆਂ ਸਾਂਝੀ ਪੰਜਾਬੀ ਪਰੰਪਰਾ ਨੂੰ ਰੂਪਮਾਨ ਕਰ ਰਹੀਆਂ ਹਨ। ਇਸ ਖੂਬਸੂਰਤ ਗੌਰਵਸ਼ਾਲੀ ਕਿਤਾਬ ਦਾ ਸਵਾਗਤ ਹੈ।


ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812

24-04-2022

 ਜੂਨ ਗੁਜ਼ਾਰਾ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 119
ਸੰਪਰਕ : 94178-55876.


'ਜੂਨ ਗੁਜ਼ਾਰਾ' ਹਰੀ ਸਿੰਘ ਢੁੱਡੀਕੇ ਦੀ ਅਠਾਰ੍ਹਵੀਂ ਪੁਸਤਕ ਹੈ, ਜਿਸ ਨੂੰ ਉਸ ਨੇ ਹੱਡ ਵਰਤੀ ਨਾਵਲ ਦਾ ਨਾਂਅ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਬਾਰਾਂ ਨਾਵਲ ਲਿਖ ਚੁੱਕਾ ਹੈ, ਜਿਸ ਵਿਚ ਛੇ ਇਤਿਹਾਸਕ ਨਾਵਲ ਅਤੇ ਇਕ ਬਾਲ-ਨਾਵਲ ਵੀ ਸ਼ਾਮਿਲ ਹੈ। ਉਸ ਦੀਆਂ ਹੋਰ ਕਿਤਾਬਾਂ ਵਿਚ ਇਕ ਬਾਲ ਕਾਵਿ ਸੰਗ੍ਰਹਿ, ਤਿੰਨ ਜੀਵਨੀ ਦੀਆਂ ਪੁਸਤਕਾਂ ਅਤੇ ਇਕ ਢੁੱਡੀਕੇ ਪਿੰਡ ਬਾਰੇ ਪੁਸਤਕ ਸ਼ਾਮਿਲ ਹੈ।
ਵਿਚਾਰ ਅਧੀਨ ਨਾਵਲ ਦੇ ਸਤਾਈ ਕਾਂਡ ਹਨ, ਜਿਨ੍ਹਾਂ ਵਿਚ ਲੇਖਕ ਦੀ ਸੰਘਰਸ਼ਸ਼ੀਲ, ਥੁੜਾਂ ਮਾਰੀ, ਤੰਗੀ-ਤੁਰਸ਼ੀ ਤੇ ਗ਼ਰੀਬੀ ਦੇ ਦਿਨਾਂ ਦੀ ਮਾਰਮਿਕ ਤੇ ਭਾਵੁਕ ਗਾਥਾ ਦਾ ਬਿਆਨ ਹੈ। ਇਸ ਸਵੈ-ਜੀਵਨੀ ਮੂਲਕ ਨਾਵਲ ਵਿਚ ਲੇਖਕ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਦੇ ਨਾਲ-ਨਾਲ ਆਪਣੇ ਆਸ-ਪਾਸ ਦੇ ਲੋਕਾਂ ਅਤੇ ਸਮਾਜਿਕ ਸਰੋਕਾਰਾਂ ਦਾ ਵੀ ਸੰਖੇਪ ਜ਼ਿਕਰ ਕੀਤਾ ਹੈ।
ਲੇਖਕ ਦੱਸਦਾ ਹੈ ਕਿ ਉਸ ਦਾ ਪਿਤਾ ਗੱਜਣ ਸਿੰਘ, ਜਿਸ ਨੂੰ ਉਹ ਬਾਈ ਕਹਿੰਦਾ ਹੈ, ਜੁੱਤੀਆਂ ਗੰਢਣ/ਸਿਉਣ ਦਾ ਕੰਮ ਕਰਦਾ ਸੀ। ਯਾਨੀ ਕਿ ਇਹ ਇਕ ਰਾਮਦਾਸੀਆ ਪਰਿਵਾਰ ਵਿਚੋਂ ਹੈ। ਲੇਖਕ ਦੀ ਮਾਂ, ਜਿਸ ਨੂੰ ਉਹ ਬੇਬੇ ਕਹਿੰਦਾ ਹੈ, ਲੇਖਕ ਨੂੰ ਪੜ੍ਹਾਉਣਾ ਚਾਹੁੰਦੀ ਸੀ ਤੇ ਉਸ ਨੇ ਵਿੱਤੋਂ ਵਧ ਕੇ ਪੜ੍ਹਾਇਆ। ਲੇਖਕ ਨੇ ਚੌਥੀ ਜਮਾਤ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਤੇ ਅਗਲੀ ਪੜ੍ਹਾਈ ਚੂਹੜਚੱਕ ਦੇ ਸਕੂਲ ਵਿਚੋਂ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਹੋ ਗਿਆ ਤੇ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨੂੰ ਬੜੀ ਮੁਸ਼ਕਿਲ ਨਾਲ ਸਿਰੇ ਚੜ੍ਹਾਇਆ। ਘਰ ਦੇ ਗੁਜ਼ਾਰੇ ਲਈ ਉਸ ਨੇ ਦਿਹਾੜੀਆਂ ਤੇ ਮਜ਼ਦੂਰੀਆਂ ਵੀ ਕੀਤੀਆਂ। ਜਗਰਾਉਂ ਬੇਸਿਕ ਸਕੂਲ ਤੋਂ ਜੇ.ਬੀ.ਟੀ. ਕਰਕੇ ਉਹ ਸਕੂਲ ਅਧਿਆਪਕ ਲੱਗ ਗਿਆ ਤਾਂ ਉਸ ਦੀ ਆਰਥਿਕ ਹਾਲਤ ਕੁਝ ਠੀਕ ਹੋ ਗਈ। ਲੇਖਕ ਦਾ ਵੱਡਾ ਭਰਾ ਮੇਹਰ ਸਿੰਘ ਵਿਆਹ ਕਰਵਾਉਣ ਪਿੱਛੋਂ ਹੀ ਅੱਡ ਹੋ ਗਿਆ ਸੀ। ਲੇਖਕ ਦੀ ਪਤਨੀ ਗੁਰਦੇਵ ਕੌਰ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ। ਆਖਰੀ ਕਾਂਡ ਵਿਚ ਲੇਖਕ ਨੇ ਸਮਕਾਲੀ/ਤਤਕਾਲੀ ਹਾਲਾਤ, ਕੋਰੋਨਾ ਦੀ ਬਿਮਾਰੀ, ਕਿਸਾਨੀ ਅੰਦੋਲਨ ਦਾ ਜ਼ਿਕਰ ਕਰਕੇ ਆਪਣੀ ਰਾਜਨੀਤਕ ਸੂਝ-ਬੂਝ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਰਾਹੀਂ ਇਹ ਵੀ ਪਤਾ ਲਗਦਾ ਹੈ ਕਿ ਲੇਖਕ ਦੀਆਂ ਪੁਸਤਕਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ ਪੀ.ਐੱਚ.ਡੀ. ਤੱਕ ਦੀ ਡਿਗਰੀ ਵੀ ਪ੍ਰਾਪਤ ਕੀਤੀ।
ਇਸ ਕਿਤਾਬ ਰਾਹੀਂ ਹੀ ਲੇਖਕ ਦੇ ਜੀਵਨ ਵਿਚ ਵਾਪਰੀਆਂ ਦੁਰਘਟਨਾਵਾਂ (ਟਰੱਕ ਅਤੇ ਕਾਰ ਦਾ ਉਲਟਣਾ, ਕੁੱਤੇ ਵਲੋਂ ਵੱਢਣਾ ਆਦਿ) ਦਾ ਵੀ ਜ਼ਿਕਰ ਸ਼ਾਮਿਲ ਹੈ। ਇਸ ਤਰ੍ਹਾਂ ਸਾਧਾਰਨ ਅਤੇ ਆਮ ਸਮਝ ਵਿਚ ਆਉਣ ਵਾਲੀ ਇਹ ਕਿਤਾਬ ਲੇਖਕ ਦੀ ਹੱਡਬੀਤੀ ਹੈ, ਜਿਸ ਵਿਚ ਕਿਰਤੀ ਤੇ ਨਿਮਨ ਵਰਗ ਦੀ ਮਾਰਮਿਕ ਕਥਾ ਹੈ। ਇਸ ਕਿਤਾਬ ਰਾਹੀਂ ਲੇਖਕ ਦੇ ਮਿਹਨਤੀ ਸੁਭਾਅ ਦਾ ਪਤਾ ਲਗਦਾ ਹੈ। ਮੁਸ਼ਕਿਲਾਂ ਭਰੀ ਜ਼ਿੰਦਗੀ ਨਾਲ ਜੂਝਦਾ ਹੋਇਆ ਵੀ ਲੇਖਕ ਅਜੇ ਤੱਕ ਕਿਤਾਬਾਂ ਨਾਲ ਜੁੜਿਆ ਹੋਇਆ ਹੈ, ਇਹ ਉਸ ਦੇ ਜੀਵਨ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015
c c c


ਜਦ ਲਾਲ ਗੁਰੂ ਦੇ ਕੜਕ ਪਏ
ਗੀਤਕਾਰ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 270 ਰੁਪਏ, ਸਫ਼ੇ : 136
ਸੰਪਰਕ : 98550-93786.


ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿਚ ਲਾਭ ਸਿੰਘ ਚਤਾਮਲੀ ਵਿਸ਼ੇਸ਼ ਸਥਾਨ ਰੱਖਦਾ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਉਸ ਦੀ ਇਸ 12ਵੀਂ ਪੁਸਤਕ ਵਿਚਲੇ ਵਧੇਰੇ ਗੀਤ ਧਾਰਮਿਕ ਤੇ ਗੁਰਬਾਣੀ ਦੇ ਵਿਸ਼ਿਆਂ ਬਾਰੇ ਹਨ। ਗੁਰੂ ਸਾਹਿਬਾਨ ਦੇ ਨਾਲ-ਨਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ, ਸ਼ਹੀਦ ਸਿੰਘਾਂ ਦੀ ਸੂਰਬੀਰਤਾ ਅਤੇ ਉੱਚੇ-ਸੁੱਚੇ ਜੀਵਨ ਬਾਰੇ ਦੱਸਦਿਆਂ ਮਨੁੱਖ ਨੂੰ ਨਾਮ ਜਪਣ ਤੇ ਨੇਕ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇਤਿਹਾਸਕ ਵਿਅਕਤੀਆਂ ਦੇ ਨਾਲ-ਨਾਲ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਵੀ ਮਿਲਦੀ ਹੈ। ਕੁਦਰਤ ਦੀ ਸਾਂਭ-ਸੰਭਾਲ, ਹਵਾ ਪਾਣੀ ਤੇ ਧੀਆਂ ਦੇ ਦੁਖਾਂਤ ਬਾਰੇ ਵੀ ਗੀਤਾਂ ਵਿਚ ਵਰਨਣ ਕੀਤਾ ਗਿਆ ਹੈ। ਪੁਸਤਕ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਹੁੰਦਾ ਹੈ। ਉਪਰੰਤ ਚੌਥੇ, ਪੰਜਵੇਂ, ਛੇਵੇਂ ਗੁਰੂ ਸਾਹਿਬਾਨ ਅਤੇ ਦਸਮੇਸ਼ ਪਿਤਾ ਦੇ ਪਰਿਵਾਰ ਦੀ ਅਦੁੱਤੀ ਕੁਰਬਾਨੀ ਅਤੇ ਜੰਗ ਦਾ ਜ਼ਿਕਰ ਵੀ ਕਵੀ ਨੇ ਕੀਤਾ ਹੈ। ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਸਾਖੀਆਂ ਨੂੰ ਗੀਤਾਂ ਦਾ ਆਧਾਰ ਬਣਾਇਆ ਗਿਆ ਹੈ।
ਗੀਤਾਂ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨ :
ਜਦ ਲਾਲ ਗੁਰੂ ਦੇ ਕੜਕ ਪਏ,
ਸੁਣ ਮੁਗ਼ਲਾਂ ਦੇ ਦਿਲ ਧੜਕ ਪਏ।
ਤੂੰ ਲਾਲਚ ਕਦੇ ਵਿਖਾਉਨਾ ਏਂ,
ਕਦੇ ਸੂਬਿਆਂ ਵੇ ਧਮਕਾਉਨਾ ਏਂ।
ਸਾਡੇ ਵੱਡਿਆਂ ਸੀਨੇ ਲਾਈ ਏ,
ਅਸੀਂ ਵੀ ਮੌਤ ਵਿਆਹੁਣੀ ਏ।
ਸਾਨੂੰ ਲੋੜ ਨਾ ਤਖ਼ਤਾਂ ਤਾਜਾਂ ਦੀ,
ਅਸੀਂ ਡੁੱਬਦੀ ਹਿੰਦ ਬਚਾਉਣੀ ਏ।
ਉਮੀਦ ਹੈ ਇਹ ਪੁਸਤਕ ਗੁਰਮਤਿ ਮਾਰਗ ਦੇ ਪਾਂਧੀਆਂ ਵਾਸਤੇ ਇਕ ਚਾਨਣ ਮੁਨਾਰੇ ਦਾ ਕੰਮ ਕਰੇਗੀ।


ਕੰਵਲਜੀਤ ਸਿੰਘ ਸੂਰੀ
ਮੋ: 93573-24241


ਨਵਯੁਗ
ਲੇਖਕ : ਹਰਮਹਿੰਦਰ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 224
ਸੰਪਰਕ : chahals57@yahoo.com


ਨਵਯੁਗ ਨਾਵਲ ਦਾ ਵਿਸ਼ਾ ਅਤੇ ਪਾਤਰ ਅਮਰੀਕਾ ਦੀ ਤਥਾਤਮਿਕਤਾ ਵਿਚ ਪੇਸ਼ ਕੀਤੇ ਗਏ ਹਨ। ਨਾਵਲ ਦੀ ਮੁੱਖ ਫੇਬੁਲਾ ਜਿਸ ਨੂੰ ਨਾਵਲਕਾਰ ਨੇ ਕਥਾਨਕ ਰੂਪ ਵਿਚ ਢਾਲ ਕੇ ਪ੍ਰਸਤੁਤ ਕੀਤਾ ਹੈ, ਉਹ ਯੁਵਾ ਪੀੜ੍ਹੀ ਦੇ ਵਿਆਹਾਂ ਲਈ ਲਾੜੇ/ਲਾੜੀਆਂ ਦੀ ਚੋਣ ਨਾਲ ਸੰਬੰਧਿਤ ਹੈ। ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਸੋਚ ਵਿਚ ਪਾੜਾ ਹੈ। ਪੰਜਾਬੀ ਮਾਪੇ ਆਪਣਾ ਪਿਤਰੀ ਅਧਿਕਾਰ ਵਰਤ ਕੇ, ਆਪਣੇ-ਆਪ ਨੂੰ ਸਿਆਣੇ ਸਮਝ ਕੇ, ਯੁਵਾ ਪੀੜ੍ਹੀ ਲਈ ਆਪਣੀ ਮਰਜ਼ੀ ਦੇ ਵਰ/ਲਾੜੀਆਂ ਦੀ ਢੂੰਡ ਵਿਚ ਆਪਣੀ ਇੱਜ਼ਤ ਮਹਿਸੂਸ ਕਰਦੇ ਹਨ। ਜਦੋਂ ਕਿ ਨਵੀਂ ਪੀੜ੍ਹੀ ਬਿਨਾਂ ਕਿਸੇ ਬਾਹਰੀ ਦਬਾਓ ਦੇ ਆਪਣੀ ਚੋਣ ਆਪ ਕਰਨਾ ਉਚਿਤ ਸਮਝਦੀ ਹੈ। ਨਵੀਂ ਪੀੜ੍ਹੀ ਦੀ ਸੋਚ ਇਹ ਹੈ ਕਿ ਜਦੋਂ ਉਨ੍ਹਾਂ ਨੂੰ ਆਪਣੇ ਜੀਵਨ-ਸਾਥੀ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ, ਉਨ੍ਹਾਂ ਨੂੰ ਬਲੀ ਦੇ ਬੱਕਰੇ ਕਿਉਂ ਬਣਾਇਆ ਜਾ ਰਿਹਾ ਹੈ। ਪ੍ਰਵਾਸ 'ਚ ਰਹਿੰਦੇ ਮਾਪੇ ਆਪਣੇ ਪੰਜਾਬ 'ਚ ਰਹਿੰਦੇ ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਨੂੰ ਖੁਸ਼ ਕਰਨ ਲਈ ਧੀਆਂ ਦੇ ਸੌਦੇ ਕਰਦੇ ਹਨ, ਪ੍ਰਵਾਸੀ ਮੁੰਡਿਆਂ ਨੂੰ ਵੀ ਇਸ ਚੱਕਰਵਿਊ ਵਿਚ ਪਾਉਂਦੇ ਹਨ। ਉਹ ਕੇਵਲ ਜ਼ਮੀਨਾਂ ਜਾਂ ਅਫ਼ਸਰੀ ਵੇਖ ਕੇ ਅਜਿਹੇ ਸੌਦੇ ਕਰਦੇ ਹਨ। ਬਾਅਦ ਵਿਚ ਔਲਾਦ ਵੀ ਦੁੱਖ ਸਹਿੰਦੀ ਹੈ, ਮਾਪੇ ਵੀ ਪ੍ਰੇਸ਼ਾਨ ਰਹਿੰਦੇ ਹਨ। ਇਸ ਨਾਵਲ ਦੇ ਮਾਪੇ ਜੱਟ ਬਰਾਦਰੀ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਅੰਤਰ-ਜਾਤੀ ਵਿਆਹਾਂ ਨਾਲ ਨਫ਼ਰਤ ਹੈ। ਉਹ ਸਮਝਦੇ ਹਨ ਕਿ ਜੇਕਰ ਅੰਤਰ-ਜਾਤੀ ਵਿਆਹ ਕੀਤੇ ਤਾਂ ਉਨ੍ਹਾਂ ਨੂੰ 'ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ?' ਉਨ੍ਹਾਂ ਦਾ ਨੱਕ ਵੱਢਿਆ ਜਾਏਗਾ। ਆਪਣੇ ਨੱਕ ਦੀ ਰਾਖੀ ਲਈ ਮਾਪੇ ਗਲਨੈੜ ਕਰ ਦਿੰਦੇ ਹਨ। ਕਰਮਜੀਤ (ਕਰਮੀ) ਦਾ ਪਾਤਰ ਅਜਿਹੇ ਗਲਨੈੜ ਦੀ ਸ਼ਿਕਾਰ ਹੈ। 'ਬੀਰੇ' ਨਾਂਅ ਦਾ ਮੁੰਡਾ ਵੀ ਅਜਿਹਾ ਸੰਕਟ ਭੋਗਦਾ ਹੈ। ਉਸ ਦੀ ਪਤਨੀ 'ਰੱਤੀ' ਵਿਆਹ ਤੋਂ ਪਹਿਲਾਂ ਮੁਹਾਲੀ ਦੇ ਮੁੰਡੇ 'ਕੁਲਵੰਤ' ਨੂੰ ਪਿਆਰ ਕਰਦੀ ਸੀ। ਚੁਸਤ ਮੁੰਡੇ-ਕੁੜੀਆਂ, ਮਾਪਿਆਂ ਤੋਂ ਓਹਲਾ ਰੱਖ ਕੇ, ਅਜਿਹੀ ਸਥਿਤੀ 'ਚੋਂ ਬਚ ਨਿਕਲਦੇ ਹਨ। ਨਾਵਲ ਵਿਚ ਪਤਨੀਆਂ ਪਤੀਆਂ ਨਾਲੋਂ ਧੀਆਂ-ਪੁੱਤਾਂ ਦੇ ਅਜਿਹੇ ਸੰਕਟ ਨੂੰ ਵੱਧ ਸਮਝਦੀਆਂ ਹਨ। ਅਮਰੀਕਾ ਵਿਚ ਚਾਚੇ-ਤਾਇਆਂ ਦੇ ਪੁੱਤਾਂ ਦੀ ਨਵੀਂ ਪੀੜ੍ਹੀ ਨੇ 'ਕਜ਼ਨ ਗਰੁੱਪ' ਬਣਾਇਆ ਹੋਇਆ ਹੈ, ਜਿਥੇ ਉਹ ਮੀਟਿੰਗਾਂ ਕਰਕੇ ਖਾਂਦੇ-ਪੀਂਦੇ ਹਨ। ਸਮੱਸਿਆਵਾਂ 'ਤੇ ਵਿਚਾਰ ਕਰਦੇ ਹਨ। ਔਰਤਾਂ ਵੀ ਇਸ ਗਰੁੱਪ ਵਿਚ ਇਕ-ਦੋ ਪੈੱਗ ਲਗਾ ਲੈਂਦੀਆਂ ਹਨ। ਯੁਵਾ ਵਰਗ ਵਿਚ (ਕੁਲਦੀਪ ਅਤੇ ਮਨੀ) ਵਰਗੇ ਸਿਆਣੇ ਪਾਤਰ ਵੀ ਹਨ ਜੋ ਮਸਲੇ ਸੁਲਝਾ ਸਕਦੇ ਹਨ। ਉਥੇ ਲਿਵ-ਇਨ-ਰਿਲੇਸ਼ਨਸ਼ਿਪ ਵੀ ਹੈ। ਨਾਵਲ ਦੇ ਅਖੀਰ ਵਿਚ, ਇਕ ਵਿਆਹ ਵਿਚ ਨਵੀਂ ਪੀੜ੍ਹੀ ਦੀ ਸੁਤੰਤਰ ਚੋਣ ਤੋਂ ਤੰਗ ਆ ਕੇ ਇਕ ਕਰਤਾਰ ਸਿੰਘ ਨਾਂਅ ਦੇ ਪਾਤਰ ਨੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਇਸ ਖੂਨ-ਖਰਾਬੇ 'ਚ ਅਨੇਕਾਂ ਜ਼ਖ਼ਮੀ ਹੋ ਜਾਂਦੇ ਹਨ ਪਰ ਬਚ ਜਾਂਦੇ ਹਨ ਜਦੋਂ ਕਿ ਕਰਮਜੀਤ ਨੂੰ ਤੰਗ ਕਰਨ ਵਾਲਾ ਪਾਤਰ ਦਰਸ਼ਨ ਮਾਰਿਆ ਜਾਂਦਾ ਹੈ। ਇੰਜ ਨਾਵਲਕਾਰ ਨੇ ਕਾਵਿਕ ਨਿਆਂ (ਪੋਇਟਕ ਜਸਟਿਸ) ਕਰ ਵਿਖਾਇਆ ਹੈ। ਨਾਵਲ ਦੀਆਂ ਸਾਰੀਆਂ ਘਟਨਾਵਾਂ (ਇਕ ਦੋ ਨੂੰ ਛੱਡ ਕੇ) ਅਮਰੀਕਾ ਵਿਚ ਹੀ ਵਾਪਰਦੀਆਂ ਹਨ। ਨਾਵਲ ਦੀ ਬਿਰਤਾਂਤਕ ਗਤੀ ਤੇਜ਼ ਹੈ। ਕਈ ਪਾਤਰ ਪੰਜਾਬੀ ਨਹੀੇਂ ਸਮਝਦੇ। ਨਾਵਲ ਦਾ ਕੋਈ ਮੁੱਖ ਨਾਇਕ ਨਹੀਂ। ਵੱਖ-ਵੱਖ ਉਪਕਥਾਵਾਂ ਦੇ ਵੱਖ-ਵੱਖ ਉਪ-ਨਾਇਕ/ਨਾਇਕਾਵਾਂ ਹਨ। ਵਿਸ਼ੇ ਪੱਖੋਂ ਇਕਮੁੱਠਤਾ ਗ੍ਰਹਿਣ ਕਰਦਾ ਹੈ ਇਹ ਨਾਵਲ। ਅਜਿਹੇ ਯਥਾਰਥਕ ਮੁੱਦੇ ਦਾ 'ਗਲਪੀਕਰਨ' ਕਰਨ ਕਰਕੇ ਲੇਖਕ ਦਾ ਗਲਪੀ-ਵਿਵੇਕ ਪ੍ਰਸੰਸਾ ਦਾ ਅਧਿਕਾਰੀ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਰਾਹਕ
ਲੇਖਕ : ਗੁਰਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98723-75898.


ਸ਼ਾਇਰ ਗੁਰਪ੍ਰੀਤ ਹਥਲੀ ਕਾਵਿ-ਕਿਤਾਬ 'ਰਾਹਕ' ਤੋਂ ਪਹਿਲਾਂ ਚਾਰ ਕਾਵਿ-ਕਿਤਾਬਾਂ 'ਸ਼ਬਦਾਂ ਦੀ ਮਰਜ਼ੀ', 'ਸਿਆਹੀ ਘੁਲੀ ਹੈ', 'ਓਕ' ਇਕ ਅਨੁਵਾਦਕ ਅਤੇ ਤਿੰਨ ਬੱਚਿਆਂ ਲਈ ਕਿਤਾਬਾਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਆਧੁਨਿਕ ਭਾਵ-ਬੋਧ ਤੇ ਬੌਧਿਕ ਮੁਹਾਵਰੇ ਦਾ ਸਿਰਜਕ ਹੈ। ਸ਼ਾਇਰ ਉੱਤੇ ਡਾ. ਮਨਮੋਹਨ ਦੀ ਟਿੱਪਣੀ ਪੂਰੀ ਤਰ੍ਹਾਂ ਢੁਕਦੀ ਹੈ। ਡਾ. ਮਨਮੋਹਨ ਆਖਦਾ ਹੈ ਜੇ ਲਿਖਣਾ ਹੈ ਤਾਂ ਵੱਖਰੀ ਤਰ੍ਹਾਂ ਦਾ ਲਿਖੋ ਤੇ ਜਾਂ ਫਿਰ ਵੱਖਰੇ ਹੋਣ ਤੱਕ ਦੀ ਉਡੀਕ ਕਰੋ। ਇੰਜ ਸਾਡਾ ਇਹ ਸ਼ਾਇਰ ਅਮੂਰਤ ਤੋਂ ਮੂਰਤ ਤੱਕ ਦਾ ਸਫ਼ਰ ਕਰਨ ਵਾਲਾ ਵੱਖਰੀ ਤਰ੍ਹਾਂ ਦਾ ਸ਼ਾਇਰ ਹੈ। ਸ਼ਾਇਰ ਦੀ ਸ਼ਾਇਰੀ ਦੀ ਥਾਹ ਪਾਉਣ ਲਈ ਨਾਰੀਅਲ ਨੂੰ ਛਿਲ ਕੇ ਖੋਪੇ ਦੀ ਗੁੱਟੀ ਵਿਚੋਂ ਤਰਲਤਾ ਪ੍ਰਾਪਤ ਕਰਨ ਵਰਗੇ ਤਰੱਦਦ 'ਚੋਂ ਗੁਜ਼ਰਨਾ ਪੈਂਦਾ ਹੈ। ਜਿਵੇਂ ਬੋਹੜ ਦੇ ਨਿੱਕੇ ਜਿਹੇ ਬੀਜ ਵਿਚ ਇਕ ਘਣਛਾਵਾਂ ਬੋਹੜ ਛੁਪਿਆ ਹੁੰਦਾ ਹੈ ਤੇ ਇਸੇ ਤਰ੍ਹਾਂ ਗੁਰਪ੍ਰੀਤ ਦੀਆਂ ਨਿੱਕੀਆਂ-ਨਿੱਕੀਆਂ ਨਜ਼ਮਾਂ ਵਿਚ ਵੱਡੇ ਅਰਥ ਛੁਪੇ ਹੁੰਦੇ ਹਨ ਤੇ ਖੁਰਦਬੀਨੀ ਅੱਖ ਨਾਲ ਸਕੈਨਿੰਗ ਤੇ ਕਾਵਿਕ ਵਿਵੇਕ ਚਿਤਰਪਟ ਤੇ ਅਮੂਰਤ ਤੋਂ ਸਮੂਰਤ ਹੋਣ ਲਗਦਾ ਹੈ। ਸ਼ਾਇਰੀ ਨੂੰ ਵਾਚਦਿਆਂ ਤੱਥ ਸਾਰ ਦੀ ਕੁੰਜੀ ਤਾਂ ਹੱਥ ਆ ਜਾਂਦੀ ਹੈ ਜਦੋਂ ਉਹ ਤਰੰਮਤੀ ਜ਼ਿੰਦਗੀ ਜਿਊਣ ਲਈ ਆਭਾ ਮੰਡਲ ਦਾ ਤਾਲਾ ਖੋਲ੍ਹਦਾ ਹੈ। ਬਰਤੌਲਤ ਬ੍ਰੈਖਤ ਆਖਦਾ ਹੈ, 'ਇਹ ਠੀਕ ਹੈ ਕਿ ਅਸਾਨੂੰ ਜਿਊਣ ਲਈ ਖਾਣਾ ਖਾਣਾ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਉੱਕਾ ਨਹੀਂ ਕਿ ਜਿਸ ਨੇ ਖਾ ਲਿਆ, ਉਹ ਜੀਵਨ ਵੀ ਜੀਉਂ ਰਿਹਾ।' ਉਹ ਤਾਲਾਬੰਦੀ ਦੌਰਾਨ ਆਪਣੇ ਹੀ ਦੇਸ਼ ਵਿਚ ਪਰਵਾਸ ਦੀ ਅਉਧ ਹੰਢਾ ਰਹੇ ਮਜ਼ਦੂਰਾਂ ਦੀ ਤਸਵੀਰਕਸ਼ੀ ਕਰਦਾ ਹੈ ਜੋ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਪੈਰਾਂ 'ਚ ਆਏ ਛਾਲਿਆਂ ਨਾਲ ਘਰਾਂ ਦੀਆਂ ਬਰੂਹਾਂ ਤੱਕ ਪਹੁੰਚ ਸਕੇ। ਚੱਲ ਰਹੇ ਕਿਸਾਨੀ ਅੰਦੋਲਨ ਵਿਚ ਜੋ ਕਾਰਪੋਰੇਟਰੀ ਸਾਨ੍ਹ ਅਸਾਡੀਆਂ ਹਰੀਆਂ ਕਚੂਰ ਫ਼ਸਲਾਂ ਨੂੰ ਬੁਰਕ ਮਾਰਨ ਲਈ ਘਾਤ ਲਾਈ ਬੈਠਾ ਹੈ, ਦੀ ਪਛਾਣ ਵੀ ਕਰ ਲੈਂਦਾ ਹੈ। ਕਿਸਾਨ ਅੰਦੋਲਨ ਦੌਰਾਨ ਕੁਝ ਦੁਵਿਧਾਗ੍ਰਸਤ ਸੰਘਰਸ਼ੀ ਯੋਧਿਆਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਸੋਹਣ ਸਿੰਘ ਮੀਸ਼ਾ ਦੀ ਨਜ਼ਮ 'ਚੀਕ ਬੁਲਬੁਲੀ' ਵਾਂਗ ਹਿਚਕਚਹਾਟ ਦਿਖਾਉਂਦੇ ਹਨ। ਮਾਂ ਬਾਰੇ ਲਿਖੀਆਂ ਨਜ਼ਮਾਂ ਮੋਹਣ ਸਿੰਘ, ਖਲੀਲ ਜਿਬਰਾਨ ਨੂੰ ਪੁਣਦੀਆਂ ਹੋਈਆਂ ਮੁਨੱਵਰ ਰਾਣਾ ਦੀਆਂ ਗ਼ਜ਼ਲਾਂ ਦੇ ਮਤਲਿਆਂ ਵਰਗੇ ਅਹਿਸਾਸ ਕਰਾਉਂਦੀਆਂ ਨਜ਼ਰ ਆਉਂਦੀਆਂ ਹਨ। ਉਹ ਬਾਬੇ ਨਾਨਕ ਦੇ ਅਖੌਤੀ ਨਾਮ ਲੇਵਿਆਂ ਦੇ ਬਖੀਏ ਵੀ ਉਧੇੜਦਾ ਹੋਇਆ ਆਖਦਾ ਹੈ ਕਿ ਪਤਾ ਨਹੀਂ ਬਾਬੇ ਦਾ ਅਸਲੀ ਘਰ ਦੇਖਣ 'ਤੇ ਅੱਖਾਂ ਵਿਚ ਚਿੱਟਾ ਮੋਤੀਆ ਕਿਉਂ ਉਤਾਰ ਲੈਂਦੇ ਹਨ। ਉਹ ਅਜਮੇਰ ਔਲਖ ਦੀ ਵਸੀਹਤ ਤੋਂ ਅੱਖਾਂ ਫੇਰਨ ਵਾਲੇ ਗਿਰਗਿਟੀ ਅਲੰਬਰਦਾਰਾਂ 'ਤੇ ਵੀ ਲਾਹਣਤਾਂ ਦੀ ਵਾਛੜ ਮਾਰਦਾ ਹੈ। ਉਸ ਦੀ ਨਿੱਕੀ ਜਿਹੀ ਵੱਡੇ ਅਰਥਾਂ ਵਾਲੀ ਨਜ਼ਮ ਪੇਸ਼ ਹੈ, 'ਗੱਡੀ ਲੱਦੀ ਜਾਵੇ ਭਾਰੇ ਫ਼ੌਜੀ ਟੈਂਕ, ਮੇਰੇ ਮਨ 'ਤੇ ਭਾਰ' ਉਹ ਭਾਰ ਕਾਹਦਾ ਹੈ ਉਹ ਹੈ ਜੰਗ ਦੇ ਮੈਦਾਨ ਵਿਚੋਂ ਤੋਪਾਂ ਦਾ ਚਾਰੇ ਬਣੇ ਮਾਵਾਂ ਦੇ ਪੁੱਤਾਂ ਦੀਆਂ ਸ਼ਹੀਦੀਆਂ ਦਾ। ਗੁਰਪ੍ਰੀਤ ਦੀ ਕਵਿਤਾ ਦੇ ਅੰਗ-ਸੰਗ ਹੋਣ ਲਈ ਅਸਾਨੂੰ ਇਕ ਅੰਗਰੇਜ਼ ਦਾਨਸ਼ਵਰ ਦੀ ਟਿੱਪਣੀ ਯਾਦ ਆਉਂਦੀ ਹੈ  If you ask me what is poerty, then I do not know what is poetry, If you do not ask me what is poetry then I know what is poetry. ਇਹ ਪੰਜਾਬੀ ਸ਼ਾਇਰੀ ਦਾ ਧੰਨਭਾਗ ਹੀ ਹੈ ਕਿ ਅਸਾਡੇ ਕੋਲ ਵੱਖਰੀ ਕਿਸਮ ਦਾ ਸ਼ਾਇਰ ਗੁਰਪ੍ਰੀਤ ਵਰਗਾ ਸ਼ਾਇਰ ਹੈ।


ਭਗਵਾਨ ਢਿੱਲੋਂ
ਮੋ: 98143-78254.


ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ
ਲੇਖਕ : ਦਲਜੀਤ ਸਿੰਘ ਅਰੋੜਾ
ਸੰਪਾਦਕ : ਮਲਕੀਤ ਰੌਣੀ
ਪ੍ਰਕਾਸ਼ਕ : ਨੋਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਐਸੋਸੀਏਸ਼ਨ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98145-93858.


ਪੰਜਾਬੀ ਸਿਨੇਮਾ ਦਿਨੋ-ਦਿਨ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ। ਅੱਜ ਪੰਜਾਬੀ ਵਿਚ ਬਣੀਆਂ ਫ਼ਿਲਮਾਂ ਦੀ ਚਰਚਾ ਬਾਲੀਵੁੱਡ ਤੱਕ ਆਮ ਹੁੰਦੀ ਦੇਖੀ ਜਾ ਸਕਦੀ ਹੈ। ਜਿਥੇ ਪੰਜਾਬੀ ਗੀਤ-ਸੰਗੀਤ ਨੇ ਸੰਸਾਰ ਪੱਧਰ ਤੱਕ ਧੁੰਮਾਂ ਪਾਈਆਂ, ਅੱਜ ਪੰਜਾਬੀ ਸਿਨੇਮਾ ਵੀ ਸੰਸਾਰ ਪੱਧਰ ਤੱਕ ਆਪਣਾ ਵਰ ਮੇਚ ਰਿਹਾ ਹੈ। ਜੇਕਰ ਅਸੀਂ ਕੇਵਲ ਕਿਸੇ ਵੀ ਖੇਤਰ ਵਿਚ ਮਾਰੀਆਂ ਮੱਲਾਂ ਦੀ ਵੀ ਚਰਚਾ ਕਰਾਂਗੇ ਤਾਂ ਠੀਕ ਤਰ੍ਹਾਂ ਮੁਲਾਂਕਣ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇਕਰ ਕਿਸੇ ਵੀ ਵਰਤਾਰੇ ਜਾਂ ਖੇਤਰ ਨੂੰ ਆਲੋਚਕ ਦੀ ਨਜ਼ਰ ਨਾਲ ਦੇਖ ਕੇ ਉਸ ਬਾਰੇ ਵਿਚਾਰ-ਚਰਚਾ ਕਰਾਂਗੇ ਤਾਂ ਉਸ ਖੇਤਰ ਵਿਚ ਤਰੱਕੀ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਜਾਂਦੀਆਂ ਹਨ। ਹਥਲੀ ਪੁਸਤਕ 'ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ' ਜਿਸ ਦਾ ਲੇਖਕ ਦਲਜੀਤ ਸਿੰਘ ਅਰੋੜਾ ਹੈ ਅਤੇ ਇਸ ਦੀ ਸੰਪਾਦਨਾ ਮਲਕੀਤ ਰੌਣੀ ਦੁਆਰਾ ਕੀਤੀ ਗਈ ਹੈ, ਕੁਝ ਇਸੇ ਹੀ ਭਾਂਤ ਦੀ ਪੁਸਤਕ ਹੈ ਜਿਸ ਵਿਚ 'ਪੰਜਾਬੀ ਸਕਰੀਨ' ਮੈਗਜ਼ੀਨ ਵਿਚ ਛਪੇ ਸੰਪਾਦਕੀ ਲੇਖਾਂ ਨੂੰ ਸੰਪਾਦਿਤ ਕਰਕੇ ਪਾਠਕਾਂ ਦੇ ਰੂ-ਬਰੂ ਕੀਤਾ ਗਿਆ ਹੈ। ਇਨ੍ਹਾਂ ਸੰਪਾਦਕੀ ਲੇਖਾਂ ਵਿਚ ਸਮੇਂ-ਸਮੇਂ ਪੰਜਾਬੀ ਫ਼ਿਲਮ ਖੇਤਰ ਵਿਚ ਆਈਆਂ ਤਬਦੀਲੀਆਂ, ਤਰੱਕੀਆਂ ਅਤੇ ਊਣਤਾਈਆਂ ਨੂੰ ਸਾਂਝੀਆਂ ਕਰਨ ਦੇ ਨਾਲ-ਨਾਲ ਇਸ ਪਾਸੇ ਹੋਰ ਯਤਨ ਕਰਨ ਲਈ ਸੁਝਾਅ ਵੀ ਪੇਸ਼ ਕੀਤੇ ਗਏ ਹਨ। ਮਿਸਾਲ ਵਜੋਂ ਫ਼ਿਲਮਾਂ ਵਿਚ 'ਸਰਦਾਰ' ਸ਼ਬਦ ਵਰਤੋਂ ਬਾਰੇ, ਪੰਜਾਬੀ ਭਾਸ਼ਾ ਦੀ ਉੱਨਤੀ ਲਈ ਯਤਨਸ਼ੀਲ ਹੋਣ ਬਾਰੇ, ਫ਼ਿਲਮ ਬਜਟ ਬਾਰੇ, ਦੋ ਅਰਥੀ ਅਤੇ ਲੱਚਰ ਗਾਇਕੀ ਬਾਰੇ, ਇਤਿਹਾਸਕ ਫ਼ਿਲਮਾਂ ਦੀ ਪੇਸ਼ਕਾਰੀ ਬਾਰੇ, ਪੈਸੇ ਦੀ ਦੌੜ ਅਤੇ ਕਲਾਕਾਰਾਂ ਦੀ ਸਥਿਤੀ, ਅਸੱਭਿਅਕ ਕਾਮੇਡੀ ਬਾਰੇ ਚਰਚਾ ਕਰਨ ਦੇ ਨਾਲ-ਨਾਲ ਫ਼ਿਲਮਾਂ ਨਾਲ ਜੁੜੇ ਹੋਰ ਕਈ ਖੇਤਰਾਂ ਬਾਰੇ ਭਰਪੂਰ ਰੂਪ ਵਿਚ ਆਲੋਚਨਾਤਮਿਕ ਚਰਚਾ ਕੀਤੀ ਗਈ ਹੈ। ਆਪਣੀ ਗੱਲ ਨੂੰ ਪੁਖਤਾ ਕਰਨ ਲਈ ਸੰਪਾਦਕੀ ਲੇਖਾਂ ਵਿਚ ਫ਼ਿਲਮਾਂ ਵਿਚੋਂ ਉਦਾਹਰਨਾਂ ਲੈ ਕੇ ਵੀ ਗੱਲ ਕੀਤੀ ਗਈ ਹੈ। ਪੁਸਤਕ ਵਿਚ ਸਮਕਾਲੀ ਜੀਵਨ ਨੂੰ ਕੋਰੋਨਾ ਮਹਾਂਮਾਰੀ ਨੇ ਕਿਵੇਂ ਪ੍ਰਭਾਵਿਤ ਕੀਤਾ ਅਤੇ ਫ਼ਿਲਮ ਜਗਤ ਨੂੰ ਇਸ ਮਹਾਂਮਾਰੀ ਦੀ ਕਿਹੋ ਜਿਹੀ ਮਾਰ ਝੱਲਣੀ ਪਈ, ਉਸ ਬਾਰੇ ਵਿਸਤ੍ਰਿਤ ਰੂਪ ਵਿਚ ਜ਼ਿਕਰ ਹੋਇਆ ਹੈ। ਇਸ ਮਹਾਂਮਾਰੀ ਦੇ ਦੌਰ ਵਿਚ ਜਿਥੇ ਫ਼ਿਲਮੀ ਖੇਤਰ ਵਿਚ ਬੇਰੁਜ਼ਗਾਰੀ ਵਧੀ, ਉਥੇ ਡਿਜੀਟਲ ਸਿਨੇਮਾ ਵੱਲ ਵੀ ਝੁਕਾਅ ਵਧਣ ਬਾਰੇ ਵਿਚਾਰ ਪੇਸ਼ ਹੋਏ ਹਨ। ਕੁੱਲ ਮਿਲਾ ਕੇ ਇਸ ਮਨੋਰੰਜਨ ਦੇ ਖੇਤਰ ਵਿਚਲੇ ਅੰਤਰ-ਵਿਰੋਧਾਂ ਨੂੰ ਪੇਸ਼ ਕਰਦੀ ਇਹ ਵਿਸ਼ੇਸ਼ ਉਪਰਾਲੇ ਦੇ ਰੂਪ ਵਿਚ ਸਾਹਮਣੇ ਆਈ ਪੁਸਤਕ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.
c c c


ਨੀਸਾਣੁ
ਲੇਖਕ : ਪਰਮਜੀਤ ਸੋਹਲ (ਡਾ.)
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94636-58706.


ਡਾ. ਪਰਮਜੀਤ ਸੋਹਲ ਜੀਵਨ ਦੀ ਇਸ ਤਲਖ਼ ਹਕੀਕਤ ਨੂੰ ਬੜੀ ਹੀ ਸਰਲਤਾ ਅਤੇ ਸਹਿਜਤਾ ਨਾਲ ਬਿਆਨ ਕਰ ਜਾਂਦੇ ਹਨ ਕਿ ਮਨੁੱਖ ਆਪਣੇ ਜੀਵਨ ਲਈ ਲੋੜੀਂਦੇ ਸਾਧਨ ਜੁਟਾਉਣ ਵਿਚ ਹੀ ਆਪਣੀ ਸਾਰੀ ਉਮਰ ਬਤੀਤ ਕਰ ਦਿੰਦਾ ਹੈ ਪਰ ਜੀਵਨ ਨੂੰ ਜਿਊਣ ਲਈ ਉਸ ਦੇ ਹਿੱਸੇ ਇਕ ਘੜੀ ਵੀ ਨਹੀਂ ਆਉਂਦੀ। ਆਪਣੇ ਹੱਥੀਂ ਸਹੇੜੀਆਂ ਉਲਝਣਾਂ ਵਿਚ ਉਲਝਿਆ ਮਨੁੱਖ ਕੁਝ ਪਲ ਵੀ ਬੱਚਿਆਂ, ਪੰਛੀਆਂ, ਰੁੱਖਾਂ ਅਤੇ ਦਰਿਆਵਾਂ ਵਾਂਗ ਜਿਊਂਦਾ ਦਿਖਾਈ ਨਹੀਂ ਦਿੰਦਾ:
ਜ਼ਿੰਦਗੀ ਬਾਰੇ
ਜੋ ਜ਼ਿਆਦਾ ਸੋਚਦਾ
ਉਹ ਘੱਟ ਜਿਊਂਦਾ
ਜਿਊਣ ਵਾਂਗ ਜਿਊਂਦੇ
ਬੱਚੇ, ਪੰਛੀ, ਰੁੱਖ ਅਤੇ ਦਰਿਆ....
ਉਨ੍ਹਾਂ ਦਾ ਮੰਨਣਾ ਹੈ ਕਿ ਕਵਿਤਾ ਕੁਝ ਖ਼ਾਸ ਸ਼ਬਦਾਂ ਨੂੰ ਕਿਸੇ ਖ਼ਾਸ ਤਰਤੀਬ ਵਿਚ ਸਮੇਟ ਕੇ ਤੁਕਬੰਦੀ ਕਰਨਾ ਨਹੀਂ ਹੁੰਦੀ ਅਤੇ ਨਾ ਹੀ ਆਪਣੀ ਕਿਸੇ ਧਾਰਨਾ ਦਾ ਕੇਵਲ ਪ੍ਰਗਟਾਵਾ ਹੀ ਹੁੰਦੀ ਹੈ। ਕਵਿਤਾ ਕਿਸੇ ਕਵੀ ਦੇ ਆਪਣੇ ਆਪੇ ਦਾ ਕਲਾਤਮਿਕ ਰੂਪਾਂਤਰਨ ਵੀ ਨਹੀਂ ਹੁੰਦੀ ਬਲਕਿ ਕਵਿਤਾ ਤਾਂ ਸਾਡੇ ਦਿਸਦੇ ਅਤੇ ਅਣਦਿਸਦੇ ਵਰਤਾਰੇ ਦੀਆਂ ਪਰਤਾਂ ਵਿਚ ਲੁਕੀ ਇਕ ਸੂਖਮ ਸੰਵੇਦਨਾ ਹੁੰਦੀ ਹੈ, ਜਿਸ ਨੂੰ ਪਰਿਭਾਸ਼ਿਤ ਕਰਨਾ ਹਰ ਕਿਸੇ ਦੀ ਸਮਰੱਥਾ ਵਿਚ ਸ਼ਾਮਿਲ ਨਹੀਂ ਹੁੰਦਾ:
ਕਵਿਤਾ ਦੇ ਅਰਥ ਕਰਦਿਆਂ
ਸ਼ਬਦਾਂ ਦੇ ਅਨਰਥ ਹੋ ਜਾਂਦੇ ਨੇ
ਕਵਿਤਾ ਦੇ ਅਰਥ ਸੁਣਦਿਆਂ
ਮੈਂ ਚੁੱਪ ਕਰ ਜਾਂਦਾ ਹਾਂ
'ਓਨਮ', 'ਪ੍ਰਿਯਤਮਾ', 'ਕਾਇਆ' ਅਤੇ 'ਪੌਣਾਂ ਸਤਲੁਜ ਕੋਲ਼ ਦੀਆਂ' ਤੋਂ ਬਾਅਦ, ਰੱਬੀ ਪਿਆਰ ਦਾ ਗੀਤ ਗਾਉਣ ਵਾਲੀ ਕੁਦਰਤ ਨੂੰ ਸਮਰਪਿਤ ਇਸ ਪੰਜਵੇਂ ਕਾਵਿ-ਸੰਗ੍ਰਹਿ ਵਿਚ, ਉਨ੍ਹਾਂ ਲਈ ਤਾਂ ਸਮਾਧੀ ਵੀ ਸੱਪ ਦੇ ਕੁੰਜ ਲਾਹੁਣ ਵਾਂਗ, ਆਪਣੇ 'ਸੰਸਾਰ' ਲਾਹ ਦੇਣ ਦੀ ਸੁਭਾਵਿਕ ਪ੍ਰਕਿਰਿਆ ਹੈ। ਇਹ ਵੀ ਉਨ੍ਹਾਂ ਦੀ ਇਸ ਵਿਲੱਖਣ ਬੌਧਿਕਤਾ ਦਾ ਹੀ ਹਾਸਲ ਹੈ ਕਿ ਪਾਠਕ ਪੁਸਤਕ ਦਾ ਪਾਠ ਕਰਦਿਆਂ ਅਨੰਦਿਤ ਮਹਿਸੂਸ ਕਰਦਾ ਹੈ। ਮੈਂ ਉਨ੍ਹਾਂ ਦੀ ਇਸ ਖ਼ੂਬਸੂਰਤ ਪ੍ਰਾਪਤੀ ਨੂੰ ਸਿਜਦਾ ਕਰਦਾ ਹਾਂ।


ਕਰਮ ਸਿੰਘ ਜ਼ਖ਼ਮੀ
ਮੋ: 98146-28027


... ਨਜ਼ਮ ਤੁਰਦੀ ਰਹੀ
ਲੇਖਿਕਾ : ਡਾ. ਦਵਿੰਦਰ ਪ੍ਰੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98765-42765.


ਨਜ਼ਮ ਤੁਰਦੀ ਰਹੀ ਕਾਵਿ ਸੰਗ੍ਰਹਿ ਡਾ. ਦਵਿੰਦਰ ਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ ਹੈ। ਲੇਖਿਕਾ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਦੀ ਰਚਨਾ ਕੀਤੀ ਹੈ। ਡਾ. ਦਵਿੰਦਰ ਪ੍ਰੀਤ ਪੰਜਾਬੀ ਸਾਹਿਤ ਜਗਤ ਵਿਚ ਬਤੌਰ ਕਵਿੱਤਰੀ ਸੰਪਾਦਕ, ਆਲੋਚਕ ਅਤੇ ਅਨੁਵਾਦਕਾ ਵਜੋਂ ਸਥਾਪਤ ਹੋਏ। ਸ਼ਾਇਰਾ ਨੇ ਸੰਵੇਦਨਾ ਅਤੇ ਸਮਾਜਿਕ ਸਰੋਕਾਰਾਂ ਨੂੰ ਦਰਸਾਉਂਦੀ ਕਵਿਤਾ ਲਿਖੀ। ਉਹ ਸੰਵੇਦਨਸ਼ੀਲ ਕਵਿੱਤਰੀ ਹੈ ਜੋ ਮਰਦ ਔਰਤ ਰਿਸ਼ਤੇ ਪ੍ਰਤੀ ਵਿਗਿਆਨਕ ਅਤੇ ਬਰਾਬਰਤਾ ਦਾ ਵਿਚਾਰ ਰੱਖਦੀ ਹੈ। ਇਸ ਪੁਸਤਕ ਦੀ ਭੂਮਿਕਾ ਵਿਚ ਡਾ. ਬਲਜੀਤ ਸਿੰਘ ਨੇ ਡਾ. ਦਵਿੰਦਰ ਪ੍ਰੀਤ ਦੀ ਕਵਿਤਾ ਬਾਰੇ ਲਿਖਿਆ ਹੈ : ਨਜ਼ਮ ਤੁਰਦੀ ਰਹੀ ਕਾਵਿ ਸੰਗ੍ਰਹਿ ਵਿਚ ਔਰਤ ਮਨ ਦੀਆਂ ਖਾਹਸ਼ਾਂ, ਸੁਪਨਿਆਂ ਅਤੇ ਸ਼ਿਕਵੇ-ਸ਼ਿਕਾਇਤਾਂ ਨੂੰ ਮੌਲਿਕ ਕਾਵਿ ਮੁਹਾਵਰੇ ਵਿਚ ਪੇਸ਼ ਕੀਤਾ ਹੈ। ਉਸ ਦੀ ਕਾਵਿ ਸ਼ੈਲੀ ਦੀ ਖੂਬਸੂਰਤੀ ਕਾਰਨ ਪਾਠਕ ਕਾਵਿਕ ਵਹਿਣ ਵਿਚ ਵਹਿ ਜਾਂਦਾ ਹੈ।
ਉਹ ਅਗਾਂਹਵਧੂ ਵਿਚਾਰਾਂ ਦੀ ਕਾਵਿਕ ਪੇਸ਼ਕਾਰੀ ਕਰਦੀ ਹੈ :
ਤੁਰ ਪਈ ਨਜ਼ਮ
ਹੁਣ
ਬੇੜੀ ਨੂੰ ਝਾਂਜਰ ਬਣਾ
ਜਿਸ ਦੀ ਛਣਕਾਰ ਵਿਚੋਂ ਤਲਾਸ਼ਦੀ
ਅਸਤਿਤਵ ਆਪਣਾ
ਲਾਜ ਲੱਜਾ ਦਾ ਦੌਣੀ ਟਿੱਕਾ
ਮੱਥੇ 'ਤੇ ਲਟਕਾਈ
ਤੁਰਦੀ ਰਹੀ ਮੇਰੀ ਨਜ਼ਮ (ਪੰਨਾ 41)
ਉਸ ਦੀ ਕਾਵਿ ਸਿਰਜਣਾ ਵਿਚ ਗਿਲੇ ਅਤੇ ਨਿਹੋਰੇ ਵੀ ਹਨ ਜੋ ਅਕਸਰ ਹੀ ਨਾਰੀ ਕਾਵਿ ਵਿਚ ਮਰਦ ਪ੍ਰਤੀ ਪ੍ਰਗਟ ਕੀਤੇ ਜਾਂਦੇ ਹਨ :
ਜੇ ਤੂੰ ਰੰਗ ਦਿੰਦਾ
ਮੇਰੇ ਜੀਵਨ ਦੀ ਬਦਰੰਗ ਚੁੰਨੀ
ਮੁਹੱਬਤ ਦੇ ਸੋਨ ਸੁਨਹਿਰੀ ਰੰਗ 'ਚ
ਸਹੁੰ ਤੇਰੀ ਠੋਕਰਾਂ ਕਦੇ ਨਾ ਤੋੜਦੀਆਂ ਮੈਨੂੰ (86)
ਬੇਸ਼ੱਕ ਉਸ ਨੇ ਖੁੱਲ੍ਹੀ ਨਜ਼ਮ ਲਿਖੀ ਹੈ ਪਰ ਕਾਵਿ ਰਸ ਨਾਲ ਭਰਪੂਰ ਹੈ। ਉਹ ਆਸ਼ਾਵਾਦੀ ਕਾਵਿ ਸਿਰਜਣਾ ਕਰਦੀ ਹੈ। ਉਹ ਅਜਿਹੇ ਯੁੱਗ ਦੀ ਨਾਰੀ ਹੈ ਜੋ ਕਿਸੇ ਸਹਾਰੇ ਤੋਂ ਬਿਨਾਂ ਆਪੇ ਲਈ ਜੀਵਨ ਜਿਊਣ ਦੇ ਸਮੱਰਥ ਹੈ ਪਰ ਨਾਲ ਹੀ ਉਹ ਮਰਦ ਦੀ ਬਰਾਬਰਤਾ ਚਾਹੁੰਦੀ ਹੈ। ਇਕੱਲਤਾ, ਆਹਟ, ਸੰਵਾਦ, ਕਾਲ ਪਹਿਰ, ਸ਼ਰਣ, ਸਾਵਣ ਆਦਿ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ਉਹ ਸਮੁੱਚੀ ਕਾਇਨਾਤ ਲਈ ਸਾਂਝੀਵਾਲਤਾ ਅਤੇ ਖੁਸ਼ੀ ਦਾ ਸੁਨੇਹਾ ਦਿੰਦੀ ਹੈ। ਪੜ੍ਹ ਤੁਮ ਕਵਿਤਾ ਵੇਖੀ ਜਾ ਸਕਦੀ ਹੈ :
ਖ਼ਤਾਂ ਦੀ ਇਬਾਰਤ ਸਿਰਜੀਏ
ਮੋਹ ਦੀ ਬਿੰਦੀ ਟਿੱਪੀ ਲਾਈਏ
ਇਸ਼ਕ ਦੀ ਮੁਹਾਰਨੀ ਪੜ੍ਹੀਏ
ਲਿਖ ਤੁਮ ਤੋਂ ਪੜ੍ਹ ਤੁਮ ਹੋ ਜਾਈਏ।
(15)
ਡਾ. ਦਵਿੰਦਰ ਦੀ ਕਵਿਤਾ ਨਾਰੀ ਮਨ ਦਾ ਕਾਵਿ ਵਿਸ਼ਲੇਸ਼ਣ ਸਿਰਜਦੀ ਹੈ। ਉਹ ਪਿਆਰ, ਉਡੀਕ, ਇਕੱਲਤਾ, ਉਦਾਸੀ ਅਤੇ ਉਮੀਦ ਦੇ ਕਈ ਪਲਾਂ ਨੂੰ ਕਵਿਤਾ ਵਿਚ ਢਾਲਦੀ ਪ੍ਰਤੀਤ ਹੁੰਦੀ ਹੈ। ਉਹ ਆਪਣੀ ਕਾਵਿ ਰਚਨਾ ਵਿਚ ਸਮਾਜਿਕ ਸਰੋਕਾਰਾਂ ਤੋਂ ਜ਼ਿਆਦਾ ਆਪੇ ਨਿੱਜ ਅਤੇ ਸੰਵੇਦਨਾ ਨੂੰ ਵਧੇਰੇ ਸ਼ਿੱਦਤ ਨਾਲ ਉਭਾਰਦੀ ਹੈ। ਉਹ ਮੁਹੱਬਤ ਦੀ ਪਰਿਭਾਸ਼ਾ ਬੜੀ ਭਾਵੁਕਤਾ ਨਾਲ ਸਿਰਜਦੀ ਹੈ।
ਮੁਹੱਬਤ
ਅਲਾਹੀ ਪੈਗ਼ਾਮ
ਅੱਲੂ ਹੂ
ਰਾਮ ਰਾਮ
ਮੰਗਦੀ ਭਲਾ ਸਦਾ
ਇਹ ਹੈ ਮੁਹੱਬਤ ਦੀ ਰਜ਼ਾ।
ਡਾ. ਦਵਿੰਦਰ ਪ੍ਰੀਤ ਦੀ ਇਹ ਕਾਵਿ ਪੁਸਤਕ ਨਾਰੀ ਮਨ ਦੀਆਂ ਬਹੁਤ ਸਾਰੀਆਂ ਪਰਤਾਂ ਉਭਾਰਦੀ ਹੈ। ਕਵਿੱਤਰੀ ਮੁਬਾਰਕਬਾਦ ਦੀ ਹੱਕਦਾਰ ਹੈ।


ਪ੍ਰੋ. ਕੁਲਜੀਤ ਕੌਰ
c c c


ਤਾਰੇ ਉੱਡਦੇ ਅੰਬਰੀਂ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰ, ਚੰਡੀਗੜ੍ਹ
ਮੁੱਲ : 80 ਰੁਪਏ, ਸਫ਼ੇ : 32
ਸੰਪਰਕ : 98764-52223.


ਪ੍ਰਿੰ. ਬਹਾਦਰ ਸਿੰਘ ਗੋਸਲ ਬਹੁਪੱਖੀ ਸ਼ਖ਼ਸੀਅਤ ਹਨ। ਹਥਲੀ ਪੁਸਤਕ 'ਤਾਰੇ ਉੱਡਦੇ ਅੰਬਰੀਂ' ਉਨ੍ਹਾਂ ਦੀ ਬਾਲ ਕਵਿਤਾਵਾਂ ਦੀ ਬਹੁਤ ਪਿਆਰੀ ਸ਼ਾਨਦਾਰ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁਤ ਹੀ ਸੁੰਦਰ ਪੁਸਤਕ ਹੈ। ਉਹ ਇਸ ਤੋਂ ਪਹਿਲਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਹੁਣ ਤੱਕ 66 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਬਾਲ ਪੁਸਤਕ ਵਿਚ ਬਾਲਾਂ ਦੇ ਵੱਖ-ਵੱਖ ਉਮਰ ਵਰਗਾਂ ਨਾਲ ਸੰਬੰਧਿਤ 27 ਬਾਲ ਕਵਿਤਾਵਾਂ ਹਨ। ਪਹਿਲੀ ਕਵਿਤਾ 'ਖ਼ਤਮ ਹੋ ਰਿਹਾ ਪਾਣੀ' ਬਾਲਾਂ ਨੂੰ ਭਵਿੱਖ ਦੇ ਬਹੁਤ ਵੱਡੇ ਖ਼ਤਰੇ ਤੋਂ ਸੁਚੇਤ ਕਰਦੀ ਹੈ ਜਿਵੇਂ :
ਆਓ ਬੱਚਿਓ! ਦੱਸਾਂ ਅਜਬ ਕਹਾਣੀ,
ਪਹਿਲਾਂ ਮਿਲਿਆ ਪਾਣੀ, ਉਸ ਪਿੱਛੋਂ ਪ੍ਰਾਣੀ।
ਜਿੰਨੇ ਜੀਵ ਇਸ ਧਰਤੀ 'ਤੇ ਉਨ੍ਹਾਂ ਸਭਨਾਂ ਦਾ ਜੀਵਨ ਪਾਣੀ।
ਰਲ਼ ਕੇ ਸਾਰੇ ਹੰਭਲਾ ਮਾਰੋ, ਕਰੋ ਪ੍ਰਚਾਰ, ਪਾਣੀ ਦੀ ਹਰ ਬੂੰਦ ਬਚਾਣੀ।
ਇਵੇਂ ਹੀ ਬਿਲਕੁੱਲ ਨਵਾਂ ਵਿਸ਼ਾ ਲਿਆ ਹੈ 'ਗੂਗਲ ਦਾ ਗਿਆਨ'
ਗੂਗਲ ਦੀ ਗੱਲ ਕੀ ਦੱਸਾਂ,
ਪਤਾ ਨਹੀਂ, ਕਿੱਥੋਂ ਲਿਆਇਆ ਐਨਾ ਗਿਆਨ।
ਹਰ ਕੋਈ ਮੋਬਾਈਲ ਹੱਥ ਵਿਚ ਲੈ ਕੇ,
ਕਹੇ ਮੇਰੀ ਮੁੱਠੀ ਵਿਚ ਜਹਾਨ।
ਇਵੇਂ ਹੀ 'ਬਾਲ ਪਿਆਰਾ' ਵਿਚ ਲੇਖਕ ਨੇ ਸਕੂਲ ਜਾਂਦੇ ਬਹੁਤ ਹੀ ਪਿਆਰੇ ਬੱਚੇ ਦਾ ਬਹੁਤ ਹੀ ਸੁੰਦਰ ਨਕਸ਼ਾ ਖਿੱਚਿਆ ਹੈ ਜਿਵੇਂ :
ਚੱਲਿਆ ਸਕੂਲ ਸੋਹਣਾ ਬਾਲ ਪਿਆਰਾ,
ਸਜਿਆ ਜਿਵੇਂ ਕੋਈ ਫੁੱਲ ਨਿਆਰਾ।
ਗੁੰਦ ਸਿਰ ਚਿੱਟਾ ਰੁਮਾਲ ਲਗਾ ਕੇ,
ਸੋਹਣੀ ਜਿਹੀ ਵਰਦੀ ਪਾ ਕੇ,
ਪਿੱਠ ਪਿੱਛੇ ਛੋਟਾ ਬੈਗ ਲਟਕਾ ਕੇ,
ਜ਼ੁਰਾਬਾਂ ਉਤੋਂ ਕਾਲੇ ਬੂਟ ਸਜਾ ਕੇ।
ਇਵੇਂ ਸਾਰੀਆਂ ਹੀ ਕਵਿਤਾਵਾਂ ਬਾਲਾਂ ਨੂੰ ਮਨੋਰੰਜਨ ਦੇ ਨਾਲ ਨਾਲ ਢੇਰ ਸਾਰਾ ਗਿਆਨ ਵੀ ਦਿੰਦੀਆਂ ਹਨ। ਲੇਖਕ ਆਪਣੇ ਬਚਪਨ ਦੀਆਂ ਯਾਦਾਂ 'ਦੁਕਾਨਦਾਰ ਭਾਨਾ' 'ਦਾਣੇ ਭੁੰਨਣ ਵਾਲੀ ਸੀਬੋ' ਆਪਣੇ ਦਾਦੇ ਅਤੇ ਦਾਦੀ ਦੀਆਂ ਬਾਤਾਂ ਕਵਿਤਾਵਾਂ ਵਿਚ ਬਹੁਤ ਹੀ ਦਿਲਚਸਪ ਢੰਗ ਨਾਲ ਪਾਉਂਦਾ ਹੈ। ਇਵੇਂ ਹੀ ਲੇਖਕ ਬਾਲਾਂ ਨੂੰ ਟ੍ਰੈਫਿਕ ਨਿਯਮ ਅਤੇ ਸਾਈਕਲ ਚਲਾਉਣ ਦੀ ਲੋੜ ਅਤੇ ਮਹੱਤਵ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਉਂਦਾ ਹੈ। ਬਾਲਾਂ ਦੇ ਆਸੇ-ਪਾਸੇ ਜੋ ਵੀ ਵਰਤਾਰਾ ਹੋ ਰਿਹਾ ਹੈ ਸਭ ਕੁਝ ਸੁੰਦਰ ਕਵਿਤਾਵਾਂ ਵਿਚ ਬੰਦ ਕੀਤਾ ਹੈ। ਜਿਵੇਂ ਤਾਰਿਆਂ ਭਰੀ ਰਾਤ, ਮਹਿਮਾਨ ਨਿਵਾਜ਼ੀ, ਪਿੰਡ ਦਾ ਕਿਸਾਨ, ਮੀਂਹ ਤੋਂ ਬਾਅਦ, ਅਵਾਰਾ ਗਊਆਂ ਦੀ ਸੰਭਾਲ, ਕੱਚ ਦਾ ਗਿਲਾਸ, ਨਾਨਕਾ ਮੇਲ, ਚਲਾਕ ਤਿਤਲੀ, ਨਿੱਕਾ ਫ਼ੌਜੀ ਸਿਪਾਹੀ, ਪਿਆਰਾ ਫੁੱਲ, ਮੇਰੀ ਟੀਚਰ, ਮੇਰੀ ਮਾਂ, ਫਲ ਸਬਜ਼ੀਆਂ ਖਾਓ, ਭੋਲੂ ਬਣ ਨਵਾਬ,ਜੇ ਨਾ ਹੁੰਦੀਆਂ ਚਿੜੀਆਂ, ਮੇਰੀ ਮਾਸੀ, ਅਤੇ ਮੇਰੇ ਦਾਦੀ ਜੀ ਆਦਿ ਸਾਰੀਆਂ ਬਾਲ ਕਵਿਤਾਵਾਂ ਬਾਲਾਂ ਦੇ ਵੱਖ-ਵੱਖ ਉਮਰ ਦੇ ਵਰਗਾਂ ਨਾਲ ਸੰਬੰਧਿਤ ਹਨ ਜੋ ਕਿ ਬਾਲਾਂ ਨੂੰ ਆਪਣੇ ਆਸੇ-ਪਾਸੇ ਦਾ ਬਹੁਤ ਹੀ ਦਿਲਚਸਪ ਢੰਗ ਨਾਲ ਗਿਆਨ ਵੰਡਦੀਆਂ ਹਨ। ਬਾਲਾਂ ਨੂੰ ਸਮੇਂ ਦੇ ਹਾਣੀ ਹੀ ਨਹੀਂ ਬਲਕਿ ਕੁਝ ਕਰਕੇ ਵਿਖਾਉਣ ਦੀ ਭਾਵਨਾ ਪੈਦਾ ਕਰਦੀਆਂ ਹਨ। ਕੁੱਲ ਮਿਲਾ ਕੇ ਪ੍ਰਿੰ. ਬਹਾਦਰ ਸਿੰਘ ਗੋਸਲ ਖ਼ੁਦ ਸੇਵਾ-ਮੁਕਤ ਅਧਿਆਪਕ ਹੋਣ ਕਰਕੇ ਬਾਲਾਂ ਨੂੰ ਧੁਰ ਅੰਦਰ ਤੱਕ ਸਮਝਣ ਦੇ ਸਮਰੱਥ ਹੈ ਅਤੇ ਭਾਸ਼ਾ ਬਾਲਾਂ ਦੇ ਹਾਣ ਦੀ ਵਰਤਦੇ ਹਨ। ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਬਾਲਾਂ ਨੂੰ ਇਹ ਪੁਸਤਕ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.
c c c


ਚਿੰਤਾ ਛੱਡੋ ਸੁਖ ਨਾਲ ਜੀਓ
ਲੇਖਕ : ਡੇਲ ਕਾਰਨੇਗੀ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 350 ਰੁਪਏ, ਸਫ਼ੇ : 336
ਸੰਪਰਕ : 98146-28027.


'ਚਿੰਤਾ ਛੱਡੋ ਸੁਖ ਨਾਲ ਜੀਓ' ਡੇਲ ਕਾਰਨੇਗੀ ਦੀ ਜਗਤ ਪ੍ਰਸਿੱਧ ਪੁਸਤਕ ਅਤੇ ਦੁਨੀਆ ਦੀ ਬੈਸਟ ਸੈਲਰ ਪੁਸਤਕ 8ow to stop worr਼}n{ and start *}v}n{ ਦਾ ਗ਼ਜ਼ਲਗੋ ਕਰਮ ਸਿੰਘ ਜ਼ਖ਼ਮੀ ਵਲੋਂ ਕੀਤਾ ਪੰਜਾਬੀ ਅਨੁਵਾਦ ਹੈ।
ਸ਼ੈਕਸਪੀਅਰ ਨੇ ਆਪਣੇ ਇਕ ਨਾਟਕ ਵਿਚ ਕਿਤੇ ਲਿਖਿਆ ਸੀ, 'ਜ਼ਿੰਦਗੀ ਵਿਚ ਕੁਝ ਵੀ ਚੰਗਾ ਭੈੜਾ ਨਹੀਂ ਹੈ ਬੱਸ ਮਨੁੱਖ ਦੀ ਆਪਣੀ ਸੋਚ ਅਤੇ ਵਿਚਾਰਧਾਰਾ ਹੀ ਚੀਜ਼ਾਂ ਜਾਂ ਵਿਚਾਰਾਂ ਨੂੰ ਚੰਗਾ ਭੈੜਾ ਬਣਾਉਂਦੇ ਹਨ।' ਡੇਲ ਕਾਰਨੇਗੀ ਵਿਚ ਵੀ ਇਸ ਰੌਂਅ ਦਾ ਪ੍ਰਭਾਵ ਪ੍ਰਵਾਹਮਾਨ ਹੋਇਆ ਹੈ। ਉਹ ਹਸਪਤਾਲਾਂ, ਦਵਾਈਆਂ, ਡਾਕਟਰਾਂ ਦੀ ਸ਼ਰਨ ਵਿਚ ਜਾਣ ਦੀ ਸਲਾਹ ਨਹੀਂ ਦਿੰਦਾ ਸਗੋਂ ਮਨੁੱਖ ਨੂੰ ਆਪਣੀ ਵਿਚਾਰਧਾਰਾ ਤੇ ਜੀਵਨ-ਸ਼ੈਲੀ ਤੇ ਸੋਚ ਨੂੰ ਬਦਲਣ 'ਤੇ ਜ਼ੋਰ ਦਿੰਦਾ ਹੈ। ਉਸ ਨੇ ਆਪਣੇ ਨਿੱਜੀ ਅਨੁਭਵ ਰਾਹੀਂ ਅਜਿਹੇ ਸੈਂਕੜੇ ਨਹੀਂ ਹਜ਼ਾਰਾਂ ਨੁਕਤੇ ਇਕੱਠੇ ਕੀਤੇ ਹਨ, ਜਿਨ੍ਹਾਂ 'ਤੇ ਚਲਦਿਆਂ ਉਸ ਦੇ ਪਾਠਕਾਂ ਦੀ ਜ਼ਿੰਦਗੀ ਦੀ ਤਰਤੀਬ ਤੇ ਜੀਵਨ-ਪਰਵਾਹ ਬਦਲ ਗਿਆ ਹੈ। ਉਸ ਨੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਸੋਚਾਂ ਦੀ ਦਲਦਲ ਅਤੇ ਚਿੱਕੜ ਵਿਚ ਧੱਸਿਆਂ ਨੂੰ ਕੱਢਿਆ ਹੈ। ਇਸ ਦੇ ਨੁਕਤਿਆਂ 'ਤੇ ਪਾਲਣ ਕਰਕੇ ਉਨ੍ਹਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਸੌਖਿਆਂ ਕਰ ਲਈ ਹੈ।
ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਉਹ ਵੱਡੇ ਲੋਕਾਂ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕਰਦਾ ਹੈ। ਪ੍ਰਸਿੱਧ ਨੁਕਤਿਆਂ ਨਾਲ ਮੇਲ ਖਾਂਦੀਆਂ ਘਟਨਾਵਾਂ ਦਰਜ ਕਰਦਾ ਹੈ ਤੇ ਸੈਂਕੜੇ ਕਿੱਸੇ ਕਹਾਣੀਆਂ ਸੁਣਾਉਂਦਾ ਹੈ। ਉਹ ਹਾਂ-ਪੱਖੀ ਵਿਚਾਰਾਂ 'ਤੇ ਬਲ ਦਿੰਦਾ ਹੋਇਆ ਜ਼ਿੰਦਗੀ ਦੇ ਹਾਂ-ਪੱਖੀ ਸਰੂਪ ਵੱਲ ਤੋਰਦਾ ਹੈ। ਕਈ-ਕਈ ਥਾਈਂ ਤਾਂ ਉਹ ਆਪਣੇ ਪਾਠਕਾਂ ਨੂੰ ਨਿਰਦੇਸ਼ ਦਿੰਦਾ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਚਿੰਤਾ ਨਾਲ ਤੁਹਾਡਾ ਕੁਝ ਨਹੀਂ ਵਿਗੜ ਸਕਦਾ, ਬੁਰੇ 'ਤੇ ਆਰੀ ਚਲਾਉਣਾ ਬੇਅਰਥ ਹੈ, ਚਿੰਤਾ 'ਤੇ ਲਗਾਓ 'ਸਟਾਪ ਲੌਸ', ਬਦਲਾ ਲੈਣਾ ਇਕ ਮਹਿੰਗਾ ਸੌਦਾ ਹੈ। ਅਜਿਹੀਆਂ ਟੂਕਾਂ ਤੇ ਉਕਤੀਆਂ ਨਾਲ ਇਹ ਪੁਸਤਕ ਭਰੀ ਪਈ ਹੈ। ਇਸ ਸਭ ਕਾਸੇ ਲਈ ਉਹ ਕੋਈ ਗੁੰਝਲਦਾਰ ਅੜਾਉਣੀਆਂ ਪਾ ਕੇ ਪਾਠਕ ਨੂੰ ਉਲਝਾਉਂਦਾ ਨਹੀਂ ਸਗੋਂ ਸਿੱਧੀ, ਸਰਲ ਅਤੇ ਸੌਖੀ ਭਾਸ਼ਾ ਵਿਚ ਆਪਣਾ ਬਿਆਨ ਦਰਜ ਕਰਵਾਉਂਦਾ ਹੈ। ਕਰਮ ਸਿੰਘ ਜ਼ਖਮੀ ਦਾ ਪੰਜਾਬੀ ਅਨੁਵਾਦ ਵੀ ਓਨਾ ਹੀ ਸੌਖਾ ਤੇ ਰਵਾਨੀਦਾਰ ਹੈ।


ਕੇ. ਐਲ. ਗਰਗ
ਮੋ: 94635-37050
c c c


ਔਲੇ ਦਾ ਬੂਟਾ ਤੇ ਹੋਰ ਕਹਾਣੀਆਂ
ਲੇਖਕ : ਜਸਬੀਰ ਕਲਸੀ
ਪ੍ਰਕਾਸ਼ਕ : ਪੰਜ ਆਬ, ਜਲੰਧਰ
ਮੁੱਲ : 100 ਰੁਪਏ, ਸਫ਼ੇ : 103
ਸੰਪਰਕ : 81468-13291.


ਕਹਾਣੀਕਾਰ ਜਸਬੀਰ ਕਲਸੀ ਦੇ ਕਹਾਣੀ ਸੰਗ੍ਰਹਿ 'ਔਲੇ ਦਾ ਬੂਟਾ ਤੇ ਹੋਰ ਕਹਾਣੀਆਂ' (2004-2015) ਅਤੇ ਪਾਠਕ-ਪ੍ਰਤੀਕਰਮ (ਇਤਿਹਾਸ ਮੂਲਕ ਪ੍ਰਵਚਨ), ਉਸ ਦੇ 2013 ਵਿਚ ਪ੍ਰਕਾਸ਼ਿਤ ਹੋਏ 'ਔਲੇ ਦਾ ਬੂਟਾ' ਦਾ ਸੰਸੋਧਿਤ ਸੰਸਕਰਣ ਹੈ, ਜਿਸ ਵਿਚ ਉਸ ਦੀਆਂ 7 ਕਹਾਣੀਆਂ ਦੇ ਨਾਲ-ਨਾਲ ਦੂਸਰੇ ਭਾਗ ਵਿਚ ਪਾਠਕ ਅਤੇ ਪ੍ਰਤੀਕਰਮ (ਇਤਿਹਾਸ ਮੂਲਕ ਪ੍ਰਵਚਨ) ਨੂੰ ਸ਼ਾਮਿਲ ਕੀਤਾ ਗਿਆ ਹੈ। ਭੂਮਿਕਾ ਵਿਚ ਲੇਖਕ ਨੇ ਆਪਣੀ ਕਥਾ ਸਿਰਜਣ ਯਾਤਰਾ ਦਾ ਬਿਰਤਾਂਤ ਸਿਰਜਿਆ ਹੈ ਅਤੇ ਕਹਾਣੀ ਸੰਰਚਨਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਠ ਤੋਂ ਪਤਾ ਲਗਦਾ ਹੈ ਕਿ ਜਸਬੀਰ ਕਲਸੀ ਦੀਆਂ ਕਹਾਣੀਆਂ ਪੰਜਾਬ ਅਤੇ ਪੰਜਾਬੀਅਤ ਨਾਲ ਵੱਖੋ-ਵੱਖਰੇ ਸਮੇਂ ਤੇ ਢੰਗ ਨਾਲ ਵਾਪਰ ਰਹੇ ਸੰਕਟਾਂ ਦੀਆਂ ਕਹਾਣੀਆਂ ਹਨ। ਇਨ੍ਹਾਂ 'ਚ ਕਿਸਾਨੀ ਖ਼ੁਦਕੁਸ਼ੀਆਂ ਤੇ ਸਮੱਸਿਆਵਾਂ ਦੇ ਮਸਲੇ ਹਨ। ਪੰਜਾਬੀ ਰਹਿਤਲ-ਬਹਿਤਲ ਵਿਚ, ਵਿਸ਼ਵੀਕਰਨ ਅਤੇ ਬਾਜ਼ਾਰੀਕਰਨ ਕਰਦੇ ਆ ਰਹੇ ਸੱਭਿਆਚਾਰਕ ਅਤੇ ਪਰਿਵਾਰਕ ਬਦਲਾਅ ਦੇ ਨਕਾਰਾਤਮਿਕ ਪੱਖਾਂ ਦਾ ਵੀ ਚਿਤਰਨ ਹੈ। ਮਨੁੱਖੀ ਨੈਤਿਕਤਾ ਅਤੇ ਰਿਸ਼ਤਿਆਂ ਵਿਚਲੇ ਨਿਘਾਰ, ਟੁੱਟ-ਭੱਜ, ਸਵਾਰਥਪੁਣਾ ਆਦਿ ਨੂੰ ਉਭਾਰਿਆ ਗਿਆ ਹੈ। ਚਾਰ ਆਸ਼ਰਮ ਦਾ ਭਗਵੰਤ, ਫੁੱਲ ਖਿੜੇਗਾ ਜਾਂ ਨਹੀਂ ਦਾ ਕਿਸਾਨ ਹਰਬੀਰ, ਕਿੱਕਰਾਂ ਦੀ ਛਾਂ ਦਾ ਗੇਜੇ ਮਜ਼ਦੂਰ, ਔਲੇ ਦਾ ਬੂਟਾ ਦਾ ਕਾਮਰੇਡ ਅਤੇ ਉਸ ਦੀ ਪਤਨੀ ਨਿਹਾਲੀ ਆਦਿ ਅਜਿਹੇ ਪਾਤਰ ਹਨ, ਜਿਹੜੇ ਅਜੋਕੇ ਪੰਜਾਬੀ ਸਮਾਜ ਦੀ ਹੋਣੀ ਦੀ ਪ੍ਰਤੀਨਿਧਤਾ ਕਰਦੇ ਹਨ। ਹਾਲਾਤ ਅਤੇ ਸੁਭਾਅ ਵੱਸ ਉਹ ਕਿਧਰੇ ਖ਼ੁਦਕੁਸ਼ੀ ਵਰਗੇ ਪਲਾਇਨਵਾਦੀ ਰਾਹ ਵੀ ਪੈਂਦੇ ਹਨ, ਕਿਧਰੇ ਪੈਸੇ ਤੇ ਸੱਤਾ ਦੇ ਹੰਕਾਰ ਵਿਚ ਲਹੂ ਦੇ ਰਿਸ਼ਤਿਆਂ ਤੋਂ ਦੂਰੀਆਂ ਵੀ ਵੱਟਦੇ ਹਨ। ਕਿਧਰੇ ਸਮਾਜ ਵਿਚ ਤਰੱਕੀਪਸੰਦ ਸੋਚ ਦੇ ਝੰਡਾਬਰਦਾਰ ਵੀ ਬਣਦੇ ਹਨ। ਜਸਬੀਰ ਕਲਸੀ ਕਥਾਨਕ ਵਿਚਲੇ ਘਟਨਾਕ੍ਰਮ ਦੀ ਤਹਿ ਤੱਕ ਜਾਣ ਲਈ ਉਸ ਦਾ ਸੂਖਮ ਵਿਸ਼ਲੇਸ਼ਣ ਵੀ ਕਰਦਾ ਹੈ ਅਤੇ ਆਪਣੇ ਵਿਚਾਰਧਾਰਕ ਢੰਗ ਨਾਲ ਉਸ ਨੂੰ ਠੀਕ ਸਿੱਧ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ। ਲੇਖਕ ਆਪਣੇ ਵਿਸ਼ਾਲ ਅਨੁਭਵ ਅਤੇ ਤਰਕ ਦੀਆਂ ਤੰਦਾਂ ਰਾਹੀਂ ਕਹਾਣੀ ਨੂੰ ਬੁਣਦਾ ਹੈ। ਇਕ ਅਗਾਂਹਵਧੂ ਸਮਾਜ, ਲੜਕੀਆਂ ਪ੍ਰਤੀ ਉਸਾਰੂ ਸੋਚ, ਰਾਜਨੀਤਕ ਸਿਸਟਮ ਵਿਚਲੇ ਪਤਨ ਨੂੰ ਗੰਭੀਰ ਚਿੰਤਨ, ਤਾਰਕਿਕ ਸੰਵਾਦ ਅਤੇ ਪ੍ਰਗਤੀਸ਼ੀਲ ਸੋਚ ਰਾਹੀਂ ਪੇਸ਼ ਕਰਦਾ ਹੈ। ਕਹਾਣੀਆਂ ਵਿਚਲੀ ਰੌਚਿਕਤਾ ਅਤੇ ਪੇਸ਼ਕਾਰੀ ਪਾਠਕ ਨੂੰ ਸ਼ੁਰੂ ਤੋਂ ਅੰਤ ਤੱਕ ਜੋੜ ਕੇ ਰੱਖਣ ਵਿਚ ਸਫਲ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਭਲਵਾਨ ਦੀ ਕੰਟੀਨ
ਲੇਖਕ : ਬਲਰਾਜ ਬਰਾੜ ਚੋਟੀਆਂ ਠੋਬਾ
ਪ੍ਰਕਾਸ਼ਕ : ਰਾਹੋ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 78890-06635.


'ਭਲਵਾਨ ਦੀ ਕੰਟੀਨ' ਲੇਖਕ ਬਲਰਾਜ ਬਰਾੜ ਚੋਟੀਆਂ ਠੋਬਾ ਦੁਆਰਾ ਲਿਖਿਆ ਗਿਆ ਨਵੇਂ ਵਿਸ਼ੇ ਦਾ ਖ਼ੂਬਸੂਰਤ ਨਾਵਲ ਹੈ। ਇਸ ਦੇ 21 ਕਾਂਡ ਹਨ। ਲੇਖਕ ਨੇ ਇਸ ਦੇ ਪਾਤਰਾਂ ਦੀ ਚੋਣ ਅਤੇ ਪਾਤਰ ਉਸਾਰੀ ਮਾਲਵੇ ਇਲਾਕੇ ਦੇ ਅਨੁਕੂਲ ਪੂਰੀ ਢੁਕਵੀਂ ਕੀਤੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਮੋਗੇ ਦੇ ਇਕ ਚਾਹ ਦੀ ਕੰਟੀਨ ਚਲਾਉਣ ਵਾਲੇ ਸਾਧਾਰਨ ਪਾਤਰ ਭਲਵਾਨ ਦੇ ਜੀਵਨ, ਵਿਵਹਾਰ, ਕਦਰਾਂ-ਕੀਮਤਾਂ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। ਭਲਵਾਨ ਦੀ ਕੰਟੀਨ ਜਿੱਥੇ ਨੌਜਵਾਨਾਂ 'ਚ ਕਾਫ਼ੀ ਹਰਮਨ-ਪਿਆਰੀ ਹੈ, ਉਥੇ ਭਲਵਾਨ ਦਾ ਆਪਣੇ ਗਾਹਕਾਂ ਪ੍ਰਤੀ ਚੰਗਾ ਵਿਵਹਾਰ ਅਤੇ ਬਦਲੇ 'ਚ ਗਾਹਕਾਂ ਦਾ ਉਸ ਪ੍ਰਤੀ ਅਪਣੱਤ ਭਰਿਆ ਵਤੀਰਾ ਨਾਵਲ ਦੀ ਕਹਾਣੀ ਨੂੰ ਉਤਸੁਕਤਾ ਭਰਪੂਰ ਅਤੇ ਕਈ ਸਾਹਿਤਕ ਪੱਖਾਂ ਤੋਂ ਰੌਚਕ ਬਣਾਉਂਦਾ ਹੈ। ਇਸ ਕੰਟੀਨ ਦਾ ਮਾਲਕ ਅਸਲ 'ਚ ਪ੍ਰ੍ਰੇਮ ਹੈ, ਇਸ ਕੰਟੀਨ 'ਤੇ ਕਾਲਜ ਪੜ੍ਹਦੇ ਲੜਕੇ-ਲੜਕੀਆਂ ਚਾਹ ਪੀਣ ਲਈ ਆਉਂਦੇ ਹਨ। ਇਸ ਉੱਪਰ ਇਕ ਦਿਨ ਇਕ ਗ਼ਰੀਬ ਪਰਿਵਾਰ ਦਾ ਲੜਕਾ ਆਉਂਦਾ ਹੈ, ਜੋ ਭਲਵਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਦੀ ਕੰਟੀਨ ਦੇ ਮਾਲਕ ਪ੍ਰਤੀ ਸਮਰਪਿਤ ਭਾਵਨਾ ਉਸ ਨੂੰ ਕੰਟੀਨ ਅਤੇ ਸ਼ਹਿਰ 'ਚ ਘਰ ਦਾ ਮਾਲਕ ਬਣਾ ਦਿੰਦੀ ਹੈ। ਇਸ ਦਾ ਮੁੱਖ ਪਾਤਰ ਸਿਮਰਾ ਡੀ.ਐਮ. ਕਾਲਜ ਦਾ ਵਿਦਿਆਰਥੀ ਹੈ ਅਤੇ ਘਰੋਂ ਪੂਰਾ ਸਰਦਾ ਹੈ। ਨਾਵਲ ਦੀ ਕਹਾਣੀ ਅੰਦਰ ਅੱਤਵਾਦ ਦੇ ਕਾਲੇ ਦੌਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ। ਦੇਸ਼-ਵੰਡ ਦਾ ਦੁਖ਼ਾਂਤ ਅਤੇ ਉਸ ਸਮੇਂ ਦੇ ਰਾਜਸੀ ਪ੍ਰਬੰਧ ਉੱਪਰ ਲੇਖਕ ਨੇ ਕਰਾਰੀ ਚੋਟ ਮਾਰੀ ਹੈ। ਸਿਮਰੇ ਦਾ ਨਾਨਾ ਉਸ ਨੂੰ ਪੰਜਾਬੀ ਸਿੱਖ ਪਰਿਵਾਰਾਂ ਨਾਲ ਮੁਸਲਮਾਨ ਪਰਿਵਾਰਾਂ ਨਾਲ ਮੇਲ-ਮਿਲਾਪ, ਸਾਂਝ ਅਤੇ ਸਮਰਪਿਤ ਭਾਵਨ ਦਾ ਜ਼ਿਕਰ ਕਰਦਾ ਹੋਇਆ ਆਜ਼ਾਦੀ ਦੀ ਵੰਡ ਵੇਲੇ ਹੋਏ ਮਨੁੱਖਤਾ ਦੇ ਘਾਣ ਦੀ ਕਹਾਣੀ ਬਿਆਨ ਕਰਦਾ ਹੈ। ਇਸ ਸਮੇਂ ਜਿੱਥੇ ਧੀਆਂ-ਭੈਣਾਂ ਅਤੇ ਔਰਤਾਂ ਦੀ ਬੇਪਤੀ ਹੁੰਦੀ ਹੈ, ਉਥੇ ਸਿੱਖ ਪਾਤਰ ਮੁਸਲਮਾਨ ਔਰਤਾਂ ਦੀ ਇੱਜ਼ਤ ਬਚਾਉਂਦੇ ਹੋਏ ਨਜ਼ਰ ਪੈਂਦੇ ਹਨ ਅਤੇ ਆਪਣੇ ਨਾਲ ਸਾਂਝ ਰੱਖਣ ਵਾਲੇ ਪਰਿਵਾਰਾਂ ਨੂੰ 'ਆਪਣਿਆਂ' ਵਾਂਗ ਪਾਕਿਸਤਾਨ ਨੂੰ ਵਿਦਾ ਕਰਕੇ ਖ਼ੁਸ਼ ਹੁੰਦੇ ਹਨ। ਇਉਂ ਨਾਵਲ ਦੀ ਸਮੁੱਚੀ ਕਹਾਣੀ ਅੰਦਰ ਕਈ ਉਪ ਵਿਸ਼ਿਆਂ ਦਾ ਨਿਭਾਅ ਬੜੇ ਸੁਚੱਜੇ ਅਤੇ ਸਹਿਜ ਢੰਗ ਨਾਲ ਹੋਇਆ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110


ਮਨ ਦੇ ਅੰਗ ਸੰਗ

ਕਵਿਤਰੀ : ਅੰਮ੍ਰਿਤਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 108
ਸੰਪਰਕ : 98766-25459.


ਆਮ ਕਰਕੇ 80 ਕੁ ਦਹਾਕਿਆਂ ਦੀ ਪਕੇਰੀ ਉਮਰ ਵਿਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਸਰੀਰਕ ਜਾਂ ਮਾਨਸਿਕ ਤੌਰ 'ਤੇ ਕਮਜ਼ੋਰ ਹੋਣ ਕਰਕੇ ਝੂਰਨ ਵਾਲੀ ਜ਼ਿੰਦਗੀ ਬਿਤਾ ਰਹੇ ਹੁੰਦੇ ਹਨ ਪਰ ਕੁਝ ਵਿਰਲੇ ਵਾਂਝੇ ਮਾਣਮੱਤੇ ਲੋਕ ਵੀ ਹੁੰਦੇ ਹਨ ਜੋ ਇਸ ਪ੍ਰੌੜ੍ਹ ਅਵਸਥਾ ਵਿਚ ਨਵੀਆਂ ਪੈੜ੍ਹਾਂ ਪਾਉਣ ਤੋਂ ਪਿੱਛੇ ਨਹੀਂ ਹਟਦੇ ਸਗੋਂ ਉਤਸ਼ਾਹ ਨਾਲ ਕੁਝ ਨਵਾਂ ਕਰਨਾ ਲੋਚਦੇ ਹਨ। ਸੋ ਇਸ ਮਾਣਮੱਤੀ ਕਤਾਰ ਵਿਚ ਜ਼ਿੰਦਗੀ ਦੀ ਅੱਸਵੀਂ ਰੁੱਤ ਮਾਣ ਰਹੀ ਕਵਿਤਰੀ ਬੇਬੇ ਅੰਮ੍ਰਿਤਜੀਤ ਕੌਰ ਸ਼ੁਮਾਰ ਕਰਦੀ ਹੋਈ 'ਮਨ ਦੇ ਅੰਗ ਸੰਗ' ਪਲੇਠੀ ਕਾਵਿ ਗੁਲਦਸਤਾ ਲੈ ਕੇ ਪੰਜਾਬੀ ਸਾਹਿਤ ਜਗਤ ਵਿਚ ਦਸਤਕ ਦੇ ਰਹੀ ਹੈ।
ਇਸ ਕਾਵਿ ਗੁਲਦਸਤੇ ਦੀਆਂ ਕਾਵਿਕ ਪੰਖੜੀਆਂ ਬਿਲਕੁਲ ਸਿੱਧੀਆਂ-ਸਾਦੀਆਂ, ਕਾਵਿ ਗੁੰਝਲਾਂ ਤੋਂ ਮੁਕਤ ਜ਼ਰੂਰ ਹਨ ਪਰ ਇਨ੍ਹਾਂ ਵਿਚ ਬਹੁਰੰਗੀ ਜੀਵਨ ਦੇ ਸਾਦਗੀ ਭਰੇ ਰੰਗਾਂ ਦੀ ਸਮੋਈ ਹੋਈ ਵਿਲੱਖਣ ਚਮਕ ਪ੍ਰਗਟ ਹੁੰਦੀ ਹੈ। ਕਰੀਬ ਸੱਤ ਦਹਾਕੇ ਪਹਿਲਾਂ ਜਾਨੀ ਬਚਪਨ ਵਿਚ ਹਮਉਮਰਾਂ (ਸਹੇਲੀਆਂ) ਪ੍ਰਤੀ ਆਪਣਾ ਸਨੇਹ ਤੇ ਪਏ ਵਿਛੋੜੇ 'ਤੇ ਆਪਣੇ ਵਲਵਲੇ ਨੂੰ ਇਸ ਤਰ੍ਹਾਂ ਪ੍ਰਗਟਾਇਆ:
'ਅਸੀਂ ਇੱਕੋ ਗਲੀ ਦੀਆਂ ਕੁੜੀਆਂ ਸਾਂ,
ਕਦੀ ਪਿਆਰ ਲੜੀ ਵਿਚ ਜੁੜੀਆਂ ਸਾਂ।'
ਦੁਨੀਆ ਖ਼ਾਸ ਕਰਕੇ ਆਪਣੇ ਖ਼ਾਸ ਦੇ ਰੁੱਖੇ ਤੇ ਕੁਰੱਖਤ ਵਤੀਰੇ ਪ੍ਰਤੀ ਸੰਵੇਦਨਸ਼ੀਲਤਾ ਦਾ ਨਮੂਨਾ ਹਾਜ਼ਰ ਹੈ:
'ਪੱਥਰਾਂ ਵਿਚ ਰਹਿ ਰਹਿ ਮਾਹੀਆ,
ਤੂੰ ਵੀ ਦਿਲ ਦਾ ਪੱਥਰ ਹੋਇਆ।
ਦੇਖ ਵਤੀਰਾ ਰੁੱਖਾ ਤੇਰਾ,
ਦਿਲ ਮੇਰਾ ਡਾਢਾ ਰੋਇਆ।'
ਇਸੇ ਤਰ੍ਹਾਂ ਇਹ ਕਵਿਤਰੀ ਆਪਣੀ ਕਾਵਿ ਉਡਾਰੀ ਨੂੰ ਹੋਰ ਉਚਾਈ ਵੱਲ ਲਿਜਾਂਦੀ ਹੈ। ਪਰਿਵਾਰਕ ਰਿਸ਼ਤਿਆਂ ਵਿਚਲੀ ਮਮਤਾ, ਸ਼ੁੱਧ ਹਵਾ ਪਾਣੀ ਦੀ ਮਹੱਤਤਾ, ਰੁੱਖਾਂ ਦੀ ਲੋੜ, ਘਰਾਂ ਪਰਿਵਾਰਾਂ ਤੇ ਸਮਾਜਿਕ ਫ਼ਰਜ਼ਾਂ ਤੋਂ ਮੁਨਕਰ ਹੋਣ ਤੋਂ ਉਪਜਦੀ ਉਪਰਾਮਤਾ, ਧੀ ਦਾ ਸਹੁਰੇ ਘਰ ਤੁਰਨ ਵੇਲੇ ਵਿਛੜਨ ਦੀ ਹੂਕ, ਚਿੰਤਾ ਚਿਖਾ ਸਮਾਨ ਆਦਿ ਦੇ ਭਾਵਪੂਰਤ ਵਿਸ਼ਿਆਂ ਨੂੰ ਇਸ ਕਾਵਿ ਗੁਲਦਸਤੇ ਵਿਚ ਬੜੀ ਸੰਜੀਦਗੀ ਨਾਲ ਰੂਪਮਾਨ ਕੀਤਾ ਗਿਆ ਹੈ। ਦੇਰ ਆਏ ਦਰੁਸਤ ਦਰੁਸਤ ਆਏ ਅਨੁਸਾਰ 'ਮਨ ਦੇ ਅੰਗ ਸੰਗ' ਕਾਵਿ ਸੰਗ੍ਰਹਿ ਦਾ ਦਿਲੀ ਸਵਾਗਤ ਹੈ। ਨਾਲ ਕਾਮਨਾ ਕਰਦੇ ਹਾਂ ਕਿ ਕਵਿਤਰੀ ਬੇਬੇ ਦੀ ਤੰਦਰੁਸਤੀ ਭਰਿਆ ਜੀਵਨ ਲੰਮੇਰਾ ਹੋਵੇ, ਰਾਹ ਦਸੇਰਾ ਬਣਿਆ ਰਹੇ ਤੇ ਇਸ ਕਾਵਿ ਸੰਗ੍ਰਹਿ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲੇ। 'ਤੰਦਰੁਸਤ ਰਹਿ ਬੇਬੇ, ਨਵੀਆਂ ਪੈੜਾਂ ਪਾਉਂਦੀ ਰਹਿ ਬੇਬੇ' ਅਮੀਨ!


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

23-04-2022

 ਨਿੱਕਾ ਵਿਗਿਆਨੀ
ਲੇਖਕ : ਗੁਰਿੰਦਰ ਸਿੰਘ ਕਲਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ-ਚੰਡੀਗੜ੍ਹ
ਮੁੁੱਲ : 80 ਰੁਪਏ, ਸਫ਼ੇ : 46
ਸੰਪਰਕ : 98881-39135.

ਪੌੜ੍ਹ ਅਤੇ ਬਾਲ ਸਾਹਿਤ ਦੀ ਬਰਾਬਰ ਰਚਨਾ ਕਰਨ ਵਾਲੇ ਕਲਮਕਾਰ ਗੁਰਿੰਦਰ ਸਿੰਘ ਕਲਸੀ ਦਾ ਨਵਾਂ ਬਾਲ ਨਾਵਲ 'ਨਿੱਕਾ ਵਿਗਿਆਨੀ' ਛਪ ਕੇ ਸਾਹਮਣੇ ਆਇਆ ਹੈ। ਕੁੱਲ 21 ਕਾਂਡਾਂ ਵਿਚ ਵੰਡੇ ਇਸ ਨਿੱਕੇ ਆਕਾਰ ਦੇ ਨਾਵਲ ਦਾ ਕੇਂਦਰ-ਬਿੰਦੂ ਪੇਂਡੂ ਸੱਭਿਆਚਾਰ, ਵੰਨ-ਸੁਵੰਨੇ ਕਿੱਤਿਆਂ, ਉਨ੍ਹਾਂ ਦੀਆਂ ਕਾਰਜ-ਵਿਧੀਆਂ ਨੂੰ ਰੂਪਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨਿੱਗਰ ਕਦਰਾਂ-ਕੀਮਤਾਂ ਦੁਆਲੇ ਘੁੰਮਦਾ ਹੈ ਜੋ ਬੱਚੇ ਦੀ ਸ਼ਖ਼ਸੀਅਤ ਉਸਾਰੀ ਕਰਨ ਵਿਚ ਸਹਾਈ ਹੁੰਦੀਆਂ ਹਨ। ਇਸ ਬਾਲ-ਨਾਵਲ ਦੇ ਆਰੰਭ ਵਿਚ ਆਪਣੇ ਘਰ ਦੇ ਜੀਆਂ ਦੀ ਪ੍ਰੇਰਨਾ ਨਾਲ ਨਾਵਲ ਦਾ ਨਾਇਕ 'ਕਿਰਤ' ਸਕੂਲ ਵਿਚ ਦਾਖ਼ਲ ਹੋਣ ਦੀ ਉਤਸੁਕਤਾ ਦਿਖਾਉਂਦਾ ਹੈ।
ਘਰ ਦੇ ਮਾਹੌਲ ਵਿਚੋਂ ਨਿਕਲ ਕੇ ਜਦੋਂ ਉਹ ਸਕੂਲ ਦੇ ਵਾਤਾਵਰਨ ਵਿਚ ਵਿਚਰਨ ਲਗਦਾ ਹੈ ਤਾਂ ਉਸ ਲਈ ਜੀਵਨ ਵਿਚ ਅੱਗੇ ਵਧਣ ਦੇ ਨਵੇਂ ਰਾਹ ਖੁੱਲ੍ਹਣ ਲਗਦੇ ਹਨ। ਉਹ ਪੈਨਸਿਲਾਂ, ਕਲਮਾਂ ਘੜਨ, ਸਿਆਹੀ ਬਣਾਉਣ, ਫੱਟੀ ਪੋਚਣ ਤੇ ਲਿਖਣ ਦੀ ਜਾਚ ਸਿੱਖਣ ਲਗਦਾ ਹੈ। ਦੂਜੇ ਪਾਸੇ ਉਹ ਆਪਣੇ ਪੇਂਡੂ ਸੱਭਿਆਚਾਰ ਨੂੰ ਜਾਣਨ ਪ੍ਰਤੀ ਵੀ ਵਿਸ਼ੇਸ਼ ਦਿਲਚਸਪੀ ਦਿਖਾਉਂਦਾ ਹੈ। ਆਪਣੀ ਬੀਬੀ ਵਲੋਂ ਘਰ ਦੀ ਕੱਚੀ ਕੰਧ ਤੇ ਗੋਹੇ ਨਾਲ ਵਾਹੀਆਂ ਲੀਕਾਂ ਅਤੇ ਗਾਰੇ ਦੀਆਂ ਬਣਾਈਆਂ ਟਿੱਕੀਆਂ, ਪੱਤਿਆਂ, ਚਿੜੀਆਂ, ਗੋਲ੍ਹਾਂ, ਚੰਦ, ਤਾਰਿਆਂ, ਸੂਰਜ ਆਦਿ ਨਾਲ ਬਣਾਏ 'ਬਰੋਟੇ' (ਸਾਂਝੀ ਮਾਈ) ਦੀ ਖ਼ੂਬਸੂਰਤ ਕਲਾਕਾਰੀ ਤੱਕ ਕੇ ਹੈਰਾਨ ਹੁੰਦਾ ਹੈ। ਉਹ ਪਿਤਾ ਜੀ ਨੂੰ ਲੱਕੜੀ ਦਾ ਕੰਮ ਕਰਦਿਆਂ ਗਹੁ ਨਾਲ ਤੱਕਦਾ ਹੈ ਅਤੇਕਿਰਤ-ਸੱਭਿਆਚਾਰ ਦੇ ਮਹੱਤਵ ਨੂੰ ਸਮਝਣ ਲਗਦਾ ਹੈ। ਇਸ ਦੌਰਾਨ ਕਿਰਤ ਆਪਣੀ ਪੜ੍ਹਾਈ ਨਾਲ ਵੀ ਪ੍ਰਤੀਬੱਧਤਾ ਅਤੇ ਲਗਨ ਨਾਲ ਨਿਰੰਤਰ ਜੁੜਿਆ ਰਹਿੰਦਾ ਹੈ ਅਤੇ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚੋਂ ਪੂਰੇ ਪ੍ਰਾਂਤ ਵਿਚੋਂ ਪ੍ਰਥਮ ਸਥਾਨ ਪ੍ਰਾਪਤ ਕਰਕੇ ਸਿੱਧ ਕਰਦਾ ਹੈ ਕਿ ਇਰਾਦਾ ਦ੍ਰਿੜ੍ਹ ਹੋਵੇ ਤਾਂ ਕਠਿਨ ਤੋਂ ਕਠਿਨ ਮੰਜ਼ਿਲ ਵੀ ਸਰ ਕੀਤੀ ਜਾ ਸਕਦੀ ਹੈ।
ਇਸ ਬਾਲ ਨਾਵਲ ਵਿਚ ਪੇਂਡੂ ਜੀਵਨ ਧੜਕਦਾ ਹੈ। ਨਾਵਲ ਪੜ੍ਹਦਿਆਂ ਬਾਲ ਪਾਠਕ ਪੇਂਡੂ ਕਿੱਤਿਆਂ ਅਤੇ ਉਨ੍ਹਾਂ ਨਾਲ ਜੁੜੇ ਅਨੇਕ ਸ਼ਬਦਾਂ ਦਾ ਇਲਮ ਵੀ ਪ੍ਰਾਪਤ ਕਰਦੇ ਹਨ ਜਿਵੇਂ ਖੁਰਜੀ, ਸੱਲ੍ਹ, ਪਾਂਡੂ, ਨਿਹਾਣੀ, ਬਰਮੀ, ਕਨੌਰੇ, ਜੁਗਾਲੀ, ਮੋਗਰੀ, ਬਾਹੀਆ, ਸੇਰੂ, ਬਹੋਲਾ, ਬਾਣ ਆਦਿ। ਇਸ ਨਾਵਲ ਦੀ ਕਾਰਜ ਭੂਮੀ ਪੁਆਧ ਦਾ ਇਲਾਕਾ ਹੈ ਜਿੱਥੋਂ ਦੇ ਵੱਖ-ਵੱਖ ਰੀਤੀ-ਰਿਵਾਜ ਅਤੇ ਸੱਭਿਆਚਾਰ ਬਾਲ ਪਾਠਕਾਂ ਦੇ ਗਿਆਨ ਵਿਚ ਇਜ਼ਾਫ਼ਾ ਕਰਦਾ ਹੈ। ਪਾਤਰ ਪੁਆਧੀ ਬੋਲੀ ਬੋਲਦੇ ਹਨ।
ਬੱਚਿਆਂ ਨੂੰ ਕਿਰਤ ਸੱਭਿਆਚਾਰ ਦਾ ਮਹੱਤਵ ਸਮਝਾਉਣ ਵਾਲਾ ਇਹ ਦਿਲਚਸਪ ਬਾਲ ਨਾਵਲ ਪੜ੍ਹਨਯੋਗ ਹੈ ਅਤੇ ਮੌਲਿਕ ਬਾਲ ਨਾਵਲਾਂ ਦੀ ਪਰੰਪਰਾ ਨੂੰ ਵੀ ਤੋਰਦਾ ਹੈ।

ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703

ਦੌੜ ਕੇ ਕੌਣ ਮਿਲਦਾ ਹੈ!
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : sodhiparminder@gmail.com


ਪੰਜਾਬੀ ਬੋਲੀ ਵਿਚ 15-16 ਕਾਵਿ ਸੰਗ੍ਰਹਿ, 4 ਵਾਰਤਕ ਰਚਨਾਵਾਂ, ਬਹੁਤ ਸਾਰੇ ਅਨੁਵਾਦ ਅਤੇ ਕੁਝ ਸੰਪਾਦਿਤ ਪੁਸਤਕਾਂ ਰਚਣ ਵਾਲੇ ਜਾਪਾਨ ਵਿਚ ਰਹਿੰਦੇ ਪੰਜਾਬੀ ਲੇਖਕ ਸ੍ਰੀ ਪਰਮਿੰਦਰ ਸੋਢੀ ਦੇ ਹਥਲੇ ਲਲਿਤ ਨਿਬੰਧ ਸੰਗ੍ਰਹਿ ਵਿਚ ਉਸ ਦੇ ਸਵਾ ਸੌ ਲਘੂ ਲਲਿਤ ਨਿਬੰਧ ਸੰਗ੍ਰਹਿਤ ਹਨ। ਕਈ ਦਹਾਕੇ ਆਪਣੇ ਸੱਭਿਆਚਾਰ ਤੋਂ ਇਕ ਵਿੱਥ 'ਤੇ ਰਹਿਣ ਕਾਰਨ ਉਸ ਦੇ ਮਨ-ਮਸਤਕ ਵਿਚ ਇਕ ਮੌਲਿਕ ਅਤੇ ਮਨੁੱਖਵਾਦੀ ਸੂਝ ਵਿਕਸਿਤ ਹੋ ਗਈ ਹੈ। ਉਹ ਬੰਦੇ ਵਿਚਲੇ ਸੌੜੇ ਸਵਾਰਥਾਂ ਭਰੀ ਸੋਚ ਤੋਂ ਬਹੁਤ ਦੂਰ ਨਿਕਲ ਆਇਆ ਹੈ ਕਿਉਂਕਿ ਉਹ ਜਾਣ ਗਿਆ ਹੈ ਕਿ ਬੰਦੇ ਦਾ ਜੀਵਨ ਇਕ ਪ੍ਰਾਹੁਣੇ ਜਾਂ ਮਹਿਮਾਨ ਵਾਂਗ ਹੁੰਦਾ ਹੈ। ਸੋ, ਉਸ ਨੂੰ ਕਦੇ ਵੀ ਗਿਲਾ ਨਹੀਂ ਕਰਨਾ ਚਾਹੀਦਾ ਬਲਕਿ ਮਹਿਮਾਨ-ਨਿਵਾਜ਼ੀ ਲਈ ਕੇਵਲ ਸ਼ੁਕਰਗੁਜ਼ਾਰ ਹੋਣਾ ਚਾਹੀਦਾ।
ਉਹ ਹਿੰਦੁਸਤਾਨ ਵਿਚ ਰਹਿਣ ਵਾਲੇ 130 ਕਰੋੜ ਲੋਕਾਂ ਲਈ ਫ਼ਿਕਰਮੰਦ ਹੈ, ਕਿਉਂਕਿ ਜਿਸ ਮੁਲਕ ਦੀ ਆਬਾਦੀ ਏਨੀ ਜ਼ਿਆਦਾ ਹੋਵੇਗੀ, ਉਥੇ ਰਹਿਣ ਵਾਲੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਚੋਰੀ, ਠੱਗੀ ਅਤੇ ਲੁੱਟਾਂ-ਖੋਹਾਂ ਕਰਨੀਆਂ ਹੋਣਗੀਆਂ। ਉਸ ਨੂੰ ਇਹ ਵੀ ਗਿਲਾ ਹੈ ਕਿ ਭਾਰਤੀ ਸਮਾਜ ਦਾ ਹਰ ਵਰਗ ਇਥੋਂ ਤੱਕ ਕਿ ਲੇਖਕ, ਕਲਾਕਾਰ ਅਤੇ ਸਾਧੂ-ਸੰਤ ਧਰਮ ਪ੍ਰਚਾਰਕ ਵੀ ਇਸ ਠੱਗੀ-ਠੋਰੀ ਵਿਚ ਲਿਪਤ ਹਨ। ਠੱਗੇ-ਲੁੱਟੇ ਜਾਣ ਵਾਲੇ ਆਮ ਲੋਕ ਇਸ ਹੋਣੀ ਨਾਲ ਰਹਿਣਾ ਗਿੱਝ ਗਏ ਹਨ। ਇਥੇ ਕੇਵਲ ਕੁਦਰਤ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ।
ਇਸ ਪੁਸਤਕ ਵਿਚ ਇਕ ਕਵੀ-ਮਨ ਅਤੇ ਸੰਵੇਦਨਸ਼ੀਲ ਵਿਅਕਤੀ ਦੇ ਸੰਸੇ, ਫ਼ਿਕਰ ਅਤੇ ਕ੍ਰਿਤੱਗ-ਭਾਵ ਅੰਕਿਤ ਹੋਏ ਹਨ। ਆਮ ਹਿੰਦੁਸਤਾਨੀਆਂ ਦੇ ਮੁਕੱਦਰ ਬਾਰੇ ਫ਼ਿਕਰ ਕਰਨ ਦੇ ਨਾਲ-ਨਾਲ ਉਹ ਇਕ ਸੰਵੇਦਨਸ਼ੀਲ ਬੰਦੇ ਵਲੋਂ ਜੀਵਨ ਰੂਪੀ ਦਾਤ ਦੀ ਪ੍ਰਾਪਤੀ ਲਈ ਕਾਦਰ ਅਤੇ ਕੁਦਰਤ ਪ੍ਰਤੀ ਕ੍ਰਿਤੱਗ-ਭਾਵ ਵਿਅਕਤ ਕਰਦਾ ਹੈ। ਇਹ ਪੋਥੀ ਕਿਸੇ ਪਵਿੱਤਰ ਕਿਤਾਬ ਵਾਂਗ ਸਹਿਜੇ-ਸਹਿਜੇ ਪੜ੍ਹਨ-ਵਿਚਾਰਨ ਵਾਲੀ ਹੈ। ਘੁੱਟ-ਘੁੱਟ ਕਰਕੇ ਪੀਣ ਵਾਲੇ ਅੰਮ੍ਰਿਤ ਵਾਂਗ ਹੈ। ਪਰਮਿੰਦਰ ਸੋਢੀ ਦੀ ਇਸ ਸਲਾਹ ਨਾਲ ਮੈਂ ਪੂਰੀ ਤਰ੍ਹਾਂ ਇਤਫ਼ਾਕ ਰੱਖਦਾ ਹਾਂ ਕਿ ਸਾਨੂੰ ਹਿੰਦੁਸਤਾਨੀਆਂ ਨੂੰ ਕੋਈ ਨਾ ਕੋਈ ਕਲਾ-ਕੌਸ਼ਲ ਸਿੱਖਣ ਦੀ ਬੇਹੱਦ ਜ਼ਰੂਰਤ ਹੈ, ਇਸੇ ਵਿਚ ਹੀ ਉਨ੍ਹਾਂ ਦਾ ਕਲਿਆਣ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੰਜ਼ਿਲ ਤੇ ਪਗਡੰਡੀਆਂ
ਲੇਖਕ : ਮਹਿੰਦਰ ਸਿੰਘ ਦੋਸਾਂਝ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 94632-33991.

ਮਹਿੰਦਰ ਸਿੰਘ ਦੋਸਾਂਝ ਬਹੁ-ਵਿਧਾਈ ਲੇਖਕ ਹੈ, ਜਿਸ ਨੇ ਜ਼ਿੰਦਗੀ ਦੇ ਅਰਥ ਮਿੱਟੀ ਨਾਲ ਜੁੜ ਕੇ ਤਲਾਸ਼ਣ ਦੇ ਯਤਨ ਕੀਤੇ ਹਨ, ਮਿੱਟੀ ਨਾਲ ਜੁੜੇ ਰਹਿੰਦਿਆਂ ਹੀ ਮਿੱਟੀ ਨੂੰ ਸਮਝਣ ਦੀ ਬਾਤ ਆਪਣੀਆਂ ਰਚਨਾਵਾਂ ਵਿਚ ਕਹਿਣ ਦੀ ਜੁਰਅਤ ਕੀਤੀ ਹੈ। 'ਮੰਜ਼ਿਲ ਤੇ ਪਗਡੰਡੀਆਂ' ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ।
ਇਸ ਤੋਂ ਪਹਿਲਾਂ ਉਸ ਦੇ 'ਦਿਸ਼ਾ' (ਕਾਵਿ-ਸੰਗ੍ਰਹਿ)-1972, 'ਰੌਸ਼ਨੀ ਦੀ ਭਾਲ' (ਕਾਵਿ-ਸੰਗ੍ਰਹਿ)-1998 ਪ੍ਰਕਾਸ਼ਿਤ ਹੋ ਚੁੱਕੇ ਹਨ। 'ਮਨ ਚਾਹੁੰਦਾ ਹੈ' ਤੋਂ ਲੈ ਕੇ 'ਮੇਰੇ ਖੇਤਾਂ ਵਿਚ' ਤੱਕ 23 ਗੀਤ ਅਤੇ ਕਵਿਤਾਵਾਂ ਦੇ ਨਾਲ-ਨਾਲ 13 ਹੋਰ ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਜਿਥੇ ਖੇਤਾਂ ਦੀ ਸੰਗੀਤਾਤਮਕਾ ਦਾ ਅਹਿਸਾਸ ਮਨ 'ਚ ਜਗਾਉਂਦੀਆਂ ਹਨ, ਉਥੇ ਨਾਲ ਦੀ ਨਾਲ ਖੇਤਾਂ ਤੋਂ ਦੂਰ ਲਿਜਾਂਦੀ ਨਫ਼ਰਤ, 'ਅੰਨ ਦਾਤੇ' ਨੂੰ ਅੰਨਦਾਤੇ ਦੀ ਥਾਵੇਂ 'ਕਾਤਲ' ਬਣਾਉਣ ਦੀ ਰਾਜਨੀਤੀ ਦੇ ਦੰਭ ਦਾ ਗਿਲਾਫ਼ ਉਧੇੜਦੀਆਂ ਹਨ।
ਇਨ੍ਹਾਂ ਕਵਿਤਾਵਾਂ 'ਚ ਵਰਤੀ ਸ਼ਬਦਾਵਲੀ ਵਿਅੰਗਾਤਮਿਕ ਹੈ। ਇਸ ਦੀ ਸੁੰਦਰ ਮਿਸਾਲ 'ਹੁਣ ਤਾਂ ਸਾਵਲ ਇੰਝ ਆਉਂਦਾ ਹੈ', 'ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ', 'ਵੇਖ ਮਰਦਾਨਿਆ ਰੰਗ ਕਰਤਾਰ ਦੇ', 'ਕਿਸਾਨ ਦੀ ਕਲੀ' ਆਦਿ ਕਵਿਤਾਵਾਂ ਵਿਚ ਦੇਖੀ ਜਾ ਸਕਦੀ ਹੈ। ਰਿਸ਼ਤਿਆਂ 'ਚ ਕੜਵਾਹਟ, ਖੇਤਾਂ 'ਚ ਧੜਕਦੀ ਜ਼ਿੰਦਗੀ ਦੀ ਥਾਵੇਂ, ਮੁਰਦੇ ਹਾਣੀ ਦਾ ਛਾਉਣਾ, ਨਾਰੀ ਸਸ਼ਕਤੀਕਰਨ ਦੀਆਂ ਫਜ਼ੂਲ ਟਾਹਰਾਂ ਮਾਰਨੀਆਂ ਆਦਿ ਵਿਸ਼ਿਆਂ 'ਤੇ ਲਿਖੀਆਂ ਕਵਿਤਾਵਾਂ ਅਜੋਕੀ ਮਰਦ-ਸੱਤਾ ਅਧੀਨ ਵਾਪਰਦੀ ਮਾਨਸਿਕਤਾ ਦਾ ਪ੍ਰਗਟਾ ਅਜੋਕੇ ਰਾਜ ਪ੍ਰਬੰਧ 'ਤੇ ਕਿੰਤੂ ਖੜ੍ਹੇ ਕਰਦਾ ਹੈ। 'ਆ ਜਾ ਮੇਰੇ ਦੇਸ਼ ਦੀ ਬਹਾਰ ਵੇਖ ਲੈ' ਕਵਿਤਾ ਦੇ ਬੰਦ ਅਜੋਕੀ ਵਿਵਸਥਾ ਦੇ ਬਖੀਏ ਉਧੇੜਦੇ ਹਨ :
ਵੋਟਾਂ ਵਿਚ ਬੀਬੀਆਂ ਜਤਾਈਆਂ ਵੇਖ ਲੈ,
ਉਂਝ ਪਿੱਛੇ ਬੰਨ੍ਹ ਕੇ ਬਹਾਈਆਂ ਵੇਖ ਲੈ,
ਫਾਈਲਾਂ ਵਿਚ ਫਸੇ ਅਧਿਕਾਰ ਵੇਖ ਲੈ,
ਆ ਜਾ ਮੇਰੇ ਦੇਸ਼ ਦੀ ਬਹਾਰ ਵੇਖ ਲੈ।
ਉਂਝ ਕਵੀ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਆਸ਼ਾਵਾਦੀ ਹੋਣ ਕਰਕੇ ਉਸ ਨੂੰ ਉਮੀਦ ਹੈ ਕਿ ਸਹੀ ਪਗਡੰਡੀਆਂ ਦੀ ਤਲਾਸ਼ ਕਰਦਿਆਂ ਮਨੁੱਖ ਘਰ ਤੋਂ ਖੇਤ (ਮੰਜ਼ਿਲ) ਤੱਕ ਪਹੁੰਚਣ 'ਚ ਅਵੱਸ਼ ਹੀ ਸਫਲ ਹੋਵੇਗਾ। 'ਆ ਮੇਰੇ ਖੇਤਾਂ 'ਚ ਆ'/ਤਾਂ ਕਿ ਆਪਾਂ ਪੈਰ ਸਾਂਝੇ ਮੰਜ਼ਿਲਾਂ ਵੱਲ ਮੋੜ ਕੇ/ਹੱਥ ਸਾਂਝੇ ਜੋੜ ਕੇ/ਫਿਰ ਸਜਾਈਏ ਧਰਤ ਬੰਜਰ/ਸਬਜ਼ ਹਰਿਆਵਲ ਦੇ ਬਾਣੇ ਨਾਲ/ਜਗਾਈਏ ਜੋਤ ਜੀਵਨ ਦੀ, ਪਵਿੱਤਰ ਅੰਨਦਾਣੇ ਨਾਲ।' ਉਮੀਦ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਅਤੇ ਚਿੰਤਕ ਵਰਗ ਇਸ ਕਾਵਿ-ਸੰਗ੍ਰਹਿ ਨੂੰ ਭਰਪੂਰ ਮਾਣ ਬਖ਼ਸ਼ਣਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

c c c

ਯੁੱਗ-ਚਿੰਤਨ ਅਤੇ ਪੰਜਾਬੀ ਸਾਹਿਤ
ਲੇਖਕ : ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 106
ਸੰਪਰਕ : 98728-35835.

ਹਥਲੀ ਪੁਸਤਕ ਵਿਚ ਪੰਜਾਬੀ ਸਾਹਿਤ ਦੇ ਵਿਸ਼ਵ ਵਿਆਪੀ ਪੜਚੋਲਕ ਡਾ. ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬੀ ਸਾਹਿਤ ਦੀ ਯੁੱਗ-ਚੇਤਨਾ ਅਤੇ ਇਸ ਦੇ ਹੋਰ ਸਰੋਕਾਰਾਂ ਨੂੰ ਆਧਾਰ ਬਣਾ ਕੇ ਆਪਣੇ ਆਲੋਚਨਾਤਮਿਕ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕੀਤਾ ਹੈ। ਇਸ ਸਿਲਸਿਲੇ ਵਿਚ ਇਸ ਵਿਦਵਾਨ ਨੇ ਆਪਣੀਆਂ ਪਹਿਲ ਵਰਤੀਆਂ ਸਾਹਿਤਕ ਆਲੋਚਨਾ ਦੀਆਂ ਪੱਧਤੀਆਂ ਨੂੰ ਸੁਧਾਰ ਕੇ ਪੇਸ਼ ਕੀਤਾ ਹੈ। ਅਜਿਹਾ ਕਾਰਜ ਕਰਦੇ ਸਮੇਂ ਇਸ ਵਿਦਵਾਨ ਨੇ ਆਪਣੀ ਪੁਸਤਕ ਨੂੰ ਵਿਧੀਵਤ ਰੂਪ ਪ੍ਰਦਾਨ ਕਰਨ ਹਿਤ ਚਿੰਤਨ, ਸਾਹਿਤ ਅਤੇ ਸਾਹਿਤ ਚਿੰਤਨ, ਪ੍ਰਾਚੀਨ ਕਾਲ ਦੇ ਪੰਜਾਬ ਦਾ ਸਾਹਿਤ ਚਿੰਤਨ, ਮੱਧਕਾਲੀ ਪੰਜਾਬੀ ਸਾਹਿਤ ਚਿੰਤਨ, ਆਧੁਨਿਕ ਪੰਜਾਬੀ ਸਾਹਿਤ ਚਿੰਤਨ ਅਤੇ ਉੱਤਰ-ਆਧੁਨਿਕ ਪੰਜਾਬੀ ਸਾਹਿਤ ਚਿੰਤਨ ਸਿਰਲੇਖਾਂ ਹੇਠ ਪੰਜ ਕਾਂਡ ਨਿਰਧਾਰਿਤ ਕੀਤੇ ਹਨ। ਜਿਨ੍ਹਾਂ 'ਚੋਂ ਲੇਖਕ ਦਾ ਵਿਸ਼ਾਲ ਗਿਆਨ ਬੋਧ ਪ੍ਰਗਟ ਹੁੰਦਾ ਪ੍ਰਤੀਤ ਹੋਇਆ ਹੈ।
ਇਸ ਦੀ ਧਾਰਨਾ ਹੈ ਕਿ ਪੰਜਾਬੀ ਸਾਹਿਤ ਚਿੰਤਨ ਦੀ ਸਭ ਤੋਂ ਉੱਭਰਵੀਂ ਖਾਸੀਅਤ ਇਹ ਬਣਦੀ ਹੈ ਕਿ ਆਪਣੇ ਆਰੰਭ ਤੋਂ ਹੁਣ ਤੱਕ ਇਹ ਦਬਾਏ ਗਏ ਵਿਅਕਤੀਆਂ ਅਤੇ ਸਮੂਹਾਂ ਦੀ ਵਿਚਾਰਧਾਰਕ ਧਿਰ ਬਣ ਕੇ ਅਤੇ ਸੱਤਾ ਦੇ ਪ੍ਰਵਚਨ ਵਿਰੁੱਧ ਨਾਬਰੀ ਦੇ ਭਾਵ-ਬੋਧ ਅਗਰਭੂਮਿਤ ਕਰਕੇ ਪ੍ਰਕਾਰਜੀ ਭੂਮਿਕਾ ਨਿਭਾਉਂਦਾ ਰਿਹਾ ਹੈ। ਇਸ ਮਾਨਤਾ ਦੀ ਸਾਰਥਿਕਤਾ ਲਈ ਪ੍ਰਾਚੀਨ ਕਾਲ ਤੋਂ ਆਧੁਨਿਕ ਕਾਲ ਦੇ ਸਾਹਿਤ ਅਤੇ ਉੱਤਰ-ਆਧੁਨਿਕਤਾ ਕਾਲ ਵਿਚ ਜਿਹੜੀਆਂ ਸੀਮਾ-ਸੰਭਾਵਨਾਵਾਂ ਉਜਾਗਰ ਹੋਈਆਂ ਹਨ, ਉਨ੍ਹਾਂ ਸਿਰਜਣਾਵਾਂ ਦੇ ਪਿਛੋਕੜ ਵਿਚ ਜਿਹੜੇ ਕਾਰਕ ਕਾਰਜਸ਼ੀਲ ਰਹੇ ਅਤੇ ਹੁਣ ਸਾਡੇ ਸਾਹਮਣੇ ਹਨ, ਦਾ ਵੀ ਵਿਸ਼ਲੇਸ਼ਣ ਭਾਰਤੀ ਅਤੇ ਵਿਸ਼ਵ ਪੱਧਰ ਦੇ ਚਿੰਤਕਾਂ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਤੁਲਨਾਤਮਿਕ ਦ੍ਰਿਸ਼ਟੀ ਦੇ ਅੰਤਰ-ਸੰਵਾਦ ਜ਼ਰੀਏ ਪੇਸ਼ ਕੀਤਾ ਹੈ। ਲੇਖਕ ਦੀ ਮਾਨਤਾ ਹੈ ਕਿ ਸਾਹਿਤ ਦਾ ਅੰਤਿਮ ਕਾਰਜ ਚਿੰਤਨ ਦਾ ਵਿਸਥਾਰ ਹੀ ਹੈ ਪਰ ਸਿਰਫ ਚਿੰਤਨ ਸਾਹਿਤ ਨਹੀਂ ਹੁੰਦਾ। ਸਾਹਿਤ, ਸਿਰਜਕ ਅਤੇ ਪਾਠਕਾਂ ਦਾ ਆਪਸੀ ਬੋਧ ਸਾਹਿਤ ਦੀ ਮਹੱਤਤਾ ਨੂੰ ਪਸਾਰਦਾ ਹੈ। ਅਜਿਹੇ ਵਡਮੁੱਲੇ ਕਾਰਜ ਲਈ ਬਲਦੇਵ ਸਿੰਘ ਧਾਲੀਵਾਲ ਦੀ ਇਹ ਪੁਸਤਕ ਸਲਾਹੁਣਯੋਗ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਗੁਰਬਾਣੀ ਵਿਚ ਮਿਥਿਹਾਸਕ
ਇਤਿਹਾਸਕ ਹਵਾਲੇ (ਭਾਗ-2)
ਲੇਖਕ : ਹਰਬੰਸ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 317
ਸੰਪਰਕ : 84636-58706.

ਵਿਦਵਾਨ ਲੇਖਕ ਹਰਬੰਸ ਸਿੰਘ ਦੀ ਇਸੇ ਮਜ਼ਮੂਨ 'ਤੇ ਲਿਖੀ ਪੁਸਤਕ-ਮਾਲਾ ਦਾ ਇਹ ਦੂਜਾ ਭਾਗ ਹੈ। ਪੁਸਤਕ-ਮਾਲਾ ਦੇ ਹੋਰਨਾਂ ਦੋ ਭਾਗਾਂ ਵਾਂਗ ਇਸ ਨੂੰ ਲਿਖਣ ਦਾ ਮੁੱਖ ਮਕਸਦ ਵੀ ਆਮ ਸਿੱਖ ਸੰਗਤ ਦੇ ਮਨਾਂ ਵਿਚ ਗੁਰਬਾਣੀ ਅੰਦਰ ਆਏ ਇਤਿਹਾਸਕ/ਮਿਥਿਹਾਸਕ ਹਵਾਲਿਆਂ ਨੂੰ ਲੈ ਕੇ ਪੈਦਾ ਹੋਏ ਭਰਮ-ਭੁਲੇਖਿਆਂ, ਦੁਬਿਧਾਵਾਂ ਨੂੰ ਦੂਰ ਕਰਨਾ ਅਤੇ ਇਨ੍ਹਾਂ ਹਵਾਲਿਆਂ ਦੀ ਵਰਤੋਂ ਦੇ ਪ੍ਰਯੋਜਨ ਨੂੰ ਸਮਝਾਉਣਾ ਹੈ। ਵਿਚਾਰ-ਗੋਚਰੀ ਪੁਸਤਕ ਵਿਚ ਗ੍ਰੰਥਾਂ, ਫ਼ਿਰਕਿਆਂ, ਤੀਰਥ ਅਸਥਾਨਾਂ ਅਤੇ ਸੰਕਲਪਾਂ/ਵਿਕਲਪਾਂ ਦੀ ਹਕੀਕੀ ਵਿਆਖਿਆ ਕਰਨ ਦਾ ਨਿੱਗਰ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਸਮੇਂ ਦੇ ਬਦਲਾਅ ਨਾਲ ਬਹੁਤ ਸਾਰੇ ਇਤਿਹਾਸਕ ਪ੍ਰਕਰਣਾਂ, ਘਟਨਾਵਾਂ ਅਤੇ ਹਵਾਲਿਆਂ ਨੂੰ ਮਿਥਿਹਾਸਕ ਰੰਗਤ ਦੇਣ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਿੰਨਾਂ ਭਾਗਾਂ ਦੀ ਪੁਸਤਕ-ਮਾਲਾ ਦਾ ਮੁੱਖ ਮਕਸਦ ਗੁਰਬਾਣੀ ਪ੍ਰੇਮੀਆਂ ਨੂੰ ਕਰਮਕਾਂਡੀ ਬੰਧਨਾਂ ਤੋਂ ਮੁਕਤ ਕਰਕੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਾਉਣਾ ਹੈ। ਕਰਮਕਾਂਡਾਂ ਕਾਰਨ ਸਿੱਖ ਰਹਿਤ ਮਰਿਆਦਾ ਨੂੰ ਡਾਢੀ ਢਾਹ ਲੱਗ ਰਹੀ ਹੈ। ਪੁਸਤਕ ਵਿਚ ਬੜੀ ਖੋਜ ਅਤੇ ਵੇਰਵੇ ਨਾਲ ਹਰੇਕ ਨੁਕਤੇ ਦੀ ਗੁਰਬਾਣੀ ਦੇ ਨੁਕਤਾ-ਨਿਗਾਹ ਤੋਂ ਚਰਚਾ/ਵਿਆਖਿਆ ਕੀਤੀ ਗਈ ਹੈ। ਕੁਝ ਵੰਨਗੀਆਂ ਇਸ ਪ੍ਰਕਾਰ ਹਨ।
1. ਅਸ਼੍ਵਮੇਧ : 'ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ। (ਅੰਗ 973)
2. ਅਸਿ : ਬਨਾਰਸ ਦੇ ਨਾਲ ਲਗਦੀ ਨਦੀ।
ਬਨਾਰਸ ਅਸਿ ਬਸਤਾ॥ 2॥ (ਅੰਗ 873)
3. ਅਹੋਈ : ਕਬੀਰ ਹਰਿ ਕਾ ਸਿਮਰਨੁ ਛਾਡਿ ਕੈ
ਅਹੋਈ ਰਾਖੈ ਨਾਰਿ॥
ਗਦਹੀ ਹੋਇ ਕੈ ਅਉਤਰੈ,
ਭਾਰੁ ਸਹੈ ਮਨ ਚਾਰਿ॥ (ਅੰਗ 1370)
4. ਅਠਸਠਿ ਤੀਰਥ : ਅਠਸਥਿ ਮਜਨੁ, ਚਰਨਹ ਧੂਰੀ॥
(ਗਉੜੀ ਮਹਲਾ ਪਹਿਲਾ ਅੰਗ 224)
5. ਅਠਾਰਾਂ ਭਾਰ : ਭਾਰ ਅਠਾਰਹ ਮਹਿ ਚੰਦਨੁ ਊਤਮ
ਚੰਦਨ ਨਿਕਟਿ ਸਭ ਚੰਦਨੁ ਹੁਈਆ॥
(ਬਿਲਾਵਲ ਮ: ਚੌਥਾ ਅੰਗ 834)
ਇਸੇ ਪ੍ਰਕਾਰ ਕਾਮਧੇਨ, ਕੇਦਾਰ, ਕੈਲਾਸ, ਚਾਰ ਵੇਦ, ਖਟ ਕਰਮ, ਘਟ ਸਾਸਤ੍ਰ, ਜੰਗਮ, ਇੰਦ੍ਰਪੁਰੀ, ਦਸਤ ਅਉਤਾਰ, ਦਸ ਦੁਆਰ, ਦਸ ਬੈਰਾਗਨਿ, ਦਸ ਦਿਸਾ, ਤ੍ਰੈਗੁਣ, ਅਤ-ਵ੍ਰਤ ਸਮੇਤ ਬੇਅੰਤ ਨੁਕਤਿਆਂ ਬਾਰੇ, ਚਾਨਣਾ ਪਾਇਆ ਗਿਆ ਹੈ। ਗੁਰਬਾਣੀ ਦੇ ਢੁਕਵੇਂ ਪ੍ਰਮਾਣ ਦਿੱਤੇ ਗਏ ਹਨ। ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ, ਭਾਈ ਬਲਵੰਤ ਸਿੰਘ ਕੈਨੇਡਾ, ਭਾਈ ਸਾਹਿਬ ਸਿੰਘ, ਜੌਹਨ ਡਾਸਨ ਦੇ ਹਵਾਲੇ ਦਿੱਤੇ ਗਏ ਹਨ।

ਤੀਰਥ ਸਿੰਘ ਢਿੱਲੋਂ
ਮੋ: 98154-61710.

ਸਿੱਖ ਰਾਜ ਦਾ ਮੋਢੀ
ਬੰਦਾ ਸਿੰਘ ਬਹਾਦਰ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98147-83069.

ਸਾਹਿਬੇ ਕਮਾਲ ਸ੍ਰੀ ਦਸਮੇਸ਼ ਜੀ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਨੇ ਅੱਠ ਕੁ ਸਾਲਾਂ ਵਿਚ ਹੀ ਪੰਜਾਬ ਦੀ ਤਕਦੀਰ ਬਦਲ ਦਿੱਤੀ ਅਤੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ। ਲੇਖਕ ਨੇ ਇਹ ਨਾਵਲ ਉਨ੍ਹਾਂ ਹਜ਼ਾਰਾਂ ਲੱਖਾਂ ਸਿੰਘਾਂ ਦੇ ਨਾਂਅ ਕੀਤਾ ਹੈ ਜਿਹੜੇ ਆਪਣੀ ਧਰਤੀ ਅਤੇ ਕੌਮ ਲਈ ਲੜਦੇ-ਲੜਦੇ ਸ਼ਹੀਦ ਹੋ ਗਏ, ਜਿਨ੍ਹਾਂ ਦਾ ਨਾਂਅ ਨਾ ਇਤਿਹਾਸ ਵਿਚ ਦਰਜ ਹੈ, ਨਾ ਲੋਕ ਜਾਣਦੇ ਹਨ। ਕਲਗੀਧਰ ਪਿਤਾ ਜੀ ਨੇ ਹਜ਼ੂਰ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਂਅ ਦਿੱਤਾ ਅਤੇ ਪੰਜ ਸਿੰਘਾਂ, ਆਪਣੇ ਪੰਜ ਤੀਰਾਂ ਦੀ ਬਖਸ਼ਿਸ਼ ਨਾਲ ਪੰਜਾਬ ਤੋਰਿਆ। ਬੰਦਾ ਸਿੰਘ ਬਹਾਦਰ ਨੇ ਆ ਕੇ ਸੁੱਤੇ ਹੋਏ ਪੰਜਾਬ ਨੂੰ ਜਗਾਇਆ, ਜ਼ਾਲਮਾਂ ਨੂੰ ਮਲੀਆਮੇਟ ਕੀਤਾ, ਖ਼ੁਦਮੁਖ਼ਤਿਆਰੀ ਖ਼ਾਲਸਾ ਰਾਜ ਕਾਇਮ ਕੀਤਾ, ਗੁਰੂਆਂ ਦੇ ਨਾਂਅ 'ਤੇ ਸਿੱਕਾ ਚਲਾਇਆ, ਖ਼ਾਲਸਾ ਰਾਜ ਦੀ ਮੋਹਰ ਕਾਇਮ ਕੀਤੀ ਅਤੇ ਪਹਿਲੀ ਰਾਜਧਾਨੀ ਲੋਹਗੜ੍ਹ ਕਾਇਮ ਕੀਤੀ। ਉਸ ਨੇ ਜਿੱਤੇ ਹੋਏ ਇਲਾਕਿਆਂ ਵਿਚੋਂ ਜਗੀਰਦਾਰੀ ਪ੍ਰਬੰਧ ਖ਼ਤਮ ਕਰਕੇ ਜ਼ਮੀਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ।
ਅਖੀਰ ਅਕਹਿ ਅਤੇ ਅਸਹਿ ਕਸ਼ਟ ਸਹਾਰ ਕੇ ਇਹ ਸ਼ੇਰ ਦੂਲਾ ਸ਼ਹਾਦਤ ਦਾ ਜਾਮ ਪੀ ਗਿਆ। ਲੇਖਕ ਨੇ ਭਾਵੇਂ ਪ੍ਰਭਾਵਸ਼ਾਲੀ ਢੰਗ ਨਾਲ ਇਸ ਨਾਵਲ ਦੀ ਸਿਰਜਣਾ ਕੀਤੀ ਹੈ ਪਰ ਇਤਿਹਾਸਕ ਪੱਖ ਤੋਂ ਕੁਝ ਭੁੱਲਾਂ ਵੀ ਕੀਤੀਆਂ ਹਨ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵੱਲ ਰਵਾਨਾ ਕਰ ਦਿੱਤਾ ਸੀ। ਲੇਖਕ ਨੇ ਮਾਤਾ ਜੀ ਅਤੇ ਬੰਦਾ ਬਹਾਦਰ ਦੀ ਹਾਜ਼ਰੀ ਵਿਚ ਮਹਾਰਾਜ ਜੀ ਦਾ ਪ੍ਰਲੋਕ ਗਮਨ ਦਿਖਾਇਆ ਹੈ ਅਤੇ ਕਈ ਗੱਲਾਂ ਇਤਿਹਾਸ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉੱਤਰਦੀਆਂ। ਗੁਰੂ ਮਹਾਰਾਜ ਜੀ ਦੇ ਮਹਾਨ ਜੀਵਨ ਇਤਿਹਾਸ ਨਾਲ ਛੇੜਛਾੜ ਕਰਨੀ ਭਾਰੀ ਅਵੱਗਿਆ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

17-04-2022

ਮਿਸ਼ਨ ਰੈੱਡ ਸਟਾਰ
ਲੇਖਕ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 104
ਮੋ: 98152-98459.


ਪੰਜਾਬੀ ਵਾਰਤਕ ਦੇ ਖੇਤਰ 'ਚ ਲੇਖਿਕਾ ਗੁਰਚਰਨ ਕੌਰ ਥਿੰਦ ਕੋਈ ਨਵਾਂ ਨਾਂਅ ਨਹੀਂ ਹੈ। ਇਸ ਤੋਂ ਪਹਿਲਾਂ ਉਹ ਇਕ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ। 'ਅੰਮ੍ਰਿਤ', 'ਚੰਦਰਯਾਨ-ਤਿਸਕਿਨ' ਅਤੇ 'ਜਗਦੇ ਬੁਝਦੇ ਜੁਗਨੂੰ' ਨਾਵਲਾਂ ਉਪਰੰਤ ਹਥਲਾ ਨਾਵਲ 'ਮਿਸ਼ਨ ਰੈੱਡ ਸਟਾਰ' ਉਨ੍ਹਾਂ ਦਾ ਚੌਥਾ ਖ਼ੂਬਸੂਰਤ ਨਾਵਲ ਹੈ, ਜੋ ਕਿ ਮਨੁੱਖ ਦੀ ਸਮਝ ਨੂੰ ਵਿਗਿਆਨ ਨਾਲ ਜੋੜਦਾ ਹੈ। ਨਾਵਲ ਦੇ ਕੁੱਲ 14 ਕਾਂਡ ਹਨ। ਹਰੇਕ ਕਾਂਡ ਆਪਣੇ-ਆਪ 'ਚ ਇਕ ਮੁਕੰਮਲ ਕਹਾਣੀ ਨੂੰ ਜਨਮ ਦਿੰਦਾ ਹੈ। ਰਚਨਾਤਮਿਕ ਪੱਖੋਂ ਨਾਵਲ ਦੀ ਰਚਨ ਪ੍ਰਕਿਰਿਆ ਕਾਫ਼ੀ ਗੁੰਦਵੀਂ ਹੈ। ਪਾਤਰ-ਉਸਾਰੀ, ਸ਼ੈਲੀ, ਦ੍ਰਿਸ਼-ਚਿਤਰਨ ਕਮਾਲ ਦੇ ਹਨ। ਪਾਠਕ ਦੇ ਮਨ ਅੰਦਰ ਅੱਗੇ ਹੋਰ ਪੜ੍ਹਨ ਦੀ ਜਗਿਆਸਾ ਲਗਾਤਾਰ ਬਣੀ ਰਹਿੰਦੀ ਹੈ, ਜੋ ਕਿ ਉਸ ਨੂੰ ਇਸ ਦੀ ਕਹਾਣੀ ਨਾਲ ਜੋੜੀ ਰੱਖਦੀ ਹੈ। ਸੱਭਿਆਚਾਰਕ ਤੇ ਸਮਾਜਿਕ ਪੱਖੋਂ ਵੀ ਨਾਵਲ ਦੀ ਕਹਾਣੀ ਅੰਦਰ ਅਗਾਂਹਵਧੂ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਲੇਖਕ ਨੇ ਜਾਤਾਂ-ਪਾਤਾਂ, ਧਰਮਾਂ ਦਾ ਖੰਡਨ ਕਰਦਿਆਂ ਕੇਵਲ ਮਾਨਵਤਾ ਦਾ ਸੁਨੇਹਾ ਦਿੱਤਾ ਹੈ। ਨਾਵਲ ਦੀ ਕਹਾਣੀ ਮੰਗਲਯਾਨ-ਰੈੱਡਸਟਾਰ ਦੇ ਪੁਲਾੜ 'ਚ ਰਵਾਨਾ ਹੋਣ ਨਾਲ ਆਰੰਭ ਹੁੰਦੀ ਹੈ। ਨਵੀਂ ਧਰਤੀ ਮੰਗਲ ਸੰਬੰਧੀ ਭੂਗੋਲਿਕ ਜਾਣਕਾਰੀ ਅੰਕੜਿਆਂ ਸਹਿਤ ਦਿੱਤੀ ਗਈ ਹੈ। ਉੱਪਰਲੀ ਧਰਤੀ 'ਚ ਜਾਣ ਦੀ ਮਨੁੱਖ ਦੀ ਇੱਛਾ ਹਜ਼ਾਰਾਂ ਸਾਲ ਬਾਅਦ ਪੂਰੀ ਹੋਈ ਹੈ। ਧਰਤੀ ਸਮੇਤ ਹੋਰਨਾਂ ਗ੍ਰਹਿਆਂ ਦੀ ਉਤਪਤੀ ਅਤੇ ਮਨੁੱਖੀ ਜੀਵਨ ਦੇ ਵਿਕਾਸ ਕਹਾਣੀ ਦੇ ਵਿਸ਼ੇ ਵਸਤੂ 'ਚ ਸ਼ਾਮਿਲ ਕੀਤੀ ਗਈ ਹੈ। ਅਜੋਕੇ ਸਮੇਂ ਅੰਦਰ ਮੰਗਲ ਇਕ ਪਿੰਡ ਬਣ ਗਿਆ ਹੈ। ਇਸ ਧਰਤੀ ਉੱਪਰ ਮਨੁੱਖ ਨੂੰ ਰੇਡੀਏਸ਼ਨ ਦੇ ਬਚਾਅ ਲਈ ਖ਼ਾਸ ਕਿਸਮ ਦੇ ਕੱਪੜੇ ਪਾਉਣੇ ਪੈਂਦੇ ਹਨ। ਮਸ਼ੀਨੀ ਮਨੁੱਖ (ਰੋਬੋਟਸ) ਨੂੰ ਹੱਡ-ਮਾਸ ਦੇ ਬੰਦਿਆਂ ਵਾਂਗ ਕਾਰਜਸ਼ੀਲ ਦਿਖਾਇਆ ਗਿਆ ਹੈ। ਸਪੇਸਸ਼ਿਪ ਰਾਹੀਂ ਧਰਤੀ ਤੋਂ ਮਨੁੱਖ ਇਸ ਧਰਤੀ ਉੱਪਰ ਵਸਣ ਲਈ ਆਉਂਦੇ ਹਨ। 'ਮਿਸ਼ਨ ਰੈੱਡ ਸਟਾਰ' ਇਸ ਧਰਤੀ ਤੋਂ ਓਸ ਧਰਤੀ 'ਤੇ ਪਹੁੰਚਣ ਦੇ ਮਿਸ਼ਨ ਦਾ ਪਹਿਲਾ ਪੜਾਅ ਹੈ। ਸੁੂਰਜ ਮੰਡਲ ਅਤੇ ਉਸ ਦੇ ਪਰਿਵਾਰ ਸੰਬੰਧੀ ਦਿੱਤੀ ਗਈ ਭੂਗੋਲਿਕ ਜਾਣਕਾਰੀ ਸਲਾਹੁਣਯੋਗ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110
c c c


ਸੱਲ ਸੰਨ ਸੰਤਾਲੀ ਦੇ

ਲੇਖਿਕਾ : ਅਮਨਦੀਪ ਹਾਂਸ
ਪ੍ਰਕਾਸ਼ਨ : ਪੰਜਆਬ ਪ੍ਰਕਾਸ਼ਨ, ਜਲੰਧਰ
ਮੁੱਲ : 130 ਰੁਪਏ, ਸਫ਼ੇ : 88
ਸੰਪਰਕ : 83609-75546.


ਹਥਲੀ ਪੁਸਤਕ ਦੀ ਲੇਖਿਕਾ ਦੇਸ਼ ਭਗਤ ਪਿਛੋਕੜ ਦੀ ਵਾਰਸ ਹੈ। ਇਸ ਪੁਸਤਕ ਵਿਚ 1947 ਦੀ ਵੰਡ ਦੇ ਦੁਖਾਂਤ ਤੇ ਜੰਮਣ ਭੋਇੰ ਤੋਂ ਵਿਛੜਨ ਦਾ ਵਿਯੋਗ, ਸੋਗ ਤੇ ਵੈਰਾਗ ਦੀ ਬਾਤ ਹੈ। ਲੇਖਿਕਾ ਵੰਡ ਦੇ ਸੱਲ ਵਿੰਨ੍ਹੇ ਬਲਵੰਤ ਸਿੰਘ ਸਰਗੋਧੀਆ ਨੂੰ ਕੇਂਦਰੀ ਪਾਤਰ ਵਜੋਂ ਪੇਸ਼ ਕਰਕੇ ਦੁੱਖਾਂ ਨੂੰ ਫਰੋਲਦੀ ਉਜੜਨ ਤੇ ਅਨੇਕਾਂ ਭਟਕਣਾਂ ਉਪਰੰਤ ਦੋਜ਼ਖ ਭਰੇ ਮੁੜ ਵਸੇਬੇ ਦਾ ਖੂਬਸੂਰਤ ਵੈਰਾਗਮਈ ਚਿੱਤਰ ਸਿਰਜਦੀ ਹੈ। ਲੇਖਿਕਾ ਨੇ 1947 ਤੋਂ ਪਹਿਲਾਂ ਦੀ ਜੀਵਨ ਜਾਂਚ ਸੱਭਿਆਚਾਰ, ਕੰਮ-ਧੰਦੇ, ਖਾਣਾ-ਪੀਣਾ, ਆਪਸੀ ਰਿਸ਼ਤਿਆਂ, ਘਰਾਂ ਦੀ ਬਣਤਰ ਤੇ ਉਨ੍ਹਾਂ ਦੀ ਚਿੱਤਰਕਾਰੀ ਆਦਿ ਨੂੰ ਸ਼ਬਦੀ ਜਾਮੇ ਰਾਹੀਂ ਮਾਂਜਿਆ ਸੰਵਾਰਿਆ ਹੈ।
ਧਾਰਮਿਕ ਜਨੂੰਨ ਕਿੰਨਾ ਭਿਆਨਕ ਤੇ ਖ਼ਤਰਨਾਕ ਹੁੰਦਾ ਹੈ ਜਦੋਂ ਆਦਮ ਬੋ ਆਦਮ ਬੋ ਕਰਦੀਆਂ ਭੀੜਾਂ ਮਨੁੱਖੀ ਖੂਨ ਨਾਲ ਪਿਆਸ ਬੁਝਾਉਣ ਲਈ ਆਮਦਾ ਹੋ ਜਾਂਦੀਆਂ ਹਨ। ਦਹਾਕਿਆਂ ਤੋਂ ਦਾਲ-ਰੋਟੀ ਤੇ ਦੁੱਖ-ਸੁੱਖ ਦੇ ਗੁਆਂਢੀ ਇਕ-ਦੂਜੇ ਦਾ ਖੂਨ ਵਹਾਉਣ ਲਈ ਬੇਰਹਿਮ ਹੋ ਟੱਕਰਦੇ ਹਨ। ਨਵੰਬਰ 1984 ਵਿਚ ਦਿੱਲੀ, ਫਰਵਰੀ 2002 ਗੁਜਰਾਤ ਵਿਚ ਵਾਪਰੇ (ਕਤਲੇਆਮ) ਇੰਨ-ਬਿੰਨ 1947 ਵਾਂਗ ਦੁਹਰਾਇਆ ਗਿਆ। ਅਮਨਦੀਪ ਹਾਂਸ ਦੀ ਪੁਸਤਕ ਦੇ ਅੱਠ ਭਾਗ ਹਨ ਪਰ ਉਸ ਤੋਂ ਪਹਿਲਾਂ ਸ. ਹਰਦੇਵ ਸਿੰਘ ਅਰਸ਼ੀ, ਸਤਨਾਮ ਸਿੰਘ ਮਾਣਕ ਅਤੇ ਮਿੰਟੂ ਬਰਾੜ ਵਲੋਂ ਭੂਮਿਕਾਵਤ ਲਿਖੀਆਂ ਰਾਵਾਂ ਵੀ ਪੁਸਤਕ ਦਾ ਕੱਦਕਾਠ ਉੱਚਾ ਕਰਦੀਆਂ ਹਨ। ਹਾਂਸ ਨੇ ਆਪਣੀ ਪੁਸਤਕ ਨੂੰ ਵੰਡ ਦੇ ਦੁਖਾਂਤ ਤੇ ਉੱਜੜੇ ਹੋਏ ਲੋਕਾਂ ਦੇ ਮੁੜ-ਵਸੇਬੇ ਨੂੰ ਆਧਾਰ ਰੱਖਿਆ ਹੈ। ਦੇਸ਼ ਵੰਡ ਦੇ ਦੌਰਾਨ ਹੋਏ ਫ਼ਿਰਕੂ ਫਸਾਦਾਂ ਵਿਚ 10 ਲੱਖ ਲੋਕ ਮਾਰੇ ਗਏ ਅਤੇ ਇਕ ਕਰੋੜ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਇਕ ਪਾਸੇ ਤੋਂ ਦੂਜੇ ਪਾਸੇ ਜਾਣਾ ਪਿਆ। ਅੱਸੀ ਹਜ਼ਾਰ ਔਰਤਾਂ ਨੂੰ ਅਗਵਾ ਕਰ ਲਿਆ ਗਿਆ। ਜੋ ਬੀਤਿਆ ਵਾਪਰਿਆ ਲਿਖਣ ਤੋਂ ਪਰੇ ਦੀ ਗੱਲ ਹੈ।
ਇਸ ਕਿਤਾਬ ਦੇ ਮੁੱਖ ਕਿਰਦਾਰ ਕੈਪਟਨ ਬਲਵੰਤ ਸਿੰਘ ਸਰਗੋਧੀਆ ਦੇ ਪਰਿਵਾਰ ਨੂੰ 1947 ਦੇ ਭਿਆਨਕ ਨਰਸੰਘਾਰ ਵਿਚੋਂ ਗੁਜ਼ਰਨਾ ਪਿਆ ਦੀ ਕਹਾਣੀ ਇਕ ਵਾਰ ਫਿਰ ਸਾਡਾ ਧਿਆਨ 1947 ਵਿਚ ਵਾਪਰੇ ਇਸ ਵੱਡੇ ਦੁਖਾਂਤ ਵੱਲ ਖਿੱਚਦੀ ਹੈ। ਉਨ੍ਹਾਂ ਦਾ ਵੱਡਾ ਪਰਿਵਾਰ 1947 ਤੋਂ ਪਹਿਲਾਂ 135 ਚੱਕ (ਜਨੂਬੀ) ਵਿਚ ਬੜੀ ਆਨ-ਸ਼ਾਨ ਨਾਲ ਜ਼ਿੰਦਗੀ ਬਿਤਾ ਰਿਹਾ ਸੀ ਪਰ ਦੇਸ਼ ਵੰਡ ਨੇ ਉਥੋਂ ਉਖੇੜ ਦਿੱਤਾ ਅਤੇ ਅਨੇਕਾਂ ਮੁਸੀਬਤਾਂ ਪੈਦਾ ਕਰ ਦਿੱਤੀਆਂ। ਬਲਵੰਤ ਸਿੰਘ ਇਕ ਗੱਡੇ 'ਤੇ ਆਪਣੀ ਮਾਂ ਅਤੇ ਰਸਤੇ 'ਚ ਪੈਦਾ ਹੋਏ ਆਪਣੇ ਭਰਾ ਸੁੱਚਾ ਸਿੰਘ ਨੂੰ ਕਿਸੇ ਨਾ ਕਿਸੇ ਢੰਗ ਨਾਲ ਇਧਰਲੇ ਪੰਜਾਬ ਲੈ ਪਹੁੰਚਿਆ। ਰਾਹ ਵਿਚ ਕਿਸ ਤਰ੍ਹਾਂ ਹਮਲੇ ਹੋਏ ਕਿਸ ਤਰ੍ਹਾਂ ਫ਼ਿਰਕੂ ਭੀੜਾਂ ਵਲੋਂ ਕਤਲੇਆਮ ਕੀਤਾ ਜਾਂਦਾ ਰਿਹਾ ਇਹ ਕਹਾਣੀ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਹੈ। 'ਸੱਲ ਸੰਨ ਸੰਤਾਲੀ ਦੇ' ਕਿਤਾਬ ਦੀ ਲੇਖਿਕਾ ਨੇ ਦਾਸਤਾਨ ਨੂੰ ਸ਼ਬਦੀ ਜਾਮਾ ਪਹਿਨਾ ਕੇ ਖੂਬਸੂਰਤੀ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਪੁਸਤਕ ਅਖੀਰ ਵਿਚ ਸਰਗੋਧਾ ਪਰਿਵਾਰ ਤੇ ਸੰਬੰਧਿਤਾਂ ਦੀਆਂ ਕੁਝ ਰੰਗਦਾਰ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।


ਦਿਲਜੀਤ ਸਿੰਘ ਬੇਦੀ
ਮੋ: 98148-98570


ਸਰਦਾਰ ਦੀ ਪੱਗ
ਤੇ ਹੋਰ ਕਹਾਣੀਆਂ

ਲੇਖਿਕਾ : ਰਿਪਨਜੋਤ ਕੌਰ ਸੋਨੀ ਬੱਗਾ
ਪ੍ਰਕਾਸ਼ਕ : ਜੇ. ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 98787-53423.


ਨਿੱਜੀ ਤਜਰਬਿਆਂ 'ਤੇ ਆਧਾਰਿਤ ਪੁਸਤਕ 'ਸਰਦਾਰ ਦੀ ਪੱਗ ਤੇ ਹੋਰ ਕਹਾਣੀਆਂ' ਅਸਲ ਵਿਚ ਲੇਖਿਕਾ ਦੇ ਜੀਵਨ ਦੀਆਂ ਕਹਾਣੀਆਂ ਹਨ। ਇਹ ਤਜਰਬੇ ਉਸ ਨੇ ਪੰਜਾਬ ਜਾਂ ਭਾਰਤ ਦੇ ਹੋਰ ਹਿੱਸਿਆਂ ਵਿਚ ਰਹਿੰਦੇ ਹੋਏ ਪ੍ਰਾਪਤ ਕੀਤੇ ਹਨ ਅਤੇ ਇਨ੍ਹਾਂ ਲੇਖ ਰੂਪੀ ਕਹਾਣੀਆਂ ਨੂੰ ਲੇਖਿਕਾ ਦੇ ਫ਼ੇਸਬੁੱਕ ਪੇਜ 'ਤੇ ਬਹੁਤ ਮਕਬੂਲੀਅਤ ਵੀ ਮਿਲੀ ਹੈ। ਇਨ੍ਹਾਂ ਵਿਚੋਂ ਕਈ ਲੇਖ ਨਾਮਵਰ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਵੀ ਹੋਏ ਹਨ, ਜਿਸ ਕਾਰਨ ਇਸ ਗੱਲ ਦੀ ਮੰਗ ਕੀਤੀ ਜਾਣੀ ਸੁਭਾਵਿਕ ਸੀ ਕਿ ਇਨ੍ਹਾਂ ਲੇਖਾਂ ਨੂੰ ਸੰਪਾਦਿਤ ਕਰਕੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾਵੇ। ਇਸੇ ਲੋੜ ਸਦਕਾ ਇਹ ਪੁਸਤਕ ਹੋਂਦ ਵਿਚ ਆਈ। ਵਿਸ਼ੇ ਪੱਖ ਤੋਂ ਅਧਿਐਨ ਕੀਤਿਆਂ ਇਹ ਗੱਲ ਸਾਹਮਣੇ ਆੳਂੁਦੀ ਹੈ ਕਿ ਲੇਖਿਕਾ ਨੇ ਇਸ ਪੁਸਤਕ ਵਿਚ ਆਪਣੀ ਜ਼ਿੰਦਗੀ ਦੇ ਉਹ ਅਨੁਭਵ ਕਲਮਬੱਧ ਕੀਤੇ ਹਨ ਜੋ ਆਮ ਲੋਕਾਂ ਲਈ ਧਰਮ ਸਿੱਖਿਆ ਅਤੇ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਨਾ ਸਰੋਤ ਵੀ ਸਿੱਧ ਹੁੰਦੇ ਹਨ। ਪੰਜਾਬ ਤੋਂ ਬਾਹਰ ਨੌਕਰੀ ਕਰਨ ਕਾਰਨ ਲੇਖਿਕਾ ਨੇ ਉਥੋਂ ਦੇ ਅਨੁਭਵ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ, ਜੋ ਪਾਠਕ ਨੂੰ ਭੂਗੋਲਿਕ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ। 'ਪੰਜਾਬੋਂ ਬਾਹਰ', 'ਮੈਮ, ਮੈਂ ਭੀ ਪੰਜਾਬੀ ਹੂੰ' ਅਤੇ 'ਯੇਹ ਤੋ ਸਰਦਾਰਨੀ ਲਗਤੀ ਹੈ' ਅਜਿਹੇ ਹੀ ਪ੍ਰਸੰਗ ਹਨ ਜੋ ਭੂਗੋਲਿਕ ਜਾਣਕਾਰੀ ਦੇ ਨਾਲ ਸੱਭਿਆਚਾਰਕ ਜਾਣਕਾਰੀ ਵੀ ਦਿੰਦੇ ਹਨ। ਲੇਖ 'ਸਰਦਾਰ ਦੀ ਪੱਗ' ਵਿਚ ਲੇਖਿਕਾ ਸਿੱਖ ਧਰਮ ਵਿਚ ਪੱਗ ਦੀ ਅਹਿਮੀਅਤ ਬਿਆਨ ਕਰਦੀ ਹੈ ਅਤੇ ਅਜਿਹੇ ਸਿੱਖ ਫ਼ੌਜੀ ਬਾਰੇ ਲਿਖਦੀ ਹੈ ਜਿਸ ਨੇ ਕਈ ਔਕੜਾਂ ਦੇ ਬਾਵਜੂਦ ਆਪਣਾ ਮਾਣ ਪੱਗ ਬੰਨ੍ਹਣੀ ਨਹੀਂ ਛੱਡੀ। ਇਸ ਤੋਂ ਇਲਾਵਾ ਲੇਖਿਕਾ ਨੇ ਮਾਂ-ਬੋਲੀ ਨਾਲ ਪਿਆਰ, ਗੁਰਦੁਆਰੇ ਜਾਣ ਪ੍ਰਤੀ ਸ਼ਰਧਾ, ਸਿੱਖ ਗੁਰੂਆਂ ਸੰਬੰਧੀ ਜਾਣਕਾਰੀ, ਕਿਰਸਾਨੀ ਸੰਘਰਸ਼, ਪੰਜਾਬੀਆਂ ਵਿਚ ਸਿਦਕ ਦਾ ਗੁਣ ਅਤੇ ਕਈ ਹੋਰ ਨੈਤਿਕ ਗੁਣਾਂ ਬਾਰੇ ਮਹੱਤਵਪੂਰਨ ਲੇਖ ਜਾਂ ਕਹਾਣੀਆਂ ਲਿਖ ਕੇ ਪਾਠਕ ਨੂੰ ਨਾਯਾਬ ਤੋਹਫ਼ਾ ਦਿੱਤਾ ਹੈ। ਇਨ੍ਹਾਂ ਪ੍ਰੇਰਕ ਪ੍ਰਸੰਗਾਂ ਨੂੰ ਲੇਖਿਕਾ ਨੇ ਮਿੰਨੀ ਕਹਾਣੀਆਂ ਦਾ ਨਾਂਅ ਦਿੱਤਾ ਹੈ। ਇਹ ਪੁਸਤਕ ਸੱਚਮੁੱਚ ਆਮ ਆਦਮੀ ਲਈ ਅਣਮੋਲ ਤੋਹਫ਼ਾ ਸਿੱਧ ਹੁੰਦੀ ਹੈ।


ਡਾ. ਸੰਦੀਪ ਰਾਣਾ
ਮੋ: 98728-87551


ਸਚਾਈ ਦੀ ਤਲਾਸ਼

ਲੇਖਕ : ਚੌਧਰੀ ਅਮੀਂ ਚੰਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94640-29540.


ਸ਼ਾਇਰ ਚੌਧਰੀ ਅਮੀਂ ਚੰਦ ਹਥਲੀ ਪੁਸਤਕ 'ਸਚਾਈ ਦੀ ਤਲਾਸ਼' ਤੋਂ ਪਹਿਲਾਂ ਵੀ ਛੇ ਪੁਸਤਕਾਂ 'ਸੱਚ ਕਹੇ ਰਵਿਦਾਸ', 'ਮੇਰੇ ਰਮਈਏ ਰੰਗ ਮਜੀਠ ਕਾ', 'ਹਾਇਕੂ ਸਵੇਰਾ', 'ਹਾਇਕ ਸ਼ਾਖਾਏਂ', 'ਜੀਵਨ ਸੱਚ' ਤੇ 'ਹਾਇਕੂ-ਏ-ਮਣਕੇ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਇਸ ਕਿਤਾਬ ਦੇ ਨਾਂਅ 'ਸਚਾਈ ਦੀ ਤਲਾਸ਼' ਤੋਂ ਹੀ ਅਸਾਡੇ ਹੱਥ ਆ ਜਾਂਦੀ ਹੈ। ਸ਼ਾਇਰ ਦਾ ਮੀਰੀ ਗੁਣ ਹੀ ਸੱਚ ਦੀ ਤਲਾਸ਼ ਕਰਨਾ ਹੁੰਦਾ ਹੈ। ਹਰੇਕ ਸ਼ਾਇਰ ਆਪੋ-ਆਪਣੀ ਸ਼ਾਇਰ ਜੁਗਤ ਨਾਲ ਸਚਾਈ ਦੀ ਤਲਾਸ਼ ਦੀ ਪੈਣ ਨੱਪਣ ਦਾ ਪਾਂਧੀ ਬਣ ਰਿਹਾ ਹੈ ਤੇ ਅੰਤਿਮ ਸੱਚ ਦੀ ਤਲਾਸ਼ ਲਈ ਆਪਣੀ ਬੌਧਿਕ ਸਮਰੱਥਾ ਦੇ ਤਰਕ ਦੇ ਤੀਰ ਚਲਾਉਂਦਾ ਹੈ। ਜੋ ਅੱਜ ਸੱਚ ਹੈ, ਉਸ ਦਾ ਰੂਪ ਕੱਲ੍ਹ ਨੂੰ ਹੋਰ ਹੋ ਸਕਦਾ ਹੈ ਤੇ ਅੰਤਿਮ ਸੱਚ ਦੀ ਡੋਰ ਅਜੇ ਤੱਕ ਕਿਸੇ ਦੇ ਹੱਥ ਨਹੀਂ ਆਈ। ਸ਼ਾਇਰ ਚੌਧਰੀ ਅਮੀਂ ਚੰਦ ਸ਼ਾਬਦਿਕ ਕਲਾਬਾਜ਼ੀਆਂ ਨਹੀਂ ਲਾਉਂਦਾ ਤੇ ਸੰਚਾਰ ਯੁਕਤ ਹੋਇਆ ਅਧਿਆਤਮਵਾਦ ਤੇ ਆਦਰਸ਼ਵਾਦ ਦੇ ਸਿਖਾਂਦੜੂ ਪ੍ਰਯਤਨ ਵਿਚੋਂ ਗੁਜ਼ਰਦਿਆਂ ਸਿੱਧੀ ਸਪਾਟ ਭਾਸ਼ਾ ਦਾ ਹਥਿਆਰ ਵਰਤਦਾ ਹੈ, ਉਹ ਬਾਬੇ ਨਾਨਕ ਦੇ ਫਲਸਫ਼ੇ ਦੀ ਥਾਹ ਪਾਉਣ ਲਈ ਅਰਜੋਈਆਂ ਕਰਦਾ ਹੈ। ਉਹ ਕਦੇ ਮਾਂ ਦੀ ਗੋਦ ਵਿਚ ਅਗੰਮੀ ਅਨੰਦ ਮਾਣਦਾ ਹੈ। ਖਲੀਲ ਜਿਬਰਾਨ ਆਖਦਾ ਹੈ ਕਿ ਉਸ ਨੇ ਢੇਰ ਸਾਰਾ ਸਾਹਿਤ ਪੜ੍ਹਿਆ ਤੇ ਉਲਥਾਇਆ ਹੈ ਪਰ ਜਦੋਂ ਸ਼ਬਦ ਮਾਂ ਉਸ ਦੀ ਕਲਮ ਦੀ ਨੋਕ ਹੇਠ ਆਉਂਦਾ ਹੈ ਤਾਂ ਉਸ ਦੇ ਅਹਿਸਾਸ ਸ਼ਬਦਾਂ ਦੀ ਵਲਗਣ ਵਿਚ ਨਹੀਂ ਆਉਂਦੇ, ਮਾਂ ਦੇ ਵਿਯੋਗ 'ਚ ਲਿਖੀ ਕਵਿਤਾ ਅਸਾਡੀਆਂ ਅੱਖਾਂ ਸਿੱਲ੍ਹੀਆਂ ਕਰ ਦਿੰਦੀ ਹੈ। ਅੱਜ ਦਾ ਮਨੁੱਖ ਆਧੁਨਿਕਤਾ ਦੀ ਹਨੇਰੀ ਵਿਚ ਮੁਹੱਬਤ ਨੂੰ ਸਿਰਫ ਸਿਜਮਾਂ ਦੀ ਖੇਡ ਤੱਕ ਹੀ ਸੀਮਤ ਕਰ ਦਿੰਦਾ ਹੈ ਤੇ ਮੁਹੱਬਤਾਂ ਦੀ ਪਾਕੀਜਗੀ ਦੀ ਥਾਹ ਨਹੀਂ ਪਾਉਂਦਾ। ਕੋਰੋਨਾ ਕਾਲ ਨੂੰ ਉਹ ਸੱਤਾ 'ਤੇ ਕਾਬਜ਼ ਲੋਕਾਂ ਦੇ ਹੱਥਾਂ ਦਾ ਸੰਦ ਸਮਝਦਾ ਹੈ ਕਿ ਸਾਨੂੰ ਅੰਦੋਲਨ ਦੀ ਵੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਾ ਹੈ ਤੇ ਹੋਰ ਵਿਭਿੰਨ ਸਮਾਜਿਕ ਵਰਤਾਰਿਆਂ ਨਾਲ ਵੀ ਦਸਤਪੰਜਾ ਲੈਂਦਾ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਸਮਕਾਲੀ ਸਾਹਿਤ ਦਾ ਗਹਿਰ ਗੰਭੀਰ ਅਧਿਐਨ ਕਰੇ ਤਾਂ ਕਿ ਹੋਰ ਬਿਹਤਰ ਸੁਹਜਆਤਮ ਤੇ ਕਲਾਤਮਿਕ ਪ੍ਰਗਟਾਵੇ ਨਾਲ ਸਚਾਈ ਦੀ ਤਲਾਸ਼ ਕਰੇ।


ਭਗਵਾਨ ਢਿੱਲੋਂ
ਮੋ: 98143-78254.


ਹਿੰਮਤ ਦੇ ਹਾਸਲ

ਲੇਖਕ : ਦਲੀਪ ਸਿੰਘ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 295 ਰੁਪਏ, ਸਫ਼ੇ : 236
ਸੰਪਰਕ : 98550-68278.


ਪੰਜਾਬੀ ਸਾਹਿਤ 'ਚ ਸਵੈ-ਜੀਵਨੀ ਨੇ ਚੰਗਾ ਵਾਧਾ ਕੀਤਾ ਹੈ। ਇਸ ਨਾਲ ਪੰਜਾਬੀ ਵਾਰਤਕ ਨਿੱਖਰੀ ਵੀ ਹੈ ਅਤੇ ਕਈ ਨਵੇਂ ਦਿਸਹੱਦੇ ਉਲੀਕੇ ਹਨ। ਦਲੀਪ ਸਿੰਘ ਉੱਪਲ ਪੁਸਤਕ ਦੇ ਆਦਿਕਾ 'ਚ ਲਿਖਦੇ ਹਨ : 'ਮੈਂ ਤਰਾਸੀ ਸਾਲ ਦਾ ਹੋ ਗਿਆ ਹਾਂ। ਮੇਰੀਆਂ ਹੁਣ ਤੱਕ ਗਿਆਰਾਂ ਪੁਸਤਕਾਂ ਛਪ ਚੁੱਕੀਆਂ ਹਨ। ਹੁਣ ਮੇਰਾ ਪਰਿਵਾਰ ਸਵੈ-ਜੀਵਨੀ ਲਿਖਣ ਲਈ ਜ਼ੋਰ ਪਾਉਂਦਾ ਰਿਹਾ ਹੈ। ਮੈਂ ਕਹਿੰਦਾ ਸੀ ਕਿ ਮੈਂ ਕਿਹੜਾ ਮਾਰ੍ਹਕਾ ਮਾਰਿਆ ਹੈ, ਜਿਸ ਤੋਂ ਕਿਸੇ ਨੂੰ ਕੋਈ ਸਿੱਖਿਆ ਮਿਲ ਸਕੇ।' ਇਹ ਸ਼ਬਦ ਸ੍ਰੀ ਉੱਪਲ ਦੀ ਨਿਰਮਾਣਤਾ ਦਾ ਸਬੂਤ ਹਨ। ਉੱਪਲ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ (ਸੈਫ਼ਦਾਬਾਦ), ਤਹਿਸੀਲ ਜੜ੍ਹਾਂਵਾਲਾ ਦੇ ਚੱਕ ਨੰਬਰ ਇਕੱਤੀ ਵਿਚ ਹੋਇਆ ਸੀ, ਇਹ ਉੱਪਲ ਦੀ ਮਾਂ ਦੇ ਨਾਨਕਿਆਂ ਦਾ ਪਿੰਡ ਸੀ। ਉੱਪਲ ਦੇ ਜੱਦੀ ਪਿੰਡ ਦਾ ਨਾਂਅ ਲਸੂੜੀ ਹੈ ਜੋ ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ। 1947 ਦੀ ਵੰਡ ਸਮੇਂ ਉਧਰੋਂ ਪਰਿਵਾਰਾਂ ਦਾ ਸੁੱਖ-ਸਾਂਦ ਨਾਲ ਆਉਣਾ, ਇਕ ਨਵਾਂ ਜਨਮ ਲੈਣ ਵਰਗਾ ਸੀ। ਦਸਵੀਂ ਦੀ ਪ੍ਰੀਖਿਆ ਪ੍ਰਾਈਵੇਟ ਵਿਦਿਆਰਥੀ ਵਜੋਂ ਕੀਤੀ। ਇਸ ਦੌਰਾਨ ਹੀਰ ਵਾਰਿਸ ਸ਼ਾਹ ਸੁਣਾ ਕੇ ਵਾਹਵਾ ਖੱਟੀ। ਮਾਸਟਰ ਦਲੀਪ ਸਿੰਘ ਨੇ ਕਾਬਲੀਅਤ ਦੀ ਕਦਰ ਕਰਦੇ, ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਰੱਖ ਲਿਆ। ਤੀਹ ਰੁਪਏ ਦੀ ਕਮਾਈ ਤਨਖ਼ਾਹ ਦੀ ਪ੍ਰਥਮ ਰਕਮ ਦਾਦੀ ਭਾਗੋ ਦੇ ਚਰਨਾਂ ਵਿਚ ਰੱਖਣ ਦੇ ਪਲ ਬਹੁਤ ਭਾਵਮਈ ਹਨ। 'ਪਿੰਡ ਤੋਂ ਲੁਧਿਆਣੇ ਆਉਣਾ' ਉੱਪਲ ਦੇ ਜੀਵਨ ਪਰਿਵਰਤਨ ਦਾ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਸ਼ਹਿਰ ਆ ਕੇ ਉੱਪਲ ਦਾ ਸੰਘਰਸ਼ ਸ਼ੁਰੂ ਹੁੰਦਾ ਹੈ। ਇਸ ਆਰਥਿਕ-ਮੰਦਹਾਲੀ 'ਚੋਂ ਨਿਕਲਣ ਲਈ ਉੱਪਲ ਨੇ ਪ੍ਰਾਈਵੇਟ ਹੀ ਪ੍ਰੀਖਿਆਵਾਂ ਪਾਸ ਕੀਤੀਆਂ। ਜਿਸ ਦੇ ਫਲਸਰੂਪ ਚੰਡੀਗੜ੍ਹ, ਪੰਜਾਬ ਸਿਵਲ ਸਕੱਤਰੇਤ 'ਚ ਨੌਕਰੀ ਮਿਲ ਜਾਂਦੀ ਹੈ। ਮਿਹਨਤ ਨੂੰ ਫਲ ਲੱਗਿਆ ਤੇ 1973 'ਚ ਉੱਪਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਦਾ ਗੁਪਤ ਨਿੱਜੀ ਸਹਾਇਕ ਬਣਨਾ ਇਕ ਉਜਲੇ ਭਵਿੱਖ ਦੀ ਸਵੇਰ ਚੜ੍ਹਨ ਵਰਗਾ ਸੀ। ਡਾ. ਕਮਲੇਸ਼ ਨਾਲ ਸ਼ਾਦੀ ਹੋਣ ਨਾਲ ਇਕ ਸਫਲ ਜੀਵਨ ਸਿਰਜਣ ਲਈ ਪੈਂਡਾ ਰੌਸ਼ਨ ਹੁੰਦਾ ਹੈ। ਇਸ ਸੇਵਾਕਾਲ ਦੌਰਾਨ ਡਾ. ਇੰਦਰਜੀਤ ਕੌਰ ਸੰਧੂ, ਡਾ. ਭਗਤ ਸਿੰਘ, ਡਾ. ਸਰਦਾਰਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਪੁਆਰ, ਡਾ. ਐਚ.ਕੇ. ਮਨਮੋਹਨ ਸਿੰਘ, ਡਾ. ਜਸਪਾਲ ਸਿੰਘ ਆਦਿ ਨਾਲ ਜੋ ਨੇੜਤਾ ਤੇ ਸਾਂਝਾਂ ਰਹੀਆਂ, ਉਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰਾਂ ਨਾਲ ਸੇਵਾਵਾਂ ਕਰਕੇ ਉੱਪਲ ਦੀ ਦਿਆਨਤਦਾਰੀ ਅਤੇ ਮਿਹਨਤ ਰੰਗ ਲਿਆਉਂਦੀ ਰਹੀ। ਵਿੱਤ ਅਫ਼ਸਰ ਤੇ ਫਿਰ ਡਿਪਟੀ ਰਜਿਸਟਰਾਰ ਅਹੁਦਿਆਂ 'ਤੇ ਰਹਿਣਾ, ਇਕ ਸੱਚਿਆਰੇ ਮਨੁੱਖ ਦੀ ਮਿਹਨਤ ਦਾ ਪ੍ਰਤੀਫਲ ਹੈ। ਇਹ ਸਵੈ-ਜੀਵਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕੀ ਢਾਂਚੇ, ਅਕਾਦਮਿਕ ਕਾਰਗੁਜ਼ਾਰੀ, ਪ੍ਰੋਫ਼ੈਸਰ ਸਾਹਿਬਾਨ ਦੇ ਸਿੱਖਿਆ ਕਾਰਜ, ਗੋਸ਼ਟੀਆਂ, ਸੈਮੀਨਾਰਾਂ, ਧਰਨੇ, ਰੋਸ-ਮੁਜ਼ਾਹਰੇ, ਕਰਮਚਾਰੀਆਂ ਦੀਆਂ ਮੰਗਾਂ ਤੇ ਔਕੜਾਂ, ਵਿੱਤੀ ਸੰਕਟਾਂ ਤੇ ਸਮੁੱਚੇ ਮਾਹੌਲ ਬਾਰੇ ਖੁਲਾਸਾ ਕਰਦੀ ਹੈ। ਉੱਪਲ ਦੀ ਸ਼ਖ਼ਸੀਅਤ ਤੇ ਕਾਰਜਸ਼ੈਲੀ ਦੀ ਕੀਰਤੀ ਤੇ ਮਹਿਮਾ ਕਾਰਨ, ਉਸ ਦੀ ਬੇਟੀ ਨਿਵੇਦਿਤਾ ਸਿੰਘ ਅਤੇ ਦਾਮਾਦ ਡਾ. ਭੀਮਇੰਦਰ ਸਿੰਘ ਇਸੇ ਵਿਸ਼ਵਵਿਦਿਆਲਾ 'ਚ ਸੰਗੀਤ ਤੇ ਪੰਜਾਬੀ ਵਿਭਾਗ 'ਚ ਉੱਚ ਅਹੁਦਿਆਂ 'ਤੇ ਨਾਮਣਾ ਖੱਟਦੇ ਹਨ। ਉਨ੍ਹਾਂ ਦੀ ਜੀਵਨ ਸਾਥਣ ਡਾ. ਕਮਲੇਸ਼ ਉੱਪਲ ਉੱਘੇ ਨਾਟਕ ਕਰਮੀ ਪ੍ਰਸਿੱਧੀ ਖੱਟਦੇ ਹਨ। ਬੇਟਾ ਡਾ. ਅਲੰਕਾਰ ਸਿੰਘ ਬਤੌਰ ਪ੍ਰੋਫ਼ੈਸਰ ਕਾਰਜਸ਼ੀਲ ਹੋਇਆ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਉੱਪਲ ਦੀ ਲੰਮੀ ਘਾਲ ਕਮਾਈ ਦਾ ਨਤੀਜਾ ਹੈ। ਉੱਪਲ ਨੇ ਬੜੀ ਫ਼ਿਰਾਕਦਿਲੀ ਨਾਲ ਆਪਣੇ ਦੋਸਤਾਂ ਅਤੇ ਮੂੰਹ ਬੋਲਦੀਆਂ ਬੇਟੀਆਂ ਦੇ ਸਹਿਯੋਗ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨੂੰ ਆਪਣੇ ਜੀਵਨ ਦਾ ਭਾਗੀ ਸਮਝਿਆ। ਡਾ. ਅਬਦੁਲ ਕਲਾਮ ਦੇ ਕਥਨ ਨਾਲ ਸਵੈ-ਜੀਵਨੀ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ : 'ਜੇ ਤੁਸੀਂ ਅਸਮਾਨ 'ਤੇ ਸੂਰਜ ਦੀ ਤਰ੍ਹਾਂ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਦੀ ਤਰ੍ਹਾਂ ਸੜਨਾ ਪਵੇਗਾ।' ਅੰਤ 'ਚ ਇਸ ਵਿਚਾਰ ਨਾਲ ਸਹਿਮਤ ਹੋਣਾ ਠੀਕ ਹੈ : 'ਇਹ ਜੀਵਨ ਗਾਥਾ ਇਕ ਅਜਿਹੇ ਸੁਹਿਰਦ ਇਨਸਾਨ ਦੀ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਸਾਰੇ ਅਨੁਭਵ ਅਤੇ ਸਮੁੱਚਾ ਹੰਢਿਆ ਵਰਤਿਆ, ਭਾਵਭਿੰਨੀ ਸੰਵੇਦਨਾ ਅਤੇ ਨਿਰਛੱਲਤਾ ਨਾਲ ਬਿਆਨ ਕਰ ਦਿੱਤਾ ਹੈ।' ਇਹ ਆਤਮਕਥਾ ਪਾਠਕਾਂ ਨੂੰ ਉਤਸ਼ਾਹਿਤ ਕਰੇਗੀ। ਚੰਗੇ ਮਨੁੱਖ ਦੀ ਚੰਗੀ ਰਚਨਾ।


ਮਨਮੋਹਨ ਸਿੰਘ ਦਾਊਂ
ਮੋ: 98151-23900.


ਮਿੱਟੀ ਦੀ ਚਿੜੀ

ਲੇਖਕ : ਮੁਖ਼ਤਾਰ ਗਿੱਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98140-82217.


ਮੁਖ਼ਤਾਰ ਗਿੱਲ ਪੰਜਾਬੀ ਕਹਾਣੀ ਵਿਚ ਸਥਾਪਤ ਨਾਂਅ ਹੈ। ਉਸ ਨੇ ਹੁਣ ਤੱਕ ਸੱਤ ਕਹਾਣੀ ਸੰਗ੍ਰਹਿ, ਦੋ ਨਾਵਲ ਅਤੇ ਬਾਲਾਂ ਲਈ ਕੁਝ ਪੁਸਤਕਾਂ ਦੀ ਰਚਨਾ ਕੀਤੀ ਹੈ। 'ਮਿੱਟੀ ਦੀ ਚਿੜੀ' ਨਾਵਲ ਪਹਿਲਾਂ 1976 ਵਿਚ ਪ੍ਰਕਾਸ਼ਿਤ ਹੋਇਆ ਸੀ ਤੇ ਹੁਣ ਇਸ ਦਾ ਪੁਨਰ-ਪ੍ਰਕਾਸ਼ਨ ਹੋਇਆ ਹੈ।
ਇਹ ਨਾਵਲ ਇਕ ਯੁਵਾ ਦਾ ਜੀਵਨ-ਬਿਰਤਾਂਤ ਹੈ। ਲੇਖਕ ਨੇ ਭਟਕਣ-9 (ਪੰਨੇ 9-22), ਭਟਕਣ-99 (ਪੰਨੇ 23-42) ਅਤੇ ਭਟਕਣ-999 (ਪੰਨੇ 43-80) ਰਾਹੀਂ ਮੁੱਖ ਪਾਤਰ ਦੇ ਨਿਸੰਗ ਜੀਵਨ ਨੂੰ ਪ੍ਰਸਤੁਤ ਕੀਤਾ ਹੈ। ਕਿਤੇ-ਕਿਤੇ ਨਾਵਲ ਦਾ ਆਂਚਲ ਕਸ਼ਮੀਰੀ ਖੇਤਰ ਨਾਲ ਜਾ ਮਿਲਦਾ ਹੈ, ਜਿਸ ਵਿਚ ਸਮਾਵਾਰ, ਚਿਨਾਰ, ਸੇਬ, ਅਖਰੋਟ, ਬਦਾਮ, ਹਾਊਸਬੋਟ, ਸ਼ਿਕਾਰਾ, ਜੇਹਲਮ, ਧਰਤੀ ਦੀ ਜੰਨਤ, ਕੜਝਮ ਦੇ ਪੱਤੇ, ਬਰਸਾਤੀ ਸੱਕੀ ਨਾਲਾ ਜਿਹੇ ਸ਼ਬਦ ਵਰਤੇ ਗਏ ਹਨ। ਪੇਂਡੂ ਸੱਭਿਆਚਾਰ ਅਤੇ ਸੰਸਕ੍ਰਿਤੀ ਵੀ ਰੇਖਾਂਕਿਤ ਹੋਈ ਹੈ, ਜਿਸ ਵਿਚ ਨਿਸਾਰ, ਪਾੜਛਾ, ਢੋਲ, ਝਵੱਕਲੀ, ਕਾਂਞਣ, ਟਿੰਡਾਂ, ਮਾਹਲ, ਚੰਨਾ, ਗਾੜ੍ਹੀ, ਕੁੱਤਾ, ਬਾਰਾਂ ਟਾਂਕ, ਖੁੱਤੀ, ਨੱਕਾਪੂਰ, ਕੌਡਾਂ ਜਿਹੇ ਠੇਠ ਸ਼ਬਦ ਆਏ ਹਨ।
ਨਾਵਲ ਵਿਚ ਨਾਇਕ ਦੀ ਬੇਰੁਜ਼ਗਾਰੀ ਦੀ ਦਾਸਤਾਨ ਹੈ; ਅੰਮ੍ਰਿਤਸਰ ਦੇ ਹਾਲ ਗੇਟ, ਗਾਂਧੀ ਗਰਾਊਂਡ ਦਾ ਵੇਰਵਾ ਹੈ; ਲੇਖਕ/ਕਲਾਕਾਰ ਜੱਬਲ ਤੇ ਲੋਕੀ ਦਾ ਵਰਨਣ ਹੈ। ਲੌਂਗ, ਲਾਚੀ ਤੇ ਛੁਹਾਰੇ ਪਾ ਕੇ ਘਰ ਦੀ ਕੱਢੀ ਦੇਸੀ ਦਾਰੂ ਨੂੰ 'ਪਹਿਲੇ ਤੋੜ ਦੀ ਮਝੈਲਣ ਦਾਰੂ', 'ਨਿਰੀ ਅੱਗ ਦੀ ਬੱਚੀ' ਤਸ਼ਬੀਹਾਂ ਦਿੱਤੀਆਂ ਹਨ। ਪ੍ਰੀਤਲੜੀ, ਆਰਸੀ, ਨਾਗਮਣੀ, ਅੱਖਰ ਜਿਹੇ ਸਾਹਿਤਕ ਪਰਚਿਆਂ ਦਾ ਵੇਰਵਾ ਮਿਲਦਾ ਹੈ। ਐਮ.ਏ. 'ਚੋਂ ਗੋਲਡ ਮੈਡਲ ਹਾਸਲ ਕਰ ਚੁੱਕੇ ਵਿਦਿਆਰਥੀ ਨੂੰ ਸ਼ਾਇਰ ਹੋਣ ਕਰਕੇ ਨੌਕਰੀ ਨਹੀਂ ਮਿਲਦੀ। ਮਿਹਨਤਕਸ਼ ਔਰਤਾਂ ਦਾ ਵੇਰਵਾ ਹੈ, ਜੋ ਰੋਟੀ ਬਣਾਉਂਦੀਆਂ, ਲੀੜੇ ਧੋਂਦੀਆਂ, ਧਾਰਾਂ ਕੱਢਦੀਆਂ, ਭਾਂਡੇ ਮਾਂਜਦੀਆਂ, ਪਸ਼ੂਆਂ ਲਈ ਚਾਰਾ ਕੁਤਰਦੀਆਂ, ਗੁਤਾਵਾ ਕਰਦੀਆਂ ਹੋਈਆਂ ਰਾਤੀਂ ਬੱਚਾ ਜੰਮਦੀਆਂ ਹਨ ਤੇ ਅਗਲੇ ਦਿਨ ਕੰਮ ਕਰ ਰਹੀਆਂ ਹੁੰਦੀਆਂ ਹਨ।
ਸੁਰਜੀਤ ਹਾਂਸ ਨੇ ਇਸ ਨਾਵਲ (ਜਿਸ ਨੂੰ ਉਸ ਨੇ ਨਾਵਲਿਟ ਕਿਹਾ ਹੈ) 'ਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਨਾਵਲਿਟ ਸਾਡੇ ਸਮਾਜੀ ਯਥਾਰਥ ਦਾ ਪ੍ਰਤੀਨਿਧ ਹੈ। ਜੇ ਸਾਰਾ ਨਾਵਲਿਟ ਇਨ੍ਹਾਂ ਪੰਨਿਆਂ ਵਰਗਾ ਹੁੰਦਾ ਤਾਂ ਇਹ ਪੰਜਾਬੀ ਨਾਵਲ ਵਿਚ ਸ਼ੋਲੋਖੋਵ ਜਿਹੀ ਪ੍ਰਾਪਤੀ ਹੋਣੀ ਸੀ। ਬੀਬਾ ਬਲਵੰਤ ਇਸ ਨਾਵਲ ਬਾਰੇ ਅੰਤਿਕਾ ਵਿਚ ਲਿਖਦਾ ਹੈ ਕਿ ਮੁਖ਼ਤਾਰ ਗਿੱਲ ਦੇ ਪਾਤਰ ਜ਼ਿੰਦਗੀ ਨਾਲ ਖਹਿ ਕੇ ਲੰਘਦੇ, ਦੁੱਖ-ਸੁੱਖ ਭੋਗਦੇ, ਜੀਵਨ ਨੂੰ ਪਿਆਰ ਕਰਨ ਵਾਲੇ ਹਨ; ਨਾ ਕਿ ਡਰ ਕੇ ਭਾਂਜਵਾਦੀ ਹਨ। ਇਉਂ ਨਿਵੇਕਲੀ ਕਥਾ-ਸ਼ੈਲੀ ਵਿਚ ਲਿਖਿਆ ਮੁਖ਼ਤਾਰ ਗਿੱਲ ਦਾ ਇਹ ਨਾਵਲ ਜੀਵਨ ਨੂੰ ਨਵੇਂ ਜ਼ਾਵੀਏ ਤੋਂ ਵੇਖਣ ਦਾ ਯਤਨ ਹੈ।


ਪ੍ਰੋ. ਨਵਸੰਗੀਤ ਸਿੰਘ
ਮੋ: 94176-92015.

16-04-2022

 ਰਣਜੀਤ (ਮੈਗਜ਼ੀਨ)
ਸੰਪਾਦਕ : ਇੰਜੀ. ਕਰਮਜੀਤ ਸਿੰਘ
ਪ੍ਰਕਾਸ਼ਕ : ਰਣਜੀਤ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਜਲੰਧਰ
ਮੁੱਲ : 50 ਰੁਪਏ, ਸਫ਼ੇ : 252
ਸੰਪਰਕ : 98728-13128.


'ਰਣਜੀਤ' ਮੈਗਜ਼ੀਨ ਜੋ ਕਿ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਹੁੰਦਾ ਹੈ, ਉਸ ਦੇ ਸੰਪਾਦਕ ਇੰਜੀ. ਕਰਮਜੀਤ ਸਿੰਘ ਹਨ। ਇਹ ਮੈਗਜ਼ੀਨ ਉਨ੍ਹਾਂ ਨੇ ਆਪਣੇ ਪੂਜਨੀਕ ਪਿਤਾ ਸਵ. ਰਣਜੀਤ ਸਿੰਘ ਖੜਗ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਜੋ ਆਪਣੇ ਸਮੇਂ ਦੇ ਉੱਘੇ ਸਾਹਿਤਕਾਰ ਸਨ। ਇਹ ਅੰਕ 25ਵਾਂ ਅੰਕ ਹੈ ਜੋ ਕਿ 'ਸ਼ਹਾਦਤ' ਵਿਸ਼ੇਸ਼ ਅੰਕ ਹੈ। ਇਹ ਅੰਕ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸੰਪਾਦਕੀ ਮੰਡਲ ਨੇ ਉਨ੍ਹਾਂ ਗਿਆਤ, ਅਗਿਆਤ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਅਤੇ ਮਹਾਨ ਯੋਧਿਆਂ ਸੰਗਰਾਮੀਆਂ ਨੂੰ ਸਾਦਰ ਸਮਰਪਿਤ ਕੀਤਾ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਅਤੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ। ਇਸ ਲਈ ਇਸ ਅੰਕ ਦੇ ਲੇਖਕਾਂ : ਰਣਜੀਤ ਸਿੰਘ 'ਖੜਗ', ਡਾ. ਰਾਮ ਮੂਰਤੀ, ਇੰਜੀ. ਕਰਮਜੀਤ ਸਿੰਘ, ਰਣਜੀਤ ਸਿੰਘ ਰਾਣਾ, ਪ੍ਰੋ. ਪਿਆਰਾ ਸਿੰਘ 'ਪਦਮ', ਅਮਨਦੀਪ ਕੌਰ, ਮੋਨਿਕਾ, ਅਮਰਜੀਤ ਕੌਰ, ਡਾ. ਪਰਮਵੀਰ ਸਿੰਘ, ਦਵਿੰਦਰ ਸਿੰਘ ਗਿੱਲ, ਗਿ. ਸੋਹਣ ਸਿੰਘ ਸੀਤਲ, ਡਾ. ਪਰਮਜੀਤ ਸਿੰਘ ਮਾਨਸਾ, ਡਾ. ਬਲਵਿੰਦਰ ਸਿੰਘ ਥਿੰਦ, ਡਾ. ਅਜੈਪਾਲ ਸਿੰਘ, ਸ. ਤਰਲੋਚਨ ਸਿੰਘ, ਬੀਬੀ ਹਰਸ਼ਰਨ ਕੌਰ/ਗਗਨਜੋਤ ਕੌਰ, ਹਰਜੀਤ ਸਿੰਘ, ਪ੍ਰੋ. ਵਰਿੰਦਰ ਕੌਰ, ਡਾ. ਧਰਮ ਸਿੰਘ, ਮਨਿੰਦਰ ਸਿੰਘ, ਹਰਵਿੰਦਰ ਸਿੰਘ ਖਾਲਸਾ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਵਿਚ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਸ਼ਹੀਦ ਭਾਈ ਕੀਰਤ ਭੱਟ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਸ਼ਹੀਦ ਭਾਈ ਬਚਿੱਤਰ ਸਿੰਘ, ਭਾਈ ਜੈਤਾ, ਪਹਿਲੀ ਸ਼ਹੀਦ ਬੀਬੀ ਭੀਖਾ ਸਿੰਘ, ਮਾਤਾ ਗੁਜਰੀ, ਭਾਈ ਮੋਤੀ ਰਾਮ ਮਹਿਰਾ ਜੀ, ਭਾਈ ਸੰਗਤ ਸਿੰਘ, ਭਾਈ ਤਾਰਾ ਸਿੰਘ ਡਲਵਾਂ, ਭਾਈ ਮਾਨ ਸਿੰਘ, ਹਕੀਕਤ ਰਾਏ, ਸ਼ਹੀਦ ਭਾਈ ਤਾਰੂ ਸਿੰਘ, ਭਾਈ ਸੁੱਖਾ ਸਿੰਘ ਸ਼ਹੀਦ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਦੇ ਜੀਵਨ ਅਤੇ ਜੀਵਨ-ਮਨੋਰਥ ਨਾਲ ਜੁੜੀਆਂ ਘਟਨਾਵਾਂ ਨੂੰ ਕਲਮਬੱਧ ਕੀਤਾ ਹੈ। ਇਨ੍ਹਾਂ ਨਿਬੰਧਾਂ ਵਿਚ ਇਤਿਹਾਸਕ ਵਰਤਾਰਿਆਂ ਨੂੰ ਪੇਸ਼ ਕਰਦਿਆਂ ਤਥਾਤਮਿਕ ਸਮੱਗਰੀ, ਹਵਾਲਿਆਂ, ਕਾਵਿਕ-ਟੂਕਾਂ, ਗੁਰਬਾਣੀ ਦੀਆਂ ਤੁਕਾਂ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਇੰਜੀ. ਕਰਮਜੀਤ ਸਿੰਘ ਸੰਪਾਦਕੀ ਲੇਖ 'ਚ ਸ਼ਹੀਦ ਸ਼ਬਦ ਦੀ 'ਆਭਾ' ਦਾ ਵਿਸ਼ੇਸ਼ ਵਰਨਣ ਕਰਦੇ ਲਿਖਦੇ ਹਨ, 'ਇਹਦੇ ਵਿਚ ਕੋਈ ਖਿੱਚ ਹੈ, ਕੋਈ ਝਰਨਾਟ ਛੇੜਨ ਦੀ ਸ਼ਕਤੀ ਹੈ, ਕੋਈ ਪ੍ਰੇਰਨਾ ਦੇਣ ਦੀ ਸਮਰੱਥਾ ਰੱਖਣ ਵਾਲਾ ਇਹ ਸ਼ਬਦ ਸਦੀਆਂ-ਸਦੀਆਂ ਤੋਂ ਕੌਮਾਂ ਨੂੰ ਟੁੰਬਦਾ ਰਿਹਾ ਹੈ।' ਇਸੇ ਤਰ੍ਹਾਂ ਹੀ ਸ. ਰਣਜੀਤ ਸਿੰਘ ਖੜਗ ਦਾ ਮੰਨਣਾ ਹੈ ਕਿ ਦੇਸ਼ ਰੱਖਿਆ ਦੀ ਭਾਵਨਾ ਵਿਚੋਂ ਹੀ ਦੇਸ਼ ਭਗਤੀ ਜਨਮਦੀ ਹੈ ਅਤੇ ਇਹ ਦੇਸ਼ ਭਗਤੀ ਹੀ ਮਨੁੱਖ ਨੂੰ ਦੇਸ਼ ਤੋਂ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਹੈ। ਡਾ. ਰਾਮ ਮੂਰਤੀ ਅਨੁਸਾਰ ਸ਼ਹਾਦਤ, ਕੁਰਬਾਨੀ, ਬਲੀ ਤੇ ਬਲੀਦਾਨ ਆਦਿ ਸਮਾਨਾਰਥੀ ਸ਼ਬਦ ਹੈ। ਸ਼ਹਾਦਤ ਪਿੱਛੇ ਤਿਆਗ ਦੀ ਭਾਵਨਾ ਪ੍ਰਚੰਡ ਹੁੰਦੀ ਹੈ। ਇਸੇ ਲਈ ਇਹ ਦਿੱਤੀ ਜਾਂਦੀ ਹੈ। ਇਸ ਦਾ ਮਨੋਰਥ ਸਮਾਜਿਕ ਕਲਿਆਣ ਹੁੰਦਾ ਹੈ। ਇਸ ਲਈ ਇਹ ਸਰਬੱਤ ਦੇ ਭਲੇ ਲਈ ਕੀਤਾ ਗਿਆ ਪ੍ਰੇਰਨਾਦਾਇਕ ਕਦਮ ਹੁੰਦਾ ਹੈ ਤਾਂ ਜੋ ਅਗਲੀਆਂ ਨਸਲਾਂ ਇਸ ਦੀਆਂ ਹਮ-ਰਾਹ ਬਣ ਸਕਣ ਅਤੇ ਲੋਕ-ਕਲਿਆਣ ਲਈ ਬਣਦੀ ਜ਼ਿੰਮੇਵਾਰੀ ਨਿਭਾਅ ਸਕਣ। ਇਹ ਆਪਾ ਵਾਰੂ ਹੁੰਦੀ ਹੈ। ਇਹ ਪ੍ਰੇਮ ਦਾ ਮਾਰਗ ਹੁੰਦੀ ਹੈ। ਉਹ ਆਪਣੇ ਕਥਨ ਦੀ ਪੁਸ਼ਟੀ ਲਈ ਗੁਰਬਾਣੀ ਦੀਆਂ ਤੁਕਾਂ ਦਿੰਦਿਆਂ ਆਪਣੀ ਗੱਲ ਵਧੇਰੇ ਸਪੱਸ਼ਟ ਅਤੇ ਸਾਰਥਕ ਬਣਾਉਂਦੇ ਹਨ। ਗੁਰੂ ਨਾਨਕ ਦੇਵ ਜੀ ਅਨੁਸਾਰ ਸ਼ਹਾਦਤ ਦਾ ਮਹੱਤਵ ਇੰਝ ਹੈ
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਅੰਗ 1412)
ਕਬੀਰ ਜੀ ਅਨੁਸਾਰ :
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ॥ (ਅੰਗ 1105)
ਇੰਜੀ. ਕਰਮਜੀਤ ਸਿੰਘ ਨੇ ਆਪਣੀ ਸਮੁੱਚੀ ਸੰਪਾਦਕ ਟੀਮ ਨਾਲ ਇਸ ਅੰਕ ਦੀ ਸੰਪਾਦਨਾ ਕਰਦਿਆਂ ਮਹੱਤਵਪੂਰਨ ਕੰਮ ਕੀਤਾ ਹੈ। ਖੋਜਾਰਥੀਆਂ ਲਈ ਇਹ ਅੰਕ ਮੁਫ਼ੀਦ ਸਾਬਤ ਹੋਵੇ। ਅਜਿਹੀ ਮੇਰੀ ਨਿੱਜੀ ਧਾਰਨਾ ਹੈ। ਸਮੁੱਚੀ ਟੀਮ ਨੂੰ ਵਧਾਈਆਂ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਗੁਰਮਤਿ
ਸੰਪੂਰਨ ਜੀਵਨ ਦਾ ਮਾਰਗ

ਲੇਖਕ : ਪ੍ਰਿੰ. ਡਾ. ਇੰਦਰਜੀਤ ਸਿੰਘ ਵਾਸੂ
ਪ੍ਰਕਾਸ਼ਕ : ਵਾਸੂ ਪ੍ਰਕਾਸ਼ਨ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 279
ਸੰਪਰਕ : 90563-60763.


ਪ੍ਰਿੰ. ਡਾਕਟਰ ਇੰਦਰਜੀਤ ਸਿੰਘ ਵਾਸੂ ਬਹੁਤ ਹੀ ਪ੍ਰਬੁੱਧ, ਕੌਮਾਂਤਰੀ ਪੱਧਰ ਦੇ ਪ੍ਰਸਿੱਧ ਵਿਦਵਾਨ ਅਤੇ ਸੂਖ਼ਮ ਭਾਵੀ ਖ਼ੋਜ ਬਿਰਤੀ ਦੇ ਮਾਲਕ ਹਨ, ਜਿਹੜੇ ਇਸ ਤੋਂ ਪਹਿਲਾਂ ਵੱਖ-ਵੱਖ ਵਿਸ਼ਿਆਂ 'ਤੇ 11 ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਵਿਚਾਰ ਗੋਚਰੀ ਪੁਸਤਕ ਉਨ੍ਹਾਂ ਵਲੋਂ ਰਚਿਤ 12ਵੀਂ ਪੁਸਤਕ ਹੈ, ਜਿਹੜੀ ਗੁਰਮਤਿ ਵਿਚਾਰਧਾਰਾ ਨੂੰ ਸੰਪੂਰਨ ਜੀਵਨ ਦੇ ਮਾਰਗ ਵਜੋਂ ਪ੍ਰਸਤੁਤ ਕਰਦੀ ਹੈ। ਇਸ ਪੁਸਤਕ ਦੇ 9 ਅਧਿਆਇ ਹਨ। ਪੁਸਤਕ ਦੇ ਆਰੰਭ ਵਿਚ ਅਮਰੀਕਾ ਵਸਦੇ ਵਿਸ਼ਵ ਪ੍ਰਸਿੱਧ ਮਨੋਚਿਕਿਤਸਕ ਡਾ. ਕਿਰਪਾਲ ਸਿੰਘ ਦਾ ਲਿਖਿਆ ਇਕ ਸੰਖੇਪ ਨੋਟ ਵੀ ਸ਼ਾਮਿਲ ਹੈ।
ਪੁਸਤਕ ਦੇ ਪ੍ਰਥਮ ਅਧਿਆਇ ਦਾ ਸਿਰਲੇਖ ਹੈ ਸਿੱਖ ਧਰਮ ਦੀ ਵਿਲੱਖਣਤਾ। ਇਸ ਭਾਗ ਵਿਚ ਪੂਰਬ ਨਾਨਕ ਕਾਲ ਅਤੇ ਵੱਖ-ਵੱਖ ਸਮਕਾਲੀ ਮਤਾਂਤਰਾਂ ਨਾਲੋਂ ਸਿੱਖ ਧਰਮ ਦੀ ਵਿਲੱਖਣਤਾ ਅਤੇ ਸਰਬਉੱਚਤਾ ਨੂੰ ਬੜੀ ਬਾਰੀਕਬੀਨੀ ਨਾਲ ਬਿਆਨ ਕੀਤਾ ਗਿਆ ਹੈ। ਲੇਖਕ ਅਨੁਸਾਰ ਸਿੱਖ ਧਰਮ ਮਾਨਵਵਾਦੀ ਸੰਕਲਪ ਅਤੇ ਮਨੁੱਖ ਦੀ ਗੌਰਵ ਭਰਪੂਰ ਹੋਂਦ ਦਾ ਸੁਨੇਹਾ ਦੇਣ ਵਾਲਾ ਅਜਿਹਾ ਧਰਮ ਹੈ, ਜਿਹੜਾ ਮੌਜੂਦਾ ਦੌਰ ਦੌਰਾਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੀ ਮਨੁੱਖਤਾ ਲਈ ਰਾਹ ਦਸੇਰਾ ਅਤੇ ਚਾਨਣ ਮੁਨਾਰਾ ਹੈ।
ਦੂਜਾ ਅਧਿਆਇ ਹੈ ਗੁਰੂ ਗ੍ਰੰਥ ਸਾਹਿਬ ਦਾ ਬਹੁਪੱਖੀ ਅਧਿਐਨ। ਇਸ ਅਧਿਆਇ ਵਿਚ ਧਰਮ ਸੰਬੰਧਿਤ ਸੰਕਲਪ ਸਮੇਤ ਵੱਖ-ਵੱਖ ਸੰਕਲਪਾਂ ਦੇ ਨਾਲ-ਨਾਲ ਧਰਮ ਦੀ ਪੁਨਰ ਵਿਆਖਿਆ ਕੀਤੀ ਗਈ ਹੈ। ਲੇਖਕ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਵਿਲੱਖਣ ਪੱਖ ਇਹ ਹੈ ਕਿ ਇਹ ਸਿੱਖ ਇਤਿਹਾਸ ਦਾ ਸੋਮਾ ਹੈ।
ਤੀਜੇ ਅਧਿਆਇ ਦਾ ਸਿਰਲੇਖ ਹੈ ਗੁਰਬਾਣੀ ਤੇ ਵਰਤਮਾਨ ਸਮੱਸਿਆਵਾਂ। ਇਨ੍ਹਾਂ ਸਮੱਸਿਆਵਾਂ ਦੀ ਚਰਚਾ ਵਾਤਾਵਰਨ ਦੇ ਵਿਸ਼ੇਸ਼ ਪ੍ਰਸੰਗ ਵਿਚ ਕੀਤੀ ਗਈ ਹੈ।
ਅਧਿਆਇ ਚੌਥਾ, ਗੁਰਮਤਿ ਨੂੰ ਸੰਪੂਰਨ ਜੀਵਨ ਦਾ ਮਾਰਗ ਦਰਸਾਉਣ ਵਾਲਾ ਬਹੁਤ ਹੀ ਉਮਦਾ ਅਤੇ ਗੁਰਬਾਣੀ ਦੇ ਅਨੇਕ ਪ੍ਰਮਾਣਾਂ ਨਾਲ ਜੜਿਤ ਅਧਿਆਇ ਹੈ।
ਅਧਿਆਇ ਪੰਜਵੇਂ ਦਾ ਸਿਰਲੇਖ ਹੈ ਖਾਲਸਾ ਅਕਾਲ ਪੁਰਖ ਕੀ ਫ਼ੌਜ। ਛੇਵੇਂ ਅਧਿਆਇ ਵਿਚ ਅਜੋਕੇ ਯੁੱਗ ਅੰਦਰ ਖਾਲਸੇ ਦੀ ਪ੍ਰਸੰਗਿਕਤਾ ਬਾਰੇ ਵਿਸਥਾਰਪੂਰਬਕ ਜਾਣਕਾਰੀ ਹੈ ਜਦਕਿ ਸੱਤਵੇਂ ਅਧਿਆਇ ਵਿਚ 1708 ਈ. ਤੋਂ 1765 ਈ. ਤੱਕ ਦੇ ਸਿੱਖ ਸੰਘਰਸ਼ ਦੀ ਗਾਥਾ ਬਿਆਨ ਕੀਤੀ ਗਈ ਹੈ। ਅਠਵੇਂ ਅਧਿਆਇ ਵਿਚ 1850 ਈ. ਤੋਂ 1925 ਈ. ਤੱਕ ਦੇ ਸਿੱਖ ਸੰਘਰਸ਼ ਦੀ ਛਾਣ-ਬੀਣ ਬੜੇ ਸੁਚੱਜੇ ਢੰਗ ਨਾਲ ਕਰਦਿਆਂ ਇਸ ਅਰਸੇ ਦੌਰਾਨ ਸ਼ੁਰੂ ਹੋਈਆਂ ਲਹਿਰਾਂ ਜਿਵੇਂ ਕਿ ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ, ਗ਼ਦਰ ਲਹਿਰ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਦਾ ਠੋਸ ਵਿਵੇਚਨ ਕੀਤਾ ਗਿਆ ਹੈ। ਨਾਲ ਹੀ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਸਾਕਿਆਂ, ਚਾਬੀਆਂ, ਗੁਰੂ ਕੇ ਬਾਗ਼ ਅਤੇ ਗੰਗਸਰ ਜੈਤੋ ਦੇ ਮੋਰਚਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅੰਤਿਮ ਅਧਿਆਇ ਦਾ ਸਿਰਲੇਖ ਹੈ 'ਹਰਿ ਮੰਦਰੁ ਏਹੁ ਸਰੀਰੁ ਹੈ॥' ਇਸ ਲੇਖ ਰਾਹੀਂ ਵਿਦਵਾਨ ਲੇਖ਼ਕ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ਮਨੁੱਖੀ ਸਰੀਰ ਕਿਵੇਂ ਹਰਿ ਮੰਦਰ ਦਾ ਉੱਚਤਮ ਰੁਤਬਾ ਪ੍ਰਾਪਤ ਕਰ ਸਕਦਾ ਹੈ? ਇਸ ਰੁਤਬੇ ਦੀ ਪ੍ਰਾਪਤੀ ਲਈ ਅਨੇਕ ਪੜਾਵਾਂ ਜਿਵੇਂ ਆਪੇ ਦੀ ਸੰਪੂਰਨ ਤਬਦੀਲੀ, ਮਨੁੱਖੀ ਬ੍ਰਹਿਮੰਡ ਦੀ ਵਿਸ਼ੇਸ਼ ਪ੍ਰਾਪਤੀ, ਸਰੀਰ ਅਨੰਤ ਬਲ ਦੇ ਪ੍ਰਤੀਕ, ਸ਼ਬਦ ਗੁਰੂ ਦੁਆਰਾ ਮਨੁੱਖ ਦੀ ਪੁਨਰ ਉਸਾਰੀ ਅਤੇ ਸਰੀਰ ਪ੍ਰਤੀ ਘ੍ਰਿਣਾਮਈ ਦ੍ਰਿਸ਼ਟੀ ਦੇ ਤਿਆਗ ਰਾਹੀਂ ਰੱਬੀ ਬਾਦਸ਼ਾਹਤ ਦੀ ਪ੍ਰਾਪਤੀ ਦਾ ਮਾਰਗ ਦਰਸਾਇਆ ਗਿਆ ਹੈ।
ਪੁਸਤਕ ਦੇ ਹਰੇਕ ਅਧਿਆਇ ਵਿਚ ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਨਾਲ ਹਰ ਨੁਕਤੇ ਨੂੰ ਸਪੱਸ਼ਟ ਕੀਤਾ ਗਿਆ ਹੈ। ਵਿਸ਼ਵ ਪ੍ਰਸਿੱਧ ਇਤਿਹਾਸਕਾਰਾਂ, ਚਿੰਤਕਾਂ ਅਤੇ ਵਿਦਵਾਨਾਂ ਦੀਆਂ ਲਿਖ਼ਤਾਂ ਦੇ ਨਾਲ-ਨਾਲ, ਖੋਜ ਪੱਤਰਾਂ, ਅੰਗਰੇਜ਼ੀ ਪੁਸਤਕਾਂ ਅਤੇ ਸੈਮੀਨਾਰ ਖੋਜ ਪਰਚਿਆਂ ਦੇ ਹਵਾਲੇ ਵੀ ਦਿੱਤੇ ਗਏ ਹਨ। ਡਾਕਟਰ ਵਾਸੂ ਨੇ ਵਿਸ਼ੇ ਨਾਲ ਸਾਰੇ ਨੁਕਤਿਆਂ ਅਤੇ ਪੱਖਾਂ ਨੂੰ ਬਾਖੂਬੀ ਛੋਹਿਆ ਹੈ।
ਮੇਰੀ ਜਾਚੇ ਡਾਕਟਰ ਵਾਸੂ ਦੀ ਇਹ 12ਵੀਂ ਪੁਸਤਕ ਗੁਰਮਤਿ ਗਿਆਨ ਦਾ ਸਰਚਸ਼ਮਾ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710


ਜਮਰੌਦ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 232
ਸੰਪਰਕ : 98726-02296.


ਜਮਰੌਦ ਕਹਾਣੀ ਸੰਗ੍ਰਹਿ ਵਿਚ ਸੰਧੂ ਨੇ ਕੇਵਲ ਤਿੰਨ ਕਹਾਣੀਆਂ (ਰਿਮ ਝਿਮ ਪਰਬਤ, ਜਮਰੌਦ, ਮੈਂ ਰੋ ਨਾ ਲਵਾਂ ਇਕ ਵਾਰ) ਸ਼ਾਮਿਲ ਕੀਤੀਆਂ ਹਨ। ਇਹ ਤਿੰਨੇ ਕਹਾਣੀਆਂ ਸਿਰਜਣਾ 'ਚ ਵੱਖ-ਵੱਖ ਸਾਲਾਂ ਦੇ ਅੰਕਾਂ ਵਿਚ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਕ ਨੇ ਪਹਿਲੇ ਕਾਂਡ ਦੇ 52 ਪੰਨਿਆਂ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਮਾਅਨੀਖੇਜ਼ ਜਾਣਕਾਰੀ ਦਿੱਤੀ ਹੈ ਜੋ ਪਾਠਕਾਂ, ਖੋਜੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਬੜੀ ਮੁੱਲਵਾਨ ਹੈ।
ਉਪਰੋਕਤ ਤਿੰਨੇ ਕਹਾਣੀਆਂ ਵੀ ਸੰਧੂ ਦੀ ਲੰਮੇਰੀਆਂ ਕਹਾਣੀਆਂ ਲਿਖਣ ਦੀ ਪਰੰਪਰਾ ਨੂੰ ਅੱਗੇ ਤੋਰਦੀਆਂ ਹਨ। ਨਾਵਲੈੱਟ (ਲਘੂ-ਉਪਨਿਆਸ) ਜਾਪਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਬੰਦੇ ਦੀ ਹੋਂਦ (ਅਸਤਿਤਵ) ਅਤੇ ਹੋਣੀ (ਸਾਰ) ਨੂੰ ਆਧਾਰ ਮੰਨ ਕੇ 'ਕੇਂਦਰੀ ਸੂਤਰਾਂ' ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। 'ਰਿਮ ਝਿਮ ਪਰਬਤ' ਕਹਾਣੀ ਦਾ ਨਾਇਕ ਅਰਜਨ ਸਿੰਘ ਹੈ। ਪੰਜਾਬ ਦੇ ਕਾਲੇ ਦਿਨਾਂ ਵਿਚ ਉਹ ਨਿਰਪੱਖ ਸੋਚ ਵਾਲਾ ਹੈ। ਉਹ ਨਾ ਤਾਂ ਝੂਠੇ ਮੁਕਾਬਲਿਆਂ ਨੂੰ ਚੰਗਾ ਸਮਝਦਾ ਹੈ, ਨਾ ਹੀ ਨਿਰਦੋਸ਼ਾਂ ਦੇ ਕਤਲਾਂ ਨੂੰ। ਇਕ ਵਾਰੀ ਉਸ ਉੱਪਰ ਮੁੰਡਿਆਂ ਵਿਰੁੱਧ ਝੂਠੀ ਮੁਖਬਰੀ ਦਾ ਦੋਸ਼ ਲੱਗ ਗਿਆ। ਥਾਣੇਦਾਰ ਉਸ ਨੂੰ ਕਹਿੰਦਾ ਹੈ 'ਬਾਬਾ, ਵਧਾਈ ਹੋਵੇ, ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ... ਤੇਰੇ ਦੱਸੇ... ਤੇਰੇ ਦੱਸੇ' ਪੰ. 84, ਝੂਠੀ ਮੁਖਬਰੀ ਦੀ ਕਾਲਖ ਧੋਣ ਲਈ ਉਸ ਨੇ ਮਿਆਨ ਸਣੇ ਕਿਰਪਾਨ ਥਾਣੇਦਾਰ ਦੇ ਮੋਢੇ 'ਤੇ ਮਾਰੀ ਮੋਢਾ ਲਹੂ-ਲੁਹਾਣ। ਬਦਲੇ ਵਿਚ ਅਰਜਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਹ ਕੁਦਰਤੀ ਮੌਤ ਨਹੀਂ ਸੀ ਸਗੋਂ ਅਸਤਿਤਵ (ਜ਼ਮੀਰ) ਦੀ ਰੱਖਿਆ ਲਈ 'ਐਗਜਿੰਸ਼ੀਅਲ' ਮੌਤ ਸੀ।
ਜਮਰੌਦ ਦੀ ਕਹਾਣੀ ਦੇ ਨਾਇਕ ਅਮਰ ਸਿੰਘ ਨੂੰ ਕਿਸੇ ਨੇ 'ਨੰਗ ਜੱਟ' ਕਹਿ ਦਿੱਤਾ। (ਪੰ. 117) ਅਸਤਿਤਵ ਨੂੰ ਵੱਜੀ ਠੇਸ ਦਾ ਧੋਣਾ ਧੋਣ ਲਈ ਅਮਰ ਸਿੰਘ ਨੇ ਜ਼ਮੀਨ ਦਾ ਸੌਦਾ ਕਰਕੇ ਪੁੱਤਰ ਅਮਰੀਕ ਨੂੰ ਕੈਨੇਡਾ ਭੇਜ ਦਿੱਤਾ। ਅਮਰੀਕ ਨੇ ਸਪਾਂਸਰਸ਼ਿਪ ਕਰਕੇ ਸਾਰੇ ਟੱਬਰ ਨੂੰ ਕੈਨੇਡਾ ਸੱਦ ਲਿਆ ਪਰ ਉਸੇ ਸਮੇਂ ਆਪ ਟਰੱਕ ਦੁਰਘਟਨਾ ਵਿਚ ਮਾਰਿਆ ਗਿਆ। ਅਮਰੀਕ ਦੀ ਮੌਤ ਨੂੰ ਕਹਾਣੀ ਦੇ ਅੰਤ ਤੱਕ ਗੁਪਤ ਰੱਖਿਆ ਗਿਆ ਅਤੇ ਕੋਈ ਸ਼ਿਕਾਇਤ ਕਰ ਦੇਵੇ ਜਦ ਸਪਾਂਸਰਸ਼ਿਪ ਕਰਨ ਵਾਲਾ ਹੀ ਮਰ ਗਿਆ, ਪਰਿਵਾਰ ਕੈਨੇਡਾ ਕਿਵੇਂ ਜਾ ਸਕਦਾ ਸੀ? ਇਹ 'ਕੇਂਦਰੀ ਸੂਤਰ' ਸਾਰੀ ਕਹਾਣੀ ਦੇ ਆਰ-ਪਾਰ ਫੈਲਿਆ ਹੋਇਆ ਹੈ।
ਤੀਜੀ ਕਹਾਣੀ ਦਾ ਨਾਇਕ ਅਰਧ-ਪਾਗਲ ਹੈ। ਦਿਮਾਗੀ ਬਿਮਾਰੀ ਦਾ ਸ਼ਿਕਾਰ ਹੈ, ਫ਼ਿਲਮਾਂ ਵੇਖਦਾ ਡੇ-ਡਰੀਮਿੰਗ (ਖਿਆਲੀ ਪੁਲਾਵਾਂ) ਵਿਚ ਵਿਚਰਦਾ ਹੈ। ਧਰਮਿੰਦਰ, ਹੇਮਾ ਮਾਲਿਨੀ ਦਾ ਪੁੱਤਰ ਅਤੇ ਆਪਣੇ-ਆਪ ਨੂੰ ਸ੍ਰੀਦੇਵੀ ਦਾ ਆਸ਼ਕ ਸਮਝਦਾ ਹੈ। ਉਸ ਨੂੰ ਬਿਰਤਾਂਤ ਵਿਚ ਮਜ਼੍ਹਬੀ ਮਾਂ-ਪਿਉ ਦਾ ਪੁੱਤਰ ਦਰਸਾਇਆ ਗਿਆ। ਸਮਾਜ ਦਾ ਵਰਤਾਰਾ ਉਸ ਨੂੰ ਕੁਜਾਤ ਦਾ ਸਮਝਦਾ ਹੈ। ਇਸੇ ਹੀਣਭਾਵਨਾ ਨਾਲ ਨਲਕੇ ਦੀ ਹੱਥੀ ਨਾਲ ਪਿਉ ਅਤੇ ਭਰਾ ਨੂੰ ਮਾਰ ਦਿੰਦਾ ਹੈ। ਭਜਨੇ ਨੂੰ ਆਰਥਿਕ ਪੱਖੋਂ ਪੁੱਤ ਦੇ ਨਸ਼ਿਆਂ ਨੇ ਬਰਬਾਦ ਕਰ ਦਿੱਤਾ। ਇਹ ਮੌਤ ਵੀ ਜ਼ਮੀਰ ਦੀ ਰੱਖਿਆ ਲਈ ਮੌਤ ਹੈ, ਕੁਦਰਤੀ ਮੌਤ ਨਹੀਂ। ਇਨ੍ਹਾਂ ਤਿੰਨਾਂ ਕਹਾਣੀਆਂ ਦੇ ਕਥਾਨਕ ਜਟਿਲ ਹਨ। ਅਨੇਕਾਂ ਉਪ-ਕਥਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਪੁਸਤਕ ਦਾ ਸਿਰਲੇਖ ਜਮਰੌਦ ਬੜਾ ਸ਼ਕਤੀਸ਼ਾਲੀ ਮੈਟਾਫਰ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com
c c c


ਸ਼ੀਸ਼ਾ ਝੂਠ ਨਹੀਂ ਬੋਲਦਾ

ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98150-30221.


ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ, ਜਿਨ੍ਹਾਂ ਵਿਚ ਸਮਾਜਿਕ, ਰਾਜਨੀਤਕ ਨਿਘਾਰ ਪ੍ਰਤੀ ਚੇਤਨਾ ਜਗਾਈ ਗਈ ਹੈ। ਲੇਖਿਕਾ ਨੇ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕੀਤਾ ਹੈ ਜਿਵੇਂ ਪ੍ਰਦੂਸ਼ਣ, ਨਸ਼ੇ, ਖ਼ੁਦਕੁਸ਼ੀਆਂ, ਨਾਬਰਾਬਰੀ, ਧਰਨੇ, ਰਿਸ਼ਵਤ, ਮਾਪਿਆਂ ਪ੍ਰਤੀ ਸੰਤਾਨ ਦੀ ਬੇਰੁਖ਼ੀ ਅਤੇ ਰਿਸ਼ਤਿਆਂ ਦੀਆਂ ਤ੍ਰੇੜਾਂ ਆਦਿ। ਇਹ ਲੇਖ ਪਾਠਕਾਂ ਨੂੰ ਸਿਸਟਮ ਦੇ ਨਿਘਾਰ ਦਾ ਸ਼ੀਸ਼ਾ ਵਿਖਾ ਕੇ ਸੁਚੇਤ ਕਰਦੇ ਹਨ। ਲੇਖਿਕਾ ਨੇ ਸਾਨੂੰ ਸਮੱਸਿਆਵਾਂ, ਹੱਕਾਂ, ਫ਼ਰਜ਼ਾਂ, ਕਾਨੂੰਨਾਂ ਅਤੇ ਸਿੱਖਿਆ ਪ੍ਰਣਾਲੀ ਬਾਰੇ ਸਰਲ ਭਾਸ਼ਾ ਵਿਚ ਜਾਣਕਾਰੀ ਦਿੱਤੀ ਹੈ। ਪਰਿਵਾਰ ਖੇਰੂੰ-ਖੇਰੂੰ ਹੋ ਰਹੇ ਹਨ, ਸਮਾਜ ਦਾ ਢਾਂਚਾ ਵਿਗੜਦਾ ਜਾ ਰਿਹਾ ਹੈ, ਰਿਸ਼ਤਿਆਂ ਨੂੰ ਸਿਉਂਕ ਲੱਗੀ ਹੋਈ ਹੈ, ਨਸ਼ਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਹਵਾ ਪਾਣੀ ਦੇ ਨਾਲ-ਨਾਲ ਵਿਚਾਰਾਂ ਦਾ ਪ੍ਰਦੂਸ਼ਣ ਵੀ ਵਧ ਰਿਹਾ ਹੈ। ਸਾਡੀਆਂ ਥਾਲੀਆਂ ਵਿਚ ਜ਼ਹਿਰ ਪਰੋਸਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਅਤੇ ਕਾਨੂੰਨ ਦੀ ਦੁਰਵਰਤੋਂ ਨੇ ਲੋਕਾਂ ਦਾ ਜੀਵਨ ਦੁਸ਼ਵਾਰ ਕਰ ਦਿੱਤਾ ਹੈ। ਬਜ਼ੁਰਗਾਂ ਨੂੰ ਘਰਾਂ ਵਿਚੋਂ ਕੱਢ ਕੇ ਬਿਰਧ ਆਸ਼ਰਮ ਭੇਜਣਾ, ਘਰ ਵਿਚ ਗਾਲੀ-ਗਲੋਚ ਕਰਨਾ, ਕੁੱਟਣਾ, ਮਾਰਨਾ ਬੇਹੱਦ ਹੀ ਸ਼ਰਮਨਾਕ ਹੈ। ਲੋਕ ਵੋਟ ਦੀ ਕੀਮਤ ਅਤੇ ਅਹਿਮੀਅਤ ਨਹੀਂ ਸਮਝਦੇ, ਸਿਸਟਮ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਅਤੇ ਸੱਚ ਨਾਲ ਖੜ੍ਹੇ ਹੋਣ ਤੋਂ ਡਰਦੇ ਹਨ। ਆਉਣ ਵਾਲੀਆਂ ਨਸਲਾਂ ਦਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ। ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਭੱਜੀ ਜਾ ਰਹੀ ਹੈ। ਈਰਖਾ, ਲਾਪ੍ਰਵਾਹੀ, ਪ੍ਰੇਸ਼ਾਨੀ, ਮਿਲਾਵਟਖੋਰੀ, ਬੇਰੁਜ਼ਗਾਰੀ, ਲਾਲਚ, ਸਵਾਰਥ, ਹਉਮੈ ਅਤੇ ਨਸ਼ਿਆਂ ਨੇ ਜ਼ਿੰਦਗੀ ਦਾ ਸਾਰਾ ਸੁੱਖ ਸਕੂਨ ਖਿੱਚ ਲਿਆ ਹੈ। ਇਸ ਪੁਸਤਕ ਵਿਚ ਜ਼ਿੰਦਗੀ ਨੂੰ ਸਾਕਾਰਾਤਮਿਕ, ਸਫਲ, ਸੁਹੇਲੀ ਅਤੇ ਸਾਰਥਕ ਬਣਾਉਣ ਦੀ ਸੇਧ ਦਿੱਤੀ ਗਈ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

10-04-2022

ਉਸ ਨੇ ਗਾਂਧੀ ਨੂੰ ਕਿਉਂ ਮਾਰਿਆ
ਲੇਖਕ : ਅਸ਼ੋਕ ਕੁਮਾਰ ਪਾਂਡੇ
ਅਨੁਵਾਦ : ਹਰਜੋਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 299 ਰੁਪਏ, ਸਫ਼ੇ : 256
ਸੰਪਰਕ : 98769-22503.


ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 30 ਜਨਵਰੀ, 1948 ਨੂੰ ਇਕ ਪ੍ਰਾਰਥਨਾ ਸਭਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 10 ਫਰਵਰੀ, 1949 ਨੂੰ ਇਸ ਸਾਜਿਸ਼ ਵਿਚ ਸ਼ਾਮਿਲ ਵਿਅਕਤੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ। ਮੁੱਖ ਦੋਸ਼ੀ ਨੱਥੂ ਰਾਮ ਗੋਡਸੇ ਨੂੰ ਸਜ਼ਾ-ਏ-ਮੌਤ, ਸਹਿ-ਦੋਸ਼ੀ ਨਾਰਾਇਣ ਆਪਟੇ ਨੂੰ ਵੀ ਸਜ਼ਾ-ਏ-ਮੌਤ ਅਤੇ ਤਿੰਨ-ਚਾਰ ਹੋਰ ਦੋਸ਼ੀਆਂ ਵਿਸ਼ਣੂ ਕਰਕਰੇ, ਮਦਨ ਲਾਲ ਪਾਹਵਾ, ਗੋਪਾਲ ਗੋਡਸੇ ਅਤੇ ਸ਼ੰਕਰ ਕਿਸਤੈਅ ਨੂੰ ਉਮਰ-ਕੈਦ ਦੀ ਸਜ਼ਾ ਸੁਣਾਈ ਗਈ। ਗੋਡਸੇ ਅਤੇ ਉਸ ਦੇ ਹੋਰ ਸਾਥੀਆਂ ਦੀ ਵਿਚਾਰਧਾਰਕ ਪ੍ਰਿਸ਼ਠ-ਭੂਮੀ ਬਾਰੇ ਇਸ ਪੁਸਤਕ ਤੋਂ ਪਹਿਲਾਂ ਵੀ ਕਾਫੀ ਲਿਖਿਆ ਜਾ ਚੁੱਕਾ ਹੈ ਪਰ ਅਸ਼ੋਕ ਪਾਂਡੇ ਨੇ ਜਿਸ ਸ਼ਿੱਦਤ ਨਾਲ ਅਪਰਾਧੀਆਂ ਦੇ ਵਿਚਾਰਧਾਰਾਈ ਪਰਿਪੇਖ ਨੂੰ ਉਜਾਗਰ ਕਰਕੇ ਮਹਾਤਮਾ ਗਾਂਧੀ ਦੀ ਮਹਿਮਾ ਨੂੰ ਪ੍ਰਤਿਸ਼ਠਿਤ ਕੀਤਾ ਹੈ, ਉਹ ਉਲੇਖਯੋਗ ਹੈ।
ਲੇਖਕ ਅਨੁਸਾਰ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਅਤੇ ਸ਼ਖ਼ਸੀਅਤ ਨੂੰ ਭਾਰਤੀ ਦਰਸ਼ਨ ਅਤੇ ਸੱਭਿਆਚਾਰ ਦੇ ਪ੍ਰਸੰਗ ਵਿਚ ਹੀ ਵੇਖਿਆ ਜਾਣਾ ਚਾਹੀਦਾ ਹੈ। ਅਹਿੰਸਾ ਦਾ ਜੋ ਪੈਂਤੜਾ ਉਸ ਨੇ ਅਪਣਾਇਆ ਸੀ, ਉਹ ਭਾਰਤੀਅਤਾ ਦੀ ਮੁੱਖ ਪਛਾਣ ਰਿਹਾ ਹੈ। ਸਾਡੇ ਵੇਦਾਂ, ਉਪਨਿਸ਼ਦਾਂ, ਬੁੱਧਵਾਦ ਅਤੇ ਜੈਨਵਾਦ ਵਿਚ ਇਸੇ ਪੈਂਤੜੇ ਉੱਪਰ ਬਲ ਦਿੱਤਾ ਗਿਆ ਹੈ। 'ਵਾਸੂਦੇਵ ਕੁਟੰਬਕਮ' ਦਾ ਸੂਤਰ ਭਾਰਤੀਅਤਾ ਦੀ ਮੁੱਖ ਪਛਾਣ ਹੈ ਅਰਥਾਤ ਪੂਰਾ ਵਿਸ਼ਵ ਹੀ ਇਕ ਕੁਟੰਬ (ਪਰਿਵਾਰ) ਹੈ।
ਗਾਂਧੀ ਜੀ ਨੇ ਛੂਆਛਾਤ ਦੇ ਨਿਸ਼ੇਧ ਅਤੇ ਹਿੰਦੂ-ਮੁਸਲਿਮ ਏਕਤਾ ਦਾ ਜੋ ਪ੍ਰੋਗਰਾਮ ਸ਼ੁਰੂ ਕਰ ਰੱਖਿਆ ਸੀ, ਉਹ ਮਹਾਰਾਸ਼ਟਰ ਦੇ ਬ੍ਰਾਹਮਣ ਸਮੁਦਾਇ ਨੂੰ ਬਹੁਤ ਚੁੱਭਦਾ ਸੀ। ਹਿੰਦੂ ਮਹਾਂਸਭਾ ਅਤੇ ਹੋਰ ਕੱਟੜ ਹਿੰਦੁਤਵਵਾਦੀ ਆਜ਼ਾਦੀ ਉਪਰੰਤ ਬ੍ਰਾਹਮਣ ਵਰਗ ਦੀ ਸਰਕਾਰ ਅਤੇ ਚੌਧਰ ਵੇਖਣਾ ਚਾਹੁੰਦੇ ਸਨ। ਸਾਵਰਕਰ ਅਤੇ ਹੋਰ ਪੁਰਾਤਨ-ਪੰਥੀਆਂ ਨੂੰ ਗਾਂਧੀ ਜੀ ਦੀ ਮਨੁੱਖੀ ਸਮਾਨਤਾ ਅਤੇ ਹਿੰਦੂ-ਮੁਸਲਿਮ ਏਕਤਾ ਦੀ ਗੱਲ ਰਾਸ ਨਹੀਂ ਸੀ ਆਉਂਦੀ। ਇਸ ਕਾਰਨ ਉਨ੍ਹਾਂ ਨੇ ਗਾਂਧੀ ਜੀ ਦੀ ਆਵਾਜ਼ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ। ਅਜੇ ਵੀ ਭਾਰਤ ਵਿਚ ਮੁਤਅੱਸਬੀ ਅਤੇ ਫ਼ਿਰਕਾਪ੍ਰਸਤ ਲੋਕਾਂ ਪਾਸੋਂ ਖ਼ਤਰਾ ਬਣਿਆ ਹੋਇਆ ਹੈ। ਸੋ, ਗਾਂਧੀ ਜੀ ਦੀ ਵਿਚਾਰਧਾਰਾ ਅੱਜ ਵੀ ਬੇਹੱਦ ਪ੍ਰਸੰਗਿਕ ਹੈ। ਇਹ ਇਕ ਬੇਹੱਦ ਮਹੱਤਵਪੂਰਨ ਲਿਖਤ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤੇਰਾ ਕੀ ਫ਼ੈਸਲਾ?
ਲੇਖਿਕਾ : ਗੁਰਸਿਮਰ ਕੌਰ
ਪ੍ਰਕਾਸ਼ਕ : ਰਾਜਮੰਗਲ ਪਬਲੀਕੇਸ਼ਨਜ਼, ਅਲੀਗੜ੍ਹ
ਮੁੱਲ : 329 ਰੁਪਏ, ਸਫ਼ੇ : 311
ਸੰਪਰਕ : 070179-93445.


ਕੈਨੇਡਾ ਵਾਸੀ ਲੇਖਿਕਾ ਦੀ ਇਹ ਵਡਆਕਾਰੀ ਪੁਸਤਕ ਨਾਵਲ ਹੈ। ਨਾਵਲਕਾਰ ਦਾ ਪਿਛੋਕੜ ਮੁੰਬਈ ਦਾ ਹੈ। ਮੁੰਬਈ ਤੋਂ ਪੰਜਾਬ ਆਉਣ 'ਤੇ ਲੇਖਿਕਾ ਪੰਜਾਬੀ ਜ਼ਬਾਨ ਨਾਲ ਜੁੜੀ ਤੇ ਮੁਹਾਰਤ ਹਾਸਲ ਕੀਤੀ। ਲੇਖਿਕਾ ਰਿਸ਼ਤਿਆਂ ਨਾਲ ਮੁਹੱਬਤ ਕਰਦੀ ਹੈ। ਦੋਸਤੀਆਂ ਪਾਲਣੀਆਂ ਉਸ ਦੀਆਂ ਰਚਨਾਵਾਂ ਦੇ ਪ੍ਰਮੁੱਖ ਵਿਸ਼ੇ ਹਨ। ਨਾਵਲ ਦਾ ਵਿਸ਼ਾ ਵੀ ਮੁਹੱਬਤ ਹੈ। ਪਾਤਰ ਸਾਧਾਰਨ ਹਨ। ਪਰ ਉਹ ਵਿਦੇਸ਼ੀ ਆਧੁਨਿਕ ਜ਼ਿੰਦਗੀ ਦੇ ਪੈਰੋਕਾਰ ਹਨ। ਭਰਪੂਰ ਜ਼ਿੰਦਗੀ ਦਾ ਅਨੰਦ ਲੈਣਾ ਨਾਵਲ ਦੇ ਪਾਤਰਾਂ ਦਾ ਜੀਵਨ ਮੰਤਵ ਹੈ। ਪਾਤਰ ਪੰਜਾਬ ਤੋਂ ਕੈਨੇਡਾ ਗਏ ਹਨ। ਤੇ ਪਰਵਾਸੀ ਜੀਵਨ ਜੀ ਰਹੇ ਹਨ। ਲਵੀ (ਲਵਲੀਨ) ਕੈਨੇਡਾ ਵਿਚ ਡਾਕਟਰੀ ਕਰ ਰਹੀ ਹੈ, ਸਮੇਂ ਨਾਲ ਉਹ ਹਸਪਤਾਲ ਦੀ ਨੌਕਰੀ ਕਰਨ ਲਗਦੀ ਹੈ। ਉਸ ਦਾ ਮਹਿਬੂਬ ਹਨੀ ਇਧਰ ਪੰਜਾਬ ਵਿਚ ਹੈ। ਉਹ ਆਪਣੇ ਦੋਸਤ ਅੰਮ੍ਰਿਤ ਤੇ ਪ੍ਰੀਤੀ ਦੇ ਵਿਆਹ ਵਿਚ ਗੋਲੀ ਚੱਲਣ ਨਾਲ ਫੱਟੜ ਹੋ ਜਾਂਦਾ ਹੈ। ਹਸਪਤਾਲ ਵਿਚ ਹੈ ਲਵੀ ਜੋ ਉਸ ਕੋਲ ਆ ਕੇ ਮੁਹੱਬਤ ਦਾ ਇਜ਼ਹਾਰ ਕਰਦੀ ਹੈ। ਹਨੀ ਸਮੇਂ ਨਾਲ ਠੀਕ ਹੋ ਜਾਂਦਾ ਹੈ। ਲਵੀ ਦੇ ਮੁਹੱਬਤੀ ਬੋਲ ਉਸ ਵਿਚ ਨਵੀਂ ਰੂਹ ਭਰਦੇ ਹਨ। ਅੰਮ੍ਰਿਤ ਅਤੇ ਪ੍ਰੀਤੀ ਦਾ ਵਿਆਹ ਹੁੰਦਾ ਹੈ। ਸਾਂਝੇ ਪਰਿਵਾਰ ਹਨ। ਰਿਸ਼ਤੇਦਾਰ ਜੁੜਦੇ ਹਨ। ਹਾਸਾ-ਮਖੌਲ ਚਲਦਾ ਹੈ। ਪਾਤਰਾਂ ਦੇ ਰੁਮਾਂਟਿਕ ਸੰਵਾਦ ਤੇ ਫੋਨ 'ਤੇ ਗੱਲਬਾਤ ਦੇ ਵਿਸ਼ੇ ਵੀ ਰੁਮਾਂਸ ਭਰੇ ਹਨ। ਵਿਦੇਸ਼ਾਂ ਵਿਚ ਬਜ਼ੁਰਗਾਂ ਦਾ ਜੀਵਨ ਦੁਚਿੱਤੀ ਜਿਹੀ ਵਾਲਾ ਹੈ। ਉਨ੍ਹਾਂ ਨੂੰ ਉਧਰ ਪੰਜਾਬ ਵਰਗੀ ਖੁੱਲ੍ਹ ਨਹੀਂ ਮਿਲਦੀ। ਪਾਤਰ ਜ਼ਿੰਦਗੀ ਦੇ ਇਕ-ਇਕ ਪਲ ਨੂੰ ਰਸ-ਭਰਪੂਰ ਬਣਾਉਂਦੇ ਹਨ।
ਨਾਵਲ ਦੇ ਹਰੇਕ ਕਾਂਡ ਵਿਚ ਮੁਹੱਬਤ ਧੜਕਦੀ ਹੈ। ਭੈਣਾਂ-ਭਰਾਵਾਂ ਦੀ ਸਾਂਝ ਹੈ। ਪਾਠਕ ਨਾਵਲ ਪੜ੍ਹਦਾ ਹੋਇਆ ਮੁਹੱਬਤੀ ਅਹਿਸਾਸ ਨਾਲ ਸਰਸ਼ਾਰ ਹੁੰਦਾ ਹੈ। ਨਾਵਲ ਵਿਚ ਪਾਤਰਾਂ ਦੀ ਮੁਹੱਬਤ ਸਹਿਜੇ-ਸਹਿਜੇ ਵਿਆਹ ਤੱਕ ਪਹੁੰਚਦੀ ਹੈ। ਬਚਪਨ ਤੋਂ ਜਵਾਨੀ ਤੱਕ ਦੇ ਸਮੇਂ ਨੂੰ ਸਸਪੈਂਸ ਦਾ ਰੂਪ ਕਲਾਤਮਿਕ ਸ਼ੈਲੀ ਨਾਲ ਦਿੱਤਾ ਗਿਆ ਹੈ। ਨਾਵਲ ਵਿਚ ਪਾਤਰਾਂ ਦੇ ਫ਼ਿਲਮੀ ਤਰਜ਼ ਦੇ ਸੰਵਾਦ ਹਨ। ਨਾਟਕੀ ਦ੍ਰਿਸ਼ ਹਨ। ਵਿਆਹ ਤੱਕ ਨੌਜਵਾਨ ਜੋੜੇ ਆਰਥਿਕ ਤੌਰ 'ਤੇ ਸਵੈ-ਨਿਰਭਰ ਹੁੰਦੇ ਹਨ। ਇਹ ਸਹਿਜ ਤੋਰ ਨਾਵਲ ਦੀ ਮੁੱਖ ਵਿਸ਼ੇਸ਼ਤਾ ਹੈ। ਰੁਮਾਂਸ ਨਾਵਲ ਦੀ ਚੂਲ ਹੈ। ਪੱਛਮੀ ਤਰਜ਼ ਦੀ ਜ਼ਿੰਦਗੀ ਨੂੰ ਪੰਜਾਬੀ ਰੰਗ ਵਿਚ ਪੇਸ਼ ਕੀਤਾ ਗਿਆ ਹੈ। ਇਸ ਰੁਮਾਂਟਿਕ ਨਾਵਲ ਦਾ ਸਵਾਗਤ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਦਿਲਚਸਪ ਕਹਾਣੀ ਧਰਤੀ-ਅੰਬਰ ਦੀ

ਲੇਖਕ : ਡਾ. ਵਿਦਵਾਨ ਸਿੰਘ ਸੋਨੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ
ਮੁੱਲ : 150 ਰੁਪਏ, ਸਫ਼ੇ : 133
ਸੰਪਰਕ : www.nbtindia.gov.in


ਚਰਚਾ ਅਧੀਨ ਪੁਸਤਕ ਆਕਾਸ਼ ਅਤੇ ਧਰਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੇ, ਸਤਾਰਾਂ ਨਿਬੰਧਾਂ ਦਾ ਇਕ ਸੰਗ੍ਰਹਿ ਹੈ। ਇਸ ਪੁਸਤਕ ਵਿਚਲੇ ਨਿਬੰਧ, ਵਿਗਿਆਨਕ ਜਾਣਕਾਰੀਆਂ ਭਰਪੂਰ ਹਨ। 'ਅੰਬਰ ਵੱਲ ਇਕ ਝਾਤ' ਵਿਚ ਮਿੱਥ ਕਹਾਣੀਆਂ ਨਾਲ ਗਲੈਕਸੀਆਂ, ਸੌਰ ਮੰਡਲ ਦੇ ਗ੍ਰਹਿਆਂ, ਤਾਰਿਆਂ, ਪੂਛਲ ਤਾਰਿਆਂ ਨਾਲ ਜੁੜੇ ਲੋਕ ਵਿਸ਼ਵਾਸਾਂ ਦੀ ਰਸਮੀ ਜਾਣ-ਪਛਾਣ ਹੈ। 'ਕਈ ਕੋਟਿ ਅਕਾਸ ਬ੍ਰਹਮੰਡ' 'ਚ ਮਿੱਥ ਕਹਾਣੀ ਦਿਲਚਸਪ ਹੈ। ਫਿਰ ਇਕ ਮਹਾਂਵਿਸਫੋਟ ਹੋਇਆ। ਮਹਾਂਵਿਸਫੋਟ ਤੋਂ ਬਾਅਦ ਬ੍ਰਹਿਮੰਡ ਫੈਲਣਾ ਸ਼ੁਰੂ ਹੋਇਆ। ਫਿਰ ਗਲੈਕਸੀਆਂ, ਗ੍ਰਹਿ, ਤਾਰੇ ਬਣੇ। ਖੋਜੀ ਮੰਨਦੇ ਹਨ ਕਿ ਬ੍ਰਹਿਮੰਡ ਅੱਜ ਵੀ ਫੈਲ ਰਿਹਾ ਹੈ। ਕਿਹ ਬਿਧਿ ਸਜਾ ਪ੍ਰਥਮ ਸੰਸਾਰਾ, ਧੂਮਕੇਤੂ, ਉਲਕਾਵਾਂ ਤੇ ਉਲਕਾ ਪੱਟੀ ਸੂਰਜਾਂ ਦੀ ਮੌਤ, ਬੜੇ ਜਾਣਕਾਰੀ ਭਰਪੂਰ ਨਿਬੰਧ ਹਨ।
ਸਾਡੇ ਸਾਢੇ ਤੇਰਾਂ ਦਿਨ-ਚੰਨ ਦੀ ਇਕ ਰਾਤ, ਨਿਬੰਧ, ਚੰਨ ਤੇ ਮਨੁੱਖੀ ਪੈੜਾਂ ਪਾਉਣ ਤੋਂ ਲੈ ਕੇ, ਨਾਸਾ ਵਲੋਂ ਚੰਨ 'ਤੇ ਕਾਲੋਨੀਆਂ ਵਸਾਉਣ ਦੀਆਂ ਤਿਆਰੀਆਂ ਦੀ ਬਾਤ ਪਾਉਂਦਾ ਹੈ। ਇਸ ਨਿਬੰਧ ਵਿਚ ਅਪੋਲੋ-11 ਵਿਚ ਗਏ ਪੁਲਾੜ ਯਾਤਰੀਆਂ ਦੇ ਨਾਂਅ ਸਪੱਸ਼ਟ ਨਹੀਂ। ਇਹ ਤਿੰਨ ਯਾਤਰੀ ਨੀਲ ਆਰਮ ਸਟਰਾਂਗ, ਮਾਇਕਲ ਕੋਲਿਨਜ਼ ਅਤੇ ਬੱਜ ਐਲਡਰਿਨ ਸਨ।
ਸੰਝ ਦੇ ਚਮਕੀਲੇ ਤਾਰੇ ਸ਼ੁੱਕਰ ਬਾਰੇ ਨਿਬੰਧ ਦਿਲਚਸਪ ਮਿੱਥ ਕਹਾਣੀਆਂ ਦੇ ਨਾਲ ਆਮ ਪਾਠਕ ਨੂੰ ਸ਼ੁੱਕਰ ਗ੍ਰਹਿ ਬਾਰੇ ਕਾਫੀ ਜਾਣਕਾਰੀ ਦੇ ਰਿਹਾ ਹੈ। ਬਹੁਤੇ ਲੋਕ ਨਹੀਂ ਜਾਣਦੇ ਕਿ ਸ਼ੁੱਕਰ ਵੀ ਚੰਨ ਵਾਂਗ ਕਲਾਵਾਂ ਬਦਲਦਾ ਰਹਿੰਦਾ ਹੈ।
ਮੰਗਲ ਗ੍ਰਹਿ 'ਤੇ ਪਾਣੀ ਵਗਦਾ ਹੈ- ਮੰਗਲ ਨੂੰ ਜੰਗਾਂ ਲੜਾਈਆਂ ਦਾ ਗ੍ਰਹਿ ਖਿਆਲ ਕੀਤਾ ਜਾਂਦਾ ਰਿਹਾ ਹੈ। ਪਰ ਇਸ ਗੱਲ ਦਾ ਕੋਈ ਆਧਾਰ ਨਹੀਂ। ਪੰਨਾ-56 ਤੋਂ 61 ਤੱਕ, ਇੱਕੋ ਮੈਟਰ ਦੋ ਵਾਰੀ ਪ੍ਰਕਾਸ਼ਿਤ ਹੋ ਗਿਆ ਹੈ। ਅਗਲੇ ਸੰਸਕਰਨ ਵਿਚ ਇਸ ਨੂੰ ਠੀਕ ਕਰ ਲਿਆ ਜਾਣਾ ਬਣਦਾ ਹੈ।
'ਦਿਲਚਸਪ ਕਹਾਣੀ ਧਰਤੀ ਦੀ' ਅਨੁਸਾਰ ਧਰਤੀ ਦੇ 4.6 ਅਰਬ ਸਾਲ ਲੰਬੇ ਜੀਵਨ ਨੂੰ ਛੇ ਮਹਾਂਕਲਪਾਂ ਵਿਚ ਵੰਡਿਆ ਗਿਆ ਹੈ। ਮਨੁੱਖ ਦਾ ਵੱਡ ਵਡੇਰਾ ਦੱਖਣੀ ਅਫ਼ਰੀਕਾ ਵਿਚ ਰਹਿੰਦਾ, ਜੰਗਲੀ ਮਨੁੱਖੀ ਜੋੜਾ ਸੀ। ਸਾਰੇ ਮਨੁੱਖਾਂ ਦੇ ਜੀਨ ਇਕ ਸਮਾਨ ਹਨ। ਸਾਗਰ ਦੀ ਹਿੱਕ ਵਿਚੋਂ ਉੱਠਿਆ ਹਿਮਾਲਾ, ਬਰਫ਼ਾਨੀ ਯੁੱਗਾਂ ਦੀ ਦਾਸਤਾਨ, ਡਾਇਨਾਸੌਰਾਂ ਦਾ ਮਹਾਂਕਲਪ, ਆਦਿ ਮਾਨਵ ਤੋਂ ਆਧੁਨਿਕ ਮਨੁੱਖ ਤੱਕ ਵਿਕਾਸ, ਇਸ ਦਾ ਭਾਰਤ ਵਿਚ ਪ੍ਰਵੇਸ਼ ਜਿਹੇ ਨਿਬੰਧ ਬੜੀਆਂ ਮਹੱਤਵਪੂਰਨ ਜਾਣਕਾਰੀਆਂ ਲਈ ਬੈਠੇ ਹਨ। ਪੱਥਰਾਂ ਦੇ ਬਣੇ ਔਜ਼ਾਰਾਂ ਦੇ ਚਟਾਨਾਂ 'ਤੇ ਉਕਰੇ ਨਿਸ਼ਾਨ, ਸ਼ਿਵਾਲਿਕ ਦੀ ਗਾਥਾ ਗਾਉਂਦੇ ਹਨ। ਨਵੀਂ ਖੋਜ ਨੇ ਇਹ ਸਿੱਧ ਕਰ ਦਿਖਾਇਆ ਕਿ ਸ਼ਿਵਾਲਿਕ ਕਵਿਤਾ ਪੱਥਰ ਯੁੱਗ ਵੀਹ ਹਜ਼ਾਰ ਸਾਲ ਪਹਿਲਾਂ ਖ਼ਤਮ ਨਹੀਂ ਹੋਇਆ, ਸਗੋਂ ਪੱਥਰ ਯੁੱਗ ਤਾਂ ਅਜੇ ਚਾਰ ਹਜ਼ਾਰ ਸਾਲ ਪਹਿਲਾਂ ਹੀ ਖ਼ਤਮ ਹੋਇਆ ਹੈ।
ਆਇਨਸਟਾਈਨ ਠੀਕ ਹੀ ਸੀ ਜਿਸ ਨੇ ਗੁਰੂਤਾ ਤਰੰਗਾਂ ਦਾ ਵਿਚਾਰ ਦਿੱਤਾ ਸੀ। ਜਦੋਂ ਬ੍ਰਹਿਮੰਡ ਵਿਚ ਬਲੈਕ ਹੋਲ ਦੇਖੇ ਗਏ ਤਾਂ ਇਹ ਤਰੰਗਾਂ ਬਾਅਦ ਵਿਚ ਲੀਗੋ ਯੰਤਰਾਂ ਨਾਲ ਖੋਜ ਵੀ ਲਈਆਂ ਗਈਆਂ। ਵੱਧ ਗਤੀ (ਪ੍ਰਕਾਸ਼ ਦੀ ਗਤੀ ਨਾਲ) ਨਾਲ ਗਤੀ ਕਰਦੀਆਂ ਵਸਤਾਂ ਵਿਚ ਸਮਾਂ ਕੇ ਲੰਬਾਈ ਬਦਲਦੇ ਹਨ। ਇੰਜ ਆਇਨਸਟਾਈਨ ਦਾ ਸਾਪੇਖਤਾ ਦਾ ਸਿਧਾਂਤ ਸਿੱਧ ਹੋ ਜਾਂਦਾ ਹੈ। ਆਮ ਪਾਠਕਾਂ ਨੂੰ ਮੱਦੇਨਜ਼ਰ ਰੱਖਦਿਆਂ ਇਸ ਪੁਸਤਕ ਦੇ ਅਖੀਰਲੇ ਸਫ਼ਿਆਂ 'ਤੇ ਜੇ ਵਿਗਿਆਨਕ/ਤਕਨੀਕੀ ਸਬਦ ਕੋਸ਼ (ਅੰਗਰੇਜ਼ੀ ਤੋਂ ਪੰਜਾਬੀ) ਵੀ ਦੇ ਦਿੱਤਾ ਜਾਂਦਾ, ਤਾਂ ਇਹ ਪੁਸਤਕ ਆਮ ਪਾਠਕਾਂ ਲਈਹੋਰ ਵੀ ਸਮਝਣਯੋਗ ਬਣ ਜਾਂਦੀ।
ਡਾ. ਵਿਦਵਾਨ ਸਿੰਘ ਸੋਨੀ ਮਾਤ ਭਾਸ਼ਾ ਪੰਜਾਬੀ ਵਿਚ ਵਿਗਿਆਨਕ ਵਿਸ਼ਿਆਂ 'ਤੇ, ਕਾਫ਼ੀ ਅਰਸੇ ਤੋਂ ਲਿਖਣ ਵਾਲੇ ਲੇਖਕਾਂ ਵਿਚ ਸਤਿਕਾਰਤ ਨਾਂਅ ਹੈ। ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਗਿਆਨ ਵਿਗਿਆਨ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ।


ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686
c c c


ਚਾਨਣ ਬਨਾਮ ਹਨੇਰਾ
ਲੇਖਕ : ਨੇਤਰ ਸਿੰਘ ਮੁੱਤੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ : 94636-56728.


ਪੁਸਤਕ ਚਾਨਣ ਬਨਾਮ ਹਨੇਰਾ, ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਦੇ ਲੇਖਕ ਨੇਤਰ ਸਿੰਘ ਮੁੱਤੋਂ ਹਨ। ਇਸ ਪੁਸਤਕ ਵਿਚ 84 ਮਿੰਨੀ ਕਹਾਣੀਆਂ ਹਨ। ਸਾਰੀਆਂ ਮਿੰਨੀ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ, ਜਿਨ੍ਹਾਂ ਵਿਚੋਂ ਵਿਅੰਗ ਵੀ ਝਲਕਦਾ ਹੈ ਅਤੇ ਕਈਆਂ ਵਿਚੋਂ ਪ੍ਰੇਰਨਾ ਤੇ ਨਸੀਹਤ ਵੀ ਮਿਲਦੀ ਹੈ। ਲੇਖਕ ਰਾਮਪੁਰ ਦੇ ਸਾਹਿਤਕ ਮਾਹੌਲ ਵਿਚ ਰੰਗਿਆ ਹੋਣ ਕਰਕੇ ਹਰ ਪੱਖ ਤੋਂ ਸੁਚੇਤ ਹੈ ਅਤੇ ਵੱਡੀ ਗੱਲ ਥੋੜ੍ਹੇ ਸ਼ਬਦਾਂ ਵਿਚ ਕਹਿਣ ਦਾ ਕਲਾਕਾਰ ਹੈ। ਲੇਖਕ ਨੇ ਗੀਤਕਾਰੀ 'ਤੇ ਵੀ ਆਪਣਾ ਹੱਥ ਅਜ਼ਮਾਇਆ ਹੈ ਪ੍ਰੰਤੂ ਮਿੰਨੀ ਕਹਾਣੀ ਦਾ ਸਫ਼ਰ ਉਸ ਦੀ ਕਲਮ ਨੇ ਜ਼ਿਆਦਾ ਚਾਹਿਆ, ਜਿਸ ਕਰਕੇ ਇਨ੍ਹਾਂ ਨੇ ਮਿੰਨੀ ਕਹਾਣੀਆਂ ਕਾਫੀ ਮਾਤਰਾ ਵਿਚ ਲਿਖ ਦਿੱਤੀਆਂ। ਲੇਖਕ ਕੋਲ ਸ਼ਬਦਾਵਲੀ ਦਾ ਕਾਫੀ ਭੰਡਾਰ ਜਮ੍ਹਾਂ ਹੈ ਅਤੇ ਉਸ ਨੇ ਦੂਸਰੇ ਲੇਖਕਾਂ ਤੋਂ ਬਹੁਤ ਕੁਝ ਸਿੱਖ ਕੇ ਕਲਮ ਅਜ਼ਮਾਈ ਕੀਤੀ। ਕੁਝ ਕੁ ਕਹਾਣੀਆਂ ਜ਼ਿਆਦਾ ਹੀ ਮਿੰਨੀ ਹੋ ਗਈਆਂ ਜੋ ਕਿ ਕਿੰਤੂ-ਪ੍ਰੰਤੂ ਦਾ ਵਿਸ਼ਾ ਨਹੀਂ ਹੈ। ਕੁਝ ਮਿੰਨੀ ਕਹਾਣੀਆਂ ਵਿਚ ਥੋੜ੍ਹੀ ਕਚਿਆਈ ਦੀ ਝਲਕ ਪੈਂਦੀ ਹੈ ਪ੍ਰੰਤੂ ਜ਼ਿਆਦਾ ਰੜਕ ਪੈਦਾ ਨਹੀਂ ਕਰਦੀਆਂ। ਮਿੰਨੀ ਕਹਾਣੀਆਂ ਲੇਖਕ ਨੇ ਸਾਡੇ ਆਮ ਜੀਵਨ ਵਿਚੋਂ ਲਈਆਂ ਹਨ ਕਿਉਂਕਿ ਗੱਲਾਂ ਵਿਚੋਂ ਜਦੋਂ ਗੱਲ ਨਿਕਲਦੀ ਹੈ ਤਾਂ ਉਹ ਕਈ ਵਾਰ ਮਿੰਨੀ ਕਹਾਣੀ ਵੀ ਬਣ ਜਾਂਦੀ ਹੈ। ਮਿੰਨੀ ਕਹਾਣੀ ਵਿਚ ਜ਼ਿਆਦਾ ਵਲ-ਵਲੇਵਾਂ ਨਹੀਂ ਹੁੰਦਾ। ਡਾਹ-ਡਾਹ ਕਰਕੇ ਪਾਤਰ ਆਪਣਾ ਕੰਮ ਕਰ ਜਾਂਦੇ ਹਨ ਅਤੇ ਬਹੁਤ ਕੁਝ ਕਹਿ ਵੀ ਜਾਂਦੇ ਹਨ। ਲੇਖਕ ਨੇ ਪੰਜਾਬ ਸਰਕਾਰ ਦੇ ਭੂਮੀ ਤੇ ਪਾਣੀ ਸੰਭਾਲ ਵਿਭਾਗ ਵਿਚ ਨੌਕਰੀ ਵੀ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਹੋਣਗੇ। ਉਸ ਦਾ ਵੀ ਲੇਖਕ ਨੇ ਲਾਭ ਲਿਆ ਹੋਵੇਗਾ। ਮਿੰਨੀ ਕਹਾਣੀਆਂ ਵਿਚ ਰਿਸ਼ਵਤ, ਮਮਤਾ, ਲਾਹਨਤ, ਬਹਾਨਾ, ਦੁਨੀਆ, ਅਹਿਮੀਅਤ, ਦੁਕਾਨ, ਮਾਸਾ, ਅਹਿਸਾਸ, ਜਵਾਬ, ਮੋਹ ਸੋਚ, ਸਕੀਮ ਆਦਿ ਮਿੰੰਨੀ ਕਹਾਣੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਵਿਚ ਲੇਖਕ ਨੇ ਆਪਣੇ ਅੰਦਰਲੇ ਵਲਵਲਿਆਂ ਨੂੰ ਵੀ ਕੱਢ ਕੇ ਆਪਣੀ ਦਿਲੀ ਭੜਾਸ ਕੱਢਣ ਦੀ ਵੀ ਕੋਸ਼ਿਸ਼ ਜਾਪਦੀ ਹੈ। ਲੇਖਕ ਹਰ ਤਰ੍ਹਾਂ ਨਾਲ ਸੁਚੇਤ ਹੈ ਅਤੇ ਉਸ ਨੂੰ ਸੱਜਿਉਂ ਖੱਬਿਉਂ ਮਿੰਨੀ ਕਹਾਣੀ ਲਿਖਣ ਲਈ ਵਾਧੂ ਮਸਾਲਾ ਮਿਲ ਜਾਂਦਾ ਹੈ, ਜਿਸ ਨੂੰ ਉਹ ਸਾਹੋ-ਸਾਹੀ ਮਿੰਨੀ ਕਹਾਣੀ ਦੇ ਰੂਪ ਵਿਚ ਪਰੋ ਦਿੰਦਾ ਹੈ।


ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990


ਕੰਡਿਆਂ ਉੱਤੇ ਨੱਚਦੀਆਂ ਤਿਤਲੀਆਂ
ਲੇਖਿਕਾ : ਦਰਸ਼ਨ ਕੌਰ ਦਰਸ਼ੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 99151-29747.


'ਕੰਡਿਆਂ ਉੱਤੇ ਨੱਚਦੀਆਂ ਤਿਤਲੀਆਂ' ਦਰਸ਼ਨ ਕੌਰ ਦਰਸ਼ੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਉਹ' ਤੋਂ ਲੈ ਕੇ 'ਫੈਮਲੀ ਟਰੀ' ਤੱਕ 52 ਕਵਿਤਾਵਾਂ ਸੰਕਲਿਤ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਅਜੋਕੇ ਸਮੇਂ 'ਚ ਵਾਪਰ ਰਹੀ ਕਾਰਪੋਰੇਟਰੀ ਸੋਚ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਵਿੱਤਰੀ ਵਲੋਂ ਅੰਤਰਮੁਖੀ ਸੋਚ ਨੂੰ ਤਿਆਗਦਿਆਂ ਸਮੂਹਿਕ ਜ਼ਿੰਮੇਵਾਰੀ ਅਤੇ ਬਦਲਾਓ ਲਈ ਚਿੰਤਨਸ਼ੀਲ ਧਿਰਾਂ ਨੂੰ ਵੰਗਾਰ ਪਾਈ ਹੈ। ਇਸ ਕਥਨ ਦੀ ਪੁਸ਼ਟੀ ਉਸ ਵਲੋਂ ਪ੍ਰਸਿੱਧ ਜਰਮਨ ਕਵੀ ਬ੍ਰਤੋਲਤ ਬ੍ਰੈਖਤ ਦੇ ਕਾਵਿਕ ਬੋਲਾਂ : 'ਲੋਕ ਇਹ ਨਹੀਂ ਕਹਿਣਗੇ, ਉਸ ਸਮੇਂ ਹਨੇਰਾ ਸੀ, ਲੋਕ ਪੁੱਛਣਗੇ ਉਸ ਸਮੇਂ, ਕਵੀ ਚੁੱਪ ਕਿਉਂ ਸਨ, ਸਮਰਪਣ ਵਜੋਂ ਲਿਖੇ, ਸੰਕੇਤ ਕਰਦੇ ਹਨ। ਫੈਮਲੀ ਟਰੀ ਕਵਿਤਾ 'ਚ ਸਮੁੱਚਤਾ 'ਚ ਅਜਿਹੇ ਭਾਵਾਂ ਦੀ ਅਭੀਵਿਅਕਤੀ ਕੀਤੀ ਗਈ ਹੈ ਜਿਥੇ ਸਾਡੇ ਵਿਰਾਸਤੀ ਰਿਸ਼ਤਿਆਂ ਦੀਆਂ ਪਰੰਪਰਕ ਤੰਦਾਂ ਟੁੱਟਦੀਆਂ ਹਨ ਅਤੇ ਨਵੀਂ ਚੇਤਨਾ, ਸੋਚ ਅਧੀਨ ਨਿੱਜਤਾ ਅਤੇ ਇਕਹਿਰਾਪਨ ਮਨੁੱਖੀ ਜ਼ਿੰਦਗੀ 'ਚ ਰਿਸ਼ਤਿਆਂ ਨੂੰ ਗ਼ੈਰ-ਭਰੋਸਗੀ ਦੇ ਰਾਹ ਤੋਰਦਾ ਨਜ਼ਰੀਂ ਪੈਂਦਾ ਹੈ :
. . .
ਪਤਾ ਹੀ ਨਹੀਂ ਲੱਗਾ
ਕਦੋਂ ਨਵੇਂ ਰੁੱਖ ਦੀਆਂ
ਨਵੀਆਂ ਟਾਹਣੀਆਂ ਫੁੱਟੀਆਂ
ਉਸ ਨੂੰ ਕੁਝ ਯਾਦ ਨਹੀਂ
ਕਦੋਂ ਉਸ ਦਾ ਬਣਾਇਆ
ਫੈਮਲੀ ਟਰੀ ਖ਼ਤਮ ਹੋ ਗਿਆ।
ਸੋਚ ਖ਼ਤਮ ਹੋ ਗਈ
ਅੱਖਰ ਖ਼ਤਮ ਹੋ ਗਏ
ਕਲਮ ਬੰਦ ਕਵਿਤਾ ਖ਼ਤਮ ਹੋ ਗਈ।
ਕਾਰਪੋਰੇਟਰੀ ਜਗਤ 'ਸਮੂਹ' ਦੀ ਥਾਂ 'ਨਿੱਜ' ਦੇ ਵਿਕਾਸ, ਵਿਨਾਸ਼ ਦੀ ਹਾਮੀ ਭਰਦਾ ਹੋਇਆ ਮਨੁੱਖ ਦੇ ਸਮੁੱਚੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਵਿਰਾਸਤੀ ਮਾਹੌਲ ਨੂੰ ਤੋੜਦਾ-ਭੰਨਦਾ ਖੁੱਲ੍ਹੇ-ਖੁਲਾਸੇ ਜੀਵਨ ਦੀ ਚਕਾਚੌਂਧ ਦਿਖਾ ਕੇ ਸਹਿਜ ਮਨੁੱਖ ਦੀ ਸਾਵੀਂ-ਪੱਧਰੀ ਸੋਚ ਨੂੰ ਖੰਡਿਤ ਕਰਦਾ ਹੈ ਅਤੇ ਉਸ ਨੂੰ ਸਵਾਰਥੀ ਬਣਾਉਂਦਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਉਹ', 'ਪਰਦੇਸੀ', 'ਚੀਰ-ਹਰਣ', 'ਪੁੱੱਠੀ ਉਮੰਗ', 'ਖੋਖਲਾ ਬੁੱਤ', 'ਗੋਸ਼ਾ', 'ਪੌੜੀ', 'ਅਹਿਸਾਸ', 'ਤਲਾਸ਼', 'ਪਿਆਰ ਤੇ ਨਫ਼ਰਤ', 'ਯੁੱਧ' ਅਤੇ 'ਅੰਦਰ ਦੀ ਆਵਾਜ਼' ਕਵਿਤਾਵਾਂ ਅਜਿਹੇ ਭਾਵਾਂ ਨੂੰ ਅਭੀਵਿਅਕਤ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਗੁੰਮ ਗਈਆਂ ਤਿਤਲੀਆਂ ਦੀ ਤਲਾਸ਼ ਕਰਨੀ ਅਤੇ ਫਿਰ ਉਨ੍ਹਾਂ ਨੂੰ ਕੰਡਿਆਂ ਭਰੇ ਸਫ਼ਰ 'ਤੇ ਤੋਰਨ ਲਈ ਪ੍ਰੇਰਿਤ ਕਰਨਾ, ਡਰ-ਸਹਿਮ ਤੋਂ ਮੁਕਤ ਕਰ, ਜ਼ਿੰਦਗੀ ਦੇ ਅਸਲ ਮਕਸਦ ਵੱਲ ਤੋਰਨਾ ਕਵਿੱਤਰੀ ਦਾ ਪ੍ਰਮੁੱਖ ਉਦੇਸ਼ ਰਿਹਾ ਹੈ। ਅਜਿਹੀ ਅਗਾਂਹਵਧੂ ਅਤੇ ਉਸਾਰੂ ਸੋਚ ਨੂੰ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 098786-14096.
c c c


ਤਾਣਾ-ਬਾਣਾ
(ਕਹਾਣੀ ਸੰਗ੍ਰਹਿ)
ਕਹਾਣੀਕਾਰ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 128


ਇਕਵਾਕ ਸਿੰਘ ਪੱਟੀ ਪਿਛਲੇ 13 ਸਾਲਾਂ (2009) ਤੋਂ ਲੇਖਨ ਦੇ ਕਾਰਜ ਨਾਲ ਜੁੜਿਆ ਹੋਇਆ ਹੈ। ਉਸ ਦੀਆਂ ਹੁਣ ਤੱਕ 7 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਇਕ (ਮਿੰਨੀ ਕਹਾਣੀ ਸੰਗ੍ਰਹਿ) ਛਪਾਈ ਅਧੀਨ ਹੈ। ਇਨ੍ਹਾਂ ਵਿਚ ਤਿੰਨ ਕਹਾਣੀ ਸੰਗ੍ਰਹਿ ਤੇ ਚਾਰ ਲੇਖ ਸੰਗ੍ਰਹਿ ਹਨ।
ਵਿਚਾਰ-ਅਧੀਨ ਪੁਸਤਕ ਵਿਚ ਕੁੱਲ 23 ਕਹਾਣੀਆਂ ਹਨ, ਜੋ ਕਿ ਸਾਰੀਆਂ ਹੀ ਸੰਖੇਪ ਅਤੇ ਸਰਲ ਭਾਸ਼ਾ ਵਿਚ ਲਿਖੀਆਂ ਹੋਈਆਂ ਹਨ। ਇਹ ਸਾਰੀਆਂ ਕਹਾਣੀਆਂ ਇਕਹਿਰੀ ਗੋਂਦ ਵਾਲੀਆਂ ਹਨ, ਯਾਨੀ ਇਨ੍ਹਾਂ ਵਿਚ ਇਕੋ ਘਟਨਾ ਨੂੰ ਸਿੱਧੇ ਤੇ ਸਪੱਸ਼ਟ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਹ ਕਹਾਣੀਆਂ ਸਾਡੇ ਆਸ-ਪਾਸ ਨਾਲ ਵਾਬਸਤਾ ਹਨ ਤੇ ਇਨ੍ਹਾਂ ਦੀ ਉਸਾਰੀ ਲੇਖਕ ਨੇ ਨਿਰਉਚੇਚ ਹੋ ਕੇ ਕੀਤੀ ਹੈ। ਪਰਿਵਾਰਕ, ਸਮਾਜਿਕ, ਧਾਰਮਿਕ ਤੇ ਰਾਜਸੀ ਮਸਲਿਆਂ ਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਆਮ ਜੀਵਨ 'ਚੋਂ ਹਨ।
ਲੇਖਕ ਨੇ ਪੁਸਤਕ ਕਿਉਂਕਿ ਆਪ ਪ੍ਰਕਾਸ਼ਿਤ ਕੀਤੀ ਹੈ, ਇਸ ਲਈ ਇਸ ਵਿਚ ਸ਼ਾਮਿਲ ਕੀਤੀਆਂ ਤਸਵੀਰਾਂ ਉਸ ਨੇ ਗੂਗਲ ਤੋਂ ਹਾਸਲ ਕੀਤੀਆਂ ਹਨ। ਹਰ ਕਹਾਣੀ ਦੇ ਆਰੰਭ ਵਿਚ ਵੱਖਰੇ ਪੰਨੇ 'ਤੇ ਕਹਾਣੀ ਵਿਚੋਂ ਹੀ ਇਕ-ਅੱਧ ਪੈਰਾ ਪ੍ਰਕਾਸ਼ਿਤ ਕਰਕੇ ਕਹਾਣੀ ਦੇ ਬਿਰਤਾਂਤ ਤੋਂ ਜਾਣੂੰ ਕਰਵਾਇਆ ਗਿਆ ਹੈ। ਇਵੇਂ ਹੀ ਲਗਭਗ ਹਰ ਕਹਾਣੀ ਦੇ ਅੰਤ ਵਿਚ ਲੇਖਕ ਨੇ ਆਪਣੇ ਨਿੱਕੇ-ਨਿੱਕੇ ਵਿਚਾਰ ਸ਼ਾਮਿਲ ਕੀਤੇ ਹਨ। ਲੇਖਕ ਦੇ ਇਹ ਵਿਚਾਰ ਵੀ ਪੜ੍ਹਨਯੋਗ ਤੇ ਮਾਣਨਯੋਗ ਹਨ, ਜਿਵੇਂ:
-ਬਹੁਤਾ ਔਖਾ ਨਹੀਂ ਹੁੰਦਾ ਕਿਸੇ ਨੂੰ ਸਮਝਾਉਣਾ,
ਔਖਾ ਤਾਂ ਹੈ ਖ਼ੁਦ ਨੂੰ ਸਮਝਣਾ। (ਪੰਨਾ 123)
-ਕਿਸੇ ਦਾ ਭਲਾ ਸੋਚਣਾ ਚੰਗੀ ਗੱਲ ਹੈ,
ਪਰ ਭਲਾ ਕਰਨਾ ਸਭ ਤੋਂ ਚੰਗੀ ਗੱਲ ਹੈ। (ਪੰਨਾ 37)
ਆਮ ਜ਼ਿੰਦਗੀ ਦੇ ਮਸਲਿਆਂ/ਗੁੰਝਲਾਂ ਨੂੰ ਆਮ ਭਾਸ਼ਾ ਵਿਚ ਦਰਸਾ ਕੇ ਇਕਵਾਕ ਸਿੰਘ ਪੱਟੀ ਨੇ ਸਾਧਾਰਨਬੁੱਧ ਪਾਠਕਾਂ ਲਈ ਚੰਗਾ ਕਾਰਜ ਕੀਤਾ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015


ਰਾਤ ਲੰਘ ਗਈ ਤੇ ਹੋਰ ਕਹਾਣੀਆਂ
ਕਹਾਣੀਕਾਰ : ਜਸਬੀਰ ਕਲਸੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 81468-13291.


ਅੱਜ ਦੇ ਚਰਚਿਤ ਕਥਾਕਾਰ ਜਸਬੀਰ ਕਲਸੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ 'ਰਾਤ ਲੰਘ ਗਈ' ਜੋ 1992 ਵਿਚ ਪਾਠਕਾਂ ਦੇ ਹੱਥਾਂ ਵਿਚ ਪੁੱਜਾ ਸੀ। ਲੇਖਕ ਨੇ ਉਨ੍ਹਾਂ ਹੀ ਦਸ ਕਹਾਣੀਆਂ ਦੀ 2021 ਵਿਚ ਪੁਨਰ ਪ੍ਰਕਾਸ਼ਨਾ 'ਰਾਤ ਲੰਘ ਗਈ ਤੇ ਹੋਰ ਕਹਾਣੀਆਂ (1990-92) ਅਤੇ ਪਾਠਕ ਪ੍ਰਤੀਕਰਮ' ਦੇ ਨਾਂਅ ਹੇਠ ਕੀਤੀ ਹੈ। ਲਗਭਗ 30 ਕੁ ਵਰ੍ਹੇ ਪਹਿਲੋਂ ਸ਼ੁਰੂਆਤੀ ਦੌਰ ਵਿਚ ਲਿਖੀਆਂ ਛਪੀਆਂ ਕਹਾਣੀਆਂ ਜਸਬੀਰ ਕਲਸੀ ਦੇ ਕਹਾਣੀਕਾਰ ਵਜੋਂ ਮੁਢਲੇ ਪੜਾਅ ਦੀ ਪੇਸ਼ੀਨਗੋਈ ਕਰਦੀਆਂ ਹਨ। ਇਹ ਕਹਾਣੀਆਂ ਲਘੂ ਆਕਾਰੀ ਹਨ। ਇਨ੍ਹਾਂ ਦਾ ਕਥਾਨਕ ਵੀ ਇਕਹਿਰਾ ਹੈ। ਪੇਂਡੂ ਪਿਛੋਕੜ ਵਾਲੇ ਇਸ ਲੇਖਕ ਨੂੰ ਪੇਂਡੂ ਜੀਵਨ ਦੀ ਡੂੁੰਘਿਆਈ ਤੀਕ ਸਮਝ ਹੈ। ਉਸ ਨੇ ਪਿੰਡ ਦੀਆਂ ਤੰਗੀਆਂ-ਤੁਰਸ਼ੀਆਂ, ਬੁਰਾਈਆਂ ਅਤੇ ਸਮੱਸਿਆਵਾਂ ਨੂੰ ਤਨ, ਮਨ 'ਤੇ ਹੰਢਾਇਆ ਹੈ। ਇਹ ਜੀਵਨ ਅਨੁਭਵ ਚੰਗੇ ਤੇ ਮਾੜੇ ਦੋਵਾਂ ਪੱਖਾਂ ਨੂੰ ਨਾਲੋ-ਨਾਲ ਲੈ ਕੇ ਚਿਤਰਿਆ ਗਿਆ ਹੈ ਇਨ੍ਹਾਂ ਕਹਾਣੀਆਂ ਵਿਚ। ਪੇਂਡੂ ਲੋਕਾਂ ਦੀਆਂ ਲੋੜਾਂ, ਥੁੜਾਂ, ਦੁੱਖ-ਸੁੱਖ, ਰਿਸ਼ਤਿਆਂ ਵਿਚਲੀ ਜਟਿਲਤਾ, ਮਿੱਟੀ ਪ੍ਰਤੀ ਮੋਹ, ਨਸ਼ਿਆਂ ਨਾਲ ਗ੍ਰਸਿਆ ਜੀਵਨ ਇਕ ਯਥਾਰਥਵਾਦੀ ਦ੍ਰਿਸ਼ ਪੇਸ਼ ਕਰਦਾ ਹੈ। 'ਰਾਤ ਲੰਘ ਗਈ' ਦੀ ਸੀਤੋ (ਵਿਧਵਾ) ਦਾ ਦੁੱਖ ਭਰਿਆ ਜੀਵਨ, ਸ਼ਰਾਬ ਕਰਕੇ ਗਰਕ ਹੁੰਦੀ ਜ਼ਿੰਦਗੀ, 'ਸੋਚ' ਕਹਾਣੀ ਦੇ ਮੰਗਤੇ ਪਾਤਰਾਂ ਦਾ ਤਰਸਯੋਗ ਅਤੇ ਗਲੀਜ ਭਰਿਆ ਜੀਵਨ, ਪਰ 'ਮੰਗੇ' ਪਾਤਰ ਵਲੋਂ ਇਸ ਦਲਦਲ 'ਚੋਂ ਨਿਕਲਣ ਲਈ ਸੋਚਣਾ, ਕਹਾਣੀ ਨੂੰ ਸਾਕਾਰਾਤਮਿਕਤਾ ਪ੍ਰਦਾਨ ਕਰਦਾ ਹੈ। ਇੰਜ ਹੀ 'ਕੁਝ ਨਾ ਕੁਝ' ਕਹਾਣੀ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਅਤੇ ਗੰਭੀਰ ਸਮੱਸਿਆ ਬੇਰੁਜ਼ਗਾਰੀ 'ਤੇ ਕੇਂਦਰਿਤ ਹੈ। ਉੱਚ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਭਟਕਣ ਨੂੰ ਬਾਖੂਬੀ ਪੇਸ਼ ਕਰਦੀ ਹੈ ਇਹ ਕਹਾਣੀ। 'ਬਿਸ਼ਨੀ' ਕਹਾਣੀ ਪੰਜਾਬ ਸੰਕਟ ਦੇ ਦੁਖਾਂਤ ਦੇ ਭਿੰਨ-ਭਿੰਨ ਪਹਿਲੂਆਂ 'ਤੇ ਝਾਤ ਪੁਆਉਂਦੀ ਹੈ। ਜਵਾਨੀ ਦਾ ਕੁਰਾਹੇ ਪੈਣਾ, ਪੁਲਿਸ ਤਸ਼ੱਦਦ ਅਤੇ ਸਰਕਾਰੀ ਜਬਰ ਦਾ ਮਾਰਮਿਕ ਵਰਨਣ ਹੈ। ਕਹਾਣੀ 'ਖੁਸ਼ੀ ਗ਼ਮੀ' ਵੀ ਪੰਜਾਬ ਦੇ ਮਾੜੇ ਦੌਰ ਦੀ ਮੰਜ਼ਰਕਸ਼ੀ ਕਰਦੀ ਹੈ।
ਆਪਣੇ ਪਲੇਠੇ ਕਹਾਣੀ ਸੰਗ੍ਰਹਿ ਰਾਹੀਂ ਜਸਬੀਰ ਕਲਸੀ ਇਕ ਪੇਂਡੂ ਮੁਹਾਂਦਰੇ ਵਾਲੀਆਂ ਕਹਾਣੀਆਂ ਦੇ ਸਿਰਜਕ ਵਜੋਂ ਉੱਭਰਦਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ, ਪ੍ਰਸਿੰਨੀ, ਨੰਦਾ, ਮੋਹਣਾ, ਬਿਸ਼ਨੀ, ਗੁਲਜ਼ਾਰੋ, ਪ੍ਰੀਤਮ, ਮੰਗਾ, ਮਿੰਦੋ, ਸੀਤੋ ਆਦਿ ਸਾਰੇ ਹੀ ਪੇਂਡੂ ਲੋਕਾਂ ਅਤੇ ਉਨ੍ਹਾਂ ਦੇ ਜਨਜੀਵਨ ਦੀ ਪ੍ਰਤੀਨਿਧਤਾ ਕਰਦੇ ਹਨ। ਪੇਂਡੂ ਲੋਕ ਬੋਲੀ ਵਾਲਾ ਮੁਹਾਵਰਾ, ਵਾਤਾਵਰਨ ਚਿਤਰਨ ਤੇ ਸੰਵਾਦ ਸਾਰੇ ਹੀ ਪੇਂਡੂ ਯਥਾਰਥ ਨਾਲ ਜੋੜਨ ਵਿਚ ਸਫਲ ਹੁੰਦੇ ਹਨ। ਆਪਣੇ ਇਸ ਪਲੇਠੇ ਕਹਾਣੀ ਸੰਗ੍ਰਹਿ 'ਰਾਤ ਲੰਘ ਗਈ' ਨਾਲ ਜਸਬੀਰ ਕਲਸੀ ਨੇ ਇਸ ਵਿਚਲੇ ਇਕ ਸੰਭਾਵਨਾ ਭਰਪੂਰ ਸਮਰੱਥ ਕਹਾਣੀਕਾਰ ਹੋਣ ਦਾ ਪਰੀਚੈ ਦੇ ਦਿੱਤਾ ਸੀ।


ਡਾ. ਧਰਮਪਾਲ ਸਾਹਿਲ
ਮੋ: 98761-56964.


ਬਾਲ-ਚਿਰਾਗ
(ਬਾਲ-ਕਵਿਤਾਵਾਂ)
ਲੇਖਕ : ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ'
ਪ੍ਰਕਾਸ਼ਕ : ਯੂੁਨੀਮੈਕਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 95 ਰੁਪਏ, ਸਫ਼ੇ : 16
ਸੰਪਰਕ : 98721 31029.


ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ' ਦੀ 'ਬਾਲ-ਚਿਰਾਗ' ਪੁਸਤਕ ਛੇ ਬਾਲ ਕਵਿਤਾਵਾਂ 'ਤੇ ਆਧਾਰਿਤ ਹੈ। ਪੁਸਤਕ ਭਾਵੇਂ ਛੋਟੀ ਹੈ ਪਰ ਬਹੁਤ ਹੀ ਪਿਆਰੀ, ਨਿਆਰੀ ਅਤੇ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਸਿੱਖਿਆਦਾਇਕ ਬਾਲ ਕਵਿਤਾਵਾਂ ਦੀ ਪੁਸਤਕ ਹੈ। ਪਹਿਲੀ ਕਵਿਤਾ 'ਰੁੱਖ' ਬਾਲਾਂ ਨੂੰ ਰੁੱਖਾਂ ਦਾ ਮਹੱਤਵ ਸਮਝਾਉਂਦੀ ਸ਼ਾਨਦਾਰ ਕਵਿਤਾ ਹੈ ਜਿਵੇਂ : ਰੁੱਖ ਨੇ ਸਭ ਦੇ ਸਾਹ ਪਰਾਣ,
ਫਿਰ ਕਿਉਂ ਲੋਕ ਵੱਢੀ ਜਾਣ।
ਏਵੇਂ ਹੀ : 'ਮਾਂ' ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਗਈ ਹੈ ਜਿਵੇਂ:-
ਬੜੀ ਪਿਆਰੀ ਮੇਰੀ ਮਾਂ,
ਸਭ ਤੋਂ ਨਿਆਰੀ ਮੇਰੀ ਮਾਂ।
ਚੰਗੀਆਂ ਗੱਲਾਂ ਰੋਜ਼ ਸਿਖਾਉਂਦੀ,
ਸਚਾਈ ਦਾ ਹੈ ਪਾਠ ਪੜ੍ਹਾਉਂਦੀ।
ਇਵੇਂ ਹੀ 'ਬਿੱਲੀ ਤੇ ਚੂਹਾ' ਕਵਿਤਾ ਬਹੁਤ ਹੀ ਦਿਲਚਸਪ ਹੈ ਜੋ ਕਿ ਸੱਜਣ 'ਤੇ ਵੀ ਵਿਸ਼ਵਾਸ ਨਾ ਕਰਨ ਦੀ ਸਿੱਖਿਆ ਦਿੰਦੀ ਲੰਬੀ ਕਵਿਤਾ ਹੈ।
ਇਵੇਂ ਹੀ ਅਜੋਕੇ ਸਾਇੰਸ ਯੁੱਗ ਵਿਚ ਕੰਪਿਊਟਰ ਬਾਰੇ ਗਿਆਨ ਦਿੰਦੀ ਬਹੁਤ ਸੁੰਦਰ ਕਵਿਤਾ ਹੈ 'ਕੰਪਿਊਟਰ'।
ਜਿਵੇਂ : ਨਵੇਂ ਯੁੱਗ ਦੀ ਨਵੀਂ ਈਜਾਦ,
ਕਰੇ ਜੋ ਜੀਵਨ ਨੂੰ ਆਬਾਦ।
ਰੱਖਦਾ ਹੈ ਇਹ ਸਭ ਕੁਝ ਯਾਦ,
ਵਕਤ ਵੀ ਕਰਦਾ ਘੱਟ ਬਰਬਾਦ।
ਮਨੋਰੰਜਨ ਵੀ ਹੈ ਇਹ ਕਰਦਾ,
ਇੰਟਰਨੈੱਟ 'ਤੇ ਗੱਲਾਂ ਦੱਸਦਾ।
ਸੱਚ ਹੀ ਆਖਣ ਸਭ ਸਿਆਣੇ,
ਕੁੱਜੇ ਵਿਚ ਹੈ ਸਾਗਰ ਵਸਦਾ।
ਇਵੇਂ ਹੀ ਪੰਜਾਬੀ ਮਾਂ ਬੋਲੀ ਦਾ ਮਹੱਤਵ ਸਮਝਾਉਂਦੀ ਸਮੇਂ 'ਤੇ ਢੁੱਕਦੀ ਬਹੁਤ ਹੀ ਪਿਆਰੀ ਕਵਿਤਾ ਹੈ 'ਮਾਂ' ਬੋਲੀ ਹੈ ਇੱਜ਼ਤ ਸਾਡੀ' ਵੇਖੋ ਲੇਖਕ ਨੇ ਕੀ ਲਿਖਿਆ ਹੈ:-
ਮਾਂ ਬੋਲੀ ਪੰਜਾਬੀ ਕਿਉਂ ਹੈ ਦਿੱਤੀ ਭਲਾ ਵਿਸਾਰ ਅਸੀਂ।
ਮਾਂ ਬੋਲੀ ਪੰਜਾਬੀ ਨੂੰ ਕਿਉਂ ਕਰਦੇ ਨਹੀਂ ਹਾਂ ਪਿਆਰ ਅਸੀਂ।
ਗੁਰੂ ਨਾਨਕ, ਅੰਗਦ, ਅਮਰਦਾਸ ਤੇ ਰਾਮਦਾਸ ਦੀ ਬਾਣੀ।
ਅਰਜਨ, ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਵੀ ਇਹ ਜਾਣੀ।
ਦਿੱਤਾ ਮਾਣ ਪੰਜਾਬੀ ਨੂੰ ਸੀ ਸ਼ੇਖ਼ ਫ਼ਰੀਦ ਨੇ ਵੀ ਡਾਢਾ।
ਭੱਟਾਂ ਗਾ ਸਵੱਈਏ ਇਸ ਵਿਚ, ਮਾਣ ਵਧਾਇਆ ਸਾਡਾ।
ਜਿਊਂਦੀ ਕੌਮ ਹੈ ਜਗ 'ਤੇ ਓਹੀ, ਮਾਂ ਬੋਲੀ ਜੋ ਪਿਆਰੇ।
ਬਣ ਜਾਏ ਭੀੜ ਜੇ ਮਾਂ-ਬੋਲੀ 'ਤੇ ਜਾਨ ਵੀ ਇਸ ਤੋਂ ਵਾਰੇ।
ਮਾਂ ਬੋਲੀ ਦਾ ਮਾਣ ਸਦਾ ਹੀ ਦਿਲ ਤੋਂ ਕਰਦੇ ਰਹੀਏ।
ਰਹੀਏ ਭਾਵੇਂ ਮੁਲਕ ਬਿਗਾਨੇ, ਇਸ ਨੂੰ ਛੱਡ ਨਾ ਦੇਈਏ।
ਇਸ ਛੋਟੀ ਜਿਹੀ ਬਾਲਾਂ ਦੀ ਬਾਲ ਪੁਸਤਕ ਵਿਚ ਲੇਖਕ ਨੇ ਕੁੱਜੇ ਵਿਚ ਸਮੁੰਦਰ ਪਾਉਣ ਦੀ ਕੋਸ਼ਿਸ ਕੀਤੀ ਹੈ। ਬੋਲੀ ਬਾਲਾਂ ਦੇ ਹਾਣ ਦੀ ਬਹੁਤ ਹੀ ਰੌਚਕ ਹੈ। ਮੈਂ ਇਸ ਛੋਟੀ ਜਿਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਦਿਲੋਂ ਸਵਾਗਤ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


ਬਸਰੇ ਦੀਆਂ ਗਲੀਆਂ
ਮੂਲ ਲੇਖਕ (ਹਿੰਦੀ) : ਡਾ. ਅਜੈ ਸ਼ਰਮਾ
ਪੰਜਾਬੀ ਅਨੁਵਾਦ : ਕੇ.ਐਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 94635-37050


ਡਾ. ਅਜੈ ਸ਼ਰਮਾ ਪੰਜਾਬੀ ਹੈ ਪਰ ਉਸ ਨੇ ਹਿੰਦੀ ਵਿਚ ਨੌਂ ਨਾਵਲ ਲਿਖ ਕੇ ਮਹੱਤਵਪੂਰਨ ਨਾਵਲਕਾਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਦੇ ਨਾਵਲਾਂ ਵਿਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ 'ਤੇ ਅਜੋਕੇ ਮਨੁੱਖ ਅਤੇ ਸਮਾਜ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਮੱਸਿਆ ਵਿਚ ਜਕੜਿਆ ਪੇਸ਼ ਕੀਤਾ ਹੈ ਅਤੇ ਆਪਣੇ ਅਨੁਭਵਾਂ ਅਨੁਸਾਰ ਮਨੁੱਖ ਨੂੰ ਅੰਦਰੋਂ ਬਾਹਰੋਂ ਜੂਝਦਾ ਵਿਖਾਇਆ ਹੈ। ਬਸਰੇ ਦੀਆਂ ਗਲੀਆਂ ਨਾਵਲ ਦੀ ਕਹਾਣੀ ਮੱਧਵਰਗੀ ਪਰਿਵਾਰ ਦਾ ਜੰਮਪਲ 'ਆਕਾਸ਼' ਨਾਂਅ ਦਾ ਪਾਤਰ ਹੈ, ਜਿਸ ਦਾ ਪਿਤਾ ਅਧਿਆਪਕ ਹੈ, ਜਿਸ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। 'ਆਕਾਸ਼' ਪੜ੍ਹ-ਲਿਖ ਕੇ ਨੌਕਰੀ ਕਰਨ ਲਈ ਇਕ ਟ੍ਰਾਂਸਲੇਟਰ ਦੇ ਤੌਰ 'ਤੇ ਆਪਣੀ ਮਰਜ਼ੀ ਨਾਲ ਵਿਰੋਧ ਦਾ ਸਾਹਮਣਾ ਕਰਦਾ ਬੇਕਾਰ ਇੰਜੀਨੀਅਰ ਸਾਥੀ ਨਾਲ ਇਰਾਕ ਚਲਿਆ ਜਾਂਦਾ ਹੈ, ਜਿਥੇ ਉਸ ਨੂੰ ਇਕ ਕੰਪਨੀ ਵਿਚ ਇਹ ਨੌਕਰੀ ਮਿਲ ਜਾਂਦੀ ਹੈ।
ਇਹ ਉਹ ਸਮਾਂ ਹੈ, ਜਦ ਇਰਾਕ ਵਿਚ ਅਮਰੀਕੀ ਸਾਮਰਾਜ ਦੇ ਦਖ਼ਲ ਕਰਕੇ ਖਾੜੀ ਦੇ ਦੇਸ਼ ਜੰਗ ਦਾ ਸ਼ਿਕਾਰ ਸਨ, ਜਿਨ੍ਹਾਂ ਵਿਚ ਇਰਾਕ ਵੀ ਸੀ। ਆਮ ਲੋਕ ਇਸ ਦਾ ਸ਼ਿਕਾਰ ਸਨ। ਆਕਾਸ਼, ਗੋਰਿਆਂ ਦੀ ਕੰਪਨੀ ਵਿਚ ਦੋਭਾਸ਼ੀਆ ਦਾ ਕੰਮ ਕਰਨ ਲੱਗਾ ਸੀ। ਉਸ ਦੇ ਕੈਬਿਨ ਦੇ ਨਾਲ ਕੰਪਨੀ ਦਾ ਟੈਲੀਫੋਨ ਐਕਸਚੇਂਜ ਵੀ ਸੀ, ਜਿਸ ਵਿਚ ਬਸਰਾ ਨਾਂਅ ਦੀ ਇਰਾਕੀ ਕੁੜੀ ਕੰਮ ਕਰਦੀ ਸੀ। ਆਕਾਸ਼ ਨੂੰ ਜਦ ਵਿਹਲ ਮਿਲਦੀ, ਉਹ ਬਸਰਾ ਨਾਲ ਗਪਸ਼ਪ ਮਾਰਨ ਚਲਾ ਜਾਂਦਾ। ਜਾਣ-ਪਛਾਣ ਤੋਂ ਸ਼ੁਰੂ ਹੋ ਕੇ ਦੋਸਤੀ ਵਿਚੋਂ ਲੰਘਦਿਆਂ ਆਕਾਸ਼ ਅਤੇ ਬਸਰਾ ਦੀ ਦੋਸਤੀ, ਜਿਨਸੀ-ਮੁਹੱਬਤ ਵਿਚ ਵਟ ਗਈ ਤੇ ਅਜਿਹੇ ਬੰਧਨਾਂ ਵਿਚ ਦੋਵੇਂ ਜਕੜੇ ਗਏ ਕਿ ਦੋਵਾਂ ਨੂੰ ਵਿਆਹ ਕਰਵਾਉਣਾ ਪਿਆ।
ਇਸ਼ਕ ਨਹੀਂ ਜਿਨਸੀ ਸੰਬੰਧਾਂ ਤੋਂ ਵਿਆਹ ਕਰਵਾਉਣ ਲਈ ਇਕੱਲੇ ਆਕਾਸ਼ ਨੂੰ ਬਸਰਾ ਦੀਆਂ ਸਾਰੀਆਂ ਸ਼ਰਤਾਂ ਸਵੀਕਾਰ ਕਰਨੀਆਂ ਪਈਆਂ, ਉਹ ਮੁਸਲਮਾਨ ਹੀ ਨਹੀਂ ਬਣਿਆ, ਬਲਕਿ ਖਤਣਾ ਕਰਵਾ ਕੇ ਇਸਲਾਮ ਮਤ ਦੇ ਸਾਰੇ ਕਾਇਦੇ-ਕਾਨੂੰਨ ਉਸ ਨੂੰ ਗ੍ਰਹਿਣ ਕਰਨੇ ਪਏ। ਹੌਲੇ-ਹੌਲੇ ਜਦ ਉਹ ਗੁਲਾਮੀ ਦੇ ਜਬਰ ਝੱਲਦਾ ਰਿਹਾ, ਉਸ ਨੂੰ ਅਹਿਸਾਸ ਹੋਇਆ ਕਿ ਉਹ ਰਜਾਈ (ਬਸਰਾ) ਦਾ ਸਾੜ (ਗੁਲਾਮ) ਬਣ ਕੇ ਰਹਿ ਰਿਹਾ ਹੈ, ਉਸ ਦੇ ਆਪਣੇ ਨਿੱਜ ਦੀ ਅਸਲੀ ਪਛਾਣ ਹੀ ਖ਼ਤਮ ਹੋ ਗਈ ਹੈ। ਅਜਿਹੇ ਗੁਲਾਮ ਬਿਰਤੀ ਅਧੀਨ ਉਹ ਅਮਰੀਕੀ ਫ਼ੌਜ ਵਿਚ ਭਰਤੀ ਹੋ ਕੇ ਉਪਰਾਮਤਾ, ਬੇਗ਼ਾਨਗੀ ਅਤੇ ਮਾਨਸਿਕ ਪੀੜਾ ਦਾ ਸ਼ਿਕਾਰ ਬਣਿਆ। ਫ਼ੌਜ ਤੋਂ ਛੁਟਕਾਰਾ ਪ੍ਰਾਪਤ ਕਰਕੇ ਜਦ ਅੱਧਾ-ਅਧੂਰਾ ਉਹ ਭਾਰਤ ਪਰਤਿਆ ਤਾਂ ਨਾ ਉਹ ਜਿਊਂਦਿਆਂ ਵਿਚ ਸੀ, ਨਾ ਮੁਰਦਿਆਂ ਵਿਚ। ਉਹ ਨੀਮ ਪਾਗਲ ਹੋ ਕੇ ਭਾਵੇਂ ਭਾਰਤੀ ਸੰਸਕ੍ਰਿਤੀ ਅਨੁਸਾਰ ਮੁਕਤੀ ਪ੍ਰਾਪਤ ਕਰਨ ਲਈ ਹਰਿਦੁਆਰ ਜਾ ਕੇ 'ਸਵਾਮੀ ਜੀ' ਤੋਂ ਮਨ ਦੀ ਸ਼ਾਂਤੀ ਲੱਭ ਨਾ ਸਕਿਆ ਤੇ ਜਿਊਂਦਿਆਂ ਭਟਕਣਾ ਅਸ਼ਾਂਤੀ ਅਤੇ ਨਿਰਾਸ਼ਾ ਉਸ ਦੀ ਜੀਵਨ ਪ੍ਰਾਪਤੀ ਕਹਿ ਸਕਦੇ ਹਾਂ। ਇਸ ਨਾਵਲ ਵਿਚ ਸਾਮਰਾਜੀ ਵਿਸ਼ਵੀਕਰਨ ਦਾ ਸ਼ਿਕਾਰ ਮਨੁੱਖ ਦੀ ਕਹਾਣੀ ਬਿਆਨ ਹੈ। ਨਾਵਲ ਦਾ ਪੰਜਾਬੀ ਅਨੁਵਾਦ ਰੌਚਿਕ, ਆਕਰਸ਼ਕ, ਮੌਲਿਕ ਅਤੇ ਕਲਾਤਮਿਕ ਹੈ।


ਡਾ. ਅਮਰ ਕੋਮਲ
ਮੋ: 84378-73565.


ਜਵਾਨਾਂ ਦਾ ਗੀਤ

ਮੂਲ ਲੇਖਿਕਾ : ਯਾਂਗ ਮੋ
ਪੰਜਾਬੀ ਅਨੁਵਾਦ :
ਰਵਿੰਦਰ ਰਾਹੀ 'ਜੈਤੋ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 695 ਰੁਪਏ, ਸਫ਼ੇ : 647
ਸੰਪਰਕ : 94640-77540.


'ਜਵਾਨਾਂ ਦਾ ਗੀਤ' ਪ੍ਰਸਿੱਧ ਮਰਹੂਮ ਚੀਨੀ ਲੇਖਿਕਾ ਯਾਂਗ ਮੋ ਦੇ ਜਗਤ ਪ੍ਰਸਿੱਧ ਨਾਵਲ '"he Son{ of the Youth' ਦਾ ਪੰਜਾਬੀ ਉਲੱਥਾ ਹੈ। ਇਹ ਉਸ ਦਾ ਪਲੇਠਾ ਨਾਵਲ ਸੀ ਜੋ 1958 ਵਿਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀ ਵਿਸ਼ਵ ਪ੍ਰਸਿੱਧੀ ਕਾਰਨ ਇਸ 'ਤੇ 1959 ਵਿਚ ਫ਼ਿਲਮ ਵੀ ਬਣਾਈ ਗਈ ਸੀ। ਇਸ ਨਾਵਲ ਤੋਂ ਇਲਾਵਾ ਯਾਂਗ ਮੋ ਦੇ ਨਾਵਲ '"enents , $਼ Ph਼s}c}an, "he Red $orn}n{ Star *}&਼' ਆਦਿ ਵੀ ਚਰਚਾ ਵਿਚ ਰਹੇ।
ਇਹ ਨਾਵਲ ਚੀਨ ਦੀਆਂ ਕਠਪੁਤਲੀ ਸਰਕਾਰਾਂ ਵਲੋਂ ਸਾਮਰਾਜੀ ਜਾਪਾਨ ਸਾਹਮਣੇ ਗੋਡੇ ਟੇਕਣ ਅਤੇ ਚੀਨ ਦੀ ਜ਼ਮੀਨ 'ਤੇ ਉਨ੍ਹਾਂ ਵਲੋਂ ਕਬਜ਼ਾ ਜਮਾ ਲੈਣ 'ਤੇ ਨੌਜਵਾਨਾਂ ਵਿਚ ਉੱਭਰੇ ਜੋਸ਼ ਅਤੇ ਕ੍ਰਾਂਤੀਕਾਰੀ ਕਾਰਵਾਈਆਂ ਦੀ ਮੂੰਹ ਬੋਲਦੀ ਤਸਵੀਰ ਹੈ। ਪੀਕਿੰਗ ਯੂਨੀਵਰਸਿਟੀ ਦੇ ਲੂ ਚਿਆਚਿਆਨ, ਲਿਡ ਹੁਡ, ਲਿਓ ਯੀ ਫੇਡ, ਚਾਓ ਵੂ ਚਿਡ ਜਿਹੇ ਨੌਜਵਾਨਾਂ ਦੇ ਤਿਆਗ, ਬਲੀਦਾਨ ਨੇ ਚੀਨੀ ਲੋਕਾਂ ਵਿਚ ਅਥਾਹ ਪ੍ਰੇਰਨਾ ਅਤੇ ਜੋਸ਼ ਪੈਦਾ ਕੀਤਾ ਤੇ ਲਾਲ ਸੈਨਾ ਨੂੰ ਆਪਣੀ ਮੰਜ਼ਿਲ ਪ੍ਰਾਪਤ ਕਰਨ ਦਾ ਹੌਸਲਾ ਦਿੱਤਾ। ਤਾਓ ਚਿਡ ਜਿਹੀਆਂ ਕੁੜੀਆਂ ਦੀ ਕੁਰਬਾਨੀ, ਸਹਿਣ ਕੀਤੇ ਤਸੀਹੇ, ਜੇਲ੍ਹ ਯਾਤਨਾਵਾਂ ਕਾਰਨ ਇਹ ਲੜਾਈ ਇਕ ਸਮੂਹ ਅੰਦੋਲਨ ਦਾ ਰੂਪ ਧਾਰਨ ਕਰ ਗਈ। ਹਾਲਾਂਕਿ ਇਨ੍ਹਾਂ ਦਾ ਵਿਰੋਧ ਕਰਨ ਵਾਲੇ ਅਤੇ ਪਿਛਾਂਹਖਿੱਚੂ ਪਾਤਰਾਂ ਜਿਵੇਂ ਹੂ ਮੇਡ ਏਨ, ਤਾਈ ਯੂ, ਸੂ ਯੁਡ ਤਸੇ ਜਿਹੇ ਲੋਕਾਂ ਦੀ ਵੀ ਘਾਟ ਨਹੀਂ ਸੀ ਪਰ ਲੋਕ ਸੰਗਰਾਮ ਸਾਹਮਣੇ ਅਜਿਹੇ ਹੌਲੇ ਲੋਕ ਕਿੱਥੇ ਟਿਕ ਸਕਦੇ ਸਨ।
ਲੇਖਿਕਾ ਨੇ ਲਿਨ ਤਾਓ ਚਿਡ ਜਿਹੀ ਅਮਰ ਪਾਤਰ ਸਿਰਜ ਕੇ ਮਹਾਨ ਲੋਕ ਨਾਇਕਾ ਪੈਦਾ ਕਰਨ ਦੀ ਪਿਰਤ ਪਾਈ ਹੈ। ਆਪਣੇ ਦੁਖੀ ਅਤੇ ਲਾਚਾਰੀ ਭਰੇ ਜੀਵਨ ਅਤੇ ਗ਼ਰੀਬ ਦੀ ਦਲਦਲ 'ਚ ਖੁੱਭੀ ਜ਼ਿੰਦਗੀ ਦੇ ਬਾਵਜੂਦ ਉਹ ਨਿਡਰਤਾ ਨਾਲ ਆਪਣਾ ਸੰਘਰਸ਼ ਕਰਦੀ ਰਹੀ। ਉਸ ਨੇ ਤਾਂ ਆਪਣੀ ਸ਼ਕਤੀ ਨਾਲ ਪ੍ਰੋ. ਵਾਡ ਅਤੇ ਪ੍ਰੋ. ਵੂ ਜਿਹੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਵੀ ਲੋਕ ਸੰਗਰਾਮ ਲਈ ਤਿਆਰ ਕਰ ਲਿਆ ਸੀ।
ਅਜਿਹੇ ਵੱਡ-ਆਕਾਰੀ ਨਾਵਲ ਦਾ ਉਲੱਥਾ ਕਰਨਾ ਸੌਖਾ ਕਾਰਜ ਨਹੀਂ। ਵਿਦੇਸ਼ੀ ਮੂਲ ਦੇ ਨਾਵਾਂ ਥਾਵਾਂ ਨੂੰ ਪੰਜਾਬੀ 'ਚ ਇਕਸੁਰ ਬਣਾਈ ਰੱਖਣਾ ਡਾਢਾ ਔਖਾ ਕਾਰਜ ਹੈ। ਰਵਿੰਦਰ ਰਾਹੀ 'ਜੈਤੋ' ਦਾ ਇਹ ਨਿਵੇਕਲਾ ਅਤੇ ਅਣਥੱਕ ਯਤਨ ਸਲਾਹੁਣਯੋਗ ਹੈ। ਇਹ ਨਾਵਲ ਕ੍ਰਾਂਤੀਕਾਰੀ ਸ਼ਕਤੀਆਂ ਨੂੰ ਸਾਮਰਾਜ ਖਿਲਾਫ਼ ਇਕਜੁਟ ਹੋਣ ਦਾ ਸੁਨੇਹਾ ਵੀ ਦਿੰਦਾ ਹੈ, ਜਿਸ ਦੀ ਅੱਜ ਦੇ ਯੁੱਗ 'ਚ ਵੀ ਓਨੀ ਹੀ ਲੋੜ ਹੈ ਜਿੰਨੀ ਸੌ ਸਾਲ ਪਹਿਲਾਂ ਸੀ। ਨਾਵਲ ਪੜ੍ਹਨਯੋਗ ਹੈ।


ਕੇ.ਐਲ. ਗਰਗ
ਮੋ: 94635-37050


ਨਾਮੇ ਨਾਰਾਇਨ ਨਾਹੀ ਭੇਦੁ
ਲੇਖਕ : ਜੁਗਿੰਦਰ ਸੰਧੂ
ਪ੍ਰਕਾਸ਼ਨ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 94174-02327.



ਭਗਤ ਨਾਮਦੇਵ ਜੀ ਕਾਂਤੀਕਾਰੀ ਸੋਚ ਅਤੇ ਵਿਚਾਰਧਾਰਾ ਵਾਲੇ ਸੰਤ, ਦਾਰਸ਼ਨਿਕ, ਚਿੰਤਕ ਅਤੇ ਪ੍ਰਭੂ ਦੀ ਰਜ਼ਾ ਰੰਗ 'ਚ ਰੰਗੇ ਸੱਚੇ ਵਿਅਕਤੀਤਵ ਵਾਲੇ ਭਗਤ ਹਨ। ਭਗਤ ਨਾਮਦੇਵ ਜੀ ਸੰਬੰਧੀ ਇਸ ਹਥਲੀ ਕਿਤਾਬ 'ਨਾਮੇ ਨਾਰਾਇਣ ਨਾਹੀ ਭੇਦ' ਵਿਚ ਲੇਖਕ ਜੁਗਿੰਦਰ ਸਿੰਘ ਸੰਧੂ ਦੀ ਖੋਜ ਬਿਰਤੀ ਦੇ ਝਲਕਾਰੇ ਸਪੱਸ਼ਟ ਨਜ਼ਰ ਪੈਂਦੇ ਹਨ। ਲੇਖਕ ਕੋਲ ਜਿਥੇ ਰਾਜਨੀਤੀ ਅਤੇ ਸਮਾਜੀ ਮੁੱਦਿਆਂ ਦੀ ਅਥਾਹ ਜਾਣਕਾਰੀ ਹੈ ਉੱਥੇ ਉਹ ਧਰਮ ਦੇ ਖੇਤਰ ਦਾ ਵੀ ਗਿਆਨੀ ਨਜ਼ਰ ਪੈਂਦਾ ਹੈ। ਕਿਤਾਬ ਨੂੰ ਉਸ ਅੱਠ ਸਿਰਲੇਖਾਂ ਹੇਠ ਕਲਮਬੰਦ ਕੀਤਾ। ਭਗਤ ਨਾਮਦੇਵ ਜੀ ਦਾ ਜੀਵਨ ਸਫ਼ਰ, ਭਗਤ ਨਾਮਦੇਵ ਜੀ ਦੀ ਵਿਚਾਰਧਾਰਾ, ਨਾਮਦੇਵ ਬਾਣੀ ਦੀ ਕ੍ਰਾਂਤੀਕਾਰੀ ਸੁਰ, ਈਭੈ ਬੀਠਲੁ ਊਭੈ ਬੀਠਲੁ, ਨਾਮਦੇਵ ਬਾਣੀ ਕਾਵਿ ਕਲਾ, ਭਗਤ ਨਾਮਦੇਵ ਜੀ ਦੇ ਭੇਤ, ਨਾਮਦੇਵ ਜੀ ਦੀ ਬਾਣੀ 'ਚ ਮਿਥਿਹਾਸਕ, ਇਤਿਹਾਸਕ ਪਾਤਰ, ਨਾਮਦੇਵ ਜੀ ਦੀ ਬਾਣੀ (ਪਦ ਅਰਥਾਂ ਸਮੇਤ)।
ਲੇਖਕ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਕਾਵਿ ਸੰਗ੍ਰਹਿ 'ਸਿਰ ਵਿਹੂਣੇ ਧੜ' ਕਾਰਗਿਲ ਦੀ ਜੰਗ ਅਤੇ ਗੁਰਬਾਣੀ ਦੇ ਵਿਚਾਰਧਾਰਕ ਅਤੇ ਕਲਾਤਮਿਕ ਪੱਖਾਂ ਦਾ ਅਲੋਚਾਨਾਤਮਿਕ ਅਧਿਐਨ ਕਰਦੀ ਕਿਤਾਬ, 'ਮਾਹ ਦਿਵਸ ਮੂਰਤ ਭਲੇ' ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਸੰਧੂ ਦੀ ਕਲਮ ਲੇਖਣੀ ਪਰੰਪਰਾ ਤੋਂ ਹਟ ਕੇ ਚਲਦੀ ਹੈ।
ਭਗਤ ਨਾਮਦੇਵ ਜੀ ਧਾਰਮਿਕ ਬਿਰਤੀ ਵਾਲੇ ਸਨ ਸਮਾਜੀ ਚਿੰਤਕ ਵੀ ਸਨ। ਸਮਾਜ ਵਿਚ ਪਨਪਦੇ ਕਈ ਗ਼ਲਤ ਵਰਤਾਰਿਆਂ ਖਿਲਾਫ਼ ਕ੍ਰਾਂਤੀਕਾਰੀ ਹੱਦ ਤੱਕ ਖੁੱਲ੍ਹ ਦਿਲੀ ਨਾਲ ਆਪਣੀ ਗੱਲ ਕਹਿਣ ਵਾਲੇ ਸਨ। ਦਸਵੀਂ, ਗਿਆਰ੍ਹਵੀਂ ਸਦੀ ਵਿਚ ਭਗਤੀ ਲਹਿਰ ਨੇ ਵਰਣਵੰਡ ਵਿਚਾਰਧਾਰਾ ਨੂੰ ਜ਼ਬਰਦਸਤ ਟੱਕਰ ਦਿੱਤੀ। ਲੇਖਕ ਨੇ ਭਗਤ ਜੀ ਦੀ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਵਿਚ ਬਹੁਤ ਹੀ ਤਾਰਕਿਕ ਤਰੀਕੇ ਦੀ ਪਹੁੰਚ ਅਪਣਾਈ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਮਹਾਰਾਸ਼ਟਰ ਦੀ ਯਾਤਰਾ ਦੌਰਾਨ ਭਗਤ ਨਾਮਦੇਵ ਦੀ ਬਾਣੀ ਪ੍ਰਾਪਤ ਕੀਤੀ ਜੋ ਰਚਨਾ, ਆਕਾਰ ਪੱਖੋਂ ਬਹੁਤੀ ਨਹੀਂ, ਕੁੱਲ 61 ਸ਼ਬਦ ਜੋ 18 ਰਾਗਾਂ ਵਿਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਲੇਖਕ ਨੇ ਵੱਖਰੇ-ਵੱਖਰੇ ਕਾਂਡਾਂ ਵਿਚ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਬਾਣੀ ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ। ਭਗਤ ਜੀ ਦੇ ਨਾਮ, ਜਨਮ ਸਥਾਨ ਸੰਬੰਧੀ ਪਏ ਝਮੇਲਿਆਂ ਨੂੰ ਲੇਖਕ ਨੇ ਬਾਦਲੀਲ ਸਰੋਤਾਂ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਹੈ। ਇਹ ਸਾਰਾ ਖੋਜ ਕਾਰਜ ਪ੍ਰਸੰਸਾ ਵਾਲਾ ਹੈ। ਜਤਿੰਦਰ ਪੰਨੂੰ, ਡਾ. ਗੁਰਦੇਵ ਸਿੰਘ ਸਿੱਧੂ ਅਤੇ ਦੇਸ ਰਾਜ ਕਾਲੀ ਨੇ ਆਪਣੀਆਂ ਵਿਸਤ੍ਰਿਤ ਰਾਵਾਂ ਹਥਲੀ ਪੁਸਤਕ ਬਾਰੇ ਅੰਕਿਤ ਕੀਤੀਆਂ ਹਨ। ਲੇਖਕ ਨੇ ਪੁਸਤਕ ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਹੈ।


ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਸੋਹਣੀ ਦਾ ਘੜਾ
ਲੇਖਕ : ਰਤਨ ਟਾਹਲਵੀ
ਪ੍ਰਕਾਸ਼ਕ : ਟਾਹਲਵੀ ਪ੍ਰਕਾਸ਼ਨ
ਮੁੱਲ : 100 ਰੁਪਏ, ਸਫ਼ੇ : 134
ਸੰਪਰਕ : 81462-10637.


ਦੇਸ਼ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਦਿਨ-ਬਦਿਨ ਆਉਂਦੇ ਨਿਘਾਰ ਨੂੰ ਦੇਖ ਕੇ ਹਰ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਜਿਹੀ ਆਜ਼ਾਦੀ ਲਈ ਤਾਂ ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਨਹੀਂ ਸੀ ਕੀਤੀਆਂ। ਰਤਨ ਟਾਹਲਵੀ ਵੀ ਅਜਿਹੀਆਂ ਹੀ ਕੁਝ ਭਾਵਨਾਵਾਂ ਦਾ ਪ੍ਰਗਟਾਵਾ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਸੋਹਣੀ ਦਾ ਘੜਾ' ਦੀਆਂ ਇਨ੍ਹਾਂ ਪੰਕਤੀਆਂ ਵਿਚ ਬੜੀ ਖ਼ੂਬਸੂਰਤੀ ਨਾਲ ਕਰਦੇ ਹਨ :
ਬੋਲੇ ਬੁੱਤ ਭਗਤ ਸਿੰਘ ਦਾ,
ਮੈਂ ਕੀਤੀ ਜਿਨ੍ਹਾਂ ਲਈ ਕੁਰਬਾਨੀ।
ਉਹ ਅੱਜ ਵੀ ਓਦਾਂ ਹੀ,
ਲੋਕ ਮੇਰੇ ਰਹੇ ਨੇ ਭੁਗਤ ਗ਼ੁਲਾਮੀ।
ਇਸ ਭਿਆਨਕ ਦੁਖਾਂਤ ਸੰਬੰਧੀ ਉਨ੍ਹਾਂ ਦੀ ਚਿੰਤਾ ਦੇ ਨਾਲ-ਨਾਲ ਉਨ੍ਹਾਂ ਦਾ ਚਿੰਤਨ ਵੀ ਗਹਿਰਾ ਹੁੰਦਾ ਦਿਖਾਈ ਦਿੰਦਾ ਹੈ। ਇਸ ਵਰਤਾਰੇ ਨੂੰ ਦੇਖ ਕੇ ਉਹ ਨਿਰਾਸ਼ ਨਹੀਂ ਹੁੰਦੇ ਬਲਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਕ ਨਾ ਇਕ ਦਿਨ ਇਸ ਘੁੱਪ-ਹਨੇਰੇ ਦਾ ਖ਼ਾਤਮਾ ਜ਼ਰੂਰ ਹੋਵੇਗਾ ਅਤੇ ਮਿਹਨਤ-ਮੁਸ਼ੱਕਤ ਕਰਨ ਵਾਲੇ ਭੁੱਖੇ-ਨੰਗੇ ਲੋਕ ਵੀ ਰੱਜ ਕੇ ਰੋਟੀ ਖਾ ਸਕਣਗੇ। ਕੱਚੇ ਢਾਰਿਆਂ ਵਿਚੋਂ ਨਿਕਲਣ ਵਾਲੇ ਕਿਰਤੀਆਂ ਦੇ ਇਸ ਇਨਕਲਾਬ ਦਾ ਨਾਅਰਾ ਉਹ ਇਨ੍ਹਾਂ ਸ਼ਬਦਾਂ ਵਿਚ ਬੁਲੰਦ ਕਰਦੇ ਦਿਖਾਈ ਦਿੰਦੇ ਹਨ:
ਬੇਈਮਾਨਾਂ ਦੇ ਨਕਾਬ,
ਲਾਹ-ਲਾਹ ਪੈਰਾਂ ਵਿਚ ਰੋਲੂ।
ਹੁਣ ਉੱਠੂ ਇਨਕਲਾਬ,
ਕੱਚੇ ਢਾਰਿਆਂ 'ਚੋਂ ਬੋਲੂ।
ਇਸ ਪੁਸਤਕ ਤੋਂ ਪਹਿਲਾਂ ਰਤਨ ਟਾਹਲਵੀ ਦੇ ਅੱਠ ਕਾਵਿ-ਸੰਗ੍ਰਹਿ, ਇਕ ਸੂਫ਼ੀ ਕਲਾਮ, ਇਕ ਗੀਤ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਇਕ ਪੁਸਤਕ 'ਟਾਹਲਵੀ ਦੀਆਂ ਚੋਣਵੀਆਂ ਕਾਵਿ-ਰਚਨਾਵਾਂ' ਡਾ. ਜਸਵੰਤ ਬੇਗੋਵਾਲ ਵਲੋਂ ਸੰਪਾਦਿਤ ਕੀਤੀ ਗਈ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਵਿਸ਼ਿਆਂ ਦੀ ਬਹੁਤਾਤ ਦਾ ਨਾਲ-ਨਾਲ ਗੱਲ ਕਹਿਣ ਦਾ ਹੁਨਰ ਵੀ ਹੈ। ਮੈਨੂੰ ਪੂਰੀ ਤਸੱਲੀ ਹੈ ਕਿ ਪਾਠਕ ਉਨ੍ਹਾਂ ਦੇ ਇਸ ਸੁਚੱਜੇ ਅਤੇ ਨਿੱਗਰ ਉਪਰਾਲੇ ਦਾ ਜ਼ਰੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027

09-04-2022

 ਪਾਣੀ ਹੋਏ ਵਿਚਾਰ
ਕਵੀ : ਲਖਵਿੰਦਰ ਜੌਹਲ
ਪ੍ਰਕਾਸ਼ਕ : ਆਪਣੀ ਆਵਾਜ਼ ਪਬਲੀਕੇਸ਼ਨਜ਼, ਜਲੰਧਰ
ਸਫ਼ੇ : 96
ਸੰਪਰਕ : 94171-94812.


ਹਥਲੀ ਕਾਵਿ ਪੁਸਤਕ ਲਖਵਿੰਦਰ ਜੌਹਲ ਦੀ 19ਵੀਂ ਸਾਹਿਤਕ ਪੁਸਤਕ ਹੈ। ਜੌਹਲ ਪੰਜਾਬੀ ਸਾਹਿਤ ਦਾ ਜਾਣਿਆ-ਪਛਾਣਿਆ ਤੇ ਫਲਸਫ਼ਾ ਭਰਪੂਰ ਹਸਤਾਖਰ ਹੈ। ਉਸ ਦਾ ਵਿਚਰਨ ਸੰਸਾਰ ਵੀ, ਸਾਹਿਤ ਦਾ ਮਾਣਮੱਤਾ ਹੋਣ ਕਰਕੇ ਉਸ ਕੋਲ ਪੰਜਾਬੀ ਸਾਹਿਤ ਤੇ ਖ਼ਾਸ ਕਰਕੇ ਕਵਿਤਾ ਦੀ ਸੰਵੇਦਨਸ਼ੀਲ ਸੋਝੀ ਹੈ। ਜੌਹਲ ਨੇ ਇਸ ਪੁਸਤਕ ਦਾ ਤਤਕਰਾ ਪੇਸ਼ ਨਹੀਂ ਕੀਤਾ। ਪਹਿਲੀ ਹੀ ਕਵਿਤਾ 'ਮੇਰੀ ਭਾਸ਼ਾ' ਵਿਚ ਕਵੀ ਨੂੰ ਪੰਜਾਬੀ ਬੋਲੀ ਦੇ ਸਰੂਪ ਵਿਗੜਨ ਦਾ ਦੁੱਖ ਹੈ। ਉਹ ਬੋਲੀ ਜੋ 18 ਕਰੋੜ ਪੰਜਾਬੀਆਂ ਨੂੰ ਭਾਵਨਾਯੁਕਤ ਜੋੜਦੀ ਸੀ, ਹੁਣ ਖ਼ੁਦ ਹੀ ਟੁੱਟ ਰਹੀ ਹੈ। 'ਪਾਣੀ ਹੋਏ ਵਿਚਾਰ' ਵਿਚ ਫਿਲਾਸਫ਼ਰ ਕਵੀ ਨੂੰ ਰੋਸ ਹੈ ਕਿ ਪੰਜਾਬੀ ਜਨਮਾਨਸ ਦੇ ਸੱਭੋ ਕਿਰਦਾਰ ਘਸਮੈਲੇ ਹੋ ਰਹੇ ਹਨ, ਰਿਸ਼ਤੇ-ਨਾਤੇ ਮਿੱਟੀ ਹੋ ਰਹੇ ਹਨ, ਸੋਚਾਂ ਸੀਤ ਹੋ ਰਹੀਆਂ ਨੇ, ਨਫ਼ਰਤ, ਜ਼ਹਿਰ, ਕੁੜੱਤਣ, ਹਉਮੈ ਇਕ-ਦੂਜੇ ਨੂੰ ਡੰਗ ਰਹੇ ਨੇ... ਕਵੀ ਚਾਹੁੰਦਾ ਹੈ ਕਿ
-ਮੋਹ ਮੁਹੱਬਤ ਤੇ ਮੁਸਕਾਨਾਂ
ਹਰ ਦਮ ਵੰਡਦੇ ਰਹੀਏ।
ਚਾਨਣ ਦੇ ਵਣਜਾਰੇ ਬਣ ਕੇ,
ਨਾਲ ਜਬਰ ਦੇ ਖਹੀਏ।
-ਚਿੱਬਖੜਿੱਬੀ ਦੁਨੀਆ ਸਾਰੀ
ਚਿਬਖੜਿੱਬੀਆਂ ਰੀਤਾਂ,
ਚਿੱਬਖੜਿੱਬੀਆਂ ਰੀਤਾਂ ਤਾਈਂ
ਸਿੱਧੇ ਨਿਭਦੇ ਰਹੀਏ।
-ਤੰਤਰ ਮੰਤਰ ਧਰਮ ਧਨੰਤਰ ਭੀੜਾਂ ਚਾਰ ਚੁਫੇਰੇ
ਸ਼ਾਮ ਸਵੇਰੇ ਹੋਣੀ ਆਪਣੀ ਚੇਤੇ ਕਰਦੇ ਰਹੀਏ।
ਕਵੀ ਮਨੁੱਖੀ ਕਿਰਦਾਰ ਵਿਹਾਰ ਨੂੰ ਮਹਿਕ ਵਰਗਾ ਹੋੋਣਾ ਲੋਚਦਾ ਹੈ :
-ਡੂੰਘੀ ਹੋਰ ਉਦਾਸੀ ਕਰਦਾ,
ਘਰ ਵਿਚ ਬੈਠੇ ਰਹਿਣਾ
ਓਹੀ ਚਿਹਰੇ ਓਹੀ ਗੱਲਾਂ,
ਓਹੀ ਸੁਣਨਾ ਕਹਿਣਾ।
-ਪੌਣਾਂ ਦੇ ਪੈਰਾਂ ਦੀ ਝਾਂਜਰ
ਪਾਉਂਦੀ ਵੈਣ ਸੁੁਣੀਂਦੀ,
ਅੰਨ੍ਹੇ ਘੋਰ ਸਨਾਟੇ ਵਿਚੋਂ
ਚਮਕੂ ਫੇਰ ਟਟਹਿਣਾ।
ਕਵੀ ਜੌਹਲ ਦਾ ਹਰ ਮਿਸਰਾ ਤੇ ਕਾਵਿ-ਵਾਕ ਪੰਜਾਬ ਦੀਆਂ ਅਨਰਥ ਹੋਣੀਆਂ ਉੱਤੇ ਅੱਖਾਂ ਦੀ ਸਿੱਲ ਦਾ ਸੂਚਕ ਹੈ ਤੇ ਉਹ ਪੰਜਾਬ ਦੀ ਖੁਸ਼ਹਾਲੀ ਚਾਹੁੰਦਾ ਹੈ, ਉਸ ਨੂੰ ਦੁੱਖ ਹੈ :
ਅੰਮ੍ਰਿਤ ਵਰਗੇ ਪਾਣੀ ਅੰਦਰ
ਨਫ਼ਰਤ ਜ਼ਹਿਰ ਸਮਾਈ ਹੂ...।
ਉਸ ਦਾ ਇਹ ਸ਼ਿਅਰ ਵੇਖੋ :
ਮੈਂ ਵੀ ਆਪਣੀ ਜੀਣ ਕਹਾਣੀ ਲਿਖ ਦੇਵਾਂ
ਮਾਰੂਥਲ ਦੀ ਰੇਤ ਨੂੰ ਪਾਣੀ ਲਿਖ ਦੇਵਾਂ....।
'ਪਾਣੀ ਹੋਏ ਵਿਚਾਰ' ਕਾਵਿ ਸੰਗ੍ਰਹਿ ਵਿਚ ਬਹੁਤ ਕੁਝ ਐਸਾ ਹੈ ਜੋ ਦਿਲ ਨੂੰ ਟੁੰਬਦਾ ਅਤੇ ਪੰਜਾਬ ਦੀ ਆਤਮਾ ਦਾ ਲੋਕ ਸੰਸਾਰ ਹੈ। ਪੁਸਤਕ ਦੇ ਅੰਤ ਵਿਚ ਪੰਜਾਬ ਦੀਆਂ ਹੋਣੀਆਂ ਅਨਹੋਣੀਆਂ ਤੇ ਖਾਬਾਂ ਦੀ ਖੇਤੀ ਕਰਦਾ ਕਾਵਿ ਨਾਟਕ ਵੀ ਕੱਲ੍ਹ ਦਾ ਸੁੰਦਰ ਨਾਟਕ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਪੰਦਰ੍ਹਵੀਂ ਸਦੀ ਦੇ ਅੱਧ ਤੋਂ ਸਤਾਰ੍ਹਵੀਂ ਸਦੀ ਤੱਕ
ਪੰਜਾਬ ਦਾ ਦ੍ਰਿਸ਼ ਅਤੇ ਦਸ਼ਾ
(1469 ਈ. 1708 ਈ.)

ਲੇਖਕ : ਡਾ. ਰਿਪਨਦੀਪ ਕੌਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 208
ਸੰਪਰਕ : 94638-36591.


ਡਾ. ਰਿਪਨਦੀਪ ਕੌਰ ਭੁੱਲਰ ਪੰਜਾਬ ਦੀ ਇਤਿਹਾਸਕਾਰੀ ਕਰਨ ਵਾਲੇ ਲੇਖਕਾਂ ਵਿਚ ਉੱਭਰੀ ਇਕ ਨਵੀਂ ਹਸਤਾਖ਼ਰ ਹੈ। ਉਸ ਦੀ ਇਤਿਹਾਸਕਾਰੀ ਮੱਧਕਾਲੀਨ ਪੰਜਾਬ ਦਾ ਅੰਕਣ ਕਰਦੀ ਹੈ। ਮੱਧਕਾਲੀਨ ਪੰਜਾਬ ਦਾ ਸੱਭਿਆਚਾਰਕ ਰੂਪਾਂਤਰਣ ਕਰਨ ਵਿਚ ਸਿੱਖ ਗੁਰੂ ਸਾਹਿਬਾਨ ਦੀ ਅਦੁੱਤੀ ਭੂਮਿਕਾ ਰਹੀ ਹੈ। ਇਸ ਕਾਰਨ ਵਿਦੁਸ਼ੀ ਲੇਖਿਕਾ ਨੇ ਇਸ ਪੁਸਤਕ ਵਿਚ ਸਿੱਖ ਸਤਿਗੁਰਾਂ ਦੇ ਜੀਵਨ ਕਾਲ ਬਾਰੇ ਇਤਿਹਾਸਕ ਵੇਰਵੇ ਬਿਆਨ ਕੀਤੇ ਹਨ। ਪੁਸਤਕ ਦੇ ਪਹਿਲੇ ਅਧਿਆਇ ਵਿਚ ਕੁਝ ਉਨ੍ਹਾਂ ਹਾਲਤਾਂ ਦਾ ਵਰਨਣ ਕੀਤਾ ਗਿਆ ਹੈ, ਜਿਨ੍ਹਾਂ ਦੀ ਤਬਦੀਲੀ ਵਾਸਤੇ ਦਸ ਗੁਰੂ ਸਾਹਿਬਾਨ ਅਵਤਰਿਤ ਹੋਏ। ਉਨ੍ਹਾਂ ਨੇ ਪੰਜਾਬ ਨੂੰ ਇਕ ਨਵੀਂ ਅਤੇ ਜੁਝਾਰੂ ਸ਼ਨਾਖਤ ਪ੍ਰਦਾਨ ਕੀਤੀ। ਅਗਲੇ ਅਠਾਰ੍ਹਾਂ ਅਧਿਆਇਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਵਿਚਾਰਧਾਰਾ, ਸਿੱਖ ਪੰਥ, ਨਿਕਾਸ ਤੇ ਵਿਕਾਸ, ਜਨਮਸਾਖੀ ਸਾਹਿਤ ਆਦਿ ਗ੍ਰੰਥ ਦੀ ਸੰਪਾਦਨਾ, ਸ਼ਹੀਦੀ ਦਾ ਸੰਕਲਪ, ਗੁਰੂ ਹਰਿਗੋਬਿੰਦ ਸਾਹਿਬ, ਖ਼ਾਲਸਾ ਪੰਥ ਅਤੇ ਗੁਰੂ ਗੋਬਿੰਦ ਸਿੰਘ ਜੀ, ਜ਼ਫ਼ਰਨਾਮਾ ਆਦਿ ਵਿਸ਼ਿਆਂ ਬਾਰੇ ਸਟੀਕ ਜਾਣਕਾਰੀ ਦਿੱਤੀ ਗਈ ਹੈ। ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਨ ਲਈ ਡਾ. ਭੁੱਲਰ ਇਰਫ਼ਾਨ ਹਬੀਬ, ਜੇ.ਐਸ. ਗਰੇਵਾਲ, ਖੁਸ਼ਵੰਤ ਸਿੰਘ, ਮਕਲਿਓਡ, ਰਾਧਾਕਮਲ ਮੁਕਰਜੀ, ਐਸ.ਆਰ. ਸ਼ਰਮਾ, ਡਾ. ਕਿਰਪਾਲ ਸਿੰਘ, ਡਾ. ਸੁਖਦਿਆਲ ਸਿੰਘ, ਡਾ. ਭਗਤ ਸਿੰਘ, ਮੈਕਾਲਿਫ਼, ਡਾ. ਰੇਖਾ ਸੂਦ ਹਾਂਡਾ ਅਤੇ ਰਾਮਸ਼ਰਣ ਸ਼ਰਮਾ ਦੀਆਂ ਲਿਖਤਾਂ ਵਿਚੋਂ ਹਵਾਲੇ ਉਧਰਿਤ ਕਰਦੀ ਰਹੀ ਹੈ।
ਮੈਨੂੰ ਖੁਸ਼ੀ ਹੈ ਕਿ ਪਿਛਲੇ ਕੁਝ ਦਹਾਕਿਆਂ ਵਿਚ ਪੰਜਾਬ ਅੰਦਰ ਇਤਿਹਾਸਕਾਰੀ ਦੀ ਸਟੀਕ ਪਰੰਪਰਾ ਪਰਿਪੱਕ ਅਤੇ ਪੁਸ਼ਟ ਹੋ ਰਹੀ ਹੈ। ਯੂਨੀਵਰਸਿਟੀ ਪ੍ਰੋਫ਼ੈਸਰਾਂ ਦੇ ਨਾਲ-ਨਾਲ ਕਾਲਜਾਂ ਦੇ ਪ੍ਰਾਧਿਆਪਕ ਅਤੇ ਕੁਝ ਹੋਰ ਦਾਨਿਸ਼ਵਰ ਤੇ ਪੱਤਰਕਾਰ ਵੀ ਇਤਿਹਾਸਕ ਸੰਦਰਭਾਂ ਦੀ ਪੁਨਰ-ਵਿਆਖਿਆ ਕਰ ਰਹੇ ਹਨ। ਪੁਨਰ-ਵਿਆਖਿਆ ਹੀ ਇਤਿਹਾਸਕਾਰੀ ਨੂੰ ਜੀਵੰਤ ਅਤੇ ਪ੍ਰਸੰਗਿਕ ਬਣਾਉਂਦੀ ਹੈ। ਡਾ. ਭੁੱਲਰ ਵੀ ਇਹ ਕੋਸ਼ਿਸ਼ ਕਰ ਰਹੀ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗੂੰਜਾਂ ਬੱਬਰਾਂ ਦੀਆਂ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94170-76735.


ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਤੋਂ ਆਜ਼ਾਦ ਕਰਵਾਉਣ ਲਈ ਉੱਠੀਆਂ ਕਈ ਲਹਿਰਾਂ 'ਚੋਂ ਇਕ ਪ੍ਰਮੁੱਖ ਲਹਿਰ ਸੀ ਬੱਬਰ ਅਕਾਲੀ ਲਹਿਰ। ਇਸ ਲਹਿਰ ਦੇ ਸਿਰਲੱਥ ਸੂਰਮੇ, ਹਥਿਆਰਬੰਦ ਹੋ ਕੇ, ਖ਼ਾਸ ਕਰ ਸਾਮਰਾਜੀ ਹੁਕਮਰਾਨਾਂ ਦੇ ਹੱਥ-ਠੋਕੇ ਬਣੇ ਗੱਦਾਰਾਂ ਨੂੰ ਸੋਧਦੇ ਸਨ। ਇਸ ਪੁਸਤਕ ਦੇ ਸੰਪਾਦਕ ਅਮੋਲਕ ਸਿੰਘ ਨੇ ਬਹੁਤ ਕੁਝ ਲਿਖਿਆ ਹੈ, ਸਾਰਥਕ ਅਤੇ ਨਰੋਆ ਸਾਹਿਤ। ਵਾਰਤਕ, ਸੰਪਾਦਨਾ, ਜੀਵਨੀਆਂ, ਮਹਾਂਕਾਵਿ, ਗੀਤ ਸੰਗ੍ਰਹਿ। ਉਸ ਦੀਆਂ ਲਿਖਤਾਂ ਦੀ ਸੂਚੀ ਬਹੁਤ ਲੰਮੇਰੀ ਹੈ। ਉਸ ਦੀ ਪੁਰਜ਼ੋਰ ਕਲਮ ਨੇ ਇਨਕਲਾਬੀ ਸਾਹਿਤ ਸਿਰਜਿਆ ਹੈ। ਪੁਸਤਕ ਵਿਚ ਵੱਖ-ਵੱਖ ਲੇਖਕਾਂ ਵਲੋਂ ਲਿਖੇ 51 ਲੇਖ। ਅਧਿਆਏ ਹਨ। 'ਹੋਲੀ ਦੇ ਦਿਨ ਖ਼ੂਨ ਦੇ ਛਿੱਟੇ' ਪੁਸਤਕ ਦਾ ਪਹਿਲਾ ਚੈਪਟਰ ਹੈ। ਇਹ ਲੇਖ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਦੀ ਗਾਥਾ ਨੂੰ ਬਿਆਨ ਕਰਦਾ ਹੈ। ਦੂਜਾ ਲੇਖ ਸ਼ਹੀਦ ਭਗਤ ਸਿੰਘ ਵਲੋਂ ਬੱਬਰ, ਅਕਾਲੀਆਂ ਦੇ ਲਿਖੇ ਰੇਖਾ ਚਿੱਤਰਾਂ 'ਤੇ ਆਧਾਰਿਤ ਹੈ ਅਤੇ ਤੀਜੇ ਲੇਖ ਰਾਹੀਂ ਬੱਬਰ ਅਕਾਲੀ ਲਹਿਰ ਵਿਚ ਕੁਰਬਾਨੀਆਂ ਦਾ ਵੇਰਵਾ ਹੈ। ਬੱਬਰਾਂ 'ਤੇ ਚੱਲੇ ਕੇਸਾਂ, ਗਵਾਹਾਂ, ਬੱਬਰਾਂ ਨੂੰ ਦਿੱਤੀਆਂ ਸਜ਼ਾਵਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਬੱਬਰ ਗੂੰਜ ਪਰਚੇ ਦੇ ਉਤਾਰੇ ਵੀ ਦਰਜ ਹਨ। ਅਣਖੀ ਬੱਬਰਾਂ ਵਲੋਂ ਲਿਖੀਆਂ ਕਾਵਿਕ ਰਚਨਾਵਾਂ ਮਨੁੱਖੀ ਸੋਚ ਨੂੰ ਟੁੰਬਣ ਵਾਲੀਆਂ ਹਨ। ਵੰਨਗੀ ਪੇਸ਼ ਹੈ :
ਓੜਕ ਏਸ ਸਰੀਰ ਨੇ ਨਾਸ ਹੋਣਾ,
ਕਾਵਾਂ ਕੁੱਤਿਆਂ ਏਸ ਨੂੰ ਖਾਵਣਾ ਨਹੀਂ।
ਭਾਂਡਾ ਭੰਨੀਏ ਸੀਸ ਬਰਤਾਨੀਆਂ ਦੇ
ਗੜਗੱਜ ਇਹ ਵਕਤ ਥਿਆਵਣਾ ਨਹੀਂ। (ਪੰਨਾ 55)
'ਚੂੰ ਕਾਰ ਅਜ਼ ਹਮਾ ਹੀਨਤੇ ਅਸਤ', 'ਖੰਡਾ, 'ਫ਼ਖ਼ਰਿ-ਕੌਮ', 'ਸਾਕਾ ਬਜ ਬਜ', 'ਪੰਥ ਉਤੇ ਵਾਰ', 'ਝੋਲੀ ਚੁੱਕਾਂ ਨੂੰ', 'ਅੱਖਾਂ ਖੋਲ੍ਹੋ' ਸਮੇਤ ਸਭੇ ਰਚਨਾਵਾਂ ਬੱਬਰ ਅਕਾਲੀ ਜੋਧਿਆਂ ਦੀ ਦੇਸ਼ ਲਈ ਮਰ ਮਿਟਣ ਦੇ ਪ੍ਰਬਲ ਜਜ਼ਬੇ ਦੀ ਸ਼ਾਹਦੀ ਭਰਦੀਆਂ ਹਨ। ਕਰਮ ਸਿੰਘ, ਕਿਸ਼ਨ ਸਿੰਘ, ਸੰਤਾ ਸਿੰਘ, ਹਰੀ ਸਿੰਘ ਖੰਡਾ, ਸੁੰਦਰ ਸਿੰਘ ਤੇ ਹਰੀ ਸਿੰਘ ਚੇਲਾ ਦੀਆਂ ਅਧੂਰੀਆਂ ਕਾਵਿ ਰਚਨਾਵਾਂ ਵੀ ਪੜ੍ਹਨ, ਵਿਚਾਰਨਯੋਗ ਹਨ। ਬੈਂਤ ਵਿਚ ਲਿਖੀਆਂ ਕਾਵਿ ਰਚਨਾਵਾਂ, ਸ਼ਹੀਦੀ ਵਾਰਾਂ ਪਾਠਕਾਂ ਨੂੰ ਲਹਿਰ ਦੇ ਰੂਬਰੂ ਕਰਦੀਆਂ ਹਨ। ਪੁਸਤਕ ਦੇ ਅਖੀਰ ਵਿਚ ਸੰਪਾਦਕ ਅਮੋਲਕ ਸਿੰਘ ਦਾ 'ਬੱਬਰਾਂ ਦਾ ਗੀਤ' ਲਹਿਰ ਦੀਆਂ ਨੌਂ ਝਾਕੀਆਂ ਵਾਲੀ ਬਿਹਤਰੀਨ ਤਖ਼ਲੀਕ ਹੈ। ਇਸ ਨੂੰ ਨਾਟਕੀ ਅੰਦਾਜ਼ ਵਿਚ ਪਹਿਲੀ ਨਵੰਬਰ 2008 ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਮੇਲੇ ਦੌਰਾਨ ਸਟੇਜ ਤੋਂ ਪੇਸ਼ ਕੀਤਾ ਗਿਆ। ਨਾਯਾਬ ਤਸਵੀਰਾਂ ਪਿਛਲੇ ਸਫ਼ੇ ਉੱਤੇ ਹਨ।
ਸੁੱਤਾ ਜਾਗ ਕਿਰਤੀਆ ਵੇ,
ਤੇਰੇ 'ਤੇ ਹੈ ਗਦਰਾਂ ਨੂੰ ਮਾਣ।
ਸੁੱਤਾ ਜਾਗ ਜੁੁਆਨਾ ਵੇ,
ਉੱਠ ਕੇ ਆਪਣਾ ਫ਼ਰਜ਼ ਪਛਾਣ।
ਪੁਸਤਕ ਬੇਸ਼ਕੀਮਤੀ ਤਵਾਰੀਖ਼ੀ ਦਸਤਾਵੇਜ਼ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710
c c c


ਉੱਠਣ ਦਾ ਵੇਲਾ

ਨਾਟਕਕਾਰ : ਹਰਕੇਸ਼ ਚੌਧਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 98146-60155.


ਪੰਜਾਬ ਦੀ ਨਿਮਨ ਕਿਸਾਨੀ ਨਾਲ ਜੁੜੇ ਮਸਲਿਆਂ ਅਤੇ ਸਮੱਸਿਆਵਾਂ ਨੂੰ ਬਹੁਤ ਸਾਰੇ ਨਾਟਕਕਾਰਾਂ ਨੇ ਆਪਣੇ ਨਾਟਕਾਂ ਵਿਚ ਪੇਸ਼ ਕੀਤਾ ਹੈ ਕਿਉਂਕਿ ਅੱਜ ਕਿਸਾਨੀ ਜੀਵਨ ਭਾਵੇਂ ਮਸ਼ੀਨਰੀ ਨਾਲ ਥੋੜ੍ਹਾ ਸੁਖਾਲਾ ਵੀ ਹੋਇਆ ਹੈ ਪਰ ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਅੱਜ ਦਾ ਕਿਸਾਨ ਬਹੁਤ ਮਸਲਿਆਂ ਨਾਲ ਵੀ ਜੂਝ ਰਿਹਾ ਹੈ। ਹਰਕੇਸ਼ ਚੌਧਰੀ ਦੀ ਨਾਟਕੀ ਕਿਰਤ 'ਉੱਠਣ ਦਾ ਵੇਲਾ' ਵੀ ਕਿਸਾਨੀ ਜੀਵਨ ਦੇ ਅੰਤਰ-ਵਿਰੋਧਾਂ ਨੂੰ ਹੀ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਨਾਟਕਕਾਰ ਨੇ ਦੋ ਨਾਟਕ 'ਉੱਠਣ ਦਾ ਵੇਲਾ' ਅਤੇ 'ਪਾਉਣ ਪੈੜਾਂ ਜੋ ਪੈਰ' ਸ਼ਾਮਿਲ ਕੀਤੇ ਹਨ। ਪੁਸਤਕ ਵਿਚਲਾ ਪਹਿਲਾ ਨਾਟਕ 'ਪਾਉਣ ਪੈੜਾਂ ਜੋ ਪੈਰ' ਕਿਸਾਨ ਦਰਸ਼ਨ ਸਿੰਘ ਚੜ੍ਹੇ ਕਰਜ਼ੇ ਦੇ ਦੈਂਤ ਨੂੰ ਪੇਸ਼ ਕਰਦਾ ਹੈ। ਕਰਜ਼ੇ ਦੀ ਮਾਰ ਨਾਲ ਬਹੁਤ ਸਾਰੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਵੀ ਪਏ ਹਨ ਪਰ ਦਰਸ਼ਨ ਸਿੰਘ ਖ਼ੁਦਕੁਸ਼ੀ ਦੇ ਰਾਹ ਨਹੀਂ ਪੈਂਦਾ ਸਗੋਂ ਸੱਜਣ ਸਿੰਘ ਵਰਗੇ ਹੈਂਕੜਬਾਜ਼ਾਂ ਨਾਲ ਟੱਕਰ ਲੈਂਦਾ ਹੈ। ਇਸ ਟੱਕਰ ਵਿਚ ਦਰਸ਼ਨ ਸਿੰਘ ਦੇ ਘਰ ਦੀਆਂ ਔਰਤਾਂ ਬਲਵੀਰ ਅਤੇ ਸੁਰਜੀਤ ਕੌਰ ਵੀ ਪਿੱਛੇ ਨਹੀਂ, ਉਹ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖਲੋਂਦੀਆਂ ਹਨ। ਨਾਟਕ ਵਿਚ ਪੇਂਡੂ ਸੱਭਿਆਚਾਰ ਵਿਸ਼ੇਸ਼ ਕਰਕੇ ਵਿਆਹ ਦਾ ਦ੍ਰਿਸ਼ ਵੀ ਧਿਆਨ ਖਿੱਚਦਾ ਹੈ। ਨਾਟਕ ਦੇ ਪਾਤਰਾਂ ਦੀ ਸੂਚੀ ਜੇਕਰ ਸ਼ੁਰੂ ਵਿਚ ਦੇ ਦਿੱਤੀ ਜਾਂਦੀ ਤਾਂ ਹੋਰ ਵੀ ਵਧੀਆ ਸੀ। ਇਸ ਪੁਸਤਕ ਵਿਚ ਦੂਜਾ ਨਾਟਕ 'ਉੱਠਣ ਦਾ ਵੇਲਾ ਹੈ' ਜੋ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਹੈ ਜੋ ਪੂਰੇ ਦੇਸ਼ ਦੇ ਕਿਸਾਨਾਂ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਿਆ ਗਿਆ। ਇਸ ਨਾਟਕ ਵਿਚ ਇਸ ਸੰਘਰਸ਼ ਵਿਚ ਜਾਣ ਦੀਆਂ ਤਿਆਰੀਆਂ ਕਰਦੇ ਜਾਗ੍ਰਿਤ ਕਿਸਾਨਾਂ ਬਾਰੇ ਦੱਸਿਆ ਗਿਆ ਹੈ ਜਿਸ ਨੇ ਆਪਣੇ ਹੱਕਾਂ ਤੋਂ ਅਵੇਸਲੀ ਹੁੰਦੀ ਜਾ ਰਹੀ ਨਵੀਂ ਪੀੜ੍ਹੀ ਜੋ ਜ਼ਿੰਦਗੀ ਨੂੰ ਕੇਵਲ ਮਨੋਰੰਜਨ ਹੀ ਸਮਝਦੀ ਹੈ, ਉਸ ਨੂੰ ਵੀ ਸੰਘਰਸ਼ ਵਿਚ ਕੁੱਦਣ ਲਈ ਮਜਬੂਰ ਕਰ ਦਿੱਤਾ। ਜਗਤ ਸਿੰਘ ਕਿਸਾਨ ਦੀ ਬੇਟੀ ਨਵਦੀਪ ਕੌਰ ਦੀ ਸਿਆਣਪ ਲੜਕੇ ਜੱਗਾ ਸਿੰਘ ਅਤੇ ਉਸ ਦੇ ਦੋਸਤ ਮਨਜੀਤ ਦੁਆਰਾ ਹੱਕਾਂ ਦੀ ਲੜਾਈ ਵਿਚ ਜਾਣ ਦੇ ਦ੍ਰਿਸ਼ ਦਿਲਖਿਚਵੇਂ ਹਨ। ਕਿਸਾਨ ਬੂਟਾ ਸਿੰਘ, ਜੰਟਾ, ਸੋਮਾ (ਭੂਮੀਹੀਣ ਪਾਤਰ) ਦੇ ਇਸ ਸੰਘਰਸ਼ ਵਿਚ ਯੋਗਦਾਨ ਪਾਉਣ ਨੂੰ ਖੂਬਸੂਰਤੀ ਨਾਲ ਚਿਤਰਿਆ ਗਿਆ ਹੈ। ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਪਾਸ ਕੀਤੇ ਬਿੱਲਾਂ ਖਿਲਾਫ਼ ਇਹ ਨਾਟਕ ਸੰਘਰਸ਼ ਦਾ ਬਿਗਲ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਪਾਸ਼
ਡਾਇਰੀ ਅਤੇ ਚਿੱਠੀਆਂ

ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 94170-76735.


ਵਿਦਵਾਨ ਸੰਪਾਦਕ ਨੇ ਬੜੀ ਮਿਹਨਤ ਨਾਲ ਸਮੱਗਰੀ ਇਕੱਤਰ ਕਰਕੇ ਅਵਤਾਰ ਸਿੰਘ ਪਾਸ਼ ਬਾਰੇ ਬੜੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸ ਪੁਸਤਕ ਵਿਚ ਪਾਸ਼ ਦੀ 1971-82 ਤੱਕ ਕਦੇ-ਕਦਾਈਂ ਲਿਖੀ ਡਾਇਰੀ ਦੇ ਅੰਸ਼ ਉਪਲਬਧ ਹਨ। ਇਹ ਰੋਜ਼ਾਨਾ ਡਾਇਰੀ ਨਹੀਂ ਹੈ। ਇਸ ਵਿਚ ਵਿਸ਼ੇਸ਼ ਤਤਕਾਲੀ ਘਟਨਾਵਾਂ ਹੀ ਰੂਪਮਾਨ ਹੋਈਆਂ ਹਨ। ਇਸ ਵਿਚੋਂ ਪੰਜਾਬੀ ਸੱਭਿਆਚਾਰ ਅਤੇ ਪਾਸ਼ ਦੇ ਮਿੱਤਰ ਮੰਡਲੀ ਨਾਲ ਸੰਬੰਧ ਉਜਾਗਰ ਹੁੰਦੇ ਹਨ। ਉਸ ਦੇ ਵਿੱਦਿਅਕ ਸਰੋਕਾਰ ਵੀ ਵਿਖਾਈ ਦਿੰਦੇ ਹਨ ਅਤੇ ਖੇਤੀਬਾੜੀ ਨਾਲ ਸੰਬੰਧ ਆਦਿ ਵੀ।
ਦੂਜਾ ਇਸ ਸੰਪਾਦਨ ਵਿਚ 28 ਸ਼ਖ਼ਸੀਅਤਾਂ ਨੂੰ ਲਿਖੀਆਂ ਚਿੱਠੀਆਂ ਸੰਕਲਿਤ ਕੀਤੀਆਂ ਗਈਆਂ ਹਨ। ਚਿੱਠੀਆਂ, ਜਿਨ੍ਹਾਂ ਨੂੰ ਲਿਖੀਆਂ ਗਈਆਂ, ਐਨ ਉਸੇ ਤਰਤੀਬ ਵਿਚ ਦਿੱਤੀਆਂ ਗਈਆਂ ਹਨ। ਮਿਤੀਆਂ ਅਨੁਸਾਰ ਕ੍ਰਮਬੱਧ ਨਹੀਂ ਹਨ। ਕਈ ਚਿੱਠੀਆਂ ਬਿਨਾਂ ਤਾਰੀਖ, ਬਿਨਾਂ ਲਿਖਣ-ਸਥਾਨ ਅਤੇ ਹੇਠਾਂ ਹਸਤਾਖ਼ਰਾਂ ਰਹਿਤ ਵੀ ਹਨ। ਪਾਸ਼ ਨੇ ਚਿੱਠੀਆਂ ਖ਼ੁਦ ਵੀ ਲਿਖੀਆਂ ਹਨ ਅਤੇ ਹੋਰਨਾਂ ਦੇ ਜਵਾਬ ਵਿਚ ਵੀ। ਬਹੁਤੀਆਂ ਪਿੰਡ ਤਲਵੰਡੀ-ਸਲੇਮ ਤੋਂ ਲਿਖੀਆਂ ਹਨ। ਕੋਈ-ਕੋਈ ਜੇਲ੍ਹ ਅਤੇ ਵਿਦੇਸ਼ ਤੋਂ ਵੀ। ਜ਼ਿਆਦਾਤਰ ਸਾਹਿਤਕ ਮੈਗਜ਼ੀਨਾਂ ਦਾ ਜ਼ਿਕਰ ਹੈ, ਮਸਲਨ : ਅਕਸ, ਸੰਕਲਪ, ਕਿੰਤੂ, ਸਿਆੜ, ਲਲਕਾਰ, ਸੰਦੇਸ਼, ਸੰਵਾਦ, ਪਹੁ-ਫੁਟਾਲਾ, ਦਸਤਾਵੇਜ਼, ਬਗਾਵਤ, ਰੋਹਲੇ-ਬਾਣ, ਸਰਦਲ, ਬੁਲੰਦ, ਜੈਕਾਰਾ, ਸੁਰਖ਼-ਰੇਖਾ, ਹੇਮ-ਜਿਉਤੀ, ਦੇਸ਼-ਪ੍ਰਦੇਸ਼, ਅੰਗ-ਸੰਗ ਆਦਿ। ਪਾਸ਼ ਨੇ ਮਾਰਕਸ, ਲੈਨਿਨ, ਸਟਾਲਿਨ, ਗੋਰਕੀ, ਪਲੈਖਾਨੋਵ, ਆਈਨਸਟਾਈਨ ਆਦਿ ਨੂੰ ਗੰਭੀਰਤਾ ਸਹਿਤ ਸਮਝਿਆ ਹੋਇਆ ਸੀ। ਪਰ ਉਸ ਉੱਪਰ ਸਭ ਤੋਂ ਵੱਧ ਪ੍ਰਭਾਵ ਸਿਧਾਂਤਕ ਖੇਤਰ ਵਿਚ ਟ੍ਰਾਟਸਕੀ ਦਾ ਅਤੇ ਕਾਵਿਕ ਖੇਤਰ ਵਿਚ 'ਪਾਬਲੋ ਨਰੂਦਾ' ਦਾ ਵਿਖਾਈ ਦਿੰਦਾ ਹੈ। ਉਸ ਦੇ ਕਾਵਿ-ਵਿਸ਼ੇ ਪਰੰਪਰਾਗਤ ਵਿਸ਼ਿਆਂ ਤੋਂ ਪਲਾਇਨ ਕਰਕੇ ਨਾਬਰੀ ਵਾਲੇ ਸਿੱਧ ਹੁੰਦੇ ਹਨ। ਇਹੋ ਹੀ ਸਮਕਾਲੀ ਚਿੰਤਕਾਂ ਲਈ ਵੰਗਾਰ ਬਣੇ। ਉਸ ਦੀ ਕਵਿਤਾ ਵਿਆਕਰਨੀ ਏੜਾਂ-ਗੇੜਾਂ ਤੋਂ ਮੁਕਤ ਹੈ। ਉਸ ਦੀ ਕ੍ਰਾਂਤੀਕਾਰੀ ਕਵਿਤਾ ਬੁੱਧੀਜੀਵੀਆਂ ਦੀਆਂ ਲੇਲ੍ਹਕੜੀਆਂ ਨਹੀਂ ਕੱਢਦੀ। 'ਸੁਹਜ ਸੰਕਲਪ' ਬਾਰੇ ਉਸ ਦਾ ਕਹਿਣਾ ਹੈ 'ਇਹ ਕੰਮ ਸਿਰਫ ਅਸ਼ੁੱਧ ਕਵਿਤਾ ਨਾਲ ਹੀ ਹੋ ਸਕਦਾ ਹੈ, ਜਿਸ ਦਾ ਇਸ਼ਾਰਾ ਪਾਬਲੋ ਨਰੂਦਾ ਨੇ ਦਿੱਤਾ ਸੀ।' ਪੰ. 220 ਉਹ ਬੁਨਿਆਦੀ ਤੌਰ 'ਤੇ ਅਹਿਸਾਸ ਦਾ ਕਵੀ ਸੀ। ਉਸ ਦੀਆਂ ਕਵਿਤਾਵਾਂ ਕੇਵਲ ਉਸ ਦੇ ਪਿੰਡ ਜਾਂ ਇਰਦ-ਗਿਰਦ ਜੀਵਨ ਬਾਰੇ ਜਟਕੇ ਜਿਹੇ 'ਅਹਿਸਾਸ' ਹਨ। ਉਨ੍ਹਾਂ ਵਿਚ ਕੋਈ ਬਹੁਤੀ ਕਾਰਾਗਰੀ ਜਾਂ ਡੂੰਘਿਆਈ ਨਹੀਂ। ਸੱਚੀ ਗੱਲ ਭਾਵੇਂ ਉਸ ਦੇ ਖਿਲਾਫ਼ ਹੀ ਹੋਵੇ ਜਾਂ ਕਿਸੇ ਦੇ ਗਿੱਟੇ ਜਾਂ ਗੋਡੇ ਲੱਗੇ, ਉਹ ਕਹਿਣੋਂ ਝਿਜਕਦਾ ਨਹੀਂ ਸੀ। ਆਪਣੀ ਕੋਈ ਭੁੱਲ ਖਿੜੇ-ਮੱਥੇ ਸਵੀਕਾਰ ਕਰਦਾ ਸੀ। ਉਹ ਸ਼ਰਾਬ ਪੀਂਦਾ ਸੀ, ਵਿਸ਼ਾਲ ਅਧਇਏਤਾ ਸੀ, ਖੇਤੀਂ ਗੇੜਾ ਮਾਰਦਾ ਸੀ। ਗੀਤਕਾਰੀ 'ਚੋਂ ਉਹ ਸੰਤ ਰਾਮ ਉਧਾਸੀ ਦਾ ਪ੍ਰਸੰਸਕ ਸੀ। ਡਾਇਰੀ ਅਤੇ ਚਿੱਠੀਆਂ ਸਵੈਜੀਵਨੀ ਵਿਧਾ ਦੀਆਂ ਹੀ ਉਪ-ਵਿਧਾਵਾਂ ਹਨ।
ਕੋਈ ਵੀ ਸਿਰੜੀ ਵਿਦਵਾਨ ਇਸ ਡਾਇਰੀ ਅਤੇ ਚਿੱਠੀਆਂ ਦੀ ਸਹਾਇਤਾ ਨਾਲ ਪਾਸ਼ ਦੀ ਪ੍ਰਮਾਣਿਕ ਜੀਵਨੀ ਲਿਖ ਸਕਣ ਵਿਚ ਸਫਲ ਹੋ ਸਕਦਾ ਹੈ।


ਡਾ. ਧਰਮ ਚੰਦ ਵਾਤਿਸ਼
vaish.dharamchand@gmail.com
c c c


ਕੁਦਰਤਿ ਕਵਣ ਕਹਾ ਵੀਚਾਰੁ

ਲੇਖਕ : ਜੋਗਿੰਦਰ ਸਿੰਘ ਸੇਠੀ
ਪ੍ਰਕਾਸ਼ਕ : ਗੁਰੂ ਤੇਗ ਬਹਾਦਰ ਨਾਮ ਸਿਮਰਨ ਫਾਊਂਡੇਸ਼ਨ, ਮੁੰਬਈ
ਮੁੱਲ : 300 ਰੁਪਏ, ਸਫ਼ੇ : 141
ਸੰਪਰਕ : 098333-93536.


ਇਸ ਪੁਸਤਕ ਵਿਚ ਸ੍ਰੀ ਜਪੁਜੀ ਸਾਹਿਬ ਜੀ ਦੀ ਸ਼ਾਹਕਾਰ ਬਾਣੀ ਦੀਆਂ ਚਾਰ ਪਉੜੀਆਂ ਦੀ ਸੁੰਦਰ ਵਿਆਖਿਆ ਕੀਤੀ ਗਈ ਹੈ। ਪਉੜੀ 16, 17, 18 ਅਤੇ 19 ਦੀ ਇਕ ਸਾਂਝੀ ਤੁਕ ਹੈ 'ਕੁਦਰਤਿ ਕਵਣ ਕਹਾ ਵੀਚਾਰੁ॥' ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੁਦਰਤ ਦੀ ਵਿਸ਼ਾਲਤਾ, ਸੁੰਦਰਤਾ ਅਤੇ ਚਮਤਕਾਰੀ ਰਚਨਾ ਨੂੰ ਵੇਖ ਕੇ ਫ਼ਰਮਾਉਂਦੇ ਹਨ ਕਿ ਕਰਤੇ ਦੀ ਵਿਸਮਾਦ ਕਰਨ ਵਾਲੀ ਕੁਦਰਤ ਨੂੰ ਸ਼ਬਦਾਂ ਅਤੇ ਵਿਚਾਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬੇਅੰਤ, ਵਿਸ਼ਾਲ, ਸੁੰਦਰ ਫੈਲਾਉ ਪਰਮਾਤਮਾ ਨੇ ਇਕੋ ਹੁਕਮ ਰਾਹੀਂ ਕਰ ਦਿੱਤਾ ਹੈ
ਕੁਦਰਤਿ ਕਵਣ ਕਹਾ ਵੀਚਾਰੁ।.
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
ਆਕਾਸ਼, ਪਤਾਲ, ਪੌਣ, ਪਾਣੀ, ਅਗਨੀ, ਧਰਤੀ ਆਦਿ ਸਾਰੇ ਹੀ ਕੁਦਰਤ ਹਨ ਪਰ ਅਸੀਂ ਕੁਦਰਤ ਨੂੰ ਦੇਖਣਾ ਭੁੱਲ ਗਏ ਹਾਂ। ਕੁਦਰਤ ਨੂੰ ਵਿਚਾਰਾਂ ਤੋਂ ਹਟ ਕੇ, ਨਿਰਵਿਚਾਰ ਹੋ ਕੇ ਮਾਣਨਾ ਚਾਹੀਦਾ ਹੈ। ਇਹ ਵਿਸਮਾਦ, ਹੈਰਾਨਗੀ, ਅਸਚਰਜਤਾ, ਭਾਵਨਾ, ਅਨੁਭਵ ਅਤੇ ਅੰਤਰਨਾਦ ਦਾ ਵਿਸ਼ਾ ਹੈ। ਇਨ੍ਹਾਂ ਅਤਿ ਸੁੰਦਰ ਪਉੜੀਆਂ ਦੀ ਵਿਆਖਿਆ ਕਰਨਾ ਸੰਭਵ ਨਹੀਂ ਕਿਉਂਕਿ ਇਹ ਅਗਾਧ ਬੋਧ ਬਾਣੀ ਹੈ। ਫਿਰ ਵੀ ਲੇਖਕ ਨੇ ਬਹੁਤ ਸ਼ਰਧਾ, ਪ੍ਰੇਮ ਅਤੇ ਭਾਉ ਨਾਲ ਢੁਕਵੀਆਂ ਮਿਸਾਲਾਂ ਦੇ ਕੇ ਸ੍ਰੀ ਜਪੁਜੀ ਸਾਹਿਬ ਜੀ ਦੀ ਮਹਾਨ ਅਦੁੱਤੀ ਬਾਣੀ ਦੀਆਂ ਚਾਰ ਪਉੜੀਆਂ ਦੀ ਸੁੰਦਰ ਵਿਆਖਿਆ ਕੀਤੀ ਹੈ। ਇਹ ਪੁਸਤਕ ਪੜ੍ਹਨਯੋਗ, ਮਾਣਨਯੋਗ ਅਤੇ ਸਾਂਭਣਯੋਗ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

03-04-2022

ਕਵਿਤਾ ਬੋਲਦੀ ਹੈ
ਸੰਪਾਦਕ : ਕਵਿੰਦਰ ਚਾਂਦ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98141-01312.


'ਕਵਿਤਾ ਬੋਲਦੀ ਹੈ' ਕਾਵਿ-ਸੰਗ੍ਰਹਿ ਕਵਿੰਦਰ ਚਾਂਦ ਵਲੋਂ ਵਿਦੇਸ਼ੀਂ ਵਸਦੇ ਕਲਮਕਾਰਾਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਅਮਰੀਕ ਪਲਾਹੀ, ਇੰਦਰਜੀਤ ਕੌਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਨਦੀਮ ਪਰਮਾਰ, ਪਾਲ ਢਿੱਲੋਂ, ਸੁਰਿੰਦਰ ਪਾਲ ਕੌਰ ਬਰਾੜ, ਸਵਰਾਜ ਕੌਰ ਅਤੇ ਕਵਿੰਦਰ ਚਾਂਦ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਨੂੰ ਸੰਕਲਿਤ ਕੀਤਾ ਹੈ। ਕਵਿੰਦਰ ਚਾਂਦ ਖ਼ੁਦ ਪੁਖਤਾ ਗ਼ਜ਼ਲਗੋ ਹੈ, ਜੋ ਆਪਣੀਆਂ ਕਿਰਤਾਂ 'ਚ ਮਿੱਟੀ ਦੀ ਮਹਿਕ ਨੂੰ ਸ਼ਬਦਾਂ 'ਚ ਪਰੋ ਪੰਜਾਬੀ ਕਾਵਿ-ਜਗਤ ਦੇ ਪਾਠਕਾਂ ਤੱਕ ਪਹੁੰਚਾਉਣ ਦੀ ਸੁਚੱਜੀ ਪਹਿਲ ਨਿਰੰਤਰ ਕਰਦਾ ਰਹਿੰਦਾ ਹੈ। ਉਸੇ ਚਾਹਨਾਂ ਤਹਿਤ ਆਪਣੇ ਇਨ੍ਹਾਂ ਹਮਸਫ਼ਰਾਂ ਦੀਆਂ ਕਿਰਤਾਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਉਸ ਦਾ ਸੁਚੱਜਾ ਉਪਰਾਲਾ ਮੰਨਿਆ ਜਾਣਾ ਚਾਹੀਦਾ ਹੈ।
ਉਸ ਨੇ ਇਹ ਕਾਵਿ-ਸੰਗ੍ਰਹਿ ਬੋਲਦੀਆਂ ਕਲਮਾਂ ਦੇ ਨਾਂਅ ਸਮਰਪਿਤ ਕਰਦਿਆਂ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਕਵਿਤਾ ਮਹਿਜ਼ ਸ਼ਬਦਾਂ ਦੇ ਜੋੜ-ਤੋੜ ਦਾ ਨਾਂਅ ਨਹੀਂ ਹੈ, ਸਗੋਂ ਇਹ ਧੜਕਦੀਆਂ ਰੂਹਾਂ ਦੇ ਖੂਨ ਦੇ ਸੰਚਾਰ ਦੀ ਗਾਥਾ ਹੈ। ਕਵਿਤਾ ਮਨੁੱਖੀ ਜ਼ਿੰਦਗੀ ਨਾਲ ਸੰਬੰਧਿਤ ਮਸਲਿਆਂ ਚਾਹੇ ਉਹ ਸਮਾਜਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ ਜਾਂ ਧਾਰਮਿਕ ਹੋਣ, ਦੀ ਗਾਥਾ ਦਾ ਬਿਆਨ ਕਰਦੀ ਹੈ। ਕਵਿਤਾ ਉਨ੍ਹਾਂ ਸਾਰੀਆਂ ਧੱਕੇਸ਼ਾਹੀਆਂ ਵਿਰੁੱਧ ਵੀ ਲਾਮਬੰਦੀ ਸਿਰਜਦੀ ਹੈ ਜੋ ਜ਼ੋਰਾਵਰਾਂ ਵਲੋਂ ਕੀਤੀਆਂ ਜਾਂਦੀਆਂ ਹਨ :
ਮੈਂ ਇਕੱਲਾ ਨਹੀਂ ਹਾਂ।
ਮੇਰੇ ਨਾਲ ਇਕ ਹੋਰ ਬੰਦਾ ਵੀ ਹੈ।
(ਅਮਰੀਕ ਪਲਾਹੀ)
ਔਰਤ
ਘਰ, ਚੁੱਲ੍ਹਾ, ਜੁਆਕ, ਮੋਹ-ਸਭ
(ਇੰਦਰਜੀਤ ਕੌਰ ਸਿੱਧੂ)
ਮੈਂ ਗ਼ਜ਼ਲਾਂ ਗੀਤ ਨਈਂ ਲਿਖਦਾ,
ਮੈਂ ਖੇਤੀ ਅਦਬ ਦੀ ਕਰਦਾਂ।
ਮੈਂ ਪਹਿਲਾਂ ਬੀਜਦਾ ਸੂਰਜ,
ਫੇ ਉੱਗਦਾ ਨਾਲ ਅੰਦਰ ਹਾਂ।
(ਇੰਦਰਜੀਤ ਸਿੰਘ ਧਾਮੀ)
ਬਿਨਾਂ ਦੋ ਗਜ਼ ਜ਼ਮੀਂ ਤੇ ਚਾਰ ਸ਼ੇਅਰਾਂ,
'ਨਦੀਮਾ' ਦੱਸ ਤੇਰੀ ਜਾਗੀਰ ਕੀ ਹੈ?
(ਨਦੀਮ ਪਰਮਾਰ)
ਕਹਿ ਰਿਹਾ ਆਜ਼ਾਦ ਨੇ ਤੇ ਰਹਿਣਗੇ ਆਜ਼ਾਦ ਹੀ
ਪੰਛੀਆਂ ਲਈ ਫੇਰ ਵੀ ਪਿੰਜਰੇ ਬਣਾਉਂਦਾ ਕੌਣ ਹੈ।
(ਪਾਲ ਢਿੱਲੋਂ)
ਟੁੱਟਿਆ ਹੈ ਭਰਮ ਤੇਰਾ ਜੋ ਮੋਹ ਦੇ ਪਾਣੀਆਂ ਤੋਂ
ਟੁੱਟੀਆਂ ਵੰਗਾਂ ਦੇ ਕੁਝ ਕੁ ਟੁਕੜੇ ਸੰਭਾਲ ਰੱਖੀਂ।
(ਸੁਰਿੰਦਰਪਾਲ ਕੌਰ ਬਰਾੜ)
ਤਰੱਕੀ ਕੇਹਾ ਮੁੱਲ
ਵਸੂਲ ਰਹੀ ਹੈ
ਜਿਊਂਦਾ ਰੱਖਣ ਲਈ
ਆਦਮੀ ਨੂੰ
ਅੱਧਾ ਕੁ ਮਾਰ ਕੇ।
(ਸਵਰਾਜ ਕੌਰ)
ਉਸ ਪਾਣੀ ਵਿਚ ਦਿਲ ਹੁੰਦੇ ਨੇ ਮਾਵਾਂ ਦੇ
ਜੋ ਪੁੱਤਰਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ।
(ਕਵਿੰਦਰ ਚਾਂਦ)
'ਕਵਿਤਾ ਬੋਲਦੀ ਹੈ' ਕਾਵਿ-ਸੰਗ੍ਰਹਿ ਵਿਚੋਂ ਵਿਦੇਸ਼ੀਂ ਵਸਦੇ ਕਵੀਆਂ ਦੀ ਆਪਣੀ ਮਾਂ-ਬੋਲੀ, ਮਾਂ-ਮਿੱਟੀ ਅਤੇ ਮਾਂ ਦੇ ਹਟਕੋਰਿਆਂ ਦੀ ਕਸਕ ਸੁਣੀ ਜਾ ਸਕਦੀ ਹੈ। ਕਵਿੰਦਰ ਚਾਂਦ ਨੂੰ ਇਹ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਮੁਬਾਰਕ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਦਿਲਬਰ

ਲੇਖਕ : ਸਿੰਘ ਮਾਨਸ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 120
ਸੰਪਰਕ : 70094-44940


'ਦਿਲਬਰ' ਸਿੰਘ ਮਾਨਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀਆਂ ਇਕ ਸੌ ਦੋ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਪੁਸਤਕ ਦਾ ਪਾਠ ਕਰਦਿਆਂ ਤਸੱਲੀ ਦਾ ਅਹਿਸਾਸ ਹੁੰਦਾ ਹੈ ਕਿ ਆਪਣੀ ਕਵਿਤਾ ਵਿਚ ਉਨ੍ਹਾਂ ਨੇ ਸਮਾਜਿਕ ਤਾਣੇ-ਬਾਣੇ ਵਿਚ ਪਈਆਂ ਵਿਸੰਗਤੀਆਂ ਅਤੇ ਕੌੜੀਆਂ ਸਚਾਈਆਂ ਨੂੰ ਬੜੇ ਸੂਖਮ ਪਰ ਬੇਬਾਕ ਢੰਗ ਨਾਲ ਉਲੀਕਿਆ ਹੈ। ਜਗੀਰੂ ਮਾਨਸਿਕਤਾ ਵਿਚੋਂ ਪੈਦਾ ਹੋਈਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਉਹ ਪੂਰੀ ਤਰ੍ਹਾਂ ਲੋਕ ਵਿਰੋਧੀ ਗਰਦਾਨਦੇ ਹਨ :
ਉੱਚੀ-ਨੀਵੀਂ ਮਨਾਂ 'ਚ ਔਕਾਤ ਨੇ ਬਣਾਉਂਦੇ
ਚੰਗਾ-ਮਾੜਾ ਬੰਦੇ ਨੂੰ ਹਾਲਾਤ ਨੇ ਬਣਾਉਂਦੇ
ਧਰਮ ਕਦੇ ਵੀ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਨਹੀਂ ਹੁੰਦਾ, ਬਲਕਿ ਧਰਮ ਤਾਂ ਕੇਵਲ ਧਰਮ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਤਾਂ ਵੱਖ-ਵੱਖ ਕੌਮਾਂ ਜਾਂ ਭਾਈਚਾਰਿਆਂ ਵਲੋਂ ਪ੍ਰਵਾਨਿਤ ਕੁਝ ਮਾਨਵਵਾਦੀ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਧਰਮੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਧਰਮੀ। ਇਸ ਮਾਮਲੇ ਵਿਚ ਸਿੰਘ ਮਾਨਸ ਦਾ ਦ੍ਰਿਸ਼ਟਕੋਣ ਬੜਾ ਸਪੱਸ਼ਟ ਅਤੇ ਕਲਿਆਣਕਾਰੀ ਹੈ:
ਕਦੇ ਕਰੇਗਾ ਇਕਜੁੱਟ ਹੋ ਕੇ ਮੁਲਖ਼, ਲੋਕ ਭਲਾਈਆਂ ਵਾਲੇ ਕਰਮ,
ਹੈ ਮਾਨਸ ਸਭ ਦੀ ਜਾਤ, ਹੈ ਮਾਨਸ ਸਭ ਦਾ ਧਰਮ। ਜਿਸ ਵਿਲੱਖਣ ਸੂਝ-ਬੂਝ ਨਾਲ ਉਨ੍ਹਾਂ ਨੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਫਰੋਲਦਿਆਂ ਮੁਹੱਬਤੀ ਜਜ਼ਬਿਆਂ ਦੇ ਨਿਰੰਤਰ ਪ੍ਰਵਾਹ ਨੂੰ ਕਾਵਿਕ ਰੰਗ ਵਿਚ ਰੰਗਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੀ ਸੱਚਮੁੱਚ ਦਾਦ ਦੇਣੀ ਬਣਦੀ ਹੈ। ਹਰ ਕਵਿਤਾ ਵਿਚ ਕਿਸੇ ਨਾ ਕਿਸੇ ਸਾਰਥਕ ਸੁਨੇਹੇ ਦੀ ਝਲਕ ਅਤੇ ਸੂਫ਼ੀਵਾਦ ਦੀ ਅਨੂਠੀ ਮਸਤੀ ਦਾ ਖ਼ੁਮਾਰ, ਉਨ੍ਹਾਂ ਦੀ ਕਾਵਿਕਤਾ ਦਾ ਹਾਸਲ ਹੈ। ਅਜੇ ਤਾਂ ਉਨ੍ਹਾਂ ਨੇ ਸਾਹਿਤਕ ਸਫ਼ਰ ਵਿਚ ਆਪਣਾ ਪਹਿਲਾ ਹੀ ਕਦਮ ਰੱਖਿਆ ਹੈ, ਅਜੇ ਉਨ੍ਹਾਂ ਦੀ ਰਚਨਾ ਨੇ ਹੋਰ ਨਿੱਖਰਨਾ ਅਤੇ ਨਿੱਤਰਨਾ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਜ਼ਹਿਰ ਮੁਹਰਾ

ਲੇਖਿਕਾ : ਬਰਿੰਦਰ ਕੌਰ ਡਾ.
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 115
ਸੰਪਰਕ : 98885-11223.


ਪ੍ਰਿੰ: ਡਾ. ਬਰਿੰਦਰ ਕੌਰ ਇਸ ਨਾਵਲ ਦੀ ਸਿਰਜਣਾ ਤੋਂ ਪਹਿਲਾਂ ਸੱਭਿਆਚਾਰ, ਭਾਸ਼ਾ, ਲੋਕ ਨਾਟਕ ਵਿਸ਼ਵੀਕਰਨ ਦੇ ਸੰਦਰਭ ਵਿਚ ਪਾਠ-ਦਵੰਦ (ਸੰਪਾਦਤ) ਸਮੇਤ ਪੰਜ ਪੁਸਤਕਾਂ ਪੰਜਾਬੀ ਸਾਹਿਤ ਸੱਭਿਆਚਾਰ ਲਈ ਪ੍ਰਕਾਸ਼ਿਤ ਕਰਾ ਚੁੱਕੀ ਹੈ। ਜ਼ਹਿਰ-ਮੁਹਰਾ (ਨਾਵਲ) ਉਸ ਦੀ ਅਗਲੀ ਰਚਨਾ ਹੈ 2021 ਹੈ। ਇਹ ਨਾਵਲ ਬਿਰਤਾਂਤ ਵਿਧਾ ਵਿਚ ਲਿਖਿਆ ਨਾਵਲ ਹੈ, ਜਿਸ ਦਾ ਵਿਸ਼ਾ ਸੰਸਾਰ ਵਿਚ ਫੈਲੀ ਮਹਾਂਮਾਰੀ 'ਕੋਰੋਨਾ' ਹੈ, ਜਿਸ ਦਾ ਸੰਬੰਧ 21 ਮਾਰਚ, 2020 'ਚ ਆਰੰਭ ਹੋ ਕੇ 2021-22 ਹੁਣ ਨਵੇਂ ਨਾਂਅ ਅਤੇ ਕੋਰੋਪੀ ਨਾਲ ਫੈਲ ਰਿਹਾ ਹੈ। ਇਹ ਭਿਆਨਕ ਬਿਮਾਰੀ ਨੂੰ ਵਿਸ਼ਾ ਬਣਾ ਕੇ ਲੇਖਿਕਾ ਨੇ ਜੋ ਨਾਵਲ ਰਚਿਆ ਹੈ, ਉਹ ਆਪਣੇ-ਆਪ ਸੰਕਟਮਈ ਕਾਲ ਵਿਚ ਇਸ ਲੋਕ ਜਗਤ ਉੱਪਰ ਮਹਾਂਮਾਰੀ, ਭਿਆਨਕ ਬਿਮਾਰੀ ਕਾਰਨ ਜੋ ਲੋਕ ਮਾਨਸ ਉੱਪਰ ਹੀ ਨਹੀਂ, ਸਮਾਜਿਕ, ਆਰਥਿਕ, ਸਿਆਸਤ, ਬੌਧਿਕ ਅਤੇ ਸੱਭਿਆਚਾਰ ਉੱਪਰ ਭੈੜੇ ਪ੍ਰਭਾਵ ਪੈ ਰਹੇ ਹਨ, ਉਨ੍ਹਾਂ ਸੰਬੰਧੀ ਵੀ ਇਸ ਨਾਵਲ ਦੇ ਵਸਤੂ ਵੇਰਵਿਆਂ, ਕਥਾਨਕ ਸਿਰਜਣ ਅਤੇ ਬਿਰਤਾਂਤ ਦੀ ਪੇਸ਼ਕਾਰੀ ਵਿਚ ਗਿਆਤ ਹੁੰਦਾ ਹੈ। ਇਸ ਨਾਵਲ ਦੀ ਭੂਮਿਕਾ ਨਾਵਲ ਲੇਖਕ ਅਤੇ ਵਿਦਵਾਨ ਮਨਮੋਹਨ ਹੋਰਾਂ ਲਿਖੀ ਹੈ, ਜੋ ਆਪਣੇ-ਆਪ ਹੁਣ ਤੱਕ ਇਸ ਤਰ੍ਹਾਂ ਦੀਆਂ ਅਤਿ-ਭਿਆਨਕ ਮਹਾਂਮਾਰੀਆਂ ਅਤੇ ਉਨ੍ਹਾਂ ਬਿਮਾਰੀ ਸੰਬੰਧੀ ਵੱਖ-ਵੱਖ ਸੰਸਾਰ ਦੇ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾਂ ਵਲੋਂ ਜੋ ਸਾਹਿਤ ਸਿਰਜਣ ਕੀਤਾ ਗਿਆ ਹੈ, ਉਸ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਭਿਆਨਕ ਬਿਮਾਰੀਆਂ ਦੇ ਫੈਲਣ ਦੇ ਵੱਖ-ਵੱਖ ਸਮਿਆਂ ਵਿਚ ਮੁੱਖ ਕਾਰਨਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਭੂਮਿਕਾ ਰਾਹੀਂ ਗੂਗਲ ਨੁਮਾ ਭਰਪੂਰ ਗਿਆਨ ਭਰਪੂਰ ਜੋ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਉਹ ਸੰਭਾਲਣਯੋਗ ਹੈ ਅਤੇ ਪੜ੍ਹਨਯੋਗ ਹੈ। ਇਸ ਨਾਵਲ ਦਾ ਕਥਾਨਕ ਅਤੇ ਵੇਰਵਾ ਕਰੁਣਾ ਦੀ ਭਿਆਨਕ ਬਿਮਾਰੀ ਦਾ ਮਾਨਸਿਕ ਭੈਅ, 'ਮੌਤ ਦਾ ਡਰ' ਅਤੇ ਸਮਾਜਿਕ, ਆਰਥਿਕ ਉਥਲ-ਪੁਥਲ ਨੇ ਸੰਸਾਰ ਦੀ ਸ਼ਾਂਤੀ ਭੰਗ ਕਰ ਰੱਖੀ ਹੈ। ਨਾਵਲਕਾਰਾ ਨੇ 12 ਕਾਂਡਾਂ ਰਾਹੀਂ ਇਸ ਬਿਮਾਰੀ ਦੀਆਂ ਕਰੋਪੀਆਂ ਦਾ ਲੋਕ ਮਾਨਸ 'ਤੇ ਪਏ ਪ੍ਰਭਾਵਾਂ ਦਾ ਹੀ ਵਸਤੂ ਵੇਰਵਾ ਨਹੀਂ ਦਿੱਤਾ, ਲੋਕ ਮਾਨਸ ਨੂੰ ਬੇਬੱਸ, ਲਾਚਾਰ ਅਤੇ ਕਮਜ਼ੋਰ ਹੁੰਦਿਆਂ ਹੀ ਨਹੀਂ ਦਿਖਾਇਆ, ਸਗੋਂ ਅੰਤ ਪ੍ਰਭੂ ਪਰਮਾਤਮਾ, ਗੁਰੂ ਅਤੇ ਰਚਨਹਾਰ ਦੇ ਹਵਾਲੇ ਕਰਦਿਆਂ ਲਾਚਾਰ ਦਿਖਾਇਆ ਹੈ। ਸੱਚਮੁੱਚ ਉਸ ਦਾ ਹਕੀਕਤ ਬਿਆਨ ਹੈ। ਸੱਚ ਤਾਂ ਇਹ ਕਿ ਪ੍ਰਭੂ, ਭਗਵਾਨ ਅਤੇ ਉਸ ਦੇ ਫ਼ਰਮਾਨ ਹੀ ਕਮਜ਼ੋਰ, ਬਿਮਾਰ, ਲਾਚਾਰ, ਬਿਮਾਰੀ ਤੋਂ ਸੁਰੱਖਿਅਤ ਕਰ ਸਕਦੇ ਹਨ।


(ਡਾ.) ਅਮਰ ਕੋਮਲ
ਮੋ: 84378-73565


ਮੋਮ ਦਾ ਸ਼ੈਤਾਨ

ਕਹਾਣੀਕਾਰ : ਤਰਸੇਮ ਸਿੰਘ ਦਿਉਗਣ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 149
ਸੰਪਰਕ : 98729-00220.


ਕਹਾਣੀ ਸੰਗ੍ਰਹਿ ਮੋਮ ਦਾ ਸ਼ੈਤਾਨ ਤਰਸੇਮ ਸਿੰਘ ਦਿਉਗਣ ਦਾ ਦੂਸਰਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ 6 ਕਹਾਣੀਆਂ ਦਰਜ ਹਨ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਖੁੱਲ੍ਹ ਕੇ ਜ਼ਿੰਦਗੀ ਜਿਊਣ ਦੀ ਆਜ਼ਾਦੀ ਨਹੀਂ ਹੈ। ਉਸ ਨੂੰ ਬੋਝ ਸਮਝਿਆ ਜਾਂਦਾ ਹੈ ਅਤੇ ਲੜਕੀਆਂ ਨੂੰ ਕੁੱਖ ਵਿਚ ਮਾਰਿਆ ਜਾਂਦਾ ਰਿਹਾ ਹੈ। ਪ੍ਰੰਤੂ ਹੌਲੀ-ਹੌਲੀ ਸਮਾਂ ਬਦਲ ਰਿਹਾ ਹੈ ਅਤੇ ਲੋਕ ਧੀਆਂ ਨੂੰ ਪੁੱਤਰਾਂ ਵਾਂਗ ਬਰਾਬਰ ਦਾ ਦਰਜਾ ਦੇਣ ਲੱਗੇ ਹਨ। ਸੰਗ੍ਰਹਿ ਦੀ ਪਹਿਲੀ ਕਹਾਣੀ ਚੰਗੀ ਚੀਜ਼ ਸਮਾਜ ਵਿਚ ਔਰਤ ਪ੍ਰਤੀ ਬਦਲ ਰਹੀ ਸੋਚ ਨੂੰ ਬਿਆਨ ਕਰਦੀ ਹੈ। ਕਹਾਣੀ ਛੱਲ ਦਾ ਵਸਤੂ, ਦੋ ਆਪਾ-ਵਿਰੋਧੀ ਪ੍ਰਸਥਿਤੀਆਂ ਦੇ ਤਣਾਓ ਰਾਹੀਂ ਪੇਸ਼ ਹੁੰਦਾ ਹੈ। ਇਕ ਪਾਸੇ ਜਿੱਥੇ ਬੱਚੇ ਦੀ ਲੋੜ ਅਤੇ ਕਿਤੇ ਬੱਚੇ ਦੇ ਜਨਮ 'ਤੇ ਚਿੰਤਾ ਦਾ ਵਿਰੋਧਾਭਾਸ ਹੈ ਉੱਥੇ ਹੀ ਸਾਡੇ ਸਿਸਟਮ ਅਤੇ ਨਿਆਂ-ਪਾਲਿਕਾ ਵਿਚ ਚੰਗੇ ਅਫ਼ਸਰ ਦੇ ਕਿਰਦਾਰ ਨੂੰ ਰੂਪਮਾਨ ਕੀਤਾ ਗਿਆ ਹੈ। ਕਹਾਣੀ ਹਾਉਮੈ ਵਾਲਾ ਦਾ ਵਿਸ਼ਾ ਕੁਦਰਤ (ਕੁਦਰਤ ਸਿੰਘ) ਦੀ ਸੰਭਾਲ ਲਈ ਰੁੱਖ ਲਗਾਉਣਾ (ਸੁਖਪ੍ਰੀਤ ਸਿੰਘ), ਦੂਹਰੇ ਪੱਧਰ ਇਕ ਪਾਸੇ ਪਿਤਾ-ਪੁੱਤ ਅਤੇ ਦੂਜੇ ਪਾਸੇ ਕੁਦਰਤ ਅਤੇ ਸਾਧਾਰਨ ਮਨੁੱਖ ਦੇ ਰਿਸ਼ਤਿਆਂ ਅਤੇ ਇਕ ਦੂਜੇ ਦੀ ਸਾਂਭ-ਸੰਭਾਲ ਦੇ ਪ੍ਰਸੰਗ ਸਿਰਜਦਾ ਹੈ। ਮਨੋਵਿਗਿਆਨਕ ਪੱਧਰ 'ਤੇ ਇਸ ਕਹਾਣੀ ਦੀ ਇਕ ਤੰਦ ਸਾਧਾਰਨ ਮਨੁੱਖ ਦੇ ਅਚੇਤ ਵਿਚ ਸਮਾਏ ਕਿਸੇ ਅਣਹੋਣੀ ਦੇ ਡਰ ਨੂੰ ਵੀ ਪ੍ਰਸਤੁਤ ਕਰਦੀ ਹੈ। ਪ੍ਰੰਤੂ ਕਹਾਣੀ, ਦਰੱਖਤਾਂ 'ਤੇੇ ਪੰਛੀਆਂ ਦੇ ਚਹਿਚਹਾਉਣ ਨਾਲ ਇਕ ਸਾਕਾਰਾਤਮਿਕ ਸੰਦੇਸ਼ ਨਾਲ ਖ਼ਤਮ ਹੁੰਦੀ ਹੈ। ਕਹਾਣੀ ਸੰਗ੍ਰਹਿ ਦੀ ਸਿਰਲੇਖੀ ਕਹਾਣੀ ਮੋਮ ਦਾ ਸ਼ੈਤਾਨ ਦਾ ਵਿਸ਼ਾ ਮਾਨ ਵੀ ਕਦਰਾਂ ਤੋਂ ਸੱਖਣੇ ਹੁੰਦੇ ਜਾ ਰਹੇ ਸੁਆਰਥੀ ਸਮਾਜ ਦੀ ਤਸਵੀਰਕਸ਼ੀ ਕਰਦੀ ਹੈ। ਧਰਤੀ 'ਤੇ ਰਹਿੰਦਾ ਮਨੁੱਖ ਸੁਆਰਥੀਪੁਣੇ ਦਾ ਸਾਰੀਆਂ ਹੱਦਾਂ ਲੰਘ ਚੁੱਕਾ ਹੈ ਅਤੇ ਆਪਣੇ ਸੁਆਰਥ ਨੂੰ ਮੁੱਖ ਰੱਖਦੇ ਹੋਏ ਉਸ ਨੇ ਜਾਨਵਰਾਂ ਅਤੇ ਪਰਿੰਦਿਆਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਕਹਾਣੀ ਵਜ਼ੀਰ ਦਾ ਵਿਸ਼ਾ ਮਾਨਵੀ ਕਦਰਾਂ ਦੀ ਬਹਾਲੀ, ਸਮਾਜ ਲਈ ਕੁਝ ਕਰ-ਗੁਜ਼ਰਨ ਦੀ ਇੱਛਾ ਅਤੇ ਇਕ ਖ਼ਬਰ ਇਹ ਵੀ, ਸਮਾਜ ਵਿਚ ਘਟ ਰਹੇ ਵੱਡਿਆਂ ਦੇ ਆਦਰ-ਸਤਿਕਾਰ ਆਦਿ ਜਿਹੇ ਸਮਾਜਿਕ ਸਰੋਕਾਰਾਂ ਨੂੰ ਬਿਆਨ ਕਰਦੀਆਂ ਹਨ।
ਤਰਸੇਮ ਸਿੰਘ ਦਿਉਗਣ ਦੀਆਂ ਕਹਾਣੀਆਂ ਦੇ ਵਿਸ਼ੇ ਭਾਵੇਂ ਚਲੰਤ ਮਸਲੇ ਜਾਂ ਸਾਡੀਆਂ ਸਮਾਜਿਕ ਸਮੱਸਿਆਵਾਂ ਦੁਆਲੇ ਘੁੰਮਦੇ ਹਨ ਪ੍ਰੰਤੂ ਸ਼ੈਲੀ ਰਾਹੀਂ ਪੈਦਾ ਹੋਈ ਨਾਟਕੀਅਤਾ ਅਤੇ ਤਣਾਓ ਕਹਾਣੀ ਵਿਚ ਪਾਠਕ ਦੀ ਦਿਲਚਸਪੀ ਬਣਾਈ ਰੱਖਦਾ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200


ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਚਾਰ ਬਾਲ ਪੁਸਤਕਾਂ

ਸੰਪਰਕ: 98764-52223


ਪ੍ਰਿੰ. ਬਹਾਦਰ ਸਿੰਘ ਗੋਸਲ ਪੰਜਾਬੀ ਬਾਲ ਸਾਹਿਤ ਦੀ ਨਿਰੰਤਰ ਸਾਹਿਤ-ਸਾਧਨਾ ਵਿਚ ਕਾਰਜਸ਼ੀਲ ਕਲਮਕਾਰ ਹੈ। ਹੁਣੇ-ਹੁਣੇ ਉਸ ਦੀਆਂ ਚਾਰ ਇਕੱਠੀਆਂ ਬਾਲ ਪੁਸਤਕਾਂ ਛਪ ਕੇ ਸਾਹਮਣੇ ਆਈਆਂ ਹਨ।
ਪ੍ਰਿੰ. ਗੋਸਲ ਦੀ ਪਹਿਲੀ ਪੁਸਤਕ 'ਅਸਲੀ ਅਮੀਰ ਕੌਣ?' ਹੈ ਜਿਸ ਵਿਚ 'ਸਿੱਖਿਆ-ਪ੍ਰਾਪਤੀ ਦੀ ਨਵੀਂ ਰਾਹ', 'ਦੋ ਮਿਹਨਤੀ ਅਤੇ ਧਰਮੀ ਭਰਾ', 'ਸਮਝ ਆਪੋ ਆਪਣੀ', 'ਅਸਲੀ ਅਮੀਰ ਕੌਣ?', 'ਮਿਹਨਤ ਦੀ ਕਮਾਈ', 'ਬੱਚਿਆਂ ਲਈ ਭਵਿੱਖ ਦੀ ਬਾਤ', 'ਕੁਸੰਗਤ ਦੀ ਸਜ਼ਾ', 'ਜੈਸੇ ਨੂੰ ਤੈਸਾ' ਅਤੇ 'ਸਭ ਤੇ ਹਮ ਬੁਰੇ' ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਹੰਕਾਰ ਦਾ ਤਿਆਗ ਕਰਨ, ਇਕ-ਦੂਜੇ ਪ੍ਰਤੀ ਨੇਕ ਵਿਵਹਾਰ ਰੱਖਣ ਅਤੇ ਧਨ-ਦੌਲਤ ਅਤੇ ਜ਼ਮੀਨ-ਜਾਇਦਾਦ ਦੀ ਲਾਲਸਾ ਤੋਂ ਉੱਪਰ ਉੱਠ ਕੇ ਜੀਵਨ ਬਸਰ ਕਰਨ ਦੀ ਪ੍ਰੇਰਨਾ ਸਮੋਈ ਹੋਈ ਹੈ। ਲੇਖਕ ਨੇ ਇਹ ਵੀ ਦਰਸਾਉਣ ਦਾ ਸਾਰਥਕ ਯਤਨ ਕੀਤਾ ਹੈ ਕਿ ਮਨੁੱਖ ਨੂੰ ਸਫਲ ਜੀਵਨ ਜਿਊਣ ਵਾਸਤੇ ਸਬਰ-ਸੰਤੋਖ ਵਰਗਾ ਮਾਨਵੀ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਉਪਕਾਰੀ ਕਾਰਜ ਕਰਨੇ ਚਾਹੀਦੇ ਹਨ। ਇਸ ਪੁਸਤਕ ਦੇ ਪੰਨੇ 32 ਹਨ ਅਤੇ ਕੀਮਤ 70 ਰੁਪਏ ਹੈ।
ਦੂਜੀ ਬਾਲ ਕਹਾਣੀ ਪੁਸਤਕ 'ਬਾਦਸ਼ਾਹ ਨੂੰ ਸਿੱਖਿਆ' ਹੈ, ਜਿਸ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚ 'ਬਾਦਸ਼ਾਹ ਨੂੰ ਸਿੱਖਿਆ','ਦੋਸਤਾਂ ਦਾ ਬਚਾਓ', 'ਮਾਂ ਦੀ ਸਿੱਖਿਆ', 'ਪ੍ਰੇਮ-ਫਾਰਮੂਲਾ' ਕਹਾਣੀਆਂ ਅਤੇ 'ਦਇਆ ਦਾ ਫਲ' ਬਾਲ-ਪਾਠਕ ਦੇ ਜ਼ਿਹਨ ਵਿਚ ਨਿੱਗਰ ਸੋਚਣੀ ਪੈਦਾ ਕਰਦੀਆਂ ਹਨ। ਇਹ ਕਹਾਣੀਆਂ ਵਿਚਲੀਆਂ ਘਟਨਾਵਾਂ ਨੂੰ ਅਜਿਹੀ ਜਿਗਿਆਸਾਮਈ ਛੋਹ ਦਿੱਤੀ ਗਈ ਹੈ ਕਿ ਪਾਠਕ ਕਹਾਣੀਆਂ ਨਾਲ ਮੁੱਢ ਤੋਂ ਅੰਤ ਤੱਕ ਜੁੜਿਆ ਰਹਿੰਦਾ ਹੈ। ਇਨ੍ਹਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਕਿਸੇ ਪ੍ਰਕਾਰ ਦੀ ਅੰਧਵਿਸ਼ਵਾਸੀ ਜਾਂ ਰੂੜ੍ਹੀਵਾਦੀ ਪ੍ਰਵਿਰਤੀ ਜਾਂ ਸੋਚ ਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਗਿਆ ਸਗੋਂ ਹਰ ਘਟਨਾ ਨੂੰ ਤਰਕਯੁਕਤ ਢੰਗ ਨਾਲ ਬਿਆਨਿਆ ਹੈ। ਇਨ੍ਹਾਂ ਕਹਾਣੀਆਂ ਦਾ ਬੁਨਿਆਦੀ ਮਨੋਰਥ ਇਹ ਹੈ ਕਿ ਬੁਰਾਈ ਦਾ ਖ਼ਾਤਮਾ ਚੰਗਿਆਈ ਨਾਲ ਹੀ ਕੀਤਾ ਜਾ ਸਕਦਾ ਹੈ ਅਤੇ ਸ਼ੁੱਭ ਗੁਣ ਅਪਣਾ ਕੇ ਹੀ ਮਾਨਵੀ ਸਮਾਜ ਨੂੰ ਉਸਾਰੂ ਸੋਚ ਵਾਲਾ ਬਣਾਇਆ ਜਾ ਸਕਦਾ ਹੈ। 'ਜਾਨਵਰ ਅਤੇ ਮਮਤਾ', 'ਕਲਿਆਣਕਾਰੀ ਦਰਸ਼ਨੀ ਹੀਰਾ' ਅਤੇ 'ਗ਼ਰੀਬਾਂ ਲਈ ਦਰਦ' ਆਦਿ ਕਹਾਣੀਆਂ ਵਿਚੋਂ ਵੀ ਮਾਨਵਤਾਵਾਦੀ-ਸੁਰ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਪੁਸਤਕ ਦੇ 32 ਪੰਨੇ ਹਨ ਅਤੇ ਕੀਮਤ 80 ਰੁਪਏ ਹੈ।
ਤੀਜੀ ਪੁਸਤਕ 'ਸੁਣੋ ਬੱਚਿਓ! ਵਿਰਸੇ ਦੀਆਂ ਗੱਲਾਂ' ਹੈ ਜੋ ਇਕ ਲੰਮੀ ਬਾਲ ਕਵਿਤਾ ਹੈ। ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਹੀ ਸੰਕੇਤ ਮਿਲਦਾ ਹੈ, ਇਹ ਕਵਿਤਾ ਪੰਜਾਬ ਦੇ ਅਨਮੋਲ ਵਿਰਸੇ ਉੱਪਰ ਆਧਾਰਿਤ ਹੈ। ਕਵੀ ਨੇ ਬੱਚਿਆਂ ਨੂੰ ਢੱਗਿਆਂ, ਝੱਗਿਆਂ, ਖੁੰਡਾਂ, ਗੋਹਰ, ਭੜੋਲੇ, ਟਿੰਡਾਂ, ਸ਼ਾਮਲਾਟ, ਹਵੇਲੀ, ਸਰਹਿੰਦੀ ਇੱਟ, ਮੁਰੱਬੇਬੰਦੀ, ਝਿਲਿਆਨੀ, ਹਾਰਾ, ਕਾੜ੍ਹਣੀ, ਖ਼ਲ, ਗੁਹਾਰੇ, ਉੱਖਲੀ, ਤੰਦੂਰ, ਬਾਜ਼ੀਗਰ, ਮਰਾਸੀ, ਪਾਲੀ ਆਦਿ ਜੀਵ ਜੰਤੂਆਂ ਅਤੇ ਵਸਤਾਂ ਦੇ ਨਾਲ-ਨਾਲ ਵੰਨ-ਸੁਵੰਨੇ ਰੁੱਖਾਂ-ਫ਼ਸਲਾਂ, ਕਿੱਤਿਆਂ, ਕਿੱਤਾਕਾਰਾਂ, ਖੇਤੀਬਾੜੀ, ਰਹੁਰੀਤਾਂ, ਰਿਸ਼ਤੇ-ਨਾਤਿਆਂ, ਦਿਨ ਤਿਉਹਾਰਾਂ ਅਤੇ ਆਵਾਜਾਈ ਦੇ ਸਾਧਨਾਂ ਸੰਬੰਧੀ ਵੀ ਭਰਪੂਰ ਜਾਣਕਾਰੀ ਦਿੱਤੀ ਹੈ। ਪੰਜਾਬ ਦੀ ਰਹਿਤਲ ਨੂੰ ਸਮਝਣ ਲਈ ਪੁਸਤਕ ਇਕ ਚੰਗਾ ਸੱਭਿਆਚਾਰਕ ਸੋਮਾ ਹੈ, ਜਿਸ ਰਾਹੀਂ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ। 28 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 70 ਰੁਪਏ ਹੈ।
ਚੌਥੀ ਪੁਸਤਕ 'ਰੱਬ ਦੀਆਂ ਐਨਕਾਂ' ਹੈ, ਜਿਸ ਵਿਚ 8 ਬਾਲ ਕਹਾਣੀਆਂ ਅੰਕਿਤ ਹਨ। ਇਹ ਕਹਾਣੀਆਂ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹਨ। ਇਹ ਕਹਾਣੀਆਂ ਜਿੱਥੇ ਬ੍ਰਹਿਮੰਡ ਦੇ ਅੰਗ ਵਜੋਂ ਜੀਵ-ਜੰਤੂਆਂ ਪ੍ਰਤੀ ਸਨੇਹਮਈ ਵਤੀਰਾ ਰੱਖਣ ਦਾ ਸੁਨੇਹਾ ਦਿੰਦੀਆਂ ਹਨ, ਉਥੇ ਗਿਆਨ-ਵਿਗਿਆਨ ਨੂੰ ਸਹੀ ਮਾਅਨਿਆਂ ਵਿਚ ਵਰਤਣ ਦਾ ਉਪਦੇਸ਼ ਦਿੰਦੀਆਂ ਹਨ। 'ਨਸ਼ੇ ਦਾ ਭਾਣਾ' ਕਹਾਣੀ ਨਸ਼ਾਖ਼ੋਰੀ ਤੋਂ ਕਿਨਾਰਾ ਕਰਨ ਦੀ ਪ੍ਰੇਰਨਾ ਦਿੰਦੀ ਹੈ ਅਤੇ 'ਬਾਲਾਂ ਦੇ ਸ਼ੁੱਭ ਵਿਚਾਰ' ਕਹਾਣੀ ਇਹ ਦੱਸਦੀ ਹੈ ਕਿ ਸ਼ੁੱਭ ਵਿਚਾਰ ਅਤੇ ਸ਼ੁੱਭ ਅਮਲਾਂ ਵਾਲਾ ਵਿਅਕਤੀ ਹੀ ਸਮਾਜ ਵਿਚ ਆਦਰਯੋਗ ਰੁਤਬਾ ਹਾਸਲ ਕਰ ਸਕਦਾ ਹੈ। ਇਸ ਪੁਸਤਕ ਦੇ ਪੰਨੇ 32 ਹਨ ਅਤੇ ਕੀਮਤ 70 ਰੁਪਏ ਹੈ। ਨੈਤਿਕ ਗੁਣਾਂ ਨਾਲ ਭਰਪੂਰ ਅਤੇ ਚਿੱਤਰਾਂ ਨਾਲ ਸਜਾਈਆਂ ਇਨ੍ਹਾਂ ਪੁਸਤਕਾਂ ਦੀ ਦਿੱਖ ਲੁਭਾਉਣੀ ਹੈ। ਚਾਰੇ ਪੁਸਤਕਾਂ ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਵਲੋਂ ਸੋਹਣੇ ਢੰਗ ਨਾਲ ਛਾਪੀਆਂ ਗਈਆਂ ਹਨ।


ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703


ਖੁਣੇ ਹੋਏ ਨਕਸ਼
ਲੇਖਕ : ਮਲਕੀਤ ਜੌੜਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼,
ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98725-34278.


ਸ਼ਾਇਰ ਮਲਕੀਤ ਜੌੜਾ ਇਕ ਪ੍ਰਬੁੱਧ ਬੌਧਿਕ ਮੁਹਾਵਰੇ ਦਾ ਸ਼ਾਇਰ ਹੈ ਜੋ ਕਿਸੇ ਰਸਮੀ ਜਾਣ-ਪਚਾਣ ਦੇ ਮੁਹਤਾਜ ਨਹੀਂ। ਹਥਲੀ ਪੁਸਤਕ 'ਖੁਣੇ ਹੋਏ ਨਕਸ਼' ਤੋਂ ਪਹਿਲਾਂ ਵੀ ਚਾਰ ਕਾਵਿ-ਪੁਸਤਕਾਂ 'ਨਿਜ ਤੋਂ ਪਰ ਵੱਲ', 'ਵਿਲਕਦਾ ਰੁੱਖ', 'ਗ੍ਰਹਿਣੇ ਸੂਰਜ', 'ਹਰਫ਼ਾਂ ਦੀ ਹਾਜ਼ਰੀ' ਤੋਂ ਇਲਾਵਾ 'ਦਲਿਤ ਕਾਵਿ ਸੰਵਾਦ', 'ਨਰਿੰਦਰ ਡਾਨਸੀਵਾਲ ਦਾ ਰਚਨਾਤਮਿਕ ਵਿਵੇਕ' ਅਤੇ 'ਜੈ ਦੇਵ ਦਿਲਬਰ ਰਚਨਾਵਲੀ' ਆਲੋਚਨਾ ਪੁਸਤਕਾਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਹਥਲੀ ਕਾਵਿ ਕਿਤਾਬ 'ਖੁਣੇ ਹੋਏ ਨਕਸ਼' ਨਾਲ ਮਨੂੰ ਸਮ੍ਰਿਤੀ ਦੀ ਵਰਗ ਵੰਡ ਨਾਲ ਚੌਥੇ ਪੌੜੇ ਵਜੋਂ ਜਾਣੇ ਜਾਂਦੇ ਸ਼ੂਦਰਾਂ ਲਈ ਜੋ ਕਾਇਦੇ-ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਇਸ ਹਾਸ਼ੀਆਗਤ ਦਲਿਤ ਸਮਾਜ ਨੂੰ ਗੰਦੀ ਨਾਲੀ ਦੇ ਕੁਰਬਲ ਕੁਰਬਲ ਕਰਦੇ ਕੀੜਿਆਂ ਤੋਂ ਵੀ ਬਦਤਰ ਜ਼ਿੰਦਗੀ ਜਿਊਣੀ ਪੈਂਦੀ ਹੈ, ਇਸ ਦਲਿਤ ਉਤਪੀੜਨ ਦੀ ਖ਼ੁਰਦਬੀਨੀ ਅੱਖ ਨਾਲ ਕੀਤੀ ਸਕੈਨਿੰਗ ਦਾ ਇਸ ਪੁਸਤਕ ਵਿਚ ਵਿਵੇਕੀ ਵਰਨਣ ਹੈ। ਇਸ ਤੋਂ ਵੱਧ ਹੋਰ ਤ੍ਰਾਸਦੀ ਕੀ ਹੋ ਸਕਦੀ ਹੈ ਜਦੋਂ ਇਸ ਲਤਾੜੇ ਵਰਗ ਤੋਂ ਜਿਊਣ ਦਾ ਹੱਕ ਹੀ ਖੋਹ ਲਿਆ ਜਾਵੇ। ਮਲਕੀਤ ਜੌੜਾ ਦੇ ਅਜਿਹੇ ਜੀਵਨ ਜਿਊਣ ਨੂੰ ਬਰਤੌਲਤ ਬ੍ਰੈਖਤ ਦਾ ਇਹ ਕਥਨ ਤਸਦੀਕ ਕਰਦਾ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਜਿਊਣ ਲਈ ਖਾਣਾ ਜ਼ਰੂਰੀ ਹੈ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾ ਵੀ ਲਿਆ ਉਹ ਜੀਉ ਵੀ ਰਿਹਾ। ਇਹ ਦਲਿਤ ਵਰਗ ਖਾਣ ਅਤੇ ਜਿਊਣ ਵਿਚਕਾਰ ਤ੍ਰਿਸ਼ੰਕੂ ਦੀ ਅਉਧ ਹੰਢਾਅ ਰਿਹਾ ਹੈ। ਇਸ ਵਰਗ ਵਿਚੋਂ ਜੇ ਕੋਈ ਹੱਕ ਮੰਗਣ ਅਤੇ ਜਿਊਣ ਲਈ ਉਕਾਬ ਬਣ ਕੇ ਉਡਾਣ ਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸੱਤਾ ਦੀ ਚਕੂੰਦਰ ਉਸ ਦੇ ਪਰ ਕੁਤਰਨ ਲਈ ਤਿੱਖੇ ਦੰਦ ਤਿਆਰ ਰੱਖਦੀ ਹੈ। ਹਾਅ ਦਾ ਨਾਅਰਾ ਮਾਰਨ ਵਾਲੇ ਸਿਆਸੀ ਚੌਧਰੀਆਂ ਦੇ ਸ਼ਾਇਰ ਇਹ ਕਹਿ ਕੇ ਬਖੀਏ ਉਖੇੜਦਾ ਹੈ ਕਿ ਉਹ ਲਾਰਿਆਂ ਦਾ ਕਲੋਰੋਫਾਰਮ ਸੁੰਘਾ ਕੇ ਇਸ ਨੂੰ ਇਕ ਵੋਟਰ ਹੀ ਬਣਾਈ ਰੱਖਦੇ ਹਨ। ਮੌਜੂਦਾ ਭਗਵੇਂ ਬ੍ਰਿਗੇਡ ਦੇ ਸਿਪਾਹਸਲਾਰ ਦਾ ਇਹ ਕਹਿ ਕੇ ਚੌਰਾਹੇ 'ਚ ਮੁਖੌਟਾ ਉਤਾਰਦੇ ਹਨ ਕਿ ਜਨਾਬ ਭਾਰਤ ਨੂੰ ਸਵੱਛ ਬਣਾਉਣ ਦੇ ਤਾਂ ਸੰਘ ਪਾੜ-ਪਾੜ ਕੇ ਨਾਅਰਿਆਂ ਤਾਂ ਧੂਤੂ ਵਜਾਉਂਦੇ ਹੋ ਪਰ ਜੋ ਤੁਸੀਂ ਨਫ਼ਰਤ ਦੀ ਗੰਦਗੀ ਫੈਲਾਅ ਰਹੇ ਹੋ, ਉਸ ਦੀ ਸਫ਼ਾਈ ਕੌਣ ਕਰੇਗਾ? ਸ਼ਾਇਰ ਦੇ ਦਲਿਤ ਚਿੰਤਨ ਦਾ ਗਰਾਫ਼ ਉਤਾਂਹ ਹੀ ਜਾਂਦਾ ਹੈ ਤੇ ਕਿਤੇ ਵੀ ਝੋਲ ਨਹੀਂ ਮਾਰਦਾ। ਜਿਥੇ ਸ਼ਾਇਰ ਇਸ ਵਰਤਾਰੇ ਦੀ ਸਕੈਨਿੰਗ ਕਰਦਾ ਹੈ, ਉਤੇ ਡਾਇਗਨੋਜ ਦਾ ਨੁਸਖਾ ਲਿਖਦਿਆਂ ਕਹਿੰਦਾ ਹੈ ਕਿ ਡਾ. ਭੀਮਰਾਓ ਅੰਬੇਡਕਰ ਦੇ ਫਲਸਫ਼ੇ ਅਤੇ ਸ਼ਹੀਦ ਭਗਤ ਸਿੰਘ ਦੇ ਵਾਰਿਸ ਬਣ ਕੇ ਹੀਣ ਭਾਵਨਾ ਦਾ ਤਿਆਗ ਕਰਕੇ ਤਰਕ ਦੇ ਤੀਰਾਂ ਦੇ ਭੱਥੇ ਨਾਲ ਲੈਸ ਹੋ ਕੇ ਕੁੰਭਕਰਨੀ ਨੀਂਦ ਵਿਚੋਂ ਜਾਗੋ। ਇਸ ਆਧੁਨਿਕ ਭਾਵ ਬੋਧ ਦੀ ਕਿਆਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254

02-04-2022

 ਸਾਂਝੀ ਕੁੱਖ
ਲੇਖਕ : ਅਮੀਨ ਮਲਿਕ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 232
ਸੰਪਰਕ : 94631-70369.

ਵਿਚਾਰ ਅਧੀਨ ਨਾਵਲ ਦੀ ਸੰਖੇਪ ਫੇਬੁਲਾ ਇਸ ਪ੍ਰਕਾਰ ਹੈ। ਨਾਵਲ ਦੀ ਨਾਇਕਾ ਫ਼ਰੀਦਾ ਹੈ ਜਿਸ ਦੇ ਮਾਪੇ ਮਰ ਚੁੱਕੇ ਹਨ। ਮਾਂ ਦੇ ਮਰਨ ਤੋਂ ਪਹਿਲਾਂ ਉਹ ਸੱਤਵੀਂ 'ਚ ਪੜ੍ਹਦੀ ਸੀ। ਉਸ ਨੂੰ ਵਿਹਲੇ ਮੁੰਡੇ ਛੇੜਛਾੜ ਕਰਨ ਲੱਗੇ। ਮਾਂ ਨੇ ਇੱਜ਼ਤ ਬਚਾਉਣ ਲਈ ਕੱਚੀ ਆਬਾਦੀ ਦੀ ਧੌਂਸ ਵਾਲੀ ਰੱਖੋ ਦਾਈ ਤੋਂ ਸਹਾਇਤਾ ਮੰਗੀ। ਬਦਲੇ ਵਿਚ ਨਾਜਾਇਜ਼ ਗਰਭਾਂ ਦੀ ਭਰੂਣ ਹੱਤਿਆ ਕਰਨ ਵਾਲੀ ਰੱਖੋ ਦਾਈ ਨੇ ਆਪਣੇ ਪੁੱਤਰ ਦਾਰਾ ਟਾਂਗੇ ਵਾਲੇ ਨਾਲ ਫ਼ਰੀਦਾ ਦੀ ਸ਼ਾਦੀ ਕਰਨ ਦੀ ਮੰਗ ਰੱਖ ਦਿੱਤੀ। ਵਿਆਹ ਹੋ ਗਿਆ। ਪਰ ਦਾਰਾ ਟਾਂਗੇ ਵਾਲਾ ਦੁਰਘਟਨਾ ਵਿਚ ਮਰ ਗਿਆ। ਗਰਭਵਤੀ ਫ਼ਰੀਦਾ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਅਜੇ 7 ਦਿਨਾਂ ਦੀ ਹੀ ਸੀ, ਰੱਖੋ ਦਾਈ ਨੇ ਮਾਮੂਲੀ ਭੁੱਲ ਕਾਰਨ ਫ਼ਰੀਦਾ ਨੂੰ ਘਰੋਂ ਕੱਢਣ ਦਾ ਐਲਾਨ ਕਰ ਦਿੱਤਾ। ਫ਼ਰੀਦਾ ਨੇ ਨੇਕ ਦਿਲ ਨਣਦ ਅਮਾਨਤ ਬੀਬੀ ਦੀ ਝੋਲੀ ਬੇਟੀ ਨੂੰ ਪਾ ਕੇ ਘਰ ਛੱਡ ਦਿੱਤਾ। ਰੁਲਦੀ-ਖੁਲਦੀ ਨੂੰ ਉਸ ਨੂੰ ਚਿਰਾਗਦੀਨ ਜੀਵਨ ਸਾਥੀ ਮਿਲਿਆ। ਫ਼ਰੀਦਾ ਦੀ ਕੁੱਖੋਂ ਮੁਰਾਦ ਪੁੱਤਰ ਨੇ ਜਨਮ ਲਿਆ ਪਰ ਬਦਕਿਸਮਤੀ ਨਾਲ ਚਿਰਾਗ ਮਾਚਸ ਫੈਕਟਰੀ ਵਿਚ ਝੁਲਸ ਕੇ ਮਰ ਗਿਆ। ਫ਼ਰੀਦਾ ਨੇ ਲੋਕਾਂ ਦੇ ਗੋਲਪੁਣੇ ਕਰਕੇ ਮੁਰਾਦ ਨੂੰ ਪੜ੍ਹਾਇਆ। ਮੁਰਾਦ ਨੇ ਫਸਟ ਡਵੀਜ਼ਨ ਵਿਚ ਮੈਟ੍ਰਿਕ ਕਰਕੇ ਪਹਿਲਾਂ ਰਾਜ ਮਿਸਤਰੀ ਨਾਲ ਦਿਹਾੜੀਆਂ ਕੀਤੀਆਂ। ਬਾਅਦ ਵਿਚ ਰੇਲਵੇ ਮਹਿਕਮੇ ਵਿਚ ਕਲਰਕ ਭਰਤੀ ਹੋ ਗਿਆ। ਪਰ ਲੋੜਵੰਦਾਂ ਲਈ ਹੱਕ ਦੀ ਲੜਾਈ ਲੜਨਾ ਉਸ ਦਾ ਜੀਵਨ ਮਨੋਰਥ ਬਣ ਗਿਆ। ਦਫ਼ਤਰ ਦਾ ਰਿਸ਼ਵਤਖੋਰ ਕੈਸ਼ੀਅਰ ਪੈਨਸ਼ਨ ਲੈਣ ਆਈਆਂ ਅਤੇ ਹੋਰ ਕੰਮਾਂ ਲਈ ਆਈਆਂ ਵਿਧਵਾ ਔਰਤਾਂ ਤੋਂ ਰਿਸ਼ਵਤ ਮੰਗਦਾ ਸੀ। ਮੁਰਾਦ ਉਨ੍ਹਾਂ ਦੇ ਹੱਕਾਂ ਲਈ ਲੜਿਆ। ਦਫ਼ਤਰ ਦੀ ਸਟੈਨੋ ਬੀਬੀ ਤੋਂ ਟਾਈਪ ਰਾਈਟਰ ਟੁੱਟ ਗਿਆ। ਨਿੱਜੀ ਰੰਜਿਸ਼ ਕਾਰਨ ਵੱਡੇ ਅਫ਼ਸਰ ਜਾਵੇਦ ਵਾਸਤੀ ਨੇ ਸਟੈਨੋ ਦੀ ਤਨਖ਼ਾਹ ਕੱਟਣ ਦਾ ਆਦੇਸ਼ ਕਰ ਦਿੱਤਾ। ਮੁਰਾਦ ਨੇ ਉਸ ਨਾਲ ਵੀ ਝਗੜਾ ਕੀਤਾ। ਫਲਸਰੂਪ ਉਸ ਨੂੰ ਸਸਪੈਂਡ ਕੀਤਾ ਗਿਆ ਪਰ ਅਦਾਲਤ ਨੇ ਉਸ ਨੂੰ ਬਹਾਲ ਕਰ ਦਿੱਤਾ। ਇਸੇ ਕਥਾ ਦੀ ਰੂਪ-ਰੇਖਾ ਨੂੰ ਅਮੀਨ ਮਲਿਕ ਨੇ ਕਥਾਨਕ ਦਾ ਰੂਪ ਦੇ ਦਿੱਤਾ ਹੈ। 'ਸਾਂਝੀ ਕੁੱਖ' ਦੀ ਸਸਪੈਂਸ ਨਾਵਲ ਦੇ ਅਖੀਰ ਤੱਕ ਬਣੀ ਰਹੀ। ਅਖੀਰ ਵਿਚ ਸਸਪੈਂਸ ਖ਼ਤਮ ਹੋਈ ਜਦੋਂ ਪਤਾ ਲੱਗਾ ਸਟੈਨੋ ਲੜਕੀ (ਆਰਜ਼ੂ) ਅਤੇ ਉਸ ਦੇ ਹੱਕ ਲਈ ਲੜਨ ਵਾਲਾ 'ਮੁਰਾਦ' ਦੋਵੇਂ ਫ਼ਰੀਦਾ ਦੀ ਕੁੱਖੋਂ ਜੰਮੇ ਸਨ।
ਨਾਵਲ ਦੀਆਂ ਘਟਨਾਵਾਂ ਕਾਲਕ੍ਰਮ ਅਨੁਸਾਰ ਵਾਪਰਦੀਆਂ ਹਨ। ਚੰਗੀਆਂ ਮੰਦੀਆਂ ਘਟਨਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਪਦਲੋਪ ਅਤੇ ਮੌਕਾਮੇਲ ਉਪਲਬਧ ਹੈ। ਇਕੋ ਸਥਿਤੀ ਦੀਆਂ ਅਨੇਕਾਂ ਤੁਲਨਾਵਾਂ ਨਾਵਲਕਾਰ ਦਾ ਹਾਸਲ ਹੈ। ਜ਼ਿਆਦਾਤਰ ਭਾਵੁਕ ਅਤੇ ਸਿਆਣਪ ਭਰੇ ਸੰਵਾਦ ਮਾਂ (ਫ਼ਰੀਦਾ) ਅਤੇ ਪੁੱਤਰ 'ਮੁਰਾਦ' ਦਰਮਿਆਨ ਨਿਰੰਤਰ ਪੜ੍ਹੇ ਜਾ ਸਕਦੇ ਹਨ। ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ ਪੇਸ਼ ਹੈ। ਪੰਜਾਬੀ ਅਖਾਣ-ਮੁਹਾਵਰੇ, ਇਸਲਾਮਿਕ ਅਤੇ ਇਤਿਹਾਸਕ ਹਵਾਲੇ ਢੁਕਵੇਂ ਹਨ। ਬ੍ਰਿਤਾਂਤਕ ਰਫ਼ਤਾਰ ਤੇਜ਼ ਹੈ। ਸ਼ੈਲੀ ਰੌਚਿਕ ਹੈ। ਪਾਠਕ ਨਾਵਲ ਨੂੰ ਪੜ੍ਹਨਾ ਸ਼ੁਰੂ ਕਰਕੇ ਪੂਰਾ ਪੜ੍ਹੇ ਬਿਨਾਂ ਦਮ ਨਹੀਂ ਲੈ ਸਕਦਾ।

ਡਾ. ਧਰਮ ਚੰਦ ਵਾਤਿਸ਼
vaish.dharamchand@gmail.com

ਆਖ਼ਰੀ ਮਹਾਰਾਣੀ
ਲੇਖਿਕਾ : ਚਿਤਰਾ ਬੈਨਰਜੀ ਦਿਵਾਕਰੂਨੀ
ਅਨੁਵਾਦ : ਡਾ. ਤਰਸ਼ਿੰਦਰ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 344
ਸੰਪਰਕ : 98152-98459.

ਚਿਤਰਾ ਬੈਨਰਜੀ ਦਾ ਸ਼ੁਮਾਰ ਉਨ੍ਹਾਂ ਚੋਟੀ ਦੇ ਲੇਖਕਾਂ ਵਿਚ ਹੁੰਦਾ ਹੈ, ਜਿਨ੍ਹਾਂ ਦੀਆਂ ਪੁਸਤਕਾਂ ਹੱਥੋ-ਹੱਥ ਵਿਕ ਜਾਂਦੀਆਂ ਹਨ। ਭਾਵੇਂ ਪੂੰਜੀਵਾਦੀ ਯੁੱਗ ਵਿਚ ਇਹ ਗੁਣ-ਲੱਛਣ ਵੀ ਇਕ ਪ੍ਰਮਾਣਿਕ ਲੇਖਕ ਹੋਣ ਦਾ ਜ਼ਾਮਨ ਬਣ ਗਿਆ ਹੈ, ਪਰ ਜਦੋਂ ਪਾਠਕ ਇਸ ਨਾਵਲ ਦੀ ਟੈਕਸਟ ਵਿਚੋਂ ਗੁਜ਼ਰਨਗੇ ਤਾਂ ਉਨ੍ਹਾਂ ਨੂੰ ਲੇਖਕਾਂ ਦੀ ਅਸਾਧਾਰਨ ਕਲਪਨਾ-ਸ਼ਕਤੀ ਅਤੇ ਬਿਰਤਾਂਤ-ਜੁਗਤਾਂ ਦਾ ਸਿੱਕਾ ਮੰਨਣਾ ਪਵੇਗਾ। ਇਤਿਹਾਸਕ ਨਾਵਲਕਾਰੀ ਕਰਨਾ ਕੋਈ ਆਸਾਨ ਕਾਰਜ ਨਹੀਂ ਹੈ, ਕਿਸੇ ਵੀ ਲੇਖਕ ਨੂੰ ਇਤਿਹਾਸ ਅਤੇ ਕਲਪਨਾ ਦੀ ਤਿੱਖੀ ਧਾਰ ਉੱਪਰ ਚੱਲਣਾ ਪੈਂਦਾ ਹੈ ਅਤੇ ਚਿਤਰਾ ਬੈਨਰਜੀ ਇਸ ਚੁਣੌਤੀ ਉੱਪਰ ਖਰੀ ਉਤਰੀ ਹੈ।
ਰਾਣੀ ਜਿੰਦਾਂ ਦੀ ਸ਼ਖ਼ਸੀਅਤ ਦੇ ਆਲੇ-ਦੁਆਲੇ ਉਸਾਰੇ ਗਏ ਇਸ ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ (ਸਰਕਾਰ), ਮਹਾਰਾਣੀ ਨਕਈ, ਰਾਣੀ ਸਦਾ ਕੌਰ, ਚੰਦ ਕੌਰ, ਮਹਾਰਾਜਾ ਖੜਕ ਸਿੰਘ, ਨੌਨਿਹਾਲ ਸਿੰਘ, ਡੋਗਰੇ ਸਰਦਾਰ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਹੀਰਾ ਸਿੰਘ ਆਦਿ ਪੰਡਤ ਜੱਲ੍ਹਾ, ਜਿੰਦਾਂ ਦਾ ਸਾਧਾਰਨ ਪਰਿਵਾਰ ਉਸ ਦਾ ਪਿਤਾ ਮੰਨਾ ਸਿੰਘ ਅਤੇ ਭਰਾ ਜਵਾਹਰ ਸਿੰਘ ਦੇ ਚਰਿੱਤਰਾਂ ਦਾ ਬੜਾ ਵਿਸ਼ਵਾਸਯੋਗ ਅੰਕਣ ਕੀਤਾ ਗਿਆ ਹੈ। ਪਰ ਸ੍ਰੀਮਤੀ ਬੇਨਰਜੀ ਨੇ ਇਸ ਨਾਵਲ ਵਿਚ ਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ (ਸਿੱਖ ਰਾਜ ਦਾ ਆਖ਼ਰੀ ਮਹਾਰਾਜ) ਦੇ ਚਰਿੱਤਰ ਦਾ ਵਿਕਾਸ ਬਹੁਤ ਕੁਸ਼ਲਤਾ ਅਤੇ ਮਨੋਵਿਗਿਆਨਕ ਸੂਝ ਨਾਲ ਕੀਤਾ ਹੈ।
ਚਿਤਰਾ ਬੈਨਰਜੀ ਨੇ ਇਤਿਹਾਸਕ ਤੱਥਾਂ ਨਾਲ ਕਿਧਰੇ ਵੀ ਛੇੜਛਾੜ ਨਹੀਂ ਕੀਤੀ ਬਲਕਿ ਜਿਥੇ ਕਿਧਰੇ ਖੱਪੇ ਸਨ, ਉਨ੍ਹਾਂ ਨੂੰ ਕਲਪਨਾ ਦੁਆਰਾ ਪੂਰ ਲਿਆ ਹੈ। ਜਿੰਦਾਂ ਦਾ ਬਚਪਨ, ਮਹਾਰਾਜੇ ਨਾਲ ਉਸ ਦੀਆਂ ਮੁਢਲੀਆਂ ਮੁਲਾਕਾਤਾਂ, ਰਾਜ ਦਰਬਾਰ ਦੀਆਂ ਸਾਜਿਸ਼ਾਂ ਅਤੇ ਰਾਣੀ ਜਿੰਦਾਂ ਦੇ ਆਖਰੀ ਵਰ੍ਹਿਆਂ ਦੇ ਸਮਾਚਾਰ ਡੂੰਘੀ ਸੰਵੇਦਨਾ ਨਾਲ ਅੰਕਿਤ ਕੀਤੇ ਗਏ ਹਨ। ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਇਹ ਪੁਸਤਕ ਬੜੀ ਰੀਝ ਨਾਲ ਅਤਿਅੰਤ ਸੁੰਦਰ ਰੂਪ ਵਿਚ ਪ੍ਰਕਾਸ਼ਿਤ ਕੀਤੀ ਹੈ। ਪਾਠਕਾਂ ਲਈ ਇਹ ਕਿਸੇ ਸੌਗਾਤ ਤੋਂ ਘੱਟ ਨਹੀਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਿਰਲੱਥ ਸ਼ਹੀਦ
ਬਾਬਾ ਦੀਪ ਸਿੰਘ
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98146-26726.

ਵਿਚਾਰ-ਗੋਚਰੀ ਪੁਸਤਕ ਦੇ ਲੇਖਕ ਸੋਢੀ ਕੁਲਦੀਪ ਸਿੰਘ ਦੀ ਇਹ 6ਵੀਂ ਪੁਸਤਕ ਹੈ। ਉਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਵੀ ਧਾਰਮਿਕ ਵਿਸ਼ਿਆਂ ਬਾਰੇ ਹਨ।
ਇਸ ਪੁਸਤਕ ਦੇ ਲਿਖਣ ਦਾ ਮੁੱਖ ਮੰਤਵ, ਸਿੱਖ ਪੰਥ ਦੇ ਮਹਾਨ ਪਰਉਪਕਾਰੀ, ਵਿਦਵਾਨ ਅਤੇ ਸਿਰੜੀ ਸੂਰਮੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਅਤੇ ਲਾਸਾਨੀ ਘਾਲਣਾਵਾਂ ਬਾਰੇ ਪਾਠਕਾਂ ਨੂੰ ਠੋਸ ਜਾਣਕਾਰੀ ਦੇਣਾ ਹੈ।
ਪੁਸਤਕ ਦੇ 20 ਅਧਿਆਏ ਹਨ। ਪ੍ਰਥਮ ਲੇਖ ਵਿਚ ਬਾਬਾ ਜੀ ਦੇ ਜੀਵਨ ਬਾਰੇ ਬਿਰਤਾਂਤ ਹੈ। ਮਾਝੇ ਦੇ ਪਿੰਡ (ਪਹੂਵਿੰਡ) ਵਿਚ ਉਨ੍ਹਾਂ ਦਾ ਜਨਮ 1682 ਨੂੰ ਹੋਇਆ। ਇਸ ਅਧਿਆਏ ਦੇ ਅੰਤ 'ਤੇ ਇਕ ਛੋਟੀ ਕਵਿਤਾ ਬੜੀ ਭਾਵਪੂਰਤ ਹੈ।
ਵਿਹੜਾ ਚਮਕਿਆ ਲਟ ਲਟ
ਨੂਰ ਵਰ੍ਹਦਾ।
ਜਨਮਿਆ ਦੀਪ ਸਿੰਘ,
ਸਰਦਾਰ ਸੂਰਾ। (ਪੰਨਾ 11)
ਦੂਜੇ ਲੇਖ ਦਾ ਉਨਵਾਨ ਹੈ 'ਦਰਸ ਦੀਦਾਰੇ'। ਇਸ ਵਿਚ ਬਾਲਕ ਦੀਪ ਸਿੰਘ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਲਾਪ ਦਾ ਵੇਰਵਾ ਹੈ। ਸ੍ਰੀ ਅਨੰਦਪੁਰ ਸਾਹਿਬ 'ਅੰਮ੍ਰਿਤਪਾਨ', 'ਸਾਬੋ ਕੀ ਤਲਵੰਡੀ', 'ਬੰਦਾ ਬਹਾਦਰ ਵੇਲੇ', 'ਬਹਾਦਰ ਸ਼ਾਹ ਦਾ ਪੰਜਾਬ ਆਉਣਾ', 'ਸ਼ਹੀਦੀ ਜਥੇ ਦੀਆਂ ਜਿੱਤਾਂ', 'ਫ਼ਰੁਖ਼ਸੀਅਰ ਦੀ ਸਿੰਘਾਂ 'ਤੇ ਸਖ਼ਤੀ, 'ਛੋਟਾ ਘੱਲੂਘਾਰਾ', 'ਕਿਲ੍ਹਾ ਰਾਮ ਰਾਉਣੀ', 'ਮਿਸਾਲ ਪ੍ਰਬੰਧ', 'ਮਿਸਲ ਸ਼ਹੀਦਾਂ (ਜਿਸ ਦੇ ਬਾਨੀ ਬਾਬਾ ਦੀਪ ਸਿੰਘ ਜੀ ਸਨ), 'ਮੋੜੀਂ ਬਾਬਾ', 'ਸਰੋਵਰ ਦੀ ਬੇਅਦਬੀ', 'ਸ਼ਹੀਦੀ ਲਾੜੇ', 'ਮੈਦਾਨੇ-ਜੰਗ', 'ਸੀਸ ਤਲੀ 'ਤੇ', ਪੁਸਤਕ ਦੇ ਹੋਰ ਲੇਖ ਹਨ। ਹਰੇਕ ਲੇਖ ਵਿਚ ਵਡਮੁੱਲੀ ਜਾਣਕਾਰੀ, ਹਰ ਘਟਨਾ ਦਾ ਤਾਰੀਖ਼ਵਾਰ ਵੇਰਵਾ, ਕਾਵਿਕ ਰਚਨਾਵਾਂ, ਗੁਰਬਾਣੀ ਦੇ ਢੁਕਵੇਂ ਪ੍ਰਮਾਣ ਅਤੇ ਇਤਿਹਾਸਕ ਹਵਾਲੇ ਦਰਜ ਹਨ, ਜਿਹੜੇ ਪੁਸਤਕ ਨੂੰ ਹੋਰ ਪੁਖਤਾ ਬਣਾਉਂਦੇ ਹਨ। ਅੰਤਿਮ ਲੇਖ ਹੈ 'ਬਾਬਾ ਦੀਪ ਸਿੰਘ ਜੀਵਨ ਆਦਰਸ਼'। ਬਾਬਾ ਜੀ ਦੇ ਪਿੰਡ ਬਾਰੇ ਵਿਦਵਾਨਾਂ ਵਿਚ ਕੁਝ ਮਤਭੇਦ ਹਨ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਉਨ੍ਹਾਂ ਦਾ ਗੋਤ ਸੰਧੂ, ਜਦ ਕਿ ਭਾਈ ਕਾਹਨ ਸਿੰਘ ਨਾਭਾ ਨੇ 'ਖਰ੍ਹਾ' ਲਿਖਿਆ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਬੇਹੁਰਮਤੀ ਨੂੰ ਰੋਕਣ ਲਈ ਉਨ੍ਹਾਂ ਵਲੋਂ ਰਣਤੱਤੇ ਵਿਚ ਸੀਸ ਤਲੀ 'ਤੇ ਰੱਖ ਕੇ ਦਿੱਤੀ ਕੁਰਬਾਨੀ ਦੀ ਮਿਸਾਲ ਭਾਲਣੀ, ਮੁਸ਼ਕਿਲ ਹੈ। ਸੂਰਮੇ ਹੋਣ ਦੇ ਨਾਲ-ਨਾਲ ਬਾਬਾ ਜੀ ਮਹਾਨ ਵਿਦਵਾਨ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕਈ ਉਤਾਰੇ ਦਮਦਮਾ ਸਾਹਿਬ ਵਿਖੇ ਕੀਤੇ।
ਖੱਬੇ ਹੱਥ ਸੀ ਸੀਸ, ਸੱਜੇ ਤੇਗ਼।
ਆਹੂ ਜ਼ੁਲਮਾਂ ਦੇ ਲਾਹੁਣਾ ਏ।
ਬਾਬੇ ਹਰਿਮੰਦਰ ਜਾ, ਸੀਸ ਭੇਟ ਚੜ੍ਹਾਉਣਾ ਏ।
(ਪੰਨਾ 112)
ਪੁਸਤਕ ਵਡਮੁੱਲੀ ਰਚਨਾ ਹੈ।

ਤੀਰਥ ਸਿੰਘ ਢਿੱਲੋਂ
ਮੋ: 73407-51710

c c c
ਲੋਅ
ਲੇਖਕ : ਡਾ. ਸੁਰਜੀਤ ਚੰਦਰ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98880-81547.

ਹਥਲੇ ਕਾਵਿ ਸੰਗ੍ਰਹਿ 'ਲੋਅ' ਦੇ ਲੇਖਕ ਡਾ. ਸੁਰਜੀਤ ਚੰਦਰ ਨੇ ਇਸ ਸੰਗ੍ਰਹਿ 'ਚ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਛੋਹਿਆ ਹੈ। ਇਨ੍ਹਾਂ ਕਾਵਿ-ਰਚਨਾਵਾਂ 'ਚ ਸਮੇਂ ਦਾ ਹਾਕਮਾਂ ਖ਼ਿਲਾਫ਼ ਜੂਝਣ ਦਾ ਜਜ਼ਬਾ ਹੈ, ਭ੍ਰਿਸ਼ਟ ਨਿਜ਼ਾਮ ਨੂੰ ਬਦਲਣ ਦਾ ਸੰਕਲਪ ਹੈ। ਕਵੀ ਧਰਮ-ਨਿਰਪੱਖਤਾ ਦਾ ਹਾਮੀ ਹੈ ਅਤੇ ਸਰਬੱਤ ਦਾ ਭਲਾ ਲੋਚਦਾ ਹੈ। ਭ੍ਰਿਸ਼ਟ ਸਿਸਟਮ ਉਸ ਦਾ ਹਿਰਦਾ ਵਲੂੰਧਰਦਾ ਹੈ। ਉਸ ਦੀ ਕਵਿਤਾ ਮੁੜ ਜੀਣ ਦੇ ਅਰਥ ਲੱਭਦੀ ਪ੍ਰਤੀਤ ਹੁੰਦੀ ਹੈ। ਕਵੀ ਕੁਦਰਤ ਦੇ ਕਾਦਰ ਨੂੰ ਸਿਜਦਾ ਕਰਦਾ ਆਖਦਾ ਹੈ :
ਹੁਣ ਮਨ ਕਰਦਾ ਹੈ
ਕਿਤੇ ਦੂਰ ਚਲਾ ਜਾਵਾਂ
ਕੁਦਰਤ ਦੀ ਗੋਦੀ ਜਾ ਬਹਾਂ
ਤੇ ਕਾਦਰ ਦੇ ਗੁਣ ਗਾਵਾਂ। (ਪੰਨਾ : 64)
ਲੇਖਕ ਜਾਤਾਂ-ਪਾਤਾਂ, ਧਰਮਾਂ ਦੇ ਝੇੜੇ ਛੱਡ, ਤੰਗ ਸੋਚਾਂ ਨੂੰ ਤਿਲਾਂਜਲੀ ਦੇਣ ਦਾ ਹਾਮੀ ਅਤੇ ਸਰਬ-ਸਾਂਝੀਵਾਲਤਾ ਦਾ ਮੁਦੱਈ ਹੈ। ਕਵੀ ਅਨੁਸਾਰ ਅੱਜਕਲ੍ਹ ਹਰ ਚਿਹਰਾ ਦੁਮੂੰਹਾ ਹੈ, ਜੋ ਕਿ ਇਕ ਪਲ ਸੱਜਣ ਹੈ ਅਤੇ ਦੂਜੇ ਪਲ ਠੱਗ। ਲੇਖਕ ਮਾਂ-ਬੋਲੀ ਦੇ ਸੱਚੇ ਸਪੂਤ ਵਜੋਂ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਅਤੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਹੋਕਾ ਦਿੰਦਾ ਆਖਦਾ ਹੈ :
ਰੜਕ, ਮੜਕ ਤੇ ਗੜਕ
ਮਾਂ ਬੋਲੀ ਹੀ ਸਿਖਾ ਸਕਦੀ ਹੈ
ਆ ਵਿਰਸਾ ਸੰਭਾਲੀਏ
ਮਾਂ ਬੋਲੀ ਦੇ ਸ਼ਬਦਾਂ ਨਾਲ ਗੁੰਦਾਈਏ।
(ਪੰਨਾ : 112)
ਲੇਖਕ ਅਜੋਕੇ ਯੁੱਗ 'ਚ ਅਪਰਾਧ, ਅਗਵਾਹ, ਫਿਰੌਤੀਆਂ, ਕਤਲੋਗਾਰਤ ਵਰਗੀਆਂ ਦਿਲ ਕੰਬਾਊ ਘਟਨਾਵਾਂ ਤੋਂ ਖੌਫ਼ਜ਼ਦਾ ਜ਼ਰੂਰ ਹੈ ਪ੍ਰੰਤੂ ਅਜੇ ਵੀ ਰਾਮ ਰਾਜ ਦਾ ਆਸਵੰਦ ਹੈ। ਇਸ ਸੰਗ੍ਰਹਿ 'ਚ ਜ਼ਿਆਦਾਤਾਰ ਖੁੱਲ੍ਹੀਆਂ ਕਵਿਤਾਵਾਂ ਹਨ ਅਤੇ ਕੁਝ ਲੈਅਬੱਧ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਦੀਆਂ ਕਾਵਿ-ਰਚਨਾਵਾਂ 'ਚ ਬੌਧਿਕ ਗਹਿਰਾਈ ਵੀ ਹੈ ਅਤੇ ਅਰਥ-ਭਰਪੂਰ ਹੋਣ ਕਰਕੇ ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਡਾ. ਰਛਪਾਲ ਸਿੰਘ ਬਾਲੀ
ਦਾ ਨਾਵਲੀ ਸੰਸਾਰ
ਸੰਪਾਦਕ : ਡਾ. ਸਤਵੰਤ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 98729-91780.

ਹਥਲੀ ਪੁਸਤਕ ਜੰਮੂ-ਕਸ਼ਮੀਰ ਰਿਆਸਤੀ ਖੇਤਰ ਦੇ ਪਰਮ ਪਿਆਰੇ ਅਤੇ ਉਸ ਖੇਤਰ ਦੇ ਮੋਢੀ ਨਾਵਲਕਾਰ ਦੇ 13 ਨਾਵਲਾਂ ਦਾ ਵਿਸਤਰਿਤ ਅਧਿਐਨ ਪੇਸ਼ ਕਰਦੀ ਹੈ। ਇਸ ਲੇਖਕ ਦੇ ਪਹਿਲੇ ਨਾਵਲ ਪੀਡੀਆਂ ਨਾੜਾਂ ਨੇ ਹੀ ਪੰਜਾਬੀ ਨਾਵਲੀ ਜਗਤ ਵਿਚ ਭਾਈ ਵੀਰ ਸਿੰਘ ਰਚਿਤ ਨਾਵਲਾਂ ਤੋਂ ਅਗਾਂਹ ਦੀ ਨਾਵਲੀ ਸਿਰਜਣਾ ਦਾ ਬੋਧ ਕਰਵਾ ਦਿੱਤਾ ਸੀ। ਇਸ ਉਪਰੰਤ ਇਸ ਨਾਵਲਕਾਰ ਦੁਆਰਾ ਰਚਿਤ ਹੋਰ ਨਾਵਲ ਸੱਲਾਂ, ਵਾਪਸੀ, ਹਾਏ ਨੀ ਮਾਏ ਮੇਰੀਏ, ਹਿਸਟੀਰੀਆ, ਬਾਵਰੀ, ਚਾਹਤ, ਮਹੂਆ, ਸੁਨੇਹੜੇ, ਮਿੱਟੀ ਦੀ ਸਾਂਝ, ਆਤਮ ਗਿਆਨ, ਦੀਦੇ ਅਤੇ ਖਾਲੀ ਖੇਤ ਹਨ। ਜਿਨ੍ਹਾਂ ਬਾਬਤ ਇਸ ਪੁਸਤਕ ਵਿਚ ਗੰਭੀਰ ਅਧਿਐਨ ਪੇਸ਼ ਕੀਤਾ ਗਿਆ ਹੈ ਅਤੇ ਵਿਭਿੰਨ ਆਲੋਚਕਾਂ ਵਲੋਂ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ ਕਿ ਪੰਜਾਬੀ ਸਾਹਿਤ ਦੇ ਪਾਰਖੂਆਂ ਵਲੋਂ ਡਾ. ਰਛਪਾਲ ਸਿੰਘ ਬਾਲੀ ਵਰਗੇ ਨਾਵਲਕਾਰ ਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਹੈ।
ਇਸ ਨਾਵਲਕਾਰ ਦੇ ਰਚਨਾਤਮਿਕ ਵਿਵੇਕ ਨੂੰ, ਡਾ. ਸਰਵਨ ਸਿੰਘ ਪਰਦੇਸੀ, ਡਾ. ਸੁਖਵਿੰਦਰ ਸਿੰਘ, ਡਾ. ਗੁਰਚਰਨ ਸਿੰਘ ਗੁਲਸ਼ਨ, ਕੰਵਲ ਕਸ਼ਮੀਰੀ, ਅਜੀਤ ਸਿੰਘ ਮਸਤਾਨਾ, ਇਛੂਪਾਲ ਸਿੰਘ, ਰਤਨ ਸਿੰਘ ਕੰਵਲ, ਡਾ. ਰੁਪਿੰਦਰਜੀਤ ਗਿੱਲ, ਡਾ. ਸਤਵੰਤ ਸਿੰਘ, ਬਲਦੇਵ ਸਿੰਘ ਪੰਛੀ, ਆਰ. ਐਸ. ਰਾਜਨ ਅਤੇ ਡਾ. ਹਰਭਜਨ ਸਿੰਘ ਨੇ ਗੰਭੀਰਤਾ ਨਾਲ ਵਿਚਾਰਦਿਆਂ ਹੋਇਆਂ ਸਾਬਤ ਕੀਤਾ ਹੈ ਕਿ ਡਾ. ਬਾਲੀ ਜੰਮੂ ਕਸ਼ਮੀਰ ਦੀ ਰਿਆਸਤ ਦੇ ਲੋਕਾਂ ਦੇ ਜਨਜੀਵਨ ਨੂੰ, ਉਨ੍ਹਾਂ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਤੀ ਨੂੰ ਤਾਂ ਖੂਬ ਸਮਝਦਾ ਹੀ ਹੈ ਅਤੇ ਨਾਲ-ਨਾਲ ਉਨ੍ਹਾਂ ਦੀ ਨੈਤਿਕਤਾ ਅਤੇ ਸੰਕਟਕਾਲੀਨ ਸਥਿਤੀਆਂ ਦਾ ਵੀ ਨਿਰੂਪਣ ਕਰਦਾ ਹੈ। ਇਨ੍ਹਾਂ ਆਲੋਚਕਾਂ ਨੇ ਇਹ ਵੀ ਸਾਬਤ ਕੀਤਾ ਹੈ ਕਿ ਡਾ. ਬਾਲੀ ਆਪਣੇ ਉਕਤ ਨਾਵਲਾਂ ਵਿਚ ਦਰਸਾਏ ਪਾਤਰਾਂ ਦੀ ਮਾਨਸਿਕਤਾ ਵੀ ਪੇਸ਼ ਕਰਦਾ ਹੈ ਅਤੇ ਘਰੇਲੂ ਜੀਵਨ ਸ਼ੈਲੀ ਦੀ ਵੀ ਪੇਸ਼ਕਾਰੀ ਕਰਦਾ ਹੈ।
ਉਕਤ ਵਿਦਵਾਨਾਂ ਦੇ ਵਿਚਾਰਾਂ ਦੀ ਸਹਿਮਤੀ ਇਸ ਗੱਲ ਵਿਚ ਵੀ ਸਾਹਮਣੇ ਆਈ ਹੈ ਕਿ ਡਾ. ਬਾਲੀ ਪੰਜਾਬੀ ਅਤੇ ਪੰਜਾਬੀਅਤ ਦੇ ਮੂਲ ਵਿਧਾਨ ਨੂੰ ਰਿਆਸਤੀ ਖੇਤਰ ਵਿਚ ਪ੍ਰਜਵਲਤ ਕਰਨ ਵਾਲਾ ਇਕ ਉੱਘਾ ਨਾਵਲਕਾਰ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਸਿੱਖ ਇਨਕਲਾਬ ਦਾ ਫਲਸਫਾ
ਜਪੁਜੀ
ਲੇਖਕ : ਡਾ. ਕਮਲਜੀਤ ਸਿੰਘ ਟਿੱਬਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 168
ਸੰਪਰਕ : 98554-70128.

ਸ੍ਰੀ ਜਪੁਜੀ ਸਾਹਿਬ ਇਕ ਅਨੂਠੀ, ਅਨੂਪਮ, ਸ਼ਾਹਕਾਰ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਜਪੁਜੀ ਸਾਹਿਬ ਜੀ ਦੀ ਹੀ ਵਿਆਖਿਆ ਹਨ। ਇਸ ਮਹਾਨ ਬਾਣੀ ਨੂੰ ਪੜ੍ਹਨਾ, ਸੁਣਨਾ, ਗਾਉਣਾ, ਮੰਨਣਾ, ਕਮਾਉਣਾ ਅਤੇ ਵਿਚਾਰ ਕੇ ਇਸ ਅਨੁਸਾਰ ਜੀਵਨ ਢਾਲਣਾ ਕਿਸੇ ਵਡਭਾਗੀ ਦੇ ਹਿੱਸੇ ਆਉਂਦਾ ਹੈ। ਇਹ ਬਾਣੀ ਸਾਡੇ ਰਾਹ ਰੁਸ਼ਨਾਉਂਦੀ, ਸਚਿਆਰ ਬਣਾਉਂਦੀ ਅਤੇ ਜੀਵਨ-ਜਾਚ ਸਿਖਾਉਂਦੀ ਹੈ।
ਅੱਜ ਤੱਕ ਸਭ ਤੋਂ ਵੱਧ ਟੀਕੇ ਸ੍ਰੀ ਜਪੁਜੀ ਸਾਹਿਬ ਦੇ ਹੋਏ ਹਨ। ਲੇਖਕ ਨੇ ਆਪਣੀ ਬੁੱਧ, ਮੱਤ ਅਤੇ ਅਨੁਭਵ ਅਨੁਸਾਰ ਇਸ ਵਿਲੱਖਣ ਬਾਣੀ ਦੇ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਧੁਰ ਦੀ ਬਾਣੀ ਦੀ ਵਿਆਖਿਆ ਕਰਨੀ ਮਨੁੱਖੀ ਮਨ ਦੇ ਵੱਸ ਨਹੀਂ ਹੈ। ਅਕੱਥ ਨੂੰ ਕਥਿਆ ਨਹੀਂ ਜਾ ਸਕਦਾ। ਇਹ ਸ਼ਬਦਾਂ ਤੋਂ ਪਾਰ ਦੀ ਗੱਲ ਹੈ, ਫਿਰ ਵੀ ਵਿਦਵਾਨ ਲਿਖਾਰੀ ਨੇ ਸ੍ਰੀ ਜਪੁਜੀ ਸਾਹਿਬ ਨੂੰ ਨਵੇਂ ਮੁਹਾਵਰੇ ਵਿਚ ਅਰਥਾਉਣ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਚਿਆਰੀ ਜੀਵਨ-ਜਾਚ ਨੂੰ ਅਮਲੀ ਤੌਰ 'ਤੇ ਜਿਉ ਕੇ ਵਿਖਾਇਆ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬੇਗਮਪੁਰਾ ਅਤੇ ਹਲੇਮੀ ਰਾਜ ਦੀਆਂ ਸੁਤੰਤਰ ਝਲਕਾਂ ਦਿਖਾਈਆਂ। ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਜਪੁਜੀ ਸਾਹਿਬ ਨੂੰ ਧਿਆ ਕੇ ਅਤੇ ਜਿਉਂ ਕੇ ਮਨੁੱਖ ਹਨੇਰੇ ਤੋਂ ਚਾਨਣ, ਗੁਲਾਮੀ ਤੋਂ ਆਜ਼ਾਦੀ, ਕੂੜ ਤੋਂ ਸੱਚ ਵਿਚ ਆ ਟਿਕਦਾ ਹੈ। ਇਸ ਵਿਚ ਸੱਚ ਦੀ ਸੱਚੀ ਪਾਤਸ਼ਾਹੀ ਦੀਆਂ ਝਲਕਾਂ ਹਨ। ਸਰਬੱਤ ਦੇ ਭਲੇ ਦਾ ਆਦਰਸ਼ ਅਤੇ ਕੁਦਰਤ ਕਾਦਰ ਦਾ ਇਸ਼ਕ ਹੈ। ਇਹ ਹਕੀਕੀ ਸੁੰਦਰਤਾ ਦਾ ਅਥਾਹ ਭੰਡਾਰ, ਗਿਆਨ ਦਾ ਮਹਾਂਸਾਗਰ ਅਤੇ ਸਚਿਆਰਤਾ ਦਾ ਭੰਡਾਰ ਹੈ। ਇਸ 'ਤੇ ਅਮਲ ਕੀਤਿਆਂ ਵਰਤਮਾਨ ਸੰਵਰਦਾ ਅਤੇ ਭਵਿੱਖ ਉੱਸਰਦਾ ਹੈ। ਇਸ ਦੀ ਪ੍ਰੇਰਨਾ ਨਿਆਸਰਿਆਂ ਦਾ ਆਸਰਾ ਬਣਦੀ ਹੈ। ਇਹ ਸਾਨੂੰ ਡੂੰਘੀ ਨੀਂਦ ਵਿਚੋਂ ਜਗਾ ਤੇ ਆਪਣੇ ਅਸਲੇ ਪ੍ਰਤੀ ਸੁਚੇਤ ਕਰਦੀ ਹੈ। ਲੇਖਕ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਹਰ ਅਧਿਆਇ ਦੇ ਅੰਤ 'ਤੇ ਕਾਵਿਕ ਟੂਕਾਂ ਨਾਲ ਸ਼ਿੰਗਾਰਿਆ ਹੈ। ਇਹ ਇਕ ਵਧੀਆ ਉਪਰਾਲਾ ਹੈ। ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

27-03-2022

 ਧਰਮ-ਯੁੱਧ ਮੋਰਚਾ
(ਮਤਾ ਅਨੰਦਪੁਰ ਸਾਹਿਬ ਬਨਾਮ ਸ਼੍ਰੋਮਣੀ ਅਕਾਲੀ ਦਲ)
ਲੇਖਕ : ਹਰਵਿੰਦਰ ਸਿੰਘ ਖ਼ਾਲਸਾ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 254
ਸੰਪਰਕ : 98155-33725.


ਸ. ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ) ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਧਰਮ-ਯੁੱਧ ਮੋਰਚੇ ਦੇ ਇਤਿਹਾਸ ਅਤੇ ਇਸ ਮੋਰਚੇ ਨਾਲ ਜੁੜੇ ਮਹੱਤਵਪੂਰਨ ਵੇਰਵਿਆਂ ਦਾ ਸਟੀਕ ਵਰਨਣ ਕੀਤਾ ਹੈ। ਪੁਸਤਕ ਦੇ ਮੁੱਢ ਵਿਚ ਉਹ ਬੜਾ ਵਾਜਬ ਗਿਲਾ ਵੀ ਕਰਦਾ ਹੈ ਕਿ ਸਿੱਖ ਕੌਮ ਆਪਣਾ ਸ਼ਾਨਾਮੱਤਾ ਇਤਿਹਾਸ ਬਣਾ ਤਾਂ ਲੈਂਦੀ ਹੈ ਪਰ ਇਸ ਨੂੰ ਸਾਂਭਣ-ਸਹੇਜਣ ਲਈ ਵਿਸ਼ੇਸ਼ ਉੱਦਮ ਨਹੀਂ ਕਰਦੀ। ਇਸੇ ਕਮਜ਼ੋਰੀ ਨੂੰ ਦੂਰ ਕਰਨ ਲਈ ਉਸ ਨੇ ਇਹ ਇਤਿਹਾਸਕ ਪੁਸਤਕ ਲਿਖੀ ਹੈ, ਜਿਸ ਵਿਚ 4 ਅਗਸਤ, 1982 ਨੂੰ ਸ਼ੁਰੂ ਹੋਏ ਧਰਮ-ਯੁੱਧ ਮੋਰਚੇ ਦਾ ਇਤਿਹਾਸ ਕਲਮਬੱਧ ਕੀਤਾ ਗਿਆ ਹੈ।
ਇਸ ਮੋਰਚੇ ਦੀ ਪਿੱਠਭੂਮੀ ਵਿਚ ਸ੍ਰੀਮਤੀ ਇੰਦਰਾ ਗਾਂਧੀ ਵਲੋਂ 25 ਜੂਨ, 1975 ਨੂੰ ਲਗਾਈ ਐਮਰਜੈਂਸੀ ਦਾ ਵੀ ਵਰਨਣ ਹੈ, ਜਦੋਂ ਆਪਣੀ ਗੱਦੀ ਬਚਾਉਣ ਲਈ ਉਸ ਨੇ ਤਾਨਾਸ਼ਾਹੀ ਰਵੱਈਆ ਧਾਰਨ ਕਰ ਲਿਆ ਸੀ। ਐਮਰਜੈਂਸੀ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਬਹੁਤ ਸਾਰੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੰਵਿਧਾਨਕ ਕਦਰਾਂ-ਕੀਮਤਾਂ ਦਾ ਏਨੇ ਨੰਗੇ-ਚਿੱਟੇ ਰੂਪ ਵਿਚ ਅਪਮਾਨ ਆਜ਼ਾਦ ਭਾਰਤ ਵਿਚ ਇਸ ਤੋਂ ਬਿਨਾਂ ਹੋਰ ਕਦੇ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਲਗਾਤਾਰ 19 ਮਹੀਨੇ ਮੋਰਚਾ ਚਲਾਇਆ। 1977 ਦੀਆਂ ਲੋਕ ਸਭਾ ਚੋਣਾਂ ਵਿਚ ਇੰਦਰਾ ਗਾਂਧੀ ਹਾਰ ਗਈ। ਕੇਂਦਰ ਵਿਚ ਜਨਤਾ ਪਾਰਟੀ ਦੀ ਸਰਕਾਰ ਬਣੀ, ਜੋ 20 ਜੂਨ, 1977 ਤੋਂ 17 ਫਰਵਰੀ, 1980 ਤੱਕ ਚੱਲੀ। ਇਸੇ ਦੌਰਾਨ '1978 ਵਿਚ ਵਿਸਾਖੀ ਵਾਲੇ ਦਿਨ, ਨਿਰੰਕਾਰੀ ਸਾਕੇ ਦੌਰਾਨ 13 ਸਿੰਘ ਸ਼ਹੀਦੀ ਪਾ ਗਏ।' (ਪੰਨਾ 29)।
ਇਸ ਉਪਰੰਤ ਘਟਨਾਵਾਂ ਦਾ ਇਕ ਲੰਮਾ ਅਤੇ ਜੋਸ਼ੀਲਾ ਸਿਲਸਿਲਾ ਚੱਲਿਆ ਤੇ 1984 ਵਿਚ ਦਰਬਾਰ ਸਾਹਿਬ ਦੀ ਬੇਅਦਬੀ, ਇੰਦਰਾ ਗਾਂਧੀ ਦੀ ਹੱਤਿਆ ਅਤੇ ਸਿੱਖ ਕੌਮ ਦੇ ਵਿਆਪਕ ਨਰਸੰਘਾਰ ਤੱਕ ਜਾ ਪਹੁੰਚਿਆ। ਸ. ਖ਼ਾਲਸਾ ਨੇ 1975 ਤੋਂ ਲੈ ਕੇ 1984 ਤੱਕ ਦੇ ਲਹੂ-ਲੁਹਾਣ ਇਤਿਹਾਸ ਨੂੰ ਬੜੀ ਸੰਜੀਦਗੀ ਅਤੇ ਸਚਾਈ ਨਾਲ ਇਸ ਪੋਥੀ ਵਿਚ ਅੰਕਿਤ ਕੀਤਾ ਹੈ। ਲੇਖਕ ਇਕ ਸਮਰਪਿਤ ਵਿਅਕਤੀ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਅਗਨ ਕੁੰਡ ਦਾ ਕਰਣ ਦੁਆਰ

ਲੇਖਕ : ਸੁਰਜੀਤ ਸੁਮਨ
ਪ੍ਰਕਾਸ਼ਕ : ਪਰਵਾਜ਼ ਪਬਲੀਕੇਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98144-30874.


ਸ਼ਾਇਰ ਸੁਰਜੀਤ ਸੁਮਨ ਹਥਲੀ ਕਾਵਿ-ਪੁਸਤਕ 'ਅਗਨ ਕੁੰਡ ਦਾ ਕਰਨ ਦੁਆਰ' ਤੋਂ ਪਹਿਲਾਂ 'ਮਾਏ ਮੇਰਾ ਦਿਲ ਕੰਬਿਆ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਵਾਕਿਆ ਹੀ ਵੱਖਰੇ ਬੌਧਿਕ ਮੁਹਾਵਰੇ ਦਾ ਕਵੀ ਹੈ। ਸ਼ਾਇਰ ਡਾ. ਮਨਮੋਹਨ ਠੀਕ ਹੀ ਤਾਂ ਕਹਿੰਦਾ ਹੈ ਕਿ ਵੱਖਰੀ ਤਰ੍ਹਾਂ ਲਿਖੋ, ਜੇ ਅਜੇ ਤੱਕ ਵੱਖਰੇ ਨਹੀਂ ਹੋਏ ਤਾਂ ਵੱਖਰੇ ਹੋਣ ਤੱਕ ਦੀ ਉਡੀਕ ਕਰੋ। ਸ਼ਾਇਰ ਨੇ ਇਤਿਹਾਸ ਮਿਥਿਹਾਸ ਦਾ ਮੰਥਨ ਕਰਕੇ ਮਿੱਥ ਨੂੰ ਪੁਨਰ-ਸਿਰਜਣ ਦੀ ਜੁਗਤ ਨਾਲ ਸਮਕਾਲੀ ਪ੍ਰਸਥਿਤੀਆਂ ਨਾਲ ਦਸਤਪੰਜਾ ਲਿਆ ਹੈ ਤੇ ਇਸ ਮਿੱਥ ਨੂੰ ਪੁਨਰ-ਸਿਰਜਣ ਨਾਲ ਮੰਤਰ ਸੱਤਯਮ, ਸ਼ਿਵਮ, ਸੁੰਦਰਮ ਦੇ ਮੰਤਰ ਨਾਲ ਕਾਵਿ ਧਰਮ ਦੀ ਲੱਜ ਪਾਲੀ ਹੈ। ਉਸ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਦੇ ਸਵੈ-ਕਥਨ ਤੋਂ ਸਪੱਸ਼ਟ ਹੋ ਜਾਂਦੀ ਹੈ, ਉਸ ਦੀ ਬੀਬੀ (ਮਾਤਾ) ਨੇ ਪਰੋਮੀਥੀਅਨ ਸਿਰੜ ਨਾਲ 'ਮਿਥ ਆਫ ਸਿਸੀਫਸ' ਦੀ ਗਾਥਾ ਨੂੰ ਵੀ ਪੁਨਰ ਸਿਰਜਤ ਕੀਤਾ ਹੈ। ਉਹ ਕਹਿੰਦਾ ਹੈ ਕਿ ਅੱਜ ਦੇ ਕੁਰੂਕੁਸ਼ੇਤਰ ਦੇ ਮੈਦਾਨ 'ਚ ਕੁੱਦਣ ਲਈ ਕਿਸੇ ਕ੍ਰਿਸ਼ਨ ਦੀ ਸਲਾਹ ਤੇ ਦੁਬਿਧਾ ਦੇ ਚੱਕਰਵਿਊ ਵਿਚ ਨਹੀਂ ਪੈਣਾ ਤੇ ਕਰਨ ਵਾਂਗ ਨੰਗੇ ਧੜ ਲੜਨਾ ਪੈਣਾ ਹੈ। ਕੋਰੋਨਾ ਕਾਲ ਦੀ ਬੜੀ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਦੱਸਿਆ ਕਿ ਕਿਵੇਂ ਆਪਣੇ ਘਰਾਂ ਨੂੰ ਪਰਤਣ ਲਈ ਪੈਰਾਂ ਦੇ ਛਾਲਿਆਂ ਦੀ ਪੀੜ ਨਾਲ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕੀਤਾ ਤੇ ਗਰਭਵਤੀ ਮਹਿਲਾਵਾਂ ਨੇ ਰੇਲਵੇ ਲਾਈਨਾਂ 'ਤੇ ਹੀ ਪਰਸੂਤੀ ਪੀੜਾ ਸਹਿ ਕੇ ਆਪਣੇ ਹੀ ਦੇਸ਼ ਵਿਚ ਪਰਦੇਸੀ ਹੋਣ ਦਾ ਦਰਦ ਹੰਢਾਇਆ ਹੈ। ਸੱਤਾ ਦੇ ਗਲਿਆਰਿਆਂ ਨੂੰ ਕੋਰੋਨਾ ਦਾ ਭੈਅ ਦਿਖਾਉਣਾ ਉਨ੍ਹਾਂ ਦੇ ਹੱਕ ਵਿਚ ਭੁਗਤਦਾ ਹੈ। ਸ਼ਾਇਰ ਉਨ੍ਹਾਂ ਹਵਸ਼ੀ ਦਰਿੰਦਿਆਂ ਤੇ ਲਾਹਨਤਾਂ ਦੀ ਵਾਛੜ ਮਾਰਦਾ ਹੈ ਜੋ ਬੇਵੱਸ ਤੇ ਮਜਬੂਰ ਬਾਲੜੀਆਂ ਦਾ ਰੇਪ ਕਰਨ ਨੂੰ ਇਕ ਸ਼ੁਗਲ ਤੋਂ ਵੱਖ ਕੁਝ ਨਹੀਂ ਸਮਝਦੇ। ਉਹ ਅਗਨ ਪ੍ਰੀਖਿਆ ਲਈ ਅੱਜ ਦੀ ਸੀਤਾ ਅਤੇ ਚੀਰ ਹਰਨ ਕਰਾਉਣ ਵਾਲੀ ਅੱਜ ਦੀ ਦਰੋਪਤੀ ਨੂੰ ਅਗਾਊਂ ਜਾਗਰੂਕ ਕਰਦਾ ਹੈ। ਕਿਸਾਨੀ ਅੰਦੋਲਨ ਦੀ ਸਮੀਖਿਆ ਕਰਦਿਆਂ ਸ਼ਾਇਰ ਸਪੱਸ਼ਟ ਕਰਦਾ ਹੈ ਕਿ ਅੱਜ ਦੀ ਭਗਵੇਂ ਬ੍ਰਿਗੇਡ ਦੀ ਸਰਕਾਰ ਕਿਵੇਂ ਕਾਰਪੋਰੇਟ ਸੈਕਟਰ ਦੇ ਰੀਮੋਟ ਕੰਟਰੋਲ ਨਾਲ ਚੱਲ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਤੇ ਘਸਿਆਰੇ ਬਣਾਉਣ ਦੀਆਂ ਗੋਂਦਾਂ ਗੁੰਦ ਰਹੀ ਹੈ। ਪਰ ਅੱਜ ਦਾ ਜਾਗਰੂਕ ਬੰਦਾ ਸਮਕਾਲੀ ਪ੍ਰਸਥਿਤੀਆਂ ਨਾਲ ਦਸਤਪੰਜਾ ਲੈ ਕੇ ਕਰਨ ਦੁਆਰ ਦੀ ਅਗਨ ਕੁੰਡ ਦੀ ਪੁਰਸਲਾਤ ਤੋਂ ਪਾਰ ਹੋ ਜਾਏਗਾ। ਸ਼ਾਇਰ ਦੇ ਕਾਵਿ-ਸ਼ਿਲਪ, ਕਾਵਿ-ਚਿੰਤਨ ਅਤੇ ਆਧੁਨਿਕ ਭਾਵ ਬੋਧ ਦੇ ਅੰਗ-ਸੰਗ ਹੋਣ ਲਈ ਇਸ ਪੁਸਤਕ ਦੀ ਪੜ੍ਹਤ ਜ਼ਰੂਰੀ ਹੋ ਜਾਂਦੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਬਚਿਆ ਰਹੇਗਾ ਸਾਰਾ ਕੁਝ
ਸੰਪਾਦਨ ਅਤੇ ਅਨੁਵਾਦ : ਅਮਰਜੀਤ ਕੌਂਕੇ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 160
ਸੰਪਰਕ : 98142-31698.


'ਬਚਿਆ ਰਹੇਗਾ ਸਾਰਾ ਕੁਝ' (ਸਮਕਾਲੀ ਹਿੰਦੀ ਚੋਣਵੀ ਕਵਿਤਾ) ਕਾਵਿ-ਸੰਗ੍ਰਹਿ ਪੰਜਾਬੀ ਦੇ ਨਾਮਵਰ ਸ਼ਾਇਰ ਅਨੁਵਾਦਕ, ਆਲੋਚਕ ਅਤੇ ਸੰਪਾਦਕ ਅਮਰਜੀਤ ਕੌਂਕੇ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ ਕੀਤਾ ਗਿਆ ਹੈ। ਉਸ ਨੇ ਇਹ ਕਾਵਿ-ਸੰਗ੍ਰਹਿ ਆਸਮੀਨ, ਅਗਮਜੋਤ ਅਤੇ ਗੁਨਿਕਾ ਦੇ ਨਾਂਅ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਸ਼ਬਦ ਦਾ ਭਵਿੱਖੀ ਬੱਚਿਆਂ ਲਈ ਜੁੜੇ ਰਹਿਣਾ ਕਿੰਨਾ ਮਹੱਤਵਪੂਰਨ ਹੈ। ਇਸ ਕਾਵਿ-ਸੰਗ੍ਰਹਿ ਵਿਚ ਜਨਮ ਮਿਤੀ ਦੇ ਆਧਾਰ 'ਤੇ ਸਰਵੇਸ਼੍ਵਰ ਸਕਸੈਨਾ, ਕੁੰਵਰ ਨਾਰਾਇਣ, ਕੇਦਾਰ ਨਾਥ ਸਿੰਘ, ਨਰੇਸ਼ ਸਕਸੈਨਾ, ਵਿਸ਼ਵਨਾਥ ਪ੍ਰਸਾਦ ਤਿਵਾਰੀ, ਅਸ਼ੋਕ ਵਾਜਪੇਈ, ਰਾਜੇਸ਼ ਜੋਸ਼ੀ, ਮੰਗਲੇਸ਼ ਡਬਰਾਲ, ਆਲੋਕ ਧਨਵਾ, ਅਰੁਣ ਕਮਲ, ਮਦਨ ਕਸ਼ਿਯਪ, ਕਾਤਿਆਇਨੀ, ਅਨਾਮਿਕਾ, ਪਵਨ ਕਰਨ, ਸ੍ਰੀ ਪ੍ਰਕਾਸ਼ ਸ਼ੁਕਲ, ਬਦਰੀ ਨਰਾਇਣ, ਸ਼ਹਿਨਸ਼ਾਹ ਆਲਮ, ਮਣੀ ਮੋਹਣ, ਨੀਲੈਸ਼, ਰਘੁਵੰਸ਼ੀ, ਆਤਮਾ ਰੰਜਨ ਅਤੇ ਨੀਰਜ ਕੁਮਾਰ ਮਿਸ਼ਰ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਅਨੁਵਾਦਿਤ ਅਤੇ ਸੰਪਾਦਿਤ ਕੀਤਾ ਹੈ। ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਨੂੰ ਪਾਠਕ ਪੜ੍ਹਦਿਆਂ ਹਿੰਦੀ ਕਵਿਤਾ 'ਚ ਪ੍ਰਚੱਲਿਤ ਪ੍ਰਵਿਰਤੀਆਂ ਦੇ ਸਾਖ਼ਸ਼ਾਤ ਦਰਸ਼ਨ ਕਰਦਾ ਹੈ, ਉਥੇ ਨਾਲ ਦੀ ਨਾਲ ਸਮਾਜਿਕ-ਯਥਾਰਥ, ਸਮਾਜਿਕ-ਰਾਜਨੀਤਕ ਯਥਾਰਥ, ਰੋਮਾਂਟਿਕਤਾ, ਇਨਕਲਾਬੀ ਚੇਤਨਾ, ਛਾਇਆਵਾਦੀ ਦੇ ਸੰਦਰਭ ਵਿਚ ਇਸ ਸਮੇਂ ਦੌਰਾਨ ਵਾਪਰੇ ਅਤੇ ਸਿਰਜੇ ਬਿਰਤਾਂਤ : ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਚੌਖਟੇ 'ਚ ਚਿੰਤਨ-ਮਨ ਦੀਆਂ ਤਹਿਆਂ ਫਰੋਲਦੇ ਪ੍ਰਤੀਤ ਹੋਣਗੇ। ਕਵਿਤਾ ਦਾ ਮਨੋਰਥ ਮਨੁੱਖੀ ਵਲਵਲਿਆਂ ਦੀ ਸਹੀ ਸੰਦਰਭ ਵਿਚ ਪੇਸ਼ਕਾਰੀ ਰਾਹੀਂ ਹੀ ਇਨ੍ਹਾਂ ਵਰਤਾਰਿਆਂ ਪ੍ਰਤੀ ਚੇਤਨਤਾ ਦੀ ਪੁੱਠ ਆਮ ਮਨੁੱਖੀ ਜੀਵਨ ਨੂੰ ਚਾੜ੍ਹੀ ਜਾ ਸਕਦੀ ਹੈ। ਮਿਸਾਲ ਦੇ ਤੌਰ 'ਤੇ ਰਾਜਨੀਤਕ-ਪ੍ਰਤੀਬੱਧਤਾ ਅਤੇ ਮੌਜੂਦਾ ਰਾਜ-ਵਿਵਸਥਾ ਨਾਲ ਸੰਵਾਦ ਦੀ ਪ੍ਰਕਿਰਿਆ ਨੂੰ ਸਮਝਣ ਲਈ ਅਰੁਣ ਕਮਲ, ਰਾਜੇਸ਼ ਜੋਸ਼ੀ, ਮੰਗਲੇਸ਼ ਡਬਰਾਲ ਦੀਆਂ ਕਵਿਤਾਵਾਂ ਮਨੁੱਖੀ ਸੰਘਰਸ਼ ਦਾ ਬਿਰਤਾਂਤ ਸਿਰਜਦੀਆਂ ਪ੍ਰਤੀਤ ਹੋਣਗੀਆਂ :
ਸਭ ਤੋਂ ਵੱਡਾ ਅਪਰਾਧ ਹੈ
ਇਸ ਵੇਲੇ
ਨਿਹੱਥੇ ਤੇ ਬੇਗੁਨਾਹ ਹੋਣਾ
ਜੋ ਅਪਰਾਧੀ ਨਹੀਂ ਹੋਣਗੇ
ਉਹ ਮਾਰੇ ਜਾਣਗੇ। (ਰਾਜੇਸ਼ ਜੋਸ਼ੀ)
ਅਨਾਮਿਕਾ ਦੀ ਕਵਿਤਾ ਨਾਰੀ-ਸੰਸਾਰ ਦੀਆਂ ਸਮੱਸਿਆਵਾਂ ਅਤੇ ਫ਼ਿਕਰਾਂ ਸੰਬੰਧੀ ਸਵਾਲ ਉਠਾਉਂਦੀ ਪ੍ਰਤੀਤ ਹੋਵੇਗੀ। ਇਸ ਪ੍ਰਸੰਗ 'ਚ ਉਸ ਦੀ ਕਵਿਤਾ 'ਦਰਵਾਜ਼ਾ' ਅਤੇ 'ਔਰਤ' ਦੇਖੀ ਜਾ ਸਕਦੀ ਹੈ।
ਅਮਰਜੀਤ ਕੌਂਕੇ ਪ੍ਰਬੁੱਧ ਕਵੀ ਅਤੇ ਆਲੋਚਕ ਹੋਣ ਦੇ ਨਾਤੇ, ਉਹ ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਦੀ ਪੰਜਾਬੀ ਕਵਿਤਾ 'ਚ ਜੋ ਸਾਂਝ ਦੀ ਸੁਰ ਹੈ, ਉਸ ਨੂੰ ਬਾਖੂਬੀ ਪਛਾਣਦਾ ਹੋਣ ਕਰਕੇ ਹੀ ਇਨ੍ਹਾਂ ਕਵਿਤਾਵਾਂ ਦਾ ਸ਼ਬਦੀ ਅਨੁਵਾਦ ਨਹੀਂ ਕਰਦਾ, ਸਗੋਂ ਉਨ੍ਹਾਂ ਭਾਵਾਂ ਨੂੰ ਪੰਜਾਬੀ ਤਾਸੀਰ 'ਚ ਗੁੰਨ੍ਹਦਾ ਹੈ ਕਿ ਉਹ ਕਵਿਤਾਵਾਂ ਪੰਜਾਬੀ ਕਾਵਿ ਲਈ ਓਪਰੀਆਂ ਨਹੀਂ ਜਾਪਦੀਆਂ। ਇਸ ਕਾਵਿ-ਸੰਗ੍ਰਹਿ 'ਚ ਉਸ ਨੇ ਕਵੀਆਂ ਵਲੋਂ ਰਚੀਆਂ ਕਾਵਿ-ਪੁਸਤਕਾਂ ਦੇ ਨਾਲ-ਨਾਲ ਸਾਹਿਤ 'ਚ ਉਨ੍ਹਾਂ ਦੇ ਪਾਏ ਯੋਗਦਾਨ ਬਾਰੇ ਵੀ ਲਿਖਿਆ ਹੈ। ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ। ਅਮਰਜੀਤ ਕੌਂਕੇ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਵੇਖਿਆ ਸ਼ਹਿਰ ਬੰਬਈ
ਲੇਖਕ : ਗੁਰਚਰਨ ਸੱਗੂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 98141-01312.


ਯੂ. ਕੇ. (ਬਰਤਾਨੀਆ) ਰਹਿੰਦਾ ਗੁਰਚਰਨ ਸੱਗੂ ਪੰਜਾਬੀ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਉਹ ਲੰਮੇ ਸਮੇਂ ਤੋਂ ਲਿਖ ਰਿਹਾ ਹੈ ਤੇ ਉਸ ਦੀਆਂ ਹੁਣ ਤੱਕ ਛੇ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਤਿੰਨ ਕਾਵਿ ਸੰਗ੍ਰਹਿ, ਇਕ ਸਫ਼ਰਨਾਮਾ ਤੇ ਦੋ ਨਾਵਲ ਸ਼ਾਮਿਲ ਹਨ।
ਰੀਵਿਊ ਅਧੀਨ ਪੁਸਤਕ ਇਕ ਵਾਰਤਕ ਦੀ ਕਿਤਾਬ ਹੈ, ਜੋ ਅਸਲ ਵਿਚ ਉਸ ਦੀ ਸਵੈ-ਜੀਵਨੀ ਹੀ ਹੈ। ਇਸ ਵਿਚ ਉਸ ਨੇ ਬੰਬਈ (ਮੁੰਬਈ) ਵਿਚ ਗੁਜ਼ਾਰੇ ਆਪਣੇ ਸੰਘਰਸ਼ਮਈ ਦਿਨਾਂ ਨੂੰ ਬਹੁਤ ਖੂਬਸੂਰਤੀ ਨਾਲ ਪ੍ਰਸਤੁਤ ਕੀਤਾ ਹੈ।
ਲੇਖਕ ਨੇ ਇਸ ਪੁਸਤਕ ਨੂੰ ਇਕ 'ਸੁਪਨੇ ਦੀ ਦਾਸਤਾਨ' ਕਿਹਾ ਹੈ ਜੋ ਉਸ ਨੇ ਬਚਪਨ ਤੋਂ ਜਵਾਨੀ ਤੱਕ ਜਾਂਦਿਆਂ ਵੇਖਿਆ। ਇਹ ਪੁਸਤਕ ਉਸ ਦੀ ਹੱਡਬੀਤੀ ਹੈ, ਜਿਸ ਵਿਚ ਉਸ ਨੇ ਬੰਬਈ ਦੀ ਗੰਦਗੀ, ਕਿੱਤਿਆਂ, ਮਹਿੰਗਾਈ, ਥਾਵਾਂ, ਟਰੈਫਿਕ, ਗੁੰਡਾਗਰਦੀ, ਦੇਹ ਵਪਾਰ, ਸ਼ੇਅਰ ਮਾਰਕਿਟ ਆਦਿ ਦਾ ਵੀ ਨਿੱਕਾ-ਮੋਟਾ ਜ਼ਿਕਰ ਕੀਤਾ ਹੈ। ਪਰ ਵਾਸਤਵ ਵਿਚ ਲੇਖਕ ਨੇ ਇਸ ਪੁਸਤਕ ਵਿਚ ਆਪਣੀਆਂ ਫ਼ਿਲਮਾਂ ਵਿਚ ਸਫਲ/ਅਸਫਲ ਹੋਣ ਦੀ ਦਾਸਤਾਨ ਨੂੰ ਹੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ।
ਇਸ ਮਾਇਆਨਗਰੀ ਵਿਚ ਲੇਖਕ ਨੇ ਦੋਸਤ/ਠੱਗੀਆਂ ਦੀ ਬਾਤ ਪਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਨਕੋਦਰ ਦੇ ਆਰੀਆ ਹਾਈ ਸਕੂਲ ਵਿਚ ਸੱਤਵੀਂ-ਅੱਠਵੀਂ ਵਿਚ ਪੜ੍ਹਦਿਆਂ ਹੀ ਉਸ ਦਾ ਝੁਕਾਅ ਫ਼ਿਲਮਾਂ ਵੱਲ ਹੋ ਗਿਆ ਸੀ। ਦਸਵੀਂ ਪਾਸ ਕਰਨ ਪਿੱਛੋਂ ਉਸ ਨੇ ਕੰਪੋਜ਼ਿੰਗ, ਲਲਾਰੀ, ਖਰਬੂਜ਼ੇ ਵੇਚਣ ਆਦਿ ਦੇ ਨਿੱਕੇ-ਮੋਟੇ ਕੰਮ ਕੀਤੇ। ਉੱਨੀ ਵਰ੍ਹਿਆਂ ਦੀ ਉਮਰੇ (1963) ਉਹ ਵਲਾਇਤ ਚਲਾ ਗਿਆ ਤੇ ਉੱਥੇ 'ਸੈਟਲ' ਹੋਣ ਲਈ ਬਹੁਤ ਪਾਪੜ ਵੇਲੇ। ਸਫਲਤਾ/ਅਸਫਲਤਾ ਦੇ ਭਾਵੁਕ ਕਿੱਸੇ, ਅਤੇ ਸਭ ਤੋਂ ਵੱਧ ਸਫਲ ਕੱਪੜੇ ਦੇ ਸਫਲ ਕਾਰੋਬਾਰੀ ਅਤੇ ਫਿਰ ਤੋਂ ਬੰਬਈ ਆ ਕੇ ਫ਼ਿਲਮ ਪ੍ਰੋਡਿਊਸਰ ਬਣਨ ਦੇ ਸੁਪਨੇ ਵੇਖਣੇ, ਅਸਫਲਤਾ ਨਾਲ ਬਰਬਾਦੀ ਦੇ ਕੰਢੇ ਪੁੱਜਣਾ, ਮੁੜ ਤੋਂ ਖੁਸ਼ਹਾਲ ਜੀਵਨ ਬਤੀਤ ਕਰਨਾ ਆਦਿ ਨੂੰ ਇਸ ਪੁਸਤਕ ਵਿਚ ਬੜੀ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।
ਕਿਤਾਬ ਪੜ੍ਹ ਕੇ ਸੱਗੂ ਦੀ ਨਿੱਜੀ ਜ਼ਿੰਦਗੀ ਦਾ ਤਾਂ ਪਤਾ ਲਗਦਾ ਹੀ ਹੈ, ਨਾਲੋ-ਨਾਲ ਪਾਠਕ ਨੂੰ ਵੀ ਪ੍ਰੇਰਨਾ ਮਿਲਦੀ ਹੈ। ਸੰਘਰਸ਼ ਤੋਂ ਬਾਅਦ ਅਸਫਲਤਾ ਮਿਲਣ ਤੇ ਫਿਰ ਤੋਂ ਮੁੜ ਸਾਬਤ ਪੈਰੀਂ ਖੜ੍ਹਨ ਦੀ ਜਾਚ ਸਿਖਾਉਂਦੀ ਹੈ ਇਹ ਕਿਤਾਬ! ਰੰਗ-ਬਰੰਗੀਆਂ ਯਾਦਗਾਰੀ ਤਸਵੀਰਾਂ ਨਾਲ ਸੁਸੱਜਿਤ ਇਹ ਪੁਸਤਕ ਪੰਜਾਬੀ ਸਾਹਿਤ ਦਾ ਇਕ ਹਾਸਲ ਹੈ।
ਫ਼ਿਲਮ-ਅਧਿਐਨ ਨਾਲ ਜੁੜੇ ਵਿਦਿਆਰਥੀਆਂ/ ਖੋਜਾਰਥੀਆਂ/ ਅਧਿਆਪਕਾਂ ਲਈ ਇਹ ਕਿਤਾਬ ਨਵੇਂ ਦਿਸਹੱਦੇ ਖੋਲ੍ਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।
ਪੁਸਤਕ ਜਿਉਂ ਹੀ ਪੜ੍ਹਨਾ ਸ਼ੁਰੂ ਕਰੀਏ, ਇਕ ਨਾਵਲ ਵਾਂਗ ਸਾਨੂੰ (ਪਾਠਕਾਂ ਨੂੰ) ਆਪਣੇ ਨਾਲ ਜੋੜ ਲੈਂਦੀ ਹੈ। ਸੁਆਦਲੀ ਤੇ ਦਿਲਚਸਪ ਸ਼ੈਲੀ ਵਿਚ ਲਿਖੀ ਇਸ ਪੁਸਤਕ ਦਾ ਪੰਜਾਬੀ ਅਦਬ ਵਿਚ ਹਾਰਦਿਕ ਸੁਆਗਤ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ:94176-92015.

ਸ਼ਹੀਦਾਂ ਦੀਆਂ ਘੋੜੀਆਂ
ਗੀਤਕਾਰ : ਅਮਰਜੀਤ ਸਿੰਘ 'ਕੰਵਲ'
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98768-23755.


ਪੰਜਾਬ ਦੀ ਪਵਿੱਤਰ ਧਰਤੀ ਨੂੰ ਰਿਸ਼ੀਆਂ-ਮੁਨੀਆਂ, ਗੁਰੂ ਸਾਹਿਬਾਨ, ਸੰਤਾਂ-ਭਗਤਾਂ ਅਤੇ ਮਹਾਂਪੁਰਖਾਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਚਮਕੌਰ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਸੰਬੰਧਿਤ ਸ਼ਹੀਦੀ ਅਸਥਾਨਾਂ ਵਿਖੇ ਅੱਜ ਵੀ ਮਹਾਨ ਕੁਰਬਾਨੀਆਂ ਦੀ ਅਮਰਗਾਥਾ ਗੂੰਜਦੀ ਪ੍ਰਤੀਤ ਹੁੰਦੀ ਹੈ। ਪੰਜਾਬੀ ਸੱਭਿਆਚਾਰ ਵਿਚ 'ਘੋੜੀਆਂ' ਦਾ ਇਕ ਵਿਸ਼ੇਸ਼ ਸਥਾਨ ਹੈ। ਜਿਵੇਂ ਮਾਵਾਂ ਤੇ ਭੈਣਾਂ ਵਿਆਹ ਸਮੇਂ ਸ਼ਗਨਾਂ ਦੀਆਂ ਘੋੜੀਆਂ ਗਾਉਂਦੀਆਂ ਅਤੇ ਆਪਣੇ ਲਾਡਲੇ ਨੂੰ ਵਿਆਹ ਵਾਸਤੇ ਤਿਆਰ ਕਰਦੀਆਂ ਹਨ, ਇਸੇ ਪ੍ਰਕਾਰ ਇਸ ਪੁਸਤਕ ਦੇ ਗੀਤਾਂ ਵਿਚ ਦਰਸਾਇਆ ਗਿਆ ਹੈ ਕਿ ਦਸਮ ਪਿਤਾ ਜੀ ਨੇ ਚਮਕੌਰ ਦੀ ਗੜ੍ਹੀ ਵਿਖੇ ਸਾਹਿਬਜ਼ਾਦਿਆਂ ਨੂੰ ਕਲਗੀਆਂ ਸਜਾ ਕੇ ਦੇਸ਼ ਕੌਮ ਦੀ ਖ਼ਾਤਰ ਲਾੜੀ ਮੌਤ ਨੂੰ ਵਿਆਹੁਣ ਲਈ ਮੈਦਾਨੇ-ਜੰਗ ਵੱਲ ਨੂੰ ਆਪਣੇ ਹੱਥੀਂ ਤੋਰਿਆ, ਜਿਥੇ ਜਾ ਕੇ ਅਨੋਖੀ ਸੂਰਬੀਰਤਾ ਦੀ ਮਿਸਾਲ ਕਾਇਮ ਕਰਦੇ ਹੋਏ ਜੰਗ ਵਿਚ ਜੂਝਦਿਆਂ ਅਨੇਕਾਂ ਤੁਰਕਾਂ ਦੇ ਸਿਰ ਵੱਢ ਕੇ ਅੰਤ ਨੂੰ ਸ਼ਹਾਦਤਾਂ ਪਾ ਗਏ।
ਲੋਕ ਗਾਇਕ ਤੇ ਗੀਤਕਾਰ ਅਮਰਜੀਤ ਸਿੰਘ 'ਕੰਵਲ' ਰਚਿਤ ਇਸ ਪੁਸਤਕ ਵਿਚ 61 ਗੀਤ/ਕਵਿਤਾਵਾਂ ਦਰਜ ਹਨ। ਵਧੇਰੇ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਦੇ ਸਾਕੇ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਇਸ ਵਿਚ ਰਾਣੀ ਜਿੰਦਾਂ, ਬਾਬਾ ਦੀਪ ਸਿੰਘ, ਬਾਬਾ ਬੰਦਾ ਬਹਾਦਰ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਭਾਈ ਬਚਿੱਤਰ ਸਿੰਘ, ਮੋਤੀ ਰਾਮ, ਟੋਡਰ ਮੱਲ ਆਦਿ ਸੂਰਬੀਰਾਂ ਤੇ ਸੰਤਾਂ-ਭਗਤਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਗੀਤਾਂ ਤੇ ਘੋੜੀਆਂ ਨੂੰ ਗੀਤਕਾਰ ਨੇ ਧਾਰਮਿਕ ਗਾਇਕਾ ਸਤਿੰਦਰ ਕੌਰ ਬਾਜਵਾ ਨਾਲ ਮਿਲ ਕੇ ਗਾਇਨ ਕੀਤਾ ਹੈ। ਗੀਤਾਂ ਦੀ ਭਾਸ਼ਾ ਬੜੀ ਭਾਵਪੂਰਕ ਤੇ ਬੀਰਰਸ ਭਰਪੂਰ ਹੈ। ਅਲੰਕਾਰਾਂ ਦੀ ਸੁਚੱਜੀ ਵਰਤੋਂ ਗੀਤਾਂ ਦੀ ਖ਼ੂਬਸੂਰਤੀ ਵਿਚ ਵਾਧਾ ਕਰਦੀ ਹੈ। ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਗੌਰਵਮਈ ਵਿਰਸੇ ਤੋਂ ਬਹੁਤ ਪ੍ਰੇਰਨਾ ਪ੍ਰਾਪਤ ਕਰਨਗੇ।


-ਕੰਵਲਜੀਤ ਸਿੰਘ ਸੂਰੀ
ਮੋ: 93573-24241


ਕੋਰੋਨਾ ਕਾਫ਼ਲੇ

ਨਾਵਲਕਾਰ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 01679-233244.


ਮੂਲ ਤੌਰ 'ਤੇ ਕਵੀ, ਵਿਗਿਆਨ ਸਾਹਿਤ, ਵਾਰਤਕ, ਨਾਵਲ, ਬਾਲ ਸਾਹਿਤ ਲੇਖਕ ਸੁਖਿੰਦਰ ਨਾਵਲ 'ਕੋਰੋਨਾ ਕਾਫ਼ਲੇ' ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਨਾਵਲ ਦਾ ਵਿਸ਼ਾ ਵਸਤੂ ਇਸ ਨਾਵਲ ਦੇ ਨਾਂਅ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਇਹ ਨਾਵਲ ਲੇਖਕ ਦੇ ਜਨਵਰੀ 2020 ਤੋਂ ਅਗਸਤ 2020 ਤੱਕ ਭਾਰਤ ਵਿਚ ਠਹਿਰ : ਕੈਨੇਡਾ ਪ੍ਰਵਾਸ ਅਤੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਅਰਜਿਤ ਅਨੁਭਵਾਂ ਤੇ ਪ੍ਰਾਪਤ ਜਾਣਕਾਰੀ 'ਤੇ ਆਧਾਰਿਤ ਹੈ। ਨਾਵਲ ਰਵਾਇਤੀ ਕਥਾਨਕ ਵਾਲਾ ਨਾ ਹੋ ਕੇ ਵੇਰਵਿਆਂ ਅਤੇ ਸੂਚਨਾ ਆਧਾਰਿਤ ਬਿਰਤਾਂਤ ਵਾਲਾ ਹੈ। ਨਾਵਲਕਾਰ ਨੇ ਇਸ ਨਾਵਲ ਰਾਹੀਂ 'ਕੋਰੋਨਾ ਮਹਾਂਮਾਰੀ' ਨਾਲ ਭਾਰਤ ਸਹਿਤ ਸੰਸਾਰ ਦੇ ਪ੍ਰਭਾਵਿਤ ਹੋਏ ਵਧੇਰੇ ਮੁਲਕਾਂ ਦੀ ਹਾਲਤ, ਲੋਕਾਂ ਦਾ ਆਪਸੀ ਤੇ ਸਰਕਾਰਾਂ ਦਾ ਆਪਣੀ ਪਰਜਾ ਨਾਲ ਰਵੱਈਆ, ਇਸ ਮਹਾਂਮਾਰੀ ਨਾਲ ਨਜਿੱਠਣ ਦਾ ਢੰਗ ਅਤੇ ਪ੍ਰਾਪਤ ਨਤੀਜਿਆਂ ਬਾਰੇ ਸੂਖਮ ਅਤੇ ਵਿਸਤਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਹੈ। ਪੰਜਾਬੀ ਵਿਚ 'ਕੋਰੋਨਾ ਮਹਾਂਮਾਰੀ' ਵਿਸ਼ੇ 'ਤੇ ਲਿਖੀ ਗਈ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਇਸ ਮਹਾਂਮਾਰੀ ਦੇ ਲਗਭਗ ਹਰੇਕ ਪੱਖ, ਪਰਿਵਾਰਕ, ਸਮਾਜਿਕ, ਆਰਥਿਕ, ਧਾਰਮਿਕ, ਵਿਗਿਆਨਕ, ਸੰਵੇਦਨਾਤਮਿਕ ਦਾ ਖ਼ੁਰਦਬੀਨੀ ਵਿਸ਼ਲੇਸ਼ਣ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਵਲ ਦਾ ਕਥਾਨਕ ਸਿਰਫ ਭਾਰਤੀ ਨਾ ਹੋ ਕੇ ਸਮੁੱਚੇ ਵਿਸ਼ਵ ਪਟਲ 'ਤੇ ਫੈਲਿਆ ਹੋਇਆ ਹੈ। ਨਾਵਲ ਇਕੋ ਸਮੇਂ ਦੁਨੀਆ ਦੀਆਂ ਮਹਾਂਸ਼ਕਤੀਆਂ, ਭਾਰਤ ਜਿਹੇ ਵਿਕਾਸਸ਼ੀਲ ਮੁਲਕਾਂ ਅਤੇ ਗ਼ਰੀਬ ਦੇਸ਼ਾਂ ਦੇ ਇਸ ਮਹਾਂਮਾਰੀ ਨਾਲ ਜੂਝਣ ਤੇ ਨਿਪਟਣ ਦੇ ਢੰਗਾਂ 'ਤੇ ਵੀ ਪੰਛੀ ਝਾਤ ਪੁਆਉਂਦਾ ਹੈ।
ਵਿਸ਼ੇਸ਼ ਤੌਰ 'ਤੇ ਭਾਰਤ ਵਿਚ ਮਨੁੱਖੀ ਜਾਨਾਂ ਨੂੰ ਛਿੱਕੇ 'ਤੇ ਟੰਗ ਕੇ ਸਰਕਾਰਾਂ ਵਲੋਂ ਚੋਣਾਂ ਲੜਨੀਆਂ, ਕੋਰੋਨਾ ਮਾਫ਼ੀਆ ਦੀ ਗਿਰਝਾਂ ਵਾਲੀ ਭੂਮਿਕਾ, ਧਾਰਮਿਕ ਅਦਾਰਿਆਂ ਦੇ ਅਸਤਿੱਤਵ 'ਤੇ ਪ੍ਰਸ਼ਨ, ਪ੍ਰਵਾਸੀਆਂ ਦੀ ਆਪਣੇ ਹੀ ਮੁਲਕ ਵਿਚ ਕਿਸੇ ਦਹਿਸ਼ਤਗਰਦ ਵਾਲੀ ਸਥਿਤੀ, ਆਮ ਵਿਅਕਤੀ ਤੋਂ ਲੈ ਕੇ ਰਾਜ ਅਤੇ ਦੇਸ਼ ਦੀ ਆਰਥਿਕਤਾ 'ਚ ਨਿਘਾਰ, ਦੁਨੀਆ ਦੀਆਂ ਮਹਾਂਸ਼ਕਤੀਆਂ ਦੀ ਅਸਲੀਅਤ ਨੂੰ ਬਿਆਨ ਕੀਤਾ ਗਿਆ ਹੈ। ਭਾਰਤੀ ਰਾਜਨੀਤਕ ਪ੍ਰਬੰਧ ਅਤੇ ਵਾਤਾਵਰਨ ਦੀ ਪ੍ਰਦੂਸ਼ਤਾ ਪ੍ਰਤੀ ਜਾਗਰੂਕ ਵੀ ਕੀਤਾ ਹੈ। ਇਸ ਮਹਾਂਮਾਰੀ ਵਿਚ ਚੀਕ ਦੀ ਭੂਮਿਕਾ, ਮਹਾਂਮਾਰੀ 'ਤੇ ਕੰਟਰੋਲ ਅਤੇ ਭੁੱਖੇ ਨੰਗੇ ਪਾਕਿਸਤਾਨ ਦੇ 'ਸਮਾਰਟ ਲਾਕਡਾਊਨ' ਦੀ ਸਿਫ਼ਤ ਵੀ ਕੀਤੀ ਗਈ ਹੈ। ਬਿਨਾਂ ਸ਼ੱਕ 'ਕੋਰੋਨਾ ਕਾਫ਼ਲੇ' ਨਾਵਲ ਇਸ ਮਹਾਂਮਾਰੀ ਨਾਲ ਜੁੜੇ ਹਰੇਕ ਪਹਿਲੂ ਦੀ ਵਿਗਿਆਨਕ, ਤਾਰਕਿਕ ਅਤੇ ਉਸਾਰੂ ਸੋਚ ਵਾਲੀ ਜਾਣਕਾਰੀ ਦਾ ਅਹਿਮ ਦਸਤਾਵੇਜ਼ ਬਣ ਗਿਆ ਹੈ ਜਿਸ ਨੂੰ ਹਰ ਵਿਅਕਤੀ ਨੂੰ ਪੜ੍ਹਨਾ ਚਾਹੀਦਾ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਮੁਢਲੀ ਕਾਨੂੰਨੀ ਜਾਣਕਾਰੀ

ਲੇਖਕ : ਐਡਵੋਕੇਟ ਜਸ਼ਨਦੀਪ ਤਰੀਕਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 95019-95829


ਕਾਨੂੰਨ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਵਿਚ ਅੱਜਕਲ੍ਹ ਬਹੁਤ ਸਾਰੀਆਂ ਕਿਤਾਬਾਂ, ਪੈਂਫਲਿਟ ਕਿਤਾਬਚੇ ਆਦਿ ਆਮ ਬੰਦੇ ਦੀ ਸਮਝ ਦੀ ਭਾਸ਼ਾ ਵਿਚ ਛਪ ਕੇ ਆ ਰਹੀਆਂ ਹਨ। ਪਹਿਲਾਂ ਕਾਨੂੰਨ ਦੀਆਂ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਛਪੀਆਂ ਹੁੰਦੀਆਂ ਸਨ ਜੋ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੀਆਂ ਸਨ ਜਾਂ ਆਮ ਬੰਦੇ ਦੇ ਸਮਝ ਦੀਆਂ ਜਾਂ ਉਸ ਦੇ ਰੋਜ਼ਾਨਾ ਜ਼ਿੰਦਗੀ ਵਿਚ ਪੇਸ਼ ਆਉਂਦੀਆਂ ਸਮੱਸਿਆਵਾਂ ਸੰਬੰਧੀ ਜਾਂ ਉਨ੍ਹਾਂ ਦੇ ਹੱਕ ਗਿਆਨ ਸੰਬੰਧੀ ਉਨ੍ਹਾਂ ਦੀ ਮਾਂ-ਬੋਲੀ ਵਿਚ ਕਿਤਾਬਾਂ ਜਾਂ ਕਿਤਾਬਚੇ ਨਹੀਂ ਸਨ ਆਉਂਦੇ ਪਰ ਅੱਜਕਲ੍ਹ ਨਵੀਂ ਪੀੜ੍ਹੀ ਪਿੰਡਾਂ ਵਿਚੋਂ ਕਾਨੂੰਨ ਦੇ ਖੇਤਰ ਵਿਚ ਸ਼ਾਮਿਲ ਹੋ ਰਹੀ ਹੈ। ਉਨ੍ਹਾਂ ਦੇ ਅੰਦਰ ਲੋਕ ਸੇਵਾ ਜਾਂ ਆਦਰਸ਼ਵਾਦੀ ਸੋਚ ਦਾ ਇਕ ਹਿੱਸਾ ਬਚਿਆ ਹੁੰਦਾ ਹੈ। ਉਨ੍ਹਾਂ ਦੇ ਮਾਨਸਿਕ ਪਟਲ 'ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਾਂ, ਬਾਪ, ਭੈਣ, ਭਰਾਵਾਂ ਨਾਲ ਕਾਨੂੰਨ ਸੰਬੰਧੀ ਹੁੰਦੇ ਵਿਤਕਰਿਆਂ ਦਾ ਸੰਸਾਰ ਛਾਇਆ ਹੁੰਦਾ ਹੈ। 'ਮੁਢਲੀ ਕਾਨੂੰਨੀ ਜਾਣਕਾਰੀ' ਕਿਤਾਬ ਦਾ ਲੇਖਕ ਐਡਵੋਕੇਟ ਜਸਨਦੀਪ ਤਰੀਕਾ ਵੀ ਆਪਣੇ ਪਿੰਡ ਦੇ ਪਿਛੋਕੜ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਉਸ ਦੇ ਦਿਮਾਗ ਵਿਚ ਆਮ ਬੰਦੇ ਦੀ ਕਾਨੂੰਨ ਸੰਬੰਧੀ ਗਿਆਨ ਦੀ ਘਾਟ ਰੜਕਦੀ ਹੈ, ਜਿਸ ਦੀ ਕਮੀ ਕਾਰਨ ਉਹ ਕਾਨੂੰਨ ਸੰਬੰਧੀ ਆਮ ਬੰਦੇ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦਾ ਹੈ। ਐਡਵੋਕੇਟ ਜਸ਼ਨਦੀਪ ਸਿੰਘ ਤਰੀਕਾ ਆਪਣੀ ਕਿਤਾਬ ਨੂੰ ਆਪਣੇ ਬਜ਼ੁਰਗਾਂ ਨੂੰ ਸਮਰਪਿਤ ਕਰਦਾ ਹੈ, ਜਿਹੜੇ ਪਿੰਡ ਦਾ ਜੀਵਨ ਜਿਊਂਦੇ ਹਨ। ਐਡਵੋਕੇਟ ਤਰੀਕਾ ਆਪਣੀ ਕਿਤਾਬ ਨੂੰ ਵਿਸ਼ਿਆਂ ਨੂੰ ਪੇਸ਼ ਕਰਨ ਲਈ ਵੱਖ-ਵੱਖ ਭਾਗਾਂ ਜਾਂ ਪਾਠਾਂ ਵਿਚ ਵੰਡ ਲੈਂਦਾ ਹੈ। ਜਿਸ ਤਰ੍ਹਾਂ ਐਫ.ਆਈ.ਆਰ. (ਪਹਿਲੀ ਸੂਚਨਾ ਰਿਪੋਰਟ), ਗ੍ਰਿਫ਼ਤਾਰੀ ਕੀ ਹੁੰਦੀ ਹੈ? ਗ੍ਰਿਫ਼ਤਾਰੀ ਤੋਂ ਬਾਅਦ ਦੀ ਪ੍ਰਕਿਰਿਆ ਅਤੇ ਦੋਸ਼ੀ ਦੇ ਹੱਕ, ਅਗਾਊਂ ਜ਼ਮਾਨਤ, ਜ਼ਮਾਨਤ ਕੀ ਇਹ ਦੋਸ਼ੀ ਦਾ ਹੱਕ ਹੈ, ਇਹ ਸਾਰੇ ਵਿਸ਼ੇ ਜਾਂ ਪਾਠ ਫ਼ੌਜਦਾਰੀ ਕੇਸਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਨਾਲ ਪਿੰਡਾਂ ਦੇ ਆਮ ਲੋਕਾਂ ਦਾ ਆਮ ਵਾਹ ਪੈਂਦਾ ਹੈ। ਇਸ ਤੋਂ ਇਲਾਵਾ ਕਿਤਾਬ ਦਾ ਦੂਜਾ ਭਾਗ ਦੀਵਾਨੀ ਕੇਸਾਂ ਸੰਬੰਧੀ ਜਾਣਕਾਰੀ ਨਾਲ ਸੰਬੰਧਿਤ ਹੈ। ਇਨ੍ਹਾਂ ਵਿਚ ਪੁਰਸ਼ ਦੀ ਜਾਇਦਾਦ ਹੱਕਦਾਰ ਕੌਣ? ਔਰਤ ਦੀ ਜਾਇਦਾਦ ਹੱਕਦਾਰ ਕੌਣ? ਧੀ ਦਾ ਜੱਦੀ ਜਾਇਦਾਦ ਵਿਚ ਹੱਕ, ਔਰਤ ਦਾ ਬੱਚੇ ਨੂੰ ਗੋਦ ਲੈਣਾ ਅਤੇ ਦੇਣ ਦਾ ਅਧਿਕਾਰ, ਪੁਰਸ਼ ਦਾ ਬੱਚੇ ਨੂੰ ਗੋਦ ਲੈਣ ਅਤੇ ਦੇਣ ਦਾ ਅਧਿਕਾਰ ਆਦਿ ਨਾਲ ਸੰਬੰਧਿਤ ਲੇਖ ਜਾਂ ਪਾਠ ਹਨ, ਜਿਹੜੇ ਆਮ ਬੰਦੇ ਦੀ ਜਾਣਕਾਰੀ ਵਿਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਸਹਾਇਤਾ ਕਰਦੇ ਹਨ। ਕਿਤਾਬ ਦੀ ਭਾਸ਼ਾ ਬਹੁਤ ਹੀ ਸਰਲ ਆਮ ਬੰਦੇ ਦੀ ਸਮਝ ਵਿਚ ਆਉਣ ਵਾਲੀ ਹੈ। ਕਿਤਾਬ ਦਾ ਟਾਈਟਲ ਵੀ ਆਮ ਬੰਦੇ ਨੂੰ ਆਕਰਸ਼ਿਤ ਕਰਦਾ ਹੈ। ਕਿਤਾਬ ਦੀ ਛਪਾਈ ਦੌਰਾਨ ਸ਼ਬਦ ਜੋੜਾਂ, ਭਾਸ਼ਾ ਦੀ ਸ਼ੁੱਧਤਾ ਦਾ ਧਿਆਨ ਰੱਖਦਿਆਂ ਅਤੇ ਵੱਡੇ ਵਿਖਿਆਨਾਂ ਤੋਂ ਬਚਿਆ ਗਿਆ ਹੈ। ਅਸੀਂ ਇਸ ਕਿਤਾਬ ਦਾ ਪੰਜਾਬੀ ਪਾਠਕ ਸੰਸਾਰ ਵਿਚ ਸਵਾਗਤ ਕਰਦੇ ਹਾਂ ਅਤੇ ਐਡਵੋਕੇਟ ਜਸ਼ਨਦੀਪ ਤਰੀਕਾ ਨੂੰ ਵਧਾਈ ਦਿੰਦੇ ਹਾਂ।


ਬਲਜੀਤ ਸਿੰਘ ਬੁੱਟਰ
ਮੋ: 94175-42094


ਹਾਸੇ ਦੇ ਪਤਾਸੇ
ਲੇਖਿਕਾ : ਗਿਆਨ ਕੌਰ (ਬੜਾ ਪਿੰਡ)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 89
ਸੰਪਰਕ : 97806-22977.


'ਹਾਸੇ ਦੇ ਪਤਾਸੇ' ਗਿਆਨ ਕੌਰ ਦੀ ਪਲੇਠੀ ਹਾਸ-ਵਿਅੰਗ ਪੁਸਤਕ ਹੈ, ਜਿਸ ਵਿਚ ਉਸ ਨੇ 17 ਵਿਅੰਗ ਲੇਖ ਸ਼ਾਮਿਲ ਕੀਤੇ ਹਨ।
ਹਾਸ-ਵਿਅੰਗ ਲਿਖਣ ਵਾਲੇ ਲੇਖਕਾਂ ਦੀ ਉਂਝ ਤਾਂ ਪਹਿਲਾਂ ਹੀ ਬਹੁਤ ਘਾਟ ਹੈ ਪਰ ਔਰਤ ਹਾਸ-ਵਿਅੰਗ ਲੇਖਿਕਾਵਾਂ ਤਾਂ ਉਂਗਲਾਂ 'ਤੇ ਗਿਣਨ ਯੋਗੀਆਂ ਵੀ ਨਹੀਂ ਹਨ। ਲੈ ਦੇ ਕੇ ਡਾ. ਸੁਲਤਾਨਾ ਬੇਗਮ, ਡਾ. ਸੁਨੀਤਾ ਅਤੇ ਹੁਣ ਗਿਆਨ ਕੌਰ ਨੂੰ ਵੀ ਇਨ੍ਹਾਂ ਨਾਲ ਸ਼ਾਮਿਲ ਕਰਕੇ ਮਸਾਂ ਤਿੰਨ ਨਾਂਅ ਹੀ ਮੇਰੇ ਸਾਹਮਣੇ ਆਏ ਹਨ ਜੋ ਹਾਸ-ਵਿਅੰਗ ਲਿਖਣ ਲਈ ਕਾਫੀ ਗੰਭੀਰ ਹਨ।
ਇਸ ਪੁਸਤਕ ਵਿਚ 17 ਹਾਸ-ਵਿਅੰਗ ਲੇਖ ਹਨ, ਜੋ ਆਪਣੀ ਵੰਨ-ਸੁਵੰਨਤਾ ਕਾਰਨ ਕਾਫੀ ਰੌਚਕ ਹਨ। ਇਨ੍ਹਾਂ ਨੂੰ ਪਾਠਕ ਹਾਸ-ਵਿਅੰਗ ਕਹਾਣੀਆਂ ਦੇ ਰੂਪ ਵਿਚ ਵੀ ਪੜ੍ਹ ਸਕਦੇ ਹਨ ਅਤੇ ਇਨ੍ਹਾਂ ਵਿਚੋਂ ਹਾਸ-ਰਸੀ ਚਾਸ਼ਣੀ ਦਾ ਸਵਾਦ ਵੀ ਚਖ ਸਕਦੇ ਹਨ। ਇਹ ਸਾਰੇ ਲੇਖ ਕਹਾਣੀਨੁਮਾ ਅਤੇ ਸਥਿਤੀਆਂ ਦਾ ਵਧੀਆ ਨਮੂਨਾ ਹਨ। ਲੇਖਿਕਾ ਇਹੋ ਜਿਹੀਆਂ ਸਥਿਤੀਆਂ ਸਿਰਜਦੀ ਹੈ ਜੋ ਹਾਸਰਸੀ ਤਾਂ ਹਨ ਹੀ, ਨਾਲ ਹੀ ਕਟਾਖ਼ਸ਼ ਵੀ ਕਰਦੀਆਂ ਹਨ। ਵਧੀਆ ਵਿਅੰਗ ਉਹੋ ਹੁੰਦਾ ਹੈ ਜਿਸ ਨੂੰ ਕਰਨ ਅਤੇ ਕਰਵਾਉਣ ਵਾਲੇ ਦੋਵਾਂ ਨੂੰ ਅਨੰਦ ਆਉਂਦਾ ਹੋਵੇ। ਜਿਸ 'ਤੇ ਵਿਅੰਗ ਜਾਂ ਕਟਾਖ਼ਸ਼ ਹੋ ਰਿਹਾ ਹੋਵੇ, ਉਹ ਵੀ ਅਨੰਦ ਲਵੇ ਤੇ ਜਿਹੜਾ ਵਿਅੰਗ ਕਰ ਰਿਹਾ ਹੈ, ਉਹ ਵੀ ਸਰਸ਼ਾਰ ਹੋ ਜਾਵੇ। ਇਹ ਵਿਅੰਗ ਕਿਸੇ ਨੂੰ ਦੁਖੀ ਕਰਨ ਵਾਲੇ ਨਹੀਂ ਹਨ। ਭੈੜੇ ਪਾਤਰ ਨੂੰ ਵੀ ਭੰਡਣ ਲਈ ਨਹੀਂ, ਸਗੋਂ ਸੁਧਾਰਨ ਲਈ ਹਨ। ਲੇਖਿਕਾ ਭੈੜੇ ਅਤੇ ਬਦਰੰਗ ਚਿਹਰਿਆਂ ਵਾਲੇ ਪਾਤਰਾਂ ਨੂੰ ਵੀ ਆਪਣੀ ਹਾਸਰਸੀ ਚਾਸ਼ਣੀ ਅਤੇ ਮੱਲ੍ਹਮ ਨਾਲ ਸਿਹਤਮੰਦ ਤੇ ਸੋਹਣਾ ਬਣਾਉਣ ਦਾ ਯਤਨ ਕਰਦੀ ਹੈ।
ਗਿਆਨ ਕੌਰ ਦੇ 'ਹਾਸੇ ਤੇ ਪਤਾਸੇ' ਤੁਸੀਂ ਆਪ ਵੀ ਪੜ੍ਹੋ ਤੇ ਹੋਰਾਂ ਨੂੰ ਵੀ ਪੜ੍ਹਾਓ। ਮੈਨੂੰ ਉਮੀਦ ਹੈ ਕਿ ਪਾਠਕ ਘਾਟੇ ਵਿਚ ਨਹੀਂ ਰਹਿਣਗੇ। ਅੱਜਕਲ੍ਹ ਦੇ ਖੁਸ਼ਕੀ ਮਾਰੇ ਜ਼ਮਾਨੇ 'ਚ ਜੇ ਕੋਈ ਇਕ-ਦੋ ਮਿੰਟ ਲਈ ਤੁਹਾਡੇ ਗਲ਼ਾਂ 'ਤੇ ਮੁਸਕਰਾਹਟ ਲਿਆ ਦੇਵੇ, ਤੁਹਾਡਾ ਦਿਲ ਹੌਲਾ ਕਰ ਦੇਵੇ ਤਾਂ ਇਹ ਸੌ ਦੋ ਸੌ ਰੁਪਏ ਵਿਚ ਘਾਟੇ ਵਾਲਾ ਸੌਦਾ ਨਹੀਂ ਹੈ।
c c c


ਬਿਹਾਰ ਤੋਂ ਤਿਹਾੜ
ਲੇਖਕ : ਕਨ੍ਹਈਆ ਕੁਮਾਰ
ਅਨੁਵਾਦਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 225 ਰੁਪਏ, ਸਫ਼ੇ : 176
ਸੰਪਰਕ : 0181-2214196.


'ਬਿਹਾਰ ਤੋਂ ਤਿਹਾੜ' ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਸਵੈ-ਜੀਵਨੀ ਹੈ। ਇਹ ਇਕ ਅਜਿਹੇ ਨਿਧੜਕ, ਉਤਸ਼ਾਹੀ, ਇਮਾਨਦਾਰ ਅਤੇ ਤਰਕਸ਼ੀਲ ਨੌਜਵਾਨ ਦੀ ਲਿਖਤ ਹੈ, ਜਿਸ ਨੂੰ ਮਿਹਨਤ ਅਤੇ ਨਿਡਰਤਾ ਗੁੜ੍ਹਤੀ ਵਿਚ ਮਿਲੀਆਂ। ਉਸ ਦਾ ਬਾਪ/ਦਾਦਾ ਕਮਿਊਨਿਸਟ ਅਤੇ ਉਸ ਦਾ ਨਾਨਾ ਕਾਂਗਰਸੀ ਵਿਚਾਰਧਾਰਾ ਵਾਲੇ ਲੋਕ ਸਨ ਜੋ ਭਾਵੇਂ ਸਾਰੀ ਉਮਰ ਗ਼ਰੀਬੀ ਨਾਲ ਘੁਲਦੇ ਰਹੇ, ਪਰ ਆਪਣੀ ਸਾਫ਼ ਜ਼ਮੀਰ ਅਤੇ ਲਾਲ ਪੋਸ਼ਾਕ 'ਤੇ ਕੋਈ ਧੱਬਾ ਜਾਂ ਛਿੱਟਾ ਨਹੀਂ ਪੈਣ ਦਿੱਤਾ। ਮਿਹਨਤ ਅਤੇ ਦਿਆਨਤਦਾਰੀ ਕਨ੍ਹਈਆ ਨੂੰ ਆਪਣੀ ਆਂਗਣਵਾੜੀ ਵਰਕਰ ਮਾਂ ਤੋਂ ਸੁਗਾਤ ਦੇ ਰੂਪ ਵਿਚ ਮਿਲੀ।
ਕਨ੍ਹਈਆ ਦਾ ਜੀਵਨ ਖੁੱਲ੍ਹੀ ਕਿਤਾਬ ਜਿਹਾ ਹੈ। ਉਸ ਨੇ ਘੋਰ ਗ਼ਰੀਬੀ ਦੀ ਹਾਲਤ ਵਿਚ ਸਾਧਨਹੀਣ ਹੁੰਦਿਆਂ ਵੀ ਭਾਰਤ ਦੀ ਪ੍ਰਸਿੱਧ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਆਪਣਾ ਰਾਹ ਆਪ ਬਣਾਇਆ। ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਰਿਹਾ। ਪਿਛਾਂਹਖਿੱਚੂ ਅਤੇ ਸਰਕਾਰੀ ਹੱਥਠੋਕਾ ਜਥੇਬੰਦੀਆਂ ਨਾਲ ਆਢਾ ਲਿਆ। ਇਹੋ ਹੀ ਨਹੀਂ ਆਪਣੇ ਤਰਕ ਅਤੇ ਭਾਸ਼ਨ ਕਲਾ ਰਾਹੀਂ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ। ਵਿਦਿਆਰਥੀਆਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਜ਼ੋਰਦਾਰ ਪ੍ਰਦਰਸ਼ਨ ਕੀਤੇ। ਜੇਲ੍ਹਾਂ ਕੱਟੀਆਂ। ਸੱਤਾ ਦੀਆਂ ਗ਼ਲਤ ਨੀਤੀਆਂ ਅਤੇ ਜ਼ੋਰ ਜਬਰੀ ਦੇ ਖਿਲਾਫ਼ ਰੋਸ ਜ਼ਾਹਰ ਕੀਤਾ। ਜਾਤੀਵਾਦ, ਬੇਰੁਜ਼ਗਾਰੀ, ਫ਼ਿਰਕਾਪ੍ਰਸਤੀ ਖਿਲਾਫ਼ ਵੱਡਾ ਸੰਗਰਾਮ ਲੜਿਆ। ਕਮਜ਼ੋਰਾਂ ਦੇ ਹੱਕ 'ਚ ਨਿੱਤਰਿਆ। ਕਦੀ ਝੂਠੀ ਹਉਂ ਦਾ ਸ਼ਿਕਾਰ ਨਹੀਂ ਹੋਇਆ। ਮਜ਼ਬੂਤ ਸਰਕਾਰਾਂ ਖਿਲਾਫ਼ ਵੀ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਜੁਰਅੱਤ ਕੀਤੀ। ਅਜਿਹੇ ਇਨਸਾਨ ਦੀ ਜੀਵਨੀ ਲੋਕਾਂ ਅਤੇ ਨੌਜਵਾਨਾਂ ਲਈ ਪ੍ਰੇਰਨਾ ਤਾਂ ਬਣਦੀ ਹੀ ਹੈ।
ਇਸ ਪੁਸਤਕ ਦਾ ਅਨੁਵਾਦ ਪ੍ਰਸਿੱਧ ਚਿੰਤਕ ਤੇ ਵਿਦਵਾਨ ਲੇਖਕ ਦੇਸ ਰਾਜ ਕਾਲੀ ਨੇ ਕੀਤਾ ਹੈ ਜੋ ਸ਼ਾਇਦ ਕਨ੍ਹਈਆ ਜਿਹੇ ਨੌਜਵਾਨ ਨੂੰ ਆਪਣਾ ਆਦਰਸ਼ ਮੰਨ ਕੇ ਉਸ ਦੀ ਸੋਚ 'ਤੇ ਪਹਿਰਾ ਦਿੰਦਾ ਹੋਵੇ। ਅਨੁਵਾਦ ਬਹੁਤ ਵਧੀਆ ਹੈ। ਪੁਸਤਕ ਪੜ੍ਹਨ ਵਾਲੀ ਹੈ।


ਕੇ.ਐਲ. ਗਰਗ
ਮੋ: 94635-37050


ਸਾਡਾ ਵਿਰਸਾ
ਲੇਖਕ : ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ: ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ :95691-49556


ਪੰਜਾਬ ਦਾ ਅਮੀਰ ਤੇ ਮਾਣਮੱਤਾ ਵਿਰਸਾ ਆਧੁਨਿਕਤਾ ਦੀ ਅੰਨ੍ਹੀ-ਬੋਲੀ ਹਨੇਰੀ ਵਿਚ ਮੁੱਠੀ ਵਿਚੋਂ ਰੇਤ ਵਾਂਗੂੰ ਕਿਰਦਾ ਅਤੇ ਉਡਦਾ ਜਾ ਰਿਹਾ ਹੈ। ਪਰ ਵਿਰਸੇ ਪ੍ਰਤੀ ਫ਼ਿਕਰਮੰਦ ਜਸਵੀਰ ਸ਼ਰਮਾ ਦੱਦਾਹੂਰ ਵਿਰਸੇ ਨੂੰ ਆਪਣੀਆਂ ਲਿਖਤਾਂ/ਕਿਤਾਬਾਂ ਰਾਹੀਂ ਸਾਂਭ ਸੰਭਾਲ ਕਰ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਿਰਸੇ ਤੋਂ ਜਾਣੂ ਹੁੰਦੀਆਂ ਰਹਿਣ।
'ਸਾਡਾ ਵਿਰਸਾ' ਨਾਂਅ ਦੀ ਹਥਲੀ ਪੁਸਤਕ ਵਿਚ ਕਰੀਬ ਤਿੰਨ ਦਰਜਨਾਂ ਲੇਖਾਂ ਰਾਹੀਂ ਵਿਰਸੇ ਪ੍ਰਤੀ ਝਾਤ ਪੁਆਈ ਜਾ ਰਹੀ ਹੈ ਕਿ ਸਾਡੇ ਕਾਰ-ਵਿਹਾਰ, ਰੀਤੀ-ਰਿਵਾਜ, ਹੱਥੀਂ ਕਿਰਤ ਤੇ ਮਿਹਨਤੀ ਬਿਰਤੀ ਜੋ ਸਿਹਤ ਵਰਦਾਨ ਹੁੰਦੀ ਹੈ, ਵਿਚ ਸਾਡੇ ਮਾਣਯੋਗ ਵਿਰਸੇ ਦੀ ਕਿੰਨੀ ਮਹੱਤਤਾ ਰਹੀ ਹੈ।
ਸਾਈਕਲ ਸਵਾਰੀ, ਘਰਾਂ ਦੀ ਲਿੰਬਾਪੋਚੀ, ਪੱਖੀਆਂ, ਛਿੱਕੂ, ਮੂਹੜੇ, ਦਰੀਆਂ-ਖੇਸ ਤਿਆਰ ਕਰਨ, ਚਰਖਿਆਂ, ਤੰਦੂਰਾਂ ਤੇ ਤੂੰਦਰੀ ਚਪਾਤੀਆਂ, ਸਿਰ ਵਿਖਾਈ ਦੀ ਸਾਂਝ, ਵਿਆਹ-ਸ਼ਾਦੀਆਂ ਰਿਵਾਜ, ਖੁਸ਼ਹਾਲੀ ਦੇ ਪ੍ਰਤੀਕ ਗੁਹਾਰੇ (ਗਹੀਰੇ), ਇਨਸਾਫ਼ ਕਰਨ ਵਾਲੇ ਮਿਆਰੀ ਪੰਚਾਇਤੀ ਫ਼ੈਸਲੇ ਆਦਿ ਆਪਣੇ ਹੱਥੀਂ ਆਪਣੇ ਕਾਰਜ ਸੰਵਾਰਨ ਦੇ ਸਾਰਥਕ ਸੁਨੇਹਿਆਂ ਨੂੰ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।
ਮਾਣਮੱਤੇ ਵਿਰਸੇ ਨੂੰ ਭੁੱਲ ਕੇ ਬਹੁਤ ਹੀ ਮਾਰੂ ਰਿਵਾਜਾਂ ਵਿਚ ਉਲਝਣਾ ਅੱਜ ਦੀ ਵੱਡੀ ਤ੍ਰਾਸਦੀ ਬਣ ਰਹੀ ਹੈ ਜਿਸ ਉੱਪਰ ਲੇਖਕ ਚਿੰਤਤ ਹੁੰਦਾ ਹੋਇਆ ਸੁਚੇਤ ਵੀ ਕਰਦਾ ਹੈ ਕਿ ਆਪਣੇ ਮੂਲ/ਜੜ੍ਹ ਨਾਲੋਂ ਟੁੱਟਣਾ ਕਦੇ ਵੀ ਭਲੇ ਵਿਚ ਨਹੀਂ ਹੁੰਦਾ ਸਗੋਂ ਮੂਲ ਰੂਪ ਨਾਲ ਜੁੜਦਿਆਂ ਹੀ ਆਧੁਨਿਕ ਵਿਕਾਸ ਦੇ ਕਾਰਜ ਨੇਪਰੇ ਚਾੜ੍ਹਨ ਵਿਚ ਹੀ ਭਲਾ ਹੋਣਾ ਹੁੰਦਾ ਹੈ। ਅਜਿਹੇ ਸਾਰਥਕ ਸੰਦੇਸ਼ ਲੈ ਕੇ ਬੀਤੇ ਦੀ ਬਾਤ ਪਾਉਂਦੀ ਸਾਹਿਤ ਜਗਤ ਵਿਚ ਪ੍ਰਵੇਸ਼ ਕਰ ਰਹੀ ਪੁਸਤਕ 'ਸਾਡਾ ਵਿਰਸਾ (ਲੇਖ ਸੰਗ੍ਰਹਿ)' ਦਾ ਹਾਰਦਿਕ ਸਵਾਗਤ ਹੈ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
c c c


ਕੋਈ ਲੀਕ ਮੇਰੀ ਵੀ
ਲੇਖਕ : ਮੋਹਨਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 126
ਸੰਪਰਕ : 098113-98223.


ਮੋਹਨਜੀਤ ਪੰਜਾਬੀ ਸਾਹਿਤ ਦੇ ਸਿਰਮੌਰ ਅਤੇ ਸਮਰੱਥ ਹਸਤਾਖ਼ਰ ਹਨ। ਹਥਲੀ ਪੁਸਤਕ ਤੋਂ ਪਹਿਲਾਂ ਉਨ੍ਹਾਂ ਦੇ ਨੌਂ ਕਾਵਿ-ਸੰਗ੍ਰਹਿ, ਚਾਰ ਕਾਵਿ-ਚਿੱਤਰ ਸੰਗ੍ਰਹਿ, ਪੰਜ ਸੰਪਾਦਿਤ ਸੰਗ੍ਰਹਿ ਅਤੇ ਅੱਠ ਅਨੁਵਾਦਿਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੀ ਕਵਿਤਾ ਵਿਚ ਆਮ ਆਦਮੀ ਦੀ ਦਸ਼ਾ-ਦਿਸ਼ਾ, ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਬਹੁਤ ਹੀ ਭਾਵਪੂਰਨ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ। ਸੱਤਾ ਦੇ ਪਰਿਵਰਤਨ ਅਤੇ ਲੋਕਾਂ ਦੀ ਆਜ਼ਾਦੀ ਵਿਚਲੇ ਅੰਤਰ ਉਹ ਇੰਝ ਬਿਆਨ ਕਰਦੇ ਹਨ:
ਬੈਲਗੱਡੀਆਂ 'ਤੇ 'ਆਜ਼ਾਦੀ' ਲੱਦ ਕੇ ਜਾ ਰਹੇ ਸਨ
ਥੱਕੇ-ਹਾਰੇ ਲੋਕ
ਗੱਡਿਆਂ 'ਚ ਕਿਤੇ ਕੋਈ ਬੱਕਰੀ ਵੀ ਸੀ,
ਮੇਮਣਾ ਜਾਂ ਲੇਲਾ
ਪੱਠਿਆਂ ਦੀਆਂ ਭਰੀਆਂ
ਗਠੜੀਆਂ 'ਚ ਤੁੰਨਿਆ ਨਿੱਕ-ਸੁੱਕ
ਅਜੋਕੇ ਵਿਸ਼ਵ ਮੰਡੀ ਦੇ ਪਦਾਰਥਵਾਦੀ ਰੁਝਾਨ ਨੇ ਮਨੁੱਖੀ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਕੇ ਰੱਖ ਦਿੱਤਾ ਹੈ। ਜਿਉਂ-ਜਿਉਂ ਇਹ ਬਾਜ਼ਾਰ ਫ਼ੈਲਦਾ ਜਾ ਰਿਹਾ ਹੈ, ਤਿਉਂ-ਤਿਉਂ ਮਨੁੱਖ ਦਾ ਵਜੂਦ ਸਿਮਟਦਾ ਜਾ ਰਿਹਾ ਹੈ। ਨਿਰਸੰਦੇਹ ਸਮੇਂ ਅਤੇ ਜ਼ਰੂਰਤਾਂ ਮੁਤਾਬਿਕ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਭਾਵਨਵਾਂ ਵੀ:
ਹੁੰਦੀ ਸ਼ਹਾਦਤ ਜਾਗਦੇ ਜਗਦੇ ਦਿਲਾਂ ਦੀ ਖੇਡ
ਕੁਝ ਲੋੜਵੰਦਾਂ ਇਸ ਨੂੰ ਵੀ ਤਗ਼ਮਾ ਬਣਾ ਦਿੱਤਾ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦਾ ਪਿਆਰ ਕਿਸੇ ਵਿਸ਼ੇਸ਼ ਪ੍ਰਤੀਬਿੰਬ ਵਿਚ ਰੂਪਾਂਤਰਿਤ ਨਹੀਂ ਹੁੰਦਾ ਅਤੇ ਉਹ ਇਸ ਨੂੰ ਪੱਗੜੀ ਜਾਂ ਟੋਪੀ ਪਹਿਨਾਉਣ ਦੇ ਵਰਤਾਰੇ ਨੂੰ ਵੀ ਪ੍ਰਵਾਨ ਨਹੀਂ ਕਰਦੇ। ਜਦੋਂ ਮਨੁੱਖ 'ਕੱਲਾ' ਨਹੀਂ ਹੁੰਦਾ, ਉਦੋਂ 'ਬਹੁਤ' ਹੁੰਦਾ ਹੈ ਅਤੇ ਇਸ 'ਬਹੁਤਵਾਦ' ਨੂੰ ਹੀ ਉਹ ਆਪਣਾ ਧਰਮ ਮੰਨ ਕੇ, ਇਸ ਨੂੰ ਅੰਤਰਝਾਤ ਦਾ ਨਾਂਅ ਦਿੰਦੇ ਹਨ। ਉਨ੍ਹਾਂ ਦੀ ਕਵਿਤਾ ਦੇ ਇਕ-ਇਕ ਅੱਖਰ ਵਿਚ ਕਈ-ਕਈ ਗ੍ਰੰਥਾਂ ਦਾ ਗਿਆਨ ਝਲਕਾਰੇ ਮਾਰਦਾ ਪ੍ਰਤੀਤ ਹੁੰਦਾ ਹੈ। ਪਾਠਕਾਂ ਦੀ ਝੋਲੀ ਵਿਚ ਪਾਈ ਉਨ੍ਹਾਂ ਦੀ ਇਸ ਵਡਮੁੱਲੀ ਸੌਗਾਤ ਨੂੰ ਮੱਥੇ ਨਾਲ ਲਾਉਣਾ ਮੈਂ ਆਪਣਾ ਸੁਭਾਗ ਸਮਝਦਾ ਹਾਂ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਚਿੜੀ ਉੱਡ ਕਾਂ ਉੱਡ

ਲੇਖਿਕਾ : ਗੁਰਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੁੱਲ : 150 ਰੁਪਏ, ਸਫ਼ੇ : 35
ਸੰਪਰਕ : 98780-02110.


'ਚਿੜੀ ਉੱਡ ਕਾਂ ਉੱਡ' ਲੇਖਿਕਾ ਗੁਰਪ੍ਰੀਤ ਕੌਰ ਧਾਲੀਵਾਲ ਦੀ ਅੱਠ ਬਾਲ ਕਹਾਣੀਆਂ ਦੀ ਸੁੰਦਰ ਬਾਲ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਿਕਾ ਛੇ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ 'ਤੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕੀ ਹੈ। ਇਹ ਅੱਠ ਬਾਲ ਕਹਾਣੀਆਂ ਬਹੁਤ ਹੀ ਰੌਚਕ ਅਤੇ ਮਨੋਰੰਜਕ ਦੇ ਨਾਲ ਨਾਲ ਬਾਲਾਂ ਨੂੰ ਸੁਭਾਵਿਕ ਹੀ ਬਹੁਤ ਹੀ ਚੰਗੇਰੀ ਸਿੱਖਿਆ ਵੀ ਦਿੰਦੀਆਂ ਹਨ। ਭਾਸ਼ਾ ਬਹੁਤ ਹੀ ਸਰਲ, ਬਾਲਾਂ ਦੇ ਹਾਣ ਦੀ ਅਤੇ ਢੁਕਵੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਪਹਿਲੀ ਕਹਾਣੀ 'ਛੋਟੀ ਸਿੰਮੂ ਦਾ ਸਫ਼ਰ' ਬਚਪਨ ਵਿਚ ਇਕ ਆਮ ਸੰਗਾਊ ਅਤੇ ਡਰੀ ਹੋਈ ਲੜਕੀ ਦੀ ਸਫਲਤਾ ਦੀ ਸ਼ਾਨਦਾਰ ਕਹਾਣੀ ਹੈ ਜੋ ਮੁਸ਼ਕਿਲਾਂ ਦਾ ਮੁਕਾਬਲਾ ਕਰਦੀ ਹੋਈ ਆਈ.ਪੀ.ਐਸ. ਕਰਕੇ ਇਕ ਬਹੁਤ ਹੀ ਸਫਲ ਪੁਲਿਸ ਅਫ਼ਸਰ ਬਣਦੀ ਹੈ।
ਇਵੇਂ ਹੀ 'ਦਾਦੀ ਦਾ ਲਾਡਲਾ' ਕਹਾਣੀ ਰਾਹੀ ਬਜ਼ੁਰਗਾਂ ਦੇ ਸਤਿਕਾਰ ਦੀ ਬਹੁਤ ਪਿਆਰੀ ਸਿੱਖਿਆ ਦਿੱਤੀ ਗਈ ਹੈ, ਇਸੇ ਤਰ੍ਹਾਂ ਹੀ 'ਖੁਸ਼ੀ ਦੀ ਕੋਠੀ' ਇਕ ਗ਼ਰੀਬ ਬੱਚੇ ਦੇ ਉੱਚੇ-ਸੁੱਚੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਬਹੁਤ ਹੀ ਵਧੀਆ ਢੰਗ ਨਾਲ ਬਾਤ ਪਾਉਂਦੀ ਕਹਾਣੀ ਹੈ। 'ਚਿੜੀ ਉੱਡ ਕਾਂ ਉੱਡ' ਬਾਲਾਂ ਨੂੰ ਪੰਛੀਆਂ ਅਤੇ ਜਾਨਵਰਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਆਜ਼ਾਦੀ ਦੇਣ ਦੀ ਬਹੁਤ ਹੀ ਭਾਵਪੂਰਤ ਸਿੱਖਿਆ ਦਿੰਦੀ ਰੌਚਕ ਕਹਾਣੀ ਹੈ। 'ਡਾਕਟਰ ਹਾਥੀ' ਬਹੁਤ ਹੀ ਦਿਲਚਸਪ ਕਹਾਣੀ ਹੈ ਜੋ ਕਿ ਚੰਗੇ ਪੜ੍ਹੇ-ਲਿਖੇ ਡਾਕਟਰਾਂ ਤੋਂ ਦਵਾਈ ਲੈਣ ਦੀ ਸਿੱਖਿਆ ਦਿੰਦੀ ਹੈ। ਇਹ ਵੀ ਦੱਸਿਆ ਹੈ ਕਿ 'ਨੀਮ ਹਕੀਮ ਖ਼ਤਰਾ ਏ ਜਾਨ' ਹੁੰਦੇ ਹਨ। 'ਸੁਣਨ ਦੀ ਕਲਾ' ਕਹਾਣੀ ਇਕ ਨਾਲਾਇਕ ਸ਼ਰਾਰਤੀ ਬੱਚੇ ਨੂੰ ਅਧਿਆਪਕ ਦੀ ਸੂਝ ਸਿਆਣਪ ਨਾਲ 'ਸੁਣਨ ਦੀ ਕਲਾ' ਦੀ ਸਿੱਖਿਆ ਦੇ ਕੇ ਇਕ ਬਹੁਤ ਹੀ ਲਾਇਕ ਬੱਚਾ ਬਣਾਉਂਦੀ ਹੈ। 'ਮਾਂ ਬੋਲੀ'ਕਹਾਣੀ ਰਾਹੀਂ ਬੱਚਾ ਸਕੂਲ ਵਿਚ ਆਏ ਕਿਸੇ ਮਹਿਮਾਨ ਵਲੋਂ ਪੰਜਾਬੀ ਮਾਂ ਬੋਲੀ ਦੇ ਮਹੱਤਵ ਬਾਰੇ ਦਿੱਤੇ ਵਿਚਾਰ ਸੁਣ ਕੇ ਆਪਣੀ ਮੰਮੀ ਦੀ ਸੋਚ ਵੀ ਮਾਂ ਬੋਲੀ ਪ੍ਰਤੀ ਬਦਲ ਦਿੰਦਾ ਹੈ। 'ਬੇਬੇ ਦਾ ਸੁਨੇਹਾ' ਕਹਾਣੀ ਨੌਜਵਾਨ ਸਕੂਲ ਜਾਂਦੀਆਂ ਬੱਚੀਆਂ ਨੂੰ ਰਸਤੇ ਵਿਚ ਬੇਬੇ ਆਵਾਜ਼ ਮਾਰ ਕੇ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਸ ਦਾ ਹੱਲ ਸਮਝਾ ਕੇ ਉਨ੍ਹਾਂ ਵਿਚ ਅਨੇਕਾਂ ਗੁਣ ਪੈਦਾ ਕਰ ਦਿੰਦੀ ਹੈ। ਕੁੱਲ ਮਿਲਾ ਕੇ ਸਾਰੀਆਂ ਹੀ ਬਾਲ ਕਹਾਣੀਆਂ ਬਾਲਾਂ ਨੂੰ ਮਿਹਨਤ,ਅਨੁਸ਼ਾਸਨ ਅਤੇ ਅਗਿਆਕਾਰੀ ਬੱਚੇ ਬਣ ਕੇ ਭਵਿੱਖ ਦੇ ਬਹੁਤ ਹੀ ਸਿਆਣੇ ਬੱਚੇ ਬਣਨ ਦੀਆਂ ਉੱਚੀਆਂ-ਸੁੱਚੀਆਂ ਸਿਖਿਆਵਾਂ ਦਿੰਦੀਆਂ ਹਨ। ਲੇਖਿਕਾ ਅਧਿਆਪਕਾ ਹੋਣ ਦੇ ਨਾਅਤੇ ਬਾਲਾਂ ਨੂੰ ਬਹੁਤ ਬਾਰੀਕੀ ਨਾਲ ਸਮਝਦੇ ਹਨ। ਅਜੋਕੇ ਯੁੱਗ ਵਿਚ ਬਾਲਾਂ ਲਈ ਅਜਿਹੀਆਂ ਕਹਾਣੀਆਂ ਪੜ੍ਹਨੀਆਂ ਬਹੁਤ ਹੀ ਜ਼ਰੂਰੀ ਹਨ। ਮੈਂ ਲੇਖਿਕਾ ਗੁਰਪ੍ਰੀਤ ਕੌਰ ਧਾਲੀਵਾਲ ਨੂੰ ਬਾਲਾਂ ਲਈ ਸ਼ਾਨਦਾਰ ਪੁਸਤਕ ਲਿਖਣ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਬਹੁਤ ਹੀ ਕੀਮਤੀ ਪੁਸਤਕ ਪਾਉਣ 'ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.
c c c


ਮਹਾਂਰਾਣੀ ਮਾਂ

ਕਹਾਣੀਕਾਰ : ਰਾਜਾ ਹੰਸਪਾਲ
ਪ੍ਰਕਾਸ਼ਕ : ਮਾਝਾ ਵਰਲਡਵਾਈਡ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98881-76099.


ਇਸ ਨੌਜਵਾਨ ਕਹਾਣੀਕਾਰ ਨੇ ਆਪਣੇ ਇਸ ਪਲੇਠੇ ਕਹਾਣੀ ਸੰਗ੍ਰਹਿ ਵਿਚ ਕੁੱਲ 18 ਕਹਾਣੀਆਂ ਦਰਜ ਕੀਤੀਆਂ ਹਨ। ਇਕ ਬਿਮਾਰੀ ਅਤੇ ਦੂਜੇ ਹਾਦਸੇ ਕਾਰਨ ਮਿਲੀ ਅਸਹਿ ਮਜਬੂਰੀ ਦੇ ਬਾਵਜੂਦ ਕਹਾਣੀਕਾਰ ਨੇ ਆਪਣੇ ਅੰਦਰ ਪਲਦੀ ਸਾਹਿਤ-ਰਚਨਾ ਦੀ ਤਲਬ ਨੂੰ ਕਦੀ ਮਰਨ ਨਹੀਂ ਦਿੱਤਾ। ਸਿੱਟੇ ਵਜੋਂ ਇਹ ਕਹਾਣੀ ਪੁਸਤਕ ਮੌਜੂਦਾ ਕਹਾਣੀ ਸਾਹਿਤ ਵਿਚ ਆਣ ਸ਼ਾਮਿਲ ਹੋਈ। ਤਮਾਮ ਕਹਾਣੀਆਂ ਸਰਲ ਸੌਖੀ ਭਾਸ਼ਾ ਵਿਚ ਹਨ। ਲਿਖਣ ਸ਼ੈਲੀ ਸਿੱਧ ਕਰਦੀ ਹੈ ਕਿ ਕਹਾਣੀਕਾਰ ਅੰਦਰ ਕਹਾਣੀ ਚਲਦੀ ਹੀ ਰਹਿੰਦੀ ਹੈ। ਕਹਾਣੀ ਅੰਦਰ ਇਕ ਹੋਰ ਕਹਾਣੀ ਕਹਿਣ ਦੀ ਉਸ ਦੀ ਤਕਨੀਕ ਇਹੋ ਸਿੱਧ ਕਰਦੀ ਹੈ। ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਮਹਾਂਰਾਣੀ ਮਾਂ' ਸਮੇਤ ਪਹਿਲੀ ਕਹਾਣੀ 'ਚਾਚੀ ਨਸੀਬੋ', ਗ਼ਰੀਬੀ, ਕਮੀਂ, ਵਕੀਲ ਸਾਹਿਬਾ, ਸਹੇਲੀ ਦੀ ਗ਼ਲਤੀ, ਇਸ਼ਕੂ, ਖ਼ੁਦ ਨਾਲ ਗੱਲਾਂ ਆਦਿ ਜ਼ਿੰਦਗੀ ਦੇ ਕੌੜੇ ਯਥਾਰਥ ਦੀਆਂ ਬਾਕਮਾਲ ਤਸਵੀਰਾਂ ਹਨ। ਪਾਠਕ ਨੂੰ ਸੱਚ ਦੇ ਰੂਬਰੂ ਕਰਾਉਣਾ ਹੀ ਇਨ੍ਹਾਂ ਕਹਾਣੀਆਂ ਦਾ ਵਿਸ਼ੇਸ਼ ਗੁਣ ਹੈ। ਇਸ ਕਹਾਣੀ ਸੰਗ੍ਰਹਿ ਦਾ ਪੰਜਾਬੀ ਸਾਹਿਤ ਵਿਚ ਵਧੀਆ ਸਵਾਗਤ ਹੋਣਾ ਚਾਹੀਦਾ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

26-03-2022

 ਬਾਬੇ ਤਾਰੇ ਚਾਰਿ ਚਕਿ
ਲੇਖਕ : ਜਗਦੀਸ਼ ਸਿੰਘ ਢਿੱਲੋਂ
ਪ੍ਰਕਾਸ਼ਨ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 895 ਰੁਪਏ, ਸਫ਼ੇ : 703
ਸੰਪਰਕ : js@jagdishsinghdhillon.com

ਹਥਲੀ ਵੱਡ ਆਕਾਰੀ ਪੁਸਤਕ ਲੇਖਕ ਦੀ ਪੰਜ ਦਹਾਕਿਆਂ ਤੋਂ ਵੱਧ ਦੀ ਘਾਲਣਾ ਹੈ। ਲਗਭਗ 21 ਮੁੱਖ ਸਿਰਲੇਖਾਂ ਵਿਚ ਵੰਡੀ ਇਸ ਪੁਸਤਕ ਨੂੰ ਲੇਖਕ ਨੇ ਗੁਰੂ ਸਾਹਿਬ ਦੀਆਂ ਯਾਤਰਾਵਾਂ ਤੋਂ ਇਲਾਵਾ 8 ਲੇਖ ਵੀ ਸ਼ਾਮਿਲ ਕੀਤੇ ਹਨ। ਗੁਰੂ ਸਾਹਿਬ ਕਿਹੜੇ ਕਿਹੜੇ ਅਸਥਾਨਾਂ 'ਤੇ ਗਏ, ਉਨ੍ਹਾਂ ਦਾ 1404 ਸਬ ਸਿਰਲੇਖਾਂ ਹੇਠ ਵੇਰਵਾ ਦਰਜ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੁਸਤਕਾਂ, ਕੋਸ਼ਾਂ ਦੇ ਉੱਤਰਫਲ ਵਜੋਂ ਵੀ ਸਹਿਯੋਗੀ ਖੋਜ ਹੈ। ਕਿਤਾਬ ਅਨੁਸਾਰ ਗੁਰੂ ਸਾਹਿਬ ਨੇ 78 ਦੇਸ਼ਾਂ ਦੀ ਯਾਤਰਾ ਕੀਤੀ, ਜਿਸ ਦੇ ਨਾਂਅ ਥਾਉਂ ਵੇਰਵੇ ਅੰਕਿਤ ਹਨ।
ਪਹਿਲੇ ਭਾਗ ਵਿਚ ਛੋਟੇ-ਛੋਟੇ ਅੱਠ ਲੇਖ ਇਤਿਹਾਸਕ ਜਾਣਕਾਰੀ ਭਰਪੂਰ, ਸ਼ਾਮਿਲ ਕੀਤੇ ਗਏ ਜੋ ਇਤਿਹਾਸਕ ਮੁਲੰਕਣ ਦੀ ਬੱਝਵੀਂ ਤਸਵੀਰ ਪੇਸ਼ ਕਰਦੇ ਹਨ। ਬਾਬਾ ਨਾਨਕ ਦੀਆਂ ਉਦਾਸੀਆਂ ਅਨੁਸਾਰ ਅੱਜ ਦੇ ਦੇਸ਼, ਬਾਬਾ ਨਾਨਕ ਦੇ ਸਮੇਂ ਭਾਰਤ ਦੀ ਰਾਜਨੀਤਕ ਦਸ਼ਾ, ਆਰਥਿਕ ਦਸ਼ਾ, ਸਮਾਜਿਕ ਦਸ਼ਾ, ਧਾਰਮਿਕ ਦਸ਼ਾ, ਬਾਬਾ ਨਾਨਕ ਦਾ ਖਾਨਦਾਨੀ ਪਿਛੋਕੜ, ਨਨਕਾਣਾ ਸਾਹਿਬ ਦਾ ਪਿਛੋਕੜ ਅਤੇ ਪੰਜਾਬ ਦੀਆਂ ਬਾਰਾਂ ਦਾ ਜ਼ਿਕਰ ਹੈ। 13 ਭਾਗਾਂ ਵਿਚ ਬਾਬਾ ਨਾਨਕ ਦੀਆਂ ਚਾਰ ਉਦਾਸੀਆਂ ਤੋਂ ਇਲਾਵਾ ਹੋਰ ਯਾਤਰਾਵਾਂ ਦਾ ਵਰਨਣ ਬਾਖੂਬੀ ਦਿੱਤਾ ਗਿਆ ਹੈ। ਬਾਬਾ ਨਾਨਕ ਦੀਆਂ ਯਾਤਰਾਵਾਂ ਪਾਠਕ ਮਨ ਨੂੰ ਅਗਾਂਹ ਵੱਲ ਰੁਚਿਤ ਕਰਦੀਆਂ ਹਨ, ਉਹ ਕਿਤਾਬ ਹੰਗਾਲਣ ਲਈ ਉਤਾਵਲਾ ਹੋ ਜਾਂਦਾ ਹੈ ਜਿਵੇਂ ਪਹਿਲੀ ਉਦਾਸੀ-ਪਾਕਿਸਤਾਨ, ਭਾਰਤ, ਬੰਗਲਾਦੇਸ਼, ਬਰਮਾ, ਚੀਨ, ਲਾਉਸ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਟੀਮੋਰਦੀਪ। ਦੂਜੀ ਉਦਾਸੀ-ਸ੍ਰੀ ਲੰਕਾ। ਤੀਜੀ ਉਦਾਸੀ-ਨਿਪਾਲ, ਭੂਟਾਨ, ਫਿਲੀਪਾਈਨ, ਤਾਇਵਾਨ, ਜਾਪਾਨ, ਮੰਗੋਲੀਆ (ਚੀਨ ਹੋ ਕੇ ਵਾਪਸ)। ਚੌਥੀ ਉਦਾਸੀ-ਉਮਾਨ, ਯਮਨ, ਅਰਬ, ਇਰਾਕ, ਜੋਰਡਨ, ਇਜ਼ਰਾਇਲ, ਮਿਸਰ, ਸੁਡਾਨ, ਇਥੋਪੀਆ, ਸੋਮਾਲੀਆ, ਕੇਨੀਆ, ਤਨਜ਼ਾਨੀਆ, ਬਰੂੰਡੀ, ਰਵਾਂਡਾ ਕਾਂਗੋ (ਜਇਰੇ) ਯੂਗਾਂਡਾ, ਸਾਊਥ ਸੁਡਾਨ, ਫਿਲਸਤੀਨ, ਲੈਬਨਾਨ, ਸੀਰੀਆ, ਤੁਰਕੀ, ਯੂਨਾਨ, ਅਲਬਾਨੀਆ, ਇਟਲੀ, ਵੈਟੀਕਨ, ਜਰਮਨੀ, ਡੈਨਮਾਰਕ, ਸਵੀਡਨ, ਨਾਰਵੇ (ਵਾਪਸੀ) ਸਕਾਟਲੈਂਡ, ਇੰਗਲੈਂਡ, ਹਾਲੈਂਡ, ਬੈਲਜੀਅਮ, ਫਰਾਂਸ, ਸਪੇਨ,ਟ੍ਰਿਨੀਡਾਡ ਐਂਡ ਟੋਬੈਗੋ, ਕਿਊਬਾ ਦੀਪ, ਬਹਾਂਮਾਜ਼ ਦੀਪ, ਅਮਰੀਕਾ(ਵਾਪਸੀ), ਪੁਰਤਗਾਲ, ਜਿਬਰਾਲਟਰ, ਮਕਦੂਨੀਆ, ਖੋਸੋਵੋ, ਸਰਬੀਆ, ਹੰਗਰੀ, ਰੋਮਾਨੀਆ, ਬੁਲਗਾਰੀਆ, ਜਾਰਜੀਆ, ਰੂਸ, ਅਜਰਬਾਈਜਾਨ, ਅਰਮੀਨੀਆ, ਈਰਾਨ, ਸਵਿਟਜ਼ਰਲੈਂਡ, ਤੁਰਕਮੇਨਿਸਤਾਨ, ਉਜਬੇਕਿਸਤਾਨ, ਕਿਰਗੀਜਸਤਾਨ, ਕਜਾਕਿਸਤਾਨ ਅਤੇ ਅਫ਼ਗਾਨਿਸਤਾਨ (ਵਾਪਸੀ) ਹਥਲੀ ਕਿਤਾਬ ਇਤਿਹਾਸਕਾਰਾਂ ਅਤੇ ਖੋਜਾਰਥੀਆਂ ਲਈ ਇਕ ਅਹਿਮ ਦਸਤਾਵੇਜ਼ ਹੈ।

ਦਿਲਜੀਤ ਸਿੰਘ ਬੇਦੀ
ਮੋ 98148-98570

ਤੇਗ ਬਹਾਦਰ ਸਿਮਰਿਐ
ਮਹਾਂਕਾਵਿਕਾਰ : ਗੁਰਦਿਆਲ ਸਿੰਘ ਨਿਮਰ
ਪ੍ਰਕਾਸ਼ਕ : ਹਰਿਆਣਾ ਪੰ. ਸਾ. ਅਕਾਦਮੀ, ਪੰਚਕੂਲਾ
ਮੁੱਲ : 250 ਰੁਪਏ, ਸਫ਼ੇ : 308
ਸੰਪਰਕ : 098122-33662.

ਇਕ ਮਹਾਂਕਾਵਿਕਾਰ ਵਜੋਂ ਸ. ਗੁਰਦਿਆਲ ਸਿੰਘ ਨਿਮਰ ਨੇ ਪੰਜਾਬੀ ਸਾਹਿਤ ਵਿਚ ਆਪਣਾ ਇਕ ਵਿਸ਼ੇਸ਼ ਮੁਕਾਮ ਬਣਾ ਲਿਆ ਹੈ। ਫ਼ਤਹਿ ਸਰਹਿੰਦ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਭਾਈ ਘਨੱਈਆ ਜੀ ਅਤੇ ਸਤਿਗੁਰੁ ਨਾਨਕ ਪ੍ਰਗਟਿਆ ਤੋਂ ਬਾਅਦ 'ਤੇਗ ਬਹਾਦਰ ਸਿਮਰਿਐ' ਉਸ ਦਾ ਪੰਜਵਾਂ ਮਹਾਂਕਾਵਿ ਹੈ। ਮਹਾਂਕਾਵਿ ਭਾਰਤੀ ਅਤੇ ਪੱਛਮੀ ਕਾਵਿ ਸ਼ਾਸਤਰ ਦਾ ਇਕ ਪ੍ਰਮੁੱਖ ਰੂਪਾਕਾਰ ਹੈ ਅਤੇ ਇਸ ਦੀ ਰੂਪ-ਰਚਨਾ ਕਰਨ ਲਈ ਕਿਸੇ ਕਵੀ ਦਾ ਵਿਸ਼ਾਲ ਅਨੁਭਵ, ਡੂੰਘੀ ਸੰਵੇਦਨਾ ਅਤੇ ਕਾਵਿ ਵਿਧੀਆਂ ਵਿਚ ਨਿਪੁੰਨਤਾ ਹੋਣੀ ਚਾਹੀਦੀ ਹੈ। 'ਤੇਗ ਬਹਾਦਰ ਸਿਮਰਿਐ' ਇਨ੍ਹਾਂ ਸਾਰੇ ਗੁਣਾਂ-ਲੱਛਣਾਂ ਉੱਪਰ ਖਰੀ ਉੱਤਰਨ ਵਾਲੀ ਇਕ ਮਹਾ(ਨ) ਰਚਨਾ ਹੈ।
ਸਤਿਗੁਰੂ ਤੇਗ ਬਹਾਦਰ ਜੀ ਪੂਰੇ ਵਿਸ਼ਵ ਦੇ ਇਕ ਮਹਾਨ ਸਤਿਗੁਰੂ ਅਤੇ ਰਹਿਬਰ ਹੋਏ ਹਨ। ਆਪ ਨੇ ਸਭ ਤੋਂ ਪਹਿਲਾਂ ਧਾਰਮਿਕ ਅਤੇ ਸੱਭਿਆਚਾਰਕ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ। ਆਪ ਨੇ ਬੇਨਜ਼ੀਰ ਸ਼ਹਾਦਤ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਕਿ ਹਰ ਵਿਅਕਤੀ ਆਪਣੇ-ਆਪਣੇ ਅਕੀਦੇ ਅਨੁਸਾਰ ਪੂਜਾ-ਅਰਚਨਾ ਕਰਨ ਲਈ ਸੁਤੰਤਰ ਹੋਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪ੍ਰਮਾਣਿਕ ਜੀਵਨ ਬਿਰਤਾਂਤ ਤਿਆਰ ਕਰਨ ਲਈ ਸ. ਨਿਮਰ ਨੇ ਡਾ. ਫ਼ੌਜਾ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਸੁਰਿੰਦਰ ਸਿੰਘ ਕੋਹਲੀ, ਡਾ. ਤ੍ਰਿਲੋਚਨ ਸਿੰਘ, ਪ੍ਰਿੰ. ਸਤਿਬੀਰ ਸਿੰਘ ਅਤੇ ਲਾਲਾ ਦੌਲਤ ਰਾਇ ਦੀਆਂ ਪੁਸਤਕਾਂ ਪੜ੍ਹੀਆਂ ਹਨ।
ਮਹਾਂਕਾਵਿ ਦੇ ਨਿਰਵਾਹ ਲਈ ਵਾਰਾਂ, ਢਾਡੀ, ਪ੍ਰਸੰਗ, ਬੈਂਤ ਛੰਦ, ਕਬਿੱਤ, ਲੋਕ ਕਾਵਿ ਰੂਪਾਂ ਅਤੇ ਛੋਟੇ ਬਹਿਰ ਦੀਆਂ ਕਾਵਿ-ਟੁਕੜੀਆਂ ਦਾ ਪ੍ਰਯੋਗ ਕੀਤਾ ਗਿਆ ਹੈ। ਕਲਪਨਾ ਅਤੇ ਭਾਵਾਂ ਦਾ ਸੁੰਦਰ ਸਮਾਵੇਸ਼ ਹੋਇਆ ਹੈ। ਭਾਸ਼ਾ ਅਤਿਅੰਤ ਸ਼ੁੱਧ ਅਤੇ ਟਕਸਾਲੀ ਹੈ। ਇਕ ਪ੍ਰਮਾਣ ਦੇਖੋ :
ਜਦੋਂ ਜਦੋਂ ਮੈਂ ਪੜ੍ਹਾਂ ਇਤਿਹਾਸ ਆਪਣਾ,
ਮੈਨੂੰ ਅਜਬ-ਅਜੀਬ ਅਹਿਸਾਸ ਹੁੰਦਾ।
ਨੌਵੇਂ ਪਾਤਸ਼ਾਹ ਅਗਰ ਨਾ ਸੀਸ ਦਿੰਦੇ,
ਭਾਰਤ ਵਰਸ਼ ਦਾ ਹੋਰ ਇਤਿਹਾਸ ਹੁੰਦਾ।
ਬਿਲਕੁਲ ਸਹੀ ਨਿਸ਼ਕਰਸ਼ ਕੱਢਿਆ ਹੈ ਨਿਮਰ ਸਾਹਿਬ ਨੇ। ਮੈਂ ਇਸ ਮਹਾਨ ਰਚਨਾ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗੁਰਮਤਿ ਦ੍ਰਿਸ਼ਟੀ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 98149-01254.

ਸੁਖਦੇਵ ਸਿੰਘ ਸ਼ਾਂਤ ਬਹੁ-ਵਿਧਾਈ ਲੇਖਕ ਹਨ, ਜਿਨ੍ਹਾਂ ਨੇ ਗੁਰਮਤਿ ਸਾਹਿਤ ਦੀਆਂ ਦੋ, ਬਾਲ ਸਾਹਿਤ ਦੀਆਂ ਪੰਜ, ਕਵਿਤਾ ਦੀ ਇਕ ਅਤੇ ਕਾਹਣੀ/ਮਿੰਨੀ ਕਹਾਣੀ ਦੀਆਂ ਤਿੰਨ ਪੁਸਤਕਾਂ ਲਿਖੀਆਂ ਹਨ। ਵਿਚਾਰ-ਗੋਚਰੀ ਪੁਸਤਕ ਗੁਰਮਤਿ ਵਿਚਾਰਧਾਰਾ ਬਾਰੇ ਪੰਜ ਖੋਜ ਪੱਤਰਾਂ ਉੱਤੇ ਆਧਾਰਿਤ ਹੈ। ਗਹੁ ਨਾਲ ਪੜ੍ਹਿਆਂ ਪਾਠਕ ਇਸ ਸਿੱਟੇ 'ਤੇ ਪੁੱਜਦਾ ਹੈ ਕਿ ਇਹ ਪੁਸਤਕ ਗੁਰਮਤਿ ਦੀ ਤਰਕਸੰਗਤ ਅਤੇ ਨਿਵੇਕਲੀ ਵਿਆਖਿਆ ਹੈ। ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਹੈ।
ਪਹਿਲਾ ਖੋਜ ਪੱਤਰ : 'ਗੁਰਮਤਿ ਸੰਪੂਰਨ ਜੀਵਨ ਦਾ ਮਾਰਗ' ਦੇ ਸਿਰਲੇਖ ਹੇਠ ਹੈ। ਤਿੰਨ ਪ੍ਰਮੁੱਖ ਨੁਕਤਿਆਂ ਦੀ ਵਿਆਖਿਆ ਕੀਤੀ ਗਈ ਹੈ। ਇਹ ਹਨ 'ਮਨੁੱਖ ਦੀ ਹੋਂਦ ਸੰਬੰਧੀ', 'ਮਨੁੱਖ ਦੀ ਉਮਰ ਸੰਬੰਧੀ' ਅਤੇ 'ਮਨੁੱਖ ਦੇ ਵਿਹਾਰਕ ਜੀਵਨ ਸੰਬੰਧੀ'। ਇਨ੍ਹਾਂ ਤਿੰਨਾਂ ਸਿਰਲੇਖਾਂ ਦੇ ਅੱਗੋਂ ਅਨੇਕਾਂ ਉਪਭਾਗ ਹਨ ਜਿਵੇਂ ਵਿਅਕਤੀਗਤ ਜੀਵਨ, ਪਰਿਵਾਰਕ ਜੀਵਨ, ਸਮਾਜਿਕ ਜੀਵਨ, ਆਰਥਿਕ ਜੀਵਨ, ਧਾਰਮਿਕ ਜੀਵਨ, ਰਾਜਨੀਤਕ ਜੀਵਨ ਆਦਿ। ਹਰ ਵਿਆਖਿਆ ਢੁਕਵੇਂ ਗੁਰਬਾਣੀ ਪ੍ਰਮਾਣਾਂ ਸਹਿਤ ਹੈ। ਜਿਵੇਂ
'ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥' (ਮਾਰੂ ਮਹੱਲਾ 1 ਅੰਗ 992)
ਦੂਜਾ ਖੋਜ ਪੱਤਰ, 'ਗੁਰਮਤਿ ਵਿਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿਚ ਕਾਰਜ ਦੀ ਸੁਤੰਤਰਤਾ।' ਇਸ ਖੋਜ ਪੱਤਰ ਵਿਚ ਕ੍ਰਿਯਮਾਣ, ਪ੍ਰਾਲਬਧ, ਸੰਚਿਤ ਕਰਮ, ਬਾਕੀ ਧਰਮਾਂ ਵਿਚ ਕਾਰਜ ਦੀ ਸੁਤੰਤਰਤਾ', ਗੁਰਮਤਿ ਵਿਚ ਕਾਰਜ ਦੀ ਸੁਤੰਤਰਤਾ ਅਤੇ ਹੋਰ ਅਨੇਕਾਂ ਨੁਕਤਿਆਂ ਦੀ ਵਿਆਖਿਆ ਹੈ।
(ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ) (ਮਾਝ ਮਹੱਲਾ ਪੰਜਵਾਂ, ਅੰਗ 134)
(ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ) (ਅੰਗ 522)
ਤੀਜੇ ਖੋਜ ਪੱਤਰ ਦਾ ਸਿਰਲੇਖ ਹੈ 'ਮਨਿ ਜੀਤੇ ਜਗੁ ਜੀਤੁ।' ਇਸ ਖੋਜ ਪੱਤਰ ਵਿਚ ਗੁਰਮਤਿ ਵਿਚ ਮਨ ਦੇ ਸੰਕਲਪ ਦੀ ਵਿਆਖਿਆ ਹੈ। ਮਨ ਸ਼ਬਦ ਵੀ ਬੜੀ ਵਿਵੇਕਪੂਰਨ ਵਿਆਖਿਆ ਕੀਤੀ ਗਈ ਹੈ।
ਚੌਥੇ ਖੋਜ ਪੱਤਰ ਦਾ ਸਿਰਲੇਖ ਹੈ '1699 ਦੀ ਵਿਸਾਖੀ।' ਇਸ ਵਿਚ ਵਿਸਾਖੀ ਦੇ ਤਾਰੀਖੀ ਮਹੱਤਵ ਦੇ ਨਾਲ-ਨਾਲ ਖ਼ਾਲਸਾ ਸਾਜਨਾ ਦੇ ਪ੍ਰਕਰਣ ਨੂੰ ਵਿਸਥਾਰ ਨਾਲ ਕਲਮਬੰਦ ਕੀਤਾ ਗਿਆ ਹੈ। ਖ਼ਾਲਸੇ ਦੀ ਸਿਰਜਣਾ ਰਾਹੀਂ ਲੋਕਰਾਜੀ ਨਿਜ਼ਾਮ ਦੀ ਸਥਾਪਨਾ ਕੀਤੀ ਗਈ। (ਪੰਨਾ 95)। '1699 ਦੀ ਵਿਸਾਖੀ-ਆਧੁਨਿਕ ਪ੍ਰਸੰਗ ਵਿਚ' ਇਕ ਅਹਿਮ ਉਪਭਾਗ ਹੈ, ਵਿਚਾਰਨਯੋਗ ਹੈ। (ਪੰਨਾ 102)
ਪੰਜਵਾਂ ਤੇ ਅੰਤਿਮ ਖੋਜ ਪੱਤਰ 'ਗੁਰਦੁਆਰਾ ਇਕ ਸੰਸਥਾ' ਸਿਰਲੇਖ ਹੇਠ ਹੈ। ਗੁਰਦੁਆਰਾ, ਸਤਿਸੰਗਤ ਅਤੇ ਸੇਵਾ ਦਾ ਕੇਂਦਰ ਹੈ, ਧੁਰਾ ਹੈ। ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਜਗਿਆਸੂਆਂ ਲਈ ਉਪਦੇਸ਼ਕ, ਆਚਾਰੀਆ, ਰੋਗੀਆਂ ਲਈ ਸਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹ-ਦੁਰਗ ਅਤੇ ਆਰਾਮ ਕੇਂਦਰ ਹੈ। (ਪੰਨਾ 116)। ਪੁਸਤਕ ਦੇ ਹਰੇਕ ਭਾਗ ਵਿਚ ਹਵਾਲੇ ਤੇ ਟਿੱਪਣੀਆਂ ਗੁਰਬਾਣੀ ਦੇ ਢੁਕਵੇਂ ਪ੍ਰਮਾਣ ਤੇ ਵਿਦਵਾਨਾਂ ਦੇ ਵਿਚਾਰ ਦਰਜ ਹਨ।

ਤੀਰਥ ਸਿੰਘ ਢਿੱਲੋਂ
ਮੋ: 73407-51710

c c c

ਦ੍ਰਿਸ਼ਟੀ, ਪਸਾਰ ਅਤੇ ਸੰਵਾਦ
ਸੰਪਾਦਕ : ਅਰਵਿੰਦਰ ਕੌਰ ਕਾਕੜਾ
ਪ੍ਰਕਾਸ਼ਕ : ਅਣੂ ਮੰਚ ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 94636-15536.

ਹਥਲੀ ਪੁਸਤਕ ਮਿੰਨੀ ਕਹਾਣੀ ਦੇ ਸਿਰਮੌਰ ਸਿਰਜਕਾਂ ਵਿਚੋਂ ਹੋਏ ਸੁਰਿੰਦਰ ਕੈਲੇ ਦੇ ਮਿੰਨੀ ਕਹਾਣੀ ਸੰਗ੍ਰਹਿ ' ਸੂਰਜ ਦਾ ਪਰਛਾਵਾਂ ' ਦਾ ਬਹੁਪੱਖੀ ਅਧਿਐਨ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਲੇਖਕ ਅਤੇ ਸੰਪਾਦਕ ਤੋਂ ਇਲਾਵਾ 20 ਹੋਰ ਵਿਦਵਾਨਾਂ ਨੇ ਨਿਰਧਾਰਿਤ ਪੁਸਤਕ ਸੰਬੰਧੀ ਖੋਜ ਪਰਕ ਨਿਬੰਧ ਪੇਸ਼ ਕੀਤਾ ਹੈ। ਮਿੰਨੀ ਕਹਾਣੀ ਅਜੋਕੇ ਸਮੇਂ ਦੀ ਪ੍ਰਮੁੱਖ ਗਲਪ ਵਿਧਾ ਦਾ ਰੂਪ ਧਾਰਨ ਕਰ ਚੁੱਕੀ ਹੈ। ਸੁਰਿੰਦਰ ਕੈਲੇ ਨੇ ਜਿਸ ਕਦਰ ਆਪਣੀਆਂ ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ਿਆਂ ਨੂੰ ਪ੍ਰਗਟਾਇਆ ਹੈ, ਜਿਸ ਕਦਰ ਵਿਅੰਗ ਸਿਰਜਿਆ ਹੈ ਅਤੇ ਜਿਸ ਕਦਰ ਪਾਤਰਾਂ ਦਾ ਸੰਖੇਪ ਅੰਦਰੂਨੀ ਅਤੇ ਬਾਹਰੀ ਸੋਚ ਦ੍ਰਿਸ਼ਟੀ ਦਾ ਪ੍ਰਗਟਾਵਾ ਕੀਤਾ ਹੈ, ਇਨ੍ਹਾਂ ਸਾਰਿਆਂ ਪੱਖਾਂ ਨੂੰ ਇਨ੍ਹਾਂ ਵਿਦਵਾਨਾਂ ਨੇ ਖੂਬ ਵਿਚਾਰਿਆ ਹੈ। ਡਾ. ਅਮਰ ਕੋਮਲ ਨੇ ਇਸ ਦਾ ਬਹੁਪਰਤੀ ਮੁਲਾਂਕਣ ਕੀਤਾ ਹੈ, ਡਾ. ਤੇਜਵੰਤ ਮਾਨ ਇਸ ਲੇਖਕ ਨੂੰ ਬਿਰਤਾਂਤਮੁਖੀ ਕਹਾਣੀਆਂ ਦਾ ਰਚਣਹਾਰਾ ਦੱਸਦਾ ਹੈ। ਇਸੇ ਤਰ੍ਹਾਂ ਇਨ੍ਹਾਂ ਕਹਾਣੀਆਂ ਵਿਚ ਪ੍ਰਗਟ ਸਮਾਜਿਕ ਅੰਤਰ ਦਵੰਦਾਂ, ਮਨੋਵਿਗਿਆਨਕ ਪੱਧਤੀਆਂ, ਖੱਟੇ ਮਿੱਠੇ ਅਤੇ ਕੌੜੇ ਯਥਾਰਥ, ਵਿਸ਼ਵ ਦ੍ਰਿਸ਼ਟੀਕੋਣ ਪ੍ਰਤੀ ਨਜ਼ਰੀਏ, ਕਹਾਣੀਆਂ ਦੇ ਚਿਹਨ ਪ੍ਰਬੰਧ, ਬਹੁਪੱਖੀ ਸੰਬਾਦਕ ਬਿਰਤਾਂਤਕਾਰੀ, ਪ੍ਰਗਤੀਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਗਟਾਵਾ ਅਤੇ ਇਨ੍ਹਾਂ ਕਹਾਣੀਆਂ ਦੀ ਕਲਾਤਮਿਕਤਾ ਦੀ ਪੇਸ਼ਕਾਰੀ ਨੂੰ ਵਿਦਵਾਨਾਂ ਨੇ ਨੇੜਿਉਂ ਘੋਖਿਆ ਅਤੇ ਪ੍ਰਗਟਾਇਆ ਹੈ। ਪੁਸਤਕ ਦੇ ਅੰਤ ਵਿਚ ਡਾ. ਪ੍ਰਦੀਪ ਕੌੜਾ ਵਲੋਂ ਜੋ ਸੁਰਿੰਦਰ ਕੈਲੇ ਨਾਲ ਮੁਲਾਕਾਤ ਸਵਾਲਾਂ ਦੇ ਸਨਮੁੱਖ ਸਿਰਲੇਖ ਹੇਠ ਅੰਕਿਤ ਹੈ, ਉਸ ਵਿਚੋਂ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀ ਨੂੰ ਪ੍ਰਫੁੱਲਿਤ ਕਰਨ, ਇਸ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਬਣਾਉਣ ਅਤੇ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਕਰ ਦੇਣ ਦੀ ਸਮਰੱਥਾ ਦਾ ਪੱਖ ਖੂਬ ਉੱਘੜਦਾ ਪ੍ਰਤੀਤ ਹੁੰਦਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਜ਼ਿੰਦਗੀ ਦਾ ਮੇਲਾ
ਲੇਖਕ : ਤੇਲੂ ਰਾਮ ਕੁਹਾੜਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 278
ਸੰਪਰਕ : 98147-32198.

ਵਿਚਾਰ ਅਧੀਨ ਸਵੈ-ਜੀਵਨੀ, ਸਵੈ-ਜੀਵਨੀ ਵਿਧਾ ਦੇ ਮਿਆਰ 'ਤੇ ਪੂਰੀ ਉਤਰਦੀ ਹੈ ਕਿਉਂਕਿ ਇਸ ਵਿਚ ਲੇਖਕ ਨੇ 'ਸੱਚ ਦੀ ਪੇਸ਼ਕਾਰੀ' ਦਾ ਕਿਧਰੇ ਵੀ ਪੱਲਾ ਨਹੀਂ ਛੱਡਿਆ। ਪਾਠਕਾਂ ਨੂੰ ਸੱਚਮੁੱਚ ਆਪਣੇ ਜੀਵਨ ਦਾ ਭਰਿਆ ਮੇਲਾ ਵਿਖਾ ਦਿੱਤਾ ਹੈ। ਲੇਖਕ ਨੇ ਆਪਣੇ ਜੀਵਨ ਵਿਚ ਆਏ ਉਤਰਾਵਾਂ-ਚੜ੍ਹਾਵਾਂ ਦਾ ਬੜੀ ਰਵਾਨਗੀ ਅਤੇ ਸਪੱਸ਼ਟ ਸ਼ੈਲੀ ਵਿਚ ਵਰਨਣ ਕੀਤਾ ਹੈ। ਉਹ ਅਤਿ ਦੀ ਗ਼ਰੀਬੀ ਤੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਕੇ ਆਪਣੇ ਅਸਤਿਤਵ ਨੂੰ ਵਿੱਦਿਅਕ ਅਤੇ ਸਾਹਿਤਕ ਖੇਤਰ ਵਿਚ ਬੁਲੰਦ ਕਰਦਾ ਹੈ। ਇਹ ਉਸ ਦੇ ਜੀਵਨ ਦੇ ਦੁੱਖਾਂ-ਸੁੱਖਾਂ ਦੀ ਗਾਥਾ ਹੈ। ਸਵੈ-ਜੀਵਨੀ ਦੇ ਨਾਇਕ ਵਜੋਂ ਉਹ ਬਿਖੜੇ ਪੈਂਡੇ ਤੈਅ ਕਰਕੇ ਆਪਣੇ ਪਰਿਵਾਰ ਦੇ ਸਾਹਮਣੇ ਆਈ ਹਰ ਸਮੱਸਿਆ ਦਾ ਹੱਲ ਲੱਭ ਹੀ ਲੈਂਦਾ ਹੈ। ਲੇਖਕ ਨੇ ਆਪਣੇ ਬਚਪਨ ਦੀਆਂ ਖੇਡਾਂ-ਸ਼ਰਾਰਤਾਂ ਨੂੰ ਬਾਖੂਬੀ ਚਿਤਰਿਆ ਹੈ। ਮਨੋਵਿਗਿਆਨਕ ਤੌਰ 'ਤੇ 'ਉਦੋਂ' ਤੇ 'ਹੁਣ' ਅਰਥਾਤ 'ਯਾਦ ਤਲ' ਅਤੇ 'ਸਿਰਜਣ-ਪਲ' ਦਰਮਿਆਨ ਕੰਪਨ ਨੋਟ ਕੀਤੀ ਜਾ ਸਕਦੀ ਹੈ। ਸਾਈਕਲ ਯੁੱਗ ਤੋਂ ਸਕੂਟਰ/ਕਾਰਾਂ ਦੇ ਯੁੱਗ ਤੱਕ, ਚਿੱਠੀਆਂ ਦੇ ਯੁੱਗ ਤੋਂ ਮੋਬਾਈਲ ਇੰਟਰਨੈੱਟ ਤੱਕ, ਆਰਥਿਕ ਤੰਗੀ ਤੋਂ ਖੁਸ਼ਹਾਲੀ ਤੱਕ ਦਾ ਜੀਵਨ ਪੈਂਡਾ ਤੈਅ ਕਰਦੀਆਂ ਬਾਤਾਂ ਪਾਈਆਂ ਹਨ। ਆਪਣੇ ਜੀਵਨ ਵਿਚ ਤਿੰਨ ਪੀੜ੍ਹੀਆਂ ਦਾ ਸੁੱਖ ਮਾਣਿਆ ਹੈ। ਪਰਿਵਾਰਕ ਮੌਤਾਂ ਦਾ ਹਿਰਦੇਵੇਧਕ ਬਿਰਤਾਂਤ ਹੈ। ਆਪਣੇ ਜੀਵਨ ਦੇ ਅੱਠ ਦਹਾਕਿਆਂ ਵਿਚੋਂ 53 ਵਰ੍ਹੇ ਆਪਣੀ ਪਤਨੀ ਨਾਲ ਬਿਤਾਏ ਅਭੁੱਲ ਯਾਦ ਬਣ ਗਏ ਹਨ। ਪਤਨੀ ਦੀ ਮ੍ਰਿਤੂ ਬਾਅਦ ਇਹ ਸਵੈ-ਜੀਵਨੀ ਲਿਖਣੀ ਸ਼ੁਰੂ ਕੀਤੀ ਹੈ। ਦੋਵਾਂ ਜੀਆਂ ਨੇ ਸਫਲ ਅਧਿਆਪਕੀ ਜੀਵਨ ਬਤੀਤ ਕੀਤਾ। ਲੇਖਕ ਨੇ ਪੱਤਰਕਾਰੀ ਅਤੇ ਵੈਦਿਕ ਕਾਰਜ ਵੀ ਕੀਤਾ। ਪੱਤਰਕਾਰੀ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਦੀ ਪ੍ਰੇਰਨਾ ਨਾਲ ਕੀਤੀ। ਇਤਿਹਾਸਕ ਥਾਵਾਂ ਦੀ ਯਾਤਰਾ ਨਾਲ ਸਵੈ-ਜੀਵਨੀ ਵਿਚ ਸਫ਼ਰਨਾਮੇ ਦਾ ਅੰਸ਼ ਵੀ ਪ੍ਰਵੇਸ਼ ਕਰ ਗਿਆ ਹੈ। ਨਾਇਕ ਹਰ ਥਾਂ ਵੱਡਿਆਂ ਦਾ ਸਤਿਕਾਰ ਕਰਦਾ ਹੈ। ਜੀਵਨ ਵਿਚ ਆਏ ਸਾਹਿਤਕਾਰਾਂ, ਸਾਹਿਤ ਸਭਾਵਾਂ, ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਦੇ ਨਾਵਾਂ ਥਾਵਾਂ/ਘਟਨਾਵਾਂ ਦਾ ਬਿਆਨ ਹੈ। ਸਾਹਿਤਕ ਸਿਰਜਣਾਵਾਂ, ਮਾਣ-ਸਨਮਾਨਾਂ ਦਾ ਜ਼ਿਕਰ ਹੈ। ਪੰਜਾਬ ਦੇ ਕਾਲੇ ਦਿਨਾਂ ਦਾ ਭੋਗਿਆ ਸੰਤਾਪ ਰੂਪਮਾਨ ਕੀਤਾ ਗਿਆ ਹੈ। ਕੋਰੋਨਾ ਸੰਕਟ ਦੇ ਵੀ ਸੰਕੇਤ ਹਨ। ਲੇਖਕ ਪ੍ਰਸਿੱਧ ਸਾਹਿਤਕ ਸ਼ਖ਼ਸੀਅਤ ਹੈ। ਕਮਾਲ ਦਾ ਦ੍ਰਿਸ਼-ਚਿਤਰਨ ਅਤੇ ਪਾਤਰਾਂ ਦੇ ਮੁਹਾਂਦਰੇ ਚਿੱਤਰੇ ਹਨ। ਕਮਾਲ ਦੀ ਗੱਲ ਇਹ ਹੈ ਕਿ ਲੇਖਕ ਜਿਸ ਘਟਨਾ 'ਤੇ ਫੋਕਸ ਕਰਦਾ ਹੈ, ਉਸ ਦਾ ਰੇਸ਼ਾ-ਰੇਸ਼ਾ ਉਘਾੜ ਦਿੰਦਾ ਹੈ। ਸਵੈ-ਜੀਵਨੀ ਵੱਖ-ਵੱਖ ਅਹਿਮ ਯਾਦਾਂ ਦੀਆਂ ਤਸਵੀਰਾਂ ਨਾਲ ਸੁਸਜਿਤ ਹੈ ਜੋ ਉਸ ਦੀ ਆਤਮ-ਕਥਾ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀਆਂ ਹਨ। ਲੇਖਕ ਜਿਊਂਦੇ ਜੀਅ ਇਸ ਸਵੈ-ਜੀਵਨੀ ਨੂੰ ਸੰਪੂਰਨ ਕਰ ਗਿਆ ਸੀ, ਜਿਸ ਨੂੰ ਬਾਅਦ ਵਿਚ ਉਸ ਦੇ ਹੋਣਹਾਰ ਸਪੁੱਤਰਾਂ ਨੇ ਛਪਵਾਇਆ ਜਾਪਦਾ ਹੈ। ਇਹ ਰਚਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨ ਦੀ ਸੰਭਾਵਨਾ ਰੱਖਦੀ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c

ਰੰਗ ਦੇ ਬਸੰਤੀ ਚੋਲਾ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 114
ਸੰਪਰਕ : 98147-83069.

ਇਹ ਨਾਵਲ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਹ ਉਨ੍ਹਾਂ ਕ੍ਰਾਂਤੀਕਾਰੀਆਂ ਨੂੰ ਸਮਰਪਿਤ ਹੈ ਜੋ ਚੁੱਪਚਾਪ ਆਏ ਅਤੇ ਆਹੂਤੀ ਪਾ ਕੇ ਚਲੇ ਗਏ। ਉਨ੍ਹਾਂ ਦੇ ਨਾਂਅ ਨਾ ਇਤਿਹਾਸ ਜਾਣਦਾ ਹੈ, ਨਾ ਲੋਕ ਜਾਣਦੇ ਹਨ। ਸ. ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਨੂੰ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ। ਉਸ ਦਾ ਸਾਰਾ ਪਰਿਵਾਰ ਹੀ ਆਜ਼ਾਦੀ ਸੰਗਰਾਮ ਨਾਲ ਜੁੜਿਆ ਹੋਇਆ ਸੀ। ਬਚਪਨ ਤੋਂ ਹੀ ਭਗਤ ਸਿੰਘ ਦੇ ਖ਼ੂਨ ਵਿਚ ਇਨਕਲਾਬ ਦਾ ਜੋਸ਼ ਸੀ। ਉਹ ਬਹੁਤ ਹੀ ਹੋਣਹਾਰ, ਹੁਸ਼ਿਆਰ ਅਤੇ ਬੁੱਧੀਮਾਨ ਸੀ। ਉਸ ਨੇ ਛੋਟੀ ਜਿਹੀ ਉਮਰ ਵਿਚ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹੀਦ-ਏ-ਆਜ਼ਮ ਦਾ ਖ਼ਿਤਾਬ ਪ੍ਰਾਪਤ ਕੀਤਾ। ਜਦੋਂ ਇਨ੍ਹਾਂ ਬਹਾਦਰ ਸਪੂਤਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਨੂੰ ਘਬਰਾਹਟ ਦੀ ਥਾਂ 'ਤੇ ਲਾਲੀਆਂ ਚੜ੍ਹ ਗਈਆਂ। ਜੇਲ੍ਹ ਅੰਦਰ ਭਗਤ ਸਿੰਘ ਕਿਤਾਬਾਂ ਪੜ੍ਹਦਾ ਅਤੇ ਡਾਇਰੀ ਲਿਖਦਾ ਰਹਿੰਦਾ ਸੀ। ਉਸ ਦੀ ਮੁਲਾਕਾਤ ਭਾਈ ਸਾਹਿਬ ਰਣਧੀਰ ਸਿੰਘ ਨਾਲ ਵੀ ਹੋਈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਸ ਨੇ ਕੇਸ ਰੱਖ ਲਏ ਸਨ। 23 ਮਾਰਚ, 1931 ਈ. ਨੂੰ ਤਿੰਨਾਂ ਮਹਾਨ ਦੇਸ਼ ਭਗਤਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਤਿੰਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਗਾਉਣ ਲੱਗੇ
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇਂ ਹੈ।
ਸ. ਭਗਤ ਸਿੰਘ ਬੁਲੰਦ ਆਵਾਜ਼ ਵਿਚ ਗਾ ਰਿਹਾ ਸੀ
ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ।
ਲੇਖਕ ਨੇ ਬੜੇ ਭਾਵਪੂਰਤ ਢੰਗ ਨਾਲ ਇਸ ਬੇਮਿਸਾਲ ਕੁਰਬਾਨੀ ਦਾ ਜ਼ਿਕਰ ਕੀਤਾ ਹੈ। ਇਹ ਨਾਵਲ ਪੜ੍ਹਨਯੋਗ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

20-03-2022

ਵਰ੍ਹੇ ਵਾਰ ਪੰਜ ਪਾਣੀ 2021 (ਮੈਗਜ਼ੀਨ)
ਸੰਪਾਦਕੀ ਬੋਰਡ : ਰਮੇਸ਼ ਯਾਦਵ ਅਤੇ
ਡਾ. ਚਰਨਜੀਤ ਸਿੰਘ ਨਾਭਾ
ਪ੍ਰਕਾਸ਼ਕ : ਫੋਕਲੋਰ ਰਿਸਰਚ ਅਕਾਦਮੀ, ਅੰਮ੍ਰਿਤਸਰ
ਸਫ਼ੇ : 132
ਸੰਪਰਕ : 98723-18484.


ਹਥਲਾ ਮੈਗਜ਼ੀਨ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਕਿਸਾਨੀ ਸੰਘਰਸ਼ ਦੇ ਪਹਿਲੇ ਛੇ-ਸੱਤ ਮਹੀਨਿਆਂ ਦੌਰਾਨ ਕੀਤੇ ਗਏ ਪ੍ਰਦਰਸ਼ਨ, ਹੱਕਾਂ ਦੀ ਪ੍ਰਾਪਤੀ ਅਤੇ ਸਮੁੱਚੀ ਮਜ਼ਦੂਰ ਅਤੇ ਕਿਸਾਨ ਸ਼੍ਰੇਣੀ ਦੇ ਲੋਕਾਂ ਦੀ ਦਾਸਤਾਨ ਹੈ। ਮੈਗਜ਼ੀਨ ਦੇ ਆਰੰਭਲੇ ਨਿਬੰਧਾਂ ਵਿਚ 1947 ਵੇਲੇ ਪੰਜਾਬ ਦੀ ਵੰਡ, ਇਧਰਲੇ ਪੰਜਾਬ ਅਤੇ ਓਧਰਲੇ ਪੰਜਾਬ ਦੇ ਰੂਪ ਵਿਚ ਕਰ ਦਿੱਤੀ ਗਈ, ਜਿਸ ਦਾ ਦੁਖਾਂਤਮਈ ਸੰਤਾਪ ਦੋਵਾਂ ਪਾਸਿਆਂ ਦੇ ਲੋਕਾਂ ਨੇ ਹੰਢਾਇਆ। ਇਹ ਚਾਲ ਉਸ ਵਕਤ ਦੀ ਅੰਗਰੇਜ਼ ਹਕੂਮਤ ਦੀ ਵੰਡੋ, ਪਾੜੋ ਅਤੇ ਰਾਜ ਕਰੋ ਦੀ ਨੀਤੀ ਦੀ ਉਪਜ ਸੀ। ਕਿਉਂ ਜੋ ਵਕਤ ਦੀਆਂ ਸਰਕਾਰਾਂ ਸਦਾ ਸੱਚ ਨੂੰ ਦਬਾਉਂਦੀਆਂ ਰਹੀਆਂ ਹਨ ਅਤੇ ਜਿਹੜਾ ਦੱਬਿਆ ਜਾਵੇ ਜਾਂ ਲੁੱਟਿਆ ਜਾਵੇ ਹਮੇਸ਼ਾ ਦਬਾਇਆ ਅਤੇ ਲੁੱਟਿਆ ਜਾਂਦਾ ਰਿਹਾ ਹੈ। ਇਸ ਮੈਗਜ਼ੀਨ ਵਿਚ ਬਹੁਤ ਸਾਰੇ ਨਿਬੰਧ ਮੌਜੂਦਾ ਕਿਸਾਨ ਸੰਘਰਸ਼ ਦੇ ਹਿਤਾਂ ਦੀ ਪੂਰਤੀ ਹਿਤ ਯਥਾਰਥਕ ਰੂਪ ਵਿਚ ਸਿਰਜੇ ਗਏ ਹਨ। ਨਵੇਂ ਮਿਆਰ ਸਿਰਜਦਾ ਇਹ ਸੰਘਰਸ਼ ਬਹੁਤ ਸਾਰੇ ਅਹਿਮ ਮੁੱਦਿਆਂ ਨੂੰ ਪਾਠਕਾਂ ਦੇ ਸਨਮੁਖ ਕਰਦਾ ਹੈ। ਪਹਿਲੇ ਛੇ-ਸੱਤ ਮਹੀਨਿਆਂ ਵਿਚ ਕਿਸਾਨਾਂ ਦੀ ਏਕਤਾ, ਵੱਖ-ਵੱਖ ਕਿਸਾਨ ਸੰਗਠਨਾਂ ਦੇ ਆਪਸੀ ਸੁਮੇਲ ਵਿਚੋਂ ਉਭਰੇ ਸਿੱਟਿਆਂ ਦਾ ਦਰਪਣ ਤਾਂ ਹੈ ਹੀ ਹਨ। ਇਸ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਅਤੇ ਸੰਘੀ ਮਾਨਸਿਕਤਾ ਦਾ ਪ੍ਰਗਟਾਵਾ, ਕਿਸਾਨ ਮੋਰਚੇ ਦੀਆਂ ਕੁਝ ਅੰਦਰੂਨੀ ਮੁਸ਼ਕਿਲਾਂ, ਕੌਮਾਂਤਰੀ ਅਤੇ ਅੰਤਰਰਾਸ਼ਟਰੀ ਜਥੇਬੰਦੀਆਂ ਵਲੋਂ ਕਿਸਾਨੀ ਘੋਲ ਦੀ ਹਮਾਇਤ ਵਿਚ ਉੱਭਰਨਾ, ਨਵੀਂ ਸਮਾਜਿਕ ਪਾਠਸ਼ਾਲਾ ਵ