ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਕਿਤਾਬਾਂ

02-10-2022

 ਬੀਤ ਚੁੱਕੇ ਪਲ
ਸ਼ਾਇਰ-ਸਤਵਿੰਦਰ ਸਿੰਘ ਨਾਸਾਜ਼

ਪ੍ਰਕਾਸ਼ਕ : ਬਲਿਯੂ ਰੋਜ਼ ਵੰਨ
ਮੁੱਲ : 160 ਰੁਪਏ, ਸਫ਼ੇ : 117
ਸੰਪਰਕ : 88828-98898


'ਬੀਤ ਚੁੱਕੇ ਪਲ' ਪੰਜਾਬੀ ਸਾਹਿਤ ਵਿਚ ਨਵੇਂ ਪ੍ਰਵੇਸ਼ ਸਤਵਿੰਦਰ ਸਿੰਘ ਨਾਸਾਜ਼ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਕੁਝ ਗ਼ਜ਼ਲਾਂ ਸਮੇਤ ਹੋਰ ਕਾਵਿ ਰਚਨਾਵਾਂ ਸ਼ਾਮਿਲ ਹਨ। ਤਮਾਮ ਰਚਨਾਵਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਸ ਵਿਚ ਜਵਾਨ ਰੁੱਤਾਂ ਤੇ ਹਸੀਨ ਮੌਸਮਾਂ ਦੇ ਵਲਵਲੇ ਹਨ। ਜਿਵੇਂ ਮੁਹੱਬਤ ਲਈ ਸੀਮਾਵਾਂ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਇਵੇਂ ਹੀ ਅੱਥਰੀ ਉਮਰ ਦੀ ਸ਼ਾਇਰੀ ਕਿਸੇ ਚੌਖਟੇ ਵਿਚ ਫਿੱਟ ਹੋਣਾ ਨਹੀਂ ਚਾਹੁੰਦੀ। ਉਂਝ ਅਜਿਹੀ ਪੁਸਤਕ ਕਿਸੇ ਲੇਖਕ ਦੀ ਪਰਖ ਵੀ ਹੁੰਦੀ ਹੈ ਕਿ ਉਹ ਕਿੰਨਾ ਉੱਚਾ ਉਡੇਗਾ ਜਾਂ ਉਪਰਾਮ ਹੋ ਕੇ ਬੈਠ ਜਾਵੇਗਾ। ਅਜਿਹਾ ਵੀ ਹੋ ਸਕਦਾ ਹੈ ਕਿ ਉਸ ਦੀ ਪਹਿਲੀ ਪੁਸਤਕ ਉਸ ਨੂੰ ਸਾਧਨਾ ਨਾਲ ਪਰਪੱਕਤਾ ਵੱਲ ਲੈ ਜਾਵੇ। ਮੈਂ ਨਾਸਾਜ਼ ਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਕੀਤਾ ਹੈ ਕਿ ਉਸ ਵਿਚ ਊਰਜਾ ਤੇ ਵੇਗ ਹੈ ਤੇ ਇਸ ਊਰਜਾ ਵਿਚ ਅਨੇਕਾਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਇਨ੍ਹਾਂ ਕਵਿਤਾਵਾਂ ਦਾ ਵਹਾਅ ਪਾਰੇ ਵਰਗਾ ਹੈ ਤੇ ਇਸ ਦਾ ਫ਼ੈਲਾਅ ਲਾਵੇ ਜਿਹਾ ਹੈ। ਉਸ ਨੂੰ ਬੀਤੇ ਹੋਏ ਹਸੀਨ ਪਲਾਂ ਦੇ ਬੀਤ ਜਾਣ ਦਾ ਝੋਰਾ ਹੈ ਤੇ ਉਹ ਉਸੇ ਮਾਹੌਲ ਵਿਚ ਪਰਤਣਾ ਚਾਹੁੰਦਾ ਹੈ। ਸਤਵਿੰਦਰ ਸਿੰਘ ਨਾਸਾਜ਼ ਦੀ ਪਹਿਲੀ ਪੁਸਤਕ 'ਤੇ ਮੈਂ ਉਸ ਨੂੰ ਸ਼ਾਬਾਸ਼ ਦਿੰਦਾ ਹਾਂ। ਮੈਂ ਉਸ ਦੀਆਂ ਕਵਿਤਾਵਾਂ 'ਚੋਂ ਆਪਣੀ ਜਵਾਨੀ ਮੁੜ ਮਾਣੀ ਹੈ। ਜਿੱਥੋਂ ਤੱਕ ਗ਼ਜ਼ਲ ਦਾ ਸੰਬੰਧ ਹੈ ਇਹ ਚੇਤੇ ਰੱਖਿਆ ਜਾਣਾ ਚਾਹੀਦਾ ਹੈ ਕਿ ਰਦੀਫ਼ ਬਿਨਾਂ ਗ਼ਜ਼ਲ ਹੋ ਸਕਦੀ ਹੈ ਪਰ ਕਾਫ਼ੀਏ ਬਿਨਾਂ ਨਹੀਂ। ਚਲਦੇ ਰਹਿਣ ਨਾਲ ਮੰਜ਼ਿਲ ਜ਼ਰੂਰ ਮਿਲਦੀ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002
c c c


ਮਧੂਮੱਖੀਆਂ ਦਾ ਏਕਾ
ਲੇਖਕ : ਪਰਦੀਪ ਸਿੰਘ ਮੌਜੀ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 195 ਰੁਪਏ, ਸਫ਼ੇ : 32
ਸੰਪਰਕ : 81468-74643


ਪਰਦੀਪ ਸਿੰਘ ਮੌਜੀ ਰਚਿਤ 'ਮਧੂਮੱਖੀਆਂ ਦਾ ਏਕਾ' ਪੁਸਤਕ ਵਿਚ ਅੱਠ ਸਤਰੀ ਨਰਸਰੀ ਗੀਤਾਂ ਤੋਂ ਇਲਾਵਾ ਲੰਮੀਆਂ ਕਵਿਤਾਵਾਂ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਪਸ਼ੂ-ਪੰਛੀ ਆਪਣੇ ਕੰਮ-ਕਾਜ ਅਤੇ ਅਠਖੇਲੀਆਂ ਕਰਦੇ ਵਿਖਾਈ ਦਿੰਦੇ ਹਨ। ਕਿਧਰੇ ਬਿੱਲੀ, ਭਾਲੂ, ਬਾਂਦਰ ਅਤੇ ਲੂੰਬੜੀ ਆਦਿ ਚਲਾਕ ਤੇ ਸ਼ਰਾਰਤੀ ਪਾਤਰ ਦੂਜਿਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਮੌਜੂ ਉਡਾਉਂਦੇ ਹਨ ਅਤੇ ਕਿਤੇ-ਕਿਤੇ ਉਨ੍ਹਾਂ ਨੂੰ ਦੂਜੇ ਪਾਤਰ ਸਬਕ ਵੀ ਸਿਖਾਉਂਦੇ ਹਨ। ਕੁਦਰਤ ਦੇ ਸਫ਼ਾਈ ਕਰਮਚਾਰੀਆਂ ਵਜੋਂ ਕਾਂ, ਕੁੱਤਾ, ਬਾਜ਼, ਇੱਲ, ਸੂਰ, ਲੱਕੜਬੱਘਾ ਆਦਿ ਮੁਰਦੇ ਜੀਵ ਜੰਤੂਆਂ ਦਾ ਮਾਸ ਖਾ ਕੇ ਵਾਤਾਵਰਨ ਦੀ ਸਵੱਛਤਾ ਵਿਚ ਉਚਿਤ ਯੋਗਦਾਨ ਪਾ ਰਹੇ ਹਨ। 'ਹਿੰਮਤੀ ਡੱਡੂ', 'ਮਧੂਮੱਖੀਆਂ ਦਾ ਏਕਾ', 'ਮਾਣੋ ਬਿੱਲੀ', 'ਚੂਹਿਆਂ ਦੀ ਲੜਾਈ', 'ਸ਼ਰਾਰਤੀ ਬਾਂਦਰ', 'ਬਿੱਜੜਿਆਂ ਦੀ ਬਸਤੀ', 'ਚਲਾਕ ਲੂੰਬੜੀ' ਅਤੇ 'ਭਿੱਜਿਆ ਕਾਂ' ਆਦਿ ਕਾਵਿ ਕਹਾਣੀਆਂ ਦੇ ਮਾਧਿਅਮ ਦੁਆਰਾ ਬਾਲ ਪਾਠਕ ਕਵਿਤਾ ਅਤੇ ਕਹਾਣੀ ਦਾ ਦੂਹਰਾ ਸੁਹਜ-ਸੁਆਦ ਮਾਣਦੇ ਹਨ। ਕਵੀ ਦਾ ਮਕਸਦ ਬਾਲ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਨਿੱਗਰ ਭਾਸ਼ਾਈ, ਸੱਭਿਆਚਾਰਕ ਕਦਰਾਂ-ਕੀਮਤਾਂ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਣਾ ਵੀ ਹੈ। 'ਤਿਤਲੀਆਂ', 'ਤਾਰੇ', 'ਬੁਲਬੁਲ', 'ਧੂੰਆਂ ਮੁਕਤ ਦੀਵਾਲੀ' ਆਦਿ ਕਵਿਤਾਵਾਂ ਖ਼ਾਸ ਖਿੱਚ ਪਾਉਂਦੀਆਂ ਹਨ। ਇਹ ਪੁਸਤਕ ਜੀਵ ਜੰਤੂਆਂ ਪ੍ਰਤੀ ਸਨੇਹ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਮਾਤ-ਭਾਸ਼ਾ ਵਿਚ ਰਚੇ ਬਾਲ ਸਾਹਿਤ ਨੂੰ ਹੁਲਾਰਾ ਦਿੰਦੀ ਹੈ। ਰੰਗ-ਬਿਰੰਗੇ ਕੰਪਿਊਟ੍ਰੀਕ੍ਰਿਤ ਚਿੱਤਰ ਪੁਸਤਕ ਦੀ ਆਭਾ ਵਿਚ ਵਾਧਾ ਕਰਦੇ ਹਨ।


-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
c c c


ਜ਼ਹਿਰ ਭਰੇ ਦਰਿਆ
ਸੰਪਾਦਕ : ਸਰਬਜੀਤ ਸਿੰਘ ਵਿਰਦੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 135
ਸੰਪਰਕ : 94173-10492


ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਵਿਚ 80 ਕਵੀਆਂ ਤੇ ਕਵਿਤਰੀਆਂ ਦੇ ਕਲਾਮ ਸ਼ਾਮਿਲ ਹਨ। ਹੱਥਲਾ ਕਾਵਿ-ਸੰਗ੍ਰਹਿ ਇਕੋ ਵਿਸ਼ੇ 'ਤੇ ਕੇਂਦਰਤ ਹੈ ਉਹ ਹੈ ਪੰਜਾਬ ਅੰਦਰ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਜਿਸ ਨੂੰ ਠੱਲ੍ਹਣ ਲਈ ਸੰਪਾਦਕ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ। ਇਸ ਸੰਗ੍ਰਹਿ ਦੀ ਭੂਮਿਕਾ ਲਿਖਦਿਆਂ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਮਰਹੂਮ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਹਰਦੇਵ ਦਿਲਗੀਰ ਕੇ ਇਸ ਕੋਹੜ ਨੂੰ ਦੂਰ ਕਰਨ ਅਤੇ ਮਾਰੂ ਪ੍ਰਭਾਵਾਂ ਬਾਰੇ ਇਸ ਵਿਸ਼ੇ ਨੂੰ ਵਿਸਥਾਰਿਆ ਹੈ। ਸ਼ਮਿਲਤ ਕਵੀਆਂ, ਕਵਿੱਤਰੀਆਂ ਨੇ ਆਪੋ ਆਪਣੇ ਕਾਵਿਕ ਅੰਦਾਜ਼ ਨਾਲ ਆਪਣਾ ਕਾਵਿ-ਧਰਮ ਨਿਭਾਇਆ ਹੈ, ਸੁਮਿਲਤ ਅਦੀਬ ਸਾਰੇ ਹੀ ਵਧਾਈ ਦੇ ਹੱਕਦਾਰ ਹਨ ਪਰ ਫਿਰ ਵੀ ਗੁਰਭਜਨ ਗਿੱਲ, ਹਰਦੇਵ ਦਿਲਗੀਰ, ਇੰਦਰਜੀਤ ਹਸਨ ਪੁਰੀ, ਰਵਿੰਦਰ ਭੱਠਲ, ਸ਼ਮਸ਼ੇਰ ਸੰਧੂ, ਤਰਲੋਚਨ ਲੋਚੀ, ਜਸਵੰਤ ਜਫ਼ਰ, ਸੁਖਵਿੰਦਰ ਅੰਮ੍ਰਿਤ, ਮਨਜੀਤ ਟਿਵਾਣਾ ਤੇ ਅਮਰਜੀਤ ਸ਼ੇਰਪੁਰੀ ਵਧੇਰੇ ਬਿਆਨ ਖਿੱਚਦੇ ਹਨ ਪਰ ਜਦੋਂ ਸ਼ਾਇਰਾ ਸਰਬਜੀਤ ਕੌਰ ਜਸ ਆਪਣੀ ਨਜ਼ਮ 'ਪੰਜਾਬੋ ਮਾਂ ਦੇ ਵੈਣ' ਰਾਹੀਂ ਚਿੱਟੇ ਨਾਲ ਮਰੇ ਆਪਣੇ ਪੁੱਤ ਤੇ ਦੁਹੱਥੜਾ ਮਾਰ ਕੇ ਕਹਿੰਦੀ ਹੈ ਕਿ 'ਤੇਰੇ ਕਿਹੜੇ ਰੰਗ ਦਾ ਕੱਫਨ ਪਾਵਾਂ ਵੇ ਮੇਰਿਆ ਰਾਂਗਲਿਆ ਪੁੱਤਾ' ਤਾਂ ਪੜ੍ਹਦਿਆਂ ਸਾਰ ਹੀ ਅੱਖਾਂ 'ਚੋਂ ਪਰਲ ਪਰਲ ਹੰਝੂ ਵਹਿ ਤੁਰਦੇ ਹਨ, ਇਹ ਕਿਤਾਬ ਪੜ੍ਹਨ ਯਗ ਤਾਂ ਹੈ ਹੀ ਤੇ ਸਾਂਭਣਯੋਗ ਵੀ ਹੈ। ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਇਸ ਕਾਵਿ-ਸੰਗ੍ਰਹਿ ਦੀ ਸਾਰਥਿਕਤਾ ਸਲਾਹੁਣਯੋਗਤਾ ਸਰਬਜੀਤ ਸਿੰਘ ਵਿਰਦੀ ਦੇ ਸਿਰੜ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਤੇ ਉਮੀਦ ਕਰਦਾ ਹਾਂ ਕਿ ਨਿਕਟ ਭਵਿੱਖ ਵਿਚ ਕਿਸੇ ਹੋਰ ਸਮਾਜ ਦੇ ਵਰਤਾਰੇ ਦੇ ਵਿਸ਼ੇ ਤੇ ਨਵਾਂ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਵੇ।


-ਭਗਵਾਨ ਢਿੱਲੋਂ, ਮੋਬਾਈਲ : 98143-78254
c c c


ਅਹਿਮ ਗਿਆਨ
(ਅਧਿਆਤਮਕ ਵਾਰਤਕ)

ਲੇਖਕ : ਜਗਰੂਪ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 102
ਸੰਪਰਕ : 89684-53335


ਇਸ ਪੁਸਤਕ ਦਾ ਨਾਮਕਰਨ 'ਅਹਿਮ ਗਿਆਨ' ਹੀ ਇਸ ਪੁਸਤਕ ਦਾ ਮਹੱਤਵ ਭਲੀ ਭਾਂਤ ਬਿਆਨ ਕਰਦਾ ਹੈ। ਅਧਿਆਤਮਕ ਵਾਰਤਕ ਦੀ ਇਸ ਪੁਸਤਕ ਵਿਚ ਸਿੱਖ ਧਰਮ ਬਾਰੇ ਬੇਹੱਦ ਲੋੜੀਂਦੀ ਅਤੇ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਗਈ ਹੈ। ਲੇਖਕ ਅਨੁਸਾਰ 'ਇਸ ਪੁਸਤਕ ਵਿਚ ਕੁਝ ਇਸ ਤਰ੍ਹਾਂ ਦੇ ਗਿਆਨ ਦੇ ਝਲਕਾਰੇ ਸਾਂਝੇ ਕੀਤੇ ਗਏ ਹਨ ਜੋ ਨਾ ਸਿਰਫ਼ ਆਮ ਪਾਠਕਾਂ ਲਈ ਸਗੋਂ ਹਰ ਵਰਗ, ਬੱਚਿਆਂ, ਵਿਦਿਆਰਥੀਆਂ, ਸਿੱਖਿਆਰਥੀਆਂ, ਜਗਿਆਸੂਆਂ ਲਈ ਵੀ ਅਵੱਸ਼ ਕਿਸੇ ਨਾ ਕਿਸੇ ਰੂਪ ਵਿਚ ਜਾਣਕਾਰੀ ਭਰਪੂਰ ਹੋਣਗੇ।
ਸੱਚਮੁਚ ਲੇਖਕ ਜਗਰੂਪ ਸਿੰਘ ਗਿੱਲ ਨੇ ਇਕ ਸੱਚਾ ਸ਼ਰਧਾਵਾਨ ਸਿੱਖ ਹੋਣ ਨਾਤੇ ਸਿੱਖ ਧਰਮ ਦਾ ਬੇਹੱਦ ਮਹੱਤਵਪੂਰਨ ਗਿਆਨ ਇਸ ਪੁਸਤਕ ਵਿਚ ਸਾਂਭਿਆ ਹੈ। ਪੁਸਤਕ ਵਿਚ 'ੴ ਦਾ ਅੱਖਰੀ ਅਰਥ ਮੂਲ ਮੰਤਰ, ਮੰਗਲਾਚਰਨ, ਹੁਕਮ ਤੋਂ ਭਾਵ, ਸਿੱਧ ਕੌਣ ਸਨ, ਗਿੰਧ ਸਿਧਿ ਦਾ ਕੀ ਭਾਵ ਹੈ, ਨਉ ਨਿਧਿ ਤੋਂ ਕੀ ਭਾਵ, ਦਸ ਗੁਰੂ ਸਾਹਿਬਾਨ, ਚਾਰ ਸਾਹਿਬਜ਼ਾਦੇ, ਪੰਜ ਬਾਣੀਆਂ, ਪੰਜ ਸਰੋਵਰ, ਪੰਜ ਤਖ਼ਤ, ਪੰਜ ਕਿਲ੍ਹੇ, ਪੰਜ ਚੋਰ, ਪੰਜ ਪਿਆਰੇ, ਖਾਲਸਾ ਆਦਿ ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ 'ਗੁਰੂ ਨਾਨਕ ਦੇਵ ਜੀ ਦੇ ਵੱਖ-ਵੱਖ ਨਾਮ', ਬਾਬਾ ਫਰੀਦ ਦੇ ਬੋਲ, ਪਰਮਾਤਮਾ ਦਾ ਅਕਾਰ, ਪੱਗ : ਆਨ, ਬਾਨ ੱਤੇ ਸ਼ਾਨ, ਭਗਤ ਕਬੀਰ, ਭਗਤ ਨਾਮ ਦੇਵ, ਭਗਤ ਰਾਮਾ ਨੰਦ ਆਦਿ ਬਾਰੇ ਸੰਖੇਪ ਪਰ ਬਿਹਤਰ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਧਾਰਮਿਕ ਸੰਸਥਾਵਾਂ ਅਤੇ ਸਕੂਲ-ਕਾਲਜਾਂ ਦੀਆਂ ਲਾਇਬ੍ਰੇਰੀਆਂ ਬਾਰੇ ਇਹ ਪੁਸਤਕ ਇਕ ਅਹਿਮ ਦਸਤਾਵੇਜ਼ ਸਾਬਤ ਹੋ ਸਕਦੀ ਹੈ। ਲੇਖਕ ਇਸ ਉੱਦਮ ਲਈ ਵਧਾਈ ਅਤੇ ਵਡਿਆਈ ਦਾ ਪਾਤਰ ਹੈ। ਉਸ ਨੇ ਤਕਨੀਕੀ ਤੌਰ 'ਤੇ ਇਸ ਪੁਸਤਕ ਨੂੰ ਪੂਰੀ ਤਰ੍ਹਾਂ ਬਣਾ ਸੰਵਾਰ ਕੇ ਰਚਿਆ ਹੈ।


ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444


ਕੋਰੋਨਾ ਤੇ ਕਿਸਾਨ
ਲੇਖਕ: ਪਰਮਜੀਤ ਸਿੰਘ ਜੱਜ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ: 250 ਰੁਪਏ, ਸਫ਼ੇ : 160
ਸੰਪਰਕ : 94170-07828


ਕੋਰੋਨਾ ਤੇ ਕਿਸਾਨ ਪਰਮਜੀਤ ਸਿੰਘ ਜੱਜ ਦਾ ਦਸਤਾਵੇਜ਼ੀ ਨਾਵਲ ਹੈ। ਕੋਰੋਨਾ ਸੰਕਟ ਤੇ ਕਿਸਾਨ ਅੰਦੋਲਨ ਬਾਰੇ ਤੱਥਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਨਾਵਲ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸਰਮਾਏਦਾਰੀ, ਕਾਰਪੋਰੇਟ ਘਰਾਣਿਆਂ ਦੀ ਅਨੈਤਿਕਤਾ, ਸਰਕਾਰੀ ਸਿਸਟਮ ਮਨੁੱਖਤਾ ਦੇ ਵਿਰੁੱਧ, ਹਸਪਤਾਲਾਂ ਦੀ ਮੰਦੀ ਹਾਲਤ, ਮੌਤ ਦਾ ਨੰਗਾ ਨਾਚ, ਭਾਈਚਾਰਕ ਸਾਂਝਾਂ ਦਾ ਟੁੱਟਣਾ, ਬੇਰੁਜ਼ਗਾਰੀ, ਮਜ਼ਦੂਰਾਂ ਦੀ ਚਿੰਤਾਜਨਕ ਸਥਿਤੀ ਬਾਰੇ ਤੱਥਕ ਜਾਣਕਾਰੀ ਦਿੱਤੀ ਹੈ। ਦਿੱਲੀ ਦੇ ਬਾਰਡਰ ਉੱਤੇ ਹਰੇਕ ਵਿਅਕਤੀ ਨੇ ਪਾਰਟੀ, ਜਾਤ, ਧਰਮ, ਰੰਗ, ਨਸਲ, ਰਾਜ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ, ਮੰਨ ਲਉ ਇਕ ਪਿੰਡ ਵਿਚ ਮੁਸੀਬਤ ਆ ਗਈ। ਜਿਵੇਂ ਹੜ੍ਹ ਆ ਗਿਆ। ਉਸ ਨੂੰ ਰੋਕਣ ਲਈ ਪਿੰਡ ਦੇ ਲੋਕ ਜਾਣਗੇ ਨਾ ਕਿ ਅਕਾਲੀ, ਕਾਂਗਰਸੀ, ਖ਼ਾਲਿਸਤਾਨੀ, ਨਕਸਲੀਏ। (79) ਪ੍ਰਵਾਸੀਆਂ ਨੇ ਕਿਸਾਨੀ ਅੰਦੋਲਨ ਵਿਚ ਪੂਰਨ ਸਾਥ ਦਿੱਤਾ। ਡਾਕਟਰਾਂ ਨੇ ਮੁਫ਼ਤ ਸੇਵਾ ਕੀਤੀ। ਮਾਨਸਿਕਤਾ ਨੂੰ ਠੁੰਮਣਾ ਦੇਣ ਲਈ ਲਾਇਬ੍ਰੇਰੀ ਖੋਲ੍ਹੀ, ਵਾਤਾਵਰਨ ਦੀ ਸ਼ੁੱਧਤਾ ਲਈ ਦਰੱਖਤ ਲਗਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਵਾਹ ਚੱਲਿਆ। ਸਰਕਾਰੀ ਸਿਸਟਮ ਨੇ ਅੰਦੋਲਨ ਨੂੰ ਖ਼ਤਮ ਕਰਨ ਲਈ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾਈ ਪਰ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰਾਂ ਉੱਤੇ ਪਹਿਰਾ ਦਿੱਤਾ। ਕਿਸਾਨੀ ਅੰਦੋਲਨ ਦੇ ਸਰਬਪੱਖੀ ਅਧਿਐਨ ਲਈ ਪ੍ਰੋਫ਼ੈਸਰਾਂ ਤੇ ਡਾਕਟਰਾਂ ਨਾਲ ਵਿਚਾਰ-ਚਰਚਾ ਦੇ ਬਿਰਤਾਂਤ ਸਿਰਜੇ ਹਨ। ਨਾਵਲਕਾਰ ਨੇ ਕਿਸਾਨੀ ਅੰਦੋਲਨ ਨੂੰ ਸੂਖ਼ਮਤਾ ਨਾਲ ਸਮਝਣ ਲਈ ਪੱਛਮੀ ਚਿੰਤਕਾਂ ਜੈਕ ਰੀਚਰ, ਲੀ ਚਾਇਲਡ, ਮਾਰਕ ਬਲੌਸ, ਵਿਲੀਅਮ ਡੇਵਿਸ਼, ਰੋਸਤੋਵ, ਸੈਰਵੈਂਤੇਂ, ਦੋਸਤੋਵੋਸਕੀ, ਪੁਸ਼ਕਿਨ, ਟਾਲਸਟਾਏ, ਇਵਾਨ ਤੁਰਗਨੇਵ, ਸ਼ੈਕਸਪੀਅਰ, ਕਾਮੂ, ਸਾਰਤਰ, ਫਰੈਜ਼ ਕਾਫਕਾ, ਜੋਹਨ ਮਿਲਟਨ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਇਹ ਦੇਸ਼ ਵਿਚ ਸਭ ਤੋਂ ਵੱਡਾ ਤੇ ਲੰਮਾ ਕਿਸਾਨੀ ਸੰਘਰਸ਼ ਸੀ। 'ਟਰਾਲੀਟਾਈਮਜ਼' ਵਿਚ ਕਿਸਾਨੀ ਮੁੱਦਿਆਂ ਦਾ ਵਿਸਥਾਰਤ ਜ਼ਿਕਰ ਕੀਤਾ ਗਿਆ।
ਕੋਰੋਨਾ ਸੰਕਟ ਵਿਚ ਸਰਕਾਰੀ ਸਿਸਟਮ ਦੇ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਗਈ। ਆਕਸੀਜਨ ਦੀ ਕਮੀ, ਕਾਲਾ ਬਾਜ਼ਾਰੀ, ਦਵਾਈਆਂ ਦੀ ਘਾਟ, ਬੈੱਡਾਂ ਦੀ ਘਾਟ, ਹਸਪਤਾਲਾਂ ਦੀ ਬੁਰੀ ਹਾਲਤ ਦਾ ਜ਼ਿਕਰ ਤੱਥਾਂ ਆਧਾਰਿਤ ਕੀਤਾ ਹੈ। ਇਸ ਤੋਂ ਇਲਾਵਾ ਸੁਸ਼ਾਂਤ ਰਾਜਪੂਤ ਦੀ ਮੌਤ 'ਤੇ ਰਾਜਨੀਤੀ ਖੇਡਣਾ, ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਕੰਮ, ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ, ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਦਾ ਟੁੱਟਣਾ, ਗੋਦੀ ਮੀਡੀਆ, ਮੋਦੀ ਦੀ ਡਿਕਟੇਟਰਸ਼ਿਪ, ਗੁਰਪੁਰਬ ਵਾਲੇ ਦਿਨ ਕਾਨੂੰਨ ਵਾਪਸ ਲੈਣਾ ਬਾਰੇ ਜ਼ਿਕਰ ਕੀਤਾ ਗਿਆ ਹੈ। ਕੋਰੋਨਾ ਸੰਕਟ, ਕਿਸਾਨੀ ਅੰਦੋਲਨ ਤੇ ਵਰਤਮਾਨ ਪ੍ਰਸਥਿਤੀਆਂ ਨੂੰ ਸਮਝਣ ਲਈ ਪਾਠਕਾਂ, ਚਿੰਤਕਾਂ ਤੇ ਆਲੋਚਕਾਂ ਲਈ ਨਾਵਲ ਪੜ੍ਹਨਯੋਗ ਕ੍ਰਿਤ ਹੈ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94656-91091
c c c


ਤਿੜ੍ਹਾਂ
ਲੇਖਕ : ਜਗਸੀਰ ਸਿੰਘ ਖਿੱਲਣ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 104
ਸੰਪਰਕ : 94649-24521


ਹੱਥਲੀ ਕਾਵਿ ਪੁਸਤਕ 'ਤਿੜ੍ਹਾਂ' 'ਚ ਲੇਖਕ ਜਗਸੀਰ ਸਿੰਘ ਖਿੱਲਣ ਦੀਆਂ 76 ਕਾਵਿ-ਰਚਨਾਵਾਂ ਸ਼ਾਮਲ ਹਨ। ਇਨ੍ਹਾਂ ਕਾਵਿ-ਰਚਨਾਵਾਂ 'ਚ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਸ਼ਾਇਰ ਨੇ ਪਰਤ-ਦਰ-ਪਰਤ ਛੋਹਿਆ ਹੈ। ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ ਪ੍ਰਤੀ ਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਤੋਂ ਉਹ ਡਾਹਢਾ ਚਿੰਤਾਵਾਨ ਹੈ। ਲੇਖਕ ਕਿਰਤ ਦੇ ਭਾਂਡੇ 'ਚ ਹੱਕ ਦੀ ਰੋਟੀ ਖਾਣ ਦਾ ਖਾਹਿਸ਼ਮੰਦ ਹੈ, ਹਿੰਮਤ ਅਤੇ ਸਿਰੜ ਦੇ ਕੰਧੇੜ ਚੜ੍ਹ ਕੇ ਸਮਿਆਂ ਦਾ ਹਾਣੀ ਬਣਨਾ ਚਾਹੁੰਦਾ ਹੈ, ਭੀੜ ਤੋਂ ਵੱਖਰਾ ਦਿਸਣ ਦੀ ਉਸ ਅੰਦਰ ਲੋਚਾ ਹੈ। ਬਹਿਰੂਪੀਏ ਚਿਹਰਿਆਂ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ :
ਪਾੜੋ 'ਤੇ ਰਾਜ ਕਰੋ, ਨੀਤੀ ਅੱਜ ਹਾਕਮ ਦੀ
ਇਹ ਟੱਪੇ ਮਾਹੀਏ ਦੇ 'ਤੇ ਸੋਹਿਲੇ ਹੋਰ ਦੇ ਗਾਉਂਦਾ ਹੈ।
ਇਨਸਾਨ ਕਦਾਚਿਤ ਨਹੀਂ ਬਹਿਰੂਪੀਆ ਹੋਵੇਗਾ,
ਮੈਲਾ ਜਿਹਾ ਦਿਲ ਲੈ ਕੇ, ਤੀਰਥਾਂ 'ਤੇ ਨ੍ਹਾਉਂਦਾ ਹੈ।
ਜਗ ਜਨਣੀ ਔਰਤ ਨੂੰ ਭੰਡਣ ਵਾਲੇ ਕਲਮਕਾਰਾਂ ਨੂੰ ਫਿਟ ਲਾਹਣਤਾਂ ਪਾਉਂਦਾ ਲੇਖਕ ਔਰਤ ਦੇ ਸਤਿਕਾਰ 'ਚ ਆਵਾਜ਼ ਬੁਲੰਦ ਕਰਦਾ ਹੈ। ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਅਰਜੋਈ ਕਰਦਾ ਮਿਹਨਤਕਸ਼ ਕਾਮਿਆਂ ਨੂੰ ਸੰਘਰਸ਼ਾਂ ਦੇ ਪਿੜ ਭਖਾਉਣ ਲਈ ਉਤਸ਼ਾਹਿਤ ਕਰਦਾ ਹੈ। ਦਿੱਲੀ ਕਿਸਾਨ ਅੰਦੋਲਨ ਪ੍ਰਤੀ ਕਿਰਤੀ ਕਿਸਾਨਾਂ ਦੇ ਹੱਕ 'ਚ ਹੁੰਕਾਰ ਭਰਦਾ ਅਤੇ ਸਮੇਂ ਦਾ ਹਾਕਮਾਂ ਨੂੰ ਵੰਗਾਰਦਾ ਸ਼ਾਇਰ ਲਿਖਦਾ ਹੈ:
ਸਾਡਾ ਗ਼ਦਰੀ ਬਾਬਿਆਂ ਨਾਲ
ਇਤਿਹਾਸ ਪਿਆ ਭਰਿਆ।
ਮੱਥਾ ਜਿਸ ਨੇ ਵੀ ਲਾਇਆ,
ਉਹ ਇਕ ਦਿਨ ਹੈ ਹਰਿਆ।
ਧਰਤੀ ਨੂੰ ਪਲੀਤ ਹੋਣ ਤੋਂ ਬਚਾਉਣ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਰੋਕਣ, ਧਰਤੀ ਹੇਠਲੇ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਲੋਕਾਂ ਦੀ ਜ਼ਮੀਰ ਨੂੰ ਹਲੂਣਦਾ ਹੈ। ਲੇਖਕ ਅਨੁਸਾਰ ਅਜੋਕੇ ਯੁੱਗ 'ਚ ਤੰਦਰੁਸਤ ਸਰੀਰਾਂ ਦੀ ਵੀ ਸੋਚ ਅਪਾਹਜ ਹੋ ਚੁੱਕੀ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ 'ਚ ਜ਼ਿੰਦਗੀ ਨੂੰ ਇਕ ਜੰਗ ਦੀ ਤਰ੍ਹਾਂ ਲੜਨ ਦਾ ਫੌਲਾਦੀ ਹੌਸਲਾ ਹੈ।
ਹਥਲੀ ਪੁਸਤਕ ਦੀਆਂ ਕਵਿਤਾਵਾਂ ਜਿਥੇ ਵਿਸ਼ਾ ਪੱਖ ਅਤੇ ਰੂਪਕ ਪੱਖ ਤੋਂ ਮਜ਼ਬੂਤ ਹਨ, ਉਥੇ ਰਵਾਨਗੀ ਇਨ੍ਹਾਂ ਕਾਵਿ-ਰਚਨਾਵਾਂ ਨੂੰ ਹੋਰ ਵੀ ਰਸਮਈ ਬਣਾਉਂਦੀ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
c c c


ਲੋਕ-ਬੋਧ
ਪੰਜਾਬੀ ਅਖਾਣ ਅਤੇ ਮੁਹਾਵਰੇ

ਲੇਖਕ : ਡਾ. ਮਨਜਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 104
ਸੰਪਰਕ : 94638-36591


ਅਖਾਣ, ਮੁਹਾਵਰੇ ਕਿਸੇ ਵੀ ਭਾਸ਼ਾ ਦਾ ਅਜਿਹਾ ਵਿਰਾਸਤੀ ਖ਼ਜ਼ਾਨਾ ਹੁੰਦੇ ਹਨ, ਜਿਨ੍ਹਾਂ ਵਿਚ ਕਿਸੇ ਸਮਾਜ ਸੱਭਿਆਚਾਰ ਦੀ ਸਰਬਪੱਖੀ ਝਾਕੀ ਸਹਿਜ ਰੂਪ ਵਿਚ ਹੀ ਵੇਖਣ ਨੂੰ ਮਿਲ ਜਾਂਦੀ ਹੈ। ਅਖਾਣ ਅਤੇ ਮੁਹਾਵਰਿਆਂ ਵਿਚ ਸਿਆਣੇ ਵਿਅਕਤੀਆਂ ਦੀ ਜ਼ਿੰਦਗੀ ਦੀ ਭਾਸ਼ਾਈ ਕਮਾਈ ਸਮਾਈ ਹੁੰਦੀ ਹੈ। ਜ਼ਿੰਦਗੀ ਦੇ ਤਜਰਬਿਆਂ ਦੇ ਨਾਲ-ਨਾਲ ਕਿਸੇ ਕੌਮ ਦਾ ਇਤਿਹਾਸ, ਰਾਜਨੀਤੀ, ਆਰਥਿਕਤਾ ਆਦਿ ਦੀ ਅਖਾਣ ਮੁਹਾਵਰੇ ਤਸਵੀਰਕਸ਼ੀ ਕਰਦੇ ਹਨ। ਪੰਜਾਬੀ ਵਿਚ ਬਹੁਤ ਸਾਰੇ ਵਿਅਕਤੀਆਂ ਦੇ ਸੁਚੇਤ ਯਤਨਾਂ ਸਦਕਾ ਅਖਾਣਾਂ ਮੁਹਾਵਰਿਆਂ ਦੀ ਮੌਖਿਕ ਰੂਪ ਵਿਚ ਤੁਰੀ ਆਉਂਦੀ ਪਰੰਪਰਾ ਨੂੰ ਲਿਖਤੀ ਰੂਪ ਵਿਚ ਪੇਸ਼ ਕਰਨ ਦੇ ਉਪਰਾਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਸੰਸਥਾਗਤ ਅਤੇ ਵਿਅਕਤੀਗਤ ਦੋਹਾਂ ਹੀ ਪੱਧਰਾਂ ਉੱਤੇ ਵਿਸ਼ੇਸ਼ ਕਾਰਜ ਕੀਤੇ ਗਏ। ਅਜਿਹੇ ਹੀ ਕਾਰਜ ਡਾ. ਮਨਜਿੰਦਰ ਕੌਰ ਦੁਆਰਾ 'ਲੋਕ-ਬੋਧ ਪੰਜਾਬੀ ਅਖਾਣ ਅਤੇ ਮੁਹਾਵਰੇ' ਪੁਸਤਕ ਦੇ ਰੂਪ ਵਿਚ ਕੀਤਾ ਗਿਆ ਹੈ। ਭਾਵੇਂ ਕਿ ਇਸ ਪੁਸਤਕ ਵਿਚ ਦਰਜ ਅਖਾਣ ਮੁਹਾਵਰੇ ਪਹਿਲਾਂ ਹੀ ਪਾਠਕਾਂ ਨੇ ਪੜ੍ਹੇ-ਸੁਣੇ ਹਨ ਪਰ ਕੁਝ ਇਕ ਨਵੇਂ ਵੀ ਹਨ। ਅਖਾਣ ਮੁਹਾਵਰੇ ਸਕੂਲੀ ਪੜ੍ਹਾਈ ਤੋਂ ਲੈ ਕੇ ਉੱਚ ਅਕਾਦਮਿਕ ਹਲਕਿਆਂ ਅਤੇ ਮੁਕਾਬਲੇ ਦੇ ਇਮਤਿਹਾਨਾਂ ਵਿਚ ਵੀ ਪੁੱਛੇ ਜਾਂਦੇ ਹਨ, ਜਿਸ ਪੱਖੋਂ ਇਹ ਪੁਸਤਕ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ, ਕਿਉਂਕਿ ਡਾ. ਮਨਜਿੰਦਰ ਕੌਰ ਨੇ ਅੱਖਰ-ਕ੍ਰਮ ਅਨੁਸਾਰ ਪਹਿਲਾਂ ਮੁਹਾਵਰੇ ਦਰਜ ਕੀਤੇ ਹਨ ਅਤੇ ਬਾਅਦ ਵਿਚ ਅਖਾਣ। ਪੁਸਤਕ ਵਿਚ ਦਰਜ ਮੁਹਾਵਰੇ ਅਤੇ ਅਖਾਣਾਂ ਦੇ ਅਰਥ ਸਪੱਸ਼ਟ ਕਰਦਿਆਂ ਉਨ੍ਹਾਂ ਨੂੰ ਵਾਕਾਂ ਵਿਚ ਵੀ ਵਰਤਿਆ ਗਿਆ ਹੈ। ਕੁਝ ਇਕ ਮੁਹਾਵਰੇ ਪੁਸਤਕ ਦੇ ਅਖ਼ੀਰ ਉੱਤੇ ਬਿਨਾਂ ਵਾਕਾਂ ਵਿਚ ਵਰਤਿਆਂ ਵੀ ਦਰਜ ਕੀਤੇ ਗਏ ਪਰ ਇਨ੍ਹਾਂ ਦੇ ਅਰਥ ਦਿੱਤੇ ਗਏ ਹਨ। ਇਨ੍ਹਾਂ ਮੁਹਾਵਰਿਆਂ ਨੂੰ ਪਾਠਕ ਅਭਿਆਸ ਦੇ ਤੌਰ 'ਤੇ ਪੜ੍ਹ ਵੀ ਸਕਦਾ ਹੈ ਅਤੇ ਵਾਕਾਂ ਵਿਚ ਵੀ ਵਰਤ ਸਕਦਾ ਹੈ। ਪੁਸਤਕ ਵਿਦਿਆਰਥੀ ਲਈ ਕਾਫ਼ੀ ਲਾਹੇਵੰਦ ਹੈ। ਇਸ ਪੁਸਤਕ ਵਿਚ ਲੋਕ-ਸਾਹਿਤ ਦਾ ਖ਼ਜ਼ਾਨਾ ਸੰਭਾਲਣ ਦਾ ਵਧੀਆ ਯਤਨ ਕੀਤਾ ਗਿਆ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਯਾਦਾਂ ਦੇ ਝਰੋਖੇ 'ਚੋਂ
ਨੈਣਾਂ
ਡਾ. ਪ੍ਰਿਤਪਾਲ ਕੌਰ ਚਾਹਲ

ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 160
ਸੰਪਰਕ : 94638-36591


ਲੇਖਕਾ ਦੀ ਸਵੈ ਜੀਵਨੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਹਨ। ਪੁਸਤਕ ਦੇ ਪੰਜ ਅਧਿਆਏ ਹਨ (1) ਮੇਰਾ ਸਾਹਿਤ ਸਫ਼ਰ ਅਤੇ ਯਾਦਾਂ, ਜਿਸ ਵਿਚ ਲੇਖਕਾ ਨੇ ਆਪਣੇ ਜਨਮ, ਮੁਢਲੀ ਅਤੇ ਸਮੁੱਚੀ ਜ਼ਿੰੰਦਗੀ-ਵਿਦਿਆਕ ਯੋਗਤਾ, ਬੀ.ਐਸ.ਸੀ. ਆਨਰਜ਼ (ਬਾਇਓ-ਕੈਮਸਟਰੀ, ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ ਲੁਧਿਆਣਾ, ਐਮ.ਐਸ.ਸੀ. ਪਲਾਂਟ ਪੈਥੋਲੋਜੀ ਰਿਟਾਇਰਡ ਪ੍ਰੋਫੈਸਰ (ਪ੍ਰੋਫੈਸਰ, ਅਣਗਿਣਤ ਰਾਸ਼ਟਰੀ-ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਵਿਚ ਹਿੱਸਾ ਲਿਆ, ਇਨਾਮ ਪ੍ਰਾਪਤ ਕੀਤੇ। ਭਾਰਤ ਅਤੇ ਵਿਦੇਸ਼ਾਂ ਵਿਚ ਹੋਈਆਂ ਕਾਨਫਰੰਸਾਂ ਵਿਚ ਭਾਗ ਲਿਆ ਆਦਿਕ ਵਸਤੂ ਵੇਰਵੇ ਹਨ। ਦੇਸ਼-ਵਿਦੇਸ਼ ਕੀਤੀਆਂ ਯਾਤਰਾਵਾਂ ਦੇ ਵੇਰਵੇ ਹਨ। ਪ੍ਰਾਪਤ ਕੀਤੇ ਮਾਨ ਸਨਮਾਨਾਂ ਦਾ ਵੇਰਵਾ ਹੈ, ਨਾਲੋ-ਨਾਲ ਆਪਣੇ ਸਾਹਿਤਕ ਸਫਰ ਦੇ ਵੇਰਵੇ ਦਰਜ ਹਨ। ਪ੍ਰਾਪਤ ਕੀਤੇ ਇਨਾਮ ਸਨਮਾਨਾਂ ਦਾ ਜ਼ਿਕਰ ਅਨੇਕਾਂ ਨਾਟਕਾਂ ਵਿਚ ਭਾਗ ਲਿਆ। ਉਨ੍ਹਾਂ ਰਚਨਾਵਾਂ ਦੇ ਵਸਤੂ ਵੇਰਵੇ ਹਨ, ਜੋ ਅਖ਼ਬਾਰਾਂ ਵਿਚ ਯੋਗਦਾਨ ਪਾਇਆ। ਆਪਣੀ ਜ਼ਿੰਦਗੀ ਦੇ ਅਨੇਕਾਂ ਪ੍ਰਾਪਤੀ ਦੇ ਵਸਤੂ ਵੇਰਵੇ। ਲੇਖਿਕਾ ਦੇ ਜੀਵਨ ਦੇ ਵਸਤੂ ਵੇਰਵੇ, ਬਚਪਨ ਦੀਆਂ ਯਾਦਾਂ, ਘਰ-ਪਰਿਵਾਰ ਦੇ ਵੇਰਵੇ ਹਨ। ਇੰਝ ਇਹ ਪੁਸਤਕ ਸਫਲ ਵਿਅਕਤੀ ਦੇ ਜੀਵਨ ਦਾ ਸੰਖੇਪ ਜ਼ਿਦਗੀਨਾਮਾ ਹੈ। ਉਸ ਦੇ ਕੱਚੀ ਧੁੱਪ ਵਰਗੇ ਕੱਚੀ ਉਮਰ ਦੇ ਵਸਤੂ ਵੇਰਵੇ ਚੋਂ ਵੀ ਪ੍ਰੇਰਣਾ ਸਰੋਤ ਸਿੱਖਣ ਸਿਖਾਉਣ, ਪ੍ਰੇਰਨਾ ਉਤਸਾਹ ਅੱਗੇ ਵਧਣ ਅਤੇ ਸਵੈ ਪ੍ਰਾਪਤੀਆਂ ਦੇ ਵੇਰਵੇ ਹਨ। ਅੱਲ੍ਹੜ ਵਰੇਸ ਦੀਆਂ ਯਾਦਾਂ ਸਿੱਖਣ ਸਿਖਾਉਣ ਵਾਲੀਆਂ ਹਨ। ਪੁਸਤਕ ਪ੍ਰੇਰਨਾ ਸਰੋਤ ਦੀ ਡਿਕਸ਼ਨਰੀ ਹੈ।


-ਡਾ. ਅਮਰ ਕੋਮਲ
ਮੋਬਾਈਲ : 84378-75565
c c c

01-10-2022

 ਟਾਹਲੀਆਂ ਦੀ ਛਾਵੇਂ
ਗੀਤਕਾਰ : ਮੁਖ਼ਤਾਰ ਸਿੰਘ ਗਿੱਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਮਹਿਤਾ ਚੌਕ, ਅੰਮ੍ਰਿਤਸਰ
ਮੁੱਲ : 110 ਰੁਪਏ, ਸਫ਼ੇ : 91
ਸੰਪਰਕ : 98720-45559

ਪੰਜਾਬੀ ਗੀਤਕਾਰੀ ਦਾ ਇਕ ਪ੍ਰੌੜ੍ਹ ਤੇ ਪਰਪੱਕ ਗੀਤਕਾਰ ਮੁਖ਼ਤਾਰ ਸਿੰਘ ਗਿੱਲ ਆਪਣੇ ਪਲੇਠੇ ਗੀਤ ਸੰਗ੍ਰਹਿ 'ਟਾਹਲੀਆਂ ਦੀ ਛਾਵੇਂ' 46 ਨਵੇਂ ਨਰੋਏ ਗੀਤ ਲੈ ਕੇ ਹਾਜ਼ਰ ਹੋਇਆ ਹੈ। ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵੰਨ-ਸੁਵੰਨੇ ਅਹਿਸਾਸਾਂ ਨੂੰ ਇਨ੍ਹਾਂ ਗੀਤਾਂ ਰਾਹੀਂ ਪ੍ਰਗਟ ਕਰਨ ਦਾ ਉਪਰਾਲਾ ਕੀਤਾ ਹੈ। ਪੁਸਤਕ ਵਿਚ ਸ਼ਾਮਿਲ ਗੀਤ ਪ੍ਰੇਮ-ਪਿਆਰ, ਪੇਂਡੂ ਭਾਈਚਾਰਾ, ਲੋਕ ਸੱਭਿਆਚਾਰ, ਸਾਕਾ ਸਰਹਿੰਦ, ਧਾਰਮਿਕ ਅਤੇ ਲਾਲ ਝੰਡੇ ਆਦਿ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੇ ਹਨ। ਗੀਤਕਾਰ ਨੇ ਪੰਜਾਬੀ ਲੋਕ ਸੱਭਿਆਚਾਰ ਦੇ ਦਾਇਰੇ ਵਿਚ ਰਹਿੰਦਿਆਂ, ਸਮਾਜ ਵਲੋਂ ਪ੍ਰਵਾਨਿਤ ਰਿਸ਼ਤਿਆਂ, ਲੋਕ ਪਰੰਪਰਾਵਾਂ ਅਤੇ ਰਿਵਾਜਾਂ ਦੀ ਗੱਲ ਆਪਣੇ ਗੀਤਾਂ 'ਚ ਕੀਤੀ ਹੈ। ਪੇਂਡੂ ਰਹਿਤਲ-ਬਹਿਤਲ ਦੀ ਖ਼ੁਸ਼ਬੋ ਇਨ੍ਹਾਂ ਗੀਤਾਂ ਰਾਹੀਂ ਸਰਸ਼ਾਰ ਕਰਦੀ ਹੈ। ਗੀਤਕਾਰ ਪਾਸ ਸੂਖਮ ਅਨੁਭਵਾਂ ਦਾ ਜ਼ਖੀਰਾ ਹੈ। ਆਪਣੇ ਆਲੇ-ਦੁਆਲੇ ਦਾ ਸਰਿਸ਼ਟੀ ਸੰਸਾਰ ਅਤੇ ਉਸ ਦੇ ਪ੍ਰਭਾਵਾਂ ਨੂੰ ਕਬੂਲ ਕੇ, ਖ਼ੁਸ਼ੀ-ਗ਼ਮੀਂ, ਦੁੱਖ-ਦਰਦ, ਵਿਛੋੜਾ ਜਿਹੇ ਅਹਿਸਾਸਾਂ ਨਾਲ ਲਬਰੇਜ਼ ਸੰਗ੍ਰਹਿ ਦੇ ਗੀਤ, ਪਾਠਕਾਂ/ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਵੰਨਗੀ ਵਜੋਂ ਬਦਲਦੇ ਮੌਸਮ ਦੀ ਪੇਸ਼ਕਾਰੀ ਕੁਝ ਇਉਂ ਕਰਦਾ ਹੈ
''ਅੰਬੀਂ ਬੂਰ ਪੈ ਗਿਆ ਨੀ,
ਕੋਇਲਾਂ ਕੂਕਣ ਲੱਗੀਆਂ।
ਚੜ੍ਹੀਆਂ ਘਟਾ ਕਾਲੀਆਂ ਨੀਂ,
ਹਵਾਵਾਂ ਸ਼ੂਕਣ ਲੱਗੀਆਂ।'' (ਅੰਬੀਂ ਬੂਰ ਪੈ ਗਿਆ)
''ਦਿੱਬੇ ਸ਼ਰਮਾਂ ਦੇ ਪੱਲੇ। ਉੱਡ ਸਿਰ ਉਤੋਂ ਸਰਕ ਗਏ। ਸਾਉਣ ਦੇ ਮਹਿਕ ਵਾਂਗੂ। ਕੈਦ ਸਾਡੇ ਸੋਹਦਿਆ ਵੇ। ਛਮ ਛਮ ਬਰਸ ਪਏ। (ਸਾਉਣ ਦੇ ਮਹੀਨੇ ਵਿਚ) ਇਨ੍ਹਾਂ ਛੰਦਬੱਧ ਗੀਤਾਂ ਵਿਚ ਕਮਾਲ ਦੀ ਲੈਆਤਮਕਤਾ ਹੈ। ਗੀਤਾਂ ਨੂੰ ਪੜ੍ਹਦਿਆਂ ਪਾਠਕ ਗੁਣਗੁਣਾਉਣ ਲਈ ਮਜਬੂਰ ਹੋ ਜਾਂਦਾ ਹੈ। ਗੀਤਾਂ ਦੀ ਰਵਾਨੀ, ਆਪਣੇ ਅਹਿਸਾਸਾਂ ਦੇ ਪ੍ਰਵਾਹ ਨਾਲ ਵਹਾ ਲੈ ਜਾਂਦੀ ਹੈ। ਗੀਤਕਾਰ ਵਲੋਂ ਵਰਤੀ ਗਈ ਸ਼ਬਦਾਵਲੀ, ਸ਼ਬਦ ਚੋਣ ਅਤੇ ਛੰਦਾਂ ਦੀ ਪੇਸ਼ਕਾਰੀ ਇਨ੍ਹਾਂ ਗੀਤਾਂ ਨੂੰ ਸੁਣਨ, ਮਾਣਨਯੋਗ ਤੇ ਸਾਂਭਣਯੋਗ ਬਣਾਉਂਦੀ ਹੈ। 'ਟਾਹਲੀਆਂ ਦੀ ਛਾਵੇਂ' ਟਾਈਟਲ ਹੀ ਪਾਠਕ ਨੂੰ ਪੇਂਡੂ ਸੱਭਿਆਚਾਰ ਅਤੇ ਕੁਦਰਤ ਦੀ ਗੋਦ ਵੱਲ ਖਿੱਚ ਲੈ ਜਾਂਦਾ ਹੈ। ਸੱਚਮੁੱਚ ਪੰਜਾਬੀ ਗੀਤਕਾਰੀ ਨੂੰ ਜਿਹੜੇ ਸਿਹਤਮੰਦ ਤੇ ਉਸਾਰੂ ਗੀਤਾਂ ਦੀ ਲੋੜ ਹੈ, ਹਥਲੀ ਪੁਸਤਕ ਇਸ ਲੋੜ ਨੂੰ ਪੂਰਾ ਕਰਦੀ ਹੈ। ਗਾਇਕ ਅਤੇ ਪਾਠਕ ਇਸ ਪੁਸਤਕ ਦਾ ਸਹਿਜ ਸਵਾਗਤ ਕਰਨਗੇ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

c c c

ਮਾਰਕਸਵਾਦੀ ਸਮੀਖਿਆ-ਸਿਧਾਂਤ
ਲੇਖਕ : ਸੁਰਜੀਤ ਸਿੰਘ ਭੱਟੀ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 237
ਸੰਪਾਰਕ : 98788-23354

ਇਸ ਪੁਸਤਕ ਨੂੰ ਵਿਧੀਵਤ ਰੂਪ ਵਿਚ ਪੇਸ਼ ਕਰਦੇ ਸਮੇਂ ਡਾ. ਭੱਟੀ ਨੇ ਅੱਠ ਖੰਡ ਬਣਾਏ ਹਨ। ਪਹਿਲੇ ਖੰਡ ਵਿਚ ਮਾਰਕਸਵਾਦੀ ਦਰਸ਼ਨ ਦੇ ਬੁਨਿਆਦੀ ਸਰੋਕਾਰਾਂ ਨੂੰ ਪੇਸ਼ ਕਰਦੇ ਸਮੇਂ ਉਸ ਦਾ ਨਿਰਣਾ ਹੈ ਕਿ ਇਹ ਸੋਚ ਦ੍ਰਿਸ਼ਟੀ ਨਿਰੰਤਰ ਵਿਕਾਸ ਵਿਚ ਵਿਸ਼ਵਾਸ ਰੱਖਦੀ ਹੈ। ਭਾਵੇਂ ਕਿ ਕਈ ਜਟਿਲ ਪ੍ਰਕਿਰਿਆਵਾਂ ਵਾਪਰਦੀਆਂ ਹਨ ਪਰੰਤੂ ਇਹ ਹਮੇਸ਼ਾ ਸਾਪੇਖ ਅਤੇ ਨਿਰਪੇਖਤਾ ਦੇ ਦਵੰਦਾਤਮਕ ਸੰਬੰਧਾਂ ਦੇ ਉਸਾਰੂ ਹਿਤ ਵਿਚ ਹੁੰਦਾ ਹੈ। ਇਸੇ ਪ੍ਰਸੰਗਤਾ ਵਿਚ ਇਸ ਚਿੰਤਨਧਾਰਾ ਦੇ ਮੁਢਲੇ ਸਿਧਾਂਤਕਾਰਾਂ ਕਾਰਲ ਮਾਰਕਸ, ਫਰੈਡਰਿਕ ਏਂਗਲਜ਼, ਵੀ.ਆਈ. ਲੈਨਿਨ ਅਤੇ ਮਾਓ-ਜੇ-ਤੁੰਗ ਅਤੇ ਸਾਰੇ ਰੂਸੀ ਚਿੰਤਕਾਂ ਜਿਨ੍ਹਾਂ ਵਿਚ ਵਿਸਾਰੀਅਨ ਗਰੀਗੋਰੀਏਵਿਚ ਬੈਲਿੰਸਕੀ, ਅਲੈਗਜ਼ੈਂਡਰ ਇਵਾਨਵਿਚ ਹਰਜਨ, ਨਿਕੋਲਾਈ ਗਾਵਿਰਲੋਵਿਚ ਚਰਨੀਸ਼ੇਵਸਕੀ, ਨਿਕੋਲਾਈ ਅਲੈਗਜ਼ਾਂਦਰੋਵਿਚ, ਦਾਬਰੋਲਿਊਬੋਵ, ਜੀ.ਵੀ. ਪਲੈਖਾਨੋਵ, ਏ.ਵੀ. ਲੂਨਾਚਾਰਸਕੀ, ਲਿਓਨ ਟ੍ਰਾਟਸਕੀ, ਐਮ. ਖਰਾਪਚੈਂਕੋ ਅਤੇ ਯੂਰੀਬਾਰਾਬਾਸ ਹਨ, ਉਨ੍ਹਾਂ ਦੀ ਸੋਚ ਦ੍ਰਿਸ਼ਟੀ ਦਾ ਗੰਭੀਰਤਾ ਸਹਿਤ ਅਧਿਐਨ ਕਰਕੇ ਸਾਡੇ ਸਾਹਮਣੇ ਲਿਆਂਦਾ ਹੈ। ਇਸੇ ਤਰ੍ਹਾਂ ਰੈਲਫ ਫਾਕਸ, ਕ੍ਰਿਸਟਾਫਰ ਕਾਡਵੈਲ, ਜਾਰਜ ਥਾਮਸਨ, ਹਾਵਰਡ ਫਾਸਟ, ਜਾਰਜ ਲੁਕਾਚ, ਅਰਨਸਟ ਫਿਸ਼ਰ ਅਤੇ ਕੁਝ ਹੋਰ ਆਧੁਨਿਕ ਚਿੰਤਕ, ਜਿਨ੍ਹਾਂ 'ਚ ਰੇਅਮੰਡ ਵਿਲੀਅਮਜ਼, ਏ. ਐਸ. ਵਾਜ਼ਕੇਜ, ਫਰੈਡਰਿਕ ਜੇਮਸਨ. ਪੀ. ਏ. ਮਸ਼ੇਰੀ, ਟੈਰੀਈਗਲਟਨ ਅਤੇ ਟੋਨੀ ਬੈਨੈਟ ਆਦਿ ਹਨ, ਦੀਆਂ ਵਿਚਾਰਧਾਰਕ ਵਿਭਿੰਨ ਪੱਧਤੀਆਂ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਪੁਸਤਕ ਵਿਚ ਪੇਸ਼ ਕੀਤਾ ਹੈ। ਲੇਖਕ ਦੀ ਮਾਨਤਾ ਹੈ ਕਿ ਮਾਰਕਸਵਾਦੀ ਦਰਸ਼ਨ ਬੁਰਜੂਆ ਰਾਸ਼ਟਰਵਾਦ ਦੇ ਉਲਟ ਅੰਤਰ ਰਾਸ਼ਟਰਵਾਦ ਵਿਚ ਵਿਸ਼ਵਾਸ ਰੱਖਦਾ ਹੈ। ਨਿਰਸੰਦੇਹ, ਇਹ ਪੁਸਤਕ ਗੰਭੀਰ ਚਿੰਤਕਾਂ, ਉੱਚ ਸ਼੍ਰੇਣੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਸਾਰਥਕ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 9814209732

c c c

ਅਦੀਬ ਸਮੁੰਦਰੋਂ ਪਾਰ ਦੇ
ਬਿਰਤਾਂਤਕਾਰ : ਹਰਮੀਤ ਸਿੰਘ ਅਟਵਾਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ: 650 ਰੁਪਏ, ਸਫ਼ੇ : 318
ਸੰਪਰਕ : 98155-05287

ਸ. ਹਰਮੀਤ ਸਿੰਘ ਅਟਵਾਲ ਪੰਜਾਬੀ ਸਾਹਿਤਕਾਰਾਂ ਨੂੰ ਪ੍ਰੇੇਮ ਕਰਨ ਵਾਲਾ ਇਕ ਸਿਦਕੀ ਅਤੇ ਸਿਰੜੀ ਲੇਖਕ ਹੈ। ਉਹ ਪੰਜਾਬੀ ਸਾਹਿਤ ਦੇ ਨਾਮੀ-ਗਰਾਮੀ ਲੇਖਕਾਂ ਬਾਰੇ ਪਿਛਲੇ ਡੇਢ ਦੋ ਦਹਾਕਿਆਂ ਤੋਂ ਨਿਰੰਤਰ ਲਿਖ ਰਿਹਾ ਹੈ। ਉਸਦੇ ਸਿਦਕ ਅਤੇ ਸੁਹਿਰਦਤਾ ਨੂੰ ਦੇਖ ਕੇ ਸੰਪਾਦਕ ਅਤੇ ਪ੍ਰਕਾਸ਼ਕ ਲੋਕ ਵੀ ਉਸ ਨੂੰ ਰਾਹ ਦੇ ਦਿੰਦੇ ਹਨ। ਇਸ ਸੂਰਤ ਵਿਚ ਉਹ ਪੰਜਾਬੀ ਦੀ ਹਰ ਪ੍ਰਮੁੱਖ ਅਖ਼ਬਾਰ ਵਿਚ ਪੰਜਾਬੀ ਲੇਖਕਾਂ ਦੇ ਛੋਟੇ-ਵੱਡੇ ਸ਼ਬਦ-ਚਿਤਰ ਉਲੀਕਦਾ ਰਿਹਾ ਹੈ। ਉਸ ਵਰਗੇ ਲੇਖਕਾਂ ਦੇ ਕਾਰਨ ਕਿਸੇ ਵੀ ਸਾਹਿਤਕਾਰ ਨੂੰ ਇਹ ਝੋਰਾ ਨਹੀਂ ਰਿਹਾ ਕਿ ਉਹ ਅਣਗੌਲਾ ਅਣਲਿਖਿਆ ਰਹਿ ਗਿਆ ਹੈ, ਪਾਠਕ ਉਸ ਨੂੰ ਨਹੀਂ ਜਾਣਦੇ।
ਪਿਛਲੇ ਤਿੰਨ-ਚਾਰ ਦਹਾਕਿਆਂ ਵਿਚ ਸਾਡੇ ਅਨੇਕ ਲੇਖਕ ਪੰਜਾਬ ਵਿਚੋਂ ਹਿਜਰਤ ਕਰਕੇ ਵਿਦੇਸ਼ੀ ਧਰਤੀਆਂ ਉੱਪਰ ਪਹੁੰਚ ਗਏ ਹਨ। ਇਧਰ ਰਹਿੰਦੇ ਬਹੁਤੇ ਪ੍ਰਮੁੱਖ ਲੇਖਕ ਵੀ ਵਾਰ-ਵਾਰ ਵਿਦੇਸ਼ਾਂ ਵਿਚ ਆਉਂਦੇ-ਜਾਂਦੇ ਰਹਿੰਦੇ ਹਨ ਜਿਵੇਂ ਉਹ ਉਧਰ ਆਪਣੇ ਲਈ ਅਨੁਕੂਲ ਜ਼ਮੀਨ ਤਲਾਸ਼ ਰਹੇ ਹੋਣ।ਜੇ ਸਾਡੇ ਪੰਜਾਬ ਵਿਚ ਪਰਿਸਥਿਤੀਆਂ ਇਹੋ ਜਿਹੀਆਂ ਹੀ ਰਹੀਆਂ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮਿਆਂ ਵਿਚ ਸਾਡੇ ਸਾਰੇ ਅਦੀਬ ਹੀ ਸਮੁੰਦਰੋਂ ਪਾਰ ਜਾ ਵਸਣ। ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੂ! ਰੱਬ ਮਿਹਰ ਕਰੇ, ਅਜਿਹੀ ਅਮਹੋਣੀ ਨਾ ਵਾਪਰੇ!
ਮੈਂ ਮਹਿਸੂਸ ਕੀਤਾ ਹੈ ਕਿ ਆਪਣੀ ਜਨਮ-ਭੋਇੰ ਨੂੰ ਛੱਡਣ ਉਪਰੰਤ ਸ਼ਨਾਖ਼ਤ ਦਾ ਸੰਕਟ ਪੈਦਾ ਹੋ ਜਾਂਦਾ ਹੈ। ਇਸੇ ਕਾਰਨ ਉਹ ਪੰਜਾਬੀ ਵੀ, ਜਿਨ੍ਹਾਂ ਨੇ ਇਧਰ ਰਹਿੰਦਿਆਂ ਹੋਇਆਂ ਸਾਹਿਤ-ਲਿਖਣ-ਪੜ੍ਹਨ ਬਾਰੇ ਕਦੇ ਕੁਝ ਸੋਚਿਆ ਵੀ ਨਹੀਂ ਸੀ। ਉਧਰ ਜਾ ਕੇ ਚੰਗੇ ਪ੍ਰਮਾਣਿਕ ਲੇਖਕ ਬਣ ਗਏ ਹਨ। ਇਸ ਧਾਰਨਾ ਦਾ ਦੂਜਾ ਪਹਿਲੂ ਵੀ ਹੈ ਅਤੇ ਉਹ ਇਹ ਕਿ ਇਧਰ ਚੰਗਾ ਲਿਖਣ ਵਾਲੇ ਅਤੇ ਮੁਮਤਾਜ਼ ਲੇਖਕ ਉਧਰ ਜਾ ਕੇ ਸੰਕਟਗ੍ਰਸਤ ਹੋ ਜਾਂਦੇ ਹਨ। ਖ਼ੈਰ...ਇਹ ਵੱਖਰੇ ਮਸਲੇ ਹਨ। ਹਰਮੀਤ ਸਿੰਘ ਅਟਵਾਲ ਆਪਣੇ ਰਚਨਾ-ਧਰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾ ਰਿਹਾ ਹੈ। ਉਸ ਦੀ ਇਨ੍ਹਾਂ ਰਚਨਾਵਾਂ ਵਿਚ ਜੀਵਨ-ਬਿਰਤਾਂਤ, ਵਿਧਾਵਾਂ ਦਾ ਵਰਗੀਕਰਨ, ਵਿਸ਼ਲੇਸ਼ਣ, ਆਲੋਚਨਾ ਅਤੇ ਮੁਲਾਂਕਣ ਆਦਿਕ ਸਾਰੇ ਪਹਿਲੂ ਆ ਜਾਂਦੇ ਹਨ। ਮੈਂ ਸ. ਅਟਵਾਲ ਦੀ ਮਿਹਨਤ-ਮੁਸ਼ੱਕਤ ਨਿਸ਼ਠਾ ਅਤੇ ਵਚਨਬੱਧਤਾ ਦੀ ਪ੍ਰਸੰਸਾ ਕਰਦਾ ਹਾਂ। ਉਸ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਰਹਿ ਗਏ ਅਨੇਕ ਖੱਪਿਆਂ ਨੂੰ ਪੂਰਿਆ ਹੈ। ਕੇਵਲ ਗੱਲਾਂ ਹੀ ਨਹੀਂ ਕੀਤੀਆਂ, ਸਾਰਥਿਕ ਕੰਮ ਕਰ ਕੇ ਵਿਖਾਇਆ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

c c c

ਭਾਈ ਕਨ੍ਹੱਈਆ ਜੀ
ਦੇ ਜੀਵਨ 'ਤੇ ਝਾਤ
ਸੰਪਾਦਕ : ਕਰਨੈਲ ਸਿੰਘ
ਪ੍ਰਕਾਸ਼ਕ : ਮਹੰਤ ਭਾਈ ਕਾਹਨ ਸਿੰਘ ਜੀ ਸੇਵਾ ਪੰਥੀ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ
ਮੁੱਲ : ਮੁਫ਼ਤ, ਸਫ਼ੇ : 428
ਸੰਪਰਕ : 98552-40552

ਸੇਵਾ, ਸ਼ਾਂਤੀ, ਪਰਉਪਕਾਰ, ਸਿਮਰਨ, ਏਕਤਾ, ਸਮਦ੍ਰਿਸ਼ਟੀ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਭਾਈ ਕਨ੍ਹੱਈਆ ਜੀ ਦਾ ਸਾਰਾ ਜੀਵਨ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਆਪ ਮਾਨਵਤਾ ਦੇ ਮਸੀਹਾ, ਰੈੱਡ ਕਰਾਸ ਦੇ ਬਾਨੀ ਅਤੇ ਅਮਨ ਦੂਤ ਸਨ। ਆਪ ਜੀ ਨੌਵੇਂ ਅਤੇ ਦਸਵੇਂ ਪਾਤਸ਼ਾਹ ਜੀ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੇ। ਇਸ ਪੁਸਤਕ ਵਿਚ ਛਪੀਆਂ ਰਚਨਾਵਾਂ ਪਹਿਲਾਂ 'ਭਾਈ ਕਨ੍ਹੱਈਆ ਸੇਵਾ ਜੋਤੀ' ਮੈਗਜ਼ੀਨ ਵਿਚ ਛਪ ਚੁੱਕੀਆਂ ਹਨ। ਪੁਸਤਕ ਦੇ 71 ਅਧਿਆਇ ਹਨ, ਜਿਨ੍ਹਾਂ ਵਿਚ ਭਾਈ ਸਾਹਿਬ ਦੀ ਲਾਸਾਨੀ ਸ਼ਖ਼ਸੀਅਤ ਪ੍ਰਤੀ ਕਾਵਿ ਅਤੇ ਵਾਰਤਕ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ ਜਿਵੇਂ :-
ਉਹਦੀ ਮਸ਼ਕ ਵਿਚ ਜ਼ਿੰਦਗੀ ਛਲਕਦੀ ਸੀ,
ਉਹਦੇ ਪਾਣੀ ਵਿਚ ਮਿੱਠਤ ਪਿਆਰ ਦੀ ਸੀ।
ਉਹਦੇ ਬੁੱਲ੍ਹਾਂ 'ਤੇ ਧੀਰਜ ਦੁਖਿਆਰਿਆਂ ਦੀ,
ਮਿਹਰ ਉਸ ਉੱਤੇ ਕਲਗੀਧਰ ਦੀ ਸੀ।
ਦੌਲਤ ਉਸ ਕੋਲ ਸਿਦਕ ਸਬੂਰੀਆਂ ਦੀ,
ਪੀੜ ਉਸ ਕੋਲ ਸਾਰੇ ਸੰਸਾਰ ਦੀ ਸੀ।
ਉਹਦੀ ਗੋਦ 'ਚੋਂ ਮਨਾਂ ਨੂੰ ਨਿੱਘ ਮਿਲਦਾ,
ਨਿਗ੍ਹਾ ਉਸ ਦੀ ਤਪਿਆਂ ਨੂੰ ਠਾਰਦੀ ਸੀ।
ਪੁਸਤਕ ਵਿਚ ਚਾਰ ਲੇਖ ਅੰਗਰੇਜ਼ੀ ਵਿਚ ਵੀ ਹਨ। ਸਾਰੇ ਲੇਖਕਾਂ ਨੇ ਬਹੁਤ ਪ੍ਰੇਮ, ਭਾਵਨਾ ਅਤੇ ਸਤਿਕਾਰ ਨਾਲ ਆਪਣੀਆਂ ਰਚਨਾਵਾਂ ਵਿਚ ਬ੍ਰਹਮਗਿਆਨੀ ਭਾਈ ਕਨ੍ਹੱਈਆ ਜੀ ਦੀ ਉਪਮਾ ਕੀਤੀ ਹੈ। ਭਾਈ ਸਾਹਿਬ ਦੀਆਂ ਮਹਾਨ ਸੇਵਾਵਾਂ ਨੂੰ ਰੈੱਡ ਕਰਾਸ ਸੇਵਾ ਵਾਂਗ ਵਿਸ਼ਵ ਵਿਚ ਪ੍ਰਚਾਰਨ ਅਤੇ ਉਨ੍ਹਾਂ ਦੇ ਪ੍ਰੇਮ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਹੋ ਜਿਹੇ ਪੁਰਸ਼ ਸਾਰੀ ਮਨੁੱਖਤਾ ਦੇ ਸਾਂਝੇ ਮੀਤ ਹੁੰਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਕੋਈ ਵੈਰੀ ਜਾਂ ਬਿਗ਼ਾਨਾ ਨਹੀਂ ਹੁੰਦਾ। ਉਹ ਸਾਰਿਆਂ ਵਿਚ ਇਕੋ ਪ੍ਰਮੇਸ਼ਰ ਦੀ ਜੋਤਿ ਦੇਖਦੇ ਹਨ। ਇਸ ਲਈ ਉਹ ਸਾਰੀ ਇਨਸਾਨੀਅਤ ਦਾ ਭਲਾ ਲੋਚਦੇ ਹਨ। ਤਰਸ, ਤਿਆਗ, ਨਿਰਮਾਣਤਾ ਦੇ ਮੁਜੱਸਮੇ ਭਾਈ ਕਨ੍ਹੱਈਆ ਜੀ ਨੇ ਜੰਗ ਦੇ ਮੈਦਾਨ ਵਿਚ ਵੈਰੀ ਨੂੰ ਅਤੇ ਮਿੱਤਰ ਨੂੰ ਇਕ ਸਮਾਨ ਸਮਝਦੇ ਹੋਏ ਜ਼ਖ਼ਮੀ ਮੁਗ਼ਲਾਂ ਨੂੰ ਵੀ ਜਲ ਛਕਾਇਆ ਜਿਸ ਕਰਕੇ ਸ੍ਰੀ ਦਸਮੇਸ਼ ਪਾਤਿਸ਼ਾਹ ਜੀ ਨੇ ਆਪ ਉੱਤੇ ਮਿਹਰ ਕੀਤੀ ਅਤੇ ਮੱਲ੍ਹਮ ਪੱਟੀ ਕਰਨ ਦਾ ਵੀ ਆਦੇਸ਼ ਦਿੱਤਾ। ਇਹੋ ਜਿਹੇ ਮਹਾਂਪੁਰਖਾਂ ਦੀ ਘਾਲ ਕਮਾਈ ਨੂੰ ਉਜਾਗਰ ਕਰਨ ਲਈ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੇ ਸੰਤਾਂ, ਮਹਾਂਪੁਰਖਾਂ ਨੂੰ ਵੀ ਨਤਮਸਤਕ ਹੋਣਾ ਬਣਦਾ ਹੈ, ਜੋ ਇਹੋ ਜਿਹੀਆਂ ਬੇਸ਼ਕੀਮਤੀ ਪੁਸਤਕਾਂ ਨੂੰ ਮੁਫ਼ਤ ਵੰਡ ਰਹੇ ਹਨ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਸਿੱਖਿਆਦਾਇਕ, ਪ੍ਰੇਰਨਾਦਾਇਕ, ਗਿਆਨ ਭਰਪੂਰ ਪੁਸਤਕ ਦਾ ਤਹਿ-ਦਿਲੋਂ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

c c c

ਜਗਦਾ ਰਹੀਂ ਵੇ ਦੀਵਿਆ
ਗ਼ਜ਼ਲਕਾਰ : ਪਾਲ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 200 ਰੁਪਏ, ਸਫ਼ੇ : 112
ਸੰਪਰਕ : 95011-45039

ਪਾਲ ਢਿੱਲੋਂ ਕੈਨੇਡਾ ਦੀ ਧਰਤੀ ਉਤੇ ਵਸਦਾ ਪੰਜਾਬੀ ਗ਼ਜ਼ਲਕਾਰ ਹੈ। ਪਾਲ ਢਿੱਲੋਂ ਦੀ ਸ਼ਾਇਰੀ ਦਾ ਆਧਾਰ ਸੱਚਾਈ ਭਰਪੂਰ ਵਿਵਰਣ ਹੈ। ਉਹ ਸਿਆਣੀ ਗੱਲ ਕਰਦਾ ਹੈ ਅਤੇ ਪਾਠਕ ਨੂੰ ਆਪਣੀ ਸੋਚ ਦਾ ਕਾਇਲ ਬਣਾਉਂਦਾ ਹੈ। ਆਧੁਨਿਕ ਮਾਨਵ ਦੇ ਉਲਝੇ ਹੋਏ ਜ਼ਿੰਦਗੀ ਚਿੱਤਰਾਂ ਨੂੰ ਉਹ ਸਾਫ਼ਗੋਈ ਨਾਲ ਸੁਲਝਾਉਣਾ ਚਾਹੁੰਦਾ ਹੈ। ਪਾਲ ਢਿੱਲੋਂ ਤਰਕ ਵਿਤਰਕ ਨਾਲ ਹੀ ਕਿਸੇ ਸਿੱਟੇ ਉਤੇ ਪਹੁੰਚਣ ਦੀ ਗੱਲ ਕਰਦਾ ਹੈ:
ਚਲੋ ਜੋ ਕਹਿ ਰਿਹਾ ਹੈ ਓਸ ਉਤੇ ਤਬਸਰਾ ਕਰੀਏ
ਹੈ ਕਿੰਨਾ ਝੂਠ ਕਿੰਨਾ ਸੱਚ, ਇਸ ਦਾ ਫ਼ੈਸਲਾ ਕਰੀਏ।
ਉਹ ਸੱਚਾਈਆਂ ਦਾ ਸ਼ਾਇਰ ਹੈ। ਕਹਾਵਤਾਂ ਵਰਗੇ ਉਸ ਦੇ ਸ਼ਿਅਰਾਂ ਵਿਚ ਮੰਨਣ ਤੇ ਯਕੀਨ ਦਾ ਰੁਤਬਾ ਹੁੰਦਾ ਹੈ:
ਲੰਘ ਗਏ ਪਾਣੀ ਪੁਲਾਂ ਦੇ ਹੇਠੋਂ ਜੋ,
ਹੁਣ ਨਹੀਂ ਮੁੜਨੇ ਮੈਂ ਮਨ ਸਮਝਾ ਲਿਆ।
ਵਕਤ ਦੇ ਪੈਰੀਂ ਨਹੀਂ ਠਹਿਰਾ ਕਿਤੇ,
ਏਸ ਨੇ ਰਫ਼ਤਾਰ ਨੂੰ ਅਪਣਾ ਲਿਆ।
ਉਸ ਵਾਸਤੇ ਉਸ ਦਾ ਓਹੀ ਗਗਨ ਹੈ ਜਿਸ ਵਿਚ ਉਸ ਦਾ ਚੰਦ ਹੈ:
ਤੇਰੀ ਅਣਹੋਂਦ ਨੂੰ ਅੱਜ ਦਰਦ ਵਾਂਗੂੰ ਸਹਿ ਕੇ ਚੱਲੇ ਹਾਂ,
ਮੁਸਾਫਿਰ ਵਾਂਗ ਤੇਰੇ ਸ਼ਹਿਰ ਵਿਚ ਅੱਜ ਰਹਿ ਕੇ ਚੱਲੇ ਹਾਂ।
ਕਈ ਵਾਰ ਪਾਲ ਢਿਲੋਂ ਅਣਕਿਆਸੀ ਕਲਪਨਾ ਨੂੰ ਸ਼ਿਅਰ ਦਾ ਵਿਸ਼ਾ ਬਣਾਉਂਦਾ ਹੈ ਤਾਂ ਅਣਵਾਜਿਬ ਬਿਆਨ ਉਪਜ ਜਾਂਦਾ ਹੈ ਅਤੇ ਸ਼ਬਦ ਬਾਜ਼ੀਗਰੀ ਬਣ ਜਾਂਦੀ ਹੈ:
ਸੂਰਜ ਹੀ ਅਸਤ ਹੋਣ ਤੋਂ ਮੁਨਕਰ ਜੇ ਹੋ ਗਿਆ
ਜੁਗਨੂੰ ਸਿਤਾਰੇ ਚੰਨ ਚਿਰਾਗਾਂ ਦਾ ਕੀ ਬਣੂੰ?
ਪਾਲ ਢਿੱਲੋਂ ਅਸਲ ਵਿਚ ਫਲਸਫੇ ਦਾ ਸ਼ਾਇਰ ਹੈ, ਨੀਝ ਲਾ ਕੇ ਉਸ ਦੇ ਸ਼ਿਅਰ ਵੇਖੀਏ ਤਾਂ ਡੂੰਘੇ ਅਰਥ ਦਿੰਦੇ ਹਨ:
ਅੰਦਰ ਵਾਲਾ ਅੰਦਰ ਜਾਣੇ, ਬਾਹਿਰ ਵਾਲਾ ਬਾਹਰ ਨੂੰ
ਆਂਡੇ ਦੇ ਵੀ ਅੰਦਰ ਬਾਹਰ ਹੁੰਦੀ ਇਕ ਕਹਾਣੀ ਹੈ।
ਉਹ ਗ਼ਜ਼ਲ ਤਕਨੀਕ 'ਚ ਪੂਰਨ ਹੈ। ਪੁਸਤਕ ਨੂੰ ਜੀ ਆਇਆਂ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

c c c

ਪੰਜਾਬੀ ਹਾਸ ਵਿਅੰਗ
ਲੇਖਕ : ਡੀ.ਆਰ. ਬੰਦਨਾ
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ, ਜਲੰਧਰ
ਮੁੱਲ : 225 ਰੁਪਏ, ਸਫ਼ੇ : 128
ਸੰਪਰਕ : 94173-89003

ਡੀ.ਆਰ. ਬੰਦਨਾ ਨੇ ਮਿੰਨੀ ਵਿਅੰਗ ਤੇ ਹਾਸ-ਰਸੀ ਲੇਖਕ ਅਕਸਰ ਹੀ 'ਅਜੀਤ' ਵਿਚ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਇਹ ਆਕਾਰ ਵਿਚ ਭਾਵੇਂ ਛੋਟੇ ਹਨ ਪਰ ਆਪਣੇ ਹਾਸ-ਵਿਅੰਗ ਗੁਣਾਂ ਕਾਰਨ ਥੋੜ੍ਹੇ ਤਿੱਖੇ ਹਨ। ਇਹ ਲੇਖ ਬਹੁਤੇ ਕਹਾਣੀਆਂ ਆਧਾਰਿਤ ਹੈ। ਹਰੇਕ ਲੇਖ ਵਿਚੋਂ ਕਹਾਣੀ ਰਸ ਦੀ ਭਿਣਕ ਪੈਂਦੀ ਹੈ। ਆਕਾਰ ਵੀ ਇਨ੍ਹਾਂ ਦਾ ਮਿੰਨੀ ਕਹਾਣੀਆਂ ਜਿੱਡਾ ਹੀ ਹੈ। ਬਾਕੀ ਗੁਣ ਵੀ ਮਿੰਨੀ ਕਹਾਣੀ ਵਿਧਾ ਨਾਲ ਹੀ ਮੇਲ ਖਾਂਦੇ ਹਨ। ਇਸ ਵਿਚ ਅਮਲੀਆਂ ਦੇ ਬਿਰਤਾਂਤ ਹਨ, ਪੇਂਡੂ ਰਹਿਤਲ ਦੇ ਹਾਸੋ-ਹੀਣੇ ਚਿੱਤਰ ਹਨ। ਨਿਮਨ ਮੱਧ ਵਰਗੀ ਪਾਤਰ ਹਨ ਜੋ ਆਪਣੀਆਂ ਹਰਕਤਾਂ ਨਾਲ ਹੀ ਪਾਠਕ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ। ਇਸ ਵਿਚ ਕੁੱਲ 63 ਲੇਖ ਹਨ ਜੋ ਸਮਕਾਲੀ ਜੀਵਨ ਦੀਆਂ ਵਿਸੰਗਤੀਆਂ, ਦੋਗਲੇਪਨ ਅਤੇ ਮੂਰਖ਼ਤਾਵਾਂ ਨੂੰ ਅੰਗੀਕਾਰ ਕਰਦੇ ਹਨ। ਕੁਝ ਲੇਖ ਰਵਾਇਤੀ ਹਾਸ-ਰਸ ਦੀਆਂ ਤਲਖ਼ੀਆਂ ਪੇਸ਼ ਕਰਦੇ ਹਨ ਜਿਵੇਂ 'ਕਰਤਾਰੀ ਨੇ ਜਦ ਪੁੱਛ ਪੁੱਛੀ' 'ਆਉ ਘਪਲਾ ਕਰਨ ਵਾਲਿਆਂ ਨੂੰ ਸਨਮਾਨੀਏ', 'ਜਦੋਂ ਜ਼ੈਲਾ ਸਬਜ਼ੀ ਖ਼ਰੀਦਣ ਤੁਰਿਆ', 'ਜਦੋਂ ਤਾਈ ਦੀ ਦਾੜ੍ਹ ਦੁਖਣ ਲੱਗੀ'। ਇਹ ਲੇਖ ਰਵਾਇਤੀ ਤੇ ਪੁਰਾਣੇ ਹਾਸ-ਰਸੀ ਲੇਖਾਂ ਦਾ ਹੀ ਬਿਰਤਾਂਤ ਪੇਸ਼ ਕਰਦੇ ਹਨ। ਸ਼ੈਲੀ ਵੀ ਉਨ੍ਹਾਂ ਜਿਹੀ ਹੀ ਹੈ। ਕੁਝ ਲੇਖ ਅਮਲੀਆਂ ਬਾਰੇ ਵੀ ਹਨ ਜੋ ਹਾਸ-ਰਸ ਦਾ ਢੰਗ ਨਮੂਨਾ ਪੇਸ਼ ਕਰਦੇ ਹਨ ਜਿਵੇਂ 'ਅਮਲੀ ਦਾ ਵਿਆਹ', ਪ੍ਰੰਤੂ ਅਮਲੀ ਦੀ ਮੌਤ, 'ਅਮਲੀਆਂ ਦੀ ਸੱਥ'। 'ਵਿਚਾਰਾਂ ਦੀ ਮੈਲ' ਅਤੇ 'ਫ਼ਰਜ਼' ਜਿਹੀਆਂ ਦਾਰਸ਼ਨਿਕ ਕਿਸਮ ਦੀਆਂ ਕਹਾਣੀਆਂ ਵੀ ਹਨ ਜੋ ਉਪਦੇਸ਼ਾਤਮਿਕ ਲਹਿਜੇ 'ਚ ਲਿਖੀਆਂ ਗਈਆਂ ਹਨ।

c c c

ਛੱਲਾ
ਲੇਖਕ : ਡਾ. ਕੁਲਦੀਪ ਸਿੰਘ ਦੀਪ
ਪ੍ਰਕਾਸ਼ਕ : ਓਏਸੀਜ਼ ਪਬਲੀਕੇਸ਼ਨ, ਪਟਿਆਲਾ।
ਮੁੱਲ : 180 ਰੁਪਏ, ਸਫ਼ੇ : 96,
ਸੰਪਰਕ : 98768-20600

'ਛੱਲਾ' ਸਾਡੇ ਸਾਹਿਤ ਅਤੇ ਜੀਵਨ ਵਿਚ ਇਕ ਰਵਾਇਤੀ ਕਹਾਣੀ ਹੈ। ਇਸ ਵਿਚ ਕਿਸ਼ਤੀ ਚਾਲਕ ਜੱਲੇ ਦਾ ਪੁੱਤਰ ਛੱਲਾ ਸਵਾਰੀਆਂ ਨੂੰ ਦਰਿਆਉਂ ਪਾਰ ਛੱਡਣ ਗਿਆ, ਦਰਿਆ ਵਿਚ ਆਏ ਤੂਫ਼ਾਨ ਕਾਰਨ ਵਾਪਸ ਨਹੀਂ ਪਰਤਦਾ ਤੇ ਉਸ ਦਾ ਪਿਓ ਜੱਲਾ ਪੁੱਤਰ ਦੇ ਵਿਛੋੜੇ ਵਿਚ ਦੁੱਖ ਭਰੇ ਗੀਤ ਗਾਉਂਦਾ ਹੈ ਜੋ 'ਛੱਲੇ' ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਇਸੇ ਕਥਾ ਨੂੰ ਪ੍ਰਤੀਕ ਵਜੋਂ ਵਰਤ ਕੇ ਨਾਟਕਕਾਰ ਨੇ 'ਛੱਲਾ' ਨਾਟਕ ਦੀ ਸਿਰਜਣਾ ਕੀਤੀ ਹੈ ਤੇ 'ਛੱਲੇ' ਦੇ ਪ੍ਰਤੀਕ ਨੂੰ ਆਧੁਨਿਕ ਅਰਥਾਂ ਅਤੇ ਲੋੜ ਅਨੁਸਾਰ ਢਾਲਿਆ ਹੈ। ਪੰਜਾਬ ਦੀ ਆਰਥਿਕਤਾ ਨੂੰ ਦਿਨੋ-ਦਿਨ ਢਾਹ ਲੱਗਣ ਕਾਰਨ ਇਥੋਂ ਦੀ ਜਵਾਨੀ ਬਾਹਰ ਵੱਲ ਪ੍ਰਵਾਸ ਕਰਦੀ ਹੈ ਤੇ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਦੁਖਾਂਤ ਸਹੇੜਦੀ ਹੈ ਤੇ ਤਬਾਹ ਹੁੰਦੀ ਹੋਈ ਖੱਜਲ-ਖੁਆਰ ਹੁੰਦੀ ਹੈ। ਮਨੀ ਨਾਂਅ ਦਾ ਪਾਤਰ ਅਤੇ ਉਸ ਦੇ ਕੁਝ ਹੋਰ ਸਾਥੀ ਅੰਗਰੇਜ਼, ਕਾਲਾ, ਭਲਵਾਨ ਅਤੇ ਭੰਬੀਰੀ ਟਰੈਵਲ ਏਜੰਟ ਦੇ ਟੇਟੇ ਚੜ੍ਹ ਕੇ ਅਮਰੀਕਾ ਪਹੁੰਚਣ ਦੀ ਇੱਛਾ ਰੱਖਦੇ ਹਨ, ਪਰ ਉਹ ਧੋਖੇ ਨਾਲ ਉਨ੍ਹਾਂ ਨੂੰ ਇਰਾਕ ਪਹੁੰਚਾ ਦਿੰਦਾ ਹੈ, ਜਿਥੇ ਉਹ ਗੁਲਾਮਾਂ ਵਾਲਾ ਜੀਵਨ ਹੰਢਾਉਂਦੇ ਹੋਏ ਮੌਤ ਦੇ ਮੂੰਹ ਜਾ ਪੈਂਦੇ ਹਨ। ਕੇਵਲ ਮਨੀ ਹੀ ਕਿਸੇ ਤਰੀਕੇ ਨਾਲ ਬਚ-ਬਚਾ ਕੇ ਵਾਪਸ ਪੰਜਾਬ ਪਹੁੰਚਦਾ ਹੈ ਤੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ ਕਰਦਾ ਹੈ। ਲੱਖੀ ਬਾਬਾ ਲੈਪਟਾਪ ਦੇ ਪ੍ਰਤੀਕ ਰਾਹੀਂ ਨਵੀਂ ਸੋਚ ਦਾ ਬਖਾਣ ਕਰਦਾ ਹੈ ਪਰ ਉਹ ਵੀ ਉਸ ਦੇ ਰਾਸ ਨਹੀਂ ਆਉਂਦੀ ਤੇ ਆਖਿਰ ਉਹ ਲੈਪਟਾਪ ਨੂੰ ਸੁੱਟ ਕੇ ਰਵਾਇਤੀ ਤੂੰਬੇ 'ਤੇ ਗੀਤ (ਛੱਲਾ) ਗਾਉਣ ਲੱਗਦਾ ਹੈ। ਨਾਟਕਕਾਰ ਨੇ ਫਲੈਸ਼ ਬੈਕ ਆਦਿ ਬੋਲੀਆਂ ਦੀ ਵਰਤੋਂ ਕਰਕੇ ਕਥਾ ਨੂੰ ਅਗਾਂਹ ਤੋਰਨ ਦਾ ਯਤਨ ਕੀਤਾ ਹੈ। ਪੰਜਾਬ ਦੀ ਆਧੁਨਿਕ ਜਵਾਨੀ ਦੀ ਪੀੜ ਅਤੇ ਦੁੱਖ ਨੂੰ ਬਹੁਤ ਹੀ ਸ਼ਿੱਦਤ ਨਾਲ ਨਾਟਕਕਾਰ ਨੇ ਪੇਸ਼ ਕੀਤਾ ਹੈ। ਉਹ ਸੁਨੇਹਾ ਵੀ ਦਿੰਦਾ ਹੈ ਕਿ ਜਵਾਨੀ ਦੇ ਦੁਖਾਂਤ ਦਾ ਹੱਲ ਇਥੇ ਰਹਿ ਕੇ ਵੀ ਕੱਢਿਆ ਜਾ ਸਕਦਾ ਹੈ, ਪ੍ਰਵਾਸ ਕਰਕੇ ਨਹੀਂ।

-ਕੇ. ਐਲ. ਗਰਗ
ਮੋਬਾਈਲ : 94635-37050.
c c c

25-09-2022

 ਔਰਤ ਵਿਕਾਊ ਹੈ
ਸੰਪਾਦਿਕਾ : ਦੀਪ ਚਰਨ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ: 160
ਸੰਪਰਕ : 94638-36591


ਦੀਪ ਚਰਨ ਦੀ ਪਲੇਠੀ ਸੰਪਾਦਿਤ ਪੁਸਤਕ 'ਔਰਤ ਵਿਕਾਊ ਹੈ' ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਬੜੇ ਚਿਰ ਬਾਅਦ ਕੋਈ ਪਿਆਰੀ ਅਤੇ ਮਿਆਰੀ ਪੁਸਤਕ ਪੜ੍ਹਨ ਨੂੰ ਮਿਲ ਰਹੀ ਹੈ। ਪੁਸਤਕ ਵਿਚ ਸ਼ਾਮਿਲ ਅੱਠ ਨਿਬੰਧਾਂ ਵਿਚ ਇਸ ਮੁੱਦੇ ਨੂੰ ਬੜੀ ਬੇਬਾਕੀ ਨਾਲ ਉਭਾਰਿਆ ਗਿਆ ਹੈ ਕਿ ਕਿਵੇਂ ਔਰਤ ਦੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਹੈ ਅਤੇ ਕਿਵੇਂ ਔਰਤ ਦਾ ਬਹੁਤਾ ਸਮਾਂ ਵਿਰੋਧੀ ਲਿੰਗ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਹੀ ਲੱਗਿਆ ਰਹਿੰਦਾ ਹੈ। ਸਮਾਜ ਦੇ ਇਸ ਕਰੂਪ ਸੱਚ ਨੂੰ ਵੀ ਉਜਾਗਰ ਕੀਤਾ ਗਿਆ ਹੈ ਕਿ ਔਰਤ ਘਰੋਂ ਬਾਹਰ ਹੀ ਨਹੀਂ, ਬਲਕਿ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ। ਮਰਦ ਅਨੇਕਾਂ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਦੇ ਬਾਵਜੂਦ ਵੀ ਇੱਜ਼ਤਦਾਰ ਬਣਿਆ ਰਹਿੰਦਾ ਹੈ, ਜਦੋਂ ਕਿ ਇਸੇ ਕਾਰਨ ਕਰਕੇ ਔਰਤ ਨੂੰ ਵੇਸਵਾ ਤੱਕ ਕਹਿ ਦਿੱਤਾ ਜਾਂਦਾ ਹੈ। ਇਕ ਬਾਪ ਦੀ ਉਸਾਰੂ ਭੂਮਿਕਾ ਅਤੇ ਮਾਨਵੀ ਰਿਸ਼ਤਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹਾਲੀ ਦਾ ਵੀ ਖ਼ੂਬਸੂਰਤ ਚਿਤਰਣ ਕੀਤਾ ਗਿਆ ਹੈ। ਨਸ਼ਿਆਂ ਦੀ ਦਲਦਲ ਵਿਚ ਫਸੀ ਨੌਜਵਾਨੀ ਲਈ ਪ੍ਰੇਰਨਾਦਾਇਕ ਨਿਬੰਧ ਵੀ ਹਨ ਅਤੇ ਜ਼ਿੰਦਗੀ ਨੂੰ ਹਾਂ ਕਹਿਣ ਦੀ ਜੁਗਤ ਦਾ ਮਾਰਗ ਦਰਸ਼ਨ ਵੀ ਮਿਲਦਾ ਹੈ। ਪੁਸਤਕ ਵਿਚਲੀਆਂ 93 ਕਵਿਤਾਵਾਂ ਵਿਚ ਵੀ ਭਾਵੇਂ ਬਹੁਤਾ ਰੰਗ ਜ਼ਿੰਦਗੀ ਦੇ ਹਰ ਖੇਤਰ ਵਿਚ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਬੇਇਨਸਾਫ਼ੀਆਂ ਨਾਲ ਹੀ ਸੰਬੰਧਿਤ ਹੈ ਪਰ ਬਹੁਤ ਸਾਰੇ ਹੋਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਮਸਲਿਆਂ ਨੂੰ ਵੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਗਿਆ ਹੈ। ਇਕ ਸੋਚੀ-ਸਮਝੀ ਸਾਜਿਸ਼ ਤਹਿਤ ਲੋਕ-ਮਨਾਂ ਵਿਚ ਪੱਕੀ ਕੀਤੀ ਜਾ ਰਹੀ ਅਸਹਿਣਸ਼ੀਲਤਾ ਸੰਬੰਧੀ ਜ਼ਾਹਿਰ ਕੀਤੀ ਫ਼ਿਕਰਮੰਦੀ ਵੀ ਤਸੱਲੀ ਵਾਲੀ ਗੱਲ ਹੈ।
ਆਪਣੀ ਵਹਿਸ਼ੀ ਭੁੱਖ ਮਿਟਾਉਣ ਲਈ
ਔਰਤ ਦਾ ਮਾਸ ਨੋਚ-ਨੋਚ ਖਾਂਦੇ ਨੇ...


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027.
c c c


ਮੇਲੂ
ਲੇਖਕ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ: 320 ਰੁਪਏ, ਸਫ਼ੇ : 240
ਸੰਪਰਕ : 99154-15312


ਨਾਵਲ ਦੇ ਕੁੱਲ 31 ਕਾਂਡ ਹਨ। ਮਾਲਵੇ ਦੇ ਪੇਂਡੂ ਸੱਭਿਆਚਾਰ ਨੂੰ ਅਧਾਰ ਬਣਾ ਕੇ ਨਾਵਲ ਦੀ ਸਿਰਜਨਾ ਹੋਈ ਹੈ। ਨਾਵਲਕਾਰ ਨੇ ਜ਼ਿੰਦਗੀ ਵਿਚ ਵਾਪਰਦੀਆਂ ਚੰਗੀਆਂ, ਮਾੜੀਆਂ ਘਟਨਾਵਾਂ ਨੂੰ ਢੁਕਵੇਂ ਪ੍ਰਸੰਗਾਂ ਤਹਿਤ ਸਹਿਜ ਰੂਪ ਵਿਚ ਪੇਸ਼ ਕੀਤਾ ਹੈ। ਨਾਵਲ ਦੇ ਦਰਜਨ ਕੁ ਪਾਤਰਾਂ 'ਚੋਂ ਕੁਝ ਚਿਹਰੇ ਪਾਠਕ ਦੇ ਅੰਦਰ ਤੱਕ ਲਹਿ ਜਾਂਦੇ ਹਨ ਤੇ ਯਾਦਗਾਰੀ ਪਾਤਰ ਬਣ ਜਾਂਦੇ ਹਨ। ਗੀਟਣ ਦਾ ਕਤਲ ਹੋ ਜਾਂਦਾ ਹੈ। ਕਾਤਲ ਦੀ ਪਤਨੀ ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ। ਕਤਲ ਵੀ ਪਤਨੀ ਵਲੋਂ ਘਰ ਸੱਦ ਕੇ ਕਰਵਾਇਆ ਜਾਂਦਾ ਹੈ। ਕਾਤਲ ਨੂੰ ਲੰਮੀ ਅਦਾਲਤੀ ਕਾਰਵਾਈ ਪਿਛੋਂ ਉਮਰ ਕੈਦ ਹੋ ਜਾਂਦੀ ਹੈ। ਕਾਤਲ ਦੀ ਪਤਨੀ ਮੌਕੇ ਦੀ ਗਵਾਹੀ ਤੋਂ ਪਾਸਾ ਵਟ ਜਾਂਦੀ ਹੈ। ਉਸ ਦਾ ਜੇਲ੍ਹ ਜਾਣ ਤੋਂ ਬਚਾਅ ਹੋ ਜਾਂਦਾ ਹੈ। ਗੀਟਣ ਦੀ ਵਿਧਵਾ ਪਤਨੀ ਦਲੀਪੋ ਆਪਣੇ ਜੇਠ ਬੰਤ ਨਾਲ ਇਸ਼ਕ ਕਰਦੀ ਉਸ ਦੀ ਹੋ ਜਾਂਦੀ ਹੈ। ਲੋਕ ਗੱਲਾਂ ਕਰਦੇ ਹਨ। ਦਲੀਪੋ ਦੇ ਇਕ ਧੀ ਹੈ ਇਕ ਪੁੱਤਰ ਹੈ। ਪੁੱਤਰ ਮਾਂ ਦੇ ਨਾਜਾਇਜ਼ ਸੰਬੰਧਾਂ ਦਾ ਵਿਰੋਧ ਕਰਦਾ ਹੈ। ਜੇਠ ਦਾ ਪੁੱਤਰ ਤੇ ਪਤਨੀ ਵੀ ਇਸ ਗੱਲ ਦਾ ਪੂਰਾ ਵਿਰੋਧ ਕਰਦੇ ਹਨ। ਦੋਵੇਂ ਬੱਚਿਆਂ ਵਾਲੇ ਹਨ। ਸ਼ਹਿਰ ਚਲੇ ਜਾਂਦੇ ਹਨ। ਬੰਤ ਵਿਹਲਾ ਹੈ। ਪੁਲਿਸ ਟਾਊਟ ਬਣ ਕੇ ਪੈਸਾ ਕਮਾਉਂਦਾ ਹੈ। ਪਰ ਇਹ ਕੰਮ ਜ਼ਿਆਦਾ ਸਮਾਂ ਨਹੀਂ ਚਲਦਾ। ਇਸ਼ਕ ਦਾ ਭੂਤ ਵੀ ਕੁਝ ਸਮੇਂ ਪਿਛੋਂ ਲਹਿ ਜਾਂਦਾ ਹੈ। ਦਲੀਪੋ ਨਵੇਂ ਆਸ਼ਕ ਨੂੰ ਛੱਡ ਕੇ ਪਿੰਡ ਸਾਮਾਨ ਲੈ ਕੇ ਚਲੀ ਜਾਂਦੀ ਹੈ। ਬੰਤ ਵੀ ਕਿਸੇ ਪਾਸੇ ਨਿਕਲ ਜਾਂਦਾ ਹੈ। ਆਪਣੇ ਘਰ ਨਹੀਂ ਜਾਂਦਾ, ਕਿਉਂਕਿ ਨੂੰਹ-ਪੁੱਤਰ ਨੇ ਹੋਰ ਟਿਕਾਣਾ ਬਣਾ ਲਿਆ ਹੈ। ਦਲੀਪੋ ਤੇ ਗੀਟਣ ਦੀ ਧੀ ਗੈਰ-ਜਾਤੀ ਦੇ ਨੌਜਵਾਨ ਨਾਲ ਘਰੋਂ ਭੱਜ ਜਾਂਦੀ ਹੈ। ਮੇਲੂ ਨਾਂਅ ਦੇ ਟਰੱਕ ਡਰਾਈਵਰ ਨਾਲ ਮੇਲ ਹੁੰਦਾ ਹੈ ਉਹ ਇਸ ਜੋੜੀ ਨੂੰ ਆਪਣੇ ਘਰ ਲੈ ਜਾਂਦਾ ਹੈ। ਉਸ ਦੀ ਪਤਨੀ ਗੁਜ਼ਰ ਚੁੱਕੀ ਹੈ। ਘਰ ਮਾਂ ਹੈ। ਅਦਾਲਤੀ ਵਿਆਹ ਵੀ ਉਹ ਕਰਵਾ ਦਿੰਦਾ ਹੈ। ਮੇਲੂ ਦੀ ਮਾਂ ਇਸ ਜੋੜੀ ਨੂੰ ਪੂਰਾ ਸਹਿਯੋਗ ਦਿੰਦੀ ਹੈ। ਬਦਕਿਸਮਤੀ ਨਾਲ ਮੁੰਡਾ ਹਾਦਸੇ ਵਿਚ ਮਾਰਿਆ ਜਾਂਦਾ ਹੈ। ਅਮਨ ਦਾ ਵਿਆਹ ਮੇਲੂ ਨਾਲ ਕਰ ਦਿੱਤਾ ਜਾਂਦਾ ਹੈ। ਨਾਵਲ ਵਿਚ ਇਹੋ ਜਿਹੀਆਂ ਮੌਕਾ ਮੇਲ ਘਟਨਾਵਾ ਸਹਿਜ ਨਾਲ ਤੁਰਦੀਆਂ ਹਨ। ਪਾਤਰ ਹਰ ਘਟਨਾ ਨੂੰ ਮਨੋਵਿਗਿਆਨ ਨਾਲ ਹੱਲ ਕਰਦੇ ਹਨ। ਕਾਂਡ 27 ਦਾ ਪੰਨਾ 209 ਦੀ ਵਾਕ ਉਸਾਰੀ ਤੇ ਨਾਰੀ ਪਾਤਰਾਂ ਦੇ ਸੰਵਾਦ ਇਸ ਦੀ ਮਿਸਾਲ ਹੈ। ਨਾਵਲ ਦਾ ਬਹੁਤ ਕੁਝ ਜਜ਼ਬਾਤੀ ਹੈ ਤੇ ਪੜ੍ਹਨ ਵਾਲਾ ਹੈ। ਕਥਾ ਰਸ ਭਰਪੂਰ ਨਾਵਲ ਦਾ ਸਵਾਗਤ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
c c c


ਸੰਪੂਰਨ ਤੰਦਰੁਸਤੀ
ਲੇਖਕ : ਕਰਮ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ 268
ਸੰਪਰਕ : 0161- 2740738


ਸੰਪੂਰਨ ਤੰਦਰੁਸਤੀ ਸੰਬੰਧੀ, ਵਿਚਾਰ ਅਧੀਨ ਇਸ ਪੁਸਤਕ ਨੂੰ ਛੇ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਸਰੀਰਕ ਸਿਹਤ, ਸਿਹਤ ਪ੍ਰਾਪਤੀ ਦੇ ਅੱਠ ਅਸੂਲ, ਸਹੀ ਭੋਜਨ, ਰੱਜ ਕੇ ਖਾਣ ਅਤੇ ਵਰਤ ਰੱਖਣ ਦਾ ਸਮਾਂ, ਪੌਸ਼ਟਿਕ ਭੋਜਨ ਦੇ ਅੰਸ਼, ਪਾਣੀ, ਪਾਚਣ ਤੰਤਰ, ਦਾਲਾਂ, ਸਬਜ਼ੀਆਂ, ਮਸਾਲੇ, ਆਚਾਰ, ਦੁੱਧ, ਫਲ, ਸੁੱਕੇ ਮੇਵੇ , ਮਾਸ, ਰੋਟੀ, ਚਾਵਲ, ਜੰਕ ਫੂਡ, ਕਸਰਤ, ਸਾਫ਼ ਸਫ਼ਾਈ, ਆਰਾਮ ਤੇ ਨੀਂਦ, ਤਣਾਅ ਤੇ ਹੋਰ ਕਈ ਸਿਹਤਕ ਸੰਕਲਪਾਂ ਦੀ ਲੋਂੜੀਦੀ ਜਾਣਕਾਰੀ ਉਪਲਬਧ ਹੈ। ਦੂਜੇ ਭਾਗ ਵਿਚ ਮਾਨਸਿਕ ਸਿਹਤ, ਰੋਗ, ਤਣਾਅ, ਤਨ-ਮਨ ਦੀ ਸਮੀਕਰਨ, ਸ਼ਖ਼ਸੀਅਤ ਉਸਾਰੀ, ਸੋਚ ਅਤੇ ਮਨ ਜਿਹੇ ਵਿਸ਼ੇ ਵਿਚਾਰੇ ਗਏ ਹਨ। ਤੀਜੇ ਭਾਗ ਵਿਚ ਸਮਾਜਿਕ ਸਿਹਤ, ਬੁਨਿਆਦ, ਰੁਕਾਵਟਾਂ, ਤੰਦਰੁਸਤ ਸਮਾਜ, ਸਮਾਜਿਕ ਰੋਗ, ਸੋਸ਼ਲ ਮੀਡੀਆ ਦਾ ਸਹੀ ਉਪਯੋਗ ਵਰਗੇ ਮੁੱਦਿਆਂ ਨਾਲ ਸੰਬੰਧਿਤ ਜਾਣਕਾਰੀ ਦਰਜ ਹੈ। ਚੌਥੇ ਭਾਗ ਵਿਚ ਅਧਿਆਤਮਿਕ ਸਿਹਤ, ਅਸਲੀ ਤੇ ਨਕਲੀ ਅਧਿਆਤਮਿਕ, ਸੂਫ਼ੀ, ਬੁੱਧ, ਹਿੰਦੂ ਤੇ ਇਸਾਈ ਮੱਤ, ਅਸ਼ਟਾਂਗ ਯੋਗ ਜਿਹੇ ਵਿਸ਼ੇ ਵਿਚਾਰੇ ਗਏ ਹਨ। ਪੰਜਵੇਂ ਏ ਭਾਗ ਵਿਚ ਬੁਢਾਪਾ, ਚਾਹ, ਕਾਫ਼ੀ, ਸਾਫਟ ਡਰਿੰਕ , ਨਸ਼ਿਆਂ (ਸ਼ਰਾਬ, ਤੰਬਾਕੂ), ਦਵਾਈਆਂ, ਸਿੱਕੇ ਦਾ ਸਿਹਤ 'ਤੇ ਪ੍ਰਭਾਵ ਵਿਚਾਰਿਆ ਗਿਆ ਹੈ। ਪੰਜਵੇਂ ਬੀ ਹਿੱਸੇ ਵਿਚ, ਪ੍ਰਚੱਲਿਤ ਬਿਮਾਰੀਆਂ ਜਿਵੇਂ ਮੋਟਾਪਾ, ਰਕਤ ਦਾਬ, ਸ਼ੂਗਰ, ਦਿਲ ਦੇ ਰੋਗ, ਦਿਮਾਗ ਦੀਆਂ ਨਸਾਂ ਦਾ ਰੋਗ, ਕੈਂਸਰ, ਹੱਡੀਆਂ ਖੁਰਨ, ਪੇਟ ਦੇ ਰੋਗ, ਜ਼ਹਿਰੀ ਮਾਦਾ, ਕਬਜ਼, ਗੈਸ, ਬਵਾਸੀਰ, ਅਲਰਜੀ, ਜ਼ੁਕਾਮ , ਕੋਰੋਨਾ ਆਦਿ ਦੇ ਇਲਾਜਾਂ ਬਾਰੇ ਜਾਣਕਾਰੀ ਪੁਸਤਕ ਵਿਚ ਉਪਲਬਧ ਹੈ। ਬਿਨਾਂ ਸ਼ੱਕ ਇਹ ਜਾਣਕਾਰੀ ਪਾਠਕ ਲਈ ਬੜੀ ਲਾਹੇਵੰਦ ਹੈ। ਛੇਵੇਂ ਭਾਗ ਵਿਚ ਸਿਹਤ ਬਾਰੇ 30 ਧੁਨਾਂ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਅਰਦਾਸ, ਰੋਗਾਂ ਦਾ ਇਲਾਜ, ਭੋਜਨ (ਰੰਮ, ਪਕੌੜੇ, ਕੁੱਕੜ), ਨੀਂਦ, ਬ੍ਰਹਮਚਾਰੀਆ, ਕਸਰਤ, ਸਫ਼ਾਈ, ਰੋਜ਼ਮਰ੍ਹਾ ਦਾ ਰੁਝਾਨ, ਨਕਾਰਾਤਮਿਕ ਸੋਚ, ਆਦਿ ਵਿਸ਼ੇ ਵਿਚਾਰੇ ਗਏ ਹਨ। ਪੁਸਤਕ ਦੀ ਭਾਸ਼ਾ ਵਿਚ ਪੰਜਾਬੀ-ਹਿੰਦੀ ਰਲੀ-ਮਿਲੀ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਪੁਸਤਕ ਪਹਿਲਾਂ ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖੀ ਗਈ ਹੋਵੇ। ਬਾਅਦ ਵਿਚ ਇਸ ਦਾ ਪੰਜਾਬੀ ਵਿਚ ਉਲੱਥਾ ਕਰ ਲਿਆ ਗਿਆ ਹੋਵੇ। ਜੇ ਸ਼ਬਦਾਂ ਅਤੇ ਵਿਆਕਰਣਿਕ ਗ਼ਲਤੀਆਂ ਨੂੰ ਅੱਖੋਂ ਪਰੋਖੇ ਵੀ ਕਰ ਦੇਈਏ, ਤਾਂ ਵੀ ਇਸ ਪੁਸਤਕ ਵਿਚ ਆਮ ਪਾਠਕਾਂ ਲਈ ਸਿਹਤ ਬਾਰੇ, ਖਾਣ-ਪੀਣ ਬਾਰੇ, ਰੋਗਾਂ ਬਾਰੇ, ਤੰਦਰੁਸਤੀ ਬਾਰੇ ਫ਼ਾਇਦੇਮੰਦ ਜਾਣਕਾਰੀ ਦਾ ਖ਼ਜ਼ਾਨਾ ਲੁਕਿਆ ਪਿਆ ਹੈ। ਪੰਜਾਬੀ ਸਾਹਿਤ ਵਿਚ ਇਸ ਗਿਆਨ ਭਰਪੂਰ ਪੁਸਤਕ ਦਾ ਹਾਰਦਿਕ ਸਵਾਗਤ ਹੈ।


-ਪ੍ਰਿ:ੰ ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686


ਮੋਪਾਸਾਂ ਦੀਆਂ
ਚੋਣਵੀਆਂ ਕਹਾਣੀਆਂ

ਅਨੁਵਾਦ : ਡਾ. ਸਵਾਮੀ ਸਰਬਜੀਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 98884-01328


'ਮੋਪਾਸਾਂ ਦੀਆਂ ਚੋਣਵੀਆਂ ਕਹਾਣੀਆਂ' ਪੁਸਤਕ ਵਿਚ 20 ਕਹਾਣੀਆਂ ਦਰਜ ਹਨ। ਇਸ ਪੁਸਤਕ ਦੇ ਅਨੁਵਾਦਕ ਡਾ. ਸਵਾਮੀ ਸਰਬਜੀਤ ਹਨ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਪੁਸਤਕ ਪੰਜਾਬੀ ਪਾਠਕਾਂ ਦੇ ਹੱਥ ਵਿਚ ਪਹੁੰਚੀ ਹੈ। ਮੋਪਾਸਾਂ ਦੀਆਂ ਕਹਾਣੀਆਂ ਦੀ ਕਥਾਤਮਕ ਜੁਗਤ ਕੁਲਵੰਤ ਸਿੰਘ ਵਿਰਕ ਵਾਂਗ ਆਮ ਮਨੁੱਖ ਦੀਆਂ ਸਮੱਸਿਆਵਾਂ ਦੁਆਲੇ ਘੁੰਮਦੀ ਹੈ। ਕਹਾਣੀਆਂ ਵਿਚਲੀ ਯਥਾਰਥਕ ਰੰਗਤ ਮੋਪਾਸਾਂ ਦੇ ਲੋਕਾਈ ਨੂੰ ਨਜ਼ਦੀਕ ਤੋਂ ਦੇਖਣ ਦੇ ਤਜਰਬੇ ਹਨ। ਕਹਾਣੀਆਂ ਵਿਚਲੇ ਵਰਤਾਰੇ ਆਮ ਮਨੁੱਖੀ ਜੀਵਨ ਵਿਚ ਅਕਸਰ ਵਾਪਰਦੇ ਰਹਿੰਦੇ ਹਨ। ਮੋਪਾਸਾਂ ਦੀ ਵਿਚਾਰਧਾਰਕ ਦ੍ਰਿਸ਼ਟੀ ਮਨੁੱਖੀ ਮਾਨਸਿਕਤਾ ਉੱਪਰ ਗਹਿਰਾ ਪ੍ਰਭਾਵ ਪਾਉਂਦੀ ਹੈ। ਮੋਪਾਸਾਂ ਦੀਆਂ ਕਹਾਣੀਆਂ ਵਿਚ ਫ਼ਰਾਂਸ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਮੋਨੋਵਿਗਿਆਨਕ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ। ਕੁਲਵੰਤ ਸਿੰਘ ਵਿਰਕ ਵਾਂਗ ਕਹਾਣੀਆਂ ਵਿਚਲੇ ਚਿੱਤਰ, ਘਟਨਾਵਾਂ, ਸਮੱਸਿਆਵਾਂ ਪਾਠਕਾਂ ਨੂੰ ਆਪਣੇ ਨਾਲ ਵਾਪਰੀ ਘਟਨਾ ਜਾਂ ਦੇਖੀ ਹੋਈ ਘਟਨਾ ਵਾਂਗ ਆਪਣੀ ਹੀ ਲਗਦੀ ਹੈ। ਮੋਪਾਸਾਂ ਦਿਖਦੇ ਸੰਸਾਰ ਰਾਹੀਂ ਅਣਦਿਸਦੇ ਸੰਸਾਰ ਦੀ ਥਾਹ ਪਾਉਣ ਦਾ ਯਤਨ ਕਰਦਾ ਹੈ। ਬੁਰਜੂਆ ਸ਼੍ਰੇਣੀ ਦਾ ਵਿਰੋਧ ਕੀਤਾ ਹੈ। ਅਨੁਵਾਦਕ ਡਾ. ਸਵਾਮੀ ਸਰਬਜੀਤ ਦਾ ਵਿਚਾਰ ਹੈ ਕਿ 'ਉਹਦੀ ਅੱਖ ਕਿਸੇ ਵੀਡੀਓ ਕੈਮਰੇ ਵਾਂਗ ਆਪਣੇ ਆਲੇ-ਦੁਆਲੇ ਵਾਪਰਦੇ ਹਰੇਕ ਵਰਤਾਰੇ ਦੀ ਰਿਕਾਰਡਿੰਗ ਕਰਦੀ ਹੈ।' ਮੋਪਾਸਾਂ ਨੇ ਫ਼ੌਜ ਵਿਚ ਨੌਕਰੀ ਅਤੇ ਕਲਰਕ ਦੀ ਨੌਕਰੀ ਦੌਰਾਨ ਪ੍ਰਾਪਤ ਨਿੱਜੀ ਤਜਰਬਿਆਂ ਨੂੰ ਕਹਾਣੀਆਂ ਦੇ ਵਿਸ਼ੇ ਬਣਾਇਆ। ਮੋਪਾਸਾਂ ਦਾ ਵਿਚਾਰ ਹੈ, 'ਨਿੱਕੀ ਕਹਾਣੀ ਦਾ ਨਿਸਚਿਤ ਆਰੰਭ, ਮੱਧ ਅਤੇ ਅੰਤ ਹੋਣਾ ਚਾਹੀਦਾ ਹੈ।' 'ਹੀਰਿਆਂ ਦਾ ਹਾਰ' ਕਹਾਣੀ ਵਿਚ ਸਪੱਸ਼ਟ ਕੀਤਾ ਹੈ ਕਿ ਮਨੁੱਖ ਨੂੰ ਆਪਣੀ ਹੈਸੀਅਤ ਅਨੁਸਾਰ ਜੀਵਨ ਜਿਊਣਾ ਚਾਹੀਦਾ ਹੈ। ਬਾਹਰੀ ਵਿਖਾਵਾ ਤੇ ਨਕਲੀ ਵਸਤੂਆਂ ਮਨੁੱਖ ਦਾ ਜੀਵਨ ਬਰਬਾਦ ਕਰ ਦਿੰਦੀਆਂ ਹਨ। ਇਕ ਦਿਨ ਦੀ ਪਾਰਟੀ ਵਿਚ ਕੀਤੀ ਨੁਮਾਇਸ਼ ਨੇ ਮਾਤਿਲ ਦਾ ਅਤੇ ਲਵਾਜ਼ਲ ਦਾ ਜੀਵਨ ਨਰਕ ਬਣਾ ਦਿੱਤਾ। 'ਲਹੂ ਭਿੱਜੀ ਇਬਾਰਤ' ਕਹਾਣੀ ਵਿਚ ਜੱਜ ਦੇ ਬਾਹਰੀ ਭੇਖ ਦਾ ਪਰਦਾਫ਼ਾਸ਼ ਉਸ ਦੇ ਨੋਟਿਸ ਪੜ੍ਹਨ ਤੋਂ ਬਾਅਦ ਹੁੰਦਾ ਹੈ। ਅੰਦਰੂਨੀ ਤੌਰ 'ਤੇ ਜੱਜ ਨਿਰਦਈ, ਸਨਕੀ, ਵਹਿਸ਼ੀ, ਪਾਗਲ, ਕਿਲਰ, ਖ਼ਤਰਨਾਕ ਸੀ। ਇਹ ਮਨੋਵਿਗਿਆਨਕ ਕਹਾਣੀ ਨਿਆਇਕ ਪ੍ਰਣਾਲੀ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। 'ਇਕ ਬੀਵੀ ਦਾ ਹਲਫ਼ੀਆ ਬਿਆਨ' ਕਹਾਣੀ ਵਿਚ ਸ਼ੱਕੀ ਸੁਭਾਅ ਨੂੰ ਕੋਡ ਕੀਤਾ ਗਿਆ ਹੈ। ਪਤੀ ਦੁਆਰਾ ਆਪਣੀ ਖ਼ੂਬਸੂਰਤ ਪਤਨੀ 'ਤੇ ਕੀਤੇ ਸ਼ੱਕ ਕਾਰਨ ਚੌਕੀਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅਸਲੀਅਤ ਨੂੰ ਜਾਣਨ ਤੋਂ ਬਿਨਾਂ ਮਨੁੱਖਤਾ ਦੀ ਮੌਤ ਦਾ ਮੰਜ਼ਰ ਵਾਤਾਵਰਨ ਨੂੰ ਗੰਭੀਰਤਾ ਪ੍ਰਦਾਨ ਕਰਦਾ ਹੈ। 'ਵਸੀਅਤ' ਕਹਾਣੀ ਵਿਚ ਨਾਰੀ ਚੇੇਤਨਾ ਤਹਿਤ ਜਗੀਰੂ ਸਿਸਟਮ ਦਾ ਵਿਰੋਧ ਕੀਤਾ ਹੈ। ਕੌਰਸਿਲਸ ਦਾ ਪਾਤਰ ਜਗੀਰੂ ਸੋਚ ਦਾ ਧਾਰਨੀ ਹੋਣ ਕਰਕੇ ਆਪਣੇ ਕਾਮਿਆਂ ਦੀਆਂ ਪਤਨੀਆਂ, ਧੀਆਂ ਦਾ ਜਿਸਮਾਨੀ ਸੋਸ਼ਣ ਕਰਦਾ ਹੈ। ਏਨੀ ਕੈਥਰੀਨ ਆਪਣੀ ਵਸੀਅਤ ਰਾਹੀਂ ਬੁਰਜੂਆ ਸੋਚ ਦਾ ਵਿਰੋਧ ਕਰਦੀ ਹੈ। ਔਰਤ ਦੀ 'ਸਵੈ ਹੋਂਦ' ਪ੍ਰਤੀ ਸੰਘਰਸ਼ ਜਾਰੀ ਰਹਿੰਦਾ ਹੈ। ਕੈਥਰੀਨ ਦੀ ਵਸੀਅਤ ਕਹਾਣੀ ਵਿਚ ਵਿਸਫ਼ੋਟ ਕਰਦੀ ਹੋਈ ਨਾਰੀ ਦੇ ਹੱਕ ਸੱਚ ਉੱਤੇ ਜ਼ੋਰ ਦਿੰਦੀ ਹੈ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਪਾਠਕਾਂ ਨੂੰ ਨਵੀਨ ਦ੍ਰਿਸ਼ਟੀਬਿੰਦ ਅਪਣਾਉਣ ਦੀ ਤਾਕੀਦ ਕਰਦੀਆਂ ਹਨ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
c c c


ਦੁੱਖ ਦਰਦ ਦਿਲਾਂ ਦੇ
ਲੇਖਕ : ਮਨਜੀਤ ਸਿੰਘ ਸਾਗਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ: 150 ਰੁਪਏ, ਸਫੇ : 80
ਸੰਪਰਕ : 62848-18522.


ਮਨਜੀਤ ਸਿੰਘ ਸਾਗਰ ਦੀ ਪੁਸਤਕ 'ਦੁੱਖ ਦਰਦ ਦਿਲਾਂ ਦੇ' ਵਿਚ ਕੁੱਲ 27 ਕਹਾਣੀਆਂ ਹਨ, ਜੋ ਕਿ ਸਮਾਜਿਕ ਸਰੋਕਾਰਾਂ ਨਾਲ ਓਤ-ਪੋਤ ਹਨ। ਸਾਡੇ ਆਸੇ-ਪਾਸੇ ਜੋ ਵੀ ਵਾਪਰਦਾ ਹੈ ਸਾਗਰ ਸਾਹਿਬ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਹਾਣੀ ਵਿਧਾ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ। ਜਿਵੇਂ 'ਹਨੀਮੂਨ' ਕਹਾਣੀ ਵਿਚ ਸਮਾਜ ਵਿਚਲੇ ਆਦਰ, ਸਤਿਕਾਰ ਅਤੇ ਪਿਆਰ ਨੂੰ ਬਹੁਤ ਹੀ ਰੌਚਕਤਾ ਨਾਲ ਪੇਸ਼ ਕੀਤਾ ਹੈ। ਇਵੇਂ ਹੀ 'ਮਿੱਠੇ ਅੰਬਾਂ ਦਾ ਸਵਾਦ' ਕਹਾਣੀ ਰਾਹੀਂ ਸਮਾਜ ਵਿਚ ਪਏ ਆਰਥਿਕ ਵਖਰੇਵੇਂ ਦੀ ਗੱਲ ਬੜੀ ਸ਼ਿੱਦਤ ਨਾਲ ਕੀਤੀ ਹੈ। 'ਟੈਕਸੀ ਵਾਲਾ ਫ਼ੌਜੀ' ਕਹਾਣੀ ਵੀ ਸਾਡੇ ਆਂਢ-ਗੁਆਂਢ ਜੋ ਵੀ ਟੈਕਸੀ ਵਾਲਿਆਂ ਨਾਲ ਵਾਪਰਦਾ ਹੈ ਜਾਂ ਜੋ ਵੀ ਉਨ੍ਹਾਂ ਦਾ ਲੋਕਾਈ ਨਾਲ ਕਾਰ-ਵਿਹਾਰ ਹੁੰਦਾ ਹੈ, ਉਸ ਨੂੰ ਵੀ ਬਹੁਤ ਹੀ ਨੇੜਿਓਂ ਤੱਕ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ। ਇਵੇਂ ਹੀ 'ਡੇਕ' ਕਹਾਣੀ ਸਾਡੇ ਅਮੀਰ ਵਿਰਸੇ ਵਿਚਲੇ ਉੱਚੇ-ਸੁੱਚੇ ਸੰਸਕਾਰਾਂ ਦੀ ਕਹਾਣੀ ਹੈ। ਲੇਖਕ ਕੋਲ ਕਹਾਣੀ ਕਹਿਣ ਦੀ ਕਲਾ ਹੈ, ਜਿਸ ਕਰਕੇ ਸ਼ਬਦਾਂ ਨੂੰ ਕਲਾਤਮਿਕ ਢੰਗ ਨਾਲ ਜੜਨਾ ਆਉਂਦਾ ਹੈ। ਲੇਖਕ ਸਾਰੀਆਂ ਕਹਾਣੀਆਂ ਵਿਚ ਸਮਾਜਿਕ ਸਮੱਸਿਆਵਾਂ ਨੂੰ ਇਕੱਲਾ ਉਜਾਗਰ ਹੀ ਨਹੀਂ ਕਰਦਾ, ਬਲਕਿ ਉਸ ਦਾ ਖ਼ੂਬਸੂਰਤ ਹੱਲ ਵੀ ਦੱਸਦਾ ਹੈ। ਦ੍ਰਿਸ਼ ਚਿਤਰਣ ਤੇ ਪਾਤਰ ਉਸਾਰੀ ਵੀ ਕਮਾਲ ਦੀ ਹੈ। ਪਾਠਕ ਨੂੰ ਨਾਲ ਤੋਰਨ ਦਾ ਕਲਮ ਵਿਚ ਜਾਦੂ ਹੈ। ਸਿਆਣੀ ਉਮਰ ਵਿਚ ਇਹ ਪੁਸਤਕ ਪ੍ਰਕਾਸ਼ਿਤ ਕਰਵਾਈ ਕਰਕੇ ਵਿਚਾਰਾਂ ਵਿਚ ਪ੍ਰਪੱਕਤਾ ਸਾਫ਼ ਝਲਕਦੀ ਹੈ। ਕਹਾਣੀ ਸੰਗ੍ਰਹਿ ਦੇ ਨਾਂਅ 'ਦੁੱਖ ਦਰਦ ਦਿਲਾਂ ਦੇ' ਤੋਂ ਹੀ ਭਲੀ-ਭਾਂਤ ਪਤਾ ਲੱਗਦਾ ਹੈ ਕਿ ਲੋਕਾਈ ਦੇ ਦੁੱਖਾਂ ਦਰਦਾਂ ਦੀ ਗੱਲ ਕੀਤੀ ਹੈ। ਲੇਖਕ ਕੋਮਲ ਭਾਵੀ ਹੈ, ਜੋ ਕਿ ਸਮਾਜ ਵਿਚ ਵਿਚਰਦਿਆਂ ਆਪਣੀ ਬਾਜ਼ ਅੱਖ ਨਾਲ ਸਾਰੇ ਸਮਾਜਿਕ ਵਰਤਾਰੇ ਨੂੰ ਡੂੰਘਾਈ ਤੱਕ ਵਾਚਦਾ ਹੈ ਅਤੇ ਫੇਰ ਆਪਣੇ ਮਨ ਵਿਚ ਚੰਗੀ ਤਰ੍ਹਾਂ ਰਿੜਕਦਾ ਹੈ, ਉਸ ਤੋਂ ਬਾਅਦ ਇਕ ਚੰਗੀ ਕਹਾਣੀ ਨੂੰ ਜਨਮ ਦਿੰਦਾ ਹੈ। ਮੈਂ ਮਨਜੀਤ ਸਿੰਘ ਸਾਗਰ ਨੂੰ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਸ਼ਾਨਦਾਰ ਪੁਸਤਕ ਪਾਉਣ 'ਤੇ ਮੁਬਾਰਕਬਾਦ ਦਿੰਦਾ ਹਾਂ।


-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896.
c c c


ਵਿਕਰਮਾਦਿਤ ਅਤੇ ਬੇਤਾਲ

ਲੇਖਕ : ਬ.ਸ. ਡਡਵਿੰਡੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 0172-5027427


ਬ. ਸ. ਡਡਵਿੰਡੀ ਦੀਆਂ ਇਨ੍ਹਾਂ ਕਹਾਣੀਆਂ ਦਾ ਵਿਸ਼ਾ-ਵਸਤੂ ਮਾਨਵੀ ਜੀਵਨ-ਮੁੱਲਾਂ ਨਾਲ ਸੰਬੰਧਿਤ ਹੈ। ਧੋਖੇਬਾਜ਼ੀ, ਜਾਤਪਾਤ, ਚਰਿੱਤਰਹੀਣਤਾ ਅਤੇ ਨਮਕਹਰਾਮੀ ਵਰਗੀਆਂ ਪ੍ਰਵਿਰਤੀਆਂ ਮਨੁੱਖ ਲਈ ਕਿੰਨੀਆਂ ਘਾਤਕ ਸਿੱਧ ਹੁੰਦੀਆਂ ਹਨ, ਇਨ੍ਹਾਂ ਕਹਾਣੀਆਂ ਵਿਚੋਂ ਅਜਿਹੇ ਪ੍ਰਸੰਗ ਭਲੀਭਾਂਤ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਮੂਲ ਰੂਪ ਵਿਚ ਦੋ ਅਹਿਮ ਪਾਤਰਾਂ ਵਿਕਰਮਾਦਿਤ ਅਤੇ ਬੇਤਾਲ ਦਰਮਿਆਨ ਪਰਸਪਰ ਸੰਵਾਦ ਚੱਲਦਾ ਹੈ, ਜੋ ਵੰਨ-ਸੁਵੰਨੀਆਂ ਕਥਾ ਕਹਾਣੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਲਗਭਗ ਹਰ ਕਹਾਣੀ ਵਿਚ ਸਫ਼ਰ ਦੌਰਾਨ ਵਿਕਰਮਾਦਿਤ ਦੇ ਮੋਢਿਆਂ 'ਤੇ ਲਟਕ ਰਿਹਾ ਬੇਤਾਲ ਵਿਕਰਮਾਦਿਤ ਨੂੰ ਕੋਈ ਨਾ ਕੋਈ ਕਹਾਣੀ ਸੁਣਾਉਂਦਾ ਹੈ, ਤਾਂ ਜੋ ਉਹ ਥਕਾਵਟ ਮਹਿਸੂਸ ਨਾ ਕਰੇ ਅਤੇ ਉਸ ਦਾ ਮਨੋਰੰਜਨ ਵੀ ਹੁੰਦਾ ਰਹੇ। ਕਹਾਣੀ ਸੁਣਾਉਣ ਉਪਰੰਤ ਬੇਤਾਲ ਵਿਕਰਮਾਦਿਤ ਤੋਂ ਸੁਆਲ ਪੁੱਛਦਾ ਹੈ, ਜਿਨ੍ਹਾਂ ਦੇ ਵਿਕਰਮਾਦਿਤ ਬੜੀ ਦੂਰਦ੍ਰਿਸ਼ਟਤਾ ਅਤੇ ਹਾਜ਼ਰ ਦਿਮਾਗ਼ੀ ਨਾਲ ਉਤਰ ਦਿੰਦਾ ਹੈ। ਵਿਕਰਮਾਦਿਤ ਵਲੋਂ ਨਿਆਇਸ਼ੀਲਤਾ ਨਾਲ ਦਿੱਤੇ ਗਏ ਜਵਾਬਾਂ ਤੋਂ ਬੇਤਾਲ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦੇ ਮੋਢਿਆਂ ਤੋਂ ਇਕਦਮ ਉਤਰ ਕੇ ਹਵਾ ਵਿਚ ਤੈਰਦਾ ਹੋਇਆ ਰੁੱਖ 'ਤੇ ਜਾ ਲਟਕਦਾ ਹੈ। ਇਨ੍ਹਾਂ ਕਹਾਣੀਆਂ ਦੇ ਘਟਨਾਕ੍ਰਮ ਵਾਰਾਣਸੀ, ਵਰਧਮਾਨ, ਅਵੰਤੀਪੁਰਾ, ਮਗਧ, ਗੰਧਾਰ, ਉਜੈਨੀ, ਅਵਿੰਤ, ਚੰਦਰਹਿਰਦੇ ਅਤੇ ਚੂੜਾਪੁਰ ਆਦਿ ਇਲਾਕਿਆਂ ਵਿਚ ਵਾਪਰਦੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਵਿਚ ਨਿਆਂ ਪਸੰਦ, ਦਿਆਲੂ, ਪ੍ਰਤਾਪੀ, ਤਪੱਸਵੀ, ਮੁਨੀ, ਸਾਧੂ, ਰਾਜੇ, ਰਾਜਕੁਮਾਰ-ਰਾਜਕੁਮਾਰੀਆਂ ਅਤੇ ਅਪਸਰਾਵਾਂ ਆਦਿ ਪਾਤਰ ਵੀ ਹਨ ਅਤੇ ਦੂਜੇ ਪਾਸੇ ਰਾਖ਼ਸ਼ਸ਼, ਤਾਂਤ੍ਰਿਕ, ਵਹਿਮਾਂ-ਭਰਮਾਂ ਵਿਚ ਫਸਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਪਾਤਰ ਵੀ ਹਨ। ਚੰਗੇ ਮਨੁੱਖ ਜੇਤੂ ਬਣਦੇ ਹਨ ਅਤੇ ਭੈੜੇ ਕਿਰਦਾਰ ਆਪਣੀਆਂ ਗ਼ਲਤੀਆਂ ਅਤੇ ਜ਼ਿਆਦਤੀਆਂ ਦੇ ਫਲ ਭੋਗਦੇ ਹਨ। ਇਹ ਕਹਾਣੀਆਂ ਚਮਤਕਾਰੀ ਅਤੇ ਜਾਦੂ-ਟੂਣਿਆਂ ਦੇ ਅੰਸ਼ਾਂ ਨਾਲ ਭਰਪੂਰ ਹਨ, ਕਿਉਂਕਿ ਪੁਸਤਕ ਦੇ ਟਾਈਟਲ 'ਤੇ ਇਨ੍ਹਾਂ ਕਹਾਣੀਆਂ ਨੂੰ 'ਬਾਲ ਕਹਾਣੀਆਂ' ਵਜੋਂ ਅੰਕਿਤ ਕੀਤਾ ਗਿਆ ਹੈ, ਇਸ ਲਈ ਉਚਿਤ ਹੁੰਦਾ ਜੇਕਰ 'ਪਿਉ ਦਾ ਸਰਾਪ, 'ਸਭ ਤੋਂ ਵੱਡਾ ਤਿਆਗ' ਅਤੇ 'ਦੋਸ਼ੀ ਕੌਣ?' ਕਹਾਣੀਆਂ ਨੂੰ ਸ਼ਾਮਿਲ ਨਾ ਕੀਤਾ ਜਾਂਦਾ, ਕਿਉਂਕਿ ਇਨ੍ਹਾਂ ਕਹਾਣੀਆਂ ਵਿਚ ਕਿਤੇ-ਕਿਤੇ ਅਸ਼ਲੀਲਤਾ ਦੇ ਅੰਸ਼ ਵੀ ਸ਼ਾਮਿਲ ਹੋ ਗਏ ਹਨ। ਖ਼ੈਰ, ਸਮੁੱਚੀ ਪੁਸਤਕ ਵਿਕਰਮਾਦਿਤ ਦੇ ਨਿਆਂ, ਸਿਆਣਪ ਅਤੇ ਦਲੇਰੀ ਭਰੇ ਨਾਇਕ ਵਜੋਂ ਪੇਸ਼ ਕਰਦੀ ਹੈ।


-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
c c c


ਨਸ਼ੇ ਦੀਆਂ ਲਪਟਾਂ

ਲੇਖਕ : ਸੁਰਜੀਤ ਸਿੰਘ ਬਲ੍ਹਾੜੀ ਕਲਾਂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਕੀਮਤ : 100 ਰੁਪਏ, ਸਫ਼ੇ : 87
ਸੰਪਰਕ : 95015-03315


ਕਾਵਿ ਸੰਗ੍ਰਹਿ ਦੀ ਪੁਸਤਕ 'ਨਸ਼ੇ ਦੀਆਂ ਲਪਟਾਂ' ਦੇ ਲੇਖਕ ਸੁਰਜੀਤ ਸਿੰਘ ਬਲਾੜ੍ਹੀ ਕਲਾਂ ਹਨ, ਜਿਨ੍ਹਾਂ ਨੇ ਇਸ ਪੁਸਤਕ ਵਿਚ ਨਸ਼ਿਆਂ ਦੇ ਬਾਰੇ 38 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਸ ਵਿਸ਼ੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਕੇ ਨਸੀਹਤ ਦੇਣ ਦੇ ਨਾਲ-ਨਾਲ ਦੁੱਖ ਦਾ ਵੀ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਰਚਨਾਵਾਂ ਦੇ ਵਿਚ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕਰਦੇ ਹੋਏ ਇਸ ਨੂੰ ਬਚਾਉਣ ਦੇ ਹਾਮੀ ਹਨ ਅਤੇ ਅਤੇ ਨਾਲ ਹੀ ਫ਼ਿਕਰਮੰਦ ਵੀ ਹਨ ਕਿ ਅੱਗੋਂ ਕੀ ਹੋਵੇਗਾ। ਕਈ ਥਾਂ ਇਹ ਭਾਵੁਕ ਵੀ ਹੋਏ ਹਨ ਕਿਉਂਕਿ ਇਹ ਸਾਰੀਆਂ ਕਵਿਤਾਵਾਂ ਜੋ ਉਨ੍ਹਾਂ ਨੇ ਆਪਣੀ ਕਲਮ ਨਾਲ ਲਿਖੀਆਂ ਹਨ ਉਹ ਆਪਣੇ ਖ਼ੂਨ ਨਾਲ ਕਲਮ ਡੁਬੋ ਕੇ ਲਿਖੀਆਂ ਹਨ। ਲੇਖਕ ਦੀ ਅੰਦਰਲੀ ਹੂਕ ਵਿਚ ਇਨ੍ਹਾਂ ਦੇ ਦਿਲ ਦੀ ਪੀੜਾ ਤੇ ਦਰਦ ਹੈ ਜੋ ਇਕ ਚੰਗੇ ਲੇਖਕ ਦਾ ਗੁਣ ਹੁੰਦਾ ਹੈ। ਇਹ ਪੁਸਤਕ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਲੇਖਕ ਨੇ ਜਿਸ ਤਰ੍ਹਾਂ ਨਸ਼ੇ ਦੇ ਹਰ ਪੱਖ ਨੂੰ ਉਘੇੜਿਆ ਹੈ। ਉਹ ਉਸ ਦੀ ਦਿਲੀ ਆਵਾਜ਼ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਕੋਸ਼ਿਸ਼ ਦੇ ਨਾਲ ਦੂਸਰੇ ਸਾਰੇ ਨਸ਼ਿਆਂ ਤੋਂ ਬਚਣ ਬਾਰੇ ਕਿਹਾ ਹੈ। ਲੇਖਕ ਦੇ ਅੰਦਰ ਚਿੰਤਾ ਹੈ, ਮਜ਼ਬੂਤ ਇੱਛਾ-ਸ਼ਕਤੀ ਹੈ, ਕਹਿਣ ਦੀ ਜ਼ਰੁਅੱਤ ਹੈ। ਵੇਖ ਕੇ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਲੇਖਣੀ ਦੇ ਨਾਲ ਵੀ ਪੂਰਾ ਇਨਸਾਫ਼ ਕੀਤਾ ਹੈ। ਲੇਖਕ ਨਸ਼ੇ ਰਹਿਤ ਸਮਾਜ ਦੀ ਸਿਰਜਣਾ ਚਾਹੁੰਦਾ ਹੈ। ਲੇਖਕ ਦਾ ਇਹ ਯਤਨ ਸ਼ਲਾਘਾ ਯੋਗ ਕਿਹਾ ਜਾ ਸਕਦਾ ਹੈ। ਨਸ਼ੇ ਪ੍ਰਤੀ ਉਹ ਲਿਖਦਾ ਹੈ
''ਨਸ਼ਿਆਂ ਨੂੰ ਖਾਓਗੇ, ਛੇਤੀ ਮਰ ਜਾਓਗੇ।
ਨਸ਼ਿਆਂ ਨੂੰ ਪੀਓਗੇ, ਥੋੜ੍ਹਾ ਚਿਰ ਜੀਓਗੇ।''
ਪੁਸਤਕ ਵਿਚਲੀਆਂ ਕਵਿਤਾਵਾਂ ਨਸ਼ੇ ਦਾ ਸੌਦਾਗਰ, ਵਾਸੀਓ ਪੰਜਾਬ ਦਿਓ, ਕੁਝ ਹੋਸ਼ ਕਰੋ, ਇਹ ਨਸ਼ਿਆਂ ਦੀ ਅੱਗ, ਆਦਤ ਮਾੜੀ ਪਾ ਲਈ, ਮੈਂ ਤਰਲੇ ਕਰਦਾ ਹਾਂ, ਨਹੀਓਂ ਨੇੜੇ ਲੱਗਣਾ। ਆਦਿ ਕਵਿਤਾਵਾਂ ਆਪਣੇ ਆਪ ਵਿਚ ਬਹੁਤ ਕੁਝ ਕਹਿ ਰਹੀਆਂ ਹਨ। ਪੁਸਤਕ ਵਿਚ ਹਰ ਕਵਿਤਾ ਦੇ ਨਾਲ ਤਸਵੀਰ ਦੇਣੀ ਵੀ ਲੇਖਕ ਦਾ ਚੰਗਾ ਉਪਰਾਲਾ ਹੈ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋਬਾਈਲ : 092105-88990
c c c


ਸੂਰਜ ਮਘਦਾ ਰੱਖਾਂਗੇ
ਲੇਖਿਕਾ : ਲੈਕ: ਬਲਵੀਰ ਕੌਰ ਰਾਏਕੋਟੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਕੀਮਤ : 180 ਰੁਪਏ, ਸਫ਼ੇ : 110
ਸੰਪਰਕ : 98144-12610


'ਸੂਰਜ ਮਘਦਾ ਰੱਖਾਂਗੇ' ਕਾਵਿ-ਸੰਗ੍ਰਹਿ ਲੇਖਿਕਾ ਲੈਕ: ਬਲਵੀਰ ਕੌਰ ਰਾਏਕੋਟੀ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ 'ਚ ਉਸ ਦੀਆਂ 56 ਕਾਵਿ-ਰਚਨਾਵਾਂ ਸ਼ਾਮਿਲ ਹਨ। ਲੇਖਿਕਾ ਸਰਮਾਏਦਾਰੀ ਸਿਸਟਮ ਖਿਲਾਫ਼ ਡਟਵਾਂ ਵਿਦੋਰਹ ਪ੍ਰਗਟਾਉਂਦੀ ਦੱਬੇ-ਕੁਚਲੇ ਕਿਰਤੀ ਲੋਕਾਂ ਦੇ ਹੱਕਾਂ ਖ਼ਾਤਰ ਜਥੇਬੰਦਕ ਸਾਂਝ ਬਣਾਉਣ ਦਾ ਹੋਕਾ ਦਿੰਦੀ ਜਾਪਦੀ ਹੈ ਤਾਂ ਜੋ ਮਿਹਨਤਕਸ਼ ਲੋਕਾਂ ਦੇ ਵਿਹੜਿਆਂ 'ਚ ਵੀ ਆਸਾਂ ਤੇ ਉਮੀਦਾਂ ਦਾ ਸੂਰਜ ਮਘਦਾ ਰਹੇ :
ਜਥੇਬੰਦਕ ਸਾਂਝ ਬਣਾ ਕੇ ਕੰਮੀਆਂ ਲੋਕਾਂ ਦੀ।
ਸੰਘੀ ਘੁੱਟ ਦਿਆਂਗੇ, ਖੂਨ ਪੀਣੀਆਂ ਜੋਕਾਂ ਦੀ।
ਜ਼ੁਲਮ ਹਨੇਰੀ ਦੇ ਵਿਚ ਦੀਵਾ ਜਗਦਾ ਰੱਖਾਂਗੇ।
ਕਿਰਤੀ ਦੇ ਵਿਹੜੇ ਦਾ ਸੂਰਜ ਮਘਦਾ ਰੱਖਾਂਗੇ। (ਪੰਨਾ : 33)
ਲੇਖਿਕਾ ਦਿੱਲੀ ਦੀਆਂ ਬਰੂਹਾਂ 'ਤੇ ਲੰਬਾ ਸਮਾਂ ਚੱਲੇ ਕਿਸਾਨ ਅੰਦੋਲਨ ਦੇ ਹੱਕ 'ਚ ਗਰਜਵੀਂ ਆਵਾਜ਼ ਬੁਲੰਦ ਕਰਦੀ ਦਿੱਲੀ ਦੇ ਹਾਕਮਾਂ ਨੂੰ ਵੰਗਾਰਦੀ ਹੈ। ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ, ਸਮੱਸਿਆਵਾਂ ਅਤੇ ਸੰਕਟ ਬਾਰੇ ਉਹ ਡਾਹਢੀ ਚਿੰਤਤ ਜਾਪਦੀ ਹੈ। ਸ਼ਾਇਰਾ ਕਿਰਤੀ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ, ਸੰਘਰਸ਼ਾਂ ਦੇ ਪਿੜ 'ਚ ਨਿੱਤਰਨ ਲਈ ਪ੍ਰੇਰਦੀ ਹੈ। ਅਜੋਕੇ ਲੋਕਤੰਤਰ 'ਚ ਲੋਕਾਂ ਨੂੰ ਰਾਜਨੀਤਕ ਲੀਡਰਾਂ ਦੇ ਝੂਠੇ ਲੋਕ ਲੁਭਾਉਣੇ ਵਾਅਦਿਆਂ ਤੋਂ ਸੁਚੇਤ ਹੋਣ ਲਈ ਜਾਗਰੂਕ ਵੀ ਕਰਦੀ ਹੈ। ਇਨ੍ਹਾਂ ਕਾਵਿ-ਰਚਨਾਵਾਂ 'ਚ ਭ੍ਰਿਸ਼ਟ ਨਿਜ਼ਾਮ ਖਿਲਾਫ਼ ਕਰੜਾ ਵਿਦਰੋਹ ਹੈ, ਦੇਸ਼ ਦੇ ਅਖੌਤੀ ਪਹਿਰੇਦਾਰਾਂ ਵਲੋਂ ਭੋਲੀ-ਭਾਲੀ ਜਨਤਾ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦੀ ਪੀੜ ਹੈ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਦਰਦ ਵੀ ਸਾਫ ਝਲਕਦਾ ਹੈ। ਲੇਖਿਕਾ ਅਨੁਸਾਰ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਲੋਟੂਆਂ ਦੇ ਨਾਲ ਹਿੱਕ ਡਾਹ ਕੇ ਜੂਝਣਾ ਹੀ ਸਮੇਂ ਦੀ ਲੋੜ ਹੈ :
ਗਲ ਪਾ ਕੇ ਫਾਹੇ ਖੁਦਕੁਸ਼ੀਆਂ ਕਾਹਨੂੰ ਕਰੀਏ।
ਲੋਟੂਆਂ ਦੇ ਨਾਲ ਸਦਾ ਹਿੱਕ ਡਾਹ ਕੇ ਲੜੀਏ। (ਪੰਨਾ : 87)
ਇਸ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ 'ਚ ਦੱਬੇ-ਕੁਚਲੇ ਅਤੇ ਆਰਥਿਕ ਤੌਰ 'ਤੇ ਨਪੀੜੇ ਲੋਕਾਂ ਦਾ ਦਰਦ ਸਮੋਇਆ ਹੈ। ਇਹ ਕਵਿਤਾਵਾਂ ਛੰਦਬੰਦੀ 'ਚ ਪਰੋਈਆਂ ਹੋਈਆਂ ਹਨ, ਇਨ੍ਹਾਂ ਕਾਵਿ-ਰਚਨਾਵਾਂ ਨੂੰ ਕਬਿੱਤ, ਕੋਰੜਾ, ਬੈਂਤ ਅਤੇ ਡਿਉਢਾ ਆਦਿਕ ਛੰਦ ਹੋਰ ਵੀ ਸ਼ਿੰਗਾਰਦੇ ਅਤੇ ਰਸਮਈ ਬਣਾਉਂਦੇ ਹਨ। ਪੁਸਤਕ ਪੜਣਯੋਗ ਵੀ ਹੈ ਅਤੇ ਸਾਂਭਣਯੋਗ ਵੀ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
c c c


ਪੰਜਾਬੀ ਲੋਕ ਬੁਝਾਰਤਾਂ
ਲੇਖਕ : ਬਲਬੀਰ ਸੰਧਾ ਡਡਵਿੰਡੀ
ਮੁੱਲ : 200 ਰੁਪਏ, ਸਫ਼ੇ : 136
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਸੰਪਰਕ : 94174-76027


ਸੰਗ੍ਰਹਿਕਰਤਾ ਬਲਬੀਰ ਸੰਧਾ ਡਡਵਿੰਡੀ ਵਲੋਂ ਪੰਜਾਬੀ ਜਨਜੀਵਨ ਨਾਲ ਸੰਬੰਧਿਤ ਕੁੱਲ 238 ਵਿਸ਼ਿਆਂ 'ਤੇ ਲੋਕ ਬੁਝਾਰਤਾਂ ਦਾ ਵਰਗੀਕਰਨ ਉਨ੍ਹਾਂ ਦੇ ਜਵਾਬਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਬੁਝਾਰਤਾਂ ਸ਼ੁਰੂ ਤੋਂ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ ਅਤੇ ਬੱਚਿਆਂ ਦੀ ਬੁੱਧੀ ਤੀਖਣ ਕਰਨ ਲਈ ਜਾਂ ਬੁੱਧੀ ਦੀ ਪ੍ਰੀਖਿਆ ਲੈਣ ਲਈ ਸਦਾ ਤੋਂ ਹੀ ਇਨ੍ਹਾਂ ਦੀ ਵਰਤੋਂ ਹੁੰਦੀ ਰਹੀ ਹੈ। ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੋਣ ਦਾ ਸਬੂਤ ਅਨੇਕਾਂ ਲੋਕ ਕਹਾਣੀਆਂ ਵਿਚ ਸ਼ਹਿਜ਼ਾਦੀਆਂ ਅਤੇ ਰਾਜਕੁਮਾਰ ਇਕ-ਦੂਜੇ ਤੋਂ ਬੁਝਾਰਤਾਂ ਪੁੱਛਦੇ ਹਨ ਜਿਨ੍ਹਾਂ ਦੇ ਜਵਾਬ ਮਿਲਣ ਦੀ ਸੂਰਤ ਵਿਚ ਹੀ ਕਹਾਣੀ ਅੱਗੇ ਵਧਦੀ ਹੈ। ਇਸ ਪੁਸਤਕ ਵਿਚ ਸੰਗ੍ਰਹਿਕਰਤਾ ਵਲੋਂ ਸਭ ਤਰ੍ਹਾਂ ਦੀਆਂ ਬੁਝਾਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਬੁਝਾਰਤਾਂ ਕੇਵਲ ਬਾਲਕਾਂ ਲਈ ਹੀ ਨਹੀਂ ਸਿਆਣੇ ਬਜ਼ੁਰਗਾਂ ਲਈ ਵੀ ਦਿਲਚਸਪੀ ਦਾ ਸਾਧਨ ਬਣਦੀਆਂ ਹਨ ਅਤੇ ਪੰਜਾਬੀ ਜਨ ਜੀਵਨ ਦੇ ਹਰ ਵਿਸ਼ੇ ਨਾਲ ਸੰਬੰਧਿਤ ਹਨ। ਮਨੁੱਖੀ ਸਰੀਰ ਦੇ ਅੰਗ, ਜੀਵ-ਜੰਤੂ, ਪੰਛੀ, ਦਰੱਖ਼ਤ, ਘਰੇਲੂ ਵਸਤਾਂ, ਵੱਖ-ਵੱਖ ਕੰਮ-ਧੰਦਿਆਂ ਨਾਲ ਸੰਬੰਧਿਤ ਸੰਦ ਤੇ ਔਜ਼ਾਰ, ਵਿਗਿਆਨਕ ਕਾਢਾਂ ਅਤੇ ਸੰਬੰਧਿਤ ਵਸਤਾਂ ਆਦਿ ਬਾਰੇ ਬੁਝਾਰਤਾਂ ਇਸ ਪੁਸਤਕ ਵਿਚੋਂ ਮਿਲ ਜਾਣਗੀਆਂ। ਇਸ ਢੰਗ ਨਾਲ ਇਹ ਬੁਝਾਰਤਾਂ ਪੰਜਾਬ ਦੇ ਲੋਕ ਜੀਵਨ ਦਾ ਹਰ ਪੱਖ ਪੇਸ਼ ਕਰਕੇ ਗੁੰਝਲਾਂ ਅਤੇ ਕੋਡ ਸ਼ਬਦਾਂ ਦੀ ਮਦਦ ਨਾਲ ਹਰ ਚੇਤੰਨਤਾ ਨੂੰ ਸੰਤੁਸ਼ਟ ਕਰਦੀਆਂ ਹਨ। ਨਾਲ ਹੀ ਇਹ ਪ੍ਰਸ਼ਨ ਰੂਪ ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਵਿਸ਼ੇਸ਼ ਮਹੱਤਤਾ ਰੱਖਦੇ ਹਨ ਅਤੇ ਲੋਕ ਸਿਆਣਪਾਂ ਅਤੇ ਲੋਕ ਤਜਰਬਿਆਂ ਦੇ ਤੱਤ ਵੀ ਸਮੋਏ ਬੈਠੇ ਹਨ। ਅਜੋਕੇ ਯੁੱਗ ਵਿਚ ਇਨ੍ਹਾਂ ਬੁਝਾਰਤਾਂ ਵਿਚ ਲੋਕਾਂ ਦੀ ਘਟ ਰਹੀ ਦਿਲਚਸਪੀ ਦਾ ਵਰਤਾਰਾ ਘੱਟ ਕੀਤੇ ਜਾਣ ਵਿਚ ਵੀ ਇਹ ਪੁਸਤਕ ਸਹਾਈ ਹੋਵੇਗੀ। ਨਾਲ ਹੀ ਪੰਜਾਬ ਦੀ ਧਰਤੀ ਦਾ ਸੁੰਦਰ ਦ੍ਰਿਸ਼ ਅਤੇ ਮਨਮੋਹਕ ਸੰਗੀਤ ਨੂੰ ਆਪਣੇ ਵਿਚ ਸਮੋਈ ਬੈਠੀਆਂ ਇਹ ਬੁਝਾਰਤਾਂ ਅੱਜ ਦੇ ਨੌਜਵਾਨਾਂ ਨੂੰ ਜ਼ਰੂਰ ਪਸੰਦ ਆਉਣਗੀਆਂ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551
c c c


ਸੁਕਰਾਤ ਦਾ ਗੀਤ

ਲੇਖਕ : ਰਵਿੰਦਰ ਰਵੀ
ਮੁੱਲ : 395 ਰੁਪਏ, ਸਫ਼ੇ : 176
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਸੰਪਰਕ : 98732-37223


ਰਵਿੰਦਰ ਰਵੀ ਪ੍ਰਬੁੱਧ ਅਤੇ ਸਰਬਾਂਗੀ ਸਾਹਿਤਕਾਰ ਹੈ, ਜਿਸ ਨੇ ਲਗਾਤਾਰ ਪੰਜਾਬੀ ਸਾਹਿਤ ਦੇ ਪਾਠਕਾਂ/ਰਸੀਆਂ/ਆਲੋਚਕਾਂ /ਪਾਰਖੂਆਂ ਨਾਲ ਆਪਣੀ ਸਾਹਿਤ ਸਿਰਜਣਾ ਨਾਲ ਹੁਣ ਤੱਕ ਸਾਂਝ ਬਣਾਈ ਰੱਖੀ ਹੈ। 'ਸੁਕਰਾਤ ਦਾ ਗੀਤ' (ਕਾਵਿ-ਸੰਗ੍ਰਹਿ) ਉਸ ਦਾ 26ਵਾਂ ਕਾਵਿ-ਸੰਗ੍ਰਹਿ ਹੈ।
'ਸੁਕਰਾਤ ਦਾ ਗੀਤ' ਕਾਵਿ-ਸੰਗ੍ਰਹਿ ਪੱਛਮੀ ਫਲਸਫ਼ੇ ਦੇ ਮੋਢੀ ਵਿਸ਼ਵ ਪ੍ਰਸਿੱਧ ਯੂਨਾਨੀ ਫਿਲਾਸਫ਼ਰ ਸੁਕਰਾਤ ਨੂੰ ਸਮਰਪਿਤ ਕਰਦਿਆਂ ਇਨ੍ਹਾਂ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਸਮਕਾਲੀ ਦੁਸ਼ਵਾਰੀਆਂ ਕੋਰੋਨਾ ਕਾਲ, ਕਿਸਾਨ-ਅੰਦੋਲਨ, ਲੋਕਤੰਤਰੀ ਪ੍ਰੰਪਰਾਵਾਂ ਤੇ ਭਰਮ-ਜਾਲ, ਮਨੁੱਖੀ ਹੋਂਦ, ਮਨੁੱਖੀ ਸੋਚ, ਸੂਨਯ ਤੋਂ ਅੰਕ-ਖੇਡ ਦੀ ਪਰਦਾਦਾਰੀ ਦਾ ਭੇਦ ਚਾਕ ਕਰਨ ਤੋਂ ਇਲਾਵਾ ਮਸ਼ੀਨੀ ਯੁੱਗ ਵਿਚ ਮਾਨਵੀ ਰਿਸ਼ਤਿਆਂ ਦੇ ਤਿੜਕਣ ਆਦਿ ਦੇ ਅਨੇਕਾਂ ਵਿਸ਼ੇ 'ਸੁਕਰਾਤ ਦਾ ਗੀਤ' ਤੋਂ ਲੈ ਕੇ 'ਸਾਡਾ ਲੋਕ ਰਾਜ : ਰਿਸ਼ਵਤ ਦੀ ਜੀਵਨ-ਸ਼ੈਲੀ' ਤੱਕ ਦੀਆਂ 67 ਕਵਿਤਾਵਾਂ 'ਚ ਸਮੋਏ ਪਏ ਹਨ। ਇਨ੍ਹਾਂ ਕਵਿਤਾਵਾਂ ਦੇ ਸਿਰਲੇਖਾਂ 'ਚ ਵਰਤੇ ਸ਼ਬਦ : ਫਲਸਫ਼ਾ, ਯਾਦਾਂ ਸਹਿ-ਹੋਂਦ, ਹੁਣ, ਸ਼ਾਇਰ, ਕਵਿਤਾ, ਦਿਲ, ਮੁਹੱਬਤ, ਮੁਖੌਟੇ, ਸ਼ਬਦ, ਸਫ਼ਰ, ਪਾਰ ਯਥਾਰਥ, ਸ਼ੀਸ਼ਾ, ਸਮਾਂ, ਲੱਭਤ, ਈਜਾਦ, ਸੁਫ਼ਨੇ, ਖੋਤਾ, ਖੂਹ ਆਦਿ ਹੋਰ ਅਨੇਕਾਂ ਆਪਣੇ ਪ੍ਰੰਪਰਕ ਅਰਥਾਂ ਦੀ ਥਾਂ ਬਦਲਦੇ ਜਾਪਦੇ ਹਨ। ਕਈ ਥਾਈਂ ਆਪਣੀ ਸਾਰਥਕਤਾ ਅਤੇ ਪ੍ਰਸੰਗਤਾ ਵੀ ਗੁਆਉਂਦੇ ਜਾਪਦੇ ਹਨ। 'ਹੋਂਦ! ਬਦਨ ਦੇ ਸੰਦਰਭ' ਕਵਿਤਾ 'ਚ ਅਜਿਹੇ ਭਾਵਾਂ ਦੀ ਪੇਸ਼ਕਾਰੀ ਤਾਂ ਹੈ ਪ੍ਰੰਤੂ ਨਵੀਂ ਜੀਵਨ-ਜਾਚ ਸਿੱਖਣ ਦੀ ਪ੍ਰੇਰਨਾ ਵੀ :
ਰੰਗਾਂ ਦੇ ਵਿਚ ਰੰਗ ਬਣ ਜੀਵੇ,
ਰੁੱਤਾਂ ਦੇ ਵਿਚ ਰੁੱਤਾਂ।
ਤਰਕ, ਫਲਸਫ਼ਾ ਤੇ ਵਿਸ਼ਵਾਸ
ਉਲਝਿਆ ਤਾਣਾ ਬਾਣਾ!!!
ਇਸ ਕਾਵਿ-ਸੰਗ੍ਰਹਿ ਵਿਚ ਪਾਠਕ ਨੂੰ ਲੇਖਕ ਦੇ ਜੀਵਨ ਬਿਓਰੇ ਦੇ ਨਾਲ-ਨਾਲ ਉਸ ਦੇ ਰਚੇ ਸਾਹਿਤ, ਸਾਹਿਤ ਉੱਪਰ ਪ੍ਰਾਪਤ ਆਲੋਚਨਾ, ਲੇਖਕ ਨੂੰ ਮਿਲੇ ਮਾਨ-ਸਨਮਾਨਾਂ ਦਾ ਵੇਰਵਾ ਵੀ ਤਫ਼ਸੀਲ ਨਾਲ ਪ੍ਰਾਪਤ ਹੋਵੇਗਾ। ਖੋਜਾਰਥੀਆਂ ਲਈ ਇਹ ਪੁਸਤਕ ਮੁਫ਼ੀਦ ਰਹੇਗੀ।


-ਸੰਧੂ ਵਰਿਆਣਵੀ (ਪ੍ਰੋ:)
ਮੋਬਾਈਲ : 98786-14096
c c c


ਮੁਸਕਾਨ : ਇਕ ਰਸਤਾ
ਲੇਖਕ : ਦੀਪ ਲੋਹਾਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 84379-26259


ਯੁਵਾ ਲੇਖਕ ਦੀਪ ਲੋਹਾਰਾ ਨੇ ਇਸ ਕਿਤਾਬ ਦਾ ਉਪ-ਸਿਰਲੇਖ ਲਿਖਿਆ ਹੈ : 'ਇਕ ਫੇਲ੍ਹ ਵਿਦਿਆਰਥੀ ਵਲੋਂ ਕਿਤਾਬ', ਜੋ ਅਸਲ ਵਿਚ ਸਫਲ ਜੀਵਨ ਦੀਆਂ ਖ਼ੁਸ਼ੀਆਂ ਨਾਲ ਭਰੀ ਹੋਈ ਹੈ। ਕਿਤਾਬ ਤੋਂ ਦੀਪ ਲੋਹਾਰਾ ਬਾਰੇ ਤਾਂ ਬਸ ਏਨੀ ਕੁ ਜਾਣਕਾਰੀ ਹੀ ਮਿਲਦੀ ਹੈ ਕਿ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਦਾ ਰਹਿਣ ਵਾਲਾ ਹੈ ਤੇ ਬਸ...। ਕਿਤਾਬ ਦੇ ਆਰੰਭਲੇ ਦੋ ਕਥਨਾਂ ਅਤੇ 'ਨਜ਼ਰੀਆ' ਨਾਂਅ ਦੇ ਲੇਖ ਤੋਂ ਇਲਾਵਾ ਇਸ ਦੇ ਤਿੰਨ ਅਧਿਆਇ ਬਣਾਏ ਗਏ ਹਨ- (ੳ) ਹਾਲਾਤ ਤੇ ਮੁਸ਼ਕਿਲਾਂ (ਅ) ਖ਼ੁਸ਼ੀ ਦੇ ਸਾਧਨ (ੲ) ਰਿਸ਼ਤੇ। ਅੱਗੋਂ ਇਨ੍ਹਾਂ ਦੇ 8 (ਕ੍ਰਮਵਾਰ 3+2+3) ਉਪ-ਭਾਗ ਬਣਾਏ ਗਏ ਹਨ, ਜਿਨ੍ਹਾਂ ਦੇ ਅੰਤਰਗਤ ਸਾਹਮਣਾ ਕਰੋ, ਛੱਡ ਦੇਵੋ, ਵਿਵਹਾਰ; ਦੌੜ, ਮੰਜ਼ਿਲ; ਸਾਂਝ, ਹਮਦਰਦੀ ਅਤੇ ਪਿਆਰ, ਜੋੜ ਨੂੰ ਵਿਉਂਤਬੱਧ ਕੀਤਾ ਗਿਆ ਹੈ।
ਲੇਖਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਚਾਰ ਵਿਚਾਰ (ਪੰਨਾ 13) ਦਿੱਤੇ ਹਨ, ਜਿਨ੍ਹਾਂ ਵਿਚ ਉਹ 'ਫਿਰ ਤੋਂ ਤੁਰਨਾ ਇਹ ਆਮ ਨਹੀਂ...' ਨੂੰ ਪਰਿਭਾਸ਼ਿਤ ਕਰਦਾ ਹੈ। ਹਰ ਪਾਠ (ਚੈਪਟਰ) ਦੇ ਆਰੰਭ ਵਿਚ ਕਿਸੇ ਪ੍ਰਸਿੱਧ ਲੇਖਕ ਦੀ ਕਾਵਿ/ ਵਾਰਤਕ ਪੰਕਤੀ ਹੈ, ਜਿਨ੍ਹਾਂ ਵਿਚ ਹਫ਼ੀਜ਼ ਤਾਇਬਾ, ਅਗਿਆਤ, ਸੁਰਜੀਤ ਪਾਤਰ (ਦੋ), ਸਤਿੰਦਰ ਸਰਤਾਜ (ਦੋ), ਮਨਜੋਤ ਕੌਰ, ਮੁਹੰਮਦ ਅਖ਼ਤਰ ਖਾਂ ਹਾਫ਼ਿਜ਼ਾਬਾਦੀ ਅਤੇ ਸਾਈਂ ਲੱਭੂ ਸ਼ਾਹ ਨੂੰ ਉਧ੍ਰਿਤ ਕੀਤਾ ਗਿਆ ਹੈ। ਆਪਣੀ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਦੀਪ ਨੇ 32 ਰੇਖਾ ਚਿੱਤਰ ਵੀ ਬਣਾਏ ਹਨ। ਅੰਗਰੇਜ਼ੀ ਵਿਚ ਡੇਲ ਕਾਰਨੇਗੀ (ਹਾਊ ਟੂ ਸਟੌਪ ਵਰੀਇੰਗ ਐਂਡ ਸਟਾਰਟ ਲਿਵਿੰਗ) ਅਤੇ ਸਵੇਟ ਮਾਰਡਨ (ਦ ਮਿਰੇਕਲਜ਼ ਆਫ ਰਾਈਟ ਥਾਟਸ) ਆਦਿ ਲੇਖਕਾਂ ਦੀਆ ਅਜਿਹੇ ਵਿਸ਼ਿਆਂ ਤੇ 'ਖ਼ੂਬ ਵਿਕਣ ਵਾਲੀਆਂ ਕਿਤਾਬਾਂ' ਉਪਲਬੱਧ ਹਨ, ਪਰ ਪੰਜਾਬੀ ਵਿਚ ਗਿਣਤੀ ਦੀਆਂ ਹੀ ਕਿਤਾਬਾਂ ਮਿਲਦੀਆਂ ਹਨ। ਸੰਭਵ ਹੈ ਕਿ ਇਹ ਦੀਪ ਲੋਹਾਰਾ ਦੀ ਪਹਿਲੀ ਕਿਤਾਬ ਹੀ ਹੋਵੇ। ਲਾਕਡਾਊਨ ਦੇ ਉਕਤਾਊ ਤੇ ਥਕੇਵੇਂ ਭਰੇ ਸਮੇਂ ਨੂੰ ਉਸ ਨੇ ਬੇਹੱਦ ਸਾਰਥਕ ਕਾਰਜ ਲਈ ਵਰਤਿਆ ਹੈ। ਦੀਪ ਲੋਹਾਰਾ ਦੀ ਇਸ ਕਿਤਾਬ ਰਾਹੀਂ ਹਾਰੇ, ਥੱਕੇ, ਨਿਰਾਸ਼ ਤੇ ਹੌਸਲਾ ਹਾਰ ਚੁੱਕੇ ਲੋਕਾਂ ਨੂੰ ਭਰਪੂਰ ਉਤਸ਼ਾਹ ਤੇ ਊਰਜਾ ਮਿਲੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!


-ਪ੍ਰੋ: ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਜਲ੍ਹਿਆਂ ਵਾਲਾ ਬਾਗ
(ਰੀਮੈਂਬਰੈਂਸ ਅਤੇ ਰੈਜ਼ੋਨੰਸ)

ਸੰਪਾਦਕ : ਸੁਖਦੇਵ ਸਿੰਘ ਸਿਰਸਾ, ਸਰਬਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 695 ਰੁਪਏ, ਸਫ਼ੇ : 414
ਸੰਪਰਕ : 98156-36565


ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਲੋਂ ਜਲ੍ਹਿਆਂ ਵਾਲਾ ਬਾਗ ਦੀ ਸੌ ਸਾਲ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਇਸ ਪੁਸਤਕ ਨੂੰ ਸੂਝਵਾਨ ਸੰਪਾਦਕਾਂ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਅੰਗਰੇਜ਼ੀ ਭਾਗ ਵਿਚ ਸੰਪਾਦਕੀ ਤੋਂ ਇਲਾਵਾ 13 ਆਰਟੀਕਲ, ਦੂਜੇ ਹਿੰਦੀ ਭਾਗ ਵਿਚ 8 ਨਿਬੰਧ ਅਤੇ ਤੀਜੇ ਪੰਜਾਬੀ ਭਾਗ ਵਿਚ 14 ਲੇਖ ਸ਼ਾਮਿਲ ਕੀਤੇ ਹਨ। ਪਹਿਲੇ ਅੰਗਰੇਜ਼ੀ ਭਾਗ ਵਿਚ ਕੇ.ਐਲ. ਟੁਟੇਜਾ, ਜਗਮੋਹਨ ਸਿੰਘ, ਸਵਿੰਦਰ ਪਾਲ, ਹਰੀਸ਼ ਕੇ ਪੁਰੀ, ਰਖਸ਼ੰਦਾ ਜਲੀਲ, ਰਾਮਚੰਦਰਨ ਗੁਹਾ, ਕਮਲੇਸ਼ ਮੋਹਨ, ਅਮਨਦੀਪ ਬੱਲ, ਸਫਕਾਤ ਤਨਵੀਰ ਮਿਰਜ਼ਾ, ਨਵਤੇਜ ਸਿੰਘ, ਨੋਨੀਸਾ ਦੱਤਾ, ਤੀਸਤਾ ਸੀਤਲਵੜ, ਹੁਸੈਨ ਇਮਾਮ, ਮੋਹਨਦਾਸ ਅਤੇ ਹਿੰਦੀ ਭਾਗ ਵਿਚ ਅਲੀਜ ਵੇਦ, ਸੁਖਦੇਵ ਸਿੰਘ ਸਿਰਸਾ, ਰਜਿੰਦਰ ਰਾਜਨ ਜਵਰੀਮਲ ਪਾਰਖ, ਗੋਪਾਲ ਪ੍ਰਧਾਨ, ਸਮਸੂਲ ਇਸਲਮ, ਚਮਨਲਾਲ ਤੇ ਵਨੀਤ ਤਿਵਾੜੀ ਨਾਮਵਰ ਲੇਖਕਾਂ ਦੇ ਨਾਂਅ ਦਰਜ ਹਨ। ਤੀਸਰੇ ਅੰਤਿਮ ਭਾਗ ਪੰਜਾਬੀ ਵਿਚ ਸੁਖਦੇਵ ਸਿੰਘ ਸੋਹਲ, ਪਰਮਿੰਦਰ ਸਿੰਘ, ਸਵਰਾਜਬੀਰ, ਗੁਰਦੇਵ ਸਿੰਘ ਸਿੱਧੂ, ਜਸਬੀਰ ਕੇਸਰ, ਸਰਬਜੀਤ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ ਵਿਰਕ, ਹਕੀਮ ਅਜ਼ਮਲਖਾਨ, ਅਰਜਨ ਸਿੰਘ ਗੜਗੱਜ, ਜੀ. ਆਰ. ਸੇਠੀ, ਪਰਵੇਜ ਫ਼ਤਹਿ, ਪਰਮਜੀਤ ਸਿੰਘ ਮੀਸ਼ਾ ਅਤੇ ਕੁਲਦੀਪ ਸਿੰਘ ਦੀਪ ਦੇ ਖੋਜ ਭਰਪੂਰ ਲੇਖ ਸ਼ਾਮਿਲ ਸਨ। ਇਸ ਪੁਸਤਕ ਦੇ ਤਿੰਨੇ ਭਾਗ ਬਹੁਤ ਹੀ ਮੁੱਲਵਾਨ ਤੇ ਅਰਥ ਭਰਪੂਰ ਲੇਖਾਂ ਨਾਲ ਲਬਰੇਜ਼ ਹਨ। ਇਹ ਯਾਦਗਾਰੀ ਪੁਸਤਕ ਜਲ੍ਹਿਆਂਵਾਲਾ ਬਾਗ ਦੀ ਪਰਤ ਦਰ ਪਰਤ ਨੂੰ ਉਜਾਗਰ ਤੇ ਪਰਦਾ ਰਹਿਤ ਕਰਦੀ ਅਸਲ ਤਸਵੀਰ ਪੇਸ਼ ਕਰਨ 'ਚ ਮੁਕੰਮਲ ਰੂਪ ਵਿਚ ਸਫਲ ਹੋਈ ਹੈ। 13 ਅਪ੍ਰੈਲ, 1919 ਨੂੰ ਬਰਤਾਨਵੀ ਸਾਮਰਾਜ ਦੇ ਹੱਥੋਂ ਕੀਤੇ ਗਏ ਜਲ੍ਹਿਆਂ ਵਾਲਾ ਬਾਗ ਦੇ ਕਤਲੇਆਮ ਨੂੰ ਪੂਰੇ 103 ਵਰ੍ਹੇ ਹੋ ਗਏ ਹਨ। ਇਸ ਨੂੰ ਯਾਦ ਕਰਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਤੇ ਉਸ ਦੀ ਫ਼ੌਜ ਨੇ ਚਾਰੇ ਪਾਸਿਆਂ ਤੋਂ ਘਰਾਂ ਦੇ ਨਾਲ ਘਿਰੇ ਜਲ੍ਹਿਆਂ ਵਾਲਾ ਬਾਗ ਵਿਚ ਆਪਣੇ ਆਗੂਆਂ ਡਾ: ਸੈਫਉਦਦੀਨ ਕਿਚਲੂ ਅਤੇ ਡਾ. ਸਤਿਆਪਾਲ ਦੀ 10 ਅਪ੍ਰੈਲ ਨੂੰ ਕੀਤੀ ਗ੍ਰਿਫ਼ਤਾਰੀ ਅਤੇ ਉਸੇ ਦਿਨ ਹੀ ਅੰਮ੍ਰਿਤਸਰ ਦੇ ਲੋਕਾਂ 'ਤੇ ਗੋਲੀ ਚਲਾ ਕੇ ਲਗਭਗ 20 ਤੋਂ 30 ਲੋਕਾਂ ਨੂੰ ਮਾਰਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਜਲਸੇ ਵਿਚ ਸ਼ਾਮਿਲ ਨਿਹੱਥੇ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀ ਚਲਾ ਕੇ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। 13 ਅਪ੍ਰੈਲ, 1919 ਦਾ ਦਿਨ ਵਿਸਾਖੀ ਦਾ ਦਿਹਾੜਾ ਸੀ। ਲੋਕ ਵਿਸਾਖੀ ਦਾ ਮੇਲਾ ਦੇਖਣ ਆਏ ਹੋਏ ਸਨ। ਜਲ੍ਹਿਆਂਵਾਲਾ ਬਾਗ ਦਾ ਸਾਕਾ ਹਿੰਦੋਸਤਾਨ ਦੀ ਬਸਤੀਵਾਦੀ ਸਰਕਾਰ ਦਾ ਉਹ ਘਿਨਾਉਣਾ ਚਿਹਰਾ ਨੰਗਾ ਕਰਦਾ ਹੈ, ਜੋ ਸਾਮਰਾਜ ਦੁਆਰਾ ਗੁਲਾਮ ਬਸਤੀਆਂ ਦੇ ਲੋਕਾਂ ਦੀ ਹਰ ਇਨਸਾਫ਼ ਪਸੰਦ ਆਵਾਜ਼ ਨੂੰ ਦਬਾਉਣ ਲਈ ਵਰਤੀ ਜਾਂਦੀ ਹਿੰਸਾ ਦਾ ਹੀ ਰੂਪ ਸੀ। ਸਾਕਾ ਜਲ੍ਹਿਆਂਵਾਲਾ ਬਾਗ 1919, ਦਾ ਇਕ ਇਤਿਹਾਸਕ ਸੱਚ ਹੈ, ਇਸ ਦੀ ਸੌ ਸਾਲਾ ਸ਼ਤਾਬਦੀ ਨੂੰ ਰਵਾਇਤੀ ਸਮਝਣਾ ਇਕ ਇਤਿਹਾਸਕ ਭੁੱਲ ਹੋਵੇਗੀ, ਕਿਉਂਕਿ ਇਸ ਦੀਆਂ ਪਰਤਾਂ ਵਿਚ ਸਿਰਫ਼ ਦੁਖਾਂਤ ਹੀ ਨਹੀਂ ਲੁਕਿਆ ਹੋਇਆ, ਸਗੋਂ ਆਜ਼ਾਦੀ ਦੀ ਲੜਾਈ ਦਾ ਨਵਾਂ ਮੋੜ ਅਤੇ ਆਜ਼ਾਦ ਭਾਰਤ ਦੀ ਬਣਤਰ ਦਾ ਨਿਸ਼ਾਨਾ ਵੀ ਸਮੋਇਆ ਹੋਇਆ ਹੈ। ਇਸ ਨੂੰ ਜਿੰਨੀ ਵਾਰ ਵੀ ਘੋਖਿਆ ਜਾਂ ਵਿਚਾਰਿਆ ਜਾਵੇ, ਨਵੀਆਂ ਪਰਤਾਂ ਸਾਹਮਣੇ ਆਉਂਦੀਆਂ ਹਨ, ਇਹ ਅੰਗਰੇਜ਼ੀ ਰਾਜ ਦੇ ਅੰਤ ਦੀ ਸ਼ੁਰੂਆਤ ਅਤੇ ਲੋਕ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਸੀ। ਹਥਲੀ ਪੁਸਤਕ ਇਤਿਹਾਸ ਦੇ ਪਾਠਕਾਂ, ਖੋਜਾਰਥੀਆਂ, ਵਿਦਿਆਰਥੀਆਂ ਲਈ ਲਾਹੇਵੰਦ ਕੀਮਤੀ ਸੰਦ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
c c c


ਉੱਚੇ ਬੁਰਜ

ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 190 ਰੁਪਏ, ਸਫ਼ੇ : 102
ਸੰਪਰਕ : 98158-78652.


ਬਲਵਿੰਦਰ ਕੌਰ ਬਰਾੜ ਉੱਚ ਅਕਾਦਮਿਕ ਹਲਕਿਆਂ ਵਿਚ ਇਕ ਜਾਣਿਆ-ਪਹਿਚਾਣਿਆ ਨਾਂਅ ਹੈ। ਉਸ ਨੇ ਹੱਥਲੇ ਕਹਾਣੀ ਸੰਗ੍ਰਹਿ 'ਉੱਚੇ ਬੁਰਜ' ਤੋਂ ਇਲਾਵਾ ਤਿੰਨ ਨਾਵਲ, ਅੱਠ ਕਹਾਣੀ ਸੰਗ੍ਰਹਿ, ਆਲੋਚਨਾ ਦੀਆਂ ਤਿੰਨ ਪੁਸਤਕਾਂ ਤੋਂ ਇਲਾਵਾ ਇਕ ਵਾਰਤਕ ਦੀ ਪੁਸਤਕ ਵੀ ਪਾਠਕਾਂ ਦੇ ਰੂ-ਬਰੂ ਕੀਤੀ ਹੈ। ਇਸ ਕਹਾਣੀ ਸੰਗ੍ਰਹਿ ਵਿਚ ਬਲਵਿੰਦਰ ਕੌਰ ਬਰਾੜ ਦੀਆਂ ਅੱਠ ਕਹਾਣੀਆਂ ਸ਼ਾਮਿਲ ਹਨ, ਜਿਨ੍ਹਾਂ ਵਿਚ ਪੈਸਾਵਾਦੀ ਕਦਰਾਂ-ਕੀਮਤਾਂ ਦੇ ਸਨਮੁਖ ਜੂਝਦੀ ਮਨੁੱਖੀ ਜ਼ਿੰਦਗੀ, ਪ੍ਰਵਾਸ ਦੇ ਕੌੜੇ-ਮਿੱਠੇ ਅਨੁਭਵ, ਨਿੱਜਵਾਦੀ ਸੋਚ ਆਦਿ ਵਿਸ਼ਾਗਤ ਪਹਿਲੂਆਂ ਨੂੰ ਬਿਰਤਾਂਤਕ ਕਲਾਵੇ ਵਿਚ ਬੰਨ੍ਹਿਆ ਗਿਆ ਹੈ। 'ਉੱਚੇ ਬੁਰਜ' ਕਹਾਣੀ ਵਿਚ ਅਨਪੜ੍ਹ ਪਰ ਸਾਧਨ ਸੰਪੰਨ ਵਿਅਕਤੀਆਂ ਦੀ ਕਬਜ਼ੇ ਦੀ ਬਿਰਤੀ ਅਤੇ ਮਿਹਨਤਕਸ਼ ਵਿਅਕਤੀ ਦੇ ਭਾਵੁਕ ਭਾਵਨਾਵਾਂ ਤੋਂ ਵਿਰਵਾ ਹੋਣ ਅਤੇ ਸਖ਼ਤ ਮਿਹਨਤ ਦੇ ਬਾਵਜੂਦ ਵੀ ਗੁਰਬਤ ਨਾਲ ਜੂਝਣ ਦਾ ਬਿਰਤਾਂਤ ਪੇਸ਼ ਕੀਤਾ ਹੋਇਆ ਹੈ। 'ਇੱਕੀ ਦੇ ਇਕੱਤੀ' ਕਹਾਣੀ ਵੀ ਆਪਣਿਆਂ ਦੇ ਪਰਾਏ ਹੋਣ ਅਤੇ ਪਰਾਇਆਂ ਦੇ ਆਪਣੇ ਬਣਨ ਦੀ ਗਾਥਾ ਹੈ। ਪ੍ਰਵਾਸੀ ਜ਼ਿੰਦਗੀ ਦੇ ਸੱਭਿਆਚਾਰ ਅਤੇ ਸਮਾਜਿਕ ਪਾੜੇ ਦਾ ਦੁਖਾਂਤ ਭੋਗਦੇ ਬਜ਼ੁਰਗਾਂ ਅਤੇ ਰੀਝਾਂ ਦਾ ਸੰਸਾਰ ਸਿਰਜ ਕੇ ਜਾਂ ਮਜਬੂਰੀ ਵੱਸ ਪ੍ਰਵਾਸੀ ਹੋਈਆਂ ਮੁਟਿਆਰਾਂ ਦੀ ਜ਼ਿੰਦਗੀ ਨੂੰ 'ਰੌਲਾ ਸਹੇ ਦਾ ਨਹੀਂ ਪਹੇ ਦਾ', ਕਸਟਮਰ ਸਰਵਿਸ, 'ਹੁੰਗਾਰਾ' ਆਦਿ ਕਹਾਣੀਆਂ ਬਾਖੂਬੀ ਪੇਸ਼ ਕਰਦੀਆਂ ਹਨ। ਜਗੀਰਦਾਰੀ ਕਦਰਾਂ-ਕੀਮਤਾਂ ਵਾਲੇ ਸਮਾਜ ਵਿਚ ਜੰਮੇ-ਪਲੇ ਅਤੇ ਪ੍ਰਵਾਨ ਚੜ੍ਹੇ ਪੰਜਾਬੀਆਂ ਦੀ ਇਕੱਲਤਾ, ਬੇਗਾਨਗੀ ਅਤੇ ਪਰਿਵਾਰਕ ਸੰਕਟਾਂ ਨੂੰ ਕਹਾਣੀਕਾਰਾ ਨੇ ਬੜੀ ਖੂਬਸੂਰਤੀ ਅਤੇ ਜੁਗਤ ਨਾਲ ਮੌਲਿਕ ਮੁਹਾਂਦਰੇ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ। ਬਲਵਿੰਦਰ ਕੌਰ ਬਰਾੜ ਦੀਆਂ ਇਹ ਕਹਾਣੀਆਂ ਦੇਸ਼ ਅਤੇ ਪ੍ਰਦੇਸ ਦੇ ਅੰਤਰ-ਵਿਰੋਧਾਂ ਨੂੰ ਮਨੁੱਖ ਦੀ ਸਮਾਜਿਕ ਜ਼ਿੰਦਗੀ ਦੇ ਪ੍ਰਸੰਗ ਵਿਚ ਸੁੱਚਜੇ ਢੰਗ ਨਾਲ ਪੇਸ਼ ਕਰਦੀਆਂ ਹਨ। ਮੌਕੇ ਅਤੇ ਕਹਾਣੀਆਂ ਦੀ ਤੋਰ ਮੁਤਾਬਿਕ ਵੱਖਰਾ ਭਾਸ਼ਾਈ ਰੰਗ ਵੀ ਕਹਾਣੀਆਂ ਵਿਚ ਪੇਸ਼ ਹੋਇਆ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c

24-09-2022

 ਸ਼ਬਦਾਂ ਦੇ ਖਿਡਾਰੀ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 98729-89313


ਇਸ ਪੁਸਤਕ ਵਿਚ ਖੇਡਾਂ ਦੇ ਖੇਤਰ ਵਿਚ ਲਿਖ ਕੇ ਜਾਂ ਫੁਟਕਲ ਸਾਧਨਾਂ ਰਾਹੀਂ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ 22 ਸ਼ਬਦ-ਚਿੱਤਰ ਉਲੀਕੇ ਗਏ ਹਨ। ਆਰੰਭ ਵਿਚ ਵਰਿਆਮ ਸਿੰਘ ਸੰਧੂ ਨੇ 'ਚੇਤੇ ਦੀ ਲਿਸ਼ਕੋਰ' ਸਿਰਲੇਖ ਹੇਠ ਅਲੰਕ੍ਰਿਤ ਸ਼ੈਲੀ ਵਿਚ, ਮੁਕਤ-ਕੰਠ ਨਾਲ ਪ੍ਰਿੰ: ਸਰਵਣ ਸਿੰਘ ਦੇ ਖੇਡ ਖੇਤਰ ਸਾਹਿਤ ਵਿਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ। ਲੇਖਕ ਦੇ ਅਣਥੱਕ ਯਤਨਾਂ ਨਾਲ 'ਖੇਡ ਸਾਹਿਤ' ਦੀ ਇਕ ਵੱਖਰੀ ਵਿਧਾ ਹੋਂਦ ਗ੍ਰਹਿਣ ਕਰ ਚੁੱਕੀ ਹੈ। ਇਸ ਵਿਧਾ ਵਿਚ ਉੱਚ ਡਿਗਰੀਆਂ ਲਈ ਖੋਜ ਕਾਰਜ ਵੀ ਆਰੰਭ ਹੋ ਚੁੱਕਾ ਹੈ। ਗਦ ਅਤੇ ਪਦ ਦੀਆਂ ਅਨੇਕਾਂ ਵਿਧਾਵਾਂ ਵਿਚ ਖੇਡ-ਸਾਹਿਤ ਰਚਿਆ ਜਾ ਰਿਹਾ ਹੈ। ਪੱਤਰਕਾਰੀ, ਫ਼ੋਟੋਗ੍ਰਾਫ਼ੀ ਅਤੇ ਮੀਡੀਆ ਪ੍ਰਭਾਵਿਤ ਹੋ ਚੁੱਕਾ ਹੈ। ਸ਼ਬਦ-ਚਿੱਤਰਾਂ ਦੀ ਇਸ ਨਿਬੰਧ-ਮਾਲਾ ਵਿਚ ਅਨੇਕਾਂ ਮੋਤੀ ਪਰੋਏ ਗਏ ਹਨ। ਮਸਲਨ : ਬਲਵੰਤ ਗਾਰਗੀ (ਕਹਾਣੀ : ਸੌ ਮੀਲ ਦੌੜ), ਜਸਵੰਤ ਕੰਵਲ (ਵਾਲੀਵਾਲ ਖੇਡਣ, ਕਬੱਡੀ ਦੀ ਕੁਮੈਂਟਰੀ), ਡਾ. ਹਰਿਭਜਨ ਸਿੰਘ (ਸ਼ਬਦਾਂ ਦਾ ਉਲੰਪੀਅਨ), ਬਲਵੀਰ ਕੰਵਲ ਦਾ ਤਕੀਆ ਕਲਾਮ (ਬੱਲੇ! ਬੱਲੇ!), ਸੂਬਾ ਸਿੰਘ (ਕਾਹਨੂੰ ਲੱਭਦੇ ਮੱਲ ਅਖਾੜਿਆਂ ਦੇ), ਵਰਿਆਮ ਸੰਧੂ (ਕੁਸ਼ਤੀ ਦਾ ਧਰੂ ਤਾਰਾ ਕਰਤਾਰ), ਪਾਸ਼ (ਸਵੈਜੀਵਨੀ-ਉੱਡਣਾ ਸਿੱਖ ਮਿਲਖਾ ਸਿੰਘ), ਪਹਿਲਵਾਨ ਦਾਰਾ ਸਿੰਘ ਦੀ ਆਤਮਕਥਾ), ਪੂਰਨ ਸਿੰਘ ਪਾਂਧੀ (ਨਚਣੁ ਕੁਦਣੁ ਮਨ ਕਾ ਚਾਉ), ਪ੍ਰਿੰ: ਬਲਕਾਰ ਬਾਜਵਾ (ਹਾਕੀ ਸਿਤਾਰੇ ਸੁਧਾਰ ਦੇ), ਪ੍ਰੋ: ਕਰਮ ਸਿੰਘ (ਮੱਲਾਂ ਦੀਆਂ ਗੱਲਾਂ), ਜੋਗਿੰਦਰ ਜੋਗੀ ਦੀ ਹੱਡਬੀਤੀ (ਜੱਗ ਦਾ ਜੋਗੀ), ਸ਼ਮਸ਼ੇਰ ਸੰਧੂ (ਕਹਾਣੀ : ਚੈਂਪੀਅਨ), ਬਲਿਹਾਰ ਰੰਧਾਵਾ (ਕਬੱਡੀ ਦੇ ਅੰਗ ਸੰਗ), ਗੁਰਮੇਲ ਮੁਡਾਹੜ (ਸੰਸਾਰ ਪ੍ਰਸਿੱਧ ਖੇਡ-ਕਹਾਣੀਆਂ), ਡਾ. ਜਸਪਾਲ ਸਿੰਘ (ਖੇਡ-ਚਿੰਤਨ), ਲਾਭ ਸਿੰਘ ਸੰਧੂ (ਖੁੰਢ-ਚਰਚਾ ਤੇ ਖੇਡ ਚਰਚਾ), ਬਲਵੰਤ ਸੰਧੂ (ਨਾਵਲ : ਗੁੰਮਨਾਮ ਚੈਂਪੀਅਨ), ਨਵਦੀਪ ਸਿੰਘ ਗਿੱਲ (ਅੱਖੀਂ ਵੇਖੀਆਂ ਉਲੰਪਿਕ ਖੇਡਾਂ), ਗੁਰਦਿਆਲ ਸਿੰਘ ਬੱਲ (ਫੁੱਟਬਾਲ ਰੁਮਾਂਸ), ਪਰਮਵੀਰ ਬਾਠ (ਗੱਲਾਂ ਖੇਡ ਮੈਦਾਨ ਦੀਆਂ), ਸੰਤੋਖ ਸਿੰਘ ਮੰਡੇਰ (ਲੰਡਨ ਦੀਆਂ ਉਲੰਪਿਕ ਖੇਡਾਂ) ਆਦਿ।
ਲੇਖਕ ਵਲੋਂ ਲਿਖੇ ਸ਼ਬਦ-ਚਿੱਤਰਾਂ ਦਾ 'ਕੇਂਦਰੀ ਕੋਡ' ਤਾਂ ਖੇਡ-ਸਾਹਿਤ ਹੀ ਹੈ ਪਰ ਪ੍ਰਿੰ: ਸਰਵਣ ਸਿੰਘ ਨੇ ਇਨ੍ਹਾਂ ਕਲਮਾਂ ਦੀਆਂ ਸ਼ਖ਼ਸੀਅਤਾਂ ਨੂੰ ਸ਼ਬਦ-ਚਿੱਤਰ (ਵਿਧੀ) ਰਾਹੀਂ ਲਿਸ਼ਕਾਇਆ ਹੈ। ਅਜਿਹੇ ਸ਼ਬਦ-ਚਿੱਤਰ ਨਿਬੰਧਾਂ ਦੀ ਇਹ ਪਲੇਠੀ ਪੁਸਤਕ ਹੈ। ਦੂਜੀ ਪੁਸਤਕ ਵੀ ਆਉਣ ਵਾਲੀ ਹੈ।


-ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c
ਪਰਵਾਸੀ ਪੰਜਾਬੀ :
ਜਿਨ੍ਹਾਂ 'ਤੇ ਮਾਣ ਪੰਜਾਬੀਆਂ ਨੂੰ
ਲੇਖਕ : ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 300 ਰੁਪਏ, ਸਫੇ : 168
ਸੰਪਰਕ : 98158-02070

ਪਰਵਾਸੀ ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿਚ ਵਸਦੇ ਹੋਣ, ਉਹ ਆਪਣੇ ਵਤਨ, ਆਪਣੀ ਬੋਲੀ ਅਤੇ ਆਪਣੇ ਵਿਰਸੇ ਨੂੰ ਕਦੇ ਨਹੀਂ ਭੁੱਲਦੇ। ਇਸ ਪੁਸਤਕ ਵਿਚ ਅਜਿਹੇ ਨਾਮਵਰ ਪਰਵਾਸੀ ਪੰਜਾਬੀਆਂ ਨਾਲ ਜਾਣ-ਪਛਾਣ ਕਰਾਈ ਗਈ ਹੈ, ਜਿਨ੍ਹਾਂ ਨੇ ਜੀਵਨ ਦੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਅਤੇ ਆਪਣੇ ਵਤਨ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਦੀਆਂ ਪ੍ਰਾਪਤੀਆਂ ਮਾਣ ਕਰਨਯੋਗ ਹਨ। ਇਨ੍ਹਾਂ ਨੇ ਹਰ ਖੇਤਰ ਵਿਚ ਨਾਮਣਾ ਖੱਟਿਆ ਹੈ ਜਿਵੇਂ ਡਾਕਟਰੀ, ਸਾਹਿਤਕਾਰੀ, ਕਾਰੋਬਾਰ, ਸਿਆਸਤ, ਖੇਤੀਬਾੜੀ, ਵਕਾਲਤ, ਫ਼ੌਜ ਆਦਿ। ਇਨ੍ਹਾਂ ਦੇ ਜੀਵਨ ਸੰਘਰਸ਼ ਪ੍ਰੇਰਨਾਦਾਇਕ ਹਨ। ਲੇਖਕ ਨੇ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵੇਰਵਾ ਦਿੱਤਾ ਹੈ ਜਿਵੇਂ ਲਾਰਡ ਸਵਰਾਜ ਪਾਲ, ਦਰਸ਼ਨ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਸੁੰਨੜ, ਡਾ. ਅਮਰਜੀਤ ਸਿੰਘ ਮਰਵਾਹਾ, ਸਾਇੰਸਦਾਨ ਨਰਿੰਦਰ ਸਿੰਘ ਕਪਾਨੀ, ਮੋਤਾ ਸਿੰਘ ਸਰਾਏ, ਪ੍ਰਿੰ. ਸਰਵਨ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਉੱਜਲ ਦੋਸਾਂਝ, ਤਨਮਨਜੀਤ ਸਿੰਘ ਢੇਸੀ, ਦੀਦਾਰ ਸਿੰਘ ਬੈਂਸ, ਡਾ. ਰੂਬੀ ਢੱਲਾ, ਨਿੱਕੀ ਰੰਧਾਵਾ, ਪ੍ਰੀਤ ਕੌਰ ਗਿੱਲ, ਡਾ. ਦੇਵਿੰਦਰ ਸਿੰਘ ਸੇਖੋਂ ਆਦਿ। ਅੰਤ ਵਿਚ ਪਰਵਾਸੀ ਪੰਜਾਬੀਆਂ ਦੀਆਂ ਕੁਝ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ ਵੱਲ ਧਿਆਨ ਦਿਵਾਇਆ ਗਿਆ ਹੈ। ਕਿਸਾਨੀ ਸੰਘਰਸ਼ ਅਤੇ ਪਰਵਾਸੀਆਂ ਦਾ ਦੇਸ਼ ਦਰਦ, ਸਰਕਾਰੀ ਤੰਤਰ, ਅਦਾਲਤੀ ਤੰਤਰ ਅਤੇ ਪਰਵਾਸੀ ਭਾਰਤੀਆਂ ਦੇ ਭਖਦੇ ਮਸਲੇ ਵੀ ਵਿਚਾਰੇ ਗਏ ਹਨ। ਉਹ ਪਰਵਾਸੀ, ਜਿਨ੍ਹਾਂ ਨੇ ਵਿਕਸਤ ਦੇਸ਼ਾਂ ਵਿਚ ਸਿਆਸੀ ਰੁਤਬੇ ਹਾਸਲ ਕੀਤੇ ਹਨ, ਜਿਹੜੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਹਨ, ਜਿਹੜੇ ਉੱਚ ਪਾਏ ਦੇ ਡਾਕਟਰ, ਇੰਜੀਨੀਅਰ ਅਤੇ ਸਾਹਿਤਕਾਰ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲਾਹਾ ਸਰਕਾਰ ਨੇ ਕਦੇ ਨਹੀਂ ਲਿਆ, ਨਾ ਹੀ ਉਨ੍ਹਾਂ ਨੂੰ ਸੱਦ ਕੇ ਸਨਮਾਨਿਤ ਕੀਤਾ ਹੈ। ਉਹ ਪਰਵਾਸੀ ਜਿਨ੍ਹਾਂ ਦਾ ਦਿਲ ਆਪਣੇ ਦੇਸ਼ ਲਈ ਧੜਕਦਾ ਹੈ, ਜੋ ਆਪਣੀ ਨੇਕ ਕਮਾਈ ਵਿਚੋਂ ਆਪਣੇ ਸੂਬੇ, ਸ਼ਹਿਰ ਜਾਂ ਪਿੰਡ ਲਈ ਕੁਝ ਕਰਨਾ ਲੋਚਦੇ ਹਨ, ਜੋ ਆਪਣੀ ਮਾਤ ਭੂਮੀ ਦੇ ਵਿਕਾਸ ਵਿਚ ਪੂਰਾ ਯੋਗਦਾਨ ਪਾਉਣਾ ਚਾਹੁੰਦੇ ਹਨ, ਉਨ੍ਹਾਂ ਨਾਲ ਵੀ ਕਈ ਵਾਰ ਦੁਰਵਿਵਹਾਰ ਕੀਤਾ ਜਾਂਦਾ ਹੈ। ਭਾਰਤ ਵਿਚ ਹਰ ਵਰ੍ਹੇ ਪਰਵਾਸੀ ਦਿਵਸ ਮਨਾਇਆ ਜਾਂਦਾ ਹੈ ਜੋ ਦਿੱਲੀ, ਆਂਧਰਾ ਪਰਦੇਸ਼, ਚੇਨਈ, ਜੈਪੁਰ, ਕੇਰਲ, ਗੁਜਰਾਤ, ਕਰਨਾਟਕ ਵਿਚ ਮਨਾਇਆ ਗਿਆ, ਪਰ ਵਿਦੇਸ਼ਾਂ ਵਿਚ ਪੰਜਾਬੀ ਪਰਵਾਸੀਆਂ ਦੀ ਬਹੁਤਾਤ ਹੋਣ ਦੇ ਬਾਵਜੂਦ ਵੀ ਇਹ ਸਮਾਗਮ ਕਦੇ ਪੰਜਾਬ ਵਿਚ ਆਯੋਜਿਤ ਨਹੀਂ ਕੀਤਾ ਗਿਆ। ਇਸ ਪੁਸਤਕ ਵਿਚ ਜਿਥੇ ਸੂਝਵਾਨ ਲੇਖਕ ਨੇ ਨਾਮਵਰ ਪਰਵਾਸੀ ਪੰਜਾਬੀਆਂ ਦੇ ਜੀਵਨ 'ਤੇ ਝਾਤ ਪੁਆਈ ਹੈ, ਉਥੇ ਗੰਭੀਰ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਹੈ। ਇਹ ਪੁਸਤਕ ਬਹੁਤ ਲਾਹੇਵੰਦ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋਬਾਈਲ : 98147-16367

18-09-2022

 ਲਿਓ ਟਾਲਸਟਾਏ ਦੀਆਂ ਚਰਚਿਤ ਕਹਾਣੀਆਂ
ਅਨੁਵਾਦਕ : ਅਨੂ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 01679-233244

ਲਿਓ ਟਾਲਸਟਾਏ ਵਿਸ਼ਵ ਪ੍ਰਸਿੱਧ ਲੇਖਕ ਸੀ। ਉਸ ਦੀਆਂ ਕਿਰਤਾਂ ਵਿਚ ਸਮਾਜ ਦੇ ਯਥਾਰਥਕ ਪੱਖ ਦ੍ਰਿਸ਼ਟੀ ਗੋਚਰ ਹੁੰਦੇ ਹਨ। ਜਗਤ ਪ੍ਰਸਿੱਧ ਪ੍ਰਾਪਤ ਨਾਵਲ ਤੇ ਕਹਾਣੀਆਂ ਵਿਸ਼ਵ ਦ੍ਰਿਸ਼ਟੀ ਨੂੰ ਕਾਇਮ ਰੱਖਦੇ ਹਨ। 'ਦੇਸ਼ ਨਿਕਾਲਾ' ਵਿਚ ਮਨੁੱਖਤਾ ਦੀ ਪੁੰਨ-ਪਾਪ ਦੀ ਉਲਝਣ ਦਾ ਬਿਰਤਾਂਤ ਹੈ। ਇਸ ਧਰਤ ਉੱਤੇ ਚੰਗੇ-ਮੰਦੇ ਕਰਮਾਂ ਦਾ ਲੇਖੇ ਅਨੁਸਾਰ ਹੀ ਫਲ ਮਿਲੇਗਾ। ਪ੍ਰਭੂ-ਭਗਤੀ ਵਿਚ ਆਪਾ ਅਰਪਣ ਕਰਨ ਨਾਲ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। 'ਆਦਮੀ ਕਿਸ ਦੇ ਸਹਾਰੇ ਜਿਊਂਦਾ ਹੈ' ਵਿਚ ਪ੍ਰੇਮ ਦੀ ਸਰਬ-ਸਾਂਝੀਵਾਲਤਾ ਦਾ ਪ੍ਰਵਚਨ ਸਿਰਜਿਆ ਗਿਆ ਹੈ। ਜੇਕਰ ਵਿਸ਼ਵ ਦੇ ਲੋਕ ਇਕ-ਦੂਜੇ ਨਾਲ ਪਿਆਰ ਕਰਨ ਤਾਂ ਜੀਵਨ ਹਯਾਤੀ ਅਨੰਦਿਤ ਹੋ ਜਾਵੇਗੀ। 'ਖੋਡਿਨਾਕਾ-ਨਿਕੋਲਸ ਦੂਜੇ ਦੀ ਤਾਜਪੋਸ਼ੀ ਦੀ ਘਟਨਾ' ਵਿਚ ਆਮ ਮਨੁੱਖ ਇਮੇਲਿਨ ਨਾਲ ਵਾਪਰੀ ਘਟਨਾ ਰਾਹੀਂ ਸਪੱਸ਼ਟ ਕੀਤਾ ਹੈ ਕਿ ਧਨ, ਦੌਲਤ, ਇਨਾਮ, ਅਮੀਰ ਬਣਨ ਦੀਆਂ ਖਵਾਹਿਸ਼ਾਂ ਤੇ ਸੋਚਾਂ ਖ਼ਤਮ ਹੋ ਜਾਂਦੀਆਂ ਹਨ ਜਦ ਮਨੁੱਖ ਆਪਣੀ ਮੌਤ ਤੱਕਦਾ ਹੈ। 'ਕੀ ਆਦਮੀ ਨੂੰ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ?' ਜੀਵਨ ਦੀਆਂ ਤਲਖ਼ ਹਕੀਕਤਾਂ ਦੇ ਯਥਾਰਥ ਨੂੰ ਰੂਪਮਾਨ ਕੀਤਾ ਹੈ।
ਸਮਾਜਿਕ ਪ੍ਰਬੰਧ ਵਿਚ ਦੋ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਹੈ ਇਕ ਤਾਂ ਧਨ ਦੌਲਤ ਇਕੱਠੀ ਕਰਦੇ ਤੇ ਦੂਜੇ ਆਜ਼ਾਦ ਫ਼ਿਜ਼ਾ ਵਿਚ ਜੀਵਨ ਜਿਊਂਦੇ ਹਨ। 'ਦੋ ਬਜ਼ੁਰਗ ਆਦਮੀ' ਵਿਚ ਯੋਫਿਮ ਤੇ ਯੇਲਸੀ ਦਾ ਯੇਰੂਸਲਾਮ ਦੀ ਯਾਤਰਾ ਦਾ ਬਿਰਤਾਂਤਕ ਬਿਊਰਾ ਹੈ। ਕਹਾਣੀ ਦੇ ਦੋ ਪੱਖ ਹਨ ਇਕ ਹੈ ਯਾਤਰਾ ਰਾਹੀਂ ਰੱਬ ਦੇ ਘਰ ਦੇ ਦਰਸ਼ਨ ਦੀਦਾਰੇ ਕਰਨਾ ਤੇ ਦੂਜਾ ਮਨੁੱਖਤਾ ਦੀ ਸੇਵਾ ਵਿਚੋਂ ਰੱਬ ਨੂੰ ਦੇਖਣ ਦੀ ਜੁਗਤ ਹੈ। ਦੋ ਬਜ਼ੁਰਗਾਂ ਨੂੰ ਵਿਸ਼ਾਲ ਅਰਥਾਂ ਵਜੋਂ ਲਈਏ ਤਾਂ ਇਕ ਸਰੀਰ ਦੀ ਤਰਜ਼ਮਾਨੀ ਕਰਦਾ ਹੈ ਤੇ ਦੂਜਾ ਰੂਹ ਦੀ ਅਨੰਦੀ ਧੁਨੀ ਨੂੰ ਰੂਪਮਾਨ ਕਰਦਾ ਹੈ। 'ਮੋਮਬੱਤੀ' ਵਿਚ ਮੈਨੇਜਰ ਦੁਆਰਾ ਕਿਸਾਨਾਂ ਤੇ ਮਜ਼ਦੂਰਾਂ ਉੱਤੇ ਕੀਤੇ ਅਣਮਨੁੱਖੀ ਜ਼ੁਲਮਾਂ ਦਾ ਜ਼ਿਕਰ ਹੈ। ਪਾਤਰ ਪੀਟਰ ਮਾਈਕੇਵ ਰਾਹੀਂ ਸਹਿਜਤਾ, ਭਲਾਈ, ਸ਼ਾਂਤੀ ਤੇ ਸੱਚ ਨਾਲ ਹੱਕ-ਸੱਚ ਦੀ ਮੋਮਬੱਤੀ ਦੀ ਰੌਸ਼ਨੀ ਨੇ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਖ਼ਾਤਮਾ ਕਰ ਦਿੱਤਾ। 'ਏਲਯੋਸਾ-ਇਕ ਡੱਬਾ' ਵਿਚ ਪਾਤਰ ਏਲਯੋਸਾ ਰਾਹੀਂ ਸਮਾਜਿਕ ਪ੍ਰਬੰਧਨ ਵਿਚਲੀਆਂ ਸਮੱਸਿਆਵਾਂ ਵਿਚ ਖ਼ੁਸ਼ ਰਹਿਣ ਦੀ ਕਲਾਤਮਿਕ ਜੁਗਤ ਉੱਤੇ ਫੋਕਸ ਕੀਤਾ ਹੈ। 'ਇਕ ਪਾਗਲ ਦੀਆਂ ਯਾਦਾਂ' ਵਿਚ ਮਨੁੱਖੀ ਮਨ ਮਸਤਕ ਵਿਚਲੇ ਅਨੇਕ ਪ੍ਰਸ਼ਨ, ਜੀਵਨ ਕੀ ਹੈ? ਕਿਉਂ ਹੈ? ਕਿਵੇਂ ਜਿਊਣਾ? ਚੰਗਾ ਤੇ ਬੁਰਾ ਕੀ ਹੈ? ਅਣਦਿਸਦੇ ਸੰਸਾਰ ਦੀ ਥਾਹ ਕਿਵੇਂ ਪਾਈਏ? ਪਰਮਾਤਮਾ ਕਿਵੇਂ ਮਿਲੇਗਾ? ਆਦਿ ਹਨ। 'ਅੱਗ ਨੂੰ ਅਣਦੇਖਿਆ ਕਰਨ ਨਾਲ ਅੱਗ ਨਹੀਂ ਬੁੱਝਦੀ' ਕਹਾਣੀ 'ਜੇਹਾ ਬੀਜੋਗੇ ਤੇਹਾ ਵੱਢੋਗੇ' ਦੀ ਧਾਰਨਾ ਦੀ ਪ੍ਰੋੜਤਾ ਕਰਦੀ ਹੈ। 'ਖ਼ਾਲੀ ਢੋਲ' ਵਿਚ ਕਥਾ ਅੰਦਰ ਅਨੇਕ ਕਥਾਵਾਂ ਦੀ ਜੁਗਤ ਨੂੰ ਵਰਤਿਆ ਹੈ। ਦਾਦੀ ਤੇ ਨਾਨੀ ਮਾਂ ਦੇ ਨੈਤਿਕ ਮੁੱਲ ਵਿਧਾਨਾਂ ਨੇ ਮਨੁੱਖਤਾ ਦਾ ਮਾਰਗ ਦਰਸ਼ਨ ਕੀਤਾ। ਹਕੂਮਤਾਂ ਦੀ ਗ਼ੁਲਾਮ ਪ੍ਰਵਿਰਤੀ ਦੇ ਵਿਰੋਧ ਵਜੋਂ ਇਕ ਕਿਸਾਨ ਦੀ ਸਿਰੜੀ ਤੇ ਅਣਥੱਕ ਮਿਹਨਤ ਦ੍ਰਿਸ਼ਟੀਗੋਚਰ ਹੁੰਦੀ ਹੈ। ਪਤੀ-ਪਤਨੀ ਦੀ ਸੂਝ-ਬੂਝ ਨੇ ਰਾਜੇ ਦੀ ਅਨੈਤਿਕਤਾ ਦਾ ਖ਼ਾਤਮਾ ਕਰ ਦਿੱਤਾ। ਪਾਠਕਾਂ ਲਈ ਇਹ ਪੁਸਤਕ ਵਿਚਾਰਨਯੋਗ ਹੈ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

c c c

ਗੁਰੂ ਗੋਬਿੰਦ ਸਿੰਘ ਦਾ ਅਦੁੱਤੀ ਜਰਨੈਲ ਭਾਈ ਜੈਤਾ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੋਹਾਲੀ-ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111,
ਸੰਪਰਕ : 98147-83069

ਗੁਰ-ਇਤਿਹਾਸ ਬਿਆਨ ਦਾ ਇਹ ਨਾਵਲ ਜਿਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਦੁੱਤੀ ਜਰਨੈਲ ਤੇ ਸੇਵਕ ਭਾਈ ਜੈਤਾ ਜੀ ਉਰਫ਼ ਭਾਈ ਜੀਵਨ ਸਿੰਘ ਦੇ ਸਿਰੜੀ-ਸਦਕੀ ਜੀਵਨ ਦੀ ਪੇਸ਼ਕਾਰੀ ਕਰਦਾ ਹੈ ਉੱਥੇ ਇਸ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਧਰਮ ਖਾਤਰ ਦਿੱਤੀ ਮਿਸਾਲੀ ਸ਼ਹੀਦੀ ਅਤੇ ਸੱਚ-ਧਰਮ ਦੀ ਖਾਤਰ ਲੜੀਆਂ ਮਿਸਾਲੀ ਜੰਗਾਂ ਦਾ ਵੇਰਵਾ ਪੇਸ਼ ਕੀਤਾ ਹੈ। ਇਸ ਨਾਵਲ ਦੀ ਰਚਨਾ ਲਈ ਬਲਦੇਵ ਸਿੰਘ ਵਲੋਂ ਕੀਤੀ ਮਿਹਨਤ ਬੋਲਦੀ ਨਜ਼ਰ ਆਉਂਦੀ। ਉਨ੍ਹਾਂ ਵਲੋਂ ਗੁਰ-ਇਤਿਹਾਸ ਦਾ ਕੀਤਾ ਗਿਆ ਅਧਿਐਨ ਮੂੰਹ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਵਲੋਂ ਵਰਤੀਆਂ ਨਾਵਲੀ ਜੁਗਤਾਂ, ਧਾਰਮਿਕ ਰੰਗਣ ਵਾਲੀ ਪ੍ਰਭਾਵੀ ਬੋਲੀ ਪਾਠਕ ਨੂੰ ਇਕ ਹੀ ਬੈਠਕ ਵਿਚ ਨਾਵਲ ਨੂੰ ਮੁਕਾਉਣ ਲਈ ਪ੍ਰੇਰਿਤ ਕਰਦੀ ਹੈ। ਇਹ ਨਾਵਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਤੋਂ ਗੁਰੂ ਪ੍ਰਗਟ ਹੋਣ ਤੋਂ ਲੈ ਕੇ ਉਨ੍ਹਾਂ ਦੀਆਂ ਧਰਮ-ਪ੍ਰਚਾਰ ਲਈ ਕੀਤੀਆਂ ਯਾਤਰਾਵਾਂ, ਪਟਨਾ ਸਾਹਿਬ ਵਿਖੇ ਉਨ੍ਹਾਂ ਦਾ ਪੜਾਅ, ਗੋਬਿੰਦ ਰਾਏ ਦਾ ਜਨਮ, ਸ੍ਰੀ ਅਨੰਦਪੁਰ ਸਾਹਿਬ ਵਸਾਉਣਾ, ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਬਚਾਉਣ ਦਾ ਭਰੋਸਾ ਦੇਣਾ ਫਿਰ ਦਿੱਲੀ ਜਾ ਕੇ ਸ਼ਹੀਦੀ ਦੇਣੀ ਆਦਿ ਵੇਰਵੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਵਲੋਂ ਲੜੀਆਂ ਤਮਾਮ ਜੰਗਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਗੱਲ ਕਰਦਾ ਹੈ। ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ-ਨਾਲ ਅਦੁੱਤੀ ਜਰਨੈਲ ਭਾਈ ਜੈਤਾ ਦੀ ਕੀਤੀ ਬੇਮਿਸਾਲ ਕੁਰਬਾਨੀ ਇਹ ਨਾਵਲ ਭਲੀ ਭਾਂਤ ਪੇਸ਼ ਕਰਦਾ ਹੈ। ਨੌਵੇਂ ਪਾਤਸ਼ਾਹ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਦੇ ਧੜ ਦਾ ਦਿੱਲੀ 'ਚ ਸਸਕਾਰ ਅਤੇ ਸੀਸ ਨੂੰ ਅਨੇਕਾਂ ਕੁਰਬਾਨੀਆਂ ਕਰਕੇ, ਅਨੇਕਾਂ ਸਰੀਰਕ ਕਸ਼ਟ ਝੱਲ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਦੇ ਮਰਮਿਕ ਦ੍ਰਿਸ਼ ਇਸ ਨਾਵਲ ਨੂੰ ਇਕ ਸਫ਼ਲ ਇਤਿਹਾਸਕ ਨਾਵਲ ਸਿੱਧ ਕਰਦੇ ਹਨ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

 c c

ਜੇਕਰ ਦੇਖਦੀ ਨਾ
ਲੇਖਿਕਾ : ਵਿਰਕ ਪੁਸ਼ਪਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 62806-26439

ਸ਼ਾਇਰਾ ਵਿਰਕ ਪੁਸ਼ਪਿੰਦਰ ਆਪਣੀ ਪਲੇਠੀ ਕਾਵਿ ਕਿਤਾਬ 'ਜੇਕਰ ਦੇਖਦੀ ਨਾ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਆਪਣੇ ਸਵੈ: ਕਥਨ ਵਿਚੋਂ ਉਹ ਆਖਦੀ ਹੈ ਕਿ ਉਹ ਬਹੁਤ ਸੰਵੇਦਨਸ਼ੀਲ ਹੈ ਤੇ ਘਟੀਆ-ਪਿਟੀਆਂ ਕੀਮਤਾਂ 'ਤੇ ਵਿਸ਼ਵਾਸ ਨਹੀਂ ਕਰਦੀ। ਇਸ ਤਰ੍ਹਾਂ ਉਹ ਨਿਤਸ਼ੇ ਦੇ ਨਾਇਕ ਜਰਬੁਸਤਰ ਰਾਹੀਂ ਕਹੀ ਗਈ ਗੱਲ ਕਿ ''ਬੋਦੀਆਂ ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਜ਼ਿਆਦਾ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਦੀ ਰਾਮਕਾਰ ਉਲੰਘ ਕੇ ਹੀ ਤਰੰਗਤੀ ਜੀਵਨ ਦਾ ਜਸ਼ਨ ਮਨਾਇਆ ਜਾ ਸਕਦਾ ਹੈ।'' ਨੂੰ ਤਸਦੀਕ ਕਰਦੀ ਨਜ਼ਰ ਆਉਂਦੀ ਹੈ। ਉਹ ਬਾਵਾ ਬਲਵੰਤ ਦੀ ਇਸ ਸਤਰ ਨੂੰ ਵੀ ਤਸਦੀਕ ਕਰਦੀ ਨਜ਼ਰ ਆਉਂਦੀ ਹੈ। ''ਜ਼ਿੰਦਗੀ ਏ ਪਰਾਇਆ ਧਨ ਨਹੀਂ, ਜ਼ਿੰਦਗੀ ਨੂੰ ਮਾਨਣਾ ਔਗੁਣ ਨਹੀਂ, ਕਿਉਂ ਨੇ ਪਿਆਰਾਂ ਦੇ ਪੈਰੀਂ ਬੇੜੀਆਂ ਜਦ ਹਵਾ ਤੇ ਖੁਸ਼ਬੂ 'ਤੇੇ ਬੰਧਨ ਨਹੀਂ।' ਵਾਈ.ਬੀ. ਯੀਟਸ ਆਖਦਾ ਹੈ, ਜਦੋਂ ਤੁਸੀਂ ਕਿਸੇ ਨਾਲ ਲੜਦੇ ਹੋ ਤਾਂ ਤੁਹਾਡੇ ਹੱਥ ਕੁਝ ਨਹੀਂ ਆਉਂਦਾ ਅਤੇ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ।'' ਸੋ ਇਹ ਸ਼ਾਇਰਾ ਆਪਣੇ ਆਪ ਨਾਲ ਲੜ ਕੇ ਪਰੰਪਰਾ ਅਤੇ ਆਧੁਨਿਕਤਾ ਵਿਚਕਾਰ ਤ੍ਰਿਸ਼ੰਕੂ ਨਹੀਂ ਬਣਦੀ ਤੇ ਖੁਰਦਬੀਨੀ ਅੱਖ ਨਾਲ ਸਮਕਾਲੀ ਕਦਰਾਂ-ਕੀਮਤਾਂ ਦਾ ਤਬਸਰਾ ਕਰਦੀ ਹੋਈ ਘਰ ਵਿਚ ਮਾਂ-ਪਿਉ ਵਲੋਂ 'ਸਾਊ' ਬਣਨ ਦੀ ਮਿਲੀ 'ਟਿਊਸ਼ਨ' ਨੂੰ ਜਲ ਪ੍ਰਵਾਹ ਕਰਦੀ ਹੋਈ ਅੱਜ ਦੇ ਰਾਮ ਅੱਗੇ ਅਗਨ ਪ੍ਰੀਖਿਆ ਨਹੀਂ ਦਿੰਦੀ ਤੇ ਨਾ ਹੀ ਅਹਿੱਲਿਆ ਵਾਂਗ ਸਿੱਲ੍ਹ-ਪੱਥਰ ਬਣ ਕੇ ਕਿਸੇ ਅੱਜ ਦੇ ਰਾਮ ਦੀ ਛੋਹ ਦੀ ਉਡੀਕ ਕਰਦੀ ਹੈ। ਉਹ ਤਾਂ ਜ਼ਿੰਦਗੀ ਦੀ ਆਸ਼ਕ ਹੈ ਲੋਕਾਈ ਦੀ ਆਸ਼ਕ ਹੈ। ਵਿਆਹ ਤੋਂ ਬਾਅਦ ਸਹੁਰੇ ਘਰ ਵਿਚ ਰਸੋਈ 'ਚ ਵੜਨ ਸਮੇਂ ਉਹ ਮਾਤਾ-ਪਿਤਾ ਦੀਆਂ ਸਮਝਾਉਣੀਆਂ ਨੂੰ ਦਰਾਂ ਤੋਂ ਬਾਹਰ ਹੀ ਰੱਖ ਆਉਂਦੀ ਅਤੇ ਲੈਨਿਨ, ਐਮਲਜ਼ ਅਤੇ ਮਾਰਕਸੀ ਫ਼ਲਸਫ਼ੇ ਨੂੰ ਫੈਵੀਕੋਲ ਲਾਈ ਰੱਖਦੀ ਹੈ। ਉਹ ਮੁੜ ਕੇ ਆਉਣ ਲਈ ਹੀ ਗਏ ਹਨ। ਉਹ ਭਗਵੇਂ ਬ੍ਰਿਗੇਡ ਦੀ ਟੀਰੀ ਅੱਖ ਨੂੰ ਚੰਗੀ ਤਰ੍ਹਾਂ ਸਮਝਦੀ ਹੋਈ ਹੋਰ ਵਿਭਿੰਨ ਵਰਤਾਰਿਆਂ ਨਾਲ ਤਾਰਕਿਕ ਦਸਤਪੰਜਾ ਲੈਂਦੀ ਹੋਈ ਆਧੁਨਿਕ ਭਾਵ-ਬੋਧ, ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਦੀ ਲੱਜ ਪਾਲ ਰਹੀ ਹੈ। ਇਸ ਪਲੇਠੀ ਕਾਵਿ-ਕਿਰਤ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਤੇ ਇਹ ਵੀ ਵਿਸ਼ਵਾਸ ਬੱਝਦਾ ਹੈ ਕਿ ਇਹ ਸ਼ਾਇਰਾ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਪਾਠਕਾਂ ਦੇ ਰੂ-ਬ-ਰੂ ਕਰਾਏਗੀ। ਆਮੀਦ!!!

-ਭਗਵਾਨ ਢਿੱਲੋਂ, ਮੋਬਾਈਲ : 98143-78254

ਮੋਤੀਆਂ ਦਾ ਛੱਜ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।
ਮੁੱਲ : 220, ਸਫੇ : 99
ਸੰਪਰਕ : 98150-30221

ਹੀਰੇ ਤੇ ਮੋਤੀ ਰਾਹਾਂ 'ਤੇ ਨਹੀਂ ਰੁਲਿਆ ਕਰਦੇ। ਇਵੇਂ ਹੀ ਵਿਚਾਰਾਂ ਦੇ ਮੋਤੀ ਮਿਹਨਤ ਨਾਲ ਅਤੇ ਲੇਖਕ ਦੇ ਅਨੁਭਵ ਦਾ ਪ੍ਰਕਾਸ਼ ਹੋਇਆ ਕਰਦੇ ਨੇ। ਪ੍ਰਭਜੋਤ ਕੌਰ ਢਿੱਲੋਂ ਦੀ ਹਥਲੀ ਪੁਸਤਕ ਉਸ ਦੇ ਗੰਭੀਰ ਚਿੰਤਨ ਦੀਆਂ ਟਾਹਣੀਆਂ ਦੇ ਸੈਂਕੜੇ ਸੁਹਾਵਣੇ ਪੱਤੇ ਨੇ। ਉਹ ਫੇਸਬੁੱਕ 'ਤੇ ਦਿਨ-ਪ੍ਰਤੀ-ਦਿਨ ਇਕ ਦੋ ਪੰਕਤੀਆਂ ਵਿਚ ਆਪਣੇ ਵਿਚਾਰ ਉਲੀਕਦੀ ਰਹਿੰਦੀ ਹੈ। ਫੇਸਬੁੱਕ 'ਤੇ ਇਕੱਤਰ ਹੋਏ ਅਜਿਹੇ ਵਿਚਾਰ ਹੀ ਇਸ ਪੁਸਤਕ ਦਾ ਸ਼ਿੰਗਾਰ ਬਣੇ ਹੋਏ ਨੇ। ਲੇਖਿਕਾ ਬੜੀ ਨੀਝ ਨਾਲ ਜੀਵਨ ਦੀਆਂ ਘਟਨਾਵਾਂ ਨੂੰ ਵੇਖਦੀ ਹੈ, ਸੋਚਦੀ ਹੈ ਅਤੇ ਫਿਰ ਲਿਖਤ ਦਾ ਜਾਮਾ ਪਹਿਨਾਉਂਦੀ ਹੈ। ਵਿਚਾਰ-ਮੋਤੀਆਂ ਦੇ ਇਸ ਛੱਜ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਵਾਤਾਵਰਣਿਕ ਅਤੇ ਮਨੋਵਿਗਿਆਨਕ ਵਿਸ਼ੇ ਆਪੋ-ਆਪਣੀ ਬੋਲੀ ਬੋਲਦੇ ਹਨ। ਇਸ ਵਿਚ ਸਰਕਾਰਾਂ, ਕਿਸਾਨਾਂ, ਕਰਜ਼ਿਆਂ, ਵੋਟਰਾਂ, ਪਰਿਵਾਰਾਂ, ਮਾਵਾਂ, ਬਜ਼ੁਰਗਾਂ, ਧੀਆਂ, ਪੁੱਤਾਂ, ਘਰ, ਪੈਸਾ, ਮਾਂ-ਬੋਲੀ ਅਤੇ ਬਿਰਧ ਆਸ਼ਰਮਾਂ ਦੇ ਦ੍ਰਿਸ਼ ਨੇ। ਕੁਦਰਤ, ਰੁੱਖ, ਪ੍ਰਦੂਸ਼ਣ, ਕੋਰੋਨਾ ਮਹਾਂਮਾਰੀ, ਸੈਨਿਕਾਂ, ਸ਼ਹੀਦਾਂ, ਵਿਹਲੜਾਂ, ਰਿਸ਼ਵਤਾਂ, ਭ੍ਰਿਸ਼ਟਾਚਾਰ, ਬੇਈਮਾਨੀਆਂ, ਇਮਾਨਦਾਰੀਆਂ, ਨਸ਼ਿਆਂ, ਦਹੇਜ, ਫੈਸ਼ਨਾਂ, ਕਾਨੂੰਨਾਂ ਦੀਆਂ ਬਾਤਾਂ ਨੇ। ਵਿਖਾਵਾ, ਤੋਹਫ਼ੇ, ਨਫ਼ਰਤ, ਪਿਆਰ, ਤਲਾਕ, ਖੁਸ਼ੀ-ਗ਼ਮੀ, ਸੋਚ, ਹੱਕ ਤੇ ਫ਼ਰਜ਼, ਫੁਕਰਾਪਨ ਆਦਿ ਨੂੰ ਫੋਕਸ 'ਚ ਲਿਆਂਦਾ ਗਿਆ ਹੈ। ਸਿਸਟਮ ਦੇ ਨੁਕਸ ਅਤੇ ਦੂਜਿਆਂ ਦੇ ਨੁਕਸ ਛਾਂਟਣ 'ਤੇ ਪੰਛੀ-ਝਾਤ ਪੁਆਈ ਗਈ ਹੈ। ਜੋ ਤੁਸੀਂ ਹੋ, ਬਸ ਹੋ, ਦੂਜਿਆਂ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਗੱਲ ਕੀ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਤਿਆਗਿਆ ਹੋਵੇ, ਜਿਸ ਦਾ ਮਾਨਵੀ ਅਸਤਿਤਵ ਨਾਲ ਸਰੋਕਾਰ ਹੋਵੇ। ਲੇਖਿਕਾ ਦੀਆਂ ਅਨੇਕਾਂ ਮੁੱਲਵਾਨ ਗੱਲਾਂ ਉਚਿਤ ਕਰਨ ਯੋਗ ਹਨ। ਭਾਵ 'ਜਦੋਂ ਰੋਣ ਨੂੰ ਦਿਲ ਕਰੇ ਤਾਂ ਰੋ ਲੈਣਾ ਚਾਹੀਦਾ ਹੈ। ਹੰਝੂਆਂ ਵਾਂਗ ਰਿਸ਼ਤਾ ਕੋਈ ਨਹੀਂ ਨਿਭਾਉਂਦਾ। ਖੁਸ਼ੀ-ਗ਼ਮੀ, ਦੁੱਖ-ਸੁੱਖ, ਵਿਛੋੜੇ ਵੇਲੇ ਸਾਥ ਦੇਣ ਆ ਜਾਂਦੇ ਹਨ।' ਪੰਨਾ : 30, 'ਕਾਨੂੰਨ ਵਿਚ ਸਿਰਫ਼ ਨੂੰ' ਹੀ ਔਰਤ ਹੈ। ਲੜਕੇ ਦੀ ਮਾਂ ਜਾਂ ਭੈਣ ਨੂੰ, ਕਾਨੂੰਨ ਔਰਤ ਮੰਨਦਾ ਹੋਵੇ ਤਾਂ ਉਨ੍ਹਾਂ ਦੀ ਦੁਰਦਸ਼ਾ ਨਾ ਹੋਵੇ।' ਪੰਨਾ : 68 'ਜਿਹੜਾ ਤੁਹਾਡੇ ਵੱਲ ਉਂਗਲੀ ਚੁੱਕਦਾ ਹੈ, ਉਹ ਭੁੱਲ ਜਾਂਦਾ ਹੈ ਕਿ ਤਿੰਨ ਉਸ ਵੱਲ ਵੀ ਹੋ ਰਹੀਆਂ ਹਨ।' ਪੰਨਾ : 79 ਸ਼ਾਇਦ ਲੇਖਿਕਾ ਨੂੰ ਕਈ ਗੱਲਾਂ ਜ਼ਿਆਦਾ ਮੁਲਵਾਨ ਪ੍ਰਤੀਤ ਹੋਈਆਂ ਨੇ। ਇਸੇ ਲਈ ਉਨ੍ਹਾਂ ਵਿਚ ਦੁਹਰਾਅ ਆ ਗਿਆ ਹੈ ਜਿਵੇੇਂ ਕਿ (ੳ) ਸਰਕਾਰਾਂ ਨੇ ਕੁਝ ਚੱਜ ਦਾ ਕੀਤਾ ਹੁੰਦਾ ਤਾਂ... (ਪੰਨਾ : 9, 18), (ਅ) ਦਹੇਜ ਦੇਣਾ ਅਤੇ ਲੈਣਾ ਗੁਨਾਹ ਹੈ... (ਪੰਨਾ : 16, 18), (ੲ) ਸਿਆਣੇ ਮਾਪੇ ਧੀਆਂ ਦੇ ਵਿਆਹ ਤੋਂ ਬਾਅਦ.... (ਪੰਨਾ : 42, 65), ਕਿੰਨਾ ਚੰਗਾ ਹੋਵੇ ਜੇ ਦੂਸਰੇ ਸੰਸਕਰਨ ਸਮੇਂ ਇਕੋ ਵਿਸ਼ੇ 'ਤੇ ਖਿੰਡ ਕੇ ਵਿਚਾਰਾਂ ਨੂੰ ਇਕ ਥਾਂ ਇਕੱਤਰ ਕਰਕੇ ਵੱਖ-ਵੱਖ ਸਿਰਲੇਖਾਂ ਹੇਠ ਸੰਕਲਿਤ ਕਰ ਲਿਆ ਜਾਵੇ। ਅਜਿਹਾ ਹੋ ਜਾਣ ਨਾਲ ਪਾਠਕ ਮਨ 'ਤੇ ਬੱਝਵਾਂ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

-ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c

 

ਹੇਮਕੁੰਟ ਤੋਂ ਨੰਦੇੜ
ਲੇਖਕ : ਜਗਜੀਤ ਸਿੰਘ ਗੁਰਮ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 99147-01668

'ਹੇਮਕੁੰਟ ਤੋਂ ਨੰਦੇੜ' ਕਿਤਾਬ ਨੂੰ ਕਾਵਿ ਰੂਪ ਨਾਲ ਸ਼ਿੰਗਾਰ ਕੇ ਲੇਖਕ ਨੇ ਸਾਹਿਤ ਵਿਚ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਇਹ ਪੁਸਤਕ ਯਾਤਰਾ ਬਿਰਤਾਂਤ ਦਾ ਇਕ ਕਾਵਿ ਰੂਪ ਹੈ। ਇਹ ਯਾਤਰਾ ਸੰਤ ਸਿਪਾਹੀ ਦਸਮ ਪਾਤਿਸ਼ਾਹ ਦੀ ਰੂਹਾਨੀ ਯਾਤਰਾ ਦਾ ਕਾਵਿਕ ਚਿੱਤਰ ਹੈ। ਇਸ ਪੁਸਤਕ ਵਿਚ ਲੇਖਕ ਨੇ ਚਾਰ-ਚਾਰ ਲਾਈਨਾਂ ਦੇ 434 ਕਾਵਿ ਬੰਦ ਕਲਮਬੰਦ ਕੀਤੇ ਹਨ। ਜਿਨ੍ਹਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੋਂ ਲੈ ਕੇ ਨਿਰਵਾਨ ਤੱਕ ਦੀ ਯਾਤਰਾ ਦਾ ਚਿਤਰਨ ਕੀਤਾ ਗਿਆ ਹੈ।
ਕੁਦਰਤ ਦੀ ਗੋਦੀ ਵਿਚ ਬਹਿ ਕੇ
ਸੰਗ ਬਰਫ਼ ਦੇ ਬਰਫ਼ ਹੋ ਗਿਆ
ਇਕ ਤਪੱਸਵੀ ਪਿਛਲੇ ਜਨਮ ਵਿਚ
ਹਰਫ਼ ਦੇ ਸੰਗ ਹਰਫ਼ ਹੋ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਸਾਉਣ ਪ੍ਰਤੀ ਕਵਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤਕ ਰੂਪ ਬਾਰੇ ਵੀ ਲੇਖਕ ਨੇ ਕਾਵਿ ਬੰਦਾਂ ਰਾਂਹੀ ਚਰਚਾ ਕੀਤੀ ਹੈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜ ਪਿਆਰਿਆਂ ਦੀ ਸਿਰਜਨਾ ਬਾਰੇ ਲਿਖਦਾ ਹੈ
ਪੰਜ ਪਿਆਰੇ ਸਾਜ ਗੁਰਾਂ ਨੇ
ਪੰਜਾਂ ਨੂੰ ਮੰਨਿਆ ਪਰਮੇਸ਼ਵਰ
ਪੰਜਾਂ ਦਾ ਇਉਂ ਰੂਪ ਲਿਸ਼ਕਿਆ
ਜਿਉਂ ਬਰਫ਼ਾਂ ਵਿਚ ਲਿਸ਼ਕੇ ਕੇਸਰ।
ਚਮਕੌਰ ਸਾਹਿਬ ਹੋਈਆਂ ਘਟਨਾਵਾਂ ਦਾ ਵਰਨਣ, ਦਿੱਲੀ, ਰਾਜਸਥਾਨ, ਕਲੈਤ, ਆਗਰਾ, ਨਰਬਦਾ, ਤਾਪਤੀ, ਬੁਰਹਾਨਪੁਰ ਆਦਿ ਤੋਂ ਨੰਦੇੜ ਤੱਕ ਦਾ ਸਫ਼ਰ ਦਾ ਵਰਨਣ ਇਸੇ ਤਰ੍ਹਾਂ ਥਾਂ ਪੁਰ ਥਾਂ ਤੇ ਗੁਰੂ ਮਹਿਮਾ, ਸਤਿਸੰਗ ਨਾਮ ਸਿਮਰਨ ਅਤੇ ਪ੍ਰਭੂ ਦਰਸ਼ਨ ਦੀ ਲਾਲਸਾ ਦਾ ਜ਼ਿਕਰ ਗੋਦਾਵਰੀ ਨਦੀ ਵਿਚ ਹੀਰਾ ਸੁੱਟਣ ਦੀ ਘਟਨਾ ਦਾ ਚਿਤਰਨ ਹੈ, ਇਸ ਯਾਤਰਾ ਦਾ ਅੰਤ ਗੁਰੂ ਸਾਹਿਬ ਦੇ ਨੰਦੇੜ ਵਿਖੇ ਚੋਲਾ ਛੱਡਣ ਅਤੇ ਉਸ ਥਾਂ 'ਤੇ ਸ਼ਬਦ ਕੀਰਤਨ, ਲੰਗਰ ਪ੍ਰਸ਼ਾਦਿ ਆਦਿ ਗੁਰੂ ਸਾਹਿਬ ਦੀ ਮਿੱਠੀ ਯਾਦ ਨੂੰ ਸਮਰਪਣ ਦੇ ਚਿਤਰਨ ਹਨ। ਲੇਖਕ ਦੀ ਭਾਸ਼ਾ ਸਰਲ ਹੈ। ਕਾਵਿ ਬੰਦ ਹੋਣ ਦੇ ਬਾਵਜੂਦ ਭਾਸ਼ਾ ਵਿਚ ਇਕ ਖ਼ਾਸ ਤਰ੍ਹਾਂ ਦਾ ਨਿਖਾਰ ਤੇ ਨਿਵੇਕਲਾਪਨ ਹੈ ਜੋ ਧਰਮ ਦੇ ਪ੍ਰਤੀ ਵਿਚਾਰ, ਵਿਸ਼ਵਾਸ, ਵੀਰਤਾ ਅਤੇ ਵਿਰਸੇ ਦੀ ਸੰਭਾਲ ਦੀ ਵੀ ਅਨੂਠੀ ਉਦਾਹਰਨ ਹੈ।
ਜਦੋਂ ਜ਼ੁਲਮ ਦੀ
ਹਨੇਰੀ ਝੁਲਦੀ ਹੈ
ਤਾਂ ਕੋਈ
ਮਰਦ ਅੰਗਮੜਾ
ਜਨਮ ਲੈਂਦਾ ਹੈ
ਪਿਤਾ ਨੂੰ
ਮਜ਼ਲੂਮਾਂ ਦੀ
ਢੋਈ ਬਨਾਉਂਦਾ ਹੈ
ਆਪਣਾ ਰਾਹ
ਆਪ ਲੱਭਦਾ ਹੈ
ਆਪਣਾ ਸੂਰਜ
ਆਪ ਸਿਰਜਦਾ ਹੈ।
ਕਾਵਿਕ ਰੂਪ ਵਿਚ ਇਹ ਪੁਸਤਕ ਚੰਗੀ ਤੇ ਪੜ੍ਹਨ ਯੋਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬੜੀ ਅਕਲ ਵਾਲਾ ਈਵਾਨ
ਅਨੁਵਾਦ ਅਤੇ ਸੰਪਾਦਨ : ਮਨਜੀਤ ਇੰਦਰਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਕੀਮਤ : 200 ਰੁਪਏ, ਸਫ਼ੇ : 144
ਸੰਪਰਕ : 0172-5027427

ਵਿਚਾਰ ਅਧੀਨ ਇਸ ਪੁਸਤਕ ਵਿਚ ਚਾਰ ਲੰਬੀਆਂ ਰੂਸੀ ਲੋਕ ਕਹਾਣੀਆਂ ਦਾ ਪੰਜਾਬੀ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਪਾਠਕਾਂ ਦੇ ਪੜ੍ਹਨ ਨੂੰ ਸੌਖਾ ਬਣਾਉਣ ਲਈ, ਸ਼ੁਰੂ ਵਿਚ ਰੂਸੀ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ।
ਸ਼ਹਿਜ਼ਾਦੀ ਮਾਹੇਸਿਤਾਰਾ ਅਤੇ ਸ਼ੌਕਤ ਦੇ ਵਿਆਹ ਦੀ ਬੜੀ ਦਿਲਚਸਪ ਕਹਾਣੀ ਹੈ। ਅੱਗੇ-ਅੱਗੇ ਘਟਣ ਵਾਲੀਆਂ ਘਟਨਾਵਾਂ ਦੀ ਉਤਸੁਕਤਾ ਬਣੀ ਰਹਿੰਦੀ ਹੈ। 'ਜਾ ਉੱਥੇ-ਪਤਾ ਨਹੀਂ ਕਿੱਥੇ ਲਿਆ ਉਹਨੂੰ ਪਤਾ ਨਹੀਂ ਕੀਹਨੂੰ' ਬੜੀ ਦਿਲਚਸਪ ਅਤੇ ਖ਼ਿਆਲੀ ਜਿਹੀ ਕਹਾਣੀ ਹੈ। ਜਿਸ ਤਰ੍ਹਾਂ ਅੰਦਰੇਈ ਅਸੰਭਵ ਕੰਮਾਂ ਨੂੰ ਸੰਭਵ ਕਰ ਦਿਖਾਉਂਦਾ ਹੈ, ਏਦਾਂ ਹਕੀਕਤ ਦੀ ਜ਼ਿੰਦਗੀ ਵਿਚ ਨਹੀਂ ਹੁੰਦਾ। ਜ਼ਾਰ ਦਾ ਕੰਡਾ ਕੱਢਣ ਤੋਂ ਬਾਅਦ ਸ਼ਹਿਜ਼ਾਦੀ ਮਾਰੀਆ ਨੇ ਅੰਦਰੇਈ ਨਾਲ ਸ਼ਾਦੀ ਕਰ ਲਈ। ਕਹਾਣੀ 'ਬੜੀ ਅਕਲ ਵਾਲਾ ਛੋਟਾ ਈਵਾਨ' ਵਿਚ ਸ਼ਿਕਾਰੀ ਦੇ ਚੁੱਕੇ ਤੇਤੀ ਆਂਡਿਆਂ ਵਿਚੋਂ ਤੇਤੀ ਨਰ ਬੱਚੇ ਪੈਦਾ ਹੋਣੇ, ਇਕ ਅਸਚਰਜ ਵਾਕਿਆ ਹੈ। ਉਨ੍ਹਾਂ ਵਿਚੋਂ ਸਭ ਤੋਂ ਛੋਟੇ ਈਵਾਨ ਨੇ ਅਕਲ ਨਾਲ ਸੁਨਹਿਰੀ ਗਰਦਨ ਦੇ ਵਾਲਾਂ ਵਾਲੀ ਘੋੜੀ ਨੂੰ ਆਪਣੀ ਦਾਸੀ ਬਣਾ ਲਿਆ। ਜ਼ਾਰ ਦੇ ਹੁਕਮ 'ਤੇ ਉਹ ਘੋੜੀ ਦੀ ਮਦਦ ਨਾਲ ਅਸੰਭਵ ਕਾਰਨਾਮੇ ਕਰਦਾ ਰਿਹਾ। ਉਹ ਔਖੇ ਤੋਂ ਔਖੇ ਇਮਤਿਹਾਨ ਵਿਚੋਂ ਵੀ ਸਫਲ ਹੋ ਕੇ ਨਿਕਲਿਆ। ਇਥੋਂ ਤੱਕ ਕਿ ਉੱਬਲਦੇ ਦੁੱਧ ਦੇ ਕੜਾਹੇ ਵਿਚੋਂ ਵੀ ਉਹ ਅਣਝੁਲਸਿਆ ਬਾਹਰ ਨਿਕਲ ਆਇਆ। ਖ਼ੂਬਸੂਰਤ ਸ਼ਹਿਜ਼ਾਦੀ ਅਲਯੋਨਾ ਈਵਾਨ ਦੀ ਪਤਨੀ ਬਣੀ।
ਸੁਨਹਿਰੇ ਦੇਸ਼ ਦਾ ਮਹਾਂਵੀਰ ਵਿਚ ਸਲੀਮਬਾਇ ਨੇ ਰੁਸਤਮ ਤੇ ਉਸ ਦੇ ਬੁੱਢੇ ਬਾਪ ਤੋਂ ਧੋਖੇ ਨਾਲ ਘਰ ਖੋਹ ਲਿਆ ਸੀ। ਜ਼ਿੰਦਗੀ ਦੇ ਇਕ ਲੰਬੇ ਸੰਘਰਸ਼ ਨੇ ਅਤੇ ਕੁਝ ਦੈਵੀ ਤਾਕਤਾਂ ਨੇ ਉਸ ਨੂੰ ਸ਼ਕਤੀਸ਼ਾਲੀ ਯੋਧਾ ਬਣਾ ਦਿੱਤਾ ਸੀ। ਤੋਂਗ ਗੁੱਲੀ ਨੂੰ ਗੁਫਾ ਵਿਚੋਂ ਬਚਾ ਕੇ ਲਿਆਉਣ ਅਤੇ ਪਿੰਡ ਦੇ ਲੋਕਾਂ ਨੂੰ ਅਜਗਰ ਦੇ ਡਰ ਤੋਂ ਮੁਕਤ ਕਰਾਉਣ ਅਤੇ ਸਲੀਮਬਾਇ ਦਾ ਅੰਤ ਕਰਕੇ ਰੁਸਤਮ ਲੋਕ ਨਾਇਕ ਬਣ ਗਿਆ। ਕਹਾਣੀ ਪਾਠਕ ਨੂੰ ਸਿਰੇ ਤੀਕ ਆਪਣੇ ਨਾਲ ਜੋੜੀ ਰੱਖਦੀ ਹੈ। ਅਨੁਵਾਦ ਕਰਨ 'ਤੇ ਮਿਹਨਤ ਤਾਂ ਕਾਫ਼ੀ ਕੀਤੀ ਗਈ ਹੈ।
ਪਰ ਪੁਸਤਕ ਵਿਚ ਪ੍ਰਕਾਸ਼ਨ ਦੀਆਂ ਗ਼ਲਤੀਆਂ ਦੀ ਬਹੁਤਾਤ ਵੀ ਪਾਠਕ ਨੂੰ ਬੜੀ ਅੱਖੜਦੀ ਹੈ। ਆਉਂਦੇ ਸੰਸਕਰਨ ਵਿਚ ਇਨ੍ਹਾਂ ਨੂੰ ਸੁਧਾਰਨਾ ਬਣਦਾ ਹੈ। ਇਨ੍ਹਾਂ ਕਹਾਣੀਆਂ ਵਿਚ ਜਾਦੂਮਈ ਕਾਰਨਾਮੇ ਪੜ੍ਹ ਕੇ ਪਾਠਕ ਹੈਰਾਨ ਤਾਂ ਹੋ ਜਾਂਦਾ ਹੈ, ਪਰ ਇਹ ਕਹਾਣੀਆਂ ਜ਼ਿੰਦਗੀ ਦੀ ਹਕੀਕਤ ਤੋਂ ਕੋਰੀਆਂ ਹਨ ਜਾਂ ਇਨ੍ਹਾਂ ਨੂੰ ਮਿੱਥ ਕਹਾਣੀਆਂ ਵੀ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।

-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686

ਸੁਪਨਿਆਂ ਦਾ ਸਿਰਨਾਵਾਂ
ਲੇਖਿਕਾ : ਅਮੈਨੀ ਗਿੱਲ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ: 128
Email: amangillgholia95@gmail.com

'ਸੁਪਨਿਆਂ ਦਾ ਸਿਰਨਾਵਾਂ' ਉੱਭਰਦੀ ਕਵਿੱਤਰੀ ਅਮੈਨੀ ਗਿੱਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀਆਂ ਇਕ ਸੌ ਅੱਠ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਔਰਤ ਵਰਗ ਦੀ ਆਰਥਿਕ-ਸਮਾਜਿਕ ਦਸ਼ਾ ਅਤੇ ਦਿਸ਼ਾ ਨੂੰ ਸੰਬੋਧਿਤ ਹਨ। ਸਮਾਜ ਦੇ ਹਰ ਖੇਤਰ ਵਿਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਮਾਮਲੇ ਵਿਚ ਉਹ ਬੇਹੱਦ ਫ਼ਿਕਰਮੰਦ ਅਤੇ ਚਿੰਤਨਸ਼ੀਲ ਹਨ। ਉਨ੍ਹਾਂ ਦੀ ਕਵਿਤਾ ਦਾ ਕੇਂਦਰੀ ਭਾਵ ਹਰ ਤਰ੍ਹਾਂ ਦੇ ਭੇਦਭਾਵ ਨੂੰ ਖ਼ਤਮ ਕਰ ਕੇ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਅਤੇ ਆਜ਼ਾਦੀ ਦਿਵਾਉਣਾ ਹੀ ਹੈ। ਵਿਧਵਾ ਨੂੰ ਪਰਿਭਾਸ਼ਿਤ ਕਰਦਿਆਂ ਉਹ ਲਿਖਦੇ ਹਨ ਕਿ ਮਨ ਦਾ ਚਿੱਟਾ ਹੋ ਜਾਣਾ, ਸਮਾਜ ਵਿਚ ਹਰ ਰੋਜ਼ ਆਪਣੇ ਆਪ ਨੂੰ ਸਮਝਾਉਂਦੇ ਰਹਿਣਾ ਵਿਧਵਾ ਕਹਾਉਂਦਾ ਹੈ। ਉਨ੍ਹਾਂ ਮੁਤਾਬਿਕ ਔਰਤ ਹਰ ਪਲ ਆਪਣੇ ਆਪ ਨੂੰ ਮਾਰਦੀ ਰਹਿੰਦੀ ਹੈ ਤਾਂ ਕਿ ਉਹ ਹੋਰਨਾਂ ਦੀ ਖ਼ੁਸ਼ੀ ਲਈ ਜੀਅ ਸਕੇ, ਉਹ ਆਪਣੇ ਪਿਆਰ ਦਾ ਗਲਾ ਘੁੱਟ ਕੇ ਮਾਪਿਆਂ ਦੇ ਲੱਭੇ ਸਾਥੀ ਨਾਲ ਜ਼ਿੰਦਗੀ ਗੁਜ਼ਾਰਦੀ ਹੈ ਅਤੇ ਮਾਂ ਬਣ ਕੇ ਆਪਣੇ ਸਰੀਰ ਦੀ ਬਨਾਵਟ ਨੂੰ ਖ਼ਰਾਬ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਔਰਤ ਦਾ ਆਪਣਾ ਸੁਹੱਪਣ ਹੀ ਉਸ ਦਾ ਦੁਸ਼ਮਣ ਬਣ ਜਾਂਦਾ ਹੈ। ਬਚਪਨ ਤੋਂ ਹੀ ਲੜਕਿਆਂ ਦੇ ਮੁਕਾਬਲੇ ਲੜਕੀਆਂ ਲਈ ਬਹੁਤ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ, ਘਰ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਹੀ ਉਸ ਨੂੰ ਮਰਦ ਜਾਤ ਨਾਲ ਲੜਨਾ ਪੈਂਦਾ ਹੈ। ਸਮਾਜਿਕ ਰਿਸ਼ਤਿਆਂ ਪ੍ਰਤੀ ਉਨ੍ਹਾਂ ਦੇ ਸੰਤੁਲਿਤ ਨਜ਼ਰੀਏ ਨੂੰ ਬਾਖ਼ੂਬੀ ਉਜਾਗਰ ਕਰਦੀਆਂ ਇਨ੍ਹਾਂ ਭਾਵਪੂਰਨ ਸਤਰਾਂ ਦੇ ਹਵਾਲੇ ਨਾਲ ਇਸ ਸੁਹਜ ਭਰਪੂਰ ਕੋਸ਼ਿਸ਼ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ:
ਜਿਸਮ ਦਾ ਜਿਸਮ ਨਾਲ ਮਿਲਣਾ
ਕੋਈ ਨੀਵੀਂ ਸੋਚ ਨਹੀਂ
ਪਰ ਜਿਸਮ ਦੇ ਨਾਲ
ਰੂਹ ਦਾ ਹੋਣਾ ਵੀ ਜ਼ਰੂਰੀ ਹੈ
ਜਦ ਕੋਈ ਜ਼ਿਕਰ ਇਕੱਲੇ ਜਿਸਮ ਦਾ ਕਰੇ
ਤਾਂ ਫਿਰ ਉਸ ਦੇ ਆਤਮ ਸਨਮਾਨ ਨੂੰ
ਸੱਟ ਲਗਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

17-09-2022

ਵੰਡ ਦੇ ਜ਼ਖ਼ਮਾਂ ਦੀ ਦਾਸਤਾਨ ਹੈ- 'ਸਕਾਰਜ਼ ਆਫ਼ 1947'



1947 ਵਿਚ ਧਰਮ ਦੇ ਨਾਂਅ 'ਤੇ ਹਿੰਦੁਸਤਾਨ ਦੀ ਹੋਈ ਵੰਡ ਦੁਨੀਆ ਦੇ ਇਤਿਹਾਸ ਵਿਚ ਬਹੁਤ ਵੱਡੀ ਅਤੇ ਅਤਿ ਦਰਦਨਾਕ ਘਟਨਾ ਸੀ, ਜਿਸ ਦੇ ਨਤੀਜੇ ਵਜੋਂ ਲੱਖਾਂ ਹੀ ਨਿਰਦੋਸ਼ ਲੋਕ ਬੇਘਰ ਹੋ ਗਏ ਜਾਂ ਮੌਤ ਦੇ ਘਾਟ ਉਤਾਰੇ ਗਏ। ਹਜ਼ਾਰਾਂ ਹੀ ਔਰਤਾਂ ਬੇਪੱਤ ਹੋ ਗਈਆਂ ਅਤੇ ਕਈਆਂ ਨੇ ਬੇਪੱਤ ਹੋਣ ਦੇ ਡਰੋਂ ਆਤਮ-ਘਾਤ ਕਰ ਲਿਆ। ਮਜ਼੍ਹਬੀ ਵਹਿਸ਼ੀਪੁਣੇ ਦੀ ਅਤਿ ਘਿਨੌਣੀ ਤਸਵੀਰ ਅੱਜ ਵੀ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਉਂਝ ਇਹ ਵੀ ਸੱਚ ਹੈ ਕਿ ਇਸ ਬੇਤਹਾਸ਼ਾ ਬਰਬਾਦੀ ਦੇ ਨਾਲ-ਨਾਲ ਮਜ਼੍ਹਬ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਜੋਖ਼ਮ ਭਰੇ ਫ਼ਰਜ਼ ਨਿਭਾਉਣ ਵਾਲਿਆਂ ਨੇ ਮਨੁੱਖਤਾ ਵਿਚ ਵਿਸ਼ਵਾਸ ਬਣਾਈ ਰੱਖਿਆ।
ਅਜਿਹੀਆਂ ਵੱਡੀਆਂ ਇਤਿਹਾਸਕ ਘਟਨਾਵਾਂ ਹਮੇਸ਼ਾ ਹੀ ਸਾਹਿਤ ਸਿਰਜਣਾ ਦਾ ਆਧਾਰ ਬਣਦੀਆਂ ਆਈਆਂ ਹਨ। ਅਜਿਹਾ ਹੀ ਹਿੰਦ-ਪਾਕਿ ਵੰਡ ਬਾਰੇ ਕਿਹਾ ਜਾ ਸਕਦਾ ਹੈ। ਇਸ ਵਿਸ਼ੇ ਦੀਆਂ ਦਰਦਨਾਕ ਮਿਥਾਂ ਅਤੇ ਤੱਥਾਂ ਨੂੰ ਆਧਾਰ ਬਣਾ ਕੇ ਹਿੰਦੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿਚ ਕਈ ਕਥਾ-ਕਹਾਣੀਆਂ, ਕਵਿਤਾਵਾਂ, ਨਾਵਲ ਅਤੇ ਵਾਰਤਕ ਦੀਆਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਉਂਝ ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਪਹਿਲੀ ਪੁਸਤਕ ਘਟਨਾ ਦੇ ਵਾਪਰਨ ਤੋਂ 9 ਸਾਲ ਬਾਅਦ ਵਿਚ ਆਈ, ਜਿਸ ਨਾਲ ਖ਼ੁਸ਼ਵੰਤ ਸਿੰਘ ਨੂੰ ਪ੍ਰਸਿੱਧੀ ਮਿਲੀ। ਉਸ ਦਾ ਨਾਵਲ 'ਟਰੇਨ ਟੂ ਪਾਕਿਸਤਾਨ' 1956 ਵਿਚ 'ਮਨੋ ਮਾਜਰਾ' ਦੇ ਨਾਂਅ ਨਾਲ ਆਇਆ। ਉਂਝ ਸੰਨ 1975 ਵਿਚ 1947-48 ਦੀਆਂ ਘਟਨਾਵਾਂ 'ਤੇ ਆਧਾਰਿਤ ਗ਼ੈਰ-ਗਲਪ ਇਤਿਹਾਸਕ ਪੁਸਤਕ ਲੈਰੀ ਕਾਲਿਨਜ਼ ਅਤੇ ਡੋਮੀਨਿਕ ਲੈਪੀਅਰ ਲਿਖਤ 'ਫਰੀਡਮ ਐਟ ਮਿਡਨਾਈਟ' ਕਹੀ ਜਾ ਸਕਦੀ ਹੈ, ਜੋ ਕਿ ਡਾਕੂਮੈਂਟਰੀ ਸਬੂਤਾਂ 'ਤੇ ਆਧਾਰਿਤ ਲੰਮੀ ਮਿਹਨਤ ਦਾ ਨਤੀਜਾ ਹੈ। ਇਸ ਵਿਚ ਕਈ ਵਾਕਿਆਤ ਸੱਚ-ਆਧਾਰਿਤ ਹਨ।
ਰਾਜੀਵ ਸ਼ੁਕਲਾ ਦੀ ਅੰਗਰੇਜ਼ੀ ਵਿਚ ਲਿਖੀ 148 ਸਫ਼ਿਆਂ 'ਤੇ ਵਿਛੀ ਪੁਸਤਕ 'ਸਕਾਰਜ਼ ਆਫ 1947 : ਰੀਅਲ ਪਾਰਟੀਸ਼ਨ ਸਟੋਰੀਜ਼', 'ਫਰੀਡਮ ਐਟ ਮਿਡਨਾਈਟ' ਨਾਲ ਰਲਦੀ-ਮਿਲਦੀ ਪੁਸਤਕ ਹੈ। ਵੰਡ ਬਾਰੇ ਇਤਿਹਾਸ ਅਤੇ ਕਲਪਨਾ ਦੇ ਮਿਸ਼ਰਨ ਦੀ ਉਪਜ ਕਵਿਤਾ, ਕਹਾਣੀਆਂ, ਨਾਵਲਾਂ ਤੋਂ ਅਲੱਗ ਇਹ ਪੁਸਤਕ ਦੋਵਾਂ ਪਾਸਿਆਂ ਤੋਂ ਉਜੜੇ ਗ਼ਰੀਬ-ਅਮੀਰ ਵਿਅਕਤੀਆਂ ਅਤੇ ਪਰਿਵਾਰਾਂ ਦੀ ਦਰਦ-ਕਹਾਣੀ ਹੈ, ਜਿਸ ਵਿਚ ਇਤਿਹਾਸ ਦਾ ਸਿਤਮ ਵੀ ਸਿਮਟਿਆ ਪਿਆ ਹੈ ਅਤੇ ਇਨਸਾਨੀ ਹਮਦਰਦੀ ਦਾ ਬਿਆਨ ਵੀ। ਇਸ ਵਿਚ ਮਜ਼੍ਹਬੀ ਕੱਟੜਤਾ ਦੀ ਘਿਨੌਣੀ ਤਸਵੀਰ ਵੀ ਨੁਮਾਇਆ ਹੁੰਦੀ ਹੈ ਪਰ ਹਮ ਸਾਏ ਮਾਂ ਪਿਉ ਜਾਏ ਵੀ ਬਣਦੇ ਨਜ਼ਰ ਆਉਂਦੇ ਹਨ। ਵਿਅਕਤੀਗਤ ਦੁਖਾਂਤ ਵਿਆਪਕ ਰੂਪ ਧਾਰ ਲੈਂਦੇ ਹਨ ਅਤੇ ਸੱਤਾਧਾਰੀਆਂ ਦੀ ਵਾਹੀ ਹੋਈ ਲਕੀਰ ਰਾਜੇ-ਰਾਣਿਆਂ ਨੂੰ ਦਰ-ਬਦਰ ਰੁਲਣ ਲਈ ਮਜਬੂਰ ਕਰ ਦਿੰਦੀ ਹੈ। ਪੁਸਤਕ ਵਿਚ ਇਤਿਹਾਸਕ ਅਸਲੀਅਤ ਭਰੀਆਂ ਛੂਹਾਂ ਵੀ ਹਨ ਅਤੇ ਵਿਅਕਤੀਗਤ ਅੰਦਾਜ਼ੇ ਵੀ ਹਨ। ਨਿੱਜੀ ਗੁਫ਼ਤਗੂ ਰਾਹੀਂ ਵੀ ਜਾਣਕਾਰੀ ਦੇ ਹਵਾਲੇ ਮਿਲਦੇ ਹਨ ਅਤੇ ਜੀਵਨੀਆਂ/ਸਵੈ-ਜੀਵਨੀਆਂ ਵੀ ਆਧਾਰ ਬਣਦੀਆਂ ਹਨ।
ਅਜਿਹੀ ਪੁਸਤਕ ਲਿਖ ਸਕਣੀ ਰਾਜੀਵ ਸ਼ੁਕਲਾ ਦੇ ਉਮਰ ਦੇ ਵਿਅਕਤੀ ਲਈ ਅਸਾਨ ਨਹੀਂ ਹੁੰਦੀ, ਕਿਉਂਕਿ ਨਾ ਤਾਂ ਇਹ ਆਪ-ਬੀਤੀ ਹੈ ਅਤੇ ਨਾ ਹੀ ਇਸ ਵਿਚ ਕਲਪਨਾ ਕਾਬਜ਼ ਹੈ। ਇਸ ਵਿਚ ਮੁੱਖ ਤੌਰ 'ਤੇ ਉਨ੍ਹਾਂ ਵਡੇਰੀ ਉਮਰ ਦੀਆਂ ਸ਼ਖ਼ਸੀਅਤਾਂ ਦੀਆਂ ਵੰਗਾਰਾਂ ਥਾਣੀਂ ਲੰਘ ਕੇ ਮੁੜ-ਸਥਾਪਤੀ ਦੀ ਕਹਾਣੀ ਹੈ, ਜੋ ਪਾਕਿਸਤਾਨੋਂ ਉੱਖੜ ਕੇ ਹਿੰਦੁਸਤਾਨ ਪਹੁੰਚੇ ਜਾਂ ਏਧਰੋਂ ਉੱਜੜ-ਪੁੱਜੜ ਕੇ ਓਧਰ ਪਹੁੰਚਣ ਵਿਚ ਕਾਮਯਾਬ ਹੋਏ। ਸੱਤ-ਅੱਠ ਦਹਾਕੇ ਗੁਜ਼ਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਵਿਛੋੜੇ ਦੇ ਜ਼ਖ਼ਮ ਅੱਲੇ ਹਨ : ਉਹ ਭਾਵੇਂ ਮਨਮੋਹਨ ਸਿੰਘ ਹੋਵੇ ਜਾਂ ਮੁਹੰਮਦ ਅਲੀ ਜਿਨਾਹ। ਭਾਵੇਂ ਰਾਮ ਲਾਲ ਕੁਮਾਰ ਹੋਵੇ ਚਾਹੇ ਮਿੰਨੀ ਚੌਸਕੀ। ਲੇਖਕ ਦਾ ਇਹ ਉੱਦਮ ਏਸ ਕਰਕੇ ਵੀ ਸਲਾਹੁਣਯੋਗ ਹੈ ਕਿ ਵੰਡ ਦੇ ਦੁਖਾਂਤ ਦੇ ਬਹੁਤ ਸਾਰੇ ਚਸ਼ਮਦੀਦ ਪਾਤਰ ਹੌਲੀ-ਹੌਲੀ ਇਸ ਦੁਨੀਆ ਤੋਂ ਰੁਖ਼ਸਤ ਹੋਈ ਜਾ ਰਹੇ ਹਨ, ਜਿਵੇਂ ਕਿ ਇਸ ਪੁਸਤਕ ਦੇ ਪ੍ਰੇਰਨਾ-ਸ੍ਰੋਤ ਕੁਲਦੀਪ ਨਈਅਰ ਅਤੇ ਰਜਿੰਦਰ ਸੱਚਰ ਇਸ ਦੁਨੀਆ ਵਿਚ ਨਹੀਂ ਰਹੇ।
ਰਾਜੀਵ ਸ਼ੁਕਲਾ ਅਜਿਹੀ ਬਹੁ-ਮੁੱਲੀ ਪੁਸਤਕ ਲਿਖਣ ਵਿਚ ਇਸ ਲਈ ਕਾਮਯਾਬ ਹੋ ਸਕੇ ਹਨ, ਕਿਉਂਕਿ ਉਹ ਲੰਬੇ ਸਮੇਂ ਤੋਂ ਸਪੋਰਟਸ ਅਧਿਕਾਰੀ ਰਹੇ ਹਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਕਈ ਵਾਰ ਚੇਅਰਮੈਨ ਹੋਣ ਨਾਤੇ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ। ਉਹ ਆਪਣੇ ਬਹੁਤ ਪ੍ਰਸਿੱਧੀ-ਪ੍ਰਾਪਤ ਟਾਕ-ਸ਼ੋ ਰੂ-ਬ-ਰੂ ਵਿਚ ਕਈ ਮਕਬੂਲ ਹਸਤੀਆਂ ਦੀ ਇੰਟਰਵਿਊ ਵੀ ਕਰਦੇ ਰਹੇ ਹਨ। ਉਨ੍ਹਾਂ ਦੀ ਪਤਨੀ ਅਨੁਰਾਧਾ ਵੀ 'ਨਿਊਜ਼ 24' ਦੀ ਐਡੀਟਰ-ਇਨ-ਚੀਫ਼ ਹੈ। ਇਸ ਪੁਸਤਕ ਵਿਚ ਜਰਨਲਿਸਟ-ਸਿਆਸਤਦਾਨ ਲੇਖਕ ਕਈ ਲਿਖਣ-ਸ਼ੈਲੀਆਂ ਵਰਤਦਾ ਹੈ। ਕਦੀ ਤਾਂ ਉਹ ਪਾਤਰਾਂ ਨਾਲ ਖ਼ੁਦ ਇੰਟਰਵਿਊ ਕਰ ਰਿਹਾ ਹੁੰਦਾ ਹੈ ਅਤੇ ਕਦੇ ਉਨ੍ਹਾਂ ਬਾਰੇ ਪ੍ਰਾਪਤ ਜਾਣਕਾਰੀ ਆਪਣੇ ਵਲੋਂ ਬਿਆਨ ਕਰਦਾ ਹੈ। ਕਈ ਥਾਈਂ ਕਿਸੇ ਹੋਰ ਪਾਤਰਾਂ ਰਾਹੀਂ ਜਾਣਕਾਰੀ ਦੱਸੀ ਜਾ ਰਹੀ ਹੁੰਦੀ ਹੈ। ਲੇਖਕ ਨੂੰ ਆਪਣੀ ਗੱਲ ਕਹਿਣ ਦਾ ਵਲ ਹੈ। ਉਹ ਪਾਠਕ ਨੂੰ ਆਪਣੇ ਨਾਲ ਲੈ ਤੁਰਦਾ ਹੈ : ਕਦੀ ਕਿਸੇ ਧਰਾਤਲ 'ਤੇ ਅਤੇ ਕਦੀ ਕਿਸੇ 'ਤੇ। ਕਦੀ ਵਰਤਮਾਨ ਵਿਚ ਅਤੇ ਕਦੀ ਅਤੀਤ ਵਿਚ।
ਪੈਨਗਉਨ/ਵਾਈਕਿੰਗ ਵਲੋਂ ਏਸੇ ਸਾਲ (2022) ਵਿਚ ਛਾਪੀ ਇਸ ਪੁਸਤਕ ਦੀਆਂ ਸੱਚੀਆਂ ਕਹਾਣੀਆਂ ਨੂੰ ਲੇਖਕ ਬਾਰ੍ਹਾਂ ਚੈਪਟਰਾਂ ਵਿਚ ਵੰਡਦਾ ਹੈ, ਜੋ ਹੇਠ ਲਿਖੇ ਅਨੁਸਾਰ ਹਨ:
'ਰਿਲੀਜਨ ਆਫ਼ ਕ੍ਰਿਕਟ' ਵਿਚ ਉਹ ਤੈਮੂਰ ਬਾਂਦੇ ਨੂੰ ਫੋਕਸ ਵਿਚ ਰੱਖਦਾ ਹੈ, ਜੋ ਇਹ ਕਦੀ ਬਰਦਾਸ਼ਤ ਨਹੀਂ ਕਰਦਾ ਕਿ ਕ੍ਰਿਕਟ ਵਿਚ ਪਾਕਿਸਤਾਨ ਹਾਰ ਜਾਏ ਪਰ ਫਿਰ ਵੀ ਉਹ ਕਦੀ ਭਾਰਤ ਦੇ ਵਿਰੋਧ ਵਿਚ ਨਹੀਂ ਬੋਲਦਾ। ਪਾਕਿਸਤਾਨ ਦੇ ਇਕ ਟੂਰ 'ਤੇ ਲੇਖਕ ਤੈਮੂਰ ਪਾਂਡੇ ਦੇ ਘਰ ਉਸ ਦੀ ਨਾਨੀ ਨੂੰ ਮਿਲਦਾ ਹੈ, ਜੋ ਕਿ ਪਾਰਸੀ ਹੈ ਅਤੇ 1947 ਤੋਂ ਪਹਿਲਾਂ ਬੰਬਈ ਵਿਚ ਰਹਿੰਦਿਆਂ ਇਕ ਪਠਾਨ ਨਾਲ ਪ੍ਰੇਮ-ਵਿਆਹ ਕਰ ਲੈਂਦੀ ਹੈ, ਜਿਸ ਕਰਕੇ ਪਾਕਿਸਤਾਨ ਜਾਣਾ ਪੈਂਦਾ ਹੈ। ਅੱਸੀ ਸਾਲ ਦੀ ਉਮਰ ਵਿਚ ਵੀ ਉਹ ਲੇਖਕ ਤੋਂ ਅਗਲੀ ਫੇਰੀ ਵਿਚ ਬੰਬਈ ਤੋਂ ਮੁੱਠੀ ਭਰ ਮਿੱਟੀ ਲਿਆਉਣ ਦੀ ਮੰਗ ਕਰਦੀ ਹੈ, ਜਿਸ ਨੂੰ ਉਹ ਮਰਨ ਤੋਂ ਪਹਿਲਾਂ ਚੁੰਮ ਲੈਣਾ ਚਾਹੁੰਦੀ ਹੈ।
ਦੂਜਾ ਚੈਪਟਰ 'ਬਾਬੂ ਜੀ ਐਂਡ ਹਿਜ਼ ਜਿਊਲਜ਼' ਡਾਕਟਰ ਅਰੁਣ ਕੁਮਾਰ ਅਤੇ ਉਸ ਦੇ ਪਿਤਾ ਰਾਮ ਲਾਲ ਕੁਮਾਰ ਦੀ ਕਹਾਣੀ ਹੈ। ਰਾਮ ਲਾਲ ਕੁਮਾਰ ਜੋ ਪਾਕਿਸਤਾਨੋਂ ਉੱਜੜ ਕੇ ਆਉਂਦਾ ਹੈ ਅਤੇ 85 ਸਾਲ ਦੀ ਉਮਰ ਵਿਚ ਸੰਨ 2000 ਵਿਚ 20,000 ਰੁਪਏ ਦੀ ਨੌਕਰੀ ਕਰਨ ਲਈ ਰੋਜ਼ ਸਕੂਟਰ 'ਤੇ ਜਾਂਦਾ ਸੀ। ਉਹ ਲਾਹੌਰ ਤੋਂ ਤੁਰਨ ਲੱਗਿਆਂ ਆਪਣੀ ਸਾਰੀ ਜਾਇਦਾਦ ਆਪਣੇ ਸੁਹਿਰਦ ਮੁਸਲਮਾਨ ਨੌਕਰ ਹਫੀਜ਼ ਦੇ ਨਾਂਅ ਕਰ ਆਇਆ ਸੀ। ਗਹਿਣਿਆਂ ਦਾ ਭਰਿਆ ਟਰੰਕ ਆਪਣੇ ਸਾਲੇ ਸੁਪਰਦ ਕਰ ਨਿਸ਼ਚਿੰਤ ਹੋ ਗਿਆ ਸੀ ਕਿ ਹਿੰਦੁਸਤਾਨ ਉਸ ਦੀ ਬਦੌਲਤ ਏਧਰ ਸਥਾਪਤ ਹੋ ਜਾਵੇਗਾ ਪਰ ਸਾਲਾ ਬੇਈਮਾਨ ਹੋ ਗਿਆ ਸੀ। 'ਮਾਡਲ ਟਾਊਨ ਦੇ ਹੀਰੇ ਅਤੇ ਖੀਰੇ' ਵਿਚ ਵੀ ਲੇਖਕ ਹਿੰਦੂ-ਮੁਸਲਿਮ-ਸਿੱਖਾਂ ਵਿਚਲੀ ਮਾਨਵੀ ਸਾਂਝ ਦੀਆਂ ਮਿਸਾਲਾਂ ਨੂੰ ਰੌਸ਼ਨ ਕਰਦਾ ਹੈ। ਸੰਨ 1947 ਤੋਂ ਪਹਿਲਾਂ ਮਾਡਲ ਟਾਊਨ ਲਾਹੌਰ ਦੀ ਪਾਸ਼ ਕਾਲੋਨੀ ਸੀ ਜੋ ਵੰਡ ਤੋਂ ਬਾਅਦ ਸਾਧਾਰਨ ਲੋਕਾਂ ਦੀ ਰਿਹਾਇਸ਼ਗਾਹ ਬਣ ਗਈ, ਜਿਸ ਨੂੰ ਸਬਜ਼ੀ ਵੇਚਣ ਵਾਲਾ ਆਪਣੇ ਅੰਦਾਜ਼ ਵਿਚ ਸਹਿਜੇ ਹੀ ਬਿਆਨ ਦਿੰਦਾ ਹੈ : ਚਲੇ ਗਏ ਹੀਰੇ, ਆ ਗਏ ਖੀਰੇ।
ਚੌਥਾ ਚੈਪਟਰ 'ਦਾ ਲੌਸਟ ਬਲੇਜ਼ਰ ਆਫ ਡਾਕਟਰ ਜੀ.ਪੀ.ਤਲਵਾੜ' ਪਦਮ ਭੂਸ਼ਨ ਡਾ: ਜੀ.ਪੀ. ਤਲਵਾੜ ਦੀ ਕਸ਼ਮਕਸ਼ ਬਾਰੇ ਹੈ, ਜਿਸ ਨੇ ਆਜ਼ਾਦ ਭਾਰਤ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਹਿਨੁਮਾਈ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਇਮੂਨਾਲੌਜੀ ਸਥਾਪਤ ਕੀਤਾ। ਪਾਕਿਸਤਾਨੋਂ ਉੱਜੜ ਕੇ ਕਈ ਮੁਸੀਬਤਾਂ ਝੱਲੀਆਂ ਅਤੇ ਕਨਾਟ ਪਲੇਸ ਦਿੱਲੀ ਵਿਖੇ ਸ਼ੁਰੂ ਵਿਚ 200 ਰੁਪਏ ਮਹੀਨੇ 'ਤੇ ਨੌਕਰੀ ਕੀਤੀ। 'ਫਾਦਰ ਆਫ਼ ਐਨ ਇੰਡੀਅਨ ਪ੍ਰਾਈਮ ਮਨਿਸਟਰ' ਵਿਚ ਹਿੰਦੁਸਤਾਨ ਦੇ ਬਾਰ੍ਹਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪਿਤਾ ਅਵਤਾਰ ਨਰਾਇਣ ਗੁਜਰਾਲ ਦੀ ਕਹਾਣੀ ਹੈ, ਜਿਸ ਨੇ ਕਈ ਢੰਗਾਂ ਨਾਲ ਰਫਿਊਜ਼ੀਆਂ ਦੀ ਮਦਦ ਕੀਤੀ ਅਤੇ ਉਸ ਦੀ ਪਤਨੀ ਪੁਸ਼ਪਾ ਗੁਜਰਾਲ ਨੇ ਹਿੰਦੂ-ਸਿੱਖ ਰਫਿਊੁਜ਼ੀਆਂ ਲਈ ਜਲੰਧਰ ਵਿਖੇ ਨਾਰੀ ਨਿਕੇਤਨ ਨਾਂਅ ਦੀ ਸੰਸਥਾ ਸਥਾਪਤ ਕੀਤੀ। ਜੇਹਲਮ ਵਿਖੇ ਉਨ੍ਹਾਂ ਦੇ ਗੁਆਂਢ ਰਹਿੰਦਿਆਂ ਉਨ੍ਹਾਂ ਦੇ ਘਰੋਂ ਪਾਣੀ ਲੈਣ ਆਉਂਦੇ ਰਹੇ ਪਰਿਵਾਰ ਦਾ ਬੇਟਾ ਕ੍ਰਿਸ਼ਨ ਕਾਂਤ ਭਾਰਤ ਦਾ ਉਪ ਰਾਸ਼ਟਰਪਤੀ ਬਣਿਆ।
ਲੇਖਕ ਵਲੋਂ ਪ੍ਰਾਪਤ ਕੀਤੀ ਫਸਟ ਹੈਂਡ ਇਨਫਰਮੇਸ਼ਨ ਲਿਖਤ ਨੂੰ ਵਿਸ਼ਵਾਸਯੋਗ ਅਤੇ ਦਿਲਚਸਪ ਬਣਾ ਦਿੰਦੀ ਹੈ। ਲੇਖਕ ਮੁਹੰਮਦ ਅਲੀ ਜਿਨਾਹ ਦੀ ਭੈਣ ਫਾਤਿਮਾ ਦੀ ਅਖੀਰਲੀ ਉਮਰ ਦੀ ਹਾਲਤ ਦਾ ਵੇਰਵਾ ਥੋੜ੍ਹੇ ਪਰ ਭਾਵਪੂਰਤ ਸ਼ਬਦਾਂ ਵਿਚ ਬਿਆਨਦਾ ਹੈ ਅਤੇ ਕਰਾਚੀ ਵਿਖੇ ਉਸ ਦੀ ਡਿੱਗੀ-ਢੱਠੀ ਰਿਹਾਇਸ਼ ਵੇਖ ਕੇ ਉਸ ਪ੍ਰਤੀ ਬਾਅਦ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਅੰਦਾਜ਼ਾ ਭਲੀ-ਭਾਂਤ ਲਗਾ ਲੈਂਦਾ ਹੈ। ਸੱਤਵਾਂ ਚੈਪਟਰ 'ਗੌਰੀ ਖਾਨਜ਼ ਗਰੈਂਡਮਦਰ ਫਰਾਮ ਲਾਇਲਪੁਰ' ਸ਼ਾਹਰੁਖ ਖਾਨ ਦੇ ਸਹੁਰਿਆਂ ਬਾਰੇ ਹੈ। ਦਿੱਲੀ ਦੇ ਰਹਿ ਚੁੱਕੇ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਵੀ ਲਾਇਲਪੁਰ ਨਾਲ ਸੰਬੰਧਿਤ ਸਨ। ਲਾਇਲਪੁਰ ਨੂੰ ਅੱਜਕਲ੍ਹ ਫੈਸਲਾਬਾਦ ਦਾ ਨਾਂਅ ਦੇ ਦਿੱਤਾ ਗਿਆ ਹੈ।
ਅੱਠਵਾਂ ਚੈਪਟਰ 'ਪਾਕਿਸਤਾਨ : ਜਿਨਾਹਜ਼ ਅਨਫੁਲਫਿਲਡ ਡਰੀਮ' ਬੜਾ ਦਿਲਚਸਪ ਚੈਪਟਰ ਹੈ ਅਤੇ ਮੁਹੰਮਦ ਅਲੀ ਜਿਨਾਹ ਦੇ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਨੂੰ ਬਿਆਨ ਕਰਦਾ ਹੈ। ਨੌਵਾਂ ਅਧਿਆਏ 'ਲਿਆਕਤ ਅਲੀ ਖ਼ਾਨ ਐਂਡ ਫ਼ਾਤਿਮਾ ਜਿਨਾਹ' ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਅਤੇ ਉਸ ਦੇ ਮੁਹੰਮਦ ਅਲੀ ਜਿਨਾਹ ਨਾਲ ਸੰਬੰਧਾਂ ਬਾਰੇ ਹੈ, ਜਿਸ ਵਿਚ ਜਿਨਾਹ ਦੀ ਭੈਣ ਫ਼ਾਤਿਮਾ ਜਿਨਾਹ ਵੀ ਅਹਿਮ ਰੋਲ ਅਦਾ ਕਰਦੀ ਹੈ। ਅਗਲਾ ਅਧਿਆਏ 'ਦਾ ਲੌਸਟ ਰਾਇਲਟੀ' ਭੋਪਾਲ ਦੇ ਨਵਾਬੀ ਪਰਿਵਾਰ ਬਾਰੇ ਹੈ, ਜਿਨ੍ਹਾਂ ਨੂੰ ਹਿੰਦੁਸਤਾਨ ਛੱਡਣ ਦੀ ਕੁਰਬਾਨੀ ਦੇਣ ਦੇ ਬਾਵਜੂਦ ਪਾਕਿਸਤਾਨ ਵਿਚ ਬਣਦਾ ਮਾਣ-ਸਤਿਕਾਰ ਕਦੀ ਨਸੀਬ ਨਾ ਹੋ ਸਕਿਆ। ਗਿਆਰਵਾਂ ਚੈਪਟਰ 'ਦੀ ਇਨਐਵੀਟੇਬਲ ਸੈਪੇਰੇਸ਼ਨ' 1971 ਵਿਚ ਹੋਈ ਬੰਗਲਾਦੇਸ਼ ਦੀ ਲੜਾਈ ਬਾਰੇ ਅਤੇ ਪੂਰਬੀ ਪਾਕਿਸਤਾਨ ਦੇ ਝਮੇਲੇ ਅਤੇ ਵੱਖਰੇ ਦੇਸ਼ ਬੰਗਲਾਦੇਸ਼ ਦੀ ਸਥਾਪਨਾ ਬਾਰੇ ਹੈ। ਆਖਰੀ ਅਧਿਆਏ 'ਮਨਮੋਹਨ ਸਿੰਘ : ਦਾ ਸੇਵੀਅਰ ਆਫ ਦੀ ਇੰਡੀਅਨ ਇਕਾਨੋਮੀ' ਹੈ, ਜੋ ਜ਼ਾਹਰ ਹੈ ਕਿ ਦੇਸ਼ ਦੇ ਤੇਹਰਵੇਂ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਬਾਰੇ ਹੈ, ਜੋ ਕਿ ਜੇਹਲਮ ਜ਼ਿਲ੍ਹੇ ਵਿਚੋਂ ਏਧਰ ਆਏ ਸਨ। ਯਾਦ ਰਹੇ ਕਿ ਇੰਦਰ ਕੁਮਾਰ ਗੁਜਰਾਲ ਵੀ ਜੇਹਲਮ ਜ਼ਿਲ੍ਹੇ ਨਾਲ ਹੀ ਸੰਬੰਧਿਤ ਸਨ। ਪਾਕਿਸਤਾਨ ਬਣਨ ਉਪਰੰਤ ਮਨਮੋਹਨ ਸਿੰਘ ਦੇ ਪਿਤਾ ਨੇ ਅੰਮ੍ਰਿਤਸਰ ਆ ਕੇ ਕਰਿਆਨੇ ਦੀ ਦੁਕਾਨ ਪਾ ਲਈ ਜਿਥੇ 1948 ਵਿਚ ਦਸਵੀਂ ਪਾਸ ਨੌਜਵਾਨ ਮਨਮੋਹਨ ਸਿੰਘ ਵੀ ਹੱਥ ਵਟਾਉਂਦਾ ਰਿਹਾ' ਮਨਮੋਹਨ ਸਿੰਘ ਦੀ ਖਾਹਿਸ਼ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਾਕਿਸਤਾਨ ਉਸ ਸਕੂਲ ਜਾ ਸਕੇ, ਜਿੱਥੇ ਉਹ ਪੜ੍ਹਦਾ ਰਿਹਾ ਸੀ ਪਰ ਅਜਿਹਾ ਹੋ ਨਾ ਹੋ ਸਕਿਆ।
ਇਸ ਪੁਸਤਕ ਵਿਚ ਮਨਮੋਹਨ ਸਿੰਘ ਵਰਗੇ ਹੋਰ ਕਈ ਅਜਿਹੇ ਹਨ ਜੋ ਵੰਡ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਆਪਣੀ ਜਨਮ ਭੂਮੀ ਦੇ ਦਰਸ਼ਨ-ਦਿਦਾਰਿਆਂ ਨੂੰ ਤਰਸ ਰਹੇ ਹਨ। ਬਹੁਤ ਸਾਰਿਆਂ ਲਈ ਵੰਡ ਦੇ ਜ਼ਖ਼ਮ ਅੱਜ ਵੀ ਦੁਖਦਾਈ ਹਨ।

-ਨਡਾਲਾ (ਕਪੂਰਥਲਾ)
ਮੋਬਾਈਲ : 97798-53245

 

ਚਿੱਤਰ ਲੀਲ੍ਹਾ
ਕਵੀ : ਅਵਤਾਰਜੀਤ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨ, ਪਟਿਆਲਾ
ਮੁੱਲ : 270 ਰੁਪਏ, ਸਫ਼ੇ : 200
ਸੰਪਰਕ : 99142-03231

ਸ਼ਾਇਰ ਅਵਤਾਰਜੀਤ ਨੇ 'ਚਿੱਤਰ ਲੀਲ੍ਹਾ' ਵਿਚ ਆਪਣੀ ਸ਼ਰਧਾ, ਸ਼ਿੱਦਤ ਤੇ ਅਹਿਸਾਸਾਂ ਦੀ ਆਰਤੀ ਉਤਾਰੀ ਹੈ। ਉਸ ਅਨੁਸਾਰ ਚਿੱਤਰ ਨੂੰ ਵੇਖਣਾ ਕਿਸੇ ਕਵਿਤਾ ਨੂੰ ਪੜ੍ਹਨ ਵਰਗਾ ਅਹਿਸਾਸ ਹੁੰਦਾ ਹੈ ਅਤੇ ਕਵਿਤਾ ਨੂੰ ਪੜ੍ਹਨਾ ਵੀ ਚਿੱਤਰ ਨੂੰ ਨਿਹਾਰਨਾ ਹੁੰਦਾ ਹੈ। ਉਹ ਕਾਵਿਕਾਰੀ ਅਤੇ ਚਿੱਤਰਕਾਰੀ ਵਿਚ ਕੋਈ ਅੰਤਰ ਨਹੀਂ ਦੇਖਦਾ ਕਿਉਂਕਿ ਦੋਵੇਂ ਪ੍ਰਕਿਰਿਆਵਾਂ ਕਿਸੇ ਸੰਵੇਦਨਸ਼ੀਲ ਵਿਅਕਤੀ ਦੀ ਆਤਮ-ਅਭਿਵਿਅਕਤੀ ਦਾ ਮੂੰਹਜ਼ੋਰ ਨਿਕਾਸ ਹੁੰਦੀਆਂ ਹਨ। ਇਸ ਸੰਗ੍ਰਹਿ ਦੀਆਂ 32-33 ਕਵਿਤਾਵਾਂ ਵਿਚ ਅਵਤਾਰਜੀਤ ਨੇ ਪੰਜਾਬ ਦੇ ਕੁਝ ਪ੍ਰਮੁੱਖ ਅਦੀਬਾਂ ਦੇ ਕਾਵਿ-ਚਿੱਤਰ ਉਲੀਕੇ ਹਨ। ਇਨ੍ਹਾਂ ਅਦੀਬਾਂ ਵਿਚ ਪ੍ਰੋ. ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਖੁਸ਼ਵੰਤ ਸਿੰਘ, ਸਾਰਾ ਸ਼ਗੁਫ਼ਤਾ, ਇਮਰੋਜ਼, ਪਾਸ਼, ਭਾਸ਼ੋ, ਦਰਸ਼ਨ ਦਰਵੇਸ਼, ਹਰਮਨਜੀਤ ਅਤੇ ਹੋਰ ਬਹੁਤ ਸਾਰੇ ਮੁਹਤਬਰ ਲੇਖਕ ਅਤੇ ਕਲਾਕਾਰ ਸ਼ਾਮਿਲ ਹਨ।
ਅਵਤਾਰਜੀਤ ਨਿਰੰਤਰ ਆਪਣੇ ਸਮਾਜ ਅਤੇ ਆਲੇ-ਦੁਆਲੇ ਨਾਲ ਖਹਿੰਦਾ ਅਤੇ ਦਸਤਪੰਜੇ ਲੈਂਦਾ ਹੋਇਆ ਅੱਗੇ ਵਧਿਆ ਹੈ। ਇਸ ਕਾਰਨ ਮਨੁੱਖੀ ਜੀਵਨ ਬਾਰੇ ਉਸਦੀ ਇਕ ਮੌਲਿਕ ਫਿਲਾਸਫ਼ੀ ਵੀ ਬਣ ਗਈ ਹੈ। ਉਹ ਆਪਣੇ ਪਾਠਕਾਂ ਨੂੰ ਕੁਝ ਸਵੈ-ਸੁਝਾਉ (auto-su{{est}on) ਵੀ ਦਿੰਦਾ ਹੈ, ਜੋ ਉਸਦੇ ਜੀਵਨ-ਸੰਘਰਸ਼ ਵਿਚੋਂ ਉਗਮੇ ਹਨ, ਜਿਵੇਂ : ਤੁਹਾਡੇ ਗੁਣਾਂ ਨੇ ਹੀ ਤੁਹਾਨੂੰ ਗੁਣਾ (×) ਕਰਨਾ ਹੈ, ਵਕਤ ਤੁਹਾਨੂੰ ਹਰ ਸਮੇਂ ਮਾਈਨਸ ਕਰਨ ਵਿਚ ਲੱਗਾ ਰਹਿੰਦਾ ਹੈ। ਹਊਮੈ ਨਹੀਂ, ਸਵੈਮਾਨ ਸਵੈ-ਸੰਵਾਦ ਨੂੰ ਆਪਣੇ ਜਪੁ-ਜਾਪ ਦਾ ਆਧਾਰ ਬਣਾਉ, ਆਪਣੇ ਆਪ ਨੂੰ ਜਗਾਓ। ਇਨ੍ਹਾਂ ਕਾਵਿ-ਚਿੱਤਰਾਂ ਵਿਚ ਕਵੀ ਆਪਣੇ ਕਿਰਦਾਰਾਂ ਦੇ ਜੀਵਨ, ਵਿਚਾਰਧਾਰਾ, ਰਚਨਾਵਾਂ, ਸਿਰਜਣ-ਪ੍ਰਕਿਰਿਆ, ਸ਼ਖ਼ਸੀਅਤ, ਉਦੇਸ਼ ਅਤੇ ਵਿਲੱਖਣਤਾ ਦਾ ਚਿਤਰਣ ਕਰਦਾ ਹੈ। ਉਸ ਦਾ ਹਰ ਚਿੱਤਰ ਸੁਹਿਰਦਤਾ, ਸਦਭਾਵਨਾ, ਮੁਹੱਬਤ ਅਤੇ ਆਤਮੀਅਤਾ (9nt}mac਼) ਨਾਲ ਲਬਰੇਜ਼ ਹੈ। ਉਹ ਆਪਣੇ ਕਿਰਦਾਰਾਂ ਦੇ ਵਜੂਦ ਵਿਚੋਂ ਹੀ ਰੰਗ ਅਤੇ ਮਿੱਟੀ ਲੈ ਕੇ ਉਨ੍ਹਾਂ ਨੂੰ ਘੜਦਾ ਹੈ। ਆਦਮ ਵਿਚੋਂ ਨਿਕਲੀ ਮਾਈ ਹਵਾ ਵਾਂਗ :
ਉਹ ਆਪ ਵਕਤ ਹੈ ਸੋਚ ਅਜੀਤ ਹੈ
ਜੇ ਦੁਨੀਆ 'ਚ ਦਰਦ ਹੈ
ਤਾਂ ਉਹ ਆਪ ਹਮਦਰਦ ਹੈ।
(ਬਰਜਿੰਦਰ ਸਿੰਘ ਹਮਦਰਦ)
ਇਹੋ ਜਹੀ ਅਨੋਖੀ ਪੁਸਤਕ ਨੂੰ ਕੌਣ ਕਾਫ਼ਰ ਪੜ੍ਹਨਾ ਨਹੀਂ ਚਾਹੇਗਾ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

11-09-2022

ਬਾਨੋ ਕੁਦਸੀਆ ਦੀਆਂ ਚੋਣਵੀਆਂ ਕਹਾਣੀਆਂ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ, ਹਰਜੀਤ ਸਿੰਘ ਅਟਵਾਲ, ਜਿੰਦਰ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਪੰਨੇ : 208
ਸੰਪਰਕ : 98148-03254


ਇਹ ਸੰਪਾਦਿਤ ਪੁਸਤਕ ਉਰਦੂ ਕਹਾਣੀਆਂ ਦਾ ਪੰਜਾਬੀ ਅਨੁਵਾਦ ਹੈ। ਕੁੱਲ ਗਿਆਰਾਂ ਕਹਾਣੀਆਂ ਹਨ। ਕਹਾਣੀਕਾਰ ਜਿੰਦਰ ਨੇ ਇਸ ਤੋਂ ਪਹਿਲਾਂ ਵੀ ਉਰਦੂ ਕਹਾਣੀ ਨੂੰ ਪੰਜਾਬੀ ਵਿਚ ਸੰਪਾਦਿਤ ਕੀਤਾ ਹੈ। ਸੰਨ ਸੰਤਾਲੀ ਦੀ ਦੇਸ਼ ਵੰਡ ਦੀਆਂ ਕਹਾਣੀਆਂ ਦਾ ਅਨੁਵਾਦਿਤ ਸੰਗ੍ਰਹਿ ਵੀ ਪਾਠਕ ਪੜ੍ਹ ਚੁਕੇ ਹਨ। ਬਾਨੋ ਕੁਦਸੀਆਂ ਦਾ ਜਨਮ (1928) ਇਧਰ ਫ਼ਿਰੋਜ਼ਪੁਰ ਦਾ ਹੈ। ਉੱਚ ਸਿੱਖਿਆ ਲਾਹੌਰ ਵਿਚ ਹਾਸਲ ਕੀਤੀ ਤੇ 2017 ਵਿਚ ਉਹ ਫੌਤ ਹੋ ਗਈ ਸੀ। ਦੋ ਦਰਜਨ ਦੇ ਕਰੀਬ ਪੁਸਤਕਾਂ ਉਸ ਨੇ ਲਿਖੀਆਂ ਹਨ, ਜਿਨ੍ਹਾਂ ਵਿਚ ਨਾਵਲ, ਕਹਾਣੀਆਂ, ਨਾਟਕ, ਜੀਵਨੀ ਸ਼ੁਮਾਰ ਹਨ। 2013 ਵਿਚ ਸੰਪਾਦਕ ਜਿੰਦਰ ਨੇ ਲਾਹੌਰ ਵਿਚ ਹੋਏ ਉਸ ਦੇ ਸਨਮਾਨ ਸਮਾਗਮ ਵਿਚ ਮੁਲਾਕਾਤ ਕੀਤੀ ਤੇ ਇਸ ਪੁਸਤਕ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਚਾਹੀ। ਖੁਸ਼ੀ ਨਾਲ ਇਹ ਆਗਿਆ ਮਿਲ ਗਈ ਤੇ ਪੁਸਤਕ ਅਨੁਵਾਦ ਰੂਪ ਵਿਚ ਛਪ ਗਈ। ਕਹਾਣੀਆਂ ਵਿਚ ਮੁਸਲਿਮ ਭਾਈਚਾਰੇ ਦੀ ਜ਼ਿੰਦਗੀ ਦੀ ਬਹੁਪੱਖੀ ਤਸਵੀਰ ਹੈ। ਖ਼ਾਸ ਕਰਕੇ ਮਰਦ ਔਰਤ ਦੇ ਰਿਸ਼ਤੇ ਦੀ ਤੰਦ ਕਿਸੇ ਨਾ ਕਿਸੇ ਪੱਖ ਤੋਂ ਹਰੇਕ ਕਹਾਣੀ ਵਿਚ ਹੈ। ਪਹਿਲੀ ਕਹਾਣੀ ਅਮਰਵੇਲ ਮੁਹੱਬਤ ਦੀ ਵੇਲ ਹੈ। ਪਾਤਰਾਂ ਦੇ ਤਿੱਖੇ ਸੰਵਾਦ ਕਹਾਣੀਆਂ ਵਿਚ ਹਨ। ਬੋਲੀ ਠੇਠ ਪੰਜਾਬੀ ਹੈ। ਲਹਿੰਦੀ ਪੰਜਾਬੀ ਵਾਲੀ ਮਿਠਾਸ ਹੈ। ਪਾਤਰੀ ਸੰਵਾਦ ਕਹਾਣੀਆਂ ਦੀ ਪ੍ਰਮੁੱਖ ਸ਼ੈਲੀ ਹੈ। ਮਰਦਾਂ ਦੇ ਵੇਸਵਾਵਾਂ ਨਾਲ ਸੰਬੰਧ ਹਨ। ਬੀਵੀਆਂ ਪ੍ਰੇਸ਼ਾਨ ਹਨ। ਔਰਤ ਦਾ ਸ਼ੋਸ਼ਣ ਹੁੰਦਾ ਹੈ। ਸੌਗਾਤ ਕਹਾਣੀ ਵਿਚ ਪਤੀ ਅੱਯਾਸ਼ ਕਿਸਮ ਦਾ ਹੈ। ਪਤਨੀ ਨਾਲ ਤਕਰਾਰ ਹੁੰਦਾ ਹੈ। ਉਹ ਦੂਸਰੀ ਔਰਤ ਘਰ ਲਿਆਉਂਦਾ ਹੈ। ਪਤਨੀ ਨੂੰ ਕਹਿੰਦਾ ਹੈ ਸੌਗਾਤ ਲਿਆਂਦੀ ਹੈ। ਉਸ ਦੇ ਬੋਲ ਹਨ ਕੀ ਕਰਾਂ ਸ਼ਰੀਫਾਂ? ਬੁਰੀ ਆਦਤ ਪੈ ਗਈ ਆ ਸੋਹਣੀ ਔਰਤ ਵੇਖ ਲਵਾਂ ਤਾਂ ਫਿਰ ਇਰਦ-ਗਿਰਦ ਕੁਝ ਨਜ਼ਰ ਨਹੀਂ ਆਉਂਦਾ। ਖੜਾਵਾਂ ਦੀ ਪਾਤਰ ਅਖ਼ਬਾਰ ਦਾ ਕਾਲਮਨਵੀਸ ਹੈ। ਵੱਖ-ਵੱਖ ਵਿਸ਼ਿਆਂ ਬਾਰੇ ਲਿਖਦੀ ਹੈ। ਉਸ ਦਾ ਨਜ਼ਦੀਕੀ ਪਾਤਰ ਖੜਾਵਾਂ ਬਾਰੇ ਲਿਖਣ ਦਾ ਕਹਿੰਦਾ ਹੈ। ਡਾਢੇ ਸੰਗ ਪ੍ਰੀਤ ਵਿਚ ਪਤੀ ਪਤਨੀ ਦਾ ਤਣਾਓ ਹੈ। ਗੱਲ ਤਲਾਕ ਤੱਕ ਚਲੀ ਜਾਂਦੀ ਹੈ। ਔਰਤ ਕਹਿੰਦੀ ਹੈ 'ਅੱਬਾ ਮੈਨੂੰ ਤਲਾਕ ਲੈ ਦੇ...।' ਕਹਾਣੀ ਅੰਤਰ ਹੋਤ ਉਦਾਸੀ ਵਿਚ ਅਜੀਬ ਮਾਹੌਲ ਹੈ । ਮਾਂ ਆਪਣੀ ਧੀ ਨੂੰ ਅਰਧ ਪਾਗਲ ਮੁੰਡੇ ਨਾਲ ਜਾਇਦਾਦ ਦੇ ਲਾਲਚ ਵਿਚ ਵਿਆਹ ਦਿੰਦੀ ਹੈ। ਉਸ ਦੀਆਂ ਝੱਲ-ਵਲੱਲੀਆਂ ਜਿਹੀਆਂ ਹਰਕਤਾਂ ਪੜ੍ਹ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਸਹੁਰਾ ਨਾਜਾਇਜ਼ ਸੰਬੰਧ ਬਣਾਉਂਦਾ ਹੈ। ਇਮੀਗ੍ਰੇਸ਼ਨ, ਡੇਅਰੀ ਫਾਰਮ, ਚਾਬੀ ਕਹਾਣੀਆਂ ਵਿਚ ਸਾਂਝੇ ਸੱਭਿਆਚਾਰ ਦੇ ਕਈ ਰੰਗ ਵੇਖੇ ਮਾਣੇ ਜਾ ਸਕਦੇ ਹਨ। ਅਨੁਵਾਦਿਤ ਸੰਗ੍ਰਹਿ ਦਾ ਸਵਾਗਤ ਹੈ ।


ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਚੁੱਪ ਦੀ ਬੁੱਕਲ
ਗ਼ਜ਼ਲਕਾਰ-ਅਮਜ਼ਦ ਆਰਫ਼ੀ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 250 ਰੁਪਏ, ਸਫ਼ੇ : 87
ਸੰਪਰਕ : 094161-24729


ਅਮਜ਼ਦ ਆਰਫ਼ੀ ਪਾਕਿਸਤਾਨੀ ਮੂਲ ਦਾ ਪੰਜਾਬੀ ਗ਼ਜ਼ਲਕਾਰ ਹੈ ਜੋ ਕਈ ਦਹਾਕਿਆਂ ਤੋਂ ਜਰਮਨ ਵਿਚ ਰਹਿ ਰਿਹਾ ਹੈ ਤੇ ਆਪਣੀ ਜ਼ਬਾਨ ਦੀ ਖ਼ਿਦਮਤ ਕਰ ਰਿਹਾ ਹੈ। 'ਚੁੱਪ ਦੀ ਬੁੱਕਲ' ਗ਼ਜ਼ਲ ਸੰਗ੍ਰਹਿ ਦੇ ਮੁਢਲੇ ਪੰਨਿਆਂ 'ਤੇ ਆਰਫ਼ੀ ਨੇ ਆਪਣੇ ਜੀਵਨ ਸੰਘਰਸ਼ ਬਾਰੇ ਬੜੇ ਰੌਚਕ ਤੱਥ ਲਿਖੇ ਹਨ। ਕੁਝ ਹੋਰ ਵਿਦਵਾਨਾਂ ਨੇ ਵੀ ਉਸ ਦੀ ਗ਼ਜ਼ਲਕਾਰੀ ਬਾਰੇ ਚੋਖਾ ਲਿਖਿਆ ਹੈ। 'ਚੁੱਪ ਦੀ ਬੁੱਕਲ' ਵਿਚ ਛਪੀਆਂ ਗ਼ਜ਼ਲਾਂ ਦੀ ਭਾਸ਼ਾ 'ਤੇ ਉਸ ਦੀ ਜੰਮਣ ਭੋਇੰ ਦਾ ਪ੍ਰਭਾਵ ਹੈ ਤੇ ਫ਼ਾਰਸੀ ਜ਼ੁਬਾਨ ਦੀ ਛਾਪ ਹੈ। ਅਮਜ਼ਦ ਆਰਫ਼ੀ ਦੀਆਂ ਤਮਾਮ ਗ਼ਜ਼ਲਾਂ ਮਨੁੱਖੀ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਦੀ ਆਪ ਬੀਤੀ ਹੈ। ਇਨ੍ਹਾਂ ਵਿਚ ਸਰਲਤਾ, ਸਪਸ਼ੱਟਤਾ ਤੇ ਬੇਲਿਹਾਜ਼ੀ ਹੈ। ਚੜ੍ਹਦੇ ਪੰਜਾਬ ਦੀ ਪੰਜਾਬੀ ਗ਼ਜ਼ਲ ਜਿਥੇ ਕਈ ਤਜ਼ਰਬਿਆਂ 'ਚੋਂ ਲੰਘ ਰਹੀ ਹੈ ਤੇ ਆਪਸ ਵਿਚ ਲੜ ਭਿੜ ਰਹੀ ਹੈ ਓਥੇ ਲਹਿੰਦੇ ਪੰਜਾਬ ਦੀ ਬਹੁਤੀ ਪੰਜਾਬੀ ਗ਼ਜ਼ਲ ਦਾ ਅੰਦਾਜ਼ ਜੋ ਪਹਿਲਾਂ ਸੀ ਹੁਣ ਵੀ ਓਹੀ ਹੈ। ਓਥੇ ਅਰੂਜ਼ ਦੀਆਂ ਬੰਦਿਸ਼ਾਂ ਦੀ ਓਨੀ ਪਰਵਾਹ ਨਹੀਂ ਕੀਤੀ ਜਾਂਦੀ, ਜਿੰਨੀ ਆਮ ਤੌਰ 'ਤੇ ਏਧਰ ਕੀਤੀ ਜਾਂਦੀ ਹੈ। 'ਚੁੱਪ ਦੀ ਬੁੱਕਲ' ਬਾਰੇ ਵੀ ਇਹੋ ਹੀ ਕਿਹਾ ਜਾ ਸਕਦਾ ਹੈ। ਅਮਜ਼ਦ ਆਰਫ਼ੀ ਵਿੰਗ ਵਲੇਵੇਂ ਪਾਉਣ ਵਿਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਉਸ ਦਾ ਸਿੱਧੀ ਗੱਲ ਕਰਨ ਵਿਚ ਯਕੀਨ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਨਸੀਹਤਾਂ ਵਰਗੇ ਹਨ ਤੇ ਸੁਚੱਜੀ ਜ਼ਿੰਦਗੀ ਜਿਊਣ ਲਈ ਪਾਠਕ ਦੀ ਅਗਵਾਈ ਕਰ ਸਕਦੇ ਹਨ। ਤਦੇ ਉਹ ਆਖਦਾ ਹੈ 'ਮੈਂ ਭਾਵੇਂ ਲੱਖ ਦਾ ਹਾਂ ਭਾਵੇਂ ਕੱਖ ਦਾ ਹਾਂ ਮੇਰੇ ਮੌਲਾ ਮੇਰੀਆਂ ਸ਼ਰਮਾਂ ਰੱਖ।' ਇਸ ਪੁਸਤਕ ਦੀ ਪਹਿਲੀ ਗ਼ਜ਼ਲ ਬਾਬੇ ਨਾਨਕ ਨੂੰ ਸਪਰਪਿਤ ਹੈ, ਜਿਸ ਤੋਂ ਸਪੱਸ਼ਟ ਹੈ ਬਾਬਾ ਨਾਨਕ ਜਿੰਨਾ ਸਾਡਾ ਹੈ ਓਨਾ ਲਹਿੰਦੇ ਪੰਜਾਬ ਦਾ ਵੀ ਹੈ। ਇਹ ਪੁਸਤਕ ਦੋਵਾਂ ਪੰਜਾਬਾਂ ਦੀ ਸਾਂਝ ਨੂੰ ਵੀ ਗੂੜ੍ਹਾ ਕਰਦੀ ਹੈ ਤੇ ਸਾਂਝ ਦਾ ਇਹ ਸਿਲਸਿਲਾ ਚਲਦਾ ਰਹਿਣਾ ਚਾਹੀਦਾ ਹੈ।


c c c


ਨਿਗਾਹਬਾਨੀਆਂ
ਸ਼ਾਇਰ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 175 ਰੁਪਏ, ਸਫ਼ੇ : 88
ਸੰਪਰਕ : 094161-24729


'ਨਿਗਾਹਬਾਨੀਆਂ' ਤੋਂ ਪਹਿਲਾਂ ਕੈਨੇਡਾ ਵਿਚ ਵਸਦੇ ਸ਼ਾਇਰ ਸ਼ਾਹਗੀਰ ਸਿੰਘ ਗਿੱਲ ਦੇ ਦਰਜਨ ਤੋਂ ਉੱਤੇ ਕਾਵਿ ਸੰਗ੍ਰਹਿ ਹੋਰ ਛਪ ਚੁੱਕੇ ਹਨ। ਇਸ ਪੁਸਤਕ ਵਿਚ ਉਸ ਦੀਆਂ ਪਚਵੰਜਾ ਦੇ ਕਰੀਬ ਛੋਟੀਆਂ-ਵੱਡੀਆਂ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ 'ਚੋਂ ਵਧੇਰੇ ਧਾਰਮਿਕ ਤੇ ਸਮਾਜਿਕ ਹਨ। 'ਨਿਗਾਹਬਾਨੀਆਂ' ਦੀਆਂ ਕਵਿਤਾਵਾਂ ਦਾ ਆਗ਼ਾਜ਼ 'ਜਨਮ ਦਿਨ ਸਾਹਿਬੇ ਕਮਾਲ' ਨਾਲ ਹੁੰਦਾ ਤੇ ਪੁਸਤਕ ਦੇ ਅਗਲੇ ਪੰਨਿਆਂ 'ਤੇ ਵੀ ਅਜਿਹੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਹਨ। ਆਪਣੀ ਆਖ਼ਰੀ ਕਵਿਤਾ 'ਸੁਹਿਰਦ ਸੰਭਾਲ' ਵਿਚ ਉਹ ਪਾਠਕ ਨੂੰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂ-ਬਰੂ ਕਰਵਾਉਂਦਾ ਹੈ। ਉਹ ਕਹਿੰਦਾ ਹੈ ਜ਼ਿੰਦਗੀ 'ਤੇ ਤਕਲੀਫ਼ਾਂ ਦਾ ਹਮਲਾ ਉਦੋਂ ਹੁੰਦਾ ਹੈ ਜਦੋਂ ਅਸੀਂ ਅਕਸਰ ਸਹਿਣ ਕਰਨ ਦੇ ਕਾਬਲ ਨਹੀਂ ਹੁੰਦੇ। ਸ਼ਾਇਰ ਕਹਿੰਦਾ ਹੈ ਉਹ ਮਾਪੇ ਖ਼ੁਸ਼ਕਿਸਮਤ ਹਨ ਜਿਨ੍ਹਾਂ ਦੀ ਔਲਾਦ ਉਨ੍ਹਾਂ ਦਾ ਖ਼ਿਆਲ ਰੱਖਦੀ ਹੈ। ਗਿੱਲ ਜ਼ਮਾਨੇ ਨੂੰ ਤਮਾਸ਼ਾਈ ਸਮਝਦਾ ਹੈ ਤੇ ਇਸ ਦੀ ਹਕੀਕਤ ਨੂੰ ਸਮਝਣ ਲਈ ਹਰ ਮਨੁੱਖ ਨੂੰ ਘਰ ਤੋਂ ਬਾਹਰ ਦੀ ਦੁਨੀਆ ਦੀ ਸਮਝ ਜ਼ਰੂਰੀ ਹੈ। ਸ਼ਾਇਰ ਮੁਤਾਬਕ ਸਮਾਂ ਬਹੁਤੀ ਦੇਰ ਨਹੀਂ ਟਿਕਦਾ ਤੇ ਸਾਨੂੰ ਇਸ ਨਾਲ ਕਦਮ ਮਿਲਾ ਕੇ ਚਲਦੇ ਰਹਿਣਾ ਚਾਹੀਦਾ ਹੈ। 'ਨਿਗਾਹਬਾਨੀਆਂ' ਦੀਆਂ ਤਮਾਮ ਰਚਨਾਵਾਂ ਛੰਦ ਬੱਧ ਤਾਂ ਹਨ ਪਰ ਛੰਦ ਬੱਧਤਾ ਵਿਚ ਕਿਤੇ-ਕਿਤੇ ਉਲਝਣਾਂ ਹਨ। ਫਿਰ ਵੀ ਇਹ ਪੁਸਤਕ ਵਿਸ਼ੇਸ਼ ਪ੍ਰਕਾਰ ਦੇ ਪਾਠਕਾਂ ਨੂੰ ਜ਼ਰੂਰ ਪਸੰਦ ਆਵੇਗੀ।


ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਸਿਰਜਣਾ ਦੀ ਜੂਹ

ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ,ਸਫ਼ੇ : 168
ਸੰਪਰਕ : 94638-36591


ਜਸਬੀਰ ਭੁੱਲਰ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਸ ਨੇ ਸਾਹਿਤ ਦੀ ਹਰ ਵਿਧਾ ਵਿਚ ਗੌਲਣਯੋਗ ਸਾਹਿਤ ਰਚਨਾ ਕੀਤੀ ਹੈ। 'ਸਿਰਜਣਾ ਦੀ ਜੂਹ' ਇਸ ਸਾਲ ਪ੍ਰਕਾਸ਼ਿਤ ਉਸ ਦੀ ਸੱਜਰੀ ਵਾਰਤਕ ਕਿਤਾਬ ਹੈ, ਜੋ ਸਾਹਿਤ ਅਤੇ ਚਿੱਤਰਕਾਰੀ ਦੇ ਅੱਠ ਸਿਰਜਣਹਾਰਿਆਂ ਨਾਲ ਡੂੰਘੀਆਂ ਮੁਲਾਕਾਤਾਂ 'ਤੇ ਆਧਾਰਿਤ ਹੈ। ਇਸ ਦੇ ਅੰਤਰਗਤ ਉਸ ਨੇ ਭੂਮਿਕਾ (ਸਿਰਜਣਾ ਦੀ ਜੂਹ ਤੋਂ ਪਹਿਲਾਂ, ਪੰਨੇ 9-10) ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ, ਗੁਰਬਚਨ ਸਿੰਘ ਭੁੱਲਰ, ਸੁਖਵੰਤ ਕੌਰ ਮਾਨ ਅਤੇ ਖੁਦ (ਜਸਬੀਰ ਭੁੱਲਰ) (ਸਾਰੇ ਲੇਖਕ) ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਹਨ; ਜਦਕਿ ਚਿੱਤਰਕਾਰੀ ਦੇ ਮਹਾਂਰਥੀਆਂ ਵਿਚ ਪ੍ਰੇਮ ਸਿੰਘ, ਜਗਦੀਪ ਗਰਚਾ, ਸਤਵੰਤ ਸਿੰਘ ਸੁਮੇਲ ਅਤੇ ਮਦਨ ਲਾਲ ਦੇ ਨਾਂਅ ਸ਼ਾਮਿਲ ਹਨ।ਇਹ ਸਾਰੀਆਂ ਹੀ ਮੁਲਾਕਾਤਾਂ ਸਰਸਰੀ ਜਾਂ ਸਾਧਾਰਨ ਪੱਧਰ ਦੀਆਂ ਨਹੀਂ, ਸਗੋਂ ਲੇਖਕ ਨੇ ਪਹਿਲਾਂ ਖੁਦ ਉਨ੍ਹਾਂ ਦੇ ਸਾਹਿਤ/ਚਿੱਤਰਕਾਰੀ ਨੂੰ ਜਾਣਿਆ/ਸਮਝਿਆ ਤੇ ਫਿਰ ਬਹੁਤ ਹੀ ਦਿਲਚਸਪ ਅਤੇ ਸੰਜੀਦਾ ਸਵਾਲ ਕਰਕੇ ਉਨ੍ਹਾਂ ਦੀ ਸਿਰਜਣਕਾਰੀ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ। ਸਾਹਿਤਕਾਰਾਂ 'ਚੋਂ ਗੁਰਬਚਨ ਸਿੰਘ ਭੁੱਲਰ ਨਾਲ ਮੁਲਾਕਾਤ (ਪੰਨੇ 30-60), ਸਭ ਤੋਂ ਲੰਮੀ ਹੈ (30 ਪੰਨੇ), ਤੇ ਇਹ ਬਹੁਤ ਸਹਿਜ, ਸਰਲ ਤੇ ਸਪੱਸ਼ਟ ਹੈ, ਵਿਚੋਂ ਇਕ-ਦੋ ਵਾਕ : 'ਗੁਰਦਿਆਲ ਸਿੰਘ ਮੈਨੂੰ ਆਪਣੀ ਇਕ ਕਹਾਣੀ ਬਾਰੇ ਕਹਿਣ ਲੱਗਾ- ਮੈਂ 'ਮਸਤੀ ਬੋਤਾ' ਕਹਾਣੀ ਸਤਾਰਾਂ ਵਾਰ ਲਿਖੀ ਹੈ। ਮੈਂ ਹੱਸ ਕੇ ਉਹ ਨੂੰ ਕਿਹਾ-ਜਦੋਂ ਇਹ ਕਹਾਣੀ ਦੋ-ਤਿੰਨ ਵਾਰ ਤੇਰੇ ਕਾਬੂ ਨਹੀਂ ਸੀ ਆਈ, ਇਸ ਸਾਲ਼ੀ ਨੂੰ ਪਾੜ ਕੇ ਸਿੱਟਦਾ ਤੇ ਇੰਨੀ ਮਿਹਨਤ ਨਾਲ ਸਤਾਰਾਂ ਹੋਰ ਕਹਾਣੀਆਂ ਲਿਖਦਾ।' (ਪੰਨਾ 36)। ਚਿੱਤਰਕਾਰ ਪ੍ਰੇਮ ਸਿੰਘ, ਜਿਸ ਦੀ ਮੁਲਾਕਾਤ ਚਿੱਤਰਕਾਰਾਂ ਵਿਚੋਂ ਸਭ ਤੋਂ ਲੰਮੀ ਹੈ (19 ਪੰਨੇ) ਦੀ ਕਲਾ ਸਿਰਜਣਾ ਵਿਚੋਂ-'ਮੇਰੇ ਲਈ ਹਰ ਕੋਰਾ ਕੈਨਵਸ ਚੁਣੌਤੀ ਹੈ, ਉਕਸਾਉਂਦਾ ਹੈ, ਡਰਾਉਂਦਾ ਹੈ, ਉਤਸ਼ਾਹਿਤ ਕਰਦਾ ਨਾਲ ਹੀ ਪੁੱਛਦਾ ਹੈ ਕਿ ਪੇਂਟਿੰਗ ਤਾਂ ਚਿਰਾਂ ਤੋਂ ਹੋ ਰਹੀ ਹੈ ਚਿੱਤਰਕਾਰ! ਤੇਰੇ ਵਿਚ ਐਸਾ ਕੀ ਹੈ ਕਿ ਤੂੰ ਮੇਰੇ ਕੋਰੇਪਣ ਨਾਲ ਖੇਡ ਰਿਹਾ ਹੈਂ...।' (ਪੰਨਾ 115)
ਪੁਸਤਕ ਵਿਚ ਸਾਰੇ ਲੇਖਕਾਂ/ਚਿੱਤਰਕਾਰਾਂ ਦੀਆਂ ਤਸਵੀਰਾਂ ਵੀ ਮੌਜੂਦ ਹਨ। ਪੁਸਤਕ ਦੇ ਫਲੈਪ-ਕਵਰ ਵਿਚ ਤਾਂ ਪੁਸਤਕ ਅਤੇ ਲੇਖਕ ਦਾ ਨਾਂਅ ਦਰਜ ਹੈ, ਜਦਕਿ ਜਿਲਦ ਉੱਤੇ ਸਿਰਫ਼ ਲੇਖਕ ਦਾ ਨਾਂਅ ਹੀ ਹੈ, ਪੁਸਤਕ ਦਾ ਨਾਂਅ ਛਪਣੋਂ ਰਹਿ ਗਿਆ ਹੈ। ਪਤਾ ਨਹੀਂ ਕਿ ਇਹ ਮੇਰੇ ਕੋਲ ਪਹੁੰਚੀ ਪੁਸਤਕ ਵਿਚ ਹੀ ਹੈ ਜਾਂ ਸਾਰੀਆਂ ਕਿਤਾਬਾਂ ਵਿੱਚ।


ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਮੈਨੂੰ ਰੰਗ ਦੇ...
ਲੇਖਕ : ਜੀ.ਐਸ. ਚੰਨ ਪਟਿਆਲਵੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 151
ਸੰਪਾਰਕ : 98156-55951


ਗੁਰਚਰਨ ਸਿੰਘ ਚੰਨ ਪਟਿਆਲਵੀ ਦੀ ਕਵਿਤਾ 'ਮੁਹੱਬਤ ਦੇ ਦੀਵੇ 'ਬਾਲਣ' ਲਈ ਯਤਨਸ਼ੀਲ ਹੈ। ਪਿਛਲੇ ਦਸ-ਬਾਰ੍ਹਾਂ ਵਰ੍ਹਿਆਂ ਤੋਂ ਉਹ ਸ. ਕੁਲਵੰਤ ਸਿੰਘ ਨਾਰੀਕੇ ਵਲੋਂ ਪ੍ਰਕਾਸ਼ਿਤ ਹੋਣ ਵਾਲੇ ਮੈਗਜ਼ੀਨ 'ਗੁਸਈਆ' ਦਾ ਆਨਰੇਰੀ ਸੰਪਾਦਕ ਵੀ ਹੈ। ਉਸ ਦੀਆਂ ਕਵਿਤਾਵਾਂ ਪ੍ਰਗੀਤਾਤਮਿਕ ਹਨ। ਉਹ ਵਿਵਿਧ ਰੰਗਾਂ ਨਾਲ ਕਵਿਤਾ ਲਿਖਣ ਅਤੇ ਜਿਉਣ ਦਾ ਇਛੁੱਕ ਹੈ। ਉਹ ਲਾਲ, ਕਾਲਾ, ਸਾਵਾ, ਬਸੰਤੀ ਆਦਿ ਹਰ ਰੰਗ ਨੂੰ ਮਾਣਨਾ ਅਤੇ ਰੱਜ ਕੇ ਹੰਢਾਉਣਾ ਲੋਚਦਾ ਹੈ। ਉਸ ਲਈ ਹਰ ਰੰਗ ਜੀਵਨ ਦੀ ਕਿਸੇ ਨਵੀਂ ਲੋਚਾ ਅਤੇ ਰਮਜ਼ ਦਾ ਪ੍ਰਤੀਕ ਹੈ। ਪ੍ਰਕਿਰਤੀ ਅਤੇ ਵਾਤਾਵਰਨ ਉਸ ਦੀਆਂ ਕਵਿਤਾਵਾਂ ਨੂੰ ਇਕ ਖ਼ੂਬਸੂਰਤ ਪਿੱਠਭੂਮੀ ਪ੍ਰਦਾਨ ਕਰਦਾ ਹੈ। ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਜਦੋਂ ਬਹੁਤੇ ਮਨੁੱਖ ਪ੍ਰਕਿਰਤੀ ਤੋਂ ਬੇਮੁੱਖ ਹੋ ਗਏ ਹਨ ਅਤੇ ਇਸ ਕਾਰਨ ਖੰਡਿਤ ਮਹਿਸੂਸ ਕਰਦੇ ਹਨ, ਚੰਨ ਪਟਿਆਲਵੀ ਪੂਰੀ ਤਰ੍ਹਾਂ ਨਾਲ ਪ੍ਰਕਿਰਤੀ ਦੇ ਅੰਗ-ਸੰਗ ਦਿਖਾਈ ਦਿੰਦਾ ਹੈ। ਉਹ ਪ੍ਰਕਿਰਤੀ ਦੇ ਵਿਭਿੰਨ ਦ੍ਰਿਸ਼ਾਂ ਅਤੇ ਸਰਗਰਮੀਆਂ ਨੂੰ ਇਕ ਵਿਸ਼ਾਲ 'ਗੀਤਾਂਜਲੀ' ਦੇ ਵਿਭਿੰਨ ਗੀਤ ਮੰਨਦਾ ਹੈ। ਉਹ ਮਨੁੱਖੀ ਜੀਵਨ ਨੂੰ ਕੋਈ ਬੋਝ ਜਾਂ ਸਰਾਪ ਮੰਨਣ ਦੀ ਬਜਾਇ ਕੁਦਰਤ ਦਾ ਇਕ ਬਹੁਮੁੱਲਾ ਵਰਦਾਨ ਮੰਨਦਾ ਹੈ ਅਤੇ ਉਹ ਕਥਿਤ ਸੱਭਿਅਕ ਮਨੁੱਖ ਵਾਂਗ ਕੁਦਰਤ ਨਾਲ ਖਿਲਵਾੜ ਕਰਨ ਦੀ ਬਜਾਇ ਜਾਂਗਲੀ ਮਨੁੱਖ ਵਾਂਗ ਕੁਦਰਤ ਦੀ ਪੂਜਾ ਕਰਨ ਦਾ ਸੰਦੇਸ਼ ਦਿੰਦਾ ਹੈ। ਕਵੀ ਨੂੰ ਆਪਣੇ ਬਚਪਨ ਦੀਆਂ ਯਾਦਾਂ ਨਾਲ ਡੂੰਘਾ ਸਨੇਹ ਹੈ। ਆਪਣੇ ਪਿੰਡ ਨੰਦਪੁਰ ਕਲੌੜ ਦੇ ਅਨੇਕ ਦ੍ਰਿਸ਼ ਉਸ ਦੀ ਸਿਮਰਤੀ ਦਾ ਸ਼ਿੰਗਾਰ ਬਣੇ ਹੋਏ ਹਨ ਅਤੇ ਉਸ ਦੀਆਂ ਕਵਿਤਾਵਾਂ ਵਿਚ ਕਰੀਨੇ ਨਾਲ ਗੁੰਦੇ ਹੋਏ ਹਨ। ਉਹ ਲਿਖਦਾ ਹੈ
ਬੰਦਿਆਂ ਦੇ ਜੰਗਲ ਨੂੰ ਪਾਰ ਕਰ
ਪਹੁੰਚ ਜਾਂਦਾ ਹਾਂ ਪਿੰਡ ਦੇ
ਅੰਮੀ ਲੁਹਾਰ ਕੋਲ...
ਬਾਤ ਪਾਉਂਦਾ ਹੈ ਅੰਮੀ
ਰਾਜ ਕੁਮਾਰ ਦੀ...।
ਚੰਨ ਪਟਿਆਲਵੀ ਚਿੰਤਨ ਅਤੇ ਫਲਸਫ਼ੇ ਦਾ ਕਵੀ ਹੈ। ਹੌਲੀ-ਹੌਲੀ ਉਸ ਦੀ ਕਾਵਿ-ਕਲਾ ਹੋਰ ਪਰਿਪੱਕ ਅਤੇ ਧਾਰਦਾਰ ਹੁੰਦੀ ਜਾਵੇਗੀ।


ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136


ਜਾਦੂ- ਪੱਤਾ
ਲੇਖਕ : ਪਾਲੀ ਖਾਦਿਮ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 145 ਰੁਪਏ, ਸਫ਼ੇ : 56
ਸੰਪਰਕ : 99143-10063


ਇਹ ਬਾਲ ਨਾਵਲ ਇਕ ਸਕੂਲੀ ਬੱਚੇ ਗੋਪਾਲ ਦੇ ਦੁਆਲੇ ਘੁੰਮਦਾ ਹੈ, ਜਿਸ ਨੂੰ ਸਾਰੇ ਬੱਚੇ ਲੱਲੂ ਕਹਿ ਕੇ ਛੇੜਦੇ ਹਨ। ਪਰ ਉਸ ਦੀਆਂ ਰੁਚੀਆਂ ਬਾਕੀ ਬੱਚਿਆਂ ਨਾਲੋਂ ਅਲਗ ਖੋਜੀ ਕਿਸਮ ਦੀਆਂ ਹਨ। ਉਹ ਬੱਚਿਆਂ ਨਾਲ ਖੇਡਣ ਦੀ ਬਜਾਏ ਉਹ ਜ਼ਿਆਦਾ ਕਰਕੇ ਪਿੰਡੋਂ ਦੂਰ ਬੀਆਬਾਨ ਵਿਚ ਬਹੁਤ ਹੀ ਪੁਰਾਣੇ ਪਿੱਪਲ ਥੱਲੇ ਜਾ ਕੇ ਬਹਿੰਦਾ ਹੈ। ਉਸ ਨੂੰ ਸਾਥੀ ਬੱਚੇ ਤਾਂ ਬਹੁਤ ਘੱਟ ਬੁਲਾਉਂਦੇ ਹਨ ਪਰ ਪੁਰਾਣੇ ਪਿੱਪਲ ਥੱਲੇ ਜਦੋਂ ਬਹਿੰਦਾ ਹੈ ਤਾਂ ਉਸ ਵਿਚੋਂ ਉਸ ਨੂੰ ਆਵਾਜ਼ਾਂ ਆਉਂਦੀਆਂ ਹਨ ਪਹਿਲਾਂ ਤਾਂ ਉਹ ਡਰ ਜਾਂਦਾ ਹੈ ਫਿਰ ਪਿੱਪਲ ਦਾ ਉਹ ਪੱਕਾ ਮਿੱਤਰ ਬਣ ਜਾਂਦਾ ਹੈ। ਪਿੱਪਲ ਉਸ ਨੂੰ ਖੁਸ਼ ਹੋ ਕੇ ਇਕ ਆਪਣਾ ਪੱਤਾ ਦਿੰਦਾ ਹੈ ਅਤੇ ਆਖਦਾ ਹੈ ਕਿ ਇਹ ਜਾਦੂ ਦਾ ਪੱਤਾ ਹੈ। ਤੂੰ ਜਿਹੜਾ ਵੀ ਸੁਪਨਾ ਲੈਣਾ ਚਾਹੇਂ ਇਹ ਓਹੀ ਸੁਪਨਾ ਤੈਨੂੰ ਵਿਖਾ ਸਕਦਾ ਹੈ। ਗੋਪਾਲ ਉਹ ਜਾਦੂ ਦਾ ਪੱਤਾ ਲੈ ਕੇ ਆਪਣੇ ਘਰ ਆ ਜਾਂਦਾ ਹੈ ਅਤੇ ਰਾਤ ਨੂੰ ਆਪਣੇ ਸਿਰ੍ਹਾਣੇ ਥੱਲੇ ਰੱਖ ਲੈਂਦਾ ਹੈ ਅਤੇ ਖੁੱਲ੍ਹੇ ਅਸਮਾਨ ਵਿਚ ਜਾਣ ਦਾ ਸੁਪਨਾ ਪੱਤੇ ਨੂੰ ਦੱਸ ਦਿੰਦਾ ਹੈ। ਲੇਖਕ ਇਸੇ ਬਹਾਨੇ ਬਹੁਤ ਹੀ ਕਲਾਤਮਿਕ ਢੰਗ ਨਾਲ ਗੋਪਾਲ ਨੂੰ ਤਾਰਿਆਂ ਦੇ ਦੇਸ਼ ਵਿਚ ਲੈ ਜਾਂਦਾ ਹੈ ਉਥੇ ਉਸ ਨੂੰ 'ਕੋਵ' ਮਿਲ ਜਾਂਦਾ ਹੈ ਜਿਹੜਾ ਕਿ ਉਸ ਦਾ ਮਿੱਤਰ ਬਣ ਜਾਂਦਾ ਹੈ ਉਹ ਸਵਾਗਤ ਕਰਦਾ ਹੋਇਆ ਆਖਦਾ ਹੈ ਕਿ ਮੈਂ 'ਏਲੀਅਨਾਂ' ਦੇ ਦੇਸ਼ ਤੋਂ ਆਇਆਂ ਹਾਂ ਮੈਂ ਤੈਨੂੰ ਪੂਰੇ ਬ੍ਰਹਿਮੰਡ ਦੀ ਸੈਰ ਕਰਾਵਾਂਗਾ। ਉਹ ਉਥੇ ਉਸ ਨੂੰ ਸਾਡੇ ਸਾਰੇ 'ਸੌਰ ਮੰਡਲ' ਦਾ ਗਿਆਨ ਦਿੰਦਾ ਹੈ। ਧਰਤੀ, ਸੂਰਜ, ਚੰਦਰਮਾ, ਤਾਰੇ ਅਤੇ ਸਮੂਹ ਗ੍ਰਹਿਾਂ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਮਨੁੱਖ ਦੀਆਂ ਇਸ ਬ੍ਰਹਿਮੰਡ ਨੂੰ ਸੰਭਾਲਣ ਦੀਆਂ ਜੋ ਜ਼ਿੰਮੇਵਾਰੀਆਂ ਬਾਰੇ ਵੀ ਸੁਚੇਤ ਕਰਦਾ ਹੈ। ਵਾਤਾਵਰਨ ਨੂੰ ਸੰਭਾਲਣ ਬਾਰੇ ਵੀ ਸਿੱਖਿਆ ਦਿੰਦਾ ਹੈ। ਓਹੀ ਬੱਚਾ ਉਸ ਸੁਪਨੇ ਤੋਂ ਬਾਅਦ ਬਹੁਤ ਹੀ ਸੁਚੇਤ ਹੋ ਜਾਂਦਾ ਹੈ। ਸਕੂਲ ਵਲੋਂ ਬ੍ਰਹਿਮੰਡ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਕੇ ਸਾਰੇ ਬੱਚਿਆਂ ਨੂੰ ਦੰਗ ਕਰ ਦਿੰਦਾ ਹੈ। ਮਾਸਟਰ ਜੀ ਨੇ ਸਾਰੇ ਬੱਚਿਆਂ ਨੂੰ ਆਖਿਆ ਕਿ ਹੁਣ ਇਸ ਨੂੰ ਲੱਲੂ ਕਹਿ ਕੇ ਕਿਸੇ ਨਹੀਂ ਬੁਲਾਉਣਾ ਗੋਪਾਲ ਸਿੰਘ ਕਹਿ ਕੇ ਬੁਲਾਉਣਾ ਹੈ। ਕੁੱਲ ਮਿਲਾ ਕੇ ਲੇਖਕ ਨੇ ਬਹੁਤ ਹੀ ਮੁਸ਼ਕਿਲ ਵਿਸ਼ੇ ਨੂੰ ਬਹੁਤ ਹੀ ਸਰਲ, ਠੇਠ ਅਤੇ ਕਲਾਤਮਿਕ ਢੰਗ ਨਾਲ ਬਾਲਾਂ ਨੂੰ ਸਮਝਾਉਣ ਦਾ ਬਹੁਤ ਹੀ ਸਾਰਥਕ ਯਤਨ ਕੀਤਾ ਹੈ। ਮੈਂ ਜਿੱਥੇ ਲੇਖਕ ਦੀ ਸੋਚਣੀ ਅਤੇ ਮਿਹਨਤ ਦੀ ਦਾਦ ਦਿੰਦਾ ਹਾਂ ਉਥੇ ਬਾਲਾਂ ਨੂੰ ਇਹ ਪਿਆਰੀ ਜਿਹੀ ਪੁਸਤਕ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896


ਨਾ ਨਰ ਨਾ ਨਾਰੀ
ਲੇਖਿਕਾ : ਹਰਦੀਪ ਬਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ,
ਮੁੱਲ : 250 ਰੁਪਏ, ਸਫ਼ੇ : 121
ਸੰਪਰਕ : 81465-90488


ਇਹ ਨਿਵੇਕਲੀ ਪੁਸਤਕ ਕਿੰਨਰ ਸਮਾਜ ਨੂੰ ਸਮਰਪਿਤ ਹੈ। ਇਹ ਇਕ ਸਾਂਝਾ ਸੰਗ੍ਰਹਿ ਹੈ, ਜਿਸ ਵਿਚ ਕਿੰਨਰਾਂ ਨਾਲ ਕੀਤੀਆਂ ਮੁਲਾਕਾਤਾਂ ਅਤੇ ਵੱਖੋ-ਵੱਖਰੇ ਕਵੀਆਂ ਦੁਆਰਾ ਕਿੰਨਰਾਂ ਪ੍ਰਤੀ ਲਿਖੀਆਂ ਕਵਿਤਾਵਾਂ ਦਰਜ ਹਨ। ਕਿੰਨਰ ਪਰਮਾਤਮਾ ਦੀ ਇਕ ਵੱਖਰੀ ਕਿਸਮ ਦੀ ਸਿਰਜਣਾ ਹੈ ਜੋ ਨਾ ਤਾਂ ਨਰ ਹੁੰਦੇ ਹਨ, ਨਾ ਹੀ ਨਾਰੀਆਂ। ਇਨ੍ਹਾਂ ਦੇ ਜਨਮ 'ਤੇ ਮਾਤਾ-ਪਿਤਾ ਖੁਸ਼ੀਆਂ ਨਹੀਂ, ਸਗੋਂ ਮਾਤਮ ਮਨਾਉਂਦੇ ਹਨ। ਵਿੱਦਿਅਕ ਅਦਾਰਿਆਂ ਅਤੇ ਸਮਾਜ ਵਿਚ ਇਨ੍ਹਾਂ ਨੂੰ ਤਾਹਨਿਆਂ-ਮਿਹਣਿਆਂ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੇ ਦਿਲ ਵੀ ਮੁਹੱਬਤ ਲਈ ਤੜਫ਼ਦੇ ਹਨ ਪਰ ਸਮਾਜ ਇਨ੍ਹਾਂ ਨੂੰ ਪਰਵਾਨ ਨਹੀਂ ਕਰਦਾ। ਇਹ ਕਦੇ ਵੀ ਮਾਂ-ਬਾਪ ਨਹੀਂ ਬਣ ਸਕਦੇ। ਇਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਸ੍ਰੀ ਰਾਮਚੰਦਰ ਜੀ ਦੀ ਔਲਾਦ ਹਨ। ਜਦੋਂ ਰਾਮਚੰਦਰ ਜੀ ਬਨਵਾਸ ਕੱਟ ਕੇ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਨਰ-ਨਾਰੀਆਂ ਵਾਪਸ ਮੁੜ ਜਾਉ। ਸਾਰੇ ਚਲੇ ਗਏ ਪਰ ਕਿੰਨਰ ਭੁੱਖੇ ਤਿਹਾਏ ਉੱਥੇ ਹੀ ਖੜ੍ਹੇ ਰਹੇ। ਰਾਮ ਜੀ ਦੇ ਪੁੱਛਣ 'ਤੇ ਇਨ੍ਹਾਂ ਦੱਸਿਆ ਕਿ ਅਸੀਂ ਤਾਂ ਨਾ ਨਰ ਹਾਂ, ਨਾ ਨਾਰੀਆਂ, ਇਸ ਲਈ ਇੱਥੇ ਹੀ ਖੜ੍ਹੇ ਹਾਂ। ਰਾਮ ਜੀ ਨੇ ਵਰ ਦਿੱਤਾ ਕਿ ਕਲਜੁਗ ਵਿਚ ਤੁਹਾਡੀ ਪੂਜਾ ਹੋਵੇਗੀ। ਤੁਸੀਂ ਜਿਸ ਘਰ ਵੀ ਜਾਉਗੇ, ਤੁਹਾਡੀਆਂ ਦੁਆਵਾਂ ਲੱਗਣਗੀਆਂ ਅਤੇ ਤੁਹਾਨੂੰ ਨੇਕਨਾਮੀ ਮਿਲੇਗੀ। ਕਿੰਨਰ ਸਭ ਦੀ ਸੁੱਖ ਮੰਗਦੇ ਹਨ ਅਤੇ ਵਧਾਈਆਂ ਦੇ ਆਸਰੇ ਹੀ ਜਿਊਂਦੇ ਹਨ। ਇਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹੁਣ ਸੁਪਰੀਮ ਕੋਰਟ ਨੇ ਕਿੰਨਰ ਸਮਾਜ ਨੂੰ ਕਾਫੀ ਅਧਿਕਾਰ ਦਿੱਤੇ ਹਨ, ਜਿਸ ਅਨੁਸਾਰ ਉਨ੍ਹਾਂ ਨੂੰ ਵੋਟ ਪਾਉਣ, ਨੌਕਰੀ ਕਰਨ, ਬੱਚਾ ਗੋਦ ਲੈਣ ਦਾ ਹੱਕ ਹੈ। ਇਹ ਡੇਰੇ ਬਣਾ ਕੇ ਰਹਿੰਦੇ ਹਨ, ਜਿਨ੍ਹਾਂ ਦੇ ਮੁਖੀ ਮਹੰਤ ਅਖਵਾਉਂਦੇ ਹਨ। ਲੇਖਿਕਾ ਨੇ ਕਿੰਨੂ, ਜਸਲੀਨ, ਤਮੰਨਾ ਅਤੇ ਸੋਨੀਆ ਮਹੰਤਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਦੇ ਵਿਚਾਰ ਪੁਸਤਕ ਵਿਚ ਦਰਜ ਕੀਤੇ ਹਨ। ਇਨ੍ਹਾਂ ਦੇ ਮਨੋਵਿਗਿਆਨ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਇਨ੍ਹਾਂ ਦੀ ਪੀੜ ਵੰਡਾਈ ਹੈ। ਇਹ ਅਭਾਗੀਆਂ ਰੂਹਾਂ ਆਪਣੀ ਪਛਾਣ, ਹੋਂਦ ਅਤੇ ਸਤਿਕਾਰ ਲਈ ਤਰਸਦੀਆਂ ਰਹਿੰਦੀਆਂ ਹਨ। ਲੋਕਾਂ ਦੀਆਂ ਤਨਜ਼ਾਂ, ਭੱਦੇ ਮਜ਼ਾਕ, ਉਮਰ ਭਰ ਦੇ ਸੰਤਾਪ ਹੰਢਾਉਂਦੇ ਇਹ ਲੋਕ ਦੁਨੀਆ 'ਤੇ ਜਿਵੇਂ ਆਉਂਦੇ ਹਨ, ਉਵੇਂ ਹੀ ਤੁਰ ਜਾਂਦੇ ਹਨ। ਲੇਖਿਕਾ ਨੇ ਇਨ੍ਹਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰ ਕੇ ਸਾਡੇ ਦਿਲਾਂ ਨੂੰ ਵੀ ਝੰਜੋੜਿਆ ਹੈ। ਤਾੜੀਆਂ ਮਾਰ ਕੇ ਨੱਚਦੇ ਗਾਉਂਦੇ ਕਿੰਨਰਾਂ ਦੇ ਦਿਲਾਂ ਵਿਚ ਵੀ ਅਰਮਾਨ ਹਨ, ਕਿਸੇ ਨੂੰ ਆਪਣਾ ਬਣਾਉਣ ਦੀ ਰੀਝ ਹੈ। ਇਹ ਪੁਸਤਕ ਕਿੰਨਰਾਂ ਪ੍ਰਤੀ ਹਮਦਰਦੀ ਅਤੇ ਸਦਭਾਵ ਜਗਾਉਂਦੀ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋਬਾਈਲ : 98147-16367


ਉਮਰਾਂ ਦੇ ਪੈਂਡੇ

ਲੇਖਕ : ਰਣਜੀਤ ਸਿੰਘ ਔਲਖ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 104,
ਸੰਪਰਕ : 94174-55894


ਪੁਸਤਕ ਦੇ ਲੇਖਕ ਅਤੇ ਨਾਇਕ ਮਾ. ਰਣਜੀਤ ਸਿੰਘ ਔਲਖ ਨੇ ਆਪਣੀ ਇਸ ਸਵੈ-ਜੀਵਨੀ ਵਿਚ ਆਪਣੇ ਜੀਵਨ ਸੰਘਰਸ਼ ਨੂੰ ਢੁਕਵੀਂ ਬੋਲੀ-ਸ਼ੈਲੀ ਰਾਹੀਂ ਪੇਸ਼ ਕਰਕੇ ਸਿੱਧ ਕੀਤਾ ਹੈ ਕਿ ਉਸ ਨੇ ਜੀਵਨ ਦਾ ਅੱਖੀਂ ਡਿੱਠਾ ਸੱਚ ਨੰਗੇ ਪਿੰਡੇ ਹੰਢਾਇਆ ਹੈ। ਇਕ ਸੱਚਾ-ਸਫਲ ਅਧਿਆਪਕ ਕਿਵੇਂ ਦਾ ਹੁੰਦਾ ਹੈ? ਕਿਹੋ ਜਿਹਾ ਹੁੰਦਾ ਇਕ ਕਾਮਯਾਬ ਪਿਤਾ-ਪਤੀ? ਪੁਸਤਕ ਪੜ੍ਹਦਿਆਂ ਪਾਠਕ ਨੇੜਿਓਂ ਤੱਕਦਾ ਹੈ। ਪੁਸਤਕ ਵਿਚ ਪੰਜਾਬ ਦੇ ਮਾਲਵੇ ਖਿੱਤੇ ਦੇ ਵਿੱਦਿਅਕ ਢਾਂਚੇ ਬਾਰੇ, ਢਾਂਚੇ ਦੀ ਸਥਾਪਤੀ ਬਾਰੇ ਤੱਥ-ਭਰਪੂਰ ਜਾਣਕਾਰੀ ਮਿਲਦੀ ਹੈ। ਅਨੁਭਵੀ ਲੇਖਕ ਸਾਰਥਕ ਟਿੱਪਣੀਆਂ ਕਰਦਾ ਹੋਇਆ ਆਪਣਾ ਨਜ਼ਰੀਆ ਵੀ ਨਾਲੋਂ-ਨਾਲ ਸਪੱਸ਼ਟ ਕਰਦਾ ਜਾਂਦਾ ਹੈ।
ਚਾਰ ਭਾਗਾਂ ਵਿਚ ਵੱਡੀੇ ਇਹ ਸਵੈ-ਜੀਵਨੀ ਮਾਲਵੇ ਦੇ ਸਿਰਕੱਢ ਕਸਬੇ ਜ਼ੀਰੇ ਅਤੇ ਇਸ ਦੇ ਆਲੇ-ਦੁਆਲੇ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ। ਜੋ ਬੇਹੱਦ ਸਾਰਥਕ ਹੈ। ਪੁਸਤਕ ਦੇ ਅੰਤ ਵਿਚ ਆਪਣੇ ਤਿੱਖੇ ਅਨੁਭਵ ਦੀ ਵਰਤੋਂ ਕਰਦਿਆਂ ਚੰਦ ਸੰਖੇਪ ਜੀਵਨੀਆਂ ਦਰਜ ਕੀਤੀਆਂ ਹਨ ਜੋ ਉਸ ਦੀ ਕਲਮ ਦੇ ਇਕ ਹੋਰ ਖੂਬਸੂਰਤ ਪੱਖ ਨੂੰ ਪੇਸ਼ ਕਰਦੀਆਂ ਹਨ। ਇਹ ਸਵੈ-ਜੀਵਨੀ ਉਸ ਦੀ ਪਲੇਠੀ ਸਾਹਿਤ-ਰਚਨਾ ਦੀ ਕਾਮਯਾਬ ਅਤੇ ਸੱਚੀ ਸੁੱਚੀ ਮਿਸਾਲ ਹੈ ਜਿਸ ਨੂੰ ਉਸ ਨੇ ਪੁਸਤਕ ਵਿਚ ਦਰਜ ਖ਼ੁਦ ਵਲੋਂ ਲਿਖੇ 'ਮੁੱਖ ਬੰਦ' ਵਿਚ ਇਉਂ ਸਪਸ਼ਟ ਕੀਤਾ ਹੈ। ਉਹ ਲਿਖਦਾ ਹੈ, 'ਲਿਖਣ ਵੱਲ ਤਾਂ ਮੈਂ ਆਖਰੀ ਉਮਰੇ ਸਬੱਬ ਪ੍ਰੇਰਿਆ ਗਿਆ।' ਉਸ ਦੀ ਬੋਲੀ, ਅੰਦਾਜ਼-ਏ-ਬਿਆਂ, ਬਿਰਤਾਂਤ ਦੀ ਰਸਮਈ ਸ਼ੈਲੀ ਪਾਠਕ ਨੂੰ ਇਸ ਸਵੈ-ਜੀਵਨੀ ਨੂੰ ਇਕੋ ਬੈਠਕ ਵਿਚ ਪੜ੍ਹਨ ਲਈ ਮਜਬੂਰ ਕਰਦੀ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
c c c


ਨਿੱਕੀਆਂ-ਨਿੱਕੀਆਂ ਸਾਹਿਤਕ ਬੂੰਦਾਂ
ਲੇਖਕ - ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ - 98764-52223


'ਨਿੱਕੀਆਂ-ਨਿੱਕੀਆਂ ਸਾਹਿਤਕ ਬੂੰਦਾਂ' ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ 85 ਦੇ ਕਰੀਬ ਕਹਾਣੀਆਂ ਲਿਖੀਆਂ ਹਨ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰਾ ਪੰਜਾਬੀ ਸਾਹਿਤ ਲਿਖਿਆ ਹੈ। ਹਥਲੀ ਪੁਸਤਕ ਦੀ ਪਹਿਲੀ ਕਹਾਣੀ 'ਵੱਢੀ ਦੀ ਹੱਦ' ਹੈ, ਜਿਸ ਵਿਚ ਫਾਂਸੀ ਲੱਗਣ ਵਾਲੇ ਕੋਲੋਂ ਵੀ ਵੱਢੀ ਲੈ ਲਈ ਜਾਂਦੀ ਹੈ ਬਾਰੇ ਦੱਸਿਆ ਹੈ। ਅਗਲੀ ਕਹਾਣੀ 'ਪੰਜਾਬੀ ਨੂੰ ਪਿਆਰ' ਵਿਚ ਇਕ ਪਤੀ ਆਪਣੀ ਪਤਨੀ ਨੂੰ ਪੰਜਾਬੀ ਦੀ ਡਿਕਸ਼ਨਰੀ ਲਿਆ ਕੇ ਦਿੰਦਾ ਹੈ ਜਦੋਂ ਉਹ ਕਹਿੰਦੀ ਹੈ ਕਿ ਮੈਨੂੰ ਤੇਰੇ ਨਾਲ ਏਨਾ ਪਿਆਰ ਹੈ ਕਿ ਇਸ ਨੂੰ ਪ੍ਰਗਟ ਕਰਨ ਲਈ ਸ਼ਬਦ ਨਹੀਂ ਮਿਲ ਰਹੇ। ਅਗਲੀ ਕਹਾਣੀ 'ਪਿੰਡ ਦੀ ਸੱਥ' ਇਕ ਵਿਅੰਗਮਈ ਕਹਾਣੀ ਹੈ, ਜਿਸ ਵਿੱਚ ਦਵਾਈ ਤੇ ਦਾਰੂ ਬਾਰੇ ਦੱਸਿਆ ਗਿਆ ਹੈ। 'ਕੁਝ ਬੱਚਿਆਂ ਤੋਂ ਸਿੱਖੋ' ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਲੜਾਈ ਤੋਂ ਬਾਅਦ ਵੀ ਇੱਕੋ ਜਿਹੇ ਹੋ ਜਾਂਦੇ ਹਨ। ਅਗਲੀ ਕਹਾਣੀ 'ਮਾਲੀ ਦੀ ਸਿੱਖਿਆ' ਹੈ ਕਿ ਇੱਕ ਮਾਲੀ ਵੱਧ ਤੋਂ ਵੱਧ ਅੰਬਾਂ ਦੇ ਦਰੱਖ਼ਤ ਲਗਾਉਣ ਦਾ ਅਜਿਹਾ ਉਪਰਾਲਾ ਕਰਦਾ ਹੈ ਕਿ ਉਹ ਸੁਪਰਵਾਈਜ਼ਰ ਹੀ ਬਣ ਜਾਂਦਾ ਹੈ। 'ਰੱਬ ਨੂੰ ਉਲਾਂਭੇ' ਕਹਾਣੀ ਵਿਚ ਇਕ ਪੰਡਿਤ ਨੂੰ ਨਸੀਹਤ ਦਿੱਤੀ ਗਈ ਹੈ ਜੋ ਮਾੜੀ ਮੋਟੀ ਗੱਲ 'ਤੇ ਰੱਬ ਨੂੰ ਉਲਾਂਭਾ ਦਿੰਦਾ ਹੈ ਪਰ ਜਦੋਂ ਸੱਚੀਂ-ਮੁੱਚੀਂ ਰੱਬ ਉਸ ਨੂੰ ਕਹਿੰਦਾ ਹੈ ਕਿ 'ਆ ਮੇਰੇ ਨਾਲ!' ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। 'ਚੰਗਾ ਚੋਰ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਮਨਦੀਪ ਉਸ ਵੇਲੇ ਹੈਰਾਨ ਹੁੰਦੀ ਹੈ ਜਦੋਂ ਚੋਰ ਵਲੋਂ ਭੇਜੇ ਗਏ ਪੈਸਿਆਂ ਅਤੇ ਪਰਸ ਤੋਂ ਬਿਨਾਂ ਡਾਕੀਆ ਉਸ ਨੂੰ ਜ਼ਰੂਰੀ ਕਾਗਜ਼ਾਤ ਦੇ ਕੇ ਜਾਂਦਾ ਹੈ। ਇਸ ਤਰ੍ਹਾਂ ਕਹਾਣੀਕਾਰ ਬਹਾਦਰ ਸਿੰਘ ਗੋਸਲ ਨੇ ਸਮੁੱਚੇ ਰੂਪ ਵਿਚ ਚੌਗਿਰਦੇ ਵਿਚੋਂ ਵਾਪਰਦੀਆਂ ਘਟਨਾਵਾਂ ਦੀ ਨਿਸ਼ਾਨਦੇਹੀ ਕਰਕੇ ਹੀ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
c c c


ਸੁੱਚੇ ਅੱਥਰੂ
ਗ਼ਜ਼ਲਕਾਰ : ਮੇਜਰ ਭੁਪਿੰਦਰ ਦਲੇਰ
ਪ੍ਰਕਾਸ਼ਕ : ਬੁੱਕਬਾਰ ਪਬਲਸ਼ਿੰਗ ਹਾਊਸ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 84
ਸੰਪਰਕ : 94658-05696


ਮੇਜਰ ਭੁਪਿੰਦਰ ਦਲੇਰ ਦੀ ਇਹ ਤੀਜੀ ਕਾਵਿ ਪੁਸਤਕ ਹੈ। ਹਥਲੀ ਪੁਸਤਕ ਦਾ ਇਹ ਦੂਜਾ ਐਡੀਸ਼ਨ ਹੈ। ਹਥਲੇ ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਹੀ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੇ ਮਿਆਰ ਦੀਆਂ ਅਤੇ ਮੰਝੇ ਹੋਏ ਹੱਥਾਂ ਦੀ ਕਿਰਤ ਹਨ। ਦੇਸ ਰਾਜ ਕਾਲੀ ਇਸ ਦੇ ਮੁੱਖ ਬੰਦ ਵਿਚ ਲਿਖਦਾ ਹੈ ਕਿ ਦਲੇਰ ਦੀ ਗ਼ਜ਼ਲ ਧੜਕਦੀ ਹੈ ਤੇ ਗ਼ਜ਼ਲ ਦੇ ਸਾਹਾਂ ਵਿਚ ਦਲੇਰ ਧੜਕਦਾ ਹੈ। ਉਹ ਕਈ ਵਾਰ ਖਿਆਲ ਨਾਲ ਭਾਸ਼ਾਈ ਔਜ਼ਾਰ ਲੈ ਕੇ ਖੇਡਦਾ ਹੈ....
ਪੁਸਤਕ ਵਿਚੋਂ ਕੁਝ ਸ਼ਿਅਰ ਹਾਜ਼ਰ ਹਨ, ਜਿਨ੍ਹਾਂ ਤੋਂ ਪਾਠਕ ਇਸ ਸ਼ਿਅਰਕਾਰੀ ਦੇ ਮਿਆਰ ਤੈਅ ਕਰ ਸਕਦੇ ਹਨ
ਅਜਬ ਇਕ ਧੁੰਦ ਜਿਹੀ ਦਿਸਦੀ ਹੈ ਅੱਥਰੂ ਚੋਣ ਤੋਂ ਪਹਿਲਾਂ,
ਤੇਰੀ ਹੀ ਯਾਦ ਆਉਂਦੀ ਹੈ ਹਮੇਸ਼ਾ ਰੋਣ ਤੋਂ ਪਹਿਲਾਂ
ਸਰੇ ਬਾਜ਼ਾਰ ਵਿਕਦਾ ਸੀ ਚੌਰਾਹੇ ਵਿਚ ਦਲੇਰਾ ਤੂੰ
ਅਸਾਂ ਨੂੰ ਪਰ ਪਿਆ ਮੁੜਨਾ ਤਮਾਸ਼ਾ ਹੋਣ ਤੋਂ ਪਹਿਲਾਂ।
ਦਲੇਰ ਵਰਤਾਰੇ ਦੇ ਕਾਰਨਾਂ ਦੀ ਖਾਮੋਸ਼ੀ ਉੱਤੇ ਤਨਜ਼ ਕਰਦਾ ਹੈ :
- ਭਲਾ ਇਹ ਕਿਸ ਤਰ੍ਹਾਂ ਦੇ ਹਾਦਸੇ ਹੁਣ ਹੋਣ ਲੱਗੇ ਨੇ,
ਕਿ ਸੁੱਕੀ ਅੱਖ ਦੇ ਵਿਚੋਂ ਵੀ ਅੱਥਰੂ ਚੋਣ ਲੱਗੇ ਨੇ।
ਸ਼ਾਇਰ ਦਾ ਸਫ਼ਰ ਤੇ ਉਮੀਦ ਕੋਲ ਕੋਲ ਹੀ ਰਹਿੰਦੇ ਨੇ :
ਕਦੇ ਅੰਬਰ ਕਦੇ ਖੰਡਰ ਕਦੇ ਫਿਰਦਾਂ ਖਿਲਾਅ ਅੰਦਰ,
ਕਦੇ ਜਗਦਾਂ ਕਦੇ ਬੁਝਦਾ ਭਟਕਦੀ ਇਸ ਹਵਾ ਅੰਦਰ।
ਉਸ ਦਾ ਇਹ ਭਾਵਪੂਰਨ ਤੇ ਨਵੀਨ ਚਿੰਨ੍ਹਾਂ ਵਾਲਾ ਸ਼ਿਅਰ ਦੇ ਕੇ ਤਸਦੀਕ ਕਰਦਾ ਹਾਂ ਕਿ ਪੁਸਤਕ ਦੀ ਸ਼ਿਅਰਕਾਰੀ ਗ਼ਜ਼ਲ ਤਕਨੀਕ ਦੀ ਰਹਿਤਲ ਵਿਚ ਹੈ-
ਮੈਂ ਮਿਲਣੇ ਨੂੰ ਤੇ ਆ ਜਾਵਾਂ ਵਿਛੜਨ ਤੋਂ ਬੜਾ ਡਰਦਾਂ,
ਨਾ ਬੈਠੋ ਕੋਲ ਮੇਰੇ ਕਿ ਮੈਂ ਪਿਘਲਣ ਤੋਂ ਬੜਾ ਡਰਦਾਂ।


ਸੁਲੱਖਣ ਸਰਹੱਦੀ
ਮੋਬਾਈਲ : 94174-84337
c c c


ਪਹੁ-ਫੁਟਾਲੇ ਤੱਕ
ਲੇਖਕ : ਰਿਪੁਦਮਨ ਸਿੰਘ ਰੂਪ
ਮੁੱਲ : 350 ਰੁਪਏ, ਸਫ਼ੇ : 110
ਪ੍ਰਕਾਸ਼ਕ : ਲੋਕ-ਗੀਤ ਪ੍ਰਕਾਸ਼ਨ, ਚੰਡੀਗੜ੍ਹ
ਸੰਪਰਕ : 98767-68960


ਪੰਜਾਬੀ ਸਾਹਿਤ ਦੇ ਖੇਤਰ 'ਚ ਕਾਫ਼ੀ ਜਾਣਿਆ-ਪਛਾਣਿਆ ਨਾਂਅ ਹੈ ਰਿਪੁਦਮਨ ਸਿੰਘ ਰੂਪ। ਇਸ ਪੁਸਤਕ 'ਚ ਉਨ੍ਹਾਂ ਦੀਆਂ ਲਿਖੀਆਂ ਹੋਈਆਂ 11 ਕਹਾਣੀਆਂ ਹਨ, ਜੋ ਕਿ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹਨ। ਉਨ੍ਹਾਂ ਦੀਆਂ ਕਹਾਣੀਆਂ ਨੂੰ ਪੜ੍ਹਦਿਆ ਪਾਠਕ ਕਿਤੇ ਅਕੇਵਾਂ ਮਹਿਸੂਸ ਨਹੀਂ ਕਰਦਾ। ਉਤਸੁਕਤਾ ਏਨੀ ਹੈ ਕਿ ਪਾਠਕ ਦੇ ਮਨ 'ਚ ਇਹ ਜਾਣਨ ਦੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ ਕਿ ਕਹਾਣੀ ਦਾ ਅੰਤ ਕੀ ਹੋਵੇਗਾ। ਵਾਰਤਾਲਾਪ, ਸ਼ੈਲੀ, ਰਵਾਨਗੀ, ਪਾਤਰ-ਉਸਾਰੀ ਸੁਚੱਜੀ ਹੋਣ ਕਾਰਨ ਪਾਠਕ ਦੇ ਮਨ ਦੀ ਦਿਲਚਸਪੀ ਕਾਫ਼ੀ ਜ਼ਿਆਦਾ ਬਣੀ ਰਹਿੰਦੀ ਹੈ। ਦ੍ਰਿਸ਼ ਚਿਤਰਨ ਵੀ ਕਮਾਲ ਦਾ ਪੇਸ਼ ਕੀਤਾ ਗਿਆ ਹੈ। ਕਹਾਣੀਆਂ ਨੂੰ ਪੜ੍ਹਦਿਆਂ ਸਾਰੀ ਗੱਲਬਾਤ ਕਿਸੇ ਫ਼ਿਲਮ ਦੇ ਦ੍ਰਿਸ਼ ਵਾਂਗ ਨਾਲੋ-ਨਾਲ ਦਿਮਾਗ਼ 'ਚ ਚੱਲੀ ਜਾਂਦੀ ਹੈ। ਇਹ ਕਹਾਣੀਆਂ ਯਥਾਰਥਵਾਦੀ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਕਹਾਣੀਆਂ ਨੂੰ ਲਿਖਣ ਲਈ ਲੇਖਕ ਨੂੰ ਕੋਈ ਬਹੁਤਾ ਉਚੇਚਾ ਯਤਨ ਨਾ ਕਰਨਾ ਪਿਆ ਹੋਵੇ, ਸਗੋਂ ਸੁਭਾਵਿਕ ਅਤੇ ਸਹਿਜੇ ਹੀ ਇਨ੍ਹਾਂ ਦੀ ਸਿਰਜਣਾ ਹੋ ਗਈ ਹੋਵੇ। 'ਸਫ਼ਲ ਬੰਦੇ ਪਿਛਲੀ ਔਰਤ' ਕਹਾਣੀ ਗੰਭੀਰ ਵਿਸ਼ੇ 'ਤੇ ਆਧਾਰਿਤ ਹੈ ਅਤੇ ਕਹਾਣੀ ਦੇ ਪਾਤਰ ਲੇਖਕ ਦੀ ਪਤਨੀ ਦੀ ਮਾਨਸਿਕਤਾ ਨੂੰ ਬਿਆਨ ਕੀਤਾ ਗਿਆ ਹੈ। 'ਗਿਰਝ' ਕਹਾਣੀ 'ਚ ਅਜਨਬੀ ਬੰਦੇ ਦੇ ਘਰ 'ਚ ਠਹਿਰਾਅ ਕਾਰਨ ਪੈਦਾ ਹੋਈ ਬੇਚੈਨੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। 'ਪਿੰਡ ਦੀ ਧੀ', 'ਆਪਣਾ ਘਰ' 'ਪਾਲਾ ਸਬਜ਼ੀ ਵਾਲਾ' ਵਿਸ਼ੇ 'ਤੇ ਪੇਸ਼ਕਾਰੀ ਪੱਖੋਂ ਵਧੀਆ ਕਹਾਣੀਆਂ ਹਨ। 'ਪਹੁ-ਫੁਟਾਲੇ ਤੱਕ' ਕਹਾਣੀ 'ਚ ਜਵੰਦਾ ਸਿੰਘ ਵਰਗੇ ਆਦਰਸ਼ਵਾਦੀ ਪਾਤਰ ਸਿਰਜੇ ਗਏ ਹਨ। ਆਖ਼ਰੀ ਕਹਾਣੀ 'ਸਤਿਕਾਰਯੋਗ' 'ਚ ਗੁਰਦੇਵ ਸਿੰਘ ਅਸੂਲਪ੍ਰਸਤ ਬੰਦਾ ਹੈ, ਜੋ ਪੈਦਾ ਹੋਏ ਹਾਲਾਤ ਅੱਗੇ ਗੋਡੇ ਨਹੀਂ ਟੇਕਦਾ, ਸਗੋਂ ਸਵੈਮਾਨ ਨਾਲ ਜ਼ਿੰਦਗੀ ਜਿਊਂਦਾ ਹੈ। ਪੁਸਤਕ ਦੀ ਬਾਹਰੀ ਦਿੱਖ ਆਕਰਸ਼ਕ ਹੈ।


ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110


ਤੰਦਾਂ
ਨਾਵਲਕਾਰ : ਅਸ਼ੋਕ ਵਸ਼ਿਸ਼ਠ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਦਿੱਲੀ
ਮੁੱਲ : 700 ਰੁਪਏ, ਸਫ਼ੇ : 358
ਸੰਪਰਕ : 098106-28570


'ਤੰਦਾਂ' ਨਾਵਲ ਅਸ਼ੋਕ ਵਸ਼ਿਸ਼ਠ ਦੁਆਰਾ ਲਿਖਿਆ ਵੱਡ-ਆਕਾਰੀ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਪੰਜਾਬੀਆਂ ਦੀ ਜ਼ਿੰਦਗੀ ਉਤੇ ਆਏ ਅਨੇਕਾਂ ਝੱਖੜਾਂ ਅਤੇ ਮੁਸੀਬਤਾਂ ਨੂੰ ਪੇਸ਼ ਕਰਦਿਆਂ ਉਨ੍ਹਾਂ ਦੀ ਦ੍ਰਿੜ੍ਹਤਾ, ਹੌਸਲੇ ਅਤੇ ਸਿਦਕਦਿਲੀ ਦੀ ਗੱਲ ਕੀਤੀ ਹੈ, ਜਿਹੜੀ ਉਨ੍ਹਾਂ ਨੂੰ ਮੁੜ ਜਿਊਣ-ਜੋਗੇ ਕਰ ਦਿੰਦੀ ਸੀ। ਉਹ ਖੁਦ ਤਾਂ ਜਿਉਣ ਜੋਗੇ ਹੁੰਦੇ ਹੀ ਰਹੇ ਨਾਲ ਹੀ ਨਾਲ ਸਰਬ-ਸਾਂਝੀ ਮਨੁੱਖਤਾ ਲਈ ਵੀ ਸੇਵਾ ਦੇ ਕਾਰਜ ਕਰਦੇ ਰਹੇ। ਨਾਵਲ ਦੀ ਕਹਾਣੀ ਦੋ ਭਾਗਾਂ ਵਿਚ ਵੰਡ ਕੇ ਲੇਖਕ ਨੇ ਦੋਹਾਂ ਦੀਆਂ ਤੰਦਾਂ ਨੂੰ ਜੋੜਨ ਦਾ ਯਤਨ ਕੀਤਾ ਹੈ। ਪਹਿਲੇ ਹਿੱਸੇ ਵਿਚ 1947 ਦੀ ਦੇਸ਼ ਵੰਡ ਦਾ ਦੁਖਾਂਤ ਹੈ, ਜਿਸ ਨੂੰ ਪੰਜਾਬੀਆਂ ਨੇ ਆਪਣੇ ਹੱਡੀਂ ਹੰਢਾਇਆ ਅਤੇ ਵਸਦੇ-ਰਸਦੇ ਘਰ-ਬਾਰ ਛੱਡ ਕੇ ਨਵੀਆਂ ਧਰਤੀਆਂ ਆਬਾਦ ਕੀਤੀਆਂ। ਇਸੇ ਤਰ੍ਹਾਂ 1984 ਦੇ ਸਿੱਖ ਕਤਲੇਆਮ ਵਿਚ ਦੰਗਾਈਆਂ ਨੇ ਸਿੱਖਾਂ ਦੀਆਂ ਕੀਮਤੀ ਜਾਨਾਂ ਦਾ ਘਾਣ ਕਰਦੇ ਹੋਏ ਉਨ੍ਹਾਂ ਦੇ ਕਿਵੇਂ ਕਾਰੋਬਾਰ ਤਬਾਹ ਕਰਕੇ ਬੇਘਰ ਕੀਤਾ ਉਸ ਦੇ ਵਿਸਤ੍ਰਿਤ ਬਿਰਤਾਂਤਕ ਚਿੱਤਰ ਇਸ ਨਾਵਲ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਪਰ ਇਨ੍ਹਾਂ ਦੋਹਾਂ ਦੀ ਦੁਖਾਂਤਕ ਪ੍ਰਸਥਿਤੀਆਂ ਵਿਚੋਂ ਨਾਵਲਕਾਰ ਨੇ ਇਕ ਸਾਂਝੀ 'ਤੰਦ' ਦਾ ਜ਼ਿਕਰ ਵੀ ਕੀਤਾ ਹੈ, ਉਹ ਹੈ ਸੱਚੇ-ਸੁੱਚੇ ਮੋਹ ਦੀ ਤੰਦ। ਨਾਵਲ ਵਿਚ ਬਹੁਤ ਸਾਰੇ ਪਾਤਰ ਹਨ, ਜਿਹੜੇ ਵੱਖ-ਵੱਖ ਧਾਰਮਿਕ ਫਿਰਕਿਆਂ ਨਾਲ ਸੰਬੰਧਿਤ ਹਨ ਪਰ ਉਨ੍ਹਾਂ ਦਾ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨਿਰਸਵਾਰਥ ਹੈ। ਉਹ ਬਗ਼ੈਰ ਕਿਸੇ ਭੇਦ-ਭਾਵ ਦੇ ਇਕ ਦੂਜੇ ਦੀ ਮਦਦ ਵੀ ਕਰਦੇ ਹਨ ਅਤੇ ਇਕ ਦੂਜੇ ਦੇ ਦੁੱਖ-ਸੁੱਖ ਵਿਚ ਵੀ ਸ਼ਰੀਕ ਹੁੰਦੇ ਹਨ। ਨਾਵਲ ਸਦਭਾਵਨਾ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦਾ ਹੈ। ਇਹ ਨਾਵਲ ਤੀਹ ਕਾਂਡਾਂ ਵਿਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਬਹੁਤ ਸਾਰੇ ਬਿਰਤਾਂਤ ਇਕ ਸਾਂਝੇ ਸੂਤਰ ਦੇ ਰੂਪ ਵਿਚ ਪੇਸ਼ ਹੋਏ ਹਨ। ਨਾਵਲਕਾਰ ਨੇ ਸੰਘਣੇ ਬਿਰਤਾਂਤਕ ਚੌਖਟੇ ਦੁਆਰਾ ਹਾਂ-ਵਾਚੀ ਸੁਨੇਹਾ ਦੇਣ ਦਾ ਯਤਨ ਕੀਤਾ ਹੈ।


ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਸੋਮਾ ਸਬਲੋਕ ਦੀਆਂ ਪ੍ਰਤੀਨਿਧ ਕਹਾਣੀਆਂ
ਸੰਪਾਦਕ : ਡਾ. ਹੀਰਾ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 94175-34823


ਇਸ ਪੁਸਤਕ ਵਿਚ ਸੂਝਵਾਨ ਸੰਪਾਦਕ ਨੇ ਸੋਮਾ ਸਬਲੋਕ ਦੀਆਂ 26 ਪ੍ਰਤੀਨਿਧ ਕਹਾਣੀਆਂ ਸੰਕਲਿਤ ਕੀਤੀਆਂ ਹਨ। ਇੱਕਾ-ਦੁੱਕਾ ਨੂੰ ਛੱਡ ਕੇ ਲਗਭਗ ਸਾਰੀਆਂ ਕਥਾਵਾਂ ਔਰਤ-ਜਾਤੀ ਦੇ ਹੱਕਾਂ ਦੀ ਬਾਤ ਪਾਉਂਦੀਆਂ ਹਨ। ਇਥੋਂ ਤੱਕ ਕਿ ਥਰਡ-ਜੈਂਡਰ ਵੀ ਅਣਛੂਹਿਆ ਨਹੀਂ ਰਿਹਾ। ਇਨ੍ਹਾਂ ਕਹਾਣੀਆਂ ਦੇ ਅਧਿਐਨ ਤੋਂ ਨਤੀਜਾ ਪ੍ਰਾਪਤ ਹੁੰਦਾ ਹੈ ਕਿ ਮਰਦ ਔਰਤ ਨੂੰ ਆਪਣੇ ਅਧੀਨ ਰੱਖਣ ਲਈ ਕਿਹੜੇ-ਕਿਹੜੇ ਹੱਥ-ਕੰਡੇ ਵਰਤਦਾ ਹੈ। ਔਰਤ ਦੀ ਅਜਿਹੀ ਦਸ਼ਾ ਸਾਡੀ ਸਮਾਜਿਕ ਬਣਤਰ (ਸੋਸ਼ਲ ਕੰਨਸਟੱਕਟ) ਦੀ ਦੇਣ ਹੈ। ਸਾਈਮਨ ਦ ਬੋਵੇਰ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਔਰਤ ਲੇਖਕਾਂ ਨੂੰ ਜਾਗ੍ਰਿਤੀ ਪ੍ਰਦਾਨ ਕੀਤੀ। 1970 ਤੋਂ ਬਾਅਦ ਤਾਂ ਮਰਦ-ਪ੍ਰਧਾਨ ਸਮਾਜ ਵਿਰੁੱਧ ਇਕ ਪ੍ਰਕਾਰ ਦੀ ਬਗ਼ਾਵਤ ਉੱਭਰਦੀ ਹੈ। ਸੋਮਾ ਦੀਆਂ ਕਹਾਣੀਆਂ ਤਿੰਨ ਸਟੇਜਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਫੈਮਨਿਨ ਫ਼ੇਜ਼, ਫੈਮਨਿਟੀ ਫ਼ੇਜ਼ ਅਤੇ ਫ਼ੈਮੀਨਿਸਟ ਫ਼ੇਜ਼। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਵਿਚ ਧੀਆਂ ਦੇ ਜਜ਼ਬਾਤਾਂ ਨੂੰ ਬਿਨਾਂ ਸਮਝੇ ਵੱਡੀ ਉਮਰ ਦੇ ਬੰਦਿਆਂ ਨਾਲ ਪੌਂਡਾਂ/ਡਾਲਰਾਂ ਦੇ ਲਾਲਚ-ਵਸ ਗਲਨੈੜ ਕਰਨਾ, ਧੀਆਂ ਦੇ ਸੁਪਨਿਆਂ ਦੀ ਮੌਤ, ਰਿਸ਼ਤਿਆਂ ਦਾ ਤਾਰ-ਤਾਰ ਹੋਣਾ, ਧੀਆਂ ਦੇ ਅਸਤਿਤਵ ਦਾ ਗੁਆਚਣਾ ਆਦਿ ਦਾ ਗਲਪੀਕਰਨ ਉਪਲਭਧ ਹੈ। ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਦੋ ਕਿਸਮ ਦੇ ਰਿਸ਼ਤਿਆਂ ਦਰਮਿਆਨ ਤਣਾਓ ਹੈ ਇਹ ਹਨ ਭਾਵਨਾਤਮਿਕ ਅਤੇ ਵਿਵਰਜਿਤ। ਸਾਰੀਆਂ ਕਹਾਣੀਆਂ ਵਿਚ ਨਾਇਕਾਵਾਂ ਪ੍ਰਸ਼ਨ-ਸੂਚਕ ਸ਼ਬਦਾਵਲੀ ਵਿਚ ਮਰਦ-ਪਾਤਰਾਂ ਨੂੰ ਵੰਗਾਰਦੀਆਂ ਪੜ੍ਹੀਆਂ ਜਾ ਸਕਦੀਆਂ ਹਨ।
ਜੀਵ-ਵਿਗਿਆਨਕ ਦ੍ਰਿਸ਼ਟੀ ਅਨੁਸਾਰ ਔਰਤ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ। ਸੰਵਾਦ-ਜੁਗਤ ਰਾਹੀਂ ਔਰਤ ਅਤੇ ਮਰਦ-ਪਾਤਰਾਂ ਦਾ ਮਨੋਵਿਸ਼ਲੇਸ਼ਣ ਕੀਤਾ ਗਿਆ ਹੈ। ਅਨੇਕਾਂ ਨਾਇਕਾਵਾਂ ਆਪਣੇ ਅਸਤਿਤਵ ਨੂੰ ਬੁਲੰਦ ਕਰਦੀਆਂ ਪੜ੍ਹੀਆਂ ਜਾ ਸਕਦੀਆਂ ਹਨ।
ਸੋਮਾ ਸਬਲੋਕ ਹਰ ਕਹਾਣੀ ਦੇ ਆਰੰਭ ਵਿਚ ਅਜਿਹੀ ਤਥਾਤਮਕਤਾ (ਫੈਕਟੀਨਿਟੀ) ਸਿਰਜਦੀ ਹੈ, ਭਾਵ ਅਜਿਹਾ ਵਾਤਾਵਰਨ ਜਿਸ ਵਿਚ ਉਹ ਆਪਣੇ ਪਾਤਰਾਂ ਦੀ ਪੇਸ਼ਕਾਰੀ ਕਰਦੀ ਹੈ। ਉਸ ਦੀ ਦ੍ਰਿਸ਼-ਵਿਗਿਆਨਕ ਸੂਝ (ਫੈਨੌਮੀਨੌਲਜੀ) ਪਾਤਰਾਂ ਨੂੰ ਘਟਨਾਵਾਂ ਰਾਹੀਂ ਸਮਝਦੀ ਹੈ। ਉਸ ਨੂੰ ਪਾਤਰਾਂ ਦੀ ਦੁਫ਼ਾੜ-ਮਾਨਸਿਕਤਾ ਦੀ ਸਮਝ ਹੈ। ਚੇਤਨ-ਧਾਰਾ ਵਿਧੀ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਅਣਕਹੀ ਤਕਨੀਕ ਦੀ ਥਾਂ ਪੁਰ ਥਾਂ ਵਰਤੋਂ ਹੈ। ਇਨ੍ਹਾਂ ਕਹਾਣੀਆਂ ਦਾ ਗਲਪ ਪੈਰਾਡਾਇਮ 'ਨਾਰੀਵਾਦ' ਹੀ ਸਮਝਣਾ ਬਣਦਾ ਹੈ। ਪਾਤਰ ਇਸੇ ਸਿਧਾਂਤ ਦੇ ਅੰਤਰਗਤ ਬਹਿਸ ਕਰਦੇ ਨੋਟ ਕੀਤੇ ਜਾ ਸਕਦੇ ਹਨ। ਕਹਾਣੀਆਂ ਸਮਝ-ਯੋਗ ਅਤੇ ਚਿੰਤਨ-ਯੋਗ ਹਨ।


-ਡਾ. ਧਰਮ ਚੰਦ ਵਾਤਿਸ਼
vatish.dharamchand@gmail.com


360 ਡਿਗਰੀ
ਅਮਨ-ਪ੍ਰੀਤ ਸਿੰਘ

ਕੀਮਤ : 250 ਰੁਪਏ, ਸਫ਼ੇ : 168
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ।
ਸੰਪਰਕ : 99152-63614


ਭਾਵੇਂ ਆਰੰਭ ਵਿਚੋਂ ਇਹ ਜਾਸੂਸੀ ਨਾਵਲ ਜਾਪਦਾ ਹੈ ਅਤੇ ਇਸ ਦੀ ਉਸਾਰੀ ਅਤੇ ਵਸਤੂ ਵੇਰਵੇ ਰਹੱਸਾਤਮਿਕ ਹਨ। ਫਿਰ ਵੀ ਇਸ ਨਾਵਲ ਦਾ ਮੂਲ ਮਕਸਦ 'ਅਜੋਕੇ ਵਿਗਿਆਨਕ ਵਿਕਾਸ ਦੇ ਸਮੇਂ' ਸਾਰੇ ਵਿਕਸਿਤ ਦੇਸ਼ਾਂ ਦੀ ਬਹੁਤ ਗੰਭੀਰ ਸਾਂਝੀ ਸਮੱਸਿਆ ਹੈ, 'ਟੈਲੀਫ਼ੋਨ ਦੀ ਦੁਰਵਰਤੋਂ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਬੱਚਿਆਂ ਲਈ ਜਿਹੜੇ ਇਸ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਵਿਚਲੀਆਂ ਖ਼ਤਰਨਾਕ ਖੇਡਾਂ ਖੇਡਦੇ ਹੋਏ 360 ਡਿਗਰੀ ਦੀਆਂ ਗੇਮਾਂ ਦੀ ਅਜਿਹੀ ਉਲਝਣ ਵਿਚ ਪੁੱਜ ਜਾਣ ਜਿਸ 'ਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮਕਿਨ ਹੈ ਅਤੇ ਜਦ 360 ਡਿਗਰੀ ਦੀ ਸਮੱਸਿਆ ਵਿਚ ਫਸ ਜਾਂਦੇ ਹਨ ਤਾਂ ਪ੍ਰੇਸ਼ਾਨ ਹੋ ਕੇ, ਮਾਨਸਿਕ-ਉਲਝਣ ਵਿਚ ਅਜਿਹੇ ਫਸਦੇ ਹਨ, ਜਿਸ ਨੂੰ 360 ਡਿਗਰੀ ਦੀ ਸਮੱਸਿਆ ਕਹਿੰਦੇ ਹਨ। ਅਜਿਹੀ ਉਲਝਣ ਵਿਚ ਰੋਜ਼ ਬੱਚਾ ਫਸ ਗਿਆ, ਪਰੇਸ਼ਾਨੀ, ਡਰ, ਸਹਿਮ ਅਤੇ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕਰਨ 'ਤੇ ਮਜਬੂਰ ਹੋ ਜਾਂਦਾ ਹੈ।
ਪੇਸ਼ ਨਾਵਲੀ ਕਥਾ ਗਣਿਤ ਪੈਟਰਨ ਉੱਪਰ ਆਧਾਰਿਤ ਹੈ। ਇਸ ਦੀ ਮੁੱਖ ਕਹਾਣੀ 'ਚੋਂ ਹੋਰ ਕਹਾਣੀਆਂ, ਹੋਰ ਪਾਤਰ, ਨਵੇਂ ਰਹੱਸ ਜਨਮ ਲੈ ਕੇ ਰਹੱਸਾਤਮਿਕ ਉਲਝਣ ਬਣ ਜਾਂਦੇ ਹਨ। ਇਹ ਨਾਵਲ ਵੀ ਇਸੇ ਪੈਟਰਨ ਦਾ ਹੈ। ਪਾਤਰ ਜੁੜਦੇ ਰਹਿੰਦੇ ਹਨ, ਹੋਰ ਰਹੱਸਾਤਮਿਕ ਸਥਿਤੀ ਉੱਪਰ ਪੁੱਜ ਕੇ ਅੰਤ ਮੂਲ ਸਮੱਸਿਆ ਨੂੰ ਪਾਠਕਾਂ ਅੱਗੇ ਪੇਸ਼ ਕਰਦੇ ਹਨ। ਦੀਪ ਪਰਿਵਾਰ ਵਿਚ ਉਸ ਦੀ ਪਤਨੀ ਕਾਮਨਾ ਅਤੇ ਉਨ੍ਹਾਂ ਦੀ ਬੱਚੀ ਚੰਦਲ ਉਮਰ ਸੋਲ੍ਹਾਂ ਸਾਲ, ਘੁੱਗ ਵਸਦੇ ਪਰਿਵਾਰ ਨੂੰ ਪਹਿਲਾ ਸਦਮਾ ਇਹ ਲੱਗਦਾ ਹੈ ਕਿ ਅਚਾਨਕ ਜਦ ਉਹ ਇਕੱਲੀ ਸੀ, ਉਹ ਖੁਦਕੁਸ਼ੀ ਕਰ ਲੈਂਦੀ ਹੈ। ਸਭ ਸੁੱਖ ਸਾਧਨਾਂ ਦੇ ਹੁੰਦਿਆਂ ਬੇਟੀ ਦੀ ਖੁਦਕਸ਼ੀ ਰਹੱਸਾਤਮਕ ਸੀ। ਜਿਉਂ-ਜਿਉਂ ਨਾਵਲ ਅੱਗੇ ਵਧਦਾ ਹੈ, ਉਮਰ ਦਾ ਦੂਜਾ ਪਹਿਲਾ ਦਹਾਕਾ ਭੋਗਣ ਵਾਲੇ ਨੌਜਵਾਨ ਦੀ ਖੁਦਕਸ਼ੀ ਦੀਆਂ ਘਟਨਾਵਾਂ ਵਧਦੀਆਂ ਰਹਿੰਦੀਆਂ ਹਨ। ਇਸ ਰਹੱਸ ਦਾ ਭੇਦ ਜਾਣਨ ਲਈ ਖੋਜੀ, ਸਿਆਣੇ ਅਤੇ ਰਹੱਸ ਜਾਣਨ ਦੇ ਖੋਜਾਰਥੀ ਆਪਣੇ ਆਪ ਯਤਨਸ਼ੀਲ ਹੁੰਦੇ ਤਾਂ ਹਨ, ਇਸ ਦੇ ਕੌਣ ਜ਼ਿੰਮੇਵਾਰ ਹਨ, ਇਹ ਰਹੱਸਾਤਮਿਕ ਹੀ ਰਹਿੰਦਾ ਹੈ। ਖੋਜੀ ਪ੍ਰਬੰਧਕ ਸਮਾਜ ਹਿੱਤ ਲੋਕ ਚਿੰਤਾਤੁਰ ਹਨ। ਨਾਵਲ ਦੇ ਅੰਤਲੇ ਪੜਾਅ 'ਤੇ ਪਹੁੰਚ ਕੇ ਪਤਾ ਚੱਲਦਾ ਹੈ ਕਿ ਖੋਜੀਆਂ ਵਿਚੋਂ ਹੀ ਇਕ ਖੋਜੀ ਬੱਚਿਆਂ ਨੂੰ ਖੁਦਕਸ਼ੀ ਕਰਨ ਲਈ ਹੀ ਟੈਲੀਫੋਨ ਦੇ 360 ਦਰਜੇ ਦੀਆਂ ਖੇਡਾਂ ਵਿਚ ਉਲਝਾ ਕੇ ਬੱਚਿਆਂ ਨੂੰ ਕਿਵੇਂ ਇਹ ਖੇਡਾਂ ਖੇਡਣ ਲਈ ਮਜਬੂਰ ਕਰਦਾ ਹੈ। ਨਾਵਲ ਰਹੱਸਮਈ ਜਾਸੂਸੀ ਘਟਨਾਵਾਂ ਨਾਲ ਓਤਪੋਤ ਹੈ।


ਡਾ. ਅਮਰ ਕੋਮਲ
ਮੋਬਾਈਲ : 84378-73565

10-09-2022

ਬੀਤੇ ਦਾ ਸਫ਼ਰ
ਲੇਖਕ : ਜੋਗਿੰਦਰ ਸ਼ਮਸ਼ੇਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 695 ਰੁਪਏ ਸਫ਼ੇ : 455 + 32
ਸੰਪਰਕ : 95011-45039

ਪੰਜਾਬੀ ਸਾਹਿਤ ਵਿਚ ਹੋਰਨਾਂ ਸਾਹਿਤਕ ਵਿਧਾਵਾਂ ਦੇ ਮੁਕਾਬਲਾਤਨ ਸਵੈ-ਜੀਵਨੀਆਂ ਬਹੁਤ ਘੱਟ ਹਨ। ਜਿਨ੍ਹਾਂ ਲੇਖਕਾਂ ਨੇ ਆਪਣੀਆਂ ਸਵੈ-ਜੀਵਨੀਆਂ ਲਿਖੀਆਂ ਹਨ, ਉਨ੍ਹਾਂ ਵਿਚ ਜੋਗਿੰਦਰ ਸ਼ਮਸ਼ੇਰ ਦਾ ਸਥਾਨ ਨਿਵੇਕਲਾ ਹੈ। ਦੁਆਬੇ ਖੇਤਰ ਦੇ ਪ੍ਰਸਿੱਧ ਪਿੰਡ ਲੱਖਣ ਕੇ ਪੱਡਾ ਦੇ ਵਸਨੀਕ ਸ. ਸੁਰਾਇਣ ਸਿੰਘ ਦੇ ਘਰ ਪੈਦਾ ਹੋਏ। ਇਨ੍ਹਾਂ ਦੇ ਮਾਤਾ-ਪਿਤਾ ਦੋਵੇਂ ਜਣੇ ਹੀ ਅਧਿਆਪਕ ਸਨ। ਇਨ੍ਹਾਂ ਨੇ 1928 ਤੋਂ ਲੈ ਕੇ 1961 ਤੱਕ ਦਾ ਜੀਵਨ ਸਫ਼ਰ ਪੰਜਾਬ ਵਿਚ ਗੁਜਾਰਿਆ। ਇਨ੍ਹਾਂ ਨੂੰ ਪੰਜਾਬ, ਪੰਜਾਬੀਅਤ ਅਤੇ ਕੋਇਟੇ ਦੀ ਜੀਵਨ ਸ਼ੈਲੀ ਦਾ ਡੂੰਘਾ ਅਨੁਭਵ ਰਿਹਾ। ਇਸ ਉਪਰੰਤ 1993 ਤੱਕ ਉਨ੍ਹਾਂ ਨੂੰ ਵਿਦੇਸ਼ੀ ਸਾਇਕੀ ਦਾ ਵੀ ਅਨੁਭਵ ਰਿਹਾ, ਜਿਸ ਦਾ ਜ਼ਿਕਰ ਉਨ੍ਹਾਂ ਨੇ ਵਿਸ਼ੇਸ਼ਤਰ ਸਊਥਾਲ ਵਿਚ ਰਹਿੰਦਿਆਂ ਲੋਕਾਂ ਨਾਲ ਮੇਲ ਮਿਲਾਪ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਨੂੰ ਭਾਂਪਦਿਆਂ ਇਸ ਪੁਸਤਕ ਵਿਚ ਕੀਤਾ ਹੈ। ਇਥੇ ਹੀ ਬਸ ਨਹੀਂ ਜੋਗਿੰਦਰ ਸ਼ਮਸ਼ੇਰ ਬਹੁਤ ਸਾਰੇ ਹੋਰ ਦੇਸ਼ਾਂ ਵਿਚ ਵੀ ਗਏ, ਜਿਥੇ ਉਨ੍ਹਾਂ ਨੇ ਪੰਜਾਬੀ ਸਾਹਿਤ, ਉਰਦੂ ਸਾਹਿਤ ਨਾਲ ਜੁੜੇ ਅਤੇ ਅੰਗਰੇਜ਼ੀ ਦੇ ਵਿਭਿੰਨ ਉੱਘੇ ਵਿਦਵਾਨਾਂ ਅਤੇ ਹਰ ਸਾਹਿਤਕ ਵਿਧਾ ਦੇ ਲੇਖਕਾਂ ਨਾਲ ਜੀਵਨ ਦੇ ਪਲ ਬਿਤਾਏ। ਇਨ੍ਹਾਂ ਵਿਦਵਾਨਾਂ ਅਤੇ ਲੇਖਕਾਂ ਬਾਰੇ ਬੀਤੇ ਪਲਾਂ ਦੇ ਸਫ਼ਰ ਦਾ ਵਰਣਨ ਪਾਠਕ ਨੂੰ ਉਂਗਲੀ ਲਾ ਕੇ ਸਹਿਜ ਸੁਭਾਵਿਕਤਾ ਅਤੇ ਸਰਲ ਭਾਸ਼ਾ ਦੀ ਜੁਗਤ ਰਾਹੀਂ ਪੇਸ਼ ਕਰਦਾ ਹੈ । ਪੰਜਾਬੀ ਲੇਖਕ ਡਾ. ਕਰਨੈਲ ਸਿੰਘ ਥਿੰਦ, ਸੁਰਜੀਤ ਪਾਤਰ, ਜਸਵੰਤ ਸਿੰਘ ਕੰਵਲ, ਐਸ. ਐਸ. ਮੀਸ਼ਾ ਅਤੇ ਬਲਵੰਤ ਗਾਰਗੀ ਆਦਿ ਹੋਣ ਜਾਂ ਪਾਕਿਸਤਾਨੀ ਲੇਖਕ ਡਾ. ਖੁਰਸ਼ੀਦ ਇਸਲਾਮ, ਫੈਜ਼ ਅਹਿਮਦ ਫੈਜ਼ ਹੋਣ ਅਤੇ ਇਸ ਤੋਂ ਇਲਾਵਾ ਬਰਤਾਨਵੀ ਲੇਖਕ ਹੋਣ, ਸਭਨਾਂ ਦਾ ਜ਼ਿਕਰ ਅਤੇ ਇਨ੍ਹਾਂ ਸਭਨਾਂ ਦੀ ਸਾਹਿਤਕ ਪ੍ਰਤਿਭਾ ਦਾ ਵਖਿਆਣ ਇਸ ਪੁਸਤਕ ਵਿਚ ਅੰਕਿਤ ਹੈ। ਪੁਸਤਕ ਦਾ ਮਹੱਤਵਪੂਰਨ ਭਾਗ ਉਹ ਵੀ ਹੈ, ਜਿਸ ਵਿਚ 32 ਪੰਨਿਆਂ ਦੀਆਂ ਤਸਵੀਰਾਂ ਰਾਹੀਂ ਉਸ ਦੇ ਸਮੁੱਚੇ ਜੀਵਨ ਦੀ ਝਾਤ ਵੇਖੀ ਜਾ ਸਕਦੀ ਹੈ।


-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
c c c

ਕੋਰਾ ਵਰਕਾ
ਲੇਖਕ : ਲਾਡੀ ਜੱਲਾ ਰਾਣੋ
ਮੁੱਲ : 119 ਰੁਪਏ, ਸਫ਼ੇ : 104
ਪ੍ਰ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਸੰਪਰਕ : 89680-89276

ਪੁਸਤਕ ਕੋਰਾ ਵਰਕਾ (ਕਾਵਿ ਸੰਗ੍ਰਹਿ) ਦੇ ਦੋ ਭਾਗ ਹਨ। ਪਹਿਲਾ ਭਾਗ ਲਾਡੀ ਜੱਲਾ ਅਤੇ ਦੂਸਰਾ ਭਾਗ ਰਾਣੋ ਹੈ। ਇਹ ਪੁਸਤਕ ਰੁੱਖਾਂ, ਪੰਜਾਬ, ਕਿਰਤੀ ਕਾਮਿਆਂ, ਪੰਜਾਬ ਦੀ ਚਾਹਤ ਰੱਖਣ ਵਾਲਿਆਂ, ਪੁੱਤਾਂ-ਧੀਆਂ, ਜਾਤ-ਪਾਤਾਂ ਤੋਂ ਉੱਪਰ ਉੱਠ ਚੁੱਕੇ ਅਤੇ ਅੰਮ੍ਰਿਤਾ ਪ੍ਰੀਤਮ, ਸਾਹਿਰ ਲੁਧਿਆਣਵੀ, ਇਮਰੌਜ਼ ਤੇ ਸੁਰਿੰਦਰ ਕੌਰ ਨੂੰ ਸਮਰਪਿਤ ਹੈ। ਪਹਿਲੇ ਭਾਗ ਵਿਚ 51 ਅਤੇ ਦੂਜੇ ਭਾਗ ਵਿਚ 28 ਕਵਿਤਾਵਾਂ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੀਆਂ ਹਨ। ਲੇਖਕ ਦੇ ਲਿਖਣ ਦਾ ਇਕ ਵੱਖਰਾ ਹੀ ਢੰਗ ਹੈ। ਲੇਖਕ ਨੇ ਜਿਸ ਵੀ ਵਿਸ਼ੇ 'ਤੇ ਕਵਿਤਾ ਲਿਖੀ ਹੈ, ਉਸ ਵਿਚ ਲੇਖਕ ਥੋੜ੍ਹੇ ਸ਼ਬਦਾਂ ਦੇ ਰਾਹੀਂ ਬਹੁਤ ਕੁਝ ਕਹਿ ਗਿਆ ਹੈ। ਏਨੇ ਵਿਸ਼ਿਆਂ 'ਤੇ ਹੱਥ ਅਜ਼ਮਾਈ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਲੇਖਕ ਨੇ ਆਪਣੇ ਦਿਲ ਦੇ ਅੰਦਰਲਿਆਂ ਵਲਵਲਿਆਂ ਨੂੰ ਆਪਣੇ ਜਜ਼ਬਾਤਾਂ ਦੇ ਵਿਚ ਪਰੋ ਕੇ ਆਪਣੀ ਅੰਦਰਲੀ ਆਵਾਜ਼ ਨੂੰ ਬਹੁਤ ਹੀ ਸਾਧਾਰਨ ਤੇ ਵਧੀਆ ਢੰਗ ਨਾਲ ਪੇਸ਼ ਕਰਕੇ ਆਪਣੀ ਵਿਦਵਤਾ ਤੇ ਲੇਖਣੀ ਜ਼ਾਹਰ ਕੀਤੀ ਹੈ, ਜਿਸ ਦੀ ਦਾਦ ਦੇਣੀ ਬਣਦੀ ਹੈ। ਲੇਖਕ ਹਰ ਪੱਖ ਤੋਂ ਸੁਚੇਤ ਹੈ ਅਤੇ ਉਹ ਆਪਣੀ ਸ਼ਬਦਾਵਲੀ ਨੂੰ ਬੇਲਗਾਮ ਨਹੀਂ ਹੋਣ ਦਿੰਦਾ। ਜੋ ਵੀ ਗੱਲ ਲੇਖਕ ਕਹਿਣੀ ਚਾਹੁੰਦਾ ਹੈ, ਉਸ ਪ੍ਰਤੀ ਬਹੁਤ ਵਲੇਵੇ ਨਹੀਂ ਪਾਉਂਦਾ। ਇਸ ਪੁਸਤਕ ਦੇ ਸਿਰਲੇਖ ਵਿਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ। ਬਸ ਅੰਦਰੂਨੀ ਝਾਤ ਦੀ ਜ਼ਰੂਰਤ ਹੈ ਕਿ ਲੇਖਕ ਕੀ ਕਹਿਣਾ ਚਾਹੁੰਦਾ ਹੈ। ਪੁਸਤਕ ਵਿਚਲੀਆਂ ਰਚਨਾਵਾਂ ਤਾਂ ਵੈਸੇ ਸਾਰੀਆਂ ਹੀ ਪੜ੍ਹਨ ਯੋਗ ਹਨ ਪ੍ਰੰਤੂ ਕਵਿਤਾ ਖ਼ਤ, ਜ਼ਿੰਦਗੀ, ਦੌਲਤ, ਅੱਖਾਂ, ਆਖ਼ਰੀ ਦਰੱਖਤ, ਸਿਆਸਤ ਫ਼ੈਸਲਾ, ਰੂਹ ਦਾ ਸਫ਼ਰ, ਕਿਸਾਨੀ, ਸੁਪਨੇ ਆਦਿ ਨਿਵੇਕਲੀਆਂ ਹਨ। ਲੇਖਕ ਦੀਆਂ ਛੋਟੀਆਂ ਕਵਿਤਾਵਾਂ ਵਿਚ ਇਨ੍ਹਾਂ ਨੇ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ ਹੈ। ਇਕ ਕਵਿਤਾ ਵਿਚ ਲੇਖਕ ਕਹਿੰਦਾ ਹੈ-
ਮੈਂ ਅੱਖਰ ਬਣਾਂ ਨਾਮ ਤੇਰੇ ਦਾ
ਜਾਂ ਤੇਰੇ ਪੈਰਾਂ ਦੀ ਝਾਂਜਰ ਬਣ ਜਾਵਾਂ।
ਮੈਂ ਬਣ ਜਾਂ ਤੇਰੇ ਪਿੱਛੇ ਜੋਗੀ ਨੀ,
ਬਹਿ ਸ਼ਾਮ ਸਵੇਰੇ ਤੇਰਾ ਧਿਆਨ ਲਾਵਾਂ।
-ਬਲਵਿੰਦਰ ਸਿੰਘ ਸੋਢੀ 'ਮੀਰ ਹੇੜੀ'
ਮੋਬਾਈਲ : 092105-88990

c c c
ਕੰਸ ਅਜੇ ਮਰਿਆ ਨਹੀਂ
ਲੇਖਕ : ਪਵਨ ਪਰਿੰਦਾ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਪੰਨੇ : 96
ਸੰਪਰਕ : 97790-50692

ਪੁਸਤਕ ਵਿਚ ਦਰਜ 19 ਕਹਾਣੀਨੁਮਾ ਲੇਖਾਂ ਅਤੇ ਇਕ ਕਵਿਤਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਕਥਾ ਵਰਗੀ ਰਵਾਨੀ ਹੈ। ਸਮਾਜਿਕ, ਰਾਜਨੀਤਕ, ਧਾਰਮਿਕ, ਆਰਥਿਕ ਤੰਤਰ ਤੇ ਜ਼ਬਰਦਸਤ ਕਟਾਖਸ਼ ਹਨ। ਕਵਿਤਾ ਜਿਹਾ ਵਿਚਾਰਧਾਰਕ ਪ੍ਰਵਾਹ ਹੈ। ਲੇਖਾਂ ਵਰਗੀ ਡੂੰਘੀ ਜਾਣਕਾਰੀ ਹੈ। ਫਤਾਂਸੀ ਵਰਗਾ ਕਲਪਨਾਮਈ ਯਥਾਰਥ ਹੈ। ਸੋ ਪੁਸਤਕ ਵਿਚਲੀਆਂ ਇਨ੍ਹਾਂ ਰਚਨਾਵਾਂ ਨੂੰ ਫਤਾਂਸੀ ਉਪ ਵਿਧਾ ਦੀਆਂ ਰਚਨਾਵਾਂ ਮੰਨਿਆ ਜਾ ਸਕਦਾ ਹੈ। ਮਿਸਾਲ ਵਜੋਂ ਪੁਸਤਕ ਦੇ ਸਿਰਲੇਖ ਵਾਲੀ ਰਚਨਾ ਵਿਚ ਲੇਖਕ ਨੇ ਸਕੂਲ ਦੇ ਡੱਗ 'ਚ ਡਿਗ ਕੇ ਮਰ ਚੁੱਕੇ ਪੌਣੇ ਤਿੰਨ ਸਾਲ ਦੇ ਬੱਚੇ ਦੀ ਮੋਰਚਰੀ ਪਈ ਮ੍ਰਿਤਕ ਦੇਹ ਦੇ ਕਾਲਪਨਿਕ ਪਰ ਕਰੂਰ ਯਥਾਰਥ ਨਾਲ ਭਰੇ ਬੋਲਾਂ ਰਾਹੀਂ ਸਕੂਲ ਪ੍ਰਬੰਧ, ਸਮਾਜ, ਪ੍ਰਸ਼ਾਸਨ, ਹਸਪਤਾਲ, ਮੀਡੀਆ, ਸਮਾਜ ਦੇ ਠੇਕੇਦਾਰਾਂ, ਇਥੋਂ ਤੱਕ ਕਿ ਸਾਹਿਤਕਾਰ/ਲੇਖਕਾਂ ਨੂੰ ਵੀ ਇਸ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਸਮੁੱਚੇ ਸਿਸਟਮ ਦਾ ਪੂਰੀ ਬੇਬਾਕੀ ਤੇ ਨਿਡਰਤਾ ਨਾਲ ਪੋਸਟਮਾਰਟਮ ਕਰ ਛੱਡਿਆ ਹੈ। ਅਜਿਹੀ ਕਟਾਖਸਮਈ ਵਿਅੰਗ ਸ਼ੈਲੀ ਹਿੰਦੀ/ਉਰਦੂ ਦੇ ਪ੍ਰਸਿੱਧ ਕਥਾਕਾਰ ਕ੍ਰਿਸ਼ਨ ਚੰਦਰ ਦੀ ਲੇਖਨੀ ਵਿਚ ਵਿਦਮਾਨ ਹੈ। ਕ੍ਰਿਸ਼ਨ ਜਨਮ ਸਮੇਂ ਦੇਵਕੀ (ਲੇਖਕ ਉਸ ਨੂੰ ਯਸ਼ੋਧਾ ਲਿਖ ਗਿਆ ਹੈ), ਵਾਸਦੇਵ, ਮਾਧਵ, ਕੰਸ ਜਿਹੇ ਪਾਤਰਾਂ ਰਾਹੀਂ ਸਮਾਜ ਵਿਚ ਕੰਸ ਰੂਪੀ ਦੁਰਾਚਾਰੀ, ਅਨਿਆਂਕਾਰੀ, ਅੱਤਿਆਚਾਰੀ ਦੇ ਜਿਊਂਦੇ ਹੋਣ ਦੀ ਪੁਸ਼ਟੀ ਕਰਦਾ ਹੈ। ਇੰਜ ਹੀ ਫ਼ਾਸਲੇ (ਧੀ ਦੇ ਅਸਤਿਤਵ), ਇਕ ਹੋਰ ਹੰਝੂ (ਗੈਂਗਸਟਰਾਂ ਦੀ ਹੋਣੀ), ਸੁਪਨਾ (ਮਜਹਬੀ ਪਖੰਡ), ਨਕਸ਼ਾਂ ਦੇ ਚੱਕਰਵਿਊ (ਅਧਿਆਪਕੀ ਜੀਵਨ) ਗੱਲ ਕਿ ਹਰੇਕ ਰਚਨਾ ਵਿਚ ਪਵਨ ਪਰਿੰਦਾ ਨੇ ਆਪਣੀ ਮਲਵਈ ਬੋਲੀ ਸ਼ੈਲੀ ਨੂੰ ਬਰਕਰਾਰ ਰੱਖਦਿਆਂ ਆਪਣਾ ਕਲਮੀ ਫਰਜ਼ ਬਾਖੂਬੀ ਨਿਭਾਇਆ ਹੈ। ਰਚਨਾਵਾਂ ਪਾਰਕੀ ਮਨ ਨੂੰ ਜ਼ਬਰਦਸਤ ਹਲੂਣਾ ਦੇਣ ਦੇ ਸਮਰੱਥ ਹਨ। ਰੌਚਕਤਾ, ਵਿਸ਼ਾਭਿੰਨਤਾ ਅਤੇ ਪੇਸ਼ਕਾਰੀ ਪੱਖੋਂ ਇਹ ਪੁਸਤਕ ਪਾਠਕਾਂ ਵਲੋਂ ਪਸੰਦ ਕੀਤੀ ਜਾਵੇਗੀ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

c c c


ਜੰਗਲੀ ਗ਼ੁਲਾਬ
ਨਾਵਲਕਾਰ : ਦਵਿੰਦਰ ਸਿੰਘ ਮਲਹਾਂਸ
ਪ੍ਰਕਾਸ਼ਕ : ਆਦਮ ਆਰਟਮ, ਪਟਿਆਲਾ
ਮੁੱਲ : 199 ਰੁਪਏ, ਪੰਨੇ :136
ਸੰਪਰਕ : 91158-72450

ਆਪਣੇ ਪਲੇਠੇ ਨਾਵਲ ਵਿਚ ਲੇਖਕ ਬਹੁਤ ਦਿਲ ਟੁੰਬਵੇਂ ਢੰਗ ਨਾਲ ਪ੍ਰਵਾਸ ਦੇ ਦੁੱਖਾਂ, ਸੰਕਟਾਂ ਦਾ ਜ਼ਿਕਰ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਅਰਜਣ ਪੁਲਿਸ ਦੇ ਤਸ਼ੱਦਦ, ਮੁਖ਼ਬਰਾਂ ਦੀ ਲੁੱਟ ਅਤੇ ਦੁੱਖ-ਭੁੱਖ ਸਹਿੰਦਾ ਹੋਇਆ ਲਿਬਨਾਨ ਰਾਹੀਂ ਜਰਮਨੀ ਪਹੁੰਚਦਾ ਹੈ। ਵਿਦੇਸ਼ੀਂ ਭੱਜੀ ਜਾ ਰਹੀ ਨੌਜਵਾਨ ਪੀੜ੍ਹੀ ਦੇ ਦੁੱਖਾਂ, ਦਰਦਾਂ ਅਤੇ ਸੰਕਟਾਂ ਨੂੰ ਬਿਆਨ ਕਰਦੇ ਵੇਰਵੇ ਲੂੰ ਕੰਡੇ ਖੜ੍ਹੇ ਕਰਦੇ ਹਨ। ਸਾਰੇ ਸਫ਼ਰ ਵਿਚ ਕਿੰਨੇ-ਕਿੰਨੇ ਦਿਨ ਭੁੱਖੇ ਪਿਆਸੇ ਰਹਿ ਕੇ, ਗੱਡੀਆਂ ਵਿਚ ਸਾਹ ਘੁੱਟ ਕੇ ਮਰਦੇ, ਦਰਿਆਵਾਂ ਵਿਚ ਰੁੜ੍ਹਦੇ, ਡੌਂਕੀਆਂ ਲਾਉਂਦੇ ਪੰਜਾਬੀ ਨੌਜਵਾਨਾਂ ਦੀ ਦੁਰਦਸ਼ਾ ਦਿਲ ਕੰਬਾਊ ਹੈ। ਏਜੰਟਾਂ ਦੇ ਠੱਗੇ ਹੋਏ ਭੋਲੇ-ਭਾਲੇ ਨੌਜਵਾਨਾਂ ਨੂੰ ਵੈਨਾਂ ਵਿਚ ਤੂੜੀ ਵਾਂਗ ਲੱਦਿਆ ਜਾਂਦਾ ਹੈ ਅਤੇ ਸੁੰਨਸਾਨ ਥਾਵਾਂ 'ਤੇ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਸਰੀਰ ਥਕਾਵਟ, ਭੁੱਖ, ਠੰਢ ਅਤੇ ਫ਼ਿਕਰਾਂ ਨਾਲ ਝੰਬੇ ਜਾਂਦੇ ਹਨ। ਉਨ੍ਹਾਂ ਨੂੰ ਪੱਗਾਂ ਲਾਹੁਣ ਨੂੰ ਅਤੇ ਵਾਲ ਕੱਟਣ ਨੂੰ ਕਿਹਾ ਜਾਂਦਾ ਹੈ। ਆਪਣਾ ਧਰਮ, ਕਰਮ, ਲਾਜ਼, ਸ਼ਰਮ ਛੱਡ ਕੇ ਉਹ ਮਿਹਨਤਾਂ, ਮਜ਼ਦੂਰੀਆਂ 'ਤੇ ਲੱਗ ਜਾਂਦੇ ਨੇ। ਉਹ ਦਿਲ ਨੂੰ ਘੁੱਟ ਕੇ ਸਾਰੇ ਦਰਦ ਆਪਣੇ ਅੰਦਰ ਹੀ ਜ਼ਬਤ ਕਰ ਲੈਂਦੇ ਨੇ। ਪਿੱਛੋਂ ਘਰ ਵਾਲਿਆਂ ਦੀ ਹਾਲਤ ਹੋਰ ਵੀ ਤਰਸਯੋਗ ਹੁੰਦੀ ਹੈ। ਜ਼ਮੀਨਾਂ ਗਹਿਣੇ ਰੱਖ ਕੇ ਏਜੰਟਾਂ ਨੂੰ ਦਿੰਦੇ ਹਨ ਜੋ ਫਿਰ ਤਿੱਤਰ ਹੋ ਜਾਂਦੇ ਹਨ। ਪੰਜਾਬੀ ਜੀਵਨ ਦੀ ਸਰਲਤਾ, ਗਹਿਰਾਈ ਅਤੇ ਮਾਸੂਮੀਅਤ ਦਾ ਚਿੱਤਰਣ ਬੜੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਠੇਠ ਪੰਜਾਬੀ ਭਾਸ਼ਾ ਦਿਲ ਵਿਚ ਉਤਰ ਜਾਂਦੀ ਹੈ। ਆਰਥਿਕ, ਸਮਾਜਿਕ, ਰਾਜਨੀਤਕ ਅਤੇ ਪਰਿਵਾਰਕ ਪ੍ਰਬੰਧ ਦਾ ਧਰਾਤਲ ਹਿੱਲਣ ਕਾਰਨ ਨਾਵਲ ਦਾ ਮੁੱਖ ਨਾਇਕ ਵਿਦੇਸ਼ੀ ਧਰਤੀਆਂ ਉੱਤੇ ਸੂਹੇ ਗ਼ੁਲਾਬ ਦੀ ਤਲਾਸ਼ ਕਰਦਾ ਹੈ। ਭਟਕਦਾ ਹੋਇਆ ਉਹ ਜੰਗਲਾਂ ਦੀ ਜੂਹ ਵਿਚ ਜਾ ਵੜਦਾ ਹੈ। ਨਾਵਲਕਾਰ ਦੀ ਕਰਮ ਭੂਮੀ ਅਲਬਰਟਾ ਦਾ ਕੌਮੀ ਫੁੱਲ ਵੀ ਜੰਗਲੀ ਗ਼ੁਲਾਬ ਹੈ। ਪਿਆਰ ਅਤੇ ਸੁੰਦਰਤਾ ਦੀ ਦੇਵੀ ਦੀ ਤੁਲਨਾ ਜੰਗਲੀ ਗ਼ੁਲਾਬ ਨਾਲ ਕੀਤੀ ਗਈ ਹੈ। ਨਾਵਲ ਦੇ ਬਹੁਤ ਸਾਰੇ ਪਾਤਰ ਗ਼ੁਲਾਬ ਦੀਆਂ ਕਲਮਾਂ ਵਾਂਗ ਬੇਗਾਨੀਆਂ ਧਰਤੀਆਂ 'ਤੇ ਉੱਗ ਕੇ ਫੁੱਟ ਪੈਂਦੇ ਹਨ। ਨਾਵਲ ਦੀ ਤੰਦ ਸਮੁੱਚੀ ਇਨਸਾਨੀਅਤ ਦੇ ਜਜ਼ਬਿਆਂ ਨਾਲ ਜਾ ਜੁੜਦੀ ਹੈ। ਇਸ ਨਾਵਲ ਵਿਚ ਡੂੰਘੀਆਂ ਰਮਜ਼ਾਂ ਹਨ।

-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋਬਾਈਲ : 98147-16367

 

ਰਾਖ ਵਿਚ ਉਕਰੀਆਂ ਲਕੀਰਾਂ
ਲੇਖਕ : ਨਵਰਾਜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ :184
ਸੰਪਰਕ : 01679-233244

'ਰਾਖ ਵਿਚ ਉਕਰੀਆਂ ਲਕੀਰਾਂ' ਨਵਰਾਜ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਨਵਰਾਜ ਨੇ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ 'ਮੈਂ ਅਤੇ ਸਮਾਜ', 'ਮੈਂ ਅਤੇ ਤੂੰ' ਅਤੇ 'ਮੈਂ ਅਤੇ ਮੈਂ' ਤਿੰਨ ਭਾਗਾਂ 'ਚ ਵੰਡਿਆ ਹੈ। 'ਮੈਂ ਅਤੇ ਸਮਾਜ' ਸਿਰਲੇਖ ਹੇਠ 'ਅਣਹੋਏ' ਤੋਂ ਲੈ ਕੇ 'ਰਾਜੇ' ਤੱਕ 58 ਕਵਿਤਾਵਾਂ ਸੰਕਲਿਤ ਕਰਦਿਆਂ ਸਮਾਜ ਵਿਚ 'ਮੈਂ' ਦੀ ਹੋਂਦ ਦੇ, ਪ੍ਰਸ਼ਨ ਦੇ ਰੂ-ਬ-ਰੂ ਹੁੰਦਿਆਂ, ਸਮਾਜ ਵਿਚ 'ਮੈਂ' ਦੀਆਂ ਸਮਾਜ ਵਿਚਲੀਆਂ ਵੱਖ-ਵੱਖ ਭੂਮਿਕਾਵਾਂ 'ਤੇ ਸੰਵਾਦ ਰਚਾਇਆ ਹੈ। 'ਅਣਹੋਏ' ਕਵਿਤਾ 'ਚ ਮਨੁੱਖ ਦੇ ਮਨੁੱਖ ਨਾ ਹੋਣ ਦੀ ਗਾਥਾ ਕਹੀ ਹੈ। ਉਹ ਮਨੁੱਖ ਜੋ ਇਨਸਾਨ ਨਾ ਹੋ ਕੇ ਸ਼ੂਦਰ, ਅਛੂਤ, ਲਘੂ ਜਨ, ਬਹੁਜਨ ਜਾਂ ਕੁਝ ਹੋਰ ਵੀ ਸਦੀਆਂ-ਸਦੀਆਂ ਤੋਂ ਰਿਹਾ ਪਰ ਨਾਗਰਿਕ ਨਹੀਂ ਬਣ ਸਕਿਆ। ਜਮਾਤੀ ਵੰਡ ਦੀ ਥਾਵੇਂ ਉਹ ਹਮੇਸ਼ਾ ਜਾਤੀ-ਗਤ ਜਾਂ ਸ਼੍ਰੇਣੀ-ਵੰਡ 'ਚ ਹੀ ਉਲਝਾਇਆ ਗਿਆ। ਮੁਕਤੀ ਦਾ ਰਸਤਾ ਪ੍ਰਸ਼ਨ-ਚਿੰਨ੍ਹ ਲਗਾਉਣ ਨਾਲ ਹੀ ਮਿਲ ਸਕਦਾ ਹੈ। ਦੂਸਰੇ ਭਾਗ 'ਮੈਂ' ਅਤੇ 'ਤੂੰ' 'ਵਿਚ ਕਹਾਣੀ ਕਵਿਤਾ ਦੀ...' ਤੋਂ ਲੈ ਕੇ 'ਪਲਾਂ' ਵਿਚ ਸਿਮਟੀ ਜ਼ਿੰਦਗੀ' ਤੱਕ 58 ਕਵਿਤਾਵਾਂ ਸ਼੍ਰੇਣੀ-ਗਤ ਸਮਾਜ ਵਿਚ 'ਮੈਂ' ਅਤੇ 'ਤੂੰ' ਦੇ ਰਿਸ਼ਤੇ ਨੂੰ ਸਮਾਜਿਕ-ਪ੍ਰਬੰਧ ਅਧੀਨ ਪਰਿਭਾਸ਼ਤ ਕਰਦੀਆਂ ਹਨ। ਤੀਸਰੇ ਭਾਗ 'ਮੈਂ' ਅਤੇ 'ਮੈਂ' ਵਿਚ 'ਮੈਂ ਅਤੇ ਕਵਿਤਾ' ਤੋਂ ਲੈ ਕੇ 'ਮੇਰੀ ਸਾਂਝ' ਤੱਕ ਦੀਆਂ 36 ਕਵਿਤਾਵਾਂ 'ਮੈਂ' ਦਾ 'ਮੈਂ' ਦੇ ਅੰਦਰੂਨੀ ਅਤੇ ਬਾਹਰੀ ਰਿਸ਼ਤੇ ਦੀ ਅੰਦਰੂਨੀ ਦਵੰਦਾਤਮਕਤਾ ਦਾ ਵਿਸਤਾਰ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਮੱਥੇ 'ਚ ਜਗਦੇ ਦੀਵੇ ਜਗਾਉਣ ਦੇ ਸਮਰੱਥ ਹਨ। ਆਮੀਨ !
-ਸੰਧੂ ਵਰਿਆਣਵੀ (ਪ੍ਰੋ.) ਮੋਬਾਈਲ : 98786-14096

 


ਸਿਲਸਿਲਾ
ਲੇਖਕ : ਜਸਵੰਤ ਵਾਗਲਾ
ਪ੍ਰਕਾਸ਼ਕ: ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ: 180 ਰੁਪਏ, ਸਫ਼ੇ: 96
ਸੰਪਰਕ: 98141-01312

ਦੀਪਕ ਗ਼ਜ਼ਲ ਸਕੂਲ ਦੀ ਕੁਠਾਲੀ ਵਿਚੋਂ ਕੁੰਦਨ ਬਣ ਕੇ ਨਿਕਲੇ ਜਸਵੰਤ ਵਾਗਲਾ ਇਕ ਸੱਚੇ-ਸੁੱਚੇ, ਨੇਕ ਅਤੇ ਧੁਨ ਦੇ ਪੱਕੇ ਗ਼ਜ਼ਲਕਾਰ ਹਨ। ਇਸ ਗ਼ਜ਼ਲ-ਸੰਗ੍ਰਹਿ 'ਸਿਲਸਿਲਾ' ਤੋਂ ਪਹਿਲਾਂ ਉਨ੍ਹਾਂ ਦੀਆਂ ਗ਼ਜ਼ਲਾਂ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗ਼ਜ਼ਲ ਵਿਚ ਦਰਿਆਵਾਂ ਵਰਗੀ ਸਹਿਜਤਾ, ਸਮੁੰਦਰ ਵਰਗੀ ਗਹਿਰਾਈ ਅਤੇ ਪੁਰੇ ਦੀ ਪੌਣ ਵਰਗੀ ਠੰਢਕ ਹੈ, ਜਿਸ ਦੀ ਝਲਕ ਉਨ੍ਹਾਂ ਦੀ ਗ਼ਜ਼ਲ ਦੇ ਇਸ ਸ਼ਿਅਰ ਵਿਚੋਂ ਸਪੱਸ਼ਟ ਝਲਕਦੀ ਹੈ:
ਕਰਦਾ ਭਵਿੱਖ ਦੀ ਮੈਂ, ਕਿੱਦਾਂ ਭਵਿੱਖਬਾਣੀ,
ਮੈਨੂੰ ਨਹੀਂ ਭਰੋਸਾ, ਜਦ ਵਰਤਮਾਨ ਉੱਤੇ।

ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਆਪਣੇ ਆਖ਼ਰੀ ਸਾਹ ਤੱਕ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦਾ ਸਾਮਾਨ ਇਕੱਠਾ ਕਰਨ ਵਿਚ ਲੱਗਿਆ ਰਹਿੰਦਾ ਹੈ, ਪਰ ਆਪਣੀ ਉਮਰ ਦਾ ਸੌਵਾਂ ਹਿੱਸਾ ਵੀ ਉਹ ਆਪਣੇ ਢੰਗ ਨਾਲ ਜਿਉਂ ਨਹੀਂ ਸਕਦਾ। ਜਦੋਂ ਉਸ ਦਾ ਦੁਨੀਆ ਨੂੰ ਅਲਵਿਦਾ ਕਹਿਣ ਦਾ ਵੇਲਾ ਆਉਂਦਾ ਹੈ ਤਾਂ ਸਿਰਫ਼ ਪਛਤਾਵੇ ਤੋਂ ਇਲਾਵਾ ਕੁਝ ਵੀ ਉਸ ਦੇ ਪੱਲੇ ਨਹੀਂ ਹੁੰਦਾ ਅਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਦੇ ਅਸਲੀ ਅਨੰਦ ਲਈ ਤਾਂ ਇਨ੍ਹਾਂ ਵਸਤੂਆਂ ਦੀ ਕੋਈ ਜ਼ਰੂਰਤ ਹੀ ਨਹੀਂ ਸੀ:
ਨਾ ਹੋਰ ਬਾਹਰ ਜਾ ਕੇ, ਝੰਜਟ ਖ਼ਰੀਦ ਬੈਠੀਂ,
ਲੱਭਣ ਜੋ ਚੱਲਿਐਂ ਤੂੰ,
ਮਸਤੀ ਫ਼ਕੀਰ ਵਰਗੀ।

ਜਸਵੰਤ ਵਾਗਲਾ ਦੀਆਂ ਗ਼ਜ਼ਲਾਂ ਦੀ ਵਿਲੱਖਣਤਾ ਉਨ੍ਹਾਂ ਦੀ ਸਾਲਾਂਬੱਧੀ ਤਪੱਸਿਆ ਦਾ ਨਤੀਜਾ ਹੈ। ਅੱਜ ਉਨ੍ਹਾਂ ਦਾ ਨਾਂਅ ਅਜਿਹੇ ਗਿਣੇ-ਚੁਣੇ ਕੁਝ ਕੁ ਗ਼ਜ਼ਲਕਾਰਾਂ ਵਿਚ ਲਿਆ ਜਾਂਦਾ ਹੈ, ਜਿਹੜੇ ਸਹੀ ਅਰਥਾਂ ਵਿਚ ਗ਼ਜ਼ਲ ਦੀ ਸੂਝ-ਬੂਝ ਰੱਖਦੇ ਹਨ। ਪ੍ਰਦੇਸਾਂ ਵਿਚ ਰਹਿ ਕੇ ਵੀ ਉਨ੍ਹਾਂ ਦੇ ਮਨ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅੰਤਾਂ ਦਾ ਦਰਦ ਹੈ। ਤੰਗੀਆਂ-ਤੁਰਸ਼ੀਆਂ ਅਤੇ ਥੁੜਾਂ ਮਾਰੇ ਲੋਕਾਂ ਦੇ ਜੀਵਨ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਉਹ ਆਪਣੀ ਗ਼ਜ਼ਲੀਅਤ ਦੇ ਕੇਂਦਰ ਵਿਚ ਰੱਖਦੇ ਹਨ। ਇਸ ਸਫਲ ਅਤੇ ਸੁਚੱਜੀ ਕੋਸ਼ਿਸ਼ ਲਈ ਉਹ ਸੱਚਮੁੱਚ ਹੀ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : : 98146-28027

 

ਤਰਕਸ਼ੀਲਤਾ ਅਤੇ ਜੀਵਨ

ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 40 ਰੁਪਏ, ਸਫ਼ੇ : 48
ਸੰਪਰਕ : 098158-08506.

c c c
ਸੱਚ ਦਾ ਐੱਨਕਾਊਂਟਰ
ਲੇਖਕ : ਅਮਨ ਜੌਹਲ ਧੱਲੇਕੇ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 99 ਰੁਪਏ, ਸਫ਼ੇ : 44
ਸੰਪਰਕ : 75288-03785.

c c c
ਹੇਰਵਾ
ਲੇਖਕ : ਰਾਕੇਸ਼ ਰਮਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 75
ਸੰਪਰਕ : 98788-31166.

c c c
ਕਿਸਾਨੀ ਸੰਕਟ ਤੇ ਵਿਗਿਆਨਕ ਪਹੁੰਚ
ਲੇਖਕ : ਰਾਜਪਾਲ ਸਿੰਘ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 30 ਰੁਪਏ, ਸਫ਼ੇ : 64
c c c

ਘਰੇਲੂ ਕੰਮ ਅਤੇ ਬਾਹਰੀ ਕੰਮ
ਲੇਖਕ : ਰੰਗਨਾਇਕੱਮਾ
ਪੰਜਾਬੀ ਅਨੁ: ਕਮਲ ਦੁਸਾਂਝ
ਪ੍ਰਕਾਸ਼ਕ : ਸਵੀਟ ਹੋਮ ਪਬਲੀਕੇਸ਼ਨਜ਼, ਹੈਦਰਾਬਾਦ
ਮੁੱਲ : 40 ਰੁਪਏ, ਸਫ਼ੇ : 136
ਸੰਪਰਕ : 99482-83810.

c c c
ਆਓ, ਤਣਾਅ-ਰਹਿਤ ਹੋਈਏ!
ਲੇਖਕ : ਮੰਗਤ ਸਿੰਘ 'ਰਾਹੀ'
ਪ੍ਰਕਾਸ਼ਕ : ਸਿੱਖ ਮਿਸ਼ਨਰੀ ਕਾਲਜ (ਰਜਿ.) ਲੁਧਿਆਣਾ
ਮੁੱਲ : 15 ਰੁਪਏ, ਸਫ਼ੇ : 40
c c c

ਪੂੰਜੀਵਾਦ ਬਨਾਮ ਧਰਤੀ ਦੀ ਹੋਂਦ
ਲੇਖਕ : ਹਰੀਪਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 403-714-4816.

04-09-2022

 ਮੇਰੇ ਚੋਣਵੇਂ ਧਾਰਮਿਕ ਲੇਖ
ਲੇਖਕ : ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 200 ਰੁਪਏ, ਸਫੇ : 120
ਸੰਪਰਕ : 98764-52223


ਹਥਲੀ ਪੁਸਤਕ ਵਿਚ ਚੌਵੀ ਇਤਿਹਾਸਕ ਲੇਖਾਂ ਦਾ ਗੁਲਦਸਤਾ ਪਾਠਕਾਂ ਦੇ ਸਨਮੁਖ ਕੀਤਾ ਗਿਆ ਹੈ। ਸਿੱਖ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਨੂੰ ਇਸ ਪੁਸਤਕ ਵਿਚ ਵੱਖ-ਵੱਖ ਵਿਸ਼ੇ ਜਿਵੇਂ : ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲੋਹਗੜ੍ਹ ਦੀ ਲੜਾਈ, ਛੇਵੇ ਪਾਤਸ਼ਾਹ ਨਾਲ ਪਿਪਲੀ ਸਾਹਿਬ ਦੀ ਜੰਗ ਜਿਹੜੀ ਸ਼ਾਹਜਹਾਨ ਨੇ ਬਾਜ਼ ਤੇ ਤਾਜ ਦੀ ਆੜ ਵਿਚ ਲੜੀ ਸੀ, ਸ੍ਰੀ ਗੁਰੂ ਰਾਮਦਾਸ ਜੀ ਦੀ ਬਖ਼ਸ਼ਿਸ਼ ਦੇ ਪਾਤਰ ਰਾਮਦਾਸੀਆ ਸਿੱਖਾਂ ਦਾ ਇਤਿਹਾਸ, ਚਿੜ੍ਹ ਵਿਚ ਆ ਕੇ ਉਜਾੜਿਆ ਮੁਗਲਾਂ ਨੇ ਪਿੰਡ ਸਪਰੋੜ ਖੇੜੀ, ਦਿਲ ਦਿੱਲੀ ਦਾ ਕਦੇ ਸਿੱਖਾਂ 'ਤੇ ਨਹੀਂ ਹੋਇਆ ਦਿਆਲ, ਹਮਾਯੂੰ ਦੀ ਗੁਰੂ ਘਰ ਪ੍ਰਤੀ ਗੁਸਤਾਖੀ ਅਤੇ ਬਾਦਸ਼ਾਹ ਅਕਬਰ ਦੀ ਹਲੀਮੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਧਰਮ ਯੁੱਧ, ਸਿੱਖਾਂ ਦਾ ਅਣਖੀਲਾ ਜਰਨੈਲ ਬਾਬਾ ਬਘੇਲ ਸਿੰਘ, ਜਿਨ੍ਹਾਂ ਗੁਰੂ ਨੂੰ ਪਿੱਠ ਦਿਖਾਈ, ਉਹ ਮੌਤ ਦੇ ਮੂੰਹ ਵਿਚ ਜਾ ਡਿੱਗੇ, ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ, ਮਾਤਾ ਗੁਜਰ ਕੌਰ ਜੀ, ਪੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਕਰਤਾਰਪੁਰ ਸਾਹਿਬ ਦਾ ਵਸਾਉਣਾ ਇਤਿਹਾਸ ਦੀਆਂ ਬਚਿੱਤਰ ਦਿਲਚਸਪ ਤੇ ਸ਼ਰਧਾ ਭਰਪੂਰ ਘਟਨਾ, ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ 'ਤੇ ਉੱਕਰੇ ਪਵਿੱਤਰ ਖੂਹ, ਸਿੱਖਾਂਦੇ ਖੂਨ ਦਾ ਪਿਆਸਾ, ਮੁਗ਼ਲ ਬਾਦਸ਼ਾਹ ਫਰਖ਼ਸੀਅਰ, ਗੁਰੂ ਘਰ ਦਾ ਅਦੁੱਤੀ ਸਿੱਖ ਸੇਵਕ ਪਰਮਹੰਸ ਭਾਈ ਪਾਰੋ ਜੀ, ਸਿੱਖ ਇਤਿਹਾਸ ਦੇ ਚੋਣਵੇਂ ਸੂਰਬੀਰਾਂ ਵਿਚ ਇਕ ਵਿਲੱਖਣ ਹਯਾਤੀ ਭਾਈ ਬਾਘੜ ਸਿੰਘ, ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਬਾਲ ਸ਼ਹੀਦ ਭਾਈ ਦਰਬਾਰਾ ਸਿੰਘ ਜੀ, ਇਤਿਹਾਸਕ ਵਿਰਾਸਤ ਬੇਬੇ ਨਾਨਕੀ ਦਾ ਘਰ, ਭਾਈ ਡੱਲਾ ਸਿੰਘ ਦਾ ਇਤਿਹਾਸਕ ਘਰ, ਕਲਗੀਧਰ ਪਾਤਸ਼ਾਹ ਦਾ ਲਾਡਲਾ ਭਾਈ ਨੰਦ ਲਾਲ ਜੀ, ਲੋੜ ਅਨੁਸਾਰ ਮਹੱਤਵਪੂਰਨ ਹੁੰਦਾ ਸੀ ਬਾਉਲੀ ਸੱਭਿਆਚਾਰ, ਅਣਖੀਲਾ ਜਰਨੈਲ ਭਾਈ ਬਾਜ ਸਿੰਘ, ਗਦਰੀਆਂ ਦਾ ਪਹਿਲਾ ਗੁਰੂ ਘਰ ਸਟਾਕਟਨ ਅਮਰੀਕਾ ਬਾਰੇ ਲਿਖੇ ਲੇਖ ਖੋਜ-ਭਰਪੂਰ ਹੋਣ ਦੇ ਨਾਲ-ਨਾਲ ਇਤਿਹਾਸ ਅਤੇ ਵਿਰਾਸਤ ਦਾ ਬਹੁਮੁੱਲਾ ਖਜ਼ਾਨਾ ਹਨ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040.


ਪੰਜਾਬੀ ਲੋਕ ਸਾਹਿਤ ਵਿਚ
ਰਿਸ਼ਤਿਆਂ ਦਾ ਤਾਣਾ-ਬਾਣਾ

ਲੇਖਕ : ਹਰਿੰਦਰ ਕੌਰ ਸੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300/- ਰੁਪਏ, ਸਫ਼ੇ : 164
ਸੰਪਰਕ : 95011-45039


ਹਰਿੰਦਰ ਕੌਰ ਸੋਹੀ ਵਿਚਾਰ ਅਧੀਨ ਕਿਤਾਬ ਤੋਂ ਪਹਿਲਾਂ ਦੋ ਹੋਰ ਕਿਤਾਬਾਂ 'ਪੰਜਾਬੀ ਸੱਭਿਆਚਾਰ ਬਦਲਦਾ ਮੁਹਾਂਦਰਾ' (ਵਾਰਤਕ) ਅਤੇ 'ਹੌਲਾ ਫੁੱਲ' (ਕਹਾਣੀ ਸੰਗ੍ਰਹਿ) ਦੀ ਰਚਨਾ ਕਰ ਚੁੱਕੀ ਹੈ। ਉਹ ਅੱਜਕਲ੍ਹ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਜਾਣੇ-ਪਛਾਣੇ ਸ਼ਹਿਰ ਸਰੀ ਰਹਿ ਰਹੀ ਹੈ। ਪੰਜਾਬ ਰਹਿੰਦਿਆਂ ਉਹ ਕਾਲਜ-ਅਧਿਆਪਕ ਸੀ। ਰੀਵਿਊ ਅਧੀਨ ਕਿਤਾਬ ਦੇ 'ਮੁਢਲੇ ਸ਼ਬਦ' (ਪੰਨੇ 9-12) ਵਿਚ ਉਹਨੇ ਆਪਣੇ ਬਾਰੇ ਬਸ ਇੰਨਾ ਹੀ ਲਿਖਿਆ ਹੈ- 'ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦਾ ਪੇਪਰ ਪੜ੍ਹਾਉਂਦੇ ਸਮੇਂ ਰਿਸ਼ਤੇ-ਨਾਤਿਆਂ ਬਾਰੇ ਪੁਸਤਕ ਲਿਖਣ ਦਾ ਖਿਆਲ ਮਨ ਵਿਚ ਆਇਆ ਸੀ...' (ਪੰਨਾ 11) ਹਰਿੰਦਰ ਸੋਹੀ ਦੀ ਇਹ ਕਿਤਾਬ, ਜਿਵੇਂ ਕਿ ਸਿਰਲੇਖ ਤੋਂ ਹੀ ਸਪੱਸ਼ਟ ਹੈ, ਪੰਜਾਬੀਆਂ ਦੇ ਰਿਸ਼ਤੇ-ਨਾਤਿਆਂ ਬਾਰੇ ਹੈ। ਜਿਸ ਦੇ ਸੋਲਾਂ ਕਾਂਡ ਬਣਾਏ ਗਏ ਹਨ। ਇਨ੍ਹਾਂ ਦੇ ਅੰਤਰਗਤ ਢੋਲ-ਮਾਹੀ, ਭੈਣ-ਭਰਾ, ਮਾਵਾਂ-ਧੀਆਂ, ਬਾਬਲ-ਧੀ, ਮਾਂ-ਪੁੱਤਰ, ਦਾਦਾ-ਦਾਦੀ ਤੇ ਨਾਨਾ-ਨਾਨੀ, ਮਾਮੇ-ਮਾਸੀਆਂ, ਭੂਆ-ਭਤੀਜਾ, ਭੈਣਾਂ-ਮਾਸੀਆਂ, ਨੂੰਹ-ਸੱਸ, ਨਣਦ-ਭਰਜਾਈ, ਦਿਉਰ-ਭਰਜਾਈ, ਜੇਠ-ਭਰਜਾਈ, ਤਾਏ-ਚਾਚੇ, ਜੀਜਾ-ਸਾਲੀ, ਸੌਂਕਣ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਇਸ ਸੂਚੀ ਮੁਤਾਬਿਕ ਸਭ ਤੋਂ ਵੱਧ (ਤਿੰਨ) ਚੈਪਟਰ ਭਰਜਾਈ ਬਾਰੇ ਹਨ ਤੇ ਉਹਦੇ ਨਨਾਣ, ਦਿਓਰ ਤੇ ਜੇਠ ਨਾਲ ਸੰਬੰਧਾਂ ਬਾਰੇ ਚਰਚਾ ਕਰਦੇ ਹਨ। ਪੰਜਾਬੀ ਸਮਾਜ ਵਿਚ ਵਧੇਰੇ ਲੋਕ ਗੀਤ ਵੀ ਭਰਜਾਈ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਹਰਿੰਦਰ ਨੇ ਭੂਮਿਕਾ ਵਿਚ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਪੁਸਤਕ ਕੋਈ ਖੋਜ ਨਿਬੰਧ ਨਹੀਂ ਹੈ (ਪੰਨਾ 11) ਤੇ ਉਸ ਨੇਲੋਕ-ਸਾਹਿਤ ਜਾਂ ਸੁਣੀਆਂ-ਪੜ੍ਹੀਆਂ ਗੱਲਾਂ ਨੂੰ ਆਧਾਰ ਬਣਾ ਕੇ ਇਸ ਕਿਤਾਬ ਦੀ ਵਿਉਂਤਬੰਦੀ ਕੀਤੀ ਹੈ। ਅਸਲ ਵਿਚ ਇਸ ਪੁਸਤਕ ਵਿਚ ਲੋਕ-ਗੀਤਾਂ ਵਿਚ ਪੇਸ਼ ਹੋਏ ਉਪਰੋਕਤ ਰਿਸ਼ਤਿਆਂ ਦਾ ਹੀ ਵਿਸਥਾਰ ਹੈ। ਕਿਸੇ ਮਨੁੱਖ ਦਾ ਆਪਣੇ ਜੀਵਨ ਵਿਚ ਜਿਨ੍ਹਾਂ-ਜਿਨ੍ਹਾਂ ਰਿਸ਼ਤਿਆਂ ਨਾਲ ਵਾਹ-ਵਾਸਤਾ ਪੈਂਦਾ ਹੈ, ਇਸ ਸਭ-ਕਾਸੇ ਦਾ ਭਰਪੂਰ ਵਰਨਣ ਇਸ ਕਿਤਾਬ ਵਿੱਚ ਮਿਲਦਾ ਹੈ। ਅਸਲ ਵਿਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਅਜਿਹੇ ਰਿਸ਼ਤਿਆਂ ਤੋਂ ਟੁੱਟਦੀ ਜਾ ਰਹੀ ਹੈ। ਅੱਜਕਲ੍ਹ ਪਰਿਵਾਰ ਵਿਚ ਵਧੇਰੇ ਕਰਕੇ ਇੱਕੋ ਬੱਚਾ ਹੁੰਦਾ ਹੈ, ਜਿਸ ਕਰਕੇ ਉਹਦੀ ਰਿਸ਼ਤਿਆਂ ਬਾਰੇ ਜਾਣਕਾਰੀ ਸੀਮਤ ਹੋ ਰਹੀ ਹੈ। ਇਹ ਕਿਤਾਬ ਨਵੀਂ ਪੀੜ੍ਹੀ ਲਈ ਕਾਫ਼ੀ ਮਦਦਗਾਰ ਸਿੱਧ ਹੋ ਸਕਦੀ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਦ ਲੀਜੇਂਡ ਆਫ਼ ਸ਼ਾਰਲਾਕ ਹੋਮਸ
ਲੇਖਕ : ਸਰ ਆਰਥਰ ਕਾਨਨ ਡਾਇਲ
ਅਨੁਵਾਦਕ : ਬਲਦੇਵ ਸਿੰਘ ਭਾਕਰ
ਮੁੱਲ : 195 ਰੁਪਏ, ਸਫ਼ੇ : 120
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਸੰਪਰਕ : 94640-62370


'ਦ ਲੀਜੇਂਡ ਆਫ਼ ਸ਼ਾਰਲਾਕ ਹੋਮਸ' ਇਕ ਦੂਹਰੇ ਕਤਲ ਦੀ ਕਹਾਣੀ ਹੈ, ਜਿਸ ਨੂੰ ਬਹੁਤ ਹੀ ਚਾਲਾਕੀ ਨਾਲ ਬਦਲਾ ਲੈਣ ਹਿਤ ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਤਹਿਕੀਕਾਤ ਲਈ ਦੋ ਸਰਕਾਰੀ ਜਾਸੂਸਾਂ ਲੇਸਟੂਡ ਅਤੇ ਗ੍ਰੈਗਸਨ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਪ੍ਰਸਿੱਧ ਜਾਸੂਸ ਸ਼ਾਰਲਾਕ ਹੋਮਸ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਉਹ ਆਪਣੇ ਨਾਲ ਇਕ ਸਹਾਇਕ ਡਾਕਟਰ ਨੂੰ ਵੀ ਲੈ ਲੈਂਦਾ ਹੈ ਤੇ ਇਸ ਤਫ਼ਤੀਸ਼ ਵਿਚ ਸ਼ਾਮਿਲ ਹੋ ਜਾਂਦਾ ਹੈ। ਜੋ ਜਿਹੜੇ ਸਰਕਾਰੀ ਜਾਸੂਸ ਆਪਣੀ ਤਫ਼ਤੀਸ਼ ਰਾਹੀਂ ਰੋਕਦੇ ਹਨ ਉਹ ਹਰ ਵਾਰ ਵਿਧੀ ਨਾਲ ਸਿੱਟੇ ਕੱਢਦਾ ਹੈ, ਇਸ ਲਈ ਉਸ ਦੀਆਂ ਵਿਆਖਿਆਵਾਂ ਵਿਚ ਚਕਾਚੌਂਧ ਕਰਨ ਵਾਲੀਆਂ ਸਚਾਈਆਂ ਹੁੰਦੀਆਂ ਹਨ। ਹੌਲੀ-ਹੌਲੀ ਗੱਲ ਇਹ ਨਿਕਲਦੀ ਹੈ ਕਿ ਇਹ ਦੋਵੇਂ ਕਤਲ ਬਦਲੇ ਦੀ ਭਾਵਨਾ ਨਾਲ ਕੀਤੇ ਹੁੰਦੇ ਹਨ। ਦੋਵਾਂ ਮਰਨ ਵਾਲੇ ਬੰਦਿਆਂ ਨੇ ਜੈਫਰਸਨ ਹੌਪ ਨਾਂਅ ਦੇ ਵਿਅਕਤੀ ਦੀ ਪ੍ਰੇਮਿਕਾ ਲੂਸੀ ਅਤੇ ਉਸ ਦੇ ਪਿਤਾ ਦੀ ਹੱਤਿਆ ਕਰਵਾ ਦਿੱਤੀ ਸੀ। ਜਿਸ ਦਾ ਬਦਲਾ ਲੈਣ ਲਈ ਜੈਫਰਸਨ ਹੌਪ ਨੇ ਦੋਵਾਂ ਬੰਦਿਆਂ ਦਾ ਕਤਲ ਕਰ ਦਿੱਤਾ ਸੀ। ਇਹ ਸਿੱਟਾ ਸ਼ਾਰਲਾਕ ਹੋਮਸ ਨੇ ਆਪਣੀ ਹੁਸ਼ਿਆਰੀ, ਚਾਲਾਕੀ ਅਤੇ ਤਰਕ ਨਾਲ ਕੱਢ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਨੁਵਾਦ ਬਹੁਤ ਵਧੀਆ ਹੋਇਆ ਹੈ। ਚੰਗੀ ਰਵਾਨੀ ਹੈ ਤੇ ਸਾਦਾ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਨਾਵਲ ਰੌਚਕ ਹੈ।


ਕੇ.ਐਲ. ਗਰਗ
ਮੋਬਾਈਲ : 94635-37050


ਬਹੁਜਨਾਂ ਦੇ ਨਾਇਕ ਕਾਂਸ਼ੀ ਰਾਮ
ਲੇਖਕ : ਡਾ. ਬਦਰੀ ਨਾਰਾਇਣ
ਅਨੁਵਾਦਕ : ਡਾ. ਪਰਮਜੀਤ ਚੁੰਬਰ,
ਡਾ. ਹਰਜਿੰਦਰ ਕੁਮਾਰ
ਮੁੱਲ : 365 ਰੁਪਏ, ਸਫ਼ੇ : 280
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 95011-45039


ਪੁਸਤਕ ਦੇ ਕੁੱਲ ਅੱਠ ਅਧਿਆਇ ਹਨ। ਇਨ੍ਹਾਂ ਅੱਠਾਂ ਅਧਿਆਇਆਂ ਰਾਹੀਂ, ਸਿਆਣੇ ਲੇਖਕ ਨੂੰ ਬਾਬੂ ਕਾਂਸ਼ੀ ਰਾਮ ਦੇ ਜੀਵਨ ਦੇ ਮੁਢਲੇ ਸਾਲ, ਗੁਰੂ ਕਿੱਲੀ ਦੀ ਭਾਲ, ਚਮਚਾ-ਯੁੱਗ, ਹਾਥ ਦੀ ਚੜ੍ਹਤ, ਸੱਤਾ ਪ੍ਰਾਪਤੀ ਵੱਲ ਵਧਦੇ ਕਦਮ, ਆਲੋਚਨਾ ਦੇ ਘੇਰੇ ਵਿਚ, ਅੰਤਲੇ ਦਿਨ, ਚੈਪਟਰ ਬਣਾ ਕੇ, ਲੇਖਕ ਨੇ ਉਸ ਨੇਤਾ ਦੇ ਪੈਗ਼ਾਮਾਂ ਨੂੰ ਇਕ ਆਖਰੀ ਅਧਿਆਏ ਵਿਚ, ਵੇਰਵੇ ਸਹਿਤ ਬਿਆਨ ਕਰਨ ਦਾ ਲਿਖਤੀ ਉੱਦਮ ਕੀਤਾ ਹੈ। ਮੂਲ ਲੇਖਕ ਡਾ. ਬਦਰੀ ਨਾਰਾਇਣ, ਭਾਵੇਂ ਭਾਰਤੀ ਮੂਲ ਦੇ ਵਿਦਵਾਨ ਭਾਰਤੀ ਵਿੱਦਿਅਕ ਸੰਸਥਾਵਾਂ ਦੇ ਖੋਜੀ ਮਾਹਰ ਚਿੰਤਕ ਹਨ, ਪ੍ਰੰਤੂ ਇਸ ਪੁਸਤਕ ਦੇ ਪੰਜਾਬੀ ਦਾ ਅਨੁਵਾਦ ਕਰਨ ਵਾਲੇ ਪੰਜਾਬੀ ਅਮਰੀਕਨ ਨਿਵਾਸ ਵਿਦਵਾਨ ਹਨ। ਪੁਸਤਕ ਵਿਚ ਮੂਲ ਲੇਖਕ ਨੇ ਇਸ ਨੇਤਾ ਦੇ ਦਲਿਤ ਸਮਾਜ ਨੂੰ ਉੱਪਰ ਉਠਾਉਣ ਵਿਚ ਜੋ ਰੋਲ ਅਦਾ ਕਰਦਿਆਂ ਦਿਖਾਇਆ ਹੈ, ਉਹ ਅਸਲੀਅਤ ਦੇ ਬਹੁਤ ਨੇੜੇ ਅਤੇ ਸੱਚਾ-ਸੁੱਚਾ ਅਨੁਭਵ ਹੈ। ਜਿਸ ਨਾਲ ਬਾਬੂ ਜੀਵਨ ਰਾਮ ਦੇ ਜ਼ਿੰਦਗੀ ਦੇ ਯਥਾਰਥ ਨੂੰ ਉਹ ਸਫ਼ਲਤਾ ਪੂਰਵਕ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ। ਮੂਲ ਲੇਖਕ ਨੇ ਬਾਬੂ ਕਾਸ਼ੀ ਰਾਮ ਦੀ ਜੀਵਨ ਸੰਘਰਸ਼ੀ ਕਹਾਣੀ ਤੋਂ ਲੈ ਕੇ ਉਸ ਦੇ ਸਵਰਗ ਦਾ ਵਾਸ ਹੋਣ ਦੇ ਸਭ ਵਸਤੂ-ਵੇਰਵੇ ਸਬੂਤ ਇਕੱਠੇ ਕਰਕੇ ਹੀ ਇਸ ਜੀਵਨ ਨੂੰ ਲਿਖ ਕੇ ਸੰਪੂਰਨ ਕੀਤਾ। ਇਸ ਸ਼ਬਦਾਂ ਦੀਆਂ ਗੁੰਝਲਦਾਰ ਉਲਝਣਾਂ ਤੋਂ ਰਹਿਤ, ਸਾਫ਼, ਸਪੱਸ਼ਟ ਅਤੇ ਸਰਲ ਹੈ। ਪੁਸਤਕ ਪੜ੍ਹਦਿਆਂ ਅਨੁਭਵ ਹੁੰਦਾ ਹੈ, ਜਿਵੇਂ ਇਹ ਪੁਸਤਕ ਪੰਜਾਬੀ ਵਿਚ ਹੀ ਲਿਖੀ ਗਈ ਹੋਵੇ। ਬਾਬੂ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਸੰਬੰਧੀ ਜਿਨ੍ਹਾਂ ਪੰਜਾਬੀ ਪਿਆਰਿਆਂ ਨੇ ਜਾਣਨਾ ਹੈ। ਉਹ ਇਸ ਪੁਸਤਕ ਜ਼ਰੂਰ ਪੜ੍ਹਨ।


ਡਾ. ਅਮਰ ਕੋਮਲ
ਮੋਬਾਈਲ : 84378-73565


ਮਾਂ ਦੀ ਪੁਕਾਰ
ਲੇਖਕ : ਬ.ਸੰ. ਡਡਵਿੰਡੀ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ ਮੁਹਾਲੀ
ਮੁੱਲ : 175/- ਰੁਪਏ, ਸਫ਼ੇ : 121
ਸੰਪਰਕ : 94174-76027


ਲੇਖਕ ਦੀ ਜ਼ਿਕਰਯੋਗ ਪੁਸਤਕ ਵਿਚ ਛੋਟੀਆਂ-ਛੋਟੀਆਂ 27 ਕਹਾਣੀਆਂ ਹਨ। ਇਸ ਪੁਸਤਕ ਵਿਚ ਜ਼ਿਆਦਾਤਰ ਕਹਾਣੀਆਂ ਧਾਰਮਿਕ ਸਾਹਿਤ ਨਾਲ ਜੁੜੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਲੇਖਕ ਨੇ ਆਪਣੀ ਲਿਖਣ ਕਲਾਕਾਰੀ ਨਾਲ ਨਵੀਂ ਰੰਗਤ ਦੇ ਕੇ ਪੇਸ਼ ਕੀਤਾ ਹੈ ਜੋ ਵਧੀਆ ਲੱਗਾ ਹੈ। ਉਸ ਦੀਆਂ ਕਹਾਣੀਆਂ 'ਜੀਤੋ ਦੇ ਘਰ', ਮੰਗਲਾ, ਜੰਗਲ ਵਿਚ ਮੰਦਰ, 'ਇਕ ਝੌਂਪੜੀ, ਇਕ ਮਹਿਲ', ਇਕ ਕੌਲੀ ਅਨਾਜ, ਛੋਟੀ ਕਿਸ਼ਤੀ ਵੱਡੀ ਕਿਸ਼ਤੀ, ਦੁੱਧ ਦੀ ਨਦੀ, ਗਰੁੜ ਦੀ ਸੂਈ, ਮੱਖਣ ਮਲਾਈ, ਜੈ ਜੈਕਾਰ, ਭਰਾ ਮਿਲ ਗਿਆ, ਆਦਿ ਕਹਾਣੀਆਂ ਦੀ ਰਚਨਾਤਿਕ ਵਿਧੀ ਬਾਕਮਾਲ ਦੀ ਹੈ। 'ਮਾਂ ਦੀ ਪੁਕਾਰ' ਬਾਲ ਮਨਾਂ 'ਤੇ ਛਾਪ ਛੱਡਣ ਵਾਲੀ ਕਹਾਣੀ ਹੈ। ਲੇਖਕ ਨੂੰ ਸਾਰੀਆਂ ਕਹਾਣੀਆਂ ਪੜ੍ਹਨ ਨੂੰ ਸਵਾਦਲੀਆਂ ਲੱਗੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਰਚਨਾਵਾਂ ਦੀ ਸਿਰਜਣਾ ਦੀ ਲੇਖਕ ਤੋਂ ਉਮੀਦ ਕੀਤੀ ਜਾ ਸਕਦੀ ਹੈ।


-ਡੀ.ਆਰ. ਬੰਦਨਾ
ਮੋਬਾਈਲ : 94173-89003


ਅਹਿਸਾਸ ਦੇ ਪਲਾਂ 'ਚੋਂ
ਗ਼ਜ਼ਲਕਾਰ : ਸੁਖਚਰਨ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200/-, ਸਫ਼ੇ : 132
ਸੰਪਰਕ : 97802-14035


ਹਥਲਾ ਗ਼ਜ਼ਲ ਸੰਗ੍ਰਹਿ ਇਕ ਹੰਡੇ ਵਰਤੇ ਸੰਵੇਦਨਸ਼ੀਲ ਪ੍ਰਤਿਭਾ ਦੇ ਮਾਲਕ ਸ਼ਾਇਰ ਦਾ ਖ਼ੂਬਸੂਰਤ ਸ਼ਿਅਰਕਾਰੀ ਦਾ ਜਲੌਅ ਹੈ। ਸਿੱਧੂ ਸਾਹਿਤ ਸਭਾ ਜੀਰਾ ਪੇਸ਼ਕਾਰੀ ਨੇ ਉਸ ਨੂੰ ਸਾਹਿਤ ਦੇ ਸਾਰੇ ਪੱਖਾਂ ਤੋਂ ਬਾਖ਼ੂਬੀ ਜਾਣੂੰ ਕਰਵਾਇਆ। ਉਸ, ਕੋਲ ਜ਼ਿੰਦਗੀ ਦੇ ਹਰ ਖੇਤਰ ਦਾ ਥਹੁ ਹੈ। ਪ੍ਰਿੰਸੀਪਲ ਤੱਕ ਦੀ ਸੇਵਾ ਨੇ ਉਸ ਨੂੰ ਬੱਚਿਆਂ ਤੇ ਉਨ੍ਹਾਂ ਦੀ ਜੀਵਨ-ਜਾਚ ਬਾਰੇ ਵੀ ਗਿਆਨ ਦਿੱਤਾ। ਸਿੱਧੂ ਇਕ ਸੰਘਰਸ਼ੀ ਜੀਊੜਾ ਹੈ ਏਸੇ ਲਈ ਉਸ ਦੇ ਸ਼ਿਅਰ ਤਾਰਕਿਕ ਆਧਾਰ ਦੇ ਹੁੰਦੇ ਹਨ। ਪਿਆਰ ਮੁਹੱਬਤ ਦੇ ਸ਼ਿਅਰ ਇਸ ਪੁਸਤਕ ਵਿਚ ਨਾ ਦੇ ਬਰਾਬਰ ਹਨ। ਸਾਰੀ ਸ਼ਿਅਰਕਾਰੀ ਦੇਸ਼-ਸਮਾਜ ਦੇ ਸਰੋਕਾਰਾਂ ਦੀ ਹੈ-
ਹਨੇਰੇ ਮੌਸਮਾਂ; ਅੰਦਰ ਜਗਾਏ ਦੀਪ ਸ਼ਬਦਾਂ ਦੇ,
ਕਿ ਢਹਿੰਦੇ ਹਿਰਦਿਆਂ ਅੰਦਰ ਸਦਾ ਪਰਗਾਸ ਕੀਤਾ ਹੈ।
ਟਿਕਾਵਾਂ ਪੈਰ ਧਰਤੀ 'ਤੇ ਨਜ਼ਰ ਅੰਬਰ ਨਿਹਾਰੇ ਨਿੱਤ
ਮੇਰੇ ਮੌਲਾ ਤੇਰੇ ਸਦਕੇ ਇਹੋ ਪਰਮਾਣਦਾ ਹਾਂ ਮੈਂ।
ਉਹ ਦੇਸ਼ ਭਾਰਤ ਦੀਆਂ ਉਨ੍ਹਾਂ ਕੁਰਬਾਨੀ ਮੱਤੀਆਂ ਕੌਮਾਂ ਦਾ ਗੁਣਗਾਨ ਕਰਦਾ ਹੈ :
ਇਹ ਦਿੱਲੀ ਰੌਂਦ ਦਿੱਤੀ ਸੀ ਕਈ ਵੇਰਾਂ ਹੀ ਸਿੰਘਾਂ ਨੇ
ਤੁਸਾਂ ਮਿਲ ਕੇ ਵਿਖਾਏ ਹਨ ਅਜੋਕੇ ਦੌਰ ਵਿਚ ਤਾਰੇ।
ਇਤਿਹਾਸਕ ਕਿਸਾਨੀ ਘੋਲ ਬਾਰੇ ਉਸ ਨੇ ਕਈ ਭਾਵਪੂਰਤ ਤੇ ਅਸਮੁਖੀ ਸ਼ਿਅਰ ਹਨ :
ਜਦੋਂ ਵੰਗਾਰਿਆ ਦਿੱਲੀ ਉਬਾਲਾ ਖ਼ੂਨ ਨੇ ਖਾਧਾ
ਨਵੇਂ ਇਤਿਹਾਸ ਦੇ ਸਿੱਧੂ ਬਣੇ ਕਿਰਸਾਨ ਫਿਰ ਪਾਤਰ
ਅਸ਼ਕੇ ਆਖੋ ਧਾਰੇ ਹੀ ਕਿਰਸਾਨਾਂ ਦੇ,
ਰੋਕੇ ਘੋੜੇ ਵਾਂਗੋਂ ਫੜ ਸੁਲਤਾਨਾਂ ਦੇ।
ਭਾਰਤ ਦੀ ਅਜੋਕੀ ਰਾਜਨੀਤੀ ਦੇ ਰੰਗ-ਢੰਗ ਨੇ ਸ਼ਾਇਰ ਸਿੱਧੂ ਦੇ ਦਿਲ ਉੱਤੇ ਚੋਟਾਂ ਮਾਰੀਆਂ ਹਨ;
ਤਮਾਸ਼ਾ ਬਣ ਗਿਆ ਸੰਵਿਧਾਨ ਸਭ ਦੇ ਸਾਹਮਣੇ ਤਾਂ ਹੈ
ਮਚਾਇਆ ਕਿਸ ਨੇ ਹੈ ਘਸਮਾਨ
ਸਭ ਦੇ ਸਾਹਮਣੇ ਤਾਂ ਹੈ।
ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ 'ਅਹਿਸਾਸ ਦੇ ਪਲਾਂ' ਦਾ ਵਿਸ਼ੇਸ਼ ਸਥਾਨ ਬਣੇਗਾ। ਇਹ ਮੇਰੀ ਆਸਥਾ ਹੈ। ਗ਼ਜ਼ਲਾਂ ਪੂਰਨ ਤਕਨੀਕ ਵਿਚ ਹਨ।


ਸੁਲੱਖਣ ਸਰਹੱਦੀ
ਮੋਬਾਈਲ : 94174-84337


ਬਹਿਸ-ਵਿਹੂਣ

ਲੇਖਕ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94160-61061


ਹਥਲੀ ਪੁਸਤਕ ' ਬਹਿਸ-ਵਿਹੂਣ ' ਕਵੀ ਰਮੇਸ਼ ਕੁਮਾਰ ਦੀ 14ਵੀਂ ਕਾਵਿ ਪੁਸਤਕ ਹੈ। ਕਵੀ ਅਨੁਸਾਰ ਯੁੱਗ ਭਾਵੇਂ ਕੋਈ ਵੀ ਹੋਵੇ, ਬਹਿਸ ਅਤਿਅੰਤ ਜ਼ਰੂਰੀ ਹੁੰਦੀ ਹੈ। ਵਸਦੇ ਘਰਾਂ ਦੀਆਂ ਕੰਧਾਂ ਬੋਲਦੀਆਂ, ਬਹਿਸ ਕਰਦੀਆਂ ਹਨ ਜਦਕਿ ਉਜੜੇ ਘਰਾਂ ਦੇ ਵਿਹੜੇ ਬਹਿਸ ਵਿਹੂਣੇ ਹੋ ਜਾਂਦੇ ਹਨ। ਹਰ ਨਵਾਂ ਵਿਚਾਰ ਕਿਸੇ ਬਹਿਸ ਵਿਚੋਂ ਹੀ ਉਪਜਦਾ ਹੈ। ਮਾਨਵੀ ਜੀਵਨ 'ਚ ਗਤੀਸ਼ੀਲਤਾ ਲਈ ਬਹਿਸ ਹੋਣੀ ਲਾਜ਼ਮੀ ਹੈ। ਬਹਿਸ ਵਿਹੂਣੀ ਜ਼ਿੰਦਗੀ ਕਿਸੇ ਵੀਰਾਨ ਮਾਰੂਥਲ ਵਰਗੀ ਉਦਾਸ ਅਤੇ ਰਸਹੀਨ ਜਾਪਦੀ ਹੈ। ਕਵੀ ਚੁੱਪ ਦੀ ਧਰਤ 'ਤੇ ਚੱਪਾ-ਚੱਪਾ ਚਾਨਣ ਬੀਜਣ ਦਾ ਖਾਹਿਸ਼ਮੰਦ ਹੈ । ਇਸ ਕਾਵਿ ਸੰਗ੍ਰਹਿ ਦੀਆਂ ਬਹੁ-ਗਿਣਤੀ ਕਾਵਿ ਰਚਨਾਵਾਂ ਮਨੁੱਖ ਨੂੰ ਬਹਿਸ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਦੀਆਂ ਹਨ :
ਆਓ ਕਿ ਕਿਸੇ ਨਾ ਕਿਸੇ / ਬਹਿਸ ਦਾ ਕਾਰਨ ਬਣੀਏ
ਨਜ਼ਮ ਹੋ ਜਾਣ ਤੱਕ। (ਪੰਨਾ : 94)
ਕਵੀ ਕਿਰਤੀ ਕਿਸਾਨਾਂ ਵਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਲੰਬਾ ਸਮਾਂ ਦਿੱਲੀ ਦੇ ਬਾਰਡਰਾਂ 'ਤੇ ਚੱਲੇ ਕਿਸਾਨ ਘੋਲ 'ਚ ਮਿਹਨਤਕਸ਼ ਲੋਕਾਂ ਦੀ ਆਵਾਜ਼ ਬਣ ਕੇ, ਉਨਾਂ ਦੇ ਹੱਕਾਂ ਦੀ ਲੜਾਈ 'ਚ ਦਿੱਲੀ ਦੇ ਹਾਕਮਾਂ ਖਿਲਾਫ਼ ਗਰਜ਼ਵੀਂ ਹੁੰਕਾਰ ਭਰਦਾ ਆਖਦਾ ਹੈ :
ਹੱਥ ਆਪਣੇ ਦੀ ਹਥੇਲੀ 'ਤੇ, ਸੂਰਜ ਆਪੋ-ਆਪਣਾ ਅਸੀਂ
ਟਿਕਾ ਕੇ ਲਿਆਏ ਹਾਂ ਦਿੱਲੀਏ।
ਅਸੀਂ ਕੱਲ੍ਹ ਵੀ ਆਏ ਸਾਂ, ਅੱਜ ਫੇਰ ਆਏ ਹਾਂ। (ਪੰਨਾ : 36)
ਕਵੀ ਕੋਰੋਨਾ ਦੀ ਮਹਾਂਮਾਰੀ ਦੌਰਾਨ ਮਨੁੱਖਤਾ ਨੂੰ ਕੁਦਰਤ ਤੋਂ ਡੂੰਘਾ ਸਬਕ ਲੈਣ ਦੀ ਸਲਾਹ ਦਿੰਦਾ ਵਾਤਾਵਰਨ ਨਾਲ ਮਨੁੱਖ ਵਲੋਂ ਕੀਤੀ ਜਾ ਰਹੀ ਛੇੜ-ਛਾੜ ਨੂੰ ਇਸ ਮਹਾਂ ਭਿਆਨਕਤਾ ਦੀ ਜੜ੍ਹ ਗਰਦਾਨਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਨਜ਼ਮਾਂ ਆਪਣੇ ਖੁੱਲ੍ਹੇ ਵੇਗ 'ਚ ਵਹਿੰਦੀਆਂ ਗਹਿਰੇ ਅਰਥ ਵੀ ਪ੍ਰਦਾਨ ਕਰਦੀਆਂ ਹਨ ਅਤੇ ਗਹਿਰਾਈ ਭਰਪੂਰ ਹੋਣ ਦੇ ਬਾਵਜੂਦ ਪਾਠਕ ਨੂੰ ਆਪਣੇ ਨਾਲ-ਨਾਲ ਵੀ ਤੋਰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਰਮੇਸ਼ ਕੁਮਾਰ ਦੇ ਇਸ ਹਥਲੇ ਕਾਵਿ ਸੰਗ੍ਰਹਿ ' ਬਹਿਸ-ਵਿਹੂਣ ' ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625


ਪ੍ਰਾਪਤ ਪੁਸਤਕਾਂ

03-09-2022

 ਕਿਸਾਨ-ਨਾਮਾ
ਲੇਖਕ : ਹਰਕੀਰਤ ਸਿੰਘ ਸੰਧਰ
ਪ੍ਰਕਾਸ਼ਕ : ਸੰਧਰ ਪਬਲੀਸ਼ਰ
ਮੁੱਲ : ਦਰਜ ਨਹੀਂ , ਸਫ਼ੇ : 154
ਸੰਪਰਕ : hs@sandhar.com.au

ਕਿਸਾਨੀ ਸੰਘਰਸ਼ ਅਜੋਕੇ ਸਮੇਂ ਦਾ ਅਜਿਹਾ ਸੰਘਰਸ਼ ਸੀ ਜੋ ਪੂਰੇ ਭਾਰਤ ਦੇ ਕਿਸਾਨਾਂ ਵਲੋਂ ਕੇਂਦਰੀ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੜਿਆ ਗਿਆ। ਇਹ ਸੰਘਰਸ਼ ਆਪਣੀਆਂ ਜ਼ਮੀਨਾਂ ਬਚਾਉਣ ਦੇ ਨਾਲ-ਨਾਲ ਆਪਣੀ ਹੋਂਦ ਦੀ ਲੜਾਈ ਬਣਾ ਕੇ ਬਿਨਾਂ ਜਾਤ-ਪਾਤ, ਮਜ਼੍ਹਬ ਦੇ ਭੇਦ ਭਾਵ ਤੋਂ ਇਕਜੁੱਟ ਹੋ ਕੇ ਵਿੱਢਿਆ ਅਤੇ ਜਿੱਤਿਆ ਗਿਆ। ਪੰਜਾਬ, ਹਰਿਆਣਾ ਅਤੇ ਯੂ.ਪੀ. ਦੇ ਕਿਸਾਨਾਂ ਨੇ ਇਸ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਈ। ਇਸ ਕਿਸਾਨੀ ਸੰਘਰਸ਼ ਦੇ ਸ਼ੁਰੂ ਹੋਣ ਤੋਂ ਲੈ ਕੇ ਸਮਾਪਤੀ ਤੱਕ ਸਾਹਿਤਕ ਰਚਨਾਵਾਂ ਵਿਚ ਵੀ ਇਸ ਦਾ ਜ਼ਿਕਰ ਨਿਰੰਤਰ ਰੂਪ ਵਿਚ ਚਲਦਾ ਰਿਹਾ। ਹਥਲੀ ਵਿਚਾਰ ਅਧੀਨ ਪੁਸਤਕ 'ਕਿਸਾਨ-ਨਾਮਾ' ਵੀ ਇਸੇ ਹੀ ਕੜੀ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਤਸਵੀਰਾਂ ਸਹਿਤ ਇਸ ਸੰਘਰਸ਼ ਦੀ ਪੈੜਚਾਲ ਦੇ ਨਕਸ਼ ਉਲੀਕੇ ਗਏ ਹਨ। ਇਸ ਪੁਸਤਕ ਦੇ ਲੇਖਕ ਹਰਕੀਰਤ ਸਿੰਘ ਸੰਧਰ ਦੀ ਮਿਹਨਤ ਇਸ ਪੁਸਤਕ ਵਿਚੋਂ ਸਾਫ਼ ਝਲਕਦੀ ਹੈ। ਇਸ ਸੰਘਰਸ਼ ਦੇ ਇਕ-ਇਕ ਦਿਨ ਦਾ ਲੇਖਾ-ਜੋਖਾ ਤੱਥਾਂ ਸਹਿਤ ਪੁਸਤਕ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। 32 ਕਿਸਾਨ ਜਥੇਬੰਦੀਆਂ ਦੀ ਵੱਖ-ਵੱਖ ਦੌਰ ਦੀ ਕੇਂਦਰੀ ਸਰਕਾਰ ਨਾਲ ਹੋਈ ਗੱਲਬਾਤ ਦੇ ਨਾਲ-ਨਾਲ ਆਗੂਆਂ ਦੀਆਂ ਤਸਵੀਰਾਂ ਅਤੇ ਕਿਸਾਨੀ ਸੰਘਰਸ਼ ਕਿਉਂ ਸ਼ੁਰੂ ਹੋਇਆ, ਇਸ ਦੇ ਕਾਰਨ ਕੀ ਸਨ, ਇਸ ਸੰਬੰਧੀ ਇਤਿਹਾਸ ਦੀ ਰੌਸ਼ਨੀ ਵਿਚ ਜਾਣਕਾਰੀ ਪੇਸ਼ ਕੀਤੀ ਗਈ ਹੈ। ਕਿਸਾਨੀ ਮੋਰਚੇ ਦੌਰਾਨ ਵੱਖ-ਵੱਖ ਬਾਰਡਰਾਂ ਉਤੇ ਕਿਸਾਨਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਉਨ੍ਹਾਂ ਦੀਆਂ ਰੰਗਦਾਰ ਤਸਵੀਰਾਂ ਵੀ ਪੁਸਤਕ ਵਿਚ ਸਾਂਭੀਆਂ ਗਈਆਂ ਹਨ ਜੋ ਇਸ ਸੰਘਰਸ਼ ਪ੍ਰਤੀ ਕਿਸਾਨਾਂ ਦੀ ਸਮਰਪਣ ਭਾਵਨਾ ਅਤੇ ਕੁਰਾਬਨੀ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਬਾਰੇ ਵੀ ਸੰਖੇਪ ਪਰ ਭਾਵਪੂਰਤ ਜਾਣਕਾਰੀ ਦਿੰਦਿਆਂ ਇਸ ਸੰਘਰਸ਼ ਦੇ ਬਹੁਤ ਸਾਰੇ ਪੱਖ ਤਸਵੀਰਾਂ ਦੀ ਜ਼ਬਾਨੀ ਪੇਸ਼ ਕੀਤੇ ਗਏ ਹਨ। ਪੁਸਤਕ ਵੱਡ-ਆਕਾਰੀ ਅਤੇ ਵਧੀਆ ਦਿੱਖ-ਪੱਖ ਵਾਲੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611.

c c c
ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ-ਵਿਵੇਕ
ਸੰਪਾ: ਡਾ. ਜੋਗਿੰਦਰ ਸਿੰਘ ਨਿਰਾਲਾ, ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 395 ਰੁਪਏ, ਸਫੇ : 247
ਸੰਪਰਕ : 79737-06245.

ਕਰਮ ਸਿੰਘ ਮਾਨ ਦੀ ਕਹਾਣੀ-ਕਲਾ ਨੂੰ ਸਮਝਣ-ਸਮਝਾਉਣ ਹਿਤ ਸੂਝਵਾਨ ਸੰਪਾਦਕਾਂ ਨੇ 20 ਖੋਜ ਨਿਬੰਧ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਹਥਲੀ ਪੁਸਤਕ ਵਿਚ ਪੰਜਾਬੀ ਦੇ 20 ਆਲੋਚਕਾਂ ਨੇ 'ਮਾਨ' ਦੀ ਕਹਾਣੀ-ਕਲਾ ਦਾ ਨਿੱਠ ਕੇ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ ਖੋਜ ਨਿਬੰਧਾਂ ਵਿਚ ਉਸ ਦੇ ਸਮੁੱਚੇ ਕਲਾ-ਵਿਵੇਕ ਦੀ ਥਾਹ ਪਾਉਣ ਦੇ ਨਾਲ-ਨਾਲ, ਇਕੱਲੀ-ਇਕੱਲੀ ਕਹਾਣੀ-ਪੁਸਤਕ ਦਾ ਮੁਲਾਂਕਣ ਵੀ ਕੀਤਾ ਗਿਆ ਹੈ। ਇਕੱਲੀ ਕਹਾਣੀ ਦੀਆਂ ਪਰਤਾਂ ਫਰੋਲੀਆਂ ਵੀ ਮਿਲਦੀਆਂ ਹਨ। ਇਸ ਨਿਬੰਧ ਸੰਗ੍ਰਹਿ ਨੂੰ ਪੜ੍ਹਦਿਆਂ ਅਜਿਹਾ ਪ੍ਰਤੀਤ ਹੁੰਦਾ ਕਿ 'ਮਾਨ' ਦੀਆਂ ਕਹਾਣੀਆਂ ਪੂਰਬੀ ਅਤੇ ਪੱਛਮੀ ਸੱਭਿਆਚਾਰਾਂ 'ਚੋਂ ਪ੍ਰਾਪਤ ਕੀਤੇ ਅਨੁਭਵ ਦੀ ਤਰਜਮਾਨੀ ਕਰਦੀਆਂ ਹਨ। ਜਦੋਂ ਲੇਖਕ ਨੇ ਕਲਮ ਚੁੱਕੀ, ਉਦੋਂ ਪੰਜਾਬ ਦੇ ਕਾਲੇ ਦਿਨ ਸਮਾਪਤ ਹੋ ਚੁੱਕੇ ਸਨ। ਸਮਾਂ ਕਰਵਟ ਲੈ ਚੁੱਕਾ ਸੀ। ਵਿਸ਼ਵੀਕਰਨ ਅਤੇ ਤਕਨਾਲੋਜੀ ਦਾ ਭਿੰਨ-ਭਿੰਨ ਖੇਤਰਾਂ ਵਿਚ ਪ੍ਰਵੇਸ਼ ਹੋ ਚੁੱਕਾ ਸੀ। ਪੂੰਜੀਵਾਦ ਪੈਰ ਪਸਾਰ ਚੁੱਕਾ ਸੀ। ਅਜਿਹੇ ਹਾਲਾਤ ਵਿਚ ਉੱਭਰਿਆ ਕਹਾਣੀਕਾਰ ਮਾਨਵਵਾਦੀ ਰੁਚੀਆਂ ਦਾ ਸ਼ੈਦਾਈ ਹੋ ਨਿੱਬੜਿਆ। ਉਸ ਪਾਸ ਵਿਸ਼ਿਆਂ ਦਾ ਅਮੁੱਲ ਭੰਡਾਰ ਹੈ। ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਕਹਾਣੀ ਕਹਿਣ ਦਾ ਹੁਨਰ ਹਾਸਲ ਹੈ। ਸਰਲ ਅਤੇ ਸਪੱਸ਼ਟ ਕਹਾਣੀਆਂ ਵਿਚ ਦਵੰਦਵਾਦੀ-ਤਾਰਕਿਕ ਦ੍ਰਿਸ਼ਟੀਕੋਣ ਦੀ ਪੇਸ਼ਕਾਰੀ ਕਰਦਾ ਹੈ। ਉਸ ਦੀਆਂ ਕਹਾਣੀਆਂ ਵਿਚ ਪਿੰਡ ਬੋਲਦੇ ਹਨ। ਕਹਾਣੀਆਂ ਰਾਸ਼ਟਰੀ-ਅੰਤਰਰਾਸ਼ਟਰੀ ਸੱਭਿਆਚਾਰਾਂ ਦੇ ਦਵੰਦ-ਸੰਬੰਧਾਂ ਦਾ ਕੋਲਾਜ ਹਨ। ਪਾਤਰ ਘਟਨਾਵਾਂ ਨਾਲ ਦਸਤਪੰਜਾ ਲੈਂਦੇ ਹਨ। ਰਿਸ਼ਤਿਆਂ ਦੇ ਕਰੂਰ-ਯਥਾਰਥ ਦਾ ਪ੍ਰਗਟਾਵਾ ਹੈ। ਜੀਵਨ-ਮੁਖੀ ਫਲਸਫ਼ੇ ਦੀ ਪੇਸ਼ਕਾਰੀ ਹੈ। ਨਿੱਕੇ-ਨਿੱਕੇ ਮੋਟਿਫਾਂ ਨਾਲ ਗੁੰਦੀਆਂ ਕਥਾਵਾਂ ਹਨ। ਬਾਲ-ਮਾਨਸਿਕਤਾ ਵੀ ਰੂਪਮਾਨ ਹੋਈ ਹੈ। 'ਮਾਨ' ਦੀਆਂ ਕਹਾਣੀਆਂ ਸੱਭਿਆਚਾਰ ਦੇ ਤਾਣੇ-ਬਾਣੇ ਦੀਆਂ ਗੁੰਝਲਾਂ ਖੋਲ੍ਹਦੀਆਂ ਹਨ। ਸੰਖੇਪ ਇਹ ਕਿ ਕਰਮ ਸਿੰਘ ਮਾਨ ਸਮਕਾਲੀ ਪੰਜਾਬੀ ਕਹਾਣੀ ਦਾ ਸਮਰੱਥ ਅਤੇ ਗੋਲਣਯੋਗ ਹਸਤਾਖ਼ਰ ਹੈ। ਸੰਪਾਦਕਾਂ ਵਲੋਂ ਕੀਤੀ ਨਿਬੰਧਾਂ ਦੀ ਚੋਣ ਸ਼ਲਾਘਾਯੋਗ ਹੈ।

-ਡਾ. ਧਰਮ ਚੰਦ ਵਾਤਿਸ਼
vatish.dharamchand.@gmail.com

 c c

ਬੁੱਢੇ ਚੂਹੇ ਦੀ ਸੋਚ
ਲੇਖਕ : ਡੀ.ਆਰ.ਬੰਦਨਾ
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ ਜਲੰਧਰ
ਮੁੱਲ: 175 ਰੁਪਏ ਸਫੇ: 96.
ਸੰਪਰਕ : 94173 89003

ਹਥਲੀ ਪੁਸਤਕ 'ਬੁੱਢੇ ਚੂਹੇ ਦੀ ਸੋਚ' ਬਾਲ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ 70 ਦੇ ਕਰੀਬ ਕਹਾਣੀਆਂ ਹਨ। ਲੇਖਕ ਨੇ ਬਾਲਾਂ ਦੀ ਨਬਜ਼ ਨੂੰ ਫੜਨ ਦਾ ਯਤਨ ਕੀਤਾ ਹੈ। ਉਹ ਆਪਣੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਜਿੱਥੇ ਆਮ ਜਾਣਕਾਰੀ ਦਿੰਦਾ ਹੈ, ਉਥੇ ਜੀਵਨ ਜਾਚ ਵੀ ਸਿਖਾਉਂਦਾ ਹੈ। ਕਹਾਣੀ 'ਬੁੱਢੇ ਚੂਹੇ ਦੀ ਸੋਚ' ਵਿਚ ਲੇਖਕ ਨੇ ਦੱਸਿਆ ਹੈ ਕਿ ਬੁੱਢੇ ਵਿਅਕਤੀ ਦੀ ਸੋਚ ਕਈ ਔਖੇ ਤੋਂ ਔਖੇ ਫ਼ੈਸਲੇ ਬੜੇ ਸੌਖਿਆ ਹੀ ਕਰ ਜਾਂਦੀ ਹੈ। ਕਹਾਣੀਆਂ ਪੜ੍ਹ ਕੇ ਲੇਖਕ ਦੀ ਕਲਾਕਾਰੀ ਦਾ ਵੀ ਪਤਾ ਲਗਦਾ ਹੈ। ਉਸ ਨੇ ਲੋੜੀਂਦੀ ਮਾਤਰਾ ਵਿਚ ਸਬਦਾਂ ਦੀ ਵਰਤੋਂ ਕਰਦਿਆਂ ਦਰਜਨਾਂ ਹੀ ਵਿਸ਼ਿਆਂ ਦੀ ਪੇਸ਼ਕਾਰੀ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਕਰ ਦਿੱਤੀ ਹੈ। 'ਬੁਰੇ ਕੰਮ ਦਾ ਬੁਰਾ ਨਤੀਜਾ', 'ਵਿਚਾਰਾਂ ਦੀ ਤਾਕਤ', 'ਮਿੱਟੀ ਦਾ ਮੋਹ', 'ਮਿਹਨਤ', 'ਪਾਣੀ ਦਾ ਝਗੜਾ', 'ਪਾਪ ਤੋਂ ਮੁਕਤੀ', 'ਕਿਸਾਨ ਦੀ ਸਚਾਈ', 'ਗੁਣਾਂ ਦੀ ਕੀਮਤ', 'ਖ਼ੁਸ਼ੀ ਦਾ ਰਾਜ਼', 'ਹੰਕਾਰ ਦਾ ਸਿਰ ਨੀਵਾਂ', 'ਚੋਰ ਦੀ ਮਾਂ ਕੋਠੀ ਵਿਚ ਮੂੰਹ', 'ਪਿੰਜਰੇ ਦਾ ਸ਼ੇਰ' ਆਦਿ ਸਾਰੀਆਂ ਹੀ ਕਹਾਣੀਆਂ ਜਿੱਥੇ ਬਹੁਤ ਹੀ ਰੌਚਕ ਹਨ, ਉਥੇ ਲੇਖਕ ਬਾਲਾਂ ਦੀ ਮਾਨਸਿਕਤਾ ਨੂੰ ਸਮਝਦਾ ਹੈ ਜਿਸ ਕਰਕੇ ਭਾਸ਼ਾ ਸਰਲ ਅਤੇ ਠੇਠ ਬਾਲਾਂ ਦੇ ਹਾਣ ਦੀ ਹੀ ਵਰਤੀ ਹੈ। ਸਾਰੀਆਂ ਹੀ ਕਹਾਣੀਆਂ ਸਿੱਖਿਆਦਾਇਕ ਹਨ। ਬਾਲਾਂ ਨੂੰ ਮਿਹਨਤ ਕਰਨ, ਸੱਚ ਬੋਲਣ, ਅਨੁਸ਼ਾਸਨ ਵਿਚ ਰਹਿਣ, ਗੱਲ ਕੀ ਭਵਿੱਖ ਦੇ ਬਹੁਤ ਵਧੀਆ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਮੌਕਾਪ੍ਰਸਤ ਲੋਕਾਂ ਤੋਂ ਸੁਚੇਤ ਵੀ ਕਰਦੀਆਂ ਹਨ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896.

c c c
ਖ਼ੂਬਸੂਰਤ ਛੱਤਰੀ
ਲੇਖਿਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ ਮੁਹਾਲੀ, ਚੰਡੀਗੜ੍ਹ।
ਮੁੱਲ : 150 ਰੁਪਏ, ਸਫ਼ੇ : 56
ਸੰਪਰਕ : 98783-17796

ਬਲਰਾਜ ਧਾਰੀਵਾਲ ਦੁਆਰਾ ਰਚਿਤ ਤਾਜ਼ਾਤਰੀਨ ਬਾਲ ਕਹਾਣੀ ਸੰਗ੍ਰਹਿ 'ਖ਼ੂਬਸੂਰਤ ਛਤਰੀ' ਵਿਚ ਕੁੱਲ ਗਿਆਰਾਂ ਕਹਾਣੀਆਂ ਸ਼ਾਮਿਲ ਹਨ। 'ਤੋਲੂ ਮੋਲੂ', 'ਛੋਟਾ ਚਰਪੀ' ਅਤੇ 'ਮੋਮੋ ਸਾਹਿਬ' ਕਹਾਣੀਆਂ ਚਿੜੀ-ਜਨੌਰਾਂ ਦੇ ਬਿਰਤਾਂਤ ਸਿਰਜਦੀਆਂ ਹਨ। 'ਫੈਂਸੀ ਡਰੈੱਸ ਦਾ ਮੁਕਾਬਲਾ' ਕਹਾਣੀ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਜਿਸ ਵਿਚ ਕਲਾਤਮਿਕ ਢੰਗ ਨਾਲ ਫੈਂਸੀ ਡਰੈੱਸ ਮੁਕਾਬਲੇ ਵਿਚ ਰੁੱਖ ਦਾ ਰੂਪ ਧਾਰਨ ਕਰਕੇ ਰੁੱਖਾਂ ਦੀ ਸਾਂਭ-ਸੰਭਾਲ ਦਾ ਖ਼ੂਬਸੂਰਤ ਪੈਗ਼ਾਮ ਦਿੰਦੀ ਹੈ। 'ਮੁਕਾਬਲੇ ਦਾ ਯੁੱਗ ਤੇ ਪੜ੍ਹਾਈ' ਕਹਾਣੀ ਵਿਚ ਦੋ ਸਕੂਲੀ ਵਿਦਿਆਰਥਣਾਂ ਸਿਮਰਨ ਅਤੇ ਮੀਨੂੰ ਉੱਪਰ ਆਧਾਰਿਤ ਹੈ। ਇਸ ਬਾਲ ਕਹਾਣੀ ਦਾ ਵਿਸ਼ਾ ਵਸਤੂ ਬਾਲਾਂ ਦੇ ਮਨਾਂ ਵਿਚ ਇਹ ਸ਼ੁੱਭ ਭਾਵਨਾ ਦਾ ਸੰਚਾਰ ਕਰਦਾ ਹੈ ਕਿ ਜੇਕਰ ਜੀਵਨ ਵਿਚ ਅੱਗੇ ਵਧਣਾ ਹੈ ਤਾਂ ਪਾਠਕ੍ਰਮ ਦੀਆਂ ਪੁਸਤਕਾਂ ਤੋਂ ਇਲਾਵਾ ਅਖ਼ਬਾਰਾਂ ਰਸਾਲਿਆਂ ਵਿਚੋਂ ਵੀ ਵਾਕਫ਼ੀਅਤ ਹਾਸਲ ਕਰਨੀ ਚਾਹੀਦੀ ਹੈ। 'ਸੰਤੁਸ਼ਟੀ' ਕਹਾਣੀ ਵਿਚ ਗ਼ਰੀਬ ਪਰਿਵਾਰ ਦੀ ਲੜਕੀ ਕਿਰਨ ਆਪਣੀ ਅਮੀਰ ਜਮਾਤਣ ਸੰਦੀਪ ਦੇ ਵੱਡੇ ਘਰ ਵਰਗਾ ਸੁਪਨਾ ਲੈਂਦੀ ਹੈ ਅਤੇ ਉਚਾਟ ਰਹਿਣ ਲਗਦੀ ਹੈ ਪ੍ਰੰਤੂ ਮੰਮੀ ਵਲੋਂ ਪਿਆਰ ਨਾਲ ਇਹ ਸਮਝਾਉਣ 'ਤੇ ਕਿ ਵੱਡਿਆਂ ਘਰਾਂ ਨਾਲ ਜਾਂ ਕੀਮਤੀ ਚੀਜ਼ਾਂ ਨਾਲ ਕੋਈ ਅਮੀਰ ਨਹੀਂ ਹੋ ਜਾਂਦਾ, ਮਨੁੱਖ ਕੋਲ ਜੋ ਹੈ, ਉਸ ਨਾਲ ਹੀ ਸਾਡੇ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮਨੁੱਖ ਮਨਭਾਉਂਦੀ ਮੰਜ਼ਿਲ ਹਾਸਲ ਕਰ ਸਕਦਾ ਹੈ। ਕਿਰਨ ਸਮਝ ਜਾਂਦੀ ਹੈ। ਇਸ ਸੰਗ੍ਰਹਿ ਦੀਆਂ ਬਾਕੀ ਕਹਾਣੀਆਂ ਵਿਚੋਂ 'ਵੱਡਾ ਟੀ.ਵੀ. ਤੇ ਕਿਊਟੀ' ਅਤੇ 'ਸੰਨੀ ਦਾ ਕੋਮਲ ਮਨ' ਆਦਿ ਵੀ ਬਾਲ ਮਨਾਂ ਨੂੰ ਟੁੰਬਦੀਆਂ ਹਨ। ਬੱਚਿਆਂ ਵਿਚ ਪੰਜਾਬੀ ਮਾਤ ਭਾਸ਼ਾ ਪ੍ਰਤੀ ਪ੍ਰੇਮ ਜਗਾਉਣ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਅਤੇ ਮਨੋਰੰਜਨ ਕਰਨ ਵਾਲੀ ਇਸ ਪੁਸਤਕ ਦਾ ਸੁਆਗਤ ਹੈ।

- ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

c c c


ਦਸਤਾਰ ਖ਼ਾਲਸੇ ਦੀ

ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ।
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053

ਦਸਤਾਰ ਖ਼ਾਲਸੇ ਦੀ ਪੁਸਤਕ ਧਾਰਮਿਕ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਬਹੱਤਰ ਦੇ ਕਰੀਬ ਗੀਤ ਰਚਨਾਵਾਂ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਸੁਖਚਰਨ ਸਿੰਘ ਸਾਹੋਕੇ, ਪ੍ਰੋ: ਸਰਬਜੀਤ ਸਿੰਘ ਸੰਧੂ, ਸਵਿੰਦਰ ਸਿੰਘ ਖੇਮਕਰਨੀ, ਡਾ. ਗੁਰਮੇਲ ਸਿੰਘ ਸ਼ੇਰਗਿੱਲ, ਲਾਲ ਸਿੰਘ ਲਾਲੀ, ਰਣਜੀਤ ਸਿੰਘ ਢਿੱਲੋਂ, ਮਾ: ਜੰਗ ਸਿੰਘ, ਸੁਖਮੰਦਰ ਸਿੰਘ ਢਿੱਲੋਂ, ਅਤੇ ਜਸਪ੍ਰੀਤ ਕੌਰ ਮੁਕਤਸਰੀ ਵਲੋਂ ਇਸ ਪੁਸਤਕ ਸੰਬੰਧੀ ਆਪੋ-ਆਪਣੀ ਰਾਏ ਅਤੇ ਮੁਬਾਰਕ ਸ਼ਬਦਾਂ ਨਾਲ ਲੇਖਕ ਨੂੰ ਆਸ਼ੀਰਵਾਦ ਦਿੱਤਾ ਹੈ। ਮੁਕਤਸਰੀ ਨੇ ਸੱਭਿਆਚਾਰਕ ਤੇ ਧਾਰਮਿਕ ਗੀਤ ਸੈਂਕੜਿਆਂ ਦੀ ਗਿਣਤੀ 'ਚ ਲਿਖੇ ਹਨ ਤੇ ਵੱਡੀ ਗਿਣਤੀ ਵਿਚ ਰਿਕਾਰਡ ਹੋਏ ਟੇਪਾਂ ਕੈਸਟਾਂ ਚ ਗੂੰਜੇ ਹਨ। ਲੇਖਕ ਦੀ ਹਰ ਰਚਨਾ ਵਿਚੋਂ ਭੁੱਲੇ ਭਟਕੇ ਬੱਚਿਆਂ ਨੂੰ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕਾਬਲ-ਏ-ਤਾਰੀਫ਼ ਹਨ, ਜਿਵੇਂ:
ਦਸਮ ਪਿਤਾ ਜੋ ਬਖਸ਼ੀ ਹੈ, ਦਸਤਾਰ ਖ਼ਾਲਸੇ ਦੀ
ਇੱਜ਼ਤ ਵੀ ਤੇ ਅਣਖ ਵੀ, ਦਸਤਾਰ ਖ਼ਾਲਸੇ ਦੀ।
ਪੁਸਤਕ ਵਿਚਲੇ ਬਹੁਤੇ ਗੀਤ ਦਸਤਾਰ ਨਾਲ ਸੰਬੰਧਿਤ ਹਨ। ਗੀਤਕਾਰ ਨੇ ਆਪਣੇ ਗੀਤਾਂ ਨੂੰ ਰੰਗ-ਬਰੰਗੇ ਖ਼ੂਬਸੂਰਤ ਗੁਲਦਸਤੇ ਵਾਂਗ ਸਜਾਉਣ ਦਾ ਉਪਰਾਲਾ ਕੀਤਾ ਹੈ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਕੇ ਅਤੇ ਸਿੱਖੀ ਦੀ ਖ਼ਾਤਰ ਸ਼ਹੀਦੀਆਂ ਪਾ ਗਏ ਸਿੰਘ/ ਸਿੰਘਣੀਆਂ ਨੂੰ ਭੁੱਲ ਕੇ ਸਿੰਘਾਂ ਦੀ ਸਰਦਾਰੀ ਨੂੰ ਢਾਅ ਲਾ ਰਹੇ ਹਨ ਜੋ ਕਾਫੀ ਚਿੰਤਾ ਵਾਲਾ ਵਿਸ਼ਾ ਹੈ। ਲੇਖਕ ਆਪਣੇ ਗੀਤਾਂ ਰਾਹੀਂ ਨੌਜਵਾਨ ਧੀਆਂ-ਪੁੱਤਰਾਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਤ-ਸੂਰਤ ਪੁੱਤਰ ਕਹਾਉਣ ਲਈ ਕਰਮਸ਼ੀਲ ਦਿਖਾਈ ਦਿੰਦਾ ਹੈ।
ਭੁੱਲ ਗਈ ਪਹਿਚਾਣ ਜੇ ਤੇਰੀ,
ਰੁਲ ਜਾਊ ਸਰਦਾਰੀ ਤੇਰੀ
ਤੂੰ ਬਣ ਕੇ ਰਹਿ ਸਰਦਾਰ,
ਜੇ ਸਰਦਾਰ ਕਹਾਉਣਾ।
ਹੁਣ ਨਸ਼ਿਆਂ ਦਾ ਛੱਡ ਦੇ ਪੱਲਾ
ਕਾਹਤੋਂ ਹੋਇਆ ਫਿਰੇ ਦਿਨ ਰਾਤ ਝੱਲਾ।
ਗੀਤਾਂ ਦੀ ਸ਼ੈਲੀ ਤੇ ਬੋਲੀ ਅਤੀ ਸੁੰਦਰ ਤੇ ਢੁਕਵੀਂ, ਸਰਲ ਤੇ ਪਾਠਕਾਂ ਦੀ ਜ਼ਬਾਨ 'ਤੇ ਚੜ੍ਹਨਯੋਗ ਹੈ। ਲੇਖਕ ਆਪਦੇ ਨਾਂਅ ਨਾਲ ਸਿੰਘ ਲਾਉਣ ਤੋਂ ਝਿਜਕਦਾ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਸਹੀ ਭਾਵਨਾ ਵੀ ਸਹੀ ਪਹੁੰਚ ਤੋਂ ਪਛੜ ਜਾਂਦੀ ਹੈ। ਆਸ ਹੈ ਪਾਠਕ ਇਨ੍ਹਾਂ ਰਚਨਾਵਾਂ ਤੋਂ ਸੇਧ ਲੈਣਗੇ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


c c c
ਸੁੱਕੇ ਕਾਸਟ ਹਰਿਆ
ਲੇਖਕ : ਕੁਲਦੀਪ ਸਿੰਘ ਬਾਸੀ
ਮੁੱਲ : 200 ਰੁਪਏ, ਸਫ਼ੇ : 92
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ, ਕੋਟਕਪੂਰਾ
ਸੰਪਰਕ : 98152-98459

15 ਕਾਂਡ ਵਾਲੇ ਇਸ ਨਾਵਲ ਦੀ ਕਹਾਣੀ ਪੰਜਾਬ ਦੇ ਕਿਸੇ ਪੇਂਡੂ ਕਿਸਾਨ ਪਰਿਵਾਰ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਕੋਲ ਜ਼ਮੀਨ ਥੋੜ੍ਹੀ ਹੈ। ਕਹਾਣੀ ਅਨੁਸਾਰ ਕਿਸਾਨ ਦੇ ਤਿੰਨ ਪੁੱਤਰ ਅਤੇ ਇਕ ਧੀ ਹੈ। ਬੱਚੇ ਵੱਡੇ ਹੋ ਜਾਂਦੇ ਹਨ, ਪਰ ਅਜਿਹੇ ਮਾਹੌਲ 'ਚ ਕਿਸਾਨ ਦੀ ਪਤਨੀ ਅਚਾਨਕ ਗਰਭਵਤੀ ਹੋ ਜਾਂਦੀ ਹੈ। ਪਰ ਗੱਲ ਉਸ ਪੱਧਰ 'ਤੇ ਪਹੁੰਚ ਜਾਂਦੀ ਹੈ, ਜਦ ਗਰਭਪਾਤ ਵੀ ਨਹੀਂ ਹੋ ਸਕਦਾ। ਓਧਰ ਖ਼ੁਦ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੇ ਬੱਚੇ ਇਸ ਗੱਲ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਮਾਪਿਆਂ ਨੂੰ ਕੋਸਦੇ ਹਨ। ਕਿਸਾਨ ਮਿਹਨਤੀ ਹੈ ਅਤੇ ਬੱਚੇ ਵੀ ਲਾਇਕ ਨਿਕਲਦੇ ਹਨ। ਵੱਡੇ ਦੋਵੇਂ ਲੜਕੇ ਸਰਕਾਰੀ ਨੌਕਰੀ 'ਤੇ ਲੱਗ ਜਾਂਦੇ ਹਨ। ਤੀਜਾ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਹੈ। ਅਣਚਾਹਿਆ ਬੱਚਾ ਲੜਕਾ ਪੈਦਾ ਹੁੰਦਾ ਹੈ, ਜਿਸ ਦਾ ਨਾਂਅ ਰਣਬੀਰ ਰੱਖਿਆ ਜਾਂਦਾ ਹੈ, ਪਰ ਉਹ ਆਪਣੇ ਸਮੁੱਚੇ ਜੀਵਨ ਦੇ ਸ਼ੁਰੂ 'ਚ ਹੋਣਹਾਰ, ਫਿਰ ਐਸ਼ੀ ਅਤੇ ਵਿਆਹੁਤਾ ਜੀਵਨ 'ਚ ਜਾ ਕੇ ਮੰਝਧਾਰ 'ਚ ਫ਼ਸਿਆ ਹੋਇਆ ਨਜ਼ਰ ਆਉਂਦਾ ਹੈ। ਅੰਤ 'ਚ ਉਹ ਇਕ ਧਾਰਮਿਕ ਸਥਾਨ ਦਾ ਆਸਰਾ ਲੈਂਦਾ ਹੈ, ਜਿੱਥੇ ਜਾ ਕੇ ਉਸ ਦੇ ਅਨੰਦਮਈ ਜੀਵਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਨਾਵਲ ਦੀ ਕਹਾਣੀ ਗੁੰਦਵੀਂ ਹੈ, ਪਾਤਰ-ਉਸਾਰੀ, ਦ੍ਰਿਸ਼ ਚਿਤਰਨ, ਵਾਰਤਾਲਾਪ ਚੰਗਾ ਹੈ। ਨਾਵਲ ਦੀ ਕਹਾਣੀ ਯਥਾਰਥਵਾਦੀ ਹੈ ਅਤੇ ਕਈ ਪੱਖਾਂ ਨੂੰ ਪਾਠਕ ਨੂੰ ਸੇਧ ਦੇਣ ਵਾਲੀ ਵੀ ਹੈ। ਨਾਵਲ ਦਾ ਸਿਰਲੇਖ 'ਸੁੱਕੇ' ਦੀ ਥਾਂ 'ਸੂਕੇੇ ਕਾਸਟ ਹਰਿਆ' ਹੋਣਾ ਚਾਹੀਦਾ ਸੀ। ਲੇਖਕ ਨੇ ਮਨੁੱਖੀ ਇਛਾਵਾਂ ਅਤੇ ਸੰਘਰਸ਼ ਦਾ ਸੁਚੱਜੇ ਢੰਗ ਨਾਲ ਬਿਰਤਾਂਤ ਕੀਤਾ ਹੈ।

-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110

ਪ੍ਰਾਪਤ ਪੁਸਤਕਾਂ

ਬਦਲਦੀ ਹਵਾ
ਲੇਖਕ : ਹਰਪ੍ਰੀਤ ਸਿੰਘ ਰਾਣਾ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 98885-53162.
c c c
ਹਮ ਰੁਲਤੇ ਫਿਰਤੇ

ਲੇਖਕ : ਮੰਗਤ ਸਿੰਘ 'ਰਾਹੀਂ'
ਪ੍ਰਕਾਸ਼ਕ : ਆਈਕੋਨ ਪ੍ਰਿੰਟਰਜ਼, ਲੁਧਿਆਣਾ
ਮੁੱਲ : 20 ਰੁਪਏ, ਸਫ਼ੇ : 32
ਸੰਪਰਕ : 98882-91607.
c c c
ਚੜ੍ਹਤ
ਲੇਖਕ : ਅਸ਼ੋਕ ਚਟਾਨੀ
ਪ੍ਰਕਾਸ਼ਕ : ਗਲੋਬਲ ਪ੍ਰਿੰਟਿੰਗ ਪ੍ਰੈੱਸ, ਮੋਗਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98147-33796.
c c c
ਕੰਮੇਆਣਾ
ਮੇਰਾ ਜਨਮ ਸਥਾਨ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 50 ਰੁਪਏ, ਸਫ਼ੇ : 15
c c c
ਘਰ ਵਿਚ ਦਾਅਵਤ
ਲੇਖਕ : ਆਸ਼ਾ ਅਗਰਵਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 01679-241744
c c c
10 ਡੇਜ਼ ਮਾਇੰਡ ਐਂਡ ਬੌਡੀ ਚੈਲਿੰਜ
ਲੇਖਕ : ਮਨਜਿੰਦਰ ਕੌਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ :kaur07tasmania@gmail.com

28-08-2022

 ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 98726-02296.


ਵਰਿਆਮ ਸਿੰਘ ਸੰਧੂ ਦਾ ਪੰਜਾਬੀ ਸਾਹਿਤ ਤੇ ਆਲੋਚਨਾਤਮਿਕ ਖੇਤਰ ਵਿਚ ਵਿਸ਼ੇਸ਼ ਸਥਾਨ ਹੈ। ਉਸ ਦੀ ਬੇਬਾਕ ਸ਼ਖ਼ਸੀਅਤ ਦੇ ਦਰਸ਼ਨ 'ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ' ਪੁਸਤਕ ਵਿਚੋਂ ਦ੍ਰਿਸ਼ਟਮਾਨ ਹੁੰਦੇ ਹਨ। ਵਾਰਤਕ ਦੀ ਇਸ ਪੁਸਤਕ ਵਿਚ 15 ਸਰਵਗੁਣ-ਸੰਪੰਨ ਦਿਸ਼ਾਵਾਂ ਦਾ ਝਲਕਾਰਾ ਮਿਲਦਾ ਹੈ। 'ਹਿੰਦੁਸਤਾਨ ਕਿ ਹਿੰਦੂਸਤਾਨ'। ਬਹੁਗਿਣਤੀ ਹਿੰਦੂਆਂ ਦੀ ਸੰਕੀਰਣ ਸੋਚ ਦਾ ਪ੍ਰਗਟਾਵਾ ਕੀਤਾ ਹੈ ਅਤੇ ਘੱਟ-ਗਿਣਤੀਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। 'ਸਿੱਖੀ ਵੀ ਵਪਾਰ ਬਣ ਗਈ' ਵਿਚ ਸਿੱਖੀ ਸਿਧਾਂਤਾਂ ਨੂੰ ਸਿੱਖ ਆਗੂਆਂ ਵਲੋਂ ਅੱਖੋਂ ਪਰੋਖੇ ਕੀਤਾ ਹੈ। ਵਪਾਰਕ ਅਦਾਰੇ ਗੁਰੂ ਸਾਹਿਬਾਨ ਦੇ ਨਾਮ 'ਤੇ ਲੋਕਾਈ ਨੂੰ ਲੁੱਟ ਰਹੇ ਹਨ। 'ਅਸਮਾਨ ਦਾ ਨਹੀਂ ਧਰਤੀ ਦਾ ਫਲਸਫ਼ਾ' ਸਿੱਖ ਫਿਲਾਸਫ਼ੀ ਨੇ ਅਤੀਤ, ਵਰਤਮਾਨ ਅਤੇ ਭਵਿੱਖਮੁਖੀ ਪ੍ਰਸਥਿਤੀਆਂ ਵਿਚ ਮਨੁੱਖਤਾ ਨੂੰ ਨੈਤਿਕਤਾ ਦੀ ਸਿੱਖਿਆ ਪ੍ਰਦਾਨ ਕੀਤੀ ਹੈ। ਟੈਗੋਰ ਨੇ ਵਿਚਾਰ ਦਿੱਤਾ ਕਿ ਜਿਸ ਭਾਸ਼ਾ ਵਿਚ ਗੁਰੂ ਨਾਨਕ ਨੇ ਲਿਖਿਆ ਹੋਵੇ, ਉਹ ਪਛੜੀ ਹੋਈ ਭਾਸ਼ਾ ਕਿਵੇਂ ਕਹੀ ਜਾ ਸਕਦੀ ਹੈ। 'ਨਵੇਂ ਮਨੁੱਖ ਦੀ ਘਾੜਤ' ਵਿਚ ਗੁਰੂ ਨਾਨਕ ਦੀ 'ਅਨੂਪ ਘਾੜਤ' ਦਾ ਜ਼ਿਕਰ ਹੈ। ਸੁਰਤ, ਮੱਤ, ਮਨ, ਬੁੱਧ ਦੀ ਘਾੜਤ ਨਾਲ ਮਨੁੱਖਤਾ ਵਿਚ ਦਵੈਸ਼ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। 'ਖੋਜੀ ਉਪਜੈ ਬਾਦੀ ਬਿਨਸੈ' ਵਿਚ ਖੋਜੀ ਬਿਰਤੀ ਅਪਣਾਉਂਦੇ ਹੋਏ ਵਰਤਮਾਨ ਵਿਚਲੀਆਂ ਸਮੱਸਿਆਵਾਂ ਨਾਲ ਸਹਿਜਤਾ ਨਾਲ ਹੱੱਲ ਕੀਤਾ ਜਾ ਸਕਦਾ ਹੈ। 'ਮੇਰਾ ਨਾਨਕ ਇਕੱਲਾ ਰਹਿ ਗਿਆ ਹੈ' ਗੁਰੂ ਨਾਨਕ ਤੇ ਭਾਈ ਮਰਦਾਨੇ ਦੀ 54 ਸਾਲ ਦੀ ਇਕਰੂਪਤਾ ਦਾ ਪ੍ਰਮਾਣ ਦਿੱਤਾ ਹੈ। ਉਸ ਨੂੰ ਗਿਲਾ ਵੀ ਹੈ ਕਿ ਸਿੱਖ ਵਿਦਵਾਨਾਂ ਤੇ ਸੰਸਥਾਵਾਂ ਨੇ ਭਾਈ ਮਰਦਾਨੇ ਦੀ ਅੰਸ-ਬੰਸ ਦੀ ਕਦਰ ਨਹੀਂ ਕੀਤੀ। 'ਦਿੱਖ ਅਤੇ ਤੱਤ ਦਾ ਫ਼ਰਕ' ਵਿਚ ਵਰਿਆਮ ਸੰਧੂ ਨੇ ਵਰਤਮਾਨ ਵਿਚਲੀ ਕੱਟੜਤਾ ਤੋਂ ਮੁਕਤ ਹੋ ਕੇ ਧਰਮ ਗ੍ਰੰਥਾਂ ਦੀ ਮਾਨਵ ਹਿਤੈਸ਼ੀ ਪਹੁੰਚ ਵਿਧੀ ਉੱਤੇ ਜ਼ੋਰ ਦਿੱਤਾ। 'ਕਰਾਮਾਤੀ ਗੁਰੂ ਨਾਨਕ' ਵਿਚ ਬਾਬੇ ਨਾਨਕ ਨਾਲ ਸੰਬੰਧਿਤ ਕਰਾਮਾਤੀ ਕਥਾਵਾਂ ਨਾਲੋਂ ਗੁਰੂ ਜੀ ਦੀ ਕਿਰਤੀ ਤੇ ਵਿਚਾਰਧਾਰਕ ਦ੍ਰਿਸ਼ਟੀ ਨੂੰ ਰੂਪਮਾਨ ਕੀਤਾ ਹੈ। 'ਗੁਰੂ ਨਾਨਕ ਦੀਆਂ ਪੈੜਾਂ 'ਤੇ ਤੁਰਦਿਆਂ' ਮਨੁੱਖੀ ਮਾਨਸਿਕਤਾ ਉੱਤੇ ਧਰਮ, ਇਤਿਹਾਸ ਤੇ ਸੱਭਿਆਚਾਰ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ। 'ਕਿਸਾਨੀ ਸੰਘਰਸ਼ ਅਤੇ ਗੁਰੂ ਨਾਨਕ' ਕਿਸਾਨੀ ਜਿੱਤ ਪਿੱਛੋਂ ਕਾਰਜਸ਼ੀਲ ਗੁਰਬਾਣੀ ਦਾ ਓਟ ਆਸਰਾ ਤੇ ਗਿਆਨਤਾ ਸੀ। ਦੇਸ਼ ਭਰ ਵਿਚੋਂ ਸ਼ਾਮਿਲ ਕਿਸਾਨਾਂ ਵਿਚ ਵਿਚਾਰਕ ਮਤਭੇਦ ਸਨ ਪਰ ਗੁਰਮਤਿ ਦੇ ਸੰਵਾਦ ਦੀ ਪਰੰਪਰਾ ਨੇ ਇਕਮਤ ਤੇ ਇਕਸੁਰਤਾ ਕਾਇਮ ਕੀਤੀ। 'ਗੁਰਮਤਿ ਦਾ ਰੱਬ' ਵਿਚ ਧਾਰਮਿਕ ਕੱਟੜਤਾ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਗੁਰਮਤਿ ਵਿਚਲੇ ਮੂਲ ਮੰਤਰ ਦੀ ਸੱਚੀ ਹੋਂਦ ਦੀ ਪ੍ਰਮਾਣਿਕਤਾ ਤੋਂ ਜਾਣੂ ਕਰਵਾਇਆ ਹੈ। 'ਪੰਜਾਬੀ ਸਾਹਿਤ ਵਿਚ ਨਾਨਕਤਵ' ਗੁਰੂ ਸਾਹਿਬਾਨ ਅਤੇ ਪੰਜਾਬੀ ਸਾਹਿਤਕਾਰਾਂ ਦੀ ਮਾਂ ਬੋਲੀ ਪ੍ਰਤੀ ਹੋਂਦ ਤੇ ਪਛਾਣ ਦੀ ਕਾਇਮੀ ਲਈ ਦਿੱਤੇ ਵਡਮੁੱਲੇ ਯੋਗਦਾਨ ਦਾ ਬਿੰਬ ਉਸਰਦਾ ਹੈ। 'ਮੁੱਕਦੀ ਗੱਲ' ਵਿਚ ਵਾਤਾਵਰਨ ਦੀ ਤਬਾਹੀ, ਸਦਾਚਾਰਕ ਗਿਰਾਵਟ, ਅਸਹਿਣਸ਼ੀਲਤਾ, ਕਿਰਤ ਉੱਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਦਾ ਜ਼ਿਕਰ ਕੀਤਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਵਰਿਆਮ ਸੰਧੂ ਦੀ ਪੁਸਤਕ 'ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ' ਵਿਚ ਵਰਤਮਾਨ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ 'ਗੁਰਬਾਣੀ ਦੇ ਸਿਧਾਂਤਾਂ' ਨੂੰ ਸਾਰਥਕ ਰੂਪ ਵਿਚ ਅਪਣਾਉਣ ਪ੍ਰੇਰਿਤ ਕੀਤਾ ਹੈ। ਖੋਜੀ ਇਹ ਪੁਸਤਕ ਵਿਦਿਆਰਥੀਆਂ ਲਈ ਗਿਆਨ ਦਾ ਅਖੁੱਟ ਭੰਡਾਰ ਤੇ ਨਵੀਨ ਬਿਰਤੀ ਅਪਣਾਉਣ ਲਈ ਸਹਾਇਕ ਸਿੱਧ ਹੋਵੇਗੀ।


ਡਾ. ਹਰਿੰਦਰ ਸਿੰਘ 'ਤੁੜ'
ਮੋ: 81465-42810


ਅਲਫ਼ ਦਾ ਪਾਂਧੀ
ਲੇਖਕ : ਸਾਬਿਰ ਅਲੀ ਸਾਬਿਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 0161-2740738.


'ਅਲਫ਼ ਦਾ ਪਾਂਧੀ' ਕਾਵਿ-ਸੰਗ੍ਰਹਿ ਜਨਾਬ ਸਾਬਿਰ ਅਲੀ ਸਾਬਿਰ ਦਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਰੱਬਾ' ਤੋਂ ਲੈ ਕੇ 'ਵਿਰਲੇ ਬੋਲ' ਤੱਕ 79 ਕਾਵਿ-ਰਚਨਾਵਾਂ ਨੂੰ ਸੰਕਲਿਤ ਕਰਦਿਆਂ ਇਸ ਕਾਵਿ ਨੂੰ ਅਦਬ, ਅਕੀਦਤ, ਇੱਜ਼ਤ, ਗ਼ੈਰਤ, ਸ਼ਰਮ ਤੇ ਹਯਾ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਮਨੁੱਖੀ ਭਾਈਚਾਰੇ 'ਚ ਇਨ੍ਹਾਂ ਵਰਤਾਰਿਆਂ ਦੀ ਕਿੰਨੀ ਅਹਿਮੀਅਤ ਹੈ, ਜੋ ਅਜੋਕਾ ਮਨੁੱਖ ਅੱਜ ਦੀ ਪਦਾਰਥਕ ਚਕਾਚੌਂਧ 'ਚ ਚੁੰਧਿਆਇਆ, ਆਪਣੀ ਵਿਰਾਸਤ ਅਤੇ ਪਰੰਪਰਾ ਤੋਂ ਕਬੂਤਰ ਵਾਂਗ ਅੱਖਾਂ ਮੀਟ ਰਿਹਾ ਹੈ। ਇਨ੍ਹਾਂ ਕਵਿਤਾਵਾਂ ਦੀ ਸੁਰ ਵਿਅੰਗਾਤਮਿਕ ਹੈ। ਵਿਅੰਗ ਮਨੁੱਖ ਨੂੰ ਤਿੱਖੀ ਸੂਈ ਵਾਂਗ ਚੁੱਭਦਾ ਹੈ। ਇਸੇ ਲਈ ਤਾਂ 'ਰੱਬਾ' ਨਜ਼ਮ ਵਿਚ ਰੱਬ ਨੂੰ ਵੀ ਨਹੀਂ ਬਖਸ਼ਦਾ, ਸਗੋਂ ਉਲਟਾ ਸਵਾਲ ਖੜ੍ਹਾ ਕਰਦਾ ਹੈ ਕਿ ਜੇਕਰ ਇਹ ਮਖ਼ਲੂਕ ਤੇਰੀ ਹੀ ਬਣਾਈ ਹੋਈ ਹੈ ਤਾਂ ਫਿਰ ਏਨਾ ਵੱਡਾ ਹਰ ਖਿੱਤੇ ਵਿਚ ਵਿਤਕਰਾ ਕਿਉਂ ਹੈ? ਫਿਰ ਸਭਨਾਂ ਨੂੰ ਬਰਾਬਰਤਾ ਦਾ ਹੱਕ ਕਿਉਂ ਨਹੀਂ ਦਿੰਦਾ? ਦਰਅਸਲ ਉਹ 'ਰੱਬ' ਦੀ ਆੜ 'ਚ ਚਲਾਕ ਮਾਨਸਿਕਤਾ ਵਾਲੇ ਬੰਦਿਆਂ ਦੀ 'ਰੱਬ' ਪਾਤਰ ਰਾਹੀਂ ਖਿੱਲੀ ਉਡਾਉਂਦਾ ਹੈ। ਇਸੇ ਤਰ੍ਹਾਂ ਹੀ ਬੁੱਲ੍ਹੇ ਸ਼ਾਹ ਦੇ ਰਸਤੇ 'ਤੇ ਟੁਰਦਿਆਂ ਕਾਣੀ ਵੰਡ ਖ਼ਿਲਾਫ਼ ਜੇਹਾਦ ਦਾ ਅਹਿਦ ਦੁਰਹਾਉਂਦਾ ਹੈ :
* ਮੈਂ ਬੁੱਲ੍ਹੇ ਦੇ 'ਅਲਿਫ਼' ਦਾ ਪਾਂਧੀ
ਬੇ ਨਹੀਂ ਮੇਰੇ ਨਾਲ ਖਲੋਣਾ
... ...
* ਬੁੱਲਿਆ!
ਅੱਜ ਵੀ ਬੂਹੇ ਹਸ਼ਰ ਅਜ਼ਾਬ ਦੇ
ਖੁੱਲ੍ਹੇ ਹੋਏ
ਅੱਖਾਂ ਵਾਲੇ ਵੇਖ ਨਹੀਂ ਸਕਦੇ
ਜੋ ਪੰਜਾਬ ਦਾ ਹਾਲ
... ...

* ਜੋ ਵੀ ਏਥੇ ਸੱਚ 'ਤੇ ਟੁਰਿਆ
ਨੰਗੇ ਪੈਰੀਂ ਕੱਚ 'ਤੇ ਟੁਰਿਆ
ਸੱਚੇ-ਸੁੱਚੇ ਸਾਦਗੀ ਭਰਪੂਰ ਸ਼ਬਦ ਦਿਸਦੇ ਕੁਝ ਹੋਰ ਨੇ ਅਤੇ ਕਹਿੰਦੇ ਕੁਝ ਹੋਰ ਨੇ। ਵੰਡੀਆਂ ਪਏ ਖ਼ਲਕਤ ਦੇ ਇਸ ਸੰਸਾਰ ਅੰਦਰ ਸਮਰਪਣ ਦੇ ਸ਼ਬਦ ਸਾਰਥਕ ਜਾਪਦੇ ਹਨ। ਇਸੇ ਲਈ ਤਾਂ ਇਹ ਸਤਰਾਂ ਵਧੇਰੇ ਧਿਆਨ ਦੀ ਮੰਗ ਕਰਦੀਆਂ ਹਨ :
ਟੁਰਦੇ ਪਏ ਸਾਂ ਲੀਕਾਂ 'ਤੇ
ਕੰਨ ਕੀ ਧਰਦੇ ਚੀਕਾਂ 'ਤੇ।
ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096


ਕੈਂਪਸ 1996

ਲੇਖਕ : ਸੰਦੀਪ ਨਈਅਰ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98783-15755


ਸੰਦੀਪ ਨਈਅਰ ਦੇ ਪਲੇਠੇ ਨਾਵਲ 'ਕੈਂਪਸ 1996' ਦਾ ਬਿਰਤਾਂਤ ਅਜੋਕੇ ਸਮੇਂ ਵਿਚ ਹਰ ਉਸ ਵਿੱਦਿਅਕ ਅਦਾਰੇ ਦੀ ਕਹਾਣੀ ਹੈ, ਜਿਥੇ ਸਮਾਜਵਾਦ ਅਤੇ ਸਰਮਾਏਦਾਰੀ ਦੀ ਖਿੱਚੋਤਾਣ ਦੇਸ਼ ਦੇ ਭਵਿੱਖ ਅਰਥਾਤ ਵਿਦਿਆਰਥੀਆਂ ਦੀ ਸੋਚ ਅਤੇ ਵਿਹਾਰ ਨੂੰ ਪਰਖਣ ਤੇ ਨਿਰਧਾਰਿਤ ਕਰਨ ਪਿੱਛੇ ਕੰਮ ਕਰਦੀ ਹੈ। ਭਾਵੇਂ ਨਾਵਲਕਾਰ ਨੇ ਇਸ ਨਾਵਲ ਵਿਚ ਬਿਰਤਾਂਤਕ ਸਥਾਨ ਇਕ ਇੰਜੀਨੀਅਰਿੰਗ ਕਾਲਜ ਨੂੰ ਮਿੱਥਿਆ ਹੈ ਪਰ ਅਸਲ ਵਿਚ ਇਹ ਬਿਰਤਾਂਤਕ ਪਾਠ ਦੇਸ਼ ਦੀ ਅਰਥ ਵਿਵਸਥਾ ਅਤੇ ਸਮਾਜ ਵਿਚ ਸਥਾਪਤ ਮੁੱਲਾਂ ਦੀ ਪੇਸ਼ਕਾਰੀ ਇਸ ਢੰਗ ਨਾਲ ਕਰਦਾ ਹੈ ਕਿ ਇਹ ਸਮਾਜਵਾਦ ਦੇ ਸੁਪਨੇ ਦੀ ਨੀਂਹ ਦੇ ਰੂਪ ਵਿਚ ਸਥਾਪਤ ਹੁੰਦਾ ਹੈ। ਇਸ ਨਾਵਲ ਦੇ ਖੱਬੇਪੱਖੀ ਸੋਚ ਵਾਲੇ ਪਾਤਰ ਰਣਜੀਤ, ਮਾਸਟਰ ਰਣਦੀਪ, ਰਮਿੰਦਰ ਮਾਹਲ, ਸੁਖਜੀਤ ਅਤੇ ਹਰਜੀਤ ਅਜੋਕੇ ਵਿੱਦਿਅਕ ਅਦਾਰਿਆਂ ਵਿਚਲੇ ਵਿਦਿਆਰਥੀਆਂ ਦਾ ਪ੍ਰਤੀਕ ਬਣਦੇ ਹਨ ਜੋ ਜ਼ਿੰਦਗੀ ਵਿਚ ਕੁਝ ਚੰਗਾ ਕਰਨ ਦੇ ਇਰਾਦੇ ਨਾਲ ਆਪਣੇ ਮਾਂ-ਪਿਉ ਦੇ ਸੁਪਨਿਆਂ ਨੂੰ ਸਾਕਾਰ ਕਰਨ ਹਿਤ ਇਨ੍ਹਾਂ ਅਦਾਰਿਆਂ ਵਿਚ ਪੁੱਜਦੇ ਹਨ। ਦੂਜੇ ਪਾਸੇ ਸਰਮਾਏਦਾਰੀ ਦੇ ਪ੍ਰਤੀਕ ਬਿੱਲੇਮਾਰ ਗਰੁੱਪ ਦੇ ਮੈਂਬਰ ਸਿਸਟਮ ਨੂੰ ਖ਼ਰਾਬ ਕਰਨ ਦੇ ਮਕਸਦ ਲਈ ਹੀ ਦਾਖ਼ਲੇ ਲੈਂਦੇ ਹਨ। ਇਸ ਨਾਵਲ ਵਿਚ ਇਨ੍ਹਾਂ ਦੋਵਾਂ ਧਿਰਾਂ ਵਿਚਲੀ ਇਸੇ ਕਸ਼ਮਕਸ਼ ਬਾਰੇ ਨਾਵਲਕਾਰ ਨੇ ਵਿਸਥਾਰਾਤਮਿਕ ਸ਼ੈਲੀ ਵਿਚ ਬਿਰਤਾਂਤ ਸਿਰਜਿਆ ਹੈ। ਨਾਲ ਹੀ ਇਸ ਨਾਵਲ ਦਾ ਧੁਰਾ ਰਾਸ਼ਟਰੀ ਅਰਥ ਵਿਵਸਥਾ ਤੋਂ ਅੱਗੇ ਵਧ ਅੰਤਰਰਾਸ਼ਟਰੀ ਪੂੰਜੀਵਾਦੀ ਵਿਵਸਥਾ ਨਾਲ ਜਾ ਜੁੜਦਾ ਹੈ ਅਤੇ ਇਨ੍ਹਾਂ ਧਿਰਾਂ ਵਿਚ ਚੱਲ ਰਹੇ ਮਤਭੇਦਾਂ ਦਾ ਹੱਲ ਮਾਰਕਸਵਾਦੀ ਵਿਚਾਰਧਾਰਾ ਨਾਲ ਹੋਣ ਵਾਲੇ ਤਾਲਮੇਲ ਵਿਚ ਹੀ ਲੱਭਦਾ ਹੈ। ਨਾਵਲ ਦੇ ਨਾਇਕ ਦੇ ਮੂੰਹੋਂ ਨਿਕਲੇ ਵਾਰਤਾਲਾਪ ਇਸ ਤੱਥ ਨੂੰ ਸੱਚ ਸਾਬਤ ਕਰਦੇ ਹਨ : 'ਇਹ ਸੱਚ ਹੈ ਕਿ ਹਰ ਗੱਲ ਦਾ ਹੱਲ ਮਾਰਕਸਵਾਦ ਹੈ ਤੇ ਜੇ ਸਮਾਜਵਾਦ ਆ ਗਿਆ ਤਾਂ ਗੁੰਡਾਗਰਦੀ ਨਹੀਂ ਹੋਵੇਗੀ, ਕਿਉਂਕਿ ਉਸ ਸਮੇਂ ਇਨ੍ਹਾਂ ਦਾ ਆਧਾਰ ਹੀ ਨਹੀਂ ਹੋਵੇਗਾ। ਮਤਲਬ ਗੁੰਡੇ ਬਦਮਾਸ਼ ਸਰਮਾਏਦਾਰੀ ਦੀ ਜ਼ਰੂਰਤ ਵਿਚੋਂ ਪੈਦਾ ਹੁੰਦੇ ਹਨ ਪਰ ਸਮਾਜਵਾਦ ਵਿਚ ਉਨ੍ਹਾਂ ਦੀ ਕੋਈ ਥਾਂ ਨਹੀਂ ਹੋਵੇਗੀ।' ਇਸ ਨਾਵਲ ਦੀ ਭਾਸ਼ਾ ਦੁਆਬੀ ਉਪ ਬੋਲੀ ਹੈ ਜੋ ਨਾਵਲਕਾਰ ਦੇ ਆਪਣੇ ਖੇਤਰ ਦੀ ਭਾਸ਼ਾ ਹੋਣ ਕਾਰਨ ਸੁਭਾਵਿਕ ਹੈ। ਕਥਾਨਕ ਦੀ ਰਵਾਨਗੀ ਅਤੇ ਘਟਨਾਵਾਂ ਦੀ ਨਿਰੰਤਰਤਾ ਨਾਵਲ ਦੇ ਬਿਰਤਾਂਤਕ ਗੁਣ ਬਣ ਉੱਭਰਦੇ ਹਨ। ਇਸ ਤਰ੍ਹਾਂ ਇਹ ਨਾਵਲ ਨਾਵਲਕਾਰ ਵਲੋਂ ਸੁਚੇਤ ਪੱਧਰ 'ਤੇ ਕੀਤੇ ਉਪਰਾਲਿਆਂ ਦੇ ਉੱਤਮ ਨਤੀਜੇ ਵਜੋਂ ਸਥਾਪਤ ਹੁੰਦਾ ਹੈ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਔਂਸੀਆਂ ਦੇ ਅਕਸ
ਲੇਖਿਕਾ : ਇੰਦਰਜੀਤ ਕੌਰ ਸੋਹਲ
ਸੰਪਾਦਕ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 108


ਹਥਲੀ ਪੁਸਤਕ ਵਿਚ 354 ਟੱਪੇ ਅਤੇ 54 ਬੋਲੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਟੱਪੇ ਅਤੇ ਬੋਲੀਆਂ ਪੰਜਾਬੀ ਦਾ ਲੋਕ ਕਾਵਿ ਰੂਪ ਹੈ। ਲੇਖਿਕਾ ਨੇ ਸਮਕਾਲਿਕ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਨਾ ਸਹਾਰਨਯੋਗ ਪ੍ਰਸਥਿਤੀਆਂ 'ਚੋਂ ਲੰਘਦਿਆਂ ਜਿਹੜੇ ਸੂਖਮ ਤੇ ਤੀਖਣ ਅਨੁਭਵ ਹਾਸਲ ਕੀਤੇ, ਉਨ੍ਹਾਂ ਨੂੰ ਲੋਕਕਾਵਿ ਦੀ ਇਸ ਪ੍ਰਚੱਲਿਤ ਤੇ ਹਰਮਨ-ਪਿਆਰੀ ਛੰਦਰੂਪ ਵਿਧਾ ਰਾਹੀਂ ਸਮਾਜ ਅੱਗੇ ਪੇਸ਼ ਕਰ ਦਿੱਤਾ ਹੈ। ਇਹ ਰਚਨਾਵਾਂ ਸਮਕਾਲੀ ਭਖਦੇ ਵਿਸ਼ਿਆਂ ਦੇ ਨਾਲ-ਨਾਲ ਛੰਦਬੰਦੀ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਵੰਨ-ਸੁਵੰਨੇ ਵਿਸ਼ੇ ਸਿੱਧੇ ਪਾਠਕ ਦੇ ਮਨ ਨੂੰ ਟੁੰਬਦੇ ਹਨ ਅਤੇ ਉਸ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੇ ਅਨਿਆਂ, ਦੁਖਾਂਤ ਤੇ ਵਿਤਕਰੇ ਪ੍ਰਤੀ ਜਾਗ੍ਰਿਤ ਵੀ ਕਰਦੇ ਹਨ ਅਤੇ ਸੋਚਣ ਲਈ ਮਜਬੂਰ ਵੀ ਕਰਦੇ ਹਨ। ਵੰਨਗੀ ਵਜੋਂ
'ਕੀ ਝਨਾਂ ਵਿਚ ਠਿੱਲਣਾ ਵੇ/ਜ਼ਾਲਮਾਂ ਲਕੀਰ ਖਿੱਚਤੀ/ਹੁਣ ਕਾਹਦਾ ਮਿਲਣਾ ਵੇ?' (ਦੇਸ਼ ਵੰਡ)
'ਅੰਨ ਔਖ ਨਾਲ ਜੁੜਦਾ ਏ/ਤਾਰਿਆਂ ਦੀ ਲੋਅ ਜਾਂਦਾ/ਛਾਵੇਂ ਤਾਰਿਆਂ ਦੀ ਮੁੜਦਾ ਏ।' (ਕਿਸਾਨੀ ਸਮੱਸਿਆ)
'ਤੇਰੀ ਰੀਸ ਨਹੀਓ ਚੰਨ ਮੱਖਣਾ/ਪਾਟੀ ਹੋਈ ਜੀਨ ਪਾ ਲਈ/ਸੌਖਾ ਹੋ ਗਿਆ ਤਨ ਢਕਣਾ।' (ਫੈਸ਼ਨਪ੍ਰਸਤੀ)
'ਪੁੱਠੇ ਚਾਲੇ ਹੀ ਸਭ ਦੇ ਨੇ/ਵਿਦੇਸ਼ੋਂ ਸਲਵਾਨ ਆ ਗਏ/ਜਿਹੜੇ ਲੂਣਾ ਹੀ ਲੱਭਦੇ ਨੇ।'
ਲੇਖਿਕਾ ਨੇ ਸਹਿਜ, ਸਰਲ ਤੇ ਲੋਕ ਸੱਭਿਆਚਾਰ ਨਾਲ ਜੁੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਸਮਾਜਿਕ, ਸੱਭਿਆਚਾਰ ਨੂੰ ਨੁਕਸਾਨ ਪਹੁੰਚਾ ਰਹੇ ਰੁਝਾਨਾਂ ਨੂੰ ਰਚਨਾਵਾਂ ਰਾਹੀਂ ਰੱਦ ਕਰਨ ਦਾ ਉਪਰਾਲਾ ਕੀਤਾ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਸਰੂ ਦੀ ਪਰੀ
ਲੇਖਕ : ਪਵਨ 'ਗਿੱਲਾਂ ਵਾਲਾ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 95011-45039.


ਪਵਨ ਗਿੱਲਾਂ ਵਾਲਾ ਨਿਰੰਤਰ ਲਿਖਣ ਵਾਲਾ ਲੇਖਕ ਹੈ। 'ਸਰੂ ਦੀ ਪਰੀ' ਉਸ ਦਾ ਨਵਾਂ ਮਿੰਨੀ-ਕਹਾਣੀ ਸੰਗ੍ਰਹਿ ਹੈ। ਉਸ ਦੀਆਂ 30 ਕਹਾਣੀਆਂ ਸ਼ਾਮਿਲ ਹਨ। ਭਾਵੇਂ ਪਵਨ ਗਿੱਲਾਂ ਵਾਲੇ ਨੇ ਇਸ ਪੁਸਤਕ ਨੂੰ ਮਿੰਨੀ-ਕਹਾਣੀ ਸੰਗ੍ਰਹਿ ਦਾ ਨਾਂਅ ਦਿੱਤਾ ਹੈ ਪਰ ਇਸ ਵਿਚ ਮਿੰਨੀ ਕਹਾਣੀਆਂ ਤੋਂ ਇਲਾਵਾ ਨਿੱਕੀ ਕਹਾਣੀ ਦੀ ਸਿਨਫ਼ ਵਾਲੀਆਂ ਕਹਾਣੀਆਂ ਵੀ ਸ਼ਾਮਿਲ ਹਨ। ਮਿਸਾਲ ਵਜੋਂ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਸਰੂ ਦੀ ਪਰੀ' ਨੂੰ ਮਿੰਨੀ ਕਹਾਣੀ ਨਹੀਂ ਕਿਹਾ ਜਾ ਸਕਦਾ ਤੇ ਹੋਰ ਵੀ ਕਹਾਣੀਆਂ ਇਸੇ ਹੀ ਤਰਜ਼ 'ਤੇ ਲਿਖੀਆਂ ਮਿਲ ਜਾਂਦੀਆਂ ਹਨ। ਪੁਸਤਕ ਵਿਚ ਜਿੰਨੀਆਂ ਵੀ ਕਹਾਣੀਆਂ ਸ਼ਾਮਿਲ ਹਨ, ਉਹ ਸਾਡੇ ਜੀਵਨ-ਯਥਾਰਥ ਦੇ ਕੌੜੇ-ਮਿੱਠੇ ਅਨੁਭਵਾਂ ਨੂੰ ਪੇਸ਼ ਕਰਨ ਵਾਲੀਆਂ ਕਿੱਧਰੇ ਪੈਸਾਵਾਦੀ ਕਦਰਾਂ-ਕੀਮਤਾਂ ਥੱਲੇ ਮਾਂ-ਬਾਪ ਦੀ ਮਮਤਾ ਦੱਬ ਰਹੀ ਨਜ਼ਰ ਆਉਂਦੀ ਹੈ ਤੇ ਕਿਧਰੇ ਮਾਂ-ਬਾਪ ਦੀ ਖ਼ੁਦਗਰਜ਼ੀ ਕਰਕੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਤਬਾਹ ਹੁੰਦੀ ਨਜ਼ਰੀਂ ਪੈਂਦੀ ਹੈ। ਨਸ਼ਾ, ਲਾਲਚ ਅਤੇ ਮਾੜੀਆਂ ਆਦਤਾਂ ਕਿਵੇਂ ਘਰਾਂ ਨੂੰ ਤਬਾਹ ਕਰ ਦਿੰਦੀਆਂ ਕਿਵੇਂ ਸੁਪਨੇ ਚੂਰੋ-ਚੂਰ ਹੋ ਜਾਂਦੇ, ਕਿਵੇਂ ਰਿਸ਼ਤਿਆਂ ਵਿਚ ਕੁੜੱਤਣ ਭਰ ਜਾਂਦੀ, ਇਸ ਬਾਰੇ ਵੀ ਪਵਨ ਗਿੱਲਾਂ ਵਾਲੇ ਨੇ ਆਪਣੀਆਂ ਕਹਾਣੀਆਂ ਵਿਚ ਬਿਰਤਾਂਤ ਸਿਰਜਿਆ ਹੈ। ਪਵਨ ਗਿੱਲਾਂ ਵਾਲੇ ਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਕਿਸੇ ਅਣਦਿਸਦੇ ਸੰਸਾਰ ਦੇ ਵਾਸੀ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਵਿਚੋਂ ਹੀ ਤੰਗੀਆਂ-ਤੁਰਸ਼ੀਆਂ ਝੱਲਦੇ ਅਤੇ ਜ਼ਿੰਦਗੀ ਦੀਆਂ ਔਕੜਾਂ ਨਾਲ ਜੂਝਦੇ ਨਜ਼ਰੀਂ ਪੈਂਦੇ ਹਨ। ਇਨ੍ਹਾਂ ਕਹਾਣੀਆਂ ਵਿਚੋਂ ਧੀਆਂ-ਪੁੱਤਰਾਂ ਅਤੇ ਮਾਂ-ਬਾਪ ਦੇ ਭਾਵੁਕ ਮੋਹ ਦੇ ਵੇਰਵੇ ਵੀ ਨਜ਼ਰੀਂ ਆਉਂਦੇ ਹਨ 'ਬਲਦੇ ਭਾਂਬੜ', 'ਮਾਂ ਦੀ ਮਮਤਾ', 'ਬਾਪੂ ਤੇ ਬੋਹੜ', 'ਫੁਲਕਾਰੀ', 'ਫੌਜਣ' ਆਦਿ ਕਹਾਣੀਆਂ ਮਨੁੱਖੀ ਰਿਸ਼ਤਿਆਂ ਦੀ ਕਸ਼ਮਕਸ਼ ਅਤੇ ਮੋਹਮਈ ਤਾਸੀਰ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। 'ਸੁਨੇਹਾ', 'ਸਰੂ ਦੀ ਪਰੀ', 'ਸਬਰ ਦਾ ਘੁੱਟ' ਵੀ ਪੈਸਾਵਾਦੀ ਕਦਰਾਂ-ਕੀਮਤਾਂ ਥੱਲੇ ਦੱਬਦੇ ਜਾ ਰਹੇ ਮੋਹ ਦੀ ਬਾਤ ਪਾਉਂਦੀਆਂ ਹਨ। ਅੱਜ ਦੇ ਤਕਨੀਕੀ ਯੁੱਗ ਨੇ ਮਨੁੱਖੀ ਜ਼ਿੰਦਗੀ ਨੂੰ ਕਿਸ ਕਦਰ ਪ੍ਰਭਾਵਿਤ ਕੀਤਾ ਹੈ, ਉਸ ਦਾ ਜ਼ਿਕਰ 'ਫੇਸਬੁੱਕ ਦਾ ਚਸਕਾ' ਵਰਗੀ ਕਹਾਣੀ ਵਿਚ ਹੋਇਆ ਹੈ। ਕਹਾਣੀਆਂ ਵਿਚ ਬੇਸ਼ੱਕ ਮੌਕਾਮੇਲ ਦੀ ਜੁਗਤ ਵੀ ਵਰਤੀ ਗਈ ਹੈ ਪਰ ਕਹਾਣੀ ਰਸ ਅਤੇ ਰੌਚਕਤਾ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਚਿੱਤ ਦਾ ਜੁਗਰਾਫ਼ੀਆ
ਲੇਖਕ : ਸੰਦੀਪ
ਪ੍ਰਕਾਸ਼ਕ : ਗਰੇਸੀਅਸ ਬੁੱਕਸ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 113
ਸੰਪਰਕ : 91-175-5017642


'ਚਿੱਤ ਦਾ ਜੁਗਰਾਫ਼ੀਆ' ਕਾਵਿ-ਸੰਗ੍ਰਹਿ ਸੰਦੀਪ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਪ੍ਰੰਤੂ ਕਵਿਤਾਵਾਂ ਦੀ ਪੜ੍ਹਤ ਪਾਠਕ ਨੂੰ ਅਜਿਹਾ ਅਨੁਭਵ ਨਹੀਂ ਹੋਣ ਦਿੰਦੀ ਕਿ ਉਹ ਇਕ ਅਸਲੋਂ ਨਵੀਂ ਕਿਸਮ ਦੀਆਂ ਕਾਵਿ-ਰਚਨਾਵਾਂ ਦੇ ਆਰ-ਪਾਰ ਝਾਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਚਿੱਤ' ਤੋਂ ਲੈ ਕੇ 'ਵਿਸਤਾਰ...' ਤੱਕ ਦੀਆਂ 89 ਨਜ਼ਮਾਂ ਨੂੰ ਸੰਕਲਿਤ ਕਰਦਿਆਂ ਚਿੱਤ (ਮਨ, ਆਤਮਾ) ਦੇ ਅਨੇਕਾਂ ਪਾਸਾਰਾਂ ਦੀਆਂ ਗਾਥਾਵਾਂ ਦੇ ਆਰ-ਪਾਰ ਖੁੱਲ੍ਹ ਕੇ ਕਹਿਣ ਦੀ ਜੁਰੱਅਤ ਕੀਤੀ ਹੈ। ਮੇਰੀ ਜਾਚੇ ਸ਼ਾਇਦ! ਉਸ ਨੇ ਇਸ ਕਾਵਿ-ਸੰਗ੍ਰਹਿ ਨੂੰ ਜ਼ਿੰਦਗੀ ਦੇ ਉਨ੍ਹਾਂ ਆਸ਼ਕਾਂ ਦੇ ਨਾਂਅ ਕੀਤਾ ਹੈ, ਜਿਨ੍ਹਾਂ ਨੇ ਹਕੀਕੀ ਜ਼ਿੰਦਗੀ ਅੰਦਰ ਤਲਖ਼-ਹਕੀਕਤਾਂ ਦੀ ਉਧੇੜ-ਬੁਣ ਨੂੰ ਆਪਣੇ ਚਿੱਤ ਵਿਚੋਂ ਫਰੋਲਦਿਆਂ, ਜ਼ਿੰਦਗੀ ਦੇ ਅਸਲ ਮਾਅਨਿਆਂ ਨੂੰ ਸਮਝਣ/ਲੱਭਣ/ਢੂੰਡਣ ਦਾ ਹੌਸਲਾ ਕੀਤਾ ਹੈ। ਇਹ ਕਵਿਤਾਵਾਂ ਜ਼ਿੰਦਗੀ ਦੇ ਗਣਿਤੀ ਫਾਰਮੂਲਿਆਂ ਤੋਂ ਪਾਰ ਦੀਆਂ ਬਾਤਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਵਰਤੇ ਸ਼ਬਦ : ਚਿੱਤ, ਆਸ, ਰਿਸ਼ਤਾ, ਸਾਕ, ਸੱਚ, ਧਰਕਣ, ਸ਼ਰਾਬ, ਰਿਆਸਤ, ਖ਼ਵਾਬ ਅਨੰਦ, ਛਲੇਡੇ, ਹੱਥ ਲਿਖਤਾਂ, ਕਵੀ, ਫ਼ਕੀਰ, ਜਿੱਤ-ਹਾਰ, ਦੋਸ਼ੀ, ਘਸਮੈਲਾ, ਪੁੱਠੀ ਗੰਗਾ, ਸੁੱਚਾ, ਉਡੀਕ, ਦੁਆ, ਉਦਾਸੀ, ਪ੍ਰਵਾਹ, ਪਿੱਤਰ, ਧਰਮ ਯੁੱਧ, ਦੁਨੀਆ, ਸਰੋਤਾਂ, ਰਮਜ਼, ਮੋਹ, ਅੰਬਰ, ਤਸਬੀ, ਰੀਝ, ਪਛਾਣ, ਕਾਇਆ ਪਲਟ ਆਦਿ ਅਨੇਕਾਂ ਪ੍ਰਕਾਰ ਦੀਆਂ ਧੁਨੀਆਂ ਨੂੰ ਸੰਚਾਰਿਤ ਕਰਦੇ ਹਨ ਜੋ ਚਿੱਤ ਦੇ ਜੁਗਰਾਫ਼ੀਏ ਦੀ ਮਿਣਤੀ ਅੰਦਰੋਂ ਬਾਹਰੇ ਕਰਦੇ ਹਨ। ਰਹੱਸਮਈ, ਸ਼ਬਦਾਵਲੀ ਬਾਹਰੋਂ ਦਿਸਦੇ ਪਸਾਰ ਦੇ ਅੰਦਰਲੇ ਕੋਹਜ ਨੂੰ ਢਕਦੀ ਵੀ ਹੈ ਅਤੇ ਵਕਤੀ ਸਕੂਨ ਦਾ ਅਹਿਸਾਸ ਵੀ ਕਰਵਾਉਂਦੀ ਹੈ। ਮਨੁੱਖ ਦਾ ਮਨੁੱਖ ਹੋਣਾ ਹੀ ਉਸ ਦੀ ਵਿਸ਼ੇਸ਼ ਪ੍ਰਾਪਤੀ ਮੰਨੀ ਜਾਣੀ ਚਾਹੀਦੀ ਹੈ, ਪ੍ਰੰਤੂ ਵਰਤਮਾਨ ਤ੍ਰਾਸਦਿਕ ਸਥਿਤੀ ਦਾ ਵਿਅੰਗ ਹੈ ਕਿ ਉਸ ਅੰਦਰੋਂ ਬੰਦਿਆਈ ਦਾ ਅਰਕ ਨਿਚੋੜ ਅਸੰਵੇਦਨਸ਼ੀਲ ਵਸਤ ਵਿਚ ਤਬਦੀਲ ਕਰ ਦਿੰਦੀ ਹੈ। ਮਨੁੱਖ ਦੀ ਅਜਿਹੀ ਮਾਨਸਿਕ ਸਥਿਤੀ ਹੀ ਉਸ ਦੀ ਮੁਸਕਾਨ ਖੋਹਣ ਦਾ ਸਬ੍ਹਬ ਬਣਦੀ ਹੈ, ਜਿਸ ਦੀ ਪੇਸ਼ਕਾਰੀ ਇਸ ਕਾਵਿ-ਸੰਗ੍ਰਹਿ 'ਚ ਥਾਂ-ਪੁਰ-ਥਾਂ ਮੌਜੂਦ ਹੈ। ਰਵਾਨਗੀ ਜਾਂ ਪਰਵਾਹ ਅਜ਼ਲਾਂ ਦਾ ਦਸਤੂਰ ਹੈ ਅਤੇ ਅਜੇ ਵੀ ਵਿਦਮਾਨ ਹੈ :
ਇਹ ਨਾਨਕ ਦੀ ਉਦਾਸੀ
ਜਾਂ ਕੋਈ ਜੂਨੀ ਚੁਰਾਸੀ
ਇਹ ਤਾਂਡਵ ਸ਼ਿਵ ਦਾ ਹੈ
ਜਾਂ ਲਹੂ ਭਿੱਜੀ ਸਲੀਬ
ਮਸੀਹ ਰਿਹੈ ਘੱਤ
ਇਹ ਸੱਚ ਹੀ ਤਾਂ ਹੈ
ਜੋ ਹਰ ਪਲ ਰਿਹਾ ਜੱਚ
ਬੱਸ ਰਵਾਨਗੀ ਹੀ ਹੈ
ਏਸ ਜ਼ਿੰਦਗੀ ਦਾ ਸੱਚ
ਸੁਹਜਾਤਮਿਕ ਸ਼ਾਇਰੀ ਦਾ ਮਜ਼ਮੂਆ ਪੇਸ਼ ਕਰਨ ਲਈ ਸੰਦੀਪ ਨੂੰ ਦਿਲੀ ਮੁਬਾਰਕ! ਤਪਦੇ ਰੇਗਸਤਾਨ 'ਚ ਸ਼ਬਦਾਂ ਦੀ ਭਾਲ ਲਈ ਉਸ ਨੂੰ ਦੁਆ ਦਿੰਦਾ ਹਾਂ, ਸਫ਼ਰ ਜਾਰੀ ਰਹੇ। ਆਮੀਨ।


ਸੰਧੂ ਵਰਿਆਣਵੀ (ਪ੍ਰੋ.)
ਮੋਬਾ. 98786-14096
c c c


ਸੱਜਰੇ ਸੁਫ਼ਨੇ
ਸੰਪਾਦਕ :
ਡਾ. ਸੁਰਜੀਤ ਸਿੰਘ ਭਦੌੜ
ਮੁੱਲ : 150 ਰੁਪਏ, ਸਫ਼ੇ : 111
ਪ੍ਰਕਾਸ਼ਕ : ਗੋਰਕੀ ਪਬਲੀਕੇਸ਼ਨ, ਲੁਧਿਆਣਾ
ਸੰਪਰਕ : 94176-42785


ਹਥਲੇ ਕਾਵਿ-ਸੰਗ੍ਰਹਿ 'ਸੱਜਰੇ ਸੁਫ਼ਨੇ' ਜੋ ਚੌਦਾਂ ਪੁੰਗਰ ਰਹੀਆਂ ਕਲੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਨੂੰ ਵਰਲਡ ਪੰਜਾਬੀ ਟਾਈਮਜ਼ ਦੇ ਪੱਤਰਕਾਰ ਡਾ. ਸੁਰਜੀਤ ਸਿੰਘ ਭਦੌੜ ਦੀ ਸੰਪਾਦਨਾ ਹੇਠ ਛਾਪਿਆ ਹੈ ਤੇ ਮੈਡਮ ਅੰਜਨਾ ਨੇ ਖੁਰਦਬੀਨੀ ਅੱਖ ਨਾਲ ਪੁਸਤਕ ਦੇ ਤੱਥ-ਵੱਥ 'ਤੇ ਪੰਛੀ ਝਾਤ ਪਵਾਈ ਹੈ। ਕਲਮਕਾਰ ਭਾਵੇਂ ਸਿਖਾਂਦੜੂ ਪ੍ਰਯਤਨ ਵਿਚੋਂ ਗੁਜ਼ਰ ਰਹੇ ਹਨ ਪਰ ਵੱਡੇ ਕਲਮਕਾਰ ਹੋਣ ਦੀਆਂ ਸੰਭਾਵਨਾਵਾਂ ਬੀਜ ਰੂਪ ਵਿਚ ਪਈਆਂ ਹਨ। ਜਿਵੇਂ ਬੋਹੜ ਦੇ ਨਿੱਕੇ ਜਿੰਨੇ ਬੀਜ ਵਿਚ ਘਾਲਣਾ ਤਾਂ ਬੋਹੜ ਛੁਪਿਆ ਹੁੰਦਾ ਹੈ ਤੇ ਇਸੇ ਤਰ੍ਹਾਂ ਸਮਿਲਤ ਸ਼ਾਇਰਾ ਤੇ ਸ਼ਾਇਰਾਣਾਂ ਦੀ ਬੀਜ ਰੂਪੀ ਖ਼ਸ਼ਬੂ ਅਗਾਊਂ ਨਜ਼ਰ ਆ ਜਾਂਦੀ ਹੈ। ਨਵੇਂ ਕਲਮਕਾਰਾਂ ਨੂੰ ਆਪਣੀ ਕਿਤਾਬ ਛਪਾਉਣ ਦੀ ਬੜੀ ਰੀਝ ਹੁੰਦੀ ਹੈ ਤੇ ਕੁਝ ਵਪਾਰਕ ਬਿਰਤੀ ਵਾਲੇ ਪ੍ਰਕਾਸ਼ਕ ਉਨ੍ਹਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਨ ਪਰ ਡਾ. ਸੁਰਜੀਤ ਸਿੰਘ ਭਦੌੜ ਉਨ੍ਹਾਂ ਦੇ ਸੱਜਰੇ ਸੁਫ਼ਨਿਆਂ ਨੂੰ ਤਾਬੀਰ ਵਿਚ ਬਦਲਣ ਦਾ ਨੇਕ ਤੇ ਸੁਚਾਰੂ ਕਰਮ ਕਰ ਰਹੇ ਹਨ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਹਨ। ਸਮਿਲਤ ਕਲਮਾਂ ਨੇ ਵਿਭਿੰਨ ਪਸਾਰਾਂ ਨਾਲ ਦਸਤਪੰਜਾ ਲਿਆ ਹੈ ਤੇ ਵਿਸ਼ੇਸ਼ ਕਰਕੇ ਸਮਾਜਿਕ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਦੇ ਨਾਲ ਹੀ ਪਿਤਰੀ ਸੱਤਾ ਹੇਠ ਰੀਂਘਦੀ ਔਰਤ ਦੇ ਉਤਪੀੜਨ 'ਤੇ ਚਿੰਤਾ ਤੇ ਚਿੰਤਨ ਕੀਤਾ ਗਿਆ ਹੈ। ਪੁਸਤਕ ਵਿਚ ਰਾਜਦੀਪ ਕੌਰ ਮਾਨ, ਗੁਰਚਰਨ ਕੌਰ ਦੇਵਗਣ, ਪਰਮਜੀਤ ਕੌਰ, ਬਲਵਿੰਦਰ ਕੌਰ, ਮਨਦੀਪ ਕੌਰ ਭੰਡਾਲ (ਲੰਡਨ), ਜਗਤਾਰ ਪੱਖੋਂ, ਮਨਮੀਤ ਸਿੰਘ ਮੀਤ, ਬਲਤੇਜ ਸੰਧੂ ਬੁਰਜ ਲੱਥਾ, ਸਤਨਾਮ ਸੱਤੀ, ਜਸਵੰਤ ਸਿੰਘ ਗਿੱਲ, ਪੁਸ਼ਵਿੰਦਰ ਚੰਗੜ, ਅਮਨਦੀਪ ਕੌਰ, ਸ਼ਮਿੰਦਰ ਪਰਵਾਜ਼ ਤੇ ਪੱਪੂ ਸ਼ਿਮਰੇਵਾਲਾ ਦੀਆਂ ਨਜ਼ਮਾਂ ਸ਼ਾਮਿਲ ਹਨ। ਗੁਰਚਰਨ ਕੌਰ ਦੇਵਗਣ ਦੀ ਨਜ਼ਮ ਦਾ ਰੰਗ ਦੇਖੋ
'ਸੌਖਾ ਨਹੀਂ ਔਰਤ ਹੋਣਾ
ਪਿਤਾ ਪਤੀ ਪੁੱਤ ਦੀ ਵਸੀਹਤ ਹੋਣਾ
ਬੁੱਲ੍ਹਾਂ ਤੇ ਹਾਸੇ ਦਿਲਾਂ 'ਚ ਚੁਮਾਸੇ
ਦਬਾ ਕੇ ਭਾਂਬੜ ਅੰਦਰੋਂ ਸੀਤ ਹੋਣਾ
ਸੌਖਾ ਨਹੀਂ ਹੈ ਔਰਤ ਹੋਣਾ''


ਭਗਵਾਨ ਢਿੱਲੋਂ
ਮੋਬਾਈਲ : 98143-78254
c c c


ਇੱਕੀਵੀਂ ਸਦੀ ਅਤੇ ਪੰਜਾਬੀ ਕਹਾਣੀ
ਲੇਖਕ : ਡਾ. ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 170
ਸੰਪਰਕ : 98728-35835


ਆਧੁਨਿਕ ਪੰਜਾਬੀ ਸਾਹਿਤ ਚਿੰਤਨ ਅਤੇ ਵਿਸ਼ੇਸ਼ਤਰ ਕਹਾਣੀ ਵਿਧਾ ਦੇ ਗੰਭੀਰ ਆਲੋਚਕ ਨੇ ਹਥਲੀ ਪੁਸਤਕ ਵਿਚ ਇੱਕੀਵੀਂ ਸਦੀ ਦੇ ਮੁਢਲੇ ਦੋ ਦਹਾਕਿਆਂ ਵਿਚ ਜਿਹੜੀ ਪੰਜਾਬੀ ਕਹਾਣੀ ਲਿਖੀ ਗਈ ਹੈ ਚਾਹੇ ਏਧਰਲੇ ਪੰਜਾਬ ਜਾਂ ਓਧਰਲੇ ਪੰਜਾਬ ਜਾਂ ਹੋਰ ਦੇਸ਼ਾਂ-ਵਿਦੇਸ਼ਾਂ ਵਿਚ ਵੱਖ-ਵੱਖ ਕਹਾਣੀਕਾਰਾਂ ਵਲੋਂ ਲਿਖੀ ਗਈ ਹੈ ਦਾ ਵਿਗਿਆਨਿਕ ਦ੍ਰਿਸ਼ਟੀ ਤੋਂ ਆਲੋਚਨਾਤਮਿਕ ਅਧਿਐਨ ਪੇਸ਼ ਕੀਤਾ ਹੈ। ਇਸ ਦੌਰ ਦੀਆਂ ਕਹਾਣੀਆਂ ਵਿਚ ਦਲਿਤ-ਚਿੰਤਨਧਾਰਾ, ਨਾਰੀ ਜਾਤੀ ਦੇ ਸੰਵੇਦਨਸ਼ੀਲ ਪੱਖਾਂ, ਨਿਮਨ ਕਿਸਾਨੀ ਅਤੇ ਪ੍ਰਵਾਸੀ ਜੀਵਨ ਸ਼ੈਲੀ ਵਿਚ ਚਿਤਰਨ ਪੱਖੋਂ ਕਾਫ਼ੀ ਨਵੇਂ ਰੁਝਾਨ ਪੈਦਾ ਹੋਏ ਹਨ। ਸੋਸ਼ਲ ਮੀਡੀਆ ਨੇ ਜੋ ਜਾਗ੍ਰਿਤੀ ਲਿਆਂਦੀ ਹੈ ਉਸ ਨੇ ਵੀ ਇਸ ਕਾਲ ਦੇ ਕਹਾਣੀਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਨ੍ਹਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਧਾਲੀਵਾਲ ਨੇ ਪੁਸਤਕ ਦੇ ਪ੍ਰਮੁੱਖ ਤਿੰਨ ਅਧਿਆਏ ਬਣਾਏ ਹਨ। ਪਹਿਲੇ ਅਧਿਆਏ ਵਿਚ ਇੱਕੀਵੀਂ ਸਦੀ ਦੇ ਇਸ ਦੌਰ ਦੀ ਪੰਜਾਬੀ ਕਹਾਣੀ ਨੂੰ ਦ੍ਰਿਸ਼ਟੀ ਮੂਲਕ ਪਰਿਪੇਖ ਵਿਚ ਰੱਖ ਕੇ ਵਿਚਾਰਿਆ ਹੈ। ਦੂਸਰੇ ਅਧਿਆਏ ਵਿਚ ਇਸ ਨੂੰ ਵਿਹਾਰਿਕ ਪ੍ਰਸੰਗ ਵਿਚ ਪ੍ਰਗਟ ਕੀਤਾ ਹੈ ਅਤੇ ਤੀਸਰੇ ਅਧਿਆਏ ਵਿਚ ਇਤਿਹਾਸਿਕ ਸੰਦਰਭ ਨੂੰ ਵਿਸਤਰਿਤ ਰੂਪ ਵਿਚ ਪ੍ਰਗਟਾਇਆ ਹੈ। ਡਾ. ਧਾਲੀਵਾਲ ਦੀਆਂ ਮਾਨਤਾਵਾਂ ਸਾਰਥਕ ਹਨ। ਉਸ ਦੀ ਮਾਨਤਾ ਹੈ ਕਿ ਸਮਕਾਲੀ ਪੰਜਾਬੀ ਕਹਾਣੀ ਪ੍ਰਮੁੱਖ ਤੌਰ 'ਤੇ ਮੱਧ ਵਰਗੀ ਵਿਸ਼ਵ ਦ੍ਰਿਸ਼ਟੀ ਦੇ ਕੋਣ ਤੋਂ ਖੜ੍ਹ ਕੇ ਨਿਹਾਰੇ ਵਸਤੂ ਯਥਾਰਥ ਦਾ ਗਲਪ-ਬਿੰਬ ਸਿਰਜ ਰਹੀ ਹੈ। ਲੇਖਕ ਮਹਿਸੂਸ ਕਰਦਾ ਹੈ ਕਿ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਆਪਣਾ ਸਿਖ਼ਰ ਹੰਢਾ ਰਹੀ ਹੈ ਅਤੇ ਪੰਜਵੇਂ ਪੜਾਅ ਦੀ ਕਹਾਣੀ ਦੀਆਂ ਕੰਨਸੋਆਂ ਮਿਲਣ ਲੱਗੀਆਂ ਹਨ। ਡਾ. ਧਾਲੀਵਾਲ ਨੇ ਸਾਲ 2014 ਦੀ ਪੰਜਾਬੀ ਕਹਾਣੀ ਦਾ ਆਲੋਚਨਾਤਮਿਕ ਦਰਪਣ ਵੀ ਪੇਸ਼ ਕੀਤਾ ਹੈ ਅਤੇ ਸਮੁੱਚੇ ਰੂਪ ਵਿਚ ਸਿੱਟਾ ਕੱਢਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਦੌਰ ਦੀ ਪੰਜਾਬੀ ਕਹਾਣੀ ਨੇ ਸਭ ਤੋਂ ਵੱਡੀ ਚੁਣੌਤੀ ਵਿਸ਼ਵੀਕਰਨ ਦੀ ਵਿਚਾਰਧਾਰਾ ਅਤੇ ਰਾਜਨੀਤੀ ਨਾਲ ਭਖਵਾਂ ਸੰਵਾਦ ਰਚਾਇਆ ਹੈ ਅਤੇ ਹੁਣ ਇਹ ਉੱਤਰ-ਵਿਸ਼ਵੀਕਰਨ ਦੇ ਦੌਰ ਦੀਆਂ ਅੰਤਰੀਵੀ ਰਮਜ਼ਾਂ ਦੀ ਸਮਝ ਅਤੇ ਗਲਪ-ਬਿੰਬ ਵਿਚ ਢਾਲਣ ਲਈ ਪਰ ਤੋਲ ਰਹੀ ਪ੍ਰਤੀਤ ਹੁੰਦੀ ਹੈ। ਨਿਰਸੰਦੇਹ, ਇਹ ਪੁਸਤਕ ਉਚੇਰੀਆਂ ਸ਼੍ਰੇਣੀਆਂ ਦੇ ਅਧਿਅਨ ਅਧਿਆਪਨ ਵਾਸਤੇ ਲਾਭਕਾਰੀ ਸਿੱਧ ਹੋ ਸਕਦੀ ਹੈ।


ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
c c c


ਵਿਊ ਅਤੇ ਰੀਵਿਊ
ਲੇਖਕ : ਡਾ. ਲਾਭ ਸਿੰਘ ਖੀਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 162
ਸੰਪਰਕ : 94171-78487


ਪੁਸਤਕ ਵਿਚ ਚਿੰਤਨਸ਼ੀਲ ਸਮੀਖਿਆ ਲਿਖਤਾਂ ਹਨ। 30 ਸਮੀਖਿਆ ਰਚਨਾਵਾਂ ਹਨ। ਲੇਖਕ ਪ੍ਰਬੁੱਧ ਪੰਜਾਬੀ ਆਲੋਚਕ ਹੈ। ਉਸ ਦੀਆਂ ਪੰਜ ਆਲੋਚਨਾ ਪੁਸਤਕਾਂ ਇਕ ਕਾਵਿ ਸੰਗ੍ਰਹਿ ਤੋਂ ਇਲਾਵਾ ਨਾਵਲ ਅੰਨਦਾਤਾ (ਬਲਦੇਵ ਸਿੰਘ) ਦਾ ਵਿਸ਼ਲੇਸ਼ਣ, ਮਲਵਈ ਕਵੀਸ਼ਰੀ ਇਕਾਂਗੀਕਾਰ ਹਰਚਰਨ ਸਿੰਘ, ਪੰਜਾਬੀ ਲੋਕ ਧਾਰਾ, ਪੰਜਾਬੀ ਅਧਿਐਨ ਤੇ ਅਧਿਆਪਨ, ਸਾਕਾ ਕਾਵਿ ਸੰਪਾਦਿਤ, ਪੁਸਤਕਾਂ ਹਨ। ਇਸ ਪੁਸਤਕ ਵਿਚ ਵਿਦਵਾਨ ਆਲੋਚਕ ਨੇ 14 ਕਾਵਿ ਪੁਸਤਕਾਂ, ਇਕ ਮਹਾਂਕਾਵਿ ਚੜ੍ਹਿਆ ਸੋਧਣ ਧਰਤ ਲੁਕਾਈ (ਗੁਰਦੇਵ ਸਿੰਘ ਰਾਏ) ਜਸਵਿੰਦਰ ਦੀ ਗ਼ਜ਼ਲ ਅਗਰਬੱਤੀ, ਰਣਬੀਰ ਰਾਣਾ ਦੀ ਗ਼ਜ਼ਲ ਕਿਤਾਬ ਵਕਤ ਦੇ ਵਰਕੇ, ਹਰਮੀਤ ਵਿਦਿਆਰਥੀ ਦੀ ਕਾਵਿ ਕਿਤਾਬ ਉਧੜੀ ਹੋਈ ਮੈਂ, ਧਨੀ ਰਾਮ ਚਾਤ੍ਰਿਕ ਦੀ ਕੇਸਰ ਕਿਆਰੀ, ਤੇਰਾ ਸਿੰਘ ਚੰਨ ਦਾ ਕਾਵਿ ਨਾਟ ਕਾਗ ਸਮੇਂ ਦਾ ਬੋਲਿਆ, ਪ੍ਰੀਤਮ ਸਿੰਘ ਰਾਹੀ ਦੀ ਕਿਤਾਬ ਸੁੱਕੇ ਪੱਤਿਆਂ ਦੀ ਦਾਸਤਾਨ, ਡਾ. ਪਾਲ ਕੌਰ ਰਚਿਤ ਇੰਝ ਨਾ ਮਿਲੀਂ, ਇੰਦਰ ਜੀਤ ਨੰਦਨ (ਯਸ਼ੋਧਰਾ) ਰਜਿੰਦਰ ਕੌਰ (ਸ਼ਬਦਾਂ ਦਾ ਕਟਹਿਰਾ) ਡਾ. ਸਰਬਜੀਤ ਕੌਰ ਸੋਹਲ ਦੀ ਨਵਪ੍ਰਕਾਸ਼ਿਤ ਪੁਸਤਕ ਅਮੀਨੇਟਿਡ ਰਿਸ਼ਤੇ, ਬਲਵੰਤ ਭਾਟੀਆ ਦਾ ਕਾਵਿ ਸੰਗ੍ਰਹਿ ਦੱਲੇ ਦੀ ਬਾਤ, ਸ਼ਾਇਰ ਤਰਸੇਮ ਤੇ ਗੁਰਮੀਤ ਖੋਖਰ ਦੀ ਇਕ ਇਕ ਕਾਵਿ ਪੁਸਤਕ ਬਾਰੇ ਬਹੁਪੱਖੀ ਵਿਸ਼ਲੇਸ਼ਣ ਹੈ। ਕਾਵਿ ਕਿਤਾਬਾਂ ਤੇ ਗ਼ਜ਼ਲਾਂ ਦੇ ਕਾਵਿ ਤੱਤਾਂ ਬਾਰੇ ਵਿਸਤਰਿਤ ਚਰਚਾ ਹੈ। ਗਜ਼ਲਾਂ ਦੇ ਸ਼ਿਅਰਾਂ ਦਾ ਸੂਖਮ ਅਧਿਐਨ ਹੈ। ਕਵੀਆਂ ਦਾ ਕਾਵਿ ਨਜ਼ਰੀਆ, ਕਾਵਿ ਯਥਾਰਥ ਅਲੰਕਾਰ ਬਿੰਬ ਤੇ ਰੂਪਕ ਪੱਖ ਦੀ ਆਲੋਚਨਾ ਹੈ। ਮਹਾਂਕਾਵਿ ਦੀ ਚਰਚਾ ਵਿਚ ਗੁਰੂ ਨਾਨਕ ਦੇਵ ਜੀ ਦੇ ਅਲੌਕਿਕ ਜੀਵਨ ਤੇ ਸਮਕਾਲੀ ਸਮਾਜ 'ਤੇ ਆਲੋਚਨਾਤਮਿਕ ਦ੍ਰਿਸ਼ਟੀ ਨਾਲ ਵਿਚਾਰ ਕੀਤੀ ਹੈ। ਮਾਲਵੇ ਦੇ ਨਾਵਲਕਾਰ ਬੂਟਾ ਸਿੰਘ ਸ਼ਾਦ ਦਾ ਨਾਵਲ ਕਾਲੀ ਬੋਲੀ ਰਾਤ, ਫਖ਼ਰ ਜ਼ਮਾਨ ਦੇ ਨਾਵਲ ਤੂੰ ਕਿ ਮੈਂ, ਬਲਦੇਵ ਸਿੰਘ ਦੇ ਇਤਿਹਾਸਿਕ ਨਾਵਲ ਪੰਜਵਾਂ ਸਾਹਿਬਜ਼ਾਦਾ, ਅਵਤਾਰ ਸਿੰਘ ਬਿਲਿੰਗ ਦੇ ਨਾਵਲ ਖਾਲੀ ਖੂਹਾਂ ਦੀ ਕਥਾ, ਜਸਪਾਲ ਮਾਨ ਖੇੜਾ ਦੇ ਨਾਵਲ 'ਮੈਂ ਹੁਣ ਉਹ ਨਹੀਂ', ਸੋਮਾ ਸਬਲੋਕ ਦਾ ਕਾਮੁਕ ਨਾਵਲੈਂਟ ਪੇਟੈਂਟ ਹਸਬੈਂਡ ਦੀ ਗਲਪੀ ਆਲੋਚਨਾ ਹੈ। ਹਾਸ ਵਿਅੰਗ ਲੇਖਕ ਕੇ. ਐਲ. ਗਰਗ ਦਾ ਅਮਰੀਕਾ ਦਾ ਸਫ਼ਰਨਾਮਾ ਦੂਜਾ ਪਾਸਾ ਦੀ ਦਿਲਚਸਪ ਵਿਸ਼ਲੇਸ਼ਣ ਹੈ। ਇਤਿਹਾਸਕ ਨਾਵਲ ਦੀ ਪੁਣਛਾਣ ਵਿਚ ਦਲਿਤ ਚੇਤਨਾ 'ਤੇ ਵਧੇਰੇ ਫੋਕਸ ਹੈ। ਕਹਾਣੀ ਪੁਸਤਕਾਂ ਵਿਚ ਡਾ. ਬਲਜੀਤ ਕੌਰ ਬੱਲੀ, ਪ੍ਰੋ. ਹਰਭਜਨ ਸਿੰਘ, ਡਾ. ਹਰਜਿੰਦਰ ਸੂਰੇਵਾਲੀਆ, ਦਰਸ਼ਨ ਜੋਗਾ, ਪਰਮਜੀਤ ਮਾਨ ਤੇ ਸੁਰਿੰਦਰ ਸਿੰਘ ਰਾਏ ਦੀ ਇਕ-ਇਕ ਕਹਾਣੀ ਪੁਸਤਕ ਦੀ ਬਹੁਦਿਸ਼ਾਵੀ ਸਮੀਖਿਆ ਹੈ। ਸਾਰੀ ਪੁਸਤਕ ਵਿਚ ਤਕਨੀਕੀ ਸ਼ਬਦਾਂ ਦੀ ਭਰਮਾਰ ਹੈ। ਪ੍ਰੋ. ਜਗਬੀਰ ਸਿੰਘ ਨੇ ਕਿਤਾਬ ਦੀ ਸਾਹਿਤਕ ਮਹੱਤਤਾ 'ਤੇ ਰੌਸ਼ਨੀ ਪਾਈ ਹੈ। ਪੁਸਤਕ ਆਲੋਚਨਾ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਚਿੰਤਕਾਂ ਲਈ ਲਾਹੇਵੰਦ ਹੈ ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਸੰਪਰਕ : 98148-56160


ਪੈਗ਼ੰਬਰ
ਮੂਲ ਲੇਖਕ: ਖ਼ਲੀਲ ਜਿਬਰਾਨ,
ਅਨੁਵਾਦਕ: ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 103
ਸੰਪਰਕ : 099588-31357


ਲਿਬਨਾਨ ਦੇ ਕਵੀ ਖ਼ਲੀਲ ਜਿਬਰਾਨ ਦੀ ਵਿਸ਼ਵ ਪ੍ਰਸਿੱਧ ਪੁਸਤਕ "he Prophet ਦਾ ਪੰਜਾਬੀ ਅਨੁਵਾਦ ਡਾ. ਬਲਦੇਵ ਸਿੰਘ 'ਬੱਧਨ' ਦੁਆਰਾ ਕੀਤਾ ਗਿਆ ਹੈ ਅਤੇ 'ਪੈਗ਼ੰਬਰ' ਸਿਰਲੇਖ ਅਧੀਨ ਪ੍ਰਕਾਸ਼ਿਤ ਹੋਇਆ ਹੈ। ਇਹ ਪੁਸਤਕ ਖ਼ਲੀਲ ਜਿਬਰਾਨ ਦੀਆਂ ਬਿਹਤਰੀਨ ਰਚਨਾਵਾਂ ਵਿਚੋਂ ਇਕ ਹੈ ਜਿਸ ਦਾ ਵਿਸ਼ਵ ਦੀਆਂ 40 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਹੁਣ ਤੱਕ 163 ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 10 ਕਰੋੜ ਤੋਂ ਵੱਧ ਪੁਸਤਕਾਂ ਵਿਕ ਚੁੱਕੀਆਂ ਹਨ। ਇਸ ਪੁਸਤਕ ਵਿਚ ਉਸ ਨੇ 26 ਵਿਸ਼ਿਆਂ ਬਾਰੇ ਗੱਲ ਕੀਤੀ ਹੈ। ਇਹ 26 ਸਵਾਲ ਅਲਮੁਸਤਫ਼ਾ ਨੂੰ ਉਸ ਸਮੇਂ ਪੁੱਛੇ ਗਏ ਜਦੋਂ ਉਹ 12 ਸਾਲਾਂ ਬਾਅਦ ਸਮੁੰਦਰੀ ਜਹਾਜ਼ 'ਤੇ ਆਪਣੇ ਘਰ ਜਾ ਰਿਹਾ ਸੀ। ਉਨ੍ਹਾਂ ਸਵਾਲਾਂ ਦੇ ਜਵਾਬ ਵਿਚ ਲੇਖਕ ਵਲੋਂ 26 ਪ੍ਰਵਚਨ ਕੀਤੇ ਗਏ। ਇਹ 26 ਵਿਸ਼ੇ ਹਨ ਸਮੁੰਦਰੀ ਜਹਾਜ਼ ਦਾ ਆਉਣਾ, ਪਿਆਰ, ਵਿਆਹ, ਸੰਤਾਨ, ਦਾਨ, ਖ਼ੁਰਾਕ, ਕਿਰਤ-ਕਰਮ, ਸੁੱਖ ਅਤੇ ਦੁੱਖ, ਘਰ, ਬਸਤਰ, ਖ਼ਰੀਦੋ-ਫ਼ਰੋਖ਼ਤ, ਨਿਆਂ, ਕਾਨੂੰਨ, ਆਜ਼ਾਦੀ, ਤਰਕ ਅਤੇ ਭਾਵ, ਪੀੜ, ਆਤਮ-ਗਿਆਨ, ਅਧਿਆਪਨ, ਦੋਸਤੀ, ਗੱਲਬਾਤ, ਸਮਾਂ, ਨੇਕੀ ਤੇ ਬਦੀ, ਅਰਦਾਸ, ਅਨੇਕ, ਸੁੰਦਰਤਾ, ਧਰਮ, ਮੌਤ ਤੇ ਵਿਦਾਇਗੀ। ਇਨ੍ਹਾਂ ਵਿਸ਼ਿਆਂ 'ਤੇ ਗੱਲ ਕਰਦਾ ਹੋਇਆ ਲੇਖਕ ਰਹੱਸਵਾਦੀ ਵਿਚਾਰਾਂ ਰਾਹੀਂ ਵਿਸਥਾਰਤ ਚਰਚਾ ਕਰਦਾ ਹੈ। ਅਲਮਿੱਤਰਾ ਦੇ ਪਿਆਰ ਅਤੇ ਵਿਆਹ ਬਾਰੇ ਵਿਚਾਰ ਪੁੱਛਣ 'ਤੇ ਉਹ ਇਨ੍ਹਾਂ ਵਿਸ਼ਿਆਂ ਬਾਰੇ ਦੱਸਦਾ ਹੈ ਤਾਂ ਇਕ ਬਾਲ ਦੀ ਮਾਂ ਸੰਤਾਨ ਬਾਰੇ ਪੁੱਛ ਲੈਂਦੀ ਹੈ, ਫਿਰ ਭੀੜ ਵਿਚੋਂ ਕਈ ਲੋਕ ਦਾਨ, ਖ਼ੁਰਾਕ, ਕਿਰਤ-ਕਰਮ, ਸੁੱਖ ਅਤੇ ਦੁੱਖ ਅਤੇ ਘਰ ਬਾਰੇ ਪੁੱਛੇ ਪ੍ਰਸ਼ਨਾਂ ਦੇ ਉੱਤਰ ਦਿੰਦਾ ਹੈ। ਸਾਰੇ ਲੋਕ ਆਪਣੇ-ਆਪਣੇ ਕਿੱਤੇ ਨਾਲ ਸੰਬੰਧਿਤ ਪ੍ਰਸ਼ਨ ਪੁੱਛ ਰਹੇ ਸਨ ਤਾਂ ਪੁਜਾਰਨ ਨੇ ਵੀ ਅਰਦਾਸ ਦਾ ਅਸਲ ਮਕਸਦ ਜਾਣਨਾ ਚਾਹਿਆ। ਇਕ ਫ਼ਕੀਰ ਅਨੰਦ ਬਾਰੇ ਤੇ ਸ਼ਾਇਰ ਸੁੰਦਰਤਾ ਬਾਰੇ ਜਾਣਨਾ ਚਾਹੁੰਦਾ ਸੀ। ਅਲਮੁਸਤਫ਼ਾ ਨੇ ਇਕ-ਇਕ ਕਰਕੇ ਸਭ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਅੰਤ ਵਿਚ ਵਿਦਾਇਗੀ ਬਾਰੇ ਦੱਸ ਕੇ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਚਲਿਆ ਗਿਆ ਅਤੇ ਅਲਮਿੱਤਰਾ ਕਿਨਾਰੇ 'ਤੇ ਖੜ੍ਹੀ ਰਹਿ ਗਈ। ਇਸ ਢੰਗ ਨਾਲ ਇਹ ਪੁਸਤਕ ਮਾਨਵ ਕਲਿਆਣ ਲਈ ਲਿਖੀ ਗਈ ਸਾਬਤ ਹੁੰਦੀ ਹੈ ਅਤੇ ਅਲਮੁਸਤਫ਼ਾ ਦੇ ਪ੍ਰਵਚਨਾਂ ਰਾਹੀਂ ਮਨੁੱਖ ਦੀਆਂ ਸੰਵੇਦਨਾਵਾਂ ਨੂੰ ਸੇਧ ਦਿੰਦੀ ਹੈ।


ਡਾ. ਸੰਦੀਪ ਰਾਣਾ,
ਮੋਬਾਈਲ : 98728-87551


ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ
ਲੇਖਕ : ਨਵਦੀਪ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ :200 ਰੁਪਏ, ਸਫ਼ੇ :56
ਸੰਪਰਕ 97800-36216


ਨਵਦੀਪ ਸਿੰਘ ਗਿੱਲ ਖੇਡਾਂ ਤੇ ਖਿਡਾਰੀਆਂ ਬਾਰੇ ਪਿਛਲੇ 20 ਸਾਲ ਤੋਂ ਵੱਧ ਸਮੇਂ ਤੋਂ ਲਿਖ ਰਿਹਾ ਹੈ। ਪੰਜਾਬ ਸਰਕਾਰ ਵਿਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਲੇਖਕ ਨਵਦੀਪ ਸਿੰਘ ਗਿੱਲ ਨੇ ਹੁਣ ਤੱਕ 9 ਕਿਤਾਬਾਂ ਲਿਖੀਆਂ ਹਨ। ਲੇਖਕ ਵਲੋਂ ਲਿਖੀ ਇਹ ਪੁਸਤਕ 'ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ' ਬਾਲ ਸਾਹਿਤ ਦੀ ਪੁਸਤਕ ਹੈ। ਪਿਛਲੇ ਸਾਲ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਓਲੰਪਿਕਸ ਵਿਚ ਭਾਰਤੀ ਹਾਕੀ ਵਲੋਂ 41 ਸਾਲ ਬਾਅਦ ਕੋਈ ਤਮਗਾ ਜਿੱਤਿਆ ਗਿਆ ਅਤੇ ਇਹ ਭਾਰਤੀ ਖੇਡਾਂ ਅਤੇ ਖ਼ਾਸ ਕਰਕੇ ਹਾਕੀ ਲਈ ਇਤਿਹਾਸਿਕ ਪਲ ਸੀ। ਭਾਰਤੀ ਹਾਕੀ ਦੀ ਇਸ ਪ੍ਰਾਪਤੀ ਤੋਂ ਬਾਅਦ ਖੇਡ ਪ੍ਰੇਮੀ ਇਥੋਂ ਤੱਕ ਹਰ ਇਕ ਦੇਸ਼ ਵਾਸੀ ਆਪਣੇ ਹੀਰੋ ਖਿਡਾਰੀਆਂ ਦੀਆਂ ਜੀਵਨੀਆਂ ਜਾਣਨ ਲਈ ਉਤਸਕ ਸਨ। ਲੋਕ ਗੀਤ ਪ੍ਰਕਾਸ਼ਨ ਵਲੋਂ ਸਕੂਲੀ ਵਿਦਿਆਰਥੀਆਂ ਲਈ ਛਾਪੇ ਜਾ ਰਹੇ ਬਾਲ ਸਾਹਿਤ ਦੀ ਲੜੀ ਤਹਿਤ ਨਵਦੀਪ ਸਿੰਘ ਗਿੱਲ ਵਲੋਂ ਇਹ ਪੁਸਤਕ ਲਿਖੀ ਗਈ ਹੈ। ਰੰਗਦਾਰ ਸਚਿੱਤਰ ਪੁਸਤਕ ਦੀ ਭੂਮਿਕਾ ਵਿਚ ਭਾਰਤੀ ਹਾਕੀ ਟੀਮ ਦਾ ਓਲੰਪਿਕ ਖੇਡਾਂ ਵਿਚ ਇਤਿਹਾਸ ਅਤੇ ਫੇਰ ਟੋਕੀਓ ਓਲੰਪਿਕ ਖੇਡਾਂ ਵਿਚ ਗਰੁੱਪ ਸਟੇਜ ਅਤੇ ਨਾਕ ਆਊਟ ਦੇ ਮੈਚਾਂ ਅਤੇ ਕਾਂਸੀ ਦੇ ਤਗ਼ਮੇ ਦੇ ਮੈਚਾਂ ਦੇ ਵੇਰਵੇ ਦਿੱਤੇ ਗਏ ਹਨ। ਇਹ ਪੁਸਤਕ ਜਿੱਥੇ ਟੋਕੀਓ ਓਲੰਪਿਕਸ ਦੇ ਪੁਰਸ਼ ਹਾਕੀ ਦੇ ਮੁਕਾਬਲਿਆਂ ਦਾ ਇਤਿਹਾਸ ਸਾਂਭੇਗੀ, ਉਥੇ ਭਾਰਤੀ ਟੀਮ ਦੇ ਇਕੱਲੇ-ਇਕੱਲੇ ਖਿਡਾਰੀ ਦੀ ਸੰਖੇਪ ਜੀਵਨੀ ਉਤੇ ਵੀ ਝਾਤ ਪਾਵੇਗੀ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੋਂ ਲੈ ਕੇ ਭਾਰਤੀ ਹਾਕੀ ਟੀਮ ਦੇ ਸਾਰੇ 19 ਖਿਡਾਰੀਆਂ ਅਤੇ ਕੋਚ ਗ੍ਰਾਹਮ ਰੀਡ ਬਾਰੇ ਵੱਖੋ-ਵੱਖਰਾ ਚੈਪਟਰ ਹੈ। ਹਰ ਚੈਪਟਰ ਵਿਚ ਸਬੰਧਤ ਖਿਡਾਰੀ ਦੇ ਜਨਮ, ਬਚਪਨ, ਖੇਡ ਦੀ ਸ਼ੁਰੂਆਤ ਤੋਂ ਲੈ ਕੇ ਉਸ ਵਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਅਤੇ ਟੋਕੀਓ ਓਲੰਪਿਕਸ ਵਿਚ ਦਿਖਾਏ ਪ੍ਰਦਰਸ਼ਨ ਦੇ ਵੇਰਵੇ ਮਿਲਦੇ ਹਨ।
ਬਾਲ ਸਾਹਿਤ ਦੀ ਇਹ ਪੁਸਤਕ ਬੱਚਿਆਂ ਨੂੰ ਖੇਡਾਂ ਖ਼ਾਸ ਕਰਕੇ ਹਾਕੀ ਨਾਲ ਜੁੜਨ ਵਿਚ ਸਹਾਈ ਸਿੱਧ ਹੋਵੇਗੀ। ਇਸ ਪੁਸਤਕ ਨਾਲ ਨਵੀਂ ਉਮਰ ਦੇ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ ਅਤੇ ਆਪਣੇ ਚਹੇਤੇ ਖਿਡਾਰੀਆਂ ਦੇ ਜੀਵਨ ਬਾਰੇ ਵੀ ਜਾਣਕਾਰੀ ਮਿਲੇਗੀ, ਜਿਸ ਤੋਂ ਉਹ ਪ੍ਰੇਰਨਾ ਲੈ ਸਕਣਗੇ। ਸਕੂਲੀ ਬੱਚਿਆਂ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।


ਡਾ. ਜਤਿੰਦਰ ਸਾਬੀ
ਮੋਬਾਈਲ : 98729-78781

 

 ਪ੍ਰਾਪਤ ਪੁਸਤਕਾਂ

27-08-2022

 ਹੋਨਿ ਨਜੀਕਿ
ਖੁਦਾਇ ਦੈ...
ਲੇਖਿਕਾ : ਡਾ. ਸਰਬਜੀਤ ਕੌਰ ਸੰਧਾਵਾਲੀਆ
ਪ੍ਰਕਾਸ਼ਕ : ਲੇਖਿਕਾ ਖ਼ੁਦ
ਸਫ਼ੇ : 124
ਸੰਪਰਕ : 98147-16367

ਹਥਲੀ ਪੋਥੀ ਵਿਚ ਪੰਜਾਬੀ ਦੀ ਪ੍ਰਮੁੱਖ ਰਹੱਸਵਾਦੀ ਲੇਖਿਕਾ ਡਾ. ਸਰਬਜੀਤ ਕੌਰ ਸੰਧਾਵਾਲੀਆ ਨੇ ਗੁਰਮਤਿ ਅਤੇ ਗੁਰਬਾਣੀ ਨਾਲ ਜੁੜੇ ਹੋਏ ਕੁਝ ਬ੍ਰਹਮ-ਗਿਆਨੀਆਂ ਅਤੇ ਸਾਧਕਾਂ ਦੀ ਕੀਰਤੀ ਦਾ ਜੱਸ ਗਾਇਆ ਹੈ। ਲੇਖਿਕਾ ਅਜਿਹੇ ਮਹਾਂਪੁਰਖਾਂ ਨੂੰ 'ਰੰਗ ਰਤੜੇ ਰਸਿਕ ਬੈਰਾਗੀਆਂ' ਦੇ ਹਵਾਲੇ ਨਾਲ ਸਿਮਰਦੀ ਹੈ। ਪੁਸਤਕ ਦਾ ਪਰਿਚਯ ਕਰਵਾਉਂਦੀ ਹੋਈ ਉਹ ਲਿਖਦੀ ਹੈ, 'ਮੈਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਅਤੇ ਸ੍ਰੀ ਹੁਕਮਨਾਮਾ ਸਾਹਿਬ ਪ੍ਰਾਪਤ ਕਰ ਕੇ ਕੁਝ ਗੁਰਸਿੱਖਾਂ ਦੇ ਜੀਵਨ ਦੀਆਂ ਝਲਕਾਂ ਆਪ ਨਾਲ ਸਾਂਝੀਆਂ ਕਰ ਰਹੀ ਹਾਂ। ਇਹ ਕਹਾਣੀ ਸਰੀਰ ਦੀ ਨਹੀਂ, ਸਗੋਂ ਆਤਮਾ ਦੇ ਸਰੂਰ ਦੀ ਹੈ...।' (ਪੰਨਾ 3)
ਡਾ. ਸੰਧਾਵਾਲੀਆ ਵਿਸਮਾਦੀ ਅਨੁਭਵ ਦੀ ਧਾਰਨੀ ਹੈ। ਜਦੋਂ ਉਸ ਦੀ ਨਜ਼ਰ ਪੂਰੇ ਬ੍ਰਹਿਮੰਡ ਦੇ ਅਦਭੁਤ ਵਰਤਾਰੇ ਅਤੇ ਇਸ ਪਿੱਛੇ ਚੱਲ ਰਹੇ ਅਟੱਲ ਨਿਯਮਾਂ ਉੱਪਰ ਪੈਂਦੀ ਹੈ ਤਾਂ ਉਸ ਦੀ ਸੰਵੇਦਨਾ ਦ੍ਰਵੀਭੂਤ ਹੋ ਜਾਂਦੀ ਹੈ। ਨੇਤਰਾਂ ਵਿਚੋਂ ਅੱਥਰੂਆਂ ਦੀ ਅਮੁੱਕ ਧਾਰਾ ਚੱਲ ਪੈਂਦੀ ਹੈ ਅਤੇ ਆਤਮਾ ਅਨੰਦ ਉਡਾਰੀਆਂ ਲਾਉਣ ਲਗਦੀ ਹੈ। ਲੇਖਿਕਾ ਦੇ ਵਿਸਮਾਦੀ ਅਨੁਭਵ ਅਤੇ ਪ੍ਰਭੂ ਪ੍ਰਤੀ ਸਮਰਪਣ ਭਾਵਨਾ ਨੂੰ ਮਹਿਸੂਸ ਕਰ ਕੇ ਮੈਨੂੰ ਇਸ ਪ੍ਰਕਾਰ ਪ੍ਰਤੀਤ ਹੁੰਦਾ ਹੈ ਕਿ ਉਹ ਖ਼ੁਦ ਮੀਰਾਂਬਾਈ ਵਾਂਗ ਰੰਗ-ਰੱਤੜੀ ਬਣੀ ਹੋਈ ਹੈ। ਉਸ ਦੇ ਵਿਚਾਰ ਅਤੇ ਅਹਿਸਾਸ ਧੰਨਤਾ ਯੋਗ ਹਨ ਅਤੇ ਉਹ ਬ੍ਰਹਮ ਗਿਆਨੀ ਬਣ ਚੁੱਕੀ ਹੈ। ਪਦਾਰਥਕ ਲਾਲਸਾਵਾਂ ਅਤੇ ਲੋੜਾਂ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ ਰਿਹਾ।
ਇਸ ਪੁਸਤਕ ਵਿਚ ਭਾਈ ਹਰਨੇਕ ਸਿੰਘ, ਸੰਤ ਗੁਰਮੇਲ ਸਿੰਘ ਬਾਘਾ ਪੁਰਾਣਾ, ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ, ਡਾ. ਜਗਜੀਤ ਸਿੰਘ, ਮਹੰਤ ਤੀਰਥ ਸਿੰਘ ਸੇਵਾਪੰਥੀ, ਮਹੰਤ ਕਾਹਨ ਸਿੰਘ ਸੇਵਾਪੰਥੀ, ਸੰਤ ਬਾਬਾ ਭਜਨ ਸਿੰਘ ਜੀ, ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਅਤੇ ਕੁਝ ਹੋਰ ਸੰਤਾਂ-ਬ੍ਰਹਮ ਗਿਆਨੀਆਂ ਦੇ ਉਪਕਾਰਾਂ ਅਤੇ ਜੀਵਨ-ਸ਼ੈਲੀ ਦਾ ਵਰਨਣ ਹੋਇਆ ਹੈ। ਅਧਿਆਤਮਿਕ ਰਸ ਨਾਲ ਗੜੂੰਦ ਇਸ ਪੋਥੀ ਦਾ ਪਾਠ ਕਰਨ ਲਈ ਪਾਠਕ ਦੀ ਆਤਮਾ ਸ਼ੁੱਧ, ਪਵਿੱਤਰ ਅਤੇ ਪਰਉਪਕਾਰੀ ਹੋਣੀ ਚਾਹੀਦੀ ਹੈ ਜੀ...।
c c c

ਹੇ! ਲੀਲਾ
ਕਵੀ : ਸੀ. ਮਾਰਕੰਡਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150/- ਰੁਪਏ, ਸਫ਼ੇ : 88
ਸੰਪਰਕ : 94172-72161

ਸੀ. ਮਾਰਕੰਡਾ ਪੰਜਾਬੀ ਦਾ ਇਕ ਪ੍ਰਮੁੱਖ ਪ੍ਰਗਤੀਵਾਦੀ ਕਵੀ, ਜਗਿਆਸੂ ਸਫ਼ਰਨਾਮਾ-ਲੇਖਕ, ਕੁਸ਼ਲ ਅਨੁਵਾਦਕ, ਨਿਰਭੈ ਸੰਪਾਦਕ ਅਤੇ ਪ੍ਰਸਿੱਧ ਪੱਤਰਕਾਰ ਹੈ। ਉਹ ਸਿੱਧੀ, ਸਪਸ਼ਟ ਅਤੇ ਖਰੀ-ਖਰੀ ਗੱਲ ਕਹਿਣ ਦਾ ਸਮਰਥਕ ਹੈ। ਉਸ ਨੂੰ ਗਿਲਾ ਹੈ ਕਿ ਅਜੋਕੇ ਪੂੰਜੀਵਾਦੀ ਦੌਰ ਵਿਚ ਸਾਡੇ ਪ੍ਰਤੀਨਿਧ ਲਿਖਾਰੀ ਵੀ ਵਪਾਰੀ ਬਣਦੇ ਜਾ ਰਹੇ ਹਨ । ਇਸ ਪ੍ਰਸੰਗ ਵਿਚ ਆਪਣੇ ਸਮੇਤ, ਉਹ ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਹਥਲਾ ਕਾਵਿ ਸੰਗ੍ਰਹਿ ਉਸ ਨੇ ਆਪਣੀ ਪਤਨੀ ਦਾ 'ਰਿਣ ਯਾਦ ਰੱਖਣ' ਲਈ ਕੀਤਾ ਹੈ, ਜੋ ਪਿਛਲੇ ਚਾਰ ਪੰਜ ਦਹਾਕਿਆਂ ਤੋਂ ਜੀਵਨ ਦੀ ਹਰ ਸਥਿਤੀ ਵਿਚ ਉਸ ਦੇ ਨਾਲ ਖੜੋਤੀ ਹੈ, ਉਸ ਦੇ ਨਾਲ ਨਿਭੀ ਹੈ। ਮਰਦ ਪ੍ਰਧਾਨ ਪੰਜਾਬੀ ਸਮਾਜ ਵਿਚ ਰਹਿਣ ਵਾਲੇ ਅਸੀਂ ਸੰਵੇਦਨਸ਼ੀਲ ਅਤੇ ਕੋਮਲਭਾਵੀ ਲੇਖਕ ਲੋਕ ਵੀ ਪਤਨੀਆਂ ਦੇ ਯੋਗਦਾਨ ਨੂੰ ਅਣਗੌਲਿਆਂ ਕਰ ਦਿੰਦੇ ਹਾਂ, ਜੋ ਇਕ ਸ਼ਰਮਨਾਕ ਵਰਤਾਰਾ ਹੈ। ਹਥਲੇ ਸੰਗ੍ਰਹਿ ਵਿਚ ਉਸ ਦੀਆਂ 41 ਰਚਨਾਵਾਂ ਸੰਗ੍ਰਹਿਤ ਹਨ, ਜਿਨ੍ਹਾਂ ਵਿਚ 3 ਗ਼ਜ਼ਲਾਂ, 1 ਓਪਰੇਟਾ, 2 ਗੀਤ, ਕੁਝ ਸ਼ੇਅਰ। ਮਰਮੀਆ ਕੁਝ ਬੈਂਤ, 3-4 ਸ਼ਰਧਾਂਜਲੀਆਂ (ਗੁਰੂਜਨਾਂ ਨੂੰ) ਅਤੇ ਬਾਕੀ ਪ੍ਰਗਤੀਸ਼ੀਲ ਕਵਿਤਾਵਾਂ ਹਨ। 'ਊਂਘਦੇ ਪੰਜਾਬ ਜਾਗ', 'ਸ਼ਾਹ ਜੀ', ਅਤੇ 'ਫੱਟੜ ਪੰਛੀ' ਕੁਝ ਲੰਮੀਆਂ ਕਵਿਤਾਵਾਂ ਹਨ ਅਤੇ ਬਾਕੀ ਸਭ ਲਘੂ-ਆਕਾਰ ਦੀਆਂ ਰਚਨਾਵਾਂ ਹਨ। ਕਵੀ ਆਪਣੀ ਪਤਨੀ ਲੀਲਾ ਦੇ ਹਰ ਆਹਰ, ਕਾਰ-ਵਿਹਾਰ, ਅਦਾਵਾਂ ਅਤੇ ਖ਼ੂਬੀਆਂ ਦਾ ਭਾਵਭਿੰਨਾ ਨਿਰੂਪਣ ਕਰਦਾ ਹੈ ਅਤੇ ਇਸ ਤੱਥ ਨੂੰ ਸਵੀਕਾਰ ਕਰਨ ਵਿਚ ਜ਼ਰਾ ਵੀ ਝਿਜਕ ਨਹੀਂ ਕਰਦਾ ਕਿ ਉਸ ਦੀ ਸ਼ਖ਼ਸੀਅਤ ਨੂੰ ਸੰਵਾਰਨ-ਨਿਖਾਰਨ ਵਿਚ ਲੀਲਾ ਦਾ ਵੱਡਾ ਯੋਗਦਾਨ ਰਿਹਾ ਹੈ। 'ਊਂਘਦੇ ਪੰਜਾਬ ਜਾਗ', 'ਸ਼ਾਹ ਜੀ', 'ਨਰਮੇ ਦਾ ਮਰਸੀਆ' ਆਦਿ ਕਵਿਤਾਵਾਂ ਵਿਚ ਕਵੀ ਮਾਰਕੰਡਾ ਅਜੋਕੇ ਪੰਜਾਬ ਦੀ ਤ੍ਰਾਸਦਿਕ ਸਥਿਤੀ ਦਾ ਚਿਤਰਣ ਕਰਦਾ ਹੈ। ਉਸ ਦੀਆਂ ਕਵਿਤਾਵਾਂ ਹਰ ਉਮਰ, ਵਰਗ ਅਤੇ ਰੁਤਬੇ ਦੇ ਪੰਜਾਬੀ ਦੇ ਮਨ-ਮਸਤਕ ਵਿਚ ਡੂੰਘਾ ਉਤਰ ਜਾਂਦੀਆਂ ਹਨ। ਉਹ ਵਲ-ਛਲ ਨਾਲ ਗੱਲ ਕਹਿਣ ਵਾਲਾ ਫ਼ਰੇਬੀ ਲੇਖਕ ਨਹੀਂ ਹੈ। ਪੰਜਾਬੀ ਪਾਠਕ ਅਜਿਹੇ ਲੇਖਕਾਂ ਨੂੰ ਹੀ ਜਿੰਦ-ਜਾਨ ਨਾਲ ਪਿਆਰ ਕਰਦੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਫ਼ਕੀਰੀ ਰਮਜ਼ਾਂ
ਲੇਖਕ : ਗੁਰਿੰਦਰ ਗਿੱਲ
ਪ੍ਰਕਾਸ਼ਕ : ਅਭੀ ਬੁਕਸ ਐਂਡ ਪ੍ਰਿੰਟਰਜ਼, ਜਲੰਧਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94652-38137

ਗੁਰਿੰਦਰ ਗਿੱਲ ਨੇ ਪੁਸਤਕ 'ਫ਼ਕੀਰੀ ਰਮਜ਼ਾਂ' ਵਿਚ ਬੇਬਾਕੀ ਨਾਲ ਬ੍ਰਹਿਮੰਡ ਦੀ ਉਡਾਰੀ ਲਗਾਈ ਹੈ। ਫ਼ਕੀਰੀ ਜੀਵਨ ਹਯਾਤੀ ਦੇ ਮੀਰੀ ਗੁਣ ਸਬਰ, ਸੰਤੋਖ, ਪ੍ਰੇਮ, ਮੁਰਸ਼ਦ, ਸੰਜਮ, ਸਹਿਜਤਾ, ਨਿਰਮਾਣਤਾ, ਖਿਆਲਾਂ ਦੀ ਉਡਾਰੀ, ਤਿਆਗ, ਸਰਬ-ਸਾਂਝੀਵਾਲਤਾ, ਮਾਨਵ ਹਿਤੈਸ਼ੀ ਆਦਿ ਵਿਦਮਾਨ ਹਨ। ਸੂਫ਼ੀਮਤ ਦੇ ਪ੍ਰਭਾਵ ਅਧੀਨ ਗਿੱਲ ਦੇ ਕਾਵਿ ਵਿਚ ਫ਼ਕੀਰੀ ਪ੍ਰਤੀਕ ਖੂਹ, ਕੱਚੇ ਘਰ, ਚਰਖੇ, ਭੱਠੀ ਆਦਿ ਰਾਹੀਂ ਜੀਵਨ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ। ਆਧੁਨਿਕ ਯੁੱਗ ਵਿਚ ਮਨੁੱਖ ਉੱਤੇ ਪਦਾਰਥਵਾਦੀ ਸੋਚ ਨੇ ਗਲਬਾ ਪਾ ਦਿੱਤਾ ਹੈ। ਈਰਖਾ, ਸਾੜਾ, ਦਵੈਸ਼, ਵਿਰੋਧ, ਵਿਸ਼ਵਾਸਘਾਤ, ਅਲਗਾਵ ਦੀਆਂ ਪ੍ਰਸਥਿਤੀਆਂ ਤੋਂ ਨਿਜਾਤ ਲਈ 'ਕਿਰਤ ਸਿਧਾਂਤ' ਉੱਤੇ ਫ਼ੋਕਸ ਕੀਤਾ ਹੈ। ਗੁਰਿੰਦਰ ਗਿੱਲ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਹੈ, ਉਸ ਦੀ ਕਵਿਤਾ ਵਿਚ ਮਨੁੱਖੀ ਸੁਭਾਅ ਤੇ ਵਿਵਹਾਰ ਦੀਆਂ ਸੂਖ਼ਮ ਪਰਤਾਂ ਦਾ ਬਿੰਬ ਉਸਰਦਾ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਉਸ ਦੇ ਸੁਹਿਰਦ ਯਤਨ ਪਾਠਕਾਂ ਦੇ ਘੇਰੇ ਵਿਚ ਵਾਧਾ ਕਰਦੇ ਹਨ:
ਬਾਬੇ ਨਾਨਕ ਦੀ ਜਾਈ ਇਹ ਸਿਆਹੀ ਕਲਮ ਦੀ ਤਿਹਾਈ ਇਹ।
ਲੀਹਾਂ ਬਾਬੇ ਬੁੱਲ੍ਹੇ, ਵਾਰਿਸ, ਅੰਮ੍ਰਿਤਾ,
ਸ਼ਿਵ, ਸਾਹਿਰ ਨੇ ਤੋਰੀਆਂ ਜੀ।
ਪੁਸਤਕ ਦੀਆਂ ਕਵਿਤਾਵਾਂ ਵਿਚ ਵਰਤਮਾਨ ਨੌਜਵਾਨ ਪੀੜ੍ਹੀ ਦੀ ਮਾਪਿਆਂ ਪ੍ਰਤੀ ਅਨੈਤਿਕ ਕਾਰਜਸ਼ੀਲਤਾ ਨੂੰ ਬੇਬਾਕੀ ਨਾਲ ਪੇਸ਼ ਕੀਤਾ ਹੈ, ਜੋ ਜ਼ਮੀਨ-ਜਾਇਦਾਦ ਦੀ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦਾ ਤ੍ਰਿਸਕਾਰ ਕਰਦੇ ਹਨ। ਗੁਰਿੰਦਰ ਗਿੱਲ ਨੇ ਭਰੂਣ ਹੱਤਿਆ ਦੇ ਨਾਲ-ਨਾਲ ਕੰਜਕਾਂ ਪੂਜਣ ਦੇ ਲੋਕ-ਵਿਖਾਵੇ ਨੂੰ ਨਸ਼ਰ ਕੀਤਾ ਹੈ। ਇਸ ਤੋਂ ਇਲਾਵਾ ਕੰਜਕਾਂ ਦੇ ਜਿਸਮਾਨੀ ਸ਼ੋਸ਼ਣ ਦਾ ਜ਼ਿਕਰ ਕੀਤਾ ਹੈ, ਇਕ ਪਾਸੇ ਕੰਜਕਾਂ ਪੂਜਦੇ ਲੋਕ, ਦੂਜੇ ਪਾਸੇ ਇੱਜ਼ਤਾਂ ਨਾਲ ਖੇਡਦੇ ਲੋਕੀਂ। ਧੀਆਂ ਨੂੰ ਬੋਝ ਸਮਝ ਕੇ ਕੁੱਖਾਂ ਵਿਚ ਹੀ ਰਹਿਣ ਮਰਵਾਉਂਦੇ ਲੋਕੀਂ। ਗੁਰਿੰਦਰ ਗਿੱਲ ਨੇ 'ਫ਼ਕੀਰੀ ਰਮਜ਼ਾਂ' ਵਿਚ ਮਾਨਵੀ ਜੀਵਨ ਨਾਲ ਡੂੰਘਾ ਸੰਵਾਦ ਰਚਾ ਕੇ ਸੁਹਿਰਦ ਤੇ ਸੱਭਿਅਕ ਸਮਾਜ ਦੀ ਹੋਂਦ ਉੱਤੇ ਜ਼ੋਰ ਦਿੱਤਾ ਹੈ। ਪਾਠਕ ਵਰਗ ਲਈ ਇਹ ਪੁਸਤਕ ਵਿਚਾਰਨਯੋਗ ਹੈ। ਇਹ ਜੀਵਨ ਹਯਾਤੀ ਦੇ ਹਰੇਕ ਪਹਿਲੂ ਨੂੰ ਰੂਪਮਾਨ ਕਰਦੀ ਹੈ।

ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

c c c

ਮੋਇਆਂ ਦਾ ਰਾਹ
ਅਨੁਵਾਦ ਤੇ ਸੰਪਾਦਨ ਭਜਨਬੀਰ ਸਿੰਘ
ਕੀਮਤ : 195 ਰੁਪਏ, ਸਫੇ : 136
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ (ਪਟਿਆਲਾ)
ਸੰਪਰਕ : 98556-75724

ਵਿਚਾਰ ਅਧੀਨ ਇਸ ਪੁਸਤਕ ਵਿਚ, ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ 'ਚੋਂ ਅਠਾਰਾਂ ਕਹਾਣੀਆਂ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਵੱਖੋ-ਵੱਖਰੇ ਸੱਭਿਆਚਾਰਾਂ, ਖਿੱਤਿਆਂ ਦੇ ਜਨ ਮਾਨਸ ਦੀਆਂ ਮਾਨਤਾਵਾਂ, ਵਿਸ਼ਵਾਸ, ਅੰਦਰੂਨੀ ਟੁੱਟ-ਭੱਜ, ਪੀੜ, ਅਹਿਸਾਸ, ਅਸਮਾਨ ਵੰਡ ਅਤੇ ਦਰਿਦਰਤਾ ਥਾਂ ਥਾਂ ਦ੍ਰਿਸ਼ਟੀਗੋਚਰ ਹੁੰਦੀ ਹੈ। ਪਾਠਕ ਆਪਣੇ ਹਿੱਸੇ ਆਏ ਦੁੱਖਾਂ ਨੂੰ ਵਿਸ਼ਵ ਪਰਿਪੇਖ ਵਿਚ ਤੁਲਨਾਤਮਿਕ ਨਜ਼ਰੀਏ ਨਾਲ ਪੁਸਤਕ ਦੀਆਂ ਕਹਾਣੀਆਂ ਵਿਚੋਂ ਮਹਿਸੂਸ ਕਰਦਾ ਹੈ। ਬਿਨਾਂ ਸ਼ੱਕ ਚੰਗਾ ਅਨੁਵਾਦ ਸਾਹਿਤ ਨੂੰ ਅਮੀਰੀ ਪ੍ਰਦਾਨ ਕਰਦਾ ਹੈ। ਇਸ ਪੁਸਤਕ ਦੀਆਂ ਕਹਾਣੀਆਂ ਦੀ ਸ਼ੁਰੂਆਤ ਓਨੋਰੋ ਦ ਬਾਲਜ਼ਾਕ ਦੀ ਫ਼ਰਾਂਸੀਸੀ ਕਹਾਣੀ 'ਤੇਂਦੂਏ ਦੇ ਨਾਲ' ਤੋਂ ਹੁੰਦੀ ਹੈ। ਕਹਾਣੀ 'ਕੈਦੀ' ਸੈਨਿਕ ਦੇ ਮਾਦਾ ਤੇਂਦੂਏ ਨਾਲ ਖ਼ੌਫ਼ਨਾਕ ਅਤੇ ਮੁਹੱਬਤੀ ਅਹਿਸਾਸ ਨੂੰ ਰੂਪਮਾਨ ਕਰਦੀ ਹੈ। ਰੂਸੀ ਕਹਾਣੀ ਦੁੱਖ (ਐਨਤੋਨ ਚੈਖਵ) ਚਿਰ ਪਹਿਲਾਂ ਬੜੀ ਚਰਚਿਤ ਕਹਾਣੀ ਰਹੀ ਹੈ। ਅਮਰੀਕੀ ਕਹਾਣੀ 'ਆਖਰੀ ਪੱਤਾ' ਵਿਚ ਬੇਹਰਮੈਨ ਦਾ ਨਕਲੀ ਪੱਤਾ ਤਿਆਰ ਕਰਕੇ ਟਹਿਣੀ ਨਾਲ ਟੰਗਣਾ ਅਤੇ ਰੋਗੀ ਨੂੰ ਬਚਾ ਕੇ ਆਪ ਜਾਨ ਗੁਆ ਲੈਣਾ, ਇਸ ਕਹਾਣੀ ਨੂੰ ਸ਼ਾਹਕਾਰ ਅਤੇ ਮਿਸਾਲੀ ਬਣਾਉਂਦਾ ਹੈ। ਇਟਾਲਵੀ ਕਹਾਣੀ 'ਖੁੱਲ੍ਹਾ ਬੂਹਾ' ਵਿਚ ਪਰਤ-ਦਰ-ਪਰਤ ਫਲੋਰਿਮੋਂ ਦਾ ਕਿਰਦਾਰ ਉਜਾਗਰ ਹੁੰਦਾ ਹੈ, ਜਦ ਤੱਕ ਦਾਤੇਨ ਉਸ ਦੀ ਤਲਵਾਰਬਾਜ਼ੀ ਦੀ ਹੱਟੀ ਬੰਦ ਨਹੀਂ ਕਰਾ ਦਿੰਦਾ। ਹਰਮਨ ਹੈੱਸ ਦੀ ਜਰਮਨ ਕਹਾਣੀ 'ਵਹਿਮੀ' ਗਲਤ ਪਰਿਵਾਰਕ ਪਰੰਪਰਾਵਾਂ ਅਤੇ ਰੰਜਸ਼ਾ ਨੂੰ ਆਪਸ ਵਿਚ ਖ਼ਤਮ ਕਰਨ ਅਤੇ ਸੁੰਦਰ ਰਿਸ਼ਤਿਆਂ ਨੂੰ ਸਿਰਜਣ ਦਾ ਸੁਨੇਹਾ ਦਿੰਦੀ ਹੈ। ਡੀ. ਐਚ. ਲਾਰੈਂਸ ਦੀ ਅੰਗਰੇਜ਼ੀ ਕਹਾਣੀ ਹੜਤਾਲ ਕੋਲਾ ਮਜ਼ਦੂਰਾਂ ਵਿਚਕਾਰ ਸਹਾਇਤਾ ਰਾਸ਼ੀ ਵੰਡਣ ਅਤੇ ਮਜ਼ਦੂਰ ਘਰਾਂ ਦੀ ਮਾੜੀ ਆਰਥਿਕਤਾ ਦਾ ਨਕਸ਼ਾ ਉਲੀਕਦੀ ਹੈ। ਆਨੰਦੀ ਸ਼ਹਿਰ ਜੋ ਵੇਸਵਾਵਾਂ ਨੇ ਵਸਾਇਆ ਸੀ, ਸਮਾਂ ਬੀਤਣ ਨਾਲ ਜਦੋਂ ਵਿਕਸਿਤ ਹੋ ਕੇ ਘੁੱਗ ਵੱਸਣ ਲੱਗਾ ਤਾਂ ਸ਼ਹਿਰ ਦੇ ਮੁਹਤਬਰਾਂ ਨੇ ਮਤਾ ਪਕਾਇਆ ਕਿ ਇਸ ਪੇਸ਼ੇ ਲਈ ਸ਼ਹਿਰੋਂ ਬਾਰਾਂ ਕੋਹ ਬਾਹਰ ਇਨ੍ਹਾਂ ਔਰਤਾਂ ਨੂੰ ਰਹਿਣ ਲਈ ਥਾਂ ਦਿੱਤੀ ਜਾਵੇ। ਪਾਠਕ ਇਸ ਬਾਰੇ ਸੋਚਣ ਜ਼ਰੂਰ ਲੱਗ ਪੈਂਦਾ ਹੈ। ਇਕ ਦਿਨ ਦੀ ਬਾਦਸ਼ਾਹਤ (ਉਰਦੂ ਕਹਾਣੀ) ਇਕ ਅਦਾਕਾਰ ਦੀ ਆਰਥਿਕ ਟੁੱਟ-ਭੱਜ ਦੀ ਬਾਤ ਪਾਉਂਦੀ ਹੈ। ਮੋਇਆਂ ਦਾ ਰਾਹ ਚਿਨੁਆ ਅਚੇਬੇ ਦੀ ਖ਼ੂਬਸੂਰਤ ਕਹਾਣੀ ਹੈ। ਨਵੇਂ ਰਾਹ ਤਿਆਰ ਕਰਨੇ ਬੜੇ ਕਠਿਨ ਹੁੰਦੇ ਹਨ। ਇਸ ਪੁਸਤਕ ਦਾ ਪੰਜਾਬੀ ਸਾਹਿਤ ਵਿਚ ਸ਼ਾਮਿਲ ਹੋਣ 'ਤੇ ਮੈਂ ਹਾਰਦਿਕ ਸਵਾਗਤ ਕਰਦਾ ਹਾਂ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋਬਾ. 97806-67686

c c c

 

ਸਰਫ਼ਰੋਸ਼ੀ ਦਾ ਵਣਜਾਰਾ ਸ਼ਹੀਦੇ-ਆਜ਼ਮ ਭਗਤ ਸਿੰਘ
ਲੇਖਕ : ਪ੍ਰਿ. ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 240/- ਰੁਪਏ, ਸਫ਼ੇ : 188
ਸੰਪਰਕ : 98146-19342

ਪ੍ਰਿੰ. ਬਲਵਿੰਦਰ ਸਿੰਘ ਫ਼ਤਹਿਪੁਰੀ ਵਲੋਂ ਆਪਣੀ ਪੁਸਤਕ 'ਸਰਫਰੋਸ਼ੀ ਦਾ ਵਣਜਾਰਾ ਸ਼ਹੀਦੇ ਆਜ਼ਮ ਭਗਤ ਸਿੰਘ' ਵਿਚ ਸ਼ਹੀਦੇ-ਆਜ਼ਮ ਦੀ ਜੀਵਨੀ ਅਤੇ ਉਨ੍ਹਾਂ ਦੇ ਫ਼ਲਸਫ਼ੇ ਬਾਰੇ ਜਾਣਕਾਰੀ ਦੇਣ ਦਾ ਸਫਲ ਯਤਨ ਕੀਤਾ ਗਿਆ ਹੈ। ਲੇਖਕ ਦਾ ਮੰਨਣਾ ਹੈ ਕਿ ਅਜਿਹੀਆਂ ਪੁਸਤਕਾਂ ਬਹੁਤ ਘੱਟ ਹਨ, ਜਿਨ੍ਹਾਂ ਵਿਚ ਸ਼ਹੀਦ ਦੀ ਤਲਿਸਮੀ ਸ਼ਖ਼ਸੀਅਤ ਅਤੇ ਸੰਦੇਸ਼ ਦੋਵਾਂ ਉੱਪਰ ਚਰਚਾ ਕੀਤੀ ਗਈ ਹੋਵੇ। ਇਸ ਪੁਸਤਕ ਵਿਚ ਅਜਿਹਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸ਼ਹੀਦ ਦੇ ਅਣਗੌਲੇ ਪੱਖਾਂ ਤੇ ਖੇਤਰਾਂ ਨੂੰ ਕਲਮ ਬੰਦ ਕੀਤਾ ਜਾ ਸਕੇ। ਕੁਝ ਪੱਖਾਂ ਨੂੰ ਵਰਤਮਾਨ ਸਮੇਂ ਦੇ ਸੰਦਰਭ ਵਿਚ ਵੀ ਵਿਚਾਰਿਆ ਗਿਆ ਹੈ। ਲੇਖਕ ਨੇ ਕੋਸ਼ਿਸ਼ ਕੀਤੀ ਹੈ ਕਿ ਸ਼ਹੀਦ ਦੀ ਸ਼ਖ਼ਸੀਅਤ ਦੇ ਪ੍ਰਮੁੱਖ ਪੱਖਾਂ ਨੂੰ ਉਸ ਦੇ ਸਮੇਂ ਦੇ ਪਰਿਪੇਖ ਵਿਚ ਰੱਖ ਕੇ ਵਾਚਿਆ ਜਾਵੇ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਸ਼ਹੀਦ ਦੀ ਜੀਵਨੀ ਅਤੇ ਜੀਵਨ ਫ਼ਲਸਫ਼ੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਦੂਜੇ ਭਾਗ ਵਿਚ ਇਨਕਲਾਬੀ ਅੰਦੋਲਨ ਦਾ ਸਿਧਾਂਤਕ ਵਿਕਾਸ ਅਤੇ ਤੀਜੇ ਭਾਗ ਵਿਚ ਸ਼ਹੀਦ ਦੇ ਜੀਵਨ ਦੇ ਦੂਜੇ ਪੱਖਾਂ ਜਿਵੇਂ ਨਿਡਰਤਾ, ਸਾਥੀ, ਧਰਮਾਂ ਤੇ ਸਿਆਸੀ ਪਾਰਟੀਆਂ ਨਾਲ ਨੇੜਤਾ, ਉਸ ਦੀ ਸਰਬ-ਵਿਆਪਕਤਾ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਅਸਲ ਵਿਚ ਭਗਤ ਸਿੰਘ ਹੋਰਾਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਨੇ ਨਹੀਂ ਅਪਣਾਇਆ। ਹੁਣ ਵੀ ਕੇਵਲ ਉਸ ਦੇ ਨਾਂਅ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਸਿੱਖੀ ਆਧਾਰਿਤ ਰਾਜਸੀ ਪਾਰਟੀਆਂ ਦੂਰ ਰਹੀਆਂ, ਕਿਉਂਕਿ ਉਹ ਆਰੀਆ ਸਮਾਜੀ ਤੇ ਪਤਿਤ ਸੀ। ਆਰੀਆ ਸਮਾਜ ਨੇ ਅਪਣਾਉਣ ਦਾ ਯਤਨ ਕੀਤਾ, ਕਈ ਫ਼ਿਲਮਾਂ ਵੀ ਬਣਾਈਆਂ ਪਰ ਫਿਰ ਪਿੱਛੇ ਹਟ ਗਿਆ। ਕਾਂਗਰਸੀ ਦੂਰ ਰਹੇ ਕਿ ਉਹ ਹਿੰਸਾ ਵਿਚ ਵਿਸ਼ਵਾਸ ਰੱਖਦਾ ਸੀ। ਕਮਿਊਨਿਸਟਾਂ ਨੇ ਦੂਰੀ ਬਣਾਈ, ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਦਾ ਮੈਂਬਰ ਨਹੀਂ ਸੀ। ਆਖਿਰ ਰਾਜਸੀ ਪਾਰਟੀਆਂ ਨੂੰ ਭਗਤ ਸਿੰਘ ਨੂੰ ਅਪਣਾਉਣਾ ਪਿਆ, ਕਿਉਂਕਿ ਨਵੀਂ ਪੀੜ੍ਹੀ ਦਾ ਉਹ ਹੀਰੋ ਬਣ ਗਿਆ ਸੀ। ਨੌਜਵਾਨ ਆਮ ਇਹ ਨਾਅਰਾ ਲਾਉੇਂਦੇ ਹਨ, 'ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ'। ਪਰ ਇਹ ਵੀ ਸੱਚ ਹੈ ਕਿ ਬਹੁਤਿਆਂ ਨੂੰ ਭਗਤ ਸਿੰਘ ਦੀ ਸੋਚ ਬਾਰੇ ਜਾਣਕਾਰੀ ਨਹੀਂ ਹੈ। ਇਸੇ ਕਰਕੇ ਉਹ ਭਟਕ ਰਹੇ ਹਨ। ਇਸ ਪੁਸਤਕ ਵਿਚ ਇਹ ਯਤਨ ਕੀਤਾ ਗਿਆ ਹੈ ਕਿ ਭਗਤ ਸਿੰਘ ਦੀ ਸੋਚ ਬਾਰੇ ਜਾਣਕਾਰੀ ਦਿੱਤੀ ਜਾਵੇ। ਭਗਤ ਸਿੰਘ ਹੋਰਾਂ ਨੂੰ ਸ਼ਹੀਦੇ-ਆਜ਼ਮ ਆਖਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਆਪ ਫ਼ਾਂਸੀ ਨੂੰ ਚੁਣਿਆ। ਉਸ ਦੇ ਮੁਕੱਦਮੇ ਸਮੇਂ ਦਿੱਤੇ ਭਾਸ਼ਨਾਂ ਨੇ ਲੋਕਾਂ ਨੂੰ ਜਾਗ੍ਰਿਤ ਕੀਤਾ। ਉਸ ਦੀ ਫਾਂਸੀ ਦੀ ਖ਼ਬਰ ਸੁਣਦਿਆਂ ਹੀ ਸਾਰੇ ਦੇਸ਼ ਵਿਚ ਅੰਗਰੇਜ਼ਾਂ ਵਿਰੁੱਧ ਇਕ ਤੂਫ਼ਾਨ ਖੜ੍ਹਾ ਹੋ ਗਿਆ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਵਕਤ ਦੀ ਨਾੜ ਨੂੰ ਪਛਾਣਿਆ ਤੇ ਗੋਰਿਆਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਸਾਡੀ ਨਵੀਂ ਪੀੜ੍ਹੀ ਨੂੰ ਭਗਤ ਸਿੰਘ ਦੀ ਸੋਚ ਬਾਰੇ ਜਾਣਨ ਲਈ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਡਾ. ਰਣਜੀਤ ਸਿੰਘ
ਮੋਬਾਈਲ : 94170-87328

c c c
ਸ਼ਬਦ ਸਿਰਜਣਹਾਰੇ-2
ਸੰਪਾਦਕ : ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ
ਪ੍ਰਕਾਸ਼ਕ : ਪੰਜਾਬ ਵਿਰਸਾ ਟਰੱਸਟ, ਫਗਵਾੜਾ
ਮੁੱਲ : 250 ਰੁ. ਸਫ਼ੇ-220
ਸੰਪਰਕ : 98726-73703

ਬੜੇ ਲੰਬੇ ਸਮੇਂ ਤੋਂ ਸਾਂਝੀਆਂ ਪੁਸਤਕਾਂ ਦੇ ਪ੍ਰਕਾਸ਼ਨ ਦੀ ਪਰੰਪਰਾ ਅਜੇ ਵੀ ਜਾਰੀ ਹੈ। ਇਸ ਨਾਲ ਜਿੱਥੇ ਨਵੀਆਂ ਕਲਮਾਂ ਨੂੰ ਉਤਸ਼ਾਹ ਮਿਲਦਾ ਹੈ, ਉਥੇ ਤੰਗਦਸਤ ਕਲਮਕਾਰਾਂ ਨੂੰ ਵੀ ਆਪਣੇ ਪਾਠਕਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲ ਜਾਂਦਾ ਹੈ। ਇਹ ਕਾਰਜ ਜਿੰਨਾ ਸਹਿਜ ਦਿਸਦਾ ਹੈ ਓਨਾ ਹੀ ਮੁਸ਼ਕਿਲ ਹੈ। ਪਰ ਸਕੇਪ ਸਾਹਿਤਕ ਸੰਸਥਾ, ਫਗਵਾੜਾ ਨੂੰ ਅਜਿਹੇ ਕਈ ਕਾਰਜ ਕਰਨ ਦਾ ਸ਼ਰਫ਼ ਹਾਸਲ ਹੈ, ਜਿਸ ਦੇ ਕਰਤਾ-ਧਰਤਾ ਰਵਿੰਦਰ ਚੋਟ ਤੇ ਪਰਵਿੰਦਰਜੀਤ ਸਿੰਘ ਹਨ। 'ਸ਼ਬਦ ਸਿਰਜਣਹਾਰੇ-2' ਵਿਚ ਹਰ ਸ਼ਾਇਰ ਦੇ ਬਾਰੇ ਇਕ ਪੰਨੇ 'ਤੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਤੇ ਉਸ ਦੀ ਸ਼ਾਇਰੀ ਨੂੰ ਅੱਧੀ ਦਰਜਨ ਤੋਂ ਉੱਤੇ ਸਫ਼ੇ ਦਿੱਤੇ ਗਏ ਹਨ। ਇਹ ਸ਼ਾਇਰ ਹਨ ਗੁਰਮੀਤ ਪਲਾਹੀ, ਬਲਦੇਵ ਰਾਜ ਕੋਮਲ, ਸੀਤਲ ਰਾਮ ਬੰਗਾ, ਡਾ. ਇੰਦਰਜੀਤ ਸਿੰਘ ਵਾਸੂ, ਚਰਨਜੀਤ ਸਿੰਘ ਪੰਨੂ, ਲਾਲੀ ਕਰਤਾਰ ਪੁਰੀ, ਐੱਸ. ਆਰ. ਭੱਟੀ, ਕਮਲੇਸ਼ ਸੰਧੂ, ਰਵਿੰਦਰ ਸਿੰਘ ਰਾਏ, ਸੁਖਦੇਵ ਸਿੰਘ ਸੁੱਖ, ਕਰਮਜੀਤ ਸਿੰਘ ਸੰਧੂ, ਦਰਸ਼ਨ ਸਿੰਘ ਨੰਦਰਾ, ਉਰਮਲਜੀਤ ਸਿੰਘ, ਸੁਖਦੇਵ ਸਿੰਘ ਗੰਢਵਾਂ, ਅਮਨਦੀਪ ਸਿੰਘ, ਬਚਨਾ ਰਾਮ, ਗੁਰਨਾਮ ਬਾਵਾ, ਲਸ਼ਕਰ ਢੰਡਵਾੜਵੀ, ਸੁਰਜੀਤ ਸਿੰਘ ਬਲਾੜ੍ਹੀ ਕਲਾਂ, ਰਵਿੰਦਰ ਚੋਟ ਤੇ ਇੰਦੂ ਮਹਿਤਾ। ਪੁਸਤਕ ਵਿਚ ਸ਼ਾਇਰੀ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ ਪਰ ਗ਼ਜ਼ਲਾਂ ਦੀ ਗਿਣਤੀ ਵਧੇਰੇ ਹੈ। ਬਹੁਤੀਆਂ ਰਚਨਾਵਾਂ ਲੋਕ ਭਾਵਨਾਵਾਂ ਤੇ ਲੋਕਾਈ ਦੇ ਦਰਦ ਨੂੰ ਸਮਰਪਿਤ ਹਨ। 'ਸ਼ਬਦ ਸਿਰਜਣਹਾਰੇ-2' ਯਕੀਨਨ ਹੀ ਪੁਸਤਕ ਵਿਚ ਸ਼ਾਮਿਲ ਪੁਰਾਣੀਆਂ ਕਲਮਾਂ ਨੂੰ ਪੜ੍ਹਨ ਤੇ ਮਾਣਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਉਤਸ਼ਾਹ ਤੇ ਥਾਪੜੇ ਨਾਲ ਨਵੇਂ ਸ਼ਾਇਰ ਹੋਰ ਅਗੇਰੇ ਵਧਣਗੇ, ਅਜਿਹੀ ਮੈਨੂੰ ਆਸ ਹੈ। ਅਜਿਹੇ ਕਾਰਜ ਹੁੰਦੇ ਰਹਿਣੇ ਚਾਹੀਦੇ ਹਨ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

21-08-2022

ਛੋਟੀ ਕੁੜੀ ਅਤੇ ਹੰਸ
ਅਨੁਵਾਦ ਅਤੇ ਸੰਪਾਦਨ : ਮਨਜੀਤ ਇੰਦਰਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 0172-5027427.


ਵਿਚਾਰ ਅਧੀਨ ਇਸ ਪੁਸਤਕ ਵਿਚ ਸੋਲਾਂ ਰੂਸੀ ਲੋਕ ਕਹਾਣੀਆਂ ਦਾ ਪੰਜਾਬੀ ਵਿਚ ਕੀਤਾ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਆਮ ਲੋਕ ਕਹਾਣੀਆਂ ਵਾਂਗ ਇਸ ਪੁਸਤਕਵਿਚਲੀਆਂ ਕਹਾਣੀਆਂ ਵੀ ਕਾਲਪਨਿਕ ਘਟਨਾਵਾਂ, ਜਾਦੂਈ ਚਮਤਕਾਰਾਂ, ਦੈਵੀ ਸ਼ਕਤੀਆਂ ਨਾਲ ਲੈਸ ਨਾਇਕਾਂ, ਨਾਲ ਭਰਪੂਰ ਹਨ। ਹੁਸਨਾਬਾਦ ਆਪਣੇ ਬਾਦਸ਼ਾਹ ਪਿਤਾ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੀ ਆਰਹੀ ਸੀ।
ਅੰਤ ਫ਼ਕੀਰ ਦਾ ਕਿਹਾ ਸੱਚ ਹੋ ਗਿਆ ਕਿ ਉਹ ਆਪਣੇ ਹੀ ਪਿਤਾ ਦੇ ਰਾਜ 'ਤੇ ਰਾਜ ਕਰਨ ਲੱਗੀ। ਉਸ ਨੇ ਪਕੜੇ ਹੋਏ ਸਾਰੇ ਬੇਕਸੂਰ ਲੋਕਾਂ ਨੂੰ ਜੇਲ੍ਹ ਤੋਂ ਮੁਕਤ ਕਰ ਦਿੱਤਾ। 'ਫੀਨਿਸਤ-ਸੁਨਹਿਰੀ ਬਾਜ਼' ਅਤੇ 'ਸ਼ਹਿਜ਼ਾਦਾ ਈਵਾਨ ਅਤੇ ਭੂਰਾ ਭੇੜੀਆ' ਦਿਲਚਸਪਮਿੱਥ ਕਹਾਣੀਆਂਲਗਦੀਆਂ ਹਨ। ਇਲਯਾ ਮੂਰੋਮਵਾਸੀ ਸੀਟੀਬਾਜ਼ ਡਾਕੂ, ਯੋਮੇਲਾ ਅਤੇ ਮੱਛੀ, ਨਿਕਿਤਾ ਖਟੀਕ, ਮਿਕੂਲਾ ਹਲਵਾਹ, ਬੁਲਬੁਲ, ਛੋਟੀ ਕੁੜੀ ਅਤੇ ਹੰਸ, ਬਰਫ਼ ਦਾ ਦੇਵਤਾ ਤੇ ਹੋਰ ਕਹਾਣੀਆਂ, ਰੂਸ ਦੇ ਜਨਮਾਨਸ ਦੀਆਂ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆਉਂਦੀਆਂ ਬਾਤਾਂ ਵਰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਕਹਾਣੀਆਂ ਦੇ ਨਾਇਕ ਅਨਹੋਣੀ ਨੂੰ ਹੋਣੀ ਕਰ ਦਿਖਾਉਂਦੇ ਹਨ। ਹਵਾ ਵਿਚ ਉੱਡਦੇ ਹਨ। ਦਰਿਆਵਾਂ ਉੱਤੋਂ ਛਲਾਂਗ ਲਗਾ ਦਿੰਦੇ ਹਨ। ਜਾਨਵਰਾਂ ਤੋਂ ਬੰਦੇ ਦਾ ਰੂਪ ਅਖ਼ਤਿਆਰ ਕਰ ਲੈਂਦੇ ਹਨ, ਬਾਂਦਰ ਸਮੁੰਦਰ ਥੱਲੇ ਸੁਰੰਗ ਖੋਦ ਲੈਂਦਾ ਹੈ, ਆਦਿ ਵਚਿੱਤਰ ਘਟਨਾਵਾਂ ਹਨ। ਕਹਾਣੀਆਂ ਵਿਚ ਘਟਨਾਵਾਂ ਦਾ ਦੁਹਰਾਅ ਵੀ ਦੇਖਣ ਵਿਚ ਆਇਆ ਹੈ। ਪਾਠਕ ਨੂੰ ਕਹਾਣੀਆਂ ਦਿਲਚਸਪ ਤਾਂ ਲਗਦੀਆਂ ਹਨ, ਪਰ ਉਸ ਨੂੰ ਇਨ੍ਹਾਂ ਕਹਾਣੀਆਂ ਵਿਚੋਂ ਜ਼ਿੰਦਗੀ ਨਾਲ ਜੁੜਿਆ ਕੋਈ ਸਾਰਥਕ ਸੁਨੇਹਾ ਜਾਂ ਦਿਸ਼ਾ ਨਹੀਂ ਮਿਲਦੀ। ਪੁਸਤਕ ਦੀਆਂ ਕਹਾਣੀਆਂ ਨੂੰ ਅਨੁਵਾਦ ਕਰਨ 'ਤੇ ਕਾਫ਼ੀ ਮਿਹਨਤ ਕੀਤੀ ਗਈ ਹੈ। ਕਿਤੇ-ਕਿਤੇ ਨਵੇਂ ਸ਼ਬਦ ਵੀ ਘੜੇ ਗਏ ਹਨ।
ਪ੍ਰਿੰਟਿੰਗ ਦੀਆਂ ਕਾਫ਼ੀ ਗ਼ਲਤੀਆਂ ਹਨ, ਜੋ ਪੁਸਤਕ ਪੜ੍ਹਨ ਸਮੇਂ ਪਾਠਕ ਨੂੰ ਅੱਖੜਦੀਆਂ ਹਨ। ਸੰਪਾਦਕ ਪੰਜਾਬੀ ਕਵਿਤਾ ਦੀ ਸਤਿਕਾਰਯੋਗ ਕਵਿੱਤਰੀ ਹੈ, ਭਵਿੱਖ ਵਿਚ ਉਸ ਕੋਲੋਂ ਹੋਰ ਵੀ ਅਰਥਭਰਪੂਰ ਅਨੁਵਾਦ ਕੀਤੇ ਜਾਣ ਦੀ ਚੋਖੀ ਉਮੀਦ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।


ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686
c c c


ਜੰਗ ਤੇ ਅਮਨ
ਲੇਖਕ : ਲਿਓ ਟਾਲਸਟਾਏ
ਅਨੁ: ਤੇਜਿੰਦਰ ਬਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 312
ਸੰਪਰਕ : 98781-77812.


ਵਿਚਾਰ ਅਧੀਨ ਨਾਵਲ ਵਿਸ਼ਵ ਪ੍ਰਸਿੱਧ ਲੇਖਕ ਲਿਓਟਾਲਸਟਾਏ ਦੇ ਵਡ-ਆਕਾਰੀ ਨਾਵਲ ਦਾ ਅਬਰਿਜ਼ਡ (ਸੰਖੇਪ ਰੂਪ) ਹੈ। ਇਸ ਨਾਵਲ ਦੀ ਫੇਬੁਲਾ ਵੀ ਬਹੁਪਰਤੀ ਹੈ। ਕਾਰਨ ਇਹ ਕਿ ਇਹ ਇਤਿਹਾਸਿਕ ਰਚਨਾ ਤਾਂ ਹੈ ਹੀ ਪਰ ਨਾਵਲਕਾਰ ਨੇ ਆਪਣੀ ਵਿਚਾਰਧਾਰਾ ਅਨੁਸਾਰ ਕੁਝ ਰੂਪਾਂਤਰਣ ਵੀ ਕਰ ਵਿਖਾਇਆ ਹੈ। ਇਹ ਰਚਨਾ ਪਹਿਲੀ ਵਾਰ 1869 ਵਿਚ ਪ੍ਰਕਾਸ਼ਿਤ ਹੋਈ। ਸੰਸਾਰ ਜਿੱਤਣ ਦੀ ਮਨਸ਼ਾ ਅਨੁਸਾਰ ਨੈਪੋਲੀਅਨ ਬੋਨਾਪਾਰਟ ਨੇ ਰੂਸ 'ਤੇ 14 ਸਤੰਬਰ, 1812 ਨੂੰ ਹਮਲਾ ਕਰ ਦਿੱਤਾ। ਉਸ ਪਾਸ ਵਿਸ਼ਾਲ ਸੈਨਾ ਦਾ ਹੰਕਾਰ ਸੀ ਅਤੇ ਉਹ ਚਾਹੁੰਦਾ ਸੀ ਕਿ ਹਰ ਹੀਲੇ ਮਾਸਕੋ 'ਤੇ ਕਬਜ਼ਾ ਕਰਕੇ ਜਿੱਤ ਦਾ ਝੰਡਾ ਲਹਿਰਾ ਦੇਵੇ। ਪਰ ਰੂਸ ਦੇ ਲੋਕਾਂ ਦੀ ਦੇਸ਼ ਭਗਤੀ, ਅਣਖ ਅਤੇ ਦ੍ਰਿੜ੍ਹ ਇਰਾਦੇ ਨੇ 'ਜਬੈ ਬਾਣ ਲਾਗਯੋ। ਤਵੈ ਰੋਸ ਜਾਗਯੋ'॥ ਦੇ ਮਹਾਂਵਾਕ ਅਨੁਸਾਰ ਅਜਿਹੀ ਕਰਵਟ ਲਈ ਕਿ ਨੈਪੋਲੀਅਨ ਦੀਆਂ ਫ਼ੌਜਾਂ ਨੂੰ ਮੂੰਹਤੋੜ ਜਵਾਬ ਦਿੱਤਾ। 'ਰੂਸੀ ਫ਼ੌਜ ਵਿਚ ਗੁੱਸੇ ਦਾ, (ਜਜ਼ਬਾ) ਗੁੱਸੇ ਦਾ ਦੁਸ਼ਮਣ ਪ੍ਰਤੀ ਨਫ਼ਰਤ ਦਾ ਜਜ਼ਬਾ ਹੋਰ-ਹੋਰ ਤਿੱਖਾ ਹੁੰਦਾ ਜਾਂਦਾ ਤੇ ਉਸ ਜਜ਼ਬੇ ਨੇ ਉਨ੍ਹਾਂ ਅੰਦਰ ਜੋਸ਼ ਭਰਨ ਦਾ ਕੰਮ ਕੀਤਾ।' ਪੰ. 201. ਲੰਮੇ ਸੰਘਰਸ਼ ਤੋਂ ਬਾਅਦ 'ਰੂਸੀਆਂ ਨੇ 23000 ਫਰਾਂਸੀਸੀਆਂ ਨੂੰ ਬੰਦੀ ਬਣਾ ਲਿਆ ਤੇ ਉਨ੍ਹਾਂ ਦੀਆਂ 100 ਤੋਪਾਂ 'ਤੇ ਕਬਜ਼ਾ ਕਰ ਲਿਆ....' ਪੰ. 294.
ਪਹਿਲਾਂ ਨੈਪੋਲੀਅਨ ਦਾ ਸ਼ਾਂਤੀ ਸੰਦੇਸ਼ ਲੈ ਕੇ ਇਕ ਬੰਦਾ ਕੁਤਜੋਵ ਕੋਲ ਆਇਆ। ਪਰ ਉਸ ਨੇ ਉੱਤਰ ਦਿੱਤਾ 'ਸ਼ਾਂਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।' ਪੰ. 279.
ਇਹ ਰਚਨਾ ਨਾਵਲ ਤਾਂ ਹੈ ਹੀ ਪਰ ਇਸ ਨੂੰ ਵਾਰਤਕ ਵਿਚ ਸਿਰਜਿਆ ਮਹਾਂਕਾਵਿ (ਐਪਿਕ ਇਨ ਪਰੋਜ਼) ਵਜੋਂ ਵੀ ਮਾਣਿਆ ਜਾ ਸਕਦਾ ਹੈ। ਇਸ ਰਚਨਾ ਦੀ ਬਣਤਰ ਤੇ ਬੁਣਤਰ ਵਿਚ ਬੇਸ਼ੁਮਾਰ ਪਾਤਰ ਅਤੇ ਅਣਗਿਣਤ ਘਟਨਾਵਾਂ ਮੁੱਖ ਸੁਜੇਤ (ਕਥਾਨਕ) ਨਾਲ ਰਲ ਕੇ ਸਫਲਤਾ ਸਹਿਤ ਸੰਪੰਨ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ। ਟਾਲਸਟਾਏ ਦਾ ਬਿਰਤਾਂਤਕ ਸੰਗਠਨ ਕਈ ਕੁਲੀਨ ਪਰਿਵਾਰਾਂ ਦੁਆਲੇ ਪ੍ਰਕਰਮਾ ਕਰਦਾ ਵੇਖਿਆ ਜਾ ਸਕਦਾ ਹੈ ਮਸਲਨ: ਬੋਲਕੋਨਸਕੀ, ਰੋਸਤੋਵ, ਬੈਜੂਖਵੋ ਕੁਤਜੋਵ, ਜਾਰ ਅਲੈਗਜੈਂਡਰ ਆਦਿ। ਮਹੱਤਵਪੂਰਨ ਇਸਤਰੀ ਪਾਤਰਾਂ ਵਿਚ ਅੱਨਾਪਾਵਲੋਵਨਾ, ਏਲੇਨ, ਸੋਨੀਆ, ਮਾਰੀਆ, ਨਤਾਸ਼ਾ ਆਦਿ। ਨੈਪੋਲੀਅਨ ਵਿਰੁੱਧ ਸੰਘਰਸ਼ੀ ਨੌਜਵਾਨ 'ਪੀਰੀ' ਹੋਰਨਾਂ ਪਾਤਰਾਂ ਦੇ ਨਾਲ-ਨਾਲ ਨਾਵਲ ਵਿਚ ਆਦਿ ਤੋਂ ਅੰਤ ਤੱਕ ਛਾਇਆ ਹੋਇਆ ਹੈ। ਘਟਨਾਵਾਂ ਦੇ ਵਾਪਰਨ ਦਾ ਸਮਾਂ, ਸਥਾਨ ਨਾਵਲ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦਾ ਹੈ। ਦੋ ਮਹੀਨੇ 'ਚ ਨੈਪੋਲੀਅਨ ਪੈਸੇ ਪੱਖੋਂ ਨੁਕਸਾਨ ਉਠਾ ਕੇ ਬਾਕੀ ਬਰਦਾ ਖਜ਼ਾਨਾ ਲੈ ਕੇ ਦੌੜ ਗਿਆ। ਪੰ. 277. ਰੂਸ ਦਾ ਸਰਦ ਮੌਸਮ ਵੀ ਅਨੁਕੂਲ ਨਹੀਂ ਸੀ। ਰੂਸੀ ਲੋਕਾਂ ਦਾ ਬੜਾ ਨੁਕਸਾਨ ਹੋਇਆ। ਮਾਸਕੋ ਸ਼ਹਿਰ ਅਗਨ ਭੇਟ ਹੋ ਗਿਆ। ਕੁਲੀਨ ਪਰਿਵਾਰ ਜਗੀਰਾਂ ਤੋਂ ਹੱਥ ਧੋ ਬੈਠੇ। ਬੰਦਿਆਂ ਅਤੇ ਪਸ਼ੂਆਂ ਦੀ ਹਾਲਤ ਬਦਤਰ ਹੋ ਗਈ। ਇਸ ਨਾਵਲ ਵਿਚ ਦਾਰਸ਼ਨਿਕਤਾ, ਅਧਿਆਤਮਿਕਤਾ, ਰਾਜਨੀਤੀ, ਕੂਟਨੀਤੀ, ਸਮਾਜਿਕ, ਭਾਵਨਾਤਮਿਕ, ਮਨੋਵਿਗਿਆਨਕ, ਮਾਨਵਤਾ ਦੇ ਸਰੋਕਾਰ ਆਦਿ ਉਪਲਬਧ ਹਨ। ਇਸੇ ਲਈ ਇਹ ਨਾਵਲ ਡੂੰਘੇ ਅਧਿਐਨ ਦੀ ਮੰਗ ਕਰਦਾ ਹੈ। ਨਾਵਲ ਖੁੱਲ੍ਹਾ ਅੰਤ ਸਿਰਜਦਾ ਹੈ। ਪਾਠਕਾਂ ਲਈ ਅੰਤਿਕਾ ਕਾਫੀ ਮਹੱਤਵ ਰੱਖਦੀ ਹੈ, ਜਿਸ ਵਿਚ ਪੰਦਰਾਂ ਸਾਲਾਂ ਦੇ ਪਤਲੇ ਜਿਹੇ ਮੁੰਡੇ ਨਿਕੋਲਸ ਬੋਲਕੋਨਸਕੀ ਦੇ ਵਿਚਾਰ ਹਨ 'ਦੇਸ਼ ਦੀ ਤਰੱਕੀ ਜਿਸ ਤਰ੍ਹਾਂ ਹੋ ਸਕਦੀ ਹੈ।' ਪੰ. 312


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਸ਼ਾਮ ਦੀ ਸ਼ਾਖ਼ 'ਤੇ
ਗ਼ਜ਼ਲਕਾਰ : ਕੁਲਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ-200 ਰੁਪਏ, ਸਫ਼ੇ : 84
ਸੰਪਰਕ : 95011-45039.


ਕੁਲਵਿੰਦਰ ਮਨੁੱਖੀ ਪਿੰਡੇ 'ਤੇ ਉੱਗੇ ਸੂਲਾਂ ਦੇ ਜੰਗਲਾਂ ਅਤੇ ਅੰਤਰੀਵ ਵਿਚ ਫੈਲੇ ਮਾਰੂਥਲਾਂ ਨੂੰ ਜ਼ਬਾਨ ਦੇਣ ਵਾਲਾ ਗਹਿਰ ਗੰਭੀਰ ਗ਼ਜ਼ਲਕਾਰ ਹੈ। 'ਸ਼ਾਮ ਦੀ ਸ਼ਾਖ਼ 'ਤੇ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 52 ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਮਿਲਦੀਆਂ ਹਨ। ਇਸ ਤੋਂ ਪਹਿਲਾਂ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਨੂੰ ਪੜ੍ਹਦਿਆਂ ਪਾਠਕਾਂ ਨੂੰ ਵੱਖ-ਵੱਖ ਰੰਗਾਂ 'ਚੋਂ ਨਿਕਲਦੀਆਂ ਉਪ ਧਾਰਾਵਾਂ ਦੀ ਤਾਲ ਵੀ ਸੁਣਾਈ ਦਿੰਦੀ ਹੈ ਅਤੇ ਪਰਿੰਦਿਆਂ ਦੇ ਉਦਾਸੀ ਤੇ ਹੁਲਾਸ ਭਰਪੂਰ ਨਗ਼ਮੇ ਵੀ। ਕਈਆਂ ਗ਼ਜ਼ਲਾਂ ਦੇ ਕਈ ਸ਼ਿਅਰ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਣ ਦੇ ਸਮਰੱਥ ਹਨ। ਵਿਦੇਸ਼ ਦੀ ਚਕਾਚੌਂਧ ਸਾਨੂੰ ਕੀਲਣ ਵਰਗਾ ਅਸਰ ਤਾਂ ਰੱਖਦੀ ਹੈ ਪਰ ਹਕੀਕਤ ਉਹ ਵੀ ਨਹੀਂ ਜੋ ਅਸੀਂ ਕਿਆਸ ਕਰਦੇ ਹਾਂ। ਗ਼ਜ਼ਲਕਾਰ ਕਾਫ਼ੀ ਦੇਰ ਤੋਂ ਅਮਰੀਕਾ ਵਿਚ ਵਸਿਆ ਹੋਇਆ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਉਹ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਨਾ ਆਪਣੀ ਮਾਂ ਬੋਲੀ ਨੂੰ ਭੁੱਲਿਆ ਹੈ ਤੇ ਨਾ ਹੀ ਉਸ ਨੇ ਆਪਣੀ ਗ਼ਜ਼ਲਕਾਰੀ 'ਤੇ ਕੋਈ ਆਂਚ ਆਉਣ ਦਿੱਤੀ ਹੈ। ਬਤੌਰ ਗ਼ਜ਼ਲਕਾਰ ਉਹ ਸਗੋਂ ਹੋਰ ਲਿਸ਼ਕ-ਪੁਸ਼ਕ ਕੇ ਸਾਹਮਣੇ ਆਇਆ ਹੈ। ਕੁਲਵਿੰਦਰ ਆਪਣੇ ਸ਼ਿਅਰਾਂ ਵਿਚ ਅਛੂਤੇ ਬਿੰਬਾਂ ਤੇ ਤਸ਼ਬੀਹਾਂ ਦੀ ਵਰਤੋਂ ਕਰਦਾ ਹੈ ਜੋ ਉਸ ਦੀ ਗ਼ਜ਼ਲਕਾਕਾਰੀ ਨੂੰ ਵਖਰਿਆਉਂਦੇ ਹਨ। ਕਿਧਰੇ ਉਹ ਸੂਰਜ ਦਾ ਮੁਕਟ ਸਜਾ ਕੇ, ਰੇਤ ਦਾ ਸ਼ਾਲ ਓੜ ਕੇ ਜ਼ਿੰਦਗੀ ਦੇ ਥਲ ਵਿਚ ਸ਼ਾਨ ਨਾਲ ਤੁਰਦਾ ਦਿਸਦਾ ਹੈ ਤੇ ਕਿਧਰੇ ਉਹ ਆਪਣੇ ਨਾਲ ਬ੍ਰਹਿਮੰਡਾਂ ਨੂੰ ਤੋਰਦਾ ਹੈ। ਉਸ ਨੂੰ ਡਰ ਹੈ ਕਿ ਜੋ ਕਿਸੇ ਆਵਾਜ਼ ਦੇ ਪਿੱਛੇ ਗਿਆ ਹੈ ਕਿਧਰੇ ਜੰਗਲਾਂ ਦੀ ਚੁੱਪ ਵਿਚ ਦਫ਼ਨ ਨਾ ਹੋ ਜਾਵੇ। ਗ਼ਜ਼ਲਕਾਰ ਮਹਿਸੂਸ ਕਰਦਾ ਹੈ ਕਿ ਸਾਡੀਆਂ ਅੱਖਾਂ ਉੱਤੇ ਮਖ਼ਮਲੀ ਪਰਦੇ ਰਹੇ ਹਨ, ਜਿਸ ਕਾਰਨ ਅਸੀਂ ਸਾਜਿਸ਼ਾਂ ਨੂੰ ਪਛਾਣ ਨਹੀਂ ਸਕੇ। ਪੌਣ, ਸੂਰਜਾਂ, ਤਾਰਿਆਂ, ਬ੍ਰਹਿਮੰਡਾਂ, ਜੰਗਲਾਂ ਤੇ ਮਾਰੂਥਲਾਂ ਨੂੰ ਨਵੇਂ ਅਰਥ ਦੇਣ ਵਾਲਾ ਕੁਲਵਿੰਦਰ ਚਿਰੋਕੀ ਤਪਸ਼ ਸਹਿ ਰਹੀਆਂ ਝਾੜੀਆਂ ਦੀ ਹੱਡਬੀਤੀ ਤੋਂ ਵੀ ਅਨਜਾਣ ਨਹੀਂ ਹੈ। ਉਸ ਨੂੰ ਆਸ ਹੈ ਕਦੀ ਨਾ ਕਦੀ ਬਾਰਿਸ਼ ਹੋਵੇਗੀ ਤੇ ਇਨ੍ਹਾਂ ਦੇ ਮੁਰਝਾਏ ਪੱਤਿਆਂ 'ਤੇ ਫਿਰ ਰੌਣਕ ਪਰਤੇਗੀ ਤੇ ਇਹ ਹਰੇ ਕਚੂਰ ਹੋ ਕੇ ਮਾਰੂ ਧਰਤੀ ਤੋਂ ਵਿਪਰੀਤ ਰੰਗ ਸਿਰਜਣਗੇ। 'ਸ਼ਾਮ ਦੀ ਸ਼ਾਖ਼ 'ਤੇ' ਦੀਆਂ ਬਹੁਗਿਣਤੀ ਗ਼ਜ਼ਲਾਂ ਦੇ ਸ਼ਿਅਰ ਟੁੰਬਦੇ ਹਨ ਤੇ ਕੁਝ ਹੋਰ ਲਿਸ਼ਕ ਸਕਦੇ ਸਨ। ਆਸ ਹੈ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਦੇ ਪਾਠਕਾਂ ਨੂੰ ਬੇਹੱਦ ਪਸੰਦ ਆਏਗਾ।


ਗੁਰਦਿਆਲ ਰੌਸ਼ਨ
ਮੋ: 99884-44002


ਫ਼ਿਕਰ ਨਾ ਕਰੀਂ
ਕਵੀ : ਚਰਨਜੀਤ ਸਮਾਲਸਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 80
ਸੰਪਰਕ : 98144-00878.


ਹਥਲੀ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਸਮਾਲਸਰ ਸੋਸ਼ਲ ਮੀਡੀਆ, ਮੈਗਜ਼ੀਨਾਂ ਅਤੇ ਸਾਹਿਤਕ ਸਮਾਗਮਾਂ ਦੁਆਰਾ ਆਪਣੀ ਪਛਾਣ ਬਣਾ ਚੁੱਕਾ ਹੈ। ਚਰਨਜੀਤ ਬਾਰੇ ਮੁੱਖ ਬੰਦ ਵਿਚ ਪ੍ਰਸਿੱਧ ਸਮਾਲੋਚਕ ਡਾ. ਸੁਰਜੀਤ ਬਰਾੜ ਲਿਖਦੇ ਹਨ ਕਿ ਉਹ ਇਕ ਸੂਖਮ ਭਾਵੀ, ਕੋਮਲਭਾਵੀ, ਸੁਹਜਭਾਵੀ ਅਤੇ ਸੰਵੇਦਨਸ਼ੀਲ ਕਵੀ ਹੈ। ਉਹ ਕਵਿਤਾ ਨੂੰ ਨਾਅਰਾ ਨਹੀਂ ਬਣਨ ਦਿੰਦਾ ਪਰ ਮਾਨਵੀ ਸਰੋਕਾਰਾਂ ਨੂੰ ਉਭਾਰਨ ਵਿਚ ਕਦੇ ਕੁਤਾਹੀ ਨਹੀਂ ਕਰਦਾ। ਗੁਰਮੀਤ ਕੜਿਆਲਵੀ ਤੇ ਰਣਜੀਤ ਸਰਾਂਵਾਲੀ ਨੇ ਵੀ ਸਮਾਲਸਰ ਨੂੰ 'ਲੋਕ ਧਿਰ' ਦਾ ਕਵੀ ਗਰਦਾਨਿਆ ਹੈ। ਹਥਲੀ ਪੁਸਤਕ ਵਿਚ ਕੁੱਲ 85 ਕੁ ਦਰਮਿਆਨੇ ਆਕਾਰ ਦੀਆਂ ਅਤੇ ਨਿੱਕੀਆਂ ਕਵਿਤਾਵਾਂ ਹਨ ਜੋ ਕਿ ਅਤਿ ਸੂਖਮ ਅਤੇ ਭਾਵਪੂਰਤ ਹਨ। ਭਾਵੇਂ ਕਵੀ ਚਰਨਜੀਤ ਦੀਆਂ ਜ਼ਿਆਦਾਤਰ ਕਵਿਤਾਵਾਂ ਸੈਲਾਨੀ ਛੰਦ ਵਿਚ ਹਨ ਪਰ ਕਾਫੀ ਕਵਿਤਾਵਾਂ ਅਜਿਹੀਆਂ ਹਨ ਜੋ ਗੀਤਨੁਮਾ ਅਤੇ ਸੰਗੀਤਨੁਮਾ ਹਨ। ਕਾਫ਼ੀਏ ਰਦੀਫ਼ ਅਤੇ ਹੋਰ ਕਾਵਿ ਤਕਨੀਕਾਂ ਦਾ ਉਹ ਖ਼ਾਸ ਖਿਆਲ ਵੀ ਰੱਖਦਾ ਹੈ :
ਅਸੀਂ ਕਬਰਾਂ 'ਚ ਖਾਲੀ ਪਏ ਕੁੱਜੇ ਵਾਂਗਰਾਂ
ਕਿਸੇ ਦਿਲ ਵਿਚ ਦੱਬੇ ਭੇਦ ਗੁੱਝੇ ਵਾਂਗਰਾਂ
ਨਾ ਸਜ ਹੋਣਾ ਨਾ ਵੱਧ ਹੋਣਾ
ਮਲ੍ਹਿਆਂ ਦੇ ਵਿਚ ਬੂਟੇ ਉੱਗੇ ਵਾਂਗਰਾਂ।
ਪਰ ਸਮਾਲਸਰ ਨੇ ਇਥੇ ਸ਼ਬਦ ਸੰਚਾਰ ਦੀ ਗ਼ਲਤੀ ਵੀ ਕੀਤੀ ਹੈ ਜੋ ਉਸ ਨੇ ਕੁੱਜੇ ਦਾ ਸੰਬੰਧ ਕਬਰਾਂ ਨਾਲ ਜੋੜਿਆ ਹੈ, ਸ਼ਬਦ 'ਮੜ੍ਹੀਆਂ' ਚਾਹੀਦਾ ਸੀ। ਸਮਾਲਸਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦੇ ਬੰਦ ਦਿਲ ਨੂੰ ਟੁੰਬਦੇ ਤੇ ਹਲੂਣਦੇ ਹਨ :
ਤੂੰ ਰਿਸ਼ਤਿਆਂ ਦੀ ਡੋਰੀ 'ਚ/ਬੰਨ੍ਹਣਾਂ ਚਾਹੁੰਨੀ ਏਂ/ਮੈਂ ਤੇਰੇ ਦਿਲ ਦੀ ਗਹਿਰਾਈ 'ਚ/ਉਤਰਨਾ ਚਾਹੁੰਦਾਂ/ਮੈਂ ਸੀਮਾ ਮੁਕਤ/ਤੂੰ ਹੱਦਾਂ ਮਿੱਥਣ ਦੀ ਕਵਾਇਦ 'ਚ...
ਮਾਵਾਂ ਦੇ ਦਰਦ ਵਾਸਤੇ ਸਮਾਲਸਰ ਬਹੁਤ ਗਹਿਰਾਈ ਨਾਲ ਲਿਖਦਾ ਹੈ :
ਕਿਵੇਂ ਭੁੱਲਾਂ ਉਸ ਮਾਂ ਨੂੰ/ਜਿਹੜੀ ਸੈ ਚੀਰਾਂ ਜਿੰਨਾ/ਰੋਜ਼ ਦਰਦ ਹੰਢਾਉਂਦੀ/ਪੀੜਾਂ ਨਾਲ ਕੁਰਲਾਉਂਦੀ/ਰੋਜ਼ੀ ਲਈ ਅਕਾਸ਼ ਪਤਾਲ ਗਾਹੁੰਦੀ/ਦੇਹ ਤੋੜਦੀ/ਮੁੜ੍ਹਕਾ ਵਰ੍ਹਾਉਂਦੀ। ਉਸ ਦੀਆਂ ਬਹੁਤੀਆਂ ਕਵਿਤਾਵਾਂ ਆਪਣੇ ਅਕਸ ਨੂੰ ਵੀ ਸੰਬੋਧਨ ਹਨ ਜਿਵੇਂ ਅਕਸ ਦੇ ਰੂਬਰੂ ਸਮਾਲਸਰ ਦੀ ਕਵਿਤਾ ਖਿੜ ਰਹੇ ਗੁਲਾਬ ਵਰਗੀ ਵੀ ਹੈ ਅਤੇ ਗੁਲਾਬ ਦੇ ਬੂਟੇ ਦੇ ਪੈਰਾਂ 'ਚ ਡਿੱਗੀਆਂ ਗੁਲਾਬ ਪੱਤੀਆਂ ਜਿਹੀ ਪੁਸਤਕ ਚੰਗੀ ਹੈ।


ਸੁਲੱਖਣ ਸਰਹੱਦੀ
ਮੋ: 94174-84337


ਕੰਧਾਂ ਕੌਲੇ
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98551-05665.


ਇਸ ਨਾਵਲ ਦੇ 38 ਕਾਂਡ ਹਨ। ਇਹ ਸਮਾਜਿਕ ਰਿਸ਼ਤਿਆਂ 'ਚ ਵਿਚਰਦਿਆਂ ਪਰਿਵਾਰ 'ਚੋਂ ਛੋਟੇ ਬੱਚੇ ਦਾ ਵਿਛੋੜਾ ਦਰਦ ਭਰੀ ਕਹਾਣੀ ਨਾਲ ਸ਼ੁਰੂ ਹੁੰਦਾ ਹੈ। ਨਾਵਲ ਦੀ ਮੁੱਖ ਪਾਤਰ ਕੀਰਤ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੋਣ ਕਰਕੇ ਇਕ ਦਿਨ ਖ਼ਤਮ ਹੋ ਜਾਂਦਾ ਹੈ। ਸੁਖਮਨ ਤੇ ਸਹਿਜ ਦੋਵਾਂ ਬੱਚਿਆਂ ਦੀ ਪਾਲਣ-ਪੋਸ਼ਣ ਕਰਨ ਲਈ ਕੀਰਤ ਨੌਕਰੀ ਕਰਦੀ ਹੈ ਨਾਲ ਘਰ 'ਚ ਡੰਗਰ ਵੀ ਰੱਖ ਲੈਂਦੀ ਹੈ। ਕਾਂਡ 8 'ਚ ਸਫ਼ਾ 20 'ਤੇ 'ਪਹਿਲਾਂ ਹਰਮਨ ਦਾ ਬਾਪ ਸ਼ਰਾਬ ਦੀ ਲਤ 'ਚ ਪਾ ਗਿਆ ਵਿਛੋੜਾ' ਪਰ ਕੀਰਤ ਦੇ ਮੁੰਡੇ ਦਾ ਨਾਂਅ ਤਾਂ ਸ਼ਿਵਦੇਵ ਸੀ ਜੋ ਪਾਣੀ 'ਚ ਡੁੱਬ ਕੇ ਮਰ ਗਿਆ ਸੀ, ਧਿਆਨ ਭਟਕਾਉਂਦਾ ਹੈ। ਇਸ ਪਰਿਵਾਰ ਦੇ ਸਮਾਨਾਂਤਰ ਇਕ ਹੋਰ ਰਫਿਊਜੀ ਪਰਿਵਾਰ ਦੀ ਕਹਾਣੀ ਚਲਦੀ ਹੈ, ਜਿਸ ਦੇ ਪਰਿਵਾਰ ਦਾ ਲੜਕਾ ਨੰਦੂ ਜਿਸ ਨਾਲ ਸਹਿਜ ਕਾਫੀ ਸਾਂਝ ਰੱਖਦੀ ਹੈ ਪਰ ਸੱਧਰਾਂ ਸਾਰੀਆਂ ਅਧੂਰੀਆਂ। ਕਾਂਡ 10 'ਚ ਸਫ਼ਾ 26 'ਤੇ ਇਹ ਵੀ ਸਾਫ਼ ਕਰ ਦਿੱਤਾ ਕਿ ਕੀਰਤ ਦੇ ਪਤੀ ਨੇ ਇਸ ਦੀ ਭੈਣ ਇਸਰੋ ਨਾਲ ਦੂਸਰਾ ਵਿਆਹ ਵੀ ਕੀਤਾ ਹੁੰਦਾ ਹੈ। ਕਾਂਡ 14 ਤੋਂ ਬਾਅਦ ਨਾਵਲ ਦੀ ਕਹਾਣੀ ਸਾਫ਼ ਤੇ ਸਪੱਸ਼ਟ ਸਮਝ ਆਉਣ ਵਾਲੀ ਲਗਦੀ ਹੈ। ਸੁਖਮਨ ਦਾ ਵਿਆਹ ਹੋ ਜਾਣਾ... ਸਹਿਜ ਦਾ ਪੜ੍ਹ ਕੇ ਨੌਕਰੀ ਕਰਨਾ... ਦੁੱਖਾਂ-ਦੁਸ਼ਵਾਰੀਆਂ ਨਾਲ ਸਾਂਝ, ਕੰਧਾਂ-ਕੌਲਿਆਂ ਦੀ ਚਿੱਤਰਕਾਰੀ ਆਦਿ ਸਾਰਾ ਨਾਵਲ ਹੀ ਦੁਖਾਂਤ ਭਰਿਆ ਹੈ ਪਰ ਪੜ੍ਹਨ 'ਚ ਪੂਰੀ ਦਿਲਚਸਪੀ। ਇਸ ਲਈ ਲੇਖਿਕਾ ਵਧਾਈ ਦੀ ਹੱਕਦਾਰ ਹੈ।


ਡੀ. ਆਰ. ਬੰਦਨਾ
ਮੋ: 94173-89003


ਡਿਗਦੇ ਅੱਥਰੂ
ਲੇਖਕ : ਸੁਰਜੀਤ ਮੰਨਣਹਾਨੀ
ਪ੍ਰਕਾਸ਼ਕ : ਨਿੱੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਹਿਲਪੁਰ, (ਹੁਸ਼ਿਆਰਪੁਰ)
ਮੁੱਲ : 155 ਰੁਪਏ, ਸਫ਼ੇ : 74
ਸੰਪਰਕ : 94649-28345.


ਅਜੋਕੇ ਦੌਰ ਅੰਦਰ ਜਦ ਮਨੁੱਖ ਦੀ ਸਰੀਰਕ ਭੱਜ-ਦੌੜ ਵਧ ਗਈ ਹੈ ਤਾਂ ਮਨੁੱਖ ਕੋਲ ਪੜ੍ਹਨ ਲਈ ਸਮਾਂ ਹੋਰ ਘਟ ਗਿਆ ਹੈ। ਇਸ ਸਮੇੇਂ ਕਹਾਣੀ ਪੜ੍ਹਨ ਦੀ ਮੱਸ ਰੱਖਣ ਵਾਲੇ ਪਾਠਕ ਲਈ ਮਿੰਨੀ ਕਹਾਣੀ ਪੜ੍ਹਨੀ ਸ਼ੁੱਭ ਹੈ। ਨਾਵਲ, ਲੰਬੀ ਕਹਾਣੀ ਤੋਂ ਬਾਅਦ ਮਿੰਨੀ ਕਹਾਣੀ ਸਾਹਿਤ ਦਾ ਹਰਮਨ-ਪਿਆਰਾ ਰੂਪ ਬਣ ਚੁੱਕੀ ਹੈ। ਕਈ ਲਿਖਾਰੀਆਂ ਨੂੰ ਮਿੰਨੀ ਕਹਾਣੀ ਦੀ ਬਣਤਰ, ਤਕਨੀਕ ਅਤੇ ਸਾਹਿਤਕ ਤੱਥਾਂ ਦੀ ਬਹੁਤੀ ਸੂਝ-ਬੂਝ ਨਹੀਂ ਹੁੰਦੀ ਅਤੇ ਉਹ ਇਸ ਨੂੰ ਚੁਟਕਲੇ ਵਾਂਗ ਪੇਸ਼ ਕਰ ਜਾਂਦੇ ਹਨ, ਪਰ ਹਥਲੀ ਪੁਸਤਕ ਦਾ ਰਚੇਤਾ ਇਸ ਪੱਖੋਂ ਪੂਰਾ ਸੁਚੇਤ ਜਾਪਦਾ ਹੈ। 'ਡਿਗਦੇ ਅੱਥਰੂ' ਪੁਸਤਕ ਅੰਦਰ ਲੇਖਕ ਦੀਆਂ 73 ਮਿੰਨੀ ਕਹਾਣੀਆਂ ਦਰਜ ਹਨ, ਜੋ ਕਿ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹਨ। ਇਨ੍ਹਾਂ ਦੀ ਪੇਸ਼ਕਾਰੀ ਸੁਚੱਜੇ ਢੰਗ ਨਾਲ ਕੀਤੀ ਗਈ। ਰਚਨਾਵਾਂ ਵਿਸ਼ਾ, ਪੇਸ਼ਕਾਰੀ, ਪਾਤਰ-ਉਸਾਰੀ, ਦ੍ਰਿਸ਼ ਚਿਤਰਨ, ਸ਼ੈਲੀ, ਵਾਰਤਾਲਾਪ ਅਤੇ ਉਦੇਸ਼ ਵਰਗੇ ਸਾਹਿਤਕ ਗੁਣਾਂ ਪੱਖੋਂ ਸੰਪੂਰਨ ਹਨ। ਲੇਖਕ ਨੇ ਕਈ ਭਖ਼ਵੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ। ਰਚਨਾਵਾਂ ਜ਼ਿੰਦਗੀ ਦੇ ਯਥਾਰਥ ਨਾਲ ਜੁੜੀਆਂ ਹੋਈਆਂ ਹਨ, ਪੜ੍ਹ ਕੇ ਇਉਂ ਲਗਦਾ ਹੈ ਜਿਵੇਂ ਇਹ ਸਭ ਘਟਨਾਵਾਂ ਲੇਖਕ ਦੇ ਅੱਖਾਂ ਸਾਹਮਣੇ ਵਾਪਰੀਆਂ ਹੋਣ। 'ਵਿਚਾਰਾਧਾਰਾ' ਕਹਾਣੀ 'ਚ ਉਹ ਮਨੁੱਖੀ ਮਾਨਸਿਕ ਬਿਰਤੀ ਨੂੰ ਦਰਸਾਉਂਦਾ ਹੈ। 'ਮਾਲਿਸ਼' ਕਹਾਣੀ 'ਚ ਇਕ ਪਾਸੇ ਆਰਥਿਕ ਮਜਬੂਰੀ ਹੈ, ਦੂਜੇ ਪਾਸੇ ਆਰਥਿਕ ਖ਼ੁਸ਼ਹਾਲੀ। 'ਇਕਾਂਤਵਾਸ' ਘਰਾਂ ਅੰਦਰ ਬਜ਼ੁਰਗਾਂ ਦੀ ਅਣਦੇਖੀ ਅਤੇ 'ਕੋਰੋਨਾ' ਵਿਗਿਆਨਕ ਵਿਸ਼ੇ 'ਤੇ ਆਧਾਰਿਤ ਹੈ। 'ਔਲਾਦ' ਕਹਾਣੀ ਭਖਵੇਂ ਵਿਸ਼ੇ 'ਤੇ ਹੈ। 'ਬਜਟ', 'ਸਰੀਆ' 'ਕਦਰ' 'ਸੁਪਰਵਾਈਜ਼ਰ', 'ਸੂਟੇਬਲ ਮੈਚ', 'ਸਸਕਾਰ', ਲੰਗਰ, 'ਵਿਸ਼ਵਾਸ' ਅਤੇ ਹੋਰ ਕਹਾਣੀਆਂ ਵੀ ਸਾਹਿਤਕ ਪੱਖੋਂ ਸਹੀ ਨਿਭੀਆਂ ਹਨ। 'ਡਿਗਦੇ ਅੱਥਰੂ' ਵੀ ਅਜੋਕੇ ਪਦਾਰਥਵਾਦੀ ਯੁੱਗ ਦੇ ਬਹੁਤੇ ਘਰਾਂ ਦੀ ਕਹਾਣੀ ਹੈ, ਜਿੱਥੇ ਕਿ ਬੁਢੇਪਾ ਵੀ ਸਰਾਪ ਵਰਗਾ ਲਗਦਾ ਹੈ। ਲੇਖਕ ਨੂੰ ਤੀਜਾ ਮਿੰਨੀ ਕਹਾਣੀ ਸੰਗ੍ਰਹਿ ਲਿਖਣ ਲਈ ਵਧਾਈ ਦਿੰਦਿਆਂ ਆਸ ਕਰਦੇ ਹਾਂ ਕਿ ਉਹ ਸਮਾਜ ਨੂੰ ਹੋਰ ਚੰਗੇਰਾ ਬਣਾਉਣ ਲਈ ਆਪਣੀ ਯਥਾ-ਸ਼ਕਤੀ ਅਨੁਸਾਰ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਆਮੀਨ!


ਮੋਹਰ ਗਿੱਲ ਸਿਰਸੜੀ
ਮੋ: 98156-59110


ਸ਼ਾਬਦਿਕ ਸੱਭਿਆਚਾਰ-ਸਿਧਾਂਤ ਤੇ ਵਿਹਾਰ
ਲੇਖਕ : ਡਾ. ਲਾਭ ਸਿੰਘ ਖੀਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 131
ਸੰਪਰਕ : 94171-78487


ਇਸ ਪੁਸਤਕ ਵਿਚ ਵਿਦਵਤਾ ਭਰਪੂਰ ਵੀਹ ਖੋਜ ਨਿਬੰਧ ਅੰਕਿਤ ਹਨ। ਇਨ੍ਹਾਂ ਨਿਬੰਧਾਂ ਦੀ ਅਕ੍ਰਿਤੀ ਪ੍ਰਕਿਰਤੀ ਵਧੇਰੇਤਰ ਪੰਜਾਬੀ ਸੱਭਿਆਚਾਰ ਦੇ ਮੂਲ ਸਰੋਕਾਰਾਂ ਨਾਲ ਸੰਬੰਧਿਤ ਹੈ। ਲੇਖਕ ਨੇ ਬੜਾ ਨੇੜਿਉਂ ਹੋ ਕੇ ਇਨ੍ਹਾਂ ਨਿਬੰਧਾਂ ਦੀ ਸਿਰਜਣਾ ਕੀਤੀ ਹੈ। ਉਸ ਕੋਲ ਪ੍ਰਕਿਰਤੀ, ਸੱਭਿਅਤਾ, ਸੱਭਿਆਚਾਰ ਅਤੇ ਲੋਕਧਾਰਾ ਜਿਹੇ ਸੰਕਲਪਾਂ ਦਾ ਅੰਤਰ ਨਿਖੇੜ ਕਰਕੇ ਪੇਸ਼ ਕਰਨ ਦੀ ਖੂਬ ਸਮਰੱਥਾ ਹੈ। ਪੁਸਤਕ ਵਿਚ ਸਾਹਿਤ, ਧਰਮ, ਸਮਾਜ, ਸਿਆਸਤ ਆਦਿ ਜਿਹੇ ਸੰਕਲਪਾਂ ਨੂੰ ਉਸ ਨੇ ਖੂਬ ਉਘਾੜਿਆ ਹੈ। ਪੁਸਤਕ ਵਿਚ ਜਦੋਂ ਇਹ ਲੇਖਕ ਨਾਰੀ ਦੇਹ, ਲੋਕ ਮਾਨਸਿਕਤਾ ਦੇ ਵਿਧਾਨ ਤੇ ਵਿਹਾਰ ਨੂੰ ਪੇਸ਼ ਕਰਦਾ ਹੈ ਤਾਂ ਲੇਖਕ ਦੀ ਪ੍ਰਤਿਭਾ ਦੀ ਪਛਾਣ ਹੋ ਜਾਂਦੀ ਹੈ। ਸੱਭਿਆਚਾਰਕ ਰੂਪਾਂਤਰਣ ਦੇ ਵਿਧਾਨ ਤੇ ਵਿਹਾਰ ਜਾਂ ਭਾਰਤ ਦੇ ਮਿੱਠੇ ਸੱਭਿਆਚਾਰ ਦੇ ਅਤੀਤ ਤੇ ਵਰਤਮਾਨ ਦੀ ਗੱਲ ਕਰਦਾ ਹੈ ਤਾਂ ਉਚੇਰੇ ਮੌਲਿਕ ਵਿਚਾਰ ਸਾਡੇ ਸਾਹਮਣੇ ਆ ਜਾਂਦੇ ਹਨ। ਇਸੇ ਪ੍ਰਸੰਗਤਾ ਵਿਚ ਚੰਡੀਗੜ੍ਹ ਵਿਚ ਭਾਸ਼ਾ ਤੇ ਸੱਭਿਆਚਾਰ ਦੀ ਜੋ ਦਸ਼ਾ ਹੈ ਜਾਂ ਆਲਮੀ ਮੰਡੀ ਵਿਚੋਂ ਜੋ ਸਰੋਕਾਰ ਸਾਹਮਣੇ ਆਉਂਦੇ ਹਨ, ਉਨ੍ਹਾਂ ਦਾ ਦਰਪਣ ਵੀ ਪਾਠਕਾਂ ਦੇ ਸਨਮੁਖ ਹੁੰਦਾ ਹੈ। ਕੂਕਾ ਸੰਪਰਦਾਇ ਦੇ ਹੁਕਮਨਾਮਿਆਂ ਦੀ ਗੱਲ ਜਾਂ ਪ੍ਰਵਾਸੀ ਸਾਹਿਤ ਵਿਚ ਸੱਭਿਆਚਾਰਕ ਤਣਾਓ ਦੀ ਗੱਲ ਕਰਦਾ ਇਹ ਲੇਖਕ ਆਪਣੀ ਮੌਲਿਕਤਾ ਦਾ ਪ੍ਰਮਾਣ ਸਾਬਤ ਕਰਦਾ ਹੈ। ਡਾ. ਟੀ. ਆਰ. ਵਿਨੋਦ, ਬਾਬੂ ਰਜ਼ਬ ਅਲੀ, ਪ੍ਰੋ. ਮੋਹਨ ਸਿੰਘ ਦੇ ਸਿਰਜਣਤਮਿਕ ਸਰੂਪ ਨੂੰ ਵੀ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਕਿਉਂ ਜੋ ਇਹ ਵਿਦਵਾਨ ਮਾਲਵੇ ਦੇ ਸੱਭਿਆਚਾਰ ਨੂੰ ਗੰਭੀਰਤਾ ਨਾਲ ਸਮਝਦਾ ਹੈ ਇਸ ਦੇ ਪ੍ਰਗਟਾਵੇ ਹਿਤ ਇਸ ਨੇ ਸਾਕਾ ਕਾਵਿ, ਮਾਲਵੇ ਦੀ ਕਵੀਸ਼ਰੀ, ਸੰਗੀਤ ਪਰੰਪਰਾ ਬਾਬਤ ਵੀ ਨਿੱਠ ਕੇ ਲਿਖਿਆ ਹੈ। ਪੰਜਾਬੀ ਗਾਇਕੀ ਦੀਆਂ ਪ੍ਰਾਪਤੀਆਂ ਤੇ ਚੁਣੌਤੀਆਂ ਤੋਂ ਇਲਾਵਾ ਮਾਲਵੇ ਦੀ ਗੀਤ-ਸੰਗੀਤ ਪਰੰਪਰਾ ਨੂੰ ਵੀ ਪੁਸਤਕ ਵਿਚ ਅੰਕਿਤ ਕੀਤਾ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਅੱਖਰ ਅੱਖਰ ਸੂਰਜ
ਲੇਖਕ: ਭਜਨ ਸਿੰਘ ਵਿਰਕ
ਪ੍ਰਕਾਸ਼ਕ: ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 99159-09441.


ਕਿਸੇ ਵੀ ਵਿਧਾ ਵਿਚ ਲਿਖਣ ਵਾਲੇ ਲੇਖਕਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ, ਲੁੱਟੇ ਜਾਣ ਵਾਲੇ ਲੋਕਾਂ ਦੇ ਲੇਖਕ, ਜਿਨ੍ਹਾਂ ਨੂੰ ਬਾਬੇਕੇ ਵੀ ਕਿਹਾ ਜਾਂਦਾ ਹੈ ਅਤੇ ਦੂਜੇ, ਲੁੱਟ ਕਰਨ ਵਾਲਿਆਂ ਦੇ ਲੇਖਕ, ਜਿਨ੍ਹਾਂ ਨੂੰ ਬਾਬਰਕੇ ਵੀ ਕਿਹਾ ਜਾਂਦਾ ਹੈ। ਹਥਲੇ ਗ਼ਜ਼ਲ-ਸੰਗ੍ਰਹਿ 'ਅੱਖਰ ਅੱਖਰ ਸੂਰਜ' ਵਿਚਲੀ ਅਜਿਹੀ ਸ਼ਿਅਰਕਾਰੀ ਨੂੰ ਪੜ੍ਹਦਿਆਂ ਸਹਿਜੇ ਹੀ ਇਹ ਅਹਿਸਾਸ ਹੋ ਜਾਂਦਾ ਹੈ ਕਿ ਭਜਨ ਸਿੰਘ ਵਿਰਕ ਸਹੀ ਅਰਥਾਂ ਵਿਚ ਲੋਕ-ਸਰੋਕਾਰਾਂ ਨੂੰ ਪ੍ਰਣਾਏ ਹੋਏ ਗ਼ਜ਼ਲਕਾਰ ਹਨ:
ਇਕ ਸੁਨਹਿਰੀ ਧਰਤ ਉੱਤੇ
ਬਾਂਦਰਾਂ ਦਾ ਵਾਸ ਹੈ।
ਅੱਗ ਵਰ੍ਹੇ ਪਰ ਬਾਂਦਰਾਂ ਵਿਚ
ਹਰ ਸਮੇਂ ਹੁੱਲਾਸ ਹੈ।
ਮਨਚਾਹੀਆਂ ਮੰਜ਼ਿਲਾਂ ਨੂੰ ਸਰ ਕਰਨ ਲਈ ਮਨੁੱਖ ਦੇ ਮਨ ਵਿਚ ਜਿੱਤ ਦਾ ਵਿਸ਼ਵਾਸ ਹੋਣਾ ਲਾਜ਼ਮੀ ਹੈ। ਜਿਹੜਾ ਵਿਅਕਤੀ ਖ਼ੁਦ ਹੀ ਦੁਬਿਧਾ ਦਾ ਸ਼ਿਕਾਰ ਹੋਵੇ, ਉਹ ਕਿਸੇ ਵੀ ਹਾਲਤ ਵਿਚ ਆਪਣੇ ਮਿੱਥੇ ਹੋਏ ਟੀਚਿਆਂ ਤੱਕ ਪਹੁੰਚਣ ਵਿਚ ਸਫ਼ਲ ਨਹੀਂ ਹੋ ਸਕਦਾ। ਪੁਰਾਣੀ ਕਹਾਵਤ ਹੈ ਕਿ ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ। ਉਨ੍ਹਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿਚ ਵਿਕਾਸ ਕਰਨਾ ਹੁੰਦਾ ਹੈ, ਉਹ ਕਦੇ ਵੀ ਭਵਿੱਖ ਵੱਲ ਪਿੱਠ ਨਹੀਂ ਕਰਦੇ:
ਸਫ਼ਰ ਬੜਾ ਹੈ ਲੰਬਾ,
ਮੰਜ਼ਿਲ ਕਿੱਦਾਂ ਪਾਵਾਂਗੇ,
ਮੂੰਹ ਪਿੱਛੇ ਨੂੰ ਮੁੜਿਆ
ਦਿਸਦਾ ਜਿਵੇਂ ਵਹੀਰਾਂ ਦਾ।
ਇਸ ਪੁਸਤਕ ਤੋਂ ਪਹਿਲਾਂ ਭਜਨ ਸਿੰਘ ਵਿਰਕ ਦੀ ਕਲਮ ਤੋਂ ਛੇ ਕਾਵਿ-ਸੰਗ੍ਰਹਿ ਅਤੇ ਨੌਂ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਘਰਾਂ ਵਿਚ ਬੋਲੀ ਜਾਣ ਵਾਲੀ ਆਮ ਆਦਮੀ ਦੀ ਬੋਲੀ ਵਿਚ ਲਿਖਣ ਨੂੰ ਹੀ ਉਹ ਮਨੁੱਖਤਾ ਲਈ ਕਲਿਆਣਕਾਰੀ ਸਮਝਦੇ ਹਨ, ਕਿਉਂਕਿ ਬੌਧਿਕ ਉਲਝਣਾਂ ਵਿਚ ਫਸੀ ਕਵਿਤਾ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੀ। ਵਿਚਾਰਧਾਰਕ ਪੱਖ ਦੇ ਨਾਲ-ਨਾਲ ਉਨ੍ਹਾਂ ਦੀ ਰੂਪਕ ਪੱਖ ਸੰਬੰਧੀ ਤਸੱਲੀਬਖ਼ਸ਼ ਪਕੜ ਅਤੇ ਸੂਖਮ ਸੂਝ-ਬੂਝ ਦੀ ਵੀ ਦਾਦ ਦੇਣੀ ਬਣਦੀ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027

20-08-2022

ਲੋਕਧਾਰਾ : ਚਿੰਤਨ ਤੇ ਪੁਨਰ-ਚਿੰਤਨ
ਲੇਖਕ : ਡਾ. ਅਸ਼ਵਨੀ ਕੁਮਾਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 150
ਸੰਪਰਕ : 94179-68112.

ਰੀਵਿਊ ਅਧੀਨ ਕਿਤਾਬ ਲੇਖਕ ਦੀ (ਸ਼ਾਇਦ) ਪਹਿਲੀ ਪੁਸਤਕ ਹੈ। ਉਸ ਨੇ 'ਪੰਜਾਬੀ ਲੋਕ ਕਹਾਣੀਆਂ ਵਿਚਲੀਆਂ ਲੋਕ ਰੂੜ੍ਹੀਆਂ ਦਾ ਸੱਭਿਆਚਾਰਕ ਮਾਨਵ ਵਿਗਿਆਨਕ ਅਧਿਐਨ' ਵਿਸ਼ੇ 'ਤੇ ਪੀ.ਐੱਚ.ਡੀ. ਦਾ ਖੋਜ ਕਾਰਜ ਕੀਤਾ ਹੈ ਤੇ ਇਉਂ ਉਹ ਲੋਕਧਾਰਾ ਦਾ ਇਕ ਗੰਭੀਰ ਪਾਠਕ ਬਣ ਕੇ ਸਾਹਮਣੇ ਆਉਂਦਾ ਹੈ।
ਡਾ. ਅਸ਼ਵਨੀ ਕੁਮਾਰ ਨੇ ਇਸ ਕਿਤਾਬ ਦੇ ਅੱਠ ਅਧਿਆਏ ਬਣਾਏ ਹਨ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਉਸ ਨੇ 'ਲੋਕਧਾਰਕ ਸਿਰਜਣਾਵਾਂ ਦੇ ਸੱਭਿਆਚਾਰਕ ਮਾਨਵ ਵਿਗਿਆਨਕ ਅਧਿਐਨ ਦੀ ਵਿਧੀ' ਬਾਰੇ ਆਪਣਾ ਮਤ ਸਪੱਸ਼ਟ ਕੀਤਾ ਹੈ। ਦੂਜੇ ਅਤੇ ਤੀਜੇ ਅਧਿਆਇ ਵਿਚ ਉਸ ਨੇ ਕ੍ਰਮਵਾਰ ਈ. ਬੀ. ਟਾਇਲਰ ਅਤੇ ਜੇਮਜ਼ ਫਰੇਜ਼ਰ ਦੇ ਸਿਧਾਂਤ ਚਿੰਤਨਾਂ ਨੂੰ ਪੇਸ਼ ਕੀਤਾ ਹੈ। ਅਗਲੇ ਤਿੰਨ ਅਧਿਆਇ (ਚੌਥਾ, ਪੰਜਵਾਂ ਅਤੇ ਛੇਵਾਂ) ਕ੍ਰਮਵਾਰ ਡਾ. ਵਣਜਾਰਾ ਬੇਦੀ, ਡਾ. ਭੁਪਿੰਦਰ ਸਿੰਘ ਖਹਿਰਾ ਅਤੇ ਡਾ. ਨਾਹਰ ਸਿੰਘ ਦੀਆਂ ਪ੍ਰਮੁੱਖ ਲੋਕ ਬਿਰਤਾਂਤਕ ਧਾਰਨਾਵਾਂ ਬਾਰੇ ਹਨ। ਸੱਤਵੇਂ ਅਧਿਆਇ ਵਿਚ ਜਨਮ ਸਾਖੀਆਂ ਵਿਚ ਲੋਕ-ਰੂੜ੍ਹੀਆਂ ਦਾ ਲੋਕਧਾਰਾਈ ਅਧਿਐਨ ਕੀਤਾ ਹੈ। ਜਦਕਿ ਅੰਤਿਮ (ਅੱਠਵੇਂ) ਅਧਿਆਇ ਵਿਚ ਪੂਰਨ ਭਗਤ ਦੇ ਕਿੱਸੇ ਵਿਚਲੇ 'ਸੁੱਕੇ ਬਾਗ਼ ਦਾ ਹਰਾ ਹੋਣਾ' ਲੋਕ-ਰੂੜ੍ਹੀ ਦਾ ਸੱਭਿਆਚਾਰਕ ਮਾਨਵ ਵਿਗਿਆਨ ਅਧਿਐਨ ਕੀਤਾ ਗਿਆ ਹੈ। ਪੁਸਤਕ ਦੇ ਪਿਛਲੇਰੇ ਦੋਵੇਂ ਅਧਿਆਇ ਲੇਖਕ ਦੀ ਮੌਲਿਕਤਾ ਦੇ ਪਰਿਚਾਇਕ ਹਨ, ਜਦਕਿ ਇਨ੍ਹਾਂ ਤੋਂ ਪਹਿਲੇ ਅਧਿਆਇਆਂ ਵਿਚ ਸੰਬੰਧਿਤ ਲੇਖਕਾਂ ਦੀਆਂ ਧਾਰਨਾਵਾਂ ਦਾ ਹੀ ਵਰਨਣ ਮਿਲਦਾ ਹੈ। ਲੇਖਕ ਨੇ ਈ. ਬੀ. ਟਾਇਲਰ, ਫਰੇਜ਼ਰ, ਵਣਜਾਰਾ ਬੇਦੀ ਅਤੇ ਡਾ. ਖਹਿਰਾ ਦੇ ਸਿਧਾਂਤ ਨੂੰ ਕ੍ਰਮਵਾਰ ਸੱਭਿਆਚਾਰ ਸਿਧਾਂਤ, ਜਾਦੂ ਚਿੰਤਨ, ਲੋਕ ਬਿਰਤਾਂਤ ਅਤੇ ਲੋਕ ਕਥਾਵਾਂ ਵਜੋਂ ਅਧਿਐਨ ਨੂੰ ਵਿਸ਼ਾ ਬਣਾਇਆ ਹੈ। ਜਦ ਕਿ ਨਾਹਰ ਸਿੰਘ ਦੀ ਪੁਸਤਕ 'ਮਾਂ ਸੁਹਾਗਣ ਸ਼ਗਨ ਕਰੇ' ਦੀਆਂ ਪ੍ਰਮੁੱਖ ਧਾਰਨਾਵਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਗਈ ਹੈ।
ਡਾ. ਅਸ਼ਵਨੀ ਦਾ ਮੱਤ ਹੈ ਕਿ ਮਾਰਕਸਵਾਦੀ ਮਾਨਵ ਵਿਗਿਆਨੀ ਮਨੁੱਖ ਦਾ ਵਿਕਾਸ ਪਦਾਰਥ ਦੇ ਦਵੰਦਾਤਮਿਕ ਰਿਸ਼ਤੇ ਵਿਚੋਂ ਭਾਲਣ ਦੀ ਕੋਸ਼ਿਸ਼ ਕਰਦੇ ਹਨ। ਏਂਗਲਜ਼ ਦੀ ਪੁਸਤਕ 'ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ' ਪਹਿਲੀ ਮਾਰਕਸਵਾਦੀ ਪੁਸਤਕ ਹੈ, ਜਿਸ ਵਿਚ ਮਾਨਵ ਵਿਗਿਆਨਕ ਸਮੱਗਰੀ ਨੂੰ ਮੁੱਖ ਰੱਖਿਆ ਗਿਆ ਹੈ। ਡਾ. ਅਸ਼ਵਨੀ ਦੀ ਇਸ ਪੁਸਤਕ ਰਾਹੀਂ ਪੰਜਾਬ ਦੀ ਲੋਕਧਾਰਾ ਦੇ ਸਿਧਾਂਤਕ ਅਤੇ ਵਿਹਾਰਕ ਕਾਰਜਾਂ ਨੂੰ ਸਮਝਿਆ ਅਤੇ ਜਾਣਿਆ ਜਾ ਸਕਦਾ ਹੈ। ਇਹ ਪੁਸਤਕ ਮਹਿਜ਼ ਸਤਹੀ ਕਿਸਮ ਦੀ ਜਾਣਕਾਰੀ ਪ੍ਰਦਾਨ ਨਹੀਂ ਕਰਦੀ, ਸਗੋਂ ਇਸ ਨੂੰ ਖੋਜ ਦੀ ਦ੍ਰਿਸ਼ਟੀ ਤੋਂ ਹਵਾਲੇ ਤੇ ਟਿੱਪਣੀਆਂ ਦੇ ਕੇ ਆਲੋਚਨਾਤਮਿਕ ਪੁਸਤਕ ਵਜੋਂ ਗ੍ਰਹਿਣ ਕੀਤਾ ਜਾ ਸਕਦਾ ਹੈ। ਲੋਕਧਾਰਾ ਬਾਰੇ ਪੰਜਾਬੀ ਵਿਚ ਲਿਖੀ ਇਸ ਬਹੁਤ ਗਹਿਰ-ਗੰਭੀਰ ਤੇ ਖੋਜ-ਪੁਸਤਕ ਦਾ ਸਵਾਗਤ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

ਪੀੜ ਦੀ ਉਡੀਕ
ਲੇਖਕ : ਕ੍ਰਿਸ਼ਨ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 210
ਇ.ਮੇਲ : krishansharma19@gmail.com


ਸ੍ਰੀ ਕ੍ਰਿਸ਼ਨ ਸ਼ਰਮਾ ਇਕ ਬਹੁਵਿਧਾਈ ਅਤੇ ਬਹੁਭਾਸ਼ੀ ਲੇਖਕ ਹੈ। ਉਹ ਕਵਿਤਾ, ਕਹਾਣੀ, ਨਾਵਲ, ਨਾਟਕ ਅਤੇ ਗੀਤ ਆਦਿ ਰੂਪਾਕਾਰਾਂ ਉੱਪਰ ਕਲਮ ਅਜ਼ਮਾਈ ਕਰਦਾ ਹੈ। ਪੰਜਾਬੀ ਤੋਂ ਬਿਨਾਂ ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਵਿਚ ਵੀ ਲਿਖਦਾ ਰਿਹਾ ਹੈ। ਹਥਲਾ ਨਾਵਲ ਉੱਤਮ ਪੁਰਖ ਸ਼ੈਲੀ ਵਿਚ ਲਿਖਿਆ ਗਿਆ ਹੈ, ਜਿਸ ਵਿਚ ਲੇਖਕ ਅਜੋਕੇ ਦੌਰ ਵਿਚ ਮਰਦ-ਔਰਤ ਦੇ ਪ੍ਰੇਮ-ਸੰਬੰਧਾਂ ਨੂੰ ਬਿਆਨ ਕਰਦਾ ਹੈ। ਜਿਵੇਂ-ਜਿਵੇਂ ਆਧੁਨਿਕ ਵਿਅਕਤੀ ਇਕੱਲਾ ਅਤੇ ਖੰਡਿਤ ਹੁੰਦਾ ਗਿਆ ਹੈ, ਤਿਵੇਂ-ਤਿਵੇਂ ਪ੍ਰੇਮ ਦੇ ਮਾਧਿਅਮ ਨਾਲ, ਦੂਸਰਿਆਂ ਸੰਗ ਜੁੜਨ ਦੀ ਉਸ ਦੀ ਤਾਂਘ, ਪ੍ਰਬਲ ਹੁੰਦੀ ਗਈ ਹੈ।
ਇਹ ਨਾਵਲ ਬਿਰਤਾਂਤਕਰਤਾ ਏਕਮ ਸ਼ਰਮਾ ਦੀ ਚੜ੍ਹਦੀ ਜਵਾਨੀ ਦੇ ਸਮੇਂ ਤੋਂ ਸ਼ੁਰੂ ਹੋ ਜਾਂਦਾ ਹੈ। ਏਕਮ ਸ਼ਰਮਾ ਸਮਾਣੇ ਦੇ ਕਾਲਜ ਵਿਚ ਗਿਆਰ੍ਹਵੀਂ (ਨਾਨ-ਮੈਡੀਕਲ) ਦਾ ਵਿਦਿਆਰਥੀ ਸੀ, ਜੋ ਘਰੋਂ ਸਰਦਾ-ਪੁੱਜਦਾ ਹੋਣ ਕਰਕੇ ਬੇਪ੍ਰਵਾਹ ਕਿਸਮ ਦਾ ਨੌਜਵਾਨ ਸੀ। ਪਰ ਉਸ ਦੀ ਇਕ ਸੁੰਦਰ ਅਤੇ ਪ੍ਰਤਿਭਾਸ਼ੀਲ ਸਹਿਪਾਠਣ ਰਸ਼ਮੀ, ਉਸ ਨੂੰ ਇਕ ਮਿਹਨਤੀ ਅਤੇ ਸੰਵੇਦਨਸ਼ੀਲ ਵਿਅਕਤੀ ਬਣਾ ਦਿੰਦੀ ਹੈ। ਨੌਕਰੀ ਕਰਨ ਵਾਸਤੇ ਉਹ ਮੁੰਬਈ ਪਹੁੰਚ ਜਾਂਦਾ ਹੈ ਅਤੇ ਇਥੇ ਆਪਣੀ ਹੀ ਕੰਪਨੀ ਵਿਚ ਕੰਮ ਕਰਨ ਵਾਲੀ ਇਕ ਮੁਟਿਆਰ ਦੀਪਤੀ ਪਾਠਕ ਨਾਲ ਉਸ ਦੇ ਸੰਬੰਧ ਬਣ ਜਾਂਦੇ ਹਨ। ਦੀਪਤੀ ਤੋਂ ਬਾਅਦ ਨਿਧੀ ਗੋਇਲ, ਅਨੁਪ੍ਰਿਆ ਅਤੇ ਸ਼ਮਰੀਨ ਉਸ ਦੇ ਜੀਵਨ ਵਿਚ ਆਉਣ ਵਾਲੀਆਂ ਕੁਝ ਹੋਰ ਮੁਟਿਆਰਾਂ ਹਨ। ਆਖਿਰ ਸ਼ਮਰੀਨ ਨਾਲ ਉਹ ਸੈਟਲ ਹੋ ਜਾਂਦਾ ਹੈ। ਉਸ ਦਾ ਇਕਲਾਪਾ ਅਤੇ ਤਨਹਾਈ ਮਿਟ ਜਾਂਦੇ ਹਨ।
ਭਾਰਤ ਵਿਚ ਮੁੰਡੇ-ਕੁੜੀਆਂ ਦੇ ਮਾਪੇ ਮਰਨ ਤੱਕ ਉਨ੍ਹਾਂ ਦਾ ਖਹਿੜਾ ਨਹੀਂ ਛੱਡਦੇ, ਉਨ੍ਹਾਂ ਨੂੰ ਮਨਮਰਜ਼ੀ ਦਾ ਜੀਵਨ ਨਹੀਂ ਜੀਣ ਦਿੰਦੇ। ਕਿਧਰੇ ਜਾਤ-ਪਾਤ, ਕਿਧਰੇ ਦੇਸ਼-ਕੁਦੇਸ਼, ਕਿਧਰੇ ਸਮਾਜਿਕ ਰੁਤਬਾ ਅਤੇ ਕਿਧਰੇ ਕੋਈ ਹੋਰ ਅੜਿੱਕਾ ਡਾਹ ਕੇ ਉਨ੍ਹਾਂ ਦੇ ਜੀਵਨ ਵਿਚ ਕੰਡੇ ਬੀਜ ਦਿੰਦੇ ਹਨ। ਮੁੰਡੇ ਤਾਂ ਕਈ ਵਾਰ ਖਹਿੜਾ ਛੁਡਾ ਲੈਂਦੇ ਹਨ ਪਰ ਕੁੜੀਆਂ ਆਜ਼ਾਦ ਨਹੀਂ ਹੋ ਸਕਦੀਆਂ। ਲੇਖਕ ਨੇ ਨਾਵਲੀ ਪਾਠ ਨੂੰ ਬੜੀ ਕੁਸ਼ਲਤਾ ਨਾਲ ਤਿਆਰ ਕੀਤਾ ਹੈ। ਪਾਠ ਦੇ ਦਰਮਿਆਨ, ਵਿੱਥਾਂ ਪੂਰਨ ਲਈ ਲੇਖਕ ਨੇ ਕਾਵਿ-ਟੁਕੜੀਆਂ ਦਾ ਸੁੰਦਰ ਪ੍ਰਯੋਗ ਕੀਤਾ ਹੈ। ਅਜੋਕੀ ਪੀੜ੍ਹੀ ਲਈ ਇਹ ਇਕ ਬੜੀ ਰੌਚਕ ਅਤੇ ਦਿਲਚਸਪ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗੁੱਸੇ-ਗ਼ਿਲੇ
ਲੇਖਕ : ਮੰਗਲ ਹਠੂਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98152-43917.

ਗੀਤਾਂ ਦੀ ਪੁਸਤਕ 'ਗੁੱਸੇ-ਗ਼ਿਲੇ' ਵਿਚ ਗੀਤਾਂ ਦੇ ਲੇਖਕ ਮੰਗਲ ਹਠੂਰ ਨੇ ਇਸ ਪੁਸਤਕ ਵਿਚ 70 ਗੀਤਾਂ ਦਾ ਜ਼ਿਕਰ ਆਪਣੀ ਲੇਖਣੀ ਨਾਲ ਕੀਤਾ ਹੈ ਅਤੇ ਇਨ੍ਹਾਂ ਦਾ ਸਮਰਪਣ ਪੰਜਾਬੀ ਸਾਹਿਤ ਨੂੰ ਚਾਹੁੰਣ ਵਾਲਿਆਂ ਦੇ ਨਾਂਅ ਕੀਤਾ ਹੈ। ਮੰਗਲ ਹਠੂਰ ਨੇ ਇਸ ਪੁਸਤਕ ਤੋਂ ਇਲਾਵਾ ਪੰਜਾਬੀ ਵਿਰਸਾ, ਸੱਜਣਾਂ ਦਾ ਖੂਹ, ਮੈਂ ਇਕ ਧੀ ਹਾਂ ਆਦਿ ਗੀਤਾਂ ਦੀਆਂ ਪੁਸਤਕਾਂ ਵੀ ਲਿਖੀਆਂ ਹਨ ਅਤੇ ਸਬਰ, ਜ਼ਖ਼ਮੀ ਪਲ, ਜੜ੍ਹਾਂ, ਰੰਗ ਬਦਲਦੇ ਰਿਸ਼ਤੇ ਅਤੇ ਪਰਛਾਵੇਂ ਆਦਿ ਨਾਵਲ ਵੀ ਲਿਖੇ ਹਨ। ਇਸੇ ਪੁਸਤਕ ਵਿਚ ਕਈ ਪੰਨਿਆਂ 'ਤੇ ਤਸਵੀਰਾਂ ਰਾਹੀਂ ਲੇਖਕ ਨੇ ਆਪਣੀਆਂ ਪ੍ਰਾਪਤੀਆਂ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਮੂੰਹੋਂ ਬੋਲਦੀਆਂ ਹਨ। ਪੁਸਤਕ ਵਿਚਲੇ ਕੁਝ ਗੀਤਾਂ ਨੂੰ ਗਾਇਕਾਂ ਨੇ ਗਾਇਆ ਵੀ ਹੈ। ਲੇਖਕ ਨੇ ਆਪਣੇ ਗੀਤਾਂ ਵਿਚ ਅਨੇਕਾਂ ਵਿਸ਼ਿਆਂ ਨੂੰ ਛੋਹ ਕੇ ਆਪਣੀ ਲਿਖਤ ਨੂੰ ਦਰਸਾ ਦਿੱਤਾ ਹੈ। ਦਿੱਲੀ ਦੇ ਆਸ-ਪਾਸ ਕਿਸਾਨੀ ਮੋਰਚੇ ਪ੍ਰਤੀ ਸਿੰਘਾਂ ਨੇ ਦਿੱਲੀ ਘੇਰ ਲਈ, ਕਿਸਾਨ ਮੋਰਚਾ, ਕਿਸਾਨ ਮੋਰਚਾ ਛੱਲਾ ਆਦਿ ਗੀਤ ਲਿਖ ਕੇ ਆਪ ਮਨ ਦੇ ਵਲਵਲਿਆਂ ਨੂੰ ਸਾਂਝਾ ਕੀਤਾ ਹੈ। ਕੋਰੋਨਾ ਦਾ ਕਰੋਪ ਗੀਤ ਵਿਚ ਇਸ ਬਿਮਾਰੀ ਪ੍ਰਤੀ ਦੁਹਾਈ ਪਾਈ ਹੈ ਅਤੇ ਰੱਬ ਤੋਂ ਦੁਆ ਮੰਗੀ ਹੈ ਕਿ ਇਸ ਕੋਰੋਨਾ ਤੋਂ ਸਭ ਨੂੰ ਬਚਾਈਂ। ਮਾਂ ਸਭ ਤੋਂ ਸੋਹਣੀ, ਮਾਂ ਦੀ ਗੋਦ ਗੀਤਾਂ ਦੇ ਵਿਚ ਮਾਂ ਦਾ ਪਿਆਰ ਤੇ ਨਿੱਘ ਦਾ ਚੰਗੀ ਸ਼ਬਦਾਵਲੀ ਦੇ ਰਾਹੀਂ ਕਲਾਮਈ ਢੰਗ ਨਾਲ ਕੀਤਾ ਹੈ। ਦੁਨੀਆ, ਰੰਗ ਦੁਨੀਆ ਦੇ ਗੀਤਾਂ ਵਿਚ ਦੁਨੀਆਦਾਰੀ ਦਾ ਆਪਣੇ ਢੰਗ ਨਾਲ ਜ਼ਿਕਰ ਕੀਤਾ ਹੈ। ਇਹ ਗੱਲ ਜ਼ਰੂਰ ਹੈ ਕਿ ਵੱਖ-ਵੱਖ ਵਿਸ਼ਿਆਂ ਪ੍ਰਤੀ ਲੇਖਕ ਦੀ ਚੰਗੀ ਪਕੜ ਹੈ ਅਤੇ ਉਨ੍ਹਾਂ ਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਦੀ ਵੀ ਲੇਖਕ ਕਾਫੀ ਸੂਝ ਹੈ। ਕਈ ਗੀਤਾਂ ਵਿਚ ਲੇਖਕ ਦੀ ਭਾਵੁਕਤਾ ਦੀ ਝਲਕ ਵੀ ਵਿਖਾਈ ਦਿੰਦੀ ਹੈ ਕਿਉਂਕਿ ਜਦੋਂ ਲੇਖਕ ਕੋਈ ਰਚਨਾ ਲਿਖਦਾ ਹੈ ਤਾਂ ਉਸ ਦਾ ਰੰਗ ਹੀ ਵੱਖਰਾ ਹੋ ਜਾਂਦਾ ਹੈ। ਗੀਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਕ ਇਕ ਸ਼ਬਦ ਦਾ ਦਾਇਰਾ ਵੇਖਣਾ ਹੁੰਦਾ ਹੈ। ਇਨ੍ਹਾਂ ਸਾਰਿਆਂ ਪ੍ਰਤੀ ਲੇਖਕ ਆਪ ਭਲੀਭਾਂਤ ਜਾਗਰੂਕ ਹੈ। ਪੁਸਤਕ ਵਿਚਲੇ ਸਾਰੇ ਗੀਤ ਹੀ ਵਧੀਆ ਹਨ ਪਰ ਫਿਰ ਵੀ ਬਾਬੇ, ਸ਼ਹੀਦ ਫ਼ੌਜੀ ਜਵਾਨ, ਹਾਏ ਓ ਰੱਬਾ, ਯਾਦਾਂ, ਰਿਸ਼ਤਾ, ਜ਼ਿੰਦਗੀ, ਵਿਆਜ, ਮਿਰਜ਼ਾ ਦੀ ਮੌਤ, ਮਜ਼ਦੂਰ, ਅਸਲੀ ਯਾਰ ਆਦਿ ਗੀਤ ਦਿਲ ਨੂੰ ਟੁੰਬਦੇ ਹਨ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990

ਭਾਰਤ ਦਾ ਗੌਰਵ
ਸ਼ਹੀਦ ਊਧਮ ਸਿੰਘ
ਸੰਪਾਦਕ : ਪ੍ਰਿੰ. ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, 20, ਸਫ਼ੇ : 157
ਸੰਪਰਕ : 98729-91780.

'ਭਾਰਤ ਦਾ ਗੌਰਵ ਸ਼ਹੀਦ ਊਧਮ ਸਿੰਘ' ਪੁਸਤਕ ਪ੍ਰਿੰਸੀਪਲ ਪਾਖਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਹੈ। ਇਸ ਵਿਚ ਉਸ ਨੇ ਆਪਣੇ ਲੇਖ ਅਣਖੀ ਯੋਧਾ ਸ਼ਹੀਦ ਊਧਮ ਸਿੰਘ (ਨਿਬੰਧ) ਦੇ ਨਾਲ-ਨਾਲ ਗਿਆਨੀ ਅਜੀਤ ਸਿੰਘ ਫ਼ਤਹਿਪੁਰੀ, ਡਾ. ਸ਼ਰਨਜੀਤ ਕੌਰ ਚੰਡੀਗੜ੍ਹ, ਗੁਰਜੀਤ ਸਿੰਘ, ਹਰਜੀਤ ਬੇਦੀ ਕੈਨੇਡਾ, ਦਾਨ ਸਿੰਘ ਕੋਮਲ, ਕਿਰਪਾਲ ਸਿੰਘ ਦਰਦੀ, ਨਾਨਕ ਸਿੰਘ ਨਾਵਲਕਾਰ, ਸੁਖਚੈਨ ਸਿੰਘ, ਬਾਬਾ ਨਜ਼ਮੀ, ਸੁਰਿੰਦਰ ਕੋਛੜ, ਪ੍ਰਿੰਸੀਪਲ ਗਿਆਨ ਸਿੰਘ ਕੈਨੇਡਾ, ਪ੍ਰੋ. ਕਮਲਜੀਤ ਸਿੰਘ, ਡਾ. ਸੁਖਦੇਵ ਸਿੰਘ ਝੰਡ ਕੈਨੇਡਾ, ਡਾ. ਵਰਿੰਦਰ ਕੌਰ ਭਾਟੀਆ, ਗੁਰਦੇਵ ਸਿੰਘ ਮਾਨ ਕੈਨੇਡਾ, ਪ੍ਰੋ. ਮਦਨ ਸਿੰਘ ਬੰਗਾ, ਇਕਬਾਲ, ਮਨਜੀਤ ਸਿੰਘ ਝੱਮਟ ਕੈਨੇਡਾ, ਡਾ. ਗੁਰਚਰਨ ਸਿੰਘ ਦੇ ਨਿਬੰਧਾਂ, ਕਵਿਤਾਵਾਂ, ਬੈਂਤਾਂ ਨੂੰ ਵੀ ਸ਼ਾਮਿਲ ਕੀਤਾ ਹੈ। ਰੋਮਨ ਲਿੱਪੀ ਵਿਚ ਸੰਖੇਪ ਜੀਵਨੀ ਅਤੇ ਮਿਸਟਰ ਐਟਕਿਨਸਨ ਦੇ ਸਾਹਮਣੇ ਦਿੱਤਾ ਸ. ਊਧਮ ਸਿੰਘ ਦਾ ਬਿਆਨ ਵੀ ਦਰਜ ਹੈ। ਇਸ ਪੁਸਤਕ ਦਾ ਪ੍ਰਮੁੱਖ ਮਨੋਰਥ ਸ. ਊਧਮ ਸਿੰਘ ਦੀ ਸੁਤੰਤਰਤਾ ਸੰਗਰਾਮ ਵਿਚ ਦਿੱਤੀ ਲਾਸਾਨੀ ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾਉਣਾ ਹੈ। ਸਮੂਹ ਲੇਖਕਾਂ ਵਲੋਂ ਉਸ ਨੂੰ 'ਅਣਖੀ', 'ਅੰਗਰੇਜ਼ਾਂ ਨਾਲ ਲੋਹਾ ਲੈਣ ਵਾਲਾ', 'ਇਨਕਲਾਬੀ', 'ਕੌਮੀ ਅਣਖ ਦਾ ਪ੍ਰਤੀਕ', 'ਭਾਰਤ ਦਾ ਮਹਾਨ ਸਪੂਤ', 'ਭਾਰਤ ਦੀ ਅਣਖ ਦਾ ਰਾਖਾ' ਆਦਿ ਕਹਿ ਕੇ ਸਲਾਹਿਆ ਗਿਆ ਹੈ। ਅਜੋਕੇ ਪ੍ਰਬੰਧ ਵਲੋਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਨੂੰ ਨਾ ਸਿਰਜ ਸਕਣ ਦੇ ਮਸਲੇ ਨੂੰ ਵੀ ਉਭਾਰਿਆ ਗਿਆ ਹੈ। ਇਸ ਪ੍ਰਸੰਗ ਵਿਚ ਸ. ਊਧਮ ਸਿੰਘ ਦਾ ਜੱਜ ਐਟਕਿਨਸਨ ਦੇ ਸਾਹਮਣੇ ਦਿੱਤਾ ਬਿਆਨ ਮਹੱਤਵਪੂਰਨ ਹੈ : 'ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਵਾਸਤੇ ਕੁਝ ਵੀ ਨਹੀਂ ਹੈ। ਮੈਨੂੰ ਮਰ ਜਾਣ ਦੀ ਵੀ ਕੋਈ ਪਰਵਾਹ ਨਹੀਂ। ਇਸ ਬਾਰੇ ਮੈਨੂੰ ਕੋਈ ਫ਼ਿਕਰ ਨਹੀਂ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ ਹੋਏ ਹਾਂ। ਮੈਨੂੰ ਮਰਨ 'ਤੇ ਮਾਣ ਹੈ। ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮੈਨੂੰ ਮਰਨ 'ਤੇ ਵੀ ਮਾਣ ਹੋਵੇਗਾ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਚਲਾ ਗਿਆ ਤਾਂ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ ਅਤੇ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੱਗੇ ਆਉਣਗੇ।'
ਇਸ ਪੁਸਤਕ ਰਾਹੀਂ ਅਜਿਹੇ ਦਸਤਾਵੇਜ਼ਾਂ ਦੀ ਆਮ ਪਾਠਕ ਤੱਕ ਪਹੁੰਚ ਸ. ਊਧਮ ਸਿੰਘ ਅਤੇ ਹੋਰਨਾਂ ਅਨੇਕਾਂ ਦੇਸ਼-ਭਗਤਾਂ ਦੇ ਦ੍ਰਿੜ੍ਹ ਇਰਾਦਿਆਂ ਤੇ ਉਨ੍ਹਾਂ ਦੇ ਮੰਤਵਾਂ ਦੀ ਸਹੀ ਜਾਣਕਾਰੀ ਦੇ ਕੇ ਕਰੋੜਾਂ ਭਾਰਤੀਆਂ ਅੰਦਰ ਸੁਤੰਤਰਤਾ, ਸਮਾਨਤਾ, ਭਾਈਚਾਰੇ ਅਤੇ ਸਵੈ-ਮਾਣ ਦੀਆਂ ਭਾਵਨਾਵਾਂ ਨੂੰ ਜਾਗਰਿਤ ਅਤੇ ਊਰਜਿਤ ਕਰੇਗੀ। ਪ੍ਰਿੰਸੀਪਲ ਪਾਖਰ ਸਿੰਘ (ਮੇਰੇ ਗੁਰੂ ਜੀ) ਵਧਾਈ ਦੇ ਪਾਤਰ ਹਨ, ਜਿਨ੍ਹਾਂ ਜਾਣਕਾਰੀ ਭਰਪੂਰ ਪੁਸਤਕ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

ਗੁਰਬਾਣੀ ਇਕ ਜੀਵਨ-ਜਾਂਚ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 98149-01254.

ਹਥਲੀ ਕਿਤਾਬ ਗੁਰਬਾਣੀ ਇਕ ਜੀਵਨ ਜਾਂਚ ਵਿਚ ਲੇਖਕ ਨੇ ਕੁੱਲ 26 ਲੇਖ ਸ਼ਾਮਿਲ ਕੀਤੇ ਹਨ। ਪਹਿਲੇ ਭਾਗ ਵਿਚ 14 ਅਤੇ (ਅ) ਭਾਗ ਵਿਚ 12 ਲੇਖ ਸ਼ਾਮਿਲ ਹਨ।
ਪਹਿਲੇ 14 ਲੇਖਾਂ ਵਿਚ ਗੁਰਮਤਿ ਦੇ ਵੱਖ-ਵੱਖ ਸਿਧਾਂਤਾਂ ਅਤੇ ਸੰਕਲਪਾਂ ਦੇ ਵਿਸ਼ੇ ਲਏ ਗਏ ਹਨ। ਜਿਨ੍ਹਾਂ ਵਿਚ ਮਨੁੱਖ ਆਤਮਾ ਕਿ ਸਰੀਰ? 'ਆਪੁ ਪਛਾਣੈ ਸੋ ਸਭਿ ਗੁਣ ਜਾਣੈ॥, ਸੁਚਿ ਹੋਵੈ ਤਾ ਸਚੁ ਪਾਈਐ॥, ਸਚੁ ਸਭਨਾ ਹੋਇ ਦਾਰੂ, ਗੁਰਮਤਿ ਅਤੇ ਤਿਆਗ, ਸੰਗਤ ਅਤੇ ਮਨੁੱਖੀ ਵਿਕਾਸ, ਵਿੱਦਿਆ ਦਾ ਮਨੋਰਥ, ਭੈ ਕਾਹੂ ਕਉ ਦੇਤ ਨਹਿ, ਹਿੰਦੂ ਤੁਰਕ ਦੁਹੂੰ ਮਹਿ ਏਕੈ, ਸੋ ਕਿਉ ਮੰਦਾ ਆਖੀਐ, ਸਿੱਖ ਸੱਭਿਆਚਾਰ ਅਤੇ ਬਾਣੀ, ਗੁਰਬਾਣੀ ਅਤੇ ਵਿਸ਼ਵ ਭਾਈਚਾਰਾ, ਗੁਰਬਾਣੀ ਵਿਚ ਕਿਰਤ ਦੀ ਮਹੱਤਤਾ ਅਤੇ 'ਨਾਨਕ ਚਿੰਤਾ ਮਤਿ ਕਰਹੁ' ਇਸੇ ਤਰ੍ਹਾਂ (ਅ) ਭਾਗ ਵਿਚ 12 ਲੇਖ ਗੁਰਬਾਣੀ ਅਧਿਐਨ ਨਾਲ ਸੰਬੰਧਿਤ ਕਿਤਾਬ ਦਾ ਹਿੱਸਾ ਬਣੇ ਹਨ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕਵੀਂ ਸਦੀ ਵਿਚ ਮਹੱਤਵ, ਗੁਰੂ ਨਾਨਕ ਦੇਵ ਜੀ ਦੀ ਅਦਭੁੱਤ ਰਚਨਾ ਮੂਲਮੰਤਰ, ਜਪੁ ਜੀ ਬਾਣੀ ਵਿਚ ਰੱਹਸਵਾਦ, ਜਪੁ ਜੀ ਵਿਚ ਪੰਜ ਖੰਡਾਂ ਦੀ ਅਧਿਆਤਮਿਕ ਯਾਤਰਾ, ਬਾਣੀ ਸਿਧ ਗੋਸਿਟ ਵਿਚ ਸੰਵਾਦ ਦੀ ਜਾਚ, ਅਨੰਦਬਾਣੀ ਵਿਚ ਅਨੰਦ ਦਾ ਸੰਕਲਪ, ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਪ੍ਰਭੂ ਪ੍ਰੀਤ ਦਾ ਰਹੱਸਵਾਦੀ ਵਰਨਣ, ਸ੍ਰੀ ਗੁਰੂ ਰਾਮਦਾਸ ਜੀ ਦੀ ਨਾਵਾਂ ਬਾਰੇ ਬਾਣੀ, ਸੁਖਮਨੀ ਸਾਹਿਬ ਦਾਰਸ਼ਨਿਕ ਦ੍ਰਿਸ਼ਟੀਕੋਣ, ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਮਨ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਜਗਤ ਪ੍ਰਤੀ ਦ੍ਰਿਸ਼ਟੀਕੋਣ, ਅਤੇ ਭੱਟ ਸਾਹਿਬਾਨ ਦੀ ਬਾਣੀ, ਸਵੱਈਏ। ਇਹ ਸਾਰੇ ਨਿਬੰਧ ਗੁਰਬਾਣੀ ਦੀ ਗੂੜ੍ਹ ਵਿਆਖਿਆ ਨਾਲ ਲਬਰੇਜ਼ ਹਨ।
ਪੁਸਤਕ ਲੇਖਕ ਗੁਰਬਾਣੀ ਦਾ ਗੋਹਝ ਗਿਆਨੀ ਹੈ ਵਿਸ਼ੇ ਬਹੁਤ ਸੂਝ ਨਾਲ ਚੋਣ ਕਰ ਕੇ ਪੁਸਤਕ ਨੂੰ ਮਿਆਰੀ ਬਣਾਇਆ ਹੈ। ਭਾਵੇਂ ਇਹ ਸਾਰੇ ਨਿਬੰਧ ਪਹਿਲਾਂ ਧਾਰਮਿਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ਪਰ ਪੁਸਤਕ ਰੂਪ ਵਿਚ ਪਾਠਕਾਂ, ਧਰਮ ਖੋਜਾਰਥੀਆਂ ਲਈ ਬਹੁਤ ਲਾਭਦਾਇਕ ਹੈ। ਲੇਖਕ ਗੁਰਮਤਿ ਸਾਹਿਤ ਦੀਆਂ ਦੋ ਪੁਸਤਕਾਂ, ਪੰਜ ਬਾਲ ਸਾਹਿਤ ਉੱਪਰ, ਤਿੰਨ ਮਿੰਨੀ ਕਹਾਣੀ ਸੰਗ੍ਰਹਿ ਅਤੇ ਕੁਝ ਭੇਤ ਜ਼ਿੰਦਗੀ ਦੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

ਸੁਤੰਤਰਤਾ ਸੰਗਰਾਮੀ ਬੱਬਰ ਅਕਾਲੀ
ਲੇਖਿਕਾ : ਡਾ. ਹਰਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 86
ਸੰਪਰਕ : 94638-36591.

ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦਾ ਬੇਸ਼ਕੀਮਤੀ ਯੋਗਦਾਨ ਹੈ। ਇਨ੍ਹਾਂ ਅਹਿਮ ਲਹਿਰਾਂ ਵਿਚ ਬੱਬਰ ਅਕਾਲੀ ਲਹਿਰ ਨੇ ਵੀ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਬੱਬਰਾਂ ਦੀਆਂ ਸਰਗਰਮੀਆਂ ਨੇ ਅੰਗਰੇਜ਼ ਹਕੂਮਤ ਦੇ ਨੱਕ ਵਿਚ ਦਮ ਕਰ ਦਿੱਤਾ ਸੀ। ਇਸ ਪੁਸਤਕ ਵਿਚ ਬੱਬਰਾਂ ਦੇ ਇਤਿਹਾਸ, ਵਿਰਾਸਤ ਅਤੇ ਵਿਲੱਖਣ ਕਾਰਨਾਮਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਆਜ਼ਾਦੀ ਲਈ ਸਿਰਧੜ ਦੀ ਬਾਜ਼ੀ ਲਾਉਣ ਵਾਲੇ 90 ਬੱਬਰਾਂ ਦਾ ਜੀਵਨ ਬਿਉਰਾ ਅਤੇ ਉਨ੍ਹਾਂ ਵਲੋਂ ਰਚੇ ਗਏ 28 ਕਾਵਿ-ਬੰਦਾਂ ਦੇ ਦਰਸ਼ਨ ਕਰਾਉਂਦੀ ਇਹ ਪੁਸਤਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ ਦਾ ਉਪਰਾਲਾ ਹੈ। ਇਹ ਗੁਰਸਿੱਖ ਰੂਹਾਂ ਦੇ ਸਬਰ, ਸਿਰੜ, ਹੌਸਲੇ, ਤਿਆਗ ਅਤੇ ਕੁਰਬਾਨੀ ਨੂੰ ਸਮਰਪਿਤ ਹੈ। ਇਹ ਸਾਡੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਦਾ ਸੁਚੱਜਾ ਯਤਨ ਹੈ। ਬੱਬਰਾਂ ਦੇ ਦੇਸ਼ ਪਿਆਰ ਦਾ ਜਜ਼ਬਾ, ਗੁਲਾਮੀ ਦੂਰ ਕਰਨ ਦਾ ਸੰਕਲਪ, ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਇਨਕਲਾਬੀ ਸੁਰਾਂ ਨੇ ਸੁੱਤੇ ਹੋਏ ਦੇਸ਼ ਵਾਸੀਆਂ ਦੀ ਅਣਖ਼ ਨੂੰ ਹੁਲਾਰਾ ਦਿੱਤਾ। ਉਨ੍ਹਾਂ ਦੀਆਂ ਪ੍ਰਭਾਵਸ਼ਾਲੀ ਜੋਸ਼ੀਲੀਆਂ ਤਕਰੀਰਾਂ ਨੇ ਜੰਮੇ ਹੋਏ ਖੂਨ ਨੂੰ ਉਬਾਲੇ ਲਿਆ ਦਿੱਤੇ। ਅਗਸਤ 1922 ਈ. ਨੂੰ ਗੁਰਮੁਖੀ ਅਖ਼ਬਾਰ 'ਬੱਬਰ ਅਕਾਲੀ ਦੁਆਬਾ' ਕੱਢਿਆ ਗਿਆ, ਜਿਸ ਦੇ ਮੁੱਖ ਪੰਨੇ 'ਤੇ ਇਹ ਸਲੋਕ ਸੁਸ਼ੋਭਿਤ ਹੁੰਦਾ ਸੀ
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਬਹੁਤ ਸਾਰੇ ਬੱਬਰ ਪਹਿਲਾਂ ਬ੍ਰਿਟਿਸ਼ ਫ਼ੌਜ ਵਿਚ ਭਰਤੀ ਸਨ ਪਰ ਅੰਗਰੇਜ਼ਾਂ ਦੀਆਂ ਪੰਥਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਫ਼ੌਜ ਨੂੰ ਛੱਡ ਆਏ ਸਨ। ਉਨ੍ਹਾਂ ਨੇ ਜ਼ੋਰਦਾਰ ਪ੍ਰਚਾਰ ਅਤੇ ਲੋਕਾਂ ਦੇ ਸਮਰਥਨ ਤੋਂ ਅੰਗਰੇਜ਼ ਹਕੂਮਤ ਵਿਚ ਦਹਿਸ਼ਤ ਫੈਲ ਗਈ ਸੀ। ਸਰਕਾਰ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇਨਾਮ ਰੱਖੇ ਹੋਏ ਸਨ। ਕੁਝ ਲਾਲਚੀ ਗ਼ੱਦਾਰਾਂ ਨੇ ਬੱਬਰਾਂ ਨੂੰ ਫੜਾਇਆ ਅਤੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਵਾਇਆ। ਕਈ ਬੱਬਰਾਂ ਨੂੰ ਉਮਰ ਕੈਦਾਂ ਹੋਈਆਂ ਅਤੇ ਕਈਆਂ ਨੂੰ ਫਾਂਸੀ ਦਿੱਤੀ ਗਈ। ਇਸ ਪੁਸਤਕ ਰਾਹੀਂ ਇਨ੍ਹਾਂ ਜਾਂਬਾਜ਼ ਯੋਧਿਆਂ ਨੂੰ ਜਿੱਥੇ ਯਾਦ ਕੀਤਾ ਗਿਆ ਹੈ, ਉਥੇ ਨਵੀਂ ਪੀੜ੍ਹੀ ਨੂੰ ਇਨ੍ਹਾਂ ਬਾਰੇ ਜਾਣੂ ਕਰਵਾਇਆ ਗਿਆ ਹੈ, ਜੋ ਇਕ ਸ਼ਲਾਘਾਯੋਗ ਕਾਰਜ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367. 

14-08-2022

ਸ਼ਹੀਦ-ਏ-ਆਜ਼ਮ
ਭਗਤ ਸਿੰਘ ਦੀ ਜੇਲ੍ਹ ਡਾਇਰੀ

ਅਨੁਵਾਦ : ਸੰਦੀਪ ਕੌਰ ਸੇਖੋਂ (ਡਾ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 70871-64303


'ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ' ਅਸਲ ਵਿਚ ਭੁਪਿੰਦਰ ਹੂਜਾ ਰਚਿਤ 'ਏ ਮਾਰਟਰਜ਼ ਨੋਟ ਬੁੱਕ' ਦਾ ਪੰਜਾਬੀ ਅਨੁਵਾਦ ਹੈ ਜੋ ਡਾ. ਸੰਦੀਪ ਕੌਰ ਸੇਖੋਂ ਦੁਆਰਾ ਕੀਤਾ ਗਿਆ ਹੈ ਅਤੇ ਇਸ ਪੁਸਤਕ ਦੀ ਭੂਮਿਕਾ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਦੁਆਰਾ ਲਿਖੀ ਗਈ ਹੈ। ਭਗਤ ਸਿੰਘ ਇਕ ਅਜਿਹਾ ਵਿਚਾਰਕ ਸੀ ਜਿਸ ਨੇ ਸਮਾਜ ਸ਼ਾਸਤਰ ਦੇ ਖੇਤਰ ਵਿਚ ਰੂਸੀ ਇਨਕਲਾਬ ਅਤੇ ਰੂਸੀ ਇਤਿਹਾਸ ਦੇ ਪ੍ਰਭਾਵ ਹੇਠ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ।
ਭਗਤ ਸਿੰਘ ਦੀ ਇਸ ਸਮਾਜਵਾਦੀ ਸੂਝ ਨੂੰ ਵਿਕਸਿਤ ਹੋਣ ਦਾ ਮੌਕਾ ਜੇਲ੍ਹ ਵਿਚ ਮਿਲਿਆ। 23 ਸਾਲਾਂ ਦੀ ਉਮਰ ਵਿਚ ਹੀ ਇਸ ਵਿਸ਼ੇ 'ਤੇ ਕੀਤੇ ਡੂੰਘੇ ਚਿੰਤਨ ਦੀ ਗਵਾਹ ਭਗਤ ਸਿੰਘ ਦੀ ਡਾਇਰੀ ਹੈ ਜੋ ਉਸ ਨੇ ਆਪਣੇ ਜੇਲ੍ਹ ਜੀਵਨ ਦੌਰਾਨ ਲਿਖੀ। ਭਗਤ ਸਿੰਘ ਨੇ ਆਪਣੀ ਇਸ ਡਾਇਰੀ ਵਿਚ ਉਸ ਸਮੇਂ ਦੌਰਾਨ ਪੜ੍ਹੀਆਂ ਕਿਤਾਬਾਂ ਵਿਚੋਂ ਸੰਖੇਪ ਸਾਰ ਅਤੇ ਹਵਾਲੇ ਲਿਖੇ। ਇਨ੍ਹਾਂ ਟੂਕਾਂ ਤੋਂ ਭਗਤ ਸਿੰਘ ਦੀਆਂ ਰੁਚੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਤੇ ਪੂੰਜੀਵਾਦ, ਸਮਾਜਵਾਦ, ਰਾਜ ਦੀ ਉਤਪਤੀ, ਮਾਰਕਸਵਾਦ, ਕਮਿਊਨਿਜ਼ਮ, ਧਰਮ, ਦਰਸ਼ਨ, ਇਨਕਲਾਬਾਂ ਦੇ ਇਤਿਹਾਸ ਆਦਿ ਵਿਸ਼ਿਆਂ ਬਾਰੇ ਵਿਚਾਰ ਮਿਲਦੇ ਹਨ।
ਇਤਿਹਾਸ, ਫ਼ਿਲਾਸਫ਼ੀ, ਸਮਾਜ-ਸ਼ਾਸਤਰ ਅਤੇ ਅਰਥ-ਸ਼ਾਸਤਰ ਬਾਰੇ ਵਿਦਵਾਨਾਂ ਦੇ ਵਿਚਾਰ ਅਤੇ ਕਈ ਹੋਰ ਕਿਤਾਬਾਂ ਦੀਆਂ ਉਦਾਹਰਨਾਂ ਭਗਤ ਸਿੰਘ ਨੇ ਬੜੇ ਦਿਲਚਸਪ ਢੰਗ ਨਾਲ ਇਸ ਡਾਇਰੀ ਵਿਚ ਉਤਾਰੀਆਂ ਹਨ। ਇਹ ਇੰਦਰਾਜ ਸਪੱਸ਼ਟ ਕਰਦੇ ਹਨ ਕਿ ਭਗਤ ਸਿੰਘ ਦਾ ਮਨ ਕਿਵੇਂ ਆਜ਼ਾਦੀ ਲਈ ਤੜਫ਼ ਰਿਹਾ ਸੀ। 'ਬਾਇਰਨ', 'ਵਿਟਮੈਨ' ਅਤੇ 'ਵਰਡਸਵਰਥ' ਦੀਆਂ ਆਜ਼ਾਦੀ ਦੇ ਵਿਸ਼ਿਆਂ 'ਤੇ ਕਵਿਤਾਵਾਂ ਦੀਆਂ ਪੰਕਤੀਆਂ ਨੂੰ ਇਸ ਡਾਇਰੀ ਵਿਚ ਸ਼ਾਮਿਲ ਕਰਨਾ ਅਤੇ 'ਇਬਸਨ' ਦੇ ਨਾਟਕ ਅਤੇ 'ਦੋਸਤੋਵਸਕੀ' ਦੇ ਨਾਵਲ (ਅਪਰਾਧ ਤੇ ਦੰਡ) ਅਤੇ ਹਿਊਗੋ ਦਾ ਨਾਵਲ (ਪਦਦਲਿਤ) ਆਦਿ ਪੜ੍ਹਨਾ ਇਸੇ ਤੜਫ਼ ਨੂੰ ਸ਼ਾਂਤ ਕਰਨ ਦੀ ਇਕ ਕੋਸ਼ਿਸ਼ ਹੀ ਸੀ।
ਇਨ੍ਹਾਂ ਟੂਕਾਂ ਦੇ ਅਨੁਵਾਦ ਕਰਨ ਨਾਲ-ਨਾਲ ਅਨੁਵਾਦਕਾ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਹਨ ਕਿ ਅੱਜ ਲੋੜ ਹੈ ਸ਼ਹੀਦ ਭਗਤ ਸਿੰਘ ਦੀ ਇਸ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਇਆ ਜਾਵੇ। ਸਿਰਫ਼ ਸ਼ਹੀਦੀ ਦਿਵਸ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਹਾਰ ਪਾ ਕੇ, ਉਸ ਵਰਗੇ ਕੱਪੜੇ ਪਾ ਕੇ, ਪੱਗ ਬੰਨ੍ਹ ਕੇ, ਭਾਸ਼ਨ ਦੇ ਕੇ ਜਾਂ ਕਵਿਤਾਵਾਂ ਪੜ੍ਹ ਕੇ ਬਦਲਾਅ ਨਹੀਂ ਆ ਸਕਦਾ। ਬਲਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਸਾਨੂੰ ਉਨ੍ਹਾਂ ਵਿਚਾਰਾਂ ਨੂੰ ਪੜ੍ਹ ਕੇ ਜ਼ਿੰਦਗੀ ਵਿਚ ਢਾਲਣਾ ਲਾਜ਼ਮੀ ਹੈ ਤਾਂ ਜੋ ਭਗਤ ਸਿੰਘ ਦੇ ਸੁਫ਼ਨਿਆਂ ਦਾ ਭਾਰਤ ਸਿਰਜ ਸਕੀਏ।


ਡਾ. ਸੰਦੀਪ ਰਾਣਾ
ਮੋ: 98728-87551
c c c


ਕਲੀਨ ਚਿਟ ਦੇ ਦਿਉ ਜੀ
ਲੇਖਕ : ਮੰਗਤ ਕੁਲਜਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 94177-53892.


ਮੰਗਤ ਕੁਲਜਿੰਦ ਪਿਆਰਾ ਸਿੰਘ ਦਾਤਾ ਪੁਰਸਕਾਰ ਜੇਤੂ ਪ੍ਰਪੱਕ ਤੇ ਰੜ੍ਹਿਆ ਹੋਇਆ ਹਾਸ-ਵਿਅੰਗ ਲਿਖਾਰੀ ਹੈ, ਜਿਸ ਨੇ ਨਾਵਲ, ਕਹਾਣੀ ਅਤੇ ਵਿਅੰਗ ਲੇਖ ਲਿਖ ਕੇ ਪੰਜਾਬੀ ਹਾਸ-ਵਿਅੰਗ ਵਿਧਾ ਦੇ ਖਜ਼ਾਨੇ ਭਰਪੂਰ ਕੀਤੇ ਹਨ। ਉਸ ਨੇ ਨਵੀਂ ਅਤੇ ਵੱਖਰੀ ਸ਼ੈਲੀ ਰਾਹੀਂ ਪੰਚਤੰਤਰ ਦੀਆਂ ਕਹਾਣੀਆਂ ਨੂੰ ਨਵੇਂ ਸੰਦਰਭ ਵਿਚ ਪੇਸ਼ ਕਰਨ ਦਾ ਚੋਖਾ ਯਤਨ ਕੀਤਾ ਹੈ।
'ਕਲੀਨ ਚਿਟ ਦੇ ਦਿਉ ਜੀ' ਉਸ ਦਾ ਹਾਲ ਹੀ ਵਿਚ ਛਪਿਆ ਵਿਅੰਗ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਉਸ ਨੇ ਕੁੱਲ 23 ਵਿਅੰਗ ਲੇਖ ਸ਼ਾਮਿਲ ਕੀਤੇ ਹਨ। ਸਮਾਂ ਬਦਲਣ ਨਾਲ ਸਾਡੀਆਂ ਸਮਾਜਿਕ, ਨੈਤਿਕ, ਧਾਰਮਿਕ, ਆਰਥਿਕ ਤੇ ਰਾਜਨੀਤਕ ਮਾਨਤਾਵਾਂ ਬਦਲਦੀਆਂ ਰਹਿੰਦੀਆਂ ਹਨ। ਵਿਅੰਗ ਲੇਖਕ ਨੇ ਉਨ੍ਹਾਂ ਬਦਲ ਰਹੀਆਂ ਮਾਨਤਾਵਾਂ ਵਿਚੋਂ ਵਿਸੰਗਤੀਆਂ ਲੱਭ ਕੇ ਵਿਅੰਗ ਦਾ ਨਿਸ਼ਾਨਾ ਵਿੰਨ੍ਹਣਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਅੰਗ ਲੇਖਕ ਨਵੇਂ ਵਿਸ਼ਿਆਂ ਦੀ ਭਾਲ ਕਰੇ। ਮੰਗਤ ਕੁਲਜਿੰਦ ਇਸ ਗੱਲੋਂ ਮੀਰੀ ਹੈ ਕਿ ਉਸ ਦੇ ਇਨ੍ਹਾਂ ਵਿਅੰਗ ਲੇਖਾਂ ਵਿਚ ਗ਼ਜ਼ਬ ਦੀ ਰੰਗਾ-ਰੰਗੀ ਹੈ। ਨਵੇਂ ਤੋਂ ਨਵੇਂ ਟਹਿਕਦੇ ਹੋਏ ਵਿਸ਼ੇ ਉਸ ਨੇ ਆਪਣੇ ਇਨ੍ਹਾਂ ਲੇਖਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਹਾਸ-ਰਸੀ ਚਾਸ਼ਨੀ ਨਾਲ ਲਬਰੇਜ਼ ਇਹ ਲੇਖ ਮਨਪ੍ਰਚਾਵਾ ਤਾਂ ਕਰਦੇ ਹੀ ਹਨ, ਪਾਠਕਾਂ ਲਈ ਸੋਚਣ ਦਾ ਸਾਮਾਨ ਵੀ ਪੈਦਾ ਕਰਦੇ ਹਨ। ਇਹ ਵਿਸ਼ੇ ਏਨੇ ਨਿਵੇਕਲੇ ਹਨ ਕਿ ਕਿਸੇ ਹੋਰ ਵਿਅੰਗ ਲੇਖਕ ਨੇ ਇਨ੍ਹਾਂ ਨੂੰ ਛੋਹਿਆ ਤੱਕ ਨਹੀਂ।
ਡਾ. ਮੰਗੂ ਰਾਮ ਬਿਮਾਰੀ ਉਸ ਦਾ ਸਟਾਕ ਕਰੈਕਟਰ ਹੈ ਜੋ ਨਵੇਂ-ਨਵੇਂ ਬਸਤਰ ਪਹਿਨ ਕੇ, ਨਵੀਂ ਸੋਚ ਲੈ ਕੇ, ਵੱਖ-ਵੱਖ ਰੋਲ ਅਦਾ ਕਰਦਾ ਹੈ। ਉਹ ਸਮਝੋ ਲੇਖਕ ਦਾ ਹੀ ਪ੍ਰਤੀਰੂਪ ਹੈ ਜੋ ਲੇਖਕ ਦੀ ਸੋਚ ਨੂੰ ਸਾਕਾਰ ਕਰਦਾ ਦਿਖਾਈ ਦਿੰਦਾ ਹੈ। ਡਾ. ਮੰਗੂ ਰਾਮ ਬੋਦੀਆਂ ਤੇ ਗਲੀਆਂ-ਸੜੀਆਂ ਮਾਨਤਾਵਾਂ ਨੂੰ ਤਿਲਾਂਜਲੀ ਦੇ ਕੇ ਨਵਾਂ ਸਮਾਜ ਉਸਾਰਨ ਲਈ ਤਤਪਰ ਹੈ। ਇਹੋ ਸ਼ਾਇਦ ਵਿਅੰਗ ਲੇਖਕ ਦਾ ਵੀ ਟੀਚਾ ਹੁੰਦਾ ਹੈ। ਨਵੇਂ ਸਮਾਜ 'ਚ ਪੈਦਾ ਹੋ ਰਹੀਆਂ ਵਿਸੰਗਤੀਆਂ ਤੋਂ ਲੇਖਕ ਤੁਹਾਨੂੰ ਸੁਚੇਤ ਕਰਨ ਦਾ ਯਤਨ ਕਰਦਾ ਹੈ। ਇਹੋ ਵਿਅੰਗ ਦਾ ਪ੍ਰਯੋਜਨ ਤੇ ਤਰੀਕਾਕਾਰ ਹੁੰਦਾ ਹੈ।


ਕੇ.ਐਲ. ਗਰਗ
ਮੋ: 94635-37050


ਪੰਜਾਬਣਾਂ ਦੇ ਲੋਕ-ਨਾਚ ਵਿਰਸਾ ਅਤੇ ਵਰਤਮਾਨ
ਲੇਖਕ : ਡਾ. ਜਗੀਰ ਸਿੰਘ ਨੂਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 98551-09732.


ਡਾ. ਜਗੀਰ ਸਿੰਘ ਨੂਰ ਪੰਜਾਬੀ ਸੱਭਿਆਚਾਰ ਦਾ ਚਿਰ-ਪਰਿਚਿਤ ਚਿਤੇਰਾ ਹੈ। ਉਸ ਨੇ ਪੰਜਾਬੀ ਸੰਸਕ੍ਰਿਤੀ, ਜਨਜੀਵਨ, ਵਿਰਾਸਤ ਬਾਰੇ ਪੁਖਤਾ ਅਤੇ ਨਿੱਠ ਕੇ ਖੋਜ-ਕਾਰਜ ਕੀਤਾ ਹੈ। ਉਹ ਹੁਣ ਤੱਕ ਤੇਰਾਂ ਮੌਲਿਕ ਪੁਸਤਕਾਂ, ਦੋ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ, ਛੇ ਸੰਪਾਦਿਤ ਪੁਸਤਕਾਂ ਅਤੇ ਪੰਜ ਹਿੰਦੀ ਕਿਤਾਬਾਂ ਦੀ ਰਚਨਾ ਕਰ ਚੁੱਕਿਆ ਹੈ। ਇਉਂ ਉਸ ਦੀਆਂ ਕੁੱਲ ਕਿਤਾਬਾਂ ਦੀ ਗਿਣਤੀ 26 ਹੈ। ਇਨ੍ਹਾਂ ਵਿਚੋਂ ਕਈਆਂ ਦੀਆਂ ਤਿੰਨ-ਤਿੰਨ ਐਡੀਸ਼ਨਾਂ ਵੀ ਛਪ ਚੁੱਕੀਆਂ ਹਨ। ਉਸ ਦੀ ਇਕ ਕਿਤਾਬ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਅਤੇ ਇਕ ਨੂੰ ਰਾਸ਼ਟਰੀ ਪੁਰਸਕਾਰ ਮਿਲ ਚੁੱਕਾ ਹੈ।
ਸਮੀਖਿਆ ਅਧੀਨ ਪੁਸਤਕ ਵਿਚ ਨੂਰ ਨੇ ਜਿੱਥੇ ਪੰਜਾਬਣਾਂ ਦੇ ਪ੍ਰਮੁੱਖ ਲੋਕ ਨਾਚਾਂ ਗਿੱਧਾ, ਸੰਮੀ, ਕਿੱਕਲੀ, ਲੁੱਡੀ ਦਾ ਜ਼ਿਕਰ ਕੀਤਾ ਹੈ, ਉੱਥੇ ਕੁਝ ਅਲੋਪ ਹੋ ਰਹੇ ਨਾਚਾਂ-ਹੁੱਲੇ ਹੁਲਾਰੇ, ਟਿੱਪਣੀ ਜਾਂ ਡੰਡਾਸ, ਖਲਾ ਜਾਂ ਫੜੂਹਾ, ਜਾਗਰਨਾ, ਘੂਮਰ ਅਤੇ ਧਮਾਲ ਆਦਿ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਇਸ ਪੁਸਤਕ ਦੇ ਕੁੱਲ ਛੇ ਅਧਿਆਏ ਬਣਾਏ ਗਏ ਹਨ। ਮੁੱਖ ਬੰਦ ਵਜੋਂ ਗੁਰਭਜਨ ਗਿੱਲ ਨੇ ਨੂਰ ਨੂੰ 'ਲੋਕਧਾਰਾ ਅਤੇ ਸੱਭਿਆਚਾਰ ਦਾ ਖੋਜੀ' ਐਲਾਨਿਆ ਹੈ। ਲੇਖਕ ਨੇ ਇਸ ਪੁਸਤਕ ਦੀ ਵਿਉਂਤਬੰਦੀ ਬਾਰੇ (ਮੇਰੀ ਮੁਢਲੀ ਗੱਲ) ਭੂਮਿਕਾ ਲਿਖੀ ਹੈ ਅਤੇ ਅੰਤਿਕਾ ਵਜੋਂ ਸਹਾਇਕ ਪੁਸਤਕ ਸੂਚੀ (ਪੰਨੇ 154 ਤੋਂ 160) ਦਾ ਵੇਰਵਾ ਹੈ।
ਪੁਸਤਕ ਦੇ ਪਹਿਲੇ ਅਧਿਆਇ ਵਿਚ ਲੋਕ ਨਾਚ ਦੇ ਸਿਧਾਂਤ ਸਰੂਪ ਅਤੇ ਵਿਲੱਖਣਤਾ ਨੂੰ ਸਪੱਸ਼ਟ ਕੀਤਾ ਗਿਆ ਹੈ (ਪੰਨੇ 13 ਤੋਂ 46); ਦੂਜੇ ਅਧਿਆਇ ਵਿਚ ਪੰਜਾਬਣਾਂ ਦੇ ਲੋਕ ਨਾਚਾਂ ਦੀ ਸੱਭਿਆਚਾਰਕ ਤੇ ਇਤਿਹਾਸਿਕ ਪਿੱਠਭੂਮੀ ਨੂੰ ਰੇਖਾਂਕਿਤ ਕੀਤਾ ਗਿਆ ਹੈ (ਪੰਨੇ 47 ਤੋਂ 61); ਤੀਜਾ ਅਧਿਆਇ ਲੋਕ ਨਾਚ ਗਿੱਧਾ ਦੇ ਸੱਭਿਆਚਾਰਕ ਤੇ ਇਤਿਹਾਸਿਕ ਸਰੂਪ ਤੇ ਪ੍ਰਯੋਜਨ ਬਾਰੇ ਹੈ (ਪੰਨੇ 62 ਤੋਂ 104); ਚੌਥੇ ਅਧਿਆਇ ਵਿਚ ਲੋਕ ਨਾਚ ਸੰਮੀ ਦੇ ਸੱਭਿਆਚਾਰਕ ਇਤਿਹਾਸ, ਮਿਥਿਹਾਸ ਅਤੇ ਪ੍ਰਕਿਰਤੀ ਦਾ ਵੇਰਵਾ ਮਿਲਦਾ ਹੈ (ਪੰਨੇ 105 ਤੋਂ 117); ਪੰਜਵੇਂ ਅਧਿਆਇ ਵਿਚ ਕਿੱਕਲੀ, ਲੁੱਡੀ ਅਤੇ ਹੋਰ ਲੋਕ ਨਾਚਾਂ ਦਾ ਜ਼ਿਕਰ ਹੈ (ਪੰਨੇ 118 ਤੋਂ 132) ਅਤੇ ਅੰਤ ਵਿਚ ਪੰਜਾਬਣਾਂ ਦੇ ਲੋਕ ਨਾਚਾਂ ਦੇ ਬਦਲਦੇ ਰੁਝਾਨਾਂ ਨੂੰ ਵਿਸ਼ਲੇਸ਼ਿਤ ਕੀਤਾ ਗਿਆ ਹੈ (ਪੰਨੇ 133 ਤੋਂ 153)। ਪੁਸਤਕ ਸੂਚੀ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕੁੱਲ 122 (63+10+49) ਪੁਸਤਕਾਂ ਦਾ ਵੇਰਵਾ ਹੈ। ਸਭ ਤੋਂ ਅੰਤ ਵਿਚ ਚਾਰ ਪੰਨਿਆਂ ਉੱਤੇ ਕਿੱਕਲੀ, ਜਾਗੋ, ਲੁੱਡੀ, ਸੰਮੀ ਤੇ ਗਿੱਧਾ ਦੀਆਂ ਕੁੱਲ ਦਸ ਰੰਗੀਨ ਤਸਵੀਰਾਂ ਦੇ ਕੇ ਲੇਖਕ ਨੇ ਪੁਸਤਕ ਨੂੰ ਪੜ੍ਹਨਯੋਗ ਦੇ ਨਾਲ- ਨਾਲ ਵੇਖਣਯੋਗ ਵੀ ਬਣਾ ਦਿੱਤਾ ਹੈ।
ਸਰਵਰਕ 'ਤੇ ਬਲਵਿੰਦਰ ਬਾਲਮ ਦੀ ਉਲੇਖਯੋਗ ਟਿੱਪਣੀ ਹੈ। ਨੂਰ ਦੀ ਇਹ ਕਿਤਾਬ ਸਾਧਾਰਨ ਵਾਰਤਕ ਦੀ ਕਿਤਾਬ ਨਹੀਂ, ਸਗੋਂ ਇਕ ਆਲੋਚਨਾਤਮਿਕ ਤੇ ਖੋਜ ਭਰਪੂਰ ਪੁਸਤਕ ਹੈ। ਹਰ ਅਧਿਆਇ ਦੇ ਅੰਤ ਵਿਚ ਹਵਾਲੇ ਤੇ ਟਿੱਪਣੀਆਂ ਦੇ ਕੇ ਲੇਖਕ ਨੇ ਆਪਣੇ ਮੱਤ ਦੀ ਪੁਸ਼ਟੀ ਲਈ ਭਰਪੂਰ ਸੰਦਰਭ ਕਿਤਾਬਾਂ ਦੀ ਵਰਤੋਂ ਕੀਤੀ ਹੈ। ਫਗਵਾੜੇ ਰਹਿੰਦਾ ਇਹ ਖੋਜੀ ਵਿਦਵਾਨ ਲੋਕ ਸੱਭਿਆਚਾਰ ਦੇ ਸ਼ਗੂਫ਼ਿਆਂ ਦਾ ਖ਼ਜ਼ਾਨਾ ਹੈ। ਮੈਂ ਉਸ ਦੀ ਇਸ ਪੁਸਤਕ ਦਾ ਭਰਪੂਰ ਸਵਾਗਤ ਕਰਦਾ ਹਾਂ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015
c c c


ਕਸ਼ਮਕਸ਼

ਲੇਖਿਕਾ : ਸੁਰਜੀਤ ਕੌਰ ਕਲਪਨਾ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 126
ਸੰਪਰਕ : 98732-37223.


ਬਰਮਿੰਘਮ (ਯੂ.ਕੇ.) ਵਾਸੀ ਲੇਖਿਕਾ ਦੀ 16 ਰੌਚਿਕ ਕਹਾਣੀਆਂ ਦੀ ਇਹ ਪੁਸਤਕ 1992 ਵਿਚ ਛਪੇ ਉਸ ਦੇ ਕਹਾਣੀ ਸੰਗ੍ਰਹਿ ਦਾ ਦੂਸਰਾ ਸੋਧਿਆ ਸੰਸਕਰਨ ਹੈ। ਕੁਝ ਨਵੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ. ਮਹਿੰਦਰ ਸਿੰਘ ਡਡਵਾਲ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੇ ਪੁਸਤਕ ਦੇ ਪਿਛਲੇ ਸੰਸਕਰਨ ਵਾਲੇ ਸਾਰਥਕ ਵਿਚਾਰ ਹਨ। ਕੁਝ ਸਾਹਿਤਕ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ । ਅਦਬੀ ਸ਼ਖ਼ਸੀਅਤ ਹਰਮੀਤ ਅਟਵਾਲ ਨੇ ਕਹਾਣੀਆਂ ਬਾਰੇ ਬਲਦੇਵ ਸਿੰਘ ਧਾਲੀਵਾਲ ਤੇ ਹੋਰ ਵਿਦਵਾਨਾਂ ਦੇ ਹਵਾਲੇ ਨਾਲ ਪੁਸਤਕ ਦੀਆਂ ਕਹਾਣੀਆਂ ਦੀ ਅੰਦਰੂਨੀ ਤਹਿ ਤੱਕ ਜਾ ਕੇ ਲੇਖਿਕਾ ਨੂੰ ਕਮਾਲ ਦੀ ਕਹਾਣੀਕਾਰ ਤਸੱਵਰ ਕੀਤਾ ਹੈ। ਕਹਾਣੀਆਂ ਵਿਚ ਮਨੁੱਖੀ ਮਨੋਵਿਗਿਆਨ ਹੈ। ਪ੍ਰਦੇਸਾਂ ਵਿਚ ਜੀਵਨ ਜੀਅ ਰਹੇ ਪੰਜਾਬੀਆਂ ਦੀ ਜ਼ਿੰਦਗੀ ਦੇ ਕਈ ਅਨੁਭਵ ਕਹਾਣੀਆਂ ਵਿਚ ਹਨ। ਕਹਾਣੀਆਂ ਦੇ ਕਈ ਪਾਤਰ ਪੱਛਮੀ ਜ਼ਿੰਦਗੀ ਜਿਊਂਦੇ ਹਨ। ਵਿਰਾਸਤੀ ਪੰਜਾਬੀ ਸੱਭਿਆਚਾਰ, ਭਾਸ਼ਾ ਤੇ ਰਹਿਣ-ਸਹਿਣ, ਕਾਹਲ ਦੀ ਜ਼ਿੰਦਗੀ, ਤਿੜਕਦੇ ਰਿਸ਼ਤੇ, ਇਕੱਲਤਾ ਦਾ ਜੀਵਨ, ਮਾਤ ਭੂਮੀ ਦਾ ਹੇਰਵਾ, ਮਾਂ ਬੋਲੀ ਪੰਜਾਬੀ ਨਾਲ ਪਿਆਰ, ਗੋਰਿਆਂ ਦੇ ਜੀਵਨ ਦੀ ਖੁੱਲ੍ਹ ਵੇਖਣ ਮਾਣਨ ਦਾ ਓਪਰਾ ਜਿਹਾ ਅਹਿਸਾਸ ਪੁਸਤਕ ਦੀਆਂ ਕਹਾਣੀਆਂ ਵਿਚ ਹੈ। ਪਹਿਲੀ ਕਹਾਣੀ ਵਿਚ ਮਤਰੇਆ ਬਾਪ ਆਪਣੇ ਬੱਚੇ 'ਤੇ ਤਸ਼ੱਦਦ ਕਰਦਾ ਹੈ। ਮਾਂ ਦਾ ਦਿਲ ਤੜਪਦਾ ਹੈ। ਸੌਂਕਣਾਂ ਦਾ ਵਿਹਾਰ ਭੈਣਾਂ ਵਰਗਾ ਹੈ। ਇਕ ਔਰਤ ਦੂਸਰੀ ਨੂੰ ਕਹਿੰਦੀ ਹੈ-ਤੂੰ ਪ੍ਰੇਮ ਦਾ ਸਾਗਰ ਹੈਂ। ਮਾਂ ਮਿੱਠੇ ਬੋਲਾਂ ਨਾਲ ਬੱਚੇ ਨੂੰ ਪਿਆਰ ਕਰਦੀ ਹੈ। ਇੱਕੋ ਖੂਨ ਦੀ ਪਾਤਰ ਦਾ ਪੁੱਤਰ ਤੇ ਪਤੀ ਘਰੋਂ ਬਾਹਰ ਹਨ। ਲੋਕਾਂ ਦੇ ਸਹਿਯੋਗ ਨਾਲ ਉਹ ਧੀ ਦਾ ਵਿਆਹ ਕਰਦੀ ਹੈ। ਇਕੱਲੀ ਰਹਿੰਦੀ ਹੈ। ਇਕੱਲਤਾ ਅੱਗੇ ਜ਼ਿੰਦਗੀ ਹਾਰ ਜਾਂਦੀ ਹੈ। ਅਖੀਰ ਧੀ ਜਵਾਈ ਹੀ ਸਸਕਾਰ ਕਰਦੇ ਹਨ। ਕਹਾਣੀ ਵਿਚ ਆਪਣਿਆਂ ਦਾ ਖੂਨ ਚਿੱਟਾ ਹੁੰਦਾ ਹੈ। ਕਹਾਣੀ ਬੋਹੜ ਦੀ ਛਾਂ ਦਾ ਪਾਤਰ ਮਹਿਮਾ ਸਿੰਘ ਆਪਣੇ ਪੁੱਤਰ ਲੱਖੀ ਨੂੰ ਪੰਜਾਬੀ ਨਾਲ ਜੋੜਦਾ ਹੈ। ਪੰਜਾਬ ਵਿਖਾਉਂਦਾ ਹੈ। ਬੋਹੜ ਦੀਆਂ ਛਾਵਾਂ ਹੇਠ ਬੈਠਦਾ ਹੈ। ਆਪਣਾ ਡਿੱਗਾ ਢੱਠਾ ਘਰ ਵਿਖਾਉਂਦਾ ਹੈ। ਕਸ਼ਮਕਸ਼ ਦਾ ਸਾਧੂ ਸਿੰਘ ਪਤਨੀ ਦੀ ਮੌਤ ਪਿੱਛੋਂ ਇਕੱਲਤਾ ਵਿਚ ਰਹਿੰਦਾ ਹੈ ਪਰ ਬੈਚੈਨ ਹੈ। ਇਕ ਦਿਨ ਹੁਸੀਨ ਔਰਤ ਵੱਲ ਖਿੱਚਿਆ ਜਾਂਦਾ ਹੈ। ਨਾਮੀ ਵਿਚਾਰੀ ਵਿਧਵਾ ਤੀਵੀਂ ਹੈ। ਅਮਲੀ ਨਾਲ ਜਾਂਦੀ ਹੈ। ਪਰ ਉਹ ਨਸ਼ੇ ਪਿੱਛੇ ਅੱਗੇ ਉਸ ਨੂੰ ਵੇਚ ਦਿੰਦਾ ਹੈ। ਕਹਾਣੀ ਪੜ੍ਹ ਕੇ ਰੂਹ ਕੰਬ ਜਾਂਦੀ ਹੈ । ਉਹ ਦਲੀਪ ਕੌਰ ਟਿਵਾਣਾ ਦੇ ਨਾਵਲ (ਏਹੁ ਹਮਾਰਾ ਜੀਵਨਾ) ਦੀ ਪਾਤਰ ਭਾਨੋ ਜਾਪਦੀ ਹੈ। ਅਪਰਾਧੀ, ਹੁਕਮ, ਕਾਲੇ, ਰਾਜ, ਰੇਤ ਦਾ ਘਰ ਦਿਲਚਸਪ ਕਥਾ ਰਸ ਭਰਪੂਰ ਕਹਾਣੀਆਂ ਹਨ। ਪੁਸਤਕ ਦਾ ਸਵਾਗਤ ਹੈ।


ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਤੜਫ਼ ਤੜਫ਼ ਕੇ ਜੀਣਾ

ਲੇਖਕ : ਹਰਦੇਵ ਸਿੰਘ ਲੱਖਣ ਕਲਾਂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94175-42032.


'ਤੜਫ਼ ਤੜਫ਼ ਕੇ ਜੀਣਾ' ਕਾਵਿ-ਸੰਗ੍ਰਹਿ ਹਰਦੇਵ ਸਿੰਘ ਲੱਖਣ ਕਲਾਂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਅਤੇ ਪਿਤਾ ਮਰਹੂਮ ਸ੍ਰੀ ਹਰੀ ਸਿੰਘ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਕੋਈ ਵੀ ਰੁੱਖ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਤੋਂ ਬਿਨਾਂ ਟਿਕਿਆ ਨਹੀਂ ਰਹਿ ਸਕਦਾ। ਇਸ ਕਾਵਿ-ਸੰਗ੍ਰਹਿ ਦੀਆਂ ਕੁਝ ਕਵਿਤਾਵਾਂ 'ਸਿਰਜਣਾ ਦੇ ਰੂ-ਬਰੂ', 'ਸ਼ਬਦਾਂ ਦੇ ਵਾਰਿਸ' ਅਤੇ 'ਸਿਰਜਣਾ ਦਾ ਸਫ਼ਰ' ਸਾਂਝੇ ਕਾਵਿ-ਸੰਗ੍ਰਹਿਆਂ ਵਿਚਲੀਆਂ 'ਬੇਲੋੜਾ ਜੀਣਾ' ਤੋਂ ਲੈ ਕੇ 'ਇਸ਼ਕ ਨਹੀਂ ਕੀਤਾ' ਤੱਕ ਦੀਆਂ ਕਵਿਤਾਵਾਂ 'ਚ ਨਜ਼ਮ, ਗੀਤ, ਗ਼ਜ਼ਲ ਅਤੇ ਰੁਬਾਈ ਦੇ ਰੰਗ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ 'ਜੋ ਕਵਿਤਾਵਾਂ ਪੂਰੀਆਂ ਨਾ ਹੋ ਸਕੀਆਂ' ਅਨੁਵਾਨ ਹੇਠ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦੇ ਸਮੇਂ ਪਾਠਕ ਮਹਿਸੂਸ ਕਰਦਾ ਹੈ ਕਿ ਇਸ ਧਰਤੀ, ਕੁਦਰਤ ਅਤੇ ਸਮੁੱਚੀ ਕਾਇਨਾਤ 'ਚ ਮਨੁੱਖ ਦੀ ਕੀ ਹੈਸੀਅਤ ਹੈ ਅਤੇ ਇਸ ਸਾਰੇ ਪਾਸਾਰੇ 'ਚ ਉਸ ਦੀ ਕੀ ਜ਼ਿੰਮੇਵਾਰੀ ਬਣ ਸਕਦੀ ਹੈ, ਕਿਉਂਕਿ ਲੇਖਕ ਦੀ ਸੋਚ ਵਿਚ ਅਧਿਆਤਮਿਕਤਾ ਅਤੇ ਪਦਾਰਥਕਤਾ ਦਾ ਸਮਾਵੇਸ਼ ਹੈ। ਉਸ ਅਨੁਸਾਰ ਇਹ ਸੋਚਾਂ ਦਰਅਸਲ ਮਨੁੱਖੀ ਵਿਕਾਸ ਦੀਆਂ ਲੋੜਾਂ ਅਨੁਸਾਰ ਇਕ-ਦੂਜੇ ਦੀਆਂ ਪੂਰਕ ਹਨ ਨਾ ਕਿ ਵਿਰੋਧੀ। ਇਸੇ ਲਈ ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਦੇ ਸਰੋਤ ਵੀ ਕੁਦਰਤੀ ਅਤੇ ਸੁਭਾਵਿਕ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ਿਆਂ 'ਚ ਇਨਕਲਾਬੀ ਸੁਰ ਦੇ ਗੁਣ ਵੀ ਹਨ ਅਤੇ ਮੁਹੱਬਤੀ ਪਲਾਂ ਦੀ ਦਾਸਤਾਨ ਵੀ। ਵਿਸ਼ਿਆਂ ਦੀ ਪੇਸ਼ਕਾਰੀ ਕਰਦਿਆਂ ਜਿਥੇ ਸਰਲਤਾ ਸਪੱਸ਼ਟਤਾ ਵਾਲੇ ਕਾਵਿ-ਬਿੰਬਾਂ ਦੀ ਸਿਰਜਣਾ ਕੀਤੀ ਹੈ, ਉਥੇ ਸੁਭਾਵਿਕਤਾ ਦੀ ਪ੍ਰਵਿਰਤੀ ਵੀ ਵਿਦਮਾਨ ਹੈ। ਇਸ ਪ੍ਰਸੰਗ ਵਿਚ 'ਇਸ਼ਕ ਨਹੀਂ ਕੀਤਾ' ਕਵਿਤਾ ਦੀਆਂ ਸਤਰਾਂ ਵਰਤਮਾਨ ਸਥਿਤੀ ਦੀ ਮਜਬੂਰੀ ਦਾ ਬਿਆਨ ਕਰਦੀਆਂ ਜਾਪਦੀਆਂ ਹਨ : 'ਅਸੀਂ ਜਿਨ੍ਹਾਂ/ਇਸ਼ਕ ਨਹੀਂ ਕੀਤਾ/ਅਸੀਂ ਜਿਨ੍ਹਾਂ/ਇਸ਼ਕ ਬਦਲੇ ਜੰਗ ਨਹੀਂ ਕੀਤਾ/ਡਰਦੇ ਰਹੇ/ਸਾਲਾਨਾ ਗੁਪਤ ਰਿਪੋਰਟਾਂ ਬਦਲੇ/ਸੁੰਗੜਿਆ ਰਿਹਾ ਸਾਡੇ/ਖ਼ਿਆਲਾਂ ਦਾ ਸਮੁੰਦਰ।
ਸਰਵਰਕ 'ਤੇ ਬਣੇ ਗ਼ਮਗੀਨ ਅਤੇ ਹੰਝੂ ਵਹਾਉਂਦੇ ਚਿਹਰੇ ਮੱਥੇ 'ਚ ਸੋਚਾਂ ਦੀਆਂ ਲਕੀਰਾਂ ਝਰੀਟਦੇ ਨਜ਼ਰੀਂ ਪੈਂਦੇ ਹਨ। ਉਮੀਦ ਕਰਦਾ ਹਾਂ ਕਿ ਪਾਠਕਾਂ ਦੇ ਮੱਥਿਆਂ 'ਚ ਵੀ ਅਜਿਹੀਆਂ ਸੋਚਾਂ ਦੀ ਲਕੀਰਾਂ ਉਕਰਨਗੀਆਂ। ਆਮੀਨ!


ਸੰਧੂ ਵਰਿਆਣਵੀ
ਮੋ: 98786-14096


ਬੋਲ ਕਿਸਾਨੀ ਦੇ

ਕਵੀ : ਰਘਬੀਰ ਸਿੰਘ ਗਿੱਲਕੱਟੂ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 144 ਰੁਪਏ, ਸਫ਼ੇ : 170
ਸੰਪਰਕ : 94647-68421.


ਇਕ ਸਾਲ ਤੋਂ ਵੱਧ ਸ਼ਾਂਤਮਈ ਚੱਲੇ ਕਿਸਾਨ ਅੰਦੋਲਨ ਨੇ ਇਕ ਵੱਖਰਾ ਇਤਿਹਾਸ ਰਚਕੇ ਹਰ ਪੱਖੋਂ ਇਕ ਡੂੰਘਾ ਪ੍ਰਭਾਵ ਪਾਇਆ ਹੈ। ਚਲਦੇ ਅੰਦੋਲਨ ਸਮੇਂਵੱਖ-ਵੱਖ ਲੇਖਕਾਂ ਨੇ ਵੀ ਅੰਦੋਲਨ ਦੇ ਹਰ ਪੱਖ 'ਤੇ ਝਾਤ ਪਵਾਉਣ ਲਈ ਲਿਖਤਾਂ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਹਨ। ਰਘਬੀਰ ਸਿੰਘ ਗਿੱਲਕੱਟੂ ਨੇ ਵੀ 'ਬੋਲ ਕਿਸਾਨੀ ਦੇ' ਪੁਸਤਕ ਵਿਚ ਕਿਸਾਨ ਅੰਦੋਲਨ ਦੇ ਹਰ ਘਟਨਾਕ੍ਰਮ ਨੂੰ ਬੋਲੀਆਂ/ਗੀਤ ਦੇ ਰੂਪ ਵਿਚ ਪੇਸ਼ ਕਰਕੇ ਇਸ ਅੰਦੋਲਨ ਨੂੰ ਲੋਕਾਂ ਦੀ ਜ਼ਬਾਨ(ਜਨ ਅੰਦੋਲਨ ਬਣਾਉਣ) ਲਈ ਕਾਫੀ ਹੱਦ ਸਫਲ ਉਪਰਾਲਾ ਕੀਤਾ ਹੈ।
ਇਸ ਕਾਵਿ-ਸੰਗ੍ਰਹਿ ਵਿਚ ਪੰਜ ਦਰਜਨਾਂ ਤੋਂ ਵੱਧ ਰਚਨਾਵਾਂ (ਲੋਕ ਬੋਲੀਆਂ ਤੇ ਗੀਤ) ਹਨ। ਅੰਦੋਲਨ ਦੀ ਰੂਪ-ਰੇਖਾ,ਦੁਸ਼ਵਾਰੀਆਂ/ਤੰਗੀਆਂ ਤੁਰਸ਼ੀਆਂਝੱਲਦੇ ਅੰਦੋਲਨਕਾਰੀਆਂ ਦੀ ਸਿਦਕਦਿਲੀ, ਜੋਸ਼ ਤੇ ਹੋਸ਼, ਤਰਕ/ਦਲੀਲਨਾਲ ਆਪਣਾ ਪੱਖ ਰੱਖਣਾ, ਜਝਾਰੂ ਬਿਰਤੀ, ਸਬਰ-ਸੰਤੋਖ, ਵੰਡ ਛਕਣ ਦੀ ਰੀਤ (ਲੰਗਰ), ਜ਼ਮੀਨ ਨਹੀਂਪਰ ਜਾਗਦੀਆਂ ਜਮੀਰਾਂ ਵਾਲੇ ਅਣਖੀ ਲੋਕ, ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ, ਬੁਲੰਦ ਹੌਸਲੇ ਤੇ ਵੱਖ-ਵੱਖ ਸੂਬਿਆਂ ਦੇ ਬਣੀ ਭਾਈਚਾਰਕ ਸਾਂਝ (ਸਾਂਝੀ ਸੱਥ) ਨੂੰ ਸਿਜਦਾ ਕੀਤਾ ਗਿਆ ਹੈ।
'ਮਹਾਂਪੰਚਾਇਤਾਂ ਤੇ ਖਾਪ ਨੇ
ਮਿਲ ਕੇ ਹੱਥ ਮਿਲਾਏ।
ਆਪਸ ਦੇ ਵਿਚ ਪਾਈਆਂ ਜੱਫੀਆਂ,
ਸਾਰੇ ਰੋਸ ਭੁਲਾਏ।
ਸ਼ਾਂਤਮਈ ਕਰਨਾ ਅੰਦੋਲਨ,
ਸਭ ਨੇ ਮਨ ਬਣਾਏ।'
ਲੋਟੂਆਂ ਦੀ ਲੋਟੂ ਬਿਰਤੀ ਤਨਜ਼ ਕਸਦਿਆਂ ਇੰਜ ਬੰਬੀਹਾ ਬੋਲਾਇਆ ਗਿਆ ਹੈ :
'ਪਾਣੀਆਂ 'ਤੇ ਵੀ ਕਬਜ਼ਾ ਕਰਿਆ,
ਕਾਮਾ ਹੋਣ ਬੈਠਾ ਹੈ ਡਰਿਆ।
ਚੂਹੇ ਵਾਂਗੂੰ ਕੁਤਰੀ ਜਾਂਦੇ,
ਖ਼ਤਰਾ ਹਾਲੇ ਨਹੀਂ ਟਲਿਆ।
ਨੀਤੀ ਇਨ੍ਹਾਂ ਦੀ ਹੈ ਮਾਰਨ ਵਾਲੀ,
ਤੁਸੀਂ ਭਾਲਦੇ ਦੋਲੇ---ਨੀਂ ਬੰਬੀਹਾ ਬੋਲੇ।'
ਪੰਜਆਬ ਦੀ ਪਾਣੀ ਤੋਂ ਸੱਖਣੀ ਹੋ ਰਹੀ ਧਰਤੀ ਦੀ ਤ੍ਰਾਸਦੀ ਉਤੇ ਹਾਅ ਦੇ ਨਾਅਰੇ ਦਾ ਨਮੂਨਾ ਵੀ ਵੇਖੋ:
'ਮਾੜੇ ਦਿਨ ਆਉਣ ਵਾਲੇ ਨੇ,
ਮੇਰੀ ਗੱਲ ਦਾ ਝੂਠ ਨਾ ਜਾਣੀ।
ਸੋਲਾਂ ਆਨੇ ਸੱਚ ਬੋਲਦਾਂ,
ਜਾਵੇ ਮੁੱਕਦਾ ਧਰਤ 'ਚੋਂ ਪਾਣੀ।'
'ਹੁਣ ਜਾਗੋ ਆਈਐ' ਦਾ ਹੋਕਾ ਦਿੰਦਾ ਰਘਬੀਰ ਸਿੰਘ ਗਿੱਲਕੱਟੂ ਦਾ ਕਾਵਿ-ਸੰਗ੍ਰਹਿ 'ਬੋਲ ਕਿਸਾਨੀ ਦੇ' ਪੰਜਾਬੀ ਸਾਹਿਤ ਜਗਤ ਵਿਚ ਆਉਣ ਦਾ ਸਵਾਗਤ ਹੈ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਬੇਗਾਨੀਆਂ ਜੂਹਾਂ

ਲੇਖਕ : ਡਾ. ਸਰਬਜਿੰਦਰ ਸਿੰਘ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ੇ : 144


'ਬੇਗਾਨੀਆਂ ਜੂਹਾਂ' ਪੁਸਤਕ ਵਿਚ ਸਾਬਕਾ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੇ ਕਥਨ ਦੋ ਸ਼ਬਦ ਮੁੱਲਵਾਨ ਹਨ : 'ਇਹ ਪੁਸਤਕ ਮਨੁੱਖਤਾ ਵਿਰੋਧੀ ਸਿਆਸਤ ਦੀਆਂ ਮਹੀਨ ਪਰਤਾਂ ਨੂੰ ਬੇਪਰਤ ਕਰਕੇ ਇਨਸਾਨੀਅਤ ਤੇ ਉੱਚੇ ਮਿਆਰਾਂ ਦਾ ਬਿੰਬ ਸਥਾਪਤ ਕਰਦੀ ਹੈ।' 1947 ਦੀ ਵੰਡ ਦਾ ਦੁਖਾਂਤ ਤੇ ਕਹਿਰ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਹਿਜਰਤ ਬਾਰੇ ਜਿੰਨਾ ਲਿਖਿਆ ਜਾਵੇ ਥੋੜ੍ਹਾ ਹੈ।
ਸਮੇਂ-ਸਮੇਂ ਲੇਖਕਾਂ ਨੇ ਇਸ ਤ੍ਰਾਸਦੀ ਨੂੰ ਆਪਣੀਆਂ ਲਿਖਤਾਂ ਰਾਹੀਂ ਉਜਾਗਰ ਕੀਤਾ ਹੈ। ਪੰਜਾਬ ਦੇ ਉਹ ਵਲੂੰਧਰਿਆ ਹੋਇਆ ਖ਼ੂਨੀ ਇਤਿਹਾਸ ਬਹੁਤ ਹੀ ਕਰੁਣਾਮਈ ਹੈ, ਜਿਸ ਨੂੰ ਇਸ ਪੁਸਤਕਾਂ 'ਚੋਂ ਪੜ੍ਹਿਆ ਜਾ ਸਕਦਾ ਹੈ। ਲਹਿੰਦੇ ਪੰਜਾਬ ਦੇ ਇਲਾਕੇ ਕੈਮਲਪੁਰ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਜਿੱਥੋਂ ਦੇ ਸਿੱਖ ਪਾਤਰ ਪ੍ਰੀਤਮ (ਫ਼ੌਜੀ ਅਫਸਰ) ਨੂੰ ਜ਼ਖ਼ਮੀ ਰੂਪ ਵਿਚ ਮੁਸਲਮਾਨ ਭਰਾ ਫਤਹਿ ਖਾਂ ਤੇ ਖ਼ੁਸ਼ੀ ਰਾਮ ਚੜ੍ਹਦੇ ਪੰਜਾਬ ਸਹੀ ਹਾਲਤ ਵਿਚ ਅੰਮ੍ਰਿਤਸਰ ਪਹੁੰਚਾਉਣ ਲਈ ਕਿੰਜ ਜੂਝਦੇ ਹਨ, ਉਹ ਮਾਰਮਿਕ ਦ੍ਰਿਸ਼ ਪਾਠਕ ਨੂੰ ਝੰਜੋੜ ਦਿੰਦੇ ਹਨ। ਉਸ ਸਮੇਂ ਦੀ ਕਤਲੋਗਾਰਤ ਹਨੇਰੀ ਵਿਚ ਦੇਵਤਾ-ਪੁਰਖ ਇਨਸਾਨ ਕਿੰਜ ਸਹਾਈ ਹੁੰਦੇ ਹਨ ਇਹ ਕ੍ਰਿਸ਼ਮਾ ਵਾਪਰਨ ਵਾਲੀ ਗੱਲ ਹੈ। ਉਧਰੋਂ ਹਿਜਰਤ ਕਰਨ ਵਾਲੇ ਹਿੰਦੂ-ਸਿੱਖਾਂ ਨਾਲ ਕੀ-ਕੀ ਵਾਪਰਿਆ, ਅਤੀ ਮਨ ਨੂੰ ਸੁੰਨ ਕਰਨ ਵਾਲਾ ਅਤੇ ਅੱਥਰੂਆਂ ਦੇ ਦਰਿਆ ਵਗਣ ਵਾਲੀ ਗੱਲ ਹੈ। ਲੇਖਕ ਲਿਖਦਾ ਹੈ : ਲਗਦਾ ਸੀ ਧਰਮ ਸੱਚਮੁੱਚ ਹੀ ਖੰਭ ਲਾ ਕੇ ਉਡ ਗਿਆ ਸੀ, ਮਾਨਵਤਾ ਦਾ ਨਾਮੋ ਨਿਸ਼ਾਨ ਈ ਮਿਟ ਚੁੱਕਾ ਸੀ ਤੇ ਰੱਬ ਵੀ ਦੂਰ ਕਿਤੇ ਆਪਣੀ ਦਰਗਾਹ ਵਿਚ ਹੀ ਮਰ-ਮਰਾ ਗਿਆ ਸੀ। ਲਹਿੰਦੇ ਪੰਜਾਬ ਤੋਂ ਰੇਲ ਗੱਡੀ 'ਚ ਉੱਜੜ ਗਏ ਲੋਕਾਂ ਦੇ ਹਿਜਰਤ ਕਰਨ ਦੇ ਦ੍ਰਿਸ਼ ਲੇਖਕ ਨੇ ਬਹੁਤ ਭਾਵੁਕ-ਸ਼ੈਲੀ ਨਾਲ ਵਰਨਣ ਕੀਤੇ ਹਨ। ਅੱਥਰੂ ਸਨ, ਚੀਕਾਂ ਸਨ, ਭੁੱਬਾਂ ਸਨ, ਆਹਾਂ ਸਨ, ਤੇ ਇਨ੍ਹਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ ਬਚਿਆ, ਸਭ ਖ਼ਤਮ। ਪ੍ਰੀਤਮ ਜਦੋਂ ਆਪਣੇ ਹਮਜੋਲੀ ਮੋਹਣੇ, ਚਿਰਾਗੇ ਤੇ ਧਰਾਬੀ ਤੋਂ ਵਿਦਾ ਹੁੰਦਾ ਹੈ, ਉਹ ਸਮਾਂ ਅੰਬਰ ਦੀ ਹਿੱਕ ਪਾੜਨ ਵਾਲਾ ਸੀ। ਇਸ ਪੁਸਤਕ 'ਚੋਂ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਕੁਝ ਵਿਸ਼ੇਸ਼ ਇਲਾਕਿਆਂ ਦਾ ਉਦੋਂ ਦਾ ਜਨ-ਜੀਵਨ, ਖੇਤੀਬਾੜੀ, ਰਸਮ-ਰਿਵਾਜ, ਮਿੱਟੀ ਦੀ ਮਹਿਕ ਤੇ ਹੋਰ ਬਹੁਤ ਕੁਝ ਜਾਣ ਸਕਦੇ ਹੋ।
ਵਿਸ਼ੇਸ਼ ਤੌਰ 'ਤੇ ਕੱਲਰ ਕਹਾਰ ਬਾਰੇ। ਸਰਦਾਰਾਂ ਦੀ ਧਾਕ ਅਤੇ ਉਨ੍ਹਾਂ ਦਾ ਅਮੀਰ ਤੇ ਦਲੇਰ ਸੱਭਿਆਚਾਰ ਬਾਰੇ ਭਰਪੂਰ ਜਾਣਕਾਰੀ ਪਾਠਕ ਦੇ ਗਿਆਨ ਵਿਚ ਵਾਧਾ ਕਰਦੀ ਹੈ। ਪੁਸਤਕ ਦੇ ਵਿਸ਼ੇ ਨਾਲ ਸੰਬੰਧਿਤ ਤਸਵੀਰਾਂ ਦੀ ਪੇਸ਼ਕਾਰੀ ਬਹੁਤ ਯੋਜਨਾਬੱਧ ਢੰਗ ਨਾਲ ਅੰਕਿਤ ਕੀਤੀ ਗਈ ਹੈ। ਇਸ ਪੁਸਤਕ ਵਿਚ ਹੋਰ ਵੀ ਰੌਚਿਕ ਕਹਾਣੀ ਕੱਲਰ ਕਹਾਰ ਦੇ ਠੇਕੇਦਾਰ ਬੂਟਾ ਸਿਹੁੰ ਦੇ ਪਰਿਵਾਰ ਨਾਲ ਸੰਬੰਧਿਤ ਹੈ। ਵੰਡਨਾਮੇ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰ ਖੇਰੂੰ-ਖੇਰੂੰ ਕਰ ਦਿੱਤੇ। ਲੱਖਾਂ ਤੋਂ ਕੱਖਾਂ ਵਰਗੇ ਕਰ ਦਿੱਤੇ। ਇਕ ਹੋਰ ਰੁਮਾਂਟਿਕ ਕਹਾਣੀ ਵੀ ਇਸ ਲਿਖਤ ਨੂੰ ਮਾਨਵੀ ਸੰਵੇਦਨਾ ਦਾ ਰੂਪ ਦਿੰਦੀ ਹੈ ਜਦੋਂ ਗੁਪਾਲ ਸਿਹੁੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਨਿਸ਼ਾਨ ਅਤੇ ਬਾਨੋ ਦੀ ਪ੍ਰੀਤ ਕਹਾਣੀ ਨੂੰ ਨਵਾਂ ਮੋੜ ਦੇਂਦਾ ਹੈ। ਕੁਦਰਤ ਬਲਵਾਨ ਹੈ। ਮੁਹੱਬਤ ਤੋਂ ਉੱਪਰ ਹੋਰ ਕੋਈ ਰਿਸ਼ਤਾ ਨਹੀਂ। ਸੋ ਸਾਰੀ ਲਿਖਤ ਨੂੰ ਪੜ੍ਹਨਾ ਪਾਠਕ ਲਈ ਇਕ ਸੰਵੇਦਨਾ 'ਚੋਂ ਗੁਜ਼ਰਨ ਵਾਂਗ ਹੈ।


ਮਨਮੋਹਨ ਸਿੰਘ ਦਾਊਂ
ਮੋ. 98151-23900
c c c


ਅੱਜ ਦੀ ਵੱਡੀ ਖ਼ਬਰ

ਲੇਖਕ : ਡਾ. ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 0172-5027427.


ਡਾ. ਕਰਨੈਲ ਸਿੰਘ ਸੋਮਲ ਦਾ ਪੰਜਾਬੀ ਸਾਹਿਤ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੂੰ ਪ੍ਰਸਿੱਧ ਪੁਰਸਕਾਰ/ਐਵਾਰਡ ਵੀ ਮਿਲੇ ਹਨ। ਹਰੀਸ਼ ਜੈਨ ਹੋਰਾਂ ਨੇ ਉਨ੍ਹਾਂ ਬਾਰੇ ਕਿਹਾ ਹੈ ਡਾ. ਸੋਮਲ ਦੀਆਂ ਸਾਰੀਆਂ ਲਿਖਤਾਂ ਚੰਗੇਰੇ ਜੀਵਨ, ਅੱਗੇ ਵਧਣ ਦਾ ਚਾਉ ਅਤੇ ਚੰਗਾ ਮਨੁੱਖ ਬਣਨ ਲਈ ਪ੍ਰੇਰਨਾ ਦਿੰਦੀਆਂ ਹਨ। 'ਸਟੀਲ ਜੰਗਮੈਨ' ਇਕ ਅਖ਼ਬਾਰ ਵੇਚਣ ਵਾਲੇ ਲੜਕੇ ਦੀ ਕਹਾਣੀ ਜਿਸ ਨੂੰ ਉਸ ਦੀ ਹੀਣਭਾਵਨਾ ਨੂੰ ਲੁਕਾਉਣ ਲਈ ਉਸ ਨੂੰ 'ਸਟੀਲ ਜੰਗਮੈਨ' ਬਣਾ ਦਿੱਤਾ ਜਾਂਦਾ ਹੈ। 'ਅੱਜ ਦੀ ਵੱਡੀ ਖ਼ਬਰ' ਵਿਚ ਰਾਤ ਨੂੰ ਪਏ ਭਾਰੀ ਮੀਂਹ 'ਚ ਤਾਜ਼ੀ ਸੂਈ ਕੁੱਤੀ ਦੇ ਕਤੂਰਿਆਂ ਦੀ ਦੁਰਦਸਾ ਬਿਆਨ ਕੀਤੀ ਹੈ। 'ਬਿਰਖ ਅਨੋਖਾ', 'ਪੱਤੇ ਅਦਭੁੱਤ' ਵਿਚ ਕਾਲਪਨਿਕ ਬਿਰਖ ਦੀ ਕਹਾਣੀ ਹੈ। 'ਕਿੰਨੀਆਂ ਦਾਤਾਂ ਵਿਚ ਪੋਤੀ ਨੂੰ ਦਾਤਾਂ ਦੀ ਬਖਸ਼ਿਸ਼ ਬਾਰੇ ਦੱਸਣਾ। 'ਕਾਇਆ ਕਲਪ' ਵਿਚ ਗਰਮੀ ਰੁੱਤੇ ਮੀਂਹ ਤੋਂ ਬਾਅਦ ਧਰਤੀ 'ਤੇ ਆਏ ਪਰਿਵਰਤਨ ਦਾ ਜ਼ਿਕਰ ਬੜੇ ਸੁਚੱਜੇ ਢੰਗ ਨਾਲ ਬੱਚਿਆਂ ਦੀ ਜੀਵਨਸ਼ੈਲੀ ਨਾਲ ਦਿਲਚਸਪ ਤਰੀਕੇ ਨਾਲ ਪੇਸ਼ ਕਰਨਾ ਚੰਗਾ ਲੱਗਾ ਹੈ। ਡਾ. ਸੋਮਲ ਦੀ ਇਹ 128 ਪੰਨਿਆਂ ਦੀ ਪੁਸਤਕ ਬੜੇ ਕੀਮਤੀ ਮੋਤੀਆਂ ਦਾ ਖਜ਼ਾਨਾ ਲਗਦੀ ਹੈ। ਹਰ ਕਹਾਣੀ 'ਚ ਕੋਈ ਨਾ ਕੋਈ ਸਿੱਖਿਅਕ ਗੱਲ ਛੁਪੀ ਹੋਈ ਹੈ, ਜੋ ਬਾਲ ਮਨਾਂ 'ਤੇ ਡੂੰਘੀ ਛਾਪ ਛੱਡੇਗੀ। ਇਸ ਪੁਸਤਕ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਘੱਟ ਹੈ। ਇਸ ਵਿਚਲੀਆਂ 46 ਰਚਨਾਵਾਂ ਬੜੀ ਸੁਆਦਲੀਆਂ ਲਗਦੀਆਂ ਹਨ।


ਡੀ.ਆਰ. ਬੰਦਨਾ
ਮੋ: 94173-89003
c c c


ਧੁੱਪ ਦੀ ਕਾਤਰ
ਕਵਿੱਤਰੀ : ਦੀਪ ਕੁਲਦੀਪ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 97818-00399


ਦੀਪ ਕੁਲਦੀਪ ਦਾ ਪਲੇਠਾ ਕਾਵਿ ਸੰਗ੍ਰਹਿ 'ਧੁੱਪ ਦੀ ਕਾਤਰ' ਵੰਨ-ਸੁਵੰਨੀਆਂ 49 ਛੰਦਮੁਕਤ ਕਵਿਤਾਵਾਂ ਦਾ ਸੰਗ੍ਰਹਿ ਹੈ। ਕਵਿਤਾ ਨੂੰ ਜਿਊਣ ਦਾ ਜ਼ਰੀਆ ਸਮਝਣ ਵਾਲੀ ਦੀਪ ਕੁਲਦੀਪ ਨੇ ਆਪਣੇ ਚੁੱਪ-ਚੁਪੀਤੇ ਪਲਾਂ ਅਤੇ ਜ਼ਿੰਦਗੀ ਦੇ ਸੰਘਰਸ਼ ਤੋਂ ਪ੍ਰਾਪਤ ਅਨੁਭਵਾਂ ਅਤੇ ਪ੍ਰਭਾਵਾਂ ਨੂੰ ਕਾਵਿਕ ਅੰਦਾਜ਼ ਵਿਚ ਪੇਸ਼ ਕੀਤਾ ਹੈ। ਵਿਸ਼ੇ ਬੇਸ਼ੱਕ ਰਵਾਇਤੀ ਹਨ, ਪਰ ਉਨ੍ਹਾਂ ਦੀ ਪੇਸ਼ਕਾਰੀ, ਕਵਿੱਤਰੀ ਦਾ ਦ੍ਰਿਸ਼ਟੀਕੋਣ ਅਤੇ ਜ਼ਿੰਦਗੀ ਜਿਊਣ ਦਾ ਫ਼ਲਸਫ਼ਾ ਉਸ ਨੂੰ ਨਵੀਂ ਰੰਗਤ ਦਿੰਦਾ ਹੈ ਤੇ ਨਵਾਂ ਕਾਵਿਕ ਮੁਹਾਂਦਰਾ ਸਿਰਜਦਾ ਹੈ। 'ਉਸ ਨੇ ਮੈਨੂੰ ਹਰ ਵਾਰੀ/ਕਿਸੇ ਦਫ਼ਤਰੀ ਫਾਈਲ ਵਾਂਗ/ਖੋਲ੍ਹਿਆ/ਉਲਟਾਇਆ/ਪੰਨਿਆਂ ਦੀ ਇਬਾਰਤ ਦੇਖੀ-ਪਰਖੀ/ਤੇ ਬਿਨਾਂ ਕੋਈ ਨੋਟ ਦਿੱਤੇ/ਰੱਖ ਦਿੱਤਾ ਕਿਸੇ ਲਾਕਰ ਵਿਚ (ਜ਼ਰੂਰੀ ਕਾਗਜ਼) ਔਰਤ ਦੀ ਸਮਾਜਿਕ ਹੋਂਦ ਨੂੰ ਪ੍ਰਗਟ ਕਰਦਾ ਹੈ। ਤੇ ਜਦੋਂ ਵੀ ਸੀਸ ਮੰਗਿਆ ਗਿਆ/ਕੋਈ ਔਰੰਗਜ਼ੇਬ/ਮਨੂ ਜਾਂ ਬਾਬਰ ਨਹੀਂ ਆਇਆ (ਸੀਸ ਕੌਣ ਦਿੰਦੇ) ਸਵਾਲ ਪੈਦਾ ਕਰਦਾ ਹੈ ਕਿ ਜਿਨ੍ਹਾਂ ਦੇ ਜ਼ੁਲਮ ਦੇ ਖ਼ਿਲਾਫ਼ ਸੀਸ ਮੰਗੇ ਜਾ ਰਹੇ ਹੋਣ, ਉਹ ਜਾਂ ਉਨ੍ਹਾਂ ਵਰਗੇ ਹੀ ਸੀਸ ਦੇਣ ਲਈ ਕਿਉਂ ਤੇ ਕਿਵੇਂ ਤਿਆਰ ਹੋਣਗੇ। ਨਾਲ ਹੀ ਮਨੂ, ਔਰੰਗਜ਼ੇਬ ਤੇ ਬਾਬਰ ਦੇ ਬਰਾਬਰ ਕਿਵੇਂ ਹਮਲਾਵਰ ਤੇ ਅੱਤਿਆਚਾਰੀ ਹੋ ਗਏ? 'ਨਦੀਆਂ ਦੇ ਵਹਿਣ ਨਾਲ/ਸਮੁੰਦਰਾਂ 'ਚ ਖੁਰ ਕੇ ਵੀ/ਕਾਇਮ ਰੱਖਣੀ/ਆਪਣੀ ਹੋਂਦ (ਤੁਪਕੇ) ਕੀ ਇੰਜ ਸੰਭਵ ਹੈ?
ਦੀਪ ਕੁਲਦੀਪ ਨੇ ਧੁੱਪ ਦੀ ਕਾਤਰ, ਕੀਮਤ, ਸਫ਼ਰ, ਜਵਾਰ ਭਾਟਾ, ਕਦਮ, ਦੁਪਹਿਰ ਖਿੜੀ, ਪੱਥਰ 'ਤੇ ਲੀਕ, ਬੇਤਰਤੀਬੀਆਂ ਆਦਿ ਕਵਿਤਾਵਾਂ ਰਾਹੀਂ ਮਨੁੱਖੀ ਹੋਂਦ, ਮਾਨਸਿਕ ਉਲਝਣਾਂ, ਮਨੁੱਖ ਦੇ ਬਾਹਰਲਾ ਤੇ ਅੰਦਰਲਾ ਬੇਤਰਤੀਬਾਪਨ, ਵਿਅਰਥ ਦੀ ਭੱਜ-ਦੌੜ ਤੇ ਸੰਵੇਦਨਹੀਨ ਹੁੰਦੀ ਜਾਂਦੀ ਲੋਕਾਈ ਦੇ ਨਾਜ਼ੁਕ ਪਲਾਂ ਨੂੰ ਸ਼ਬਦਾਂ ਰਾਹੀਂ ਸਫਲਤਾਪੂਰਵਕ ਬੰਨ੍ਹਿਆ ਹੈ। ਪ੍ਰਕਿਰਤੀ, ਬ੍ਰਹਿਮੰਡ, ਜੀਵਨ ਪੰਧ ਤੇ ਜੀਵਨ ਤੱਤਾਂ ਪ੍ਰਤੀ ਕਾਵਿਕ ਪਹੁੰਚ ਦੀਪ ਕੁਲਦੀਪ ਦੀ ਸਿਰਜਣਾਤਮਿਕ ਸਮਰੱਥਾ ਦੀ ਗਵਾਹੀ ਭਰਦੀਆਂ ਹਨ। 'ਧੁੱਪ ਦੀ ਕਾਤਰ' ਪਾਠਕਾਂ ਨੂੰ ਪ੍ਰਭਾਵਿਤ ਕਰਨ ਵਿਚ ਸਫਲ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਚੱਪਾ ਕੁ ਪੂਰਬ

ਲੇਖਕ : ਵਿਜੇ ਵਿਵੇਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 88
ਸੰਪਰਕ : 95017-00495.


ਵਿਜੇ ਵਿਵੇਕ ਪੰਜਾਬੀ ਗ਼ਜ਼ਲ ਦੇ ਬੇਤਾਜ ਬਾਦਸ਼ਾਹ ਹਨ। ਗ਼ਜ਼ਲ ਉਨ੍ਹਾਂ ਨੂੰ ਲਿਖਣੀ ਨਹੀਂ ਪੈਂਦੀ, ਕਿਉਂਕਿ ਇਹ ਤਾਂ ਉਨ੍ਹਾਂ ਦੀ ਧੜਕਣ ਵਿਚ ਧੜਕਦੀ ਹੈ। ਉਨ੍ਹਾਂ ਦੇ ਸਹਿਜਤਾ ਅਤੇ ਸੁਭਾਵਿਕਤਾ ਦੇ ਪ੍ਰਵਾਹ ਵਿਚ ਵਹਿੰਦੇ ਹੋਏ ਬੋਲ ਆਪ-ਮੁਹਾਰੇ ਹੀ ਗ਼ਜ਼ਲੀਅਤ ਦੇ ਸੰਚੇ ਵਿਚ ਢਲ ਜਾਂਦੇ ਹਨ। ਉਨ੍ਹਾਂ ਦੇ ਗ਼ਜ਼ਲ-ਸੰਗ੍ਰਹਿ 'ਚੱਪਾ ਕੁ ਪੂਰਬ' ਵਿਚਲਾ ਇਹ ਸ਼ਿਅਰ ਕੁਦਰਤ ਨਾਲ ਇੱਕ-ਮਿੱਕ ਹੋਈ ਉਨ੍ਹਾਂ ਦੀ ਵਿਸਮਾਦੀ ਸੁਰ ਦਾ ਖ਼ੂਬਸੂਰਤ ਚਿਤਰਨ ਹੈ:
ਭਲਾ ਹੈ ਪਾਣੀਆਂ ਹੇਠਾਂ ਹਮੇਸ਼ਾ ਰੇਤ ਰਹੀ
ਭਲਾ ਹੈ ਭੇਤ ਦੀ ਇਹ ਗੱਲ ਹਮੇਸ਼ਾ ਭੇਤ ਰਹੀ
ਕਿ ਤੇਰਾ ਜ਼ਿਕਰ ਜੇ ਲਫ਼ਜ਼ਾਂ ਦੇ ਵਿਚ ਸਮਾ ਸਕਦਾ
ਤਾਂ ਹੁਣ ਨੂੰ ਕਹਿ ਲਿਆ ਹੁੰਦਾ, ਸੁਣਾ ਲਿਆ ਹੁੰਦਾ
ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖ ਵਿਸ਼ਵ ਮੰਡੀ ਦੇ ਤਾਣੇ-ਬਾਣੇ ਵਿਚ ਏਨਾ ਉਲਝ ਚੁੱਕਿਆ ਹੈ ਕਿ ਉਹ ਆਪਣੇ ਹੀ ਵਿਰੋਧ ਵਿਚ ਖੜ੍ਹਾ ਹੋ ਗਿਆ ਹੈ। ਉਸ ਨੂੰ ਆਪਣੇ ਕੀਤੇ ਕਿਸੇ ਵੀ ਕੰਮ ਤੋਂ ਸੰਤੁਸ਼ਟੀ ਨਹੀਂ ਹੁੰਦੀ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਉਸ ਲਈ ਚੰਗਾ ਜਾਂ ਮਾੜਾ ਕੀ ਹੈ। ਆਪਣੇ ਆਪ ਨਾਲੋਂ ਟੁੱਟੇ ਅਜਿਹੇ ਮਨੁੱਖ ਕੋਲੋਂ ਕਿਸੇ ਮਦਦ ਜਾਂ ਹਮਦਰਦੀ ਦੀ ਉਮੀਦ ਰੱਖਣਾ ਤਾਂ ਕਿਸੇ ਦਰੱਖਤ ਦੇ ਗਲ ਲੱਗ ਕੇ ਰੋਣ ਵਾਂਗ ਹੀ ਹੈ:
ਇਹ ਆਪਣੀ ਹੋਂਦ ਦੇ ਵਿਪਰੀਤ ਹੋ ਗਏ
ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ
ਨਹੀਂ ਸਮਝਣਗੇ ਤੇਰੀ ਪੀੜ ਬੰਦੇ
ਦਰੱਖਤਾਂ ਕੋਲ ਬਹਿ ਕੇ ਰੋ ਲਿਆ ਕਰ।
ਵਿਜੇ ਵਿਵੇਕ ਦੀ ਗ਼ਜ਼ਲਕਾਰੀ ਦਾ ਹੀ ਹਾਸਲ ਹੈ ਕਿ ਉਨ੍ਹਾਂ ਦੀ ਇਹ ਪੁਸਤਕ ਚੌਥੀ ਵਾਰ ਪ੍ਰਕਾਸ਼ਿਤ ਹੋ ਰਹੀ ਹੈ। ਬੇਹੱਦ ਸਰਲ ਪਰ ਸੁਹਜ ਭਰਪੂਰ ਸ਼ਬਦਾਵਲੀ ਕਾਰਨ ਵਾਰ-ਵਾਰ ਪੁਸਤਕ ਪੜ੍ਹਨ ਦਾ ਮਨ ਕਰਦਾ ਹੈ। ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਬੱਝੇ ਨਾ ਹੋਣ ਦਾ ਬਾਵਜੂਦ ਉਹ ਮਨੁੱਖੀ ਸਮਾਜ ਨੂੰ ਸੁੰਦਰ ਅਤੇ ਸਵੱਛ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀ ਇਸ ਸਦਾਬਹਾਰ ਕੋਸ਼ਿਸ਼ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਨੀ ਘੱਟ ਪ੍ਰਤੀਤ ਹੁੰਦੀ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027
c c c


ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲ੍ਹੇ

ਲੇਖਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 135
ਸੰਪਰਕ : 98148-03254


ਜਿੰਦਰ ਪੰਜਾਬੀ ਕਹਾਣੀ ਖੇਤਰ ਦਾ ਇਕ ਉੱਘਾ ਨਾਂਅ ਹੈ। ਜਦੋਂ ਅਸੀਂ ਉਸ ਦੀ ਨਵੀਂ ਪੁਸਤਕ 'ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲ੍ਹੇ' ਨੂੰ ਆਪਣੇ ਅਧਿਐਨ ਦੀ ਵਸਤੂ ਬਣਾਉਂਦੇ ਹਾਂ ਤਾਂ ਨਿਰਸੰਦੇਹ ਹੀ ਇਹ ਬਿਰਤਾਂਤਕ ਰਚਨਾਵਾਂ ਉਸ ਦੇ ਆਪਣੇ ਕਥਨ ਮੁਤਾਬਿਕ ਉਸ ਨੂੰ ਰੇਖਾ ਚਿੱਤਰ ਵੀ ਜਾਪਦੇ ਹਨ, ਜੱਗ ਬੀਤੀਆਂ ਵੀ ਅਤੇ ਕਹਾਣੀਆਂ ਵੀ। ਭਾਵੇਂ ਕਿ ਪਹਿਲੀ ਨਜ਼ਰੇ ਰੇਖਾ ਚਿੱਤਰ ਹੀ ਜਾਪਦੇ ਹਨ ਪਰ ਇਨ੍ਹਾਂ ਵਿਚਲਾ ਕਥਾ-ਅੰਸ਼ ਇਸ ਨੂੰ ਕਹਾਣੀ ਵਿਧਾ ਦੇ ਵੀ ਨਜ਼ਦੀਕ ਲੈ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਹ ਪਾਤਰ ਪ੍ਰਧਾਨ ਕਹਾਣੀਆਂ ਹੋਣ। ਇਸ ਪੁਸਤਕ ਵਿਚ ਲੇਖਕ ਨੇ ਉਨ੍ਹਾਂ ਲੋਕਾਂ ਦੇ ਜੀਵਨ ਬਿਰਤਾਂਤਾਂ ਨੂੰ ਕਹਾਣੀ ਸ਼ੈਲੀ ਵਿਚ ਪੇਸ਼ ਕੀਤਾ ਹੈ ਜੋ ਸਾਧਾਰਨ ਜ਼ਿੰਦਗੀ ਜਿਊਂਦੇ ਹੋਏ ਵੀ ਵਿਸ਼ੇਸ਼ ਸਨ, ਕਿਉਂਕਿ ਜ਼ਿੰਦਾਦਿਲੀ, ਇਨਸਾਨੀਅਤ, ਭੋਲਾਪਨ ਅਤੇ ਆਪਣੇ ਹੀ ਢੰਗ ਨਾਲ ਜ਼ਿੰਦਗੀ ਜਿਊਣ ਅਤੇ ਮਾਣਨ ਕਈ ਪੱਖ ਇਨ੍ਹਾਂ ਦੇ ਸੁਭਾਅ ਵਿਚ ਸਮਾਏ ਹੋਏ ਸਨ। ਸੀਮਤ ਸਾਧਨਾਂ ਦੇ ਬਾਵਜੂਦ ਇਹ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਜਾਪਦੇ ਹਨ। ਇਨ੍ਹਾਂ ਦਾ ਕੌੜਾ ਜਾਂ ਮਿੱਠਾ ਸੁਭਾਅ ਜੋ ਵੀ ਹੋਵੇ ਪਰ ਸਮਾਜ ਵਿਚ ਪ੍ਰਵਾਨ ਹੋਏ ਇਹ ਮਨੁੱਖ ਸਨ। ਸੀਮਤ ਸਾਧਨਾਂ ਦੇ ਹੋਣ ਦੇ ਬਾਵਜੂਦ ਇਨ੍ਹਾਂ ਬਿਰਤਾਂਤਕ ਰਚਨਾਵਾਂ ਵਿਚ ਪੇਸ਼ ਹੋਏ ਮਨੁੱਖ ਕਿਰਤੀ ਬਿਰਤੀ ਵਾਲੇ ਹਨ। ਇਹ ਕਵਿਤਾ ਵਰਗੀ ਜ਼ਿੰਦਗੀ ਜਿਊਂਦੇ ਜਾਪਦੇ ਹਨ, ਜਿਨ੍ਹਾਂ ਦੇ ਸੁਭਾਅ ਵਿਚ ਅਤਿ ਦੀ ਸੰਵੇਦਨਸ਼ੀਲਤਾ ਆਈ ਹੋਈ ਹੈ। ਇਹ ਪਾਤਰ ਚਾਹੇ ਗਿਆਨ ਹੋਵੇ, ਚਾਹੇ ਜਗੀਰ ਚੰਦ ਹੋਵੇ, ਚਾਹੇ ਬਾਬਾ ਗੋਲੂ ਹੋਵੇ, ਗਾਮੀ ਮਾਸੀ ਜਾਂ ਫਿਰ ਫਿਨੋ ਸਾਰੇ ਆਪਣੇ ਸੁਭਾਅ ਦੀ ਜ਼ਰਖੇਜ਼ਤਾ ਨਾਲ ਇਕ ਪੂਰੀ ਭਾਈਚਾਰਕ ਇਕਾਈ ਨੂੰ ਪੇਸ਼ ਕਰ ਜਾਂਦੇ ਹਨ। ਕੁੱਲ ਸਤਾਰਾਂ ਬਿਰਤਾਂਤਕ ਰਚਨਾਵਾਂ ਇਸ ਪੁਸਤਕ ਵਿਚ ਪੇਸ਼ ਹੋਈਆਂ ਹਨ। ਪਾਠਕ ਬਗੈਰ ਵਿਧਾਗਤ ਸੰਵਾਦ ਵਿਚ ਪੈਣ ਤੋਂ ਇਨ੍ਹਾਂ ਵਿਚਲੀ ਕਥਾ ਇਸ ਤਰ੍ਹਾਂ ਮਾਣਦਾ ਹੈ ਜਿਵੇਂ ਕੋਈ ਬਾਤ ਸੁਣ ਰਿਹਾ ਹੋਵੇ। ਕਿਤੇ ਕਿਤੇ ਕਵਿਤਾ ਜਾਂ ਕਿੱਤਿਆਂ ਦੀਆਂ ਸਤਰਾਂ ਅਤੇ ਕਿਸੇ ਨੀਤੀ ਕਥਾ ਦਾ ਪੇਸ਼ ਹੋਇਆ ਅੰਸ਼ ਵੀ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਤਰਾਟਾਂ
ਲੇਖਕ : ਅਤੁਲ ਕੰਬੋਜ (ਚੰਨ)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 107
ਸੰਪਰਕ : 94638-36591.


ਸ਼ਾਇਰ ਅਤੁਲ ਕੰਬੋਜ (ਚੰਨ) ਹਥਲੇ ਕਾਵਿ-ਸੰਗ੍ਰਹਿ 'ਤਰਾਟਾਂ' ਤੋਂ ਪਹਿਲਾਂ ਕਾਵਿ-ਸੰਗ੍ਰਹਿ 'ਹਮਸ਼ਾਇਰ' ਅਤੇ ਸੰਪਾਦਿਤ ਪੁਸਤਕ 'ਆਵਾਜ਼ ਦਿਲ ਦੀ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਨੂੰ ਸ਼ਾਇਰੀ ਦੀ ਪਿਉਂਦ ਪਿਤਾ ਸ੍ਰੀ ਕ੍ਰਿਸ਼ਨ ਚੰਦ ਤੋਂ ਲੱਗੀ ਹੈ। ਦੁਨੀਆ ਦਾ ਬਹੁਤਾ ਸ਼ਾਇਰ ਪਿਆਰ ਮੁਹਬੱਤ ਦੇ ਵਿਸ਼ੇ 'ਤੇ ਲਿਖਿਆ ਹੈ ਤੇ ਉਂਜ ਵੀ ਜਦੋਂ ਪਿਆਰ ਕਰੂੰਬਲਾਂ ਫੁੱਟਦੀਆਂ ਹਨ ਤਾਂ ਹਰੇਕ ਸਿਰਜਕ ਲਗਭਗ ਸ਼ਾਇਰੀ 'ਤੇ ਹੀ ਹੱਥ ਅਜ਼ਮਾਉਂਦਾ ਹੈ ਤੇ ਇੰਜ ਇਹ ਉੱਭਰਦਾ ਸ਼ਾਇਰ ਇਸ ਤਰੰਗਤੀ ਜਜ਼ਬੇ ਤੋਂ ਕਿਵੇਂ ਅਣਭਿੱਜ ਰਹਿ ਸਕਦਾ ਹੈ। ਸ਼ਾਇਰ ਪੇਸ਼ੇ ਵਜੋਂ ਇਕ ਸਫਲ ਜੱਜ ਹੈ। ਕਹਿੰਦੇ ਨੇ ਕਾਨੂੰਨ ਅੰਨ੍ਹਾ ਹੁੰਦਾ ਹੈ ਪਰ ਇਸ ਜੱਜ ਨੇ ਪਿਆਰ ਦੇ ਜਜ਼ਬੇ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ, ਬਲਕਿ ਪਿਆਰ ਦੇ ਕੇਸ ਨੂੰ ਉਲਝਾਇਆ ਨਹੀਂ ਸਗੋਂ ਸੁਲਝਾਇਆ ਹੈ। ਸਜ਼ਾ ਦੇਣਾ ਤਾਂ ਇਕ ਪਾਸੇ ਰਿਹਾ ਪਹਿਲੀ ਪੇਸ਼ੀ 'ਤੇ ਹੀ ਵਾ-ਇੱਜ਼ਤ ਬਰੀ ਕਰ ਦਿੰਦਾ ਹੈ। ਪਿਆਰ ਮੁਹੱਬਤ ਦੇ ਤਰੰਗਤੀ ਜੀਉੜਿਆਂ ਨੂੰ ਸਮਾਜਿਕ ਵਰਜਣਾਵਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ। ਬਕੌਲ ਮਿਰਜ਼ਾ ਗ਼ਾਲਿਬ 'ਗ਼ਾਲਿਬ ਯੇਹ ਆਤਿਸ਼ ਹੈ ਜੋ ਲਗਾਏ ਨਾ ਲਗੇ ਬੁਝਾਏ ਨਾ ਬਨੇ', ਤਰੰਗਤੀ ਮੁਹੱਬਤੀ ਛਿਣਾਂ ਤੋਂ ਇਲਾਵਾ ਹੋਰ ਵਿਭਿੰਨ ਸਰੋਕਾਰਾਂ ਨਾਲ ਵੀ ਸ਼ਾਇਰ ਨੇ ਦਸਤਪੰਜਾ ਲਿਆ ਹੈ। ਉਹ ਮਜ਼ਹਬ ਦੇ ਠੇਕੇਦਾਰਾਂ ਦੇ ਵੀ ਬਖੀਏ ਉਧੇੜਦਾ ਹੈ। ਸ਼ਾਇਰ-ਏ-ਮਸ਼ਰਕ ਡਾ. ਮੁਹੰਮਦ ਇਕਬਾਲ ਕਹਿੰਦਾ ਹੈ ਕਿ 'ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ' ਦਰਅਸਲ ਮਜ਼ਹਬ ਹੀ ਮਜ਼ਹਬ ਨਾਲ ਆਢਾ ਲਾਉਂਦਾ ਹੈ। ਸ਼ਾਇਰ ਦੀ ਸ਼ਾਇਰੀ ਦੀ ਖੂਬਸੂਰਤੀ ਇਹ ਵੀ ਹੈ ਕਿ ਉਹ ਇਕਤਰਫ਼ਾ ਪਿਆਰ ਤੇ ਸੁਖਦ ਪਲਾਂ ਨੂੰ ਵੀ ਹੰਢਾਉਂਦਾ ਹੈ ਤੇ ਪਿਆਰ ਨੂੰ ਵਣਜ ਬਣਾਉਣ ਵਾਲਿਆਂ ਦੇ ਗਿਰਗਿਟੀ ਕਿਰਦਾਰ ਦੇ ਮਖੌਟੇ ਵੀ ਉਤਾਰਦਾ ਹੈ। ਸਮਾਜ ਵਿਚ ਮੁੰਡੇ-ਕੁੜੀ ਦੇ ਵਖਰੇਵੇਂ 'ਤੇ ਚਿੰਤਾ ਤੇ ਚਿੰਤਨ ਕਰਦਾ ਹੋਇਆ ਅਗਾਊਂ ਜਾਗਰੂਕ ਵੀ ਕਰਦਾ ਹੈ। ਕੁੜੀਆਂ ਨੇ ਤਾਂ ਹਰੇਕ ਖੇਤਰ ਵਿਚ ਮੁੰਡਿਆਂ ਵਾਗ ਮੱਲਾਂ ਮਾਰੀਆਂ ਹਨ। ਮਮਤਾ ਦੀ ਮੂਰਤ ਮਾਂ ਦੀ ਖੂਬਸੂਰਤ ਤਸਵੀਰਕਸ਼ੀ ਕਰਦਾ ਹੋਇਆ ਕੁਰਾਨ ਮਜੀਦ ਦੀ ਉਸ ਆਇਤ ਨੂੰ ਤਸਦੀਕ ਕਰਦਾ ਨਜ਼ਰ ਆਉਂਦਾ ਹੈ। ਉਸ ਵਿਚ ਲਿਖਿਆ ਹੈ ਕਿ ਮਾਂ ਦੇ ਪੈਰਾਂ ਹੇਠ ਜ਼ੰਨਤ ਹੁੰਦੀ ਹੈ। ਸ਼ਾਇਰ ਕਲਮ ਰਾਹੀਂ ਸ਼ਬਦਾਂ ਵਿਚ ਠਾਹਰ ਭਾਲਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਕਲਮ ਹਥਿਆਰ ਵੀ ਬਣਦੀ ਹੈ ਤੇ ਝੂਠ ਦੇ ਪਹਾੜ ਅੱਗੇ ਤਣ ਜਾਂਦੀ ਹੈ। ਪਿਆਰ ਮੁਹੱਬਤ ਵਿਚ ਭੋਗੀਆਂ ਤਰਾਟਾਂ ਨੂੰ ਜੇ ਸਮਝਣਾ ਹੋਵੇ ਤਾਂ ਇਸ ਪੁਸਤਕ ਦਾ ਪਾਠ ਜ਼ਰੂਰੀ ਹੋ ਜਾਂਦਾ ਹੈ। ਸ਼ਾਇਰ ਦੇ ਇਸ ਨਿਰਛਲ ਜਜ਼ਬਾਤਾਂ ਦੀ ਪ੍ਰਕਰਮਾ ਕਰਨ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ ਤੇ ਨੇੜ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਤਾਂ ਰਹੇਗੀ ਹੀ ਆਮੀਨ।


ਭਗਵਾਨ ਢਿੱਲੋਂ
ਮੋ: 98143-78254


ਧਾਰੀਦਾਰ ਪਜਾਮੇ ਵਾਲਾ ਮੁੰਡਾ
ਮੂਲ ਲੇਖਕ : ਜੋਨ ਬੁਆਏਨ
ਅਨੁਵਾਦਕ : ਗੁਰਚਰਨ ਸਿੰਘ ਜੈਤੋ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 164
ਸੰਪਰਕ : 97794-26698.


'ਧਾਰੀਦਾਰ ਪਜਾਮੇ ਵਾਲਾ ਮੁੰਡਾ' ("he bo਼ }n the Str}ped PY*1$1S) ਦੂਜੀ ਵਿਸ਼ਵ ਜੰਗ ਸਮੇਂ ਜਰਮਨੀ ਵਿਚ ਕੀ-ਕੀ ਘਟਨਾਵਾਂ ਵਾਪਰਦੀਆਂ ਸਨ ਅਤੇ ਉਸ ਦਾ ਲੋਕਾਂ ਦੀ ਆਰਥਿਕ, ਸਮਾਜਿਕ, ਸੱਭਿਆਚਾਰਕ ਅਵਸਥਾ 'ਤੇ ਕਿਵੇਂ ਅਤੇ ਕਿੰਨਾ ਮਾਰੂ ਪ੍ਰਭਾਵ ਪਿਆ, ਇਸ ਨਾਵਲ 'ਚ ਦੱਸਿਆ ਗਿਆ ਹੈ।
ਇਸ ਨਾਵਲ ਦਾ ਕਥਾਨਕ, ਬਰੋਨੋ ਨਾਂਅ ਦੇ ਜਰਮਨ ਬਾਲਕ ਦੇ ਪਰਿਵਾਰ ਨਾਲ ਆਰੰਭ ਹੁੰਦਾ ਹੈ। ਬਰੋਨੋ ਦੀ ਜਗਿਆਸੂ ਰੁਚੀ ਹੈ, ਉਹ ਆਪਣੀ ਭੈਣ ਗਰੇਟਲ ਨਾਲ ਵਾਦ-ਵਿਵਾਦ ਕਰਦਾ ਰਹਿੰਦਾ ਹੈ, ਉਨ੍ਹਾਂ ਦੀ ਮਾਂ ਘਰੇਲੂ ਔਰਤ ਹੈ। ਉਸ ਪਰਿਵਾਰ ਦੀ ਪੁਰਾਣੀ ਸੇਵਾਦਾਰ ਦਾ ਨਾਂਅ ਮਰੀਆ ਹੈ। ਇੰਜ ਇਸ ਪਰਿਵਾਰ ਨੂੰ ਆਪਣੇ ਬਦਲ ਕੇ ਕਿਸੇ ਹੋਰ ਸ਼ਹਿਰ, ਨਵੀਂ ਥਾਂ, ਨਵੇਂ ਮਕਾਨ ਵਿਚ ਰਹਿਣਾ ਪੈਂਦਾ ਹੈ, ਜਿਹੜਾ ਮੁਹੱਲੇ ਤੋਂ ਬਾਹਰ ਨਵੀਂ ਨਿਵੇਕਲੀ ਥਾਂ 'ਤੇ ਹੈ, ਜਿਸ ਨੂੰ ਆਊਟ-ਵਿਦ ਬੋਲਦੇ ਹਨ। ਇਥੇ ਹੀ ਨਾਜ਼ੀ ਜਰਮਨੀ ਦਾ ਸਭ ਤੋਂ ਵੱਡਾ ਇਕਾਗਰਤਾ ਕੈਂਪ ਹੈ।
ਐਸਵਿਟਜ ਵਿਚ ਕਿੰਨੇ ਲੋਕ ਮਾਰੇ ਗਏ ਸਨ? ਅੰਦਾਜ਼ਾ ਸੀ, ਦਸ ਲੱਖ ਲੋਕ, ਇਥੇ 1944 ਈ. ਵਿਚ ਇਕ ਵੱਡਾ ਵਿਦਰੋਹ ਹੋਇਆ ਸੀ। ਇਸ ਵਿਦਰੋਹ ਨੂੰ ਜਨਵਰੀ 1945 ਈ. ਵਿਚ ਆਈ ਰੂਸੀ ਫ਼ੌਜ ਨੇ ਸਮਾਪਤ ਕਰਵਾਇਆ ਸੀ। 1940 ਈ. ਤੋਂ ਲੈ ਕੇ 1943 ਈ. ਤੱਕ ਇਸ ਕੈਂਪ ਦੇ ਕੈਦੀ, ਕੀ ਧਾਰੀਦਾਰ ਪਜਾਮੇ ਪਾਇਆ ਕਰਦੇ ਸਨ? ਇਸ ਸਵਾਲ ਦਾ ਜਵਾਬ 'ਹਾਂ' ਹੈ ਪਰ ਕੈਦੀਆਂ ਨੂੰ ਇਕ ਪਜਾਮਾ, ਇਕ ਜੈਕਟ, ਇਕ ਬਨੈਣ ਤੇ ਟੋਪੀ ਦਿੱਤੀ ਜਾਂਦੀ ਸੀ। ਔਰਤ ਕੈਦਣਾਂ ਨੂੰ ਲੰਮਾ ਚੋਗਾ। ਉਨ੍ਹਾਂ ਸਿਪਾਹੀ ਕੈਦੀਆਂ ਉੱਪਰ ਬਹੁਤ ਜ਼ੁਲਮ ਕੀਤਾ ਜਾਂਦਾ ਸੀ। ਲੱਕੜ ਦੇ ਬੂਟ ਦਿੱਤੇ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪੈਰਾਂ ਵਿਚ ਛਾਲੇ ਪੈ ਜਾਂਦੇ ਸਨ। ਉਨ੍ਹਾਂ ਦੀ ਸ਼ਨਾਖ਼ਤ ਲਈ ਲਾਲ ਤਿਕੋਣ ਗੁਲਾਬੀ ਤਿਕੋਣ ਆਦਿ ਸ਼ਨਾਖ਼ਤੀ ਚਿੰਨ੍ਹ ਲਾਏ ਜਾਂਦੇ ਸਨ।
ਲੇਖਕ ਜੋਨ ਬੁਆਏਨ ਨੇ ਹਕੀਕਤ ਪਸੰਦ ਅਤੇ ਦੂਜੇ ਮਹਾਂਯੁੱਧ ਸਮੇਂ ਜਰਮਨ ਦੇ ਤਾਨਾਸ਼ਾਹ ਹਿਟਲਰ ਵਲੋਂ ਕੀਤੇ ਜ਼ੁਲਮਾਂ ਨੂੰ ਦਰਸਾਉਣ ਲਈ ਇਸ ਨਾਵਲ ਦੀ ਰਚਨਾ ਕੀਤੀ ਹੈ। ਕੈਂਪਾਂ ਵਿਚ ਜਾ-ਜਾ ਕੇ ਅਸਲ ਹਾਲਾਤ ਦੀ ਸਹੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੰਸਾਰ ਨੂੰ ਭਿਆਨਕ ਜੰਗਾਂ ਦੀਆਂ ਤਬਾਹੀਆਂ ਤੋਂ ਬਚਾਉਣ ਲਈ ਇਸ ਨਾਵਲ ਦੀ ਸੰਰਚਨਾ ਕੀਤੀ ਹੈ। ਇਸ ਨਾਵਲ ਵਿਚ ਲੇਖਕ ਦਾ ਕਥਨ ਹੈ ਕਿ ਨਾਵਲ ਵਿਚ ਦਰਸਾਏ ਜੁਰਮ ਤੋਂ ਵੀ ਵੱਧ, ਜ਼ੁਲਮ ਕੀਤੇ ਗਏ ਸਨ। ਨੈਤਿਕਤਾ ਨਾਂਅ ਦੀ ਕੋਈ ਵੀ ਨਿਸ਼ਾਨੀ ਨਜ਼ਰ ਨਹੀਂ ਸੀ ਆਉਂਦੀ।
ਜਿਸ ਉਦੇਸ਼ ਨੂੰ ਲੈ ਕੇ ਇਹ ਨਾਵਲ ਲਿਖਿਆ ਗਿਆ ਹੈ, ਉਹ ਭਵਿੱਖ ਵਿਚ ਅਜਿਹੀਆਂ ਜੰਗਾਂ ਤੋਂ ਤੌਬਾ ਕਰਨੀ ਇਕ ਹਦਾਇਤ ਵੀ ਹੈ, ਗੁਜ਼ਾਰਿਸ਼ ਵੀ। ਗੁਰਬਚਨ ਸਿੰਘ ਦਾ ਪੰਜਾਬੀ ਵਿਚ ਕੀਤਾ ਸਫਲ ਅਨੁਵਾਦ, ਸਰਲ, ਸਾਫ਼ ਸਪੱਸ਼ਟ ਅਤੇ ਰੌਚਕ ਹੈ। ਉਸ ਦੀ ਮਿਹਨਤ ਨੂੰ ਸਲਾਮ!


ਡਾ. ਅਮਰ ਕੋਮਲ
ਮੋ: 084378-73565

13-08-2022

 ਸੰਦਲੀ ਬਾਗ਼
ਲੇਖਕ : ਪ੍ਰਭਜੋਤ ਸਿੰਘ ਸੋਹੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98761-34028.

ਪ੍ਰਭਜੋਤ ਸਿੰਘ ਸੋਹੀ ਪੰਜਾਬੀ ਕਾਵਿ-ਜਗਤ 'ਚ ਜਾਣਿਆ-ਪਛਾਣਿਆਂ ਨਾਂਅ ਹੈ। 'ਸੰਦਲੀ ਬਾਗ਼' ਉਸ ਦਾ ਪਲੇਠਾ ਗੀਤ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਕਿਵੇਂ ਕਹਾ' (ਕਾਵਿ-ਸੰਗ੍ਰਹਿ) 2005, ਰੂਹ-ਰਾਗ (ਕਾਵਿ ਸੰਗ੍ਰਹਿ) 2014 ਪਹਿਲਾਂ ਹੀ ਪ੍ਰਕਾਸ਼ਿਤ ਕਰਵਾ ਚੁੱਕਾ ਅਤੇ ਪੰਜਾਬੀ ਕਵਿਤਾ ਸੰਸਾਰ ਵਿਚ ਆਪਣੀ ਪੈਂਠ ਅਤੇ ਪਛਾਣ ਬਣਾ ਚੁੱਕਾ ਹੈ। ਇਹ ਗੀਤ-ਸੰਗ੍ਰਹਿ ਉਸ ਨੇ ਸ਼ਾਇਰ ਮਿੱਤਰਾਂ, ਰਾਜਦੀਪ ਸਿੰਘ ਤੂਰ ਅਤੇ ਮੀਤ-ਅਨਮੋਲ ਦੇ ਨਾਂਅ ਕਰਦਿਆਂ ਇਹ ਸੰਕੇਤ ਦਿੱਤਾ ਕਿ ਸ਼ਬਦਾਂ ਦੀ ਸਾਂਝ ਅਜ਼ਲੀ ਵੀ ਹੈ ਅਤੇ ਰੂਹਾਨੀ ਵੀ। ਇਹ ਸਾਂਝ ਪੱਕੀਆਂ-ਪੀਢੀਆਂ ਗੰਢਾਂ 'ਚ ਬੱਝਦੀ ਹੋਈ ਉਦਾਸੇ ਦਿਲਾਂ ਨੂੰ ਢਾਰਸ ਬੰਨ੍ਹਾਉਣ ਦਾ ਸਬੱਬ ਵੀ ਬਣਦੀ ਹੈ। ਇਸ ਗੀਤ-ਸੰਗ੍ਰਹਿ ਵਿਚ ਉਸ ਨੇ 'ਪਲਕਾਂ ਦੀਆਂ ਨੋਕਾਂ' ਤੋਂ ਲੈ ਕੇ 'ਪਿੰਡ ਚੁੱਪ ਹੋ ਗਿਆ' ਤੱਕ 48 ਗੀਤਾਂ ਨੂੰ ਸੰਕਲਿਤ ਕਰਦਿਆਂ ਸੰਦਲ ਦੇ ਬੂੁਟਿਆਂ ਦੀ ਖੁਸ਼ਬੂ ਨੂੰ ਮਾਨਵੀ ਚਿੱਤਰਣ 'ਚ ਪਰੋਂਦਿਆਂ ਸਮਾਜਿਕ ਰਿਸ਼ਤਿਆਂ ਦੀ ਸਾਰਥਕਤਾ ਦੀ ਬਾਤ ਛੂਹੀ ਹੈ। ਪੰਜਾਬੀਆਂ ਦਾ ਗੀਤਾਂ ਨਾਲ ਅਜ਼ਲੀ ਰਿਸ਼ਤਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਹਿਤਕ ਕਲਮਾਂ ਵਲੋਂ ਇਸ ਕਾਵਿ-ਰੂਪ ਨੂੰ ਅਣਡਿੱਠ ਕਰਨ ਸਦਕਾ ਹੀ ਘਟੀਆ ਮਾਨਸਿਕਤਾ ਦੇ ਲਖਾਇਕ ਅਖੌਤੀ ਗੀਤਕਾਰਾਂ ਵਲੋਂ ਪਿੜ ਮੱਲ੍ਹਣ ਸਦਕਾ, ਗੀਤਾਂ ਵਿਚ ਨੰਗੇਜ਼, ਰਿਸ਼ਤਿਆਂ ਦੀ ਪਾਕੀਜ਼ਗੀ 'ਤੇ ਸੰਦੇਹ, ਹਿੰਸਾ ਦਾ ਬੋਲਬਾਲਾ ਭਾਰੂ ਰਿਹਾ ਹੈ। ਖ਼ੈਰ 'ਸੋਹੀ' ਵਲੋਂ ਇਸ ਪਿੜ 'ਚ ਨਿਤਰਨਾ, ਸਾਹਸਿਕ ਕਦਮ ਕਿਹਾ ਜਾ ਸਕਦਾ ਹੈ। ਗੀਤ 'ਚ ਇਕਹਿਰੀ ਅਤੇ ਤੀਬਰਤਾ ਵਾਲੀ ਬਿਰਤੀ ਹੋਣ ਕਰਕੇ ਮਨੁੱਖੀ ਭਾਵਾਂ ਦੀ ਪੇਸ਼ਕਾਰੀ ਗੰਭੀਰਤਾ ਦੀ ਥਾਵੇਂ ਹਲਕੇ-ਫੁਲਕੇ ਮਨੋਰੰਜਨ ਦੀ ਰਹੀ ਹੈ। ਪਰ ਸੋਹੀ ਦੇ ਗੀਤਾਂ ਦੇ ਵਿਸ਼ਿਆਂ : ਪਰਿਵਾਰ, ਸਮਾਜ, ਅਰਥ, ਧਰਮ-ਕਰਮ ਨਾਲ ਸੰਬੰਧਿਤ ਹੋਣ ਸਦਕਾ ਮਨੋਰੰਜਨ ਦੇ ਨਾਲ ਸੋਚਾਂ ਦੇ ਸਫ਼ਰ 'ਤੇ ਵੀ ਤੋਰਦੀ ਹੈ। ਪੰਜਾਬੀ ਜਨਜੀਵਨ ਜ਼ਿਆਦਾਤਰ ਕਿਰਸਾਣੀ-ਕਸਬ ਨਾਲ ਜੁੜਿਆ ਹੋਣ ਕਰਕੇ ਕੁਦਰਤੀ ਕਰੋਪੀ ਅਤੇ ਸ਼ਾਹਾਂ ਦੀ ਕਰੋਪੀ ਦਾ ਸ਼ਿਕਾਰ ਰਿਹਾ ਹੈ। ਇਸ ਕਰਕੇ ਉਸ ਦੀ ਆਰਥਿਕਤਾ ਕਦੇ ਵੀ ਸਥਿਰ ਨਹੀਂ ਰਹਿੰਦੀ। ਇਨ੍ਹਾਂ ਗੀਤਾਂ 'ਚ ਇਨ੍ਹਾਂ ਮਸਲਿਆਂ ਦਾ ਬਾਖੂਬੀ ਚਿਤਰਨ ਕਰਦਾ ਹੈ ਅਤੇ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ :
ਪੰਡ ਕਰਜ਼ੇ ਦੀ ਭਾਰੀ
ਐਵੇਂ ਫੋਕੀ ਸਰਦਾਰੀ
ਕਦੇ ਇਹਦੇ ਲਈ ਨਾ ਬਹੁੜੀ
ਕੋਈ ਨੀਤੀ ਸਰਕਾਰੀ
ਅੰਨਦਾਤੇ ਦੀ ਰੱਖਣ ਲਾਈ ਰੱਟ ਮਿਤਰੋ!
ਫੋਕੇ ਰਸਮ ਰਿਵਾਜ ਡੋਡੇ, ਬੋਤਲਾਂ
ਨੇ ਇਹ ਦਿੱਤਾ ਪਟ ਮਿੱਤਰੋ!
ਸਰਲ, ਸਪੱਸ਼ਟ, ਵੇਗਮਈ, ਸਾਦਗੀ ਭਰੀ ਬੋਲੀ, ਅਲੰਕਾਰ ਅਤੇ ਸੰਗੀਤਾਤਮਕਾ ਇਨ੍ਹਾਂ ਗੀਤਾਂ ਨੂੰ 'ਗਾਣਾ' ਬਣਨ ਦੀ ਤੌਫ਼ੀਕ ਦਿੰਦੇ ਹਨ। ਆਸ ਕਰਦੇ ਹਾਂ ਸੰਗੀਤ ਜਗਤ ਨਾਲ ਜੁੜੇ ਲੋਕ ਆਪਣਾ ਸਾਰਥਕ ਹੁੰਗਾਰਾ ਭਰਨਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 098786-14096

1971 : ਕਹਾਣੀ ਇਕ ਜੰਗ ਦੀ
ਲੇਖਕ : ਕਰਨਲ ਬਲਬੀਰ ਸਿੰਘ ਸਰਾਂ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 272
ਸੰਪਰਕ : 92165-50612.

ਇਹ ਪੁਸਤਕ ਭਾਰਤ ਅਤੇ ਪਾਕਿਸਤਾਨ ਦਰਮਿਆਨ 1971 ਵਿਚ ਲੜੀ ਗਈ ਜੰਗ ਦੇ ਇਤਿਹਾਸਿਕ ਵੇਰਵੇ ਪੇਸ਼ ਕਰਦੀ ਹੈ ਅਤੇ ਇਸ ਦੀ ਵੱਡੀ ਖੂਬੀ ਇਹ ਹੈ ਕਿ ਇਸ ਜੰਗ ਵਿਚ ਕਰਨਲ ਸਰਾਂ ਅਤੇ ਉਸ ਦਾ ਭਰਾ ਕਰਨਲ ਬਸੰਤ ਸਿੰਘ ਦੋਵੇਂ ਖ਼ੁਦ ਲੜੇ ਸਨ। ਲੇਖਕ ਉਸ ਵਕਤ 6-ਸਿੱਖ ਲਾਈਟ ਇਨਫੈਂਟਰੀ ਦਾ ਐਡਜੂਟੈਂਟ ਸੀ। ਉਹ ਪੂਰਬੀ ਮੁਹਾਜ਼ 'ਤੇ ਲੜਿਆ ਅਤੇ ਕਰਨਲ ਬਸੰਤ ਸਿੰਘ 10-ਸਿੱਖ ਲਾਈਟ ਇਨਫੈਂਟਰੀ ਦੀ ਕਮਾਂਡ ਕਰ ਰਿਹਾ ਸੀ ਜੋ ਪੱਛਮੀ ਮੁਹਾਜ਼ 'ਤੇ ਲੜਦੀ ਹੋਈ ਪਾਕਿਸਤਾਨੀ ਸਰਹੱਦ ਪਾਰ ਕਰਕੇ 75 ਕਿਲੋਮੀਟਰ ਅੰਦਰ ਜਾ ਕੇ ਸਿੰਧ-ਹੈਦਰਾਬਾਦ ਤੱਕ ਦੇ ਖੇਤਰ ਉੱਪਰ ਕਬਜ਼ਾ ਕਰਕੇ ਰੁਕੀ ਸੀ। ਭਾਰਤੀ ਯੋਧਿਆਂ ਨੇ ਪੂਰਬੀ ਪਾਕਿਸਤਾਨੀ ਫ਼ੌਜ ਨੂੰ ਹਾਰ ਮੰਨ ਕੇ ਆਤਮ-ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ ਅਤੇ ਏਨੀ ਗਹਿਰੀ ਨਮੋਸ਼ੀ ਭਰੀ ਸੱਟ ਨੂੰ ਪਾਕਿਸਤਾਨ ਅਜੇ ਤੱਕ ਵੀ ਬਰਦਾਸ਼ਤ ਨਹੀਂ ਕਰ ਪਾਇਆ। ਲੇਖਕ ਅਨੁਸਾਰ ਇਹ ਜਿੱਤ ਵੀਹਵੀਂ ਸਦੀ ਵਿਚ ਹੋਈਆਂ ਜੰਗਾਂ ਵਿਚੋਂ ਇਕ ਮਾਣਮੱਤੀ ਅਤੇ ਗੌਰਵਮਈ ਜਿੱਤ ਸੀ।
ਯੁੱਧ ਦੇ ਸਮਾਚਾਰ ਪੇਸ਼ ਕਰਨ ਸਮੇਂ ਲੇਖਕ ਉਪ-ਭਾਵੁਕ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਲੜਨ ਵਾਲੀਆਂ ਫ਼ੌਜਾਂ ਦੇ ਦੋਵੇਂ ਪਾਸੇ ਬਹਾਦਰ ਅਤੇ ਨਿਪੁੰਨ ਜਰਨੈਲ ਹੁੰਦੇ ਹਨ। ਇਸ ਕਾਰਨ ਕਿਸੇ ਇਕ ਧਿਰ ਨੂੰ ਵਡਿਆਉਣਾ ਅਤੇ ਦੂਜੀ ਨੂੰ ਛੁਟਿਆਉਣਾ ਵਾਜਬ ਨਹੀਂ ਹੁੰਦਾ। ਉਸ ਨੇ ਦੋਵੇਂ ਫਰੰਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ ਭਾਰਤ ਅਤੇ ਪਾਕਿਸਤਾਨ ਵਿਚ ਹੋਈਆਂ ਲੜਾਈਆਂ ਦੇ ਸੰਖੇਪ ਵੇਰਵੇ ਦਿੱਤੇ ਗਏ ਹਨ। ਦੂਜੇ ਭਾਗ ਵਿਚ ਪੂਰਬੀ ਫਰੰਟ ਦੀਆਂ ਲੜਾਈਆਂ ਅਤੇ ਤੀਜੇ ਭਾਗ ਵਿਚ ਪੱਛਮੀ ਮੁਹਾਜ਼ ਦੇ ਵੇਰਵੇ ਪੇਸ਼ ਹੋਏ ਹਨ। ਚੌਥੇ ਭਾਗ ਵਿਚ ਜੰਮੂ-ਕਸ਼ਮੀਰ, ਪੰਜਵੇਂ ਵਿਚ ਪੰਜਾਬ ਅਤੇ ਰਾਜਸਥਾਨ ਵਿਚ ਕੀਤੇ ਜਾਣ ਵਾਲੇ ਹਮਲਿਆਂ ਦਾ ਵਰਨਣ ਕੀਤਾ ਗਿਆ ਹੈ। ਅੰਤ ਵਿਚ ਨਿਸ਼ਕਰਸ਼ ਪੇਸ਼ ਕੀਤਾ ਗਿਆ ਹੈ।
ਫ਼ੌਜੀ ਸੇਵਾਵਾਂ ਤੋਂ ਮੁਕਤ ਹੋ ਕੇ ਕਰਨਲ ਸਰਾਂ ਇਤਿਹਾਸਕਾਰੀ ਦੇ ਖੇਤਰ ਵਿਚ ਬੜਾ ਪ੍ਰਮਾਣਿਕ ਕੰਮ ਕਰ ਰਿਹਾ ਹੈ। ਉਸ ਦੇ ਮਨ ਵਿਚ ਫ਼ੌਜੀ ਅਫ਼ਸਰਾਂ ਵਾਲਾ ਜੋਸ਼ੋ-ਜਨੂੰਨ ਪੂਰੀ ਤਰ੍ਹਾਂ ਕਾਇਮ ਹੈ। ਇਹੀ ਕਾਰਨ ਹੈ ਕਿ ਉਹ ਹਰ ਦਸਤਾਵੇਜ਼ ਜਾਂ ਸਰੋਤ ਤੱਕ ਪਹੁੰਚ ਕੇ ਹੀ ਦਮ ਲੈਂਦਾ ਹੈ। ਉਸ ਦੇ ਮਨ ਵਿਚ ਕਿਸੇ ਵੀ ਧਿਰ ਲਈ ਰੰਜ ਜਾਂ ਮਲਾਲ ਨਹੀਂ ਹੈ। ਇਹੀ ਕਾਰਨ ਹੈ ਕਿ ਇਤਿਹਾਸਕਾਰੀ ਦੇ ਖੇਤਰ ਵਿਚ ਉਸ ਦੀ ਇਕ ਵੱਖਰੀ ਪਛਾਣ ਬਣ ਗਈ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੁੱਠੇ ਪੈਰੀਂ ਪੈਂਡਾ
ਲੇਖਕ : ਡਾ. ਜਸਬੀਰ ਸਿੰਘ ਚਾਵਲਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 88476-51213.

ਸ਼ਾਇਰ ਡਾ. ਜਸਬੀਰ ਸਿੰਘ ਚਾਵਲਾ ਹਥਲੀ ਕਾਵਿ-ਕਿਤਾਬ 'ਪੁੱਠੇ ਪੈਰੀਂ ਪੈਂਡਾ' ਤੋਂ ਪਹਿਲਾਂ ਇਕ ਕਿਤਾਬ 'ਧੁੱਪ ਨਿਕਲੇਗੀ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਤੇ ਮੂਲ ਰੂਪ ਵਿਚ ਉਹ ਹਿੰਦੀ ਦਾ ਪ੍ਰਬੁੱਧ ਲੇਖਕ ਹੈ। ਹਿੰਦੀ ਸਾਹਿਤ ਜਗਤ ਵਿਚ ਸ਼ਾਇਰ ਦੀਆਂ ਪ੍ਰਕਾਸ਼ਿਤ ਪੁਸਤਕਾਂ, ਵੱਖ-ਵੱਖ ਅਹੁਦਿਆਂ 'ਤੇ ਨਿਭਾਈਆਂ ਸੇਵਾਵਾਂ ਅਤੇ ਪ੍ਰਾਪਤ ਕੀਤੇ ਸਨਮਾਨਾਂ ਅਤੇ ਪੁਰਸਕਾਰਾਂ ਦੀ ਲੰਮੀ ਫਹਿਰਿਸਤ 158 ਤੇ 159 ਸਫ਼ਿਆਂ 'ਤੇ ਵਿਸਤ੍ਰਿਤ ਜਾਣਕਾਰੀ ਛਪੀ ਹੋਈ ਹੈ, ਜਿਸ ਤੋਂ ਉਸ ਦੇ ਸਾਹਿਤਕ ਆਭਾ ਮੰਡਲ ਦੇ ਚਿਤਰਪਟ ਅਸਾਡੇ ਸਾਹਮਣੇ ਆ ਜਾਂਦੇ ਹਨ। ਸ਼ਾਇਰ ਨੇ ਆਪਣੇ ਅਦਬੀ ਦੋਸਤਾਂ ਦੇ ਕਹਿਣ 'ਤੇ ਆਪਣੀ ਮਾਤ ਭਾਸ਼ਾ ਵਿਚ ਲਿਖਣ ਦੀ ਰੀਝ ਪੂਰੀ ਕੀਤੀ ਹੈ ਤੇ ਪੰਜਾਬੀ ਵਿਚ ਮੋੜ ਕੱਟਣ ਨੂੰ ਪੁੱਠੇ ਪੈਰੀਂ ਤੁਰਨਾ ਕਿਹਾ ਹੈ। ਉਸ ਨੇ ਆਪਣੇ ਸਵੈ: ਕਥਨ ਵਿਚ ਇਸ ਸੱਚ ਨੂੰ ਕਬੂਲਿਆ ਹੈ ਕਿ ਪੰਜਾਬੀ ਵਿਚ ਉਸ ਦਾ ਹੱਥ ਤੰਗ ਹੈ ਤੇ ਲਿਖਣ ਦੀ ਮੁਹਾਰਤ ਨਹੀਂ ਹੈ। ਕਿਤਾਬ ਵਿਚ ਥਾਂ-ਥਾਂ ਸ਼ਬਦ ਜੋੜਾਂ ਦੀ ਗ਼ਲਤੀ ਅਟਕਣ ਦੇ ਨਾਲ-ਨਾਲ ਸੰਚਾਰ ਵਿਚ ਵੀ ਰੁਕਾਵਟ ਬਣਦੀ ਹੈ ਪਰ ਸਾਹਿਤ ਨਾਲ ਜੁੜਿਆ ਪਾਠਕ ਸਮਝ ਜਾਂਦਾ ਹੈ ਕਿ ਉਸ ਦੇ ਸਹੀ ਸ਼ਬਦ ਜੋੜ ਕੀ ਹਨ ਤੇ ਸ਼ਾਇਰ ਦਾ ਕੀ ਭਾਵ ਹੈ। ਸ਼ਾਇਰ ਦਾ ਆਧੁਨਿਕ ਭਾਵ ਬੋਧ ਦਾ ਕਾਵਿ-ਪ੍ਰਵਚਨ ਸਿਖਰ ਦਾ ਹੈ ਤੇ ਇਸੇ ਕਾਵਿ-ਬੋਧ ਪ੍ਰਵਚਨ ਨੂੰ 143 ਨਜ਼ਮਾਂ ਵਿਚ ਕਵਿਤਾਇਆ ਹੈ। ਬਹੁਤੀਆਂ ਨਜ਼ਮਾਂ ਉਸ ਨੇ ਆਪਣੀਆਂ ਹਿੰਦੀ ਨਜ਼ਮਾਂ ਨੂੰ ਖ਼ੁਦ ਹੀ ਪੰਜਾਬੀ ਵਿਚ ਉਲਥਾਇਆ ਹੈ। ਸ਼ਾਇਰ ਦੀ ਸ਼ਾਇਰੀ ਦੇ ਤੱਥ-ਵੱਥ ਦੀ ਤੰਦ ਸੂਤਰ ਫੜਨ ਲਈ ਨਾਰੀਅਲ ਨੂੰ ਛਿਲ ਕੇ ਉਸ ਵਿਚੋਂ ਖੋਪੇ ਦੀ ਗੁੱਟੀ ਪ੍ਰਾਪਤ ਕਰਨੀ ਤੇ ਉਸ ਗੁੱਟੀ ਵਿਚ ਤਰਲ ਪਦਾਰਥ ਪ੍ਰਾਪਤ ਕਰਨ ਵਰਗੇ ਤਰੱਦਦ ਵਿਚੋਂ ਗੁਜ਼ਰਨਾ ਪੈਂਦਾ ਹੈ। ਜਿਵੇਂ ਬੋਹੜ ਦੇ ਨਿੱਕੇ ਜਿੰਨੇ ਬੀਜ ਵਿਚ ਖੁਰਦਬੀਨੀ ਅੱਖ ਨਾਲ ਘਣਛਾਵਾਂ ਬੋਹੜ ਨਜ਼ਰ ਆਉਂਦਾ ਹੈ। ਉਸੇ ਤਰ੍ਹਾਂ ਚਿਹਨ ਦੀ ਭਾਸ਼ਾ ਵਿਚ ਲਿਖੀਆਂ ਨਜ਼ਮਾਂ ਦੇ ਵੱਡੇ ਅਰਥ ਸਮਝ ਆ ਜਾਂਦੇ ਹਨ। ਸ਼ਾਇਰ ਨੇ ਇਤਿਹਾਸ ਮਿਥਿਹਾਸ ਨੂੰ ਪੁਣ ਕੇ ਸਮਕਾਲੀ ਪ੍ਰਸਥਿਤੀਆਂ ਲਈ ਮਿੱਥ ਦਾ ਪੁਨਰ ਸਿਰਜਣ ਕੀਤਾ ਹੈ। ਸ਼ਾਇਰ ਨੇ ਵਿਭਿੰਨ ਸਰੋਕਾਰਾਂ ਨਾਲ ਤਾਰਕਿਕ ਦਸਤਪੰਜਾ ਲਿਆ ਹੈ ਤੇ ਵਿਸ਼ੇਸ਼ ਕਰਕੇ ਨਵਉਦਾਰਵਾਦੀ ਨੀਤੀਆਂ ਨਾਲ ਬਾਜ਼ਾਰ ਵਲੋਂ ਆਵਾਜ਼ਾਰ ਕੀਤੇ ਮਨੁੱਖ ਦੀ ਹੋਣੀ, ਦਰਬਾਰੀ ਕਵੀਆਂ ਵਲੋਂ ਸੱਤਾ ਦੇ ਗਲਿਆਰਿਆਂ ਵੱਲ ਕੀਤੀ ਝਾਕ, ਸ਼ਾਇਰ ਵਲੋਂ ਪੋਤਿਆਂ ਦੇ ਦੋਵਾਂ ਪਾਸਿਆਂ ਵਾਲੀ ਅਉਧ ਹੰਢਾਉਣੀ, ਗੋਦੀ ਮੀਡੀਆ ਦਾ ਹੀਜ ਪਿਆਜ਼, ਸਿੱਖ ਜਗਤ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸ਼ੱਕ ਦੀ ਨਜ਼ਰ ਨਾਲ ਵੇਖਣਾ ਤੇ 56 ਇੰਚੀ ਛਾਤੀ ਵਾਲੇ ਚੌਕੀਦਾਰ ਦੇ ਮਖੌਟੇ ਉਤਾਰਨੇ ਸ਼ਾਇਰ ਦੀ ਸ਼ਾਇਰੀ ਦੇ ਘੇਰੇ ਵਿਚ ਆਉਂਦੇ ਹਨ। ਸ਼ਾਇਰ ਦੀਆਂ ਹਿੰਦੀ ਵਿਚ ਲਿਖੀਆਂ ਕਿਤਾਬਾਂ ਪੜ੍ਹਨ ਦੀ ਉਤਸੁਕਤਾ ਵੀ ਜਾਗਦੀ ਹੈ। ਸ਼ਾਇਰ ਦੇ ਪੰਜਾਬੀ ਵੱਲ ਮੋੜ ਕੱਟਣ ਦੇ ਉਤਸ਼ਾਹ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।

ਭਗਵਾਨ ਢਿੱਲੋਂ
ਮੋ: 98143-78254

c c c

ਅਹਿਸਾਸ
ਲੇਖਕ : ਗੁਲਾਬ ਸਿੰਘ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 99151-33333.

'ਅਹਿਸਾਸ' ਨਾਮੀ ਕਾਵਿ-ਸੰਗ੍ਰਹਿ ਦੇ ਲੇਖਕ ਗੁਲਾਬ ਸਿੰਘ ਗਿੱਲ ਹਨ, ਜਿਨ੍ਹਾਂ ਨੇ ਇਹ ਪੁਸਤਕ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਕਰਤਾਰ ਕੌਰ ਗਿੱਲ ਨੂੰ ਸਮਰਪਣ ਕੀਤੀ ਹੈ, ਜਿਸ ਵਿਚ 90 ਕਵਿਤਾਵਾਂ ਹਨ ਜੋ ਕਿ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਵਿਲੱਖਣਤਾ ਕਾਬਲੇ-ਤਾਰੀਫ਼ ਹੈ ਅਤੇ ਜਿਸ ਵਿਸ਼ੇ ਨੂੰ ਲੇਖਕ ਨੇ ਲਿਆ ਹੈ, ਉਸ ਦੀਆਂ ਅੰਦਰੂਨੀ ਜੜ੍ਹਾਂ ਤੱਕ ਪੁੱਜਿਆ ਹੈ। ਲੇਖਕ ਉਹੀ ਚੰਗਾ ਹੁੰਦਾ ਹੈ, ਜਿਸ ਦੀਆਂ ਅੱਖਾਂ, ਕੰਨ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਅਤੇ ਉਹ ਵੱਖ-ਵੱਖ ਘਟਨਾਵਾਂ, ਦ੍ਰਿਸ਼ਾਂ ਅਤੇ ਹੋਰ ਗੱਲਾਂ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਲਿਜਾ ਕੇ ਆਪਣੀ ਕਲਪਨਾ ਦੇ ਕੇ ਵਿਉਂਤਬੰਦੀ ਨਾਲ ਪੇਸ਼ ਕਰਦਾ ਹੈ। ਇਨ੍ਹਾਂ ਗੱਲਾਂ 'ਤੇ ਲੇਖਕ ਆਪਣੀਆਂ ਕਵਿਤਾਵਾਂ ਰਾਹੀਂ ਪੂਰੀ ਤਰ੍ਹਾਂ ਉਤਰਦਾ ਹੈ। ਇਹ ਵੀ ਜ਼ਰੂਰ ਹੈ ਕਿ ਲੇਖਕ ਆਪਣੀ ਕਲਮ ਨੂੰ ਰਚਨਾਵਾਂ ਪ੍ਰਤੀ ਆਪਮੁਹਾਰੀ ਨਹੀਂ ਹੋਣ ਦਿੰਦਾ ਸਗੋਂ ਸਟੇਰਿੰਗ ਆਪਣੇ ਕਬਜ਼ੇ ਵਿਚ ਰੱਖਦਾ ਹੈ। ਵਿਸ਼ੇ ਤੋਂ ਬਾਹਰ ਹੋਰ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਸ ਨੂੰ ਉਸ ਦੇ ਰੰਗ ਵਿਚ ਰੰਗ ਕੇ ਵਧੀਆ ਸ਼ਬਦਾਵਲੀ 'ਚ ਪੇਸ਼ ਕੀਤਾ ਹੈ। ਵੱਖ-ਵੱਖ ਅਨੇਕਾਂ ਵਿਸ਼ਿਆਂ ਦੇ ਹੱਥ ਅਜ਼ਮਾਉਣਾ ਉਂਜ ਬਹੁਤ ਔਖਾ ਕੰਮ ਹੁੰਦਾ ਹੈ। ਇਸ ਕਾਰਜ ਪ੍ਰਤੀ ਲੇਖਕ ਨੂੰ ਹੱਲਾਸ਼ੇਰੀ ਦੇਣੀ ਵੀ ਬਣਦੀ ਹੈ। ਲੇਖਕ ਆਪ ਵੀ ਚੰਗੇ ਅਹੁਦੇ ਤੋਂ ਸੇਵਾ-ਮੁਕਤ ਹੋਇਆ ਹੈ ਅਤੇ ਇਸ ਨੇ ਦੁਨੀਆ ਨੂੰ ਆਪਣੇ ਢੰਗ ਨਾਲ ਵੇਖਿਆ ਹੈ। ਕਵਿਤਾਵਾਂ ਵਿਚ ਵੀ ਆਪਣੀ ਝਲਕ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਈਰਖਾ, ਸੋਚ, ਪਰਖ, ਦੀਨ ਈਮਾਨ, ਪਰਖਣ ਵਾਲੀ ਅੱਖ, ਦਰਦ ਵਿਛੋੜਾ ਦਾ, ਰਿਸ਼ਤੇ ਨਾਤੇ, ਇਖਲਾਕ, ਤਾਣਾ-ਬਾਣਾ, ਰੰਗ, ਵਿਛੋੜਾ ਪੜ੍ਹਨਯੋਗ ਹਨ। ਉਂਜ ਤਾਂ ਸਾਰੀਆਂ ਕਵਿਤਾਵਾਂ ਵੀ ਪੜ੍ਹਨਯੋਗ ਹਨ ਪਰ ਪੁਸਤਕ ਵਿਚਲੀਆਂ ਕਈ ਕਵਿਤਾਵਾਂ ਦਿਲ ਨੂੰ ਵਧੇਰੇ ਹੀ ਟੁੰਬਦੀਆਂ ਹਨ। ਪੁਸਤਕ ਵਿਚ ਕਈ ਅਜਿਹੀਆਂ ਕਵਿਤਾਵਾਂ ਵੀ ਦਰਜ ਹਨ ਜੋ ਸਾਨੂੰ ਆਪਣੇ ਪਿਛੋਕੜ ਬਾਰੇ ਵੀ ਚਾਨਣਾ ਪਾਉਂਦੀਆਂ ਹਨ। ਸਮੁੱਚੇ ਤੌਰ 'ਤੇ ਲੇਖਕ ਦਾ ਯਤਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਪੁਸਤਕ ਦਾ ਨਾਂਅ ਵੀ ਇਸ ਦੀਆਂ ਕਵਿਤਾਵਾਂ ਅਨੁਸਾਰ ਢੁਕਦਾ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990

ਕਹੋ ਰੁਕਮਣੀ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 256
ਸੰਪਰਕ : 081307-82551.

ਮਨਮੋਹਨ ਬਾਵਾ ਦਾ ਲੰਮੀਆਂ ਕਹਾਣੀਆਂ ਦਾ ਇਹ ਸੰਗ੍ਰਹਿ 7 ਨਾਵਲੈਟਾਂ ਦਾ ਸੰਗ੍ਰਹਿ ਪ੍ਰਤੀਤ ਹੁੰਦਾ ਹੈ। ਇਹ ਸੰਗ੍ਰਹਿ ਯਾਤਰੀਆਂ ਦੇ ਨਾਂਅ ਸ਼ਾਇਦ ਇਸ ਲਈ ਸਮਰਪਿਤ ਕੀਤਾ ਹੈ, ਕਿਉਂਕਿ ਲੇਖਕ ਖ਼ੁਦ ਵੀ ਘੁਮੱਕੜ ਹੈ। ਉਹ ਅਨੋਖੀਆਂ ਥਾਵਾਂ ਅਤੇ ਔਕੜ ਭਰੇ ਰਾਹਾਂ 'ਤੇ ਯਾਤਰਾਵਾਂ ਕਰਨ ਦਾ ਸ਼ੌਕੀਨ ਹੈ। ਅਜਿਹੀਆਂ ਯਾਤਰਾਵਾਂ ਵਿਚੋਂ ਪ੍ਰਾਪਤ ਕੀਤੇ ਅਨੁਭਵ ਅਕਸਰ ਹੀ ਉਸ ਦੀਆਂ ਗਲਪ ਰਚਨਾਵਾਂ ਨੂੰ ਸਮੱਗਰੀ ਪ੍ਰਦਾਨ ਕਰਦੇ ਨੋਟ ਕੀਤੇ ਜਾ ਸਕਦੇ ਹਨ। ਉਹ ਦੂਰ-ਦੁਰੇਡੇ ਸਰੀਰਕ ਸਫ਼ਰ ਵੀ ਕਰਦਾ ਹੈ ਅਤੇ ਮਾਨਸਿਕ ਤੌਰ 'ਤੇ ਇਤਿਹਾਸਿਕ ਯਾਤਰਾਵਾਂ ਵੀ ਕਰਦਾ ਹੈ ਅਤੇ ਉਂਗਲ ਨਾਲ ਪਾਠਕ ਨੂੰ ਪਾਤਰਾਂ ਸਮੇਤ ਕਦੀ ਕਿਧਰੇ ਕਦੀ ਕਿਧਰੇ ਲਈ ਫਿਰਦਾ ਹੈ। ਇਨ੍ਹਾਂ 7 ਕਹਾਣੀਆਂ ਵਿਚ ਕਦੇ ਅਲੋਰਾ ਦੀਆਂ ਗੁਫ਼ਾਵਾਂ ਵੱਲ ਲੈ ਜਾਂਦਾ ਹੈ (ਅਲੋਰਾ ਦੀ ਮਹਾਂਮੇਧਾ), ਕਦੇ ਮੁਗ਼ਲ ਕਾਲ ਵਿਚ (ਬੇਗ਼ਮ ਸਮਰੂ), ਕਦੇ ਤੁਗ਼ਲਕ ਦੇ ਸਮੇਂ ਵਿਚ (ਕਹੋ ਰੁਕਮਣੀ), ਕਦੇ ਸ਼ਾਂਤੀ ਨਿਕੇਤਨ, ਕਦੇ ਛੱਤੀਸਗੜ੍ਹ ਦੇ ਜੰਗਲਾਂ ਵੱਲ (ਇਕ ਵੱਖਰਾ ਸ਼ਾਂਤੀ ਨਿਕੇਤਨ), ਕਦੇ ਹਿਮਾਲਾ ਦੀ ਦੁਰਗਮ ਵਾਦੀ ਵਾਲੇ ਸ਼ੂਦਰਾਂ ਦੇ ਜਨਪਦਾਂ ਵੱਲ (ਬੇਅਕਲਾਂ ਦਾ ਜਨਪਦ), ਕਦੇ ਪੱਛਮੀ ਮੁਲਕਾਂ ਵੱਲ, ਕਦੇ ਪੰਜਾਬ ਵੱਲ (ਉਹ ਲੋਕ ਜੋ ਹਵਾ 'ਚ ਗੁੰਮ ਹੋ ਗਏ) ਤੇ ਕਦੇ ਭਾਰਤੀ ਰਾਜਿਆਂ, ਮਹਾਰਾਜਿਆਂ, ਨਵਾਬਾਂ, ਫਰੰਗੀਆਂ ਵੱਲ (ਲੁਟੇਰੇ ਉਰਫ਼ ਅਮੀਰ ਅਲੀ) ਇਤਿਆਦਿ। ਉਸ ਦੇ ਇਨ੍ਹਾਂ ਕਹਾਣੀਆਂ ਦੇ ਕਥਾਨਕਾਂ ਨਾਲ ਜੂਝਦੇ ਪਾਤਰ ਕਠਪੁਤਲੀ ਨਹੀਂ ਹਨ। ਅਚਨਚੇਤ ਹੀ ਕਹਾਣੀਆਂ ਨੂੰ ਕਿੱਧਰੋਂ ਕਿੱਧਰ ਲੈ ਜਾਣ ਦੀ ਪੂਰਵ ਜਾਣਕਾਰੀ ਨਹੀਂ ਹੁੰਦੀ। ਇਸੇ ਲਈ ਉਸ ਦਾ ਬਿਰਤਾਂਤਕ ਫੋਕਸੀਕਰਨ ਮੋੜ ਕੱਟਦਾ ਰਹਿੰਦਾ ਹੈ। ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕੁ ਕੇਂਦਰੀ ਸੂਤਰ ਪਛਾਣੇ ਜਾ ਸਕਦੇ ਹਨ। ਮਸਲਨ : 'ਜੇ ਮੈਂ ਤੇਰੇ ਸਥਾਨ 'ਤੇ ਹੁੰਦਾ ਤਾਂ ਮੈਂ ਵੀ ਇਹੀ ਕੁਝ ਕਰਦਾ' ਪੰ. 31 'ਬਸ ਮਹਾਂਮੇਧਾ, ਮੈਂ ਇਹੀ ਕਹਿਨਾ ਸੀ। ਹੁਣ ਤਾਂ ਆਪ ਹੀ...।' ਪੰ. 32, 'ਆਦਮੀ ਲਈ ਕਿਸੇ ਔਰਤ ਦੀ ਹਕੂਮਤ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੁੰਦਾ ਹੈ।' ਪੰ. 51, 'ਜੀਵਨ 'ਚ ਕਿਵੇਂ ਛੋਟੀ ਜਿਹੀ ਘਟਨਾ ਵੱਡੀ ਘਟਨਾ ਦਾ ਆਧਾਰ ਬਣ ਜਾਂਦੀ ਹੈ ਪੰ. 65), 'ਇਹ ਦੱਸ ਕੇਤਕੀ ਡੀਅਰ ਐਨੇਂ ਦਿਨਾਂ ਤੱਕ ਤਾਂ ਤੂੰ ਦਲੀਜ੍ਹਾਂ ਨਹੀਂ ਟੱਪੀਆਂ ਅਤੇ ਅੱਜ?' ਹਰ ਘਟਨਾ ਦੇ ਵਾਪਰਨ ਦਾ ਇਕ ਸਮਾਂ ਹੁੰਦਾ ਹੈ' ਪੰ. 130. ਜੇ ਮਨ 'ਚ ਧਾਰ ਲਿਆ ਜਾਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਪੰ. 151, 'ਕੰਮ ਕਰਦੇ ਰਹਿਣ ਦਾ ਨਸ਼ਾ ਆਦਮੀ ਨੂੰ ਸ਼ਰਾਬ ਤੋਂ ਜ਼ਿਆਦਾ ਨਸ਼ਾ ਪਹੁੰਚਾਉਂਦਾ ਹੈ... ਖ਼ਾਸ ਕਰਕੇ ਪੈਸੇ ਕਮਾਉਣ ਲਈ ਕੰਮ ਕਰਦੇ ਰਹਿਣਾ' ਪੰ. 196. ਅਜਿਹੇ ਕੇਂਦਰੀ ਸੂਤਰਾਂ ਦੀ ਪੇਸ਼ਕਾਰੀ ਕਰਦਿਆਂ ਲੇਖਕ ਚਿੰਤਕ ਅਤੇ ਦਾਰਸ਼ਨਿਕ ਵਜੋਂ ਆਪਣਾ ਵਿਅਕਤਿਤਵ ਪੇਸ਼ ਕਰਦਾ ਜਾਪਦਾ ਹੈ। ਕੁੱਲ ਮਿਲ ਕੇ ਇਹ ਕਹਾਣੀ ਸੰਗ੍ਰਹਿ ਪੁਰਾਤਨ, ਮੱਧ ਕਾਲੀਨ ਅਤੇ ਵਰਤਮਾਨ ਦੀਆਂ ਸਮੱਸਿਆਵਾਂ ਨੂੰ ਰੂਪਮਾਨ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜਿਆ ਹੈ।

ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c

ਅਜਮੇਰ ਕੈਂਥ ਦੇ ਸਾਹਿਤਕ ਸਰੋਕਾਰ
ਲੇਖਿਕਾ : ਨਵਦੀਪ ਕੌਰ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 78376-04481

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਲੇਖਕ ਦੀ ਰਚਨਾਤਮਿਕ ਸਮਰੱਥਾ ਦੇ ਸਰੂਪ ਨੂੰ ਪ੍ਰਗਟ ਕਰਦੀ ਹੈ। ਅਜਮੇਰ ਕੈਂਥ ਨੇ ਸਾਹਿਤਕ ਸੇਵਾ ਦੌਰਾਨ ਉੱਚ ਪੱਧਰੀ ਕਵਿਤਾ ਲਿਖੀ, ਗ਼ਜ਼ਲਾਂ ਵੀ ਲਿਖੀਆਂ, ਗੀਤ ਵੀ ਲਿਖੇ ਅਤੇ ਗਲਪ ਸਿਰਜਣਾ ਵਿਚ ਵੀ ਯੋਗਦਾਨ ਪਾਇਆ। ਲੇਖਿਕਾ ਨਵਦੀਪ ਕੌਰ ਨੇ ਇਸ ਅਣਗੌਲੇ ਸਾਹਿਤਕਾਰ ਦੀ ਪ੍ਰਤਿਭਾ ਨੂੰ ਪਛਾਣਦਿਆਂ ਹੋਇਆਂ ਖੋਜ ਕਾਰਜ ਕੀਤਾ ਅਤੇ ਇਸ ਪੁਸਤਕ ਵਿਚ ਗਿਆਰਾਂ ਅਧਿਆਇ ਬਣਾ ਕੇ ਅੰਕਿਤ ਕੀਤਾ ਹੈ। ਇਸ ਅਨੁਸਾਰ ਅਜਮੇਰ ਕੈਂਥ ਯੋਜਨਾਬੰਦੀ ਦਾ ਨਹੀਂ ਅਹਿਸਾਸਾਂ ਦਾ ਸ਼ਾਇਰ ਹੈ। ਉਸ ਦੀ ਬਹੁਪਰਤੀ ਸਿਰਜਣਾ ਵਿਲੱਖਣ ਹੈ। ਲੇਖਿਕਾ ਨੇ ਕੈਂਥ ਦੀਆਂ ਪੁਸਤਕਾਂ ਦਾ ਨਿਕਟ ਵਿਸ਼ਲੇਸ਼ਣ ਵੀ ਕੀਤਾ ਹੈ। 'ਸਮੁੰਦਰ ਸ਼ਾਂਤ ਕਦੋਂ ਸੀ', 'ਅਗੰਮ ਅਗੋਚਰ', 'ਅਨਹਦ ਨਾਦ' ਕਾਵਿ-ਸੰਗ੍ਰਹਿ, ਗ਼ਜ਼ਲ ਸੰਗ੍ਰਹਿ ਅਤੇ ਗੀਤ ਸੰਗ੍ਰਹਿ ਦਾ ਖੂਬ ਵਿਰੇਚਣ ਹੈ। ਇਸ ਤੋਂ ਇਲਾਵਾ 'ਇਬਾਦਤ' ਸੰਗ੍ਰਹਿ ਨੂੰ ਲੇਖਿਕਾ ਨੇ ਆਤਮ ਤੋਂ ਅਨਾਤਮ ਦਾ ਸਫ਼ਰ ਦਰਸਾਇਆ ਹੈ। ਅਜਮੇਰ ਕੈਂਥ ਦੀ ਕਹਾਣੀ ਕਲਾ ਬਾਰੇ ਲੇਖਿਕਾ ਦਾ ਬੜਾ ਸਪੱਸ਼ਟ ਨਿਰਣਾ ਹੈ ਕਿ ਉਹ ਨਿੱਜ ਤੋਂ ਸ਼ੁਰੂ ਹੋ ਕੇ ਸਮੂਹ ਦੀ ਲਾਚਾਰੀ ਦੀ ਗੱਲ ਕਰਦਿਆਂ ਯਥਾਰਥਵਾਦੀ ਹੋ ਨਿੱਬੜਦਾ ਹੈ ਅਤੇ ਜਦੋਂ ਉਹ ਪਰਵਾਸੀ ਕਹਾਣੀ ਦੀ ਸੰਪਾਦਨਾ ਕਰਦਾ ਹੋਇਆ 'ਦੂਰ ਦਿਸਦੇ ਤਾਰੇ' ਪੁਸਤਕ ਪਾਠਕਾਂ ਦੇ ਸਾਹਮਣੇ ਲਿਆਉਂਦਾ ਹੈ ਤਾਂ ਉਹ ਜਿਥੇ ਬਹੁਤ ਸਾਰੀਆਂ ਜੀਵਨ ਪਰਤਾਂ ਨੂੰ ਫਰੋਲਦਾ ਹੈ, ਉਥੇ ਆਪਣੀ ਸੂਝ-ਸਮਝ ਦਾ ਵੀ ਯਥਾਰਥਕ ਪ੍ਰਗਟਾਵਾ ਕਰ ਜਾਂਦਾ ਹੈ। ਲੇਖਿਕਾ ਨੇ ਪੁਸਤਕ 'ਜਿਨ ਕੇ ਚੋਲੇ ਰੱਤੜੇ' ਦਾ ਵੀ ਨੇੜਿਉਂ ਅਧਿਐਨ ਪੇਸ਼ ਕੀਤਾ ਹੈ। ਪੁਸਤਕ ਦੇ ਅੰਤਿਮ ਅਧਿਆਇ ਵਿਚ ਅਜਮੇਰ ਕੈਂਥ ਨਾਲ ਕੀਤੀ ਮੁਲਾਕਾਤ ਅੰਕਿਤ ਹੈ, ਜਿਸ ਵਿਚ ਕੈਂਥ ਦੇ ਜੀਵਨ ਵਿਚ ਆਏ ਉਤਰਾਵਾਂ-ਚੜ੍ਹਾਵਾਂ ਤੋਂ ਇਲਾਵਾ ਉਸ ਦੇ ਸਾਹਿਤ ਰਚਣ ਦੀਆਂ ਸੀਮਾਂ-ਸੰਭਾਵਨਾਵਾਂ ਦਾ ਵੀ ਭਾਵਪੂਰਤ ਉਲੇਖ ਪਾਠਕਾਂ ਦੇ ਸਨਮੁਖ ਕੀਤਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

07-08-2022

ਸਿੱਖ ਧਰਮ : ਮੁਢਲੀ ਜਾਣਕਾਰੀ
ਲੇਖਕ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : ਜਗਤ ਗੁਰੂ ਨਾਨਕ ਦੇਵ ਪੰਜਾਬ, ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ
ਮੁੱਲ : 290, ਸਫ਼ੇ : 208
ਸੰਪਰਕ : 98761-07837.


ਹਥਲੀ ਕਿਤਾਬ ਸਿੱਖ ਧਰਮ, ਮਰਯਾਦਾ, ਗੁਰੂ ਸਾਹਿਬਾਨ ਅਤੇ ਗੁਰੂ ਰੰਗ ਰੰਗੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕਰਦੀ ਹੈ। ਸੰਬੰਧਿਤ ਪੁਸਤਕ ਵਿਚ ਸਮੁੱਚੇ ਤੌਰ 'ਤੇ ਸਿੱਖ ਧਰਮ ਦੇ ਬਾਨੀਆਂ, ਸ਼ਹੀਦਾਂ, ਮੁਰੀਦਾਂ ਦਾ ਇਤਿਹਾਸਿਕ ਬਖਿਆਨ ਸਮੋਇਆ ਹੋਇਆ ਹੈ। ਇਹ ਨਿਵੇਕਲਾ ਵੀ ਹੈ ਤੇ ਨਿਰਾਲਾ ਵੀ। ਧਰਮ ਸਮਾਜ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਅਤੇ ਸੱਭਿਅਕ ਬਣਾਉਣ ਲਈ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਭਾਵੇਂ ਅਜੋਕੇ ਯੁੱਗ ਵਿਚ ਵਿਗਿਆਨ ਅਤੇ ਤਕਨੀਕ ਨੇ ਬਹੁਤ ਤਰੱਕੀ ਕੀਤੀ ਹੈ ਪਰ ਅੱਜ ਵੀ ਕੁੱਲ ਸੰਸਾਰ ਵਿਚ ਧਰਮ ਦਾ ਕੇਂਦਰੀ ਸਥਾਨ ਹੈ ਤੇ ਰਹੇਗਾ। ਦੁਨੀਆ ਵਿਚ ਜਿਹੜੇ ਅੱਠ ਵੱਡੇ ਧਰਮ ਪੈਦਾ ਹੋਏ, ਉਨ੍ਹਾਂ ਦੀ ਪ੍ਰਕਾਸ਼ ਭੂਮੀ ਏਸ਼ੀਆ ਹੈ। ਜਿਨ੍ਹਾਂ ਨੂੰ ਪੂਰਬੀ ਤੇ ਪੱਛਮੀ ਧਰਮਾਂ ਦਾ ਨਾਂਅ ਦਿੱਤਾ ਹੈ। ਪੂਰਬੀ ਧਰਮ ਲੜੀ ਵਿਚ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ ਤੇ ਸਿੱਖ ਧਰਮ ਆਉਂਦੇ ਹਨ, ਜਦਕਿ ਪੱਛਮੀ ਧਰਮਾਂ ਦੀ ਲੜੀ ਵਿਚ ਯਹੂਦੀ, ਯੁਰਾਸਾਟਰ, ਈਸਾਈ ਅਤੇ ਇਸਲਾਮ ਧਰਮ ਦੀ ਗਿਣਤੀ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਤਾਓਵਾਦ, ਕਨਫਿਊਸਿਸ ਅਤੇ ਚਾਰਵਾਕ ਦੀ ਗਿਣਤੀ ਦੁਨੀਆ ਦੇ ਵੱਡੇ ਦਰਸ਼ਨ ਦੇ ਤੌਰ 'ਤੇ ਕੀਤੀ ਜਾਂਦੀ ਹੈ।
ਇਨ੍ਹਾਂ ਸਾਰੇ ਧਰਮਾਂ ਦਾ ਆਪੋ-ਆਪਣਾ ਇਕ ਵੱਡਾ ਤੇ ਨਿਵੇਕਲਾ ਪ੍ਰਸੰਗ ਹੈ। ਇਨ੍ਹਾਂ ਧਰਮਾਂ ਦੇ ਧਰਮ ਗ੍ਰੰਥਾਂ ਵਿਚ ਅੰਕਿਤ ਸਿਧਾਂਤਕ ਪ੍ਰਸੰਗਾਂ ਦੇ ਆਧਾਰ 'ਤੇ ਵੱਡੀਆਂ-ਵੱਡੀਆਂ ਕੌਮੀਅਤਾਂ ਦੀ ਸਿਰਜਣਾ ਹੋਈ ਜੋ ਇਨ੍ਹਾਂ ਦੇ ਪ੍ਰਕਾਸ਼ ਵਰ੍ਹੇ ਤੋਂ ਲੈ ਕੇ ਅੱਜ ਤੱਕ ਆਪਣੇ ਧਰਮ ਬਾਨੀਆਂ ਅਤੇ ਪਵਿੱਤਰ ਗ੍ਰੰਥਾਂ ਨੂੰ ਨਤਮਸਤਕ ਹੋ ਜਿਉਂ ਦਾ ਤਿਉਂ ਨਵਾਂ ਨਰੋਆ ਰੱਖ ਰਹੀਆਂ ਹਨ। ਧਰਮ ਦੀ ਇਸ ਤਵਾਰੀਖ ਵਿਚ ਪੂਰਬੀ ਧਰਮ ਲੜੀ ਵਿਚ ਪੈਦਾ ਹੋਇਆ ਸਿੱਖ ਧਰਮ ਇਕ ਅਜਿਹਾ ਧਰਮ ਹੈ ਜੋ ਸੰਸਾਰ ਦੇ ਮਹੱਤਵਪੂਰਨ ਧਰਮਾਂ ਵਿਚੋਂ ਨਵਾਂ ਵੀ ਹੈ ਤੇ ਨਿਵੇਕਲਾ ਵੀ। ਨਵਾਂ ਇਸ ਕਰਕੇ ਕਿ ਕੁੱਲ ਧਰਮਾਂ ਵਿਚੋਂ ਬਾਅਦ ਵਿਚ ਪੈਦਾ ਹੋਇਆ ਹੈ ਅਤੇ ਨਿਵੇਕਲਾ ਇਸ ਕਰਕੇ ਕਿ ਆਪਣੇ ਵਿਲੱਖਣ ਅਲੌਕਿਕ ਅਤੇ ਸਰਬੱਤ ਦੇ ਭਲੇ ਦੇ ਲੋਕ ਹਿਤਕਾਰੀ ਸਿਧਾਂਤਾਂ ਕਰਕੇ ਇਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਕਿਤਾਬ ਦੇ ਪਹਿਲੇ ਅਧਿਆਇ ਵਿਚ ਦਸ ਸਿੱਖ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਸੰਖੇਪ ਜਾਣ-ਪਛਾਣ। ਦੂਜੇ ਅਧਿਆਇ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਚਾਲੀ ਮੁਕਤੇ, ਤੀਜੇ ਅਧਿਆਇ ਵਿਚ ਪ੍ਰਮੱਖ ਸਿੱਖ ਸ਼ਹੀਦ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ ਸਿੰਘ, ਬਾਬਾ ਦੀਪ ਸਿੰਘ, ਚੌਥੇ ਅਧਿਆਇ ਵਿਚ ਪ੍ਰਮੁੱਖ ਸਿੱਖ ਬੀਬੀਆਂ : ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਪੰਜਵੇਂ ਅਧਿਆਇ ਵਿਚ ਸਿੱਖ ਧਰਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ: ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਘਨੱਈਆ ਜੀ ਅਤੇ ਛੇਵੇਂ-ਅਧਿਆਇ ਵਿਚ ਸਿੱਖ ਦਾ ਰੋਜ਼ਾਨਾ/ਨਿੱਤਨੇਮ, ਸਿਧਾਂਤ ਅਤੇ ਅਰਦਾਸ ਆਦਿ ਦਾ ਬਹੁਤ ਸੁੰਦਰ ਵਿਖਿਆਨ ਹੈ। ਪੁਸਤਕ ਵਿਚਲੀ ਸਮੱਗਰੀ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਿੱਖ ਧਰਮ ਦੇ ਚੇਤਨ ਪਾਠਕਾਂ ਲਈ ਲਾਹੇਵੰਦੀ ਹੈ।


-ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਸਵਰਗ ਤੇ ਉਸ ਦੇ ਵਾਰਸ

ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98889-24664.


ਇਸ ਕਹਾਣੀ ਸੰਗ੍ਰਹਿ ਵਿਚ 14 ਕਹਾਣੀਆਂ ਹਨ, ਜਿਨ੍ਹਾਂ ਦੇ ਲੇਖਕ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਨ੍ਹਾਂ ਨੂੰ ਪੰਜਾਬੀ ਨਾਵਲ ਦੇ ਪਿਤਾਮਾ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅੱਗੇ ਤੱਕ ਪੁੱਜਦਾ ਕਰਕੇ ਇਕ ਬਹੁਤ ਹੀ ਵੱਡਾ ਆਪਣਾ ਯੋਗਦਾਨ ਪਾਇਆ ਹੈ, ਜਿਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਇਨ੍ਹਾਂ ਦੇ ਲਿਖੇ ਨਾਵਲਾਂ ਨੇ ਸੰਸਾਰ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਇਨ੍ਹਾਂ ਦੇ ਨਾਵਲ 'ਤੇ ਫ਼ਿਲਮਾਂ ਵੀ ਬਣੀਆਂ ਜੋ ਕਿ ਹਿੱਟ ਵੀ ਹੋਈਆਂ। ਲੇਖਕ ਜਿਥੇ ਨਾਵਲ ਲਿਖਣ ਵਿਚ ਮੁਹਾਰਤ ਰੱਖਦਾ ਹੈ, ਉਸੇ ਹੀ ਤਰ੍ਹਾਂ ਕਹਾਣੀ, ਨਾਟਕ, ਇਕਾਂਗੀ, ਕਵਿਤਾ ਤੇ ਲੇਖ ਲਿਖਣ ਪ੍ਰਤੀ ਵੀ ਅੱਗੇ ਹੈ।
ਪਾਠਕਾਂ 'ਤੇ ਨਾਨਕ ਸਿੰਘ ਦੀ ਅਜਿਹੀ ਛਾਪ ਲੱਗੀ ਹੋਈ ਹੈ ਕਿ ਇਨ੍ਹਾਂ ਦੀ ਹਰ ਰਚਨਾ ਪਾਠਕ ਬੜੇ ਗਹੁ ਨਾਲ ਪੜ੍ਹਦਾ ਤੇ ਵਿਚਾਰਦਾ ਹੈ। ਲੇਖਕ ਦੇ ਲਿਖਣ ਆਪਣਾ ਹੀ ਨਿਵੇਕਲਾ ਢੰਗ ਹੈ ਅਤੇ ਸ਼ਬਦਾਵਲੀ ਦਾ ਵੀ ਪੂਰੀ ਤਰ੍ਹਾਂ ਨਿਪੁੰਨ ਹੈ। ਢੁਕਵੀਂ ਸ਼ਬਦਾਵਲੀ ਇਨ੍ਹਾਂ ਦੀਆਂ ਰਚਨਾਵਾਂ ਹੋਰ ਚਾਰ-ਚੰਨ ਲਗਾ ਦਿੰਦੀ ਹੈ।
ਲੇਖਕ ਨੇ ਸਮਾਜ ਵਿਚ ਹੋ ਰਹੀਆਂ ਜ਼ਿਆਦਤੀਆਂ, ਅਨਿਆਂ, ਲੁੱਟ-ਖਸੁੱਟ ਨੂੰ ਆਪਣੇ ਅੱਖੀਂ ਵੇਖਿਆ ਅਤੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਵਿਚ ਦਰਸਾ ਕੇ ਆਪਣੇ ਅੰਦਰਲੀ ਪੀੜ ਨੂੰ ਜ਼ਾਹਰ ਕੀਤਾ। ਕਹਾਣੀ 'ਸਿਊਂਕ' ਵਿਚ ਲੇਖਕ ਨੇ ਆਪਣੇ ਦੋਸਤ ਅਨੰਦ ਸਰੂਪ ਸੇਠੀ ਦੀ ਦਾਸਤਾਨ ਨੂੰ ਜਿਸ ਤਰ੍ਹਾਂ ਬਿਆਨਿਆ ਹੈ, ਉਸ ਤੋਂ ਪਤਾ ਲਗਦਾ ਹੈ ਕਿ ਇਨਸਾਨ ਨੂੰ ਆਪਣਾ ਅੰਦਰਲਾ ਡਰ ਸਿਊਂਕ ਦੀ ਤਰ੍ਹਾਂ ਖਾ ਜਾਂਦਾ ਹੈ, ਜਿਸ ਨੂੰ ਉਹ ਹੋਰਾਂ ਨੂੰ ਦੱਸ ਵੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਸਵਰਗ ਤੇ ਉਸ ਦੇ ਵਾਰਸ, ਮੋਹ ਮਾਈ, ਗੁਪਤ ਦਾਨੀ, ਜ਼ਿੰਦਗੀ ਦੀ ਕਮਾਈ, ਨਾਮੁਰਾਦ ਆਦਿ ਕਹਾਣੀਆਂ ਵੀ ਸਾਡੇ 'ਤੇ ਇਕ ਵੱਖਰੀ ਛਾਪ ਛੱਡਦੀਆਂ ਹਨ। ਹਰ ਕਹਾਣੀ ਵਿਚਲੀ ਘਟਨਾ ਪਾਠਕ ਦੇ ਦਿਲ ਨੂੰ ਟੁੰਬਦੀ ਹੈ ਅਤੇ ਆਪਣੀ ਛਾਪ ਵੀ ਛੱਡਦੀ ਹੈ। ਹਰ ਕਹਾਣੀ ਨੂੰ ਪੜ੍ਹਦੇ-ਪੜ੍ਹਦੇ ਪੂਰੀ ਤਰ੍ਹਾਂ ਨਾਲ ਦਿਲਚਸਪੀ ਬਣੀ ਰਹਿੰਦੀ ਹੈ ਅਤੇ ਜਿੰਨੀ ਦੇਰ ਉਹ ਖ਼ਤਮ ਨਹੀਂ ਹੋ ਜਾਂਦੀ, ਓਨੀ ਦੇਰ ਉਤਸੁਕਤਾ ਬਣੀ ਰਹਿੰਦੀ ਹੈ।


ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਮੋ: 092105-88990


ਕਲਾਕਾਰੀਆਂ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 358
ਸੰਪਰਕ : 95011-45039.


ਰਾਣਾ ਰਣਬੀਰ ਇਕ ਬਹੁਪੱਖੀ ਵਿਅਕਤੀਤਵ ਦਾ ਨਾਂਅ ਹੈ। ਉਹ ਕਲਾਕਾਰ ਹੈ, ਅਦਾਕਾਰ ਹੈ, ਸੋਚਸ਼ੀਲ ਇਨਸਾਨ ਹੈ ਅਤੇ ਇਕ ਲੇਖਕ ਵੀ ਹੈ। ਹਥਲੀ ਪੁਸਤਕ 'ਕਲਾਕਾਰੀਆਂ' ਤੋਂ ਪਹਿਲਾਂ ਉਸ ਦੀਆਂ ਤਿੰਨ ਪੁਸਤਕਾਂ ਪਾਠਕਾਂ ਦੇ ਰੂ-ਬਰੂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 'ਜ਼ਿੰਦਗੀ ਜ਼ਿੰਦਾਬਾਦ' ਪੁਸਤਕ ਪੰਜਾਬੀ ਭਾਸ਼ਾ ਤੋਂ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਵੀ ਹੋ ਚੁੱਕੀ ਹੈ। ਜਦੋਂ ਅਸੀਂ 'ਕਲਾਕਾਰੀਆਂ' ਪੁਸਤਕ ਦੀ ਗੱਲ ਕਰਦੇ ਹਾਂ ਤਾਂ ਇਹ ਪੁਸਤਕ ਇਕ ਵੱਖਰੀ ਸ਼ੈਲੀ ਵਿਚ ਲਿਖੀ ਪੁਸਤਕ ਹੈ। ਭਾਵੇਂ ਕਿ ਇਹ ਪੁਸਤਕ ਰਣਬੀਰ ਰਾਣਾ ਦੇ ਨਿੱਜੀ ਅਨੁਭਵ ਵਿਚੋਂ ਨਿਕਲੀ ਡਾਇਰੀ ਸ਼ੈਲੀ ਵਿਚੋਂ ਲਿਖੀ ਹੋਈ ਪੁਸਤਕ ਹੈ ਪਰ ਇਸ ਪੁਸਤਕ ਨੂੰ ਪੜ੍ਹਦਿਆਂ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਸੰਕਲਪਾਂ ਅਤੇ ਮਸਲਿਆਂ ਦੇ ਰੂ-ਬਰੂ ਹੋਣਾ ਪੈਂਦਾ ਹੈ।
ਕਈ ਵਾਰ ਇਹ ਪੁਸਤਕ 'ਮੇਰਾ ਦਾਗਿਸਤਾਨ' ਪੁਸਤਕ ਵਰਗਾ ਪ੍ਰਭਾਵ ਵੀ ਸਿਰਜਦੀ ਹੈ। ਰਾਣਾ ਰਣਬੀਰ ਨੇ ਆਪਣੀ ਗੱਲ ਕਹਿਣ ਲਈ ਦੋ ਕਾਲਪਨਿਕ ਅਤੇ ਚਿੰਨ੍ਹਾਤਮਕ ਪਾਤਰ ਸੁਰਤੀ ਅਤੇ ਆਲਮ ਵੀ ਸਿਰਜੇ ਹਨ ਜੋ ਆਪਸੀ ਗੱਲਬਾਤ ਰਾਹੀਂ ਨਾਟਕੀ ਪ੍ਰਭਾਵ ਤਾਂ ਸਿਰਜਦੇ ਹੀ ਹਨ ਪਰ ਸੰਵਾਦੀ ਬਹਿਸ ਨਾਲ ਇਕ ਦਾਰਸ਼ਨਿਕ ਵਾਤਾਵਰਨ ਵੀ ਪੇਸ਼ ਕਰਦੇ ਹਨ। ਰਾਣਾ ਰਣਬੀਰ ਨੇ ਕਿਉਂਕਿ ਇਹ ਪੁਸਤਕ ਡਾਇਰੀ ਸ਼ੈਲੀ ਵਿਚ ਲਿਖੀ ਹੈ, ਇਸ ਕਰਕੇ ਆਪਣੀ ਲਿਖਤ ਲਿਖਣ ਦਾ ਸਮਾਂ ਅਤੇ ਸਥਾਨ ਵੀ ਪੇਸ਼ ਕੀਤਾ ਹੈ। ਕਿਧਰੇ-ਕਿਧਰੇ ਤੁਲਸੀ ਵਰਗੇ ਪਾਤਰਾਂ ਰਾਹੀਂ ਜ਼ਿੰਦਗੀ ਦੇ ਵੱਡੇ ਸੱਚ ਨੂੰ ਵੀ ਸਹਿਜਮਈ ਸ਼ੈਲੀ ਵਿਚ ਪਾਠਕਾਂ ਦੇ ਸਾਹਮਣੇ ਪ੍ਰਸਤੁਤ ਕਰ ਦਿੱਤਾ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਇੰਜ ਜਾਪਦਾ ਹੈ ਜਿਵੇਂ ਰਾਣਾ ਰਣਬੀਰ ਉਸ ਨਾਲ ਆਹਮਣੇ-ਸਾਹਮਣੇ ਬੈਠ ਕੇ ਸੰਵਾਦ ਰਚਾ ਰਿਹਾ ਹੋਵੇ। ਕਿਉਂਕਿ ਜ਼ਿਆਦਾਤਰ ਘਟਨਾਕ੍ਰਮ ਵਰਤਮਾਨ ਕਾਲ ਵਿਚ ਹੀ ਵਾਪਰਦਾ ਹੈ, ਪਰ, ਕਲਾ, ਠਰ੍ਹੰਮੇ, ਨੈਤਿਕਤਾ ਮੋਹ, ਆਪਸੀ ਮੇਲਜੋਲ, ਉਡੀਕ, ਪਿਆਰ, ਖੁਸ਼ੀ ਅਤੇ ਹੋਰ ਕਿੰਨੇ ਭਾਵਵਾਦੀ ਸੰਕਲਪ ਜੋ ਜ਼ਿੰਦਗੀ ਨੂੰ ਧੜਕਦੀ ਰੱਖਣ ਲਈ ਜ਼ਰੂਰੀ ਹਨ, ਦੇ ਬਾਰੇ ਰਾਣਾ ਰਣਬੀਰ ਨੇ ਰੌਚਿਕ ਸ਼ੈਲੀ ਵਿਚ ਸੰਵਾਦ ਰਚਾਇਆ ਹੈ। ਪੁਸਤਕ ਕਾਵਿਕ ਰੰਗ ਵੀ ਇਸ ਦੀ ਬਹੁਰੰਗਤਾ ਅਤੇ ਬਹੁਪੱਖਤਾ ਵਿਚ ਵਾਧਾ ਕਰਦਾ ਹੈ। ਇਸ ਵਾਰਤਕ ਪੁਸਤਕ ਦਾ ਸਵਾਗਤ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਤਰੀ ਵਾਲੇ ਕਰੇਲੇ
ਲੇਖਕ : ਤ੍ਰਿਲੋਕ ਢਿੱਲੋਂ
ਪ੍ਰਕਾਸ਼ਕ : ਗੁਸਾਈਂ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 165 ਰੁਪਏ, ਸਫ਼ੇ : 104
ਸੰਪਰਕ : 98772-04006.


ਤ੍ਰਿਲੋਕ ਢਿੱਲੋਂ ਮੂਲ ਰੂਪ ਵਿਚ ਕਵੀ ਤੇ ਨਾਟਕਕਾਰ ਹੈ ਤੇ ਹੁਣ ਇਸ ਪੁਸਤਕ 'ਤਰੀ ਵਾਲੇ ਕਰੇਲੇ' ਰਾਹੀਂ ਵਿਅੰਗ ਦੇ ਮੈਦਾਨ ਵਿਚ ਵੀ ਅਚਾਨਕ ਆ ਕੁੱਦਿਆ ਹੈ। ਇਸ ਵਿਧਾ ਦੇ ਖਾਲੀ ਮੈਦਾਨ ਵਿਚ ਤਲਵਾਰ ਘੁਮਾਉਣੀ ਸੌਖੀ ਹੈ ਭਾਵੇਂ ਕਿ ਹਾਸ-ਵਿਅੰਗ ਦੀ ਪਗਡੰਡੀ ਡਾਢੀ ਔਖੀ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 20 ਹਾਸ-ਵਿਅੰਗ ਲੇਖ ਸ਼ਾਮਿਲ ਕੀਤੇ ਹਨ। ਤ੍ਰਿਲੋਕ ਭਾਵ ਤ੍ਰਿਲੋਕੀ ਦਾ ਗਿਆਤਾ। ਉਹ ਬ੍ਰਹਮਾ ਵਾਂਗ ਹਰ ਪਾਸੇ ਝਾਕ ਸਕਦਾ ਹੈ। ਤਿੰਨਾਂ ਲੋਕਾਂ ਦੀ ਖ਼ਬਰ-ਸਾਰ ਰੱਖ ਸਕਦਾ ਹੈ। ਆਮ ਲੋਕ ਬੰਦੇ ਨੂੰ ਬਾਹਰੋਂ-ਬਾਹਰੋਂ ਦੇਖ ਕੇ ਹੀ ਪਰਖਦੇ ਹਨ, ਪਰ ਵਿਅੰਗਕਾਰ ਬੰਦੇ ਅੰਦਰ ਲੁਕੇ ਬੰਦੇ ਤੇ ਉਸ ਦੇ ਧੁਰ ਅੰਦਰ ਲੁਕੇ ਇਕ ਹੋਰ ਬੰਦੇ ਦੀ ਸ਼ਨਾਖ਼ਤ ਵੀ ਕਰ ਸਕਦਾ ਹੈ। ਬੰਦੇ ਅੰਦਰਲਾ ਬੰਦਾ ਲੱਭਣਾ ਹੀ ਉੱਤਮ ਵਿਅੰਗਕਾਰੀ ਹੈ। ਅਸੀਂ ਅੱਜਕਲ੍ਹ ਮਖੌਟਿਆਂ ਓਹਲੇ ਜਿਊਂਦੇ ਹਾਂ। ਨਕਾਬ ਪਾ ਕੇ ਆਪਣੇ ਅਸਲ ਨੂੰ ਛੁਪਾ ਲੈਂਦੇ ਹਾਂ। ਜੀਵਨ ਵਿਸੰਗਤੀਆਂ ਨਾਲ ਭਰਿਆ ਪਿਆ ਹੈ। ਬੰਦਾ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੋਰ ਹੈ। ਜਾਂਦਾ ਪਟਿਆਲੇ ਤੇ ਦੱਸਦਾ ਸਮਰਾਲੇ ਹੈ। ਝੂਠ ਦਾ ਲਬਾਦਾ ਪਹਿਨ ਕੇ ਸਤਿਸੰਗ ਕਰਦਾ ਹੈ। ਨੇਤਾ ਲੋਕ ਤੇ ਸਾਡੇ ਰਹਿਬਰ ਸਾਨੂੰ ਤਰੀ ਵਾਲੇ ਕਰੇਲੇ ਖੁਆਉਣ 'ਚ ਹੀ ਰੁੱਝੇ ਹੋਏ ਹਨ। ਲਾਰਿਆਂ ਦੇ ਕਰੇਲਿਆਂ ਨਾਲ ਜਨਤਾ ਨੂੰ ਭਰਮਾਉਣ ਤੇ ਪਰਚਾਉਣ 'ਚ ਲੱਗੇ ਹੋਏ ਹਨ। ਨਵੀਆਂ ਕਾਢਾਂ ਮਨੁੱਖ ਨੂੰ ਸੁੱਖ ਦੇਣ ਦੀ ਥਾਂ ਬਿਮਾਰੀ ਬਣ ਗਈਆਂ ਹਨ, ਵੱਡੀ ਖੁਆਰੀ ਬਣ ਗਈਆਂ ਹਨ। ਤ੍ਰਿਲੋਕ ਢਿੱਲੋਂ ਆਪਣੇ ਲੇਖਾਂ ਰਾਹੀਂ ਅਜਿਹੇ ਸਮਾਜ ਅਤੇ ਬੰਦਿਆਂ ਦੇ ਪਾਜ ਉਘਾੜਦਾ ਹੈ, ਜਿਨ੍ਹਾਂ ਦੇ ਕਿਰਦਾਰ ਦੋਗਲੇ ਹਨ। ਉਹ ਮਨੁੱਖ ਦੇ ਚਿਹਰਿਆਂ 'ਤੇ ਚੜ੍ਹੇ ਮਖੌਟੇ ਤੇ ਨਕਾਬ ਆਪਣੇ ਵਿਅੰਗ ਲੇਖਾਂ ਰਾਹੀਂ ਲਾਹੁਣ ਦਾ ਯਤਨ ਕਰਦਾ ਹੈ। ਦਫ਼ਤਰੀ ਭ੍ਰਿਸ਼ਟਾਚਾਰ ਦੇ ਨਮੂਨੇ ਪੇਸ਼ ਕਰਦਾ ਹੈ। ਇਹ ਸਭ ਕਰਦਿਆਂ ਵੀ ਉਹ ਸਹਿਜ ਰਹਿੰਦਾ ਹੈ। ਵਿਅੰਗ ਲੇਖਕ ਲਈ ਸਹਿਜ ਰਹਿਣਾ ਔਖਾ ਕਾਰਜ ਹੈ, ਜੋ ਰਹਿ ਜਾਵੇ ਉਹ 'ਕਿੱਸਾ-ਏ-ਅਕਬਰ ਤੇ ਬੀਰਬਲ' ਹੋ ਜਾਂਦਾ ਹੈ। ਤਰੀ ਵਾਲੇ ਕਰੇਲੇ ਨਾ ਕਦੀ ਕਿਸੇ ਨੇ ਬਣਾਏ ਤੇ ਨਾ ਕਦੀ ਕਿਸੇ ਨੇ ਖਾਧੇ ਨੇ ਪਰ ਸਾਡੇ ਨੇਤਾਵਾਂ ਕੋਲ ਪਤਾ ਨਹੀਂ ਕਿਹੜੀ ਗਿੱਦੜਸਿੰਙੀ ਹੁੰਦੀ ਹੈ ਕਿ ਉਹ ਤਰੀ ਵਾਲੇ ਕਰੇਲੇ ਬਣਾ ਵੀ ਲੈਂਦੇ ਹਨ ਤੇ ਭੁਲੱਕੜ ਜਨਤਾ ਨੂੰ ਛਕਾ ਵੀ ਦਿੰਦੇ ਹਨ। ਤ੍ਰਿਲੋਕ ਢਿੱਲੋਂ ਤੁਹਾਨੂੰ ਇਹੋ ਜਿਹੇ ਫਰੇਬ ਨੇਤਾਵਾਂ ਤੋਂ ਸਾਵਧਾਨ ਕਰਦਾ ਹੈ। ਸਮਝ ਜਾਉਗੇ ਤਾਂ ਸੁਖੀ ਰਹੋਗੇ ਨਹੀਂ ਤਾਂ 'ਦੁਖੀਆ ਸਭ ਸੰਸਾਰ ਹੈ' ਦੀ ਸੂਚੀ ਵਿਚ ਦਰਜ ਹੋ ਜਾਉਗੇ। ਤਰੀ ਵਾਲੇ ਕਰੇਲੇ ਹਾਜ਼ਰ ਨੇ। ਆਪ ਵੀ ਛਕੋ ਤੇ ਆਪਣੇ ਚੰਦਰੇ ਗੁਆਂਢੀਆਂ ਨੂੰ ਵੀ ਛਕਾਉ, ਜੋ ਤੁਹਾਡੇ 'ਤੇ ਹਮੇਸ਼ਾ ਕਾਂ ਵਰਗੀ ਨਿਗ੍ਹਾ ਰੱਖਦੇ ਹਨ।


ਕੇ.ਐਲ. ਗਰਗ
ਮੋ: 94635-37050


ਪ੍ਰਨਵ ਮਧੁਰ

ਲੇਖਕ : ਪੂਰਨ ਚੰਦ ਜੋਸ਼ੀ (ਡਾ.)
ਪ੍ਰਕਾਸ਼ਕ: ਗੁਰਮਿਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98141-47405.


ਸਹਿਕਾਰਤਾ ਵਿਭਾਗ ਪੰਜਾਬ ਵਿਚੋਂ ਉੱਚ ਅਧਿਕਾਰੀ ਵਜੋਂ ਸੇਵਾ-ਮੁਕਤ ਹੋਏ ਪੂਰਨ ਚੰਦ ਜੋਸ਼ੀ ਸਾਹਿਤ ਦੀਆਂ ਕਈ ਵਿਧਾਵਾਂ ਵਿਚ ਲਿਖਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਇਕ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਤਸੱਲੀ ਵਾਲੀ ਗੱਲ ਹੈ ਕਿ ਉਹ ਜੋ ਕੁਝ ਵੀ ਕਹਿੰਦੇ ਹਨ, ਸਾਫ਼ ਅਤੇ ਸਪੱਸ਼ਟ ਸ਼ਬਦਾਵਲੀ ਵਿਚ ਠੋਕ-ਵਜਾ ਕੇ ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿੱਥੇ ਕਾਣੀ ਵੰਡ ਹੁੰਦੀ ਹੈ, ਉੱਥੇ ਕਦੇ ਵੀ ਇੱਕਜੁਟਤਾ ਨਹੀਂ ਰਹਿ ਸਕਦੀ :
ਇਕ ਤੌੜੀ ਦੇ ਦੋ ਢਿੱਡ ਨਾਹੀਂ
ਇਹ ਮਸਲੇ ਹੁੰਦੇ ਨੇ ਮਾੜੇ।
ਟੱਬਰਾਂ ਦੇ ਵਿਚ ਕਾਣੀ ਵੰਡ ਨਾਲ
ਪੈ ਜਾਂਦੇ ਨੇ ਪਾੜੇ।
ਪੂਰਨ ਚੰਦ ਜੋਸ਼ੀ ਇਕ ਆਸ਼ਾਵਾਦੀ ਇਨਸਾਨ ਹਨ। ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਵੀ ਕਾਰਜ ਦੀ ਸਫਲਤਾ ਲਈ ਆਪਸੀ ਸਹਿਯੋਗ ਦਾ ਹੋਣਾ ਲਾਜ਼ਮੀ ਹੁੰਦਾ ਹੈ। ਮਹਾਂਮਾਨਵ ਦੇ ਮਹਾਂਬਲੀ ਹੋਣ ਦੇ ਬ੍ਰਹਿਮੰਡੀ ਬਿਰਤਾਂਤ ਤੋਂ ਵੀ ਉਹ ਭਲੀ-ਭਾਂਤ ਜਾਣੂ ਹਨ ਕਿ ਜੇਕਰ ਮਨੁੱਖ ਆਪਣੇ ਮਨ ਵਿਚ ਠਾਣ ਲਵੇ ਤਾਂ ਉਸ ਦੇ ਲਈ ਕੁਝ ਵੀ ਅਸੰਭਵ ਨਹੀਂ। ਆਪਣੀ ਇਕ ਗ਼ਜ਼ਲ ਦੇ ਇਸ ਸ਼ਿਅਰ ਵਿਚ ਉਹ ਆਪਣੀ ਇਸ ਧਾਰਨਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੇ ਹਨ:
ਕਹਿੰਦੇ, ਇਕ ਇਕੱਲਾ ਤੇ ਦੋ ਗਿਆਰਾਂ ਹੁੰਦੇ ਨੇ।
ਇਹ ਵੀ ਹੋ ਸਕਦਾ ਹੈ, ਇਕੱਲਾ ਹੀ ਗਿਆਰਾਂ ਬਣ ਜਾਵਾਂ।
ਪੁਸਤਕ ਦਾ ਪਾਠ ਕਰਦਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਵਿਸ਼ਾ ਪੱਖ ਤਾਂ ਬੜਾ ਮਜ਼ਬੂਤ ਹੈ ਪਰ ਉਨ੍ਹਾਂ ਦੀ ਪਿੰਗਲ ਜਾਂ ਅਰੂਜ਼ ਸੰਬੰਧੀ ਜਾਣਕਾਰੀ ਨਾਮਾਤਰ ਹੀ ਹੈ। ਕਾਫ਼ੀਆ-ਰਦੀਫ਼ ਜਾਂ ਬਹਿਰ-ਵਜ਼ਨ ਦੇ ਮਾਮਲੇ ਵਿਚ ਕਾਫ਼ੀ ਊਣਤਾਈਆਂ ਰੜਕਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੰਤਰ-ਝਾਤ ਮਾਰਨ ਦੀ ਕੋਸ਼ਿਸ਼ ਕਰਨ ਕਿ ਉਹ ਕਿਹੜੀ ਵਿਧਾ ਨੂੰ ਵਧੀਆ ਢੰਗ ਨਾਲ ਨਿਭਾਅ ਸਕਦੇ ਹਨ, ਕਿਉਂਕਿ ਹਰ ਵਿਅਕਤੀ ਆਪਣੇ ਆਪ ਵਿਚ ਕੁਝ ਨਾ ਕੁਝ ਤਾਂ ਜ਼ਰੂਰ ਹੁੰਦਾ ਹੈ।


ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027


ਜਾਗਦੀ ਜ਼ਮੀਰ
ਕਵੀ : ਕੇਵਲ ਸਿੰਘ ਰੱਤੜਾ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 82838-30599.


'ਜਾਗਦੀ ਜ਼ਮੀਰ' ਕਵੀ ਕੇਵਲ ਸਿੰਘ ਰੱਤੜਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਕਵੀ ਨੇ ਸਮਾਜਿਕ ਸਮੱਸਿਆਵਾਂ ਅਤੇ ਨਿੱਜੀ ਵਲਵਲਿਆਂ ਨੂੰ ਇਸ ਕਾਵਿ ਸੰਗ੍ਰਹਿ ਰਾਹੀਂ ਉਭਾਰਿਆ ਹੈ। 63 ਕੁ ਕਵਿਤਾਵਾਂ ਦਾ ਇਹ ਸੰਗ੍ਰਹਿ ਕਵੀ ਦੀ ਸਮਾਜ ਅਤੇ ਰਿਸ਼ਤਿਆਂ ਪ੍ਰਤੀ ਸੋਚ ਦਾ ਪ੍ਰਤੀਕਰਮ ਹੈ। ਕੋਰੋਨਾ ਕਾਲ ਵਿਚ ਕਵੀ ਨੇ ਮਾਨਵੀ ਜੀਵਨ ਦੀਆਂ ਭੁੱਲਾਂ ਬਾਰੇ ਜੋ ਸੁਣਿਆ, ਉਹ ਲਿਖਿਆ।
ਰੁੱਖ ਕੱਟ ਕੇ ਪੱਥਰੀਂ ਘਰਾਂ 'ਚ ਪੱਥਰ ਬਣ ਗਏ ਆਂ
ਛਾਵਾ ਉੱਡੀਆਂ ਗਿਣਤੀਆਂ ਸਾਹਵਾਂ ਦੀ ਰਫ਼ਤਾਰ ਦੀਆਂ। (ਪੰਨਾ 65)
ਕਵੀ ਨੇ ਪਤੀ ਦੇ ਦੋਵਾਂ ਰਿਸ਼ਤਿਆਂ ਮਾਂ ਅਤੇ ਪਤਨੀ ਵਿਚੋਂ ਭਾਵਨਾਵਾਂ ਦੇ ਪ੍ਰਗਟਾਵੇ ਦਾ ਜ਼ਿਕਰ 'ਸੈਂਡਵਿਚ' ਕਵਿਤਾ ਵਿਚ ਬਾਖੂਬੀ ਕੀਤਾ ਹੈ। ਸੰਬੋਧਨੀ ਸੁਰ ਵਿਚ ਲਿਖੀ ਕਵਿਤਾ ਦੇ ਰਿਸ਼ਤਿਆਂ ਵਿਚ ਸੰਤੁਲਨ ਬਣਾਉਣ ਦੀ ਭਾਵਨਾ ਨਾਲ ਲਿਖੀ ਹੋਈ ਹੈ। ਕਵੀ ਆਪਣੀ ਮਾਤ ਭੂਮੀ ਪ੍ਰਤੀ ਵੀ ਆਪਣੇ ਫ਼ਰਜ਼ ਅਤੇ ਸੰਵੇਦਨਾ ਦਾ ਡੂੰਘਾ ਪ੍ਰਗਟਾਵਾ ਕਰ ਜਾਂਦਾ ਹੈ :
ਮੇਰੇ ਪਿੰਡ ਦੀ ਮਿੱਟੀ ਮੇਰੀ ਮਾਂ ਵਰਗੀ
ਬਾਬੇ ਬੁੱਢੜੇ ਜਿਹੇ ਬੋਹੜਾਂ ਵਾਲੀ ਛਾਂ ਵਰਗੀ (ਪੰਨਾ 48)
ਕਵੀ ਨੇ ਕੁਝ ਅਜਿਹੇ ਗੀਤ ਵੀ ਲਿਖੇ ਹਨ, ਜੋ ਇਸਤਰੀ ਮਨ ਦੀ ਵੇਦਨਾ ਪ੍ਰਗਟਾਉਂਦੇ ਹਨ ਜੋ ਆਪਣੇ ਪਤੀ ਤੋਂ ਦੂਰ ਹਿਜਰ ਵਿਚ ਦਿਨ ਕੱਟਦੀ ਹੈ:
ਆ ਜਾ ਸੋਹਣੇ ਪ੍ਰਦੇਸੀਆਂ ਯਾਰਾ
ਰਹਿੰਦੀਆਂ ਉਡੀਕਾਂ ਤੇਰੀਆਂ,
ਰੋਣ ਤੇਰੇ ਬਿਨਾਂ ਸਦਾ ਦਿਲਦਾਰਾ,
ਸੁੰਨੀਆਂ ਪ੍ਰੀਤਾਂ ਮੇਰੀਆਂ। (ਪੰਨਾ 50)
ਕਵੀ ਨੇ ਧਾਰਮਿਕ ਵਿਸ਼ਿਆਂ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਉਹ ਸਿੱਖੀ ਦਾ ਸਤਿਕਾਰ ਕਰਦਾ ਇਸ ਵਿਚਲੀਆਂ ਚੰਗਿਆਈਆਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ।
ਗੁਰੂ ਨਾਨਕ ਨੇ ਹੱਥੀਂ ਇਹਦਾ ਬੀਜ ਬੀਜਿਆ
ਪਾਣੀ ਨਾਮ ਦੀ ਕਮਾਈ ਵਾਲੇ ਇਹਨੂੰ ਸੰਜਿਆ।
(ਪੰਨਾ 55)
ਮੇਰੀ ਮਾਂ ਫਰਿਸ਼ਤਾ, ਤਹਿਜ਼ੀਬ, ਸਾਡੀ ਤਾਂ ਸਬਰ ਨੀਤੀ, ਦਹਿਸ਼ਤ, ਜ਼ਿੰਦਗੀ ਦੇ ਰੰਗ, ਦਿਲ ਤੇ ਰੋਟੀ, ਉੱਡ ਵੇ ਕਾਵਾਂ, ਯਾਰੀ ਦੀ ਖੁਸ਼ਬੂ, ਪੱਖ ਅਤੇ ਵਾਦ, ਸਮਾਂ ਅਤੇ ਨਫ਼ਾ, ਲੋਆਂ ਦੀ ਉਡੀਕ, ਰੂਬਰੂ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਕਵੀ ਕੇਵਲ ਸਿੰਘ ਰੱਤੜਾ ਵਾਤਾਵਰਨ ਪ੍ਰਤੀ ਵੀ ਬਹੁਤ ਸੁਚੇਤ ਹੈ। ਇਸ ਲਈ ਰੁੱਖ ਅਤੇ ਮਨੁੱਖ ਰਾਹੀਂ ਉਹ ਪ੍ਰਕਿਰਤੀ ਨਾਲ ਮਨੁੱਖ ਦੀ ਸਾਂਝ ਦ੍ਰਿੜ੍ਹ ਕਰਦਾ ਹੈ :
ਕਦੇ ਕਦੇ ਮੈਨੂੰ ਰੁੱਖ ਮਨੁੱਖ ਇਕੋ ਜਿਹੇ ਲਗਦੇ ਨੇ
ਟਾਹਣੀਆਂ ਲਗਦੀਆਂ ਬਾਹਵਾਂ ਫੁੱਲ ਅੱਖਾਂ ਜਹੇ ਲਗਦੇ ਨੇ (ਪੰਨਾ 29)
ਉਹ ਪੰਜਾਬੀਅਤ ਦਾ ਕਦਰਦਾਨ ਹੈ। ਉਸ ਅਨੁਸਾਰ ਪੰਜਾਬੀ ਦੁਨੀਆ ਤੋਂ ਵੱਖਰੇ ਹਨ।
ਸਭ ਦੁਨੀਆ ਤੋਂ ਵੱਖਰੇ ਹਾਂ
ਅਖਵਾਉਣ ਪੰਜਾਬੀ ਬਈ
ਬੋਲੀ ਇਕੋ ਕਈ ਰੱਬਾਂ ਨੂੰ
ਧਿਆਉਣ ਪੰਜਾਬੀ ਬਈ। (ਪੰਨਾ 33)
ਬਚਪਨ ਦੀਆਂ ਮਿੱਠੀਆਂ ਯਾਦਾਂ ਬਾਰੇ ਵੀ ਕਵੀ ਭਾਵੁਕਤਾ ਨਾਲ ਮਹਿਸੂਸ ਕਰਦਾ ਹੈ। ਸਾਉਣ ਮਹੀਨੇ ਦੇ ਵੀ ਗੁਣਗਾਨ ਕਵੀ ਨੇ ਕੀਤੇ ਹਨ। 'ਔਰਤ ਨੂੰ ਸਮਝੋ' ਕਵਿਤਾ ਰਾਹੀਂ ਉਹ ਔਰਤ ਦਾ ਸਤਿਕਾਰ ਕਰਦਾ ਹੈ :
ਔਰਤ, ਸਿਰਜਣਹਾਰੀ, ਪਾਲਣਹਾਰੀ
ਜ਼ਿੰਦਗੀ ਦੀ ਫੁੱਲਾਂ ਨਾਲ ਲੱਦੀ ਚੰਗੇਰ
ਘਰ ਦੀ ਸੁਗੰਧਿਤ ਕਿਆਰੀ (ਪੰਨਾ 68)
ਇਸ ਤਰ੍ਹਾਂ ਇਹ ਕਵਿਤਾ ਪਾਠਕਾਂ ਦੇ ਸਮਝ ਆਉਣ ਵਾਲੀ ਤੇ ਰੌਚਕ ਹੈ।


ਪ੍ਰੋ. ਕੁਲਜੀਤ ਕੌਰ


ਅੰਗੂਠੇ ਦਾ ਨਿਸ਼ਾਨ

ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 199
ਸੰਪਰਕ : 98158-78652.


ਡਾ. ਬਲਵਿੰਦਰ ਕੌਰ ਬਰਾੜ ਸੰਵੇਦਨਾਸ਼ੀਲ ਲੇਖਿਕਾ ਹੈ। ਕਿਸੇ ਰਚਨਾ ਦੀ ਉਹ ਸੰਰਚਨਾ ਕਰ ਰਹੀ ਹੋਵੇ, ਉਸ ਦੇ ਨਵੇਂ-ਨਵੇਂ ਪੰਜਾਬੀ ਦੇ ਸ਼ਬਦ-ਸਮਾਸ, ਮੁਹਾਵਰੇ ਲੋਕੋਕਤੀਆਂ, ਉਸ ਦੀ ਲਿਖਤ ਦੀ ਮੂਲ ਆਕਰਸ਼ਕ-ਸ਼ਕਤੀ ਹੁੰਦੇ ਹਨ। ਆਪ ਨੇ 2008 ਈ. ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਵਿਭਾਗ ਤੋਂ ਸੇਵਾ ਮੁਕਤ ਹੋ ਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਜਾਣ ਦਾ ਫ਼ੈਸਲਾ ਕੀਤਾ, ਜਿਥੇ ਜਾ ਕੇ ਉਸ ਨੇ ਪਟਿਆਲਾ, ਪੰਜਾਬ ਪੰਜਾਬੀ ਸੰਸਕ੍ਰਿਤੀ ਅਤੇ ਹੋਰ ਮਾਹੌਲ ਵਿਚ ਚਿਤਵਿਆ 'ਅੰਗੂਠੇ ਦੇ ਨਿਸ਼ਾਨ' ਨਾਵਲ ਦਾ ਪਲਾਟ ਨਵੇਂ ਦੇਸ਼ ਵਿਚ ਨਵੇਂ ਮਾਹੌਲ ਵਿਚ ਗੁੰਮ ਹੋ ਗਿਆ। ਕਾਰਨ ਭਾਵੇਂ ਅਨੇਕਾਂ ਸਨ, ਫਿਰ ਵੀ ਉਸ ਦੇ ਚੇਤੇ ਵਿਚ ਪਨਪਨਦਾ, ਮਚਲਦਾ ਅਤੇ ਮਹਿਕਦਾ ਨਾਵਲ ਉਸ ਨੂੰ ਪੰਜਾਬੀ ਵਿਚ ਲਿਖਣ ਦੀ ਤੜਪਨਾ ਵਿਆਕਲਤਾ ਨੂੰ ਉਹ ਭੁਲਾ ਨਾ ਸਕੀ, ਆਖ਼ਰ ਇਸ ਨਾਵਲ ਦਾ ਪਲਾਟ ਪਾਤਰ, ਵਾਤਾਵਰਨ ਉਸ ਅੰਦਰ ਜਦ ਹੋਰ ਮਚਲਣ ਲੱਗੇ ਤਾਂ ਉਸ ਨੂੰ ਆਪਣੇ ਪੁਨਰ ਜਨਮ ਲੈ ਚੁੱਕੇ ਹੌਸਲੇ ਦਾ ਪੱਲੂ ਫੜਿਆ ਇਸ ਨਾਵਲ ਦੀ 2008 ਈ. ਵਿਚ ਸ਼ੁਰੂਆਤ ਤਾਂ ਹੋ ਗਈ ਪਰ ਲਿਖਤ ਰੂਪ ਵਿਚ ਇਹ ਨਾਵਲ 2015 ਈ. ਵਿਚ ਸੰਪੂਰਨ ਰੂਪ ਵਿਚ ਲਿਖ ਕੇ ਲੇਖਕ ਨੇ ਮਨ ਵਿਚ ਪਿਆ ਬੋਝ ਹਲਕਾ ਕਰ ਦਿੱਤਾ ਹੈ।
ਇਸ ਨਾਵਲ ਦਾ ਕਥਾਨਕ, ਵਾਤਾਵਰਨ, ਘਟਨਾਕ੍ਰਮ, ਪਾਤਰ ਦੀ ਮਨੋ ਅਵਸਥਾ ਅਤੇ ਹੋਰ ਵਸਤੂ, ਹੌਕਿਕ ਨਾਰੀਮਨ ਦੀ ਸੰਵੇਦਨਾਤਮਿਕ ਵੇਦਨਾਵਾਂ, ਏਨੀਆਂ ਰੌਚਿਕ ਹਨ ਕਿ ਪਾਠ ਅੰਦਰ ਅੱਗੋਂ ਕੀ ਹੋਇਆ ਦੀ ਰੌਚਿਕਤਾ ਨਿਰੰਤਰ ਸਥਾਪਤ ਰਹਿੰਦੀ ਹੈ। ਦੇਸ਼ ਦੀ ਧਰਤੀ ਤੋਂ ਦੂਰ ਬੈਠੇ ਇਕ ਆਪਣੇ ਦੇਸ਼ ਦੇ ਪ੍ਰਸਿੱਧ ਪ੍ਰਾਂਤ ਪੰਜਾਬ ਪ੍ਰਾਂਤ ਦੀ ਮਾਂ ਬੋਲੀ ਵਿਚ ਇਹ ਲਿਖਿਆ ਨਾਵਲ ਪੰਜਾਬੀ ਗਲਪ ਖੇਤਰ ਦੇ ਆਧੁਨਿਕ ਕਾਲ ਦੀ ਵੱਡੀ ਪ੍ਰਾਪਤੀ ਹੈ।


ਡਾ. ਅਮਰ ਕੋਮਲ
ਮੋ: 084378-73565

6-08-2022

 157 ਸ਼ਾਇਰਾਂ ਦਾ ਕਾਵਿ ਸਮੁੰਦਰ
ਸੰਪਾਦਕ : ਕੁਲਬੀਰ ਸਿੰਘ 'ਕੰਵਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 210
ਸੰਪਰਕ : 98151-43028.

'157 ਸ਼ਾਇਰਾਂ ਦਾ ਕਾਵਿ-ਸਮੁੰਦਰ' ਕਾਵਿ-ਸੰਗ੍ਰਹਿ 'ਸਾਂਝਾਂ ਪਿਆਰ ਦੀਆਂ' ਅੰਤਰਰਾਸ਼ਟਰੀ ਸਾਹਿਤਕ ਮੰਚ ਦੀ ਦੂਸਰੀ ਪ੍ਰਕਾਸ਼ਨਾ ਹੈ ਜਿਸ ਨੂੰ ਕੁਲਬੀਰ ਸਿੰਘ 'ਕੰਵਲ' ਵਲੋਂ ਸੰਪਾਦਿਤ ਕੀਤਾ ਗਿਆ ਹੈ। 'ਵਰਗਮੂਲ ਹੋਇਆ ਹੈ ਆਦਮੀ' ਅਤੇ 'ਹਜ਼ਾਰਾਂ ਧਰਤੀਆਂ ਨੇ ਹੋਰ' ਗ਼ਜ਼ਲ ਸੰਗ੍ਰਹਿ ਵੀ ਸੰਪਾਦਕ ਵਲੋਂ ਪਹਿਲਾਂ ਹੀ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਏ ਜਾ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਤਮਾਮ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਨ੍ਹਾਂ ਸਾਰੀ-ਸਾਰੀ ਉਮਰ ਮਾਂ-ਬੋਲੀ ਪੰਜਾਬੀ ਦੀ ਬਿਹਤਰੀ ਅਤੇ ਉਸ ਦਾ ਬਣਦਾ ਮਾਣ-ਤਾਣ ਬਹਾਲ ਕਰਨ ਲਈ ਨਿਛਾਵਰ ਕਰ ਦਿੱਤੀ ਹੈ।
'ਸਾਂਝਾਂ ਪਿਆਰ ਦੀਆਂ' ਫੇਸਬੁੱਕ ਗਰੁੱਪ ਨਿਰੋਲ ਸਾਹਿਤਕ ਕਿਰਤਾਂ ਨੂੰ ਸਮਰਪਿਤ ਹੈ। ਸੰਨ 2018 ਈ. ਵਿਚ ਵੀ ਇਸ ਗਰੁੱਪ ਵਲੋਂ 'ਸਾਂਝਾਂ ਪਿਆਰ ਦੀਆਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਜਿਸ ਵਿਚ 52 ਕਵੀਆਂ ਦੀਆਂ ਕਾਵਿ-ਕਿਰਤਾਂ ਸ਼ਾਮਿਲ ਕੀਤੀਆਂ ਗਈਆਂ ਸਨ। ਇਸ ਕਾਵਿ-ਸੰਗ੍ਰਹਿ ਵਿਚ ਜਿਥੇ ਅਮਰ ਸੂਫ਼ੀ, ਅਮਰੀਕ ਡੋਗਰਾ, ਅਰਤਿੰਦਰ ਸੰਧੂ, ਆਤਮਾ ਰਾਮ ਰੰਜਨ, ਕਮਲ ਦੇਵ ਪਾਲ, ਕਮਲਜੀਤ ਕੰਵਰ, ਕੁਲਬੀਰ ਸਿੰਘ 'ਕੰਵਲ', ਕੁਲਵਿੰਦਰ ਕੰਵਲ, ਕ੍ਰਿਸ਼ਨ ਭਨੋਟ, ਗੁਰਸ਼ਰਨ ਸਿੰਘ ਅਜੀਬ, ਗੁਰਦਿਆਲ ਰੌਸ਼ਨ, ਜਮਾਲ ਜਲੰਧਰੀ, ਜਗਦੀਸ਼ ਰਾਣਾ, ਭਜਨ ਆਦੀ, ਭਜਨ ਵਿਰਕ, ਭੁਪਿੰਦਰ ਸਿੰਘ, ਭੁਪਿੰਦਰ ਸੱਗੂ, ਰਣਬੀਰ ਰਾਣਾ, ਰਾਜਦੀਪ ਤੂਰ ਆਦਿ ਪ੍ਰੋੜ੍ਹ ਗ਼ਜ਼ਲਕਾਰਾਂ, ਕਵੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਥੇ ਅਵਤਾਰ ਜੰਡੂ, ਸੁਰਿੰਦਰ ਕੌਰ ਸੈਣੀ, ਹਰਸ਼ਰਨ ਕੌਰ, ਹਰਜੀਤ ਸਿੰਘ, ਹਰਦੀਪ ਬਿਰਦੀ, ਹਰਿੰਦਰ ਕੌਰ ਸ਼ੇਖੂਪੁਰਾ, ਹਰਪ੍ਰੀਤ ਸਿੰਮੀ, ਗੁਰਦੀਪ ਲੋਪੋਂ, ਜਸਬੀਰ ਫੀਰ, ਜੀਵਨ ਸਿੰਘ ਹਾਣੀ, ਦਵਿੰਦਰ ਝਿੱਕਾ, ਦੀਪ ਰੱਤੀ ਅਤੇ ਹੋਰ ਅਨੇਕਾਂ ਸ਼ਾਇਰਾਂ ਦੇ ਕਲਾਮ ਨੂੰ ਯੋਗ ਥਾਂ ਦੇ ਕੇ ਨਿਵਾਜਿਆ ਗਿਆ ਹੈ। ਇਸ ਗਰੁੱਪ ਦੇ ਉਪਰਾਲੇ ਨੂੰ ਸਾਹਿਤ ਮਾਫ਼ੀਆ ਖਿਲਾਫ਼ ਵਿੱਢੇ ਸਮੂਹਿਕ ਸੰਘਰਸ਼ ਵਲੋਂ ਵੀ ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ ਸ਼ਾਇਰਾਂ ਦੀਆਂ ਰਚਨਾਵਾਂ ਜਿਥੇ ਮੋਹ, ਮੁਹੱਬਤ, ਪਿਆਰ, ਸਾਂਝ, ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ 'ਤੇ ਬਲ ਦਿੰਦੀਆਂ ਹਨ, ਉਥੇ ਨਕਾਰਾਤਮਿਕ ਰੁਚੀਆਂ ਅਧੀਨ ਊਚ-ਨੀਚ, ਅਮੀਰ-ਗ਼ਰੀਬ, ਨਾ-ਬਰਾਬਰੀ, ਮਨੁੱਖ ਨੂੰ ਮਨੁੱਖ ਨਾ ਸਮਝਣਾ ਆਦਿ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਂਦੀਆਂ ਹਨ। ਦੂਸਰੀ ਵੱਡੀ ਗੱਲ ਇਹ ਕਿ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਅਸਲੋਂ ਨਵੇਂ ਸ਼ਾਇਰ, ਪ੍ਰੌੜ ਸ਼ਾਇਰਾਂ ਨਾਲ ਪ੍ਰਕਾਸ਼ਿਤ ਹੋ ਕੇ ਜਿਥੇ ਮਾਣ ਮਹਿਸੂਸ ਕਰਨਗੇ, ਉਥੇ ਉਹ ਉਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਪੜ੍ਹਦਿਆਂ ਨਵੀਆਂ ਜੁਗਤਾਂ, ਨਵੇਂ ਵਿਚਾਰਾਂ ਨੂੰ ਵੀ ਗ੍ਰਹਿਣ ਕਰਨਗੇ। ਕੁਲਬੀਰ ਸਿੰਘ ਕੰਵਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਇਹ ਕਾਵਿ-ਸੰਗ੍ਰਹਿ 'ਗਰੁੱਪ' ਲਈ ਅਤੇ ਨਵੇਂ ਖੋਜਾਰਥੀਆਂ ਲਈ ਵੀ ਲਾਹੇਵੰਦ ਰਹੇਗਾ। ਉਮੀਦ ਕਰਦਾ ਹਾਂ ਕਿ ਕਾਵਿ-ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਜ਼ਰੂਰ ਖੁਸ਼-ਆਮਦੀਦ ਕਹਿਣਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

ਖੇਤਾਂ ਤੋਂ ਦਿੱਲੀ ਤੱਕ
(ਕਿਸਾਨੀ ਸੰਘਰਸ਼ ਦਾ ਕਾਵਿਕ ਦਸਤਾਵੇਜ਼)
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 190 ਰੁਪਏ, ਸਫ਼ੇ : 224
ਸੰਪਰਕ : 99884-44002.

ਜਨਾਬ ਗੁਰਦਿਆਲ ਰੌਸ਼ਨ ਇਕ ਹੱਸਾਸ ਕਵੀ, ਉਸਤਾਦ ਗ਼ਜ਼ਲਗੋਅ ਅਤੇ ਇਕ ਸੁਹਿਰਦ ਮਿੱਤਰ ਹੋਣ ਦੇ ਨਾਲ-ਨਾਲ ਇਕ ਚੇਤੰਨ ਅਤੇ ਇਨਕਲਾਬੀ ਚਿੰਤਕ ਵੀ ਹੈ। ਨਵੰਬਰ 2020 ਤੋਂ ਦਸੰਬਰ 2021 ਈ. ਤੱਕ ਚੱਲੇ ਕਿਸਾਨ ਅੰਦੋਲਨ ਨੂੰ ਉਸ ਦੀ ਭਰਵੀਂ ਹਮਾਇਤ ਰਹੀ ਹੈ। ਇਹੀ ਕਾਰਨ ਹੈ ਕਿ ਉਹ ਇਸ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਇਕ ਡਾਇਰੀ ਵਾਂਗ ਨਿਤਾਪ੍ਰਤੀ ਦਰਜ ਕਰਦਾ ਰਿਹਾ ਹੈ। ਸਮਾਜ ਵਿਚ ਵਾਪਰਨ ਵਾਲੀ ਹਰ ਮਹੱਤਵਪੂਰਨ ਘਟਨਾ ਲਿਖਾਰੀਆਂ ਅਤੇ ਕਲਾਕਾਰਾਂ ਨੂੰ ਅੰਦੋਲਿਤ ਕਰਦੀ ਹੈ। 'ਖੇਤਾਂ ਤੋਂ ਦਿੱਲੀ ਤੱਕ' ਦੇ ਖੰਡ-ਕਾਵਿ ਵਿਚ ਸ੍ਰੀ ਗੁਰਦਿਆਲ ਰੌਸ਼ਨ ਨੇ ਨਾ ਕੇਵਲ ਇਹ ਸਿੱਧ ਕਰ ਦਿੱਤਾ ਹੈ ਸਗੋਂ ਇਹ ਵੀ ਦਰਸਾ ਦਿੱਤਾ ਹੈ ਕਿ ਪ੍ਰਮਾਣਿਕ ਲੇਖਕਾਂ ਨੂੰ ਕਦੇ ਵੀ ਵਿਸ਼ੇ-ਵਸਤੂ ਦੀ ਘਾਟ ਨਹੀਂ ਹੁੰਦੀ।
ਇਸ ਦਸਤਾਵੇਜ਼ ਦਾ ਆਰੰਭ 10 ਅਕਤੂਬਰ, 2020 ਤੋਂ ਹੁੰਦਾ ਹੈ, ਜਿਸ ਦੇ ਇੰਦਰਾਜ ਵਿਚ ਕਵੀ ਸਾਥੀ-ਲੇਖਕਾਂ ਨੂੰ ਹਿਲੂਣਾ ਦਿੰਦਾ ਹੋਇਆ ਲਿਖਦਾ ਹੈ : ਹਰ ਕਹਾਣੀਕਾਰ ਤੋਂ ਉੱਤਰ ਲਵੇਗਾ ਵਕਤ ਕੱਲ੍ਹ, ਕਿਉਂ ਕਲਮ ਆਲੇ 'ਚ ਸੀ, ਜਦ ਚਾਨਣੀ ਮਾਰੀ ਗਈ/ਗੀਤਕਾਰੋ, ਗਾਇਕੋ, ਸੰਗੀਤਕਾਰੋ ਵੱਡਿਓ, ਜਦ ਜ਼ਰੂਰਤ ਸੀ, ਤੁਹਾਥੋਂ ਚੀਕ ਨਾ ਮਾਰੀ ਗਈ/ਕੋਰਸਾਂ ਵਿਚ ਲੱਗਿਆਂ ਕਈਆਂ ਤੋਂ ਪੁੱਛੇਗਾ ਸਮਾਂ, ਲੋੜ ਸੀ ਜਦ ਬੋਲਣੇ ਦੀ ਚੁੱਪ ਕਿਉਂ ਧਾਰੀ ਗਈ? ...ਇਨ੍ਹਾਂ ਕਾਵਿ-ਪੰਕਤੀਆਂ ਵਿਚ ਬਹੁਤ ਸਾਰੇ ਵਕਫ਼ੇ ਅਤੇ ਚੁੱਪਾਂ ਛਿਪੀਆਂ ਹੋਈਆਂ ਹਨ, ਜਿਨ੍ਹਾਂ ਦੇ ਜਵਾਬ ਦੇਣੇ ਬਹੁਤ ਜ਼ਰੂਰੀ ਹਨ।
ਇਕ ਪ੍ਰਮਾਣਿਕ ਕਵੀ ਹੋਣ ਦੀ ਸੂਰਤ ਵਿਚ ਉਹ ਵਾਪਰੀਆਂ ਘਟਨਾਵਾਂ ਦਾ ਸਿੱਧ-ਪੱਧਰਾ ਵਰਨਣ ਨਹੀਂ ਕਰਦਾ। ਉਹ ਅਨੁਕਰਣਮੂਲਕ ਕਵੀ ਨਹੀਂ ਹੈ। ਇਸ ਲਈ ਉਹ ਘਟਨਾਵਾਂ ਵਿਚੋਂ ਪ੍ਰਾਪਤ ਹੋਣ ਵਾਲੇ ਭਾਵਾਂ, ਅਹਿਸਾਸਾਂ ਦੀ ਅਭਿਵਿਅਕਤੀ ਕਰਦਾ ਹੈ। ਇਸ ਸੂਰਤ ਵਿਚ ਉਸ ਦੀਆਂ ਇਹ ਗ਼ਜ਼ਲਾਂ (ਲਗਭਗ ਸਵਾ ਦੋ ਸੌ) ਉੱਤਮ ਕਾਵਿ ਦੀ ਸ਼੍ਰੇਣੀ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਮੈਂ ਇਸ ਅਲਬੇਲੇ ਕਵੀ ਦੇ ਅਨੂਠੇ ਕਾਵਿ ਸੰਗ੍ਰਹਿ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬੀ ਕਾਵਿ ਵਿਚ ਨਾਬਰੀ ਦੀ ਰਵਾਇਤ ਜ਼ਿੰਦਾ-ਜਾਵੇਦ ਹੈ ਅਤੇ ਰਹੇਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਾ ਵਜ਼ਨ ਨਾ ਬਹਿਰ
ਇਹ ਤਾਂ ਮਨ ਦੀ ਲਹਿਰ...
ਲੇਖਕ : ਜੰਗ ਐਸ. ਵਰਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 119
ਸੰਪਰਕ : 094192-10834.

ਹਥਲੀ ਪੁਸਤਕ ਵਿਚ ਵਰਮਨ ਦੀਆਂ 50 ਸ਼ਾਨਦਾਰ ਅਤੇ ਆਦਰਸ਼ਕ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਉਹ ਇਕ ਆਦਰਸ਼ਕ ਸਮਾਜ ਦੀ ਸਿਰਜਣਾ ਵੱਲ ਤੁਰਦਾ ਹੈ। ਜ਼ਿੰਦਗੀ ਪ੍ਰਤੀ ਜੀਵਨ ਸ਼ੈਲੀ ਨੂੰ ਘੜਨ ਵਾਲੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਤੇ ਸੱਭਿਆਚਾਰਕ ਸੰਸਥਾਵਾਂ ਪ੍ਰਤੀ ਉਹ ਚੇਤੰਨ ਹੈ ਤੇ ਉਨ੍ਹਾਂ ਵਿਚ ਆ ਰਹੇ ਨਿਘਾਰਾਂ ਪ੍ਰਤੀ ਚਿੰਤਤ ਹੈ।
ਇਨ੍ਹਾਂ ਭਾਵਪੂਰਤ ਕਵਿਤਾਵਾਂ ਵਿਚ ਵਰਮਨ ਆਪੇ ਨੂੰ ਸੰਬੋਧਿਤ ਹੈ ਅਤੇ ਆਪੇ ਦੀ ਭਾਲ ਵਿਚ ਵੀ ਹੈ। ਉਸ ਦੀ ਆਪੇ ਪ੍ਰਤੀ ਖੋਜ ਮਨੁੱਖੀ ਇਤਿਹਾਸ ਦੇ ਨਾਲ-ਨਾਲ ਤੁਰਦਿਆਂ ਆਧੁਨਿਕ ਸ਼ਹਿਰੀਕਰਨ ਵਿਚ ਉਹ ਹਿੰਦੁਸਤਾਨ ਨੂੰ ਮੁੜ ਪ੍ਰਦਰਸ਼ਿਤ ਕਰਦਾ ਨਜ਼ਰ ਆਉਂਦਾ ਹੈ। ਕੀ ਹਾਂ ਮੈਂ? ਤੋਂ ਲੈ ਕੇ 'ਕਲੀ' ਤੱਕ ਦਾ ਸਫ਼ਰ ਆਪਣੇ-ਆਪ ਨੂੰ ਅਤੇ ਆਪਣੇ ਅੰਦਰ ਬਾਹਰ ਨੂੰ ਸਮਝਣ ਤੇ ਸਮਝਾਉਣ ਵਾਸਤੇ ਇਹ ਕਾਵਿਕਾਰੀ ਹੈ। ਵਰਮਨ ਦੀਆਂ ਕਵਿਤਾਵਾਂ ਵਿਚ ਕਲਪਨਾ ਅਤੇ ਯਥਾਰਥ ਕਰਿੰਗੜੀ ਯੁਕਤ ਹਨ। ਤਰਕ ਅਤੇ ਸੁਝਾਉ ਇਨ੍ਹਾਂ ਕਵਿਤਾਵਾਂ ਦਾ ਮੂਲ ਮੰਤਰ ਹੈ :
-ਕੰਕਰ, ਪੱਥਰ, ਪਹਾੜ ਨਿਰਜੀਵ ਕਰਾਰੇ ਇਨ੍ਹਾਂ
ਕੋਈ ਆ ਇਨਸਾਨਾਂ ਨੂੰ ਜ਼ਿੰਦਗੀ ਦਾ ਸਬਕ ਪੜ੍ਹਾਵੇ....
ਦੇਵੇ ਜਨਮ ਅੰਨ-ਅਨਾਜ ਜੀਵ ਜੰਤ ਨੂੰ ਇਹ ਮਿੱਟੀ
ਮਿੱਟੀ ਦਾ ਮਾਧੋ ਕਹਾਵਤ ਮੈਨੂੰ ਆ ਆ ਸਤਾਉਂਦੀ ਹੈ...।
-'ਰੱਬ ਕੋਲੋਂ ਡਰ ਬੰਦਿਆ'
ਇਹ ਲੋਕੀਂ ਕਹਿੰਦੇ ਨੇ
ਕੀ ਪੇੜ ਪਰਿੰਦੇ ਵੀ
ਇਸ ਭੰਬਲਭੂਸੇ ਵਿਚ ਰਹਿੰਦੇ ਨੇ?
ਕੀ ਰੱਬ ਕੋਈ ਸ਼ੈ ਹੈ
ਜੋ ਦਹਿਸ਼ਤ ਫੈਲਾਉਂਦੀ ਹੈ?
ਜਾਂ ਮਾਨਸਿਕਤਾ ਬੰਦੇ ਦੀ,
ਬੰਦੇ ਨੂੰ ਡਰਾਉਂਦੀ ਹੈ।
ਵਰਮਨ ਦੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਵੀ ਹਨ ਪਰ ਉਸ ਨੇ ਅੱਧਿਉਂ ਵੱਧ ਕਵਿਤਾਵਾਂ ਤੇ ਗ਼ਜ਼ਲਾਂ ਬਾਕਾਇਦਾ ਛੰਦਾਂ ਵਿਚ ਰਚੀਆਂ ਹਨ। ਜੇ ਇਹ ਪੁਸਤਕ ਦੇ ਨਾਂਅ ਨਾਲੋਂ 'ਨਾ ਛੰਦ ਨਾ ਬਹਿਰ' ਵਾਕੰਸ਼ ਨਾ ਲਿਖਦਾ ਤਾਂ ਪੁਸਤਕ ਦਾ ਭਾਵਬੋਧ ਵਧੀਆ ਬਣਨਾ ਸੀ। ਪਰ ਇਹ ਤਾਂ ਕਵੀ ਦੀ ਮਾਨਸਿਕਤਾ ਹੈ। ਕੁਝ ਵੀ ਕਹੇ।

ਸੁਲੱਖਣ ਸਰਹੱਦੀ
ਮੋ: 94174-84337

ਗਿਆਨ ਦੇ ਪਾਂਧੀ
ਲੇਖਿਕਾ : ਸਰੋਜ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫੇ : 96
ਸੰਪਰਕ : 94642-36953.

ਸਰੋਜ ਨੇ ਬਾਲਾਂ ਲਈ 'ਗਿਆਨ ਦੇ ਪਾਂਧੀ' ਬਹੁਤ ਹੀ ਪਿਆਰਾ ਅਤੇ ਨਿਆਰਾ ਨਾਵਲ ਲਿਖਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ। ਲੇਖਿਕਾ ਖ਼ੁਦ ਅਧਿਆਪਕਾ ਹੋਣ ਦੇ ਕਾਰਨ ਅਜਿਹੇ ਵਿਸ਼ੇ 'ਤੇ ਨਾਵਲ ਲਿਖਣ ਵਿਚ ਸਫਲ ਹੋ ਗਈ ਹੈ। ਗਿਆਨ ਦੇ ਪਾਂਧੀ ਸ਼ਬਦ ਇਨ੍ਹਾਂ ਨੇ ਸਕੂਲ ਸਿੱਖਿਆ ਲੈਣ ਲਈ ਆਉਣ ਵਾਲ ਬੱਚਿਆਂ ਲਈ ਚੁਣਿਆ ਹੈ ਜੋ ਕਿ ਬਹੁਤ ਹੀ ਢੁੱਕਦਾ ਹੈ। ਇਸ ਨਾਵਲ ਦੇ ਪਾਤਰ ਵੀ ਸਕੂਲੀ ਬੱਚੇ ਹੀ ਹਨ ਜਿਵੇਂ ਸੁਨੀਤਾ, ਬਸ਼ੀਰਾ, ਰੋਹਿਤ, ਸੰਦੀਪ, ਵੰਸ਼, ਅਮਨ, ਰਵੀ ਅਤੇ ਨੂਰਾ ਆਦਿ।
ਨਾਵਾਂ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਬੱਚੇ ਪੰਜਾਬ ਤੋਂ ਬਾਹਰ ਦੇ ਗ਼ਰੀਬ ਪਰਿਵਾਰਾਂ ਦੇ ਗ਼ਰੀਬ ਬੱਚੇ ਹਨ। ਸਕੂਲ ਦੇ ਵਾਤਾਵਰਨ ਦਾ ਦ੍ਰਿਸ਼ ਚਿਤਰਣ ਅਤੇ ਪਾਤਰ ਉਸਾਰੀ ਕਮਾਲ ਦੀ ਕੀਤੀ ਹੈ। ਲੇਖਿਕਾ ਨੂੰ ਮਨੋਵਿਗਿਆਨ ਦਾ ਖੂਬ ਗਿਆਨ ਹੈ ਇਹ ਗ਼ਰੀਬ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਵੀ ਦੱਸਿਆ ਕਿ ਮਜ਼ਦੂਰਾਂ ਅਤੇ ਗ਼ਰੀਬ ਗੁੱਜਰਾਂ ਦੇ ਬੱਚੇ ਜੋ ਮੋਟਰਾਂ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਹਨ ਉਹ ਆਮ ਚੰਗੇ ਘਰਾਂ ਦੇ ਬੱਚਿਆਂ ਤੋਂ ਆਪਣੀ ਗ਼ਰੀਬੀ ਅਤੇ ਮਾਪਿਆਂ ਦੀ ਮਜਬੂਰੀ ਨੂੰ ਸਮਝਦੇ ਹੋਏ ਮਿਹਨਤੀ ਅਤੇ ਹੁਸ਼ਿਆਰ ਹੁੰਦੇ ਹਨ। ਬਿਹਾਰ ਦੀ ਸੁਨੀਤਾ ਨੇ ਪੜ੍ਹਾਈ ਵਿਚ ਅਤੇ ਗੁੱਜਰਾਂ ਦੇ ਬਸ਼ੀਰੇ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਕਿਵੇਂ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਅਧਿਆਪਕਾਂ ਦਾ ਸਾਰੇ ਬੱਚਿਆਂ ਦੀਆਂ ਲੋੜਾਂ ਥੋੜ੍ਹਾਂ ਨੂੰ ਬਰੀਕੀ ਨਾਲ ਸਮਝਣਾ ਅਤੇ ਪਿਆਰ ਨਾਲ ਪੜ੍ਹਾਉਣਾ ਵੀ ਇਸ ਨਾਵਲ ਦਾ ਮੁੱਖ ਵਿਸ਼ਾ ਹੈ। ਭਾਸ਼ਾ ਸਰਲ ਠੇਠ ਅਤੇ ਆਮ ਬੋਲਚਾਲ ਵਾਲੀ ਵਰਤੀ ਹੈ ਪਾਠਕਾਂ ਨੂੰ ਨਾਲ ਤੋਰਨ ਦੇ ਸਮਰੱਥ ਹੈ।
ਤੇਜ਼ ਤਰਾਰ ਗਿਆਨ ਦੇ ਪਾਂਧੀ ਬੱਚੇ ਕਰੋਨੇ ਦੇ ਕਾਲੇ ਦੌਰ ਵਿਚ ਬਹੁਤ ਉਦਾਸ ਹੁੰਦੇ ਹਨ ਉਥੇ ਵੀ ਅਧਿਆਪਕ ਉਨ੍ਹਾਂ ਦੇ ਹੌਂਸਲੇ ਬੁਲੰਦ ਰੱਖਦੇ ਹਨ। ਗ਼ਰੀਬ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੀ ਸਿੱਖਿਆ ਵੀ ਇਹ ਨਾਵਲ ਦਿੰਦਾ ਹੈ। ਬੱਚੇ ਦੇ ਸਰਬਪੱਖੀ ਵਿਕਾਸ ਵੱਲ ਸਾਰੇ ਅਧਿਆਪਕ ਧਿਆਨ ਦਿੰਦੇ ਹਨ ਸਮਾਜਿਕ ਕਦਰਾਂ ਕੀਮਤਾਂ ਅਤੇ ਆਪਣੇ ਅਮੀਰ ਵਿਰਸੇ ਦੀਆਂ ਬਾਤਾਂ ਵੀ ਖ਼ੂਬ ਪਾਉਂਦੇ ਹਨ। ਨਾਵਲ 'ਤੇ ਅਮਲ ਕਰਨ ਵਾਲਾ ਹਰ ਅਧਿਆਪਕ ਸਫਲ ਅਧਿਆਪਕਾਂ ਵਿਚ ਸ਼ਾਮਿਲ ਹੋ ਸਕਦਾ ਹੈ ਅਤੇ ਅਮਲ ਕਰਨ ਵਾਲਾ ਬੱਚਾ ਭਵਿੱਖ ਦਾ ਬਹੁਤ ਹੀ ਵਧੀਆ ਇਨਸਾਨ ਬਣ ਸਕਦਾ ਹੈ। ਲੇਖਿਕਾ ਨੇ ਇਸ ਨਾਵਲ ਨੂੰ ਲਿਖਣ ਲਈ ਬਹੁਤ ਮਿਹਨਤ ਕੀਤੀ ਲਗਦੀ ਹੈ ਪਰ ਪਾਤਰ ਜ਼ਿਆਦਾ ਹੋਣ ਕਰਕੇ ਪਾਠਕ ਦੇ ਮਨ ਤੇ ਕਈ ਵਾਰ ਸਮਝਣ ਵਿਚ ਬੋਝ ਪੈਂਦਾ ਹੈ। ਨਾਵਲ ਵਿਚਲਾ ਲਮਕਾਅ ਵੀ ਹੋਰ ਘਟਾਇਆ ਜਾ ਸਕਦਾ ਸੀ ਕੁੱਲ ਮਿਲਾ ਕੇ ਮੈਂ ਲੇਖਕਾ ਨੂੰ ਬਾਲਾਂ ਦੀ ਝੋਲੀ ਬਹੁਤ ਪਿਆਰਾ ਨਾਵਲ ਪਾਉਣ ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਯੁੱਧ ਦਾ ਗੀਤ
ਮੂਲ ਲੇਖਿਕਾ : ਮਹਾਸ਼ਵੇਤਾ ਦੇਵੀ
ਅਨੁ: ਬਲਬੀਰ ਪਰਵਾਨਾ
ਪ੍ਰਕਾਸ਼ਕ : ਗ੍ਰੈਵਿਟੀ ਪ੍ਰਕਾਸ਼ਨ, ਫ਼ਤਹਿਗੜ੍ਹ ਸਾਹਿਬ
ਮੁੱਲ : 175 ਰੁਪਏ, ਸਫ਼ੇ : 120
ਸੰਪਰਕ : 79739-56082.

ਵਿਚਾਰਾਧੀਨ ਰਚਨਾ ਲੇਖਿਕਾ ਦੇ 'ਮੂਲ ਬਾਂਗਲਾ' ਵਿਚ ਲਿਖੇ 1982 ਈ. ਵਿਚ ਪ੍ਰਕਾਸ਼ਿਤ ਹੋਏ 'ਅਕਲਾਂਤ ਕੌਰਵ' ਦਾ ਪੰਜਾਬੀ ਅਨੁਵਾਦ ਹੈ। ਇਸ ਨਾਵਲ ਦੀ ਤਥਾਤਮਕਤਾ (ਟੈਕਟੀਸਿਟੀ) ਬੰਗਾਲ ਦੇ ਜੰਗਲ-ਨਿਵਾਸੀ (ਆਦਿ ਵਾਸੀਆਂ) ਨਾਲ ਸੰਬੰਧਿਤ ਹੈ। ਇਸ ਦੀ ਆਂਚਲਿਕਤਾ ਹੋਰਨਾਂ ਅਵਿਕਸਿਤ ਪਿੰਡਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਦੋ ਪਿੰਡਾਂ ਜਾਗੁਲਾ ਅਤੇ ਚਰਸਾ 'ਤੇ ਕੇਂਦਰਿਤ ਰਹਿੰਦੀ ਹੈ। ਇਹ ਦੈਪਾਇਨ ਸਰਕਾਰ ਦੇ 60 ਸਾਲਾ ਯੁੱਗ ਦੀ ਗਾਥਾ ਹੈ। ਇਸ ਰਚਨਾ ਵਿਚ 'ਬਸਾਈ-ਟੁੱਡੂ ਆਪ੍ਰੇਸ਼ਨ' ਅਤੇ 'ਬਰਗਾਦਾਰ ਰਿਕਾਰਡ' ਦਾ ਵਾਰ-ਵਾਰ ਜ਼ਿਕਰ ਹੋਇਆ ਹੈ। ਇਸ ਨਾਵਲ ਦੀਆਂ ਘਟਨਾਵਾਂ ਪੂਰਵ 1977 ਨੂੰ ਮੂਰਤੀਮਾਨ ਕਰਦੀਆਂ ਹਨ। ਇਸ ਵਿਚ 'ਹੈਵ' (ਸਹੂਲਤਾਂ ਪ੍ਰਾਪਤ ਵਰਗ) ਅਤੇ 'ਹੈਵਨੌਟ' (ਨਿਰਧਨਾਂ) ਵਿਚਕਾਰ ਸਖ਼ਤ ਟੱਕਰ ਹੈ। ਜ਼ਿਮੀਂਦਾਰਾਂ ਅਤੇ ਮੁਜ਼ਾਰਿਆਂ ਵਿਚ ਤਣਾਅ ਹੈ। ਜ਼ਿਮੀਂਦਾਰਾਂ ਦੀ ਪੁਗਦੀ ਹੈ। ਕਾਸ਼ਤਕਾਰਾਂ ਨੂੰ ਜ਼ਮੀਨ ਦੇ ਹੱਕ ਨਹੀਂ ਮਿਲ ਰਹੇ। ਮਜ਼ਦੂਰਾਂ ਨੂੰ ਸਹੀ ਮਜ਼ਦੂਰੀ ਨਹੀਂ ਮਿਲਦੀ। ਸਰਕਾਰਾਂ ਵਲੋਂ ਸਮੇਂ-ਸਮੇਂ ਕਾਨੂੰਨ ਤਾਂ ਬਣਾਏ ਗਏ ਪਰ ਲਾਗੂ ਨਹੀਂ ਹੋ ਰਹੇ। ਫ਼ਰਜ਼ੀ ਮਜ਼ਦੂਰਾਂ ਦੀ ਦਿਹਾੜੀ ਚਲਾਕੀ ਨਾਲ ਧੱਕੜਸ਼ਾਹ ਖਾ ਰਹੇ ਹਨ। ਪੁਲਿਸ ਆਦਿ ਵਾਸੀਆਂ 'ਤੇ ਜਬਰ ਢਾਹੁੰਦੀ ਹੈ। ਈਮਾਨਦਾਰ ਅਫ਼ਸਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਜਾਂਦੇ ਹਨ। ਹੱਕ ਦੀ ਲੜਾਈ ਲੜਨ ਵਾਲੇ ਵਕੀਲਾਂ ਨਾਲ ਦੁਰਵਿਵਹਾਰ ਹੁੰਦਾ ਹੈ। ਅਦਾਲਤਾਂ ਵੀ ਨਿਆਂ ਦੇਣੋਂ ਬੇਵਸ ਹਨ। ਮਜ਼ਦੂਰ 24 ਘੰਟੇ ਸੀਰੀਆਂ ਵਾਲਾ ਜੀਵਨ ਬਤੀਤ ਕਰਦੇ ਪ੍ਰਸਤੁਤ ਕੀਤੇ ਗਏ ਹਨ। ਫ਼ਰਜ਼ੀ ਮਜ਼ਦੂਰਾਂ ਅਤੇ ਕੁੱਤਿਆਂ, ਬਿੱਲੀਆਂ ਦੇ ਨਾਂਅ ਸ਼ਾਮਲਾਟਾਂ ਜ਼ਮੀਨਾਂ ਅਲਾਟ ਕਰਵਾ ਕੇ ਧੱਕੜਸ਼ਾਹ ਜ਼ਿਮੀਂਦਾਰ ਹੀ ਕਾਬਜ਼ ਰਹਿੰਦੇ ਹਨ। ਪਾਰਟੀ ਨੇਤਾ ਵੀ ਖ਼ਰੀਦੇ ਜਾਂ ਧਮਕਾਏ ਜਾਂਦੇ ਹਨ। ਜੰਗਲੀ ਜੀਵਨ, ਪ੍ਰਕਿਰਤਕ ਦ੍ਰਿਸ਼ ਵੀ ਰੂਪਮਾਨ ਕੀਤੇ ਮਿਲਦੇ ਹਨ। ਆਦਿ ਵਾਸੀਆਂ ਦੇ ਸੱਭਿਆਚਾਰ, ਰਹਿਣ-ਸਹਿਣ, ਰਸਮੋ-ਰਿਵਾਜ, ਖਾਣ-ਪੀਣ ਦੇ ਯਥਾਰਕ ਚਿੱਤਰ ਵਿਖਾਏ ਗਏ ਹਨ। ਆਦਿਵਾਸੀਆਂ ਦੀ ਮੁੱਖ ਮੰਗ ਹੀ ਨਾਵਲ ਦਾ ਕੇਂਦਰੀ ਸੂਤਰ ਹੈ : 'ਪਹਿਲਾਂ ਸਾਰੀ ਜ਼ਮੀਨ ਸਰਕਾਰ ਲੈ ਲਏ ਅਤੇ ਫਿਰ ਉਸ ਨੂੰ ਵੰਡ ਦਏ। ਜਿਸ ਕੋਲ ਨੌਕਰੀ ਹੈ, ਵਪਾਰ-ਰੁਜ਼ਗਾਰ ਹੈ, ਦੁਕਾਨ, ਬਸ ਜਾਂ ਟਰੱਕ ਹੈ, ਉਸ ਨੂੰ ਜ਼ਮੀਨ ਨਾ ਦਿਓ।' ਪੰ. 75 ਦਰਅਸਲ ਇਸ ਨਾਵਲ ਦੇ ਪਾਤਰ 'ਕਾਰਪੋਰੇਟ ਵਿਕਾਸ ਮਾਡਲ' ਨੂੰ ਸਖ਼ਤ ਟੱਕਰ ਦਿੰਦੇ ਹਨ। ਅਜਿਹੀ ਗਾਲਪਨਿਕ ਰਚਨਾ ਲਈ ਲੇਖਿਕਾ ਅਤੇ ਅਨੁਵਾਦਕ ਪ੍ਰਸੰਸਾ ਦੇ ਅਧਿਕਾਰੀ ਹਨ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਕੁੜੀਆਂ ਚਿੜੀਆਂ ਨਹੀਂ
ਲੇਖਕ : ਡਾ. ਰਤਨ ਸਿੰਘ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 094682-93682

ਸ਼ਾਇਰ ਡਾ. ਰਤਨ ਸਿੰਘ ਢਿੱਲੋਂ ਪੰਜਾਬੀ ਅਦਬ ਦਾ ਪ੍ਰਬੁੱਧ ਚੌਮੁਖੀਆ ਦੀਵਾ ਹੈ। ਉਹ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ। ਸ਼ਾਇਰ ਹਥਲੇ ਕਾਵਿ-ਸੰਗ੍ਰਹਿ 'ਕੁੜੀਆਂ ਚਿੜੀਆਂ ਨਹੀਂ' ਤੋਂ ਪਹਿਲਾਂ ਵੀ ਬਾਰਾਂ ਕਿਤਾਬਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਵਿਭਿੰਨ ਸਮਾਜਿਕ ਰੰਗਾਂ ਨੂੰ ਚਿਤਰਪਟ 'ਤੇ ਲਿਆਉਂਦਾ ਹੈ ਤੇ ਜਦ ਉਨ੍ਹਾਂ ਰੰਗਾਂ ਨੂੰ ਪ੍ਰਿਜ਼ਮ ਵਿਚੋਂ ਲੰਘਾ ਕੇ ਜੋ ਰੰਗ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ ਤੇ ਸਾਇਰ ਦੇ ਕਾਵਿ-ਸ਼ਿਲਪ, ਕਾਵਿ-ਚਿੰਤਨ, ਕਾਵਿ-ਧਰਮ ਤੇ ਆਧੁਨਿਕ ਭਾਵ ਬੋਧ ਦੀ ਲੱਜ ਪਾਲਦਿਆਂ ਸੱਤਿਅਮ ਸ਼ਿਵਮ ਸੁੰਦਰਮ ਦੇ ਰਾਹ ਅਜਿਹਾ ਪੈਂਦਾ ਹੈ ਕਿਉਂਕਿ ਕਿਵੇਂ ਦੀ ਸਕੈਨਿੰਗ ਤਾਂ ਕਰਦਾ ਹੀ ਹੈ ਤੇ ਨਾਲ ਦੀ ਨਾਲ ਡਾਇਗਨੋਜ ਵੀ ਕਰਦਾ ਹੈ। ਸ਼ਾਇਰ ਕਹਿੰਦਾ ਹੈ ਕਿ ਸ਼ਾਇਰੀ ਕਿਸੇ ਨਾਜ਼ੁਕ ਸੁੰਦਰੀ ਦੇ ਪਹਿਨਣ ਵਾਲਾ ਗਹਿਣਾ ਨਹੀਂ ਹੁੰਦਾ ਤੇ ਨਾ ਹੀ ਸ਼ਬਦਾਂ ਦਾ ਜਿਮਨਾਸਟ ਹੁੰਦੀ ਹੈ ਤੇ ਨਾ ਹੀ ਦਰਬਾਰੀ ਕਵੀਆਂ ਦੀ ਸੱਤਾ ਦੇ ਗਲਿਆਰਿਆਂ ਵੱਲ ਰੱਖੀ ਝਾਕ ਦੀ ਜੁਗਤ। 'ਸ਼ਾਇਰੀ ਹਿੰਦੂ ਹੋਤੀ ਹੈ ਨਾ ਹੀ ਮੁਸਲਮਾਨ ਹੋਤੀ ਹੈ, ਸ਼ਾਇਰੀ ਤੋ ਸਾਹਿਬ-ਏ-ਈਮਾਨ ਹੋਤੀ ਹੈ'। ਇੰਝ ਸ਼ਾਇਰੀ ਈਮਾਨ 'ਤੇ ਚਲਦੀ ਹੈ ਤੇ ਜੇ ਕਾਫੁਰ ਵੀ ਬਣਦੀ ਹੈ ਤਾਂ ਨਾਬਰੀ ਦਾ ਰਾਹ ਚੁਣਦੀ ਹੈ। ਉਹ ਕਹਿੰਦਾ ਹੈ ਜਦ ਬੱਚਾ ਛੋਟਾ ਹੁੰਦਾ ਹੈ ਤਾਂ ਮਾਸੂਮ ਤੇ ਨਿਰਛਲ ਹੁੰਦਾ ਹੈ ਪਰ ਜਿਉਂ ਵੱਡਾ ਹੁੰਦਾ ਜਾਂਦਾ ਹੈ ਤਾਂ ਦੁਨਿਆਵੀ ਸ਼ਾਤਰੀ ਵਲਵਲੇਵਿਆਂ ਦੀ ਘੁੰਮਣਘੇਰੀ ਦੇ ਚੱਕਰਵਿਊ ਵਿਚ ਫਸ ਜਾਂਦਾ ਹੈ। ਸ਼ਾਇਰ ਕਹਿੰਦਾ ਹੈ ਕਿ ਭਗਤ ਸਿੰਘ ਵਰਗੀ ਪਗੜੀ ਬੰਨ੍ਹ ਕੇ ਕੋਈ ਭਗਤ ਸਿੰਘ ਤਾਂ ਨਹੀਂ ਬਣ ਜਾਂਦਾ। ਦੇਖਣਾ ਇਹ ਹੈ ਕਿ ਪਗੜੀ ਦੇ ਹੇਠਾਂ ਸਿਰ ਕਿੰਨੇ ਹਨ ਜੋ ਉਸ ਦੀ ਵਿਚਾਰਧਾਰਾ ਦੇ ਅਨੁਯਾਈ ਹਨ। ਭਗਤ ਸਿੰਘ ਦਾ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣਾ ਇਕ ਰਸਮ ਬਣ ਕੇ ਰਹਿ ਗਿਆ ਹੈ ਤੇ ਇਨਕਲਾਬ ਦੇ ਔਝੜ ਰਾਹਾਂ ਦਾ ਪਾਂਧੀ ਬਣਨਾ ਤਾਂ ਦੂਰ ਦੀ ਗੱਲ ਹੈ, ਉਹ ਅਗਾਊਂ ਜਾਗਰੂਕ ਕਰਦਾ ਹੈ ਕਿ ਜੋ ਤੁਹਾਡੇ ਅੰਗ-ਸੰਗ ਰਹਿਣ ਦਾ ਦੰਭ ਕਰਦਾ ਹੈ, ਹੋ ਸਕਦਾ ਹੈ ਕਿ ਉਸ ਦੀ ਬੁੱਕਲ ਵਿਚ ਸੱਪ ਵੀ ਹੋਵੇ, ਖੰਜਰ ਵੀ। ਉਹ ਪੱਥਰ ਦੇ ਚਿਹਨਕੀ ਮੈਟਾਫਰ ਰਾਹੀਂ ਕਹਿੰਦਾ ਹੈ ਕਿ ਕੁਝ ਪੱਥਰ ਮੰਦਰ ਦੇ ਪੁਜਾਰੀ ਦੇ ਮਾਰਨ ਵਾਲੇ ਹੁੰਦੇ ਹਨ ਤੇ ਕੁਝ ਪਖੰਡੀ ਸਾਧਾਂ ਦੇ। ਉਹ ਸੋਚ ਨੂੰ ਤਿੱਖਿਆਂ ਕਰਨ ਲਈ ਪੱਥਰ ਯੁੱਗ ਦੀ ਪਾਲਤੂ ਜਿਹੀ ਅਉਧ ਤੋਂ ਨਿਕਲਣ ਲਈ ਪ੍ਰੇਰਦਾ ਹੈ ਤੇ ਜੰਗਬਾਜ਼ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ, ਜਿਥੇ ਮਾਵਾਂ ਦੇ ਪੁੱਤ ਤੋਪਾਂ ਦਾ ਚਾਰਾ ਬਣਦੇ ਹਨ। ਉਹ ਇਹ ਵੀ ਕਹਿੰਦਾ ਹੈ ਕਿ ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡੇ ਨਾਲ ਲਿਹਾਜ਼ ਨਹੀਂ ਕਰੇਗੀ। ਵਿਭਿੰਨ ਤਾਰਕਿਕ ਪਸਾਰਾਂ ਨਾਲ ਦਸਤਪੰਜਾ ਲੈਂਦੀ ਪੁਸਤਕ ਦਾ ਪੜ੍ਹੇ ਜਾਣਾ ਜ਼ਰੂਰੀ ਹੋ ਜਾਂਦਾ ਹੈ।

ਭਗਵਾਨ ਢਿੱਲੋਂ
ਮੋ: 98143-78254.

31-07-2022

ਮੇਰੀ ਅਨੋਖੀ ਦੁਨੀਆ 50
(ਸਵੈ-ਜੀਵਨੀ)
ਲੇਖਕ : ਠਾਕੁਰ ਦਾਸ ਚਾਵਲਾ
ਪ੍ਰਕਾਸ਼ਕ : ਚਾਵਲਾ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 220 ਰੁਪਏ, ਸਫ਼ੇ : 150
ਸੰਪਰਕ : 98726-70710.


ਸੰਵੇਦਨਸ਼ੀਲ ਮੱਧਵਰਗੀ ਲੋਕ, ਆਪਣੇ ਲੋਕਾਂ ਤੋਂ ਦੀ ਲੰਘੀ ਬਿਪਤਾ ਸੰਬੰਧੀ ਮਾਮਲਿਆਂ ਪ੍ਰਤੀ ਕਾਫੀ ਜਾਗਰੂਕ ਰਹਿੰਦੇ ਹਨ ਅਤੇ ਆਮ ਜਬਰੀ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਹਨ, ਇਹੀ ਵਿਚਾਰ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਦੇ ਹਨ ਤੇ ਉਹ ਕਲਮ ਨੂੰ ਤਲਵਾਰ ਤੋਂ ਵੀ ਕਿਤੇ ਨੁਕੀਲਾ ਤੇ ਤੇਜ਼-ਧਾਰ ਵਾਲਾ ਬਣਾ ਦਿੰਦੇ ਹਨ। ਇਹੋ ਲੋਕ ਸੱਚ ਦੇ ਮਾਰਗ 'ਤੇ ਚਲਦਿਆਂ ਭੋਰਾ ਨਹੀਂ ਡੋਲ੍ਹਦੇ ਅਤੇ ਲੋਕ-ਪੱਖੀ ਉੱਘੜਵੀਆਂ-ਗੂੜ੍ਹੀਆਂ ਮਿਸਾਲਾਂ ਦੀ ਮਸ਼ਾਲ ਬਣ ਕੇ ਮਾਰਗ ਦਰਸ਼ਨ ਕਰਦੇ ਹਨ।
ਪੁਸਤਕ 'ਮੇਰੀ ਅਨੋਖੀ ਦੁਨੀਆ 50' ਰਚਿਤ ਠਾਕੁਰ ਦਾਸ ਚਾਵਲਾ, ਉਪਰੋਕਤ ਵਿਚਾਰਾਂ ਤੇ ਜੀਵਨ ਦਰਸ਼ਨ ਦੀ ਲਿਖਾਇਕ ਹੈ। ਠਾਕੁਰ ਦਾਸ ਚਾਵਲਾ ਨੇ ਜਿਥੇ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਇਸ ਪੁਸਤਕ 'ਚ ਪੇਸ਼ ਕੀਤਾ ਹੈ, ਉਥੇ ਉਨ੍ਹਾਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਵੀ ਅੰਕਿਤ ਕੀਤਾ ਹੈ। ਸਮਾਜਿਕ-ਆਰਥਿਕ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਵਾਸਤੇ ਆਵਾਜ਼ ਬੁਲੰਦ ਕਰਨ ਵਾਲੀ ਵਸ਼ਿਸ਼ਟ ਪੱਤਰਕਾਰ ਠਾਕੁਰ ਦਾਸ ਚਾਵਲਾ ਦੀ ਕਲਮ, ਮਨੁੱਖਤਾ ਦੀ ਪਹਿਰੇਦਾਰ ਬਣੀ ਦਿਖਾਈ ਦਿੰਦੀ ਹੈ ਅਤੇ ਸਮਾਜ ਨੂੰ ਨਵੀਂ ਰੌਸ਼ਨੀ ਦਿੰਦੀ ਮਾਰਟਿਨ ਲੂਥਰ ਦੇ ਆਖੇ ਸ਼ਬਦ ਚੇਤੇ ਕਰਾਉਂਦੀ ਹੈ, 'ਹਨੇਰਾ ਕਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਸਿਰਫ਼ ਰੌਸ਼ਨੀ ਹੀ ਹਨੇਰੇ ਨੂੰ ਦੂਰ ਕਰ ਸਕਦੀ ਹੈ। ਸਿਰਫ਼ ਪਿਆਰ ਹੀ ਨਫ਼ਰਤ ਨੂੰ ਦੂਰ ਕਰ ਸਕਦਾ ਹੈ'।
ਠਾਕੁਰ ਦਾਸ ਚਾਵਲਾ 'ਚ ਮੁਸ਼ਕਿਲਾਂ ਸਰ ਕਰਨ ਦੀ ਸੱਚੀ ਦ੍ਰਿੜ੍ਹਤਾ ਹੈ। ਇਹ ਉਨ੍ਹਾਂ ਦੀ ਲੇਖਣੀ ਤੋਂ ਸਪੱਸ਼ਟ ਦਿਖਦਾ ਹੈ। ਸਮਾਜ ਸੰਸਥਾਵਾਂ ਨਾਲ ਜੁੜਨਾ, ਪਰਿਵਾਰ ਨਾਲੋਂ ਵੱਧ ਸਮਾਜ ਦੇ ਕੰਮ ਆਉਣਾ, ਉਸ ਦਾ ਜੀਵਨ ਦਰਸ਼ਨ ਹੈ। ਉਹ ਇਹ ਸਭ ਕੁਝ ਆਪਣੇ ਲੇਖਾਂ 'ਚ ਸਮਾਜਿਕ ਸੰਸਥਾਵਾਂ ਦੇ ਸਫ਼ਰ ਦੇ ਨਾਲ-ਨਾਲ ਵਰਨਣ ਵੀ ਕਰਦਾ ਹੈ। ਲੇਖਕ ਰਵਿੰਦਰ ਚੋਟ ਦੇ ਸ਼ਬਦਾਂ 'ਚ ਫਗਵਾੜਾ ਦੇ ਪੱਤਰਕਾਰਾਂ ਦਾ ਬਾਬਾ ਬੋਹੜ ਠਾਕੁਰ ਦਾਸ ਚਾਵਲਾ ਕੇਵਲ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਹੈ।
ਸਾਰਤਰ ਲਿਖਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਾਪ ਉਸ ਦੀ ਆਜ਼ਾਦੀ ਹੈ। ਪਰ ਉਸੇ ਆਜ਼ਾਦੀ ਸਦਕਾ ਮਨੁੱਖ ਬਹਾਦਰ ਬਣਦਾ ਹੈ। ਠਾਕੁਰ ਦਾਸ ਚਾਵਲਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰੀ ਦਾ ਹਥਿਆਰ ਹੱਥ 'ਚ ਥੰਮ੍ਹ ਕੇ ਸਦਾ ਆਵਾਜ਼ ਉੱਚੀ ਕੀਤੀ ਹੈ ਅਤੇ ਇਹ ਸਭ ਕੁਝ ਉਸ ਦੀ ਆਜ਼ਾਦ ਤਬੀਅਤ ਸਦਕਾ ਹੀ ਸੰਭਵ ਹੋ ਸਕਿਆ ਹੈ। ਲੇਖਕ ਡਾ. ਜਵਾਹਰ ਧੀਰ ਉਨ੍ਹਾਂ ਨੂੰ ਇਸੇ ਕਰਕੇ ਮਨੁੱਖੀ ਅਧਿਕਾਰਾਂ ਦਾ ਬਾਬਾ ਬੋਹੜ ਪੱਤਰਕਾਰ ਗਰਦਾਨਦਾ ਹੈ। ਠਾਕੁਰ ਦਾਸ ਚਾਵਲਾ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦਾ ਮੁਦੱਈ ਹੈ। ਉਸ ਨੇ ਆਪਣੀ ਸਵੈ-ਜੀਵਨੀ 'ਚ ਦਰਜ ਲੇਖਾਂ 'ਚ ਪੰਜਾਬ ਹਿਤੈਸ਼ੀ ਪੱਤਰਕਾਰ ਅਤੇ ਸਾਹਿਤਕਾਰ ਹੋਣ ਦਾ ਸਬੂਤ ਦਿੱਤਾ ਹੈ। ਸਾਫ਼-ਸੁਥਰੀ, ਵੇਗ ਵਾਲੀ ਸ਼ੈਲੀ 'ਚ ਲਿਖੀ ਠਾਕੁਰ ਦਾਸ ਚਾਵਲਾ ਨੇ ਆਪਣੀ ਇਸ ਪੁਸਤਕ ਬਾਰੇ ਲਿਖਿਆ ਹੈ, 'ਪਿਛਲੇ 75 ਸਾਲ ਤੋਂ ਅੱਜ ਤੱਕ ਮੈਂ ਹਰ ਪਲ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ'। ਸੱਚਮੁੱਚ 'ਮੇਰੀ ਅਨੋਖੀ ਦੁਨੀਆ 50' ਠਾਕੁਰ ਦਾਸ ਚਾਵਲਾ ਦੀ ਜ਼ਿੰਦਗੀ ਵਿਚ ਕੁਝ ਕਰਨ ਅਤੇ ਸਿੱਖਣ ਦੀਆਂ ਕੋਸ਼ਿਸ਼ਾਂ ਦਾ ਤਤਸਾਰ ਹੈ।
ਪੁਸਤਕ ਦਾ ਹਾਸਲ ਇਹ ਵੀ ਹੈ ਕਿ ਲੇਖਕ/ਕਾਲਮਨਵੀਸ ਠਾਕੁਰ ਦਾਸ ਚਾਵਲਾ ਨੇ ਆਪਣੇ ਚਲੰਤ ਮਾਮਲਿਆਂ ਸਬੰਧੀ 7 ਲੇਖ ਇਸ ਵਿਚ ਸ਼ਾਮਿਲ ਕੀਤੇ ਹਨ, ਜੋ ਪਾਠਕਾਂ ਦੇ ਗਿਆਨ ਵਿਚ ਭਰਪੂਰ ਵਾਧਾ ਕਰਨਗੇ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਘਟਨਾਵਾਂ, ਪ੍ਰਾਪਤੀਆਂ, ਸਮਾਜਿਕ ਸੰਸਥਾਵਾਂ ਦੀ ਕਾਰਗੁਜ਼ਾਰੀ ਅਤੇ ਮਿੱਤਰਾਂ, ਦੋਸਤਾਂ ਬਾਰੇ ਛੋਟੇ, ਵੱਡੇ 86 ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਪਾਕਿਸਤਾਨ ਬਣਨ ਵੇਲੇ ਦੀਆਂ ਘਟਨਾਵਾਂ ਤੋਂ ਲੈ ਕੇ ਆਪਣੇ ਵਪਾਰ, ਨੌਕਰੀ, ਪੱਤਰਕਾਰੀ, ਜੀਵਨ ਦੀਆਂ ਘਟਨਾਵਾਂ ਦਾ ਖ਼ਾਸ ਵਰਨਣ ਇਸ ਵਿਚ ਹੈ।
ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾ ਸ੍ਰੋਤ ਬਣੇਗੀ, ਮੇਰਾ ਇਹ ਮੰਨਣਾ ਹੈ।


ਗੁਰਮੀਤ ਸਿੰਘ ਪਲਾਹੀ
ਮੋ: 98158-02070
c c c


ਬੱਚਿਆਂ ਲਈ ਦਸ ਵਿਸ਼ਵ ਕਹਾਣੀਆਂ

ਅਨੁਵਾਦਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਮੁੱਲ :150 ਸਫ਼ੇ 60
ਸੰਪਰਕ : 98783-17796


'ਬੱਚਿਆਂ ਲਈ ਦਸ ਵਿਸ਼ਵ ਕਹਾਣੀਆਂ' ਵਿਸ਼ਵ ਦੇ ਵੱਖ-ਵੱਖ ਪ੍ਰਸਿੱਧ ਬਾਲ ਕਹਾਣੀ ਲੇਖਕਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬਲਰਾਜ ਧਾਰੀਵਾਲ ਨੇ ਪੰਜਾਬੀ ਵਿਚ ਸੁੰਦਰ ਢੰਗ ਨਾਲ ਅਨੁਵਾਦ ਕੀਤਾ ਹੈ।
ਇਸ ਪੁਸਤਕ ਵਿਚ ਅੰਕਿਤ ਕਹਾਣੀਆਂ 'ਨਿੱਕਾ ਪੰਛੀ', 'ਦਾਗ਼ਾਂ ਵਾਲਾ ਆਲੂ ਬੁਖ਼ਾਰਾ', 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ', 'ਤਿੰਨ ਪ੍ਰਸ਼ਨ' ਅਤੇ ਪਾਪਾ ਪਾਨੇਵ ਦੀ ਖ਼ਾਸ ਕ੍ਰਿਸਮਸ' ਕਹਾਣੀਆਂ ਦਾ ਮੂਲ ਲੇਖਕ ਲਿਓ ਟਾਲਸਟਾਏ ਹੈ। 'ਨਿੱਕਾ ਪੰਛੀ' ਕਹਾਣੀ ਵਿਚ ਨਿੱਕਾ ਮੁੰਡਾ ਸਈਉਜ਼ ਆਪਣੇ ਚਾਚੇ ਵਲੋਂ ਜਾਲ ਵਿਚ ਪੰਛੀ ਫੜ ਕੇ ਪਿੰਜਰੇ ਵਿਚ ਡੱਕਦਾ ਹੈ ਅਤੇ ਖ਼ੁਸ਼ ਹੁੰਦਾ ਹੈ ਪ੍ਰੰਤੂ ਜਦੋਂ ਗ਼ੁਲਾਮ ਜੀਵਨ ਜਿਊਣ ਵਾਲਾ ਉਹ ਪੰਛੀ ਪਿੰਜਰੇ ਵਿਚ ਹੀ ਮਰ ਜਾਂਦਾ ਹੈ ਤਾਂ ਸਈਉਜ਼ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਨਿਰਣਾ ਕਰਦਾ ਹੈ। ਹਸੌਣੀ ਕਹਾਣੀ 'ਦਾਗ਼ਾਂ ਵਾਲਾ ਆਲੂ ਬੁਖ਼ਾਰਾ' ਵਿਚ ਨਾਇਕਾ ਵਾਨਿਆ ਆਲੂ ਬੁਖ਼ਾਰਾ ਚੁਰਾ ਕੇ ਖਾ ਜਾਂਦੀ ਹੈ ਪ੍ਰੰਤੂ ਵਾਨਿਆ ਦੀ ਮਾਂ ਯੋਜਨਾ ਨਾਲ ਉਸ ਤੋਂ ਸੱਚ ਬੁਲਵਾ ਲੈਂਦੀ ਹੈ। 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ' ਕਹਾਣੀ ਵਿਚ ਇਕ ਗ਼ਰੀਬ ਕਿਸਾਨ ਨੂੰ ਇਕ ਸ਼ੈਤਾਨ (ਦੁਸ਼ਟ-ਆਤਮਾ) ਸਾਵੀਂ ਪੱਧਰੀ ਜ਼ਿੰਦਗੀ ਦੇ ਅਸਲ ਮਾਰਗ ਤੋਂ ਭਟਕਾਉਣ ਦਾ ਯਤਨ ਕਰਦਾ ਹੈ। ਕਹਾਣੀ ਦਾ ਸੁਨੇਹਾ ਇਹ ਹੈ ਕਿ ਜੇਕਰ ਮਨੁੱਖ ਲੋਭ ਲਾਲਚ ਅਤੇ ਅਮੀਰੀ ਦੇ ਨਸ਼ੇ ਵਿਚ ਡੁੱਬ ਕੇ ਮਾਨਵੀ ਜੀਵਨ ਮੁੱਲਾਂ ਨੂੰ ਭੁਲ ਜਾਵੇ ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। 'ਤਿੰਨ ਪ੍ਰਸ਼ਨ' ਕਹਾਣੀ ਵਕਤ ਦੀ ਕਦਰ ਪਛਾਣ ਕੇ ਪਰਉਪਕਾਰੀ-ਭਾਵਨਾ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀ ਹੈ। ਆਸਕਰ ਵਾਈਲਡ ਦੀ ਜਗਤ ਪ੍ਰਸਿੱਧ ਕਹਾਣੀ 'ਸੁਆਰਥੀ ਰਾਕਸ਼' ਇਸ ਸੁਨੇਹੇ ਦਾ ਸੰਚਾਰ ਕਰਦੀ ਹੈ ਕਿ ਨਫ਼ਰਤ ਅਤੇ ਹਊਮੈ ਦਾ ਤਿਆਗ ਕਰ ਕੇ ਅਤੇ ਬੱਚਿਆਂ ਪ੍ਰਤੀ ਪਿਆਰ ਦੀ ਭਾਵਨਾ ਵਧਾਉਣ ਨਾਲ ਹੀ ਜੀਵਨ ਵਿਚ ਸਕੂਨ ਹਾਸਲ ਹੋ ਸਕਦਾ ਹੈ। ਇਸ ਪੁਸਤਕ ਵਿਚ ਅੰਕਿਤ ਬਾਕੀ ਕਹਾਣੀਆਂ ਵਿਚੋਂ 'ਏਡਾਲਫ਼ (ਛੋਟਾ ਖ਼ਰਗੋਸ਼)' (ਡੀ.ਐਚ.ਲਾਰੈਂਸ), 'ਰਿਕੀ ਟਿਕੀ ਤਵੀ' (ਰੁਦਯਾਰਡ ਕਿਪਲਿੰਗ), 'ਸਾਂਤਾ ਕਲਾਜ਼ ਦੀ ਆਪਣੀ ਧੀ ਸੂਸੀ' ਵੱਲ ਚਿੱਠੀ' (ਮਾਰਕ ਟਵੇਨ) ਅਤੇ 'ਉਡੀਕ ਦਾ ਇਕ ਦਿਨ' (ਅਰਨੈਸਟ ਹੈਮਿੰਗਵੇ) ਕਹਾਣੀਆਂ ਦੇ ਦਿਲਚਸਪ ਕਥਾਨਕ ਬਾਲ ਪਾਠਕਾਂ ਦੇ ਮਨਾਂ ਵਿਚ ਜੀਵਨ ਜੁਗਤਾਂ ਦੇ ਭੇਦ ਸਮਝਾਉਂਦੇ ਹਨ ਅਤੇ ਮੁਸ਼ਕਿਲਾਂ ਨਾਲ ਜੂਝਣਾ ਸਿਖਾ ਕੇ ਨਿੱਗਰ ਅਸੂਲਾਂ ਨਾਲ ਜੋੜਦੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦਾ ਕਹਾਣੀ ਵਿਚਲੇ ਘਟਨਾਕ੍ਰਮ ਨਾਲ ਸੁੰਦਰ ਸੰਤੁਲਨ ਨਿਰੰਤਰ ਬਣਿਆ ਰਹਿੰਦਾ ਹੈ। ਛੋਟੇ-ਛੋਟੇ ਤੇ ਦਿਲਚਸਪ ਵਾਕਾਂ ਨਾਲ ਸ਼ਿੰਗਾਰੀ ਇਹ ਰੰਗਦਾਰ ਪੁਸਤਕ ਬਾਲ ਮਨਾਂ ਵਿਚ ਜਿਗਿਆਸਾ ਪੈਦਾ ਕਰਦੀ ਹੈ। ਚੰਗਾ ਹੁੰਦਾ ਜੇਕਰ ਪੁਸਤਕ ਦੀ ਕੀਮਤ ਸੀਮਤ ਰੱਖੀ ਜਾਂਦੀੇ। ਖ਼ੈਰ, ਬੱਚਿਆਂ ਲਈ ਇਹ ਪੁਸਤਕ ਇਕ ਸੁੰਦਰ ਤੋਹਫ਼ਾ ਹੈ।


ਡਾ. ਦਰਸ਼ਨ ਸਿੰਘ 'ਆਸ਼ਟ'
ਮੋ. 98144-23703


ਸੂਲਾਂ ਦਾ ਸਾਲਣੁ
ਲੇਖਕ : ਖ਼ਾਲਿਦ ਹੁਸੈਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 149
ਸੰਪਰਕ : 094191-83485.


ਖ਼ਾਲਿਦ ਹੁਸੈਨ ਦਾ ਹਥਲਾ ਕਹਾਣੀ ਸੰਗ੍ਰਹਿ ਸਾਹਿਤ ਅਕਾਦਮੀ ਦੁਆਰਾ ਪੁਰਸਕ੍ਰਿਤ ਹੈ। ਇਸ ਵਿਚ 14 ਵੱਡੀਆਂ ਅਤੇ 10 ਮਿੰਨੀ ਕਹਾਣੀਆਂ ਸੰਕਲਿਤ ਕੀਤੀਆਂ ਗਈਆਂ ਹਨ। ਚੇਤੇ ਰਹੇ ਕਿ ਇਨ੍ਹਾਂ 'ਚੋਂ 6 ਵੱਡੀਆਂ ਪ੍ਰਸਿੱਧ ਕਹਾਣੀਆਂ (ਇਸ਼ਕ ਮਲੰਗੀ, ਲਕੀਰ, ਪ੍ਰੇਮ ਖੇਲਣ ਕਾ ਚਾਓ, ਜਿਨ੍ਹਾਂ ਖਾਧੀ ਚੋਪੜੀ, ਸ਼ਾਦਾਂ ਬਿੱਲੀ ਜੰਮੂ ਵਾਲੀ, ਰੂਹ ਤੇ ਕਲਬੂਤ) ਨੂੰ ਉਸ ਦੇ ਕਥਾ ਸੰਗ੍ਰਹਿ 'ਇਸ਼ਕ ਮਲੰਗੀ' ਵਿਚ ਸ਼ਾਮਿਲ ਕੀਤੇ ਜਾਣ ਦਾ ਅਵਸਰ ਮਿਲ ਚੁੱਕਾ ਹੈ। ਲੇਖਕ ਜੰਮੂ ਦਾ ਵਾਸੀ ਹੋਣ ਕਾਰਨ ਸੁਭਾਵਿਕ ਹੀ ਉਸ ਦੀਆਂ ਕਹਾਣੀਆਂ ਵਿਚ ਜੰਮੂ-ਕਸ਼ਮੀਰ ਦੀ ਆਂਚਲਿਕਤਾ ਪ੍ਰਵੇਸ਼ ਕਰ ਗਈ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਉਸ ਦੇ ਜਾਣੇ-ਪਛਾਣੇ ਹਨ। ਉਸ ਨੇ ਅਣਛੂਹੇ ਵਿਸ਼ਿਆਂ ਦਾ ਗਲਪੀਕਰਨ ਕੀਤਾ ਹੈ।
ਕਿਹਾ ਜਾ ਸਕਦਾ ਹੈ ਕਿ ਉਸ ਦੇ ਸਵੈ-ਸੰਸਮਰਣ ਅਤੇ ਪਰ-ਸੰਸਮਰਣ (ਦੁੱਖਾਂ-ਸੁੱਖਾਂ ਦੀਆਂ ਯਾਦਾਂ) ਉਸ ਦੀ ਯਾਦ ਤਲ ਅਤੇ ਸਿਰਜਣ-ਪਲਾਂ ਵਿਚੋਂ ਹੀ ਇਹ ਕਹਾਣੀਆਂ ਹੋਂਦ ਗ੍ਰਹਿਣ ਕਰਦੀਆਂ ਹਨ। ਲੇਖਕ ਦਾ ਕਥਨ ਹੈ ਕਿ ਕਹਾਣੀ 'ਧਰਤੀ, ਸਮਾਜ ਤੇ ਜ਼ਿੰਦਗੀ 'ਚੋਂ ਕਸ਼ੀਦ ਕੀਤਾ ਹੋਇਆ ਇਕ ਰਚਨਾਤਮਿਕ ਸੱਚ ਹੁੰਦਾ ਹੈ' ਪੰ. 15. ਉਸ ਦੀਆਂ ਮਿੰਨੀ ਕਹਾਣੀਆਂ ਵੀ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਡੂੰਘਾ ਅਧਿਐਨ ਕਰਦਿਆਂ ਵੱਡੀਆਂ 14 ਕਹਾਣੀਆਂ ਦੇ 'ਕੇਂਦਰੀ ਸੂਤਰ' ਸਹਿਜੇ ਹੀ ਪਛਾਣੇ ਜਾ ਸਕਦੇ ਹਨ। ਮਸਲਨ : ਨਾਇਕ ਦੀ ਨਾਇਕਾ ਨਾਲ ਜਨੂੰਨ ਦੀ ਆਖ਼ਰੀ ਹੱਦ ਤੱਕ 'ਇਕ-ਤਰਫ਼ੇ' ਪਿਆਰ ਦੀ ਕਹਾਣੀ ਹੈ ਜੋ ਭਾਰਤ-ਵੰਡ ਕਾਰਨ ਅਧਵਾਟੇ ਹੀ ਦਮ ਤੋੜ ਗਿਆ (ਇਸ਼ਕ ਮਲੰਗੀ), ਭਾਰਤ-ਵੰਡ ਦੇ ਕਾਰਨ 'ਭਾਰਤ-ਪਾਕਿ' ਦੇ ਕਠੋਰ ਕਾਨੂੰਨਾਂ ਕਾਰਨ ਨਾਇਕ-ਨਾਇਕਾ ਦੇ ਪਿਆਰ ਦਾ ਹਿਰਦੇਵੇਧਕ ਅੰਤ ਹੈ (ਲਕੀਰ), ਨਾਇਕ ਦੀ ਆਰਥਿਕ ਤੇ ਸਮਾਜਿਕ ਚੜ੍ਹਤ ਉਪਰੰਤ ਵਿਹਲੜ ਨਾਲਾਇਕ ਪੁੱਤਰਾਂ ਕਾਰਨ ਨਿੱਘਰਦੀ ਅਵਸਥਾ ਦਾ ਬਿਰਤਾਂਤ ਹੈ (ਪ੍ਰੇਮ ਖੇਲਣ ਕਾ ਚਾਓ), ਨਾਇਕ ਮੁਜਾਹਿਦਾਂ ਨਾਲ ਨੇੜਤਾ ਰੱਖਦਾ ਹੋਇਆ ਇਕ ਹਿੰਦੂ ਦੀ ਜਾਨ ਬਖਸ਼ੀ ਲਈ ਲੜ ਰਿਹਾ ਹੈ (ਮਨੁੱਖ ਅੰਦਰ ਲੁਕਿਆ ਮਨੁੱਖ) ਇਕ ਅਜਿਹੀ ਬੇਬੇ ਦੀ ਦਾਸਤਾਂ ਹੈ ਜੋ ਫ਼ੌਜ ਦੇ ਮੇਜਰ ਅਤੇ ਮੌਲਵੀਆਂ ਦੌਰਾਨ ਸੁਲ੍ਹਾ ਦੀ ਪੇਸ਼ਕਸ਼ ਕਰਦੀ ਹੈ (ਸੂਲਾਂ ਭਰੇ ਪੈਂਡੇ), ਨਾਇਕ ਸਲਾਮ ਪੰਡਿਤ ਪਰਿਵਾਰ ਦੀ ਇੱਜ਼ਤ ਲਈ ਮਜਬੂਰੀ-ਵੱਸ ਖਾੜਕੂ ਬਣਦਾ ਹੈ ਪਰ ਦੋਵਾਂ ਮੁਲਕਾਂ ਦਾ ਵੈਰ ਸਹੇੜ ਲੈਂਦਾ ਹੈ (ਜਿੰਦ ਕੜਾਹੀ ਸਾੜ ਮੁਕਾਈ), ਵੱਖ-ਵੱਖ ਧਰਮਾਂ ਦੇ ਨਿਰਦੋਸ਼ ਮਾਰੇ ਗਏ ਬੰਦਿਆਂ ਦਾ ਦਿਲ-ਕੰਬਾਊ ਚਿਤਰਨ ਹੈ (ਜਿਊਂਦੀਆਂ ਅੱਖਾਂ ਦੀ ਦਾਸਤਾਨ), ਬੇਈਮਾਨੀ ਨਾਲ ਕਮਾਏ ਧਨ ਅਤੇ ਪ੍ਰਸਿੱਧੀ ਦੇ ਦੁਖਾਂਤਕ ਅੰਤ ਦੀ ਪ੍ਰਸਤੁਤੀ ਹੈ (ਜਿਨ੍ਹਾਂ ਖਾਧੀ ਚੋਪੜੀ) ਮਜਬੂਰੀ-ਵੱਸ ਖਾੜਕੂ ਬਣੇ ਬੰਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੰਦੇ (ਇਕ ਮਰੇ ਬੰਦੇ ਦੀ ਕਹਾਣੀ), (ਇਸ਼ਕ ਹਕੀਕੀ ਤੇ ਇਸ਼ਕ ਮਜਾਜ਼ੀ ਦਰਮਿਆਨ ਤਣਾਅ ਦਾ ਗਲਪੀਕਰਨ ਹੈ (ਸ਼ਾਦਾਂ ਬਿੱਲੀ ਜੰਮੂ ਵਾਲੀ), ਸੁਪਨੇ ਦੇ ਆਧਾਰ 'ਤੇ ਲਿਆ ਹੈਮਲਟ-ਨੁਮਾ ਪੰਗਾ ਹੈ (ਰੂਹ ਤੇ ਕਲਬੂਤ), ਨਾਇਕ ਵਲੋਂ ਹਿੰਦੂ ਭੈਣ-ਭਰਾਵਾਂ ਦੀ ਸੁਰੱਖਿਆ ਦਾ ਮਸਲਾ ਹੈ (ਮੈਲੀ ਧੁੱਪ), ਸਰਕਸ ਦੇ ਹਾਥੀ ਦਾ ਪਾਕਿਸਤਾਨ ਵੱਲ ਜਾਣਾ, ਬਦਲੇ ਵਿਚ ਭਾਰਤੀ ਸਰਕਾਰ ਤੋਂ ਢਾਈ ਲੱਖ ਦੀ ਮੰਗ (ਢਾਈ ਲੱਖ ਦਾ ਹਾਥੀ), ਧਾਰਮਿਕ ਲੋਕਾਂ ਦੇ ਅਵੱਲੇ ਇਸ਼ਕ 'ਤੇ ਵਿਅੰਗ (ਇਸ਼ਕ ਦੀ ਨਵੀਓਂ ਨਵੀਂ ਬਹਾਰ) ਇਤਿਆਦਿ।
ਖ਼ਾਲਿਦ ਹੁਸੈਨ ਇਕ ਪ੍ਰਸਿੱਧ ਅਤੇ ਪ੍ਰਮਾਣਿਤ ਕਹਾਣੀਕਾਰ ਹੈ। ਉੱਤਮ ਪੁਰਖੀ ਸ਼ੈਲੀ ਦਾ ਅਧਿਕ ਪ੍ਰਯੋਗ ਕਰਦਾ ਹੈ। ਪਦ-ਲੋਪ ਦਾ ਪ੍ਰਯੋਗ ਹੈ। ਫੋਕਸੀਕਰਨ ਬਦਲਵਾਂ ਹੈ। ਭਾਸ਼ਾ ਵਿਚ ਰਵਾਨਗੀ ਹੈ। ਹਰ ਕਹਾਣੀ ਵਿਚ ਢੁਕਵੇਂ ਅਖਾਣਾਂ ਦਾ ਪ੍ਰਯੋਗ ਹੈ। ਉਸ ਦੀਆਂ ਕਹਾਣੀਆਂ 'ਚੋਂ ਅਨੇਕਾਂ ਅਟੱਲ ਸਚਾਈਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਮਨਮੋਹਨ ਵਰਗੇ ਵਿਦਵਾਨ ਵੀ ਉਸ ਦੀ ਕਹਾਣੀ ਕਲਾ ਤੋਂ ਪ੍ਰਭਾਵਿਤ ਹਨ। ਇਕ ਰਿਸਰਚ ਸਕਾਲਰ (ਕਮਲਦੀਪ ਸਿੰਘ) ਤੋਂ ਸੰਪਾਦਕੀ ਸ਼ਬਦ ਲਿਖਵਾਉਣਾ ਉਸ ਵਲੋਂ ਗਾਲਪਨਿਕ ਖੋਜ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਹੀ ਤਾਂ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਖੁਰਪਾ

ਲੇਖਕ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 98767-68960.


ਰਿਪੁਦਮਨ ਸਿੰਘ ਰੂਪ ਜਾਣਿਆ-ਪਛਾਣਿਆ ਲੇਖਕ ਹੈ। 'ਖੁਰਪਾ' ਮਿੰਨੀ ਕਹਾਣੀ ਸੰਗ੍ਰਹਿ ਉਸ ਦਾ ਦੂਜਾ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਸਾਢੇ ਤਿੰਨ ਦਰਜਨ ਰਚਨਾਵਾਂ ਹਨ।
ਰਿਪੁਦਮਨ ਸਿੰਘ ਰੂਪ ਦੀਆਂ ਕਹਾਣੀਆਂ ਦਾ ਪਾਠ ਕਰਦਿਆਂ ਇਹ ਅਨੁਭਵ ਹੋਇਆ ਹੈ, ਉਸ ਦੀਆਂ ਕਹਾਣੀਆਂ ਦੇ ਬਹੁਚਰਚਿਤ ਵਿਸ਼ੇ, ਲੋਕ ਜੀਵਨ ਦੀਆਂ ਸਮੱਸਿਆਵਾਂ, ਮਾਨਸਿਕ ਦਵੰਦਾਂ ਵਿਚ ਜਕੜੇ ਲੋਕਾਂ, ਆਪਸੀ ਨਿੱਕੇ-ਮੋਟੇ ਝਗੜਿਆਂ, ਪ੍ਰਚੱਲਿਤ ਰਵਾਇਤਾਂ, ਸਮਾਜ ਵਿਚ ਦੂਹਰੇ ਮਾਪਦੰਡ ਅਪਣਾਉਣ ਵਾਲਿਆਂ ਦੰਭੀ ਕਿਰਦਾਰਾਂ ਦਾ ਜ਼ਿਕਰ ਇਸ ਗੱਲ ਦੀ ਪ੍ਰੋੜ੍ਹਤਾ ਹੈ ਕਿ ਰੂਪ ਦੀਆਂ ਇਨ੍ਹਾਂ ਮਿੰਨੀ ਕਹਾਣੀਆਂ ਸਮੇਂ ਦੇ ਯਥਾਰਥ ਨੂੰ ਪੇਸ਼ ਕਰਨ ਵਿਚ ਆਪਣੇ ਮਿੰਨੀ ਸੁਨੇਹੇ ਸੰਚਾਰ ਕੇ ਪਾਠਕਾਂ ਦੇ ਮਨਾਂ ਅੰਦਰ ਸਮੇਂ ਦਾ ਯਥਾਰਥ ਸੰਕਲਪ ਪੇਸ਼ ਕਰ ਸਕਣ ਵਿਚ ਸਫਲ ਹਨ।
ਇਨ੍ਹਾਂ ਕਹਾਣੀਆਂ ਦੇ ਵਿਸ਼ੇ ਜਦ ਕਿ ਬੀਤੇ ਅਥਵਾ ਬੀਤ ਰਹੇ ਸਮੇਂ ਦਾ ਚਿਤਰਨ ਕੀਤੇ ਕਹਾਣੀਆਂ ਦੇ ਵਿਸ਼ਿਆਂ ਵਿਚ ਹੈ, ਉਥੇ ਇਨ੍ਹਾਂ ਕਹਾਣੀਆਂ ਦਾ ਅਭਿਵਿਅਕਤੀ ਪੱਖ, ਵਿਅੰਗਾਤਮਕ, ਕਲਾਤਮਿਕ ਅਤੇ ਰਹੱਸਾਤਮਿਕ ਹੈ। ਅਨੇਕਾਂ ਕਹਾਣੀਆਂ ਦੇ ਵਿਸ਼ੇ ਅਰਥ-ਭਰਪੂਰ ਸਮੇਂ ਦੇ ਯਥਾਰਥ ਦੀਆਂ ਜਿਊਂਦੀਆਂ ਜਾਗਦੀਆਂ ਤਸਵੀਰਾਂ ਜਾਪਦੀਆਂ ਹਨ। ਰਿਪੁਦਮਨ ਸਿੰਘ ਰੂਪ ਦੇ ਲੰਮੇ ਜੀਵਨ ਤਜਰਬਿਆਂ ਦੇ ਸੱਚ ਦਾ ਇਨ੍ਹਾਂ ਵਿਚ ਪੇਸ਼ ਯਥਾਰਥ ਹਕੀਕਤ ਪਸੰਦ ਹੈ। ਮਿੰਨੀ ਰੂਪ 'ਚ ਸਫਲ ਕਹਾਣੀਆਂ ਲਿਖਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।


ਡਾ. ਅਮਰ ਕੋਮਲ
ਮੋ: 91-84378-73565


ਕਰੂੰਬਲਾਂ
ਲੇਖਕ : ਕੈਪਟਨ ਪੂਰਨ ਸਿੰਘ ਗਗੜਾ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98553-10039


'ਕਰੂੰਬਲਾਂ' ਕਾਵਿ ਪੁਸਤਕ ਕੈਪਟਨ ਪੂਰਨ ਸਿੰਘ ਗਗੜਾ ਦੀ ਪਲੇਠੀ ਪੁਸਤਕ ਹੈ। ਇਸ ਕਾਵਿ ਸੰਗ੍ਰਹਿ ਵਿਚ ਉਨ੍ਹਾਂ ਦੀਆਂ 73 ਰਚਨਾਵਾਂ ਸ਼ਾਮਿਲ ਹਨ। 'ਮਾਂ ਬੋਲੀ ਪੰਜਾਬੀ' ਦੀ ਸਿਫ਼ਤ ਨਾਲ ਸ਼ੁਰੂ ਹੋਈ ਇਹ ਪੁਸਤਕ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ, ਰਿਸ਼ਤੇ, ਨਸ਼ਿਆਂ ਦੀ ਸਮੱਸਿਆ, ਲੋਕਾਂ ਦੇ ਅੰਧ-ਵਿਸ਼ਵਾਸ, ਦੇਸ਼ ਪਿਆਰ, ਸਿਆਸਤ ਅੰਦਰਲੀਆਂ ਕੂਟਨੀਤਕ ਚਾਲਾਂ, ਬਾਬੇ ਨਾਨਕ ਦਾ 550ਵਾਂ ਜਨਮ ਦਿਨ ਆਦਿ ਸਭ ਵਿਸ਼ਿਆਂ ਨੂੰ ਆਪਣੀ ਬੁੱਕਲ ਵਿਚ ਸਮਾਉਂਦੀ ਹੈ। ਕਿਸਾਨੀ ਹੱਕਾਂ ਬਾਰੇ ਵੀ ਉਹ ਬੇਬਾਕੀ ਨਾਲ ਲਿਖਦਾ ਹੈ :
ਅਜੇ ਨਾ ਮੰਨੀ ਦਿੱਲੀ,
ਸੰਘਰਸ਼ਾਂ ਨਾਲ ਮਨਾਵਾਂਗੇ,
ਵਾਰ ਕੇ ਜਾਨਾਂ ਦੇਸ਼ ਤੋਂ
ਕਿਰਸਾਨਾਂ ਨੂੰ ਬਚਾਵਾਂਗੇ। (ਪੰਨਾ 53)
ਨਾਰੀ ਸੰਵੇਦਨਾ ਬਾਰੇ ਵੀ ਉਨ੍ਹਾਂ ਨੇ ਭਾਵਪੂਰਤ ਰਚਨਾਵਾਂ ਕੀਤੀਆਂ ਹਨ। ਧੀ, ਭੈਣ, ਮਾਂ, ਪਤਨੀ ਆਦਿ ਰਿਸ਼ਤਿਆਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਵੀ ਕੀਤਾ ਹੈ। ਧਾਰਮਿਕ ਫ਼ਿਰਕਾਪ੍ਰਸਤੀ ਨਾਲ ਸਮਾਜ ਵਿਚ ਆਉਂਦੀ ਗਿਰਾਵਟ ਸੰਬੰਧੀ ਵੀ ਇਹ ਕਵੀ ਚਿੰਤਤ ਹੈ। ਮੰਦਰ ਬਨਾਮ ਮਸਜਿਦ ਕਵਿਤਾ ਇਸ ਸੰਬੰਧੀ ਵੇਖੀ ਜਾ ਸਕਦੀ ਹੈ। ਲੇਖਕ ਨੇ ਮਾਨਵੀ ਵਰਤਾਰਿਆਂ ਬਾਰੇ ਵੀ ਕੁਝ ਕਵਿਤਾਵਾਂ ਲਿਖੀਆਂ ਹਨ। ਮੁਫ਼ਤਖੋਰਾਂ ਦੇ ਨਾਂਅ, ਇਲੈਕਸ਼ਨ, ਬੇਦਰਦਾਂ ਦੇ ਨਾਂਅ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। 'ਵਿਰਸੇ ਦੀਆਂ ਬਾਤਾਂ' ਬੜੀ ਪ੍ਰਸੰਸਾਯੋਗ ਰਚਨਾ ਹੈ, ਜਿਸ ਵਿਚ ਸੱਭਿਆਚਾਰ ਵਿਚ ਆਉਂਦੇ ਬਦਲਾਅ ਬਾਰੇ ਪੇਸ਼ਕਾਰੀ ਹੈ ਤੇ ਅਣਗਿਣਤ ਹੀ ਪੁਰਾਣੇ ਸ਼ਬਦ ਪਾਠਕਾਂ ਨੂੰ ਵੇਖਣ ਨੂੰ ਮਿਲਦੇ ਹਨ। ਕਵੀ ਨੇ ਕੁਝ ਸ਼ਖ਼ਸੀਅਤਾਂ ਲਈ ਸ਼ਰਧਾਂਜਲੀ ਰੂਪੀ ਰਚਨਾ ਕੀਤੀ ਹੈ ਜਗ ਜਿਉਂਦਿਆਂ ਦੇ ਮੇਲੇ (ਕਰਨਲ ਭਾਗ ਸਿੰਘ ਤਿਹਾੜਾ ਦੇ ਨਾਂਅ) ਸ. ਹਾਕਮ ਸਿੰਘ ਸਾਹਿਤਕਾਰ ਬਾਰੇ, ਪੂਰਨ ਕਾਉਂਕੇ ਦੇ ਨਾਂਅ ਆਦਿ ਰਚਨਾਵਾਂ ਵੇਖੀਆਂ ਜਾ ਸਕਦੀਆਂ ਹਨ। 'ਬਟਵਾਰੇ' ਦੇ ਦੁਖਾਂਤ ਬਾਰੇ ਬੜੀ ਭਾਵਪੂਰਤ ਰਚਨਾ ਕਵੀ ਨੇ ਕੀਤੀ ਹੈ :
ਮਾਵਾਂ ਪੁੱਤਾਂ ਤੋਂ ਵਿਛੜੀਆਂ
ਵਿਛੜੇ ਭੈਣਾਂ ਤੋਂ ਵੀਰ ਸਨ
ਰਾਮ ਰਹੀਮ ਦਾ ਪਿਆ ਵਿਛੋੜਾ
ਵਿਛੜੇ ਦਰਿਆਵਾਂ ਤੋਂ ਨੀਰ ਸਨ।
(ਪੰਨਾ 66)
ਫ਼ਲਸਫ਼ਾ ਏ ਜ਼ਿੰਦਗੀ, ਖੁਆਬਾਂ ਦੀ ਪਰਵਾਜ਼, ਮ੍ਰਿਗ ਤ੍ਰਿਸ਼ਨਾ, ਰੱਬ ਬਨਾਮ ਬੰਦਾ, ਦੂਰੀ, ਹਰਫ਼ਾਂ ਦੀ ਅੱਗ, ਇਨਸਾਨੀਅਤ ਲਈ ਦੁਆਵਾਂ, ਵਿਛੜੇ ਯਾਰਾਂ ਦੇ ਗ਼ਮ, ਸਿੰਘ ਸੂਰਮੇ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸ ਤਰ੍ਹਾਂ ਸਮੁੱਚੀਆਂ ਕਾਵਿ ਰਚਨਾਵਾਂ ਪਾਠਕ ਨੂੰ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਕਰੂੰਬਲਾਂ ਕਾਵਿ ਸੰਗ੍ਰਹਿ ਦਾ ਰਚਣਹਾਰ ਕੈਪਟਨ ਪੂਰਨ ਸਿੰਘ ਗਗੜਾ ਮੁਬਾਰਕ ਦਾ ਹੱਕਦਾਰ ਹੈ, ਜਿਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਜੀਵਨ ਅਤੇ ਸਮਾਜ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਰ ਕਰਦਾ ਹੈ।


ਪ੍ਰੋ. ਕੁਲਜੀਤ ਕੌਰ
c c c


ਕਦੋਂ ਮਿਲੇਗੀ ਪਰਵਾਜ਼
ਸੰਪਾਦਕ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ, ਹੁਸ਼ਿਆਰਪੁਰ
ਮੁੱਲ : 250 ਰੁਪਏ, ਸਫ਼ੇ : 91
ਸੰਪਰਕ : 98150-18947


ਹਥਲੇ ਕਾਵਿ-ਸੰਗ੍ਰਹਿ 'ਕਦੋਂ ਮਿਲੇਗੀ ਪਰਵਾਜ਼' ਦੀ ਸੰਪਾਦਕ ਜਸਵੰਤ ਕੌਰ ਬੈਂਸ ਪੰਜ ਕਾਵਿ-ਸੰਗ੍ਰਹਿਾਂ 'ਕਾਲੀ ਲੋਈ', 'ਸੰਧੂਰੀ ਮਿੱਟੀ ਦੀ ਖੁਸ਼ਬੋ', 'ਕਿੰਜ ਰਿਸ਼ਤੇ 'ਤੇ ਮਾਣ ਕਰਾਂ', 'ਵਸਦੀ ਤੇਰੇ ਸਾਹਾਂ ਵਿਚ', 'ਹਨੇਰੇ ਪੰਧ ਦੀ ਲੋਅ' ਤੋਂ ਇਲਾਵਾ ਸੰਪਾਦਕ ਕਹਾਣੀ ਤੇ ਲੇਖ ਸੰਗ੍ਰਹਿ 'ਜਾਣਾ ਏ ਉਸ ਪਾਰ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਇਸ ਪੁਸਤਕ ਨੂੰ ਸਪਾਂਸਰ ਕਰਕੇ ਪਾਠਕਾਂ ਤੱਕ ਪਹੁੰਚਾਉਣ ਲਈ ਲੈਸਟਰ (ਯੂ.ਕੇ.) ਰਹਿੰਦੇ ਜਸਪਾਲ ਸਿੰਘ ਮਾਨ ਅਤੇ ਸਹਿਯੋਗੀ ਸਤਵੰਤ ਕੌਰ ਸਹੋਤਾ, ਸੁਖਵੰਤ ਕੌਰ ਗਰੇਵਾਲ, ਰਾਜਪ੍ਰੀਤ ਕੌਰ, ਆਰ.ਕੇ. ਰਾਹੀ ਅਤੇ ਮਨਜਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਲੈਸਟਰ (ਯੂ.ਕੇ.) ਰਹਿੰਦੇ ਜਸਵੰਤ ਕੌਰ ਬੈਂਸ ਤੇ ਲੈਸਟਰ (ਯੂ.ਕੇ.) ਰਹਿੰਦੇ ਜਸਪਾਲ ਸਿੰਘ ਮਾਨ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ ਜੋ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਪੰਜਾਬੀ ਅਦਬ ਦੀ ਧੂਣੀ ਧੁਖਾ ਰਹੇ ਹਨ। ਹਥਲਾ ਕਾਵਿ-ਸੰਗ੍ਰਹਿ 43 ਕਵੀਆਂ/ਕਵਿਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਸਾਰੇ ਅਦੀਬਾਂ ਨੇ ਕੋਰੋਨਾ ਮਹਾਂਮਾਰੀ ਨਾਲ ਜੂਝਦਿਆਂ ਜਿਸ ਤਰ੍ਹਾਂ ਆਮ ਬੰਦੇ ਨੇ ਦੁਸ਼ਵਾਰੀਆਂ ਸਹਾਰੀਆਂ ਅਤੇ ਤਾਲਾਬੰਦੀ ਹੋਣ ਕਰਕੇ ਜਿਸ ਤਰ੍ਹਾਂ ਆਪਣੇ ਹੀ ਦੇਸ਼ ਵਿਚ ਪਰਦੇਸੀਆਂ ਵਾਂਗ ਪੈਰਾਂ 'ਚ ਛਾਲਿਆਂ ਦੀ ਕਮਾਈ ਲੈ ਕੇ ਸੈਂਕੜੇ ਮੀਲਾਂ ਦਾ ਪੰਧ ਕਰਦਿਆਂ ਆਪਣੇ ਘਰਾਂ ਨੂੰ ਪਰਤੇ ਹਨ, ਦਾ ਵਿਵਰਨ ਸੰਮਿਲਤ ਅਦੀਬਾਂ ਨੇ ਆਪਣੀ ਕਲਮ ਦੀ ਨੋਕ ਹੇਠ ਲਿਆਂਦਾ ਹੈ। ਸੰਮਿਲਤ ਕਵੀ/ਕਵਿਤਰੀਆਂ ਸਿਖਾਂਦੜੂ ਪ੍ਰਯਤਨ ਦੇ ਆਭਾ ਮੰਡਲ ਦੇ ਸਿਤਾਰੇ ਹਨ ਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਨਿੱਗਰ ਆਸ ਬੱਝਦੀ ਦਿਖਾਈ ਦੇ ਰਹੀ ਹੈ। ਕੋਰੋਨਾ ਕਾਲ ਦੀ ਸਮੁੱਚਤਾ ਦਾ ਪ੍ਰਗਟਾਵਾ ਕਰਦੀ ਜਸਵਿੰਦਰ ਸਿੰਘ ਜੱਸੀ ਦੀ ਗ਼ਜ਼ਲ ਦਾ ਨਮੂਨਾ ਹਾਜ਼ਰ ਹੈ :
'ਪਤਾ ਨਹੀਂ ਸੀ ਮੇਰੇ ਮੌਲਾ ਐਸੇ ਦਿਨ ਵੀ ਆਵਣਗੇ
ਇਕ ਦੂਜੇ ਨੂੰ ਤੱਕ ਕੇ ਬੰਦੇ ਏਦਾਂ ਵੀ ਡਰ ਜਾਵਣਗੇ
ਦੁਨੀਆਦਾਰੀ ਰਿਸ਼ਤੇਦਾਰੀ ਮਨ ਨੂੰ ਮੂਲ ਨਾ ਭਾਏਗੀ
ਦੂਰ ਖਲੋ ਕੇ ਇਕ ਦੂਜੇ ਨੂੰ ਸਾਰੇ ਫ਼ਤਹਿ ਬੁਲਾਵਣਗੇ
ਆਪਣਿਆਂ ਦੀ ਲਾਸ਼ ਉਠਾਵਣ ਦਾ ਜੇਰਾ ਰਹਿਣਾ ਨਹੀਂ
ਆਪਣਿਆਂ ਦੀ ਲਾਸ਼ ਦੇਖ ਕੇ ਲੋਕੀ ਮੂੰਹ ਘੁਮਾਵਣਗੇ।'


ਭਗਵਾਨ ਢਿੱਲੋਂ
ਮੋ: 98143-78254


ਉੱਚੀਆਂ ਕੰਧਾਂ ਵਾਲਿਓ

ਨਾਵਲਕਾਰ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫੇ : 76
ਸੰਪਰਕ : 0172-5027427.


ਰਾਜਬੀਰ ਰੰਧਾਵਾ ਦੇ ਸਾਹਿਤਕ ਯੋਗਦਾਨ 'ਤੇ ਨਜ਼ਰ ਪਾਇਆਂ, ਉਨ੍ਹਾਂ ਦੀ ਸਾਹਿਤਕ ਸੂਝ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਕਾਵਿ ਸੰਗ੍ਰਹਿ, ਸਫ਼ਰਨਾਮੇ, ਸਵੈ-ਜੀਵਨੀ, ਕਹਾਣੀ ਸੰਗ੍ਰਹਿ ਅਤੇ ਨਾਵਲਾਂ ਸਮੇਤ ਉਹ 18 ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕੀ ਹੈ। ਵਿਚਾਰ ਅਧੀਨ ਨਾਵਲ 'ਉੱਚੀਆਂ ਕੰਧਾਂ ਵਾਲਿਓ' ਦਾ ਬਿਰਤਾਂਤ ਸਰਦਾਰ ਜੀ ਅਤੇੇ ਅੰਮਾਂ ਦੀ ਆਪਸੀ ਜ਼ਿੰਦਗੀ ਵਿਚਲੇ ਤਨਾਅ, ਮਰਦ ਪ੍ਰਧਾਨ ਸਮਾਜ ਦੀ ਔਰਤ ਨੂੰ ਦਬਾਉਣ ਵਾਲੀ ਮਾਨਸਿਕਤਾ ਦੁਆਲੇ ਉਸਰਿਆ ਹੋਇਆ ਹੈ।
ਸਰਦਾਰ ਜੀ, ਸਾਡੇ ਸਮਾਜ-ਸੱਭਿਆਚਾਰ ਵਿਚ ਸਦੀਆਂ ਤੋਂ ਆਪਣੀ ਮਰਦਾਨਗੀ ਦੀ ਧੌਂਸ ਜਮਾਉਣ ਵਾਲੇ ਵਤੀਰੇ ਵਜੋਂ ਪ੍ਰਸਤੁਤ ਹੁੰਦਾ ਹੈ ਜਦੋਂ ਕਿ ਅੰਮੀ, ਮਰਦ ਦੀ ਹੈਂਕੜ ਅਤੇ ਜਬਰ ਨੂੰ ਝੱਲਣ ਦੇ ਨਾਲ-ਨਾਲ ਘਰ ਦਾ ਸਾਰਾ ਕੰਮ ਕਰਨ, ਬੱਚਿਆਂ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਦੂਹਰੀ ਮਾਰ ਝੱਲਦੀ ਹੈ। ਨਾਵਲ ਦਾ ਵਿਸ਼ਾ ਮੁੱਖ ਤੌਰ 'ਤੇ ਔਰਤ ਨੂੰ ਸ਼ਰਮ-ਹਯਾ, ਅਬਲਾ, ਘਰ ਦੀ ਇੱਜ਼ਤ ਅਤੇ ਘਰ ਦੀ ਚਾਰਦੀਵਾਰੀ ਤੱਕ ਮਹਿਦੂਦ ਕਰਨ ਵਾਲੀ ਤਾਨਾਸ਼ਾਹੀ-ਮਰਦ ਸੋਚ ਨੂੰ ਪ੍ਰਸਤੁਤ ਕਰਨਾ ਹੈ। ਪਹਿਲੇ ਅੰਕ ਅੰਮਾਂ ਵਿਚਲੇ ਅੰਮਾਂ ਪਾਤਰ ਦੀ ਪੇਸ਼ਕਾਰੀ ਤੋਂ ਹੀ ਸਾਡੇ ਸਮਾਜ ਵਿਚ ਔਰਤ ਦੁਆਲੇ ਰਿਸ਼ਤਿਆਂ-ਨਾਤਿਆਂ ਦੀਆਂ ਵਲਗਣਾਂ ਵਿਚੋਂ ਪੈਦਾ ਹੁੰਦੀਆਂ ਤਲਖੀਆਂ, ਤਾਹਨੇ-ਮਿਹਣੇ, ਸ਼ੱਕ ਅਤੇ ਹੀਣ-ਭਾਵਨਾ ਦੀਆਂ ਉਸਰੀਆਂ ਕੰਧਾਂ ਦੀਆਂ ਤੰਦਾਂ ਤਲਾਸ਼ੀਆਂ ਜਾ ਸਕਦੀਆਂ ਹਨ। ਅੰਮਾਂ ਰੂਪੀ ਨਪੀੜੀ ਜਾ ਰਹੀ ਔਰਤ ਧਿਰ ਦਾ, ਸਮਰਪਣ ਵੀ ਉਸ ਨੂੰ ਮਾਨਸਿਕ ਅਤੇ ਸਰੀਰਕ ਗੁਲਾਮੀ ਤੋਂ ਮੁਕਤੀ ਨਹੀਂ ਦੁਆ ਸਕਦਾ।
ਔਰਤ ਘਰ ਤੋਂ ਬਾਹਰ ਹੱਸ-ਖੇਡ ਨਹੀਂ ਸਕਦੀ, ਮਰਦ-ਪ੍ਰਧਾਨ ਸਮਾਜ ਦੀਆਂ ਅਖੌਤੀ ਇੱਜ਼ਤ-ਮਾਣ ਦੀਆਂ ਖੋਖਲੀਆਂ ਕੰਧਾਂ ਉਸ ਨੂੰ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਖੁੱਲ੍ਹ ਕੇ ਜਿਊਣ ਦੀ ਸਪੇਸ ਨਹੀਂ ਦਿੰਦੀਆਂ। ਸਮਾਜ ਵਿਚਲੀ ਬਾਕੀਆਂ ਐਸ਼ੋ-ਇਸ਼ਰਤ ਦੀਆਂ ਚੀਜ਼ਾਂ ਵਾਂਗ ਉਸ ਨੂੰ ਵੀ ਵਸਤ ਅਤੇ ਜਾਇਦਾਦ ਸਮਝਿਆ ਜਾਂਦਾ ਹੈ। ਮਰਦ ਲਈ ਔਰਤ ਕਾਮ-ਤ੍ਰਿਪਤੀ ਦਾ ਸਾਧਨ ਹੈ, ਜਦੋਂ ਕਿ ਔਰਤ ਸਰੀਰਕ ਵਾਸਨਾ ਤੋਂ ਬਿਨਾਂ ਮਰਦ ਦਾ ਪਿਆਰ, ਇੱਜ਼ਤ, ਸਤਿਕਾਰ ਅਤੇ ਬਰਾਬਰ ਦਾ ਰੁਤਬਾ ਪਾਉਣ ਦੀ ਖ਼ਾਹਸ਼ ਰੱਖਦੀ ਹੈ, ਜਿਸ ਦੀ ਉਹ ਹੱਕਦਾਰ ਵੀ ਹੈ। ਅੰਮੀ ਦੇ ਰੂਪ ਵਿਚ ਔਰਤ ਧਿਰ ਘਰ ਦੇ ਸਾਰੇ ਕੰਮ ਕਰਦੀ, ਉਹ ਸਬਰ ਅਤੇ ਖੁਸ਼ੀ ਮਹਿਸੂਸ ਕਰਦੀ ਹੈ। ਘਰ ਤੋਂ ਬਾਹਰ ਵੀ ਮਰਦ ਦੇ ਬਰਾਬਰ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ। ਨਾਵਲ ਦੀ ਨਾਇਕ ਅੰਮਾਂ, ਦਲੇਰ ਅਤੇ ਗ਼ੈਰਤਮੰਦ ਪਾਤਰ ਹੈ, ਜਿਹੜੀ ਸਰਦਾਰ ਜੀ ਦੇ ਅਮਾਨਵੀ ਵਤੀਰੇ ਦੇ ਬਾਵਜੂਦ ਯਥਾਸ਼ਕਤੀ ਲੜਦੀ ਹੋਈ। ਚੁਫੇਰੇ ਉਸਰੀਆਂ ਕੰਧਾਂ ਨੂੰ ਪਾਰ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200


ਵਡਾਲੇ ਵਾਲੀ ਭੂਆ

ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-73236.


'ਵਡਾਲੇ ਵਾਲੀ ਭੂਆ' ਤਰਲੋਚਨ ਸਿੰਘ ਦੀ ਪੰਦ੍ਹਰਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 13 ਕਹਾਣੀਆਂ ਦੀ ਸੰਪਾਦਨਾ ਬਾਖੂਬੀ ਕੀਤੀ ਹੈ। ਪਹਿਲੀ ਕਹਾਣੀ 'ਪੌਂਡਾਂ ਦੀ ਚਮਕ' ਜਗਤਾਰ ਸਿੰਘ ਭੁੱਲਰ ਦੀ ਲਿਖੀ ਹੋਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਪੌਂਡਾਂ ਦੀ ਚਕਾਚੌਂਧ ਲਈ ਰਿਸ਼ਤਿਆਂ ਨੂੰ ਛਿੱਕੇ 'ਤੇ ਟੰਗ ਦਿੱਤਾ ਜਾਂਦਾ ਹੈ। ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਤਾਣੇ-ਬਾਣੇ ਨੂੰ ਆਧਾਰ ਬਣਾਇਆ ਗਿਆ ਹੈ। ਟਾਈਟਲ ਕਹਾਣੀ 'ਵਡਾਲੇ ਵਾਲੀ ਭੂਆ' ਵਿਚ ਬਿਆਨ ਕੀਤਾ ਗਿਆ ਹੈ ਕਿ ਚੰਨਣ ਵਡਾਲੇ ਵਾਲੀ ਭੂਆ ਦੇ ਘਰ ਤੋਂ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਸ਼ਾਂਤੀ ਭੂਆ ਦਾ ਸਾਰੇ ਪਿੰਡ 'ਤੇ ਰੋਹਬ ਸੀ। ਜਦੋਂ ਚੰਨਣ ਨੇ ਆਪਣੀ ਪਤਨੀ ਨੂੰ ਕੁੱਟਿਆ ਸੀ ਤਾਂ ਉਹ ਰੋਂਦੀ ਹੋਈ ਭੂਆ ਕੋਲ ਚਲੀ ਗਈ ਸੀ ਤਾਂ ਭੂਆ ਨੇ ਚੰਨਣ ਦੇ ਚਪੇੜ ਮਾਰੀ ਸੀ ਤੇ ਕਿਹਾ ਸੀ ਕਿ ਉਸ ਦੀ ਵਹੁਟੀ ਓਨਾ ਚਿਰ ਮੇਰੇ ਕੋਲ ਰਹੇਗੀ ਜਿੰਨਾ ਚਿਰ ਉਹ ਨਹੀਂ ਸੁਧਰੇਗਾ ਪਰ ਸਮੇਂ ਦਾ ਏਨਾ ਫ਼ਰਕ ਆ ਗਿਆ ਕਿ ਵਡਾਲੇ ਵਾਲੀ ਭੂਆ ਦੀ ਆਪਣੇ ਪੜਪੋਤੇ ਅੱਗੇ ਉੱਕਾ ਹੀ ਨਹੀਂ ਚਲਦੀ ਤੇ ਉਹ ਲਾਚਾਰ ਹੋ ਕੇ ਰਹਿ ਜਾਂਦੀ ਹੈ। ਲੇਖਕ ਇਸ ਕਹਾਣੀ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਸਮੇਂ ਦੇ ਗੇੜ ਦਾ ਏਨਾ ਵੱਡਾ ਬਦਲਾਅ ਆ ਗਿਆ ਹੈ। 'ਮੇਰਾ ਕਸੂਰ ਕੀ ਹੈ?' ਹਰਜੀਤ ਕੌਰ ਬਾਜਵਾ ਦੀ ਲਿਖੀ ਹੋਈ ਕਹਾਣੀ ਹੈ, ਜਿਸ ਵਿਚ ਇਕ ਖੁਸਰੇ ਦੇ ਆਪਣੇ ਹੱਕ ਲੈਣ ਸੰਬੰਧੀ ਕਹਾਣੀ ਹੈ, ਜਿਸ ਨੇ ਕਾਲਜ ਵਿਚ ਫ਼ੀਸ ਮੁਆਫ਼ ਕਰਵਾ ਲਈ ਹੈ ਤੇ ਵੋਟ ਅਤੇ ਆਧਾਰ ਕਾਰਡ ਬਣਾਉਣ ਦਾ ਅਧਿਕਾਰ ਵੀ ਲੈ ਲਿਆ ਹੈ। ਅਗਲੀ ਕਹਾਣੀ 'ਵਾਲੀਆਂ' ਹੈ ਜੋ ਕਿ ਸੰਤਵੀਰ ਦੀ ਲਿਖੀ ਹੋਈ ਹੈ, ਜਿਸ ਵਿਚ ਆਰਥਿਕ ਅਤੇ ਸਮਾਜਿਕ ਮਜਬੂਰੀਆਂ ਦੀ ਬਾਤ ਪਾਈ ਗਈ ਹੈ। 'ਬੇਰੀ ਵਾਲਾ ਘਰ' ਕੈਲਾਸ਼ ਰਾਣੀ ਦੀ ਲਿਖੀ ਹੋਈ ਕਹਾਣੀ ਹੈ, ਜਿਸ ਵਿਚ ਦਰੱਖਤਾਂ ਨਾਲ ਮੋਹ ਪਿਆਰ ਬਾਰੇ ਦੱਸਿਆ ਗਿਆ ਹੈ ਕਿ ਮਨੁੱਖ ਦਾ ਉਨ੍ਹਾਂ ਨਾਲ ਵੀ ਲਗਾਵ ਹੋ ਜਾਂਦਾ ਹੈ ਕਿ ਕਹਾਣੀ ਦੇ ਮੈਂ ਪਾਤਰ ਨੂੰ ਆਪਣੀ ਮਾਂ ਦੇ ਘਰ ਬੇਰੀ ਹੇਠ ਬੈਠ ਕੇ ਹੀ ਸਕੂਨ ਮਿਲਦਾ ਹੈ। 'ਨਾਜਾਇਜ਼ ਕਬਜ਼ੇ' ਬਲਦੇਵ ਪੋਹਲੋਪੁਰੀ ਦੀ ਕਹਾਣੀ ਹੈ, ਜਿਸ ਵਿਚ ਉਸ ਨੇ ਪਿੰਡਾਂ ਵਿਚ ਹੁੰਦੇ ਨਾਜਾਇਜ਼ ਕਬਜ਼ਿਆਂ ਅਤੇ ਚੁਗਲੀ ਕਰਨ ਵਾਲਿਆਂ ਨੂੰ ਵਰਜਿਆ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਪਾਦਕ ਨੇ ਸਾਰੀਆਂ ਕਹਾਣੀਆਂ ਨੂੰ ਹੀ ਬੜੀ ਸੰਜੀਦਗੀ ਨਾਲ ਪੇਸ਼ ਕੀਤਾ ਹੈ ਜੋ ਮਾਨਵਵਾਦ ਦੀਆਂ ਸਮੱਸਿਆਵਾਂ ਦੇ ਹੱਲ ਤਲਾਸ਼ ਕਰਨ ਵੱਲ ਰੁਚਿਤ ਹਨ।


ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161
c c c


ਹਰਫ਼ ਹਮੇਸ਼ਾ ਰਹਿਣਗੇ

ਲੇਖਕ : ਸਰਬਜੀਤ ਸੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 95011-45039.


ਲੰਮੇ ਸਮੇਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਸਰਬਜੀਤ ਸੋਹੀ ਸਥਾਪਤੀ ਦੇ ਖ਼ਿਲਾਫ਼ ਲਿਖਣ ਵਾਲੇ ਨਾਮਵਰ ਪ੍ਰਗਤੀਸ਼ੀਲ ਕਵੀ ਹਨ। ਉਨ੍ਹਾਂ ਦੀ ਜੁਝਾਰਵਾਦੀ ਕਵਿਤਾ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤਾਣੇ-ਬਾਣੇ ਦੀਆਂ ਪਰਤਾਂ ਨੂੰ ਫਰੋਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ 'ਚ ਰੰਗੀ ਇਸ ਮਾਣਮੱਤੀ ਸ਼ਖ਼ਸੀਅਤ ਦਾ ਝੁਕਾਅ ਗ਼ਜ਼ਲ ਵੱਲ ਹੋਣਾ ਚੰਗਾ ਸ਼ਗਨ ਹੈ। 'ਹਰਫ਼ ਹਮੇਸ਼ਾ ਰਹਿਣਗੇ' ਦੇ ਇਸ ਸ਼ਿਅਰ ਵਿਚ ਉਹ ਆਪੇ ਸਹੇੜੀਆਂ ਅਲਾਮਤਾਂ ਵਿਚ ਉਲਝੇ ਮਨੁੱਖ ਦੀ ਮਨੋ-ਅਵਸਥਾ ਦਾ ਚਿੱਤਰਨ ਇਸ ਤਰ੍ਹਾਂ ਕਰਦੇ ਹਨ :
ਪਾਲ ਬੈਠੇ ਅਜਗਰਾਂ ਨੂੰ, ਬੁੱਕਲਾਂ ਅੰਦਰ ਅਸੀਂ,
ਸਾਵਧਾਨੀ ਵਰਤੀਏ ਕੀ, ਹੁਣ ਇਨ੍ਹਾਂ ਦੇ ਜ਼ਹਿਰ ਤੋਂ।
ਮਨੁੱਖ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ 'ਤੇ ਹੀ ਲੱਗਿਆ ਰਹਿੰਦਾ ਹੈ ਕਿ ਉਸ ਦਾ ਅਸਲੀ ਆਪਾ ਲੋਕਾਂ ਸਾਹਮਣੇ ਪ੍ਰਗਟ ਨਾ ਹੋਵੇ ਅਤੇ ਦੁਨੀਆ ਨੂੰ ਸਿਰਫ਼ ਉਹੀ ਕੁਝ ਦਿਖਾਈ ਦੇਵੇ, ਜਿਹੜਾ ਉਹ ਦੇਖਣਾ ਚਾਹੁੰਦੀ ਹੈ। ਇਸ ਤਰ੍ਹਾਂ ਲਗਭਗ ਹਰ ਵਿਅਕਤੀ ਹੀ ਦੂਹਰੀ ਜ਼ਿੰਦਗੀ ਜਿਊਂਦਾ ਪ੍ਰਤੀਤ ਹੁੰਦਾ ਹੈ ਪਰ ਉਸ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ, ਪਤਾ ਨਹੀਂ ਲਗਦਾ ਕਿ ਸਾਰੀਆਂ ਵਲਗਣਾਂ ਨੂੰ ਤੋੜਦਿਆਂ ਉਸ ਦੇ ਅੰਦਰਲਾ ਜਾਨਵਰ ਕਦੋਂ ਜਾਗ ਜਾਵੇ:
ਵਣਾਂ ਤੋਂ ਆਦਮੀ ਤਬਦੀਲ ਹੋਇਆ ਹੈ ਘਰਾਂ ਅੰਦਰ,
ਪਿਆ ਬੰਦੇ 'ਚ ਪਰ ਆਬਾਦ ਜੰਗਲ ਜਾਪਦਾ ਹਾਲੇ।
ਪਲੇਠਾ ਗ਼ਜ਼ਲ-ਸੰਗ੍ਰਹਿ ਹੋਣ ਦੇ ਬਾਵਜੂਦ ਉਨ੍ਹਾਂ ਦੀ ਗ਼ਜ਼ਲ ਅੱਜਕਲ੍ਹ ਦੀ ਬਹੁਤੀ ਗ਼ਜ਼ਲਕਾਰੀ ਵਾਂਗ ਕੇਵਲ ਕਾਫ਼ੀਏ-ਰਦੀਫ਼ ਜਾਂ ਤੁਕਬੰਦੀ ਦੇ ਪੈਮਾਨਿਆਂ ਤੱਕ ਹੀ ਸੀਮਤ ਨਹੀਂ, ਬਲਕਿ ਸੁਹਜ ਅਤੇ ਚਿੰਤਨ ਭਰਪੂਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ, ਤਿੰਨ ਸੰਪਾਦਿਤ ਪੁਸਤਕਾਂ ਅਤੇ ਦੋ ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦੋ ਪੁਸਤਕਾਂ ਉਨ੍ਹਾਂ ਦੀ ਕਵਿਤਾ ਸੰਬੰਧੀ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਮੀਦ ਕਰਨੀ ਬਣਦੀ ਹੈ ਕਿ ਪਾਠਕ ਉਨ੍ਹਾਂ ਦੇ ਇਸ ਨਿੱਗਰ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਹੱਸਦੇ ਹੱਸਦੇ ਕਿਵੇਂ ਜਿਉਂਈਏ?

ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 01679-241744.


ਸਵੇਟ ਮਾਰਡਨ ਅਮਰੀਕਾ ਦਾ ਅਜਿਹਾ ਹਾਂ-ਪੱਖੀ ਅਤੇ ਉਸਾਰੂ ਸੋਚ ਵਾਲਾ ਲੇਖਕ ਹੈ ਜੋ ਵਰਤਮਾਨ ਮਨੁੱਖ ਨੂੰ ਦੁੱਖ, ਦਰਦ, ਨਾ-ਉਮੀਦੀ, ਭੈਅ, ਨਿਰਾਸਤਾ ਜਿਹੀਆਂ ਅਲਾਮਤਾਂ ਵਿਚ ਘਿਰ ਜਾਣ 'ਤੇ ਉਤਸ਼ਾਹ, ਖੁਸ਼ੀ, ਧੀਰਜ, ਹੰਸੌੜ ਜੀਵਨ ਜਿਊਣ ਦੇ ਗੁਰ ਦੱਸਦਾ ਹੈ। 'ਹੱਸਦੇ ਹੱਸਦੇ ਕਿਵੇਂ ਜਿਉਂਈਏ' ਪੁਸਤਕ ਤੋਂ ਇਲਾਵਾ ਵੀ ਇਸੇ ਸ਼ੈਲੀ ਵਿਚ ਲਿਖੀਆਂ ਉਸ ਦੀ ਅਨੇਕਾਂ ਪੁਸਤਕਾਂ ਉਪਲਬਧ ਹਨ ਜੋ ਸਮੇਂ-ਸਮੇਂ ਸਾਰੀ ਦੁਨੀਆ ਵਿਚ 'ਬੈਸਟ ਸੈਲਰ' ਸਿੱਧ ਹੋਈਆਂ ਹਨ। ਹਥਲੀ ਪੁਸਤਕ ਦਾ ਅਨੁਵਾਦ ਵੀ ਸੁਖਪ੍ਰੀਤ ਦਾ ਕੀਤਾ ਹੋਇਆ ਹੈ ਜੋ ਬਹੁਤ ਸਰਲ ਅਤੇ ਰਵਾਂ ਹੈ। ਲੇਖਕ ਖ਼ੁਦ ਵੀ ਸਰਲ, ਸ਼ਬਦਾਵਲੀ ਰਾਹੀਂ ਆਪਣੀ ਗੱਲ ਕਹਿੰਦਾ ਹੈ। ਲੇਖਕ ਆਪ ਹੀ ਨਹੀਂ ਬੋਲਦਾ, ਸਗੋਂ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਦਾਰਸ਼ਨਿਕਾਂ, ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਦੇ ਕਥਨਾਂ ਦਾ ਵੀ ਜ਼ਿਕਰ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਕਥਨ ਸਮੱਸਿਆ ਜਾਂ ਲੇਖ ਲਈ ਬਹੁਤ ਢੁਕਵੇਂ ਪ੍ਰਤੀਤ ਹੁੰਦੇ ਹਨ। ਕਈ-ਕਈ ਕਥਨ ਤਾਂ ਸਿਆਣੀਆਂ ਟੂਕਾਂ ਜਾਂ ਮੁਹਾਵਰੇ ਹੀ ਬਣ ਗਏ ਹਨ, ਜਿਵੇਂ ਵਪਾਰ ਦਾ ਸੰਸਾਰ ਅੜਚਨਾਂ ਨਾਲ ਟੁੱਟ ਜਾਂਦਾ ਹੈ, ਪਿਆਰ ਦੇਣਾ ਅਤੇ ਪਿਆਰ ਪਾਉਣਾ ਜੀਵਨ ਦਾ ਉੱਤਮ ਖਜ਼ਾਨਾ ਹੈ, ਜੋ ਦੂਜਿਆਂ ਦੇ ਜੀਵਨ ਲਈ ਸਹਾਇਕ ਹੁੰਦਾ ਹੈ, ਉਹ ਜੀਵਨ ਦਾ ਸਰਬੋਤਮ ਫਲ ਇਕੱਠਾ ਕਰ ਰਿਹਾ ਹੁੰਦਾ ਹੈ। ਲੇਖ ਨੂੰ ਰੌਚਕ ਬਣਾਉਣ ਲਈ ਲੇਖਕ ਛੋਟੀਆਂ-ਛੋਟੀਆਂ ਕਹਾਣੀਆਂ, ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕਰਨਾ ਨਹੀਂ ਭੁੱਲਦਾ, ਜਿਸ ਨਾਲ ਉਸ ਦੀ ਸ਼ੈਲੀ ਰਸਦਾਰ ਬਣਦੀ ਪ੍ਰਤੀਤ ਹੁੰਦੀ ਹੈ। ਦੁੱਖਾਂ ਅਤੇ ਔਕੜਾਂ 'ਚ ਘਿਰੇ ਮਨੁੱਖਾਂ ਜਾਂ ਪਰਿਵਾਰਾਂ ਲਈ ਅਜਿਹੀ ਪੁਸਤਕ ਪੜ੍ਹਨੀ ਰਾਮਬਾਣ ਤੇ ਔਸ਼ਧੀ ਸਿੱਧ ਹੋ ਸਕਦੀ ਹੈ।


ਕੇ.ਐਲ. ਗਰਗ
ਮੋ: 94635-37050
c c c


ਬਹੁਤ ਮਜ਼ਾ ਆਇਆ

ਲੇਖਿਕਾ : ਧੀਰਜ ਸ਼ਰਮਾ
ਅਨੁਵਾਦਕ : ਮਨੋਮਹਨ ਸਿੰਘ ਦਾਊਂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 40
ਸੰਪਰਕ : 98151-23900.


'ਬਹੁਤ ਮਜ਼ਾ ਆਇਆ' ਧੀਰਜ ਸ਼ਰਮਾ ਦਾ ਬਾਲਾਂ ਲਈ ਲਿਖਿਆ ਬਹੁਤ ਹੀ ਪਿਆਰਾ ਸਿੱਖਿਆਦਾਇਕ ਅਤੇ ਮਨੋਵਿਗਿਆਨਕ ਨਾਵਲ ਹੈ। ਰੋਹਿਤ ਅਤੇ ਉਨ੍ਹਾਂ ਦੀ ਧਰਮ ਪਤਨੀ ਆਪਣੇ ਬੱਚਿਆਂ ਸਮੇਤ ਦਿੱਲੀ ਸ਼ਹਿਰ ਵਿਚ ਰਹਿ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਦੇ ਬਹੁਤ ਪਿਆਰੇ ਇਕ ਪਹਾੜੀ ਪਿੰਡ ਦਾ ਹੈ। ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਪਿੰਡ ਵਿਚ ਰਹਿੰਦੇ ਹਨ। ਪਰ ਇਸ ਵਾਰ ਰੋਹਿਤ ਨੇ ਛੁੱਟੀਆਂ ਵਿਚ ਆਪਣੇ ਪੁੱਤਰ ਕੁਸ਼ੂ ਅਤੇ ਬੇਟੀ ਕਾਸ਼ਨੀ ਨੂੰ ਪਿੰਡ ਲਿਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ। ਬੱਚੇ ਪਹਿਲਾਂ ਮੰਨ ਨਹੀਂ ਸਨ ਰਹੇ। ਰੋਹਿਤ ਨੇ ਦਾਦਾ-ਦਾਦੀ ਦੇ ਯਾਦ ਕਰਨ ਦੀ ਗੱਲ ਕਰਕੇ ਅਤੇ ਪਿੰਡਾਂ ਦੇ ਸ਼ੁੱਧ ਵਾਤਾਵਰਨ, ਹਰਿਆਲੀ, ਕਲ-ਕਲ ਕਰਦੇ ਝਰਨੇ, ਨਦੀਆਂ, ਪਹਾੜ, ਸੁੰਦਰ ਕੁਦਰਤੀ ਨਜ਼ਾਰੇ ਦੱਸ ਕੇ ਉਨ੍ਹਾਂ ਨੂੰ ਤਿਆਰ ਕਰ ਲਿਆ ਸੀ। ਜਦੋਂ ਉਹ ਪਿੰਡ ਗਏ ਤਾਂ ਦਾਦਾ-ਦਾਦੀ ਨੇ ਉਨ੍ਹਾਂ ਨੂੰ ਲੋਹੜੇ ਦਾ ਪਿਆਰ ਦਿੱਤਾ ਅਤੇ ਰਾਤ ਸਮੇਂ ਬਹੁਤ ਹੀ ਪਿਆਰੀਆਂ ਬਾਤਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦਾਦਾ ਜੀ ਨੇ ਸਵੇਰੇ ਸੈਰ ਕਰਨ ਉਨ੍ਹਾਂ ਨੂੰ ਨਾਲ ਲੈ ਜਾਣਾ, ਉਥੇ ਰੰਗ-ਬਰੰਗੇ ਫੁੱਲ ਬੂਟੇ, ਬਾਗ ਬਗੀਚੇ, ਝਰਨੇ ਅਤੇ ਨਦੀਆਂ ਆਦਿ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ, ਨਾਲੋ-ਨਾਲ ਪਹਾੜੀ ਲੋਕਾਂ ਦੇ ਜੀਵਨ ਅਤੇ ਰਸਮੋਂ ਰਿਵਾਜਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਸੀ। ਖਾਣ-ਪੀਣ ਲਈ ਤਰੋਤਾਜ਼ੇ ਫਲ, ਫਰੂਟ ਅਤੇ ਸਬਜ਼ੀਆਂ ਖੁਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੋਰ ਇਤਹਿਾਸਕ ਥਾਵਾਂ ਵਿਖਾਉਣੀਆਂ ਅਤੇ ਉਨ੍ਹਾਂ ਬਾਰੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹੀ ਬੱਚੇ ਜੋ ਆਉਣ ਤੋਂ ਪਹਿਲਾਂ ਉਦਾਸ ਸਨ, ਹੁਣ ਉਨ੍ਹਾਂ ਦਾ ਐਨਾ ਜੀਅ ਲੱਗ ਚੁੱਕਾ ਸੀ ਕਿ ਉਨ੍ਹਾਂ ਦਾ ਵਾਪਸ ਜਾਣ ਨੂੰ ਜੀਅ ਨਹੀਂ ਸੀ ਕਰਦਾ। ਉਥੇ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਵੀ ਬਣ ਗਏ ਸਨ। ਬਿਰਧ ਬਜ਼ੁਰਗ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਪਹਿਰੇਦਾਰ ਹੁੰਦੇ ਹਨ। ਉਹ ਨਵੀਂ ਪੀੜ੍ਹੀ ਨੂੰ ਆਪਣਾ ਗਿਆਨ ਦੇ ਕੇ ਸਾਡੇ ਅਮੀਰ ਵਿਰਸੇ ਨਾਲ ਜੋੜਦੇ ਹਨ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਦਾਦੀ ਜੋ ਪਿਛਲੇ ਕਈ ਮਹੀਨਿਆਂ ਤੋਂ ਮੰਜੇ 'ਤੇ ਪਈ ਸੀ, ਉਹ ਬੱਚਿਆਂ ਤੋਂ ਮਿਲੇ ਪਿਆਰ ਸਤਿਕਾਰ ਸਦਕਾ ਨੌਂ-ਬਰ-ਨੌਂ ਹੋ ਗਈ ਸੀ। ਜੇਕਰ ਸਾਰੇ ਬੱਚੇ ਆਪਣੇ ਬਜ਼ੁਰਗਾਂ ਨੂੰ ਇਸੇ ਤਰ੍ਹਾਂ ਹੀ ਮਾਣ-ਸਤਿਕਾਰ ਦੇਣ ਤਾਂ ਉਨ੍ਹਾਂ ਦੇ ਅਨੁਭਵ ਅਤੇ ਗਿਆਨ ਤੋਂ ਲਾਹਾ ਲੈ ਸਕਦੇ ਹਨ। ਮੈਂ ਲੇਖਿਕਾ ਧੀਰਜ ਸ਼ਰਮਾ ਅਤੇ ਮਨਮੋੋਹਨ ਦਾਊਂ ਨੂੰ ਬਾਲਾਂ ਲਈ ਲਿਖੇ ਬਹੁਤ ਹੀ ਸ਼ਾਨਦਾਰ ਨਾਵਲ ਲਈ ਮੁਬਾਰਕਬਾਦ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


...ਤੇ ਕਲਮ ਲਿਖਦੀ ਰਹੀ

ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 95011-45039.


ਇੰਦਰਜੀਤ ਕੌਰ ਸਿੱਧੂ ਨੇ ਅਨੇਕਾਂ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਏ ਹਨ। ਉਸ ਦੀ ਜ਼ਿਕਰਯੋਗ ਪੁਸਤਕ ਵਾਰਤਕ ਦੀ ਪੁਸਤਕ ਹੈ, ਜਿਸ ਨੂੰ ਪੜ੍ਹ ਕੇ ਇਹ ਅੰਦਾਜ਼ਾ ਸੌਖਿਆਂ ਹੀ ਲੱਗ ਜਾਂਦਾ ਹੈ ਕਿ ਲੇਖਿਕਾ ਬੜੀ ਨਿਡਰ, ਨਿਧੜਕ ਤੇ ਬੁਲੰਦ ਹੌਸਲੇ ਵਾਲੀ ਲੇਖਿਕਾ ਹੈ। 'ਸੰਘਰਸ਼ ਦੇ ਵਰ੍ਹੇ' ਵਿਚ ਉਸ ਨੇ ਚੋਟੀ ਦੀਆਂ ਅਖ਼ਬਾਰਾਂ ਨੂੰ ਵੀ ਬੇਪਰਦ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ। ਉਸ ਨੇ ਨਿਡਰ ਹੋ ਕੇ ਪੱਤਰਕਾਰੀ ਬਾਰੇ ਵੀ ਖੂਬ ਲਿਖਿਆ ਹੈ, ਜੋ ਸੱਚ ਦੇ ਨੇੜੇ-ਤੇੜੇ ਹੈ। ਦਰਦਾਂ ਦੀ ਦਾਸਤਾਨ ਹਰ ਪਾਠਕ ਨੂੰ ਧੁਰ ਤੱਕ ਹਲੂਣਦੀ ਹੈ। ਬਦਲਦੇ ਮੌਸਮ ਵਿਚ ਉਹ ਇਹ ਮਹਿਸੂਸਦੀ ਹੋਈ ਲਿਖਦੀ ਹੈ ਕਿ ਸਮੇਂ ਦੀ ਹਿੱਕ 'ਤੇ ਨੀਲਾ ਤਾਰਾ ਸਾਕਾ ਉਕਰਿਆ ਗਿਆ। ...ਲੇਖਿਕਾ ਨੇ ਸਾਰੇ ਦਰਦ ਦਾ ਮੰਜਰ ਅੱਖੀਂ ਦੇਖਿਆ ਤੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ। ...ਪੱਤਰਕਾਰੀ ਅੱਥਰੇ ਘੋੜੇ ਦੀ ਸਵਾਰੀ ਨਹੀਂ, ਸਹੀ ਟਕੋਰ ਹੈ। ਕੈਨੇਡੀਅਨ ਪੰਜਾਬੀ ਬੱਚੇ ਵਿਚ ਬੱਚਿਆਂ ਦਾ ਕਲਚਰ ਲੇਖਿਕਾ ਦੀਆਂ ਪ੍ਰਧਾਨਗੀਆਂ ਦਾ ਜ਼ਿਕਰ, ਨੇਤਾਵਾਂ ਦੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਚਾਲਾਂ ਦਾ ਬਾਖੂਬੀ ਨਾਲ ਜ਼ਿਕਰ ਕੀਤਾ ਹੈ।
ਬਲਦੇਵ ਸੜਕਨਾਮਾ ਨੂੰ ਵਿਵਾਦਿਤ ਪੁਸਤਕ ਦੇ ਇਨਾਮ ਲਈ ਚੁਣਿਆ ਜਾਣਾ ਆਦਿ ਘਟਨਾ ਬਾਰੇ ਨਿਡਰ ਹੋ ਕੇ ਲਿਖਣਾ ਬੜੇ ਹੌਸਲੇ ਦੀ ਗੱਲ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੇਖਿਕਾ ਨੇ ਅਲੱਗ ਵਿਸ਼ਿਆਂ ਨੂੰ ਛੋਹਿਆ ਹੈ ਜੋ ਬੜਾ ਦਿਲਚਸਪ ਹੈ। ਉਸ ਦੇ ਇਸ ਉੱਦਮ ਦੀ ਜਿੰਨੀ ਵੀ ਤਾਰੀਫ਼ ਕਰੋ ਘੱਟ ਹੈ, ਜਿਸ ਲਈ ਉਹ ਵਧਾਈ ਦੀ ਪਾਤਰ ਹੈ।


ਡੀ. ਆਰ. ਬੰਦਨਾ
ਮੋ: 94173-89003
c c c


ਗੁਰਮਤਿ ਸੰਗੀਤ ਵਿਚ ਰਬਾਬੀ ਪਰੰਪਰਾ ਅਤੇ ਹੋਰ ਲੇਖ

ਲੇਖਕ : ਡਾ. ਜਾਗੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147
ਸੰਪਰਕ : 98140-53630.


ਹਥਲੀ ਪੁਸਤਕ ਦੇ ਲੇਖਕ ਪੰਜ ਪੁਸਤਕਾਂ ਪਾਠਕਾਂ ਨੂੰ ਦੇ ਚੁੱਕੇ ਹਨ। ਅਰਬਦ ਨਰਬਦ ਤੋਂ ਪਹਿਲਾਂ ਵੀ ਸੰਗੀਤ ਸੁਜੀਵ ਹੋਂਦ ਵਿਚ ਕ੍ਰਿਆਸ਼ੀਲ ਸੀ। ਪਰਾਲੌਕਿਕ ਵਿਚ ਸੰਗੀਤ ਵਿਆਪਕ ਹੈ। ਲੌਕਿਕ ਪਸਾਰਾ ਵੀ ਲੈਆਤਮਕ ਹੈ। ਸੰਗੀਤ ਦਾ ਸ੍ਵਣ ਸੂਖਸ਼ਮ ਤੌਰ 'ਤੇ ਮਨੁੱਖੀ ਹਿਰਦੇ ਵਿਚ ਕੋਮਲਤਾ, ਨਿਰਮਲਤਾ, ਅਨੁਰਾਗ ਅਤੇ ਵੈਰਾਗ ਪੈਦਾ ਕਰਨ ਵਿਚ ਵਿਸ਼ੇਸ਼ ਤੌਰ 'ਤੇ ਸ਼ੁੱਧ ਉੱਚਤਮ ਹੈ।
ਸੰਗੀਤ ਵਾਹਿਗੁਰੂ ਦੀ ਅਗੰਮੀ ਅਤੇ ਅਦੁੱਤੀ ਦਾਤ ਹੈ। ਵਾਹਿਗੁਰੂ ਸੰਗੀਤ ਵਿਚ ਸਮਾਹਤ-ਵਿਲੀਨ ਹੈ। ਸੁਰ ਵਿਚ ਇਕਾਗਰ ਹਿਰਦਾ ਵਾਹਿਗੁਰੂ ਲਈ ਆਦੇਸ਼ ਹੈ। ਇਸ ਆਦੇਸ਼ ਸਦਕਾ ਵਾਹਿਗੁਰੂ ਗਾਇਨ ਕਰਤਾ ਤੇ ਰਹਿਮੋ-ਕਰਮ ਕਰਦਾ ਸੁਰ ਅਤੇ ਕੰਠ ਵਿਚ ਪ੍ਰਕਾਸ਼ ਦਾ ਸੰਚਾਰ ਕਰਦਾ ਹੈ। ਸੁਰੀਲੀ ਆਵਾਜ਼ ਰੱਬ ਦੀ ਬੰਦਗੀ ਹੈ। ਇਹ ਕਿਸੇ ਸੁਭਾਗੇ ਜੀਵ ਦਾ ਵਿਰਲਾ, ਟਾਵਾਂ-ਟਾਵਾਂ ਹਿੱਸਾ ਅਤੇ ਕਮਾਈ ਹੁੰਦੀ ਹੈ। ਸਭਨਾਂ ਲਲਿਤ ਕਲਾਵਾਂ ਵਿਚੋਂ ਸੰਗੀਤ ਪ੍ਰਥਮ ਸ਼੍ਰੋਮਣੀ ਅਤੇ ਸ੍ਰੇਸ਼ਠ ਹੈ। ਸੰਗੀਤ ਜਿਥੇ ਆਤਮਿਕ ਤਸਕੀਨ ਪ੍ਰਦਾਨ ਕਰਦਾ ਹੈ, ਉਥੇ ਮਨ ਅਤੇ ਸਰੀਰ ਵਿਚ ਊਰਜਾ ਵੀ ਪ੍ਰਵਲਤ ਕਰਦਾ ਹੈ। ਸੰਗੀਤ ਸੁਣਦਿਆਂ ਹੀ ਹਿਰਦਾ ਨਿਰਮਲ ਅਤੇ ਕੋਮਲ, ਸੂਖਸ਼ਮ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੇ ਸੁਰੀਲੇ ਸਾਥ ਵਿਚ ਹਨੇਰੇ ਵਿਚ ਭਟਕਦੀ ਲੋਕਾਈ ਨੂੰ ਰਬਾਬ ਅਤੇ ਇਲਾਹੀ ਬਾਣੀ ਨਾਲ ਕੁਰਾਹ ਅਤੇ ਕੁਚੱਜ ਤੋਂ ਸ਼ੁਧ ਰਾਹਾਂ 'ਤੇ ਚੱਲਣ ਲਈ ਉਪਦੇਸ਼ ਭਰੀ ਆਤਮਿਕ ਘਾਲਣਾ ਘਾਲੀ। ਸੁੰਨ ਬੀਆਬਾਨਾਂ ਅਤੇ ਬਿਖ਼ਮ ਪੰਧ 'ਤੇ ਚਲਦਿਆਂ ਜੰਗਲਾਂ ਵਿਚ ਨਿਵਾਸ ਕਰਕੇ, ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਧੁਰ ਕੀ ਬਾਣੀ ਦਾ ਪ੍ਰਸਾਦਿ ਵੰਡਿਆ। ਭਾਈ ਮਰਦਾਨਾ ਰਬਾਬ ਦੇ ਅੰਗ-ਸੰਗ ਰਿਹਾ।
ਹਥਲੀ ਪੁਸਤਕ ਦੇ ਲੇਖਕ ਡਾ. ਜਾਗੀਰ ਸਿੰਘ ਵਲੋਂ ਵੱਖ-ਵੱਖ ਸਮੇਂ ਲਿਖੇ ਅਤੇ ਪ੍ਰਕਾਸ਼ਿਤ ਹੋਏ ਲੇਖਾਂ ਦਾ ਇਕ ਸੰਕਲਨ ਹੈ। ਇਸ ਵਿਚ ਦੱਸ ਲੇਖ, ਗੁਰਮਤਿ ਸੰਗੀਤ ਵਿਚ ਰਬਾਬੀ ਪਰੰਪਰਾ ਅਤੇ ਪੰਜ ਲੇਖ ਸਿੱਖ ਸਰੋਕਾਰਾਂ ਨਾਲ ਸੰਬੰਧਿਤ ਹਨ। ਪੁਸਤਕ ਵਿਚ ਕਿਵੇਂ ਹਜਰਤ ਮੁਹੰਮਦ ਤੋਂ ਰਬਾਬ ਸੰਗੀਤ ਦਾ ਅੰਗ ਬਣੀ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਇਹ ਸਾਜ ਨੂੰ ਸਿਖਰੇ ਪੁਚਾ ਦਿੱਤਾ ਦਾ ਬਖੂਬੀ ਵਰਨਣ ਹੈ। ਫਰੀਦ ਬਾਣੀ ਦੀ ਪਿੱਠਭੂਮੀ ਉਤੇ ਕੇਵਲ ਸੂਫੀ ਸੰਗੀਤ ਦੀ ਪਰੰਪਰਾ ਹੀ ਮੌਜੂਦ ਨਹੀਂ ਸਗੋਂ ਇਸ ਉਤੇ ਹਿੰਦੁਸਤਾਨੀ ਸੰਗੀਤ ਦੀ ਕੇਂਦਰੀ ਪਰੰਪਰਾ ਦਾ ਪ੍ਰਭਾਵ ਉਜਾਗਰ ਹੁੰਦਾ ਹੈ। ਬਾਣੀ ਦੀ ਵਿਸ਼ੇਸ਼ ਸੰਗੀਤਕ ਰਵਾਨਗੀ, ਸੰਗੀਤਕ ਕਾਇਆ, ਰਾਗ, ਗਾਇਨ ਸ਼ੈਲੀ ਆਦਿ ਅਜਿਹੇ ਮੌਲਿਕ ਤੇ ਵਿਲੱਖਣ ਤੱਤ ਹਨ। ਇਸ ਪੁਸਤਕ ਵਿਚ ਲੇਖਕ ਨੇ ਦਸਮ ਗੁਰੂ ਪਾਤਸ਼ਾਹ ਤੱਕ ਚੱਲੀ ਆਉਂਦੀ ਰਬਾਬ ਪਰੰਪਰਾ ਦਾ ਖੂਬਸੂਰਤੀ ਨਾਲ ਵਰਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਨਾਲ ਗੁਰਬਾਣੀ ਦੀਆਂ ਪੋਥੀਆਂ ਤੇ ਕੀਰਤਨ ਲਈ ਰਬਾਬੀ ਭਾਈ ਬਲਵੰਡ ਦੀ ਸੌਂਪਣਾ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਗੁਰਆਈ ਕਾਲ ਵਿਚ ਗੋਇੰਦਵਾਲ ਵਿਖੇ ਰਬਾਬੀਆਂ ਦੇ ਕੀਰਤਨ ਕਰਨ ਦਾ ਜ਼ਿਕਰ ਹੈ। ਗੁਰੂ ਰਾਮਦਾਸ ਜੀ ਵੇਲੇ ਗੁਰੂ ਘਰ ਵਿਚ ਰਾਗਮਈ ਕੀਰਤਨ ਪਰੰਪਰਾ ਦਾ ਪ੍ਰਚਲਨ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗ੍ਰੰਥ ਦੇ ਪ੍ਰਕਾਸ਼ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਬਦ ਕੀਰਤਨ ਦੀ ਮਰਯਾਦਾ ਦਾ ਅਰੰਭ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ ਦਰ<


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX