ਤਾਜਾ ਖ਼ਬਰਾਂ


ਪਟਿਆਲਾ ਦੀਆਂ ਸੜਕਾਂ ’ਤੇ ਨਵਜੋਤ ਸਿੰਘ ਸਿੱਧੂ ਦੇ ਬੈਨਰ ਅਤੇ ਹੋਰਡਿੰਗ ਲੱਗੇ ਆਏ ਨਜ਼ਰ
. . .  12 minutes ago
ਪਟਿਆਲਾ, 1 ਅਪ੍ਰੈਲ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਪਟਿਆਲਾ ਦੀਆਂ ਸੜਕਾਂ ’ਤੇ ਨਵਜੋਤ ਸਿੰਘ ਸਿੱਧੂ ਦੇ ਬੈਨਰ ਅਤੇ ਹੋਰਡਿੰਗ ਲੱਗੇ ਨਜ਼ਰ ਆਏ।
ਪੱਛਮੀ ਬੰਗਾਲ: ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਕੀਤੀ ਗਈ ਤਾਇਨਾਤੀ
. . .  about 1 hour ago
ਪੱਛਮੀ ਬੰਗਾਲ, 1 ਅਪ੍ਰੈਲ-ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸਥਿਤੀ ਹੁਣ ਸਾਧਾਰਣ ਹੈ। ਇੱਥੇ ‘ਰਾਮਨੌਮੀ’ ’ਤੇ ਅੱਗ ਦੀ ਘਟਨਾ ਤੋਂ ਬਾਅਦ ਕੱਲ੍ਹ ਫਿਰ ਤੋਂ ਹਿੰਸਾ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
. . .  about 1 hour ago
ਭੋਪਾਲ, 1 ਅਪ੍ਰੈਲ-ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੰਬਾਈਡ ਕਮਾਂਡਰਾਂ ਦੀ ਕਾਨਫਰੰਸ ’ਚ ਸ਼ਾਮਿਲ ਹੋਣਗੇ।
ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਰਨਗੇ ਸੰਬੋਧਨ
. . .  about 1 hour ago
ਪਟਿਆਲਾ, 1 ਅਪ੍ਰੈਲ-ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਸ੍ਰੀ ਕ੍ਰਿਸ਼ਨਾ ਮੰਦਿਰ (ਕੈਂਪ) 'ਚ ਗੁਲਕਾਂ 'ਚੋਂ ਨਕਦੀ ਚੋਰੀ
. . .  about 1 hour ago
ਮਲੋਟ, 1 ਅਪ੍ਰੈਲ (ਪਾਟਿਲ)- ਮਲੋਟ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਕ੍ਰਿਸ਼ਨਾ ਮੰਦਰ ਕੈਂਪ ਜੰਡੀਲਾਲਾ ਚੌਕ ਮਲੋਟ ਵਿਖੇ ਚੋਰਾਂ ਨੇ ਮੰਦਰ...
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੰਘ ਸਿੱਧੂ
. . .  about 2 hours ago
ਪਟਿਆਲਾ, 1 ਅਪ੍ਰੈਲ- ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੱਲ੍ਹ ਟਵੀਟ ਕੀਤਾ ਗਿਆ ਸੀ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ...
19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 91.50 ਰੁਪਏ ਹੋਇਆ ਸਸਤਾ
. . .  about 2 hours ago
ਨਵੀਂ ਦਿੱਲੀ, 1 ਅਪ੍ਰੈਲ-19 ਕਿਲੋ ਦੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 91.50 ਰੁਪਏ ਘਟੀ ਹੈ। ਦਿੱਲੀ ’ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੈ।
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ \'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਤੁਹਾਡੇ ਖ਼ਤ

23-09-2022

 ਇਨਸਾਨੀਅਤ ਕਿੱਥੇ ਹੈ?

ਸਰਕਾਰੀ ਮੁਲਾਜ਼ਮ ਦੀਆਂ ਪੈਨਸ਼ਨਾਂ ਨੂੰ ਕਿਉਂ ਖ਼ਤਮ ਕੀਤਾ ਜਾ ਰਿਹਾ ਹੈ? ਹਰ ਮਹੀਨੇ ਤਨਖਾਹ ਵਿਚੋਂ ਕੁਝ ਪੈਸੇ ਫੰਡ ਦੇ ਤੌਰ 'ਤੇ ਕੱਟੇ ਜਾਂਦੇ ਹਨ। ਉਹੀ ਪੈਸਾ ਪੈਨਸ਼ਨਾਂ ਵਿਚ ਦਿੱਤਾ ਜਾਂਦਾ ਸੀ, ਫਿਰ ਹੁਣ ਕਿਉਂ ਸਰਕਾਰ ਇਨ੍ਹਾਂ ਮੁਲਾਜ਼ਮਾਂ ਤੋਂ ਲਏ ਪੈਸੇ ਦੇਣ ਤੋਂ ਮੁੱਖ ਮੋੜ ਰਹੀ ਹੈ ? ਜੋ ਸਰਕਾਰੀ ਮੁਲਾਜ਼ਮ ਡਿਊਟੀ 'ਤੇ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ, ਫਿਰ ਪਿੱਛੇ ਉਨ੍ਹਾਂ ਦੇ ਬੱਚੇ ਜਾਂ ਉਨ੍ਹਾਂ ਦੀਆਂ ਘਰ ਵਾਲੀਆਂ ਨੂੰ ਨੌਕਰੀਆਂ ਦੇਣ ਤੋਂ ਕਿਉਂ ਕੰਨੀ ਕਤਰਾ ਰਹੇ ਹਨ? ਹਰ ਮਹਿਕਮੇ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਹੀ ਹੱਕ ਲੈਣ ਲਈ ਕਿਉਂ ਖੱਜਲ-ਖੁਆਰ ਹੋਣਾ ਪੈਂਦਾ ਹੈ। ਸਾਲ-ਸਾਲ ਦੋ-ਦੋ ਸਾਲ ਤੱਕ ਉਨ੍ਹਾਂ ਦੀ ਗੇੜੇ ਮਰਵਾਏ ਜਾਂਦੇ ਹਨ ਤੇ ਉਨ੍ਹਾਂ ਦੀ ਬਣਦੀ ਰਕਮ ਵੀ ਨਹੀਂ ਦਿੱਤੀ ਜਾਂਦੀ। ਜੋ ਵਿਧਵਾ ਹੋ ਚੁੱਕੀਆਂ ਹਨ ਬੱਚੇ ਛੋਟੇ ਹਨ, ਉਹ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਤੇ ਖਾਣ-ਪੀਣ ਦਾ ਖ਼ਰਚਾ ਕਿੱਥੋਂ ਚਲਾਉਣਗੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰ ਨੂੰ ਬਾਅਦ ਵਿਚ ਖੱਜਲ-ਖੁਆਰ ਹੋਣ ਤੋਂ ਬਚਾਇਆ ਜਾਵੇ ਤੇ ਉਨ੍ਹਾਂ ਦਾ ਪੂਰਾ ਮਿਹਨਤਾਨਾ ਤੇ ਨੌਕਰੀਆਂ ਉਨ੍ਹਾਂ ਦੇ ਬੱਚਿਆਂ ਨੂੰ ਜਾਂ ਘਰ ਵਾਲਿਆਂ ਨੂੰ ਦਿੱਤੀਆਂ ਜਾਣ ਤਾਂ ਜੋ ਘਰ ਦਾ ਖ਼ਰਚ ਚਲਾ ਸਕਣ। ਹਰ ਵਿਭਾਗ ਦੇ ਹਰ ਮੁਲਾਜ਼ਮ ਨੂੰ ਵੀ ਇਨਸਾਨੀਅਤ ਦੇ ਨਾਤੇ ਹੀ ਜਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾਵੇ ਤੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅੱਜ ਮੁਸੀਬਤ ਇਕ ਮੁਲਾਜ਼ਮ 'ਤੇ ਆਈ ਹੈ, ਕੱਲ੍ਹ ਨੂੰ ਉਹੀ ਮੁਸੀਬਤ ਰੱਬ ਨਾ ਕਰੇ ਤੁਹਾਡੇ 'ਤੇ ਵੀ ਆ ਸਕਦੀ ਹੈ। ਤੁਹਾਡਾ ਪਰਿਵਾਰ ਵੀ ਇਸੇ ਤਰ੍ਹਾਂ ਖੱਜਲ-ਖੁਆਰ ਹੁੰਦਾ ਰਹੇਗਾ।

-ਦਵਿੰਦਰ ਕੌਰ ਖੁਸ਼ ਧਾਲੀਵਾਲ
ਚੰਡੀਗੜ੍ਹ ਯੂਨੀਵਰਸਿਟੀ (ਗੁਰੂ ਨਾਨਕ ਚੇਅਰ)

ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ

ਅੱਜ ਪੰਜਾਬ ਵਿਚ ਨਸ਼ਿਆਂ ਦੇ ਕਹਿਰ ਨੇ ਪੰਜਾਬੀਅਤ ਉੱਤੇ ਮਾਣ ਕਰਨ ਵਾਲੇ ਹਰ ਨੌਜਵਾਨ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਡੇ ਦੁਸ਼ਮਣ ਸਮੁੱਚੇ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਰੋਗੀ ਤੇ ਹੀਣੇ ਬਣਾਉਣ 'ਤੇ ਤੁਲੇ ਹੋਏ ਹਨ। ਪੰਜਾਬ ਦਾ ਸਮੁੱਚਾ ਰਾਜਤੰਤਰ, ਅਮਨ-ਕਾਨੂੰਨ ਦੀ ਵਿਵਸਥਾ ਦੇ ਜ਼ਿੰਮੇਵਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਤੇ ਮਾਪੇ ਡਰੱਗ ਮਾਫ਼ੀਆ ਦੁਆਰਾ ਚਲਾਏ ਰਹੇ ਇਸ ਨਸ਼ਾ ਤੰਤਰ ਸਾਹਮਣੇ ਬੇਵੱਸ ਹੋ ਗਏ ਜਾਪਦੇ ਹਨ। ਭੁੱਕੀ, ਗਾਂਜਾ, ਚਰਸ, ਅਫ਼ੀਮ, ਮਾਰਫੀਨ ਦੇ ਟੀਕੇ, ਹੈਰੋਇਨ, ਸਿੰਥੈਟਿਕ ਨਸ਼ੇ ਤੇ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਪੰਜਾਬ ਵਿਚ ਬਹੁਤ ਵਿਕਣ ਲੱਗ ਪਈਆਂ ਹਨ। ਸਭ ਤੋਂ ਜ਼ਿਆਦਾ ਕਹਿਰ ਚਿੱਟੇ ਨਾਂਅ ਦੇ ਨਸ਼ੇ ਨੇ ਮਚਾਇਆ ਹੈ। ਦੋ-ਚਾਰ ਖ਼ਬਰਾਂ ਰੋਜ਼ਾਨਾ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਜਾਂ ਚਿੱਟਾ ਖਾਣ ਨਾਲ ਮੌਤਾਂ ਦੀਆਂ ਆਉਂਦੀਆਂ ਹਨ। ਅੱਜ ਪੰਜਾਬ ਸਰਕਾਰ ਅਤੇ ਸਮੁੱਚੇ ਪੰਜਾਬ ਦੇ ਹਿਤੈਸ਼ੀ ਵਰਗ ਨੂੰ ਇਸ ਮਹਾਂ ਮਾਰੀ ਵਿਰੁੱਧ ਇਕਮੁੱਠ ਹੋ ਕੇ ਲੋੜੀਂਦਾ ਸੰਘਰਸ਼ ਵਿੱਢਣਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ, ਝਬੇਲਵਾਲੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ

ਪਲਾਸਟਿਕ ਮੁਕਤ ਭਾਰਤ

ਪਿਛਲੇ ਦਿਨੀਂ ਭਾਰਤ ਸਰਕਾਰ ਨੇ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਇਕ ਨਵਾਂ ਕਾਨੂੰਨ ਪਾਸ ਕੀਤਾ, ਜਿਸ ਵਿਚ ਇਹ ਤਾੜਨਾ ਵੀ ਕੀਤੀ ਗਈ ਕਿ ਪਲਾਸਟਿਕ ਦੇ ਲਿਫ਼ਾਫ਼ੇ, ਥਰਮਾਕੋਲ ਗਿਲਾਸ, ਪਲੇਟ ਅਤੇ ਹੋਰ ਵੀ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਹਰ ਚੀਜ਼ ਜੋ ਪਲਾਸਟਿਕ ਤੋਂ ਬਣੀ ਹੋਵੇਗੀ, ਪੂਰਨ ਤੌਰ 'ਤੇ ਬੰਦ ਹੋਵੇਗੀ। ਪਰ ਜਿਵੇਂ ਕਹਿੰਦੇ ਨੇ ਕਿ ਭਾਰਤ ਦਾ ਕਾਨੂੰਨ ਸਖ਼ਤ ਵੀ ਬਹੁਤ ਹੈ ਅਤੇ ਲਚਕੀਲਾ ਵੀ ਹੈ, ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਦੋ-ਤਿੰਨ ਦਿਨ ਬਹੁਤ ਰੌਲਾ ਪਿਆ, ਪਰ ਪਰਨਾਲਾ ਉਥੇ ਦਾ ਉਥੇ ਹੀ। ਪਲਾਸਟਿਕ ਅਤੇ ਥਰਮਾਕੋਲ ਤੋਂ ਬਣੀਆਂ ਚੀਜ਼ਾਂ ਸ਼ਰੇਆਮ ਬਾਜ਼ਾਰਾਂ ਵਿਚ ਵਿਕ ਰਹੀਆਂ ਹਨ ਪਰ ਹੁਣ ਇਸ ਕਾਨੂੰਨ ਦੇ ਆਉਣ ਨਾਲ ਏਨਾ ਜ਼ਰੂਰ ਹੋ ਗਿਆ ਹੈ ਕਿ ਪਲਾਸਟਿਕ ਤੋਂ ਬਣੇ ਲਿਫ਼ਾਫ਼ੇ ਪਹਿਲਾਂ ਨਾਲੋਂ ਮਹਿੰਗੇ ਜ਼ਰੂਰ ਹੋ ਗਏ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਕੰਮ ਵਿਚ ਖੁਦ ਹੀ ਸੁਹਿਰਦ ਨਹੀਂ ਹੈ। ਜੇਕਰ ਸਰਕਾਰ ਨੇ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਕੁਰਕਰੇ, ਲੇਸ ਅਤੇ ਕਈ ਤਰ੍ਹਾਂ ਦੇ ਭੁਜੀਆ ਬਣਾਉਣ ਵਾਲੀਆਂ ਕੰਪਨੀਆਂ ਉੱਪਰ ਸ਼ਿਕੰਜਾ ਕੱਸਣਾ ਹੋਵੇਗਾ। ਸੋ, ਜੇਕਰ ਭਾਰਤ ਸਰਕਾਰ ਵਾਕਿਆ ਹੀ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਕੰਪਨੀਆਂ ਉੱਪਰ ਪੂਰਨ ਪਾਬੰਦੀ ਲਾਵੇ।

-ਹਰਭਿੰਦਰ ਸਿੰਘ ਸੰਧੂ
ਪਿੰਡ ਪੀਰ ਮੁਹੰਮਦ।

22-09-2022

 ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਚਿੱਠੀ

ਪੰਜਾਬ ਵਿਚ ਹਰ ਸਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣੀ ਪੈਂਦੀ ਹੈ, ਜਿਸ ਕਾਰਨ ਸਾਲ ਵਿਚ ਦੋ ਵਾਰ ਵਾਤਾਵਰਨ ਵਿਚ ਧੂੰਆਂ ਫੈਲਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਕਿਸਾਨਾਂ ਉੱਪਰ ਥਾਣਿਆਂ ਅੰਦਰ ਐਫ.ਆਈ.ਆਰ. ਦਰਜ ਕੀਤੀਆਂ ਜਾਂਦੀਆਂ ਹਨ। ਫਿਰ ਕਿਸਾਨ ਕਚਹਿਰੀਆਂ ਦੇ ਚੱਕਰ ਕੱਟਦੇ ਹਨ। ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਗੇੜ ਵਿਚ ਦੇਸ਼ ਦੇ ਅਨਾਜ ਭੰਡਾਰ ਭਰਨ ਲਈ ਫਸਾਇਆ ਗਿਆ ਹੈ, ਤਾਂ ਜੋ ਕਰੋੜਾਂ ਲੋਕਾਂ ਨੂੰ ਭੁੱਖੇ ਮਰਨ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੇ ਅਨਾਜ ਭੰਡਾਰ ਭਰ ਕੇ ਵਿਦੇਸ਼ਾਂ ਤੋਂ ਅਨਾਜ ਮੰਗਣ ਵਾਲਾ ਠੂਠਾ ਵੀ ਛੁਡਵਾਇਆ ਅਤੇ ਵਿਦੇਸ਼ਾਂ ਨੂੰ ਅਨਾਜ ਲੈਣ ਖ਼ਾਤਰ ਜਾਂਦੀ ਵਿਦੇਸ਼ੀ ਕਰੰਸੀ ਵੀ ਬਚਾਈ ਹੈ। ਸਨਅਤਾਂ ਤੇ ਟਰਾਂਸਪੋਰਟ ਵਗੈਰਾ ਸਾਰਾ ਸਾਲ ਹਵਾ ਅਤੇ ਪਾਣੀ ਵਿਚ ਪ੍ਰਦੂਸ਼ਣ ਘੋਲਦੇ ਹਨ। ਕੁਲ ਪ੍ਰਦੂਸ਼ਣ ਵਿਚ ਸਾਲ ਵਿਚ ਦੋ ਵਾਰ ਕੁਝ ਦਿਨ ਕਿਸਾਨਾਂ ਦੀ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦਾ ਹਿੱਸਾ 4% ਬਣਦਾ ਹੈ। ਫਿਰ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਮੁੱਖ ਦੋਸ਼ੀ ਕਿਸਾਨ ਹੀ ਕਿਉਂ ਹੈ? ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਬਹਿਕਾਂ, ਪਿੰਡਾਂ, ਪਰਿਵਾਰ ਦੇ ਮੈਂਬਰ ਅਤੇ ਪਸ਼ੂ ਇਸ ਦੇ ਘੇਰੇ ਵਿਚ ਆਉਂਦੇ ਹਨ। ਜ਼ਮੀਨਾਂ ਦੇ ਕੰਢਿਆਂ ਅਤੇ ਸੜਕਾਂ ਕਿਨਾਰੇ ਰੁੱਖ ਵੀ ਇਸ ਅੱਗ ਦਾ ਸ਼ਿਕਾਰ ਹੁੰਦੇ ਹਨ। ਕਿਸਾਨਾਂ ਉੱਪਰ ਪਰਚੇ ਕਰਨੇ, ਜੁਰਮਾਨੇ ਲਾਉਣੇ ਇਸ ਦਾ ਸਥਾਈ ਹੱਲ ਨਹੀਂ ਹੈ। ਜੇਕਰ ਸਰਕਾਰ ਇਸ ਗੱਲ ਲਈ ਸੁਹਿਰਦ ਹੈ ਕਿ ਪਰਾਲੀ ਅਤੇ ਨਾੜ ਦਾ ਕੋਈ ਠੋਸ ਹੱਲ ਨਿਕਲੇ ਤਾਂ ਗੰਭੀਰਤਾ ਨਾਲ ਜ਼ਮੀਨੀ ਪੱਧਰ ਉੱਪਰ ਕਦਮ ਚੁੱਕਣੇ ਪੈਣਗੇ। ਝੋਨਾ ਪੰਜਾਬ ਦੀ ਫ਼ਸਲ ਨਹੀਂ ਹੈ। ਦੇਸ਼ ਦੇ ਲੋਕਾਂ ਦਾ ਪੇਟ ਪਾਲਣ ਦੀ ਖ਼ਾਤਰ ਇਹ ਫ਼ਸਲ ਪੰਜਾਬ ਉੱਪਰ ਜਬਰੀ ਥੋਪੀ ਗਈ ਹੈ। ਇਸ ਨੇ ਧਰਤੀ ਹੇਠਲੇ ਪਾਣੀ ਦਾ ਵੀ ਨੁਕਸਾਨ ਕਰ ਦਿੱਤਾ ਹੈ। ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਖ਼ਾਤਮੇ ਵੱਲ ਜਾ ਰਿਹਾ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਨਾਲ ਖੇਤੀ ਕਰਨੀ ਤਾਂ ਦੂਰ ਦੀ ਗੱਲ ਹੋ ਜਾਵੇਗੀ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਝੋਨੇ ਦੇ ਬਦਲ ਵਜੋਂ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਬੀਜੀਆਂ ਜਾਣ, ਸਰਕਾਰ ਉਸ ਦੀ ਐਮ.ਐਸ.ਪੀ. ਅਤੇ ਖਰੀਦ ਦੀ ਗਾਰੰਟੀ ਕਰੇ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਖੇਤ ਅਤੇ ਸੂਇਆਂ, ਰਜਵਾਹਿਆਂ ਦੇ ਟੇਲ ਐਂਡ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ। ਇਸ ਦੇ ਨਾਲ ਪਰਾਲੀ ਦੀ ਅੱਗ ਤੋਂ ਬਚਣ ਲਈ ਪਰਾਲੀ ਦੀਆਂ ਗੱਠਾਂ ਬੰਨ੍ਹਣ ਵਾਲੀਆਂ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਪਿੰਡ ਦੀ ਸਾਂਝੀ ਜਗ੍ਹਾ ਉੱਪਰ ਇਕੱਠੀਆਂ ਕੀਤੀਆਂ ਜਾਣ। ਇਥੋਂ ਸਰਕਾਰ ਇਨ੍ਹਾਂ ਗੱਠਾਂ ਨੂੰ ਥਰਮਲ ਪਲਾਂਟਾਂ ਅਤੇ ਇੱਟਾਂ ਦੇ ਭੱਠਿਆਂ ਨੂੰ ਇਸ ਦੀ ਸਪਲਾਈ ਯਕੀਨੀ ਬਣਾਵੇ। ਇਸ ਤਰ੍ਹਾਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਇਸੇ ਤਰ੍ਹਾਂ ਕਣਕ ਦੇ ਨਾੜ ਦੀ ਰਹਿੰਦ-ਖੂੰਹਦ ਨੂੰ ਅੱਗ ਤੋਂ ਬਚਾਉਣ ਲਈ ਸਰਕਾਰ ਕਿਸਾਨਾਂ ਦੀ ਮਦਦ ਕਰੇ। ਕਣਕ ਦੀ ਵਾਢੀ ਤੋਂ ਪਹਿਲਾਂ ਕਿਸਾਨਾਂ ਨੂੰ ਪ੍ਰਤੀ ਏਕੜ 20 ਕਿਲੋ ਢਿੰਜਣ (ਢਾਂਚੇ) ਅਤੇ 2 ਕਿਲੋ ਮੋਠਾਂ ਦਾ ਬੀਜ ਮੁਫ਼ਤ ਦਿੱਤਾ ਜਾਵੇ। ਕਣਕ ਦੀ ਵਾਢੀ ਦੇ ਤੁਰੰਤ ਬਾਅਦ ਟਿਊਬਵੈੱਲ ਲਈ 8 ਘੰਟੇ ਬਿਜਲੀ ਰੋਜ਼ਾਨਾ ਦਿੱਤੀ ਜਾਵੇ ਤਾਂ ਜੋ ਕਿਸਾਨ ਖੇਤਾਂ ਨੂੰ ਪਾਣੀ ਲਾ ਕੇ ਬੀਜ ਦਾ ਛੱਟਾ ਦੇ ਸਕਣ। ਕਿਸਾਨ ਇਸ ਨੂੰ ਖੇਤਾਂ ਵਿਚ ਵਾਹ ਕੇ ਹਰੀ ਖਾਦ ਤਿਆਰ ਕਰਨਗੇ ਅਤੇ ਕਣਕ ਦੀ ਰਹਿੰਦ-ਖੂੰਹਦ ਵੀ ਅੱਗ ਤੋਂ ਬਚ ਜਾਵੇਗੀ।

-ਕੰਵਲਪ੍ਰੀਤ ਸਿੰਘ ਪੰਨੂੰ
ਸੂਬਾ ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ, ਪੰਜਾਬ
ਮੋਬਾਈਲ : 98723-31741

ਪ੍ਰਦੂਸ਼ਣ ਘਟਾਉਣ ਦੇ ਉਪਰਾਲੇ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਾਲੀ ਦੇ ਪ੍ਰਬੰਧਨ ਲਈ ਵੱਖ-ਵੱਖ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਧਾਲੀਵਾਲ ਨੇ ਕੁਝ ਦਿਨ ਪਹਿਲਾਂ ਇਸ ਸੰਬੰਧ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਦਿੱਲੀ ਅਤੇ ਪੰਜਾਬ ਸਰਕਾਰ ਪਰਾਲੀ ਦੇ ਪ੍ਰਬੰਧਨ ਲਈ ਸਾਂਝੇ ਤੌਰ 'ਤੇ ਪਾਇਲਟ ਪ੍ਰਾਜੈਕਟ ਲਾਂਚ ਕਰੇਗੀ। ਇਸ ਅਮਲ ਦੇ ਤਹਿਤ ਪਰਾਲੀ 'ਤੇ ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਹੋਵੇਗਾ। ਜਿਸ ਨਾਲ ਪਰਾਲੀ ਨੂੰ ਬਿਨਾਂ ਸਾੜੇ, ਮਿੱਟੀ ਵਿਚ ਰਲਾ ਦਿੱਤਾ ਜਾਵੇਗਾ ਅਤੇ 15-20 ਦਿਨਾਂ ਬਾਅਦ ਰਹਿੰਦ-ਖੂੰਹਦ ਨੂੰ ਖਾਦ ਵਿਚ ਬਦਲ ਸਕਦੇ ਹਾਂ। ਇਸ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਪਰਾਲੀ ਨੂੰ ਅੱਗ ਘੱਟ ਲਾਈ ਜਾਵੇਗੀ ਅਤੇ ਪ੍ਰਦੂਸ਼ਣ ਵੀ ਘਟੇਗਾ।

ਵਿਸ਼ਾਲ
ਦੋਆਬਾ ਕਾਲਜ (ਜਲੰਧਰ)

ਜ਼ਿੰਦਗੀ ਅਨਮੋਲ ਹੈ

ਨੌਜਵਾਨਾਂ ਵਿਚ ਆਤਮ-ਹੱਤਿਆ ਦਾ ਦਿਨੋ-ਦਿਨ ਵਧਦਾ ਰੁਝਾਨ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਸਹਿਣਸ਼ੀਲਤਾ ਅਤੇ ਧੀਰਜ ਦੀ ਘਾਟ, ਲੜਾਈ-ਝਗੜੇ, ਮੋਬਾਈਲ ਫੋਨ ਦੀ ਲੋੜ ਤੋਂ ਜ਼ਿਆਦਾ ਵਰਤੋਂ, ਜ਼ਿੰਦਗੀ ਵਿਚ ਲੋੜ ਤੋਂ ਜ਼ਿਆਦਾ ਉਮੀਦਾਂ, ਪ੍ਰੀਖਿਆਵਾਂ ਵਿਚੋਂ ਨੰਬਰ ਘੱਟ ਆਉਣਾ, ਨਸ਼ਿਆਂ ਦੀ ਚੇਟਕ ਆਦਿ ਕਰਕੇ ਨੌਜਵਾਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਕ ਸਰਵੇ ਅਨੁਸਾਰ ਭਾਰਤ ਵਿਚ 18 ਤੋਂ 24 ਸਾਲ ਦੀ ਉਮਰ ਦੇ ਹਰ 8 ਨੌਜਵਾਨਾਂ ਵਿਚੋਂ ਇਕ ਮਾਨਸਿਕ ਤਣਾਅ ਦਾ ਸ਼ਿਕਾਰ ਹੈ। ਕਈ ਮਹਾਨ ਹਸਤੀਆਂ, ਜਿਨ੍ਹਾਂ ਨੂੰ ਨੌਜਵਾਨ ਆਪਣਾ ਰੋਲ ਮਾਡਲ ਮੰਨਦੇ ਹਨ, ਉਨ੍ਹਾਂ ਵਲੋਂ ਵੀ ਆਤਮ-ਹੱਤਿਆ ਕੀਤੀ ਗਈ। ਇਸ ਨਾਲ ਵੀ ਉਨ੍ਹਾਂ ਦੇ ਮਨ 'ਤੇ ਗਹਿਰਾ ਅਸਰ ਹੁੰਦਾ ਹੈ। ਆਤਮ-ਹੱਤਿਆ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਜ਼ਿੰਦਗੀ ਵਿਚ ਆਪਣੇ-ਆਪ ਨੂੰ ਜਿਊਂਦਾ ਰੱਖ ਕੇ ਸੰਘਰਸ਼ ਕਰਨਾ ਹੀ ਸਮੱਸਿਆ ਦਾ ਹੱਲ ਹੈ, ਕਿਉਂਕਿ ਮਨੁੱਖ ਹੀ ਇਕ ਅਜਿਹਾ ਇਨਸਾਨ ਹੈ, ਜਿਸ ਨੂੰ ਪਰਮਾਤਮਾ ਨੇ ਏਨਾ ਬੁੱਧੀਮਾਨ ਬਣਾਇਆ ਹੈ, ਜੋ ਪੜ੍ਹ-ਲਿਖ, ਬੋਲ, ਸੁਣ ਸਕਦਾ ਹੈ। ਮਾਨਸਿਕ ਤਣਾਅ ਨਾਲ ਜੂਝ ਰਹੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਪਿਆਰ ਅਤੇ ਹਮਦਰਦੀ ਦੀ ਸਖ਼ਤ ਜ਼ਰੂਰਤ ਹੈ। ਮਾਹਰ ਲੋਕਾਂ ਦੀ ਸਲਾਹ ਨਾਲ ਉਨ੍ਹਾਂ ਨੂੰ ਜ਼ਿੰਦਗੀ ਨਾਲ ਪਿਆਰ ਕਰਨਾ ਸਿਖਾਇਆ ਜਾ ਸਕਦਾ ਹੈ। ਕਿਉਂਕਿ ਜ਼ਿੰਦਗੀ ਅਨਮੋਲ ਹੈ, ਅਸੀਂ ਕਿਸੇ ਵੀ ਕੀਮਤ 'ਤੇ ਇਸ ਨੂੰ ਦੁਬਾਰਾ ਹਾਸਲ ਨਹੀਂ ਕਰ ਸਕਦੇ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ।

21-09-2022

 ਪਰਾਲੀ ਨੂੰ ਅੱਗ ਨਾ ਲਗਾਓ
ਪਿੱਛੇ ਜਿਹੇ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਆਉਣ ਨਾਲ ਤਾਲਾਬੰਦੀ ਦੇ ਚੱਲਦੇ ਸਾਡਾ ਵਾਤਾਵਰਨ ਸਾਫ਼ ਹੋ ਗਿਆ ਸੀ। ਪੰਛੀਆਂ ਦੇ ਆਮਦ ਤੇ ਪਹਾੜ ਦਿਸਣ ਲੱਗ ਪਏ ਸਨ। ਇਹ ਪਰਮਾਤਮਾ ਵਲੋਂ ਮਨੁੱਖ ਨੂੰ ਚਿਤਾਵਨੀ ਸੀ ਕਿ ਕੁਦਰਤ ਨਾਲ ਖਿਲਵਾੜ ਨਾ ਕੀਤਾ ਜਾਵੇ। ਇਸ ਦੇ ਬਾਵਜੂਦ ਵੀ ਪੰਜਾਬ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਨਹੀਂ ਰੁਕ ਰਿਹਾ। ਇਸ ਸੰਬੰਧੀ ਸਰਕਾਰਾਂ ਵਲੋਂ ਵੀ ਹਰ ਸਾਲ ਅਪੀਲ ਕੀਤੀ ਜਾਂਦੀ ਹੈ। ਜਿਹੜੇ ਸਿਆਣੇ ਪੜ੍ਹੇ-ਲਿਖੇ ਕਿਸਾਨ ਤਾਂ ਸਮਝ ਗਏ ਹਨ। ਇਹੋ ਜਿਹੇ ਅਗਾਂਹਵਧੂ ਕਿਸਾਨਾਂ ਨੂੰ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਨਾਲ ਕਿਸਾਨਾਂ ਦਾ ਮਨੋਬਲ ਵਧੇਗਾ ਤੇ ਦੂਸਰੇ ਕਿਸਾਨਾਂ 'ਤੇ ਚੰਗਾ ਅਸਰ ਪਵੇਗਾ। ਉਨ੍ਹਾਂ ਵੱਲ ਦੇਖ ਜੋ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ, ਸਬਰ ਤੋਂ ਕੰਮ ਲੈ ਪ੍ਰਸ਼ਾਸਨ ਦਾ ਕਹਿਣਾ ਤੇ ਅਪੀਲ ਨੂੰ ਮੰਨ ਕੇ ਪਰਾਲੀ ਨੂੰ ਅੱਗ ਨਹੀਂ ਲਾਉਣਗੇ, ਵਾਤਾਵਰਨ ਨੂੰ ਸ਼ੁੱਧ ਬਣਾਉਣਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਨਿੱਕੀ ਜਿਹੀ ਗਲਤੀ ਨਾਲ ਸਾਹ ਤੇ ਦਿਲ ਦੇ ਰੋਗ ਤੇ ਕੈਂਸਰ ਦੇ ਮਰੀਜ਼ਾਂ ਨੂੰ ਕਿੰਨੀ ਤਕਲੀਫ਼ ਮਹਿਸੂਸ ਹੁੰਦੀ ਹੈ, ਇਹ ਉਹ ਹੀ ਲੋਕ ਜਾਣਦੇ ਹਨ, ਭਾਵੇਂ ਇਹ ਮੌਸਮੀ ਤੇ ਅਲਰਜੀ ਦੀ ਆਮ ਬਿਮਾਰੀ ਹੈ, ਜੋ ਪ੍ਰਦੂਸ਼ਣ ਨਾਲ ਹੋਰ ਵਧ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਇਸ ਵਾਰ ਪਰਾਲੀ ਨੂੰ ਅੱਗ ਨਾ ਲਗਾਉਣ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੁਲਿਸ।

ਰਜਿਸਟਰੀਆਂ ਬੰਦ, ਲੋਕ ਪ੍ਰੇਸ਼ਾਨ
ਅਸੀਂ ਜਾਣਦੇ ਹਾਂ ਕਿ ਕਈ ਮਹੀਨਿਆਂ ਤੋਂ ਜ਼ਮੀਨਾਂ ਤੇ ਪਲਾਟਾਂ ਦੀਆਂ ਰਜਿਸਟਰੀਆਂ ਹੋਣੀਆਂ ਬੰਦ ਹੋ ਗਈਆਂ ਹਨ। ਜਿਸਦੇ ਨਤੀਜੇ ਵਜੋਂ ਲੋਕ ਪ੍ਰੇਸ਼ਾਨ ਹਨ ਕਿਉਂਕਿ ਕਈ ਲੋਕਾਂ ਨੇ ਆਪਣੇ ਬੱਚਿਆਂ ਦਾ ਵਿਆਹ ਰੱਖਿਆ ਹੁੰਦਾ ਹੈ ਅਤੇ ਕਈਆਂ ਨੇ ਬੈਂਕ ਤੋਂ ਕਰਜ਼ੇ ਚੁੱਕਣੇ ਹੁੰਦੇ ਹਨ। ਇਥੋਂ ਤੱਕ ਕੇ ਪ੍ਰਾਪਰਟੀ ਡੀਲਰ, ਪਲਾਟਾਂ 'ਤੇ ਪੈਸਾ ਲਾਉਣ ਵਾਲੇ ਅਤੇ ਅਰਜ਼ੀਨਵੀਸ ਆਦਿ ਪ੍ਰੇਸ਼ਾਨ ਹਨ ਕਿਉਂਕਿ ਡੀਲਰਾਂ ਦੀ ਰੋਜ਼ੀ-ਰੋਟੀ ਇਸ ਕੰਮ ਤੋਂ ਚੱਲਦੀ ਹੈ। ਇਸ ਲਈ ਸਰਕਾਰ ਨੂੰ ਇਸ ਮੁੱਦੇ 'ਤੇ ਸੋਚਣਾ ਤੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. (ਜਲੰਧਰ)

ਸ਼ਲਾਘਾਯੋਗ ਫੈਸਲਾ
ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਔਰਤ ਸਰਪੰਚਾਂ ਦੇ ਹੱਕ ਵਿਚ ਇਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਹੈ, ਜਿਸ ਵਿਚ ਨਗਰ ਪੰਚਾਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਸ ਵੀ ਪਿੰਡ ਦੀ ਸਰਪੰਚ ਔਰਤ ਹੈ, ਉਸ ਪਿੰਡ ਵਿਚ ਉਸਦੀ ਜਗ੍ਹਾ 'ਤੇ ਉਸ ਦਾ ਪਤੀ, ਪੁੱਤਰ ਜਾਂ ਹੋਰ ਕੋਈ ਸੰਬੰਧੀ ਪੰਚਾਇਤ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਨਹੀਂ ਹੋਵੇਗਾ, ਸਿਰਫ਼ ਉਥੋਂ ਦੀ ਔਰਤ ਸਰਪੰਚ ਖ਼ੁਦ ਪੰਚਾਇਤ ਦੇ ਸਾਰੇ ਕੰਮਕਾਰ ਕਰੇਗੀ। ਜੇਕਰ ਕਿਸੇ ਪਿੰਡ ਵਿਚ ਔਰਤ ਸਰਪੰਚ ਦਾ ਕੋਈ ਰਿਸ਼ਤੇਦਾਰ ਉਸਦੀ ਜਗ੍ਹਾ 'ਤੇ ਪੰਚਾਇਤ ਦੇ ਕੰਮ ਕਰਦਾ ਫੜਿਆ ਗਿਆ ਤਾਂ ਉਸ ਪੰਚਾਇਤ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ। ਸਰਕਾਰ ਦਾ ਇਹ ਫੈਸਲਾ ਭਾਵੇਂ ਦੇਰ ਨਾਲ ਆਇਆ ਹੈ ਪਰ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਅਜਿਹਾ ਕਰਨ ਨਾਲ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਖੁੱਲ੍ਹ ਮਿਲੇਗੀ। ਬਹੁਤ ਸਾਰੇ ਪਿੰਡਾਂ ਵਿਚ ਔਰਤ ਸਰਪੰਚ ਸਿਰਫ਼ ਦਸਤਖ਼ਤ ਕਰਨ ਲਈ ਹੀ ਬਣਾਈਆਂ ਗਈਆਂ ਹਨ, ਜਦੋਂ ਕਿ ਉਨ੍ਹਾਂ ਦੇ ਸਾਰੇ ਪੰਚਾਇਤੀ ਕੰਮ ਘਰ ਦੇ ਮਰਦਾਂ ਦੁਆਰਾ ਹੀ ਕੀਤੇ ਜਾਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਕੀ ਕਦਮ ਚੁੱਕਦੀ ਹੈ।]

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ, ਸਿਹੌੜਾ, ਤਹਿਸੀਲ ਪਾਇਲ (ਲੁਧਿਆਣਾ)

ਧਰਮ ਦਾ ਅਸਲ ਮੰਤਵ
ਦੇਸ਼ ਵਿਚ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਅਜੋਕੇ ਸਮੇਂ ਦੌਰਾਨ ਅਵਾਮ ਨੇ ਧਰਮ ਨੂੰ ਖਿਡੌਣਾ ਸਮਝ ਰੱਖਿਆ ਹੈ। ਧਰਮ ਦੇ ਅਸਲ ਮੰਤਵ ਤੋਂ ਭਟਕੇ ਲੋਕ ਧਰਮ ਦੇ ਨਾਂਅ 'ਤੇ ਦੰਗੇ-ਫ਼ਸਾਦ ਕਰ ਕੇ ਦੇਸ਼ ਵਿਚ ਫਿਰਕੂਪੂਣੇ ਦੀ ਭਾਵਨਾ ਫੈਲਾਉਂਦੇ ਹਨ। ਭਾਰਤ ਧਰਮ ਨਿਰਪੱਖ ਦੇਸ਼ ਹੈ। ਭਾਰਤ ਲਈ ਸਾਰੇ ਧਰਮ ਬਰਾਬਰ ਹਨ। ਕੋਈ ਵੀ ਧਰਮ ਮਨੁੱਖ ਨੂੰ ਹਿੰਸਾ ਦਾ ਸਿਧਾਂਤ ਨਹੀਂ ਸਿਖਾਉਂਦਾ ਪਰ ਧਰਮ ਦਾ ਨਸ਼ਾ ਤਾਂ ਅਫ਼ੀਮ ਵਾਂਗ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਿਛਲੀ ਦਿਨੀਂ ਵਾਪਰੇ ਬੇਅਦਬੀ, ਦੰਗੇ ਫ਼ਸਾਦ, ਚਰਚ ਅਤੇ ਮੰਦਰਾਂ ਦੀ ਭੰਨ-ਤੋੜ ਵਰਗੇ ਕਾਰਨਾਮਿਆਂ ਤੋਂ ਸਿੱਧ ਹੁੰਦਾ ਹੈ ਕਿ ਅਜੋਕਾ ਮਨੁੱਖ ਇਨਸਾਨੀਅਤ ਪੱਖੋਂ ਖੋਖਲਾ ਹੈ। ਧਰਮ ਦੇ ਨਾਂਅ ਦਾ ਦੁਰਉਪਯੋਗ ਕਰ ਕੇ ਹੈਵਾਨ ਦਾ ਰੂਪ ਧਾਰਨ ਕਰ ਕੇ ਦੇਸ਼ ਦੇ ਹਾਲਾਤ ਖ਼ਰਾਬ ਕਰਨ ਵਿਚ ਜੁੱਟਿਆ ਹੋਇਆ ਹੈ। ਸਮੇਂ ਦੀਆਂ ਸਰਕਾਰਾਂ ਇਸ ਗੱਲ ਤੋਂ ਵਾਕਫ਼ ਹਨ ਕਿ ਭਾਰਤੀ ਧਰਮ ਪ੍ਰਤੀ ਕਿੰਨੇ ਸੁਚੇਤ ਅਤੇ ਕੱਟੜ ਹਨ। ਭਾਰਤੀਆਂ ਦੇ ਇਸੇ ਕਮਜ਼ੋਰੀ ਦਾ ਨਾਜ਼ਾਇਜ਼ ਫ਼ਾਇਦਾ ਚੁੱਕ ਕੇ ਸਰਕਾਰਾਂ ਸਦੀਆਂ ਤੋਂ ਆਪਣਾ ਉੱਲੂ ਸਿੱਧਾ ਕਰਦੀਆਂ ਆ ਰਹੀਆਂ ਹਨ।
ਬੇਸ਼ੱਕ ਅੱਜ ਦਾ ਮਨੁੱਖ ਚੰਨ ਉੱਪਰ ਚੜ੍ਹਿਆ ਹੋਇਆ ਹੈ ਪਰ ਮਨੁੱਖ ਦੀ ਨਿਰਪੱਖ ਸੋਚ ਹੀ ਅਸਲ ਤਰੱਕੀ ਦੀ ਕੂੰਜੀ ਹੈ। ਸੋ, ਜਦ ਤੱਕ ਭਾਰਤੀ ਧਰਮ ਦੇ ਅਸਲ ਮੰਤਵ ਨੂੰ ਸਮਝਣ ਵਿਚ ਨਾਕਾਮਯਾਬ ਰਹਿਣਗੇ ਤਦ ਤੱਕ ਦੇਸ਼ ਵਿਚ ਅਸਥਿਰਤਾ ਜਿਹੇ ਹਾਲਾਤ ਪੈਦਾ ਹੁੰਦੇ ਰਹਿਣਗੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

20-09-2022

 ਵਧ ਰਹੀਆਂ ਚੋਰੀਆਂ
ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਬਹੁਤ ਵਧ ਰਹੀਆਂ ਹਨ-ਜਿਸ ਦੇ ਕਾਰਨ ਹੁਣ ਲੋਕ ਆਪਣੇ ਆਪ ਨੂੰ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਪਹਿਲਾਂ ਤਾਂ ਜ਼ਿਆਦਾਤਰ ਚੋਰੀਆਂ ਅਮੀਰ ਘਰਾਂ ਅਤੇ ਬੈਂਕਾਂ ਵਿਚ ਹੁੰਦੀਆਂ ਸਨ ਪਰ ਹੁਣ ਤਾਂ ਚੋਰ ਦਿਹਾੜੀਦਾਰ ਆਦਮੀ ਨੂੰ ਵੀ ਲੁੱਟ ਲੈਂਦੇ ਹਨ। ਜੇਕਰ ਔਰਤ ਇਕੱਲੀ ਕਿਤੇ ਜਾ ਰਹੀ ਹੋਵੇ ਤਾਂ ਕਦੇ ਉਸ ਦਾ ਪਰਸ, ਕਦੇ ਗਲੇ ਵਿਚੋਂ ਚੇਨ ਤੇ ਕਦੇ ਵਾਲੀਆਂ ਖੋਹ ਲਈਆਂ ਜਾਂਦੀਆਂ ਹਨ ਤੇ ਹੁਣ ਚੋਰਾਂ ਦੁਆਰਾ ਘਰਾਂ ਵਿਚ ਘੁੱਸ ਕੇ ਨਾਲੇ ਚੋਰੀ ਕੀਤੀ ਜਾਂਦੀ ਹੈ ਤੇ ਨਾਲੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਪਤਾ ਨਹੀਂ ਲੋਕਾਂ ਦੀ ਇਨਸਾਨੀਅਤ ਕਿੱਥੇ ਚਲੀ ਗਈ ਹੈ। ਕਿਸ ਤਰ੍ਹਾਂ ਜਿਗਰਾ ਪੈਂਦਾ ਹੈ ਕਿਸੇ ਬੇਕਸੂਰ ਦੀ ਜਾਨ ਲੈਣ ਦਾ। ਪੰਜਾਬ ਦੇ ਹਾਲਾਤ ਹੁਣ ਬਹੁਤ ਬੁਰੇ ਹੋ ਚੁੱਕੇ ਹਨ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਚੋਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ, ਤਾਂ ਕਿ ਚੋਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. (ਜਲੰਧਰ)

ਲਿਫ਼ਾਫ਼ਿਆਂ 'ਤੇ ਰੋਕ
ਸਨਿਚਰਵਾਰ ਦੀ ਸ਼ਾਮ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਕੱਲ੍ਹ ਨੂੰ ਛੁੱਟੀ ਹੋਣ ਕਾਰਨ ਅਸੀਂ ਪਰਿਵਾਰ ਸਮੇਤ ਤੁਹਾਡੇ ਕੋਲ ਆ ਰਹੇ ਹਾਂ। ਇਸ ਬਾਰੇ ਜਦੋਂ ਪਤਨੀ ਨੂੰ ਦੱਸਿਆ ਤਾਂ ਉਸ ਨੇ ਇਕ ਸਾਮਾਨ ਦੀ ਸੂਚੀ ਬਣਾ ਕੇ ਮੇਰੇ ਹੱਥ ਫੜਾਈ ਤੇ ਬਾਜ਼ਾਰ ਤੋਂ ਸਾਮਾਨ ਲਿਆਉਣ ਲਈ ਕਿਹਾ। ਸਭ ਤੋਂ ਪਹਿਲਾਂ ਅਸੀਂ ਸਬਜ਼ੀ ਮੰਡੀ ਗਏ, ਜਿਥੇ ਸਬਜ਼ੀ ਵਾਲੇ ਨੇ ਸਾਰੀ ਸਬਜ਼ੀ ਅਤੇ ਹੋਰ ਸਾਮਾਨ ਤੋਲ ਕੇ ਥੈਲੇ ਲਈ ਕਿਹਾ। ਮੇਰੇ ਵਲੋਂ ਕਾਰਨ ਪੁੱਛਣ 'ਤੇ ਉਹ ਕਹਿਣ ਲੱਗਾ ਕਿ ਸਰਕਾਰ ਵਲੋਂ ਪੋਲੀਥੀਨ ਦੇ ਲਿਫ਼ਾਫ਼ਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲੇ ਦੋ ਘੰਟੇ ਪਹਿਲਾਂ ਹੀ ਅਧਿਕਾਰੀ ਸਾਡੇ ਕੋਲੋਂ ਲਿਫ਼ਾਫ਼ਿਆਂ ਬਾਰੇ ਪੜਤਾਲ ਕਰਕੇ ਗਏ ਹਨ। ਮਸਾਂ ਹੀ ਉਸ ਨੇ ਸਾਰਾ ਸਾਮਾਨ ਇਕ ਬੋਰੀ ਵਿਚ ਪਾ ਕੇ ਦਿੱਤਾ। ਫਿਰ ਮੈਂ ਸੋਚਿਆ ਚਲੋ ਕੱਲ੍ਹ ਵਾਸਤੇ ਦੁੱਧ ਲੈ ਚਲਦੇ ਹਾਂ, ਜਦੋਂ ਦੁੱਧ ਵੇਖਿਆ ਤਾਂ ਉਹ ਵੀ ਲਿਫ਼ਾਫ਼ੇ ਵਿਚ ਬੰਦ। ਉਥੋਂ ਨਿਕਲ ਕੇ ਮੈਂ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਖਾਣ-ਪੀਣ ਦਾ ਸਾਮਾਨ ਲੈਣ ਲਈ ਇਕ ਬੇਕਰੀ ਵਿਚ ਚਲਾ ਗਿਆ ਤਾਂ ਮੈਂ ਕੁਰਕੁਰੇ, ਚਿਪਸ, ਬਿਸਕੁਟ, ਨਮਕੀਨ, ਚਾਕਲੇਟ, ਬ੍ਰੈੈੱਡ ਆਦਿ ਲਈ ਕਿਹਾ ਤਾਂ ਇਹ ਸਾਰੀਆਂ ਚੀਜ਼ਾਂ ਵੀ ਲਿਫ਼ਾਫ਼ਾ ਬੰਦ ਹੀ ਮਿਲੀਆਂ। ਇਸ ਮਗਰੋਂ ਅਸੀਂ ਕਰਿਆਨਾ ਸਟੋਰ 'ਤੇ ਪਹੁੰਚ ਕੇ ਮਾਲਕ ਨੂੰ ਸੂਚੀ ਦਿੱਤੀ ਤਾਂ ਉਸ ਨੇ ਸਾਮਾਨ ਕਢਵਾਉਣਾ ਸ਼ੁਰੂ ਕਰ ਦਿੱਤਾ, ਲੂਣ ਦਾ ਪੈਕਟ, ਵੇਸਣ, ਦੁੱਧ ਵਾਲੀਆਂ ਸੇਵੀਆਂ, ਦਾਲਾਂ, ਖੰਡ, ਹਲਦੀ ਆਦਿ ਸਾਰਾ ਸਾਮਾਨ ਵੀ ਲਿਫ਼ਾਫ਼ਿਆਂ ਵਿਚ ਹੀ ਬੰਦ ਸੀ। ਕੀ ਸਰਾਕਰ ਇਨ੍ਹਾਂ ਨੂੰ ਲਿਫ਼ਾਫ਼ੇ ਨਹੀਂ ਮੰਨਦੀ? ਇਸ ਮਗਰੋਂ ਮੈਂ ਸੋਚਿਆ ਕਿ ਇਕ ਸਬਜ਼ੀ ਵਾਲੇ ਜਾਂ ਕੱਪੜੇ ਵਾਲੇ ਦੀ ਦੁਕਾਨ ਤੋਂ ਲਿਫ਼ਾਫ਼ੇ ਬੰਦ ਕਰਵਾ ਕੇ ਪ੍ਰਸ਼ਾਸਨ ਨੂੰ ਕੀ ਲੱਗਦਾ ਹੈ ਕਿ ਅਸੀਂ ਲਿਫ਼ਾਫ਼ੇ ਬੰਦ ਕਰਵਾ ਦਿੱਤੇ ਹਨ। ਜੇਕਰ ਸਹੀ ਵਿਚ ਹੀ ਸਰਕਾਰ ਨੇ ਲਿਫ਼ਾਫ਼ੇ ਬੰਦ ਕਰਵਾਉਣੇ ਹਨ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਇਸ ਦਾ ਬਦਲਵਾਂ ਹੱਲ ਲੱਭਣਾ ਪਵੇਗਾ ਨਹੀਂ ਤਾਂ ਸਰਕਾਰ ਚਾਹ ਕੇ ਵੀ ਲਿਫ਼ਾਫ਼ੇ ਬੰਦ ਨਹੀਂ ਕਰਵਾ ਸਕਦੀ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਝੋਨੇ ਦੀ ਨਵੀਂ ਬਿਮਾਰੀ
ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਇਕ ਨਵੀਂ ਬਿਮਾਰੀ ਵਿਗਿਆਨੀਆਂ ਦੇ ਦੱਸਣ ਮੁਤਾਬਿਕ ਚਾਈਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। ਅਜਿਹੀ ਸਥਿਤੀ ਦੇ ਚੱਲਦਿਆਂ ਕਿਸਾਨਾਂ ਦਾ ਹੋ ਰਿਹਾ ਭਾਰੀ ਆਰਥਿਕ ਨੁਕਸਾਨ ਉਨ੍ਹਾਂ ਨੂੰ ਇਕ ਅਣਕਿਆਸੀ ਪ੍ਰੇਸ਼ਾਨੀ ਵਿਚ ਧੱਕ ਰਿਹਾ ਹੈ। ਇਸ ਬਿਮਾਰੀ ਨੇ ਝੋਨੇ ਦੀ ਫ਼ਸਲ ਉੱਤੇ ਪਹਿਲੀ ਵਾਰ ਹਮਲਾ ਕੀਤਾ ਹੈ। ਬੂਟੇ ਦਾ ਛੋਟਾ ਅਤੇ ਮਧਰਾ ਰਹਿਣਾ ਇਕ ਲੱਛਣ ਹੈ, ਅਖੀਰ ਬੂਟਾ ਸੁੱਕ ਜਾਂਦਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤਕਰੀਬਨ ਸਾਰੇ ਖੇਤਾਂ ਵਿਚ ਹੀ ਧੌੜੀਆਂ ਦੇ ਰੂਪ ਵਿਚ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ। ਇਸ ਦਾ ਝਾੜ ਉੱਤੇ ਕਾਫ਼ੀ ਮਾੜਾ ਅਸਰ ਪੈਣ ਦਾ ਅੰਦਾਜ਼ਾ ਹੈ। ਜ਼ਿਆਦਾ ਪ੍ਰਭਾਵ ਵਾਲੇ ਝੋਨੇ ਦੇ ਖੇਤ ਕਿਸਾਨ ਵਾਹ ਵੀ ਰਹੇ ਹਨ। ਸੋ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।

-ਰਾਜ ਸਿੰਘ ਬਧੌਛੀ
ਬਧੌਛੀ ਕਲਾਂ, (ਫ਼ਤਹਿਗਢ ਸਾਹਿਬ)

ਕੂੜੇ ਦੀ ਸਮੱਸਿਆ
ਜਲੰਧਰ ਸ਼ਹਿਰ ਵਿਚ ਇਕ ਵਾਰ ਫਿਰ ਕੂੜੇ ਦੀ ਸਮੱਸਿਆ ਵਧਣ ਲਗ ਪਈ ਹੈ। ਪਹਿਲਾਂ ਕੂੜੇ ਦੇ ਡੰਪ ਸਾਫ਼ ਹੋਣੇ ਸ਼ੁਰੂ ਹੋ ਗਏ ਸਨ-ਜਿਸ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਪਰ ਹੁਣ ਉਨ੍ਹਾਂ ਡੰਪਾਂ 'ਤੇ ਇਕ ਵਾਰ ਫਿਰ ਕੂੜਾ ਵਧਣ ਲੱਗ ਪਿਆ ਹੈ। ਨਿਗਮ ਪ੍ਰਸ਼ਾਸਨ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਈ ਵਿਚਾਰ ਕੀਤੇ ਪਰ ਫਿਰ ਵੀ ਇਹ ਸਮੱਸਿਆ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀ। 50 ਕਿੱਲੋ ਕੂੜਾ ਡੰਪਾਂ 'ਤੇ ਸੁੱਟਣ ਵਾਲਿਆਂ ਦੇ ਚਲਾਨ ਹੋਣੇ ਚਾਹੀਦੇ ਹਨ। ਜਿੰਨੀ ਦੇਰ ਤੱਕ ਕੂੜਾ ਡੰਪਾਂ 'ਤੇ ਆਉਣਾ ਬੰਦ ਨਹੀਂ ਹੁੰਦਾ ਓਨੀ ਦੇਰ ਤਕ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਸੁਧਰਨ ਵਾਲੀ ਨਹੀਂ ਹੈ।

-ਸੌਰਵ ਕੁਮਾਰ
ਜਲੰਧਰ

19-09-2022

 ਸਾਂਝਾ ਪ੍ਰੋਗਰਾਮ ਬਨਾਮ ਮਿਸ਼ਨ 2024
ਨਿਤਿਸ਼ ਕੁਮਾਰ ਮਿਸ਼ਨ 2024 ਵਾਸਤੇ ਦਿੱਲੀ ਆ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਗੱਲ ਕਰ ਰਹੇ ਹਨ। ਜਿਨ੍ਹਾਂ ਦਾ ਮੰਨਣਾ ਹੈ ਕਿ ਏਕਤਾ ਨਾਲ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਇਹੋ ਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਪਰ ਅਨੁਸ਼ਾਸਨ ਦੀ ਕਮੀ ਕਾਰਨ ਕਾਮਯਾਬੀ ਹਾਸਲ ਨਹੀਂ ਹੋ ਸਕੀ। ਕੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂਅ ਨੂੰ ਹੀ ਲੈ ਕੇ ਸਾਰੀਆਂ ਪਾਰਟੀਆਂ ਇਕ ਜੁਟ ਹੋ ਸਕਣਗੀਆਂ। ਸਵਾਲ ਖੜ੍ਹਾ ਕਰਦਾ ਹੈ। ਬਾਕੀ ਭਾਜਪਾ ਵਿਚ ਅਨੁਸ਼ਾਸਨ ਦੀ ਕਮੀ ਨਹੀਂ ਹੈ ਤੇ ਇਕ ਜੁਟ ਹੈ ਪਿੱਛੇ ਮੋਦੀ ਜੀ ਨੇ ਪੁਰਾਣੇ ਮੰਤਰੀ ਹਟਾ ਨਵੇਂ ਚਿਹਰੇ ਅੱਗੇ ਲਿਆਂਦੇ ਸਨ, ਕਿਸੇ ਵੀ ਮੰਤਰੀ ਨੇ ਇਸ ਪ੍ਰਤੀ ਕਿੰਤੂ-ਪ੍ਰੰਤੂ ਨਹੀਂ ਕੀਤੀ ਬਾਕੀ ਦੂਸਰੀਆਂ ਪਾਰਟੀਆਂ ਵਿਚ ਆਪਸੀ ਕਾਟੋ ਕਲੇਸ਼ ਹੈ। ਖ਼ਾਸ ਕਰ ਕਾਂਗਰਸ ਵਿਚ ਤਾਂ ਕਾਂਟੋ ਕਲੇਸ਼ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਦਾ ਨਤੀਜਾ ਕਾਂਗਰਸ ਭੁਗਤ ਚੁੱਕੀ ਹੈ। ਮੌਜੂਦਾ ਕੇਂਦਰ ਸਰਕਾਰ ਨੂੰ ਹਟਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੋਈ ਨਵੀਂ ਠੋਸ ਨੀਤੀ, ਅਨੁਸ਼ਾਸਨ ਵਿਚ ਰਹਿ ਕੇ ਸਾਂਝਾ ਪ੍ਰੋਗਰਾਮ ਉਲੀਕਣ ਲਈ ਅਖ਼ਤਿਆਰ ਕਰਨੀ ਪਵੇਗੀ, ਨਿਰਾ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣ ਦੇ ਨਾਅਰੇ ਦੇ ਨਾਲ ਗੱਲ ਨਹੀਂ ਬਣੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁੱਕਤ ਇੰਸਪੈਕਟਰ


ਕਿਵੇਂ ਰੁਕਣ ਸੜਕ ਹਾਦਸੇ
ਹਾਲ ਹੀ ਵਿਚ ਮੁੰਬਈ ਦੇ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਡਿਵਾਈਡਰ ਨਾਲ ਕਾਰ ਟਕਰਾ ਕੇ ਹੋਇਆ। ਵੱਡੇ-ਵੱਡੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ। ਆਏ ਦਿਨ ਸੜਕ ਹਾਦਸੇ ਵਿਚ ਕਿੰਨੀਆਂ ਮਾਸੂਮ ਜਾਨਾਂ ਚਲੀਆਂ ਜਾਂਦੀਆਂ ਹਨ। ਹਾਲ ਹੀ ਵਿਚ ਰੋਪੜ ਦੇ ਘਨੌਲੀ ਵਿਚ ਇਕ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ। ਦੂਜੀ ਖ਼ਬਰ ਇਕ ਟਿੱਪਰ ਚਾਲਕ ਨੇ ਨੌਜਵਾਨਾਂ 'ਤੇ ਹੀ ਟਿੱਪਰ ਚੜ੍ਹਾ ਦਿੱਤਾ। ਜਿਸ ਕਾਰਨ ਨੌਜਵਾਨਾਂ ਦੀ ਮੌਤ ਹੋ ਗਈ। ਜ਼ਿਆਦਾਤਰ ਸੜਕ ਹਾਦਸੇ ਵਾਹਨ ਚਾਲਕਾਂ ਦੀ ਗ਼ਲਤੀ, ਟੁੱਟੀਆਂ ਸੜਕਾਂ, ਅਵਾਰਾ ਪਸ਼ੂਆਂ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਅਣਜਾਣ ਬੰਦੇ ਰਾਹੀਂ ਡਰਾਇਵਿੰਗ ਕਰਵਾਉਣਾ ਕਰਕੇ ਹਾਦਸੇ ਵਾਪਰ ਰਹੇ ਹਨ। ਟ੍ਰੈਫ਼ਿਕ ਪੁਲਿਸ ਵੱਲੋਂ ਜ਼ਿਲ੍ਹਾ ਪੱਧਰ 'ਤੇ ਸਕੂਲ, ਕਾਲਜਾਂ ਵਿਚ ਸੈਮੀਨਾਰ ਵੀ ਲਗਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਜਾਂਦਾ ਹੈ। ਫਿਰ ਵੀ ਜ਼ਿਆਦਾ ਹਾਦਸਿਆਂ ਵਿਚ ਨੌਜਵਾਨਾਂ ਦੀ ਹੀ ਮੌਤ ਹੁੰਦੀ ਹੈ। ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਬਿਲਕੁਲ ਵੀ ਵਰਤੋਂ ਨਾ ਕਰੋ। ਜ਼ੈਬਰਾ ਕਰਾਸਿੰਗ 'ਤੇ ਵਾਹਨ ਹੌਲੀ ਚਲਾਉ। ਸ਼ਰਾਬ ਜਾਂ ਕੋਈ ਵੀ ਨਸ਼ਾ ਖਾ ਕੇ ਗੱਡੀ ਨਾ ਚਲਾਓ। ਜੋ ਵੀ ਗੱਡੀ ਚਲਾ ਰਿਹਾ ਹੋਵੇ ਉਸ ਨੂੰ ਆਵਾਜਾਈ ਦੇ ਨਿਯਮਾਂ ਦਾ ਪੂਰਾ ਪਤਾ ਹੋਵੇ। ਆਪਣੀ ਗੱਡੀ ਨੂੰ ਸਮੇਂ-ਸਮੇਂ 'ਤੇ ਜ਼ਰੂਰ ਚੈੱਕ ਕਰਵਾਓ, ਕਿਉਂਕਿ ਜ਼ਿਆਦਾਤਰ ਹਾਦਸੇ ਟਾਇਰ ਫਟਣ ਨਾਲ ਵੀ ਹੁੰਦੇ ਹਨ। ਜੇਕਰ ਅਸੀਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਾਂਗੇ, ਤਾਂ ਹਾਦਸੇ ਵੀ ਬਹੁਤ ਘੱਟ ਵਾਪਰਨਗੇ ਤੇ ਅਸੀਂ ਆਪਣੀ ਮੰਜ਼ਿਲ ਤੱਕ ਸਫਲਤਾ ਪੂਰਵਕ ਪੁੱਜ ਜਾਵਾਂਗੇ।


ਸੰਜੀਵ ਸਿੰਘ ਸੈਣੀ
ਮੁਹਾਲੀ।


ਰੁੱਖ ਅਤੇ ਕੁੱਖ ਬਚਾਓ
ਜੇਕਰ ਅੱਜ ਦੇ ਸਮੇਂ ਵੱਲ ਵੇਖੀਏ ਤਾਂ ਸਮਾਂ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹੈ। ਕਿਧਰ ਗਏ ਹਰੇ-ਭਰੇ ਰੁੱਖ, ਬੋਹੜ, ਪਿੱਪਲ ਦੀਆਂ ਠੰਢੀਆਂ ਛਾਵਾਂ, ਚਿੜੀਆਂ ਦੀਆਂ ਡਾਰਾਂ, ਚਰਖੇ ਕੱਤਦੀਆਂ ਮੁਟਿਆਰਾਂ ਅਤੇ ਪਹਿਲੇ ਸਮੇਂ ਦੀਆਂ ਮੌਜ ਬਹਾਰਾਂ। ਜੇਕਰ ਹੁਣ ਵੀ ਸਮਾਂ ਰਹਿੰਦੇ ਸਮੇਂ ਨੂੰ ਵਿਚਾਰਿਆ ਜਾਵੇ, ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਕੁਝ ਬਚਾ ਸਕਦੇ ਹਾਂ। ਇਸ ਲਈ ਪੁੱਤਰ ਦੀ ਲਾਲਸਾ ਵਸ ਹੋ ਕੇ ਧੀਆਂ ਨੂੰ ਕੁੱਖ ਵਿਚ ਕਤਲ ਨਾ ਕਰਵਾਓ, ਕਿਉਂਕਿ ਜੇਕਰ ਪੁੱਤਰ ਨੂੰ ਜਨਮ ਦੇਣ ਵਾਲੀ ਕੁੱਖ ਹੀ ਨਾ ਹੋਈ ਤਾਂ ਪੁੱਤਰ ਕਿਵੇਂ ਹੋਣਗੇ। ਇਸ ਲਈ ਕੁੱਖ ਬਚਾਉਣ ਦੇ ਨਾਲ-ਨਾਲ ਰੁੱਖਾਂ ਦੀ ਅਹਿਮੀਅਤ ਵੀ ਸਮਝੋ ਅਤੇ ਵੱਧ ਤੋਂ ਵੱਧ ਰੁੱਖ ਲਗਾਓਓ ਤਾਂ ਕਿ ਸਾਡੇ ਬੱਚਿਆਂ ਲਈ ਆਕਸੀਜ਼ਨ ਦੀ ਘਾਟ ਨਾ ਹੋਵੇ ਅਤੇ ਵਾਤਾਵਰਨ ਵੀ ਪ੍ਰਦੂਸ਼ਣ ਰਹਿਤ ਹੋਵੇ। ਇਸ ਲਈ ਰੁੱਖ ਤੇ ਕੁੱਖ ਦੋਵੇਂ ਬਚਾਓ। ਜੇਕਰ ਰੁੱਖ ਨਹੀਂ ਤਾਂ ਛਾਂ ਨਹੀਂ ਲੱਭਣੀ ਪਰ ਜੇਕਰ ਕੁੱਖ ਨਹੀਂ ਤਾਂ ਮਾਂ ਨਹੀਂ ਲੱਭਣੀ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ। 94786-58384


ਮਾਂ ਬੋਲੀ ਦੀ ਮਹੱਤਤਾ
ਅਸੀਂ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ ਬੋਲਣ 'ਚ ਬਹੁਤ ਸ਼ਰਮਿੰਦਾ ਹੁੰਦੇ ਹਾਂ। ਜਿਵੇਂ ਕੋਈ ਪਾਪ ਕਰ ਲਿਆ ਹੋਵੇ। ਹਰ ਬੋਲੀ ਦੀ ਆਪਣੀ ਮਹੱਤਤਾ ਹੁੰਦੀ ਹੈ ਪਰ ਆਪਣੀ ਮਾਂ ਬੋਲੀ ਵਰਗੀ ਬੋਲੀ ਕੋਈ ਵੀ ਨਹੀਂ। ਹਰ ਬੋਲੀ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਨਹੀਂ। ਜਿਵੇਂ ਅੱਜ-ਕਲ੍ਹ ਅੱਗੇ ਨਿਕਲਣ ਦੀ ਦੌੜ 'ਚ ਅਸੀਂ ਹੋਰ ਬੋਲੀਆਂ ਵੱਲ ਵਧ ਧਿਆਨ ਦੇ ਰਹੇ ਹਾਂ ਅਤੇ ਆਪਣੀ ਮਾਂ ਬੋਲੀ ਨੂੰ ਦੂਸਰਿਆਂ ਸਾਹਮਣੇ ਬੋਲਣ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਪਰ ਅਸਲੀ ਗੱਲ ਤਾਂ ਇਹ ਹੈ ਕਿ ਅਗਰ ਅਸੀਂ ਸਭ ਬੋਲੀਆਂ ਬੋਲਣ 'ਚ ਮਾਹਿਰ ਹੋ ਜਾਂਦੇ ਹਾਂ ਅਤੇ ਆਪਣੀ ਮਾਂ-ਬੋਲੀ ਨੂੰ ਬੋਲਣਾ ਭੁੱਲ ਜਾਂਦੇ ਹਾਂ ਤਾਂ ਇਹ ਸਾਡੀ ਆਪਣੀ ਸ਼ਖ਼ਸੀਅਤ ਅਤੇ ਆਪਣੇ-ਆਪ 'ਤੇ ਸ਼ਰਮਿੰਦਾ ਹੋਣ ਵਾਲੀ ਗੱਲ ਹੈ। ਇਸ ਲਈ ਆਪਣੀ ਮਾਂ-ਬੋਲੀ ਨੂੰ ਬੋਲਣ 'ਚ ਕਦੇ ਵੀ ਸ਼ਰਮਿੰਦਗੀ ਮਹਿਸੂਸ ਨਾ ਕਰਕੇ-ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਜਦੋਂ ਵੀ ਅਸੀਂ ਕਿਸੇ ਮੁਸ਼ਕਿਲ 'ਚ ਹੁੰਦੇ ਹਾਂ ਤਾਂ ਸਾਨੂੰ ਰੱਬ ਤੋਂ ਪਹਿਲਾਂ ਆਪਣੀ ਮਾਂ ਯਾਦ ਆਉਂਦੀ ਹੈ। ਫਿਰ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਦੂਸਰਿਆਂ ਦੇ ਸਾਹਮਣੇ ਪ੍ਰਗਟ ਕਰਨਾ ਹੋਵੇ ਤਾਂ ਉਸ ਨੂੰ ਵੀ ਅਸੀਂ ਆਪਣੀ ਮਾਂ ਬੋਲੀ 'ਚ ਅਸੀਂ ਦੂਸਰਿਆਂ ਨੂੰ ਚੰਗੀ ਤਰ੍ਹਾਂ ਆਪਣੀਆਂ ਆਪਣੀ ਭਾਵਨਾਵਾਂ ਦੱਸ ਸਕਦੇ ਹਾਂ। ਇਸ ਲਈ ਸਾਨੂੰ ਮਾਂ ਬੋਲੀ ਪੂਰੀ ਇੱਜ਼ਤ ਅਤੇ ਸਤਿਕਾਰ ਨਾਲ ਬੋਲਣੀ ਚਾਹੀਦੀ ਹੈ। ਜੇਕਰ ਅਸੀਂ ਹੁਣ ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ੳਸ ਦੀ ਸਹੀ ਜਗ੍ਹਾ ਅਤੇ ਅਹਿਮੀਅਤ ਨਾ ਦੇਵਾਂਗੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਗੁਆ ਬੈਠਾਂਗੇ।


-ਕਾਜਲ ਕੁਮਾਰੀ
ਅਧਿਆਪਿਕਾ


ਸਰਕਾਰ ਦਾ ਧੰਨਵਾਦ
ਡੇਢ ਦਹਾਕਾ ਪਹਿਲਾਂ ਤੋਂ ਜੋ ਅਧਿਆਪਕ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਸਨ, ਉਨ੍ਹਾਂ ਦੇ ਸਿਰ ਉਪਰ ਅੱਜ ਤੱਕ ਕੱਚੇ ਹੋਣ ਦੀ ਤਲਵਾਰ ਲਟਕ ਰਹੀ ਹੈ ਪਰੰਤੂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਅਧਿਆਪਕਾਂ ਨੂੰ ਪੱਕੇ ਕਰ ਕੇ ਆਪਣਾ ਕੀਤਾ ਵਾਅਦਾ ਇਮਾਨਦਾਰੀ ਨਾਲ ਨਿਭਾਇਆ ਹੈ।
ਸੋ ਅਸੀਂ ਉਨ੍ਹਾਂ ਅਧਿਆਪਕਾਂ ਦੇ ਮਾਪੇ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਉਨ੍ਹਾਂ ਪੱਕੇ ਹੋਏ ਅਧਿਆਪਕਾਂ ਤੋਂ ਵੀ ਆਸਵੰਦ ਹਾਂ ਕਿ ਉਹ ਆਪਣੇ ਗਿਆਨ ਦਾ ਦੀਵਾ ਹਮੇਸ਼ਾ ਜਗਦਾ ਰੱਖਦੇ ਹੋਏ ਬੱਚਿਆਂ ਨੂੰ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਪੜ੍ਹਾਉਣਗੇ।


-ਮਾ. ਰਾਜ ਸਿੰਘ ਬਧੌਛੀ
ਫ਼ਤਹਿਗੜ੍ਹ ਸਾਹਿਬ

16-09-2022

 ਕਾਨੂੰਨੀ ਹੱਕਾਂ 'ਤੇ ਡਾਕਾ

ਇਕ ਪਾਸੇ ਤਾਂ ਔਰਤ ਨੂੰ ਵੱਧ ਤੋਂ ਵੱਧ ਹੱਕ ਦੇਣ ਦੀ ਗੱਲ ਹੁੰਦੀ ਰਹਿੰਦੀ ਹੈ ਤੇ ਦੂਜੇ ਪਾਸੇ ਉਸੇ ਔਰਤ ਨੂੰ ਮਿਲੇ ਕਾਨੂੰਨੀ ਹੱਕਾਂ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਇਹ ਦੋਗਲਾਪਨ ਕਦੋਂ ਤੱਕ ਚਲਦਾ ਰਹੇਗਾ? ਪੰਜਾਬ ਸਰਕਾਰ ਜੇਕਰ ਵਾਕਿਆ ਹੀ ਔਰਤ ਵਰਗ ਨੂੰ ਸਨਮਾਨ ਦੇਣਾ ਚਾਹੁੰਦੀ ਹੈ ਤਾਂ ਉਹ ਔਰਤ ਨੂੰ ਮਿਲੇ ਕਾਨੂੰਨੀ ਹੱਕਾਂ ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰੇ। ਪੰਚਾਇਤੀ ਸੰਸਥਾਵਾਂ ਵਿਚ ਔਰਤਾਂ ਨੂੰ ਮਿਲੇ ਅਧਿਕਾਰਾਂ ਦਾ ਸ਼ਰ੍ਹੇਆਮ ਘਾਣ ਕੀਤਾ ਜਾਂਦਾ ਹੈ। ਔਰਤ ਪਿੰਡ ਦੀ ਪੰਚ, ਸਰਪੰਚ ਜਾਂ ਬਲਾਕ ਸੰਮਤ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਤਾਂ ਬਣ ਜਾਂਦੀ ਹੈ ਪਰ ਉਸ ਨੂੰ ਮਿਲੇ ਕਾਨੂੰਨੀ ਅਧਿਕਾਰਾਂ 'ਤੇ ਤੁਰੰਤ ਡਾਕਾ ਵੱਜ ਜਾਂਦਾ ਹੈ। ਔਰਤ ਦੇ ਹੱਕ ਵਿਚ ਡਾਕਾ ਮਾਰਨ ਵਾਲਾ ਕੋਈ ਹੋਰ ਨਹੀਂ ਹੁੰਦਾ ਸਗੋਂ ਉਸ ਦਾ ਪੁੱਤਰ, ਪਤੀ ਜਾਂ ਸਹੁਰਾ ਹੀ ਹੁੰਦਾ ਹੈ। ਅਜਿਹਾ ਵਰਤਾਰਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਜੋ ਔਰਤ ਦੇ ਮਾਣ-ਸਨਮਾਨ ਨੂੰ ਢਾਅ ਲਾ ਰਿਹਾ ਹੈ ਤੇ ਕਾਨੂੰਨੀ ਪ੍ਰਕਿਰਿਆ ਨੂੰ ਵੀ ਹਾਸੋਹੀਣੀ ਬਣਾ ਰਿਹਾ ਹੈ। ਔਰਤ ਦਾ ਹੱਕ ਖੋਹਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਹੋਵੇ। ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬ ਸਰਕਾਰ ਔਰਤ ਦੇ ਹੱਕਾਂ ਨੂੰ ਬਚਾਏਗੀ ਜਾਂ ਉਸ ਦੇ ਵੀ ਬਿਆਨ ਪਿਛਲੀਆਂ ਸਰਕਾਰਾਂ ਵਾਂਗ ਹਵਾ ਦੇ ਬੁੱਲੇ ਬਣ ਜਾਣਗੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਵਿਦੇਸ਼ ਜਾਣ ਦਾ ਰੁਝਾਨ

ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਪਹਿਲ ਦੇ ਆਧਾਰ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਚਾਹੀਦਾ ਹੈ। ਅਜਿਹਾ ਨਾ ਹੋਇਆ ਤਾਂ ਪੰਜਾਬ ਵਿਚ ਪ੍ਰਵਾਸੀਆਂ ਦਾ ਰਾਜ ਹੋਵੇਗਾ, ਬੁਢਾਪਾ ਰੁਲੇਗਾ। ਪੁਲਿਸ ਤੇ ਪੈਰਾਮਿਲਟਰੀ ਵਿਚ ਭਰਤੀ ਵਾਸਤੇ ਨੌਜਵਾਨ ਨਹੀਂ ਮਿਲਣਗੇ। ਇਸ ਵਿਸ਼ੇ 'ਤੇ ਸਰਕਾਰ ਨੂੰ ਮੰਥਨ ਕਰ ਸੰਜੀਦਗੀ ਨਾਲ ਵਿਚਾਰ ਕਰ ਕੇ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਨਹਿਰਾਂ ਵਿਚ ਗੰਦਗੀ

ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਸਾਡਾ ਸਾਰਿਆਂ ਦਾ ਜੀਵਨ ਪਾਣੀ ਨਾਲ ਹੀ ਹੈ। ਪੰਜਾਬ ਵਿਚ ਕਈ ਨਹਿਰਾਂ ਵਗਦੀਆਂ ਨੇ ਕਈ ਕਿਸਾਨ ਨਹਿਰਾਂ ਦੇ ਪਾਣੀ ਨਾਲ ਖੇਤੀ ਕਰਦੇ ਹਨ। ਪਰ ਹੁਣ ਲੋਕ ਨਹਿਰਾਂ ਵਿਚ ਕੂੜਾ, ਗੰਦੇ ਲਿਫ਼ਾਫ਼ੇ, ਤਸਵੀਰਾਂ, ਦਵਾਈਆਂ ਆਦਿ ਸੁੱਟ ਦਿੰਦੇ ਹਨ, ਜਿਸ ਦੇ ਨਾਲ ਬਾਕੀ ਸਾਰਾ ਕੂੜਾ ਇਕ ਥਾਂ 'ਤੇ ਇਕੱਠਾ ਹੋ ਜਾਂਦਾ ਹੈ। ਇਸ ਨਾਲ ਮੱਛਰ ਪੈਦਾ ਹੁੰਦਾ ਹੈ ਤੇ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇ ਨਹਿਰਾਂ ਦਾ ਪਾਣੀ ਚਲਦਾ ਰਹੇਗਾ ਤਾਂ ਨਾ ਹੀ ਮੱਛਰ ਪੈਦਾ ਹੋਵੇਗਾ ਤੇ ਨਾ ਹੀ ਕੋਈ ਬਿਮਾਰੀ ਫੈਲੇਗੀ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਹੁੰ ਚੁੱਕਣੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਨਹਿਰਾਂ ਵਿਚ ਕੂੜਾ ਨਾ ਸੁੱਟੇ। ਇਸ ਲਈ ਸਰਕਾਰ ਦੁਆਰਾ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਹਿਰਾਂ ਵਿਚ ਕੂੜਾ ਸੁੱਟੇ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇ, ਇਸ ਤਰ੍ਹਾਂ ਹੀ ਨਹਿਰਾਂ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. (ਜਲੰਧਰ)।

ਸਬਰ ਅਤੇ ਸ਼ੁਕਰਾਨਾ

ਸਬਰ ਅਤੇ ਸ਼ੁਕਰਾਨਾ, ਬੋਲਣ ਅਤੇ ਲਿਖਣ ਵਿਚ ਭਾਵੇਂ ਇਹ ਸਿਰਫ਼ ਦੋ ਸ਼ਬਦ ਹਨ, ਪਰ ਇਨ੍ਹਾਂ ਦੋ ਸ਼ਬਦਾਂ ਵਿਚ ਜ਼ਿੰਦਗੀ ਦਾ ਅਸਲੀ ਫਲਸਫਾ ਛੁਪਿਆ ਹੋਇਆ ਹੈ। ਅੱਜ ਦੇ ਦੌਰ ਵਿਚ ਜਿਸ ਇਨਸਾਨ ਵਿਚ ਸਬਰ ਹੈ ਅਤੇ ਜਿਸ ਨੂੰ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਆਉਂਦਾ ਹੈ, ਉਸ ਤੋਂ ਵੱਧ ਖੁਸ਼ਨਸੀਬ ਇਨਸਾਨ ਹੋਰ ਕੋਈ ਨਹੀਂ ਹੋ ਸਕਦਾ। ਅੱਜ ਸਾਡੇ ਕੋਲ ਸਾਰੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਅਸੀਂ ਦੁਖੀ ਹਾਂ, ਕਿਉਂਕਿ ਸਾਡੇ ਅੰਦਰ ਸਬਰ ਨਹੀਂ ਹੈ, ਸਾਨੂੰ ਸਿਰਫ਼ ਸ਼ਿਕਾਇਤਾਂ ਕਰਨੀਆਂ ਆਉਂਦੀਆਂ ਹਨ, ਪਰਮਾਤਮਾ ਦਾ ਸ਼ੁਕਰਾਨਾ ਨਹੀਂ। ਜਿਸ ਇਨਸਾਨ ਅੰਦਰ ਸਬਰ ਆ ਜਾਵੇ, ਸ਼ੁਕਰਾਨਾ ਕਰਨਾ ਉਸ ਨੂੰ ਆਪਣੇ-ਆਪ ਆ ਜਾਂਦਾ ਹੈ। ਜਿਸ ਇਨਸਾਨ ਅੰਦਰ ਸਬਰ ਨਹੀਂ ਉਸ ਨੂੰ ਮਹੱਲਾਂ ਵਿਚ ਵੀ ਸਕੂਨ ਨਹੀਂ ਮਿਲਦਾ। ਪਰਮਾਤਮਾ ਪ੍ਰਤੀ ਅਟੁੱਟ ਵਿਸ਼ਵਾਸ ਸਾਡੇ ਸਬਰ ਨੂੰ ਮਜ਼ਬੂਤ ਬਣਾ ਦਿੰਦਾ ਹੈ। ਦੁੱਖ-ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਲਾਜ਼ਮੀ ਹੈ। ਜੇ ਅੱਜ ਦੁੱਖਾਂ ਭਰੀ ਰਾਤ ਹੈ ਤਾਂ ਕੱਲ੍ਹ ਸੁੱਖਾਂ ਭਰੀ ਸਵੇਰ ਵੀ ਆਵੇਗੀ। ਬੱਸ ਲੋੜ ਹੈ ਸਬਰ ਦਾ ਪੱਲਾ ਫੜ ਕੇ ਰੱਖਣ ਦੀ ਕਿਉਂਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।

-ਜਸਪ੍ਰੀਤ ਕੌਰ ਸੰਘਾ, ਹੁਸ਼ਿਆਰਪੁਰ।

15-09-2022

 ਪੰਜਾਬ ਵਿਚ ਉਦਯੋਗ

ਰੋਜ਼ਾਨਾ 'ਅਜੀਤ' ਵਿਚ 7 ਸਤੰਬਰ ਨੂੰ ਡਾ. ਐਸ.ਐਸ. ਛੀਨਾ ਦਾ ਲੇਖ 'ਉਦਯੋਗਿਕ ਇਨਕਲਾਬ ਤੋਂ ਬਗੈਰ ਪੰਜਾਬ ਵਿਚ ਫੈਲੀ ਬੇਰੁਜ਼ਗਾਰੀ ਦਾ ਹੱਲ ਨਹੀਂ' ਬਹੁਤ ਸ਼ਲਾਘਾਯੋਗ ਸੀ। ਇਹ ਗੱਲ ਬਿਲਕੁਲ ਸੱਚ ਹੈ ਕਿ ਉਦਯੋਗਿਕ ਵਿਕਾਸ ਕਰਕੇ ਅਮਰੀਕਾ ਕੈਨੇਡਾ ਇੰਗਲੈਂਡ, ਆਸਟ੍ਰੇਲੀਆ ਅਤੇ ਜਾਪਾਨ ਆਦਿ ਦੇਸ਼ਾਂ ਵਿਚ ਬੇਰੁਜ਼ਗਾਰੀ ਨਹੀਂ ਹੈ ਅਤੇ ਦੂਸਰੇ ਪਾਸੇ ਖੇਤੀ ਪ੍ਰਧਾਨ ਜਾਂ ਇਨ੍ਹਾਂ ਦੇਸ਼ਾਂ ਦੀ ਜ਼ਿਆਦਾ ਵਸੋਂ ਖੇਤੀ ਵਿਚ ਲੱਗੀ ਹੋਈ ਹੈ ਉਂਝ ਦੇਸ਼ ਗ਼ਰੀਬੀ ਬੇਰੁਜ਼ਗਾਰੀ ਅਤੇ ਪਛੜੇਪਣ ਨਾਲ ਜੂਝ ਰਹੇ ਹਨ। ਕਿਸੇ ਵੀ ਵਿਕਸਤ ਦੇਸ਼ ਵਿਚ ਖੇਤੀ ਵਿਚ ਪੰਜ ਫੀਸਦੀ ਤੋਂ ਵੱਧ ਵਸੋਂ ਨਹੀਂ ਹੈ ਪਰ ਦੂਸਰੇ ਪਾਸੇ ਭਾਰਤ ਜਾਂ ਪੰਜਾਬ ਵਿਚ ਅੱਜ ਵੀ 60 ਫੀਸਦੀ ਵਸੋਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਖੇਤੀ ਵਿਚ ਲੱਗੀ ਹੋਈ ਹੈ ਜਿਹੜੀ ਸਪੱਸ਼ਟ ਕਰਦੀ ਹੈ ਕਿ ਉਨ੍ਹਾਂ ਕੋਲ ਰੁਜ਼ਗਾਰ ਦੀ ਕਮੀ ਹੈ। ਬੇਰੁਜ਼ਗਾਰੀ ਖ਼ਤਮ ਕਰਨ ਅਤੇ ਰੁਜ਼ਗਾਰ ਵਧਾਉਣ ਵਿਚ ਸਿਰਫ਼ ਉਦਯੋਗਿਕ ਖੇਤਰ ਹੀ ਸਹਾਈ ਹੋ ਸਕਦਾ ਹੈ। ਕਿਸੇ ਵਕਤ ਪੰਜਾਬ ਖੇਤੀ ਅਤੇ ਉਦਯੋਗ ਦੋਵਾਂ ਵਿਚ ਅੱਗੇ ਸੀ ਜੋ ਕਿ ਇਥੋਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਉਦਯੋਗ ਦੂਜੇ ਰਾਜਾਂ ਨੂੰ ਹਿਜਰਤ ਕਰ ਗਿਆ। ਪੰਜਾਬ ਕੱਚੇ ਮਾਲ ਦੀ ਵੱਡੀ ਮੰਡੀ ਹੈ ਜਿਸ ਕਰਕੇ ਇਥੇ ਉਦਯੋਗਾਂ ਲਈ ਵੱਡਾ ਮੈਦਾਨ ਖਾਲੀ ਪਿਆ ਹੈ। ਪੰਜਾਬ ਵਿਚ ਬਣਨ ਵਾਲੀਆਂ ਖ਼ੁਰਾਕੀ ਵਸਤੂਆਂ ਲਈ ਮੰਡੀਕਰਨ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਤੇ ਵਿਦੇਸ਼ਾਂ ਵਿਚ ਅਨੇਕ ਮੌਕੇ ਹਨ ਜਿਵੇਂ ਕਿ ਡੇਅਰੀ ਵਸਤੂਆਂ ਦੀ ਵਿਦੇਸ਼ਾਂ ਵਿਚ ਵੱਡੀ ਮੰਗ ਹੈ।ਸੋ, ਇਸ ਕਰਕੇ ਲੋੜ ਹੈ ਪੰਜਾਬ ਵਿਚ ਢੁਕਵੀਂ ਖੇਤੀ ਅਤੇ ਉਦਯੋਗਿਕ ਨੀਤੀ ਦੀ। ਸੋ, ਉਮੀਦ ਕੀਤੀ ਜਾਂਦੀ ਹੈ ਕਿ ਹੁਣ ਪੰਜਾਬ ਸਰਕਾਰ ਵਲੋਂ ਉਦਯੋਗਿਕ ਕ੍ਰਾਂਤੀ ਲਈ ਵੀ ਉਨੀ ਹੀ ਗੰਭੀਰਤਾ ਅਪਣਾਈ ਜਾਵੇਗੀ ਜਿੰਨੀ ਹਰੇ ਇਨਕਲਾਬ ਲਈ ਅਪਣਾਈ ਗਈ ਸੀ।

-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੋ, ਤਹਿਸੀਲ ਪੱਟੀ, ਤਰਨਤਾਰਨ।

ਅਰਦਾਸ ਤੇ ਦੇਖਭਾਲ

ਬਹੁਤ ਵਾਰੀ ਸੁਣਿਆ ਹੈ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ। ਕੋਰੋਨਾ ਦੀ ਚੱਲ ਰਹੀ ਤੇਜ਼ ਹਨੇਰੀ ਵਿਚ ਇਹ ਰੱਬ ਦੇ ਰੂਪ ਸਾਨੂੰ ਬਚਾਉਣ ਲਈ ਆਪਣਾ ਘਰ-ਪਰਿਵਾਰ ਭੁੱਖ-ਪਿਆਸ ਭੁੱਲ ਗਏ ਨੇ। ਮੇਰੇ ਦੋਸਤ ਦੇ ਘਰ ਰੱਬ ਨੇ 10 ਸਾਲ ਬਾਅਦ ਔਲਾਦ ਘੱਲੀ ਧੀ ਤੇ ਪੁੱਤ। ਪਰਿਵਾਰ ਵਿਚ ਖ਼ੁਸ਼ੀਆਂ ਨੇ ਆਹ ਕੇ ਡੇਰੇ ਲਾ ਲਏ। ਪਰ ਦੋਵਾਂ ਬੱਚਿਆਂ ਨੂੰ ਦੁਨੀਆਂ 'ਤੇ ਜੀ ਆਇਆਂ ਨੂੰ ਕੋਰੋਨਾ ਨੇ ਕਿਹਾ। ਸਾਰੇ ਟੈਸਟਾਂ ਦੀਆਂ ਰਿਪੋਰਟਾਂ ਆਉਣ 'ਤੇ ਪਤਾ ਲੱਗਿਆ ਕਿ ਦੋਵਾਂ ਬੱਚਿਆਂ 'ਤੇ ਕੋਰੋਨਾ ਰੂਪੀ ਗੰਧਲੀ ਹਵਾ ਪੈ ਗਈ। ਸਾਰੇ ਰੱਬ ਦੇ ਰੂਪ ਡਾਕਟਰ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਲੱਗ ਗਏ ਤੇ ਪਰਿਵਾਰਕ ਮੈਂਬਰ ਰੱਬ ਅੱਗੇ ਅਰਦਾਸ/ਬੇਨਤੀ ਕਰਨ ਲੱਗ ਗਏ। ਅੱਜ ਦੋਵੇਂ ਬੱਚੇ ਠੀਕ ਹੋ ਕੇ ਆਪਣੇ ਪਰਿਵਾਰ 'ਚ ਚਹਿਕ-ਮਹਿਕ ਰਹੇ ਨੇ ਮੇਰੇ ਦਿਲ ਨੇ ਕਿਹਾ ਦੇਖਭਾਲ ਦੇ ਨਾਲ-ਨਾਲ ਅਰਦਾਸ ਵੀ ਬਹੁਤ ਜ਼ਰੂਰੀ ਸੀ।

ਪ੍ਰੀਤ ਪਾਠਕ
ਮੁੱਹਲਾ ਬੇਗੋਆਣਾ, ਨੇੜੇ ਲੁਹਾਰਾ ਪੁਲ, ਲੁਧਿਆਣਾ।

ਅਵਾਰਾ ਪਸ਼ੂਆਂ ਦੀ ਸਮੱਸਿਆ

ਅੱਜਕੱਲ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਸੜਕਾਂ, ਰਸਤਿਆਂ, ਗਲੀਆਂ, ਸ਼ਾਮਲਾਟ ਜ਼ਮੀਨਾਂ, ਖੇਡ ਦੇ ਮੈਦਾਨਾਂ, ਧਾਰਮਿਕ ਸੰਸਥਾਵਾਂ, ਦੁਕਾਨਾਂ ਅੱਗੇ ਅਵਾਰਾ ਪਸ਼ੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਗਾਂਵਾਂ ਦੀ ਹੈ। ਲੰਪੀ ਸਕਿਨ ਬਿਮਾਰੀ ਆਉਣ ਨਾਲ ਇਨ੍ਹਾਂ ਦੀ ਗਿਣਤੀ ਹੋਰ ਵੀ ਵਧ ਗਈ ਹੈ। ਹਾਲਾਂਕਿ ਸਰਕਾਰ ਦੁਆਰਾ ਪਸ਼ੂਆਂ ਦਾ ਟੀਕਾਕਰਨ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਫਿਰ ਦੀ ਕਈ ਲੋਕਾਂ ਨੇ ਬਿਮਾਰੀ ਦੇ ਡਰ ਅਤੇ ਇਲਾਜ ਦੇ ਖ਼ਰਚ ਦੇ ਕਾਰਨ ਗਾਵਾਂ ਦੇ ਰੱਸੇ ਖੋਲ੍ਹ ਦਿੱਤੇ ਹਨ। ਜੋ ਕਿ ਕਈ ਵਾਰ ਬਹੁਤ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ, ਜਿਨ੍ਹਾਂ ਹਾਦਸਿਆਂ ਵਿਚ ਲੱਖਾਂ ਬੇਸ਼ਕੀਮਤੀ ਮਨੁੱਖੀ ਜਾਨਾਂ ਵੀ ਗਈਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਨੁਕਸਾਨ, ਬੱਚਿਆਂ, ਬਜ਼ੁਰਗਾਂ ਅਤੇ ਆਮ ਰਾਹਗੀਰਾਂ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਿਲ ਹੈ। ਹਾਲਾਂਕਿ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਇਨ੍ਹਾਂ ਦੀ ਦੇਖਭਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਕਰਦੀਆਂ ਹਨ। ਪਰ ਫਿਰ ਵੀ ਆਵਾਰਾ ਗਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਬਹੁਤ ਵੱਡੀ ਸਮੱਸਿਆ ਹੈ। ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ।

-ਸੂਬੇਦਾਰ ਹਰਨੇਕ ਸਿੰਘ ਖੈੜਾ
8394824407

ਸੜਕ ਹਾਦਸੇ

ਅੱਜ ਦੇ ਸਮੇਂ ਵਿਚ ਦਿਨੋਂ-ਦਿਨ ਸੜਕ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ, ਇਨ੍ਹਾਂ ਸੜਕ ਹਾਦਸਿਆਂ ਦਾ ਇਕ ਮੁੱਖ ਕਾਰਨ ਟੁੱਟੀਆਂ ਸੜਕਾਂ ਵੀ ਹਨ। ਅਕਸਰ ਹੀ ਸਾਨੂੰ ਅਖ਼ਬਾਰਾਂ ਵਿਚ ਸੜਕ ਹਾਦਸਿਆਂ ਬਾਰੇ ਪੜ੍ਹਨ ਨੂੰ ਮਿਲਦਾ ਹੈ। ਕਈ ਸੜਕ ਦੁਰਘਟਨਾਵਾਂ ਵਿਚ ਲਾਪਰਵਾਹੀ ਦੀ ਗੱਲ ਵੀ ਸਾਹਮਣੇ ਆਉਂਦੀ ਹੈ, ਪਰ ਇਸ ਤੋਂ ਇਲਾਵਾ ਜ਼ਿਆਦਾਤਰ ਸੜਕ ਹਾਦਸੇ ਟੁੱਟੀਆਂ ਸੜਕਾਂ ਕਰਕੇ ਹੁੰਦੇ ਹਨ। ਕਈ ਸੜਕਾਂ ਤੇ ਵੱਡੇ-ਵੱਡੇ ਖੱਡੇ ਪਏ ਹੁੰਦੇ ਹਨ, ਜੋ ਕਿ ਬਰਸਾਤਾਂ ਵਿਚ ਬਰਸਾਤੀ ਪਾਣੀ ਨਾਲ ਭਰਨ ਕਰਕੇ ਦਿਖਾਈ ਨਹੀਂ ਦਿੰਦੇ ਤੇ ਜਦੋਂ ਤੇਜ਼ ਰਫ਼ਤਾਰ ਵਾਹਨ ਆਉਂਦੇ ਨੇ ਤਾਂ ਵਾਹਨ ਅਕਸਰ ਬੇਕਾਬੂ ਹੋ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਵਾਹਨ ਚਾਲਕ ਇੱਕ-ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਆਪਣੇ ਵਾਹਨ 'ਤੇ ਕਾਬੂ ਨਹੀਂ ਰੱਖ ਪਾਉਂਦੇ, ਜਿਸ ਕਾਰਨ ਵੀ ਹਾਦਸੇ ਵਾਪਰ ਜਾਂਦੇ ਹਨ। ਟੁੱਟੀਆਂ ਸੜਕਾਂ ਦੇ ਕਾਰਨ ਹੁੰਦੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਰਕਾਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ ਤੇ ਸੜਕਾਂ ਦੀ ਸਮੇਂ ਸਿਰ ਮੁਰੰਮਤ ਕਰਨ ਦੀ ਵੀ ਬਹੁਤ ਲੋੜ ਹੈ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

14-09-2022

ਰੋਕਥਾਮ ਤੇ ਪਰਹੇਜ਼

ਅੱਜਕਲ੍ਹ ਰੁੱਤ ਬਦਲ ਰਹੀ ਹੈ। ਜਿਸ ਦੇ ਚਲਦਿਆਂ ਸਵਾਈਨ ਫਲੂ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਦੀ ਰੋਕਥਾਮ ਲਈ ਸਾਨੂੰ ਪਹਿਲਾਂ ਹੀ ਕਦਮ ਚੁੱਕ ਲੈਣੇ ਚਾਹੀਦੇ ਹਨ। ਥਾਂ-ਥਾਂ ਪਾਣੀ ਨਹੀਂ ਖੜ੍ਹਨਾ ਚਾਹੀਦਾ। ਬਾਜ਼ਾਰੀ ਚੀਜ਼ਾਂ ਖਾਣ-ਪੀਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਡਾਕਟਰ ਦੀਆਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਪੰਜਾਬ ਨੂੰ ਹਰਿਆ-ਭਰਿਆ ਤੰਦਰੁਸਤ ਬਣਾ ਸਕੀਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ : ਝਬੇਲਵਾਲੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਪੀਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਮੰਨੀ ਪਰਮੰਨੀ ਵਰਸਿਟੀ ਹੈ। ਇਸ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰ ਕੇ ਅਨੇਕਾਂ ਵਿਦਿਆਰਥੀ ਆਪਣਾ ਭਵਿੱਖ ਰੁਸ਼ਨਾਉਣਾ ਚਾਹੁੰਦੇ ਹਨ ਪਰ ਇਸ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਲਜਾਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਲੋਂ ਪੇਪਰਾਂ ਦੀ ਚੈਕਿੰਗ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਅਤੇ ਪੇਪਰ ਚੈਕਿੰਗ ਵੇਲੇ ਲਾਪਰਵਾਹੀ ਵਰਤੀ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਣਦੇ ਵਧੇਰੇ ਅੰਕਾਂ ਨਾਲੋਂ ਘੱਟ ਅੰਕ ਦਿੱਤੇ ਜਾਂਦੇ ਹਨ। ਜਿਸ ਕਾਰਨ ਕਈ ਵਿਦਿਆਰਥੀਆਂ ਨੂੰ ਦੁਬਾਰਾ ਮੁਲਾਂਕਣ ਲਈ ਫਾਰਮ ਭਰਨੇ ਪੈਂਦੇ ਹਨ ਅਤੇ ਫਾਰਮ ਭਰਨ ਦੀ ਫੀਸ 1652 ਰੁਪਏ ਹੈ ਜੋ ਕਿ ਕਈ ਵਿਦਿਆਰਥੀ ਅਦਾ ਨਹੀਂ ਕਰ ਸਕਦੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਪੀਲ ਹੈ ਕਿ ਪੇਪਰ ਚੈਕਿੰਗ ਵੇਲੇ ਲਾਪਰਵਾਹੀ ਨਾ ਵਰਤੀ ਜਾਵੇ ਕਿਉਂਕਿ ਇਨ੍ਹਾਂ ਇਮਤਿਹਾਨਾਂ ਉੱਤੇ ਵਿਦਿਆਰਥੀਆਂ ਦਾ ਭਵਿੱਖ ਨਿਰਭਰ ਹੁੰਦਾ ਹੈ ਅਤੇ ਉੱਤਰ ਦੀ ਗੁਣਵੱਤਾ ਨੂੰ ਨਜ਼ਰਅੰਦਾਜ਼ ਕਰ ਕੇ ਵਧੇਰੇ ਮਾਤਰਾ ਵਿਚ ਉੱਤਰ ਦੇ ਕੇ ਪੰਨੇ ਕਾਲੇ ਕਰਨ ਵਾਲੇ ਨੂੰ ਵੱਧ ਤਰਜੀਹ ਨਾ ਦਿੱਤੀ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮ ਦੇਵ ਨਗਰ, ਘੁਮਾਣ।

13-09-2022

ਕਾਂਗਰਸ ਦੀ ਰੈਲੀ

ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਦਿੱਲੀ ਵਿਚ ਮਹਿੰਗਾਈ ਬੇਰੁਜ਼ਗਾਰੀ ਅਤੇ ਭਾਜਪਾ ਵਲੋਂ ਦੇਸ਼ ਵਿਚ ਕੀਤੀ ਜਾ ਰਹੀ ਫ਼ਿਰਕੂ ਧਰੁਵੀਕਰਨ ਦੀ ਰਾਜਨੀਤੀ ਵਿਰੁੱਧ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਕੇਂਦਰੀ ਸਰਕਾਰ ਅਤੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੁਝ ਚੋਣਵੇਂ ਕਾਰਪੋਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਦੇਸ਼ ਦੇ ਸਾਰੇ ਵਸੀਲੇ ਉਨ੍ਹਾਂ ਦੇ ਹਵਾਲੇ ਕਰੀ ਜਾ ਰਹੇ ਹਨ। ਦੂਸਰਾ ਭਾਜਪਾ ਵਲੋਂ ਵਿਰੋਧੀ ਪਾਰਟੀਆਂ ਦੇ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਡਰ ਅਤੇ ਭੈਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਤੀਸਰੀ ਮੀਡੀਆ ਤੇ ਕਾਰਪੋਰੇਟ ਭਾਰੂ ਹੋ ਗਏ ਹਨ, ਜਿਸ ਕਰਕੇ ਵਿਰੋਧੀ ਪਾਰਟੀਆਂ ਵਲੋਂ ਉਠਾਏ ਜਾਣ ਵਾਲੇ ਮੁੱਦਿਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਅਕਸਰ ਮੀਡੀਆ ਨਜ਼ਰਅੰਦਾਜ਼ ਕਰ ਰਿਹਾ ਹੈ। ਚੌਥਾ ਸੰਸਦ ਦੇ ਅੰਦਰ ਵੀ ਵਿਰੋਧੀ ਪਾਰਟੀਆਂ ਨੂੰ ਆਮ ਲੋਕਾਂ ਦੇ ਮੁੱਦੇ ਉਠਾਉਣ ਨਹੀਂ ਦਿੱਤੇ ਜਾਂਦੇ। ਰਾਹੁਲ ਗਾਂਧੀ ਵਲੋਂ ਉਪਰੋਕਤ ਉਠਾਏ ਗਏ ਮੁੱਦੇ ਕਾਫ਼ੀ ਹੱਦ ਤਕ ਸਹੀ ਤਾਂ ਹਨ ਪਰ ਜੇਕਰ ਦੇਸ਼ ਵਿਚ ਇਸ ਵਕਤ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਦੀ ਤੂਤੀ ਬੋਲਦੀ ਹੈ ਤਾਂ ਇਸ ਲਈ ਵੀ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਹੀ ਜ਼ਿੰਮੇਵਾਰ ਹੈ ਕਿਉਂਕਿ ਕਾਂਗਰਸ ਨੇ ਇਸ ਦੇਸ਼ 'ਤੇ ਦਹਾਕਿਆਂ ਤੱਕ ਰਾਜ ਕੀਤਾ ਹੈ। ਦੇਸ਼ ਵਿਚ ਕਾਰਪੋਰੇਟ ਪੱਖੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਉਸ ਤੋਂ ਬਾਅਦ 2004 ਵਿਚ ਬਣੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਅਹਿਮ ਹਿੱਸਾ ਪਾਇਆ ਸੀ। ਇਸੇ ਕਰਕੇ ਦੇਸ਼ ਦੇ ਲੋਕਾਂ ਨੇ ਅੱਕ ਕੇ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਇਆ ਸੀ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨਤਾਰਨ।


ਬੇਰੁਜ਼ਗਾਰੀ ਦਾ ਹੱਲ
ਪੰਜਾਬ ਸਰਕਾਰ ਵਲੋਂ ਵਿਜ਼ਨ ਇਨਵੈਸਟਮੈਂਟ ਪੰਜਾਬ ਦੀ ਦੂਰ ਅੰਦੇਸ਼ੀ ਵਾਲੀ ਉਦਯੋਗਿਕ ਵਿਕਾਸ ਦੀ ਗੱਲ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਦਾ ਵਿਹਲਾ ਫਿਰਦਾ ਨੌਜਵਾਨ ਵੀ ਰੁਜ਼ਗਾਰ ਪ੍ਰਾਪਤ ਕਰ ਸਕੇਗਾ। ਸ਼ੁਕਰ ਹੈ ਪੰਜਾਬ ਸਰਕਾਰ ਨੇ ਮਹਿਸੂਸ ਕੀਤਾ ਕਿ ਉਦਯੋਗਿਕ ਇਨਕਲਾਬ ਤੋਂ ਬਗ਼ੈਰ ਪੰਜਾਬ ਵਿਚੋਂ ਬੇਰੁਜ਼ਗਾਰੀ ਖ਼ਤਮ ਨਹੀਂ ਕੀਤੀ ਜਾ ਸਕਦੀ। ਪਿਛਲੇ ਸਮੇਂ ਦੀਆਂ ਸਰਕਾਰਾਂ ਪੰਜਾਬ ਦੀਆਂ ਉਦਯੋਗਿਕ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਵਿਚ ਨਾਕਾਮਯਾਬ ਰਹੀਆਂ ਹਨ। ਜਿਸ ਕਰਕੇ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਜਾਂ ਤਾਂ ਬੰਦ ਹੋ ਗਈਆਂ ਜਾਂ ਫਿਰ ਦੂਸਰੇ ਸੂਬਿਆਂ ਵਿਚ ਤਬਦੀਲ ਹੋ ਗਈਆਂ। ਉਦਯੋਗਿਕ ਇਕਾਈਆਂ ਨੂੰ ਦੁਬਾਰਾ ਸਥਾਪਿਤ ਕਰਨਾ ਭਾਵੇਂ ਕੰਮ ਸੁਖਾਲਾ ਨਹੀਂ ਪਰ ਇਨ੍ਹਾਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ। ਟਾਟਾ ਸੰਨਜ਼ ਨੇ ਪਹਿਲ ਕਦਮੀ ਕੀਤੀ ਹੈ। 2600 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਨੇੜੇ ਇਕਾਈ ਲੱਗਣ ਨਾਲ ਪੰਜਾਬ ਦੀ ਬੇਰੁਜ਼ਗਾਰੀ ਨੂੰ ਆਕਸੀਜਨ ਦਾ ਕੰਮ ਕਰੇਗੀ। ਪੰਜਾਬ ਸਰਕਾਰ ਨੂੰ ਇਸ ਪਾਸੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ। ਇਕੱਲਾ ਖੇਤੀ ਸੈਕਟਰ ਸਾਨੂੰ ਕੰਮ ਨਹੀਂ ਦੇ ਸਕਦਾ। ਇਸ ਸੈਕਟਰ ਦੀ ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। ਇਸ ਵਿਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਖੇਤੀ ਆਧਾਰਿਤ ਉਦਯੋਗ ਵੀ ਸਰਕਾਰ ਨੂੰ ਵੱਧ ਤੋਂ ਵੱਧ ਸਥਾਪਿਤ ਕਰਨੇ ਚਾਹੀਦੇ ਹਨ।


-ਜਗਰੂਪ ਸਿੰਘ ਥੇਹ ਕਲੰਦਰ
ਫਾਜ਼ਿਲਕਾ।


ਇਸ ਬਿਮਾਰੀ ਦਾ ਇਲਾਜ ਕੀ?
ਸ਼ਰਮ ਨਾਲ ਡੁੱਬ ਮਰੀਏ ਅਸੀਂ ਪੰਜਾਬੀ, ਮੁਹਾਲੀ ਦੇ ਇਕ ਸਰਕਾਰੀ ਕਲੀਨਿਕ ਵਿਚ ਮੇਰੀ ਬੇਟੀ ਦੀ ਇਕ ਮਲਿਆਲੀ ਸਹੇਲੀ ਟਰੇਨਿੰਗ ਕਰ ਰਹੀ ਹੈ, ਉਹ ਉਸ ਨੂੰ ਆ ਕੇ ਕਹਿੰਦੀ ਕਿ ਇਥੇ ਕੋਈ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦਾ, ਉਨ੍ਹਾਂ ਨਾਲ ਹਿੰਦੀ ਜਾਂ ਅੰਗਰੇਜ਼ੀ ਹੀ ਬੋਲਦੇ ਹਨ, ਤੁਹਾਡੀ ਅਗਲੀ ਪੀੜ੍ਹੀ ਪੰਜਾਬੀ ਕਿਵੇਂ ਸਿੱਖੇਗੀ, ਜੇਕਰ ਮਾਪੇ ਬੱਚਿਆਂ ਨਾਲ ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ ਨਹੀਂ ਬੋਲਣਗੇ। ਅੱਗੋਂ ਮੇਰੀ ਬੇਟੀ ਕਹਿੰਦੀ ਜਦੋਂ ਮੇਰੀ ਮਾਂ ਮੇਰੀ ਉਮਰ ਦੀ ਸੀ ਉਦੋਂ ਵੀ ਚੰਡੀਗੜ੍ਹ ਵਿਚ ਲੋਕ ਆਪਣੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ ਸਨ, ਇਹ ਬਿਮਾਰੀ ਹੁਣ ਸਾਰੇ ਪੰਜਾਬ ਵਿਚ ਫੈਲ ਗਈ ਹੈ, ਮੈਂ ਇਹ ਸੋਚ ਰਹੀ ਹਾਂ ਕਿ ਹੁਣ ਮੇਰੀ ਉਮਰ ਦੇ ਬਹੁਤ ਹੋਣਗੇ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਸਕੂਲਾਂ ਵਿਚ ਪੰਜਾਬੀ ਨਹੀਂ ਸਿਖਾਈ ਗਈ ਅਤੇ ਹੁਣ ਉਹ ਝੂਰਦੇ ਵੀ ਹੋਣਗੇ। ਉਹ ਆਪਣੀ ਗਲਤੀ ਹੁਣ ਵੀ ਸੁਧਾਰ ਸਕਦੇ ਹਨ, ਆਪਣੇ ਘਰਾਂ ਵਿਚ ਪੰਜਾਬੀ ਬੋਲਣ ਦਾ ਮਾਹੌਲ ਸਿਰਜ ਕੇ। ਇਸ ਤੋਂ ਇਲਾਵਾ ਇਸ ਬਿਮਾਰੀ ਦਾ ਇਲਾਜ, ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਵਜੋਂ ਵੇਖਣਾ ਹੈ। ਭਾਵ ਪੰਜਾਬ ਵਿਚ ਉੱਚ ਸਿੱਖਿਆ ਹੋਵੇ। ਘੱਟੋ ਘੱਟ ਪੰਜਾਬ ਵਿਚ ਹਰ ਜਗ੍ਹਾ ਨੌਕਰੀ ਲਈ ਪੰਜਾਬੀ ਲਾਜ਼ਮੀ ਹੋਵੇ, ਅਤੇ ਕੰਮ ਕਾਜੀ ਥਾਂ ਉੱਤੇ ਵੀ ਪੰਜਾਬੀ ਬੋਲਣ ਦਾ ਰੁਝਾਨ ਹੋਵੇ। ਸਾਰੇ ਅੰਗਰੇਜ਼ੀ ਮਾਧਿਅਮ ਸਕੂਲਾਂ ਨੂੰ ਹਿਦਾਇਤਾਂ ਵੀ ਕੀਤੀਆਂ ਜਾਣ ਕਿ ਜੇ ਬੱਚਾ ਪੰਜਾਬੀ ਵਿਚ ਗੱਲ ਕਰਦਾ ਹੈ ਤਾਂ ਉਸ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਨਾ ਜਾਵੇ।


-ਪ੍ਰਿੰ: ਰਿਪਨਜੋਤ ਕੌਰ ਸੋਨੀ, ਬੱਗਾ।


ਪਾਣੀ ਬਚਾਓ
ਪਾਣੀ ਨੂੰ ਬਚਾਉਣ ਲਈ ਤਾਂ ਹਰ ਕੋਈ ਕਹਿੰਦਾ ਹੈ। ਪਰ ਕੀ ਅਸੀਂ ਖੁਦ ਇਸ ਵੱਲ ਧਿਆਨ ਦਿੰਦੇ ਹਾਂ। ਬਹੁਤ ਘੱਟ ਲੋਕ ਨੇ ਜੋ ਇਸ ਚੀਜ਼ ਵਲੋਂ ਸੋਚਦੇ ਨੇ ਕਿ ਪਾਣੀ ਨੂੰ ਬਚਾਉਣ ਨਾਲ ਸਾਡੀ ਆਉਣ ਵਾਲੀ ਪੀੜੀ ਨੂੰ ਸੁਖ ਮਿਲੇਗਾ ਤੇ ਉਹ ਇਸ ਸੰਬੰਧੀ ਲੋੜੀਂਦੇ ਕਦਮ ਵੀ ਪੁੱਟ ਰਹੇ ਹਨ। ਪਰ ਇਸ ਦੇ ਉਲਟ ਜੇਕਰ ਅਸੀਂ ਆਪਣੇ ਘਰਾਂ ਵੱਲ ਦੇਖੀਏ ਤਾਂ ਕਈ ਵਾਰੀ ਸਾਡੇ ਘਰ ਦੀ ਕੋਈ ਟੂਟੀ ਖਰਾਬ ਹੋਈ ਹੁੰਦੀ ਹੈ ਤੇ ਉਸ ਵਿਚੋਂ ਤੁੱਪਦਾ-ਤੁੱਪਦਾ ਪਾਣੀ ਡਿੱਗਦਾ ਰਹਿੰਦਾ ਹੈ ਤੇ ਕਈ ਵਾਰ ਗਲੀ ਆਦਿ ਵਿਚ ਲੱਗੀਆਂ ਟੂਟੀਆਂ ਵਿਚੋਂ ਵੀ ਤੁੱਪਕਾ-ਤੁੱਪਕਾ ਪਾਣੀ ਨਿਕਲਦਾ ਰਹਿੰਦਾ ਹੈ ਪਰ ਅਸੀਂ ਉਸ ਵਲ ਕੋਈ ਗੌਰ ਨਹੀਂ ਕਰਦੇ ਤੇ ਨਾ ਹੀ ਉਸ ਨੂੰ ਬੰਦ ਕਰਦੇ ਹਾਂ ਤੇ ਨਾ ਹੀ ਠੀਕ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਙ ਸੋਚਦੇ ਹਾਂ ਕਿ ਇਹ ਕਿਹੜਾ ਸਾਡਾ ਕੰਮ ਹੈ ਜਿਨ੍ਹਾਂ ਨੇ ਲਗਾਈ ਹੈ ਉਹ ਇਸ ਨੂੰ ਠੀਕ ਕਰਨ। ਪਰ ਕੀ ਇਹ ਸਾਡੀ ਸੋਚ ਸਹੀ ਹੈ? ਕਹਿੰਦੇ ਹਨ ਕਿ ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ ਪਰ ਜੇਕਰ ਇਸੇ ਤਰ੍ਹਾਂ ਇਹ ਪਾਣੀ ਦੀ ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ। ਪਰ ਜੇਕਰ ਇਸੇ ਤਰ੍ਹਾਂ ਇਹ ਪਾਣੀ ਦੀ ਬੂੰਦ-ਬੂੰਦ ਕਰਕੇ ਖ਼ਤਮ ਹੁੰਦਾ ਗਿਆ ਤਾਂ ਆਉਣ ਵਾਲੇ ਸਮੇਂ ਵਿ ਚਸਾਨੂੰ ਬਹੁਤ ਹੀ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰੇਕ ਚੀਜ਼ ਅਸੀਂ ਸਰਕਾਰ 'ਤੇ ਨਹੀਂ ਸੁੱਟ ਸਕਦੇ। ਕੀ ਉਹੀ ਪਾਣੀ ਨੂੰ ਬਚਾਏਗੀ। ਇਹ ਸਾਡਾ ਖ਼ੁਦ ਦਾ ਫਰਜ਼ ਬਣਦਾ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ।


ਦੀਪਿਕਾ ਸ਼ਰਮਾ
ਮੁਕੇਰੀਆਂ।

09-09-2022

 ਬਿਹਾਰ ਅਤੇ ਦਿੱਲੀ ਦਾ ਘਟਨਾਕ੍ਰਮ

ਪਿਛਲੇ ਦਿਨੀਂ 'ਅਜੀਤ' ਵਿਚ ਪ੍ਰੋ: ਅਭੈ ਕੁਮਾਰ ਦੁਬੈ ਦਾ ਉਪਰੋਕਤ ਵਿਸ਼ੇ 'ਤੇ ਸੁਨਹਿਰੀ ਅੱਖਰਾਂ ਤੇ ਠੇਠ ਪੰਜਾਬੀ ਵਿਚ ਲਿਖਿਆ ਭਾਵਪੂਰਤ ਲੇਖ ਪੜ੍ਹਿਆ। ਜਦੋਂ ਵੀ ਉਨ੍ਹਾਂ ਦਾ ਲੇਖ ਛਪਦਾ ਹੈ, ਤਾਂ ਪਾਠਕ ਬਹੁਤ ਹੀ ਸ਼ਿੱਦਤ ਨਾਲ ਸਭ ਤੋਂ ਪਹਿਲਾਂ ਪੜ੍ਹਦੇ ਹਨ। ਉਨ੍ਹਾਂ ਦਾ ਹਰ ਲੇਖ ਬਹੁਤ ਹੀ ਸੰਜੀਦਾ, ਸ਼ੁੱਧ ਤੇ ਮਿਠਾਸ ਭਰੀ ਪੰਜਾਬੀ ਵਿਚ ਸੱਚਾਈ ਭਰਪੂਰ ਤੇ ਗੰਭੀਰ ਵਿਸ਼ਿਆਂ 'ਤੇ ਦਲੇਰੀ ਭਰੇ ਦਿਲ ਨਾਲ ਅਸਲੀਅਤ ਦੇ ਪਰਦੇ ਖੋਲ੍ਹਦਾ ਹੈ। ਉਹ ਅਖਾਣ, 'ਜਿਸ ਦੀ ਲਾਠੀ ਉਸ ਦੀ ਭੈਂਸ' ਕਹਾਵਤ ਨੂੰ ਝੂਠਾ ਕਰਨ ਦੀ ਹਿੰਮਤ ਰੱਖਦੇ ਹਨ ਤੇ ਇਸ ਅਖੌਤ ਨੂੰ 'ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਜਵਾਨੀ' ਅੰਤ ਸਭ ਨੇ ਖ਼ਾਕ 'ਚ ਮਿਲਣੈ ਕੀ ਰਾਜਾ ਕੀ ਰਾਣੀ। ਦੇ ਲਿਖਾਇਕ ਬਣ ਜਾਂਦੇ ਹਨ। ਉਨ੍ਹਾਂ ਦਾ ਲੇਖ ਪਤਾ ਨਹੀਂ ਹਿੰਦੀ ਤੋਂ ਪੰਜਾਬੀ ਵਿਚ ਉਲੱਥਾ ਹੋਵੇ ਜਾਂ ਖੁਦ ਲਿਖਿਆ ਹੋਵੇ। ਪਾਠਕਾਂ ਲਈ ਦਿਲਚਸਪ ਤੇ ਬਹੁਤ ਸਾਰੇ ਸਿਆਸੀ ਧੱਕੇ-ਸ਼ਾਹੀਆਂ ਦੇ ਪਰਦੇ ਖੋਲ੍ਹਦਾ ਹੈ। ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ ਹੈ।

-ਸਰਵਨ ਸਿੰਘ ਪਤੰਗ
ਮਾਣੂੰਕੇ।

ਸਿੱਖ ਸਰੋਕਾਰ ਬਨਾਮ ਕਾਰੋਬਾਰ

ਪਿਛਲੇ ਦਿਨੀਂ (3 ਸਤੰਬਰ) ਸ. ਬੀਰ ਦਵਿੰਦਰ ਸਿੰਘ ਦਾ ਲੇਖ 'ਅਜੋਕੀਆਂ ਸਥਿਤੀਆਂ ਵਿਚ ਸਿੱਖ ਸਰੋਕਾਰਾਂ ਦੀ ਰਾਖੀ ਦਾ ਸੁਆਲ' ਸਪੱਸ਼ਟ ਕਰਦਾ ਹੈ ਕਿ ਪੰਜਾਬ ਦੀ ਵੰਡ ਤੋਂ ਹੀ ਸਿੱਖ ਲੀਡਰੀਸ਼ਿਪ ਸਿੱਖ ਸਰੋਕਾਰਾਂ ਨੂੰ ਸਥਾਨ ਦਿਵਾਉਣ ਵਿਚ ਅਸਮਰੱਥ ਰਹੀ ਹੈ। ਤੱਥ ਪੇਸ਼ ਕੀਤੇ ਕਿ ਅੰਗਰੇਜ਼ਾਂ ਨਾਲ ਗੱਲਬਾਤ ਮੌਕੇ ਮੁਸਲਮਾਨਾਂ ਵਲੋਂ ਤਾਂ ਮੁਹੰਮਦ ਅਲੀ ਜਿਨਾਹ ਪ੍ਰਮੁੱਖ ਵਿਚੋਲੇ ਸਨ ਤੇ ਬਹੁ-ਗਿਣਤੀ ਪਾਸਿਓਂ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਸੀ. ਰਾਜਗੋਪਾਲ ਅਚਾਰੀਆ ਸਮੇਤ ਸਮੁੱਚੀ ਕਾਂਗਰਸ। ਸਿੱਖਾਂ ਵਲੋਂ ਕੋਈ ਨਹੀਂ ਸੀ ਤੇ ਜੇ ਸ. ਬਲਦੇਵ ਸਿੰਘ ਵਰਗੇ ਸਨ ਤਾਂ ਉਨ੍ਹਾਂ ਨੂੰ ਸਿੱਖ ਸਰੋਕਾਰਾਂ ਨਾਲੋਂ ਵੱਧ ਆਪਣੇ ਕਾਰੋਬਾਰਾਂ ਦਾ ਫ਼ਿਕਰ ਸੀ। ਦੇਸ਼ ਦੇ ਬਟਵਾਰੇ ਦੇ ਨਾਲ-ਨਾਲ ਆਬਾਦੀ ਦੇ ਬਟਵਾਰੇ ਦੀ ਵੱਢ-ਟੁੱਕ ਦੇ ਆਲਮ ਵਿਚ ਲਾਰਡ ਰੈਡਕਲਿਫ਼ ਨੇ ਬਾਬੇ ਨਾਨਕ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਤੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਨੂੰ ਸਿੱਖ ਕੌਮ ਤੋਂ ਜੁਦਾ ਕਰਨ ਵੇਲੇ ਭੋਰਾ ਵੀ ਨਹੀਂ ਸੋਚਿਆ।
ਰੂਹਾਨੀ ਵੇਦਨਾ ਉਸ ਦੇ ਸਰੋਕਾਰਾਂ ਵਿਚ ਸ਼ਾਮਿਲ ਨਹੀਂ ਸੀ। ਸਹੀ ਸਾਰਾਂਸ਼ ਸਾਂਝਾ ਕੀਤਾ ਕਿ ਸਿਖਰਲੀ ਲੀਡਰਸ਼ਿਪ ਦੇ ਅਸਿੱਖ ਵਰਤਾਰਿਆਂ ਦਾ ਸਰਾਪਿਆ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ 'ਤੇ ਹੈ ਅਤੇ ਸਿੱਖਾਂ ਦੀ ਖੇਰੂੰ-ਖੇਰੂੰ ਹੋਈ ਸ਼ਕਤੀ ਚੁਣੌਤੀਆਂ ਦੇ ਹਾਣ ਦੀ ਨਹੀਂ ਹੈ।

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਸਾਹਮਣੇ ਸਟੇਡੀਅਮ, ਹੁਸ਼ਿਆਰਪੁਰ।

ਗਣੇਸ਼ ਚਤੁਰਥੀ ਸੰਬੰਧੀ

ਦੇਸ਼ ਭਰ ਵਿਚ ਗਣੇਸ਼ ਚਤੁਰਥੀ ਦੀ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਜੀ ਨੂੰ 9 ਦਿਨਾਂ ਲਈ ਸ਼ਰਧਾਲੂ ਸ਼ਰਧਾ ਦੇ ਨਾਲ ਘਰ ਵਿਚ ਮਹਿਮਾਨ ਬਣਾ ਕੇ ਲਿਆਉਂਦੇ ਹਨ ਅਤੇ ਨੌਵੇਂ ਦਿਨ ਗਣੇਸ਼ ਜੀ ਦਾ ਵਿਸਰਜਨ ਕਿਸੇ ਨਦੀ, ਤਲਾਬ ਜਾਂ ਦਰਿਆ ਵਿਚ ਕੀਤਾ ਜਾਂਦਾ ਹੈ। ਪਰ ਇਹ ਗ਼ਲਤ ਹੈ ਕਿ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਦੇ ਹਾਂ ਤਾਂ ਉਹ ਸਾਰੀਆਂ ਮੂਰਤੀਆਂ ਅੱਗੇ ਜਾ ਕੇ ਕਿਸੇ ਵੀ ਥਾਂ 'ਤੇ ਫਸ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਅਪਮਾਨ ਹੁੰਦਾ ਹੈ।
ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਗਣੇਸ਼ ਜੀ ਦੀ ਮੂਰਤੀ ਈਕੋ ਫਰੈਂਡਲੀ ਲੈਣੀ ਚਾਹੀਦੀ ਹੈ, ਜੋ ਪਾਣੀ ਦੇ ਵਿਚ ਜਾਂਦਿਆਂ ਹੀ ਘੁਲ ਜਾਂਦੀ ਹੈ। ਇਸ ਦੇ ਨਾਲ ਉਨ੍ਹਾਂ ਦਾ ਅਪਮਾਨ ਵੀ ਨਹੀਂ ਹੁੰਦਾ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. ਜਲੰਧਰ।

ਅਧਿਆਪਕ ਤੇ ਸੜਕ

ਕੀ ਅਧਿਆਪਕਾਂ ਦਾ ਸੜਕ 'ਤੇ ਰੁਲਣਾ ਜ਼ਰੂਰੀ ਹੈ। ਵਿਦਿਆਰਥੀ ਜੀਵਨ ਲਈ ਸ਼ੁਰੂ ਤੋਂ ਹੀ ਅਧਿਆਪਕਾਂ ਦਾ ਮਹੱਤਵ ਰਿਹਾ ਹੈ। ਉਹ ਵਿਦਿਆਰਥੀਆਂ ਲਈ ਇਕ ਸੜਕ ਦੇ ਸਮਾਨ ਹਨ, ਜਿਨ੍ਹਾਂ ਦੀ ਮਦਦ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਦਾ ਸਫ਼ਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ ਪਰ ਅੱਜਕਲ੍ਹ ਜਿਹੜੀ ਸੜਕ 'ਤੇ ਅਧਿਆਪਕ ਵਿਦਿਆਰਥੀਆਂ ਨੂੰ ਚੱਲਣ ਲਈ ਤਿਆਰ ਕਰਦੇ ਹਨ, ਉਸੇ ਸੜਕ 'ਤੇ ਅਧਿਆਪਕਾਂ ਉਤੇ ਡੰਡੇ ਵਰਸਾਏ ਜਾਂਦੇ ਹਨ। ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ। ਕੀ ਇਸ ਤਰ੍ਹਾਂ ਸਾਡੇ ਦੇਸ਼ ਦਾ ਭਵਿੱਖ ਸੁਧਰ ਜਾਵੇਗਾ? ਜਿਹੜੀ ਸਰਕਾਰ ਸਕੂਲਾਂ ਨੂੰ ਵਧੀਆ ਬਣਾਉਣ ਦੇ ਉਪਰਾਲੇ ਕਰ ਰਹੀ ਹੈ, ਉਹ ਅਧਿਆਪਕਾਂ ਨੂੰ ਸੜਕ 'ਤੇ ਰੁਲਣ ਲਈ ਮਜਬੂਰ ਕਿਉਂ ਕਰ ਰਹੀ ਹੈ? ਕਿਉਂ ਉਨ੍ਹਾਂ ਨੂੰ ਟੈਂਕੀਆਂ 'ਤੇ ਚੜ੍ਹਨ ਲਈ ਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ? ਕੀ ਇਸ ਤਰ੍ਹਾਂ ਸੜਕ 'ਤੇ ਰੁਲ ਕੇ ਦੇਸ਼ ਦਾ ਭਵਿੱਖ ਸੰਵਾਰਨ ਵਾਲਿਆਂ ਨੂੰ ਸਤਿਕਾਰ ਮਿਲ ਸਕਦਾ ਹੈ?

-ਸੰਦੀਪ ਕੌਰ,
ਮੁਕੇਰੀਆਂ।


ਜਲ ਸੈਨਾ ਦੀ ਮਜ਼ਬੂਤੀ

ਜਲ ਸੈਨਾ ਦਾ ਥਲ ਸੈਨਾ ਅਤੇ ਹਵਾਈ ਸੈਨਾਵਾਂ ਵਾਂਗ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਅਹਿਮ ਰੋਲ ਹੈ। ਭਾਰਤ ਵਿਚ ਡਿਜ਼ਾਈਨ ਅਤੇ ਤਿਆਰ ਕੀਤਾ ਜੰਗੀ ਬੇੜਾ ਆਈ.ਐਨ.ਐਸ. ਵਿਕਰਾਂਤ ਭਾਰਤੀ ਜਲ ਸੈਨਾ ਨੂੰ ਹੋਰ ਤਾਕਤਵਰ ਬਣਾਉਣ ਦੇ ਨਾਲ-ਨਾਲ ਭਾਰਤ ਦਾ ਸੁਰੱਖਿਆ ਦੇ ਖੇਤਰ ਵਿਚ ਆਤਮ-ਨਿਰਭਰ ਬਣਨ ਦਾ ਵੀ ਸੰਕੇਤ ਹੈ। ਜੰਗੀ ਬੇੜਾ ਵਿਕਰਾਂਤ ਦੇ ਜਲ ਸੈਨਾ ਵਿਚ ਸ਼ਾਮਿਲ ਹੋਣ ਨਾਲ ਭਾਰਤ ਦਾ ਨਾਂਅ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਨੇ ਆਈ.ਐਨ.ਐਸ. ਵਿਕਰਾਂਤ ਵਰਗੇ ਜੰਗੀ ਬੇੜੇ ਤਿਆਰ ਕਰਕੇ ਆਪਣੀ ਸੈਨਾ ਨੂੰ ਹੋਰ ਮਜ਼ਬੂਤ ਕੀਤਾ ਸੀ। ਜੰਗੀ ਬੇੜਾ ਵਿਕਰਾਂਤ ਭਾਰਤੀ ਜਲ ਸੈਨਾ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਦੇਸ਼ ਵਿਚ ਹੀ ਮੌਜੂਦ ਤਕਨਾਲੋਜੀ ਦੀ ਮਦਦ ਨਾਲ ਸੁਰੱਖਿਆ ਦੇ ਨਾਲ-ਨਾਲ ਬਾਕੀ ਦੇ ਖੇਤਰਾਂ ਵਿਚ ਵੀ ਆਤਮ-ਨਿਰਭਰ ਹੋ ਕੇ ਆਪਣੀ ਅਰਥ-ਵਿਵਸਥਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।

-ਰਜਵਿੰਦਰਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਬਠਿੰਡਾ।

08-09-2022

 ਮੰਤਰੀਆਂ ਦੇ ਘਪਲੇ

ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਚ ਘਿਰੇ ਮੰਤਰੀਆਂ, ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਨੇ ਇਸ ਗੱਲ ਨੂੰ ਜ਼ਰੂਰ ਸਿੱਧ ਕਰ ਦਿੱਤਾ ਹੈ ਕਿ ਅੱਜ ਬਹੁਤੇ ਸਿਆਸਤਦਾਨ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਹਨ। ਬਹੁਤੇ ਸਾਲ ਪਿੱਛੇ ਨਾ ਜਾਈਏ ਤਾਂ ਕੇਵਲ ਪਿਛਲੇ ਦਸ ਸਾਲ ਅਕਾਲੀ-ਭਾਜਪਾ ਦੇ ਰਾਜ ਦੌਰਾਨ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ। ਸਭ ਤੋਂ ਵੱਡਾ ਕਾਰਨ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਇਨ੍ਹਾਂ ਦੇ ਚਹੇਤਿਆਂ ਅਤੇ ਅਫ਼ਸਰਾਂ ਵਲੋਂ ਪੰਜਾਬ ਦਾ ਪੈਸਾ ਲੁੱਟ ਕੇ ਆਪਣੇ ਘਰ ਭਰੇ। ਇਸ ਸਰਕਾਰ ਵੇਲੇ ਖ਼ੁਰਾਕ ਤੇ ਸਿਵਲ ਸਪਲਾਈ ਮਹਿਕਮੇ ਵਲੋਂ ਇਕੱਤੀ ਹਜ਼ਾਰ ਕਰੋੜ ਦਾ ਘਪਲਾ ਨਕਲੀ ਬੀਜ ਅਤੇ ਦਵਾਈਆਂ ਦਾ ਘਪਲਾ, ਰੇਤ ਮਾਫ਼ੀਆ, ਭੂਮੀ ਮਾਫ਼ੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਆਦਿ ਰਾਹੀਂ ਖ਼ਜ਼ਾਨੇ ਦੀ ਖ਼ੂਬ ਲੁੱਟ ਹੋਈ। ਰਹਿੰਦੀ ਕਸਰ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਇਨ੍ਹਾਂ ਦੇ ਚਹੇਤਿਆਂ ਨੇ ਪੂਰੀ ਕਰ ਦਿੱਤੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਪਹਿਲੀਆਂ ਸਰਕਾਰਾਂ ਦੇ ਘਪਲੇਬਾਜ਼ ਮੰਤਰੀਆਂ, ਵਿਧਾਇਕਾਂ, ਅਫ਼ਸਰਾਂ ਤੇ ਇਨ੍ਹਾਂ ਦੇ ਚਹੇਤਿਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਫਸਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਹੋਣ 'ਤੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਚੋਰ ਮਚਾਏ ਸ਼ੋਰ ਵਾਲੀ ਕਹਾਵਤ ਨੂੰ ਸੱਚ ਸਾਬਤ ਕਰ ਰਹੇ ਹਨ। ਪੰਜਾਬ ਵਾਸੀਆਂ ਨੂੰ ਇਸ ਸਰਕਾਰ ਤੋਂ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੇ ਘਪਲੇਬਾਜ਼ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਹੋਣਗੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਸੀਲ ਪੱਟੀ, ਤਰਨ ਤਾਰਨ।

ਸੀਵਰੇਜ ਦੀ ਸਮੱਸਿਆ ਬਾਰੇ

ਪਿਛਲੇ ਕਾਫ਼ੀ ਸਮੇਂ ਤੋਂ ਅਸੀਂ ਸੀਵਰੇਜ ਬਲਾਕ ਹੋਣ ਕਾਰਨ ਪ੍ਰੇਸ਼ਾਨ ਹਾਂ। ਇਸ ਸੰਬੰਧੀ ਅਸੀਂ ਕਈ ਵਾਰ ਕਾਰਪੋਰੇਸ਼ਨ ਦੇ ਦਫ਼ਤਰ 'ਚ ਸ਼ਿਕਾਇਤ ਦਰਜ ਕਰਵਾਈ, ਇਥੋਂ ਤੱਕ ਕਿ ਐਸ.ਡੀ.ਓ. ਸਾਹਿਬ ਨੂੰ ਵੀ ਮਿਲੇ, ਜਿਨ੍ਹਾਂ ਨੇ ਮੌਕੇ 'ਤੇ ਬੰਦੇ ਭੇਜ ਕੇ ਇਸ ਦੀ ਜਾਂਚ ਕਰਵਾਈ ਪਰ ਇਹ ਸਮੱਸਿਆ ਹੱਲ ਨਾ ਹੋ ਸਕੀ। ਦਰਅਸਲ ਇਹ ਬਲਾਕੇਜ਼ ਸਾਡੇ ਗੁਆਂਢੀ ਦੁਕਾਨਦਾਰ ਵਲੋਂ ਜਾਣ-ਬੁੱਝ ਕੇ ਕੀਤੀ ਜਾਂਦੀ ਹੈ। ਉਸ ਨੇ ਸਾਡੇ ਦਫ਼ਤਰ ਆ ਕੇ ਸਾਡੇ ਸਾਰੇ ਵਰਕਰਾਂ ਨੂੰ ਵੀ ਧਮਕੀ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਹੀ ਕਰਦਾ ਰਹੇਗਾ, ਜੋ ਹੁੰਦਾ ਹੈ ਕਰ ਲਵੋ। ਇਸ ਸਭ ਨਾਲ ਅਸੀਂ ਬਹੁਤ ਪਰੇਸ਼ਾਨ ਹਾਂ। ਹੁਣ ਅਸੀਂ ਆਪਣੇ ਤੌਰ 'ਤੇ ਸੀਵਰੇਜ ਦੀ ਸਫ਼ਾਈ ਕਰਵਾਈ ਹੈ, ਜਿਸ ਦੌਰਾਨ ਸੀਵਰੇਜ ਵਿਚੋਂ ਸੀਮੈਂਟ ਤੇ ਪੱਥਰ ਜੋ ਕਿ ਬੋਰੀਆਂ ਵਿਚ ਭਰ ਕੇ ਸੁੱਟੇ ਗਏ ਸਨ, ਮਿਲੇ ਹਨ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ।

ਨਿਸ਼ਾ ਕਪੂਰ
ਐਸਟੂਕੇ ਐਜੂਕੇਸ਼ਨ ਪ੍ਰਾ. ਲਿਮ., ਛੋਟੀ ਬਾਰਾਦਰੀ, ਪਟਿਆਲਾ।

ਸੜਕ ਹਾਦਸੇ

ਅਜੋਕੇ ਸਮੇਂ ਸਮਾਜ ਅੰਦਰ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ 'ਕਿ ਸੜਕੀ ਹਾਦਸੇ ਦਿਨ-ਬ-ਦਿਨ ਵਧ ਰਹੇ ਹਨ ਅਤੇ ਇਨ੍ਹਾਂ ਦੀ ਰੋਕਥਾਮ ਹੋਣੀ ਚਾਹੀਦੀ ਹੈ।' ਇਨ੍ਹਾਂ ਹਾਦਸਿਆਂ ਕਾਰਨ ਆਏ ਦਿਨ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਬਹੁਤੇ ਹਾਦਸੇ ਤਾਂ ਖ਼ਰਾਬ ਅਤੇ ਨੁਕਸਾਨੀਆਂ ਸੜਕਾਂ, ਲੋੜ ਤੋਂ ਵੱਧ ਕਾਹਲੀ ਅਤੇ ਆਵਾਜਾਈ ਸੰਬੰਧੀ ਬਣੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਨ। ਕਈ ਵਾਰ ਤਾਂ ਇਹ ਵੀ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਸੜਕੀ ਹਾਦਸੇ ਵਿਚ ਪੂਰੇ ਦਾ ਪੂਰਾ ਪਰਿਵਾਰ ਹੀ ਮਾਰਿਆ ਗਿਆ ਹੈ। ਬਿਨਾਂ ਸ਼ੱਕ ਇਹ ਇਕ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿਸੇ ਵਿਅਕਤੀ ਦੀ ਜਾਨ ਇਕ ਜਾਂ ਦੂਸਰੇ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਚਲੀ ਜਾਂਦੀ ਹੈ ਤਾਂ ਸੰਬੰਧਿਤ ਵਿਅਕਤੀ ਦੇ ਪਰਿਵਾਰ ਨੂੰ ਨਾ ਕੇਵਲ ਵੱਡਾ ਘਾਟਾ ਹੀ ਪੈਂਦਾ ਹੈ, ਬਲਕਿ ਵਿਛੋੜੇ ਦਾ ਦਰਦ ਵੀ ਸਹਾਰਨਾ ਪੈਂਦਾ ਹੈ। ਤਦ ਉਸ ਸੰਬੰਧੀ ਪੀੜਤ ਪਰਿਵਾਰ ਹੀ ਜਾਣ ਸਕਦਾ ਹੈ ਕਿ ਵਿਛੋੜੇ ਦਾ ਦਰਦ ਕੀ ਹੁੰਦਾ ਹੈ। ਹਰ ਕੋਈ ਉਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਸੋ, ਸੜਕੀ ਹਾਦਸਿਆਂ ਦੀ ਰੋਕਥਾਮ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਪਹਿਲ ਦੇ ਆਧਾਰ 'ਤੇ ਯੋਗ ਅਤੇ ਢੁਕਵੇਂ ਕਦਮ ਚੁੱਕਣ ਦੀ ਵੱਡੀ ਲੋੜ ਹੈ। ਅਜਿਹਾ ਕਰ ਕੇ ਹੀ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਬਚਾਅ ਸਕਦੇ ਹਾਂ।

ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ-146001

ਸਰਬ ਉੱਚ ਅਧਿਆਪਕ

ਸਮਾਜ ਵਿਚ ਬੇਅੰਤ ਤਰੱਕੀ ਦਾ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਹਨ ਇਸ ਦੇਸ਼ ਦੇ ਅਧਿਆਪਕ। ਅਧਿਆਪਕਾਂ ਦੀ ਹਸਤੀ ਇੰਨੀ ਉੱਚੀ ਹੁੰਦੀ ਹੈ, ਜੋ ਵਿਦਿਆਰਥੀਆਂ ਨੂੰ ਫਰਸ਼ਾਂ ਤੋਂ ਅਰਸ਼ਾਂ ਤਕ ਪਹੁੰਚਾ ਦਿੰਦੇ ਹਨ। ਵਿਸ਼ੇਸ਼ ਤੌਰ 'ਤੇ 5 ਸਤੰਬਰ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਹਰਮਨ ਪਿਆਰੇ ਅਧਿਆਪਕ ਅਤੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਹੋਇਆ ਸੀ। ਗੁਰੂ-ਚੇਲੇ ਦਾ ਰਿਸ਼ਤਾ ਪਵਿੱਤਰਤਾ ਦੀ ਮਿਸਾਲ ਹੈ। ਇਹ ਰਿਸ਼ਤਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਅਧਿਆਪਕ ਇੰਨਾ ਦਿਆਲੂ ਹੁੰਦਾ ਹੈ, ਜੋ ਬਿਨਾਂ ਕਿਸੇ ਜਾਤੀ, ਨਸਲ, ਰੰਗ ਤੇ ਭੇਦਭਾਵ ਤੋਂ ਜਮਾਤ ਵਿਚ ਸਾਰੇ ਵਿਦਿਆਰਥੀਆਂ ਨੂੰ ਸਾਂਝਾ ਗਿਆਨ ਪ੍ਰਦਾਨ ਕਰਵਾਉਂਦਾ ਹੈ। ਇਕ ਅਧਿਆਪਕ ਹੀ ਵਿਦਿਆਰਥੀ ਦੇ ਸੁਪਨਿਆਂ ਨੂੰ ਉਮੀਦਾਂ ਦੇ ਖੰਭ ਲਗਾਉਂਦਾ ਹੈ। ਜਿਵੇਂ ਦਰੋਣਾਚਾਰੀਆ ਨੇ ਅਰਜੁਨ ਦੇ ਹੁਨਰ ਨੂੰ ਪਰਖਿਆ ਤੇ ਨਿਖਾਰਿਆ।
ਸਵਿੱਤਰੀ ਬਾਈ ਫੂਲੇ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸੀ, ਜਿਸ ਦੇ ਯੋਗਦਾਨ ਅਤੇ ਯਤਨਾਂ ਸਦਕਾ ਅੱਜ ਦੇਸ਼ ਵਿਚ ਇਸਤਰੀ ਜਾਤੀ ਵੀ ਸਿੱਖਿਆ ਦਾ ਅਧਿਕਾਰ ਮਾਣ ਰਹੀ ਹੈ।
ਸੋ, ਦੇਸ਼ ਨਿਰੰਤਰਸ਼ੀਲ ਤਰੱਕੀ ਕਰਦਾ ਰਹੇਗਾ, ਜਦ ਤੱਕ ਅਧਿਆਪਕ ਆਪਣੇ ਸਮੁੱਚੇ ਗਿਆਨ ਦੇ ਭੰਡਾਰ ਦਾ ਦਾਨ ਕਰਦੇ ਰਹਿਣਗੇ।

ਸਿਮਰਨਦੀਪ ਕੌਰ ਬੇਦੀ
ਸੈਂਟਰਲ ਕਾਲਜ, ਘੁਮਾਣ।

ਪਾਣੀ ਦੀ ਮਾਰ

ਸਿਆਣਿਆਂ ਦਾ ਕਥਨ ਹੈ 'ਜਾਂ ਸੋਕਾ ਮਾਰੇ ਜਾਂ ਡੋਬਾ' ਅੱਜ ਪਾਕਿਸਤਾਨ ਦੇਸ਼ ਨੂੰ ਪਾਣੀ ਨੇ ਆਪਣੀ ਲਪੇਟ ਵਿਚ ਬੁਰੀ ਤਰ੍ਹਾਂ ਲੈ ਲਿਆ ਹੈ। ਇਥੇ ਤਾਂ ਪਹਿਲਾਂ ਹੀ ਲੋਕ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਉਪਰੋਂ ਹੋਰ ਹੜ੍ਹ ਦੀ ਵੱਡੀ ਮਾਰ ਜਾਨੀ-ਮਾਲੀ ਨੁਕਸਾਨ ਨਾਲ ਸੈਂਕੜੇ ਰੈਣ ਬਸੇਰੇ ਤਬਾਹ ਕਰ ਗਈ ਤੇ ਲੋਕਾਂ ਦੇ ਕਾਰੋਬਾਰ ਰੁੜ੍ਹ ਗਏ। ਅੱਜ ਰੋਟੀ ਤੋਂ ਮੁਥਾਜ ਲੋਕ ਦੂਜੇ ਦੇਸ਼ਾਂ ਮੂਹਰੇ ਹਾੜੇ ਕੱਢ ਰਹੇ ਹਨ, ਜਾਂ ਉਪਰ ਵੱਲ ਨੂੰ ਮੂੰਹ ਕਰਕੇ ਕਿਸੇ ਆਸ ਦੀ ਕਿਰਨ ਨੂੰ ਉਡੀਕ ਰਹੇ ਹਨ। ਇਕ ਗਰੀਬੀ ਦੂਜੀ ਬਦਨਸੀਬੀ ਬੁਰੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਜਿਥੋਂ ਦੀ ਹੜ੍ਹ ਦਾ ਪਾਣੀ ਲੰਘ ਜਾਵੇ, ਉਹ ਧਰਤੀ ਕਈ ਸਾਲਾਂ 'ਚ ਵੀ ਉਪਜਾਊ ਨਹੀਂ ਹੁੰਦੀ, ਕਿਉਂਕਿ ਧਰਤੀ ਦੀ ਉਪਜ ਸ਼ਕਤੀ ਨੂੰ ਪਾਣੀ ਦਾ ਤੇਜ਼ ਵਹਾਅ ਰੋੜ੍ਹ ਕੇ ਲੈ ਜਾਂਦਾ ਤੇ ਧਰਤੀ ਦੀ ਸਤ੍ਹਾ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਅੱਜ ਹਰ ਮੁਲਕ ਪਾਕਿਸਤਾਨ 'ਚ ਆਈ ਤਬਾਹੀ ਉੱਤੇ ਚਿੰਤਤ ਹੈ। ਪਰਮਾਤਮਾ ਕ੍ਰਿਪਾ ਕਰੇ ਉੱਥੇ ਵਸਦੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖ਼ਸ਼ੇ ਤੇ ਅੱਗੇ ਤੋਂ ਅਜਿਹਾ ਸਮਾਂ ਕਦੇ ਨਾ ਆਵੇ।

ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।
ਮੋਬਾਈਲ : 94658-21417

07-09-2022

 ਨਿਰਪੱਖ ਪੱਤਰਕਾਰੀ

'ਆਸ਼ੂ ਦੀ ਗ੍ਰਿਫ਼ਤਾਰੀ' ਨਿਰਪੱਖ-ਪੱਤਰਕਾਰੀ ਦੀ ਪਾਰਦਰਸ਼ੀ ਤਸਵੀਰ ਪੇਸ਼ ਕਰਦੀ ਹੈ। ਇਸ ਕੇਸ ਸੰਬੰਧੀ ਜੋ ਜਾਣਕਾਰੀ ਹੁਣ ਤੱਕ ਮੀਡੀਆ ਨੂੰ ਉਪਲਬੱਧ ਹੋਈ ਹੈ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਆਪਣੇ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਦੁਰਵਿਵਹਾਰ ਦੀਆਂ ਨਸ਼ਰ ਹੋਈਆਂ ਵੀਡੀਓਜ਼ ਆਸ਼ੂ ਦੀ ਸੀਨਾਜ਼ੋਰੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਖਣਨ ਵਪਾਰ ਵਿਚ ਟਿੱਪਰ ਟਰਾਲਿਆਂ ਦੀ ਥਾਂ 'ਤੇ ਐਕਟਿਵਾ, ਸਕੂਟਰਾਂ, ਰਿਕਸ਼ਿਆਂ ਦੇ ਨੰਬਰਾਂ ਦੀ ਵਰਤੋਂ ਦਿਨ-ਦਿਹਾੜੇ ਧਨ ਕੁਬੇਰ ਬਣਨ ਦੀ ਕਵਾਇਦ ਸੀ, ਜਿਸ ਨੂੰ ਵਿਜੀਲੈਂਸ ਬਿਊਰੋ ਦੀ ਘਾਗ ਦ੍ਰਿਸ਼ਟੀ ਨੇ ਦਬੋਚ ਲਿਆ ਹੈ। ਇਹ ਤੱਥ ਇਸ ਗੱਲ ਦਾ ਵੀ ਸਬੂਤ ਹੈ ਕਿ ਅਪਰਾਧੀ ਦੀ ਹਮਾਇਤ ਵਿਚ ਸ਼ੋਰ-ਸ਼ਰਾਬਾ ਕਰਨ ਵਾਲੀਆਂ ਧਿਰਾਂ ਖੁਦ ਇਸ ਪੱਖੋਂ ਕਾਣੀਆਂ ਹੋਣਗੀਆਂ। ਆਸ਼ੂ ਵਰਗੀ ਸ਼ਖ਼ਸੀਅਤ ਦੇ ਰੂਪ ਵਿਚ ਇਕ ਅੱਧਾ ਕੇਸ ਦ੍ਰਿਸ਼ਟੀ ਗੋਚਰ ਹੋਣਾ ਦਾਲ ਵਿਚ ਕੋੜਕੂ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੋਣ ਦਾ ਸੰਕੇਤ ਹੈ। ਵਰਨਾ ਉਸ ਦੇ ਸਮੁੱਚੇ ਭਾਈਚਾਰੇ ਨੂੰ ਏਨਾ ਰੋਣ ਕੁਰਲਾਉਣ ਦੀ ਲੋੜ ਨਹੀਂ ਸੀ ਪੈਣੀ।
ਪਹਿਲੀ ਸਰਕਾਰ ਦੇ ਲੰਮੇ ਅਰਸੇ ਦੌਰਾਨ ਮੰਤਰੀ ਸਾਧੂ ਸਿੰਘ ਧਰਮਸੋਤ ਗ਼ਰੀਬ ਬੱਚਿਆਂ ਦੇ ਵਜ਼ੀਫ਼ੇ ਹੜੱਪਣ ਅਤੇ ਜੰਗਲਾਤ ਮਹਿਕਮੇ ਦੇ ਕੀਮਤੀ ਦਰੱਖਤ ਵੇਚਣ ਦੇ ਘੁਟਾਲਿਆਂ ਵਿਚ ਦੋਸ਼ੀ ਹੈ। ਚਰਨਜੀਤ ਸਿੰਘ ਚੰਨੀ ਦੀ ਥੋੜ੍ਹਚਿਰੀ ਸਰਕਾਰ ਦੇ ਮੰਤਰੀ ਵੀ ਅਜਿਹੇ ਘੁਟਾਲਿਆਂ ਤੋਂ ਨਿਰਲੇਪ ਨਹੀਂ ਰਹਿ ਸਕੇ। ਹੁਣ ਜਦ ਉਨ੍ਹਾਂ ਦੀ ਨਿੱਜੀ ਹਿਤਾਂ ਖ਼ਾਤਰ ਮਚਾਈ ਲੁੱਟ ਦਾ ਪਰਦਾਫ਼ਾਸ਼ ਹੋਣ ਲੱਗਾ ਤਾਂ ਘਰਾਂ ਤੋਂ ਬਾਹਰ ਆਏ ਨੇ।
ਇਸ ਬੀਤੇ ਦੌਰ ਵਿਚ ਹੀ ਵਿਜੀਲੈਂਸ ਬਿਊਰੋ ਵਲੋਂ ਇਕ ਘਰੋਂ ਅਰਬਾਂ ਰੁਪਏ ਦੀ ਨਕਦੀ ਅਤੇ ਕਿਲੋ ਪੰਸੇਰੀ ਦੇ ਤੋਲ ਵਿਚ ਸੋਨਾ-ਚਾਂਦੀ ਬਰਾਮਦ ਕੀਤੇ ਗਏ। ਆਜ਼ਾਦ ਭਾਰਤ ਦੀਆਂ ਸਰਕਾਰਾਂ ਅਧੀਨ ਅਜਿਹੇ ਕਿਹੜੇ ਖ਼ਰਬ ਖ਼ਜ਼ਾਨੇ ਸਨ ਜੋ ਆਮ ਲੋਕਾਂ ਦੀ ਨਜ਼ਰ ਤੋਂ ਓਝਲ ਰਹੇ।
ਇਸ ਸਾਰੇ ਗੁਪਤ ਵਰਤਾਰੇ ਨੂੰ ਲੋਕਾਂ ਦੇ ਦ੍ਰਿਸ਼ਟੀਗੋਚਰ ਕਰਨ ਵਾਲੇ ਅਦਾਰੇ ਦੀ ਪਾਰਦਰਸ਼ੀ ਸੋਚ ਅਤੇ ਪੱਤਰਕਾਰੀ ਨੂੰ ਕੋਟਿਨ ਕੋਟਿ ਪ੍ਰਣਾਮ!

-ਪ੍ਰੋ. ਸਾਧੂ ਸਿੰਘ
ਸਾਬਕਾ ਲੋਕ ਸਭਾ ਮੈਂਬਰ

ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ

ਖ਼ੁਦਕੁਸ਼ੀਆਂ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਕੋਈ ਦਿਨ ਹੀ ਅਜਿਹਾ ਹੋਣਾ ਜਿਸ ਦਿਨ ਅਖ਼ਬਾਰ ਵਿਚ ਖ਼ਬਰ ਨਾ ਛਾਪੀ ਗਈ ਹੋਵੇ ਕਿ ਫਲਾਣੇ ਜ਼ਿਲ੍ਹੇ ਜਾਂ ਕਸਬੇ ਦੇ ਕਿਸਾਨ ਨੇ ਖ਼ੁਦਕੁਸ਼ੀ ਨਾ ਕੀਤੀ ਹੋਵੇ। ਪਹਿਲਾਂ ਤਾਂ ਕਣਕ ਦਾ ਝਾੜ ਘੱਟ ਨਿਕਲਿਆ ਸੀ, ਫਿਰ ਨਰਮੇ ਨੂੰ ਗੁਲਾਬੀ ਸੁੰਡੀ ਨੇ ਖ਼ਤਮ ਕਰ ਦਿੱਤਾ। ਹੁਣ ਹੜ੍ਹਾਂ ਨੇ ਹਜ਼ਾਰਾਂ ਏਕੜ ਰਕਬਾ ਦੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਿਰ ਹੁਣ ਇਹ ਨਾਮੁਰਾਦ ਬਿਮਾਰੀ ਨੇ ਪਤਾ ਨੀ ਕਿੰਨੇ ਹੀ ਪਸ਼ੂਆਂ ਦੀ ਜਾਨ ਲੈ ਲਈ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਮਾਨਸਾ ਜ਼ਿਲੇ ਦੇ ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਆ ਕੇ ਮੌਤ ਨੂੰ ਗਲੇ ਲਗਾ ਲਿਆ। ਚੇਤੇ ਕਰਵਾ ਦੇਈਏ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਹਰ ਪਾਰਟੀ ਕਿਸਾਨ ਮਜ਼ਦੂਰਾਂ ਨੂੰ ਕਰਜ਼ਾ ਮਾਫ਼ੀ ਲਈ ਪਤਾ ਨਹੀਂ ਕਿੰਨੇ ਕੁ ਵਾਅਦੇ ਕਰਦੀ ਹੈ। ਜਦੋਂ ਸੱਤਾ ਵਿਚ ਆ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਨਾਲ ਕੀਤਾ ਵਾਅਦਾ ਭੁੱਲ ਜਾਂਦਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਠੋਸ ਨੀਤੀ ਉਲੀਕਣੀ ਚਾਹੀਦੀ ਹੈ। ਛੋਟੇ ਕਿਸਾਨਾਂ ਦੀ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਹਾਲਾਂਕਿ ਕੇਂਦਰ ਸਰਕਾਰ ਵਲੋਂ 5 ਏਕੜ ਤੋਂ ਘੱਟ ਕਿਸਾਨਾਂ ਨੂੰ ਸਾਲ ਵਿਚ ਛੇ ਹਜ਼ਾਰ ਰੁਪਏ ਕਿਸ਼ਤ ਕੀਤੀ ਜਾਂਦੀ ਹੈ। ਮਹਿੰਗਾਈ ਵੀ ਅਹਿਮ ਮੁੱਦਾ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਸੂਬਾ ਸਰਕਾਰ ਤੇ ਕੇਂਦਰ ਸਰਕਾਰਾਂ ਨੂੰ ਆਪਸੀ ਤਾਲਮੇਲ ਬਣਾ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਡਿਸਪੈਂਸਰੀ ਬਨਾਮ ਮੁਹੱਲਾ ਕਲੀਨਿਕ

ਦਿੱਲੀ ਮਾਡਲ ਦੀ ਤਰਜ਼ 'ਤੇ ਪੰਜਾਬ ਸਰਕਾਰ ਨੇ ਵੀ 15 ਅਗਸਤ ਤੋਂ ਪੂਰੇ ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਸ਼ੁਰੂਆਤ ਕੀਤੀ ਹੈ ਜੋ ਸਿਹਤ ਦੇ ਖੇਤਰ ਵਿਚ ਇਕ ਚੰਗਾ ਉਪਰਾਲਾ ਹੈ। ਪਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਪਹਿਲਾਂ ਹੀ ਸਰਕਾਰੀ ਡਿਸਪੈਂਸਰੀਆਂ ਖੁੱਲ੍ਹੀਆਂ ਹੋਈਆਂ ਹਨ, ਜਿਨ੍ਹਾਂ ਦੀ ਹਾਲਤ ਕਾਫੀ ਤਰਸਯੋਗ ਹੈ। ਇਨ੍ਹਾਂ ਡਿਸਪੈਂਸਰੀਆਂ ਵਿਚ ਗ਼ਰੀਬ ਪਰਿਵਾਰਾਂ ਦੇ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦਾ ਟੀਕਾਕਰਨ ਕੀਤਾ ਵੀ ਜਾਂਦਾ ਹੈ। ਪਰ ਇਨ੍ਹਾਂ ਡਿਸਪੈਂਸਰੀਆਂ ਵਿਚ ਡਾਕਟਰ, ਦਵਾਈਆਂ, ਸਟਾਫ ਅਤੇ ਸਫ਼ਾਈ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦੀ ਘਾਟ ਰੜਕਦੀ ਹੈ। ਜੇਕਰ ਇਨ੍ਹਾਂ ਡਿਸਪੈਂਸਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰ ਦਿੱਤਾ ਜਾਵੇ ਤਾਂ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ 'ਤੇ ਆਉਣ ਵਾਲੇ ਖ਼ਰਚੇ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਡਿਸਪੈਂਸਰੀਆਂ ਦੀ ਹਾਲਤ ਵੀ ਸੁਧਰ ਸਕਦੀ ਹੈ। ਅਜਿਹਾ ਕਰਨ ਨਾਲ ਮਹੱਲਾ ਕਲੀਨਿਕਾਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਮੌਜੂਦਾ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾ. ਸਿਹੌੜਾ, ਤਹਸੀਲ ਪਾਇਲ, ਲੁਧਿਆਣਾ।

02-09-2022

 ਨਾਜਾਇਜ਼ ਕਬਜ਼ੇ
ਤੁਸੀਂ ਆਮ ਹੀ ਦੇਖਿਆ ਹੋਣਾ ਪਿੰਡਾਂ ਅਤੇ ਸ਼ਹਿਰਾਂ ਵਿਚ ਜੋ ਲੋਕ ਮਕਾਨ ਬਣਾਉਂਦੇ ਹਨ, ਆਪਣੀ ਜਗ੍ਹਾ ਛੱਡ ਕੇ ਗਲੀ ਅਤੇ ਸੜਕ ਨੂੰ ਵੀ ਆਪਣੀ ਥਾਂ ਸਮਝ ਲੈਂਦੇ ਹਨ। ਇਹ ਨਾਜਾਇਜ਼ ਕਬਜ਼ਾ ਹੈ ਜੋ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਲੋਕਾਂ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ, ਕਿਉਂਕਿ ਲੋਕਾਂ ਨੇ ਆਪਣੇ ਮਕਾਨ ਦੇ ਗੇਟ ਅੱਗੇ ਵੱਡੇ-ਵੱਡੇ ਰੈੈਂਪ ਬਣਾਏ ਹੋਏ ਹਨ, ਇਹ ਰੈਂਪ ਰਾਹਗੀਰਾਂ ਲਈ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਹਨ। ਇਹ ਰੈਂਪ ਇਕ-ਦੂਜੇ ਨੂੰ ਵੇਖ ਕੇ ਪੂਰੇ ਗਲੀ-ਮੁਹੱਲੇ ਦੇ ਲੋਕਾਂ ਨੇ ਬਣਾ ਲਏ ਹਨ, ਪਰ ਇਹ ਲੋਕ ਇਹ ਨਹੀਂ ਦੇਖਦੇ ਕਿ ਇਸ ਰੈਂਪ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕੋਈ ਜਾਨੀ ਨੁਕਸਾਨ ਜਾਂ ਸੱਟ ਪੇਟ ਵੀ ਲੱਗ ਸਕਦੀ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਨਜਾਇਜ਼ ਕੀਤੇ ਹੋਏ ਇਹੋ ਜਿਹੇ ਕਬਜ਼ੇ ਖ਼ਾਸ ਕਰਕੇ ਗਲੀਆਂ-ਸੜਕਾਂ ਵਿਚ ਇਨ੍ਹਾਂ ਨੂੰ ਹਟਾਉਣ ਵਿਚ ਮਦਦ ਕਰਨੀ ਚਾਹੀਦੀ ਹੈ, ਪਿੰਡਾਂ ਵਿਚ ਬਹੁਤ ਸਾਰੇ ਲੋਕ ਗਲੀਆਂ ਵਿਚ ਹੀ ਟਰੈਕਟਰ, ਟਰਾਲੀਆਂ, ਕਾਰਾਂ ਆਦਿ ਖੜ੍ਹੇ ਕਰ ਦਿੰਦੇ ਹਨ, ਜੋ ਕਿ ਉਹ ਆਉਣ-ਜਾਣ ਵਾਲੇ ਲਈ ਬਹੁਤ ਵੱਡੀ ਸਿਰਦਰਦੀ ਬਣ ਜਾਂਦੇ ਹਨ। ਸੋ, ਲੋੜ ਹੈ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਤਾਂ ਜੋ ਆਮ ਲੋਕ ਖ਼ੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਸਕਣ।

-ਗੁਰਪ੍ਰੀਤ ਸਿੰਘ ਜਖਵਾਲੀ

ਪੰਚਾਇਤਾਂ ਦੇ ਕੰਮਾਂ ਦੀ ਸਮੀਖਿਆ

ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਸਮੇਂ-ਸਮੇਂ 'ਤੇ ਸਰਕਾਰ ਫੰਡ ਜਾਰੀ ਕਰਦੀ ਹੈ। ਪਿੰਡ ਪੱਧਰ 'ਤੇ ਇਹ ਫੰਡਾਂ ਦੀ ਸਹੀ ਵਰਤੋਂ ਹੁੰਦੀ ਜਾਂ ਨਹੀਂ ਇਨ੍ਹਾਂ ਕੰਮਾਂ ਦੀ ਸਮੀਖਿਆ ਲਈ ਸਰਕਾਰ ਵਚਨਬੱਧ ਹੈ, ਬਹੁਤੇ ਕੰਮਾਂ ਨੂੰ ਪੰਚਾਇਤ ਵਲੋਂ ਸਿਰੇ ਨਹੀਂ ਚੜ੍ਹਾਇਆ, ਕਦੀ ਛੱਪੜਾਂ ਨੂੰ ਡੂੰਘਾ ਕਰ ਦਿੱਤਾ, ਕਦੇ ਵਰਤੋਂ ਯੋਗ ਬਣਾਉਣਾ ਇਹ ਸਭ ਅਧੂਰੇ ਕੰਮਾਂ ਨੂੰ ਕਾਗਜ਼ਾਂ 'ਚ ਪੂਰੇ ਕਰ ਦਿੱਤਾ ਜਾਂਦਾ ਸੀ। ਪਰ ਹੁਣ ਮੌਜੂਦਾ ਸਰਕਾਰ 'ਤੇ ਪੂਰੀ ਉਮੀਦ ਹੈ ਕਿ ਉਹ ਪੰਚਾਇਤਾਂ ਦੇ ਕੰਮਾਂਕਾਜਾਂ ਨੂੰ ਅਤੇ ਪਿਛਲੇ ਫੰਡਾਂ ਦੇ ਇਕ-ਇਕ ਰੁਪਏ ਦਾ ਹਿਸਾਬ ਲਵੇਗੀ।

-ਹਰਪ੍ਰੀਤ ਮਾਨਸਾ

ਸਵੱਛ ਰੋਗ ਮੁਕਤ ਭਾਰਤ
ਕੁਝ ਸਮਾਂ ਪਹਿਲਾਂ ਸਾਰੇ ਕੋਰੋਨਾ ਮਹਾਂਮਾਰੀ ਤੋਂ ਬਾਹਰ ਆਏ ਹਾਂ। ਹਜ਼ਾਰਾਂ, ਲੱਖਾਂ ਲੋਕ ਮਾਰੇ ਗਏ। ਕੋਰੋਨਾ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਅੱਜ ਵੀ ਮਨੁੱਖਾਂ ਅਤੇ ਜਾਨਵਰਾਂ ਦੀਆਂ ਖ਼ਤਰਨਾਕ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਥਾਂ-ਥਾਂ ਖਿੱਲਰੇ ਪਏ ਗੰਦਗੀ ਦੇ ਢੇਰ ਜੋ ਕਿ ਮੱਖੀਆਂ, ਮੱਛਰ ਅਤੇ ਬਿਮਾਰੀਆਂ ਲਈ ਇਕ ਖੁੱਲ੍ਹਾ ਸੱਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਨੂੰ ਖਾ ਕੇ ਜਾਨਵਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਸਰਕਾਰ ਵਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਗੰਦਗੀ ਮਨੁੱਖਾਂ, ਡੰਗਰਾਂ ਅਤੇ ਵਾਤਾਵਰਨ ਲਈ ਖ਼ਤਰਨਾਕ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਕੂੜੇ ਦੇ ਢੇਰਾਂ ਅਤੇ ਗੰਦੇ ਨਾਲਿਆਂ ਦੀ ਸਫ਼ਾਈ ਲਈ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਭਾਰਤ ਨੂੰ ਸਾਫ਼-ਸੁਥਰਾ ਅਤੇ ਬਿਮਾਰੀਆਂ ਤੋਂ ਮੁਕਤ ਕੀਤਾ ਜਾ ਸਕੇ।

-ਰਮਿੰਦਰ ਕੌਰ, ਮੁਕੇਰੀਆਂ

ਖੇਡਾਂ ਵਿਚ ਨਸ਼ਿਆਂ ਦੀ ਵਰਤੋਂ
ਕੋਈ ਸਮਾਂ ਸੀ ਜਦੋਂ ਭਾਰਤ ਅਤੇ ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਦੀ ਮਿਸਾਲ ਪੂਰੀ ਦੁਨੀਆ ਵਿਚ ਦਿੱਤੀ ਜਾਂਦੀ ਸੀ। ਪੰਜਾਬ ਦੀ ਧਰਤੀ 'ਤੇ ਜਨਮੇ ਅਨੇਕ ਖਿਡਾਰੀ ਹਨ, ਜਿਨ੍ਹਾਂ ਨੇ ਪੰਜਾਬ ਨੂੰ ਖੇਡਾਂ ਦੇ ਨਕਸ਼ੇ ਵਿਚ ਆਪਣਾ ਨਾਂਅ ਦਰਜ ਕਰਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਹਿਲਵਾਨੀ ਵਿਚ ਦਾਰਾ ਸਿੰਘ ਤੋਂ ਲੈ ਕੇ ਦੌੜਾਕ ਮਿਲਖਾ ਸਿੰਘ ਵਰਗੇ ਉਡਣਾ ਸਿੱਖ ਕਹਾਉਣ ਵਾਲੇ ਖਿਡਾਰੀਆਂ ਨੇ ਭਾਰਤ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਚਮਕਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਮੇਂ ਦੇ ਬਦਲਾਅ ਨਾਲ ਖੇਡਾਂ ਵਿਚ ਵਧ ਰਹੇ ਨਸ਼ਿਆਂ ਨੇ ਦੇਸ਼ ਦੀ ਜਵਾਨੀ ਅਤੇ ਖਿਡਾਰੀਆਂ ਦੀ ਜ਼ਿੰਦਗੀ ਨੂੰ ਖੋਰਾ ਲਾ ਕੇ ਭਾਰਤ ਅਤੇ ਉਸ ਤੋਂ ਬਾਅਦ ਪੰਜਾਬ ਨੂੰ ਨਸ਼ਿਆਂ ਵਿਚ ਧੱਕ ਕੇ ਖੇਡਾਂ ਵਿਚ ਪਛਾੜ ਦਿੱਤਾ ਹੈ। ਖਿਡਾਰੀਆਂ ਵਿਚ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸਰੀਰਕ ਤਾਕਤ ਅਤੇ ਜਿਸਮਾਨੀ ਫੁਰਤੀ ਲਈ ਲਏ ਜਾਂਦੇ ਸਟੀਰਾਈਡਜ਼ ਪਦਾਰਥ ਇਕ ਸਮੇਂ ਲਈ ਤਾਂ ਉਨ੍ਹਾਂ ਨੂੰ ਤਾਕਤਵਰ ਅਤੇ ਜੋਸ਼ੀਲਾ ਬਣਾ ਦਿੰਦੇ ਹਨ ਪਰ ਆਉਣ ਵਾਲੇ ਸਮੇਂ ਵਿਚ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੋਣ ਦੇ ਨਾਲ-ਨਾਲ ਅਣਿਆਈ ਮੌਤ ਦੇ ਮੂੰਹ ਵਿਚ ਪਹੁੰਚ ਜਾਂਦੇ ਹਨ, ਜਿਸ ਨਾਲ ਪਰਿਵਾਰ ਨੂੰ ਵੱਡਾ ਘਾਟਾ ਪੈਣ ਦੇ ਨਾਲ-ਨਾਲ ਦੇਸ਼ ਨੂੰ ਵੀ ਚੰਗੇ ਖਿਡਾਰੀਆਂ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ। ਖਿਡਾਰੀਆਂ ਨੂੰ ਜਿੱਥੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਿਹਨਤ ਨਾਲ ਚੰਗੀ ਸਿਹਤ ਬਣਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਉਥੇ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਆਪਣਾ ਯੋਗਦਾਨ ਪਾਉਣ ਤਾਂ ਜੋ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਰੁਲਣ ਤੋਂ ਬਚ ਸਕੇ।

-ਰਜਵਿੰਦਰ ਪਾਲ ਸ਼ਰਮਾ
ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)।

01-09-2022

 ਗੁੱਸੇ 'ਤੇ ਹਮੇਸ਼ਾ ਕਾਬੂ ਰੱਖੋ

ਗੁੱਸਾ ਅੱਗ ਵਾਂਗ ਹੁੰਦਾ ਹੈ, ਜੋ ਸੰਬੰਧਿਤ ਮਨੁੱਖ ਦਾ ਖ਼ੂਨ ਸਾੜਦਾ ਰਹਿੰਦਾ ਹੈ। ਇਹ ਮਨੁੱਖ ਦੀ ਸੁੱਧ-ਬੁੱਧ ਕਾਇਮ ਨਹੀਂ ਰਹਿਣ ਦਿੰਦਾ। ਜਿਵੇਂ ਅੱਗ ਸਭ ਚੀਜ਼ਾਂ ਨੂੰ ਨਸ਼ਟ ਕਰ ਦਿੰਦੀ ਹੈ, ਉਸੇ ਤਰ੍ਹਾਂ ਗੁੱਸਾ ਮਨੁੱਖ ਦੇ ਸਭ ਗੁਣਾਂ ਨੂੰ ਨਸ਼ਟ ਕਰ ਦਿੰਦਾ ਹੈ। ਗੁੱਸਾ ਅਕਲ ਨੂੰ ਪੁੱਠੇ ਪਾਸੇ ਲਾ ਦਿੰਦਾ ਹੈ। ਗੁੱਸੇਖੋਰ ਵਿਅਕਤੀ ਅੱਖਾਂ ਹੁੰਦੇ ਵੀ ਅੰਨਾ, ਕੰਨ ਹੁੰਦੇ ਹੋਏ ਬੋਲਾ ਹੁੰਦਾ ਹੈ, ਜਿਸ ਕਾਰਨ ਬਾਅਦ ਵਿਚ ਉਸ ਨੂੰ ਅਫ਼ਸੋਸ ਜ਼ਰੂਰ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਦੋਸ਼ੀ ਭਾਵ ਮਹਿਸੂਸ ਕਰਕੇ ਬਲਹੀਣ ਹੋ ਜਾਂਦਾ ਹੈ, ਜਿਥੇ ਕ੍ਰੋਧ ਹੈ, ਉਥੇ ਉਹਦੇ ਨਾਲ ਹਿੰਸਾ ਵੀ ਪ੍ਰਚੰਡ ਅਗਨੀ ਹੈ, ਜਿਹੜੀ ਸਦਾ ਹੀ ਉਸ ਦੇ ਨਾਲ ਰਹਿੰਦੀ ਹੈ। ਗੁੱਸੇਖੋਰ ਵਿਅਕਤੀ ਦੀ ਗੱਲਬਾਤ ਰੁੱਖੀ ਹੁੰਦੀ ਹੈ। ਗੁੱਸੇਖੋਰ ਵਿਅਕਤੀ ਕੋਲ ਅਸ਼ਾਂਤੀ, ਘੁਮੰਡ, ਖ਼ੁਦਗਰਜ਼ੀ, ਸ਼ਿਕਵੇ-ਸ਼ਿਕਾਇਤਾਂ ਦੀ ਭਰਮਾਰ ਹੁੰਦੀ ਹੈ। ਗੁੱਸੇਖੋਰ ਵਿਅਕਤੀ ਦੇ ਰੁੱਖੇ ਸੁਭਾਅ ਕਾਰਨ ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਇਸ ਦਾ ਨਿਚੋੜ ਇਹੀ ਹੈ ਕਿ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਗੁੱਸੇ 'ਤੇ ਹਮੇਸ਼ਾ ਕਾਬੂ ਰੱਖਣਾ ਚਾਹੀਦਾ ਹੈ।

-ਨਰਿੰਦਰ ਭੱਪਰ
ਝਬੇਲਵਾਲੀ।
ਈ-ਮੇਲ : narinderbhaperjhabelwali@gmail.com

ਦਾਦੇ ਦੇ ਬੋਲ

ਛੋਟੇ ਬੱਚਿਆਂ ਨੂੰ ਘਰਦਿਆਂ ਤੋਂ ਸਮਾਜੀਕਰਨ ਸਮੇਂ ਗਿਆਨਵਰਧਕ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਮੇਰੇ ਦਾਦਾ ਜੀ ਸਰਦਾਰ ਰਣਜੀਤ ਸਿੰਘ ਗਿੱਲ ਅੰਗਰੇਜ਼ੀ ਹਕੂਮਤ ਦੀਆਂ ਗੱਲਾਂ ਸੁਣਾਉਂਦੇ ਹੋਏ ਦੱਸਦੇ ਸਨ ਕਿ ਅੰਗਰੇਜ਼ ਅਨੁਸ਼ਾਸਨ ਪਹਿਲਾਂ ਕੰਮ ਬਾਅਦ ਵਿਚ ਦੇਖਦੇ ਸਨ। ਉਂਜ ਉਹ ਅੰਗਰੇਜ਼ੀ ਗੁਲਾਮੀ ਦੇ ਖਿਲਾਫ਼ ਸਨ। ਪਰ ਕੁਝ ਤੌਰ-ਤਰੀਕਿਆਂ ਦੀ ਤਾਰੀਫ਼ ਵੀ ਕਰਿਆ ਕਰਦੇ ਸਨ। ਉਹ ਦੱਸਦੇ ਸਨ ਕਿ ਮੁਲਾਜ਼ਮਾਂ ਨੂੰ ਆਰਾਮ ਦੇਣ ਲਈ ਅੰਗਰੇਜ਼ ਨੇ 1843 ਵਿਚ ਐਤਵਾਰ ਦੀ ਛੁੱਟੀ ਸ਼ੁਰੂ ਕੀਤੀ। ਮੁਲਾਜ਼ਮਾਂ ਨੂੰ ਸਮੇਂ ਦਾ ਪਾਬੰਦ ਅਤੇ ਅਨੁਸ਼ਾਸਿਤ ਕਰਨ ਲਈ ਆਪਣੀ ਰੋਜ਼ਾਨਾ ਡਾਇਰੀ ਲਿਖਣ ਦੇ ਹੁਕਮ ਵੀ ਅੰਗਰੇਜ਼ ਨੇ ਹੀ ਸੁਣਾਏ ਸਨ। ਅਨੁਸ਼ਾਸਨ ਅਤੇ ਪਾਬੰਦੀ ਦੇ ਉਹ ਲੋਕ ਸਿਰੇ ਦੇ ਗੁਲਾਮ ਸਨ। ਬਸਤੀਵਾਦ ਦੀਆਂ ਗੱਲਾਂ ਅੱਜ ਵੀ ਬੋਝ ਲਗਦੀਆਂ ਹਨ। ਜਿਨ੍ਹਾਂ ਮਹਿਕਮਿਆਂ ਵਿਚ ਬਸਤੀਵਾਦ ਦੇ ਪ੍ਰਭਾਵ ਹਨ, ਉਨ੍ਹਾਂ ਬਾਰੇ ਦਾਦਾ ਜੀ ਕਿਹਾ ਕਰਦੇ ਸਨ ਕਿ ਇਹ ਵੀ ਤੁਰੰਤ ਖ਼ਤਮ ਹੋ ਕੇ ਆਪਣੀ ਭਾਸ਼ਾ ਅਨੁਸਾਰ ਬਣਨੇ ਚਾਹੀਦੇ ਹਨ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਬਿਲਕਿਸ ਬਾਨੋ ਮਾਮਲਾ

ਗੁਜਰਾਤ 'ਚ 2002 'ਚ ਹੋਏ ਗੋਧਰਾ ਕਾਂਡ ਤੋਂ ਬਾਅਦ ਇਕ ਗਰਭਪਤੀ ਮੁਸਲਿਮ ਔਰਤ ਬਿਲਕਿਸ ਬਾਨੋ ਨਾਲ ਹੋਏ ਜਬਰ ਜਨਾਹ ਅਤੇ ਉਸ ਦੀ ਤਿੰਨ ਸਾਲ ਦੀ ਬੱਚੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਵਾਲੇ 11 ਦੋਸ਼ੀਆਂ ਨੂੰ ਲੰਘੇ ਆਜ਼ਾਦੀ ਦਿਵਸ ਮੌਕੇ ਸਰਕਾਰ ਵਲੋਂ ਆਜ਼ਾਦ ਕਰ ਦਿੱਤਾ ਗਿਆ। ਇਹ ਕੋਈ ਮਾਮੂਲੀ ਜੁਰਮ ਨਹੀਂ ਸਗੋਂ ਫਾਂਸੀ ਦੀ ਸਜ਼ਾ ਦਾ ਹੱਕ ਰੱਖਦਾ ਜੁਰਮ ਹੈ। ਇਹ ਮਾਮਲਾ ਦੇਸ਼ ਵਿਚ ਪਹਿਲਾਂ ਤੋਂ ਹੀ ਘੱਟ-ਗਿਣਤੀਆਂ ਨਾਲ ਹੋ ਰਹੇ ਜਬਰ ਦੀ ਇਕ ਹੋਰ ਉਦਾਹਰਨ ਬਣ ਜਾਵੇਗਾ। ਦੋਸ਼ੀਆਂ ਦੀ ਰਿਹਾਈ ਕਰਨ ਵੇਲੇ ਪਤਾ ਨਹੀਂ ਕਿਹੜੇ ਪੱਖਾਂ ਨੂੰ ਵਿਚਾਰਿਆ ਗਿਆ ਹੋਵੇਗਾ ਪਰ ਇਕ ਗੱਲ ਪੱਕੀ ਹੈ ਕਿ ਪੀੜਤ ਦੇ ਜ਼ਖ਼ਮਾਂ ਅਤੇ ਉਸ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਬਿਲਕੁਲ ਦਰਕਿਨਾਰ ਕੀਤਾ ਗਿਆ ਹੈ। ਘੱਟ-ਗਿਣਤੀਆਂ ਨਾਲ ਹੋ ਰਹੇ ਇਸ ਤਰ੍ਹਾਂ ਦੇ ਧੱਕੇ ਘੱਟ ਗਿਣਤੀਆਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਰਹੇ ਹਨ। ਅਜਿਹੇ ਮਾਮਲੇ ਸਾਡੇ ਦੇਸ਼ ਦੀ ਨਿਆਇਕ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰਦੇ ਹਨ। ਕਿਸੇ ਤਰ੍ਹਾਂ ਦੇ ਵੀ ਪੱਖਪਾਤੀ ਫੈਸਲੇ ਦੇਸ਼ ਦੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਸੰਕੇਤ ਨਹੀਂ ਹਨ। ਸਰਕਾਰਾਂ ਦੀਆਂ ਅਜਿਹੀਆਂ ਪੱਖਪਾਤੀ ਤੇ ਦਮਨਕਾਰੀ ਨੀਤੀਆਂ ਦੇਸ਼ ਨੂੰ ਕਿਸ ਤਰ੍ਹਾਂ ਨਾਲ ਮੁੜ ਤੋਂ ਅਜਿਹੇ ਮਾਹੌਲ ਵੱਲ ਧਕੇਲ ਰਹੀਆਂ ਹਨ, ਜਿਸ ਵਿਚ ਸਿਰਫ਼ ਤੇ ਸਿਰਫ਼ ਕਤਲੋਗਾਰਤ ਹੈ। ਸੋ, ਸਰਕਾਰ ਤੇ ਨਿਆਂ ਪ੍ਰਣਾਲੀ ਨੂੰ ਇਸ ਮਾਮਲੇ 'ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਦੋਸ਼ ਦੀ ਘੱਟ ਤੋਂ ਘੱਟ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ।

-ਜੋਬਨ ਖਹਿਰਾ

ਪੰਜਾਬੀ ਸੱਭਿਆਚਾਰ ਵਿਚ ਨਿਘਾਰ

ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਜਨਮ ਤੋਂ ਉਹ ਸਮਾਜ ਦੇ ਕਿਸੇ ਨਾ ਕਿਸੇ ਸੱਭਿਆਚਾਰ ਨਾਲ ਸੰਬੰਧ ਰੱਖਦਾ ਹੁੰਦਾ ਹੈ। ਸਮੇਂ ਦੇ ਬਦਲਣ ਨਾਲ ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ, ਬੋਲੀ, ਰੀਤੀ-ਰਿਵਾਜਾਂ, ਲੋਕ ਧਾਰਾਵਾਂ, ਲੋਕ ਵਿਚਾਰਾਂ ਅਤੇ ਸਮਾਜਿਕ ਸਿਧਾਤਾਂ ਵਿਚ ਤਬਦੀਲੀ ਆਉਣੀ ਸੁਭਾਵਿਕ ਹੈ ਪਰ ਆਪਣੇ ਸੱਭਿਆਚਾਰ ਨੂੰ ਭੁਲਾ ਕੇ ਵਿਦੇਸ਼ੀ ਸੱਭਿਆਚਾਰ ਅਤੇ ਪੱਛਮੀ ਸੱਭਿਅਤਾ ਨੂੰ ਅਪਣਾਉਣਾ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬੀਆਂ ਦੀ ਹੋਂਦ ਲਈ ਵੀ ਖਤਰਾ ਹੈ। ਅਜੋਕੇ ਸਮੇਂ ਵਿਚ ਅਸੀਂ ਬਨਾਉਟੀ ਪਹਿਚਾਣ ਅਤੇ ਫੋਕੀ ਟੌਹਰ ਬਣਾਉਣ ਲਈ ਬੱਚਿਆਂ ਨੂੰ ਵੀ ਆਪਣੇ ਵਿਰਸੇ ਅਤੇ ਇਤਿਹਾਸ ਬਾਰੇ ਦੱਸਣ ਵਿਚ ਸ਼ਰਮ ਮਹਿਸੂਸ ਕਰਦੇ ਹਾਂ ਅਤੇ ਵਿਦੇਸ਼ੀ ਭਾਸ਼ਾ ਦੇ ਨਾਲ-ਨਾਲ ਵਿਦੇਸ਼ੀ ਸੱਭਿਆਚਾਰ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਾਂ। ਪੰਜਾਬੀਆਂ ਨੇ ਆਪਣੇ ਹੀ ਸੱਭਿਆਚਾਰ ਨਾਲ ਮਤਰੇਆਂ ਵਾਲਾ ਸਲੂਕ ਕੀਤਾ ਹੈ। ਲੋੜ ਹੈ ਆਪਣੇ ਕੀਮਤੀ ਵਿਰਸੇ ਨੂੰ ਬਚਾਉਣ ਦੀ ਤਾਂ ਜੋ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਕਾਇਮ ਰਹਿ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

31-08-2022

 ਲੰਪੀ ਸਕਿਨ ਦਾ ਕਹਿਰ

ਲੰਪੀ ਸਕਿਨ ਬਿਮਾਰੀ ਦਾ ਕਹਿਰ ਬਹੁਤ ਜ਼ਿਆਦਾ ਫੈਲਦਾ ਜਾ ਰਿਹਾ ਹੈ। ਜਿਸ ਤਰ੍ਹਾਂ ਕੋਰੋਨਾ ਨੇ ਮਨੁੱਖਤਾ ਦਾ ਘਾਣ ਕੀਤਾ ਸੀ। ਇਸੇ ਤਰ੍ਹਾਂ ਪਸ਼ੂਆਂ ਵਿਚ ਫੈਲੀ ਬਿਮਾਰੀ ਲੰਪੀ ਸਕਿਨ ਵੀ ਬਹੁਤ ਜ਼ਿਆਦਾ ਪੱਧਰ 'ਤੇ ਫੈਲਦੀ ਜਾ ਰਹੀ ਹੈ। ਕੁਝ ਕੁ ਅੰਕੜੇ ਸਾਹਮਣੇ ਆਏ ਹਨ ਕਿ ਦੇਸ਼ ਦੇ ਕੇਂਦਰ ਸ਼ਾਸਤ ਪ੍ਰਦੇਸ਼ ਸਮੇਤ ਅੱਠ ਰਾਜਾਂ ਵਿਚ ਲੰਪੀ ਸਕਿਨ ਕਾਰਨ ਹੁਣ ਤੱਕ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਕੇਂਦਰ ਮੁਤਾਬਿਕ ਇਹ ਬਿਮਾਰੀ ਹੁਣ ਤੱਕ ਅੱਠ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਫੈਲ ਚੁੱਕੀ ਹੈ ਤੇ 1.85 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹਨ। ਪੰਜਾਬ ਵਿਚ ਹੁਣ ਤੱਕ ਕਰੀਬ 74,325 ਪਸ਼ੂ ਪ੍ਰਭਾਵਿਤ ਹੋਏ ਹਨ, ਜਦੋਂਕਿ ਗੁਜਰਾਤ ਵਿਚ 58,546, ਰਾਜਸਥਾਨ ਵਿਚ 43,962, ਜੰਮੂ ਕਸ਼ਮੀਰ ਵਿਚ 6,385, ਉੱਤਰਾਖੰਡ ਵਿਚ 1,300, ਹਿਮਾਚਲ ਪ੍ਰਦੇਸ਼ ਵਿਚ 532, ਅੰਡੇਮਾਨ ਅਤੇ ਨਿਕੋਬਾਰ ਵਿਚ 260 ਪਸ਼ੂ ਪ੍ਰਭਾਵਿਤ ਹੋਏ ਹਨ। ਪਰ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇਥੇ ਵੈਟਰਨਰੀ ਡਾਕਟਰਾਂ ਦੀ ਬਹੁਤ ਜ਼ਿਆਦਾ ਘਾਟ ਹੈ। ਸਰਕਾਰ ਅੱਗੇ ਸਾਡੇ ਕਿਸਾਨ ਭਰਾਵਾਂ ਦੀ ਇਹੋ ਮੰਗ ਹੈ ਕਿ ਪਿੰਡਾਂ ਵਿਚ ਕੁਝ ਕੁ ਡਾਕਟਰ ਇਸ ਸਮੇਂ ਦਿਨ ਰਾਤ ਇਕ ਕਰਕੇ ਇਸ ਬਿਮਾਰੀ ਤੋਂ ਰਾਹਤ ਦਿਵਾਉਣ ਵਾਸਤੇ ਜੁਟੇ ਹੋਏ ਹਨ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਪਰ ਫਿਰ ਵੀ ਸਰਕਾਰ ਤੁਰੰਤ ਵੈਕਸੀਨ ਲਾਉਣ ਲਈ ਫਾਰਮਾਸਿਸਟ ਲਾਉਣ ਲਈ ਉਪਰਾਲਾ ਕਰੇ ਤਾਂ ਕਿ ਲੰਪੀ ਸਕਿਨ ਬਿਮਾਰੀ ਨਾਲ ਨਜਿੱਠਿਆ ਜਾ ਸਕੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਨਹੀਂ ਰੁਕ ਰਹੀ ਮਿਲਾਵਟਖੋਰੀ

ਅੱਜ ਪੰਜਾਬ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿਚ ਚਲੇ ਜਾਓ, ਹਰੇਕ ਡਾਕਟਰ ਕੋਲ ਮਰੀਜ਼ਾਂ ਦੀ ਭੀੜ ਨਜ਼ਰ ਆਉਂਦੀ ਹੈ। ਹਰੇਕ ਘਰ ਵਿਚ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਹਰੇਕ ਘਰ ਵਿਚ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਮਿਲਾਵਟ ਵਾਲੀਆਂ ਵਸਤਾਂ ਦਾ ਸੇਵਨ ਕਰਨਾ ਹੈ। ਮੌਸਮੀ ਬਿਮਾਰੀਆਂ ਤੋਂ ਕਿਤੇ ਵੱਧ ਬਿਮਾਰੀਆਂ ਮਿਲਾਵਟ ਵਾਲੀਆਂ ਚੀਜ਼ਾਂ ਨਾਲ ਲਗਦੀਆਂ ਹਨ। ਵੱਧ ਮੁਨਾਫਾ ਕਮਾਉਣ ਦੇ ਲਾਲਚ ਵਿਚ ਮਿਲਾਵਟਖੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਵੀ ਕੈਮੀਕਲਾਂ ਦੀ ਮਿਲਾਵਟ ਕਰਦੇ ਹਨ। ਪੰਜਾਬ ਵਿਚ ਦੁੱਧ ਤਿਆਰ ਕਰਨ ਲਈ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲਗਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਲੋਕਾਂ ਨੂੰ ਮਿਲਾਵਟ ਵਾਲੀਆਂ ਚੀਜ਼ਾਂ ਖਾਣ ਨਾਲ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਜ਼ਿਲ੍ਹਾ ਲੁਧਿਆਣਾ।

ਪਿੰਡਾਂ ਦੇ ਛੱਪੜ

ਕਈ ਸਾਲ ਪਹਿਲਾਂ ਕਾਫੀ ਬਾਰਸ਼ਾਂ ਹੋਣ ਕਾਰਨ ਪਿੰਡਾਂ ਦੇ ਛੱਪੜ ਨੱਕੋ-ਨੱਕ ਭਰੇ ਹੁੰਦੇ ਸਨ, ਜਿਸ ਵਿਚ ਲੋਕ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਨਵਾਉਂਦੇ ਸਨ ਅਤੇ ਛੱਪੜਾਂ 'ਚੋਂ ਮਿੱਟੀ ਕੱਢ ਕੇ ਆਪਣੇ ਕੱਚੇ ਕੋਰੇ, ਕੰਧਾਂ ਤੇ ਵਿਹੜੇ ਲਿੰਬਦੇ ਪੋਚਦੇ ਸਨ। ਘਰਾਂ ਵਿਚ ਲੱਗੇ ਨਲਕਿਆਂ ਦਾ ਸਾਫ਼-ਸੁਥਰਾ ਪਾਣੀ ਨਾਲੀਆਂ ਰਾਹੀਂ ਛੱਪੜਾਂ 'ਚ ਪੈਂਦਾ ਰਹਿੰਦਾ ਸੀ। ਹੁਣ ਬਾਰਸ਼ਾਂ ਵੀ ਘਟ ਗਈਆਂ ਹਨ ਅਤੇ ਪਿੰਡਾਂ ਦੀ ਆਬਾਦੀ ਵੀ ਵਧ ਗਈ ਹੈ ਤੇ ਛੱਪੜਾਂ 'ਚ ਗੰਦਾ ਪਾਣੀ ਪੈਣ ਅਤੇ ਕੂੜਾ ਕਰਕਟ ਸੁੱਟਣ ਕਾਰਨ ਛੱਪੜ ਪੂਰੇ ਜਾ ਰਹੇ ਹਨ ਅਤੇ ਲੋਕਾਂ ਵਲੋਂ ਛੱਪੜਾਂ ਵਾਲੀ ਜਗ੍ਹਾ ਤੇ ਹੌਲੀ-ਹੌਲੀ ਨਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਛੱਪੜਾਂ ਦੀ ਹੋਂਦ ਮੁੱਕਣ ਕਿਨਾਰੇ ਹੈ। ਪਿਛਲੇ ਸਾਲ ਤੰਦਰੁਸਤ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਛੱਪੜਾਂ ਦੀ ਸਾਫ਼-ਸਫ਼ਾਈ ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਵਿਆਪਕ ਮੁਹਿੰਮ ਚਲਾਈ ਸੀ, ਪਰ ਉਸ ਨੂੰ ਕੋਈ ਬਹੁਤਾ ਬੂਰ ਨਹੀਂ ਪਿਆ ਜਾਪਦਾ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ ਤੇ ਛੱਪੜਾਂ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਜੋ ਛੱਪੜ ਗੰਦਗੀ ਦਾ ਰੂਪ ਧਾਰ ਚੁੱਕੇ ਹਨ, ਉਨ੍ਹਾਂ ਦੀ ਸਾਫ਼-ਸਫ਼ਾਈ ਕਰਵਾ ਕੇ ਉੱਥੇ ਸੁੰਦਰ ਬਗੀਚੇ/ਪਾਰਕਾਂ ਬਣਾਈਆਂ ਜਾਣ। ਇਸ ਨਾਲ ਜਿੱਥੇ ਛੱਪੜਾਂ ਵਾਲੀ ਜਗ੍ਹਾ ਦੀ ਹੋਂਦ ਬਚੀ ਰਹੇਗੀ, ਆਪਸੀ ਰੰਜਿਸ਼ਾਂ ਘਟਣਗੀਆਂ, ਉੱਥੇ ਹੀ ਵਾਤਾਵਰਨ ਵੀ ਸਾਫ਼-ਸੁਥਰਾ ਹੋਵੇਗਾ ਅਤੇ ਗੰਦਗੀ ਤੇ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲੇਗੀ।

-ਅਮਰੀਕ ਸਿੰਘ ਚੀਮਾ
ਸ਼ਾਰਬਾਦੀਆ, ਜਲੰਧਰ।

ਅਜਿਹੀ ਤਰੱਕੀ ਕਿਸ ਕੰਮ ਦੀ?

ਉੱਨਤੀ ਦੇ ਵੱਲ ਕਦਮ ਵਧਾਉਣਾ ਹਰ ਇਕ ਸੂਬੇ ਅਤੇ ਹਰ ਇਕ ਦੇਸ਼ ਦੀ ਆਪਣੀ ਇਕ ਉਪਲਬਧੀ ਹੁੰਦੀ ਹੈ, ਪਰ ਜੇ ਉਹੀ ਤਰੱਕੀ ਉਥੋਂ ਦੇ ਵਾਸੀਆਂ ਲਈ ਇਕ ਸਰਾਪ ਜਾਂ ਆਉਣ ਵਾਲੇ ਖ਼ਤਰੇ ਨੂੰ ਬਿਆਨ ਕਰੇ ਤਾਂ ਉਹ ਤਰੱਕੀ ਕਿਸੇ ਵੀ ਕੰਮ ਦੀ ਨਹੀਂ। ਅਸੀਂ ਸਾਰੇ ਵੇਖਦੇ ਆ ਰਹੇ ਹਾਂ ਕਿ ਅੱਜ ਦੇ ਸਮਾਜ ਨੇ ਜਾਂ ਅੱਜ ਦੀਆਂ ਸਰਕਾਰਾਂ ਨੇ ਤਰੱਕੀ ਦੇ ਜਾਂ ਵਿਕਾਸ ਦੇ ਨਾਂਅ ਉੱਤੇ ਅਨੇਕਾਂ ਹੀ ਰੁੱਖ ਵੱਢ ਦਿੱਤੇ ਹਨ ਅਤੇ ਜ਼ਮੀਨਾਂ ਬੰਜਰ ਬਣਾ ਦਿੱਤੀਆਂ ਗਈਆਂ ਹਨ, ਹਰ ਦਿਨ ਰੋਜ਼ ਦੇ ਇਸ ਪ੍ਰਦੂਸ਼ਣ ਨੇ ਅਤੇ ਘਟਦੇ ਹੋਏ ਜੰਗਲ ਅਤੇ ਧਰਤੀ ਨੇ ਮਨੁੱਖੀ ਜੀਵਨ ਖ਼ਤਰੇ ਵਿਚ ਪਾ ਦਿੱਤਾ ਹੈ। ਅੱਜ ਦੇ ਮਨੁੱਖ ਦੀ ਫ਼ਿਤਰਤ ਤਾਂ ਵੇਖੋ ਕੀ ਉਹ ਆਪਣੇ ਅੱਜ ਲਈ ਅੱਜ ਦੇ ਲਾਲਚ ਲਈ ਅੱਜ ਦੀ ਪੈਸੇ ਦੀ ਭੁੱਖ ਲਈ ਆਉਣ ਵਾਲੀਆਂ ਨਸਲਾਂ ਨੂੰ ਕਿੰਨੇ ਵੱਡੇ ਖ਼ਤਰੇ ਵਿਚ ਪਾ ਰਿਹਾ ਹੈ, ਅੱਜ ਦੇ ਮਨੁੱਖ ਅਤੇ ਸਰਕਾਰਾਂ ਵਲੋਂ ਪਾਣੀ, ਰੁੱਖ ਪ੍ਰਦੂਸ਼ਣ ਆਉਣ ਵਾਲੀਆਂ ਨਸਲਾਂ ਨੂੰ ਇਕ ਤੋਹਫ਼ੇ ਦੇ ਰੂਪ ਵਿਚ ਦਿੱਤਾ ਜਾ ਰਿਹਾ ਹੈ। ਜੇਕਰ ਇਨਸਾਨ ਅਤੇ ਇਨਸਾਨੀ ਜ਼ਿੰਦਗੀ ਤੇ ਇਨਸਾਨੀਅਤ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਓ ਰੁੱਖ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਕਰੀਏ, ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪ੍ਰਦੂਸ਼ਣ ਤੋਂ ਨਿਜਾਤ ਪਵਾਈਏ, ਪ੍ਰਦੂਸ਼ਣ ਜਿੰਨਾ ਘੱਟ ਹੋ ਸਕੇ ਉਨ੍ਹਾਂ ਇਨਸਾਨਾਂ ਵਾਸਤੇ ਵਧੀਆ ਹੈ, ਇਸ਼ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਇਕ ਜਾਂ ਦੋ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ।

-ਗੁਰਪ੍ਰੀਤ ਸਿੰਘ ਜਖ਼ਵਾਲੀ

ਅਵਾਰਾ ਪਸ਼ੂਆਂ ਦੀ ਸਮੱਸਿਆ

ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ ਕਾਰਨ ਪੰਜਾਬ ਵਿਚ ਮਨੁੱਖੀ ਜਾਨਾਂ ਜਾਣ ਦਾ ਖ਼ਤਰਾ ਦਿਨੋਂ-ਦਿਨ ਵਧ ਰਿਹਾ ਹੈ। ਇਨ੍ਹਾਂ ਅਵਾਰਾ ਢੱਠਿਆਂ, ਕੁੱਤਿਆਂ, ਗਊਆਂ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਵਿਚ ਹਰਲ-ਹਰਲ ਘੁੰਮਣ ਨਾਲ ਜਿਥੇ ਹਰ ਕੋਈ ਭੈਅਭੀਤ ਜਿਹਾ ਰਹਿੰਦਾ ਹੈ ਉਥੇ ਛੋਟੇ ਬੱਚੇ ਤੇ ਬਜ਼ੁਰਗ ਜ਼ਿਆਦਾ ਖੌਫ਼ਜ਼ਦਾ ਹੋ ਰਹੇ ਹਨ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਦੁਆਰਾ ਲੋਕਾਂ ਤੋਂ ਇਸ ਕੰਮ ਲਈ ਗਊ ਸੈੱਸ ਦੇ ਤੌਰ 'ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ। ਸਰਕਾਰ ਨੇ ਨਵੀਂ ਚਾਰ ਪਹੀਆ ਗੱਡੀ 'ਤੇ ਇਕ ਹਜ਼ਾਰ ਰੁਪਏ, ਦੋ ਪਹੀਆ ਵਾਹਨ ਦੇ ਦੋ ਸੌ ਰੁਪਏ, ਸੀਮਿੰਟ ਦੀ ਇਕ ਬੋਰੀ 'ਤੇ ਇਕ ਰੁਪਈਆ, ਏਸੀ ਮੈਰਿਜ ਪੈਲੇਸ ਬੁੱਕ ਕਰਨ ਤੇ ਇਕ ਹਜ਼ਾਰ ਰੁਪਏ, ਨਾਨ ਏ ਸੀ ਬੁੱਕ ਕਰਨ ਤੇ ਪੰਜ ਸੌ ਰੁਪਏ, ਤੇਲ ਦੇ ਟੈਂਕਰ ਦੇ ਇਕ ਰਾਊਂਡ ਤੇ ਸੌ ਰੁਪਏ, ਬਿਜਲੀ ਦੇ ਬਿੱਲ ਤੇ ਦੋ ਪੈਸੇ ਪ੍ਰਤੀ ਯੂਨਿਟ ਗਊ ਸੈੱਸ ਲਾ ਕੇੇ ਲੋਕਾਂ ਤੋਂ ਵਸੂਲ ਕੀਤਾ ਜਾਂਦਾ ਹੈ। ਇਨ੍ਹਾਂ ਪੈਸਿਆਂ ਦਾ ਸਰਕਾਰ ਨੂੰ ਆਵਾਰਾ ਪਸ਼ੂਆਂ ਲਈ ਢੁੱਕਵੇਂ ਪ੍ਰਬੰਧ ਕਰਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਕਾਮਰਸ ਲੈਕਚਰਾਰ
ਸਰਕਾਰੀ ਸੀ.ਸੈ.ਸ.ਸ. ਖਿਜਰਾਬਾਦ, ਐਸ.ਏ.ਐਸ. ਨਗਰ, ਮੁਹਾਲੀ।

30-08-2022

 ਔਰਤਾਂ ਦੇ ਵਧਦੇ ਕਦਮ

ਔਰਤਾਂ ਨੇ ਹਰ ਖੇਤਰ ਵਿਚ ਬਾਜ਼ੀ ਮਾਰੀ ਹੈ। ਚਾਹੇ ਉਹ ਰਾਜਨੀਤੀ ਖੇਤਰ, ਪੁਲਾੜ ਖੇਤਰ, ਪ੍ਰਸ਼ਾਸਨਿਕ ਖੇਤਰ ਜਾਂ ਆਰਮੀ, ਏਅਰ ਫੋਰਸ ਖੇਤਰ। ਅੱਜ ਹਰ ਖੇਤਰ ਵਿਚ ਔਰਤਾਂ ਮਰਦਾਂ ਦੀ ਬਰਾਬਰੀ ਕਰ ਰਹੀਆਂ ਹਨ। ਹਾਲ ਹੀ ਵਿਚ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਪ੍ਰੀਖਿਆਵਾਂ ਵਿਚ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ। ਪੰਜਾਬ ਦੇ ਕਈ ਅਜਿਹੇ ਜ਼ਿਲ੍ਹਿਆਂ ਵਿਚ ਕੁੜੀਆਂ ਨੇ ਬਾਜ਼ੀ ਮਾਰੀ ਹੈ, ਜਿਨ੍ਹਾਂ ਦੇ ਮਾਂ-ਬਾਪ ਦਿਹਾੜੀਦਾਰ ਸਨ ਤੇ ਆਪਣੇ ਬੱਚਿਆਂ ਦੀਆਂ ਪੜ੍ਹਾਈਆਂ ਲਈ ਹੀਲਾ ਵਸੀਲਾ ਕੀਤਾ। ਅੱਜ ਕੁੜੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਕਲਪਨਾ ਚਾਵਲਾ, ਸੁਨੀਤਾ ਵਿਲੀਅਮਜ਼ ਨੇ ਪੁਲਾੜ ਤੱਕ ਬਾਜ਼ੀ ਮਾਰੀ ਹੈ। ਪ੍ਰਸ਼ਾਸਨਿਕ ਅਹੁਦਿਆਂ 'ਤੇ ਤਾਇਨਾਤ ਇਹ ਕੁੜੀਆਂ ਵਧੀਆ ਸੇਵਾਵਾਂ ਨਿਭਾਅ ਰਹੀਆਂ ਹਨ। ਹਵਾਈ ਸੈਨਾ, ਥਲ ਸੈਨਾ, ਜਲ ਸੈਨਾ ਵਿਚ ਇਹ ਕੁੜੀਆਂ ਜਹਾਜ਼ ਉਡਾ ਰਹੀਆਂ ਹਨ। ਆਖਿਰ ਕਿਉਂ ਫਿਰ ਕੁੜੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ ਕਿਉਂ ਉਨ੍ਹਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖਾਂ ਵਿਚ ਮਾਰ ਦਿੱਤਾ ਜਾਂਦਾ ਹੈ? ਜਦ ਕੁੜੀਆਂ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਹੋ ਰਹੀਆਂ ਹਨ, ਫਿਰ ਉਨ੍ਹਾਂ ਨੂੰ ਇਹ ਸੋਹਣੇ ਸੰਸਾਰ ਦੇ ਦਰਸ਼ਨ ਨਹੀਂ ਕਰਵਾਏ ਜਾਂਦੇ। ਅਸੀਂ ਔਰਤਾਂ ਨੂੰ ਬਣਦਾ ਸਤਿਕਾਰ ਕਿਉਂ ਨਹੀਂ ਦੇ ਰਹੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਅਧਿਆਪਕਾਂ ਦਾ ਘਟ ਰਿਹਾ ਸਤਿਕਾਰ

'ਸ਼ਾਹ ਬਿਨਾਂ ਪਤ ਨਹੀਂ ਤੇ ਗੁਰੂ ਬਿਨਾਂ ਗਤ ਨਹੀਂ' ਇਹ ਕਹਾਵਤ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਗੁਰੂ ਤੋਂ ਬਿਨਾਂ ਸਮਾਜ ਸੇਧਹੀਣ ਹੈ। ਪਰ ਅਜੋਕੇ ਸਮੇਂ ਵਿਚ ਅਧਿਆਪਕਾਂ ਦਾ ਰੁਤਬਾ ਉਹ ਨਹੀਂ ਰਿਹਾ ਜੋ ਕਦੇ ਪਹਿਲੇ ਸਮੇਂ ਵਿਚ ਹੁੰਦਾ ਸੀ। ਸੋ, ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਕੁਝ ਵਿਭਾਗੀ ਅਤੇ ਸਮਾਜਿਕ ਕਾਰਨ ਵਿਚਾਰਨਯੋਗ ਹਨ। ਸਰਕਾਰੀ ਸਕੂਲਾਂ ਦਾ ਨਿਰੀਖਣ ਸੌ ਫ਼ੀਸਦੀ ਜ਼ਰੂਰੀ ਹੈ ਤਾਂ ਕਿ ਵਿਦਿਅਕ ਢਾਂਚਾ ਸੁਚਾਰੂ ਰੂਪ ਨਾਲ ਕੰਮ ਕਰ ਸਕੇ ਪਰ ਅਫਸੋਸ ਜਿਹੜੇ ਅਧਿਕਾਰੀ ਨਿਰੀਖਣ ਲਈ ਆਉਂਦੇ ਹਨ, ਉਹ ਹਮੇਸ਼ਾ ਕਮੀਆਂ ਲੱਭਣ ਦੀ ਤਾਕ ਵਿਚ ਰਹਿੰਦੇ ਹਨ। ਅਧਿਆਪਕ ਵਲੋਂ ਕੀਤੇ ਉਸਾਰੂ ਤੇ ਅਗਾਂਹਵਧੂ ਕੰਮਾਂ ਨੂੰ ਉਹ ਨਜ਼ਰਅੰਦਾਜ਼ ਕਰਦੇ ਹਨ ਅਤੇ ਨਕਾਰਾਤਮਿਕ ਪੱਖ ਹਨੇਰੀ ਵਾਂਗੂ ਆਲੇ-ਦੁਆਲੇ ਵਿਚ ਫੈਲਾਏ ਜਾਂਦੇ ਹਨ। ਇਸ ਤਰ੍ਹਾਂ ਅਧਿਆਪਕ ਸਕੂਲ ਪ੍ਰਸ਼ਾਸਨ ਸਾਹਮਣੇ ਹੀਣਭਾਵਨਾ ਦਾ ਸ਼ਿਕਾਰ ਹੁੰਦੇ ਹਨ। ਸੌ ਫ਼ੀਸ ਦੀ ਨਤੀਜਾ ਅਧਿਆਪਕ ਦੇ ਸਿਰ 'ਤੇ ਹਰ ਵਕਤ ਲਟਕਦੀ ਤਲਵਾਰ ਦੀ ਤਰ੍ਹਾਂ ਹੈ। ਨਤੀਜੇ ਵਜੋਂ ਪਾਸ ਸਰਟੀਫਿਕੇਟ ਵਾਲੀ ਅਨਪੜ੍ਹ ਪਨੀਰੀ ਪੈਦਾ ਹੋਣਾ ਵਾਜਬ ਹੈ। ਸੋ, ਇਸ ਫ਼ੌਜ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ, ਜੋ ਅਧਿਆਪਕਾਂ ਤੋਂ ਬੇਡਰ ਹੈ। ਘੜੰਮ ਚੌਧਰੀ ਵਰਗ ਹਰ ਜਗ੍ਹਾ 'ਤੇ ਵਿਦਮਾਨ ਹੁੰਦਾ ਹੈ, ਜਿਨ੍ਹਾਂ ਨੇ ਕਰਨਾ ਤੇ ਕੁਝ ਨਹੀਂ ਹੁੰਦਾ ਪਰ ਉਹ ਸਕੂਲਾਂ ਵਿਚ ਦਖਲਅੰਦਾਜ਼ੀ ਤੋਂ ਬਾਜ ਨਹੀਂ ਆਉਂਦੇ। ਸੋ, ਇਸ ਤਰ੍ਹਾਂ ਦੇ ਲੋਕ ਸਮਾਜ ਵਿਚ ਅਧਿਆਪਕ ਦੇ ਸਤਿਕਾਰ ਦਾ ਜੋ ਸੁਨੇਹਾ ਦਿੰਦੇ ਹਨ, ਤੁਸੀਂ ਉਸ ਦਾ ਅੰਦਾਜ਼ਾ ਲਗਾ ਹੀ ਸਕਦੇ ਹੋ।

-ਸਰਬਜੀਤ ਕੌਰ (ਸਰਬ)

ਸਾਈਬਰ ਕ੍ਰਾਈਮ

ਪਿਛਲੇ ਦਿਨੀਂ ਜਸਪਾਲ ਸਿੰਘ ਲੋਹਾਮ ਦੀ ਰਚਨਾ 'ਧੋਖੇਬਾਜ਼ਾਂ ਦੇ ਦੇਸੀ ਵਿਦੇਸ਼ੀ ਨੰਬਰਾਂ ਤੋਂ ਆਉਂਦੇ ਹਨ ਫੋਨ' ਪੜ੍ਹੀ ਜੋ ਕਾਬਲ-ਏ-ਗੌਰ ਸੀ। ਅਕਸਰ ਠੱਗਾਂ ਦੀਆਂ ਰੋਜ਼ਾਨਾ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਖ਼ਬਰਾਂ ਮਿਲਦੀਆਂ ਹਨ ਕਿ ਲੋਕਾਂ ਨੂੰ ਵਿਦੇਸ਼ਾਂ ਤੋਂ ਕਾਲਾਂ, ਫੋਨ ਆਉਂਦੇ ਹਨ। ਪੜ੍ਹੇ-ਲਿਖੇ ਲੋਕ ਰੋਜ਼ਾਨਾ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ। ਇਹ ਠੱਗ ਲੋਕ ਏਨੇ ਕੁ ਚਾਤਰ, ਚੁਸਤ, ਚਲਾਕ ਹੁੰਦੇ ਹਨ ਤੇ ਵੱਖ-ਵੱਖ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਉਨ੍ਹਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਭਾਵ ਤੁਹਾਡੀ ਲਾਟਰੀ ਨਿਕਲੀ ਹੈ, ਤੁਹਾਡੀ ਜੀਵਨ ਬੀਮਾ ਦੀ ਜਾਣਕਾਰੀ ਲੈਣੀ ਹੈ। ਤੁਹਾਡੀ ਸਾਰੀ ਜਾਣਕਾਰੀ ਲੈ ਲੈਂਦੇ ਹਨ। ਇਸ ਕਰਕੇ ਜਨਤਾ ਨੂੰ ਇਨ੍ਹਾਂ ਨੌਸ਼ਰਬਾਜ਼ਾਂ ਤੋਂ ਬਚਣ ਲਈ ਆਪਣੀ ਤੀਸਰੀ ਅੱਖ ਖੋਲ੍ਹਣੀ ਪਵੇਗੀ। ਮੁਹਾਲੀ ਦੇ ਵਿਚ ਸਾਈਬਰ ਕ੍ਰਾਈਮ ਥਾਣਾ ਹੈ, ਉਸ 'ਤੇ ਆਪਣੀ ਸ਼ਿਕਾਇਤ ਦਰਜ ਕਰਵਾਓ। ਸਰਕਾਰ ਨੂੰ ਵੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਰੇਟ ਲਿਸਟ ਲਾਉਣੀ ਲਾਜ਼ਮੀ ਹੋਵੇ

ਮੁਲਕ 'ਚ ਹਰ ਕੋਈ ਵਿਅਕਤੀ ਲੁੱਟ-ਖਸੁੱਟ ਕਰਨ 'ਤੇ ਤੁਲਿਆ ਹੋਇਆ ਹੈ। ਕੋਈ ਵੀ ਕਿਸੇ ਤੋਂ ਘੱਟ ਨਹੀਂ। ਹਰੇਕ ਹੀ ਆਪਣੇ-ਆਪਣੇ ਪੱਧਰ 'ਤੇ ਬੇਈਮਾਨੀ ਕਰਨ ਦੀ ਪੂਰੀ-ਪੂਰੀ ਵਾਹ ਲਾ ਰਿਹਾ ਹੈ। ਲੱਖ ਵਾਲਾ ਲੱਖਾਂ ਤੇ ਕਰੋੜਾਂ ਵਾਲਾ ਕਰੋੜਾਂ ਲੁੱਟ ਰਿਹਾ ਹੈ। ਸੜਕ 'ਤੇ ਬਣੇ ਢਾਬੇ, ਹੋਟਲ ਅਤੇ ਰੈਸਟੋਰੈਂਟ ਗਾਹਕਾਂ ਤੋਂ ਬਹੁਤ ਉੱਚੇ ਦਾਮ ਲੈ ਰਹੇ ਹਨ ਅਤੇ ਇਕ ਤਰ੍ਹਾਂ ਨਾਲ ਲੁੱਟ ਮਚਾਈ ਹੋਈ ਹੈ। ਚਾਹ ਦਾ ਕੱਪ ਸਟੈਂਡਰਡ 200 ਐਮ.ਐਲ. ਦੀ ਥਾਂ 'ਤੇ ਡਿਸਪੋਜ਼ਲ ਕੱਪ ਸਿਰਫ਼ 100 ਐਮ.ਐਲ. ਦਾ 20 ਰੁਪਏ ਦਾ, ਪਰੌਂਠਾ 20 ਰੁਪਏ ਵਾਲਾ 50 ਰੁਪਏ 'ਚ, ਮੱਖਣ ਟਿੱਕੀ 10 ਵਾਲੀ 20 ਰੁਪਏ ਦੀ ਅਤੇ ਮਿਨਰਲ ਪਾਣੀ 15 ਰੁਪਏ ਵਾਲਾ 30 ਰੁਪਏ 'ਚ ਵੇਚ ਕੇ ਪੜ੍ਹੇ-ਲਿਖੇ ਗਾਹਕਾਂ ਨੂੰ ਗੁੰਮਰਾਹ ਕਰਦੇ ਹਨ। ਸੋ, ਸਰਕਾਰ ਅਤੇ ਸੰਬੰਧਿਤ ਅਫ਼ਸਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਲੁੱਟ-ਖਸੁੱਟ ਨੂੰ ਬੰਦ ਕੀਤਾ ਜਾਵੇ ਅਤੇ ਸਾਰੀਆਂ ਦੁਕਾਨਾਂ 'ਤੇ ਰੇਟ ਲਿਸਟ ਲਗਾਉਣੀ ਲਾਜ਼ਮੀ ਕੀਤੀ ਜਾਵੇ ਅਤੇ ਸਖ਼ਤੀ ਵਰਤਦੇ ਹੋਏ ਗਾਹਕਾਂ ਦੀ ਜਾਣਕਾਰੀ ਲਈ ਕਦਮ ਚੁੱਕੇਜਾਣ ਤਾਂ ਜੋ ਗਾਹਕਾਂ ਦੀ ਲੁੱਟ ਬੰਦ ਹੋ ਸਕੇ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਰਿਟਾ.) ਮੋਗਾ।

29-08-2022

 ਸਰਕਾਰਾਂ ਨੂੰ ਅਪੀਲ
ਮੀਰਾਬਾਈ ਚਾਨੂੰ (ਅਜੀਤ ਖੇਡ ਜਗਤ 10 ਅਗਸਤ, 2022) ਨੇ ਵੇਟਲਿਫ਼ਟਿੰਗ ਵਿਚ ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿਚ ਸੋਨ ਤਗਮਾ ਜਿੱਤ ਕੇ ਸਾਰੇ ਸੰਸਾਰ ਵਿਚ ਮਨੀਪੁਰ ਰਾਜ ਦਾ ਨਾਂਅ ਉੱਚਾ ਕੀਤਾ ਹੈ। ਮਨੀਪੁਰ ਦੇ ਮੁੱਖ ਮੰਤਰੀ ਐਨ. ਬਾਈਰਿੰਗ ਸਿੰਘ, ਮੀਰਾ ਬਾਈ ਚਾਨੂੰ ਨੂੰ ਮਨੀਪੁਰ ਰਾਜ ਵਿਚ ਸੁਪਰਡੈਂਟ ਪੁਲਿਸ ਪ੍ਰਮੋਟ ਕਰਨ ਤੇ ਮਨੀਪੁਰ ਦੀ ਰਾਜਧਾਨੀ ਇੰਫਾਲ ਵਿਖੇ ਦਸ ਮਰਲੇ ਦਾ ਪਲਾਟ ਮੁਫ਼ਤ ਅਲਾਟ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੀ ਹੋਣਹਾਰ ਧੀ ਹਰਜਿੰਦਰ ਕੌਰ ਪਿੰਡ ਮੈਹਸ ਨਾਤੇ ਨੇ ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿਚ ਵੇਟਲਿਫ਼ਟਿੰਗ ਦੇ ਈਵੈਂਟ ਵਿਚ ਕਾਂਸੀ ਤਗਮਾ ਜਿੱਤ ਕੇ ਸਾਰੇ ਸੰਸਾਰ ਵਿਚ ਪਿੰਡ ਮੈਹਸ ਦਾ ਨਾਂਅ ਤੇ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਪੰਜਾਬ ਪੁਲਿਸ ਵਿਚ ਬਤੌਰ ਡੀ.ਐਸ.ਪੀ. ਨਿਯੁਕਤ ਕਰਨ ਤੇ ਨਾਭੇ ਵਿਖੇ ਉਸ ਨੂੰ ਦਸ ਮਰਲੇ ਦਾ ਪਲਾਟ ਅਲਾਟ ਕਰਨ।


-ਨਰਿੰਦਰ ਸਿੰਘ
3081-ਏ, ਸੈਕਟਰ 20ਡੀ, ਚੰਡੀਗੜ੍ਹ।


ਬਰਬਾਦੀ ਤੇ ਆਜ਼ਾਦੀ
7 ਅਗਸਤ, 2022 ਨੂੰ 'ਅਜੀਤ' ਮੈਗਜ਼ੀਨ ਵਿਚਲੇ ਲੇਖ 'ਨਹੀਂ ਭੁਲਾਇਆ ਜਾ ਸਕਦਾ ਬਟਵਾਰੇ ਦਾ ਦਰਦ' ਵਿਚ ਸ: ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਦੱਸਦੇ ਹਨ ਕਿ ਆਜ਼ਾਦੀ ਵੇਲੇ ਜਦੋਂ ਭਾਰਤ ਵੰਡਿਆ ਗਿਆ ਤਾਂ ਖ਼ੁਸ਼ਹਾਲ ਸੂਬੇ ਪੰਜਾਬ ਅੰਦਰ ਖ਼ੂਨ ਦੀਆਂ ਵਹਿੰਦੀਆਂ ਨਦੀਆਂ ਅੱਖੀਂ ਵੇਖੀਆਂ। ਸਕੂਲ ਪੜ੍ਹਦਾ ਸਾਂ ਤੇ ਉਹ ਭਿਆਨਕ ਸੀਨ ਭੁੱਲ ਨਹੀਂ ਸਕਦਾ ਜਦੋਂ 11-12 ਮਾਰਚ ਨੂੰ ਪਿੰਡ ਡੁਡਿਆਲ 'ਤੇ ਹਮਲੇ ਦਾ ਸਿੱਖ ਨੌਜਵਾਨਾਂ ਨੇ ਮੁਕਾਬਲਾ ਕੀਤਾ ਅਤੇ 13 ਮਾਰਚ ਨੂੰ ਸਾਰੇ ਪਿੰਡ ਨੂੰ ਅੱਗ ਲਗਾ ਦਿੱਤੀ।
1947 ਦੀ ਵੰਡ 'ਤੇ ਸ: ਸਾਧੂ ਸਿੰਘ ਹਮਦਰਦ ਦੀ ਕਿਤਾਬ 'ਯਾਦ ਬਣੀ ਇਤਿਹਾਸ' ਦਾ ਹਵਾਲਾ ਦਿੰਦੇ ਹਨ ਕਿ ਕਿਵੇਂ ਸ: ਹਮਦਰਦ ਸਾਹਿਬ ਲਾਹੌਰ ਵਿਚ ਆਪਣਾ ਪਰਿਵਾਰ ਬਚਾ ਸਕੇ। ਉਸ ਸਮੇਂ 'ਅਜੀਤ' ਵਿਚ ਛਪੀ ਅਰਦਾਸ ਦਾ ਜ਼ਿਕਰ ਤਾਂ ਲੂੰ-ਕੰਡੇ ਖੜ੍ਹੇ ਕਰਦਾ ਹੈ। ਲੇਖਕ ਅਨੁਸਾਰ ਇਹ ਲੇਖ ਭਾਰਤ ਦੀ ਵੰਡ ਦੇ ਪਹਿਲੇ ਹਿੱਸੇ 'ਤੇ ਹੈ। ਦੂਸਰਾ ਹਿੱਸਾ ਹੋਰ ਵੀ ਦਰਦਨਾਕ ਹੈ ਜੋ 15 ਅਗਸਤ, 1947 ਤੋਂ ਆਰੰਭ ਹੁੰਦਾ ਹੈ, ਜਦੋਂ ਪਾਕਿਸਤਾਨ ਕਾਇਮ ਹੋ ਗਿਆ। ਰੱਜੇ-ਪੁੱਜੇ ਲੋਕ ਖ਼ਾਕਸਾਰ ਹੋ ਗਏ। ਕਹਿੰਦੇ ਪਟਿਆਲਾ ਪੁੱਜੇ ਤਾਂ ਪਿਤਾ ਜੀ ਕੋਲ ਕੇਵਲ 300 ਰੁਪਏ ਸਨ ਤੇ ਮੈਂ ਵੀ ਇਕ ਸਾਲ ਮਜ਼ਦੂਰੀ ਕੀਤੀ। ਇਸੇ ਮੈਗਜ਼ੀਨ ਵਿਚ ਡਾ. ਗੁਰਦੇਵ ਸਿੰਘ ਸਿੱਧੂ ਵਲੋਂ 'ਘੋਰ ਅੰਧਕਾਰ ਵਿਚ ਵੀ ਟਿਮਟਿਮਾਉਂਦੇ ਰਹੇ ਕੁਝ ਜੁਗਨੂੰ', ਸ: ਅਮਰਜੀਤ ਸਿੰਘ ਹੇਅਰ ਵਲੋਂ 'ਕੀ ਹਿੰਦੁਸਤਾਨ ਦੀ ਵੰਡ ਜ਼ਰੂਰੀ ਸੀ?' ਅਤੇ ਸ: ਗੁਰਭਜਨ ਸਿੰਘ ਗਿੱਲ ਵਲੋਂ 'ਪੰਜਾਬੀ ਕਵਿਤਾ ਵਿਚ ਵੰਡ ਦਾ ਦਰਦਨਾਮਾ' ਵੀ ਇਨਸਾਨੀਅਤ ਦੇ ਹੋਏ ਘਾਣ ਦੇ ਦੁੱਖਾਂ ਭਰੇ ਇਤਿਹਾਸ ਨੂੰ ਸਾਂਝਾ ਕਰਦੇ ਹਨ।


-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।


ਅੱਤਵਾਦ ਖ਼ਿਲਾਫ਼ ਸਖ਼ਤੀ ਜ਼ਰੂਰੀ
ਭਾਵੇਂ ਅੱਤਵਾਦ ਨਾਲ ਲੜਨ ਦੇ ਅਮਰੀਕੀ ਤੌਰ-ਤਰੀਕਿਆਂ ਅਤੇ ਉਸ ਦੀਆਂ ਨੀਤੀਆਂ ਦੀ ਨੁਕਤਾਚੀਨੀ ਕੀਤੀ ਜਾਵੇ ਪਰ ਅਮਰੀਕਾ ਦੀ ਚੌਕਸੀ ਅਤੇ ਸਖ਼ਤੀ ਦਾ ਨਤੀਜਾ ਹੈ ਕਿ ਗਿਆਰਾਂ ਸਤੰਬਰ ਦੇ ਅੱਤਵਾਦੀ ਹਮਲੇ ਤੋਂ ਬਾਅਦ ਉਸ ਨੇ ਆਪਣੀ ਜ਼ਮੀਨ 'ਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਹੁਣ ਅਲਕਾਇਦਾ ਦੇ ਮੁਖੀ ਅਲ ਜਵਾਹਰੀ ਓਸਾਮਾ ਨੂੰ ਮਾਰ ਕੇ ਅਮਰੀਕਾ ਨੇ ਇਹ ਸਬਕ ਸਿਖਾ ਦਿੱਤਾ ਹੈ ਕਿ ਸਾਡੀ ਜ਼ਮੀਨ 'ਚ ਅੱਤਵਾਦੀ ਲਈ ਕੋਈ ਥਾਂ ਨਹੀਂ। ਇਸ ਤੋਂ ਪਹਿਲਾਂ ਬਿਨ ਲਾਦੇਨ ਨੂੰ ਵੀ ਮਾਰ ਦਿੱਤਾ ਸੀ।
ਦੇਸ਼ ਦੇ ਨਾਗਰਿਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਆਪਣੇ ਮੁਢਲੇ ਫ਼ਰਜ਼ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਅਮਰੀਕੀ ਪ੍ਰਸ਼ਾਸਨ ਨੇ ਸਿੱਧ ਕੀਤਾ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਪ੍ਰਤੀ ਸੱਚਾ ਤੇ ਇਮਾਨਦਾਰ ਹੈ। ਭਾਰਤ ਨੂੰ ਵੀ ਅੱਤਵਾਦੀਆਂ ਵਿਰੁੱਧ ਅਮਰੀਕਾ ਵਾਂਗੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਗੱਲ ਉਜਾੜੇ ਦੀ

ਜਦ 1947 ਵੇਲੇ ਵੰਡ ਹੋਈ, ਸਾਡੇ ਦਾਦੇ-ਪੜਦਾਦੇ, ਹੋਰ ਵੀ ਅਨੇਕ ਲੋਕ ਉੱਜੜ ਕੇ ਪੰਜਾਬ ਆ ਵਸੇ। ਜਿਨ੍ਹਾਂ ਦੀਆਂ ਓਧਰ ਉੱਚੀਆਂ ਹਵੇਲੀਆਂ, ਪੱਕੇ ਮਕਾਨ ਸਨ, ਹਜ਼ਾਰਾਂ ਏਕੜ ਵਾਹੀਯੋਗ ਕਿੱਲਿਆਂ ਦੇ ਮਾਲਕ ਸਨ, ਉਨ੍ਹਾਂ ਨੂੰ ਏਧਰ ਕਾਟ ਲਾ ਕੇ ਕੁਝ ਕੁ ਹਿੱਸਾ ਹੀ ਅਲਾਟ ਹੋਇਆ। ਪੱਕਿਆਂ ਤੇ ਕੱਚਿਆਂ ਦਾ ਸਫ਼ਰ ਤਾਂ ਕੁਝ ਦਿਨਾਂ ਦਾ ਸੀ ਪਰ ਕੱਚਿਆਂ ਤੋਂ ਪੱਕੇ ਘਰ ਕਰਦੇ-ਕਰਦੇ ਉਨ੍ਹਾਂ ਦੀਆਂ ਉਮਰਾਂ ਬੀਤ ਗਈਆਂ। ਜਿਨ੍ਹਾਂ ਦੀ ਉਮਰ ਹੱਸਣ ਖੇਡਣ ਦੀ ਸੀ, ਉਨ੍ਹਾਂ ਸਖ਼ਤ ਮਿਹਨਤਾਂ ਕਰ ਕੇ ਖਾਲੀ ਅਤੇ ਬੰਜਰ ਪਈਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ। ਜ਼ਮੀਨਾਂ ਨੂੰ ਸੋਨਾ ਪੈਦਾ ਕਰਨ ਉੱਤੇ ਲਾਇਆ। ਅਸੀਂ ਉਹ ਉਜੜੇ ਹੋਏ ਲੋਕ ਸੀ, ਜਿਨ੍ਹਾਂ ਨੂੰ ਕੁਝ ਵੀ ਬਣਿਆ-ਬਣਾਇਆ ਨਹੀਂ ਸੀ ਮਿਲਿਆ। ਮੈਂ ਕਦੇ ਵੀ ਪਾਕਿਸਤਾਨ ਜਾਂ ਲਾਹੌਰ ਆਪਣੇ ਜੱਦੀ ਪਿੰਡ ਨਹੀਂ ਗਿਆ ਪਰ ਜਦੋਂ ਵੀ ਲਾਹੌਰ ਬਾਰੇ ਕੋਈ ਚਰਚਾ ਛਿੜਦੀ ਹੈ ਇਕ ਖਿੱਚ, ਚੀਸ ਜਿਹੀ ਪੈਂਦੀ ਹੈ। ਮਹਿਸੂਸ ਕਰੋ ਜਿਹੜੇ ਉੱਥੇ ਖੇਡੇ, ਜੰਮੇ-ਪਲੇ ਸੀ, ਉਨ੍ਹਾਂ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੋਵੇਗਾ? ਚੀਸ ਪੈਣ ਦਾ ਇਕ ਕਾਰਨ ਸਾਡੀਆਂ ਜੜ੍ਹਾਂ ਲਾਹੌਰ ਵਿਚ ਹਨ। ਹੁਣ ਉਹੀ ਕੰਮ ਦੁਬਾਰਾ ਚੱਲ ਪਿਆ ਹੈ। ਪਹਿਲਾਂ ਸਮੇਂ ਦੀਆਂ ਸਰਕਾਰਾਂ ਨੇ ਧੱਕੇ ਨਾਲ ਸਾਨੂੰ ਉਜਾੜਿਆ, ਹੁਣ ਅਸੀਂ ਖ਼ੁਦ ਕੋਲੋਂ ਪੈਸੇ ਲਾ ਕੇ ਉੱਜੜ ਰਹੇ ਹਾਂ। ਵਕਤ ਨੇ ਐਸਾ ਵਖ਼ਤ ਪਾਇਆ ਨਾ ਚਾਹੁੰਦੇ ਹੋਏ ਵੀ ਅਸੀਂ ਉੱਜੜ ਰਹੇ ਹਾਂ। ਬੱਚਿਆਂ ਦੇ ਚੰਗੇ ਭਵਿੱਖ ਬਣਾਉਣ ਖ਼ਾਤਰ ਮਾਂ-ਬਾਪ ਆਪਣੀ ਸਾਰੀ ਉਮਰ ਦੀ ਕੀਤੀ ਕਮਾਈ ਅਤੇ ਉਨ੍ਹਾਂ ਦੇ ਪੁਰਖਿਆਂ ਦੀਆਂ ਨਿਸ਼ਾਨੀਆਂ ਵੇਚ ਕੇ ਵਲੈਤ ਵਿਚ ਮੁੜ-ਵਸੇਬਾ ਕਰ ਰਹੇ ਹਾਂ। ਗੱਲ ਉਜਾੜੇ ਦੀ ਹੀ ਹੈ ਉਹ ਭਾਵੇਂ 1947 ਵੇਲੇ ਦੀ ਹੋਵੇ ਜਾਂ ਹੁਣ ਦੀ। ਹੁਣ ਸਿਰਫ਼ ਬਾਤਾਂ ਹੀ ਹਨ, ਜਿਹੜੇ ਆਉਣ ਵਾਲੇ ਸਮੇਂ ਵਿਚ ਏਧਰੋਂ ਉੱਜੜੇ ਦਾਦੇ-ਦਾਦੀਆਂ ਆਪਣੇ ਪੋਤੇ-ਪੋਤੀਆਂ ਨੂੰ ਸੁਣਾਇਆ ਕਰਨਗੇ ਕਿ ਕਿੰਝ ਤੇ ਕਿਹੜੇ ਹਾਲਾਤ ਵਿਚ ਅਸੀਂ ਪੰਜਾਬ ਤੋਂ ਆਏ ਸੀ।


-ਜਗਜੀਤ ਸੰਧੂ
ਮੋਬਾਈਲ : 88722-00594


ਨੌਜਵਾਨ ਤੇ ਕਿਤਾਬਾਂ
ਸਾਡੀ ਨੌਜਵਾਨ ਪੀੜ੍ਹੀ ਇਤਿਹਾਸ, ਸੂਰਬੀਰ, ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਿਲਕੁਲ ਅਣਜਾਣ ਮੋਬਾਈਲ ਦੀ ਦੁਨੀਆ 'ਚ ਗਵਾਚ ਕੇ ਮਨੋਰੋਗੀ ਹੋ ਗਈ ਹੈ। ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਹੈ ਜਦੋਂ ਕਿ ਜ਼ਿਆਦਾਤਰ ਬੱਚੇ ਉਹ ਹੀ ਆਈ.ਪੀ.ਐਸ., ਆਈ.ਏ.ਐਸ. ਬਣਦੇ ਹਨ ਜੋ ਰੋਜ਼ਾਨਾ ਅਖ਼ਬਾਰਾਂ ਤੇ ਕਿਤਾਬਾਂ ਪੜ੍ਹਦੇ ਹਨ। ਇਸ ਲਈ ਸਕੂਲ ਪੱਧਰ 'ਤੇ ਹੀ ਬੱਚਿਆਂ ਨੂੰ ਕਿਤਾਬਾਂ, ਅਖ਼ਬਾਰਾਂ ਪੜ੍ਹਨ ਦੀ ਚੇਟਕ ਪਾਉਣੀ ਚਾਹੀਦੀ ਹੈ। ਬਾਕਾਇਦਾ ਲਾਇਬ੍ਰੇਰੀ ਦੇ ਪੀਰੀਅਡ ਲੱਗਣੇ ਚਾਹੀਦੇ ਹਨ ਤਾਂ ਜੋ ਬੱਚੇ ਲਾਇਬ੍ਰੇਰੀ ਵਿਚ ਅਖ਼ਬਾਰਾਂ ਤੇ ਕਿਤਾਬਾਂ ਪੜ੍ਹ ਆਮ ਗਿਆਨ ਪ੍ਰਾਪਤ ਕਰ ਸਕਣ। ਸਕੂਲ ਪੱਧਰ 'ਤੇ ਬਾਲ ਸਭਾ ਲਗਾ ਬੱਚਿਆਂ ਨੂੰ ਆਪਣੇ ਸੂਰਬੀਰਾਂ, ਮਹਾਂਪੁਰਸ਼ਾਂ, ਗੁਰੂਆਂ, ਪੀਰਾਂ, ਲੇਖਕਾਂ ਦੀਆਂ ਕਹਾਣੀਆਂ, ਗੀਤ ਲਿਖ ਪੜ੍ਹਾਉਣੇ ਚਾਹੀਦੇ ਹਨ। ਸਵੇਰੇ ਪ੍ਰਾਰਥਨਾ ਵੇਲੇ ਰੋਜ਼ਾਨਾ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਾਉਣੀਆਂ ਚਾਹੀਦੀਆਂ ਹਨ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

26-08-2022

 ਪੰਜਾਬੀਆਂ 'ਚ ਖ਼ੂਨ ਦੀ ਘਾਟ ਚਿੰਤਾ ਦਾ ਵਿਸ਼ਾ

ਪੰਜਾਬ ਆਪੋ-ਆਪਣੀ ਸਿਹਤ ਨੂੰ ਬਹੁਤ ਵਧੀਆ ਦੱਸ ਕੇ ਖੁਸ਼ ਰਹਿਣ ਵਾਲੇ ਲੋਕ ਹਨ। ਕਾਗਜ਼ਾਂ 'ਚ ਭਾਵੇਂ ਇਥੇ ਦੁੱਧ ਘਿਓ ਦੀਆਂ ਨਦੀਆਂ ਵਗਦੀਆਂ ਹਨ ਅਤੇ ਖੁਰਾਕ ਵਲੋਂ ਕੋਈ ਤੋਟ ਨਹੀਂ ਹੈ। ਪਰ ਸੱਚਾਈ ਕੁਝ ਹੋਰ ਹੀ ਬਿਆਨ ਕਰਦੀ ਹੈ। ਅਜਿਹੇ ਤੱਥ ਸਾਹਮਣੇ ਆਏ ਹਨ ਜੋ ਚਿੰਤਾ 'ਚ ਪਾਉਣ ਲਈ ਕਾਫ਼ੀ ਹਨ। ਪੰਜਾਬ ਦੇ ਪਿੰਡਾਂ 'ਚ ਰਹਿ ਰਹੇ ਪੰਜਾਬੀਆਂ 'ਚ ਖ਼ੂਨ ਦੀ ਕਮੀ ਦੀ ਗੰਭੀਰ ਸਮੱਸਿਆ ਪਾਈ ਜਾ ਰਹੀ ਹੈ, ਜ਼ਿਆਦਾਤਰ ਗਰਭਵਤੀ ਔਰਤਾਂ ਖੂਨ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ ਜੋ ਕਿ ਆਉਣ ਵਾਲੀ ਨਸਲ ਲਈ ਬਹੁਤ ਘਾਤਕ ਹੈ। ਆਦਮੀਆਂ 'ਚ ਵੀ ਖ਼ੂਨ ਦੀ ਘਾਟ ਇਸ ਕਰਕੇ ਹੈ ਕਿ ਵਧੀਆ ਖੁਰਾਕ ਨਾ ਮਿਲਣਾ, ਸੋ ਸਿਰਫ਼ ਖਾਣ-ਪੀਣ ਦਾ ਹੀ ਸਵਾਲ ਨਹੀਂ ਹੈ। ਸਗੋਂ ਪੌਸ਼ਟਿਕ ਖੁਰਾਕ, ਖਣਿਜ ਤੱਤਾਂ ਦੀ ਕਮੀ। ਭਾਵੇਂ ਡਾਕਟਰ ਖ਼ੂਨ ਦੀ ਘਾਟ ਤੋਂ ਬਚਣ ਲਈ ਚੰਗੀ ਪੌਸ਼ਟਿਕ ਖੁਰਾਕ, ਮੌਸੰਮੀ ਫਲ, ਦੁੱਧ ਦੀਆਂ ਬਣੀਆਂ ਚੀਜ਼ਾਂ, ਹਰੀਆਂ ਸਬਜ਼ੀਆਂ ਖਾਣ ਲਈ ਸੁਝਾਅ ਦਿੰਦੇ ਹਨ, ਪਰ ਲੋਕਾਂ ਦੀ ਲਗਾਤਾਰ ਘਟ ਰਹੀ ਆਮਦਨ ਨੇ ਵੀ ਪੰਜਾਬੀਆਂ ਨੂੰ ਦਰੜਿਆ ਹੈ। ਸਰਕਾਰ ਨੂੰ ਲੋਕਾਂ ਲਈ ਵਧੀਆ ਖੁਰਾਕ ਪ੍ਰਬੰਧ ਕਰਨਾ ਚਾਹੀਦਾ ਹੈ। ਮਹਿੰਗਾਈ ਦੀ ਮਾਰ ਤੋਂ ਵੀ ਲੋਕਾਂ ਨੂੰ ਸਰਕਾਰ ਹੀ ਬਚਾ ਸਕਦੀ ਹੈ ਤਾਂ ਕਿ ਲੋਕ ਵਧੀਆ ਸਸਤੀਆਂ ਚੀਜ਼ਾਂ ਖ਼ਰੀਦ ਕੇ ਆਪਣੀ ਸਿਹਤ ਨੂੰ ਤੰਦਰੁਸਤ ਕਰ ਸਕਣ ਅਤੇ ਖ਼ੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

-ਪ੍ਰਸ਼ੋਤਮ ਪੱਤੋ, ਮੋਗਾ।

ਔਰਤਾਂ ਨੂੰ ਦਿੱਤੀ ਜਾਵੇ ਮੁਫ਼ਤ ਸਿੱਖਿਆ

ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦੇ ਕੇ ਔਰਤਾਂ ਦੇ ਮਾਣ-ਸਨਮਾਨ ਨੂੰ ਵਧਾਇਆ ਹੋਇਆ ਹੈ। ਜੇਕਰ ਮੁਫ਼ਤ ਸਫ਼ਰ ਦੀ ਗੱਲ ਕਰੀਏ ਤਾਂ ਕੁਝ ਲੋਕ ਇਸ ਨੂੰ ਸਹੀ ਤੇ ਕੁਝ ਗ਼ਲਤ ਫ਼ੈਸਲਾ ਦੱਸਦੇ ਹਨ, ਪਰ ਮੁੱਖ ਮੰਤਰੀ ਪੰਜਾਬ ਵਲੋਂ ਅਜਿਹਾ ਫ਼ੈਸਲਾ ਲਾਗੂ ਕਰਕੇ ਜਿਥੇ ਔਰਤਾਂ ਨੂੰ ਭਾਰੀ ਰਾਹਤ ਦਿੱਤੀ ਹੋਈ ਹੈ, ਉਥੇ ਹੀ ਪੰਜਾਬ ਰੋਡਵੇਜ਼ ਦੀ ਆਮਦਨ ਵਿਚ ਵੀ ਵਾਧਾ ਕੀਤਾ ਹੈ। ਹੁਣ ਪੰਜਾਬ ਦੀਆਂ ਔਰਤਾਂ ਦੀ ਇਕ ਹੋਰ ਮੰਗ ਹੈ ਜਿਸ ਦਾ ਇਕ ਵੀ ਵਿਅਕਤੀ ਵਿਰੋਧ ਨਹੀਂ ਕਰੇਗਾ। ਹਰੇਕ ਵਿਅਕਤੀ ਇਹ ਚਾਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਔਰਤਾਂ ਦੀ ਭਲਾਈ ਲਈ ਇਹ ਸਕੀਮ ਜਲਦੀ ਤੋਂ ਜਲਦੀ ਲਾਗੂ ਕਰਨੀ ਚਾਹੀਦੀ ਹੈ। ਇਹ ਸਕੀਮ ਹੈ ਹਰੇਕ ਔਰਤ ਕਿਸੇ ਵੀ ਉਮਰ ਜਾਤੀ ਦੀ ਹੋਵੇ, ਉਸ ਨੂੰ ਮੁਫ਼ਤ ਸਫਰ ਦੀ ਤਰ੍ਹਾਂ ਮੁਫ਼ਤ ਪੜ੍ਹਾਈ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਇਸ ਲਈ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਇਸ ਵਿਚ ਕਿਹੜੀ ਜਮਾਤ/ਕੋਰਸ ਹੋਣਗੇ। ਉਹ ਆਪਣੀ ਯੋਗਤਾ ਅਨੁਸਾਰ ਜਿਸ ਵੀ ਖੇਤਰ ਵਿਚ ਜਾਣਾ ਚਾਹੁੰਦੀ ਹੋਵੇ, ਉਸ 'ਚ ਜਾ ਸਕਦੀ ਹੈ। ਜੇਕਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਜਾਣ ਤੋਂ ਗੁਰੇਜ਼ ਕਰਨ ਤਾਂ ਮੌਜੂਦਾ ਸਰਕਾਰ ਨੂੰ ਇਹ ਸਕੀਮ ਜਲਦ ਤੋਂ ਜਲਦ ਲਾਗੂ ਕਰਨੀ ਪਵੇਗੀ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਪੁਰਾਣੇ ਪੰਜਾਬ ਦੀ ਇਕ ਝਾਤ

ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' (21 ਅਗਸਤ) 'ਚ ਤੀਰਥ ਸਿੰਘ ਢਿੱਲੋਂ ਦਾ ਲੇਖ 'ਅਲੋਪ ਹੋ ਰਹੀ ਪੰਜਾਬੀ ਰਹਿਤਲ' ਪੜ੍ਹਿਆ ਤਾਂ ਇਹ ਲੇਖ ਪੜ੍ਹ ਕੇ ਪੰਜਾਬ ਦੇ ਉਸ ਪੁਰਾਣੇ ਸਮੇਂ ਦੀ ਤਸਵੀਰ ਆਪ ਮੁਹਾਰੇ ਅੱਖਾਂ ਸਾਹਵੇਂ ਆ ਜਾਂਦੀ ਹੈ। ਆਧੁਨਿਕਤਾ ਦੀ ਦੌੜ ਵਿਚ ਪੰਜਾਬੀ ਭਾਵੇਂ ਪੁਰਾਣੀਆਂ ਰਵਾਇਤਾਂ ਛੱਡ ਗਏ। ਪਰ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਲਈ ਉਨ੍ਹਾਂ ਦੀਆਂ ਇਹ ਰਵਾਇਤਾਂ ਹੀ ਸਭ ਕੁਝ ਸਨ। ਇਸ ਲਈ ਉਹ ਜਦੋਂ ਬੀਤੇ ਵਕਤ ਦੀਆਂ ਗੱਲਾਂ ਕਰਦੇ ਹਨ ਤਾਂ ਅਜੀਬ ਜਿਹੀ ਖੁਸ਼ੀ ਚਿਹਰਿਆਂ 'ਤੇ ਆਪ ਮੁਹਾਰੇ ਆ ਜਾਂਦੀ ਹੈ ਅਤੇ ਧਿਆਨ ਨਾਲ ਸੁਣਨ ਵਾਲਿਆਂ ਲਈ ਵੀ ਉਹ ਗੱਲਾਂ ਬਿਲਕੁਲ ਪਰੀ ਕਹਾਣੀਆਂ ਵਰਗੀਆਂ ਹੁੰਦੀਆਂ ਹਨ। ਤੀਰਥ ਸਿੰਘ ਢਿੱਲੋਂ ਨੇ ਬਾਜ਼ੀਆਂ, ਫ਼ਸਲਾਂ ਦੀਆਂ ਵਾਢੀਆਂ, ਦੇਸੀ ਖੇਡਾਂ, ਕੁੜੀਆਂ-ਚਿੜੀਆਂ ਦੇ ਮੇਲ-ਮਿਲਾਪ, ਵਿਆਹਾਂ-ਸ਼ਾਦੀਆਂ ਵਿਚ ਸ਼ਰੀਕੇ ਦੇ ਸਹਿਯੋਗ ਅਤੇ ਸਾਧੂ-ਫਕੀਰਾਂ ਦੇ ਸਤਿਕਾਰ ਬਾਰੇ ਬੜੇ ਹੀ ਸੋਹਣੇ ਤਰੀਕੇ ਨਾਲ ਵਰਨਣ ਕੀਤਾ ਹੈ। ਪਰ ਅੱਜਕਲ੍ਹ ਤਰੱਕੀ ਦੇ ਨਾਲ-ਨਾਲ ਲੋਕਾਂ ਵਿਚ ਦੂਰੀਆਂ ਵੀ ਵਧ ਚੁੱਕੀਆਂ ਹਨ ਅਤੇ ਪੰਜਾਬੀ ਹੁਣ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਰਹੇ ਹਨ। ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾਉਂਦੇ ਇਸ ਸ਼ਾਹਕਾਰ ਲੇਖ ਲਈ ਤੀਰਥ ਸਿੰਘ ਢਿੱਲੋਂ ਅਤੇ 'ਅਜੀਤ' ਵਧਾਈ ਦੇ ਪਾਤਰ ਹਨ।

-ਲਖਵਿੰਦਰ ਜੌਹਲ 'ਧੱਲੇਕੇ'

25-08-2022

 ਖ਼ੂਨ ਦੇ ਰਿਸ਼ਤੇ
ਅੱਜਕਲ੍ਹ ਤਾਂ ਖੂਨ ਦੇ ਰਿਸ਼ਤੇ ਪਾਣੀ ਤੋਂ ਵੀ ਪਤਲੇ ਹੋ ਗਏ ਹਨ। ਪਹਿਲਾਂ ਲੋਕ ਭਾਵੇਂ ਅਨਪੜ੍ਹ ਸੀ ਪਰ ਖੂਨ ਦੇ ਰਿਸ਼ਤੇ ਹੋਣ ਜਾਂ ਕੋਈ ਦੂਰ ਦੀ ਸਾਂਝ ਹੋਵੇ, ਬੜੇ ਚਾਵਾਂ ਨਾਲ ਨਿਭਾਉਂਦੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਿਤੇ ਮਾਂ ਆਪਣੀ ਕੁੱਖੋਂ ਜਾਈ ਫੁੱਲਾਂ ਵਰਗੀ ਧੀ ਨੂੰ ਮਾਰ ਕੇ ਉਸ ਨੂੰ ਟਿਕਾਣੇ ਲਾਉਣ ਲਈ ਲਾਸ਼ ਨੂੰ ਚੁੱਕ ਕੇ ਕਈ ਘੰਟੇ ਗੇੜੇ ਕੱਢਦੀ ਰਹੀ, ਕਿਤੇ ਸਕੇ ਤਾਏ ਵਲੋਂ ਆਪਣੇ ਭਤੀਜੇ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਗਿਆ। ਆਖਿਰ ਲੋਕ ਆਪਣੇ ਪਿਆਰਿਆਂ ਨੂੰ ਏਨੀ ਬੇਰਹਿਮੀ ਨਾਲ ਕਿਵੇਂ ਖ਼ਤਮ ਕਰ ਦਿੰਦੇ ਹਨ? ਇਹ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ ਜਾਂ ਸੱਚਮੁੱਚ ਇਸੇ ਨੂੰ ਕਲਯੁੱਗ ਆਖਦੇ ਹਨ, ਕਿਉਂਕਿ ਲੋਕ ਇਨਸਾਨ ਤੋਂ ਸ਼ੈਤਾਨ ਬਣਨ ਲੱਗੇ ਭੋਰਾ ਨਹੀਂ ਸੋਚਦੇ। ਅੱਜਕਲ੍ਹ ਬੇਗਾਨਿਆਂ ਤੋਂ ਘੱਟ ਅਤੇ ਆਪਣਿਆਂ ਤੋਂ ਵੱਧ ਸੁਚੇਤ ਰਹਿਣ ਦੀ ਲੋੜ ਜਾਪਦੀ ਹੈ। ਕਿਸੇ ਦਾ ਹੱਸਦਾ-ਵੱਸਦਾ ਪਰਿਵਾਰ ਤੋੜਨ ਲੱਗੇ ਸਾਡੇ ਹੱਥ ਕਿਉਂ ਨਹੀਂ ਕੰਬਦੇ, ਸਾਡੀ ਜ਼ਮੀਰ ਮਰ ਗਈ ਹੈ, ਤਾਹੀਂ ਮੋਹ-ਪਿਆਰ ਖ਼ਤਮ ਹੋ ਗਏ ਹਨ। ਕਿਸੇ ਆਪਣੇ ਦਾ ਦਰਦ ਸਾਨੂੰ ਪਰਾਇਆ ਲਗਦਾ ਹੈ, ਰੱਬ ਦਾ ਅਤੇ ਜੱਗ ਦਾ ਡਰ ਤਾਂ ਜਿਵੇਂ ਅਲੋਪ ਹੀ ਹੋ ਗਿਆ ਹੈ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਸ਼ਰਮਨਾਕ ਘਟਨਾ
ਲੁਧਿਆਣਾ ਜ਼ਿਲ੍ਹੇ ਵਿਚ ਘਰੇਲੂ ਰੰਜਿਸ਼ ਦੇ ਚਲਦਿਆਂ ਤਾਏ ਵਲੋਂ ਹੀ ਭਤੀਜੇ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੀ ਘਟਨਾ ਨੇ, ਜਿਥੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ, ਉਥੇ ਹੀ ਅਜੋਕੇ ਸਮੇਂ ਵਿਚ ਰਿਸ਼ਤਿਆਂ ਵਿਚ ਘਟਦੇ ਪਿਆਰ ਅਤੇ ਵਧਦੀ ਕੁੜੱਤਣ ਦੀ ਤਸਵੀਰ ਪੇਸ਼ ਹੋਈ ਹੈ ਜੋ ਕਿ ਸਮਾਜ ਲਈ ਇਕ ਨਵੀਂ ਚੁਣੌਤੀ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਹੈ। ਕਰੀਬੀ ਅਤੇ ਨੇੜੇ ਦੇ ਰਿਸ਼ਤੇਦਾਰਾਂ ਦੁਆਰਾ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ 'ਤੇ ਕੀਤੇ ਜ਼ੁਲਮ ਕਿਸੇ ਤੋਂ ਲੁਕੇ ਨਹੀਂ ਹਨ ਪਰ ਜ਼ਰ, ਜ਼ੋਰੂ ਅਤੇ ਜ਼ਮੀਨ ਦੀ ਖ਼ਾਤਰ ਆਪਣਿਆਂ ਵਲੋਂ ਹੀ ਆਪਣੇ ਖ਼ੂਨ ਤੇ ਵਧਦੀਆਂ ਹਿੰਸਕ ਘਟਨਾਵਾਂ ਨੇ ਰਿਸ਼ਤਿਆਂ ਵਿਚ ਪੈ ਰਹੀ ਦਰਾਰ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਕੇ ਸਰਕਾਰ, ਬੁੱਧੀਜੀਵੀਆਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਚਿੰਤਾ ਵਿਚ ਪਾ ਕੇ ਚਿੰਤਨ ਕਰਨ ਲਈ ਮਜਬੂਰ ਕਰ ਦਿੱਤਾ ਹੈ ਕਿ ਰਿਸ਼ਤਿਆਂ ਵਿਚ ਵਧ ਰਹੇ ਟਕਰਾਅ ਨੂੰ ਕਿਵੇਂ ਠੱਲ੍ਹ ਪਾਈ ਜਾਵੇ। ਹਰ ਇਕ ਵਿਅਕਤੀ ਨੂੰ ਸੁਚੇਤ ਰਹਿੰਦੇ ਹੋਏ ਇਸ ਦੇ ਸੁਚਾਰੂ ਹੱਲ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਰਿਸ਼ਤਿਆਂ ਵਿਚ ਘਟ ਰਹੇ ਪਿਆਰ ਅਤੇ ਵਧ ਰਹੀ ਕੁੜੱਤਣ ਨੂੰ ਰੋਕ ਕੇ ਇਕ ਚੰਗੇ ਪਰਿਵਾਰ, ਚੰਗੇ ਗੁਆਂਢ ਅਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਸਰਕਾਰ ਧਿਆਨ ਦੇਵੇ
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਕਰੀਬ ਪੰਜ ਮਹੀਨੇ ਹੋ ਗਏ ਹਨ। ਇਸ ਦੌਰਾਨ ਸਰਕਾਰ ਨੇ ਕਈ ਅਹਿਮ ਫ਼ੈਸਲੇ ਵੀ ਲਏ ਹਨ ਅਤੇ ਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਲਾਗੂ ਵੀ ਕੀਤਾ ਹੈ ਪਰ ਇਨ੍ਹਾਂ ਦੇ ਕੀ ਨਤੀਜੇ ਆਉਂਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਥੇ ਮੈਂ ਇਕ ਪਿਛਲੀਆਂ ਸਰਕਾਰਾਂ ਵਲੋਂ ਗ਼ਰੀਬ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ 'ਤੇ ਚਲਾਈ ਸ਼ਗਨ ਸਕੀਮ ਵੱਲ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਜਿਸ ਵਿਚ ਕੁਝ ਰਕਮ ਸਰਕਾਰ ਵਲੋਂ ਮਾਪਿਆਂ ਨੂੰ ਦਿੱਤੀ ਜਾਂਦੀ ਹੈ। ਉਕਤ ਸਕੀਮ ਲੰਬੇ ਸਮੇਂ ਤੋਂ ਬੰਦ ਹੈ। ਕਈ ਬੇਟੀਆਂ ਦੇ ਵਿਆਹ ਪਿਛਲੇ ਸਾਲ ਹੋਏ ਹਨ ਅਤੇ ਇਸ ਸਾਲ ਵੀ, ਪਰ ਬਹੁਤ ਸਾਰੇ ਪਰਿਵਾਰਾਂ ਦੀਆਂ ਸਕੀਮ ਵਾਲੀਆਂ ਫਾਈਲਾਂ ਦਫ਼ਤਰਾਂ ਵਿਚ ਰੁਲ ਰਹੀਆਂ ਹਨ ਅਤੇ ਨਾ ਹੀ ਕੋਈ ਕਰਮਚਾਰੀ ਉਨ੍ਹਾਂ ਬਾਰੇ ਜਾਣਕਾਰੀ ਦਿੰਦਾ ਹੈ। ਸੋ, ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਕੀਮ ਰਾਹੀਂ ਮਿਲਣ ਵਾਲੀ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਗ਼ਰੀਬ ਪਰਿਵਾਰਾਂ ਦੀ ਕੁਝ ਸਹਾਇਤਾ ਹੋ ਸਕੇ।


-ਜਗਦੀਸ਼ ਪ੍ਰੀਤਮ
ਪਿੰਡ ਤੇ ਡਾਕ. ਠੱਠੀ ਭਾਈ (ਮੋਗਾ)।


ਸੋਹਣਾ ਕੌਣ?
ਇਸ ਕਥਨ ਵਿਚ ਸੌ ਗੁਣਾ ਸਚਾਈ ਹੈ ਕਿ ਅਸਲ ਸੋਹਣਾ ਉਹ ਹੁੰਦਾ ਹੈ ਜੋ ਸੋਹਣੇ ਕੰਮ ਕਰਦਾ ਹੈ। ਅਸਲ ਸੋਹਣਾ ਉਹ ਨਹੀਂ ਹੁੰਦਾ ਜਿਸ ਦੀ ਸ਼ਕਲ ਸੋਹਣੀ ਹੋਵੇ, ਸਗੋਂ ਉਹ ਹੁੰਦਾ ਹੈ, ਜਿਹੜਾ ਕਿ ਆਤਮਿਕ ਤੇ ਮਾਨਸਿਕ ਤੌਰ 'ਤੇ ਸੋਹਣਾ ਹੋਵੇ। ਅਸਲ ਸੋਹਣਾ ਬਣਨ ਲਈ ਮਨੁੱਖ ਨੂੰ ਆਪਣੇ ਅੰਦਰ ਕੁਝ ਆਤਮਿਕ ਤੇ ਮਾਨਸਿਕ ਗੁਣ ਪੈਦਾ ਕਰਨੇ ਚਾਹੀਦੇ ਹਨ। ਚੰਗੇ ਗੁਣਕਾਰੀ ਹੋਣਾ ਚਾਹੀਦਾ ਹੈ। ਮਨੁੱਖ ਦੇ ਸੋਹਣੇ ਕੰਮ ਉਸ ਦੀ ਨੇਕੀ ਭਰੇ ਆਲੇ-ਦੁਆਲੇ ਵਿਚ ਖ਼ੁਸ਼ੀ ਤੇ ਪ੍ਰੇਮ ਦਾ ਪਸਾਰ ਕਰਦੇ ਹਨ। ਉਸ ਦੇ ਹਰ ਕਾਰਜ ਵਿਚ ਚੰਗੇ ਗੁਣਾਂ ਦੀ ਮਹਿਕ ਆਉਂਦੀ ਹੈ। ਇਸ ਲਈ ਸੋਹਣਾ ਬੰਦਾ ਉਹ ਹੈ ਜੋ ਸੋਹਣਾ ਕਰੇ, ਜਿਸ ਦੇ ਕੰਮ ਸੋਹਣੇ ਹੋਣ। ਉਸੇ ਕੰਮ ਦੀ ਪ੍ਰਸੰਸਾ ਹੁੰਦੀ ਹੈ। ਸੋ, ਜਿਸ ਦੀ ਕੇਵਲ ਸ਼ਕਲ ਸੋਹਣੀ ਨਹੀਂ, ਉਸ ਦਾ ਕਿਰਦਾਰ ਸੋਹਣਾ ਹੋਣਾ ਚਾਹੀਦਾ ਹੈ।


-ਸਿਮਬਰਨ ਕੌਰ ਸਾਬਰੀ

23-08-2022

 ਅੱਤਵਾਦ ਖ਼ਿਲਾਫ਼ ਸਖ਼ਤੀ ਜ਼ਰੂਰੀ

ਭਾਵੇਂ ਅੱਤਵਾਦ ਨਾਲ ਲੜਨ ਦੇ ਅਮਰੀਕੀ ਤੌਰ-ਤਰੀਕਿਆਂ ਅਤੇ ਉਸ ਦੀਆਂ ਨੀਤੀਆਂ ਦੀ ਨੁਕਤਾਚੀਨੀ ਕੀਤੀ ਜਾਵੇ ਪਰ ਅਮਰੀਕਾ ਦੀ ਚੌਕਸੀ ਅਤੇ ਸਖ਼ਤੀ ਦਾ ਨਤੀਜਾ ਹੈ ਕਿ ਗਿਆਰਾਂ ਸਤੰਬਰ ਦੇ ਅੱਤਵਾਦੀ ਹਮਲੇ ਤੋਂ ਬਾਅਦ ਉਸ ਨੇ ਆਪਣੀ ਜ਼ਮੀਨ 'ਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਹੁਣ ਅਲਕਾਇਦਾ ਦੇ ਮੁਖੀ ਅਲ ਜਵਾਹਰੀ ਓਸਾਮਾ ਨੂੰ ਮਾਰ ਕੇ ਅਮਰੀਕਾ ਨੇ ਇਹ ਸਬਕ ਸਿਖਾ ਦਿੱਤਾ ਹੈ ਕਿ ਸਾਡੀ ਜ਼ਮੀਨ 'ਚ ਅੱਤਵਾਦੀ ਲਈ ਕੋਈ ਥਾਂ ਨਹੀਂ। ਇਸ ਤੋਂ ਪਹਿਲਾਂ ਬਿਨ ਲਾਦੇਨ ਨੂੰ ਵੀ ਮਾਰ ਦਿੱਤਾ ਸੀ।
ਦੇਸ਼ ਦੇ ਨਾਗਰਿਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਆਪਣੇ ਮੁਢਲੇ ਫ਼ਰਜ਼ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਅਮਰੀਕੀ ਪ੍ਰਸ਼ਾਸਨ ਨੇ ਸਿੱਧ ਕੀਤਾ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਪ੍ਰਤੀ ਸੱਚਾ ਤੇ ਇਮਾਨਦਾਰ ਹੈ। ਭਾਰਤ ਨੂੰ ਵੀ ਅੱਤਵਾਦੀਆਂ ਵਿਰੁੱਧ ਅਮਰੀਕਾ ਵਾਂਗੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਬਰਬਾਦੀ ਤੇ ਆਜ਼ਾਦੀ

7 ਅਗਸਤ, 2022 ਨੂੰ 'ਅਜੀਤ' ਮੈਗਜ਼ੀਨ ਵਿਚਲੇ ਲੇਖ 'ਨਹੀਂ ਭੁਲਾਇਆ ਜਾ ਸਕਦਾ ਬਟਵਾਰੇ ਦਾ ਦਰਦ' ਵਿਚ ਸ: ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਦੱਸਦੇ ਹਨ ਕਿ ਆਜ਼ਾਦੀ ਵੇਲੇ ਜਦੋਂ ਭਾਰਤ ਵੰਡਿਆ ਗਿਆ ਤਾਂ ਖ਼ੁਸ਼ਹਾਲ ਸੂਬੇ ਪੰਜਾਬ ਅੰਦਰ ਖ਼ੂਨ ਦੀਆਂ ਵਹਿੰਦੀਆਂ ਨਦੀਆਂ ਅੱਖੀਂ ਵੇਖੀਆਂ। ਸਕੂਲ ਪੜ੍ਹਦਾ ਸਾਂ ਤੇ ਉਹ ਭਿਆਨਕ ਸੀਨ ਭੁੱਲ ਨਹੀਂ ਸਕਦਾ ਜਦੋਂ 11-12 ਮਾਰਚ ਨੂੰ ਪਿੰਡ ਡੁਡਿਆਲ 'ਤੇ ਹਮਲੇ ਦਾ ਸਿੱਖ ਨੌਜਵਾਨਾਂ ਨੇ ਮੁਕਾਬਲਾ ਕੀਤਾ ਅਤੇ 13 ਮਾਰਚ ਨੂੰ ਸਾਰੇ ਪਿੰਡ ਨੂੰ ਅੱਗ ਲਗਾ ਦਿੱਤੀ। 1947 ਦੀ ਵੰਡ 'ਤੇ ਸ: ਸਾਧੂ ਸਿੰਘ ਹਮਦਰਦ ਦੀ ਕਿਤਾਬ 'ਯਾਦ ਬਣੀ ਇਤਿਹਾਸ' ਦਾ ਹਵਾਲਾ ਦਿੰਦੇ ਹਨ ਕਿ ਕਿਵੇਂ ਸ: ਹਮਦਰਦ ਸਾਹਿਬ ਲਾਹੌਰ ਵਿਚ ਆਪਣਾ ਪਰਿਵਾਰ ਬਚਾ ਸਕੇ। ਉਸ ਸਮੇਂ 'ਅਜੀਤ' ਵਿਚ ਛਪੀ ਅਰਦਾਸ ਦਾ ਜ਼ਿਕਰ ਤਾਂ ਲੂੰ-ਕੰਡੇ ਖੜ੍ਹੇ ਕਰਦਾ ਹੈ। ਲੇਖਕ ਅਨੁਸਾਰ ਇਹ ਲੇਖ ਭਾਰਤ ਦੀ ਵੰਡ ਦੇ ਪਹਿਲੇ ਹਿੱਸੇ 'ਤੇ ਹੈ। ਦੂਸਰਾ ਹਿੱਸਾ ਹੋਰ ਵੀ ਦਰਦਨਾਕ ਹੈ ਜੋ 15 ਅਗਸਤ, 1947 ਤੋਂ ਆਰੰਭ ਹੁੰਦਾ ਹੈ, ਜਦੋਂ ਪਾਕਿਸਤਾਨ ਕਾਇਮ ਹੋ ਗਿਆ। ਰੱਜੇ-ਪੁੱਜੇ ਲੋਕ ਖ਼ਾਕਸਾਰ ਹੋ ਗਏ। ਕਹਿੰਦੇ ਪਟਿਆਲਾ ਪੁੱਜੇ ਤਾਂ ਪਿਤਾ ਜੀ ਕੋਲ ਕੇਵਲ 300 ਰੁਪਏ ਸਨ ਤੇ ਮੈਂ ਵੀ ਇਕ ਸਾਲ ਮਜ਼ਦੂਰੀ ਕੀਤੀ। ਇਸੇ ਮੈਗਜ਼ੀਨ ਵਿਚ ਡਾ. ਗੁਰਦੇਵ ਸਿੰਘ ਸਿੱਧੂ ਵਲੋਂ 'ਘੋਰ ਅੰਧਕਾਰ ਵਿਚ ਵੀ ਟਿਮਟਿਮਾਉਂਦੇ ਰਹੇ ਕੁਝ ਜੁਗਨੂੰ', ਸ: ਅਮਰਜੀਤ ਸਿੰਘ ਹੇਅਰ ਵਲੋਂ 'ਕੀ ਹਿੰਦੁਸਤਾਨ ਦੀ ਵੰਡ ਜ਼ਰੂਰੀ ਸੀ?' ਅਤੇ ਸ: ਗੁਰਭਜਨ ਸਿੰਘ ਗਿੱਲ ਵਲੋਂ 'ਪੰਜਾਬੀ ਕਵਿਤਾ ਵਿਚ ਵੰਡ ਦਾ ਦਰਦਨਾਮਾ' ਵੀ ਇਨਸਾਨੀਅਤ ਦੇ ਹੋਏ ਘਾਣ ਦੇ ਦੁੱਖਾਂ ਭਰੇ ਇਤਿਹਾਸ ਨੂੰ ਸਾਂਝਾ ਕਰਦੇ ਹਨ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਨੌਜਵਾਨਾਂ 'ਚ ਕਿਤਾਬਾਂ ਦੀ ਚੇਟਕ

ਸਾਡੀ ਨੌਜਵਾਨ ਪੀੜ੍ਹੀ ਇਤਿਹਾਸ, ਸੂਰਬੀਰ, ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਿਲਕੁਲ ਅਣਜਾਣ ਮੋਬਾਈਲ ਦੀ ਦੁਨੀਆ 'ਚ ਗਵਾਚ ਕੇ ਮਨੋਰੋਗੀ ਹੋ ਗਈ ਹੈ। ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਹੈ ਜਦੋਂ ਕਿ ਜ਼ਿਆਦਾਤਰ ਬੱਚੇ ਉਹ ਹੀ ਆਈ.ਪੀ.ਐਸ., ਆਈ.ਏ.ਐਸ. ਬਣਦੇ ਹਨ ਜੋ ਰੋਜ਼ਾਨਾ ਅਖ਼ਬਾਰਾਂ ਤੇ ਕਿਤਾਬਾਂ ਪੜ੍ਹਦੇ ਹਨ। ਇਸ ਲਈ ਸਕੂਲ ਪੱਧਰ 'ਤੇ ਹੀ ਬੱਚਿਆਂ ਨੂੰ ਕਿਤਾਬਾਂ, ਅਖ਼ਬਾਰਾਂ ਪੜ੍ਹਨ ਦੀ ਚੇਟਕ ਪਾਉਣੀ ਚਾਹੀਦੀ ਹੈ। ਬਾਕਾਇਦਾ ਲਾਇਬ੍ਰੇਰੀ ਦੇ ਪੀਰੀਅਡ ਲੱਗਣੇ ਚਾਹੀਦੇ ਹਨ ਤਾਂ ਜੋ ਬੱਚੇ ਲਾਇਬ੍ਰੇਰੀ ਵਿਚ ਅਖ਼ਬਾਰਾਂ ਤੇ ਕਿਤਾਬਾਂ ਪੜ੍ਹ ਆਮ ਗਿਆਨ ਪ੍ਰਾਪਤ ਕਰ ਸਕਣ। ਸਕੂਲ ਪੱਧਰ 'ਤੇ ਬਾਲ ਸਭਾ ਲਗਾ ਬੱਚਿਆਂ ਨੂੰ ਆਪਣੇ ਸੂਰਬੀਰਾਂ, ਮਹਾਂਪੁਰਸ਼ਾਂ, ਗੁਰੂਆਂ, ਪੀਰਾਂ, ਲੇਖਕਾਂ ਦੀਆਂ ਕਹਾਣੀਆਂ, ਗੀਤ ਲਿਖ ਪੜ੍ਹਾਉਣੇ ਚਾਹੀਦੇ ਹਨ। ਸਵੇਰੇ ਪ੍ਰਾਰਥਨਾ ਵੇਲੇ ਰੋਜ਼ਾਨਾ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਾਉਣੀਆਂ ਚਾਹੀਦੀਆਂ ਹਨ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਸਰਕਾਰਾਂ ਨੂੰ ਅਪੀਲ

ਮੀਰਾਬਾਈ ਚਾਨੂੰ (ਅਜੀਤ ਖੇਡ ਜਗਤ 10 ਅਗਸਤ, 2022) ਨੇ ਵੇਟਲਿਫ਼ਟਿੰਗ ਵਿਚ ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿਚ ਸੋਨ ਤਗਮਾ ਜਿੱਤ ਕੇ ਸਾਰੇ ਸੰਸਾਰ ਵਿਚ ਮਨੀਪੁਰ ਰਾਜ ਦਾ ਨਾਂਅ ਉੱਚਾ ਕੀਤਾ ਹੈ।
ਮਨੀਪੁਰ ਦੇ ਮੁੱਖ ਮੰਤਰੀ ਐਨ. ਬਾਈਰਿੰਗ ਸਿੰਘ, ਮੀਰਾ ਬਾਈ ਚਾਨੂੰ ਨੂੰ ਮਨੀਪੁਰ ਰਾਜ ਵਿਚ ਸੁਪਰਡੈਂਟ ਪੁਲਿਸ ਪ੍ਰਮੋਟ ਕਰਨ ਤੇ ਮਨੀਪੁਰ ਦੀ ਰਾਜਧਾਨੀ ਇੰਫਾਲ ਵਿਖੇ ਦਸ ਮਰਲੇ ਦਾ ਪਲਾਟ ਮੁਫ਼ਤ ਅਲਾਟ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੀ ਹੋਣਹਾਰ ਧੀ ਹਰਜਿੰਦਰ ਕੌਰ ਪਿੰਡ ਮੈਹਸ ਨਾਤੇ ਨੇ ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿਚ ਵੇਟਲਿਫ਼ਟਿੰਗ ਦੇ ਈਵੈਂਟ ਵਿਚ ਕਾਂਸੀ ਤਗਮਾ ਜਿੱਤ ਕੇ ਸਾਰੇ ਸੰਸਾਰ ਵਿਚ ਪਿੰਡ ਮੈਹਸ ਦਾ ਨਾਂਅ ਤੇ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਪੰਜਾਬ ਪੁਲਿਸ ਵਿਚ ਬਤੌਰ ਡੀ.ਐਸ.ਪੀ. ਨਿਯੁਕਤ ਕਰਨ ਤੇ ਨਾਭੇ ਵਿਖੇ ਉਸ ਨੂੰ ਦਸ ਮਰਲੇ ਦਾ ਪਲਾਟ ਅਲਾਟ ਕਰਨ।

-ਨਰਿੰਦਰ ਸਿੰਘ
3081-ਏ, ਸੈਕਟਰ 20ਡੀ, ਚੰਡੀਗੜ੍ਹ।

ਪੰਜਾਬੀ ਸੱਭਿਆਚਾਰ ਵਿਚ ਨਿਘਾਰ

ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਜਨਮ ਤੋਂ ਉਹ ਸਮਾਜ ਦੇ ਕਿਸੇ ਨਾ ਕਿਸੇ ਸੱਭਿਆਚਾਰ ਨਾਲ ਸੰਬੰਧ ਰੱਖਦਾ ਹੁੰਦਾ ਹੈ। ਸਮੇਂ ਦੇ ਬਦਲਣ ਨਾਲ ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ, ਬੋਲੀ, ਰੀਤੀ-ਰਿਵਾਜਾਂ, ਲੋਕ ਧਾਰਾਵਾਂ, ਲੋਕ ਵਿਚਾਰਾਂ ਅਤੇ ਸਮਾਜਿਕ ਸਿਧਾਤਾਂ ਵਿਚ ਤਬਦੀਲੀ ਆਉਣੀ ਸੁਭਾਵਿਕ ਹੈ ਪਰ ਆਪਣੇ ਸੱਭਿਆਚਾਰ ਨੂੰ ਭੁਲਾ ਕੇ ਵਿਦੇਸ਼ੀ ਸੱਭਿਆਚਾਰ ਅਤੇ ਪੱਛਮੀ ਸੱਭਿਅਤਾ ਨੂੰ ਅਪਣਾਉਣਾ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬੀਆਂ ਦੀ ਹੋਂਦ ਲਈ ਵੀ ਖਤਰਾ ਹੈ।
ਅਜੋਕੇ ਸਮੇਂ ਵਿਚ ਅਸੀਂ ਬਨਾਉਟੀ ਪਹਿਚਾਣ ਅਤੇ ਫੋਕੀ ਟੌਹਰ ਬਣਾਉਣ ਲਈ ਬੱਚਿਆਂ ਨੂੰ ਵੀ ਆਪਣੇ ਵਿਰਸੇ ਅਤੇ ਇਤਿਹਾਸ ਬਾਰੇ ਦੱਸਣ ਵਿਚ ਸ਼ਰਮ ਮਹਿਸੂਸ ਕਰਦੇ ਹਾਂ ਅਤੇ ਵਿਦੇਸ਼ੀ ਭਾਸ਼ਾ ਦੇ ਨਾਲ-ਨਾਲ ਵਿਦੇਸ਼ੀ ਸੱਭਿਆਚਾਰ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਾਂ। ਪੰਜਾਬੀਆਂ ਨੇ ਆਪਣੇ ਹੀ ਸੱਭਿਆਚਾਰ ਨਾਲ ਮਤਰੇਆਂ ਵਾਲਾ ਸਲੂਕ ਕੀਤਾ ਹੈ। ਲੋੜ ਹੈ ਆਪਣੇ ਕੀਮਤੀ ਵਿਰਸੇ ਨੂੰ ਬਚਾਉਣ ਦੀ ਤਾਂ ਜੋ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਕਾਇਮ ਰਹਿ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਅਤਰ ਸਿੰਘ ਵਾਲਾ,
ਜ਼ਿਲ੍ਹਾ ਬਠਿੰਡਾ।

23-08-2022

 ਮਾਮੇ ਦਾ ਜਹਾਜ਼

90 ਦੇ ਦਹਾਕੇ ਵਿਚ ਜਦੋਂ ਫ਼ੌਜ ਦੇ ਜਹਾਜ਼ ਘਰਾਂ ਦੀਆਂ ਛੱਤਾਂ ਉਪਰੋਂ ਲੰਘਣੇ, ਨਿਆਣਿਆਂ ਨੇ ਉੱਚੀ-ਉੱਚੀ ਰੌਲਾ ਪਾਉਣਾ, ਮੇਰੇ ਮਾਮੇ ਦਾ ਜਹਾਜ਼-ਮੇਰੇ ਮਾਮੇ ਦਾ ਜਹਾਜ਼। ਉਦੋਂ ਬਹੁਤੇ ਜੁਵਾਕਾਂ ਦੇ ਮਾਮੇ ਫੌਜੀ ਹੁੰਦੇ ਵੀ ਸੀ। ਕਈ ਮਾਵਾਂ ਨੇ ਰੋਂਦੇ ਨਿਆਣਿਆਂ ਨੂੰ ਚੁੱਪ ਕਰਵਾਉਣ ਲਈ ਵੀ ਕਹੀ ਜਾਣਾ, ਉਹ ਦੇਖ ਪੁੱਤ ਤੇਰੇ ਫੌਜੀ ਮਾਮੇ ਦਾ ਜਹਾਜ਼ ਜਾਂਦਾ।
ਕੁਝ ਦਿਨ ਪਹਿਲਾਂ ਮੈਂ ਘਰ ਦੇ ਉਪਰੋਂ ਲੰਘ ਰਹੇ ਜਹਾਜ਼ ਨੂੰ ਬਚਪਨ ਵਾਲੀ ਨਿਗ੍ਹਾ ਨਾਲ ਦੇਖ ਰਿਹਾ ਸੀ, ਤੇ ਸਹਿਜੇ ਹੀ ਮੇਰੇ ਮੂੰਹ 'ਚੋਂ ਬੋਲ ਨਿਕਲੇ, ਇਹ ਕਿਸੇ ਜੁਆਕ ਦੇ ਕੈਨੇਡਾ ਵਾਲੇ ਮਾਮੇ ਦਾ ਜਹਾਜ਼ ਲਗਦਾ। ਕਿਉਂਕਿ ਸਮੇਂ ਦੀ ਕਰਵਟ ਤੇ ਪ੍ਰਵਾਸ ਦੇ ਦੌਰ ਨੇ ਬਹੁਤ ਕੁੱਝ ਬਦਲ ਦਿੱਤਾ। ਹੁਣ ਤਾਂ ਮਾਵਾਂ ਵੀ ਕਹਿੰਦੀਆਂ ਹੋਣਗੀਆਂ ਉਹ ਦੇਖ ਪੁੱਤ ਤੇਰੇ ਮਾਮੇ ਦਾ ਜਹਾਜ਼ ਕੈਨੇਡਾ ਨੂੰ ਜਾਂਦਾ। ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਵੀ ਬਹੁਤ ਜ਼ਰੂਰੀ ਸੀ। ਹੁਣ ਕਿਸੇ ਨਿਆਣੇ ਦਾ ਮਾਮਾ ਸ਼ਾਇਦ ਹੀ ਫੌਜੀ ਬਣੇ, ਕਿਉਂਕਿ ਅਗਨੀਪਥ ਵਾਲੀ ਥੋੜ੍ਹ ਚਿਰੀ ਸਿਖਲਾਈ ਲੈ ਕੇ ਕਿਸੇ ਜੁਆਕ ਦਾ ਮਾਮਾ ਕਾਰਪੋਰੇਟ ਅਦਾਰਿਆਂ ਲਈ ਬਾਡੀਗਾਰਡ ਤੇ ਗੇਟਕੀਪਰ ਨਹੀਂ ਬਣਨਾ ਚਾਹੁੰਦਾ। ਹੁਣ ਮਾਮਾ ਕੈਨੇਡਾ-ਅਮਰੀਕਾ ਜਾਊ, ਟਰਾਲਾ ਚਲਾਉ ਤੇ ਡਾਲਰ ਕਮਾਊ।

ਪ੍ਰੀਤ ਪਾਠਕ
ਮੁਹੱਲਾ ਬੇਗੋਆਣਾ, ਨੇੜੇ ਲੁਹਾਰਾ ਪੁਲ, ਲੁਧਿਆਣਾ।

ਕਿਤਾਬਾਂ ਬਣੀਆਂ ਰੱਦੀ

ਬਜ਼ੁਰਗਾਂ ਦਾ ਕਹਿਣਾ ਕਿ ਭਾਈ ਹੁਣ ਤਾਂ ਅੱਖਰ ਵੀ ਮੁੱਲ ਦੇ ਹੋ ਗਏ ਹਨ, ਬਿਲਕੁਲ ਸੱਚ ਹੋ ਗਿਆ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਤਾਂ ਮਾਂ-ਬਾਪ ਨੇ ਭਰਨੀਆਂ ਹੀ ਹੋਈਆਂ, ਪਰ ਉਨ੍ਹਾਂ ਦੇ ਨਾਲ-ਨਾਲ ਕਿਤਾਬਾਂ ਦਾ ਬਹੁਤ ਵੱਡਾ ਖ਼ਰਚ ਮਾਂ-ਬਾਪ ਦੇ ਸਿਰ ਪੈਂਦਾ ਹੈ। ਪਹਿਲਾਂ ਸਮਾਂ ਅਜਿਹਾ ਸੀ ਕਿ ਇਕ ਕਿਤਾਬ ਦੇ ਸੈੱਟ ਨਾਲ ਸਾਰੇ ਚਾਚੇ, ਤਾਏ, ਮਾਮੇ, ਭੂਆ ਦੇ ਨਿਆਣੇ ਪੜ੍ਹ ਜਾਂਦੇ ਸਨ। ਜੇਕਰ ਆਪਣਾ ਕੋਈ ਸਕਾ ਸੰਬੰਧੀ ਬੱਚਾ ਨਾ ਵੀ ਜਮਾਤ ਦੇ ਮੁਤਾਬਿਕ ਕਿਤਾਬਾਂ ਲੈਣ ਲਈ ਮਿਲਦਾ ਤਾਂ ਪਿੰਡ ਦੇ ਨਿਆਣੇ ਇਕ-ਦੂਜੇ ਤੋਂ ਕਿਤਾਬਾਂ ਅੱਧ ਮੁੱਲ ਵਿਚ ਖ਼ਰੀਦ ਲੈਂਦੇ ਸਨ। ਪਰ ਅੱਜ ਦੇ ਯੁੱਗ ਵਿਚ ਇਹ ਹੋ ਗਿਆ ਹੈ ਕਿ ਹਰ ਸਾਲ ਬੱਚਿਆਂ ਦੀਆਂ ਕਿਤਾਬਾਂ ਬਦਲਦੀਆਂ ਹਨ। ਸਿਲੇਬਸ ਭਾਵੇਂ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ, ਉਸ ਵਿਚ ਕੋਈ ਬਦਲਾਅ ਨਹੀਂ ਹੁੰਦਾ। ਅਲੱਗ-ਅਲੱਗ ਪਬਲਿਸ਼ਰ ਬਦਲਾਅ ਦਿਖਾਉਣ ਲਈ ਪਾਠਾਂ ਨੂੰ ਅੱਗੇ ਪਿੱਛੇ ਕਰ ਕੇ ਛਾਪਦੇ ਹਨ। ਸਕੂਲਾਂ ਵਾਲੇ ਹਰ ਸਾਲ ਅਲੱਗ-ਅਲੱਗ ਪਬਲਿਸ਼ਰਜ਼ ਦੀਆਂ ਕਿਤਾਬਾਂ ਲਗਾਉਂਦੇ ਹਨ। ਇਸੇ ਕਰਕੇ ਹੀ ਵੱਡੇ ਭੈਣ-ਭਰਾਵਾਂ ਦੀਆਂ ਕਿਤਾਬਾਂ ਛੋਟੇ ਭੈਣ-ਭਰਾਵਾਂ ਦੇ ਬਿਲਕੁਲ ਵੀ ਕੰਮ ਨਹੀਂ ਆਉਂਦੀਆਂ। ਇਹ ਸਿਰਫ਼ ਰੱਦੀ ਦਾ ਕੂੜਾ ਬਣ ਕੇ ਹੀ ਰਹਿ ਜਾਂਦੀਆਂ ਹਨ। ਇਕ ਨਰਸਰੀ ਕਲਾਸ ਦੇ ਬੱਚੇ ਦਾ ਕਿਤਾਬਾਂ ਦਾ ਸੈੱਟ 2500 ਤੋਂ ਘੱਟ ਨਹੀਂ ਆਉਂਦਾ। ਪਰ ਇਕ ਬੱਚੇ ਦੇ ਉਨ੍ਹਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਉਹ ਕਿਤਾਬਾਂ ਕਿਸੇ ਦੇ ਕੰਮ ਨਹੀਂ ਆਉਂਦੀਆਂ। ਅੱਖਰ ਉਹੀ ਹਨ, ਪਾਠ ਉਹੀ ਹਨ, ਪਰ ਦੁਨੀਆ ਚੁਰਾਸੀ ਦੇ ਚੱਕਰ ਵਿਚ ਪਈ ਹੋਈ ਹੈ। ਇਸ ਚੁਰਾਸੀ ਦੇ ਚੱਕਰ ਵਿਚੋਂ ਨਾ ਮਾਪੇ ਨਿਕਲ ਸਕਦੇ ਹਨ ਅਤੇ ਨਾ ਹੀ ਬੱਚੇ, ਮਾਂ-ਬਾਪ ਨੂੰ ਤਾਂ ਬੱਚਿਆਂ ਲਈ ਬਹੁਤ ਵੱਡੇ-ਵੱਡੇ ਸਮਝੌਤੇ ਕਰਨੇ ਪੈਂਦੇ ਹਨ। ਉਨ੍ਹਾਂ ਨੂੰ ਸਕੂਲਾਂ ਦਾ ਫ਼ੈਸਲਾ ਖਿੜੇ-ਮੱਥੇ ਪ੍ਰਵਾਨ ਕਰਨਾ ਪੈਂਦਾ ਹੈ। ਭਾਵੇਂ ਬਦਲਾਅ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ ਪਰ ਅਜਿਹਾ ਬਦਲਾਅ ਵੀ ਕੀ ਹੋਇਆ, ਜਿਸ ਦੇ ਨਾਲ ਮਾਂ-ਬਾਪ ਆਰਥਿਕ ਬੋਝ ਥੱਲੇ ਦੱਬਦੇ ਹੀ ਜਾ ਰਹੇ ਹਨ। ਇਸ ਦੇ ਲਈ ਇਕ ਵਧੀਆ ਢਾਂਚਾ ਬਣਨਾ ਬਹੁਤ ਜ਼ਰੂਰੀ ਹੈ। ਕਿਤਾਬਾਂ ਦੀ ਛਪਾਈ ਇਸ ਢੰਗ ਨਾਲ ਹੋਵੇ ਕਿ ਕਿਤਾਬਾਂ ਇਕ-ਦੂਸਰੇ ਦੇ ਕੰਮ ਆ ਸਕਣ, ਉਹ ਰੱਦੀ ਦਾ ਕੂੜਾ ਨਾ ਬਣਨ।

-ਕਮਲਜੀਤ ਕੌਰ ਗੁੰਮਟੀ
(ਬਰਨਾਲਾ)

ਸਰਾਵਾਂ 'ਤੇ ਟੈਕਸ

ਗੁਰੂ ਕੀ ਨਗਰੀ ਵਜੋਂ ਜਾਂਦੇ-ਜਾਂਦੇ ਅੰਮ੍ਰਿਤਸਰ ਸ਼ਹਿਰ ਵਿਚ ਦਰਬਾਰ ਸਾਹਿਬ ਦੇ ਨੇੜੇ ਉਸਰੀਆਂ ਹੋਈਆਂ ਸਰਾਵਾਂ ਸ਼ਰਧਾਲੂਆਂ ਦੇ ਰਹਿਣ ਅਤੇ ਠਹਿਰਨ ਲਈ ਬਹੁਤ ਜ਼ਿਆਦਾ ਉਪਯੋਗੀ ਸਾਬਤ ਹੁੰਦੀਆਂ ਹਨ। ਸਰਾਵਾਂ ਉੱਤੇ ਟੈਕਸ ਲਗਾਉਣ ਦੀਆਂ ਖ਼ਬਰਾਂ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਕਟਹਿਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਵਿਰੋਧੀ ਧਿਰਾਂ ਵੀ ਸਰਕਾਰ ਦੇ ਇਸ ਮੁਗ਼ਲਈ ਫ਼ਰਮਾਨ ਦਾ ਵਿਰੋਧ ਕਰ ਰਹੀਆਂ ਹਨ। ਲੋਕ ਸਭਾ ਵਿਚ ਕੇਂਦਰ ਸਰਕਾਰ ਦਾ ਬਹੁਮਤ ਹੋਣ ਕਰਕੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਕੋਈ ਵੀ ਫ਼ੈਸਲਾ ਬਿਨਾਂ ਸੋਚੇ-ਸਮਝੇ ਅਤੇ ਜਲਦਬਾਜ਼ੀ ਵਿਚ ਲੈਂਦੀ ਹੈ, ਜਿਸ ਦੇ ਬਾਅਦ ਵਿਚ ਗੰਭੀਰ ਸਿੱਟੇ ਨਿਕਲਦੇ ਹਨ। ਸਰਾਵਾਂ ਉੱਤੇ ਲਗਾਈ ਗਈ ਜੀ.ਐਸ.ਟੀ. ਜਿਥੇ ਸ਼ਰਧਾਲੂਆਂ ਦੀ ਜੇਬ ਉੱਤੇ ਭਾਰ ਵਧਾਵੇਗੀ, ਉਥੇ ਸਰਾਵਾਂ ਦੇ ਵਧੇ ਖ਼ਰਚਿਆਂ ਕਰਕੇ ਸ਼ਰਧਾਲੂ ਰੁਕਣ ਤੋਂ ਗੁਰੇਜ਼ ਕਰਨਗੇ, ਜਿਸ ਦੇ ਨਤੀਜੇ ਵਜੋਂ ਸਥਾਨਕ ਲੋਕਾਂ ਨੂੰ ਹੋਣ ਵਾਲੀ ਆਮਦਨ ਵੀ ਪ੍ਰਭਾਵਿਤ ਹੋਵੇਗੀ। ਲੋਕਾਂ ਦੀਆਂ ਭਾਵਨਾਵਾਂ ਅਤੇ ਮਰਿਆਦਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਗੁਰੂ ਕੀ ਨਗਰੀ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਵਿਚ ਕਟੌਤੀ ਨਾ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਤਹਿ: ਅਤੇ ਜ਼ਿਲ੍ਹਾ ਬਠਿੰਡਾ।

ਪੰਜਾਬੀ ਬਨਾਮ ਪੱਛਮੀ ਪਹਿਰਾਵਾ

ਅਜੋਕੇ ਸਮੇਂ ਸਾਡੇ ਮਾਣ-ਮੱਤੇ ਪੰਜਾਬੀ ਪਹਿਰਾਵੇ ਉੱਪਰ ਪੱਛਮੀ ਪਹਿਰਾਵਾ ਜਿਸ ਕਦਰ ਹਾਵੀ ਹੋ ਰਿਹਾ ਹੈ, ਉਹ ਸਾਡੇ ਸਭ ਪੰਜਾਬੀ ਪਹਿਰਾਵੇ ਵਿਚ ਪੰਜਾਬੀ ਔਰਤ ਲਈ ਜਿਥੇ ਸਲਵਾਰ-ਕਮੀਜ਼ ਅਤੇ ਚੁੰਨੀ ਦਾ ਵਿਸ਼ੇਸ਼ ਸਥਾਨ ਹੈ, ਉਥੇ ਪੰਜਾਬੀ ਮਰਦ ਲਈ ਕਮੀਜ਼-ਪਜ਼ਾਮਾ ਅਤੇ ਪਗੜੀ ਦਾ ਆਪਣਾ ਮਹੱਤਵ ਹੈ। ਅਰਥਾਤ ਦੋਵੇਂ ਹੀ ਪੰਜਾਬੀ ਪਹਿਰਾਵੇ ਵਿਚ ਬੜੇ ਫੱਬਦੇ/ਸ਼ੋਭਦੇ ਹਨ। ਪਰ ਇਕ ਜਾਂ ਦੂਸਰੇ ਕਾਰਨਾਂ ਕਰਕੇ ਹੁਣ ਅਸੀਂ ਪੰਜਾਬੀ ਪਹਿਰਾਵੇ ਨੂੰ ਤਿਲਾਂਜਲੀ ਦੇ ਕੇ ਪੱਛਮੀ ਪਹਿਰਾਵੇ ਦਾ ਪੱਲਾ ਫੜ ਰਹੇ ਹਾਂ, ਜਿਸ ਨੂੰ ਕਿਵੇਂ ਵੀ ਉਚਿਤ ਨਹੀਂ ਆਖਿਆ ਜਾ ਸਕਦਾ। ਸਵਾਲ ਪੈਦਾ ਹੁੰਦਾ ਹੈ ਕਿ 'ਕੀ ਪੰਜਾਬੀ ਪਹਿਰਾਵੇ ਵਿਚ ਕੋਈ ਕਮੀ ਹੈ? ਕੀ ਪੰਜਾਬੀ ਪਹਿਰਾਵੇ ਨੂੰ ਤਿਆਗਣਾ ਪੰਜਾਬੀ ਸੱਭਿਆਚਾਰ ਤੋਂ ਬੇਮੁੱਖ ਹੋਣਾ ਨਹੀਂ? ਸੋ ਲੋੜ ਹੈ, ਸਮੂਹ ਪੰਜਾਬੀਆਂ ਨੂੰ ਸੋਚਣ-ਵਿਚਾਰਨ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪਿਆਰਨ-ਸਤਿਕਾਰਨ ਦੀ ਤੇ ਪੰਜਾਬੀ ਸੱਭਿਆਚਾਰ ਦੇ ਅਹਿਮ ਅੰਗ ਪਹਿਰਾਵੇ ਨੂੰ ਸੰਭਾਲਣ ਦੀ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਹੈ ਅਤੇ ਅਜਿਹਾ ਕਰਕੇ ਹੀ ਅਸੀਂ ਸਹੀ ਅਰਥਾਂ ਵਿਚ ਪੰਜਾਬੀ ਹੋਣ ਦਾ ਮਾਣ ਹਾਸਲ ਕਰ ਸਕਦੇ ਹਾਂ।

-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

22-08-2022

 ਸ਼ਲਾਘਾਯੋਗ ਲੇਖ
ਪਿਛਲੀ ਦਿਨੀਂ 'ਅਜੀਤ' 'ਚ ਛਪਿਆ ਖੁਸ਼ਵਿੰਦਰ ਸਿੰਘ ਸੂਰੀਯਾ ਦਾ ਸੰਪਾਦਕੀ ਲੇਖ ਸ਼ਾਰਦਾ ਯਮੁਨਾ ਲਿੰਕ ਨਹਿਰ ਬਣ ਸਕਦੀ ਹੈ ਸਤਲੁਜ ਯਮੁਨਾ ਲਿੰਕ ਨਹਿਰ ਦਾ ਬਦਲ ਬਹੁਤ ਸ਼ਲਾਘਾਯੋਗ ਲੇਖ ਸੀ। ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਪੰਜਾਬ ਤੇ ਹਰਿਆਣੇ ਦਾ ਪਾਣੀ ਨੂੰ ਲੈ ਕੇ ਜੋ ਝਗੜਾ ਹੈ, ਉਹ ਅਸਲ ਮਸਲੇ ਤੋਂ ਵੱਧ ਇਕ ਸਿਆਸੀ ਮਸਲਾ ਬਣ ਚੁੱਕਿਆ ਹੈ, ਜਿਸ ਦਾ ਲਾਹਾ ਸਿਆਸੀ ਪਾਰਟੀਆਂ ਆਪਣੇ ਸਿਆਸੀ ਹਿੱਤ ਲਈ ਅਕਸਰ ਚੋਣਾਂ ਵੇਲੇ ਚੁੱਕਦੀਆਂ ਰਹਿੰਦੀਆਂ ਹਨ। ਨਿਪਾਲ ਤੋਂ ਭਾਰਤ ਆਉਣ ਵਾਲੀ ਵੱਡੀ ਨਦੀ ਮਹਾਂਕਾਲੀ ਜੋ ਉੱਤਰਾਖੰਡ ਤੋਂ ਦਾਖ਼ਲ ਹੁੰਦੀ ਹੈ, ਜਿਸ ਕੋਲ ਇੰਨਾ ਵਾਧੂ ਪਾਣੀ ਹੈ ਕਿ ਹਰ ਸਾਲ ਬੰਗਾਲ, ਬਿਹਾਰ ਵਿਚ ਹੜ੍ਹਾਂ ਦਾ ਕਾਰਨ ਬਣਦੀ ਹੈ, ਜਿਸ ਦਾ ਵਾਧੂ ਪਾਣੀ ਲਿਆ ਕੇ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਜਾ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਤੇ ਬਾਕੀ ਵਿਰੋਧੀ ਦਲਾਂ ਨੂੰ ਚਾਹੀਦਾ ਹੈ ਕਿ ਸ਼ਾਰਦਾ ਯਮੁਨਾ ਲਿੰਕ ਨਹਿਰ ਦਾ ਜ਼ੋਰਦਾਰ ਸਮਰਥਨ ਕਰਨ ਤੇ ਇਸ ਯੋਜਨਾ ਨੂੰ ਹਕੀਕਤ ਵਿਚ ਬਦਲ ਕੇ ਪੰਜਾਬ ਦੇ ਸਹੀ ਸ਼ਬਦਾਂ ਵਿਚ ਰਾਖੇ ਬਣਨ ਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ।


-ਮਾ. ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨ ਤਾਰਨ।


ਇਕ ਵਿਧਾਇਕ ਇਕ ਪੈਨਸ਼ਨ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਵਿਚ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਹੋ ਗਿਆ ਹੈ। ਇਸ ਤਹਿਤ ਹੁਣ ਕੋਈ ਵੀ ਵਿਧਾਇਕ ਜਿੰਨੀ ਵਾਰ ਮਰਜ਼ੀ ਵਿਧਾਨ ਸਭਾ ਦੀ ਚੋਣ ਜਿੱਤਿਆ ਹੋਵੇ ਪਰ ਉਸ ਨੂੰ ਕੇਵਲ ਇਕ ਪੈਨਸ਼ਨ ਨਾਲ ਹੀ ਸਬਰ ਕਰਨਾ ਪਵੇਗਾ। ਸਰਕਾਰ ਦੇ ਇਸ ਕਾਨੂੰਨ ਦੀ ਵਿਰੋਧੀ ਪਾਰਟੀਆਂ ਦੁਆਰਾ ਤਿੱਖੀ ਆਲੋਚਨਾ ਕੀਤੀ ਗਈ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਕਿਉਂਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਈ ਵਾਰ ਵਿਧਾਇਕ ਬਣੇ ਨੇਤਾਵਾਂ ਨੂੰ ਆਰਥਿਕ ਪੱਖੋਂ ਨੁਕਸਾਨ ਨਜ਼ਰ ਆ ਰਿਹਾ ਸੀ। ਪੈਨਸ਼ਨ ਦਾ ਮਿਲਣਾ ਨੇਤਾਵਾਂ ਦੇ ਨਾਲ-ਨਾਲ ਕਰਮਚਾਰੀ ਵਰਗ ਲਈ ਵੀ ਮਹੱਤਵ ਰੱਖਦਾ ਹੈ ਤਾਂ ਜੋ ਸੇਵਾਮੁਕਤੀ ਤੋਂ ਬਾਅਦ ਵੀ ਕਰਮਚਾਰੀ ਆਪਣੀ ਰਹਿੰਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਗੁਜ਼ਾਰ ਸਕੇ। ਕਰਮਚਾਰੀ ਆਪਣੀ ਨੌਕਰੀ ਦੌਰਾਨ ਸਰਕਾਰ ਦੁਆਰਾ ਮਿਲ ਰਹੀ ਤਨਖਾਹ ਤੇ ਟੈਕਸ ਦਿੰਦਾ ਹੈ ਪਰ ਉਸਨੂੰ ਪੈਨਸ਼ਨ ਨਹੀਂ ਮਿਲ ਰਹੀ ਪਰ ਜੋ ਨੇਤਾ ਵੋਟਾਂ ਬਟੋਰਨ ਵੇਲੇ ਸਮਾਜ ਸੇਵਾ ਦੀ ਹਾਮੀ ਭਰਦਾ ਹੈ ਉਸਨੂੰ ਪੈਨਸ਼ਨ ਵੀ ਮਿਲ ਰਹੀ ਤੇ ਉਸਨੂੰ ਟੈਕਸਾਂ ਵਿਚ ਵੀ ਛੋਟ ਦਿੱਤੀ ਜਾਂਦੀ ਹੈ। ਇਹ ਨਿਆਂ ਨਹੀਂ ਨਿਆਂ ਦੇ ਨਾਂ 'ਤੇ ਕਰਮਚਾਰੀ ਵਰਗ ਨੂੰ ਮਿਲਣ ਵਾਲਾ ਅਨਿਆਂ ਹੈ। ਸਰਕਾਰ ਦੁਆਰਾ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰਨ 'ਤੇ ਅਸੀਂ ਵਧਾਈ ਦਿੰਦੇ ਹੋਏ ਇਹ ਬੇਨਤੀ ਵੀ ਕਰਦੇ ਹਾਂ ਕਿ ਮੁਲਾਜ਼ਮ ਵਰਗ ਦੀ ਪੈਨਸ਼ਨ ਵੀ ਬਹਾਲ ਕੀਤੀ ਜਾਵੇ ਤਾਂ ਜੋ ਮੁਲਾਜ਼ਮ ਵਰਗ ਵੀ ਸੇਵਾਮੁਕਤੀ ਤੋਂ ਬਾਅਦ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਕਰ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)


ਤਿਰੰਗਾ ਯਾਤਰਾ
ਪ੍ਰਦੇਸ਼ ਦੇ ਹਰੇਕ ਸ਼ਹਿਰ ਕਸਬੇ ਵਿਚ ਆਜ਼ਾਦੀ ਦਿਹਾੜੇ ਦੇ ਚਲਦਿਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਤਿਰੰਗਾ ਯਾਤਰਾ ਦੌਰਾਨ ਆਪਣੀ-ਆਪਣੀ ਪਾਰਟੀ ਦੇ ਸੋਹਲੇ ਗਾਉਂਦਿਆਂ ਹੋਇਆਂ ਇਕ-ਦੂਸਰੀ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ। ਇਸ ਸਾਰੇ ਵਿਚ ਇਕ ਖ਼ਾਸ ਤੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਨ ਵਾਲੀ ਗੱਲ ਇਹ ਸੀ ਕਿ ਜਿਹੜੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਜਾਂ ਕਾਨੂੰਨ ਬਾਰੇ ਦੱਸਣਾ ਹੁੰਦਾ ਹੈ ਅੱਜ ਉਹੀ ਅਧਿਕਾਰੀ ਇਸ ਯਾਤਰਾ ਦੌਰਾਨ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਨਜ਼ਰ ਆਏ। ਕੀ ਸਰਕਾਰ ਦੇ ਮੌਜੂਦਾ ਉੱਚ ਅਧਿਕਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ 'ਤੇ ਕੋਈ ਕਾਰਵਾਈ ਕਰਨਗੇ? ਜਾਂ ਇਨ੍ਹਾਂ ਅਧਿਕਾਰੀਆਂ ਨੂੰ ਅਜਿਹੀਆਂ ਗਲਤੀਆਂ ਮੁਆਫ਼ ਹੁੰਦੀਆਂ ਹਨ।


ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ


ਸਰਕਾਰਾਂ ਦੀ ਜ਼ਿੰਮੇਵਾਰੀ
ਆਪਣੇ ਦੇਸ਼ ਦੇ ਲੋਕਾਂ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹਰੇਕ ਸਰਕਾਰ ਦਾ ਮੁਢਲਾ ਫ਼ਰਜ਼ ਬਣ ਜਾਂਦਾ ਹੈ।
ਪਰ ਸਰਕਾਰ ਕਰਦੀ ਕੀ ਹੈ ਕਿ ਪੰਜਾਬ ਦੇ ਲੋਕਾਂ ਲਈ ਮੁਫ਼ਤ ਸਹੂਲਤਾਂ ਦੇ ਕੇ ਮਿਹਨਤਕਸ਼ ਲੋਕਾਂ ਨੂੰ ਕੰਮਚੋਰ ਬਣਾ ਦਿੰਦੀ ਹੈ, ਇਸ ਲਈ ਹਰੇਕ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਕੁੱਝ ਵੀ ਮੁਫ਼ਤ ਨਾ ਦੇਵੇ, ਹਾਂ ਜੇਕਰ ਸਰਕਾਰ ਲੋਕਾਂ ਪ੍ਰਤੀ ਜ਼ਿਆਦਾ ਹੀ ਫ਼ਿਕਰਮੰਦ ਹੈ ਤਾਂ ਲੋਕਾਂ ਨੂੰ ਪਹਿਲ ਦੇ ਅਧਾਰ ਉੱਤੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਣੀ ਚਾਹੀਦੀ ਹੈ।
ਦੂਸਰੇ ਪਾਸੇ ਹਰੇਕ ਸਰਕਾਰ ਨੂੰ ਆਪਣੇ ਲੋਕਾਂ ਪ੍ਰਤੀ ਸਮਰਪਿਤ ਹੋ ਕੇ ਉਨ੍ਹਾਂ ਲਈ ਮੁਫ਼ਤ ਇਲਾਜ ਅਤੇ ਮੁਫ਼ਤ ਸਿੱਖਿਆ ਨਾਲ ਮੁਫ਼ਤ ਨਿਆਂ ਪ੍ਰਣਾਲੀ ਦੇਣੀ ਚਾਹੀਦੀ ਹੈ, ਜੇਕਰ ਸਰਕਾਰ ਸੱਚਮੁੱਚ ਹੀ ਲੋਕਾਂ ਪ੍ਰਤੀ ਜੁਆਬਦੇਹ ਅਤੇ ਇਮਾਨਦਾਰ ਹੈ ਤਾਂ ਆਜ਼ਾਦੀ ਦਿਵਸ ਦੀ 75ਵੇਂ ਵਰ੍ਹੇਗੰਡ ਨੂੰ ਸਮਰਪਿਤ ਸੱਚੇ ਮਨ ਨਾਲ ਲੋਕਾਂ ਨੂੰ ਇਹ ਤਿੰਨ ਸਹੂਲਤਾਂ ਮੁਫ਼ਤ ਦੇਣੀਆੰ ਚਾਹੀਦੀਆਂ ਸਨ, ਬਾਕੀ ਕੁੱਝ ਵੀ ਮੁਫ਼ਤ ਦੇਣਾ, ਪੰਜਾਬ ਦੇ ਲੋਕਾਂ ਨੂੰ ਕੰਮਚੋਰ, ਨਿਕੰਮੇ ਅਤੇ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਬਣਾਉਣ ਦੇ ਬਰਾਬਰ ਹੈ।


-ਗੁਰਪ੍ਰੀਤ ਸਿੰਘ ਜਖਵਾਲੀ


ਮੁਫ਼ਤਖੋਰੀ
ਕੀ ਮੁਫ਼ਤਖੋਰੀ ਨਾਲ ਦੇਸ਼ ਦਾ ਵਿਕਾਸ ਹੋ ਸਕਦਾ ਹੈ ? ਕੋਰੋਨਾ ਤੋਂ ਬਾਅਦ ਦੇਸ਼ ਵਿਚ ਵਧੀ ਬੇਰੁਜ਼ਗਾਰੀ ਦੇ ਚੱਲਦਿਆਂ ਇੱਥੇ ਕਮਾਈ ਦੇ ਸਾਧਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਪਰ ਇਸ ਦੇ ਉਲਟ ਸਾਡੇ ਦੇਸ਼ ਵਿਚ ਮੁਫ਼ਤਖੋਰੀ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਦੇ ਹੱਥਾਂ ਵਿਚ ਮੁਫ਼ਤਖੋਰੀ ਜ਼ਿਆਦਾ ਵਿਕਾਸ ਕਰ ਰਹੀ ਹੈ। ਜੇਕਰ ਇਹ ਮੁਫ਼ਤਖੋਰੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੇਰੁਜ਼ਗਾਰੀ ਨਾਲ ਮਹਿੰਗਾਈ ਮੁਫ਼ਤ ਮਿਲਣੀ ਸ਼ੁਰੂ ਹੋ ਜਾਵੇਗੀ, ਵੈਸੇ ਮਿਲ ਤਾਂ ਹੁਣ ਵੀ ਰਹੀ ਹੈ ਪਰ ਅਜੇ ਇਸ ਮੁਫ਼ਤਖੋਰੀ ਦੀ ਬਿਮਾਰੀ ਨੂੰ ਰੋਕ ਕੇ ਦੇਸ਼ ਨੂੰ ਖੋਖਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ।


-ਸੰਦੀਪ ਕੌਰ
ਮੁਕੇਰੀਆਂ

19-08-2022

 ਮੰਕੀਪੌਕਸ ਦਾ ਕਹਿਰ
ਅਜੇ ਕੋਰੋਨਾ ਮਹਾਂਮਾਰੀ ਦਾ ਕਹਿਰ ਘੱਟ ਨਹੀਂ ਸੀ ਹੋਇਆ ਕਿ ਮੰਕੀਪੌਕਸ ਨੇ 75 ਮੁਲਕਾਂ ਵਿਚ ਆਪਣੀ ਦਸਤਕ ਦੇ ਦਿੱਤੀ ਹੈ। ਭਾਰਤ ਵਿਚ ਵੀ ਚਾਰ ਨਵੇਂ ਕੇਸ ਸਾਹਮਣੇ ਆਏ ਹਨ। ਮਾਹਿਰਾਂ ਮੁਤਾਬਕ ਮੰਕੀਪੌਕਸ ਦੀਆਂ ਨਿਸ਼ਾਨੀਆਂ ਚੇਚਕ ਨਾਲ ਮਿਲਦੀਆਂ-ਜੁਲਦੀਆਂ ਹਨ। ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਵਾਇਰਸ ਨੂੰ ਐਮਰਜੰਸੀ ਐਲਾਨਿਆ ਹੈ। ਕੋਰੋਨਾ ਲਾਗ ਨਾਲ ਤਕਰੀਬਨ 20 ਹਜ਼ਾਰ ਤੋਂ ਵੱਧ ਕੇਸ ਹਰ ਰੋਜ਼ ਆ ਰਹੇ ਹਨ।
ਮਾਹਰਾਂ ਮੁਤਾਬਕ ਮੰਕੀਪੌਕਸ ਦੀ ਲਾਗ ਘੱਟ ਫੈਲਦੀ ਹੈ। ਮੌਤ ਹੋਣ ਦਾ ਖ਼ਦਸ਼ਾ ਵੀ ਘੱਟ ਹੈ। ਬੱਚੇ ਬਜ਼ੁਰਗਾਂ ਨੂੰ ਇਹਤਿਆਤ ਰੱਖਣ ਦੀ ਲੋੜ ਹੈ, ਜਾਂ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਾਫ਼ੀ ਕਮਜ਼ੋਰ ਹੈ। ਸਾਵਧਾਨੀ ਵਰਤਣ ਦਾ ਵੇਲਾ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਈ ਲੋਕਾਂ ਨੇ ਅਜੇ ਤੱਕ ਇਕ ਵੀ ਕੋਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਹੈ। ਅਸੀਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਗੌਰ ਨਹੀਂ ਕਰਨਾ। ਟੀਕਾ ਬਹੁਤ ਸੁਰੱਖਿਅਤ ਹੈ। ਲੱਖਾਂ ਦੀ ਤਦਾਦ ਵਿਚ ਲੋਕਾਂ ਨੇ ਬੂਸਟਰ ਡੋਜ਼ ਵੀ ਲਗਵਾ ਲਈ ਹੈ। ਜੇਕਰ ਕੋਈ ਵੀ ਇਨਸਾਨ ਲਾਗ ਨਾਲ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਜਾ ਕੇ ਟੈਸਟ ਕਰਵਾ ਲੈਣਾ ਚਾਹੀਦਾ ਹੈ। ਮਾਸਕ ਲਗਾ ਕੇ ਰੱਖਣਾ ਹੈ। ਭੀੜ-ਭਾੜ ਵਾਲੀ ਜਗ੍ਹਾ 'ਤੇ ਬਿਲਕੁਲ ਵੀ ਨਹੀਂ ਜਾਣਾ ਹੈ।
ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਹਨ। ਜੇ ਅਸੀਂ ਮਾਹਿਰਾਂ ਮੁਤਾਬਿਕ ਸਾਵਧਾਨੀ ਵਰਤਾਂਗੇ ਜਿਵੇਂ ਮੂੰਹ ਢਕ ਕੇ ਰੱਖਾਂਗੇ, ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਵਾਂਗੇ ਤਾਂ ਇਹ ਵਾਇਰਸ ਤੇਜ਼ੀ ਨਾਲ ਨਹੀਂ ਫੈਲੇਗਾ। ਅਸੀਂ ਆਪ ਵੀ ਜਾਗਰੂਕ ਹੋਣਾ ਹੈ ਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ


ਆਓ, ਸਰਕਾਰ ਦਾ ਸਾਥ ਦੇਈਏ

ਭਾਰਤ ਵਿਚ ਪਲਾਸਟਿਕ ਵਸਤੂਆਂ ਦੀ ਮੰਗ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪਲਾਸਟਿਕ ਇਕ ਅਜਿਹਾ ਉਤਪਾਦ ਹੈ, ਜਿਸ ਦੀ ਵਰਤੋਂ ਸੰਸਾਰ ਭਰ ਵਿਚ ਹੋ ਰਹੀ ਹੈ। ਜਦੋਂ ਅਸੀਂ ਖਾਣ ਲਈ ਇਨ੍ਹਾਂ ਦਾ ਪ੍ਰਯੋਗ ਕਰਦੇ ਹਾਂ ਤਾਂ ਸਿਟਰਿਕ ਗੈਸ ਇਨ੍ਹਾਂ ਵਿਚੋਂ ਨਿਕਲ ਕੇ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਰਲ ਜਾਂਦੀ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।
ਸਭ ਤੋਂ ਜ਼ਿਆਦਾ ਪੌਲੀਥੀਨ ਦਾ ਪ੍ਰਯੋਗ ਕਰਿਆਨੇ ਦੀਆਂ ਦੁਕਾਨਾਂ, ਫਲ, ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਕੀਤਾ ਜਾਂਦਾ ਹੈ। ਸਭ ਤੋਂ ਜ਼ਿਆਦਾ ਪਲਾਸਟਿਕ ਦੀ ਵਰਤੋਂ ਪੌਲੀਥੀਨ ਦੇ ਲਿਫ਼ਾਫ਼ਿਆਂ, ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਬਣਾਉਣ ਲਈ ਕਰਦੇ ਹਾਂ। ਬੋਤਲਾਂ ਬਣਾਉਣ ਲਈ ਪੌਲੀਥਾਇਲੀਨ ਟੈਰੇਪਥਾਲੇਟਲ ਪ੍ਰਯੋਗ ਕੀਤਾ ਜਾਂਦਾ ਹੈ ਜੋ ਚਮੜੀ ਦੀਆਂ ਬਿਮਾਰੀਆਂ ਲਗਾਉਂਦਾ ਹੈ। ਪੌਲੀਥੀਨ ਇਥਲੀਨ ਤੋਂ ਬਣਦਾ ਹੈ। ਇਸ ਵਿਚ ਕਈ ਜ਼ਹਿਰੀਲੇ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ, ਜਿਸ ਦੀ ਵਰਤੋਂ ਕਾਰਨ ਮਾਨਸਿਕ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਸਕਦੀ ਹੈ। ਇਹ ਕਦੇ ਨਸ਼ਟ ਨਹੀਂ ਹੋ ਸਕਦਾ। ਜੇਕਰ ਅਸੀਂ ਇਸ ਨੂੰ ਸਾੜ੍ਹੀਏ ਤਾਂ ਵਾਤਾਵਰਨ ਵਿਚ ਪ੍ਰਦੂਸ਼ਣ ਫੈਲਦਾ ਹੈ।
ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਨੁਕਸਾਨਾਂ ਪ੍ਰਤੀ ਚਿੰਤਤ ਹੋ ਜਾਈਏ। ਇਨ੍ਹਾਂ ਦੀ ਵਰਤੋਂ ਬਿਲਕੁਲ ਬੰਦ ਕਰ ਦੇਈਏ। ਪੰਜਾਬ ਸਰਕਾਰ ਦਾ ਬੜਾ ਹੀ ਸ਼ਲਾਘਾਯੋਗ ਕਦਮ ਹੈ ਕਿ 5 ਅਗਸਤ, 2022 ਤੋਂ ਇਸ ਦੀ ਵਰਤੋਂ 'ਤੇ ਪੂਰੇ ਪੰਜਾਬ ਵਿਚ ਪੂਰਨ ਤੌਰ 'ਤੇ ਪਾਬੰਦੀ ਹੈ। ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਮੁੱਖ ਰੱਖਦਿਆਂ ਸਾਨੂੰ ਇਨ੍ਹਾਂ ਦਾ ਪ੍ਰਯੋਗ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਸਰਕਾਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।


-ਗੌਰਵ ਮੁੰਜਾਲ
ਕਾਮਰਸ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖਿਜ਼ਰਾਬਾਦ, ਐਸ.ਏ.ਐਸ. ਨਗਰ, ਮੁਹਾਲੀ।


ਪੜ੍ਹਾਈ ਇਕ ਤਪੱਸਿਆ ਹੈ
ਪੜ੍ਹਾਈ ਸਾਡਾ ਸਰਬਪੱਖੀ ਵਿਕਾਸ ਕਰਦੀ ਹੈ। ਇਹ ਸੰਪੂਰਨਤਾ ਕਿਤੇ ਸੌਖਿਆਂ ਨਹੀਂ ਮਿਲਦੀ, ਇਹਦੇ ਲਈ ਤਪੱਸਿਆ ਕਰਨੀ ਪੈਂਦੀ ਹੈ। ਸਰੀਰ, ਮਨ ਅਤੇ ਬਾਣੀ ਦੇ ਸਾਰੇ ਰਸ ਅਤੇ ਸੁੱਖ ਤਿਆਗਣੇ ਪੈਂਦੇ ਹਨ। ਵਿੱਦਿਆ ਦੁਆਰਾ ਮੁਕਾਮ ਹਾਸਲ ਕਰਨ ਲਈ ਦਿਨ- ਰਾਤ ਇਕ ਕਰਨਾ ਪੈਂਦਾ ਹੈ ਤਾਂ ਜਾ ਕੇ ਮਨ-ਇੱਛਿਤ ਰੁਤਬਾ ਹਾਸਲ ਹੁੰਦਾ ਹੈ। ਇਹ ਯੋਗੀਆਂ ਵਾਂਗ ਲਗਾਤਾਰ ਨਿਰੰਤਰ ਧਿਆਨ ਦੀ ਸਾਧਨਾ ਹੈ। ਸਮੇਂ ਦਾ ਇਕ-ਇਕ ਪਲ ਇਸ ਵਿਚ ਸਹਾਈ ਹੁੰਦਾ ਹੈ। ਇਹ ਨਿਯਮਬੱਧ ਪ੍ਰਕਿਰਿਆ ਹੈ। ਇਸ ਵਿਚ ਆਲਸ ਤੇ ਅਵੇਸਲਾਪਣ ਨਹੀਂ ਚਲਦਾ ਅਤੇ ਨਾ ਹੀ ਇਸ ਵਿਚ ਗੱਪਾਂ ਤੇ ਮੌਜ-ਮਸਤੀਆਂ ਚਲਦੀਆਂ ਹਨ। ਮਨ ਕਰਕੇ ਫਜ਼ੂਲ ਸੋਚਣ ਅਤੇ ਕਲਪਨਾ ਕਰਨ ਨਾਲੋਂ ਦੱਬ ਕੇ ਮਿਹਨਤ ਕਰਨ ਉੱਤੇ ਹੀ ਧਿਆਨ ਇਕਾਗਰ ਕਰਨਾ ਪੈਂਦਾ ਹੈ। ਮਨ ਦੀਆਂ ਸਾਰੀਆਂ ਬਿਰਤੀਆਂ ਨੂੰ ਇਕ ਕੇਂਦਰ ਬਿੰਦੂ 'ਤੇ ਰੱਖਣਾ ਪੈਂਦਾ ਹੈ। ਮਨ ਨੂੰ ਲਗਾਮ ਵਿਚ ਰੱਖਣਾ ਪੈਂਦਾ ਹੈ। ਮਨ ਨੂੰ ਸ਼ੈਤਾਨ ਦਾ ਘਰ ਨਹੀਂ ਬਣਨ ਦੇਣਾ ਪੈਂਦਾ। ਇਹਦੇ ਸਾਹਮਣੇ ਆਪਣਾ ਮਿੱਥਿਆ ਟੀਚਾ ਰੱਖਣਾ ਪੈਂਦਾ ਹੈ। ਬਾਣੀ ਕਰਕੇ ਵਿਦਿਆਰਥੀ ਨੂੰ ਫਾਲਤੂ ਬੋਲਣ ਤੋਂ ਗੁਰੇਜ਼ ਕਰਨਾ ਪੈਂਦਾ ਹੈ, ਕਿਉਂਕਿ ਜ਼ਿਆਦਾ ਬੋਲਣ ਨਾਲ ਵੀ ਸਾਡੀ ਊਰਜਾ ਨਸ਼ਟ ਹੁੰਦੀ ਹੈ। ਯਾਰਾਂ-ਮਿੱਤਰਾਂ ਦੀਆਂ ਮਹਿਫਲਾਂ ਤਿਆਗਣੀਆਂ ਪੈਂਦੀਆਂ ਹਨ ਤੇ ਸਿਰਫ ਪੜ੍ਹਾਈ 'ਤੇ ਵਿਚਾਰ ਕਰਨ ਨੂੰ ਤਰਜੀਹ ਦੇਣੀ ਪੈਂਦੀ ਹੈ। ਇਹ ਤਪੱਸਿਆ ਪਹਿਲਾਂ ਭਾਵੇਂ ਦੁਖਦਾਈ ਲਗਦੀ ਹੈ, ਪਰ ਜੀਵਨ ਵਿਚ ਮਗਰੋਂ ਇਸ ਦੇ ਨਤੀਜੇ ਸੁਖਮਈ ਹੁੰਦੇ ਹਨ। ਤੁਸੀਂ ਆਪਣੇ ਮਨ-ਇੱਛਿਤ ਮੁਕਾਮ 'ਤੇ ਪਹੁੰਚ ਕੇ ਇਹ ਸਾਰੀ ਕਠਿਨ ਸਾਧਨਾ ਭੁੱਲ ਜਾਂਦੇ ਹੋ। ਪਰ ਜਿਹੜੇ ਬੱਚੇ ਪਹਿਲਾਂ ਸਕੂਲੀ ਪੜ੍ਹਾਈ ਦੌਰਾਨ ਇਹ ਕਠਿਨ ਤਪੱਸਿਆ ਨਹੀਂ ਕਰਦੇ, ਮਗਰੋਂ ਜੀਵਨ ਵਿਚ ਉਨ੍ਹਾਂ ਨੂੰ ਅਸਹਿ ਪੀੜਾ ਉਠਾਉਣੀ ਪੈਂਦੀ ਹੈ। ਇਹ ਸਾਧਨਾ ਅਧੂਰੇ ਮਨੁੱਖ ਨੂੰ ਸੰਪੂਰਨ ਬਣਾਉਣ ਦੀ ਪ੍ਰਕਿਰਿਆ ਹੈ। ਇਸ ਰਸਤੇ 'ਤੇ ਹਰ ਕੋਈ ਚੱਲ ਕੇ ਵਗਦੇ ਵਹਿਣਾਂ ਨੂੰ ਪੁੱਠਾ ਗੇੜ ਦੇ ਸਕਦਾ ਹੈ। ਇਸ ਤਪੱਸਿਆ ਦੀ ਜਿੰਨੀ ਕੋਈ ਸਾਧਨਾ ਕਰਦਾ ਹੈ, ਉਸ ਨੂੰ ਓਨਾ ਹੀ ਫਲ ਪ੍ਰਾਪਤ ਹੁੰਦਾ ਹੈ।


-ਸਰਬਜੀਤ ਸਿੰਘ ਜਿਉਣ ਵਾਲਾ
ਫ਼ਰੀਦਕੋਟ।

18-08-2022

 ਬਾਬੇ ਦਾ ਵਿਆਹ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਤੇ ਸ੍ਰੀਮਤੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ ਹੋਇਆ ਅਤੇ ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ। ਬਟਾਲੇ ਦੇ ਨਜ਼ਦੀਕ ਹੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਫਲਾਈ ਸਾਹਿਬ ਤੇ ਅੱਚਲ ਸਾਹਿਬ ਹਨ। ਅੱਚਲ ਸਾਹਿਬ ਵਿਖੇ ਗੁਰੂ ਸਾਹਿਬ ਦੀ ਸਿੱਧਾਂ ਨਾਲ ਗੋਸ਼ਟ ਹੋਈ ਸੀ ਅਤੇ ਇਸ ਸਥਾਨ 'ਤੇ ਸ਼ਿਵ ਜੀ ਦਾ ਮੰਦਰ ਤੇ ਗੁਰਦੁਆਰਾ ਸੁਸ਼ੋਭਿਤ ਹਨ ਅਤੇ ਇਨ੍ਹਾਂ ਦੋਵਾਂ ਧਾਰਮਿਕ ਅਸਥਾਨਾਂ ਦਾ ਇਕ ਹੀ ਸਰੋਵਰ ਹੈ। ਇਥੇ ਸਭ ਧਰਮਾਂ ਦੇ ਲੋਕ ਸਰੋਵਰ 'ਚ ਇਸ਼ਨਾਨ ਕਰਕੇ ਇਨ੍ਹਾਂ ਅਸਥਾਨਾਂ 'ਤੇ ਨਤਮਸਤਕ ਹੁੰਦੇ ਹਨ। ਇਸ ਧਾਰਮਿਕ ਜਗ੍ਹਾ 'ਤੇ ਵੀ ਹਰੇਕ ਸਾਲ ਮੇਲਾ ਲਗਦਾ ਹੈ। ਬਾਬੇ ਦੇ ਵਿਆਹ ਮੌਕੇ ਬਟਾਲੇ ਦੇ ਆਲੇ-ਦੁਆਲੇ ਪਿੰਡਾਂ ਵਿਚ ਸ੍ਰੀ ਅਖੰਡ ਸਾਹਿਬ ਰਖਵਾਏ ਜਾਂਦੇ ਹਨ, ਉਸ ਉਪਰੰਤ ਵਿਆਹ 'ਤੇ ਜਾਣ ਦੀ ਤਿਆਰੀ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੀ ਬਰਾਤ ਹਰੇਕ ਸਾਲ ਸੁਲਤਾਨਪੁਰ ਲੋਧੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਬਟਾਲੇ ਆਉਂਦੀ ਹੈ, ਜਿਸ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਹੈ ਅਤੇ ਰਸਤੇ ਵਿਚ ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ। ਪੂਰੇ ਸ਼ਹਿਰ ਨੂੰ ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਜਾਂਦਾ ਹੈ। ਹਰੇਕ ਧਰਮ ਦੇ ਲੋਕ ਦੂਰੋਂ-ਦੂਰੋਂ ਬਾਬੇ ਦਾ ਵਿਆਹ ਵੇਖਣ ਲਈ ਬਟਾਲੇ ਆਉਂਦੇ ਹਨ। ਕੰਧ ਸਾਹਿਬ ਤੇ ਡੇਰਾ ਸਾਹਿਬ ਗੁਰਦੁਆਰਾ ਵਿਖੇ ਸਾਰੀ ਰਾਤ ਦੀਵਾਨ ਸਜਾਏ ਜਾਂਦੇ ਹਨ। ਇਸ ਸਾਲ 3 ਸਤੰਬਰ, 2022 ਨੂੰ ਬਾਬੇ ਦਾ ਵਿਆਹ ਆ ਰਿਹਾ ਹੈ ਜੋ ਕਿ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਫਲਤਾ ਦੀ ਨਵੀਂ ਮਿਸਾਲ
ਕੇਰਲ ਸਰਵਿਸ ਕਮਿਸ਼ਨ ਨੇ ਆਏ ਨਤੀਜਿਆਂ ਵਿਚ ਇਕ 42 ਸਾਲਾ ਮਾਂ ਅਤੇ ਉਸ ਦੇ 24 ਸਾਲਾ ਪੁੱਤਰ ਦੇ ਸਫਲ ਹੋਣ ਦੀ ਚਰਚਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜ਼ਿੰਦਗੀ ਵਿਚ ਕਾਮਯਾਬ ਅਤੇ ਅੱਗੇ ਵਧਣ ਲਈ ਵਧਦੀ ਉਮਰ ਕਿਸੇ ਪ੍ਰਕਾਰ ਦੀ ਰੁਕਾਵਟ ਪੈਦਾ ਨਹੀਂ ਕਰ ਸਕਦੀ। ਸਫਲਤਾ ਦੀ ਇਹ ਨਵੀਂ ਮਿਸਾਲ ਸਮਾਜ ਦੇ ਹੋਣਹਾਰ ਅਤੇ ਜ਼ਿੰਦਗੀ ਵਿਚ ਕਾਮਯਾਬੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ। ਨੌਜਵਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਅੱਗੇ ਵਧ ਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਦੇ ਨਾਲ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਦੇਖੀ ਜਾ ਛੇੜੀਂ ਨਾ
ਅੱਜਕਲ੍ਹ ਹਰ ਪਾਸੇ ਹੀ ਗ਼ਲਤ ਕੰਮ ਹੋ ਰਹੇ ਹਨ। ਚਾਹੇ ਕਾਨੂੰਨ ਦੀ ਉਲੰਘਣਾ ਜਿਵੇਂ ਨਾਜਾਇਜ਼ ਕਬਜ਼ੇ, ਗ਼ਲਤ ਪਾਰਕਿੰਗ, ਗ਼ਲਤ ਓਵਰਟੇਕਿੰਗ ਆਦਿ ਨੇ ਲੋਕਾਂ 'ਚ ਤਣਾਓ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜੇ ਕੋਈ ਜ਼ਿੰਮੇਵਾਰ ਵਿਅਕਤੀ ਕਿਸੇ ਨੂੰ ਗ਼ਲਤ ਕੰਮ/ਵਿਵਹਾਰ ਕਰਨ ਤੋਂ ਰੋਕਦਾ ਹੈ ਤਾਂ ਉਸ ਦੀ ਸਲਾਹ/ਮੱਤ ਮੰਨਣ ਦੀ ਥਾਂ ਉਸ ਨੂੰ ਪਾਗਲ ਕਹਿ ਕੇ ਮਖੌਲ ਉਡਾਇਆ ਜਾਂਦਾ ਹੈ ਅਤੇ ਉਸ ਦੀ ਬੇਇਜ਼ਤੀ ਕੀਤੀ ਜਾਂਦੀ ਹੈ, 'ਤੂੰ ਕਿਧਰੇ ਹਰੀਸ਼ ਚੰਦਰ ਆ ਗਿਆ। ਆਪਣਾ ਕੰਮ ਕਰ ਤੂੰ, ਐਵੇਂ ਕਿਸੇ ਦੀ ਗੱਲ 'ਚ ਟੰਗ ਅੜਾਈਂ ਜਾਂਨੈ।' ਜਿਹੇ ਫਿਕਰੇ/ਫਬਤੀਆਂ ਕਰਕੇ ਉਹਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ। ਇਸ ਦਾ ਸਿੱਟਾ ਨਿਕਲਦਾ ਹੈ ਕਿ ਜਾਇਜ਼/ਨਾਜਾਇਜ਼ ਸਭ ਕੁਝ ਸ਼ਰੇਆਮ ਵਾਪਰ ਰਿਹਾ ਹੈ ਅਤੇ ਅਸੀਂ ਸਾਰੇ ਮੂਕ ਦਰਸ਼ਕ ਬਣ ਕੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਭ ਕਾਸੇ ਦਾ ਜਿਵੇਂ ਆਨੰਦ ਲੈ ਰਹੇ ਹਾਂ? ਮਨੋਰੰਜਨ ਦਾ ਸਾਧਨ ਸਮਝ ਕੇ ਹੰਢਾ ਰਹੇ ਹਾਂ। ਗੁਰਬਾਣੀ ਦੀ ਸਿੱਖਿਆ ਕਿ 'ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣਾ ਘੋਰ ਪਾਪ ਹੈ', ਨੂੰ ਅਸੀਂ ਝੁਠਲਾ ਦਿੱਤਾ ਹੈ ਅਤੇ ਇਸ ਵਾਕ 'ਤੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ। ਮੇਰੀ ਸਲਾਹ ਹੈ ਕਿ ਸਾਨੂੰ ਪੜ੍ਹੇ-ਲਿਖੇ ਵਰਗ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਸ ਵਾਕ 'ਤੇ ਅਮਲ ਕਰਕੇ ਆਪਣੇ ਫ਼ਰਜ਼ ਅਦਾ ਕਰਨੇ ਚਾਹੀਦੇ ਹਨ।


-ਅਸ਼ੋਕ ਚੱਟਾਨੀ
6-ਬੀ, ਗਰੀਨ ਫੀਲਡ ਕਾਲੋਨੀ, ਕੋਟਕਪੂਰਾ ਰੋਡ, ਮੋਗਾ।


ਸੜਕਾਂ ਕਿਨਾਰੇ ਮਰੇ ਹੋਏ ਜਾਨਵਰ
ਇਕ ਭੈੜੀ ਅਤੇ ਗੰਦੀ ਜਿਹੀ ਬਦਬੂ ਬਣੀ ਹੋਈ ਹੈ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਸਿਰਦਰਦੀ, ਇਸ ਮਹੀਨੇ ਜ਼ਿਆਦਾ ਗਰਮੀ ਜਾਂ ਗਰਮੀ ਦੇ ਦਿਨ ਹੋਣ ਕਰਕੇ ਅਵਾਰਾ ਪਸ਼ੂ ਅਤੇ ਕੁੱਤਿਆਂ ਦਾ ਸੜਕਾਂ ਉਤੇ ਤੋਰਾ-ਫੇਰਾ ਆਮ ਹੀ ਬਣਿਆ ਹੋਇਆ ਹੈ। ਅਵਾਰਾ ਪਸ਼ੂਆਂ ਦੇ ਇਸ ਤਰ੍ਹਾਂ ਸੜਕਾਂ 'ਤੇ ਆਉਣ ਕਰਕੇ ਕਈ ਵਾਰ ਰਾਤ ਨੂੰ ਹਾਦਸੇ ਵਾਪਰ ਜਾਂਦੇ ਹਨ ਅਤੇ ਅਵਾਰਾ ਪਸ਼ੂਆਂ, ਕੁੱਤਿਆਂ ਦੀ ਵੱਡੇ ਟਰੱਕ, ਬੱਸ, ਕਾਰ ਨਾਲ ਟੱਕਰ ਹੋ ਜਾਣ ਕਰਕੇ ਮੌਤ ਹੋ ਜਾਂਦੀ ਹੈ, ਜੋ ਕਿ ਸੜਕਾਂ ਦੇ ਕਿਨਾਰੇ ਮਰੇ ਹੋਏ, ਦੂਸਰੇ ਪਾਸੇ ਇਨ੍ਹਾਂ ਮਰੇ ਹੋਏ ਜਾਨਵਰਾਂ ਨੂੰ ਅਵਾਰਾ ਕੁੱਤਿਆਂ ਵਲੋਂ ਖਾਧਾ ਵੀ ਜਾਂਦਾ ਹੈ, ਜੋ ਕਿ ਬਾਅਦ ਵਿਚ ਇਹੋ ਕੁੱਤੇ ਹਲਕ ਜਾਂਦੇ ਹਨ ਜਾਂ ਖੂੰਖਾਰ ਬਣ ਜਾਂਦੇ ਹਨ ਅਤੇ ਆਉਂਦੇ-ਜਾਂਦੇ ਰਾਹਗੀਰਾਂ ਉਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ ਅਤੇ ਕਈ ਵਾਰੀ ਛੋਟੇ ਬੱਚਿਆਂ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਵਲੋਂ ਮੌਤ ਦੇ ਘਾਟ ਵੀ ਉਤਾਰਿਆ ਗਿਆ ਹੈ। ਦੂਸਰੇ ਪਾਸੇ ਇਨ੍ਹਾਂ ਜਾਨਵਰਾਂ ਨੂੰ ਪ੍ਰਸ਼ਾਸਨ ਵਲੋਂ ਨਾ ਚੁੱਕਣ ਕਰਕੇ ਉਨ੍ਹਾਂ ਦੇ ਮਰੇ ਹੋਏ ਸਰੀਰਾਂ ਵਿਚੋਂ ਬਹੁਤ ਭੈੜੀ ਬਦਬੂ ਅਤੇ ਲੰਘਣ ਵਾਲੇ ਰਾਹਗੀਰਾਂ ਲਈ ਬਹੁਤ ਹੀ ਵੱਡੀ ਸਿਰਦਰਦੀ ਬਣੀ ਹੋਈ ਹੈ। ਇਹ ਗੰਦੀ ਬਦਬੂ ਹਵਾ ਵਿਚ ਘੁਲ ਕੇ, ਇਨਸਾਨ ਨੂੰ ਸਾਹ ਰਾਹੀਂ ਕਈ ਬਿਮਾਰੀਆਂ ਲੱਗਣ ਦਾ ਕਾਰਨ ਬਣਦੀ ਹੈ। ਸੋ, ਅੰਤ ਵਿਚ ਇਹੋ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਮਰੇ ਹੋਏ ਜਾਨਵਰਾਂ ਨੂੰ ਸੜਕ ਕਿਨਾਰੇ ਤੋਂ ਚੁੱਕਣ ਦਾ ਕੰਮ ਨਾਲ ਦੀ ਨਾਲ ਕਰਕੇ ਹੱਡਾ-ਰੋੜੀ ਵਿਚ ਭੇਜਿਆ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿਚ ਇਸ ਗੰਦੀ ਅਤੇ ਬਦਬੂਦਾਰ ਹਵਾ ਅਤੇ ਭਿਆਨਕ ਬਿਮਾਰੀਆਂ ਫੈਲਣ ਤੋਂ ਰੋਕਿਆ ਜਾਵੇ।


-ਗੁਰਪ੍ਰੀਤ ਸਿੰਘ ਜਖਵਾਲੀ


ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ

ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਹਰ ਕਿਸੇ ਨੂੰ ਅਕਸਰ ਹੀ ਸ਼ਹਿਰ ਜਾਣਾ ਪੈਂਦਾ ਹੈ। ਪਰ ਸ਼ਹਿਰਾਂ ਵਿਚ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਅਤੇ ਮਸ਼ਹੂਰੀ ਵਾਲੇ ਵੱਡੇ-ਵੱਡੇ ਬੋਰਡ ਦੁਕਾਨਾਂ ਦੇ ਅੱਗੇ ਫੁੱਟਪਾਥਾਂ/ਗਲੀਆਂ ਵਿਚ ਰੱਖ ਕੇ ਸ਼ਰੇਆਮ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰਕੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਦੁਕਾਨਦਾਰਾਂ ਵਲੋਂ ਅਜਿਹਾ ਕਰਨ ਕਰਕੇ ਬਾਜ਼ਾਰ ਬਹੁਤ ਤੰਗ ਹੋ ਗਏ ਹਨ, ਜਿਸ ਕਰਕੇ ਸਦਾ ਹੀ ਬਾਜ਼ਾਰਾਂ ਵਿਚ ਜਾਮ ਲੱਗਿਆ ਰਹਿੰਦਾ ਹੈ। ਕਈ ਵਾਰ ਕਿਸੇ ਦੁਰਘਟਨਾ ਵਕਤ ਤਾਂ ਅਜਿਹੀਆਂ ਥਾਵਾਂ 'ਚੋਂ ਐਂਬੂਲੈਂਸ ਨੂੰ ਲੰਘਣ ਲਈ ਵੀ ਛੇਤੀ ਕਿਤੇ ਰਸਤਾ ਨਹੀਂ ਮਿਲਦਾ, ਜਿਸ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਲੋੜ ਹੈ ਇਸ ਤਰ੍ਹਾਂ ਕਬਜ਼ੇ ਕਰੀ ਬੈਠੇ ਲੋਕਾਂ ਨੂੰ ਖ਼ੁਦ ਨੈਤਿਕਤਾ ਦੇ ਆਧਾਰ 'ਤੇ ਹੀ ਨਾਜਾਇਜ਼ ਕਬਜ਼ੇ ਛੱਡ ਕੇ ਬਾਜ਼ਾਰਾਂ ਨੂੰ ਖੁੱਲ੍ਹੇ ਕਰਨ ਦੀ। ਇਕੱਲੀਆਂ ਸਰਕਾਰਾਂ ਨੂੰ ਕੋਸਣ/ਨਿੰਦਣ ਦੀ ਬਜਾਏ ਸਾਨੂੰ ਖ਼ੁਦ ਵੀ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦੇਣਾ ਚਾਹੀਦਾ ਹੈ। ਸਾਡੇ ਕਾਰਨ ਜਦੋਂ ਕਿਸੇ ਦੂਜੇ ਨੂੰ ਪ੍ਰੇਸ਼ਾਨੀ/ਦਿੱਕਤ ਆਵੇ ਤਾਂ ਇਹੋ ਹੀ ਸਭ ਤੋਂ ਵੱਡਾ ਪਾਪ ਹੁੰਦਾ ਹੈ। ਦੂਜੇ ਮੁਲਕਾਂ ਨੂੰ ਭੱਜਣ ਦੀ ਬਜਾਏ ਸਾਨੂੰ ਇਥੇ ਆਪਣੇ-ਆਪ ਨੂੰ ਵੀ ਵੱਡੇ ਪੱਧਰ 'ਤੇ ਸੁਧਾਰਨ ਦੀ ਸਖ਼ਤ ਜ਼ਰੂਰਤ ਹੈ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

17-08-2022

 ਕੁਦਰਤ ਨਾਲ ਖਿਲਵਾੜ

ਜਦੋਂ ਵੀ ਬਰਸਾਤਾਂ ਦਾ ਮੌਸਮ ਚਲਦਾ ਹੈ, ਕੁਦਰਤੀ ਆਫ਼ਤਾਂ ਦੀ ਦਸਤਕ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕਾਫੀ ਮਾਲੀ ਤੇ ਜਾਨੀ ਨੁਕਸਾਨ ਹੁੰਦਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਿਛਲੇ ਸਾਲ ਵੀ ਕਨੌਰ ਜ਼ਿਲ੍ਹੇ ਵਿਚ ਢਿਗਾਂ ਡਿਗਣ ਨਾਲ ਸਵਾਰੀਆਂ ਨਾਲ ਭਰੀ ਬਸ ਤੇ ਹੋਰ ਗੱਡੀਆਂ ਲਪੇਟ ਵਿਚ ਆਉਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਜਾਣ ਬਾਰੇ ਖ਼ਬਰ ਨਸ਼ਰ ਹੋਈ ਸੀ। ਦਰਅਸਲ ਇਨ੍ਹਾਂ ਘਟਨਾਵਾਂ ਦਾ ਦੋਸ਼ੀ ਮਨੁੱਖ ਆਪ ਹੀ ਹੈ। ਜੋ ਕੁਦਰਤ ਨਾਲ ਖਿਲਵਾੜ ਕਰ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਕੁਦਰਤ ਨੇ ਮਹਾਂਮਾਰੀ ਦੌਰਾਨ ਮਨੁੱਖੀ ਜੀਵ ਨੂੰ ਘਰ ਦੇ ਅੰਦਰਾਂ 'ਚ ਵਾੜ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਸੀ।
ਆਕਸੀਜਨ ਸਿਲੰਡਰ ਨਾ ਮਿਲਣ ਕਾਰਨ ਤੜਫਦਿਆਂ ਮੌਤ ਦਾ ਤਾਂਡਵ ਨਾਚ ਮਨੁੱਖ ਨੇ ਆਪਣੇ ਅੱਖੀਂ ਵੇਖਿਆ ਸੀ। ਉਸ ਨੂੰ ਹੁਣ ਪਤਾ ਲੱਗਾ ਹੈ ਕਿ ਜੋ ਰੁੱਖ ਮਨੁੱਖ ਦਾ ਮਿੱਤਰ ਹੈ, ਉਸ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਦਿੰਦਾ ਹੈ, ਉਸ ਦਾ ਹੀ ਕਤਲ ਕਰ ਰਿਹਾ ਹੈ। ਜਿਸ ਦਾ ਨਤੀਜਾ ਹੁਣ ਉਹ ਭੁਗਤ ਰਿਹਾ ਹੈ। ਮਨੁੱਖ ਨੂੰ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਸ ਦੇ ਪ੍ਰਮਾਣ ਭੁਗਤਨ ਲਈ ਉਸ ਨੂੰ ਤਿਆਰ ਰਹਿਣਾ ਪਵੇਗਾ। ਪ੍ਰਸ਼ਾਸਨ ਤੇ ਸਮੇਂ ਦੀਆਂ ਸਰਕਾਰਾਂ ਨੂੰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰ ਕੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਕੇ ਇਸ ਮੌਤ ਦੇ ਤਾਂਡਵ ਨੂੰ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਮੈਡੀਕਲ ਸਟੋਰਾਂ ਨੇ ਮਚਾਈ ਲੁੱਟ

ਲੰਪੀ ਸਕਿਨ (ਚਮੜੀ ਰੋਗ) ਕਰਕੇ ਪੰਜਾਬ ਵਿਚ ਢਾਈ ਸੌ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਹਜ਼ਾਰਾਂ ਦੀ ਤਾਦਾਦ ਵਿਚ ਪਸ਼ੂ ਇਸ ਬਿਮਾਰੀ ਨਾਲ ਜੂਝ ਰਹੇ ਹਨ। ਪਸ਼ੂਆਂ ਵਿਚ ਬੁਖਾਰ, ਖੰਘ, ਸਾਹ ਰੋਗ, ਹੋਰ ਵੀ ਕਈ ਤਰ੍ਹਾਂ ਦੇ ਲੱਛਣ ਪਾਏ ਜਾ ਰਹੇ ਹਨ। ਗਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਚੇਤੇ ਕਰਵਾ ਦੇਈਏ ਕਿ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਹਾਹਾਕਾਰ ਮਚੀ ਹੋਈ ਸੀ, ਜੋ ਥਰਮਾਮੀਟਰ ਜਿਸ ਦੀ ਕੀਮਤ ਸਿਰਫ਼ 40 ਰੁਪਏ ਹੈ, ਇਨ੍ਹਾਂ ਮੈਡੀਕਲ ਦੁਕਾਨਾਂ ਵਾਲਿਆਂ ਨੇ ਉਹ 500 ਤੋਂ ਲੈ ਕੇ 700 ਤੱਕ ਵੇਚਿਆ। ਕਹਿਣ ਦਾ ਭਾਵ ਹੈ ਕਿ ਮਰੀਜ਼ਾਂ ਦੀ ਚੰਗੀ ਤਰ੍ਹਾਂ ਅੰਨ੍ਹੀ ਲੁੱਟ ਕੀਤੀ ਗਈ। ਹੁਣ ਜਦੋਂ ਪਸ਼ੂਆਂ ਵਿਚ ਇਹ ਬਿਮਾਰੀ ਪਾਈ ਜਾ ਰਹੀ ਹੈ, ਤਾਂ ਫਿਰ ਹੁਣ ਮੈਡੀਕਲ ਸਟੋਰਾਂ ਵਾਲਿਆਂ ਦੀ ਚੰਗੀ ਚਾਂਦੀ ਹੋ ਰਹੀ ਹੈ।
ਇਨਸਾਨੀਅਤ ਖਤਮ ਹੋ ਚੁੱਕੀ ਹੈ। ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਹੱਡਾ ਰੋੜੀਆਂ ਵਿਚ ਪਸ਼ੂਆਂ ਨੂੰ ਸੁੱਟਣ ਲਈ ਥਾਂ ਤੱਕ ਨਹੀਂ ਰਹੀ। ਪਸ਼ੂ ਪਾਲਕਾਂ ਵਿਚ ਬਹੁਤ ਬੇਚੈਨੀ ਹੈ। ਜੋ ਮੈਡੀਕਲ ਸਟੋਰਾਂ ਵਾਲੇ ਆਪਣੀ ਮਨਮਰਜ਼ੀ ਦਾ ਰੇਟ ਲਗਾ ਰਹੇ ਹਨ, ਕਿਸ ਤਰ੍ਹਾਂ ਪਸ਼ੂ ਪਾਲਕ ਆਪਣੇ ਮਰੀਜ਼ਾਂ ਦਾ ਇਲਾਜ ਕਰਵਾਉਣਗੇ। ਮਾਣਯੋਗ ਪਸ਼ੂ ਪਾਲਣ ਮੰਤਰੀ ਨੂੰ ਪਸ਼ੂ ਹਸਪਤਾਲਾਂ, ਡਿਸਪੈਂਸਰੀਆਂ ਵਿਚ ਦਵਾਈਆਂ ਤੇ ਮਾਹਰਾਂ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਪਸ਼ੂ ਪਾਲਕਾਂ ਨੂੰ ਆਪਣੇ ਵਾੜੇ ਦੀ ਚੰਗੀ ਤਰ੍ਹਾਂ ਸਫ਼ਾਈ ਕਰਨੀ ਚਾਹੀਦੀ ਹੈ ਤੇ ਪੂਰੇ ਵਾੜੇ ਵਿਚ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਪ੍ਰਭਾਵਿਤ ਪਸ਼ੂਆਂ ਨੂੰ ਸਾਰਿਆਂ ਤੋਂ ਵੱਖ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਤੋਂ ਜਲਦੀ ਇਸ ਬਿਮਾਰੀ ਤੋਂ ਨਿਜਾਤ ਮਿਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਨਾਰੀ ਸਸ਼ਕਤੀਕਰਨ ਦੀ ਮਿਸਾਲ

ਪਿਛਲੇ ਦਿਨੀਂ ਦਰੋਪਦੀ ਮੁਰਮੂ ਨੇ 15ਵੇਂ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਭਾਰਤ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਰਾਸ਼ਟਰਪਤੀ ਦੀ ਜਿੱਤ ਦਾ ਸਿਹਰਾ ਆਪਣੇ ਸਿਰ ਸਜਾ ਕੇ ਦਰੋਪਦੀ ਮੁਰਮੂ ਨੇ ਇਹ ਸਿੱਧ ਕਰ ਦਿੱਤਾ ਕਿ ਸਫਲਤਾ ਦੀ ਮੰਜ਼ਲ ਦਾ ਰਸਤਾ ਜਾਤ-ਪਾਤ, ਅਮੀਰੀ-ਗਰੀਬੀ ਅਤੇ ਔਰਤ ਜਾਂ ਮਰਦ ਵਿਚਕਾਰ ਭੇਦ-ਭਾਵ ਨਹੀਂ ਦੇਖਦਾ, ਬਲਕਿ ਉਮੀਦਾਂ ਨੂੰ ਖੰਭ ਕੇਵਲ ਸਖਤ ਮਿਹਨਤ, ਦ੍ਰਿੜ੍ਹਤਾ, ਜਜ਼ਬਾ ਅਤੇ ਜਾਨੂੰਨ ਤੋਂ ਮਿਲਦੇ ਹਨ।
ਭਾਰਤ ਦੇ ਪੰਨਿਆਂ 'ਤੇ ਸੁਨਹਿਰੀ ਇਤਿਹਾਸ ਕਾਇਮ ਕਰਨ ਵਾਲੀ ਪਹਿਲੀ ਕਬਾਇਲੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਔਰਤ ਅਤੇ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਔਰਤ ਦਾ ਜਨਮ 20 ਜੂਨ, 1958 ਨੂੰ ਉਪਰਬੇੜਾ ਓੜੀਸ਼ਾ ਵਿਖੇ ਹੋਇਆ। ਭਾਰਤੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜੋ ਸ਼ਖਸ ਆਜ਼ਾਦੀ ਤੋਂ ਬਾਅਦ ਪੈਦਾ ਹੋਇਆ ਹੈ, ਉਹ ਰਾਸ਼ਟਰਪਤੀ ਬਣ ਰਿਹਾ ਹੈ, ਜਿਸ ਕਾਰਨ ਮਿਤੀ 20 ਜੂਨ, 1958 ਦੀ ਆਪਣੇ-ਆਪ ਵਿਚ ਇਕ ਵਿਸ਼ੇਸ਼ ਮਹੱਤਤਾ ਹੈ। ਦਰੋਪਦੀ ਮੁਰਮੂ ਨੇ ਆਪਣੀ ਸਿੱਖਿਆ ਰਾਮਾਦੇਵੀ ਯੂਨੀਵਰਸਿਟੀ ਤੋਂ ਮੁਕੰਮਲ ਕੀਤੀ। ਭੂਤਕਾਲ 'ਚ 2015 ਦੌਰਾਨ ਝਾਰਖੰਡ ਦੇ ਗਵਰਨਰ ਵੀ ਰਹੇ। 2007 ਵਿਚ ਸਨਮਾਨ ਵਜੋਂ ਦਰੋਪਦੀ ਮੁਰਮੂ ਨੂੰ ਉਡੀਸ਼ਾ ਦੇ ਉੱਤਮ ਵਿਧਾਇਕ ਦੇ ਤੌਰ 'ਤੇ ਨੀਲਕੰਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਮਿਹਨਤ ਤੇ ਸਿਦਕ ਦੁਆਰਾ ਸਫਲਤਾ

ਹਰੇਕ ਮਨੁੱਖ ਜ਼ਿੰਦਗੀ ਵਿਚ ਸਫਲਤਾ ਦਾ ਸੁਆਦ ਚੱਖਣਾ ਚਾਹੁੰਦਾ ਹੈ। ਇਹ ਬਹੁਤ ਮੁਸ਼ਕਿਲ ਕੰਮ ਨਹੀਂ। ਇਸ ਦੇ ਬਾਵਜੂਦ ਦੁਨੀਆ ਵਿਚ ਸਫਲ ਵਿਅਕਤੀਆਂ ਦੇ ਮੁਕਾਬਲੇ ਵਿਚ ਅਸਫਲ ਲੋਕ ਜ਼ਿਆਦਾ ਮਿਲਣਗੇ। ਅਜਿਹੇ ਵਿਚ ਇਹ ਵਿਸ਼ਲੇਸ਼ਣ ਜ਼ਰੂਰੀ ਹੈ ਕਿ ਸਫਲਤਾ ਏਨੀ ਮੁਸ਼ਕਿਲ ਨਾ ਹੁੰਦੇ ਹੋਏ ਵੀ ਤੰਗ ਹੋ ਕੇ ਕਿਉਂ ਮਿਲਦੀ ਹੈ? ਆਮ ਤੌਰ'ਤੇ ਲੋਕ ਸਫਲਤਾ ਅਤੇ ਅਸਫਲਤਾ ਦਾ ਸਿਹਰਾ ਕਿਸਮਤ ਨੂੰ ਦਿੰਦੇ ਹਨ। ਉਹ ਮੰਨਦੇ ਹਨਕਿ ਕਿਸਮਤ 'ਚ ਸਫਲਤਾ ਹੋਵੇਗੀ ਤਾਂ ਜ਼ਰੂਰ ਮਿਲੇਗੀ, ਨਹੀਂ ਤਾਂ ਉਸ ਦੀ ਪ੍ਰਾਪਤੀ ਅਸੰਭਵ ਹੈ। ਇਸ ਤਰ੍ਹਾਂ ਅਜਿਹੇ ਸੌੜੇ ਨਜ਼ਰੀਏ ਕਾਰਨ ਉਹ ਤਮਾਮ ਜ਼ਿੰਦਗੀ ਵਿਅਰਥ ਗੁਆ ਦਿੰਦੇ ਹਨ।
ਅਸਲ ਵਿਚ ਅਜਿਹੀ ਧਾਰਨਾ ਆਲਸੀ ਤੇ ਨਿਕੰਮੇ ਲੋਕਾਂ ਦੀ ਸੂਚਕ ਹੁੰਦੀ ਹੈ। ਜੋ ਕਰਮਯੋਗੀ ਹੁੰਦੇ ਹਨ ਤੇ ਜਿਨ੍ਹਾਂ ਨੂੰ ਕਰਮ ਤੇ ਆਪਣੀ ਮਿਹਨਤ ਤੇ ਪੁਰਸ਼ਾਰਥ 'ਤੇ ਯਕੀਨ ਹੁੰਦਾ ਹੈ, ਉਨ੍ਹਾਂ ਲਈ ਸਫਲਤਾ ਹਾਸਲ ਕਰਨਾ ਸਹਿਜ ਕੰਮ ਹੁੰਦਾ ਹੈ। ਇਹ ਸੰਸਾਰ ਸਭ ਤਰ੍ਹਾਂ ਦੇ ਸੁੱਖਾਂ ਅਤੇ ਸਾਧਨਾਂ ਨਾਲ ਭਰਪੂਰ ਹੈ। ਸਾਨੂੰ ਸਫਲਤਾ ਦੇ ਵਿਸ਼ੇ 'ਚ ਉਦੋਂ ਹੀ ਚਿੰਤਨ ਕਰਨਾ ਚਾਹੀਦਾ ਹੈ ਜਦ ਅਸੀਂ ਕੰਮ ਦੀ ਸ਼ੁਰੂਆਤ ਕਰਕੇ ਉਸ ਨੂੰ ਪੂਰਾ ਕਰ ਸਕੀਏ। ਨਹੀਂ ਤਾਂ ਬਿਨਾਂ ਮਿਹਨਤ ਕੀਤੇ ਸਫਲਤਾ ਬਾਰੇ ਸੋਚਣਾ ਵੀ ਬੇਮਾਅਨਾ ਹੈ। ਇਸ 'ਚ ਭੋਰਾ ਵੀ ਸ਼ੱਕ ਨਹੀਂ ਕਿ ਸਫਲਤਾ ਕਰਮਸ਼ੀਲ ਵਿਅਕਤੀ ਦੀ ਦਾਸੀ ਹੁੰਦੀ ਹੈ। ਇਸ ਲਈ ਸਾਨੂੰ ਕਿਸਮਤ ਦਾ ਰਸਤਾ ਨਾ ਦੇਖਦੇ ਹੋਏ ਆਪਣੀ ਮਿਹਨਤ ਤੇ ਸਿਦਕ ਦੁਆਰਾ ਸਫਲਤਾ ਨੂੰ ਹਾਸਲ ਕਰਨ ਦੇ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ।

-ਡਾ. ਵਨੀਤ ਕੁਮਾਰ ਸਿੰਗਲਾ
ਬੁਢਲਾਡਾ ਮਾਨਸਾ।

15-08-2022

 ਲਗਾਤਾਰ ਹੁੰਦੇ ਘੁਟਾਲੇ
ਜਿਥੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਉਥੇ ਹੀ ਸਭ ਤੋਂ ਜ਼ਿਆਦਾ ਕਣਕ ਘੁਟਾਲੇ ਵੀ ਪੰਜਾਬ ਵਿਚ ਹੋ ਰਹੇ ਹਨ। ਪਿਛਲੇ ਦਿਨੀਂ ਬਠਿੰਡਾ ਤੇ ਜ਼ੀਰਾ ਵਿਚ ਕਣਕ ਦੇ ਗੁਦਾਮਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੀ ਅਜੇ ਤੱਕ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਉਸ ਨੂੰ ਅੱਗ ਲਾਉਣ ਦੀ ਜ਼ਿੰਮੇਵਾਰੀ ਦਾ ਭਾਂਡਾ ਅਜੇ ਤੱਕ ਕਿਸੇ ਦੇ ਸਿਰ ਨਹੀਂ ਭੰਨਿਆ ਗਿਆ। ਬਸ ਦੋ ਮੁਲਾਜ਼ਮਾਂ ਨੂੰ ਫ਼ਰਜ਼ੀ ਤੌਰ 'ਤੇ ਮੁਅੱਤਲ ਕਰਨ ਦੀ ਖ਼ਬਰ ਜ਼ਰੂਰ ਆਈ ਸੀ ਪਰ ਉਹ ਕੰਮ ਕਿਸੇ ਇਕ ਜਣੇ ਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਪਨਗ੍ਰੇਨ ਦੇ ਫ਼ਿਰੋਜ਼ਪੁਰ ਸਥਿਤ ਵੱਖ-ਵੱਖ ਗੁਦਾਮਾਂ ਦੇ ਖੁਰਦ-ਬੁਰਦ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਗੁਦਾਮਾਂ ਵਿਚੋਂ ਕਰੀਬ 33549 ਬੋਰੀਆਂ ਘੱਟ ਹਨ। ਜਾਣਕਾਰੀ ਅਨੁਸਾਰ ਪਨਗ੍ਰੇਨ ਨਾਲ ਸੰਬੰਧਿਤ ਅਧਿਕਾਰੀ ਜੋ ਕਿ ਨਿਰੀਖਕ ਦੇ ਅਹੁਦੇ 'ਤੇ ਤਾਇਨਾਤ ਸਨ, ਉਨ੍ਹਾਂ ਵਲੋਂ ਤਿੰਨ ਕਰੋੜ 9 ਲੱਖ ਰੁਪਏ ਦਾ ਅਨਾਜ ਖੁਰਦ-ਬੁਰਦ ਕੀਤਾ ਗਿਆ ਹੈ। ਗੁਦਾਮ ਵਿਚ ਪੜਤਾਲ ਦੌਰਾਨ 10364 ਬੋਰੀਆਂ (5 ਕਿਲੋ) ਵਜ਼ਨੀ 5182 ਕੁਇੰਟਲ ਅਤੇ ਸਟੇਟ ਪੂਲ ਦੀ ਕਣਕ ਦੇ ਸਟਾਕ ਵਿਚ 16389 ਬੋਰੀਆਂ (30 ਕਿਲੋ) ਜਿਸ ਦੀ ਅੰਦਾਜ਼ਨ ਕੀਮਤ 2 ਕਰੋੜ 31 ਲੱਖ ਰੁਪਏ ਬਣਦੀ ਹੈ। ਬੇਸ਼ੱਕ ਆਮ ਆਦਮੀ ਦੀ ਸਰਕਾਰ ਇਹ ਵਾਅਦੇ ਕਰ ਰਹੀ ਹੈ ਕਿ ਕਿਸੇ ਵੀ ਘੁਟਾਲੇਬਾਜ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਰ ਇਹ ਗੱਲਾਂ ਦੀ ਫੂਕ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ। ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਗੋਂਗਲੂਆਂ ਤੋਂ ਘੱਟਾ ਹੀ ਝਾੜਦੀ ਹੈ ਜਾਂ ਫਿਰ ਹਕੀਕਤ ਵਿਚ ਇਨ੍ਹਾਂ ਚੋਰਾਂ ਤੇ ਘੁਟਾਲੇਬਾਜ਼ਾਂ ਦੀ ਪੂਰੀ ਜਾਇਦਾਦ ਕੁਰਕੀ ਕਰਕੇ ਇਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੜਨ ਲਈ ਭੇਜਦੀ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫ਼ਿਰੋਜ਼ਪੁਰ)।


ਵਿਚਾਰ ਪ੍ਰਗਟਾਉਣ ਦੀ ਆਜ਼ਾਦੀ
ਹਾਕਮ ਸਰਕਾਰਾਂ ਵਲੋਂ ਸਮੇਂ-ਸਮੇਂ 'ਤੇ ਹੱਕ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਿਆਂ ਨੂੰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਝੂਠੇ ਕੇਸ ਅਤੇ ਪਰਚੇ ਦਰਜ ਕਰਵਾਉਣ ਦੇ ਨਾਲ-ਨਾਲ ਡਰਾਇਆ ਅਤੇ ਧਮਕਾਇਆ ਜਾਂਦਾ ਹੈ ਜੋ ਵਿਚਾਰਾਂ ਦੀ ਆਜ਼ਾਦੀ ਅਤੇ ਸੰਵਿਧਾਨ ਦੀ ਪ੍ਰਭੂਸੱਤਾ ਲਈ ਖ਼ਤਰਾ ਹੈ। ਭਾਰਤ ਵਿਚ ਇਕ ਆਜ਼ਾਦ ਅਤੇ ਧਰਮ-ਨਿਰਪੱਖ ਦੇਸ਼ ਹੋਣ ਕਰਕੇ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਅਜਿਹੇ ਵਿਚਾਰ ਸਮਾਜ ਵਿਚ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰਨ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਏਕਤਾ ਲਈ ਖ਼ਤਰਾ ਨਾ ਪੈਦਾ ਕਰਨ ਤਾਂ ਜੋ ਦੇਸ਼ ਵਿਚ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਕਾਇਮ ਰਹਿ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਵਧ ਰਿਹਾ ਗੰਨ ਕਲਚਰ
ਪੰਜਾਬ ਵਿਚ ਨਸ਼ੇ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਵਾਂਗ ਹੀ ਗੰਨ ਕਲਚਰ (ਹਥਿਆਰ ਸੱਭਿਆਚਾਰ) ਇਕ ਗੰਭੀਰ ਸਮੱਸਿਆ ਹੈ। ਆਏ ਦਿਨ ਕੋਈ ਨਾ ਕੋਈ ਵਾਰਦਾਤ ਸੁਣਨ ਨੂੰ ਮਿਲਦੀ ਹੈ। ਹਥਿਆਰਾਂ ਦਾ ਜ਼ਿਕਰ ਪੰਜਾਬੀ ਗਾਣਿਆਂ ਵਿਚ ਆਮ ਹੋਇਆ ਮਿਲਦਾ ਹੈ। ਜਿਸ ਤੋਂ ਨੌਜਵਾਨ ਵਰਗ ਬਹੁਤ ਪ੍ਰਭਾਵਿਤ ਹੁੰਦਾ ਹੈ। ਉਹ ਵੀ ਗਾਣਿਆਂ ਦੀ ਨਕਲ ਕਰਕੇ ਹਥਿਆਰ ਰੱਖਣ ਨੂੰ ਆਪਣੀ ਸਰਦਾਰੀ ਸਮਝਦੇ ਹਨ ਪਰ ਇਸ ਪਿੱਛੇ ਨੁਕਸਾਨ ਨੂੰ ਭੁੱਲ ਜਾਂਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ, ਹੌਲੀ-ਹੌਲੀ ਨੌਜਵਾਨ ਵਰਗ ਖ਼ੂਨ-ਖਰਾਬੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਿਨ੍ਹਾਂ ਨੂੰ ਗੈਂਗਸਟਰ ਦਾ ਨਾਂਅ ਦਿੱਤਾ ਜਾਂਦਾ ਹੈ। ਸਵਾਲ ਇਹ ਹੈ ਕਿ ਇਹ ਅਸਲ੍ਹਾ ਇਨ੍ਹਾਂ ਨੂੰ ਦਿੰਦਾ ਕੌਣ ਹੈ? ਜੇਕਰ ਸਰਕਾਰ ਕੋਰੋਨਾ ਕਾਲ ਦੌਰਾਨ ਸਭ ਕੁਝ ਠੱਪ ਕਰ ਸਕਦੀ ਹੈ, ਮਹਿੰਗਾਈ ਘਟਾ-ਵਧਾ ਸਕਦੀ ਹੈ, ਨਵੇਂ ਨਿਯਮ ਬਣਾ ਸਕਦੀ ਹੈ ਤਾਂ ਗੰਨ ਕਲਚਰ 'ਤੇ ਰੋਕ ਕਿਉਂ ਨਹੀਂ ਲਗਾ ਸਕਦੀ? ਬੜਾ ਅਫ਼ਸੋਸ ਹੁੰਦਾ ਹੈ, ਜਦ ਇਹੀ ਸੁਣਨ ਨੂੰ ਮਿਲਦਾ ਹੈ ਕਿ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ। ਉਸ ਮਾਂ ਨੂੰ ਪੁੱਛ ਕੇ ਦੇਖੋ, ਜਿਸ ਨੇ ਆਪਣਾ ਪੁੱਤ ਖੋਹਿਆ ਹੈ। ਦੇਖਿਆ ਜਾਵੇ ਤਾਂ ਘਰ-ਘਰ ਵਿਚ ਅਸਲ੍ਹਾ ਮੌਜੂਦ ਹੈ। ਮੌਜੂਦਾ ਗਾਣੇ ਨੌਜਵਾਨ ਪੀੜ੍ਹੀ ਨੂੰ ਭੜਕਾਉਂਦੇ ਹਨ। ਸੋ, ਗੰਨ ਕਲਚਰ ਨੂੰ ਛੱਡ ਕੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਸਾਂਝ ਪਾਉਣ ਦੀ ਲੋੜ ਹੈ ਤਾਂ ਕਿ ਕੋਈ ਵੀ ਮਾਣ ਨਾਲ ਸਾਨੂੰ ਪੰਜਾਬੀ ਗੱਭਰੂ ਕਹਿ ਸਕੇ। ਅੱਜ ਲੋੜ ਹੈ, ਪੰਜਾਬ ਨੂੰ ਬਚਾਉਣ ਦੀ, ਤਾਂ ਕਿ ਇਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰ ਸਕੇ।


-ਰਵਨੀਤ ਕੌਰ ਢੀਂਡਸਾ
ravkaur9292@gmail.com


ਫਰਿਸ਼ਤੇ ਸਕੀਮ
ਪੰਜਾਬ ਸਰਕਾਰ ਵਲੋਂ ਆਪਣੇ ਬਜਟ ਵਿਚ ਲੋਕਾਂ ਲਈ ਫਰਿਸ਼ਤੇ ਸਕੀਮ ਲਿਆਂਦੀ ਗਈ ਹੈ, ਜਿਸ ਦਾ ਮੁੱਖ ਮਕਸਦ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਇਨਸਾਨਾਂ ਨੂੰ ਜੇ ਕੋਈ ਕੋਲੋਂ ਲੰਘਦਾ ਵਿਅਕਤੀ ਹਸਪਤਾਲ ਪਹੁੰਚਾਉਂਦਾ ਹੈ ਤਾਂ ਅਜਿਹੇ ਅਜਨਬੀ ਫਰਿਸ਼ਦੇ ਨੂੰ ਪੁਲਿਸ ਕਿਸੇ ਕਾਨੂੰਨੀ ਉਲਝਣ ਵਿਚ ਨਹੀਂ ਫਸਾਏਗੀ, ਬਲਕਿ ਸਰਕਾਰ ਅਜਿਹੇ ਫਰਿਸ਼ਤੇ ਦਾ ਸਨਮਾਨ ਕਰੇਗੀ। ਜ਼ਖ਼ਮੀ ਹੋਏ ਮਰੀਜ਼ਾਂ ਦਾ ਸਰਕਾਰ ਮੁਫ਼ਤ ਇਲਾਜ ਕਰੇਗੀ। ਪੁਲਿਸ ਰਿਪੋਰਟ ਦੀ ਉਡੀਕ ਕੀਤੇ ਬਗੈਰ ਹੀ ਹਸਪਤਾਲ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦੇਵੇਗਾ। ਅਜਿਹਾ ਕਰਕੇ ਸੜਕ ਹਾਦਸਿਆਂ ਵਿਚ ਗੰਭੀਰ ਹੋਏ ਜ਼ਖ਼ਮੀਆਂ ਨੂੰ ਕਾਫੀ ਹੱਦ ਤੱਕ ਮੌਤ ਦੇ ਮੂੰਹ 'ਚ ਜਾਣੋਂ ਬਚਾਇਆ ਜਾ ਸਕੇਗਾ। ਸਰਕਾਰ ਵਲੋਂ ਲਿਆਂਦੀ ਇਸ ਫਰਿਸ਼ਤੇ ਸਕੀਮ ਦੀ ਸ਼ਲਾਘਾ ਕਰਨੀ ਬਣਦੀ ਹੈ। ਸਰਕਾਰ ਇਸ ਨੂੰ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਵੇ। ਤਾਂ ਕਿ ਅਜਨਬੀ ਫਰਿਸ਼ਤੇ ਬਗੈਰ ਕਿਸੇ ਡਰ-ਭੈਅ ਦੇ ਮਨੁੱਖੀ ਜਾਨਾਂ ਬਚਾਉਣ 'ਚ ਆਪਣਾ ਭਰਪੂਰ ਯੋਗਦਾਨ ਪਾ ਸਕਣ।


-ਇੰਜ: ਰਛਪਾਲ ਸਿੰਘ ਚੱਨੂੰਵਾਲਾ
-ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

11-08-2022

 ਵਧ ਰਹੀ ਮਹਿੰਗਾਈ
ਹਾਲ ਹੀ 'ਚ ਕੈਗ ਦੀ ਰਿਪੋਰਟ ਅਨੁਸਾਰ 60 ਫੀਸਦੀ ਤੋਂ ਵੱਧ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਵੰਡੇ ਗਏ ਸਿਲੰਡਰਾਂ ਔਰਤਾਂ ਵਲੋਂ ਵਰਤੋਂ ਵਿਚ ਨਹੀਂ ਲਿਆਂਦਾ ਜਾ ਰਹੇ ਕਿਉਂਕਿ ਗੈਸ ਸਿਲੰਡਰ ਦੀ ਕੀਮਤ 1000 ਤੋਂ ਪਾਰ ਕਰ ਚੁੱਕੀ ਹੈ। ਤਕਰੀਬਨ ਪਿਛਲੇ ਕਾਫੀ ਲੰਮੇ ਅਰਸੇ ਤੋਂ ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ, ਖਾਣ-ਪੀਣ ਵਾਲੀਆਂ ਵਸਤਾਂ, ਆਟਾ-ਦਾਲ, ਦੁੱਧ, ਲੱਸੀ, ਹੋਰ ਚੀਜ਼ਾਂ 'ਤੇ ਜੀ.ਐਸ.ਟੀ. ਲਗਾਉਣ ਨਾਲ ਮੱਧਮ ਤੇ ਗਰੀਬ ਪਰਿਵਾਰਾਂ ਦੇ ਘਰ ਦਾ ਬਜਟ ਹਿਲ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਕੁਪੋਸ਼ਣ ਹੋਰ ਵਧਣ ਦਾ ਖਤਰਾ ਹੈ। ਭੁੱਖ ਮਰੀ ਵਧ ਰਹੀ ਹੈ। ਨੋਟਬੰਦੀ ਤੋਂ ਬਾਅਦ ਅਜੇ ਅਰਥਚਾਰਾ ਚੰਗੀ ਤਰ੍ਹਾਂ ਲੀਹ 'ਤੇ ਨਹੀਂ ਆਇਆ ਸੀ ਕਿ ਕੋਵਿਡ ਕਰਕੇ ਬੁਰੀ ਤਰ੍ਹਾਂ ਡਗਮਗਾ ਗਿਆ। ਰੁਪਏ ਦੀ ਕੀਮਤ ਦਿਨ ਪ੍ਰਤੀ ਡਿਗਦੀ ਜਾ ਰਹੀ ਹੈ। ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਬੇਰੁਜ਼ਗਾਰੀ ਵਧ ਗਈ ਹੈ। ਦੋ ਡੰਗ ਦੀ ਰੋਟੀ ਦਾ ਹੀਲਾ ਵਸੀਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਲਗਾਤਾਰ ਮਹਿੰਗਾਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਉਧਰ ਭਾਜਪਾ ਦੇ ਸੰਸਦ ਮੈਂਬਰ ਸਦਨ ਵਿਚ ਕਹਿ ਰਹੇ ਹਨ ਕਿ ਭਾਰਤ ਵਿਚ ਮਹਿੰਗਾਈ ਸਿਰਫ਼ 7 ਫ਼ੀਸਦੀ ਹੈ ਜੋ ਕਿ ਹੋਰ ਮੁਲਕਾਂ ਦੇ ਨਾਲੋਂ ਕਿਤੇ ਘੱਟ ਹੈ। ਮਹਿੰਗਾਈ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਭਾਜਪਾ ਮਹਿੰਗਾਈ ਦਾ ਵੱਡਾ ਕਾਰਨ ਰੂਸ-ਯੂਕਰੇਨ ਜੰਗ ਤੇ ਹੋਰ ਸਮੱਸਿਆਵਾਂ ਨੂੰ ਦੱਸ ਰਹੀ ਹੈ। ਅਰਥਚਾਰੇ ਦੀ ਮਜ਼ਬੂਤੀ ਨਾਲ ਹੀ ਲੋਕਾਂ ਦੇ ਜੀਵਨ ਵਿਚ ਖ਼ੁਸ਼ਹਾਲੀ ਆ ਸਕਦੀ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਮਸ਼ੀਨਾਂ 'ਤੇ ਨਿਰਭਰਤਾ ਘਟਾਉਣ ਦੀ ਲੋੜ

ਘਰੋਂ ਬਾਹਰ ਨਿਕਲਦਿਆਂ ਹੀ ਜਿਧਰ ਮਰਜ਼ੀ ਝਾਕੋ, ਸਾਰੇ ਪਾਸੇ ਵੱਡੀ ਗਿਣਤੀ ਵਿਚ ਆਵਾਜਾਈ ਦੇ ਸਾਧਨ/ਮਸ਼ੀਨਰੀ ਹੀ ਦਿਖਾਈ ਦੇਵੇਗੀ। ਅੱਜਕਲ੍ਹ ਹਰ ਕੋਈ ਮਸ਼ੀਨਰੀ ਦੀ ਵਰਤੋਂ ਬਹੁਤ ਜ਼ਿਆਦਾ ਕਰ ਰਿਹਾ ਹੈ, ਜਿਸ ਨਾਲ ਸੜਕ ਹਾਦਸੇ ਜ਼ਿਆਦਾ ਵਾਪਰ ਰਹੇ ਹਨ। ਇਸ ਤੋਂ ਇਲਾਵਾ ਫਜ਼ੂਲ ਖਰਚਾ ਵੀ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਇਸੇ ਕਰਕੇ ਹੀ ਵਧ ਰਿਹਾ ਹੈ। ਮਸ਼ੀਨਰੀ ਦੀ ਬਹੁਤ ਜ਼ਿਆਦਾ ਵਰਤੋਂ ਹੋਣ ਕਰਕੇ ਹੀ ਸ਼ਹਿਰਾਂ ਵਿਚ ਅਕਸਰ ਹੀ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ। ਹੁਣ ਤਾਂ ਸਥਿਤੀ ਇਥੋਂ ਤੱਕ ਵੀ ਗੰਭੀਰ ਹੋ ਚੁੱਕੀ ਹੈ ਕਿ ਸ਼ਹਿਰਾਂ ਵਿਚ ਕਾਰਾਂ ਆਦਿ ਖੜ੍ਹੀਆਂ ਕਰਨ ਦੀ ਬਹੁਤ ਮੁਸ਼ਕਿਲ ਆਉਂਦੀ ਹੈ, ਕਿਤੇ ਵੀ ਜਗ੍ਹਾ ਨਹੀਂ ਮਿਲਦੀ। ਲੋੜ ਹੈ ਸਾਨੂੰ ਸਭ ਨੂੰ ਆਪਣੀਆਂ ਕਾਰਾਂ ਅਤੇ ਹੋਰ ਆਵਾਜਾਈ ਦੇ ਸਾਧਨਾਂ ਨੂੰ ਬਹੁਤ ਹੀ ਸੰਜਮ ਨਾਲ ਵਰਤਣ ਅਤੇ ਇਨ੍ਹਾਂ ਮਸ਼ੀਨਾਂ 'ਤੇ ਨਿਰਭਰਤਾ ਘਟਾਉਣ ਦੀ। ਵਾਰ-ਵਾਰ ਸ਼ਹਿਰ ਜਾਣ ਦੀ ਥਾਂ ਇਕ ਵਾਰ ਸਾਮਾਨ ਦੀ ਸੂਚੀ ਬਣਾ ਕੇ ਇਕ-ਦੂਸਰੇ ਨਾਲ ਮਿਲ ਕੇ, ਸਾਈਕਲ ਦੀ ਵਰਤੋਂ ਕਰਕੇ, ਪੈਦਲ ਤੁਰ ਕੇ ਆਦਿ ਢੰਗਾਂ ਨੂੰ ਅਪਣਾ ਕੇ ਕਾਫੀ ਹੱਦ ਤੱਕ ਬੇਕਾਬੂ ਹੋ ਰਹੀ ਮਸ਼ੀਨਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਨਾਲ ਜਿਥੇ ਪੈਸੇ ਦੀ ਵੱਡੀ ਬੱਚਤ ਹੋਵੇਗੀ, ਉਥੇ ਸਿਹਤ ਵੀ ਤੰਦਰੁਸਤ ਰਹੇਗੀ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਜ਼ਿਲ੍ਹਾ ਬਠਿੰਡਾ।


ਹਰਿਆਵਲ ਲਹਿਰ

ਰਾਜ ਸਰਕਾਰ ਦੁਆਰਾ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਲਹਿਰ ਦੀ ਸ਼ੁਰੂਆਤ ਕਰਦੇ ਹੋਏ ਇਕ ਸੌ ਸਤਾਰਾਂ ਵਿਧਾਨ ਸਭਾ ਹਲਕਿਆਂ ਵਿਚ ਸੱਠ ਲੱਖ ਦੇ ਕਰੀਬ ਰੁੱਖ ਲਗਾਉਣ ਦੇ ਟੀਚੇ ਮਿੱਥੇ ਗਏ ਹਨ। ਪੰਜਾਬ ਵਿਚ ਜੰਗਲਾਂ ਹੇਠ ਘਟ ਰਹੇ ਰਕਬੇ ਦੀ ਪੂਰਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਹ ਨਵੀਂ ਪਹਿਲ ਇਕ ਸ਼ਲਾਘਾਯੋਗ ਕਦਮ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਸਮਾਜ ਸੁਧਾਰਕਾਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ, ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਹਰ ਇਕ ਵਿਅਕਤੀ ਨੂੰ ਇਸ ਹਰਿਆਵਲ ਲਹਿਰ ਨਾਲ ਜੁੜਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀ ਧਰਤੀ ਮੁੜ ਹਰੀ ਭਰੀ ਹੋ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਲਾਇਬ੍ਰੇਰੀਆਂ ਦੀ ਮਹੱਤਤਾ
ਲਾਇਬ੍ਰੇਰੀਆਂ ਵਿਚ ਆਦਮੀ ਕਿਤਾਬਾਂ ਪੜ੍ਹ ਕੇ ਗਿਆਨ ਵਿਚ ਵਾਧਾ ਕਰ ਸਕਦਾ ਹੈ। ਲਾਇਬ੍ਰੇਰੀ ਮਨੁੱਖੀ ਜੀਵਨ ਤੇ ਸੱਭਿਆਚਾਰ ਦੀ ਜ਼ਰੂਰੀ ਲੋੜ ਹੈ। ਆਮ ਤੌਰ 'ਤੇ ਅਸੀਂ ਕਿਤਾਬਾਂ ਦੀ ਲਾਇਬ੍ਰੇਰੀ ਨੂੰ ਹੀ ਲਾਇਬ੍ਰੇਰੀ ਸਮਝਦੇ ਹਾਂ। ਇਸ ਲਈ ਸਾਨੂੰ ਨਵੇਂ ਪੁਰਾਣੇ ਅਖ਼ਬਾਰਾਂ ਨੂੰ ਵੀ ਲਾਇਬ੍ਰੇਰੀ ਵਿਚ ਥਾਂ ਦੇਣੀ ਚਾਹੀਦੀ ਹੈ। ਥੋੜ੍ਹੀ ਆਮਦਨ ਵਾਲੇ ਲੋਕ ਇਸ ਥਾਂ 'ਤੇ ਪੁਰਾਣੇ ਤੇ ਨਵੇਂ ਅਖ਼ਬਾਰਾਂ ਵਿਚੋਂ ਲੋੜ ਦੀ ਜਾਣਕਾਰੀ ਲੈ ਸਕਦੇ ਹਨ। ਜਿਹੜੇ ਕਈ ਅਖ਼ਬਾਰ ਵਕਤ ਸਿਰ ਨਹੀਂ ਪੜ੍ਹ ਸਕਦੇ, ਉਨ੍ਹਾਂ ਨੂੰ ਇਹ ਬਹੁਤ ਲਾਹੇਵੰਦ ਹੋਣਗੇ। ਅਖ਼ਬਾਰਾਂ ਵਿਚ ਕਵੀਆਂ, ਫਿਲਾਸਫ਼ਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਦੀਆਂ ਰੂਹਾਂ ਵਸਦੀਆਂ ਹਨ। ਇਸ ਲਈ ਲਾਇਬ੍ਰੇਰੀਆਂ ਵਿਚ ਅਖ਼ਬਾਰ ਜ਼ਰੂਰ ਹੋਣੇ ਚਾਹੀਦੇ ਹਨ।


-ਡਾ. ਨਰਿੰਦਰ ਭੱਪਰ
ਪਿੰਡ ਅਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

10-08-2022

ਟ੍ਰੈਫਿਕ ਨਿਯਮਾਂ ਵਿਚ ਸਖ਼ਤੀ

ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਮੇਂ ਦੀ ਲੋੜ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ, ਟ੍ਰੈਫਿਕ ਬੱਤੀਆਂ ਦੀ ਉਲੰਘਣਾ, ਨਿਰਧਾਰਤ ਸਪੀਡ 'ਤੇ ਵਾਹਨ ਨਾ ਚਲਾਉਣਾ, ਭਾਰ ਢੋਣ ਵਾਲੇ ਵਾਹਨਾਂ ਦੀ ਓਵਰ ਲੋਡਿੰਗ ਅਤੇ ਛੋਟੇ ਬੱਚਿਆਂ ਦੁਆਰਾ ਕੀਤੀ ਜਾਂਦੀ ਵਾਹਨ ਦੀ ਵਰਤੋਂ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹੋਏ ਕੀਮਤੀ ਜਾਨਾਂ ਨੂੰ ਜ਼ੋਖ਼ਮ ਵਿਚ ਪਾਉਣ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਪਿਛਲੇ ਸਾਲਾਂ ਦੌਰਾਨ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਲੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਹਨ। ਸਰਕਾਰ ਵਲੋਂ ਇਕ ਵਾਰ ਫਿਰ ਟ੍ਰੈਫਿਕ ਨਿਯਮਾਂ ਵਿਚ ਸਖ਼ਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਸੁਰੱਖਿਆ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਰੋਕ ਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਅਪਗ੍ਰੇਡ ਕੀਤੇ ਗਏ ਸਕੂਲ

ਪਿਛਲੀ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਮਿਡਲ ਸਕੂਲ ਅਪਗ੍ਰੇਡ ਕੀਤੇ ਗਏ ਸਨ। ਪਿੰਡਾਂ ਦੇ ਗ਼ਰੀਬ ਵਰਗ ਦੇ ਲੋਕਾਂ ਨੇ ਇਸ ਗੱਲ ਦੀ ਬੜੀ ਖੁਸ਼ੀ ਮਨਾਈ। ਜਦੋਂ ਬੱਚਿਆਂ ਦਾ ਅੱਠਵੀਂ ਕਲਾਸ ਦਾ ਨਤੀਜਾ ਆਇਆ ਤਾਂ ਜਿਹੜੇ ਲੋਕਾਂ ਦੇ ਬੱਚੇ ਅੱਠਵੀਂ ਕਲਾਸ ਵਿਚੋਂ ਪਾਸ ਹੋ ਗਏ, ਉਹ ਸਰਕਾਰ ਦੀ ਇਹ ਖ਼ਬਰ ਜੋ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਣਾਈ ਗਈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਰਕਾਰੀ ਮਿਡਲ ਸਕੂਲ ਪਹਿਲੀ ਸਰਕਾਰ ਵਲੋਂ ਅਪਗ੍ਰੇਡ ਕੀਤੇ ਜਾਣਗੇ, ਲੋਕਾਂ ਨੇ ਕਿਸੇ ਪਾਸੇ ਤਾਂ ਸੁੱਖ ਦਾ ਸਾਹ ਲਿਆ ਪਰ ਹੁਣ ਨਵੀਂ ਸਰਕਾਰ ਵਲੋਂ ਰਤਾ ਭਰ ਵੀ ਇਧਰ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਆਪਣੇ ਬੱਚਿਆਂ ਨੂੰ ਮਜਬੂਰਨ ਮਿਡਲ ਸਕੂਲ ਤੋਂ ਹਟਾ ਕੇ ਦੂਸਰੇ ਪਿੰਡਾਂ ਦੇ ਸਰਕਾਰੀ ਹਾਈ ਸਕੂਲਾਂ ਵਿਚ ਦਾਖਲ ਕਰਵਾਉਣੇ ਪਏ, ਜਿਸ ਕਰਕੇ ਲੋਕ ਸਰਕਾਰ ਦੇ ਇਸ ਵਤੀਰੇ ਤੋਂ ਬਹੁਤ ਖਫ਼ਾ ਹੋਏ। ਲੋਕ ਇਹ ਉਮੀਦ ਸਰਕਾਰ ਤੋਂ ਅਗਲੇ ਆਉਣ ਵਾਲੇ ਸਮੇਂ 'ਚ ਰੱਖਦੇ ਹਨ।

-ਬਲਵਿੰਦਰ ਸਿੰਘ ਮਹਿਮੀ
ਪਿੰਡ ਅਤੇ ਡਾਕ. ਸ਼ੰਕਰ, ਜ਼ਿਲ੍ਹਾ ਲੁਧਿਆਣਾ।

ਪੰਜਾਬ ਦੇ ਅੰਤਰਰਾਜੀ ਮਾਮਲੇ

ਪੰਜਾਬ ਦੇ ਅੰਤਰਰਾਜੀ ਮਾਮਲੇ, ਜਿਨ੍ਹਾਂ ਵਿਚ ਦਰਿਆਈ ਪਾਣੀਆਂ ਦਾ ਮਾਮਲਾ, ਹੈੱਡ ਵਰਕਸ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਪੰਜਾਬੀ ਬੋਲਦੇ ਇਲਾਕੇ ਆਦਿ ਬਾਰੇ ਪੰਜਾਬੀ ਗੰਭੀਰ ਚਿੰਤਾ ਵਿਚ ਹਨ। ਸਮੇਂ ਦੀਆਂ ਸਰਕਾਰਾਂ ਨੇ ਲੰਮੇ ਸਮੇਂ ਤੋਂ ਲਟਕਦੇ ਉਪਰੋਕਤ ਮਸਲਿਆਂ 'ਤੇ ਕੋਈ ਠੋਸ ਹੱਲ ਲੱਭਣ ਦੀ ਬਜਾਏ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਢੇਰ ਸਾਰੀਆਂ ਉਮੀਦਾਂ ਹਨ। ਪਰ ਪੰਜਾਬ ਤੋਂ ਬਾਹਰਲੇ ਵਿਅਕਤੀ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੀ ਚੇਅਰਮੈਨਸ਼ਿਪ ਸੌਂਪਣ ਨਾਲ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਹਰਿਆਣਾ ਅਤੇ ਰਾਜਸਥਾਨ ਵਰਗੇ ਸੂਬੇ ਕੋਰਟਾਂ ਅਤੇ ਕੇਂਦਰ ਸਰਕਾਰ ਦੀ ਸ਼ਹਿ 'ਤੇ ਆਪਣਾ ਹੱਕ ਜਤਾਉਣ ਲਈ ਉਤਾਵਲੇ ਹਨ। ਪੰਜਾਬ ਵਿਚ ਬੜੇ ਕਾਨੂੰਨ ਮਾਹਰ ਮੌਜੂਦ ਹਨ, ਜਿਨ੍ਹਾਂ ਦੀ ਸਲਾਹ ਨਾਲ ਉਪਰੋਕਤ ਮਾਮਲਿਆਂ 'ਤੇ ਆਪਣਾ ਹੱਕ ਜਤਾਇਆ ਜਾ ਸਕਦਾ ਹੈ। ਪੰਜਾਬ ਦੇ ਅੰਤਰਰਾਡੀ ਮਾਮਲਿਆਂ 'ਤੇ ਪੰਜਾਬ ਸਰਕਾਰ ਨੂੰ ਆਪਣੇ ਪੱਧਰ 'ਤੇ ਗੰਭੀਰ ਚਿੰਤਨ ਦੀ ਜ਼ਰੂਰਤ ਹੈ, ਤਾਂ ਕਿ ਲੋਕਾਂ ਵਿਚ ਬਣੀ ਸਾਖ਼ ਨੂੰ ਬਹਾਲ ਰੱਖਿਆ ਜਾ ਸਕੇ।

-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਧੜਾਧੜ ਬਦਲੀਆਂ

ਪਿਛਲੇ ਦਿਨੀਂ (18 ਜੁਲਾਈ) 'ਅਜੀਤ' ਦਾ ਸੰਪਾਦਕੀ ਲੇਖ 'ਤਬਾਦਲਿਆਂ ਦਾ ਦੌਰ' ਪੜ੍ਹਿਆ, ਜਿਸ ਵਿਚ ਪੰਜਾਬ ਸਰਕਾਰ ਵਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਧੜਾਧੜ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਬਾਰੇ ਵਿਸਥਾਰ 'ਚ ਦੱਸਿਆ ਗਿਆ ਹੈ, ਬਹੁਤ ਹੀ ਸ਼ਲਾਘਾਯੋਗ ਸੀ। ਇਨ੍ਹਾਂ ਬਦਲੀਆਂ ਨਾਲ ਜਿਥੇ ਆਮ ਆਦਮੀ 'ਤੇ ਅਸਰ ਪੈਂਦਾ ਹੈ, ਉਥੇ ਵਿਕਾਸ ਦਾ ਕੰਮ ਵੀ ਰੁਕ ਜਾਂਦਾ ਹੈ। ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ। ਇਥੇ ਮੈਂ ਪੁਲਿਸ ਦੀਆਂ ਬਦਲੀਆਂ ਦੀ ਗੱਲ ਕਰ ਰਿਹਾ ਹਾਂ। ਪੰਜਾਬ ਵਿਚ ਜਦੋਂ ਵੀ ਚੋਣਾਂ ਆਉਂਦੀਆਂ ਹਨ, ਏ.ਐਸ.ਆਈ., ਸਬ-ਇੰਸਪੈਕਟਰ ਤੋਂ ਲੈ ਕੇ ਇੰਸਪੈਕਟਰ ਰੈਂਕ ਦੀਆਂ ਬਦਲੀਆਂ ਗ਼ੈਰ ਜ਼ਿਲ੍ਹਿਆਂ ਵਿਚ ਕਰ ਦਿੱਤੀਆਂ ਜਾਂਦੀਆਂ ਹਨ। ਇਧਰੋਂ-ਉਧਰੋਂ ਦੂਜੇ ਜ਼ਿਲ੍ਹਿਆਂ ਵਿਚ ਗਏ ਕਰਮਚਾਰੀ ਤੇ ਆਏ ਕਰਮਚਾਰੀ ਇਕ-ਦੂਸਰੇ ਦੀਆਂ ਤਫਤੀਸ਼ਾਂ ਤੋਂ ਵੀ ਅਨਜਾਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਤਫਤੀਸ਼ ਕਰਨ ਦਾ ਸਮਾਂ ਲਗਦਾ ਹੈ। ਇਸ ਨਾਲ ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ, ਦੋਸ਼ੀ ਤਫਤੀਸ਼ ਵਿਚ ਦੇਰੀ ਹੋਣ ਕਾਰਨ ਜ਼ਮਾਨਤ ਕਰਵਾ ਜਾਂਦੇ ਹਨ ਤੇ ਬਰੀ ਹੋ ਜਾਂਦੇ ਹਨ। ਹੁਣ ਮੀਡੀਆ ਦਾ ਵੀ ਕਾਫ਼ੀ ਪ੍ਰਭਾਵ ਹੈ। ਥਾਂ-ਥਾਂ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਬਦਲੀਆਂ ਦਾ ਰੁਟੀਨ ਬੰਦ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ। 

09-08-2022

 ਵਧਦੀ ਵਸੋਂ ਤੇ ਬੁਰਜ਼ਗਾਰੀ

ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ਮੁਤਾਬਿਕ ਭਾਰਤ ਅਗਲੇ ਵਰ੍ਹੇ ਸਭ ਤੋਂ ਵੱਧ ਵਸੋਂ ਵਾਲਾ ਮੁਲਕ ਬਣ ਜਾਵੇਗਾ। ਅਗਲੇ ਸਾਲ ਭਾਰਤ ਦੀ ਆਬਾਦੀ ਅੱਠ ਅਰਬ ਤੋਂ ਵੱਧ ਹੋ ਜਾਵੇਗੀ। ਬੇਰੁਜ਼ਗਾਰੀ 'ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ। ਭਾਰਤ ਪਹਿਲਾਂ ਹੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਭਾਰਤ ਵਿਚ ਬੇਰੁਜ਼ਗਾਰੀ ਦੇ ਮੁੱਖ ਕਾਰਨ ਆਰਥਿਕ ਵਿਕਾਸ, ਮੰਦੀ, ਤਕਨੀਕੀ ਤੇ ਹੋਰ ਸਾਧਨਾਂ ਦੀ ਘਾਟ ਹੈ। ਇਹੀ ਕਾਰਨ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਡਿਗਰੀਆਂ ਹੱਥਾਂ ਵਿਚ ਫੜ ਕੇ ਰੁਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਨਸ਼ਿਆਂ ਨੂੰ ਤਰਜੀਹ ਦੇ ਰਿਹਾ ਹੈ। ਸਰਕਾਰੀ ਬੈਂਕਾਂ ਦਾ ਆਪਸ ਵਿਚ ਇਕੱਠੇ ਹੋਣਾ ਅਤੇ ਉਨ੍ਹਾਂ ਦਾ ਕੰਪਿਊਟਰੀਕਰਨ ਕਰਕੇ ਵੀ ਬੇਰੁਜ਼ਗਾਰੀ ਬਹੁਤ ਵਧੀ ਹੈ। ਤੇਜ਼ੀ ਨਾਲ ਵਧ ਰਹੀ ਵਸੋਂ ਭਾਰਤ ਲਈ ਇਕ ਗੰਭੀਰ ਸਮੱਸਿਆ ਹੈ, ਜਿਸ ਦੇ ਕਈ ਤਰ੍ਹਾਂ ਦੇ ਆਰਥਿਕ, ਸਮਾਜਿਕ ਤੇ ਵਾਤਾਵਰਨ ਪੱਖੋਂ ਕਾਰਨ ਸਾਹਮਣੇ ਆਏ ਹਨ। ਵਧਦੀ ਜਨਸੰਖਿਆ ਦੀ ਖੁਰਾਕ ਪੂਰਤੀ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਆਦਾ ਰਸਾਇਣਿਕ ਖਾਦਾਂ ਦੀ ਵਰਤੋਂ ਕਾਰਨ ਭੂਮੀ ਵੀ ਬੰਜਰ ਹੋ ਰਹੀ ਹੈ ਤੇ ਇਸ ਨਾਲ ਵਾਤਾਵਰਨ ਵੀ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਨੂੰ ਚੀਨੀ ਮਾਡਲ ਅਪਣਾਉਣਾ ਚਾਹੀਦਾ ਹੈ। ਚੀਨ ਨੇ ਜਨਸੰਖਿਆ 'ਤੇ ਕਾਬੂ ਕਰਨ ਲਈ ਕਾਨੂੰਨ ਬਣਾਇਆ ਹੋਇਆ ਹੈ। ਭਾਰਤ ਸਰਕਾਰ ਦੀ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਇਸ ਸਮੱਸਿਆ ਨੂੰ ਅਣਗੌਲਿਆ ਨਾ ਕੀਤਾ ਜਾਵੇ। ਜਿਸ ਹਿਸਾਬ ਨਾਲ ਵਸੋਂ ਲਗਾਤਾਰ ਵਧ ਰਹੀ ਹੈ, ਕੁਦਰਤੀ ਸਾਧਨ ਵੀ ਖ਼ਤਮ ਹੋ ਰਹੇ ਹਨ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਤੇ ਮਾਹਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਹੋ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੂੜੇ ਦੇ ਡੰਪ

ਭਾਵੇਂ ਕਿ ਪੂਰੇ ਪੰਜਾਬ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਕੂੜੇ ਦੀ ਸਾਂਭ-ਸੰਭਾਲ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ, ਸਮਾਰਟ ਸਿਟੀ ਜਲੰਧਰ ਦੀਆਂ ਮਹੱਤਵਪੂਰਨ ਥਾਵਾਂ 'ਤੇ ਕੂੜੇ ਦੇ ਡੰਪ ਬਣੇ ਹੋਏ ਹਨ ਪ੍ਰੰਤੂ ਕੂੜਾ ਕੰਧਾਂ ਤੋਂ ਬਾਹਰ ਸੜਕਾਂ ਤੱਕ ਫੈਲਿਆ ਹੋਇਆ ਹੈ। ਮਾਡਲ ਟਾਊਨ ਸ਼ਮਸ਼ਾਨਘਾਟ ਦੇ ਬਿਲਕੁਲ ਹੀ ਨਜ਼ਦੀਕ ਬਣੇ ਕੂੜੇ ਦੇ ਡੰਪ ਵਿਚੋਂ ਕੂੜਾ ਬਾਹਰ ਖਿੱਲਰਿਆ ਪਿਆ ਹੁੰਦਾ ਹੈ, ਬਦਬੂ ਫੈਲ ਰਹੀ ਹੈ, ਜੋ ਕਿ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ। ਇਸ ਡੰਪ ਤੋਂ ਥੋੜ੍ਹੀ ਹੀ ਦੂਰ ਗੁਰਦੁਆਰਾ ਸਾਹਿਬ ਹੈ, ਜਿਥੇ ਹਰ ਵੇਲੇ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਸ਼ਮਸ਼ਾਨਘਾਟ ਵਿਚ ਆਏ ਲੋਕਾਂ, ਕਾਲੋਨੀ ਨਿਵਾਸੀਆਂ, ਸੰਗਤਾਂ ਤੇ ਰਾਹਗੀਰਾਂ ਲਈ ਕੂੜੇ ਦਾ ਡੰਪ ਵੱਡੀ ਮੁਸੀਬਤ ਬਣਿਆ ਹੋਇਆ ਹੈ। ਸੋ, ਪ੍ਰਸ਼ਾਸਨ, ਸਰਕਾਰ ਨੂੰ ਜਲੰਧਰ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦੇ ਕੂੜੇ ਦੇ ਡੰਪ ਸ਼ਹਿਰੋਂ ਬਾਹਰ ਬਣਾਉਣ ਦੇ ਤੁਰੰਤ ਉਪਰਾਲੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਿੱਟਬੁਲ ਰੱਖਣ 'ਤੇ ਲੱਗੇ ਪਾਬੰਦੀ

ਅਵਾਰਾ ਕੁੱਤਿਆਂ ਤੇ ਪਸ਼ੂਆਂ ਨਾਲ ਲਗਾਤਾਰ ਸੜਕੀ ਹਾਦਸੇ ਹੋ ਰਹੇ ਹਨ, ਇਸ ਨਾਲ ਹੁਣ ਤੱਕ ਕਾਫੀ ਜਾਨੀ ਨੁਕਸਾਨ ਹੋ ਚੁੱਕਾ ਹੈ, ਇਥੋਂ ਤੱਕ ਕਈ ਘਰਾਂ ਦੇ ਚਿਰਾਗ ਤੱਕ ਬੁਝ ਗਏ ਨੇ, ਇਸ ਦੀ ਭਰਪਾਈ ਕਰਨੀ ਮੁਸ਼ਕਿਲ ਹੈ। ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਜਲੰਧਰ ਦੇ ਇਕ ਘਰ ਵਿਚ ਰੱਖੇ ਪਾਲਤੂ ਪਿਟਬੁਲ ਕੁੱਤੇ ਨੇ ਦੋ ਸਕੀਆਂ ਭੈਣਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਤੇ ਹਰ ਰੋਜ਼ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ। ਜਿਸ 'ਤੇ ਵਿਰਾਮ ਲੱਗਣਾ ਬਹੁਤ ਜ਼ਰੂਰੀ ਹੈ, ਕਈ ਕੇਸਾਂ ਵਿਚ ਤਾਂ ਪਿਟਬੁਲ ਕੁੱਤਿਆਂ ਨੇ ਆਪਣੇ ਮਾਲਕਾਂ ਨੂੰ ਹੀ ਮਾਰ ਮੁਕਾਇਆ, ਜਿਥੇ ਅਵਾਰਾ ਕੁੱਤਿਆਂ ਤੇ ਪਸ਼ੂਆਂ ਦਾ ਕੋਈ ਸਾਰਥਿਕ ਹੱਲ ਨਿਕਲਣਾ ਚਾਹੀਦਾ ਹੈ, ਉਥੇ ਪਿਟਬੁਲ ਕੁੱਤਿਆਂ 'ਤੇ ਘਰ ਵਿਚ ਰੱਖਣ 'ਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰ ਸਕਣ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਬਰਾਂਚ ਮੈਨੇਜਰ ਮਾਹਿਲਪੁਰ, ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਕੁਪੋਸ਼ਣ

ਪੰਜਾਬ ਦੇ ਐਫ.ਸੀ.ਆਈ. ਭੰਡਾਰਨ ਕੇਂਦਰਾਂ ਵਿਚੋਂ ਫੋਰਟੀਫਾਈਡ (ਮਜ਼ਬੂਤ ਚਾਵਲ) ਦੇ ਲਏ ਗਏ 22 ਨਮੂਨਿਆਂ ਵਿਚੋਂ 19 ਫੇਲ੍ਹ ਹੋਣ ਦੀ ਖ਼ਬਰ ਪੜ੍ਹੀ। ਪੰਜਾਬ ਵਿਚੋਂ ਫੋਰਟੀਫਾਈਡ ਚਾਵਲ ਦੀ ਖ਼ਰੀਦ ਕਰਨ ਦੀ ਸਿਫ਼ਾਰਸ਼ ਅਤੇ 15 ਨਿਰਮਾਣ ਯੂਨਿਟਾਂ ਨੂੰ ਡਿਫਾਲਟਰ ਘੋਸ਼ਿਤ ਕਰਨਾ ਪੰਜਾਬ ਦੀ ਚਾਵਲ ਇੰਡਸਟਰੀ 'ਤੇ ਬਹੁਤ ਵੱਡਾ ਧੱਕਾ ਹੈ। ਚਾਵਲ ਇੰਡਸਟਰੀਅਲ ਆਪਣੇ ਛੋਟੇ ਜਿਹੇ ਲਾਲਚ ਖ਼ਾਤਰ 70 ਫ਼ੀਸਦੀ ਦੇਸ਼ ਦੀ ਆਬਾਦੀ ਨਾਲ ਖਿਲਵਾੜ ਕਰਦੇ ਹਨ, ਜਿਨ੍ਹਾਂ ਦੀ ਮੁੱਖ ਖੁਰਾਕ ਚਾਵਲ ਹੈ। ਖ਼ਬਰ ਮੁਤਾਬਿਕ ਦੇਸ਼ ਅੰਦਰ 5 ਸਾਲ ਦੀ ਉਮਰ ਦੇ 58 ਫ਼ੀਸਦੀ ਬੱਚੇ, 53 ਫ਼ੀਸਦੀ ਔਰਤਾਂ ਅਤੇ 23 ਫ਼ੀਸਦੀ ਪੁਰਸ਼ ਕੁਪੋਸ਼ਣ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਪੂਰੇ ਦੇਸ਼ ਅੰਦਰ ਮਿਲਾਵਟਖੋਰੀ ਬੰਦ ਹੋਣੀ ਚਾਹੀਦੀ ਹੈ। ਪੰਜਾਬੀ ਤਾਂ ਅੰਨਦਾਤੇ ਅਤੇ ਲੰਗਰਾਂ ਲਈ ਆਪਣਾ ਨਾਂਅ ਪ੍ਰਸਿੱਧ ਕਰ ਚੁੱਕੇ ਹਨ। ਇਨ੍ਹਾਂ ਨੂੰ ਤਾਂ ਮਿਲਾਵਟਖੋਰੀ ਬਾਰੇ ਸੋਚਣਾ ਵੀ ਨਹੀਂ ਚਾਹੀਦਾ।

-ਜਗਰੂਪ ਸਿੰਘ, ਥੇਹ ਕਲੰਦਰ, ਫਾਜ਼ਿਲਕਾ।

ਰੇਤੇ ਦਾ ਰੇਹੜਾ

ਕੱਲ੍ਹ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਹ ਮਾਈਨਿੰਗ ਵਿਭਾਗ ਅਤੇ ਥਾਣਾ ਸਿਟੀ ਫਾਜ਼ਿਲਕਾ ਦੀ ਹੈ, ਜਿਸ ਨੇ 14 ਰੇਤੇ ਦੇ ਰੇਹੜੇ ਕਾਬੂ ਕੀਤੇ ਹਨ ਪਰ ਟਿੱਪਰ, ਟਰਾਲੀਆਂ ਅਤੇ ਹੋਰ ਵਹੀਕਲ ਇਨ੍ਹਾਂ ਨੂੰ ਦਿਖਾਈ ਨਹੀਂ ਦਿੰਦੇ ਕਿਉਂ? ਇਹ ਰੇਹੜੇ ਵਾਲੇ ਕਿਰਤ ਕਰਨ ਵਾਲੇ ਲੋਕਾਂ 'ਤੇ ਕਾਰਵਾਈ ਕਰਨੀ ਕਿੰਨੀ ਕੁ ਜਾਇਜ਼ ਹੈ। ਕਈ ਲੋਕ ਦੇ ਚੁੱਲ੍ਹੇ ਵੀ ਰੇਹੜੇ ਦੀ ਕਮਾਈ ਨਾਲ ਤਪਦੇ ਹਨ। ਇਸ ਤਰ੍ਹਾਂ ਦੀ ਕਾਰਵਾਈ ਕਰਨ ਨਾਲ ਕਈ ਗਰੀਬ ਘਰਾਂ ਦੇ ਚੁੱਲ੍ਹੇ ਠੰਢੇ ਹੋ ਜਾਣਗੇ। ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਨ ਵਾਲਿਆਂ 'ਤੇ ਅਧਿਕਾਰੀਆਂ ਨੂੰ ਕਾਰਵਾਈ ਨਹੀਂ ਸਗੋਂ ਦਿਸ਼ਾ ਨਿਰਦੇਸ਼ ਦੇ ਕੇ ਉਨ੍ਹਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)।

08-08-2022

 ਪਸ਼ੂਆਂ 'ਚ ਫੈਲੀ ਭਿਆਨਕ ਬਿਮਾਰੀ
ਪਸ਼ੂਆਂ ਦੀ ਚਮੜੀ ਦੀ ਬਿਮਾਰੀ ਐਲ.ਐਸ.ਡੀ. ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਬਿਮਾਰੀ ਵਿਚ ਪਹਿਲਾਂ ਪਸ਼ੂਆਂ ਦੀ ਚਮੜੀ 'ਤੇ ਧੱਫੜ ਪੈਂਦੇ ਹਨ, ਫਿਰ ਇਹ ਧੱਫੜ ਕੁਝ ਦਿਨਾਂ ਬਾਅਦ ਜ਼ਖ਼ਮ ਬਣ ਜਾਂਦੇ ਹਨ, ਪਸ (ਰੇਸ਼ਾ) ਪੈ ਜਾਂਦੀ ਹੈ, ਪਸ਼ੂ ਖਾਣਾ-ਪੀਣਾ ਬੰਦ ਕਰ ਦਿੰਦਾ ਹੈ ਅਤੇ 104 ਜਾਂ 106 ਬੁਖਾਰ ਹੋ ਜਾਂਦਾ ਹੈ। ਸਾਹ ਔਖਾ ਆਉਂਦਾ ਹੈ। ਪੂਰਨ ਇਲਾਜ ਨਾ ਹੋਣ 'ਤੇ ਪਸ਼ੂ ਦੀ ਮੌਤ ਹੋ ਜਾਂਦੀ ਹੈ। ਗੱਲ ਕੀ ਬਹੁਤ ਹੀ ਭਿਆਨਕ ਬਿਮਾਰੀ ਹੈ। ਤਕਰੀਬਨ ਸਾਰੇ ਪੰਜਾਬ ਵਿਚ ਇਹ ਬਿਮਾਰੀ ਫੈਲ ਚੁੱਕੀ ਹੈ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਮਾਹਰ ਡਾਕਟਰਾਂ ਦੀਆਂ ਟੀਮਾਂ ਪਿੰਡਾਂ ਵਿਚ ਭੇਜੀਆਂ ਜਾਣ ਕਿਉਂਕਿ ਗਊਆਂ ਦਾ ਇਲਾਜ ਕਰਵਾਉਣਾ ਤਾਂ ਬਹੁਤ ਔਖਾ ਹੈ। ਗਊਆਂ ਤਾਂ ਪਹਿਲਾਂ ਹੀ ਅਵਾਰਾ ਰੁਲ ਰਹੀਆਂ ਹਨ। ਉਪਰੋਂ ਇਹ ਬਿਮਾਰੀ ਦਾ ਹਮਲਾ, ਲੋਕਾਂ ਨੇ ਇਲਾਜ ਕਰਾਉਣ ਤੋਂ ਬਿਹਤਰ ਇਨ੍ਹਾਂ ਗਊਆਂ ਨੂੰ ਛੱਡ ਦੇਣਾ ਹੈ। ਗਊਆਂ ਦੀ ਸਮੱਸਿਆ ਤਾਂ ਪਹਿਲਾਂ ਹੀ ਬਹੁਤ ਵੱਡੀ ਹੈ, ਉਪਰੋਂ ਭਿਆਨਕ ਬਿਮਾਰੀ ਨਾਲ ਪੀੜਤ ਇਹ ਗਊਆਂ ਬਹੁਤ ਵੱਡੀ ਬਿਪਤਾ ਬਣ ਜਾਣੀਆਂ ਹਨ ਸਰਕਾਰ ਲਈ ਅਤੇ ਆਮ ਲੋਕਾਂ ਲਈ। ਸੋ, ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਬੇਨਤੀ ਹੈ ਇਸ ਹੰਗਾਮੀ ਹਾਲਤ ਨਾਲ ਜੰਗੀ ਪੱਧਰ 'ਤੇ ਨਜਿੱਠਿਆ ਜਾਵੇ। ਜੇਕਰ ਸਮੇਂ ਸਿਰ ਨਾ ਕੋਈ ਨੀਤੀ ਬਣਾਈ ਤਾਂ ਇਹ ਅਵਾਰਾ ਬੇਸਹਾਰਾ ਗਊਆਂ ਥਾਂ-ਥਾਂ 'ਤੇ ਮਰੀਆਂ ਹੋਈਆਂ ਮਿਲਣਗੀਆਂ ਅਤੇ ਕਈ ਹੋਰ ਵੀ ਸਮੱਸਿਆਵਾਂ ਨਿਕਲ ਆਉਣਗੀਆਂ, ਬਿਮਾਰੀ ਦੀ ਕੋਈ ਦਵਾਈ ਤਿਆਰ ਕੀਤੀ ਜਾਵੇ ਤਾਂ ਜੋ ਪਸ਼ੂ ਧਨ ਨੂੰ ਬਚਾਇਆ ਜਾ ਸਕੇ।


-ਪੁਸ਼ਵਿੰਦਰ ਮਨਚੰਦਾ


ਨੇਤਾਵਾਂ ਦੀ ਸਿਆਸਤ
ਬੀਤੇ ਦਿਨੀਂ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਪੰਜਾਬ ਦੇ ਸਿਹਤ ਮੰਤਰੀ ਦੇ ਦੌਰੇ ਦੌਰਾਨ ਯੂਨੀਵਰਸਿਟੀ ਦੇ ਵੀ.ਸੀ. ਰਾਜ ਕੁਮਾਰ ਨੂੰ ਚੰਗੇ-ਮਾੜੇ ਤੇ ਲਿਟਾਉਣ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਭਾਂਬੜ ਮਚ ਗਿਆ। ਪਿਛਲੀਆਂ ਸਰਕਾਰਾਂ ਸਮੇਂ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਹਸਪਤਾਲ ਵਿਚ ਹੋ ਰਹੀਆਂ ਕੁਤਾਹੀਆਂ ਬਾਰੇ ਸਮੇਂ ਦੀਆਂ ਸਰਕਾਰਾਂ ਨੂੰ ਵਾਰ-ਵਾਰ ਆਗਾਹ ਕੀਤਾ ਗਿਆ, ਫਰੀਦਕੋਟ ਪ੍ਰਸ਼ਾਸਨ ਦੇ ਵੀ ਧਿਆਨ ਵਿਚ ਲਿਆਂਦਾ ਗਿਆ, ਵੀ.ਸੀ. ਸਾਹਬ ਦੇ ਵੀ ਧਿਆਨ ਵਿਚ ਲਿਆਂਦਾ ਗਿਆ ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਹਸਪਤਾਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਸੈਂਕੜੇ ਮਰੀਜ਼ਾਂ ਦੀ ਜਾਨ ਵੀ ਚਲੀ ਗਈ ਪਰ ਕਿਸੇ ਵੀ ਪਾਰਟੀ ਦੇ ਇਕ ਨੇਤਾ ਨੇ ਹਸਪਤਾਲ ਦਾ ਦੌਰਾ ਤਾਂ ਕੀ ਕਰਨਾ ਸੀ, ਕੋਈ ਬਿਆਨ ਵੀ ਨਹੀਂ ਦਿੱਤਾ।
ਹੁਣ ਜਦੋਂ ਉਪਰੋਕਤ ਘਟਨਾ ਵਾਪਰ ਗਈ ਤਾਂ ਕੀ ਅਕਾਲੀ, ਕੀ ਕਾਂਗਰਸੀ ਸਭ ਲੀਡਰਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੱਲ ਵਹੀਰਾਂ ਘੱਤ ਲਈਆਂ। ਜੋ ਅਸਲ ਮੁੱਦਾ (ਮਰੀਜ਼ਾਂ ਦੀ ਦੇਖ ਭਾਲ ਦਾ) ਸੀ ਉਸ ਨੂੰ ਮੀਡੀਆ ਨੇ ਵੀ ਦਰਕਿਨਾਰ ਕਰ ਦਿੱਤਾ। ਵੀ.ਸੀ. ਸਾਹਬ ਦਾ ਰੁਤਬਾ ਜਿਥੇ ਸਤਿਕਾਰਯੋਗ ਹੈ, ਉਥੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ। ਸਥਾਨਕ ਸੰਸਥਾਵਾਂ ਵਲੋਂ ਵੀ.ਸੀ. ਸਾਬ੍ਹ ਦੇ ਧਿਆਨ ਵਿਚ ਜੋ ਊਣਤਾਈਆਂ ਲਿਆਂਦੀਆਂ ਗਈਆਂ ਸਨ, ਜੇ ਵੀ.ਸੀ. ਸਾਬ੍ਹ ਸਮੇਂ 'ਤੇ ਗੌਰ ਕਰ ਲੈਂਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ। ਸਾਡੇ ਸਿਆਸੀ ਲੀਡਰਾਂ ਦੀ ਸੋਚ 'ਤੇ ਬੜਾ ਤਰਸ ਆਉਂਦਾ ਹੈ ਜੋ ਸਿਰਫ਼ ਵਿਰੋਧੀ ਪਾਰਟੀ ਕਰਕੇ ਵਿਰੋਧ ਕਰ ਰਹੇ ਹਨ। ਇਨ੍ਹਾਂ ਨੂੰ ਅਣਿਆਈ ਮੌਤ ਮਰ ਰਹੇ ਮਰੀਜ਼ਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਲੋਕ ਸਿਆਸਤ ਵਿਚ ਸਿਰਫ਼ ਲੁੱਟਣ ਲਈ ਆਉਂਦੇ ਹਨ, ਆਮ ਜਨਤਾ ਨਾਲ ਇਨ੍ਹਾਂ ਨੂੰ ਕੋਈ ਮਤਲਬ ਨਹੀਂ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ, ਜ਼ਿਲ੍ਹਾ ਮੋਗਾ।


ਬੋਤਲਾਂ 'ਤੇ ਵੀ ਲੱਗੇ ਪਾਬੰਦੀ
ਪਲਾਸਟਿਕ ਲਿਫ਼ਾਫਿਆਂ ਨੂੰ ਬੰਦ ਕਰਨ ਦਾ ਫੈਸਲਾ ਸਰਕਾਰ ਦੇ ਚੰਗੇ ਫੈਸਲਿਆਂ ਵਿਚੋਂ ਇਕ ਹੈ। ਜੇਕਰ ਘਰੇਲੂ ਵਰਤੋਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿਚ ਇਕ ਦਰਮਿਆਨਾ ਪਰਿਵਾਰ ਸਾਲ ਵਿਚ ਤਕਰੀਬਨ ਇਕ ਕਿਲੋ ਪਲਾਸਟਿਕ ਦੇ ਲਿਫ਼ਾਫ਼ੇ ਵੱਖ-ਵੱਖ ਤਰੀਕਿਆਂ ਨਾਲ ਵਰਤਦਾ ਹੈ। ਮੈਨੂੰ ਉਮੀਦ ਹੈ ਕਿ ਪਲਾਸਟਿਕ ਲਿਫ਼ਾਫ਼ਿਆਂ 'ਤੇ ਪਾਂਬਦੀ ਲੱਗਣ ਨਾਲ ਸਾਡੇ ਪਿੰਡਾਂ ਅਤੇ ਸ਼ਹਿਰਾਂ ਦਾ ਆਲਾ-ਦੁਆਲਾ ਜ਼ਰੂਰ ਸਾਫ਼-ਸੁਥਰਾ ਹੋ ਸਕੇਗਾ। ਮੌਨਸੂਨ ਵਿਚ ਪਲਾਸਟਿਕ ਲਿਫ਼ਾਫ਼ੇ ਹੀ ਸੀਵਰੇਜ ਅਤੇ ਨਾਲੀਆਂ ਦੇ ਬੰਦ ਹੋਣ ਦਾ ਕਾਰਨ ਬਣਦੇ ਰਹਿੰਦੇ ਹਨ। ਉਧਰ ਬਾਜ਼ਾਰ ਵਿਚ ਅਨੇਕਾਂ ਪ੍ਰਕਾਰ ਦੇ ਸਾਫਟ ਡਰਿੰਕਸ ਅਤੇ ਪਾਣੀ ਵਾਲੀਆਂ ਛੋਟੀਆਂ-ਵੱਡੀਆਂ ਪਲਾਸਟਿਕ ਦੀਆਂ ਬੋਤਲਾਂ ਆਮ ਵਰਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੂੰ ਇਧਰ ਵੀ ਧਿਆਨ ਦੇਣ ਦੀ ਲੋੜ ਹੈ, ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਦੇ ਬਦਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਸਾਡਾ ਆਲਾ-ਦੁਆਲਾ, ਪਿੰਡ, ਕਸਬੇ ਅਤੇ ਸ਼ਹਿਰ ਹੋਰ ਵੀ ਸਾਫ਼-ਸੁਥਰੇ ਹੋ ਸਕਣ ਅਤੇ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।


-ਗੁਰਸਿਮਰਨਜੀਤ ਸਿੰਘ ਧਾਲੀਵਾਲ
ਪਿੰਡ ਅੱਬੂਵਾਲ, ਬਲਾਕ ਸੁਧਾਰ, ਜ਼ਿਲ੍ਹਾ ਲੁਧਿਆਣਾ।


ਕਦੋਂ ਹੋਵੇਗਾ ਨਸ਼ਾ ਮੁਕਤ ਪੰਜਾਬ

ਪੰਜਾਬ ਦੇ ਲੋਕਾਂ ਨੇ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਕਿਸੇ ਸਮੇਂ ਪੰਜਾਬ ਭਾਰਤ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਸੀ ਅਤੇ ਇਸ ਦੇ ਵਿਚ ਵਸਦੇ ਲੋਕ ਸਰੀਰਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਸਨ। ਪੰਜਾਬ ਦੇ ਗੱਭਰੂ ਦੁੱਧ, ਘਿਓ, ਲੱਸੀ, ਦਹੀਂ ਅਤੇ ਮੱਖਣੀ ਖਾਣ ਦੇ ਸ਼ੌਕੀਨ ਸਨ. ਪਰ ਜਦੋਂ ਤੋਂ ਨਸ਼ਾ ਤਸਕਰਾਂ ਦੀ ਬੁਰੀ ਨਜ਼ਰ ਪੰਜਾਬ 'ਤੇ ਪਈ ਹੈ, ਉਦੋਂ ਹੀ ਇਥੋਂ ਦੇ ਗੱਭਰੂ ਹੌਲੀ-ਹੌਲੀ ਨਸ਼ਿਆਂ ਦੀ ਦਲਦਲ ਵਿਚ ਫਸਦੇ ਆ ਰਹੇ ਹਨ। ਅੱਜ ਪੰਜਾਬ ਵਿਚ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਸਮੇਂ-ਸਮੇਂ 'ਤੇ ਸਰਕਾਰਾਂ ਨੇ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਖੋਖਲੇ ਦਾਅਵੇ ਕੀਤੇ ਹਨ ਪਰ ਅਜੇ ਤੱਕ ਕੋਈ ਵੀ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਈ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੇ ਨਾਂਅ 'ਤੇ ਹਰ ਵਾਰੀ ਰਾਜਨੀਤਕ ਪਾਰਟੀਆਂ ਵੋਟਾਂ ਹਾਸਲ ਕਰਦੀਆਂ ਹਨ ਅਤੇ ਜਿੱਤਣ ਤੋਂ ਬਾਅਦ ਆਪਣੇ ਕੀਤੇ ਹੋਏ ਦਾਅਵੇ ਭੁੱਲ ਜਾਂਦੀਆਂ ਹਨ। ਪੰਜਾਬ ਦੇ ਲੋਕ ਅੱਜ ਵੀ ਇਸ ਦੇ ਨਸ਼ਾ ਮੁਕਤ ਹੋਣ ਦੀ ਉਡੀਕ ਕਰ ਰਹੇ ਹਨ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX