ਤਾਜਾ ਖ਼ਬਰਾਂ


ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  about 1 hour ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  about 2 hours ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  about 3 hours ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  about 3 hours ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਭੇਦਭਰੀ ਹਾਲਤ ’ਚ ਮਿਲੀ ਪਤੀ-ਪਤਨੀ ਦੀ ਲਾਸ਼
. . .  about 3 hours ago
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) – ਨਿਊ ਹਰਗੋਬਿੰਦ ਨਗਰ, ਜਲੰਧਰ ’ਚ ਇਕ ਮਕਾਨ ’ਚੋਂ ਪਤੀ-ਪਤਨੀ ਦੀ ਮਿ੍ਤਕ ਦੇਹ ਮਿਲੀ ਹੈ। ਮਿ੍ਤਕ ਪਤੀ ਦੀ ਪਛਾਣ ਨੀਰਜ ਅਤੇ ਪਤਨੀ ਦੀ ਪੂਜਾ ਵਜੋਂ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਜ਼ੀਰਕਪੁਰ ’ਚ ਲਾਇਆ ਰੁਜ਼ਗਾਰ ਮੇਲਾ
. . .  1 minute ago
ਜ਼ੀਰਕਪੁਰ, 29 ਨਵੰਬਰ (ਹੈਪੀ ਪੰਡਵਾਲਾ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ...
ਕੋਟਕਪੂਰਾ ਦੇ ਡੇਰਾ ਪ੍ਰੇਮੀ ਕਤਲ ਕਾਂਡ ’ਚ ਗ੍ਰਿਫ਼ਤਾਰ ਦੋਵੇਂ ਨਾਬਾਲਗ ਸ਼ੂਟਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ
. . .  about 4 hours ago
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਦੋ ਨਾਬਾਲਗ ਨਿਸ਼ਾਨੇਬਾਜ਼ਾਂ ਦੀ ਜ਼ਮਾਨਤ ਅਰਜ਼ੀ ਪ੍ਰਿੰਸੀਪਲ...
23 ਸੈਕਟਰ ਅਸਾਮ ਰਾਈਫਲਜ਼ , ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ 3.33 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਕੀਤੀਆਂ ਬਰਾਮਦ
. . .  about 4 hours ago
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
. . .  about 4 hours ago
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ...
ਸੁਪਰੀਮ ਕੋਰਟ ਨੇ ਮੁੰਬਈ ਮੈਟਰੋ ਕਾਰਪੋਰੇਸ਼ਨ ਨੂੰ ਆਰੇ ਜੰਗਲਾਂ 'ਚ 84 ਦਰਖਤਾਂ ਨੂੰ ਕੱਟਣ ਲਈ ਆਪਣੀ ਅਰਜ਼ੀ 'ਤੇ ਪੈਰਵੀ ਕਰਨ ਦੀ ਦਿੱਤੀ ਇਜਾਜ਼ਤ
. . .  about 5 hours ago
ਮੇਘਾਲਿਆ ਸਰਕਾਰ ਆਸਾਮ ਨਾਲ ਲੱਗਦੀ ਸਰਹੱਦ 'ਤੇ 7 ਬਾਰਡਰ ਚੌਂਕੀਆਂ (ਬੀ.ਓ.ਪੀ.) ਸਥਾਪਤ ਕਰੇਗੀ - ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ
. . .  about 5 hours ago
ਆਰ.ਬੀ.ਆਈ. 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਈਏ (e₹-R) ਲਈ ਪਹਿਲੇ ਪਾਇਲਟ ਦੀ ਸ਼ੁਰੂਆਤ ਦੀ ਘੋਸ਼ਣਾ ਕਰੇਗਾ
. . .  about 5 hours ago
ਮੈਡਮ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
. . .  about 5 hours ago
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...
ਰਾਸ਼ਟਰੀ ਸੁਰੱਖਿਆ ਦਾ ਕੋਈ ਬਦਲ ਨਹੀਂ , ਇਹ ਹਥਿਆਰਬੰਦ ਬਲਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਜ਼ਿੰਮੇਵਾਰੀ - ਰੱਖਿਆ ਮੰਤਰੀ ਰਾਜ ਨਾਥ ਸਿੰਘ
. . .  1 minute ago
ਦਿੱਲੀ ਦੀ ਅਦਾਲਤ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ
. . .  about 6 hours ago
ਨਵੀਂ ਦਿੱਲੀ, 29 ਨਵੰਬਰ-ਸਾਕੇਤ ਅਦਾਲਤ ਨੇ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿਚ ਡਿਊਟੀ 'ਤੇ ਇਕ ਪੁਲਿਸ ਅਧਿਕਾਰੀ...
ਸਰਹੱਦ ਨਜ਼ਦੀਕ ਡਿੱਗਾ ਇਕ ਪਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ
. . .  about 6 hours ago
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦ ਨਜ਼ਦੀਕ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜੇ ਖੇਤਾਂ 'ਚ ਡਿੱਗਾ ਇਕ ਪਕਿਸਤਾਨੀ ਡਰੋਨ ਮਿਲਿਆ ਹੈ, ਜਿਸ ਬਾਰੇ ਪਤਾ ਲੱਗਣ 'ਤੇ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਮੌਕੇ 'ਤੇ ਜਾ...
ਕੋਵਿਡ-19 ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
. . .  about 7 hours ago
ਨਵੀਂ ਦਿੱਲੀ,29 ਨਵੰਬਰ-ਕੇਂਦਰ ਨੇ ਸੁਪਰੀਮ ਕੋਰਟ ਨੂੰ ਸਪੱਸ਼ਟ ਕੀਤਾ ਕਿ ਕੋਵਿਡ -19 ਲਈ ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ ਹੈ।ਸੁਪਰੀਮ ਕੋਰਟ ਵਿਚ ਦਾਇਰ ਇਕ ਹਲਫ਼ਨਾਮੇ ਵਿਚ, ਕੇਂਦਰ ਨੇ ਪੇਸ਼ ਕੀਤਾ ਕਿ ਸੂਚਿਤ ਸਹਿਮਤੀ ਦੀ ਧਾਰਨਾ ਕਿਸੇ ਦਵਾਈ ਜਿਵੇਂ ਕਿ ਵੈਕਸੀਨ...
ਸੁਮੇਧ ਸੈਣੀ ਦੇ ਸਿੱਟ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ
. . .  about 7 hours ago
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੇ ਸਿੱਟ ਸਾਹਮਣੇ ਅੱਜ ਪੇਸ਼ ਹੋਣਾ ਸੀ, ਪਰ ਉਨ੍ਹਾਂ ਦੇ ਪੇਸ਼ ਹੋਣ ਦੀ ਸੰਭਾਵਨਾ ਨਹੀਂ। ਸੁਮੇਧ ਸੈਣੀ...
100 ਕਰੋੜ ਰੁਪਏ ਫਿਰੌਤੀ ਦੇ ਮਾਮਲੇ 'ਚ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 2 ਦਸੰਬਰ ਤੱਕ ਮੁਲਤਵੀ
. . .  about 8 hours ago
ਮੁੰਬਈ, 29 ਨਵੰਬਰ-100 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਬੌਂਬੇ ਹਾਈ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐਨ.ਸੀ.ਪੀ. ਨੇਤਾ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ...
ਐੱਨ.ਐੱਫ.ਡੀ.ਸੀ. 'ਦਿ ਕਸ਼ਮੀਰ ਫਾਈਲਜ਼' ਲਈ ਨਾਦਵ ਲੈਪਿਡ ਦੀ ਟਿੱਪਣੀ ਦਾ ਲਵੇਗੀ ਨੋਟਿਸ-ਪ੍ਰਮੋਦ ਸਾਵੰਤ
. . .  about 8 hours ago
ਪਣਜੀ, 29 ਨਵੰਬਰ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਦਿ ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਦੇ ਮੁਖੀ ਨਾਦਵ ਲੈਪਿਡ ਦੀ ਟਿੱਪਣੀ 'ਤੇ ਬੋਲਦਿਆਂ ਕਿਹਾ ਕਿ ਮੈਂ ਬਿਆਨ ਦੀ ਨਿੰਦਾ ਕਰਦਾ ਹਾਂ। ਇਜ਼ਰਾਈਲ ਦੇ ਰਾਜਦੂਤ ਨੇ ਇਹ ਵੀ ਕਿਹਾ ਕਿ ਉਸ...
ਕਲਰਕ ਕਮ ਡਾਟਾ ਐਂਟਰੀ ਆਪ੍ਰੇੇਟਰਾਂ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮੁਲਤਵੀ
. . .  about 8 hours ago
ਬੁਢਲਾਡਾ, 29 ਨਵੰਬਰ (ਸਵਰਨ ਸਿੰਘ ਰਾਹੀ)- ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਾਂ ਦੀਆਂ ਅਸਾਮੀਆਂ ਦੀ 04 ਦਸੰਬਰ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ...
ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਬਲਾਕ ਚੋਗਾਵਾ ਦੇ ਕਾਂਗਰਸੀ ਸਰਪੰਚਾਂ ਦੀ ਚੁਣੀ ਗਈ 11 ਮੈਂਬਰੀ ਕਮੇਟੀ
. . .  about 8 hours ago
ਚੋਗਾਵਾ, 29 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾ ਦੇ ਸਮੁੱਚੇ ਮੌਜੂਦਾ ਕਾਂਗਰਸੀ ਸਰਪੰਚਾ ਦੀ ਸਰਕਾਰ ਖ਼ਿਲਾਫ਼ ਰੋਹ ਭਰੀ ਮੀਟਿੰਗ ਇਤਿਹਾਸਕ ਨਗਰ ਵੈਰੋਕੇ ਵਿਖੇ ਹੋਈ। ਮੀਟਿੰਗ ਦੌਰਾਨ ਸਰਕਾਰ ਵਲੋਂ ਸਮੁੱਚੀਆ ਪੰਚਾਇਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਸਰਪੰਚਾਂ...
ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਵਲੋਂ ਅਬੋਹਰ ਰੇਲਵੇ ਸਟੇਸ਼ਨ ਦਾ ਨਰੀਖਣ
. . .  about 8 hours ago
ਅਬੋਹਰ, 29 ਨਵੰਬਰ (ਸੰਦੀਪ ਸੋਖਲ)-ਅਬੋਹਰ ਰੇਲਵੇ ਸਟੇਸ਼ਨ 'ਤੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਵਪਾਰ ਮੰਡਲ ਵਲੋਂ ਰੇਲਵੇ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਦੇ ਆਧਾਰ 'ਤੇ ਰੇਲਵੇ ਵਿਭਾਗ ਦੇ ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਨੇ ਆਪਣੀ ਟੀਮ...
ਸਹਾਇਕ ਸਬ-ਇੰਸਪੈਕਟਰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
. . .  about 8 hours ago
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਵਿਜੀਲੈਂਸ ਬਿਊਰੋ ਦੇ ਆਰਥਿਕ ਜ਼ੁਰਮਾਂ ਦੇ ਵਿੰਗ ਨੇ ਥਾਣਾ ਡਿਵੀਜ਼ਨ ਨੰਬਰ 6 ਵਿਚ ਤਇਨਾਤ ਇਕ ਸਹਾਇਕ ਸਬ-ਇੰਸਪੈਕਟਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਕਿਤਾਬਾਂ

20-11-2022

 ਕਾਵਿ ਚਿੰਤਨ ਅਤੇ ਆਧੁਨਿਕ ਪੰਜਾਬੀ ਕਵਿਤਾ
ਲੇਖਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਕੀਮਤ : 275 ਰੁਪਏ ਪੰਨੇ : 144
ਸੰਪਰਕ : 99150-05814

ਆਧੁਨਿਕ ਪੰਜਾਬੀ ਕਵਿਤਾ ਆਪਣੇ ਬਹੁ-ਪਾਸਾਰੀ ਅਤੇ ਬਹੁ-ਦਿਸ਼ਾਵੀ ਸਰੋਕਾਰਾਂ ਦਾ ਨਿਰੂਪਣ ਕਰ ਰਹੀ ਹੈ। ਹਥਲੀ ਪੁਸਤਕ ਵਿਚ ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਅਵਧੀ ਕਾਲ ਦੀ ਕਵਿਤਾ ਨੂੰ ਪ੍ਰਮੁੱਖ ਕਵੀਆਂ ਦੀਆਂ ਕਾਵਿ-ਕਿਰਤਾਂ ਨੂੰ ਆਧਾਰ ਬਣਾ ਕੇ ਗੰਭੀਰ ਚਿੰਤਨ ਦਾ ਪ੍ਰਗਟਾਵਾ ਕੀਤਾ ਹੈ। ਚਿਰ ਕਾਲ ਤੋਂ ਕਵਿਤਾ ਖੇਤਰ ਨਾਲ ਜੁੜਿਆ ਇਹ ਲੇਖਕ ਕਾਵਿ-ਚਿੰਤਨ ਦੀ ਪਰਿਕਰਮਾ ਕਰਦਾ ਹੋਇਆ ਵਿਆਸ ਰਿਸ਼ੀ, ਭਰਤਮੁਨੀ, ਅਗਨੀ ਪੁਰਾਣ, ਯੂਨਾਨੀ ਚਿੰਤਨ ਅਤੇ ਪੱਛਮੀ ਸੋਚ-ਦ੍ਰਿਸ਼ਟੀ ਦੇ ਸੰਖੇਪ ਵਿਵਰਣ ਤੋਂ ਬਾਅਦ ਮੱਧ ਕਾਲੀਨ ਕਾਵਿ ਅਤੇ ਆਧੁਨਿਕ ਕਾਲ ਦੀ ਕਵਿਤਾ ਦਾ ਪਰੀਚੈ ਕਰਵਾਉਂਦਾ ਹੈ। ਇਸ ਉਪਰੰਤ ਪੰਜਾਬੀ ਕਵਿਤਾ ਦੀ ਸਿਰਜਣ ਪ੍ਰਕਿਰਿਆ, ਇਸ ਦੀ ਪਛਾਣ ਅਤੇ ਇਸ ਦੇ ਅਧਿਐਨ ਨਾਲ ਜੋ ਗੰਭੀਰ ਮਸਲੇ ਜੁੜੇ ਹੋਏ ਹਨ ਅਤੇ ਅਜੇ ਵੀ ਪ੍ਰਚਲਿਤ ਹਨ ਦਾ ਵਖਿਆਣ ਕਰਦਾ ਹੈ। ਆਧੁਨਿਕ ਪੰਜਾਬੀ ਕਵਿਤਾ ਵਿਚ ਸਿਧਾਂਤ, ਚਿੰਤਨ ਅਤੇ ਯਥਾਰਥ ਦੀ ਦ੍ਰਿਸ਼ਟੀ ਤੋਂ ਜਿਸ ਕਦਰ ਬਾਵਾ ਬਲਵੰਤ ਨੇ ਨਵੀਂ ਸੰਵੇਦਨਾ, ਪ੍ਰਗਤੀਵਾਦੀ ਕਾਵਿ ਦਾ ਅਛੋਪਲੇ ਪ੍ਵਾਹ ਚਲਾ ਦਿੱਤਾ, ਮੁਰਸ਼ਦ-ਬੁੱਟਰ ਵੀ ਨੇ ਪੰਜਾਬੀ ਗ਼ਜ਼ਲ ਨੂੰ ਸਿਨਫ ਅਤੇ ਵਿਚਾਰਧਾਰਾ ਪੱਖੋਂ ਵੱਡਮੁੱਲੀ ਦੇਣ ਦਿੱਤੀ। ਇਸੇ ਤਰ੍ਹਾਂ ਡਾ. ਜਗਤਾਰ ਅਤੇ ਰਣਧੀਰ ਸਿੰਘ ਚੰਦ ਦੁਆਰਾ ਕਵਿਤਾ ਖੇਤਰ ਵਿਚ ਦਿੱਤੀ ਉੱਘੀ ਦੇਣ ਨੂੰ ਵੀ ਪਛਾਣਿਆ ਹੈ। ਸੰਤ ਸੰਧੂ ਦੀ ਕਾਵਿਕਤਾ ਨੂੰ ਸੰਕਟਗ੍ਰਸਤ ਹਾਲਾਤ ਦਾ ਸੁਹਜਮਈ ਰੂਪਾਂਤ੍ਰਣ ਦਰਸਾਇਆ ਹੈ। ਇਸ ਤੋਂ ਅੱਗੇ ਅਮਰੀਕ ਡੋਗਰਾ, ਪ੍ਮਿੰਦਰਜੀਤ, ਸਤਨਾਮ ਚਾਨਾ ਅਤੇ ਜਸਵੰਤ ਦੀਦ ਦੁਆਰਾ ਕਵਿਤਾ ਵਿਚ ਵੱਖਰੇ ਵੱਖਰੇ ਸਥਾਪਿਤ ਕੀਤੇ ਕੀਰਤੀਮਾਨਾਂ ਦਾ ਉਦਾਹਰਨਾਂ ਸਹਿਤ ਉਲੇਖ ਕੀਤਾ ਗਿਆ ਹੈ। ਨਵਤੇਜ ਗੜ੍ਹਦੀਵਾਲ ਦੀ ਰਚਨਾ ਸੂਰਜ ਦਾ ਹਲਫ਼ੀਆ ਬਿਆਨ, ਸਰਬਜੀਤ ਸੋਹੀ ਦਾ ਕਾਵਿ-ਸੰਗ੍ਰਹਿ ਸੂਰਜ ਆਵੇਗਾ ਕੱਲ੍ਹ ਵੀ ਆਦਿ ਰਚਨਾਵਾਂ ਵਿਚੋਂ ਡਾ. ਗੋਪਾਲ ਸਿੰਘ ਬੁੱਟਰ ਨੇ ਬੜੀ ਮਿਹਨਤ ਨਾਲ ਇਨ੍ਹਾਂ ਵਿਚਲੀ ਸੁਰ, ਸੁਹਜ-ਯਥਾਰਥ ਅਤੇ ਸੁਪਨਿਆਂ ਦੇ ਤੱਥ-ਸੱਚ ਨੂੰ ਖ਼ੂਬ ਪਛਾਣਿਆ ਹੈ ਅਤੇ ਪੁਖ਼ਤਾ ਸਿੱਟੇ ਕੱਢੇ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਧਰਮ-ਨਿਰਪੇਖਤਾ
ਨਾਲ ਮੇਰਾ ਇਸ਼ਕ
(ਸਵੈਜੀਵਨੀ)
ਲੇਖਕ : ਸੋਹਨ ਸਿੰਘ ਜੋਸ਼
ਅਨੁਵਾਦ : ਕੇ ਐਲ ਗਰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 344
ਸੰਪਰਕ : 94635-37050

ਵਿਚਾਰ ਅਧੀਨ ਪੁਸਤਕ ਕਾਮਰੇਡ ਸੋਹਨ ਸਿੰਘ ਜੋਸ਼ ਦੀ ਸਵੈਜੀਵਨੀ ਹੈ, ਜਿਸ ਨੂੰ ਪੰਜਾਬੀ ਵਿਚ ਕੇ. ਐਲ. ਗਰਗ ਨੇ ਅਨੁਵਾਦ ਕੀਤਾ ਹੈ। ਸਵੈਜੀਵਨੀ ਦੇ ਆਰੰਭ ਵਿਚ ਜੋਸ਼ ਦੀ ਆਖ਼ਰੀ ਵਸੀਅਤ, ਵੀ. ਡੀ. ਚੋਪੜਾ ਵੱਲੋਂ ਮੁੱਖਬੰਦ ਅਤੇ ਹਰਿਕਿਸ਼ਨ ਸਿੰਘ ਸੁਰਜੀਤ ਵੱਲੋਂ ਜਾਣ ਪਛਾਣ ਦਰਜ ਕੀਤੀ ਗਈ ਹੈ। ਇਹ ਸਭ ਕੁਝ ਪਹਿਲੇ 24 ਪੰਨਿਆਂ ਤੇ ਸਿਮਟਿਆ ਹੋਇਆ ਹੈ। ਸਵੈਜੀਵਨੀ ਦੇ ਕੁਲ 33 ਅਧਿਆਇ ਬਣਾਏ ਗਏ ਹਨ। ਕਾਮਰੇਡ ਜੋਸ਼ ਨੇ ਇਹ ਸਵੈਜੀਵਨੀ ਕਰੀਬ 75 ਵਰ੍ਹਿਆਂ ਦੀ ਉਮਰ ਵਿੱਚ ਲਿਖੀ ਸੀ। ਉਹਦਾ ਜਨਮ 1898 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਚੇਤਨਪੁਰਾ ਪਿੰਡ ਵਿਚ ਇਕ ਜੱਟ ਸਿੱਖ ਸ਼ੇਰਗਿੱਲ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਬਚਪਨ ਤੰਗੀ-ਤੁਰਸ਼ੀ ਵਿਚ ਬੀਤਿਆ। ਨੌੰ ਸਾਲ ਤਕ ਵੀ ਉਹਦੇ ਕੋਲ ਪੈਰ ਦੀ ਜੁੱਤੀ ਨਹੀਂ ਸੀ। 1917 ਵਿਚ ਉਸ ਨੇ ਮੈਟ੍ਰਿਕ ਪਾਸ ਕੀਤੀ। ਉ ਸਦੀ ਪਰਵਰਿਸ਼ ਸਿੱਖ ਮਾਹੌਲ ਵਿਚ ਹੋਈ। ਕਾਲਜ ਦੀ ਪੜ੍ਹਾਈ ਵਿੱਚੋਂ ਹੀ ਛੱਡ ਕੇ ਉਹ ਨੌਕਰੀ ਕਰਨ ਲੱਗ ਪਿਆ। ਉਸ ਨੇ ਅਕਾਲੀ ਅੰਦੋਲਨਾਂ ਵਿਚ ਸਰਗਰਮ ਹਿੱਸਾ ਲਿਆ। ਟੀ. ਸਪਰੈਡਿੰਗ ਦੀ ਸੰਪਾਦਿਤ ਇਕ ਕਿਤਾਬ 'ਲਿਬਰਟੀ ਐਂਡ ਦ ਗ੍ਰੇਟ ਲਿਬਰੇਟੀਅਨਜ਼' ਨੂੰ ਪੜ੍ਹ ਕੇ ਉਸ ਦੀ ਵਿਚਾਰਧਾਰਾ ਬਦਲ ਗਈ। ਵੀਹਵੇਂ ਦਹਾਕੇ ਦੇ ਅੰਤ ਵਿਚ ਉਹਦਾ ਝੁਕਾਅ ਮਾਰਕਸਵਾਦ ਵੱਲ ਹੋ ਗਿਆ। ਉਸ ਨੇ ਕਿਰਤੀ ਅਖ਼ਬਾਰ ਵਿੱਚ ਸ਼ਾਮਿਲ ਹੋ ਕੇ ਹਿੰਦੁਸਤਾਨ ਗ਼ਦਰ ਪਾਰਟੀ ਦੇ ਬੁਲਾਰੇ ਵਜੋਂ ਕਾਰਜ ਕੀਤਾ। ਕਿਰਤੀ ਕਿਸਾਨ ਪਾਰਟੀ, ਨੌਜਵਾਨ ਭਾਰਤ ਸਭਾ, ਕਾਮਾ ਕਿਸਾਨ ਪਾਰਟੀ, ਸਰਬ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਆਦਿ ਵਿਚ ਉਸ ਦੀ ਖ਼ਾਸ ਭੂਮਿਕਾ ਰਹੀ। ਕਾਮਰੇਡ ਜੋਸ਼ ਨੇ ਮਾਰਕਸਵਾਦ-ਲੈਨਿਨਵਾਦ ਵਿਚ ਆਪਣਾ ਵਿਸ਼ਵਾਸ ਜਤਾਇਆ ਅਤੇ ਉਹ ਪੂਰੀ ਤਨਦੇਹੀ ਨਾਲ ਕਮਿਊਨਿਸਟ ਪਾਰਟੀ ਦੀ ਬਣਤਰ, ਵਿਕਾਸ ਅਤੇ ਇਹਦੇ ਆਦਰਸ਼ ਲਈ ਪ੍ਰਚਾਰ-ਪ੍ਰਸਾਰ ਕਰਦਾ ਰਿਹਾ। ਮੌਤ (1982) ਤੋਂ ਪਿੱਛੋਂ ਉਸ ਨੇ ਕਿਸੇ ਵੀ ਪ੍ਰਕਾਰ ਦੀ ਧਾਰਮਿਕ ਰਸਮ ਤੋਂ ਇਨਕਾਰ ਕੀਤਾ ਅਤੇ ਪੂਰੀ ਇਮਾਨਦਾਰੀ, ਨਿਰਸਵਾਰਥ ਅਤੇ ਸੁਹਿਰਦਤਾ ਨਾਲ ਮਿਹਨਤਕਸ਼ ਲੋਕਾਂ ਲਈ ਜੀਵਨ ਬਤੀਤ ਕੀਤਾ। ਉਹਨੇ ਸਾਰੀ ਜ਼ਿੰਦਗੀ ਕਮਿਊਨਿਸਟ ਪਾਰਟੀ ਦੇ ਇੱਕ ਅਨੁਸ਼ਾਸਨਬੱਧ ਮੈਂਬਰ ਵਜੋਂ ਬਿਤਾਈ। ਇਸ ਸਵੈਜੀਵਨੀ ਵਿੱਚ ਉਸਨੇ ਅਣਵੰਡੇ ਪੰਜਾਬ ਦੇ ਪੱਛਮੀ ਹਿੱਸੇ ਵਿਚ ਰਾਸ਼ਟਰੀ ਅੰਦੋਲਨ ਦੀਆਂ ਕਮਜ਼ੋਰੀਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਤੇ ਦੁੱਖ ਪ੍ਰਗਟ ਕਰਦਿਆਂ ਕਾਮਰੇਡ ਜੋਸ਼ ਨੇ ਦੋਹਾਂ ਵਿਚ ਏਕੇ ਦੀ ਇੱਛਾ ਨੂੰ ਵੀ ਪ੍ਰਗਟ ਕੀਤਾ। ਪੰਜਾਬ ਸਮੱਸਿਆ ਨੂੰ ਵੇਖਣ, ਸਮਝਣ ਤੇ ਘੋਖਣ ਲਈ ਇਹ ਸਵੈਜੀਵਨੀ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਣ ਦੀ ਸਮਰੱਥਾ ਰੱਖਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-920015

ਬੱਚਿਆਂ ਲਈ ਚੋਣਵੀਆਂ
ਵਿਸ਼ਵ ਕਹਾਣੀਆਂ
ਅਨੁਵਾਦਿਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਕੀਮਤ : 100 ਰੁਪਏ, ਸਫ਼ੇ 56
ਸੰਪਰਕ : 98783-17796

ਖੁਦ ਨੂੰ ਬਾਲ ਸਾਹਿਤ ਨੂੰ ਪੂਰੀ ਤਰ੍ਹਾਂ ਭੇਟ ਕਰਨ ਵਾਲੀ ਬਾਲ-ਲੇਖਕਾ, ਕਹਾਣੀਕਾਰਾ ਅਤੇ ਅਨੁਵਾਦਿਕਾ ਬਲਰਾਜ ਧਾਰੀਵਾਲ ਦੀ ਅਨੁਵਾਦ ਕੀਤੀ ਇਹ ਪੁਸਤਕ ਸਹੀ ਅਰਥਾਂ ਵਿਚ ਬੱਚਿਆਂ ਲਈ ਇਕ ਖ਼ੂਬਸੂਰਤ ਤੋਹਫ਼ਾ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਦਸ ਕਹਾਣੀਆਂ ਬੱਚਿਆਂ ਦੇ ਕੋਮਲ ਮਨ, ਭੋਲੀ-ਭਾਲੀ ਮਾਨਸਿਕਤਾ, ਦੀ ਨੇੜਿਉਂ ਝਲਕ ਦਿਖਾਉਂਦੀਆਂ ਹਨ। ਪਹਿਲੀ ਕਹਾਣੀ 'ਨਿੱਕਾ ਪੰਛੀ' ਜੋ ਬੱਚਿਆਂ ਦੇ ਪੰਛੀਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਦੀ ਹੈ, ਪ੍ਰਸਿੱਧ ਰੂਸੀ ਲੇਖਕ ਲਿਉ ਟਾਲਸਟਾਏ ਦੀ ਰਚਨਾ ਹੈ। ਕਹਾਣੀ ਦੀ ਸਿੱਖਿਆ ਹੈ ਕਿ ਪੰਛੀ ਉੱਡਦੇ ਤੇ ਚਹਿਕਦੇ ਸੋਹਣੇ ਲੱਗਦੇ ਹਨ। ਬੱਚਿਆਂ ਨੂੰ ਇਨ੍ਹਾਂ ਦੀ ਆਜ਼ਾਦ ਜ਼ਿੰਦਗੀ ਵਿਚ ਖਲਲ ਨਹੀਂ ਪਾਉਣਾ ਚਾਹੀਦਾ ਹੈ। ਇਸੇ ਲੇਖਕ ਦੀਆਂ ਸ਼ਾਮਿਲ ਕੀਤੀਆਂ ਹੋਰ ਚਾਰ ਕਹਾਣੀਆਂ 'ਦਾਗਾਂ ਵਾਲਾ ਆਲੂ-ਬੁਖ਼ਾਰਾ', 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ', 'ਤਿੰਨ ਪ੍ਰਸ਼ਨ', 'ਪਾਪਾ ਪਾਨੇਵ ਦੀ ਖ਼ਾਸ ਕ੍ਰਿਸਮਸ' ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਪ੍ਰਚੰਡ ਕਰਨ ਵਾਲੀਆਂ ਸੰਸਾਰ ਦੀਆਂ ਪ੍ਰਸਿੱਧ ਕਹਾਣੀਆਂ ਸਾਬਤ ਹੋ ਚੁੱਕੀਆਂ ਹਨ। ਲੇਖਕ ਆਸਕਰ ਵਾਈਲਡ ਦੀ ਕਹਾਣੀ 'ਸੁਆਰਥੀ ਰਾਖ਼ਸ਼', ਡੀ.ਐ. ਲਾਰੈਂਸ ਦੀ ਕਹਾਣੀ 'ਏਡਾਲਫ (ਛੋਟਾ ਖ਼ਰਗ਼ੋਸ਼)', 'ਰਿਕੀ ਟਿਕੀ ਤਵੀ' (ਰੁਦਯਾਰਡ ਕਿਪਲਿੰਗ), 'ਸਾਂਟਾ ਕਲਾਜ਼ ਦੀ ਆਪਣੀ ਧੀ ਸੂਸੀ ਵੱਲ ਚਿੱਠੀ' (ਮਾਰਕ ਟਵੇਨ) ਅਤੇ ਐਰਨੈਸਟ ਹੈਮਿੰਗਵੇਅ ਦੀ ਕਹਾਣੀ 'ਉਡੀਕ ਦਾ ਇਕ ਦਿਨ' ਉਹ ਮਿਸਾਲੀ ਬਾਲ ਕਹਾਣੀਆਂ ਹਨ ਜਿਹੜੀਆਂ ਕਿ ਦੁਨੀਆਂ ਦੇ ਹਰੇਕ ਬੱਚੇ ਨੂੰ ਪੜ੍ਹਨੀਆਂ ਚਾਹੀਦੀਆਂ ਹਨ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

c c c

ਧਰਮ ਰੱਖਿਅਕ
ਗੁਰੂ ਤੇਗ਼ ਬਹਾਦਰ
ਲੇਖਕ : ਪ੍ਰਿਥੀਪਾਲ ਸਿੰਘ ਕਪੂਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 0183-2543965

ਪੰਜਾਬ ਦੀ ਸਿੱਖ ਇਤਿਹਾਸਕਾਰੀ ਦੇ ਪ੍ਰਸੰਗ ਵਿਚ ਡਾ. ਪ੍ਰਿਥੀਪਾਲ ਸਿੰਘ ਕਪੂਰ ਦਾ ਨਾਂਅ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਸ ਨੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੌਲਿਕ ਲੇਖਣ ਦੇ ਨਾਲ-ਨਾਲ ਅਹਿਮਦ ਸ਼ਾਹ ਬਟਾਲੀਆ (ਫ਼ਾਰਸੀ), ਕੇ.ਏ.ਐਨ. ਸ਼ਾਸਤਰੀ (ਅੰਗਰੇਜ਼ੀ) ਅਤੇ ਗੋਬਿੰਦ ਸਿੰਘ ਨਿਰਮਲ (ਹਿੰਦੀ) ਆਦਿ ਇਤਿਹਾਸਕਾਰਾਂ ਦੀਆਂ ਕੁਝ ਪ੍ਰਮੁੱਖ ਕਿਰਤਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਹੈ। ਸੰਪਾਦਨ ਦੇ ਖੇਤਰ ਵਿਚ ਕੀਤਾ ਉਸ ਦਾ ਕੰਮ ਵੀ ਬੇਹੱਦ ਉਪਯੋਗੀ ਸਿੱਧ ਹੋਇਆ ਹੈ। ਹਥਲੀ ਪੁਸਤਕ ਵਿਚ ਉਸਨੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੀਰਤੀ ਅਤੇ ਮਹਿਮਾ ਦਾ ਬਖਾਨ ਕੀਤਾ ਹੈ।
ਗੁਰੂ ਸਾਹਿਬ ਦਾ ਗੁਰੂਤਵ ਬੇਨਜ਼ੀਰ ਸੀ। ਆਪ ਨੇ ਹਿੰਦੁਸਤਾਨੀ ਲੋਕਾਂ ਦੇ ਕੁਝ ਉਨ੍ਹਾਂ ਅਕੀਦਿਆਂ ਅਤੇ ਅਸਥਾਵਾਂ ਦੀ ਸੁਤੰਤਰਤਾ ਲਈ ਆਤਮ-ਬਲੀਦਾਨ ਦਿੱਤਾ, ਜਿਨ੍ਹਾਂ ਦੇ ਮਹਤਵ ਵਿਚ (ਤਿਲਕ ਅਤੇ ਜੰਝੂ ਪ੍ਰਥਾ) ਆਪ ਦਾ ਕੋਈ ਵਿਸ਼ਵਾਸ ਹੀ ਨਹੀਂ ਸੀ। ਗੁਰੂ ਨਾਨਕ ਸਾਹਿਬ ਅਤੇ ਹੋਰ ਭਗਤਾਂ-ਸੰਤਾਂ ਨੇ ਸਮੇਂ-ਸਮੇਂ ਇਨ੍ਹਾਂ ਕਰਮ-ਕਾਂਡਾਂ ਦੀ ਆਲੋਚਨਾ ਵੀ ਕੀਤੀ ਸੀ ਪਰ ਗੁਰੂ ਤੇਗ ਬਹਾਦਰ ਜੀ ਦਾ ਮੂਲ ਆਗ੍ਰਹਿ ਇਹ ਰਿਹਾ ਕਿ ਤੁਸੀਂ ਕਿਸੇ ਵਿਅਕਤੀ ਜਾਂ ਵਰਗ ਦੇ ਧਾਰਮਿਕ ਅਕੀਦਿਆਂ ਵਿਚ ਦਖ਼ਲ ਨਹੀਂ ਦੇ ਸਕਦੇ। ''ਜੇ ਦਿਉਗੇ ਤਾਂ ਤੁਹਾਡਾ ਵਿਰੋਧ ਕਰਨ ਲਈ ਮੈਂ ਸਭ ਤੋਂ ਅੱਗੇ ਹੋਵਾਂਗਾ।''
ਗੁਰੂ ਤੇਗ਼ ਬਹਾਦਰ ਜੀ ਦੇ ਇਸ ਪੈਂਤੜੇ ਨੇ ਪੂਰੀ ਦੁਨੀਆਂ ਦੇ ਧਰਮ-ਗੁਰੂਆਂ ਅਤੇ ਰਹਿਬਰਾਂ ਨੂੰ ਸਕਤੇ ਵਿਚ ਪਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਲਿਯੁਗ ਵਿਚ ਇਕ 'ਮਹਾਨ ਸਾਕੇ' ਨੂੰ ਸਰੰਜਾਮ ਦਿੱਤਾ ਸੀ। ਡਾ. ਕਪੂਰ ਨੇ ਬੜੀ ਸੂਤਰਬੱਧ ਅਤੇ ਸੁਦ੍ਰਿੜ੍ਹ ਢੰਗ ਨਾਲ ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਦਾ ਬਿਰਤਾਂਤ ਤਿਆਰ ਕੀਤਾ ਹੈ। 'ਔਰੰਗਜ਼ੇਬ ਦੁਆਰਾ ਭਾਰਤੀ ਇਸਲਾਮੀਕਰਣ' ਅਤੇ 'ਤੇਗ਼ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ' ਇਸ ਪੁਸਤਕ ਦੇ ਮਹੱਤਵਪੂਰਨ ਅਧਿਆਇ ਹਨ। ਇਸ ਪੋਥੀ ਦੀ ਰਚਨਾ ਲਈ ਪੰਜਾਬੀ ਅਤੇ ਅੰਗਰੇਜ਼ੀ ਵਿਚ ਲਿਖੀਆਂ ਬਹੁਤ ਸਾਰੀਆਂ ਪੁਸਤਕਾਂ ਦੇ ਹਵਾਲੇ ਅਤੇ ਪ੍ਰਮਾਣ ਦਿੱਤੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 


ਯਾਤਰੂ ਡਾਕਟਰ
(ਜੀਵਨੀ ਡਾ. ਰਘਬੀਰ ਸਿੰਘ ਨੰਦਾ)
ਲੇਖਕ : ਯਸ਼ਪਾਲ ਸ਼ਰਮਾ
ਅਨੁਵਾਦ : ਪ੍ਰੋ. ਫੂਲ ਚੰਦ ਮਾਨਵ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਪੰਨੇ : 132
ਸੰਪਰਕ : 99155-34017

ਡਾ. ਰਘਬੀਰ ਸਿੰਘ ਨੰਦਾ ਲੁਧਿਆਣਾ ਦੇ ਪ੍ਰਸਿੱਧ ਚਮੜੀ ਮਾਹਰ ਡਾਕਟਰ ਹਨ। ਡਾਕਟਰ ਨੰਦਾ ਦੀ ਜੀਵਨੀ ਦੇ ਲੇਖਕ ਉਨ੍ਹਾ ਦੇ ਪਰਮ ਮਿੱਤਰ ਯਸ਼ਪਾਲ ਸ਼ਰਮਾ ਹਨ। ਦੋਨੋਂ ਸਖ਼ਸ਼ੀਅਤਾਂ ਦਾ ਮੇਲ ਡਾ. ਨੰਦਾ ਦੇ ਪਾਰਕ ਵਿਚ ਹੋਇਆ ਤੇ ਗੱਲਾਂਬਾਤਾਂ ਤੋਂ ਚਲਦਾ ਸਿਲਸਿਲਾ ਇਸ ਪੁਸਤਕ ਦੇ ਲਿਖਣ ਤਕ ਪਹੁੰਚ ਗਿਆ। ਮੂਲ ਰੂਪ ਵਿਚ ਪੁਸਤਕ ਹਿੰਦੀ ਵਿਚ ਲਿਖੀ ਗਈ। ਬਾਅਦ ਵਿਚ ਅੰਗਰੇਜ਼ੀ ਅਨੁਵਾਦ ਵੀ ਹੋਇਆ ਤੇ ਪੰਜਾਬੀ ਵਿਚ ਅਨੁਵਾਦ ਪ੍ਰਸਿੱਧ ਅਨੁਵਾਦਕ ਪ੍ਰੋ. ਫੂਲ ਚੰਦ ਮਾਨਵ ਨੇ ਕੀਤਾ। ਪੁਸਤਕ ਦੇ 48 ਕਾਂਡ ਹਨ। ਕੁਝ ਕਾਂਡ ਛੋਟੇ-ਛੋਟੇ ਪਰ ਸੰਖੇਪਤਾ ਭਰਪੂਰ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਡਾਕਟਰ ਨੰਦਾ ਦਾ ਪਰਿਵਾਰ ਦੇਸ਼ ਵੰਡ ਸਮੇਂ ਲਾਹੌਰ ਤੋਂ ਇਧਰ ਆਇਆ ਸੀ। ਗੋਰਖਪੁਰ ਵਿਚ ਰਹਿਣ ਲੱਗੇ। ਡਾ. ਨੰਦਾ ਦੇ ਪਿਤਾ ਸਰਦਾਰ ਜੋਧ ਸਿੰਘ ਨੰਦਾ ਤੇ ਮਾਤਾ ਸ੍ਰੀਮਤੀ ਮੋਹਨ ਕੌਰ ਆਪਣੇ ਸਮੇਂ ਦੀਆਂ ਪ੍ਰਸਿੱਧ ਸਖ਼ਸ਼ੀਅਤਾਂ ਸਨ। ਉਨ੍ਹਾਂ ਨੇ ਪੁੱਤਰਾਂ ਨੂੰ ਚੰਗੀ ਸਿੱਖਿਆ ਦਿੱਤੀ। ਰਘਬੀਰ ਸਿੰਘ ਨੰਦਾ ਨੂੰ ਬਚਪਨ ਤੋਂ ਹੀ ਸਖ਼ਤ ਮਿਹਨਤ ਦੀ ਆਦਤ ਸੀ। ਡਾਕਟਰੀ ਸਿੱਖਿਆ ਹਾਸਲ ਕਰਕੇ ਗੋਰਖਪੁਰ ਵਿਚ 1970 ਤੋਂ ਡਾਕਟਰੀ ਕੀਤੀ। 1973 ਵਿਚ ਡਾ. ਨੰਦਾ ਦੀ ਸ਼ਾਦੀ ਦਿੱਲੀ ਤੋਂ ਉੱਚ ਸਿੱਖਿਆ ਪ੍ਰਾਪਤ ਸ੍ਰੀਮਤੀ ਇੰਦਰਜੀਤ ਕੌਰ ਨਾਲ ਹੋਈ। ਡਾਕਟਰ ਸਾਹਿਬ ਦੇ ਪਰਿਵਾਰ ਵਿਚ ਤਿੰਨ ਧੀਆਂ ਤੇ ਇਕ ਸਪੁੱਤਰ ਹੈ। ਸਾਰੇ ਬੱਚੇ ਉੱਚ ਸਿਖਿਆ ਪ੍ਰਾਪਤ ਹਨ। ਨੰਦਾ ਸਾਹਿਬ ਦਾ ਬੇਟਾ ਵੀ ਡਾਕਟਰ ਹੈ। ਸ਼ਾਦੀਸ਼ੁਦਾ ਹੈ। ਪੋਤਰੀ ਮਹਿਨੂਰ ਕੌਰ ਹੈ। ਗੋਰਖਪੁਰ ਵਿਚ ਡਾਕਟਰੀ ਕਰਦੇ ਸਮੇਂ ਆਪ ਜੀ ਦੀ ਨੇੜਤਾ ਮਰੀਜ਼ਾਂ ਨਾਲ ਇਸ ਕਦਰ ਹੋ ਗਈ ਕਿ ਸੰਨ ਚੁਰਾਸੀ ਦੇ ਮਾੜੇ ਹਾਲਾਤ ਵਿਚ ਡਾਕਟਰ ਨੰਦਾ ਨੂੰ ਪਰਿਵਾਰ ਸਹਿਤ ਲੁਧਿਆਣੇ ਆਉਣਾ ਪਿਆ। ਪ੍ਰਸਿੱਧ ਹਸਪਤਾਲ ਵਿਚ ਚਮੜੀ ਰੋਗਾਂ ਦੇ ਡਾਕਟਰ ਵਜੋਂ ਕਾਰਜਸੀਲ ਹੋ ਗਏ। ਡਾਕਟਰ ਸਾਹਿਬ ਦੀ ਚੰਗੀ ਸ਼ੁਹਰਤ ਹੈ। ਗੋਰਖਪੁਰ ਦੇ ਲੋਕਾਂ ਨਾਲ ਐਨਾ ਪਿਆਰ ਸੀ ਕਿ ਲੁਧਿਆਣੇ ਤੋਂ ਗੱਡੀ ਦਾ ਸਫਰ ਕਰਕੇ ਗੋਰਖਪੁਰ ਜਾਂਦੇ। ਮਰੀਜ਼ ਵੇਖਦੇ ਫਿਰ ਲੁਧਿਆਣੇ ਆ ਜਾਂਦੇ। ਗੱਡੀ ਦੇ ਡੱਬੇ ਵਿਚ ਵੀ ਮਰੀਜ਼ ਵੇਖਦੇ। ਲੋਕ ਯਾਤਰੂ ਡਾਕਟਰ ਕਹਿਣ ਲੱਗ ਪਏ। ਡਾਕਟਰੀ ਕਿੱਤੇ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਡਾਕਟਰ ਸਾਹਿਬ ਨੇ ਲੁਧਿਆਣਾ ਵਿਚ ਰਹਿ ਕੇ ਇਕ ਪਾਰਕ ਬਣਾਇਆ। ਪੌਦੇ ਲਾਏ । ਮਾਲੀ ਰੱਖੇ। ਆਪ ਵੀ ਪੌਦਿਆਂ ਦੀ ਸਾਂਭ ਸੰਭਾਲ ਕਰਨ ਲੱਗੇ । ਪ੍ਰਕਿਰਤੀ ਨਾਲ ਗਹਿਰਾ ਪਿਆਰ ਹੈ । ਡਾ. ਨੰਦਾ ਨੂੰ ਪੌਦਿਆਂ ਦੇ ਤਣਿਆ ਵਿਚੋਂ ਕਲਾਕ੍ਰਿਤਾਂ ਬਨਾਉਣ ਦਾ ਨਿਵੇਕਲਾ ਸ਼ੋਕ ਹੈ। ਪੁਸਤਕ ਵਿਚ 21 ਤਸਵੀਰਾਂ ਹਨ। ਮਿਆਰੀ ਅਨੁਵਾਦ ਵਾਲੀ ਜੀਵਨੀ ਪੜ੍ਹਨ ਵਾਲੀ ਹੈ ਤੇ ਸਮਾਜ ਲਈ ਸਿੱਖਿਆ ਦਾਇਕ ਹੈ ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 09814856160

 

ਦਿਆਰਾਂ 'ਚੋਂ ਲੰਘਦੀ ਹਵਾ
ਲੇਖਕ : ਕੰਵਲ ਕਸ਼ਮੀਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 135
ਸੰਪਰਕ : 099065-86983

ਵਿਚਾਰਾਧੀਨ ਕਹਾਣੀ-ਸੰਗ੍ਰਹਿ ਵਿਚ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਦੀ ਆਂਚਲਿਕਤਾ ਜੰਮੂ-ਕਸ਼ਮੀਰ ਹੀ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਵਿਚ ਬਾਲ-ਮਨੋਵਿਗਿਆਨ, ਔਰਤ ਦੀ ਕਠਿਨ ਪ੍ਰੀਖਿਆ, ਮਤਰੇਈਆਂ ਮਾਵਾਂ ਦਾ ਦੁਰਵਿਵਹਾਰ, ਜੋਤਸ਼ੀਆਂ ਦੁਆਰਾ ਫੈਲਾਏ ਗਏ ਵਹਿਮ-ਭਰਮ, ਡਲ ਝੀਲ ਦੀ ਤਥਾਤਮਿਕਤਾ, ਹਾਊਸ ਬੋਟ ਦਾ ਦ੍ਰਿਸ਼, ਮੱਛੀਆਂ ਪਕੜਨ ਦਾ ਕਿੱਤਾ, ਜਾਤ-ਪ੍ਰਥਾ, ਪ੍ਰੇਮ ਅਤੇ ਸ਼ਾਦੀ, ਇਕੱਲਤਾ, ਪਾਲਤੂ ਜਾਨਵਰਾਂ ਦੀ ਸੁਤੰਤਰ ਜੀਵਨ ਦੀ ਇੱਛਾ, ਕਸ਼ਮੀਰ ਘਾਟੀ ਦੇ ਸਮਕਾਲੀ ਹਾਲਾਤ, ਸੁਰੱਖਿਆ ਦਸਤਿਆਂ ਅਤੇ ਮੁਜ਼ਾਹਦਾਂ ਵਲੋਂ ਵਹਿ ਰਿਹਾ ਮਨੁੱਖੀ ਖੂਨ ਦਾ ਹਿਰਦੇਵੇਦਕ ਚਿਤਰਣ, ਇਨਸਾਨੀਅਤ ਦੀ ਨਿਘਰਦੀ ਅਵਸਥਾ (ਮਸਲਨ ਬੱਚੇ ਦੀ ਬੰਬ ਵਿਸਫ਼ੋਟ ਨਾਲ ਮੌਤ ਕਾਰਨ ਇਵਜ਼ਾਨੇ ਦਾ ਲਾਲਚ) ਸੰਨ 47 'ਚ ਵਾਪਰੇ ਦੁਖਾਂਤ, 1984 ਦੇ ਦਿੱਲੀ ਦੰਗੇ, ਨਾਇਕ/ਨਾਇਕਾਵਾਂ ਦੇ ਸ਼ਬਦ-ਚਿੱਤਰਾਂ ਦੁਆਲੇ ਪਰਕਰਮਾ ਕਰ ਰਹੀਆਂ ਕਥਾਵਾਂ ਆਦਿ ਅਨੇਕਾਂ ਵਿਸ਼ਿਆਂ ਦਾ ਗਲਪੀਕਰਨ ਕੀਤਾ ਗਿਆ ਹੈ। 'ਅਤੀਤ ਦੇ ਪਰਛਾਵੇਂ' ਇਸ ਕਹਾਣੀ-ਸੰਗ੍ਰਹਿ ਦਾ ਗਲਪ ਪੈਰਾਡਾਈਮ ਨਿਸਚਿਤ ਕੀਤਾ ਜਾ ਸਕਦਾ ਹੈ। ਇੰਦਰਾ ਗਾਂਧੀ ਦੇ ਕਤਲ ਅਤੇ ਉਸ ਤੋਂ ਬਾਅਦ ਦਿੱਲੀ ਦੰਗਿਆਂ ਦੇ ਵੀ ਸੰਕੇਤ ਹਨ। ਕਥਾਵਾਂ ਦੀਆਂ ਘਟਨਾਵਾਂ ਲੇਖਕ ਦੇ ਮਨ-ਮਸਤਕ 'ਤੇ ਚਲ ਚਿੱਤਰਾਂ ਵਾਂਗ ਚੱਕਰ ਕੱਢਦੀਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਪ੍ਰਕ੍ਰਿਤੀ-ਚਿੱਤਰਣ ਇਸ ਕਹਾਣੀ ਸੰਗ੍ਰਹਿ ਦਾ ਹਾਸਲ ਹੈ। ਕਹਾਣੀ-ਸਸਪੈਂਸ ਅਖੀਰ ਤੱਕ ਕਾਇਮ ਰਹਿੰਦੀ ਹੈ। ਕਈ ਕਥਾਵਾਂ ਵਿਚ 'ਬਾਰੀ' ਆਬਜੈਕਟਿਵ ਕੋਰੀਲੇਟਿਵ ਹੋ ਨਿਬੜਿਆ ਹੈ। ਅਨੇਕਾਂ ਅਟੱਲ ਸੱਚਾਈਆਂ ਬਿਰਤਾਂਤ 'ਚੋਂ ਆਪ-ਮੁਹਾਰੇ ਹੀ ਹੋਂਦ ਗ੍ਰਹਿਣ ਕਰ ਜਾਂਦੀਆਂ ਹਨ। ਮਸਲਨ: 'ਰਾਜ ਸ਼ਕਤੀ ਦੀ ਆਪਣੀ ਚਾਣਕਿਆ ਨੀਤੀ ਹੁੰਦੀ ਹੈ।' ਪੰ. 73 'ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ।' ਪੰ 101 ਕਹਾਣੀਆਂ 'ਚ ਲੋਕਯਾਨਿਕ ਅਤੇ ਮਿਥਿਹਾਸ ਦੀ ਵਰਤੋਂ ਕਾਫ਼ੀ ਹੋਈ ਹੈ। ਬੱਚਿਆਂ ਵਲੋਂ ਦਾਦੀ ਅੰਮਾਂ ਨਾਲ ਹਾਸਾ-ਠੱਠਾ ਬਿਰਤਾਂਤ ਨੂੰ ਰੌਚਿਕ ਬਣਾਉਂਦਾ ਹੈ। ਪੋਤੇ, ਦੋਹਤੇ, ਅੰਮਾਂ ਜੀ ਨੂੰ ਛੇੜਦੇ ਕਹਿੰਦੇ ਹਨ ਨੇ 'ਹੱਛਾ ਅੰਮਾ ਜੀ ਜਦ ਦਾਦਾ ਜੀ ਜੰਞ ਲੈ ਕੇ ਆਏ ਤੇ ਤੁਸਾਂ ਉਨ੍ਹਾਂ ਨੂੰ ਡੋਲੀ ਲੈ ਕੇ ਜਾਣ ਨਹੀਂ ਦਿੱਤਾ, ਫੜ ਲਿਆ ਸੀ।' ਪੰਨਾ 101, ਇਹ ਕਹਾਣੀ ਸੰਗ੍ਰਹਿ ਪੜ੍ਹ ਕੇ ਵਿਚਾਰਨ ਵਾਲਾ ਹੈ।

c c c
ਸੱਤ-ਰੰਗ
ਲੇਖਕ : ਇੰਜ: ਲਾਲ ਸਿੰਘ ਕਲਸੀ
ਪ੍ਰਕਾਸ਼ਕ : ਤ੍ਰਿਲੋਕ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 260
ਸੰਪਰਕ : 98149-76639

ਇਹ ਪੁਸਤਕ ਲੇਖ-ਸੰਗ੍ਰਹਿ ਹੈ। ਇਸ ਵਿਚ ਸੰਕਲਿਤ ਕੀਤੇ ਲੇਖਾਂ ਨੂੰ 7 ਭਾਗਾਂ (ਧਰਮ ਤੇ ਵਿਰਸਾ, ਸਾਡਾ ਵਿਰਸਾ, ਜੀਵਨ-ਜਾਂਚ, ਸਾਡਾ ਸਮਾਜ, ਸਾਡਾ ਸੱਭਿਆਚਾਰ, ਹਕੀਕਤ, ਯਾਦਾਂ) ਵਿਚ ਵੰਡਿਆ ਗਿਆ ਹੈ। ਏਸੇ ਲਈ ਇਸ ਲੇਖ-ਸੰਗ੍ਰਹਿ ਦਾ ਨਾਂਅ ਸੱਤ-ਰੰਗ ਰੱਖਿਆ ਗਿਆ ਹੈ। ਅਜਿਹੇ ਵਿਭਿੰਨ ਰੰਗਾਂ ਦੀ ਪੁਸਤਕ ਦਾ ਅਧਿਐਨ ਕਰਨ ਉਪਰੰਤ ਸੱਚ-ਮੁੱਚ ਹੀ ਪਾਠਕ ਸੱਤ-ਰੰਗੀ ਪੀਂਘ ਦੇ ਅਨੰਦ ਵਾਂਗ ਲੇਖਕ ਦੀ ਵਾਰਤਕ ਸ਼ੈਲੀ ਦਾ ਲੁਤਫ਼ ਮਾਣਦਾ ਹੈ, ਉਥੇ ਲੇਖਕ ਦੇ ਪ੍ਰਤੀਰੋਧੀ ਵਿਚਾਰਾਂ ਨੂੰ ਗਹਿਰਾਈ ਨਾਲ ਅਨੁਭਵ ਵੀ ਕਰਦਾ ਹੈ। ਚੇਤੇ ਰਹੇ ਕਿ ਇਸ ਕਿਤਾਬ ਵਿਚ ਸੰਕਲਿਤ ਨਿਬੰਧ ਪੁਸਤਕ ਦਾ ਸ਼ਿੰਗਾਰ ਬਣਨ ਤੋਂ ਪਹਿਲਾਂ ਵੱਖ-ਵੱਖ ਪੱਤ੍ਰਿਕਾਵਾਂ/ਅਖ਼ਬਾਰਾਂ/ ਮੈਗਜ਼ੀਨਾਂ (ਅਜੀਤ, ਮਾਸਿਕ ਤਸਵੀਰ, ਰਾਮਗੜ੍ਹੀਆ ਦਰਪਣ, ਭਾਈ ਦਿੱਤ ਸਿੰਘ ਪੱਤ੍ਰਿਕਾ, ਰੋਜ਼ਾਨਾ ਸਪੋਕਸਮੈਨ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਨਵਾਂ ਜ਼ਮਾਨਾ, ਪਰਵਾਸੀ ਹਮਦਰਦ, ਰਾਮਗੜ੍ਹੀਆ ਪਾਰਲੀਮੈਂਟ, ਤਿਮਾਹੀ ਤ੍ਰਿਸ਼ੰਕੂ, ਜਨ ਸਾਹਿਤ ਆਦਿ ਵਿਚ ਛਪ ਚੁੱਕੇ ਹਨ। ਇੰਜ: ਲਾਲ ਸਿੰਘ ਕਲਸੀ ਇਕ ਬਹੁ-ਵਿਧਾਈ (ਨਾਵਲ, ਕਹਾਣੀ, ਕਵਿਤਾ ਤੇ ਮਿੰਨੀ ਕਹਾਣੀ) ਲੇਖਕ ਹੈ। ਉਸ ਦੀਆਂ 4 ਕਿਤਾਬਾਂ (ਜੀਤੀ-ਨਾਵਲ, ਵਿਚ ਪ੍ਰਦੇਸਾਂ ਦੇ ਨਾਵਲ, ਨੀਲ-ਕਹਾਣੀ ਸੰਗ੍ਰਹਿ ਤੇ ਪੱਥਰ ਕੁੱਟ-ਕਾਵਿ-ਸੰਗ੍ਰਹਿ) ਪਹਿਲਾਂ ਹੀ ਪਾਠਕਾਂ ਤੋਂ ਚੰਗਾ ਹੁੰਗਾਰਾ ਪ੍ਰਾਪਤ ਕਰ ਚੁੱਕੇ ਹਨ। ਲੇਖਕ ਨੂੰ ਅਜਿਹੀਆਂ ਕਹਾਣੀਆਂ ਪਸੰਦ ਹਨ ਜਿਨ੍ਹਾਂ ਦੇ ਪਾਤਰਾਂ ਵਿਚੋਂ ਉਸ ਨੂੰ ਆਪਣਾ-ਆਪਾ ਦਿਖਾਈ ਦਿੰਦਾ ਹੋਵੇ। ਨਿਬੰਧ ਲੇਖਣੀ ਦੇ ਖੇਤਰ 'ਚ ਉਸ ਨੂੰ 15 ਕੁ ਸਾਲ ਦਾ ਤਜਰਬਾ ਹੈ। ਉਸ ਦੇ ਨਿਬੰਧ ਜ਼ਿਆਦਾ ਲੰਮੇ ਨਹੀਂ ਹੁੰਦੇ। ਕਾਰਨ ਇਹ ਹੈ ਕਿ ਉਹ ਵਿਸ਼ੇ 'ਤੇ ਹੀ ਕੇਂਦਰਿਤ ਰਹਿੰਦਾ ਹੈ, ਵਿਸ਼ੇ ਤੋਂ ਥਿੜਕਦਾ ਨਹੀਂ। ਕਿਹਾ ਜਾ ਸਕਦਾ ਹੈ ਕਿ ਉਹ ਕਿੱਤੇ ਪੱਖੋਂ ਹੀ ਇੰਜੀਨੀਅਰ ਨਹੀਂ, ਪੰਜਾਬੀ ਭਾਸ਼ਾ, ਸਾਹਿਤ ਅਤੇ ਵਾਰਤਕ ਸ਼ੈਲੀ ਦਾ ਵੀ ਇੰਜੀਨੀਅਰ ਹੈ। ਉਸ ਦੀ ਵਾਰਤਕ ਸ਼ੈਲੀ ਦਾ ਨਮੂਨਾ ਵੀ ਵੇਖ ਲੈਣਾ ਚਾਹੀਦਾ ਹੈ :
'ਸਾਡੇ ਪੰਜਾਬੀ ਸੱਭਿਆਚਾਰ ਵਿਚ ਕਿਸੇ ਨੂੰ ਆਪਣੀ ਗੱਲ ਦਾ ਯਕੀਨ ਕਰਾਉਣ ਲਈ ਸਹੁੰ ਦਾ ਬੜਾ ਮਹੱਤਵ ਹੈ। ਖ਼ਾਸ ਕਰਕੇ ਕੁੜੀਆਂ ਝੱਟ ਦੇਣੀਂ 'ਵੀਰ ਦੀ ਸਹੁੰ; ਕਹਿ ਕੇ ਆਪਣੀ ਗੱਲ ਦਾ ਨਿਸਚਾ ਕਰਵਾ ਦਿੰਦੀਆਂ ਹਨ। ਜੇਕਰ ਯਕੀਨ ਨਾ ਆਵੇ ਤਾਂ ਦੂਜੀ ਕਹੇਗੀ 'ਖਾ ਤਾਂ ਵੀਰ ਦੀ ਸਹੁੰ।' ਪੰ. 163. 'ਕਲਸੀ' ਦਾ ਸਮੁੱਚਾ ਜੀਵਨ ਹੀ ਸੰਘਰਸ਼ਮਈ ਰਿਹਾ ਹੈ। ਉਸ ਦੇ ਸੰਘਰਸ਼ ਦਾ ਪ੍ਰਮਾਣ ਹੈ ਇਹ ਪੁਸਤਕ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

 

ਅੰਦੋਲਨ, ਮੇਲਾ ਨਹੀਂ ਹੁੰਦਾ
ਸੰਪਾਦਕ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ: 168
ਸੰਪਰਕ: 01679-233244

ਦਿੱਲੀ ਦੀਆਂ ਬਰੂਹਾਂ 'ਤੇ ਵਿੱਢੇ ਗਏ ਕਿਸਾਨ ਅੰਦੋਲਨ ਨੇ ਸਮਕਾਲੀ ਲੇਖਕਾਂ ਦੀਆਂ ਲਿਖਤਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ, ਕਿਉਂਕਿ ਇਹ ਇਕ ਵਿਸ਼ਾਲ ਜਨ-ਅੰਦੋਲਨ ਦਾ ਰੂਪ ਧਾਰਨ ਕਰ ਗਿਆ ਸੀ। ਇਸ ਅੰਦੋਲਨ ਦੌਰਾਨ ਬਹੁਤ ਸਾਰੀਆਂ ਕਵਿਤਾ, ਕਹਾਣੀ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ।
ਸਾਹਿਤ ਸਭਾਵਾਂ ਵਿਚ ਇਸ ਅੰਦੋਲਨ ਸੰਬੰਧੀ ਗੋਸ਼ਟੀਆਂ ਰਚਾਈਆਂ ਗਈਆਂ ਅਤੇ ਬਹੁਤ ਸਾਰੇ ਪ੍ਰਤੀਬੱਧ ਲੇਖਕਾਂ ਨੇ ਇਸ ਵਿਚ ਸਰਗਰਮ ਭੂਮਿਕਾ ਵੀ ਨਿਭਾਈ। ਅਜਿਹਾ ਹੋਣਾ ਸੁਭਾਵਿਕ ਸੀ ਕਿ ਕਿਉਂਕਿ ਮਨੁੱਖ ਆਪਣੇ ਆਲੇ-ਦੁਆਲੇ ਤੋਂ ਅਣਭਿੱਜ ਨਹੀਂ ਰਹਿ ਸਕਦਾ। ਅੰਦੋਲਨ ਦੌਰਾਨ ਬਹੁਤ ਸਾਰੇ ਸ਼ੁਭਚਿੰਤਕਾਂ ਅਤੇ ਹਮਦਰਦਾਂ ਨੇ ਉੱਥੇ ਜਾ ਕੇ ਤਰ੍ਹਾਂ-ਤਰ੍ਹਾਂ ਦੇ ਖਾਣ-ਪੀਣ ਅਤੇ ਪਹਿਨਣ ਵਾਲੀਆਂ ਵਸਤਾਂ ਦੇ ਲੰਗਰ ਲਗਾਉਣੇ ਸ਼ੁਰੂ ਕਰ ਦਿੱਤੇ। ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਸੰਘਰਸ਼ ਵਿਚ ਕੁੱਦੇ ਸਮਰਪਿਤ ਲੋਕਾਂ ਦੇ ਨਾਲ-ਨਾਲ, ਕੁਝ ਤਮਾਸ਼ਬੀਨ ਲੋਕ ਵੀ ਉੱਥੇ ਪਿਕਨਿਕ ਮਨਾਉਣ ਵਾਂਗ ਜਾਣ ਲੱਗੇ। ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਸੁਖਿੰਦਰ ਦਾ ਇਹ ਸੰਪਾਦਿਤ ਕਾਵਿ-ਸੰਗ੍ਰਹਿ 'ਅੰਦੋਲਨ ਮੇਲਾ ਨਹੀਂ ਹੁੰਦਾ' ਕਿਸਾਨ ਅੰਦੋਲਨ ਦੇ ਇਸ ਬਹੁ-ਪੱਖੀ ਅਤੇ ਬਹੁ-ਦਿਸ਼ਾਵੀ ਬਿਰਤਾਂਤ ਨੂੰ ਬੜੀ ਖ਼ੂਬਸੂਰਤੀ ਨਾਲ ਦ੍ਰਿਸ਼ਟੀਗੋਚਰ ਕਰਦਾ ਹੈ।ਇਸ ਪੁਸਤਕ ਵਿਚ ਉਨ੍ਹਾਂ ਨੇ ਆਸਟਰੇਲੀਆ, ਜਰਮਨੀ, ਇਟਲੀ, ਕੈਨੇਡਾ, ਯੂ. ਐੱਸ. ਏ. ਅਤੇ ਭਾਰਤ ਦੇ ਬਵੰਜਾ ਕਵੀਆਂ-ਕਵਿੱਤਰੀਆਂ ਦੀਆਂ ਸੌ ਕਾਵਿ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਸੰਪਾਦਨਾ, ਨਾਵਲ ਅਤੇ ਬਾਲ-ਸਾਹਿਤ ਦੇ ਰੂਪ ਵਿਚ ਅਠੱਤੀ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਵਿਚ ਰਚਨਾਵਾਂ ਸ਼ਾਮਿਲ ਕਰਦੇ ਸਮੇਂ ਵਿਚਾਰ ਅਤੇ ਮਿਆਰ ਨੂੰ ਪਹਿਲ ਦਿੱਤੀ ਹੈ। ਸਾਰੀ ਪੁਸਤਕ ਵਿਚ ਇਕ ਵੀ ਰਚਨਾ ਭਰਤੀ ਦੀ ਨਹੀਂ ਮਿਲਦੀ। ਇਸ ਵਡਮੁੱਲੀ ਦਸਤਾਵੇਜ਼ ਲਈ ਉਨ੍ਹਾਂ ਦੇ ਸਿਰੜ ਅਤੇ ਜਜ਼ਬੇ ਨੂੰ ਸਲਾਮ।

-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027

 

ਭੁੱਲਿਆ ਪਿੰਡ ਗਰਾਂ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 272
ਸੰਪਰਕ : 98729-89313

'ਭੁੱਲਿਆ ਪਿੰਡ ਗਰਾਂ' ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਜਿਥੇ ਪੰਜਾਬੀ ਬੰਦੇ ਦੇ ਪ੍ਰਵਾਸ ਧਾਰਨ ਕਰਨ ਦੇ ਬਿਰਤਾਂਤ ਨੂੰ ਪੇਸ਼ ਕੀਤਾ ਹੈ, ਉਥੇ ਪਰਵਾਸ ਧਾਰਨ ਕਰਨ ਦੇ ਕਾਰਨਾਂ ਦੀ ਵੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ। ਭਾਵੇਂ ਨਾਵਲ ਗੈਰੀ ਦੀ ਮੌਤ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਰਹੱਸ ਪੂਰੇ ਨਾਵਲ ਵਿਚੋਂ ਬਣਿਆ ਰਹਿੰਦਾ ਹੈ ਪਰ ਸਕੌਟ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਲਦ ਤੋਂ ਜਲਦ ਇਸ ਦੀ ਮੌਤ ਦੇ ਰਹੱਸ ਤੋਂ ਪਰਦਾ ਲਾਹਿਆ ਜਾਵੇ। ਦੂਜੇ ਪਾਸੇ ਇਸ ਦੇ ਸਮਾਨੰਤਰ ਨਾਜਰ ਦੀ ਕਥਾ ਨਾਵਲੀ ਬਿਰਤਾਂਤ ਵਿਚ ਚਲਦੀ ਹੈ ਜੋ ਘਰੇਲੂ ਥੁੜ੍ਹਾਂ ਅਤੇ ਮਾੜੀ ਆਰਥਿਕ ਹਾਲਤ ਕਰਕੇ ਪਰਵਾਸ ਧਾਰਨ ਕਰਦਾ ਹੈ। ਪਰਵਾਸ ਦਾ ਹੇਰਵਾ ਸ਼ੇਰੇ ਦੇ ਮਿਲਣ ਨਾਲ ਉਸ ਦੀ ਮਾਨਸਿਕਤਾ ਵਿਚੋਂ ਘੱਟ ਹੁੰਦਾ ਹੈ ਅਤੇ ਉਸ ਦੀ ਮਦਦ ਨਾਲ ਉਹ ਕਾਰੋਬਾਰ ਵੀ ਸ਼ੁਰੂ ਕਰਦਾ ਹੈ ਤੇ ਫਿਰ ਆਪਣੀ ਪਤਨੀ ਪ੍ਰੀਤੋ ਨੂੰ ਵੀ ਵਿਦੇਸ਼ ਵਿਚ ਬੁਲਾ ਲੈਂਦਾ ਹੈ। ਪਾਕਿਸਤਾਨੀ ਦੋਸਤਾਂ ਦੀ ਸੰਗਤ ਨਾਵਲ ਵਿਚ ਪੰਜਾਬ ਦੀ ਸਾਂਝੀ ਰਹਿਤਲ ਬਾਰੇ ਜਾਣਕਾਰੀ ਪੇਸ਼ ਕਰਦੀ ਹੈ ਜੋ ਦੇਸ਼ ਵੰਡ ਤੋਂ ਪਹਿਲਾਂ ਸੀ। ਨਾਵਲ ਵਿਚ ਪਾਤਰ ਰੰਧਾਵੇ ਵਰਗਿਆਂ ਦਾ ਜੁਰਮ ਦੀ ਦੁਨੀਆ ਵਿਚ ਜਾਣਾ ਵੀ ਨਾਵਲੀ ਬਿਰਤਾਂਤ ਦੀ ਅਹਿਮ ਕੜੀ ਹੈ। ਪਰਵਾਸ ਦੌਰਾਨ ਇਹ ਪ੍ਰਵਾਸੀ ਜਿੰਨਾ ਆਰਥਿਕ ਤੌਰ 'ਤੇ ਮਜ਼ਬੂਤੀ ਹਾਸਲ ਕਰ ਲੈਂਦੇ ਹਨ ਤੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਾਰੋਬਾਰ ਵੀ ਸਥਾਪਿਤ ਕਰ ਲੈਂਦੇ ਹਨ ਪਰ ਇਨ੍ਹਾਂ ਦੀ ਅਗਲੀ ਪੀੜ੍ਹੀ ਸਥਾਪਿਤ ਕਦਰਾਂ-ਕੀਮਤਾਂ ਦੇ ਵਿਰੋਧ ਵਿਚ ਖਲੌਂਦੀ ਨਜ਼ਰ ਆਉਂਦੀ ਹੈ ਜੋ ਇਨ੍ਹਾਂ ਲਈ ਦੁਖਦਾਈ ਸਥਿਤੀ ਹੈ। ਨਾਵਲੀ ਬਿਰਤਾਂਤ ਨੂੰ 47 ਕਾਂਡਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਜਿਸ ਵਿਚ ਸਕੌਟ ਦੀ ਕਾਤਲ ਦੀ ਭਾਲ ਅਤੇ ਪੰਜਾਬੀਆਂ ਦੇ ਵਿਦੇਸ਼ ਵਸਣ ਦੇ ਵੇਰਵੇ ਵੀ ਬਰਾਬਰ ਚਲਦੇ ਹਨ। ਨਾਵਲ ਰੌਚਕ ਅਤੇ ਦਿਲਚਸਪ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c

 

ਰਾਤ
ਮੂਲ ਲੇਖਕ : ਐਲੀ ਵੀਜ਼ਲ
ਅਨੁ.: ਗੁਰਚਰਨ ਸਿੰਘ ਜੈਤੋ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 107
ਸੰਪਰਕ : 97794-26698

ਸੰਸਾਰ ਦੇ ਦੂਜੇ ਮਹਾਂਯੁੱਧ ਦੌਰਾਨ ਜਰਮਨੀ ਵਿਚ ਹੋਏ ਯਹੂਦੀਆਂ ਦੇ ਨਰ-ਸੰਘਾਰ ਦਾ ਦਰਦਨਾਕ ਦ੍ਰਿਸ਼ ਇਸ ਪੁਸਤਕ ਵਿਚ ਚਿਤਰਿਆ ਗਿਆ ਹੈ। ਲੇਖਕ ਐਲੀ ਵੀਜ਼ਲ ਦੀ ਉਮਰ ਉਸ ਸਮੇਂ ਕੇਵਲ 15 ਸਾਲਾਂ ਦੀ ਸੀ। ਜੰਗ ਦੌਰਾਨ ਉਸ ਨੇ ਖ਼ੁਦ ਖ਼ੌਫ਼ਨਾਕ ਤੇ ਅਣਮਨੁੱਖੀ ਤਸ਼ੱਦਦ ਵਾਲੇ ਕੈਂਪਾਂ ਵਿਚ ਭਿਆਨਕ ਵਕਤ ਬਿਤਾਇਆ। ਉਸ ਦਾ ਜਨਮ ਰੋਮਾਨੀਆ ਵਿਚ ਹੋਇਆ ਸੀ ਅਤੇ ਉਹ ਅਮਰੀਕਾ ਵਿਚ ਆ ਕੇ ਵਸ ਗਿਆ ਸੀ। ਉਹ ਜਰਮਨੀ ਦੇ ਨਜ਼ਰਬੰਦ ਕੈਂਪਾਂ ਵਿਚੋਂ ਕਿਸੇ ਤਰ੍ਹਾਂ ਬਚ ਕੇ ਆਇਆ ਸੀ। ਉਹ ਇਕ ਰਾਜਨੀਤਕ ਕੈਦੀ ਦੇ ਤੌਰ 'ਤੇ ਇਨ੍ਹਾਂ ਕੈਂਪਾਂ ਵਿਚ ਰਿਹਾ ਸੀ। ਅਮਰੀਕਾ ਆ ਕੇ ਉਹ ਇਨਸਾਨੀ ਹੱਕਾਂ ਲਈ ਲੜਦਾ ਰਿਹਾ। 1986 ਈ: ਵਿਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ।
ਇਸ ਪੁਸਤਕ ਵਿਚ ਲੇਖਕ ਨੇ ਜਿਸ ਕਰੁਣਾਮਈ ਸ਼ੈਲੀ ਵਿਚ ਲੜਾਈ ਵਿਚ ਹੋਏ ਹੈਵਾਨੀਅਤ ਦੇ ਨੰਗੇ ਨਾਚ ਦਾ ਜ਼ਿਕਰ ਕੀਤਾ ਹੈ, ਉਸ ਨੂੰ ਪੜ੍ਹ ਕੇ ਪਾਠਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਗੁਰਚਰਨ ਸਿੰਘ ਜੈਤੋ ਨੇ ਬੜੀ ਸੁਚੱਜਤਾ ਨਾਲ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਪਰ ਇਸ ਦੀ ਛਪਾਈ ਦੌਰਾਨ ਪਰੂਫ਼ ਰੀਡਿੰਗ ਅਤੇ ਹੋਰ ਗ਼ਲਤੀਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਏਨੀ ਮਹੱਤਵਪੂਰਨ ਕਿਤਾਬ ਨਾਲ ਬੇਇਨਸਾਫ਼ੀ ਹੋਈ ਮਹਿਸੂਸ ਹੁੰਦੀ ਹੈ। ਕਿਤਾਬ ਦੇ ਆਰੰਭ ਵਿਚ ਹੀ ਕਈ ਅਸ਼ੁੱਧੀਆਂ ਵੇਖਣ ਨੂੰ ਮਿਲਦੀਆਂ ਹਨ, ਜਿਵੇਂ 'ਇਨਸਾਨੀ ਹੱਕਾਂ' ਦੀ ਥਾਂ 'ਤੇ ਕਈ ਵਾਰ 'ਇਨਸਾਨੀ ਹੱਥਾਂ' ਦੀ ਵਰਤੋਂ ਕੀਤੀ ਗਈ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

c c c

 

ਕੱਚ ਦਾ ਅੰਬਰ
ਗਜ਼ਲਕਾਰ : ਅਨੂ ਬਾਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 80
ਸੰਪਰਕ : 94177-06558

ਹਥਲੀ ਗਜ਼ਲ ਪੁਸਤਕ ਪ੍ਰਸਿੱਧ ਗ਼ਜ਼ਲਕਾਰਾ ਅਨੂ ਬਾਲਾ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ ਇਸ ਪੁਸਤਕ ਵਿਚ ਸਾਢੇ ਕੁ ਪੰਜ ਦਰਜਣਾਂ ਗਜ਼ਲਾਂ ਹਨ ਜੋ ਕਿ ਨਾਰੀ ਮਨ ਦੀਆਂ ਤਸਵੀਰਾਂ ਹਨ। ਅਨੂ ਬਾਲਾ ਨੇ ਆਪਣੀਆਂ ਗ਼ਜ਼ਲਾਂ ਵਿਚ ਨਾਰੀ ਸੰਵੇਦਨਾਵਾਂ ਨੂੰ ਆਪਣੇ ਸ਼ਿਅਰਾਂ ਵਿਚ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ। ਅਨੂ ਗ਼ਜ਼ਲ ਸਿਰਜਦੀ ਨਹੀਂ, ਸਗੋਂ ਗ਼ਜ਼ਲ ਨੂੰ ਜਿਉਂਦੀ ਹੈ। ਇਹ ਸ਼ਿਅਰਾਂ ਦੇ ਅਕਸ ਵਿਚੋਂ ਆਪਣਾ ਅਕਸ ਲੱਭਦੀ ਹੈ। ਬਕੌਲ ਉਸ ਦੇ ਗ਼ਜ਼ਲ, ਉਸ ਦੇ ਅੰਦਰ-ਬਾਹਰ ਅਠਖੇਲੀਆਂ ਕਰਦੀ ਹੈ। ਗ਼ਜ਼ਲ ਉਸਦੀ ਮਾਂ, ਸਹੇਲੀ ਤੇ ਭੈਣ ਤੋਂ ਅਗਾਂਹ ਪ੍ਰੇਮ ਇਜ਼ਹਾਰ ਵੀ ਹੈ। ਨਾਜ਼ੁਕ ਜਿਹੇ ਸ਼ਿਅਰਾਂ ਵਿਚ ਇਹ ਸਖ਼ਤ ਮਸਲਿਆਂ ਨੂੰ ਤਰਾਸ਼ ਕੇ ਐਨ ਸੁਰ ਕਰ ਲੈਂਦੀ ਹੈ। ਗ਼ਜ਼ਲ ਉਸ ਦੀ ਧੜਕਨ ਅਤੇ ਉਸ ਦੇ ਹਿੱਸੇ ਦੀ ਮਿੱਟੀ ਦੀ ਮਹਿਕ ਹੈ। ਅਨੂ ਮਾਣ ਕਰਦੀ ਹੈ ਕਿ ਉਹ ਗ਼ਜ਼ਲਕਾਰ ਹੈ ਤੇ ਇਹੀ ਮਾਣ ਉਸ ਦੀ ਗ਼ਜ਼ਲ ਦਾ ਵੀ ਸਨਮਾਨ ਹੈ। ਬੇ-ਹੱਦ ਸਹਿਜ ਤੇ ਸੁਹਜ ਨਾਲ ਸ਼ਿਅਰ ਕਹਿਣ ਵਾਲੀ ਇਹ ਗ਼ਜ਼ਲਕਾਰਾ ਕਦੇ ਲਾਊਡ ਨਹੀਂ ਹੁੰਦੀ ਪਰ ਬਹੁਤ ਸਾਰੇ ਉਸ ਦੇ ਸ਼ਿਅਰ ਦਿਲ ਉੱਤੇ ਤ੍ਰੇੜਾਂ ਪਾ ਦਿੰਦੇ ਹਨ।
-ਉਹ ਚਰਚਾ ਸੀ ਮਹਾਂਯੁੱਧਾਂ ਦੀ ਕਰਦੇ,
ਮੈਂ ਅੰਦਰ ਵੀ ਬਦੀ ਸੰਗ ਲੜ ਰਹੀ ਸੀ।
ਜਦੋਂ ਲਿਖਦਾ ਸੀ ਤੂੰ ਅੰਬਰ 'ਤੇ ਕਵਿਤਾ,
ਮੈਂ ਧਰਤੀ ਦੀ ਹਕੀਕਤ ਪੜ੍ਹ ਰਹੀ ਸੀ।
ਅਨੂ ਬਾਲਾ ਦੀ ਗ਼ਜ਼ਲ ਵਿਚ ਸੰਸਾਰ ਪੱਧਰ ਦੀ ਚੇਤਨਾ ਅਤੇ ਪ੍ਰਸਤੁਤੀ ਹੈ:
ਇਹ ਕੈਸਾ ਦੌਰ ਹਰ
ਭਾਵਨਾ ਵਿਉਪਾਰ ਹੋਈ ਹੈ,
ਗਲੋਬਲ ਹਿਰਸ ਮੰਡੀ ਦਾ
ਹੀ ਬਸ ਵਿਸਤਾਰ ਹੋਈ ਹੈ।
ਉਹ ਔਰਤ ਦੇ ਸਬਰ 'ਚੋਂ ਸ਼ੁਕਰ ਭਾਲਦੀ ਕਹਿੰਦੀ ਹੈ :
ਠਰੇ ਮੌਸਮ 'ਚ ਮਘਦੇ
ਸੂਰਜਾਂ ਦੀ ਭਾਲ ਰੱਖਾਂਗੀ,
ਮੈਂ ਯੱਖ ਹੋ ਕੇ ਵੀ ਆਪਣੀ
ਤਰਲਤਾ ਸੰਭਾਲ ਰੱਖਾਂਗੀ।
ਔਰਤ ਦੇ ਖੰਭਾਂ ਵਰਗੀ ਖਾਹਿਸ਼ ਵਿਚ ਚੰਗੀ ਅਣੂ ਦੀ ਗ਼ਜ਼ਲ ਪਾਠਕ ਮਨ ਨੂੰ ਮੋਹ ਲੈਂਦੀ ਹੈ ਤੇ 'ਔਰਤ ਦੀ ਗੱਲ' ਬਣ ਕੇ ਪੇਸ਼ ਹੁੰਦੀ ਹੈ :
ਮੈਂ ਆਦਮ ਦੀ ਕਚਹਿਰੀ ਵਿਚ
ਅਹਿਮ ਮੁੱਦੇ ਉਠਾਵਾਂਗੀ,
ਕਲਮ ਦੀ ਨੋਕ 'ਤੇ ਹਵਾ ਦੇ
ਤਿੱਖੇ ਸੁਆਲ ਰੱਖਾਂਗੀ।
ਪੁਸਤਕ ਨੂੰ ਦਿਲ ਤੋਂ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਚਾਨਣ ਦੇ ਪ੍ਰਛਾਵੇਂ
ਲੇਖਕ : ਦਰਸ਼ਨ ਬੁਲੰਦਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 180
ਸੰਪਰਕ : 95011-45039

ਇੰਗਲੈਂਡ ਵਿਚ ਵਸਦਾ ਪੰਜਾਬੀ ਸ਼ਾਇਰ ਦਰਸ਼ਨ ਬੁਲੰਦਵੀ ਹਥਲੀ ਕਾਵਿ-ਕਿਤਾਬ 'ਚਾਨਣ ਦੇ ਪ੍ਰਛਾਵੇਂ' ਤੋਂ ਪਹਿਲਾਂ ਵੀ ਆਪਣੀਆਂ ਬਾਰ੍ਹਾਂ ਕਿਤਾਬਾਂ ਨਾਲ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ਼ ਨਹੀਂ। ਇਹ ਬੌਧਿਕ ਮੁਹਾਵਰੇ ਦਾ ਸ਼ਾਇਰ ਪਿਛਲੇ ਚਾਰ ਦਹਾਕਿਆਂ ਤੋਂ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਬੌਧਿਕ ਧੂਣੀ ਧੁਖਾਈ ਬੈਠਾ ਹੈ।ਵਾਈ.ਬੀ. ਯੀਟਸ ਆਖਦਾ ਹੈ ਕਿ ਜਦੋਂ ਤੁਸੀਂ ਦੂਸਰਿਆਂ ਨਾਲ ਲੜਦੇ ਹੋ ਤਾਂ ਫ਼ਜ਼ੂਲ ਦਾ ਕੰਮ ਕਰਦੇ ਹੋ ਤੇ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ। ਸੋ, ਇਹ ਸ਼ਾਇਰ ਆਪਣੇ-ਆਪ ਨਾਲ ਲੜਦਾ 'ਕਵਿਤਾ ਦੇ ਇਮਤਿਹਾਨ' ਵਿਚ ਪੈ ਗਿਆ ਹੈ। ਉਹ ਕਦੇ ਕਵਿਤਾ ਨੂੰ ਮੁਖਾਤਿਬ ਹੁੰਦਾ ਹੈ ਕਦੇ, ਕਵਿਤਾ ਕਵੀ ਨੂੰ ਮੁਖਾਤਿਬ ਹੁੰਦੀ ਹੈ ਤੇ ਸਾਰੇ ਫ਼ਿਕਰਾਂ ਦੀ ਫ਼ਿਕਰਮੰਦੀ ਲਈ ਉਹ ਕਵਿਤਾ ਵਿਚੋਂ ਠਾਹਰ ਭਾਲਦਾ ਹੈ ਤੇ ਦਰਬਾਰੀ ਕਵੀਆਂ ਦੀ ਮੋਮ ਦੀ ਕਲਮ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ, ਜੋ ਸਰਕਾਰੀ ਵਜ਼ੀਫ਼ੇ ਦੀ ਝਾਕ ਵਿਚੋਂ ਮੀਣੇ ਹੋ ਰਹੇ ਹਨ ਤੇ ਨਾਲ ਹੀ ਉਹ ਪਾਸ਼ ਦੀ ਨਜ਼ਮ 'ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ' ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਾ ਹੈ। ਜਿਸ ਨੂੰ ਸਮੇਂ ਦੀ ਸਰਕਾਰ ਨੇ ਸਿਲੇਬਸ ਵਿਚੋਂ ਮਨਫ਼ੀ ਕਰ ਦਿੱਤਾ ਹੈ, ਕਿਉਂਕਿ ਪਾਸ਼ ਸੱਤਾ ਦੀ ਟੀਰੀ ਅੱਖ ਵਿਚ ਕਸੀਰ ਵਾਂਗ ਰੜਕਦਾ ਹੈ। ਸ਼ਾਇਰ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਹੋਰ ਬਹੁ-ਅੱਯਾਮੀ ਫ਼ਿਕਰਮੰਦੀ ਨਾਲ ਦਸਤਪੰਜਾ ਤਾਂ ਲੈਂਦਾ ਹੀ ਹੈ ਪਰ ਵਿਸ਼ੇਸ਼ ਕਰਕੇ ਬਹੁ ਗਿਣਤੀ ਦੀ ਆੜ ਵਿਚ ਆਪਣੇ ਨਵੀਂ ਕਿਸਮ ਦੇ ਰਾਸ਼ਟਰਵਾਦ ਦੇ ਗੁਲਦਸਤੇ ਵਿਚ ਇਕੋ ਹੀ ਰੰਗ ਦੇ ਫੁੱਲ ਸਜਾਉਣਾ ਚਾਹੁੰਦਾ ਹੈ ਅਰਥਾਤ 'ਕੰਵਲ ਦੇ ਫੁੱਲ' ਨੂੰ ਹੀ ਗੁਲਦਸਤੇ ਵਿਚ ਸਜਾਉਣਾ ਚਾਹੁੰਦਾ ਹੈ ਅਤੇ ਕਾਰਪੋਰੇਟ ਦੀ ਕਠਪੁਤਲੀ ਬਣੀ ਭਗਵੇਂ ਬ੍ਰਿਗੇਡ ਦੀ ਸਰਕਾਰ ਜੋ ਅਸਾਡੀਆਂ ਜ਼ਮੀਨਾਂ 'ਤੇ ਕਿਸਾਨਾਂ ਨੂੰ ਘਸਿਆਰੇ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ ਦਾ ਚੌਰਾਹੇ ਦੇ ਭਾਂਡਾ ਭੰਨਦਾ ਹੈ। ਇਸੇ ਕਰਕੇ ਕਿਸਾਨੀ ਅੰਦੋਲਨ ਦੀ ਜਿੱਤ ਤੇ ਉਸ ਦੀ ਰੂਹ ਦਾ ਕੌਲ ਫੁੱਲ ਖਿੜ ਗਿਆ ਹੈ। ਮਮਤਾ ਦੀ ਮੂਰਤ ਮਾਂ ਬਾਰੇ ਲਿਖਦਿਆਂ ਉਹ ਯੂਨਾਨੀ ਸਿੱਖ ਨੂੰ ਸੱਚ ਕਰ ਦਿਖਾਉਂਦਾ ਹੈ ਕਿ ਖੁਦਾ ਹਰੇਕ ਘਰ ਵਿਚ ਤਾਂ ਜਾ ਨਹੀਂ ਸਕਦਾ। ਇਸ ਕਰਕੇ ਉਸ ਨੇ ਹਰੇਕ ਘਰ ਵਿਚ ਮਾਂ ਭੇਜ ਦਿੱਤੀ ਹੈ। ਮੁਨਾਫ਼ੇ ਦੀ ਮੰਡੀ ਵਿਚ ਜਿਥੇ ਬੰਦਾ ਇਕ ਵਸਤ ਅਤੇ ਚੀਜ਼ ਬਣ ਕੇ ਰਹਿ ਗਿਆ ਹੈ ਦਾ ਖੁਰਦਬੀਨੀ ਅੱਖ਼ ਨਾਲ ਸਕੈਨਿੰਗ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਨੂੰ ਜੇ ਪੁਣ ਲਿਆ ਜਾਵੇ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਪਦਾਰਥਕ ਰੱਜ ਤੇ ਰੂਹ ਦਾ ਰੱਜ, ਦੇਸੀ ਅਤੇ ਪਰਦੇਸੀ ਹੋਣ ਵਿਚ ਤ੍ਰਿਸ਼ੰਕੂ ਬਣਿਆ ਹੋਇਆ ਹੈ ਤੇ ਇਸ ਚੱਕਰਵਿਯੂ ਵਿਚੋਂ ਨਿਕਲਣ ਲਈ ਕਾਵਿ-ਸਿਲਮ ਤੇ ਕਾਵਿ-ਚਿੰਤਨ ਦੀ ਲੱਜ ਪਾਲਦਾ ਨਜ਼ਰ ਆਉਂਦਾ ਹੈ। ਥਾਂ-ਥਾਂ ਸੂਰਜ ਤੇ ਚਾਨਣ ਸ਼ਬਦ ਦੀ ਚਿੰਹਨਦੀ ਭਾਸ਼ਾ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਸਿਆੜ ਦਾ ਪੱਤਣ
ਸੰਪਾਦਕੀ ਮੰਡਲ : ਰੂਪ ਲਾਲ ਰੂਪ, ਪ੍ਰੋ. ਹਰਦੀਪ ਰਾਜਾ ਰਾਮ, ਖ਼ੁਸ਼ੀ ਮੁਹੰਮਦ ਚੱਠਾ, ਹਰਵਿੰਦਰ ਸਿੰਘ ਸਾਬੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਆਦਮਪੁਰ ਦੁਆਬਾ
ਮੁੱਲ : 350 ਰੁਪਏ, ਸਫ਼ੇ : 196
ਸੰਪਰਕ : 94652-29722

'ਸਿਆੜ ਦਾ ਪੱਤਣ' (ਕਾਵਿ ਸੰਗ੍ਰਹਿ) ਪੁਸਤਕ ਪੰਜਾਬੀ ਸਾਹਿਤ ਸਭਾ ਆਦਮਪੁਰ ਦੁਆਬਾ (ਰਜਿ.) ਦਾ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਪੁਸਤਕ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ। ਇਨ੍ਹਾਂ ਦੇ ਵਲੋਂ ਪਹਿਲਾਂ 'ਕਾਵਿ ਰਿਸ਼ਮਾ' ਨਾਂਅ ਦੀ ਪੁਸਤਕ ਵੀ ਛਾਪੀ ਗਈ ਹੈ। ਇਹ ਪੁਸਤਕ ਕਿਉਂਕਿ ਸਾਂਝਾ ਕਾਵਿ ਸੰਗ੍ਰਹਿ ਹੈ, ਜਿਸ ਨੂੰ ਇਕ ਜੇਕਰ ਪੁਸਤਕ ਰੂਪੀ ਗੁਲਦਸਤਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਪੁਸਤਕ ਵਿਚ ਵੱਖ-ਵੱਖ ਸ਼ਖ਼ਸੀਅਤਾਂ (ਲੇਖਕਾਂ) ਦੀਆਂ ਕਿਸਾਨ ਅੰਦੋਲਨ ਪ੍ਰਤੀ ਕਵਿਤਾਵਾਂ ਦਰਜ ਹਨ ਅਤੇ ਇਨ੍ਹਾਂ ਦੇ ਲੇਖਕਾਂ ਨੇ ਆਪਣੇ ਦਿਲ ਦੇ ਵਲਵਲਿਆਂ ਨੂੰ ਆਪਣੀ ਅੰਦਰਲੀ ਆਵਾਜ਼ ਦਾ ਹਾਮੀ ਬਣ ਕੇ ਕਵਿਤਾ ਦਾ ਜੋ ਰੂਪ ਦਿੱਤਾ ਹੈ, ਉਹ ਸ਼ਲਾਘਾਯੋਗ ਹੈ। ਪੁਸਤਕ ਦੇ ਸ਼ੁਰੂ ਵਿਚ ਰੂਪ ਲਾਲ ਰੂਪ ਨੇ 'ਅੰਦਰਲੀ ਗੱਲ' ਦੇ ਸਿਰਲੇਖ ਅਧੀਨ ਜੋ ਗੱਲਾਂ ਕਹੀਆਂ ਹਨ ਉਨ੍ਹਾਂ ਵਿਚ ਇਸ ਸੰਘਰਸ਼ ਦੀ ਸਮੁੱਚੀ ਕਹਾਣੀ ਸਿਰਜ ਦਿੱਤੀ ਹੈ। ਉਨ੍ਹਾਂ ਨੇ ਤਾਰੀਖਾਂ ਦੇ ਕੇ ਹਰ ਗੱਲ ਨੂੰ ਬਹੁਤ ਹੀ ਸੋਹਣੀ ਤਰ੍ਹਾਂ ਸਪੱਸ਼ਟ ਕੀਤਾ ਹੈ, ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਅੱਖੀਂ ਨਹੀਂ ਵੇਖਿਆ ਜਾਂ ਸੁਣਿਆ, ਪੜ੍ਹਿਆ ਨਹੀਂ ਉਹ ਰੂਪ ਲਾਲ ਰੂਪ ਵਲੋਂ ਲਿਖੀ ਲਿਖਤ ਨੂੰ ਜ਼ਰੂਰ ਪੜ੍ਹਨ। ਇਸ ਦੇ ਨਾਲ ਹੀ ਪ੍ਰੋ. ਹਰਦੀਪ ਰਾਜਾ ਰਾਮ ਨੇ ਵੀ ਪੁਸਤਕ ਦੇ ਸ਼ੁਰੂ ਵਿਚ 'ਕਿਸਾਨ ਅੰਦੋਲਨ-ਇਕ ਨਜ਼ਰ' ਦੇ ਸਿਰਲੇਖ ਅਧੀਨ ਥੋੜ੍ਹੇ ਹੀ ਸ਼ਬਦਾਂ ਦੇ ਵਿਚ ਕਿਸਾਨੀ ਸੰਘਰਸ਼ ਦੀ ਇਕ ਫ਼ਿਲਮ ਦੀ ਤਰ੍ਹਾਂ ਝਾਤੀ ਮਰਵਾ ਦਿੱਤੀ ਹੈ। ਕੁਝ ਸੱਚਾਈ ਨੂੰ ਬਿਆਨ ਕਰਦੀਆਂ ਗੱਲਾਂ ਨੂੰ ਲਿਖ ਕੇ ਅਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਬਾਰੇ ਬਹੁਤੇ ਲੋਕਾਂ ਨੂੰ ਸ਼ਾਇਦ ਗਿਆਨ ਨਾ ਹੋਵੇ। ਪੁਸਤਕ ਵਿਚ ਖੇਤਾਂ ਦੀ ਗੰਡ ਦੇ ਵਰੰਟ ਆ ਰਹੇ ਨੇ, ਸਾਡੀਆਂ ਪੈਲੀਆਂ, ਖੇਤਾਂ ਦਾ ਰਾਜਾ, ਅੰਨਦਾਤੇ ਨੂੰ ਮਾਰੋ ਨਾ, ਕਿਸਾਨੀ ਪੈਂਤੀ ਅੱਖਰੀ, ਤੇਰੀ ਖ਼ੈਰ ਨਹੀਂ, ਹੱਕਾਂ ਦੀ ਜੰਗ, ਝੰਡਾ ਕਿਸਾਨੀ ਦਾ, ਤੂੰ ਮੰਨ ਜਾ ਦਿੱਲੀਏ ਆਦਿ ਕਵਿਤਾਵਾਂ ਕਾਬਲੇ ਤਾਰੀਫ਼ ਹਨ। ਇਸ ਤੋਂ ਇਲਾਵਾ ਪੁਸਤਕ 'ਚ ਦਰਜ ਸਾਰੀਆਂ ਹੀ ਕਵਿਤਾਵਾਂ ਦੇ ਲੇਖਕ ਵੀ ਵਧਾਈ ਦੇ ਪਾਤਰ ਹਨ। ਜਿਸ ਨੇ ਅੱਖੀਂ ਇਹ ਕਿਸਾਨੀ ਅੰਦੋਲਨ ਵੇਖਿਆ ਹੈ, ਉਸ ਦੀਆਂ ਅੱਖਾਂ ਅੱਗੇ ਕਿਤਾਬ ਪੜ੍ਹਦੇ-ਪੜ੍ਹਦੇ ਸਾਰੇ ਦ੍ਰਿਸ਼ ਘੁੰਮਦੇ ਹਨ। ਇਹ ਪੁਸਤਕ ਸਾਂਭਣਯੋਗ ਹੈ ਅਤੇ ਅਗਲੀਆਂ ਪੀੜ੍ਹੀਆਂ ਦੇ ਲਈ ਵੀ ਇਹ ਪੁਸਤਕ ਸੇਧ ਦਾ ਕੰਮ ਦੇਵੇਗੀ। ਪੁਸਤਕ ਵਿਚ 82 ਵੱਖ-ਵੱਖ ਲੇਖਕਾਂ ਦੀਆਂ ਕਵਿਤਾਵਾਂ ਹਨ।

-ਬਲਵਿੰਦਰ ਸਿੰਘ ਸੋਢੀ ਮੀਰ ਹੇੜੀ
-ਮੋਬਾਈਲ : 092105-88990

ਜਾਦੂ ਦਾ ਚਿਰਾਗ
ਲੇਖਕ : ਗਿਰੀਸ਼ ਪੰਕਜ
ਅਨੁਵਾਦਕ : ਕੇ. ਐਲ.ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 250 ਰੁਪਏ, ਸਫੇ : 168
ਸੰਪਰਕ : 94635-37050

ਵਿਅੰਗ ਨਾਵਲ ਬਹੁਤ ਘੱਟ ਲਿਖੇ ਗਏ ਹਨ। ਹਿੰਦੀ ਦੇ ਉਘੇ ਵਿਅੰਗਕਾਰ ਗਰੀਸ਼ ਪੰਕਜ ਦੇ ਨਾਵਲ ਬਹੁਤ ਪੜ੍ਹੇ ਜਾਂਦੇ ਹਨ। 'ਮਾਫੀਆ' ਅਤੇ 'ਮਿਠਲਬਰਾ' ਨਾਵਲਾਂ ਤੋਂ ਬਾਅਦ 'ਜਾਦੂ ਦਾ ਚਿਰਾਗ' ਪਾਠਕਾਂ ਨੂੰ ਹੋਰ ਵੀ ਪਸੰਦ ਆਇਆ। ਪੰਜਾਬੀ ਦੇ ਜਾਣੇ-ਪਛਾਣੇ ਨਾਵਲਕਾਰ, ਕਹਾਣੀਕਾਰ, ਸੰਪਾਦਕ, ਵਿਅੰਗਕਾਰ ਤੇ ਅਨੁਵਾਦਕ ਕੇ.ਐਲ. ਗਰਗ ਨੇ ਬੜੀ ਮਿਹਨਤ ਨਾਲ 'ਜਾਦੂ ਦਾ ਚਿਰਾਗ' ਦਾ ਪੰਜਾਬੀ ਵਿਚ ਅਨੁਵਾਦ ਕਰਕੇ ਆਪਣੀ ਵਿਅੰਗਕਾਰੀ ਦੀ ਜਾਦੂਗਰੀ ਕਰ ਦਿਖਾਈ ਹੈ। ਦੋਵੇਂ ਭਾਸ਼ਾਵਾਂ ਦੇ ਲੇਖਕਾਂ ਦਾ ਵੱਡਾ ਨਾ ਹੋਣ ਕਾਰਨ, ਪੰਜਾਬੀ ਵਿਚ ਅਜਿਹੀ ਨਿਵੇਕਲੀ ਰਚਨਾ ਦਾ ਪੰਜਾਬੀ ਵਿਚ ਅਨੁਵਾਦ ਹੋਣਾ, ਆਪਣੇ-ਆਪ ਸਲਾਹਉਣਯੋਗ ਉੱਦਮ ਹੈ। ਅਨੁਵਾਦ ਦੀ ਡੂੰਘੀ ਮੁਹਾਰਤ ਹੋਣ ਕਾਰਨ ਕੇ. ਐਲ. ਗਰਗ ਨੂੰ ਭਾਰਤੀ ਸਾਹਿਤ ਅਕਾਦਮੀ (ਦਿੱਲੀ) ਵਲੋਂ 2018 'ਚ ਉੱਤਮ ਅਨੁਵਾਦਕ ਦਾ ਪੁਰਸਕਾਰ ਵੀ ਮਿਲ ਚੁੱਕਿਆ ਹੈ। ਅਨੁਵਾਦਿਤ 'ਸੁਨਹਿਰੀ ਟਹਿਣੀ' ਸਰ ਜੇਮਜ਼ ਜਾਰਜ ਫਰੇਜ਼ਰ ਦੀ ਵੱਡ ਅਕਾਰੀ ਪੁਸਤਕ ਇਸ ਦਾ ਪ੍ਰਮਾਣ ਬਣ ਗਈ। ਖ਼ੈਰ ਗਰਗ ਸਾਹਿਬ ਉਂਜ ਵੀ ਗਾਗਰ 'ਚ ਸਾਗਰ ਭਰਨ ਦੇ ਮਾਹਿਰ ਹਨ। ਹਥਲੀ ਰੀਵਿਊ ਅਧੀਨ ਪੁਸਤਕ ਬਾਰੇ ਸਪੱਸ਼ਟ ਹੈ। ਨਾਵਲਕਾਰ ਗਿਰੀਸ਼ ਪੰਕਜ ਨੇ ਇਕ ਰੌਚਕ ਕਲਪਨਾ ਕੀਤੀ ਹੈ। ਇਕ ਪੱਤਰਕਾਰ ਰਾਮ ਭਰੋਸੇ ਨੂੰ ਇਕ ਕਬਾੜੀ ਤੋਂ ਇਕ ਪੁਰਾਣਾ ਚਿਰਾਗ ਮਿਲ ਜਾਂਦਾ ਹੈ ਜੋ ਕਾਫ਼ੀ ਪੁਰਾਣਾ ਹੈ ਤੇ ਅਲਾਦੀਨ ਦੇ ਚਿਰਾਗ ਵਰਗਾ। ਉਸ ਚਿਰਾਗ 'ਚੋਂ ਜਿੰਨ ਨੂੰ ਉਭਾਰ ਕੇ ਨਾਵਲਕਾਰ ਆਪਣੀ ਨਾਵਲ ਜਾਦੂਗਰੀ ਕਰਕੇ ਸਮਾਜ 'ਚ ਵਾਪਰ ਰਹੇ ਭ੍ਰਿਸ਼ਟਾਚਾਰ ਅਤੇ ਨਿੰਦਣਯੋਗ ਘਟਨਾਵਾਂ ਦਾ ਪਰਦਾ ਨੰਗਾ ਕਰਕੇ, ਵਿਅੰਗ ਕੱਸਦਾ ਹੈ। ਜਦੋਂ ਕਿ ਖੁਦ ਵਿਅੰਗਕਾਰ ਵਿਗਿਆਨਕ ਸੋਚ ਦਾ ਧਾਰਨੀ ਹੈ ਪ੍ਰੰਤੂ ਸਾਹਿਤਕਾਰੀ ਰਾਹੀਂ ਸੱਚ ਨੂੰ ਯਥਾਰਥਿਕ ਵਿਧੀ ਰਾਹੀਂ ਅਭੀਵਿਅਕਤ ਕਰ ਕੇ ਅਲਾਦੀਨ ਦੇ ਲੈਂਪ ਵਰਗੀ ਚਮਤਕਾਰੀ ਕਰਨਾ ਹੀ ਇਸ ਨਾਵਲ ਦੀ ਵਿਸ਼ੇਸ਼ਤਾ ਹੈ। ਨਾਵਲ ਦੇ ਮੁੱਖ ਪਾਤਰ ਰਾਮ ਭਰੋਸੇ ਰਾਹੀਂ ਸਮਾਜ ਦੇ ਵਿਭਿੰਨ ਖੇਤਰਾਂ ਵਿਚ ਕਾਰਜਸ਼ੀਲ ਨਕਲੀ ਲੋਕਾਂ ਦੇ ਅਸਲੀ ਚਿਹਰੇ ਨੰਗੇ ਕਰਨ ਦਾ ਕਾਰਜ ਪਾਠਕ ਨੂੰ ਭਾਉਂਦਾ ਹੈ। ਅਨੁਵਾਦਕ ਨੇ ਮਾਂ-ਬੋਲੀ ਪੰਜਾਬੀ ਦੇ ਸੁਭਾਅ ਅਨੁਸਾਰ ਰਚਨਾ ਨੂੰ ਢਾਲ ਕੇ ਨਵਾਂ ਵਾਧਾ ਕੀਤਾ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900.

19-11-2022

 ਮੌਲੀ ਦੀਆਂ ਤੰਦਾਂ
ਨਿਬੰਧਕਾਰ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 390 ਰੁਪਏ, ਸਫ਼ੇ : 165
ਸੰਪਰਕ : 098728-98599

ਪਰਮਜੀਤ ਕੌਰ ਸਰਹਿੰਦ ਪਿਛਲੇ ਲਗਪਗ ਡੇਢ ਦਹਾਕੇ ਤੋਂ ਸਾਹਿਤ ਦੇ ਖੇਤਰ ਵਿਚ ਸਰਗਰਮ ਹੈ। ਉਸ ਨੇ ਵਧੇਰੇ ਕਰਕੇ ਪੰਜਾਬੀ ਸੱਭਿਆਚਾਰ ਬਾਰੇ ਲਿਖਿਆ ਹੈ। ਉਸ ਦੀਆਂ ਪ੍ਰਕਾਸ਼ਿਤ 18 ਮੌਲਿਕ ਪੁਸਤਕਾਂ ਵਿਚ ਚਾਰ ਕਾਵਿ ਸੰਗ੍ਰਹਿ, ਛੇ ਨਿਬੰਧ ਸੰਗ੍ਰਹਿ, ਇਕ-ਇਕ ਗ਼ਜ਼ਲ ਸੰਗ੍ਰਹਿ, ਸਫ਼ਰਨਾਮਾ, ਖੋਜ ਪੁਸਤਕ, ਲੋਕ-ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਸਵੈਜੀਵਨੀ ਅਤੇ ਜੀਵਨੀ ਦੀਆਂ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਉਸ ਨੇ ਇਕ-ਇਕ ਨਿਬੰਧ ਸੰਗ੍ਰਹਿ ਅਤੇ ਕਾਵਿ ਸੰਗ੍ਰਹਿ ਦਾ ਸੁਚੱਜਾ ਸੰਪਾਦਨ ਵੀ ਕੀਤਾ ਹੈ।
'ਮੌਲ਼ੀ ਦੀਆਂ ਤੰਦਾਂ' ਉਸ ਦਾ ਇਸੇ ਸਾਲ (2022 ਵਿਚ) ਪ੍ਰਕਾਸ਼ਿਤ ਨਵੀਨਤਮ ਨਿਬੰਧ ਸੰਗ੍ਰਹਿ ਹੈ, ਜਿਸ ਵਿਚ 36 ਨਿਬੰਧ ਹਨ। ਇਨ੍ਹਾਂ ਵਿਚ ਭੂਮਿਕਾ (ਜੀਵਨ ਦੇ ਰੰਗ) ਅਤੇ ਅੰਤਿਕਾ (ਮੈਂ ਅਤੇ ਮੇਰੀ ਸਿਰਜਣਾ) ਵੀ ਸ਼ਾਮਿਲ ਹਨ।
ਲੇਖਕਾ ਪ੍ਰਕਿਰਤੀ ਨੂੰ ਪਰਿਵੇਸ਼ ਵਿਚ ਰੱਖ ਕੇ ਬੇਚੈਨੀ, ਉਦਾਸੀ, ਅਸੰਤੁਸ਼ਟਤਾ, ਉਦਰੇਵੇਂ ਅਤੇ ਵਿਸੰਗਤੀ ਦੀ ਬਾਤ ਪਾਉਂਦੀ ਹੈ। ਆਧੁਨਿਕ ਮਨੁੱਖ ਦੇ ਜੀਵਨ ਵਿਚ ਸਭ ਕੁਝ ਹੀ ਸਤਹੀ, ਓਪਰਾ ਤੇ ਬਨਾਉਟੀ ਹੈ। ਜੀਵਨ ਦੀਆਂ ਉਲਝੀਆਂ ਤਾਣੀਆਂ- ਪੇਟੀਆਂ ਵਿਚੋਂ ਨਿਰਲੇਪ ਰਹਿ ਕੇ ਬੀਬਾ ਪਰਮਜੀਤ ਨੇ ਅਤੀਤ ਦੀਆਂ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪੁਸਤਕ ਵਿਚਲੇ ਸਾਰੇ ਨਿਬੰਧ ਲੇਖਕਾਂ ਦੀਆਂ ਹੱਡਬੀਤੀਆਂ ਨੂੰ ਤਾਜ਼ਾ ਕਰਦੇ ਹਨ। ਇਨ੍ਹਾਂ ਛੋਟੇ-ਛੋਟੇ ਲੇਖਾਂ ਵਿਚ ਜੀਵਨ ਦੇ ਦੁੱਖਾਂ-ਸੁੱਖਾਂ, ਤੰਗੀਆਂ-ਤੁਰਸ਼ੀਆਂ, ਰੀਝਾਂ-ਸੱਧਰਾਂ, ਸੁਪਨਿਆਂ-ਅਕਾਂਖਿਆਵਾਂ ਦਾ ਭਰਪੂਰ ਤੇ ਭਾਵਪੂਰਤ ਵਰਣਨ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਵੀ ਉਸ ਦੇ ਵਹਿਣ ਵਿਚ ਵਹਿ ਜਾਂਦਾ ਹੈ। ਪੁਸਤਕ ਵਿਚ ਦਰਜ ਰਚਨਾਵਾਂ ਨਿਬੰਧ ਦੇ ਨਾਂਅ ਹੇਠ ਲਿਖੀਆਂ ਗਈਆਂ ਹਨ, ਪਰ ਇਨ੍ਹਾਂ ਵਿਚੋਂ ਕਹਾਣੀਆਂ ਵਰਗਾ ਆਨੰਦ ਆਉਂਦਾ ਹੈ। ਇਨ੍ਹਾਂ ਨਿਬੰਧਾਂ ਵਿਚਲੀਆਂ ਘਟਨਾਵਾਂ ਭਾਵੇਂ ਲੇਖਕਾ ਦੇ ਨਿੱਜ ਨਾਲ ਜੁੜੀਆਂ ਹੋਈਆਂ ਹਨ, ਪਰ ਪਾਠਕਾਂ ਨੂੰ ਵੀ ਇਹ ਸਰਸ਼ਾਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਹੋਰਨਾਂ ਨਿਬੰਧਾਂ ਦੇ ਨਾਲ-ਨਾਲ ਇਸ ਵਿਚ ਪੰਜਾਬੀ ਦੇ ਸਮਰੱਥ ਕਥਾਕਾਰ ਪ੍ਰੇਮ ਗੋਰਖੀ ਬਾਰੇ ਵੀ ਇਕ ਨਿਬੰਧ ਹੈ, 'ਸੋਨੇ ਦੇ ਭਾਂਡਿਆਂ ਵਾਲਾ ਗੋਰਖੀ'। ਦੋ ਨਿਬੰਧ ਕਿਸਾਨੀ ਅੰਦੋਲਨ ਬਾਰੇ ਹਨ।ਅੰਤਿਕਾ ਵਾਲੇ ਲੇਖ ਵਿਚ ਲੇਖਕਾ ਦੀ ਜ਼ਿੰਦਗੀ, ਸ਼ਖ਼ਸੀਅਤ ਅਤੇ ਸਾਹਿਤ-ਸਿਰਜਣਾ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ ਕਿ ਦਸਵੀਂ ਪਾਸ ਇਕ ਘਰੇਲੂ ਔਰਤ ਨੇ ਏਨੀ ਗਿਣਤੀ ਵਿਚ ਸਾਹਿਤ ਰਚਨਾ ਕੀਤੀ, ਜਿਸ ਦੀ ਇਕ ਪੁਸਤਕ (ਖੋਜ ਕਾਰਜ- 'ਬਦਲ ਰਿਹਾ ਮੇਰਾ ਪਿੰਡ') ਪੰਜਾਬੀ ਯੂਨੀਵਰਸਿਟੀ ਪਟਿਆਲਾ (2016 ਵਿੱਚ) ਨੇ ਪ੍ਰਕਾਸ਼ਿਤ ਕੀਤੀ ਹੈ। ਆਪਣੇ ਜਵਾਨ-ਜਹਾਨ ਇਕਲੌਤੇ ਪੁੱਤਰ ਦੇ ਸਦੀਵੀ ਵਿਛੋੜੇ ਤੋਂ ਬਾਅਦ ਵੀ ਲੇਖਕਾ ਨੇ ਹੌਸਲਾ ਨਹੀਂ ਹਾਰਿਆ ਤੇ ਉਹ ਨਿਰੰਤਰ ਸਾਹਿਤ ਸੇਵਾ ਨਾਲ ਜੁੜੀ ਹੋਈ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.

ਪਨਾਹ
ਲੇਖਕ : ਸੁਰਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 99157-97823

ਪੁਸਤਕ ਦੀ ਕਹਾਣੀ ਕਿ ਫ਼ੌਜੀ ਦੀ ਆਪ-ਬੀਤੀ ਕਥਾ ਹੈ। ਉਸ ਨੇ ਆਪਣੀ ਕਹਾਣੀ ਲੇਖਕ ਨੂੰ ਸੁਣਾਈ ਅਤੇ ਲੇਖਕ ਨੇ ਇਸ ਬਿਰਤਾਂਤ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਦਿੱਤਾ। ਕਹਾਣੀ ਦਾ ਨਾਇਕ, ਸ਼ਸ਼ੀ ਚੌਧਰੀ, ਅਮਨ ਦਾ ਮੁਤਲਾਸ਼ੀ ਸੀ ਪਰ ਉਹ ਜੰਗ ਦਾ ਸ਼ਿਕਾਰ ਹੋ ਗਿਆ। ਉਸ ਨੇ ਪੂਰੀ ਦੁਨੀਆ ਨੂੰ ਜੰਗ ਅਤੇ ਉਸ ਦੇ ਭਿਆਨਕ ਨਤੀਜਿਆਂ ਤੋਂ ਮੁਕਤ ਕਰਾਉਣ ਦਾ ਸੰਕਲਪ ਕੀਤਾ ਹੋਇਆ ਸੀ ਪਰ ਉਹ ਆਪ ਹੀ ਉਸ ਅੱਗ ਦੀ ਲਪੇਟ ਵਿਚ ਆ ਗਿਆ। ਦੂਜੇ ਸੰਸਾਰ ਯੁੱਧ ਸਮੇਂ ਸ਼ਸ਼ੀ ਨੂੰ ਅੰਗਰੇਜ਼ ਹਕੂਮਤ ਵੋਲੰ ਮਿਸਰ, ਲੀਬੀਆ, ਅਲਜੀਰੀਆ, ਤੁਨੀਸੀਆ ਆਦਿ ਵੱਲ ਲੜਾਈ ਲਈ ਭੇਜਿਆ ਗਿਆ। ਇਕ ਥਾਂ 'ਤੇ ਉਹ ਜੰਗੀ ਕੈਦੀ ਬਣ ਗਿਆ ਅਤੇ ਉਸ ਨੂੰ ਇਟਲੀ ਭੇਜ ਦਿੱਤਾ ਗਿਆ। ਇਕ ਕੈਂਪ ਵਿਚੋਂ ਸ਼ਸ਼ੀ ਅਤੇ ਉਸ ਦੇ ਸਾਥੀ ਭੱਜ ਨਿਕਲੇ। ਜਦੋਂ ਉਹ ਬਚਦੇ ਬਚਾਉਂਦੇ, ਭੁੱਖੇ ਤਿਹਾਏ ਇਕ ਜੰਗਲ ਵਿਚੋਂ ਗੁਜ਼ਰ ਰਹੇ ਸਨ ਤਾਂ ਇਕ ਈਸਾਈ ਪਾਦਰੀ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਅਤੇ ਭੋਜਨ ਦਿੱਤਾ। ਜਿਥੇ ਕੁਝ ਲੋਕ ਨਫ਼ਰਤ ਦੀ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਉਥੇ ਹੀ ਹਿਟਲਰ, ਮੁਸੋਲਿਨੀ ਵਰਗੇ ਲੋਕ ਮਨੁੱਖਤਾ ਦਾ ਘਾਣ ਕਰਦੇ ਹਨ। ਆਮ ਲੋਕ ਤਾਂ ਅਮਨਪਸੰਦ ਹੁੰਦੇ ਹਨ। ਸ਼ਸ਼ੀ ਜਜ਼ਬਾਤੀ ਅਤੇ ਆਦਰਸ਼ਵਾਦੀ ਹੈ। ਉਸ ਨੇ ਪੂਰੀ ਦੁਨੀਆ ਦਾ ਦਰਦ ਆਪਣੇ ਸੀਨੇ ਵਿਚ ਸਮੋਇਆ ਹੋਇਆ ਹੈ। ਆਖ਼ਰ ਉਸ ਦੀ ਰਿਹਾਈ ਹੁੰਦੀ ਹੈ ਤਾਂ ਉਹ ਫ਼ੌਜੀ ਨੌਕਰੀ ਤਿਆਗ਼ ਕੇ ਸਮਾਜ ਦੇ ਭਲੇ ਲਈ ਕੰਮ ਕਰਦਾ ਹੈ। ਭਾਰਤ ਆਜ਼ਾਦ ਹੋ ਜਾਂਦਾ ਹੈ ਤਾਂ ਸਰਕਾਰ ਵਲੋਂ ਉਸ ਨੂੰ ਮੁੜ ਫ਼ੌਜੀ ਨੌਕਰੀ ਦੀ ਪੇਸ਼ਕਸ਼ ਹੁੰਦੀ ਹੈ ਪਰ ਉਹ ਠੁਕਰਾ ਦਿੰਦਾ ਹੈ। ਉਹ ਆਜ਼ਾਦ ਰਹਿ ਕੇ ਸੱਚ ਦੀ ਤਲਾਸ਼ ਵਿਚ ਜੁਟ ਜਾਂਦਾ ਹੈ। ਉਹ ਸਾਰੀ ਦੁਨੀਆ ਨੂੰ ਆਪਣਾ ਪਰਿਵਾਰ ਸਮਝਦਾ ਹੈ ਅਤੇ ਦੇਸ਼ ਭਗਤੀ ਦੇ ਸੀਮਤ ਪਿਆਰ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਨੂੰ ਆਪਣੇ ਪਿਆਰ ਕਲਾਵੇ ਵਿਚ ਲੈਣਾ ਚਾਹੁੰਦਾ ਹੈ। ਉਹ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਝਗੜਿਆਂ, ਨਹਿਰਾਂ ਦੇ ਪਾਣੀਆਂ ਦੀਆਂ ਸਮੱਸਿਆਵਾਂ, ਕਸ਼ਮੀਰ ਦੀ ਲੜਾਈ ਆਦਿ ਬਾਰੇ ਚਿੰਤਿਤ ਹੈ। ਲੇਖਕ ਨੇ ਇਕ ਸੰਵੇਦਨਸ਼ੀਲ ਮਨੁੱਖ ਦਾ ਚਿਤਰਣ ਕਰ ਕੇ ਸਾਡੀ ਚੇਤਨਾ ਨੂੰ ਜਗਾਉਣ ਦਾ ਉਪਰਾਲਾ ਕੀਤਾ ਹੈ। ਉਸ ਦਾ ਇਹ ਉੱਦਮ ਸ਼ਲਾਘਾਯੋਗ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

c c c

 

ਗਾਥਾ ਪੁਰਖਿਆਂ ਦੀ
ਲੇਖਕ : ਜਥੇਦਾਰ ਤੋਤਾ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 300 ਰੁਪਏ, ਸਫ਼ੇ 254
ਸੰਪਰਕ : 98762-00541

ਇਸ ਹਥਲੀ ਪੁਸਤਕ ਵਿਚ ਜਥੇ: ਤੋਤਾ ਸਿੰਘ ਨੇ ਨਾ ਸਿਰਫ ਆਪਣੇ ਪੁਰਖਿਆਂ ਦੇ ਵਰੋਸਾਏ ਦੋ ਪਿੰਡਾਂ ਦੀਦਾਰ ਸਿੰਘ ਵਾਲਾ ਅਤੇ ਪੱਤੋ ਦੀਦਾਰ ਸਿੰਘ ਵਾਲਾ ਦੇ ਅਤੀਤ ਨੂੰ ਫਰੋਲਦਿਆਂ ਸਭਨਾਂ ਦੇ ਸਨਮੁਖ ਕੀਤਾ ਹੈ, ਬਲਕਿ ਪੁਰਾਤਨ ਸਮੇਂ ਦੇ ਸਮਾਜਿਕ ਤਾਣੇ-ਬਾਣੇ, ਲੋਕਾਂ ਦੇ ਜੀਵਨ, ਉਨ੍ਹਾਂ ਦੇ ਕੰਮ-ਧੰਦੇ ਅਤੇ ਸੋਚ-ਵਿਚਾਰਾਂ ਨੂੰ ਵੀ ਇਤਿਹਾਸ ਦੇ ਰੂਪ ਵਿਚ ਕਲਮਬੰਦ ਕੀਤਾ ਹੈ। ਪਿੰਡ ਦੀਦਾਰ ਸਿੰਘ ਵਾਲਾ ਦਾ ਇਤਿਹਾਸ ਪੰਜਾਬ ਦੇ ਪੁਰਾਤਨ ਪੇਂਡੂ ਸੱਭਿਆਚਾਰ ਦਾ ਸ਼ੀਸ਼ਾ ਹੈ। ਪੇਂਡੂ ਕਿਰਸਾਨੀ ਦੀਆਂ ਅਜਿਹੀਆਂ ਕਦਰਾਂ-ਕੀਮਤਾਂ ਅੰਕਿਤ ਹਨ, ਜੋ ਆਪੋਧਾਪੀ, ਨਿੱਜਪ੍ਰਸਤੀ ਦੇ ਯੁੱਗ ਵਿਚ ਵੀ ਰਾਹ ਦਸੇਰਾ ਹੋ ਸਕਦੀਆਂ ਹਨ ਅਤੇ ਨਵੀਂ ਪੀੜ੍ਹੀ ਨੂੰ ਹੱਥੀਂ ਕਿਰਤ ਕਰਕੇ ਜੀਵਨ ਸਫ਼ਲਾ ਕਰਨ ਦੇ ਰਾਹ ਪਾ ਸਕਦੀਆਂ ਹਨ। ਸਾਰੀਆਂ ਬੁਰਾਈਆਂ, ਕੁਰੀਤੀਆਂ ਦੀ ਜੜ੍ਹ ਕਿਰਤ ਤੋਂ ਤੋੜ ਵਿਛੋੜਾ ਹੈ। ਵਿਹਲੜ ਜਵਾਨੀ ਨਸ਼ੇਖੋਰੀ ਤੇ ਨਿਰਾਸਤਾ ਵਿਚ ਡੁੱਬੀ ਆਤਮਘਾਤ ਦੇ ਰਾਹ ਪਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਉੱਤੇ ਅਮਲ ਕਰਨ ਨਾਲ ਹੀ ਭਲਾ ਹੋ ਸਕਦਾ।
ਕਿਤਾਬ ਨੂੰ ਲੇਖਕ ਨੇ 37 ਭਾਗਾਂ ਵਿਚ ਵੰਡਿਆ ਹੈ ਲੇਖਕ ਦੀ ਦਿਲੀ ਇੱਛਾ ਹੈ ਕਿ ਹਰ ਘਰ ਆਪਣੇ ਵੱਡ-ਵਡੇਰਿਆਂ ਪੁਰਖਿਆਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਤੋਂ ਨਾ ਸਿਰਫ ਜਾਣੂੰ ਹੋਏ ਬਲਕਿ ਉਨ੍ਹਾਂ ਦੇ ਨੇੜੇ ਵੀ ਹੋਏ। ਸਾਰੇ ਇਕ-ਦੂਜੇ ਨਾਲ ਪੀਢੀ ਸਾਂਝ ਰੱਖਣ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਦਾਦੇ, ਪੜਦਾਦੇ, ਨਾਨੇ ਨਾਨੀਆਂ, ਪੜਦਾਦਿਆਂ ਦੇ ਨਾਂਅ ਨਹੀਂ ਪਤਾ। ਹਰ ਪਿੰਡ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ। ਲੇਖਕ ਨੇ ਪੱਤੀ ਵਾਰ ਅਤੇ ਜਾਤੀ ਆਧਾਰਿਤ ਕੁਰਸੀਨਾਮੇ ਸਹਿਤ ਪਿੰਡ ਦੀਦਾਰ ਸਿੰਘ ਵਾਲੇ ਦੇ ਪੁਰਖਿਆਂ ਨਾਲ ਸਾਂਝ ਪੁਆਈ ਹੈ, ਸਫ਼ਾ 226 ਤੋਂ 254 ਤੀਕ ਕੁਰਸੀਨਾਮੇ ਹਨ, ਫਿਰ ਪਿੰਡ ਦੇ ਸ਼ਹੀਦਾਂ ਦੀ ਤਫਸੀਲ, ਵੱਖ-ਵੱਖ ਮੋਰਚਿਆਂ ਸਮੇਂ ਗ੍ਰਿਫਤਾਰ ਹੋਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸਮੇਤ ਜਾਣਕਾਰੀ। ਸਾਂਝੇ ਪੰਜਾਬ ਸਮੇਂ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪੁਰਾਤਨ ਨਕਸ਼ਾ, ਸਫ਼ਾ 171 ਤੋਂ 194 ਤੀਕ ਹੱਥ ਲਿਖਤ ਬੰਦੋਬਸਤ ਪਿੰਡ ਦੀਦਾਰ ਸਿੰਘ ਵਾਲਾ ਦੀ ਉਰਦੂ ਵਿਚ ਦਰਜ ਕੀਤੀ ਹੈ। ਇਹ ਪਿੰਡ ਦੀਦਾਰ ਸਿੰਘ ਵਾਲਾ ਸੰਬੰਧੀ ਹਵਾਲਾ ਪੁਸਤਕ ਹੈ। ਅਜਿਹੀਆਂ ਪੁਸਤਕਾਂ ਪਿੰਡਾਂ ਬਾਰੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਲੇਖਕ ਜਥੇਦਾਰ ਤੋਤਾ ਸਿੰਘ ਨੇ ਆਪਣੇ ਪੁਰਖਿਆਂ ਨੂੰ ਸੂਚੀਬੱਧ ਤੇ ਇਤਿਹਾਸਕ ਤੌਰ 'ਤੇ ਸਾਂਭਣ ਲਈ ਜੋ ਉਪਰਾਲਾ ਕੀਤਾ ਹੈ, ਪ੍ਰਸੰਸਾਜਨਕ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਇਸ ਕਿਤਾਬ ਤੋਂ ਸੇਧ ਲੈਂਦੀਆਂ ਰਹਿਣਗੀਆਂ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

c c c

ਗਲਪਕਾਰ ਸੰਤਵੀਰ ਦਾ ਰਚਨਾ ਸੰਸਾਰ
ਸੰਪਾਦਕ : ਡਾ. ਰਾਜਿੰਦਰ ਸਿੰਘ ਕੁਰਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ 303
ਸੰਪਰਕ : 70093-56607

ਸੰਤਵੀਰ ਪੰਜਾਬੀ ਸਾਹਿਤ ਖੇਤਰ ਵਿਚ ਨਾਮਵਰ ਹਸਤਾਖਰ ਹੈ। ਉਸ ਦਾ ਰਚਨਾ ਸੰਸਾਰ ਬਹੁਪੱਖੀ ਹੈ। ਉਸ ਨੇ ਪੰਜਾਬੀ ਕਹਾਣੀ, ਨਾਵਲ, ਵਿਅੰਗ, ਸਮੀਖਿਆ ਨਿਬੰਧਕਾਰੀ ਤੇ ਕਵਿਤਾ ਦੀਆਂ ਅੱਠ ਕਿਤਾਬਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਇਹ ਪੁਸਤਕ ਸੰਤਵੀਰ ਰਚਿਤ ਸਾਹਿਤ ਤੇ ਚਿੰਤਨਸ਼ੀਲ ਵਿਚਾਰਾਂ ਦੀ ਸੁਚੱਜੀ ਪੇਸ਼ਕਾਰੀ ਹੈ। ਸੰਪਾਦਕ ਨੇ ਸੰਤਵੀਰ ਦੀਆਂ 25 ਚੋਣਵੀਆਂ ਕਵਿਤਾਵਾਂ ਦੇ ਕੇ ਕਵੀ ਦੀ ਕਾਵਿ-ਕਲਾ ਦਾ ਵਿਸ਼ਲੇਸ਼ਣ ਕੀਤਾ ਹੈ। ਕਵਿਤਾ ਵਾਂਗ ਕਹਾਣੀ, ਵਿਅੰਗ, ਨਿਬੰਧਾਂ ਬਾਰੇ ਸਾਰਥਿਕ ਚਰਚਾ ਸੰਪਾਦਕ ਨੇ ਪੁਸਤਕ ਵਿਚ ਕੀਤੀ ਹੈ। ਪੁਸਤਕ ਨੂੰ ਸੱਤ ਭਾਗਾਂ ਵਿਚ ਵੰਡਿਆ ਹੈ। ਪਹਿਲਾ ਕਵਿਤਾ ਭਾਗ ਹੈ। ਦੂਸਰਾ ਭਾਗ ਕਹਾਣੀਆਂ ਦਾ ਹੈ। ਸੰਤਵੀਰ ਦੀਆਂ ਛੇ ਬਿਹਤਰੀਨ ਕਹਾਣੀਆਂ ਹਨ। ਕਹਾਣੀਆਂ ਤਲਾਕ, ਸ਼ਰਧਾਂਜਲੀ ਸਮਾਗਮ, ਫਾਲਤੂ ਆਦਮੀ, ਰਿਹਾਈ, ਔਕਾਤ, ਘਟਨਾ ਬਣੀ ਕਹਾਣੀ ਪੜ੍ਹ ਕੇ ਦਿਲਚਸਪੀ ਪੈਦਾ ਹੁੰਦੀ ਹੈ। ਕਹਾਣੀਆਂ ਦੇ ਕਈ ਪਾਤਰ ਯਾਦਗਾਰੀ ਹਨ। ਸੰਤਵੀਰ ਸਿੱਖਿਆ ਖੇਤਰ ਵਿਚ ਲੰਮਾ ਸਮਾਂ ਰਿਹਾ ਹੋਣ ਕਰਕੇ ਉਸ ਦੀ ਗਲਪ ਰਚਨਾ ਵਿਚ ਸਿੱਖਿਆ ਨੀਤੀਆਂ ਦੀ ਗੱਲ ਨਿਵੇਕਲੇ ਅੰਦਾਜ਼ ਵਿਚ ਹੁੰਦੀ ਹੈ। ਖ਼ਾਸ ਕਰਕੇ ਵਿਅੰਗ ਵਿਚ। ਸੰਤਵੀਰ ਦੀ ਗਲਪ ਰਚਨਾ ਵਿਚ ਜ਼ਿੰਦਗੀ ਦੇ ਕਈ ਰੰਗ ਤਿੱਖੇ ਰੂਪ ਵਿਚ ਪੇਸ਼ ਹੋਏ ਹਨ। ਪੁਸਤਕ ਦਾ ਤੀਸਰਾ ਭਾਗ ਨਿਬੰਧਾਂ ਦਾ ਹੈ। ਸੰਤਵੀਰ ਦੇ ਅਖ਼ਬਾਰਾਂ ਵਿਚ ਛਪੇ 20 ਨਿਬੰਧ ਹਨ। ਨਿਬੰਧਾਂ ਵਿਚ ਬੇਬਾਕੀ ਹੈ। ਭ੍ਰਿਸ਼ਟਾਚਾਰ, ਲੋਕਤੰਤਰ, ਕੰਮ ਸੱਭਿਆਚਾਰ, ਸਿੱਖਿਆ, ਜ਼ਿੰਦਗੀ ਦਾ ਆਥਣ ਵੇਲਾ ਤੇ ਹੋਰ ਗੰਭੀਰ ਵਿਸ਼ਿਆਂ ਬਾਰੇ ਨਿਬੰਧ ਪੁਸਤਕ ਵਿਚ ਹਨ। ਚੌਥੇ ਭਾਗ ਵਿਚ 8 ਵਿਅੰਗ ਹਨ। ਵਿਅੰਗ ਪੜ੍ਹ ਕੇ ਮਨ ਖਿੜ ਜਾਂਦਾ ਹੈ। ਸੰਤਵੀਰ ਨੇ ਅਖੌਤੀ ਕਵੀਆਂ, ਸਾਹਿਤ ਸਮਾਗਮਾਂ ਦੀ ਅਡੰਬਰਬਾਜ਼ੀ, ਅਫ਼ਸਾਨੇ ਅਫ਼ਸਰੀ ਦੇ, ਕੀ ਬਣੂ ਦੁਨੀਆ ਦਾ ਵਿਅੰਗਾਂ ਵਿਚ ਸਮਾਜ ਦੀ ਬਹੁਪਖੀ ਤਸਵੀਰ ਪੇਸ਼ ਕੀਤੀ ਹੈ। ਪੰਜਵੇਂ ਭਾਗ ਵਿਚ ਨਾਮਵਰ ਆਲੋਚਕਾਂ ਵਲੋਂ ਸੰਤਵੀਰ ਦੇ ਕਹਾਣੀ ਸੰਗ੍ਰਹਿ ਤੇ ਨਾਵਲਾਂ ਬਾਰੇ ਸਮੀਖਿਆ ਲੇਖ ਹਨ। ਅਖ਼ਬਾਰਾਂ ਵਿਚ ਸੰਤਵੀਰ ਦੀਆਂ ਕਿਤਾਬਾਂ 'ਤੇ ਛਪੇ ਰੀਵਿਊ ਅਤੇ ਸਮੀਖਿਆ ਲੇਖ ਹਨ। ਆਲੋਚਕ ਦੇ ਤੌਰ 'ਤੇ ਸੰਤਵੀਰ ਦੀ ਸਾਹਿਤਕ ਕਿਤਾਬਾਂ ਦੇ ਸਮੀਖਿਆ ਲੇਖ ਵੀ ਇਸੇ ਭਾਗ ਵਿਚ ਹਨ । ਛੇਵੇਂ ਭਾਗ ਵਿਚ ਸਾਹਿਤਕਾਰਾਂ ਵਲੋਂ ਸੰਤਵੀਰ ਨੂੰ ਲਿਖੇ ਯਾਦਗਾਰੀ ਖਤ ਸ਼ਾਮਿਲ ਕੀਤੇ ਹਨ। ਖਤਾਂ ਵਿਚ ਸੰਤਵੀਰ ਲਈ ਮੁਹਬੱਤ ਹੈ। ਪੁਸਤਕ ਦੇ ਸੱਤਵੇਂ ਭਾਗ ਵਿਚ ਸੰਤਵੀਰ ਨੇ ਅਖ਼ਬਾਰਾਂ ਨੂੰ ਸਮੇਂ-ਸਮੇਂ 'ਤੇ ਜੋ ਖਤ ਲਿਖੇ, ਉਹ ਪੁਸਤਕ ਵਿਚ ਹਨ। ਪੁਸਤਕ ਬਾਰੇ ਡਾ. ਕਰਨੈਲ ਸਿੰਘ ਡੀ. ਪੀ. ਆਈ. ਕਾਲਜ (ਸੇਵਾਮੁਕਤ), ਗੁਰਦੀਪ ਸਿੰਘ ਵੜੈਚ ਤੇ ਗੁਰਿੰਦਰ ਸਿੰਘ ਕਲਸੀ ਦੇ ਭਾਵਪੂਰਤ ਵਿਚਾਰ ਹਨ। ਸੰਤਵੀਰ ਦੀਆਂ ਕਿਤਾਬਾਂ 'ਤੇ ਗੋਸ਼ਟੀ, ਪਰਚੇ ਪੜ੍ਹਦਿਆਂ ਤੇ ਸਾਹਿਤਕਾਰਾਂ ਨਾਲ 10 ਤਸਵੀਰਾਂ ਪੁਸਤਕ ਨੂੰ ਚਾਰ ਚੰਨ ਲਾਉਂਦੀਆਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 098148-56160

ਸ਼ਾਇਰ ਉਦਾਸ ਹੈ
ਲੇਖਕ : ਬਲਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98882-75913

ਸ਼ਾਇਰ ਉਦਾਸ ਹੈ। ਪੁਸਤਕ ਦੇ ਲੇਖਕ ਬਲਵਿੰਦਰ ਸਿੰਘ ਭੁੱਲਰ ਹਨ, ਜਿਨ੍ਹਾਂ ਨੇ ਇਸ ਕਾਵਿ-ਸੰਗ੍ਰਹਿ ਪੁਸਤਕ ਵਿਚ 63 ਵੱਖੋ-ਵੱਖਰੇ ਵਿਸ਼ਿਆਂ ਦੀਆਂ ਕਵਿਤਾਵਾਂ ਲਿਖੀਆਂ ਹਨ, ਜੋ ਕਿ ਦਿਲ ਨੂੰ ਛੂੰਹਦੀਆਂ ਹਨ। ਲੇਖਕ ਨੇ ਇਸ ਪੁਸਤਕ ਤੋਂ ਪਹਿਲਾਂ 'ਜੇਹਾ ਬੀਜੈ ਸੋ ਲੁਣੈ' (ਕਹਾਣੀ ਸੰਗ੍ਰਹਿ), 'ਉਡਾਰੀਆਂ ਭਰਦੇ ਲੋਕ' (ਸ਼ਬਦ ਚਿੱਤਰ ਲੇਖ ਸੰਗ੍ਰਹਿ) ਅਤੇ 'ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ' (ਪਾਕਿਸਤਾਨੀ ਸਫ਼ਰਨਾਮਾ) ਆਦਿ ਪੁਸਤਕਾਂ 'ਤੇ ਆਪਣਾ ਹੱਥ ਅਜਮਾਇਆ ਹੈ। ਲੇਖਕ ਦੇ ਕੋਲ ਸ਼ਬਦਾਵਲੀ ਦਾ ਵੱਡਾ ਭੰਡਾਰ ਹੈ ਜੋ ਲੋੜੀਂਦੇ ਢੁਕਵੇਂ ਸਮੇਂ 'ਤੇ ਆਪਣੀ ਹੱਥ ਅਜ਼ਮਾਈ ਕਰਦਾ ਹੈ। ਸੋਚ ਦੀ ਡੂੰਘਾਈ ਤੱਕ ਪੁੱਜਿਆ ਇਹ ਲੇਖਕ ਆਪਣੀਆਂ ਕਵਿਤਾਵਾਂ ਦੇ ਰਾਹੀਂ ਚੰਗਾ ਸੁਨੇਹਾ ਦਿੰਦਾ ਹੋਇਆ ਯਾਦਾਂ ਨੂੰ ਵੀ ਤਾਜ਼ਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਆਪਣੀਆਂ ਰਚਨਾਵਾਂ ਦੇ ਵਿਚ ਲੇਖਕ ਫ਼ੌਜੀ ਸ਼ਹੀਦਾਂ ਨੂੰ ਯਾਦ ਕਰਦਾ ਹੈ। ਕਲਮ ਦੇ ਸਾਥ ਦੀ ਗੱਲ ਕਰਦਾ ਹੈ, ਔਰਤ ਦੇ ਹੱਕ ਦੀ ਗੱਲ ਕਰਦਾ ਹੈ, ਕਿਸਾਨਾਂ ਨੂੰ ਜਗਾਉਂਦਾ ਹੈ, ਰੌਸ਼ਨੀ ਦੇਣ ਵਾਲੇ ਦੀਵੇ ਦੀ ਗੱਲ ਕਰਦਾ ਹੈ। ਰੁੱਸੀ ਕੁਦਰਤ ਪ੍ਰਤੀ ਸੁਚੇਤ ਕਰਦਾ ਹੈ, ਬਦਲ ਰਹੇ ਜ਼ਮਾਨੇ ਦੀ ਦਾਸਤਾਨ ਦੱਸਦਾ ਹੈ। ਲੀਡਰਾਂ ਦੇ ਔਗੁਣਾਂ 'ਤੇ ਝਾਤੀ ਮਰਵਾਉਂਦਾ ਹੈ। ਝੂਠੀ ਸਿਆਸਤ ਦੀ ਗੱਲ ਕਰਦਾ ਹੈ। ਇਤਿਹਾਸ 'ਤੇ ਝਾਤੀ ਮਰਵਾਉਂਦਾ ਹੈ, ਮਜ਼ਦੂਰ ਔਰਤ ਦੀ ਗੱਲ ਕਰਨ ਦੇ ਨਾਲ ਹਰ ਕਵਿਤਾ ਵਿਚ ਨਿਵੇਕਲਾ ਵਿਸ਼ਾ ਦਰਸਾਉਂਦਾ ਹੈ। ਖੇਤੀ ਸੰਦ, ਬਾਬਰ, ਦੀਵਾ, ਤੈਰਦੀ ਲਾਸ਼, ਰੁੱਸੀ ਕੁਦਰਤ, ਸੱਪਣੀ, ਝੂਠੀ ਸਿਆਸਤ, ਕਾਰੋਬਾਰ, ਸੁਨੇਹਾ, ਵੰਡ ਦੀ ਪੀੜ, ਲੇਖੇ ਲੱਗੀ, ਜਵਾਨੀ, ਮੁਹਾਂਦਰਾ, ਜ਼ਮਾਨਾ ਬਦਲ ਗਿਆ। ਤਰਕ, ਮਜ਼ਦੂਰ ਕੋਰੋਨਾ ਸਮੇਂ ਆਦਿ ਦੀਆਂ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹਨ। ਲੇਖਕ ਨੇ ਹਰ ਰਚਨਾ ਦੇ ਵਿਚ ਪਾਠਕ ਦੀ ਦਿਲਚਸਪੀ ਬਣਾਈ ਹੋਈ ਹੈ ਅਤੇ ਅੱਗੋਂ ਹੋਰ ਰਚਨਾ ਨੂੰ ਪੜ੍ਹਦੇ-ਪੜ੍ਹਦੇ ਸਾਰੀ ਹੀ ਪੁਸਤਕ ਆਪ ਮੁਹਾਰੇ ਹੀ ਪੜ੍ਹੀ ਜਾਂਦੀ ਹੈ। ਕਹਾਣੀ, ਲੇਖ, ਲਿਖਣ ਦੇ ਨਾਲੋਂ ਨਾਲ ਲੇਖਕ ਨੂੰ ਕਵਿਤਾ ਲਿਖਣ ਦੇ ਵਿਚ ਵੀ ਮੁਹਾਰਤ ਹਾਸਲ ਹੈ। ਕੁਝ ਕਵਿਤਾਵਾਂ ਦੇ ਵਿਚ ਲੇਖਕ ਲਲਕਾਰਾ ਮਾਰਨ ਦੇ ਵਿਚ ਈ ਦੇਰੀ ਨਹੀਂ ਲਗਾਉਂਦਾ ਅਤੇ ਆਪਣੇ ਦਿਲ ਦੀ ਹੂਕ ਨੂੰ ਦਲੇਰੀ ਨਾਲ ਕਹਿ ਜਾਂਦਾ ਹੈ। ਲੇਖਕ ਮਜ਼ਦੂਰ ਔਰਤ ਦੀ ਗੱਲ ਕਰਦਾ ਹੋਇਆ ਲਿਖਦਾ ਹੈ:
ਉਠ ਸਵੇਰੇ ਦੋ ਟੁੱਕੜ ਲਾਹੁੰਦੀ
ਅਚਾਰ ਰੱਖ, ਪੌਣੇ 'ਚ ਬੰਨ੍ਹ
ਕੁਛੜ ਬੱਚਾ, ਸਿਰ 'ਤੇ ਟੋਕਰਾ
ਪਹੁੰਚ ਜਾਂਦੀ ਠੇਕੇਦਾਰ ਦੇ ਕੰਮ 'ਤੇ।
ਸੋ, ਲੇਖਕ ਦਾ ਉਪਰਾਲਾ ਸ਼ਲਾਘਾਯੋਗ ਹੈ। ਪੁਸਤਕ ਪੜ੍ਹਨ ਤੇ ਸੰਭਾਲਣਯੋਗ ਹੈ।

-ਬਲਵਿੰਦਰ ਸਿੰਘ ਸੋਢੀ 'ਮੀਰਹੇੜੀ'
ਮੋਬਾਈਲ : 092105-88990

ਪੰਜਾਬੀ ਕਹਾਣੀ ਦਾ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 135
ਸੰਪਰਕ : 94639-20920

ਵਰਿਆਮ ਸੰਧੂ ਪੰਜਾਬੀ ਸਾਹਿਤ ਖੇਤਰ ਵਿਚ ਤੇ ਵਿਸ਼ੇਸ਼ ਕਰਕੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਵਿਲੱਖਣ ਸਥਾਨ ਰੱਖਣ ਵਾਲਾ ਕਹਾਣੀਕਾਰ ਹੈ, ਜਿਸ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣੀ ਨਿਵੇਕਲੀ ਸ਼ੈਲੀ ਰਾਹੀਂ ਪਾਠਕਾਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਈ ਹੋਈ ਹੈ। ਉਹ ਅੱਜ ਵੀ ਪੂਰੀ ਨਿਰੰਤਰਤਾ ਅਤੇ ਸਰਗਰਮੀ ਨਾਲ ਪੰਜਾਬੀ ਕਹਾਣੀ ਲਿਖ ਰਿਹਾ ਹੈ। ਬੇਸ਼ੱਕ ਲੰਮੇ ਅਰਸੇ ਬਾਅਦ ਉਸ ਦੀ ਇਹ ਹੀ ਕਹਾਣੀ ਪਾਠਕਾਂ ਦੇ ਸਾਹਮਣੇ ਆਉਂਦੀ ਹੈ ਪਰ ਉਸ ਕਹਾਣੀ ਦੀ ਚਰਚਾ ਜ਼ਰੂਰ ਹੁੰਦੀ ਹੈ। ਪ੍ਰਿੰਸੀਪਲ ਸਰਵਣ ਸਿੰਘ ਵੀ ਪੰਜਾਬੀ ਵਾਰਤਕ ਦਾ ਕੱਦਾਵਰ ਲੇਖਕ ਹੈ, ਜਿਸ ਦੀ ਸੁਆਦਲੀ ਸ਼ੈਲੀ ਵਿਚ ਲਿਖੀ ਵਾਰਤਕ ਪਾਠਕ ਦੇ ਅੰਦਰ ਘਰ ਕਰ ਜਾਂਦੀ ਹੈ। ਵਿਚਾਰਧੀਨ ਪੁਸਤਕ 'ਪੰਜਾਬੀ ਕਹਾਣੀ ਦਾ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ ਪ੍ਰਿੰਸੀਪਲ ਸਰਵਣ ਸਿੰਘ ਦੀ ਵਰਿਆਮ ਸੰਧੂ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਲਿਖੀ ਵਿਸ਼ੇਸ਼ ਪੁਸਤਕ ਹੈ, ਜਿਸ ਵਿਚ ਸਰਵਣ ਸਿੰਘ ਨੇ ਵਰਿਆਮ ਸੰਧੂ ਦੇ ਨਿੱਜੀ ਜੀਵਨ ਵੇਰਵਿਆਂ ਦੇ ਨਾਲ-ਨਾਲ ਉਸ ਦੀ ਕਹਾਣੀ ਰਚਨਾ ਅਤੇ ਹੋਰ ਸਾਹਿਤਕ ਰਚਨਾਵਾਂ ਦੀ ਸਾਂਝ ਪਾਠਕਾਂ ਨਾਲ ਪੁਆਈ ਹੈ। ਬਹੁਤੇ ਪਾਠਕ ਨਹੀਂ ਜਾਣਦੇ ਕਿ ਵਰਿਆਮ ਸੰਧੂ ਕਵਿਤਾ ਵੀ ਲਿਖਦਾ ਹੈ ਪਰ ਇਸ ਪੁਸਤਕ ਵਿਚ ਵਰਿਆਮ ਸੰਧੂ ਦੀਆਂ ਕਵਿਤਾਵਾਂ ਵੀ ਦਰਜ ਹਨ। ਪੁਸਤਕ ਦੀ ਖਾਸੀਅਤ ਇਹ ਹੈ ਕਿ ਇਹ ਭਾਵੇਂ ਜੀਵਨੀ ਮੂਲਕ ਪੁਸਤਕ ਹੈ। ਸਰਵਣ ਸਿੰਘ ਨੇ ਪੁਸਤਕ ਵਿਚ ਵਰਿਆਮ ਸੰਧੂ ਦੇ ਜੀਵਨ-ਵੇਰਵਿਆਂ ਨੂੰ ਆਪ ਦੱਸਣ ਦੀ ਬਜਾਇ ਉਸ ਦੇ ਮੂੰਹੋਂ ਬੁਲਵਾਈ ਜਾਪਦੇ ਹਨ। ਜਿਵੇਂ ਉਹ ਕਈ ਵੇਰਵਿਆਂ ਤੋਂ ਪਹਿਲਾਂ ਉਹ ਲਿਖ ਦਿੰਦਾ ਹੈ ਕਿ 'ਉਹ ਦੱਸਦੈ' ਤੇ ਫਿਰ ਵਰਿਆਮ ਸੰਧੂ ਆਪ ਆਪਣੀ ਕਥਾ ਬਿਆਨ ਕਰਨ ਲੱਗ ਜਾਂਦਾ ਹੈ। ਇਹ ਵਾਰਤਕ ਸ਼ੈਲੀ ਸਰਵਣ ਸਿੰਘ ਦੀ ਵਾਰਤਕ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ। ਪੁਸਤਕ ਵਿਚ ਵਰਿਆਮ ਸੰਧੂ ਦਾ ਸੰਖੇਪ ਬਿਓਰਾ ਦੇਣ ਤੋਂ ਬਾਅਦ ਲੇਖਕ ਦਾ ਜੀਵਨ ਬਿਓਰਾ ਵੀ ਸ਼ਾਮਿਲ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

13-11-2022

ਛੇਤੀ ਛੇਤੀ ਚੜ੍ਹ ਸੂਰਜਾ
ਲੇਖਕ : ਇੰਜ: ਮਲਕੀਤ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 98148-71491


ਸ਼ਾਇਰ ਇੰਜ: ਮਲਕੀਤ ਸਿੰਘ ਸਿੱਧੂ ਆਪਣੀ ਪਲੇਠੀ ਕਾਵਿ-ਕਿਤਾਬ 'ਛੇਤੀ ਛੇਤੀ ਚੜ੍ਹ ਸੂਰਜਾ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਕੈਨੇਡਾ ਵਿਚ ਇੰਡੋ ਕੈਨੇਡੀਅਨ ਸੁਸਾਇਟੀ (ਇੰਕਾ) ਦਾ ਕਾਰਕੁੰਨ ਹੈ ਤੇ ਇਹ ਸੰਸਥਾ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਸਮਾਜਕ ਮਸਲੇ, ਪਰਵਾਸੀ ਮਸਲਿਆਂ ਤੋਂ ਇਲਾਵਾ ਸੱਭਿਆਚਾਰਕ ਸਮਾਗਮ ਰਚਾ ਕੇ ਆਪਣੀ ਮਿੱਟੀ ਨਾਲ ਜੁੜਨ ਦੀ ਤਲਬ ਪੂਰੀ ਕਰ ਰਹੀ ਹੈ। ਸ਼ਾਇਰ ਦੇ ਜੀਵਨ ਵਿਚ ਕਵਿਤਾ ਨੇ ਉਸ ਸਮੇਂ ਉਸਲਵੱਟੇ ਲੈਣੇ ਸ਼ੁਰੂ ਕਰ ਦਿੱਤੇ ਸਨ ਜਦੋਂ ਬਚਪਨ ਵਿਚ ਪਿੰਡਾਂ ਵਿਚ ਸਜਾਏ ਜਾਂਦੇ ਨਗਰ ਕੀਰਤਨਾਂ ਵਿਚ ਢਾਡੀਆਂ, ਕਵੀਸ਼ਰਾਂ ਤੇ ਹੋਰ ਗਮੰਤਰੀਆਂ ਦੀ ਸਟੇਜੀ ਰੁਮਾਂਦਿਤਕਤਾ ਤੋਂ ਪ੍ਰਭਾਵਿਤ ਹੋਇਆ। ਉਹ ਕਿਸੇ ਫ਼ਲਸਫ਼ੇ ਦੇ ਬੰਧੇਜ ਵਿਚ ਨਹੀਂ ਆਉਂਦਾ ਤੇ ਉਸ ਦੀ ਪ੍ਰਤੀਬੱਧਤਾ ਉਸ ਦੀ ਆਪਣੀ ਸੁਹਿਰਦਤਾ ਨਾਲ ਹੈ ਤੇ ਇਸ ਸੁਹਿਰਦਤਾ ਕਾਰਨ ਸਮੇਂ-ਸਮੇਂ ਸਿਰ ਮਨ 'ਤੇ ਪਏ ਫਲੈਸ਼ਾਂ ਨੂੰ ਛੰਦਬੱਧ ਕਰਕੇ ਫੁਰਸਤ ਦੇ ਪਲਾਂ ਵਿਚ ਸਰਲ ਸਪੱਸ਼ਟ ਸ਼ਬਦਾਂ ਦੀ ਕਵਿਤਾ ਦਾ ਜਾਮਾ ਪਵਾ ਦਿੰਦਾ ਹੈ। ਉਸ ਦੀ ਸ਼ਾਇਰੀ ਸਿਖਾਂਦਰੂ ਪ੍ਰਯਤਨ ਵਿਚੋਂ ਗੁਜ਼ਰ ਰਹੀ ਹੈ। ਜੋ ਸਮਕਾਲੀ ਬੌਧਿਕ ਸ਼ਾਇਰੀ ਤੋਂ ਅਜੇ ਵਿਥ ਸਿਰਜ ਰਹੀ ਹੈ। ਫੁਰਸਤ ਦੇ ਪਲਾਂ ਵਿਚ ਬਹੁ-ਅੱਯਾਮੀ ਸਰੋਕਾਰਾਂ ਨਾਲ ਦਸਤਪੰਜਾ ਲੈਂਦੀ ਸ਼ਾਇਰੀ ਤਾਂ ਹੈ ਹੀ ਪਰ ਵਿਸ਼ੇਸ਼ ਕਰਕੇ ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਸੰਘਰਸ਼ ਕਰਕੇ ਜਿਸ ਤਰ੍ਹਾਂ ਕਿਸਾਨਾਂ ਨੇ ਦਿੱਲੀ ਸਰਕਾਰ ਦੀਆਂ ਲੇਲੜੀਆਂ ਕਢਾ ਕੇ ਜਿੱਤ ਦੇ ਪਰਚਮ ਝੁਲਾਉਂਦੇ ਜੈਕਾਰੇ ਛੱਡਦੇ ਘਰਾਂ ਨੂੰ ਪਰਤੇ ਹਨ, ਉਸ ਨਾਲ ਉਸ ਦੀ ਰੂਹ ਦਾ ਕੌਲ ਫੁੱਲ ਬਾਗ਼ੋ ਬਾਗ਼ ਹੋ ਗਿਆ। ਕੋਰੋਨਾ ਕਾਲ ਸਮੇਂ ਕਿਵੇਂ ਆਮ ਜਨਤਾ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਪਣੇ ਹੀ ਦੇਸ਼ ਵਿਚ ਪਰਦੇਸੀਆਂ ਵਾਂਗ ਪੈਰਾਂ ਦੇ ਛਾਲਿਆਂ ਦੀ ਕਮਾਈ ਨਾਲ ਸੈਂਕੜੇ ਮੀਲਾਂ ਦਾ ਸਫ਼ਰ ਤਹਿ ਕੀਤਾ ਦਾ ਤਾਰਕਿਕ ਵਰਨਣ ਕੀਤਾ ਹੈ। ਭਾਵੇਂ ਹੁਣ ਉਸ ਦੀ ਕਰਮ ਭੂਮੀ ਕੈਨੇਡਾ ਹੈ ਤੇ ਕਦੇ-ਕਦੇ ਭੂ-ਹੇਰਵਾ ਵੀ ਸਤਾਉਂਦਾ ਹੈ ਤੇ ਹੁਣ ਉਸ ਨੇ ਸਮਝ ਲਿਆ ਹੈ ਕਿ ਹੁਣ ਉਸ ਦਾ ਦੇਸ਼ ਕੈਨੇਡਾ ਹੀ ਹੈ ਤੇ ਕੈਨੇਡਾ ਨੂੰ 'ਸਾਡਾ ਕੈਨੇਡਾ' ਦਾ ਸੰਬੋਧਨ ਉਸ ਦੇ ਸਵੈ-ਕਥਨ ਨੂੰ ਤਸਦੀਕ ਕਰਦਾ ਹੈ। ਮੇਰੀ ਰੂਸੀ ਕਵਿਤਾ ਮੇਰਾ ਬਚਪਨ, ਪੰਜਾਬੀ ਬੋਲੀ, ਜੀਵਨ ਦੀ ਲੋਅ, ਵਾਤਾਵਰਨ, ਸਨੋਅ, ਰਾਣੀ ਤੇ ਰੰਗਲਾ ਪੰਜਾਬ ਨਾਂਅ ਦੀਆਂ ਨਜ਼ਮਾਂ ਵਿਸ਼ੇਸ਼ ਧਿਆਨ ਖਿਚਦੀਆਂ ਹਨ। ਜੇ ਸ਼ਾਇਰ ਨੇ ਸ਼ਾਇਰੀ ਦੇ ਖੇਤਰ ਵਿਚ ਝੰਡੇ ਗੱਡਣੇ ਹਨ ਤਾਂ ਉਸ ਨੂੰ ਸਟੇਜੀ ਰੋਮਾਂਚਿਕਤਾ ਛੱਡ ਕੇ ਬੌਧਿਕ ਰੋਮਾਂਚਿਕਤਾ ਦੇ ਲੜ ਲੱਗਣਾ ਪਵੇਗਾ। ਹੁਣ ਉਸ ਦੀ ਬੌਧਿਕ ਮੁਹਾਵਰੇ ਦੀ ਕਵਿਤਾ ਦੀ ਉਡੀਕ ਰਹੇਗੀ।


-ਭਗਵਾਨ ਢਿੱਲੋਂ
ਮੋਬਾਈਲ : 98143-78254


ਮ੍ਰਿਗ ਤ੍ਰਿਸ਼ਨਾ
ਲੇਖਕ : ਜੇ.ਬੀ. ਸਿੰਘ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 127


ਡਾ. ਜੇ.ਬੀ. ਸਿੰਘ ਅਮਰੀਕਾ ਦਾ ਪੱਕਾ ਵਸਨੀਕ, ਪਿਛੋਕੜ ਲਹਿੰਦਾ ਪੰਜਾਬ, ਲੁਧਿਆਣਾ ਦਾ ਜੰਮ-ਪਲ ਹੈ। ਕਿੱਤਾ ਮੈਡੀਕਲ, ਪੰਜਾਬੀ, ਅੰਗਰੇਜ਼ੀ, ਲੋਕ ਪ੍ਰਸ਼ਾਸਨ ਦੀ ਐਮ.ਏ. ਪਾਸ ਹੈ। ਹਥਲਾ ਕਹਾਣੀ-ਸੰਗ੍ਰਹਿ ਪ੍ਰਥਮ ਹੈ।
ਇਸ ਵਿਚ 19 ਕਹਾਣੀਆਂ ਸ਼ਾਮਿਲ ਨੇ। ਸਿਰਲੇਖ ਹਨ : ਮ੍ਰਿਗ-ਤ੍ਰਿਸ਼ਨਾ, ਜਿੱਥੇ ਯਾਦਾਂ ਵਸਦੀਆਂ ਹਨ, ਫੰਡੂਲਸ ਦੀ ਅੱਖ, ਕਲੈਪਟੋ-ਫੋਬੀਆ, ਪਰਦੇ ਦੇ ਪਿੱਛੇ, ਜ਼ੂਮ-ਮੀਟਿੰਗ, ਉਲਝਣ, ਚੂੜੀਆਂ, ਹੈਪੀ ਭੈਣ ਜੀ, ਫਾਦਰ'ਜ਼ ਡੇਅ, ਰੇਨ ਕੋਟ, ਐਗਜ਼ਿਟ, ਲਾਡਲਾ ਪੁੱਤ, ਭੇਦ, ਵਾਰਸ, ਉਮਰ ਕੈਦ, ਵਰ ਮਾਲਾ, ਚਮਤਕਾਰ, ਹੈਰਾਨ ਹਾਂ ਮੈਂ। ਵਿਚਾਰਾਧੀਨ ਕਹਾਣੀਆਂ ਦਾ ਅਧਿਐਨ ਕਰਦਿਆਂ ਇਨ੍ਹਾਂ ਦੇ 'ਕੇਂਦਰੀ ਸੂਤਰ' ਉਜਾਗਰ ਹੁੰਦੇ ਹਨ।
ਮਸਲਨ : ਪਿਆਰ ਲਈ ਭਟਕਦੀ ਰੂਹ; ਮ੍ਰਿਤਕ ਔਰਤ ਵਲੋਂ ਗ਼ਰੀਬ ਔਰਤ ਲਈ ਅੰਗ-ਦਾਨ ਅਤੇ ਮਾਇਆ ਦਾਨ, ਚੋਰੀ ਕਰਨਾ ਆਦਤ, ਚੋਰੀ ਦਾ ਵਹਿਮ ਵੀ ਆਦਤ, ਕਰਮ ਫ਼ਿਲਾਸਫ਼ੀ, ਮਰੀਜ਼ਾਂ 'ਚ ਵੀ ਅਣਖ ਜੋਸ਼ ਭਰਦੀ ਹੈ, ਤੰਦਰੁਸਤ ਸਮਾਜ ਲਈ ਜਾਇਦਾਦ ਦਾ ਹਿੱਸਾ, ਬਹੁਤੀ ਖ਼ੁਸ਼ੀ ਵੀ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ। ਬਿਮਾਰੀ ਦੇ ਇਲਾਜ 'ਚ ਬੇਧਿਆਨੀ ਮਾਰੂ ਸਾਬਤ ਹੋ ਸਕਦੀ ਹੈ, ਪਿਤਾ-ਦਿਵਸ 'ਤੇ ਵਿਅੰਗ, ਲਵ-ਟਰੈਂਗਲ, ਗਰੀਨ ਕਾਰਡ ਲੈਣ ਲਈ ਫਰਜ਼ੀ ਵਿਆਹ ਤੋਂ ਪਤਨੀ ਦੀ ਨਰਾਜ਼ਗੀ, ਮਾਂ ਦੀ ਮੌਤ ਤੇ ਪੁੱਤਰ ਦਾ ਰੋਣਾ, ਅਕ੍ਰਿਤਘਣ ਅਫ਼ਸਰ, ਨਾਜਾਇਜ਼ ਸੰਬੰਧਾਂ ਦਾ ਦੁਖਾਂਤ, ਅਚਾਨਕ ਹੋਏ ਕਤਲ ਦਾ ਮਾਨਸਿਕ ਬੋਝ; ਸਿਆਣੀ ਨੂੰਹ ਹੀ ਦਹੇਜ, ਹੁਕਮਨਾਮਾ ਅਮਲ ਕਰਨ ਹਿਤ, ਨਾ ਕਿ ਵੱਟਸਐਪ 'ਤੇ ਭੇਜਣ ਲਈ, ਧਿਆਨ ਦਾ ਇਕਾਗਰ ਨਾ ਹੋਣਾ ਇਤਿਆਦ। ਕਥਾਕਾਰ ਨੇ ਵਿਗਿਆਨਕ ਟਿੱਪਣੀਆਂ ਵੀ ਕੀਤੀਆਂ ਹਨ। ਮਸਲਨ : ਨਿਊਟਨ ਕਹਿੰਦਾ ਹੈ 'ਫਾਰ ਏਵੁਰੀ ਐਕਸ਼ਨ, ਦੇਅਰ ਇਜ਼ ਏਨ ਇਕੂਅਲ ਐਂਡ ਆਪੋਜ਼ਿਟ ਰੀਐਕਸ਼ਨ।' ਪੰ 36. ਕਹਾਣੀਆਂ ਸੰਵਾਦ-ਜੁਗਤ ਨਾਲ ਵਿਕਾਸ ਕਰਦੀਆਂ ਹਨ।
ਰੋਲ ਆਫ਼ ਚਾਨਸ ਕਾਰਜਸ਼ੀਲ ਹੈ। ਪਾਤਰਾਂ ਦਾ ਮਾਨਸਿਕ ਵਿਸ਼ਲੇਸ਼ਣ ਉਪਲਬਧ ਹੈ। ਲੇਖਕ ਨੇ ਡਾਕਟਰੀ ਪੇਸ਼ਾ ਹੋਣ ਕਾਰਨ ਅਨੇਕਾਂ ਬਿਮਾਰੀਆਂ ਨੂੰ ਕਥਾਨਕ ਦਾ ਭਾਗ ਬਣਾਇਆ ਹੈ। ਅਸ਼ਲੀਲ ਘਟਨਾਵਾਂ ਦੀ ਪੇਸ਼ਕਾਰੀ ਸਮੇਂ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਨੇ। ਸੰਖੇਪ ਇਹ ਕਿ ਇਹ ਕਹਾਣੀ ਸੰਗ੍ਰਹਿ ਵਿਸ਼ਾਗਤ ਅਤੇ ਕਲਾਤਮਿਕ ਪੱਖੋਂ ਨਵਾਂ ਰੰਗ ਲੈ ਕੇ ਆਇਆ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ।


-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
c c c


ਚੰਨ ਦੀਆਂ ਰਿਸ਼ਮਾਂ
ਲੇਖਿਕਾ : ਮਨਜੀਤ ਕੌਰ ਜੀਤ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ: 200 ਰੁਪਏ, ਸਫ਼ੇ: 88
ਸੰਪਰਕ : 95922-93364


ਬੇਸ਼ੱਕ 'ਚਾਨਣ ਦੀਆਂ ਰਿਸ਼ਮਾਂ' ਮਨਜੀਤ ਕੌਰ ਜੀਤ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਪਰ ਉਨ੍ਹਾਂ ਦੀਆਂ ਸ਼ਬਦ ਜੜ੍ਹਤ ਦੀਆਂ ਕਾਰਾਗਰੀਆਂ ਨੂੰ ਦੇਖਦਿਆਂ ਕਿਤੇ ਵੀ ਅਜਿਹਾ ਅਹਿਸਾਸ ਨਹੀਂ ਹੁੰਦਾ। ਮਾਨਵੀ ਰਿਸ਼ਤਿਆਂ ਵਿਚੋਂ ਮਨਫ਼ੀ ਹੋ ਰਹੀ ਸਾਕਾਰਾਤਮਿਕਤਾ ਦੀ ਬਹਾਲੀ ਨੂੰ ਉਹ ਆਪਣੀ ਕਵਿਤਾ ਦੇ ਕੇਂਦਰ ਵਿਚ ਰੱਖ ਕੇ ਤੁਰਦੇ ਹਨ ਅਤੇ ਅਜੋਕੇ ਵਿਗਿਆਨਕ ਦੌਰ ਵਿਚ ਵੀ ਧੀਆਂ-ਪੁੱਤਰਾਂ ਵਿਚ ਅੰਤਰ ਸਮਝਣ ਵਾਲੀ ਜਗੀਰੂ ਮਾਨਸਿਕਤਾ ਦੇ ਖ਼ਿਲਾਫ਼ ਬੇਬਾਕ ਆਵਾਜ਼ ਬੁਲੰਦ ਕਰਦੇ ਹਨ:
ਮੈਂ ਭਰੀ ਪਹਿਲੀ ਹਿਚਕੀ / ਤਦ ਵਰਤੀ ਸਾਰੇ ਵਿਹੜੇ 'ਚ
ਸ਼ਮਸ਼ਾਨ ਵਰਗੀ ਸ਼ਾਂਤੀ / ਤੁਰੇ ਫਿਰਦੇ ਲਾਸ਼ਾਂ ਵਾਂਗ ਮੇਰੇ ਮਾਪੇ
ਮਨਜੀਤ ਕੌਰ ਜੀਤ ਦੀ ਬਹੁਤੀ ਕਵਿਤਾ ਵਿਚੋਂ ਸੂਫ਼ੀ ਰੰਗ ਦੀ ਰੂਹਾਨੀ ਝਲਕ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਨੂੰ ਮੰਦਰਾਂ ਅਤੇ ਮਸਜਿਦਾਂ ਦੇ ਰਾਜਨੀਤਕ ਝਗੜਿਆਂ ਨੂੰ ਤਿਆਗ ਕੇ ਆਪਣੇ ਮਨ ਦੀ ਨਿਰਮਲਤਾ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕਰਤਾਰੀ ਜੋਤ ਦਾ ਆਪਣਾ ਸਰੂਪ ਅਖਵਾਉਣ ਵਾਲੇ ਇਨਸਾਨ ਨੂੰ, ਸ਼ੈਤਾਨ ਦੇ ਜਾਮੇ ਵਿਚ ਬੰਬ-ਬਾਰੂਦ ਦੇ ਭੰਡਾਰ ਇਕੱਤਰ ਕਰਦਿਆਂ ਦੇਖ ਕੇ ਉਹ ਚਿੰਤਾ ਅਤੇ ਚਿੰਤਨ ਦੇ ਅਥਾਹ ਸਮੁੰਦਰਾਂ ਵਿਚ ਗੋਤੇ ਖਾਣ ਲੱਗਦੇ ਹਨ। ਵਰਤਮਾਨ ਦੇ ਬਹੁਤ ਸਾਰੇ ਭਖਦੇ ਮਸਲਿਆਂ ਨੂੰ ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਛੋਹਿਆ ਹੈ ਅਤੇ ਹਰ ਮਸਲੇ ਦੀ ਤਹਿ ਤੱਕ ਪਹੁੰਚਣ ਲਈ ਬਹੁਤ ਹੀ ਸੰਤੁਲਿਤ ਪਹੁੰਚ ਅਖ਼ਤਿਆਰ ਕੀਤੀ ਹੈ। ਉਨ੍ਹਾਂ ਕੋਲ ਵਿਸ਼ਿਆਂ ਦੀ ਵੀ ਕੋਈ ਘਾਟ ਨਹੀਂ ਅਤੇ ਹਰ ਵਿਸ਼ੇ ਨੂੰ ਸੰਬੋਧਿਤ ਹੋਣ ਦਾ ਉਨ੍ਹਾਂ ਦਾ ਹੁਨਰ ਵੀ ਬਾਕਮਾਲ ਹੈ। ਬਿੰਬ, ਪ੍ਰਤੀਕ, ਸਹਿਜ ਅਤੇ ਸੁਹਜ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਮਨਜੀਤ ਕੌਰ ਜੀਤ ਦੀ ਇਹ ਬੇਹੱਦ ਖ਼ੂਬਸੂਰਤ ਪੁਸਤਕ ਪੜ੍ਹਨਯੋਗ, ਸਾਂਭਣਯੋਗ ਅਤੇ ਸ਼ਲਾਘਾਯੋਗ ਹੈ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਰਬਾਬ ਤੋਂ ਕਿਰਪਾਨ ਤੱਕ

ਗ਼ਜ਼ਲਕਾਰ : ਰਣਜੀਤ ਸਿੰਘ ਧੂਰੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98762-04508


'ਰਬਾਬ ਤੋਂ ਕਿਰਪਾਨ ਤੱਕ' ਬਾਰੇ ਪੰਜਾਬੀ ਦੇ ਮਹਾਨ ਗ਼ਜ਼ਲ ਚਿੰਤਕਾਂ ਨੇ ਆਪਣੇ ਪ੍ਰਸੰਸਾਮੁਖੀ ਨੋਟ ਪੁਸਤਕ ਵਿਚ ਦਰਜ ਕਰਵਾਏ ਹਨ, ਜਿਨ੍ਹਾਂ ਵਿਚ ਡਾ. ਸੁਰਜੀਤ ਪਾਤਰ, ਗੁਰਦਿਆਲ ਰੌਸ਼ਨ, ਬੂਟਾ ਸਿੰਘ ਚੌਹਾਨ, ਕ੍ਰਿਸ਼ਨ ਭਨੋਟ ਅਤੇ ਹੋਰ ਵਿਦਵਾਨ ਵੀ ਸ਼ਾਮਿਲ ਹਨ। ਇਸ ਪੁਸਤਕ ਦੀ ਸ਼ਾਇਰੀ ਨਾਲ ਪੰਜਾਬੀ ਗ਼ਜ਼ਲ ਦਸਮੇਸ਼ ਜੀ ਦੇ ਫ਼ਲਸਫ਼ੇ ਦੀ ਪੈਰਵੀ ਕਰਦੀ ਨਜ਼ਰ ਆਉਂਦੀ ਹੈ।
ਪੁਸਤਕ ਵਿਚ ਕੁੱਲ 85 ਸ਼ਾਨਦਾਰ ਗ਼ਜ਼ਲਾਂ ਹਨ। ਪਾਤਰ ਇਸ ਪੁਸਤਕ ਬਾਰੇ ਲਿਖਦਿਆਂ ਕਹਿੰਦਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਰਣਜੀਤ ਸਿੰਘ ਧੂਰੀ ਹੋਰਾਂ ਨੇ ਆਪਣੀ ਪੁਸਤਕ ਦੇ ਨਾਂਅ ਅਤੇ ਸ਼ਾਇਰੀ ਨੂੰ ਰਬਾਬ ਅਤੇ ਕਿਰਪਾਨ ਦੇ ਸੰਕਲਪ ਨਾਲ ਜੋੜਿਆ ਹੈ। ਸਾਡੇ ਯੁੱਗ ਵਿਚ ਇਸ ਗੱਲ ਦੀ ਬਹੁਤ ਜ਼ਰੂਰਤ ਹੈ ਕਿ ਕਿਰਪਾਨ ਦੀ ਧਾਰ ਕਦੀ ਵੀ ਰਬਾਬ ਦੀ ਤਾਰ ਤੋਂ ਬੇਮੁਖ ਨਾ ਹੋਵੇ, ਸੁਰਜੀਤ ਪਾਤਰ ਨੇ ਇਹ ਗ਼ਜ਼ਲ ਪੁਸਤਕ ਸਿਰਜਣ ਲਈ ਧੂਰੀ ਨੂੰ ਵਧਾਈ ਭੇਜੀ ਹੈ।
ਪ੍ਰਸਿੱਧ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਅਨੁਸਾਰ ਧੂਰੀ ਦੀ ਸ਼ਾਇਰੀ ਫੁਲਕਾਰੀ 'ਚੋਂ ਸੁਪਨੇ, ਸਧਰਾਂ, ਸ਼ੋਖੀਆਂ, ਸੰਗ-ਸ਼ਰਮ, ਸਹਿਜਤਾ, ਸੰਜੀਦਗੀ, ਸਮੁੱਚਤਾ, ਸੁਚੱਜਤਾ ਤੇ ਸੂਹੇ ਰੰਗ ਦੀ ਝਲਕ ਹੈ। ਬੂਟਾ ਸਿੰਘ ਚੌਹਾਨ ਅਨੁਸਾਰ ਰਣਜੀਤ ਸਿੰਘ ਧੂਰੀ ਨੇ ਬਹਿਰ ਵਜ਼ਨ ਸਿੱਖਿਆ ਹੀ ਨਹੀਂ, ਸਗੋਂ ਕਮਾਇਆ ਹੈ। ਗੁਰਦਿਆਲ ਰੌਸ਼ਨ ਅਨੁਸਾਰ ਧੂਰੀ ਪਿੰਗਲ ਤੇ ਅਰੂਜ ਭਾਵ ਗ਼ਜ਼ਲ ਬਣਤਰ ਬਾਰੇ ਸੁਚੇਤ ਹੈ, ਸੁਲੱਖਣ ਸਰਹੱਦੀ ਜਿਹੇ ਵੱਡੇ ਉਸਤਾਦ ਤੋਂ ਅਗਵਾਈ ਸੋਨੇ 'ਤੇ ਸੁਹਾਗਾ ਹੈ।'ਰਬਾਬ ਤੋਂ ਕਿਰਪਾਨ ਤੱਕ' ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਦੀ ਆਸਥਾ ਦੀ ਪ੍ਰਤੀਕ ਵੀ ਅਤੇ ਹਾਸਲ ਵੀ ਬਣੇਗਾ। ਅਮੀਨ


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਕਲਮ ਤੇ ਕਿਤਾਬ

ਲੇਖਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 88376-84173


'ਕਲਮ ਤੇ ਕਿਤਾਬ' ਪੁਸਤਕ ਵਿਚ 22 ਨਿਬੰਧ ਦਰਜ ਹਨ, ਜਿਨ੍ਹਾਂ ਦਾ ਮਿਆਰ ਉੱਚਾ ਹੈ। ਡਾ. ਕੋਮਲ ਦੀ ਬੌਧਿਕਤਾ ਦਾ 'ਪ੍ਰਮਾਣ ਨਿਬੰਧਾਂ ਦੇ ਵਿਸ਼ਿਆਂ ਦੀ ਸਟੀਕ ਜਾਣਕਾਰੀ ਤੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਪੁਰਾਤਨਤਾ ਤੋਂ ਆਧੁਨਿਕ ਯੁੱਗ ਤੱਕ ਕਲਮ ਦੇ ਇਤਿਹਾਸ ਨੂੰ ਰੂਪਮਾਨ ਕੀਤਾ ਗਿਆ ਹੈ। ਪੁਸਤਕ ਦੀ ਕੇਂਦਰ ਧੁਨੀ ਹੈ, 'ਗਿਆਨ ਪ੍ਰਾਪਤ ਕਰਨ ਦੀ ਨਾ ਸੀਮਾ ਹੁੰਦੀ ਹੈ ਨਾ ਉਮਰ, ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ਤੇ ਅਨੁਭਵ ਨਾਲ ਅਰਥ।' ਨਿਬੰਧਾਂ ਵਿਚ ਆਰਥਿਕ, ਸਮਾਜਿਕ, ਇਤਿਹਾਸਕ, ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਪਰਿਪੇਖ ਰਾਹੀਂ ਪਨਪਦੇ ਵਿਚਾਰ ਤੇ ਸਿਧਾਂਤ ਜੀਵਨ ਦੀ ਸਮੂਰਤਨ ਕਾਇਆ ਕਲਮ ਕਰਕੇ ਮਨੁੱਖਤਾ ਨੂੰ ਦ੍ਰਿੜ੍ਹ ਨਿਸ਼ਚਾ ਪ੍ਰਦਾਨ ਕਰਦੇ ਹਨ। ਲੇਖਕ ਦੀ ਸ਼ਬਦ ਬਣਤਰ ਵਿਚੋਂ ਸੁਹਜਤਾ ਦੇ ਗੁਣਾਂ ਦੀ ਤਸਵੀਰ ਉੱਭਰਦੀ ਹੈ ਤੇ ਸ਼ਬਦਾਂ ਦੀ ਕਲਾਤਮਕਤਾ ਮਨ ਮਸਤਕ 'ਚ ਅਨਹਦ ਧੁਨੀ ਛੇੜਦੀ ਹੈ। ਪੁਸਤਕ ਵਿਚਲੇ ਹਰੇਕ ਨਿਬੰਧ ਦੀ ਬਣਤਰ ਤੇ ਬੁਣਤਰ ਅਧੀਨ ਸ਼ਬਦਾਂ ਦੇ ਅਰਥ, ਅਰਥਾਂ ਦੀ ਵਿਆਖਿਆ, ਵਿਸ਼ਲੇਸ਼ਣ, ਇਤਿਹਾਸਕ ਪੱਖ, ਸਮਾਜਿਕ ਸਾਰਥਕਤਾ, ਲੋਕ ਜੀਵਨ ਤੇ ਸਮਾਜ, ਪ੍ਰੇਰਣਾ, ਮਹੱਤਵਪੂਰਨ ਤੇ ਸਟੀਕ ਜਾਣਕਾਰੀ, ਆਲੰਕਾਰਕ ਤੇ ਸ਼ਿੰਗਾਰਮਈ ਭਾਸ਼ਾ ਆਦਿ ਤੱਤ ਹਨ। ਨਿਬੰਧਾਂ ਵਿਚ ਵਿਗਿਆਨਕ ਪਹੁੰਚ ਵਿਧੀ ਵਿਦਮਾਨ ਰਹਿੰਦੀ ਹੈ, ਜਿਸ ਤੋਂ ਪਾਠਕ ਸਕਾਰਾਤਮਕ ਬਿਰਤੀ ਧਾਰਨ ਕਰ ਸਕਦਾ ਹੈ। ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਸੁੱਖ-ਆਰਾਮ ਤੇ ਵਿਕਾਸਮੁਖੀ ਸੰਭਾਵਨਾਵਾਂ ਪ੍ਰਦਾਨ ਕੀਤੀਆਂ। ਪਰ ਸ਼ੈਤਾਨਮਈ ਬਿਰਤੀ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ, ਜਿਸ ਕਾਰਨ ਜਾਨਵਰ ਪ੍ਰਵਿਰਤੀ ਵਿਚ ਵਾਧਾ ਹੋਇਆ ਹੈ। ਕੁਰੀਤੀਆਂ ਤੋਂ ਛੁਟਕਾਰਾ ਪਾਉਣ ਲਈ ਗੌਤਮ ਬੁੱਧ, ਕ੍ਰਿਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਪਰਪੱਕਤਾ ਨਾਲ ਅਪਨਾਉਣ ਦੀ ਜ਼ਰੂਰਤ ਹੈ। ਪੁਸਤਕ ਦੇ ਨਿਬੰਧ ਮੰਤਰ ਭਾਵ ਪਰਮਾਤਮਾ ਨੂੰ ਸਮਝਣ ਦੀ ਸਮਝ ਅਤੇ ਯੰਤਰ ਬਾਹਰੀ ਵਸਤੂਆਂ ਜਾਂ ਸਮਾਜ ਦੀ ਸਮਝ ਪ੍ਰਦਾਨ ਕਰਦੇ ਹਨ। ਪਾਠਕ ਲਈ ਪ੍ਰੇਰਨਾ ਸ੍ਰੋਤ, 'ਅਦਬ ਸਿੱਖਣਾ ਹੋਵੇ ਤਾਂ ਕਲਮ ਤੋਂ ਸਿੱਖੋ, ਜਦ ਵੀ ਚੱਲਦੀ ਹੈ ਸਿਰ ਝੁਕਾ ਕੇ ਚੱਲਦੀ ਹੈ, ਕਲਮ ਅੰਦਰ ਸਲੀਕਾ ਹੈ, ਸੰਭਾਲਣ ਦੀ ਸ਼ਕਤੀ ਹੈ, ਸੁਹੱਪਣ ਦੀ ਕਲਾ ਹੈ।'


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810


ਆਧੁਨਿਕ ਪੰਜਾਬੀ ਕਵਿਤਾ ਦੇ ਭਾਸ਼ਾਈ ਸਰੋਕਾਰ
ਲੇਖਿਕਾ : ਡਾ. ਸੰਦੀਪ ਕੌਰ ਸਰਹਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ 275 ਰੁਪਏ, ਸਫ਼ੇ : 265
ਸੰਪਰਕ : 98885-43326


'ਆਧੁਨਿਕ ਪੰਜਾਬੀ ਕਵਿਤਾ ਦੇ ਭਾਸ਼ਾਈ ਸਰੋਕਾਰ' ਡਾ. ਸੰਦੀਪ ਕੌਰ ਸਰਹਾਲੀ ਦੇ ਪੀਐਚ.ਡੀ. ਦੇ ਖੋਜ ਕਾਰਜ 'ਤੇ ਆਧਾਰਿਤ ਪੁਸਤਕ ਹੈ। ਇਸ ਖੋਜ ਕਾਰਜ ਵਿਚ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਭਾਸ਼ਾ ਨੂੰ ਸਮਝਣ ਤੇ ਪਰਖਣ ਦਾ ਯਤਨ ਕੀਤਾ ਗਿਆ ਹੈ। ਲੇਖਿਕਾ ਅਨੁਸਾਰ ਇਨ੍ਹਾਂ ਕਵੀਆਂ ਦੀ ਭਾਸ਼ਾ ਅਤੇ ਸ਼ੈਲੀ ਇਕ ਦੂਜੇ ਨਾਲੋਂ ਵੱਖਰੀ ਹੈ, ਜਿਸ ਦਾ ਕਾਰਨ ਇਨ੍ਹਾਂ ਦੇ ਵੱਖਰੇ ਜੀਵਨ ਅਨੁਭਵ ਅਤੇ ਵੱਖਰੇ ਭਾਸ਼ਾਈ ਸਰੋਤ ਹਨ। 'ਤਾਅਰੁਫ਼' ਸਿਰਲੇਖ ਅਧੀਨ ਲੇਖਿਕਾ ਵਲੋਂ ਲਿਖੀ ਭੂਮਿਕਾ ਵਿਚ ਤਿੰਨ ਪ੍ਰਸ਼ਨ ਉਠਾਏ ਹਨ ਜੋ ਇਨ੍ਹਾਂ ਕਵੀਆਂ ਦੀਆਂ ਸਾਹਿਤਕ ਕ੍ਰਿਤਾਂ, ਯਥਾਰਥ ਦੀ ਕਲਾਪੂਰਵਕ ਅਭਿਵਿਅਕਤੀ ਅਤੇ ਪਾਠਕਾਂ ਨੂੰ ਕਾਵਿ-ਭਾਸ਼ਾ ਦਾ ਬੋਧ ਕਰਵਾਏ ਜਾਣ ਬਾਰੇ ਹਨ। ਪਹਿਲੇ ਅਧਿਆਏ ਵਿੱਚ ਲੇਖਿਕਾ ਨੇ ਕਾਵਿ-ਭਾਸ਼ਾ ਨੂੰ ਸਿਧਾਂਤਕ ਖਾਕੇ ਵਿਚ ਰੱਖ ਕੇ ਪਰਖਿਆ ਹੈ ਅਤੇ ਭਾਸ਼ਾ ਤੇ ਕਾਵਿ ਸੰਬੰਧਾਂ ਨੂੰ ਉਜਾਗਰ ਕੀਤਾ ਹੈ। ਅੱਗੇ ਚਲ ਕੇ ਕਾਵਿ-ਭਾਸ਼ਾ ਦਾ ਹੋਰਨਾਂ ਵਿਸ਼ਿਆਂ ਦੀਆਂ ਭਾਸ਼ਾਵਾਂ ਨਾਲੋਂ ਨਿਖੇੜਾ ਕਰਦੇ ਹੋਏ ਲੇਖਿਕਾ ਨੇ ਭਾਰਤੀ ਤੇ ਪੱਛਮੀ ਕਾਵਿ ਸਿਧਾਂਤ ਕੀਤੇ ਹਨ। ਦੂਜੇ ਅਧਿਆਇ ਵਿਚ ਤੁਲਨਾਤਮਿਕ ਅਧਿਐਨ ਨੂੰ ਇਕ ਵੱਖਰੇ ਸਿਧਾਂਤਕ ਵਿਗਿਆਨ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ ਅਤੇ ਇਸ ਦੀਆਂ ਅਧਿਐਨ ਵਿਧੀਆਂ ਅਤੇ ਤੱਤਾਂ ਬਾਰੇ ਚਰਚਾ ਕੀਤੀ ਗਈ ਹੈ।
ਅਗਲੇ ਤਿੰਨ ਅਧਿਆਇ ਕ੍ਰਮਵਾਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਭਾਸ਼ਾ ਬਾਰੇ ਹਨ ਜਿਨ੍ਹਾਂ ਵਿਚ ਭਾਸ਼ਾ ਦੇ ਸਰੋਤਾਂ, ਜੁਗਤਾਂ ਅਤੇ ਸੰਚਾਰ ਪ੍ਰਬੰਧ ਬਾਰੇ ਵਿਚਾਰ ਕੀਤੇ ਗਏ ਹਨ। ਮੋਹਨ ਸਿੰਘ ਦੇ 12 ਕਾਵਿ-ਸੰਗ੍ਰਹਿਆਂ ਵਿਚੋਂ ਪੰਜ ਕਾਵਿ-ਸੰਗ੍ਰਹਿਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ, ਅੰਮ੍ਰਿਤਾ ਪ੍ਰੀਤਮ ਦੀ ਕਾਵਿ ਪੁਸਤਕ 'ਕਾਗ਼ਜ਼ ਤੇ ਕੈਨਵਸ' ਨੂੰ ਅਤੇ ਸ਼ਿਵ ਕੁਮਾਰ ਦੇ ਸੰਕਲਿਤ ਕਾਵਿ ਪੁਸਤਕ 'ਬਿਰਹਾ ਨੂੰ ਸੁਲਤਾਨ' ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਕਵੀਆਂ ਦੇ ਰਚਨਾ ਕਾਲ ਦੇ ਆਧਾਰ 'ਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਕ੍ਰਮਵਾਰ ਤਿੰਨ, ਚਾਰ ਅਤੇ ਤਿੰਨ ਪੜਾਵਾਂ ਵਿਚ ਵੰਡਿਆ ਗਿਆ ਹੈ। ਇਸ ਵੰਡ ਦੇ ਆਧਾਰ 'ਤੇ ਪ੍ਰੋ. ਮੋਹਨ ਸਿੰਘ ਦੀ ਕਾਵਿ ਭਾਸ਼ਾ 'ਤੇ ਰਾਜਸੀ, ਭਾਸ਼ਾਈ ਤੇ ਸਾਹਿਤਕ ਪ੍ਰਭਾਵਾਂ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਸ਼ਬਦਾਂ ਦੇ ਸਰੋਤਾਂ ਤੇ ਉਤਪਤੀ ਨੂੰ ਵਿਚਾਰਿਆ ਗਿਆ ਹੈ, ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਦੀ ਭਾਸ਼ਾ, ਸ਼ਬਦਾਂ ਅਤੇ ਸ਼ਬਦਾਂ ਦੀ ਬਣਤਰ ਅਤੇ ਸਰੋਤਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਅਤੇ ਵਿਸ਼ੇ ਦੀ ਲੋੜ ਦੀ ਤਰਜ਼ 'ਤੇ ਸ਼ਿਵ ਦੀ ਕਾਵਿ-ਭਾਸ਼ਾ ਨੂੰ ਪਰਖਿਆ ਹੈ ਤੇ ਉਪਭਾਸ਼ਾਈ ਪ੍ਰਭਾਵਾਂ ਹੇਠ ਉਸ ਦੇ ਸਰੋਤਾਂ ਤਕ ਪੁੱਜਣ ਦਾ ਯਤਨ ਕੀਤਾ ਹੈ। ਪੁਸਤਕ ਦੇ ਅੰਤਿਮ ਅਧਿਆਇ ਵਿਚ ਲੇਖਿਕਾ ਨੇ ਇਨ੍ਹਾਂ ਤਿੰਨਾਂ ਸਾਹਿਤਕਾਰਾਂ ਦੀ ਕਾਵਿ-ਭਾਸ਼ਾ ਦਾ ਅਧਿਐਨ ਸਮਾਂ, ਸਥਾਨ, ਉਪਬੋਲੀ, ਕਾਵਿ-ਧਾਰਾਵਾਂ, ਵਿਸ਼ੇ-ਪਾਤਰ, ਕਾਵਿ-ਰੂਪਾਂ, ਸ਼ਬਦ ਸ਼ਕਤੀਆਂ, ਸ਼ਬਦ ਯੋਜਨਾ ਆਦਿ ਦੀ ਸਾਂਝ ਅਤੇ ਪ੍ਰਤੀਕਾਂ, ਬਿੰਬਾਂ, ਸਮਾਸਾਂ, ਪਰਾਹਨਾਂ, ਲੇਖਨ ਵਿਧੀ, ਅਰਥ ਸਿਰਜਣਾ, ਆਧੁਨਿਕਤਾ ਕਾਵਿ-ਸ਼ੈਲੀ ਆਦਿ ਦੇ ਵਖਰੇਵੇਂ ਦੇ ਆਧਾਰ 'ਤੇ ਕੀਤਾ ਹੈ।ਅੰਤ ਵਿਚ ਇਸ ਸਿੱਟੇ 'ਤੇ ਪੁੱਜਿਆ ਜਾ ਸਕਦਾ ਹੈ ਕਿ ਡਾ. ਸੰਦੀਪ ਕੌਰ ਸਰਹਾਲੀ ਵਲੋਂ ਕੀਤੇ ਖੋਜ-ਕਾਰਜ 'ਤੇ ਆਧਾਰਿਤ ਇਸ ਪੁਸਤਕ ਵਿਚ ਉਸ ਦਾ ਅਧਿਐਨ ਭਾਸ਼ਾਈ ਸਰੋਕਾਰਾਂ ਦੀ ਸਾਰਥਕਤਾ ਦੇ ਹਰ ਇਮਤਿਹਾਨ ਨੂੰ ਬਾਖ਼ੂਬੀ ਪਾਰ ਕਰਦਾ ਹੈ ਅਤੇ ਭਵਿੱਖ ਵਿਚ ਹੋਣ ਵਾਲੇ ਖੋਜ-ਕਾਰਜਾਂ ਲਈ ਇਕ ਪ੍ਰੇਰਨਾ ਸਰੋਤ ਬਣਦਾ ਹੈ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਤੀਸਰੀ ਖਿੜਕੀ

ਲੇਖਕ : ਨਿਰੰਜਣ ਬੋਹਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 142
ਸੰਪਰਕ : 89682-82700


'ਪੂਰਾ ਮਰਦ' ਕਹਾਣੀ ਸੰਗ੍ਰਿਹ ਤੋਂ ਬਾਅਦ ਨਿਰੰਜਣ ਬੋਹਾ ਦਾ ਸੱਜਰਾ ਕਹਾਣੀ-ਸੰਗ੍ਰਹਿ 'ਤੀਸਰੀ ਖਿੜਕੀ' 2022 'ਚ ਪ੍ਰਕਾਸ਼ਿਤ ਹੋਇਆ ਹੈ। ਇਸ ਤੋਂ ਪਹਿਲਾਂ ਸ੍ਰੀ ਬੋਹਾ ਦੀਆਂ ਦੋ ਵਾਰਤਕ ਪੁਸਤਕਾਂ 'ਮੇਰੇ ਹਿੱਸੇ ਦਾ ਅਦਬੀ ਸੱਚ' ਅਤੇ 'ਅਦਬ ਦੀਆਂ ਪਰਤਾਂ' ਵੀ ਛਪੀਆਂ ਹਨ। ਆਲੋਚਨਾ ਤੇ ਸੰਪਾਦਨਾ ਕਾਰਜ ਤੋਂ ਬਿਨਾਂ 'ਪਲ ਪਲ ਬਦਲਦੀ ਜ਼ਿੰਦਗੀ' ਮਿੰਨੀ ਕਹਾਣੀ ਸੰਗ੍ਰਹਿ ਛਪ ਚੁੱਕਿਆ ਹੈ। 'ਤੀਸਰੀ ਖਿੜਕੀ' ਪੁਸਤਕ ਵਿਚ ਕੁਲ 12 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦਾ ਮੂਲ-ਬਿੰਦੂ ਵਰਤਮਾਨ ਸਮਿਆਂ 'ਚ ਜੀਅ ਰਹੇ ਬੰਦੇ ਦੀ ਜੀਵਨ-ਸ਼ੈਲੀ ਕਿਵੇਂ ਜਟਲ ਬਣਦੀ ਜਾ ਰਹੀ ਹੈ ਤੇ ਮਾਨਸਿਕ ਤੇ ਆਰਥਿਕ ਗੁੰਝਲਦਾਰ ਸਮੱਸਿਆਵਾਂ 'ਚ ਘਿਰਿਆ ਮਰਦ ਜਾਂ ਔਰਤ ਕਿਵੇਂ ਜੂਝ ਰਿਹਾ ਹੈ, ਉਸ ਤ੍ਰਾਸਦੀ ਦਾ ਬਹੁਤ ਸਹਿਜ ਢੰਗ ਨਾਲ ਚਿਤਰਨ, ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਹੈ। ਰੋਜ਼ਾਨਾ ਕਿਵੇਂ ਰਿਸ਼ਤੇਦਾਰੀਆਂ ਦੀ ਅਖੰਡਤਾ ਤੇ ਵਿਡੰਬਨਾ ਦੀ ਜ਼ਲੀਲ ਸਥਿਤੀ ਸੁਣਦੇ ਤੇ ਵੇਖਦੇ ਹਾਂ, ਉਸ ਨੂੰ ਕਹਾਣੀਕਾਰ ਨੇ ਬਹੁਤ ਨੇੜਿਓਂ ਹੋ ਕੇ ਸਵੈ-ਪਾਤਰ ਬਣ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਦੇ ਨਾਮਕਰਨ ਵਾਲੀ ਕਹਾਣੀ 'ਤੀਸਰੀ ਖਿੜਕੀ' 'ਚ ਮੁੱਖ-ਪਾਤਰ ਰੀਤੂ ਰਾਹੀਂ ਪਵਿੱਤਰ ਰਿਸ਼ਤੇ ਨਾਨਕਿਆਂ ਦਾ ਘਿਨੌਣਾ ਕਿਰਦਾਰ 'ਰਤਨ' ਦੀ ਮੰਦੀ ਹਰਕਤ ਨਵਾਂ ਹੀ ਰੂਪ ਧਾਰਦੀ ਹੈ। ਨਸ਼ਈ ਪਤੀ ਸੁਖਚੈਨ ਤੋਂ ਤੰਗ ਆਉਂਦੀ ਰੀਤੂ ਨੂੰ ਕੋਈ ਢੋਈ ਨਹੀਂ ਮਿਲਦੀ। ਅੰਤ ਉਹ ਫ਼ੈਸਲਾ ਕਰਕੇ ਆਪਣੇ ਸਵੈ-ਮਾਣ ਨਾਲ ਜਿਊਣਾ ਚਾਹੁੰਦੀ ਹੈ। ਔਰਤ ਲਈ ਪੇਕਾ ਘਰ ਤੇ ਸਹੁਰਾ ਘਰ ਸੰਤਾਪ ਭੋਗਣ ਲਈ ਮਜਬੂਰ ਕਰਦੇ ਤੇ ਅੰਤ ਬਜ਼ੁਰਗ ਇਕ ਮਾਲੀ ਤੇ ਉਸ ਦਾ ਘਰ ਵਾਲਾ ਰੀਤੂ ਦਾ ਸਹਾਰਾ ਬਣਦੇ ਹਨ। 'ਕੋਈ ਰਿਸ਼ਤਾ ਜੋੜੇ ਬਗੈਰ ਬੰਦਾ ਜਿਉਂ ਵੀ ਨਹੀਂ ਸਕਦਾ। ਤੁਸੀਂ ਦੋਹਾਂ ਮੈਨੂੰ ਧੋਖਾ ਨਾ ਦੇਣਾ।' ਰੀਤੂ ਦੇ ਇਹ ਸ਼ਬਦ ਕਹਾਣੀ ਦੀ ਸਾਰਥਿਕਤਾ ਨੂੰ ਸਿਖਰ ਵੱਲ ਲੈ ਜਾਂਦੇ ਹਨ। 'ਖਲਾਅ ਵਿਚ ਲਟਕਦੇ ਰਿਸ਼ਤੇ' ਪਾਤਰ ਮੈਂ ਤੇ ਉਸ ਦੀ ਪਤਨੀ ਕ੍ਰਿਸ਼ਨਾ ਦੀ ਆਰਥਿਕ ਮਜਬੂਰੀ ਤੇ ਸਰਕਾਰਾਂ ਦੇ ਕਿਰਦਾਰ 'ਤੇ ਭਾਵ-ਪੂਰਤ ਕਟਾਖਸ਼ ਹੈ ਤੇ ਆਪਣੀ ਭੈਣ ਤੇ ਜੀਜੇ ਨਾਲ ਰਿਸ਼ਤੇ ਨੂੰ ਬਣਾਈ ਰੱਖਣ ਲਈ ਮਸਲਾ ਹੱਲ ਕਰਦੇ ਹਨ। 'ਉਹ ਮੇਰਾ ਵੀ ਕੁਝ ਲੱਗਦਾ' ਰਾਹੀਂ ਰਿਸ਼ਤਿਆਂ ਦੇ ਸਤਿਕਾਰ ਰਾਹੀਂ ਦਹਾਜੂ ਵਿਆਹ ਨੂੰ ਸਫ਼ਲ ਬਣਾਉਣ ਲਈ ਸੱਦਾ ਹੈ ਤੇ ਅਗਲੀ ਕਹਾਣੀ 'ਕੋਈ ਤਾਂ ਹੈ' ਰਾਹੀਂ ਇਸ ਕੜੀ ਨੂੰ ਅੱਗੇ ਤੋਰਦਾ ਹੈ। 'ਬੋਲਾਂ ਤਾਂ ਕੀ ਬੋਲਾਂ' 'ਚ ਔਰਤ ਦੀ ਹੋਣੀ ਆਰਥਿਕ ਤੌਰ 'ਤੇ ਨਿਪੁੰਨ ਹੋਣ ਲਈ ਮਜਬੂਰ ਕਰਦੀ ਹੈ। 'ਤੂੰ ਇੰਜ ਨਾ ਕਰੀਂ' 'ਚ ਔਰਤ ਦੇ ਸ਼ੋਸ਼ਣ ਦੀ ਤ੍ਰਾਸਦੀ ਝੰਜੋੜਨ ਵਾਲੀ ਹੈ। 'ਹੋਰ ਵੰਡ ਨਹੀਂ' ਸਮਾਜ 'ਚ ਆਰਥਿਕਤਾ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ। ਇੰਝ ਇਹ ਕਹਾਣੀਆਂ ਸਮਾਜ ਦੇ ਸੱਚ ਨੂੰ ਰੂਪਮਾਨ ਕਰਦੀਆਂ ਯਥਾਰਥਕ ਦ੍ਰਿਸ਼ਟੀ 'ਤੇ ਆਧਾਰਤ ਹਨ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

12-11-2022

 ਨਟੀ ਬਿਨੋਦਨੀ
ਲੇਖਕ : ਸ਼ਬਦੀਸ਼
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 150 ਰੁਪਏ ਸਫ਼ੇ : 78
ਸੰਪਰਕ : 98140-33773

ਜ਼ਿੰਦਗੀ ਦੀਆਂ ਔਕੜਾਂ ਵਿਚੋਂ ਗੁਜ਼ਰਦਿਆਂ ਵੀ ਰੰਗਮੰਚ ਨੂੰ ਦ੍ਰਿੜ੍ਹਤਾ ਅਤੇ ਸ਼ਿੱਦਤ ਨਾਲ ਹੰਢਾਉਣ ਵਾਲੀ ਬੰਗਾਲੀ ਰੰਗਮੰਚ ਦੀ ਪਹਿਲੀ ਅਦਾਕਾਰਾ ਬਿਨੋਦਨੀ ਦਾਸੀ ਦੀ ਜੀਵਨ ਕਹਾਣੀ ਹੈ ਸ਼ਬਦੀਸ਼ ਦਾ ਇਹ ਨਾਟਕ। ਬੰਗਾਲੀ ਰੰਗਮੰਚ ਦੇ ਇਤਿਹਾਸ ਵਿਚ ਬਿਨੋਦਨੀ ਦਾਸੀ ਦਾ ਸੰਘਰਸ਼ਮਈ ਜੀਵਨ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਉਹ ਵੇਸਵਾਗਿਰੀ ਦੇ ਮਹੌਲ ਵਿਚ ਆਪਣੀ ਨਾਨੀ ਕੋਲ ਪਲੀ, ਵੱਡੀ ਹੋਈ ਅਤੇ ਸਬੱਬ ਨਾਲ ਰੰਗਮੰਚ ਨਾਲ ਜਾ ਜੁੜੀ। ਰੰਗਮੰਚ ਨੇ ਜਿਥੇ ਉਸ ਦੀ ਤੜਪ ਨੂੰ ਤਸੱਲੀ ਦਿੱਤੀ ਉਥੇ ਗ਼ੈਰਤ, ਅਣਖ ਅਤੇ ਸਵੈ-ਵਿਸ਼ਵਾਸ ਵੀ ਦਿੱਤਾ ਪਰ ਰੰਗਮੰਚ ਦੀ ਦੁਨੀਆ ਦੀ ਸ਼ਬਦੀਸ਼ ਖ਼ੁਦ ਬਿਆਨਦਾ ਹੈ ਕਿ ਨਟੀ ਬਿਨੋਦਨੀ ਨਾਟਕ ਲਿਖਣ ਦਾ ਖ਼ਿਆਲ ਉਸ ਨੂੰ ਬੰਗਾਲੀ ਨਾਟਕਕਾਰ ਚਿਤਰੰਜਨ ਘੋਸ਼ ਦਾ ਨਾਟਕ ਪੜ੍ਹ ਕੇ ਆਇਆ। ਨਾਟਕ ਲਿਖਣ ਲਈ ਉਸ ਨੇ ਬਿਨੋਦਨੀ ਦਾਸੀ ਬਾਰੇ ਹੋਰ ਕਈ ਸਾਧਨਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ। ਪ੍ਰਸਤਾਵਨਾ ਤੋਂ ਬਾਅਦ ਨਾਟਕ ਦੇ ਅੰਦਰਲਾ ਨਾਟਕ ਸ਼ੁਰੂ ਹੁੰਦਾ ਹੈ। ਬਿਨੋਦਨੀ ਕਿਰਦਾਰ ਦੇ ਰੂਪ ਵਿਚ ਪਾਠਕਾਂ/ਦਰਸ਼ਕਾਂ ਨਾਲ ਆਪਣੀ ਪਛਾਣ ਕਰਵਾਉਂਦੀ ਹੈ, ਮੈਂ ਅਭਾਗਣ ਦੁੱਖਾਂ ਵੇਲੇ , ਬੁੱਲ੍ਹਾਂ 'ਤੇ ਮੁਸਕਾਨ ਹਾਂ ਧਰਦੀ / ਊਠਾਂ ਵਾਲੇ ਲੈ ਜਾਂਦੇ ਨੇ , ਮੈਂ ਪੁਨੂੰ ਨੂੰ ਫੇਰ ਵੀ ਵਰਦੀ / ਮੈਂ ਪਿਆਸੀ, ਇਸ ਕਦਰ ਪਿਆਸੀ / ਯੁੱਗਾਂ-ਯੁਗਾਂ ਤੱਕ ਪਿਆਸ ਨੀ ਮਿਟਣੀ, ਤ੍ਰਿਖਾਂ ਤੋਂ ਮਿਲਣੀ ਨਹੀਂ ਖਲਾਸੀ।ਵੇਸਵਾ ਨਾਨੀ ਕੋਲ ਪਲਦੀ-ਪਲਦੀ ਬਿਨੋਦਨੀ ਗਰੇਟ ਨੈਸ਼ਨਲ ਥੀਏਟਰ ਨਾਲ ਜੁੜ ਕੇ ਕਲਾ ਜਗਤ ਦੀ ਰਾਜ ਰਾਣੀ ਬਣੀ। ਇਹ ਨਾਟ ਕਥਾ ਉਸ ਦੇ ਵੇਸਵਾਪਨ ਤੋਂ ਅਦਾਕਾਰਾ ਹੋਣ ਅਤੇ ਬਾਕੀ ਜੀਵਨ ਵਿਹਾਰ ਦੀ ਬਾਤ ਪਾਉਂਦੀ ਹੈ। ਬੇਸ਼ੱਕ ਬਿਨੋਦਨੀ ਨੂੰ ਵੱਖ-ਵੱਖ ਥੀਏਟਰ ਨਿਰਦੇਸ਼ਕ/ਸਹਿਕਰਮੀ ਜਾਂ ਥੀਏਟਰ ਕਰਵਾਉਣ ਵਾਲੇ ਅਮੀਰ ਲੋਕ ਮਿਲਦੇ ਰਹੇ ਪਰ ਇਸ ਨਾਟ ਕਥਾ ਵਿਚ ਮੁੱਖ ਤੌਰ 'ਤੇ ਦੋ ਹੀ ਪਾਤਰ ਹਨ ਇਕ ਬਿਨੋਦਨੀ ਅਤੇ ਦੂਸਰਾ ਥੀਏਟਰ। ਕਿਉਂਕਿ ਬਿਨੋਦਨੀ ਦਾ ਇਸ਼ਕ ਹੀ ਥੀਏਟਰ ਨਾਲ ਹੈ, ਥੀਏਟਰ ਨੂੰ ਹੀ ਉਸ ਦਾ ਸਭ ਕੁਝ ਸਮਰਪਿਤ ਹੈ। ਬਿਨੋਦਨੀ ਦੀ ਅਦਾਕਾਰੀ ਨੇ ਉਸ ਨੂੰ ਥੀਏਟਰ ਨਾਲ ਜੋੜੀ ਰੱਖਿਆ ਅਤੇ ਉਸ ਦੇ ਸੁਹੱਪਣ ਨੇ ਹੋਰ ਲੋਕਾਂ ਨਾਲ ਉਸ ਦਾ ਰਾਬਤਾ ਕਾਇਮ ਕੀਤਾ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਵਿਚੋਂ ਲੰਘਦਿਆਂ ਨਾ ਤਾਂ ਉਹ ਦੋਹਰੀ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਅਤੇ ਨਾ ਹੀ ਕਿਸੇ ਦੀ ਰਖੈਲ ਬਣ ਕੇ ਐਸ਼ੋ ਅਰਾਮ ਵਾਲੀ ਕੋਈ ਲਾਲਸਾ ਹੈ ਉਸ ਅੰਦਰ। ਇੱਜ਼ਤ ਦਾ ਪੈਸਾ ਮਿਲਣ ਦੀ ਤਰਕ ਦੇ ਨਾਲ-ਨਾਲ ਉਹ ਇਹ ਵੀ ਸਿੱਧ ਕਰਨਾ ਲੋਚਦੀ ਹੈ ਕਿ ਵੇਸਵਾ ਸਾਊ ਵੀ ਹੋ ਸਕਦੀ ਆ। ਉਸ ਲਈ ਥੀਏਟਰ ਦੀ ਕਮਾਈ ਦੇ ਘੱਟ ਪੈਸੇ ਤਸੱਲੀ ਵਾਲੇ ਹਨ। ਨਾਟਕ ਵਿਚ ਬੰਗਾਲੀ ਥੀਏਟਰ ਦੀ ਉਸ ਸਮੇਂ ਦੀ ਤਸਵੀਰ ਮਿਲਦੀ ਹੈ ਜਿਸ ਨੂੰ ਪੇਸ਼ ਕਰਦਿਆਂ ਸਬਦੀਸ਼ ਨੇ ਗੱਲਾਂ-ਬਾਤਾਂ, ਟੋਟਕਿਆਂ ਅਤੇ ਗੀਤਾਂ ਨਾਲ ਇਸ ਨੂੰ ਪੰਜਾਬੀਅਤ ਦੀ ਰੰਗਤ ਦਿੱਤੀ ਜੋ ਜ਼ਰੂਰੀ ਸੀ।

-ਨਿਰਮਲ ਜੌੜਾ
ਮੋਬਾਈਲ : 98140-78799

ਪੰਜਾਬ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ...
ਲੇਖਕ : ਅਮਨਦੀਪ ਸੰਧੂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 750 ਰੁਪਏ, ਸਫੇ : 496
ਸੰਪਰਕ : 0183-2543965

ਡਾ.. ਅਮਨਦੀਪ ਸਿੰਘ ਰਚਿਤ ਅੰਗਰੇਜ਼ੀ ਪੁਸਤਕ (Punjab : *ourne਼s throu{h 6au&t *}nes) 'ਯਾਨਰ' ਦੀਆਂ ਹੱਦਬੰਦੀਆਂ ਨੂੰ ਵੰਗਾਰਨ ਵਾਲੀ ਰਚਨਾ ਹੈ। ਇਸ ਦਾ ਪੰਜਾਬੀ ਅਨੁਵਾਦ ਸਰਵਸ੍ਰੀ ਯਾਦਵਿੰਦਰ ਸਿੰਘ ਅਤੇ ਮੰਗਤ ਰਾਮ ਨੇ ਕੀਤਾ ਹੈ। ਇਹ ਪੁਸਤਕ ਇਕੋ ਸਮੇਂ ਪੱਤਰਕਾਰੀ, ਸੰਸਮਰਣ ਅਤੇ ਨਾਵਲ ਦੀ ਸ਼੍ਰੇਣੀ ਵਿਚ ਰੱਖੀ ਜਾ ਸਕਦੀ ਹੈ। ਅੱਜ ਤੋਂ ਕਈ ਦਹਾਕੇ ਪਹਿਲਾਂ ਇਹੋ ਜਿਹੀ ਇਕ ਪੁਸਤਕ 'ਆਗ ਕਾ ਦਰਯਾ' (ਕੁਰਤੁਅਲ-ਐਨ-ਹੈਦਰ) ਨੇ ਲਿਖੀ ਸੀ, ਜਿਸ ਵਿਚ 'ਹਿੰਦੁਸਤਾਨੀਅਤ' ਨੂੰ ਟੋਲਣ ਅਤੇ ਟੋਹਣ ਦਾ ਯਤਨ ਕੀਤਾ ਗਿਆ ਸੀ। ਹਥਲੀ ਪੁਸਤਕ ਵਿਚ ਸ. ਸੰਧੂ 'ਪੰਜਾਬੀਅਤ' ਦੀ ਤਲਾਸ਼ ਕਰਦਾ ਹੈ। ਉਸ ਅਨੁਸਾਰ ਨਾਬਰੀ ਅਤੇ ਪ੍ਰਤੀਰੋਧ ਪੰਜਾਬੀਅਤ ਦੇ ਪ੍ਰਮੁੱਖ ਲੱਛਣ ਹਨ। ਅਮਨਦੀਪ ਸਿੰਘ ਨੇ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਭਾਰਤ ਦੇ ਪ੍ਰਮੁੱਖ ਸਨਅਤੀ ਸ਼ਹਿਰ ਰੁੜਕੇਲਾ ਵਿਚ ਗੁਜ਼ਾਰੇ ਸਨ। ਉਨ੍ਹਾਂ ਦਿਨਾਂ ਵਿਚ ਉਸ ਨੇ ਪੰਜਾਬ ਨੂੰ ਕੁਝ ਟੁਕੜਿਆਂ (ਪ੍ਰਤੀਕਾਂ) ਵਿਚ ਵੇਖਿਆ ਸੀ। ਭਾਰਤ ਦੇ ਹੋਰ ਪ੍ਰਦੇਸ਼ਾਂ ਵਿਚ ਪੰਜਾਬ ਬਾਰੇ ਵੱਖ-ਵੱਖ ਧਾਰਨਾਵਾਂ ਬਣੀਆਂ ਹੋਈਆਂ ਹਨ। ਉਥੇ ਰਹਿਣ ਵਾਲੇ ਲੋਕ ਜਦੋਂ 'ਪੰਜਾਬ' (ਸਿਗਨੀਫਾਇਰ) ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਮਨ ਵਿਚ ਸਿੱਖ, ਭੰਗੜਾ, ਖਾੜਕੂ, ਗੁਰਦੁਆਰਾ, ਲੰਗਰ, ਖ਼ਾਲਿਸਤਾਨ, ਹਰੀ ਕ੍ਰਾਂਤੀ, ਢੋਲ, ਪੰਜ ਦਰਿਆ ਵਿਚ ਬਟਰ-ਚਿਕਨ ਆਦਿ ਚਿਹਨਕ (S}{n}f}ed) ਉੱਭਰਦੇ ਹਨ। ਪਰ ਕੀ ਪੰਜਾਬ ਬਸ ਇਹੋ ਅਤੇ ਏਨਾ ਹੀ ਹੈ? ਲੇਖਕ ਦਾ ਇਹ ਬਿਰਤਾਂਤ 1913 ਈ. ਤੋਂ ਸ਼ੁਰੂ ਹੋ ਕੇ 1918 ਈ. ਤੱਕ ਚਲਦਾ ਹੈ ਪਰ ਅੰਦਰਖਾਤੇ ਇਹ ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਤੱਕ ਦੀ ਯਾਤਰਾ ਕਰ ਜਾਂਦਾ ਹੈ। ਇਸ ਵਿਚ ਕਾਂਗਰਸ, ਕਮਿਊਨਿਸਟ ਪਾਰਟੀਆਂ,ਅਕਾਲੀ ਪਾਰਟੀ, ਸ. ਭਿੰਡਰਾਂਵਾਲਾ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇਜਰੀਵਾਲ ਆਦਿ ਤੋਂ ਬਿਨਾਂ ਪੰਜਾਬ ਦੇ ਪ੍ਰਮੁੱਖ ਡੇਰਿਆਂ, ਰਾਧਾ ਸੁਆਮੀ, ਸੱਚਾ ਸੌਦਾ, ਨਿਰੰਕਾਰੀ, ਸੰਤ ਬੱਲਾਂ ਵਾਲੇ ਆਦਿ ਦੀ ਕਾਰਜਸ਼ੈਲੀ ਬਾਰੇ ਵੀ ਭਰਪੂਰ ਚਰਚਾ ਹੋਈ ਹੈ। ਇਹ ਪੁਸਤਕ ਹਰ ਸੂਝਵਾਨ ਅਤੇ ਸੰਵੇਦਨਸ਼ੀਲ ਪਾਠਕ ਵਾਸਤੇ ਪੜ੍ਹਨੀ ਅਤੇ ਘੋਖਣੀ ਜ਼ਰੂਰੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਖੰਡਰ
ਕਹਾਣੀਕਾਰ : ਹੀਰਾ ਸਿੰਘ ਤੂਤ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ, ਜ਼ਿਲ੍ਹਾ ਫ਼ਰੀਦਕੋਟ
ਮੁੱਲ : 160 ਰੁਪਏ, ਸਫ਼ੇ : 95
ਸੰਪਰਕ : 98724-55994

ਇਸ ਕਹਾਣੀ ਸੰਗ੍ਰਹਿ ਵਿਚ ਪੰਦਰਾਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਸਾਡੇ ਸਮਾਜ ਦੀ ਬਦਲ ਰਹੀ ਸਥਿਤੀ ਅਤੇ ਖੋਖਲੇ ਹੁੰਦੇ ਜਾ ਰਹੇ ਰਿਸ਼ਤਿਆਂ ਦੀ ਬਾਤ ਪਾਈ ਗਈ ਹੈ। ਘਟੀਆ ਸੋਸ਼ਲ ਮੀਡੀਆ ਦੇ ਚੈਨਲਾਂ ਨੇ ਬਹੁਤ ਹੀ ਨਿਘਾਰ ਲੈ ਆਂਦਾ ਹੈ। ਕੋਝੇ ਮਜ਼ਾਕ, ਜਿਸਮਾਂ ਦੀ ਖਿੱਚ, ਨਸ਼ੇ ਅੱਯਾਸ਼ੀਆਂ, ਗ਼ਰਜਾਂ ਅਤੇ ਬੁਰੀਆਂ ਆਦਤਾਂ ਨੇ ਜਵਾਨੀ ਦਾ ਘਾਣ ਕਰ ਦਿੱਤਾ ਹੈ। ਔਰਤ ਨੂੰ ਆਜ਼ਾਦੀ ਮਿਲੀ ਹੈ ਤਾਂ ਉਸ ਦੀ ਸ਼ਰਮ/ਹਯਾ ਵੀ ਗ਼ਾਇਬ ਹੁੰਦੀ ਜਾ ਰਹੀ ਹੈ। ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਇਸ਼ਕ ਮਜਾਜ਼ੀ, ਇਸ਼ਕ ਹਕੀਕੀ, ਵਰਜਿਤ ਰਿਸ਼ਤਿਆਂ, ਪਰਿਵਾਰਾਂ ਦੇ ਬਣਦੇ ਵਿਗੜਦੇ ਸੰਬੰਧਾਂ ਅਤੇ ਔਰਤਾਂ ਦੇ ਦਿਲਾਂ ਦੀਆਂ ਘੁੰਡੀਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਮਿੱਟੀ ਦੀ ਮਹਿਕ, ਛੱਪੜਾਂ ਦੀਆਂ ਤਾਰੀਆਂ, ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਦਾ ਆਨੰਦ, ਮੱਕੀ ਦੇ ਖੇਤ, ਸੂਰਜਮੁਖੀ ਦੇ ਫੁੱਲ, ਖੇਤਾਂ ਦੀ ਧੜਕਦੀ ਜ਼ਿੰਦਗੀ ਦੇ ਨਜ਼ਾਰੇ ਪੇਸ਼ ਕੀਤੇ ਗਏ ਹਨ। ਜਿੱਥੇ ਜਵਾਨੀ ਜ਼ਿੰਮੇਵਾਰੀਆਂ ਤੇ ਗਰੀਬੀ ਦੇ ਬੋਝ ਹੇਠ ਦੱਬੀ ਹੋਵੇ, ਉੱਥੇ ਪਿਆਰ ਮੁਹੱਬਤ ਦੇ ਫੁੱਲ ਨਹੀਂ ਖਿੜਦੇ, ਅਹਿਸਾਸ ਮਰਨ ਲਗਦੇ ਹਨ, ਭਾਵਨਾਵਾਂ ਦਾ ਗਲਾ ਘੁੱਟਿਆ ਜਾਂਦਾ ਹੈ, ਕਿਸੇ ਸਮੇਂ ਔਰਤ ਅਤੇ ਕਿਸੇ ਸਮੇਂ ਮਰਦ ਦੀ ਗ਼ਲਤੀ ਕਾਰਨ ਗ੍ਰਹਿਸਥ ਜੀਵਨ ਭਸਮ ਹੋ ਜਾਂਦਾ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਬਿਨਾਂ ਮਕਸਦ ਤੋਂ ਬੇਮਤਲਬ ਜਿਹਾ ਜੀਵਨ ਜਿਉ ਰਹੀ ਹੈ। ਪਿਆਰ ਤਾਂ ਤਮਾਸ਼ਾ ਬਣ ਕੇ ਰਹਿ ਗਿਆ ਹੈ। ਜ਼ਿੰਦਗੀ ਦੀ ਫੁਲਕਾਰੀ ਇਕੱਲਿਆਂ ਹੀ ਕੱਢਣੀ ਪੈਂਦੀ ਹੈ। ਦਿਲਾਂ ਦੀਆਂ ਸਾਂਝਾਂ ਅਤੇ ਰੂਹਾਂ ਦੇ ਮੇਲ ਹੁਣ ਲਗਭਗ ਅਲੋਪ ਹੀ ਹੋ ਚੁੱਕੇ ਹਨ। ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਬਹੁਤ ਸਾਰੇ ਲੋਕ ਜ਼ਿੰਦਗੀ ਜਿਉਂਦੇ ਨਹੀਂ, ਜ਼ਿੰਦਗੀ ਦਾ ਭਾਰ ਢੋਂਦੇ ਹਨ। ਕੁਝ ਇਹੋ ਜਿਹੇ ਵਿਚਾਰ ਇਨ੍ਹਾਂ ਕਹਾਣੀਆਂ ਵਿਚ ਪੇਸ਼ ਕੀਤੇ ਗਏ ਹਨ। ਇਸ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਵਿਰਸੇ ਦਾ ਵਣਜਾਰਾ
ਸੰਪਾਦਕ : ਰਾਜ ਨੀਲਮ ਸੈਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 220 ਰੁਪਏ, ਸਫ਼ੇ 160
ਸੰਪਰਕ : 01679-233244

ਸੁਖਦੇਵ ਮਾਦਪੁਰੀ ਲੋਕਧਾਰਾ ਦਾ ਪ੍ਰਵਾਹਕ ਅਤੇ ਪੰਜਾਬੀ ਸੱਭਿਆਚਾਰਕ ਵਰਤਾਰੇ ਦਾ ਸੰਦੇਸ਼ ਵਾਹਕ ਰਿਹਾ ਹੈ। ਇਨ੍ਹਾਂ ਸੰਕਲਪਾਂ ਸੰਬੰਧੀ ਉਸ ਨੇ ਜਿਊਂਦੇ ਜੀਅ ਤਕ ਨਿੱਠ ਕੇ ਕਾਰਜ ਕੀਤਾ। ਸਿੱਖਿਆ ਪਾਸਾਰ ਦੇ ਕਾਰਜ ਦੌਰਾਨ ਵੀ ਉਹ ਪੰਜਾਬੀਅਤ ਦੀ ਅਣਥੱਕ ਸੇਵਾ ਕਰਦਾ ਰਿਹਾ। ਉਸ ਨੇ 'ਲੋਕ ਖੇਡਾਂ, ਲੋਕ ਬੁਝਾਰਤਾਂ, ਵਿਭਿੰਨ ਲੋਕ ਗੀਤਾਂ ਦੇ ਇਕੱਤਰੀਕਰਨ ਅਤੇ ਇਨ੍ਹਾਂ ਦੀ ਪਛਾਣ ਸਥਾਪਤੀ ਲਈ ਖੇਤਰੀ ਅਤੇ ਦਸਤਾਵੇਜ਼ੀ ਸਰੋਤਾਂ ਨੂੰ ਧਾਰਨ ਕੀਤਾ। ਇਹ ਪੁਸਤਕ ਉਸ ਦੇ ਇਨ੍ਹਾਂ ਕਾਰਜਾਂ, ਲੋਕਧਾਰਾਈ ਸਮੱਗਰੀ ਅਤੇ ਉਸ ਦੇ ਵਿਅਕਤਿਤਵ ਨੂੰ ਉਭਾਰਦੀ ਹੋਈ ਪਾਠਕਾਂ ਦੇ ਸਨਮੁੱਖ ਹੈ। ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ, ਮਾਦਪੁਰੀ ਦੀ ਉਕਤ ਵਿਸ਼ਿਆਂ ਸੰਬੰਧੀ ਕੀਤੀ ਘਾਲਣਾ, ਬੁਝਾਰਤਾਂ ਉੱਪਰ ਕੀਤੀ ਖੋਜ, ਲੋਕ ਸਾਹਿਤ ਦਾ ਕੀਤਾ ਪਸਾਰਾ, ਲੋਕਧਾਰਾ ਦਾ ਖੋਜੀ ਵਗਦਾ ਦਰਿਆ, ਬਾਲ ਸਾਹਿਤ ਅਤੇ ਲੋਕ ਸਾਹਿਤ ਦਾ ਮਜ਼ਬੂਤ ਪੁਲ, ਢਾਹੇ ਦੇ ਇਲਾਕੇ ਦਾ ਮਾਣ, ਤੁਰ ਗਿਆ ਮੇਰਾ ਰਾਹ ਦਸੇਰਾ ਅਤੇ ਮਾਦਪੁਰੀ ਦੇ ਵਿਅਕਤੀਤੱਵ ਬਾਰੇ ਪਰਮਵੀਰ ਸਿੰਘ ਮਾਦਪੁਰੀ ਨਾਲ ਮੁਲਾਕਾਤ, ਦੋਹਤੀ ਵਲੋਂ ਇਕ ਖਤ ਅਤੇ ਵਿਰਸੇ ਦਾ ਵਣਜਾਰਾ ਇਕ ਸ਼ਰਧਾਂਜਲੀ ਸਿਰਲੇਖ ਦੇ ਅੰਤਰਗਤ ਦਸ ਅਧਿਆਇ ਬਣਾ ਕੇ ਉਸ ਦੀ ਸਮੁੱਚੀ ਦੇਣ ਸੰਬੰਧੀ ਦਸ ਵਿਦਵਾਨਾਂ ਵਲੋਂ ਵਿਵਰਣ ਦਿੱਤਾ ਗਿਆ ਹੈ। ਦੂਸਰੇ ਭਾਗ ਵਿਚ ਰਾਜ ਨੀਲਮ ਸੈਣੀ ਨੇ ਮਾਦਪੁਰੀ ਰਚਿਤ ਪੁਸਤਕ 'ਸਾਡੀਆਂ ਰਸਮਾਂ ਸਾਡੇ ਗੀਤ' ਬਾਰੇ ਵਿਆਹ ਦੀਆਂ ਰਸਮਾਂ ਦਾ ਜ਼ਿਕਰ ਹੈ। ਤੀਜੇ ਭਾਗ ਵਿਚ ਮਾਦਪੁਰੀ ਦੁਆਰਾ ਇਕੱਤਰ ਕੀਤੇ ਗਏ ਕੁੜਮਾਈ, ਨਾਨਕੀਆਂ-ਦਾਦਕੀਆਂ ਨਾਲ ਸੰਬੰਧਿਤ, ਸੁਹਾਗ, ਘੋੜੀਆਂ, ਵੱਟਣਾ ਸੰਬੰਧੀ, ਜਾਗੋ, ਜੰਞ ਦੀ ਤਿਆਰੀ, ਮਿਲਣੀ, ਵਿਦਾਇਗੀ, ਡੋਲੀ ਆਦਿ ਹਰ ਮੌਕੇ ਗਾਏ ਜਾਣ ਵਾਲੇ ਲੋਕ ਗੀਤ ਅੰਕਿਤ ਹਨ। ਭਾਗ ਚੌਥੇ ਵਿਚ ਪੰਜਾਬੀ ਸਭਿਆਚਾਰ ਵਿਚੋਂ ਲੁਪਤ ਹੁੰਦੇ ਜਾ ਰਹੇ ਰਿਸ਼ਤਿਆਂ ਦਾ ਜ਼ਿਕਰ ਹੈ ਅਤੇ ਪੁਸਤਕ ਦੇ ਅੰਤਿਮ ਭਾਗ ਵਿਚ ਮਾਦਪੁਰੀ ਬਾਰੇ ਦੋ ਕਾਵਿ-ਚਿੱਤਰ ਵੀ ਅੰਕਿਤ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਸਾਹਿਤ ਚਿੰਤਨ : ਸਿਧਾਂਤਕ ਪਾਸਾਰ
ਲੇਖਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ :120
ਸੰਪਰਕ : 99150-05814

ਡਾ. ਗੋਪਾਲ ਸਿੰਘ ਬੁੱਟਰ ਪਿਛਲੇ ਇਕ ਦਹਾਕੇ ਤੋਂ ਪੰਜਾਬੀ ਦੀ ਵਿਵਹਾਰਕ ਅਤੇ ਚਿੰਤਨਮਈ ਵਿਚਾਰਧਾਰਾਈ ਆਲੋਚਨਾ ਦਾ ਅਜਿਹਾ ਆਲੋਚਕ ਹੈ, ਜਿਸ ਨੇ ਆਪਣੀਆਂ ਅੱਧੀ ਦਰਜਨ ਪੁਸਤਕਾਂ ਦਾ ਪ੍ਰਕਾਸ਼ਨ ਕਰਵਾ ਕੇ, ਪੰਜਾਬੀ ਆਲੋਚਨਾ ਦੀ ਨਵੀਂ ਚਿੰਤਨਮਈ ਆਲੋਚਨਾ ਨੂੰ ਜਨਮ ਦਿੱਤਾ ਹੈ। ਸਾਹਿਤ ਚਿੰਤਨ : ਸਿਧਾਂਤਕ ਪਾਸਾਰ, ਇਸੇ ਲੜੀ ਦੀ ਅਜਿਹੀ ਪੁਸਤਕ ਹੈ, ਜਿਸ ਵਿਚ 'ਸਾਹਿਤ ਪ੍ਰਾਕਿਰਤੀ ਤੇ ਪ੍ਰਯੋਜਨ' ਰੂਪ ਵਿਧਾਵਾਂ ਦੇ ਉਦਭਵ ਵਿਕਾਸ ਤੇ ਵਿਗਠਨ ਦੀ ਸਮੱਸਿਆ, ਸਾਹਿਤ ਵਿਚ ਦਿਖ ਤੇ ਸਾਰ-ਤੱਤਾਂ ਦਾ ਭੇਦ, ਸਾਹਿਤ ਵਿਚ ਰਾਜਸੀ ਚੇਤਨਾ : ਸੰਕਲਪ ਤੇ ਸਰੂਪ' ਪੂਰਵ ਸੁਤੰਤਰ ਕਾਲ ਦੇ ਪੰਜਾਬੀ ਨਾਟਕ ਦੀ ਪਛਾਣ, ਟੀ.ਵੀ. ਨਾਟਕਾਂ ਦਾ ਸਰੂਪ ਸਥਿਤੀ ਤੇ ਸਮੱਸਿਆਵਾਂ ਵਿਸ਼ਿਆਂ ਨੂੰ ਲਿਆ ਗਿਆ ਹੈ।
ਇਸ ਪੁਸਤਕ ਦੀ ਭੂਮਿਕਾ : ਦੋ ਸ਼ਬਦ ਵਿਚ ਪ੍ਰਸਿੱਧ ਵਿਦਵਾਨ ਆਲੋਚਕ ਸੁਰਜੀਤ ਸਿੰਘ ਭੱਟੀ ਨੇ ਲਿਖਿਆ ਹੈ ਕਿ 'ਇਸ ਪੁਸਤਕ ਵਿਚ ਲੇਖਕ ਨੇ ਸਾਹਿਤ ਚਿੰਤਨ ਅਤੇ ਸਮਾਜ ਚਿੰਤਨ, ਦੇ ਦਵੰਦਾਤਮਿਕ ਸੰਬੰਧਾਂ ਨੂੰ, ਉਨ੍ਹਾਂ ਦੀ ਮੌਲਿਕਤਾ, ਇਤਿਹਾਸਕਤਾ ਅਤੇ ਸਿਧਾਂਤਕਾਰੀ ਬਾਰੇ ਬਹੁਤ ਪ੍ਰਮਾਣਿਕ, ਸਿਧਾਂਤਕ, ਆਲੋਚਨਾਤਮਿਕ, ਸਿਰਜਨਾਤਮਿਕ ਅਤੇ ਅੰਤਰ-ਖੇਤਰੀ ਗਿਆਨ ਸੰਬੰਧਾਂ ਦਾ ਭਰਪੂਰ ਮੰਥਨ ਕਰਨ ਤੋਂ ਬਾਅਦ ਆਪਣੇ ਵਿਚਾਰ ਅਤੇ ਸਿਧਾਂਤਕ ਸਥਾਪਨ ਦਾ ਦੁਰਗਮ ਕਾਰਜ ਨੇਪਰੇ ਚਾੜ੍ਹ ਕੇ, ਪੰਜਾਬੀ ਲੋਕ ਜੀਵਨ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਇਸ ਦੇ ਸਿਧਾਂਤਕ ਵਿਵੇਕ ਨੂੰ ਪੂਰੀ ਸੂਝ ਅਤੇ ਸਮਰੱਥਾ ਨਾਲ ਸਥਾਪਿਤ ਕੀਤਾ ਹੈ।ਨਿੱਠ ਕੇ ਕੀਤਾ, ਆਲੋਚਨਾ ਦਾ ਇਹ ਕਾਰਜ ਡੂੰਘੇ ਅਧਿਐਨ ਅਤੇ ਦੀਰਘ ਚਿੰਤਨ ਦਾ ਨਤੀਜਾ ਹੁੰਦਾ ਹੈ, ਇੰਜ ਕਰਦਿਆਂ ਆਲੋਚਕ ਡਾ. ਬੁੱਟਰ ਨੇ ਸਾਹਿਤ, ਸਮਾਜ, ਦਰਸ਼ਨ, ਸੱਭਿਆਚਾਰ, ਲੋਕ ਧਰਮ ਅਤੇ ਰਾਜਨੀਤਕ ਤਬਦੀਲੀਆਂ ਕਾਰਨ, ਵਾਪਰੀਆਂ ਸਾਹਿਤ ਦੇ ਵਸਤੂ ਅਤੇ ਰੂਪ ਵਿਚ ਤਬਦੀਲੀਆਂ ਦੀ ਮਾਰਕਸਵਾਦੀ ਦੀ ਸ਼ਬਦਾਵਲੀ ਦੀ ਜਾਂ ਉਸ ਦੇ ਤੱਤ-ਸਾਰ ਦੀ ਪਕੜ ਰਾਹੀਂ ਉਸ ਨੇ ਆਪਣੀ ਇਸ ਚਿੰਤਨਸ਼ੀਲ ਪੁਸਤਕ ਨਾਲ ਮਾਲਾ ਮਾਲ ਕੀਤਾ ਹੈ। ਇਸ ਰੂਪ ਵਿਚ ਇਸ ਪੁਸਤਕ ਵਿਚ ਆਲੋਚਨਾ ਦੀਆਂ ਆਪਣੀਆਂ-ਆਪਣੀਆਂ ਨਵੀਆਂ ਵਿਧੀਆਂ ਦਾ ਜੋ ਪ੍ਰਕਾਸ਼ਮਾਨ ਕੀਤਾ ਗਿਆ ਹੈ, ਉਸ ਸੰਬੰਧੀ ਆਲੋਚਨਾ ਦੇ ਵਿਦਿਆਰਥੀਆਂ ਨੂੰ ਇਸ ਪੁਸਤਕ ਵਿਚ ਪੇਸ਼ ਆਲੋਚਨਾ ਵਲ ਧਿਆਨ ਦੇਣਾ ਚਾਹੀਦਾ ਹੈ।ਪੰਜਾਬੀ ਆਲੋਚਨਾ ਦੇ ਨਵੇਂ ਵਿਦਿਆਰਥੀਆਂ ਨੂੰ ਕੀਤੀ ਜਾ ਰਹੀ ਆਲੋਚਨਾ-ਪੱਧਤੀ ਵਿਚ ਨਵੇਂ ਦ੍ਰਿਸ਼ਟੀ ਤੋਂ ਕਾਰਜ ਕਰਨ ਦੀ ਜੇ ਪ੍ਰੇਰਨਾ ਪ੍ਰਾਪਤ ਹੋਵੇ, ਤਾਂ ਇਹ ਪੁਸਤਕ ਉਨ੍ਹਾਂ ਲਈ ਸਹਾਇਕ ਨਵੀਂ ਵਿਚਾਰਧਾਰਾ ਹੈ, ਜਿਸ ਨੂੰ ਨਵੇਂ ਆਲੋਚਕ ਧਾਰਨ ਕਰ ਸਕਦੇ ਹਨ।

-ਡਾ. ਅਮਰ ਕੋਮਲ
ਮੋਬਾਈਲ : 84378-73565

ਗੁਰਬਾਣੀ ਦੀ ਮਹੱਤਤਾ
ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿਚ
ਲੇਖਕ : ਬਲਦੇਵ ਸਿੰਘ ਗੁੱਜਰਵਾਲ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 193
ਸੰਪਰਕ : 94634-12031

ਸ. ਬਲਦੇਵ ਸਿੰਘ ਗੁੱਜਰਵਾਲ ਦੀ ਹੱਥਲੀ ਪੁਸਤਕ ਗੁਰਬਾਣੀ ਅਤੇ ਵਿਗਿਆਨ ਦੇ ਸੰਦਰਭ ਵਿਚ ਤੁਲਨਾਤਮਿਕ ਗੁਹਜ ਗਿਆਨ ਭਰਪੂਰ ਹੈ। ਸ. ਜਸਵੰਤ ਸਿੰਘ ਜ਼ਫਰ, ਡਾ. ਕੁਲਦੀਪ ਸਿੰਘ ਧੀਰ, ਗਿ: ਸੰਤੋਖ ਸਿੰਘ ਸਿਡਨੀ, ਡਾ. ਹਰਦੇਵ ਸਿੰਘ ਵਿਰਕ ਨੇ ਇਸ ਪੁਸਤਕ 'ਤੇ ਲੇਖਕ ਦੀ ਲਿਖਤ ਸੰਬੰਧੀ ਆਪਣੇ ਬੇਸ਼ਕੀਮਤੀ ਵਿਚਾਰਾਂ ਦਾ ਪ੍ਰਗਟਾਅ ਕੀਤਾ ਹੈ। ਦੋ ਸ਼ਬ ਅਤੇ ਭੂਮਿਕਾ 'ਚ ਲੇਖਕ ਨੇ ਪੁਸਤਕ ਦਾ ਸਾਰ -ਅੰਸ਼ ਅੰਕਿਤ ਕਰ ਦਿੱਤਾ ਹੈ। ਪੁਸਤਕ ਵਿਚ ਕੁੱਲ ਦਸ ਨਿਬੰਧ ਹਨ। ਲੇਖਕ ਨੇ ਇਹ ਕਿਤਾਬ ਸ਼ਬਦ ਗੁਰੂ ਨੂੰ ਸਮਰਪਿਤ ਕੀਤੀ ਹੈ।
ਵਿਗਿਆਨ ਤੇ ਧਰਮ ਵਿਚ ਵਿਰੋਧ ਅੱਜ ਉਹੀ ਵਿਅਕਤੀ ਕਰਦਾ ਹੈ ਜਿਸ ਨੂੰ ਨਾ ਧਰਮ ਦੀ ਪੂਰੀ ਜਾਣਕਾਰੀ ਹੈ ਤੇ ਨਾ ਵਿਗਿਆਨ ਦੀ। ਧਰਮ ਦਾ ਸੂਖ਼ਮ ਜਗਤ 'ਤੇ ਸਥੂਲ ਜਗਤ ਦੇ ਉਪਕਰਨਾਂ ਨਾਲ ਸਮਝਣਾ ਮਿਣਨਾ ਸੰਭਵ ਨਹੀਂ। ਸ. ਬਲਦੇਵ ਸਿੰਘ ਲੰਬੇ ਸਮੇਂ ਤੱਕ ਸਿੱਖ ਧਰਮ ਤੇ ਵਿਗਿਆਨ ਦੋਵਾਂ ਦਾ ਜਗਿਆਸੂ ਰਿਹਾ ਹੈ ਉਸ ਨੇ ਗੁਰਬਾਣੀ ਮਨੋਵਿਗਿਆਨ ਤੇ ਵਿਗਿਆਨ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਮਨੋਵਿਗਿਆਨ ਤੇ ਗੁਰਬਾਣੀ ਦੀ ਗੱਲ ਕਰਦਿਆਂ, ਸੁਖਾਵਾਂ ਤੇ ਅਨੰਦ ਭਰਪੂਰ ਜੀਵਨ ਜੀਣ ਵਿਚ ਸਵੱਸਥ ਮਨ ਦਾ ਮਹੱਤਵ, ਪਰਉਪਕਾਰੀ, ਆਸ਼ਾਵਾਦੀ, ਸੰਤੁਸ਼ਟ, ਈਰਖਾ ਸਾੜੇ ਤੋਂ ਮੁਕਤ, ਆਸਥਾਵਾਦੀ, ਸਬਰ ਸੰਤੋਖ ਵਾਲੇ ਬੰਦੇ ਤੰਦਰੁਸਤ ਲੰਮੀ ਉਮਰ ਭੋਗਦੇ ਦੱਸੇ ਹਨ। ਸਾਧ ਦੀ ਪੁੜੀ ਵਿਚ ਗੁਰਬਾਣੀ ਨੂੰ ਆਧਾਰ ਬਣਾ ਕੇ ਪੰਜਾਬ ਵਿਚ ਥਾਂ-ਥਾਂ ਫਲ ਫੁਲ ਰਹੇ ਬਾਬਿਆਂ ਤੇ ਡੇਰਿਆਂ ਵਿਚਲੇ ਸਾਧਾਂ ਦੀਆਂ ਪੁੜੀਆਂ ਦੇ ਪਲੇਸੀਬੋਈ ਫੈਕਟ ਅਤੇ ਗੁਰਬਾਣੀ ਦੇ ਵਿਗਿਆਨਕ ਸੰਦੇਸ਼ ਨੂੰ ਉਜਾਗਰ ਕਰਦਾ ਹੈ। ਬ੍ਰਹਿਮੰਡੀ ਰਚਨਾ ਵਾਲਾ ਨਿਬੰਧ ਇਸ ਦਾ ਆਰੰਭ ਵਿਸਥਾਰ ਤੇ ਧਰਤੀ ਉਤੇ ਜੀਵਨ ਦੇ ਵੇਰਵਿਆਂ ਪੱਖੋਂ ਗੁਰਬਾਣੀ ਤੇ ਵਿਗਿਆਨ ਦੀ ਇਕਸੁਰਤਾ ਦੇ ਨੁਕਤੇ ਅੰਕਿਤ ਹਨ। ਰੱਬੀ ਜੋਤਿਵਾਲਾ ਨਿਬੰਧ ਡੀ. ਐਨ. ਏ. ਦੇ ਹਵਾਲੇ ਨਾਲ ਧਰਤੀ ਦੇ ਸਿਕਦਾਰ ਮਨੁੱਖ ਦੀ ਗੱਲ ਕਰਦਾ ਹੈ। ਅਰਦਾਸ ਨਿਬੰਧ ਅਰਦਾਸ ਦੇ ਅਧਿਆਤਮਕ ਤੇ ਵਿਗਿਆਨਕ ਪਰਿਪੇਖ ਨੂੰ ਉਜਾਗਰ ਕਰਦਾ ਹੈ ਅਰਦਾਸ ਦੀ ਮਹੱਤਤਾ ਤੇ ਇਸ ਵਿਚੋਂ ਮਿਲਦੀ ਊਰਜਾ ਨੂੰ ਗ੍ਰਹਿਣ ਕਰਨ ਲਈ ਉਹ ਕਹਿੰਦਾ ਹੈ ਅਰਦਾਸ ਨਾਲ ਪਹਾੜ ਛੋਟੇ ਨਹੀਂ ਹੁੰਦੇ ਸਾਨੂੰ ਉਨ੍ਹਾਂ ਉਤੇ ਚੜ੍ਹਨ ਦੀ ਯੋਗਤਾ ਹਾਸਲ ਹੁੰਦੀ ਹੈ।
ਇਸ ਪੁਸਤਕ ਦਾ ਅਖੀਰਲਾ ਲੇਖ ਪ੍ਰਮਾਤਮਾ ਦੀ ਹੋਂਦ ਉਤੇ ਕੇਂਦਰਤ ਹੈ, ਗੁਰਬਾਣੀ ਪਰਮਾਤਮਾ ਨੂੰ ਅਟੱਲ ਸਚਾਈ ਮੰਨਦੀ ਹੈ ਤੇ ਉਸ ਦੀ ਸ਼ਨਾਖਤ ਉਸ ਦੇ ਸਾਜੇ ਪਸਾਰੇ ਉਸ ਦੀ ਕੁਦਰਤ ਵਿਚੋਂ ਕਰਦੀ ਹੈ ਲੇਖਕ ਨੇ ਅਜੋਕੇ ਵਿਗਿਆਨੀਆਂ ਅੰਦਰ ਪ੍ਰਮਾਤਮਾ ਦੀ ਹੋਂਦ ਬਾਰੇ ਸਪੱਸ਼ਟ ਵਿਸ਼ਵਾਸ ਦੀ ਵਧ ਰਹੀ ਰੁਚੀ ਦੀ ਨਿਸ਼ਾਨਦੇਹੀ ਕੀਤੀ ਹੈ।
ਸ. ਬਲਦੇਵ ਸਿੰਘ ਦੀ ਇਹ ਪੁਸਤਕ ਵਿਗਿਆਨ ਤੇ ਗੁਰਬਾਣੀ ਦੋਹਾਂ ਖੇਤਰਾਂ ਵਿਚੋਂ ਪ੍ਰਮਾਣਿਕ ਹਵਾਲੇ ਦੇ ਕੇ ਧਰਮ ਤੇ ਵਿਗਿਆਨ ਦੋਹਾਂ ਪ੍ਰਤੀ ਸੰਤੁਲਿਤ ਪਹੁੰਚ ਦੁਆਰਾ ਸਹਿਜ ਤੇ ਸਿਹਤਮੰਦ ਵਿਅਕਤੀ ਦੇ ਸਮਾਜ ਸਿਰਜਨ ਦਾ ਉਪਰਾਲਾ ਕਰਦੀ ਹੈ। ਬ੍ਰਹਿਮੰਡ, ਕੁਦਰਤ, ਪਰਮਾਤਮਾ, ਵਿਗਿਆਨ ਤੇ ਗਿਆਨ ਦਾ ਰਹੱਸ ਜਾਨਣ ਵਾਲਿਆਂ ਲਈ ਇਸ ਪੁਸਤਕ ਦੀ ਸਮੱਗਰੀ ਲਾਹੇਵੰਦ ਮਾਰਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

06-11-2022

 ਅਧਖਿੜੇ ਗੁਲਾਬ
ਗ਼ਜ਼ਲਕਾਰ : ਜਗਦੀਸ਼ ਰਾਣਾ
ਪ੍ਰਕਾਸ਼ਕ : ਐਸ.ਪੀ. ਢੰਡਾ ਪਬਲੀਕੇਸ਼ਨਜ਼,
ਕੋਟ ਕਲਾਂ, ਜਲੰਧਰ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 98726-30635


ਜਗਦੀਸ਼ ਰਾਣਾ ਪੰਜਾਬੀ ਗ਼ਜ਼ਲ ਦੇ ਨਵੇਂ ਪੂਰ ਦੇ ਮੋਢੀਆਂ 'ਚੋਂ ਹੈ, ਜਿਸ ਨੇ ਗ਼ਜ਼ਲ ਲੇਖਣ ਵਿਚ ਜਿੱਥੇ ਨਿਰੰਤਰਤਾ ਵੀ ਬਣਾਈ ਰੱਖੀ ਤੇ ਇਸ ਦੇ ਰੂਪ ਰੰਗ 'ਤੇ ਆਂਚ ਵੀ ਨਹੀਂ ਆਉਣ ਦਿੱਤੀ। ਰਾਣੇ ਨੇ ਮੁਹੱਬਤ ਦੇ ਨਾਲ-ਨਾਲ ਆਪਣੀ ਗ਼ਜ਼ਲ ਵਿਚ ਲੋਕ ਸਮੱਸਿਆਵਾਂ ਨੂੰ ਉਭਾਰਨ ਵੱਲ ਉਚੇਚਾ ਧਿਆਨ ਦਿੱਤਾ ਹੈ। ਉਸ ਦੀ ਗ਼ਜ਼ਲ ਦਾ ਵੱਡਾ ਭਾਗ ਜੁਝਾਰੂ ਲਹਿਰਾਂ ਤੇ ਅਕੀਦਤਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਸ਼ਿਅਰ ਕਹਿਣ ਵੇਲੇ ਗ਼ਜ਼ਲ ਦੀਆਂ ਸੀਮਾਵਾਂ ਉਲੰਘ ਹੋ ਜਾਣ ਦੀ ਸ਼ੰਕਾ ਹਮੇਸ਼ਾ ਬਣੀ ਰਹਿੰਦੀ ਹੈ ਪਰ 'ਅਧਖਿੜੇ ਗੁਲਾਬ' ਵਿਚ ਗ਼ਜ਼ਲਕਾਰ ਗ਼ਜ਼ਲ ਦੇ ਅਨੁਸ਼ਾਸਨ ਸਬੰਧੀ ਚੌਕਸ ਨਜ਼ਰ ਆ ਰਿਹਾ ਹੈ। ਪੰਜਾਬੀ ਦੀ ਸ਼ਾਇਰੀ ਖ਼ਾਸ ਤੌਰ 'ਤੇ ਗ਼ਜ਼ਲ ਜ਼ੁਲਫ਼ਾਂ ਦੀ ਕੈਦ ਤੋਂ ਕਦੋਂ ਦੀ ਆਜ਼ਾਦ ਹੋ ਚੁੱਕੀ ਹੈ ਤੇ ਗ਼ਜ਼ਲ ਵਿਚ ਕਿਸੇ ਵੇਲੇ ਵਰਜਿਤ ਵਿਸ਼ੇ ਵੀ ਖ਼ੂਬਸੂਰਤ ਢੰਗ ਨਾਲ ਲਏ ਜਾ ਰਹੇ ਹਨ। ਜਗਦੀਸ਼ ਰਾਣਾ ਦੀ ਗ਼ਜ਼ਲਕਾਰੀ ਇਸ ਦੀ ਸੁੰਦਰ ਉਦਾਹਰਨ ਹੈ। ਸਮਾਜ ਵਿਚ ਪੀੜਤ ਧਿਰ ਵਿਚ ਇਕ ਵੱਡਾ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜੋ ਹਜ਼ਾਰਾਂ ਸਾਲਾਂ ਤੋਂ ਨਪੀੜਿਆ ਗਿਆ ਹੈ ਤੇ ਹਾਸ਼ੀਏ 'ਤੇ ਰਿਹਾ ਹੈ। ਅਫ਼ਸੋਸ ਇਸ ਦਾ ਵੀ ਹੈ ਕਿ ਇਤਿਹਾਸ 'ਚੋਂ ਵੀ ਉਸ ਨੂੰ ਮਨਫ਼ੀ ਕਰ ਦਿੱਤਾ ਗਿਆ ਤੇ ਵਰਤਮਾਨ ਵਿਚ ਵੀ ਉਸ ਨਾਲ ਓਹੀ ਸਲੂਕ ਹੋ ਰਿਹਾ ਹੈ। ਖ਼ੁਸ਼ੀ ਹੈ 'ਅਧਖਿੜੇ ਗੁਲਾਬ' ਦੀਆਂ ਬਹੁਤੀਆਂ ਗ਼ਜ਼ਲਾਂ ਉਨ੍ਹਾਂ ਵਰਗਾਂ ਦੀ ਜ਼ੁਬਾਨ ਬਣਦੀਆਂ ਹਨ। ਗ਼ਜ਼ਲਕਾਰ ਗ਼ਜ਼ਲ ਦੀ ਵਿਆਕਰਨ ਨੂੰ ਸਮਝਦਾ ਹੈ ਤੇ ਉਸ ਨੂੰ ਸ਼ਬਦਾਂ ਨੂੰ ਤਰਤੀਬ ਦੇਣ ਵਿਚ ਮੁਹਾਰਤ ਹਾਸਿਲ ਹੈ। ਉਹ ਕਹਿੰਦਾ ਹੈ ਜੇ ਕੋਈ ਮੈਨੂੰ ਬਾਗ਼ੀ ਕਹਿੰਦਾ ਹੈ ਤਾਂ ਕਹੀ ਜਾਵੇ ਪਰ ਮੈਂ ਜ਼ੁਲਮ ਨੂੰ ਤਲਵਾਰ ਬਣ ਕੇ ਟੱਕਰਾਂਗਾ। ਉਸ ਲਈ ਮਜ਼ਹਬ ਤੇ ਜਾਤ-ਪਾਤ ਵੀ ਇਕ ਵੱਡਾ ਮਸਲਾ ਹੈ ਪਰ ਉਹ ਇਸ ਦੇ ਹੱਲ ਲਈ ਆਪਣੇ ਲਹਿਜ਼ੇ ਵਿਚ ਬੇਬਾਕ ਹੈ। ਰਾਣਾ ਦੇ ਇਸ ਗ਼ਜ਼ਲ ਸੰਗ੍ਰਹਿ ਵਿਚ ਮੁਹੱਬਤੀ ਰੰਗ ਵੀ ਦੇਖਣ ਨੂੰ ਮਿਲਦਾ ਹੈ ਪਰ ਉਸ ਵਿਚ ਵੀ ਉਸ ਦੀ ਸੋਚ ਦੀ ਪੁੱਠ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਰੂਹਾਨੀ ਮੇਲ

ਲੇਖਕ : ਅਮਰਿੰਦਰ ਸਿੰਘ (ਗਿ:)
ਪ੍ਰਕਾਸ਼ਕ : ਤਰਕਭਾਰਤੀ ਪਬਲੀਕੇਸ਼ਨ, ਬਰਨਾਲਾ
ਮੁੱਲ: 150 ਰੁਪਏ, ਸਫ਼ੇ: 104
ਸੰਪਰਕ : 78895-76878


ਜਿਵੇਂ ਕਿ ਪੁਸਤਕ ਦੇ ਨਾਂਅ 'ਰੂਹਾਨੀ ਮੇਲ' ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚਲੀਆਂ ਬਹੁਤੀਆਂ ਕਵਿਤਾਵਾਂ ਰੂਹਾਨੀਅਤ ਨਾਲ ਹੀ ਸੰਬੰਧਿਤ ਹਨ। ਉੱਭਰਦੇ ਕਵੀ ਗਿਆਨੀ ਅਮਰਿੰਦਰ ਸਿੰਘ ਦਾ ਭਾਵੇਂ ਇਹ ਪਲੇਠਾ ਕਾਵਿ-ਸੰਗ੍ਰਹਿ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਰਵਾਨਗੀ ਅਤੇ ਸਹਿਜਤਾ ਨੂੰ ਦੇਖਦਿਆਂ ਸਹਿਜੇ ਹੀ ਤਸੱਲੀ ਹੋ ਜਾਂਦੀ ਹੈ ਕਿ ਉਨ੍ਹਾਂ ਦੇ ਅੰਦਰ ਅਜਿਹਾ ਬਹੁਤ ਕੁਝ ਹੈ, ਜੋ ਉਨ੍ਹਾਂ ਨੂੰ ਪ੍ਰੌੜ੍ਹ ਕਵੀਆਂ ਵਿਚ ਸ਼ਾਮਿਲ ਕਰ ਸਕਣ ਦੇ ਸਮਰੱਥ ਹੈ:
ਏਦਾਂ ਹੀ ਜੇ ਡਰਦੇ ਰਹਿਣਾ,
ਅੰਦਰੋ-ਅੰਦਰੀ ਮਰਦੇ ਰਹਿਣਾ।
ਦੁਬਿਧਾ ਦੇ ਵਿਚ ਦੋਵੇਂ ਜਾਣੇ,
ਨਾ ਘਾਟ, ਨਾ ਘਰ ਦੇ ਰਹਿਣਾ।
ਮਰਦਾਨਗੀ ਦੇ ਜਿਹੜੇ ਅਰਥ ਅਸੀਂ ਹੁਣ ਤੱਕ ਸੁਣਦੇ ਆਏ ਹਾਂ, ਉਹ ਬਹੁਤ ਹੀ ਤੁੱਛ ਅਤੇ ਸਤਹੀ ਹਨ। ਮਰਦਾਨਗੀ ਦਾ ਮਤਲਬ ਕੇਵਲ ਲਿੰਗਕ ਵਿਸ਼ੇਸ਼ਤਾ ਨਾਲ ਜੋੜ ਕੇ ਦੇਖਣਾ ਆਪਣੀ ਬੌਧਿਕਤਾ ਦਾ ਜਨਾਜ਼ਾ ਕੱਢਣ ਵਾਲੀ ਧਾਰਨਾ ਹੀ ਹੈ। ਗਿਆਨੀ ਅਮਰਿੰਦਰ ਸਿੰਘ ਅਜੋਕੇ ਸਮਾਜਿਕ ਤਾਣੇ-ਬਾਣੇ ਦਾ ਮੁੱਲਾਂਕਣ ਕਰਦਿਆਂ ਮਰਦਾਨਗੀ ਦੇ ਜਿਨ੍ਹਾਂ ਅਰਥਾਂ ਵੱਲ ਇਸ਼ਾਰਾ ਕਰਦੇ ਹਨ, ਸੱਚਮੁੱਚ ਹੀ ਇਹ ਅਹਿਸਾਸ ਉਨ੍ਹਾਂ ਦੀ ਕਵਿਤਾ ਦਾ ਹਾਸਲ ਕਿਹਾ ਜਾ ਸਕਦਾ ਹੈ:
ਮੁੱਕ ਰਹੀ ਹੈ ਦਿਨੋ-ਦਿਨ
ਮੇਰੇ ਦੇਸ਼ ਵਿਚ ਮਰਦਾਨਗੀ,
ਬੱਚੀਆਂ ਦੇ ਨਾਲ ਨਿੱਤ
ਦੁਰਾਚਾਰ ਹੋ ਰਿਹਾ ਹੈ।
ਕਵਿਤਾ ਨੂੰ ਉਹ ਇਕ ਕੁਦਰਤੀ ਵਰਤਾਰਾ ਮੰਨਦੇ ਹਨ, ਜਿਹੜਾ ਆਪਣੀ ਮਰਜ਼ੀ ਦੀ ਬਜਾਇ ਸਹਿਜ ਸੁਭਾਅ ਹੀ ਵਾਪਰਦਾ ਹੈ। ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਨੂੰ ਲੈ ਕੇ ਉਹ ਬੇਹੱਦ ਗੰਭੀਰ ਦਿਖਾਈ ਦਿੰਦੇ ਹਨ। ਉਨ੍ਹਾਂ ਨੂੰ ਇਤਰਾਜ਼ ਹੈ ਕਿ ਸਿੱਖ ਕੌਮ ਤੋਂ ਇਲਾਵਾ ਬਾਕੀ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫ਼ੁੱਲਤਾ ਲਈ ਬਣਦਾ ਫ਼ਰਜ਼ ਨਹੀਂ ਨਿਭਾਉਂਦੇ। ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਨੂੰ ਵਹੀਰਾਂ ਘੱਤਣ ਦਾ ਮਸਲਾ ਵੀ ਉਹ ਬੜੀ ਗੰਭੀਰਤਾ ਨਾਲ ਉਠਾਉਂਦੇ ਹਨ। ਇਸ ਖ਼ੂਬਸੂਰਤ ਉਪਰਾਲੇ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।


-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
c c c


ਪ੍ਰਿੰ: ਹਰਭਜਨ ਸਿੰਘ ਜੀ ਦਾ ਵਿਦਿਅਕ ਅਤੇ ਖੇਡ ਸੰਸਾਰ
ਲੇਖਕ : ਅਜੀਤ ਲੰਗੇਰੀ
ਪ੍ਰਕਾਸ਼ਕ : ਕੈਫੇ ਵਰਲਡ ਮੰਡੀ ਕਲਾਂ, ਜਲੰਧਰ, ਬਠਿੰਡਾ।
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 94630-14523


ਪੰਜਾਬੀ ਦੇ ਜੀਵਨੀ ਸਾਹਿਤ ਦੀ ਝੋਲੀ ਵਿਚ ਪਈ ਇਹ ਵਾਰਤਕ ਪੁਸਤਕ ਦੁਆਬੇ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸ਼ਹਿਰਨੁਮਾ ਕਸਬੇ ਮਾਹਿਲਪੁਰ ਦੀ ਜੰਮਪਲ ਸ਼ਖ਼ਸੀਅਤ ਪ੍ਰਿੰਸੀਪਲ ਹਰਭਜਨ ਸਿੰਘ ਦੇ ਮਿਸਾਲੀ ਜੀਵਨ ਦੀਆਂ ਝਲਕਾਂ ਪੇਸ਼ ਕਰਦੀ ਹੈ। ਉਨ੍ਹਾਂ ਨੇ ਮਾਹਿਲਪੁਰ ਵਿਚ ਸਥਾਪਿਤ ਕੀਤੇ ਦੋ ਵਿਦਿਅਕ ਅਦਾਰਿਆਂ ਖ਼ਾਲਸਾ ਹਾਈ ਸਕੂਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਲਈ ਬੇਮਿਸਾਲ ਮਿਹਨਤ ਅਤੇ ਘਾਲਣਾ ਘਾਲੀ ਹੈ। ਇਸੇ ਤਰ੍ਹਾਂ ਇਸ ਇਲਾਕੇ ਦੇ ਖਿਡਾਰੀਆਂ ਵਲੋਂ ਕੀਤੀਆਂ ਖੇਡ ਪ੍ਰਾਪਤੀਆਂ ਪਿੱਛੇ ਪ੍ਰਿੰ: ਹਰਭਜਨ ਸਿੰਘ ਦਾ ਖੇਡ ਜਜ਼ਬਾ ਅਤੇ ਲਗਾਓ ਲੇਖਕ ਨੇ ਬੇਹੱਦ ਸ਼ਰਧਾ ਪੂਰਵਕ ਪੇਸ਼ ਕੀਤਾ ਹੈ।
ਪੁਸਤਕ ਵਿਚ ਏਡੀ ਕਦਾਵਰ ਸ਼ਖ਼ਸੀਅਤ ਦੀ ਘਾੜਤ ਕਿਨ੍ਹਾਂ ਹਾਲਤਾਂ ਅਤੇ ਕਿੰਜ ਹੋਈ ਬਾਰੇ ਬਾਤ ਪਾਈ ਗਈ ਹੈ, ਦੋਵੇਂ ਵਿਦਿਅਕ ਅਦਾਰਿਆਂ ਦੀ ਤਰੱਕੀ ਲਈ ਪ੍ਰਿੰਸੀਪਲ ਸਾਹਿਬ ਦੀ ਮਿਸ਼ਨਰੀ ਸੋਚ, ਨੇਕੀ, ਮਿਹਨਤ ਕਿਵੇਂ ਰੰਗ ਲਿਆਈ, ਬਾਰੇ ਦੱਸਣ ਵਿਚ ਲੇਖਕ ਸਫਲਤਾਪੂਰਵਕ ਨਿਭਿਆ ਹੈ। ਲੇਖਕ ਮੁਤਾਬਿਕ ਪ੍ਰਿੰਸੀਪਲ ਸਾਹਿਬ ਦਾ ਦਿਓ ਕੱਦ ਸ਼ਖ਼ਸੀਅਤ ਨੂੰ ਸ਼ਬਦਾਂ 'ਚ ਕਹਿ ਸਕਣਾ ਕਠਿਨ ਜਾਪਦਾ ਹੈ। ਉਨ੍ਹਾਂ ਦੇ ਇਨਸਾਨੀ ਗੁਣਾਂ, ਅਣਥੱਕ ਯਤਨਾਂ ਨੂੰ ਮੁਕੰਮਲ ਰੂਪ 'ਚ ਕਹਿ ਸਕਣਾ ਲੇਖਕ ਨੂੰ ਔਖਾ ਜਾਪਦਾ ਹੈ।
ਸੁਆਦਲੀ ਲਿਖਣ-ਸ਼ੈਲੀ ਇਸ ਪੁਸਤਕ ਦਾ ਖਾਸਾ ਹੈ। ਪ੍ਰਿੰਸੀਪਲ ਹਰਭਜਨ ਸਿੰਘ ਦੇ ਜੀਵਨ ਵੇਰਵਿਆਂ ਨੂੰ, ਉਨ੍ਹਾਂ ਬਾਰੇ ਦੂਜਿਆਂ ਦੇ ਅਨੁਭਵਾਂ ਨੂੰ ਨਿੱਕੇ-ਨਿੱਕੇ ਲੇਖਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਜੋ ਕਿ ਬੇਹੱਦ ਸਲਾਹੁਣਯੋਗ ਹੈ। ਲੋਕ-ਬਾਤ ਬਣੇ ਸਵ. ਪ੍ਰਿੰਸੀਪਲ ਸਾਹਿਬ ਬਾਰੇ ਦਿੱਤੀਆਂ ਜਾਣਕਾਰੀਆਂ ਵੱਡੀਆਂ ਪ੍ਰੇਰਕ ਹਨ। ਉਨ੍ਹਾਂ ਦਾ ਖੇਡ ਅਤੇ ਵਿਦਿਅਕ ਜਜ਼ਬਾ ਹਰ ਕਿਸੇ ਨੂੰ ਅੱਜ ਸਿੱਖਣ ਦੀ ਜ਼ਰੂਰਤ ਹੈ। ਸੱਚ 'ਤੇ ਪਹਿਰਾ ਦੇਣ ਵਾਲੀ ਇਸ ਹਸਤੀ ਨੇ ਮੁਸੀਬਤਾਂ ਨੂੰ ਮਜ਼ਬੂਤੀ ਨਾਲ ਜਿਵੇਂ ਸਰ ਕੀਤਾ, ਉਹ ਬੇਮਿਸਾਲ ਹੈ। ਪੁਸਤਕ ਅਨੇਕਾਂ ਸਿੱਖਿਆਵਾਂ ਅਤੇ ਪ੍ਰੇਰਨਾਵਾਂ ਦਾ ਬੇਸ਼ਕੀਮਤੀ ਖਜ਼ਾਨਾ ਹੈ। ਇਹ ਪੁਸਤਕ ਸਾਂਭਣਯੋਗ ਹੈ।


-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444.
c c c


ਖਿੱਲਰੇ ਪੱਤਰ
ਲੇਖਕ : ਦਲਵੀਰ ਸਿੰਘ ਲੁਧਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 173
ਸੰਪਰਕ : 94170-01983


ਹੱਥਲੀ ਪੁਸਤਕ ਤੋਂ ਪਹਿਲਾਂ ਇਸ ਲੇਖਕ ਦੀਆਂ ਪੌਣੀ ਦਰਜਨ ਵਾਰਤਕ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਲੇਖਕ ਦੀਆਂ ਲਿਖਤਾਂ ਨਾਮਵਰ ਰੋਜ਼ਾਨਾ ਅਖ਼ਬਾਰਾਂ, ਰਸਾਲਿਆਂ 'ਚ ਅਕਸਰ ਛਪਦੀਆਂ ਰਹਿੰਦੀਆਂ ਹਨ। 'ਖਿੱਲਰੇ ਪੱਤਰ' ਉਸ ਦਾ ਵੱਖ-ਵੱਖ ਵਿਸ਼ਿਆਂ ਨੂੰ ਛੂਹਦਾ ਇਕ ਨਾਵਲ ਹੈ, ਜਿਸ ਦੇ 33 ਕਾਂਡ ਹਨ। ਨਾਵਲ ਦੀ ਕਹਾਣੀ ਛੋਟੇ ਕਿਸਾਨ ਪਰਿਵਾਰਾਂ ਦੇ ਜੀਵਨ 'ਤੇ ਆਧਾਰਿਤ ਹੈ, ਜੋ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਪੈਰਾਂ ਸਿਰ ਵੇਖਣ ਨੂੰ ਤਾਂਘਦੇ ਹਨ, ਪਰ ਇੱਧਰ ਰੁਜ਼ਗਾਰ ਦੀ ਕੋਈ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਮਾਪੇ ਅਤੇ ਬੱਚੇ ਆਪਣਾ ਸਭ ਕੁਝ ਵੇਚ-ਵੱਟ ਕੇ ਹਰ ਹੀਲੇ ਵਿਦੇਸ਼ ਸਥਾਪਿਤ ਹੋਣਾ ਲੋਚਦੇ ਹਨ। ਵਿਦੇਸ਼ਾਂ ਦੀ ਜ਼ਿੰਦਗੀ ਵੀ ਕਾਫ਼ੀ ਸੰਘਰਸ਼ ਵਾਲੀ ਹੁੰਦੀ ਹੈ। ਲੇਖਕ ਭ੍ਰਿਸ਼ਟ ਤਰੀਕੇ ਨਾਲ ਕੀਤੀ ਗਈ ਕਮਾਈ ਦੇ ਨਤੀਜਿਆਂ ਨੂੰ ਵੀ ਬੇਪਰਦ ਕਰਦਾ ਹੈ। ਉਹ ਮਹਿੰਗੇ ਵਿਆਹਾਂ 'ਚ ਕੀਤੇ ਜਾਂਦੇ ਵਿਖਾਵੇ, ਖਾਣ-ਪੀਣ ਦੇ ਸਾਮਾਨ ਦੀ ਦੁਰਵਰਤੋਂ, ਦਾਜ ਦੀ ਮੰਗ ਨੂੰ ਉਭਾਰਦਾ ਹੈ। ਨੌਜਵਾਨਾਂ 'ਚ ਵਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦਾ ਹੋਇਆ ਉਹ ਦੱਸਦਾ ਹੈ ਕਿ ਕਿਵੇਂ ਅਜੋਕੇ ਦੌਰ 'ਚ ਨੌਜਵਾਨਾਂ ਦੀ ਪਹਿਲੀ ਪਸੰਦ ਵਿਦੇਸ਼ ਜਾਣਾ ਬਣ ਗਿਆ ਹੈ, ਜਿਸ ਕਾਰਨ ਪੰਜਾਬ 'ਚ ਘਰਾਂ ਦੇ ਘਰ ਖ਼ਾਲੀ ਹੋ ਰਹੇ ਹਨ ਅਤੇ ਪਿੱਛੇ ਮਾਪੇ ਬਿਰਧ ਬਰੇਸੇ ਇਕੱਲਤਾ ਭੋਗਣ ਲਈ ਮਜਬੂਰ ਹਨ। ਰਚਨਾਤਮਿਕ ਪੱਖੋਂ ਨਾਵਲ ਦੀ ਪਾਤਰ-ਉਸਾਰੀ, ਦ੍ਰਿਸ਼ ਚਿਤਰਨ, ਸ਼ੈਲੀ, ਮੌਕਾ ਮੇਲ, ਵਾਰਤਾਲਾਪ ਗੁੰਦਵੀਂ ਹੈ। ਨਾਵਲ ਦੀ ਕਹਾਣੀ ਹੌਲੀ-ਹੌਲੀ ਆਪਣੇ ਅੰਤ ਵੱਲ ਨੂੰ ਵਧਦੀ ਹੈ। ਨਾਵਲ ਪੜ੍ਹਦਿਆਂ ਪਾਠਕ ਦੀ ਉਤਸੁਕਤਾ ਬਣੀ ਰਹਿੰਦੀ ਹੈ। ਜਵਾਨ ਉਮਰ ਦੀਆਂ ਇੱਛਾਵਾਂ, ਜਜ਼ਬਾਤ, ਪਿਆਰ, ਤਾਂਘ ਦੀ ਸਥਿਤੀ ਅਤੇ ਵਿਦੇਸ਼ ਦੇ ਭੂਗੋਲਿਕ ਹਲਾਤਾਂ ਨੂੰ ਵੀ ਲੇਖਕ ਨੇ ਬਾਖ਼ੂਬੀ ਚਿਤਰਿਆ ਹੈ।


-ਮੋਹਰ ਗਿੱਲ ਸਿਰਸੜੀ,
ਮੋਬਾਈਲ : 98156-59110


ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ

ਲੇਖਕ : ਡਾ. ਬਲਕਾਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ: 550 ਰੁਪਏ, ਸਫੇ : 375
ਸੰਪਰਕ : 99150-48005


ਸਿੱਖ ਧਰਮ ਮਨੁੱਖੀ ਪੂਰਨ ਤੌਰ 'ਤੇ ਜੀਵਨ ਜਾਚ ਦਾ ਮਾਰਗ ਹੈ, ਜੋ ਮਨੁੱਖ ਨੂੰ ਉਚੇਚੇ ਅਧਿਆਤਮਕਿ ਅਨੁਭਵ ਨਾਲ ਜੋੜਦਾ ਹੈ ਅਤੇ ਸੰਤੁਲਿਤ ਸਮਾਜਿਕ ਜੀਵਨ ਜੀਉਣ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹੱਥਲੀ ਪੁਸਤਕ ਵਿਚ ਸਿੱਖ ਇਤਿਹਾਸ, ਗੁਰਇਤਿਹਾਸ, ਕੌਮੀ ਇਤਿਹਾਸ ਦੀਆਂ ਰੋਲ ਮਾਡਲ ਰਹੀਆਂ ਕੋਈ 20 ਕੁ ਮਹਾਨ ਸ਼ਖਸੀਅਤਾਂ ਨੂੰ ਆਪਣੀ ਗੁਰਮਤਿ ਸੋਝੀ ਰਾਹੀਂ ਕਲਮਬੰਦ ਕੀਤਾ ਹੈ। ਬਾਬਾ ਬੁੱਢਾ, ਭਾਈ ਮਨੀ ਸਿੰਘ, ਭਾਈ ਗੁਰਦਾਸ, ਭਾਈ ਕਨ੍ਹਈਆ, ਭਾਈ ਨੰਦ ਲਾਲ, ਭਾਈ ਮੋਤੀਰਾਮ ਮਹਿਰਾ, ਮਾਤਾ ਸਾਹਿਬ ਕੌਰ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ, ਮਹਾਂ ਕਵੀ ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਰਣਧੀਰ ਸਿੰਘ, ਪ੍ਰੋ: ਸਾਹਿਬ ਸਿੰਘ, ਬਾਬਾ ਨਿਧਾਨ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼ਾਮਿਲ ਹਨ। ਪ੍ਰੋ: ਡਾ. ਬਲਕਾਰ ਸਿੰਘ ਸਿੱਖ ਦਰਸ਼ਨ ਦੀ ਨਿਵੇਕਲੀ ਪਛਾਣ ਨੂੰ ਸਥਾਪਤ ਕਰਨ ਲਈ ਪੂਰਨ ਨਿਸ਼ਠਾ ਤੇ ਸਿਦਕ ਦਿਲੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਲਿਖਤ ਵਿਚ ਦਲੀਲ ਦਾ ਸਹਿਜ ਪ੍ਰਗਟਾਵਾ ਹੁੰਦਾ ਹੈ। ਥਾਂ ਪੁਰ ਥਾਂ ਗੁਰਬਾਣੀ ਦੀ ਅਗਵਾਈ ਉਨ੍ਹਾਂ ਦੀ ਦਲੀਲ ਨੂੰ ਪੁਖਤਗੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀਆਂ ਲਿਖਤਾਂ ਗੁਰੂ ਜੋਤਿ ਦਾ ਪ੍ਰਮਾਣਿਕ ਬਿੰਬ ਉਸਾਰਨ ਕਰਕੇ ਅਕਾਦਮਿਕ ਜਗਤ ਵਿਚ ਸਤਿਕਾਰੀਆਂ ਜਾਂਦੀਆਂ ਹਨ। ਲੇਖਕ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ, ਦਸ ਪੁਸਤਕਾਂ ਗੁਰੂ ਤੇਗ਼ ਬਹਾਦਰ ਹਿੰਦ ਦੀ ਚਾਦਰ, ਗੁਰਮਤਿ ਵਿਵੇਚਨ, ਭਗਤ ਨਾਮ ਦੇਵ ਜੀਵਨ ਤੇ ਰਚਨਾ, ਸਿੱਖ ਰਹੱਸਵਾਦ, ਜਿਨ੍ਹਾਂ ਤੋਂ ਵਿਛੋੜਿਆ ਗਿਆ, ਪੰਜਾਬ ਦਾ ਬਾਬਾ ਬੋਹੜ ਗੁਰਚਰਨ ਸਿੰਘ ਟੌਹੜਾ, ਸ਼ਬਦ ਗੁਰੂ ਦਾ ਸਿੱਖ ਸਿਧਾਂਤ, "The Spiritual Light Bearer of mankind ਅਕਾਲ ਤਖਤ ਸਾਹਿਬ ਜੋਤਿ ਤੇ ਜੁਗਤਿ, ਨਾਨਕ ਚਿੰਤਨ ਪਿਛੋਕੜ ਅਤੇ ਭੂਮਿਕਾ, ਪਾਠਕਾਂ ਤੇ ਵਿਦਵਾਨਾਂ ਦੀ ਟਿਪਸ 'ਤੇ ਹਨ। ਲੇਖਕ ਵਲੋਂ ਇਸ ਪੁਸਤਕ ਵਿਚ ਗੁਰੂ ਦਰਸਾਈ ਸਿੱਖੀ ਨੂੰ ਕਮਾਉਣ ਵਾਲੇ 20 ਵਿਰਾਸਤੀ ਪੁਰਖਿਆਂ ਦੇ ਜੀਵਨ, ਸੰਘਰਸ਼, ਕਮਾਈ ਨੂੰ ਦਰਸਾਉਣ ਦਾ ਯੋਗ ਉਪਰਾਲਾ ਕੀਤਾ ਹੈ। ਸਿੱਖੀ ਰੋਲ ਮਾਡਲ ਵਜੋਂ ਸਥਾਪਿਤ ਇਨ੍ਹਾਂ ਪੁਰਖਿਆਂ ਵਿਚ ਵਿਦਵਾਨ, ਸ਼ਹੀਦ, ਤੇਗ਼ ਦੇ ਧਨੀ ਸੂਰਮੇ, ਕਵੀ, ਸੇਵਾ ਦੇ ਪੁੰਜ ਤੇ ਸਿਆਸਤ ਦੇ ਮਹਾਂਰਥੀ ਸ਼ਾਮਲ ਹਨ। ਜਿਨ੍ਹਾਂ ਨੇ ਪੰਜ ਸਦੀਆਂ ਦੇ ਇਤਿਹਾਸ ਦੀ ਸਿਰਜਣਾ ਵਿਚ ਅਹਿਮ ਰੋਲ ਅਦਾ ਕੀਤਾ ਹੈ। ਉਲਾਰ ਸਥਿਤੀਆਂ ਵਿਚਕਾਰਲਾ ਸੰਤੁਲਿਤ ਰਾਹ ਕਿਵੇਂ ਕੰਮ ਆਉਂਦਾ ਹੈ ਇਸ ਅਮਲ ਵਿਚ ਜੀਉਣ ਵਾਲੇ ਪੁਰਖਿਆਂ ਦੀ ਦਾਸਤਾਨ ਹੀ ਹੈ ਇਹ ਹੱਥਲੀ ਪੁਸਤਕ।
ਸਾਰੇ ਵਿਸ਼ਵ ਵਿਚ ਫੈਲ ਰਹੇ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿਚ ਕਈ ਚੁਣੌਤੀਆਂ ਤੇ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਸਰਲੀਕਰਨ ਲਈ ਵਿਰਾਸਤੀ ਪੁਰਖਿਆਂ ਵਲੋਂ ਪਾਏ ਪੂਰਨੇ ਸਾਡਾ ਮਾਰਗ ਦਰਸ਼ਨ ਕਰ ਸਕਦੇ ਹਨ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਸੰਘਰਸ਼ੀ ਰਾਹ
ਲੇਖਕ : ਸਾਧੂ ਸਿੰਘ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫੇ : 223
ਸੰਪਰਕ : 95011-45039


'ਤਿੜਕਦੀ ਹਵੇਲੀ' ਤੋਂ ਬਾਅਦ ਸਾਧੂ ਸਿੰਘ ਸੰਘਾ ਦੇ ਦੂਜੇ ਨਾਵਲ 'ਸੰਘਰਸ਼ੀ ਰਾਹ' ਵਿਚ ਪੰਜਾਬ ਵਿਚਲੇ ਵੱਖ-ਵੱਖ ਅਦਾਰਿਆਂ ਦੇ ਮੁਲਾਜ਼ਮਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਨੂੰ ਚਿੱਤਰਤ ਕੀਤਾ ਹੈ। ਕੋਈ ਪੰਜਾਹ ਸਾਲ ਪਹਿਲਾਂ ਹਰੀ ਕ੍ਰਾਂਤੀ ਦੇ ਉਭਾਰ ਸਮੇਂ ਦੀ ਕਹਾਣੀ ਬਿਆਨ ਕਰਦਾ ਇਹ ਨਾਵਲ ਮੁਲਾਜ਼ਮ ਜਥੇਬੰਦੀਆਂ ਵਿਚ ਪੈਦਾ ਹੋਈ ਚੇਤਨਾ ਬਾਰੇ ਹੈ, ਜਿਸ ਦੀ ਮੂਲ ਜੜ੍ਹ ਨਕਸਲਬਾੜੀ ਲਹਿਰ ਨੂੰ ਮੰਨਿਆ ਗਿਆ। ਖੱਬੇ ਪੱਖੀ ਲਹਿਰ ਦੇ ਪ੍ਰਭਾਵ ਹੇਠ ਨੌਜਵਾਨਾਂ ਵਿਚ ਸਮਾਜ ਵਿਚਲੀ ਆਰਥਕ ਅਸਮਾਨਤਾ ਕਾਰਨ ਵਿਦਰੋਹ ਪੈਦਾ ਹੋ ਰਿਹਾ ਸੀ ਅਤੇ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਨੇਤਾਵਾਂ ਦੀ ਲੁੱਟ ਦਾ ਸ਼ਿਕੰਜਾ ਦੇਸ਼ ਦੇ ਨਾਲ ਪਿੰਡ ਦੀ ਸੱਤਾ ਉਪਰ ਵੀ ਕੱਸਿਆ ਜਾ ਚੁੱਕਾ ਸੀ। ਅਜਿਹੇ ਸਮੇਂ ਵਿਚ ਇਕ ਆਮ ਕਿਰਸਾਨੀ ਪਰਿਵਾਰ ਦੇ ਸੰਘਰਸ਼ ਦਾ ਬਿਰਤਾਂਤ ਇਸ ਨਾਵਲ ਵਿਚ ਸਿਰਜਿਆ ਗਿਆ ਹੈ। ਬਲਵੰਤ ਸਿੰਘ ਅਤੇ ਹਰਪਾਲ ਕੌਰ ਦੇ ਪਰਿਵਾਰਕ ਮਸਲੇ ਤੇ ਆਰਥਕ ਲੇਖੇ-ਜੋਖੇ ਉਨ੍ਹਾਂ ਦੇ ਪੁੱਤਰ ਅਮਰਦੀਪ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਕਾਮਿਆਂ ਦੇ ਸੰਘਰਸ਼ ਦਾ ਹਿੱਸਾ ਬਣਨ ਦਾ ਕਾਰਨ ਬਣਦੇ ਹਨ। ਸਮਾਜਵਾਦ ਦਾ ਪੱਖ ਪੂਰਦੇ ਅਤੇ ਸਮਰਾਜਵਾਦ ਹੱਥੋਂ ਸਧਾਰਨ ਲੋਕਾਂ ਦੀ ਲੁੱਟ ਨੂੰ ਭੰਡਦਾ ਇਸ ਨਾਵਲ ਦਾ ਕਥਾਨਕ ਪੂੰਜੀਵਾਦੀ ਸਰਮਾਏਦਾਰੀ ਦੇ ਵਿਰੋਧ ਵਿਚ ਖੜ੍ਹਾ ਦਿਖਾਈ ਦਿੰਦਾ ਹੈ। ਇਸ ਸਭ ਘਟਨਾਕ੍ਰਮ ਵਿਚ ਦੇਸ਼ ਦੀ ਰਾਖੀ ਲਈ ਲਾਮਬੱਧ ਪੁਲਿਸ ਦੇ ਭ੍ਰਿਸ਼ਟਾਚਾਰੀ ਹੋਣ ਅਤੇ ਉਨ੍ਹਾਂ ਦੁਆਰਾ ਸਧਾਰਨ ਲੋਕਾਂ ਦੇ ਸ਼ਾਂਤਮਈ ਅੰਦੋਲਨਾਂ ਨੂੰ ਹਿੰਸਕ ਸੰਘਰਸ਼ਾਂ ਵਿਚ ਬਦਲਣ ਲਈ ਵਰਤੀਆਂ ਗਈਆਂ ਕੂਟਨੀਤੀਆਂ ਬਾਰੇ ਕਈ ਰਾਜ਼ ਖੋਲ੍ਹੇ ਗਏ ਹਨ। ਇਸ ਢੰਗ ਨਾਲ ਇਹ ਨਾਵਲ ਸਾਹਿਤ ਦੇ ਖੇਤਰ ਵਿਚ ਇਨਕਲਾਬੀ ਸਾਹਿਤ ਵਿਚ ਇਕ ਕਾਮਯਾਬ ਉਪਰਾਲਾ ਸਿੱਧ ਹੁੰਦਾ ਹੈ ਜੋ ਪੰਜਾਬ ਦੇ ਕਿਰਸਾਨੀ ਸੰਘਰਸ਼ ਮੌਕੇ ਪਾਠਕਾਂ ਨੂੰ ਅਰਪਣ ਕੀਤਾ ਗਿਆ। ਇਹ ਨਾਵਲ ਇਸੇ ਕਾਰਨ ਅਜਿਹੇ ਸੰਘਰਸ਼ਾਂ ਲਈ ਆਮ ਲੋਕਾਂ ਲਈ ਇਕ ਸੇਧ ਸਾਬਤ ਹੁੰਦਾ ਹੈ। ਪਾਠਕਾਂ ਵਲੋਂ ਵੀ ਚੰਗੇ ਹੁੰਗਾਰੇ ਦੀ ਉਡੀਕ ਹੈ।


-ਡਾ: ਸੰਦੀਪ ਰਾਣਾ,
ਮੋਬਾਈਲ : 98728-87551


ਨੀਤੀ ਅਤੇ ਨੀਯਤ
ਤੇ ਹੋਰ ਨਿਬੰਧ

ਲੇਖਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 84378-73565


ਡਾ. ਅਮਰ ਕੋਮਲ ਸਿਰਮੌਰ ਨਿਬੰਧਕਾਰਾਂ ਵਿਚੋਂ ਇਕ ਜਾਣਿਆ ਜਾਂਦਾ ਹੈ। ਹਥਲੀ ਪੁਸਤਕ ਦੇ ਤੇਈ ਨਿਬੰਧ ਵੀ ਇਸੇ ਵਿਚਾਰ ਦਾ ਪ੍ਰਗਟਾਵਾ ਹਨ। ਇਨ੍ਹਾਂ ਸਭਨਾਂ ਨਿਬੰਧਾਂ ਦੀ ਸਾਂਝੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਿਬੰਧ ਬਹੁਤ ਸਾਰੇ ਸੰਕਲਪਾਂ ਦਾ ਅਰਥ-ਬੋਧ ਕਰਵਾਉਂਦੇ ਹਨ। ਜੀਵਨ ਜੀਊਣ ਦੀ ਜਾਚ ਦੱਸਦੇ ਹਨ, ਉਸਾਰੂ ਚਿੰਤਨਧਾਰਾ ਦਾ ਪ੍ਰਵਾਹ ਸੁਚੱਜੇ ਪਾਸੇ ਵੱਲ ਮੋੜਦੇ ਹਨ, ਮਾਨਵੀ ਉਚੇਰੀ ਕਦਰ-ਪ੍ਰਣਾਲੀ ਦੀ ਸਥਾਪਨਾ ਕਰਦੇ ਹੋਏ ਮਾਨਵ ਜਾਤੀ ਨੂੰ ਸਹਿਜ, ਸੁਹਿਰਦਤਾ, ਲਗਨ, ਮਿਹਨਤ ਅਤੇ ਸ਼ੁੱਭ ਕਰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਆਪਣੀ ਤਕਦੀਰ ਆਪ ਸਿਰਜਣ ਦਾ ਮਾਰਗ ਵੀ ਦਰਸਾਉਂਦੇ ਹਨ। 'ਨੀਤੀ ਅਤੇ ਨੀਯਤ', 'ਸਿਰਜਕ ਅਤੇ ਸਿਰਜਨਾਂ', 'ਹੱਕ ਅਤੇ ਫਰਜ਼', 'ਗਰੀਬੀ ਅਤੇ ਅਮੀਰੀ', 'ਗਿਆਨ ਵਿਗਿਆਨ', 'ਸ਼ਕਤੀ ਸਮਰੱਥਾ ਅਤੇ ਇਸਦੀ ਵਰਤੋਂ', 'ਵਿਗਿਆਨਕ ਯੰਤਰ ਅਤੇ ਛੂ-ਮੰਤਰ', 'ਮੈਂ ਤੇ ਤੂੰ'. 'ਚਿੰਤਾ ਅਤੇ ਅਚਿੰਤਾ', 'ਜਿੱਤ ਅਤੇ ਹਾਰ', 'ਵੇਦਨਾ-ਸੰਵੇਦਨਾ' ਨਿਬੰਧ ਇਨ੍ਹਾਂ ਉਕਤ ਦਾ ਬਾ-ਖੂਬੀ ਪ੍ਰਗਟਾਵਾ ਹਨ। ਸਮਾਜਕ, ਸਭਿਆਚਾਰਕ, ਨੈਤਿਕ ਅਤੇ ਦਾਰਸ਼ਨਿਕ ਵਿਸ਼ਿਆਂ ਸੰਬੰਧੀ ਡਾ. ਅਮਰ ਕੋਮਲ ਦੇ ਨਿਬੰਧ ਵਿਗਿਆਨਕ ਅਤੇ ਤਰਕ-ਵਿਤਰਕ ਦੀ ਸੋਚ-ਦ੍ਰਿਸ਼ਟੀ ਦੀ ਨਿਭਾਓ ਪ੍ਰਸੰਗਤਾ ਵਿਚ ਵੇਖੇ ਜਾ ਸਕਦੇ ਹਨ। ਇਹ ਲੇਖਕ ਦੁਹਰਾਓ ਤੋਂ ਸਦਾ ਬਚਦਾ ਹੈ ਅਤੇ ਆਪਣੇ ਕਥਨ ਦੀ ਸਾਰਥਿਕਤਾ ਲਈ ਆਪਣੇ ਦੂਜੀਆਂ ਭਾਸ਼ਾਵਾਂ ਦੇ ਗਿਆਨ ਨੂੰ ਵੀ ਸਾਦਗੀ ਅਤੇ ਸਪੱਸ਼ਟਤਾ ਦੀ ਜੁਗਤ ਨਾਲ ਪੇਸ਼ ਕਰਦਾ ਹੈ। ਡਾ. ਅਮਰ ਕੋਮਲ ਦੇ ਇਹ ਨਿਬੰਧ ਉਸਦੇ ਗੰਭੀਰ ਚਿੰਤਨ ਦਾ ਸਰਲ ਪ੍ਰਗਟਾਵਾ ਹਨ। 'ਨਿਰਾਸ਼ਾ ਅਤੇ ਨਸ਼ੇ', 'ਸਿਹਤ ਅਤੇ ਸੰਭਾਲ', 'ਜਿੱਤ ਅਤੇ ਹਾਰ', 'ਇਸ਼ਕ-ਮੁਸ਼ਕ', 'ਆਸ਼ਾਵਾਦੀ ਅਤੇ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ, 'ਸੱਚ ਅਤੇ ਝੂਠ', 'ਸੁੱਖ ਅਤੇ ਦੁੱਖ' ਪਾਠਕਾਂ ਦੇ ਮਨਾਂ ਵਿਚ ਸੁਧੇ ਹੀ ਘਰ ਕਰ ਜਾਣ ਵਾਲੇ ਨਿਬੰਧ ਹਨ। ਡਾ. ਕੋਮਲ ਸੁੱਤੇ ਹਿਰਦਿਆਂ ਵਿਚ ਚੇਤਨਾ ਦੀ ਜਾਗ ਵੀ ਲਾਉਂਦਾ ਹੈ ਅਤੇ ਸਮਾਜਕ ਕੁਰੀਤੀਆਂ ਤੋਂ ਬਚਣ ਦੀ ਪ੍ਰੇਰਨਾ ਵੀ ਦਿੰਦਾ ਹੈ, ਸੁਹਜ-ਸੁਆਦ ਦੇ ਅਸਲ ਰੂਪ ਤੋਂ ਜਾਣੂ ਵੀ ਕਰਵਾਉਂਦਾ ਹੈ, ਸਹਿਜ-ਸਿਆਣਪ, ਅਧਿਐਨ ਅਤੇ ਅਧਿਆਪਨ ਦਾ ਅਸਲ ਤਰੀਕਾ ਵੀ ਦਸਦਾ ਹੈ। ਨਾਰੀ ਦਾ ਸਮਾਜ ਵਿਚ ਯੋਗਦਾਨ ਅਤੇ ਇਸਦੀ ਬਹੁ-ਦਿਸ਼ਾਵੀ ਪ੍ਰਤਿਭਾ ਦਾ ਉਲੇਖ ਦਿਲ ਨੂੰ ਟੁੰਬਦਾ ਹੈ। ਇਨ੍ਹਾਂ ਨਿਬੰਧਾਂ ਦੀ ਸਾਰਥਿਕਤਾ ਇਸ ਮੂਲ ਬਿੰਦੂ ਉਤੇ ਕੇਂਦਰਿਤ ਹੈ ਕਿ ਜੇ ਮਨੁੱਖ ਤਰੱਕੀ ਕਰਨੀ ਚਾਹੁੰਦਾ ਹੈ ਅਤੇ ਸੁੱਖ ਦੀ ਨੀਂਦੇ ਸੌਣਾ ਚਾਹੁੰਦਾ ਹੈ ਤਾਂ ਉਹ ਆਪਣੀ ਨੀਤੀ ਅਤੇ ਨੀਯਤ ਨੂੰ ਸ਼ੁੱਧ ਕਰਕੇ ਦੂਸਰਿਆਂ ਨਾਲ ਚੰਗਾ ਵਰਤਾਰਾ ਕਰੇ। ਇਹ ਨਿਬੰਧ ਹਰ ਵਰਗ ਦੇ ਪਾਠਕ ਲਈ ਉਪਯੋਗੀ ਹਨ ਕਿਉਂਕਿ ਇਹ ਵਾਕ ਦਰ ਵਾਕ ਅਖੁੱਟ ਸਚਾਈਆਂ ਭਰਪੂਰ ਹਨ।


-ਡਾ. ਜਗੀਰ ਸਿੰਘ ਨੂਰ
ਮੋਬਾਈਲ : 9814209732


ਝੱਖੜ ਤੇ ਪਰਿੰਦੇ
ਲੇਖਕ: ਬਲਦੇਵ ਸਿੰਘ
ਪ੍ਰਕਾਸ਼ਕ: ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ: 126.
ਸੰਪਰਕ: 98147-83069


ਇਹ ਪੁਸਤਕ ਵਿਚ 9 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਬਹੁਤੀਆਂ ਕਹਾਣੀਆਂ, ਕਾਲੇ ਦੌਰ ਦੌਰਾਨ ਪੰਜਾਬ ਦੇ ਹੰਢਾਏ ਦਰਦ ਅਤੇ ਸੰਤਾਪ ਨੂੰ ਬਾਖ਼ੂਬੀ ਬਿਆਨਦੀਆਂ ਹਨ। ਕੁਝ ਕਹਾਣੀਆਂ ਹਾਕਮਾਂ ਦੀਆਂ ਕੋਝੀਆਂ ਚਾਲਾਂ, ਨੇਤਾਵਾਂ ਦੇ ਗਿਰਗਿਟੀ ਚਰਿੱਤਰ ਅਤੇ ਪੁਲਿਸ ਦੇ ਦੋਗਲੇਪਣ ਦਾ ਪਰਦਾ ਫਾਸ਼ ਕਰਦੀਆਂ ਹਨ। 'ਨਾਗਵਲ਼' ਵਿਚ ਬਾਬੇ ਨੇ ਪ੍ਰਕਾਸ਼ ਨੂੰ ਗਾਂ ਦੇ ਰੱਸੇ ਨੂੰ ਨਾਗਵਲ਼ ਪਾਉਣ ਦਾ ਹੱਲ ਦੱਸ ਕੇ, ਉਸ ਨੂੰ ਜ਼ਿੰਦਗੀ ਨੂੰ ਸੁਰੱਖਿਅਤ ਜੀਣ ਦਾ ਇਕ ਗੁਰ ਦੱਸਿਆ ਹੈ। 'ਲਹੂ ਭਿੱਜਾ ਅਸਮਾਨ' 'ਚ ਕਿਵੇਂ ਇਕ ਸਾਊ ਮੁੰਡਾ ਪ੍ਰੇਮ ਹਾਕਮੀ ਪ੍ਰਬੰਧ ਤੋਂ ਤੰਗ ਆ ਕੇ ਘਰੋਂ ਭਗੌੜਾ ਹੋ ਜਾਂਦਾ ਹੈ। ਇਹ ਕਹਾਣੀ ਅੱਤਵਾਦ ਦੇ ਦੌਰ ਵਿਚ ਬਹੁਤੇ ਘਰਾਂ ਦੇ ਜਵਾਨ ਮੁੰਡਿਆਂ ਨਾਲ ਪ੍ਰਬੰਧ ਵਲੋਂ ਹੋਏ ਘਿਨੌਣੇ ਵਤੀਰੇ ਦਾ ਸੱਚ ਬਿਆਨਦੀ ਹੈ। 'ਪਰਛਾਵੇਂ' ਵਿਚਲੇ ਗੋਲਡੀ ਦੇ ਮਾਤਾ-ਪਿਤਾ ਬੱਚੇ ਦੇ ਮਨੋ ਵਿਗਿਆਨ ਨੂੰ ਸਮਝੇ ਬਗ਼ੈਰ, ਉਸ ਨਾਲ ਬਦਲਾ ਲੈਣ ਵਾਲਾ ਵਰਤਾਓ ਕਰ ਰਹੇ ਸਨ। ਗੋਲਡੀ ਘਰ ਵਿਚ ਚੀਜ਼ਾਂ ਦੀ ਤੋੜ-ਭੰਨ ਕਰਦਾ ਸੀ। ਪਰ ਇਕ ਮਨੋਵਿਗਿਆਨਿਕ ਰਾਇ ਮੰਨਣ ਨਾਲ ਘਰ ਵਿਚ ਪਿਆਰ ਤੇ ਹਮਦਰਦੀ ਪਰਤ ਆਈ। 'ਇਕ ਸਵਾਲ' ਵਿਚਲਾ ਮੇਜ਼ਰ ਆਪ੍ਰੇਸ਼ਨ ਨੀਲਾ ਤਾਰਾ ਸਮੇਂ ਦੀਆਂ ਕਹਾਣੀਆਂ ਸੁਣਾਉਂਦਾ ਦੱਸਦਾ ਹੈ ਕਿ ਕਿਵੇਂ ਉਸ ਦੇ ਉੱਪਰਲੇ ਅਫ਼ਸਰ ਬੈਨਰਜੀ ਨੇ ਕਰਫ਼ਿਊ ਦੌਰਾਨ ਇਕ ਬਜ਼ੁਰਗ ਸਿੱਖ ਦੇ ਧਰਮ ਦਾ ਮਾਨ ਸਨਮਾਨ ਤੇ ਮਰਿਆਦਾ ਨੂੰ ਹੌਲਾ ਨਹੀਂ ਪੈਣ ਦਿੱਤਾ। ਬੈਨਰਜੀ ਅੱਖੜ ਸੁਭਾਅ ਦਾ ਹੋ ਕੇ ਵੀ ਇਕ ਖ਼ੂਬਸੂਰਤ ਇਨਸਾਨ ਸੀ। 'ਨਾਕਾਬੰਦੀ' ਵਿਚ ਪੁਲਿਸ ਤੋਂ ਲੁਕਦੇ-ਫਿਰਦੇ ਇਕ ਮੁਜ਼ਰਮ ਨਾਲ ਪੁਲਿਸ ਅਫ਼ਸਰ ਸ੍ਰੀ ਵਾਸਤਵ ਨੇ ਇਕ ਇਨਸਾਨੀਅਤ ਭਰਿਆ ਵਰਤਾਓ ਕੀਤਾ। ਉਸ ਦਾ ਅਜਿਹਾ ਹੋਣਾ ਇਕ ਮਿਸਾਲੀ ਅਤੇ ਵਿਲੱਖਣ ਹੈ। 'ਰਾਤ ਦੀ ਕੁੱਖ' ਵਿਚਲੀ ਚੰਦ ਕੌਰ ਦੀ ਸਰਪੰਚੀ ਵੱਡੇ ਪੱਧਰ 'ਤੇ ਸਿਆਸੀ ਭੰਨਾਂ ਘੜਤਾਂ ਦੀ ਇਕ ਤਸਵੀਰ ਦ੍ਰਿਸ਼ਟੀਗੋਚਰ ਕਰਦੀ ਹੈ। ਪਿੰਡ ਤਾਂ ਇਕ ਛੋਟੀ ਇਕਾਈ ਹੈ, ਇਹੀ ਕੁਝ ਪ੍ਰਾਂਤਕ ਅਤੇ ਦੇਸ਼ ਦੇ ਪੱਧਰ 'ਤੇ ਹੁੰਦਾ ਹੈ। ਇਸ ਸਿਆਸੀ ਤਾਣੇ-ਬਾਣੇ ਵਿਚ ਸਰਦੇ-ਪੁੱਜਦੇ ਲੋਕ, ਨੇਤਾ, ਅਫ਼ਸਰ, ਪੁਲਿਸ, ਸਿਆਸੀ ਲੋਕ ਸਭ ਸ਼ਾਮਿਲ ਹੁੰਦੇ ਹਨ। 'ਝੱਖੜ ਅਤੇ ਪਰਿੰਦੇ' ਇਸ ਪੁਸਤਕ ਦੀ ਸਭ ਤੋਂ ਸਸ਼ਕਤ ਕਹਾਣੀ ਲੱਗਦੀ ਹੈ। ਪਿੰਡਾਂ ਵਿਚ ਕਿਵੇਂ ਵੱਡੇ ਲੋਕ ਸਿਆਸੀ ਪਹੁੰਚ ਨਾਲ ਸ਼ਰੀਫ਼ ਲੋਕਾਂ ਨੂੰ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਦੇ ਖੇਤ ਜਾਇਦਾਦਾਂ ਖੋਹਣ ਲਈ ਨਵੇਂ-ਨਵੇਂ ਹੱਥਕੰਡੇ ਵਰਤਦੇ ਹਨ। ਮਾਵਾਂ ਪਾਗਲ ਹੋ ਕੇ ਕਿਵੇਂ ਸਿਵਿਆਂ ਵੱਲ ਦੌੜਦੀਆਂ ਹਨ। ਇਹ ਤਿਕੜਮਬਾਜ਼ ਸ਼ਰਾਫ਼ਤ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਚਿੜਾਉਂਦੇ ਹਨ। ਕੁੱਲ ਮਿਲਾ ਕੇ ਬਲਦੇਵ ਸਿੰਘ ਨੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਲੋਕਾਂ ਦੇ ਦੁੱਖਾਂ ਦਰਦਾਂ ਵਿਚਲੇ ਸੱਚ ਦੇ ਰੂਬਰੂ ਖੜ੍ਹਾ ਕੀਤਾ ਹੈ।


-ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686


ਰੱਜ ਰੱਜ ਮਿਲਦਾ ਪਿਆਰ ਬੇਲੀਓ
ਲੇਖਕ : ਬਲਜਿੰਦਰ ਮਾਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੋਹਾਲੀ
ਮੁੱਲ : 120 ਰੁਪਏ, ਸਫ਼ੇ : 32
ਸੰਪਰਕ : 98150-18947


'ਰੱਜ ਰੱਜ ਮਿਲਦਾ ਪਿਆਰ ਬੇਲੀਓ' ਬਾਲ ਗੀਤ ਅਤੇ ਕਵਿਤਾਵਾਂ ਦੀ ਪੁਸਤਕ ਹੈ। ਬਲਜਿੰਦਰ ਮਾਨ ਰਚਿਤ ਵੱਡੇ ਆਕਾਰ ਦੀ ਇਸ ਪੁਸਤਕ ਵਿਚ ਬਹੁਭਾਂਤੀ ਵਿਸ਼ਿਆਂ ਵਾਲੀਆਂ ਕਵਿਤਾਵਾਂ ਅੰਕਿਤ ਹਨ, ਜਿਨ੍ਹਾਂ ਵਿਚ ਬਾਲ ਮਨੋਵਿਗਿਆਨ ਨੂੰ ਕੇਂਦਰ ਵਿਚ ਰੱਖ ਕੇ ਲਿਖਣ ਦਾ ਪ੍ਰਯਤਨ ਕੀਤਾ ਗਿਆ ਹੈ। 'ਮਾਂ ਨੀ ਲੱਭਦੀ', 'ਬੂਟੇ ਦੋ ਹੀ ਲਾਈਏ' ਅਤੇ 'ਲੋਹੜੀ ਧੀਆਂ ਦੀ ਪਾਈਏ' ਕਵਿਤਾਵਾਂ ਮਨੁੱਖੀ-ਰਿਸ਼ਤਿਆਂ ਦੇ ਮਹੱਤਵ ਨੂੰ ਦਰਸਾਉਂਦੀਆਂ ਹਨ। 'ਨਵੀਂ ਸਵੇਰ', 'ਮੀਂਹ', 'ਮਿੱਟੀ ਨਾਲੋਂ ਟੁੱਟ ਕੇ', 'ਰੁੱਖਾਂ ਦੀਆਂ ਬਾਤਾਂ' ਅਤੇ 'ਘਰ 'ਚ ਬਗ਼ੀਚੀ' ਕਵਿਤਾਵਾਂ ਕੁਦਰਤੀ-ਧਰੋਹਰ ਨੂੰ ਬਚਾਉਣ ਦਾ ਸੁਨੇਹਾ ਦਿੰਦੀਆਂ ਹਨ ਜਦੋਂ ਕਿ 'ਗੁਣਾਂ ਦੇ ਗਹਿਣੇ', 'ਇੰਟਰਨੈੱਟ', 'ਸਮਾਂ ਨਾ ਗੁਆ ਬੇਲੀਆ', 'ਨਕਲ', 'ਉੱਚੀਆਂ-ਸੋਚਾਂ', 'ਚਿਰਾਗ਼', 'ਸਕੂਲ ਚੱਲੀਏ' ਅਤੇ 'ਸਮਿਆਂ ਦੇ ਹਾਣੀ' ਕਵਿਤਾਵਾਂ ਮਾਹੌਲ ਵਿਚ ਵਿੱਦਿਅਕ ਚੇਤਨਾ ਫੈਲਾਉਣ ਦੀ ਗੱਲ ਕਰਦੀਆਂ ਹਨ ਤਾਂ ਜੋ ਸਮਾਜ ਦੇ ਹਨੇਰੇ ਕੋਨਿਆਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਇਆ ਜਾ ਸਕੇ। ਇਹ ਕਵਿਤਾਵਾਂ ਜਿੱਥੇ ਬੱਚਿਆਂ ਨੂੰ ਸੱਭਿਆਚਾਰਕ ਰਹਿਤਲ ਅਤੇ ਜੀਵਨ ਮੁੱਲਾਂ ਨਾਲ ਜੋੜਦੀਆਂ ਹਨ, ਉਥੇ ਉਨ੍ਹਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਨਸ਼ਾਖ਼ੋਰੀ, ਭ੍ਰਿਸ਼ਟਾਚਾਰ, ਕੰਮਚੋਰੀ, ਫ਼ਰਜ਼ ਤੋਂ ਕੁਤਾਹੀ ਅਤੇ ਵਿਹਲੇ ਬਹਿ ਕੇ ਸਮਾਂ ਗੁਆਉਣ ਪੱਖੋਂ ਵੀ ਸਾਵਧਾਨ ਕਰਦੀਆਂ ਹਨ ਅਤੇ ਚੰਗੀ ਸਿਹਤ ਰੱਖਣ ਦੇ ਭੇਦ ਸਮਝਾਉਂਦੀਆਂ ਹਨ। ਕਿਤੇ-ਕਿਤੇ ਕੁਝ ਔਖੇ-ਭਾਰੇ ਸ਼ਬਦ ਵੀ ਇਸਤੇਮਾਲ ਕੀਤੇ ਗਏ ਹਨ ਜਿਵੇਂ 'ਸਰਗੀਆਂ', 'ਅੱਥਰਾ', 'ਗ਼ਮਖ਼ਾਰ', 'ਕਬੀਲਦਾਰੀ', 'ਸ਼ਬਾਬ', 'ਸਕੀਰੀ' ਅਤੇ 'ਜੀਵਨ-ਮੰਚ' ਆਦਿ। ਇਨ੍ਹਾਂ ਦੇ ਅਰਥ ਛੋਟੇ ਬੱਚਿਆਂ ਦੀ ਮਾਨਸਿਕ ਪਕੜ ਵਿਚ ਆਸਾਨੀ ਨਾਲ ਆ ਸਕਦੇ ਹਨ। ਦੂਜਾ 'ਦਾਦਾ-ਦਾਦੀ' ਕਵਿਤਾ ਤਤਕਰੇ ਵਿਚ 'ਬਾਬਾ-ਦਾਦੀ' ਉਨਵਾਨ ਤਹਿਤ ਛਪ ਗਈ ਹੈ। ਖ਼ੈਰ, ਇਨ੍ਹਾਂ ਮਾਮੂਲੀ ਉਕਾਈਆਂ ਨੂੰ ਨਜ਼ਰ ਅੰਦਾਜ਼ ਕਰ ਕੇ ਵੇਖਿਆ ਜਾਵੇ ਤਾਂ ਰੰਗਦਾਰ ਚਿੱਤਰਾਂ ਵਾਲੀ ਇਹ ਪੁਸਤਕ ਬੱਚਿਆਂ ਲਈ ਇਕ ਸੁੰਦਰ ਤੋਹਫ਼ਾ ਸਿੱਧ ਹੁੰਦੀ ਹੈੈ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703


ਸਿੱਖ ਇਤਿਹਾਸ ਦੀ ਫਾਰਸੀ ਇਤਿਹਾਸਕਾਰੀ
ਲੇਖਕ : ਡਾ. ਬਲਵੰਤ ਸਿੰਘ ਢਿੱਲੋਂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 392
ਸੰਪਰਕ : 98550-57624


ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਹੱਤਵਪੂਰਨ ਖੋਜ ਕਾਰਜ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਖੋਜ ਵਿਭਾਗ ਹੀ ਯੂਨੀਵਰਸਿਟੀਆਂ ਦੀ 'ਰੀੜ੍ਹ ਦੀ ਹੱਡੀ' ਹੁੰਦੇ ਹਨ। ਬੇਸ਼ੱਕ ਡਾ. ਗੰਡਾ ਸਿੰਘ ਨੇ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ-ਵਿਭਾਗ ਵਿਚ ਕੰਮ ਕਰਦਿਆਂ ਫਾਰਸੀ ਗ੍ਰੰਥਾਂ ਦੀ ਵਿਵਰਣਾਤਮਿਕ ਪੁਸਤਕ-ਸੂਚੀ ਤਿਆਰ ਕਰ ਦਿੱਤੀ ਸੀ ਅਤੇ ਆਪਣੀਆਂ ਪੁਸਤਕਾਂ ਵਿਚ ਬਹੁਤ ਸਾਰੇ ਫਾਰਸੀ ਸਰੋਤਾਂ ਦਾ ਪ੍ਰਯੋਗ ਵੀ ਕੀਤਾ ਸੀ ਪ੍ਰੰਤੂ ਇਸ ਸੋਮੇ ਬਾਰੇ ਸੁਤੰਤਰ ਤੇ ਇਕ ਵੱਖਰੀ ਪੁਸਤਕ ਪ੍ਰਕਾਸ਼ਿਤ ਕਰ ਕੇ ਡਾ. ਢਿੱਲੋਂ ਨੇ ਪੰਜਾਬ ਦੇ ਇਤਿਹਾਸ ਉੱਪਰ ਨਵੀਂ ਰੌਸ਼ਨੀ ਪਾਈ ਹੈ। ਵਿਦਵਾਨ ਲੇਖਕ ਨੇ ਆਪਣੇ ਅਧਿਐਨ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਗੁਰ-ਇਤਿਹਾਸ ਨਾਲ ਸੰਬੰਧਿਤ ਉਨ੍ਹਾਂ ਫਾਰਸੀ ਲੇਖਕਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਸਿੱਖ-ਇਤਿਹਾਸ ਦੇ ਵਿਸ਼ੇ ਨੂੰ ਛੋਹਿਆ ਹੈ। ਦੂਜੇ ਭਾਗ ਵਿਚ ਉਨ੍ਹਾਂ ਫਾਰਸੀ ਪੁਸਤਕਾਂ ਦਾ ਵਿਸ਼ਲੇਸ਼ਣ ਹੈ ਜੋ ਸਿੱਖ ਇਤਿਹਾਸ ਬਾਰੇ ਮੁੱਲਵਾਨ ਟਿੱਪਣੀਆਂ ਕਰਦੀਆਂ ਹਨ। ਅਜਿਹੀਆਂ ਪੁਸਤਕਾਂ ਵਿਚ 'ਅਕਬਰਨਾਮਾ' (ਅਬੁਲ ਫ਼ਜ਼ਲ), 'ਤੁਜ਼ਕ-ਏ-ਜਹਾਂਗੀਰੀ' (ਜਹਾਂਗੀਰ), 'ਦਬਿਸਤਾਨ-ਏ-ਮਜ਼ਾਹਿਬ' (ਮੁਬਿਦ ਸ਼ਾਹ), 'ਖੁਲਾਸਤੁਤ ਤਵਾਰੀਖ' (ਸੁਜਾਨ ਰਾਇ ਭੰਡਾਰੀ), 'ਇਬਰਤਨਾਮਾ' (ਮਿਰਜ਼ਾ ਮੁਹੰਮਦ ਹਾਰਿਸੀ), 'ਮੁੰਤਖ਼ਬ-ਲ-ਲੁਬਾਬ' (ਖਾਫੀ ਖਾਨ), ਚਹਾਰ ਗੁਲਸ਼ਨ (ਰਾਇ ਚਤੁਰਮਨ) ਅਤੇ ਸੀਯਰ-ਉਲ-ਮੁਤਾਖਿਰੀਨ (ਗੁਲਾਮ ਹੁਸੈਨ ਖ਼ਾਨ) ਵਰਗੀਆਂ 25-26 ਸਰੋਤ ਪੁਸਤਕਾਂ ਦਾ ਸਰਬਾਂਗੀ ਅਧਿਐਨ ਕੀਤਾ ਗਿਆ ਹੈ। ਫਾਰਸੀ ਭਾਸ਼ਾ ਦੇ ਗਿਆਨ ਵਾਸਤੇ ਡਾ. ਢਿੱਲੋਂ ਨੇ ਡਾ. ਅਮਰਵੰਤ ਸਿੰਘ ਦੀ ਸਹਾਇਤਾ ਲਈ ਹੈ, ਜਿਸ ਦਾ ਉਸ ਨੇ ਸਾਭਾਰ ਉਲੇਖ ਕੀਤਾ ਹੈ। ਡਾ. ਅਮਰਵੰਤ ਸਿੰਘ ਨੇ ਗੁਰੂ ਨਾਨਕ ਦੇਵ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ। ਹਥਲੀ ਪੁਸਤਕ ਵੀ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਨੇਪਰੇ ਚੜ੍ਹੀ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਬੜਾ ਕੁਝ ਕਹਿਣ ਕਹਾਣੀਆਂ
ਕਹਾਣੀਕਾਰ : ਜਗਮੀਤ ਸਿੰਘ ਪੰਧੇਰ
ਪ੍ਰਕਾਸ਼ਕ : ਲਾਲ ਸਿੰਘ ਪਬਲੀਕੇਸ਼ਨਜ਼, ਕੁੱਪ ਕਲਾਂ, ਸੰਗਰੂਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98783-37222


'ਬੜਾ ਕੁਝ ਕਹਿਣ ਕਹਾਣੀਆਂ' ਜਗਮੀਤ ਸਿੰਘ ਪੰਧੇਰ ਦਾ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 19 ਕਹਾਣੀਆਂ ਜਿਨ੍ਹਾਂ ਵਿਚ ਕੁਝ ਇਕ ਕਹਾਣੀਆਂ ਛੋਟੇ ਆਕਾਰ ਵਾਲੀਆਂ ਹਨ ਅਤੇ ਕੁਝ ਇਕ ਲੰਮੀਆਂ ਕਹਾਣੀਆਂ ਦਰਜ ਹਨ। ਭਾਵੇਂ ਕਿ ਇਹ ਛੋਟੇ ਆਕਾਰ ਵਾਲੀਆਂ ਕਹਾਣੀਆਂ ਨੂੰ ਮਿੰਨੀ ਕਹਾਣੀ ਨਹੀਂ ਕਿਹਾ ਜਾ ਸਕਦਾ ਪਰ ਇਨ੍ਹਾਂ ਦੀ ਵਿਧਾਗਤ ਰੂਪ-ਰੇਖਾ ਇਨ੍ਹਾਂ ਨੂੰ ਨਿੱਕੀ ਕਹਾਣੀ ਜ਼ਰੂਰ ਸਿੱਧ ਕਰਦੀ ਹੈ। ਇਹ ਆਕਾਰ ਪੱਖੋਂ ਵੀ ਅਤੇ ਵਿਧਾ ਪੱਖੋਂ ਵੀ ਨਿੱਕੀ ਕਹਾਣੀ ਦੇ ਪੈਟਰਨ 'ਤੇ ਸਿਰਜੀਆਂ ਗਈਆਂ ਹਨ, ਜਿਵੇਂ ਕਿ ਅੱਜਕਲ੍ਹ ਰਿਵਾਜ ਹੀ ਲੰਮੀ ਕਹਾਣੀ ਦੇ ਲਿਖਣ ਦਾ ਪੈ ਚੁੱਕਾ ਹੈ, ਉਸੇ ਹੀ ਤਰਜ਼ 'ਤੇ ਲਿਖੀ ਕਹਾਣੀ 'ਹਸਾਬ-ਕਤਾਬ' ਇਸ ਸੰਗ੍ਰਹਿ ਦੀ ਲੰਮੀ ਕਹਾਣੀ ਹੈ। ਕਹਾਣੀਆਂ ਵਿਚ ਆਮ ਲੋਕਾਂ ਦੀਆਂ ਥੁੜਾਂ, ਲੋੜਾਂ, ਰੀਝਾਂ ਅਤੇ ਖਾਹਿਸ਼ਾਂ ਦੇ ਬਿਰਤਾਂਤ ਸਿਰਜੇ ਗਏ ਹਨ। ਮਾਨਵੀ ਰਿਸ਼ਤੇ ਬਹੁਤੀ ਵਾਰੀ ਸਕੇ ਰਿਸ਼ਤਿਆਂ ਨਾਲੋਂ ਵੀ ਵੱਧ ਪਿਆਰੇ ਅਤੇ ਸਕੂਨ ਦੇਣ ਵਾਲੇ ਹੁੰਦੇ ਹਨ, ਇਹ ਸੰਗ੍ਰਹਿ ਦੀ ਪਹਿਲੀ ਕਹਾਣੀ 'ਅਣਮੁੱਲੇ ਰਿਸ਼ਤੇ' ਕੁਝ ਇਹੋ ਜਿਹਾ ਹੀ ਬਿਰਤਾਂਤ ਪੇਸ਼ ਕਰਦੀ ਹੈ। ਵਹਿਮਾਂ-ਭਰਮਾਂ ਵਿਚ ਫਸੇ ਲੋਕ ਜ਼ਿੰਦਗੀ ਨੂੰ ਤਰਕ ਦੀ ਕਸਵੱਟੀ 'ਤੇ ਸਮਝਣੋਂ ਅਸਮਰੱਥ ਰਹਿੰਦੇ ਹਨ, ਅਜਿਹੇ ਅਹਿਸਾਸਾਂ ਦੀ ਤਰਜਮਾਨੀ ਵੀ ਇਨ੍ਹਾਂ ਕਹਾਣੀਆਂ ਵਿਚ ਹੋਈ ਹੈ। ਪੜ੍ਹੀ-ਲਿਖੀ ਅਤੇ ਜਾਗ੍ਰਿਤ ਜਮਾਤ ਨੇ ਲੋਕਾਂ ਵਿਚ ਚਾਨਣ ਫੈਲਾਉਣ ਦਾ ਕੰਮ ਕਰਕੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ ਪਰ ਹਰਨੇਕ ਵਰਗੇ ਅਧਿਆਪਕ ਖੁਦ ਦੀ ਦਕੀਆਨੂਸੀ ਵਿਚਾਰਾਂ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਪਰਿਵਾਰਕ ਸੰਕਟ ਵਧਦੇ ਹਨ ਅਜਿਹਾ ਹੀ 'ਹਸਾਬ-ਕਤਾਬ' ਕਹਾਣੀ ਦਾ ਵਿਸ਼ਾਗਤ ਪਹਿਲੂ ਹੈ। 1947 ਦੀ ਦੇਸ਼ ਦੀ ਵੰਡ ਨੇ ਇਹੋ ਜਿਹੇ ਦੁਖਾਂਤ ਨੂੰ ਜਨਮ ਦਿੱਤਾ, ਇਸ ਸੰਗ੍ਰਹਿ ਦੀਆਂ ਕਹਾਣੀਆਂ ਇਸ ਵਿਸ਼ੇ ਬਾਰੇ ਵੀ ਬਿਰਤਾਂਤ ਪੇਸ਼ ਕਰਦੀਆਂ ਹਨ। 'ਲਾਟਰੀ' ਕਹਾਣੀ ਵਿਚ ਜਿਵੇਂ ਲੋਕਾਂ ਦੀ ਭੇਡ-ਚਾਲੀ ਬਿਰਤੀ ਦਾ ਬਿਰਤਾਂਤ ਹੈ, ਉਥੇ 'ਗੋਰਖ ਧੰਦਾ' ਵਿਚ ਸਮਾਜਿਕ ਲੁੱਟ ਦਾ ਵਿਸ਼ਾ ਹੈ। ਕਹਾਣੀਆਂ ਸਰਲ ਕਥਾਨਕ ਵਿਚ ਢਲੀਆਂ ਪੜ੍ਹਨਯੋਗ ਹਨ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611.


ਖ਼ਾਲਸ
ਲੇਖਕ : ਅਵਤਾਰ ਸਿੰਘ ਓਠੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 200 ਰੁਪਏ, ਸਫੇ : 120
ਸੰਪਰਕ : 75080-18875


ਪੁਸਤਕ ਵਿਚ ਅੱਠ ਬਿਹਤਰੀਨ ਕਹਾਣੀਆਂ ਹਨ। ਲੇਖਕ ਦਾ ਪਹਿਲਾ ਕਹਾਣੀ ਸੰਗ੍ਰਹਿ 1999 ਵਿਚ ਛਪਿਆ ਸੀ। ਲੰਮੇ ਸਮੇਂ ਪਿੱਛੋਂ ਇਸ ਕਹਾਣੀ ਸੰਗ੍ਰਹਿ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਹੈ। ਘੱਟ ਲਿਖਣ ਵਾਲੇ ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਵੱਡੇ ਮਾਅਰਕੇ ਮਾਰੇ ਹਨ। ਵਿਸ਼ੇ ਪੱਖ ਅਤੇ ਕਹਾਣੀ ਦੀ ਅਜੋਕੀ ਬਣਤਰ ਵਲੋਂ ਕਹਾਣੀਆਂ ਵਿਚ ਬਹੁਤ ਨਵੀਆਂ ਵਿਸ਼ੇਸ਼ਤਾਵਾਂ ਹਨ। ਭੂਮਿਕਾ ਵਿਚ ਦੋ ਕਹਾਣੀਆਂ 'ਖ਼ੂਨੀ ਰੱਖ' ਤੇ 'ਸਿੰਘ ਆ ਗਏ ਸੀ' ਇਸ ਸੰਗ੍ਰਹਿ ਵਿਚ ਨਹੀਂ ਹਨ। ਹੋ ਸਕਦਾ ਲੇਖਕ ਦੀ ਪਹਿਲੀ ਪੁਸਤਕ ਵਿਚ ਹੋਣ। ਕਹਾਣੀਆਂ ਦੇ ਪਾਤਰ ਸਿੱਖ ਵਿਰਸੇ ਵਿਚੋਂ ਗੱਲਬਾਤ ਕਰਦੇ ਹਨ। ਗ਼ਰੀਬ ਤੋਂ ਮਜਬੂਰੀਆਂ ਦੇ ਭੰਨੇ ਪਾਤਰ ਅਕਸਰ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਨੂੰ ਅਰਦਾਸਾਂ ਕਰਦੇ ਹਨ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਵਿਚ ਨਤਮਸਤਕ ਹੁੰਦੇ ਹਨ। ਕਹਾਣੀ 'ਆਪਣਾ ਹਿੱਸਾ' ਵਿਚ ਗੁਰਦੁਆਰੇ ਵਿਚ ਆਈ ਅਦਬੀ ਕਮੇਟੀ ਨੂੰ ਭਾਈ ਜੈਤਾ ਦੇ ਪ੍ਰਸੰਗ ਵਿਚੋਂ ਹਵਾਲਾ ਦੇ ਕੇ ਪਾਤਰ ਹੌਸਲੇ ਨਾਲ ਲਾਜਵਾਬ ਕਰ ਕੇ ਤੋਰ ਦਿੰਦੇ ਹਨ। ਇਹ ਤੇ ਉਹ ਹੀ ਸੀ ਵਿਚ ਗ਼ਰੀਬ ਬੰਦਾ ਆਪਣੀ ਪਤਨੀ ਦੇ ਇਲਾਜ ਲਈ ਜਿਸ ਡਾਕਟਰ ਕੋਲ ਜਾਂਦਾ ਹੈ ਉਸ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਹ ਤਾਂ ਉਹ ਹੀ ਡਾਕਟਰ ਹੈ ਜਿਸ ਨੇ ਕਿਸੇ ਵੇਲੇ ਪਤਨੀ ਦੇ ਇਲਾਜ ਲਈ ਨਾਜ਼ਾਇਜ਼ ਪੈਸੇ ਮੰਗੇ ਸਨ। ਡਾਕਟਰ ਕੋਲ ਵੀ ਉਸਦੇ ਆਪਣੇ ਬੌਸ ਨੇ ਹੀ ਭੇਜਿਆ ਸੀ। ਕਹਾਣੀ 'ਖ਼ਾਲਸ' ਵਿਚ ਦਲਿਤ ਵਰਗ ਦੇ ਪੀੜਤ ਪਾਤਰ ਹਨ। ਕਹਾਣੀ ਦੀ ਸ਼ੈਲੀ ਵਿਚ ਔਰਤ ਦੀ ਮਾਨਸਿਕ ਪੀੜਾ ਹੈ। ਔਰਤ ਘਰ ਵਿਚ ਆਏ ਕਾਮੇ ਨਾਲ ਨਜ਼ਾਇਜ਼ ਸੰਬੰਧ ਬਣਾ ਕੇ ਆਪਣੇ ਪਤੀ ਨੂੰ ਨੰਗਾ ਚਿਟਾ ਚੈਲੰਜ ਕਰਦੀ ਹੈ। ਇਸ ਕਿਸਮ ਦੀ ਬੇਬਾਕ ਨਾਰੀ ਕਹਾਣੀ 'ਸੱਤ ਪਹਿਰ' ਤੇ 'ਪੱਲਾ' ਵਿਚ ਵੀ ਹੈ। ਕਹਾਣੀ ਖੇਤਰਪਾਲ ਦਾ ਪਖੰਡੀ ਬਾਬਾ ਪੁੱਛਾਂ ਦੇ ਕੇ ਬੀਬੀਆਂ ਨੂੰ ਮਗਰ ਲਾਈ ਫਿਰਦਾ ਹੈ। ਬਾਬੇ ਦੀ ਬੀਬੀਆਂ ਨਾਲ ਵਾਰਤਾਲਪ (ਪੰਨਾ 55) ਕਹਾਣੀ ਦੀ ਮੁਖ ਚੂਲ ਹੈ। 'ਸੱਤ ਪਹਿਰ' ਦੀ ਜੱਸੀ (ਜਸਪ੍ਰੀਤ) ਧੱਕੇ ਨਾਲ ਵਿਦੇਸ਼ੀ ਮੁੰਡੇ ਨਾਲ ਕੀਤੇ ਜਾ ਰਹੇ ਅਣਜੋੜ ਵਿਆਹ ਤੋਂ ਉਸ ਵੇਲੇ ਇਨਕਾਰ ਕਰਦੀ ਹੈ, ਜਦੋਂ ਉਹ ਆਪਣੇ ਜਨਮ ਦੇ ਸਾਰੇ ਭੇਤ ਤੇ ਵਿਚੋਲੇ ਦੀ ਅਨੈਤਿਕਤਾ ਬਾਰੇ ਜਾਣ ਜਾਂਦੀ ਹੈ। ਉਸ ਦੀ ਮਰਜ਼ੀ ਤਾਂ ਹਾਣੀ ਨਾਲ ਵਿਆਹ ਕਰਾਉਣ ਦੀ ਹੁੰਦੀ ਹੈ। ਸਾਰੇ ਪਾਤਰਾਂ ਦਾ ਮਨੋਵਿਸ਼ਲੇਸ਼ਣ ਪੜ੍ਹ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। 'ਨਿਓਂਦਾ' ਕਹਾਣੀ ਵਿਚ ਗ਼ਰੀਬ ਕਿਸਾਨ ਦੇ ਆਰਥਿਕ ਮਸਲੇ ਹਨ। ਪਰਿਵਾਰਕ ਉਲਝਣਾਂ ਦਾ ਤਾਣਾ ਬਾਣਾ ਹੈ। ਲੰਮੀ ਕਹਾਣੀ ਹੈ। ਸੰਗ੍ਰਹਿ ਦੇ ਕਈ ਪਾਤਰ ਯਾਦਗਾਰੀ ਹਨ। ਪੜ੍ਹਨਯੋਗ ਮਿਆਰੀ ਕਹਾਣੀ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਕਿਵੇਂ ਗੁਜ਼ਾਰੀ ਜ਼ਿੰਦਗੀ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 496
ਸੰਪਰਕ : 99150-42242


ਪ੍ਰਤੀਬੱਧ ਲੇਖਕ ਹਰਭਜਨ ਸਿੰਘ ਹੁੰਦਲ ਇਸ ਸਮੇਂ 89ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ ਤੇ ਉਹ ਅਜੇ ਵੀ ਸਾਹਿਤਕ ਰਚਨਾ ਵਿਚ ਸਰਗਰਮ ਹੈ। ਉਸ ਵਲੋਂ ਰਚੇ ਸਾਹਿਤ ਵਿਚ ਕਵਿਤਾ ਦੀਆਂ 24, ਵਾਰਤਕ ਦੀਆਂ 23, ਆਲੋਚਨਾ ਦੀਆਂ 8, ਸੰਪਾਦਨਾ 7, ਕਾਵਿ ਅਨੁਵਾਦ 24, ਵਾਰਤਕ ਅਨੁਵਾਦ 9, ਅੰਗਰੇਜ਼ੀ ਪੁਸਤਕਾਂ 3, ਉਰਦੂ ਪੁਸਤਕਾਂ 2, ਹਿੰਦੀ ਪੁਸਤਕਾਂ 1 ਸ਼ਾਮਿਲ ਹਨ, ਜਿਨ੍ਹਾਂ ਦੀ ਮੋਟੀ ਜਿਹੀ ਗਿਣਤੀ ਸੌ ਤੋਂ ਵਧੀਕ ਬਣਦੀ ਹੈ। ਉਸ ਨੂੰ ਮਿਲੇ ਸਨਮਾਨ / ਪੁਰਸਕਾਰਾਂ ਵਿਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਸੱਥ ਲਾਂਬੜਾਂ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਕੌਮਾਂਤਰੀ ਲੇਖਕ ਮੰਚ ਕੈਨੇਡਾ ਜਿਹੇ ਵੱਕਾਰੀ ਪੁਰਸਕਾਰ ਸ਼ਾਮਿਲ ਹਨ। ਵਿਚਾਰ ਅਧੀਨ ਪੁਸਤਕ ਲੇਖਕ ਦੀ ਸਵੈ-ਜੀਵਨੀ ਹੈ, ਜਿਸ ਨੂੰ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਸੰਪਾਦਤ ਕੀਤਾ ਹੈ। ਇਸ ਸਵੈ ਜੀਵਨੀ ਵਿਚ ਉਸ ਦੀਆਂ ਪਹਿਲੀਆਂ ਚਾਰ ਜੀਵਨ-ਯਾਦਾਂ ਦੀਆਂ ਕਿਤਾਬਾਂ - ਘਸਮੈਲੇ ਚਿਹਰੇ, ਪਿਛਲਾ ਪਿੰਡ, ਕਿਵੇਂ ਗੁਜ਼ਾਰੀ ਜ਼ਿੰਦਗੀ ਅਤੇ ਸੰਨ ਸੰਤਾਲੀ ਦੇ ਦਿਨ ਨੂੰ ਸ਼ਾਮਲ ਕੀਤਾ ਗਿਆ ਹੈ। ਬੰਡਾਲਾ, ਜੜ੍ਹਾਂਵਾਲਾ (ਲਾਇਲਪੁਰ) ਪਾਕਿਸਤਾਨ ਵਿਚ ਦੇਸ਼ ਵੰਡ ਤੋਂ ਤੇਰਾਂ ਵਰ੍ਹੇ ਪਹਿਲਾਂ ਜਨਮਿਆ ਹੁੰਦਲ ਹੁਣ ਫੱਤੂਵਾਲ, ਢਿੱਲਵਾਂ (ਕਪੂਰਥਲਾ) ਵਿਚ ਰਹਿ ਰਿਹਾ ਹੈ। ਐਮ.ਏ. ਬੀ.ਟੀ. ਕਰਕੇ ਉਹ ਸਕੂਲ ਲੈਕਚਰਾਰ ਲੱਗਿਆ, ਜਿਥੋਂ ਉਹ 1992 ਵਿਚ ਸੇਵਾਮੁਕਤ ਹੋਇਆ। ਇਸ ਸਵੈ-ਜੀਵਨੀ ਵਿਚ ਲੇਖਕ ਨੇ ਘਰ ਪਰਿਵਾਰ, ਬਚਪਨ ਦੇ ਦਿਨ, ਮੇਰਾ ਪਹਿਲਾ ਅਧਿਆਪਕ, ਪ੍ਰਾਇਮਰੀ ਸਕੂਲ ਪਿੱਛੋਂ ਮੌਜ ਮੇਲੇ, ਇਕ ਅਨੋਖਾ ਅਖੰਡ ਪਾਠ, ਪਿੰਡ ਵਿਚ ਆਖ਼ਰੀ ਦਿਨ, ਪਿਛਲਾ ਪਿੰਡ ਵੇਖਣ ਦੀ ਤਾਂਘ (ਪਹਿਲਾ ਭਾਗ) ਤਾਲੋਂ ਉੱਖੜੇ ਸਾਲ, ਟੁਕੜੇ ਟੁਕੜੇ ਜ਼ਿੰਦਗੀ, ਨਾਨਕੇ ਪਿੰਡ ਦਾ ਕਤਲੇਆਮ, ਬੇਰਾਂ ਵਾਲਾ ਬਾਬਾ, ਪਿੱਛਲਝਾਤ (ਦੂਜਾ ਭਾਗ); ਤੀਜੇ ਭਾਗ ਵਿਚ ਕੁਝ ਪਰਿਵਾਰਕ ਜਾਣਕਾਰੀ ਤੇ ਸਾਹਿਤਕਾਰ ਲੋਕਾਂ ਦੇ ਰੇਖਾ ਚਿੱਤਰ; ਰੌਸ਼ਨੀ ਦੀ ਤਲਾਸ਼, ਪਹਿਲੀ ਕਵਿਤਾ, ਦੇਸ਼ ਦੁਆਬਾ, ਘਰ ਵਾਪਸੀ, ਕਵਿਤਾ ਦਾ ਮਾਰਗ, ਜੰਗ ਤੇ ਕਵਿਤਾ, ਖੋਜ ਨਿਬੰਧ, ਪਹਿਲੀ ਗ੍ਰਿਫ਼ਤਾਰੀ, ਚੰਡੀਗੜ੍ਹ ਦੀ ਜੇਲ੍ਹ ਯਾਤਰਾ, ਦੁਬਿਧਾ ਦੇ ਦਿਨ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਨਕਸਲਬਾੜੀ ਲਹਿਰ, ਮੇਰੀ ਬੰਗਾਲ ਫੇਰੀ, ਲਾਹੌਰ ਦਾ ਕਵੀ ਦਰਬਾਰ ਆਦਿ ਲਿਖਤਾਂ ਵਿਚ ਲੇਖਕ ਦੀ ਜ਼ਿੰਦਗੀ ਅਤੇ ਸਾਹਿਤਕਾਰੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਲੇਖਕ-ਮਿੱਤਰਾਂ ਵਿਚ ਸੁਰਿੰਦਰ ਗਿੱਲ, ਐੱਸ.ਐੱਸ. ਮੀਸ਼ਾ, ਅਵਤਾਰ ਜੰਡਿਆਲਵੀ, ਜੋਗਿੰਦਰ ਸ਼ਮਸ਼ੇਰ ਆਦਿ ਦਾ ਖ਼ੂਬਸੂਰਤ ਵੇਰਵਾ ਉਪਲਬਧ ਹੈ। ਇਉਂ ਇਸ ਸਵੈ-ਜੀਵਨੀ ਵਿਚ ਬਹੁਪੱਖੀ ਪ੍ਰਤਿਭਾ ਦੇ ਲੇਖਕ ਦੇ ਜੀਵਨ-ਸੰਘਰਸ਼ ਅਤੇ ਪੰਜਾਬ ਦੇ ਇਤਿਹਾਸਕ-ਸਭਿਆਚਾਰਕ ਬਿਰਤਾਂਤ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਹੁੰਦੀ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਬੇ-ਮੰਜ਼ਿਲਾ ਸਫ਼ਰ
ਲੇਖਕ : ਇਕਵਾਕ ਸਿੰਘ ਪੱਟੀ
ਪਬਲਿਸ਼ਰ : ਮਾਝਾ ਵਰਲਡਵਾਈਡ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 79


ਲੇਖਕ ਆਪਣੇ ਇਸ ਨਾਵਲ ਨੂੰ ਛੋਟਾ ਨਾਵਲ ਮੰਨਦਾ ਹੈ, ਜਿਸ ਵਿਚ ਉਸ ਨੇ ਇਕ ਅਜਿਹੇ ਨੌਜਵਾਨ ਦੀ ਕਹਾਣੀ ਪੇਸ਼ ਕੀਤੀ ਹੈ, ਜਿਸ ਵਿਚ ਉਹ ਆਪਣੇ ਜੀਵਨ ਲਈ ਆਪਣੇ ਫ਼ੈਸਲੇ ਲੈਂਦਾ ਹੈ ਅਤੇ ਕਿਤੇ ਨਾ ਕਿਤੇ ਉਹ ਫ਼ੈਸਲੇ ਉਸ ਦੇ ਜੀਵਨ ਨੂੰ ਇਸ ਕਦਰ ਪ੍ਰਭਾਵਿਤ ਕਰਦੇ ਹਨ ਕਿ ਉਸ ਨੂੰ ਆਪਣੀ ਜ਼ਿੰਦਗੀ ਬੇ-ਮੰਜ਼ਿਲਾ ਸਫ਼ਰ ਨਜ਼ਰ ਆਉਂਦੀ ਹੈ। ਨਾਇਕ ਗੁਰਦਿੱਤ ਸਿੰਘ ਹੈ ਜਿਹੜਾ ਕਿ ਆਪਣੇ ਮਾਪਿਆਂ ਦਾ ਲਾਡਲਾ ਹੈ। ਧਾਰਮਿਕ ਬਿਰਤੀ ਦਾ ਹੋਣ ਕਾਰਨ ਉਹ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਇਸ ਕਦਰ ਸ਼ਾਮਿਲ ਕਰ ਲੈਂਦਾ ਹੈ ਕਿ ਜ਼ਿੰਦਗੀ ਦੇ ਇਸ ਸਫਰ ਵਿਚ ਇਕੱਲਾ ਰਹਿ ਜਾਂਦਾ ਹੈ। ਆਪਣੇ-ਆਪ ਨਾਲ ਨਿਸ਼ਕਾਮ ਸੇਵਾ ਕਰਨ ਦਾ ਵਾਅਦਾ ਕਰਦਿਆਂ ਗੁਰਦਿੱਤ ਜ਼ਿੰਦਗੀ ਦਾ ਸਫਰ ਸ਼ੁਰੂ ਕੀਤਾ ਪਰ ਇਸ ਰਸਤੇ ਵਿਚ ਝੂਠ ਅਤੇ ਪਖੰਡ ਦੇ ਫਲਸਫੇ ਨੂੰ ਦੇਖ ਉਹ ਇਨ੍ਹਾਂ ਅਡੰਬਰਾਂ ਤੋਂ ਮੁਕਤ ਹੋਣ ਦਾ ਫ਼ੈਸਲਾ ਕਰਦਾ ਹੈ। ਮੁੜ ਭਵਿੱਖ ਲਈ ਉਹ ਸੁਪਨੇ ਸਜਾਉਣ ਲਗਦਾ ਹੈ ਅਤੇ ਪੜ੍ਹਨ ਲਈ ਫੈਸਲਾ ਕਰਦਾ ਹੈ। ਪੜ੍ਹਦਿਆਂ ਆਪਣੇ ਅੰਦਰ ਦੀ ਆਸਥਾ ਅਤੇ ਸ਼ਰਧਾ ਨੂੰ ਮਰਨ ਨਹੀ ਦਿੰਦਾ। ਫੈਕਟਰੀ ਮਾਲਕ ਦੀ ਲੜਕੀ ਨਾਲ ਵਿਆਹ, ਫਿਰ ਵਿਚਾਰਾਂ ਦੀ ਤਕਰਾਰ ਅਤੇ ਤਲਾਕ ਅਤੇ ਉਸ ਤੋਂ ਬਾਅਦ ਜ਼ਿੰਦਗੀ ਨੂੰ ਫਿਰ ਰਵਾਨਗੀ ਨਾਲ ਤੋਰਨ ਦੀ ਜਦੋਜਹਿਦ ਅਤੇ ਦੁਬਾਰਾ ਵਿਆਹ ਇਸ ਸਭ ਵਿਚੋ ਗੁਜ਼ਰਦਿਆ ਮੁੱਖ ਪਾਤਰ ਆਪਣੇ ਆਪ ਨੂੰ ਇਕ ਸਫ਼ਰ ਵਿਚ ਹੀ ਪਾਉਂਦਾ ਹੈ ਜਿਸ ਦੀ ਮੰਜ਼ਿਲ ਉਸ ਨੂੰ ਨਜ਼ਰ ਨਹੀਂ ਪੈਂਦੀ। ਗੁਰਦਿੱਤ ਸਿੰਘ ਨੂੰ ਇਕ ਬਹੁਤ ਹੀ ਆਦਰਸ਼ਵਾਦੀ ਪਾਤਰ ਵਜੋਂ ਉਭਾਰਿਆ ਗਿਆ ਹੈ ਅਤੇ ਸਰਲ ਸਧਾਰਨ ਭਾਸ਼ਾ ਵਾਲਾ ਇਹ ਨਾਵਲ ਇਕ ਲਕੀਰੀ ਬਿਰਤਾਂਤ ਵਿਚ ਆਪਣੀ ਗੱਲ ਕਹਿੰਦਾ ਹੈ। ਨਾਵਲ ਵਿਚ ਬਹੁਤੀਆਂ ਘਟਨਾਵਾਂ ਯਥਾਰਥ ਦੀ ਪੇਸ਼ਕਾਰੀ ਨਾ ਹੋ ਆਦਰਸ਼ਵਾਦ ਦੀ ਭਾਰੂ ਸੁਰ ਵੱਲ ਇਸ਼ਾਰਾ ਕਰਦੀਆਂ ਜਾਪਦੀਆਂ ਹਨ।


-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ. : 83606-83823

05-11-2022

 ਹਿਜਰਤਨਾਮਾ 1947
ਲੇਖਕ ਅਤੇ ਸੰਪਾਦਕ :
ਸਤਬੀਰ ਸਿੰਘ ਚਾਨੀਆਂ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 350 ਰੁਪਏ, ਸਫ਼ੇ : 148 ਰੁਪਏ
ਸੰਪਰਕ : 92569-73526

ਇਹ ਪੁਸਤਕ 1947 ਦੀ ਭਾਰਤ-ਪਾਕਿ ਵੰਡ ਦਾ ਦੁਖਦਾਈ ਇਤਿਹਾਸ ਪੇਸ਼ ਕਰਦੀ ਹੈ। ਨਫ਼ਰਤ ਅਤੇ ਜਨੂੰਨ ਨਾਲ ਭਰੇ ਹੋਏ ਲੋਕਾਂ ਵਲੋਂ ਲੱਖਾਂ ਪੰਜਾਬੀਆਂ ਨੂੰ ਕੋਹ ਸੁੱਟਿਆ ਗਿਆ, ਧੀਆਂ-ਭੈਣਾਂ ਨੂੰ ਉਧਾਲਿਆ ਗਿਆ ਅਤੇ ਪਿੰਡਾਂ, ਸ਼ਹਿਰਾਂ ਨੂੰ ਲੁੱਟ-ਪੁੱਟ ਕੇ ਸਾੜ ਦਿੱਤਾ ਗਿਆ। ਇਸ ਭਿਆਨਕ ਜੁਗਗਰਦੀ ਵਿਚੋਂ ਹਾਲੇ ਵੀ ਕੁਝ ਲੋਕ ਜਿਊਂਦੇ ਹਨ, ਜੋ ਉੱਜੜ ਕੇ ਦੁਬਾਰਾ ਆਬਾਦ ਹੋਏ। ਉਨ੍ਹਾਂ ਦੇ ਅੱਖੀਂ ਡਿੱਠੇ ਅਤੇ ਹੱਡੀਂ ਹੰਢਾਏ ਅਨੁਭਵਾਂ ਨੂੰ ਇਸ ਪੁਸਤਕ ਵਿਚ ਸੰਭਾਲਿਆ ਗਿਆ ਹੈ। ਲੇਖਕ ਨੇ 54 ਜਿਊਂਦੇ ਪਾਤਰਾਂ ਦੀ ਹੱਡਬੀਤੀ ਨੂੰ ਉਨ੍ਹਾਂ ਦੀ ਜ਼ਬਾਨੀ ਸੁਣ ਕੇ ਅੰਕਿਤ ਕੀਤਾ ਹੈ। ਪੌਣੀ ਸਦੀ ਬੀਤ ਜਾਣ 'ਤੇ ਵੀ ਇਨ੍ਹਾਂ ਜ਼ਿੰਦਾ ਬਜ਼ੁਰਗਾਂ ਦੇ ਜ਼ਖ਼ਮ ਤਾਜ਼ੇ ਹਨ। ਬਹੁਤ ਹੀ ਭਾਵਪੂਰਤ ਅਤੇ ਦਿਲ ਕੰਬਾਊ ਸੱਚੀਆਂ ਦਾਸਤਾਨਾਂ ਨੂੰ ਪੜ੍ਹ ਕੇ ਅੰਦਰ ਹਿੱਲ ਜਾਂਦਾ ਹੈ। ਇਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਕੋਹ-ਕੋਹ ਕੇ ਮਾਰ ਦਿੱਤੇ ਗਏ, ਸੰਪਤੀਆਂ ਬਰਬਾਦ ਕਰ ਦਿੱਤੀਆਂ ਗਈਆਂ, ਬਹੂ-ਬੇਟੀਆਂ ਦੀ ਬੇਪਤੀ ਕੀਤੀ ਗਈ। ਫਿਰਕੂ ਦਰਿੰਦਿਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਹੋ ਗਿਆ। ਅਥਾਹ ਪੀੜਾਂ ਸਹਿ ਕੇ, ਮਿਹਨਤਾਂ ਮੁਸ਼ੱਕਤਾਂ ਕਰ ਕੇ, ਜੰਗਲਾਂ ਨੂੰ ਕੱਟ-ਕੱਟ ਕੇ ਆਬਾਦ ਹੋਏ ਇਨ੍ਹਾਂ ਪੰਜਾਬੀਆਂ ਦੀਆਂ ਦਰਦ ਕਹਾਣੀਆਂ ਰੌਂਗਟੇ ਖੜ੍ਹੇ ਕਰਦੀਆਂ ਹਨ। ਇਨ੍ਹਾਂ ਵਿਚ ਕਈ ਉੱਘੀਆਂ ਹਸਤੀਆਂ ਨੇ ਵੀ ਆਪਣੇ ਦਰਦ ਦੇ ਕਿੱਸੇ ਸੁਣਾਏ ਹਨ ਜਿਵੇਂ ਸਰਦਾਰਾ ਸਿੰਘ ਜੌਹਲ, ਤਰਲੋਚਨ ਸਿੰਘ ਦਿੱਲੀ, ਪ੍ਰੇਮ ਸਿੰਘ ਐਡਵੋਕੇਟ, ਬੇਅੰਤ ਸਿੰਘ ਸਰਹੱਦੀ, ਸਰਦਾਰ ਪੰਛੀ, ਬੀਬੀ ਛਿੰਨੋ ਦੇਵੀ, ਕਰਨਲ ਅਜੀਤ ਸਿੰਘ, ਰਵਿੰਦਰ ਸਿੰਘ ਐਡਵੋਕੇਟ, ਕਰਮਾ ਡਾਕੂ ਆਦਿ। ਕਈਆਂ ਨੂੰ ਆਪਣਾ ਧਰਮ ਤਬਦੀਲ ਕਰਨਾ ਪਿਆ ਜਿਵੇਂ ਸੁੰਦਰ ਸਿੰਘ ਤੋਂ ਦੀਨ ਮੁਹੰਮਦ, ਜਸਵੰਤ ਕੌਰ ਤੋਂ ਰਜ਼ੀਆ ਆਦਿ। ਸਿੰਘਾਂ ਸਰਦਾਰਾਂ ਵਲੋਂ ਅਣਖ ਖ਼ਾਤਰ ਆਪਣੀਆਂ ਨੌਜਵਾਨ ਬਹੂ-ਬੇਟੀਆਂ ਦੇ ਹੱਥੀਂ ਕਤਲ ਕੀਤੇ ਗਏ, ਕਈਆਂ ਨੇ ਇੱਜ਼ਤ ਬਚਾਉਣ ਖ਼ਾਤਰ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ, ਕਈਆਂ ਨੇ ਦੰਗਈਆਂ ਨਾਲ ਮੁਕਾਬਲਾ ਕਰਕੇ ਸ਼ਹੀਦੀਆਂ ਪਾਈਆਂ। ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ ਜੋ ਹਰ ਲਾਇਬ੍ਰੇਰੀ ਅਤੇ ਵਿਦਿਅਕ ਸੰਸਥਾ ਵਿਚ ਸਾਂਭੀ ਜਾਣੀ ਚਾਹੀਦੀ ਹੈ। ਇਸ ਅਹਿਮ ਸਮੱਗਰੀ ਦਾ ਦਿਲੋਂ ਸਵਾਗਤ ਕਰਨਾ ਬਣਦਾ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਬੇਸਮਝ
ਲੇਖਕ : ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ'
ਪ੍ਰਕਾਸ਼ਕ : ਯੂਨੀਮੈਕਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 97816-46008

ਮਿੰਨੀ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ' ਰਚਿਤ 57 ਕਹਾਣੀਆਂ ਦਰਜ ਹਨ। ਇਹ ਕਹਾਣੀਆਂ ਸਮਾਜ ਦੇ ਵੱਖ-ਵੱਖ ਪਹਿਲੂਆਂ ਉੱਪਰ ਰੌਸ਼ਨੀ ਪਾਉਂਦੀਆਂ ਹਨ ਅਤੇ ਪਾਠਕਾਂ ਨੂੰ ਕੋਈ ਨਾ ਕੋਈ ਉਸਾਰੂ ਸੰਦੇਸ਼ ਦਿੰਦੀਆਂ ਹਨ। ਭ੍ਰਿਸ਼ਟ ਸਮਾਜ ਦੇ ਆਗੂਆਂ ਦੇ ਦੋਹਰੇ ਚਰਿੱਤਰ ਨੂੰ ਅਤੇ ਇਸਤਰੀ ਮਨੋਵਿਸ਼ਲੇਸ਼ਣ ਨੂੰ ਕਹਾਣੀਆਂ ਵਿਚ ਦਰਸਾਇਆ ਗਿਆ ਹੈ। ਪਹਿਲੀ ਕਹਾਣੀ 'ਬੇਸਮਝ' ਵਿਚ ਦੇਸ਼ ਦੀ ਵੰਡ 'ਤੇ ਵਿਅੰਗ ਕਰਦਿਆਂ ਦੱਸਿਆ ਹੈ ਕਿ ਮਨੁੱਖ ਨਾਲੋਂ ਜਾਨਵਰ ਚੰਗੇ ਹਨ ਜੋ ਸਰਹੱਦਾਂ ਅਤੇ ਮਜ਼ਹਬਾਂ ਦੀਆਂ ਨਫ਼ਰਤਾਂ ਨੂੰ ਨਹੀਂ ਜਾਣਦੇ। 'ਦੋ ਲੱਤਾਂ ਵਾਲਾ ਕੁੱਤਾ' ਕਹਾਣੀ ਵਿਚ ਬਿਸ਼ਨ ਸਿੰਘ ਹਰ ਰੋਜ਼ ਇਕ ਅਪਾਹਜ ਕੁੱਤੇ ਦੀ ਦਰਦਨਾਕ ਹਾਲਤ ਨੂੰ ਵੇਖਦਾ ਹੈ, ਜਿਸ ਦੀਆਂ ਪਿਛਲੀਆਂ ਦੋ ਲੱਤਾਂ ਕੁਚਲੀਆਂ ਹੋਈਆਂ ਸਨ। ਉਸ ਨੂੰ ਹਰ ਦਰ ਤੋਂ ਠੁਕਰਾਇਆ ਜਾਂਦਾ ਹੈ ਅਤੇ ਬੱਚੇ ਉਸ ਨੂੰ ਦੋ ਲੱਤਾਂ ਵਾਲਾ ਕੁੱਤਾ ਕਹਿ ਕੇ ਉਸ ਦਾ ਮਜ਼ਾਕ ਉਡਾਉਂਦੇ ਤੇ ਉਸ ਨੂੰ ਤੰਗ ਕਰਦੇ ਹਨ। ਬਿਸ਼ਨ ਸਿੰਘ ਦੇ ਪੁੱਤਰ ਤੇ ਨੂੰਹਾਂ ਜ਼ਮੀਨ ਦੇ ਲਾਲਚ ਵਿਚ ਉਸ ਨਾਲ ਬਹੁਤ ਮਾੜਾ ਸਲੂਕ ਕਰਨ ਲੱਗ ਪੈਂਦੇ ਹਨ। ਉਸ ਨੂੰ ਵਾਰੀ-ਵਾਰੀ ਨੂੰਹਾਂ ਦੇ ਘਰੋਂ ਰੋਟੀ ਖਾਣੀ ਪੈਂਦੀ ਹੈ। ਉਸ ਦੇ ਕੰਨਾਂ ਵਿਚ ਇਹ ਬੋਲ ਗੂੰਜਣ ਲੱਗ ਪੈਂਦੇ ਹਨ 'ਦੋ ਲੱਤਾਂ ਵਾਲਾ ਕੁੱਤਾ'। ਪੁਸਤਕ ਵਿਚਲੀਆਂ ਪਹਿਲੀਆਂ 50 ਕਹਾਣੀਆਂ ਦੋ ਜਾਂ ਤਿੰਨ ਸਫ਼ਿਆਂ ਵਾਲੀਆਂ ਕਹਾਣੀਆਂ ਹਨ। ਆਖ਼ਰੀ 7 ਕਹਾਣੀਆਂ ਕੇਵਲ ਤਿੰਨ ਜਾਂ ਚਾਰ ਸਤਰਾਂ ਵਾਲੀਆਂ ਕਹਾਣੀਆਂ ਹਨ, ਜਿਨ੍ਹਾਂ ਦਾ ਆਰੰਭ 'ਕੋਈ ਵੇਲਾ ਸੀ' ਤੇ ਹੁੰਦਾ ਹੈ, ਜਿਵੇਂ ਕਹਾਣੀ ਸੁਰਖ਼ੁਰੂ ਇਸ ਤਰ੍ਹਾਂ ਹੈ :
'ਕੋਈ ਵੇਲਾ ਸੀ ਜਦੋਂ ਮਾਪੇ ਧੀ ਦੀ ਡੋਲੀ ਤੋਰ ਕੇ ਸੁਰਖਰੂ ਹੋਇਆ ਕਰਦੇ ਸਨ, ਪਰ ਹੁਣ ਕੁੱਖ 'ਚ ਆਈ ਮਸੂਮ ਜਹੀ ਬਾਲੜੀ ਦੀ ਅਰਥੀ ਤੋਰ ਕੇ ਮਾਪੇ ਸੁਰਖ਼ਰੂ ਹੋਣ ਦੇ ਅਹਿਸਾਸ ਨਾਲ ਭਰ ਜਾਂਦੇ ਹਨ।'
ਸਮੁੱਚੇ ਤੌਰ 'ਤੇ ਇਹ ਇਕ ਵਧੀਆ ਮਿੰਨੀ ਕਹਾਣੀ ਸੰਗ੍ਰਹਿ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਨਾਨਕ ਸਿੰਘ ਦੀ ਰਚਨਾਕਾਰੀ
ਹੁੰਗਾਰਾ ਦਰ ਹੁੰਗਾਰਾ
ਸੰਪਾਦਕ : ਹਰਿਭਜਨ ਸਿੰਘ ਭਾਟੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 425 ਰੁਪਏ, ਸਫ਼ੇ : 296
ਸੰਪਰਕ : 98557-19118

ਡਾ. ਹਰਿਭਜਨ ਸਿੰਘ ਭਾਟੀਆ ਇਕ ਮਿਹਨਤੀ ਅਤੇ ਚਿੰਤਨਸ਼ੀਲ ਆਲੋਚਕ ਹੈ। ਉਸ ਨੇ ਆਪਣੇ ਸਿਰਜਣਾਤਮਕ ਜੀਵਨ ਦਾ ਬਹੁਤਾ ਸਮਾਂ ਪੰਜਾਬੀ ਆਲੋਚਨਾ ਦੇ ਸੁਭਾਅ ਅਤੇ ਸਮਰੱਥਾ ਨੂੰ ਸੁਨਿਸ਼ਚਿਤ ਕਰਨ ਵਿਚ ਖਰਚ ਕੀਤਾ ਹੈ। ਹਥਲੀ ਪੁਸਤਕ ਵਿਚ ਉਹ ਇਕ ਨਵਾਂ ਕਦਮ ਪੁੱਟਦਾ ਹੈ। ਉਸ ਦਾ ਵਿਚਾਰ ਹੈ ਕਿ ਕਿਸੇ ਵੀ ਸਿਰਜਣਾਤਮਕ ਲੇਖਕ ਦਾ ਵਿਸ਼ਲੇਸ਼ਣ ਜਾਂ ਮੁਲਾਂਕਣ ਕਰਨ ਸਮੇਂ ਸੰਬੰਧਿਤ ਲੇਖਕ ਦੀਆਂ ਨਿੱਜੀ ਧਾਰਨਾਵਾਂ ਨੂੰ ਵੀ ਗੌਲਣਾ ਬਣਦਾ ਹੈ। ਆਖ਼ਰ ਕੋਈ ਲੇਖਕ ਕਿਉਂ ਲਿਖਦਾ ਹੈ, ਲੇਖਕ ਦੀ ਮਾਰਫ਼ਤ ਕੀ ਕਰਨਾ-ਕਹਿਣਾ ਚਾਹੁੰਦਾ ਹੈ, ਇਨ੍ਹਾਂ ਪੱਖਾਂ ਨੂੰ ਜਾਣੇ ਬਗ਼ੈਰ ਅਸੀਂ ਲੋਕ ਉਸ ਦੀ ਪ੍ਰਮਾਣਿਕ ਆਲੋਚਨਾ ਨਹੀਂ ਕਰ ਸਕਦੇ। ਹਥਲੀ ਪੁਸਤਕ ਵਿਚਲੀ ਸਮਗਰੀ ਨੂੰ ਡਾ. ਭਾਟੀਆ ਨੇ ਛੇ ਭਾਗਾਂ ਵਿਚ ਵੰਡਿਆ ਅਤੇ ਵਿਉਂਤਬੱਧ ਕੀਤਾ ਹੈ। ਪਹਿਲੇ ਭਾਗ ਵਿਚ ਸ: ਨਾਨਕ ਸਿੰਘ ਦੇ 'ਆਪਣੇ ਲੇਖਣ-ਕਾਰਜ' ਦਾ ਤੁਆਰਫ਼ ਕਰਵਾਉਣ ਵਾਲੇ ਦੋ ਲੇਖ ਸੰਕਲਿਤ ਹਨ। ਦੂਜੇ ਭਾਗ ਵਿਚ ਸ: ਨਾਨਕ ਸਿੰਘ ਦੁਆਰਾ ਲਿਖੀਆਂ ਉਸ ਦੇ 32 ਨਾਵਲਾਂ ਦੀਆਂ ਭੂਮਿਕਾਵਾਂ ਦਿੱਤੀਆਂ ਗਈਆਂ ਹਨ। ਤੀਜੇ ਭਾਗ ਵਿਚ ਉਸ ਦੇ ਕਹਾਣੀ ਸੰਗ੍ਰਹਿਾਂ, ਇਕ ਨਾਟਕ ਅਤੇ ਇਕ ਸਵੈਜੀਵਨੀ ਵਿਚ ਮਿਲਦੇ ਉਸ ਦੇ ਵਿਚਾਰਾਂ ਉੱਪਰ ਝਾਤ ਪੁਆਈ ਗਈ ਹੈ। ਚੌਥੇ ਭਾਗ ਵਿਚ ਉਸ ਦੁਆਰਾ ਅਨੁਵਾਦਿਤ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪੰਜਵੇਂ ਭਾਗ ਵਿਚ ਸ: ਨਾਨਕ ਸਿੰਘ ਦੇ ਕੁਝ ਹੋਰ ਲੇਖਕਾਂ ਵਲੋਂ ਲਿਖੀਆਂ ਭੂਮਿਕਾਵਾਂ ਬਾਰੇ ਵਿਚਾਰ ਕੀਤੀ ਗਈ ਹੈ। ਅੰਤਿਕਾਵਾਂ ਵਿਚ ਨਾਨਕ ਸਿੰਘ ਦੀਆਂ ਰਚਨਾਵਾਂ ਦੀ ਪੜਚੋਲ ਦੀ ਪ੍ਰਕਿਰਤੀ ਦਾ ਜਾਇਜ਼ਾ ਲਿਆ ਗਿਆ ਹੈ। ਆਲੋਚਨਾ ਦੇ ਖੇਤਰ ਵਿਚ ਡਾ. ਭਾਟੀਆ ਦਾ ਇਹ ਉੱਦਮ ਬਹੁਤ ਮੁੱਲਵਾਨ ਸਿੱਧ ਹੋਵੇਗਾ। ਇਹ ਰਚਨਾ ਕਿ ਸਰੋਤ-ਪੁਸਤਕ ਦਾ ਦਰਜਾ ਰੱਖਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਵਿਆਹ ਦੇ ਲੋਕ ਗੀਤਾਂ ਦਾ ਤੁਲਨਾਤਮਿਕ ਅਧਿਐਨ
(ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਿਸ਼ੇਸ਼ ਸੰਦਰਭ ਵਿਚ)
ਲੇਖਿਕਾ : ਡਾ. ਸੁਖਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 212
ਸੰਪਰਕ : 88724-77200

ਵਿਚਾਰਾਧੀਨ ਪੁਸਤਕ ਉਪਾਧੀ ਸਾਪੇਖ ਖੋਜ ਕਾਰਜ ਪ੍ਰਤੀਤ ਹੁੰਦਾ ਹੈ। ਇਸ ਖੋਜ ਦਾ ਆਰੰਭ ਕਰਦਿਆਂ ਖੋਜ-ਕਰਤਾ ਵਿਦਵਾਨ ਵਿਦੁਸ਼ੀ ਨੇ ਉਪਰੋਕਤ ਪ੍ਰਾਂਤਾਂ ਦਾ ਭੂਗੋਲਿਕ ਖੇਤਰ, ਇਤਿਹਾਸ ਅਤੇ ਉਪ-ਸਭਿਆਚਾਰਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਹੈ। ਯਾਦ ਰਹੇ ਕਿ ਇਸ ਵਿਚ ਪਾਕਿਸਤਾਨੀ ਭਾਵ ਲਹਿੰਦਾ ਪੰਜਾਬ ਸ਼ਾਮਿਲ ਨਹੀਂ ਕੀਤਾ ਗਿਆ। ਲੋਕ-ਗੀਤ ਤਾਂ ਬਹੁਤ ਕਿਸਮਾਂ ਦੇ ਨੇ ਪਰ ਗਹਿਨ ਦ੍ਰਿਸ਼ਟੀ ਤੋਂ ਅਧਿਐਨ ਕਰਨ ਦੇ ਉਦੇਸ਼ ਨਾਲ ਖੋਜ ਵਿਦੁਸ਼ੀ ਨੇ ਆਪਣਾ ਖੋਜ ਦਾਇਰਾ ਪਹਿਲੋਂ ਹੀ ਸੀਮਿਤ ਕਰ ਲਿਆ ਹੈ। ਵਿਆਹ 'ਚ ਲੋਕ ਗੀਤਾਂ ਤੱਕ। ਨਿਰਸੰਦੇਹ ਅਜਿਹਾ ਕਰਦਿਆਂ ਉਸ ਨੂੰ ਮਿਹਨਤ ਨਾਲ ਫੀਲਡ-ਵਰਕ ਕਰਨਾ ਪੈਣਾ ਹੀ ਸੀ। ਇਨ੍ਹਾਂ ਹੀ ਭੂਗੋਲਿਕ ਖਿੱਤਿਆਂ ਦੇ ਲੋਕ ਗੀਤਾਂ, ਰਸਮਾਂ-ਰਿਵਾਜਾਂ ਦੇ ਸੱਭਿਆਚਾਰ ਦੀ ਦ੍ਰਿਸ਼ਟੀ ਦਾ ਵਰਗੀਕਰਨ ਕਰ ਕੇ ਸੰਕਲਨ ਕਰਨ ਵਿਚ ਅਣਥੱਕ ਮਿਹਨਤ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਅਜਿਹਾ ਕਰਦਿਆਂ ਲੋਕ ਗੀਤਾਂ ਦੀਆਂ ਸੰਚਾਰ ਜੁਗਤਾਂ ਦਾ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ। ਸਿਧਾਂਤਕ ਪਰਿਪੇਖ ਦੇ ਨਜ਼ਰੀਏ ਤੋਂ ਤੁਲਨਾਤਮਿਕ ਅਤੇ ਟਾਕਰਾ ਭਾਵ ਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਸਮਝਣ ਦੀ ਡਾਢੀ ਲੋੜ ਹੁੰਦੀ ਹੈ। ਵਿਦਵਾਨ ਵਿਦੁਸ਼ੀ ਨੇ ਤੁਲਨਾਤਮਿਕ ਅਧਿਐਨ ਵਿਧੀ ਦੇ ਪੱਛਮੀ, ਪੂਰਬੀ, ਪੰਜਾਬੀ ਵਿਦਵਾਨਾਂ ਦਾ ਨਿੱਠ ਕੇ ਅਧਿਐਨ ਕੀਤਾ ਜਾਪਦਾ ਹੈ। ਅਧਿਐਨ ਅਧੀਨ ਤਿੰਨ ਖੇਤਰਾਂ ਦੇ ਵਿਆਹਾਂ ਦੀਆਂ ਭਿੰਨ-ਭਿੰਨ ਰਸਮਾਂ ਦੀ ਤੁਲਨਾ ਕੀਤੀ ਗਈ ਹੈ। ਖੋਜ ਕਰਤਾ ਸਵੀਕਾਰ ਕਰਦੀ ਹੈ ਕਿ ਵਿਆਹਾਂ ਦੇ ਲੋਕ ਗੀਤਾਂ ਨੂੰ ਦੋ ਭਾਗਾਂ ਵਿਚ ਵੰਡ ਕੇ ਨਿਖੇੜਿਆ ਜਾ ਸਕਦਾ ਹੈ। ਇਕ ਉਪ-ਸਭਿਆਚਾਰ ਦਾ ਪੱਧਰ ਅਤੇ ਦੂਜਾ ਉਪ-ਭਾਸ਼ਾਈ ਪੱਧਰ ਕਿਉਂ ਜੋ ਇਹ ਦੋਵੇਂ ਹੀ ਅੰਤਰ-ਭਿੰਨਤਾਵਾਂ ਪੈਦਾ ਕਰਨ ਵਿਚ ਯੋਗਦਾਨ ਪਾਉਂਦੇ ਹਨ। ਉਚਾਰਨ ਢੰਗ ਨਾਲ ਸ਼ਬਦਾਵਲੀ ਵਿਚ ਫ਼ਰਕ ਪੈ ਜਾਣਾ ਸੁਭਾਵਿਕ ਹੈ। ਵਿਆਕਰਨ ਅਤੇ ਸ਼ਬਦਾਵਲੀ ਅੰਤਰ ਵੀ ਵੇਖੇ ਜਾ ਸਕਦੇ ਹਨ। ਖਿੱਤਿਆਂ ਅਨੁਸਾਰ ਭਾਸ਼ਾਈ ਰੁਪਾਂਤਰਣ ਅਤੇ ਭਾਸ਼ਾਈ ਉਚਾਰਨਾਂ ਬਾਰੇ ਉਦਾਹਰਨਾਂ ਸਹਿਤ ਨਿਸ਼ਾਨਦੇਹੀ ਕੀਤੀ ਗਈ ਹੈ। ਕੇਵਲ ਇਕ ਉਦਾਹਰਨ ਕਾਫ਼ੀ ਹੋਵੇਗੀ। ਮਸਲਨ :
ਸੁਹਾਗ ਗੀਤ (ਪੰਜਾਬ)
'...ਬਾਬਲ ਹਮਾਰੀ ਦੇਸ ਜਾਇਓ,
ਬਾਹਰ ਪਰਦੇਸੀ ਜਾਇਓ,
ਮੇਰੀ ਜੋੜੀ ਦਾ ਵਰ ਟੋਲ ਲਿਆਇਓ।
(ਬੰਨੜੀ/ਸੁਹਾਗ) 'ਹਰਿਆਣਾ'-
ਦਾਦਾ ਦੇਸ ਜਾਈਯੋ, ਪ੍ਰਦੇਸ ਜਾਈਓ,
ਮਹਾਰੀ ਜੋੜੀ ਦਾ ਵਰ ਢੂੰਡੀਓ।
ਸੁਹਾਗ ਗੀਤ (ਹਿਮਾਚਲ)
ਪਿਤਾ ਜੀ ਤੁਮਹੇਂ ਕਹਿਤੀ,
ਕਿ ਵਰ ਤੁਸੀਂ ਆਪ ਜਾ ਡੂੰਡੋ।
ਇਵੇਂ ਵਿਆਹ ਦੀਆਂ ਹੋਰ ਸਾਰੀਆਂ ਰਸਮਾਂ ਤੁਲਨਾਤਮਿਕ ਉਦਾਹਰਨਾਂ ਸਹਿਤ ਪ੍ਰਸਤੁਤ ਕੀਤੀਆਂ ਗਈਆਂ ਹਨ। ਇਵੇਂ ਇਨ੍ਹਾਂ ਸਾਰੀਆਂ ਸਮਾਨਤਾਵਾਂ/ਅਸਮਾਨਤਾਵਾਂ ਦੀ ਨਿਸ਼ਾਨਦੇਹੀ, ਉਦਾਹਰਨਾਂ ਸਹਿਤ ਪ੍ਰਸਤੁਤ ਕਰਨਾ ਇਸ ਖੋਜ ਕਾਰਜ ਦਾ ਹਾਸਲ ਹੋ ਨਿੱਬੜਿਆ ਹੈ।

-ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ
ਲੇਖਕ : ਪ੍ਰੋ: ਡਾ. ਬਲਵੰਤ ਸਿੰਘ ਢਿੱਲੋਂ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 550 ਰੁਪਏ, ਸਫ਼ੇ :320
ਸੰਪਰਕ : 98550-57624

ਡਾ. ਬਲਵੰਤ ਸਿੰਘ ਢਿਲੋਂ ਨੇ ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ ਪੁਸਤਕ ਨੂੰ ਪੰਦਰਾਂ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਹਾਨੀ ਅਨੁਭਵ ਤੇ ਵਿਰਾਸਤ, ਦੂਜੇ ਭਾਗ ਵਿਚ ਮੁੱਢਲਾ ਸਿੱਖ ਪੰਥ ਸਹਿਹੋਂਦ ਤੋਂ ਸ਼ਹਾਦਤ ਅਤੇ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ, ਤੀਜੇ ਅਧਿਆਏ ਵਿਚ ਮੀਰੀ ਤੇ ਸਿੱਖ ਸੈਨਿਕ ਸੰਗਠਨ ਇਸ ਨੂੰ ਅੱਗੇ 6 ਹਿੱਸਿਆਂ ਵਿਚ ਵੰਡਿਆ ਹੈ ਜਿਵੇਂ ਮੀਰੀ-ਪੀਰੀ ਦਾ ਉਦੇਸ਼, ਗਵਾਲੀਅਰ ਵਿਚ ਨਜ਼ਰਬੰਦੀ, ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਦਾ ਸਮਾਂ, ਮੁਗ਼ਲਾਂ ਨਾਲ ਸੈਨਿਕ ਸੰਘਰਸ਼, ਕੀਰਤਪੁਰ ਦਾ ਨਵਾਂ ਸਿੱਖ ਕੇਂਦਰ ਅਤੇ ਮੁਗ਼ਲ ਬਾਦਸ਼ਾਹ ਦੁਆਰਾ ਧੀਰਮੱਲ ਦੀ ਸਰਪ੍ਰਸਤੀ। ਚੌਥੇ ਭਾਗ ਵਿਚ ਗੁਰੂ ਤੇਗ ਬਹਾਦਰ ਸਮਕਾਲੀਨ ਪ੍ਰਸਥਿਤੀਆਂ, ਪੰਜਵੇਂ ਵਿਚ ਸਿੱਖ ਧਰਮ ਪ੍ਰਚਾਰ, ਪਾਸਾਰ ਤੇ ਸੰਗਠਨ, ਛੇਵੇਂ ਭਾਗ ਵਿਚ ਔਰੰਗਜ਼ੇਬ ਦਾ ਸਿੱਖ ਪੰਥ ਬਾਰੇ ਨਜ਼ਰੀਆ ਅਤੇ ਔਰੰਗਜ਼ੇਬ ਦਾ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ਵਿਹਾਰ, ਸੱਤਵੇਂ ਵਿਚ ਗੁਰੂ ਤੇਗ ਬਹਾਦਰ ਜੀ ਦਾ ਮੁਢਲਾ ਜੀਵਨ ਤੇ ਗੱਦੀ ਨਸ਼ੀਨੀ, ਅਠਵਾਂ-ਪੂਰਬੀ ਭਾਰਤ ਦੀ ਯਾਤਰਾ ਵਿਚ ਮਾਖੋਵਾਲ ਤੋਂ ਮਾਲਵਾ ਵਿਚ ਧਮਤਾਨ, ਧਮਤਾਨ ਤੋਂ ਪਹਿਲੀ ਗ੍ਰਿਫ਼ਤਾਰੀ, ਦਿੱਲੀ ਤੋਂ ਪਟਨਾ। ਨੌਵੇਂ ਅਧਿਆਏ ਵਿਚ ਪਟਨਾ ਤੋਂ ਢਾਕਾ-ਆਸਾਮ, ਢਾਕਾ ਤੋਂ ਚਿੱਟਾਗੋਂਗ ਅਤੇ ਵਾਪਸੀ, ਰਾਜਾਰਾਮ ਸਿੰਘ ਨਾਲ ਆਸਾਮ ਵਿਚ, ਦਸਵੇਂ ਭਾਗ ਵਿਚ ਪਟਨਾ ਤੋਂ ਪੰਜਾਬ ਵਾਪਸੀ, ਦੂਜੀ ਗ੍ਰਿਫ਼ਤਾਰੀ ਤੇ ਰਿਹਾਈ ਦਾ ਸਬੱਬ। ਗਿਆਰਵੇਂ ਵਿਚ ਤਤਕਾਲੀ ਮਾਹੌਲ ਵਿਚ ਸੰਦੇਸ਼ ਦੀ ਪ੍ਰਸੰਗਕਿਤਾ। ਬਾਰ੍ਹਵੇਂ ਭਾਗ ਵਿਚ ਸ਼ਹੀਦੀ ਦਾ ਪ੍ਰਕਰਨ ਇਤਿਹਾਸਕਾਰਾਂ ਦੀ ਜ਼ਬਾਨੀ ਦੇ ਪ੍ਰਸੰਗ ਨੂੰ 6 ਹੋਰ ਸਬ ਸਿਰਲੇਖਾਂ ਹੇਠ ਦਰਜ ਕੀਤਾ ਹੈ: ਫ਼ਾਰਸੀ ਦੇ ਇਤਿਹਾਸਕਾਰਾਂ ਦੇ ਸ਼ੰਕੇ ਤੇ ਤੌਖਲੇ, ਗੁਰੂ ਸ਼ਖ਼ਸੀਅਤ ਨੂੰ ਕਲੰਕਤ ਕਰਨ ਦੇ ਦੋਸ਼ੀ, ਬ੍ਰਿਟਿਸ਼ ਬਸਤੀਵਾਦੀ ਇਤਿਹਾਸਕਾਰ ਗੁੰਮਰਾਹ ਜਾਂ ਮਿਲੀ-ਭੁਗਤ, ਪੰਜਾਬੀ ਮੂਲ ਦੇ ਇਤਿਹਾਸਕਾਰ ਤੱਥ ਤੇ ਮਿੱਥਰਲ-ਗਡ, ਸਿੱਖ ਸਰੋਤ ਗੁਆਚੇ ਤੱਥਾਂ ਦੀ ਭਾਲ, ਸ਼ਹੀਦੀ ਲਈ ਮਾਹੌਲ ਤਿਆਰ, ਅੰਤਿਕਾ, ਤੇਰਵੇਂ ਅਧਿਆਇ ਵਿਚ ਸ਼ਹੀਦੀ ਸਾਕਾ, 14ਵੇਂ ਭਾਗ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਭਾਵ ਅਤੇ ਅਖੀਰਲੇ ਪੰਦਰਵੇਂ ਅਧਿਆਇ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂ ਦਰਜ ਕੀਤੇ ਗਏ ਹਨ। ਫਾਰਸੀ ਦੀਆਂ ਲਿਖਤਾਂ ਦੀ ਪੁਣ-ਛਾਣ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਭਰਮ-ਭੁਲੇਖੇ ਉਪਜਾਉਣ ਵਾਲੇ ਫਾਰਸੀ ਦੇ ਸਾਹਿਤਕਾਰਾਂ ਦੀ ਅਸਲੀਅਤ ਤੋਂ ਪਹਿਲੀ ਵਾਰ ਪਰਦਾ ਚੁੱਕਿਆ ਗਿਆ ਹੈ। ਲੇਖਕ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਸਾਕੇ ਅਤੇ ਇਸ ਪ੍ਰਭਾਵ ਨੂੰ ਇਤਿਹਾਸ ਦਾ ਰੁਖ ਬਦਲ ਦੇਣ ਦੀ ਹਕੀਕਤ ਨੂੰ ਵੀ ਸਾਹਮਣੇ ਲਿਆਂਦਾ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਕੁੰਭਕਾਰ
ਲੇਖਕ : ਇਬਲੀਸ
ਪ੍ਰਕਾਸ਼ਕ : ਕੁਕਨੂਸ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98143-98743

ਇਬਲੀਸ (ਡਾ. ਮਨਜੀਤ ਸਿੰਘ) ਕਵੀ, ਕਹਾਣੀਕਾਰ, ਨਿਬੰਧਕਾਰ ਅਤੇ ਹੋਰ ਕਈ ਕੁਝ ਸੀ। 'ਕੁੰਭਕਾਰ' ਕਾਵਿ-ਸੰਗਹਿ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਪਰ ਉਹ ਇਸ ਨੂੰ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥੀਂ ਜਾਂਦਾ ਵੇਖ ਨਹੀਂ ਸਕਿਆ। ਪੱਥਰ ਤਰਾਸ਼ਣੇ, ਲੱਕੜ 'ਤੇ ਨੱਕਾਸ਼ੀ ਕਰਨੀ, ਪੁਰਾਣੇ ਸਿੱਕੇ, ਪੁਸਤਕਾਂ ਸਾਂਭਣੀਆਂ ਉਸ ਦੇ ਸ਼ੌਕ ਰਹੇ। ਇਸ ਕਾਵਿ-ਸੰਗ੍ਰਹਿ ਦੇ ਸਮਰਪਣ ਸ਼ਬਦ 'ਪਿਤਾ ਸ. ਮਹਿੰਦਰ ਸਿੰਘ ਸੈਂਹਬੀ, ਮਾਤਾ ਗਿਆਨ ਕੌਰ ਅਤੇ ਪਤਨੀ ਚਰਨਜੀਤ ਕੌਰ ਨੂੰ' ਕੁੰਭਕਾਰ ਦੀ ਕੇਂਦਰੀ ਯੁਕਤੀ ਨੂੰ ਸੰਬੋਧਿਤ ਹਨ। 'ਕੁੰਭ' ਦਾ ਅਰਥ ਹੈ ਘੜਾ, 'ਕਾਰ' ਦਾ ਅਰਥ ਹੈ ਘੜਾ ਘੜਨ ਵਾਲਾ। ਇਸ ਪ੍ਰਕਾਰ ਦੇ ਅਰਥਾਂ ਨੂੰ ਵਾਚਦਿਆਂ ਸੰਕੇਤ ਮਿਲਦਾ ਹੈ ਕਿ ਸ੍ਰਿਸ਼ਟੀ ਦਾ ਕਰਤਾ ਅਤੇ ਮਨੁੱਖ ਦਾ ਕਰਤਾ ਸਮਰੂਪ 'ਚ ਹੀ ਹਨ। ਇਸ ਕਾਵਿ-ਸੰਗ੍ਰਹਿ ਵਿਚ 'ਜ਼ਿਦ' ਤੋਂ ਲੈ ਕੇ 'ਅਲਵਿਦਾ' ਤੱਕ ਲਗਭਗ 87 ਕਵਿਤਾਵਾਂ ਹਨ, ਜਿਨ੍ਹਾਂ ਵਿਚ ਰਵਿਦਾਸ, ਸ਼ੇਖ ਫ਼ਰੀਦ, ਕ੍ਰਿਸ਼ਨ, ਕਬੀਰ ਮੀਰਾ, ਬੁੱਧ, ਈਸਾ, ਸੋਹਣੀ, ਵਾਰਿਸ ਸ਼ਾਹ, ਰਾਂਝਾ, ਸੱਸੀ, ਚੁੱਪ ਦਾ ਇਨਸਾਈਕਲੋਪੀਡੀਆ (ਕੁਲਭੂਸ਼ਨ), ਪਗਡੰਡੀਆਂ ਦਾ ਸ਼ਾਹ ਸਵਾਰ (ਸੁਰਜੀਤ ਸਾਜਨ), ਸੁਰੀਲਾ ਤਾਬੂਤ (ਇਕ ਆਵਾਜ਼ ਦਾ ਸ਼ਬਦ ਚਿੱਤਰ) ਸ਼ਾਮਿਲ ਹਨ। 'ਮੁਹੱਬਤ ਦੀ ਲੋਅ' ਦੀ ਸਤਰ : 'ਮੈਂ ਨਫ਼ਰਤ ਦੀ ਮਾਰੀ ਇਸ ਦੁਨੀਆ 'ਚ ਮੁਹੱਬਤ ਦੀ ਲੋਅ ਵੰਡਣੀ ਹੈ!' ਕਵਿਤਾਵਾਂ ਦੇ ਕੇਂਦਰੀ ਥੀਮ ਵੱਲ ਗੰਭੀਰ ਚਿੰਤਨ ਥੀਂ ਗੁਜ਼ਰਦਿਆਂ ਸਾਮਿਅਕ ਤਮਾਮ ਤੱਤਾਂ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਇਸ ਤਰ੍ਹਾਂ ਦੇ ਹਾਲਾਤ ਲਈ ਜ਼ਿੰਮੇਵਾਰ ਹਨ। ਇਸ ਪ੍ਰਸੰਗ 'ਚ 'ਅੱਕ ਕੱਕੜੀ ਦੇ ਫੰਭੇ' ਕਵਿਤਾ ਇਸ ਮੰਜ਼ਰ ਵੱਲ ਸੰਕੇਤ ਕਰਦੀ ਹੈ ਕਿ ਜਿਥੇ ਮਨੁੱਖ ਹਾਲਾਤ ਦਾ ਮਾਰਿਆ ਸੰਸਾਰੀ ਤਪਦੇ ਮਾਰੂਥਲ ਦੀ ਹਿੱਕ, ਉਸ ਸਥਾਨ 'ਤੇ ਆ ਪਹੁੰਚਿਆ ਹੈ, ਜਿਥੇ ਉਹ ਜਾਂ ਤਾਂ ਸੜ ਮਰੇਗਾ ਜਾਂ ਫਿਰ ਉਸ ਸਥਾਨ ਨੂੰ ਆਬਾਦ ਕਰਨ ਦੀ ਕੋਸ਼ਿਸ਼ ਕਰੇਗਾ। ਨਫ਼ਰਤ ਦਾ ਵਿਰੋਧੀ ਸ਼ਬਦ ਹੈ 'ਪ੍ਰੇਮ' ਜਿਸ ਦੀ ਵਿਆਖਿਆ ਉਹ 'ਪ੍ਰੇਮ' ਕਵਿਤਾ 'ਚ ਕਰਦਾ ਹੈ। ਪ੍ਰੇਮ ਜਦ ਨੈਣਾਂ 'ਚ ਉਤਰਦਾ ਹੈ ਤਾਂ ਕਰੁਣਾ ਬਣ ਜਾਂਦਾ ਹੈ। ਇਸੇ ਤਰ੍ਹਾਂ ਪ੍ਰੇਮ ਦੇ ਅਰਥ ਸਾਜ਼, ਗੀਤ, ਦਇਆ, ਮਰਹਮ ਅਤੇ ਨਾਚ 'ਚ ਤਬਦੀਲ ਹੁੰਦੇ ਹਨ ਤਾਂ ਇਨ੍ਹਾਂ ਸਾਰਿਆਂ ਦਾ ਕੁੱਲ ਜੋੜ 'ਮੌਨ' 'ਚ ਬਦਲ ਜਾਂਦਾ ਹੈ। ਇਹ ਸਮਾਧੀ ਦੀ ਅਵਸਥਾ ਹੈ ਜੋ 'ਕੁੰਭ' ਤੋਂ, 'ਕੁੰਭਕਾਰ' ਦੀ ਯਾਤਰਾ ਦਾ ਸਬੱਬ ਹੈ।
ਮੌਨ ਜਦ
ਵਜੂਦ 'ਚ ਉਤਰਦਾ ਹੈ ਤਾਂ
ਆਦਮੀ 'ਖ਼ੁਦ' ਤੋਂ 'ਖ਼ੁਦਾ' ਬਣ ਜਾਂਦਾ ਹੈ।
ਵਿਸਮੀ ਚਿੰਨ੍ਹਾਂ ਦੀ ਵਰਤੋਂ ਕਰਦਿਆਂ ਵਿਸਮਾਦੀ ਪ੍ਰਸ਼ਨਾਂ ਦੇ ਅਲੌਕਿਕ ਮੰਜ਼ਰ ਸਿਰਜਦਾ ਹੈ ਜੋ ਪਾਠਕਾਂ ਲਈ ਗੰਭੀਰ ਚਿੰਤਨ ਥੀਂ ਗੁਜ਼ਰਨ ਦੀ ਵਾਟ ਵੱਲ ਇਸ਼ਾਰਾ ਕਰਦੇ ਹਨ। ਖੈਰ...।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

30-09-2022

ਚੰਗੇ, ਮਾੜੇ, ਬੇਤੁਕੇ
ਲੇਖਕ : ਖੁਸ਼ਵੰਤ ਸਿੰਘ
ਪੰਜਾਬੀ ਅਨੁ: ਗਗਨੀਤ ਸਿੰਘ ਔਜਲਾ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ 143
ਸੰਪਰਕ : 0172-5027427

ਚੰਗੇ, ਮਾੜੇ, ਬੇਤੁਕੇ ਪੁਸਤਕ ਵਿਚ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਵਲੋਂ ਸਮੇਂ ਸਮੇਂ ਸਿਰ ਲਿਖੇ ਕੋਈ 35 ਪ੍ਰਸਿੱਧ ਵਿਅਕਤੀਆਂ ਦੇ ਰੇਖਾ ਚਿੱਤਰ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਜਵਾਹਰ ਲਾਲ ਨਹਿਰੂ, ਕ੍ਰਿਸ਼ਨਾ ਮੈਨਨ, ਇੰਦਰਾ ਗਾਂਧੀ, ਸੰਜੇ ਗਾਂਧੀ, ਅੰਮ੍ਰਿਤਾ ਸ਼ੇਰਗਿੱਲ, ਬੇਗਮਪਾਰਾ, ਮੁਹੰਮਦ ਅਲੀ ਜਿਨਾਹ, ਐਮ. ਐਸ. ਗੌਵਾਲਕਰ, ਮਦਰ ਟੈਰੇਸਾ, ਫ਼ੈਜ਼ ਅਹਿਮਦ ਫ਼ੈਜ, ਧੀਰੇਂਦਰ ਬ੍ਰਹਮਚਾਰੀ, ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਟਿੱਕਾ ਖਾਨ, ਫੂਲਨ ਦੇਵੀ, ਗਿਆਨੀ ਜ਼ੈਲ ਸਿੰਘ ਤੇ ਭਗਤ ਪੂਰਨ ਸਿੰਘ ਆਦਿ ਸ਼ਾਮਿਲ ਹਨ। ਪੁਸਤਕ ਬਾਰੇ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਮੈਂ ਖ਼ੁਦ ਨੂੰ ਏਨੇ ਸਾਰੇ ਪ੍ਰਸਿੱਧ ਵਿਅਕਤੀਆਂ ਦੇ ਨੇੜੇ ਪਾਇਆ ਕਿਉਂਕਿ ਮੈਂ ਅਜਿਹੇ ਕਿੱਤਿਆਂ ਨਾਲ ਜੁੜਿਆ ਸੀ, ਜਿਸ ਸਦਕਾ ਇਹ ਸੰਭਵ ਹੋਇਆ, ਬਾਰਤ ਦੇ ਵਿਦੇਸ਼ੀ ਮਿਸ਼ਨਾਂ ਲਈ ਜਨ-ਸੰਚਾਰ, ਪੱਤਰਕਾਰੀ ਅਤੇ ਕਾਨੂੰਨ। ਇਕ ਹੋਰ ਕਾਰਨ ਇਹ ਹੈ ਕਿ ਮੇਰੇ ਪਿਤਾ ਇਕ ਕਾਮਯਾਬ ਠੇਕੇਦਾਰ ਤੇ ਬਿਲਡਰ ਸਨ ਤੇ ਉਨ੍ਹਾਂ ਨੇ ਮੈਨੂੰ ਅਜਿਹੇ ਸਕੂਲਾਂ ਤੇ ਕਾਲਜਾਂ ਵਿਚ ਭੇਜਿਆ ਜਿਥੇ ਉਸ ਸਮੇਂ ਅਮੀਰ ਤੇ ਪ੍ਰਸਿੱਧ ਲੋਕਾਂ ਦੇ ਬੱਚੇ ਪੜ੍ਹਦੇ ਸਨ। ਉਨ੍ਹਾਂ ਵਿਚੋਂ ਕਈ ਪਿਛੋਂ ਜਾ ਕੇ ਖ਼ੁਦ ਵੀ ਅਮੀਰ ਤੇ ਮਕਬੂਲ ਬਣੇ। 'ਖੁਸ਼ਵੰਤ ਸਿੰਘ ਹੋਰਾਂ ਦੀ ਲਿਖਣ ਸ਼ੈਲੀ ਨਿਵੇਕਲੀ ਸੀ। ਜਿਥੇ ਉਹ ਵਿਅਕਤੀ ਦੇ ਚੰਗੇ ਗੁਣਾਂ ਬਾਰੇ ਲਿਖਦੇ ਸਨ, ਉਥੇ ਨਿਡਰ ਹੋ ਕੇ ਉਸ ਦੇ ਔਗੁਣਾਂ ਨੂੰ ਲਿਖਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਇਸ ਬਾਰੇ ਉਹ ਆਪ ਹੀ ਲਿਖਦੇ ਹਨ, 'ਮੈਂ ਕਈ ਮਸ਼ਹੂਰ ਹਸਤੀਆਂ ਨੂੰ ਨੇੜਿਓਂ ਵੇਖਿਆ ਹੈ ਜਾਂ ਉਨ੍ਹਾਂ ਬਾਰੇ ਅਜਿਹੀਆਂ ਗੱਲਾਂ ਜਾਣਦਾ ਹਾਂ ਜੋ ਬਹੁਤਾ ਕਰਕੇ ਕਿਸੇ ਨੂੰ ਪਤਾ ਨਹੀਂ ਹੁੰਦੀਆਂ। ਜੋ ਵੀ ਮੈਂ ਵੇਖਿਆ ਜਾਂ ਖੋਜਿਆ ਹੈ, ਉਸ ਦਾ ਬਹੁਤਾ ਹਿੱਸਾ ਸ਼ਲਾਘਾਯੋਗ ਨਹੀਂ ਸੀ ਪਰ ਮੈਂ ਆਪਣੇ ਕਾਲਮਾਂ ਅਤੇ ਕਿਤਾਬਾਂ ਵਿਚ ਇਸ ਸਾਰੇ ਨੂੰ ਜਨਤਕ ਕਰਨ ਤੋਂ ਕਦੇ ਖ਼ੁਦ ਨੂੰ ਨਹੀਂ ਰੋਕਿਆ। ਜੇਕਰ ਕਿਸੇ ਵਿਅਕਤੀ ਦੇ ਚੰਗੇ ਪੱਖ ਬਾਰੇ ਲਿਖਿਆ ਜਾ ਸਕਦਾ ਹੈ ਤਾਂ ਮਾੜੇ ਬਾਰੇ ਕਿਉਂ ਨਹੀਂ? ਮੈਂ ਕਿਸੇ ਦੁਰਭਾਵਨਾ ਕਰਕੇ ਨਹੀਂ ਸਗੋਂ ਸੱਚੇ ਹੋਣ ਵਿਚ ਆਪਣੇ ਪੱਕੇ ਯਕੀਨ ਕਰਕੇ ਅਜਿਹਾ ਕਰਦਾ ਹਾਂ। ਮੈਂ ਖ਼ੁਦ ਨਾਲ ਜਾਂ ਆਪਣੇ ਪਾਠਕਾਂ ਨਾਲ ਧੋਖਾ ਨਹੀਂ ਕਰ ਸਕਦਾ।'
ਇਨ੍ਹਾਂ ਸਾਰੇ ਰੇਖਾ ਚਿੱਤਰਾਂ ਵਿਚ ਉਨ੍ਹਾਂ ਕੇਵਲ ਭਗਤ ਪੂਰਨ ਸਿੰਘ ਹੋਰਾਂ ਦੀ ਪ੍ਰਸੰਸਾ ਕੀਤੀ ਹੈ ਤੇ ਕਿਸੇ ਵੀ ਘਾਟ ਨੂੰ ਉਜਾਗਰ ਨਹੀਂ ਕੀਤਾ। ਪ੍ਰਸੰਸਾ ਉਨ੍ਹਾਂ ਮਦਰ ਟੈਰੇਸਾ ਦੀ ਵੀ ਕੀਤੀ ਹੈ ਤੇ ਇਥੋਂ ਤੱਕ ਲਿਖਿਆ ਹੈ ਕਿ ਜਦੋਂ ਮੈਂ ਕਲਕੱਤੇ ਉਨ੍ਹਾਂ ਨੂੰ ਮਿਲ ਕੇ ਆਇਆ ਤਾਂ ਉਨ੍ਹਾਂ ਮੈਨੂੰ ਧੰਨਵਾਦ ਦਾ ਕਿ ਸੰਖੇਪ ਨੋਟ ਭੇਜਿਆ ਜਿਸ ਨੂੰ ਮੈਂ ਕਸੌਲੀ ਵਿਚ ਇਕ ਚਾਂਦੀ ਦੇ ਚੌਖਟੇ ਵਿਚ ਜੜਾ ਕੇ ਰੱਖਿਆ ਹੋਇਆ ਹੈ। ਇਹ ਮੇਰੀਆਂ ਸਭ ਤੋਂ ਕੀਮਤੀ ਚੀਜ਼ਾਂ ਵਿਚੋਂ ਇਕ ਹੈ। ਇਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਖ਼ੂਬ ਪ੍ਰਸੰਸਾ ਕੀਤੀ ਹੈ। ਉਹ ਲਿਖਦੇ ਹਨ, 'ਕਸੌਲੀ ਵਿਚਲੇ ਮੇਰੇ ਨਿਵਾਸ ਸਥਾਨ ਦੇ ਅਧਿਐਨ ਕਮਰੇ ਵਿਚ ਮੈਂ ਉਨ੍ਹਾਂ ਦੋ ਲੋਕਾਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ। ਉਨ੍ਹਾਂ ਵਿਚੋਂ ਇਕ ਹੈ ਮਹਾਤਮਾ ਗਾਂਧੀ। 'ਪੁਸਤਕ ਵਿਚ ਸਭ ਤੋਂ ਛੋਟਾ ਰੇਖਾ ਚਿੱਤਰ ਪ੍ਰੋਤਿਮਾ ਬੇਦੀ ਅਤੇ ਅੰਮ੍ਰਿਤਾ ਸ਼ੇਰਗਿਲ ਦਾ ਹੈ।
ਖੁਸ਼ਵੰਤ ਸਿੰਘ ਨੂੰ ਆਪਣੀ ਲੇਖਣੀ ਨੂੰ ਰੌਚਕ ਬਣਾਉਣ ਦੀ ਕਲਾ ਆਉਂਦੀ ਸੀ, ਇਸੇ ਕਰਕੇ ਪੁਸਤਕ ਪੜ੍ਹਦਿਆਂ ਪਾਠਕ ਅੱਕਦਾ ਨਹੀਂ ਸਗੋਂ ਸਾਰੀ ਕਿਤਾਬ ਇਕੋ ਬੈਠਕ ਵਿਚ ਪੜ੍ਹਨ ਦਾ ਯਤਨ ਕਰਦਾ ਹੈ। ਇਸ ਦੇ ਨਾਲ ਹੀ ਪਿਛਲੀ ਸਦੀ ਦੇ ਮਹਾਨ ਵਿਅਕਤੀਆਂ ਦੇ ਚੰਗੇ ਮਾੜੇ ਗੁਣਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਗਗਨੀਤ ਸਿੰਘ ਔਜਲਾ ਨੇ ਪੰਜਾਬੀ ਅਨੁਵਾਦ ਵਧੀਆ ਕੀਤਾ ਹੈ, ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਅਨੁਵਾਦ ਕੀਤੀ ਗਈ ਪੁਸਤਕ ਹੈ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

c c c

 

ਅੰਦਰ ਖੁੱਲ੍ਹਦੀ ਖਿੜਕੀ
ਲੇਖਕ : ਡਾ. ਰਵਿੰਦਰ
ਮੁੱਲ : 250 ਰੁਪਏ, ਸਫ਼ੇ : 120
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 98724-82378

ਡਾ. ਰਵਿੰਦਰ ਬੌਧਕ ਮੁਹਾਵਰੇ ਦਾ ਉਹ ਸ਼ਾਇਰ ਜੋ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਸ਼ਾਇਰ ਹੱਥਲੇ ਕਾਵਿ-ਸੰਗ੍ਰਹਿ ਤੋਂ ਪਹਿਲਾਂ ਵੀ ਆਪਣੇ ਦਸ ਕਾਵਿ-ਸੰਗ੍ਰਹਿਾਂ ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਸਟੇਜੀ ਰੁਮਾਂਚਿਕਤਾ ਤੋਂ ਵਿਥ ਸਿਰਜਦਾ ਹੈ ਅਤੇ ਕੰਨ ਰਸ ਤੋਂ ਵੀ। ਉਸ ਦਾ ਰਸ ਤਾਂ ਬੌਧਿਕ ਰਸ ਹੈ ਤਾਂ ਹੀ ਤਾਂ ਉਹ ਕਹਿੰਦਾ ਹੈ, 'ਮੇਰੀ ਕਵਿਤਾ ਸਮਝਣ ਵਾਲੀ ਨਹੀਂ, ਮਹਿਸੂਸਣ ਵਾਲੀ ਸ਼ੈਅ ਹੈ ਉਵੇਂ ਹੀ ਜਿਵੇਂ ਜ਼ਿੰਦਗੀ ਸਮਝਣ ਵਾਲੀ ਨਹੀਂ ਜੀਣ ਵਾਲੀ ਹੈ।' ਉਸ ਦੇ ਕਾਵਿ-ਬੋਧ ਦਾ ਪ੍ਰਵਚਨ ਉਸ ਦੇ ਕਾਵਿ-ਸੰਗ੍ਰਹਿ ਦੇ ਨਾਂਅ ਤੋਂ ਹੀ ਹੋ ਜਾਂਦਾ ਹੈ ਕਿ ਉਹ ਖਿੜਕੀ ਨੂੰ ਅੰਦਰ ਵੱਲ ਖੋਲ੍ਹ ਕੇ ਮਨ ਬਚਨੀ ਕਰਦਾ ਜੋ ਆਪਣੇ ਆਪ ਨਾਲ ਕੀਤਾ ਬੌਧਿਕ ਸੰਵਾਦ ਹੈ। ਵਾਈ.ਬੀ.ਯੀਟਸ ਆਖਦਾ ਹੈ ਕਿ 'ਜਦੋਂ ਤੁਸੀਂ ਕਿਸੇ ਹੋਰ ਨਾਲ ਲੜਦੇ ਹੋ ਤਾਂ ਬੇਕਾਰ ਦਾ ਕੰਮ ਕਰਦੇ ਹੋ ਪਰ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ। ਅਮਰੀਕੀ ਸ਼ਾਇਰਾ ਲੂਈਸ ਗਲੁੱਕ ਜੋ 2020 ਦੀ ਨੋਬਲ ਪੁਰਸਕਾਰ ਵਿਜੇਤਾ ਹੈ ਕਹਿੰਦੀ ਹੈ, 'ਮੇਰੇ ਲਈ ਕਵਿਤਾ ਆਪਣੇ ਮਨ ਨਾਲ ਕੀਤਾ ਸੰਵਾਦ ਹੈ। ਜਿਵੇਂ ਇਕ ਮਨ ਮੂੰਹ ਨਾਲ ਸੰਦੇਸ਼ ਦਿੰਦਾ ਹੈ ਤੇ ਦੂਜਾ ਮਨ ਕੰਨ ਰਾਹੀਂ ਸੁਣਦਾ ਹੈ' ਉਹ ਆਪਣੇ ਆਪ ਨਾਲ ਕੀਤੀ ਮਨ ਬਚਨੀ ਨੂੰ ਆਪਣੇ ਤਕ ਮਹਿਦੂਦ ਨਹੀਂ ਕਰਦਾ ਤੇ ਉਸ ਦਾ ਸਧਾਰਨੀਕਰਨ ਕਰਦਿਆਂ ਸਮਕਾਲੀ ਸਰੋਕਾਰਾਂ ਲਈ ਕਵਿਤਾ ਵਿਚ ਠਾਹਰ ਭਾਲਦਾ ਹੈ। ਉਹ ਕਦੇ ਕਵਿਤਾ ਨੂੰ ਮੁਖਾਤਿਬ ਹੁੰਦਾ ਹੈ ਤੇ ਕਦੇ ਕਵਿਤਾ ਕਵੀ ਨੂੰ ਮੁਖ਼ਾਤਿਬ ਹੁੰਦੀ ਹੈ ਤੇ ਕਵੀ ਦੇ ਹੁੱਝ ਮਾਰਦੀ ਹੈ ਕਿ ਤੂੰ ਸ਼ਬਦਾਂ ਦੇ ਸ਼ਸਤਰਾਂ ਅਤੇ ਕਲਮ ਦੀ ਤਲਵਾਰ ਨਾਲ ਉਨ੍ਹਾਂ ਲਈ ਲੜ ਜਿਨ੍ਹਾਂ ਕੋਲ ਸਿਰ 'ਤੇ ਛੱਤ ਨਹੀਂ ਤੇ ਪੈਰਾਂ ਹੇਠ ਜ਼ਮੀਨ ਨਹੀਂ। ਉਹ ਮਾਂ ਬੋਲੀ ਹੈ ਜੋ ਤੁਹਾਡੀ ਹਿੱਕ ਤੋਂ ਭਾਰ ਲਾਹ ਦਿੰਦੀ ਹੈ। ਉਹ ਕਬੂਤਰਬਾਜ਼ੀ ਰਾਹੀਂ ਪਰਵਾਜ਼ ਦੀ ਅਉਧ ਹੰਢਾਉਣ ਬਾਰੇ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਇਸ ਦਾ ਦੋਸ਼ੀ ਦਾਤਾ ਹੈ ਜਾਂ ਵਪਾਰੀ। ਕਿਸਾਨੀ ਅੰਦੋਲਨ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਕਹਿੰਦਾ ਹੈ ਕਿ ਹੁਣ ਅਸਲੀ ਦੁਸ਼ਮਣ ਦੀ ਪਹਿਚਾਣ ਹੋ ਗਈ ਹੈ ਤੇ ਭਗਵੇਂ ਬ੍ਰਿਗੇਡ ਦੀ ਦਿੱਲੀ ਵਾਲੀ ਸਰਕਾਰ ਤਿੰਨ ਕਾਲੇ ਕਾਨੂੰਨ ਲਿਆ ਕੇ ਕਾਰਪੋਰੇਟ ਸੈਕਟਰ ਦੀ ਕਠਪੁਤਲੀ ਬਣ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਬਣਨ ਦੀਆਂ ਸਾਜ਼ਿਸ਼ਾਂ ਦਾ ਚੌਰਾਹੇ ਵਿਚ ਭਾਂਡਾ ਭੱਜ ਗਿਆ। ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦੀ ਆਧੁਨਿਕ ਭਾਵ-ਬਧ ਦੀ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਹੀ ਬਣਦਾ।

-ਭਗਵਾਨ ਢਿੱਲੋਂ
ਮੋਬਾਈਲ : 98143-78254

c c c

 

ਮਾਂ-ਬੋਲੀ ਪੰਜਾਬੀ ਸਮਕਾਲ ਅਤੇ ਭਵਿੱਖ
ਮੁੱਖ ਸੰਪਾਦਕ : ਡਾ ਰਾਜਵਿੰਦਰ ਕੌਰ ਹੁੰਦਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 186
ਸੰਪਰਕ : 98886-56151

ਪੰਜਾਬੀ ਭਾਸ਼ਾ ਤੇ ਸਾਹਿਤ ਦਾ ਜਨਮ ਤਾਂ ਭਾਵੇਂ ਬਾਬਾ ਫ਼ਰੀਦ ਜੀ ਨਾਲ (ਬਾਰ੍ਹਵੀਂ ਸਦੀ ਤੋਂ) ਸ਼ੁਰੂ ਹੁੰਦਾ ਹੈ। ਪਰ ਇਸ ਵਿਚ ਹਰ ਧਰਮ ਤੇ ਵਰਗ ਦੇ ਸਾਹਿਤਕਾਰਾਂ ਨੇ ਯਥਾਯੋਗ ਹਿੱਸਾ ਪਾ ਕੇ ਇਹਨੂੰ ਅਮੀਰ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਮੀਖਿਆ ਅਧੀਨ ਪੁਸਤਕ ਖ਼ਾਲਸਾ ਕਾਲਜ ਫ਼ਾਰ ਵਿਮੈੱਨ ਸਿੱਧਵਾਂ ਖੁਰਦ (ਲੁਧਿਆਣਾ) ਵਲੋਂ 31 ਜਨਵਰੀ, 2020 ਨੂੰ ਕਰਵਾਏ ਗਏ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਪੜ੍ਹੇ ਗਏ ਖੋਜ-ਪੱਤਰਾਂ ਦਾ ਸੰਗ੍ਰਹਿ ਹੈ। ਇਸ ਸੈਮੀਨਾਰ ਵਿਚ ਡਾ. ਜੋਗਾ ਸਿੰਘ ਨੇ ਕੁੰਜੀਵਤ ਭਾਸ਼ਨ ਦਿੱਤਾ, ਜਦਕਿ ਪ੍ਰਧਾਨਗੀ ਸੁਰਜੀਤ ਪਾਤਰ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ। ਸਮਾਗਮ 'ਚ ਸ਼ਾਮਿਲ ਕੁੱਲ 25 ਖੋਜ-ਪੱਤਰਾਂ ਵਿਚੋਂ 21 ਅਧਿਆਪਕਾਂ ਦੇ ਲਿਖੇ ਹੋਏ ਹਨ। ਡਾ. ਜੋਗਾ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਸੁਦਰਸ਼ਨ ਗਾਸੋ, ਡਾ. ਲਖਬੀਰ ਕੌਰ, ਡਾ. ਕਿਰਨਪ੍ਰੀਤ ਕੌਰ ਅਤੇ ਵਿਦਿਆਰਥੀ ਅਨੁਰਾਗ ਸਿੰਘ ਹੁੰਦਲ ਦੇ ਖੋਜ-ਪੱਤਰ ਵਿਸ਼ੇ ਅਤੇ ਨਿਭਾਅ ਪੱਖੋਂ ਵਿਲੱਖਣਤਾ ਦੇ ਪਰਿਚਾਇਕ ਹਨ। ਵਰਤਮਾਨ ਸਮੇਂ ਵਿਚ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ ਸਮੇਤ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ 'ਚ ਫੈਲੇ ਹੋਏ ਹਨ। ਹਰ ਦੇਸ਼ ਵਿਚ ਪੰਜਾਬੀਆਂ ਨੇ ਆਪੋ-ਆਪਣੇ ਨਿੱਜੀ ਅਖ਼ਬਾਰ, ਰੇਡੀਓ, ਟੀ.ਵੀ. ਸ਼ੁਰੂ ਕੀਤੇ ਹੋਏ ਹਨ ਅਤੇ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਦਾ ਵਿਕਾਸ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ।ਇਕ ਪੇਂਡੂ ਕਾਲਜ ਵਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਆਪਣੀ ਸਾਰਥਿਕਤਾ ਹੈ, ਜਿਸ ਵਿਚ ਪੰਜਾਬ ਦੇ ਕਾਲਜਾਂ/ਵਿਭਾਗਾਂ ਦੇ ਅਧਿਆਪਕਾਂ ਦੇ ਮਾਤ-ਭਾਸ਼ਾ ਪੰਜਾਬੀ ਬਾਰੇ ਵਿਚਾਰ ਸ਼ਾਮਿਲ ਹਨ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ (ਮੁੱਖ ਸੰਪਾਦਕ) ਅਤੇ ਪ੍ਰੋ. ਇੰਦਰਜੀਤ ਕੌਰ (ਸੰਪਾਦਕ ਤੇ ਮੁਖੀ ਪੰਜਾਬੀ ਵਿਭਾਗ) ਦਾ ਇਹ ਕਾਰਜ ਪ੍ਰਸੰਸਾਯੋਗ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

c c c


ਪੰਜਾਬੀ ਲੋਕਧਾਰਾ ਵਿਭਿੰਨ ਪਸਾਰ
ਲੇਖਕ : ਡਾ. ਤੇਜਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 240 ਰੁਪਏ, ਸਫੇ : 89
ਸੰਪਰਕ : 99144-65086

'ਪੰਜਾਬੀ ਲੋਕਧਾਰਾ ਵਿਭਿੰਨ ਪਸਾਰ' ਡਾ. ਤੇਜਿੰਦਰ ਸਿੰਘ ਦੀ ਪੰਜਾਬੀ ਲੋਕਧਾਰਾਈ ਖੇਤਰ ਦਾ ਅਧਿਐਨ ਵਿਸ਼ਲੇਸ਼ਣ ਕਰਦੀ ਜ਼ਿਕਰਯੋਗ ਪੁਸਤਕ ਹੈ। ਲੋਕਮਨ ਦਾ ਆਪਣਾ ਇਕ ਆਪਾ ਹੁੰਦਾ ਹੈ, ਜਿਥੇ ਬਹੁਤੀ ਵਾਰੀ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਰਤੇ ਜਾਣ ਵਾਲੇ ਢੰਗ ਅਤੇ ਵਿਧੀਆਂ ਕਾਰਜਸ਼ੀਲ ਨਹੀਂ ਹੋ ਸਕਦੀਆਂ। ਲੋਕਮਨ ਤਥਾਤਮਕ ਜਾਣਕਾਰੀ ਦੇ ਸਮਾਨੰਤਰ ਆਪਣਾ ਇਕ ਖੇਤਰ ਸਿਰਜਦਾ ਹੈ, ਜਿਸ ਵਿਚੋਂ ਸਾਡਾ ਲੋਕਧਾਰਾਈ ਵਿਰਸਾ ਸਾਹਮਣੇ ਆਉਂਦਾ ਹੈ। ਡਾ. ਤੇਜਿੰਦਰ ਸਿੰਘ ਨੇ ਆਪਣੀ ਇਸ ਖੋਜ-ਪੁਸਤਕ ਵਿਚ ਲੋਕਮਨ ਦੀਆਂ ਤਹਿਆਂ ਨੂੰ ਵਿਸ਼ਲੇਸ਼ਣਾਤਮਕ ਦ੍ਰਿਸ਼ਟੀ ਤੋਂ ਪੇਸ਼ ਕਰਦੀਆਂ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ। ਇਸ ਤੋਂ ਇਲਾਵਾ ਕੁਝ ਲੋਕਧਾਰਾ ਦੀਆਂ ਵਿਹਾਰਕ ਅਧਿਐਨ ਕਰਦੀਆਂ ਵੰਨਗੀਆਂ ਵੀ ਲੋਕਧਾਰਾ ਦੇ ਖੋਜੀਆਂ ਅਤੇ ਪਾਠਕਾਂ ਦੇ ਸਨਮੁੱਖ ਕੀਤੀਆਂ ਹਨ। ਸਮੁੱਚੀ ਪੁਸਤਕ ਨੂੰ ਖੋਜ ਕਰਤਾ ਨੇ ਪੰਜ ਅਧਿਆਵਾਂ ਵਿਚ ਵੰਡ ਕੇ ਪੇਸ਼ ਕੀਤਾ ਹੈ। ਪਹਿਲੇ ਅਧਿਆਇ ਵਿਚ ਜਿਥੇ ਆਧੁਨਿਕ ਯੁੱਗ ਵਿਚ ਲੋਕਮਨ ਦੀਆਂ ਪ੍ਰਵਿਰਤੀਆਂ ਨੂੰ ਪੇਸ਼ ਕੀਤਾ ਹੈ, ਉਥੇ ਦੂਜੇ ਅਧਿਆਇ ਵਿਚ ਲੋਕ-ਨਾਟ ਦੀ ਵੰਨਗੀ 'ਬਹੁਰੂਪੀਆ' ਬਾਰੇ ਖੂਬਸੂਰਤ ਅਧਿਐਨ ਪ੍ਰਸਤੁਤ ਕੀਤਾ ਹੈ। ਪੁਸਤਕ ਦੇ ਤੀਜੇ ਅਧਿਆਇ ਵਿਚ 'ਗੁੱਡੀ ਫੂਕਣ ਦੀ ਰਸਮ' ਦਾ ਲੋਕਧਾਰਾਈ ਅਧਿਐਨ ਪੇਸ਼ ਕਰਦਿਆਂ ਇਸ ਨਾਲ ਜੁੜੀਆਂ ਰਵਾਇਤਾਂ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਰਾਵਾਂ ਦੀ ਰੌਸ਼ਨੀ ਨਾਲ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ਅਗਲੇਰੇ ਦੋ ਪਾਠਕਾਂ ਵਿਚ 'ਦੇਵਿੰਦਰ ਸਤਿਆਰਥੀ ਦਾ ਲੋਕਧਾਰਾਈ ਚਿੰਤਨ' ਅਤੇ ਪ੍ਰੋਫੈਸਰ ਮੋਹਨ ਸਿੰਘ ਦਾ ਲੋਕਧਾਰਾਈ ਸੰਸਾਰ ਵਿਚ ਜਿਥੇ ਦੇਵਿੰਦਰ ਸਤਿਆਰਥੀ ਦੀ ਪੁਸਤਕ 'ਗਿੱਧਾ' ਨੂੰ ਆਧਾਰ ਬਣਾ ਕੇ ਖੋਜ-ਕਾਰਜ ਕੀਤਾ ਹੈ, ਉਥੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਨੂੰ ਆਧਾਰ ਬਣਾ ਕੇ ਲੋਕਧਾਰਾਈ ਪੱਖ ਤੋਂ ਉਨ੍ਹਾਂ ਦਾ ਵਿਹਾਰਕ ਅਧਿਐਨ ਕਰਦਿਆਂ ਬਹੁਮੁੱਲੀ ਜਾਣਕਾਰੀ ਦਿੱਤੀ ਹੈ। ਇਹ ਖੋਜਕਾਰਜ ਸਲਾਹੁਣਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

c c c

 

ਸੁਲਭ ਸੰਗੀਤ
ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 106
ਸੰਪਰਕ : 98554-53539

ਡਾ. ਰਣਜੀਤ ਸਿੰਘ ਸੰਗੀਤ ਅਧਿਆਪਨ ਅਤੇ ਅਧਿਐਨ ਨਾਲ ਜੁੜੇ ਹੋਏ ਹੋਣ ਕਰਕੇ ਸੰਗੀਤ ਕਲਾ ਦਾ ਚੋਖਾ ਗਿਆਨ ਰੱਖਦੇ ਹਨ। ਪੁਸਤਕ ਦੇ ਆਰੰਭ ਵਿਚ ਭਾਰਤੀ ਸੰਗੀਤ ਦੇ ਆਧੁਨਿਕ ਕਾਲ ਦੇ ਇਤਿਹਾਸ ਬਾਰੇ ਰੌਸ਼ਨੀ ਪਾਈ ਗਈ ਹੈ। ਸੰਨ 1800 ਈ: ਤੋਂ ਹੁਣ ਤੱਕ ਦੇ ਸਮੇਂ ਨੂੰ ਲੇਖਕ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ:
1. ਆਰੰਭਿਕ ਆਧੁਨਿਕ ਕਾਲ (1800 ਈ: ਤੋਂ 1900 ਈ: ਤੱਕ)
2. ਪੂਰਵ ਸੁਤੰਤਰਤਾ ਕਾਲ (1900 ਈ: ਤੋਂ 1947 ਈ: ਤੱਕ)
3. ਸੁਤੰਤਰਤਾ ਉਪਰੰਤ ਕਾਲ (1947 ਈ: ਤੋਂ ਹੁਣ ਤੱਕ ਦਾ ਸਮਾਂ)
ਇਸ ਤੋਂ ਬਾਅਦ ਹਰਮੋਨੀਅਮ, ਤਬਲਾ ਤੇ ਤਾਨਪੁਰਾ ਸਾਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਹਰਮੋਨੀਅਮ ਦੀ ਬਣਤਰ, ਹਰਮੋਨੀਅਮ ਦੀਆਂ ਕਿਸਮਾਂ, ਹਰਮੋਨੀਅਮ ਦੇ ਗੁਣ, ਹਰਮੋਨੀਅਮ ਨੂੰ ਖੋਲ੍ਹਣ, ਬੰਦ ਕਰਨ ਤੇ ਵਜਾਉਣ ਦਾ ਤਰੀਕਾ। ਤਬਲੇ ਦੇ ਅੰਗ ਅਤੇ ਤਬਲਾ ਮਿਲਾਉਣ ਦਾ ਢੰਗ, ਤਾਨਪੁਰੇ ਦੇ ਅੰਗ, ਤਾਨਪੁਰੇ ਦੇ ਤਾਰਾਂ ਨੂੰ ਮਿਲਾਉਣਾ, ਤਾਨਪੁਰਾ ਛੇੜਨਾ, ਤਾਨਪੁਰੇ ਦੀ ਬੈਠਕ। ਭਾਰਤੀ ਰਾਗਾਂ ਦੇ ਸਮਾਂ-ਸਿਧਾਂਤ ਬਾਰੇ ਦੱਸਿਆ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਰਾਗਾਂ ਨੂੰ ਨਿਸ਼ਚਿਤ ਸਮੇਂ 'ਤੇ ਗਾਉਣ-ਵਜਾਉਣ ਦਾ ਸਿਧਾਂਤ ਪ੍ਰਚੱਲਿਤ ਹੈ। ਰਾਗਾਂ ਦਾ ਸਮਾਂ ਨਿਸ਼ਚਿਤ ਕਰਨ ਲਈ ਰਾਗਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ :
1. 'ਰੇੁ' ਅਤੇ 'ਧੁ' ਕੋਮਲ ਸੁਰਾਂ ਵਾਲੇ ਰਾਗ (ਸੰਧੀ ਪ੍ਰਕਾਸ਼ ਰਾਗ)
2. 'ਰੇ' ਅਤੇ 'ਧ' ਸ਼ੁੱਧ ਸੁਰਾਂ ਵਾਲੇ ਰਾਗ (ਸਵੇਰੇ 7 ਤੋਂ 10 ਵਜੇ)
3. 'ਗੁ' ਅਤੇ 'ਨੁੀ' ਕੋਮਲ ਸੁਰਾਂ ਵਾਲੇ ਰਾਗ (ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਰਾਤ ਦੇ 10 ਵਜੇ ਤੋਂ ਸਵੇਰੇ 4 ਵਜੇ ਤੱਕ)
ਉਪਰੰਤ ਸੰਗੀਤਕ ਪਰਿਭਾਸ਼ਾਵਾਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੈ। ਗਾਇਨ ਦੇ ਗੁਣਾਂ ਅਤੇ ਦੋਸ਼ਾਂ ਬਾਰੇ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ। ਪੁਸਤਕ ਦੇ ਅਗਲੇ ਭਾਗ ਵਿਚ ਥਾਟ ਅਤੇ ਉਨ੍ਹਾਂ ਤੋਂ ਉਤਪੰਨ ਹੋਣ ਵਾਲੇ ਰਾਗਾਂ ਬਾਰੇ ਦੱਸਿਆ ਗਿਆ ਹੈ। ਅਰਥਾਤ ਰਾਗ ਦਾ ਜਨਮ ਥਾਟ ਤੋਂ ਹੁੰਦਾ ਹੈ। ਇਸ ਦੇ ਨਾਲ ਹੀ ਪੰ. ਵਿਸ਼ਣੂ ਨਾਰਾਇਣ ਭਾਤਖੰਡੇ ਦੇ 10 ਥਾਟਾਂ ਬਾਰੇ ਪਾਠਕਾਂ ਨੂੰ ਗਿਆਨ ਦਿੱਤਾ ਗਿਆ ਹੈ। ਸੰਗੀਤ ਵਿਚ ਤਾਲ ਦਾ ਕੀ ਸਥਾਨ ਹੈ, ਅਰਥਾਤ ਤਾਲ ਦਾ ਸੰਗੀਤ ਵਿਚ ਕੀ ਮਹੱਵਤ ਹੈ? ਇਸ ਵਿਸ਼ੇ 'ਤੇ ਪ੍ਰਕਾਸ਼ ਪਾਇਆ ਗਿਆ ਹੈ।
ਇਸ ਤੋਂ ਬਾਅਦ ਲੇਖਕ ਨੇ ਗਾਇਨ-ਸ਼ੈਲੀਆਂ (ਧਰੁਪਦ, ਧਮਾਰ, ਤਰਾਨਾ, ਠੁਮਰੀ, ਖ਼ਿਆਲ, ਟੱਪਾ, ਚਤੁਰੰਗ, ਸਰਗਮ ਗੀਤ, ਸਾਦਰਾ, ਭਜਨ, ਸ਼ਬਦ, ਕੱਵਾਲੀ, ਹੋਰੀ, ਤ੍ਰਿਵਿਟ, ਦਾਦਰਾ, ਚੈਤੀ, ਕਜ਼ਰੀ, ਕ੍ਰਿਤੀ, ਜਾਵਲੀ, ਤਾਲ ਮਲਿਕਾ, ਕੀਰਤਨਮ, ਤਿਲਾਨਾ ਅਤੇ ਖਮਸਾ) ਬਾਰੇ ਬੜੇ ਸੁਖੈਨ ਢੰਗ ਨਾਲ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਹੈ। ਰਾਗ ਵਿਵਰਣ ਸਿਰਲੇਖ ਅਧੀਨ ਰਾਗ ਮਾਲਕੌਂਸ, ਭੈਰਵ, ਖਮਾਜ ਅਤੇ ਭੀਮ ਪਲਾਸੀ ਦੀਆਂ ਵਿਸ਼ੇਸ਼ਤਾਵਾਂ ਅਤੇ ਛੋਟੇ ਖ਼ਿਆਲਾਂ ਦਾ ਵਰਨਣ ਕੀਤਾ ਹੈ। ਰਾਗ ਵਿਵਰਣ ਮਗਰੋਂ ਤਾਲ ਵਿਵਰਣ ਅਧੀਨ ਵੱਖ-ਵੱਖ ਤਾਲਾਂ ਬਾਰੇ ਦੱਸਿਆ ਗਿਆ ਹੈ। ਅੰਤ ਵਿਚ ਛੋਟੇ ਉੱਤਰਾਂ ਵਾਲੇ ਪ੍ਰਸ਼ਨ-ਉੱਤਰ ਦਿੱਤੇ ਗਏ ਹਨ। ਪੂਰੀ ਉਮੀਦ ਹੈ ਕਿ ਪਾਠਕਾਂ, ਸੰਗੀਤ ਪ੍ਰੇਮੀਆਂ, ਸੰਗੀਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਪੁਸਤਕ ਬਹੁਤ ਲਾਭਦਾਇਕ ਸਿੱਧ ਹੋਵੇਗੀ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

c c c

 


ਜਦੋਂ ਲੋਕ ਜਾਗੇ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ 100 ਰੁਪਏ, ਸਫ਼ੇ : 88
ਸੰਪਰਕ : 84375-29875

ਜਰਨੈਲ ਸਿੰਘ ਮੱਲੇਆਣਾ ਦੀ ਪੁਸਤਕ 'ਜਦੋਂ ਲੋਕ ਜਾਗੇ' ਕਿਸਾਨ ਅੰਦੋਲਨਾਂ ਨਾਲ ਸੰਬੰਧਤ ਤੱਥਾਂ ਅਧਾਰਿਤ ਦਸਤਾਵੇਜ਼ ਹੈ। ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਘਟਨਾਵਾਂ ਦਾ ਸਟੀਕ ਵੇਰਵਾ ਦਿੱਤਾ ਗਿਆ ਹੈ। ਪੁਸਤਕ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੀ ਯਥਾਰਥਕ ਤਸਵੀਰਕਸ਼ੀ ਕਰਦੀ ਹੈ। ਇਸ ਦੇ ਪ੍ਰਮੁੱਖ ਤਿੰਨ ਅਧਿਆਇ ਹਨ। ਪਹਿਲੇ ਵਿਚ 'ਪਹਿਲਾਂ ਲੜੇ ਗਏ ਕਿਸਾਨ ਘੋਲ ਤੇ ਉਨ੍ਹਾਂ ਦਾ ਵੇਰਵਾ' ਅਧੀਨ ਬਾਰ ਦੀ ਅਬਾਦਕਾਰੀ ਤੇ ਵੀਹਵੀਂ ਸਦੀ ਦੀ ਕਿਸਾਨ ਲਹਿਰ, ਅੰਮ੍ਰਿਤਸਰ ਦਾ ਕਿਸਾਨ ਮੋਰਚਾ, ਨੀਲੀਬਾਰ ਦਾ ਮੁਜ਼ਾਰਾ ਘੋਲ, ਮਾਲਵਾ ਖਿੱਤੇ ਦੇ ਦੋ ਸ਼ਾਨਾਂਮੱਤੇ ਸੰਘਰਸ਼ਾਂ ਦੀ ਗਾਥਾ, ਪੈਪਸੂ ਦੀ ਮੁਜ਼ਾਰਾ ਲਹਿਰ, ਖ਼ੁਸ਼ ਹੈਸੀਅਤੀ ਟੈਕਸ ਵਿਰੋਧੀ ਮੋਰਚਾ, ਦੂਜੇ ਅਧਿਆਇ ਵਿਚ ਖੇਤੀ ਕਾਨੂੰਨ, ਖੇਤ, ਖੇਤੀ ਤੇ ਕਿਸਾਨਾਂ ਦੀ ਤਬਾਹੀ ਦਾ ਮੁੱਢ, ਤੀਜੇ ਵਿਚ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦਾ ਰੋਲ ਆਦਿ ਹਨ। ਲੇਖਕ ਦੀ ਦ੍ਰਿਸ਼ਟੀ ਪਹਿਲਾਂ ਪਾਠਕ ਨੂੰ ਆਪਣੇ ਇਤਿਹਾਸਕ ਕਿਸਾਨੀ ਅੰਦੋਲਨਾਂ ਬਾਰੇ ਜਾਣਕਾਰੀ ਦੇ ਕੇ ਇਤਿਹਾਸ ਤੇ ਵਰਤਮਾਨ ਵਿਚ ਯਥਾਰਥਕ ਸਥਿਤੀ ਦੀ ਜਾਣਕਾਰੀ ਦੇਣਾ ਹੈ। ਦਿੱਲੀ ਦੇ ਬਾਰਡਰ ਉੱਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਏਕਤਾ ਦੇ ਸੂਤਰ ਵਿਚ ਬੱਝ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ। ਅੰਦੋਲਨ ਦੇ ਕਾਰਜਕਾਲ ਵਿਚ 750 ਕਿਾਸਨ ਸ਼ਹੀਦ ਹੋਏ ਅਤੇ ਸਰਕਾਰ ਨਾਲ 11 ਮੀਟਿੰਗਾਂ ਕੀਤੀਆਂ ਗਈਆਂ। ਕਿਸਾਨੀ ਮੁੱਦਿਆਂ ਨਾਲ ਸੰਬੰਧਿਤ ਯੋਜਨਾਬੱਧ ਤਰੀਕੇ ਨਾਲ ਜਾਣਕਾਰੀ ਦਿੱਤੀ ਅਤੇ ਇਸ ਨੂੰ ਸਮਾਜਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਪੱਖ ਨਾਲ ਜੋੜ ਕੇ ਵਿਚਾਰ-ਚਰਚਾ ਹੁੰਦੀ ਰਹੀ। ਕਾਰਪੋਰੇਟ ਘਰਾਣਿਆਂ ਦੀਆਂ ਲੋਕ-ਮਾਰੂ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕਿਸਾਨ ਤੇ ਨੌਜਵਾਨਾਂ ਨੂੰ ਆਪਣੇ ਮਾਣਮੱਤੇ ਇਤਿਹਾਸ, ਜਿਵੇਂ ਬੰਦਾ ਬਹਾਦਰ ਦੁਆਰਾ ਹਲ ਵਾਹਕਾਂ ਨੂੰ ਖੇਤਾਂ ਦਾ ਅਧਿਕਾਰ ਦੇਣਾ, ਚਾਚਾ ਅਜੀਤ ਸਿੰਘ ਦੀ ਅਣਥੱਕ ਮਿਹਨਤ, ਗ਼ਦਰੀ ਬਾਬਿਆਂ ਦੀ ਘਾਲਣਾ, ਭਗਤ ਸਿੰਘ, ਸਰਾਭਾ, ਦੇਸ਼ ਦੇ ਕ੍ਰਾਂਤੀਕਾਰੀਆਂ ਦਾ ਯੋਗਦਾਨ ਤੇ ਕਾਰਜ-ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖਕ ਦੀ ਇਹ ਪੁਸਤਕ, ਪਾਠਕਾਂ ਨੂੰ ਇਤਿਹਾਸਕ, ਵਰਤਮਾਨ, ਨਵੀਨ ਤੇ ਯਥਾਰਥਵਾਦੀ ਪਹਿਲੂਆਂ ਨਾਲ ਜੋੜੇਗੀ। ਪੁਸਤਕ ਦੇ ਅਖ਼ੀਰ ਵਿਚ ਸਾਡੇ ਮਹਾਨ ਦੇਸ਼ ਭਹਗਤਾਂ ਦੀਆਂ ਤਸਵੀਰਾਂ ਤੇ ਨਾਂਅ ਦਰਜ ਹਨ ਜੋ ਸਾਡੇ ਕਿਸਾਨੀ ਖੇਤਰ ਲਈ ਸੰਘਰਸ਼ਸ਼ੀਲ ਮਾਰਗ ਦਰਸ਼ਨ ਲਈ ਪ੍ਰੇਰਨਾ ਦਾ ਕਾਰਜ ਕਰਦੇ ਹਨ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
c c c

24-09-2022

 ਮੇਰੇ ਜੀਵਨ ਦੀਆਂ ਯਾਦਾਂ
ਲੇਖਕ : ਸ. ਵਰਿਆਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫੇ : 236
ਸੰਪਰਕ : thindgk@hotmail.com

ਵਿਚਾਰਧੀਨ ਸਵੈਜੀਵਨੀ ਦਾ ਪਹਿਲਾ ਸੰਸਕਰਨ 2009 ਵਿਚ ਲੇਖਕ ਦੇ ਜਿਊਂਦੇ ਹੀ ਛਪ ਗਿਆ ਸੀ। ਹਥਲੀ ਪੁਸਤਕ ਦੂਸਰਾ ਸੰਸਕਰਨ ਹੈ ਜੋ ਲੇਖਕ ਦੀ ਬੇਟੀ ਨੇ ਸੰਪਾਦਨ ਕਰਕੇ 2022 ਵਿਚ ਪ੍ਰਕਾਸ਼ਿਤ ਕਰਵਾਇਆ ਹੈ। ਇਸ ਪੁਸਤਕ ਦੇ ਪਹਿਲੇ ਚਾਰ ਕਾਂਡਾਂ ਵਿਚ ਲੇਖਕ ਦੇ ਨਜ਼ਦੀਕੀ ਸੰਬੰਧੀਆਂ ਨੇ ਆਪਣੇ ਸਤਿਕਾਰਿਤ ਬਾਪੂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਵਰਿਆਮ ਸਿੰਘ ਦਾ ਜਨਮ 30 ਜੂਨ, 1926 ਨੂੰ ਪਾਕਿਸਤਾਨੀ ਪੰਜਾਬ ਵਿਚ ਹੋਇਆ। ਇਸ ਸਵੈ-ਜੀਵਨੀ ਵਿਚ ਲੇਖਕ ਦੀ ਬੰਸਾਵਲੀ, ਬਚਪਨ, ਵਿੱਦਿਆ, ਸ਼ਾਦੀ, ਨੌਕਰੀ ਹਾਸਿਲ ਲਈ ਯਤਨ, ਸਾਇੰਸ ਅਧਿਆਪਕ ਲੱਗਣ ਉਪਰੰਤ ਮੁੱਖ ਅਧਿਆਪਕ ਵਜੋਂ ਤਰੱਕੀ ਲੈ ਕੇ ਸੇਵਾ-ਮੁਕਤੀ ਤੱਕ (30 ਜੂਨ, 1984) ਤੱਕ ਦੀਆਂ ਅਹਿਮ ਘਟਨਾਵਾਂ ਨੂੰ ਫੋਕਸੀਕਰਨ ਹਿਤ ਗ੍ਰਹਿਣ ਕੀਤਾ ਗਿਆ ਹੈ। ਮੁੱਖ ਇਤਿਹਾਸਕ ਘਟਨਾਵਾਂ ਵਿਚ ਅੰਗਰੇਜ਼ਾਂ ਵਲੋਂ 1892 ਵਿਚ 'ਬਾਰ' ਦਾ ਵਸਾਉਣਾ, ਸੁਤੰਤਰਤਾ ਸੰਘਰਸ਼, ਭਾਰਤ-ਪਾਕਿ ਵੰਡ, ਮਹਾਤਮਾ ਗਾਂਧੀ ਦਾ ਗੋਡਸੇ ਵਲੋਂ ਕਤਲ, ਪਰਤਾਪ ਸਿੰਘ ਕੈਰੋਂ ਦਾ ਮੁੱਖ ਮੰਤਰੀ ਵਜੋਂ ਕਾਰਜ ਕਾਲ, ਖ਼ਾਲਸਾ ਕਾਲਜ ਦੀਆਂ ਘਟਨਾਵਾਂ ਆਦਿ ਦਾ ਵਰਨਣ ਕੀਤਾ ਗਿਆ ਹੈ। ਪਹਿਲਾਂ ਹੀ 1947 ਦੇ ਖ਼ੂਨ ਖਰਾਬੇ ਦੀ ਦੁਖਦੀ ਰਗ ਕਾਰਨ ਹੀ ਸ਼ਾਇਦ ਪੰਜਾਬ ਦੇ ਕਾਲੇ ਦਿਨਾਂ ਬਾਰੇ ਗੱਲ ਕਰਨ ਤੋਂ ਲਗਭਗ ਸੰਜਮ ਹੀ ਵਰਤਿਆ ਗਿਆ ਪ੍ਰਤੀਤ ਹੁੰਦਾ ਹੈ। ਸਾਰੀਆਂ ਇਤਿਹਾਸਕ ਘਟਨਾਵਾਂ ਦਾ ਸਮਾਂ, ਸਥਾਨ, ਮਿਤੀਆਂ ਅਨੁਸਾਰ ਬਾਖੂਬੀ ਦਰਸਾਇਆ ਗਿਆ ਹੈ। ਭਾਰਤ-ਵੰਡ ਦੇ ਉਜਾੜੇ ਸਮੇਂ ਦਾ ਵਰਨਣ ਕਰਦਿਆਂ ਦੱਸਿਆ ਗਿਆ ਹੈ ਕਿ 'ਹਾਲਾਤ ਇਹੋ ਜਿਹੇ ਸੀ ਕਿ ਨਾ ਕੋਈ ਰੋਂਦਾ ਸੀ, ਨਾ ਅਫਸੋਸ ਕਰਨ ਆਉਂਦਾ ਸੀ ਕਿਉਂਕਿ ਇਹ ਨਹੀਂ ਸੀ ਪਤਾ ਕਿ ਅਗਲੀ ਘੜੀ, ਆਪਣੇ ਨਾਲ ਕੀ ਹੋ ਜਾਣਾ ਹੈ?' (ਪੰਨਾ : 91) ਵੱਖ-ਵੱਖ ਸਕੂਲਾਂ ਵਿਚ ਕੀਤੇ ਕੰਮਾਂ ਦੀ ਵਿਸਤ੍ਰਤ ਜਾਣਕਾਰੀ ਦਿੱਤੀ ਗਈ ਹੈ। ਪਾਠਕਾਂ ਨੂੰ ਇੰਜ ਪ੍ਰਤੀਤ ਹੋਣਾ ਸੁਭਾਵਿਕ ਹੈ ਜਿਵੇਂ ਇਹ ਰਚਨਾ ਵਿਦਿਅਕ ਸਵੈ-ਜੀਵਨੀ ਹੀ ਹੋਵੇ। ਸਵੈ-ਜੀਵਨੀ ਦੇ ਦੂਜੇ ਭਾਗ ਵਿਚ 'ਉਦੋਂ ਤੇ ਹੁਣ' (ਸੰਸਾਰ ਸਾਧਨ, ਪੰਚਾਇਤਾਂ, ਪ੍ਰੀਖਿਆ ਕੇਂਦਰਾਂ 'ਚ ਨਕਲ, ਧਰਤੀ ਹੇਠਲਾ ਪਾਣੀ, ਪੈਸੇ ਦਾ ਮੁੱਲ, ਹਕੂਮਤਾਂ ਦੀ ਮੰਦੀ ਹਾਲਤ, ਭ੍ਰਿਸ਼ਟਾਚਾਰ, ਪੜ੍ਹਾਈ ਆਦਿ) ਆਏ ਪਰਿਵਰਤਨਾਂ ਦਾ ਦਾਰਸ਼ਨਿਕ ਦ੍ਰਿਸ਼ਟੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਤੀਜਾ ਭਾਗ ਕੈਨੇਡਾ ਫੇਰੀ ਨਾਲ ਸਫ਼ਰਨਾਮਾ ਹੀ ਹੋ ਨਿਬੜਿਆ ਹੈ। ਪੁਸਤਕ ਦੇ ਅਖੀਰ ਵਿਚ ਲੇਖਕ ਦੇ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਦੀਆਂ ਰੰਗੀਨ ਤਸਵੀਰਾਂ ਹਨ। ਲੇਖਕ ਨੂੰ ਸਵੈ-ਜੀਵਨੀ ਵਿਧਾ ਦੀ ਸਿਧਾਂਤਕ ਸੂਝ ਪ੍ਰਾਪਤ ਹੈ। ਲਿਖਦਾ ਹੈ 'ਸਵੈ-ਜੀਵਨੀ ਲਿਖਣ ਵਿਚ ਇਕ ਅਨੋਖੀ ਮੁਸ਼ਕਿਲ ਪੇਸ਼ ਆਉਂਦੀ ਹੈ ਕਿ ਆਦਮੀ ਨੂੰ ਆਪਣੇ ਕੰਮ ਬਾਰੇ ਆਪ ਹੀ ਦੱਸਣਾ ਪੈਂਦਾ ਹੈ, ਸੋ, ਨਾ ਲਿਖੇ ਤਾਂ ਗੱਲ ਨੀ ਬਣਦੀ, ਜੇ ਲਿਖੇ ਤਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਂਦੀ ਹੈ : ਪੰਨਾ 124, ਸੰਖੇਪ ਇਹ ਕਿ ਇਹ ਸਵੈ-ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨ ਦੀ ਸਮਰੱਥਾ ਰੱਖਦੀ ਹੈ। ਇਸ ਮਹਾਨ ਸ਼ਖ਼ਸੀਅਤ ਦਾ ਦਿਹਾਂਤ 25 ਅਪ੍ਰੈਲ, 2015 ਪਿੰਡ ਚੌਹਾਨ (ਅਮ੍ਰਿਤਸਰ) ਵਿਖੇ ਹੋਇਆ।

-ਡਾ. ਧਰਮ ਚੰਦ ਵਾਤਿਸ਼
vatish.dharamchand.@gmail.com

ਖਿਡੌਣੇ ਵਾਲਾ
ਲੇਖਕ : ਮਾ. ਨਰਿੰਦਰ ਸਿੰਘ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ ਸਹਾਰਨਮਾਜਰਾ
ਮੁੱਲ : 125 ਰੁਪਏ, ਸਫ਼ੇ : 35
ਸੰਪਰਕ : 98789-00475

ਮਾ. ਨਰਿੰਦਰ ਸਿੰਘ ਨੇ ਆਪਣੀ ਨਵੀਂ ਛਪੀ ਬਾਲ ਕਾਵਿ ਪੁਸਤਕ 'ਖਿਡੌਣੇ ਵਾਲਾ' ਵਿਚ ਪੰਜ ਤੋਂ ਅੱਠ ਸਾਲਾਂ ਦੇ ਬਾਲ-ਪਾਠਕਾਂ ਦੀ ਮਾਨਸਿਕਤਾ ਅਤੇ ਮਨੋਵਿਗਿਆਨ ਦੇ ਅਨੁਕੂਲ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਵਿਸ਼ੈ-ਮੂਲਕ ਵਿਭਾਜਨ ਕੀਤਾ ਜਾਵੇ ਤਾਂ 'ਅਧਿਆਪਕ', 'ਪੀ.ਟੀ.ਸਰ' ਅਤੇ 'ਬਸਤਾ' ਕਵਿਤਾਵਾਂ ਦੀ ਬੁਨਿਆਦ ਵਿਦਿਆਰਥੀਆਂ, ਸਿੱਖਿਆ ਅਤੇ ਅਧਿਆਪਕ ਦੇ ਗੂੜ੍ਹੇ ਰਿਸ਼ਤੇ ਉਪਰ ਟਿਕੀ ਹੋਈ ਹੈ। 'ਖਿਡੌਣੇ ਵਾਲਾ', 'ਭੰਡਾ-ਭੰਡਾਰੀਆ', 'ਰੇਲ', 'ਚਾਇਨਾ ਡੋਰ' ਅਤੇ 'ਗੁੱਡੀ' ਕਵਿਤਾਵਾਂ ਬੱਚਿਆਂ ਦੇ ਖੇਡ-ਖਿਡੌਣਿਆਂ ਦਾ ਮਹੱਤਵ ਦਰਸਾਉਂਦੀਆਂ ਹਨ। 'ਚਿੜੀ ਦਾ ਦੁੱਖ' ਕਵਿਤਾ ਮਨੁੱਖ ਲਈ ਸਵਾਲਨਾਮਾ ਹੈ, ਜਿਸ ਵਲੋਂ ਈਜ਼ਾਦ ਕੀਤੇ ਗਏ ਟਾਵਰ ਦੀਆਂ ਤਰੰਗਾਂ ਨੇ ਮਾਸੂਮ ਪੰਛੀਆਂ ਦੀਆਂ ਜਿੰਦਾਂ ਨੂੰ ਸੰਕਟ ਵਿਚ ਪਾ ਦਿੱਤਾ ਹੈ। ਅਧਿਆਪਨ ਕਿੱਤੇ ਨਾਲ ਸੰਬੰਧਤ ਹੋਣ ਕਾਰਨ ਕਵੀ ਬਾਲਾਂ ਦੀਆਂ ਮਾਨਸਿਕ ਅਤੇ ਬੌਧਿਕ ਸਮੱਸਿਆਵਾਂ ਪ੍ਰਤੀ ਇਲਮ ਰੱਖਦਾ ਹੈ। ਰਲ, ਸਹਿਜ ਅਤੇ ਸੁਭਾਵਿਕ ਰੂਪ ਵਿਚ ਸਿਰਜੀਆਂ ਇਹ ਕਵਿਤਾਵਾਂ ਬੱਚਿਆਂ ਨੂੰ ਆਸਾਨੀ ਨਾਲ ਕੰਠ ਹੋ ਜਾਂਦੀਆਂ ਹਨ। ਕਲਾ ਪੱਖ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਹਰ ਕਵਿਤਾ ਦਾ ਸਿਰਲੇਖ ਬਾਲ-ਮਨਾਂ ਵਿਚ ਜਿਗਿਆਸਾ ਉਤਪੰਨ ਕਰਦਾ ਹੈ। ਇਸ ਪ੍ਰਕਾਰ ਖੇਡ-ਖੇਡ ਵਿਚ ਹੀ ਇਹ ਕਵਿਤਾਵਾਂ ਬਾਲ ਪਾਠਕਾਂ ਦੇ ਮਨਾਂ ਵਿਚ ਉਸਾਰੂ ਜੀਵਨ ਜਾਚ ਦੇ ਬੀਜਾਂ ਦਾ ਛੱਟਾ ਦਿੰਦੀਆਂ ਹਨ। ਇਨ੍ਹਾਂ ਵਿਚ ਬਾਲਾਂ ਉਪਰ 'ਇਹ ਕਰੋ' ਜਾਂ 'ਇਹ ਨਾ ਕਰੋ' ਵਰਗੇ ਜ਼ਬਰਦਸਤੀ ਉਪਦੇਸ਼ ਥੋਪਣ ਦਾ ਪ੍ਰਯਤਨ ਨਹੀਂ ਕੀਤਾ ਗਿਆ। ਸੁਖਵੰਤ ਕੁਹਾੜਾ ਦੀ ਤੂਲਿਕਾ ਨਾਲ ਸਿਰਜੇ ਢੁੱਕਵੇਂ ਚਿੱਤਰ ਇਹਨਾਂ ਨਰਸਰੀ ਕਵਿਤਾਵਾਂ ਲਈ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕਰਦੇ ਹਨ। ਉਮੀਦ ਹੈ, ਬਾਲ ਪਾਠਕ ਇਨ੍ਹਾਂ ਨਰਸਰੀ ਗੀਤਾਂ ਦਾ ਆਨੰਦ ਮਾਣਨਗੇ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

c c c\

ਕਾਲਾ ਸੂਰਜ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ: 96
ਸੰਪਰਕ : 99884-44002

ਗੁਰਦਿਆਲ ਰੌਸ਼ਨ ਪੰਜਾਬੀ ਦੇ ਨਿਰੰਤਰ ਲਿਖਣ ਵਾਲੇ ਕੁਝ ਕੁ ਸਮਰੱਥ ਗ਼ਜ਼ਲਕਾਰਾਂ ਵਿਚੋਂ ਹਨ। ਹੱਥਲੇ ਗ਼ਜ਼ਲ-ਸੰਗ੍ਰਹਿ 'ਕਾਲਾ ਸੂਰਜ' ਤੋਂ ਪਹਿਲਾਂ ਉਨ੍ਹਾਂ ਦੇ ਅਠਾਰਾਂ ਗ਼ਜ਼ਲ-ਸੰਗ੍ਰਹਿ, ਨੌਂ ਕਾਵਿ-ਸੰਗ੍ਰਹਿ, ਪੰਜ ਬਾਲ ਕਾਵਿ-ਸੰਗ੍ਰਹਿ ਅਤੇ ਦੋ ਨਿਬੰਧ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਦਰਜਨ ਦੇ ਕਰੀਬ ਪੁਸਤਕਾਂ ਉਨ੍ਹਾਂ ਨੇ ਸੰਪਾਦਿਤ ਵੀ ਕੀਤੀਆਂ ਹਨ। ਤਸੱਲੀ ਵਾਲੀ ਗੱਲ ਹੈ ਕਿ ਏਨੇ ਵੱਡੇ ਮੁਕਾਮ 'ਤੇ ਪਹੁੰਚਣ ਦੇ ਬਾਵਜੂਦ ਵੀ ਉਹ ਲੁੱਟੇ-ਪੁੱਟੇ ਜਾ ਰਹੇ ਲੋਕਾਂ ਨਾਲ ਖੜ੍ਹੇ ਦਿਖਾਈ ਦਿੰਦੇ ਹਨ:
ਅਸੀਂ ਪੁੱਛਾਂਗੇ ਜਦ ਵੀ ਵਕਤ ਆਇਆ,
ਅਸਾਡੇ ਆਲ੍ਹਣੇ ਕਿੱਦਾਂ ਸੜੇ ਨੇ।
ਇਕ ਸੁਪਨੇ ਉਹ ਹੁੰਦੇ ਹਨ, ਜਿਹੜੇ ਗੂੜ੍ਹੀ ਨੀਂਦ ਦੀ ਬੇਹੋਸ਼ੀ ਵਿਚ ਦੇਖੇ ਜਾਂਦੇ ਹਨ ਅਤੇ ਦੂਜੇ ਸੁਪਨੇ ਉਹ ਹੁੰਦੇ ਹਨ, ਜਿਨ੍ਹਾਂ ਦੀ ਉਸਾਰੀ ਪੂਰੇ ਹੋਸ਼-ਹਵਾਸ ਵਿਚ ਰਹਿੰਦਿਆਂ ਕੀਤੀ ਜਾਂਦੀ ਹੈ। ਇਹ ਜਾਗਦੀਆਂ ਅੱਖਾਂ ਦੇ ਸੁਪਨੇ ਹੀ ਇਨਸਾਨ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ ਅਤੇ ਉਹ ਕਦੇ ਵੀ ਉਸ ਨੂੰ ਆਰਾਮ ਨਾਲ ਬਹਿਣ ਨਹੀਂ ਦਿੰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੁਪਨਿਆਂ ਦੇ ਜਿਊਂਦੇ ਰਹਿਣ ਵਿਚ ਹੀ ਜ਼ਿੰਦਗੀ ਦੇ ਅਸਲੀ ਅਰਥ ਲੁਕੇ ਹੁੰਦੇ ਹਨ-
ਪਹਿਲਾਂ ਭਟਕੇ ਪਿੱਛੋਂ
ਉਹ ਪੱਥਰ ਦੀ ਜੂਨ ਪਵੇ,
ਜਦ ਸੁਪਨਾ ਮਰ ਜਾਂਦਾ ਹੈ, ਸਾਕਾਰ ਨਹੀਂ ਹੁੰਦਾ।
ਗੁਰਦਿਆਲ ਰੌਸ਼ਨ ਸਹੀ ਅਰਥਾਂ ਵਿਚ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਹਨ। ਗ਼ਜ਼ਲ ਲਿਖਣੀ ਉਨ੍ਹਾਂ ਨੇ ਉਸ ਵੇਲੇ ਸ਼ੁਰੂ ਕਰ ਦਿੱਤੀ ਸੀ, ਜਦੋਂ ਅਜੇ ਇਸ ਗੱਲ ਦੀ ਬਹਿਸ ਹੀ ਖ਼ਤਮ ਨਹੀਂ ਸੀ ਹੋਈ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਵੀ ਜਾ ਸਕਦੀ ਹੈ ਜਾਂ ਨਹੀਂ। 'ਦੀਪਕ ਗ਼ਜ਼ਲ ਸਕੂਲ' ਦੇ ਸੰਚਾਲਕ ਹੋਣ ਵਜੋਂ ਉਹ ਗ਼ਜ਼ਲ ਦੇ ਬਹੁਤ ਸਾਰੇ ਸਿਖਾਂਦਰੂਆਂ ਲਈ ਰਾਹ-ਦਸੇਰਾ ਬਣ ਕੇ ਪੰਜਾਬੀ ਗ਼ਜ਼ਲ ਦੇ ਰੌਸ਼ਨ ਭਵਿੱਖ ਲਈ ਯਤਨਸ਼ੀਲ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

c c c

 

ਮੇਰਾ ਪਿੰਡ ਮੇਰੇ ਲੋਕ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 650 ਰੁਪਏ, ਸਫ਼ੇ : 358
ਸੰਪਰਕ : 82849-09596

ਪਿੰਡਾਂ ਜਾਂ ਸਥਾਨਿਕ ਇਤਿਹਾਸ ਨੂੰ ਕਲਮਬੰਦ ਕਰਨ ਦੀ ਸਰਕਾਰਾਂ ਅਤੇ ਸੰਬੰਧਿਤ ਸੰਸਥਾਵਾਂ ਨੇ ਭਾਵੇਂ ਅਹਿਮੀਅਤ ਨਹੀਂ ਸਮਝੀ ਪਰ ਵਿਅਕਤੀਗਤ ਪੱਧਰ 'ਤੇ ਪਿੰਡਾਂ ਦੇ ਪਿਛੋਕੜ ਜਾਂ ਸਮਕਾਲੀ ਗਾਥਾ ਨੂੰ ਦਸਤਾਵੇਜ਼ ਕਰਨ ਦੀਆਂ ਸੁਹਿਰਦ ਕੋਸ਼ਿਸ਼ਾਂ ਹੋ ਰਹੀਆਂ ਹਨ। 'ਮੇਰਾ ਪਿੰਡ ਮੇਰੇ ਲੋਕ' ਸਿਰਲੇਖ ਤਹਿਤ ਪ੍ਰੌਢ ਲੇਖਕ ਅਵਤਾਰ ਸਿੰਘ ਬਿਲਿੰਗ ਨੇ ਆਪਣੀ ਜੰਮਣ ਭੋਂਇ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸੇਹ ਦੇ ਅਤੀਤ ਅਤੇ ਵਰਤਮਾਨ ਨੂੰ ਕਲਮਬੰਦ ਕਰਨ ਦਾ ਸਾਰਥਿਕ ਯਤਨ ਕੀਤਾ ਹੈ।
38 ਕਾਂਡਾਂ ਵਿਚ ਲਿਖੀ ਇਹ ਪੁਸਤਕ ਪਿੰਡ ਦੀ ਸਥਾਪਨਾ, ਪਿੰਡ ਨਾਲ ਸੰਬੰਧਿਤ ਦੰਦ-ਕਥਾਵਾਂ, ਭੂਗੋਲਿਕ ਸਥਿਤੀ, ਪੱਤੀ ਵੰਡ, ਜਾਤਾਂ-ਗੋਤਾ, ਟਿਕਣਾ-ਹਿਜ਼ਰਤ ਤੇ ਪ੍ਰਵਾਸ ਸਮੇਤ ਰਕਬਾ, ਜੰਗਲ-ਬੇਲੇ, ਜਲ-ਸੋਮਿਆਂ ਅਤੇ ਹੋਏ ਵਾਪਰੇ ਤੇ ਸਮਕਾਲ ਦੇ ਹਾਂਦਰੂ ਅਤੇ ਭੈੜ ਨੂੰ ਬਿਆਨਦੀ ਹੈ।
ਇਸ ਦੇ ਕੁਝ ਪਾਠ ਅਤੇ ਤਲਖ਼ ਹਕੀਕਤਾਂ ਬੜੀਆਂ ਅਹਿਮ ਹਨ, '...ਮੁਰੱਬੇਬੰਦੀ ('ਹਰੇ ਇਨਕਲਾਬ') ਨੇ ਬਨਸਪਤੀ ਵਢਾਂਗੇ ਦਾ ਮੁੱਢ ਬੰਨ੍ਹਿਆ, ਇਹ ਮਾੜਾ ਰੁਝਾਨ ਹੁਣ ਵੀ ਜਾਰੀ ਹੈ। ਪਾਣੀ ਅਤੇ ਬਨਸਪਤੀ ਨਾਲ ਲਬਰੇਜ਼ ਟੋਏ-ਟਿੱਬੇ ਖ਼ਤਮ ਹੋ ਗਏ, ਵਿਰਾਸਤੀ ਝੁੰਡ ਵੀ ਜਿਹੜੇ ਮਿੱਤਰ ਜੀਵਾਂ ਅਤੇ ਜੜ੍ਹੀਆਂ-ਬੂਟੀਆਂ ਤੇ ਆਬੋ-ਹਵਾ ਦੇ ਭੰਡਾਰ ਸਨ। ਜਿਹੜੇ ਪਿੰਡਾਂ ਦੀ ਸਾਂਝੀ ਆਰਥਿਕਤਾ (ਸਰੀਰਕ) ਸਨ।' ਦਰ-ਹਕੀਕਤ, ਇਸੇ ਆਰਥਿਕਤਾ ਅਤੇ ਧਰੋਹਰ ਨੂੰ ਬਚਾਉਣ ਲਈ ਸਾਡੇ ਆਦਿਵਾਸੀ ਲੜ ਰਹੇ ਹਨ, ਜਿਨ੍ਹਾਂ ਨੂੰ ਸਾਡਾ 'ਅਧੁਨਿਕ ਵਰਗ' ਹਕਾਰਤ ਨਾਲ 'ਜਾਂਗਲੀ' ਕਹਿੰਦਾ ਹੈ।
ਇਹ ਪੁਸਤਕ ਸਿਰਫ਼ ਸੇਹ ਵਾਸੀਆਂ ਲਈ ਹੀ ਅਮੁੱਲਾ ਦਸਤਾਵੇਜ਼ ਨਹੀਂ ਸਗੋਂ ਇਸ ਪੁਸਤਕ ਵਿਚ ਬੜਾ ਕੁਝ ਹੋਰ ਹੈ ਜਿਹੜਾ ਹੋਰਾਂ ਨੁੰ ਵੀ ਪੜ੍ਹਨਾ ਬਣਦੇ ਖ਼ਾਸ ਕਰਕੇ ਉਨ੍ਹਾਂ ਨੂੰ ਜਿਹੜੇ ਪਿੰਡਾਂ ਦੀ ਤਵਾਰੀਖ 'ਚ ਦਿਲਚਪਸੀ ਰੱਖਦੇ ਹਨ ਅਤੇ ਖੋਜਾਰਥੀਆਂ ਨੂੰ ਤਾਂ ਬਿਲਕੁਲ ਹੀ।

-ਵਿਜੈ ਬੰਬੇਲੀ
ਮੋਬਾਈਲ : 94634-39075

c c c

 

ਅਨਮੋਲ ਰਤਨ
ਲੇਖਕ : ਹਰਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 250 ਰੁਪਏ, ਸਫੇ : 104+8
ਸੰਪਰਕ : 86177-94159

ਸ. ਹਰਦੇਵ ਸਿੰਘ ਗਰੇਵਾਲ ਪਿੰਡ ਫੱਲੇਵਾਲ (ਜ਼ਿਲ੍ਹਾ ਲੁਧਿਆਣਾ) ਦਾ ਜੰਮਪਲ ਹੈ। ਰੋਜ਼ਗਾਰ ਦੀ ਤਲਾਸ਼ ਵਿਚ ਆਪਣੇ ਇਲਾਕੇ ਤੋਂ ਗਏ ਹੋਰ ਅਨੇਕ ਪੰਜਾਬੀਆਂ ਵਾਂਗ ਉਹ ਵੀ ਕੋਲਕਾਤੇ ਚਲਾ ਗਿਆ ਸੀ। ਉਥੇ ਉਸ ਨੇ 'ਰੋਜ਼ਾਨਾ ਨਵੀਂ ਪ੍ਰਭਾਤ' ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ। ਉਹ ਇਸ ਮਹਾਂਨਗਰ ਦੀ ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਵੀ ਰਿਹਾ। ਉਸ ਨੂੰ ਪੰਜਾਬ ਅਤੇ ਬੰਗਾਲ ਸਰਕਾਰ ਵਲੋਂ ਬਹੁਤ ਸਾਰੇ ਇਨਾਮ-ਸਨਮਾਨ ਹਾਸਲ ਹੋ ਚੁੱਕੇ ਹਨ। ਉਸ ਨੇ ਕੁਝ ਕਾਵਿ ਪੁਸਤਕਾਂ ਦੇ ਨਾਲ-ਨਾਲ ਕੋਲਕਾਤੇ ਦੇ ਪੰਜਾਬੀ ਸੁਤੰਤਰਤਾ ਸੰਗਰਾਮੀਆਂ ਬਾਰੇ ਇਕ ਪੁਸਤਕ ਦੀ ਰਚਨਾ ਵੀ ਕੀਤੀ ਹੈ। 'ਕੋਲਕਾਤਾ ਅਤੇ ਪੂਰਬੀ ਭਾਰਤ ਦੀ ਪੰਜਾਬੀ ਕਵਿਤਾ' ਨੂੰ ਸੰਗ੍ਰਹਿਤ ਕਰਨ ਦੇ ਨਾਲ-ਨਾਲ ਹੁਣ ਉਸ ਨੇ ਕੋਲਕਾਤੇ ਦੀਆਂ ਪ੍ਰਮੁੱਖ ਪੰਜਾਬੀ ਹਸਤੀਆਂ ਬਾਰੇ ਹਥਲੀ ਪੁਸਤਕ 'ਅਨਮੋਲ ਰਤਨ' ਦੀ ਸਿਰਜਣਾ ਕੀਤੀ ਹੈ। ਇਸ ਪੁਸਤਕ ਵਿਚ 33 ਹਸਤੀਆਂ ਦੇ ਕਾਵਿ-ਚਿਤਰ ਅਤੇ ਵਾਰਤਕ ਜੀਵਨੀਆਂ ਪ੍ਰਕਾਸ਼ਿਤ ਹਨ। ਇਸ ਪੁਸਤਕ ਵਿਚ ਪੰਜਾਬ ਦੇ ਦੋ ਪ੍ਰਮੁੱਖ ਸਾਹਿਤਕਾਰਾਂ ਹਰਨਾਮ ਦਾਸ ਸਹਿਰਾਈ ਅਤੇ ਆਤਮ ਹਮਰਾਹੀ ਦੇ ਕਾਵਿ-ਚਿੱਤਰ ਵੀ ਸੰਕਲਿਤ ਹਨ। ਪੰਜਾਬੀ ਲੋਕ 20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਹੀ ਕੋਲਕਾਤੇ ਪਹੁੰਚ ਗਏ ਸਨ ਅਤੇ ਉਥੇ ਜਾ ਕੇ ਇਨ੍ਹਾਂ ਨੇ ਟਰਾਂਸਪੋਰਟ ਬਿਜ਼ਨੈਸ ਉਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ, ਜੋ ਉਨ੍ਹਾਂ ਤੋਂ ਪਹਿਲਾਂ ਅੰਗਰੇਜ਼ ਅਫਸਰਾਂ ਦੇ ਹੱਥਾਂ ਵਿਚ ਸੀ। ਦਿੱਲੀ ਦੀ ਟਰਾਂਸਪੋਰਟ ਉੱਪਰ ਪੰਜਾਬੀ ਬਾਅਦ ਵਿਚ ਕਾਬਜ਼ ਹੋਏ। ਦਰਅਸਲ 20ਵੀਂ ਸਦੀ ਦੇ ਆਰੰਭ ਵਿਚ ਦਿੱਲੀ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਸੀ। ਅੰਗਰੇਜ਼ਾਂ ਨੇ ਭਾਵੇਂ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਨਵੀਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਤਾਂ ਬਣਾ ਦਿੱਤਾ ਸੀ ਪਰ ਇਥੇ ਕਾਰੋਬਾਰੀਆਂ ਲਈ ਵਧੇਰੇ ਸੰਭਾਵਨਾਵਾਂ ਜਾਗ੍ਰਿਤ ਨਹੀਂ ਸਨ ਹੋਈਆਂ। ਕੋਲਕਾਤੇ ਅਤੇ ਪੂਰੇ ਪੱਛਮੀ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਪੰਜਾਬੀ ਇਨਕਲਾਬੀਆਂ ਦੇ ਸੰਬੰਧ ਗ਼ਦਰ ਲਹਿਰ (1913-14 ਈ.) ਦੇ ਸਮੇਂ ਤੋਂ ਹੀ ਜੁੜੇ ਹੋਏ ਹਨ। ਪੰਜਾਬੀਆਂ ਨੇ ਇਸ ਸ਼ਹਿਰ ਵਿਚ ਪਹੁੰਚ ਕੇ ਪੰਜਾਬੀ ਸਾਹਿਤ, ਅਕਾਲੀ ਪਾਰਟੀ, ਗੁਰਸਿੱਖੀ ਅਤੇ ਪੰਜਾਬੀਅਤ ਦਾ ਪਰਚਮ ਬੁਲੰਦ ਕੀਤਾ। ਹਰਦੇਵ ਸਿੰਘ ਗਰੇਵਾਲ ਨੇ ਸ. ਜੋਧ ਸਿੰਘ (ਨਰੂਲਾ), ਬਖਸ਼ੀਸ਼ ਸਿੰਘ ਧੰਜਲ, ਮਨਜੀਤ ਸਿੰਘ ਕਲਕੱਤਾ, ਪ੍ਰੋ. (ਡਾ.) ਹੀਰਾ ਲਾਲ ਚੋਪੜਾ, ਗਿਆਨੀ ਰਣਜੀਤ ਸਿੰਘ, ਹਰਜੀਤ ਸਿੰਘ ਦਾਖਾ, ਕਰਤਾਰ ਸਿੰਘ ਕਾਂਝਲਾ, ਹਰਚਰਨ ਸਿੰਘ ਬਾਬਾ, ਕਾਇਮ ਖਾਂ ਵਾਰਿਆ ਅਤੇ ਅਮਰੀਕ ਸਿੰਘ ਅਰੋੜਾ ਵਰਗੇ ਪੰਜਾਬੀਅਤ ਨੂੰ ਪਿਆਰ ਅਤੇ ਉਤਸ਼ਾਹਿਤ ਕਰਨ ਵਾਲੀਆਂ ਹਸਤੀਆਂ ਦੇ ਜੀਵਨ ਵੇਰਵੇ (ਕਾਵਿ ਅਤੇ ਵਾਰਤਕ, ਦੋਵਾਂ ਵਿਚ) ਬਿਆਨ ਕੀਤੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

c c c

 


ਸੁੱਚੇ ਸ਼ਬਦ
ਸੰਗ੍ਰਹਿ ਕਰਤਾ : ਰਣਜੀਤ ਕੌਰ
ਮੂਲ ਲੇਖਕ : ਡਾ. ਗੁਰਬਖ਼ਸ਼ ਸਿੰਘ ਭੰਡਾਲ
ਪਬਲਿਸ਼ਰਜ਼ : ਅਸਟੀਮ ਪ੍ਰਿੰਟਰਜ਼, ਲੁਧਿਆਣਾ
ਸਫੇ : 115
ਸੰਪਰਕ : 98761-72587

ਸੁੱਚੇ ਸ਼ਬਦ ਕਥਨ ਸੰਗ੍ਰਹਿ ਹੈ, ਜਿਸ ਨੂੰ ਸੰਗ੍ਰਹਿ ਕਰਤਾ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਵਾਰਤਕ ਲੇਖਕ ਗੁਰਬਖ਼ਸ਼ ਸਿੰਘ ਭੰਡਾਲ ਦੇ ਲੇਖਾਂ ਵਿਚੋਂ ਉਨ੍ਹਾਂ ਦੇ ਵੱਖ-ਵੱਖ ਕਥਨਾਂ ਨੂੰ ਲੈ ਕੇ ਵਰਣਮਾਲਾ ਤਰਤੀਬ ਵਿਚ ਉਨ੍ਹਾਂ ਨੂੰ ਪੇਸ਼ ਕਰਦਿਆਂ ਪਾਠਕਾਂ ਦੇ ਸਾਂਹਵੇ ਪੇਸ਼ ਕੀਤਾ ਹੈ। ਸੰਗ੍ਰਹਿ ਕਰਤਾ ਨੇ ਆਪਣੇ ਨਿੱਜੀ ਤਜਰਬੇ ਨੂੰ ਇਸ ਪੁਸਤਕ ਦਾ ਆਧਾਰ ਦੱਸਦਿਆ ਇਸ ਨੂੰ ਛਪਵਾਉਣ ਦਾ ਸਬੱਬ ਵੀ ਇਸ ਪੁਸਤਕ ਦੇ ਸਵੈ ਕਥਨ ਵਿਚ ਪੇਸ਼ ਕੀਤਾ ਹੈ। ਜੀਵਨ ਨੂੰ ਨਵੇਂ ਰੰਗਾਂ ਵਿਚ ਰੰਗਣ ਵਾਲੀ ਉਦਾਸੀ ਵਿਚੋਂ ਪੈਦਾ ਹੁੰਦੇ ਰੰਗ, ਜੀਵਨ ਦੇ ਨਵੇਂ ਅਰਥ ਭਾਲਣ ਵਾਲੀ ਇਸ ਪੁਸਤਕ ਵਿਚਲੇ ਸਾਰੇ ਹੀ ਕਥਨ ਮਨੁੱਖ ਨੂੰ ਜੀਵਨ ਵਿਚੋਂ ਉਪਰਾਮਤਾ ਨੂੰ ਦੂਰ ਕਰ ਕੇ ਇਕ ਨਵੇਂ ਹੌਸਲੇ ਨਾਲ ਜ਼ਿੰਦਗੀ ਨੂੰ ਜਿਊਣ ਨਾਲੋਂ ਮਾਨਣ ਦਾ ਉਦੇਸ਼ ਦਿੰਦੇ ਨਜ਼ਰ ਆਉਂਦੇ ਹਨ। ਪੁਸਤਕ ਉਪਦੇਸ਼ ਨਹੀਂ ਉਦੇਸ਼ ਦਿੰਦੀ ਨਜ਼ਰ ਆਉਂਦੀ ਹੈ, ਜਿਸ ਵਿਚ ਜੀਵਨ ਅਤੇ ਸਾਹਾਂ ਦੀ ਸਾਰੰਗੀ ਰਾਹੀਂ ਨਵੀਆਂ ਧੁਨਾਂ ਅਤੇ ਉਨ੍ਹਾਂ ਵਿਚੋਂ ਆਸ਼ਾ ਦੇ ਸੰਗੀਤ ਨੂੰ ਪੈਦਾ ਕਰ ਨਵੇਂ ਚਾਅ ਨਾਲ ਜੀਣ ਦੀ ਗੱਲ ਕੀਤੀ ਗਈ ਹੈ। ਪੈਂਤੀ ਅੱਖਰਾਂ ਨੂੰ ਆਧਾਰ ਬਣਾ ਕੇ ਉਸ ਤਰਤੀਬ ਵਿਚ ਸ਼ੁਰੂ ਹੋਣ ਵਾਲੇ ਸੁੱਚੇ ਸ਼ਬਦਾਂ ਨੂੰ ਪੁਸਤਕ ਵਿਚ ਇਕੱਠਾ ਕਰ ਕੇ ਪਾਠਕਾਂ ਨੂੰ ਸ਼ਬਦਾਂ ਦੇ ਰੂਬਰੂ ਕਰਨ ਦਾ ਇਹ ਕਦਮ ਸਾਦਗੀ, ਸੁਹਜ ਅਤੇ ਸਹਿਜ ਵਾਲਾ ਹੈ, ਜਿਸ ਵਿਚ ਵਹਿੰਦੇ ਦਰਿਆ ਦੇ ਪਾਣੀ ਵਰਗੀ ਰਵਾਨਗੀ ਹੈ ਅਤੇ ਸ਼ਬਦਾਂ ਦੇ ਅਰਥ ਇਕ-ਦੂਜੇ ਨੂੰ ਪੂਰਦੇ ਨਜ਼ਰ ਆਉਂਦੇ ਹਨ। ਉਦਾਸ ਸਵੇਰਿਆਂ ਦੀ ਗੱਲ ਹੋਵੇ ਫਿਰ ਆਤਮ-ਸਨਮਾਨ ਅਤੇ ਆਤਮਿਕ ਬਲ ਦੀ, ਸਾਹਾਂ ਦੀ ਸਾਰੰਗੀ ਦੀ ਗੱਲ ਹੋਵੇ ਜਾਂ ਸਹਿਣਸ਼ੀਲਤਾ ਦੀ, ਚੰਨ ਦੀ ਚਾਨਣੀ ਦੀ ਤਲਾਸ਼ ਜਾਂ ਜਾਗਦੀ ਜ਼ਮੀਰ ਨਾਲ ਸਿਰਨਾਵੇਂ ਦੀ ਤਲਾਸ਼ ਦਾ ਸਫ਼ਰ, ਗੱਲ ਕੀ ਹਰ ਹਰਫ਼ ਪਾਠਕ ਅੰਦਰ ਜੋਸ਼ ਅਤੇ ਜੋਤ ਜਗਾਉਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ। ਨਾਉਮੀਦੀ ਨੂੰ ਉਮੀਦ ਵਿਚ ਬਦਲਣ ਅਤੇ ਹਰ ਨਵੇਂ ਦਿਨ ਨੂੰ ਨਵੇਂ ਅਰਥਾਂ ਵਿਚ ਲੈਣ ਦਾ ਵਲ ਸਿਖਾਉਂਦੇ ਇਹ ਸੁੱਚੇ ਸ਼ਬਦ ਪਾਠਕਾਂ ਨੂੰ ਜ਼ਰੂਰ ਪਸੰਦ ਆਉਣਗੇ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
c c c

23-09-2022

 ਗੋਰਾਂ ਨਾਲ ਉਲਾਹਮੇ
ਮੂਲ ਲੇਖਕ : ਏਜਾਜ਼
ਲਿਪੀਵਟਾਂਦਰਾ : ਪਰਮਜੀਤ ਮੀਸ਼ਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 95019-44119

ਅਜੋਕੇ ਪਾਕਿਸਤਾਨੀ ਪੰਜਾਬੀ ਲੇਖਕਾਂ ਦੀ ਨਵੀਂ ਪੀੜ੍ਹੀ ਦਾ ਵਿਲੱਖਣ ਹਸਤਾਖ਼ਰ ਹੈ-ਏਜਾਜ਼। ਉਹ ਪੰਜਾਬੀ ਮਾਂ-ਬੋਲੀ ਦਾ ਕਾਲਜ ਪ੍ਰੋਫ਼ੈਸਰ ਵੀ ਹੈ ਅਤੇ ਸਫਲ ਸਮੀਖਿਆਕਾਰ ਵੀ। ਉਸ ਦਾ ਵਿਚਾਰਧੀਨ ਕਹਾਣੀ-ਸੰਗ੍ਰਹਿ ਵਿਸ਼ਿਆਂ ਪੱਖੋਂ ਵੀ ਨਿਵੇਕਲਾ ਹੈ ਅਤੇ ਗਲਪੀਕਰਨ ਪੱਖੋਂ ਵੀ ਮੌਲਿਕ ਜੁਗਤਾਂ ਦਾ ਨਵਾਂ ਪ੍ਰਯੋਗ ਹੈ। ਉਹ ਬਿਰਤਾਂਤਕ ਖੇਤਰ ਵਿਚ ਹਾਸ਼ੀਆਕ੍ਰਿਤ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ। ਕਥਾਵਾਂ ਪਾਲੀਫੋਨੀ ਨੇ, ਅਨੇਕਾਂ ਪ੍ਰਕਿਰਿਆ/ਪਤਾਕੇ/ ਉਪ-ਕਥਾਵਾਂ ਭਾਵੇਂ ਜਟਿਲ ਬਿਰਤਾਂਤ ਸਿਰਜਦੀਆਂ ਹਨ ਪਰ ਸਮੁੱਚਾ ਪ੍ਰਭਾਵ ਇਕਮੁੱਠਤਾ ਗ੍ਰਹਿਣ ਕਰਦਾ ਨੋਟ ਕੀਤਾ ਜਾ ਸਕਦਾ ਹੈ। ਸੰਵਾਦਾਂ ਦੀ ਭਾਸ਼ਾ ਪਾਤਰ-ਅਨੁਕੂਲ ਹੈ। ਸ਼ਬਦਾਵਲੀ ਵਿਚ ਦੁਹਰਾਅ ਵੀ ਵੇਖਿਆ ਜਾ ਸਕਦਾ ਹੈ। ਸ਼ਾਇਦ ਹੀ ਕੋਈ ਕਹਾਣੀ ਹੋਵੇ ਜਿਸ ਵਿਚ 'ਜਿਧਰਾਂ-ਕਿਧਰਾਂ' ਅਤੇ 'ਮਸਲਸਲ' ਸ਼ਬਦਾਂ ਦਾ ਪ੍ਰਯੋਗ ਨਾ ਹੋਇਆ ਹੋਵੇ। ਇਸ ਸੰਗ੍ਰਹਿ ਵਿਚ 8 ਵੱਡੀਆਂ ਅਤੇ 5 ਛੋਟੀਆਂ ਕਹਾਣੀਆਂ ਸ਼ਾਮਲ ਹਨ। 'ਨੈਣੋਂ ਮੇਂ ਬਸੇ ਨੰਦ ਲਾਲ' ਅਤੇ 'ਗੋਰਾਂ ਨਾਲ ਉਲਾਹਮੇ' ਦੋਵੇਂ ਕਹਾਣੀਆਂ ਨਾਵਲੈੱਟ ਦਾ ਆਕਾਰ ਹੀ ਧਾਰਨ ਕਰ ਗਈਆਂ ਪ੍ਰਤੀਤ ਹੁੰਦੀਆਂ ਹਨ। ਕਹਾਣੀ 'ਖੁੱਲ੍ਹਾ ਅਸਮਾਨ' ਦਾ ਸਿਰਲੇਖ ਬੜਾ ਸ਼ਕਤੀਸ਼ਾਲੀ ਮੈਟਾਫ਼ਰ ਹੈ, ਜਿਸ ਦੇ ਤੁਲਨਾਤਮਿਕ ਅਰਥ ਕਹਾਣੀ ਦੇ ਅੰਤ ਤੋਂ ਸਮਝੇ ਜਾ ਸਕਦੇ ਹਨ। ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਅਸਹਿ ਤਸੀਹੇ ਸਹਿੰਦਾ ਕੈਦੀ 'ਠੰਢੀ ਆਹ ਭਰਦਿਆਂ ਖੁੱਲ੍ਹੇ ਅਸਮਾਨ ਵੱਲ ਵੇਖਦਾ ਹੈ... ਉਥੇ ਆਜ਼ਾਦ ਫ਼ਿਜ਼ਾ ਵਿਚ ਬਹੁਤ ਸਾਰੇ ਪਖੇਰੂ ਇਕ-ਦੂਜੇ ਨਾਲ ਕਲੋਲਾਂ ਕਰਦੇ, ਉਡਾਰੀਆਂ ਭਰ ਰਹੇ ਹਨ।' ਪੰ. 30. 'ਆਵਾਜ਼ਾਂ' ਕਹਾਣੀ ਵਿਚ ਭਿੰਨ-ਭਿੰਨ ਆਵਾਜ਼ਾਂ ਵਾਰੋ-ਵਾਰੀ ਆਪੋ-ਆਪਣੇ ਦੁੱਖਾਂ ਦੀ ਕਥਾ ਆਪਣੀ ਜ਼ਬਾਨੀ ਦੱਸ ਰਹੀਆਂ ਹਨ। 'ਨੈਣੋਂ ਮੇਂ ਬਸੇ ਨੰਦਲਾਲ' ਮੀਰਾ ਬਾਈ ਦੇ ਜਨਮ ਤੋਂ ਲੈ ਕੇ ਗਿਰਧਰ ਗੋਪਾਲ ਨਾਲ ਉਸ ਦੇ ਸੱਚੇ ਇਸ਼ਕ ਦੀ ਗਾਥਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਕ ਪਾਕਿਸਤਾਨੀ ਯੁਵਾ ਲੇਖਕ ਮੀਰਾ ਬਾਈ ਬਾਰੇ ਇਤਨਾ ਸੰਵੇਦਨਸ਼ੀਲ ਬਿਰਤਾਂਤ ਸਿਰਜ ਸਕਿਆ ਹੈ। 'ਬਾਂਝ' ਕਹਾਣੀ ਦੀ ਨਾਇਕਾ ਨਮਰਦ ਪਤੀ ਤੋਂ ਬੱਚੇ ਦੀ ਆਸ ਰੱਖਦੀ ਮਾਨਸਿਕ ਰੋਗ ਸਹੇੜ ਬੈਠਦੀ ਹੈ। 'ਬਾਜੀ' ਕਥਾ ਵਿਚ ਵੱਡੀ ਭੈਣ ਨੂੰ ਛੱਡ ਕੇ, ਛੋਟੀ ਦਾ ਵਿਆਹੇ ਜਾਣਾ ਈਰਖਾ ਦਾ ਕਾਰਨ ਬਣਦਾ ਹੈ। ਨਾਇਕਾ ਸ਼ੀਜ਼ੋਫਰੇਨਿਕ ਹੋ ਜਾਂਦੀ ਹੈ। 'ਵਲਗਣਾਂ ਵਿਚ ਘਿਰਿਆ ਜੀਵਨ' ਕਹਾਣੀ ਦਾ ਨਾਇਕ ਦੁਚਿੱਤੀ ਦਾ ਸ਼ਿਕਾਰ ਹੈ। ਵਿਆਹ ਕਿਤੇ ਹੋਰ ਕਰਨਾ ਚਾਹੁੰਦਾ ਹੈ ਪਰ ਪ੍ਰੇਮਿਕਾ (ਨਾਇਕਾ) ਉਸ ਤੋਂ ਗਰਭਵਤੀ ਹੋ ਕੇ ਬੱਚੇ ਨੂੰ ਜਨਮ ਦਿੰਦੀ ਹੈ। 'ਲੋਕ ਕੀ ਕਹਿਣਗੇ ਇਸ ਕਥਾ ਦਾ ਕੇਂਦਰੀ ਸੂਤਰ ਜਾਪਦਾ ਹੈ', 'ਵਾਰਤਾ' ਕਥਾ ਦਾ ਕੇਂਦਰੀ ਕੋਡ ਹੈ 'ਹਰ ਇਕ ਚਿੰਤਾਵੰਦ, ਹਰ ਕੋਈ ਪ੍ਰੇਸ਼ਾਨ, ਸੁੱਖ ਤੇ ਸਕੂਨ ਨਾਂਅ ਦੀ ਸ਼ੈਅ ਕਿਸੇ ਨੂੰ ਭੋਰਾ ਵੀ ਨਸੀਬ ਨਹੀਂ' ਪੰ. 113.
ਕਹਾਣੀਆਂ 'ਚ ਸ਼ਬਦ-ਚਿੱਤਰ ਵਿਧੀ ਦਾ ਵਿਲੱਖਣ ਪ੍ਰਯੋਗ 'ਗੋਰਾਂ ਨਾਲ ਉਲਾਹਮੇ' ਕਹਾਣੀ ਵਿਚੋਂ ਵੇਖਿਆ ਜਾ ਸਕਦਾ ਹੈ। ਘਰ ਦੀ ਬੁੱਢੀ ਦਾਦੀ ਦਾ ਸ਼ਬਦ-ਚਿੱਤਰ ਪੋਤੇ, ਦੋਹਤੀ, ਪੁੱਤਰ, ਨੂੰਹ ਆਦਿ ਦੇ ਬਿਆਨਾਂ ਰਾਹੀਂ ਕਲਾਤਮਿਕ ਛੋਹਾਂ ਨਾਲ ਸਿਰਜਿਆ ਗਿਆ ਹੈ। ਇਵੇਂ 5 ਨਿੱਕੀਆਂ ਕਹਾਣੀਆਂ ਦਾ ਬਿਰਤਾਂਤ ਵੀ ਭਾਵਪੂਰਤ ਹੈ। ਕੁੱਲ ਮਿਲਾ ਕੇ ਲਿੱਪੀ-ਵਟਾਂਦਰਾ ਸਫਲ ਰਿਹਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com

c c c

 

ਗਾਇਕੀ ਗਗਨ ਦੇ
ਉਦਾਸ ਨਗ਼ਮੇ
ਲੇਖਕ : ਐੱਸ. ਅਸ਼ੋਕ ਭੌਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 150
ਸੰਪਰਕ : 95011-45039

ਇਸ ਪੁਸਤਕ ਵਿਚ ਲੇਖਕ ਨੇ ਮਹਾਨ ਸੰਗੀਤਕਾਰਾਂ ਤੇ ਕਲਾਕਾਰਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉੱਪਰ ਰੌਸ਼ਨੀ ਪਾਈ ਹੈ। ਇਨ੍ਹਾਂ ਕਲਾਕਾਰਾਂ ਵਿਚ ਅਭਿਨੇਤਾ, ਲੋਕ ਗਾਇਕਾਂ, ਸ਼ਾਸਤਰੀ ਸੰਗੀਤਕਾਰਾਂ, ਢਾਡੀਆਂ, ਕਵੀਸ਼ਰਾਂ ਆਦਿ ਨੂੰ ਸ਼ਾਮਿਲ ਕਰਦਿਆਂ ਉਨ੍ਹਾਂ ਬਾਰੇ ਵਿਸਤ੍ਰਿਤ ਗਿਆਨ ਪ੍ਰਦਾਨ ਕੀਤਾ ਹੈ। ਇਨ੍ਹਾਂ ਦੀਆਂ ਲਾਸਾਨੀ ਜੀਵਨੀਆਂ ਨੂੰ ਲੇਖਕ ਨੇ ਹੇਠ ਲਿਖੇ ਸਿਰਲੇਖਾਂ ਅਧੀਨ ਪ੍ਰਸਤੁਤ ਕੀਤਾ ਹੈ :
ਗਿਰੀਸ਼ ਕਰਨਾਡ ਦੀ ਅਲਵਿਦਾ ਸੁੰਨਾ ਹੋਇਆ ਰੰਗ ਮੰਚ (ਥੀਏਟਰ) ਤੇ ਫ਼ਿਲਮੀ ਮੰਚ, ਬਾਦਸ਼ਾਹ ਅਕਬਰ, ਬੈਜੂ ਬਾਵਰਾ ਤੇ ਤਾਨਸੈਨ... ਸੰਗੀਤ ਦੇ ਪ੍ਰਸੰਗ, ਬਰਕਤ ਸਿੱਧੂ : ਉੱਠ ਗਏ ਗੁਆਂਢੋ ਯਾਰ, ਸ਼ਾਸਤਰੀ ਸੰਗੀਤ ਦਾ ਉੱਚਾ ਬੁਰਜ ਸੀ ਉਸਤਾਦ ਬੀ.ਐਸ. ਨਾਰੰਗ, ਦਇਆ ਸਿੰਘ ਦਿਲਬਰ : ਸਿੱਖ ਪੰਥ ਤੇ ਢਾਡੀ ਰਾਗ ਦੇ ਮਹਾਨ ਹੀਰੇ ਨੂੰ ਅਲਵਿਦਾ, ਪੰਥ ਪ੍ਰਸਿੱਧ ਮਹਾਨ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦਾ ਅਸਹਿ ਵਿਛੋੜਾ, ਤੁਰ ਗਿਆ ਕਵੀਸ਼ਰੀ ਦਾ ਜਰਨੈਲ ਜੋਗਾ ਸਿੰਘ ਜੋਗੀ, ਤੁਰ ਗਿਆ ਪੰਜਾਬੀਆਂ ਨੂੰ ਹਾਸੇ ਵੰਡਣ ਵਾਲਾ ਕੇ. ਦੀਪ ਉਰਫ਼ ਮਾਈ ਮੋਹਣੋ ਦਾ ਪੋਸਤੀ, ਮਿੱਤਰਾਂ ਦੀ ਲੂਣ ਦੀ ਡਲੀ' ਵਾਲਾ ਗਾਇਕ ਕਰਮਜੀਤ ਧੂਰੀ ਵੀ ਨਹੀਂ ਰਿਹਾ, ਪੰਜਾਬੀ ਗੀਤਾਂ ਵਿਚ ਗੂੰਜ ਦਾ ਕਿਸਾਨ ਅੰਦੋਲਨ, ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ, ਨਰਿੰਦਰ ਬੀਬਾ : ਹਜ਼ਾਰੋਂ ਬਰਸ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਨਰਿੰਦਰ ਚੰਚਲ : ਟੁੱਟ ਗਿਆ ਭਜਨ ਗਾਇਕੀ ਦੇ ਗਗਨ ਤੋਂ ਧਰੂ ਤਾਰਾ, ਤੁਰ ਗਿਆ ਭਾਰਤੀ ਸ਼ਾਸਤਰੀ ਸੰਗੀਤ ਦਾ ਪੰਡਿਤ, ਪੰਡਿਤ ਜਸਰਾਜ, ਪੰਜਾਬ ਦੀ ਇਖ਼ਲਾਕੀ ਗੀਤਕਾਰੀ ਦਾ ਇਕ ਯੁੱਗ ਸੀ ਪ੍ਰੀਤ ਮਹਿੰਦਰ ਤਿਵਾੜੀ, ਪੰਜਾਬੀ ਗੀਤ, ਸੰਗੀਤ ਅਤੇ ਮਨੋਰੰਜਨ ਦਾ ਉਦਾਸ ਵਿਹੜਾ, ਕਵੀਸ਼ਰ ਕਲਾ ਦਾ ਸ਼ਾਹ ਅਸਵਾਰ ਰਣਜੀਤ ਸਿੰਘ ਸਿੱਧਵਾਂ, ਪੰਜਾਬੀ ਗਾਇਕੀ ਦੀ ਗੀਤ ਸੰਗੀਤ ਨਾਲ ਝੋਲੀ ਭਰ ਕੇ ਤੁਰ ਗਿਆ ਸੁਰਾਂ ਦਾ ਸਿਕੰਦਰ, ਸਰਦੂਲ ਸਿਕੰਦਰ, ਗਿਰਜਾ ਦੇਵੀ 'ਠੁਮਰੀ ਦੀ ਰਾਣੀ' ਦੇ ਤੁਰ ਜਾਣ ਨਾਲ ਭਾਰਤੀ ਸੰਗੀਤ ਹੋਇਆ ਸੁੰਨ੍ਹਾ, ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੰਗੀਤਕ ਪੁਲ ਸੀ ਸ਼ੌਕਤ ਅਲੀ, ਛੁਪ ਗਿਆ ਵਡਾਲੀ ਦਾ ਸੰਗੀਤਕ ਚੰਦ, ਪੰਜਾਬੀ ਗਾਇਕਾਂ ਨੂੰ ਦਾਲ ਰੋਟੀ ਦੇ ਝੋਰੇ, ਪੰਜਾਬੀ ਸੰਗੀਤ ਪ੍ਰੇਮੀਆਂ ਦਾ ਦਿਲ ਤੇ ਜਾਨ ਸੀ ਗਾਇਕ ਦਿਲਜਾਨ, ਤੈਨੂੰ ਅਲਵਿਦਾ ਹੈ ਇਸ਼ਮੀਤ!, ਬਿੰਦਰਖੀਏ ਦੀ ਯਾਦ ਕਿਸੇ ਕੋਨੇ ਵਿਚ ਗੂੰਜੇਗੀ, ਅਗਲੀਆਂ ਪੀੜ੍ਹੀਆਂ 'ਚ ਵੀ ਆਪਣੇ ਗੀਤਾਂ ਨਾਲ ਸੁਰਜੀਤ ਰਹੇਗਾ ਗਿੱਲ ਸੁਰਜੀਤ, ਮੌੜ ਮੰਡੀ ਵਿਚ ਵਾਪਰਿਆ ਦੁਖਾਂਤ। ਉਪਰੋਕਤ ਸਾਰੇ ਕਲਾਕਾਰਾਂ ਦੀਆਂ ਜੀਵਨੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਪਾਠਕਾਂ ਦੀ ਖਿੱਚ ਦਾ ਕਾਰਨ ਬਣਦੀਆਂ ਹਨ। ਕਿਤਾਬ ਦੇ ਟਾਈਟਲ ਕਵਰ ਉੱਪਰ ਵੀ ਕੁਝ ਕਲਾਕਾਰਾਂ ਦੀਆਂ ਰੰਗੀਨ ਤਸਵੀਰ ਛਾਪੀਆਂ ਗਈਆਂ ਹਨ। ਸਮੁੱਚੇ ਤੌਰ 'ਤੇ ਗਾਇਕੀ ਦੇ ਖੇਤਰ ਵਿਚ ਛਪੀ ਇਹ ਇਕ ਵਧੀਆ ਪੜ੍ਹਨਯੋਗ ਪੁਸਤਕ ਹੈ, ਜਿਸ ਲਈ ਲੇਖਕ ਵਧਾਈ ਦਾ ਪਾਤਰ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

c c c


ਸਲੀਬਾਂ
ਲੇਖਿਕਾ : ਮਨਜੀਤ ਇੰਦਰਾ
ਮੁੱਲ : 200 ਰੁਪਏ, ਸਫ਼ੇ : 72
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਸੰਪਰਕ : 98764-23934

ਮਨਜੀਤ ਇੰਦਰਾ ਸਰਬਾਂਗੀ ਸਾਹਿਤਕਾਰਾ ਹੈ, ਜਿਸ ਨੇ ਕਵਿਤਾ ਅਤੇ ਵਾਰਤਕ ਵਿਚ ਆਪਣੀ ਮਾਨਵ-ਵਾਦੀ ਸੋਚ ਦਾ ਪਰਚਮ ਬੁਲੰਦ ਕੀਤਾ ਹੈ। 'ਸਲੀਬਾਂ' ਉਸ ਦਾ ਦਸਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਅੰਤਹਕਰਣ' (1974), 'ਕਾਲਾ ਬਾਗ਼' (1985-86), 'ਚੰਦਰੇ ਹਨੇਰੇ' (1992), 'ਤਾਰਿਆਂ ਦਾ ਛੱਜ' (1994-2021), ਪੂਰਤੀ ਅਪੂਰਤੀ (1996), 'ਤੂੰ ਆਵਾਜ਼ ਮਾਰੀ ਹੈ' (2003), 'ਅਲਖ' (2006), 'ਰੋਹ ਵਿਦਰੋਹ' (2012) ਅਤੇ 'ਤਾਂਡਵ 2018) ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੇ ਹਨ। 'ਸਲੀਬਾਂ' ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੇ ਹਨ। 'ਸਲੀਬਾਂ' ਕਾਵਿ-ਸੰਗ੍ਰਹਿ 'ਚ 'ਵੀਹ ਸੌ ਵੀਹ' ਤੋਂ ਲੈ ਕੇ 'ਟੈਗੋਰ ਹੋਵਾਂਗਾ ਮੈਂ' ਤੱਕ 25 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਸਰਵਰਕ 'ਤੇ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦਾ ਉਕਰਿਆ ਜਾਣਾ ਅਤੇ ਇਸ ਸੰਗ੍ਰਹਿ ਦਾ ਸਮਰਪਣ 'ਸੰਘਰਸ਼ੀ ਯੋਧਿਆਂ ਦੇ ਨਾਂਅ' ਦੇ ਵਾਕਾਂਸ਼ ਇਸ ਕਾਵਿ-ਪੁਸਤਕ ਦੇ ਕੇਂਦਰੀ ਨੁਕਤੇ 'ਏਕੇ ਅਤੇ ਸੰਘਰਸ਼' ਦਾ ਪ੍ਰਤੀਕ ਬਣਦੇ ਹਨ ਅਤੇ ਮਨੁੱਖ ਦੀ ਕਿਰਤ ਦੇ ਲੁਟੇਰਿਆਂ ਦੇ ਖ਼ਿਲਾਫ਼ ਸੰਘਰਸ਼ ਲੜਦੇ ਸੂਰਮਿਆਂ ਲਈ ਹੰਕਾਰੀ ਰਾਜ-ਸੱਤਾ ਵਲੋਂ ਦਿੱਤੇ ਜਾਂਦੇ 'ਸਲੀਬਾਂ' ਦੇ ਖ਼ੌਫ਼ ਦੇ ਮੰਜ਼ਰ ਵੀ ਬਹਾਦਰਾਂ ਦੇ ਹੌਸਲਿਆਂ ਨੂੰ ਪਸਤ ਨਹੀਂ ਕਰ ਸਕਦੇ। ਇਨ੍ਹਾਂ ਕਵਿਤਾਵਾਂ ਵਿਚ ਕੋਰੋਨਾ ਕਾਲ 'ਚ 'ਕਿਰਤੀਆਂ ਮੰਦਹਾਲੀ ਅਤੇ ਦੁਰਦਸ਼ਾ' ਆਮ ਹਾਲਤਾਂ 'ਚ ਔਰਤ ਜਾਤੀ ਨਾਲ ਜਿਸਮਾਨੀ ਤੇ ਮਾਨਸਿਕ ਤਸ਼ੱਦਦ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਾਪਸੀ ਦੇ ਸੰਬੰਧ ਵਿਚ ਵਾਪਰੇ ਭਿਆਨਕ ਵਾਕਿਆਤਾਂ ਦੇ ਮੰਜ਼ਰ ਸਿਰਜੇ ਗਏ ਹਨ। ਹਾਕਮੀ ਜ਼ੁਲਮ ਦੀ ਇੰਤਹਾ ਇਨ੍ਹਾਂ ਤਿੰਨਾਂ ਖੇਤਰਾਂ 'ਚ ਸ਼ਬਦਾਂ ਰਾਹੀਂ ਬਿਆਨੀ ਪਾਠਕ ਨੂੰ ਮਹਿਸੂਸ ਹੋਵੇਗੀ। ਤਾਨਾਸ਼ਾਹੀ ਤੋਂ ਮੁਲਕ ਭਾਵੇਂ ਲੋਕਤੰਤਰ ਵਿਚ ਬਦਲ ਗਿਆ ਹੈ, ਪ੍ਰੰਤੂ ਮਾਨਸਿਕਤਾ ਅਜੇ ਵੀ ਰਾਜਾਸ਼ਾਹੀ, ਰਜਵਾੜਾਸ਼ਾਹੀ ਵਾਲੀ ਹੀ ਸੰਵਿਧਾਨ ਦੀਆਂ ਸਹੁੰਆਂ ਚੁੱਕੀ ਹਾਕਮਾਂ ਵਲੋਂ ਨਿਭਾਈ ਜਾ ਰਹੀ ਹੈ :
ਸ਼ਹਿਨਸ਼ਾਹੀਆਂ ਭਾਵੇਂ ਮੁੱਕੀਆਂ
ਔਰੰਗੀ ਕਹਿਨ ਨਾ ਮੁੱਕਿਆ
ਧਰਮ ਦੀਆਂ ਪੈ ਰਹੀਆਂ ਵੰਡੀਆਂ
ਕੁਰਾਹੀਆਂ ਕਹਿਰ ਢਾਏ ਨੇ
ਸਾਊ ਮਖੋਟਿਆਂ ਪਿੱਛੇ
ਉਹੀ ਦਰਿੰਦਗੀ ਦਿਸਦੀ... (ਪੰਨਾ-30)
'ਸਪਿੱਟ ਕੋਬਰਾ' ਜੋ ਛੇ ਫੁੱਟ ਤੋਂ ਜ਼ਹਿਰੀਲੇ ਫੁੰਕਾਰਿਆਂ ਨਾਲ ਡੰਗਣ ਦੇ ਪ੍ਰਤੀਕ ਨੂੰ 'ਕੋਰੋਨਾ' ਨਾਲ ਜੋੜ ਕੇ ਲੇਖਿਕਾ ਨੇ ਮਨੁੱਖੀ ਭਾਈਚਾਰਿਆਂ 'ਚ ਸਿਰਜੀਆਂ ਜਾ ਰਹੀਆਂ ਵਿੱਥਾਂ ਦਾ ਬਾਖ਼ੂਬੀ ਚਿਤਰਣ ਕੀਤਾ ਹੈ। ਭਾਵਪੂਰਤ ਅਤੇ ਉਤਸ਼ਾਹਵਰਧਕ, ਬਿੰਬਾਂ/ਪ੍ਰਤੀਕਾਂ/ਅਲੰਕਾਰਾਂ ਨਾਲ ਜੜੀ ਹੋਈ ਸਰਲ, ਸਪੱਸ਼ਟ ਅਤੇ ਸਾਦਗੀ ਨਾਲ ਜੜੀ ਸ਼ਬਦਾਵਲੀ ਸੰਦੇਸ਼-ਸੰਚਾਰਿਤ ਕਰਨ ਵਿਚ ਸਫ਼ਲ ਹੈ।

-ਸੰਧੂ ਵਰਿਆਣਵੀ
ਮੋਬਾਈਲ : 98786-14096

c c c

 

ਮੇਰੀ ਕਥਾ ਕਹਾਣੀ
ਲੇਖਕ : ਪ੍ਰਿੰ. ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 163
ਸੰਪਰਕ : 98146-19342

ਸਵੈ-ਜੀਵਨੀ ਲਿਖਣੀ ਬੀਤੇ ਨੂੰ ਪੁਨਰ-ਸੁਰਜੀਤ ਕਰਨ ਦੀ ਕਲਾ ਹੈ। ਮਨੁੱਖ ਦਾ ਜੀਵਨ ਬਹੁਤ ਪ੍ਰਸਥਿਤੀਆਂ 'ਚੋਂ ਲੰਘਦਾ ਹੈ। ਹਰ ਦਿਨ ਮਹੱਤਵਪੂਰਨ ਹੁੰਦਾ ਹੈ। ਲੇਖਕ ਨੇ ਬੀਤੇ ਤੇ ਵਰਤਮਾਨ ਨੂੰ ਪੁਣ-ਛਾਣ ਕੇ ਆਪਣੇ-ਆਪ ਦਾ ਹਲਫ਼ੀਆ ਬਿਆਨ ਪੇਸ਼ ਕਰਨਾ ਹੁੰਦਾ ਹੈ। ਸਾਹਿਤ ਦੀ ਇਹ ਵਿਧਾ ਆਪਣੇ-ਆਪ ਦਾ ਮੁਲਾਂਕਣ ਕਰਨ ਦਾ ਕਠਿਨ ਕਾਰਜ ਹੈ। ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਨਿਬੰਧ ਪੁਸਤਕਾਂ ਨਾਲ ਮਾਲਾ-ਮਾਲ ਕੀਤਾ। ਉਨ੍ਹਾਂ ਦੇ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਸ਼ਬਦ-ਚਿੱਤਰ ਪੁਸਤਕ 'ਮੇਰੇ ਪਿੰਡ ਦਾ ਸ਼ੁਗਲਸਤਾਨ' ਬਹੁਤ ਰੌਚਕ ਤੇ ਵਿਲੱਖਣ ਹੈ। ਨਾਵਲਾਂ ਦੀ ਲੜੀ ਵੀ ਗਿਣਨਯੋਗ ਹੈ। ਇਸ ਸਾਰੀ ਸਾਹਿਤ-ਸਿਰਜਣਾ 'ਚੋਂ ਕਸ਼ੀਦ ਕੀਤੀ ਉਨ੍ਹਾਂ ਦੀ ਸਵੈ-ਜੀਵਨੀ-2 'ਮੇਰੀ ਕਥਾ ਕਹਾਣੀ' ਏਦਾਂ ਹੈ ਜਿਵੇਂ ਸ਼ੀਸ਼ੇ' 'ਚੋਂ ਤੱਕਿਆ ਅਸਲ ਰੂਪ ਤੁਹਾਨੂੰ ਸੱਚੋ-ਸੱਚ ਕਹਿ ਰਿਹਾ ਹੋਵੇ। ਅਜਿਹੀ ਦਲੇਰੀ ਨਾਲ ਲਿਖਣਾ ਪ੍ਰਿੰ: ਫ਼ਤਹਿਪੁਰੀ ਵਰਗਾ ਹੀ ਅਲਬੇਲਾ ਲੇਖਕ ਕਰ ਸਕਦਾ ਹੈ। ਇਸ ਕਥਾ-ਕਹਾਣੀ ਨੂੰ ਪ੍ਰਿੰ: ਸਾਹਿਬ ਨੇ 63 ਦਿਲਚਸਪ ਸਿਰਲੇਖਾਂ ਵਿਚ ਖਲਾਰਿਆ ਹੈ। ਆਪਣੇ ਬਚਪਨ ਨੂੰ ਝੂੰਗਾ, ਮੈਂ ਕੋਈ ਝੂਠ ਬੋਲਿਆ, ਘੋਨੇ ਮੋਨੇ ਹੋ ਜਾਣਾ, ਭੁੱਖ ਹੜਤਾਲ ਤੇ ਛੋਟੇ ਕੱਦ ਦਾ ਸੈਂਸਾ (ਬਿਨਾਂ ਕੁਝ ਲੁਕਾਇਆਂ ਬਿਆਨ ਕੀਤਾ। ਬਚਪਨ ਦੀਆਂ ਸ਼ਰਾਰਤਾਂ, ਪਿਓ ਵਲੋਂ ਕੁੱਟ ਖਾਣੀ ਤੇ ਪੰਗਾ ਲੈਣ ਤੋਂ ਗੁਰੇਜ਼ ਨਾ ਕਰਨੀ, ਬੜੀਆਂ ਹੀ ਰੌਚਕ ਘਟਨਾਵਾਂ ਹਨ। ਵਿਦਿਆਰਥੀ ਸਕੂਲੀ ਤੇ ਕਾਲਜੀ ਜੀਵਨ ਨੂੰ ਪੜ੍ਹ ਕੇ ਪ੍ਰਿੰ: ਸਾਹਿਬ ਦੀਆਂ ਪ੍ਰਾਪਤੀਆਂ ਦੀ ਝਲਕ ਬੇਬਾਕ ਟੁਕੜੀਆਂ ਦੀ ਆਰਸੀ ਜਾਪਦੀ ਹੈ। ਸਮਾਜ ਵਿਚ ਬੇਇਨਸਾਫ਼ੀਆਂ, ਈਰਖਾ, ਚੁਗਲੀ ਨਿੰਦਾ ਤੇ ਬਦਖੋਈਆਂ ਰਾਹੀਂ ਲੋਕ ਮਨ ਦੀਆਂ ਅੰਦਰਲੀਆਂ ਤਹਿਆਂ ਨੂੰ ਫਰੋਲਣ ਵਿਚ ਲੇਖਕ ਨੇ ਆਪਣੀ ਕਲਮੀ ਹੁਨਰ ਦੀ ਧਾਕ ਜਮਾਈ ਹੈ। ਆਪਣੇ ਅਧਿਆਪਕਾਂ ਪ੍ਰਤੀ ਅੰਤਾਂ ਦਾ ਸਤਿਕਾਰ, ਆਪਣੇ ਲੇਖਕ ਦੋਸਤਾਂ ਪ੍ਰਤੀ ਅਨੁਭਵ ਪੜ੍ਹਨ ਯੋਗ ਬਿਰਤਾਂਤ ਹਨ। ਸਮਾਜ ਤੇ ਲੋਕਾਂ ਤੋਂ ਹਟ ਕੇ ਆਪਣੀ ਇੱਛਾ ਸ਼ਕਤੀ ਨਾਲ ਜਿਊਣਾ ਇਸ ਜੀਵਨੀ ਦੀ ਵੱਡੀ ਪ੍ਰਾਪਤੀ ਹੈ। ਸੰਘਰਸ਼ ਦੀ ਤਪਦੀ ਭੱਠੀ 'ਚੋਂ ਸਬੂਤਾ ਨਿਕਲ ਕੇ ਅੱਗੇ ਪੰਧ 'ਤੇ ਤੁਰਨਾ ਇਕ ਵੱਡਾ ਸੰਦੇਸ਼ ਹੈ। ਆਪਣੀ ਮਾਤਾ ਜੀ ਪ੍ਰਤੀ ਅਥਾਹ ਸਤਿਕਾਰ ਇਸ ਪੁਸਤਕ ਦੇ ਚਾਨਣ-ਮੱਤੇ ਪੰਨੇ ਹਨ। ਪਿਤਾ ਦੇ ਸਖ਼ਤ ਸੁਭਾਅ ਦੇ ਹੁੰਦਿਆਂ ਜਿਸ ਮੁਕਾਮ 'ਤੇ ਪਰਿਵਾਰ ਨੇ ਬੁਲੰਦੀਆਂ ਛੋਹੀਆਂ, ਉਸ ਬਾਰੇ ਲੇਖਕ ਲਿਖਦਾ ਹੈ :
''ਬਾਪੂ ਜੀ ਦੇ ਕਾਇਦੇ ਨੇ ਪਰਿਵਾਰ ਵਿਚ ਵਿੱਦਿਆ ਦੀ ਅਜਿਹੀ ਪਨੀਰੀ ਲਾਈ ਕਿ ਆਉਣ ਵਾਲੀਆਂ ਦੋਹਾਂ ਪੁਸ਼ਤਾਂ ਵਿਚ ਸਮੁੱਚਾ ਪਰਿਵਾਰ ਵਿੱਦਿਆ ਨਾਲ ਭਰਪੂਰ ਹੋ ਗਿਆ'' ਲੇਖਕ ਨੇ ਜੀਵਨ ਪੰਧ ਦੌਰਾਨ ਸਦਾਚਾਰ ਤੇ ਸ਼ਰਾਫ਼ਤ ਦਾ ਦਾਮਨ ਨਹੀਂ ਛੱਡਿਆ। ਰੌਚਿਕ ਸ਼ੈਲੀ 'ਚ ਲਿਖੀ ਇਹ ਜੀਵਨੀ ਪੰਜਾਬ ਦੇ ਹਰ ਪਹਿਲੂ 'ਤੇ ਝਾਤ ਪੁਆਉਂਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

c c c

ਕਾਮਰੇਡਾਂ ਨਾਲ ਤੁਰਦਿਆਂ
ਲੇਖਿਕਾ : ਅਰੁੰਧਤੀ ਰਾਏ
ਅਨੁਵਾਦ : ਅਰਸ਼
ਪ੍ਰਕਾਸ਼ਕ : ਕਥੋ ਪ੍ਰਕਾਸ਼ਨ, ਮੋਗਾ
ਮੁੱਲ : 102 ਰੁਪਏ, ਸਫ਼ੇ 120

ਚਰਚਾ ਅਧੀਨ ਪੁਸਤਕ, ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਕਲਮ ਅਜ਼ਮਾਈ ਕਰਨ ਵਾਲੀ ਲੇਖਿਕਾ ਅਰੁੰਧਤੀ ਰਾਏ ਦੀ ਪੁਸਤਕ @wa&k}n{ w}th comrades@ ਦਾ ਪੰਜਾਬੀ ਵਿਚ ਅਨੁਵਾਦ ਹੈ। ਲੇਖਿਕਾ ਨੂੰ ਦੰਤੇਵਾੜਾ ਦੇ ਇਕ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਮਿਲਦਾ ਹੈ। ਦੰਤੇਵਾੜਾ ਇਕ ਸਰਹੱਦੀ ਸ਼ਹਿਰ ਅਤੇ ਵਿਦਰੋਹੀ ਜੰਗ ਦਾ ਕੇਂਦਰ ਬਿੰਦੂ ਹੈ। ਜਿੱਥੇ ਸਭ ਕੁਝ ਉਲਟਾ ਹੈ, ਸਿਰ-ਭਾਰ। ਮੱਧ ਭਾਰਤ ਦੇ ਜੰਗਲਾਂ ਵਿਚ ਇਕ ਜੰਗ ਲੜੀ ਜਾ ਰਹੀ ਹੈ। ਇਕ ਪਾਸੇ ਆਧੁਨਿਕ ਹਥਿਆਰਾਂ ਨਾਲ ਲੈਸ ਅਰਧ ਸੈਨਿਕ ਬਲ ਹਨ, ਦੂਜੇ ਪਾਸੇ ਰਵਾਇਤੀ ਹਥਿਆਰਾਂ ਨਾਲ ਆਮ ਪੇਂਡੂ ਆਦਿ ਵਾਸੀ , ਜਾਣੀ ਕਿ ਮਾਓਵਾਦੀ। ਲੋਕ ਮਾਤਭੂਮੀ ਲਈ ਜੰਗ ਲੜ ਰਹੇ ਹਨ ਅਤੇ ਕਾਰਪੋਰੇਟ ਜਗਤ ਆਪਣੇ ਮੁਨਾਫ਼ੇ ਦੀ ਪੂਰਤੀ ਲਈ। ਸਫ਼ਰ ਦੌਰਾਨ ਕੰਕੇਰ ਵਿਚ ਪੁਲੀਸ ਨੂੰ ਜੰਗਲੀ ਯੁੱਧ ਦੇ ਤੌਰ ਤਰੀਕੇ ਸਿਖਾਏ ਜਾਂਦੇ ਹਨ। ਜਗਦਲਪੁਰ ਵਿਚ ਸਲਵਾ ਜੁਡੁਮ ਨੇ ਪਿੰਡ ਸਾੜਿਆ। ਕੋਟਰਾਪਾਲ ਪਿੰਡ ਨੂੰ ਸਮਰਪਣ ਨਾ ਕਰਨ ਕਰਕੇ 22 ਵਾਰ ਸਾੜਿਆ ਗਿਆ। ਜਬਰ ਜਨਾਹ ਕੀਤੇ। ਲੋਕਾਂ ਨੂੰ ਕਤਲ ਕੀਤਾ। ਦੰਤੇਸ਼ਵਰੀ ਪਹੁੰਚਣ 'ਤੇ ਮੰਗਤੂ ਤੋਂ ਅੱਗੇ ਚੰਦੂ ਲੇਖਿਕਾ ਨੂੰ ਦੰਡਕਾਰਣਯ ਜੰਗਲ ਵਿਚ ਲੈ ਜਾਂਦਾ ਹੈ, ਜੋ ਲੋਕਾਂ ਨਾਲ ਭਰਿਆ ਪਿਆ। ਪਿੰਡ ਦੀ ਸਥਾਨਕ ਸੈਨਾ ਹੈ, ਹਰੇਕ ਕੋਲ ਰਾਈਫਲ, ਚਾਕੂ, ਕੁਹਾੜੀ, ਤੀਰ-ਕਮਾਨ ਹੈ। ਬਾਰੂਦ ਭਰੀ ਦੇਸੀ ਤੋਪ ਵੀ ਹੈ। ਫਿਰ ਰਾਤੀਂ ਆਪਣੀ-ਆਪਣੀ ਪਲਾਸਟਿਕ ਦੀ ਨੀਲੀ ਚਾਦਰ 'ਤੇ ਸੌਣ ਚਲੇ ਗਏ। ਆਲੇ ਦੁਆਲੇ ਮਾਓਵਾਦੀ ਹਨ । ਜੈਤੂਨੀ ਵਰਦੀਆਂ ਵਾਲੇ ਮੁੰਡੇ ਬਦਲ-ਬਦਲ ਕੇ ਪਹਿਰਾ ਦੇ ਰਹੇ ਹਨ। ਓਂਗਨਾਰ ਪਿੰਡ ਵਿਚ ਪੰਜ ਮਿਲਸ਼ੀਆ ਜਵਾਨਾਂ ਨੂੰ ਮਾਰ ਦਿੱਤੇ ਜਾਣ ਦੀ ਖ਼ਬਰ ਹੈ। ਵਰੋਰਾ ਵਿਚ ਬਾਬਾ ਆਮਟੇ ਦਾ ਆਸ਼ਰਮ ਅਤੇ ਕੋਹੜ ਦਾ ਹਸਪਤਾਲ ਹੈ। ਅਬੂਝਮਾੜ ਵਿਚ ਸਕੂਲ ਖੋਲ੍ਹੇ ਗਏ ਹਨ। ਉੱਤਰੀ ਬਸਤਰ ਵਿਚ ਬਾਬਾ ਬਿਹਾਰੀ ਦਾਸ ਨੇ ਆਦਿਵਾਸੀਆਂ ਦਾ ਧਰਮ ਬਦਲਣ ਲਈ ਜੰਗੀ ਅਭਿਆਨ ਚਲਾਇਆ। ਲੋਕਾਂ ਨੂੰ ਜਾਤ, ਧਰਮ ਦੇ ਆਧਾਰ 'ਤੇ ਵੰਡਣ, ਪਿੰਡਾਂ ਦੇ ਨਾਂਅ ਬਦਲਣ, ਧਰਮ ਪਰਿਵਰਤਨ ਤੋਂ ਇਨਕਾਰੀ ਬੰਦਿਆਂ ਨੂੰ 'ਕਟਵਾਸ' ਐਲਾਨਣ ਕਰਕੇ ਮਾਓਵਾਦੀਆਂ ਸੰਘਰਸ਼ ਆਰੰਭਿਆ। ਪੁਲੀਸ ਵਲੋਂ ਕਟਵਾਸਾਂ ਉਪਰ ਅੰਨਾ ਤਸ਼ਦੱਦ ਢਾਹੁਣ, ਮੁਕਾਬਲੇ, ਹੱਤਿਆਵਾਂ ਕਰਾਉਣ ਕਾਰਨ ਕਾਮਰੇਡ ਰੂਪੋਸ਼ ਹੋ ਗਏ। ਫਿਰ ਬੀੜੀਆਂ ਬਣਾਉਣ ਵਾਲੇ ਤੇਂਦੂ ਦੇ ਪੱਤਿਆ ਦੀ ਵਾਜਬ ਕੀਮਤ ਲੈਣ ਲਈ ਅੰਦੋਲਨ ਚਲਿਆ। ਹੜਤਾਲ ਉਪਰੰਤ ਜਿੱਤ ਪ੍ਰਾਪਤ ਹੋਈ। ਰੇਟ ਦੁੱਗਣੇ ਮਿਲਣ ਲੱਗੇ। ਲੋਕ ਗੁਰੀਲਾ ਸੈਨਾ ਵਿਚ ਮੁੜ ਪਰਤਣ ਲੱਗੇ। ਅਗਲੀ ਲੜਾਈ ਜੰਗਲਾਤ ਮਹਿਕਮੇ ਨਾਲ ਹੋਈ। ਪਾਰਕਾਂ ਦੇ ਬਣਾਉਣ ਲਈ ਪਿੰਡ ਉਜਾੜੇ ਗਏ। ਲੋਕਾਂ ਜੰਗਲਾਤ ਅਧਿਕਾਰੀਆਂ ਦੀ ਦੁਰਗਤ ਕੀਤੀ। ਆਖਰ ਤੀਹ ਲੱਖ ਏਕੜ ਜੰਗਲ ਦੀ ਜ਼ਮੀਨ ਲੋਕਾਂ ਵਿਚਕਾਰ ਵੰਡ ਦਿੱਤੀ ਗਈ। ਲੋਕ ਜ਼ਮੀਨਾਂ ਵਾਹੁਣ ਬੀਜਣ ਲੱਗੇ। ਫਿਰ ਪੁਲੀਸ ਵਲੋਂ ਖ਼ੂਨ ਖ਼ਰਾਬਾ ਅਤੇ ਪੀਪਲ ਗੁਰੀਲਾ ਸੈਨਾ ਵਲੋਂ ਲੁਕ ਕੇ ਪੁਲਿਸ 'ਤੇ ਹਮਲੇ ਦਾ ਦੌਰ ਚੱਲਿਆ। ਮਹੇਂਦਰ ਕਰਮਾ ਨੇ ਮੁਖੀਆ ਅਤੇ ਜ਼ਿਮੀਂਦਾਰ 'ਕੱਠੇ ਕੀਤੇ। ਰਾਜਸੀ ਥਾਪੜੇ ਨਾਲ ਜਨ ਜਾਗਰਣ ਅਭਿਆਨ ਅਧੀਨ 300 ਬੰਦਿਆਂ ਦੀ ਗੁੰਡਾ ਟੋਲੀ ਬਣਾਈ। ਇਸ ਟੋਲੀ ਦਾ ਕੰਮ ਲੋਕਾਂ ਦੇ ਘਰ ਸਾੜਨਾ, ਔਰਤਾਂ ਨਾਲ ਛੇੜ-ਛਾੜ ਕਰਨੀ, ਮਾਰ ਕੁੱਟ ਅਤੇ ਹੱਤਿਆਵਾਂ ਕਰਨਾ ਸੀ। ਇਹ ਅਭਿਆਨ ਦਮ ਤੋੜ ਗਿਆ। ਸੰਨ 2005 'ਚ ਛੱਤੀਸਗੜ੍ਹ ਦੇ ਬੈਲਾਡਿਲ ਵਿਚ ਐਸਾਰ ਸਟੀਲ ਅਤੇ ਲੋਹੰਡੀਗੁੜਾ ਵਿਚ ਟਾਟਾ ਸਟੀਲ ਲੱਗਣ ਦੇ ਇਕਰਾਰਨਾਮੇ ਕੀਤੇ ਗਏ। ਫਿਰ ਜ਼ਮੀਨ ਖਾਲੀਂ ਕਰਵਾਉਣ ਲਈ ਸਲਮਾ ਜੁਡੁਮ ਲੋਕਾਂ ਨੂੰ ਸੜਕਾਂ ਕੰਢੇ ਕੈਂਪਾਂ ਵਿਚ ਲਿਆਉਣ ਲੱਗੀ। ਜੋ ਕੈਂਪਾਂ ਵਿਚ ਨਹੀਂ ਗਿਆ ਮਾਓਵਾਦੀ ਐਲਾਨਿਆਂ ਗਿਆ। ਸਮਰਪਣ ਤੋਂ ਇਨਕਾਰੀ ਸਲਵਾ ਜੁਡੁਮ ਨੇ ਪਹਿਲਾਂ ਅੰਬੇਲੀ ਪਿੰਡ ਨੂੰ ਸਾੜਿਆ। ਕਤਲੇਆਮ, ਜਬਰ ਜਨਾਹ ਅਤੇ ਲੁੱਟ ਮਾਰ ਹੋਈ। ਸੱਠ ਹਜ਼ਾਰ ਲੋਕ ਡਰਦੇ ਮਾਰੇ ਕੈਂਪਾਂ ਵਿਚ ਚਲੇ ਗਏ। ਬਾਕੀ ਲੋਕ ਦੂਜੇ ਪ੍ਰਾਂਤਾਂ ਵਿਚ ਪ੍ਰਵਾਸ ਕਰ ਗਏ ਜਾਂ ਜੰਗਲ ਵਿਚ ਸ਼ਰਨ ਲੈ ਲਈ। ਪੁਲੀਸ ਗੁੰਡਿਆਂ ਨਾਲ ਮਿਲ ਕੇ ਲੋਕਾਂ ਦੀ ਜ਼ਮੀਨ ਖੋਹਣ ਦੀਆਂ ਗੋਂਦਾਂ ਗੁੰਦਣ ਲੱਗੀ। ਫਿਰ ਅਪਰੇਸ਼ਨ ਗਰੀਨ ਹੰਟ ਪੇਸ਼ ਕੀਤਾ ਗਿਆ। ਟਾਟਾ ਸਟੀਲ ਪਲਾਂਟ ਲਈ ਲੋਹੰਡੀਗੁੜਾ ਦੇ ਕੁਝ ਲੋਕ ਖਰੀਦੇ ਗਏ, ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਜ਼ਮੀਨ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਲੋਹੰਡੀਗੁੜਾ ਦੇ ਲੋਕਾਂ ਨੇ ਮਾਓਵਾਦੀਆਂ ਨੂੰ ਸੁਰੱਖਿਆ ਲਈ ਆਵਾਜ਼ ਮਾਰੀ। ਕੈਂਪ ਵਿਚ ਕਾਮਰੇਡਾਂ ਦਾ ਅਨੁਸ਼ਾਸਨ, ਫੁਰਤੀ, ਜਜ਼ਬਾ, ਕੁਰਬਾਨੀ, ਮਿਲਣਸਾਰਤਾ ਲੇਖਿਕਾ ਦੇ ਰਿਕਾਰਡ ਵਿਚ ਦਰਜ਼ ਹੋ ਗਈ। ਭੂਮਕਾਲ ਵਿਦਰੋਹ ਦੀ 100ਵੀਂ ਵਰ੍ਹੇ ਗੰਢ ਹੀ ਇੱਥੇ ਮਨਾਈ ਜਾ ਰਹੀ ਸੀ। ਦੂਜੇ ਪ੍ਰਾਂਤਾਂ ਤੋਂ ਕਾਮਰੇਡ ਟੋਲੀਆਂ ਵਿਚ ਲੰਬਾ ਰਸਤਾ ਤੁਰ ਕੇ ਆਏ ਹਨ। ਜਨ ਨਾਟਯ ਮੰਚ, ਗਾਇਕ ਵੀ ਜਸ਼ਨ ਵਿਚ ਸ਼ਾਮਿਲ ਹੋ ਰਹੇ ਸਨ। ਜਸ਼ਨ ਵਿਚ ਵੱਡੀ ਸਟੇਜ, ਧੂਣੀਆਂ ਬਲ ਰਹੀਆਂ ਹਨ। ਜੰਗਲ ਵਿਚੋਂ ਨਵੇਂ ਡੇਰੇ 'ਤੇ ਪਹੁੰਚਣ 'ਤੇ ਸਖ਼ਤ ਸੁਰੱਖਿਆ ਪ੍ਰਬੰਧ, ਲੋਕਾਂ ਦਾ ਬੇਜੋੜ ਇਕੱਠ, ਝੰਡੇ, ਬੈਨਰ, ਮਾਈਕ ਟੈਸਟ ਹੋ ਰਹੇ ਹਨ। ਦੰਡਕਾਰਣਯ ਵਿਚ ਔਰਤਾਂ ਦੇ ਸੰਘਰਸ਼ ਦੀ ਕਾਮਰੇਡ ਨਰਮਦਾ ਨਾਲ ਗੱਲ ਹੋ ਰਹੀ ਹੈ। ਖਬਰ ਆਉਂਦੀ ਹੈ ਕੇਸ਼ਕਾਲ ਘਾਟ ਤੇ 30 ਲੱਖ ਟਨ ਬਾਕਸਾਈਟ ਤੇ ਵੇਦਾਂਤ ਕੰਪਨੀ ਦੀ ਅੱਖ ਹੈ। ਇਕ ਸ਼ਕਤੀਸ਼ਾਲੀ ਕ੍ਰਾਂਤੀਕਾਰੀ ਆਦਿ-ਵਾਸੀ ਮਹਿਲਾ ਸੰਗਠਨ ਨੇ ਔਰਤਾਂ ਦੇ ਕਈ ਸਮਾਜਿਕ ਬਦਲਾਅ ਲਿਆਂਦੇ ਹਨ। ਜਬਰ ਜਨਾਹ 'ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਘਟੇ ਹਨ। ਪ੍ਰੈੱਸ ਵਿਚ ਝੂਠਾ ਪ੍ਰਚਾਰ ਹੈ। ਜੰਗਲ ਵਿਚ ਲੱਗਾ ਬੈਨਰ ਕਹਿ ਰਿਹਾ ਭਾਰਤ ਨੂੰ ਪੂੰਜੀਵਾਦ ਦੀ ਚਰਾਂਦ ਬਣਨ ਤੋਂ ਰੋਕੇ। ਯਾਦਗਾਰੀ ਤਸਵੀਰਾਂ ਹਨ। ਢੋਲ ਵੱਜ ਰਹੇ ਹਨ। ਲੋਕ ਆਪੋ ਆਪਣੇ ਸਥਾਨਕ ਪਹਿਰਾਵੇ ਵਿਚ, ਮਰਦਾਂ ਨੇ ਪੱਗਾਂ 'ਤੇ ਖੰਭ ਟੁੰਗੇ ਹਨ। ਚਿਹਰਿਆਂ 'ਤੇ ਤੰਦੋਲੇ (tatoo) ਖੁਣਵਾਏ ਹਨ। ਲੋਕਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ। ਕਾਮਰੇਡਾਂ ਤਕਰੀਰਾਂ, ਨਾਟਕ, ਜੰਗਲ ਦੀਆਂ ਕਹਾਣੀਆਂ 'ਤੇ ਨਾਚ ਹੋਏ ਹਨ। ਰਾਤ ਭਰ ਨੱਚਣਾ ਜਾਰੀ ਰਿਹਾ। ਫਿਰ ਭੂਮਕਾਲ ਤੋਂ ਵਿਦਾਇਗੀ। ਸਫਰ ਦੀ ਕਹਾਣੀ ਮਾਓਵਾਦੀਆਂ ਦੇ ਸੰਘਰਸ਼ ਦਾ ਸੱਚ ਬਿਆਨਦੀ। ਰਾਜਸੀ ਚਾਲਾਂ ਦਾ ਪਰਦਾ ਫਾਸ਼ ਕਰਦੀ, ਦੁੱਧ ਅਤੇ ਪਾਣੀ ਦਾ ਨਿਖੇੜਾ ਕਰਦੀ ਹੈ। ਲੇਖਿਕਾ ਨੇ ਕਾਮਰੇਡਾਂ ਨਾਲ ਤੁਰਦਿਆਂ ਬੜਾ ਕੁਝ ਸਾਂਭ ਕੇ ਲੈ ਆਂਦਾ ਹੈ। ਮਨ ਨੂੰ ਸੋਚਣ ਲਾ ਦਿੰਦੀ ਹੈ ਇਹ ਪੁਸਤਕ। ਹਰ ਪਾਠਕ ਇਹ ਪੁਸਤਕ ਜ਼ਰੂਰ ਪੜ੍ਹੇ। ਅਰਸ਼ ਨੇ ਅਨੁਵਾਦ ਵੀ ਖ਼ੂਬਸੂਰਤ ਕੀਤਾ ਹੈ। ਇਸ ਪੁਸਤਕ ਪੰਜਾਬੀ ਸਾਹਿਤ ਵਿਚ ਸ਼ਾਮਿਲ ਹੋਣ ਦਾ ਮੈਂ ਹਾਰਦਿਕ ਇਸਤਕਬਾਲ ਕਰਦਾ ਹਾਂ।

-ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686

 c c


ਦਿਲ ਦੀ ਜ਼ੁਬਾਨ
ਸ਼ਾਇਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨਾ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 98888-29666

ਸੁਭਾਸ਼ ਦੀਵਾਨਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਜ਼ੁਬਾਨ' ਕੁਝ ਪੱਖਾਂ ਤੋਂ ਮੈਨੂੰ ਸੰਤੁਸ਼ਟ ਕਰਦਾ ਹੈ। ਇਸ ਸੰਗ੍ਰਹਿ ਵਿਚ ਬਹੁਤੀਆਂ ਗ਼ਜ਼ਲਾਂ ਹਨ ਤੇ ਕੁਝ ਕਵਿਤਾਵਾਂ ਤੇ ਵਿਅੰਗ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਦਾ ਰੌਸ਼ਨ ਪੱਖ ਇਹ ਹੈ ਕਿ ਇਸ ਦੀਆਂ ਰਚਨਾਵਾਂ ਲੋਕ ਸਮੱਸਿਆਵਾਂ ਤੇ ਚਿੰਤਾਵਾਂ 'ਤੇ ਅਧਾਰਿਤ ਹਨ। ਸ਼ਾਇਰ ਚੌਗਿਰਦੇ ਦੇ ਹਨ੍ਹੇਰੇ ਪੱਖ ਨੂੰ ਉਭਾਰਦਾ ਹੈ ਤੇ ਇਸ ਦੇ ਕਾਰਨ ਵੀ ਦਰਜ ਕਰਦਾ ਹੈ। ਸ਼ਾਇਰੀ ਨਿਰਾ ਮਨੋਰੰਜਨ ਨਹੀਂ ਹੁੰਦੀ, ਇਸ ਨੂੰ ਦੀਵਾਨਾ ਭਲੀਭਾਂਤ ਜਾਣਦਾ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਉਹ ਖ਼ੁਦਾ ਅੱਗੇ ਬੇਨਤੀ ਕਰਦਾ ਹੈ ਕਿ ਮੇਰੇ ਸਿਰ ਨੂੰ ਸੂਰਜ ਬਣਾ ਦੇ ਜਾਂ ਫਿਰ ਮੇਰਾ ਨਾਮੋਨਿਸ਼ਾਨ ਨਾ ਰਹੇ। ਉਹ ਆਪਣੀ ਕਲਪਨਾ ਨੂੰ ਆਕਾਸ਼ ਤੇ ਪਾਤਾਲ ਤੱਕ ਪਹੁੰਚਾਉਣਾ ਚਾਹੁੰਦਾ ਹੈ ਤੇ ਧਰਮਾਂ, ਜਾਤਾਂ ਤੋਂ ਮੁਕਤੀ ਪਾਉਣੀ ਲੋਚਦਾ ਹੈ। ਆਪਣੀ ਅਗਲੀ ਗ਼ਜ਼ਲ ਵਿਚ ਉਹ ਆਖਦਾ ਹੈ ਕਿ ਇਸ ਜੀਵਨ ਦਾ ਕੋਈ ਪਤਾ ਨਹੀਂ ਕਦੋਂ ਸਮਾਪਤ ਹੋ ਜਾਣਾ ਹੈ, ਕਿਉਂ ਨਾ ਹਰ ਪਲ ਨੂੰ ਯਾਦਗਾਰੀ ਬਣਾਇਆ ਜਾਵੇ। ਇਸੇ ਤਰ੍ਹਾਂ ਇਸ ਪੁਸਤਕ ਵਿਚ ਸ਼ਾਮਿਲ ਸੁਭਾਸ਼ ਦੀਵਾਨਾ ਦੀਆਂ ਬਾਕੀ ਰਚਨਾਵਾਂ ਵਿਚ ਨਸੀਹਤਾਂ ਵੀ ਹਨ ਤੇ ਜੂਝਣ ਦੀ ਪ੍ਰੇਰਨਾ ਵੀ ਹੈ। ਗ਼ਜ਼ਲ ਭਾਗ ਦੇ ਕਈ ਸ਼ਿਅਰ ਧਿਆਨ ਖਿੱਚਦੇ ਹਨ ਪਰ ਸ਼ਾਇਰ ਨੇ ਸ਼ਾਇਦ ਕਾਹਲ ਵਿਚ ਕਈ ਜਗ੍ਹਾ ਕਾਫ਼ੀਏ ਚੁਣਨ ਵਿਚ ਕਾਹਲ ਕੀਤੀ ਹੈ। ਕੁਝ ਰਚਨਾਵਾਂ ਛੰਦ ਮੁਕਤ ਵੀ ਹਨ ਪਰ ਛੰਦ ਬੰਦ ਰਚਨਾਵਾਂ ਵਿਚ ਦੀਵਾਨਾ ਦੀ ਸ਼ਾਇਰੀ ਵਧੇਰੇ ਨਿੱਖਰੀ-ਨਿੱਖਰੀ ਮਹਿਸੂਸ ਹੁੰਦੀ ਹੈ। ਮੈਨੂੰ ਆਸ ਹੈ ਹੈ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪਸੰਦ ਆਵੇਗੀ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

c c c

ਧੁੰਦਲੇ ਪਰਛਾਵੇਂ
ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 272
ਸੰਪਰਕ : 98889-24664

ਨਾਨਕ ਸਿੰਘ ਦੇ ਹੋਰਨਾਂ ਆਦਰਸ਼ਵਾਦੀ/ਸਮਾਜਿਕ ਨਾਵਲਾਂ ਵਾਂਗ ਇਹ ਵੀ ਉਸੇ ਸ਼੍ਰੇਣੀ ਦਾ ਨਾਵਲ ਹੈ। ਨਾਨਕ ਸਿੰਘ ਜਿਸ ਤਰ੍ਹਾਂ ਆਪ ਸਮਾਜ ਨੂੰ ਵੇਖਣਾ ਚਾਹੁੰਦਾ ਹੈ, ਉਹਦੇ ਪਾਤਰ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਹਨ। ਇਸ ਨਾਵਲ ਦੇ ਚਾਰ ਭਾਗ ਹਨ ਅਤੇ ਹਰ ਭਾਗ ਦੇ ਅੱਗੋਂ ਕਾਂਡ ਬਣਾਏ ਗਏ ਹਨ। ਪਹਿਲੇ ਭਾਗ ਦੇ 10 ਕਾਂਡ, ਦੂਜੇ ਦੇ 16, ਤੀਜੇ ਦੇ 8 ਅਤੇ ਚੌਥੇ ਦੇ 10 ਕਾਂਡ ਹਨ।
ਨਾਵਲ ਵਿਚ ਨਾਨਕ ਸਿੰਘ ਨੇ ਕਈ ਵਿਸ਼ਿਆਂ ਨੂੰ ਛੋਹਿਆ ਹੈ। ਦਵਿੰਦਰ ਸਿੰਘ ਵਿਆਹਿਆ-ਵਰਿਆ ਅਤੇ ਇਕ ਬੱਚੀ ਦਾ ਪਿਤਾ ਹੋਣ ਦੇ ਬਾਵਜੂਦ ਮਜਬੂਰ ਔਰਤਾਂ ਨੂੰ ਭੋਗਦਾ ਹੈ ਤੇ ਇੱਥੋਂ ਤਕ ਕਿ ਉਸ ਔਰਤ (ਦਮੋਦਰੀ) ਦੀ ਨਾਬਾਲਗ ਧੀ (ਸੁਭੱਦਰਾ) ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ। ਦਵਿੰਦਰ ਦੀ ਇਕਲੌਤੀ ਧੀ ਰਮਿੰਦਰ, ਜੋ ਲਾਹੌਰ ਵਿਖੇ ਐਮ. ਬੀ. ਬੀ. ਐਸ. ਕਰਦੀ ਹੈ, ਨੂੰ ਜਦੋਂ ਪਿਤਾ ਦੀ ਇਸ ਕਰਤੂਤ ਦਾ ਪਤਾ ਲਗਦਾ ਹੈ ਤਾਂ ਉਹ ਦਮੋਦਰੀ ਦੇ ਮੁੰਡੇ ਰਤਨੇ, ਜੋ ਇਕ ਤਰ੍ਹਾਂ ਨਾਲ ਪਾਗਲ ਹੋ ਚੁੱਕਾ ਹੈ, ਨੂੰ ਨਾਲ ਲੈ ਕੇ ਮਾਂ-ਧੀ (ਦਮੋਦਰੀ ਤੇ ਸੁਭੱਦਰਾ) ਨੂੰ ਲੱਭਣ ਦਿੱਲੀ ਜਾਂਦੀ ਹੈ। ਉੱਥੇ ਜਾ ਕੇ ਉਨ੍ਹਾਂ ਨੂੰ ਸੁਭੱਦਰਾ ਦੇ ਵੇਸਵਾ ਬਣਨ ਬਾਰੇ ਪਤਾ ਲਗਦਾ ਹੈ, ਨਾਲ ਇਹ ਵੀ ਕਿ ਦਵਿੰਦਰ ਵਲੋਂ ਸੁਭੱਦਰਾ ਨਾਲ ਸਹਿਵਾਸ ਕਰਨ ਵਜੋਂ ਉਹਦੇ ਇਕ ਪੁੱਤਰ ਹੁੰਦਾ ਹੈ। ਸੁਭੱਦਰਾ ਵੱਖ-ਵੱਖ ਥਾਵਾਂ 'ਤੇ ਰਹਿੰਦੀ ਹੋਈ ਆਪਣੇ ਰਿਸ਼ਤੇ ਵਿਚ ਲੱਗਦੇ ਤਾਏ, ਜੋ ਉਸ ਨਾਲ ਕਾਮੁਕ ਭੁੱਖ ਮਿਟਾਉਣ ਆਇਆ ਸੀ, ਦਾ ਕਤਲ ਕਰ ਦਿੰਦੀ ਹੈ। ਸਿੱਟੇ ਵਜੋਂ ਸੁਭੱਦਰਾ ਨੂੰ ਦਫ਼ਾ 302 ਅਧੀਨ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਦਿੱਲੀ ਵਿਚ ਕਰੀਬ ਦੋ ਮਹੀਨੇ ਰਹਿਣ ਕਰਕੇ ਰਮਿੰਦਰ ਰਤਨੇ ਨੂੰ ਪਿਆਰ ਕਰਨ ਲੱਗ ਪੈਂਦੀ ਹੈ ਤੇ ਉਹਨੂੰ ਆਪਣਾ ਪਤੀ ਬਣਾਉਣ ਦੇ ਸੁਪਨੇ ਵੇਖਦੀ ਹੈ। ਜਦ ਕਿ ਰਤਨਾ ਮਨੋਮਨੀ ਲੀਲ੍ਹਾ (ਦਵਿੰਦਰ ਦੇ ਘਰ ਰਹਿੰਦੇ ਪੰਚੂ ਟਾਂਗੇ ਵਾਲੇ ਦੀ ਬੇਟੀ) ਨਾਲ ਪਿਆਰ ਕਰਦਾ ਹੈ ਤੇ ਰਮਿੰਦਰ ਨੂੰ ਅੰਮ੍ਰਿਤਸਰ ਜਾ ਕੇ ਦਿਲ ਦੀ ਗੱਲ ਦੱਸਣ ਬਾਰੇ ਕਹਿੰਦਾ ਹੈ। ਰਮਿੰਦਰ ਦੇ ਦਿਲ ਦੀ ਗੱਲ ਆਪਣੇ ਪਿਓ ਕੋਲ ਪੁੱਜਦੀ ਹੈ ਤੇ ਦੋਵੇਂ (ਮਾਂ-ਪਿਓ) ਉਹਦੀ ਸ਼ਾਦੀ ਰਤਨੇ ਨਾਲ ਕਰਨੀ ਪ੍ਰਵਾਨ ਹੀ ਨਹੀਂ ਕਰਦੇ, ਸਗੋਂ ਖੁਸ਼ ਵੀ ਹੁੰਦੇ ਹਨ। ਪਰ ਜਦੋਂ ਰਤਨੇ ਦੀ ਚਿੱਠੀ ਰਾਹੀਂ ਰਮਿੰਦਰ ਨੂੰ ਇਹ ਪਤਾ ਲਗਦਾ ਹੈ ਕਿ ਉਹ ਤਾਂ ਲੀਲ੍ਹਾ ਨੂੰ ਆਪਣਾ ਦਿਲ ਦੇ ਬੈਠਾ ਹੈ, ਤਾਂ ਰਮਿੰਦਰ ਰੋਗੀਆਂ ਦੀ ਸੇਵਾ ਲਈ ਰੂਸ ਜਾਣ ਦਾ ਫ਼ੈਸਲਾ ਕਰਦੀ ਹੈ ਅਤੇ ਆਪਣੇ ਮਾਂ-ਪਿਓ ਅਤੇ ਲੀਲ੍ਹਾ ਦੇ ਪਿਤਾ ਚੰਪੂ ਬਾਬਾ ਨੂੰ ਇਸ ਗੱਲ ਲਈ ਮਨਾ ਲੈਂਦੀ ਹੈ।
ਨਾਵਲ ਵਿਚ ਇਕੱਲੀਆਂ ਔਰਤਾਂ ਦੀ ਸੁਰੱਖਿਆ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ, ਜੋ ਆਸਰੇ/ਟਿਕਾਣੇ ਲਈ ਕਿਸੇ ਨਾ ਕਿਸੇ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਹਨ। ਦਿੱਲੀ ਦੇ ਚਾਵੜੀ ਬਾਜ਼ਾਰ ਦਾ ਵੇਰਵਾ ਵੀ ਦਿੱਤਾ ਗਿਆ ਹੈ, ਜਿੱਥੇ ਔਰਤਾਂ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ।
ਨਾਨਕ ਸਿੰਘ ਦੁਆਰਾ 1944 ਵਿਚ ਲਿਖੇ ਇਸ ਨਾਵਲ ਨੂੰ ਅੱਜ ਇਕੀਵੀਂ ਸਦੀ ਵਿਚ (ਕਰੀਬ 80 ਸਾਲ ਪਿੱਛੋਂ) ਪੜ੍ਹਦਿਆਂ ਇਸ ਦੀ ਅਸਲੀਅਤ 'ਤੇ ਕਿੰਤੂ ਨਹੀਂ ਹੁੰਦਾ। ਨਾਵਲ ਦੀ ਭੂਮਿਕਾ 'ਗੱਲ ਸੁਣੋ' ਵਿਚ ਨਾਨਕ ਸਿੰਘ ਨੇ ਲਿਖਿਆ ਹੈ, 'ਇਸ ਨਾਵਲ ਵਿਚਲੀ ਕਹਾਣੀ ਮੇਰੀ ਮਨੋਕਲਪਿਤ ਨਹੀਂ, ਇਕ ਸੱਚੀ ਤੇ ਆਪ ਬੀਤੀ ਘਟਨਾ ਹੈ। ਮੈਂ ਇਸ ਵਿਚ ਕੇਵਲ ਨਾਵਾਂ, ਥਾਵਾਂ ਅਤੇ ਘਟਨਾਵਾਂ ਦੀ ਅਦਲਾ-ਬਦਲੀ ਕੀਤੀ ਹੈ (ਪੰਨਾ 5)। ਇਸੇ ਭੂਮਿਕਾ ਦੇ ਅੰਤ ਵਿਚ ਉਹ ਕਹਿੰਦਾ ਹੈ, 'ਇਸ ਨਾਵਲ ਰਾਹੀਂ ਮੈਂ ਤੁਹਾਨੂੰ ਜੋ ਕੁਝ ਦਰਸਾਉਣ ਦਾ ਯਤਨ ਕੀਤਾ ਹੈ ਕੀ ਇਹ ਅਸਲੀਅਤ ਨਾਲੋਂ ਵਧੀਕ ਹੈ? ਜੇ ਨਹੀਂ ਤਾਂ ਕੀ ਇਸ ਨੂੰ ਪੜ੍ਹ ਕੇ ਤੁਹਾਡੇ ਦਿਲ ਵਿਚ ਬਦਨਸੀਬ ਹਸਤੀਆਂ ਲਈ ਕੋਈ ਦਰਦ ਪੈਦਾ ਹੋਇਆ ਹੈ? ਅਥਵਾ ਬਦਇਖ਼ਲਾਕ ਅੱਯਾਸ਼ਾਂ ਲਈ ਨਫ਼ਰਤ ਪੈਦਾ ਹੋਈ ਹੈ?' (ਪੰਨਾ 7)
ਨਾਵਲ ਪੜ੍ਹ ਕੇ ਪਾਠਕ ਦੇ ਮਨ ਵਿਚ ਇਹ ਦੋਵੇਂ ਭਾਵ ਪੈਦਾ ਹੁੰਦੇ ਹਨ, ਯਾਨੀ ਦਰਦ ਵੀ ਤੇ ਨਫ਼ਰਤ ਵੀ। ਲੇਖਕ ਆਪਣੇ ਵਿਸ਼ੇ ਦੇ ਨਿਭਾਅ ਵਿਚ ਪੂਰੀ ਤਰ੍ਹਾਂ ਸਫ਼ਲ ਕਿਹਾ ਜਾ ਸਕਦਾ ਹੈ ਕਿ ਜੋ ਤਸਵੀਰ ਨਾਨਕ ਸਿੰਘ ਨੇ ਦਵਿੰਦਰ ਸਿੰਘ ਅਤੇ ਸੁਭੱਦਰਾ ਦੀ ਪੇਸ਼ ਕੀਤੀ ਹੈ, ਉਹ ਕਲਪਨਾਤਮਕ ਨਹੀਂ, ਸਗੋਂ ਯਥਾਰਥਕ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

c c c


ਸੋਨ ਚਿੜੀ
ਕਹਾਣੀਕਾਰ : ਡਾ. ਹਰਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 0172-5027427

ਡਾ. ਹਰਜੀਤ ਕੌਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜਿਆ ਇਕ ਅਜਿਹਾ ਨਾਂਅ ਹੈ, ਜੋ ਉੱਚ ਅਕਾਦਮਿਕ ਖੇਤਰ ਵਿਚ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਪੰਜਾਬੀ ਕਹਾਣੀ ਖੇਤਰ ਵਿਚ ਡਾ. ਹਰਜੀਤ ਕੌਰ ਆਪਣਾ ਨਵਾਂ ਕਹਾਣੀ ਸੰਗ੍ਰਹਿ 'ਸੋਨ ਚਿੜੀ' ਲੈ ਕੇ ਹਾਜ਼ਰ ਹੋਈ ਹੈ। ਉਸ ਦੀ ਇਸ ਪੁਸਤਕ ਵਿਚ ਕਹਾਣੀਕਾਰਾ ਨੇ ਆਪਣੀਆਂ 7 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਦੀ ਜੇਕਰ ਸਾਂਝੇ ਸੂਤਰ ਦੇ ਰੂਪ ਵਿਚ ਗੱਲ ਕੀਤੀ ਜਾਵੇ ਤਾਂ ਇਹ ਕਹਾਣੀਆਂ ਜਿਥੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਪੇਸ਼ ਕਰਦੀਆਂ ਹਨ, ਉਥੇ ਇਨ੍ਹਾਂ ਰਿਸ਼ਤਿਆਂ ਦੀ ਖੁਰਨ-ਭੁਰਨ ਅਵਸਥਾ ਦੀ ਤੈਅ ਥੱਲੇ ਕੰਮ ਕਰਦੇ ਆਰਥਿਕ ਕਾਰਨਾਂ ਦੀ ਤਲਾਸ਼ ਵੀ ਕੀਤੀ ਹੈ। 'ਸੋਨ ਚਿੜੀ' ਕਹਾਣੀ ਵਿਚ ਲੋਕ ਕਹਾਣੀ ਦੀ ਤਰਜ਼ ਦੇ ਰੂਪ ਵਿਚ ਬਿਰਤਾਂਤ ਸਿਰਜਦੇ ਅਜੋਕੇ ਲੋਟੂ ਪ੍ਰਬੰਧ, ਮਨੁੱਖੀ ਬੇਵਸੀ ਅਤੇ ਪਰਵਾਸੀ ਹੋਣ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। 'ਨੀਲਮ' ਕਹਾਣੀ ਪਾਤਰ ਪ੍ਰਧਾਨ ਕਹਾਣੀ ਹੈ, ਜਿਸ ਵਿਚ ਔਰਤ ਦੀ ਵੇਦਨਾ ਦਾ ਬਿਰਤਾਂਤ ਪੇਸ਼ ਹੋਇਆ ਹੈ। ਇਥੇ 'ਮਿੱਠੇ ਕੀੜੇ' ਕਹਾਣੀ ਦੀ ਆਰਥਿਕ ਕਾਰਨਾਂ ਅਤੇ ਨਿੱਜੀ ਸਵਾਰਥ ਕਰਕੇ ਰਿਸ਼ਤਿਆਂ ਦੇ ਵਿਗਠਨ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀ ਕਹਾਣੀ ਹੈ। 'ਲਾਵਾਰਿਸ' ਕਹਾਣੀ ਵੀ ਰਿਸ਼ਤਿਆਂ ਦੀਆਂ ਬਦਲਦੀਆਂ ਸਮੀਕਰਨਾਂ ਦਾ ਬਿਰਤਾਂਤਕ ਵਾਤਾਵਰਨ ਸਿਰਜਦੀ ਹੈ। ਭਾਵੇਂ 'ਤੂੰ ਹਾਰੀ ਨਹੀਂ' ਅਤੇ 'ਸੀਤ ਪਾਣੀਆਂ ਦਾ ਲਾਵਾ' ਵੀ ਇਸ ਕਹਾਣੀ ਸੰਗ੍ਰਹਿ ਦੀਆਂ ਜ਼ਿਕਰਯੋਗ ਕਹਾਣੀਆਂ ਹਨ ਪਰ 'ਕਾਲੇ ਬੱਦਲ ਚਿੱਟੀ ਕੰਨੀ' ਸਾਡੇ ਵਿੱਦਿਆ ਖੇਤਰ ਵਿਚ ਫੈਲੇ ਭ੍ਰਿਸ਼ਟਾਚਾਰ ਜਿਥੇ ਲਿਆਕਤ ਦੀ ਕੋਈ ਕਦਰ ਨਹੀਂ ਅਤੇ ਉੱਚ ਵਿੱਦਿਆ ਦੇ ਅਦਾਰਿਆਂ ਵਿਚ ਪ੍ਰਬੰਧਕ ਕਿਵੇਂ ਮਨਮਰਜ਼ੀ ਕਰਕੇ ਅਧਿਆਪਕਾਂ ਦਾ ਸੋਸ਼ਣ ਕਰਦੇ ਹਨ, ਬਾਰੇ ਦਿਲਚਸਪ ਅਤੇ ਭਾਵਪੂਰਤ ਵਿਸ਼ਾ ਪੇਸ਼ ਹੋਇਆ ਹੈ। ਕਹਾਣੀ ਸੰਗ੍ਰਹਿ ਵਿਚ ਕਹਾਣੀਆਂ ਵਿਚ ਨਾਟਕੀ ਜੁਗਤਾਂ ਨਾਲ ਬਿਰਤਾਂਤ ਨੂੰ ਰੌਚਿਕ ਛੋਹਾਂ ਦਿੱਤੀਆਂ ਹਨ। ਇਹ ਕਹਾਣੀਆਂ ਪੜ੍ਹਨਯੋਗ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

c c c


ਜ਼ਰਦ ਰੁੱਤ ਦਾ ਹਲਫ਼ੀਆ ਬਿਆਨ
ਲੇਖਕ : ਹਰਮੀਤ ਵਿਦਿਆਰਥੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 135
ਸੰਪਰਕ : 98149-76926

ਸ਼ਾਇਰ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਤੇ ਉਸ ਦੀ ਪ੍ਰਬੁੱਧਤਾ ਦੀ ਮਕਬੂਲੀਅਤ ਚੜ੍ਹਦੇ ਤੇ ਲਹਿੰਦੇ ਪੰਜਾਬ ਤੱਕ ਫੈਲੀ ਹੋਈ ਹੈ। ਉਹ ਪਹਿਲੀ ਨਜ਼ਰੇ ਇਕ ਅੜਬ ਥਾਣੇਦਾਰ ਦਾ ਭੁਲੇਖਾ ਪਾਉਂਦਾ ਹੈ ਤੇ ਜਦੋਂ ਉਹ ਪਿਆਰ ਭਰੀ ਗਲਵਕੜੀ ਨਾਲ ਮਿਲਦਾ ਹੈ ਤਾਂ ਉਸ ਦੀ ਤਰਲਤਾ ਪਾਲਕ ਦੀ ਬੂਟੀ ਬਣ ਜਾਂਦੀ ਹੈ। ਉਹ ਆਪਣੇ ਕਾਵਿ-ਪ੍ਰਵਚਨ ਨਾਲ ਕਵੀ ਦੀ ਕਵਿਤਾ ਨਾਲ ਸਕੀਰੀ, ਕਵਿਤਾ ਦੀ ਫ਼ਕੀਰੀ, ਕਵਿਤਾ ਦੀ ਕਲੰਦਰੀ, ਕਵਿਤਾ ਦੀ ਸਿਕੰਦਰੀ, ਆਧੁਨਿਕ ਭਾਵ-ਬੋਧ, ਕਾਵਿ-ਸ਼ਿਲਪ ਤੇ ਕਾਵਿ-ਧਰਮ ਨਾਲ ਸੱਤਿਅਮ, ਸ਼ਿਵਮ, ਸੁੰਦਰਮ ਦੀ ਲੱਜ ਪਾਲਦਾ ਸਾਫ਼ ਦਿਖਾਈ ਦਿੰਦਾ ਹੈ। ਉਹ 'ਜ਼ਰਦ ਰੁੱਤ' ਦੀ ਗੱਲ ਕਰਦਿਆਂ ਦਰ ਅਸਲ ਇਸ ਸ਼ਬਦ ਦੇ ਉਹਲੇ ਵਿਚ 'ਬਸੰਤ ਰੁੱਤ' ਦੀ ਤਾਂਘ ਰੱਖਦਾ ਹੈ। ਉਹ ਕਵਿਤਾ ਲਿਖਦਾ ਹੀ ਨਹੀਂ, ਬਲਕਿ ਕਵਿਤਾ ਰਾਹੀਂ ਜਿਊਂਦਾ ਹੈ। ਉਹ ਜੀਣ-ਥੀਣ ਦਾ ਰਾਹ ਤਲਾਸ਼ਦਾ ਹੈ ਤੇ ਬਰਤੌਲਤ ਬ੍ਰੈਖਤ ਦੇ ਕਥਨ ਦੀ ਹਾਮੀ ਭਰਦਾ ਹੈ। ਬ੍ਰੈਖਤ ਆਖਦਾ ਹੈ, 'ਇਹ ਸੱਚ ਹੈ ਕਿ ਜਿਊਣ ਲਈ ਖਾਣਾ ਖਾਣਾ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾ ਲਿਆ, ਉਹ ਜਿਊ ਵੀ ਰਿਹਾ।' ਤਰੰਗਤੀ ਜੀਵਨ ਜਿਊਣ ਲਈ ਉਹ ਸਮਾਜਿਕ ਜੰਜ਼ੀਰਾਂ ਤੋੜਨ ਲਈ ਜਨੂੰਨ ਦੀ ਹੱਦ ਤੱਕ ਜਾਂਦਾ ਹੈ ਤੇ ਨਿਤਸ਼ੇ ਦਾ ਨਾਇਕ ਜਰਬੁਸਤਰ ਦਾ ਇਹ ਕਥਨ ਤਸਦੀਕ ਹੋ ਜਾਂਦਾ ਹੈ ਕਿ ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਦੀ ਰਾਮਕਾਰ ਉਲੰਘ ਕੇ ਹੀ ਜੀਵਨ ਦਾ ਜਸ਼ਨ ਮਾਣਿਆ ਜਾ ਸਕਦਾ ਹੈ। ਅਜਿਹਾ ਜੀਵਨ ਜਿਊਣ ਲਈ ਕੁਕਨੂਸ ਵਾਂਗ ਰਾਖ 'ਚੋਂ ਫਿਰ ਪੈਦਾ ਹੋਣਾ ਲੋਚਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ 'ਤੇ ਦੰਭੀ ਤਥਾ ਕਥਿਤ ਨਾਨਕ ਲੇਵਾ ਸ਼ਰਧਾਲੂਆਂ ਦੇ ਬਖੀਏ ਤਾਂ ਉਧੇੜਦਾ ਹੀ ਹੈ ਤੇ ਨਾਲ ਹੀ ਸੂਹੇ ਫੁੱਲਾਂ ਦੇ ਬਹਾਨੇ ਖੱਬੀਆਂ ਧਿਰਾਂ ਦੀ ਸਕੈਨਿੰਗ ਕਰਦਿਆਂ ਰਾਹੋਂ ਕੁਰਾਹੀਏ ਕਹਿ ਦੇਣ ਦੀ ਹੱਦ ਤੱਕ ਜਾਂਦਾ ਹੈ। ਖੰਡਿਤ ਹੋਏ ਸਮਕਾਲੀ ਮਨੁੱਖ ਦੇ ਦੋਹਰੇ ਮਾਪਦੰਡਾਂ ਤੇ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਤੇ ਜਿਥੇ ਲਾਹਣਤਾਂ ਦੀ ਵਾਛੜ ਕਰਦਾ ਹੈ, ਉਥੇ ਔਰਤ ਦੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਦੇ ਅੰਦਰ ਬੈਠੇ ਹਵਸ਼ੀ ਮਨੁੱਖ ਨੂੰ ਚੌਰਾਹੇ 'ਚ ਨੰਗਿਆਂ ਵੀ ਕਰਦਾ ਹੈ। ਆਪਣੇ ਦਾਦਾ ਗੁਰਦਿੱਤ ਸਿੰਘ ਤੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਦੇ ਬਹਾਨੇ ਨਾਲ ਦੋਹਾਂ ਪੰਜਾਬਾਂ ਨੂੰ ਕੰਡਿਆਲੀ ਤਾਰ ਤੋੜ ਕੇ ਦੋਹਾਂ ਪੰਜਾਬਾਂ ਨੂੰ ਫਿਰ ਸੁਨੇਹਾ ਦੇਣਾ ਚਾਹੁੰਦਾ ਹੈ 'ਆਓ ਮਿਲ ਕਰ ਹਮ ਗਿਰਾ ਦੇ ਬੀਚ ਕੀ ਦੀਵਾਰ ਕੋ, ਦੇਖਣਾ ਅਮਨ ਹਮਾਰਾ ਦੋਗੁਨਾ ਹੋ ਜਾਏਗਾ।' ਉਹ ਨੈਤਿਕਤਾ ਦੀ ਅਦਾਕਾਰੀ ਦਾ ਨਹੀਂ ਨੈਤਿਕਤਾ ਦੀ ਸੁਚਮਤਾ ਦੀ ਪਹਿਰੇਦਾਰੀ ਦਾ ਅਹਿਦ ਕਰਾਉਂਦਾ ਹੈ। ਕਿਤਾਬ ਪੜ੍ਹਨਯੋਗ ਤਾਂ ਹੈ ਹੀ ਤੇ ਸਾਂਭਣ ਯੋਗ ਵੀ ਹੈ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

c c c

 

ਲੋਕ ਨਾਇਕ ਕਵੀ
ਪੀ. ਆਰ. ਹੀਰਾ ਸੰਧਵਾਂ
ਸੰਪੂਰਨ ਕਾਵਿ-ਰਚਨਾਵਲੀ
ਸੰਪਾਦਕ: ਗੁਰਮੀਤ ਕੱਲਰਮਾਜਰੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ: 180 ਰੁਪਏ, ਸਫ਼ੇ: 176
ਸੰਪਰਕ: 94178-65377

ਲੋਕ ਨਾਇਕ ਕਵੀ ਪੀ. ਆਰ. ਹੀਰਾ ਸੰਧਵਾਂ ਦਾ ਜਨਮ ਜ਼ਿਲ੍ਹਾ ਨਵਾਂਸ਼ਹਿਰ ਦੇ (ਬਹਿਰਾਮ ਤੋਂ ਮਾਹਿਲਪੁਰ ਸੜਕ 'ਤੇ ਸਥਿਤ) ਪਿੰਡ ਸੰਧਵਾਂ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸ੍ਰੀ ਬਾਵੂ ਰਾਮ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਦੇਵਾ ਦੇਵੀ ਸੀ। ਦੁਕਾਨਦਾਰੀ ਦੇ ਕਾਰੋਬਾਰ ਕਰ ਕੇ ਉਨ੍ਹਾਂ ਨੂੰ ਜਾਤੀਵਾਦ ਦੀ ਜਿੱਲ੍ਹਤ ਦੇ ਮਾਰੇ ਲੋਕਾਂ ਦੀ ਦੁਰਦਸ਼ਾ ਨੂੰ ਸਮਝਣ ਦਾ ਮੌਕਾ ਵੀ ਮਿਲਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਦਿ-ਧਰਮ ਲਹਿਰ ਦੇ ਬਾਨੀ ਬਾਬੂ ਮੰਗੂ ਰਾਮ ਮੂਗੋਵਾਲੀਆ ਦੇ ਸੰਘਰਸ਼ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਦੇਸ਼ ਦੇ ਆਦਿ-ਵਾਸੀ ਲੋਕਾਂ ਨੂੰ ਅਛੂਤ ਬਣਾਉਣ ਵਾਲੇ ਮਨੂਵਾਦ ਤੋਂ ਉਨ੍ਹਾਂ ਨੂੰ ਸਖ਼ਤ ਨਫ਼ਰਤ ਸੀ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨ ਵਾਲੇ ਸਿੱਖ ਗੁਰੂ ਸਾਹਿਬਾਨ ਲਈ ਬੜਾ ਸਤਿਕਾਰ ਸੀ। ਉਨ੍ਹਾਂ ਨੇ ਇਕ ਪੁਸਤਕ 'ਪਵਿੱਤਰ ਧਰਤੀ ਗੁਰੂਆਂ ਦੀ' ਵੀ ਲਿਖੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰਕਾਸ਼ਿਤ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਹਫ਼ਤਾਵਾਰ 'ਰਵਿਦਾਸ ਪੱਤ੍ਰਿਕਾ' ਅਤੇ ਹਫ਼ਤਾਵਾਰ 'ਬਦਲਦਾ ਯੁੱਗ' ਆਦਿ ਪਰਚਿਆਂ ਵਿਚ ਵੀ ਛਪੀਆਂ ਸਨ ਅਤੇ ਕੁਝ ਰਚਨਾਵਾਂ ਅਪ੍ਰਕਾਸ਼ਿਤ ਵੀ ਸਨ। ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਗੁਰਮੀਤ ਕੱਲਰਮਾਜਰੀ ਨੇ ਬੜੀ ਸਖ਼ਤ ਮਿਹਨਤ ਨਾਲ ਉਨ੍ਹਾਂ ਦੀਆਂ ਸਮੁੱਚੀਆਂ ਲਿਖਤਾਂ ਅਤੇ ਕਵਿਤਾਵਾਂ ਨੂੰ ਇਕੱਤਰ ਕਰ ਕੇ ਇਸ ਅਨਮੋਲ ਦਸਤਾਵੇਜ਼ ਦੀ ਸੰਪਾਦਨਾ ਦਾ ਬੇਹੱਦ ਸ਼ਲਾਘਯੋਗ ਕਾਰਜ ਕੀਤਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਨਮੂਨੇ ਵਜੋਂ ਮੈਂ ਉਨ੍ਹਾਂ ਦੀ ਕਵਿਤਾ ਦਾ ਇਹ ਬੰਦ ਤੁਹਾਡੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ:
ਕੌਮਾਂ ਉਹ ਤਰੱਕੀ ਵੱਲ ਜਾਂਦੀਆਂ ਨੇ,
ਜਿਨ੍ਹਾਂ ਕੋਲ ਤਲੀਮ ਦੀ ਰਾਸ ਹੋਵੇ।
ਫਖ਼ਰ ਨਾਲ ਉਹ ਜਿਉਂਦੀਆਂ ਵਿੱਚ ਦੁਨੀਆ,
ਜਿਨ੍ਹਾਂ ਕੌਮਾਂ ਦਾ ਠੀਕ ਇਤਿਹਾਸ ਹੋਵੇ।
ਜਥੇਬੰਦ ਹੋ ਕੇ ਜਦੋਂ ਤੁਰਨ ਕੌਮਾਂ,
ਤਦ ਸਤ ਸੰਤੋਖ ਦਾ ਵਾਸ ਹੋਵੇ।
ਆਗੂ ਕਰਨ ਕੁਰਬਾਨੀਆਂ ਕੌਮ ਉੱਤੇ,
ਕੌਮ ਕਦੇ ਨਾ ਫੇਰ ਨਰਾਸ਼ ਹੋਵੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027.
c c c


ਸਿਸਕਦੇ ਰਿਸ਼ਤੇ
ਲੇਖਿਕਾ : ਦਵਿੰਦਰ ਖੁਸ਼ ਧਾਲੀਵਾਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 200 ਰੁਪਏ, ਸਫੇ : 104
ਸੰਪਰਕ : 76963-13340

ਪੁਸਤਕ ਦੀਆਂ ਕੁੱਲ 45 ਰਚਨਾਵਾਂ ਵਿਚ ਲੇਖ, ਲਘੂ ਨਿਬੰਧ, ਪ੍ਰੇਰਕ ਪ੍ਰਸੰਗ, ਮਿੰਨੀ ਕਹਾਣੀ, ਕਹਾਣੀ ਆਦਿ ਸਭ ਕੁਝ ਰਲਗਡ ਹੈ। ਬਿਰਤਾਂਤਕ ਸ਼ੈਲੀ ਸਾਧਾਰਨ ਪੱਧਰ ਦੀ ਹੈ। ਅੰਸ਼ ਮਾਤਰ ਰੌਚਿਕਤਾ ਹੈ। ਲੇਖਾਂ ਦੇ ਸਮਾਜਿਕ ਵਿਸ਼ੇ ਵੰਨ-ਸੁਵੰਨੇ ਹਨ। ਅਲਵਿਦਾ ਲੇਖ ਵਿਚ ਇਕ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਜਾਂਦਾ ਹੈ ਪਰ ਨਸ਼ੇ ਕਰਕੇ ਆਪਣੀ ਖੇਡ ਸਮਰੱਥਾ ਵਿਚ ਵਾਧਾ ਕਰਦਾ ਹੈ। ਡੋਪ ਟੈਸਟ ਵਿਚ ਰਹਿ ਜਾਂਦਾ ਹੈ। ਬੇਇਜ਼ਤੀ ਮਹਿਸੂਸ ਕਰਦਾ ਹੋਇਆ ਖ਼ੁਦਕਸ਼ੀ ਕਰ ਜਾਂਦਾ ਹੈ। ਦਾਜ ਵਾਲੇ ਲੇਖ ਵਿਚ ਸਮੇਂ ਨਾਲ ਦਾਜ ਲੈਣ-ਦੇਣ ਦੇ ਬਦਲ ਰਹੇ ਰੂਪ ਦੀ ਚਰਚਾ ਹੈ। ਹੁਣ ਮਾਡਰਨ ਦਾਜ ਵਿਚ ਵਿਦੇਸ਼ ਜਾਣ ਦਾ ਰੁਝਾਨ ਹੈ। ਮੁੰਡੇ ਦੇ ਵਿਦੇਸ਼ ਜਾਣ ਲਈ ਕੁੜੀਆਂ ਦੇ ਮੁੱਲ ਪੈ ਰਹੇ ਹਨ। ਇਕ ਲੇਖ ਔਰਤਾਂ ਦੀਆਂ ਸਰੀਰਕ ਤਬਦੀਲੀਆਂ ਬਾਰੇ ਵਿਗਿਆਨਕ ਸ਼ੈਲੀ ਵਿਚ ਹੈ। ਮੁੱਲਵਾਨ ਲਿਖਤ ਹੈ। ਔਰਤਾਂ ਦੇ ਵਿਸ਼ੇ ਹੋਰ ਰਚਨਾਵਾਂ ਵਿਚ ਵੀ ਹਨ। ਖ਼ਾਸ ਕਰਕੇ ਔਰਤ ਦੇ ਪੇਕੇ, ਸਹੁਰੇ ਦਾ ਸਫ਼ਰ ਗ਼ਰੀਬੀ, ਅਮੀਰੀ, ਮਜਬੂਰ ਗ਼ਰੀਬ ਔਰਤ ਨੂੰ ਜਣੇਪੇ ਮੌਕੇ ਮਾਲਕਣ ਅਮੀਰ ਔਰਤ ਵਲੋਂ ਸਾਥ ਸਹਿਯੋਗ ਦੇ ਕੇ ਖ਼ੁਸ਼ ਹੁੰਦੀ ਹੈ, ਇਹ ਦ੍ਰਿਸ਼ ਸਮਾਜ ਲਈ ਚੰਗਾ ਸੁਨੇਹਾ ਹੈ। ਨਹੀਂ ਤਾਂ ਅੱਜਕਲ੍ਹ 'ਮੈਨੂੰ ਕੀ' ਦੀ ਧਾਰਨਾ ਵਧੇਰੇ ਹੈ। ਪੁਸਤਕ ਸਿਰਲੇਖ ਨੂੰ ਸਨਮੁਖ ਰੱਖਦੇ ਰਚਨਾਵਾਂ ਵਿਚ ਰਿਸ਼ਤਿਆਂ ਦੇ ਪ੍ਰਸੰਗ ਹਨ, ਰਹੱਸਮਈ ਰਿਸ਼ਤੇ, ਤਿੜਕਦੇ ਰਿਸ਼ਤੇ, ਰਿਸ਼ਤਿਆਂ ਵਿਚ ਘਟ ਰਹੀ ਕਦਰ, ਰਿਸ਼ਤਿਆਂ ਦੀ ਗੰਢ, ਅਣਜਾਣ ਰਿਸ਼ਤਿਆਂ ਦਾ ਦਰਦ, ਰਿਸ਼ਤਿਆਂ ਦੀ ਥਕਾਵਟ, ਵਿਚ ਲੇਖਿਕਾ ਨੇ ਅਜੋਕੇ ਸਮਾਜਿਕ ਯਥਾਰਥ ਨੂੰ ਪੇਸ਼ ਕੀਤਾ ਹੈ। ਕਿਤਾਬਾਂ ਦਾ ਨਸ਼ਾ, ਦੀਵੇ ਦੀ ਲੋਅ, ਬਿਰਧ ਆਸ਼ਰਮ, ਦੀਵਾਲੀ ਦੀ ਮੱਧਮ ਰੌਸ਼ਨੀ, ਦਰੱਖਤਾਂ 'ਤੇ ਪੈਸੇ ਲੇਖਾਂ ਦੇ ਵਿਸ਼ੇ ਸਾਰਥਿਕ ਤੇ ਉਸਾਰੂ ਹਨ। ਅੱਲ੍ਹੜ ਉਮਰ ਦੇ ਅਧੂਰੇ ਪਿਆਰ ਦੀ ਚਰਚਾ ਵੀ ਯਾਦਾਂ ਲਿਖਤ ਵਿਚ ਹੈ। ਪਿਆਰ ਸਿਰੇ ਨਹੀਂ ਚੜ੍ਹਦਾ ਪਰ ਦਿਲ ਅੰਦਰ ਯਾਦ ਰਹਿ ਜਾਂਦੀ ਹੈ। ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਚਿੰਤਾ ਦਾ ਜ਼ਿਕਰ ਹੈ। ਸੰਗ੍ਰਹਿ ਬਾਰੇ ਕੁਲਜੀਤ ਕੌਰ ਗ਼ਜ਼ਲ (ਆਸਟ੍ਰੇਲੀਆ), ਰਵਿੰਦਰ ਸਿੰਘ ਕੰਗ (ਕੈਨੇਡਾ), ਦੀਪ ਰੱਤੀ (ਫਰੈਂਡਜ਼ ਕਲੱਬ ਕੈਨੇਡਾ), ਅਜੀਤ ਸਿੰਘ ਚੱਠਾ (ਜਗਤ ਪੰਜਾਬੀ ਸਭਾ ਕੈਨੇਡਾ) ਦੇ ਭਾਵਪੂਰਤ ਵਿਚਾਰ ਹਨ। ਨਿਬੰਧਕਾਰੀ ਵਿਚ ਲੇਖਿਕਾ ਕਹਾਣੀ ਸਿਰਜਣਾ ਨਾਲੋਂ ਅੱਗੇ ਜਾਪਦੀ ਹੈ। ਕਹਾਣੀ ਲਈ ਕਲਾ ਪੱਖ ਤੋਂ ਹੋਰ ਅਧਿਐਨ ਦੀ ਲੋੜ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 098148-56160

22-09-2022

 ਸੋਨਧਾਰਾ
ਲੇਖਕ : ਡਾ. ਜਗਰੂਪ ਸਿੰਘ
ਪ੍ਰਕਾਸ਼ਕ : ਈਗਲ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 98786-15600

ਹਥਲੀ ਪੁਸਤਕ ਦਾ ਲੇਖਕ ਪੰਜਾਬੀ ਸਾਹਿਤਕ ਹਲਕਿਆਂ 'ਚ ਜਾਣਿਆ-ਪਛਾਣਿਆ ਨਾਂਅ ਹੈ। ਲੇਖਕ ਨੂੰ ਲਿਖਣ ਕਲਾ ਦੀ ਗੁੜ੍ਹਤੀ ਵਿਰਸੇ ਵਿਚ ਮਿਲੀ ਹੈ ਤੇ ਉਨ੍ਹਾਂ ਮਿਹਰ ਚੰਦ ਪੌਲੀਟੈਕਨਿਕ ਕਾਲਜ ਵਿਚ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਅੱਧੀ ਦਰਜਨ ਦੇ ਕਰੀਬ ਕਹਾਣੀਆਂ, ਮਿੰਨੀ ਕਹਾਣੀਆਂ, ਅਨੁਵਾਦਤ ਪੁਸਤਕਾਂ ਤੇ ਏਨੀਆਂ ਕੁ ਹੀ ਤਕਨੀਕੀ ਸਿੱਖਿਆ ਬਾਰੇ ਪੁਸਤਕਾਂ ਲਿਖ ਕੇ ਪਾਠਕਾਂ ਤੱਕ ਪਹੁੰਚਾਈਆਂ ਹਨ। 'ਸੋਨਧਾਰਾ' ਪੁਸਤਕ ਦਾ ਵਿਸ਼ਾ ਪੁਰਾਤਨ ਇਲਾਜ ਪ੍ਰਣਾਲੀ 'ਸਵੈ-ਮੂਤਰ ਪ੍ਰਣਾਲੀ' ਬਾਰੇ ਇਕ ਵੱਖਰੀ ਕਿਸਮ ਦਾ ਹੈ, ਜਿਸ ਨੂੰ ਲੋਕ ਭੁਲ-ਭੁਲਾ ਚੁੱਕੇ ਹਨ। ਲੇਖਕ ਇਸ ਪ੍ਰਣਾਲੀ ਤੋਂ ਪ੍ਰਭਾਵਿਤ ਕੋਰੋਨਾ ਦੇ ਸਮੇਂ ਆਪਣੇ ਕਾਲਜ ਦੇ ਇਕ ਪੁਰਾਣੇ ਵਿਦਿਆਰਥੀ ਮਹਿਤਾਬ ਜੋਸ਼ੀ ਦੇ ਪ੍ਰਭਾਵ ਹੇਠ ਆਇਆ। ਨਿੱਜੀ ਤਜਰਬਾ ਕੀਤਾ ਤੇ ਬਾਅਦ 'ਚ ਇਸ ਪ੍ਰਣਾਲੀ ਬਾਰੇ ਲਗਭਗ 33 ਪੁਸਤਕਾਂ ਵੀ ਪੜ੍ਹੀਆਂ। ਇਨ੍ਹਾਂ ਤਜਰਬਿਆਂ ਤੋਂ ਜਾਣੂ ਹੋ ਕੇ ਫਿਰ ਇਹ ਪੁਸਤਕ ਪਾਠਕਾਂ ਤੱਕ ਪੁੱਜਦੀ ਕੀਤੀ ਹੈ। ਲੇਖਕ ਨੇ ਪਾਠਕਾਂ ਨੂੰ ਇਸ ਪੁਸਤਕ ਰਾਹੀਂ ਇਕ ਪੁਰਾਤਨ ਤੇ ਅਣਗੌਲੀ ਇਲਾਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਤੇ ਰੌਚਕ ਢੰਗ ਨਾਲ ਜਾਣਕਾਰੀ ਦਿੱਤੀ ਹੈ। ਅਜੋਕੇ ਸਮੇਂ 'ਚ ਇਲਾਜ ਮਹਿੰਗਾ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਲੇਖਕ ਦਾ ਖਿਆਲ ਹੈ ਕਿ ਮੁਫ਼ਤ ਦੀ ਇਸ ਵਿਕਲਪਕ ਇਲਾਜ ਪ੍ਰਣਾਲੀ ਨਾਲ ਜੁੜ ਕੇ ਰੋਗਮੁਕਤ ਹੋਇਆ ਜਾ ਸਕਦਾ ਹੈ। ਅੱਜ ਦੇ ਪ੍ਰਦੂਸ਼ਣ ਵਾਲੇ, ਅਖੌਤੀ ਤਰੱਕੀ ਦੇ ਮਾੜੇ ਪ੍ਰਭਾਵ ਹੇਠ ਆ ਕੇ ਤੇ ਸਾਡੀਆਂ ਖਾਣ-ਪੀਣ ਦੀਆਂ ਵਿਗੜੀਆਂ ਆਦਤਾਂ ਕਾਰਨ ਅਨੇਕਾਂ ਨਵੀਆਂ ਤੇ ਲਾਇਲਾਜ ਬਿਮਾਰੀਆਂ ਨੇ ਆਦਮੀ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਅਜਿਹੇ ਸਮੇਂ ਗ਼ਰੀਬ ਲੋਕ ਇਸ ਪ੍ਰਣਾਲੀ ਦਾ ਲਾਹਾ ਲੈ ਸਕਦੇ ਹਨ। ਲੇਖਕ ਨੇ ਪੁਸਤਕ ਕਥਾ ਸ਼ੈਲੀ 'ਚ ਲਿਖੀ ਹੈ ਤੇ ਪੜ੍ਹਦਿਆਂ ਪਾਠਕ ਨੂੰ ਕਿਤੇ ਵੀ ਬੋਰੀਅਤ ਮਹਿਸੂਸ ਨਹੀਂ ਹੁੰਦੀ। ਲੇਖਕ ਨੇ ਪਹਿਲਾਂ ਹਿਮਾਚਲ 'ਚ ਸੰਨਿਆਸੀਆਂ ਦੇ ਇਕ ਡੇਰੇ ਤੋਂ ਇਸ ਵਿਧੀ ਬਾਰੇ ਸੁਣਿਆ। ਫਿਰ ਆਪਣੇ ਦੋਸਤਾਂ ਤੋਂ ਇਸ ਪ੍ਰਣਾਲੀ ਬਾਰੇ ਉਨ੍ਹਾਂ ਦੇ ਜ਼ਖ਼ਮ ਠੀਕ ਹੋਣ, ਇਕ ਮਰੀਜ਼ ਦੇ ਕੈਂਸਰ ਤੋਂ ਠੀਕ ਹੋਣ ਦੇ ਤਜਰਬਿਆਂ ਬਾਰੇ ਸੁਣਿਆ, ਜਿਸ ਦਾ ਲੇਖਕ ਨੇ ਇਸ ਪੁਸਤਕ ਵਿਚ ਵਰਨਣ ਵਧੀਆ ਢੰਗ ਨਾਲ ਕੀਤਾ ਹੈ। ਪੁਸਤਕ ਦੀ ਸ਼ਬਦਾਵਲੀ ਸੌਖੀ ਤੇ ਸਰਲ ਹੈ। ਕਥਾ-ਰਸ ਕਿਤੇ ਵੀ ਕਮਜ਼ੋਰ ਨਹੀਂ ਹੁੰਦਾ। ਪਰੂਫ਼ ਰੀਡਿੰਗ 'ਚ ਗ਼ਲਤੀਆਂ ਨਾਂਹ ਦੇ ਬਰਾਬਰ ਹਨ। ਛਪਾਈ ਤੇ ਕਾਗਜ਼ ਵਧੀਆ ਕਿਸਮ ਦਾ ਹੈ। ਪਾਠਕ ਪੁਸਤਕ ਪੜ੍ਹ ਕੇ ਇਸ ਪੁਰਾਤਨ ਪ੍ਰਣਾਲੀ ਤੋਂ ਜਾਣੂ ਹੋ ਸਕਦਾ ਹੈ ਤੇ ਲਾਭ ਵੀ ਲੈ ਸਕਦਾ ਹੈ। ਪਰ ਲੇਖਕ ਨੇ ਪੁਸਤਕ ਦੀ ਸ਼ੁਰੂਆਤ 'ਚ ਆਪਣਾ ਮਕਸਦ ਲਿਖਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਮੇਰਾ ਇਲਾਜ ਬਾਰੇ ਕੋਈ ਦਾਅਵਾ ਨਹੀਂ ਹੈ। ਮੇਰਾ ਤਾਂ ਸਿਰਫ਼ ਪਾਠਕਾਂ ਨੂੰ ਇਸ ਇਲਾਜ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੀ ਸੀ।

-ਪ. ਸ. ਵਿਰਕ
ਮੋਬਾਈਲ : 98724-07744

c c c

 

ਆਪਣੇ ਲੋਕ
ਲੇਖਕ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਕੈਲੀਧਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 280 ਰੁਪਏ, ਸਫ਼ੇ : 287
ਸੰਪਰਕ : 97791-23262

ਇਹ ਨਾਵਲ ਪੰਜਾਬ ਦੇ ਮਾਨਸਾ ਅਤੇ ਇਸ ਦੇ ਆਲੇ-ਦੁਆਲੇ ਦੀ ਆਂਚਲਿਕਤਾ ਨੂੰ ਆਪਣੇ ਕਲੇਵੇ ਵਿਚ ਲੈਂਦਾ ਹੈ। ਇਸ ਦਾ ਕਾਰਜ ਸਥਲ ਪਿੰਡ ਕਾਹਨਗੜ੍ਹ ਅਤੇ ਕਾਲੀਆ ਹੈ, ਜੋ ਮੁਸਲਮਾਨ ਵਸੋਂ ਨਾਲ ਭਰਪੂਰ ਪਿੰਡ ਹੈ। ਅਜ਼ੀਜ਼ ਇਥੋਂ ਦੀ ਆਂਚਲਿਕਤਾ ਵਿਚ ਰਮਿਆ ਨਾਵਲਕਾਰ ਹੈ। ਇਸ ਪਿੰਡ ਦੀ ਕਹਾਣੀ 75 ਕੁ ਵਰ੍ਹੇ ਪਹਿਲਾਂ ਦੇ ਪਿੰਡਾਂ ਦੀ ਹੈ, ਜਦੋਂ ਪੰਜਾਬ ਵਿਚ ਰਿਆਸਤਾਂ, ਵਿਸਵੇਦਾਰੀ, ਕਿਸਾਨ ਘੋਲਾਂ, ਮੁਜ਼ਾਰਾ ਅੰਦੋਲਨਾਂ ਦਾ ਬੋਲਬਾਲਾ ਸੀ। ਮਲਵਈ ਭਾਸ਼ਾ ਦੇ ਜਲੌਅ 'ਚ ਲਿਖਿਆ ਇਹ ਨਾਵਲ ਗੁਰਮੁਖ, ਛੰਨੋ, ਪੰਜਾਬ, ਕਾਲੇ, ਰਫ਼ੀਕ, ਗੱਜੂ ਆਦਿ ਪਾਤਰਾਂ ਰਾਹੀਂ ਆਪਣੀ ਕਹਾਣੀ ਨੂੰ ਅਗਾਂਹ ਵਧਾਉਂਦਾ ਹੈ। ਇਥੋਂ ਦੇ ਜਨ-ਜੀਵਨ ਤੇ ਸਾਦ-ਮੁਰਾਦੇ ਲੋਕਾਂ ਦੇ ਚਰਿੱਤਰ ਨੂੰ ਉਘਾੜਦਾ ਇਹ ਨਾਵਲ ਇਥੋਂ ਦੀਆਂ ਪਸ਼ੂ ਮੰਡੀਆਂ, ਮੇਲਿਆਂ, ਕੁਸ਼ਤੀਆਂ ਅਤੇ ਪ੍ਰੇਮ ਕਿੱਸੇ ਉਭਾਰਦਾ ਹੈ। ਇਸ ਇਲਾਕੇ ਦਾ ਕਣ-ਕਣ, ਇਸ ਦਾ ਜਜ਼ਬਾ ਅਤੇ ਮਿੱਟੀ ਇਸ ਨਾਵਲ ਵਿਚ ਪਰਤੱਖ ਉੱਭਰਦੀ ਦਿਖਾਈ ਦਿੰਦੀ ਹੈ।
ਆਜ਼ਾਦੀ ਅਤੇ ਆਜ਼ਾਦੀ ਰਾਹੀਂ ਆਈ ਮੁਸੀਬਤ, ਵੰਡ ਦਾ ਘੱਲੂਘਾਰਾ ਆਬਾਦੀ ਦਾ ਸਥਾਨਾਂਤਰ ਅਤੇ ਉਸ 'ਚੋਂ ਪੈਦਾ ਹੋਈ ਮਾਰ-ਕਾਟ, ਨਫ਼ਰਤ ਦੀਆਂ ਕਈ ਦਿਲ-ਹਿਲਾਊ ਤਸਵੀਰਾਂ ਲੇਖਕ ਨੇ ਇਸ ਨਾਵਲ ਰਾਹੀਂ ਉਘਾੜੀਆਂ ਹਨ। ਜਿਥੇ ਵੈਲੀਆਂ ਅਤੇ ਲਾਲਚੀ ਬੰਦਿਆਂ ਨੇ ਔਰਤਾਂ ਦੇ ਉਧਾਲੇ, ਲੁੱਟ-ਮਾਰ, ਦਹਿਸ਼ਤ ਫੈਲਾਈ ਉਥੇ ਗੁਰਮੁਖ ਅਤੇ ਝੰਡਾ ਸਿੰਘ ਜਿਹੇ ਨਵਯੁਗੀ ਬੰਦਿਆਂ ਨੇ ਮਾਨਵੀ ਅਤੇ ਮਨੁੱਖੀ ਸੁਰ ਵਾਲੇ ਕਾਰਜ ਕਰਕੇ ਮਨੁੱਖਤਾ ਨੂੰ ਸ਼ਰਮਸਾਰ ਹੋਣੋਂ ਵੀ ਬਚਾਉਣ ਦਾ ਯਤਨ ਕੀਤਾ। ਪਾਕਿਸਤਾਨ ਛੱਡ ਕੇ ਆਏ ਪੰਜਾਬੀ ਭਰਾਵਾਂ ਦੇ ਮੁੜ ਵਸੇਵੇ ਦੇ ਯਤਨਾਂ ਦੀ ਵੀ ਲੰਮੀ ਤਹਿਰੀਰ ਇਸ ਨਾਵਲ ਵਿਚ ਮਿਲਦੀ ਹੈ। ਇੰਦਰ ਸਿੰਘ ਜਿਹੇ ਉਜਾੜੇ ਦੇ ਸ਼ਿਕਾਰ ਲੋਕ ਆਪਣੀ ਮਿਹਨਤ ਨਾਲ ਮੁੜ ਪੈਰੀਂ ਖੜ੍ਹਦੇ ਵੀ ਦਰਸਾਏ ਗਏ ਹਨ। ਇਹ ਨਾਵਲ ਪਾਕਿਸਤਾਨੀ ਪੰਜਾਬ 'ਚ ਵੀ 'ਭੁਲੇਖਾ' ਅਖ਼ਬਾਰ ਵਿਚ ਲੜੀਵਾਰ ਛਪ ਕੇ ਪ੍ਰਸਿੱਧ ਹੋਇਆ ਹੈ। ਇਧਰ ਵੀ ਇਸ ਨਾਵਲ ਦੀ ਕਹਾਣੀ, ਬਣਤਰ ਅਤੇ ਮਾਨਵੀ ਪੁਰ ਦੇ ਪਾਠਕਾਂ ਅਤੇ ਆਲੋਚਕਾਂ ਦਾ ਧਿਆਨ ਖਿੱਚਿਆ ਹੈ। ਇਸ ਦਾ ਅੰਤ ਸੁਖਾਂਤਕ ਹੈ। ਪਾਠਕਾਂ ਨੂੰ ਇਸ ਦੇ ਦੂਸਰੇ ਭਾਗ ਦੀ ਬੇਸਬਰੀ ਨਾਲ ਉਡੀਕ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

c c c

ਭਗਤ ਨਾਮਦੇਵ
ਜੀਵਨ, ਉਪਦੇਸ਼ ਅਤੇ ਬਾਣੀ
ਲੇਖਕ : ਪਰਮਪਾਲ ਸਿੰਘ ਸੋਢੀ, ਨਰਿੰਦਰ ਸਿੰਘ
ਪ੍ਰਕਾਸ਼ਕ : ਹਰਜਸ ਐਂਟਰਪਰਾਈਜ਼,
ਗੁਰੂ ਨਾਨਕ ਨਗਰ, ਐਨ.ਡੀ.-18
ਮੁੱਲ : 400 ਰੁਪਏ, ਸਫ਼ੇ : 216
ਸੰਪਰਕ : 096540-11360

ਜਦੋਂ ਅਸੀਂ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਾਂ ਅਤੇ ਗੁਰੂ ਸਾਹਿਬਾਨ ਦੇ ਨਾਲ-ਨਾਲ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਵੀ ਸੀਸ ਝੁਕਾਉਂਦੇ ਹਾਂ। ਭਗਤ ਨਾਮਦੇਵ ਜੀ ਅਜਿਹੇ ਅਭੇਦ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ 18 ਰਾਗਾਂ ਵਿਚ ਉਚਾਰਨ ਕੀਤੇ 61 ਸ਼ਬਦਾਂ ਨੂੰ ਪੰਜਵੇਂ ਪਾਤਿਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸ਼ੋਭਿਤ ਕੀਤਾ। ਭਗਤ ਜੀ ਦਾ ਜਨਮ 1270 ਈ: ਵਿਚ ਮਹਾਂਰਾਸ਼ਟਰ ਵਿਚ ਹੋਇਆ ਅਤੇ ਚਲਾਣਾ ਪੰਜਾਬ ਦੇ ਪਿੰਡ ਘੁਮਾਣ ਵਿਖੇ 1350 ਈ: ਨੂੰ ਹੋਇਆ। ਆਪ ਉੱਤਰ ਅਤੇ ਦੱਖਣ ਨੂੰ ਮਿਲਾਉਣ ਵਾਲੇ ਮਹਾਨ ਸੰਤ ਕਵੀ ਸਨ। ਭਗਤ ਜੀ ਇਕ ਕ੍ਰਾਂਤੀਕਾਰੀ, ਕਿਰਤੀ, ਸੰਗੀਤਕਾਰ ਅਤੇ ਸੰਤ ਕਵੀ ਸਨ। ਇਸ ਪੁਸਤਕ ਵਿਚ ਆਪ ਜੀ ਦੇ ਜੀਵਨ ਸੰਘਰਸ਼, ਉਪਦੇਸ਼, ਸੰਦੇਸ਼ ਅਤੇ ਬਾਣੀ ਉੱਪਰ ਚਾਨਣਾ ਪਾਇਆ ਗਿਆ ਹੈ। ਆਪ ਸ਼ੁਕਰ, ਸਬਰ, ਰਜ਼ਾ, ਬੰਦਗੀ ਅਤੇ ਪਰਉਪਕਾਰ ਦੇ ਮੁਜੱਸਮੇ ਸਨ। ਲੇਖਕਾਂ ਨੇ ਭਗਤ ਜੀ ਦੇ ਮਹਾਨ ਆਦਰਸ਼ਾਂ, ਵਿਚਾਰਧਾਰਾ, ਸਾਖੀਆਂ ਅਤੇ ਸ਼ਖ਼ਸੀਅਤ ਬਾਰੇ ਬਹੁਤ ਸੁੰਦਰ ਢੰਗ ਨਾਲ ਲਿਖਿਆ ਹੈ। ਭਗਤ ਜੀ ਨੇ ਉਸ ਸਮੇਂ ਦੇ ਪ੍ਰਚੱਲਿਤ ਕਰਮ ਕਾਂਡਾਂ, ਵਹਿਮਾਂ, ਭਰਮਾਂ ਅਤੇ ਜਾਤ-ਪਾਤ ਵਿਰੁੱਧ ਆਵਾਜ਼ ਉਠਾਈ। ਆਪ ਨੇ ਲੰਮੀਆਂ ਯਾਤਰਾਵਾਂ ਕਰਕੇ ਭਾਰਤ ਭਰ ਵਿਚ ਸਾਂਝੀਵਾਲਤਾ, ਪ੍ਰੇਮ, ਬਰਾਬਰੀ ਅਤੇ ਪ੍ਰਭੂ ਭਗਤੀ ਦਾ ਸੰਦੇਸ਼ ਦਿੱਤਾ। ਸਮੇਂ ਦੇ ਬਾਦਸ਼ਾਹ ਮੁਹੰਮਦ ਤੁਗ਼ਲਕ ਨੇ ਆਪ ਜੀ ਨੂੰ ਬਹੁਤ ਕਸ਼ਟ ਦਿੱਤੇ ਪਰ ਅੰਤ ਵਿਚ ਪਰਮਾਤਮਾ ਨੇ ਆਪਣੇ ਭਗਤ ਦੀ ਜੈ ਜੈ ਕਾਰ ਕਰਾਈ। ਪੰਡਰਪੁਰ ਦੇ ਮੰਦਰ ਵਿਚ ਪੁਜਾਰੀਆਂ ਨੇ ਭਗਤ ਜੀ ਨੂੰ ਨੀਵੀਂ ਜਾਤ ਦਾ ਤਾਹਨਾ ਦੇ ਕੇ ਮੰਦਰ ਵਿਚੋਂ ਕੱਢ ਦਿੱਤਾ ਤਾਂ ਉਹ ਵੈਰਾਗ ਵਿਚ ਮੰਦਰ ਦੇ ਪਿੱਛੇ ਜਾ ਕੇ ਪ੍ਰਮੇਸ਼ਰ ਨੂੰ ਉਲਾਂਭਾ ਦੇਣ ਲੱਗੇ ਕਿ ਮੈਨੂੰ ਛੀਂਬੇ ਦਾ ਜਨਮ ਕਿਉਂ ਦਿੱਤਾ ਹੈ। ਭਗਤ ਵਛਲ ਪ੍ਰਭੂ ਜੀ ਨੇ ਮੰਦਰ ਦਾ ਮੂੰਹ ਸ੍ਰੀ ਨਾਮਦੇਵ ਜੀ ਵੱਲ ਘੁਮਾ ਦਿੱਤਾ, ਜੋ ਹਾਲੇ ਵੀ ਉਸੇ ਹਾਲਤ ਵਿਚ ਮੌਜੂਦ ਹੈ। ਆਪ ਜੀ ਦੀ ਇਕਸੁਰ ਹੋਈ ਆਤਮਾ ਵਿਚੋਂ ਬਹੁਤ ਹੀ ਪਿਆਰੇ ਸ਼ਬਦ ਪ੍ਰਗਟ ਹੋਏ ਜਿਵੇਂ :
-ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥
-ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥ (ਅੰਗ : 727)
-ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥
(ਅੰਗ : 485)
-ਪਤਿਤ ਪਾਵਨ ਮਾਧਉ ਬਿਰਦੁ ਤੇਰਾ॥ (ਅੰਗ : 694)
-ਸਫਲ ਜਨੁਮ ਮੋ ਕਉ ਗੁਰ ਕੀਨਾ॥ (ਅੰਗ : 857)

ਇਹ ਪੁਸਤਕ ਅਤਿਅੰਤ ਮਹੱਤਵਪੂਰਨ ਹੈ। ਇਹ ਸਾਨੂੰ ਭਗਤ ਜੀ ਦੇ ਅਨੋਖੇ, ਅਨੂਠੇ, ਰਸਭਿੰਨੇ ਜੀਵਨ ਝਲਕਾਰਿਆਂ ਦੇ ਦੀਦਾਰ ਕਰਵਾਉਂਦੀ ਹੈ। ਇਸ ਦਾ ਭਰਪੂਰ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਅਣਖਾਂ ਵਾਲਿਓ
ਲੇਖਕ : ਗੁਰਮੇਲ ਸਿੰਘ ਰੂੜੇਕੇ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 94631-36997

ਕਾਵਿ-ਸੰਗ੍ਰਹਿ ਦੀ ਪੁਸਤਕ ਅਣਖਾਂ ਵਾਲਿਓ ਦੇ ਲੇਖਕ ਗੁਰਮੇਲ ਸਿੰਘ ਰੂੜੇਕੇ ਹਨ, ਜਿਨ੍ਹਾਂ ਨੇ ਇਸ ਵਿਚ 61 ਵੱਖ-ਵੱਖ ਕਵਿਤਾਵਾਂ ਦਰਜ ਕੀਤੀਆਂ ਹਨ। ਸਾਰੀਆਂ ਕਵਿਤਾਵਾਂ ਦੇ ਅੱਡੋ-ਅੱਡ ਵਿਸ਼ੇ ਹਨ। ਲੇਖਕ ਦੀ ਵਿਸ਼ਿਆਂ ਦੇ ਪ੍ਰਤੀ ਕੀਤੀ ਦੇਣ ਸ਼ਲਾਘਾਯੋਗ ਹੈ। ਏਨੇ ਵਿਸ਼ਿਆਂ ਦਾ ਸੰਗ੍ਰਹਿ ਕਰਕੇ ਪੁਸਤਕ ਦਾ ਰੂਪ ਦੇਣਾ ਕੋਈ ਸੌਖਾ ਕੰਮ ਨਹੀਂ ਹੈ। ਲੇਖਕ ਦੇ ਹਿਰਦਾ ਕੋਮਲ ਹੋਣ ਕਰਕੇ ਉਹ 1947, 1966 ਅਤੇ 1984 ਦੇ ਸਮੇਂ ਨੂੰ ਯਾਦ ਕਰਕੇ ਭੜਕ ਉੱਠਦਾ ਹੈ। ਕਾਵਿ-ਸੰਗ੍ਰਹਿ ਵਿਚ ਮਨੁੱਖੀ ਰਿਸ਼ਤਿਆਂ ਤੋਂ ਇਲਾਵਾ ਵਿਰਾਸਤੀ ਕਦਰਾਂ-ਕੀਮਤਾਂ, ਸੱਭਿਆਚਾਰ, ਬੋਤੀ, ਇਤਿਹਾਸ, ਪੰਜਾਬ ਦੇ ਪਾਣੀਆਂ, ਕਿਸਾਨੀ ਸੰਕਟ, ਸਮੇਂ ਦੀਆਂ ਸਦਾਈਆਂ, ਅਧਿਆਪਕਾਂ ਦੀਆਂ ਸਮੱਸਿਆਵਾਂ, ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨਾ, ਬੇਰੁਜ਼ਗਾਰੀ ਪ੍ਰਤੀ ਗੱਲ ਕਰਨਾ, ਸਮਾਜਿਕ ਪੱਖਾਂ 'ਤੇ ਚਾਨਣਾ ਪਾਉਣਾ, ਭੁੱਲੇ ਵਿਸਰੇ ਵਿਸ਼ਿਆਂ 'ਤੇ ਝਾਤ ਪੁਆਉਣੀ, ਅਣਸੁਖਾਵੀਆਂ ਘਟਨਾਵਾਂ ਨੂੰ ਬਿਆਨਣਾ, ਪੰਜਾਬੀਅਤ, ਅਤੀਤ ਨੂੰ ਯਾਦ ਕਰਨਾ, ਉਲਝਣਾ ਦਾ ਹੱਲ ਕੱਢਣਾ ਆਦਿ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਦੇਣ ਦੇ ਨਾਲ ਚੇਤੰਨ ਵੀ ਕੀਤਾ ਹੈ। ਲੇਖਕ ਅਧਿਆਪਕ ਹੋਣ ਦੇ ਨਾਤੇ ਪੜ੍ਹੇ-ਲਿਖੇ ਹੋਣ ਦੇ ਨਾਲ ਗੁੜ੍ਹਿਆ ਵੀ ਜਾਪਦਾ ਹੈ। ਹਰ ਵਿਸ਼ੇ ਦੀ ਕਵਿਤਾ ਦੀ ਪੇਸ਼ਕਾਰੀ, ਸ਼ਬਦਾਵਲੀ, ਵਿਸ਼ੇ ਅਨੁਸਾਰ ਗੱਲ ਕਹਿਣ ਦਾ ਵੱਲ ਲੇਖਕ ਨੂੰ ਭਲੀ ਭਾਂਤ ਆਉਂਦਾ ਹੈ। ਪੁਸਤਕ ਵਿਚਲੀਆਂ ਰਚਨਾਵਾਂ ਲਿਖਣ ਦੇ ਪ੍ਰਤੀ ਲੇਖਕ ਦੀ ਲਿਖਤ ਕਲਾ, ਮਿਹਨਤ, ਸੋਚ ਉਡਾਰੀ, ਦਿਲੀ ਸਾਂਝ ਤੇ ਇਨਸਾਨੀਅਤ ਦੀ ਝਲਕ ਸਾਫ਼-ਵਿਖਾਈ ਦਿੰਦੀ ਹੈ। ਪੁਸਤਕ ਵਿਚ ਸ਼ਿੰਗਾਰਾ ਸਿੰਘ ਚਹਿਲ, ਤੇਜਾ ਸਿੰਘ ਤਿਲਕ ਦਾਨਗੜ੍ਹ, ਕੁਲਵਿੰਦਰ ਸਿੰਘ ਸਰਾਏ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਰਵਿੰਦਰ ਸ਼ਰਮਾ, ਪਰਮਿੰਦਰ ਸਿੰਘ ਬਰਨਾਲਾ ਨੇ ਲੇਖਕ ਸੰਬੰਧੀ ਜੋ ਜਾਣਕਾਰੀ ਜੋ ਨੇੜਲੇ ਤੌਰ 'ਤੇ ਦਿੱਤੀ ਹੈ, ਉਹ ਵੀ ਪੂਰੀ ਜਾਣਕਾਰੀ ਭਰਪੂਰ ਹੈ। ਲੇਖਕ ਹਰ ਸਥਿਤੀ ਦੇ ਵਿਚ ਵਿਚਰਿਆ ਜਾਪਦਾ ਹੈ ਅਤੇ ਅਧਿਆਪਕ ਤੇ ਲੇਖਕ ਦਾ ਜੋ ਸੁਮੇਲ ਬਣਿਆ ਹੈ, ਉਹ ਸੋਨੇ ਤੇ ਸੁਹਾਗੇ ਵਾਲੇ ਮੇਲ ਕਿਹਾ ਜਾ ਸਕਦਾ ਹੈ। ਕਿਸ ਕਿਸ ਰਚਨਾ ਦੀ ਗੱਲ ਕੀਤੀ ਜਾਵੇ, ਹਰ ਰਚਨਾ ਹੀ ਆਪਣੇ ਵਿਚ ਮੂੰਹੋਂ ਬੋਲਦੀ ਹੈ। ਅਜਿਹੀਆਂ ਪੁਸਤਕਾਂ ਸਾਨੂੰ ਸੇਧ ਦੇਣ ਦੇ ਨਾਲ-ਨਾਲ ਗਿਆਨ ਵਿਚ ਵੀ ਵਾਧਾ ਕਰਨ ਦੇ ਨਾਲ ਆਪਣੀਆਂ ਪੈੜਾਂ ਸਾਡੇ 'ਤੇ ਛੱਡ ਜਾਂਦੀਆਂ ਹਨ।

-ਬਲਵਿੰਦਰ ਸਿੰਘ ਸੋਢੀ 'ਮੀਰਹੇੜੀ'
ਮੋਬਾਈਲ : 092105-88990

c c c

 

ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ : ਖੁੱਲ੍ਹੇ ਭੇਤ
ਸੰਪਾਦਕ : ਸੁਖਿੰਦਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94638-36591

ਕੈਨੇਡਾ ਵਸਦੇ ਉੱਘੇ ਸਾਹਿਤਕਾਰ ਸੁਖਿੰਦਰ ਨੇ ਪੰਜਾਬੀ ਸਾਹਿਤ ਦੇ ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਨਾਵਲ ਤੇ ਸੰਪਾਦਨਾ ਦੇ ਖੇਤਰਾਂ 'ਚ ਨਿੱਠ ਕੇ ਸਿਰਜਣਾ ਕੀਤੀ ਹੈ। ਉਸ ਨੇ ਜੁਰੱਅਤ ਕਰ ਕੇ ਪੰਜਾਬੀ ਸਾਹਿਤ 'ਚ ਇਨਾਮਾਂ ਤੇ ਪੁਰਸਕਾਰਾਂ ਦੀ ਦੌੜ 'ਚ ਪੁਰਸਕਾਰ ਦੇਣ ਵਾਲੇ ਅਦਾਰਿਆਂ 'ਚ ਜੋ ਪਿਛਲੇ ਕੁਝ ਸਾਲਾਂ ਤੋਂ ਨਿਘਾਰ ਤੇ ਨਿੰਦਣਯੋਗ ਪੈਂਤੜੇ ਵਰਤੇ ਗਏ ਹਨ, ਉਨ੍ਹਾਂ ਦੀ ਪਾਜ ਖੋਲ੍ਹਣ ਲਈ ਹਥਲੀ ਪੁਸਤਕ 'ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ : ਖੁੱਲ੍ਹੇ ਭੇਦ' ਅੱਜਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਜਸੀ ਕੂਟ-ਨੀਤੀਆਂ ਕਾਰਨ ਵੱਖੋ-ਵੱਖ ਵਿਭਾਗਾਂ ਅਤੇ ਪ੍ਰੋਜੈਕਟਾਂ 'ਚ ਘਪਲੇ ਤੇ ਭ੍ਰਿਸ਼ਟਾਚਾਰ ਤਾਂ ਹੁੰਦਾ ਹੀ ਸੀ ਪ੍ਰੰਤੂ ਸਾਹਿਤ ਦੇ ਖੇਤਰ ਜਿਸ ਨੇ ਸਮਾਜ ਨੂੰ ਚੰਗੇਰੀ ਜੀਵਨ-ਜਾਚ ਦਾ ਹੋਕਾ ਦੇਣਾ ਹੁੰਦਾ ਹੈ, ਉਸ ਖੇਤਰ 'ਚ ਅਜਿਹਾ ਵਾਪਰਨ ਲੱਗ ਜਾਵੇ, ਸਭ ਤੋਂ ਵੱਧ ਚਿੰਤਾ ਦੀ ਗੱਲ ਹੈ। ਇਨਾਮਾਂ/ਪੁਰਸਕਾਰਾਂ ਦੀ ਅੰਨ੍ਹੀ ਦੌੜ ਲਈ ਲੇਖਕਾਂ ਦਾ ਕਿਰਦਾਰ ਨੰਗਾ ਕੀਤਾ ਗਿਆ। ਇਸ ਪੁਸਤਕ ਦੇ ਛਪਣ ਪਿੱਛੇ ਲੇਖਕ ਮਿੱਤਰ ਸੈਨ ਮੀਤ ਵਲੋਂ 2020 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨੇ ਪੁਰਸਕਾਰਾਂ ਦੀ ਅਦਾਲਤ 'ਚ ਕੀਤੀ ਚੁਣੌਤੀ ਅਤੇ ਲੇਖਕ ਕਰਨਲ ਜਸਬੀਰ ਭੁੱਲਰ ਵਲੋਂ ਲਿਖੇ 'ਖਿੱਦੋ' ਦੇ ਪ੍ਰਕਾਸ਼ਤ ਹੋਣਾ ਹੈ, ਜਿਸ ਨਾਵਲ ਵਿਚ ਭਾਸ਼ਾ ਵਿਭਾਗ ਪੰਜਾਬ ਅਤੇ ਸਾਹਿਤ ਅਕਾਦਮੀ ਦਿੱਲੀ ਦੀ ਕਾਰਜ-ਸ਼ੈਲੀ ਬਾਰੇ ਕੱਚ-ਸੱਚ ਨੂੰ ਨੰਗਿਆ ਕੀਤਾ ਗਿਆ ਹੈ। ਸਾਹਿਤ 'ਚ ਹੁੰਦੇ ਨਿੰਦਣਯੋਗ ਵਰਤਾਰਿਆਂ ਬਾਰੇ ਡਾ. ਅਮਰਜੀਤ ਟਾਂਡਾ, ਡਾ. ਸ਼ਿਆਮ ਸੁੰਦਰ ਦੀਪਤੀ, ਨਿਰੰਜਣ ਬੋਹਾ, ਪੂਰਨ ਸਿੰਘ ਪਾਂਧੀ, ਕੁਲਜੀਤ ਮਾਨ, ਡਾ. ਪਰਮਜੀਤ ਢੀਂਗਰਾ, ਡਾ. ਗੁਰਮਿੰਦਰ ਸਿੱਧੂ, ਪਿਆਰਾ ਸਿੰਘ ਕੁੱਦੋਵਾਲ, ਕੇਹਰ ਸ਼ਰੀਫ਼, ਸੁਰਜੀਤ ਕੈਨੇਡਾ, ਡਾ. ਸ. ਪ. ਸਿੰਘ, ਗੁਰਬਚਨ ਸਿੰਘ ਭੁੱਲਰ, ਜਗਦੀਪ ਸਿੰਘ ਭੁੱਲਰ, ਅਤਰਜੀਤ ਤੇ ਖ਼ੁਦ ਸੰਪਾਦਕ ਸੁਖਿੰਦਰ ਨੇ ਖੁੱਲ੍ਹ ਕੇ ਸੱਚੋ-ਸੱਚ ਪੇਸ਼ ਕੀਤਾ ਹੈ। ਗੁਰਬਚਨ ਸਿੰਘ ਭੁੱਲਰ ਨੇ ਬਹੁਤ ਮਿਹਨਤ ਤੇ ਬੇਬਾਕੀ ਨਾਲ ਸਾਹਿਤ ਅਕਾਦਮੀ ਦੀ ਪ੍ਰਾਰੰਭ ਤੋਂ ਹੁਣ ਤੀਕ ਦੀ ਚੰਗੀ-ਮਾੜੀ ਕਾਰਜਸ਼ਾਲੀ ਨੂੰ 30 ਪੰਨਿਆ 'ਚ ਅੰਕਤ ਕੀਤਾ।
ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਦੇ ਅਨੇਕ ਪਹਿਲੂਆਂ ਬਾਰੇ ਪਹਿਲੀ ਵਾਰ ਲਿਖਤੀ ਰੂਪ 'ਚ ਗਹਿਰ-ਗੰਭੀਰ ਚਰਚਾ ਛੇੜੀ ਗਈ ਹੈ। ਇਥੇ ਇਹ ਵੀ ਸੱਚ ਹੈ ਕਿ ਇਸ ਪੁਸਤਕ ਦੇ ਦੋ ਕਾਰਨਾਂ ਨੂੰ ਹੰਗਾਲਦਿਆਂ, ਪਹਿਲਾਂ ਵੀ ਇਨਾਮਾਂ/ ਪੁਰਸਕਾਰਾਂ ਬਾਰੇ ਕੁਝ ਨੂੰ ਛੱਡ ਕੇ ਕਿੰਤੂ-ਪ੍ਰੰਤੂ (ਵਾਦ-ਵਿਵਾਦ) ਹੁੰਦਾ ਰਿਹਾ ਹੈ। ਅਜਿਹੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪੈਣੀ ਜ਼ਰੂਰੀ ਹੈ। ਲੇਖਕਾਂ, ਸਭਾਵਾਂ, ਅਕਾਦਮੀਆਂ ਤੇ ਇਨਾਮ ਦੇਣ ਵਾਲੀਆਂ ਸੰਸਥਾਵਾਂ/ਅਦਾਰਿਆਂ ਨੂੰ ਆਪਣੇ-ਆਪਣੇ ਕਰੱਤਵ ਨਿਭਾਉਣ ਲਈ ਪਾਰਦਰਸ਼ੀ ਹੋਣਾ ਪਵੇਗਾ। ਸੁਖਿੰਦਰ ਨੇ ਇਸ ਸਾਹਿਤਕ-ਭ੍ਰਿਸ਼ਟਾਚਾਰ ਸਮੱਸਿਆ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੋਚਣ ਦਾ ਵਿਸ਼ਾ ਬਣਾਇਆ ਹੈ। 'ਪੰਜਾਬੀ ਵਿਚ ਸਾਹਿਤਕ ਭ੍ਰਿਸ਼ਟਾਚਾਰ ਦੀ ਜੜ੍ਹ ਪੁੱਟਣ ਲਈ ਪੰਜਾਬੀ ਸਾਹਿਤ ਵਿਚ ਰੇਨਾਸਾਂਸੀ ਕਿਸਮ ਦੀ ਜਾਗ੍ਰਿਤੀ ਲਹਿਰ ਦੀ ਜ਼ਰੂਰਤ ਹੈ।' ਸੰਬੰਧਿਤ ਲੇਖਕਾਂ, ਜਿਊਰੀ ਮੈਂਬਰਾਂ ਤੇ ਅਕਾਦਮੀਆਂ ਨੂੰ ਇਕੋ ਰੱਸੇ ਬੰਨ੍ਹਣ ਦੀ ਆਲੋਚਨਾ ਵੀ ਵਾਜਬ ਨਹੀਂ। ਸੱਚ ਤੇ ਸਵੈ-ਮਾਨ 'ਤੇ ਪਹਿਰਾ ਦੇਣ ਵਾਲੇ ਲੇਖਕਾਂ ਅਤੇ ਨਿਰਮਲ ਸੋਚ ਨਾਲ ਇਨਾਮ ਦੇਣ ਵਾਲੀਆਂ ਸੰਸਥਾਵਾਂ ਦਾ ਸਨਮਾਨ ਕਰਨਾ ਬਣਦਾ ਹੈ। ਬਾਬੇ ਨਾਨਕ ਦੀ ਉਜਲੀ-ਕਥਨੀ ਚੇਤੇ ਆਉਂਦੀ ਹੈ :
ਧਨੁ ਲਿਖਾਰੀ ਨਾਨਕਾ
ਜਿਨਿ ਨਾਮੁ ਲਿਖਾਇਆ ਸਚੁ॥
ਸੱਚ ਦਾ ਨਿਸਤਾਰਾ ਕਰਨ ਲਈ ਮਾਪ-ਦੰਡਾਂ ਅਨੁਸਾਰ ਪੁਰਸਕਾਰ ਪ੍ਰਦਾਨ ਹੋਣੇ ਚਾਹੀਦੇ ਹਨ, ਹਥਿਆਉਣੇ ਨਹੀਂ ਚਾਹੀਦੇ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

c c c

 


ਪ੍ਰਭਾਤ ਵਰਗਾ ਕੁਝ ਨਾ ਕੁਝ
ਗ਼ਜ਼ਲਕਾਰ : ਬਲਜਿੰਦਰ ਮਾਂਗਟ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ ਬਠਿੰਡਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 73550-22363

ਹਥਲਾ ਗ਼ਜ਼ਲ ਸੰਗ੍ਰਹਿ ਨੌਜਵਾਨ ਗ਼ਜ਼ਲਕਾਰ ਬਲਜਿੰਦਰ ਮਾਂਗਟ ਦੀ ਦੂਜੀ ਗ਼ਜ਼ਲਾਂ ਦੀ ਪੁਸਤਕ ਹੈ। ਮਾਂਗਟ ਨਵੇਂ ਭਾਵਬੋਧ ਦਾ ਸੰਵੇਦਨਸ਼ੀਲ ਸ਼ਾਇਰ ਹੈ ਅਤੇ ਪੰਜਾਬੀ ਗ਼ਜ਼ਲ ਨੂੰ ਮੋਹ ਤੇਹ ਨਾਲ ਮਹਿਸੂਸ ਕਰਦਾ ਹੈ। ਮਾਂਗਟ ਨੈਤਿਕਤਾ ਦਾ ਸ਼ਾਇਰ ਹੈ ਤੇ ਚਾਹੁੰਦਾ ਹੈ ਕਿ ਲੱਖਾਂ ਸਾਲਾਂ ਦੀ ਕਮਾਈ ਸਮਾਜਿਕ ਨੈਤਿਕਤਾ ਦੀ ਟੁੱਟ ਭੱਜ ਨਹੀਂ ਹੋਣੀ ਚਾਹੀਦੀ। ਵਿਹੜਿਆਂ ਨੂੰ ਵੰਡਦੀ ਲੀਕ ਉਸ ਨੂੰ ਤੰਗ ਕਰਦੀ ਹੈ:
ਹਿਰਦਿਆਂ ਨੂੰ ਹੈ ਬੜਾ ਹੀ ਚੀਰਦੀ
ਵਿਹੜਿਆਂ ਨੂੰ ਵੰਡਦੀ ਨਾ ਲੀਕ ਦੇ।...
ਇਸ ਲੀਕ ਦੇ ਅਰਥ ਦਿਲਾਂ ਤੋਂ ਲੈ ਕੇ ਵਾਹਘਿਆਂ ਤੋਂ ਪਾਰ ਤਕ ਵੀ ਤਕ ਪਹੁੰਚਦੇ ਹਨ। ਮਾਂਗਟ ਦਹਿਸ਼ਤਗਰਦੀ ਦੀ ਮੂਲ ਜ਼ਮੀਨ ਵੀ ਧਾਰਮਿਕ ਕੱਟੜਤਾ ਨੂੰ ਸਮਝਦਾ ਹੈ :
ਜੇ ਰਹਿੰਦਾ ਧਰਮ ਕੇਵਲ ਧਰਮ ਤੇ ਫਿਰਕਾ ਨਾ ਬਣਦਾ ਇਹ ਤਾਂ ਇਸ ਦੁਨੀਆ 'ਚ ਕਿਧਰੇ ਦਹਿਸ਼ਤ ਗਰਦ ਨਾ ਹੁੰਦਾ। ਮਾਂਗਟ ਦੀ ਚੇਤਨਾ ਆਪਣੇ ਸਮਾਜ ਪ੍ਰਾਂਤ ਦੇਸ਼ ਤੋਂ ਸੰਸਾਰ ਤਕ ਫੈਲੀ ਹੋਈ ਹੈ। ਉਸ ਦੇ ਮਨ ਮਸਤਕ ਵਿਚ ਵਿਸ਼ਵਵਿਆਪੀ ਸ਼ਾਂਤੀ ਤੇ ਇਕਸਾਰਤਾ ਦੇ ਭਾਵ ਚਮਕਦੇ ਹਨ :
ਚਜ ਤੇ ਆਚਾਰ ਵੀ ਤਾਂ ਬੰਦਗੀ ਦੇ ਰੂਪ ਨੇ
ਬੰਦਿਆ ਬਸ ਜੀ ਤੂੰ
ਆਪਣੀ ਜਾਤ ਵਰਗਾ ਕੁਝ ਨਾ ਕੁਝ
ਅਜੋਕਾ ਮਾਨਵ ਕੁਦਰਤ ਨਾਲ ਖਿਲਵਾੜ ਤਾਂ ਕਰ ਹੀ ਰਿਹਾ ਹੈ, ਉਸ ਤੋਂ ਅਗਾਂਹ ਉਹ ਇਸ ਕੀਤੇ ਖਿਲਵਾੜ ਉੱਤੇ ਇਤਰਾਜ਼ ਵੀ ਕਰਦਾ ਹੈ:
ਹਰ ਮੌਸਮ ਵਿਚ ਧੁੱਪ ਦਾ ਵੈਰੀ,
ਤਪਦੀ ਰੁੱਤੇ ਛਾਵਾਂ ਦਾ,
ਉਲਟੇ ਪਾਸੇ ਜਾਂਦਾ ਆਖਰ
ਆਦਮ ਮੇਰੇ ਗਿਰਾਵਾਂ ਦਾ।
ਕਈ ਵੇਰ ਮਾਂਗਟ ਆਪਣੇ ਮੁਕੱਦਰ ਉੱਤੇ ਵੀ ਰੋਸ ਕਰਦਾ ਹੈ ਤੇ ਹਿੰਮਤ ਨੂੰ ਦੁਜੈਲ ਅਵਸਥੀ ਬਣਾ ਦਿੰਦਾ ਹੈ :
ਮੁਕੱਦਰ ਤੱਤੜਾ ਮੇਰਾ ਕਿਤੇ ਬੇਦਰਦ ਨਾ ਹੁੰਦਾ
ਮੇਰੇ ਚਿਹਰੇ ਦਾ ਫਿਰ ਏਨਾ ਕਦੇ ਰੰਗ ਜਰਦ ਨਾ ਹੁੰਦਾ।
ਉਸ ਦੇ ਸ਼ਿਅਰ ਬੇਬਾਕ ਹਨ ਤੇ ਉਹ ਸਿਰਜਦਾ ਵੀ ਹੈ :
ਜ਼ਰੂਰੀ ਨਿਮਰਤਾ ਵੀ ਹੈ ਤੇਰੀ ਗੱਲਬਾਤ ਦੇ ਅੰਦਰ
ਤੂੰ ਬੇਬਾਕੀ ਨੂੰ ਵੀ ਯਾਰਾ ਸਦਾ ਇਜ਼ਹਾਰ ਵਿਚ ਰੱਖੀਂ...
ਇਸ ਸਚ ਮੁਖੀ ਤੇ ਬੇਬਾਕ ਸ਼ਾਇਰੀ ਦੀ ਪੁਸਤਕ ਨੂੰ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337
c c c

16-09-2022

 ਭਾਰਤ ਦੀ ਜਾਤਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸ਼ਣ
ਲੇਖਕ : ਡਾ. ਬਲਜਿੰਦਰ,
ਡਾ. ਅਜੀਤ ਪਾਲ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫੇ : 128
ਸੰਪਰਕ : 94170-79720

ਸਦੀਆਂ ਤੋਂ ਮਨੁੱਖੀ ਸਮਾਜ ਵਿਚ ਜਾਤ-ਪਾਤ ਵਿਵਸਥਾ ਭਾਰਤ ਵਿਚ ਪ੍ਰਚਲਿੱਤ ਹੈ ਜਿਸ ਦੇ ਆਧਾਰੀ ਤੱਤ, ਕੰਮਾਂ ਦੀ ਵੰਡ ਹੈ, ਪੜ੍ਹੇ-ਲਿਖੇ ਵਿਦਵਾਨ ਲੋਕਾਂ ਨੂੰ ਪੰਡਤ, ਲੜਾਈਆਂ ਲੜਨ ਵਾਲੇ ਬਹਾਦਰ ਲੋਕਾਂ ਨੂੰ ਮਾਰਸ਼ਲ, ਲੋਕ ਕਹਿਣ ਲੱਗੇ, ਜੋ ਕਸ਼ਤਰੀ ਲੋਕ ਅਖਵਾਂਦੇ, ਖੇਤੀ ਦਾ ਕੰਮ ਕਰਨ ਵਾਲਿਆਂ ਨੂੰ ਵੈਸ਼ਨਵ ਲੋਕ ਕਹਿਣ ਲੱਗੇ, ਜੋ ਖੇਤੀ ਬਾੜੀ ਦੇ ਧੰਦੇ ਵਿਚ ਪੈ ਗਏ ਸਨ. ਧਰਤੀ 'ਚੋਂ ਫਸਲਾਂ ਦੀ ਉਪਜ ਕਰਨ ਲੱਗੇ। ਬਾਕੀ ਲੋਕ ਜੋ ਅਨਪੜ੍ਹ-ਕਮਜ਼ੋਰ ਵਿਹਲੇ ਅਤੇ ਬੇਕਾਰ ਲੋਕ ਸਨ, ਉਨ੍ਹਾਂ ਨੂੰ ਅਛੂਤ, ਨੀਵੀਂ-ਜਾਤੀ ਦੇ ਲੋਕ ਕਹਿਣ ਲੱਗੇ ਜੋ ਵੈਸ਼ ਅਖਵਾਏ। ਇਹ ਲੋਕਾਂ ਦੀ ਵੰਡ ਨੇ ਲੋਕਾਂ ਵਿਚ ਜਾਤੀ ਪ੍ਰਥਾ ਨੂੰ ਜਨਮ ਦਿੱਤਾ, ਜੋ ਭਾਵੇਂ ਹੁਣ ਦੇਸ਼ ਆਜ਼ਾਦ ਹੈ, ਗਣਤੰਤਰ ਹੈ, ਅੱਜ ਵੀ ਜਾਤ-ਪਾਤ ਵਿਵਸਥਾ ਦੇ ਰੂਪ ਵਿਚ ਸਥਾਪਤ ਹੈ। ਇਸ ਪੁਸਤਕ ਦੇ ਲੇਖਕਾਂ ਨੇ ਇਸ ਪ੍ਰਥਾ ਦਾ ਵਿਗਿਆਨਕ ਮੁਲਾਂਕਣ ਕੀਤਾ ਹੈ। ਸੂਝਵਾਨ ਲੇਖਕਾਂ ਨੇ ਵਿਗਿਆਨਕ ਦ੍ਰਿਸ਼ਟੀ ਤੋਂ ਇਸ ਵਿਵਸਥਾ ਦੇ ਪਾਏ ਭੈੜੇ ਪ੍ਰਭਾਵਾਂ ਦਾ ਮੁੱਲਾਂਕਣ ਕੀਤਾ ਹੈ। ਵਿਗਿਆਨਕ ਦ੍ਰਿਸ਼ਟੀ ਤੋਂ ਉਨ੍ਹਾਂ ਅਛੂਤ ਲੋਕਾਂ ਦੇ ਛੂਹਣ ਨਾਲ, ਖੂਹਾਂ ਤੋਂ ਪਾਣੀ ਕੱਢਣ ਨਾਲ ਪਾਣੀ ਭਿੱਟਿਆ ਜਾਵੇਗਾ। ਉਨ੍ਹਾਂ ਦੀ ਸੰਗਤੀ ਨਾਲ ਕਿਸੇ ਉੱਚ ਜਾਤੀ ਦੇ ਲੋਕਾਂ ਉੱਪਰ ਭੈੜੇ ਪ੍ਰਭਾਵ ਪੈਦਾ ਹੁੰਦੇ ਹਨ, ਤਾਂ ਇਹ ਜਾਤ-ਪਾਤ ਵਿਵਸਥਾ ਉਪਰ ਅਜੇ ਵੀ ਅਮਲ ਕਿਉਂ ਨਹੀਂ ਘਟਿਆ। ਭਾਰਤੀ ਲੋਕ ਮਾਨਸ ਵਿਚ ਅਜੇ ਵੀ ਸਥਾਪਿਤ ਹੈ, ਭਾਵੇਂ ਭਾਰਤੀ ਕਿਸੇ ਬਾਹਰਲੇ ਦੇਸ਼ ਵਿਚ ਜਾਵੇ। ਉਸ ਦੀ ਮਾਨਸਿਕਤਾ ਵਿਚ ਸਥਾਪਿਤ ਹੈ ਕਿਉਂ? ਇਸ ਦੇ ਵਿਗਿਆਨਕ ਕਾਰਨ ਹਨ, ਭਾਰਤ ਭਾਵੇਂ ਆਜ਼ਾਦ ਦੇਸ਼ ਹੈ, ਮਨੋਵਿਗਿਆਨਕ ਦ੍ਰਿਸ਼ਟੀ ਤੋਂ ਅਜੇ ਵੀ ਵਿਦੇਸ਼ਾਂ ਵਿਚ ਭਾਰਤੀ ਲੋਕਾਂ ਵਿਚ, ਊਚ-ਨੀਚ ਦੀ ਪ੍ਰਥਾ ਅਜੇ ਵੀ ਸਥਾਪਿਤ ਹੈ।
ਵਿਦੇਸ਼ੀ ਲੋਕ ਭਾਵੇਂ ਆਜ਼ਾਦ ਭਾਰਤੀਆਂ ਨੂੰ ਆਪਣੇ ਲੋਕਾਂ ਤੋਂ ਨੀਵਾਂ ਸਮਝਦੇ ਹਨ। ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਇਸ ਲਈ ਮੰਦਰਾਂ ਵਿਚ ਜਾਣ ਨਹੀਂ ਦਿੰਦੇ ਕਿ ਉਨ੍ਹਾਂ ਦੇ ਦਾਖਲ ਹੋਣ ਨਾਲ ਦੇਵਤੇ ਨਾਰਾਜ਼ ਹੋ ਜਾਣਗੇ। ਇਹ ਸਵਾਲ ਅਜੋਕੇ ਵਿਗਿਆਨਕ ਯੁੱਗ ਵਿਚ ਭਾਰਤੀ ਲੋਕਾਂ ਨੂੰ ਕੀਤੇ ਜਾਂਦੇ ਹਨ। ਗੋਰੇ ਸ਼ਾਹੀ ਕਾਲ ਵਿਚ ਉਧਰ ਭਾਰਤੀਆਂ ਨੂੰ ਨੀਵੇਂ ਸਮਝਿਆ ਜਾਂਦਾ ਹੈ। ਉਨ੍ਹਾਂ ਲੋਕਾਂ ਵਿਚ ਕੁੱਤਾ ਬੈਠ ਸਕਦਾ ਹੈ, ਚੌਂਕੇ ਵਿਚ ਘੁੰਮ ਸਕਦਾ ਹੈ ਪਰ ਵਿਦੇਸ਼ੀ ਨਹੀਂ। ਭਾਰਤੀ ਲੋਕਾਂ ਦੇ ਸਮਾਜ ਸੁਧਾਰਕ ਵੀ ਅਛੂਤ ਲੋਕਾਂ ਨੂੰ ਨੀਵੇਂ ਸਮਝਦੇ ਸਨ। ਸਭ ਰੱਬ ਸਭ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਪਿਆਰ ਕਰਦਾ ਹੈ ਪਰ ਉਸ ਨੂੰ ਪੂਜਣ ਵਾਲੇ ਲੋਕ ਉਸ ਅੰਦਰ ਨੀਵੀਂ ਜਾਤੀ ਦੇ ਲੋਕ ਉਸ ਦੇ ਮੰਦਿਰਾਂ ਵਿਚ ਨਹੀਂ ਜਾ ਸਕਦੇ। ਕਿਉਂ ਇਸ ਪੁਸਤਕ ਦੇ ਲੇਖਕਾਂ ਨੇ ਵਿਗਿਆਨਕ ਦ੍ਰਿਸ਼ਟੀ ਤੋਂ ਇਨ੍ਹਾਂ ਸਵਾਲਾਂ ਦੇ ਉੱਤਰ ਲੱਭਣ ਦੇ ਯਤਨ ਕੀਤੇ ਹਨ ਅਤੇ ਸਿੱਧ ਕੀਤਾ ਹੈ ਕਿ ਸਭ ਵਿਅਕਤੀ ਇਕੋ ਕਿਸਮ ਦੇ ਸਾਵੇਂ ਬਰਾਬਰ ਹੋ ਸਕਦੇ ਹਨ, ਭਾਵੇਂ ਕਿੱਤੇ ਸਿਪਲਾਈ ਅਮੀਰੀ ਗਰੀਬੀ ਦੇ ਲੋਕ ਹੋ ਸਕਦੇ ਹਨ। ਇਸ ਜਾਤ-ਪਾਤ ਲਈ ਸਭ ਨੂੰ ਵਿਗਿਆਨਕ ਦ੍ਰਿਸ਼ਟੀ ਧਾਰਨ ਕਰਨ ਕਰਵਾਉਣ ਦੀ ਹੋਣੀ ਚਾਹੀਦੀ ਹੈ। ਪੁਸਤਕ, ਵਿਗਿਆਨ ਦ੍ਰਿਸ਼ਟੀ ਨਾਲ ਅਮਨ ਕਰਨੀ ਚਾਹੀਦੀ ਹੈ।

- ਡਾ.ਅਮਰ ਕੋਮਲ
ਮੋਬਾਈਲ : 84378-73565

c c c

ਧਨੁ ਨਾਨਕ ਤੇਰੀ ਵੱਡੀ ਕਮਾਈ
ਲੇਖਕ: ਗਿਆਨੀ ਸਰਵਣ ਸਿੰਘ
'ਕਵੈਂਟਰੀ' ਯੂ.ਕੇ.
ਪ੍ਰਕਾਸ਼ਕ: ਲੇਖਕ ਆਪ
ਮੁੱਲ 1000 ਰੁਪਏ, ਸਫ਼ੇ : 344

ਹੱਥਲੀ ਕਿਤਾਬ ਵਿਚ ਲੇਖਕ ਨੇ 'ਸਿਧ ਗੋਸਟਿ' ਬਾਣੀ ਨੂੰ ਸਮਝਣ ਸਮਝਾਉਣ ਵਾਸਤੇ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਉਨ੍ਹਾਂ ਪਉੜੀਆਂ ਦੀ ਵੀਚਾਰ ਦੇਣ ਦਾ ਯਤਨ ਕੀਤਾ, ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬ ਜੀ ਅਤੇ ਸਿੱਧਾਂ ਦੀਆਂ ਮੁਲਾਕਾਤਾਂ ਨਾਲ ਹੈ। ਸਮੱਚੀ ਕਿਤਾਬ ਦਾ ਕੇਂਦਰੀ ਧੁਰਾ 'ਸਿਧ ਗੋਸਟਿ' ਦੇ 73 ਪਦ ਹਨ, ਜਿਨ੍ਹਾਂ ਦੇ ਅਰਥ ਤੇ ਵਿਆਖਿਆ ਗੁਰਬਾਣੀ ਦੇ ਗਿਆਤਾ ਲੇਖਕ ਗਿ: ਸਰਵਣ ਸਿੰਘ ਕੁਵੈਂਟਰੀ ਜੋ ਲੰਮਾ ਸਮਾਂ ਗੁ: ਰਕਾਬ ਗੰਜ ਦਿੱਲੀ ਦੇ ਹੈੱਡ ਗ੍ਰੰਥੀ ਵੀ ਰਹੇ ਹਨ ਨੇ ਪੂਰੀ ਚੇਤਨਾ ਸ਼ਰਧਾ ਤੇ ਗਿਆਨ ਵਿਧੀ ਨਾਲ ਕੀਤੀ ਹੈ। ਜਿਵੇਂ
ਰਾਮਕਲੀ ਮਹਲਾ ੧ ਸਿਧ ਗੋਸਟਿ : ਪਦ-ਪਹਿਲਾ
ੴ ਸਤਿਗੁਰੂ ਪ੍ਰਸਾਦਿ॥
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ॥
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ॥
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥੧॥
ਪਦ ਅਰਥ: ਰਾਮਕਲੀ: ਰਾਗ ਦਾ ਨਾਮ। ਸਿਧ: ਸਾਧਨਾ ਵਿਚ ਸਫਲ ਹੋ ਚੁੱਕਾ ਜੋਗੀ। ਗੋਸਟਿ: ਵੀਚਾਰਵਾਨਾਂ ਦੀ ਆਪਸ ਵਿਚ ਚਰਚਾ ਜਾਂ ਗੱਲ-ਬਾਤ। ਸਿਧ ਸਭਾ: ਸਿੱਧਾਂ ਦੀ ਮਜਲਸ, ਰੱਬੀ ਵੀਚਾਰ ਕਰਨ ਵਾਲਿਆਂ ਦਾ ਇਕੱਠ। ਆਸਣਿ: ਆਸਣ ਉੱਤੇ, ਟਿਕਾਅ ਵਿਚ। ਜੈਕਾਰੋ: ਵਡਿਆਈ ਕਰਨੀ, ਨਮਸਕਾਰ। ਰਹਰਾਸਿ: ਅਰਦਾਸ- ਬੇਨਤੀ। ਮਸਤੁਕ: ਸਿਰ, ਮੱਥਾ। ਸਹਜ ਭਾਇ: ਸੁਭਾਵਿਕ ਹੀ, ਅਸਾਨੀ ਨਾਲ। ਜਸੁ ਲੇਉ: ਪ੍ਰਭੁ- ਵਡਿਆਈ ਗਾਵਾਂ। ਸਿਧ ਗੋਸਟਿ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ ਅਤੇ ਰਾਗ ਰਾਮਕਲੀ ਵਿਚ ਇਸ ਦਾ ਗਾਇਨ ਕਰਨ ਦੀ ਹਦਾਇਤ ਹੈ। ਸਿਧ ਉਸ ਨੂੰ ਆਖਦੇ ਹਨ ਜੋ ਜੋਗ ਸਾਧਨਾ ਵਿਚ ਪੁੱਗ ਚੁੱਕਾ ਹੋਵੇ। ਸਿਧ ਦਾ ਅਰਥ ਪ੍ਰਮਾਤਮਾ ਵੀ ਹੈ, ਗੋਸਟਿ-ਵਿਚਾਰ ਵਟਾਦਰਾਂ ਗੱਲਬਾਤ ਹੈ। ਗੋਸਟਿ ਦਾ ਇਕ ਅਰਥ ਲੇਖਕ ਨੇ ਪ੍ਰਭੂ ਮਿਲਾਪ ਵੀ ਕੀਤਾ ਹੈ। ਇਹ ਬਾਣੀ ਸਿਧਾਂ ਨਾਲ ਹੋਈ ਗੱਲਬਾਤ ਨੂੰ ਵੀ ਪ੍ਰਗਟ ਕਰਦੀ ਹੈ ਅਤੇ ਪ੍ਰਭੂ ਮਿਲਾਪ ਦਾ ਰਸਤਾ ਵੀ ਦਰਸਾਉਂਦੀ ਹੈ।
ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਉਣ ਤੋਂ ਬਾਅਦ 'ਸਿਧ ਗੋਸਟਿ' ਦੀ ਬਾਣੀ ਦਾ ਉਚਾਰਨ ਕੀਤਾ। ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਮਕਲੀ ਰਾਗ ਵਿਚ ਸੁਭਾਇਮਾਨ ਹੈ। 'ਸਿਧ ਗੋਸਟਿ' ਦੀ ਲੰਮੀ ਬਾਣੀ ਵਿਚ ਕੇਵਲ ਇਕ ਹੀ 'ਰਹਾਉ' ਆਉਂਦਾ ਹੈ, ਸਾਰੀ ਬਾਣੀ ਦਾ ਇਨ੍ਹਾਂ ਰਹਾਉ ਦੀਆਂ ਪੰਗਤੀਆਂ ਵਿਚ ਸਾਰ ਹੈ। 'ਸਿਧ ਗੋਸਟਿ' ਦੀ ਬਾਕੀ ਪਾਵਨ ਬਾਣੀ ਵਿਚ ਤਾਂ ਸਿਧਾਂ ਨਾਲ ਪ੍ਰਸ਼ਨ-ਉੱਤਰਾਂ ਵਿਚ ਹੋਈ ਵਾਰਤਾਲਾਪ ਹੈ। ਗੁਰੂ ਨਾਨਕ ਦੇਵ ਜੀ ਨੇ ਸਿਧਾਂ ਜੋਗੀਆਂ ਨੂੰ ਸੰਸਾਰ ਦੀ ਨਾਸ਼ਮਾਨਤਾ ਬਾਰੇ ਸਮਝਾਇਆ ਹੈ ਅਤੇ ਇਸ ਲੁਕਾਈ ਦੀਆਂ ਜ਼ਿੰਮੇਵਾਰੀਆਂ ਵਿਚ ਵਿਚਰਦਿਆਂ ਹੋਇਆ ਵੀ ਨਿਰਲੇਪਤਾ ਦਾ ਜੀਵਨ ਜੀਉਣ ਦਾ ਅਸਲ ਰਾਹ/ਜੁਗਤੀ ਦੱਸੀ ਹੈ।
ਸਿਧ ਵੀ ਉਚ ਕੋਟੀ ਦੇ ਵਿਦਵਾਨ ਸਨ। ਗੁਰੂ ਸਾਹਿਬ ਜੀ ਨਾਲ ਮੁਲਾਕਾਤਾਂ ਸਮੇਂ ਉਨ੍ਹਾਂ ਨੇ ਸਤਿਗੁਰੂ ਜੀ ਨੂੰ ਔਖੇ ਸੁਆਲ ਕੀਤੇ। ਇਨ੍ਹਾਂ ਸੁਆਲਾਂ ਸਮੇਂ ਉਨ੍ਹਾਂ ਦੀ ਬੋਲੀ ਅਤੇ ਲਹਿਜ਼ੇ ਵਿਚ ਕਈ ਵਾਰੀ ਉਤਰਾਅ-ਚੜ੍ਹਾਅ ਵੀ ਆਏ। 'ਅਕਾਲ ਰੂਪ' ਸਤਿਗੁਰੂ ਜੀ ਨੇ ਉਨ੍ਹਾਂ ਦੇ ਹਰ ਸੁਆਲ ਦਾ ਜੁਆਬ ਪੂਰੇ ਸਹਿਜ ਟਿਕਾਅ ਨਾਲ ਹੀ ਦਿੱਤਾ। ਜਿਹੜੇ ਸਿੱਧ, ਪਹਿਲਾਂ ਸਤਿਗੁਰੂ ਜੀ ਨੂੰ 'ਬਾਲਕਾ' ਆਖ ਕੇ ਬੁਲਾ ਰਹੇ ਸਨ, ਉਹ ਸਤਿਗੁਰੂ ਜੀ ਨੂੰ ਸੁਆਮੀ ਆਖਣ ਲਈ ਮਜਬੂਰ ਹੋ ਗਏ। ਸਿਧ ਗੋਸਟਿ ਬਾਣੀ ਦੇ ਟੀਕੇ ਤਾਂ ਪਹਿਲਾਂ ਵੀ ਵਿਦਵਾਨਾਂ ਵਲੋਂ ਕੀਤੇ ਗਏ ਹਨ ਪਰ ਹੱਥਲੀ ਪੁਸਤਕ ਰਾਹੀਂ ਲੇਖਕ ਨੇ ਇਸ ਪਾਵਨ ਬਾਣੀ ਦੀ ਵਿਸਤ੍ਰਤ ਕਥਾ ਵੀਚਾਰ ਸੰਗਤਾਂ/ਪਾਠਕਾਂ ਤੀਕ ਪਹੁੰਚਾਉਣ ਦਾ ਸੁੰਦਰ ਤੇ ਪ੍ਰਸ਼ੰਸਾਯੋਗ ਉਪਰਾਲਾ ਕੀਤਾ ਹੈ। ਗ੍ਰੰਥੀ ਜਨਾਂ ਪ੍ਰਚਾਰਕਾਂ, ਧਰਮ ਵਿਦਿਆਰਥੀਆਂ ਲਈ ਪੁਸਤਕ ਪੜ੍ਹਨ ਯੋਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 c c

 


ਚੱਪੇ ਚੱਪੇ ਰੁੱਖ
ਲੇਖਕ: ਡਾ. ਹਰਨੇਕ ਸਿੰਘ ਕਲੇਰ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 150, ਸਫੇ : 87
ਸੰਪਰਕ : 0172 5027552

'ਚੱਪੇ ਚੱਪੇ ਰੁੱਖ' ਡਾ. ਹਰਨੇਕ ਸਿੰਘ ਕਲੇਰ ਦਾ ਬਹੁਤ ਹੀ ਪਿਆਰਾ ਬਾਲ ਨਾਵਲ ਹੈ। ਨਾਂਅ ਤੋਂ ਹੀ ਪਤਾ ਲਗਦਾ ਹੈ ਕਿ ਇਹ ਨਾਵਲ ਅਜੋਕੇ ਭਖਦੇ ਮਸਲੇ ਵਾਤਾਵਰਨ ਨਾਲ ਹੀ ਸੰਬੰਧਿਤ ਹੈ। ਇਸ ਤੋਂ ਪਹਿਲਾਂ ਡਾ. ਹਰਨੇਕ ਸਿੰਘ ਕਲੇਰ ਗਿਆਰਾਂ ਕਿਤਾਬਾਂ ਵੱਖ-ਵੱਖ ਵਿਧਾਵਾਂ ਦੇ ਵਿਚ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਜ਼ਿਆਦਾ ਰੁਚੀ ਉਨ੍ਹਾਂ ਦੀ ਬਾਲ ਸਾਹਿਤ ਵੱਲ ਹੀ ਹੈ। ਨਾਵਲ ਦੀ ਸਾਰੀ ਕਹਾਣੀ ਮਹੇਲੀ ਪਿੰਡ ਦੇ ਤਿੰਨ ਪਾੜੂਆਂ ਅਮਰ, ਮੀਤੇ ਅਤੇ ਬੱਲੀ ਦੁਆਲੇ ਘੁੰਮਦੀ ਹੈ ਜੋ ਕਿ ਪਿੰਡੋਂ ਪ੍ਰਾਇਮਰੀ ਪਾਸ ਕਰਕੇ ਨਾਲ ਦੇ ਪਿੰਡ ਰੇਤਗ੍ਹੜ ਦੇ ਹਾਈ ਸਕੂਲ ਵਿਚ ਦਾਖਲਾ ਲੈ ਲੈਂਦੇ ਹਨ। ਅਮਰ ਸਿੰਘ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ਜਿਸ ਨੂੰ ਦੂਜੇ ਦੋਵੇਂ ਦੋਸਤ 'ਮਾਸਟਰ ਜੀ' ਕਹਿ ਕੇ ਬੁਲਾਉਂਦੇ ਹਨ। ਨਾਵਲਕਾਰ ਨੇ ਬਾਲ ਉਮਰੇ ਬਾਲਾਂ ਦੀਆਂ ਸ਼ਰਾਰਤਾਂ ਅਤੇ ਆਪਣੇ ਅਧਿਆਪਕਾਂ ਬਾਰੇ ਜੋ ਗੱਲਾਂ ਪੇਸ਼ ਕੀਤੀਆਂ ਹਨ, ਉਹ ਬਹੁਤ ਹੀ ਕਮਾਲ ਦੀਆਂ, ਠੇਠ ਅਤੇ ਸਰਲ ਬੋਲੀ ਵਿਚ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤੀਆਂ ਹਨ। ਤਿੰਨੋਂ ਦੋਸਤ ਸਕੂਲੋਂ ਘਰ ਆ ਕੇ ਵੀ ਇਕੱਠੇ ਪੜ੍ਹਦੇ ਹਨ। ਸ਼ਾਮ ਨੂੰ ਮੈਦਾਨ ਵਿਚ ਖੇਡਣ ਚਲੇ ਜਾਂਦੇ ਹਨ, ਉਥੇ ਇਕ ਸੇਵਾਮੁਕਤ ਪੀ.ਟੀ. ਮਾਸਟਰ ਜਗਤਾਰ ਸਿੰਘ ਵੀ ਆਉਂਦਾ ਸੀ, ਉਸ ਨੇ ਉਥੇ ਆਪਣਾ ਦਫ਼ਤਰ ਬਣਾਇਆ ਹੋਇਆ ਸੀ। ਉਹ ਸਾਰੇ ਬੱਚਿਆਂ ਦੀ ਵੱਖ-ਵੱਖ ਖੇਡਾਂ ਵਿਚ ਯੋਗ ਅਗਵਾਈ ਵੀ ਕਰਦਾ ਸੀ। ਜਿੱਥੇ ਉਸ ਨੇ 'ਖੇਡ ਕਲੱਬ' ਬਣਾ ਕੇ ਖਿਡਾਰੀਆਂ ਦੀਆਂ ਵੱਖ ਵੱਖ ਡਿਊਟੀਆਂ ਲਗਵਾ ਦਿੱਤੀਆਂ ਸਨ, ਉਥੇ ਹੀ ਵਿਗੜ ਰਹੇ ਵਾਤਾਵਰਨ ਨੂੰ ਵੇਖਦਿਆਂ ਹੋਇਆਂ 'ਹਰੀ ਭਰੀ ਧਰਤੀ' ਸਭਾ ਬਣਾ ਕੇ ਪੌਦੇ ਲਾਉਣ ਦੀ ਮਹਿੰਮ ਵੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਸੀ। ਸਾਰੇ ਮਹੇਲੀ ਪਿੰਡ ਨੇ ਜਿੱਥੇ ਖੇਡਾਂ ਵਿਚ ਪਿੰਡ ਦੇ ਖਿਡਾਰੀਆਂ ਦਾ ਪੂਰਾ ਸਾਥ ਦਿੱਤਾ ਉਥੇ ਹਰੀ ਭਰੀ ਮੁਹਿੰਮ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਸੀ। ਦਿਨਾਂ ਵਿਚ ਪਿੰਡ ਮਹੇਲੀ ਦੀ ਇਲਾਕੇ ਵਿਚ ਜ਼ੋਰਾਂ-ਸ਼ੋਰਾਂ ਨਾਲ ਚਰਚਾ ਹੋਣ ਲੱਗੀ ਸੀ ਅਖ਼ਬਾਰਾਂ ਵਿਚ ਖ਼ਬਰਾਂ ਆਉਣ ਲੱਗ ਗਈਆਂ ਸਨ। ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਬਹੁਤ ਵੱਡੇ ਇਕੱਠ ਵਿਚ ਸਨਮਾਨਿਤ ਵੀ ਕਰ ਦਿੱਤਾ ਸੀ। ਉਸ ਤੋਂ ਬਾਅਦ ਏਹੀ ਬੱਚੇ ਆਪਣੀ ਸਕੂਲੀ ਪੜ੍ਹਾਈ ਕਰਕੇ ਵੱਖ-ਵੱਖ ਖੇਤਰਾਂ ਵਿਚ ਚਲੇ ਗਏ ਸਨ। ਪਰ ਅਮਰ ਸਿੰਘ ਪੜ੍ਹਨ ਨੂੰ ਬਹੁਤ ਹੁਸ਼ਿਆਰ ਹੋਣ ਕਰਕੇ ਡਾਕਟਰ ਬਣ ਗਿਆ ਸੀ। ਬਾਅਦ ਵਿਚ ਉਸ ਨੇ ਵੇਖਿਆ ਵਿਕਾਸ ਦੇ ਨਾਂਅ ਹੇਠ ਬਹੁਤ ਸਾਰੇ ਰੁੱਖ ਪੱਟੇ ਗਏ ਸਨ, ਉਸ ਨੂੰ ਬੜਾ ਦੁੱਖ ਹੋਇਆ ਸੀ। ਉਸ ਨੇ ਦੁਬਾਰਾ ਫੇਰ ਸਾਰੇ ਪਿੰਡ ਨੂੰ ਇਕੱਠੇ ਕਰਕੇ 'ਹਰੀ ਭਰੀ ਧਰਤੀ ਸਭਾ' ਬਣਾ ਲਈ ਸੀ ਚੰਗੇ ਵਾਤਾਵਰਨ ਦੀ ਮਹੱਤਤਾ ਦੱਸ ਕੇ ਸਾਰੇ ਪਿੰਡ ਨੂੰ ਆਪਣੇ ਨਾਲ ਤੋਰ ਲਿਆ ਸੀ। ਅੱਜ ਓਹੀ ਪਿੰਡ 'ਰੁੱਖਾਂ ਵਾਲਾ ਪਿੰਡ' ਵੱਜਦਾ ਸੀ। ਸੋ ਇਹ ਬਹੁਤ ਪਿਆਰਾ ਅਤੇ ਨਿਆਰਾ ਸਮੇਂ ਤੇ ਢੁੱਕਦਾ ਨਾਵਲ ਪੜ੍ਹ ਕੇ ਬਾਲ ਮਨਾਂ ਵਿਚ ਚੰਗੇ ਵਾਤਾਵਰਨ ਦੀ ਲੋੜ ਅਤੇ ਮਹੱਤਵ ਸਮਝ ਕੇ ਆਪਣੇ ਦੇਸ਼ ਵਿਚ ਰੁੱਖਾਂ ਦੀ ਭਰਮਾਰ ਕਰਨਗੇ। ਮੈਂ ਡਾ. ਹਰਨੇਕ ਸਿੰਘ ਕਲੇਰ ਨੂੰ ਪੰਜਾਬੀ ਮਾਂ ਬੋਲੀ ਅਤੇ ਬਾਲ ਪਾਠਕਾਂ ਦੀ ਝੋਲੀ ਸ਼ਾਨਦਾਰ ਪੁਸਤਕ ਪਾਉਣ 'ਤੇ ਮੁਬਾਰਕਬਾਦ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896.

ਸਾਡਾ ਪਿੰਡ ਕਲੌੜ
ਲੇਖਕ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 250 ਰੁਪਏ, ਸਫ਼ੇ : 175
ਸੰਪਰਕ : 98141-57137

59 ਲੇਖਾਂ ਨਾਲ ਲਬਰੇਜ਼ 8 ਭਾਗਾਂ ਵਿਚ ਫੈਲੀ-ਪਸਰੀ ਇਸ ਪੁਸਤਕ ਦੇ ਲੇਖਕ ਦਾ ਕਹਿਣਾ ਹੈ, 'ਪਿੰਡ ਦੇ ਇਕ ਚੋਬਰ ਨੇ ਪੁੱਛਿਆ, 'ਕੀ ਇਸ ਪਿੰਡ ਦਾ ਕੋਈ ਦਸਤਾਵੇਜ਼ ਹੈ?' ਮੇਰਾ ਉੱਤਰ ਸੀ, 'ਪਿੰਡ ਤਾਂ ਕਾਫੀ ਪੁਰਾਣਾ ਹੈ ਪਰ ਇਸ ਦਾ ਲਿਖਤੀ ਇਤਿਹਾਸ ਕੋਈ ਨਹੀਂ ਮਿਲਦਾ।' ਸਪੱਸ਼ਟ ਹੈ ਕਿ ਲੇਖਕ ਦੀ ਟੇਕ ਕਹੀਆਂ-ਸੁਣੀਆਂ (ਮੌਖਿਕ ਇਤਿਹਾਸ), ਦੇਖੀਆਂ ਅਤੇ ਹੱਡੀਂ ਹੰਡਾਈਆਂ ਗੱਲਾਂ 'ਤੇ ਰਹੀ। ਉਸ ਕਿਹਾ, 'ਇਕੇਂਰਾ ਕੁਝ ਨਾ ਕੁਝ ਲਿਖਿਆ ਜਾਵੇ, ਸੋਧਾਂ ਤੇ ਵਾਧੇ ਹੁੰਦੇ ਰਹਿਣਗੇ।'
ਹਾਂ, ਇਹ ਕਿਤਾਬ ਬਹੁਤਾ ਕਰਕੇ ਤਾਂ ਪਿੰਡ ਵਾਲਿਆਂ ਲਈ ਹੀ ਇਕ ਪੈਰ ਧਰਾਵਾਂ ਪਰ ਸਾਂਭਣਯੋਗ ਦਸਤਾਵੇਜ਼ ਹੈ ਪ੍ਰੰਤੂ ਸਥਾਨਕ ਇਤਿਹਾਸ ਅਤੇ ਮਾਰਗ-ਦਰਸ਼ਕ ਆਮ-ਖ਼ਾਸ ਸਥਾਨਕ ਨਾਇਕਾਂ ਦੇ ਰੇਖਾ-ਚਿਤਰਾਂ ਸਮੇਤ, ਇਸ ਦੀਆਂ ਕੁਝ ਲਿਖਤਾਂ ਹੋਰਾਂ ਲਈ ਵੀ ਲਾਹੇਵੰਦ ਹਨ:
ਪਹਿਲੀ : ਇਹ ਕਿਤਾਬ ਸਿੰਘ ਸਭੀਏ ਦਾਨਿਸ਼ਵਰ ਦਿੱਤ ਸਿੰਘ, ਜਿਸਦਾ ਇਥੇ ਜਨਮ (ਨਾਨਕਾ ਪਿੰਡ) ਹੋਇਆ ਦੇ ਜੀਵਨ ਸੰਘਰਸ਼, ਵਿਖਿਆਨਾ, ਲਿਖਤਾਂ ਅਤੇ ਸਰਗਰਮੀਆਂ ਨੇ ਸਿੱਖੀ ਮਾਰਗ-ਦਰਸ਼ਨ ਦੇ ਹਕੀਕੀ ਚੌਖਟੇ ਖੋਲ੍ਹੇ, ਬਾਰੇ ਕੁਝ ਨਵੀਆਂ ਕਨਸੋਆਂ ਦਿੰਦੀ ਹੈ।
ਦੂਜਾ : ਇਹ ਪੁਸਤਕ ਗੁਲਾਬਦਾਸੀ ਸੰਪਰਦਾ ਦੇ ਕਰਮਯੋਗੀ ਗੁਲਾਬ ਦਾਸ ਅਤੇ ਉਸ ਦੀ ਪ੍ਰੇਮਿਕਾ ਪੀਰੋ (ਪੰਜਾਬੀ ਦੀ ਪਹਿਲੀ ਕਵਿਤਰੀ) ਅਤੇ ਉਨ੍ਹਾਂ ਵਲੋਂ ਸਥਾਪਿਤ ਸੰਪਰਦਾ ਤੇ ਉਸ ਦੀਆਂ ਸਰਗਰਮੀਆਂ ਬਾਰੇ ਵੀ ਨਵੇਂ ਭੇਦ ਖੋਲ੍ਹਦੀ ਹੈ।
ਤੀਜੀ ਗੱਲ : ਜਿਹੜੀ ਇਸ ਪੁਸਤਕ ਦਾ ਹਾਸਿਲ ਹੈ, ਉਹ ਹੈ ਗ਼ਦਰ ਪਾਰਟੀ ਦੇ ਉੱਘੇ ਰੁਕਨ ਗਿ. ਸੰਤਾ ਸਿੰਘ ਉਰਫ਼ ਗ੍ਰੰਥੀ ਲਖਮੀਰ ਸਿੰਘ ਦੀ ਜੰਗ-ਏ-ਆਜ਼ਾਦੀ ਵਿਚ ਬੇਜੋੜ ਘਾਲਣਾ ਸਮੇਤ ਉਸ ਨਾਲ ਸੰਬੰਧਿਤ ਲੁਕੀਆਂ-ਛੁਪੀਆਂ ਉਹ ਮਾਰਮਿਕ ਗੱਲਾਂ ਜਿਹੜੀਆਂ ਪਹਿਲਾਂ ਪੜ੍ਹਨ-ਸੁਣਨ ਨੂੰ ਨਹੀਂ ਮਿਲੀਆਂ।

-ਵਿਜੈ ਬੰਬੇਲੀ
ਮੋਬਾਈਲ : 94634 39075

c c c

ਦੁੱਖ ਗੁਲਾਮੀ ਵਾਲੇ
ਕਵੀ : ਹਾਕਮ ਸਿੰਘ ਨੂਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120, ਸਫ਼ੇ : 96
ਸੰਪਰਕ : 94654-63602

ਹਥਲੀ ਕਾਵਿ ਪੁਸਤਕ ਦੋਹਿਆਂ, ਰੁਬਾਈਆਂ, ਗੀਤਾਂ ਅਤੇ ਵਾਰਤਕ ਕਵਿਤਾਵਾਂ ਤੋਂ ਬਿਨਾਂ 17 ਸਫ਼ਿਆਂ ਵਿਚ ਫੈਲੇ ਨਾਟਕ ਦਾ ਗੁਲਦਸਤਾ ਹੈ। ਡਾ. ਅੰਬੇਡਕਰ ਦੇ ਦਰਸਾਏ ਰਾਜਨੀਤਕ ਰਾਹ ਦਾ ਡੂੰਘਾ ਮੁਤਾਲਿਆ ਕਰ ਚੁੱਕੇ ਹਾਕਮ ਸਿੰਘ ਨੂਰ ਦੀ ਕਵਿਤਾ ਉਤੇ ਡੂੰਘੀ ਪਰ ਸਹਿਜ ਪਕੜ ਹੈ। ਕਵੀ ਲੋਕ ਸਰੋਕਾਰਾਂ ਦਾ ਸ਼ਾਇਰ ਹੈ। ਨੂਰ ਮਹਿਜ ਕਵਿਤਾ ਰਚਦਾ ਨਹੀਂ ਸਗੋਂ ਸਿਰਜੀ ਕਵਿਤਾ ਨੂੰ ਸਟੇਜ ਉਤੇ ਖੁਦ ਗਾ ਕੇ ਵੀ ਪੇਸ਼ ਕਰਦਾ ਹੈ। ਅਸਲ ਵਿਚ ਨੂਰ ਮਾਰਕਸਵਾਦ ਦੇ ਅਸਰ ਹੇਠ ਕਵੀ ਦੇ ਤੌਰ 'ਤੇ ਪੇਸ਼ ਹੋ ਕੇ ਖੁਸ਼ੀ ਪ੍ਰਾਪਤ ਕਰਦਾ ਹੈ। ਆਰਥਿਕ ਪੱਖੋਂ ਝੰਬੇ ਅਤੇ ਰਾਜਨੀਤੀ ਦੇ ਲਿਤਾੜੇ ਲੋਕਾਂ ਦਾ ਦਰਦ ਉਸ ਦੀ ਕਵਿਤਾ ਵਿਚੋਂ ਝਰਦਾ ਹੈ।
ਲੋਕ ਕਵੀ ਹਾਕਮ ਸਿੰਘ ਨੂਰ ਪ੍ਰਗਤੀਵਾਦੀ ਲਹਿਰ ਦਾ ਕਵੀ ਹੈ, ਉਸ ਨੇ ਕਵਿਤਾ ਦੀਆਂ ਵੱਖ-ਵੱਖ ਵਿਧਾਵਾਂ ਜਾਂ ਰੂਪਾਂ ਨੂੰ ਬੜੇ ਪ੍ਰਮਾਣਿਕ ਤੌਰ 'ਤੇ ਵਰਤਿਆ ਤੇ ਨਿਭਾਇਆ ਹੈ। ਹਾਕਮ ਨੂਰ ਦੇ 175 ਦੋਹੇ ਆਪਣੇ-ਆਪ ਵਿਚ ਸੰਪੂਰਨ ਅਤੇ ਫਲਾਸਫੀ ਆਈ ਧਾਰਨਾ ਦੇ ਲਖਾਇਕ ਹਨ। ਇਨ੍ਹਾਂ ਦੋਹਿਆਂ ਵਿਚ ਕਵੀ ਵੱਖ-ਵੱਖ ਧਰਮਾਂ ਜਾਤਾਂ ਵਿਚ ਪਈਆਂ ਵੰਡੀਆਂ ਨੂੰ ਚੁਰਾਹੇ ਵਿਚ ਖਲ੍ਹਾਰਦਾ ਹੈ:
ਹਿੰਦੂ ਮੋਮਨ ਨਾ ਅਸੀਂ ਨਾ ਇਸਾਈ ਜਾਣ
ਮੂਲ ਭਾਰਤੀ ਲੋਕ ਹਾਂ ਇਹ ਸਾਡੀ ਪਹਿਚਾਣ।
ਹੱਡ ਮਾਸ ਤੇ ਨਾੜੀਆਂ ਇਕੋ ਪਿੰਜਰ ਖ਼ੂਨ,
ਜਾਤਪਾਤ ਤੇ ਧਰਮ ਦੇ ਪੁਆੜੇ ਪਾਏ ਜਨੂਨ।
ਦਲਿਤ ਸਮਾਜ ਦੀ ਜ਼ਮੀਨੀ ਹਕੀਕਤ ਨੂੰ ਨੂਰ ਬਾਖੂਬੀ ਜਾਣਦਾ ਹੈ ਤੇ ਕਵਿਤਾ ਵਿਚ ਪੇਸ਼ ਕਰਦਾ ਹੈ:
ਕਹੋ ਗੱਜ ਕੇ ਹੁਣ ਨਹੀਂ ਜੀਣਾ ਮੂੰਹੀਂ ਤਾਲੇ ਲਾ ਕੇ,
ਅੱਖਾਂ ਦੇ ਬੂਹੇ ਬੰਦ ਕਰਕੇ, ਕੰਨੀ ਸਿੱਕਾ ਪਾ ਕੇ
ਜਿਨ੍ਹਾਂ ਗਲੀਆਂ ਵਿਚ ਕਲ੍ਹ ਸੀ ਕੱਖਾਂ ਵਾਂਗ ਰੁਲ ਦੇ,
ਨੂਰ ਕਲ੍ਹ ਨੂੰ ਉਨ੍ਹਾਂ ਵਿਚ ਦੀ ਲੰਘਣਾ ਤਾਜ ਸਜਾ ਕੇ।
'ਨੂਰ' ਦੇ ਗੀਤ ਮਹਿਜ ਪ੍ਰੰਪਰਾਵਾਦੀ ਨਹੀਂ ਹਨ ਸਗੋਂ ਉਨ੍ਹਾਂ ਵਿਚ ਵੀ ਦਲਿਤ ਚੇਤਨਾ ਦਾ ਜਲੌਅ ਹੈ:
ਸਦੀਆਂ ਤੋਂ ਸੁੱਤੇ ਵੀਰਾ ਕਦਮ ਉਠਾ ਬਈ
ਉਡੀਕਦੀਆਂ ਮੰਜ਼ਿਲਾਂ ਅਜ ਤੇਰਾ ਰਾਹ ਬਈ।
ਉਸ ਦਾ ਇਕਾਂਗੀ ਵੀ ਸਟੇਜ ਉਤੇ ਸਫ਼ਲ ਹੋਣ ਦੇ ਗੁਣ ਰੱਖਦਾ ਹੈ। ਕੁੱਲ ਮਿਲਾ ਕੇ ਉਸ ਦੀ ਹੱਥਲੀ ਕਾਵਿ ਪੁਸਤਕ 'ਦੁੱਖ ਗੁਲਾਮੀ ਵਾਲੇ' ਦੱਬੇ ਕੁੱਚਲੇ ਤੇ ਪਛਾੜੇ ਲੋਕਾਂ ਦੀ ਜ਼ੁਬਾਨ ਹੈ। ਪੁਸਤਕ ਦੀਆਂ ਕਾਵਿ ਰਚਨਾਵਾਂ ਸਟੇਜਾਂ ਉਤੇ ਗਾਈਆਂ ਜਾਣ ਵਾਲੀਆਂ ਅਤੇ ਅਸਰ ਛੱਡਣ ਵਾਲੀਆਂ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

c c c

ਧੁੱਪਾਂ 'ਚ ਤਪੇ ਰੰਗ
ਲੇਖਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 160 ਰੁਪਏ, ਸਫੇ: 104
ਸੰਪਰਕ : 98158-94856

'ਧੁੱਪਾਂ 'ਚ ਤਪੇ ਰੰਗ' ਕਾਵਿ-ਸੰਗ੍ਰਹਿ ਦਰਸ਼ਨ ਬੋਪਾਰਾਏ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਤਾਜ਼ਾ ਫਰਮਾਨ' ਤੋਂ ਲੈ ਕੇ ਉਹ 'ਫੋਨ ਕਿਉਂ ਨਹੀਂ ਕਰਦੇ' ਤੱਕ 43 ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਇਕ ਕਵਿਤਾ 'ਤਸਦੀਕ' ਪਿਛਲੇ ਮੁੱਖ ਪੰਨੇ 'ਤੇ ਛਾਪ ਕੇ ਦੁਸ਼ਵਾਰੀਆਂ ਦੀ ਅਣਹੋਂਦ 'ਚ ਮਨੁੱਖ ਦੇ ਆਪਣਾ-ਆਪ ਟਟੋਲ ਕੇ ਜਿਊਂਦੇ ਹੋਣ ਦੀ ਤਸਦੀਕ ਕਰਦਿਆਂ ਮਨੁੱਖ ਦੀ ਅੰਦਰੂਨੀ ਸੰਵੇਦਨਸ਼ੀਲਤਾ ਦਾ ਸੰਕੇਤ ਦਿੱਤਾ ਹੈ। ਇਨ੍ਹਾਂ ਕਵਿਤਾਵਾਂ ਦੇ ਸਿਰਲੇਖਾਂ 'ਚ 'ਧੁੱਪਾਂ', 'ਤਪੇ ਰੰਗ', 'ਫਰਮਾਨ', 'ਰੌਸ਼ਨੀ', 'ਸਫ਼ਰ', 'ਅੰਦਰਲੇ ਹਨੇਰੇ', 'ਪੌਣ', 'ਨ੍ਹੇਰ ਘੁੱਪ ਰਾਤ', 'ਤਰਾਜੂ ਵਾਲਾ ਥੰਮ੍ਹ', 'ਜ਼ਮੀਰਾਂ', 'ਪਗੜੀ', 'ਲੋਕਤੰਤਰ', 'ਇਕ ਰੰਗਾ ਤਿਉਹਾਰ', 'ਬੇਰਹਿਮ', 'ਬੇਦਰਦ', 'ਬੇਵਫ਼ਾ', 'ਖਿਡੌਣਾ', 'ਸੰਸਾਰੀਕਰਨ', 'ਚੌਂਕੀਦਾਰ' ਅਤੇ 'ਵਿਕਾਸ ਦਾ ਮੰਤਰ' ਆਦਿ-ਆਦਿ ਆਏ ਸ਼ਬਦ ਪਾਠਕ ਦੇ ਮਨ-ਮਸਤਕ 'ਚ ਅਠੂੰਹਿਆਂ ਦੇ ਡੰਗਣ ਵਾਂਗ ਅਨੇਕਾਂ ਸਵਾਲ ਦਰ ਸਵਾਲ ਖੜ੍ਹੇ ਕਰੀ ਜਾਂਦੇ ਹਨ। ਮੇਰੀ ਜਾਚੇ ਇਹੀ ਕਵਿਤਾ ਦੀ ਅਜ਼ਾਮਤ ਹੈ ਕਿ ਉਹ ਪੜ੍ਹਨ/ਸੁਣਨ ਵਾਲੇ ਨੂੰ ਵਰਤਮਾਨ ਸਥਿਤੀ ਤੇ ਸੋਚਣ ਲਈ ਸੋਚੀਂ ਪਾ ਦੇਵੇ। 'ਵਿਕ ਗਿਆ ਤਰਾਜੂ ਵਾਲਾ ਥੰਮ੍ਹ' ਕਵਿਤਾ ਨਿਆਂ-ਪਾਲਿਕਾ ਦੇ ਦੰਭੀ ਕਿਰਦਾਰ ਨੂੰ ਜਿਥੇ ਨੰਗਿਆਂ ਕਰਦੀ ਹੈ, ਉਥੇ ਵਿਵਸਥਾ ਦੀ ਢੀਠਤਾਈ ਤੇ ਬੇਹਯਾਈ ਨੂੰ ਵੀ ਬੇਪਰਦ ਕਰਦੀ ਹੈ:
ਕਿਤੇ ਕੋਈ ਜ਼ਿਕਰ ਨਹੀਂ
ਨਾ ਨਮੋਸ਼ੀ, ਨਾ ਮਾਤਮ,
ਨਾ ਕੋਈ ਸਹਿਮ
'ਇਹ ਲੋਕ ਰਾਜ ਹੈ'
ਸੁੱਤੇ ਪਏ ਬੇਲੀਓ
ਤੇਰਾ ਮੇਰਾ ਨਿਰਾ ਵਹਿਮ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਪਾਰ/ਚਿੰਤਨ ਕਰਦਿਆਂ ਪਾਠਕ ਮਹਿਸੂਸ ਕਰੇਗਾ ਕਿ ਮੌਜੂਦਾ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਮਸਲਿਆਂ ਨੂੰ ਸਿੱਧਿਆਂ ਪਾਠਕ ਅੱਗੇ ਨਹੀਂ ਪਰੋਸਿਆ ਗਿਆ ਸਗੋਂ ਵਿਅੰਗਾਤਮਕ ਭਾਸ਼ਾ, ਸ਼ੈਲੀ, ਸ਼ਬਦਾਵਲੀ ਰਾਹੀਂ ਵਿੰਗੀ ਉਂਗਲ ਕਰਕੇ ਘਿਓ ਕੱਢਣ ਦਾ ਸਲੀਕਾ ਅਪਣਾਇਆ ਗਿਆ ਹੈ। 'ਅੰਦਰਲੇ ਹਨੇਰੇ' ਕਵਿਤਾ ਦੀਆਂ ਇਹ ਸਤਰਾਂ : 'ਪਰ ਮੈਂ ਕਹਿ ਨਹੀਂ ਪਾਇਆ, ਸ਼ਾਇਦ ਕੋਈ ਮੇਰੇ ਅੰਦਰਲਾ, ਹਨੇਰ ਹੀ ਮੇਰੇ ਰੂਬਰੂ ਹੋਇਆ ਹੋਏਗਾ।' ਗੌਲਣਯੋਗ ਹਨ। 'ਖੁਸ਼ਆਮਦੀਦ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

c c c

 

ਨਾ ਵੇ ਸ਼ਾਸਕਾ...
ਲੇਖਕ : ਭੁਪਿੰਦਰ ਸਿੰਘ ਭਾਗੋਮਾਜਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਸ਼ਰ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99888-71437

ਨਾ ਵੇ ਸ਼ਾਸਕਾ (ਕਾਵਿਸੰਗ੍ਰਹਿ) ਦੀ ਪੁਸਤਕ ਦੇ ਲੇਖਕ ਭੁਪਿੰਦਰ ਸਿੰਘ ਭਾਗੋਮਾਜਰਾ ਹਨ। ਇਸ ਪੁਸਤਕ ਵਿਚ ਲੇਖਕ ਨੇ ਆਪਣੀਆਂ 65 ਰਚਨਾਵਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਲੇਖਕ ਸੇਵਾਮੁਕਤ ਲੈਕਚਰਾਰ ਹੈ। ਅਧਿਆਪਨ ਦੇ ਕਾਰਜਕਾਲ ਵਿਚ ਅਨੇਕਾਂ ਪ੍ਰਸਥਿਤੀਆਂ ਵਿਚ ਗੁਜ਼ਰਿਆ ਹੋਇਆ ਹੈ ਤੇ ਇਨ੍ਹਾਂ ਦੀਆਂ ਲਿਖਤਾਂ ਵਿਚ ਇਨ੍ਹਾਂ ਦੀ ਲੰਬੀ ਉਡਾਰੀ ਦੀ ਉਸਾਰੂ ਸੋਚ ਸਾਫ਼ ਝਲਕਦੀ ਹੈ। ਲੇਖਕ ਕਿਰਤੀ ਸਮਾਜ 'ਚੋਂ ਉਠ ਕੇ ਆਪਣੀ ਮਿਹਨਤ ਸਦਕੇ ਮੁਕਾਮ 'ਤੇ ਪੁੱਜੇ ਹੋਣ ਕਰਕੇ ਜੀਵਨ ਦੇ ਵਿਚ ਵੇਖੀਆਂ ਅਨੇਕਾਂ ਘਟਨਾਵਾਂ, ਵਤੀਰੇ, ਕੁਰੀਤੀਆਂ, ਸਮਾਜਿਕ ਮੁੱਦੇ, ਪੰਜਾਬੀ ਮਾਂ-ਬੋਲੀ ਦੇ ਨਾਲ ਪਿਆਰ, ਇਤਿਹਾਸਕ ਜਾਣਕਾਰੀ, ਰੁਮਾਂਸਵਾਦੀ ਲਿਖਤਾਂ 'ਤੇ ਹੱਥ ਅਜ਼ਮਾਈ ਕਰ ਚੁੱਕਿਆ ਹੈ ਅਤੇ ਲੋਕਾਈ ਦਾ ਦਰਦ ਆਪਣੇ ਪਿੰਡੇ 'ਤੇ ਹੰਡਾ ਰਿਹਾ ਹੈ। ਲੇਖਕ ਆਪਣੀ ਅੰਦਰਲੀ ਆਵਾਜ਼ ਨੂੰ ਗੀਤਾਂ ਤੇ ਕਵਿਤਾਵਾਂ ਦੇ ਰਾਹੀਂ ਪਾਠਕਾਂ ਦੇ ਸਾਹਮਣੇ ਲਿਆ ਕੇ ਦਿਲ ਦੇ ਵਲਵਲੇ ਕੱਢਦਾ ਹੈ। ਲੇਖਕ ਪੰਜਾਬੀ ਦੇ ਸਾਹਿਤਕ ਪ੍ਰੋਗਰਾਮਾਂ ਦੀ ਸ਼ਾਨ ਬਣਿਆ ਹੋਇਆ ਹੈ ਅਤੇ ਪਾਠਕ ਇਸ ਨੂੰ ਚਾਹੁਣ ਵਾਲੇ ਲੋਕ ਇਸ ਨੂੰ ਪਿਆਰ ਦੇ ਨਾਲ-ਨਾਲ ਬਹੁਤ ਸਤਿਕਾਰ ਵੀ ਦਿੰਦੇ ਹਨ। ਭੁਪਿੰਦਰ ਚੰਗਾ ਗੀਤਕਾਰ ਹੋਣ ਦੇ ਨਾਲ ਗਾਇਕੀ ਵਿਚ ਵੀ ਮੱਲ੍ਹਾਂ ਮਾਰਨ ਵਾਲਾ ਹੈ। ਇਸ ਦਾ ਮਨ ਉੱਚੀਆਂ-ਉੱਚੀਆਂ ਉਡਾਰੀਆਂ ਮਾਰਦਾ ਹੋਇਆ ਆਪਣੀਆਂ ਲਿਖਤਾਂ ਵਿਚ ਵੱਖਰਾ ਰੰਗ ਭਰਨ ਦਾ ਵੀ ਮਾਹਰ ਹੈ। ਇਸ ਦੀਆਂ ਅੱਖਾਂ, ਕੰਨ ਹਮੇਸ਼ਾ ਕੁਝ ਨਾ ਕੁਝ ਲੱਭਣ ਦੀ ਤਾਕ ਵਿਚ ਰਹਿੰਦੇ ਹਨ। ਇਹੀ ਚੰਗੇ ਲੇਖਕ ਦਾ ਗੁਣ ਕਿਹਾ ਜਾਂਦਾ ਹੈ। ਲੇਖਕ ਗੀਤ 'ਜਿਉਣਾ ਸਿੱਖ ਲੈ' ਵਿਚ ਲਿਖਦਾ ਹੈ 'ਮੌਕਾ ਦੇਖ ਕੱਚਾ ਨਹੀਂ ਢਾਉਣਾ, ਮਿਹਨਤ ਕਰਕੇ ਮੰਜ਼ਿਲ ਪਾਉਣਾ, ਜਿੱਤ ਲਈ ਤੂੰ ਹਾਰਨਾ ਸਿੱਖ ਲੈ, ਜੇਕਰ ਬੰਦਿਆ ਮੰਜਿਲ ਪਾਉਣੀ ਖੁਦ ਨੂੰ ਖੁਦ ਹੀ ਸਮਝਾਉਣਾ ਸਿੱਖ ਲੈ, ਜਿੱਤ ਲਈ ਤੂੰ ਹਾਰਨਾ ਸਿੱਖ ਲੈ।' ਇਸ ਤੋਂ ਇਲਾਵਾ ਮੈਂ ਪੰਜਾਬ ਦਾ ਜਵਾਨ, ਨਾਨਕੀ ਦਾ ਵੀਰ, ਭਾਰਤ ਮਾਂ ਦਾ ਗਹਿਣਾ, ਮੈਂ ਕੋਰੋਨਾ, ਇਹ ਕੀ ਹੋ ਗਿਆ, ਵਪਾਰੀ ਰਾਜਾ, ਅਜੇ ਤਾਕ ਨਾ ਮੁੱਕਿਆ, ਦਰਾਂ ਉਤੇ ਬੀਨ ਵਜਾ ਗਿਆ, ਬਚਪਨ, ਜਵਾਨੀ, ਨਾ ਵੇ ਸ਼ਾਸਕਾ ਆਦਿ ਰਚਨਾਵਾਂ ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ ਹੈ। ਸਮੁੱਚੀਆਂ ਰਚਨਾਵਾਂ ਸ਼ਲਾਘਾਯੋਗ ਹਨ।

-ਬਲਵਿੰਦਰ ਸਿੰਘ ਸੋਢੀ
ਮੋਬਾਈਲ : 092105-88990.
c c c

15-09-2022

 ਪੜ੍ਹਾਉਣ ਯੋਗ ਕੀ ਹੈ?
ਲੇਖਕ : ਪ੍ਰੋ. ਕ੍ਰਿਸ਼ਨ ਕੁਮਾਰ
ਅਨੁਵਾਦਕ : ਪ੍ਰੋ. ਸਤਵਿੰਦਰਪਾਲ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 168
ਸੰਪਰਕ : 94638-36591

ਇਹ ਪੁਸਤਕ ਭਾਰਤ ਦੇ ਸਕੂਲਾਂ-ਕਾਲਜਾਂ ਵਿਚ ਪੜ੍ਹਾਏ ਜਾਣ ਵਾਲੇ ਸਿਲੇਬਸਾਂ ਦੀ ਪ੍ਰਮਾਣਿਕਤਾ ਬਾਰੇ ਸੰਵਾਦ ਰਚਾਉਂਦੀ ਹੈ। ਸਾਡੇ ਇਥੇ ਸਿਲੇਬਸ ਬਣਾਉਣ ਵਿਚ ਅਧਿਆਪਿਕਾਂ ਦੀ ਭੂਮਿਕਾ ਬੜੀ ਘੱਟ ਹੁੰਦੀ ਹੈ, ਅਫ਼ਸਰ ਲੋਕ ਹੀ ਨਿਰਣਾ ਕਰਦੇ ਹਨ ਕਿ ਕਿਸ ਸ਼੍ਰੇਣੀ (ਜਮਾਤ) ਦੇ ਵਿਦਿਆਰਥੀਆਂ ਨੂੰ ਕੀ ਅਤੇ ਕਿਵੇਂ ਪੜ੍ਹਾਉਣਾ ਹੈ, ਪੇਪਰ ਕਿਵੇਂ ਲੈਣੇ ਹਨ ਅਤੇ ਉਨ੍ਹਾਂ ਦਾ ਮੁੱਲਾਂਕਣ ਕਿਨ੍ਹਾਂ ਨੇ ਅਤੇ ਕਿਸ ਪ੍ਰਕਾਰ ਕਰਨਾ ਹੈ? ਸਿੱਟੇ ਵਜੋਂ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪਿੱਛੇ ਰਹਿ ਜਾਂਦੀਆਂ ਹਨ। ਉਹ ਅਫ਼ਸਰ ਫੈਸਲੇ ਕਰਦੇ ਹਨ, ਜਿਹੜੇ ਵਿਦਿਆਰਥੀਆਂ ਦੀ ਪੱਧਰ ਉਤੇ ਉੱਤਰ ਕੇ ਜਾਂ ਉਨ੍ਹਾਂ ਦੀ ਤਰਫ਼ੋਂ ਕੋਈ ਫ਼ੈਸਲਾ ਨਹੀਂ ਲੈ ਸਕਦੇ।
ਸਿੱਖਿਆ ਦਾ ਵਰਤਮਾਨ ਮਾਡਲ ਬਸਤੀਵਾਦੀ ਹੈ। ਇਹ ਉਨ੍ਹਾਂ ਅੰਗਰੇਜ਼ ਸ਼ਾਸਕਾਂ ਦਾ ਘੜਿਆ ਹੋਇਆ ਹੈ, ਜਿਨ੍ਹਾਂ ਨੂੰ ਆਪਣਾ ਸ਼ਾਸਨ ਚਲਾਉਣ ਲਈ ਪੜ੍ਹੇ-ਲਿਖੇ ਜੀ-ਹਜ਼ੂਰੀਆਂ ਦੀ ਲੋੜ ਸੀ। ਜਿਹੜੇ ਕੋਈ ਸਵਾਲ ਨਾ ਪੁੱਛਣ ਅਤੇ ਆਪਣੇ ਦੇਸ਼ ਦੇ ਆਮ ਲੋਕਾਂ ਦੀ ਧਿਰ ਨਾ ਬਣਨ। ਬੜੀ ਹੈਰਾਨੀ ਅਤੇ ਵਿਸੰਗਤੀ ਦੀ ਗੱਲ ਹੈ ਕਿ ਅੱਜ ਵੀ ਅਸੀਂ, ਪਿਛਲੇ 75 ਵਰ੍ਹਿਆਂ ਦੀ ਆਜ਼ਾਦੀ ਉਪਰੰਤ ਵੀ ਉਸੇ ਮਾਡਲ ਨੂੰ ਚਲਾਈ ਜਾ ਰਹੇ ਹਾਂ। ਸਿੱਟੇ ਵਜੋਂ ਸਾਡੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਦਾ ਦੇਸ਼ ਦੇ ਆਮ ਲੋਕਾਂ ਨਾਲ ਕੋਈ ਰਾਬਤਾ ਨਹੀਂ ਬਣ ਸਕਿਆ। ਪ੍ਰੋ. ਕ੍ਰਿਸ਼ਨ ਕੁਮਾਰ ਨੇ 2011 ਵਿਚ ਲੰਡਨ ਯੂਨੀਵਰਸਿਟੀ ਤੋਂ ਐਜੂਕੇਸ਼ਨ ਵਿਚ ਡੀ.ਲਿਟ ਦੀ ਡਿਗਰੀ ਹਾਸਲ ਕੀਤੀ ਸੀ। ਉਸ ਨੇ 2004 ਤੋਂ 2011 ਤੱਕ ਐਨ.ਸੀ.ਆਰ.ਟੀ. ਦੇ ਡਾਇਰੈਕਟਰ ਦੇ ਅਹੁਦੇ ਉੱਪਰ ਕੰਮ ਕੀਤਾ ਅਤੇ ਅੱਜ ਕਲ੍ਹ, ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵਿਚ ਆਨਰੇਰੀ ਪ੍ਰੋਫੈਸਰ ਹਨ। ਉਹ ਬਹੁਤ ਸਾਰੀਆਂ ਯੂਨੀਵਰਸਿਟੀਆਂ ਦਾ ਵਿਜ਼ਿਟਿੰਗ-ਪ੍ਰੋਫੈਸਰ ਵੀ ਹੈ। ਹਥਲੀ ਪੁਸਤਕ ਵਿਚ ਉਸ ਨੇ ਪਾਠ-ਪੁਸਤਕੀ ਸੱਭਿਆਚਾਰ, ਵੰਡ ਪਾਊ ਸਕੂਲ ਪ੍ਰਬੰਧ, ਬੱਚਿਆਂ ਲਈ ਕਥਾ-ਕਹਾਣੀਆਂ ਦਾ ਮਹੱਤਵ, ਧਰਮ-ਨਿਰਪੱਖਤਾ ਦੀ ਰਾਜਨੀਤੀ ਅਤੇ ਅਧਿਆਪਨ, ਇਕ ਭਾਰਤੀ ਮਰਦ ਦਾ ਨਿਰਮਾਣ, ਮਹਾਤਮਾ ਗਾਂਧੀ ਦੇ ਸਿੱਖਿਆ ਸੰਬੰਧੀ ਵਿਚਾਰ ਅਤੇ ਸਿੱਖਿਆ ਤਕਨਾਲੋਜੀ ਦੀ ਵਰਤੋਂ ਆਦਿ ਵਿਸ਼ਿਆਂ ਬਾਰੇ ਬੜੇ ਅਗਰਗਾਮੀ ਅਤੇ ਇਨਕਲਾਬੀ ਵਿਚਾਰ ਪੇਸ਼ ਕੀਤੇ ਹਨ। ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੀ ਪ੍ਰੋਫ਼ੈਸਰ ਸਤਵਿੰਦਰ ਪਾਲ ਕੌਰ ਨੇ ਅੰਗਰੇਜ਼ੀ ਵਿਚ ਲਿਖੀ ਗਈ ਇਸ ਪੁਸਤਕ ਦਾ ਬੜਾ ਸੁੰਦਰ ਅਤੇ ਸਫ਼ਲ ਅਨੁਵਾਦ ਕੀਤਾ ਹੈ। ਇਹ ਪੁਸਤਕ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਲਈ ਪੜ੍ਹਨਯੋਗ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

c c c

 

ਗੁਰਮਤਿ ਗਿਆਨ
ਲੇਖਕ : ਜਸਮੇਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 95011-45039

ਇਹ ਪੁਸਤਕ ਗੁਰਮਤਿ ਗਿਆਨ ਦਾ ਭਰਪੂਰ ਖ਼ਜ਼ਾਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਅਗਾਧ ਸ਼ਬਦ ਹਨ। ਕਈ ਸ਼ਬਦ ਵੱਖ-ਵੱਖ ਇਲਾਕਿਆਂ ਦੀ ਪ੍ਰਚੱਲਿਤ ਭਾਸ਼ਾ ਵਿਚ ਦਰਜ ਹਨ। ਹਿੰਦੀ, ਫ਼ਾਰਸੀ, ਮਰਾਠੀ, ਲਹਿੰਦੀ, ਉਰਦੂ, ਸੰਸਕ੍ਰਿਤ ਦੇ ਅੱਖਰ ਵੀ ਮੌਜੂਦ ਹਨ। ਸਰਬ ਸਾਂਝੀ ਗੁਰਬਾਣੀ ਦੇ ਗੁਹਜ ਸ਼ਬਦਾਂ ਅਤੇ ਅਰਥਾਂ ਨੂੰ ਸਮਝ ਕੇ ਹੀ ਪੂਰਾ ਆਨੰਦ ਲਿਆ ਜਾ ਸਕਦਾ ਹੈ। ਸੂਝਵਾਨ ਲੇਖਕ ਨੇ ਗੁਰਬਾਣੀ ਦੇ ਅਥਾਹ ਸਮੁੰਦਰ ਵਿਚ ਗੋਤਾ ਲਾ ਕੇ ਕੁਝ ਹੀਰੇ, ਲਾਲ, ਜਵਾਹਰ ਸਾਡੀ ਨਜ਼ਰ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੂੜ੍ਹ ਨੁਕਤਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮਹਿੰਗੇ ਸ਼ਬਦਾਂ ਦੇ ਅਰਥ ਕੀਤੇ ਹਨ ਜਿਵੇਂ ਦਮਰਾ, ਬਿਸੀਅਰ, ਬੀਭਾ, ਫਰੂ, ਪਾਹੂ, ਅੰਮਾਲੀ, ਸੁੰਮਹਾ, ਅਨਾਲਕਾ, ਬਰੰਚਿ, ਬੀਠਾ, ਅਫ਼ਜੂ, ਕਾਲੰਗਾ, ਪਾਰੰਗਤਿ, ਆਸੰਜਤ, ਮਸਕਰ, ਨਿਭਰਾਤੀ, ਕੁਰੀਆ, ਬਇਆਲ, ਮਰਦਨ, ਮਹੇਲੜੀ, ਫਾਦਿਲ, ਪੰਕ, ਮਸਾਇਕਾ, ਗੈਣ, ਸਾਣਥ, ਕੁਸਤਨੀ, ਨਰਜਾ, ਬਿਬਲ ਆਦਿ। ਤਿੰਨ ਤਾਪਾਂ, ਤਿੰਨ ਗੁਣਾਂ, ਛੇ ਦਿਸਾਵਾਂ, ਪੰਜ ਠੱਗਾਂ, ਅਠਾਰਾਂ ਸਿੱਧੀਆਂ, ਚਾਰ ਪਦਾਰਥਾਂ, ਛੇ ਕਰਮਾਂ, ਪੰਜ ਨਮਾਜ਼ਾਂ, ਚਾਰ ਸਿੱਧੀਆਂ, ਛੇ ਚੱਕਰਾਂ, ਨੌਂ ਪ੍ਰਕਾਰ ਦੀ ਭਗਤੀ, ਛੇਤ ਜਾਤੀ, ਚਾਰ ਖਾਣੀਆਂ, ਚਾਰ ਬਾਣੀਆਂ, ਛੇ ਸ਼ਾਸਤਰਾਂ, ਸੱਤ ਅਗਨੀਆਂ, ਅੱਠ ਧਾਤਾਂ ਅਤੇ ਭਾਰ ਅਠਾਰਾਂ ਬਾਰੇ ਚਾਨਣਾ ਪਾਇਆ ਗਿਆ ਹੈ। ਇਸ ਤੋਂ ਇਲਾਵਾ ਵਾਹਿਗੁਰੂ ਮੰਤਰ, ਬਾਣੀ, ਨਾਮ, ਸੇਵਾ, ਸਿਮਰਨ ਅਤੇ ਜੀਵਨ ਜੁਗਤ ਬਾਰੇ ਲੇਖਕ ਨੇ ਆਪਣੇ ਸ਼ਰਧਾਮਈ ਵਿਚਾਰ ਪੇਸ਼ ਕੀਤੇ ਹਨ। ਇਕੋ ਚੀਜ਼ ਰੜਕਦੀ ਹੈ ਕਿ ਗੁਰਬਾਣੀ ਦੀ ਸ਼ੁੱਧਤਾ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਦੁਹਰਾਓ ਵੀ ਕਾਫ਼ੀ ਹੈ। ਫਿਰ ਵੀ ਇਹ ਪੁਸਤਕ ਅਨਮੋਲ ਹੈ ਕਿਉਂਕਿ ਬਹੁਤ ਮਿਹਨਤ ਅਤੇ ਲਗਨ ਨਾਲ ਵੱਖੋ-ਵੱਖਰੇ ਸਰੋਤਾਂ ਤੋਂ ਜਾਣਕਾਰੀ ਲੈ ਕੇ ਇਸ ਵਿਚ ਪਰੋਈ ਗਈ ਹੈ। ਕਠਿਨ ਸ਼ਬਦਾਂ ਦੇ ਅਰਥ ਇਕੱਤਰ ਕੀਤੇ ਗਏ ਹਨ। ਲੇਖਕ ਨੇ ਇਤਿਹਾਸਕ ਹਵਾਲਿਆਂ ਅਤੇ ਸਾਖੀਆਂ ਨਾਲ ਪੁਸਤਕ ਨੂੰ ਸ਼ਿੰਗਾਰਿਆ ਹੈ। ਜਿਥੇ ਇਸ ਪੁਸਤਕ ਵਿਚੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉਥੇ ਹੀ ਸੱਚੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਲੇਖਕ ਨੇ ਨਿਮਰਤਾ ਸਹਿਤ ਇਹ ਵਡਮੁੱਲਾ ਖ਼ਜ਼ਾਨਾ ਸਾਡੇ ਰੂਬਰੂ ਕੀਤਾ ਹੈ। ਇਹ ਪੁਸਤਕ ਗੁਰਮਤਿ ਦੇ ਪਾਂਧੀਆਂ, ਵਿਦਿਆਰਥੀਆਂ, ਖੋਜਾਰਥੀਆਂ ਅਤੇ ਸਿੱਖਿਆਰਥੀਆਂ ਲਈ ਲਾਹੇਵੰਦ ਹੈ। ਇਹ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਦਸਤਾਵੇਜ਼ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

c c c

 


ਕਰਤਾਰ ਕੈਂਥ ਕਾਵਿ ਚਿੰਤਨ
ਸੰਪਾਦਕ : ਜੋਗਿੰਦਰ ਸਿੰਘ ਨਿਰਾਲਾ (ਡਾ.)
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 79737-06245

ਹਥਲੀ ਪੁਸਤਕ ਆਧੁਨਿਕ ਪੰਜਾਬੀ ਕਾਵਿ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਨ ਵਾਲੇ ਕਵੀ ਕਰਤਾਰ ਕੈਂਥ ਦੇ ਰਚਨਾਤਮਕ ਸਰੋਕਾਰਾਂ ਦਾ ਦਰਪਣ ਹੈ। ਇਸ ਵਿਚ ਸੰਪਾਦਕ ਜੋਗਿੰਦਰ ਸਿੰਘ ਨਿਰਾਲਾ ਨੇ ਜਾਣੇ ਪਹਿਚਾਣੇ ਅਤੇ ਸਥਾਪਤ ਡੇਢ ਦਰਜਨ ਦੇ ਕਰੀਬ ਆਲੋਚਕਾਂ ਕੋਲੋਂ ਖੋਜ ਪਰਚੇ ਲਿਖਵਾ ਕੇ ਇਸ ਵਿਚ ਅੰਕਿਤ ਕੀਤੇ ਹਨ। ਇਨ੍ਹਾਂ ਵਿਦਵਾਨਾਂ ਨੇ ਕਰਤਾਰ ਕੈਂਥ ਰਚਿਤ 'ਤੀਸਰੀ ਅੱਖ', 'ਕੁਸ਼ੱਗਨੀ ਰੁੱਤ' ਅਤੇ 'ਜਦੋਂ ਪਿੰਡ ਬੋਲਦਾ ਹੈ' ਕਾਵਿ-ਸੰਗ੍ਰਹਿਾਂ ਨੂੰ ਆਪਣੀ ਪਰਖ ਸਮੱਗਰੀ ਦਾ ਆਧਾਰ ਬਣਾਇਆ ਹੈ। ਪੁਸਤਕ ਵਿਚ ਕੈਂਥ ਦੇ ਬੇਟੇ ਅੰਕੁਰ ਕੈਂਥ ਵਲੋਂ ਪਿਤਾ ਬਾਰੇ ਵਿਚਾਰ ਪ੍ਰਗਟ ਹਨ ਅਤੇ ਨਾਲ ਦੀ ਨਾਲ ਕਰਤਾਰ ਕੈਂਥ ਦੀ ਪਤਨੀ ਸੁਰਿੰਦਰ ਕੌਰ ਕੈਂਥ ਨਾਲ ਰਾਮ ਸਰੂਪ ਅਣਖੀ ਅਤੇ ਤੇਜਾ ਸਿੰਘ ਤਿਲਕ ਦੁਆਰਾ ਕੀਤੀਆਂ ਮੁਲਾਕਾਤਾਂ ਵੀ ਦਰਜ ਹਨ ਜੋ ਕੈਂਥ ਦੇ ਘਰੇਲੂ ਵਿਅਕਤਿੱਤਵ ਦੇ ਉਸਾਰੂ ਵਿਹਾਰ ਦਾ ਪ੍ਰਗਟਾਵਾ ਹਨ।
ਕੈਂਥ ਦੇ ਉਕਤ ਕਾਵਿ-ਸੰਗ੍ਰਹਿਾਂ ਬਾਰੇ ਆਲੋਚਕਾਂ ਨੇ ਉਸ ਦੀ ਕਵਿਤਾ ਦੇ ਮੂਲ ਸਰੋਕਾਰਾਂ ਨੂੰ ਪਛਾਣਦਿਆਂ ਹੋਇਆਂ ਬਿਆਨ ਕੀਤਾ ਹੈ। ਡਾ. ਨਿਰਾਲਾ ਅਨੁਸਾਰ ਕੈਂਥ ਦੀ ਕਵਿਤਾ ਨਕਸਲਬਾੜੀ ਤੋਂ ਪ੍ਰਭਾਵਿਤ ਜੁਝਾਰਵਾਦੀ ਕਵਿਤਾ ਤੋਂ ਇਕ ਵਿੱਥ ਸਿਰਜਦੀ ਨਜ਼ਰ ਆਉਂਦੀ ਹੈ। ਵਿਦਵਾਨਾਂ ਨੇ ਕਰਤਾਰ ਕੈਂਥ ਦੀ ਕਵਿਤਾ ਪ੍ਰਤੀ ਆਪਣਾ ਨਜ਼ਰੀਆ ਪ੍ਰਗਟ ਕਰਦਿਆਂ ਹੋਇਆਂ ਉਸ ਨੂੰ 'ਸਮੇਂ ਦੀ ਨਬਜ਼ ਟਟੋਲਦਾ ਕਵੀ, ਲਾਲ ਤਾਰਿਆਂ ਦੀ ਬਾਤ ਪਾਉਂਦਾ ਕਵੀ, ਲੋਕ ਦਰਦ ਦਾ ਹਿਤੈਸ਼ੀ, ਸਮੇਂ ਦੇ ਹਾਣ ਦਾ, ਕਿਰਤੀ ਬੋਲਾਂ ਦਾ ਸਿਰਜਕ ਅਤੇ ਸਮਾਜਵਾਦੀ ਸੁਰ ਵਾਲਾ ਕਵੀ ਦਰਸਾਇਆ ਹੈ। ਕਰਤਾਰ ਕੈਂਥ ਦੀ ਕਵਿਤਾ ਵਿਚੋਂ ਆਲੋਚਕਾਂ ਨੇ ਉਸ ਦੀ ਕਾਵਿ ਚੇਤਨਾ ਅਤੇ ਕਾਵਿ ਕਲਾ ਦਾ ਨਿਰੂਪਣ ਵੀ ਕੀਤਾ ਹੈ। ਇਸ ਤੋਂ ਇਲਾਵਾ ਕੁਝ ਵਿਦਵਾਨਾਂ ਨੇ ਉਸ ਦੀ ਕਵਿਤਾ ਵਿਚੋਂ ਉਸ ਨੂੰ ਤਾਰਿਆਂ ਦੇ ਚਾਨਣ ਦਾ ਹੋਕਾ ਦਿੰਦਾ, ਲਤਾੜੇ ਅਤੇ ਬੇਵਸ ਸਮਾਜ ਦੇ ਲੋਕਾਂ ਦੀ ਦਰਦ ਸੰਵੇਦਨਾ ਨੂੰ ਕਾਵਿਕ ਰੰਗਾਂ ਵਿਚ ਬਿਆਨ ਕਰਨ ਵਾਲਾ ਕਿਰਤੀ ਅਤੇ ਕਿਰਤੀ ਜਮਾਤ ਦੀ ਪ੍ਰਤੀਨਿਧਤਾ ਕਰਨ ਵਾਲਾ ਸਮਰੱਥ ਕਵੀ ਦਰਸਾਇਆ ਹੈ। ਪੁਸਤਕ ਦੀ ਅੰਤਿਕਾ ਵਿਚ ਮਰਹੂਮ ਪ੍ਰੀਤਮ ਸਿੰਘ ਰਾਹੀ ਅਤੇ ਜੋਗਾ ਸਿੰਘ ਵਲੋਂ ਉਸ ਦੀ ਕਾਵਿ ਪ੍ਰਤਿਭਾ ਬਾਰੇ ਬੜੇ ਸਾਰਥਿਕ ਸ਼ਬਦ ਕਹੇ ਗਏ ਹਨ। ਪੁਸਤਕ ਦੇ ਅੰਤ ਤੇ ਅੱਠ ਪੰਨਿਆਂ 'ਤੇ ਕਰਤਾਰ ਕੈਂਥ ਦੀਆਂ ਵਿਭਿੰਨ ਸਾਹਿਤਕ ਗਤੀਵਿਧੀਆਂ ਨਾਲ ਸੰਬੰਧਿਤ ਅਤੇ ਘਰੇਲੂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

c c c

 

ਵਿਸ਼ ਗੰਦਲਾਂ
ਸ਼ਾਇਰ : ਸੁਰਜੀਤ ਸਿੰਘ ਕਾਲੇਕੇ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 150 ਰੁਪਏ, ਸਫ਼ੇ : 134
ਸੰਪਰਕ : 94174-10736

'ਵਿਸ਼ ਗੰਦਲਾਂ' ਨਿਰੋਲ ਵਿਅੰਗ ਕਾਵਿ-ਸੰਗ੍ਰਹਿ ਹੈ, ਜੋ ਇਸ ਵੰਨਗੀ ਦੀ ਕਵਿਤਾ ਨੂੰ ਮਾਨਣ ਵਾਲੇ ਪਾਠਕਾਂ ਲਈ ਪ੍ਰਭਾਵਸ਼ਾਲੀ ਪ੍ਰਕਾਸ਼ਨਾ ਹੈ। ਭਾਵੇਂ ਇਸ ਪੁਸਤਕ ਨੂੰ ਕਿਸਾਨੀ ਸੰਘਰਸ਼ ਦੇ ਨਾਂਅ ਕੀਤਾ ਗਿਆ ਹੈ ਪਰ ਇਸ ਦੀਆਂ ਕਵਿਤਾਵਾਂ ਵਿਚ ਅਦਬ ਤੇ ਸਮਾਜ ਨਾਲ ਸੰਬੰਧਿਤ ਬਹੁਗਿਣਤੀ ਵਿਸ਼ੇ ਲਏ ਗਏ ਹਨ। 'ਵਿਸ਼ ਗੰਦਲਾਂ' ਦੀ ਪਹਿਲੀ ਰਚਨਾ 'ਅਖੌਤੀ ਸਾਹਿਤਕਾਰ' ਬਹੁਤ ਚੁਲਬੁਲੀ ਤੇ ਪਾਏਦਾਰ ਰਚਨਾ ਹੈ, ਜਿਸ ਵਿਚ ਵੱਖ-ਵੱਖ ਵਿਧਾਵਾਂ ਦੇ ਲੇਖਕਾਂ 'ਤੇ ਤੀਰ ਕੱਸੇ ਗਏ ਹਨ। 'ਗ਼ਜ਼ਲ ਬਨਾਮ ਕਲੇਸ਼ ਦਾ ਘਰ' ਅਦਬ ਨਾਲ ਸੰਬੰਧਿਤ ਹੋਰ ਤੇਜ਼ ਤਰਾਰ ਕਵਿਤਾ ਹੈ। ਇੰਝ ਹੀ 'ਚੁਫ਼ੇਰਗੜ੍ਹੀਏ', 'ਦਿਲਲਗੀ', 'ਘੜੰਮ ਚੌਧਰੀ', 'ਹਾਜ਼ਿਰ ਜਵਾਬ ਲੀਡਰ' ਆਦਿ ਵੀ ਖ਼ੂਬਸੂਰਤ ਵਿਅੰਗ ਹਨ। 'ਜੰਗਨਾਮਾ ਸਾਹਿਤਕਾਰ' ਲੰਬੀ ਤੇ ਸ਼ਾਨਦਾਰ ਪੇਸ਼ਕਾਰੀ ਹੈ ਤੇ ਇਹੋ ਜਿਹੀਆਂ ਰਚਨਾਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਪੰਜਾਬੀ ਸਾਹਿਤ ਵਿਚ ਵਿਅੰਗ ਸ਼ੈਲੀ ਬਾਰੇ ਮੇਰੀ ਰਾਇ ਬਹੁਤੀ ਹਾਂ ਪੱਖੀ ਕਦੀ ਨਹੀਂ ਰਹੀ ਕਿਉਂਕਿ ਇਸ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਗਿਆ ਪਰ ਸੁਰਜੀਤ ਸਿੰਘ ਕਾਲੇਕੇ ਦੀ ਇਸ ਪੁਸਤਕ ਨੇ ਮੈਨੂੰ ਮੁੜ ਸੋਚਣ ਲਈ ਮਜਬੂਰ ਕੀਤਾ ਹੈ। 'ਵਿਸ਼ ਗੰਦਲਾਂ' ਨਿਸ਼ਚੇ ਹੀ ਵਿਅੰਗ ਮਾਨਣ ਵਾਲੇ ਪਾਠਕਾਂ ਨੂੰ ਪਸੰਦ ਆਏਗੀ।

c c c

ਸ਼ੀਸ਼ੇ ਦੇ ਅੱਖਰ
ਗ਼ਜ਼ਲਕਾਰ : ਹਰਦਮ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 76
ਸੰਪਰਕ : 95011-45039

ਪੰਜਾਬੀ ਗ਼ਜ਼ਲ ਸਿਰਜਣਾ ਵਿਚ ਹਰਦਮ ਮਾਨ ਜਾਣਿਆ-ਪਹਿਚਾਣਿਆਂ ਤੇ ਸਥਾਪਤ ਹਸਤਾਖ਼ਰ ਹੈ। 'ਸ਼ੀਸ਼ੇ ਦੇ ਅੱਖਰ' ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਉਸ ਦੀ ਇਕ ਗ਼ਜ਼ਲ ਪੁਸਤਕ 'ਅੰਬਰਾਂ ਦੀ ਭਾਲ ਵਿਚ' ਵੀ ਛਪ ਚੁੱਕੀ ਹੈ। ਮਾਨ ਕੈਨੇਡਾ ਵਰਗੇ ਵਿਕਸਤ ਦੇਸ਼ ਵਿਚ ਰਹਿੰਦੇ ਹੋਏ ਵੀ ਆਪਣੀ ਮਿੱਟੀ ਦੇ ਚਾਵਾਂ ਤੇ ਦਰਦਾਂ ਨੂੰ ਨਹੀਂ ਵਿਸਰਿਆ। ਮਾਨ ਅਨੁਸਾਰ ਉਸ ਦੀਆਂ ਗ਼ਜ਼ਲਾਂ ਵਿਚ ਨਦੀਆਂ, ਥਲਾਂ ਤੇ ਸਮੁੰਦਰਾਂ ਦੀ ਆਵਾਜ਼ ਹੈ ਤੇ ਉਸ ਦੇ ਖ਼ਾਮੋਸ਼ ਰਹਿਣ ਸਮੇਂ ਸ਼ਬਦ ਚੁੱਪ ਨੂੰ ਬੋਲ ਦਿੰਦੇ ਹਨ। 'ਸ਼ੀਸ਼ੇ ਦੇ ਅੱਖਰ' ਦੀ ਦੂਸਰੀ ਗ਼ਜ਼ਲ ਬਹੁਤ ਆਹਲਾ ਦਰਜੇ ਦੀ ਹੈ ਜਿਸ ਵਿਚ ਉਹ ਲੋਕਾਂ ਦੀ ਭੀੜ ਨੂੰ ਬਗ਼ੈਰ ਹਲਚਲ ਦੇ ਚਲਦੇ ਰਹਿਣ 'ਤੇ ਤਨਜ਼ ਕਰਦਾ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਵਿਚ ਸਵਾਲ ਤੈਰਦੇ ਹਨ ਤੇ ਉਨ੍ਹਾਂ ਦੇ ਜਵਾਬ ਵੀ ਉਨ੍ਹਾਂ ਸਵਾਲਾਂ ਵਿਚ ਸੰਮਿਲਤ ਹਨ। ਮਾਨ ਮੁਤਾਬਿਕ ਉਸ ਨੇ ਨਦੀਆਂ ਤਾਂ ਬਹੁਤ ਪਾਰ ਕੀਤੀਆਂ ਪਰ ਉਸ ਦੀ ਪਿਆਸ ਤ੍ਰਿਪਤ ਨਹੀਂ ਹੋ ਸਕੀ। ਉਹ ਨਾ ਚਾਹੁੰਦੇ ਹੋਏ ਵੀ ਪਰਵਾਸ ਲਈ ਮਜਬੂਰ ਹੈ। ਗ਼ਜ਼ਲਕਾਰ ਨੂੰ ਪਤਾ ਨਹੀਂ ਉਸ ਦੇ ਦੁਆਲੇ ਕਿੰਨੇ ਡਰ ਮੰਡਰਾ ਰਹੇ ਤੇ ਅਮੁੱਕ ਸਫ਼ਰ ਦਾ ਅੰਤ ਕਦੋਂ ਹੋਵੇਗਾ। ਉਹ ਹਰ ਸ਼ਖ਼ਸ ਨੂੰ ਅੱਖਾਂ ਖੋਹਲ ਕੇ ਤੁਰਨ ਦੀ ਨਸੀਹਤ ਦਿੰਦਾ ਹੈ, ਵਰਨਾ ਉਡਦੇ ਹੋਏ ਪੱਥਰ ਉਨ੍ਹਾਂ ਦੀ ਲਿਹਾਜ਼ ਨਹੀਂ ਕਰਨਗੇ। ਮਾਨ ਬਿੰਬਾਂ ਪ੍ਰਤੀਬਿੰਬਾਂ ਨਾਲ ਹਕੀਕਤ ਨੂੰ ਖ਼ੂਬਸੂਰਤ ਇਬਾਰਤ ਵਿਚ ਬਦਲਣ ਦੀ ਮੁਹਾਰਤ ਰੱਖਦਾ ਹੈ ਤੇ ਇਸੇ ਕਾਰਨ ਉਸ ਦੀ ਗ਼ਜ਼ਲ ਪਾਠਕ ਨੂੰ ਆਪਣੇ ਨਾਲ ਤੋਰਨ ਦੀ ਊਰਜਾ ਰੱਖਦੀ ਹੈ। ਮਾਨ ਆਸ਼ਾਵਾਦੀ ਗ਼ਜ਼ਲਕਾਰ ਹੈ ਜੋ ਪੱਤਝੜ ਵਿਚ ਵੀ ਉਦਾਸ ਨਹੀਂ ਹੈ ਤੇ ਉਸ ਨੂੰ ਆਸ ਹੈ ਕਿਧਰੇ ਨਾ ਕਿਧਰੇ ਛਾਂਦਾਰ ਬਿਰਖ ਜ਼ਰੂਰ ਮਿਲੇਗਾ। ਉਮੀਦਾਂ ਨੂੰ ਬਣਾਈ ਰੱਖਣਾ ਗ਼ਜ਼ਲਕਾਰੀ ਦੀ ਸੁਚੱਜਤਾ ਹੈ, ਜਿਸ ਨੂੰ ਮਾਨ ਨੇ ਕਾਇਮ ਰੱਖਿਆ ਹੈ। 'ਸ਼ੀਸ਼ੇ ਦੇ ਅੱਖਰ' ਵਿਚ ਛਪੀਆਂ ਮਾਨ ਦੀਆਂ 59 ਗ਼ਜ਼ਲਾਂ ਪੜ੍ਹ ਕੇ ਜਾਪਦਾ ਹੈ ਹਰਦਮ ਦੀ ਗ਼ਜ਼ਲ ਨੇ ਪਹਿਲਾਂ ਨਾਲੋਂ ਚੋਖਾ ਵਿਕਾਸ ਕੀਤਾ ਹੈ। ਗ਼ਜ਼ਲ ਸਾਹਿਤ ਵਿਚ ਅਜਿਹੀਆਂ ਪੁਸਤਕਾਂ ਦੀ ਆਮਦ ਸ਼ੁੱਭ ਸੰਕੇਤ ਹੈ, ਅਜਿਹੀਆਂ ਪ੍ਰਕਾਸ਼ਨਾਵਾਂ ਨਾਲ ਪੰਜਾਬੀ ਗ਼ਜ਼ਲ ਦਾ ਭਵਿੱਖ ਨਿਸ਼ਚੇ ਹੀ ਹੋਰ ਉੱਜਲਾ ਹੋਵੇਗਾ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਮੰਝਧਾਰ
ਨਾਵਲਕਾਰ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 240
ਸੰਪਰਕ : 98889-24664

'ਮੰਝਧਾਰ' ਇਕ ਸੱਚੀ ਘਟਨਾ 'ਤੇ ਆਧਾਰਿਤ ਨਾਵਲ ਹੈ, ਜਿਸ ਬਾਰੇ ਨਾਵਲਕਾਰ ਨੇ ਨਾਵਲ ਦੇ ਆਰੰਭ (ਇਸ ਪਲਾਟ ਦੀ ਉਪਜ) ਵਿਚ ਵਿਸਥਾਰ ਸਹਿਤ ਦੱਸਿਆ ਹੈ। ਇਸ ਨਾਵਲ ਦੇ ਕੁੱਲ ਵੀਹ ਕਾਂਡ ਹਨ। ਇਹ ਦੇਸ਼-ਵੰਡ ਦੀ ਕਥਾ ਨੂੰ ਪਿੱਠਭੂਮੀ ਵਿਚ ਰੱਖ ਕੇ ਲਿਖਿਆ ਗਿਆ ਹੈ। ਇਸ ਵਿਚ ਇਕ ਪਾਸੇ ਨਵਲ ਕਿਸ਼ੋਰ ਦੀ ਕਹਾਣੀ ਹੈ ਤੇ ਦੂਜੇ ਪਾਸੇ ਪੁੰਨਿਆ ਦੀ। ਨਵਲ ਕਿਸ਼ੋਰ ਅਣਵਿਆਹਿਆ ਮੁੰਡਾ ਹੈ, ਜਿਸ ਦੇ ਪਰਿਵਾਰ ਵਿਚ ਮਾਂ ਪਿਓ ਤੋਂ ਇਲਾਵਾ, ਦੋ ਭੈਣਾਂ ਤੇ ਇਕ ਛੋਟਾ ਭਰਾ ਹੈ। ਨਵਲ ਪੰਡਿਤ ਬੀਐਸ ਸ਼ੁਕਲ ਦੀ ਪ੍ਰੈੱਸ ਵਿਚ ਕੰਮ ਕਰਦਾ ਹੈ। ਸ਼ੁਕਲ ਇਕ ਚਲਾਕ ਬੰਦਾ ਹੈ, ਜੋ ਨਵਲ ਨੂੰ ਸਬਜ਼ਬਾਗ ਦਿਖਾ ਕੇ ਉਹਦੇ ਨਾਂਅ 'ਤੇ ਘਰ, ਪ੍ਰੈਸ ਤੇ ਹੋਰ ਸਾਮਾਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਇਹਦੇ ਲਈ ਉਹ ਡਾ. ਆਨੰਦ ਦਾ ਸਹਾਰਾ ਲੈਂਦਾ ਹੈ। ਡਾ. ਆਨੰਦ ਇਕ ਸਮਾਜ ਸੇਵੀ ਡਾਕਟਰ ਹੈ ਪਰ ਹੌਲੀ-ਹੌਲੀ ਲੋਭ-ਲਾਲਚ ਵਿਚ ਡੁੱਬ ਜਾਂਦਾ ਹੈ ਤੇ ਅਸੈਂਬਲੀ ਚੋਣਾਂ ਵਿਚ ਖੜ੍ਹਾ ਹੋ ਕੇ ਐੱਮ.ਐੱਲ.ਏ. ਬਣਨ ਦੇ ਰੰਗੀਨ ਸੁਪਨੇ ਦੇਖਦਾ ਹੈ। ਨਵਲ ਨੂੰ ਉਹਦਾ ਦੋਸਤ ਸ਼ਿਬੂ ਸ਼ੁਕਲ ਤੋਂ ਬਚਣ ਦੀ ਸਲਾਹ ਦਿੰਦਾ ਹੈ, ਪਰ ਉਹ ਸ਼ਿਬੂ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ।
ਇਕ ਮੁਟਿਆਰ ਪੁੰਨਿਆ ਲੋਕ-ਸੇਵਾ ਦਾ ਕੰਮ ਕਰਦੀ-ਕਰਦੀ ਇਕ ਅੰਨ੍ਹੇ ਮੁੰਡੇ ਪਰਮਾ ਨੂੰ ਆਪਣਾ ਪੁੱਤਰ ਬਣਾ ਕੇ ਪਾਲਦੀ ਹੈ ਤੇ ਡਾ. ਆਨੰਦ ਦੇ ਸੰਪਰਕ ਵਿਚ ਆਉਂਦੀ ਹੈ। ਡਾ. ਆਨੰਦ ਉਹਦੀ ਸੂਰਤ ਤੇ ਸੀਰਤ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ। ਪੁੰਨਿਆ ਉਹਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਵਿਸਥਾਰ ਵਿਚ ਦੱਸਦੀ ਹੈ ਕਿ ਕਿਵੇਂ ਉਹ ਇਕ ਮੁਸਲਮਾਨ ਅਬਦੁਲ ਸਮਦ ਮਨਸੂਰ ਨਾਲ ਵਿਆਹੀ ਗਈ ਜੀਹਦੇ ਕਰਕੇ ਉਹਦੇ ਪੇਟ ਵਿਚ ਮੁਸਲਮਾਨ ਦਾ ਬੱਚਾ ਪਲ ਰਿਹਾ ਹੈ। ਪੁੰਨਿਆ ਰਾਜਸੀ ਤੌਰ 'ਤੇ ਵੀ ਚੇਤੰਨ ਹੈ, ਜੋ ਸ਼ੁਕਲ ਦੀ ਮੀਟਿੰਗ ਵਿਚ ਜਾ ਕੇ ਉਹਨੂੰ ਤੇ ਉਹਦੇ ਸਾਥੀਆਂ ਨੂੰ ਖਰੀਆਂ-ਖਰੀਆਂ ਸੁਣਾਉਂਦੀ ਹੈ। ਉਹ ਨਵਲ ਨੂੰ ਸ਼ੁਕਲ ਦੇ ਚੁੰਗਲ 'ਚੋਂ ਬਚਾਉਣ ਦੀ ਵੀ ਕੋਸ਼ਿਸ਼ ਕਰਦੀ ਹੈ।
ਪੁੰਨਿਆ ਡਾ. ਆਨੰਦ ਨੂੰ ਉਹਨੂੰ ਹੋਰ ਉਡੀਕਣ ਲਈ ਕਹਿੰਦੀ ਹੈ। ਇਸ ਦੌਰਾਨ ਡਾਕਟਰ ਡੀ.ਸੀ. ਕੋਲ ਜਾ ਕੇ ਆਪਣੀ ਭ੍ਰਿਸ਼ਟਾਚਾਰੀ ਪ੍ਰਵਾਨ ਕਰਦਾ ਹੈ ਤੇ ਸਰਕਾਰੀ ਕੋਠੀ ਛੱਡ ਕੇ ਪੁੰਨਿਆ ਨੂੰ ਮਿਲਣ ਲਈ ਘਰੋਂ ਨਿਕਲਦਾ ਹੈ। ਪਰ ਰਾਹ ਵਿਚ ਹੀ ਉਹਨੂੰ ਪੁੰਨਿਆ ਦੀ ਚਿੱਠੀ ਮਿਲਦੀ ਹੈ, ਜਿਸ ਵਿਚ ਉਹ ਦੱਸਦੀ ਹੈ ਕਿ ਡਾਕਟਰ ਉਹਨੂੰ ਲੱਭਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਉਹ ਸ਼ਹਿਰ ਛੱਡ ਕੇ ਜਾ ਰਹੀ ਹੈ। ਡਾਕਟਰ ਖ਼ੁਦ ਨੂੰ ਮੰਝਧਾਰ ਵਿਚ ਫਸਿਆ ਮਹਿਸੂਸ ਕਰਦਾ ਹੈ। ਨਾਨਕ ਸਿੰਘ ਦੇ ਬਾਕੀ ਨਾਵਲਾਂ ਵਾਂਗ ਇਹ ਵੀ ਇਕ ਸਮਾਜਿਕ, ਆਦਰਸ਼ਕ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਆਪਣੀ ਰਾਜਸੀ, ਸਮਾਜਿਕ ਤੇ ਆਦਰਸ਼ਕ ਸੂਝ-ਬੂਝ ਨੂੰ ਪ੍ਰਸਤੁਤ ਕੀਤਾ ਹੈ। ਇਸ ਵਿਚ ਵਰਤੇ ਗਏ ਮੁਹਾਵਰਿਆਂ (ਗੱਲੜੀਆਂ ਭਰਪੂਰ ਤੇ ਵਿਚ ਹਰਾਮ ਸੂਰ, ਰੱਬ ਦੇ ਮਾਂਹ ਮਾਰੇ, ਕਲਾ ਕਲੰਦਰ ਵੱਸੇ ਘੜਿਓਂ ਪਾਣੀ ਨੱਸੇ, ਹੋਰ ਨੂੰ ਹੋਰੀ ਦੀ ਅੰਨ੍ਹੇ ਨੂੰ ਡੰਗੋਰੀ ਦੀ, ਅਲਫੋਂ ਬੇ ਕਹਿਣਾ, ਬਾਰਾਂ ਵੰਨੀ ਦਾ ਸੋਨਾ, ਇਕ ਮੱਛੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਹੈ, ਤਪੋਂ ਰਾਜ ਰਾਜੋਂ ਨਰਕ, ਚਾਚਾ ਚੋਰ ਭਤੀਜਾ ਕਾਜ਼ੀ, ਢਾਕ ਦੇ ਤਿੰਨ ਪਾਤ, ਆਵਾ ਊਤਿਆ, ਚੱਪਣੀ ਵਿਚ ਨੱਕ ਡੁਬੋ ਕੇ ਮਰੋ ਆਦਿ) ਅਤੇ ਪਾਤਰਾਂ ਦੇ ਸੁਭਾਅ ਨੂੰ ਲੇਖਕ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰਸਤੁਤ ਕੀਤਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.

c c c

ਸਹਿਕਦਾ ਸਮਾਜ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ
ਮੁੱਲ : 300 ਰੁਪਏ, ਸਫ਼ੇ : 128
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਸੰਪਰਕ : 98146-19342

'ਸਹਿਕਦਾ ਸਮਾਜ' ਉਸ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਨਵੀਂ ਨਿਬੰਧ-ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ ਤੀਹ ਕੁ ਨਿਬੰਧ ਸ਼ਾਮਿਲ ਕੀਤੇ ਹਨ। ਉਸ ਦੇ ਇਨ੍ਹਾਂ ਨਿਬੰਧਾਂ ਵਿਚ ਗ਼ਜ਼ਬ ਦੀ ਰੰਗਾ-ਰੰਗੀ ਹੈ। ਉਸ ਨੇ ਇਨ੍ਹਾਂ ਨਿਬੰਧਾਂ ਰਾਹੀਂ ਅਨੇਕਾਂ ਵਿਸ਼ਿਆਂ ਨੂੰ ਅੰਗੀਕਾਰ ਕੀਤਾ ਹੈ। ਇਸ ਵਿਚ ਗੁਲਾਮ ਜ਼ਹਿਨੀਅਤ ਵਾਲੇ ਲੋਕਾਂ ਤੋਂ ਲੈ ਕੇ ਆਜ਼ਾਦੀ ਲਈ ਜੂਝਦੀਆਂ ਔਰਤਾਂ ਦੇ ਵੇਰਵੇ ਸ਼ਾਮਿਲ ਹਨ। ਦੇਸ਼ ਵਿਚ ਫ਼ੈਲੇ ਭ੍ਰਿਸ਼ਟਾਚਾਰ ਦੀ ਤਸਵੀਰਕਸ਼ੀ ਕੀਤੀ ਗਈ ਹੈ। ਬਜ਼ੁਰਗਾਂ ਦੀ ਪਤਲੀ ਪੈਂਦੀ ਜਾ ਰਹੀ ਹਾਲਤ ਦਾ ਤਰਜ਼ੇ ਬਿਆਨ ਹੈ। ਇਤਿਹਾਸਕ ਵੇਰਵੇ ਅਤੇ ਸਾਡੇ ਲੋਕਾਂ ਦੀ ਡਰਪੋਕ ਜ਼ਮੀਰ ਦੇ ਵੇਰਵੇ ਪੇਸ਼ ਕੀਤੇ ਗਏ ਹਨ।
ਆਪਣੇ ਨਿਬੰਧਾਂ ਲਈ ਉਹ ਅਜਿਹੀ ਭਾਸ਼ਾ ਦੀ ਵਰਤੋਂ ਕਰਦੀ ਹੈ, ਜਿਸ ਵਿਚ ਵਿਅੰਗ ਅਤੇ ਕਟਾਖ਼ਸ ਪੂਰੇ ਜਲੌਅ ਵਿਚ ਪੇਸ਼ ਹੁੰਦਾ ਹੈ। ਉਸ ਨੂੰ ਸਮਾਜਿਕ ਅਤੇ ਦੇਸ਼ ਦੇ ਪਤਨ ਦੀ ਚਿੰਤਾ ਹੈ। ਉਸ ਦੇ ਨਿਬੰਧਾਂ ਵਿਚ ਨਿੱਘਰ ਰਹੇ ਸਮਾਜ ਬਾਰੇ ਫ਼ਿਕਰ ਹੈ। ਇਹੋ ਫ਼ਿਕਰ ਉਸ ਨੂੰ ਚੰਗਾ ਨਿਬੰਧਕਾਰ ਬਣਨ ਵਿਚ ਮਦਦ ਕਰਦਾ ਹੈ। ਆਪਣੀ ਵਾਰਤਕ ਨੂੰ ਪੜ੍ਹਨਸ਼ੀਲ ਅਤੇ ਰੌਚਕ ਬਣਾਉਣ ਲਈ ਉਹ ਕਈ ਸ਼ੈਲੀਆਂ ਦੀ ਵਰਤੋਂ ਕਰਦਾ ਹੈ। ਵਿਅੰਗ ਅਤੇ ਹਾਸ-ਰਸ ਉਸ ਦਾ ਮੀਰੀ ਗੁਣ ਹੈ। ਮੁਹਾਵਰੇ, ਕਹਾਵਤਾਂ ਅਤੇ ਕਾਵਿ-ਟੂਕਾਂ ਉਸ ਦੇ ਨਿਬੰਧਾਂ ਵਿਚ ਵਿਸ਼ੇਸ਼ ਰੰਗਤ ਪੈਦਾ ਕਰਦੀਆਂ ਹਨ। ਉਹ ਆਪਣੀ ਗੱਲ ਅਤੇ ਕੱਥ ਕਹਿੰਦਿਆਂ ਪ੍ਰਚਨੀ ਸ਼ੈਲੀ ਦੀ ਵੀ ਭਰਪੂਰ ਵਰਤੋਂ ਕਰਦਾ ਹੈ। ਉਹ ਸਮਾਜਿਕ ਬਿਮਾਰੀਆਂ ਅਤੇ ਲੱਛਣਾਂ ਵੱਲ ਉਂਗਲ ਹੀ ਨਹੀਂ ਕਰਦਾ, ਉਸ ਨੂੰ ਹਰਣ ਕਰਨ ਦੀਆਂ ਤਕਰੀਬਾਂ ਵੀ ਦੱਸਦਾ ਹੈ। ਉਸ ਦੀ ਇਹ ਰਚਨਾ ਸਾਹਿਤ ਸਮਾਜ ਲਈ ਸੇਧਤ ਹੈ।

-ਕੇ. ਐਲ. ਗਰਗ
ਮੋਬਾਈਲ : 94635-37050
c c c

09-09-2022

 ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ
ਸੰਪਾਦਕ : ਪ੍ਰੋ: ਬਲਵਿੰਦਰ ਪਾਲ ਸਿੰਘ
ਵਲੋਂ : ਗਿਆਨੀ ਦਿੱਤ ਸਿੰਘ ਸਾਹਿਤ ਸਭਾ ਜਲੰਧਰ
ਮੁੱਲ: 350 ਰੁਪਏ, ਸਫੇ : 240
ਸੰਪਰਕ: 98157-00916


ਹੱਥਲੀ ਪੁਸਤਕ ਦੇ ਸੰਪਾਦਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਰਾਜ ਪ੍ਰਬੰਧ, ਯੁੱਧ ਪ੍ਰਣਾਲੀ, ਸਿੱਖ ਧਰਮ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਸਬੰਧੀ ਤੁਲਨਾਤਮਿਕ ਅਧਿਐਨ ਪੇਸ਼ ਕੀਤਾ ਹੈ। ਬਾਬਾ ਬੰਦਾ ਸਿੰਘ ਬਾਰੇ ਮਿੱਥਾਂ, ਤਿੱਥਾਂ, ਇਤਿਹਾਸ ਦੀ ਕਸਵੱਟੀ ਤੇ ਪੁਰਾਤਨ ਸਰੋਤ ਜੋ ਨਕਾਰਾਤਮਿਕ ਜੀਵਨਬਿੰਬ ਸਿਰਜਦੇ ਹਨ ਸੰਪਾਦਕ ਉਨ੍ਹਾਂ ਨੂੰ ਕੁਝ ਪੁਸਤਕਾਂ, ਅਖ਼ਬਾਰਾਂ, ਪੁਰਾਤਨ ਸਰੋਤਾਂ ਦੇ ਹਵਾਲਿਆਂ ਨਾਲ ਨਕਾਰਦਾ ਹੈ। ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆਂ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ, ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਬੇਇਨਸਾਫ਼ੀ, ਗੁਰਮਤਿ ਫਲਸਫ਼ਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ, ਗਾਥਾ ਖ਼ਾਲਸਾ ਰਾਜ ਦੀ ਅੰਕਿਤ ਕੀਤੇ ਹਨ। ਪ੍ਰੋ. ਬਲਵਿੰਦਰ ਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ ਬਾਰੇ ਭਾਵ ਪੂਰਤ ਅਤੇ ਖ਼ਾਲਸਾ ਰਾਜ ਦੇ ਖ਼ੂਬਸੂਰਤ ਨਕਸ਼ ਉਭਾਰੇ ਹਨ। ਸ. ਗੁਰਬਚਨ ਸਿੰਘ ਨੇ ਗੁਰਮਤਿ ਫਲਸਫ਼ਾ ਅਤੇ ਖ਼ਾਲਸਾ ਰਾਜ ਦੀ ਵਿਆਖਿਆ ਅੰਕਿਤ ਕੀਤੀ ਹੈ। ਕਰਮ ਸਿੰਘ ਜ਼ਖਮੀ ਵਲੋਂ 'ਗਾਥਾ ਖ਼ਾਲਸਾ ਰਾਜ ਦੀ' ਜੋ 21 ਭਾਗਾਂ ਵਿਚ ਸ਼ਾਮਿਲ ਹੈ, ਨੂੰ ਬਾਖੂਬੀ ਨਾਲ ਪ੍ਰਸਤੁਤ ਕੀਤਾ ਹੈ।
ਖ਼ਾਲਸਾ ਰਾਜ ਦੇ ਸੰਘਰਸ਼ ਦਾ ਮੁੱਢ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਨਾਲ ਬੱਝਦਾ ਹੈ, ਜਿਨ੍ਹਾਂ ਜਗੀਰਦਾਰੀ, ਰਜਵਾੜਾਸ਼ਾਹੀ ਦਾ ਬਰਜੂਆ ਢਾਚਾਂ ਤਬਾਹ ਕਰਕੇ ਹਲਵਾਹਕਾਂ ਨਿਤਾਣਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਵਿਸ਼ਵ ਦੇ ਇਤਿਹਾਸ ਵਿਚ ਖ਼ਾਲਸਾ ਰਾਜ ਪਹਿਲਾ ਚਾਨਣ ਮੁਨਾਰਾ ਹੈ, ਜਿਸ ਨੇ ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਬਖ਼ਸ਼ ਕੇ ਗੁਲਾਮੀ ਦੀ ਜੜ੍ਹ ਪੁੱਟੀ। ਸੰਪਾਦਕ ਅਨੁਸਾਰ ਮੁਗਲੀਆ ਕਾਲ ਦੇ ਲੇਖਕਾਂ, ਅੰਗਰੇਜ਼ ਇਤਿਹਾਸਕਾਰਾਂ ਅਤੇ ਪ੍ਰਮੁੱਖ ਸਿੱਖ ਲਿਖਾਰੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਦਾਰਕੁਸ਼ੀ ਕਰਨ ਵਿਚ ਕੋਈ ਕਸਰ ਨਹੀ ਛੱਡੀ ਤੇ ਉਸ ਨਾਲ ਬੇਇਨਸਾਫ਼ੀ ਕੀਤੀ ਹੈ। ਹਿੰਦੂਤਵੀ ਸੋਚ ਦੇ ਧਾਰਨੀ ਪਰਮਾਨੰਦ ਨੇ 'ਬੀਰ ਬੈਰਾਗੀ' ਪੁਸਤਕ ਰਾਹੀਂ ਬਾਬਾ ਜੀ ਨੂੰ ਹਿੰਦੂ ਵੈਰਾਗੀ ਕਰਾਰ ਦੇ ਕੇ ਖ਼ਾਲਸਾਈ ਸਿਧਾਂਤਾਂ ਦੇ ਮੂਲ ਨਾਲੋਂ ਤੋੜਨ ਦੀ ਗਹਿਰੀ ਸਾਜਿਸ਼ ਰਚੀ, ਜਦੋਂ ਕਿ ਅਸਲੀਅਤ ਵਿਚ ਉਹ ਮੀਰੀ-ਪੀਰੀ ਦੇ ਸੁਮੇਲ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜਿਆ ਗਿਆ ਮੁਕੰਮਲ ਬੰਦਾ ਸੀ। ਬੰਦਾ ਸਿੰਘ ਬਹਾਦਰ ਨੇ ਹਜ਼ਾਰਾਂ ਜੁਝਾਰੂ ਸਿੱਖਾਂ, ਸਪੁਤਨੀ ਤੇ ਬਾਲ ਸਪੁੱਤਰ ਸਮੇਤ ਖਿੜੇ ਮੱਥੇ ਸ਼ਹੀਦੀ ਪਾਈ। ਹੱਥਲੀ ਕਿਤਾਬ ਦੇ ਸੰਪਾਦਕ/ ਲੇਖਕ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੋਈ ਗ਼ਲਤ ਬਿਆਨੀ ਸੰਬੰਧੀ ਵਰਤਮਾਨ ਸਮੇਂ ਦੇ ਕਈ ਇਤਿਹਾਸਕਾਰਾਂ ਵਲੋਂ ਰਚੇ ਗਏ ਇਤਿਹਾਸ ਸਾਹਿਤ ਨੂੰ ਪ੍ਰਮਾਣਾਂ ਤੇ ਹਵਾਲਿਆਂ ਨਾਲ ਰੱਦ ਕਰਨ ਦਾ ਯਤਨ ਕੀਤਾ ਹੈ। ਖ਼ਾਲਸਾ ਰਾਜ ਅਜਿਹਾ ਹਲੇਮੀ ਰਾਜ ਹੈ ਜਿਸ ਦੀ ਲੋੜ ਅੱਜ ਦੁਨੀਆ ਦੇ ਹਰ ਖਿੱਤੇ ਵਿਚ ਭਾਸਦੀ ਹੈ।
ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਮਹਾਨ ਜਰਨੈਲ, ਜੰਗਜ਼ੂਚਾਲਾਂ ਵਿਚ ਮਾਹਿਰ, ਗ਼ਰੀਬਾਂ ਦਾ ਮਦਦਗਾਰ, ਉੱਚਕੋਟੀ ਦਾ ਸ਼ਾਸਕ ਅਤੇ ਉਹ ਪਹਿਲਾਂ ਜਰਨੈਲ ਸੀ, ਜਿਸ ਨੇ ਦੁਨਿਆਵੀ ਰਾਜ ਦੀ ਥਾਂ ਗੁਰੂ ਦੀਆਂ ਹਦਾਇਤਾਂ ਅਨੁਸਾਰ ਖਾਲਸਾ ਰਾਜ ਦੀ ਨੀਂਹ ਰੱਖੀ ਅਤੇ ਆਪ ਗੁਰੂ ਪੰਥ ਦਾ ਦਾਸ ਬਣਿਆ ਰਿਹਾ। ਕਿਤਾਬ ਦੀ ਤਿਆਰੀ ਲਈ ਪ੍ਰੋ: ਬਲਵਿੰਦਰ ਪਾਲ ਸਿੰਘ ਨੇ ਕਾਫ਼ੀ ਮਿਹਨਤ ਤੇ ਸਖ਼ਤ ਘਾਲਣਾ ਘਾਲੀ ਹੈ। ਕਿਤਾਬ ਵਿਚਲੀ ਸਮੱਗਰੀ ਇਤਿਹਾਸ, ਧਰਮ ਦੇ ਵਿਦਿਆਰਥੀਆਂ, ਪਾਠਕਾਂ ਲਈ ਗਿਆਨਵਰਧਕ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
c c c


ਕੰਜ-ਕੁਆਰੀ ਧਰਤੀ
ਪੁਡੂਚੇਰੀ ਅਤੇ ਅੰਡੇਮਾਨ ਦੇ ਟਾਪੂਆਂ ਦਾ ਸਫ਼ਰ

ਲੇਖਕ : ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 98728-35835


ਡਾ. ਬਲਦੇਵ ਸਿੰਘ ਧਾਲੀਵਾਲ ਬਤੌਰ ਕਹਾਣੀਕਾਰ, ਆਲੋਚਕ, ਸੰਪਾਦਕ ਤੇ ਵਕਤਾ ਦੇ ਤੌਰ 'ਤੇ ਆਪਣੀ ਵੱਖਰੀ ਪਛਾਣ ਰੱਖਦਾ ਹੈ ਪਰੰਤੂ ਸਫ਼ਰਨਾਮਾ-ਸਾਹਿਤ ਲਿਖਦਿਆਂ ਉਹ ਕਮਾਲਾਂ ਹੀ ਕਰਦਾ ਹੈ। ਇਹ ਪੁਸ਼ਟੀ-ਉਸ ਦੀ ਸਫ਼ਰਨਾਮਾ ਪੁਸਤਕ 'ਕੰਜ ਕੁਆਰੀ ਧਰਤੀ' ਦੀ ਪੜ੍ਹਤ ਦਾ ਪ੍ਰਮਾਣ ਹੈ। ਇਸ ਸਫ਼ਰਨਾਮੇ ਨੂੰ ਉਸ ਨੇ ਅਠਾਰਾਂ ਸਿਰਲੇਖਾਂ ਨਾਲ ਸੰਪੰਨ ਕਰ ਕੇ, ਅੰਤਲੇ ਪੰਨਿਆਂ 'ਤੇ 25 ਵਿਕੋਲਿਤ੍ਰੀਆਂ ਮੂਰਤਾਂ ਨਾਲ ਸੰਜੋਇਆ ਹੈ। ਦੋ ਪਰਿਵਾਰਾਂ ਦੇ ਪੰਜ ਜੀਅ, ਕੋਰੋਨਾ ਮਹਾਂਮਾਰੀ ਲੰਘ ਜਾਣ ਪਿਛੋਂ ਬਾਹਰਲੀ ਪ੍ਰਕਿਰਤੀ ਤੇ ਸੁੰਦਰ ਥਾਵਾਂ ਨੂੰ ਤੱਕਣ ਲਈ ਅਹੁਲਦੇ ਹਨ। ਲੇਖਕ, ਸੁਖਵਿੰਦਰ ਕੌਰ, ਗੁਣਵੰਤ (ਗੋਨੂੰ), ਗੁਰਮੀਤ ਪਨਾਰਾ (ਕਹਾਣੀਕਾਰ) ਤੇ ਜੈਂਗ, ਦੋ ਪੀੜ੍ਹੀਆਂ ਦੇ ਪਾਤਰ ਘਰੋਂ ਪਟਿਆਲੇ ਤੋਂ ਕਿਵੇਂ ਸ਼ੂਟ ਵੱਟ ਕੇ ਅੰਬਰੀਂ ਉਡਾਰੀਆਂ ਭਰਦੇ ਪੁਡੂਚੇਰੀ ਪਹੁੰਚਦੇ ਹਨ ਤੇ ਲੇ ਪੋਂਡੀ ਦੇ ਨਜ਼ਾਰੇ ਮਾਣਦੇ ਹਨ, ਬਿਰਤਾਂਤ ਪੜ੍ਹਿਆ ਹੀ ਅਨੰਦ ਲਿਆ ਜਾ ਸਕਦਾ ਹੈ। ਸਾਰੇ ਸੈਲਾਨੀ (ਪਾਤਰ) ਜ਼ਿੰਦਾ-ਦਿਲੀ ਦਾ ਸਬੂਤ ਦਿੰਦੇ ਹਨ। ਹਰ ਇਕ ਆਪਣੀ-ਆਪਣੀ ਪਸੰਦਗੀ ਦਾ ਮਾਲਕ ਸਫ਼ਰ ਨੂੰ ਮਾਨਣਯੋਗ ਬਣਾ ਦਿੰਦਾ ਹੈ। ਪੁਡੂਚੇਰੀ ਦੇ ਜੀਵਨ-ਰਹਿਤਲ, ਹੋਟਲਾਂ ਦਾ ਪ੍ਰਬੰਧ, ਟੈਕਸੀਆਂ ਵਾਲਿਆਂ ਦਾ ਵਰਤਾਰਾ, ਭੂ-ਦ੍ਰਿਸ਼, ਰੁੱਖ-ਬੂਟੇ ਆਦਿ ਦਾ ਵਰਨਣ ਬਹੁਤ ਨੇੜਿਓਂ ਚਿਤਰਿਆ ਹੈ ਤੇ ਨਾਲ ਦੀ ਨਾਲ ਪੰਜਾਬ ਤੇ ਪੰਜਾਬੀਅਤ ਦੀ ਤੁਲਨਾ ਦੀਆਂ ਝਲਕੀਆਂ ਸਮਾਨੰਤਰ ਤੁਰਦੀਆਂ ਰਹਿੰਦੀਆਂ ਹਨ। ਧਾਲੀਵਾਲ ਦੀ ਸ਼ੈਲੀ ਰੌਚਿਕ, ਚੁਲਬੁਲੀ ਤੇ ਸੰਜਮੀ ਹੋਣ ਕਾਰਨ ਪਾਠਕ ਵੀ ਸਫ਼ਰ ਕਰਨ ਲਗਦਾ ਹੈ। ਨਮੂਨਾ ਵੇਖੋ : ''ਸੂਰਜ ਦਾ ਸੰਧੂਰੀ ਗੋਲਾ ਮੂਲੋਂ ਹੇਠਾਂ ਧਰਤੀ ਨਾਲ ਖਹਿ ਕੇ ਰਿੜ੍ਹਨ ਲੱਗਿਆ। ਪਿਆਰ ਸਮੁੰਦਰ ਦੇ ਪਾਣੀ ਵਾਂਗ ਹੁੰਦਾ ਜੋ ਓਪਰਿਆਂ ਵਾਂਗ ਦੂਰ ਖੜ੍ਹੇ ਟਾਪੂਆਂ ਨੂੰ ਆਪਸ ਵਿਚ ਜੋੜਦਾ ਹੈ। ਨਵੇਂ ਰੰਗਾਂ ਦੀ ਤਲਾਸ਼ ਜ਼ਿੰਦਗੀ ਹੈ। ਟੂਰਿਸਟ ਦੀ ਅੱਖ ਚਾਹੀਦੀ ਹੈ ਬਸ, ਵੇਖਣ-ਮਾਨਣ ਲਈ ਤਾਂ ਧਰਤੀ ਦਾ ਚੱਪਾ-ਚੱਪਾ ਤੁਹਾਨੂੰ ਆਵਾਜ਼ਾ ਮਾਰ ਰਿਹਾ ਹੁੰਦਾ।'' ਸ੍ਰੀ ਅਰਬਿੰਦੂ ਆਸ਼ਰਮ, ਔਰੇਵਿਲ ਸੰਸਥਾਨ ਟਾਊਨ, ਕ੍ਰਿਸ਼ਨ ਦਾ ਬਦਰ ਬਾਲ, ਮਹਾਂਬਲੀ ਪੁਰਮ, ਮਰੀਨਾ ਬੀਚ, ਚੇਨੱਈ, ਸੀ-ਸ਼ੋਰ ਟੈਂਪਲ ਤੇ ਵੱਖੋ-ਵਖਰੀਆਂ ਬੀਚ ਤੇ ਉਥੋਂ ਦੇ ਸਥਾਨਕ ਨਜ਼ਾਰਿਆਂ ਨੂੰ ਲੇਖਕ ਨੇ ਬਹੁਤ ਸਜੀਵਤਾ ਨਾਲ ਚਿਤਰਿਆ। ਸਭ ਤੋਂ ਵੱਧ ਧਰਤੀ ਉਤਲਾ ਸੁਰਗ ਨਰਕ ਭਾਵ ਅੰਡੇਮਾਨ-ਨਿਕੋਬਾਰ ਦੇ ਕਾਲੇ ਪਾਣੀਆਂ ਦੀ ਦਰਦਨਾਕ ਕਹਾਣੀ ਦਿਲ ਕੰਬਾਊ ਹੈ। ਕੈਦੀਆਂ ਨਾਲ ਗੈਰ-ਇਨਸਾਨੀ ਜ਼ੁਲਮ ਸੁਣ ਕੇ, ਉਨ੍ਹਾਂ ਭਾਰਤੀ ਸ਼ਹੀਦਾਂ ਅੱਗੇ ਸਿਰ ਝੁਕਦਾ, ਪੋਰਟ ਬਲੇਅਰ ਦੇ ਨਜ਼ਾਰੇ ਆਪਣੀ ਥਾਂ ਹਨ ਪਰੰਤੂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਪਰ ਉਪਕਾਰਤਾ ਅਤੇ ਸ਼ਹਾਦਤ ਲਾਸਾਨੀ ਹੈ। ਸੈਲੂਲਰ ਜੇਲ੍ਹ ਦਾ ਨਰਕ ਕੁੰਡ ਰੌਂਗਟੇ ਖੜ੍ਹੇ ਕਰਦਾ। ਸਫ਼ਰ ਕਿਵੇਂ ਮਾਨਣਾ ਤੇ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ, ਇਸ ਸਫ਼ਰਨਾਮੇ ਤੋਂ ਸਿੱਖਿਆ ਜਾ ਸਕਦਾ। ਹਰ ਪੱਖੋਂ ਮੁਕੰਮਲ ਰਚਨਾ ਅੰਡੇਮਾਨ ਅਤੇ ਨਿਕੋਬਾਰ 'ਚ ਛੋਟੇ-ਵੱਡੇ 572 ਟਾਪੂ ਹਨ, ਜਿਨ੍ਹਾਂ 'ਚੋਂ 37 ਉੱਤੇ ਵਸੋਂ ਮੰਨੀ ਜਾਂਦੀ। ਕਾਲੇਪਾਣੀ ਦੇ ਡਰਾਉਣੇ ਬਿੰਬ ਨੂੰ ਭਾਰਤ ਸਰਕਾਰ ਨੇ ਸੁਖਾਵਾਂ ਬਣਾ ਦਿੱਤਾ ਹੈ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
c c c


ਬੌਰੀਆ, ਮੁੰਡਾਰੀ, ਕੁਰਕੂ ਅਤੇ ਸੰਥਾਲੀ ਜਾਤੀਆਂ ਦੀਆਂ ਭਾਸ਼ਾਵਾਂ : ਭਾਸ਼ਾਈ ਅਤੇ ਵਿਆਕਰਣਕ ਅਧਿਐਨ
ਲੇਖਕ: ਡਾ. ਲਖਵਿੰਦਰ ਸਿੰਘ
ਪ੍ਰਕਾਸ਼ਕ: ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 185
ਸੰਪਰਕ : 94640-43573


ਡਾ. ਲਖਵਿੰਦਰ ਸਿੰਘ ਦੀ ਰੀਵਿਊ ਅਧੀਨ ਪੁਸਤਕ ਉਸ ਦੇ ਪੀ.ਐਚ ਡੀ. ਦੇ ਥੀਸਿਸ 'ਤੇ ਆਧਾਰਿਤ ਹੈ, ਜੋ ਉਸ ਨੇ ਹਾਲ ਹੀ ਵਿਚ ਪੂਰੀ ਕੀਤੀ ਹੈ। ਇਸ ਖੋਜ-ਕਾਰਜ ਦੇ ਕੁੱਲ ਤਿੰਨ ਅਧਿਆਏ ਬਣਾਏ ਗਏ ਹਨ, ਜਿਨ੍ਹਾਂ ਵਿਚ ਪਹਿਲਾ ਪੰਜਾਬ ਦੀ ਬੌਰੀਆ ਜਾਤੀ ਦੇ ਇਤਿਹਾਸਕ ਪਿਛੋਕੜ ਬਾਰੇ ਹੈ, ਦੂਜੇ ਵਿਚ ਬੌਰੀਆ, ਮੁੰਡਾਰੀ, ਕੁਰਕੂ ਅਤੇ ਸੰਥਾਲੀ ਜਾਤੀ ਦੀਆਂ ਭਾਸ਼ਾਵਾਂ ਦਾ ਧੁਨੀਆਤਮਕ ਤੁਲਨਾਤਮਕ ਅਧਿਐਨ ਹੈ, ਤੀਜਾ ਅਧਿਆਇ ਇਨ੍ਹਾਂ ਹੀ ਉਕਤ ਭਾਸ਼ਾਵਾਂ ਦਾ ਵਿਆਕਰਣਕ ਤੁਲਨਾਤਮਕ ਅਧਿਐਨ ਨਾਲ ਸੰਬੰਧਿਤ ਹੈ। ਅੰਤ ਵਿਚ ਲੇਖਕ ਨੇ ਇਸ ਦਾ ਸਿੱਟਾ ਸਥਾਪਤ ਕੀਤਾ ਹੈ। ਇਹ ਕਿਤਾਬ ਖੋਜ-ਵਿਧੀ ਅਨੁਸਾਰ ਲਿਖੀ ਗਈ ਹੈ, ਜਿਸ ਦੇ ਮੁੱਢ ਵਿਚ ਸੰਕੇਤਕ ਸ਼ਬਦ, ਅੰਤਰਰਾਸ਼ਟਰੀ ਧੁਨੀ ਲਿਪੀ ਚਿੰਨ੍ਹ ਦਿੱਤੇ ਗਏ ਹਨ, ਜਦਕਿ ਅੰਤ ਵਿਚ ਪੁਸਤਕ ਸੂਚੀ ਅਤੇ ਅੰਤਿਕਾ ਦੇ ਕੇ ਸਾਰੀ ਜਾਣਕਾਰੀ ਸਪੱਸ਼ਟ ਕੀਤੀ ਗਈ ਹੈ। ਪੁਸਤਕ ਸੂਚੀ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕ੍ਰਮਵਾਰ 37, 7 ਅਤੇ 20 ਪੁਸਤਕਾਂ ਦੇ ਨਾਂਅ ਦਿੱਤੇ ਗਏ ਹਨ। ਜਦਕਿ ਐਮ. ਏ., ਐਮ. ਫਿਲ ਤੇ ਪੀ.ਐਚ ਡੀ. ਦੇ ਕੁਝ ਅਪ੍ਰਕਾਸ਼ਿਤ ਖੋਜ-ਨਿਬੰਧਾਂ ਦਾ ਜ਼ਿਕਰ ਵੀ ਮਿਲਦਾ ਹੈ। ਕੁਝ ਪੱਤ੍ਰਿਕਾਵਾਂ, ਕੋਸ਼ ਅਤੇ ਵਿਸ਼ਵ ਕੋਸ਼ ਨੂੰ ਵੀ ਲੇਖਕ ਨੇ ਆਪਣੇ ਅਧਿਐਨ ਹਿੱਤ ਵਰਤਿਆ ਹੈ। ਅੰਤਿਕਾ ਵਜੋਂ ਮਾਲਵਾ ਖੇਤਰ ਵਿਚ ਰਹਿੰਦੇ 32 ਵਿਅਕਤੀਆਂ (18 ਤੋਂ 70 ਸਾਲ) (ਮਰਦ, ਔਰਤਾਂ) ਨਾਲ ਸੰਪਰਕ ਬਾਰੇ ਵੀ ਸਪੱਸ਼ਟ ਕੀਤਾ ਗਿਆ ਹੈ, ਜਿਨ੍ਹਾਂ ਵਿਚ ਅਨਪੜ੍ਹ ਤੋਂ ਲੈ ਕੇ ਬੀ. ਏ. ਪਾਸ ਤੱਕ ਵਿਅਕਤੀ ਸ਼ਾਮਿਲ ਹਨ।
ਮੁਢਲੇ ਅਤੇ ਦੁਜੈਲੇ ਸਾਧਨਾਂ ਦੀ ਵਰਤੋਂ ਰਾਹੀਂ ਅਧਿਐਨ ਕਰਦਿਆਂ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿਚ ਬੌਰੀਆ ਜਾਤੀ ਨਾਲ ਸੰਬੰਧਿਤ ਲੋਕ ਵੱਖ-ਵੱਖ ਰਾਜਾਂ ਵਿਚ ਜੀਵਨ ਬਤੀਤ ਕਰ ਰਹੇ ਹਨ। ਇਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਬਾਵਰੀ, ਬਾਵਰੀਆ ਅਤੇ ਬੌਰੀਆ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਆਪਣੇ ਨਿਸ਼ਕਰਸ਼ ਵਿਚ ਲੇਖਕ ਸਪੱਸ਼ਟ ਕਰਦਾ ਹੈ ਕਿ ਬੌਰੀਆ ਜਾਤੀ ਦਾ ਇਤਿਹਾਸਕ ਸੰਬੰਧ ਆਸਟ੍ਰਿਕ ਭਾਸ਼ਾ ਪਰਿਵਾਰ ਨਾਲ ਹੈ, ਪਰ ਦੰਤ-ਕਥਾਵਾਂ ਦੇ ਆਧਾਰ 'ਤੇ ਖੱਤਰੀ ਰਾਜਪੂਤਾਂ ਨਾਲ ਵੀ ਮੰਨਿਆ ਜਾਂਦਾ ਹੈ।


-ਪ੍ਰੋ: ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਮਨ ਦੇ ਅਦਭੁੱਤ ਦਰਸ਼ਨ ਰਹੱਸ
ਲੇਖਕ : ਪ੍ਰਿੰ. ਦਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 70873-49450


ਵਿਚਾਰ ਅਧੀਨ ਇਸ ਪੁਸਤਕ ਵਿਚ ਵੀਹ ਧਾਰਮਿਕ ਨਿਬੰਧ ਸ਼ਾਮਿਲ ਹਨ। ਮਨ ਦਾ ਧਾਗਾ ਮਨਜਾਪ ਨੂੰ ਅਨਹਦ ਨਾਦ ਨਾਲ ਜੋੜਦਾ ਹੈ। ਸਾਰੇ ਧਰਮਾਂ ਦੇ ਲੋਕ ਭਗਤੀ ਜ਼ਰੀਏ, ਇਸੇ ਨਾਦ ਨੂੰ ਸੁਣਨ ਲਈ ਸਾਧਨਾ ਕਰਦੇ ਹਨ। ਵਿਗਿਆਨ ਵਿਚ ਗੁਰੂਤਵੀ ਖਿੱਚ ਇਕ ਕਮਜ਼ੋਰ ਬਲ ਹੈ, ਜੋ ਵਸਤੂਆਂ ਦੇ ਪੁੰਜ ਦੇ ਵਧਣ ਨਾਲ ਵਧਦਾ ਜਾਂਦਾ ਹੈ। ਇਹ ਊਰਜਾ ਜਾਂ ਸ਼ਕਤੀ ਤੋਂ ਵੱਖਰਾ ਸੰਕਲਪ ਹੈ। ਭਾਰਹੀਣਤਾ ਦਾ ਨਵਾਂ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਮਨ ਦਾ ਅਦਭੁੱਤ ਰਹੱਸ ਇਹੀ ਹੈ ਕਿ ਅਪਮਾਨ ਦੀ ਸੂਰਤ ਵਿਚ, ਸਾਨੂੰ ਆਪਣੇ ਵੱਲ ਆਉਂਦੀ ਊਰਜਾ ਨੂੰ ਜਜ਼ਬ ਕਰ ਲੈਣਾ ਚਾਹੀਦਾ ਹੈ। ਇਹੀ ਊਰਜਾ ਸਾਡੇ ਅੰਦਰੋਂ ਇਕ ਨਵੀਂ ਤਾਕਤ ਬਣ ਕੇ ਉੱਭਰੇਗੀ। ਜ਼ਿੰਦਗੀ ਦੇ ਗੋਲ ਚੱਕਰ ਦਾ ਰਹੱਸ ਵਧੀਆ ਸਮਝਾਇਆ ਗਿਆ ਹੈ। ਸਾਡਾ ਮਨ ਟੁਕੜਿਆਂ ਵਿਚ ਵੰਡਿਆ ਹੋਇਆ ਹੈ, ਹਵੇਲੀ ਦੇ ਯਾਤਰਾ 'ਤੇ ਗਏ ਮਾਲਕ ਅਤੇ ਨੌਕਰਾਂ ਦੀ ਕਹਾਣੀ ਚੰਗਾ ਸੁਨੇਹਾ ਦਿੰਦੀ ਹੈ। ਇਕ ਮਨ ਇਕ ਚਿੱਤ ਮੁਕਤੀ ਦਾ ਰਾਹ ਹੈ। ਟਾਲਣਾ ਆਪਣੇ-ਆਪ ਨਾਲ ਧੋਖਾ ਕਰਨਾ ਹੈ। ਇਹ ਸੱਚ ਹੈ ਪਰਿਵਰਤਨ ਇਕਦਮ ਕਰਨ ਨਾਲ ਹੀ ਆਉਂਦੇ ਹਨ, ਢਿੱਲ-ਮੱਠ ਨਾਲ ਨਹੀਂ। ਕਿਰਨ ਨੂੰ ਫੜ ਕੇ ਸੂਰਜ ਤੱਕ ਜਾਂ ਆਖਰੀ ਕੁੰਡ ਤੱਕ ਯਾਤਰਾ ਕਰਨੀ ਅਤੇ ਪਰਮਾਤਮਾ ਪ੍ਰਗਟ ਹੋ ਜਾਣਾ ਆਦਿ, ਕੀ ਆਮ ਪਾਠਕ ਇਸ ਨੂੰ ਕਾਲਪਨਿਕ ਜਾਂ ਅਪਹੁੰਚ ਨਹੀਂ ਸਮਝੇਗਾ? ਮਨ ਵਿਚ ਮੈਂ ਤੋਂ ਹੀ ਹੰਕਾਰ ਦੀ ਜੜ ਲਗਦੀ ਹੈ। ਦੁੱਖ ਅਤੇ ਸੁੱਖ ਦੋਵੇਂ ਜ਼ਿੰਦਗੀ 'ਚ ਆਉਂਦੇ-ਜਾਂਦੇ ਰਹਿੰਦੇ ਹਨ, ਇਹ ਮੰਨ ਕੇ ਚੱਲੀਏ ਤਾਂ ਜੀਵਨ ਸੌਖਿਆਂ ਬਸ਼ਰ ਹੋ ਜਾਂਦਾ ਹੈ। ਮਨ ਤੇ ਭੋਜਨ ਵਿਚ ਮਾਸ ਬਾਰੇ ਲਿਖਿਆ ਹੈ ਕਿ ਜੋ ਮਾਸ ਅਸੀਂ ਪਕਾ ਕੇ ਖਾਂਦੇ ਹਾਂ, ਉਸ ਵਿਚ ਪਸ਼ੂ ਦੇ ਭੈਅ, ਹਿੰਸਾ ਤੇ ਦਰਦ ਦੀ ਜ਼ਹਿਰ ਹੁੰਦੀ ਹੈ। ਤਾਂ ਹੀ ਸਾਡੀ ਉੱਚੀ ਸੁਰਤੀ ਪਸ਼ੂਆਂ ਦੇ ਪੱਧਰ ਦੀ ਬਣ ਰਹੀ ਹੈ। ਇਹ ਸਹੀ ਹੈ ਕਿ ਮਨ ਦਾ ਦ੍ਰਿੜ੍ਹ ਸੰਕਲਪ ਹੀ ਤੁਹਾਡੇ ਲਈ ਨਵਾਂ ਸੰਸਾਰ ਸਿਰਜਦਾ ਹੈ। ਮਨ ਦਾ ਮਿਟਣਾ ਆਨੰਦ ਦੀ ਵਰਖਾ ਸਾਰਥਕ ਸੰਦੇਸ਼ ਦੇ ਰਿਹਾ ਹੈ। ਮੰਤਰ ਦਾ ਜਾਪ ਆਪਣੀ ਖਿੰਡੀ ਊਰਜਾ ਨੂੰ ਇਕੱਤਰ ਕਰਨ ਦਾ ਹੀ ਇਕ ਯਤਨ ਹੈ। ਮਨ ਦੇ ਅਰਥ, ਸੁਫ਼ਨਾ ਅਤੇ ਸੱਚ ਦੀ ਸਮਝ ਵਿਚ, ਧਾਰਮਿਕ ਹੋਣ ਦਾ ਮਤਲਬ, 'ਹਾਂ ਵਾਲੇ ਬਣਨਾ' ਸਮਝ ਨਹੀਂ ਪੈਂਦਾ। ਸਵਾਲ ਪੈਦਾ ਹੁੰਦਾ ਕਿ ਕਈ ਸੁਪਨੇ ਡਰਾਉਂਦੇ ਕਿਉਂ ਹੁੰਦੇ ਹਨ, ਲੋਕ ਸੁਪਨੇ ਵਿਚ ਰੋਣ ਵੀ ਲਗਦੇ ਹਨ। ਸੱਚ ਮੌਨ ਰਾਹੀਂ ਕਿਹਾ ਜਾ ਸਕਦਾ, ਸ਼ਬਦਾਂ ਰਾਹੀਂ ਨਹੀਂ। 'ਉਸਤਤ ਤੇ ਨਿੰਦਾ ਦੋਨਾਂ ਦਾ ਤਿਆਗ' ਅਤੇ ਕਸ਼ਟ ਤੇ ਦੁੱਖ ਸਿਖਿਆਦਾਇਕ ਹਨ। ਪੁਸਤਕ ਪੜ੍ਹ ਕੇ, ਕਈ ਧੁੰਦਲੇ ਸੰਕਲਪ ਸਪੱਸ਼ਟ ਹੁੰਦੇ ਹਨ। ਧਰਮ ਤੇ ਅਧਿਆਤਮ ਬਾਰੇ ਹੋਰ ਪੜ੍ਹਨ ਨੂੰ ਮਨ ਕਰਦਾ ਹੈ। ਹਰ ਨਿਬੰਧ ਕੋਈ ਨਵਾਂ ਅਨੁਭਵ, ਨਵੀਂ ਮਿਸਾਲ, ਨਿੱਕੀ ਘਟਨਾ, ਨਵਾਂ ਸੁਨੇਹਾ ਦੇ ਰਿਹਾ ਹੈ। ਸਾਦੀਆ ਗੱਲਾਂ ਵਿਚ ਕਾਫ਼ੀ ਸਮਝ ਲੁਕੀ ਹੋਈ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਹਾਰਦਿਕ ਸਵਾਗਤ ਹੈ।


-ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686
c c c


ਅਲੈਕਜ਼ਾਂਦਰ ਸੋਲਜ੍ਹੇਨਿਤਸਿਨ
ਇਵਾਨ ਤੈਨਿਸੋਵਿਚ ਦੇ ਜੀਵਨ ਦਾ ਇਕ ਦਿਨ

ਅਨੁਵਾਦ : ਕੇ. ਐਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਨਾ (ਪਟਿਆਲਾ)
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 94635-37050


ਇਸ ਨਾਵਲ ਦੀ ਸੰਰਚਨਾ, ਕਹਾਣੀ ਅਤੇ ਵਸਤੂ ਵੇਰਵਾ, ਰੂਸੀ ਨਾਵਲਕਾਰ ਦੀ ਅਸਲ ਵਿਚ ਉਸ ਦੀ ਹੱਡਬੀਤੀ ਹੈ, ਉਸ ਨੂੰ ਦੂਜੇ ਵਿਸ਼ਵ ਯੁੱਧ ਵਿਚ ਫ਼ੌਜ ਵਿਚ ਭਰਤੀ ਹੋ ਕੇ ਤਦ ਆਪ ਸਜ਼ਾ ਦੇ ਰੂਪ ਵਿਚ ਤਦ ਭੁਗਤਨੇ ਪਏ, ਜਦ ਉਸ 'ਤੇ ਗ਼ਲਤ ਇਲਜ਼ਾਮ ਲਾ ਕੇ ਸਾਇਬੇਰੀਆ ਦੀ ਜੇਲ੍ਹ ਵਿਚ ਮੁਸ਼ੱਕਤੀ ਕੈਂਪਾਂ ਵਿਚ ਰਹਿਣਾ ਪਿਆ ਸੀ। ਏਥੇ ਹੀ ਮਹਾਨ ਕਲਮਕਾਰ ਦਾ ਜਨਮ ਹੁੰਦਾ ਹੈ। ਦਰਅਸਲ ਇਸ ਕਹਾਣੀ 'ਤੇ ਆਧਾਰਿਤ ਜਦ ਇਹ ਨਾਵਲ ਛਪਿਆ ਤਾਂ ਸਾਹਿਤਕ ਹਲਕਿਆਂ ਵਿਚ ਬਹੁਤ ਪਸੰਦ ਇਸ ਲਈ ਕੀਤਾ ਗਿਆ ਕਿਉਂਕਿ ਇਸ ਸਮੇਂ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਾਇਬੇਰੀਆ ਦੀਆਂ ਮੁਸ਼ੱਕਤੀ ਜੇਲ੍ਹਾਂ ਵਿਚ ਕਿੰਨਾ ਤੇ ਕਿਵੇਂ ਜ਼ੁਲਮ ਕੀਤਾ ਜਾਂਦਾ ਸੀ। ਦੂਜੇ 1962 ਵਿਚ ਰੂਸ ਉੱਪਰ ਸਟਾਲਿਨ ਦੀ ਹਕੂਮਤ ਸੀ ਉਸ ਵਲੋਂ ਵੀ ਆਪਣੇ ਮੁਲਕ ਵਿਚ ਅਜਿਹੇ ਮੁਸ਼ਕਤੀ ਕੈਂਪ ਬਣਵਾਏ ਗਏ ਸਨ। ਇਸ ਤੋਂ ਪਤਾ ਚਲਦਾ ਹੈ ਕਿ ਸਟਾਲਿਨ ਸਮੇਂ ਦੇ ਮੁਸ਼ੱਕਤੀ ਕੈਦੀਆਂ ਨੂੰ ਕਿੰਨੀ ਤੇ ਕਿਵੇਂ ਸਜ਼ਾ ਦਿੱਤੀ ਜਾਂਦੀ ਹੈ। ਰੂਸੀ ਪਰੰਪਰਾ ਅਨੁਸਾਰ ਮੁਸ਼ੱਕਤੀ ਕੈਂਪਾਂ ਵਿਚ ਬੇਕਸੂਰ ਵਿਰੋਧੀ ਬਾਗ਼ੀ ਵਿਰੋਧੀਆਂ ਨੂੰ ਰੱਖਿਆ ਜਾਂਦਾ ਸੀ। ਸਟਾਲਿਨ ਸਮੇਂ ਇਸ ਹਕੀਕਤ ਪਸੰਦ ਕੀਤਾ ਗਿਆ ਕਿ ਸਟਾਲਿਨ ਸਮੇਂ ਐਨੀ ਦਲੇਰੀ ਨਾਲ ਲਿਖਣਾ ਅਤਿ ਦਲੇਰੀ ਦਾ ਕੰਮ ਸੀ, ਕਿਉਂਕਿ ਅਜਿਹੇ ਮੁਸ਼ੱਕਤੀ ਕੈਂਪ ਉਸ ਨੇ ਵੀ ਖੋਲ੍ਹ ਰੱਖੇ ਸਨ। ਇਨ੍ਹਾਂ ਮੁਸ਼ੱਕਤੀ ਜੇਲ੍ਹਾਂ ਦਾ ਹਾਲ ਮਨੁੱਖ ਦੀ ਆਜ਼ਾਦੀ ਉੱਪਰ ਵੱਡੀ ਸੱਟ ਹੈ। ਇਹ ਹੱਡਬੀਤੀ ਲੇਖਕ ਵਲੋਂ ਭੁਗਤੇ ਹੋਏ ਸਮੇਂ 'ਚ ਝੱਲੇ ਦੁਖਾਂਤ ਦਾ ਸੱਚ ਹੈ। ਲੇਖਕ ਦੇ ਜੀਵਨ ਦੇ ਇਹ ਦਿਨ ਸੱਚ ਉੱਪਰ ਆਧਾਰਿਤ ਹਨ। ਇਸ ਪੁਸਤਕ ਦੇ ਪ੍ਰਕਾਸ਼ਨ ਉਪਰੰਤ ਜਿਥੇ ਸਾਇਬੇਰੀਆ ਦੇ ਕੈਂਪਾਂ ਦੇ ਜ਼ੁਲਮ ਦਾ ਪਤਾ ਚਲਦਾ ਹੈ, ਉਥੇ ਸਟਾਲਿਨ ਵਲੋਂ ਖੋਲ੍ਹੇ ਮੁਸ਼ੱਕਤੀ ਕੈਂਪਾਂ ਦੇ ਏਸ ਜ਼ੁਲਮ ਦੇ ਵਸਤੂ ਵੇਰਵੇ ਨੂੰ ਦਲੇਰੀ ਨਾਲ ਨੰਗਾ ਕੀਤਾ ਗਿਆ ਹੈ। ਲੇਖਕ ਸੱਚਾ ਨਿਡਰ, ਖਰਾ ਅਤੇ ਹੌਸਲੇ ਵਾਲਾ ਵਿਅਕਤੀ ਸਮਝਿਆ ਜਾਣ ਲੱਗਾ। ਇਸ ਨਾਵਲ ਦੇ ਹਰਮਨਪਿਆਰਾ ਹੋਣ ਦਾ ਕਾਰਨ ਵੀ ਇਹੋ ਸੱਚ ਕਹਿਣ ਦੀ ਦਲੇਰੀ ਹੈ।


-ਡਾ. ਅਮਰ ਕੋਮਲ
ਮੋਬਾਈਲ : 84378-73565.
c c c


ਕਿਉਂ ਅਤੇ ਕਿਵੇਂ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 179
ਸੰਪਰਕ : 62802-58057


ਸਕੂਲੀ ਵਿਦਿਆਰਥੀਆਂ ਵਾਸਤੇ ਆਮ ਜਾਣਕਾਰੀ ਵਿਚ ਮੁਹਾਰਤ ਹੋਣੀ ਬਹੁਤ ਜ਼ਰੂਰੀ ਹੈ। ਵਰਤਮਾਨ ਸਮੇਂ ਵਿਚ ਬਹੁਤ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਬੇਸ਼ੱਕ ਅਜੋਕੀ ਪੀੜ੍ਹੀ ਸੋਸ਼ਲ ਮੀਡੀਆ ਨਾਲ ਜੁੜ ਗਈ ਹੈ, ਪਰ ਕਿਤਾਬਾਂ ਅਤੇ ਅਖ਼ਬਾਰਾਂ ਦਾ ਮਹੱਤਵ ਵੀ ਬਰਕਰਾਰ ਹੈ । ਹਥਲੀ ਪੁਸਤਕ ਨੇ ਵਿਦਿਆਰਥੀਆਂ ਦੇ ਆਮ ਗਿਆਨ ਦੀ ਪੂਰਤੀ ਕੀਤੀ ਹੈ। ਲੇਖਕ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਦੇ ਬਾਲ ਪੰਨਿਆਂ ਨਾਲ ਜੁੜਿਆ ਹੋਇਆ ਹੈ। ਪੁਸਤਕ ਵਿਚ ਅਜਿਹੇ ਤੇਰਾਂ ਹੋਣਹਾਰ ਸ਼ਖ਼ਸੀਅਤਾਂ ਦੇ ਨਾਂਅ ਹਨ, ਜੋ ਬੈਂਕ ਅਧਿਕਾਰੀ, ਲੈਕਚਰਾਰ, ਸਾਹਿਤਕਾਰ, ਨਾਮਵਰ ਵਕੀਲ, ਡਾਕਟਰ ਹਨ। (ਪੰਨਾ 74 ਕੁਝ ਬਣਨਾ ਹੈ ਤਾਂ ਬੱਚੋ ਨਕਲ ਤੋਂ)। ਰਚਨਾਵਾਂ ਵੰਨ-ਸੁਵੰਨੀਆਂ ਹਨ। ਕਵਿਤਾ, ਵਾਰਤਕ, ਬੁਝਾਰਤਾਂ, ਲਤੀਫੇ, ਤਸਵੀਰਾਂ ਵਿਚੋਂ ਤਸਵੀਰ ਭਾਲ ਕੇ ਅੱਖਾਂ ਦੀ ਕਸਰਤ, ਖੇਡਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਉਡਨਾ ਸਿੱਖ ਮਿਲਖਾ ਸਿੰਘ, ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ ਮੋਗੇ ਦਾ ਜ਼ਿਕਰ ਹੈ। ਪੁਸਤਕ ਦੀਆਂ ਰਚਨਾਵਾਂ ਵਿਚ ਵਿਗਿਆਨ ਨੂੰ ਤਰਜੀਹ ਦਿੱਤੀ ਗਈ ਹੈ। ਮਨੁੱਖਤਾ ਦੀ ਸੇਵਾ ਗ਼ਰੀਬ ਬੱਚਿਆਂ ਦੀ ਲੋਕ ਭਲਾਈ ਕਰਨੀ ਆਰਥਿਕ ਮਦਦ ਕਰਨੀ ਹੀ ਰੱਬ ਦੀ ਸੇਵਾ ਹੈ। ਲੇਖਕ ਤਰਕਸ਼ੀਲਤਾ ਦਾ ਪੁਜਾਰੀ ਹੈ। ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਿਆ ਹੈ। ਪੁਸਤਕ ਵਿਚ ਚੁਰਾਸੀ ਰਚਨਾਵਾਂ ਹਨ। ਨਿੱਕੀਆਂ ਨਿੱਕੀਆਂ ਗੱਲਾਂ ਤਹਿਤ (ਪੰਨਾ 176) ਲੇਖਕ ਨੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਹੈ ਕਿ ਉਹ ਵੱਡਿਆਂ ਦਾ ਸਤਿਕਾਰ ਕਰਨ। ਸਕੂਲਾਂ ਵਿਚ ਸਵੇਰ ਦੀ ਸਭਾ ਨੂੰ ਗਿਆਨ ਭਰਪੂਰ ਬਣਾਉਣ, ਰੱਦੀ ਕਾਗਜ਼ਾਂ ਦਾ ਸਦਉਪਯੋਗ, ਅਖ਼ਬਾਰਾਂ ਵਿਚੋਂ ਚੰਗੀਆਂ ਤਸਵੀਰਾਂ ਦੀ ਐਲਬਮ ਬਣਾਉਣ ਜਿਹੀਆਂ ਕਈ ਕਿਰਿਆਵਾਂ ਨਾਲ ਜੋੜਿਆ ਹੈ। ਬੱਚਿਆਂ ਨੂੰ ਖ਼ੁਦ ਕਵਿਤਾ ਲਿਖਣ ਦਾ ਅਭਿਆਸ ਕਰਾਇਆ ਹੈ। ਵਿਅੰਗਕਾਰ ਕੇ. ਐਲ. ਗਰਗ ਨੇ ਪੁਸਤਕ ਨੂੰ ਬਾਬੇ ਦੀ ਗੁਣਾਂ ਦੀ ਗੁਥਲੀ ਲਿਖਿਆ ਹੈ। ਲੇਖਕ ਜੋਧ ਸਿੰਘ ਮੋਗਾ ਨੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢਦੇ ਹੋਏ 160 ਪੁਸਤਕਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਦੇਣ ਦੀ ਨਵੀਂ ਪਿਰਤ ਪਾਈ ਹੈ। ਪੁਸਤਕ ਸਕੂਲੀ ਪਾਠਕ੍ਰਮ ਵਿਚ ਸ਼ਾਮਿਲ ਕਰਨ ਵਾਲੀ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 098148-56160


ਰੂਹਾਂ ਦਾ ਰੁਦਨ
ਲੇਖਕ : ਲਾਲ ਮਿਸਤਰੀ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96,
ਸੰਪਰਕ : 98159-66595


ਹਥਲੇ ਗੀਤ-ਸੰਗ੍ਰਹਿ 'ਰੂਹਾਂ ਦਾ ਰੁਦਨ' ਸਮੇਤ ਹੁਣ ਤੱਕ ਲਾਲ ਮਿਸਤਰੀ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਵਾਨ ਬੱਚਿਆਂ ਦੀ ਬੇਵਕਤੀ ਮੌਤ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ, ਜਿਸ ਅਸਹਿ ਅਤੇ ਅਕਹਿ ਦਰਦ ਦਾ ਪਰਛਾਵਾਂ ਉਨ੍ਹਾਂ ਦੇ ਗੀਤਾਂ ਵਿਚ ਵੀ ਝਲਕਦਾ ਹੈ:
ਸਾਨੂੰ ਬਹੁਤ ਸਤਾਇਆ ਏ,
ਦਿਲ ਕਰਮਾਂ ਮਾਰੇ ਨੇ
ਕੁਝ ਰੰਗ ਤਾਂ ਲਾਇਆ ਏ,
ਸਾਡੇ ਹੰਝੂ ਖਾਰੇ ਨੇ
ਅਜੇ ਝੌਲਾ ਪੈਂਦਾ ਏ,
ਖੁੱਲ੍ਹੇ ਦਰਸ਼ਨ ਹੋਣ ਦਿਓ।
ਅਸੀਂ ਬੌਰੇ ਹੋ ਗਏ ਆਂ,
ਚੰਨ ਸਾਵੇ ਹੋਣ ਦਿਓ।
ਮਿਹਨਤਕਸ਼ ਲੋਕਾਂ ਦਾ ਚੁਣੌਤੀਆਂ ਭਰਿਆ ਜੀਵਨ ਉਨ੍ਹਾਂ ਲਈ ਕੋਈ ਸੁਣੀ-ਸੁਣਾਈ ਗੱਲ ਨਹੀਂ, ਬਲਕਿ ਉਨ੍ਹਾਂ ਦਾ ਹੱਡੀਂ ਹੰਢਾਇਆ ਸੱਚ ਹੈ। ਪੂੰਜੀਪਤੀਆਂ ਵਲੋਂ ਕੀਤੀ ਜਾਂਦੀ ਗਰੀਬਾਂ ਦੀ ਲੁੱਟ ਨੂੰ ਉਹ ਬਾਖ਼ੂਬੀ ਸਮਝਦੇ ਹਨ ਅਤੇ ਆਪਣੇ ਗੀਤਾਂ ਵਿਚ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਵੀ ਉਠਾਉਂਦੇ ਹਨ। ਬਰਸਾਤ ਦੇ ਮੌਸਮ ਵਿਚ ਜਦੋਂ ਕੰਮ-ਕਾਰ ਠੱਪ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੁਨੀਆ ਭਰ ਦੇ ਕਾਮਿਆਂ ਦੇ ਬੱਚਿਆਂ ਦੀ ਭੁੱਖ ਦੀ ਚਿੰਤਾ ਸਤਾਉਣ ਲੱਗਦੀ ਹੈ:
ਸਬਜ਼ੀ ਮਹਿੰਗੀ, ਆਟਾ ਮਹਿੰਗਾ,
ਬਸ ਮਜ਼ਦੂਰੀ ਸਸਤੀ ਏ।
ਬੱਚੇ ਭੁੱਖੇ ਮਰ ਜਾਵਣਗੇ,
ਸਾਉਣ ਦੀ ਬਰਸਾਤ ਵਿਚ।
ਲਾਲ ਮਿਸਤਰੀ ਨੂੰ ਇਹ ਮਾਣ ਵੀ ਪ੍ਰਾਪਤ ਹੈ ਕਿ ਉਨ੍ਹਾਂ ਨੇ ਨੰਦਪੁਰ ਕਲੌੜ ਦੀ ਉਸ ਮਾਣਮੱਤੀ ਮਿੱਟੀ ਵਿਚੋਂ ਜਨਮ ਲਿਆ, ਜਿੱਥੇ ਉੱਘੇ ਸਿੱਖ ਵਿਦਵਾਨ, ਮਹਾਨ ਸਮਾਜ ਸੁਧਾਰਕ ਅਤੇ ਸਿੰਘ ਸਭਾ ਲਹਿਰ ਦੇ ਮੋਢੀ ਪੰਥ ਰਤਨ ਗਿਆਨੀ ਦਿੱਤ ਪੈਦਾ ਹੋਏ। ਗੀਤ ਲਿਖਣਾ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ ਅਤੇ ਉਨ੍ਹਾਂ ਦੀ ਸਫ਼ਲ ਗੀਤਕਾਰੀ ਹੋਰਨਾਂ ਲਈ ਵੀ ਇਕ ਖ਼ੂਬਸੂਰਤ ਉਦਾਹਰਨ ਬਣੀ ਹੈ। ਉਮੀਦ ਹੈ ਕਿ ਪਾਠਕ ਉਨ੍ਹਾਂ ਦੇ ਇਸ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਕਿਸਾਨ ਅੰਦੋਲਨ

ਲੇਖਕ : ਸੰਜੀਵ ਸਿੰਘ ਸੈਣੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫੇ : 74
ਸੰਪਰਕ : 94638-36591


ਕਿਤਾਬਚੇ ਦੇ ਆਕਾਰ ਦੀ ਇਹ ਪੁਸਤਕ ਪੰਜਾਬੀ ਸਾਹਿਤ ਦੀ ਵੰਨਗੀ 'ਵਾਰਤਕ' ਨਾਲ ਸੰਬੰਧਿਤ ਹੈ। ਮੌਜੂਦਾ ਸਮੇਂ ਵਿਚ ਆਪਣੀਆਂ ਬਹੁਪੱਖੀ ਲਿਖਤਾਂ ਕਰਕੇ ਚਰਚਿਤ ਲੇਖਕ ਸੰਜੀਵ ਸਿੰਘ ਸੈਣੀ ਨੇ ਆਪਣੀ ਇਸ ਪੁਸਤਕ ਵਿਚ ਦਿੱਲੀ ਦੇ ਬਾਰਡਰਾਂ 'ਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਕੀਤੇ ਵੱਡੇ ਅੰਦੋਲਨ ਦਾ ਬੜੀ ਬਾਰੀਕਬੀਨੀ ਨਾਲ ਵਰਨਣ ਕੀਤਾ ਹੈ। ਇਹ ਪੁਸਤਕ ਪੜ੍ਹ ਕੇ ਪਾਠਕ ਇਉਂ ਵੀ ਮਹਿਸੂਸ ਕਰਦਾ ਹੈ ਜਿਵੇਂ ਲੇਖਕ ਇਕ ਸਾਲ ਦੇ ਸਮੇਂ ਤੋਂ ਵੀ ਵੱਧ ਸਮੇਂ ਲਈ ਚੱਲੇ ਇਸ ਅੰਦੋਲਨ ਦਾ ਅੱਖੀਂ ਡਿੱਠਾ ਹਾਲ ਬਿਆਨ ਕਰ ਰਿਹਾ ਹੋਵੇ। ਸੌਖੀ ਅਤੇ ਸਰਲ ਭਾਸ਼ਾ ਵਿਚ ਲਿਖੀ ਇਸ ਪੁਸਤਕ ਵਿਚ ਤਿੰਨ ਦਰਜਨ ਤੋਂ ਵੀ ਵੱਧ ਵੱਖ-ਵੱਖ ਸਿਰਲੇਖਾਂ ਵਾਲੇ ਨਿੱਕੇ-ਨਿੱਕੇ ਲੇਖ ਸ਼ਾਮਿਲ ਕੀਤੇ ਗਏ ਹਨ। ਜੋ ਇਹ ਲੇਖ ਜਿਥੇ ਲੇਖਕ ਦੀ ਲਿਖਣ-ਕਲਾ ਦੀ ਸਾਫ਼-ਸੁਥਰੀ ਝਲਕ ਪੇਸ਼ ਕਰਦੇ ਹਨ, ਉਥੇ ਕਿਸਾਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਤੇ ਘਟਨਾਵਾਂ ਦਾ ਵੇਰਵਾ ਵੀ ਪੇਸ਼ ਕਰਦੇ ਹਨ। ਸੱਚ ਤਾਂ ਇਹ ਹੈ ਕਿ ਇਹ ਪੁਸਤਕ ਦਿੱਲੀ ਦੇ ਬਾਰਡਰਾਂ 'ਤੇ ਚੱਲੇ ਕਿਸਾਨ ਅੰਦੋਲਨ ਦਾ ਇਕ ਸੱਚਾ-ਸੁੱਚਾ ਦਸਤਾਵੇਜ਼ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਲਿਆ ਗਿਆ ਹੈ। ਇਸ ਲਈ ਲੇਖਕ ਸਾਬਾਸ਼ ਅਤੇ ਵਧਾਈ ਦਾ ਪਾਤਰ ਹੈ। ਪੁਸਤਕ ਵਿਚ ਸ਼ਾਮਿਲ 'ਦਿੱਲੀ ਚਲੋ ਅਤੇ ਕਿਸਾਨ ਅੰਦੋਲਨ', ਗ਼ੈਰ ਜ਼ਿੰਮੇਵਾਰਾਨਾ ਮੀਟਿੰਗਾਂ, 'ਤਾਰੀਖ ਤੇ ਤਾਰੀਖ', ਟਰੈਕਟਰ ਪਰੇਡ, ਕੇਂਦਰ ਸਰਕਾਰ ਤੇ ਕਿਸਾਨੀ, ਕਿਸਾਨ ਮਸਲਾ, ਰੇਲ ਰੋਕੋ ਅੰਦੋਲਨ, ਨਵੇਂ ਕਾਨੂੰਨ : ਖ਼ੁਦਕੁਸ਼ੀਆਂ ਦਾ ਰਾਹ ਵਰਗੇ ਦਸਤਾਵੇਜ਼ੀ ਲੇਖ ਅੰਦੋਲਨ ਦਾ ਯਥਾਰਥਕ ਵੇਰਵਾ ਪੇਸ਼ ਕਰਦੇ ਹਨ। ਪੁਸਤਕ ਸੱਚ-ਮੁੱਚ ਸਾਂਭਣਯੋਗ ਹੈ।


-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444.
c c c


ਅਨੋਖਾ ਸਨਮਾਨ

ਲੇਖਕ: ਰਘੁਵੀਰ ਸਿੰਘ ਕਲੋਆ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 71
ਸੰਪਰਕ : 98550-24495


ਰਘੁਵੀਰ ਸਿੰਘ ਕਲੋਆ ਦੀ ਬਾਲ ਪੁਸਤਕ 'ਅਨੋਖਾ ਸਨਮਾਨ' 22 ਸ਼ਾਨਦਾਰ ਬਾਲ ਕਹਾਣੀਆਂ 'ਤੇ ਆਧਾਰਿਤ ਹੈ। ਸਾਰੀਆਂ ਕਹਾਣੀਆਂ ਆਮ ਬਾਲਾਂ ਵਾਲੀ ਬੋਲੀ ਦੇ ਵਿਚ ਲਿਖੀਆਂ ਮਨੋਰੰਜਨ ਦੇ ਨਾਲ-ਨਾਲ ਬਹੁਤ ਹੀ ਸਿੱਖਿਆਦਾਇਕ ਵੀ ਹਨ। ਕਹਾਣੀ 'ਨੇਕੀ ਦੇ ਬੀਜ' ਇਕ ਵਪਾਰੀ ਦੀ ਕਹਾਣੀ ਹੈ ਜੋ ਕਿ ਚੋਖਾ ਧਨ ਕਮਾ ਕੇ ਆਪਣੇ ਨਗਰ ਵਾਪਸ ਜਾ ਰਿਹਾ ਸੀ। ਲੰਬਾ-ਚੌੜਾ ਜੰਗਲੀ ਸਫ਼ਰ ਦੇ ਕਾਰਨ ਉਹ ਥੱਕ ਕੇ ਰਸਤੇ ਵਿਚ ਸੌਂ ਜਾਂਦਾ ਹੈ ਉਥੇ ਕੋਈ ਭਲਾ ਮਨੁੱਖ ਬੈਲ ਗੱਡੀ 'ਤੇ ਆ ਜਾਂਦਾ ਹੈ ਜੋ ਕਿ ਉਸ ਨੂੰ ਉਸ ਦੀ ਪੰਡ ਸਮੇਤ ਆਪਣੀ ਬੈਲ ਗੱਡੀ ਵਿਚ ਬਿਠਾ ਲੈਂਦਾ ਹੈ। ਮੰਜ਼ਿਲ 'ਤੇ ਪਹੁੰਚ ਕੇ ਵਪਾਰੀ ਨੇ ਉਸ 'ਤੇ ਖੁਸ਼ ਹੋ ਕੇ ਕੁਝ ਮੋਹਰਾਂ ਧੰਨਵਾਦ ਵਜੋਂ ਦੇਣੀਆਂ ਚਾਹੀਆਂ ਤਾਂ ਉਸ ਭਲੇ ਮਨੁੱਖ ਨੇ ਇਹ ਕਹਿ ਕੇ ਵਾਪਸ ਕਰ ਦਿੱਤੀਆਂ ਸਨ ਕਿ ਨੇਕ ਕੰੰਮ ਕਰਨ ਸਮੇਂ ਫਲ ਦੀ ਉਮੀਦ ਨਹੀਂ ਰੱਖੀ ਦੀ। ਕਿਸੇ ਸਿਆਣੇ ਮਨੁੱਖ ਨੇ ਮੇਰੇ ਅੰਦਰ ਨੇਕੀ ਦੇ ਬੀਜ ਬੀਜੇ ਸਨ, ਉਹ ਮੈਂ ਤੁਹਾਡੇ ਅੰਦਰ ਬੀਜ ਦਿੱਤੇ ਹਨ। ਇਸੇ ਤਰ੍ਹਾਂ 'ਪਰਉਪਕਾਰ ਦੀ ਸ਼ਕਤੀ' ਕਮਾਲ ਦੀ ਬਾਲ ਕਹਾਣੀ ਹੈ ਜੋ ਦਾਦਾ-ਪੋਤਾ ਦੀ ਆਪਸੀ ਗੱਲਬਾਤ 'ਤੇ ਆਧਾਰਿਤ ਹੈ। ਪੋਤਾ ਦਾਦੇ ਨੂੰ ਪੁੱਛਦਾ ਹੈ 'ਆਪਣੇ ਸ਼ਹਿਤੂਤ ਦੇ ਸਭ ਪੱਤੇ ਅਤੇ ਟਾਹਣੀਆਂ ਕਿਉਂ ਝੜ ਗਏ ਸਨ, ਹੁਣ ਫੇਰ ਪਿਆਰੀਆਂ ਪਿਆਰੀਆਂ ਕਰੂੰਬਲਾਂ ਕਿੱਥੋਂ ਆ ਗਈਆਂ ਹਨ' ਤਾਂ ਦਾਦਾ ਆਪਣੇ ਪੋਤੇ ਨੂੰ ਦੱਸਦਾ ਹੈ ਕਿ 'ਇਸ ਨੇ ਗਰਮੀਆਂ ਵਿਚ ਸਾਨੂੰ ਠੰਢੀ ਛਾਂ ਦਿੱਤੀ ਸੀ ਸਿਆਲ ਵਿਚ ਛਾਂ ਦੀ ਲੋੜ ਨਹੀਂ ਸੀ ਇਸ ਨੇ ਆਪਣੇ ਪੱਤੇ ਝਾੜ ਦਿੱਤੇ ਸਨ ਸਾਡੇ ਲਈ ਅਤੇ ਇਸ ਦੀਆਂ ਟਾਹਣੀਆਂ ਛਾਂਗ ਕੇ ਆਪਾਂ ਟੋਕਰੇ ਬਣਾ ਲਏ ਸਨ। ਇਸ ਨੇ ਆਪਣੇ ਉੱਪਰ ਕਿੱਡਾ ਵੱਡਾ ਪਰਉਪਕਾਰ ਕੀਤਾ ਸੀ ਏਸੇ ਲਈ ਕੁਦਰਤ ਨੇ ਇਸ ਦੇ ਪਰਉਪਕਾਰ ਦਾ ਮੁੱਲ ਨਵੀਆਂ ਸੋਹਣੀਆਂ ਸੋਹਣੀਆਂ ਪੱਤੀਆਂ ਅਤੇ ਟਾਹਣੀਆਂ ਦੇ ਕੇ ਉਤਾਰਿਆ ਹੈ।' ਬੇਟਾ ਇਥੋਂ ਸਿੱਖਿਆ ਮਿਲਦੀ ਹੈ ਹਮੇਸ਼ਾ ਜਿੰਨਾ ਕਰ ਸਕਦੇ ਹੋ ਪਰਉਪਕਾਰ ਕਰੋ। ਇਸੇ ਤਰ੍ਹਾਂ ਸਾਰੀਆਂ ਹੀ ਬਾਲ ਕਹਾਣੀਆਂ ਜਿੱਥੇ ਬਾਲਾਂ ਨੂੰ ਨੈਤਿਕ ਸਿੱਖਿਆ ਦਿੰਦੀਆਂ ਹਨ, ਉਥੇ ਬਾਲਾਂ ਨੂੰ ਸਮਾਜ ਵਿਚ ਵਿਚਰਨ ਦੇ ਢੰਗ-ਤਰੀਕੇ ਅਤੇ ਜ਼ਿੰਦਗੀ ਵਿਚ ਸਫਲ ਇਨਸਾਨ ਬਣਨ ਦੇ ਗੁਣ ਵੀ ਪੈਦਾ ਕਰਦੀਆਂ ਹਨ।


-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
c c c


ਆਕਾਸ਼ ਗੰਗਾ
ਗ਼ਜ਼ਲਕਾਰ : ਗਿਆਨ ਸਿੰਘ ਦਰਦੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 89688-37829


ਪੰਜਾਬੀ ਗ਼ਜ਼ਲ ਸਾਹਿਤ ਦੇ ਸਰਗਰਮ ਗ਼ਜ਼ਲਕਾਰਾਂ ਵਿਚ ਗਿਆਨ ਸਿੰਘ ਦਰਦੀ ਕਾਬਲ-ਏ-ਜ਼ਿਕਰ ਨਾਂਅ ਹੈ। ਇਸ ਪੁਸਤਕ ਤੋਂ ਪਹਿਲਾਂ ਉਸ ਦੀਆਂ ਤਿੰਨ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਇਸ ਪੁਸਤਕ ਦੀ ਛਪਾਈ ਤੋਂ ਪਹਿਲਾਂ ਦਰਦੀ ਨੇ ਗ਼ਜ਼ਲ ਦੀਆਂ ਬਾਰੀਕੀਆਂ ਨੂੰ ਸਮਝਿਆ ਤੇ ਹੰਢੇ ਵਰਤੇ ਗ਼ਜ਼ਲਕਾਰਾਂ ਦੀ ਸੰਗਤ ਕੀਤੀ ਹੈ। ਇਸ ਗ਼ਜ਼ਲ ਸੰਗ੍ਰਹਿ 'ਤੇ ਗ਼ਜ਼ਲਕਾਰ ਦੀ ਮਿਹਨਤ ਦੀ ਗੂੜ੍ਹੀ ਛਾਪ ਦਿਖਾਈ ਦਿੰਦੀ ਹੈ। ਉਸ ਦੀ ਗ਼ਜ਼ਲ ਮਹਿਬੂਬ ਤੋਂ ਮਨੁੱਖ ਦੀਆਂ ਲੋੜਾਂ ਤੱਕ ਪਹੁੰਚਦੀ ਹੈ, ਜਿਸ ਕਾਰਨ ਇਨ੍ਹਾਂ ਗ਼ਜ਼ਲਾਂ ਵਿਚ ਭਾਂਤ-ਸੁਭਾਂਤੇ ਰੰਗਾਂ ਦਾ ਰੌਣਕ ਮੇਲਾ ਹੈ। ਉਹ ਦੁਬਿਧਾ ਵਿਚ ਹੈ ਕਿ ਜੇ ਚਿਰ ਦਾ ਵਿਛੜਿਆ ਵਾਰ-ਵਾਰ ਸੁਪਨੇ ਵਿਚ ਆਵੇ ਤਾਂ ਫਿਰ ਉਹ ਕੀ ਕਰੇ। ਉਸ ਲਈ ਮਨੁੱਖੀ ਮਨ ਦੀ ਅਸ਼ਾਂਤੀ ਸਭ ਤੋਂ ਬੜਾ ਮਸਲਾ ਹੈ ਤੇ ਸਮਾਜ ਦੀ ਅਸਾਵੀਂ ਬਣਤਰ ਦੁੱਖਦਾਇਕ ਹੈ। ਉਹ ਆਖਦਾ ਹੈ ਜੇ ਕਿਸੇ ਨੂੰ ਆਪਣੇ ਈਮਾਨ 'ਤੇ ਯਕੀਨ ਨਹੀਂ ਹੈ ਤਾਂ ਲੋਕਾਂ ਦਾ ਭਰੋਸਾ ਕਿਵੇਂ ਹਾਸਲ ਹੋ ਸਕਦਾ ਹੈ। ਦਰਦੀ ਦੀਆਂ ਗ਼ਜ਼ਲਾਂ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਸਾਦੀ ਤੇ ਆਮ ਬੋਲੀ ਜਾਣ ਵਾਲੀ ਜ਼ੁਬਾਨ ਵਿਚ ਹਨ। ਪਾਠਕ ਨੂੰ ਅਰਥ ਜਾਨਣ ਲਈ ਨਾ ਤਾਂ ਸੰਘਰਸ਼ ਕਰਨਾ ਪੈਂਦਾ ਹੈ ਤੇ ਨਾ ਪੜ੍ਹਨ ਉਪਰੰਤ ਮਾਯੂਸੀ ਹੁੰਦੀ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਨਿੱਕੇ-ਨਿੱਕੇ ਰਸਤੇ ਸਿਰਜਦਾ ਹੈ ਤੇ ਉਨ੍ਹਾਂ ਦੇ ਕਿਨਾਰੇ ਹਰੇ ਕਚੂਰ ਪੱਤਿਆਂ 'ਤੇ ਵੱਖ-ਵੱਖ ਰੰਗਾਂ ਦੇ ਫੁੱਲਾਂ ਵਾਲੇ ਪੌਦੇ ਲਾਉਣ ਦਾ ਵੀ ਯਤਨ ਕਰਦਾ ਹੈ। ਗਿਆਨ ਸਿੰਘ ਦਰਦੀ ਕਾਫ਼ੀ ਦੇਰ ਤੋਂ ਪਰਵਾਸ 'ਤੇ ਹੈ, ਜਿਸ ਕਾਰਨ ਉਦਾਸੀਨਤਾ ਸੁਭਾਵਿਕ ਹੈ ਪਰ ਇਸ ਨਾਲ ਉਸ ਦਾ ਅਨੁਭਵ ਵੀ ਵਿਸ਼ਾਲ ਹੋਇਆ ਹੈ। ਅਨੁਭਵ ਤੇ ਅਭਿਆਸ ਗ਼ਜ਼ਲ ਲਈ ਹਮੇਸ਼ਾ ਉਪਯੋਗੀ ਸਾਬਤ ਹੁੰਦੇ ਹਨ, ਇਹ ਇਸ ਪੁਸਤਕਾਂ ਦੀਆਂ ਗ਼ਜ਼ਲਾਂ 'ਚੋਂ ਮਹਿਸੂਸਿਆ ਜਾ ਸਕਦਾ ਹੈ। 'ਆਕਾਸ਼ ਗੰਗਾ' ਗਿਆਨ ਸਿੰਘ ਦਰਦੀ ਦੀਆਂ ਹੁਣ ਤੱਕ ਦੀਆਂ ਪੁਸਤਕਾਂ 'ਚੋਂ ਬਿਹਤਰ ਪੁਸਤਕ ਹੈ। ਆਸ ਹੈ ਗ਼ਜ਼ਲ ਦੇ ਪਾਠਕ ਇਸ ਨੂੰ ਆਪਣਾ ਪਿਆਰ ਦੇਣਗੇ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002
c c c


ਕੁਝ ਤਾਂ ਬੋਲ
ਲੇਖਕ : ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਪਲਾਹੀ (ਫਗਵਾੜਾ)
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98158-02070


ਗੁਰਮੀਤ ਸਿੰਘ ਪਲਾਹੀ ਸੰਘਰਸ਼ੀ ਪਲਾਂ 'ਚ ਗੁਜ਼ਰਦਾ ਸਰਬਾਂਗੀ ਸਾਹਿਤਕਾਰ ਹੈ। 'ਕੁਝ ਤਾਂ ਬੋਲ' ਉਸ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਇਲਾਵਾ ਉਸ ਦਾ 'ਸੂਰਜ ਨਹੀਂ ਚੜ੍ਹਿਆ' ਕਾਵਿ-ਸੰਗ੍ਰਹਿ ਲੰਬਾ ਅਰਸਾ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ। ਉਸ ਦੇ 'ਸੂਰਜ ਚੜ੍ਹਨ ਤੋਂ ਪਹਿਲਾਂ' ਅਤੇ 'ਸੁਪਨੇ ਤੇ ਪਰਛਾਵੇਂ' ਕਹਾਣੀ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ।
'ਪੰਜਾਬ ਦੀ ਆਵਾਜ਼', 'ਅੱਜ ਦਾ ਪੰਜਾਬ', 'ਪੰਜਾਬ ਦੀ ਡਾਇਰੀ 2021' ਅਤੇ 'ਭਾਰਤ ਦੀ ਡਾਇਰੀ' ਨਿਬੰਧ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ। 'ਕੁਝ ਤਾਂ ਬੋਲ' ਕਾਵਿ-ਸੰਗ੍ਰਹਿ ਆਪਣੇ ਨਿੱਘੇ ਦੋਸਤਾਂ ਨੂੰ ਸਮਰਪਿਤ ਕਰਦਿਆਂ ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਗੰਭੀਰ ਚਿੰਤਨਸ਼ੀਲ ਵਿਅਕਤੀਆਂ ਦੀਆਂ ਚਿੰਤਾਵਾਂ/ਫ਼ਿਕਰਾਂ ਨੂੰ ਅਗਰ ਭੂਮੀ ਲਿਆਂਦਾ ਹੈ।
ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਬਥੇਰਾ ਕੁਫ਼ਰ ਤੋਲ ਲਿਆ ਤੂੰ' ਤੋਂ ਲੈ ਕੇ 'ਰਾਜਨੀਤੀ' ਤੱਕ 60 ਕਵਿਤਾਵਾਂ ਨੂੰ ਸੰਕਲਿਤ ਕੀਤਾ ਗਿਆ। ਉਂਜ 'ਨੀ ਕੁੜੀਏ' ਗੀਤ ਦੇ ਸਿਰਲੇਖ ਤੋਂ ਇਲਾਵਾ 'ਮੇਰਾ ਦਿਮਾਗ ਹਾਲੀ ਜਿਊਂਦਾ ਹੈ', 'ਜੀ ਕਰਦੈ', 'ਹਾਏ ਕੌਣ ਲੁਟੀਦਾ ਜਾ ਰਿਹੈ', 'ਤੇਰੇ ਪੱਬਾਂ ਦੀ ਚਾਲ', 'ਭੁਲੇਖਾ', 'ਡਰ', 'ਰਬੜ ਤੇ ਅੱਖਰ' ਅਤੇ 'ਫਿਰ ਕੀ ਹੋਇਆ' ਨਜ਼ਮਾਂ ਵੀ ਸ਼ਾਮਿਲ ਹਨ। 'ਕੁਝ ਤਾਂ ਬੋਲ' ਨਜ਼ਮ ਪੰਜਾਬ ਦੀ ਅਜੋਕੀ ਤਬਾਹਕੁੰਨ ਮਾਨਸਿਕਤਾ 'ਤੇ 'ਨਾਬਰੀ' ਦੇ ਸੰਕਲਪ ਨੂੰ ਪੁਨਰ ਵਿਚਾਰਨ ਅਤੇ ਦੁਹਰਾਉਣ ਦੀ ਪ੍ਰਕਿਰਿਆ ਸਿਰਜਣ ਦੇ ਆਹਰ 'ਚ ਹੈ। ਇਸ ਦੀ ਪ੍ਰਸੰਗਤਾ 'ਚ 'ਮੈਂ ਇਕ ਬੱਚਾ, ਮੈਂ ਇਕ ਮਰਦ' 'ਚ ਵਰਤੇ ਸ਼ਬਦ 'ਪਿਉ ਦੇ ਸਿਦਕ, ਸਬਰ, ਸਿਰੜ, ਕਿਰਤ ਨੂੰ' ਦੇ ਵਰਤਾਰੇ 'ਚ ਤਾ-ਉਮਰ ਵਿਚਰਦਿਆਂ 'ਕੁਝ ਤਾਂ ਬੋਲ' ਦੇ ਇਨ੍ਹਾਂ ਸ਼ਬਦਾਂ 'ਭੁੱਖ, ਦੁੱਖ, ਸੋਗ, ਜ਼ਖ਼ਮ, ਤੜਫ, ਨਸੂਰ ਪੰਡ ਧੋਖਿਆਂ ਦੀ, ਤੇਰੇ ਸਿਰ ਪਾ ਗਿਆ' 'ਚ ਮਿਲੀ ਜ਼ਲਾਲਤ, ਗਰੀਬੀ, ਭੁੱਖਮਰੀ ਦੇ ਕਾਰਨਾਂ ਦੇ ਪਾਸਾਰ ਗੰਧਲੀ ਰਾਜਨੀਤੀ, ਗੰਧਲਾ ਸਮਾਜਿਕ ਤਾਣਾ-ਬਾਣਾ, ਧਾਰਮਿਕ ਅਤੇ ਆਰਥਿਕ ਵਿਵਸਥਾ ਦੇ ਜ਼ਿੰਮੇਵਾਰ ਬਣਦੇ ਇਸ ਸੰਗ੍ਰਹਿ 'ਚ ਸ਼ਾਮਿਲ ਨਜ਼ਮਾਂ 'ਚ ਵੱਖ-ਵੱਖ ਵੇਰਵਿਆਂ ਅਤੇ ਪ੍ਰਸੰਗਾਂ 'ਚ ਪਾਠਕ ਨਜ਼ਰੀਂ ਪੈਣਗੇ। ਇਸ ਲਈ ਤਾਸਦਿਕ ਸਥਿਤੀ 'ਤੇ ਕਵੀ ਆਪਣਾ ਮੁੱਖ 'ਪੰਜਾਬ' ਨੂੰ ਖੋਲ੍ਹਣ ਲਈ ਕਹਿ ਰਿਹਾ ਹੈ। ਪੰਜਾਬ ਇਕ ਸੰਕਲਪ/ਸੋਚ ਦਾ ਨਾਂਅ ਹੈ:
ਪੰਜਾਬ ਬੋਲ ਕੁਝ ਤਾਂ ਬੋਲ
ਦਿਲ ਦੀ ਘੁੰਡੀ ਖੋਲ੍ਹ
ਐ ਪੰਜਾਬ ਕੁਝ ਤਾਂ ਬੋਲ।
ਕਵੀ ਆਪਣੀ ਇੱਛਾ ਇਨ੍ਹਾਂ ਬੋਲਾਂ ਨਾਲ ਪ੍ਰਗਟਾਉਂਦਾ ਹੈ, 'ਇਹ ਕਵਿਤਾਵਾਂ ਪਾਠਕਾਂ ਦੀ ਕਚਹਿਰੀ 'ਚ ਇਸ ਆਸ ਨਾਲ ਲਿਆਂਦੀਆਂ ਹਨ ਕਿ ਉਨ੍ਹਾਂ ਦੇ ਮਨ ਨੂੰ ਛੋਹ ਸਕਣ'।
ਮੈਨੂੰ ਆਸ ਹੈ ਕਿ ਕਵੀ ਦੀ ਆਸ/ਉਮੀਦ ਮੁਤਾਬਿਕ ਇਸ ਕਾਵਿ-ਸੰਗ੍ਰਹਿ ਨੂੰ ਜਿਥੇ ਜੀ ਆਇਆਂ ਕਹਿਣਗੇ, ਉਥੇ ਸੱਚਮੁੱਚ ਹੀ ਆਪਣੇ ਦਿਲ ਦੀ ਘੁੰਢੀ ਖੋਲ੍ਹਣ ਲਈ ਆਹਰ ਕਰਨਗੇ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096.
c c c


ਸੋਚਾਂ ਦੀ ਪੈੜ ਉੱਤੇ
ਗ਼ਜ਼ਲਕਾਰ : ਧਨਵੰਤ ਸਿੰਘ ਗੁਰਾਇਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 92
ਸੰਪਰਕ : 95011-45039


'ਹੈ' ਤੋਂ 'ਸੀ' ਹੋ ਗਏ ਉੱਘੇ ਗ਼ਜ਼ਲਕਾਰ ਧਨਵੰਤ ਸਿੰਘ ਗੁਰਾਇਆ ਦੀ ਇਹ ਦੂਜੀ ਗ਼ਜ਼ਲ ਪੁਸਤਕ ਹੈ, ਜੋ ਕਿ ਉਨ੍ਹਾਂ ਦੀ ਮੌਤ ਦੇ ਮਗਰੋਂ ਉਨ੍ਹਾਂ ਦੀ ਬੇਟੀ ਰਾਜਬੀਰ ਕੌਰ ਨੇ ਪ੍ਰਕਾਸ਼ਿਤ ਕਰਵਾਈ ਹੈ। ਇਕ ਪਿਤਾ ਵਾਸਤੇ ਬੇਟੀ ਦੀ ਇਹ ਬਹੁਤ ਵੱਡੀ ਸਾਹਿਤਕ ਸਲਾਮੀ ਹੈ।
ਬਲਵੀਰ ਸੈਣੀ ਗੁਰਾਇਆ ਬਾਰੇ ਲਿਖਦੇ ਹਨ ਕਿ ਗੁਰਾਇਆ ਨੇ 35-40 ਸਾਲ ਗ਼ਜ਼ਲ ਨਾਲ ਪ੍ਰੇਮ ਪਾਇਆ ਪਰ ਗ਼ਜ਼ਲਾਂ ਦੀ ਸਿਰਜਣ-ਭੀੜ ਨਾ ਕੀਤੀ। ਥੋੜ੍ਹੇ ਸ਼ਿਅਰ ਕਹੇ ਪਰ ਬਹੁਤ ਉੱਚ-ਪਾਏ ਦੇ ਕਹੇ।
ਧਨਵੰਤ ਸਿੰਘ ਗੁਰਾਇਆ ਦੀ ਗ਼ਜ਼ਲ ਧਰਤੀ ਨਾਲ ਜੁੜ ਕੇ ਪੇਸ਼ ਹੁੰਦੀ ਹੈ। ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਵਿਸੰਗਤੀਆਂ ਉਸ ਨੂੰ ਚੰਗੀਆਂ ਨਹੀਂ ਸਨ ਲਗਦੀਆਂ। ਉਹ ਨੇਕ ਦਿਲ ਇਨਸਾਨ ਨੇਕ ਸ਼ਿਅਰਕਾਰੀ ਕਰਦਾ ਰਿਹਾ। ਉਸ ਦੀਆਂ ਗ਼ਜ਼ਲਾਂ ਵਿਚ ਉਹ ਸਾਰੇ ਗੁਣ ਹਨ, ਜੋ ਕਿ ਆਧੁਨਿਕ ਭਾਵਬੋਧ ਦੀ ਗ਼ਜ਼ਲ ਲਈ ਜ਼ਰੂਰੀ ਸਮਝੇ ਜਾਂਦੇ ਹਨ। ਰੂਪਕ ਪੱਖ ਤੋਂ ਉਸ ਦੀਆਂ ਗ਼ਜ਼ਲਾਂ ਵਿਚ ਫੇਲ੍ਹਣ ਤੱਤ ਜੁੜਦੇ ਛੰਦ ਵੀ ਅਤੇ ਅਰੂਜ਼ ਦੇ ਬਹਿਰ ਵੀ ਬੜੀ ਖ਼ੂਬੀ ਨਾਲ ਨਿਭੇ ਹਨ। ਉਸ ਦੇ ਸ਼ਿਅਰਾਂ ਦੀ ਸਲਾਮੀ ਹਾਜ਼ਰ ਹੈ :
-ਸ਼ਬਦਾਂ ਦਾ ਗਿਆਨ ਮੰਗਾਂ
ਗ਼ਜ਼ਲਾਂ ਦੀ ਲੋਅ ਜਗਾ ਦੇ,
ਮੌਲਾ ਮੈਂ ਲੋੜਦਾ ਹਾਂ
ਇਕ ਬਹਿਰ ਢੰਗ ਵਰਗੀ।

-ਸ਼ਰਾਰਤ ਨਾਲ ਤੁਰਦੀ ਹੈ ਨਿਰਾਲੀ ਹੈ ਅਦਾ ਇਸ ਦੀ,
ਗ਼ਜ਼ਲ ਤੁਰਦੀ ਜਦੋਂ ਸ਼ੋਖੀ-ਨਜ਼ਾਕਤ ਨਾਲ ਤੁਰਦੀ ਹੈ।

-ਮੈਨੂੰ ਜੇ ਗਾ ਸਕੇਂ ਤਾਂ ਮਤਲਾ ਕਮਾਲ ਹਾਂ ਮੈਂ,
ਗ਼ਜ਼ਲਾਂ 'ਚ ਢਲ ਗਿਆ ਹਾਂ ਮੈਂ ਬਹਿਰ ਹੋ ਗਿਆ ਹਾਂ।
'ਸੋਚਾਂ ਦੀ ਪੈੜ ਉੱਤੇ' ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਦਾ ਹਰ ਸ਼ਿਅਰ ਦਿਲ ਨੂੰ ਉਦਾਸ ਕਰਦਾ ਤੇ ਖ਼ੁਸ਼ੀ ਵੱਲ ਉਂਗਲ ਕਰਦਾ ਹੈ। ਪੁਸਤਕ ਸਾਂਭਣਯੋਗ ਹੈ।


-ਸੁਲੱਖਣ ਸਰਹੱਦੀ
ਮੋਬਾਈਲ : 94174-84337
c c c


ਨਾਜ਼-ਓ-ਅੰਦਾਜ਼

ਲੇਖਕ : ਕਿਰਪਾਲ ਸਿੰਘ ਨਾਜ਼
ਪ੍ਰਕਾਸ਼ਕ : ਅੰਕਿਤ ਨਹੀਂ
ਮੁੱਲ : 150 ਰੁਪਏ ਸਫ਼ੇ 99
ਸੰਪਰਕ : 98554-80191


ਕਵੀ ਤੇ ਗੀਤਕਾਰ ਕਿਰਪਾਲ ਸਿੰਘ ਨਾਜ਼ ਲੰਮੇ ਅਰਸੇ ਤੋਂ ਸਾਹਿਤ ਖੇਤਰ ਵਿਚ ਕਾਰਜਸ਼ੀਲ ਹੈ। 'ਨਾਜ਼-ਓ-ਅੰਦਾਜ਼' ਉਸ ਦਾ ਨਵਾਂ ਮਜਮੂਆ ਹੈ, ਜਿਸ ਵਿਚ ਉਸ ਦੀਆਂ ਵੱਖ-ਵੱਖ ਵੰਨਗੀਆਂ ਸ਼ਾਮਿਲ ਹਨ। ਇਨ੍ਹਾਂ ਰਚਨਾਵਾਂ ਦਾ ਕੋਈ ਇਕ ਖ਼ਾਸ ਵਿਸ਼ਾ ਵਸਤੂ ਨਹੀਂ ਸਗੋਂ ਇਨ੍ਹਾਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਆਦਿ ਮਸਲਿਆਂ ਅਤੇ ਸਰੋਕਾਰਾਂ ਦੀ ਮਿੱਸ ਹੈ। ਇਸ ਪੁਸਤਕ ਦੇ ਪਹਿਲੇ ਜੁਜ਼ ਵਿਚ 'ਗੀਤ' ਸੰਮਿਲਿਤ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ, ਸਾਹਿਬਜ਼ਾਦਿਆਂ, ਦੇਸ਼-ਭਗਤਾਂ ਦੇ ਮਾਨਵਤਾਵਾਦੀ ਦ੍ਰਿਸ਼ਟੀਕੋਣ, ਅਣਖ-ਆਬਰੂ, ਜ਼ਬਰ ਵਿਰੁੱਧ ਟੱਕਰ, ਲਾਸਾਨੀ ਕੁਰਬਾਨੀਆਂ ਦਾ ਵਰਣਨ ਹੈ। ਦੂਜੇ ਜੁਜ਼ 'ਕਵਿਤਾਵਾਂ' ਵਿਚ ਵੀ ਗੁਰੂ ਸਾਹਿਬਾਨ, ਭਾਰਤ ਮਾਤਾ ਦੀ ਉਸਤਤਿ, ਆਜ਼ਾਦੀ ਸੰਘਰਸ਼, ਬੇਰੁਜ਼ਗਾਰੀ ਅਤੇ ਅੰਨਦਾਤਾ ਦੀ ਕਿਰਤ ਦੇ ਲੁੱਟ ਦੀ ਗੱਲ ਕੀਤੀ ਗਈ ਹੈ। ਕਵੀ ਦੀ ਵੰਗਾਰ ਹੈ ਕਿ ਦ੍ਰਿੜ੍ਹ ਨਿਸਚੇ, ਹਿੰਮਤ ਅਤੇ ਗ਼ਲਤ ਕਦਰਾਂ ਦੀ ਡਟ ਕੇ ਮੁਖ਼ਾਲਫ਼ਤ ਕਰਕੇ ਹੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। 'ਗ਼ਜ਼ਲ' ਭਾਗ ਵਿਚ ਕਵੀ ਆਪਣੀਆਂ ਗ਼ਜ਼ਲਾਂ ਵਿਚ ਬ੍ਰਿਹੋਂ-ਵਸਲ, ਦੁੱਖ-ਦਰਦ, ਜਾਮ, ਸਾਕੀ, ਸੁਰਾਹੀ, ਜਾਮ, ਜਫ਼ਾ, ਫ਼ਿਰਾਕ ਆਦਿ ਦੇ ਹਵਾਲਿਆਂ ਨਾਲ ਆਪਣੀਆਂ ਨਿੱਜੀ ਭਾਵਨਾਵਾਂ, ਪਰਾਇਆਂ ਦੇ ਦੁੱਖ ਦਰਦ ਅਤੇ ਸੰਘਰਸ਼ ਦਾ ਵੀ ਜ਼ਿਕਰ ਕਰਦਾ ਹੈ ਕਿਉਂਕਿ ਪੀੜਤ ਧਿਰਾਂ ਦੇ ਹੱਕ ਵਿਚ ਖੜ੍ਹਨਾ ਕਲਮਕਾਰ ਦਾ ਧਰਮ ਹੈ। ਆਖ਼ਰੀ ਭਾਗ 'ਮਿੰਨੀ ਕਹਾਣੀਆਂ' ਵਿਚ ਗੁਰਬਤ ਦੀ ਚੱਕੀ ਵਿਚ ਪਿਸ ਰਹੀ ਜਨਤਾ, ਇਖ਼ਲਾਕ ਤੇ ਜ਼ਮੀਰਾਂ ਦੀ ਸੌਦੇਬਾਜ਼ੀ, ਭ੍ਰਿਸ਼ਟ ਨਿਜਾਮ, ਗੰਧਲੀ ਹੁੰਦੀ ਸਿਆਸਤ, ਗ਼ੁਲਾਮ ਮਾਨਸਿਕਤਾ, ਨਾਰੀ-ਸੋਸ਼ਣ, ਧਾਰਮਿਕ ਅਡੰਬਰਵਾਦ, ਸਿਫ਼ਾਰਸ਼ੀ-ਯੁੱਗ ਅਤੇ ਤਿਗੜਮਬਾਜ਼ੀ ਦੀਆਂ ਸਾਜ਼ਿਸ਼ਾਂ ਨਾਲ ਹੱਕਦਾਰਾਂ ਦੇ ਹੱਕਾਂ ਉਪਰ ਮਾਰੇ ਜਾਂਦੇ ਡਾਕਿਆਂ ਦਾ ਜ਼ਿਕਰ ਹੈ। 'ਬਰਦਾਸ਼ਤ', 'ਢਿੱਡ ਦੀ ਅੱਗ', 'ਡਿਸਕਨੈਕਟ', 'ਮੇਰਾ ਜਾਂ ਤੁਹਾਡਾ', 'ਪਾਪ ਜਾਂ ਪੁੰਨ' ਅਤੇ 'ਅਸ਼ੀਰਵਾਦ' ਮਿੰਨੀ ਕਹਾਣੀਆਂ ਵਿਚ ਡੂੰਘੇ ਅਰਥ ਸਮੋਏ ਹੋਏ ਹਨ। ਪੁਸਤਕ ਪੜ੍ਹਨ ਉਪਰੰਤ ਪਾਠਕ ਸੁਰਜੀਤ ਸਿੰਘ ਮਰਜਾਰਾ ਦੀ ਇਸ ਧਾਰਨਾ ਨਾਲ ਮੁਤਫ਼ਿਕ ਹੁੰਦਾ ਹੈ ਕਿ ਕਵੀ ਦੀ ਹਰ ਰਚਨਾ ਕੋਈ ਨਾ ਕੋਈ ਗੱਲ ਜਾਂ ਸੁਨੇਹਾ ਦੇਣ ਲਈ ਤੱਤਪਰ ਦਿਖਾਈ ਦਿੰਦੀ ਹੈ। ਕੁੱਲ ਮਿਲਾ ਕੇ ਇਹ ਪੁਸਤਕ ਪੜ੍ਹਨਯੋਗ ਹੈ।


-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
c c c

08-10-2022

 ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਵਿਤਾ
ਲੇਖਕ : ਡਾ. ਮਨਦੀਪ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫੇ : 100
ਸੰਪਰਕ : 94174-12445

ਇਸਲਾਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਸੂਫ਼ੀ ਸੰਤ ਕਵੀਆਂ ਦਾ ਬੜਾ ਯੋਗਦਾਨ ਰਿਹਾ ਹੈ। ਇਨ੍ਹਾਂ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਕੱਟੜਵਾਦੀ ਨਹੀਂ, ਸਗੋਂ ਇਸ਼ਕ ਦੇ ਸਮੁੰਦਰਾਂ ਵਿਚ ਤਾਰੀਆਂ ਲਾਉਣ ਵਾਲੇ ਦਰਵੇਸ਼ ਸਨ। ਸੂਫ਼ੀਵਾਦ ਦਾ ਆਰੰਭ ਸੱਤਵੀਂ ਸਦੀ ਵਿਚ ਹੋ ਗਿਆ ਸੀ। ਭਾਰਤ ਵਿਚ ਖਵਾਜਾ ਮੁਈਨੁੱਦੀਨ ਚਿਸ਼ਤੀ, ਬਖ਼ਤਿਆਰ ਕਾਕੀ, ਬਾਬਾ ਫ਼ਰੀਦ, ਨਿਜ਼ਾਮੁਦੀਨ ਔਲੀਆ, ਸ਼ਾਹ ਕਲੰਦਰ ਆਦਿ ਪ੍ਰਮੁੱਖ ਸੂਫੀ ਸੰਤ ਹੋਏ ਹਨ। ਪੰਜਾਬ ਵਿਚ ਸਖੀ ਸਰਵਰ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, , ਸੁਲਤਾਨ ਬਾਹੂ ਅਤੇ ਗੁਲਾਮ ਫ਼ਰੀਦ ਨੇ ਆਪਣੇ ਰੂਹਾਨੀ ਕਲਾਮ ਨਾਲ ਸਾਰੇ ਦਿਲਾਂ ਨੂੰ ਸਰਸ਼ਾਰ ਕੀਤਾ। ਇਸ ਪੁਸਤਕ ਵਿਚ ਸੂਫ਼ੀਵਾਦ ਦੇ ਸਿਧਾਂਤਕ ਅਤੇ ਇਤਿਹਾਸਕ ਪੱਖਾਂ ਨੂੰ ਉਜਾਗਰ ਕਰਦੇ ਹੋਏ ਬਾਬਾ ਫ਼ਰੀਦ, ਸ਼ਾਹ ਹੁਸੈਨ ਅਤੇ ਬੁੱਲ੍ਹੇਸ਼ਾਹ ਦੇ ਕਾਵਿ ਜਗਤ ਨਾਲ ਜਾਣ-ਪਛਾਣ ਕਰਾਈ ਗਈ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਨੋਖਾ ਮਾਣ ਬਖ਼ਸ਼ਿਆ। ਆਪ ਜੀ ਦੀ ਬਾਣੀ ਭਾਵਨਾ ਅਤੇ ਰੱਬੀ ਪਿਆਰ ਨਾਲ ਸੁਗੰਧਿਤ ਹੋਣ ਕਾਰਨ ਸਾਡੇ ਦਿਲਾਂ ਵਿਚ ਲਹਿ ਜਾਂਦੀ ਹੈ। ਲਹਿੰਦੀ ਪੰਜਾਬੀ ਵਿਚ ਲਿਖੀ ਇਹ ਬਾਣੀ ਮਾਖਿਉਂ ਮਿੱਠੀ ਅਤੇ ਰਸਦਾਇਕ ਹੈ। ਬਾਬਾ ਬੁੱਲ੍ਹੇ ਸ਼ਾਹ ਦੀ ਸੂਫੀ ਵਿਚਾਰਧਾਰਾ ਦੁਨਿਆਵੀ ਬੰਧਨਾਂ ਅਤੇ ਸ਼ਰ੍ਹਾ ਦੀ ਕੈਦ ਤੋਂ ਮੁਕਤ ਹੈ। ਸੁਤੰਤਰ ਖਿਆਲਾਂ ਦੇ ਇਸ ਬੁਲੰਦ ਸੰਤ ਕਵੀ ਨੂੰ ਪੰਜਾਬੀਆਂ ਨੇ ਆਪਣੇ ਦਿਲ ਵਿਚ ਬਿਠਾਇਆ ਹੋਇਆ ਹੈ। ਉਸ ਦਾ ਕੇਂਦਰੀ ਨੁਕਤਾ ਇਸ਼ਕ ਹੈ, ਜਿਸ ਨੂੰ ਉਹ ਇਲਮ ਅਕਲ ਤੋਂ ਉੱਚਾ ਦਰਜਾ ਦਿੰਦਾ ਹੈ। ਉਸ ਦਾ ਕਲਾਮ ਧਾਰਮਿਕ ਬੰਦਿਸ਼ਾਂ ਤੋਂ ਮੁਕਤ ਰਹਿ ਕੇ ਖ਼ੁਦਾ ਅਤੇ ਉਸ ਦੀ ਖ਼ਲਕਤ ਨੂੰ ਪਿਆਰ ਕਰਨ ਦਾ ਸੰਦੇਸ਼ ਦਿੰਦਾ ਹੈ। ਸ਼ਾਹ ਹੁਸੈਨ ਦਾ ਕਲਾਮ ਸੰਗੀਤਮਈ, ਵੈਰਾਗਮਈ ਅਤੇ ਪ੍ਰੇਮ ਮਈ ਹੈ। ਪੰਜਾਬੀ ਕਵਿਤਾ ਵਿਚ ਉਸ ਨੇ ਪਹਿਲੀ ਵਾਰ ਕਾਫੀਆਂ ਲਿਖੀਆਂ। ਉਸ ਨੇ ਰਾਗ ਬਸੰਤ, ਧਨਾਸਰੀ, ਰਾਮਕਲੀ, ਤਿਲੰਗ, ਕਾਨੜਾ, ਤੁਖਾਰੀ, ਬਿਲਾਵਲ, ਆਸਾਵਰੀ, ਕਲਿਆਣ, ਵਡਹੰਸ, ਦੇਵਗੰਧਾਰੀ, ਲਲਿਤ, ਸੂਹੀ, ਭੈਰਵੀ ਆਦਿ ਵਿਚ ਰਚਨਾ ਕੀਤੀ। ਅੰਤ ਵਿਚ ਲੇਖਕ ਨੇ ਇਨ੍ਹਾਂ ਤਿੰਨਾਂ ਸੂਫ਼ੀ ਕਵੀਆਂ ਦੇ ਕਾਵਿ ਦਾ ਤੁਲਨਾਤਮਿਕ ਅਧਿਐਨ ਪੇਸ਼ ਕੀਤਾ ਹੈ। ਆਓ, ਆਪਾਂ ਵੀ ਇਨ੍ਹਾਂ ਦੇ ਕਲਾਮ ਦੀ ਝਲਕ ਮਾਣੀਏ-
ਫਰੀਦਾ ਸਕਰ ਖੰਡੁ ਨਿਵਾਤ ਗੁੜ ਮਾਖਿਉ ਮਾਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ॥
(ਬਾਬਾ ਫ਼ਰੀਦ ਜੀ)
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ। (ਸ਼ਾਹ ਹੁਸੈਨ)
ਭੱਠ ਨਮਾਜਾਂ ਤੇ ਚਿੱਕੜ ਰੋਜੇ ਕਲਮੇ ਤੇ ਫਿਰ ਗਈ ਸਿਆਹੀ
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ ਭੁੱਲੀ ਫਿਰੇ ਲੁਕਾਈ।
(ਬੁੱਲ੍ਹੇ ਸ਼ਾਹ)
ਸਮੁੱਚੇ ਤੌਰ 'ਤੇ ਇਹ ਇਕ ਵਧੀਆ, ਜਾਣਕਾਰੀ ਭਰਪੂਰ ਪੁਸਤਕ ਹੈ। ਜੋ ਮਹਾਨ ਸੂਫ਼ੀ ਚਿੰਤਕਾਂ ਦੇ ਜੀਵਨ ਦਰਸ਼ਨ ਅਤੇ ਕਲਾਮ ਦੇ ਦੀਦਾਰ ਕਰਵਾਉਂਦੀ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

c c c

ਰਾਹਾਂ ਦੇ ਰੁਦਨ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 292
ਸੰਪਰਕ : 98728-98599

ਸ੍ਰੀਮਤੀ ਪਰਮਜੀਤ ਕੌਰ ਸਰਹਿੰਦ ਪੰਜਾਬੀ ਦੀ ਇਕ ਸੰਵੇਦਨਸ਼ੀਲ ਅਤੇ ਪ੍ਰਮਾਣਿਕ ਲੇਖਿਕਾ ਹੈ। ਉਹ ਨਿਬੰਧਕਾਰੀ (ਸੱਭਿਆਚਾਰ, ਵਿਰਸਾ) ਕਵਿਤਾ, ਕਹਾਣੀ ਆਦਿ ਬਹੁਤ ਸਾਰੇ ਖੇਤਰਾਂ ਅਤੇ ਰੂਪਾਕਾਰਾਂ ਵਿਚ ਲੇਖਣ ਕਾਰਜ ਕਰਦੀ ਰਹੀ ਹੈ। 'ਰਾਹਾਂ ਦੇ ਰੁਦਨ' ਵਿਚ ਉਸ ਨੇ ਆਪਣੀ ਸਵੈਜੀਵਨੀ ਅੰਕਿਤ ਕੀਤੀ ਹੈ। ਉਸ ਦੀਆਂ ਪੁਸਤਕਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕਰ ਕੇ ਆਪਣਾ ਮਾਣ ਵਧਾਇਆ ਹੈ ਪਰ ਉਹ ਪੰਜਾਬੀ ਸਾਹਿਤ ਦੇ ਸਮਕਾਲੀ ਦ੍ਰਿਸ਼ ਤੋਂ ਬਹੁਤੀ ਸੰਤੁਸ਼ਟ ਨਹੀਂ ਹੈ, ਕਿਉਂਕਿ ਸਾਡੇ ਇਥੇ ਲੇਖਕ ਲੋਕ ਪਰਸਪਰ ਈਰਖਾ ਅਤੇ ਦਵੈਖ ਤੋਂ ਉੱਪਰ ਨਹੀਂ ਉੱਠ ਸਕੇ। ਲੇਖਿਕਾ ਦੱਸਦੀ ਹੈ ਕਿ ਉਸ ਨੇ ਕਈ ਕਚਘਰੜ ਲੇਖਕਾਂ ਦੀ ਵੀ ਸੁਹਿਰਦਤਾਵੱਸ ਬਹੁਤ ਮਦਦ ਕੀਤੀ ਪਰ ਉਸ ਨੂੰ ਦੁੱਖ ਹੈ ਕਿ ਉਹ ਆਪਣੇ-ਆਪ ਨੂੰ ਬਹੁਤ ਵੱਡੇ ਲੇਖਕ/ਲੇਖਿਕਾਵਾਂ ਸਮਝਣ ਦਾ ਭਰਮ ਪਾਲ ਲੈਂਦੇ ਹਨ ਅਤੇ ਕੁਝ ਚੰਗਾ/ਨਰੋਆ ਲਿਖ ਸਕਣ ਦੀ ਤਾਕਤ ਗੁਆ ਲੈਂਦੇ ਹਨ (ਪੰਨਾ 287)।
ਇਸ ਸਵੈਜੀਵਨੀ ਵਿਚ ਪਿਛਲੇ ਸੱਠ-ਸੱਤਰ ਵਰ੍ਹਿਆਂ ਦਾ ਪੰਜਾਬੀ ਸੱਭਿਆਚਾਰ ਸੱਚੇ-ਸੁੱਚੇ ਰੂਪ ਵਿਚ ਅੰਕਿਤ ਹੋਇਆ ਹੈ। ਇਸ ਬਿਰਤਾਂਤ ਵਿਚ ਸਭ ਤੋਂ ਹਿਰਦੇਵੇਧਕ ਅਤੇ ਦੁਖਦ ਘਟਨਾ ਉਸ ਦੇ ਇਕਲੌਤੇ ਸਪੁੱਤਰ ਦਿਲਰਾਜ ਸਿੰਘ ਰਾਜੇ ਦੀ ਕਹਿਰਾਂ ਦੀ ਮੌਤ ਹੈ। ਇਹ ਘਟਨਾ 3 ਅਪ੍ਰੈਲ, 2005 ਨੂੰ ਵਾਪਰੀ ਸੀ। ਇਸ ਨੇ ਲੇਖਿਕਾ ਦੇ ਦਿਲੋ-ਦਿਮਾਗ਼ ਅਤੇ ਸਰੀਰਕ ਊਰਜਾ ਨੂੰ ਸੁੰਨ ਕਰ ਦਿੱਤਾ ਸੀ। ਇਸ ਸਦਮੇ ਤੋਂ ਉਹ ਅਜੇ ਤੱਕ ਵੀ ਨਹੀਂ ਉੱਭਰ ਸਕੀ। ਵਜੀਦ ਦੇ ਹਵਾਲੇ ਨਾਲ ਉਹ ਲਿਖਦੀ ਹੈ :
ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ।
ਇਕਨਾਂ ਦੇ ਘਰ ਧੀਆਂ,
ਧੀਆਂ ਘਰ ਦੋਹਤਰੇ।
ਇਕਨਾਂ ਦੇ ਘਰ
ਇਕ ਹੀ ਜੰਮ ਕੇ ਜਾਏ ਮਰ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।
ਲੇਖਿਕਾ ਦੀ ਇਹ ਪੁਸਤਕ ਅਤਿਅੰਤ ਪ੍ਰੇਰਨਾ ਭਰਪੂਰ ਅਤੇ ਉਤਸ਼ਾਹਵਰਧਕ ਹੈ। ਇਹ ਸਾਡੀਆਂ ਧੀਆਂ ਅਤੇ ਪੋਤੀਆਂ-ਦੋਹਤੀਆਂ ਨੂੰ ਸੰਘਰਸ਼ ਅਤੇ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਹ ਦੱਸਦੀ ਹੈ ਕਿ ਜ਼ਮੀਨਾਂ-ਜਾਇਦਾਦਾਂ ਅਤੇ ਧਨ-ਦੌਲਤ ਉੱਪਰ ਗ਼ੁਮਾਨ ਕਰਨਾ ਮਿਥਿਆ ਹੈ। ਦੌਲਤ ਬੱਦਲਾਂ ਦੀ ਛਾਂ ਵਾਂਗ ਹੁੰਦੀ ਹੈ। ਅੱਜ ਹੈ, ਕੱਲ੍ਹ ਨਹੀਂ ਹੋਵੇਗੀ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

c c c

ਜਸਵੰਤ ਜ਼ਫ਼ਰ
ਕਾਵਿ ਸਮੀਖਿਆ ਅਤੇ ਸੰਵਾਦ
ਡਾ. ਮਨਦੀਪ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫੇ : 123
ਸੰਪਰਕ : 99146-00690

ਡਾ. ਮਨਦੀਪ ਸਿੰਘ ਆਧੁਨਿਕ/ਉੱਤਰ-ਆਧੁਨਿਕ ਪੰਜਾਬੀ ਕਾਵਿ ਦਾ ਹੋਣਹਾਰ ਸਮੀਖਿਆਕਾਰ ਹੈ। ਇਸ ਖੋਜ ਪੁਸਤਕ ਦਾ ਗੰਭੀਰ ਅਧਿਐਨ ਕਰਦਿਆਂ ਅਜਿਹਾ ਪ੍ਰਤੀਕ ਹੁੰਦਾ ਹੈ ਜਿਵੇਂ ਕਵੀ ਜ਼ਫ਼ਰ ਅਜੋਕੇ ਜੀਵਨ ਤੋਂ ਅਸੰਤੁਸ਼ਟ ਹੈ। ਜੋ ਹੋ ਰਿਹਾ ਹੈ ਅਤੇ ਜੋ ਹੋਣਾ ਚਾਹੀਦਾ ਹੈ, ਉਸ ਵਿਚ ਵਡੇਰਾ ਪਾੜਾ ਹੈ। ਕਵੀ ਇਸ ਪਾੜੇ ਨੂੰ ਪੂਰਨ ਲਈ ਬੇਚੈਨ ਹੈ। ਡਾ. ਮਨਦੀਪ ਸਿੰਘ ਆਪਣੇ ਅਧਿਐਨ ਮਾਡਲ (ਧਰਮ ਦੇ ਅਡੰਬਰੀ ਕਾਰ ਵਿਹਾਰਾਂ ਦਾ ਵਿਰੋਧ, ਵਿਸ਼ਵੀਕਰਨ-ਪੂੰਜੀਵਾਦ ਪ੍ਰਤੀਰੋਧੀ ਪ੍ਰਵਚਨ, ਕੁਦਰਤ, ਬੰਦੇ ਦੀ ਤਲਾਸ਼, ਭਵਿੱਖ ਦੇ ਨਕਸ਼ ਨੁਹਾਰਨਾ, ਕਾਵਿ ਸੰਚਾਰ ਆਦਿ) ਅਨੁਸਾਰ ਜ਼ਫ਼ਰ ਕਾਵਿ ਦਾ ਸਰਵਪੱਖੀ ਵਿਸ਼ਲੇਸ਼ਣ ਕਰਦਾ ਹੈ। ਜ਼ਫ਼ਰ ਧਰਮਾਂ ਦੇ ਆਧਾਰ ਹੀਣ ਫੋਕੇ ਅਡੰਬਰਾਂ ਦੀ ਨਿਖੇਧੀ ਕਰਦਾ ਹੈ। ਵਿਸ਼ਵੀਕਰਨ ਅਤੇ ਪੂੰਜੀਵਾਦ ਦੇ ਰੁਝਾਨ ਕਾਰਨ ਪੈਸੇ ਦੀ ਅੰਨ੍ਹੀ ਦੌੜ ਵਿਚ ਬੰਦੇ ਦਾ ਲਗ ਜਾਣਾ ਮਾਨਵਤਾ ਦੇ ਨਿਘਾਰ ਦਾ ਸੂਚਕ ਹੈ। ਅਜੋਕੇ ਖਪਤਕਾਰ ਸੱਭਿਆਚਾਰ ਵਿਚ ਵਿਅਕਤੀ ਵਸਤੂ ਬਣ ਕੇ ਰਹਿ ਗਿਆ ਹੈ। ਉਸ ਦਾ ਆਪਣਾ ਅਸਤਿਤਵ ਕਿਧਰੇ ਗੁਆਚ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਹੀ ਸਿੱਖਿਆਵਾਂ ਤੋਂ ਦੂਰ ਹੋ ਗਿਆ ਹੈ ਭਾਵ 'ਤੁਸੀਂ ਪੁੱਛ ਸਕਦੇ ਹੋ , ਕਿ ਨਾਨਕ ਦੇ ਨਾਂਅ ਉਤੇ ਖੁੱਲ੍ਹੇ ਮੋਦੀ ਖਾਨਿਆਂ ਦੇ ਮਾਲਕ, ਭਲਾ ਨਾਨਕ ਦੇ ਕੀ ਲਗਦੇ ਨੇ? ਪੰਨਾ : 20, ਕਿਹਾ ਜਾ ਸਕਦਾ ਹੈ ਕਿ ਕਵੀ ਜ਼ਫ਼ਰ ਦਾ ਧਿਆਨ ਜਿਸ ਘਟਨਾ 'ਤੇ ਧਿਆਨ ਕੇਂਦਰਿਤ ਹੋ ਜਾਂਦਾ ਹੈ ਉਸ ਦਾ ਕਾਵਿ-ਮਨ ਕੁਝ ਕਹਿਣ ਲਈ ਉਤਾਵਲਾ ਹੋ ਜਾਂਦਾ ਹੈ। ਉਹ ਆਪਣੇ ਨਜ਼ਰੀਏ ਨੂੰ ਵਿਲੱਖਣ ਅੰਦਾਜ਼ ਵਿਚ ਪੇਸ਼ ਕਰਦਾ ਹੈ। ਕਵੀ ਦਾ ਸਿਧਾਂਤ ਬ੍ਰਹਮ ਕੇਂਦਰਿਤ ਹੈ। ਸਮੁੱਚੀ ਮੁਲਾਕਾਤ 'ਚੋਂ ਕਵੀ ਸੰਤੁਲਿਤ ਜੀਵਨ ਗੁਜ਼ਾਰਨ ਦਾ ਮੁਦਈ ਹੈ। ਸਮੀਖਿਅਕ ਦੀ ਜੁਗਤ ਇਹ ਹੈ ਕਿ ਉਹ ਜ਼ਫ਼ਰ ਦੇ ਕਾਵਿ-ਸੰਗ੍ਰਹਿਆਂ 'ਚੋਂ ਕਵਿਤਾ ਦੀ ਚੋਣ ਕਰ ਕੇ ਪ੍ਰਸੰਗ ਸਹਿਤ ਵਿਆਖਿਆ ਕਰਦਾ ਹੋਇਆ, ਕਾਵਿ ਦੇ ਅਗਲ-ਪਿਛੜ ਦਾ ਰੇਸ਼ਾ-ਰੇਸ਼ਾ ਉਘਾੜ ਦਿੰਦਾ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਕਾਵਿ ਟੁਕੜੀਆਂ ਦਿੰਦਾ ਹੈ। ਲੇਖਕ ਨੇ ਵਿਸ਼ਾ-ਅਨੁਸਾਰ ਅਨੇਕਾਂ ਵਿਦਵਾਨਾਂ ਦੇ ਵਿਚਾਰ ਉਦ੍ਰਿਤ ਕੀਤੇ ਹਨ, ਜੋ ਉਸ ਦੇ ਵਿਸ਼ਾਲ ਅਧਿਐਨ ਦੀ ਸਾਖੀ ਭਰਦੇ ਹਨ। ਜ਼ਫ਼ਰ ਗੁਰਬਾਣੀ ਦੀਆਂ ਕਾਵਿ-ਤੁਕਾਂ ਨੂੰ ਆਪਣੀਆਂ ਕਵਿਤਾਵਾਂ ਦੇ ਸਿਰਲੇਖ ਵਜੋਂ ਵੀ ਵਰਤਦਾ ਹੈ। ਉਸ ਦਾ ਇੰਜੀਨੀਅਰਿੰਗ ਦਾ ਅਨੁਭਵ ਵੀ ਉਸ ਦੇ ਕਾਵਿ 'ਚ ਸਹਾਈ ਹੁੰਦਾ ਹੈ। ਉਸ ਦੀ ਬਿੰਬਾਵਲੀ ਅਤੇ ਅਲੰਕਾਰ ਸ਼ਲਾਘਾਯੋਗ ਹਨ। ਕਾਵਿ-ਸੰਚਾਰ ਯੋਗਤਾ ਕਮਾਲ ਹੈ। ਤਿੱਖੀ ਤਨਜ਼ ਅਤੇ ਵਿਅੰਗ ਰੌਚਿਕਤਾ ਪ੍ਰਦਾਨ ਕਰਦੇ ਹਨ। ਉਸ ਦੀ ਕਾਵਿ-ਉਡਾਰੀ ਵਿਗਿਆਨਕ ਘੇਰੇ ਨੂੰ ਕੁੱਦ ਕੇ ਪਾਰ ਜਾਣ ਦੀ ਸਮਰੱਥਾ ਰੱਖਦੀ ਹੈ। ਇੰਜ ਨਵੀਆਂ ਸੰਭਾਵਨਾਵਾਂ ਪੈਦਾ ਕਰਦੀ ਹੈ। ਆਖਰੀ ਪੰਨਿਆਂ ਦੀ ਮੁਲਾਕਾਤ ਬੰਦੇ ਨੂੰ ਆਪਣੀ ਅਸਤਿਤਵ ਦੀ ਰਾਖੀ ਦਾ ਸੰਕੇਤ ਦਿੰਦੀ ਹੈ। ਜ਼ਫ਼ਰ ਵਲੋਂ ਅਖ਼ਬਾਰਾਂ ਲੀ ਕਾਰਟੂਨ ਬਣਾਉਣ ਦੀ ਜਾਣਕਾਰੀ ਵੀ ਮਿਲਦੀ ਹੈ। ਸੱਚ ਹੈ ਜਸਵੰਤ ਜ਼ਫ਼ਰ, ਵਾਸਤਵਿਕਤਾ ਨੂੰ ਮੂਰਤੀਮਾਨ ਕਰਨ ਵਾਲਾ ਸ਼ਾਇਰ ਹੈ। ਜਸਵੰਤ ਜ਼ਫ਼ਰ ਦੀ ਕਾਵਿ-ਕਲਾ ਨੂੰ ਸਮਝਣ ਲਈ ਇਹ ਕਿਤਾਬ ਮੁਲਵਾਨ ਦਸਤਾਵੇਜ਼ ਹੈ।

-ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

 

ਸਿਧਾਂਤ ਅਤੇ ਸਿਧਾਂਤ-ਚਿੰਤਨ
ਲੇਖਕ : ਸੁਰਜੀਤ ਸਿੰਘ ਭੱਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ: 300 ਰੁਪਏ, ਸਫ਼ੇ : 173
ਸੰਪਰਕ : 98788-23354

ਹਥਲੀ ਪੁਸਤਕ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਦਸ ਗੰਭੀਰ ਚਿੰਤਕਾਂ ਦੀਆਂ ਧਾਰਨ ਕੀਤੀਆਂ ਆਲੋਚਨਾ ਪੱਧਤੀਆਂ ਅਥਵਾ ਪ੍ਰਣਾਲੀਆਂ ਦਾ ਨੇੜਿਓਂ ਅਧਿਐਨ ਪੇਸ਼ ਕਰਦੀ ਹੈ। ਵਿਦਵਾਨ ਅਤੇ ਗੰਭੀਰ ਚਿੰਤਕ ਡਾ. ਸੁਰਜੀਤ ਭੱਟੀ ਨੇ ਪੁਸਤਕ ਦੇ ਆਰੰਭ ਵਿਚ ਭੂਮਿਕਾ ਵਜੋਂ..... 'ਪੰਜਾਬੀ ਆਲੋਚਨਾ ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਦਾ ਵਿਸਤਾਰ ਸਹਿਤ ਪਰ ਭਾਵ-ਪੂਰਨ ਨਿਰੀਖਣ ਪੰਜਾਬੀ ਸਾਹਿਤ ਦੇ ਤੇਰਾਂ ਸਦੀਆਂ ਵਿਚ ਰਚੇ ਗਏ ਸਾਹਿਤ ਨੂੰ ਜਿਸ ਕਦਰ ਵਿਭਿੰਨ ਵਿਚਾਰਵਾਨਾਂ ਨੇ ਪ੍ਰਗਟ ਕੀਤਾ ਹੋਇਆ ਹੈ, ਦਾ ਦਰਪਣ ਪੇਸ਼ ਕੀਤਾ ਹੈ। ਪੰਜਾਬੀ ਆਲੋਚਨਾ ਦਾ ਉਦਭਵ, ਵਿਕਾਸ ਅਤੇ ਵਰਤਮਾਨ ਕਾਲ-ਖੰਡ ਵਿਚ ਇਹ ਕਿਸ ਸਰੂਪ 'ਚ ਸਾਹਮਣੇ ਆ ਰਹੀ ਹੈ ਦਾ ਬਾਰੀਕੀ ਨਾਲ ਵਿਵਰਣ ਹੈ। ਉਸ ਦਾ ਮਤ ਹੈ ਕਿ ਨਿੱਜੀ ਆਲੋਚਕਾਂ ਦੀ ਆਲੋਚਨਾ ਦੀ ਪਰਖ ਲਈ ਪਹਿਲਾ ਅਤੇ ਬੁਨਿਆਦੀ ਨੁਕਤਾ ਉਸ ਦਾ ਜੀਵਨ ਦ੍ਰਿਸ਼ਟੀਕੋਣ ਅਤੇ ਵਿਸ਼ਵ ਦ੍ਰਿਸ਼ਟੀਕੋਣ ਹੀ ਹੁੰਦਾ ਹੈ। ਇਸੇ ਨੁਕਤਾ ਨਿਗਾਹ ਦੇ ਅੰਤਰਗਤ ਡਾ. ਭੱਟੀ ਨੇ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਹਰਿਭਜਨ ਸਿੰਘ, ਤਰਲੋਕ ਸਿੰਘ ਕੰਵਰ, ਟੀ. ਆਰ. ਵਿਨੋਦ, ਨਜ਼ਮ ਹੁਸੈਨ ਸੱਯਦ, ਜੋਗਿੰਦਰ ਸਿੰਘ ਰਾਹੀ, ਸਤਿੰਦਰ ਸਿੰਘ ਨੂਰ, ਕੇਸਰ ਸਿੰਘ ਕੇਸਰ ਅਤੇ ਰਵਿੰਦਰ ਸਿੰਘ ਰਵੀ ਦੇ ਸਾਹਿਤ ਚਿੰਤਨ ਨੂੰ ਇਨ੍ਹਾਂ ਦੁਆਰਾ ਰਚਿਤ ਆਲੋਚਨਾ ਦੀਆਂ ਪੁਸਤਕਾਂ ਨੂੰ ਆਧਾਰ ਬਣਾ ਕੇ , ਇਨ੍ਹਾਂ ਦੀ ਦੇਣ ਦਾ ਜ਼ਿਕਰ ਨੀਝ ਨਾਲ ਕੀਤਾ ਹੈ। ਸੰਤ ਸਿੰਘ ਸੇਖੋਂ ਤੋਂ ਲੈ ਕੇ ਡਾ. ਹਰਿਭਜਨ ਸਿੰਘ ਅਤੇ ਇਸ ਦੇ ਪਦ-ਚਿੰਨ੍ਹਾਂ 'ਤੇ ਚੱਲਦੇ-ਚੱਲਦੇ ਨਵੀਨ ਬੋਧ ਕਰਾਉਣ ਵਾਲੇ ਡਾ. ਨੂਰ, ਡਾ. ਕੰਵਰ, ਡਾ. ਰਾਹੀ ਆਦਿ ਦੇ ਚਿੰਤਨ ਨੂੰ ਉਭਾਰਿਆ ਹੈ। ਕਿਸ਼ਨ ਸਿੰਘ ਜੋ ਕਿ ਸਮਾਜਿਕ ਡਾਇਨਾਮਿਕਸ ਦਾ ਗੰਭੀਰ ਜਾਣੂ ਸੀ ਅਤੇ ਡਾ. ਵਿਨੋਦ ਜੋ ਸਮਾਜ ਵਿਚ ਵਿਅਕਤੀ ਦੀ ਹੋਂਦ-ਸਥਿਤੀ ਦਾ ਜਾਣੂ ਸੀ ਦਾ ਖੂਬ ਉਲੇਖ ਹੈ। ਇਸੇ ਤਰ੍ਹਾਂ ਪਾਕਿਸਤਾਨੀ ਆਲੋਚਕ ਨਜ਼ਮ ਹੁਸੈਨ ਸੱਯਦ ਦੀ ਵਿਲੱਖਣ ਆਲੋਚਨਾ ਪੱਧਤੀ ਦਾ ਬੋਧ ਵੀ ਕਰਵਾਇਆ ਹੈ। ਨਿਰਸੰਦੇਹ, ਇਹ ਪੁਸਤਕ ਉਚੇਰੀਆਂ ਸ਼੍ਰੇਣੀਆਂ ਦੇ ਪੜ੍ਹਣ-ਪੜ੍ਹਾਉਣ ਵਾਲਿਆਂ ਲਈ ਵਧੇਰੇ ਲਾਭਦਾਇਕ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

c c c

ਟਿੱਬਿਆਂ ਦੀ ਜੂਨ ਤੇ ਹੋਰ ਕਹਾਣੀਆਂ
ਲੇਖਕ : ਜਸਬੀਰ ਕਲਸੀ ਧਰਮਕੋਟ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਸਫੇ : 168, ਮੁੱਲ : 200 ਰੁਪਏ
ਸੰਪਰਕ : 81468-13291

ਪੁਸਤਕ ਵਿਚ ਕਹਾਣੀਕਾਰ ਨੇ ਆਪਣੀਆਂ 1993 ਤੋਂ 2003 ਤੱਕ ਦੀਆਂ ਕਹਾਣੀਆਂ ਨੂੰ ਇਕੱਤਰ ਕਰਕੇ ਇਕ ਸੰਗ੍ਰਹਿ ਦੇ ਰੂਪ ਵਿਚ ਪਾਠਕਾਂ ਦੇ ਰੂਬਰੂ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਉਨ੍ਹਾਂ ਸਮਿਆਂ ਵਿਚ ਇਨ੍ਹਾਂ ਕਹਾਣੀਆਂ ਦੀ ਆਲੋਚਨਾ ਅਤੇ ਪਾਠਕਾਂ ਦੇ ਪ੍ਰਤੀਕਰਮ ਨੂੰ ਵੀ ਪੁਸਤਕ ਦਾ ਹਿੱਸਾ ਬਣਾਇਆ ਹੈ। ਆਪਣੇ ਕਥਾ ਪੈਂਡੇ ਦਾ ਜ਼ਿਕਰ ਕਰਦਿਆਂ ਕਹਾਣੀਕਾਰ ਇਸ ਸੰਗ੍ਰਹਿ ਦੀਆਂ ਕਹਾਣੀਆਂ ਅਤੇ ਆਪਣੇ ਅਨੁਭਵਾਂ ਦੀ ਗੱਲ ਕਰਦਾ ਹੈ। ਉਸ ਦੀਆਂ 13 ਕਹਾਣੀਆਂ ਵੱਖੋ-ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਹਨ ਪਰ ਉਨ੍ਹਾਂ ਦੀ ਪਾਤਰ ਉਸਾਰੀ ਮੁੱਖ ਰੂਪ ਵਿਚ ਕਿਰਤੀ ਸਮਾਜ ਦੁਆਲੇ ਘੁੰਮਦੀ ਹੈ, ਜਿਸ ਕਰਕੇ ਉਸ ਨੂੰ ਹਾਸ਼ੀਏ 'ਤੇ ਪਹੁੰਚੇ ਲੋਕਾਂ ਦਾ ਚਿਤੇਰਾ ਵੀ ਕਿਹਾ ਜਾਂਦਾ ਹੈ। ਕਹਾਣੀ ਟਿੱਬਿਆਂ ਦੀ ਜੂਨ ਦਾ ਗੇਜਾ ਹੋਵੇ ਜਾਂ ਫਿਰ ਅੰਨਦਾਤਾ ਦਾ ਹਰਬੰਸ, ਇਹ ਸਾਰੇ ਆਪੋ-ਆਪਣੀ ਥਾਂ 'ਤੇ ਸ਼ੰਘਰਸ਼ ਕਰਦੇ ਜੂਨ ਗੁਜ਼ਾਰਦੇ ਹਨ। ਸਾਧਨਹੀਣ ਲੋਕਾਂ ਦੇ ਸਰੋਕਾਰਾਂ ਨੂੰ ਪੇਸ਼ ਕਰਦੀਆਂ ਕਹਾਣੀਆਂ ਵਿਚ ਸਮਾਜਿਕ ਸਰੋਕਾਰਾਂ ਅਤੇ ਕਦਰਾਂ-ਕੀਮਤਾਂ ਨੂੰ ਵੀ ਦਰਸਾਇਆ ਗਿਆ ਹੈ। ਕਹਾਣੀ ਕੇਂਦਰ ਬਿੰਦੂ ਔਰਤ ਦੇ ਜੀਵਨ ਵਿਚ ਪੁੱਤਰ ਦੀ ਲਾਲਸਾ ਨੂੰ ਕੇਂਦਰ ਬਿੰਦੂ ਮੰਨ ਕੇ ਰਚੀ ਗਈ ਹੈ, ਜਿਸ ਵਿਚ ਪੁੱਤ ਦੀ ਲਾਲਸਾ ਸਭ 'ਤੇ ਭਾਰੂ ਦਿਖਾਈ ਗਈ ਹੈ। ਘੁੰਮਣਘੇਰੀ ਸਮਾਜਿਕ ਭੇਦਭਾਵ ਅਤੇ ਆਪਣੇ ਹੱਕ ਲਈ ਲੜੀ ਜਾ ਰਹੀ ਲੜਾਈ ਦੀ ਇਕ ਅਜਿਹੀ ਘੁੰਮਣ - ਘੇਰੀ ਜਾਪਦੀ ਹੈ ਜਿਸ ਵਿਚ ਮੁੱਖ ਪਾਤਰ ਉਲਝਦੀ , ਸੁਲਝਦੀ ਅਤੇ ਬਾਹਰ ਨਿਕਲਦੀ ਹੈ। ਰਿਸ਼ਤਿਆਂ ਦੇ ਅਰਥ ਅਤੇ ਟੈਨਸ਼ਨ ਕਹਾਣੀਆਂ ਪਰਿਵਾਰਕ ਤਣਾਅ ਅਤੇ ਦਵੰਦ ਨੂੰ ਪ੍ਰਗਟਾਉਂਦੀਆਂ ਹਨ, ਜਿਨ੍ਹਾਂ ਵਿਚ ਪੀੜ੍ਹੀ ਪਾੜਾ ਅਤੇ ਬਦਲ ਰਹੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਗਿਆ ਹੈ। ਤੂੰ ਤੇ ਮੈਂ ਵਿਚਲਾ ਲਾਲ ਸਿੰਘ ਭਜਨ ਸਿੰਘ ਨਾਲ ਇਕਮਿਕ ਹੋਣ ਦੀ ਕੋਸ਼ਿਸ਼ ਵਿਚ ਨਾਕਾਮ ਰਹਿੰਦਾ ਹੈ। ਪੁਸਤਕ ਦੇ ਦੂਸਰੇ ਹਿੱਸੇ ਵਿਚ ਕਹਾਣੀਕਾਰ ਆਲੋਚਕਾਂ, ਵਿਦਵਾਨਾਂ ਅਤੇ ਪਾਠਕਾਂ ਦੁਆਰਾ ਭੇਜੇ ਗਏ ਖਤਾਂ, ਲੇਖਾਂ ਨੂੰ ਸ਼ਾਮਿਲ ਕਰਦਾ ਹੈ, ਜਿਨ੍ਹਾਂ ਵਿਚ ਉਸ ਦੀਆਂ ਕਹਾਣੀਆਂ ਦੇ ਵਿਸ਼ਿਆਂ ਅਤੇ ਉਨ੍ਹਾਂ ਦੀ ਬਣਤਰ-ਬੁਣਤਰ ਬਾਰੇ ਚਰਚਾ ਕੀਤੀ ਗਈ ਹੈ। ਕਈ ਵਿਦਵਾਨਾਂ ਦੇ ਕਹਾਣੀਕਾਰ ਦੀਆਂ ਕਹਾਣੀਆਂ ਦਾ ਨੋਟਿਸ ਨਾ ਲਏ ਜਾਣ ਦਾ ਜ਼ਿਕਰ ਵੀ ਪੁਸਤਕ ਵਿਚ ਸ਼ਾਮਿਲ ਹੈ। ਪਰ ਕਹਾਣੀ ਸੰਗ੍ਰਹਿ ਵਿਚ ਤਸਵੀਰਾਂ, ਖ਼ਤਾਂ, ਉਲਾਂਭਿਆਂ ਨੂੰ ਸ਼ਾਮਿਲ ਕਰਨਾ ਕਹਾਣੀਆਂ ਦੇ ਪ੍ਰਭਾਵ ਨੂੰ ਮੱਧਮ ਕਰਦਾ ਜਾਪਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

c c c


ਮਸਤ
ਲੇਖਕ : ਹਰਜੀਤ ਅਟਵਾਲ
ਮੁੱਲ 195 ਰੁਪਏ, ਸਫ਼ੇ : 144
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਸੰਪਰਕ : 99151-03490

'ਮਸਤ' ਹਰਜੀਤ ਅਟਵਾਲ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਤੇਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਭਾਵੇਂ ਪੰਜਾਬੀ ਜਨਜੀਵਨ ਨਾਲ ਜੁੜੇ ਹੋਏ ਹਨ ਪਰ ਉਹ ਸਾਰੇ ਹੀ ਹੁਣ ਪਿਛਲੇ ਹੇਰਵੇ ਤੋਂ ਮੁਕਤ ਹੋ ਚੁੱਕੇ ਹਨ। ਉਨ੍ਹਾਂ ਸਮਝ ਲਿਆ ਹੈ ਕਿ ਜੇ ਇੰਗਲੈਂਡ 'ਚ ਰਹਿਣਾ ਹੈ ਤਾਂ ਉਥੋਂ ਦੇ ਜਨਜੀਵਨ 'ਚ ਰਚ-ਮਿਚ ਕੇ ਹੀ ਜੀਣਾ ਪਵੇਗਾ। ਹੁਣ ਉਹ ਜਾਤ-ਕੁਜਾਤ ਦੇ ਮੁੰਡਿਆਂ-ਕੁੜੀਆਂ ਨਾਲ ਆਪਣੇ ਬੱਚਿਆਂ ਦੀ ਸ਼ਾਦੀ ਤੋਂ ਪ੍ਰਹੇਜ਼ ਨਹੀਂ ਕਰਦੇ। 'ਅੱਕ' ਕਹਾਣੀ ਦਾ ਪਾਤਰ ਮੁਸਲਮਾਨ ਮੁੰਡੇ ਨਾਲ ਆਪਣੀ ਧੀ ਦੇ ਵਿਆਹ ਦੇ ਹੱਕ 'ਚ ਭਾਵੇਂ ਨਹੀਂ ਪਰ ਹੋਰ ਕੋਈ ਚਾਰਾ ਨਾ ਦੇਖਦਿਆਂ ਰਿਸ਼ਤਾ ਕਰਨ ਤੋਂ ਇਨਕਾਰੀ ਨਹੀਂ ਹੁੰਦਾ। 'ਮਸਤ' ਕਹਾਣੀ ਦੀ ਦੀਆ ਨੇਚਰੁਲਿਸਟ ਕੁੜੀ ਹੈ ਜੋ ਬਿਲਕੁਲ ਨੰਗਾ ਰਹਿਣਾ ਪਸੰਦ ਕਰਦੀ ਹੈ। ਇੰਗਲੈਂਡ ਇਹੋ ਜਿਹੇ ਜੀਵਨ ਨੂੰ ਸਵੀਕ੍ਰਿਤੀ ਦਿੰਦਾ ਹੈ। ਸਾਨੂੰ ਪੰਜਾਬੀਆਂ ਨੂੰ ਭਾਵੇਂ ਇਹ ਗੱਲ ਬਹੁਤੀ ਠੀਕ ਨਹੀਂ ਜਾਪਦੀ ਪਰ ਅਸੀਂ ਵੀ ਕਾਨੂੰਨ ਦੀ ਪਾਲਣਾ ਕਰਨ ਵਿਚ ਆਪਣਾ ਹਿਤ ਸਮਝਦੇ ਹਾਂ। ਦੇਸ਼ ਦੀ ਵੰਡ ਵੀ ਕਿਸੇ ਨਾ ਕਿਸੇ ਕਹਾਣੀ ਵਿਚ ਆ ਨਮੂਦਾਰ ਹੁੰਦੀ ਹੈ। ਔਰਤ-ਮਰਦ ਦੇ ਰਿਸ਼ਤਿਆਂ ਬਾਰੇ ਵੀ ਲੇਖਕ ਸੁਹਿਰਦ ਨਜ਼ਰੀਆ ਹੀ ਅਖ਼ਤਿਆਰ ਕਰਦਾ ਹੈ। ਮਰਦ ਦਾ ਔਰਤ ਨੂੰ ਛੱਡ ਕੇ ਚਲੇ ਜਾਣਾ ਜਾਂ ਔਰਤ ਦਾ ਹੋਰ ਮਰਦ ਕਰ ਲੈਣਾ ਆਮ ਜਿਹਾ ਵਰਤਾਰਾ ਹੀ ਹੈ, ਜੋ ਇਨ੍ਹਾਂ ਕਹਾਣੀਆਂ ਵਿਚ ਆਪ ਹੀ ਵਾਪਰਦਾ ਹੈ। ਤਲਾਕ ਜਿਹੀਆਂ ਅਲਾਮਤਾਂ ਵੀ ਸਾਡੇ ਪੰਜਾਬੀਆਂ ਦੇ ਜੀਵਨ ਦਾ ਹਿੱਸਾ ਬਣ ਚੁੱਕੀਆਂ ਹਨ। ਰਿਸ਼ਤੇ ਟੁੱਟਦੇ ਹਨ, ਫਿਰ ਜੁੜਦੇ ਹਨ ਤੇ ਫਿਰ ਟੁੱਟਦੇ ਹਨ। ਰਿਸ਼ਤਿਆਂ ਦੀ ਟੁੱਟ-ਭੱਜ ਵੀ ਕੁਦਰਤੀ ਵਰਤਾਰੇ ਵਾਂਗ ਹੀ ਹੈ। ਲੇਖਕ ਨੇ ਇੰਗਲੈਂਡ ਦੇ ਸਮਾਜਿਕ ਜੀਵਨ ਨੂੰ ਬਹੁਤ ਹੀ ਨੇੜਿਓਂ ਤੱਕਿਆ ਤੇ ਚਿਤਰਿਆ ਹੈ। ਲੇਖਕ ਕੋਲ ਇੰਗਲੈਂਡ ਦੇ ਜੀਵਨ ਦਾ ਲੰਬਾ ਅਨੁਭਵ ਹੈ, ਜੋ ਉਸ ਦੀਆਂ ਇਨ੍ਹਾਂ ਕਹਾਣੀਆਂ ਦਾ ਪਿੰਡਾ ਬਣਿਆ ਹੈ। ਵਿਸ਼ੇ ਇਕਦਮ ਨਵੇਂ-ਨਕੋਰ ਹਨ। ਕਹਾਣੀਆਂ ਰੌਚਕ ਹਨ।

-ਕੇ. ਐਲ. ਗਰਗ
ਮੋਬਾਈਲ : 94635-37050

02-10-2022

 ਬੀਤ ਚੁੱਕੇ ਪਲ
ਸ਼ਾਇਰ-ਸਤਵਿੰਦਰ ਸਿੰਘ ਨਾਸਾਜ਼

ਪ੍ਰਕਾਸ਼ਕ : ਬਲਿਯੂ ਰੋਜ਼ ਵੰਨ
ਮੁੱਲ : 160 ਰੁਪਏ, ਸਫ਼ੇ : 117
ਸੰਪਰਕ : 88828-98898


'ਬੀਤ ਚੁੱਕੇ ਪਲ' ਪੰਜਾਬੀ ਸਾਹਿਤ ਵਿਚ ਨਵੇਂ ਪ੍ਰਵੇਸ਼ ਸਤਵਿੰਦਰ ਸਿੰਘ ਨਾਸਾਜ਼ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਕੁਝ ਗ਼ਜ਼ਲਾਂ ਸਮੇਤ ਹੋਰ ਕਾਵਿ ਰਚਨਾਵਾਂ ਸ਼ਾਮਿਲ ਹਨ। ਤਮਾਮ ਰਚਨਾਵਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਸ ਵਿਚ ਜਵਾਨ ਰੁੱਤਾਂ ਤੇ ਹਸੀਨ ਮੌਸਮਾਂ ਦੇ ਵਲਵਲੇ ਹਨ। ਜਿਵੇਂ ਮੁਹੱਬਤ ਲਈ ਸੀਮਾਵਾਂ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਇਵੇਂ ਹੀ ਅੱਥਰੀ ਉਮਰ ਦੀ ਸ਼ਾਇਰੀ ਕਿਸੇ ਚੌਖਟੇ ਵਿਚ ਫਿੱਟ ਹੋਣਾ ਨਹੀਂ ਚਾਹੁੰਦੀ। ਉਂਝ ਅਜਿਹੀ ਪੁਸਤਕ ਕਿਸੇ ਲੇਖਕ ਦੀ ਪਰਖ ਵੀ ਹੁੰਦੀ ਹੈ ਕਿ ਉਹ ਕਿੰਨਾ ਉੱਚਾ ਉਡੇਗਾ ਜਾਂ ਉਪਰਾਮ ਹੋ ਕੇ ਬੈਠ ਜਾਵੇਗਾ। ਅਜਿਹਾ ਵੀ ਹੋ ਸਕਦਾ ਹੈ ਕਿ ਉਸ ਦੀ ਪਹਿਲੀ ਪੁਸਤਕ ਉਸ ਨੂੰ ਸਾਧਨਾ ਨਾਲ ਪਰਪੱਕਤਾ ਵੱਲ ਲੈ ਜਾਵੇ। ਮੈਂ ਨਾਸਾਜ਼ ਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਕੀਤਾ ਹੈ ਕਿ ਉਸ ਵਿਚ ਊਰਜਾ ਤੇ ਵੇਗ ਹੈ ਤੇ ਇਸ ਊਰਜਾ ਵਿਚ ਅਨੇਕਾਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਇਨ੍ਹਾਂ ਕਵਿਤਾਵਾਂ ਦਾ ਵਹਾਅ ਪਾਰੇ ਵਰਗਾ ਹੈ ਤੇ ਇਸ ਦਾ ਫ਼ੈਲਾਅ ਲਾਵੇ ਜਿਹਾ ਹੈ। ਉਸ ਨੂੰ ਬੀਤੇ ਹੋਏ ਹਸੀਨ ਪਲਾਂ ਦੇ ਬੀਤ ਜਾਣ ਦਾ ਝੋਰਾ ਹੈ ਤੇ ਉਹ ਉਸੇ ਮਾਹੌਲ ਵਿਚ ਪਰਤਣਾ ਚਾਹੁੰਦਾ ਹੈ। ਸਤਵਿੰਦਰ ਸਿੰਘ ਨਾਸਾਜ਼ ਦੀ ਪਹਿਲੀ ਪੁਸਤਕ 'ਤੇ ਮੈਂ ਉਸ ਨੂੰ ਸ਼ਾਬਾਸ਼ ਦਿੰਦਾ ਹਾਂ। ਮੈਂ ਉਸ ਦੀਆਂ ਕਵਿਤਾਵਾਂ 'ਚੋਂ ਆਪਣੀ ਜਵਾਨੀ ਮੁੜ ਮਾਣੀ ਹੈ। ਜਿੱਥੋਂ ਤੱਕ ਗ਼ਜ਼ਲ ਦਾ ਸੰਬੰਧ ਹੈ ਇਹ ਚੇਤੇ ਰੱਖਿਆ ਜਾਣਾ ਚਾਹੀਦਾ ਹੈ ਕਿ ਰਦੀਫ਼ ਬਿਨਾਂ ਗ਼ਜ਼ਲ ਹੋ ਸਕਦੀ ਹੈ ਪਰ ਕਾਫ਼ੀਏ ਬਿਨਾਂ ਨਹੀਂ। ਚਲਦੇ ਰਹਿਣ ਨਾਲ ਮੰਜ਼ਿਲ ਜ਼ਰੂਰ ਮਿਲਦੀ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002
c c c


ਮਧੂਮੱਖੀਆਂ ਦਾ ਏਕਾ
ਲੇਖਕ : ਪਰਦੀਪ ਸਿੰਘ ਮੌਜੀ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 195 ਰੁਪਏ, ਸਫ਼ੇ : 32
ਸੰਪਰਕ : 81468-74643


ਪਰਦੀਪ ਸਿੰਘ ਮੌਜੀ ਰਚਿਤ 'ਮਧੂਮੱਖੀਆਂ ਦਾ ਏਕਾ' ਪੁਸਤਕ ਵਿਚ ਅੱਠ ਸਤਰੀ ਨਰਸਰੀ ਗੀਤਾਂ ਤੋਂ ਇਲਾਵਾ ਲੰਮੀਆਂ ਕਵਿਤਾਵਾਂ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਪਸ਼ੂ-ਪੰਛੀ ਆਪਣੇ ਕੰਮ-ਕਾਜ ਅਤੇ ਅਠਖੇਲੀਆਂ ਕਰਦੇ ਵਿਖਾਈ ਦਿੰਦੇ ਹਨ। ਕਿਧਰੇ ਬਿੱਲੀ, ਭਾਲੂ, ਬਾਂਦਰ ਅਤੇ ਲੂੰਬੜੀ ਆਦਿ ਚਲਾਕ ਤੇ ਸ਼ਰਾਰਤੀ ਪਾਤਰ ਦੂਜਿਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਮੌਜੂ ਉਡਾਉਂਦੇ ਹਨ ਅਤੇ ਕਿਤੇ-ਕਿਤੇ ਉਨ੍ਹਾਂ ਨੂੰ ਦੂਜੇ ਪਾਤਰ ਸਬਕ ਵੀ ਸਿਖਾਉਂਦੇ ਹਨ। ਕੁਦਰਤ ਦੇ ਸਫ਼ਾਈ ਕਰਮਚਾਰੀਆਂ ਵਜੋਂ ਕਾਂ, ਕੁੱਤਾ, ਬਾਜ਼, ਇੱਲ, ਸੂਰ, ਲੱਕੜਬੱਘਾ ਆਦਿ ਮੁਰਦੇ ਜੀਵ ਜੰਤੂਆਂ ਦਾ ਮਾਸ ਖਾ ਕੇ ਵਾਤਾਵਰਨ ਦੀ ਸਵੱਛਤਾ ਵਿਚ ਉਚਿਤ ਯੋਗਦਾਨ ਪਾ ਰਹੇ ਹਨ। 'ਹਿੰਮਤੀ ਡੱਡੂ', 'ਮਧੂਮੱਖੀਆਂ ਦਾ ਏਕਾ', 'ਮਾਣੋ ਬਿੱਲੀ', 'ਚੂਹਿਆਂ ਦੀ ਲੜਾਈ', 'ਸ਼ਰਾਰਤੀ ਬਾਂਦਰ', 'ਬਿੱਜੜਿਆਂ ਦੀ ਬਸਤੀ', 'ਚਲਾਕ ਲੂੰਬੜੀ' ਅਤੇ 'ਭਿੱਜਿਆ ਕਾਂ' ਆਦਿ ਕਾਵਿ ਕਹਾਣੀਆਂ ਦੇ ਮਾਧਿਅਮ ਦੁਆਰਾ ਬਾਲ ਪਾਠਕ ਕਵਿਤਾ ਅਤੇ ਕਹਾਣੀ ਦਾ ਦੂਹਰਾ ਸੁਹਜ-ਸੁਆਦ ਮਾਣਦੇ ਹਨ। ਕਵੀ ਦਾ ਮਕਸਦ ਬਾਲ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਨਿੱਗਰ ਭਾਸ਼ਾਈ, ਸੱਭਿਆਚਾਰਕ ਕਦਰਾਂ-ਕੀਮਤਾਂ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਣਾ ਵੀ ਹੈ। 'ਤਿਤਲੀਆਂ', 'ਤਾਰੇ', 'ਬੁਲਬੁਲ', 'ਧੂੰਆਂ ਮੁਕਤ ਦੀਵਾਲੀ' ਆਦਿ ਕਵਿਤਾਵਾਂ ਖ਼ਾਸ ਖਿੱਚ ਪਾਉਂਦੀਆਂ ਹਨ। ਇਹ ਪੁਸਤਕ ਜੀਵ ਜੰਤੂਆਂ ਪ੍ਰਤੀ ਸਨੇਹ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਮਾਤ-ਭਾਸ਼ਾ ਵਿਚ ਰਚੇ ਬਾਲ ਸਾਹਿਤ ਨੂੰ ਹੁਲਾਰਾ ਦਿੰਦੀ ਹੈ। ਰੰਗ-ਬਿਰੰਗੇ ਕੰਪਿਊਟ੍ਰੀਕ੍ਰਿਤ ਚਿੱਤਰ ਪੁਸਤਕ ਦੀ ਆਭਾ ਵਿਚ ਵਾਧਾ ਕਰਦੇ ਹਨ।


-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
c c c


ਜ਼ਹਿਰ ਭਰੇ ਦਰਿਆ
ਸੰਪਾਦਕ : ਸਰਬਜੀਤ ਸਿੰਘ ਵਿਰਦੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 135
ਸੰਪਰਕ : 94173-10492


ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਵਿਚ 80 ਕਵੀਆਂ ਤੇ ਕਵਿਤਰੀਆਂ ਦੇ ਕਲਾਮ ਸ਼ਾਮਿਲ ਹਨ। ਹੱਥਲਾ ਕਾਵਿ-ਸੰਗ੍ਰਹਿ ਇਕੋ ਵਿਸ਼ੇ 'ਤੇ ਕੇਂਦਰਤ ਹੈ ਉਹ ਹੈ ਪੰਜਾਬ ਅੰਦਰ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਜਿਸ ਨੂੰ ਠੱਲ੍ਹਣ ਲਈ ਸੰਪਾਦਕ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ। ਇਸ ਸੰਗ੍ਰਹਿ ਦੀ ਭੂਮਿਕਾ ਲਿਖਦਿਆਂ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਮਰਹੂਮ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਹਰਦੇਵ ਦਿਲਗੀਰ ਕੇ ਇਸ ਕੋਹੜ ਨੂੰ ਦੂਰ ਕਰਨ ਅਤੇ ਮਾਰੂ ਪ੍ਰਭਾਵਾਂ ਬਾਰੇ ਇਸ ਵਿਸ਼ੇ ਨੂੰ ਵਿਸਥਾਰਿਆ ਹੈ। ਸ਼ਮਿਲਤ ਕਵੀਆਂ, ਕਵਿੱਤਰੀਆਂ ਨੇ ਆਪੋ ਆਪਣੇ ਕਾਵਿਕ ਅੰਦਾਜ਼ ਨਾਲ ਆਪਣਾ ਕਾਵਿ-ਧਰਮ ਨਿਭਾਇਆ ਹੈ, ਸੁਮਿਲਤ ਅਦੀਬ ਸਾਰੇ ਹੀ ਵਧਾਈ ਦੇ ਹੱਕਦਾਰ ਹਨ ਪਰ ਫਿਰ ਵੀ ਗੁਰਭਜਨ ਗਿੱਲ, ਹਰਦੇਵ ਦਿਲਗੀਰ, ਇੰਦਰਜੀਤ ਹਸਨ ਪੁਰੀ, ਰਵਿੰਦਰ ਭੱਠਲ, ਸ਼ਮਸ਼ੇਰ ਸੰਧੂ, ਤਰਲੋਚਨ ਲੋਚੀ, ਜਸਵੰਤ ਜਫ਼ਰ, ਸੁਖਵਿੰਦਰ ਅੰਮ੍ਰਿਤ, ਮਨਜੀਤ ਟਿਵਾਣਾ ਤੇ ਅਮਰਜੀਤ ਸ਼ੇਰਪੁਰੀ ਵਧੇਰੇ ਬਿਆਨ ਖਿੱਚਦੇ ਹਨ ਪਰ ਜਦੋਂ ਸ਼ਾਇਰਾ ਸਰਬਜੀਤ ਕੌਰ ਜਸ ਆਪਣੀ ਨਜ਼ਮ 'ਪੰਜਾਬੋ ਮਾਂ ਦੇ ਵੈਣ' ਰਾਹੀਂ ਚਿੱਟੇ ਨਾਲ ਮਰੇ ਆਪਣੇ ਪੁੱਤ ਤੇ ਦੁਹੱਥੜਾ ਮਾਰ ਕੇ ਕਹਿੰਦੀ ਹੈ ਕਿ 'ਤੇਰੇ ਕਿਹੜੇ ਰੰਗ ਦਾ ਕੱਫਨ ਪਾਵਾਂ ਵੇ ਮੇਰਿਆ ਰਾਂਗਲਿਆ ਪੁੱਤਾ' ਤਾਂ ਪੜ੍ਹਦਿਆਂ ਸਾਰ ਹੀ ਅੱਖਾਂ 'ਚੋਂ ਪਰਲ ਪਰਲ ਹੰਝੂ ਵਹਿ ਤੁਰਦੇ ਹਨ, ਇਹ ਕਿਤਾਬ ਪੜ੍ਹਨ ਯਗ ਤਾਂ ਹੈ ਹੀ ਤੇ ਸਾਂਭਣਯੋਗ ਵੀ ਹੈ। ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਇਸ ਕਾਵਿ-ਸੰਗ੍ਰਹਿ ਦੀ ਸਾਰਥਿਕਤਾ ਸਲਾਹੁਣਯੋਗਤਾ ਸਰਬਜੀਤ ਸਿੰਘ ਵਿਰਦੀ ਦੇ ਸਿਰੜ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਤੇ ਉਮੀਦ ਕਰਦਾ ਹਾਂ ਕਿ ਨਿਕਟ ਭਵਿੱਖ ਵਿਚ ਕਿਸੇ ਹੋਰ ਸਮਾਜ ਦੇ ਵਰਤਾਰੇ ਦੇ ਵਿਸ਼ੇ ਤੇ ਨਵਾਂ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਵੇ।


-ਭਗਵਾਨ ਢਿੱਲੋਂ, ਮੋਬਾਈਲ : 98143-78254
c c c


ਅਹਿਮ ਗਿਆਨ
(ਅਧਿਆਤਮਕ ਵਾਰਤਕ)

ਲੇਖਕ : ਜਗਰੂਪ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 102
ਸੰਪਰਕ : 89684-53335


ਇਸ ਪੁਸਤਕ ਦਾ ਨਾਮਕਰਨ 'ਅਹਿਮ ਗਿਆਨ' ਹੀ ਇਸ ਪੁਸਤਕ ਦਾ ਮਹੱਤਵ ਭਲੀ ਭਾਂਤ ਬਿਆਨ ਕਰਦਾ ਹੈ। ਅਧਿਆਤਮਕ ਵਾਰਤਕ ਦੀ ਇਸ ਪੁਸਤਕ ਵਿਚ ਸਿੱਖ ਧਰਮ ਬਾਰੇ ਬੇਹੱਦ ਲੋੜੀਂਦੀ ਅਤੇ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਗਈ ਹੈ। ਲੇਖਕ ਅਨੁਸਾਰ 'ਇਸ ਪੁਸਤਕ ਵਿਚ ਕੁਝ ਇਸ ਤਰ੍ਹਾਂ ਦੇ ਗਿਆਨ ਦੇ ਝਲਕਾਰੇ ਸਾਂਝੇ ਕੀਤੇ ਗਏ ਹਨ ਜੋ ਨਾ ਸਿਰਫ਼ ਆਮ ਪਾਠਕਾਂ ਲਈ ਸਗੋਂ ਹਰ ਵਰਗ, ਬੱਚਿਆਂ, ਵਿਦਿਆਰਥੀਆਂ, ਸਿੱਖਿਆਰਥੀਆਂ, ਜਗਿਆਸੂਆਂ ਲਈ ਵੀ ਅਵੱਸ਼ ਕਿਸੇ ਨਾ ਕਿਸੇ ਰੂਪ ਵਿਚ ਜਾਣਕਾਰੀ ਭਰਪੂਰ ਹੋਣਗੇ।
ਸੱਚਮੁਚ ਲੇਖਕ ਜਗਰੂਪ ਸਿੰਘ ਗਿੱਲ ਨੇ ਇਕ ਸੱਚਾ ਸ਼ਰਧਾਵਾਨ ਸਿੱਖ ਹੋਣ ਨਾਤੇ ਸਿੱਖ ਧਰਮ ਦਾ ਬੇਹੱਦ ਮਹੱਤਵਪੂਰਨ ਗਿਆਨ ਇਸ ਪੁਸਤਕ ਵਿਚ ਸਾਂਭਿਆ ਹੈ। ਪੁਸਤਕ ਵਿਚ 'ੴ ਦਾ ਅੱਖਰੀ ਅਰਥ ਮੂਲ ਮੰਤਰ, ਮੰਗਲਾਚਰਨ, ਹੁਕਮ ਤੋਂ ਭਾਵ, ਸਿੱਧ ਕੌਣ ਸਨ, ਗਿੰਧ ਸਿਧਿ ਦਾ ਕੀ ਭਾਵ ਹੈ, ਨਉ ਨਿਧਿ ਤੋਂ ਕੀ ਭਾਵ, ਦਸ ਗੁਰੂ ਸਾਹਿਬਾਨ, ਚਾਰ ਸਾਹਿਬਜ਼ਾਦੇ, ਪੰਜ ਬਾਣੀਆਂ, ਪੰਜ ਸਰੋਵਰ, ਪੰਜ ਤਖ਼ਤ, ਪੰਜ ਕਿਲ੍ਹੇ, ਪੰਜ ਚੋਰ, ਪੰਜ ਪਿਆਰੇ, ਖਾਲਸਾ ਆਦਿ ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ 'ਗੁਰੂ ਨਾਨਕ ਦੇਵ ਜੀ ਦੇ ਵੱਖ-ਵੱਖ ਨਾਮ', ਬਾਬਾ ਫਰੀਦ ਦੇ ਬੋਲ, ਪਰਮਾਤਮਾ ਦਾ ਅਕਾਰ, ਪੱਗ : ਆਨ, ਬਾਨ ੱਤੇ ਸ਼ਾਨ, ਭਗਤ ਕਬੀਰ, ਭਗਤ ਨਾਮ ਦੇਵ, ਭਗਤ ਰਾਮਾ ਨੰਦ ਆਦਿ ਬਾਰੇ ਸੰਖੇਪ ਪਰ ਬਿਹਤਰ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਧਾਰਮਿਕ ਸੰਸਥਾਵਾਂ ਅਤੇ ਸਕੂਲ-ਕਾਲਜਾਂ ਦੀਆਂ ਲਾਇਬ੍ਰੇਰੀਆਂ ਬਾਰੇ ਇਹ ਪੁਸਤਕ ਇਕ ਅਹਿਮ ਦਸਤਾਵੇਜ਼ ਸਾਬਤ ਹੋ ਸਕਦੀ ਹੈ। ਲੇਖਕ ਇਸ ਉੱਦਮ ਲਈ ਵਧਾਈ ਅਤੇ ਵਡਿਆਈ ਦਾ ਪਾਤਰ ਹੈ। ਉਸ ਨੇ ਤਕਨੀਕੀ ਤੌਰ 'ਤੇ ਇਸ ਪੁਸਤਕ ਨੂੰ ਪੂਰੀ ਤਰ੍ਹਾਂ ਬਣਾ ਸੰਵਾਰ ਕੇ ਰਚਿਆ ਹੈ।


ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444


ਕੋਰੋਨਾ ਤੇ ਕਿਸਾਨ
ਲੇਖਕ: ਪਰਮਜੀਤ ਸਿੰਘ ਜੱਜ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ: 250 ਰੁਪਏ, ਸਫ਼ੇ : 160
ਸੰਪਰਕ : 94170-07828


ਕੋਰੋਨਾ ਤੇ ਕਿਸਾਨ ਪਰਮਜੀਤ ਸਿੰਘ ਜੱਜ ਦਾ ਦਸਤਾਵੇਜ਼ੀ ਨਾਵਲ ਹੈ। ਕੋਰੋਨਾ ਸੰਕਟ ਤੇ ਕਿਸਾਨ ਅੰਦੋਲਨ ਬਾਰੇ ਤੱਥਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਨਾਵਲ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸਰਮਾਏਦਾਰੀ, ਕਾਰਪੋਰੇਟ ਘਰਾਣਿਆਂ ਦੀ ਅਨੈਤਿਕਤਾ, ਸਰਕਾਰੀ ਸਿਸਟਮ ਮਨੁੱਖਤਾ ਦੇ ਵਿਰੁੱਧ, ਹਸਪਤਾਲਾਂ ਦੀ ਮੰਦੀ ਹਾਲਤ, ਮੌਤ ਦਾ ਨੰਗਾ ਨਾਚ, ਭਾਈਚਾਰਕ ਸਾਂਝਾਂ ਦਾ ਟੁੱਟਣਾ, ਬੇਰੁਜ਼ਗਾਰੀ, ਮਜ਼ਦੂਰਾਂ ਦੀ ਚਿੰਤਾਜਨਕ ਸਥਿਤੀ ਬਾਰੇ ਤੱਥਕ ਜਾਣਕਾਰੀ ਦਿੱਤੀ ਹੈ। ਦਿੱਲੀ ਦੇ ਬਾਰਡਰ ਉੱਤੇ ਹਰੇਕ ਵਿਅਕਤੀ ਨੇ ਪਾਰਟੀ, ਜਾਤ, ਧਰਮ, ਰੰਗ, ਨਸਲ, ਰਾਜ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ, ਮੰਨ ਲਉ ਇਕ ਪਿੰਡ ਵਿਚ ਮੁਸੀਬਤ ਆ ਗਈ। ਜਿਵੇਂ ਹੜ੍ਹ ਆ ਗਿਆ। ਉਸ ਨੂੰ ਰੋਕਣ ਲਈ ਪਿੰਡ ਦੇ ਲੋਕ ਜਾਣਗੇ ਨਾ ਕਿ ਅਕਾਲੀ, ਕਾਂਗਰਸੀ, ਖ਼ਾਲਿਸਤਾਨੀ, ਨਕਸਲੀਏ। (79) ਪ੍ਰਵਾਸੀਆਂ ਨੇ ਕਿਸਾਨੀ ਅੰਦੋਲਨ ਵਿਚ ਪੂਰਨ ਸਾਥ ਦਿੱਤਾ। ਡਾਕਟਰਾਂ ਨੇ ਮੁਫ਼ਤ ਸੇਵਾ ਕੀਤੀ। ਮਾਨਸਿਕਤਾ ਨੂੰ ਠੁੰਮਣਾ ਦੇਣ ਲਈ ਲਾਇਬ੍ਰੇਰੀ ਖੋਲ੍ਹੀ, ਵਾਤਾਵਰਨ ਦੀ ਸ਼ੁੱਧਤਾ ਲਈ ਦਰੱਖਤ ਲਗਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਵਾਹ ਚੱਲਿਆ। ਸਰਕਾਰੀ ਸਿਸਟਮ ਨੇ ਅੰਦੋਲਨ ਨੂੰ ਖ਼ਤਮ ਕਰਨ ਲਈ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾਈ ਪਰ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰਾਂ ਉੱਤੇ ਪਹਿਰਾ ਦਿੱਤਾ। ਕਿਸਾਨੀ ਅੰਦੋਲਨ ਦੇ ਸਰਬਪੱਖੀ ਅਧਿਐਨ ਲਈ ਪ੍ਰੋਫ਼ੈਸਰਾਂ ਤੇ ਡਾਕਟਰਾਂ ਨਾਲ ਵਿਚਾਰ-ਚਰਚਾ ਦੇ ਬਿਰਤਾਂਤ ਸਿਰਜੇ ਹਨ। ਨਾਵਲਕਾਰ ਨੇ ਕਿਸਾਨੀ ਅੰਦੋਲਨ ਨੂੰ ਸੂਖ਼ਮਤਾ ਨਾਲ ਸਮਝਣ ਲਈ ਪੱਛਮੀ ਚਿੰਤਕਾਂ ਜੈਕ ਰੀਚਰ, ਲੀ ਚਾਇਲਡ, ਮਾਰਕ ਬਲੌਸ, ਵਿਲੀਅਮ ਡੇਵਿਸ਼, ਰੋਸਤੋਵ, ਸੈਰਵੈਂਤੇਂ, ਦੋਸਤੋਵੋਸਕੀ, ਪੁਸ਼ਕਿਨ, ਟਾਲਸਟਾਏ, ਇਵਾਨ ਤੁਰਗਨੇਵ, ਸ਼ੈਕਸਪੀਅਰ, ਕਾਮੂ, ਸਾਰਤਰ, ਫਰੈਜ਼ ਕਾਫਕਾ, ਜੋਹਨ ਮਿਲਟਨ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਇਹ ਦੇਸ਼ ਵਿਚ ਸਭ ਤੋਂ ਵੱਡਾ ਤੇ ਲੰਮਾ ਕਿਸਾਨੀ ਸੰਘਰਸ਼ ਸੀ। 'ਟਰਾਲੀਟਾਈਮਜ਼' ਵਿਚ ਕਿਸਾਨੀ ਮੁੱਦਿਆਂ ਦਾ ਵਿਸਥਾਰਤ ਜ਼ਿਕਰ ਕੀਤਾ ਗਿਆ।
ਕੋਰੋਨਾ ਸੰਕਟ ਵਿਚ ਸਰਕਾਰੀ ਸਿਸਟਮ ਦੇ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਗਈ। ਆਕਸੀਜਨ ਦੀ ਕਮੀ, ਕਾਲਾ ਬਾਜ਼ਾਰੀ, ਦਵਾਈਆਂ ਦੀ ਘਾਟ, ਬੈੱਡਾਂ ਦੀ ਘਾਟ, ਹਸਪਤਾਲਾਂ ਦੀ ਬੁਰੀ ਹਾਲਤ ਦਾ ਜ਼ਿਕਰ ਤੱਥਾਂ ਆਧਾਰਿਤ ਕੀਤਾ ਹੈ। ਇਸ ਤੋਂ ਇਲਾਵਾ ਸੁਸ਼ਾਂਤ ਰਾਜਪੂਤ ਦੀ ਮੌਤ 'ਤੇ ਰਾਜਨੀਤੀ ਖੇਡਣਾ, ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਕੰਮ, ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ, ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਦਾ ਟੁੱਟਣਾ, ਗੋਦੀ ਮੀਡੀਆ, ਮੋਦੀ ਦੀ ਡਿਕਟੇਟਰਸ਼ਿਪ, ਗੁਰਪੁਰਬ ਵਾਲੇ ਦਿਨ ਕਾਨੂੰਨ ਵਾਪਸ ਲੈਣਾ ਬਾਰੇ ਜ਼ਿਕਰ ਕੀਤਾ ਗਿਆ ਹੈ। ਕੋਰੋਨਾ ਸੰਕਟ, ਕਿਸਾਨੀ ਅੰਦੋਲਨ ਤੇ ਵਰਤਮਾਨ ਪ੍ਰਸਥਿਤੀਆਂ ਨੂੰ ਸਮਝਣ ਲਈ ਪਾਠਕਾਂ, ਚਿੰਤਕਾਂ ਤੇ ਆਲੋਚਕਾਂ ਲਈ ਨਾਵਲ ਪੜ੍ਹਨਯੋਗ ਕ੍ਰਿਤ ਹੈ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94656-91091
c c c


ਤਿੜ੍ਹਾਂ
ਲੇਖਕ : ਜਗਸੀਰ ਸਿੰਘ ਖਿੱਲਣ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 104
ਸੰਪਰਕ : 94649-24521


ਹੱਥਲੀ ਕਾਵਿ ਪੁਸਤਕ 'ਤਿੜ੍ਹਾਂ' 'ਚ ਲੇਖਕ ਜਗਸੀਰ ਸਿੰਘ ਖਿੱਲਣ ਦੀਆਂ 76 ਕਾਵਿ-ਰਚਨਾਵਾਂ ਸ਼ਾਮਲ ਹਨ। ਇਨ੍ਹਾਂ ਕਾਵਿ-ਰਚਨਾਵਾਂ 'ਚ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਸ਼ਾਇਰ ਨੇ ਪਰਤ-ਦਰ-ਪਰਤ ਛੋਹਿਆ ਹੈ। ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ ਪ੍ਰਤੀ ਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਤੋਂ ਉਹ ਡਾਹਢਾ ਚਿੰਤਾਵਾਨ ਹੈ। ਲੇਖਕ ਕਿਰਤ ਦੇ ਭਾਂਡੇ 'ਚ ਹੱਕ ਦੀ ਰੋਟੀ ਖਾਣ ਦਾ ਖਾਹਿਸ਼ਮੰਦ ਹੈ, ਹਿੰਮਤ ਅਤੇ ਸਿਰੜ ਦੇ ਕੰਧੇੜ ਚੜ੍ਹ ਕੇ ਸਮਿਆਂ ਦਾ ਹਾਣੀ ਬਣਨਾ ਚਾਹੁੰਦਾ ਹੈ, ਭੀੜ ਤੋਂ ਵੱਖਰਾ ਦਿਸਣ ਦੀ ਉਸ ਅੰਦਰ ਲੋਚਾ ਹੈ। ਬਹਿਰੂਪੀਏ ਚਿਹਰਿਆਂ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ :
ਪਾੜੋ 'ਤੇ ਰਾਜ ਕਰੋ, ਨੀਤੀ ਅੱਜ ਹਾਕਮ ਦੀ
ਇਹ ਟੱਪੇ ਮਾਹੀਏ ਦੇ 'ਤੇ ਸੋਹਿਲੇ ਹੋਰ ਦੇ ਗਾਉਂਦਾ ਹੈ।
ਇਨਸਾਨ ਕਦਾਚਿਤ ਨਹੀਂ ਬਹਿਰੂਪੀਆ ਹੋਵੇਗਾ,
ਮੈਲਾ ਜਿਹਾ ਦਿਲ ਲੈ ਕੇ, ਤੀਰਥਾਂ 'ਤੇ ਨ੍ਹਾਉਂਦਾ ਹੈ।
ਜਗ ਜਨਣੀ ਔਰਤ ਨੂੰ ਭੰਡਣ ਵਾਲੇ ਕਲਮਕਾਰਾਂ ਨੂੰ ਫਿਟ ਲਾਹਣਤਾਂ ਪਾਉਂਦਾ ਲੇਖਕ ਔਰਤ ਦੇ ਸਤਿਕਾਰ 'ਚ ਆਵਾਜ਼ ਬੁਲੰਦ ਕਰਦਾ ਹੈ। ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਅਰਜੋਈ ਕਰਦਾ ਮਿਹਨਤਕਸ਼ ਕਾਮਿਆਂ ਨੂੰ ਸੰਘਰਸ਼ਾਂ ਦੇ ਪਿੜ ਭਖਾਉਣ ਲਈ ਉਤਸ਼ਾਹਿਤ ਕਰਦਾ ਹੈ। ਦਿੱਲੀ ਕਿਸਾਨ ਅੰਦੋਲਨ ਪ੍ਰਤੀ ਕਿਰਤੀ ਕਿਸਾਨਾਂ ਦੇ ਹੱਕ 'ਚ ਹੁੰਕਾਰ ਭਰਦਾ ਅਤੇ ਸਮੇਂ ਦਾ ਹਾਕਮਾਂ ਨੂੰ ਵੰਗਾਰਦਾ ਸ਼ਾਇਰ ਲਿਖਦਾ ਹੈ:
ਸਾਡਾ ਗ਼ਦਰੀ ਬਾਬਿਆਂ ਨਾਲ
ਇਤਿਹਾਸ ਪਿਆ ਭਰਿਆ।
ਮੱਥਾ ਜਿਸ ਨੇ ਵੀ ਲਾਇਆ,
ਉਹ ਇਕ ਦਿਨ ਹੈ ਹਰਿਆ।
ਧਰਤੀ ਨੂੰ ਪਲੀਤ ਹੋਣ ਤੋਂ ਬਚਾਉਣ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਰੋਕਣ, ਧਰਤੀ ਹੇਠਲੇ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਲੋਕਾਂ ਦੀ ਜ਼ਮੀਰ ਨੂੰ ਹਲੂਣਦਾ ਹੈ। ਲੇਖਕ ਅਨੁਸਾਰ ਅਜੋਕੇ ਯੁੱਗ 'ਚ ਤੰਦਰੁਸਤ ਸਰੀਰਾਂ ਦੀ ਵੀ ਸੋਚ ਅਪਾਹਜ ਹੋ ਚੁੱਕੀ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ 'ਚ ਜ਼ਿੰਦਗੀ ਨੂੰ ਇਕ ਜੰਗ ਦੀ ਤਰ੍ਹਾਂ ਲੜਨ ਦਾ ਫੌਲਾਦੀ ਹੌਸਲਾ ਹੈ।
ਹਥਲੀ ਪੁਸਤਕ ਦੀਆਂ ਕਵਿਤਾਵਾਂ ਜਿਥੇ ਵਿਸ਼ਾ ਪੱਖ ਅਤੇ ਰੂਪਕ ਪੱਖ ਤੋਂ ਮਜ਼ਬੂਤ ਹਨ, ਉਥੇ ਰਵਾਨਗੀ ਇਨ੍ਹਾਂ ਕਾਵਿ-ਰਚਨਾਵਾਂ ਨੂੰ ਹੋਰ ਵੀ ਰਸਮਈ ਬਣਾਉਂਦੀ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
c c c


ਲੋਕ-ਬੋਧ
ਪੰਜਾਬੀ ਅਖਾਣ ਅਤੇ ਮੁਹਾਵਰੇ

ਲੇਖਕ : ਡਾ. ਮਨਜਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 104
ਸੰਪਰਕ : 94638-36591


ਅਖਾਣ, ਮੁਹਾਵਰੇ ਕਿਸੇ ਵੀ ਭਾਸ਼ਾ ਦਾ ਅਜਿਹਾ ਵਿਰਾਸਤੀ ਖ਼ਜ਼ਾਨਾ ਹੁੰਦੇ ਹਨ, ਜਿਨ੍ਹਾਂ ਵਿਚ ਕਿਸੇ ਸਮਾਜ ਸੱਭਿਆਚਾਰ ਦੀ ਸਰਬਪੱਖੀ ਝਾਕੀ ਸਹਿਜ ਰੂਪ ਵਿਚ ਹੀ ਵੇਖਣ ਨੂੰ ਮਿਲ ਜਾਂਦੀ ਹੈ। ਅਖਾਣ ਅਤੇ ਮੁਹਾਵਰਿਆਂ ਵਿਚ ਸਿਆਣੇ ਵਿਅਕਤੀਆਂ ਦੀ ਜ਼ਿੰਦਗੀ ਦੀ ਭਾਸ਼ਾਈ ਕਮਾਈ ਸਮਾਈ ਹੁੰਦੀ ਹੈ। ਜ਼ਿੰਦਗੀ ਦੇ ਤਜਰਬਿਆਂ ਦੇ ਨਾਲ-ਨਾਲ ਕਿਸੇ ਕੌਮ ਦਾ ਇਤਿਹਾਸ, ਰਾਜਨੀਤੀ, ਆਰਥਿਕਤਾ ਆਦਿ ਦੀ ਅਖਾਣ ਮੁਹਾਵਰੇ ਤਸਵੀਰਕਸ਼ੀ ਕਰਦੇ ਹਨ। ਪੰਜਾਬੀ ਵਿਚ ਬਹੁਤ ਸਾਰੇ ਵਿਅਕਤੀਆਂ ਦੇ ਸੁਚੇਤ ਯਤਨਾਂ ਸਦਕਾ ਅਖਾਣਾਂ ਮੁਹਾਵਰਿਆਂ ਦੀ ਮੌਖਿਕ ਰੂਪ ਵਿਚ ਤੁਰੀ ਆਉਂਦੀ ਪਰੰਪਰਾ ਨੂੰ ਲਿਖਤੀ ਰੂਪ ਵਿਚ ਪੇਸ਼ ਕਰਨ ਦੇ ਉਪਰਾਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਸੰਸਥਾਗਤ ਅਤੇ ਵਿਅਕਤੀਗਤ ਦੋਹਾਂ ਹੀ ਪੱਧਰਾਂ ਉੱਤੇ ਵਿਸ਼ੇਸ਼ ਕਾਰਜ ਕੀਤੇ ਗਏ। ਅਜਿਹੇ ਹੀ ਕਾਰਜ ਡਾ. ਮਨਜਿੰਦਰ ਕੌਰ ਦੁਆਰਾ 'ਲੋਕ-ਬੋਧ ਪੰਜਾਬੀ ਅਖਾਣ ਅਤੇ ਮੁਹਾਵਰੇ' ਪੁਸਤਕ ਦੇ ਰੂਪ ਵਿਚ ਕੀਤਾ ਗਿਆ ਹੈ। ਭਾਵੇਂ ਕਿ ਇਸ ਪੁਸਤਕ ਵਿਚ ਦਰਜ ਅਖਾਣ ਮੁਹਾਵਰੇ ਪਹਿਲਾਂ ਹੀ ਪਾਠਕਾਂ ਨੇ ਪੜ੍ਹੇ-ਸੁਣੇ ਹਨ ਪਰ ਕੁਝ ਇਕ ਨਵੇਂ ਵੀ ਹਨ। ਅਖਾਣ ਮੁਹਾਵਰੇ ਸਕੂਲੀ ਪੜ੍ਹਾਈ ਤੋਂ ਲੈ ਕੇ ਉੱਚ ਅਕਾਦਮਿਕ ਹਲਕਿਆਂ ਅਤੇ ਮੁਕਾਬਲੇ ਦੇ ਇਮਤਿਹਾਨਾਂ ਵਿਚ ਵੀ ਪੁੱਛੇ ਜਾਂਦੇ ਹਨ, ਜਿਸ ਪੱਖੋਂ ਇਹ ਪੁਸਤਕ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ, ਕਿਉਂਕਿ ਡਾ. ਮਨਜਿੰਦਰ ਕੌਰ ਨੇ ਅੱਖਰ-ਕ੍ਰਮ ਅਨੁਸਾਰ ਪਹਿਲਾਂ ਮੁਹਾਵਰੇ ਦਰਜ ਕੀਤੇ ਹਨ ਅਤੇ ਬਾਅਦ ਵਿਚ ਅਖਾਣ। ਪੁਸਤਕ ਵਿਚ ਦਰਜ ਮੁਹਾਵਰੇ ਅਤੇ ਅਖਾਣਾਂ ਦੇ ਅਰਥ ਸਪੱਸ਼ਟ ਕਰਦਿਆਂ ਉਨ੍ਹਾਂ ਨੂੰ ਵਾਕਾਂ ਵਿਚ ਵੀ ਵਰਤਿਆ ਗਿਆ ਹੈ। ਕੁਝ ਇਕ ਮੁਹਾਵਰੇ ਪੁਸਤਕ ਦੇ ਅਖ਼ੀਰ ਉੱਤੇ ਬਿਨਾਂ ਵਾਕਾਂ ਵਿਚ ਵਰਤਿਆਂ ਵੀ ਦਰਜ ਕੀਤੇ ਗਏ ਪਰ ਇਨ੍ਹਾਂ ਦੇ ਅਰਥ ਦਿੱਤੇ ਗਏ ਹਨ। ਇਨ੍ਹਾਂ ਮੁਹਾਵਰਿਆਂ ਨੂੰ ਪਾਠਕ ਅਭਿਆਸ ਦੇ ਤੌਰ 'ਤੇ ਪੜ੍ਹ ਵੀ ਸਕਦਾ ਹੈ ਅਤੇ ਵਾਕਾਂ ਵਿਚ ਵੀ ਵਰਤ ਸਕਦਾ ਹੈ। ਪੁਸਤਕ ਵਿਦਿਆਰਥੀ ਲਈ ਕਾਫ਼ੀ ਲਾਹੇਵੰਦ ਹੈ। ਇਸ ਪੁਸਤਕ ਵਿਚ ਲੋਕ-ਸਾਹਿਤ ਦਾ ਖ਼ਜ਼ਾਨਾ ਸੰਭਾਲਣ ਦਾ ਵਧੀਆ ਯਤਨ ਕੀਤਾ ਗਿਆ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਯਾਦਾਂ ਦੇ ਝਰੋਖੇ 'ਚੋਂ
ਨੈਣਾਂ
ਡਾ. ਪ੍ਰਿਤਪਾਲ ਕੌਰ ਚਾਹਲ

ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 160
ਸੰਪਰਕ : 94638-36591


ਲੇਖਕਾ ਦੀ ਸਵੈ ਜੀਵਨੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਹਨ। ਪੁਸਤਕ ਦੇ ਪੰਜ ਅਧਿਆਏ ਹਨ (1) ਮੇਰਾ ਸਾਹਿਤ ਸਫ਼ਰ ਅਤੇ ਯਾਦਾਂ, ਜਿਸ ਵਿਚ ਲੇਖਕਾ ਨੇ ਆਪਣੇ ਜਨਮ, ਮੁਢਲੀ ਅਤੇ ਸਮੁੱਚੀ ਜ਼ਿੰੰਦਗੀ-ਵਿਦਿਆਕ ਯੋਗਤਾ, ਬੀ.ਐਸ.ਸੀ. ਆਨਰਜ਼ (ਬਾਇਓ-ਕੈਮਸਟਰੀ, ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ ਲੁਧਿਆਣਾ, ਐਮ.ਐਸ.ਸੀ. ਪਲਾਂਟ ਪੈਥੋਲੋਜੀ ਰਿਟਾਇਰਡ ਪ੍ਰੋਫੈਸਰ (ਪ੍ਰੋਫੈਸਰ, ਅਣਗਿਣਤ ਰਾਸ਼ਟਰੀ-ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਵਿਚ ਹਿੱਸਾ ਲਿਆ, ਇਨਾਮ ਪ੍ਰਾਪਤ ਕੀਤੇ। ਭਾਰਤ ਅਤੇ ਵਿਦੇਸ਼ਾਂ ਵਿਚ ਹੋਈਆਂ ਕਾਨਫਰੰਸਾਂ ਵਿਚ ਭਾਗ ਲਿਆ ਆਦਿਕ ਵਸਤੂ ਵੇਰਵੇ ਹਨ। ਦੇਸ਼-ਵਿਦੇਸ਼ ਕੀਤੀਆਂ ਯਾਤਰਾਵਾਂ ਦੇ ਵੇਰਵੇ ਹਨ। ਪ੍ਰਾਪਤ ਕੀਤੇ ਮਾਨ ਸਨਮਾਨਾਂ ਦਾ ਵੇਰਵਾ ਹੈ, ਨਾਲੋ-ਨਾਲ ਆਪਣੇ ਸਾਹਿਤਕ ਸਫਰ ਦੇ ਵੇਰਵੇ ਦਰਜ ਹਨ। ਪ੍ਰਾਪਤ ਕੀਤੇ ਇਨਾਮ ਸਨਮਾਨਾਂ ਦਾ ਜ਼ਿਕਰ ਅਨੇਕਾਂ ਨਾਟਕਾਂ ਵਿਚ ਭਾਗ ਲਿਆ। ਉਨ੍ਹਾਂ ਰਚਨਾਵਾਂ ਦੇ ਵਸਤੂ ਵੇਰਵੇ ਹਨ, ਜੋ ਅਖ਼ਬਾਰਾਂ ਵਿਚ ਯੋਗਦਾਨ ਪਾਇਆ। ਆਪਣੀ ਜ਼ਿੰਦਗੀ ਦੇ ਅਨੇਕਾਂ ਪ੍ਰਾਪਤੀ ਦੇ ਵਸਤੂ ਵੇਰਵੇ। ਲੇਖਿਕਾ ਦੇ ਜੀਵਨ ਦੇ ਵਸਤੂ ਵੇਰਵੇ, ਬਚਪਨ ਦੀਆਂ ਯਾਦਾਂ, ਘਰ-ਪਰਿਵਾਰ ਦੇ ਵੇਰਵੇ ਹਨ। ਇੰਝ ਇਹ ਪੁਸਤਕ ਸਫਲ ਵਿਅਕਤੀ ਦੇ ਜੀਵਨ ਦਾ ਸੰਖੇਪ ਜ਼ਿਦਗੀਨਾਮਾ ਹੈ। ਉਸ ਦੇ ਕੱਚੀ ਧੁੱਪ ਵਰਗੇ ਕੱਚੀ ਉਮਰ ਦੇ ਵਸਤੂ ਵੇਰਵੇ ਚੋਂ ਵੀ ਪ੍ਰੇਰਣਾ ਸਰੋਤ ਸਿੱਖਣ ਸਿਖਾਉਣ, ਪ੍ਰੇਰਨਾ ਉਤਸਾਹ ਅੱਗੇ ਵਧਣ ਅਤੇ ਸਵੈ ਪ੍ਰਾਪਤੀਆਂ ਦੇ ਵੇਰਵੇ ਹਨ। ਅੱਲ੍ਹੜ ਵਰੇਸ ਦੀਆਂ ਯਾਦਾਂ ਸਿੱਖਣ ਸਿਖਾਉਣ ਵਾਲੀਆਂ ਹਨ। ਪੁਸਤਕ ਪ੍ਰੇਰਨਾ ਸਰੋਤ ਦੀ ਡਿਕਸ਼ਨਰੀ ਹੈ।


-ਡਾ. ਅਮਰ ਕੋਮਲ
ਮੋਬਾਈਲ : 84378-75565
c c c

01-10-2022

 ਟਾਹਲੀਆਂ ਦੀ ਛਾਵੇਂ
ਗੀਤਕਾਰ : ਮੁਖ਼ਤਾਰ ਸਿੰਘ ਗਿੱਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਮਹਿਤਾ ਚੌਕ, ਅੰਮ੍ਰਿਤਸਰ
ਮੁੱਲ : 110 ਰੁਪਏ, ਸਫ਼ੇ : 91
ਸੰਪਰਕ : 98720-45559

ਪੰਜਾਬੀ ਗੀਤਕਾਰੀ ਦਾ ਇਕ ਪ੍ਰੌੜ੍ਹ ਤੇ ਪਰਪੱਕ ਗੀਤਕਾਰ ਮੁਖ਼ਤਾਰ ਸਿੰਘ ਗਿੱਲ ਆਪਣੇ ਪਲੇਠੇ ਗੀਤ ਸੰਗ੍ਰਹਿ 'ਟਾਹਲੀਆਂ ਦੀ ਛਾਵੇਂ' 46 ਨਵੇਂ ਨਰੋਏ ਗੀਤ ਲੈ ਕੇ ਹਾਜ਼ਰ ਹੋਇਆ ਹੈ। ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵੰਨ-ਸੁਵੰਨੇ ਅਹਿਸਾਸਾਂ ਨੂੰ ਇਨ੍ਹਾਂ ਗੀਤਾਂ ਰਾਹੀਂ ਪ੍ਰਗਟ ਕਰਨ ਦਾ ਉਪਰਾਲਾ ਕੀਤਾ ਹੈ। ਪੁਸਤਕ ਵਿਚ ਸ਼ਾਮਿਲ ਗੀਤ ਪ੍ਰੇਮ-ਪਿਆਰ, ਪੇਂਡੂ ਭਾਈਚਾਰਾ, ਲੋਕ ਸੱਭਿਆਚਾਰ, ਸਾਕਾ ਸਰਹਿੰਦ, ਧਾਰਮਿਕ ਅਤੇ ਲਾਲ ਝੰਡੇ ਆਦਿ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੇ ਹਨ। ਗੀਤਕਾਰ ਨੇ ਪੰਜਾਬੀ ਲੋਕ ਸੱਭਿਆਚਾਰ ਦੇ ਦਾਇਰੇ ਵਿਚ ਰਹਿੰਦਿਆਂ, ਸਮਾਜ ਵਲੋਂ ਪ੍ਰਵਾਨਿਤ ਰਿਸ਼ਤਿਆਂ, ਲੋਕ ਪਰੰਪਰਾਵਾਂ ਅਤੇ ਰਿਵਾਜਾਂ ਦੀ ਗੱਲ ਆਪਣੇ ਗੀਤਾਂ 'ਚ ਕੀਤੀ ਹੈ। ਪੇਂਡੂ ਰਹਿਤਲ-ਬਹਿਤਲ ਦੀ ਖ਼ੁਸ਼ਬੋ ਇਨ੍ਹਾਂ ਗੀਤਾਂ ਰਾਹੀਂ ਸਰਸ਼ਾਰ ਕਰਦੀ ਹੈ। ਗੀਤਕਾਰ ਪਾਸ ਸੂਖਮ ਅਨੁਭਵਾਂ ਦਾ ਜ਼ਖੀਰਾ ਹੈ। ਆਪਣੇ ਆਲੇ-ਦੁਆਲੇ ਦਾ ਸਰਿਸ਼ਟੀ ਸੰਸਾਰ ਅਤੇ ਉਸ ਦੇ ਪ੍ਰਭਾਵਾਂ ਨੂੰ ਕਬੂਲ ਕੇ, ਖ਼ੁਸ਼ੀ-ਗ਼ਮੀਂ, ਦੁੱਖ-ਦਰਦ, ਵਿਛੋੜਾ ਜਿਹੇ ਅਹਿਸਾਸਾਂ ਨਾਲ ਲਬਰੇਜ਼ ਸੰਗ੍ਰਹਿ ਦੇ ਗੀਤ, ਪਾਠਕਾਂ/ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਵੰਨਗੀ ਵਜੋਂ ਬਦਲਦੇ ਮੌਸਮ ਦੀ ਪੇਸ਼ਕਾਰੀ ਕੁਝ ਇਉਂ ਕਰਦਾ ਹੈ
''ਅੰਬੀਂ ਬੂਰ ਪੈ ਗਿਆ ਨੀ,
ਕੋਇਲਾਂ ਕੂਕਣ ਲੱਗੀਆਂ।
ਚੜ੍ਹੀਆਂ ਘਟਾ ਕਾਲੀਆਂ ਨੀਂ,
ਹਵਾਵਾਂ ਸ਼ੂਕਣ ਲੱਗੀਆਂ।'' (ਅੰਬੀਂ ਬੂਰ ਪੈ ਗਿਆ)
''ਦਿੱਬੇ ਸ਼ਰਮਾਂ ਦੇ ਪੱਲੇ। ਉੱਡ ਸਿਰ ਉਤੋਂ ਸਰਕ ਗਏ। ਸਾਉਣ ਦੇ ਮਹਿਕ ਵਾਂਗੂ। ਕੈਦ ਸਾਡੇ ਸੋਹਦਿਆ ਵੇ। ਛਮ ਛਮ ਬਰਸ ਪਏ। (ਸਾਉਣ ਦੇ ਮਹੀਨੇ ਵਿਚ) ਇਨ੍ਹਾਂ ਛੰਦਬੱਧ ਗੀਤਾਂ ਵਿਚ ਕਮਾਲ ਦੀ ਲੈਆਤਮਕਤਾ ਹੈ। ਗੀਤਾਂ ਨੂੰ ਪੜ੍ਹਦਿਆਂ ਪਾਠਕ ਗੁਣਗੁਣਾਉਣ ਲਈ ਮਜਬੂਰ ਹੋ ਜਾਂਦਾ ਹੈ। ਗੀਤਾਂ ਦੀ ਰਵਾਨੀ, ਆਪਣੇ ਅਹਿਸਾਸਾਂ ਦੇ ਪ੍ਰਵਾਹ ਨਾਲ ਵਹਾ ਲੈ ਜਾਂਦੀ ਹੈ। ਗੀਤਕਾਰ ਵਲੋਂ ਵਰਤੀ ਗਈ ਸ਼ਬਦਾਵਲੀ, ਸ਼ਬਦ ਚੋਣ ਅਤੇ ਛੰਦਾਂ ਦੀ ਪੇਸ਼ਕਾਰੀ ਇਨ੍ਹਾਂ ਗੀਤਾਂ ਨੂੰ ਸੁਣਨ, ਮਾਣਨਯੋਗ ਤੇ ਸਾਂਭਣਯੋਗ ਬਣਾਉਂਦੀ ਹੈ। 'ਟਾਹਲੀਆਂ ਦੀ ਛਾਵੇਂ' ਟਾਈਟਲ ਹੀ ਪਾਠਕ ਨੂੰ ਪੇਂਡੂ ਸੱਭਿਆਚਾਰ ਅਤੇ ਕੁਦਰਤ ਦੀ ਗੋਦ ਵੱਲ ਖਿੱਚ ਲੈ ਜਾਂਦਾ ਹੈ। ਸੱਚਮੁੱਚ ਪੰਜਾਬੀ ਗੀਤਕਾਰੀ ਨੂੰ ਜਿਹੜੇ ਸਿਹਤਮੰਦ ਤੇ ਉਸਾਰੂ ਗੀਤਾਂ ਦੀ ਲੋੜ ਹੈ, ਹਥਲੀ ਪੁਸਤਕ ਇਸ ਲੋੜ ਨੂੰ ਪੂਰਾ ਕਰਦੀ ਹੈ। ਗਾਇਕ ਅਤੇ ਪਾਠਕ ਇਸ ਪੁਸਤਕ ਦਾ ਸਹਿਜ ਸਵਾਗਤ ਕਰਨਗੇ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

c c c

ਮਾਰਕਸਵਾਦੀ ਸਮੀਖਿਆ-ਸਿਧਾਂਤ
ਲੇਖਕ : ਸੁਰਜੀਤ ਸਿੰਘ ਭੱਟੀ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 237
ਸੰਪਾਰਕ : 98788-23354

ਇਸ ਪੁਸਤਕ ਨੂੰ ਵਿਧੀਵਤ ਰੂਪ ਵਿਚ ਪੇਸ਼ ਕਰਦੇ ਸਮੇਂ ਡਾ. ਭੱਟੀ ਨੇ ਅੱਠ ਖੰਡ ਬਣਾਏ ਹਨ। ਪਹਿਲੇ ਖੰਡ ਵਿਚ ਮਾਰਕਸਵਾਦੀ ਦਰਸ਼ਨ ਦੇ ਬੁਨਿਆਦੀ ਸਰੋਕਾਰਾਂ ਨੂੰ ਪੇਸ਼ ਕਰਦੇ ਸਮੇਂ ਉਸ ਦਾ ਨਿਰਣਾ ਹੈ ਕਿ ਇਹ ਸੋਚ ਦ੍ਰਿਸ਼ਟੀ ਨਿਰੰਤਰ ਵਿਕਾਸ ਵਿਚ ਵਿਸ਼ਵਾਸ ਰੱਖਦੀ ਹੈ। ਭਾਵੇਂ ਕਿ ਕਈ ਜਟਿਲ ਪ੍ਰਕਿਰਿਆਵਾਂ ਵਾਪਰਦੀਆਂ ਹਨ ਪਰੰਤੂ ਇਹ ਹਮੇਸ਼ਾ ਸਾਪੇਖ ਅਤੇ ਨਿਰਪੇਖਤਾ ਦੇ ਦਵੰਦਾਤਮਕ ਸੰਬੰਧਾਂ ਦੇ ਉਸਾਰੂ ਹਿਤ ਵਿਚ ਹੁੰਦਾ ਹੈ। ਇਸੇ ਪ੍ਰਸੰਗਤਾ ਵਿਚ ਇਸ ਚਿੰਤਨਧਾਰਾ ਦੇ ਮੁਢਲੇ ਸਿਧਾਂਤਕਾਰਾਂ ਕਾਰਲ ਮਾਰਕਸ, ਫਰੈਡਰਿਕ ਏਂਗਲਜ਼, ਵੀ.ਆਈ. ਲੈਨਿਨ ਅਤੇ ਮਾਓ-ਜੇ-ਤੁੰਗ ਅਤੇ ਸਾਰੇ ਰੂਸੀ ਚਿੰਤਕਾਂ ਜਿਨ੍ਹਾਂ ਵਿਚ ਵਿਸਾਰੀਅਨ ਗਰੀਗੋਰੀਏਵਿਚ ਬੈਲਿੰਸਕੀ, ਅਲੈਗਜ਼ੈਂਡਰ ਇਵਾਨਵਿਚ ਹਰਜਨ, ਨਿਕੋਲਾਈ ਗਾਵਿਰਲੋਵਿਚ ਚਰਨੀਸ਼ੇਵਸਕੀ, ਨਿਕੋਲਾਈ ਅਲੈਗਜ਼ਾਂਦਰੋਵਿਚ, ਦਾਬਰੋਲਿਊਬੋਵ, ਜੀ.ਵੀ. ਪਲੈਖਾਨੋਵ, ਏ.ਵੀ. ਲੂਨਾਚਾਰਸਕੀ, ਲਿਓਨ ਟ੍ਰਾਟਸਕੀ, ਐਮ. ਖਰਾਪਚੈਂਕੋ ਅਤੇ ਯੂਰੀਬਾਰਾਬਾਸ ਹਨ, ਉਨ੍ਹਾਂ ਦੀ ਸੋਚ ਦ੍ਰਿਸ਼ਟੀ ਦਾ ਗੰਭੀਰਤਾ ਸਹਿਤ ਅਧਿਐਨ ਕਰਕੇ ਸਾਡੇ ਸਾਹਮਣੇ ਲਿਆਂਦਾ ਹੈ। ਇਸੇ ਤਰ੍ਹਾਂ ਰੈਲਫ ਫਾਕਸ, ਕ੍ਰਿਸਟਾਫਰ ਕਾਡਵੈਲ, ਜਾਰਜ ਥਾਮਸਨ, ਹਾਵਰਡ ਫਾਸਟ, ਜਾਰਜ ਲੁਕਾਚ, ਅਰਨਸਟ ਫਿਸ਼ਰ ਅਤੇ ਕੁਝ ਹੋਰ ਆਧੁਨਿਕ ਚਿੰਤਕ, ਜਿਨ੍ਹਾਂ 'ਚ ਰੇਅਮੰਡ ਵਿਲੀਅਮਜ਼, ਏ. ਐਸ. ਵਾਜ਼ਕੇਜ, ਫਰੈਡਰਿਕ ਜੇਮਸਨ. ਪੀ. ਏ. ਮਸ਼ੇਰੀ, ਟੈਰੀਈਗਲਟਨ ਅਤੇ ਟੋਨੀ ਬੈਨੈਟ ਆਦਿ ਹਨ, ਦੀਆਂ ਵਿਚਾਰਧਾਰਕ ਵਿਭਿੰਨ ਪੱਧਤੀਆਂ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਪੁਸਤਕ ਵਿਚ ਪੇਸ਼ ਕੀਤਾ ਹੈ। ਲੇਖਕ ਦੀ ਮਾਨਤਾ ਹੈ ਕਿ ਮਾਰਕਸਵਾਦੀ ਦਰਸ਼ਨ ਬੁਰਜੂਆ ਰਾਸ਼ਟਰਵਾਦ ਦੇ ਉਲਟ ਅੰਤਰ ਰਾਸ਼ਟਰਵਾਦ ਵਿਚ ਵਿਸ਼ਵਾਸ ਰੱਖਦਾ ਹੈ। ਨਿਰਸੰਦੇਹ, ਇਹ ਪੁਸਤਕ ਗੰਭੀਰ ਚਿੰਤਕਾਂ, ਉੱਚ ਸ਼੍ਰੇਣੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਸਾਰਥਕ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 9814209732

c c c

ਅਦੀਬ ਸਮੁੰਦਰੋਂ ਪਾਰ ਦੇ
ਬਿਰਤਾਂਤਕਾਰ : ਹਰਮੀਤ ਸਿੰਘ ਅਟਵਾਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ: 650 ਰੁਪਏ, ਸਫ਼ੇ : 318
ਸੰਪਰਕ : 98155-05287

ਸ. ਹਰਮੀਤ ਸਿੰਘ ਅਟਵਾਲ ਪੰਜਾਬੀ ਸਾਹਿਤਕਾਰਾਂ ਨੂੰ ਪ੍ਰੇੇਮ ਕਰਨ ਵਾਲਾ ਇਕ ਸਿਦਕੀ ਅਤੇ ਸਿਰੜੀ ਲੇਖਕ ਹੈ। ਉਹ ਪੰਜਾਬੀ ਸਾਹਿਤ ਦੇ ਨਾਮੀ-ਗਰਾਮੀ ਲੇਖਕਾਂ ਬਾਰੇ ਪਿਛਲੇ ਡੇਢ ਦੋ ਦਹਾਕਿਆਂ ਤੋਂ ਨਿਰੰਤਰ ਲਿਖ ਰਿਹਾ ਹੈ। ਉਸਦੇ ਸਿਦਕ ਅਤੇ ਸੁਹਿਰਦਤਾ ਨੂੰ ਦੇਖ ਕੇ ਸੰਪਾਦਕ ਅਤੇ ਪ੍ਰਕਾਸ਼ਕ ਲੋਕ ਵੀ ਉਸ ਨੂੰ ਰਾਹ ਦੇ ਦਿੰਦੇ ਹਨ। ਇਸ ਸੂਰਤ ਵਿਚ ਉਹ ਪੰਜਾਬੀ ਦੀ ਹਰ ਪ੍ਰਮੁੱਖ ਅਖ਼ਬਾਰ ਵਿਚ ਪੰਜਾਬੀ ਲੇਖਕਾਂ ਦੇ ਛੋਟੇ-ਵੱਡੇ ਸ਼ਬਦ-ਚਿਤਰ ਉਲੀਕਦਾ ਰਿਹਾ ਹੈ। ਉਸ ਵਰਗੇ ਲੇਖਕਾਂ ਦੇ ਕਾਰਨ ਕਿਸੇ ਵੀ ਸਾਹਿਤਕਾਰ ਨੂੰ ਇਹ ਝੋਰਾ ਨਹੀਂ ਰਿਹਾ ਕਿ ਉਹ ਅਣਗੌਲਾ ਅਣਲਿਖਿਆ ਰਹਿ ਗਿਆ ਹੈ, ਪਾਠਕ ਉਸ ਨੂੰ ਨਹੀਂ ਜਾਣਦੇ।
ਪਿਛਲੇ ਤਿੰਨ-ਚਾਰ ਦਹਾਕਿਆਂ ਵਿਚ ਸਾਡੇ ਅਨੇਕ ਲੇਖਕ ਪੰਜਾਬ ਵਿਚੋਂ ਹਿਜਰਤ ਕਰਕੇ ਵਿਦੇਸ਼ੀ ਧਰਤੀਆਂ ਉੱਪਰ ਪਹੁੰਚ ਗਏ ਹਨ। ਇਧਰ ਰਹਿੰਦੇ ਬਹੁਤੇ ਪ੍ਰਮੁੱਖ ਲੇਖਕ ਵੀ ਵਾਰ-ਵਾਰ ਵਿਦੇਸ਼ਾਂ ਵਿਚ ਆਉਂਦੇ-ਜਾਂਦੇ ਰਹਿੰਦੇ ਹਨ ਜਿਵੇਂ ਉਹ ਉਧਰ ਆਪਣੇ ਲਈ ਅਨੁਕੂਲ ਜ਼ਮੀਨ ਤਲਾਸ਼ ਰਹੇ ਹੋਣ।ਜੇ ਸਾਡੇ ਪੰਜਾਬ ਵਿਚ ਪਰਿਸਥਿਤੀਆਂ ਇਹੋ ਜਿਹੀਆਂ ਹੀ ਰਹੀਆਂ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮਿਆਂ ਵਿਚ ਸਾਡੇ ਸਾਰੇ ਅਦੀਬ ਹੀ ਸਮੁੰਦਰੋਂ ਪਾਰ ਜਾ ਵਸਣ। ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੂ! ਰੱਬ ਮਿਹਰ ਕਰੇ, ਅਜਿਹੀ ਅਮਹੋਣੀ ਨਾ ਵਾਪਰੇ!
ਮੈਂ ਮਹਿਸੂਸ ਕੀਤਾ ਹੈ ਕਿ ਆਪਣੀ ਜਨਮ-ਭੋਇੰ ਨੂੰ ਛੱਡਣ ਉਪਰੰਤ ਸ਼ਨਾਖ਼ਤ ਦਾ ਸੰਕਟ ਪੈਦਾ ਹੋ ਜਾਂਦਾ ਹੈ। ਇਸੇ ਕਾਰਨ ਉਹ ਪੰਜਾਬੀ ਵੀ, ਜਿਨ੍ਹਾਂ ਨੇ ਇਧਰ ਰਹਿੰਦਿਆਂ ਹੋਇਆਂ ਸਾਹਿਤ-ਲਿਖਣ-ਪੜ੍ਹਨ ਬਾਰੇ ਕਦੇ ਕੁਝ ਸੋਚਿਆ ਵੀ ਨਹੀਂ ਸੀ। ਉਧਰ ਜਾ ਕੇ ਚੰਗੇ ਪ੍ਰਮਾਣਿਕ ਲੇਖਕ ਬਣ ਗਏ ਹਨ। ਇਸ ਧਾਰਨਾ ਦਾ ਦੂਜਾ ਪਹਿਲੂ ਵੀ ਹੈ ਅਤੇ ਉਹ ਇਹ ਕਿ ਇਧਰ ਚੰਗਾ ਲਿਖਣ ਵਾਲੇ ਅਤੇ ਮੁਮਤਾਜ਼ ਲੇਖਕ ਉਧਰ ਜਾ ਕੇ ਸੰਕਟਗ੍ਰਸਤ ਹੋ ਜਾਂਦੇ ਹਨ। ਖ਼ੈਰ...ਇਹ ਵੱਖਰੇ ਮਸਲੇ ਹਨ। ਹਰਮੀਤ ਸਿੰਘ ਅਟਵਾਲ ਆਪਣੇ ਰਚਨਾ-ਧਰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾ ਰਿਹਾ ਹੈ। ਉਸ ਦੀ ਇਨ੍ਹਾਂ ਰਚਨਾਵਾਂ ਵਿਚ ਜੀਵਨ-ਬਿਰਤਾਂਤ, ਵਿਧਾਵਾਂ ਦਾ ਵਰਗੀਕਰਨ, ਵਿਸ਼ਲੇਸ਼ਣ, ਆਲੋਚਨਾ ਅਤੇ ਮੁਲਾਂਕਣ ਆਦਿਕ ਸਾਰੇ ਪਹਿਲੂ ਆ ਜਾਂਦੇ ਹਨ। ਮੈਂ ਸ. ਅਟਵਾਲ ਦੀ ਮਿਹਨਤ-ਮੁਸ਼ੱਕਤ ਨਿਸ਼ਠਾ ਅਤੇ ਵਚਨਬੱਧਤਾ ਦੀ ਪ੍ਰਸੰਸਾ ਕਰਦਾ ਹਾਂ। ਉਸ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਰਹਿ ਗਏ ਅਨੇਕ ਖੱਪਿਆਂ ਨੂੰ ਪੂਰਿਆ ਹੈ। ਕੇਵਲ ਗੱਲਾਂ ਹੀ ਨਹੀਂ ਕੀਤੀਆਂ, ਸਾਰਥਿਕ ਕੰਮ ਕਰ ਕੇ ਵਿਖਾਇਆ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

c c c

ਭਾਈ ਕਨ੍ਹੱਈਆ ਜੀ
ਦੇ ਜੀਵਨ 'ਤੇ ਝਾਤ
ਸੰਪਾਦਕ : ਕਰਨੈਲ ਸਿੰਘ
ਪ੍ਰਕਾਸ਼ਕ : ਮਹੰਤ ਭਾਈ ਕਾਹਨ ਸਿੰਘ ਜੀ ਸੇਵਾ ਪੰਥੀ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ
ਮੁੱਲ : ਮੁਫ਼ਤ, ਸਫ਼ੇ : 428
ਸੰਪਰਕ : 98552-40552

ਸੇਵਾ, ਸ਼ਾਂਤੀ, ਪਰਉਪਕਾਰ, ਸਿਮਰਨ, ਏਕਤਾ, ਸਮਦ੍ਰਿਸ਼ਟੀ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਭਾਈ ਕਨ੍ਹੱਈਆ ਜੀ ਦਾ ਸਾਰਾ ਜੀਵਨ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਆਪ ਮਾਨਵਤਾ ਦੇ ਮਸੀਹਾ, ਰੈੱਡ ਕਰਾਸ ਦੇ ਬਾਨੀ ਅਤੇ ਅਮਨ ਦੂਤ ਸਨ। ਆਪ ਜੀ ਨੌਵੇਂ ਅਤੇ ਦਸਵੇਂ ਪਾਤਸ਼ਾਹ ਜੀ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੇ। ਇਸ ਪੁਸਤਕ ਵਿਚ ਛਪੀਆਂ ਰਚਨਾਵਾਂ ਪਹਿਲਾਂ 'ਭਾਈ ਕਨ੍ਹੱਈਆ ਸੇਵਾ ਜੋਤੀ' ਮੈਗਜ਼ੀਨ ਵਿਚ ਛਪ ਚੁੱਕੀਆਂ ਹਨ। ਪੁਸਤਕ ਦੇ 71 ਅਧਿਆਇ ਹਨ, ਜਿਨ੍ਹਾਂ ਵਿਚ ਭਾਈ ਸਾਹਿਬ ਦੀ ਲਾਸਾਨੀ ਸ਼ਖ਼ਸੀਅਤ ਪ੍ਰਤੀ ਕਾਵਿ ਅਤੇ ਵਾਰਤਕ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ ਜਿਵੇਂ :-
ਉਹਦੀ ਮਸ਼ਕ ਵਿਚ ਜ਼ਿੰਦਗੀ ਛਲਕਦੀ ਸੀ,
ਉਹਦੇ ਪਾਣੀ ਵਿਚ ਮਿੱਠਤ ਪਿਆਰ ਦੀ ਸੀ।
ਉਹਦੇ ਬੁੱਲ੍ਹਾਂ 'ਤੇ ਧੀਰਜ ਦੁਖਿਆਰਿਆਂ ਦੀ,
ਮਿਹਰ ਉਸ ਉੱਤੇ ਕਲਗੀਧਰ ਦੀ ਸੀ।
ਦੌਲਤ ਉਸ ਕੋਲ ਸਿਦਕ ਸਬੂਰੀਆਂ ਦੀ,
ਪੀੜ ਉਸ ਕੋਲ ਸਾਰੇ ਸੰਸਾਰ ਦੀ ਸੀ।
ਉਹਦੀ ਗੋਦ 'ਚੋਂ ਮਨਾਂ ਨੂੰ ਨਿੱਘ ਮਿਲਦਾ,
ਨਿਗ੍ਹਾ ਉਸ ਦੀ ਤਪਿਆਂ ਨੂੰ ਠਾਰਦੀ ਸੀ।
ਪੁਸਤਕ ਵਿਚ ਚਾਰ ਲੇਖ ਅੰਗਰੇਜ਼ੀ ਵਿਚ ਵੀ ਹਨ। ਸਾਰੇ ਲੇਖਕਾਂ ਨੇ ਬਹੁਤ ਪ੍ਰੇਮ, ਭਾਵਨਾ ਅਤੇ ਸਤਿਕਾਰ ਨਾਲ ਆਪਣੀਆਂ ਰਚਨਾਵਾਂ ਵਿਚ ਬ੍ਰਹਮਗਿਆਨੀ ਭਾਈ ਕਨ੍ਹੱਈਆ ਜੀ ਦੀ ਉਪਮਾ ਕੀਤੀ ਹੈ। ਭਾਈ ਸਾਹਿਬ ਦੀਆਂ ਮਹਾਨ ਸੇਵਾਵਾਂ ਨੂੰ ਰੈੱਡ ਕਰਾਸ ਸੇਵਾ ਵਾਂਗ ਵਿਸ਼ਵ ਵਿਚ ਪ੍ਰਚਾਰਨ ਅਤੇ ਉਨ੍ਹਾਂ ਦੇ ਪ੍ਰੇਮ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਹੋ ਜਿਹੇ ਪੁਰਸ਼ ਸਾਰੀ ਮਨੁੱਖਤਾ ਦੇ ਸਾਂਝੇ ਮੀਤ ਹੁੰਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਕੋਈ ਵੈਰੀ ਜਾਂ ਬਿਗ਼ਾਨਾ ਨਹੀਂ ਹੁੰਦਾ। ਉਹ ਸਾਰਿਆਂ ਵਿਚ ਇਕੋ ਪ੍ਰਮੇਸ਼ਰ ਦੀ ਜੋਤਿ ਦੇਖਦੇ ਹਨ। ਇਸ ਲਈ ਉਹ ਸਾਰੀ ਇਨਸਾਨੀਅਤ ਦਾ ਭਲਾ ਲੋਚਦੇ ਹਨ। ਤਰਸ, ਤਿਆਗ, ਨਿਰਮਾਣਤਾ ਦੇ ਮੁਜੱਸਮੇ ਭਾਈ ਕਨ੍ਹੱਈਆ ਜੀ ਨੇ ਜੰਗ ਦੇ ਮੈਦਾਨ ਵਿਚ ਵੈਰੀ ਨੂੰ ਅਤੇ ਮਿੱਤਰ ਨੂੰ ਇਕ ਸਮਾਨ ਸਮਝਦੇ ਹੋਏ ਜ਼ਖ਼ਮੀ ਮੁਗ਼ਲਾਂ ਨੂੰ ਵੀ ਜਲ ਛਕਾਇਆ ਜਿਸ ਕਰਕੇ ਸ੍ਰੀ ਦਸਮੇਸ਼ ਪਾਤਿਸ਼ਾਹ ਜੀ ਨੇ ਆਪ ਉੱਤੇ ਮਿਹਰ ਕੀਤੀ ਅਤੇ ਮੱਲ੍ਹਮ ਪੱਟੀ ਕਰਨ ਦਾ ਵੀ ਆਦੇਸ਼ ਦਿੱਤਾ। ਇਹੋ ਜਿਹੇ ਮਹਾਂਪੁਰਖਾਂ ਦੀ ਘਾਲ ਕਮਾਈ ਨੂੰ ਉਜਾਗਰ ਕਰਨ ਲਈ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੇ ਸੰਤਾਂ, ਮਹਾਂਪੁਰਖਾਂ ਨੂੰ ਵੀ ਨਤਮਸਤਕ ਹੋਣਾ ਬਣਦਾ ਹੈ, ਜੋ ਇਹੋ ਜਿਹੀਆਂ ਬੇਸ਼ਕੀਮਤੀ ਪੁਸਤਕਾਂ ਨੂੰ ਮੁਫ਼ਤ ਵੰਡ ਰਹੇ ਹਨ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਸਿੱਖਿਆਦਾਇਕ, ਪ੍ਰੇਰਨਾਦਾਇਕ, ਗਿਆਨ ਭਰਪੂਰ ਪੁਸਤਕ ਦਾ ਤਹਿ-ਦਿਲੋਂ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

c c c

ਜਗਦਾ ਰਹੀਂ ਵੇ ਦੀਵਿਆ
ਗ਼ਜ਼ਲਕਾਰ : ਪਾਲ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 200 ਰੁਪਏ, ਸਫ਼ੇ : 112
ਸੰਪਰਕ : 95011-45039

ਪਾਲ ਢਿੱਲੋਂ ਕੈਨੇਡਾ ਦੀ ਧਰਤੀ ਉਤੇ ਵਸਦਾ ਪੰਜਾਬੀ ਗ਼ਜ਼ਲਕਾਰ ਹੈ। ਪਾਲ ਢਿੱਲੋਂ ਦੀ ਸ਼ਾਇਰੀ ਦਾ ਆਧਾਰ ਸੱਚਾਈ ਭਰਪੂਰ ਵਿਵਰਣ ਹੈ। ਉਹ ਸਿਆਣੀ ਗੱਲ ਕਰਦਾ ਹੈ ਅਤੇ ਪਾਠਕ ਨੂੰ ਆਪਣੀ ਸੋਚ ਦਾ ਕਾਇਲ ਬਣਾਉਂਦਾ ਹੈ। ਆਧੁਨਿਕ ਮਾਨਵ ਦੇ ਉਲਝੇ ਹੋਏ ਜ਼ਿੰਦਗੀ ਚਿੱਤਰਾਂ ਨੂੰ ਉਹ ਸਾਫ਼ਗੋਈ ਨਾਲ ਸੁਲਝਾਉਣਾ ਚਾਹੁੰਦਾ ਹੈ। ਪਾਲ ਢਿੱਲੋਂ ਤਰਕ ਵਿਤਰਕ ਨਾਲ ਹੀ ਕਿਸੇ ਸਿੱਟੇ ਉਤੇ ਪਹੁੰਚਣ ਦੀ ਗੱਲ ਕਰਦਾ ਹੈ:
ਚਲੋ ਜੋ ਕਹਿ ਰਿਹਾ ਹੈ ਓਸ ਉਤੇ ਤਬਸਰਾ ਕਰੀਏ
ਹੈ ਕਿੰਨਾ ਝੂਠ ਕਿੰਨਾ ਸੱਚ, ਇਸ ਦਾ ਫ਼ੈਸਲਾ ਕਰੀਏ।
ਉਹ ਸੱਚਾਈਆਂ ਦਾ ਸ਼ਾਇਰ ਹੈ। ਕਹਾਵਤਾਂ ਵਰਗੇ ਉਸ ਦੇ ਸ਼ਿਅਰਾਂ ਵਿਚ ਮੰਨਣ ਤੇ ਯਕੀਨ ਦਾ ਰੁਤਬਾ ਹੁੰਦਾ ਹੈ:
ਲੰਘ ਗਏ ਪਾਣੀ ਪੁਲਾਂ ਦੇ ਹੇਠੋਂ ਜੋ,
ਹੁਣ ਨਹੀਂ ਮੁੜਨੇ ਮੈਂ ਮਨ ਸਮਝਾ ਲਿਆ।
ਵਕਤ ਦੇ ਪੈਰੀਂ ਨਹੀਂ ਠਹਿਰਾ ਕਿਤੇ,
ਏਸ ਨੇ ਰਫ਼ਤਾਰ ਨੂੰ ਅਪਣਾ ਲਿਆ।
ਉਸ ਵਾਸਤੇ ਉਸ ਦਾ ਓਹੀ ਗਗਨ ਹੈ ਜਿਸ ਵਿਚ ਉਸ ਦਾ ਚੰਦ ਹੈ:
ਤੇਰੀ ਅਣਹੋਂਦ ਨੂੰ ਅੱਜ ਦਰਦ ਵਾਂਗੂੰ ਸਹਿ ਕੇ ਚੱਲੇ ਹਾਂ,
ਮੁਸਾਫਿਰ ਵਾਂਗ ਤੇਰੇ ਸ਼ਹਿਰ ਵਿਚ ਅੱਜ ਰਹਿ ਕੇ ਚੱਲੇ ਹਾਂ।
ਕਈ ਵਾਰ ਪਾਲ ਢਿਲੋਂ ਅਣਕਿਆਸੀ ਕਲਪਨਾ ਨੂੰ ਸ਼ਿਅਰ ਦਾ ਵਿਸ਼ਾ ਬਣਾਉਂਦਾ ਹੈ ਤਾਂ ਅਣਵਾਜਿਬ ਬਿਆਨ ਉਪਜ ਜਾਂਦਾ ਹੈ ਅਤੇ ਸ਼ਬਦ ਬਾਜ਼ੀਗਰੀ ਬਣ ਜਾਂਦੀ ਹੈ:
ਸੂਰਜ ਹੀ ਅਸਤ ਹੋਣ ਤੋਂ ਮੁਨਕਰ ਜੇ ਹੋ ਗਿਆ
ਜੁਗਨੂੰ ਸਿਤਾਰੇ ਚੰਨ ਚਿਰਾਗਾਂ ਦਾ ਕੀ ਬਣੂੰ?
ਪਾਲ ਢਿੱਲੋਂ ਅਸਲ ਵਿਚ ਫਲਸਫੇ ਦਾ ਸ਼ਾਇਰ ਹੈ, ਨੀਝ ਲਾ ਕੇ ਉਸ ਦੇ ਸ਼ਿਅਰ ਵੇਖੀਏ ਤਾਂ ਡੂੰਘੇ ਅਰਥ ਦਿੰਦੇ ਹਨ:
ਅੰਦਰ ਵਾਲਾ ਅੰਦਰ ਜਾਣੇ, ਬਾਹਿਰ ਵਾਲਾ ਬਾਹਰ ਨੂੰ
ਆਂਡੇ ਦੇ ਵੀ ਅੰਦਰ ਬਾਹਰ ਹੁੰਦੀ ਇਕ ਕਹਾਣੀ ਹੈ।
ਉਹ ਗ਼ਜ਼ਲ ਤਕਨੀਕ 'ਚ ਪੂਰਨ ਹੈ। ਪੁਸਤਕ ਨੂੰ ਜੀ ਆਇਆਂ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

c c c

ਪੰਜਾਬੀ ਹਾਸ ਵਿਅੰਗ
ਲੇਖਕ : ਡੀ.ਆਰ. ਬੰਦਨਾ
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ, ਜਲੰਧਰ
ਮੁੱਲ : 225 ਰੁਪਏ, ਸਫ਼ੇ : 128
ਸੰਪਰਕ : 94173-89003

ਡੀ.ਆਰ. ਬੰਦਨਾ ਨੇ ਮਿੰਨੀ ਵਿਅੰਗ ਤੇ ਹਾਸ-ਰਸੀ ਲੇਖਕ ਅਕਸਰ ਹੀ 'ਅਜੀਤ' ਵਿਚ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਇਹ ਆਕਾਰ ਵਿਚ ਭਾਵੇਂ ਛੋਟੇ ਹਨ ਪਰ ਆਪਣੇ ਹਾਸ-ਵਿਅੰਗ ਗੁਣਾਂ ਕਾਰਨ ਥੋੜ੍ਹੇ ਤਿੱਖੇ ਹਨ। ਇਹ ਲੇਖ ਬਹੁਤੇ ਕਹਾਣੀਆਂ ਆਧਾਰਿਤ ਹੈ। ਹਰੇਕ ਲੇਖ ਵਿਚੋਂ ਕਹਾਣੀ ਰਸ ਦੀ ਭਿਣਕ ਪੈਂਦੀ ਹੈ। ਆਕਾਰ ਵੀ ਇਨ੍ਹਾਂ ਦਾ ਮਿੰਨੀ ਕਹਾਣੀਆਂ ਜਿੱਡਾ ਹੀ ਹੈ। ਬਾਕੀ ਗੁਣ ਵੀ ਮਿੰਨੀ ਕਹਾਣੀ ਵਿਧਾ ਨਾਲ ਹੀ ਮੇਲ ਖਾਂਦੇ ਹਨ। ਇਸ ਵਿਚ ਅਮਲੀਆਂ ਦੇ ਬਿਰਤਾਂਤ ਹਨ, ਪੇਂਡੂ ਰਹਿਤਲ ਦੇ ਹਾਸੋ-ਹੀਣੇ ਚਿੱਤਰ ਹਨ। ਨਿਮਨ ਮੱਧ ਵਰਗੀ ਪਾਤਰ ਹਨ ਜੋ ਆਪਣੀਆਂ ਹਰਕਤਾਂ ਨਾਲ ਹੀ ਪਾਠਕ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ। ਇਸ ਵਿਚ ਕੁੱਲ 63 ਲੇਖ ਹਨ ਜੋ ਸਮਕਾਲੀ ਜੀਵਨ ਦੀਆਂ ਵਿਸੰਗਤੀਆਂ, ਦੋਗਲੇਪਨ ਅਤੇ ਮੂਰਖ਼ਤਾਵਾਂ ਨੂੰ ਅੰਗੀਕਾਰ ਕਰਦੇ ਹਨ। ਕੁਝ ਲੇਖ ਰਵਾਇਤੀ ਹਾਸ-ਰਸ ਦੀਆਂ ਤਲਖ਼ੀਆਂ ਪੇਸ਼ ਕਰਦੇ ਹਨ ਜਿਵੇਂ 'ਕਰਤਾਰੀ ਨੇ ਜਦ ਪੁੱਛ ਪੁੱਛੀ' 'ਆਉ ਘਪਲਾ ਕਰਨ ਵਾਲਿਆਂ ਨੂੰ ਸਨਮਾਨੀਏ', 'ਜਦੋਂ ਜ਼ੈਲਾ ਸਬਜ਼ੀ ਖ਼ਰੀਦਣ ਤੁਰਿਆ', 'ਜਦੋਂ ਤਾਈ ਦੀ ਦਾੜ੍ਹ ਦੁਖਣ ਲੱਗੀ'। ਇਹ ਲੇਖ ਰਵਾਇਤੀ ਤੇ ਪੁਰਾਣੇ ਹਾਸ-ਰਸੀ ਲੇਖਾਂ ਦਾ ਹੀ ਬਿਰਤਾਂਤ ਪੇਸ਼ ਕਰਦੇ ਹਨ। ਸ਼ੈਲੀ ਵੀ ਉਨ੍ਹਾਂ ਜਿਹੀ ਹੀ ਹੈ। ਕੁਝ ਲੇਖ ਅਮਲੀਆਂ ਬਾਰੇ ਵੀ ਹਨ ਜੋ ਹਾਸ-ਰਸ ਦਾ ਢੰਗ ਨਮੂਨਾ ਪੇਸ਼ ਕਰਦੇ ਹਨ ਜਿਵੇਂ 'ਅਮਲੀ ਦਾ ਵਿਆਹ', ਪ੍ਰੰਤੂ ਅਮਲੀ ਦੀ ਮੌਤ, 'ਅਮਲੀਆਂ ਦੀ ਸੱਥ'। 'ਵਿਚਾਰਾਂ ਦੀ ਮੈਲ' ਅਤੇ 'ਫ਼ਰਜ਼' ਜਿਹੀਆਂ ਦਾਰਸ਼ਨਿਕ ਕਿਸਮ ਦੀਆਂ ਕਹਾਣੀਆਂ ਵੀ ਹਨ ਜੋ ਉਪਦੇਸ਼ਾਤਮਿਕ ਲਹਿਜੇ 'ਚ ਲਿਖੀਆਂ ਗਈਆਂ ਹਨ।

c c c

ਛੱਲਾ
ਲੇਖਕ : ਡਾ. ਕੁਲਦੀਪ ਸਿੰਘ ਦੀਪ
ਪ੍ਰਕਾਸ਼ਕ : ਓਏਸੀਜ਼ ਪਬਲੀਕੇਸ਼ਨ, ਪਟਿਆਲਾ।
ਮੁੱਲ : 180 ਰੁਪਏ, ਸਫ਼ੇ : 96,
ਸੰਪਰਕ : 98768-20600

'ਛੱਲਾ' ਸਾਡੇ ਸਾਹਿਤ ਅਤੇ ਜੀਵਨ ਵਿਚ ਇਕ ਰਵਾਇਤੀ ਕਹਾਣੀ ਹੈ। ਇਸ ਵਿਚ ਕਿਸ਼ਤੀ ਚਾਲਕ ਜੱਲੇ ਦਾ ਪੁੱਤਰ ਛੱਲਾ ਸਵਾਰੀਆਂ ਨੂੰ ਦਰਿਆਉਂ ਪਾਰ ਛੱਡਣ ਗਿਆ, ਦਰਿਆ ਵਿਚ ਆਏ ਤੂਫ਼ਾਨ ਕਾਰਨ ਵਾਪਸ ਨਹੀਂ ਪਰਤਦਾ ਤੇ ਉਸ ਦਾ ਪਿਓ ਜੱਲਾ ਪੁੱਤਰ ਦੇ ਵਿਛੋੜੇ ਵਿਚ ਦੁੱਖ ਭਰੇ ਗੀਤ ਗਾਉਂਦਾ ਹੈ ਜੋ 'ਛੱਲੇ' ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਇਸੇ ਕਥਾ ਨੂੰ ਪ੍ਰਤੀਕ ਵਜੋਂ ਵਰਤ ਕੇ ਨਾਟਕਕਾਰ ਨੇ 'ਛੱਲਾ' ਨਾਟਕ ਦੀ ਸਿਰਜਣਾ ਕੀਤੀ ਹੈ ਤੇ 'ਛੱਲੇ' ਦੇ ਪ੍ਰਤੀਕ ਨੂੰ ਆਧੁਨਿਕ ਅਰਥਾਂ ਅਤੇ ਲੋੜ ਅਨੁਸਾਰ ਢਾਲਿਆ ਹੈ। ਪੰਜਾਬ ਦੀ ਆਰਥਿਕਤਾ ਨੂੰ ਦਿਨੋ-ਦਿਨ ਢਾਹ ਲੱਗਣ ਕਾਰਨ ਇਥੋਂ ਦੀ ਜਵਾਨੀ ਬਾਹਰ ਵੱਲ ਪ੍ਰਵਾਸ ਕਰਦੀ ਹੈ ਤੇ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਦੁਖਾਂਤ ਸਹੇੜਦੀ ਹੈ ਤੇ ਤਬਾਹ ਹੁੰਦੀ ਹੋਈ ਖੱਜਲ-ਖੁਆਰ ਹੁੰਦੀ ਹੈ। ਮਨੀ ਨਾਂਅ ਦਾ ਪਾਤਰ ਅਤੇ ਉਸ ਦੇ ਕੁਝ ਹੋਰ ਸਾਥੀ ਅੰਗਰੇਜ਼, ਕਾਲਾ, ਭਲਵਾਨ ਅਤੇ ਭੰਬੀਰੀ ਟਰੈਵਲ ਏਜੰਟ ਦੇ ਟੇਟੇ ਚੜ੍ਹ ਕੇ ਅਮਰੀਕਾ ਪਹੁੰਚਣ ਦੀ ਇੱਛਾ ਰੱਖਦੇ ਹਨ, ਪਰ ਉਹ ਧੋਖੇ ਨਾਲ ਉਨ੍ਹਾਂ ਨੂੰ ਇਰਾਕ ਪਹੁੰਚਾ ਦਿੰਦਾ ਹੈ, ਜਿਥੇ ਉਹ ਗੁਲਾਮਾਂ ਵਾਲਾ ਜੀਵਨ ਹੰਢਾਉਂਦੇ ਹੋਏ ਮੌਤ ਦੇ ਮੂੰਹ ਜਾ ਪੈਂਦੇ ਹਨ। ਕੇਵਲ ਮਨੀ ਹੀ ਕਿਸੇ ਤਰੀਕੇ ਨਾਲ ਬਚ-ਬਚਾ ਕੇ ਵਾਪਸ ਪੰਜਾਬ ਪਹੁੰਚਦਾ ਹੈ ਤੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ ਕਰਦਾ ਹੈ। ਲੱਖੀ ਬਾਬਾ ਲੈਪਟਾਪ ਦੇ ਪ੍ਰਤੀਕ ਰਾਹੀਂ ਨਵੀਂ ਸੋਚ ਦਾ ਬਖਾਣ ਕਰਦਾ ਹੈ ਪਰ ਉਹ ਵੀ ਉਸ ਦੇ ਰਾਸ ਨਹੀਂ ਆਉਂਦੀ ਤੇ ਆਖਿਰ ਉਹ ਲੈਪਟਾਪ ਨੂੰ ਸੁੱਟ ਕੇ ਰਵਾਇਤੀ ਤੂੰਬੇ 'ਤੇ ਗੀਤ (ਛੱਲਾ) ਗਾਉਣ ਲੱਗਦਾ ਹੈ। ਨਾਟਕਕਾਰ ਨੇ ਫਲੈਸ਼ ਬੈਕ ਆਦਿ ਬੋਲੀਆਂ ਦੀ ਵਰਤੋਂ ਕਰਕੇ ਕਥਾ ਨੂੰ ਅਗਾਂਹ ਤੋਰਨ ਦਾ ਯਤਨ ਕੀਤਾ ਹੈ। ਪੰਜਾਬ ਦੀ ਆਧੁਨਿਕ ਜਵਾਨੀ ਦੀ ਪੀੜ ਅਤੇ ਦੁੱਖ ਨੂੰ ਬਹੁਤ ਹੀ ਸ਼ਿੱਦਤ ਨਾਲ ਨਾਟਕਕਾਰ ਨੇ ਪੇਸ਼ ਕੀਤਾ ਹੈ। ਉਹ ਸੁਨੇਹਾ ਵੀ ਦਿੰਦਾ ਹੈ ਕਿ ਜਵਾਨੀ ਦੇ ਦੁਖਾਂਤ ਦਾ ਹੱਲ ਇਥੇ ਰਹਿ ਕੇ ਵੀ ਕੱਢਿਆ ਜਾ ਸਕਦਾ ਹੈ, ਪ੍ਰਵਾਸ ਕਰਕੇ ਨਹੀਂ।

-ਕੇ. ਐਲ. ਗਰਗ
ਮੋਬਾਈਲ : 94635-37050.
c c c

25-09-2022

 ਔਰਤ ਵਿਕਾਊ ਹੈ
ਸੰਪਾਦਿਕਾ : ਦੀਪ ਚਰਨ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ: 160
ਸੰਪਰਕ : 94638-36591


ਦੀਪ ਚਰਨ ਦੀ ਪਲੇਠੀ ਸੰਪਾਦਿਤ ਪੁਸਤਕ 'ਔਰਤ ਵਿਕਾਊ ਹੈ' ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਬੜੇ ਚਿਰ ਬਾਅਦ ਕੋਈ ਪਿਆਰੀ ਅਤੇ ਮਿਆਰੀ ਪੁਸਤਕ ਪੜ੍ਹਨ ਨੂੰ ਮਿਲ ਰਹੀ ਹੈ। ਪੁਸਤਕ ਵਿਚ ਸ਼ਾਮਿਲ ਅੱਠ ਨਿਬੰਧਾਂ ਵਿਚ ਇਸ ਮੁੱਦੇ ਨੂੰ ਬੜੀ ਬੇਬਾਕੀ ਨਾਲ ਉਭਾਰਿਆ ਗਿਆ ਹੈ ਕਿ ਕਿਵੇਂ ਔਰਤ ਦੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਹੈ ਅਤੇ ਕਿਵੇਂ ਔਰਤ ਦਾ ਬਹੁਤਾ ਸਮਾਂ ਵਿਰੋਧੀ ਲਿੰਗ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਹੀ ਲੱਗਿਆ ਰਹਿੰਦਾ ਹੈ। ਸਮਾਜ ਦੇ ਇਸ ਕਰੂਪ ਸੱਚ ਨੂੰ ਵੀ ਉਜਾਗਰ ਕੀਤਾ ਗਿਆ ਹੈ ਕਿ ਔਰਤ ਘਰੋਂ ਬਾਹਰ ਹੀ ਨਹੀਂ, ਬਲਕਿ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ। ਮਰਦ ਅਨੇਕਾਂ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਦੇ ਬਾਵਜੂਦ ਵੀ ਇੱਜ਼ਤਦਾਰ ਬਣਿਆ ਰਹਿੰਦਾ ਹੈ, ਜਦੋਂ ਕਿ ਇਸੇ ਕਾਰਨ ਕਰਕੇ ਔਰਤ ਨੂੰ ਵੇਸਵਾ ਤੱਕ ਕਹਿ ਦਿੱਤਾ ਜਾਂਦਾ ਹੈ। ਇਕ ਬਾਪ ਦੀ ਉਸਾਰੂ ਭੂਮਿਕਾ ਅਤੇ ਮਾਨਵੀ ਰਿਸ਼ਤਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹਾਲੀ ਦਾ ਵੀ ਖ਼ੂਬਸੂਰਤ ਚਿਤਰਣ ਕੀਤਾ ਗਿਆ ਹੈ। ਨਸ਼ਿਆਂ ਦੀ ਦਲਦਲ ਵਿਚ ਫਸੀ ਨੌਜਵਾਨੀ ਲਈ ਪ੍ਰੇਰਨਾਦਾਇਕ ਨਿਬੰਧ ਵੀ ਹਨ ਅਤੇ ਜ਼ਿੰਦਗੀ ਨੂੰ ਹਾਂ ਕਹਿਣ ਦੀ ਜੁਗਤ ਦਾ ਮਾਰਗ ਦਰਸ਼ਨ ਵੀ ਮਿਲਦਾ ਹੈ। ਪੁਸਤਕ ਵਿਚਲੀਆਂ 93 ਕਵਿਤਾਵਾਂ ਵਿਚ ਵੀ ਭਾਵੇਂ ਬਹੁਤਾ ਰੰਗ ਜ਼ਿੰਦਗੀ ਦੇ ਹਰ ਖੇਤਰ ਵਿਚ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਬੇਇਨਸਾਫ਼ੀਆਂ ਨਾਲ ਹੀ ਸੰਬੰਧਿਤ ਹੈ ਪਰ ਬਹੁਤ ਸਾਰੇ ਹੋਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਮਸਲਿਆਂ ਨੂੰ ਵੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਗਿਆ ਹੈ। ਇਕ ਸੋਚੀ-ਸਮਝੀ ਸਾਜਿਸ਼ ਤਹਿਤ ਲੋਕ-ਮਨਾਂ ਵਿਚ ਪੱਕੀ ਕੀਤੀ ਜਾ ਰਹੀ ਅਸਹਿਣਸ਼ੀਲਤਾ ਸੰਬੰਧੀ ਜ਼ਾਹਿਰ ਕੀਤੀ ਫ਼ਿਕਰਮੰਦੀ ਵੀ ਤਸੱਲੀ ਵਾਲੀ ਗੱਲ ਹੈ।
ਆਪਣੀ ਵਹਿਸ਼ੀ ਭੁੱਖ ਮਿਟਾਉਣ ਲਈ
ਔਰਤ ਦਾ ਮਾਸ ਨੋਚ-ਨੋਚ ਖਾਂਦੇ ਨੇ...


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027.
c c c


ਮੇਲੂ
ਲੇਖਕ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ: 320 ਰੁਪਏ, ਸਫ਼ੇ : 240
ਸੰਪਰਕ : 99154-15312


ਨਾਵਲ ਦੇ ਕੁੱਲ 31 ਕਾਂਡ ਹਨ। ਮਾਲਵੇ ਦੇ ਪੇਂਡੂ ਸੱਭਿਆਚਾਰ ਨੂੰ ਅਧਾਰ ਬਣਾ ਕੇ ਨਾਵਲ ਦੀ ਸਿਰਜਨਾ ਹੋਈ ਹੈ। ਨਾਵਲਕਾਰ ਨੇ ਜ਼ਿੰਦਗੀ ਵਿਚ ਵਾਪਰਦੀਆਂ ਚੰਗੀਆਂ, ਮਾੜੀਆਂ ਘਟਨਾਵਾਂ ਨੂੰ ਢੁਕਵੇਂ ਪ੍ਰਸੰਗਾਂ ਤਹਿਤ ਸਹਿਜ ਰੂਪ ਵਿਚ ਪੇਸ਼ ਕੀਤਾ ਹੈ। ਨਾਵਲ ਦੇ ਦਰਜਨ ਕੁ ਪਾਤਰਾਂ 'ਚੋਂ ਕੁਝ ਚਿਹਰੇ ਪਾਠਕ ਦੇ ਅੰਦਰ ਤੱਕ ਲਹਿ ਜਾਂਦੇ ਹਨ ਤੇ ਯਾਦਗਾਰੀ ਪਾਤਰ ਬਣ ਜਾਂਦੇ ਹਨ। ਗੀਟਣ ਦਾ ਕਤਲ ਹੋ ਜਾਂਦਾ ਹੈ। ਕਾਤਲ ਦੀ ਪਤਨੀ ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ। ਕਤਲ ਵੀ ਪਤਨੀ ਵਲੋਂ ਘਰ ਸੱਦ ਕੇ ਕਰਵਾਇਆ ਜਾਂਦਾ ਹੈ। ਕਾਤਲ ਨੂੰ ਲੰਮੀ ਅਦਾਲਤੀ ਕਾਰਵਾਈ ਪਿਛੋਂ ਉਮਰ ਕੈਦ ਹੋ ਜਾਂਦੀ ਹੈ। ਕਾਤਲ ਦੀ ਪਤਨੀ ਮੌਕੇ ਦੀ ਗਵਾਹੀ ਤੋਂ ਪਾਸਾ ਵਟ ਜਾਂਦੀ ਹੈ। ਉਸ ਦਾ ਜੇਲ੍ਹ ਜਾਣ ਤੋਂ ਬਚਾਅ ਹੋ ਜਾਂਦਾ ਹੈ। ਗੀਟਣ ਦੀ ਵਿਧਵਾ ਪਤਨੀ ਦਲੀਪੋ ਆਪਣੇ ਜੇਠ ਬੰਤ ਨਾਲ ਇਸ਼ਕ ਕਰਦੀ ਉਸ ਦੀ ਹੋ ਜਾਂਦੀ ਹੈ। ਲੋਕ ਗੱਲਾਂ ਕਰਦੇ ਹਨ। ਦਲੀਪੋ ਦੇ ਇਕ ਧੀ ਹੈ ਇਕ ਪੁੱਤਰ ਹੈ। ਪੁੱਤਰ ਮਾਂ ਦੇ ਨਾਜਾਇਜ਼ ਸੰਬੰਧਾਂ ਦਾ ਵਿਰੋਧ ਕਰਦਾ ਹੈ। ਜੇਠ ਦਾ ਪੁੱਤਰ ਤੇ ਪਤਨੀ ਵੀ ਇਸ ਗੱਲ ਦਾ ਪੂਰਾ ਵਿਰੋਧ ਕਰਦੇ ਹਨ। ਦੋਵੇਂ ਬੱਚਿਆਂ ਵਾਲੇ ਹਨ। ਸ਼ਹਿਰ ਚਲੇ ਜਾਂਦੇ ਹਨ। ਬੰਤ ਵਿਹਲਾ ਹੈ। ਪੁਲਿਸ ਟਾਊਟ ਬਣ ਕੇ ਪੈਸਾ ਕਮਾਉਂਦਾ ਹੈ। ਪਰ ਇਹ ਕੰਮ ਜ਼ਿਆਦਾ ਸਮਾਂ ਨਹੀਂ ਚਲਦਾ। ਇਸ਼ਕ ਦਾ ਭੂਤ ਵੀ ਕੁਝ ਸਮੇਂ ਪਿਛੋਂ ਲਹਿ ਜਾਂਦਾ ਹੈ। ਦਲੀਪੋ ਨਵੇਂ ਆਸ਼ਕ ਨੂੰ ਛੱਡ ਕੇ ਪਿੰਡ ਸਾਮਾਨ ਲੈ ਕੇ ਚਲੀ ਜਾਂਦੀ ਹੈ। ਬੰਤ ਵੀ ਕਿਸੇ ਪਾਸੇ ਨਿਕਲ ਜਾਂਦਾ ਹੈ। ਆਪਣੇ ਘਰ ਨਹੀਂ ਜਾਂਦਾ, ਕਿਉਂਕਿ ਨੂੰਹ-ਪੁੱਤਰ ਨੇ ਹੋਰ ਟਿਕਾਣਾ ਬਣਾ ਲਿਆ ਹੈ। ਦਲੀਪੋ ਤੇ ਗੀਟਣ ਦੀ ਧੀ ਗੈਰ-ਜਾਤੀ ਦੇ ਨੌਜਵਾਨ ਨਾਲ ਘਰੋਂ ਭੱਜ ਜਾਂਦੀ ਹੈ। ਮੇਲੂ ਨਾਂਅ ਦੇ ਟਰੱਕ ਡਰਾਈਵਰ ਨਾਲ ਮੇਲ ਹੁੰਦਾ ਹੈ ਉਹ ਇਸ ਜੋੜੀ ਨੂੰ ਆਪਣੇ ਘਰ ਲੈ ਜਾਂਦਾ ਹੈ। ਉਸ ਦੀ ਪਤਨੀ ਗੁਜ਼ਰ ਚੁੱਕੀ ਹੈ। ਘਰ ਮਾਂ ਹੈ। ਅਦਾਲਤੀ ਵਿਆਹ ਵੀ ਉਹ ਕਰਵਾ ਦਿੰਦਾ ਹੈ। ਮੇਲੂ ਦੀ ਮਾਂ ਇਸ ਜੋੜੀ ਨੂੰ ਪੂਰਾ ਸਹਿਯੋਗ ਦਿੰਦੀ ਹੈ। ਬਦਕਿਸਮਤੀ ਨਾਲ ਮੁੰਡਾ ਹਾਦਸੇ ਵਿਚ ਮਾਰਿਆ ਜਾਂਦਾ ਹੈ। ਅਮਨ ਦਾ ਵਿਆਹ ਮੇਲੂ ਨਾਲ ਕਰ ਦਿੱਤਾ ਜਾਂਦਾ ਹੈ। ਨਾਵਲ ਵਿਚ ਇਹੋ ਜਿਹੀਆਂ ਮੌਕਾ ਮੇਲ ਘਟਨਾਵਾ ਸਹਿਜ ਨਾਲ ਤੁਰਦੀਆਂ ਹਨ। ਪਾਤਰ ਹਰ ਘਟਨਾ ਨੂੰ ਮਨੋਵਿਗਿਆਨ ਨਾਲ ਹੱਲ ਕਰਦੇ ਹਨ। ਕਾਂਡ 27 ਦਾ ਪੰਨਾ 209 ਦੀ ਵਾਕ ਉਸਾਰੀ ਤੇ ਨਾਰੀ ਪਾਤਰਾਂ ਦੇ ਸੰਵਾਦ ਇਸ ਦੀ ਮਿਸਾਲ ਹੈ। ਨਾਵਲ ਦਾ ਬਹੁਤ ਕੁਝ ਜਜ਼ਬਾਤੀ ਹੈ ਤੇ ਪੜ੍ਹਨ ਵਾਲਾ ਹੈ। ਕਥਾ ਰਸ ਭਰਪੂਰ ਨਾਵਲ ਦਾ ਸਵਾਗਤ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
c c c


ਸੰਪੂਰਨ ਤੰਦਰੁਸਤੀ
ਲੇਖਕ : ਕਰਮ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ 268
ਸੰਪਰਕ : 0161- 2740738


ਸੰਪੂਰਨ ਤੰਦਰੁਸਤੀ ਸੰਬੰਧੀ, ਵਿਚਾਰ ਅਧੀਨ ਇਸ ਪੁਸਤਕ ਨੂੰ ਛੇ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਸਰੀਰਕ ਸਿਹਤ, ਸਿਹਤ ਪ੍ਰਾਪਤੀ ਦੇ ਅੱਠ ਅਸੂਲ, ਸਹੀ ਭੋਜਨ, ਰੱਜ ਕੇ ਖਾਣ ਅਤੇ ਵਰਤ ਰੱਖਣ ਦਾ ਸਮਾਂ, ਪੌਸ਼ਟਿਕ ਭੋਜਨ ਦੇ ਅੰਸ਼, ਪਾਣੀ, ਪਾਚਣ ਤੰਤਰ, ਦਾਲਾਂ, ਸਬਜ਼ੀਆਂ, ਮਸਾਲੇ, ਆਚਾਰ, ਦੁੱਧ, ਫਲ, ਸੁੱਕੇ ਮੇਵੇ , ਮਾਸ, ਰੋਟੀ, ਚਾਵਲ, ਜੰਕ ਫੂਡ, ਕਸਰਤ, ਸਾਫ਼ ਸਫ਼ਾਈ, ਆਰਾਮ ਤੇ ਨੀਂਦ, ਤਣਾਅ ਤੇ ਹੋਰ ਕਈ ਸਿਹਤਕ ਸੰਕਲਪਾਂ ਦੀ ਲੋਂੜੀਦੀ ਜਾਣਕਾਰੀ ਉਪਲਬਧ ਹੈ। ਦੂਜੇ ਭਾਗ ਵਿਚ ਮਾਨਸਿਕ ਸਿਹਤ, ਰੋਗ, ਤਣਾਅ, ਤਨ-ਮਨ ਦੀ ਸਮੀਕਰਨ, ਸ਼ਖ਼ਸੀਅਤ ਉਸਾਰੀ, ਸੋਚ ਅਤੇ ਮਨ ਜਿਹੇ ਵਿਸ਼ੇ ਵਿਚਾਰੇ ਗਏ ਹਨ। ਤੀਜੇ ਭਾਗ ਵਿਚ ਸਮਾਜਿਕ ਸਿਹਤ, ਬੁਨਿਆਦ, ਰੁਕਾਵਟਾਂ, ਤੰਦਰੁਸਤ ਸਮਾਜ, ਸਮਾਜਿਕ ਰੋਗ, ਸੋਸ਼ਲ ਮੀਡੀਆ ਦਾ ਸਹੀ ਉਪਯੋਗ ਵਰਗੇ ਮੁੱਦਿਆਂ ਨਾਲ ਸੰਬੰਧਿਤ ਜਾਣਕਾਰੀ ਦਰਜ ਹੈ। ਚੌਥੇ ਭਾਗ ਵਿਚ ਅਧਿਆਤਮਿਕ ਸਿਹਤ, ਅਸਲੀ ਤੇ ਨਕਲੀ ਅਧਿਆਤਮਿਕ, ਸੂਫ਼ੀ, ਬੁੱਧ, ਹਿੰਦੂ ਤੇ ਇਸਾਈ ਮੱਤ, ਅਸ਼ਟਾਂਗ ਯੋਗ ਜਿਹੇ ਵਿਸ਼ੇ ਵਿਚਾਰੇ ਗਏ ਹਨ। ਪੰਜਵੇਂ ਏ ਭਾਗ ਵਿਚ ਬੁਢਾਪਾ, ਚਾਹ, ਕਾਫ਼ੀ, ਸਾਫਟ ਡਰਿੰਕ , ਨਸ਼ਿਆਂ (ਸ਼ਰਾਬ, ਤੰਬਾਕੂ), ਦਵਾਈਆਂ, ਸਿੱਕੇ ਦਾ ਸਿਹਤ 'ਤੇ ਪ੍ਰਭਾਵ ਵਿਚਾਰਿਆ ਗਿਆ ਹੈ। ਪੰਜਵੇਂ ਬੀ ਹਿੱਸੇ ਵਿਚ, ਪ੍ਰਚੱਲਿਤ ਬਿਮਾਰੀਆਂ ਜਿਵੇਂ ਮੋਟਾਪਾ, ਰਕਤ ਦਾਬ, ਸ਼ੂਗਰ, ਦਿਲ ਦੇ ਰੋਗ, ਦਿਮਾਗ ਦੀਆਂ ਨਸਾਂ ਦਾ ਰੋਗ, ਕੈਂਸਰ, ਹੱਡੀਆਂ ਖੁਰਨ, ਪੇਟ ਦੇ ਰੋਗ, ਜ਼ਹਿਰੀ ਮਾਦਾ, ਕਬਜ਼, ਗੈਸ, ਬਵਾਸੀਰ, ਅਲਰਜੀ, ਜ਼ੁਕਾਮ , ਕੋਰੋਨਾ ਆਦਿ ਦੇ ਇਲਾਜਾਂ ਬਾਰੇ ਜਾਣਕਾਰੀ ਪੁਸਤਕ ਵਿਚ ਉਪਲਬਧ ਹੈ। ਬਿਨਾਂ ਸ਼ੱਕ ਇਹ ਜਾਣਕਾਰੀ ਪਾਠਕ ਲਈ ਬੜੀ ਲਾਹੇਵੰਦ ਹੈ। ਛੇਵੇਂ ਭਾਗ ਵਿਚ ਸਿਹਤ ਬਾਰੇ 30 ਧੁਨਾਂ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਅਰਦਾਸ, ਰੋਗਾਂ ਦਾ ਇਲਾਜ, ਭੋਜਨ (ਰੰਮ, ਪਕੌੜੇ, ਕੁੱਕੜ), ਨੀਂਦ, ਬ੍ਰਹਮਚਾਰੀਆ, ਕਸਰਤ, ਸਫ਼ਾਈ, ਰੋਜ਼ਮਰ੍ਹਾ ਦਾ ਰੁਝਾਨ, ਨਕਾਰਾਤਮਿਕ ਸੋਚ, ਆਦਿ ਵਿਸ਼ੇ ਵਿਚਾਰੇ ਗਏ ਹਨ। ਪੁਸਤਕ ਦੀ ਭਾਸ਼ਾ ਵਿਚ ਪੰਜਾਬੀ-ਹਿੰਦੀ ਰਲੀ-ਮਿਲੀ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਪੁਸਤਕ ਪਹਿਲਾਂ ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖੀ ਗਈ ਹੋਵੇ। ਬਾਅਦ ਵਿਚ ਇਸ ਦਾ ਪੰਜਾਬੀ ਵਿਚ ਉਲੱਥਾ ਕਰ ਲਿਆ ਗਿਆ ਹੋਵੇ। ਜੇ ਸ਼ਬਦਾਂ ਅਤੇ ਵਿਆਕਰਣਿਕ ਗ਼ਲਤੀਆਂ ਨੂੰ ਅੱਖੋਂ ਪਰੋਖੇ ਵੀ ਕਰ ਦੇਈਏ, ਤਾਂ ਵੀ ਇਸ ਪੁਸਤਕ ਵਿਚ ਆਮ ਪਾਠਕਾਂ ਲਈ ਸਿਹਤ ਬਾਰੇ, ਖਾਣ-ਪੀਣ ਬਾਰੇ, ਰੋਗਾਂ ਬਾਰੇ, ਤੰਦਰੁਸਤੀ ਬਾਰੇ ਫ਼ਾਇਦੇਮੰਦ ਜਾਣਕਾਰੀ ਦਾ ਖ਼ਜ਼ਾਨਾ ਲੁਕਿਆ ਪਿਆ ਹੈ। ਪੰਜਾਬੀ ਸਾਹਿਤ ਵਿਚ ਇਸ ਗਿਆਨ ਭਰਪੂਰ ਪੁਸਤਕ ਦਾ ਹਾਰਦਿਕ ਸਵਾਗਤ ਹੈ।


-ਪ੍ਰਿ:ੰ ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686


ਮੋਪਾਸਾਂ ਦੀਆਂ
ਚੋਣਵੀਆਂ ਕਹਾਣੀਆਂ

ਅਨੁਵਾਦ : ਡਾ. ਸਵਾਮੀ ਸਰਬਜੀਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 98884-01328


'ਮੋਪਾਸਾਂ ਦੀਆਂ ਚੋਣਵੀਆਂ ਕਹਾਣੀਆਂ' ਪੁਸਤਕ ਵਿਚ 20 ਕਹਾਣੀਆਂ ਦਰਜ ਹਨ। ਇਸ ਪੁਸਤਕ ਦੇ ਅਨੁਵਾਦਕ ਡਾ. ਸਵਾਮੀ ਸਰਬਜੀਤ ਹਨ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਪੁਸਤਕ ਪੰਜਾਬੀ ਪਾਠਕਾਂ ਦੇ ਹੱਥ ਵਿਚ ਪਹੁੰਚੀ ਹੈ। ਮੋਪਾਸਾਂ ਦੀਆਂ ਕਹਾਣੀਆਂ ਦੀ ਕਥਾਤਮਕ ਜੁਗਤ ਕੁਲਵੰਤ ਸਿੰਘ ਵਿਰਕ ਵਾਂਗ ਆਮ ਮਨੁੱਖ ਦੀਆਂ ਸਮੱਸਿਆਵਾਂ ਦੁਆਲੇ ਘੁੰਮਦੀ ਹੈ। ਕਹਾਣੀਆਂ ਵਿਚਲੀ ਯਥਾਰਥਕ ਰੰਗਤ ਮੋਪਾਸਾਂ ਦੇ ਲੋਕਾਈ ਨੂੰ ਨਜ਼ਦੀਕ ਤੋਂ ਦੇਖਣ ਦੇ ਤਜਰਬੇ ਹਨ। ਕਹਾਣੀਆਂ ਵਿਚਲੇ ਵਰਤਾਰੇ ਆਮ ਮਨੁੱਖੀ ਜੀਵਨ ਵਿਚ ਅਕਸਰ ਵਾਪਰਦੇ ਰਹਿੰਦੇ ਹਨ। ਮੋਪਾਸਾਂ ਦੀ ਵਿਚਾਰਧਾਰਕ ਦ੍ਰਿਸ਼ਟੀ ਮਨੁੱਖੀ ਮਾਨਸਿਕਤਾ ਉੱਪਰ ਗਹਿਰਾ ਪ੍ਰਭਾਵ ਪਾਉਂਦੀ ਹੈ। ਮੋਪਾਸਾਂ ਦੀਆਂ ਕਹਾਣੀਆਂ ਵਿਚ ਫ਼ਰਾਂਸ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਮੋਨੋਵਿਗਿਆਨਕ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ। ਕੁਲਵੰਤ ਸਿੰਘ ਵਿਰਕ ਵਾਂਗ ਕਹਾਣੀਆਂ ਵਿਚਲੇ ਚਿੱਤਰ, ਘਟਨਾਵਾਂ, ਸਮੱਸਿਆਵਾਂ ਪਾਠਕਾਂ ਨੂੰ ਆਪਣੇ ਨਾਲ ਵਾਪਰੀ ਘਟਨਾ ਜਾਂ ਦੇਖੀ ਹੋਈ ਘਟਨਾ ਵਾਂਗ ਆਪਣੀ ਹੀ ਲਗਦੀ ਹੈ। ਮੋਪਾਸਾਂ ਦਿਖਦੇ ਸੰਸਾਰ ਰਾਹੀਂ ਅਣਦਿਸਦੇ ਸੰਸਾਰ ਦੀ ਥਾਹ ਪਾਉਣ ਦਾ ਯਤਨ ਕਰਦਾ ਹੈ। ਬੁਰਜੂਆ ਸ਼੍ਰੇਣੀ ਦਾ ਵਿਰੋਧ ਕੀਤਾ ਹੈ। ਅਨੁਵਾਦਕ ਡਾ. ਸਵਾਮੀ ਸਰਬਜੀਤ ਦਾ ਵਿਚਾਰ ਹੈ ਕਿ 'ਉਹਦੀ ਅੱਖ ਕਿਸੇ ਵੀਡੀਓ ਕੈਮਰੇ ਵਾਂਗ ਆਪਣੇ ਆਲੇ-ਦੁਆਲੇ ਵਾਪਰਦੇ ਹਰੇਕ ਵਰਤਾਰੇ ਦੀ ਰਿਕਾਰਡਿੰਗ ਕਰਦੀ ਹੈ।' ਮੋਪਾਸਾਂ ਨੇ ਫ਼ੌਜ ਵਿਚ ਨੌਕਰੀ ਅਤੇ ਕਲਰਕ ਦੀ ਨੌਕਰੀ ਦੌਰਾਨ ਪ੍ਰਾਪਤ ਨਿੱਜੀ ਤਜਰਬਿਆਂ ਨੂੰ ਕਹਾਣੀਆਂ ਦੇ ਵਿਸ਼ੇ ਬਣਾਇਆ। ਮੋਪਾਸਾਂ ਦਾ ਵਿਚਾਰ ਹੈ, 'ਨਿੱਕੀ ਕਹਾਣੀ ਦਾ ਨਿਸਚਿਤ ਆਰੰਭ, ਮੱਧ ਅਤੇ ਅੰਤ ਹੋਣਾ ਚਾਹੀਦਾ ਹੈ।' 'ਹੀਰਿਆਂ ਦਾ ਹਾਰ' ਕਹਾਣੀ ਵਿਚ ਸਪੱਸ਼ਟ ਕੀਤਾ ਹੈ ਕਿ ਮਨੁੱਖ ਨੂੰ ਆਪਣੀ ਹੈਸੀਅਤ ਅਨੁਸਾਰ ਜੀਵਨ ਜਿਊਣਾ ਚਾਹੀਦਾ ਹੈ। ਬਾਹਰੀ ਵਿਖਾਵਾ ਤੇ ਨਕਲੀ ਵਸਤੂਆਂ ਮਨੁੱਖ ਦਾ ਜੀਵਨ ਬਰਬਾਦ ਕਰ ਦਿੰਦੀਆਂ ਹਨ। ਇਕ ਦਿਨ ਦੀ ਪਾਰਟੀ ਵਿਚ ਕੀਤੀ ਨੁਮਾਇਸ਼ ਨੇ ਮਾਤਿਲ ਦਾ ਅਤੇ ਲਵਾਜ਼ਲ ਦਾ ਜੀਵਨ ਨਰਕ ਬਣਾ ਦਿੱਤਾ। 'ਲਹੂ ਭਿੱਜੀ ਇਬਾਰਤ' ਕਹਾਣੀ ਵਿਚ ਜੱਜ ਦੇ ਬਾਹਰੀ ਭੇਖ ਦਾ ਪਰਦਾਫ਼ਾਸ਼ ਉਸ ਦੇ ਨੋਟਿਸ ਪੜ੍ਹਨ ਤੋਂ ਬਾਅਦ ਹੁੰਦਾ ਹੈ। ਅੰਦਰੂਨੀ ਤੌਰ 'ਤੇ ਜੱਜ ਨਿਰਦਈ, ਸਨਕੀ, ਵਹਿਸ਼ੀ, ਪਾਗਲ, ਕਿਲਰ, ਖ਼ਤਰਨਾਕ ਸੀ। ਇਹ ਮਨੋਵਿਗਿਆਨਕ ਕਹਾਣੀ ਨਿਆਇਕ ਪ੍ਰਣਾਲੀ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। 'ਇਕ ਬੀਵੀ ਦਾ ਹਲਫ਼ੀਆ ਬਿਆਨ' ਕਹਾਣੀ ਵਿਚ ਸ਼ੱਕੀ ਸੁਭਾਅ ਨੂੰ ਕੋਡ ਕੀਤਾ ਗਿਆ ਹੈ। ਪਤੀ ਦੁਆਰਾ ਆਪਣੀ ਖ਼ੂਬਸੂਰਤ ਪਤਨੀ 'ਤੇ ਕੀਤੇ ਸ਼ੱਕ ਕਾਰਨ ਚੌਕੀਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅਸਲੀਅਤ ਨੂੰ ਜਾਣਨ ਤੋਂ ਬਿਨਾਂ ਮਨੁੱਖਤਾ ਦੀ ਮੌਤ ਦਾ ਮੰਜ਼ਰ ਵਾਤਾਵਰਨ ਨੂੰ ਗੰਭੀਰਤਾ ਪ੍ਰਦਾਨ ਕਰਦਾ ਹੈ। 'ਵਸੀਅਤ' ਕਹਾਣੀ ਵਿਚ ਨਾਰੀ ਚੇੇਤਨਾ ਤਹਿਤ ਜਗੀਰੂ ਸਿਸਟਮ ਦਾ ਵਿਰੋਧ ਕੀਤਾ ਹੈ। ਕੌਰਸਿਲਸ ਦਾ ਪਾਤਰ ਜਗੀਰੂ ਸੋਚ ਦਾ ਧਾਰਨੀ ਹੋਣ ਕਰਕੇ ਆਪਣੇ ਕਾਮਿਆਂ ਦੀਆਂ ਪਤਨੀਆਂ, ਧੀਆਂ ਦਾ ਜਿਸਮਾਨੀ ਸੋਸ਼ਣ ਕਰਦਾ ਹੈ। ਏਨੀ ਕੈਥਰੀਨ ਆਪਣੀ ਵਸੀਅਤ ਰਾਹੀਂ ਬੁਰਜੂਆ ਸੋਚ ਦਾ ਵਿਰੋਧ ਕਰਦੀ ਹੈ। ਔਰਤ ਦੀ 'ਸਵੈ ਹੋਂਦ' ਪ੍ਰਤੀ ਸੰਘਰਸ਼ ਜਾਰੀ ਰਹਿੰਦਾ ਹੈ। ਕੈਥਰੀਨ ਦੀ ਵਸੀਅਤ ਕਹਾਣੀ ਵਿਚ ਵਿਸਫ਼ੋਟ ਕਰਦੀ ਹੋਈ ਨਾਰੀ ਦੇ ਹੱਕ ਸੱਚ ਉੱਤੇ ਜ਼ੋਰ ਦਿੰਦੀ ਹੈ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਪਾਠਕਾਂ ਨੂੰ ਨਵੀਨ ਦ੍ਰਿਸ਼ਟੀਬਿੰਦ ਅਪਣਾਉਣ ਦੀ ਤਾਕੀਦ ਕਰਦੀਆਂ ਹਨ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
c c c


ਦੁੱਖ ਦਰਦ ਦਿਲਾਂ ਦੇ
ਲੇਖਕ : ਮਨਜੀਤ ਸਿੰਘ ਸਾਗਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ: 150 ਰੁਪਏ, ਸਫੇ : 80
ਸੰਪਰਕ : 62848-18522.


ਮਨਜੀਤ ਸਿੰਘ ਸਾਗਰ ਦੀ ਪੁਸਤਕ 'ਦੁੱਖ ਦਰਦ ਦਿਲਾਂ ਦੇ' ਵਿਚ ਕੁੱਲ 27 ਕਹਾਣੀਆਂ ਹਨ, ਜੋ ਕਿ ਸਮਾਜਿਕ ਸਰੋਕਾਰਾਂ ਨਾਲ ਓਤ-ਪੋਤ ਹਨ। ਸਾਡੇ ਆਸੇ-ਪਾਸੇ ਜੋ ਵੀ ਵਾਪਰਦਾ ਹੈ ਸਾਗਰ ਸਾਹਿਬ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਹਾਣੀ ਵਿਧਾ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ। ਜਿਵੇਂ 'ਹਨੀਮੂਨ' ਕਹਾਣੀ ਵਿਚ ਸਮਾਜ ਵਿਚਲੇ ਆਦਰ, ਸਤਿਕਾਰ ਅਤੇ ਪਿਆਰ ਨੂੰ ਬਹੁਤ ਹੀ ਰੌਚਕਤਾ ਨਾਲ ਪੇਸ਼ ਕੀਤਾ ਹੈ। ਇਵੇਂ ਹੀ 'ਮਿੱਠੇ ਅੰਬਾਂ ਦਾ ਸਵਾਦ' ਕਹਾਣੀ ਰਾਹੀਂ ਸਮਾਜ ਵਿਚ ਪਏ ਆਰਥਿਕ ਵਖਰੇਵੇਂ ਦੀ ਗੱਲ ਬੜੀ ਸ਼ਿੱਦਤ ਨਾਲ ਕੀਤੀ ਹੈ। 'ਟੈਕਸੀ ਵਾਲਾ ਫ਼ੌਜੀ' ਕਹਾਣੀ ਵੀ ਸਾਡੇ ਆਂਢ-ਗੁਆਂਢ ਜੋ ਵੀ ਟੈਕਸੀ ਵਾਲਿਆਂ ਨਾਲ ਵਾਪਰਦਾ ਹੈ ਜਾਂ ਜੋ ਵੀ ਉਨ੍ਹਾਂ ਦਾ ਲੋਕਾਈ ਨਾਲ ਕਾਰ-ਵਿਹਾਰ ਹੁੰਦਾ ਹੈ, ਉਸ ਨੂੰ ਵੀ ਬਹੁਤ ਹੀ ਨੇੜਿਓਂ ਤੱਕ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ। ਇਵੇਂ ਹੀ 'ਡੇਕ' ਕਹਾਣੀ ਸਾਡੇ ਅਮੀਰ ਵਿਰਸੇ ਵਿਚਲੇ ਉੱਚੇ-ਸੁੱਚੇ ਸੰਸਕਾਰਾਂ ਦੀ ਕਹਾਣੀ ਹੈ। ਲੇਖਕ ਕੋਲ ਕਹਾਣੀ ਕਹਿਣ ਦੀ ਕਲਾ ਹੈ, ਜਿਸ ਕਰਕੇ ਸ਼ਬਦਾਂ ਨੂੰ ਕਲਾਤਮਿਕ ਢੰਗ ਨਾਲ ਜੜਨਾ ਆਉਂਦਾ ਹੈ। ਲੇਖਕ ਸਾਰੀਆਂ ਕਹਾਣੀਆਂ ਵਿਚ ਸਮਾਜਿਕ ਸਮੱਸਿਆਵਾਂ ਨੂੰ ਇਕੱਲਾ ਉਜਾਗਰ ਹੀ ਨਹੀਂ ਕਰਦਾ, ਬਲਕਿ ਉਸ ਦਾ ਖ਼ੂਬਸੂਰਤ ਹੱਲ ਵੀ ਦੱਸਦਾ ਹੈ। ਦ੍ਰਿਸ਼ ਚਿਤਰਣ ਤੇ ਪਾਤਰ ਉਸਾਰੀ ਵੀ ਕਮਾਲ ਦੀ ਹੈ। ਪਾਠਕ ਨੂੰ ਨਾਲ ਤੋਰਨ ਦਾ ਕਲਮ ਵਿਚ ਜਾਦੂ ਹੈ। ਸਿਆਣੀ ਉਮਰ ਵਿਚ ਇਹ ਪੁਸਤਕ ਪ੍ਰਕਾਸ਼ਿਤ ਕਰਵਾਈ ਕਰਕੇ ਵਿਚਾਰਾਂ ਵਿਚ ਪ੍ਰਪੱਕਤਾ ਸਾਫ਼ ਝਲਕਦੀ ਹੈ। ਕਹਾਣੀ ਸੰਗ੍ਰਹਿ ਦੇ ਨਾਂਅ 'ਦੁੱਖ ਦਰਦ ਦਿਲਾਂ ਦੇ' ਤੋਂ ਹੀ ਭਲੀ-ਭਾਂਤ ਪਤਾ ਲੱਗਦਾ ਹੈ ਕਿ ਲੋਕਾਈ ਦੇ ਦੁੱਖਾਂ ਦਰਦਾਂ ਦੀ ਗੱਲ ਕੀਤੀ ਹੈ। ਲੇਖਕ ਕੋਮਲ ਭਾਵੀ ਹੈ, ਜੋ ਕਿ ਸਮਾਜ ਵਿਚ ਵਿਚਰਦਿਆਂ ਆਪਣੀ ਬਾਜ਼ ਅੱਖ ਨਾਲ ਸਾਰੇ ਸਮਾਜਿਕ ਵਰਤਾਰੇ ਨੂੰ ਡੂੰਘਾਈ ਤੱਕ ਵਾਚਦਾ ਹੈ ਅਤੇ ਫੇਰ ਆਪਣੇ ਮਨ ਵਿਚ ਚੰਗੀ ਤਰ੍ਹਾਂ ਰਿੜਕਦਾ ਹੈ, ਉਸ ਤੋਂ ਬਾਅਦ ਇਕ ਚੰਗੀ ਕਹਾਣੀ ਨੂੰ ਜਨਮ ਦਿੰਦਾ ਹੈ। ਮੈਂ ਮਨਜੀਤ ਸਿੰਘ ਸਾਗਰ ਨੂੰ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਸ਼ਾਨਦਾਰ ਪੁਸਤਕ ਪਾਉਣ 'ਤੇ ਮੁਬਾਰਕਬਾਦ ਦਿੰਦਾ ਹਾਂ।


-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896.
c c c


ਵਿਕਰਮਾਦਿਤ ਅਤੇ ਬੇਤਾਲ

ਲੇਖਕ : ਬ.ਸ. ਡਡਵਿੰਡੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 0172-5027427


ਬ. ਸ. ਡਡਵਿੰਡੀ ਦੀਆਂ ਇਨ੍ਹਾਂ ਕਹਾਣੀਆਂ ਦਾ ਵਿਸ਼ਾ-ਵਸਤੂ ਮਾਨਵੀ ਜੀਵਨ-ਮੁੱਲਾਂ ਨਾਲ ਸੰਬੰਧਿਤ ਹੈ। ਧੋਖੇਬਾਜ਼ੀ, ਜਾਤਪਾਤ, ਚਰਿੱਤਰਹੀਣਤਾ ਅਤੇ ਨਮਕਹਰਾਮੀ ਵਰਗੀਆਂ ਪ੍ਰਵਿਰਤੀਆਂ ਮਨੁੱਖ ਲਈ ਕਿੰਨੀਆਂ ਘਾਤਕ ਸਿੱਧ ਹੁੰਦੀਆਂ ਹਨ, ਇਨ੍ਹਾਂ ਕਹਾਣੀਆਂ ਵਿਚੋਂ ਅਜਿਹੇ ਪ੍ਰਸੰਗ ਭਲੀਭਾਂਤ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਮੂਲ ਰੂਪ ਵਿਚ ਦੋ ਅਹਿਮ ਪਾਤਰਾਂ ਵਿਕਰਮਾਦਿਤ ਅਤੇ ਬੇਤਾਲ ਦਰਮਿਆਨ ਪਰਸਪਰ ਸੰਵਾਦ ਚੱਲਦਾ ਹੈ, ਜੋ ਵੰਨ-ਸੁਵੰਨੀਆਂ ਕਥਾ ਕਹਾਣੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਲਗਭਗ ਹਰ ਕਹਾਣੀ ਵਿਚ ਸਫ਼ਰ ਦੌਰਾਨ ਵਿਕਰਮਾਦਿਤ ਦੇ ਮੋਢਿਆਂ 'ਤੇ ਲਟਕ ਰਿਹਾ ਬੇਤਾਲ ਵਿਕਰਮਾਦਿਤ ਨੂੰ ਕੋਈ ਨਾ ਕੋਈ ਕਹਾਣੀ ਸੁਣਾਉਂਦਾ ਹੈ, ਤਾਂ ਜੋ ਉਹ ਥਕਾਵਟ ਮਹਿਸੂਸ ਨਾ ਕਰੇ ਅਤੇ ਉਸ ਦਾ ਮਨੋਰੰਜਨ ਵੀ ਹੁੰਦਾ ਰਹੇ। ਕਹਾਣੀ ਸੁਣਾਉਣ ਉਪਰੰਤ ਬੇਤਾਲ ਵਿਕਰਮਾਦਿਤ ਤੋਂ ਸੁਆਲ ਪੁੱਛਦਾ ਹੈ, ਜਿਨ੍ਹਾਂ ਦੇ ਵਿਕਰਮਾਦਿਤ ਬੜੀ ਦੂਰਦ੍ਰਿਸ਼ਟਤਾ ਅਤੇ ਹਾਜ਼ਰ ਦਿਮਾਗ਼ੀ ਨਾਲ ਉਤਰ ਦਿੰਦਾ ਹੈ। ਵਿਕਰਮਾਦਿਤ ਵਲੋਂ ਨਿਆਇਸ਼ੀਲਤਾ ਨਾਲ ਦਿੱਤੇ ਗਏ ਜਵਾਬਾਂ ਤੋਂ ਬੇਤਾਲ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦੇ ਮੋਢਿਆਂ ਤੋਂ ਇਕਦਮ ਉਤਰ ਕੇ ਹਵਾ ਵਿਚ ਤੈਰਦਾ ਹੋਇਆ ਰੁੱਖ 'ਤੇ ਜਾ ਲਟਕਦਾ ਹੈ। ਇਨ੍ਹਾਂ ਕਹਾਣੀਆਂ ਦੇ ਘਟਨਾਕ੍ਰਮ ਵਾਰਾਣਸੀ, ਵਰਧਮਾਨ, ਅਵੰਤੀਪੁਰਾ, ਮਗਧ, ਗੰਧਾਰ, ਉਜੈਨੀ, ਅਵਿੰਤ, ਚੰਦਰਹਿਰਦੇ ਅਤੇ ਚੂੜਾਪੁਰ ਆਦਿ ਇਲਾਕਿਆਂ ਵਿਚ ਵਾਪਰਦੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਵਿਚ ਨਿਆਂ ਪਸੰਦ, ਦਿਆਲੂ, ਪ੍ਰਤਾਪੀ, ਤਪੱਸਵੀ, ਮੁਨੀ, ਸਾਧੂ, ਰਾਜੇ, ਰਾਜਕੁਮਾਰ-ਰਾਜਕੁਮਾਰੀਆਂ ਅਤੇ ਅਪਸਰਾਵਾਂ ਆਦਿ ਪਾਤਰ ਵੀ ਹਨ ਅਤੇ ਦੂਜੇ ਪਾਸੇ ਰਾਖ਼ਸ਼ਸ਼, ਤਾਂਤ੍ਰਿਕ, ਵਹਿਮਾਂ-ਭਰਮਾਂ ਵਿਚ ਫਸਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਪਾਤਰ ਵੀ ਹਨ। ਚੰਗੇ ਮਨੁੱਖ ਜੇਤੂ ਬਣਦੇ ਹਨ ਅਤੇ ਭੈੜੇ ਕਿਰਦਾਰ ਆਪਣੀਆਂ ਗ਼ਲਤੀਆਂ ਅਤੇ ਜ਼ਿਆਦਤੀਆਂ ਦੇ ਫਲ ਭੋਗਦੇ ਹਨ। ਇਹ ਕਹਾਣੀਆਂ ਚਮਤਕਾਰੀ ਅਤੇ ਜਾਦੂ-ਟੂਣਿਆਂ ਦੇ ਅੰਸ਼ਾਂ ਨਾਲ ਭਰਪੂਰ ਹਨ, ਕਿਉਂਕਿ ਪੁਸਤਕ ਦੇ ਟਾਈਟਲ 'ਤੇ ਇਨ੍ਹਾਂ ਕਹਾਣੀਆਂ ਨੂੰ 'ਬਾਲ ਕਹਾਣੀਆਂ' ਵਜੋਂ ਅੰਕਿਤ ਕੀਤਾ ਗਿਆ ਹੈ, ਇਸ ਲਈ ਉਚਿਤ ਹੁੰਦਾ ਜੇਕਰ 'ਪਿਉ ਦਾ ਸਰਾਪ, 'ਸਭ ਤੋਂ ਵੱਡਾ ਤਿਆਗ' ਅਤੇ 'ਦੋਸ਼ੀ ਕੌਣ?' ਕਹਾਣੀਆਂ ਨੂੰ ਸ਼ਾਮਿਲ ਨਾ ਕੀਤਾ ਜਾਂਦਾ, ਕਿਉਂਕਿ ਇਨ੍ਹਾਂ ਕਹਾਣੀਆਂ ਵਿਚ ਕਿਤੇ-ਕਿਤੇ ਅਸ਼ਲੀਲਤਾ ਦੇ ਅੰਸ਼ ਵੀ ਸ਼ਾਮਿਲ ਹੋ ਗਏ ਹਨ। ਖ਼ੈਰ, ਸਮੁੱਚੀ ਪੁਸਤਕ ਵਿਕਰਮਾਦਿਤ ਦੇ ਨਿਆਂ, ਸਿਆਣਪ ਅਤੇ ਦਲੇਰੀ ਭਰੇ ਨਾਇਕ ਵਜੋਂ ਪੇਸ਼ ਕਰਦੀ ਹੈ।


-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
c c c


ਨਸ਼ੇ ਦੀਆਂ ਲਪਟਾਂ

ਲੇਖਕ : ਸੁਰਜੀਤ ਸਿੰਘ ਬਲ੍ਹਾੜੀ ਕਲਾਂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਕੀਮਤ : 100 ਰੁਪਏ, ਸਫ਼ੇ : 87
ਸੰਪਰਕ : 95015-03315


ਕਾਵਿ ਸੰਗ੍ਰਹਿ ਦੀ ਪੁਸਤਕ 'ਨਸ਼ੇ ਦੀਆਂ ਲਪਟਾਂ' ਦੇ ਲੇਖਕ ਸੁਰਜੀਤ ਸਿੰਘ ਬਲਾੜ੍ਹੀ ਕਲਾਂ ਹਨ, ਜਿਨ੍ਹਾਂ ਨੇ ਇਸ ਪੁਸਤਕ ਵਿਚ ਨਸ਼ਿਆਂ ਦੇ ਬਾਰੇ 38 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਸ ਵਿਸ਼ੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਕੇ ਨਸੀਹਤ ਦੇਣ ਦੇ ਨਾਲ-ਨਾਲ ਦੁੱਖ ਦਾ ਵੀ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਰਚਨਾਵਾਂ ਦੇ ਵਿਚ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕਰਦੇ ਹੋਏ ਇਸ ਨੂੰ ਬਚਾਉਣ ਦੇ ਹਾਮੀ ਹਨ ਅਤੇ ਅਤੇ ਨਾਲ ਹੀ ਫ਼ਿਕਰਮੰਦ ਵੀ ਹਨ ਕਿ ਅੱਗੋਂ ਕੀ ਹੋਵੇਗਾ। ਕਈ ਥਾਂ ਇਹ ਭਾਵੁਕ ਵੀ ਹੋਏ ਹਨ ਕਿਉਂਕਿ ਇਹ ਸਾਰੀਆਂ ਕਵਿਤਾਵਾਂ ਜੋ ਉਨ੍ਹਾਂ ਨੇ ਆਪਣੀ ਕਲਮ ਨਾਲ ਲਿਖੀਆਂ ਹਨ ਉਹ ਆਪਣੇ ਖ਼ੂਨ ਨਾਲ ਕਲਮ ਡੁਬੋ ਕੇ ਲਿਖੀਆਂ ਹਨ। ਲੇਖਕ ਦੀ ਅੰਦਰਲੀ ਹੂਕ ਵਿਚ ਇਨ੍ਹਾਂ ਦੇ ਦਿਲ ਦੀ ਪੀੜਾ ਤੇ ਦਰਦ ਹੈ ਜੋ ਇਕ ਚੰਗੇ ਲੇਖਕ ਦਾ ਗੁਣ ਹੁੰਦਾ ਹੈ। ਇਹ ਪੁਸਤਕ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਲੇਖਕ ਨੇ ਜਿਸ ਤਰ੍ਹਾਂ ਨਸ਼ੇ ਦੇ ਹਰ ਪੱਖ ਨੂੰ ਉਘੇੜਿਆ ਹੈ। ਉਹ ਉਸ ਦੀ ਦਿਲੀ ਆਵਾਜ਼ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਕੋਸ਼ਿਸ਼ ਦੇ ਨਾਲ ਦੂਸਰੇ ਸਾਰੇ ਨਸ਼ਿਆਂ ਤੋਂ ਬਚਣ ਬਾਰੇ ਕਿਹਾ ਹੈ। ਲੇਖਕ ਦੇ ਅੰਦਰ ਚਿੰਤਾ ਹੈ, ਮਜ਼ਬੂਤ ਇੱਛਾ-ਸ਼ਕਤੀ ਹੈ, ਕਹਿਣ ਦੀ ਜ਼ਰੁਅੱਤ ਹੈ। ਵੇਖ ਕੇ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਲੇਖਣੀ ਦੇ ਨਾਲ ਵੀ ਪੂਰਾ ਇਨਸਾਫ਼ ਕੀਤਾ ਹੈ। ਲੇਖਕ ਨਸ਼ੇ ਰਹਿਤ ਸਮਾਜ ਦੀ ਸਿਰਜਣਾ ਚਾਹੁੰਦਾ ਹੈ। ਲੇਖਕ ਦਾ ਇਹ ਯਤਨ ਸ਼ਲਾਘਾ ਯੋਗ ਕਿਹਾ ਜਾ ਸਕਦਾ ਹੈ। ਨਸ਼ੇ ਪ੍ਰਤੀ ਉਹ ਲਿਖਦਾ ਹੈ
''ਨਸ਼ਿਆਂ ਨੂੰ ਖਾਓਗੇ, ਛੇਤੀ ਮਰ ਜਾਓਗੇ।
ਨਸ਼ਿਆਂ ਨੂੰ ਪੀਓਗੇ, ਥੋੜ੍ਹਾ ਚਿਰ ਜੀਓਗੇ।''
ਪੁਸਤਕ ਵਿਚਲੀਆਂ ਕਵਿਤਾਵਾਂ ਨਸ਼ੇ ਦਾ ਸੌਦਾਗਰ, ਵਾਸੀਓ ਪੰਜਾਬ ਦਿਓ, ਕੁਝ ਹੋਸ਼ ਕਰੋ, ਇਹ ਨਸ਼ਿਆਂ ਦੀ ਅੱਗ, ਆਦਤ ਮਾੜੀ ਪਾ ਲਈ, ਮੈਂ ਤਰਲੇ ਕਰਦਾ ਹਾਂ, ਨਹੀਓਂ ਨੇੜੇ ਲੱਗਣਾ। ਆਦਿ ਕਵਿਤਾਵਾਂ ਆਪਣੇ ਆਪ ਵਿਚ ਬਹੁਤ ਕੁਝ ਕਹਿ ਰਹੀਆਂ ਹਨ। ਪੁਸਤਕ ਵਿਚ ਹਰ ਕਵਿਤਾ ਦੇ ਨਾਲ ਤਸਵੀਰ ਦੇਣੀ ਵੀ ਲੇਖਕ ਦਾ ਚੰਗਾ ਉਪਰਾਲਾ ਹੈ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋਬਾਈਲ : 092105-88990
c c c


ਸੂਰਜ ਮਘਦਾ ਰੱਖਾਂਗੇ
ਲੇਖਿਕਾ : ਲੈਕ: ਬਲਵੀਰ ਕੌਰ ਰਾਏਕੋਟੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਕੀਮਤ : 180 ਰੁਪਏ, ਸਫ਼ੇ : 110
ਸੰਪਰਕ : 98144-12610


'ਸੂਰਜ ਮਘਦਾ ਰੱਖਾਂਗੇ' ਕਾਵਿ-ਸੰਗ੍ਰਹਿ ਲੇਖਿਕਾ ਲੈਕ: ਬਲਵੀਰ ਕੌਰ ਰਾਏਕੋਟੀ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ 'ਚ ਉਸ ਦੀਆਂ 56 ਕਾਵਿ-ਰਚਨਾਵਾਂ ਸ਼ਾਮਿਲ ਹਨ। ਲੇਖਿਕਾ ਸਰਮਾਏਦਾਰੀ ਸਿਸਟਮ ਖਿਲਾਫ਼ ਡਟਵਾਂ ਵਿਦੋਰਹ ਪ੍ਰਗਟਾਉਂਦੀ ਦੱਬੇ-ਕੁਚਲੇ ਕਿਰਤੀ ਲੋਕਾਂ ਦੇ ਹੱਕਾਂ ਖ਼ਾਤਰ ਜਥੇਬੰਦਕ ਸਾਂਝ ਬਣਾਉਣ ਦਾ ਹੋਕਾ ਦਿੰਦੀ ਜਾਪਦੀ ਹੈ ਤਾਂ ਜੋ ਮਿਹਨਤਕਸ਼ ਲੋਕਾਂ ਦੇ ਵਿਹੜਿਆਂ 'ਚ ਵੀ ਆਸਾਂ ਤੇ ਉਮੀਦਾਂ ਦਾ ਸੂਰਜ ਮਘਦਾ ਰਹੇ :
ਜਥੇਬੰਦਕ ਸਾਂਝ ਬਣਾ ਕੇ ਕੰਮੀਆਂ ਲੋਕਾਂ ਦੀ।
ਸੰਘੀ ਘੁੱਟ ਦਿਆਂਗੇ, ਖੂਨ ਪੀਣੀਆਂ ਜੋਕਾਂ ਦੀ।
ਜ਼ੁਲਮ ਹਨੇਰੀ ਦੇ ਵਿਚ ਦੀਵਾ ਜਗਦਾ ਰੱਖਾਂਗੇ।
ਕਿਰਤੀ ਦੇ ਵਿਹੜੇ ਦਾ ਸੂਰਜ ਮਘਦਾ ਰੱਖਾਂਗੇ। (ਪੰਨਾ : 33)
ਲੇਖਿਕਾ ਦਿੱਲੀ ਦੀਆਂ ਬਰੂਹਾਂ 'ਤੇ ਲੰਬਾ ਸਮਾਂ ਚੱਲੇ ਕਿਸਾਨ ਅੰਦੋਲਨ ਦੇ ਹੱਕ 'ਚ ਗਰਜਵੀਂ ਆਵਾਜ਼ ਬੁਲੰਦ ਕਰਦੀ ਦਿੱਲੀ ਦੇ ਹਾਕਮਾਂ ਨੂੰ ਵੰਗਾਰਦੀ ਹੈ। ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ, ਸਮੱਸਿਆਵਾਂ ਅਤੇ ਸੰਕਟ ਬਾਰੇ ਉਹ ਡਾਹਢੀ ਚਿੰਤਤ ਜਾਪਦੀ ਹੈ। ਸ਼ਾਇਰਾ ਕਿਰਤੀ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ, ਸੰਘਰਸ਼ਾਂ ਦੇ ਪਿੜ 'ਚ ਨਿੱਤਰਨ ਲਈ ਪ੍ਰੇਰਦੀ ਹੈ। ਅਜੋਕੇ ਲੋਕਤੰਤਰ 'ਚ ਲੋਕਾਂ ਨੂੰ ਰਾਜਨੀਤਕ ਲੀਡਰਾਂ ਦੇ ਝੂਠੇ ਲੋਕ ਲੁਭਾਉਣੇ ਵਾਅਦਿਆਂ ਤੋਂ ਸੁਚੇਤ ਹੋਣ ਲਈ ਜਾਗਰੂਕ ਵੀ ਕਰਦੀ ਹੈ। ਇਨ੍ਹਾਂ ਕਾਵਿ-ਰਚਨਾਵਾਂ 'ਚ ਭ੍ਰਿਸ਼ਟ ਨਿਜ਼ਾਮ ਖਿਲਾਫ਼ ਕਰੜਾ ਵਿਦਰੋਹ ਹੈ, ਦੇਸ਼ ਦੇ ਅਖੌਤੀ ਪਹਿਰੇਦਾਰਾਂ ਵਲੋਂ ਭੋਲੀ-ਭਾਲੀ ਜਨਤਾ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦੀ ਪੀੜ ਹੈ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਦਰਦ ਵੀ ਸਾਫ ਝਲਕਦਾ ਹੈ। ਲੇਖਿਕਾ ਅਨੁਸਾਰ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਲੋਟੂਆਂ ਦੇ ਨਾਲ ਹਿੱਕ ਡਾਹ ਕੇ ਜੂਝਣਾ ਹੀ ਸਮੇਂ ਦੀ ਲੋੜ ਹੈ :
ਗਲ ਪਾ ਕੇ ਫਾਹੇ ਖੁਦਕੁਸ਼ੀਆਂ ਕਾਹਨੂੰ ਕਰੀਏ।
ਲੋਟੂਆਂ ਦੇ ਨਾਲ ਸਦਾ ਹਿੱਕ ਡਾਹ ਕੇ ਲੜੀਏ। (ਪੰਨਾ : 87)
ਇਸ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ 'ਚ ਦੱਬੇ-ਕੁਚਲੇ ਅਤੇ ਆਰਥਿਕ ਤੌਰ 'ਤੇ ਨਪੀੜੇ ਲੋਕਾਂ ਦਾ ਦਰਦ ਸਮੋਇਆ ਹੈ। ਇਹ ਕਵਿਤਾਵਾਂ ਛੰਦਬੰਦੀ 'ਚ ਪਰੋਈਆਂ ਹੋਈਆਂ ਹਨ, ਇਨ੍ਹਾਂ ਕਾਵਿ-ਰਚਨਾਵਾਂ ਨੂੰ ਕਬਿੱਤ, ਕੋਰੜਾ, ਬੈਂਤ ਅਤੇ ਡਿਉਢਾ ਆਦਿਕ ਛੰਦ ਹੋਰ ਵੀ ਸ਼ਿੰਗਾਰਦੇ ਅਤੇ ਰਸਮਈ ਬਣਾਉਂਦੇ ਹਨ। ਪੁਸਤਕ ਪੜਣਯੋਗ ਵੀ ਹੈ ਅਤੇ ਸਾਂਭਣਯੋਗ ਵੀ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
c c c


ਪੰਜਾਬੀ ਲੋਕ ਬੁਝਾਰਤਾਂ
ਲੇਖਕ : ਬਲਬੀਰ ਸੰਧਾ ਡਡਵਿੰਡੀ
ਮੁੱਲ : 200 ਰੁਪਏ, ਸਫ਼ੇ : 136
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਸੰਪਰਕ : 94174-76027


ਸੰਗ੍ਰਹਿਕਰਤਾ ਬਲਬੀਰ ਸੰਧਾ ਡਡਵਿੰਡੀ ਵਲੋਂ ਪੰਜਾਬੀ ਜਨਜੀਵਨ ਨਾਲ ਸੰਬੰਧਿਤ ਕੁੱਲ 238 ਵਿਸ਼ਿਆਂ 'ਤੇ ਲੋਕ ਬੁਝਾਰਤਾਂ ਦਾ ਵਰਗੀਕਰਨ ਉਨ੍ਹਾਂ ਦੇ ਜਵਾਬਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਬੁਝਾਰਤਾਂ ਸ਼ੁਰੂ ਤੋਂ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ ਅਤੇ ਬੱਚਿਆਂ ਦੀ ਬੁੱਧੀ ਤੀਖਣ ਕਰਨ ਲਈ ਜਾਂ ਬੁੱਧੀ ਦੀ ਪ੍ਰੀਖਿਆ ਲੈਣ ਲਈ ਸਦਾ ਤੋਂ ਹੀ ਇਨ੍ਹਾਂ ਦੀ ਵਰਤੋਂ ਹੁੰਦੀ ਰਹੀ ਹੈ। ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੋਣ ਦਾ ਸਬੂਤ ਅਨੇਕਾਂ ਲੋਕ ਕਹਾਣੀਆਂ ਵਿਚ ਸ਼ਹਿਜ਼ਾਦੀਆਂ ਅਤੇ ਰਾਜਕੁਮਾਰ ਇਕ-ਦੂਜੇ ਤੋਂ ਬੁਝਾਰਤਾਂ ਪੁੱਛਦੇ ਹਨ ਜਿਨ੍ਹਾਂ ਦੇ ਜਵਾਬ ਮਿਲਣ ਦੀ ਸੂਰਤ ਵਿਚ ਹੀ ਕਹਾਣੀ ਅੱਗੇ ਵਧਦੀ ਹੈ। ਇਸ ਪੁਸਤਕ ਵਿਚ ਸੰਗ੍ਰਹਿਕਰਤਾ ਵਲੋਂ ਸਭ ਤਰ੍ਹਾਂ ਦੀਆਂ ਬੁਝਾਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਬੁਝਾਰਤਾਂ ਕੇਵਲ ਬਾਲਕਾਂ ਲਈ ਹੀ ਨਹੀਂ ਸਿਆਣੇ ਬਜ਼ੁਰਗਾਂ ਲਈ ਵੀ ਦਿਲਚਸਪੀ ਦਾ ਸਾਧਨ ਬਣਦੀਆਂ ਹਨ ਅਤੇ ਪੰਜਾਬੀ ਜਨ ਜੀਵਨ ਦੇ ਹਰ ਵਿਸ਼ੇ ਨਾਲ ਸੰਬੰਧਿਤ ਹਨ। ਮਨੁੱਖੀ ਸਰੀਰ ਦੇ ਅੰਗ, ਜੀਵ-ਜੰਤੂ, ਪੰਛੀ, ਦਰੱਖ਼ਤ, ਘਰੇਲੂ ਵਸਤਾਂ, ਵੱਖ-ਵੱਖ ਕੰਮ-ਧੰਦਿਆਂ ਨਾਲ ਸੰਬੰਧਿਤ ਸੰਦ ਤੇ ਔਜ਼ਾਰ, ਵਿਗਿਆਨਕ ਕਾਢਾਂ ਅਤੇ ਸੰਬੰਧਿਤ ਵਸਤਾਂ ਆਦਿ ਬਾਰੇ ਬੁਝਾਰਤਾਂ ਇਸ ਪੁਸਤਕ ਵਿਚੋਂ ਮਿਲ ਜਾਣਗੀਆਂ। ਇਸ ਢੰਗ ਨਾਲ ਇਹ ਬੁਝਾਰਤਾਂ ਪੰਜਾਬ ਦੇ ਲੋਕ ਜੀਵਨ ਦਾ ਹਰ ਪੱਖ ਪੇਸ਼ ਕਰਕੇ ਗੁੰਝਲਾਂ ਅਤੇ ਕੋਡ ਸ਼ਬਦਾਂ ਦੀ ਮਦਦ ਨਾਲ ਹਰ ਚੇਤੰਨਤਾ ਨੂੰ ਸੰਤੁਸ਼ਟ ਕਰਦੀਆਂ ਹਨ। ਨਾਲ ਹੀ ਇਹ ਪ੍ਰਸ਼ਨ ਰੂਪ ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਵਿਸ਼ੇਸ਼ ਮਹੱਤਤਾ ਰੱਖਦੇ ਹਨ ਅਤੇ ਲੋਕ ਸਿਆਣਪਾਂ ਅਤੇ ਲੋਕ ਤਜਰਬਿਆਂ ਦੇ ਤੱਤ ਵੀ ਸਮੋਏ ਬੈਠੇ ਹਨ। ਅਜੋਕੇ ਯੁੱਗ ਵਿਚ ਇਨ੍ਹਾਂ ਬੁਝਾਰਤਾਂ ਵਿਚ ਲੋਕਾਂ ਦੀ ਘਟ ਰਹੀ ਦਿਲਚਸਪੀ ਦਾ ਵਰਤਾਰਾ ਘੱਟ ਕੀਤੇ ਜਾਣ ਵਿਚ ਵੀ ਇਹ ਪੁਸਤਕ ਸਹਾਈ ਹੋਵੇਗੀ। ਨਾਲ ਹੀ ਪੰਜਾਬ ਦੀ ਧਰਤੀ ਦਾ ਸੁੰਦਰ ਦ੍ਰਿਸ਼ ਅਤੇ ਮਨਮੋਹਕ ਸੰਗੀਤ ਨੂੰ ਆਪਣੇ ਵਿਚ ਸਮੋਈ ਬੈਠੀਆਂ ਇਹ ਬੁਝਾਰਤਾਂ ਅੱਜ ਦੇ ਨੌਜਵਾਨਾਂ ਨੂੰ ਜ਼ਰੂਰ ਪਸੰਦ ਆਉਣਗੀਆਂ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551
c c c


ਸੁਕਰਾਤ ਦਾ ਗੀਤ

ਲੇਖਕ : ਰਵਿੰਦਰ ਰਵੀ
ਮੁੱਲ : 395 ਰੁਪਏ, ਸਫ਼ੇ : 176
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਸੰਪਰਕ : 98732-37223


ਰਵਿੰਦਰ ਰਵੀ ਪ੍ਰਬੁੱਧ ਅਤੇ ਸਰਬਾਂਗੀ ਸਾਹਿਤਕਾਰ ਹੈ, ਜਿਸ ਨੇ ਲਗਾਤਾਰ ਪੰਜਾਬੀ ਸਾਹਿਤ ਦੇ ਪਾਠਕਾਂ/ਰਸੀਆਂ/ਆਲੋਚਕਾਂ /ਪਾਰਖੂਆਂ ਨਾਲ ਆਪਣੀ ਸਾਹਿਤ ਸਿਰਜਣਾ ਨਾਲ ਹੁਣ ਤੱਕ ਸਾਂਝ ਬਣਾਈ ਰੱਖੀ ਹੈ। 'ਸੁਕਰਾਤ ਦਾ ਗੀਤ' (ਕਾਵਿ-ਸੰਗ੍ਰਹਿ) ਉਸ ਦਾ 26ਵਾਂ ਕਾਵਿ-ਸੰਗ੍ਰਹਿ ਹੈ।
'ਸੁਕਰਾਤ ਦਾ ਗੀਤ' ਕਾਵਿ-ਸੰਗ੍ਰਹਿ ਪੱਛਮੀ ਫਲਸਫ਼ੇ ਦੇ ਮੋਢੀ ਵਿਸ਼ਵ ਪ੍ਰਸਿੱਧ ਯੂਨਾਨੀ ਫਿਲਾਸਫ਼ਰ ਸੁਕਰਾਤ ਨੂੰ ਸਮਰਪਿਤ ਕਰਦਿਆਂ ਇਨ੍ਹਾਂ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਸਮਕਾਲੀ ਦੁਸ਼ਵਾਰੀਆਂ ਕੋਰੋਨਾ ਕਾਲ, ਕਿਸਾਨ-ਅੰਦੋਲਨ, ਲੋਕਤੰਤਰੀ ਪ੍ਰੰਪਰਾਵਾਂ ਤੇ ਭਰਮ-ਜਾਲ, ਮਨੁੱਖੀ ਹੋਂਦ, ਮਨੁੱਖੀ ਸੋਚ, ਸੂਨਯ ਤੋਂ ਅੰਕ-ਖੇਡ ਦੀ ਪਰਦਾਦਾਰੀ ਦਾ ਭੇਦ ਚਾਕ ਕਰਨ ਤੋਂ ਇਲਾਵਾ ਮਸ਼ੀਨੀ ਯੁੱਗ ਵਿਚ ਮਾਨਵੀ ਰਿਸ਼ਤਿਆਂ ਦੇ ਤਿੜਕਣ ਆਦਿ ਦੇ ਅਨੇਕਾਂ ਵਿਸ਼ੇ 'ਸੁਕਰਾਤ ਦਾ ਗੀਤ' ਤੋਂ ਲੈ ਕੇ 'ਸਾਡਾ ਲੋਕ ਰਾਜ : ਰਿਸ਼ਵਤ ਦੀ ਜੀਵਨ-ਸ਼ੈਲੀ' ਤੱਕ ਦੀਆਂ 67 ਕਵਿਤਾਵਾਂ 'ਚ ਸਮੋਏ ਪਏ ਹਨ। ਇਨ੍ਹਾਂ ਕਵਿਤਾਵਾਂ ਦੇ ਸਿਰਲੇਖਾਂ 'ਚ ਵਰਤੇ ਸ਼ਬਦ : ਫਲਸਫ਼ਾ, ਯਾਦਾਂ ਸਹਿ-ਹੋਂਦ, ਹੁਣ, ਸ਼ਾਇਰ, ਕਵਿਤਾ, ਦਿਲ, ਮੁਹੱਬਤ, ਮੁਖੌਟੇ, ਸ਼ਬਦ, ਸਫ਼ਰ, ਪਾਰ ਯਥਾਰਥ, ਸ਼ੀਸ਼ਾ, ਸਮਾਂ, ਲੱਭਤ, ਈਜਾਦ, ਸੁਫ਼ਨੇ, ਖੋਤਾ, ਖੂਹ ਆਦਿ ਹੋਰ ਅਨੇਕਾਂ ਆਪਣੇ ਪ੍ਰੰਪਰਕ ਅਰਥਾਂ ਦੀ ਥਾਂ ਬਦਲਦੇ ਜਾਪਦੇ ਹਨ। ਕਈ ਥਾਈਂ ਆਪਣੀ ਸਾਰਥਕਤਾ ਅਤੇ ਪ੍ਰਸੰਗਤਾ ਵੀ ਗੁਆਉਂਦੇ ਜਾਪਦੇ ਹਨ। 'ਹੋਂਦ! ਬਦਨ ਦੇ ਸੰਦਰਭ' ਕਵਿਤਾ 'ਚ ਅਜਿਹੇ ਭਾਵਾਂ ਦੀ ਪੇਸ਼ਕਾਰੀ ਤਾਂ ਹੈ ਪ੍ਰੰਤੂ ਨਵੀਂ ਜੀਵਨ-ਜਾਚ ਸਿੱਖਣ ਦੀ ਪ੍ਰੇਰਨਾ ਵੀ :
ਰੰਗਾਂ ਦੇ ਵਿਚ ਰੰਗ ਬਣ ਜੀਵੇ,
ਰੁੱਤਾਂ ਦੇ ਵਿਚ ਰੁੱਤਾਂ।
ਤਰਕ, ਫਲਸਫ਼ਾ ਤੇ ਵਿਸ਼ਵਾਸ
ਉਲਝਿਆ ਤਾਣਾ ਬਾਣਾ!!!
ਇਸ ਕਾਵਿ-ਸੰਗ੍ਰਹਿ ਵਿਚ ਪਾਠਕ ਨੂੰ ਲੇਖਕ ਦੇ ਜੀਵਨ ਬਿਓਰੇ ਦੇ ਨਾਲ-ਨਾਲ ਉਸ ਦੇ ਰਚੇ ਸਾਹਿਤ, ਸਾਹਿਤ ਉੱਪਰ ਪ੍ਰਾਪਤ ਆਲੋਚਨਾ, ਲੇਖਕ ਨੂੰ ਮਿਲੇ ਮਾਨ-ਸਨਮਾਨਾਂ ਦਾ ਵੇਰਵਾ ਵੀ ਤਫ਼ਸੀਲ ਨਾਲ ਪ੍ਰਾਪਤ ਹੋਵੇਗਾ। ਖੋਜਾਰਥੀਆਂ ਲਈ ਇਹ ਪੁਸਤਕ ਮੁਫ਼ੀਦ ਰਹੇਗੀ।


-ਸੰਧੂ ਵਰਿਆਣਵੀ (ਪ੍ਰੋ:)
ਮੋਬਾਈਲ : 98786-14096
c c c


ਮੁਸਕਾਨ : ਇਕ ਰਸਤਾ
ਲੇਖਕ : ਦੀਪ ਲੋਹਾਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 84379-26259


ਯੁਵਾ ਲੇਖਕ ਦੀਪ ਲੋਹਾਰਾ ਨੇ ਇਸ ਕਿਤਾਬ ਦਾ ਉਪ-ਸਿਰਲੇਖ ਲਿਖਿਆ ਹੈ : 'ਇਕ ਫੇਲ੍ਹ ਵਿਦਿਆਰਥੀ ਵਲੋਂ ਕਿਤਾਬ', ਜੋ ਅਸਲ ਵਿਚ ਸਫਲ ਜੀਵਨ ਦੀਆਂ ਖ਼ੁਸ਼ੀਆਂ ਨਾਲ ਭਰੀ ਹੋਈ ਹੈ। ਕਿਤਾਬ ਤੋਂ ਦੀਪ ਲੋਹਾਰਾ ਬਾਰੇ ਤਾਂ ਬਸ ਏਨੀ ਕੁ ਜਾਣਕਾਰੀ ਹੀ ਮਿਲਦੀ ਹੈ ਕਿ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਦਾ ਰਹਿਣ ਵਾਲਾ ਹੈ ਤੇ ਬਸ...। ਕਿਤਾਬ ਦੇ ਆਰੰਭਲੇ ਦੋ ਕਥਨਾਂ ਅਤੇ 'ਨਜ਼ਰੀਆ' ਨਾਂਅ ਦੇ ਲੇਖ ਤੋਂ ਇਲਾਵਾ ਇਸ ਦੇ ਤਿੰਨ ਅਧਿਆਇ ਬਣਾਏ ਗਏ ਹਨ- (ੳ) ਹਾਲਾਤ ਤੇ ਮੁਸ਼ਕਿਲਾਂ (ਅ) ਖ਼ੁਸ਼ੀ ਦੇ ਸਾਧਨ (ੲ) ਰਿਸ਼ਤੇ। ਅੱਗੋਂ ਇਨ੍ਹਾਂ ਦੇ 8 (ਕ੍ਰਮਵਾਰ 3+2+3) ਉਪ-ਭਾਗ ਬਣਾਏ ਗਏ ਹਨ, ਜਿਨ੍ਹਾਂ ਦੇ ਅੰਤਰਗਤ ਸਾਹਮਣਾ ਕਰੋ, ਛੱਡ ਦੇਵੋ, ਵਿਵਹਾਰ; ਦੌੜ, ਮੰਜ਼ਿਲ; ਸਾਂਝ, ਹਮਦਰਦੀ ਅਤੇ ਪਿਆਰ, ਜੋੜ ਨੂੰ ਵਿਉਂਤਬੱਧ ਕੀਤਾ ਗਿਆ ਹੈ।
ਲੇਖਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਚਾਰ ਵਿਚਾਰ (ਪੰਨਾ 13) ਦਿੱਤੇ ਹਨ, ਜਿਨ੍ਹਾਂ ਵਿਚ ਉਹ 'ਫਿਰ ਤੋਂ ਤੁਰਨਾ ਇਹ ਆਮ ਨਹੀਂ...' ਨੂੰ ਪਰਿਭਾਸ਼ਿਤ ਕਰਦਾ ਹੈ। ਹਰ ਪਾਠ (ਚੈਪਟਰ) ਦੇ ਆਰੰਭ ਵਿਚ ਕਿਸੇ ਪ੍ਰਸਿੱਧ ਲੇਖਕ ਦੀ ਕਾਵਿ/ ਵਾਰਤਕ ਪੰਕਤੀ ਹੈ, ਜਿਨ੍ਹਾਂ ਵਿਚ ਹਫ਼ੀਜ਼ ਤਾਇਬਾ, ਅਗਿਆਤ, ਸੁਰਜੀਤ ਪਾਤਰ (ਦੋ), ਸਤਿੰਦਰ ਸਰਤਾਜ (ਦੋ), ਮਨਜੋਤ ਕੌਰ, ਮੁਹੰਮਦ ਅਖ਼ਤਰ ਖਾਂ ਹਾਫ਼ਿਜ਼ਾਬਾਦੀ ਅਤੇ ਸਾਈਂ ਲੱਭੂ ਸ਼ਾਹ ਨੂੰ ਉਧ੍ਰਿਤ ਕੀਤਾ ਗਿਆ ਹੈ। ਆਪਣੀ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਦੀਪ ਨੇ 32 ਰੇਖਾ ਚਿੱਤਰ ਵੀ ਬਣਾਏ ਹਨ। ਅੰਗਰੇਜ਼ੀ ਵਿਚ ਡੇਲ ਕਾਰਨੇਗੀ (ਹਾਊ ਟੂ ਸਟੌਪ ਵਰੀਇੰਗ ਐਂਡ ਸਟਾਰਟ ਲਿਵਿੰਗ) ਅਤੇ ਸਵੇਟ ਮਾਰਡਨ (ਦ ਮਿਰੇਕਲਜ਼ ਆਫ ਰਾਈਟ ਥਾਟਸ) ਆਦਿ ਲੇਖਕਾਂ ਦੀਆ ਅਜਿਹੇ ਵਿਸ਼ਿਆਂ ਤੇ 'ਖ਼ੂਬ ਵਿਕਣ ਵਾਲੀਆਂ ਕਿਤਾਬਾਂ' ਉਪਲਬੱਧ ਹਨ, ਪਰ ਪੰਜਾਬੀ ਵਿਚ ਗਿਣਤੀ ਦੀਆਂ ਹੀ ਕਿਤਾਬਾਂ ਮਿਲਦੀਆਂ ਹਨ। ਸੰਭਵ ਹੈ ਕਿ ਇਹ ਦੀਪ ਲੋਹਾਰਾ ਦੀ ਪਹਿਲੀ ਕਿਤਾਬ ਹੀ ਹੋਵੇ। ਲਾਕਡਾਊਨ ਦੇ ਉਕਤਾਊ ਤੇ ਥਕੇਵੇਂ ਭਰੇ ਸਮੇਂ ਨੂੰ ਉਸ ਨੇ ਬੇਹੱਦ ਸਾਰਥਕ ਕਾਰਜ ਲਈ ਵਰਤਿਆ ਹੈ। ਦੀਪ ਲੋਹਾਰਾ ਦੀ ਇਸ ਕਿਤਾਬ ਰਾਹੀਂ ਹਾਰੇ, ਥੱਕੇ, ਨਿਰਾਸ਼ ਤੇ ਹੌਸਲਾ ਹਾਰ ਚੁੱਕੇ ਲੋਕਾਂ ਨੂੰ ਭਰਪੂਰ ਉਤਸ਼ਾਹ ਤੇ ਊਰਜਾ ਮਿਲੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!


-ਪ੍ਰੋ: ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਜਲ੍ਹਿਆਂ ਵਾਲਾ ਬਾਗ
(ਰੀਮੈਂਬਰੈਂਸ ਅਤੇ ਰੈਜ਼ੋਨੰਸ)

ਸੰਪਾਦਕ : ਸੁਖਦੇਵ ਸਿੰਘ ਸਿਰਸਾ, ਸਰਬਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 695 ਰੁਪਏ, ਸਫ਼ੇ : 414
ਸੰਪਰਕ : 98156-36565


ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਲੋਂ ਜਲ੍ਹਿਆਂ ਵਾਲਾ ਬਾਗ ਦੀ ਸੌ ਸਾਲ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਇਸ ਪੁਸਤਕ ਨੂੰ ਸੂਝਵਾਨ ਸੰਪਾਦਕਾਂ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਅੰਗਰੇਜ਼ੀ ਭਾਗ ਵਿਚ ਸੰਪਾਦਕੀ ਤੋਂ ਇਲਾਵਾ 13 ਆਰਟੀਕਲ, ਦੂਜੇ ਹਿੰਦੀ ਭਾਗ ਵਿਚ 8 ਨਿਬੰਧ ਅਤੇ ਤੀਜੇ ਪੰਜਾਬੀ ਭਾਗ ਵਿਚ 14 ਲੇਖ ਸ਼ਾਮਿਲ ਕੀਤੇ ਹਨ। ਪਹਿਲੇ ਅੰਗਰੇਜ਼ੀ ਭਾਗ ਵਿਚ ਕੇ.ਐਲ. ਟੁਟੇਜਾ, ਜਗਮੋਹਨ ਸਿੰਘ, ਸਵਿੰਦਰ ਪਾਲ, ਹਰੀਸ਼ ਕੇ ਪੁਰੀ, ਰਖਸ਼ੰਦਾ ਜਲੀਲ, ਰਾਮਚੰਦਰਨ ਗੁਹਾ, ਕਮਲੇਸ਼ ਮੋਹਨ, ਅਮਨਦੀਪ ਬੱਲ, ਸਫਕਾਤ ਤਨਵੀਰ ਮਿਰਜ਼ਾ, ਨਵਤੇਜ ਸਿੰਘ, ਨੋਨੀਸਾ ਦੱਤਾ, ਤੀਸਤਾ ਸੀਤਲਵੜ, ਹੁਸੈਨ ਇਮਾਮ, ਮੋਹਨਦਾਸ ਅਤੇ ਹਿੰਦੀ ਭਾਗ ਵਿਚ ਅਲੀਜ ਵੇਦ, ਸੁਖਦੇਵ ਸਿੰਘ ਸਿਰਸਾ, ਰਜਿੰਦਰ ਰਾਜਨ ਜਵਰੀਮਲ ਪਾਰਖ, ਗੋਪਾਲ ਪ੍ਰਧਾਨ, ਸਮਸੂਲ ਇਸਲਮ, ਚਮਨਲਾਲ ਤੇ ਵਨੀਤ ਤਿਵਾੜੀ ਨਾਮਵਰ ਲੇਖਕਾਂ ਦੇ ਨਾਂਅ ਦਰਜ ਹਨ। ਤੀਸਰੇ ਅੰਤਿਮ ਭਾਗ ਪੰਜਾਬੀ ਵਿਚ ਸੁਖਦੇਵ ਸਿੰਘ ਸੋਹਲ, ਪਰਮਿੰਦਰ ਸਿੰਘ, ਸਵਰਾਜਬੀਰ, ਗੁਰਦੇਵ ਸਿੰਘ ਸਿੱਧੂ, ਜਸਬੀਰ ਕੇਸਰ, ਸਰਬਜੀਤ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ ਵਿਰਕ, ਹਕੀਮ ਅਜ਼ਮਲਖਾਨ, ਅਰਜਨ ਸਿੰਘ ਗੜਗੱਜ, ਜੀ. ਆਰ. ਸੇਠੀ, ਪਰਵੇਜ ਫ਼ਤਹਿ, ਪਰਮਜੀਤ ਸਿੰਘ ਮੀਸ਼ਾ ਅਤੇ ਕੁਲਦੀਪ ਸਿੰਘ ਦੀਪ ਦੇ ਖੋਜ ਭਰਪੂਰ ਲੇਖ ਸ਼ਾਮਿਲ ਸਨ। ਇਸ ਪੁਸਤਕ ਦੇ ਤਿੰਨੇ ਭਾਗ ਬਹੁਤ ਹੀ ਮੁੱਲਵਾਨ ਤੇ ਅਰਥ ਭਰਪੂਰ ਲੇਖਾਂ ਨਾਲ ਲਬਰੇਜ਼ ਹਨ। ਇਹ ਯਾਦਗਾਰੀ ਪੁਸਤਕ ਜਲ੍ਹਿਆਂਵਾਲਾ ਬਾਗ ਦੀ ਪਰਤ ਦਰ ਪਰਤ ਨੂੰ ਉਜਾਗਰ ਤੇ ਪਰਦਾ ਰਹਿਤ ਕਰਦੀ ਅਸਲ ਤਸਵੀਰ ਪੇਸ਼ ਕਰਨ 'ਚ ਮੁਕੰਮਲ ਰੂਪ ਵਿਚ ਸਫਲ ਹੋਈ ਹੈ। 13 ਅਪ੍ਰੈਲ, 1919 ਨੂੰ ਬਰਤਾਨਵੀ ਸਾਮਰਾਜ ਦੇ ਹੱਥੋਂ ਕੀਤੇ ਗਏ ਜਲ੍ਹਿਆਂ ਵਾਲਾ ਬਾਗ ਦੇ ਕਤਲੇਆਮ ਨੂੰ ਪੂਰੇ 103 ਵਰ੍ਹੇ ਹੋ ਗਏ ਹਨ। ਇਸ ਨੂੰ ਯਾਦ ਕਰਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਤੇ ਉਸ ਦੀ ਫ਼ੌਜ ਨੇ ਚਾਰੇ ਪਾਸਿਆਂ ਤੋਂ ਘਰਾਂ ਦੇ ਨਾਲ ਘਿਰੇ ਜਲ੍ਹਿਆਂ ਵਾਲਾ ਬਾਗ ਵਿਚ ਆਪਣੇ ਆਗੂਆਂ ਡਾ: ਸੈਫਉਦਦੀਨ ਕਿਚਲੂ ਅਤੇ ਡਾ. ਸਤਿਆਪਾਲ ਦੀ 10 ਅਪ੍ਰੈਲ ਨੂੰ ਕੀਤੀ ਗ੍ਰਿਫ਼ਤਾਰੀ ਅਤੇ ਉਸੇ ਦਿਨ ਹੀ ਅੰਮ੍ਰਿਤਸਰ ਦੇ ਲੋਕਾਂ 'ਤੇ ਗੋਲੀ ਚਲਾ ਕੇ ਲਗਭਗ 20 ਤੋਂ 30 ਲੋਕਾਂ ਨੂੰ ਮਾਰਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਜਲਸੇ ਵਿਚ ਸ਼ਾਮਿਲ ਨਿਹੱਥੇ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀ ਚਲਾ ਕੇ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। 13 ਅਪ੍ਰੈਲ, 1919 ਦਾ ਦਿਨ ਵਿਸਾਖੀ ਦਾ ਦਿਹਾੜਾ ਸੀ। ਲੋਕ ਵਿਸਾਖੀ ਦਾ ਮੇਲਾ ਦੇਖਣ ਆਏ ਹੋਏ ਸਨ। ਜਲ੍ਹਿਆਂਵਾਲਾ ਬਾਗ ਦਾ ਸਾਕਾ ਹਿੰਦੋਸਤਾਨ ਦੀ ਬਸਤੀਵਾਦੀ ਸਰਕਾਰ ਦਾ ਉਹ ਘਿਨਾਉਣਾ ਚਿਹਰਾ ਨੰਗਾ ਕਰਦਾ ਹੈ, ਜੋ ਸਾਮਰਾਜ ਦੁਆਰਾ ਗੁਲਾਮ ਬਸਤੀਆਂ ਦੇ ਲੋਕਾਂ ਦੀ ਹਰ ਇਨਸਾਫ਼ ਪਸੰਦ ਆਵਾਜ਼ ਨੂੰ ਦਬਾਉਣ ਲਈ ਵਰਤੀ ਜਾਂਦੀ ਹਿੰਸਾ ਦਾ ਹੀ ਰੂਪ ਸੀ। ਸਾਕਾ ਜਲ੍ਹਿਆਂਵਾਲਾ ਬਾਗ 1919, ਦਾ ਇਕ ਇਤਿਹਾਸਕ ਸੱਚ ਹੈ, ਇਸ ਦੀ ਸੌ ਸਾਲਾ ਸ਼ਤਾਬਦੀ ਨੂੰ ਰਵਾਇਤੀ ਸਮਝਣਾ ਇਕ ਇਤਿਹਾਸਕ ਭੁੱਲ ਹੋਵੇਗੀ, ਕਿਉਂਕਿ ਇਸ ਦੀਆਂ ਪਰਤਾਂ ਵਿਚ ਸਿਰਫ਼ ਦੁਖਾਂਤ ਹੀ ਨਹੀਂ ਲੁਕਿਆ ਹੋਇਆ, ਸਗੋਂ ਆਜ਼ਾਦੀ ਦੀ ਲੜਾਈ ਦਾ ਨਵਾਂ ਮੋੜ ਅਤੇ ਆਜ਼ਾਦ ਭਾਰਤ ਦੀ ਬਣਤਰ ਦਾ ਨਿਸ਼ਾਨਾ ਵੀ ਸਮੋਇਆ ਹੋਇਆ ਹੈ। ਇਸ ਨੂੰ ਜਿੰਨੀ ਵਾਰ ਵੀ ਘੋਖਿਆ ਜਾਂ ਵਿਚਾਰਿਆ ਜਾਵੇ, ਨਵੀਆਂ ਪਰਤਾਂ ਸਾਹਮਣੇ ਆਉਂਦੀਆਂ ਹਨ, ਇਹ ਅੰਗਰੇਜ਼ੀ ਰਾਜ ਦੇ ਅੰਤ ਦੀ ਸ਼ੁਰੂਆਤ ਅਤੇ ਲੋਕ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਸੀ। ਹਥਲੀ ਪੁਸਤਕ ਇਤਿਹਾਸ ਦੇ ਪਾਠਕਾਂ, ਖੋਜਾਰਥੀਆਂ, ਵਿਦਿਆਰਥੀਆਂ ਲਈ ਲਾਹੇਵੰਦ ਕੀਮਤੀ ਸੰਦ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
c c c


ਉੱਚੇ ਬੁਰਜ

ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 190 ਰੁਪਏ, ਸਫ਼ੇ : 102
ਸੰਪਰਕ : 98158-78652.


ਬਲਵਿੰਦਰ ਕੌਰ ਬਰਾੜ ਉੱਚ ਅਕਾਦਮਿਕ ਹਲਕਿਆਂ ਵਿਚ ਇਕ ਜਾਣਿਆ-ਪਹਿਚਾਣਿਆ ਨਾਂਅ ਹੈ। ਉਸ ਨੇ ਹੱਥਲੇ ਕਹਾਣੀ ਸੰਗ੍ਰਹਿ 'ਉੱਚੇ ਬੁਰਜ' ਤੋਂ ਇਲਾਵਾ ਤਿੰਨ ਨਾਵਲ, ਅੱਠ ਕਹਾਣੀ ਸੰਗ੍ਰਹਿ, ਆਲੋਚਨਾ ਦੀਆਂ ਤਿੰਨ ਪੁਸਤਕਾਂ ਤੋਂ ਇਲਾਵਾ ਇਕ ਵਾਰਤਕ ਦੀ ਪੁਸਤਕ ਵੀ ਪਾਠਕਾਂ ਦੇ ਰੂ-ਬਰੂ ਕੀਤੀ ਹੈ। ਇਸ ਕਹਾਣੀ ਸੰਗ੍ਰਹਿ ਵਿਚ ਬਲਵਿੰਦਰ ਕੌਰ ਬਰਾੜ ਦੀਆਂ ਅੱਠ ਕਹਾਣੀਆਂ ਸ਼ਾਮਿਲ ਹਨ, ਜਿਨ੍ਹਾਂ ਵਿਚ ਪੈਸਾਵਾਦੀ ਕਦਰਾਂ-ਕੀਮਤਾਂ ਦੇ ਸਨਮੁਖ ਜੂਝਦੀ ਮਨੁੱਖੀ ਜ਼ਿੰਦਗੀ, ਪ੍ਰਵਾਸ ਦੇ ਕੌੜੇ-ਮਿੱਠੇ ਅਨੁਭਵ, ਨਿੱਜਵਾਦੀ ਸੋਚ ਆਦਿ ਵਿਸ਼ਾਗਤ ਪਹਿਲੂਆਂ ਨੂੰ ਬਿਰਤਾਂਤਕ ਕਲਾਵੇ ਵਿਚ ਬੰਨ੍ਹਿਆ ਗਿਆ ਹੈ। 'ਉੱਚੇ ਬੁਰਜ' ਕਹਾਣੀ ਵਿਚ ਅਨਪੜ੍ਹ ਪਰ ਸਾਧਨ ਸੰਪੰਨ ਵਿਅਕਤੀਆਂ ਦੀ ਕਬਜ਼ੇ ਦੀ ਬਿਰਤੀ ਅਤੇ ਮਿਹਨਤਕਸ਼ ਵਿਅਕਤੀ ਦੇ ਭਾਵੁਕ ਭਾਵਨਾਵਾਂ ਤੋਂ ਵਿਰਵਾ ਹੋਣ ਅਤੇ ਸਖ਼ਤ ਮਿਹਨਤ ਦੇ ਬਾਵਜੂਦ ਵੀ ਗੁਰਬਤ ਨਾਲ ਜੂਝਣ ਦਾ ਬਿਰਤਾਂਤ ਪੇਸ਼ ਕੀਤਾ ਹੋਇਆ ਹੈ। 'ਇੱਕੀ ਦੇ ਇਕੱਤੀ' ਕਹਾਣੀ ਵੀ ਆਪਣਿਆਂ ਦੇ ਪਰਾਏ ਹੋਣ ਅਤੇ ਪਰਾਇਆਂ ਦੇ ਆਪਣੇ ਬਣਨ ਦੀ ਗਾਥਾ ਹੈ। ਪ੍ਰਵਾਸੀ ਜ਼ਿੰਦਗੀ ਦੇ ਸੱਭਿਆਚਾਰ ਅਤੇ ਸਮਾਜਿਕ ਪਾੜੇ ਦਾ ਦੁਖਾਂਤ ਭੋਗਦੇ ਬਜ਼ੁਰਗਾਂ ਅਤੇ ਰੀਝਾਂ ਦਾ ਸੰਸਾਰ ਸਿਰਜ ਕੇ ਜਾਂ ਮਜਬੂਰੀ ਵੱਸ ਪ੍ਰਵਾਸੀ ਹੋਈਆਂ ਮੁਟਿਆਰਾਂ ਦੀ ਜ਼ਿੰਦਗੀ ਨੂੰ 'ਰੌਲਾ ਸਹੇ ਦਾ ਨਹੀਂ ਪਹੇ ਦਾ', ਕਸਟਮਰ ਸਰਵਿਸ, 'ਹੁੰਗਾਰਾ' ਆਦਿ ਕਹਾਣੀਆਂ ਬਾਖੂਬੀ ਪੇਸ਼ ਕਰਦੀਆਂ ਹਨ। ਜਗੀਰਦਾਰੀ ਕਦਰਾਂ-ਕੀਮਤਾਂ ਵਾਲੇ ਸਮਾਜ ਵਿਚ ਜੰਮੇ-ਪਲੇ ਅਤੇ ਪ੍ਰਵਾਨ ਚੜ੍ਹੇ ਪੰਜਾਬੀਆਂ ਦੀ ਇਕੱਲਤਾ, ਬੇਗਾਨਗੀ ਅਤੇ ਪਰਿਵਾਰਕ ਸੰਕਟਾਂ ਨੂੰ ਕਹਾਣੀਕਾਰਾ ਨੇ ਬੜੀ ਖੂਬਸੂਰਤੀ ਅਤੇ ਜੁਗਤ ਨਾਲ ਮੌਲਿਕ ਮੁਹਾਂਦਰੇ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ। ਬਲਵਿੰਦਰ ਕੌਰ ਬਰਾੜ ਦੀਆਂ ਇਹ ਕਹਾਣੀਆਂ ਦੇਸ਼ ਅਤੇ ਪ੍ਰਦੇਸ ਦੇ ਅੰਤਰ-ਵਿਰੋਧਾਂ ਨੂੰ ਮਨੁੱਖ ਦੀ ਸਮਾਜਿਕ ਜ਼ਿੰਦਗੀ ਦੇ ਪ੍ਰਸੰਗ ਵਿਚ ਸੁੱਚਜੇ ਢੰਗ ਨਾਲ ਪੇਸ਼ ਕਰਦੀਆਂ ਹਨ। ਮੌਕੇ ਅਤੇ ਕਹਾਣੀਆਂ ਦੀ ਤੋਰ ਮੁਤਾਬਿਕ ਵੱਖਰਾ ਭਾਸ਼ਾਈ ਰੰਗ ਵੀ ਕਹਾਣੀਆਂ ਵਿਚ ਪੇਸ਼ ਹੋਇਆ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c

24-09-2022

 ਸ਼ਬਦਾਂ ਦੇ ਖਿਡਾਰੀ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 98729-89313


ਇਸ ਪੁਸਤਕ ਵਿਚ ਖੇਡਾਂ ਦੇ ਖੇਤਰ ਵਿਚ ਲਿਖ ਕੇ ਜਾਂ ਫੁਟਕਲ ਸਾਧਨਾਂ ਰਾਹੀਂ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ 22 ਸ਼ਬਦ-ਚਿੱਤਰ ਉਲੀਕੇ ਗਏ ਹਨ। ਆਰੰਭ ਵਿਚ ਵਰਿਆਮ ਸਿੰਘ ਸੰਧੂ ਨੇ 'ਚੇਤੇ ਦੀ ਲਿਸ਼ਕੋਰ' ਸਿਰਲੇਖ ਹੇਠ ਅਲੰਕ੍ਰਿਤ ਸ਼ੈਲੀ ਵਿਚ, ਮੁਕਤ-ਕੰਠ ਨਾਲ ਪ੍ਰਿੰ: ਸਰਵਣ ਸਿੰਘ ਦੇ ਖੇਡ ਖੇਤਰ ਸਾਹਿਤ ਵਿਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ। ਲੇਖਕ ਦੇ ਅਣਥੱਕ ਯਤਨਾਂ ਨਾਲ 'ਖੇਡ ਸਾਹਿਤ' ਦੀ ਇਕ ਵੱਖਰੀ ਵਿਧਾ ਹੋਂਦ ਗ੍ਰਹਿਣ ਕਰ ਚੁੱਕੀ ਹੈ। ਇਸ ਵਿਧਾ ਵਿਚ ਉੱਚ ਡਿਗਰੀਆਂ ਲਈ ਖੋਜ ਕਾਰਜ ਵੀ ਆਰੰਭ ਹੋ ਚੁੱਕਾ ਹੈ। ਗਦ ਅਤੇ ਪਦ ਦੀਆਂ ਅਨੇਕਾਂ ਵਿਧਾਵਾਂ ਵਿਚ ਖੇਡ-ਸਾਹਿਤ ਰਚਿਆ ਜਾ ਰਿਹਾ ਹੈ। ਪੱਤਰਕਾਰੀ, ਫ਼ੋਟੋਗ੍ਰਾਫ਼ੀ ਅਤੇ ਮੀਡੀਆ ਪ੍ਰਭਾਵਿਤ ਹੋ ਚੁੱਕਾ ਹੈ। ਸ਼ਬਦ-ਚਿੱਤਰਾਂ ਦੀ ਇਸ ਨਿਬੰਧ-ਮਾਲਾ ਵਿਚ ਅਨੇਕਾਂ ਮੋਤੀ ਪਰੋਏ ਗਏ ਹਨ। ਮਸਲਨ : ਬਲਵੰਤ ਗਾਰਗੀ (ਕਹਾਣੀ : ਸੌ ਮੀਲ ਦੌੜ), ਜਸਵੰਤ ਕੰਵਲ (ਵਾਲੀਵਾਲ ਖੇਡਣ, ਕਬੱਡੀ ਦੀ ਕੁਮੈਂਟਰੀ), ਡਾ. ਹਰਿਭਜਨ ਸਿੰਘ (ਸ਼ਬਦਾਂ ਦਾ ਉਲੰਪੀਅਨ), ਬਲਵੀਰ ਕੰਵਲ ਦਾ ਤਕੀਆ ਕਲਾਮ (ਬੱਲੇ! ਬੱਲੇ!), ਸੂਬਾ ਸਿੰਘ (ਕਾਹਨੂੰ ਲੱਭਦੇ ਮੱਲ ਅਖਾੜਿਆਂ ਦੇ), ਵਰਿਆਮ ਸੰਧੂ (ਕੁਸ਼ਤੀ ਦਾ ਧਰੂ ਤਾਰਾ ਕਰਤਾਰ), ਪਾਸ਼ (ਸਵੈਜੀਵਨੀ-ਉੱਡਣਾ ਸਿੱਖ ਮਿਲਖਾ ਸਿੰਘ), ਪਹਿਲਵਾਨ ਦਾਰਾ ਸਿੰਘ ਦੀ ਆਤਮਕਥਾ), ਪੂਰਨ ਸਿੰਘ ਪਾਂਧੀ (ਨਚਣੁ ਕੁਦਣੁ ਮਨ ਕਾ ਚਾਉ), ਪ੍ਰਿੰ: ਬਲਕਾਰ ਬਾਜਵਾ (ਹਾਕੀ ਸਿਤਾਰੇ ਸੁਧਾਰ ਦੇ), ਪ੍ਰੋ: ਕਰਮ ਸਿੰਘ (ਮੱਲਾਂ ਦੀਆਂ ਗੱਲਾਂ), ਜੋਗਿੰਦਰ ਜੋਗੀ ਦੀ ਹੱਡਬੀਤੀ (ਜੱਗ ਦਾ ਜੋਗੀ), ਸ਼ਮਸ਼ੇਰ ਸੰਧੂ (ਕਹਾਣੀ : ਚੈਂਪੀਅਨ), ਬਲਿਹਾਰ ਰੰਧਾਵਾ (ਕਬੱਡੀ ਦੇ ਅੰਗ ਸੰਗ), ਗੁਰਮੇਲ ਮੁਡਾਹੜ (ਸੰਸਾਰ ਪ੍ਰਸਿੱਧ ਖੇਡ-ਕਹਾਣੀਆਂ), ਡਾ. ਜਸਪਾਲ ਸਿੰਘ (ਖੇਡ-ਚਿੰਤਨ), ਲਾਭ ਸਿੰਘ ਸੰਧੂ (ਖੁੰਢ-ਚਰਚਾ ਤੇ ਖੇਡ ਚਰਚਾ), ਬਲਵੰਤ ਸੰਧੂ (ਨਾਵਲ : ਗੁੰਮਨਾਮ ਚੈਂਪੀਅਨ), ਨਵਦੀਪ ਸਿੰਘ ਗਿੱਲ (ਅੱਖੀਂ ਵੇਖੀਆਂ ਉਲੰਪਿਕ ਖੇਡਾਂ), ਗੁਰਦਿਆਲ ਸਿੰਘ ਬੱਲ (ਫੁੱਟਬਾਲ ਰੁਮਾਂਸ), ਪਰਮਵੀਰ ਬਾਠ (ਗੱਲਾਂ ਖੇਡ ਮੈਦਾਨ ਦੀਆਂ), ਸੰਤੋਖ ਸਿੰਘ ਮੰਡੇਰ (ਲੰਡਨ ਦੀਆਂ ਉਲੰਪਿਕ ਖੇਡਾਂ) ਆਦਿ।
ਲੇਖਕ ਵਲੋਂ ਲਿਖੇ ਸ਼ਬਦ-ਚਿੱਤਰਾਂ ਦਾ 'ਕੇਂਦਰੀ ਕੋਡ' ਤਾਂ ਖੇਡ-ਸਾਹਿਤ ਹੀ ਹੈ ਪਰ ਪ੍ਰਿੰ: ਸਰਵਣ ਸਿੰਘ ਨੇ ਇਨ੍ਹਾਂ ਕਲਮਾਂ ਦੀਆਂ ਸ਼ਖ਼ਸੀਅਤਾਂ ਨੂੰ ਸ਼ਬਦ-ਚਿੱਤਰ (ਵਿਧੀ) ਰਾਹੀਂ ਲਿਸ਼ਕਾਇਆ ਹੈ। ਅਜਿਹੇ ਸ਼ਬਦ-ਚਿੱਤਰ ਨਿਬੰਧਾਂ ਦੀ ਇਹ ਪਲੇਠੀ ਪੁਸਤਕ ਹੈ। ਦੂਜੀ ਪੁਸਤਕ ਵੀ ਆਉਣ ਵਾਲੀ ਹੈ।


-ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c
ਪਰਵਾਸੀ ਪੰਜਾਬੀ :
ਜਿਨ੍ਹਾਂ 'ਤੇ ਮਾਣ ਪੰਜਾਬੀਆਂ ਨੂੰ
ਲੇਖਕ : ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 300 ਰੁਪਏ, ਸਫੇ : 168
ਸੰਪਰਕ : 98158-02070

ਪਰਵਾਸੀ ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿਚ ਵਸਦੇ ਹੋਣ, ਉਹ ਆਪਣੇ ਵਤਨ, ਆਪਣੀ ਬੋਲੀ ਅਤੇ ਆਪਣੇ ਵਿਰਸੇ ਨੂੰ ਕਦੇ ਨਹੀਂ ਭੁੱਲਦੇ। ਇਸ ਪੁਸਤਕ ਵਿਚ ਅਜਿਹੇ ਨਾਮਵਰ ਪਰਵਾਸੀ ਪੰਜਾਬੀਆਂ ਨਾਲ ਜਾਣ-ਪਛਾਣ ਕਰਾਈ ਗਈ ਹੈ, ਜਿਨ੍ਹਾਂ ਨੇ ਜੀਵਨ ਦੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਅਤੇ ਆਪਣੇ ਵਤਨ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਦੀਆਂ ਪ੍ਰਾਪਤੀਆਂ ਮਾਣ ਕਰਨਯੋਗ ਹਨ। ਇਨ੍ਹਾਂ ਨੇ ਹਰ ਖੇਤਰ ਵਿਚ ਨਾਮਣਾ ਖੱਟਿਆ ਹੈ ਜਿਵੇਂ ਡਾਕਟਰੀ, ਸਾਹਿਤਕਾਰੀ, ਕਾਰੋਬਾਰ, ਸਿਆਸਤ, ਖੇਤੀਬਾੜੀ, ਵਕਾਲਤ, ਫ਼ੌਜ ਆਦਿ। ਇਨ੍ਹਾਂ ਦੇ ਜੀਵਨ ਸੰਘਰਸ਼ ਪ੍ਰੇਰਨਾਦਾਇਕ ਹਨ। ਲੇਖਕ ਨੇ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵੇਰਵਾ ਦਿੱਤਾ ਹੈ ਜਿਵੇਂ ਲਾਰਡ ਸਵਰਾਜ ਪਾਲ, ਦਰਸ਼ਨ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਸੁੰਨੜ, ਡਾ. ਅਮਰਜੀਤ ਸਿੰਘ ਮਰਵਾਹਾ, ਸਾਇੰਸਦਾਨ ਨਰਿੰਦਰ ਸਿੰਘ ਕਪਾਨੀ, ਮੋਤਾ ਸਿੰਘ ਸਰਾਏ, ਪ੍ਰਿੰ. ਸਰਵਨ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਉੱਜਲ ਦੋਸਾਂਝ, ਤਨਮਨਜੀਤ ਸਿੰਘ ਢੇਸੀ, ਦੀਦਾਰ ਸਿੰਘ ਬੈਂਸ, ਡਾ. ਰੂਬੀ ਢੱਲਾ, ਨਿੱਕੀ ਰੰਧਾਵਾ, ਪ੍ਰੀਤ ਕੌਰ ਗਿੱਲ, ਡਾ. ਦੇਵਿੰਦਰ ਸਿੰਘ ਸੇਖੋਂ ਆਦਿ। ਅੰਤ ਵਿਚ ਪਰਵਾਸੀ ਪੰਜਾਬੀਆਂ ਦੀਆਂ ਕੁਝ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ ਵੱਲ ਧਿਆਨ ਦਿਵਾਇਆ ਗਿਆ ਹੈ। ਕਿਸਾਨੀ ਸੰਘਰਸ਼ ਅਤੇ ਪਰਵਾਸੀਆਂ ਦਾ ਦੇਸ਼ ਦਰਦ, ਸਰਕਾਰੀ ਤੰਤਰ, ਅਦਾਲਤੀ ਤੰਤਰ ਅਤੇ ਪਰਵਾਸੀ ਭਾਰਤੀਆਂ ਦੇ ਭਖਦੇ ਮਸਲੇ ਵੀ ਵਿਚਾਰੇ ਗਏ ਹਨ। ਉਹ ਪਰਵਾਸੀ, ਜਿਨ੍ਹਾਂ ਨੇ ਵਿਕਸਤ ਦੇਸ਼ਾਂ ਵਿਚ ਸਿਆਸੀ ਰੁਤਬੇ ਹਾਸਲ ਕੀਤੇ ਹਨ, ਜਿਹੜੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਹਨ, ਜਿਹੜੇ ਉੱਚ ਪਾਏ ਦੇ ਡਾਕਟਰ, ਇੰਜੀਨੀਅਰ ਅਤੇ ਸਾਹਿਤਕਾਰ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲਾਹਾ ਸਰਕਾਰ ਨੇ ਕਦੇ ਨਹੀਂ ਲਿਆ, ਨਾ ਹੀ ਉਨ੍ਹਾਂ ਨੂੰ ਸੱਦ ਕੇ ਸਨਮਾਨਿਤ ਕੀਤਾ ਹੈ। ਉਹ ਪਰਵਾਸੀ ਜਿਨ੍ਹਾਂ ਦਾ ਦਿਲ ਆਪਣੇ ਦੇਸ਼ ਲਈ ਧੜਕਦਾ ਹੈ, ਜੋ ਆਪਣੀ ਨੇਕ ਕਮਾਈ ਵਿਚੋਂ ਆਪਣੇ ਸੂਬੇ, ਸ਼ਹਿਰ ਜਾਂ ਪਿੰਡ ਲਈ ਕੁਝ ਕਰਨਾ ਲੋਚਦੇ ਹਨ, ਜੋ ਆਪਣੀ ਮਾਤ ਭੂਮੀ ਦੇ ਵਿਕਾਸ ਵਿਚ ਪੂਰਾ ਯੋਗਦਾਨ ਪਾਉਣਾ ਚਾਹੁੰਦੇ ਹਨ, ਉਨ੍ਹਾਂ ਨਾਲ ਵੀ ਕਈ ਵਾਰ ਦੁਰਵਿਵਹਾਰ ਕੀਤਾ ਜਾਂਦਾ ਹੈ। ਭਾਰਤ ਵਿਚ ਹਰ ਵਰ੍ਹੇ ਪਰਵਾਸੀ ਦਿਵਸ ਮਨਾਇਆ ਜਾਂਦਾ ਹੈ ਜੋ ਦਿੱਲੀ, ਆਂਧਰਾ ਪਰਦੇਸ਼, ਚੇਨਈ, ਜੈਪੁਰ, ਕੇਰਲ, ਗੁਜਰਾਤ, ਕਰਨਾਟਕ ਵਿਚ ਮਨਾਇਆ ਗਿਆ, ਪਰ ਵਿਦੇਸ਼ਾਂ ਵਿਚ ਪੰਜਾਬੀ ਪਰਵਾਸੀਆਂ ਦੀ ਬਹੁਤਾਤ ਹੋਣ ਦੇ ਬਾਵਜੂਦ ਵੀ ਇਹ ਸਮਾਗਮ ਕਦੇ ਪੰਜਾਬ ਵਿਚ ਆਯੋਜਿਤ ਨਹੀਂ ਕੀਤਾ ਗਿਆ। ਇਸ ਪੁਸਤਕ ਵਿਚ ਜਿਥੇ ਸੂਝਵਾਨ ਲੇਖਕ ਨੇ ਨਾਮਵਰ ਪਰਵਾਸੀ ਪੰਜਾਬੀਆਂ ਦੇ ਜੀਵਨ 'ਤੇ ਝਾਤ ਪੁਆਈ ਹੈ, ਉਥੇ ਗੰਭੀਰ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਹੈ। ਇਹ ਪੁਸਤਕ ਬਹੁਤ ਲਾਹੇਵੰਦ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋਬਾਈਲ : 98147-16367

18-09-2022

 ਲਿਓ ਟਾਲਸਟਾਏ ਦੀਆਂ ਚਰਚਿਤ ਕਹਾਣੀਆਂ
ਅਨੁਵਾਦਕ : ਅਨੂ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 01679-233244

ਲਿਓ ਟਾਲਸਟਾਏ ਵਿਸ਼ਵ ਪ੍ਰਸਿੱਧ ਲੇਖਕ ਸੀ। ਉਸ ਦੀਆਂ ਕਿਰਤਾਂ ਵਿਚ ਸਮਾਜ ਦੇ ਯਥਾਰਥਕ ਪੱਖ ਦ੍ਰਿਸ਼ਟੀ ਗੋਚਰ ਹੁੰਦੇ ਹਨ। ਜਗਤ ਪ੍ਰਸਿੱਧ ਪ੍ਰਾਪਤ ਨਾਵਲ ਤੇ ਕਹਾਣੀਆਂ ਵਿਸ਼ਵ ਦ੍ਰਿਸ਼ਟੀ ਨੂੰ ਕਾਇਮ ਰੱਖਦੇ ਹਨ। 'ਦੇਸ਼ ਨਿਕਾਲਾ' ਵਿਚ ਮਨੁੱਖਤਾ ਦੀ ਪੁੰਨ-ਪਾਪ ਦੀ ਉਲਝਣ ਦਾ ਬਿਰਤਾਂਤ ਹੈ। ਇਸ ਧਰਤ ਉੱਤੇ ਚੰਗੇ-ਮੰਦੇ ਕਰਮਾਂ ਦਾ ਲੇਖੇ ਅਨੁਸਾਰ ਹੀ ਫਲ ਮਿਲੇਗਾ। ਪ੍ਰਭੂ-ਭਗਤੀ ਵਿਚ ਆਪਾ ਅਰਪਣ ਕਰਨ ਨਾਲ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। 'ਆਦਮੀ ਕਿਸ ਦੇ ਸਹਾਰੇ ਜਿਊਂਦਾ ਹੈ' ਵਿਚ ਪ੍ਰੇਮ ਦੀ ਸਰਬ-ਸਾਂਝੀਵਾਲਤਾ ਦਾ ਪ੍ਰਵਚਨ ਸਿਰਜਿਆ ਗਿਆ ਹੈ। ਜੇਕਰ ਵਿਸ਼ਵ ਦੇ ਲੋਕ ਇਕ-ਦੂਜੇ ਨਾਲ ਪਿਆਰ ਕਰਨ ਤਾਂ ਜੀਵਨ ਹਯਾਤੀ ਅਨੰਦਿਤ ਹੋ ਜਾਵੇਗੀ। 'ਖੋਡਿਨਾਕਾ-ਨਿਕੋਲਸ ਦੂਜੇ ਦੀ ਤਾਜਪੋਸ਼ੀ ਦੀ ਘਟਨਾ' ਵਿਚ ਆਮ ਮਨੁੱਖ ਇਮੇਲਿਨ ਨਾਲ ਵਾਪਰੀ ਘਟਨਾ ਰਾਹੀਂ ਸਪੱਸ਼ਟ ਕੀਤਾ ਹੈ ਕਿ ਧਨ, ਦੌਲਤ, ਇਨਾਮ, ਅਮੀਰ ਬਣਨ ਦੀਆਂ ਖਵਾਹਿਸ਼ਾਂ ਤੇ ਸੋਚਾਂ ਖ਼ਤਮ ਹੋ ਜਾਂਦੀਆਂ ਹਨ ਜਦ ਮਨੁੱਖ ਆਪਣੀ ਮੌਤ ਤੱਕਦਾ ਹੈ। 'ਕੀ ਆਦਮੀ ਨੂੰ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ?' ਜੀਵਨ ਦੀਆਂ ਤਲਖ਼ ਹਕੀਕਤਾਂ ਦੇ ਯਥਾਰਥ ਨੂੰ ਰੂਪਮਾਨ ਕੀਤਾ ਹੈ।
ਸਮਾਜਿਕ ਪ੍ਰਬੰਧ ਵਿਚ ਦੋ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਹੈ ਇਕ ਤਾਂ ਧਨ ਦੌਲਤ ਇਕੱਠੀ ਕਰਦੇ ਤੇ ਦੂਜੇ ਆਜ਼ਾਦ ਫ਼ਿਜ਼ਾ ਵਿਚ ਜੀਵਨ ਜਿਊਂਦੇ ਹਨ। 'ਦੋ ਬਜ਼ੁਰਗ ਆਦਮੀ' ਵਿਚ ਯੋਫਿਮ ਤੇ ਯੇਲਸੀ ਦਾ ਯੇਰੂਸਲਾਮ ਦੀ ਯਾਤਰਾ ਦਾ ਬਿਰਤਾਂਤਕ ਬਿਊਰਾ ਹੈ। ਕਹਾਣੀ ਦੇ ਦੋ ਪੱਖ ਹਨ ਇਕ ਹੈ ਯਾਤਰਾ ਰਾਹੀਂ ਰੱਬ ਦੇ ਘਰ ਦੇ ਦਰਸ਼ਨ ਦੀਦਾਰੇ ਕਰਨਾ ਤੇ ਦੂਜਾ ਮਨੁੱਖਤਾ ਦੀ ਸੇਵਾ ਵਿਚੋਂ ਰੱਬ ਨੂੰ ਦੇਖਣ ਦੀ ਜੁਗਤ ਹੈ। ਦੋ ਬਜ਼ੁਰਗਾਂ ਨੂੰ ਵਿਸ਼ਾਲ ਅਰਥਾਂ ਵਜੋਂ ਲਈਏ ਤਾਂ ਇਕ ਸਰੀਰ ਦੀ ਤਰਜ਼ਮਾਨੀ ਕਰਦਾ ਹੈ ਤੇ ਦੂਜਾ ਰੂਹ ਦੀ ਅਨੰਦੀ ਧੁਨੀ ਨੂੰ ਰੂਪਮਾਨ ਕਰਦਾ ਹੈ। 'ਮੋਮਬੱਤੀ' ਵਿਚ ਮੈਨੇਜਰ ਦੁਆਰਾ ਕਿਸਾਨਾਂ ਤੇ ਮਜ਼ਦੂਰਾਂ ਉੱਤੇ ਕੀਤੇ ਅਣਮਨੁੱਖੀ ਜ਼ੁਲਮਾਂ ਦਾ ਜ਼ਿਕਰ ਹੈ। ਪਾਤਰ ਪੀਟਰ ਮਾਈਕੇਵ ਰਾਹੀਂ ਸਹਿਜਤਾ, ਭਲਾਈ, ਸ਼ਾਂਤੀ ਤੇ ਸੱਚ ਨਾਲ ਹੱਕ-ਸੱਚ ਦੀ ਮੋਮਬੱਤੀ ਦੀ ਰੌਸ਼ਨੀ ਨੇ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਖ਼ਾਤਮਾ ਕਰ ਦਿੱਤਾ। 'ਏਲਯੋਸਾ-ਇਕ ਡੱਬਾ' ਵਿਚ ਪਾਤਰ ਏਲਯੋਸਾ ਰਾਹੀਂ ਸਮਾਜਿਕ ਪ੍ਰਬੰਧਨ ਵਿਚਲੀਆਂ ਸਮੱਸਿਆਵਾਂ ਵਿਚ ਖ਼ੁਸ਼ ਰਹਿਣ ਦੀ ਕਲਾਤਮਿਕ ਜੁਗਤ ਉੱਤੇ ਫੋਕਸ ਕੀਤਾ ਹੈ। 'ਇਕ ਪਾਗਲ ਦੀਆਂ ਯਾਦਾਂ' ਵਿਚ ਮਨੁੱਖੀ ਮਨ ਮਸਤਕ ਵਿਚਲੇ ਅਨੇਕ ਪ੍ਰਸ਼ਨ, ਜੀਵਨ ਕੀ ਹੈ? ਕਿਉਂ ਹੈ? ਕਿਵੇਂ ਜਿਊਣਾ? ਚੰਗਾ ਤੇ ਬੁਰਾ ਕੀ ਹੈ? ਅਣਦਿਸਦੇ ਸੰਸਾਰ ਦੀ ਥਾਹ ਕਿਵੇਂ ਪਾਈਏ? ਪਰਮਾਤਮਾ ਕਿਵੇਂ ਮਿਲੇਗਾ? ਆਦਿ ਹਨ। 'ਅੱਗ ਨੂੰ ਅਣਦੇਖਿਆ ਕਰਨ ਨਾਲ ਅੱਗ ਨਹੀਂ ਬੁੱਝਦੀ' ਕਹਾਣੀ 'ਜੇਹਾ ਬੀਜੋਗੇ ਤੇਹਾ ਵੱਢੋਗੇ' ਦੀ ਧਾਰਨਾ ਦੀ ਪ੍ਰੋੜਤਾ ਕਰਦੀ ਹੈ। 'ਖ਼ਾਲੀ ਢੋਲ' ਵਿਚ ਕਥਾ ਅੰਦਰ ਅਨੇਕ ਕਥਾਵਾਂ ਦੀ ਜੁਗਤ ਨੂੰ ਵਰਤਿਆ ਹੈ। ਦਾਦੀ ਤੇ ਨਾਨੀ ਮਾਂ ਦੇ ਨੈਤਿਕ ਮੁੱਲ ਵਿਧਾਨਾਂ ਨੇ ਮਨੁੱਖਤਾ ਦਾ ਮਾਰਗ ਦਰਸ਼ਨ ਕੀਤਾ। ਹਕੂਮਤਾਂ ਦੀ ਗ਼ੁਲਾਮ ਪ੍ਰਵਿਰਤੀ ਦੇ ਵਿਰੋਧ ਵਜੋਂ ਇਕ ਕਿਸਾਨ ਦੀ ਸਿਰੜੀ ਤੇ ਅਣਥੱਕ ਮਿਹਨਤ ਦ੍ਰਿਸ਼ਟੀਗੋਚਰ ਹੁੰਦੀ ਹੈ। ਪਤੀ-ਪਤਨੀ ਦੀ ਸੂਝ-ਬੂਝ ਨੇ ਰਾਜੇ ਦੀ ਅਨੈਤਿਕਤਾ ਦਾ ਖ਼ਾਤਮਾ ਕਰ ਦਿੱਤਾ। ਪਾਠਕਾਂ ਲਈ ਇਹ ਪੁਸਤਕ ਵਿਚਾਰਨਯੋਗ ਹੈ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

c c c

ਗੁਰੂ ਗੋਬਿੰਦ ਸਿੰਘ ਦਾ ਅਦੁੱਤੀ ਜਰਨੈਲ ਭਾਈ ਜੈਤਾ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੋਹਾਲੀ-ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111,
ਸੰਪਰਕ : 98147-83069

ਗੁਰ-ਇਤਿਹਾਸ ਬਿਆਨ ਦਾ ਇਹ ਨਾਵਲ ਜਿਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਦੁੱਤੀ ਜਰਨੈਲ ਤੇ ਸੇਵਕ ਭਾਈ ਜੈਤਾ ਜੀ ਉਰਫ਼ ਭਾਈ ਜੀਵਨ ਸਿੰਘ ਦੇ ਸਿਰੜੀ-ਸਦਕੀ ਜੀਵਨ ਦੀ ਪੇਸ਼ਕਾਰੀ ਕਰਦਾ ਹੈ ਉੱਥੇ ਇਸ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਧਰਮ ਖਾਤਰ ਦਿੱਤੀ ਮਿਸਾਲੀ ਸ਼ਹੀਦੀ ਅਤੇ ਸੱਚ-ਧਰਮ ਦੀ ਖਾਤਰ ਲੜੀਆਂ ਮਿਸਾਲੀ ਜੰਗਾਂ ਦਾ ਵੇਰਵਾ ਪੇਸ਼ ਕੀਤਾ ਹੈ। ਇਸ ਨਾਵਲ ਦੀ ਰਚਨਾ ਲਈ ਬਲਦੇਵ ਸਿੰਘ ਵਲੋਂ ਕੀਤੀ ਮਿਹਨਤ ਬੋਲਦੀ ਨਜ਼ਰ ਆਉਂਦੀ। ਉਨ੍ਹਾਂ ਵਲੋਂ ਗੁਰ-ਇਤਿਹਾਸ ਦਾ ਕੀਤਾ ਗਿਆ ਅਧਿਐਨ ਮੂੰਹ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਵਲੋਂ ਵਰਤੀਆਂ ਨਾਵਲੀ ਜੁਗਤਾਂ, ਧਾਰਮਿਕ ਰੰਗਣ ਵਾਲੀ ਪ੍ਰਭਾਵੀ ਬੋਲੀ ਪਾਠਕ ਨੂੰ ਇਕ ਹੀ ਬੈਠਕ ਵਿਚ ਨਾਵਲ ਨੂੰ ਮੁਕਾਉਣ ਲਈ ਪ੍ਰੇਰਿਤ ਕਰਦੀ ਹੈ। ਇਹ ਨਾਵਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਤੋਂ ਗੁਰੂ ਪ੍ਰਗਟ ਹੋਣ ਤੋਂ ਲੈ ਕੇ ਉਨ੍ਹਾਂ ਦੀਆਂ ਧਰਮ-ਪ੍ਰਚਾਰ ਲਈ ਕੀਤੀਆਂ ਯਾਤਰਾਵਾਂ, ਪਟਨਾ ਸਾਹਿਬ ਵਿਖੇ ਉਨ੍ਹਾਂ ਦਾ ਪੜਾਅ, ਗੋਬਿੰਦ ਰਾਏ ਦਾ ਜਨਮ, ਸ੍ਰੀ ਅਨੰਦਪੁਰ ਸਾਹਿਬ ਵਸਾਉਣਾ, ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਬਚਾਉਣ ਦਾ ਭਰੋਸਾ ਦੇਣਾ ਫਿਰ ਦਿੱਲੀ ਜਾ ਕੇ ਸ਼ਹੀਦੀ ਦੇਣੀ ਆਦਿ ਵੇਰਵੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਵਲੋਂ ਲੜੀਆਂ ਤਮਾਮ ਜੰਗਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਗੱਲ ਕਰਦਾ ਹੈ। ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ-ਨਾਲ ਅਦੁੱਤੀ ਜਰਨੈਲ ਭਾਈ ਜੈਤਾ ਦੀ ਕੀਤੀ ਬੇਮਿਸਾਲ ਕੁਰਬਾਨੀ ਇਹ ਨਾਵਲ ਭਲੀ ਭਾਂਤ ਪੇਸ਼ ਕਰਦਾ ਹੈ। ਨੌਵੇਂ ਪਾਤਸ਼ਾਹ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਦੇ ਧੜ ਦਾ ਦਿੱਲੀ 'ਚ ਸਸਕਾਰ ਅਤੇ ਸੀਸ ਨੂੰ ਅਨੇਕਾਂ ਕੁਰਬਾਨੀਆਂ ਕਰਕੇ, ਅਨੇਕਾਂ ਸਰੀਰਕ ਕਸ਼ਟ ਝੱਲ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਦੇ ਮਰਮਿਕ ਦ੍ਰਿਸ਼ ਇਸ ਨਾਵਲ ਨੂੰ ਇਕ ਸਫ਼ਲ ਇਤਿਹਾਸਕ ਨਾਵਲ ਸਿੱਧ ਕਰਦੇ ਹਨ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

 c c

ਜੇਕਰ ਦੇਖਦੀ ਨਾ
ਲੇਖਿਕਾ : ਵਿਰਕ ਪੁਸ਼ਪਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 62806-26439

ਸ਼ਾਇਰਾ ਵਿਰਕ ਪੁਸ਼ਪਿੰਦਰ ਆਪਣੀ ਪਲੇਠੀ ਕਾਵਿ ਕਿਤਾਬ 'ਜੇਕਰ ਦੇਖਦੀ ਨਾ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਆਪਣੇ ਸਵੈ: ਕਥਨ ਵਿਚੋਂ ਉਹ ਆਖਦੀ ਹੈ ਕਿ ਉਹ ਬਹੁਤ ਸੰਵੇਦਨਸ਼ੀਲ ਹੈ ਤੇ ਘਟੀਆ-ਪਿਟੀਆਂ ਕੀਮਤਾਂ 'ਤੇ ਵਿਸ਼ਵਾਸ ਨਹੀਂ ਕਰਦੀ। ਇਸ ਤਰ੍ਹਾਂ ਉਹ ਨਿਤਸ਼ੇ ਦੇ ਨਾਇਕ ਜਰਬੁਸਤਰ ਰਾਹੀਂ ਕਹੀ ਗਈ ਗੱਲ ਕਿ ''ਬੋਦੀਆਂ ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਜ਼ਿਆਦਾ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਦੀ ਰਾਮਕਾਰ ਉਲੰਘ ਕੇ ਹੀ ਤਰੰਗਤੀ ਜੀਵਨ ਦਾ ਜਸ਼ਨ ਮਨਾਇਆ ਜਾ ਸਕਦਾ ਹੈ।'' ਨੂੰ ਤਸਦੀਕ ਕਰਦੀ ਨਜ਼ਰ ਆਉਂਦੀ ਹੈ। ਉਹ ਬਾਵਾ ਬਲਵੰਤ ਦੀ ਇਸ ਸਤਰ ਨੂੰ ਵੀ ਤਸਦੀਕ ਕਰਦੀ ਨਜ਼ਰ ਆਉਂਦੀ ਹੈ। ''ਜ਼ਿੰਦਗੀ ਏ ਪਰਾਇਆ ਧਨ ਨਹੀਂ, ਜ਼ਿੰਦਗੀ ਨੂੰ ਮਾਨਣਾ ਔਗੁਣ ਨਹੀਂ, ਕਿਉਂ ਨੇ ਪਿਆਰਾਂ ਦੇ ਪੈਰੀਂ ਬੇੜੀਆਂ ਜਦ ਹਵਾ ਤੇ ਖੁਸ਼ਬੂ 'ਤੇੇ ਬੰਧਨ ਨਹੀਂ।' ਵਾਈ.ਬੀ. ਯੀਟਸ ਆਖਦਾ ਹੈ, ਜਦੋਂ ਤੁਸੀਂ ਕਿਸੇ ਨਾਲ ਲੜਦੇ ਹੋ ਤਾਂ ਤੁਹਾਡੇ ਹੱਥ ਕੁਝ ਨਹੀਂ ਆਉਂਦਾ ਅਤੇ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ।'' ਸੋ ਇਹ ਸ਼ਾਇਰਾ ਆਪਣੇ ਆਪ ਨਾਲ ਲੜ ਕੇ ਪਰੰਪਰਾ ਅਤੇ ਆਧੁਨਿਕਤਾ ਵਿਚਕਾਰ ਤ੍ਰਿਸ਼ੰਕੂ ਨਹੀਂ ਬਣਦੀ ਤੇ ਖੁਰਦਬੀਨੀ ਅੱਖ ਨਾਲ ਸਮਕਾਲੀ ਕਦਰਾਂ-ਕੀਮਤਾਂ ਦਾ ਤਬਸਰਾ ਕਰਦੀ ਹੋਈ ਘਰ ਵਿਚ ਮਾਂ-ਪਿਉ ਵਲੋਂ 'ਸਾਊ' ਬਣਨ ਦੀ ਮਿਲੀ 'ਟਿਊਸ਼ਨ' ਨੂੰ ਜਲ ਪ੍ਰਵਾਹ ਕਰਦੀ ਹੋਈ ਅੱਜ ਦੇ ਰਾਮ ਅੱਗੇ ਅਗਨ ਪ੍ਰੀਖਿਆ ਨਹੀਂ ਦਿੰਦੀ ਤੇ ਨਾ ਹੀ ਅਹਿੱਲਿਆ ਵਾਂਗ ਸਿੱਲ੍ਹ-ਪੱਥਰ ਬਣ ਕੇ ਕਿਸੇ ਅੱਜ ਦੇ ਰਾਮ ਦੀ ਛੋਹ ਦੀ ਉਡੀਕ ਕਰਦੀ ਹੈ। ਉਹ ਤਾਂ ਜ਼ਿੰਦਗੀ ਦੀ ਆਸ਼ਕ ਹੈ ਲੋਕਾਈ ਦੀ ਆਸ਼ਕ ਹੈ। ਵਿਆਹ ਤੋਂ ਬਾਅਦ ਸਹੁਰੇ ਘਰ ਵਿਚ ਰਸੋਈ 'ਚ ਵੜਨ ਸਮੇਂ ਉਹ ਮਾਤਾ-ਪਿਤਾ ਦੀਆਂ ਸਮਝਾਉਣੀਆਂ ਨੂੰ ਦਰਾਂ ਤੋਂ ਬਾਹਰ ਹੀ ਰੱਖ ਆਉਂਦੀ ਅਤੇ ਲੈਨਿਨ, ਐਮਲਜ਼ ਅਤੇ ਮਾਰਕਸੀ ਫ਼ਲਸਫ਼ੇ ਨੂੰ ਫੈਵੀਕੋਲ ਲਾਈ ਰੱਖਦੀ ਹੈ। ਉਹ ਮੁੜ ਕੇ ਆਉਣ ਲਈ ਹੀ ਗਏ ਹਨ। ਉਹ ਭਗਵੇਂ ਬ੍ਰਿਗੇਡ ਦੀ ਟੀਰੀ ਅੱਖ ਨੂੰ ਚੰਗੀ ਤਰ੍ਹਾਂ ਸਮਝਦੀ ਹੋਈ ਹੋਰ ਵਿਭਿੰਨ ਵਰਤਾਰਿਆਂ ਨਾਲ ਤਾਰਕਿਕ ਦਸਤਪੰਜਾ ਲੈਂਦੀ ਹੋਈ ਆਧੁਨਿਕ ਭਾਵ-ਬੋਧ, ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਦੀ ਲੱਜ ਪਾਲ ਰਹੀ ਹੈ। ਇਸ ਪਲੇਠੀ ਕਾਵਿ-ਕਿਰਤ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਤੇ ਇਹ ਵੀ ਵਿਸ਼ਵਾਸ ਬੱਝਦਾ ਹੈ ਕਿ ਇਹ ਸ਼ਾਇਰਾ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਪਾਠਕਾਂ ਦੇ ਰੂ-ਬ-ਰੂ ਕਰਾਏਗੀ। ਆਮੀਦ!!!

-ਭਗਵਾਨ ਢਿੱਲੋਂ, ਮੋਬਾਈਲ : 98143-78254

ਮੋਤੀਆਂ ਦਾ ਛੱਜ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।
ਮੁੱਲ : 220, ਸਫੇ : 99
ਸੰਪਰਕ : 98150-30221

ਹੀਰੇ ਤੇ ਮੋਤੀ ਰਾਹਾਂ 'ਤੇ ਨਹੀਂ ਰੁਲਿਆ ਕਰਦੇ। ਇਵੇਂ ਹੀ ਵਿਚਾਰਾਂ ਦੇ ਮੋਤੀ ਮਿਹਨਤ ਨਾਲ ਅਤੇ ਲੇਖਕ ਦੇ ਅਨੁਭਵ ਦਾ ਪ੍ਰਕਾਸ਼ ਹੋਇਆ ਕਰਦੇ ਨੇ। ਪ੍ਰਭਜੋਤ ਕੌਰ ਢਿੱਲੋਂ ਦੀ ਹਥਲੀ ਪੁਸਤਕ ਉਸ ਦੇ ਗੰਭੀਰ ਚਿੰਤਨ ਦੀਆਂ ਟਾਹਣੀਆਂ ਦੇ ਸੈਂਕੜੇ ਸੁਹਾਵਣੇ ਪੱਤੇ ਨੇ। ਉਹ ਫੇਸਬੁੱਕ 'ਤੇ ਦਿਨ-ਪ੍ਰਤੀ-ਦਿਨ ਇਕ ਦੋ ਪੰਕਤੀਆਂ ਵਿਚ ਆਪਣੇ ਵਿਚਾਰ ਉਲੀਕਦੀ ਰਹਿੰਦੀ ਹੈ। ਫੇਸਬੁੱਕ 'ਤੇ ਇਕੱਤਰ ਹੋਏ ਅਜਿਹੇ ਵਿਚਾਰ ਹੀ ਇਸ ਪੁਸਤਕ ਦਾ ਸ਼ਿੰਗਾਰ ਬਣੇ ਹੋਏ ਨੇ। ਲੇਖਿਕਾ ਬੜੀ ਨੀਝ ਨਾਲ ਜੀਵਨ ਦੀਆਂ ਘਟਨਾਵਾਂ ਨੂੰ ਵੇਖਦੀ ਹੈ, ਸੋਚਦੀ ਹੈ ਅਤੇ ਫਿਰ ਲਿਖਤ ਦਾ ਜਾਮਾ ਪਹਿਨਾਉਂਦੀ ਹੈ। ਵਿਚਾਰ-ਮੋਤੀਆਂ ਦੇ ਇਸ ਛੱਜ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਵਾਤਾਵਰਣਿਕ ਅਤੇ ਮਨੋਵਿਗਿਆਨਕ ਵਿਸ਼ੇ ਆਪੋ-ਆਪਣੀ ਬੋਲੀ ਬੋਲਦੇ ਹਨ। ਇਸ ਵਿਚ ਸਰਕਾਰਾਂ, ਕਿਸਾਨਾਂ, ਕਰਜ਼ਿਆਂ, ਵੋਟਰਾਂ, ਪਰਿਵਾਰਾਂ, ਮਾਵਾਂ, ਬਜ਼ੁਰਗਾਂ, ਧੀਆਂ, ਪੁੱਤਾਂ, ਘਰ, ਪੈਸਾ, ਮਾਂ-ਬੋਲੀ ਅਤੇ ਬਿਰਧ ਆਸ਼ਰਮਾਂ ਦੇ ਦ੍ਰਿਸ਼ ਨੇ। ਕੁਦਰਤ, ਰੁੱਖ, ਪ੍ਰਦੂਸ਼ਣ, ਕੋਰੋਨਾ ਮਹਾਂਮਾਰੀ, ਸੈਨਿਕਾਂ, ਸ਼ਹੀਦਾਂ, ਵਿਹਲੜਾਂ, ਰਿਸ਼ਵਤਾਂ, ਭ੍ਰਿਸ਼ਟਾਚਾਰ, ਬੇਈਮਾਨੀਆਂ, ਇਮਾਨਦਾਰੀਆਂ, ਨਸ਼ਿਆਂ, ਦਹੇਜ, ਫੈਸ਼ਨਾਂ, ਕਾਨੂੰਨਾਂ ਦੀਆਂ ਬਾਤਾਂ ਨੇ। ਵਿਖਾਵਾ, ਤੋਹਫ਼ੇ, ਨਫ਼ਰਤ, ਪਿਆਰ, ਤਲਾਕ, ਖੁਸ਼ੀ-ਗ਼ਮੀ, ਸੋਚ, ਹੱਕ ਤੇ ਫ਼ਰਜ਼, ਫੁਕਰਾਪਨ ਆਦਿ ਨੂੰ ਫੋਕਸ 'ਚ ਲਿਆਂਦਾ ਗਿਆ ਹੈ। ਸਿਸਟਮ ਦੇ ਨੁਕਸ ਅਤੇ ਦੂਜਿਆਂ ਦੇ ਨੁਕਸ ਛਾਂਟਣ 'ਤੇ ਪੰਛੀ-ਝਾਤ ਪੁਆਈ ਗਈ ਹੈ। ਜੋ ਤੁਸੀਂ ਹੋ, ਬਸ ਹੋ, ਦੂਜਿਆਂ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਗੱਲ ਕੀ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਤਿਆਗਿਆ ਹੋਵੇ, ਜਿਸ ਦਾ ਮਾਨਵੀ ਅਸਤਿਤਵ ਨਾਲ ਸਰੋਕਾਰ ਹੋਵੇ। ਲੇਖਿਕਾ ਦੀਆਂ ਅਨੇਕਾਂ ਮੁੱਲਵਾਨ ਗੱਲਾਂ ਉਚਿਤ ਕਰਨ ਯੋਗ ਹਨ। ਭਾਵ 'ਜਦੋਂ ਰੋਣ ਨੂੰ ਦਿਲ ਕਰੇ ਤਾਂ ਰੋ ਲੈਣਾ ਚਾਹੀਦਾ ਹੈ। ਹੰਝੂਆਂ ਵਾਂਗ ਰਿਸ਼ਤਾ ਕੋਈ ਨਹੀਂ ਨਿਭਾਉਂਦਾ। ਖੁਸ਼ੀ-ਗ਼ਮੀ, ਦੁੱਖ-ਸੁੱਖ, ਵਿਛੋੜੇ ਵੇਲੇ ਸਾਥ ਦੇਣ ਆ ਜਾਂਦੇ ਹਨ।' ਪੰਨਾ : 30, 'ਕਾਨੂੰਨ ਵਿਚ ਸਿਰਫ਼ ਨੂੰ' ਹੀ ਔਰਤ ਹੈ। ਲੜਕੇ ਦੀ ਮਾਂ ਜਾਂ ਭੈਣ ਨੂੰ, ਕਾਨੂੰਨ ਔਰਤ ਮੰਨਦਾ ਹੋਵੇ ਤਾਂ ਉਨ੍ਹਾਂ ਦੀ ਦੁਰਦਸ਼ਾ ਨਾ ਹੋਵੇ।' ਪੰਨਾ : 68 'ਜਿਹੜਾ ਤੁਹਾਡੇ ਵੱਲ ਉਂਗਲੀ ਚੁੱਕਦਾ ਹੈ, ਉਹ ਭੁੱਲ ਜਾਂਦਾ ਹੈ ਕਿ ਤਿੰਨ ਉਸ ਵੱਲ ਵੀ ਹੋ ਰਹੀਆਂ ਹਨ।' ਪੰਨਾ : 79 ਸ਼ਾਇਦ ਲੇਖਿਕਾ ਨੂੰ ਕਈ ਗੱਲਾਂ ਜ਼ਿਆਦਾ ਮੁਲਵਾਨ ਪ੍ਰਤੀਤ ਹੋਈਆਂ ਨੇ। ਇਸੇ ਲਈ ਉਨ੍ਹਾਂ ਵਿਚ ਦੁਹਰਾਅ ਆ ਗਿਆ ਹੈ ਜਿਵੇੇਂ ਕਿ (ੳ) ਸਰਕਾਰਾਂ ਨੇ ਕੁਝ ਚੱਜ ਦਾ ਕੀਤਾ ਹੁੰਦਾ ਤਾਂ... (ਪੰਨਾ : 9, 18), (ਅ) ਦਹੇਜ ਦੇਣਾ ਅਤੇ ਲੈਣਾ ਗੁਨਾਹ ਹੈ... (ਪੰਨਾ : 16, 18), (ੲ) ਸਿਆਣੇ ਮਾਪੇ ਧੀਆਂ ਦੇ ਵਿਆਹ ਤੋਂ ਬਾਅਦ.... (ਪੰਨਾ : 42, 65), ਕਿੰਨਾ ਚੰਗਾ ਹੋਵੇ ਜੇ ਦੂਸਰੇ ਸੰਸਕਰਨ ਸਮੇਂ ਇਕੋ ਵਿਸ਼ੇ 'ਤੇ ਖਿੰਡ ਕੇ ਵਿਚਾਰਾਂ ਨੂੰ ਇਕ ਥਾਂ ਇਕੱਤਰ ਕਰਕੇ ਵੱਖ-ਵੱਖ ਸਿਰਲੇਖਾਂ ਹੇਠ ਸੰਕਲਿਤ ਕਰ ਲਿਆ ਜਾਵੇ। ਅਜਿਹਾ ਹੋ ਜਾਣ ਨਾਲ ਪਾਠਕ ਮਨ 'ਤੇ ਬੱਝਵਾਂ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

-ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c

 

ਹੇਮਕੁੰਟ ਤੋਂ ਨੰਦੇੜ
ਲੇਖਕ : ਜਗਜੀਤ ਸਿੰਘ ਗੁਰਮ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 99147-01668

'ਹੇਮਕੁੰਟ ਤੋਂ ਨੰਦੇੜ' ਕਿਤਾਬ ਨੂੰ ਕਾਵਿ ਰੂਪ ਨਾਲ ਸ਼ਿੰਗਾਰ ਕੇ ਲੇਖਕ ਨੇ ਸਾਹਿਤ ਵਿਚ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਇਹ ਪੁਸਤਕ ਯਾਤਰਾ ਬਿਰਤਾਂਤ ਦਾ ਇਕ ਕਾਵਿ ਰੂਪ ਹੈ। ਇਹ ਯਾਤਰਾ ਸੰਤ ਸਿਪਾਹੀ ਦਸਮ ਪਾਤਿਸ਼ਾਹ ਦੀ ਰੂਹਾਨੀ ਯਾਤਰਾ ਦਾ ਕਾਵਿਕ ਚਿੱਤਰ ਹੈ। ਇਸ ਪੁਸਤਕ ਵਿਚ ਲੇਖਕ ਨੇ ਚਾਰ-ਚਾਰ ਲਾਈਨਾਂ ਦੇ 434 ਕਾਵਿ ਬੰਦ ਕਲਮਬੰਦ ਕੀਤੇ ਹਨ। ਜਿਨ੍ਹਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੋਂ ਲੈ ਕੇ ਨਿਰਵਾਨ ਤੱਕ ਦੀ ਯਾਤਰਾ ਦਾ ਚਿਤਰਨ ਕੀਤਾ ਗਿਆ ਹੈ।
ਕੁਦਰਤ ਦੀ ਗੋਦੀ ਵਿਚ ਬਹਿ ਕੇ
ਸੰਗ ਬਰਫ਼ ਦੇ ਬਰਫ਼ ਹੋ ਗਿਆ
ਇਕ ਤਪੱਸਵੀ ਪਿਛਲੇ ਜਨਮ ਵਿਚ
ਹਰਫ਼ ਦੇ ਸੰਗ ਹਰਫ਼ ਹੋ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਸਾਉਣ ਪ੍ਰਤੀ ਕਵਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤਕ ਰੂਪ ਬਾਰੇ ਵੀ ਲੇਖਕ ਨੇ ਕਾਵਿ ਬੰਦਾਂ ਰਾਂਹੀ ਚਰਚਾ ਕੀਤੀ ਹੈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜ ਪਿਆਰਿਆਂ ਦੀ ਸਿਰਜਨਾ ਬਾਰੇ ਲਿਖਦਾ ਹੈ
ਪੰਜ ਪਿਆਰੇ ਸਾਜ ਗੁਰਾਂ ਨੇ
ਪੰਜਾਂ ਨੂੰ ਮੰਨਿਆ ਪਰਮੇਸ਼ਵਰ
ਪੰਜਾਂ ਦਾ ਇਉਂ ਰੂਪ ਲਿਸ਼ਕਿਆ
ਜਿਉਂ ਬਰਫ਼ਾਂ ਵਿਚ ਲਿਸ਼ਕੇ ਕੇਸਰ।
ਚਮਕੌਰ ਸਾਹਿਬ ਹੋਈਆਂ ਘਟਨਾਵਾਂ ਦਾ ਵਰਨਣ, ਦਿੱਲੀ, ਰਾਜਸਥਾਨ, ਕਲੈਤ, ਆਗਰਾ, ਨਰਬਦਾ, ਤਾਪਤੀ, ਬੁਰਹਾਨਪੁਰ ਆਦਿ ਤੋਂ ਨੰਦੇੜ ਤੱਕ ਦਾ ਸਫ਼ਰ ਦਾ ਵਰਨਣ ਇਸੇ ਤਰ੍ਹਾਂ ਥਾਂ ਪੁਰ ਥਾਂ ਤੇ ਗੁਰੂ ਮਹਿਮਾ, ਸਤਿਸੰਗ ਨਾਮ ਸਿਮਰਨ ਅਤੇ ਪ੍ਰਭੂ ਦਰਸ਼ਨ ਦੀ ਲਾਲਸਾ ਦਾ ਜ਼ਿਕਰ ਗੋਦਾਵਰੀ ਨਦੀ ਵਿਚ ਹੀਰਾ ਸੁੱਟਣ ਦੀ ਘਟਨਾ ਦਾ ਚਿਤਰਨ ਹੈ, ਇਸ ਯਾਤਰਾ ਦਾ ਅੰਤ ਗੁਰੂ ਸਾਹਿਬ ਦੇ ਨੰਦੇੜ ਵਿਖੇ ਚੋਲਾ ਛੱਡਣ ਅਤੇ ਉਸ ਥਾਂ 'ਤੇ ਸ਼ਬਦ ਕੀਰਤਨ, ਲੰਗਰ ਪ੍ਰਸ਼ਾਦਿ ਆਦਿ ਗੁਰੂ ਸਾਹਿਬ ਦੀ ਮਿੱਠੀ ਯਾਦ ਨੂੰ ਸਮਰਪਣ ਦੇ ਚਿਤਰਨ ਹਨ। ਲੇਖਕ ਦੀ ਭਾਸ਼ਾ ਸਰਲ ਹੈ। ਕਾਵਿ ਬੰਦ ਹੋਣ ਦੇ ਬਾਵਜੂਦ ਭਾਸ਼ਾ ਵਿਚ ਇਕ ਖ਼ਾਸ ਤਰ੍ਹਾਂ ਦਾ ਨਿਖਾਰ ਤੇ ਨਿਵੇਕਲਾਪਨ ਹੈ ਜੋ ਧਰਮ ਦੇ ਪ੍ਰਤੀ ਵਿਚਾਰ, ਵਿਸ਼ਵਾਸ, ਵੀਰਤਾ ਅਤੇ ਵਿਰਸੇ ਦੀ ਸੰਭਾਲ ਦੀ ਵੀ ਅਨੂਠੀ ਉਦਾਹਰਨ ਹੈ।
ਜਦੋਂ ਜ਼ੁਲਮ ਦੀ
ਹਨੇਰੀ ਝੁਲਦੀ ਹੈ
ਤਾਂ ਕੋਈ
ਮਰਦ ਅੰਗਮੜਾ
ਜਨਮ ਲੈਂਦਾ ਹੈ
ਪਿਤਾ ਨੂੰ
ਮਜ਼ਲੂਮਾਂ ਦੀ
ਢੋਈ ਬਨਾਉਂਦਾ ਹੈ
ਆਪਣਾ ਰਾਹ
ਆਪ ਲੱਭਦਾ ਹੈ
ਆਪਣਾ ਸੂਰਜ
ਆਪ ਸਿਰਜਦਾ ਹੈ।
ਕਾਵਿਕ ਰੂਪ ਵਿਚ ਇਹ ਪੁਸਤਕ ਚੰਗੀ ਤੇ ਪੜ੍ਹਨ ਯੋਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬੜੀ ਅਕਲ ਵਾਲਾ ਈਵਾਨ
ਅਨੁਵਾਦ ਅਤੇ ਸੰਪਾਦਨ : ਮਨਜੀਤ ਇੰਦਰਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਕੀਮਤ : 200 ਰੁਪਏ, ਸਫ਼ੇ : 144
ਸੰਪਰਕ : 0172-5027427

ਵਿਚਾਰ ਅਧੀਨ ਇਸ ਪੁਸਤਕ ਵਿਚ ਚਾਰ ਲੰਬੀਆਂ ਰੂਸੀ ਲੋਕ ਕਹਾਣੀਆਂ ਦਾ ਪੰਜਾਬੀ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਪਾਠਕਾਂ ਦੇ ਪੜ੍ਹਨ ਨੂੰ ਸੌਖਾ ਬਣਾਉਣ ਲਈ, ਸ਼ੁਰੂ ਵਿਚ ਰੂਸੀ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ।
ਸ਼ਹਿਜ਼ਾਦੀ ਮਾਹੇਸਿਤਾਰਾ ਅਤੇ ਸ਼ੌਕਤ ਦੇ ਵਿਆਹ ਦੀ ਬੜੀ ਦਿਲਚਸਪ ਕਹਾਣੀ ਹੈ। ਅੱਗੇ-ਅੱਗੇ ਘਟਣ ਵਾਲੀਆਂ ਘਟਨਾਵਾਂ ਦੀ ਉਤਸੁਕਤਾ ਬਣੀ ਰਹਿੰਦੀ ਹੈ। 'ਜਾ ਉੱਥੇ-ਪਤਾ ਨਹੀਂ ਕਿੱਥੇ ਲਿਆ ਉਹਨੂੰ ਪਤਾ ਨਹੀਂ ਕੀਹਨੂੰ' ਬੜੀ ਦਿਲਚਸਪ ਅਤੇ ਖ਼ਿਆਲੀ ਜਿਹੀ ਕਹਾਣੀ ਹੈ। ਜਿਸ ਤਰ੍ਹਾਂ ਅੰਦਰੇਈ ਅਸੰਭਵ ਕੰਮਾਂ ਨੂੰ ਸੰਭਵ ਕਰ ਦਿਖਾਉਂਦਾ ਹੈ, ਏਦਾਂ ਹਕੀਕਤ ਦੀ ਜ਼ਿੰਦਗੀ ਵਿਚ ਨਹੀਂ ਹੁੰਦਾ। ਜ਼ਾਰ ਦਾ ਕੰਡਾ ਕੱਢਣ ਤੋਂ ਬਾਅਦ ਸ਼ਹਿਜ਼ਾਦੀ ਮਾਰੀਆ ਨੇ ਅੰਦਰੇਈ ਨਾਲ ਸ਼ਾਦੀ ਕਰ ਲਈ। ਕਹਾਣੀ 'ਬੜੀ ਅਕਲ ਵਾਲਾ ਛੋਟਾ ਈਵਾਨ' ਵਿਚ ਸ਼ਿਕਾਰੀ ਦੇ ਚੁੱਕੇ ਤੇਤੀ ਆਂਡਿਆਂ ਵਿਚੋਂ ਤੇਤੀ ਨਰ ਬੱਚੇ ਪੈਦਾ ਹੋਣੇ, ਇਕ ਅਸਚਰਜ ਵਾਕਿਆ ਹੈ। ਉਨ੍ਹਾਂ ਵਿਚੋਂ ਸਭ ਤੋਂ ਛੋਟੇ ਈਵਾਨ ਨੇ ਅਕਲ ਨਾਲ ਸੁਨਹਿਰੀ ਗਰਦਨ ਦੇ ਵਾਲਾਂ ਵਾਲੀ ਘੋੜੀ ਨੂੰ ਆਪਣੀ ਦਾਸੀ ਬਣਾ ਲਿਆ। ਜ਼ਾਰ ਦੇ ਹੁਕਮ 'ਤੇ ਉਹ ਘੋੜੀ ਦੀ ਮਦਦ ਨਾਲ ਅਸੰਭਵ ਕਾਰਨਾਮੇ ਕਰਦਾ ਰਿਹਾ। ਉਹ ਔਖੇ ਤੋਂ ਔਖੇ ਇਮਤਿਹਾਨ ਵਿਚੋਂ ਵੀ ਸਫਲ ਹੋ ਕੇ ਨਿਕਲਿਆ। ਇਥੋਂ ਤੱਕ ਕਿ ਉੱਬਲਦੇ ਦੁੱਧ ਦੇ ਕੜਾਹੇ ਵਿਚੋਂ ਵੀ ਉਹ ਅਣਝੁਲਸਿਆ ਬਾਹਰ ਨਿਕਲ ਆਇਆ। ਖ਼ੂਬਸੂਰਤ ਸ਼ਹਿਜ਼ਾਦੀ ਅਲਯੋਨਾ ਈਵਾਨ ਦੀ ਪਤਨੀ ਬਣੀ।
ਸੁਨਹਿਰੇ ਦੇਸ਼ ਦਾ ਮਹਾਂਵੀਰ ਵਿਚ ਸਲੀਮਬਾਇ ਨੇ ਰੁਸਤਮ ਤੇ ਉਸ ਦੇ ਬੁੱਢੇ ਬਾਪ ਤੋਂ ਧੋਖੇ ਨਾਲ ਘਰ ਖੋਹ ਲਿਆ ਸੀ। ਜ਼ਿੰਦਗੀ ਦੇ ਇਕ ਲੰਬੇ ਸੰਘਰਸ਼ ਨੇ ਅਤੇ ਕੁਝ ਦੈਵੀ ਤਾਕਤਾਂ ਨੇ ਉਸ ਨੂੰ ਸ਼ਕਤੀਸ਼ਾਲੀ ਯੋਧਾ ਬਣਾ ਦਿੱਤਾ ਸੀ। ਤੋਂਗ ਗੁੱਲੀ ਨੂੰ ਗੁਫਾ ਵਿਚੋਂ ਬਚਾ ਕੇ ਲਿਆਉਣ ਅਤੇ ਪਿੰਡ ਦੇ ਲੋਕਾਂ ਨੂੰ ਅਜਗਰ ਦੇ ਡਰ ਤੋਂ ਮੁਕਤ ਕਰਾਉਣ ਅਤੇ ਸਲੀਮਬਾਇ ਦਾ ਅੰਤ ਕਰਕੇ ਰੁਸਤਮ ਲੋਕ ਨਾਇਕ ਬਣ ਗਿਆ। ਕਹਾਣੀ ਪਾਠਕ ਨੂੰ ਸਿਰੇ ਤੀਕ ਆਪਣੇ ਨਾਲ ਜੋੜੀ ਰੱਖਦੀ ਹੈ। ਅਨੁਵਾਦ ਕਰਨ 'ਤੇ ਮਿਹਨਤ ਤਾਂ ਕਾਫ਼ੀ ਕੀਤੀ ਗਈ ਹੈ।
ਪਰ ਪੁਸਤਕ ਵਿਚ ਪ੍ਰਕਾਸ਼ਨ ਦੀਆਂ ਗ਼ਲਤੀਆਂ ਦੀ ਬਹੁਤਾਤ ਵੀ ਪਾਠਕ ਨੂੰ ਬੜੀ ਅੱਖੜਦੀ ਹੈ। ਆਉਂਦੇ ਸੰਸਕਰਨ ਵਿਚ ਇਨ੍ਹਾਂ ਨੂੰ ਸੁਧਾਰਨਾ ਬਣਦਾ ਹੈ। ਇਨ੍ਹਾਂ ਕਹਾਣੀਆਂ ਵਿਚ ਜਾਦੂਮਈ ਕਾਰਨਾਮੇ ਪੜ੍ਹ ਕੇ ਪਾਠਕ ਹੈਰਾਨ ਤਾਂ ਹੋ ਜਾਂਦਾ ਹੈ, ਪਰ ਇਹ ਕਹਾਣੀਆਂ ਜ਼ਿੰਦਗੀ ਦੀ ਹਕੀਕਤ ਤੋਂ ਕੋਰੀਆਂ ਹਨ ਜਾਂ ਇਨ੍ਹਾਂ ਨੂੰ ਮਿੱਥ ਕਹਾਣੀਆਂ ਵੀ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।

-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686

ਸੁਪਨਿਆਂ ਦਾ ਸਿਰਨਾਵਾਂ
ਲੇਖਿਕਾ : ਅਮੈਨੀ ਗਿੱਲ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ: 128
Email: amangillgholia95@gmail.com

'ਸੁਪਨਿਆਂ ਦਾ ਸਿਰਨਾਵਾਂ' ਉੱਭਰਦੀ ਕਵਿੱਤਰੀ ਅਮੈਨੀ ਗਿੱਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀਆਂ ਇਕ ਸੌ ਅੱਠ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਔਰਤ ਵਰਗ ਦੀ ਆਰਥਿਕ-ਸਮਾਜਿਕ ਦਸ਼ਾ ਅਤੇ ਦਿਸ਼ਾ ਨੂੰ ਸੰਬੋਧਿਤ ਹਨ। ਸਮਾਜ ਦੇ ਹਰ ਖੇਤਰ ਵਿਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਮਾਮਲੇ ਵਿਚ ਉਹ ਬੇਹੱਦ ਫ਼ਿਕਰਮੰਦ ਅਤੇ ਚਿੰਤਨਸ਼ੀਲ ਹਨ। ਉਨ੍ਹਾਂ ਦੀ ਕਵਿਤਾ ਦਾ ਕੇਂਦਰੀ ਭਾਵ ਹਰ ਤਰ੍ਹਾਂ ਦੇ ਭੇਦਭਾਵ ਨੂੰ ਖ਼ਤਮ ਕਰ ਕੇ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਅਤੇ ਆਜ਼ਾਦੀ ਦਿਵਾਉਣਾ ਹੀ ਹੈ। ਵਿਧਵਾ ਨੂੰ ਪਰਿਭਾਸ਼ਿਤ ਕਰਦਿਆਂ ਉਹ ਲਿਖਦੇ ਹਨ ਕਿ ਮਨ ਦਾ ਚਿੱਟਾ ਹੋ ਜਾਣਾ, ਸਮਾਜ ਵਿਚ ਹਰ ਰੋਜ਼ ਆਪਣੇ ਆਪ ਨੂੰ ਸਮਝਾਉਂਦੇ ਰਹਿਣਾ ਵਿਧਵਾ ਕਹਾਉਂਦਾ ਹੈ। ਉਨ੍ਹਾਂ ਮੁਤਾਬਿਕ ਔਰਤ ਹਰ ਪਲ ਆਪਣੇ ਆਪ ਨੂੰ ਮਾਰਦੀ ਰਹਿੰਦੀ ਹੈ ਤਾਂ ਕਿ ਉਹ ਹੋਰਨਾਂ ਦੀ ਖ਼ੁਸ਼ੀ ਲਈ ਜੀਅ ਸਕੇ, ਉਹ ਆਪਣੇ ਪਿਆਰ ਦਾ ਗਲਾ ਘੁੱਟ ਕੇ ਮਾਪਿਆਂ ਦੇ ਲੱਭੇ ਸਾਥੀ ਨਾਲ ਜ਼ਿੰਦਗੀ ਗੁਜ਼ਾਰਦੀ ਹੈ ਅਤੇ ਮਾਂ ਬਣ ਕੇ ਆਪਣੇ ਸਰੀਰ ਦੀ ਬਨਾਵਟ ਨੂੰ ਖ਼ਰਾਬ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਔਰਤ ਦਾ ਆਪਣਾ ਸੁਹੱਪਣ ਹੀ ਉਸ ਦਾ ਦੁਸ਼ਮਣ ਬਣ ਜਾਂਦਾ ਹੈ। ਬਚਪਨ ਤੋਂ ਹੀ ਲੜਕਿਆਂ ਦੇ ਮੁਕਾਬਲੇ ਲੜਕੀਆਂ ਲਈ ਬਹੁਤ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ, ਘਰ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਹੀ ਉਸ ਨੂੰ ਮਰਦ ਜਾਤ ਨਾਲ ਲੜਨਾ ਪੈਂਦਾ ਹੈ। ਸਮਾਜਿਕ ਰਿਸ਼ਤਿਆਂ ਪ੍ਰਤੀ ਉਨ੍ਹਾਂ ਦੇ ਸੰਤੁਲਿਤ ਨਜ਼ਰੀਏ ਨੂੰ ਬਾਖ਼ੂਬੀ ਉਜਾਗਰ ਕਰਦੀਆਂ ਇਨ੍ਹਾਂ ਭਾਵਪੂਰਨ ਸਤਰਾਂ ਦੇ ਹਵਾਲੇ ਨਾਲ ਇਸ ਸੁਹਜ ਭਰਪੂਰ ਕੋਸ਼ਿਸ਼ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ:
ਜਿਸਮ ਦਾ ਜਿਸਮ ਨਾਲ ਮਿਲਣਾ
ਕੋਈ ਨੀਵੀਂ ਸੋਚ ਨਹੀਂ
ਪਰ ਜਿਸਮ ਦੇ ਨਾਲ
ਰੂਹ ਦਾ ਹੋਣਾ ਵੀ ਜ਼ਰੂਰੀ ਹੈ
ਜਦ ਕੋਈ ਜ਼ਿਕਰ ਇਕੱਲੇ ਜਿਸਮ ਦਾ ਕਰੇ
ਤਾਂ ਫਿਰ ਉਸ ਦੇ ਆਤਮ ਸਨਮਾਨ ਨੂੰ
ਸੱਟ ਲਗਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

17-09-2022

ਵੰਡ ਦੇ ਜ਼ਖ਼ਮਾਂ ਦੀ ਦਾਸਤਾਨ ਹੈ- 'ਸਕਾਰਜ਼ ਆਫ਼ 1947'



1947 ਵਿਚ ਧਰਮ ਦੇ ਨਾਂਅ 'ਤੇ ਹਿੰਦੁਸਤਾਨ ਦੀ ਹੋਈ ਵੰਡ ਦੁਨੀਆ ਦੇ ਇਤਿਹਾਸ ਵਿਚ ਬਹੁਤ ਵੱਡੀ ਅਤੇ ਅਤਿ ਦਰਦਨਾਕ ਘਟਨਾ ਸੀ, ਜਿਸ ਦੇ ਨਤੀਜੇ ਵਜੋਂ ਲੱਖਾਂ ਹੀ ਨਿਰਦੋਸ਼ ਲੋਕ ਬੇਘਰ ਹੋ ਗਏ ਜਾਂ ਮੌਤ ਦੇ ਘਾਟ ਉਤਾਰੇ ਗਏ। ਹਜ਼ਾਰਾਂ ਹੀ ਔਰਤਾਂ ਬੇਪੱਤ ਹੋ ਗਈਆਂ ਅਤੇ ਕਈਆਂ ਨੇ ਬੇਪੱਤ ਹੋਣ ਦੇ ਡਰੋਂ ਆਤਮ-ਘਾਤ ਕਰ ਲਿਆ। ਮਜ਼੍ਹਬੀ ਵਹਿਸ਼ੀਪੁਣੇ ਦੀ ਅਤਿ ਘਿਨੌਣੀ ਤਸਵੀਰ ਅੱਜ ਵੀ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਉਂਝ ਇਹ ਵੀ ਸੱਚ ਹੈ ਕਿ ਇਸ ਬੇਤਹਾਸ਼ਾ ਬਰਬਾਦੀ ਦੇ ਨਾਲ-ਨਾਲ ਮਜ਼੍ਹਬ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਜੋਖ਼ਮ ਭਰੇ ਫ਼ਰਜ਼ ਨਿਭਾਉਣ ਵਾਲਿਆਂ ਨੇ ਮਨੁੱਖਤਾ ਵਿਚ ਵਿਸ਼ਵਾਸ ਬਣਾਈ ਰੱਖਿਆ।
ਅਜਿਹੀਆਂ ਵੱਡੀਆਂ ਇਤਿਹਾਸਕ ਘਟਨਾਵਾਂ ਹਮੇਸ਼ਾ ਹੀ ਸਾਹਿਤ ਸਿਰਜਣਾ ਦਾ ਆਧਾਰ ਬਣਦੀਆਂ ਆਈਆਂ ਹਨ। ਅਜਿਹਾ ਹੀ ਹਿੰਦ-ਪਾਕਿ ਵੰਡ ਬਾਰੇ ਕਿਹਾ ਜਾ ਸਕਦਾ ਹੈ। ਇਸ ਵਿਸ਼ੇ ਦੀਆਂ ਦਰਦਨਾਕ ਮਿਥਾਂ ਅਤੇ ਤੱਥਾਂ ਨੂੰ ਆਧਾਰ ਬਣਾ ਕੇ ਹਿੰਦੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿਚ ਕਈ ਕਥਾ-ਕਹਾਣੀਆਂ, ਕਵਿਤਾਵਾਂ, ਨਾਵਲ ਅਤੇ ਵਾਰਤਕ ਦੀਆਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਉਂਝ ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਪਹਿਲੀ ਪੁਸਤਕ ਘਟਨਾ ਦੇ ਵਾਪਰਨ ਤੋਂ 9 ਸਾਲ ਬਾਅਦ ਵਿਚ ਆਈ, ਜਿਸ ਨਾਲ ਖ਼ੁਸ਼ਵੰਤ ਸਿੰਘ ਨੂੰ ਪ੍ਰਸਿੱਧੀ ਮਿਲੀ। ਉਸ ਦਾ ਨਾਵਲ 'ਟਰੇਨ ਟੂ ਪਾਕਿਸਤਾਨ' 1956 ਵਿਚ 'ਮਨੋ ਮਾਜਰਾ' ਦੇ ਨਾਂਅ ਨਾਲ ਆਇਆ। ਉਂਝ ਸੰਨ 1975 ਵਿਚ 1947-48 ਦੀਆਂ ਘਟਨਾਵਾਂ 'ਤੇ ਆਧਾਰਿਤ ਗ਼ੈਰ-ਗਲਪ ਇਤਿਹਾਸਕ ਪੁਸਤਕ ਲੈਰੀ ਕਾਲਿਨਜ਼ ਅਤੇ ਡੋਮੀਨਿਕ ਲੈਪੀਅਰ ਲਿਖਤ 'ਫਰੀਡਮ ਐਟ ਮਿਡਨਾਈਟ' ਕਹੀ ਜਾ ਸਕਦੀ ਹੈ, ਜੋ ਕਿ ਡਾਕੂਮੈਂਟਰੀ ਸਬੂਤਾਂ 'ਤੇ ਆਧਾਰਿਤ ਲੰਮੀ ਮਿਹਨਤ ਦਾ ਨਤੀਜਾ ਹੈ। ਇਸ ਵਿਚ ਕਈ ਵਾਕਿਆਤ ਸੱਚ-ਆਧਾਰਿਤ ਹਨ।
ਰਾਜੀਵ ਸ਼ੁਕਲਾ ਦੀ ਅੰਗਰੇਜ਼ੀ ਵਿਚ ਲਿਖੀ 148 ਸਫ਼ਿਆਂ 'ਤੇ ਵਿਛੀ ਪੁਸਤਕ 'ਸਕਾਰਜ਼ ਆਫ 1947 : ਰੀਅਲ ਪਾਰਟੀਸ਼ਨ ਸਟੋਰੀਜ਼', 'ਫਰੀਡਮ ਐਟ ਮਿਡਨਾਈਟ' ਨਾਲ ਰਲਦੀ-ਮਿਲਦੀ ਪੁਸਤਕ ਹੈ। ਵੰਡ ਬਾਰੇ ਇਤਿਹਾਸ ਅਤੇ ਕਲਪਨਾ ਦੇ ਮਿਸ਼ਰਨ ਦੀ ਉਪਜ ਕਵਿਤਾ, ਕਹਾਣੀਆਂ, ਨਾਵਲਾਂ ਤੋਂ ਅਲੱਗ ਇਹ ਪੁਸਤਕ ਦੋਵਾਂ ਪਾਸਿਆਂ ਤੋਂ ਉਜੜੇ ਗ਼ਰੀਬ-ਅਮੀਰ ਵਿਅਕਤੀਆਂ ਅਤੇ ਪਰਿਵਾਰਾਂ ਦੀ ਦਰਦ-ਕਹਾਣੀ ਹੈ, ਜਿਸ ਵਿਚ ਇਤਿਹਾਸ ਦਾ ਸਿਤਮ ਵੀ ਸਿਮਟਿਆ ਪਿਆ ਹੈ ਅਤੇ ਇਨਸਾਨੀ ਹਮਦਰਦੀ ਦਾ ਬਿਆਨ ਵੀ। ਇਸ ਵਿਚ ਮਜ਼੍ਹਬੀ ਕੱਟੜਤਾ ਦੀ ਘਿਨੌਣੀ ਤਸਵੀਰ ਵੀ ਨੁਮਾਇਆ ਹੁੰਦੀ ਹੈ ਪਰ ਹਮ ਸਾਏ ਮਾਂ ਪਿਉ ਜਾਏ ਵੀ ਬਣਦੇ ਨਜ਼ਰ ਆਉਂਦੇ ਹਨ। ਵਿਅਕਤੀਗਤ ਦੁਖਾਂਤ ਵਿਆਪਕ ਰੂਪ ਧਾਰ ਲੈਂਦੇ ਹਨ ਅਤੇ ਸੱਤਾਧਾਰੀਆਂ ਦੀ ਵਾਹੀ ਹੋਈ ਲਕੀਰ ਰਾਜੇ-ਰਾਣਿਆਂ ਨੂੰ ਦਰ-ਬਦਰ ਰੁਲਣ ਲਈ ਮਜਬੂਰ ਕਰ ਦਿੰਦੀ ਹੈ। ਪੁਸਤਕ ਵਿਚ ਇਤਿਹਾਸਕ ਅਸਲੀਅਤ ਭਰੀਆਂ ਛੂਹਾਂ ਵੀ ਹਨ ਅਤੇ ਵਿਅਕਤੀਗਤ ਅੰਦਾਜ਼ੇ ਵੀ ਹਨ। ਨਿੱਜੀ ਗੁਫ਼ਤਗੂ ਰਾਹੀਂ ਵੀ ਜਾਣਕਾਰੀ ਦੇ ਹਵਾਲੇ ਮਿਲਦੇ ਹਨ ਅਤੇ ਜੀਵਨੀਆਂ/ਸਵੈ-ਜੀਵਨੀਆਂ ਵੀ ਆਧਾਰ ਬਣਦੀਆਂ ਹਨ।
ਅਜਿਹੀ ਪੁਸਤਕ ਲਿਖ ਸਕਣੀ ਰਾਜੀਵ ਸ਼ੁਕਲਾ ਦੇ ਉਮਰ ਦੇ ਵਿਅਕਤੀ ਲਈ ਅਸਾਨ ਨਹੀਂ ਹੁੰਦੀ, ਕਿਉਂਕਿ ਨਾ ਤਾਂ ਇਹ ਆਪ-ਬੀਤੀ ਹੈ ਅਤੇ ਨਾ ਹੀ ਇਸ ਵਿਚ ਕਲਪਨਾ ਕਾਬਜ਼ ਹੈ। ਇਸ ਵਿਚ ਮੁੱਖ ਤੌਰ 'ਤੇ ਉਨ੍ਹਾਂ ਵਡੇਰੀ ਉਮਰ ਦੀਆਂ ਸ਼ਖ਼ਸੀਅਤਾਂ ਦੀਆਂ ਵੰਗਾਰਾਂ ਥਾਣੀਂ ਲੰਘ ਕੇ ਮੁੜ-ਸਥਾਪਤੀ ਦੀ ਕਹਾਣੀ ਹੈ, ਜੋ ਪਾਕਿਸਤਾਨੋਂ ਉੱਖੜ ਕੇ ਹਿੰਦੁਸਤਾਨ ਪਹੁੰਚੇ ਜਾਂ ਏਧਰੋਂ ਉੱਜੜ-ਪੁੱਜੜ ਕੇ ਓਧਰ ਪਹੁੰਚਣ ਵਿਚ ਕਾਮਯਾਬ ਹੋਏ। ਸੱਤ-ਅੱਠ ਦਹਾਕੇ ਗੁਜ਼ਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਵਿਛੋੜੇ ਦੇ ਜ਼ਖ਼ਮ ਅੱਲੇ ਹਨ : ਉਹ ਭਾਵੇਂ ਮਨਮੋਹਨ ਸਿੰਘ ਹੋਵੇ ਜਾਂ ਮੁਹੰਮਦ ਅਲੀ ਜਿਨਾਹ। ਭਾਵੇਂ ਰਾਮ ਲਾਲ ਕੁਮਾਰ ਹੋਵੇ ਚਾਹੇ ਮਿੰਨੀ ਚੌਸਕੀ। ਲੇਖਕ ਦਾ ਇਹ ਉੱਦਮ ਏਸ ਕਰਕੇ ਵੀ ਸਲਾਹੁਣਯੋਗ ਹੈ ਕਿ ਵੰਡ ਦੇ ਦੁਖਾਂਤ ਦੇ ਬਹੁਤ ਸਾਰੇ ਚਸ਼ਮਦੀਦ ਪਾਤਰ ਹੌਲੀ-ਹੌਲੀ ਇਸ ਦੁਨੀਆ ਤੋਂ ਰੁਖ਼ਸਤ ਹੋਈ ਜਾ ਰਹੇ ਹਨ, ਜਿਵੇਂ ਕਿ ਇਸ ਪੁਸਤਕ ਦੇ ਪ੍ਰੇਰਨਾ-ਸ੍ਰੋਤ ਕੁਲਦੀਪ ਨਈਅਰ ਅਤੇ ਰਜਿੰਦਰ ਸੱਚਰ ਇਸ ਦੁਨੀਆ ਵਿਚ ਨਹੀਂ ਰਹੇ।
ਰਾਜੀਵ ਸ਼ੁਕਲਾ ਅਜਿਹੀ ਬਹੁ-ਮੁੱਲੀ ਪੁਸਤਕ ਲਿਖਣ ਵਿਚ ਇਸ ਲਈ ਕਾਮਯਾਬ ਹੋ ਸਕੇ ਹਨ, ਕਿਉਂਕਿ ਉਹ ਲੰਬੇ ਸਮੇਂ ਤੋਂ ਸਪੋਰਟਸ ਅਧਿਕਾਰੀ ਰਹੇ ਹਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਕਈ ਵਾਰ ਚੇਅਰਮੈਨ ਹੋਣ ਨਾਤੇ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ। ਉਹ ਆਪਣੇ ਬਹੁਤ ਪ੍ਰਸਿੱਧੀ-ਪ੍ਰਾਪਤ ਟਾਕ-ਸ਼ੋ ਰੂ-ਬ-ਰੂ ਵਿਚ ਕਈ ਮਕਬੂਲ ਹਸਤੀਆਂ ਦੀ ਇੰਟਰਵਿਊ ਵੀ ਕਰਦੇ ਰਹੇ ਹਨ। ਉਨ੍ਹਾਂ ਦੀ ਪਤਨੀ ਅਨੁਰਾਧਾ ਵੀ 'ਨਿਊਜ਼ 24' ਦੀ ਐਡੀਟਰ-ਇਨ-ਚੀਫ਼ ਹੈ। ਇਸ ਪੁਸਤਕ ਵਿਚ ਜਰਨਲਿਸਟ-ਸਿਆਸਤਦਾਨ ਲੇਖਕ ਕਈ ਲਿਖਣ-ਸ਼ੈਲੀਆਂ ਵਰਤਦਾ ਹੈ। ਕਦੀ ਤਾਂ ਉਹ ਪਾਤਰਾਂ ਨਾਲ ਖ਼ੁਦ ਇੰਟਰਵਿਊ ਕਰ ਰਿਹਾ ਹੁੰਦਾ ਹੈ ਅਤੇ ਕਦੇ ਉਨ੍ਹਾਂ ਬਾਰੇ ਪ੍ਰਾਪਤ ਜਾਣਕਾਰੀ ਆਪਣੇ ਵਲੋਂ ਬਿਆਨ ਕਰਦਾ ਹੈ। ਕਈ ਥਾਈਂ ਕਿਸੇ ਹੋਰ ਪਾਤਰਾਂ ਰਾਹੀਂ ਜਾਣਕਾਰੀ ਦੱਸੀ ਜਾ ਰਹੀ ਹੁੰਦੀ ਹੈ। ਲੇਖਕ ਨੂੰ ਆਪਣੀ ਗੱਲ ਕਹਿਣ ਦਾ ਵਲ ਹੈ। ਉਹ ਪਾਠਕ ਨੂੰ ਆਪਣੇ ਨਾਲ ਲੈ ਤੁਰਦਾ ਹੈ : ਕਦੀ ਕਿਸੇ ਧਰਾਤਲ 'ਤੇ ਅਤੇ ਕਦੀ ਕਿਸੇ 'ਤੇ। ਕਦੀ ਵਰਤਮਾਨ ਵਿਚ ਅਤੇ ਕਦੀ ਅਤੀਤ ਵਿਚ।
ਪੈਨਗਉਨ/ਵਾਈਕਿੰਗ ਵਲੋਂ ਏਸੇ ਸਾਲ (2022) ਵਿਚ ਛਾਪੀ ਇਸ ਪੁਸਤਕ ਦੀਆਂ ਸੱਚੀਆਂ ਕਹਾਣੀਆਂ ਨੂੰ ਲੇਖਕ ਬਾਰ੍ਹਾਂ ਚੈਪਟਰਾਂ ਵਿਚ ਵੰਡਦਾ ਹੈ, ਜੋ ਹੇਠ ਲਿਖੇ ਅਨੁਸਾਰ ਹਨ:
'ਰਿਲੀਜਨ ਆਫ਼ ਕ੍ਰਿਕਟ' ਵਿਚ ਉਹ ਤੈਮੂਰ ਬਾਂਦੇ ਨੂੰ ਫੋਕਸ ਵਿਚ ਰੱਖਦਾ ਹੈ, ਜੋ ਇਹ ਕਦੀ ਬਰਦਾਸ਼ਤ ਨਹੀਂ ਕਰਦਾ ਕਿ ਕ੍ਰਿਕਟ ਵਿਚ ਪਾਕਿਸਤਾਨ ਹਾਰ ਜਾਏ ਪਰ ਫਿਰ ਵੀ ਉਹ ਕਦੀ ਭਾਰਤ ਦੇ ਵਿਰੋਧ ਵਿਚ ਨਹੀਂ ਬੋਲਦਾ। ਪਾਕਿਸਤਾਨ ਦੇ ਇਕ ਟੂਰ 'ਤੇ ਲੇਖਕ ਤੈਮੂਰ ਪਾਂਡੇ ਦੇ ਘਰ ਉਸ ਦੀ ਨਾਨੀ ਨੂੰ ਮਿਲਦਾ ਹੈ, ਜੋ ਕਿ ਪਾਰਸੀ ਹੈ ਅਤੇ 1947 ਤੋਂ ਪਹਿਲਾਂ ਬੰਬਈ ਵਿਚ ਰਹਿੰਦਿਆਂ ਇਕ ਪਠਾਨ ਨਾਲ ਪ੍ਰੇਮ-ਵਿਆਹ ਕਰ ਲੈਂਦੀ ਹੈ, ਜਿਸ ਕਰਕੇ ਪਾਕਿਸਤਾਨ ਜਾਣਾ ਪੈਂਦਾ ਹੈ। ਅੱਸੀ ਸਾਲ ਦੀ ਉਮਰ ਵਿਚ ਵੀ ਉਹ ਲੇਖਕ ਤੋਂ ਅਗਲੀ ਫੇਰੀ ਵਿਚ ਬੰਬਈ ਤੋਂ ਮੁੱਠੀ ਭਰ ਮਿੱਟੀ ਲਿਆਉਣ ਦੀ ਮੰਗ ਕਰਦੀ ਹੈ, ਜਿਸ ਨੂੰ ਉਹ ਮਰਨ ਤੋਂ ਪਹਿਲਾਂ ਚੁੰਮ ਲੈਣਾ ਚਾਹੁੰਦੀ ਹੈ।
ਦੂਜਾ ਚੈਪਟਰ 'ਬਾਬੂ ਜੀ ਐਂਡ ਹਿਜ਼ ਜਿਊਲਜ਼' ਡਾਕਟਰ ਅਰੁਣ ਕੁਮਾਰ ਅਤੇ ਉਸ ਦੇ ਪਿਤਾ ਰਾਮ ਲਾਲ ਕੁਮਾਰ ਦੀ ਕਹਾਣੀ ਹੈ। ਰਾਮ ਲਾਲ ਕੁਮਾਰ ਜੋ ਪਾਕਿਸਤਾਨੋਂ ਉੱਜੜ ਕੇ ਆਉਂਦਾ ਹੈ ਅਤੇ 85 ਸਾਲ ਦੀ ਉਮਰ ਵਿਚ ਸੰਨ 2000 ਵਿਚ 20,000 ਰੁਪਏ ਦੀ ਨੌਕਰੀ ਕਰਨ ਲਈ ਰੋਜ਼ ਸਕੂਟਰ 'ਤੇ ਜਾਂਦਾ ਸੀ। ਉਹ ਲਾਹੌਰ ਤੋਂ ਤੁਰਨ ਲੱਗਿਆਂ ਆਪਣੀ ਸਾਰੀ ਜਾਇਦਾਦ ਆਪਣੇ ਸੁਹਿਰਦ ਮੁਸਲਮਾਨ ਨੌਕਰ ਹਫੀਜ਼ ਦੇ ਨਾਂਅ ਕਰ ਆਇਆ ਸੀ। ਗਹਿਣਿਆਂ ਦਾ ਭਰਿਆ ਟਰੰਕ ਆਪਣੇ ਸਾਲੇ ਸੁਪਰਦ ਕਰ ਨਿਸ਼ਚਿੰਤ ਹੋ ਗਿਆ ਸੀ ਕਿ ਹਿੰਦੁਸਤਾਨ ਉਸ ਦੀ ਬਦੌਲਤ ਏਧਰ ਸਥਾਪਤ ਹੋ ਜਾਵੇਗਾ ਪਰ ਸਾਲਾ ਬੇਈਮਾਨ ਹੋ ਗਿਆ ਸੀ। 'ਮਾਡਲ ਟਾਊਨ ਦੇ ਹੀਰੇ ਅਤੇ ਖੀਰੇ' ਵਿਚ ਵੀ ਲੇਖਕ ਹਿੰਦੂ-ਮੁਸਲਿਮ-ਸਿੱਖਾਂ ਵਿਚਲੀ ਮਾਨਵੀ ਸਾਂਝ ਦੀਆਂ ਮਿਸਾਲਾਂ ਨੂੰ ਰੌਸ਼ਨ ਕਰਦਾ ਹੈ। ਸੰਨ 1947 ਤੋਂ ਪਹਿਲਾਂ ਮਾਡਲ ਟਾਊਨ ਲਾਹੌਰ ਦੀ ਪਾਸ਼ ਕਾਲੋਨੀ ਸੀ ਜੋ ਵੰਡ ਤੋਂ ਬਾਅਦ ਸਾਧਾਰਨ ਲੋਕਾਂ ਦੀ ਰਿਹਾਇਸ਼ਗਾਹ ਬਣ ਗਈ, ਜਿਸ ਨੂੰ ਸਬਜ਼ੀ ਵੇਚਣ ਵਾਲਾ ਆਪਣੇ ਅੰਦਾਜ਼ ਵਿਚ ਸਹਿਜੇ ਹੀ ਬਿਆਨ ਦਿੰਦਾ ਹੈ : ਚਲੇ ਗਏ ਹੀਰੇ, ਆ ਗਏ ਖੀਰੇ।
ਚੌਥਾ ਚੈਪਟਰ 'ਦਾ ਲੌਸਟ ਬਲੇਜ਼ਰ ਆਫ ਡਾਕਟਰ ਜੀ.ਪੀ.ਤਲਵਾੜ' ਪਦਮ ਭੂਸ਼ਨ ਡਾ: ਜੀ.ਪੀ. ਤਲਵਾੜ ਦੀ ਕਸ਼ਮਕਸ਼ ਬਾਰੇ ਹੈ, ਜਿਸ ਨੇ ਆਜ਼ਾਦ ਭਾਰਤ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਹਿਨੁਮਾਈ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਇਮੂਨਾਲੌਜੀ ਸਥਾਪਤ ਕੀਤਾ। ਪਾਕਿਸਤਾਨੋਂ ਉੱਜੜ ਕੇ ਕਈ ਮੁਸੀਬਤਾਂ ਝੱਲੀਆਂ ਅਤੇ ਕਨਾਟ ਪਲੇਸ ਦਿੱਲੀ ਵਿਖੇ ਸ਼ੁਰੂ ਵਿਚ 200 ਰੁਪਏ ਮਹੀਨੇ 'ਤੇ ਨੌਕਰੀ ਕੀਤੀ। 'ਫਾਦਰ ਆਫ਼ ਐਨ ਇੰਡੀਅਨ ਪ੍ਰਾਈਮ ਮਨਿਸਟਰ' ਵਿਚ ਹਿੰਦੁਸਤਾਨ ਦੇ ਬਾਰ੍ਹਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪਿਤਾ ਅਵਤਾਰ ਨਰਾਇਣ ਗੁਜਰਾਲ ਦੀ ਕਹਾਣੀ ਹੈ, ਜਿਸ ਨੇ ਕਈ ਢੰਗਾਂ ਨਾਲ ਰਫਿਊਜ਼ੀਆਂ ਦੀ ਮਦਦ ਕੀਤੀ ਅਤੇ ਉਸ ਦੀ ਪਤਨੀ ਪੁਸ਼ਪਾ ਗੁਜਰਾਲ ਨੇ ਹਿੰਦੂ-ਸਿੱਖ ਰਫਿਊੁਜ਼ੀਆਂ ਲਈ ਜਲੰਧਰ ਵਿਖੇ ਨਾਰੀ ਨਿਕੇਤਨ ਨਾਂਅ ਦੀ ਸੰਸਥਾ ਸਥਾਪਤ ਕੀਤੀ। ਜੇਹਲਮ ਵਿਖੇ ਉਨ੍ਹਾਂ ਦੇ ਗੁਆਂਢ ਰਹਿੰਦਿਆਂ ਉਨ੍ਹਾਂ ਦੇ ਘਰੋਂ ਪਾਣੀ ਲੈਣ ਆਉਂਦੇ ਰਹੇ ਪਰਿਵਾਰ ਦਾ ਬੇਟਾ ਕ੍ਰਿਸ਼ਨ ਕਾਂਤ ਭਾਰਤ ਦਾ ਉਪ ਰਾਸ਼ਟਰਪਤੀ ਬਣਿਆ।
ਲੇਖਕ ਵਲੋਂ ਪ੍ਰਾਪਤ ਕੀਤੀ ਫਸਟ ਹੈਂਡ ਇਨਫਰਮੇਸ਼ਨ ਲਿਖਤ ਨੂੰ ਵਿਸ਼ਵਾਸਯੋਗ ਅਤੇ ਦਿਲਚਸਪ ਬਣਾ ਦਿੰਦੀ ਹੈ। ਲੇਖਕ ਮੁਹੰਮਦ ਅਲੀ ਜਿਨਾਹ ਦੀ ਭੈਣ ਫਾਤਿਮਾ ਦੀ ਅਖੀਰਲੀ ਉਮਰ ਦੀ ਹਾਲਤ ਦਾ ਵੇਰਵਾ ਥੋੜ੍ਹੇ ਪਰ ਭਾਵਪੂਰਤ ਸ਼ਬਦਾਂ ਵਿਚ ਬਿਆਨਦਾ ਹੈ ਅਤੇ ਕਰਾਚੀ ਵਿਖੇ ਉਸ ਦੀ ਡਿੱਗੀ-ਢੱਠੀ ਰਿਹਾਇਸ਼ ਵੇਖ ਕੇ ਉਸ ਪ੍ਰਤੀ ਬਾਅਦ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਅੰਦਾਜ਼ਾ ਭਲੀ-ਭਾਂਤ ਲਗਾ ਲੈਂਦਾ ਹੈ। ਸੱਤਵਾਂ ਚੈਪਟਰ 'ਗੌਰੀ ਖਾਨਜ਼ ਗਰੈਂਡਮਦਰ ਫਰਾਮ ਲਾਇਲਪੁਰ' ਸ਼ਾਹਰੁਖ ਖਾਨ ਦੇ ਸਹੁਰਿਆਂ ਬਾਰੇ ਹੈ। ਦਿੱਲੀ ਦੇ ਰਹਿ ਚੁੱਕੇ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਵੀ ਲਾਇਲਪੁਰ ਨਾਲ ਸੰਬੰਧਿਤ ਸਨ। ਲਾਇਲਪੁਰ ਨੂੰ ਅੱਜਕਲ੍ਹ ਫੈਸਲਾਬਾਦ ਦਾ ਨਾਂਅ ਦੇ ਦਿੱਤਾ ਗਿਆ ਹੈ।
ਅੱਠਵਾਂ ਚੈਪਟਰ 'ਪਾਕਿਸਤਾਨ : ਜਿਨਾਹਜ਼ ਅਨਫੁਲਫਿਲਡ ਡਰੀਮ' ਬੜਾ ਦਿਲਚਸਪ ਚੈਪਟਰ ਹੈ ਅਤੇ ਮੁਹੰਮਦ ਅਲੀ ਜਿਨਾਹ ਦੇ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਨੂੰ ਬਿਆਨ ਕਰਦਾ ਹੈ। ਨੌਵਾਂ ਅਧਿਆਏ 'ਲਿਆਕਤ ਅਲੀ ਖ਼ਾਨ ਐਂਡ ਫ਼ਾਤਿਮਾ ਜਿਨਾਹ' ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਅਤੇ ਉਸ ਦੇ ਮੁਹੰਮਦ ਅਲੀ ਜਿਨਾਹ ਨਾਲ ਸੰਬੰਧਾਂ ਬਾਰੇ ਹੈ, ਜਿਸ ਵਿਚ ਜਿਨਾਹ ਦੀ ਭੈਣ ਫ਼ਾਤਿਮਾ ਜਿਨਾਹ ਵੀ ਅਹਿਮ ਰੋਲ ਅਦਾ ਕਰਦੀ ਹੈ। ਅਗਲਾ ਅਧਿਆਏ 'ਦਾ ਲੌਸਟ ਰਾਇਲਟੀ' ਭੋਪਾਲ ਦੇ ਨਵਾਬੀ ਪਰਿਵਾਰ ਬਾਰੇ ਹੈ, ਜਿਨ੍ਹਾਂ ਨੂੰ ਹਿੰਦੁਸਤਾਨ ਛੱਡਣ ਦੀ ਕੁਰਬਾਨੀ ਦੇਣ ਦੇ ਬਾਵਜੂਦ ਪਾਕਿਸਤਾਨ ਵਿਚ ਬਣਦਾ ਮਾਣ-ਸਤਿਕਾਰ ਕਦੀ ਨਸੀਬ ਨਾ ਹੋ ਸਕਿਆ। ਗਿਆਰਵਾਂ ਚੈਪਟਰ 'ਦੀ ਇਨਐਵੀਟੇਬਲ ਸੈਪੇਰੇਸ਼ਨ' 1971 ਵਿਚ ਹੋਈ ਬੰਗਲਾਦੇਸ਼ ਦੀ ਲੜਾਈ ਬਾਰੇ ਅਤੇ ਪੂਰਬੀ ਪਾਕਿਸਤਾਨ ਦੇ ਝਮੇਲੇ ਅਤੇ ਵੱਖਰੇ ਦੇਸ਼ ਬੰਗਲਾਦੇਸ਼ ਦੀ ਸਥਾਪਨਾ ਬਾਰੇ ਹੈ। ਆਖਰੀ ਅਧਿਆਏ 'ਮਨਮੋਹਨ ਸਿੰਘ : ਦਾ ਸੇਵੀਅਰ ਆਫ ਦੀ ਇੰਡੀਅਨ ਇਕਾਨੋਮੀ' ਹੈ, ਜੋ ਜ਼ਾਹਰ ਹੈ ਕਿ ਦੇਸ਼ ਦੇ ਤੇਹਰਵੇਂ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਬਾਰੇ ਹੈ, ਜੋ ਕਿ ਜੇਹਲਮ ਜ਼ਿਲ੍ਹੇ ਵਿਚੋਂ ਏਧਰ ਆਏ ਸਨ। ਯਾਦ ਰਹੇ ਕਿ ਇੰਦਰ ਕੁਮਾਰ ਗੁਜਰਾਲ ਵੀ ਜੇਹਲਮ ਜ਼ਿਲ੍ਹੇ ਨਾਲ ਹੀ ਸੰਬੰਧਿਤ ਸਨ। ਪਾਕਿਸਤਾਨ ਬਣਨ ਉਪਰੰਤ ਮਨਮੋਹਨ ਸਿੰਘ ਦੇ ਪਿਤਾ ਨੇ ਅੰਮ੍ਰਿਤਸਰ ਆ ਕੇ ਕਰਿਆਨੇ ਦੀ ਦੁਕਾਨ ਪਾ ਲਈ ਜਿਥੇ 1948 ਵਿਚ ਦਸਵੀਂ ਪਾਸ ਨੌਜਵਾਨ ਮਨਮੋਹਨ ਸਿੰਘ ਵੀ ਹੱਥ ਵਟਾਉਂਦਾ ਰਿਹਾ' ਮਨਮੋਹਨ ਸਿੰਘ ਦੀ ਖਾਹਿਸ਼ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਾਕਿਸਤਾਨ ਉਸ ਸਕੂਲ ਜਾ ਸਕੇ, ਜਿੱਥੇ ਉਹ ਪੜ੍ਹਦਾ ਰਿਹਾ ਸੀ ਪਰ ਅਜਿਹਾ ਹੋ ਨਾ ਹੋ ਸਕਿਆ।
ਇਸ ਪੁਸਤਕ ਵਿਚ ਮਨਮੋਹਨ ਸਿੰਘ ਵਰਗੇ ਹੋਰ ਕਈ ਅਜਿਹੇ ਹਨ ਜੋ ਵੰਡ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਆਪਣੀ ਜਨਮ ਭੂਮੀ ਦੇ ਦਰਸ਼ਨ-ਦਿਦਾਰਿਆਂ ਨੂੰ ਤਰਸ ਰਹੇ ਹਨ। ਬਹੁਤ ਸਾਰਿਆਂ ਲਈ ਵੰਡ ਦੇ ਜ਼ਖ਼ਮ ਅੱਜ ਵੀ ਦੁਖਦਾਈ ਹਨ।

-ਨਡਾਲਾ (ਕਪੂਰਥਲਾ)
ਮੋਬਾਈਲ : 97798-53245

 

ਚਿੱਤਰ ਲੀਲ੍ਹਾ
ਕਵੀ : ਅਵਤਾਰਜੀਤ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨ, ਪਟਿਆਲਾ
ਮੁੱਲ : 270 ਰੁਪਏ, ਸਫ਼ੇ : 200
ਸੰਪਰਕ : 99142-03231

ਸ਼ਾਇਰ ਅਵਤਾਰਜੀਤ ਨੇ 'ਚਿੱਤਰ ਲੀਲ੍ਹਾ' ਵਿਚ ਆਪਣੀ ਸ਼ਰਧਾ, ਸ਼ਿੱਦਤ ਤੇ ਅਹਿਸਾਸਾਂ ਦੀ ਆਰਤੀ ਉਤਾਰੀ ਹੈ। ਉਸ ਅਨੁਸਾਰ ਚਿੱਤਰ ਨੂੰ ਵੇਖਣਾ ਕਿਸੇ ਕਵਿਤਾ ਨੂੰ ਪੜ੍ਹਨ ਵਰਗਾ ਅਹਿਸਾਸ ਹੁੰਦਾ ਹੈ ਅਤੇ ਕਵਿਤਾ ਨੂੰ ਪੜ੍ਹਨਾ ਵੀ ਚਿੱਤਰ ਨੂੰ ਨਿਹਾਰਨਾ ਹੁੰਦਾ ਹੈ। ਉਹ ਕਾਵਿਕਾਰੀ ਅਤੇ ਚਿੱਤਰਕਾਰੀ ਵਿਚ ਕੋਈ ਅੰਤਰ ਨਹੀਂ ਦੇਖਦਾ ਕਿਉਂਕਿ ਦੋਵੇਂ ਪ੍ਰਕਿਰਿਆਵਾਂ ਕਿਸੇ ਸੰਵੇਦਨਸ਼ੀਲ ਵਿਅਕਤੀ ਦੀ ਆਤਮ-ਅਭਿਵਿਅਕਤੀ ਦਾ ਮੂੰਹਜ਼ੋਰ ਨਿਕਾਸ ਹੁੰਦੀਆਂ ਹਨ। ਇਸ ਸੰਗ੍ਰਹਿ ਦੀਆਂ 32-33 ਕਵਿਤਾਵਾਂ ਵਿਚ ਅਵਤਾਰਜੀਤ ਨੇ ਪੰਜਾਬ ਦੇ ਕੁਝ ਪ੍ਰਮੁੱਖ ਅਦੀਬਾਂ ਦੇ ਕਾਵਿ-ਚਿੱਤਰ ਉਲੀਕੇ ਹਨ। ਇਨ੍ਹਾਂ ਅਦੀਬਾਂ ਵਿਚ ਪ੍ਰੋ. ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਖੁਸ਼ਵੰਤ ਸਿੰਘ, ਸਾਰਾ ਸ਼ਗੁਫ਼ਤਾ, ਇਮਰੋਜ਼, ਪਾਸ਼, ਭਾਸ਼ੋ, ਦਰਸ਼ਨ ਦਰਵੇਸ਼, ਹਰਮਨਜੀਤ ਅਤੇ ਹੋਰ ਬਹੁਤ ਸਾਰੇ ਮੁਹਤਬਰ ਲੇਖਕ ਅਤੇ ਕਲਾਕਾਰ ਸ਼ਾਮਿਲ ਹਨ।
ਅਵਤਾਰਜੀਤ ਨਿਰੰਤਰ ਆਪਣੇ ਸਮਾਜ ਅਤੇ ਆਲੇ-ਦੁਆਲੇ ਨਾਲ ਖਹਿੰਦਾ ਅਤੇ ਦਸਤਪੰਜੇ ਲੈਂਦਾ ਹੋਇਆ ਅੱਗੇ ਵਧਿਆ ਹੈ। ਇਸ ਕਾਰਨ ਮਨੁੱਖੀ ਜੀਵਨ ਬਾਰੇ ਉਸਦੀ ਇਕ ਮੌਲਿਕ ਫਿਲਾਸਫ਼ੀ ਵੀ ਬਣ ਗਈ ਹੈ। ਉਹ ਆਪਣੇ ਪਾਠਕਾਂ ਨੂੰ ਕੁਝ ਸਵੈ-ਸੁਝਾਉ (auto-su{{est}on) ਵੀ ਦਿੰਦਾ ਹੈ, ਜੋ ਉਸਦੇ ਜੀਵਨ-ਸੰਘਰਸ਼ ਵਿਚੋਂ ਉਗਮੇ ਹਨ, ਜਿਵੇਂ : ਤੁਹਾਡੇ ਗੁਣਾਂ ਨੇ ਹੀ ਤੁਹਾਨੂੰ ਗੁਣਾ (×) ਕਰਨਾ ਹੈ, ਵਕਤ ਤੁਹਾਨੂੰ ਹਰ ਸਮੇਂ ਮਾਈਨਸ ਕਰਨ ਵਿਚ ਲੱਗਾ ਰਹਿੰਦਾ ਹੈ। ਹਊਮੈ ਨਹੀਂ, ਸਵੈਮਾਨ ਸਵੈ-ਸੰਵਾਦ ਨੂੰ ਆਪਣੇ ਜਪੁ-ਜਾਪ ਦਾ ਆਧਾਰ ਬਣਾਉ, ਆਪਣੇ ਆਪ ਨੂੰ ਜਗਾਓ। ਇਨ੍ਹਾਂ ਕਾਵਿ-ਚਿੱਤਰਾਂ ਵਿਚ ਕਵੀ ਆਪਣੇ ਕਿਰਦਾਰਾਂ ਦੇ ਜੀਵਨ, ਵਿਚਾਰਧਾਰਾ, ਰਚਨਾਵਾਂ, ਸਿਰਜਣ-ਪ੍ਰਕਿਰਿਆ, ਸ਼ਖ਼ਸੀਅਤ, ਉਦੇਸ਼ ਅਤੇ ਵਿਲੱਖਣਤਾ ਦਾ ਚਿਤਰਣ ਕਰਦਾ ਹੈ। ਉਸ ਦਾ ਹਰ ਚਿੱਤਰ ਸੁਹਿਰਦਤਾ, ਸਦਭਾਵਨਾ, ਮੁਹੱਬਤ ਅਤੇ ਆਤਮੀਅਤਾ (9nt}mac਼) ਨਾਲ ਲਬਰੇਜ਼ ਹੈ। ਉਹ ਆਪਣੇ ਕਿਰਦਾਰਾਂ ਦੇ ਵਜੂਦ ਵਿਚੋਂ ਹੀ ਰੰਗ ਅਤੇ ਮਿੱਟੀ ਲੈ ਕੇ ਉਨ੍ਹਾਂ ਨੂੰ ਘੜਦਾ ਹੈ। ਆਦਮ ਵਿਚੋਂ ਨਿਕਲੀ ਮਾਈ ਹਵਾ ਵਾਂਗ :
ਉਹ ਆਪ ਵਕਤ ਹੈ ਸੋਚ ਅਜੀਤ ਹੈ
ਜੇ ਦੁਨੀਆ 'ਚ ਦਰਦ ਹੈ
ਤਾਂ ਉਹ ਆਪ ਹਮਦਰਦ ਹੈ।
(ਬਰਜਿੰਦਰ ਸਿੰਘ ਹਮਦਰਦ)
ਇਹੋ ਜਹੀ ਅਨੋਖੀ ਪੁਸਤਕ ਨੂੰ ਕੌਣ ਕਾਫ਼ਰ ਪੜ੍ਹਨਾ ਨਹੀਂ ਚਾਹੇਗਾ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

11-09-2022

ਬਾਨੋ ਕੁਦਸੀਆ ਦੀਆਂ ਚੋਣਵੀਆਂ ਕਹਾਣੀਆਂ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ, ਹਰਜੀਤ ਸਿੰਘ ਅਟਵਾਲ, ਜਿੰਦਰ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਪੰਨੇ : 208
ਸੰਪਰਕ : 98148-03254


ਇਹ ਸੰਪਾਦਿਤ ਪੁਸਤਕ ਉਰਦੂ ਕਹਾਣੀਆਂ ਦਾ ਪੰਜਾਬੀ ਅਨੁਵਾਦ ਹੈ। ਕੁੱਲ ਗਿਆਰਾਂ ਕਹਾਣੀਆਂ ਹਨ। ਕਹਾਣੀਕਾਰ ਜਿੰਦਰ ਨੇ ਇਸ ਤੋਂ ਪਹਿਲਾਂ ਵੀ ਉਰਦੂ ਕਹਾਣੀ ਨੂੰ ਪੰਜਾਬੀ ਵਿਚ ਸੰਪਾਦਿਤ ਕੀਤਾ ਹੈ। ਸੰਨ ਸੰਤਾਲੀ ਦੀ ਦੇਸ਼ ਵੰਡ ਦੀਆਂ ਕਹਾਣੀਆਂ ਦਾ ਅਨੁਵਾਦਿਤ ਸੰਗ੍ਰਹਿ ਵੀ ਪਾਠਕ ਪੜ੍ਹ ਚੁਕੇ ਹਨ। ਬਾਨੋ ਕੁਦਸੀਆਂ ਦਾ ਜਨਮ (1928) ਇਧਰ ਫ਼ਿਰੋਜ਼ਪੁਰ ਦਾ ਹੈ। ਉੱਚ ਸਿੱਖਿਆ ਲਾਹੌਰ ਵਿਚ ਹਾਸਲ ਕੀਤੀ ਤੇ 2017 ਵਿਚ ਉਹ ਫੌਤ ਹੋ ਗਈ ਸੀ। ਦੋ ਦਰਜਨ ਦੇ ਕਰੀਬ ਪੁਸਤਕਾਂ ਉਸ ਨੇ ਲਿਖੀਆਂ ਹਨ, ਜਿਨ੍ਹਾਂ ਵਿਚ ਨਾਵਲ, ਕਹਾਣੀਆਂ, ਨਾਟਕ, ਜੀਵਨੀ ਸ਼ੁਮਾਰ ਹਨ। 2013 ਵਿਚ ਸੰਪਾਦਕ ਜਿੰਦਰ ਨੇ ਲਾਹੌਰ ਵਿਚ ਹੋਏ ਉਸ ਦੇ ਸਨਮਾਨ ਸਮਾਗਮ ਵਿਚ ਮੁਲਾਕਾਤ ਕੀਤੀ ਤੇ ਇਸ ਪੁਸਤਕ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਚਾਹੀ। ਖੁਸ਼ੀ ਨਾਲ ਇਹ ਆਗਿਆ ਮਿਲ ਗਈ ਤੇ ਪੁਸਤਕ ਅਨੁਵਾਦ ਰੂਪ ਵਿਚ ਛਪ ਗਈ। ਕਹਾਣੀਆਂ ਵਿਚ ਮੁਸਲਿਮ ਭਾਈਚਾਰੇ ਦੀ ਜ਼ਿੰਦਗੀ ਦੀ ਬਹੁਪੱਖੀ ਤਸਵੀਰ ਹੈ। ਖ਼ਾਸ ਕਰਕੇ ਮਰਦ ਔਰਤ ਦੇ ਰਿਸ਼ਤੇ ਦੀ ਤੰਦ ਕਿਸੇ ਨਾ ਕਿਸੇ ਪੱਖ ਤੋਂ ਹਰੇਕ ਕਹਾਣੀ ਵਿਚ ਹੈ। ਪਹਿਲੀ ਕਹਾਣੀ ਅਮਰਵੇਲ ਮੁਹੱਬਤ ਦੀ ਵੇਲ ਹੈ। ਪਾਤਰਾਂ ਦੇ ਤਿੱਖੇ ਸੰਵਾਦ ਕਹਾਣੀਆਂ ਵਿਚ ਹਨ। ਬੋਲੀ ਠੇਠ ਪੰਜਾਬੀ ਹੈ। ਲਹਿੰਦੀ ਪੰਜਾਬੀ ਵਾਲੀ ਮਿਠਾਸ ਹੈ। ਪਾਤਰੀ ਸੰਵਾਦ ਕਹਾਣੀਆਂ ਦੀ ਪ੍ਰਮੁੱਖ ਸ਼ੈਲੀ ਹੈ। ਮਰਦਾਂ ਦੇ ਵੇਸਵਾਵਾਂ ਨਾਲ ਸੰਬੰਧ ਹਨ। ਬੀਵੀਆਂ ਪ੍ਰੇਸ਼ਾਨ ਹਨ। ਔਰਤ ਦਾ ਸ਼ੋਸ਼ਣ ਹੁੰਦਾ ਹੈ। ਸੌਗਾਤ ਕਹਾਣੀ ਵਿਚ ਪਤੀ ਅੱਯਾਸ਼ ਕਿਸਮ ਦਾ ਹੈ। ਪਤਨੀ ਨਾਲ ਤਕਰਾਰ ਹੁੰਦਾ ਹੈ। ਉਹ ਦੂਸਰੀ ਔਰਤ ਘਰ ਲਿਆਉਂਦਾ ਹੈ। ਪਤਨੀ ਨੂੰ ਕਹਿੰਦਾ ਹੈ ਸੌਗਾਤ ਲਿਆਂਦੀ ਹੈ। ਉਸ ਦੇ ਬੋਲ ਹਨ ਕੀ ਕਰਾਂ ਸ਼ਰੀਫਾਂ? ਬੁਰੀ ਆਦਤ ਪੈ ਗਈ ਆ ਸੋਹਣੀ ਔਰਤ ਵੇਖ ਲਵਾਂ ਤਾਂ ਫਿਰ ਇਰਦ-ਗਿਰਦ ਕੁਝ ਨਜ਼ਰ ਨਹੀਂ ਆਉਂਦਾ। ਖੜਾਵਾਂ ਦੀ ਪਾਤਰ ਅਖ਼ਬਾਰ ਦਾ ਕਾਲਮਨਵੀਸ ਹੈ। ਵੱਖ-ਵੱਖ ਵਿਸ਼ਿਆਂ ਬਾਰੇ ਲਿਖਦੀ ਹੈ। ਉਸ ਦਾ ਨਜ਼ਦੀਕੀ ਪਾਤਰ ਖੜਾਵਾਂ ਬਾਰੇ ਲਿਖਣ ਦਾ ਕਹਿੰਦਾ ਹੈ। ਡਾਢੇ ਸੰਗ ਪ੍ਰੀਤ ਵਿਚ ਪਤੀ ਪਤਨੀ ਦਾ ਤਣਾਓ ਹੈ। ਗੱਲ ਤਲਾਕ ਤੱਕ ਚਲੀ ਜਾਂਦੀ ਹੈ। ਔਰਤ ਕਹਿੰਦੀ ਹੈ 'ਅੱਬਾ ਮੈਨੂੰ ਤਲਾਕ ਲੈ ਦੇ...।' ਕਹਾਣੀ ਅੰਤਰ ਹੋਤ ਉਦਾਸੀ ਵਿਚ ਅਜੀਬ ਮਾਹੌਲ ਹੈ । ਮਾਂ ਆਪਣੀ ਧੀ ਨੂੰ ਅਰਧ ਪਾਗਲ ਮੁੰਡੇ ਨਾਲ ਜਾਇਦਾਦ ਦੇ ਲਾਲਚ ਵਿਚ ਵਿਆਹ ਦਿੰਦੀ ਹੈ। ਉਸ ਦੀਆਂ ਝੱਲ-ਵਲੱਲੀਆਂ ਜਿਹੀਆਂ ਹਰਕਤਾਂ ਪੜ੍ਹ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਸਹੁਰਾ ਨਾਜਾਇਜ਼ ਸੰਬੰਧ ਬਣਾਉਂਦਾ ਹੈ। ਇਮੀਗ੍ਰੇਸ਼ਨ, ਡੇਅਰੀ ਫਾਰਮ, ਚਾਬੀ ਕਹਾਣੀਆਂ ਵਿਚ ਸਾਂਝੇ ਸੱਭਿਆਚਾਰ ਦੇ ਕਈ ਰੰਗ ਵੇਖੇ ਮਾਣੇ ਜਾ ਸਕਦੇ ਹਨ। ਅਨੁਵਾਦਿਤ ਸੰਗ੍ਰਹਿ ਦਾ ਸਵਾਗਤ ਹੈ ।


ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਚੁੱਪ ਦੀ ਬੁੱਕਲ
ਗ਼ਜ਼ਲਕਾਰ-ਅਮਜ਼ਦ ਆਰਫ਼ੀ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 250 ਰੁਪਏ, ਸਫ਼ੇ : 87
ਸੰਪਰਕ : 094161-24729


ਅਮਜ਼ਦ ਆਰਫ਼ੀ ਪਾਕਿਸਤਾਨੀ ਮੂਲ ਦਾ ਪੰਜਾਬੀ ਗ਼ਜ਼ਲਕਾਰ ਹੈ ਜੋ ਕਈ ਦਹਾਕਿਆਂ ਤੋਂ ਜਰਮਨ ਵਿਚ ਰਹਿ ਰਿਹਾ ਹੈ ਤੇ ਆਪਣੀ ਜ਼ਬਾਨ ਦੀ ਖ਼ਿਦਮਤ ਕਰ ਰਿਹਾ ਹੈ। 'ਚੁੱਪ ਦੀ ਬੁੱਕਲ' ਗ਼ਜ਼ਲ ਸੰਗ੍ਰਹਿ ਦੇ ਮੁਢਲੇ ਪੰਨਿਆਂ 'ਤੇ ਆਰਫ਼ੀ ਨੇ ਆਪਣੇ ਜੀਵਨ ਸੰਘਰਸ਼ ਬਾਰੇ ਬੜੇ ਰੌਚਕ ਤੱਥ ਲਿਖੇ ਹਨ। ਕੁਝ ਹੋਰ ਵਿਦਵਾਨਾਂ ਨੇ ਵੀ ਉਸ ਦੀ ਗ਼ਜ਼ਲਕਾਰੀ ਬਾਰੇ ਚੋਖਾ ਲਿਖਿਆ ਹੈ। 'ਚੁੱਪ ਦੀ ਬੁੱਕਲ' ਵਿਚ ਛਪੀਆਂ ਗ਼ਜ਼ਲਾਂ ਦੀ ਭਾਸ਼ਾ 'ਤੇ ਉਸ ਦੀ ਜੰਮਣ ਭੋਇੰ ਦਾ ਪ੍ਰਭਾਵ ਹੈ ਤੇ ਫ਼ਾਰਸੀ ਜ਼ੁਬਾਨ ਦੀ ਛਾਪ ਹੈ। ਅਮਜ਼ਦ ਆਰਫ਼ੀ ਦੀਆਂ ਤਮਾਮ ਗ਼ਜ਼ਲਾਂ ਮਨੁੱਖੀ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਦੀ ਆਪ ਬੀਤੀ ਹੈ। ਇਨ੍ਹਾਂ ਵਿਚ ਸਰਲਤਾ, ਸਪਸ਼ੱਟਤਾ ਤੇ ਬੇਲਿਹਾਜ਼ੀ ਹੈ। ਚੜ੍ਹਦੇ ਪੰਜਾਬ ਦੀ ਪੰਜਾਬੀ ਗ਼ਜ਼ਲ ਜਿਥੇ ਕਈ ਤਜ਼ਰਬਿਆਂ 'ਚੋਂ ਲੰਘ ਰਹੀ ਹੈ ਤੇ ਆਪਸ ਵਿਚ ਲੜ ਭਿੜ ਰਹੀ ਹੈ ਓਥੇ ਲਹਿੰਦੇ ਪੰਜਾਬ ਦੀ ਬਹੁਤੀ ਪੰਜਾਬੀ ਗ਼ਜ਼ਲ ਦਾ ਅੰਦਾਜ਼ ਜੋ ਪਹਿਲਾਂ ਸੀ ਹੁਣ ਵੀ ਓਹੀ ਹੈ। ਓਥੇ ਅਰੂਜ਼ ਦੀਆਂ ਬੰਦਿਸ਼ਾਂ ਦੀ ਓਨੀ ਪਰਵਾਹ ਨਹੀਂ ਕੀਤੀ ਜਾਂਦੀ, ਜਿੰਨੀ ਆਮ ਤੌਰ 'ਤੇ ਏਧਰ ਕੀਤੀ ਜਾਂਦੀ ਹੈ। 'ਚੁੱਪ ਦੀ ਬੁੱਕਲ' ਬਾਰੇ ਵੀ ਇਹੋ ਹੀ ਕਿਹਾ ਜਾ ਸਕਦਾ ਹੈ। ਅਮਜ਼ਦ ਆਰਫ਼ੀ ਵਿੰਗ ਵਲੇਵੇਂ ਪਾਉਣ ਵਿਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਉਸ ਦਾ ਸਿੱਧੀ ਗੱਲ ਕਰਨ ਵਿਚ ਯਕੀਨ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਨਸੀਹਤਾਂ ਵਰਗੇ ਹਨ ਤੇ ਸੁਚੱਜੀ ਜ਼ਿੰਦਗੀ ਜਿਊਣ ਲਈ ਪਾਠਕ ਦੀ ਅਗਵਾਈ ਕਰ ਸਕਦੇ ਹਨ। ਤਦੇ ਉਹ ਆਖਦਾ ਹੈ 'ਮੈਂ ਭਾਵੇਂ ਲੱਖ ਦਾ ਹਾਂ ਭਾਵੇਂ ਕੱਖ ਦਾ ਹਾਂ ਮੇਰੇ ਮੌਲਾ ਮੇਰੀਆਂ ਸ਼ਰਮਾਂ ਰੱਖ।' ਇਸ ਪੁਸਤਕ ਦੀ ਪਹਿਲੀ ਗ਼ਜ਼ਲ ਬਾਬੇ ਨਾਨਕ ਨੂੰ ਸਪਰਪਿਤ ਹੈ, ਜਿਸ ਤੋਂ ਸਪੱਸ਼ਟ ਹੈ ਬਾਬਾ ਨਾਨਕ ਜਿੰਨਾ ਸਾਡਾ ਹੈ ਓਨਾ ਲਹਿੰਦੇ ਪੰਜਾਬ ਦਾ ਵੀ ਹੈ। ਇਹ ਪੁਸਤਕ ਦੋਵਾਂ ਪੰਜਾਬਾਂ ਦੀ ਸਾਂਝ ਨੂੰ ਵੀ ਗੂੜ੍ਹਾ ਕਰਦੀ ਹੈ ਤੇ ਸਾਂਝ ਦਾ ਇਹ ਸਿਲਸਿਲਾ ਚਲਦਾ ਰਹਿਣਾ ਚਾਹੀਦਾ ਹੈ।


c c c


ਨਿਗਾਹਬਾਨੀਆਂ
ਸ਼ਾਇਰ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 175 ਰੁਪਏ, ਸਫ਼ੇ : 88
ਸੰਪਰਕ : 094161-24729


'ਨਿਗਾਹਬਾਨੀਆਂ' ਤੋਂ ਪਹਿਲਾਂ ਕੈਨੇਡਾ ਵਿਚ ਵਸਦੇ ਸ਼ਾਇਰ ਸ਼ਾਹਗੀਰ ਸਿੰਘ ਗਿੱਲ ਦੇ ਦਰਜਨ ਤੋਂ ਉੱਤੇ ਕਾਵਿ ਸੰਗ੍ਰਹਿ ਹੋਰ ਛਪ ਚੁੱਕੇ ਹਨ। ਇਸ ਪੁਸਤਕ ਵਿਚ ਉਸ ਦੀਆਂ ਪਚਵੰਜਾ ਦੇ ਕਰੀਬ ਛੋਟੀਆਂ-ਵੱਡੀਆਂ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ 'ਚੋਂ ਵਧੇਰੇ ਧਾਰਮਿਕ ਤੇ ਸਮਾਜਿਕ ਹਨ। 'ਨਿਗਾਹਬਾਨੀਆਂ' ਦੀਆਂ ਕਵਿਤਾਵਾਂ ਦਾ ਆਗ਼ਾਜ਼ 'ਜਨਮ ਦਿਨ ਸਾਹਿਬੇ ਕਮਾਲ' ਨਾਲ ਹੁੰਦਾ ਤੇ ਪੁਸਤਕ ਦੇ ਅਗਲੇ ਪੰਨਿਆਂ 'ਤੇ ਵੀ ਅਜਿਹੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਹਨ। ਆਪਣੀ ਆਖ਼ਰੀ ਕਵਿਤਾ 'ਸੁਹਿਰਦ ਸੰਭਾਲ' ਵਿਚ ਉਹ ਪਾਠਕ ਨੂੰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂ-ਬਰੂ ਕਰਵਾਉਂਦਾ ਹੈ। ਉਹ ਕਹਿੰਦਾ ਹੈ ਜ਼ਿੰਦਗੀ 'ਤੇ ਤਕਲੀਫ਼ਾਂ ਦਾ ਹਮਲਾ ਉਦੋਂ ਹੁੰਦਾ ਹੈ ਜਦੋਂ ਅਸੀਂ ਅਕਸਰ ਸਹਿਣ ਕਰਨ ਦੇ ਕਾਬਲ ਨਹੀਂ ਹੁੰਦੇ। ਸ਼ਾਇਰ ਕਹਿੰਦਾ ਹੈ ਉਹ ਮਾਪੇ ਖ਼ੁਸ਼ਕਿਸਮਤ ਹਨ ਜਿਨ੍ਹਾਂ ਦੀ ਔਲਾਦ ਉਨ੍ਹਾਂ ਦਾ ਖ਼ਿਆਲ ਰੱਖਦੀ ਹੈ। ਗਿੱਲ ਜ਼ਮਾਨੇ ਨੂੰ ਤਮਾਸ਼ਾਈ ਸਮਝਦਾ ਹੈ ਤੇ ਇਸ ਦੀ ਹਕੀਕਤ ਨੂੰ ਸਮਝਣ ਲਈ ਹਰ ਮਨੁੱਖ ਨੂੰ ਘਰ ਤੋਂ ਬਾਹਰ ਦੀ ਦੁਨੀਆ ਦੀ ਸਮਝ ਜ਼ਰੂਰੀ ਹੈ। ਸ਼ਾਇਰ ਮੁਤਾਬਕ ਸਮਾਂ ਬਹੁਤੀ ਦੇਰ ਨਹੀਂ ਟਿਕਦਾ ਤੇ ਸਾਨੂੰ ਇਸ ਨਾਲ ਕਦਮ ਮਿਲਾ ਕੇ ਚਲਦੇ ਰਹਿਣਾ ਚਾਹੀਦਾ ਹੈ। 'ਨਿਗਾਹਬਾਨੀਆਂ' ਦੀਆਂ ਤਮਾਮ ਰਚਨਾਵਾਂ ਛੰਦ ਬੱਧ ਤਾਂ ਹਨ ਪਰ ਛੰਦ ਬੱਧਤਾ ਵਿਚ ਕਿਤੇ-ਕਿਤੇ ਉਲਝਣਾਂ ਹਨ। ਫਿਰ ਵੀ ਇਹ ਪੁਸਤਕ ਵਿਸ਼ੇਸ਼ ਪ੍ਰਕਾਰ ਦੇ ਪਾਠਕਾਂ ਨੂੰ ਜ਼ਰੂਰ ਪਸੰਦ ਆਵੇਗੀ।


ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਸਿਰਜਣਾ ਦੀ ਜੂਹ

ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ,ਸਫ਼ੇ : 168
ਸੰਪਰਕ : 94638-36591


ਜਸਬੀਰ ਭੁੱਲਰ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਸ ਨੇ ਸਾਹਿਤ ਦੀ ਹਰ ਵਿਧਾ ਵਿਚ ਗੌਲਣਯੋਗ ਸਾਹਿਤ ਰਚਨਾ ਕੀਤੀ ਹੈ। 'ਸਿਰਜਣਾ ਦੀ ਜੂਹ' ਇਸ ਸਾਲ ਪ੍ਰਕਾਸ਼ਿਤ ਉਸ ਦੀ ਸੱਜਰੀ ਵਾਰਤਕ ਕਿਤਾਬ ਹੈ, ਜੋ ਸਾਹਿਤ ਅਤੇ ਚਿੱਤਰਕਾਰੀ ਦੇ ਅੱਠ ਸਿਰਜਣਹਾਰਿਆਂ ਨਾਲ ਡੂੰਘੀਆਂ ਮੁਲਾਕਾਤਾਂ 'ਤੇ ਆਧਾਰਿਤ ਹੈ। ਇਸ ਦੇ ਅੰਤਰਗਤ ਉਸ ਨੇ ਭੂਮਿਕਾ (ਸਿਰਜਣਾ ਦੀ ਜੂਹ ਤੋਂ ਪਹਿਲਾਂ, ਪੰਨੇ 9-10) ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ, ਗੁਰਬਚਨ ਸਿੰਘ ਭੁੱਲਰ, ਸੁਖਵੰਤ ਕੌਰ ਮਾਨ ਅਤੇ ਖੁਦ (ਜਸਬੀਰ ਭੁੱਲਰ) (ਸਾਰੇ ਲੇਖਕ) ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਹਨ; ਜਦਕਿ ਚਿੱਤਰਕਾਰੀ ਦੇ ਮਹਾਂਰਥੀਆਂ ਵਿਚ ਪ੍ਰੇਮ ਸਿੰਘ, ਜਗਦੀਪ ਗਰਚਾ, ਸਤਵੰਤ ਸਿੰਘ ਸੁਮੇਲ ਅਤੇ ਮਦਨ ਲਾਲ ਦੇ ਨਾਂਅ ਸ਼ਾਮਿਲ ਹਨ।ਇਹ ਸਾਰੀਆਂ ਹੀ ਮੁਲਾਕਾਤਾਂ ਸਰਸਰੀ ਜਾਂ ਸਾਧਾਰਨ ਪੱਧਰ ਦੀਆਂ ਨਹੀਂ, ਸਗੋਂ ਲੇਖਕ ਨੇ ਪਹਿਲਾਂ ਖੁਦ ਉਨ੍ਹਾਂ ਦੇ ਸਾਹਿਤ/ਚਿੱਤਰਕਾਰੀ ਨੂੰ ਜਾਣਿਆ/ਸਮਝਿਆ ਤੇ ਫਿਰ ਬਹੁਤ ਹੀ ਦਿਲਚਸਪ ਅਤੇ ਸੰਜੀਦਾ ਸਵਾਲ ਕਰਕੇ ਉਨ੍ਹਾਂ ਦੀ ਸਿਰਜਣਕਾਰੀ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ। ਸਾਹਿਤਕਾਰਾਂ 'ਚੋਂ ਗੁਰਬਚਨ ਸਿੰਘ ਭੁੱਲਰ ਨਾਲ ਮੁਲਾਕਾਤ (ਪੰਨੇ 30-60), ਸਭ ਤੋਂ ਲੰਮੀ ਹੈ (30 ਪੰਨੇ), ਤੇ ਇਹ ਬਹੁਤ ਸਹਿਜ, ਸਰਲ ਤੇ ਸਪੱਸ਼ਟ ਹੈ, ਵਿਚੋਂ ਇਕ-ਦੋ ਵਾਕ : 'ਗੁਰਦਿਆਲ ਸਿੰਘ ਮੈਨੂੰ ਆਪਣੀ ਇਕ ਕਹਾਣੀ ਬਾਰੇ ਕਹਿਣ ਲੱਗਾ- ਮੈਂ 'ਮਸਤੀ ਬੋਤਾ' ਕਹਾਣੀ ਸਤਾਰਾਂ ਵਾਰ ਲਿਖੀ ਹੈ। ਮੈਂ ਹੱਸ ਕੇ ਉਹ ਨੂੰ ਕਿਹਾ-ਜਦੋਂ ਇਹ ਕਹਾਣੀ ਦੋ-ਤਿੰਨ ਵਾਰ ਤੇਰੇ ਕਾਬੂ ਨਹੀਂ ਸੀ ਆਈ, ਇਸ ਸਾਲ਼ੀ ਨੂੰ ਪਾੜ ਕੇ ਸਿੱਟਦਾ ਤੇ ਇੰਨੀ ਮਿਹਨਤ ਨਾਲ ਸਤਾਰਾਂ ਹੋਰ ਕਹਾਣੀਆਂ ਲਿਖਦਾ।' (ਪੰਨਾ 36)। ਚਿੱਤਰਕਾਰ ਪ੍ਰੇਮ ਸਿੰਘ, ਜਿਸ ਦੀ ਮੁਲਾਕਾਤ ਚਿੱਤਰਕਾਰਾਂ ਵਿਚੋਂ ਸਭ ਤੋਂ ਲੰਮੀ ਹੈ (19 ਪੰਨੇ) ਦੀ ਕਲਾ ਸਿਰਜਣਾ ਵਿਚੋਂ-'ਮੇਰੇ ਲਈ ਹਰ ਕੋਰਾ ਕੈਨਵਸ ਚੁਣੌਤੀ ਹੈ, ਉਕਸਾਉਂਦਾ ਹੈ, ਡਰਾਉਂਦਾ ਹੈ, ਉਤਸ਼ਾਹਿਤ ਕਰਦਾ ਨਾਲ ਹੀ ਪੁੱਛਦਾ ਹੈ ਕਿ ਪੇਂਟਿੰਗ ਤਾਂ ਚਿਰਾਂ ਤੋਂ ਹੋ ਰਹੀ ਹੈ ਚਿੱਤਰਕਾਰ! ਤੇਰੇ ਵਿਚ ਐਸਾ ਕੀ ਹੈ ਕਿ ਤੂੰ ਮੇਰੇ ਕੋਰੇਪਣ ਨਾਲ ਖੇਡ ਰਿਹਾ ਹੈਂ...।' (ਪੰਨਾ 115)
ਪੁਸਤਕ ਵਿਚ ਸਾਰੇ ਲੇਖਕਾਂ/ਚਿੱਤਰਕਾਰਾਂ ਦੀਆਂ ਤਸਵੀਰਾਂ ਵੀ ਮੌਜੂਦ ਹਨ। ਪੁਸਤਕ ਦੇ ਫਲੈਪ-ਕਵਰ ਵਿਚ ਤਾਂ ਪੁਸਤਕ ਅਤੇ ਲੇਖਕ ਦਾ ਨਾਂਅ ਦਰਜ ਹੈ, ਜਦਕਿ ਜਿਲਦ ਉੱਤੇ ਸਿਰਫ਼ ਲੇਖਕ ਦਾ ਨਾਂਅ ਹੀ ਹੈ, ਪੁਸਤਕ ਦਾ ਨਾਂਅ ਛਪਣੋਂ ਰਹਿ ਗਿਆ ਹੈ। ਪਤਾ ਨਹੀਂ ਕਿ ਇਹ ਮੇਰੇ ਕੋਲ ਪਹੁੰਚੀ ਪੁਸਤਕ ਵਿਚ ਹੀ ਹੈ ਜਾਂ ਸਾਰੀਆਂ ਕਿਤਾਬਾਂ ਵਿੱਚ।


ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਮੈਨੂੰ ਰੰਗ ਦੇ...
ਲੇਖਕ : ਜੀ.ਐਸ. ਚੰਨ ਪਟਿਆਲਵੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 151
ਸੰਪਾਰਕ : 98156-55951


ਗੁਰਚਰਨ ਸਿੰਘ ਚੰਨ ਪਟਿਆਲਵੀ ਦੀ ਕਵਿਤਾ 'ਮੁਹੱਬਤ ਦੇ ਦੀਵੇ 'ਬਾਲਣ' ਲਈ ਯਤਨਸ਼ੀਲ ਹੈ। ਪਿਛਲੇ ਦਸ-ਬਾਰ੍ਹਾਂ ਵਰ੍ਹਿਆਂ ਤੋਂ ਉਹ ਸ. ਕੁਲਵੰਤ ਸਿੰਘ ਨਾਰੀਕੇ ਵਲੋਂ ਪ੍ਰਕਾਸ਼ਿਤ ਹੋਣ ਵਾਲੇ ਮੈਗਜ਼ੀਨ 'ਗੁਸਈਆ' ਦਾ ਆਨਰੇਰੀ ਸੰਪਾਦਕ ਵੀ ਹੈ। ਉਸ ਦੀਆਂ ਕਵਿਤਾਵਾਂ ਪ੍ਰਗੀਤਾਤਮਿਕ ਹਨ। ਉਹ ਵਿਵਿਧ ਰੰਗਾਂ ਨਾਲ ਕਵਿਤਾ ਲਿਖਣ ਅਤੇ ਜਿਉਣ ਦਾ ਇਛੁੱਕ ਹੈ। ਉਹ ਲਾਲ, ਕਾਲਾ, ਸਾਵਾ, ਬਸੰਤੀ ਆਦਿ ਹਰ ਰੰਗ ਨੂੰ ਮਾਣਨਾ ਅਤੇ ਰੱਜ ਕੇ ਹੰਢਾਉਣਾ ਲੋਚਦਾ ਹੈ। ਉਸ ਲਈ ਹਰ ਰੰਗ ਜੀਵਨ ਦੀ ਕਿਸੇ ਨਵੀਂ ਲੋਚਾ ਅਤੇ ਰਮਜ਼ ਦਾ ਪ੍ਰਤੀਕ ਹੈ। ਪ੍ਰਕਿਰਤੀ ਅਤੇ ਵਾਤਾਵਰਨ ਉਸ ਦੀਆਂ ਕਵਿਤਾਵਾਂ ਨੂੰ ਇਕ ਖ਼ੂਬਸੂਰਤ ਪਿੱਠਭੂਮੀ ਪ੍ਰਦਾਨ ਕਰਦਾ ਹੈ। ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਜਦੋਂ ਬਹੁਤੇ ਮਨੁੱਖ ਪ੍ਰਕਿਰਤੀ ਤੋਂ ਬੇਮੁੱਖ ਹੋ ਗਏ ਹਨ ਅਤੇ ਇਸ ਕਾਰਨ ਖੰਡਿਤ ਮਹਿਸੂਸ ਕਰਦੇ ਹਨ, ਚੰਨ ਪਟਿਆਲਵੀ ਪੂਰੀ ਤਰ੍ਹਾਂ ਨਾਲ ਪ੍ਰਕਿਰਤੀ ਦੇ ਅੰਗ-ਸੰਗ ਦਿਖਾਈ ਦਿੰਦਾ ਹੈ। ਉਹ ਪ੍ਰਕਿਰਤੀ ਦੇ ਵਿਭਿੰਨ ਦ੍ਰਿਸ਼ਾਂ ਅਤੇ ਸਰਗਰਮੀਆਂ ਨੂੰ ਇਕ ਵਿਸ਼ਾਲ 'ਗੀਤਾਂਜਲੀ' ਦੇ ਵਿਭਿੰਨ ਗੀਤ ਮੰਨਦਾ ਹੈ। ਉਹ ਮਨੁੱਖੀ ਜੀਵਨ ਨੂੰ ਕੋਈ ਬੋਝ ਜਾਂ ਸਰਾਪ ਮੰਨਣ ਦੀ ਬਜਾਇ ਕੁਦਰਤ ਦਾ ਇਕ ਬਹੁਮੁੱਲਾ ਵਰਦਾਨ ਮੰਨਦਾ ਹੈ ਅਤੇ ਉਹ ਕਥਿਤ ਸੱਭਿਅਕ ਮਨੁੱਖ ਵਾਂਗ ਕੁਦਰਤ ਨਾਲ ਖਿਲਵਾੜ ਕਰਨ ਦੀ ਬਜਾਇ ਜਾਂਗਲੀ ਮਨੁੱਖ ਵਾਂਗ ਕੁਦਰਤ ਦੀ ਪੂਜਾ ਕਰਨ ਦਾ ਸੰਦੇਸ਼ ਦਿੰਦਾ ਹੈ। ਕਵੀ ਨੂੰ ਆਪਣੇ ਬਚਪਨ ਦੀਆਂ ਯਾਦਾਂ ਨਾਲ ਡੂੰਘਾ ਸਨੇਹ ਹੈ। ਆਪਣੇ ਪਿੰਡ ਨੰਦਪੁਰ ਕਲੌੜ ਦੇ ਅਨੇਕ ਦ੍ਰਿਸ਼ ਉਸ ਦੀ ਸਿਮਰਤੀ ਦਾ ਸ਼ਿੰਗਾਰ ਬਣੇ ਹੋਏ ਹਨ ਅਤੇ ਉਸ ਦੀਆਂ ਕਵਿਤਾਵਾਂ ਵਿਚ ਕਰੀਨੇ ਨਾਲ ਗੁੰਦੇ ਹੋਏ ਹਨ। ਉਹ ਲਿਖਦਾ ਹੈ
ਬੰਦਿਆਂ ਦੇ ਜੰਗਲ ਨੂੰ ਪਾਰ ਕਰ
ਪਹੁੰਚ ਜਾਂਦਾ ਹਾਂ ਪਿੰਡ ਦੇ
ਅੰਮੀ ਲੁਹਾਰ ਕੋਲ...
ਬਾਤ ਪਾਉਂਦਾ ਹੈ ਅੰਮੀ
ਰਾਜ ਕੁਮਾਰ ਦੀ...।
ਚੰਨ ਪਟਿਆਲਵੀ ਚਿੰਤਨ ਅਤੇ ਫਲਸਫ਼ੇ ਦਾ ਕਵੀ ਹੈ। ਹੌਲੀ-ਹੌਲੀ ਉਸ ਦੀ ਕਾਵਿ-ਕਲਾ ਹੋਰ ਪਰਿਪੱਕ ਅਤੇ ਧਾਰਦਾਰ ਹੁੰਦੀ ਜਾਵੇਗੀ।


ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136


ਜਾਦੂ- ਪੱਤਾ
ਲੇਖਕ : ਪਾਲੀ ਖਾਦਿਮ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 145 ਰੁਪਏ, ਸਫ਼ੇ : 56
ਸੰਪਰਕ : 99143-10063


ਇਹ ਬਾਲ ਨਾਵਲ ਇਕ ਸਕੂਲੀ ਬੱਚੇ ਗੋਪਾਲ ਦੇ ਦੁਆਲੇ ਘੁੰਮਦਾ ਹੈ, ਜਿਸ ਨੂੰ ਸਾਰੇ ਬੱਚੇ ਲੱਲੂ ਕਹਿ ਕੇ ਛੇੜਦੇ ਹਨ। ਪਰ ਉਸ ਦੀਆਂ ਰੁਚੀਆਂ ਬਾਕੀ ਬੱਚਿਆਂ ਨਾਲੋਂ ਅਲਗ ਖੋਜੀ ਕਿਸਮ ਦੀਆਂ ਹਨ। ਉਹ ਬੱਚਿਆਂ ਨਾਲ ਖੇਡਣ ਦੀ ਬਜਾਏ ਉਹ ਜ਼ਿਆਦਾ ਕਰਕੇ ਪਿੰਡੋਂ ਦੂਰ ਬੀਆਬਾਨ ਵਿਚ ਬਹੁਤ ਹੀ ਪੁਰਾਣੇ ਪਿੱਪਲ ਥੱਲੇ ਜਾ ਕੇ ਬਹਿੰਦਾ ਹੈ। ਉਸ ਨੂੰ ਸਾਥੀ ਬੱਚੇ ਤਾਂ ਬਹੁਤ ਘੱਟ ਬੁਲਾਉਂਦੇ ਹਨ ਪਰ ਪੁਰਾਣੇ ਪਿੱਪਲ ਥੱਲੇ ਜਦੋਂ ਬਹਿੰਦਾ ਹੈ ਤਾਂ ਉਸ ਵਿਚੋਂ ਉਸ ਨੂੰ ਆਵਾਜ਼ਾਂ ਆਉਂਦੀਆਂ ਹਨ ਪਹਿਲਾਂ ਤਾਂ ਉਹ ਡਰ ਜਾਂਦਾ ਹੈ ਫਿਰ ਪਿੱਪਲ ਦਾ ਉਹ ਪੱਕਾ ਮਿੱਤਰ ਬਣ ਜਾਂਦਾ ਹੈ। ਪਿੱਪਲ ਉਸ ਨੂੰ ਖੁਸ਼ ਹੋ ਕੇ ਇਕ ਆਪਣਾ ਪੱਤਾ ਦਿੰਦਾ ਹੈ ਅਤੇ ਆਖਦਾ ਹੈ ਕਿ ਇਹ ਜਾਦੂ ਦਾ ਪੱਤਾ ਹੈ। ਤੂੰ ਜਿਹੜਾ ਵੀ ਸੁਪਨਾ ਲੈਣਾ ਚਾਹੇਂ ਇਹ ਓਹੀ ਸੁਪਨਾ ਤੈਨੂੰ ਵਿਖਾ ਸਕਦਾ ਹੈ। ਗੋਪਾਲ ਉਹ ਜਾਦੂ ਦਾ ਪੱਤਾ ਲੈ ਕੇ ਆਪਣੇ ਘਰ ਆ ਜਾਂਦਾ ਹੈ ਅਤੇ ਰਾਤ ਨੂੰ ਆਪਣੇ ਸਿਰ੍ਹਾਣੇ ਥੱਲੇ ਰੱਖ ਲੈਂਦਾ ਹੈ ਅਤੇ ਖੁੱਲ੍ਹੇ ਅਸਮਾਨ ਵਿਚ ਜਾਣ ਦਾ ਸੁਪਨਾ ਪੱਤੇ ਨੂੰ ਦੱਸ ਦਿੰਦਾ ਹੈ। ਲੇਖਕ ਇਸੇ ਬਹਾਨੇ ਬਹੁਤ ਹੀ ਕਲਾਤਮਿਕ ਢੰਗ ਨਾਲ ਗੋਪਾਲ ਨੂੰ ਤਾਰਿਆਂ ਦੇ ਦੇਸ਼ ਵਿਚ ਲੈ ਜਾਂਦਾ ਹੈ ਉਥੇ ਉਸ ਨੂੰ 'ਕੋਵ' ਮਿਲ ਜਾਂਦਾ ਹੈ ਜਿਹੜਾ ਕਿ ਉਸ ਦਾ ਮਿੱਤਰ ਬਣ ਜਾਂਦਾ ਹੈ ਉਹ ਸਵਾਗਤ ਕਰਦਾ ਹੋਇਆ ਆਖਦਾ ਹੈ ਕਿ ਮੈਂ 'ਏਲੀਅਨਾਂ' ਦੇ ਦੇਸ਼ ਤੋਂ ਆਇਆਂ ਹਾਂ ਮੈਂ ਤੈਨੂੰ ਪੂਰੇ ਬ੍ਰਹਿਮੰਡ ਦੀ ਸੈਰ ਕਰਾਵਾਂਗਾ। ਉਹ ਉਥੇ ਉਸ ਨੂੰ ਸਾਡੇ ਸਾਰੇ 'ਸੌਰ ਮੰਡਲ' ਦਾ ਗਿਆਨ ਦਿੰਦਾ ਹੈ। ਧਰਤੀ, ਸੂਰਜ, ਚੰਦਰਮਾ, ਤਾਰੇ ਅਤੇ ਸਮੂਹ ਗ੍ਰਹਿਾਂ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਮਨੁੱਖ ਦੀਆਂ ਇਸ ਬ੍ਰਹਿਮੰਡ ਨੂੰ ਸੰਭਾਲਣ ਦੀਆਂ ਜੋ ਜ਼ਿੰਮੇਵਾਰੀਆਂ ਬਾਰੇ ਵੀ ਸੁਚੇਤ ਕਰਦਾ ਹੈ। ਵਾਤਾਵਰਨ ਨੂੰ ਸੰਭਾਲਣ ਬਾਰੇ ਵੀ ਸਿੱਖਿਆ ਦਿੰਦਾ ਹੈ। ਓਹੀ ਬੱਚਾ ਉਸ ਸੁਪਨੇ ਤੋਂ ਬਾਅਦ ਬਹੁਤ ਹੀ ਸੁਚੇਤ ਹੋ ਜਾਂਦਾ ਹੈ। ਸਕੂਲ ਵਲੋਂ ਬ੍ਰਹਿਮੰਡ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਕੇ ਸਾਰੇ ਬੱਚਿਆਂ ਨੂੰ ਦੰਗ ਕਰ ਦਿੰਦਾ ਹੈ। ਮਾਸਟਰ ਜੀ ਨੇ ਸਾਰੇ ਬੱਚਿਆਂ ਨੂੰ ਆਖਿਆ ਕਿ ਹੁਣ ਇਸ ਨੂੰ ਲੱਲੂ ਕਹਿ ਕੇ ਕਿਸੇ ਨਹੀਂ ਬੁਲਾਉਣਾ ਗੋਪਾਲ ਸਿੰਘ ਕਹਿ ਕੇ ਬੁਲਾਉਣਾ ਹੈ। ਕੁੱਲ ਮਿਲਾ ਕੇ ਲੇਖਕ ਨੇ ਬਹੁਤ ਹੀ ਮੁਸ਼ਕਿਲ ਵਿਸ਼ੇ ਨੂੰ ਬਹੁਤ ਹੀ ਸਰਲ, ਠੇਠ ਅਤੇ ਕਲਾਤਮਿਕ ਢੰਗ ਨਾਲ ਬਾਲਾਂ ਨੂੰ ਸਮਝਾਉਣ ਦਾ ਬਹੁਤ ਹੀ ਸਾਰਥਕ ਯਤਨ ਕੀਤਾ ਹੈ। ਮੈਂ ਜਿੱਥੇ ਲੇਖਕ ਦੀ ਸੋਚਣੀ ਅਤੇ ਮਿਹਨਤ ਦੀ ਦਾਦ ਦਿੰਦਾ ਹਾਂ ਉਥੇ ਬਾਲਾਂ ਨੂੰ ਇਹ ਪਿਆਰੀ ਜਿਹੀ ਪੁਸਤਕ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896


ਨਾ ਨਰ ਨਾ ਨਾਰੀ
ਲੇਖਿਕਾ : ਹਰਦੀਪ ਬਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ,
ਮੁੱਲ : 250 ਰੁਪਏ, ਸਫ਼ੇ : 121
ਸੰਪਰਕ : 81465-90488


ਇਹ ਨਿਵੇਕਲੀ ਪੁਸਤਕ ਕਿੰਨਰ ਸਮਾਜ ਨੂੰ ਸਮਰਪਿਤ ਹੈ। ਇਹ ਇਕ ਸਾਂਝਾ ਸੰਗ੍ਰਹਿ ਹੈ, ਜਿਸ ਵਿਚ ਕਿੰਨਰਾਂ ਨਾਲ ਕੀਤੀਆਂ ਮੁਲਾਕਾਤਾਂ ਅਤੇ ਵੱਖੋ-ਵੱਖਰੇ ਕਵੀਆਂ ਦੁਆਰਾ ਕਿੰਨਰਾਂ ਪ੍ਰਤੀ ਲਿਖੀਆਂ ਕਵਿਤਾਵਾਂ ਦਰਜ ਹਨ। ਕਿੰਨਰ ਪਰਮਾਤਮਾ ਦੀ ਇਕ ਵੱਖਰੀ ਕਿਸਮ ਦੀ ਸਿਰਜਣਾ ਹੈ ਜੋ ਨਾ ਤਾਂ ਨਰ ਹੁੰਦੇ ਹਨ, ਨਾ ਹੀ ਨਾਰੀਆਂ। ਇਨ੍ਹਾਂ ਦੇ ਜਨਮ 'ਤੇ ਮਾਤਾ-ਪਿਤਾ ਖੁਸ਼ੀਆਂ ਨਹੀਂ, ਸਗੋਂ ਮਾਤਮ ਮਨਾਉਂਦੇ ਹਨ। ਵਿੱਦਿਅਕ ਅਦਾਰਿਆਂ ਅਤੇ ਸਮਾਜ ਵਿਚ ਇਨ੍ਹਾਂ ਨੂੰ ਤਾਹਨਿਆਂ-ਮਿਹਣਿਆਂ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੇ ਦਿਲ ਵੀ ਮੁਹੱਬਤ ਲਈ ਤੜਫ਼ਦੇ ਹਨ ਪਰ ਸਮਾਜ ਇਨ੍ਹਾਂ ਨੂੰ ਪਰਵਾਨ ਨਹੀਂ ਕਰਦਾ। ਇਹ ਕਦੇ ਵੀ ਮਾਂ-ਬਾਪ ਨਹੀਂ ਬਣ ਸਕਦੇ। ਇਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਸ੍ਰੀ ਰਾਮਚੰਦਰ ਜੀ ਦੀ ਔਲਾਦ ਹਨ। ਜਦੋਂ ਰਾਮਚੰਦਰ ਜੀ ਬਨਵਾਸ ਕੱਟ ਕੇ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਨਰ-ਨਾਰੀਆਂ ਵਾਪਸ ਮੁੜ ਜਾਉ। ਸਾਰੇ ਚਲੇ ਗਏ ਪਰ ਕਿੰਨਰ ਭੁੱਖੇ ਤਿਹਾਏ ਉੱਥੇ ਹੀ ਖੜ੍ਹੇ ਰਹੇ। ਰਾਮ ਜੀ ਦੇ ਪੁੱਛਣ 'ਤੇ ਇਨ੍ਹਾਂ ਦੱਸਿਆ ਕਿ ਅਸੀਂ ਤਾਂ ਨਾ ਨਰ ਹਾਂ, ਨਾ ਨਾਰੀਆਂ, ਇਸ ਲਈ ਇੱਥੇ ਹੀ ਖੜ੍ਹੇ ਹਾਂ। ਰਾਮ ਜੀ ਨੇ ਵਰ ਦਿੱਤਾ ਕਿ ਕਲਜੁਗ ਵਿਚ ਤੁਹਾਡੀ ਪੂਜਾ ਹੋਵੇਗੀ। ਤੁਸੀਂ ਜਿਸ ਘਰ ਵੀ ਜਾਉਗੇ, ਤੁਹਾਡੀਆਂ ਦੁਆਵਾਂ ਲੱਗਣਗੀਆਂ ਅਤੇ ਤੁਹਾਨੂੰ ਨੇਕਨਾਮੀ ਮਿਲੇਗੀ। ਕਿੰਨਰ ਸਭ ਦੀ ਸੁੱਖ ਮੰਗਦੇ ਹਨ ਅਤੇ ਵਧਾਈਆਂ ਦੇ ਆਸਰੇ ਹੀ ਜਿਊਂਦੇ ਹਨ। ਇਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹੁਣ ਸੁਪਰੀਮ ਕੋਰਟ ਨੇ ਕਿੰਨਰ ਸਮਾਜ ਨੂੰ ਕਾਫੀ ਅਧਿਕਾਰ ਦਿੱਤੇ ਹਨ, ਜਿਸ ਅਨੁਸਾਰ ਉਨ੍ਹਾਂ ਨੂੰ ਵੋਟ ਪਾਉਣ, ਨੌਕਰੀ ਕਰਨ, ਬੱਚਾ ਗੋਦ ਲੈਣ ਦਾ ਹੱਕ ਹੈ। ਇਹ ਡੇਰੇ ਬਣਾ ਕੇ ਰਹਿੰਦੇ ਹਨ, ਜਿਨ੍ਹਾਂ ਦੇ ਮੁਖੀ ਮਹੰਤ ਅਖਵਾਉਂਦੇ ਹਨ। ਲੇਖਿਕਾ ਨੇ ਕਿੰਨੂ, ਜਸਲੀਨ, ਤਮੰਨਾ ਅਤੇ ਸੋਨੀਆ ਮਹੰਤਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਦੇ ਵਿਚਾਰ ਪੁਸਤਕ ਵਿਚ ਦਰਜ ਕੀਤੇ ਹਨ। ਇਨ੍ਹਾਂ ਦੇ ਮਨੋਵਿਗਿਆਨ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਇਨ੍ਹਾਂ ਦੀ ਪੀੜ ਵੰਡਾਈ ਹੈ। ਇਹ ਅਭਾਗੀਆਂ ਰੂਹਾਂ ਆਪਣੀ ਪਛਾਣ, ਹੋਂਦ ਅਤੇ ਸਤਿਕਾਰ ਲਈ ਤਰਸਦੀਆਂ ਰਹਿੰਦੀਆਂ ਹਨ। ਲੋਕਾਂ ਦੀਆਂ ਤਨਜ਼ਾਂ, ਭੱਦੇ ਮਜ਼ਾਕ, ਉਮਰ ਭਰ ਦੇ ਸੰਤਾਪ ਹੰਢਾਉਂਦੇ ਇਹ ਲੋਕ ਦੁਨੀਆ 'ਤੇ ਜਿਵੇਂ ਆਉਂਦੇ ਹਨ, ਉਵੇਂ ਹੀ ਤੁਰ ਜਾਂਦੇ ਹਨ। ਲੇਖਿਕਾ ਨੇ ਇਨ੍ਹਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰ ਕੇ ਸਾਡੇ ਦਿਲਾਂ ਨੂੰ ਵੀ ਝੰਜੋੜਿਆ ਹੈ। ਤਾੜੀਆਂ ਮਾਰ ਕੇ ਨੱਚਦੇ ਗਾਉਂਦੇ ਕਿੰਨਰਾਂ ਦੇ ਦਿਲਾਂ ਵਿਚ ਵੀ ਅਰਮਾਨ ਹਨ, ਕਿਸੇ ਨੂੰ ਆਪਣਾ ਬਣਾਉਣ ਦੀ ਰੀਝ ਹੈ। ਇਹ ਪੁਸਤਕ ਕਿੰਨਰਾਂ ਪ੍ਰਤੀ ਹਮਦਰਦੀ ਅਤੇ ਸਦਭਾਵ ਜਗਾਉਂਦੀ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋਬਾਈਲ : 98147-16367


ਉਮਰਾਂ ਦੇ ਪੈਂਡੇ

ਲੇਖਕ : ਰਣਜੀਤ ਸਿੰਘ ਔਲਖ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 104,
ਸੰਪਰਕ : 94174-55894


ਪੁਸਤਕ ਦੇ ਲੇਖਕ ਅਤੇ ਨਾਇਕ ਮਾ. ਰਣਜੀਤ ਸਿੰਘ ਔਲਖ ਨੇ ਆਪਣੀ ਇਸ ਸਵੈ-ਜੀਵਨੀ ਵਿਚ ਆਪਣੇ ਜੀਵਨ ਸੰਘਰਸ਼ ਨੂੰ ਢੁਕਵੀਂ ਬੋਲੀ-ਸ਼ੈਲੀ ਰਾਹੀਂ ਪੇਸ਼ ਕਰਕੇ ਸਿੱਧ ਕੀਤਾ ਹੈ ਕਿ ਉਸ ਨੇ ਜੀਵਨ ਦਾ ਅੱਖੀਂ ਡਿੱਠਾ ਸੱਚ ਨੰਗੇ ਪਿੰਡੇ ਹੰਢਾਇਆ ਹੈ। ਇਕ ਸੱਚਾ-ਸਫਲ ਅਧਿਆਪਕ ਕਿਵੇਂ ਦਾ ਹੁੰਦਾ ਹੈ? ਕਿਹੋ ਜਿਹਾ ਹੁੰਦਾ ਇਕ ਕਾਮਯਾਬ ਪਿਤਾ-ਪਤੀ? ਪੁਸਤਕ ਪੜ੍ਹਦਿਆਂ ਪਾਠਕ ਨੇੜਿਓਂ ਤੱਕਦਾ ਹੈ। ਪੁਸਤਕ ਵਿਚ ਪੰਜਾਬ ਦੇ ਮਾਲਵੇ ਖਿੱਤੇ ਦੇ ਵਿੱਦਿਅਕ ਢਾਂਚੇ ਬਾਰੇ, ਢਾਂਚੇ ਦੀ ਸਥਾਪਤੀ ਬਾਰੇ ਤੱਥ-ਭਰਪੂਰ ਜਾਣਕਾਰੀ ਮਿਲਦੀ ਹੈ। ਅਨੁਭਵੀ ਲੇਖਕ ਸਾਰਥਕ ਟਿੱਪਣੀਆਂ ਕਰਦਾ ਹੋਇਆ ਆਪਣਾ ਨਜ਼ਰੀਆ ਵੀ ਨਾਲੋਂ-ਨਾਲ ਸਪੱਸ਼ਟ ਕਰਦਾ ਜਾਂਦਾ ਹੈ।
ਚਾਰ ਭਾਗਾਂ ਵਿਚ ਵੱਡੀੇ ਇਹ ਸਵੈ-ਜੀਵਨੀ ਮਾਲਵੇ ਦੇ ਸਿਰਕੱਢ ਕਸਬੇ ਜ਼ੀਰੇ ਅਤੇ ਇਸ ਦੇ ਆਲੇ-ਦੁਆਲੇ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ। ਜੋ ਬੇਹੱਦ ਸਾਰਥਕ ਹੈ। ਪੁਸਤਕ ਦੇ ਅੰਤ ਵਿਚ ਆਪਣੇ ਤਿੱਖੇ ਅਨੁਭਵ ਦੀ ਵਰਤੋਂ ਕਰਦਿਆਂ ਚੰਦ ਸੰਖੇਪ ਜੀਵਨੀਆਂ ਦਰਜ ਕੀਤੀਆਂ ਹਨ ਜੋ ਉਸ ਦੀ ਕਲਮ ਦੇ ਇਕ ਹੋਰ ਖੂਬਸੂਰਤ ਪੱਖ ਨੂੰ ਪੇਸ਼ ਕਰਦੀਆਂ ਹਨ। ਇਹ ਸਵੈ-ਜੀਵਨੀ ਉਸ ਦੀ ਪਲੇਠੀ ਸਾਹਿਤ-ਰਚਨਾ ਦੀ ਕਾਮਯਾਬ ਅਤੇ ਸੱਚੀ ਸੁੱਚੀ ਮਿਸਾਲ ਹੈ ਜਿਸ ਨੂੰ ਉਸ ਨੇ ਪੁਸਤਕ ਵਿਚ ਦਰਜ ਖ਼ੁਦ ਵਲੋਂ ਲਿਖੇ 'ਮੁੱਖ ਬੰਦ' ਵਿਚ ਇਉਂ ਸਪਸ਼ਟ ਕੀਤਾ ਹੈ। ਉਹ ਲਿਖਦਾ ਹੈ, 'ਲਿਖਣ ਵੱਲ ਤਾਂ ਮੈਂ ਆਖਰੀ ਉਮਰੇ ਸਬੱਬ ਪ੍ਰੇਰਿਆ ਗਿਆ।' ਉਸ ਦੀ ਬੋਲੀ, ਅੰਦਾਜ਼-ਏ-ਬਿਆਂ, ਬਿਰਤਾਂਤ ਦੀ ਰਸਮਈ ਸ਼ੈਲੀ ਪਾਠਕ ਨੂੰ ਇਸ ਸਵੈ-ਜੀਵਨੀ ਨੂੰ ਇਕੋ ਬੈਠਕ ਵਿਚ ਪੜ੍ਹਨ ਲਈ ਮਜਬੂਰ ਕਰਦੀ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
c c c


ਨਿੱਕੀਆਂ-ਨਿੱਕੀਆਂ ਸਾਹਿਤਕ ਬੂੰਦਾਂ
ਲੇਖਕ - ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ - 98764-52223


'ਨਿੱਕੀਆਂ-ਨਿੱਕੀਆਂ ਸਾਹਿਤਕ ਬੂੰਦਾਂ' ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ 85 ਦੇ ਕਰੀਬ ਕਹਾਣੀਆਂ ਲਿਖੀਆਂ ਹਨ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰਾ ਪੰਜਾਬੀ ਸਾਹਿਤ ਲਿਖਿਆ ਹੈ। ਹਥਲੀ ਪੁਸਤਕ ਦੀ ਪਹਿਲੀ ਕਹਾਣੀ 'ਵੱਢੀ ਦੀ ਹੱਦ' ਹੈ, ਜਿਸ ਵਿਚ ਫਾਂਸੀ ਲੱਗਣ ਵਾਲੇ ਕੋਲੋਂ ਵੀ ਵੱਢੀ ਲੈ ਲਈ ਜਾਂਦੀ ਹੈ ਬਾਰੇ ਦੱਸਿਆ ਹੈ। ਅਗਲੀ ਕਹਾਣੀ 'ਪੰਜਾਬੀ ਨੂੰ ਪਿਆਰ' ਵਿਚ ਇਕ ਪਤੀ ਆਪਣੀ ਪਤਨੀ ਨੂੰ ਪੰਜਾਬੀ ਦੀ ਡਿਕਸ਼ਨਰੀ ਲਿਆ ਕੇ ਦਿੰਦਾ ਹੈ ਜਦੋਂ ਉਹ ਕਹਿੰਦੀ ਹੈ ਕਿ ਮੈਨੂੰ ਤੇਰੇ ਨਾਲ ਏਨਾ ਪਿਆਰ ਹੈ ਕਿ ਇਸ ਨੂੰ ਪ੍ਰਗਟ ਕਰਨ ਲਈ ਸ਼ਬਦ ਨਹੀਂ ਮਿਲ ਰਹੇ। ਅਗਲੀ ਕਹਾਣੀ 'ਪਿੰਡ ਦੀ ਸੱਥ' ਇਕ ਵਿਅੰਗਮਈ ਕਹਾਣੀ ਹੈ, ਜਿਸ ਵਿੱਚ ਦਵਾਈ ਤੇ ਦਾਰੂ ਬਾਰੇ ਦੱਸਿਆ ਗਿਆ ਹੈ। 'ਕੁਝ ਬੱਚਿਆਂ ਤੋਂ ਸਿੱਖੋ' ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਲੜਾਈ ਤੋਂ ਬਾਅਦ ਵੀ ਇੱਕੋ ਜਿਹੇ ਹੋ ਜਾਂਦੇ ਹਨ। ਅਗਲੀ ਕਹਾਣੀ 'ਮਾਲੀ ਦੀ ਸਿੱਖਿਆ' ਹੈ ਕਿ ਇੱਕ ਮਾਲੀ ਵੱਧ ਤੋਂ ਵੱਧ ਅੰਬਾਂ ਦੇ ਦਰੱਖ਼ਤ ਲਗਾਉਣ ਦਾ ਅਜਿਹਾ ਉਪਰਾਲਾ ਕਰਦਾ ਹੈ ਕਿ ਉਹ ਸੁਪਰਵਾਈਜ਼ਰ ਹੀ ਬਣ ਜਾਂਦਾ ਹੈ। 'ਰੱਬ ਨੂੰ ਉਲਾਂਭੇ' ਕਹਾਣੀ ਵਿਚ ਇਕ ਪੰਡਿਤ ਨੂੰ ਨਸੀਹਤ ਦਿੱਤੀ ਗਈ ਹੈ ਜੋ ਮਾੜੀ ਮੋਟੀ ਗੱਲ 'ਤੇ ਰੱਬ ਨੂੰ ਉਲਾਂਭਾ ਦਿੰਦਾ ਹੈ ਪਰ ਜਦੋਂ ਸੱਚੀਂ-ਮੁੱਚੀਂ ਰੱਬ ਉਸ ਨੂੰ ਕਹਿੰਦਾ ਹੈ ਕਿ 'ਆ ਮੇਰੇ ਨਾਲ!' ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। 'ਚੰਗਾ ਚੋਰ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਮਨਦੀਪ ਉਸ ਵੇਲੇ ਹੈਰਾਨ ਹੁੰਦੀ ਹੈ ਜਦੋਂ ਚੋਰ ਵਲੋਂ ਭੇਜੇ ਗਏ ਪੈਸਿਆਂ ਅਤੇ ਪਰਸ ਤੋਂ ਬਿਨਾਂ ਡਾਕੀਆ ਉਸ ਨੂੰ ਜ਼ਰੂਰੀ ਕਾਗਜ਼ਾਤ ਦੇ ਕੇ ਜਾਂਦਾ ਹੈ। ਇਸ ਤਰ੍ਹਾਂ ਕਹਾਣੀਕਾਰ ਬਹਾਦਰ ਸਿੰਘ ਗੋਸਲ ਨੇ ਸਮੁੱਚੇ ਰੂਪ ਵਿਚ ਚੌਗਿਰਦੇ ਵਿਚੋਂ ਵਾਪਰਦੀਆਂ ਘਟਨਾਵਾਂ ਦੀ ਨਿਸ਼ਾਨਦੇਹੀ ਕਰਕੇ ਹੀ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
c c c


ਸੁੱਚੇ ਅੱਥਰੂ
ਗ਼ਜ਼ਲਕਾਰ : ਮੇਜਰ ਭੁਪਿੰਦਰ ਦਲੇਰ
ਪ੍ਰਕਾਸ਼ਕ : ਬੁੱਕਬਾਰ ਪਬਲਸ਼ਿੰਗ ਹਾਊਸ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 84
ਸੰਪਰਕ : 94658-05696


ਮੇਜਰ ਭੁਪਿੰਦਰ ਦਲੇਰ ਦੀ ਇਹ ਤੀਜੀ ਕਾਵਿ ਪੁਸਤਕ ਹੈ। ਹਥਲੀ ਪੁਸਤਕ ਦਾ ਇਹ ਦੂਜਾ ਐਡੀਸ਼ਨ ਹੈ। ਹਥਲੇ ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਹੀ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੇ ਮਿਆਰ ਦੀਆਂ ਅਤੇ ਮੰਝੇ ਹੋਏ ਹੱਥਾਂ ਦੀ ਕਿਰਤ ਹਨ। ਦੇਸ ਰਾਜ ਕਾਲੀ ਇਸ ਦੇ ਮੁੱਖ ਬੰਦ ਵਿਚ ਲਿਖਦਾ ਹੈ ਕਿ ਦਲੇਰ ਦੀ ਗ਼ਜ਼ਲ ਧੜਕਦੀ ਹੈ ਤੇ ਗ਼ਜ਼ਲ ਦੇ ਸਾਹਾਂ ਵਿਚ ਦਲੇਰ ਧੜਕਦਾ ਹੈ। ਉਹ ਕਈ ਵਾਰ ਖਿਆਲ ਨਾਲ ਭਾਸ਼ਾਈ ਔਜ਼ਾਰ ਲੈ ਕੇ ਖੇਡਦਾ ਹੈ....
ਪੁਸਤਕ ਵਿਚੋਂ ਕੁਝ ਸ਼ਿਅਰ ਹਾਜ਼ਰ ਹਨ, ਜਿਨ੍ਹਾਂ ਤੋਂ ਪਾਠਕ ਇਸ ਸ਼ਿਅਰਕਾਰੀ ਦੇ ਮਿਆਰ ਤੈਅ ਕਰ ਸਕਦੇ ਹਨ
ਅਜਬ ਇਕ ਧੁੰਦ ਜਿਹੀ ਦਿਸਦੀ ਹੈ ਅੱਥਰੂ ਚੋਣ ਤੋਂ ਪਹਿਲਾਂ,
ਤੇਰੀ ਹੀ ਯਾਦ ਆਉਂਦੀ ਹੈ ਹਮੇਸ਼ਾ ਰੋਣ ਤੋਂ ਪਹਿਲਾਂ
ਸਰੇ ਬਾਜ਼ਾਰ ਵਿਕਦਾ ਸੀ ਚੌਰਾਹੇ ਵਿਚ ਦਲੇਰਾ ਤੂੰ
ਅਸਾਂ ਨੂੰ ਪਰ ਪਿਆ ਮੁੜਨਾ ਤਮਾਸ਼ਾ ਹੋਣ ਤੋਂ ਪਹਿਲਾਂ।
ਦਲੇਰ ਵਰਤਾਰੇ ਦੇ ਕਾਰਨਾਂ ਦੀ ਖਾਮੋਸ਼ੀ ਉੱਤੇ ਤਨਜ਼ ਕਰਦਾ ਹੈ :
- ਭਲਾ ਇਹ ਕਿਸ ਤਰ੍ਹਾਂ ਦੇ ਹਾਦਸੇ ਹੁਣ ਹੋਣ ਲੱਗੇ ਨੇ,
ਕਿ ਸੁੱਕੀ ਅੱਖ ਦੇ ਵਿਚੋਂ ਵੀ ਅੱਥਰੂ ਚੋਣ ਲੱਗੇ ਨੇ।
ਸ਼ਾਇਰ ਦਾ ਸਫ਼ਰ ਤੇ ਉਮੀਦ ਕੋਲ ਕੋਲ ਹੀ ਰਹਿੰਦੇ ਨੇ :
ਕਦੇ ਅੰਬਰ ਕਦੇ ਖੰਡਰ ਕਦੇ ਫਿਰਦਾਂ ਖਿਲਾਅ ਅੰਦਰ,
ਕਦੇ ਜਗਦਾਂ ਕਦੇ ਬੁਝਦਾ ਭਟਕਦੀ ਇਸ ਹਵਾ ਅੰਦਰ।
ਉਸ ਦਾ ਇਹ ਭਾਵਪੂਰਨ ਤੇ ਨਵੀਨ ਚਿੰਨ੍ਹਾਂ ਵਾਲਾ ਸ਼ਿਅਰ ਦੇ ਕੇ ਤਸਦੀਕ ਕਰਦਾ ਹਾਂ ਕਿ ਪੁਸਤਕ ਦੀ ਸ਼ਿਅਰਕਾਰੀ ਗ਼ਜ਼ਲ ਤਕਨੀਕ ਦੀ ਰਹਿਤਲ ਵਿਚ ਹੈ-
ਮੈਂ ਮਿਲਣੇ ਨੂੰ ਤੇ ਆ ਜਾਵਾਂ ਵਿਛੜਨ ਤੋਂ ਬੜਾ ਡਰਦਾਂ,
ਨਾ ਬੈਠੋ ਕੋਲ ਮੇਰੇ ਕਿ ਮੈਂ ਪਿਘਲਣ ਤੋਂ ਬੜਾ ਡਰਦਾਂ।


ਸੁਲੱਖਣ ਸਰਹੱਦੀ
ਮੋਬਾਈਲ : 94174-84337
c c c


ਪਹੁ-ਫੁਟਾਲੇ ਤੱਕ
ਲੇਖਕ : ਰਿਪੁਦਮਨ ਸਿੰਘ ਰੂਪ
ਮੁੱਲ : 350 ਰੁਪਏ, ਸਫ਼ੇ : 110
ਪ੍ਰਕਾਸ਼ਕ : ਲੋਕ-ਗੀਤ ਪ੍ਰਕਾਸ਼ਨ, ਚੰਡੀਗੜ੍ਹ
ਸੰਪਰਕ : 98767-68960


ਪੰਜਾਬੀ ਸਾਹਿਤ ਦੇ ਖੇਤਰ 'ਚ ਕਾਫ਼ੀ ਜਾਣਿਆ-ਪਛਾਣਿਆ ਨਾਂਅ ਹੈ ਰਿਪੁਦਮਨ ਸਿੰਘ ਰੂਪ। ਇਸ ਪੁਸਤਕ 'ਚ ਉਨ੍ਹਾਂ ਦੀਆਂ ਲਿਖੀਆਂ ਹੋਈਆਂ 11 ਕਹਾਣੀਆਂ ਹਨ, ਜੋ ਕਿ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹਨ। ਉਨ੍ਹਾਂ ਦੀਆਂ ਕਹਾਣੀਆਂ ਨੂੰ ਪੜ੍ਹਦਿਆ ਪਾਠਕ ਕਿਤੇ ਅਕੇਵਾਂ ਮਹਿਸੂਸ ਨਹੀਂ ਕਰਦਾ। ਉਤਸੁਕਤਾ ਏਨੀ ਹੈ ਕਿ ਪਾਠਕ ਦੇ ਮਨ 'ਚ ਇਹ ਜਾਣਨ ਦੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ ਕਿ ਕਹਾਣੀ ਦਾ ਅੰਤ ਕੀ ਹੋਵੇਗਾ। ਵਾਰਤਾਲਾਪ, ਸ਼ੈਲੀ, ਰਵਾਨਗੀ, ਪਾਤਰ-ਉਸਾਰੀ ਸੁਚੱਜੀ ਹੋਣ ਕਾਰਨ ਪਾਠਕ ਦੇ ਮਨ ਦੀ ਦਿਲਚਸਪੀ ਕਾਫ਼ੀ ਜ਼ਿਆਦਾ ਬਣੀ ਰਹਿੰਦੀ ਹੈ। ਦ੍ਰਿਸ਼ ਚਿਤਰਨ ਵੀ ਕਮਾਲ ਦਾ ਪੇਸ਼ ਕੀਤਾ ਗਿਆ ਹੈ। ਕਹਾਣੀਆਂ ਨੂੰ ਪੜ੍ਹਦਿਆਂ ਸਾਰੀ ਗੱਲਬਾਤ ਕਿਸੇ ਫ਼ਿਲਮ ਦੇ ਦ੍ਰਿਸ਼ ਵਾਂਗ ਨਾਲੋ-ਨਾਲ ਦਿਮਾਗ਼ 'ਚ ਚੱਲੀ ਜਾਂਦੀ ਹੈ। ਇਹ ਕਹਾਣੀਆਂ ਯਥਾਰਥਵਾਦੀ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਕਹਾਣੀਆਂ ਨੂੰ ਲਿਖਣ ਲਈ ਲੇਖਕ ਨੂੰ ਕੋਈ ਬਹੁਤਾ ਉਚੇਚਾ ਯਤਨ ਨਾ ਕਰਨਾ ਪਿਆ ਹੋਵੇ, ਸਗੋਂ ਸੁਭਾਵਿਕ ਅਤੇ ਸਹਿਜੇ ਹੀ ਇਨ੍ਹਾਂ ਦੀ ਸਿਰਜਣਾ ਹੋ ਗਈ ਹੋਵੇ। 'ਸਫ਼ਲ ਬੰਦੇ ਪਿਛਲੀ ਔਰਤ' ਕਹਾਣੀ ਗੰਭੀਰ ਵਿਸ਼ੇ 'ਤੇ ਆਧਾਰਿਤ ਹੈ ਅਤੇ ਕਹਾਣੀ ਦੇ ਪਾਤਰ ਲੇਖਕ ਦੀ ਪਤਨੀ ਦੀ ਮਾਨਸਿਕਤਾ ਨੂੰ ਬਿਆਨ ਕੀਤਾ ਗਿਆ ਹੈ। 'ਗਿਰਝ' ਕਹਾਣੀ 'ਚ ਅਜਨਬੀ ਬੰਦੇ ਦੇ ਘਰ 'ਚ ਠਹਿਰਾਅ ਕਾਰਨ ਪੈਦਾ ਹੋਈ ਬੇਚੈਨੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। 'ਪਿੰਡ ਦੀ ਧੀ', 'ਆਪਣਾ ਘਰ' 'ਪਾਲਾ ਸਬਜ਼ੀ ਵਾਲਾ' ਵਿਸ਼ੇ 'ਤੇ ਪੇਸ਼ਕਾਰੀ ਪੱਖੋਂ ਵਧੀਆ ਕਹਾਣੀਆਂ ਹਨ। 'ਪਹੁ-ਫੁਟਾਲੇ ਤੱਕ' ਕਹਾਣੀ 'ਚ ਜਵੰਦਾ ਸਿੰਘ ਵਰਗੇ ਆਦਰਸ਼ਵਾਦੀ ਪਾਤਰ ਸਿਰਜੇ ਗਏ ਹਨ। ਆਖ਼ਰੀ ਕਹਾਣੀ 'ਸਤਿਕਾਰਯੋਗ' 'ਚ ਗੁਰਦੇਵ ਸਿੰਘ ਅਸੂਲਪ੍ਰਸਤ ਬੰਦਾ ਹੈ, ਜੋ ਪੈਦਾ ਹੋਏ ਹਾਲਾਤ ਅੱਗੇ ਗੋਡੇ ਨਹੀਂ ਟੇਕਦਾ, ਸਗੋਂ ਸਵੈਮਾਨ ਨਾਲ ਜ਼ਿੰਦਗੀ ਜਿਊਂਦਾ ਹੈ। ਪੁਸਤਕ ਦੀ ਬਾਹਰੀ ਦਿੱਖ ਆਕਰਸ਼ਕ ਹੈ।


ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110


ਤੰਦਾਂ
ਨਾਵਲਕਾਰ : ਅਸ਼ੋਕ ਵਸ਼ਿਸ਼ਠ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਦਿੱਲੀ
ਮੁੱਲ : 700 ਰੁਪਏ, ਸਫ਼ੇ : 358
ਸੰਪਰਕ : 098106-28570


'ਤੰਦਾਂ' ਨਾਵਲ ਅਸ਼ੋਕ ਵਸ਼ਿਸ਼ਠ ਦੁਆਰਾ ਲਿਖਿਆ ਵੱਡ-ਆਕਾਰੀ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਪੰਜਾਬੀਆਂ ਦੀ ਜ਼ਿੰਦਗੀ ਉਤੇ ਆਏ ਅਨੇਕਾਂ ਝੱਖੜਾਂ ਅਤੇ ਮੁਸੀਬਤਾਂ ਨੂੰ ਪੇਸ਼ ਕਰਦਿਆਂ ਉਨ੍ਹਾਂ ਦੀ ਦ੍ਰਿੜ੍ਹਤਾ, ਹੌਸਲੇ ਅਤੇ ਸਿਦਕਦਿਲੀ ਦੀ ਗੱਲ ਕੀਤੀ ਹੈ, ਜਿਹੜੀ ਉਨ੍ਹਾਂ ਨੂੰ ਮੁੜ ਜਿਊਣ-ਜੋਗੇ ਕਰ ਦਿੰਦੀ ਸੀ। ਉਹ ਖੁਦ ਤਾਂ ਜਿਉਣ ਜੋਗੇ ਹੁੰਦੇ ਹੀ ਰਹੇ ਨਾਲ ਹੀ ਨਾਲ ਸਰਬ-ਸਾਂਝੀ ਮਨੁੱਖਤਾ ਲਈ ਵੀ ਸੇਵਾ ਦੇ ਕਾਰਜ ਕਰਦੇ ਰਹੇ। ਨਾਵਲ ਦੀ ਕਹਾਣੀ ਦੋ ਭਾਗਾਂ ਵਿਚ ਵੰਡ ਕੇ ਲੇਖਕ ਨੇ ਦੋਹਾਂ ਦੀਆਂ ਤੰਦਾਂ ਨੂੰ ਜੋੜਨ ਦਾ ਯਤਨ ਕੀਤਾ ਹੈ। ਪਹਿਲੇ ਹਿੱਸੇ ਵਿਚ 1947 ਦੀ ਦੇਸ਼ ਵੰਡ ਦਾ ਦੁਖਾਂਤ ਹੈ, ਜਿਸ ਨੂੰ ਪੰਜਾਬੀਆਂ ਨੇ ਆਪਣੇ ਹੱਡੀਂ ਹੰਢਾਇਆ ਅਤੇ ਵਸਦੇ-ਰਸਦੇ ਘਰ-ਬਾਰ ਛੱਡ ਕੇ ਨਵੀਆਂ ਧਰਤੀਆਂ ਆਬਾਦ ਕੀਤੀਆਂ। ਇਸੇ ਤਰ੍ਹਾਂ 1984 ਦੇ ਸਿੱਖ ਕਤਲੇਆਮ ਵਿਚ ਦੰਗਾਈਆਂ ਨੇ ਸਿੱਖਾਂ ਦੀਆਂ ਕੀਮਤੀ ਜਾਨਾਂ ਦਾ ਘਾਣ ਕਰਦੇ ਹੋਏ ਉਨ੍ਹਾਂ ਦੇ ਕਿਵੇਂ ਕਾਰੋਬਾਰ ਤਬਾਹ ਕਰਕੇ ਬੇਘਰ ਕੀਤਾ ਉਸ ਦੇ ਵਿਸਤ੍ਰਿਤ ਬਿਰਤਾਂਤਕ ਚਿੱਤਰ ਇਸ ਨਾਵਲ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਪਰ ਇਨ੍ਹਾਂ ਦੋਹਾਂ ਦੀ ਦੁਖਾਂਤਕ ਪ੍ਰਸਥਿਤੀਆਂ ਵਿਚੋਂ ਨਾਵਲਕਾਰ ਨੇ ਇਕ ਸਾਂਝੀ 'ਤੰਦ' ਦਾ ਜ਼ਿਕਰ ਵੀ ਕੀਤਾ ਹੈ, ਉਹ ਹੈ ਸੱਚੇ-ਸੁੱਚੇ ਮੋਹ ਦੀ ਤੰਦ। ਨਾਵਲ ਵਿਚ ਬਹੁਤ ਸਾਰੇ ਪਾਤਰ ਹਨ, ਜਿਹੜੇ ਵੱਖ-ਵੱਖ ਧਾਰਮਿਕ ਫਿਰਕਿਆਂ ਨਾਲ ਸੰਬੰਧਿਤ ਹਨ ਪਰ ਉਨ੍ਹਾਂ ਦਾ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨਿਰਸਵਾਰਥ ਹੈ। ਉਹ ਬਗ਼ੈਰ ਕਿਸੇ ਭੇਦ-ਭਾਵ ਦੇ ਇਕ ਦੂਜੇ ਦੀ ਮਦਦ ਵੀ ਕਰਦੇ ਹਨ ਅਤੇ ਇਕ ਦੂਜੇ ਦੇ ਦੁੱਖ-ਸੁੱਖ ਵਿਚ ਵੀ ਸ਼ਰੀਕ ਹੁੰਦੇ ਹਨ। ਨਾਵਲ ਸਦਭਾਵਨਾ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦਾ ਹੈ। ਇਹ ਨਾਵਲ ਤੀਹ ਕਾਂਡਾਂ ਵਿਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਬਹੁਤ ਸਾਰੇ ਬਿਰਤਾਂਤ ਇਕ ਸਾਂਝੇ ਸੂਤਰ ਦੇ ਰੂਪ ਵਿਚ ਪੇਸ਼ ਹੋਏ ਹਨ। ਨਾਵਲਕਾਰ ਨੇ ਸੰਘਣੇ ਬਿਰਤਾਂਤਕ ਚੌਖਟੇ ਦੁਆਰਾ ਹਾਂ-ਵਾਚੀ ਸੁਨੇਹਾ ਦੇਣ ਦਾ ਯਤਨ ਕੀਤਾ ਹੈ।


ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਸੋਮਾ ਸਬਲੋਕ ਦੀਆਂ ਪ੍ਰਤੀਨਿਧ ਕਹਾਣੀਆਂ
ਸੰਪਾਦਕ : ਡਾ. ਹੀਰਾ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 94175-34823


ਇਸ ਪੁਸਤਕ ਵਿਚ ਸੂਝਵਾਨ ਸੰਪਾਦਕ ਨੇ ਸੋਮਾ ਸਬਲੋਕ ਦੀਆਂ 26 ਪ੍ਰਤੀਨਿਧ ਕਹਾਣੀਆਂ ਸੰਕਲਿਤ ਕੀਤੀਆਂ ਹਨ। ਇੱਕਾ-ਦੁੱਕਾ ਨੂੰ ਛੱਡ ਕੇ ਲਗਭਗ ਸਾਰੀਆਂ ਕਥਾਵਾਂ ਔਰਤ-ਜਾਤੀ ਦੇ ਹੱਕਾਂ ਦੀ ਬਾਤ ਪਾਉਂਦੀਆਂ ਹਨ। ਇਥੋਂ ਤੱਕ ਕਿ ਥਰਡ-ਜੈਂਡਰ ਵੀ ਅਣਛੂਹਿਆ ਨਹੀਂ ਰਿਹਾ। ਇਨ੍ਹਾਂ ਕਹਾਣੀਆਂ ਦੇ ਅਧਿਐਨ ਤੋਂ ਨਤੀਜਾ ਪ੍ਰਾਪਤ ਹੁੰਦਾ ਹੈ ਕਿ ਮਰਦ ਔਰਤ ਨੂੰ ਆਪਣੇ ਅਧੀਨ ਰੱਖਣ ਲਈ ਕਿਹੜੇ-ਕਿਹੜੇ ਹੱਥ-ਕੰਡੇ ਵਰਤਦਾ ਹੈ। ਔਰਤ ਦੀ ਅਜਿਹੀ ਦਸ਼ਾ ਸਾਡੀ ਸਮਾਜਿਕ ਬਣਤਰ (ਸੋਸ਼ਲ ਕੰਨਸਟੱਕਟ) ਦੀ ਦੇਣ ਹੈ। ਸਾਈਮਨ ਦ ਬੋਵੇਰ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਔਰਤ ਲੇਖਕਾਂ ਨੂੰ ਜਾਗ੍ਰਿਤੀ ਪ੍ਰਦਾਨ ਕੀਤੀ। 1970 ਤੋਂ ਬਾਅਦ ਤਾਂ ਮਰਦ-ਪ੍ਰਧਾਨ ਸਮਾਜ ਵਿਰੁੱਧ ਇਕ ਪ੍ਰਕਾਰ ਦੀ ਬਗ਼ਾਵਤ ਉੱਭਰਦੀ ਹੈ। ਸੋਮਾ ਦੀਆਂ ਕਹਾਣੀਆਂ ਤਿੰਨ ਸਟੇਜਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਫੈਮਨਿਨ ਫ਼ੇਜ਼, ਫੈਮਨਿਟੀ ਫ਼ੇਜ਼ ਅਤੇ ਫ਼ੈਮੀਨਿਸਟ ਫ਼ੇਜ਼। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਵਿਚ ਧੀਆਂ ਦੇ ਜਜ਼ਬਾਤਾਂ ਨੂੰ ਬਿਨਾਂ ਸਮਝੇ ਵੱਡੀ ਉਮਰ ਦੇ ਬੰਦਿਆਂ ਨਾਲ ਪੌਂਡਾਂ/ਡਾਲਰਾਂ ਦੇ ਲਾਲਚ-ਵਸ ਗਲਨੈੜ ਕਰਨਾ, ਧੀਆਂ ਦੇ ਸੁਪਨਿਆਂ ਦੀ ਮੌਤ, ਰਿਸ਼ਤਿਆਂ ਦਾ ਤਾਰ-ਤਾਰ ਹੋਣਾ, ਧੀਆਂ ਦੇ ਅਸਤਿਤਵ ਦਾ ਗੁਆਚਣਾ ਆਦਿ ਦਾ ਗਲਪੀਕਰਨ ਉਪਲਭਧ ਹੈ। ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਦੋ ਕਿਸਮ ਦੇ ਰਿਸ਼ਤਿਆਂ ਦਰਮਿਆਨ ਤਣਾਓ ਹੈ ਇਹ ਹਨ ਭਾਵਨਾਤਮਿਕ ਅਤੇ ਵਿਵਰਜਿਤ। ਸਾਰੀਆਂ ਕਹਾਣੀਆਂ ਵਿਚ ਨਾਇਕਾਵਾਂ ਪ੍ਰਸ਼ਨ-ਸੂਚਕ ਸ਼ਬਦਾਵਲੀ ਵਿਚ ਮਰਦ-ਪਾਤਰਾਂ ਨੂੰ ਵੰਗਾਰਦੀਆਂ ਪੜ੍ਹੀਆਂ ਜਾ ਸਕਦੀਆਂ ਹਨ।
ਜੀਵ-ਵਿਗਿਆਨਕ ਦ੍ਰਿਸ਼ਟੀ ਅਨੁਸਾਰ ਔਰਤ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ। ਸੰਵਾਦ-ਜੁਗਤ ਰਾਹੀਂ ਔਰਤ ਅਤੇ ਮਰਦ-ਪਾਤਰਾਂ ਦਾ ਮਨੋਵਿਸ਼ਲੇਸ਼ਣ ਕੀਤਾ ਗਿਆ ਹੈ। ਅਨੇਕਾਂ ਨਾਇਕਾਵਾਂ ਆਪਣੇ ਅਸਤਿਤਵ ਨੂੰ ਬੁਲੰਦ ਕਰਦੀਆਂ ਪੜ੍ਹੀਆਂ ਜਾ ਸਕਦੀਆਂ ਹਨ।
ਸੋਮਾ ਸਬਲੋਕ ਹਰ ਕਹਾਣੀ ਦੇ ਆਰੰਭ ਵਿਚ ਅਜਿਹੀ ਤਥਾਤਮਕਤਾ (ਫੈਕਟੀਨਿਟੀ) ਸਿਰਜਦੀ ਹੈ, ਭਾਵ ਅਜਿਹਾ ਵਾਤਾਵਰਨ ਜਿਸ ਵਿਚ ਉਹ ਆਪਣੇ ਪਾਤਰਾਂ ਦੀ ਪੇਸ਼ਕਾਰੀ ਕਰਦੀ ਹੈ। ਉਸ ਦੀ ਦ੍ਰਿਸ਼-ਵਿਗਿਆਨਕ ਸੂਝ (ਫੈਨੌਮੀਨੌਲਜੀ) ਪਾਤਰਾਂ ਨੂੰ ਘਟਨਾਵਾਂ ਰਾਹੀਂ ਸਮਝਦੀ ਹੈ। ਉਸ ਨੂੰ ਪਾਤਰਾਂ ਦੀ ਦੁਫ਼ਾੜ-ਮਾਨਸਿਕਤਾ ਦੀ ਸਮਝ ਹੈ। ਚੇਤਨ-ਧਾਰਾ ਵਿਧੀ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਅਣਕਹੀ ਤਕਨੀਕ ਦੀ ਥਾਂ ਪੁਰ ਥਾਂ ਵਰਤੋਂ ਹੈ। ਇਨ੍ਹਾਂ ਕਹਾਣੀਆਂ ਦਾ ਗਲਪ ਪੈਰਾਡਾਇਮ 'ਨਾਰੀਵਾਦ' ਹੀ ਸਮਝਣਾ ਬਣਦਾ ਹੈ। ਪਾਤਰ ਇਸੇ ਸਿਧਾਂਤ ਦੇ ਅੰਤਰਗਤ ਬਹਿਸ ਕਰਦੇ ਨੋਟ ਕੀਤੇ ਜਾ ਸਕਦੇ ਹਨ। ਕਹਾਣੀਆਂ ਸਮਝ-ਯੋਗ ਅਤੇ ਚਿੰਤਨ-ਯੋਗ ਹਨ।


-ਡਾ. ਧਰਮ ਚੰਦ ਵਾਤਿਸ਼
vatish.dharamchand@gmail.com


360 ਡਿਗਰੀ
ਅਮਨ-ਪ੍ਰੀਤ ਸਿੰਘ

ਕੀਮਤ : 250 ਰੁਪਏ, ਸਫ਼ੇ : 168
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ।
ਸੰਪਰਕ : 99152-63614


ਭਾਵੇਂ ਆਰੰਭ ਵਿਚੋਂ ਇਹ ਜਾਸੂਸੀ ਨਾਵਲ ਜਾਪਦਾ ਹੈ ਅਤੇ ਇਸ ਦੀ ਉਸਾਰੀ ਅਤੇ ਵਸਤੂ ਵੇਰਵੇ ਰਹੱਸਾਤਮਿਕ ਹਨ। ਫਿਰ ਵੀ ਇਸ ਨਾਵਲ ਦਾ ਮੂਲ ਮਕਸਦ 'ਅਜੋਕੇ ਵਿਗਿਆਨਕ ਵਿਕਾਸ ਦੇ ਸਮੇਂ' ਸਾਰੇ ਵਿਕਸਿਤ ਦੇਸ਼ਾਂ ਦੀ ਬਹੁਤ ਗੰਭੀਰ ਸਾਂਝੀ ਸਮੱਸਿਆ ਹੈ, 'ਟੈਲੀਫ਼ੋਨ ਦੀ ਦੁਰਵਰਤੋਂ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਬੱਚਿਆਂ ਲਈ ਜਿਹੜੇ ਇਸ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਵਿਚਲੀਆਂ ਖ਼ਤਰਨਾਕ ਖੇਡਾਂ ਖੇਡਦੇ ਹੋਏ 360 ਡਿਗਰੀ ਦੀਆਂ ਗੇਮਾਂ ਦੀ ਅਜਿਹੀ ਉਲਝਣ ਵਿਚ ਪੁੱਜ ਜਾਣ ਜਿਸ 'ਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮਕਿਨ ਹੈ ਅਤੇ ਜਦ 360 ਡਿਗਰੀ ਦੀ ਸਮੱਸਿਆ ਵਿਚ ਫਸ ਜਾਂਦੇ ਹਨ ਤਾਂ ਪ੍ਰੇਸ਼ਾਨ ਹੋ ਕੇ, ਮਾਨਸਿਕ-ਉਲਝਣ ਵਿਚ ਅਜਿਹੇ ਫਸਦੇ ਹਨ, ਜਿਸ ਨੂੰ 360 ਡਿਗਰੀ ਦੀ ਸਮੱਸਿਆ ਕਹਿੰਦੇ ਹਨ। ਅਜਿਹੀ ਉਲਝਣ ਵਿਚ ਰੋਜ਼ ਬੱਚਾ ਫਸ ਗਿਆ, ਪਰੇਸ਼ਾਨੀ, ਡਰ, ਸਹਿਮ ਅਤੇ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕਰਨ 'ਤੇ ਮਜਬੂਰ ਹੋ ਜਾਂਦਾ ਹੈ।
ਪੇਸ਼ ਨਾਵਲੀ ਕਥਾ ਗਣਿਤ ਪੈਟਰਨ ਉੱਪਰ ਆਧਾਰਿਤ ਹੈ। ਇਸ ਦੀ ਮੁੱਖ ਕਹਾਣੀ 'ਚੋਂ ਹੋਰ ਕਹਾਣੀਆਂ, ਹੋਰ ਪਾਤਰ, ਨਵੇਂ ਰਹੱਸ ਜਨਮ ਲੈ ਕੇ ਰਹੱਸਾਤਮਿਕ ਉਲਝਣ ਬਣ ਜਾਂਦੇ ਹਨ। ਇਹ ਨਾਵਲ ਵੀ ਇਸੇ ਪੈਟਰਨ ਦਾ ਹੈ। ਪਾਤਰ ਜੁੜਦੇ ਰਹਿੰਦੇ ਹਨ, ਹੋਰ ਰਹੱਸਾਤਮਿਕ ਸਥਿਤੀ ਉੱਪਰ ਪੁੱਜ ਕੇ ਅੰਤ ਮੂਲ ਸਮੱਸਿਆ ਨੂੰ ਪਾਠਕਾਂ ਅੱਗੇ ਪੇਸ਼ ਕਰਦੇ ਹਨ। ਦੀਪ ਪਰਿਵਾਰ ਵਿਚ ਉਸ ਦੀ ਪਤਨੀ ਕਾਮਨਾ ਅਤੇ ਉਨ੍ਹਾਂ ਦੀ ਬੱਚੀ ਚੰਦਲ ਉਮਰ ਸੋਲ੍ਹਾਂ ਸਾਲ, ਘੁੱਗ ਵਸਦੇ ਪਰਿਵਾਰ ਨੂੰ ਪਹਿਲਾ ਸਦਮਾ ਇਹ ਲੱਗਦਾ ਹੈ ਕਿ ਅਚਾਨਕ ਜਦ ਉਹ ਇਕੱਲੀ ਸੀ, ਉਹ ਖੁਦਕੁਸ਼ੀ ਕਰ ਲੈਂਦੀ ਹੈ। ਸਭ ਸੁੱਖ ਸਾਧਨਾਂ ਦੇ ਹੁੰਦਿਆਂ ਬੇਟੀ ਦੀ ਖੁਦਕਸ਼ੀ ਰਹੱਸਾਤਮਕ ਸੀ। ਜਿਉਂ-ਜਿਉਂ ਨਾਵਲ ਅੱਗੇ ਵਧਦਾ ਹੈ, ਉਮਰ ਦਾ ਦੂਜਾ ਪਹਿਲਾ ਦਹਾਕਾ ਭੋਗਣ ਵਾਲੇ ਨੌਜਵਾਨ ਦੀ ਖੁਦਕਸ਼ੀ ਦੀਆਂ ਘਟਨਾਵਾਂ ਵਧਦੀਆਂ ਰਹਿੰਦੀਆਂ ਹਨ। ਇਸ ਰਹੱਸ ਦਾ ਭੇਦ ਜਾਣਨ ਲਈ ਖੋਜੀ, ਸਿਆਣੇ ਅਤੇ ਰਹੱਸ ਜਾਣਨ ਦੇ ਖੋਜਾਰਥੀ ਆਪਣੇ ਆਪ ਯਤਨਸ਼ੀਲ ਹੁੰਦੇ ਤਾਂ ਹਨ, ਇਸ ਦੇ ਕੌਣ ਜ਼ਿੰਮੇਵਾਰ ਹਨ, ਇਹ ਰਹੱਸਾਤਮਿਕ ਹੀ ਰਹਿੰਦਾ ਹੈ। ਖੋਜੀ ਪ੍ਰਬੰਧਕ ਸਮਾਜ ਹਿੱਤ ਲੋਕ ਚਿੰਤਾਤੁਰ ਹਨ। ਨਾਵਲ ਦੇ ਅੰਤਲੇ ਪੜਾਅ 'ਤੇ ਪਹੁੰਚ ਕੇ ਪਤਾ ਚੱਲਦਾ ਹੈ ਕਿ ਖੋਜੀਆਂ ਵਿਚੋਂ ਹੀ ਇਕ ਖੋਜੀ ਬੱਚਿਆਂ ਨੂੰ ਖੁਦਕਸ਼ੀ ਕਰਨ ਲਈ ਹੀ ਟੈਲੀਫੋਨ ਦੇ 360 ਦਰਜੇ ਦੀਆਂ ਖੇਡਾਂ ਵਿਚ ਉਲਝਾ ਕੇ ਬੱਚਿਆਂ ਨੂੰ ਕਿਵੇਂ ਇਹ ਖੇਡਾਂ ਖੇਡਣ ਲਈ ਮਜਬੂਰ ਕਰਦਾ ਹੈ। ਨਾਵਲ ਰਹੱਸਮਈ ਜਾਸੂਸੀ ਘਟਨਾਵਾਂ ਨਾਲ ਓਤਪੋਤ ਹੈ।


ਡਾ. ਅਮਰ ਕੋਮਲ
ਮੋਬਾਈਲ : 84378-73565

10-09-2022

ਬੀਤੇ ਦਾ ਸਫ਼ਰ
ਲੇਖਕ : ਜੋਗਿੰਦਰ ਸ਼ਮਸ਼ੇਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 695 ਰੁਪਏ ਸਫ਼ੇ : 455 + 32
ਸੰਪਰਕ : 95011-45039

ਪੰਜਾਬੀ ਸਾਹਿਤ ਵਿਚ ਹੋਰਨਾਂ ਸਾਹਿਤਕ ਵਿਧਾਵਾਂ ਦੇ ਮੁਕਾਬਲਾਤਨ ਸਵੈ-ਜੀਵਨੀਆਂ ਬਹੁਤ ਘੱਟ ਹਨ। ਜਿਨ੍ਹਾਂ ਲੇਖਕਾਂ ਨੇ ਆਪਣੀਆਂ ਸਵੈ-ਜੀਵਨੀਆਂ ਲਿਖੀਆਂ ਹਨ, ਉਨ੍ਹਾਂ ਵਿਚ ਜੋਗਿੰਦਰ ਸ਼ਮਸ਼ੇਰ ਦਾ ਸਥਾਨ ਨਿਵੇਕਲਾ ਹੈ। ਦੁਆਬੇ ਖੇਤਰ ਦੇ ਪ੍ਰਸਿੱਧ ਪਿੰਡ ਲੱਖਣ ਕੇ ਪੱਡਾ ਦੇ ਵਸਨੀਕ ਸ. ਸੁਰਾਇਣ ਸਿੰਘ ਦੇ ਘਰ ਪੈਦਾ ਹੋਏ। ਇਨ੍ਹਾਂ ਦੇ ਮਾਤਾ-ਪਿਤਾ ਦੋਵੇਂ ਜਣੇ ਹੀ ਅਧਿਆਪਕ ਸਨ। ਇਨ੍ਹਾਂ ਨੇ 1928 ਤੋਂ ਲੈ ਕੇ 1961 ਤੱਕ ਦਾ ਜੀਵਨ ਸਫ਼ਰ ਪੰਜਾਬ ਵਿਚ ਗੁਜਾਰਿਆ। ਇਨ੍ਹਾਂ ਨੂੰ ਪੰਜਾਬ, ਪੰਜਾਬੀਅਤ ਅਤੇ ਕੋਇਟੇ ਦੀ ਜੀਵਨ ਸ਼ੈਲੀ ਦਾ ਡੂੰਘਾ ਅਨੁਭਵ ਰਿਹਾ। ਇਸ ਉਪਰੰਤ 1993 ਤੱਕ ਉਨ੍ਹਾਂ ਨੂੰ ਵਿਦੇਸ਼ੀ ਸਾਇਕੀ ਦਾ ਵੀ ਅਨੁਭਵ ਰਿਹਾ, ਜਿਸ ਦਾ ਜ਼ਿਕਰ ਉਨ੍ਹਾਂ ਨੇ ਵਿਸ਼ੇਸ਼ਤਰ ਸਊਥਾਲ ਵਿਚ ਰਹਿੰਦਿਆਂ ਲੋਕਾਂ ਨਾਲ ਮੇਲ ਮਿਲਾਪ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਨੂੰ ਭਾਂਪਦਿਆਂ ਇਸ ਪੁਸਤਕ ਵਿਚ ਕੀਤਾ ਹੈ। ਇਥੇ ਹੀ ਬਸ ਨਹੀਂ ਜੋਗਿੰਦਰ ਸ਼ਮਸ਼ੇਰ ਬਹੁਤ ਸਾਰੇ ਹੋਰ ਦੇਸ਼ਾਂ ਵਿਚ ਵੀ ਗਏ, ਜਿਥੇ ਉਨ੍ਹਾਂ ਨੇ ਪੰਜਾਬੀ ਸਾਹਿਤ, ਉਰਦੂ ਸਾਹਿਤ ਨਾਲ ਜੁੜੇ ਅਤੇ ਅੰਗਰੇਜ਼ੀ ਦੇ ਵਿਭਿੰਨ ਉੱਘੇ ਵਿਦਵਾਨਾਂ ਅਤੇ ਹਰ ਸਾਹਿਤਕ ਵਿਧਾ ਦੇ ਲੇਖਕਾਂ ਨਾਲ ਜੀਵਨ ਦੇ ਪਲ ਬਿਤਾਏ। ਇਨ੍ਹਾਂ ਵਿਦਵਾਨਾਂ ਅਤੇ ਲੇਖਕਾਂ ਬਾਰੇ ਬੀਤੇ ਪਲਾਂ ਦੇ ਸਫ਼ਰ ਦਾ ਵਰਣਨ ਪਾਠਕ ਨੂੰ ਉਂਗਲੀ ਲਾ ਕੇ ਸਹਿਜ ਸੁਭਾਵਿਕਤਾ ਅਤੇ ਸਰਲ ਭਾਸ਼ਾ ਦੀ ਜੁਗਤ ਰਾਹੀਂ ਪੇਸ਼ ਕਰਦਾ ਹੈ । ਪੰਜਾਬੀ ਲੇਖਕ ਡਾ. ਕਰਨੈਲ ਸਿੰਘ ਥਿੰਦ, ਸੁਰਜੀਤ ਪਾਤਰ, ਜਸਵੰਤ ਸਿੰਘ ਕੰਵਲ, ਐਸ. ਐਸ. ਮੀਸ਼ਾ ਅਤੇ ਬਲਵੰਤ ਗਾਰਗੀ ਆਦਿ ਹੋਣ ਜਾਂ ਪਾਕਿਸਤਾਨੀ ਲੇਖਕ ਡਾ. ਖੁਰਸ਼ੀਦ ਇਸਲਾਮ, ਫੈਜ਼ ਅਹਿਮਦ ਫੈਜ਼ ਹੋਣ ਅਤੇ ਇਸ ਤੋਂ ਇਲਾਵਾ ਬਰਤਾਨਵੀ ਲੇਖਕ ਹੋਣ, ਸਭਨਾਂ ਦਾ ਜ਼ਿਕਰ ਅਤੇ ਇਨ੍ਹਾਂ ਸਭਨਾਂ ਦੀ ਸਾਹਿਤਕ ਪ੍ਰਤਿਭਾ ਦਾ ਵਖਿਆਣ ਇਸ ਪੁਸਤਕ ਵਿਚ ਅੰਕਿਤ ਹੈ। ਪੁਸਤਕ ਦਾ ਮਹੱਤਵਪੂਰਨ ਭਾਗ ਉਹ ਵੀ ਹੈ, ਜਿਸ ਵਿਚ 32 ਪੰਨਿਆਂ ਦੀਆਂ ਤਸਵੀਰਾਂ ਰਾਹੀਂ ਉਸ ਦੇ ਸਮੁੱਚੇ ਜੀਵਨ ਦੀ ਝਾਤ ਵੇਖੀ ਜਾ ਸਕਦੀ ਹੈ।


-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
c c c

ਕੋਰਾ ਵਰਕਾ
ਲੇਖਕ : ਲਾਡੀ ਜੱਲਾ ਰਾਣੋ
ਮੁੱਲ : 119 ਰੁਪਏ, ਸਫ਼ੇ : 104
ਪ੍ਰ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਸੰਪਰਕ : 89680-89276

ਪੁਸਤਕ ਕੋਰਾ ਵਰਕਾ (ਕਾਵਿ ਸੰਗ੍ਰਹਿ) ਦੇ ਦੋ ਭਾਗ ਹਨ। ਪਹਿਲਾ ਭਾਗ ਲਾਡੀ ਜੱਲਾ ਅਤੇ ਦੂਸਰਾ ਭਾਗ ਰਾਣੋ ਹੈ। ਇਹ ਪੁਸਤਕ ਰੁੱਖਾਂ, ਪੰਜਾਬ, ਕਿਰਤੀ ਕਾਮਿਆਂ, ਪੰਜਾਬ ਦੀ ਚਾਹਤ ਰੱਖਣ ਵਾਲਿਆਂ, ਪੁੱਤਾਂ-ਧੀਆਂ, ਜਾਤ-ਪਾਤਾਂ ਤੋਂ ਉੱਪਰ ਉੱਠ ਚੁੱਕੇ ਅਤੇ ਅੰਮ੍ਰਿਤਾ ਪ੍ਰੀਤਮ, ਸਾਹਿਰ ਲੁਧਿਆਣਵੀ, ਇਮਰੌਜ਼ ਤੇ ਸੁਰਿੰਦਰ ਕੌਰ ਨੂੰ ਸਮਰਪਿਤ ਹੈ। ਪਹਿਲੇ ਭਾਗ ਵਿਚ 51 ਅਤੇ ਦੂਜੇ ਭਾਗ ਵਿਚ 28 ਕਵਿਤਾਵਾਂ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੀਆਂ ਹਨ। ਲੇਖਕ ਦੇ ਲਿਖਣ ਦਾ ਇਕ ਵੱਖਰਾ ਹੀ ਢੰਗ ਹੈ। ਲੇਖਕ ਨੇ ਜਿਸ ਵੀ ਵਿਸ਼ੇ 'ਤੇ ਕਵਿਤਾ ਲਿਖੀ ਹੈ, ਉਸ ਵਿਚ ਲੇਖਕ ਥੋੜ੍ਹੇ ਸ਼ਬਦਾਂ ਦੇ ਰਾਹੀਂ ਬਹੁਤ ਕੁਝ ਕਹਿ ਗਿਆ ਹੈ। ਏਨੇ ਵਿਸ਼ਿਆਂ 'ਤੇ ਹੱਥ ਅਜ਼ਮਾਈ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਲੇਖਕ ਨੇ ਆਪਣੇ ਦਿਲ ਦੇ ਅੰਦਰਲਿਆਂ ਵਲਵਲਿਆਂ ਨੂੰ ਆਪਣੇ ਜਜ਼ਬਾਤਾਂ ਦੇ ਵਿਚ ਪਰੋ ਕੇ ਆਪਣੀ ਅੰਦਰਲੀ ਆਵਾਜ਼ ਨੂੰ ਬਹੁਤ ਹੀ ਸਾਧਾਰਨ ਤੇ ਵਧੀਆ ਢੰਗ ਨਾਲ ਪੇਸ਼ ਕਰਕੇ ਆਪਣੀ ਵਿਦਵਤਾ ਤੇ ਲੇਖਣੀ ਜ਼ਾਹਰ ਕੀਤੀ ਹੈ, ਜਿਸ ਦੀ ਦਾਦ ਦੇਣੀ ਬਣਦੀ ਹੈ। ਲੇਖਕ ਹਰ ਪੱਖ ਤੋਂ ਸੁਚੇਤ ਹੈ ਅਤੇ ਉਹ ਆਪਣੀ ਸ਼ਬਦਾਵਲੀ ਨੂੰ ਬੇਲਗਾਮ ਨਹੀਂ ਹੋਣ ਦਿੰਦਾ। ਜੋ ਵੀ ਗੱਲ ਲੇਖਕ ਕਹਿਣੀ ਚਾਹੁੰਦਾ ਹੈ, ਉਸ ਪ੍ਰਤੀ ਬਹੁਤ ਵਲੇਵੇ ਨਹੀਂ ਪਾਉਂਦਾ। ਇਸ ਪੁਸਤਕ ਦੇ ਸਿਰਲੇਖ ਵਿਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ। ਬਸ ਅੰਦਰੂਨੀ ਝਾਤ ਦੀ ਜ਼ਰੂਰਤ ਹੈ ਕਿ ਲੇਖਕ ਕੀ ਕਹਿਣਾ ਚਾਹੁੰਦਾ ਹੈ। ਪੁਸਤਕ ਵਿਚਲੀਆਂ ਰਚਨਾਵਾਂ ਤਾਂ ਵੈਸੇ ਸਾਰੀਆਂ ਹੀ ਪੜ੍ਹਨ ਯੋਗ ਹਨ ਪ੍ਰੰਤੂ ਕਵਿਤਾ ਖ਼ਤ, ਜ਼ਿੰਦਗੀ, ਦੌਲਤ, ਅੱਖਾਂ, ਆਖ਼ਰੀ ਦਰੱਖਤ, ਸਿਆਸਤ ਫ਼ੈਸਲਾ, ਰੂਹ ਦਾ ਸਫ਼ਰ, ਕਿਸਾਨੀ, ਸੁਪਨੇ ਆਦਿ ਨਿਵੇਕਲੀਆਂ ਹਨ। ਲੇਖਕ ਦੀਆਂ ਛੋਟੀਆਂ ਕਵਿਤਾਵਾਂ ਵਿਚ ਇਨ੍ਹਾਂ ਨੇ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ ਹੈ। ਇਕ ਕਵਿਤਾ ਵਿਚ ਲੇਖਕ ਕਹਿੰਦਾ ਹੈ-
ਮੈਂ ਅੱਖਰ ਬਣਾਂ ਨਾਮ ਤੇਰੇ ਦਾ
ਜਾਂ ਤੇਰੇ ਪੈਰਾਂ ਦੀ ਝਾਂਜਰ ਬਣ ਜਾਵਾਂ।
ਮੈਂ ਬਣ ਜਾਂ ਤੇਰੇ ਪਿੱਛੇ ਜੋਗੀ ਨੀ,
ਬਹਿ ਸ਼ਾਮ ਸਵੇਰੇ ਤੇਰਾ ਧਿਆਨ ਲਾਵਾਂ।
-ਬਲਵਿੰਦਰ ਸਿੰਘ ਸੋਢੀ 'ਮੀਰ ਹੇੜੀ'
ਮੋਬਾਈਲ : 092105-88990

c c c
ਕੰਸ ਅਜੇ ਮਰਿਆ ਨਹੀਂ
ਲੇਖਕ : ਪਵਨ ਪਰਿੰਦਾ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਪੰਨੇ : 96
ਸੰਪਰਕ : 97790-50692

ਪੁਸਤਕ ਵਿਚ ਦਰਜ 19 ਕਹਾਣੀਨੁਮਾ ਲੇਖਾਂ ਅਤੇ ਇਕ ਕਵਿਤਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਕਥਾ ਵਰਗੀ ਰਵਾਨੀ ਹੈ। ਸਮਾਜਿਕ, ਰਾਜਨੀਤਕ, ਧਾਰਮਿਕ, ਆਰਥਿਕ ਤੰਤਰ ਤੇ ਜ਼ਬਰਦਸਤ ਕਟਾਖਸ਼ ਹਨ। ਕਵਿਤਾ ਜਿਹਾ ਵਿਚਾਰਧਾਰਕ ਪ੍ਰਵਾਹ ਹੈ। ਲੇਖਾਂ ਵਰਗੀ ਡੂੰਘੀ ਜਾਣਕਾਰੀ ਹੈ। ਫਤਾਂਸੀ ਵਰਗਾ ਕਲਪਨਾਮਈ ਯਥਾਰਥ ਹੈ। ਸੋ ਪੁਸਤਕ ਵਿਚਲੀਆਂ ਇਨ੍ਹਾਂ ਰਚਨਾਵਾਂ ਨੂੰ ਫਤਾਂਸੀ ਉਪ ਵਿਧਾ ਦੀਆਂ ਰਚਨਾਵਾਂ ਮੰਨਿਆ ਜਾ ਸਕਦਾ ਹੈ। ਮਿਸਾਲ ਵਜੋਂ ਪੁਸਤਕ ਦੇ ਸਿਰਲੇਖ ਵਾਲੀ ਰਚਨਾ ਵਿਚ ਲੇਖਕ ਨੇ ਸਕੂਲ ਦੇ ਡੱਗ 'ਚ ਡਿਗ ਕੇ ਮਰ ਚੁੱਕੇ ਪੌਣੇ ਤਿੰਨ ਸਾਲ ਦੇ ਬੱਚੇ ਦੀ ਮੋਰਚਰੀ ਪਈ ਮ੍ਰਿਤਕ ਦੇਹ ਦੇ ਕਾਲਪਨਿਕ ਪਰ ਕਰੂਰ ਯਥਾਰਥ ਨਾਲ ਭਰੇ ਬੋਲਾਂ ਰਾਹੀਂ ਸਕੂਲ ਪ੍ਰਬੰਧ, ਸਮਾਜ, ਪ੍ਰਸ਼ਾਸਨ, ਹਸਪਤਾਲ, ਮੀਡੀਆ, ਸਮਾਜ ਦੇ ਠੇਕੇਦਾਰਾਂ, ਇਥੋਂ ਤੱਕ ਕਿ ਸਾਹਿਤਕਾਰ/ਲੇਖਕਾਂ ਨੂੰ ਵੀ ਇਸ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਸਮੁੱਚੇ ਸਿਸਟਮ ਦਾ ਪੂਰੀ ਬੇਬਾਕੀ ਤੇ ਨਿਡਰਤਾ ਨਾਲ ਪੋਸਟਮਾਰਟਮ ਕਰ ਛੱਡਿਆ ਹੈ। ਅਜਿਹੀ ਕਟਾਖਸਮਈ ਵਿਅੰਗ ਸ਼ੈਲੀ ਹਿੰਦੀ/ਉਰਦੂ ਦੇ ਪ੍ਰਸਿੱਧ ਕਥਾਕਾਰ ਕ੍ਰਿਸ਼ਨ ਚੰਦਰ ਦੀ ਲੇਖਨੀ ਵਿਚ ਵਿਦਮਾਨ ਹੈ। ਕ੍ਰਿਸ਼ਨ ਜਨਮ ਸਮੇਂ ਦੇਵਕੀ (ਲੇਖਕ ਉਸ ਨੂੰ ਯਸ਼ੋਧਾ ਲਿਖ ਗਿਆ ਹੈ), ਵਾਸਦੇਵ, ਮਾਧਵ, ਕੰਸ ਜਿਹੇ ਪਾਤਰਾਂ ਰਾਹੀਂ ਸਮਾਜ ਵਿਚ ਕੰਸ ਰੂਪੀ ਦੁਰਾਚਾਰੀ, ਅਨਿਆਂਕਾਰੀ, ਅੱਤਿਆਚਾਰੀ ਦੇ ਜਿਊਂਦੇ ਹੋਣ ਦੀ ਪੁਸ਼ਟੀ ਕਰਦਾ ਹੈ। ਇੰਜ ਹੀ ਫ਼ਾਸਲੇ (ਧੀ ਦੇ ਅਸਤਿਤਵ), ਇਕ ਹੋਰ ਹੰਝੂ (ਗੈਂਗਸਟਰਾਂ ਦੀ ਹੋਣੀ), ਸੁਪਨਾ (ਮਜਹਬੀ ਪਖੰਡ), ਨਕਸ਼ਾਂ ਦੇ ਚੱਕਰਵਿਊ (ਅਧਿਆਪਕੀ ਜੀਵਨ) ਗੱਲ ਕਿ ਹਰੇਕ ਰਚਨਾ ਵਿਚ ਪਵਨ ਪਰਿੰਦਾ ਨੇ ਆਪਣੀ ਮਲਵਈ ਬੋਲੀ ਸ਼ੈਲੀ ਨੂੰ ਬਰਕਰਾਰ ਰੱਖਦਿਆਂ ਆਪਣਾ ਕਲਮੀ ਫਰਜ਼ ਬਾਖੂਬੀ ਨਿਭਾਇਆ ਹੈ। ਰਚਨਾਵਾਂ ਪਾਰਕੀ ਮਨ ਨੂੰ ਜ਼ਬਰਦਸਤ ਹਲੂਣਾ ਦੇਣ ਦੇ ਸਮਰੱਥ ਹਨ। ਰੌਚਕਤਾ, ਵਿਸ਼ਾਭਿੰਨਤਾ ਅਤੇ ਪੇਸ਼ਕਾਰੀ ਪੱਖੋਂ ਇਹ ਪੁਸਤਕ ਪਾਠਕਾਂ ਵਲੋਂ ਪਸੰਦ ਕੀਤੀ ਜਾਵੇਗੀ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

c c c


ਜੰਗਲੀ ਗ਼ੁਲਾਬ
ਨਾਵਲਕਾਰ : ਦਵਿੰਦਰ ਸਿੰਘ ਮਲਹਾਂਸ
ਪ੍ਰਕਾਸ਼ਕ : ਆਦਮ ਆਰਟਮ, ਪਟਿਆਲਾ
ਮੁੱਲ : 199 ਰੁਪਏ, ਪੰਨੇ :136
ਸੰਪਰਕ : 91158-72450

ਆਪਣੇ ਪਲੇਠੇ ਨਾਵਲ ਵਿਚ ਲੇਖਕ ਬਹੁਤ ਦਿਲ ਟੁੰਬਵੇਂ ਢੰਗ ਨਾਲ ਪ੍ਰਵਾਸ ਦੇ ਦੁੱਖਾਂ, ਸੰਕਟਾਂ ਦਾ ਜ਼ਿਕਰ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਅਰਜਣ ਪੁਲਿਸ ਦੇ ਤਸ਼ੱਦਦ, ਮੁਖ਼ਬਰਾਂ ਦੀ ਲੁੱਟ ਅਤੇ ਦੁੱਖ-ਭੁੱਖ ਸਹਿੰਦਾ ਹੋਇਆ ਲਿਬਨਾਨ ਰਾਹੀਂ ਜਰਮਨੀ ਪਹੁੰਚਦਾ ਹੈ। ਵਿਦੇਸ਼ੀਂ ਭੱਜੀ ਜਾ ਰਹੀ ਨੌਜਵਾਨ ਪੀੜ੍ਹੀ ਦੇ ਦੁੱਖਾਂ, ਦਰਦਾਂ ਅਤੇ ਸੰਕਟਾਂ ਨੂੰ ਬਿਆਨ ਕਰਦੇ ਵੇਰਵੇ ਲੂੰ ਕੰਡੇ ਖੜ੍ਹੇ ਕਰਦੇ ਹਨ। ਸਾਰੇ ਸਫ਼ਰ ਵਿਚ ਕਿੰਨੇ-ਕਿੰਨੇ ਦਿਨ ਭੁੱਖੇ ਪਿਆਸੇ ਰਹਿ ਕੇ, ਗੱਡੀਆਂ ਵਿਚ ਸਾਹ ਘੁੱਟ ਕੇ ਮਰਦੇ, ਦਰਿਆਵਾਂ ਵਿਚ ਰੁੜ੍ਹਦੇ, ਡੌਂਕੀਆਂ ਲਾਉਂਦੇ ਪੰਜਾਬੀ ਨੌਜਵਾਨਾਂ ਦੀ ਦੁਰਦਸ਼ਾ ਦਿਲ ਕੰਬਾਊ ਹੈ। ਏਜੰਟਾਂ ਦੇ ਠੱਗੇ ਹੋਏ ਭੋਲੇ-ਭਾਲੇ ਨੌਜਵਾਨਾਂ ਨੂੰ ਵੈਨਾਂ ਵਿਚ ਤੂੜੀ ਵਾਂਗ ਲੱਦਿਆ ਜਾਂਦਾ ਹੈ ਅਤੇ ਸੁੰਨਸਾਨ ਥਾਵਾਂ 'ਤੇ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਸਰੀਰ ਥਕਾਵਟ, ਭੁੱਖ, ਠੰਢ ਅਤੇ ਫ਼ਿਕਰਾਂ ਨਾਲ ਝੰਬੇ ਜਾਂਦੇ ਹਨ। ਉਨ੍ਹਾਂ ਨੂੰ ਪੱਗਾਂ ਲਾਹੁਣ ਨੂੰ ਅਤੇ ਵਾਲ ਕੱਟਣ ਨੂੰ ਕਿਹਾ ਜਾਂਦਾ ਹੈ। ਆਪਣਾ ਧਰਮ, ਕਰਮ, ਲਾਜ਼, ਸ਼ਰਮ ਛੱਡ ਕੇ ਉਹ ਮਿਹਨਤਾਂ, ਮਜ਼ਦੂਰੀਆਂ 'ਤੇ ਲੱਗ ਜਾਂਦੇ ਨੇ। ਉਹ ਦਿਲ ਨੂੰ ਘੁੱਟ ਕੇ ਸਾਰੇ ਦਰਦ ਆਪਣੇ ਅੰਦਰ ਹੀ ਜ਼ਬਤ ਕਰ ਲੈਂਦੇ ਨੇ। ਪਿੱਛੋਂ ਘਰ ਵਾਲਿਆਂ ਦੀ ਹਾਲਤ ਹੋਰ ਵੀ ਤਰਸਯੋਗ ਹੁੰਦੀ ਹੈ। ਜ਼ਮੀਨਾਂ ਗਹਿਣੇ ਰੱਖ ਕੇ ਏਜੰਟਾਂ ਨੂੰ ਦਿੰਦੇ ਹਨ ਜੋ ਫਿਰ ਤਿੱਤਰ ਹੋ ਜਾਂਦੇ ਹਨ। ਪੰਜਾਬੀ ਜੀਵਨ ਦੀ ਸਰਲਤਾ, ਗਹਿਰਾਈ ਅਤੇ ਮਾਸੂਮੀਅਤ ਦਾ ਚਿੱਤਰਣ ਬੜੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਠੇਠ ਪੰਜਾਬੀ ਭਾਸ਼ਾ ਦਿਲ ਵਿਚ ਉਤਰ ਜਾਂਦੀ ਹੈ। ਆਰਥਿਕ, ਸਮਾਜਿਕ, ਰਾਜਨੀਤਕ ਅਤੇ ਪਰਿਵਾਰਕ ਪ੍ਰਬੰਧ ਦਾ ਧਰਾਤਲ ਹਿੱਲਣ ਕਾਰਨ ਨਾਵਲ ਦਾ ਮੁੱਖ ਨਾਇਕ ਵਿਦੇਸ਼ੀ ਧਰਤੀਆਂ ਉੱਤੇ ਸੂਹੇ ਗ਼ੁਲਾਬ ਦੀ ਤਲਾਸ਼ ਕਰਦਾ ਹੈ। ਭਟਕਦਾ ਹੋਇਆ ਉਹ ਜੰਗਲਾਂ ਦੀ ਜੂਹ ਵਿਚ ਜਾ ਵੜਦਾ ਹੈ। ਨਾਵਲਕਾਰ ਦੀ ਕਰਮ ਭੂਮੀ ਅਲਬਰਟਾ ਦਾ ਕੌਮੀ ਫੁੱਲ ਵੀ ਜੰਗਲੀ ਗ਼ੁਲਾਬ ਹੈ। ਪਿਆਰ ਅਤੇ ਸੁੰਦਰਤਾ ਦੀ ਦੇਵੀ ਦੀ ਤੁਲਨਾ ਜੰਗਲੀ ਗ਼ੁਲਾਬ ਨਾਲ ਕੀਤੀ ਗਈ ਹੈ। ਨਾਵਲ ਦੇ ਬਹੁਤ ਸਾਰੇ ਪਾਤਰ ਗ਼ੁਲਾਬ ਦੀਆਂ ਕਲਮਾਂ ਵਾਂਗ ਬੇਗਾਨੀਆਂ ਧਰਤੀਆਂ 'ਤੇ ਉੱਗ ਕੇ ਫੁੱਟ ਪੈਂਦੇ ਹਨ। ਨਾਵਲ ਦੀ ਤੰਦ ਸਮੁੱਚੀ ਇਨਸਾਨੀਅਤ ਦੇ ਜਜ਼ਬਿਆਂ ਨਾਲ ਜਾ ਜੁੜਦੀ ਹੈ। ਇਸ ਨਾਵਲ ਵਿਚ ਡੂੰਘੀਆਂ ਰਮਜ਼ਾਂ ਹਨ।

-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋਬਾਈਲ : 98147-16367

 

ਰਾਖ ਵਿਚ ਉਕਰੀਆਂ ਲਕੀਰਾਂ
ਲੇਖਕ : ਨਵਰਾਜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ :184
ਸੰਪਰਕ : 01679-233244

'ਰਾਖ ਵਿਚ ਉਕਰੀਆਂ ਲਕੀਰਾਂ' ਨਵਰਾਜ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਨਵਰਾਜ ਨੇ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ 'ਮੈਂ ਅਤੇ ਸਮਾਜ', 'ਮੈਂ ਅਤੇ ਤੂੰ' ਅਤੇ 'ਮੈਂ ਅਤੇ ਮੈਂ' ਤਿੰਨ ਭਾਗਾਂ 'ਚ ਵੰਡਿਆ ਹੈ। 'ਮੈਂ ਅਤੇ ਸਮਾਜ' ਸਿਰਲੇਖ ਹੇਠ 'ਅਣਹੋਏ' ਤੋਂ ਲੈ ਕੇ 'ਰਾਜੇ' ਤੱਕ 58 ਕਵਿਤਾਵਾਂ ਸੰਕਲਿਤ ਕਰਦਿਆਂ ਸਮਾਜ ਵਿਚ 'ਮੈਂ' ਦੀ ਹੋਂਦ ਦੇ, ਪ੍ਰਸ਼ਨ ਦੇ ਰੂ-ਬ-ਰੂ ਹੁੰਦਿਆਂ, ਸਮਾਜ ਵਿਚ 'ਮੈਂ' ਦੀਆਂ ਸਮਾਜ ਵਿਚਲੀਆਂ ਵੱਖ-ਵੱਖ ਭੂਮਿਕਾਵਾਂ 'ਤੇ ਸੰਵਾਦ ਰਚਾਇਆ ਹੈ। 'ਅਣਹੋਏ' ਕਵਿਤਾ 'ਚ ਮਨੁੱਖ ਦੇ ਮਨੁੱਖ ਨਾ ਹੋਣ ਦੀ ਗਾਥਾ ਕਹੀ ਹੈ। ਉਹ ਮਨੁੱਖ ਜੋ ਇਨਸਾਨ ਨਾ ਹੋ ਕੇ ਸ਼ੂਦਰ, ਅਛੂਤ, ਲਘੂ ਜਨ, ਬਹੁਜਨ ਜਾਂ ਕੁਝ ਹੋਰ ਵੀ ਸਦੀਆਂ-ਸਦੀਆਂ ਤੋਂ ਰਿਹਾ ਪਰ ਨਾਗਰਿਕ ਨਹੀਂ ਬਣ ਸਕਿਆ। ਜਮਾਤੀ ਵੰਡ ਦੀ ਥਾਵੇਂ ਉਹ ਹਮੇਸ਼ਾ ਜਾਤੀ-ਗਤ ਜਾਂ ਸ਼੍ਰੇਣੀ-ਵੰਡ 'ਚ ਹੀ ਉਲਝਾਇਆ ਗਿਆ। ਮੁਕਤੀ ਦਾ ਰਸਤਾ ਪ੍ਰਸ਼ਨ-ਚਿੰਨ੍ਹ ਲਗਾਉਣ ਨਾਲ ਹੀ ਮਿਲ ਸਕਦਾ ਹੈ। ਦੂਸਰੇ ਭਾਗ 'ਮੈਂ' ਅਤੇ 'ਤੂੰ' 'ਵਿਚ ਕਹਾਣੀ ਕਵਿਤਾ ਦੀ...' ਤੋਂ ਲੈ ਕੇ 'ਪਲਾਂ' ਵਿਚ ਸਿਮਟੀ ਜ਼ਿੰਦਗੀ' ਤੱਕ 58 ਕਵਿਤਾਵਾਂ ਸ਼੍ਰੇਣੀ-ਗਤ ਸਮਾਜ ਵਿਚ 'ਮੈਂ' ਅਤੇ 'ਤੂੰ' ਦੇ ਰਿਸ਼ਤੇ ਨੂੰ ਸਮਾਜਿਕ-ਪ੍ਰਬੰਧ ਅਧੀਨ ਪਰਿਭਾਸ਼ਤ ਕਰਦੀਆਂ ਹਨ। ਤੀਸਰੇ ਭਾਗ 'ਮੈਂ' ਅਤੇ 'ਮੈਂ' ਵਿਚ 'ਮੈਂ ਅਤੇ ਕਵਿਤਾ' ਤੋਂ ਲੈ ਕੇ 'ਮੇਰੀ ਸਾਂਝ' ਤੱਕ ਦੀਆਂ 36 ਕਵਿਤਾਵਾਂ 'ਮੈਂ' ਦਾ 'ਮੈਂ' ਦੇ ਅੰਦਰੂਨੀ ਅਤੇ ਬਾਹਰੀ ਰਿਸ਼ਤੇ ਦੀ ਅੰਦਰੂਨੀ ਦਵੰਦਾਤਮਕਤਾ ਦਾ ਵਿਸਤਾਰ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਮੱਥੇ 'ਚ ਜਗਦੇ ਦੀਵੇ ਜਗਾਉਣ ਦੇ ਸਮਰੱਥ ਹਨ। ਆਮੀਨ !
-ਸੰਧੂ ਵਰਿਆਣਵੀ (ਪ੍ਰੋ.) ਮੋਬਾਈਲ : 98786-14096

 


ਸਿਲਸਿਲਾ
ਲੇਖਕ : ਜਸਵੰਤ ਵਾਗਲਾ
ਪ੍ਰਕਾਸ਼ਕ: ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ: 180 ਰੁਪਏ, ਸਫ਼ੇ: 96
ਸੰਪਰਕ: 98141-01312

ਦੀਪਕ ਗ਼ਜ਼ਲ ਸਕੂਲ ਦੀ ਕੁਠਾਲੀ ਵਿਚੋਂ ਕੁੰਦਨ ਬਣ ਕੇ ਨਿਕਲੇ ਜਸਵੰਤ ਵਾਗਲਾ ਇਕ ਸੱਚੇ-ਸੁੱਚੇ, ਨੇਕ ਅਤੇ ਧੁਨ ਦੇ ਪੱਕੇ ਗ਼ਜ਼ਲਕਾਰ ਹਨ। ਇਸ ਗ਼ਜ਼ਲ-ਸੰਗ੍ਰਹਿ 'ਸਿਲਸਿਲਾ' ਤੋਂ ਪਹਿਲਾਂ ਉਨ੍ਹਾਂ ਦੀਆਂ ਗ਼ਜ਼ਲਾਂ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗ਼ਜ਼ਲ ਵਿਚ ਦਰਿਆਵਾਂ ਵਰਗੀ ਸਹਿਜਤਾ, ਸਮੁੰਦਰ ਵਰਗੀ ਗਹਿਰਾਈ ਅਤੇ ਪੁਰੇ ਦੀ ਪੌਣ ਵਰਗੀ ਠੰਢਕ ਹੈ, ਜਿਸ ਦੀ ਝਲਕ ਉਨ੍ਹਾਂ ਦੀ ਗ਼ਜ਼ਲ ਦੇ ਇਸ ਸ਼ਿਅਰ ਵਿਚੋਂ ਸਪੱਸ਼ਟ ਝਲਕਦੀ ਹੈ:
ਕਰਦਾ ਭਵਿੱਖ ਦੀ ਮੈਂ, ਕਿੱਦਾਂ ਭਵਿੱਖਬਾਣੀ,
ਮੈਨੂੰ ਨਹੀਂ ਭਰੋਸਾ, ਜਦ ਵਰਤਮਾਨ ਉੱਤੇ।

ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਆਪਣੇ ਆਖ਼ਰੀ ਸਾਹ ਤੱਕ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦਾ ਸਾਮਾਨ ਇਕੱਠਾ ਕਰਨ ਵਿਚ ਲੱਗਿਆ ਰਹਿੰਦਾ ਹੈ, ਪਰ ਆਪਣੀ ਉਮਰ ਦਾ ਸੌਵਾਂ ਹਿੱਸਾ ਵੀ ਉਹ ਆਪਣੇ ਢੰਗ ਨਾਲ ਜਿਉਂ ਨਹੀਂ ਸਕਦਾ। ਜਦੋਂ ਉਸ ਦਾ ਦੁਨੀਆ ਨੂੰ ਅਲਵਿਦਾ ਕਹਿਣ ਦਾ ਵੇਲਾ ਆਉਂਦਾ ਹੈ ਤਾਂ ਸਿਰਫ਼ ਪਛਤਾਵੇ ਤੋਂ ਇਲਾਵਾ ਕੁਝ ਵੀ ਉਸ ਦੇ ਪੱਲੇ ਨਹੀਂ ਹੁੰਦਾ ਅਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਦੇ ਅਸਲੀ ਅਨੰਦ ਲਈ ਤਾਂ ਇਨ੍ਹਾਂ ਵਸਤੂਆਂ ਦੀ ਕੋਈ ਜ਼ਰੂਰਤ ਹੀ ਨਹੀਂ ਸੀ:
ਨਾ ਹੋਰ ਬਾਹਰ ਜਾ ਕੇ, ਝੰਜਟ ਖ਼ਰੀਦ ਬੈਠੀਂ,
ਲੱਭਣ ਜੋ ਚੱਲਿਐਂ ਤੂੰ,
ਮਸਤੀ ਫ਼ਕੀਰ ਵਰਗੀ।

ਜਸਵੰਤ ਵਾਗਲਾ ਦੀਆਂ ਗ਼ਜ਼ਲਾਂ ਦੀ ਵਿਲੱਖਣਤਾ ਉਨ੍ਹਾਂ ਦੀ ਸਾਲਾਂਬੱਧੀ ਤਪੱਸਿਆ ਦਾ ਨਤੀਜਾ ਹੈ। ਅੱਜ ਉਨ੍ਹਾਂ ਦਾ ਨਾਂਅ ਅਜਿਹੇ ਗਿਣੇ-ਚੁਣੇ ਕੁਝ ਕੁ ਗ਼ਜ਼ਲਕਾਰਾਂ ਵਿਚ ਲਿਆ ਜਾਂਦਾ ਹੈ, ਜਿਹੜੇ ਸਹੀ ਅਰਥਾਂ ਵਿਚ ਗ਼ਜ਼ਲ ਦੀ ਸੂਝ-ਬੂਝ ਰੱਖਦੇ ਹਨ। ਪ੍ਰਦੇਸਾਂ ਵਿਚ ਰਹਿ ਕੇ ਵੀ ਉਨ੍ਹਾਂ ਦੇ ਮਨ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅੰਤਾਂ ਦਾ ਦਰਦ ਹੈ। ਤੰਗੀਆਂ-ਤੁਰਸ਼ੀਆਂ ਅਤੇ ਥੁੜਾਂ ਮਾਰੇ ਲੋਕਾਂ ਦੇ ਜੀਵਨ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਉਹ ਆਪਣੀ ਗ਼ਜ਼ਲੀਅਤ ਦੇ ਕੇਂਦਰ ਵਿਚ ਰੱਖਦੇ ਹਨ। ਇਸ ਸਫਲ ਅਤੇ ਸੁਚੱਜੀ ਕੋਸ਼ਿਸ਼ ਲਈ ਉਹ ਸੱਚਮੁੱਚ ਹੀ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : : 98146-28027

 

ਤਰਕਸ਼ੀਲਤਾ ਅਤੇ ਜੀਵਨ

ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 40 ਰੁਪਏ, ਸਫ਼ੇ : 48
ਸੰਪਰਕ : 098158-08506.

c c c
ਸੱਚ ਦਾ ਐੱਨਕਾਊਂਟਰ
ਲੇਖਕ : ਅਮਨ ਜੌਹਲ ਧੱਲੇਕੇ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 99 ਰੁਪਏ, ਸਫ਼ੇ : 44
ਸੰਪਰਕ : 75288-03785.

c c c
ਹੇਰਵਾ
ਲੇਖਕ : ਰਾਕੇਸ਼ ਰਮਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 75
ਸੰਪਰਕ : 98788-31166.

c c c
ਕਿਸਾਨੀ ਸੰਕਟ ਤੇ ਵਿਗਿਆਨਕ ਪਹੁੰਚ
ਲੇਖਕ : ਰਾਜਪਾਲ ਸਿੰਘ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 30 ਰੁਪਏ, ਸਫ਼ੇ : 64
c c c

ਘਰੇਲੂ ਕੰਮ ਅਤੇ ਬਾਹਰੀ ਕੰਮ
ਲੇਖਕ : ਰੰਗਨਾਇਕੱਮਾ
ਪੰਜਾਬੀ ਅਨੁ: ਕਮਲ ਦੁਸਾਂਝ
ਪ੍ਰਕਾਸ਼ਕ : ਸਵੀਟ ਹੋਮ ਪਬਲੀਕੇਸ਼ਨਜ਼, ਹੈਦਰਾਬਾਦ
ਮੁੱਲ : 40 ਰੁਪਏ, ਸਫ਼ੇ : 136
ਸੰਪਰਕ : 99482-83810.

c c c
ਆਓ, ਤਣਾਅ-ਰਹਿਤ ਹੋਈਏ!
ਲੇਖਕ : ਮੰਗਤ ਸਿੰਘ 'ਰਾਹੀ'
ਪ੍ਰਕਾਸ਼ਕ : ਸਿੱਖ ਮਿਸ਼ਨਰੀ ਕਾਲਜ (ਰਜਿ.) ਲੁਧਿਆਣਾ
ਮੁੱਲ : 15 ਰੁਪਏ, ਸਫ਼ੇ : 40
c c c

ਪੂੰਜੀਵਾਦ ਬਨਾਮ ਧਰਤੀ ਦੀ ਹੋਂਦ
ਲੇਖਕ : ਹਰੀਪਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 403-714-4816.

04-09-2022

 ਮੇਰੇ ਚੋਣਵੇਂ ਧਾਰਮਿਕ ਲੇਖ
ਲੇਖਕ : ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 200 ਰੁਪਏ, ਸਫੇ : 120
ਸੰਪਰਕ : 98764-52223


ਹਥਲੀ ਪੁਸਤਕ ਵਿਚ ਚੌਵੀ ਇਤਿਹਾਸਕ ਲੇਖਾਂ ਦਾ ਗੁਲਦਸਤਾ ਪਾਠਕਾਂ ਦੇ ਸਨਮੁਖ ਕੀਤਾ ਗਿਆ ਹੈ। ਸਿੱਖ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਨੂੰ ਇਸ ਪੁਸਤਕ ਵਿਚ ਵੱਖ-ਵੱਖ ਵਿਸ਼ੇ ਜਿਵੇਂ : ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲੋਹਗੜ੍ਹ ਦੀ ਲੜਾਈ, ਛੇਵੇ ਪਾਤਸ਼ਾਹ ਨਾਲ ਪਿਪਲੀ ਸਾਹਿਬ ਦੀ ਜੰਗ ਜਿਹੜੀ ਸ਼ਾਹਜਹਾਨ ਨੇ ਬਾਜ਼ ਤੇ ਤਾਜ ਦੀ ਆੜ ਵਿਚ ਲੜੀ ਸੀ, ਸ੍ਰੀ ਗੁਰੂ ਰਾਮਦਾਸ ਜੀ ਦੀ ਬਖ਼ਸ਼ਿਸ਼ ਦੇ ਪਾਤਰ ਰਾਮਦਾਸੀਆ ਸਿੱਖਾਂ ਦਾ ਇਤਿਹਾਸ, ਚਿੜ੍ਹ ਵਿਚ ਆ ਕੇ ਉਜਾੜਿਆ ਮੁਗਲਾਂ ਨੇ ਪਿੰਡ ਸਪਰੋੜ ਖੇੜੀ, ਦਿਲ ਦਿੱਲੀ ਦਾ ਕਦੇ ਸਿੱਖਾਂ 'ਤੇ ਨਹੀਂ ਹੋਇਆ ਦਿਆਲ, ਹਮਾਯੂੰ ਦੀ ਗੁਰੂ ਘਰ ਪ੍ਰਤੀ ਗੁਸਤਾਖੀ ਅਤੇ ਬਾਦਸ਼ਾਹ ਅਕਬਰ ਦੀ ਹਲੀਮੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਧਰਮ ਯੁੱਧ, ਸਿੱਖਾਂ ਦਾ ਅਣਖੀਲਾ ਜਰਨੈਲ ਬਾਬਾ ਬਘੇਲ ਸਿੰਘ, ਜਿਨ੍ਹਾਂ ਗੁਰੂ ਨੂੰ ਪਿੱਠ ਦਿਖਾਈ, ਉਹ ਮੌਤ ਦੇ ਮੂੰਹ ਵਿਚ ਜਾ ਡਿੱਗੇ, ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ, ਮਾਤਾ ਗੁਜਰ ਕੌਰ ਜੀ, ਪੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਕਰਤਾਰਪੁਰ ਸਾਹਿਬ ਦਾ ਵਸਾਉਣਾ ਇਤਿਹਾਸ ਦੀਆਂ ਬਚਿੱਤਰ ਦਿਲਚਸਪ ਤੇ ਸ਼ਰਧਾ ਭਰਪੂਰ ਘਟਨਾ, ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ 'ਤੇ ਉੱਕਰੇ ਪਵਿੱਤਰ ਖੂਹ, ਸਿੱਖਾਂਦੇ ਖੂਨ ਦਾ ਪਿਆਸਾ, ਮੁਗ਼ਲ ਬਾਦਸ਼ਾਹ ਫਰਖ਼ਸੀਅਰ, ਗੁਰੂ ਘਰ ਦਾ ਅਦੁੱਤੀ ਸਿੱਖ ਸੇਵਕ ਪਰਮਹੰਸ ਭਾਈ ਪਾਰੋ ਜੀ, ਸਿੱਖ ਇਤਿਹਾਸ ਦੇ ਚੋਣਵੇਂ ਸੂਰਬੀਰਾਂ ਵਿਚ ਇਕ ਵਿਲੱਖਣ ਹਯਾਤੀ ਭਾਈ ਬਾਘੜ ਸਿੰਘ, ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਬਾਲ ਸ਼ਹੀਦ ਭਾਈ ਦਰਬਾਰਾ ਸਿੰਘ ਜੀ, ਇਤਿਹਾਸਕ ਵਿਰਾਸਤ ਬੇਬੇ ਨਾਨਕੀ ਦਾ ਘਰ, ਭਾਈ ਡੱਲਾ ਸਿੰਘ ਦਾ ਇਤਿਹਾਸਕ ਘਰ, ਕਲਗੀਧਰ ਪਾਤਸ਼ਾਹ ਦਾ ਲਾਡਲਾ ਭਾਈ ਨੰਦ ਲਾਲ ਜੀ, ਲੋੜ ਅਨੁਸਾਰ ਮਹੱਤਵਪੂਰਨ ਹੁੰਦਾ ਸੀ ਬਾਉਲੀ ਸੱਭਿਆਚਾਰ, ਅਣਖੀਲਾ ਜਰਨੈਲ ਭਾਈ ਬਾਜ ਸਿੰਘ, ਗਦਰੀਆਂ ਦਾ ਪਹਿਲਾ ਗੁਰੂ ਘਰ ਸਟਾਕਟਨ ਅਮਰੀਕਾ ਬਾਰੇ ਲਿਖੇ ਲੇਖ ਖੋਜ-ਭਰਪੂਰ ਹੋਣ ਦੇ ਨਾਲ-ਨਾਲ ਇਤਿਹਾਸ ਅਤੇ ਵਿਰਾਸਤ ਦਾ ਬਹੁਮੁੱਲਾ ਖਜ਼ਾਨਾ ਹਨ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040.


ਪੰਜਾਬੀ ਲੋਕ ਸਾਹਿਤ ਵਿਚ
ਰਿਸ਼ਤਿਆਂ ਦਾ ਤਾਣਾ-ਬਾਣਾ

ਲੇਖਕ : ਹਰਿੰਦਰ ਕੌਰ ਸੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300/- ਰੁਪਏ, ਸਫ਼ੇ : 164
ਸੰਪਰਕ : 95011-45039


ਹਰਿੰਦਰ ਕੌਰ ਸੋਹੀ ਵਿਚਾਰ ਅਧੀਨ ਕਿਤਾਬ ਤੋਂ ਪਹਿਲਾਂ ਦੋ ਹੋਰ ਕਿਤਾਬਾਂ 'ਪੰਜਾਬੀ ਸੱਭਿਆਚਾਰ ਬਦਲਦਾ ਮੁਹਾਂਦਰਾ' (ਵਾਰਤਕ) ਅਤੇ 'ਹੌਲਾ ਫੁੱਲ' (ਕਹਾਣੀ ਸੰਗ੍ਰਹਿ) ਦੀ ਰਚਨਾ ਕਰ ਚੁੱਕੀ ਹੈ। ਉਹ ਅੱਜਕਲ੍ਹ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਜਾਣੇ-ਪਛਾਣੇ ਸ਼ਹਿਰ ਸਰੀ ਰਹਿ ਰਹੀ ਹੈ। ਪੰਜਾਬ ਰਹਿੰਦਿਆਂ ਉਹ ਕਾਲਜ-ਅਧਿਆਪਕ ਸੀ। ਰੀਵਿਊ ਅਧੀਨ ਕਿਤਾਬ ਦੇ 'ਮੁਢਲੇ ਸ਼ਬਦ' (ਪੰਨੇ 9-12) ਵਿਚ ਉਹਨੇ ਆਪਣੇ ਬਾਰੇ ਬਸ ਇੰਨਾ ਹੀ ਲਿਖਿਆ ਹੈ- 'ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦਾ ਪੇਪਰ ਪੜ੍ਹਾਉਂਦੇ ਸਮੇਂ ਰਿਸ਼ਤੇ-ਨਾਤਿਆਂ ਬਾਰੇ ਪੁਸਤਕ ਲਿਖਣ ਦਾ ਖਿਆਲ ਮਨ ਵਿਚ ਆਇਆ ਸੀ...' (ਪੰਨਾ 11) ਹਰਿੰਦਰ ਸੋਹੀ ਦੀ ਇਹ ਕਿਤਾਬ, ਜਿਵੇਂ ਕਿ ਸਿਰਲੇਖ ਤੋਂ ਹੀ ਸਪੱਸ਼ਟ ਹੈ, ਪੰਜਾਬੀਆਂ ਦੇ ਰਿਸ਼ਤੇ-ਨਾਤਿਆਂ ਬਾਰੇ ਹੈ। ਜਿਸ ਦੇ ਸੋਲਾਂ ਕਾਂਡ ਬਣਾਏ ਗਏ ਹਨ। ਇਨ੍ਹਾਂ ਦੇ ਅੰਤਰਗਤ ਢੋਲ-ਮਾਹੀ, ਭੈਣ-ਭਰਾ, ਮਾਵਾਂ-ਧੀਆਂ, ਬਾਬਲ-ਧੀ, ਮਾਂ-ਪੁੱਤਰ, ਦਾਦਾ-ਦਾਦੀ ਤੇ ਨਾਨਾ-ਨਾਨੀ, ਮਾਮੇ-ਮਾਸੀਆਂ, ਭੂਆ-ਭਤੀਜਾ, ਭੈਣਾਂ-ਮਾਸੀਆਂ, ਨੂੰਹ-ਸੱਸ, ਨਣਦ-ਭਰਜਾਈ, ਦਿਉਰ-ਭਰਜਾਈ, ਜੇਠ-ਭਰਜਾਈ, ਤਾਏ-ਚਾਚੇ, ਜੀਜਾ-ਸਾਲੀ, ਸੌਂਕਣ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਇਸ ਸੂਚੀ ਮੁਤਾਬਿਕ ਸਭ ਤੋਂ ਵੱਧ (ਤਿੰਨ) ਚੈਪਟਰ ਭਰਜਾਈ ਬਾਰੇ ਹਨ ਤੇ ਉਹਦੇ ਨਨਾਣ, ਦਿਓਰ ਤੇ ਜੇਠ ਨਾਲ ਸੰਬੰਧਾਂ ਬਾਰੇ ਚਰਚਾ ਕਰਦੇ ਹਨ। ਪੰਜਾਬੀ ਸਮਾਜ ਵਿਚ ਵਧੇਰੇ ਲੋਕ ਗੀਤ ਵੀ ਭਰਜਾਈ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਹਰਿੰਦਰ ਨੇ ਭੂਮਿਕਾ ਵਿਚ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਪੁਸਤਕ ਕੋਈ ਖੋਜ ਨਿਬੰਧ ਨਹੀਂ ਹੈ (ਪੰਨਾ 11) ਤੇ ਉਸ ਨੇਲੋਕ-ਸਾਹਿਤ ਜਾਂ ਸੁਣੀਆਂ-ਪੜ੍ਹੀਆਂ ਗੱਲਾਂ ਨੂੰ ਆਧਾਰ ਬਣਾ ਕੇ ਇਸ ਕਿਤਾਬ ਦੀ ਵਿਉਂਤਬੰਦੀ ਕੀਤੀ ਹੈ। ਅਸਲ ਵਿਚ ਇਸ ਪੁਸਤਕ ਵਿਚ ਲੋਕ-ਗੀਤਾਂ ਵਿਚ ਪੇਸ਼ ਹੋਏ ਉਪਰੋਕਤ ਰਿਸ਼ਤਿਆਂ ਦਾ ਹੀ ਵਿਸਥਾਰ ਹੈ। ਕਿਸੇ ਮਨੁੱਖ ਦਾ ਆਪਣੇ ਜੀਵਨ ਵਿਚ ਜਿਨ੍ਹਾਂ-ਜਿਨ੍ਹਾਂ ਰਿਸ਼ਤਿਆਂ ਨਾਲ ਵਾਹ-ਵਾਸਤਾ ਪੈਂਦਾ ਹੈ, ਇਸ ਸਭ-ਕਾਸੇ ਦਾ ਭਰਪੂਰ ਵਰਨਣ ਇਸ ਕਿਤਾਬ ਵਿੱਚ ਮਿਲਦਾ ਹੈ। ਅਸਲ ਵਿਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਅਜਿਹੇ ਰਿਸ਼ਤਿਆਂ ਤੋਂ ਟੁੱਟਦੀ ਜਾ ਰਹੀ ਹੈ। ਅੱਜਕਲ੍ਹ ਪਰਿਵਾਰ ਵਿਚ ਵਧੇਰੇ ਕਰਕੇ ਇੱਕੋ ਬੱਚਾ ਹੁੰਦਾ ਹੈ, ਜਿਸ ਕਰਕੇ ਉਹਦੀ ਰਿਸ਼ਤਿਆਂ ਬਾਰੇ ਜਾਣਕਾਰੀ ਸੀਮਤ ਹੋ ਰਹੀ ਹੈ। ਇਹ ਕਿਤਾਬ ਨਵੀਂ ਪੀੜ੍ਹੀ ਲਈ ਕਾਫ਼ੀ ਮਦਦਗਾਰ ਸਿੱਧ ਹੋ ਸਕਦੀ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਦ ਲੀਜੇਂਡ ਆਫ਼ ਸ਼ਾਰਲਾਕ ਹੋਮਸ
ਲੇਖਕ : ਸਰ ਆਰਥਰ ਕਾਨਨ ਡਾਇਲ
ਅਨੁਵਾਦਕ : ਬਲਦੇਵ ਸਿੰਘ ਭਾਕਰ
ਮੁੱਲ : 195 ਰੁਪਏ, ਸਫ਼ੇ : 120
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਸੰਪਰਕ : 94640-62370


'ਦ ਲੀਜੇਂਡ ਆਫ਼ ਸ਼ਾਰਲਾਕ ਹੋਮਸ' ਇਕ ਦੂਹਰੇ ਕਤਲ ਦੀ ਕਹਾਣੀ ਹੈ, ਜਿਸ ਨੂੰ ਬਹੁਤ ਹੀ ਚਾਲਾਕੀ ਨਾਲ ਬਦਲਾ ਲੈਣ ਹਿਤ ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਤਹਿਕੀਕਾਤ ਲਈ ਦੋ ਸਰਕਾਰੀ ਜਾਸੂਸਾਂ ਲੇਸਟੂਡ ਅਤੇ ਗ੍ਰੈਗਸਨ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਪ੍ਰਸਿੱਧ ਜਾਸੂਸ ਸ਼ਾਰਲਾਕ ਹੋਮਸ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਉਹ ਆਪਣੇ ਨਾਲ ਇਕ ਸਹਾਇਕ ਡਾਕਟਰ ਨੂੰ ਵੀ ਲੈ ਲੈਂਦਾ ਹੈ ਤੇ ਇਸ ਤਫ਼ਤੀਸ਼ ਵਿਚ ਸ਼ਾਮਿਲ ਹੋ ਜਾਂਦਾ ਹੈ। ਜੋ ਜਿਹੜੇ ਸਰਕਾਰੀ ਜਾਸੂਸ ਆਪਣੀ ਤਫ਼ਤੀਸ਼ ਰਾਹੀਂ ਰੋਕਦੇ ਹਨ ਉਹ ਹਰ ਵਾਰ ਵਿਧੀ ਨਾਲ ਸਿੱਟੇ ਕੱਢਦਾ ਹੈ, ਇਸ ਲਈ ਉਸ ਦੀਆਂ ਵਿਆਖਿਆਵਾਂ ਵਿਚ ਚਕਾਚੌਂਧ ਕਰਨ ਵਾਲੀਆਂ ਸਚਾਈਆਂ ਹੁੰਦੀਆਂ ਹਨ। ਹੌਲੀ-ਹੌਲੀ ਗੱਲ ਇਹ ਨਿਕਲਦੀ ਹੈ ਕਿ ਇਹ ਦੋਵੇਂ ਕਤਲ ਬਦਲੇ ਦੀ ਭਾਵਨਾ ਨਾਲ ਕੀਤੇ ਹੁੰਦੇ ਹਨ। ਦੋਵਾਂ ਮਰਨ ਵਾਲੇ ਬੰਦਿਆਂ ਨੇ ਜੈਫਰਸਨ ਹੌਪ ਨਾਂਅ ਦੇ ਵਿਅਕਤੀ ਦੀ ਪ੍ਰੇਮਿਕਾ ਲੂਸੀ ਅਤੇ ਉਸ ਦੇ ਪਿਤਾ ਦੀ ਹੱਤਿਆ ਕਰਵਾ ਦਿੱਤੀ ਸੀ। ਜਿਸ ਦਾ ਬਦਲਾ ਲੈਣ ਲਈ ਜੈਫਰਸਨ ਹੌਪ ਨੇ ਦੋਵਾਂ ਬੰਦਿਆਂ ਦਾ ਕਤਲ ਕਰ ਦਿੱਤਾ ਸੀ। ਇਹ ਸਿੱਟਾ ਸ਼ਾਰਲਾਕ ਹੋਮਸ ਨੇ ਆਪਣੀ ਹੁਸ਼ਿਆਰੀ, ਚਾਲਾਕੀ ਅਤੇ ਤਰਕ ਨਾਲ ਕੱਢ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਨੁਵਾਦ ਬਹੁਤ ਵਧੀਆ ਹੋਇਆ ਹੈ। ਚੰਗੀ ਰਵਾਨੀ ਹੈ ਤੇ ਸਾਦਾ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਨਾਵਲ ਰੌਚਕ ਹੈ।


ਕੇ.ਐਲ. ਗਰਗ
ਮੋਬਾਈਲ : 94635-37050


ਬਹੁਜਨਾਂ ਦੇ ਨਾਇਕ ਕਾਂਸ਼ੀ ਰਾਮ
ਲੇਖਕ : ਡਾ. ਬਦਰੀ ਨਾਰਾਇਣ
ਅਨੁਵਾਦਕ : ਡਾ. ਪਰਮਜੀਤ ਚੁੰਬਰ,
ਡਾ. ਹਰਜਿੰਦਰ ਕੁਮਾਰ
ਮੁੱਲ : 365 ਰੁਪਏ, ਸਫ਼ੇ : 280
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 95011-45039


ਪੁਸਤਕ ਦੇ ਕੁੱਲ ਅੱਠ ਅਧਿਆਇ ਹਨ। ਇਨ੍ਹਾਂ ਅੱਠਾਂ ਅਧਿਆਇਆਂ ਰਾਹੀਂ, ਸਿਆਣੇ ਲੇਖਕ ਨੂੰ ਬਾਬੂ ਕਾਂਸ਼ੀ ਰਾਮ ਦੇ ਜੀਵਨ ਦੇ ਮੁਢਲੇ ਸਾਲ, ਗੁਰੂ ਕਿੱਲੀ ਦੀ ਭਾਲ, ਚਮਚਾ-ਯੁੱਗ, ਹਾਥ ਦੀ ਚੜ੍ਹਤ, ਸੱਤਾ ਪ੍ਰਾਪਤੀ ਵੱਲ ਵਧਦੇ ਕਦਮ, ਆਲੋਚਨਾ ਦੇ ਘੇਰੇ ਵਿਚ, ਅੰਤਲੇ ਦਿਨ, ਚੈਪਟਰ ਬਣਾ ਕੇ, ਲੇਖਕ ਨੇ ਉਸ ਨੇਤਾ ਦੇ ਪੈਗ਼ਾਮਾਂ ਨੂੰ ਇਕ ਆਖਰੀ ਅਧਿਆਏ ਵਿਚ, ਵੇਰਵੇ ਸਹਿਤ ਬਿਆਨ ਕਰਨ ਦਾ ਲਿਖਤੀ ਉੱਦਮ ਕੀਤਾ ਹੈ। ਮੂਲ ਲੇਖਕ ਡਾ. ਬਦਰੀ ਨਾਰਾਇਣ, ਭਾਵੇਂ ਭਾਰਤੀ ਮੂਲ ਦੇ ਵਿਦਵਾਨ ਭਾਰਤੀ ਵਿੱਦਿਅਕ ਸੰਸਥਾਵਾਂ ਦੇ ਖੋਜੀ ਮਾਹਰ ਚਿੰਤਕ ਹਨ, ਪ੍ਰੰਤੂ ਇਸ ਪੁਸਤਕ ਦੇ ਪੰਜਾਬੀ ਦਾ ਅਨੁਵਾਦ ਕਰਨ ਵਾਲੇ ਪੰਜਾਬੀ ਅਮਰੀਕਨ ਨਿਵਾਸ ਵਿਦਵਾਨ ਹਨ। ਪੁਸਤਕ ਵਿਚ ਮੂਲ ਲੇਖਕ ਨੇ ਇਸ ਨੇਤਾ ਦੇ ਦਲਿਤ ਸਮਾਜ ਨੂੰ ਉੱਪਰ ਉਠਾਉਣ ਵਿਚ ਜੋ ਰੋਲ ਅਦਾ ਕਰਦਿਆਂ ਦਿਖਾਇਆ ਹੈ, ਉਹ ਅਸਲੀਅਤ ਦੇ ਬਹੁਤ ਨੇੜੇ ਅਤੇ ਸੱਚਾ-ਸੁੱਚਾ ਅਨੁਭਵ ਹੈ। ਜਿਸ ਨਾਲ ਬਾਬੂ ਜੀਵਨ ਰਾਮ ਦੇ ਜ਼ਿੰਦਗੀ ਦੇ ਯਥਾਰਥ ਨੂੰ ਉਹ ਸਫ਼ਲਤਾ ਪੂਰਵਕ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ। ਮੂਲ ਲੇਖਕ ਨੇ ਬਾਬੂ ਕਾਸ਼ੀ ਰਾਮ ਦੀ ਜੀਵਨ ਸੰਘਰਸ਼ੀ ਕਹਾਣੀ ਤੋਂ ਲੈ ਕੇ ਉਸ ਦੇ ਸਵਰਗ ਦਾ ਵਾਸ ਹੋਣ ਦੇ ਸਭ ਵਸਤੂ-ਵੇਰਵੇ ਸਬੂਤ ਇਕੱਠੇ ਕਰਕੇ ਹੀ ਇਸ ਜੀਵਨ ਨੂੰ ਲਿਖ ਕੇ ਸੰਪੂਰਨ ਕੀਤਾ। ਇਸ ਸ਼ਬਦਾਂ ਦੀਆਂ ਗੁੰਝਲਦਾਰ ਉਲਝਣਾਂ ਤੋਂ ਰਹਿਤ, ਸਾਫ਼, ਸਪੱਸ਼ਟ ਅਤੇ ਸਰਲ ਹੈ। ਪੁਸਤਕ ਪੜ੍ਹਦਿਆਂ ਅਨੁਭਵ ਹੁੰਦਾ ਹੈ, ਜਿਵੇਂ ਇਹ ਪੁਸਤਕ ਪੰਜਾਬੀ ਵਿਚ ਹੀ ਲਿਖੀ ਗਈ ਹੋਵੇ। ਬਾਬੂ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਸੰਬੰਧੀ ਜਿਨ੍ਹਾਂ ਪੰਜਾਬੀ ਪਿਆਰਿਆਂ ਨੇ ਜਾਣਨਾ ਹੈ। ਉਹ ਇਸ ਪੁਸਤਕ ਜ਼ਰੂਰ ਪੜ੍ਹਨ।


ਡਾ. ਅਮਰ ਕੋਮਲ
ਮੋਬਾਈਲ : 84378-73565


ਮਾਂ ਦੀ ਪੁਕਾਰ
ਲੇਖਕ : ਬ.ਸੰ. ਡਡਵਿੰਡੀ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ ਮੁਹਾਲੀ
ਮੁੱਲ : 175/- ਰੁਪਏ, ਸਫ਼ੇ : 121
ਸੰਪਰਕ : 94174-76027


ਲੇਖਕ ਦੀ ਜ਼ਿਕਰਯੋਗ ਪੁਸਤਕ ਵਿਚ ਛੋਟੀਆਂ-ਛੋਟੀਆਂ 27 ਕਹਾਣੀਆਂ ਹਨ। ਇਸ ਪੁਸਤਕ ਵਿਚ ਜ਼ਿਆਦਾਤਰ ਕਹਾਣੀਆਂ ਧਾਰਮਿਕ ਸਾਹਿਤ ਨਾਲ ਜੁੜੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਲੇਖਕ ਨੇ ਆਪਣੀ ਲਿਖਣ ਕਲਾਕਾਰੀ ਨਾਲ ਨਵੀਂ ਰੰਗਤ ਦੇ ਕੇ ਪੇਸ਼ ਕੀਤਾ ਹੈ ਜੋ ਵਧੀਆ ਲੱਗਾ ਹੈ। ਉਸ ਦੀਆਂ ਕਹਾਣੀਆਂ 'ਜੀਤੋ ਦੇ ਘਰ', ਮੰਗਲਾ, ਜੰਗਲ ਵਿਚ ਮੰਦਰ, 'ਇਕ ਝੌਂਪੜੀ, ਇਕ ਮਹਿਲ', ਇਕ ਕੌਲੀ ਅਨਾਜ, ਛੋਟੀ ਕਿਸ਼ਤੀ ਵੱਡੀ ਕਿਸ਼ਤੀ, ਦੁੱਧ ਦੀ ਨਦੀ, ਗਰੁੜ ਦੀ ਸੂਈ, ਮੱਖਣ ਮਲਾਈ, ਜੈ ਜੈਕਾਰ, ਭਰਾ ਮਿਲ ਗਿਆ, ਆਦਿ ਕਹਾਣੀਆਂ ਦੀ ਰਚਨਾਤਿਕ ਵਿਧੀ ਬਾਕਮਾਲ ਦੀ ਹੈ। 'ਮਾਂ ਦੀ ਪੁਕਾਰ' ਬਾਲ ਮਨਾਂ 'ਤੇ ਛਾਪ ਛੱਡਣ ਵਾਲੀ ਕਹਾਣੀ ਹੈ। ਲੇਖਕ ਨੂੰ ਸਾਰੀਆਂ ਕਹਾਣੀਆਂ ਪੜ੍ਹਨ ਨੂੰ ਸਵਾਦਲੀਆਂ ਲੱਗੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਰਚਨਾਵਾਂ ਦੀ ਸਿਰਜਣਾ ਦੀ ਲੇਖਕ ਤੋਂ ਉਮੀਦ ਕੀਤੀ ਜਾ ਸਕਦੀ ਹੈ।


-ਡੀ.ਆਰ. ਬੰਦਨਾ
ਮੋਬਾਈਲ : 94173-89003


ਅਹਿਸਾਸ ਦੇ ਪਲਾਂ 'ਚੋਂ
ਗ਼ਜ਼ਲਕਾਰ : ਸੁਖਚਰਨ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200/-, ਸਫ਼ੇ : 132
ਸੰਪਰਕ : 97802-14035


ਹਥਲਾ ਗ਼ਜ਼ਲ ਸੰਗ੍ਰਹਿ ਇਕ ਹੰਡੇ ਵਰਤੇ ਸੰਵੇਦਨਸ਼ੀਲ ਪ੍ਰਤਿਭਾ ਦੇ ਮਾਲਕ ਸ਼ਾਇਰ ਦਾ ਖ਼ੂਬਸੂਰਤ ਸ਼ਿਅਰਕਾਰੀ ਦਾ ਜਲੌਅ ਹੈ। ਸਿੱਧੂ ਸਾਹਿਤ ਸਭਾ ਜੀਰਾ ਪੇਸ਼ਕਾਰੀ ਨੇ ਉਸ ਨੂੰ ਸਾਹਿਤ ਦੇ ਸਾਰੇ ਪੱਖਾਂ ਤੋਂ ਬਾਖ਼ੂਬੀ ਜਾਣੂੰ ਕਰਵਾਇਆ। ਉਸ, ਕੋਲ ਜ਼ਿੰਦਗੀ ਦੇ ਹਰ ਖੇਤਰ ਦਾ ਥਹੁ ਹੈ। ਪ੍ਰਿੰਸੀਪਲ ਤੱਕ ਦੀ ਸੇਵਾ ਨੇ ਉਸ ਨੂੰ ਬੱਚਿਆਂ ਤੇ ਉਨ੍ਹਾਂ ਦੀ ਜੀਵਨ-ਜਾਚ ਬਾਰੇ ਵੀ ਗਿਆਨ ਦਿੱਤਾ। ਸਿੱਧੂ ਇਕ ਸੰਘਰਸ਼ੀ ਜੀਊੜਾ ਹੈ ਏਸੇ ਲਈ ਉਸ ਦੇ ਸ਼ਿਅਰ ਤਾਰਕਿਕ ਆਧਾਰ ਦੇ ਹੁੰਦੇ ਹਨ। ਪਿਆਰ ਮੁਹੱਬਤ ਦੇ ਸ਼ਿਅਰ ਇਸ ਪੁਸਤਕ ਵਿਚ ਨਾ ਦੇ ਬਰਾਬਰ ਹਨ। ਸਾਰੀ ਸ਼ਿਅਰਕਾਰੀ ਦੇਸ਼-ਸਮਾਜ ਦੇ ਸਰੋਕਾਰਾਂ ਦੀ ਹੈ-
ਹਨੇਰੇ ਮੌਸਮਾਂ; ਅੰਦਰ ਜਗਾਏ ਦੀਪ ਸ਼ਬਦਾਂ ਦੇ,
ਕਿ ਢਹਿੰਦੇ ਹਿਰਦਿਆਂ ਅੰਦਰ ਸਦਾ ਪਰਗਾਸ ਕੀਤਾ ਹੈ।
ਟਿਕਾਵਾਂ ਪੈਰ ਧਰਤੀ 'ਤੇ ਨਜ਼ਰ ਅੰਬਰ ਨਿਹਾਰੇ ਨਿੱਤ
ਮੇਰੇ ਮੌਲਾ ਤੇਰੇ ਸਦਕੇ ਇਹੋ ਪਰਮਾਣਦਾ ਹਾਂ ਮੈਂ।
ਉਹ ਦੇਸ਼ ਭਾਰਤ ਦੀਆਂ ਉਨ੍ਹਾਂ ਕੁਰਬਾਨੀ ਮੱਤੀਆਂ ਕੌਮਾਂ ਦਾ ਗੁਣਗਾਨ ਕਰਦਾ ਹੈ :
ਇਹ ਦਿੱਲੀ ਰੌਂਦ ਦਿੱਤੀ ਸੀ ਕਈ ਵੇਰਾਂ ਹੀ ਸਿੰਘਾਂ ਨੇ
ਤੁਸਾਂ ਮਿਲ ਕੇ ਵਿਖਾਏ ਹਨ ਅਜੋਕੇ ਦੌਰ ਵਿਚ ਤਾਰੇ।
ਇਤਿਹਾਸਕ ਕਿਸਾਨੀ ਘੋਲ ਬਾਰੇ ਉਸ ਨੇ ਕਈ ਭਾਵਪੂਰਤ ਤੇ ਅਸਮੁਖੀ ਸ਼ਿਅਰ ਹਨ :
ਜਦੋਂ ਵੰਗਾਰਿਆ ਦਿੱਲੀ ਉਬਾਲਾ ਖ਼ੂਨ ਨੇ ਖਾਧਾ
ਨਵੇਂ ਇਤਿਹਾਸ ਦੇ ਸਿੱਧੂ ਬਣੇ ਕਿਰਸਾਨ ਫਿਰ ਪਾਤਰ
ਅਸ਼ਕੇ ਆਖੋ ਧਾਰੇ ਹੀ ਕਿਰਸਾਨਾਂ ਦੇ,
ਰੋਕੇ ਘੋੜੇ ਵਾਂਗੋਂ ਫੜ ਸੁਲਤਾਨਾਂ ਦੇ।
ਭਾਰਤ ਦੀ ਅਜੋਕੀ ਰਾਜਨੀਤੀ ਦੇ ਰੰਗ-ਢੰਗ ਨੇ ਸ਼ਾਇਰ ਸਿੱਧੂ ਦੇ ਦਿਲ ਉੱਤੇ ਚੋਟਾਂ ਮਾਰੀਆਂ ਹਨ;
ਤਮਾਸ਼ਾ ਬਣ ਗਿਆ ਸੰਵਿਧਾਨ ਸਭ ਦੇ ਸਾਹਮਣੇ ਤਾਂ ਹੈ
ਮਚਾਇਆ ਕਿਸ ਨੇ ਹੈ ਘਸਮਾਨ
ਸਭ ਦੇ ਸਾਹਮਣੇ ਤਾਂ ਹੈ।
ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ 'ਅਹਿਸਾਸ ਦੇ ਪਲਾਂ' ਦਾ ਵਿਸ਼ੇਸ਼ ਸਥਾਨ ਬਣੇਗਾ। ਇਹ ਮੇਰੀ ਆਸਥਾ ਹੈ। ਗ਼ਜ਼ਲਾਂ ਪੂਰਨ ਤਕਨੀਕ ਵਿਚ ਹਨ।


ਸੁਲੱਖਣ ਸਰਹੱਦੀ
ਮੋਬਾਈਲ : 94174-84337


ਬਹਿਸ-ਵਿਹੂਣ

ਲੇਖਕ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94160-61061


ਹਥਲੀ ਪੁਸਤਕ ' ਬਹਿਸ-ਵਿਹੂਣ ' ਕਵੀ ਰਮੇਸ਼ ਕੁਮਾਰ ਦੀ 14ਵੀਂ ਕਾਵਿ ਪੁਸਤਕ ਹੈ। ਕਵੀ ਅਨੁਸਾਰ ਯੁੱਗ ਭਾਵੇਂ ਕੋਈ ਵੀ ਹੋਵੇ, ਬਹਿਸ ਅਤਿਅੰਤ ਜ਼ਰੂਰੀ ਹੁੰਦੀ ਹੈ। ਵਸਦੇ ਘਰਾਂ ਦੀਆਂ ਕੰਧਾਂ ਬੋਲਦੀਆਂ, ਬਹਿਸ ਕਰਦੀਆਂ ਹਨ ਜਦਕਿ ਉਜੜੇ ਘਰਾਂ ਦੇ ਵਿਹੜੇ ਬਹਿਸ ਵਿਹੂਣੇ ਹੋ ਜਾਂਦੇ ਹਨ। ਹਰ ਨਵਾਂ ਵਿਚਾਰ ਕਿਸੇ ਬਹਿਸ ਵਿਚੋਂ ਹੀ ਉਪਜਦਾ ਹੈ। ਮਾਨਵੀ ਜੀਵਨ 'ਚ ਗਤੀਸ਼ੀਲਤਾ ਲਈ ਬਹਿਸ ਹੋਣੀ ਲਾਜ਼ਮੀ ਹੈ। ਬਹਿਸ ਵਿਹੂਣੀ ਜ਼ਿੰਦਗੀ ਕਿਸੇ ਵੀਰਾਨ ਮਾਰੂਥਲ ਵਰਗੀ ਉਦਾਸ ਅਤੇ ਰਸਹੀਨ ਜਾਪਦੀ ਹੈ। ਕਵੀ ਚੁੱਪ ਦੀ ਧਰਤ 'ਤੇ ਚੱਪਾ-ਚੱਪਾ ਚਾਨਣ ਬੀਜਣ ਦਾ ਖਾਹਿਸ਼ਮੰਦ ਹੈ । ਇਸ ਕਾਵਿ ਸੰਗ੍ਰਹਿ ਦੀਆਂ ਬਹੁ-ਗਿਣਤੀ ਕਾਵਿ ਰਚਨਾਵਾਂ ਮਨੁੱਖ ਨੂੰ ਬਹਿਸ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਦੀਆਂ ਹਨ :
ਆਓ ਕਿ ਕਿਸੇ ਨਾ ਕਿਸੇ / ਬਹਿਸ ਦਾ ਕਾਰਨ ਬਣੀਏ
ਨਜ਼ਮ ਹੋ ਜਾਣ ਤੱਕ। (ਪੰਨਾ : 94)
ਕਵੀ ਕਿਰਤੀ ਕਿਸਾਨਾਂ ਵਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਲੰਬਾ ਸਮਾਂ ਦਿੱਲੀ ਦੇ ਬਾਰਡਰਾਂ 'ਤੇ ਚੱਲੇ ਕਿਸਾਨ ਘੋਲ 'ਚ ਮਿਹਨਤਕਸ਼ ਲੋਕਾਂ ਦੀ ਆਵਾਜ਼ ਬਣ ਕੇ, ਉਨਾਂ ਦੇ ਹੱਕਾਂ ਦੀ ਲੜਾਈ 'ਚ ਦਿੱਲੀ ਦੇ ਹਾਕਮਾਂ ਖਿਲਾਫ਼ ਗਰਜ਼ਵੀਂ ਹੁੰਕਾਰ ਭਰਦਾ ਆਖਦਾ ਹੈ :
ਹੱਥ ਆਪਣੇ ਦੀ ਹਥੇਲੀ 'ਤੇ, ਸੂਰਜ ਆਪੋ-ਆਪਣਾ ਅਸੀਂ
ਟਿਕਾ ਕੇ ਲਿਆਏ ਹਾਂ ਦਿੱਲੀਏ।
ਅਸੀਂ ਕੱਲ੍ਹ ਵੀ ਆਏ ਸਾਂ, ਅੱਜ ਫੇਰ ਆਏ ਹਾਂ। (ਪੰਨਾ : 36)
ਕਵੀ ਕੋਰੋਨਾ ਦੀ ਮਹਾਂਮਾਰੀ ਦੌਰਾਨ ਮਨੁੱਖਤਾ ਨੂੰ ਕੁਦਰਤ ਤੋਂ ਡੂੰਘਾ ਸਬਕ ਲੈਣ ਦੀ ਸਲਾਹ ਦਿੰਦਾ ਵਾਤਾਵਰਨ ਨਾਲ ਮਨੁੱਖ ਵਲੋਂ ਕੀਤੀ ਜਾ ਰਹੀ ਛੇੜ-ਛਾੜ ਨੂੰ ਇਸ ਮਹਾਂ ਭਿਆਨਕਤਾ ਦੀ ਜੜ੍ਹ ਗਰਦਾਨਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਨਜ਼ਮਾਂ ਆਪਣੇ ਖੁੱਲ੍ਹੇ ਵੇਗ 'ਚ ਵਹਿੰਦੀਆਂ ਗਹਿਰੇ ਅਰਥ ਵੀ ਪ੍ਰਦਾਨ ਕਰਦੀਆਂ ਹਨ ਅਤੇ ਗਹਿਰਾਈ ਭਰਪੂਰ ਹੋਣ ਦੇ ਬਾਵਜੂਦ ਪਾਠਕ ਨੂੰ ਆਪਣੇ ਨਾਲ-ਨਾਲ ਵੀ ਤੋਰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਰਮੇਸ਼ ਕੁਮਾਰ ਦੇ ਇਸ ਹਥਲੇ ਕਾਵਿ ਸੰਗ੍ਰਹਿ ' ਬਹਿਸ-ਵਿਹੂਣ ' ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625


ਪ੍ਰਾਪਤ ਪੁਸਤਕਾਂ

03-09-2022

 ਕਿਸਾਨ-ਨਾਮਾ
ਲੇਖਕ : ਹਰਕੀਰਤ ਸਿੰਘ ਸੰਧਰ
ਪ੍ਰਕਾਸ਼ਕ : ਸੰਧਰ ਪਬਲੀਸ਼ਰ
ਮੁੱਲ : ਦਰਜ ਨਹੀਂ , ਸਫ਼ੇ : 154
ਸੰਪਰਕ : hs@sandhar.com.au

ਕਿਸਾਨੀ ਸੰਘਰਸ਼ ਅਜੋਕੇ ਸਮੇਂ ਦਾ ਅਜਿਹਾ ਸੰਘਰਸ਼ ਸੀ ਜੋ ਪੂਰੇ ਭਾਰਤ ਦੇ ਕਿਸਾਨਾਂ ਵਲੋਂ ਕੇਂਦਰੀ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੜਿਆ ਗਿਆ। ਇਹ ਸੰਘਰਸ਼ ਆਪਣੀਆਂ ਜ਼ਮੀਨਾਂ ਬਚਾਉਣ ਦੇ ਨਾਲ-ਨਾਲ ਆਪਣੀ ਹੋਂਦ ਦੀ ਲੜਾਈ ਬਣਾ ਕੇ ਬਿਨਾਂ ਜਾਤ-ਪਾਤ, ਮਜ਼੍ਹਬ ਦੇ ਭੇਦ ਭਾਵ ਤੋਂ ਇਕਜੁੱਟ ਹੋ ਕੇ ਵਿੱਢਿਆ ਅਤੇ ਜਿੱਤਿਆ ਗਿਆ। ਪੰਜਾਬ, ਹਰਿਆਣਾ ਅਤੇ ਯੂ.ਪੀ. ਦੇ ਕਿਸਾਨਾਂ ਨੇ ਇਸ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਈ। ਇਸ ਕਿਸਾਨੀ ਸੰਘਰਸ਼ ਦੇ ਸ਼ੁਰੂ ਹੋਣ ਤੋਂ ਲੈ ਕੇ ਸਮਾਪਤੀ ਤੱਕ ਸਾਹਿਤਕ ਰਚਨਾਵਾਂ ਵਿਚ ਵੀ ਇਸ ਦਾ ਜ਼ਿਕਰ ਨਿਰੰਤਰ ਰੂਪ ਵਿਚ ਚਲਦਾ ਰਿਹਾ। ਹਥਲੀ ਵਿਚਾਰ ਅਧੀਨ ਪੁਸਤਕ 'ਕਿਸਾਨ-ਨਾਮਾ' ਵੀ ਇਸੇ ਹੀ ਕੜੀ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਤਸਵੀਰਾਂ ਸਹਿਤ ਇਸ ਸੰਘਰਸ਼ ਦੀ ਪੈੜਚਾਲ ਦੇ ਨਕਸ਼ ਉਲੀਕੇ ਗਏ ਹਨ। ਇਸ ਪੁਸਤਕ ਦੇ ਲੇਖਕ ਹਰਕੀਰਤ ਸਿੰਘ ਸੰਧਰ ਦੀ ਮਿਹਨਤ ਇਸ ਪੁਸਤਕ ਵਿਚੋਂ ਸਾਫ਼ ਝਲਕਦੀ ਹੈ। ਇਸ ਸੰਘਰਸ਼ ਦੇ ਇਕ-ਇਕ ਦਿਨ ਦਾ ਲੇਖਾ-ਜੋਖਾ ਤੱਥਾਂ ਸਹਿਤ ਪੁਸਤਕ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। 32 ਕਿਸਾਨ ਜਥੇਬੰਦੀਆਂ ਦੀ ਵੱਖ-ਵੱਖ ਦੌਰ ਦੀ ਕੇਂਦਰੀ ਸਰਕਾਰ ਨਾਲ ਹੋਈ ਗੱਲਬਾਤ ਦੇ ਨਾਲ-ਨਾਲ ਆਗੂਆਂ ਦੀਆਂ ਤਸਵੀਰਾਂ ਅਤੇ ਕਿਸਾਨੀ ਸੰਘਰਸ਼ ਕਿਉਂ ਸ਼ੁਰੂ ਹੋਇਆ, ਇਸ ਦੇ ਕਾਰਨ ਕੀ ਸਨ, ਇਸ ਸੰਬੰਧੀ ਇਤਿਹਾਸ ਦੀ ਰੌਸ਼ਨੀ ਵਿਚ ਜਾਣਕਾਰੀ ਪੇਸ਼ ਕੀਤੀ ਗਈ ਹੈ। ਕਿਸਾਨੀ ਮੋਰਚੇ ਦੌਰਾਨ ਵੱਖ-ਵੱਖ ਬਾਰਡਰਾਂ ਉਤੇ ਕਿਸਾਨਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਉਨ੍ਹਾਂ ਦੀਆਂ ਰੰਗਦਾਰ ਤਸਵੀਰਾਂ ਵੀ ਪੁਸਤਕ ਵਿਚ ਸਾਂਭੀਆਂ ਗਈਆਂ ਹਨ ਜੋ ਇਸ ਸੰਘਰਸ਼ ਪ੍ਰਤੀ ਕਿਸਾਨਾਂ ਦੀ ਸਮਰਪਣ ਭਾਵਨਾ ਅਤੇ ਕੁਰਾਬਨੀ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਬਾਰੇ ਵੀ ਸੰਖੇਪ ਪਰ ਭਾਵਪੂਰਤ ਜਾਣਕਾਰੀ ਦਿੰਦਿਆਂ ਇਸ ਸੰਘਰਸ਼ ਦੇ ਬਹੁਤ ਸਾਰੇ ਪੱਖ ਤਸਵੀਰਾਂ ਦੀ ਜ਼ਬਾਨੀ ਪੇਸ਼ ਕੀਤੇ ਗਏ ਹਨ। ਪੁਸਤਕ ਵੱਡ-ਆਕਾਰੀ ਅਤੇ ਵਧੀਆ ਦਿੱਖ-ਪੱਖ ਵਾਲੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611.

c c c
ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ-ਵਿਵੇਕ
ਸੰਪਾ: ਡਾ. ਜੋਗਿੰਦਰ ਸਿੰਘ ਨਿਰਾਲਾ, ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 395 ਰੁਪਏ, ਸਫੇ : 247
ਸੰਪਰਕ : 79737-06245.

ਕਰਮ ਸਿੰਘ ਮਾਨ ਦੀ ਕਹਾਣੀ-ਕਲਾ ਨੂੰ ਸਮਝਣ-ਸਮਝਾਉਣ ਹਿਤ ਸੂਝਵਾਨ ਸੰਪਾਦਕਾਂ ਨੇ 20 ਖੋਜ ਨਿਬੰਧ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਹਥਲੀ ਪੁਸਤਕ ਵਿਚ ਪੰਜਾਬੀ ਦੇ 20 ਆਲੋਚਕਾਂ ਨੇ 'ਮਾਨ' ਦੀ ਕਹਾਣੀ-ਕਲਾ ਦਾ ਨਿੱਠ ਕੇ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ ਖੋਜ ਨਿਬੰਧਾਂ ਵਿਚ ਉਸ ਦੇ ਸਮੁੱਚੇ ਕਲਾ-ਵਿਵੇਕ ਦੀ ਥਾਹ ਪਾਉਣ ਦੇ ਨਾਲ-ਨਾਲ, ਇਕੱਲੀ-ਇਕੱਲੀ ਕਹਾਣੀ-ਪੁਸਤਕ ਦਾ ਮੁਲਾਂਕਣ ਵੀ ਕੀਤਾ ਗਿਆ ਹੈ। ਇਕੱਲੀ ਕਹਾਣੀ ਦੀਆਂ ਪਰਤਾਂ ਫਰੋਲੀਆਂ ਵੀ ਮਿਲਦੀਆਂ ਹਨ। ਇਸ ਨਿਬੰਧ ਸੰਗ੍ਰਹਿ ਨੂੰ ਪੜ੍ਹਦਿਆਂ ਅਜਿਹਾ ਪ੍ਰਤੀਤ ਹੁੰਦਾ ਕਿ 'ਮਾਨ' ਦੀਆਂ ਕਹਾਣੀਆਂ ਪੂਰਬੀ ਅਤੇ ਪੱਛਮੀ ਸੱਭਿਆਚਾਰਾਂ 'ਚੋਂ ਪ੍ਰਾਪਤ ਕੀਤੇ ਅਨੁਭਵ ਦੀ ਤਰਜਮਾਨੀ ਕਰਦੀਆਂ ਹਨ। ਜਦੋਂ ਲੇਖਕ ਨੇ ਕਲਮ ਚੁੱਕੀ, ਉਦੋਂ ਪੰਜਾਬ ਦੇ ਕਾਲੇ ਦਿਨ ਸਮਾਪਤ ਹੋ ਚੁੱਕੇ ਸਨ। ਸਮਾਂ ਕਰਵਟ ਲੈ ਚੁੱਕਾ ਸੀ। ਵਿਸ਼ਵੀਕਰਨ ਅਤੇ ਤਕਨਾਲੋਜੀ ਦਾ ਭਿੰਨ-ਭਿੰਨ ਖੇਤਰਾਂ ਵਿਚ ਪ੍ਰਵੇਸ਼ ਹੋ ਚੁੱਕਾ ਸੀ। ਪੂੰਜੀਵਾਦ ਪੈਰ ਪਸਾਰ ਚੁੱਕਾ ਸੀ। ਅਜਿਹੇ ਹਾਲਾਤ ਵਿਚ ਉੱਭਰਿਆ ਕਹਾਣੀਕਾਰ ਮਾਨਵਵਾਦੀ ਰੁਚੀਆਂ ਦਾ ਸ਼ੈਦਾਈ ਹੋ ਨਿੱਬੜਿਆ। ਉਸ ਪਾਸ ਵਿਸ਼ਿਆਂ ਦਾ ਅਮੁੱਲ ਭੰਡਾਰ ਹੈ। ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਕਹਾਣੀ ਕਹਿਣ ਦਾ ਹੁਨਰ ਹਾਸਲ ਹੈ। ਸਰਲ ਅਤੇ ਸਪੱਸ਼ਟ ਕਹਾਣੀਆਂ ਵਿਚ ਦਵੰਦਵਾਦੀ-ਤਾਰਕਿਕ ਦ੍ਰਿਸ਼ਟੀਕੋਣ ਦੀ ਪੇਸ਼ਕਾਰੀ ਕਰਦਾ ਹੈ। ਉਸ ਦੀਆਂ ਕਹਾਣੀਆਂ ਵਿਚ ਪਿੰਡ ਬੋਲਦੇ ਹਨ। ਕਹਾਣੀਆਂ ਰਾਸ਼ਟਰੀ-ਅੰਤਰਰਾਸ਼ਟਰੀ ਸੱਭਿਆਚਾਰਾਂ ਦੇ ਦਵੰਦ-ਸੰਬੰਧਾਂ ਦਾ ਕੋਲਾਜ ਹਨ। ਪਾਤਰ ਘਟਨਾਵਾਂ ਨਾਲ ਦਸਤਪੰਜਾ ਲੈਂਦੇ ਹਨ। ਰਿਸ਼ਤਿਆਂ ਦੇ ਕਰੂਰ-ਯਥਾਰਥ ਦਾ ਪ੍ਰਗਟਾਵਾ ਹੈ। ਜੀਵਨ-ਮੁਖੀ ਫਲਸਫ਼ੇ ਦੀ ਪੇਸ਼ਕਾਰੀ ਹੈ। ਨਿੱਕੇ-ਨਿੱਕੇ ਮੋਟਿਫਾਂ ਨਾਲ ਗੁੰਦੀਆਂ ਕਥਾਵਾਂ ਹਨ। ਬਾਲ-ਮਾਨਸਿਕਤਾ ਵੀ ਰੂਪਮਾਨ ਹੋਈ ਹੈ। 'ਮਾਨ' ਦੀਆਂ ਕਹਾਣੀਆਂ ਸੱਭਿਆਚਾਰ ਦੇ ਤਾਣੇ-ਬਾਣੇ ਦੀਆਂ ਗੁੰਝਲਾਂ ਖੋਲ੍ਹਦੀਆਂ ਹਨ। ਸੰਖੇਪ ਇਹ ਕਿ ਕਰਮ ਸਿੰਘ ਮਾਨ ਸਮਕਾਲੀ ਪੰਜਾਬੀ ਕਹਾਣੀ ਦਾ ਸਮਰੱਥ ਅਤੇ ਗੋਲਣਯੋਗ ਹਸਤਾਖ਼ਰ ਹੈ। ਸੰਪਾਦਕਾਂ ਵਲੋਂ ਕੀਤੀ ਨਿਬੰਧਾਂ ਦੀ ਚੋਣ ਸ਼ਲਾਘਾਯੋਗ ਹੈ।

-ਡਾ. ਧਰਮ ਚੰਦ ਵਾਤਿਸ਼
vatish.dharamchand.@gmail.com

 c c

ਬੁੱਢੇ ਚੂਹੇ ਦੀ ਸੋਚ
ਲੇਖਕ : ਡੀ.ਆਰ.ਬੰਦਨਾ
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ ਜਲੰਧਰ
ਮੁੱਲ: 175 ਰੁਪਏ ਸਫੇ: 96.
ਸੰਪਰਕ : 94173 89003

ਹਥਲੀ ਪੁਸਤਕ 'ਬੁੱਢੇ ਚੂਹੇ ਦੀ ਸੋਚ' ਬਾਲ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ 70 ਦੇ ਕਰੀਬ ਕਹਾਣੀਆਂ ਹਨ। ਲੇਖਕ ਨੇ ਬਾਲਾਂ ਦੀ ਨਬਜ਼ ਨੂੰ ਫੜਨ ਦਾ ਯਤਨ ਕੀਤਾ ਹੈ। ਉਹ ਆਪਣੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਜਿੱਥੇ ਆਮ ਜਾਣਕਾਰੀ ਦਿੰਦਾ ਹੈ, ਉਥੇ ਜੀਵਨ ਜਾਚ ਵੀ ਸਿਖਾਉਂਦਾ ਹੈ। ਕਹਾਣੀ 'ਬੁੱਢੇ ਚੂਹੇ ਦੀ ਸੋਚ' ਵਿਚ ਲੇਖਕ ਨੇ ਦੱਸਿਆ ਹੈ ਕਿ ਬੁੱਢੇ ਵਿਅਕਤੀ ਦੀ ਸੋਚ ਕਈ ਔਖੇ ਤੋਂ ਔਖੇ ਫ਼ੈਸਲੇ ਬੜੇ ਸੌਖਿਆ ਹੀ ਕਰ ਜਾਂਦੀ ਹੈ। ਕਹਾਣੀਆਂ ਪੜ੍ਹ ਕੇ ਲੇਖਕ ਦੀ ਕਲਾਕਾਰੀ ਦਾ ਵੀ ਪਤਾ ਲਗਦਾ ਹੈ। ਉਸ ਨੇ ਲੋੜੀਂਦੀ ਮਾਤਰਾ ਵਿਚ ਸਬਦਾਂ ਦੀ ਵਰਤੋਂ ਕਰਦਿਆਂ ਦਰਜਨਾਂ ਹੀ ਵਿਸ਼ਿਆਂ ਦੀ ਪੇਸ਼ਕਾਰੀ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਕਰ ਦਿੱਤੀ ਹੈ। 'ਬੁਰੇ ਕੰਮ ਦਾ ਬੁਰਾ ਨਤੀਜਾ', 'ਵਿਚਾਰਾਂ ਦੀ ਤਾਕਤ', 'ਮਿੱਟੀ ਦਾ ਮੋਹ', 'ਮਿਹਨਤ', 'ਪਾਣੀ ਦਾ ਝਗੜਾ', 'ਪਾਪ ਤੋਂ ਮੁਕਤੀ', 'ਕਿਸਾਨ ਦੀ ਸਚਾਈ', 'ਗੁਣਾਂ ਦੀ ਕੀਮਤ', 'ਖ਼ੁਸ਼ੀ ਦਾ ਰਾਜ਼', 'ਹੰਕਾਰ ਦਾ ਸਿਰ ਨੀਵਾਂ', 'ਚੋਰ ਦੀ ਮਾਂ ਕੋਠੀ ਵਿਚ ਮੂੰਹ', 'ਪਿੰਜਰੇ ਦਾ ਸ਼ੇਰ' ਆਦਿ ਸਾਰੀਆਂ ਹੀ ਕਹਾਣੀਆਂ ਜਿੱਥੇ ਬਹੁਤ ਹੀ ਰੌਚਕ ਹਨ, ਉਥੇ ਲੇਖਕ ਬਾਲਾਂ ਦੀ ਮਾਨਸਿਕਤਾ ਨੂੰ ਸਮਝਦਾ ਹੈ ਜਿਸ ਕਰਕੇ ਭਾਸ਼ਾ ਸਰਲ ਅਤੇ ਠੇਠ ਬਾਲਾਂ ਦੇ ਹਾਣ ਦੀ ਹੀ ਵਰਤੀ ਹੈ। ਸਾਰੀਆਂ ਹੀ ਕਹਾਣੀਆਂ ਸਿੱਖਿਆਦਾਇਕ ਹਨ। ਬਾਲਾਂ ਨੂੰ ਮਿਹਨਤ ਕਰਨ, ਸੱਚ ਬੋਲਣ, ਅਨੁਸ਼ਾਸਨ ਵਿਚ ਰਹਿਣ, ਗੱਲ ਕੀ ਭਵਿੱਖ ਦੇ ਬਹੁਤ ਵਧੀਆ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਮੌਕਾਪ੍ਰਸਤ ਲੋਕਾਂ ਤੋਂ ਸੁਚੇਤ ਵੀ ਕਰਦੀਆਂ ਹਨ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896.

c c c
ਖ਼ੂਬਸੂਰਤ ਛੱਤਰੀ
ਲੇਖਿਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ ਮੁਹਾਲੀ, ਚੰਡੀਗੜ੍ਹ।
ਮੁੱਲ : 150 ਰੁਪਏ, ਸਫ਼ੇ : 56
ਸੰਪਰਕ : 98783-17796

ਬਲਰਾਜ ਧਾਰੀਵਾਲ ਦੁਆਰਾ ਰਚਿਤ ਤਾਜ਼ਾਤਰੀਨ ਬਾਲ ਕਹਾਣੀ ਸੰਗ੍ਰਹਿ 'ਖ਼ੂਬਸੂਰਤ ਛਤਰੀ' ਵਿਚ ਕੁੱਲ ਗਿਆਰਾਂ ਕਹਾਣੀਆਂ ਸ਼ਾਮਿਲ ਹਨ। 'ਤੋਲੂ ਮੋਲੂ', 'ਛੋਟਾ ਚਰਪੀ' ਅਤੇ 'ਮੋਮੋ ਸਾਹਿਬ' ਕਹਾਣੀਆਂ ਚਿੜੀ-ਜਨੌਰਾਂ ਦੇ ਬਿਰਤਾਂਤ ਸਿਰਜਦੀਆਂ ਹਨ। 'ਫੈਂਸੀ ਡਰੈੱਸ ਦਾ ਮੁਕਾਬਲਾ' ਕਹਾਣੀ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਜਿਸ ਵਿਚ ਕਲਾਤਮਿਕ ਢੰਗ ਨਾਲ ਫੈਂਸੀ ਡਰੈੱਸ ਮੁਕਾਬਲੇ ਵਿਚ ਰੁੱਖ ਦਾ ਰੂਪ ਧਾਰਨ ਕਰਕੇ ਰੁੱਖਾਂ ਦੀ ਸਾਂਭ-ਸੰਭਾਲ ਦਾ ਖ਼ੂਬਸੂਰਤ ਪੈਗ਼ਾਮ ਦਿੰਦੀ ਹੈ। 'ਮੁਕਾਬਲੇ ਦਾ ਯੁੱਗ ਤੇ ਪੜ੍ਹਾਈ' ਕਹਾਣੀ ਵਿਚ ਦੋ ਸਕੂਲੀ ਵਿਦਿਆਰਥਣਾਂ ਸਿਮਰਨ ਅਤੇ ਮੀਨੂੰ ਉੱਪਰ ਆਧਾਰਿਤ ਹੈ। ਇਸ ਬਾਲ ਕਹਾਣੀ ਦਾ ਵਿਸ਼ਾ ਵਸਤੂ ਬਾਲਾਂ ਦੇ ਮਨਾਂ ਵਿਚ ਇਹ ਸ਼ੁੱਭ ਭਾਵਨਾ ਦਾ ਸੰਚਾਰ ਕਰਦਾ ਹੈ ਕਿ ਜੇਕਰ ਜੀਵਨ ਵਿਚ ਅੱਗੇ ਵਧਣਾ ਹੈ ਤਾਂ ਪਾਠਕ੍ਰਮ ਦੀਆਂ ਪੁਸਤਕਾਂ ਤੋਂ ਇਲਾਵਾ ਅਖ਼ਬਾਰਾਂ ਰਸਾਲਿਆਂ ਵਿਚੋਂ ਵੀ ਵਾਕਫ਼ੀਅਤ ਹਾਸਲ ਕਰਨੀ ਚਾਹੀਦੀ ਹੈ। 'ਸੰਤੁਸ਼ਟੀ' ਕਹਾਣੀ ਵਿਚ ਗ਼ਰੀਬ ਪਰਿਵਾਰ ਦੀ ਲੜਕੀ ਕਿਰਨ ਆਪਣੀ ਅਮੀਰ ਜਮਾਤਣ ਸੰਦੀਪ ਦੇ ਵੱਡੇ ਘਰ ਵਰਗਾ ਸੁਪਨਾ ਲੈਂਦੀ ਹੈ ਅਤੇ ਉਚਾਟ ਰਹਿਣ ਲਗਦੀ ਹੈ ਪ੍ਰੰਤੂ ਮੰਮੀ ਵਲੋਂ ਪਿਆਰ ਨਾਲ ਇਹ ਸਮਝਾਉਣ 'ਤੇ ਕਿ ਵੱਡਿਆਂ ਘਰਾਂ ਨਾਲ ਜਾਂ ਕੀਮਤੀ ਚੀਜ਼ਾਂ ਨਾਲ ਕੋਈ ਅਮੀਰ ਨਹੀਂ ਹੋ ਜਾਂਦਾ, ਮਨੁੱਖ ਕੋਲ ਜੋ ਹੈ, ਉਸ ਨਾਲ ਹੀ ਸਾਡੇ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮਨੁੱਖ ਮਨਭਾਉਂਦੀ ਮੰਜ਼ਿਲ ਹਾਸਲ ਕਰ ਸਕਦਾ ਹੈ। ਕਿਰਨ ਸਮਝ ਜਾਂਦੀ ਹੈ। ਇਸ ਸੰਗ੍ਰਹਿ ਦੀਆਂ ਬਾਕੀ ਕਹਾਣੀਆਂ ਵਿਚੋਂ 'ਵੱਡਾ ਟੀ.ਵੀ. ਤੇ ਕਿਊਟੀ' ਅਤੇ 'ਸੰਨੀ ਦਾ ਕੋਮਲ ਮਨ' ਆਦਿ ਵੀ ਬਾਲ ਮਨਾਂ ਨੂੰ ਟੁੰਬਦੀਆਂ ਹਨ। ਬੱਚਿਆਂ ਵਿਚ ਪੰਜਾਬੀ ਮਾਤ ਭਾਸ਼ਾ ਪ੍ਰਤੀ ਪ੍ਰੇਮ ਜਗਾਉਣ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਅਤੇ ਮਨੋਰੰਜਨ ਕਰਨ ਵਾਲੀ ਇਸ ਪੁਸਤਕ ਦਾ ਸੁਆਗਤ ਹੈ।

- ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

c c c


ਦਸਤਾਰ ਖ਼ਾਲਸੇ ਦੀ

ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ।
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053

ਦਸਤਾਰ ਖ਼ਾਲਸੇ ਦੀ ਪੁਸਤਕ ਧਾਰਮਿਕ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਬਹੱਤਰ ਦੇ ਕਰੀਬ ਗੀਤ ਰਚਨਾਵਾਂ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਸੁਖਚਰਨ ਸਿੰਘ ਸਾਹੋਕੇ, ਪ੍ਰੋ: ਸਰਬਜੀਤ ਸਿੰਘ ਸੰਧੂ, ਸਵਿੰਦਰ ਸਿੰਘ ਖੇਮਕਰਨੀ, ਡਾ. ਗੁਰਮੇਲ ਸਿੰਘ ਸ਼ੇਰਗਿੱਲ, ਲਾਲ ਸਿੰਘ ਲਾਲੀ, ਰਣਜੀਤ ਸਿੰਘ ਢਿੱਲੋਂ, ਮਾ: ਜੰਗ ਸਿੰਘ, ਸੁਖਮੰਦਰ ਸਿੰਘ ਢਿੱਲੋਂ, ਅਤੇ ਜਸਪ੍ਰੀਤ ਕੌਰ ਮੁਕਤਸਰੀ ਵਲੋਂ ਇਸ ਪੁਸਤਕ ਸੰਬੰਧੀ ਆਪੋ-ਆਪਣੀ ਰਾਏ ਅਤੇ ਮੁਬਾਰਕ ਸ਼ਬਦਾਂ ਨਾਲ ਲੇਖਕ ਨੂੰ ਆਸ਼ੀਰਵਾਦ ਦਿੱਤਾ ਹੈ। ਮੁਕਤਸਰੀ ਨੇ ਸੱਭਿਆਚਾਰਕ ਤੇ ਧਾਰਮਿਕ ਗੀਤ ਸੈਂਕੜਿਆਂ ਦੀ ਗਿਣਤੀ 'ਚ ਲਿਖੇ ਹਨ ਤੇ ਵੱਡੀ ਗਿਣਤੀ ਵਿਚ ਰਿਕਾਰਡ ਹੋਏ ਟੇਪਾਂ ਕੈਸਟਾਂ ਚ ਗੂੰਜੇ ਹਨ। ਲੇਖਕ ਦੀ ਹਰ ਰਚਨਾ ਵਿਚੋਂ ਭੁੱਲੇ ਭਟਕੇ ਬੱਚਿਆਂ ਨੂੰ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕਾਬਲ-ਏ-ਤਾਰੀਫ਼ ਹਨ, ਜਿਵੇਂ:
ਦਸਮ ਪਿਤਾ ਜੋ ਬਖਸ਼ੀ ਹੈ, ਦਸਤਾਰ ਖ਼ਾਲਸੇ ਦੀ
ਇੱਜ਼ਤ ਵੀ ਤੇ ਅਣਖ ਵੀ, ਦਸਤਾਰ ਖ਼ਾਲਸੇ ਦੀ।
ਪੁਸਤਕ ਵਿਚਲੇ ਬਹੁਤੇ ਗੀਤ ਦਸਤਾਰ ਨਾਲ ਸੰਬੰਧਿਤ ਹਨ। ਗੀਤਕਾਰ ਨੇ ਆਪਣੇ ਗੀਤਾਂ ਨੂੰ ਰੰਗ-ਬਰੰਗੇ ਖ਼ੂਬਸੂਰਤ ਗੁਲਦਸਤੇ ਵਾਂਗ ਸਜਾਉਣ ਦਾ ਉਪਰਾਲਾ ਕੀਤਾ ਹੈ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਕੇ ਅਤੇ ਸਿੱਖੀ ਦੀ ਖ਼ਾਤਰ ਸ਼ਹੀਦੀਆਂ ਪਾ ਗਏ ਸਿੰਘ/ ਸਿੰਘਣੀਆਂ ਨੂੰ ਭੁੱਲ ਕੇ ਸਿੰਘਾਂ ਦੀ ਸਰਦਾਰੀ ਨੂੰ ਢਾਅ ਲਾ ਰਹੇ ਹਨ ਜੋ ਕਾਫੀ ਚਿੰਤਾ ਵਾਲਾ ਵਿਸ਼ਾ ਹੈ। ਲੇਖਕ ਆਪਣੇ ਗੀਤਾਂ ਰਾਹੀਂ ਨੌਜਵਾਨ ਧੀਆਂ-ਪੁੱਤਰਾਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਤ-ਸੂਰਤ ਪੁੱਤਰ ਕਹਾਉਣ ਲਈ ਕਰਮਸ਼ੀਲ ਦਿਖਾਈ ਦਿੰਦਾ ਹੈ।
ਭੁੱਲ ਗਈ ਪਹਿਚਾਣ ਜੇ ਤੇਰੀ,
ਰੁਲ ਜਾਊ ਸਰਦਾਰੀ ਤੇਰੀ
ਤੂੰ ਬਣ ਕੇ ਰਹਿ ਸਰਦਾਰ,
ਜੇ ਸਰਦਾਰ ਕਹਾਉਣਾ।
ਹੁਣ ਨਸ਼ਿਆਂ ਦਾ ਛੱਡ ਦੇ ਪੱਲਾ
ਕਾਹਤੋਂ ਹੋਇਆ ਫਿਰੇ ਦਿਨ ਰਾਤ ਝੱਲਾ।
ਗੀਤਾਂ ਦੀ ਸ਼ੈਲੀ ਤੇ ਬੋਲੀ ਅਤੀ ਸੁੰਦਰ ਤੇ ਢੁਕਵੀਂ, ਸਰਲ ਤੇ ਪਾਠਕਾਂ ਦੀ ਜ਼ਬਾਨ 'ਤੇ ਚੜ੍ਹਨਯੋਗ ਹੈ। ਲੇਖਕ ਆਪਦੇ ਨਾਂਅ ਨਾਲ ਸਿੰਘ ਲਾਉਣ ਤੋਂ ਝਿਜਕਦਾ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਸਹੀ ਭਾਵਨਾ ਵੀ ਸਹੀ ਪਹੁੰਚ ਤੋਂ ਪਛੜ ਜਾਂਦੀ ਹੈ। ਆਸ ਹੈ ਪਾਠਕ ਇਨ੍ਹਾਂ ਰਚਨਾਵਾਂ ਤੋਂ ਸੇਧ ਲੈਣਗੇ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


c c c
ਸੁੱਕੇ ਕਾਸਟ ਹਰਿਆ
ਲੇਖਕ : ਕੁਲਦੀਪ ਸਿੰਘ ਬਾਸੀ
ਮੁੱਲ : 200 ਰੁਪਏ, ਸਫ਼ੇ : 92
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ, ਕੋਟਕਪੂਰਾ
ਸੰਪਰਕ : 98152-98459

15 ਕਾਂਡ ਵਾਲੇ ਇਸ ਨਾਵਲ ਦੀ ਕਹਾਣੀ ਪੰਜਾਬ ਦੇ ਕਿਸੇ ਪੇਂਡੂ ਕਿਸਾਨ ਪਰਿਵਾਰ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਕੋਲ ਜ਼ਮੀਨ ਥੋੜ੍ਹੀ ਹੈ। ਕਹਾਣੀ ਅਨੁਸਾਰ ਕਿਸਾਨ ਦੇ ਤਿੰਨ ਪੁੱਤਰ ਅਤੇ ਇਕ ਧੀ ਹੈ। ਬੱਚੇ ਵੱਡੇ ਹੋ ਜਾਂਦੇ ਹਨ, ਪਰ ਅਜਿਹੇ ਮਾਹੌਲ 'ਚ ਕਿਸਾਨ ਦੀ ਪਤਨੀ ਅਚਾਨਕ ਗਰਭਵਤੀ ਹੋ ਜਾਂਦੀ ਹੈ। ਪਰ ਗੱਲ ਉਸ ਪੱਧਰ 'ਤੇ ਪਹੁੰਚ ਜਾਂਦੀ ਹੈ, ਜਦ ਗਰਭਪਾਤ ਵੀ ਨਹੀਂ ਹੋ ਸਕਦਾ। ਓਧਰ ਖ਼ੁਦ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੇ ਬੱਚੇ ਇਸ ਗੱਲ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਮਾਪਿਆਂ ਨੂੰ ਕੋਸਦੇ ਹਨ। ਕਿਸਾਨ ਮਿਹਨਤੀ ਹੈ ਅਤੇ ਬੱਚੇ ਵੀ ਲਾਇਕ ਨਿਕਲਦੇ ਹਨ। ਵੱਡੇ ਦੋਵੇਂ ਲੜਕੇ ਸਰਕਾਰੀ ਨੌਕਰੀ 'ਤੇ ਲੱਗ ਜਾਂਦੇ ਹਨ। ਤੀਜਾ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਹੈ। ਅਣਚਾਹਿਆ ਬੱਚਾ ਲੜਕਾ ਪੈਦਾ ਹੁੰਦਾ ਹੈ, ਜਿਸ ਦਾ ਨਾਂਅ ਰਣਬੀਰ ਰੱਖਿਆ ਜਾਂਦਾ ਹੈ, ਪਰ ਉਹ ਆਪਣੇ ਸਮੁੱਚੇ ਜੀਵਨ ਦੇ ਸ਼ੁਰੂ 'ਚ ਹੋਣਹਾਰ, ਫਿਰ ਐਸ਼ੀ ਅਤੇ ਵਿਆਹੁਤਾ ਜੀਵਨ 'ਚ ਜਾ ਕੇ ਮੰਝਧਾਰ 'ਚ ਫ਼ਸਿਆ ਹੋਇਆ ਨਜ਼ਰ ਆਉਂਦਾ ਹੈ। ਅੰਤ 'ਚ ਉਹ ਇਕ ਧਾਰਮਿਕ ਸਥਾਨ ਦਾ ਆਸਰਾ ਲੈਂਦਾ ਹੈ, ਜਿੱਥੇ ਜਾ ਕੇ ਉਸ ਦੇ ਅਨੰਦਮਈ ਜੀਵਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਨਾਵਲ ਦੀ ਕਹਾਣੀ ਗੁੰਦਵੀਂ ਹੈ, ਪਾਤਰ-ਉਸਾਰੀ, ਦ੍ਰਿਸ਼ ਚਿਤਰਨ, ਵਾਰਤਾਲਾਪ ਚੰਗਾ ਹੈ। ਨਾਵਲ ਦੀ ਕਹਾਣੀ ਯਥਾਰਥਵਾਦੀ ਹੈ ਅਤੇ ਕਈ ਪੱਖਾਂ ਨੂੰ ਪਾਠਕ ਨੂੰ ਸੇਧ ਦੇਣ ਵਾਲੀ ਵੀ ਹੈ। ਨਾਵਲ ਦਾ ਸਿਰਲੇਖ 'ਸੁੱਕੇ' ਦੀ ਥਾਂ 'ਸੂਕੇੇ ਕਾਸਟ ਹਰਿਆ' ਹੋਣਾ ਚਾਹੀਦਾ ਸੀ। ਲੇਖਕ ਨੇ ਮਨੁੱਖੀ ਇਛਾਵਾਂ ਅਤੇ ਸੰਘਰਸ਼ ਦਾ ਸੁਚੱਜੇ ਢੰਗ ਨਾਲ ਬਿਰਤਾਂਤ ਕੀਤਾ ਹੈ।

-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110

ਪ੍ਰਾਪਤ ਪੁਸਤਕਾਂ

ਬਦਲਦੀ ਹਵਾ
ਲੇਖਕ : ਹਰਪ੍ਰੀਤ ਸਿੰਘ ਰਾਣਾ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 98885-53162.
c c c
ਹਮ ਰੁਲਤੇ ਫਿਰਤੇ

ਲੇਖਕ : ਮੰਗਤ ਸਿੰਘ 'ਰਾਹੀਂ'
ਪ੍ਰਕਾਸ਼ਕ : ਆਈਕੋਨ ਪ੍ਰਿੰਟਰਜ਼, ਲੁਧਿਆਣਾ
ਮੁੱਲ : 20 ਰੁਪਏ, ਸਫ਼ੇ : 32
ਸੰਪਰਕ : 98882-91607.
c c c
ਚੜ੍ਹਤ
ਲੇਖਕ : ਅਸ਼ੋਕ ਚਟਾਨੀ
ਪ੍ਰਕਾਸ਼ਕ : ਗਲੋਬਲ ਪ੍ਰਿੰਟਿੰਗ ਪ੍ਰੈੱਸ, ਮੋਗਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98147-33796.
c c c
ਕੰਮੇਆਣਾ
ਮੇਰਾ ਜਨਮ ਸਥਾਨ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 50 ਰੁਪਏ, ਸਫ਼ੇ : 15
c c c
ਘਰ ਵਿਚ ਦਾਅਵਤ
ਲੇਖਕ : ਆਸ਼ਾ ਅਗਰਵਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 01679-241744
c c c
10 ਡੇਜ਼ ਮਾਇੰਡ ਐਂਡ ਬੌਡੀ ਚੈਲਿੰਜ
ਲੇਖਕ : ਮਨਜਿੰਦਰ ਕੌਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ :kaur07tasmania@gmail.com

28-08-2022

 ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 98726-02296.


ਵਰਿਆਮ ਸਿੰਘ ਸੰਧੂ ਦਾ ਪੰਜਾਬੀ ਸਾਹਿਤ ਤੇ ਆਲੋਚਨਾਤਮਿਕ ਖੇਤਰ ਵਿਚ ਵਿਸ਼ੇਸ਼ ਸਥਾਨ ਹੈ। ਉਸ ਦੀ ਬੇਬਾਕ ਸ਼ਖ਼ਸੀਅਤ ਦੇ ਦਰਸ਼ਨ 'ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ' ਪੁਸਤਕ ਵਿਚੋਂ ਦ੍ਰਿਸ਼ਟਮਾਨ ਹੁੰਦੇ ਹਨ। ਵਾਰਤਕ ਦੀ ਇਸ ਪੁਸਤਕ ਵਿਚ 15 ਸਰਵਗੁਣ-ਸੰਪੰਨ ਦਿਸ਼ਾਵਾਂ ਦਾ ਝਲਕਾਰਾ ਮਿਲਦਾ ਹੈ। 'ਹਿੰਦੁਸਤਾਨ ਕਿ ਹਿੰਦੂਸਤਾਨ'। ਬਹੁਗਿਣਤੀ ਹਿੰਦੂਆਂ ਦੀ ਸੰਕੀਰਣ ਸੋਚ ਦਾ ਪ੍ਰਗਟਾਵਾ ਕੀਤਾ ਹੈ ਅਤੇ ਘੱਟ-ਗਿਣਤੀਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। 'ਸਿੱਖੀ ਵੀ ਵਪਾਰ ਬਣ ਗਈ' ਵਿਚ ਸਿੱਖੀ ਸਿਧਾਂਤਾਂ ਨੂੰ ਸਿੱਖ ਆਗੂਆਂ ਵਲੋਂ ਅੱਖੋਂ ਪਰੋਖੇ ਕੀਤਾ ਹੈ। ਵਪਾਰਕ ਅਦਾਰੇ ਗੁਰੂ ਸਾਹਿਬਾਨ ਦੇ ਨਾਮ 'ਤੇ ਲੋਕਾਈ ਨੂੰ ਲੁੱਟ ਰਹੇ ਹਨ। 'ਅਸਮਾਨ ਦਾ ਨਹੀਂ ਧਰਤੀ ਦਾ ਫਲਸਫ਼ਾ' ਸਿੱਖ ਫਿਲਾਸਫ਼ੀ ਨੇ ਅਤੀਤ, ਵਰਤਮਾਨ ਅਤੇ ਭਵਿੱਖਮੁਖੀ ਪ੍ਰਸਥਿਤੀਆਂ ਵਿਚ ਮਨੁੱਖਤਾ ਨੂੰ ਨੈਤਿਕਤਾ ਦੀ ਸਿੱਖਿਆ ਪ੍ਰਦਾਨ ਕੀਤੀ ਹੈ। ਟੈਗੋਰ ਨੇ ਵਿਚਾਰ ਦਿੱਤਾ ਕਿ ਜਿਸ ਭਾਸ਼ਾ ਵਿਚ ਗੁਰੂ ਨਾਨਕ ਨੇ ਲਿਖਿਆ ਹੋਵੇ, ਉਹ ਪਛੜੀ ਹੋਈ ਭਾਸ਼ਾ ਕਿਵੇਂ ਕਹੀ ਜਾ ਸਕਦੀ ਹੈ। 'ਨਵੇਂ ਮਨੁੱਖ ਦੀ ਘਾੜਤ' ਵਿਚ ਗੁਰੂ ਨਾਨਕ ਦੀ 'ਅਨੂਪ ਘਾੜਤ' ਦਾ ਜ਼ਿਕਰ ਹੈ। ਸੁਰਤ, ਮੱਤ, ਮਨ, ਬੁੱਧ ਦੀ ਘਾੜਤ ਨਾਲ ਮਨੁੱਖਤਾ ਵਿਚ ਦਵੈਸ਼ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। 'ਖੋਜੀ ਉਪਜੈ ਬਾਦੀ ਬਿਨਸੈ' ਵਿਚ ਖੋਜੀ ਬਿਰਤੀ ਅਪਣਾਉਂਦੇ ਹੋਏ ਵਰਤਮਾਨ ਵਿਚਲੀਆਂ ਸਮੱਸਿਆਵਾਂ ਨਾਲ ਸਹਿਜਤਾ ਨਾਲ ਹੱੱਲ ਕੀਤਾ ਜਾ ਸਕਦਾ ਹੈ। 'ਮੇਰਾ ਨਾਨਕ ਇਕੱਲਾ ਰਹਿ ਗਿਆ ਹੈ' ਗੁਰੂ ਨਾਨਕ ਤੇ ਭਾਈ ਮਰਦਾਨੇ ਦੀ 54 ਸਾਲ ਦੀ ਇਕਰੂਪਤਾ ਦਾ ਪ੍ਰਮਾਣ ਦਿੱਤਾ ਹੈ। ਉਸ ਨੂੰ ਗਿਲਾ ਵੀ ਹੈ ਕਿ ਸਿੱਖ ਵਿਦਵਾਨਾਂ ਤੇ ਸੰਸਥਾਵਾਂ ਨੇ ਭਾਈ ਮਰਦਾਨੇ ਦੀ ਅੰਸ-ਬੰਸ ਦੀ ਕਦਰ ਨਹੀਂ ਕੀਤੀ। 'ਦਿੱਖ ਅਤੇ ਤੱਤ ਦਾ ਫ਼ਰਕ' ਵਿਚ ਵਰਿਆਮ ਸੰਧੂ ਨੇ ਵਰਤਮਾਨ ਵਿਚਲੀ ਕੱਟੜਤਾ ਤੋਂ ਮੁਕਤ ਹੋ ਕੇ ਧਰਮ ਗ੍ਰੰਥਾਂ ਦੀ ਮਾਨਵ ਹਿਤੈਸ਼ੀ ਪਹੁੰਚ ਵਿਧੀ ਉੱਤੇ ਜ਼ੋਰ ਦਿੱਤਾ। 'ਕਰਾਮਾਤੀ ਗੁਰੂ ਨਾਨਕ' ਵਿਚ ਬਾਬੇ ਨਾਨਕ ਨਾਲ ਸੰਬੰਧਿਤ ਕਰਾਮਾਤੀ ਕਥਾਵਾਂ ਨਾਲੋਂ ਗੁਰੂ ਜੀ ਦੀ ਕਿਰਤੀ ਤੇ ਵਿਚਾਰਧਾਰਕ ਦ੍ਰਿਸ਼ਟੀ ਨੂੰ ਰੂਪਮਾਨ ਕੀਤਾ ਹੈ। 'ਗੁਰੂ ਨਾਨਕ ਦੀਆਂ ਪੈੜਾਂ 'ਤੇ ਤੁਰਦਿਆਂ' ਮਨੁੱਖੀ ਮਾਨਸਿਕਤਾ ਉੱਤੇ ਧਰਮ, ਇਤਿਹਾਸ ਤੇ ਸੱਭਿਆਚਾਰ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ। 'ਕਿਸਾਨੀ ਸੰਘਰਸ਼ ਅਤੇ ਗੁਰੂ ਨਾਨਕ' ਕਿਸਾਨੀ ਜਿੱਤ ਪਿੱਛੋਂ ਕਾਰਜਸ਼ੀਲ ਗੁਰਬਾਣੀ ਦਾ ਓਟ ਆਸਰਾ ਤੇ ਗਿਆਨਤਾ ਸੀ। ਦੇਸ਼ ਭਰ ਵਿਚੋਂ ਸ਼ਾਮਿਲ ਕਿਸਾਨਾਂ ਵਿਚ ਵਿਚਾਰਕ ਮਤਭੇਦ ਸਨ ਪਰ ਗੁਰਮਤਿ ਦੇ ਸੰਵਾਦ ਦੀ ਪਰੰਪਰਾ ਨੇ ਇਕਮਤ ਤੇ ਇਕਸੁਰਤਾ ਕਾਇਮ ਕੀਤੀ। 'ਗੁਰਮਤਿ ਦਾ ਰੱਬ' ਵਿਚ ਧਾਰਮਿਕ ਕੱਟੜਤਾ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਗੁਰਮਤਿ ਵਿਚਲੇ ਮੂਲ ਮੰਤਰ ਦੀ ਸੱਚੀ ਹੋਂਦ ਦੀ ਪ੍ਰਮਾਣਿਕਤਾ ਤੋਂ ਜਾਣੂ ਕਰਵਾਇਆ ਹੈ। 'ਪੰਜਾਬੀ ਸਾਹਿਤ ਵਿਚ ਨਾਨਕਤਵ' ਗੁਰੂ ਸਾਹਿਬਾਨ ਅਤੇ ਪੰਜਾਬੀ ਸਾਹਿਤਕਾਰਾਂ ਦੀ ਮਾਂ ਬੋਲੀ ਪ੍ਰਤੀ ਹੋਂਦ ਤੇ ਪਛਾਣ ਦੀ ਕਾਇਮੀ ਲਈ ਦਿੱਤੇ ਵਡਮੁੱਲੇ ਯੋਗਦਾਨ ਦਾ ਬਿੰਬ ਉਸਰਦਾ ਹੈ। 'ਮੁੱਕਦੀ ਗੱਲ' ਵਿਚ ਵਾਤਾਵਰਨ ਦੀ ਤਬਾਹੀ, ਸਦਾਚਾਰਕ ਗਿਰਾਵਟ, ਅਸਹਿਣਸ਼ੀਲਤਾ, ਕਿਰਤ ਉੱਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਦਾ ਜ਼ਿਕਰ ਕੀਤਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਵਰਿਆਮ ਸੰਧੂ ਦੀ ਪੁਸਤਕ 'ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ' ਵਿਚ ਵਰਤਮਾਨ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ 'ਗੁਰਬਾਣੀ ਦੇ ਸਿਧਾਂਤਾਂ' ਨੂੰ ਸਾਰਥਕ ਰੂਪ ਵਿਚ ਅਪਣਾਉਣ ਪ੍ਰੇਰਿਤ ਕੀਤਾ ਹੈ। ਖੋਜੀ ਇਹ ਪੁਸਤਕ ਵਿਦਿਆਰਥੀਆਂ ਲਈ ਗਿਆਨ ਦਾ ਅਖੁੱਟ ਭੰਡਾਰ ਤੇ ਨਵੀਨ ਬਿਰਤੀ ਅਪਣਾਉਣ ਲਈ ਸਹਾਇਕ ਸਿੱਧ ਹੋਵੇਗੀ।


ਡਾ. ਹਰਿੰਦਰ ਸਿੰਘ 'ਤੁੜ'
ਮੋ: 81465-42810


ਅਲਫ਼ ਦਾ ਪਾਂਧੀ
ਲੇਖਕ : ਸਾਬਿਰ ਅਲੀ ਸਾਬਿਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 0161-2740738.


'ਅਲਫ਼ ਦਾ ਪਾਂਧੀ' ਕਾਵਿ-ਸੰਗ੍ਰਹਿ ਜਨਾਬ ਸਾਬਿਰ ਅਲੀ ਸਾਬਿਰ ਦਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਰੱਬਾ' ਤੋਂ ਲੈ ਕੇ 'ਵਿਰਲੇ ਬੋਲ' ਤੱਕ 79 ਕਾਵਿ-ਰਚਨਾਵਾਂ ਨੂੰ ਸੰਕਲਿਤ ਕਰਦਿਆਂ ਇਸ ਕਾਵਿ ਨੂੰ ਅਦਬ, ਅਕੀਦਤ, ਇੱਜ਼ਤ, ਗ਼ੈਰਤ, ਸ਼ਰਮ ਤੇ ਹਯਾ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਮਨੁੱਖੀ ਭਾਈਚਾਰੇ 'ਚ ਇਨ੍ਹਾਂ ਵਰਤਾਰਿਆਂ ਦੀ ਕਿੰਨੀ ਅਹਿਮੀਅਤ ਹੈ, ਜੋ ਅਜੋਕਾ ਮਨੁੱਖ ਅੱਜ ਦੀ ਪਦਾਰਥਕ ਚਕਾਚੌਂਧ 'ਚ ਚੁੰਧਿਆਇਆ, ਆਪਣੀ ਵਿਰਾਸਤ ਅਤੇ ਪਰੰਪਰਾ ਤੋਂ ਕਬੂਤਰ ਵਾਂਗ ਅੱਖਾਂ ਮੀਟ ਰਿਹਾ ਹੈ। ਇਨ੍ਹਾਂ ਕਵਿਤਾਵਾਂ ਦੀ ਸੁਰ ਵਿਅੰਗਾਤਮਿਕ ਹੈ। ਵਿਅੰਗ ਮਨੁੱਖ ਨੂੰ ਤਿੱਖੀ ਸੂਈ ਵਾਂਗ ਚੁੱਭਦਾ ਹੈ। ਇਸੇ ਲਈ ਤਾਂ 'ਰੱਬਾ' ਨਜ਼ਮ ਵਿਚ ਰੱਬ ਨੂੰ ਵੀ ਨਹੀਂ ਬਖਸ਼ਦਾ, ਸਗੋਂ ਉਲਟਾ ਸਵਾਲ ਖੜ੍ਹਾ ਕਰਦਾ ਹੈ ਕਿ ਜੇਕਰ ਇਹ ਮਖ਼ਲੂਕ ਤੇਰੀ ਹੀ ਬਣਾਈ ਹੋਈ ਹੈ ਤਾਂ ਫਿਰ ਏਨਾ ਵੱਡਾ ਹਰ ਖਿੱਤੇ ਵਿਚ ਵਿਤਕਰਾ ਕਿਉਂ ਹੈ? ਫਿਰ ਸਭਨਾਂ ਨੂੰ ਬਰਾਬਰਤਾ ਦਾ ਹੱਕ ਕਿਉਂ ਨਹੀਂ ਦਿੰਦਾ? ਦਰਅਸਲ ਉਹ 'ਰੱਬ' ਦੀ ਆੜ 'ਚ ਚਲਾਕ ਮਾਨਸਿਕਤਾ ਵਾਲੇ ਬੰਦਿਆਂ ਦੀ 'ਰੱਬ' ਪਾਤਰ ਰਾਹੀਂ ਖਿੱਲੀ ਉਡਾਉਂਦਾ ਹੈ। ਇਸੇ ਤਰ੍ਹਾਂ ਹੀ ਬੁੱਲ੍ਹੇ ਸ਼ਾਹ ਦੇ ਰਸਤੇ 'ਤੇ ਟੁਰਦਿਆਂ ਕਾਣੀ ਵੰਡ ਖ਼ਿਲਾਫ਼ ਜੇਹਾਦ ਦਾ ਅਹਿਦ ਦੁਰਹਾਉਂਦਾ ਹੈ :
* ਮੈਂ ਬੁੱਲ੍ਹੇ ਦੇ 'ਅਲਿਫ਼' ਦਾ ਪਾਂਧੀ
ਬੇ ਨਹੀਂ ਮੇਰੇ ਨਾਲ ਖਲੋਣਾ
... ...
* ਬੁੱਲਿਆ!
ਅੱਜ ਵੀ ਬੂਹੇ ਹਸ਼ਰ ਅਜ਼ਾਬ ਦੇ
ਖੁੱਲ੍ਹੇ ਹੋਏ
ਅੱਖਾਂ ਵਾਲੇ ਵੇਖ ਨਹੀਂ ਸਕਦੇ
ਜੋ ਪੰਜਾਬ ਦਾ ਹਾਲ
... ...

* ਜੋ ਵੀ ਏਥੇ ਸੱਚ 'ਤੇ ਟੁਰਿਆ
ਨੰਗੇ ਪੈਰੀਂ ਕੱਚ 'ਤੇ ਟੁਰਿਆ
ਸੱਚੇ-ਸੁੱਚੇ ਸਾਦਗੀ ਭਰਪੂਰ ਸ਼ਬਦ ਦਿਸਦੇ ਕੁਝ ਹੋਰ ਨੇ ਅਤੇ ਕਹਿੰਦੇ ਕੁਝ ਹੋਰ ਨੇ। ਵੰਡੀਆਂ ਪਏ ਖ਼ਲਕਤ ਦੇ ਇਸ ਸੰਸਾਰ ਅੰਦਰ ਸਮਰਪਣ ਦੇ ਸ਼ਬਦ ਸਾਰਥਕ ਜਾਪਦੇ ਹਨ। ਇਸੇ ਲਈ ਤਾਂ ਇਹ ਸਤਰਾਂ ਵਧੇਰੇ ਧਿਆਨ ਦੀ ਮੰਗ ਕਰਦੀਆਂ ਹਨ :
ਟੁਰਦੇ ਪਏ ਸਾਂ ਲੀਕਾਂ 'ਤੇ
ਕੰਨ ਕੀ ਧਰਦੇ ਚੀਕਾਂ 'ਤੇ।
ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096


ਕੈਂਪਸ 1996

ਲੇਖਕ : ਸੰਦੀਪ ਨਈਅਰ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98783-15755


ਸੰਦੀਪ ਨਈਅਰ ਦੇ ਪਲੇਠੇ ਨਾਵਲ 'ਕੈਂਪਸ 1996' ਦਾ ਬਿਰਤਾਂਤ ਅਜੋਕੇ ਸਮੇਂ ਵਿਚ ਹਰ ਉਸ ਵਿੱਦਿਅਕ ਅਦਾਰੇ ਦੀ ਕਹਾਣੀ ਹੈ, ਜਿਥੇ ਸਮਾਜਵਾਦ ਅਤੇ ਸਰਮਾਏਦਾਰੀ ਦੀ ਖਿੱਚੋਤਾਣ ਦੇਸ਼ ਦੇ ਭਵਿੱਖ ਅਰਥਾਤ ਵਿਦਿਆਰਥੀਆਂ ਦੀ ਸੋਚ ਅਤੇ ਵਿਹਾਰ ਨੂੰ ਪਰਖਣ ਤੇ ਨਿਰਧਾਰਿਤ ਕਰਨ ਪਿੱਛੇ ਕੰਮ ਕਰਦੀ ਹੈ। ਭਾਵੇਂ ਨਾਵਲਕਾਰ ਨੇ ਇਸ ਨਾਵਲ ਵਿਚ ਬਿਰਤਾਂਤਕ ਸਥਾਨ ਇਕ ਇੰਜੀਨੀਅਰਿੰਗ ਕਾਲਜ ਨੂੰ ਮਿੱਥਿਆ ਹੈ ਪਰ ਅਸਲ ਵਿਚ ਇਹ ਬਿਰਤਾਂਤਕ ਪਾਠ ਦੇਸ਼ ਦੀ ਅਰਥ ਵਿਵਸਥਾ ਅਤੇ ਸਮਾਜ ਵਿਚ ਸਥਾਪਤ ਮੁੱਲਾਂ ਦੀ ਪੇਸ਼ਕਾਰੀ ਇਸ ਢੰਗ ਨਾਲ ਕਰਦਾ ਹੈ ਕਿ ਇਹ ਸਮਾਜਵਾਦ ਦੇ ਸੁਪਨੇ ਦੀ ਨੀਂਹ ਦੇ ਰੂਪ ਵਿਚ ਸਥਾਪਤ ਹੁੰਦਾ ਹੈ। ਇਸ ਨਾਵਲ ਦੇ ਖੱਬੇਪੱਖੀ ਸੋਚ ਵਾਲੇ ਪਾਤਰ ਰਣਜੀਤ, ਮਾਸਟਰ ਰਣਦੀਪ, ਰਮਿੰਦਰ ਮਾਹਲ, ਸੁਖਜੀਤ ਅਤੇ ਹਰਜੀਤ ਅਜੋਕੇ ਵਿੱਦਿਅਕ ਅਦਾਰਿਆਂ ਵਿਚਲੇ ਵਿਦਿਆਰਥੀਆਂ ਦਾ ਪ੍ਰਤੀਕ ਬਣਦੇ ਹਨ ਜੋ ਜ਼ਿੰਦਗੀ ਵਿਚ ਕੁਝ ਚੰਗਾ ਕਰਨ ਦੇ ਇਰਾਦੇ ਨਾਲ ਆਪਣੇ ਮਾਂ-ਪਿਉ ਦੇ ਸੁਪਨਿਆਂ ਨੂੰ ਸਾਕਾਰ ਕਰਨ ਹਿਤ ਇਨ੍ਹਾਂ ਅਦਾਰਿਆਂ ਵਿਚ ਪੁੱਜਦੇ ਹਨ। ਦੂਜੇ ਪਾਸੇ ਸਰਮਾਏਦਾਰੀ ਦੇ ਪ੍ਰਤੀਕ ਬਿੱਲੇਮਾਰ ਗਰੁੱਪ ਦੇ ਮੈਂਬਰ ਸਿਸਟਮ ਨੂੰ ਖ਼ਰਾਬ ਕਰਨ ਦੇ ਮਕਸਦ ਲਈ ਹੀ ਦਾਖ਼ਲੇ ਲੈਂਦੇ ਹਨ। ਇਸ ਨਾਵਲ ਵਿਚ ਇਨ੍ਹਾਂ ਦੋਵਾਂ ਧਿਰਾਂ ਵਿਚਲੀ ਇਸੇ ਕਸ਼ਮਕਸ਼ ਬਾਰੇ ਨਾਵਲਕਾਰ ਨੇ ਵਿਸਥਾਰਾਤਮਿਕ ਸ਼ੈਲੀ ਵਿਚ ਬਿਰਤਾਂਤ ਸਿਰਜਿਆ ਹੈ। ਨਾਲ ਹੀ ਇਸ ਨਾਵਲ ਦਾ ਧੁਰਾ ਰਾਸ਼ਟਰੀ ਅਰਥ ਵਿਵਸਥਾ ਤੋਂ ਅੱਗੇ ਵਧ ਅੰਤਰਰਾਸ਼ਟਰੀ ਪੂੰਜੀਵਾਦੀ ਵਿਵਸਥਾ ਨਾਲ ਜਾ ਜੁੜਦਾ ਹੈ ਅਤੇ ਇਨ੍ਹਾਂ ਧਿਰਾਂ ਵਿਚ ਚੱਲ ਰਹੇ ਮਤਭੇਦਾਂ ਦਾ ਹੱਲ ਮਾਰਕਸਵਾਦੀ ਵਿਚਾਰਧਾਰਾ ਨਾਲ ਹੋਣ ਵਾਲੇ ਤਾਲਮੇਲ ਵਿਚ ਹੀ ਲੱਭਦਾ ਹੈ। ਨਾਵਲ ਦੇ ਨਾਇਕ ਦੇ ਮੂੰਹੋਂ ਨਿਕਲੇ ਵਾਰਤਾਲਾਪ ਇਸ ਤੱਥ ਨੂੰ ਸੱਚ ਸਾਬਤ ਕਰਦੇ ਹਨ : 'ਇਹ ਸੱਚ ਹੈ ਕਿ ਹਰ ਗੱਲ ਦਾ ਹੱਲ ਮਾਰਕਸਵਾਦ ਹੈ ਤੇ ਜੇ ਸਮਾਜਵਾਦ ਆ ਗਿਆ ਤਾਂ ਗੁੰਡਾਗਰਦੀ ਨਹੀਂ ਹੋਵੇਗੀ, ਕਿਉਂਕਿ ਉਸ ਸਮੇਂ ਇਨ੍ਹਾਂ ਦਾ ਆਧਾਰ ਹੀ ਨਹੀਂ ਹੋਵੇਗਾ। ਮਤਲਬ ਗੁੰਡੇ ਬਦਮਾਸ਼ ਸਰਮਾਏਦਾਰੀ ਦੀ ਜ਼ਰੂਰਤ ਵਿਚੋਂ ਪੈਦਾ ਹੁੰਦੇ ਹਨ ਪਰ ਸਮਾਜਵਾਦ ਵਿਚ ਉਨ੍ਹਾਂ ਦੀ ਕੋਈ ਥਾਂ ਨਹੀਂ ਹੋਵੇਗੀ।' ਇਸ ਨਾਵਲ ਦੀ ਭਾਸ਼ਾ ਦੁਆਬੀ ਉਪ ਬੋਲੀ ਹੈ ਜੋ ਨਾਵਲਕਾਰ ਦੇ ਆਪਣੇ ਖੇਤਰ ਦੀ ਭਾਸ਼ਾ ਹੋਣ ਕਾਰਨ ਸੁਭਾਵਿਕ ਹੈ। ਕਥਾਨਕ ਦੀ ਰਵਾਨਗੀ ਅਤੇ ਘਟਨਾਵਾਂ ਦੀ ਨਿਰੰਤਰਤਾ ਨਾਵਲ ਦੇ ਬਿਰਤਾਂਤਕ ਗੁਣ ਬਣ ਉੱਭਰਦੇ ਹਨ। ਇਸ ਤਰ੍ਹਾਂ ਇਹ ਨਾਵਲ ਨਾਵਲਕਾਰ ਵਲੋਂ ਸੁਚੇਤ ਪੱਧਰ 'ਤੇ ਕੀਤੇ ਉਪਰਾਲਿਆਂ ਦੇ ਉੱਤਮ ਨਤੀਜੇ ਵਜੋਂ ਸਥਾਪਤ ਹੁੰਦਾ ਹੈ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਔਂਸੀਆਂ ਦੇ ਅਕਸ
ਲੇਖਿਕਾ : ਇੰਦਰਜੀਤ ਕੌਰ ਸੋਹਲ
ਸੰਪਾਦਕ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 108


ਹਥਲੀ ਪੁਸਤਕ ਵਿਚ 354 ਟੱਪੇ ਅਤੇ 54 ਬੋਲੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਟੱਪੇ ਅਤੇ ਬੋਲੀਆਂ ਪੰਜਾਬੀ ਦਾ ਲੋਕ ਕਾਵਿ ਰੂਪ ਹੈ। ਲੇਖਿਕਾ ਨੇ ਸਮਕਾਲਿਕ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਨਾ ਸਹਾਰਨਯੋਗ ਪ੍ਰਸਥਿਤੀਆਂ 'ਚੋਂ ਲੰਘਦਿਆਂ ਜਿਹੜੇ ਸੂਖਮ ਤੇ ਤੀਖਣ ਅਨੁਭਵ ਹਾਸਲ ਕੀਤੇ, ਉਨ੍ਹਾਂ ਨੂੰ ਲੋਕਕਾਵਿ ਦੀ ਇਸ ਪ੍ਰਚੱਲਿਤ ਤੇ ਹਰਮਨ-ਪਿਆਰੀ ਛੰਦਰੂਪ ਵਿਧਾ ਰਾਹੀਂ ਸਮਾਜ ਅੱਗੇ ਪੇਸ਼ ਕਰ ਦਿੱਤਾ ਹੈ। ਇਹ ਰਚਨਾਵਾਂ ਸਮਕਾਲੀ ਭਖਦੇ ਵਿਸ਼ਿਆਂ ਦੇ ਨਾਲ-ਨਾਲ ਛੰਦਬੰਦੀ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਵੰਨ-ਸੁਵੰਨੇ ਵਿਸ਼ੇ ਸਿੱਧੇ ਪਾਠਕ ਦੇ ਮਨ ਨੂੰ ਟੁੰਬਦੇ ਹਨ ਅਤੇ ਉਸ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੇ ਅਨਿਆਂ, ਦੁਖਾਂਤ ਤੇ ਵਿਤਕਰੇ ਪ੍ਰਤੀ ਜਾਗ੍ਰਿਤ ਵੀ ਕਰਦੇ ਹਨ ਅਤੇ ਸੋਚਣ ਲਈ ਮਜਬੂਰ ਵੀ ਕਰਦੇ ਹਨ। ਵੰਨਗੀ ਵਜੋਂ
'ਕੀ ਝਨਾਂ ਵਿਚ ਠਿੱਲਣਾ ਵੇ/ਜ਼ਾਲਮਾਂ ਲਕੀਰ ਖਿੱਚਤੀ/ਹੁਣ ਕਾਹਦਾ ਮਿਲਣਾ ਵੇ?' (ਦੇਸ਼ ਵੰਡ)
'ਅੰਨ ਔਖ ਨਾਲ ਜੁੜਦਾ ਏ/ਤਾਰਿਆਂ ਦੀ ਲੋਅ ਜਾਂਦਾ/ਛਾਵੇਂ ਤਾਰਿਆਂ ਦੀ ਮੁੜਦਾ ਏ।' (ਕਿਸਾਨੀ ਸਮੱਸਿਆ)
'ਤੇਰੀ ਰੀਸ ਨਹੀਓ ਚੰਨ ਮੱਖਣਾ/ਪਾਟੀ ਹੋਈ ਜੀਨ ਪਾ ਲਈ/ਸੌਖਾ ਹੋ ਗਿਆ ਤਨ ਢਕਣਾ।' (ਫੈਸ਼ਨਪ੍ਰਸਤੀ)
'ਪੁੱਠੇ ਚਾਲੇ ਹੀ ਸਭ ਦੇ ਨੇ/ਵਿਦੇਸ਼ੋਂ ਸਲਵਾਨ ਆ ਗਏ/ਜਿਹੜੇ ਲੂਣਾ ਹੀ ਲੱਭਦੇ ਨੇ।'
ਲੇਖਿਕਾ ਨੇ ਸਹਿਜ, ਸਰਲ ਤੇ ਲੋਕ ਸੱਭਿਆਚਾਰ ਨਾਲ ਜੁੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਸਮਾਜਿਕ, ਸੱਭਿਆਚਾਰ ਨੂੰ ਨੁਕਸਾਨ ਪਹੁੰਚਾ ਰਹੇ ਰੁਝਾਨਾਂ ਨੂੰ ਰਚਨਾਵਾਂ ਰਾਹੀਂ ਰੱਦ ਕਰਨ ਦਾ ਉਪਰਾਲਾ ਕੀਤਾ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਸਰੂ ਦੀ ਪਰੀ
ਲੇਖਕ : ਪਵਨ 'ਗਿੱਲਾਂ ਵਾਲਾ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 95011-45039.


ਪਵਨ ਗਿੱਲਾਂ ਵਾਲਾ ਨਿਰੰਤਰ ਲਿਖਣ ਵਾਲਾ ਲੇਖਕ ਹੈ। 'ਸਰੂ ਦੀ ਪਰੀ' ਉਸ ਦਾ ਨਵਾਂ ਮਿੰਨੀ-ਕਹਾਣੀ ਸੰਗ੍ਰਹਿ ਹੈ। ਉਸ ਦੀਆਂ 30 ਕਹਾਣੀਆਂ ਸ਼ਾਮਿਲ ਹਨ। ਭਾਵੇਂ ਪਵਨ ਗਿੱਲਾਂ ਵਾਲੇ ਨੇ ਇਸ ਪੁਸਤਕ ਨੂੰ ਮਿੰਨੀ-ਕਹਾਣੀ ਸੰਗ੍ਰਹਿ ਦਾ ਨਾਂਅ ਦਿੱਤਾ ਹੈ ਪਰ ਇਸ ਵਿਚ ਮਿੰਨੀ ਕਹਾਣੀਆਂ ਤੋਂ ਇਲਾਵਾ ਨਿੱਕੀ ਕਹਾਣੀ ਦੀ ਸਿਨਫ਼ ਵਾਲੀਆਂ ਕਹਾਣੀਆਂ ਵੀ ਸ਼ਾਮਿਲ ਹਨ। ਮਿਸਾਲ ਵਜੋਂ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਸਰੂ ਦੀ ਪਰੀ' ਨੂੰ ਮਿੰਨੀ ਕਹਾਣੀ ਨਹੀਂ ਕਿਹਾ ਜਾ ਸਕਦਾ ਤੇ ਹੋਰ ਵੀ ਕਹਾਣੀਆਂ ਇਸੇ ਹੀ ਤਰਜ਼ 'ਤੇ ਲਿਖੀਆਂ ਮਿਲ ਜਾਂਦੀਆਂ ਹਨ। ਪੁਸਤਕ ਵਿਚ ਜਿੰਨੀਆਂ ਵੀ ਕਹਾਣੀਆਂ ਸ਼ਾਮਿਲ ਹਨ, ਉਹ ਸਾਡੇ ਜੀਵਨ-ਯਥਾਰਥ ਦੇ ਕੌੜੇ-ਮਿੱਠੇ ਅਨੁਭਵਾਂ ਨੂੰ ਪੇਸ਼ ਕਰਨ ਵਾਲੀਆਂ ਕਿੱਧਰੇ ਪੈਸਾਵਾਦੀ ਕਦਰਾਂ-ਕੀਮਤਾਂ ਥੱਲੇ ਮਾਂ-ਬਾਪ ਦੀ ਮਮਤਾ ਦੱਬ ਰਹੀ ਨਜ਼ਰ ਆਉਂਦੀ ਹੈ ਤੇ ਕਿਧਰੇ ਮਾਂ-ਬਾਪ ਦੀ ਖ਼ੁਦਗਰਜ਼ੀ ਕਰਕੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਤਬਾਹ ਹੁੰਦੀ ਨਜ਼ਰੀਂ ਪੈਂਦੀ ਹੈ। ਨਸ਼ਾ, ਲਾਲਚ ਅਤੇ ਮਾੜੀਆਂ ਆਦਤਾਂ ਕਿਵੇਂ ਘਰਾਂ ਨੂੰ ਤਬਾਹ ਕਰ ਦਿੰਦੀਆਂ ਕਿਵੇਂ ਸੁਪਨੇ ਚੂਰੋ-ਚੂਰ ਹੋ ਜਾਂਦੇ, ਕਿਵੇਂ ਰਿਸ਼ਤਿਆਂ ਵਿਚ ਕੁੜੱਤਣ ਭਰ ਜਾਂਦੀ, ਇਸ ਬਾਰੇ ਵੀ ਪਵਨ ਗਿੱਲਾਂ ਵਾਲੇ ਨੇ ਆਪਣੀਆਂ ਕਹਾਣੀਆਂ ਵਿਚ ਬਿਰਤਾਂਤ ਸਿਰਜਿਆ ਹੈ। ਪਵਨ ਗਿੱਲਾਂ ਵਾਲੇ ਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਕਿਸੇ ਅਣਦਿਸਦੇ ਸੰਸਾਰ ਦੇ ਵਾਸੀ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਵਿਚੋਂ ਹੀ ਤੰਗੀਆਂ-ਤੁਰਸ਼ੀਆਂ ਝੱਲਦੇ ਅਤੇ ਜ਼ਿੰਦਗੀ ਦੀਆਂ ਔਕੜਾਂ ਨਾਲ ਜੂਝਦੇ ਨਜ਼ਰੀਂ ਪੈਂਦੇ ਹਨ। ਇਨ੍ਹਾਂ ਕਹਾਣੀਆਂ ਵਿਚੋਂ ਧੀਆਂ-ਪੁੱਤਰਾਂ ਅਤੇ ਮਾਂ-ਬਾਪ ਦੇ ਭਾਵੁਕ ਮੋਹ ਦੇ ਵੇਰਵੇ ਵੀ ਨਜ਼ਰੀਂ ਆਉਂਦੇ ਹਨ 'ਬਲਦੇ ਭਾਂਬੜ', 'ਮਾਂ ਦੀ ਮਮਤਾ', 'ਬਾਪੂ ਤੇ ਬੋਹੜ', 'ਫੁਲਕਾਰੀ', 'ਫੌਜਣ' ਆਦਿ ਕਹਾਣੀਆਂ ਮਨੁੱਖੀ ਰਿਸ਼ਤਿਆਂ ਦੀ ਕਸ਼ਮਕਸ਼ ਅਤੇ ਮੋਹਮਈ ਤਾਸੀਰ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। 'ਸੁਨੇਹਾ', 'ਸਰੂ ਦੀ ਪਰੀ', 'ਸਬਰ ਦਾ ਘੁੱਟ' ਵੀ ਪੈਸਾਵਾਦੀ ਕਦਰਾਂ-ਕੀਮਤਾਂ ਥੱਲੇ ਦੱਬਦੇ ਜਾ ਰਹੇ ਮੋਹ ਦੀ ਬਾਤ ਪਾਉਂਦੀਆਂ ਹਨ। ਅੱਜ ਦੇ ਤਕਨੀਕੀ ਯੁੱਗ ਨੇ ਮਨੁੱਖੀ ਜ਼ਿੰਦਗੀ ਨੂੰ ਕਿਸ ਕਦਰ ਪ੍ਰਭਾਵਿਤ ਕੀਤਾ ਹੈ, ਉਸ ਦਾ ਜ਼ਿਕਰ 'ਫੇਸਬੁੱਕ ਦਾ ਚਸਕਾ' ਵਰਗੀ ਕਹਾਣੀ ਵਿਚ ਹੋਇਆ ਹੈ। ਕਹਾਣੀਆਂ ਵਿਚ ਬੇਸ਼ੱਕ ਮੌਕਾਮੇਲ ਦੀ ਜੁਗਤ ਵੀ ਵਰਤੀ ਗਈ ਹੈ ਪਰ ਕਹਾਣੀ ਰਸ ਅਤੇ ਰੌਚਕਤਾ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਚਿੱਤ ਦਾ ਜੁਗਰਾਫ਼ੀਆ
ਲੇਖਕ : ਸੰਦੀਪ
ਪ੍ਰਕਾਸ਼ਕ : ਗਰੇਸੀਅਸ ਬੁੱਕਸ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 113
ਸੰਪਰਕ : 91-175-5017642


'ਚਿੱਤ ਦਾ ਜੁਗਰਾਫ਼ੀਆ' ਕਾਵਿ-ਸੰਗ੍ਰਹਿ ਸੰਦੀਪ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਪ੍ਰੰਤੂ ਕਵਿਤਾਵਾਂ ਦੀ ਪੜ੍ਹਤ ਪਾਠਕ ਨੂੰ ਅਜਿਹਾ ਅਨੁਭਵ ਨਹੀਂ ਹੋਣ ਦਿੰਦੀ ਕਿ ਉਹ ਇਕ ਅਸਲੋਂ ਨਵੀਂ ਕਿਸਮ ਦੀਆਂ ਕਾਵਿ-ਰਚਨਾਵਾਂ ਦੇ ਆਰ-ਪਾਰ ਝਾਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਚਿੱਤ' ਤੋਂ ਲੈ ਕੇ 'ਵਿਸਤਾਰ...' ਤੱਕ ਦੀਆਂ 89 ਨਜ਼ਮਾਂ ਨੂੰ ਸੰਕਲਿਤ ਕਰਦਿਆਂ ਚਿੱਤ (ਮਨ, ਆਤਮਾ) ਦੇ ਅਨੇਕਾਂ ਪਾਸਾਰਾਂ ਦੀਆਂ ਗਾਥਾਵਾਂ ਦੇ ਆਰ-ਪਾਰ ਖੁੱਲ੍ਹ ਕੇ ਕਹਿਣ ਦੀ ਜੁਰੱਅਤ ਕੀਤੀ ਹੈ। ਮੇਰੀ ਜਾਚੇ ਸ਼ਾਇਦ! ਉਸ ਨੇ ਇਸ ਕਾਵਿ-ਸੰਗ੍ਰਹਿ ਨੂੰ ਜ਼ਿੰਦਗੀ ਦੇ ਉਨ੍ਹਾਂ ਆਸ਼ਕਾਂ ਦੇ ਨਾਂਅ ਕੀਤਾ ਹੈ, ਜਿਨ੍ਹਾਂ ਨੇ ਹਕੀਕੀ ਜ਼ਿੰਦਗੀ ਅੰਦਰ ਤਲਖ਼-ਹਕੀਕਤਾਂ ਦੀ ਉਧੇੜ-ਬੁਣ ਨੂੰ ਆਪਣੇ ਚਿੱਤ ਵਿਚੋਂ ਫਰੋਲਦਿਆਂ, ਜ਼ਿੰਦਗੀ ਦੇ ਅਸਲ ਮਾਅਨਿਆਂ ਨੂੰ ਸਮਝਣ/ਲੱਭਣ/ਢੂੰਡਣ ਦਾ ਹੌਸਲਾ ਕੀਤਾ ਹੈ। ਇਹ ਕਵਿਤਾਵਾਂ ਜ਼ਿੰਦਗੀ ਦੇ ਗਣਿਤੀ ਫਾਰਮੂਲਿਆਂ ਤੋਂ ਪਾਰ ਦੀਆਂ ਬਾਤਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਵਰਤੇ ਸ਼ਬਦ : ਚਿੱਤ, ਆਸ, ਰਿਸ਼ਤਾ, ਸਾਕ, ਸੱਚ, ਧਰਕਣ, ਸ਼ਰਾਬ, ਰਿਆਸਤ, ਖ਼ਵਾਬ ਅਨੰਦ, ਛਲੇਡੇ, ਹੱਥ ਲਿਖਤਾਂ, ਕਵੀ, ਫ਼ਕੀਰ, ਜਿੱਤ-ਹਾਰ, ਦੋਸ਼ੀ, ਘਸਮੈਲਾ, ਪੁੱਠੀ ਗੰਗਾ, ਸੁੱਚਾ, ਉਡੀਕ, ਦੁਆ, ਉਦਾਸੀ, ਪ੍ਰਵਾਹ, ਪਿੱਤਰ, ਧਰਮ ਯੁੱਧ, ਦੁਨੀਆ, ਸਰੋਤਾਂ, ਰਮਜ਼, ਮੋਹ, ਅੰਬਰ, ਤਸਬੀ, ਰੀਝ, ਪਛਾਣ, ਕਾਇਆ ਪਲਟ ਆਦਿ ਅਨੇਕਾਂ ਪ੍ਰਕਾਰ ਦੀਆਂ ਧੁਨੀਆਂ ਨੂੰ ਸੰਚਾਰਿਤ ਕਰਦੇ ਹਨ ਜੋ ਚਿੱਤ ਦੇ ਜੁਗਰਾਫ਼ੀਏ ਦੀ ਮਿਣਤੀ ਅੰਦਰੋਂ ਬਾਹਰੇ ਕਰਦੇ ਹਨ। ਰਹੱਸਮਈ, ਸ਼ਬਦਾਵਲੀ ਬਾਹਰੋਂ ਦਿਸਦੇ ਪਸਾਰ ਦੇ ਅੰਦਰਲੇ ਕੋਹਜ ਨੂੰ ਢਕਦੀ ਵੀ ਹੈ ਅਤੇ ਵਕਤੀ ਸਕੂਨ ਦਾ ਅਹਿਸਾਸ ਵੀ ਕਰਵਾਉਂਦੀ ਹੈ। ਮਨੁੱਖ ਦਾ ਮਨੁੱਖ ਹੋਣਾ ਹੀ ਉਸ ਦੀ ਵਿਸ਼ੇਸ਼ ਪ੍ਰਾਪਤੀ ਮੰਨੀ ਜਾਣੀ ਚਾਹੀਦੀ ਹੈ, ਪ੍ਰੰਤੂ ਵਰਤਮਾਨ ਤ੍ਰਾਸਦਿਕ ਸਥਿਤੀ ਦਾ ਵਿਅੰਗ ਹੈ ਕਿ ਉਸ ਅੰਦਰੋਂ ਬੰਦਿਆਈ ਦਾ ਅਰਕ ਨਿਚੋੜ ਅਸੰਵੇਦਨਸ਼ੀਲ ਵਸਤ ਵਿਚ ਤਬਦੀਲ ਕਰ ਦਿੰਦੀ ਹੈ। ਮਨੁੱਖ ਦੀ ਅਜਿਹੀ ਮਾਨਸਿਕ ਸਥਿਤੀ ਹੀ ਉਸ ਦੀ ਮੁਸਕਾਨ ਖੋਹਣ ਦਾ ਸਬ੍ਹਬ ਬਣਦੀ ਹੈ, ਜਿਸ ਦੀ ਪੇਸ਼ਕਾਰੀ ਇਸ ਕਾਵਿ-ਸੰਗ੍ਰਹਿ 'ਚ ਥਾਂ-ਪੁਰ-ਥਾਂ ਮੌਜੂਦ ਹੈ। ਰਵਾਨਗੀ ਜਾਂ ਪਰਵਾਹ ਅਜ਼ਲਾਂ ਦਾ ਦਸਤੂਰ ਹੈ ਅਤੇ ਅਜੇ ਵੀ ਵਿਦਮਾਨ ਹੈ :
ਇਹ ਨਾਨਕ ਦੀ ਉਦਾਸੀ
ਜਾਂ ਕੋਈ ਜੂਨੀ ਚੁਰਾਸੀ
ਇਹ ਤਾਂਡਵ ਸ਼ਿਵ ਦਾ ਹੈ
ਜਾਂ ਲਹੂ ਭਿੱਜੀ ਸਲੀਬ
ਮਸੀਹ ਰਿਹੈ ਘੱਤ
ਇਹ ਸੱਚ ਹੀ ਤਾਂ ਹੈ
ਜੋ ਹਰ ਪਲ ਰਿਹਾ ਜੱਚ
ਬੱਸ ਰਵਾਨਗੀ ਹੀ ਹੈ
ਏਸ ਜ਼ਿੰਦਗੀ ਦਾ ਸੱਚ
ਸੁਹਜਾਤਮਿਕ ਸ਼ਾਇਰੀ ਦਾ ਮਜ਼ਮੂਆ ਪੇਸ਼ ਕਰਨ ਲਈ ਸੰਦੀਪ ਨੂੰ ਦਿਲੀ ਮੁਬਾਰਕ! ਤਪਦੇ ਰੇਗਸਤਾਨ 'ਚ ਸ਼ਬਦਾਂ ਦੀ ਭਾਲ ਲਈ ਉਸ ਨੂੰ ਦੁਆ ਦਿੰਦਾ ਹਾਂ, ਸਫ਼ਰ ਜਾਰੀ ਰਹੇ। ਆਮੀਨ।


ਸੰਧੂ ਵਰਿਆਣਵੀ (ਪ੍ਰੋ.)
ਮੋਬਾ. 98786-14096
c c c


ਸੱਜਰੇ ਸੁਫ਼ਨੇ
ਸੰਪਾਦਕ :
ਡਾ. ਸੁਰਜੀਤ ਸਿੰਘ ਭਦੌੜ
ਮੁੱਲ : 150 ਰੁਪਏ, ਸਫ਼ੇ : 111
ਪ੍ਰਕਾਸ਼ਕ : ਗੋਰਕੀ ਪਬਲੀਕੇਸ਼ਨ, ਲੁਧਿਆਣਾ
ਸੰਪਰਕ : 94176-42785


ਹਥਲੇ ਕਾਵਿ-ਸੰਗ੍ਰਹਿ 'ਸੱਜਰੇ ਸੁਫ਼ਨੇ' ਜੋ ਚੌਦਾਂ ਪੁੰਗਰ ਰਹੀਆਂ ਕਲੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਨੂੰ ਵਰਲਡ ਪੰਜਾਬੀ ਟਾਈਮਜ਼ ਦੇ ਪੱਤਰਕਾਰ ਡਾ. ਸੁਰਜੀਤ ਸਿੰਘ ਭਦੌੜ ਦੀ ਸੰਪਾਦਨਾ ਹੇਠ ਛਾਪਿਆ ਹੈ ਤੇ ਮੈਡਮ ਅੰਜਨਾ ਨੇ ਖੁਰਦਬੀਨੀ ਅੱਖ ਨਾਲ ਪੁਸਤਕ ਦੇ ਤੱਥ-ਵੱਥ 'ਤੇ ਪੰਛੀ ਝਾਤ ਪਵਾਈ ਹੈ। ਕਲਮਕਾਰ ਭਾਵੇਂ ਸਿਖਾਂਦੜੂ ਪ੍ਰਯਤਨ ਵਿਚੋਂ ਗੁਜ਼ਰ ਰਹੇ ਹਨ ਪਰ ਵੱਡੇ ਕਲਮਕਾਰ ਹੋਣ ਦੀਆਂ ਸੰਭਾਵਨਾਵਾਂ ਬੀਜ ਰੂਪ ਵਿਚ ਪਈਆਂ ਹਨ। ਜਿਵੇਂ ਬੋਹੜ ਦੇ ਨਿੱਕੇ ਜਿੰਨੇ ਬੀਜ ਵਿਚ ਘਾਲਣਾ ਤਾਂ ਬੋਹੜ ਛੁਪਿਆ ਹੁੰਦਾ ਹੈ ਤੇ ਇਸੇ ਤਰ੍ਹਾਂ ਸਮਿਲਤ ਸ਼ਾਇਰਾ ਤੇ ਸ਼ਾਇਰਾਣਾਂ ਦੀ ਬੀਜ ਰੂਪੀ ਖ਼ਸ਼ਬੂ ਅਗਾਊਂ ਨਜ਼ਰ ਆ ਜਾਂਦੀ ਹੈ। ਨਵੇਂ ਕਲਮਕਾਰਾਂ ਨੂੰ ਆਪਣੀ ਕਿਤਾਬ ਛਪਾਉਣ ਦੀ ਬੜੀ ਰੀਝ ਹੁੰਦੀ ਹੈ ਤੇ ਕੁਝ ਵਪਾਰਕ ਬਿਰਤੀ ਵਾਲੇ ਪ੍ਰਕਾਸ਼ਕ ਉਨ੍ਹਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਨ ਪਰ ਡਾ. ਸੁਰਜੀਤ ਸਿੰਘ ਭਦੌੜ ਉਨ੍ਹਾਂ ਦੇ ਸੱਜਰੇ ਸੁਫ਼ਨਿਆਂ ਨੂੰ ਤਾਬੀਰ ਵਿਚ ਬਦਲਣ ਦਾ ਨੇਕ ਤੇ ਸੁਚਾਰੂ ਕਰਮ ਕਰ ਰਹੇ ਹਨ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਹਨ। ਸਮਿਲਤ ਕਲਮਾਂ ਨੇ ਵਿਭਿੰਨ ਪਸਾਰਾਂ ਨਾਲ ਦਸਤਪੰਜਾ ਲਿਆ ਹੈ ਤੇ ਵਿਸ਼ੇਸ਼ ਕਰਕੇ ਸਮਾਜਿਕ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਦੇ ਨਾਲ ਹੀ ਪਿਤਰੀ ਸੱਤਾ ਹੇਠ ਰੀਂਘਦੀ ਔਰਤ ਦੇ ਉਤਪੀੜਨ 'ਤੇ ਚਿੰਤਾ ਤੇ ਚਿੰਤਨ ਕੀਤਾ ਗਿਆ ਹੈ। ਪੁਸਤਕ ਵਿਚ ਰਾਜਦੀਪ ਕੌਰ ਮਾਨ, ਗੁਰਚਰਨ ਕੌਰ ਦੇਵਗਣ, ਪਰਮਜੀਤ ਕੌਰ, ਬਲਵਿੰਦਰ ਕੌਰ, ਮਨਦੀਪ ਕੌਰ ਭੰਡਾਲ (ਲੰਡਨ), ਜਗਤਾਰ ਪੱਖੋਂ, ਮਨਮੀਤ ਸਿੰਘ ਮੀਤ, ਬਲਤੇਜ ਸੰਧੂ ਬੁਰਜ ਲੱਥਾ, ਸਤਨਾਮ ਸੱਤੀ, ਜਸਵੰਤ ਸਿੰਘ ਗਿੱਲ, ਪੁਸ਼ਵਿੰਦਰ ਚੰਗੜ, ਅਮਨਦੀਪ ਕੌਰ, ਸ਼ਮਿੰਦਰ ਪਰਵਾਜ਼ ਤੇ ਪੱਪੂ ਸ਼ਿਮਰੇਵਾਲਾ ਦੀਆਂ ਨਜ਼ਮਾਂ ਸ਼ਾਮਿਲ ਹਨ। ਗੁਰਚਰਨ ਕੌਰ ਦੇਵਗਣ ਦੀ ਨਜ਼ਮ ਦਾ ਰੰਗ ਦੇਖੋ
'ਸੌਖਾ ਨਹੀਂ ਔਰਤ ਹੋਣਾ
ਪਿਤਾ ਪਤੀ ਪੁੱਤ ਦੀ ਵਸੀਹਤ ਹੋਣਾ
ਬੁੱਲ੍ਹਾਂ ਤੇ ਹਾਸੇ ਦਿਲਾਂ 'ਚ ਚੁਮਾਸੇ
ਦਬਾ ਕੇ ਭਾਂਬੜ ਅੰਦਰੋਂ ਸੀਤ ਹੋਣਾ
ਸੌਖਾ ਨਹੀਂ ਹੈ ਔਰਤ ਹੋਣਾ''


ਭਗਵਾਨ ਢਿੱਲੋਂ
ਮੋਬਾਈਲ : 98143-78254
c c c


ਇੱਕੀਵੀਂ ਸਦੀ ਅਤੇ ਪੰਜਾਬੀ ਕਹਾਣੀ
ਲੇਖਕ : ਡਾ. ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 170
ਸੰਪਰਕ : 98728-35835


ਆਧੁਨਿਕ ਪੰਜਾਬੀ ਸਾਹਿਤ ਚਿੰਤਨ ਅਤੇ ਵਿਸ਼ੇਸ਼ਤਰ ਕਹਾਣੀ ਵਿਧਾ ਦੇ ਗੰਭੀਰ ਆਲੋਚਕ ਨੇ ਹਥਲੀ ਪੁਸਤਕ ਵਿਚ ਇੱਕੀਵੀਂ ਸਦੀ ਦੇ ਮੁਢਲੇ ਦੋ ਦਹਾਕਿਆਂ ਵਿਚ ਜਿਹੜੀ ਪੰਜਾਬੀ ਕਹਾਣੀ ਲਿਖੀ ਗਈ ਹੈ ਚਾਹੇ ਏਧਰਲੇ ਪੰਜਾਬ ਜਾਂ ਓਧਰਲੇ ਪੰਜਾਬ ਜਾਂ ਹੋਰ ਦੇਸ਼ਾਂ-ਵਿਦੇਸ਼ਾਂ ਵਿਚ ਵੱਖ-ਵੱਖ ਕਹਾਣੀਕਾਰਾਂ ਵਲੋਂ ਲਿਖੀ ਗਈ ਹੈ ਦਾ ਵਿਗਿਆਨਿਕ ਦ੍ਰਿਸ਼ਟੀ ਤੋਂ ਆਲੋਚਨਾਤਮਿਕ ਅਧਿਐਨ ਪੇਸ਼ ਕੀਤਾ ਹੈ। ਇਸ ਦੌਰ ਦੀਆਂ ਕਹਾਣੀਆਂ ਵਿਚ ਦਲਿਤ-ਚਿੰਤਨਧਾਰਾ, ਨਾਰੀ ਜਾਤੀ ਦੇ ਸੰਵੇਦਨਸ਼ੀਲ ਪੱਖਾਂ, ਨਿਮਨ ਕਿਸਾਨੀ ਅਤੇ ਪ੍ਰਵਾਸੀ ਜੀਵਨ ਸ਼ੈਲੀ ਵਿਚ ਚਿਤਰਨ ਪੱਖੋਂ ਕਾਫ਼ੀ ਨਵੇਂ ਰੁਝਾਨ ਪੈਦਾ ਹੋਏ ਹਨ। ਸੋਸ਼ਲ ਮੀਡੀਆ ਨੇ ਜੋ ਜਾਗ੍ਰਿਤੀ ਲਿਆਂਦੀ ਹੈ ਉਸ ਨੇ ਵੀ ਇਸ ਕਾਲ ਦੇ ਕਹਾਣੀਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਨ੍ਹਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਧਾਲੀਵਾਲ ਨੇ ਪੁਸਤਕ ਦੇ ਪ੍ਰਮੁੱਖ ਤਿੰਨ ਅਧਿਆਏ ਬਣਾਏ ਹਨ। ਪਹਿਲੇ ਅਧਿਆਏ ਵਿਚ ਇੱਕੀਵੀਂ ਸਦੀ ਦੇ ਇਸ ਦੌਰ ਦੀ ਪੰਜਾਬੀ ਕਹਾਣੀ ਨੂੰ ਦ੍ਰਿਸ਼ਟੀ ਮੂਲਕ ਪਰਿਪੇਖ ਵਿਚ ਰੱਖ ਕੇ ਵਿਚਾਰਿਆ ਹੈ। ਦੂਸਰੇ ਅਧਿਆਏ ਵਿਚ ਇਸ ਨੂੰ ਵਿਹਾਰਿਕ ਪ੍ਰਸੰਗ ਵਿਚ ਪ੍ਰਗਟ ਕੀਤਾ ਹੈ ਅਤੇ ਤੀਸਰੇ ਅਧਿਆਏ ਵਿਚ ਇਤਿਹਾਸਿਕ ਸੰਦਰਭ ਨੂੰ ਵਿਸਤਰਿਤ ਰੂਪ ਵਿਚ ਪ੍ਰਗਟਾਇਆ ਹੈ। ਡਾ. ਧਾਲੀਵਾਲ ਦੀਆਂ ਮਾਨਤਾਵਾਂ ਸਾਰਥਕ ਹਨ। ਉਸ ਦੀ ਮਾਨਤਾ ਹੈ ਕਿ ਸਮਕਾਲੀ ਪੰਜਾਬੀ ਕਹਾਣੀ ਪ੍ਰਮੁੱਖ ਤੌਰ 'ਤੇ ਮੱਧ ਵਰਗੀ ਵਿਸ਼ਵ ਦ੍ਰਿਸ਼ਟੀ ਦੇ ਕੋਣ ਤੋਂ ਖੜ੍ਹ ਕੇ ਨਿਹਾਰੇ ਵਸਤੂ ਯਥਾਰਥ ਦਾ ਗਲਪ-ਬਿੰਬ ਸਿਰਜ ਰਹੀ ਹੈ। ਲੇਖਕ ਮਹਿਸੂਸ ਕਰਦਾ ਹੈ ਕਿ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਆਪਣਾ ਸਿਖ਼ਰ ਹੰਢਾ ਰਹੀ ਹੈ ਅਤੇ ਪੰਜਵੇਂ ਪੜਾਅ ਦੀ ਕਹਾਣੀ ਦੀਆਂ ਕੰਨਸੋਆਂ ਮਿਲਣ ਲੱਗੀਆਂ ਹਨ। ਡਾ. ਧਾਲੀਵਾਲ ਨੇ ਸਾਲ 2014 ਦੀ ਪੰਜਾਬੀ ਕਹਾਣੀ ਦਾ ਆਲੋਚਨਾਤਮਿਕ ਦਰਪਣ ਵੀ ਪੇਸ਼ ਕੀਤਾ ਹੈ ਅਤੇ ਸਮੁੱਚੇ ਰੂਪ ਵਿਚ ਸਿੱਟਾ ਕੱਢਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਦੌਰ ਦੀ ਪੰਜਾਬੀ ਕਹਾਣੀ ਨੇ ਸਭ ਤੋਂ ਵੱਡੀ ਚੁਣੌਤੀ ਵਿਸ਼ਵੀਕਰਨ ਦੀ ਵਿਚਾਰਧਾਰਾ ਅਤੇ ਰਾਜਨੀਤੀ ਨਾਲ ਭਖਵਾਂ ਸੰਵਾਦ ਰਚਾਇਆ ਹੈ ਅਤੇ ਹੁਣ ਇਹ ਉੱਤਰ-ਵਿਸ਼ਵੀਕਰਨ ਦੇ ਦੌਰ ਦੀਆਂ ਅੰਤਰੀਵੀ ਰਮਜ਼ਾਂ ਦੀ ਸਮਝ ਅਤੇ ਗਲਪ-ਬਿੰਬ ਵਿਚ ਢਾਲਣ ਲਈ ਪਰ ਤੋਲ ਰਹੀ ਪ੍ਰਤੀਤ ਹੁੰਦੀ ਹੈ। ਨਿਰਸੰਦੇਹ, ਇਹ ਪੁਸਤਕ ਉਚੇਰੀਆਂ ਸ਼੍ਰੇਣੀਆਂ ਦੇ ਅਧਿਅਨ ਅਧਿਆਪਨ ਵਾਸਤੇ ਲਾਭਕਾਰੀ ਸਿੱਧ ਹੋ ਸਕਦੀ ਹੈ।


ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
c c c


ਵਿਊ ਅਤੇ ਰੀਵਿਊ
ਲੇਖਕ : ਡਾ. ਲਾਭ ਸਿੰਘ ਖੀਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 162
ਸੰਪਰਕ : 94171-78487


ਪੁਸਤਕ ਵਿਚ ਚਿੰਤਨਸ਼ੀਲ ਸਮੀਖਿਆ ਲਿਖਤਾਂ ਹਨ। 30 ਸਮੀਖਿਆ ਰਚਨਾਵਾਂ ਹਨ। ਲੇਖਕ ਪ੍ਰਬੁੱਧ ਪੰਜਾਬੀ ਆਲੋਚਕ ਹੈ। ਉਸ ਦੀਆਂ ਪੰਜ ਆਲੋਚਨਾ ਪੁਸਤਕਾਂ ਇਕ ਕਾਵਿ ਸੰਗ੍ਰਹਿ ਤੋਂ ਇਲਾਵਾ ਨਾਵਲ ਅੰਨਦਾਤਾ (ਬਲਦੇਵ ਸਿੰਘ) ਦਾ ਵਿਸ਼ਲੇਸ਼ਣ, ਮਲਵਈ ਕਵੀਸ਼ਰੀ ਇਕਾਂਗੀਕਾਰ ਹਰਚਰਨ ਸਿੰਘ, ਪੰਜਾਬੀ ਲੋਕ ਧਾਰਾ, ਪੰਜਾਬੀ ਅਧਿਐਨ ਤੇ ਅਧਿਆਪਨ, ਸਾਕਾ ਕਾਵਿ ਸੰਪਾਦਿਤ, ਪੁਸਤਕਾਂ ਹਨ। ਇਸ ਪੁਸਤਕ ਵਿਚ ਵਿਦਵਾਨ ਆਲੋਚਕ ਨੇ 14 ਕਾਵਿ ਪੁਸਤਕਾਂ, ਇਕ ਮਹਾਂਕਾਵਿ ਚੜ੍ਹਿਆ ਸੋਧਣ ਧਰਤ ਲੁਕਾਈ (ਗੁਰਦੇਵ ਸਿੰਘ ਰਾਏ) ਜਸਵਿੰਦਰ ਦੀ ਗ਼ਜ਼ਲ ਅਗਰਬੱਤੀ, ਰਣਬੀਰ ਰਾਣਾ ਦੀ ਗ਼ਜ਼ਲ ਕਿਤਾਬ ਵਕਤ ਦੇ ਵਰਕੇ, ਹਰਮੀਤ ਵਿਦਿਆਰਥੀ ਦੀ ਕਾਵਿ ਕਿਤਾਬ ਉਧੜੀ ਹੋਈ ਮੈਂ, ਧਨੀ ਰਾਮ ਚਾਤ੍ਰਿਕ ਦੀ ਕੇਸਰ ਕਿਆਰੀ, ਤੇਰਾ ਸਿੰਘ ਚੰਨ ਦਾ ਕਾਵਿ ਨਾਟ ਕਾਗ ਸਮੇਂ ਦਾ ਬੋਲਿਆ, ਪ੍ਰੀਤਮ ਸਿੰਘ ਰਾਹੀ ਦੀ ਕਿਤਾਬ ਸੁੱਕੇ ਪੱਤਿਆਂ ਦੀ ਦਾਸਤਾਨ, ਡਾ. ਪਾਲ ਕੌਰ ਰਚਿਤ ਇੰਝ ਨਾ ਮਿਲੀਂ, ਇੰਦਰ ਜੀਤ ਨੰਦਨ (ਯਸ਼ੋਧਰਾ) ਰਜਿੰਦਰ ਕੌਰ (ਸ਼ਬਦਾਂ ਦਾ ਕਟਹਿਰਾ) ਡਾ. ਸਰਬਜੀਤ ਕੌਰ ਸੋਹਲ ਦੀ ਨਵਪ੍ਰਕਾਸ਼ਿਤ ਪੁਸਤਕ ਅਮੀਨੇਟਿਡ ਰਿਸ਼ਤੇ, ਬਲਵੰਤ ਭਾਟੀਆ ਦਾ ਕਾਵਿ ਸੰਗ੍ਰਹਿ ਦੱਲੇ ਦੀ ਬਾਤ, ਸ਼ਾਇਰ ਤਰਸੇਮ ਤੇ ਗੁਰਮੀਤ ਖੋਖਰ ਦੀ ਇਕ ਇਕ ਕਾਵਿ ਪੁਸਤਕ ਬਾਰੇ ਬਹੁਪੱਖੀ ਵਿਸ਼ਲੇਸ਼ਣ ਹੈ। ਕਾਵਿ ਕਿਤਾਬਾਂ ਤੇ ਗ਼ਜ਼ਲਾਂ ਦੇ ਕਾਵਿ ਤੱਤਾਂ ਬਾਰੇ ਵਿਸਤਰਿਤ ਚਰਚਾ ਹੈ। ਗਜ਼ਲਾਂ ਦੇ ਸ਼ਿਅਰਾਂ ਦਾ ਸੂਖਮ ਅਧਿਐਨ ਹੈ। ਕਵੀਆਂ ਦਾ ਕਾਵਿ ਨਜ਼ਰੀਆ, ਕਾਵਿ ਯਥਾਰਥ ਅਲੰਕਾਰ ਬਿੰਬ ਤੇ ਰੂਪਕ ਪੱਖ ਦੀ ਆਲੋਚਨਾ ਹੈ। ਮਹਾਂਕਾਵਿ ਦੀ ਚਰਚਾ ਵਿਚ ਗੁਰੂ ਨਾਨਕ ਦੇਵ ਜੀ ਦੇ ਅਲੌਕਿਕ ਜੀਵਨ ਤੇ ਸਮਕਾਲੀ ਸਮਾਜ 'ਤੇ ਆਲੋਚਨਾਤਮਿਕ ਦ੍ਰਿਸ਼ਟੀ ਨਾਲ ਵਿਚਾਰ ਕੀਤੀ ਹੈ। ਮਾਲਵੇ ਦੇ ਨਾਵਲਕਾਰ ਬੂਟਾ ਸਿੰਘ ਸ਼ਾਦ ਦਾ ਨਾਵਲ ਕਾਲੀ ਬੋਲੀ ਰਾਤ, ਫਖ਼ਰ ਜ਼ਮਾਨ ਦੇ ਨਾਵਲ ਤੂੰ ਕਿ ਮੈਂ, ਬਲਦੇਵ ਸਿੰਘ ਦੇ ਇਤਿਹਾਸਿਕ ਨਾਵਲ ਪੰਜਵਾਂ ਸਾਹਿਬਜ਼ਾਦਾ, ਅਵਤਾਰ ਸਿੰਘ ਬਿਲਿੰਗ ਦੇ ਨਾਵਲ ਖਾਲੀ ਖੂਹਾਂ ਦੀ ਕਥਾ, ਜਸਪਾਲ ਮਾਨ ਖੇੜਾ ਦੇ ਨਾਵਲ 'ਮੈਂ ਹੁਣ ਉਹ ਨਹੀਂ', ਸੋਮਾ ਸਬਲੋਕ ਦਾ ਕਾਮੁਕ ਨਾਵਲੈਂਟ ਪੇਟੈਂਟ ਹਸਬੈਂਡ ਦੀ ਗਲਪੀ ਆਲੋਚਨਾ ਹੈ। ਹਾਸ ਵਿਅੰਗ ਲੇਖਕ ਕੇ. ਐਲ. ਗਰਗ ਦਾ ਅਮਰੀਕਾ ਦਾ ਸਫ਼ਰਨਾਮਾ ਦੂਜਾ ਪਾਸਾ ਦੀ ਦਿਲਚਸਪ ਵਿਸ਼ਲੇਸ਼ਣ ਹੈ। ਇਤਿਹਾਸਕ ਨਾਵਲ ਦੀ ਪੁਣਛਾਣ ਵਿਚ ਦਲਿਤ ਚੇਤਨਾ 'ਤੇ ਵਧੇਰੇ ਫੋਕਸ ਹੈ। ਕਹਾਣੀ ਪੁਸਤਕਾਂ ਵਿਚ ਡਾ. ਬਲਜੀਤ ਕੌਰ ਬੱਲੀ, ਪ੍ਰੋ. ਹਰਭਜਨ ਸਿੰਘ, ਡਾ. ਹਰਜਿੰਦਰ ਸੂਰੇਵਾਲੀਆ, ਦਰਸ਼ਨ ਜੋਗਾ, ਪਰਮਜੀਤ ਮਾਨ ਤੇ ਸੁਰਿੰਦਰ ਸਿੰਘ ਰਾਏ ਦੀ ਇਕ-ਇਕ ਕਹਾਣੀ ਪੁਸਤਕ ਦੀ ਬਹੁਦਿਸ਼ਾਵੀ ਸਮੀਖਿਆ ਹੈ। ਸਾਰੀ ਪੁਸਤਕ ਵਿਚ ਤਕਨੀਕੀ ਸ਼ਬਦਾਂ ਦੀ ਭਰਮਾਰ ਹੈ। ਪ੍ਰੋ. ਜਗਬੀਰ ਸਿੰਘ ਨੇ ਕਿਤਾਬ ਦੀ ਸਾਹਿਤਕ ਮਹੱਤਤਾ 'ਤੇ ਰੌਸ਼ਨੀ ਪਾਈ ਹੈ। ਪੁਸਤਕ ਆਲੋਚਨਾ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਚਿੰਤਕਾਂ ਲਈ ਲਾਹੇਵੰਦ ਹੈ ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਸੰਪਰਕ : 98148-56160


ਪੈਗ਼ੰਬਰ
ਮੂਲ ਲੇਖਕ: ਖ਼ਲੀਲ ਜਿਬਰਾਨ,
ਅਨੁਵਾਦਕ: ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 103
ਸੰਪਰਕ : 099588-31357


ਲਿਬਨਾਨ ਦੇ ਕਵੀ ਖ਼ਲੀਲ ਜਿਬਰਾਨ ਦੀ ਵਿਸ਼ਵ ਪ੍ਰਸਿੱਧ ਪੁਸਤਕ "he Prophet ਦਾ ਪੰਜਾਬੀ ਅਨੁਵਾਦ ਡਾ. ਬਲਦੇਵ ਸਿੰਘ 'ਬੱਧਨ' ਦੁਆਰਾ ਕੀਤਾ ਗਿਆ ਹੈ ਅਤੇ 'ਪੈਗ਼ੰਬਰ' ਸਿਰਲੇਖ ਅਧੀਨ ਪ੍ਰਕਾਸ਼ਿਤ ਹੋਇਆ ਹੈ। ਇਹ ਪੁਸਤਕ ਖ਼ਲੀਲ ਜਿਬਰਾਨ ਦੀਆਂ ਬਿਹਤਰੀਨ ਰਚਨਾਵਾਂ ਵਿਚੋਂ ਇਕ ਹੈ ਜਿਸ ਦਾ ਵਿਸ਼ਵ ਦੀਆਂ 40 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਹੁਣ ਤੱਕ 163 ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 10 ਕਰੋੜ ਤੋਂ ਵੱਧ ਪੁਸਤਕਾਂ ਵਿਕ ਚੁੱਕੀਆਂ ਹਨ। ਇਸ ਪੁਸਤਕ ਵਿਚ ਉਸ ਨੇ 26 ਵਿਸ਼ਿਆਂ ਬਾਰੇ ਗੱਲ ਕੀਤੀ ਹੈ। ਇਹ 26 ਸਵਾਲ ਅਲਮੁਸਤਫ਼ਾ ਨੂੰ ਉਸ ਸਮੇਂ ਪੁੱਛੇ ਗਏ ਜਦੋਂ ਉਹ 12 ਸਾਲਾਂ ਬਾਅਦ ਸਮੁੰਦਰੀ ਜਹਾਜ਼ 'ਤੇ ਆਪਣੇ ਘਰ ਜਾ ਰਿਹਾ ਸੀ। ਉਨ੍ਹਾਂ ਸਵਾਲਾਂ ਦੇ ਜਵਾਬ ਵਿਚ ਲੇਖਕ ਵਲੋਂ 26 ਪ੍ਰਵਚਨ ਕੀਤੇ ਗਏ। ਇਹ 26 ਵਿਸ਼ੇ ਹਨ ਸਮੁੰਦਰੀ ਜਹਾਜ਼ ਦਾ ਆਉਣਾ, ਪਿਆਰ, ਵਿਆਹ, ਸੰਤਾਨ, ਦਾਨ, ਖ਼ੁਰਾਕ, ਕਿਰਤ-ਕਰਮ, ਸੁੱਖ ਅਤੇ ਦੁੱਖ, ਘਰ, ਬਸਤਰ, ਖ਼ਰੀਦੋ-ਫ਼ਰੋਖ਼ਤ, ਨਿਆਂ, ਕਾਨੂੰਨ, ਆਜ਼ਾਦੀ, ਤਰਕ ਅਤੇ ਭਾਵ, ਪੀੜ, ਆਤਮ-ਗਿਆਨ, ਅਧਿਆਪਨ, ਦੋਸਤੀ, ਗੱਲਬਾਤ, ਸਮਾਂ, ਨੇਕੀ ਤੇ ਬਦੀ, ਅਰਦਾਸ, ਅਨੇਕ, ਸੁੰਦਰਤਾ, ਧਰਮ, ਮੌਤ ਤੇ ਵਿਦਾਇਗੀ। ਇਨ੍ਹਾਂ ਵਿਸ਼ਿਆਂ 'ਤੇ ਗੱਲ ਕਰਦਾ ਹੋਇਆ ਲੇਖਕ ਰਹੱਸਵਾਦੀ ਵਿਚਾਰਾਂ ਰਾਹੀਂ ਵਿਸਥਾਰਤ ਚਰਚਾ ਕਰਦਾ ਹੈ। ਅਲਮਿੱਤਰਾ ਦੇ ਪਿਆਰ ਅਤੇ ਵਿਆਹ ਬਾਰੇ ਵਿਚਾਰ ਪੁੱਛਣ 'ਤੇ ਉਹ ਇਨ੍ਹਾਂ ਵਿਸ਼ਿਆਂ ਬਾਰੇ ਦੱਸਦਾ ਹੈ ਤਾਂ ਇਕ ਬਾਲ ਦੀ ਮਾਂ ਸੰਤਾਨ ਬਾਰੇ ਪੁੱਛ ਲੈਂਦੀ ਹੈ, ਫਿਰ ਭੀੜ ਵਿਚੋਂ ਕਈ ਲੋਕ ਦਾਨ, ਖ਼ੁਰਾਕ, ਕਿਰਤ-ਕਰਮ, ਸੁੱਖ ਅਤੇ ਦੁੱਖ ਅਤੇ ਘਰ ਬਾਰੇ ਪੁੱਛੇ ਪ੍ਰਸ਼ਨਾਂ ਦੇ ਉੱਤਰ ਦਿੰਦਾ ਹੈ। ਸਾਰੇ ਲੋਕ ਆਪਣੇ-ਆਪਣੇ ਕਿੱਤੇ ਨਾਲ ਸੰਬੰਧਿਤ ਪ੍ਰਸ਼ਨ ਪੁੱਛ ਰਹੇ ਸਨ ਤਾਂ ਪੁਜਾਰਨ ਨੇ ਵੀ ਅਰਦਾਸ ਦਾ ਅਸਲ ਮਕਸਦ ਜਾਣਨਾ ਚਾਹਿਆ। ਇਕ ਫ਼ਕੀਰ ਅਨੰਦ ਬਾਰੇ ਤੇ ਸ਼ਾਇਰ ਸੁੰਦਰਤਾ ਬਾਰੇ ਜਾਣਨਾ ਚਾਹੁੰਦਾ ਸੀ। ਅਲਮੁਸਤਫ਼ਾ ਨੇ ਇਕ-ਇਕ ਕਰਕੇ ਸਭ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਅੰਤ ਵਿਚ ਵਿਦਾਇਗੀ ਬਾਰੇ ਦੱਸ ਕੇ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਚਲਿਆ ਗਿਆ ਅਤੇ ਅਲਮਿੱਤਰਾ ਕਿਨਾਰੇ 'ਤੇ ਖੜ੍ਹੀ ਰਹਿ ਗਈ। ਇਸ ਢੰਗ ਨਾਲ ਇਹ ਪੁਸਤਕ ਮਾਨਵ ਕਲਿਆਣ ਲਈ ਲਿਖੀ ਗਈ ਸਾਬਤ ਹੁੰਦੀ ਹੈ ਅਤੇ ਅਲਮੁਸਤਫ਼ਾ ਦੇ ਪ੍ਰਵਚਨਾਂ ਰਾਹੀਂ ਮਨੁੱਖ ਦੀਆਂ ਸੰਵੇਦਨਾਵਾਂ ਨੂੰ ਸੇਧ ਦਿੰਦੀ ਹੈ।


ਡਾ. ਸੰਦੀਪ ਰਾਣਾ,
ਮੋਬਾਈਲ : 98728-87551


ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ
ਲੇਖਕ : ਨਵਦੀਪ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ :200 ਰੁਪਏ, ਸਫ਼ੇ :56
ਸੰਪਰਕ 97800-36216


ਨਵਦੀਪ ਸਿੰਘ ਗਿੱਲ ਖੇਡਾਂ ਤੇ ਖਿਡਾਰੀਆਂ ਬਾਰੇ ਪਿਛਲੇ 20 ਸਾਲ ਤੋਂ ਵੱਧ ਸਮੇਂ ਤੋਂ ਲਿਖ ਰਿਹਾ ਹੈ। ਪੰਜਾਬ ਸਰਕਾਰ ਵਿਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਲੇਖਕ ਨਵਦੀਪ ਸਿੰਘ ਗਿੱਲ ਨੇ ਹੁਣ ਤੱਕ 9 ਕਿਤਾਬਾਂ ਲਿਖੀਆਂ ਹਨ। ਲੇਖਕ ਵਲੋਂ ਲਿਖੀ ਇਹ ਪੁਸਤਕ 'ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ' ਬਾਲ ਸਾਹਿਤ ਦੀ ਪੁਸਤਕ ਹੈ। ਪਿਛਲੇ ਸਾਲ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਓਲੰਪਿਕਸ ਵਿਚ ਭਾਰਤੀ ਹਾਕੀ ਵਲੋਂ 41 ਸਾਲ ਬਾਅਦ ਕੋਈ ਤਮਗਾ ਜਿੱਤਿਆ ਗਿਆ ਅਤੇ ਇਹ ਭਾਰਤੀ ਖੇਡਾਂ ਅਤੇ ਖ਼ਾਸ ਕਰਕੇ ਹਾਕੀ ਲਈ ਇਤਿਹਾਸਿਕ ਪਲ ਸੀ। ਭਾਰਤੀ ਹਾਕੀ ਦੀ ਇਸ ਪ੍ਰਾਪਤੀ ਤੋਂ ਬਾਅਦ ਖੇਡ ਪ੍ਰੇਮੀ ਇਥੋਂ ਤੱਕ ਹਰ ਇਕ ਦੇਸ਼ ਵਾਸੀ ਆਪਣੇ ਹੀਰੋ ਖਿਡਾਰੀਆਂ ਦੀਆਂ ਜੀਵਨੀਆਂ ਜਾਣਨ ਲਈ ਉਤਸਕ ਸਨ। ਲੋਕ ਗੀਤ ਪ੍ਰਕਾਸ਼ਨ ਵਲੋਂ ਸਕੂਲੀ ਵਿਦਿਆਰਥੀਆਂ ਲਈ ਛਾਪੇ ਜਾ ਰਹੇ ਬਾਲ ਸਾਹਿਤ ਦੀ ਲੜੀ ਤਹਿਤ ਨਵਦੀਪ ਸਿੰਘ ਗਿੱਲ ਵਲੋਂ ਇਹ ਪੁਸਤਕ ਲਿਖੀ ਗਈ ਹੈ। ਰੰਗਦਾਰ ਸਚਿੱਤਰ ਪੁਸਤਕ ਦੀ ਭੂਮਿਕਾ ਵਿਚ ਭਾਰਤੀ ਹਾਕੀ ਟੀਮ ਦਾ ਓਲੰਪਿਕ ਖੇਡਾਂ ਵਿਚ ਇਤਿਹਾਸ ਅਤੇ ਫੇਰ ਟੋਕੀਓ ਓਲੰਪਿਕ ਖੇਡਾਂ ਵਿਚ ਗਰੁੱਪ ਸਟੇਜ ਅਤੇ ਨਾਕ ਆਊਟ ਦੇ ਮੈਚਾਂ ਅਤੇ ਕਾਂਸੀ ਦੇ ਤਗ਼ਮੇ ਦੇ ਮੈਚਾਂ ਦੇ ਵੇਰਵੇ ਦਿੱਤੇ ਗਏ ਹਨ। ਇਹ ਪੁਸਤਕ ਜਿੱਥੇ ਟੋਕੀਓ ਓਲੰਪਿਕਸ ਦੇ ਪੁਰਸ਼ ਹਾਕੀ ਦੇ ਮੁਕਾਬਲਿਆਂ ਦਾ ਇਤਿਹਾਸ ਸਾਂਭੇਗੀ, ਉਥੇ ਭਾਰਤੀ ਟੀਮ ਦੇ ਇਕੱਲੇ-ਇਕੱਲੇ ਖਿਡਾਰੀ ਦੀ ਸੰਖੇਪ ਜੀਵਨੀ ਉਤੇ ਵੀ ਝਾਤ ਪਾਵੇਗੀ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੋਂ ਲੈ ਕੇ ਭਾਰਤੀ ਹਾਕੀ ਟੀਮ ਦੇ ਸਾਰੇ 19 ਖਿਡਾਰੀਆਂ ਅਤੇ ਕੋਚ ਗ੍ਰਾਹਮ ਰੀਡ ਬਾਰੇ ਵੱਖੋ-ਵੱਖਰਾ ਚੈਪਟਰ ਹੈ। ਹਰ ਚੈਪਟਰ ਵਿਚ ਸਬੰਧਤ ਖਿਡਾਰੀ ਦੇ ਜਨਮ, ਬਚਪਨ, ਖੇਡ ਦੀ ਸ਼ੁਰੂਆਤ ਤੋਂ ਲੈ ਕੇ ਉਸ ਵਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਅਤੇ ਟੋਕੀਓ ਓਲੰਪਿਕਸ ਵਿਚ ਦਿਖਾਏ ਪ੍ਰਦਰਸ਼ਨ ਦੇ ਵੇਰਵੇ ਮਿਲਦੇ ਹਨ।
ਬਾਲ ਸਾਹਿਤ ਦੀ ਇਹ ਪੁਸਤਕ ਬੱਚਿਆਂ ਨੂੰ ਖੇਡਾਂ ਖ਼ਾਸ ਕਰਕੇ ਹਾਕੀ ਨਾਲ ਜੁੜਨ ਵਿਚ ਸਹਾਈ ਸਿੱਧ ਹੋਵੇਗੀ। ਇਸ ਪੁਸਤਕ ਨਾਲ ਨਵੀਂ ਉਮਰ ਦੇ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ ਅਤੇ ਆਪਣੇ ਚਹੇਤੇ ਖਿਡਾਰੀਆਂ ਦੇ ਜੀਵਨ ਬਾਰੇ ਵੀ ਜਾਣਕਾਰੀ ਮਿਲੇਗੀ, ਜਿਸ ਤੋਂ ਉਹ ਪ੍ਰੇਰਨਾ ਲੈ ਸਕਣਗੇ। ਸਕੂਲੀ ਬੱਚਿਆਂ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।


ਡਾ. ਜਤਿੰਦਰ ਸਾਬੀ
ਮੋਬਾਈਲ : 98729-78781

 

 ਪ੍ਰਾਪਤ ਪੁਸਤਕਾਂ

27-08-2022

 ਹੋਨਿ ਨਜੀਕਿ
ਖੁਦਾਇ ਦੈ...
ਲੇਖਿਕਾ : ਡਾ. ਸਰਬਜੀਤ ਕੌਰ ਸੰਧਾਵਾਲੀਆ
ਪ੍ਰਕਾਸ਼ਕ : ਲੇਖਿਕਾ ਖ਼ੁਦ
ਸਫ਼ੇ : 124
ਸੰਪਰਕ : 98147-16367

ਹਥਲੀ ਪੋਥੀ ਵਿਚ ਪੰਜਾਬੀ ਦੀ ਪ੍ਰਮੁੱਖ ਰਹੱਸਵਾਦੀ ਲੇਖਿਕਾ ਡਾ. ਸਰਬਜੀਤ ਕੌਰ ਸੰਧਾਵਾਲੀਆ ਨੇ ਗੁਰਮਤਿ ਅਤੇ ਗੁਰਬਾਣੀ ਨਾਲ ਜੁੜੇ ਹੋਏ ਕੁਝ ਬ੍ਰਹਮ-ਗਿਆਨੀਆਂ ਅਤੇ ਸਾਧਕਾਂ ਦੀ ਕੀਰਤੀ ਦਾ ਜੱਸ ਗਾਇਆ ਹੈ। ਲੇਖਿਕਾ ਅਜਿਹੇ ਮਹਾਂਪੁਰਖਾਂ ਨੂੰ 'ਰੰਗ ਰਤੜੇ ਰਸਿਕ ਬੈਰਾਗੀਆਂ' ਦੇ ਹਵਾਲੇ ਨਾਲ ਸਿਮਰਦੀ ਹੈ। ਪੁਸਤਕ ਦਾ ਪਰਿਚਯ ਕਰਵਾਉਂਦੀ ਹੋਈ ਉਹ ਲਿਖਦੀ ਹੈ, 'ਮੈਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਅਤੇ ਸ੍ਰੀ ਹੁਕਮਨਾਮਾ ਸਾਹਿਬ ਪ੍ਰਾਪਤ ਕਰ ਕੇ ਕੁਝ ਗੁਰਸਿੱਖਾਂ ਦੇ ਜੀਵਨ ਦੀਆਂ ਝਲਕਾਂ ਆਪ ਨਾਲ ਸਾਂਝੀਆਂ ਕਰ ਰਹੀ ਹਾਂ। ਇਹ ਕਹਾਣੀ ਸਰੀਰ ਦੀ ਨਹੀਂ, ਸਗੋਂ ਆਤਮਾ ਦੇ ਸਰੂਰ ਦੀ ਹੈ...।' (ਪੰਨਾ 3)
ਡਾ. ਸੰਧਾਵਾਲੀਆ ਵਿਸਮਾਦੀ ਅਨੁਭਵ ਦੀ ਧਾਰਨੀ ਹੈ। ਜਦੋਂ ਉਸ ਦੀ ਨਜ਼ਰ ਪੂਰੇ ਬ੍ਰਹਿਮੰਡ ਦੇ ਅਦਭੁਤ ਵਰਤਾਰੇ ਅਤੇ ਇਸ ਪਿੱਛੇ ਚੱਲ ਰਹੇ ਅਟੱਲ ਨਿਯਮਾਂ ਉੱਪਰ ਪੈਂਦੀ ਹੈ ਤਾਂ ਉਸ ਦੀ ਸੰਵੇਦਨਾ ਦ੍ਰਵੀਭੂਤ ਹੋ ਜਾਂਦੀ ਹੈ। ਨੇਤਰਾਂ ਵਿਚੋਂ ਅੱਥਰੂਆਂ ਦੀ ਅਮੁੱਕ ਧਾਰਾ ਚੱਲ ਪੈਂਦੀ ਹੈ ਅਤੇ ਆਤਮਾ ਅਨੰਦ ਉਡਾਰੀਆਂ ਲਾਉਣ ਲਗਦੀ ਹੈ। ਲੇਖਿਕਾ ਦੇ ਵਿਸਮਾਦੀ ਅਨੁਭਵ ਅਤੇ ਪ੍ਰਭੂ ਪ੍ਰਤੀ ਸਮਰਪਣ ਭਾਵਨਾ ਨੂੰ ਮਹਿਸੂਸ ਕਰ ਕੇ ਮੈਨੂੰ ਇਸ ਪ੍ਰਕਾਰ ਪ੍ਰਤੀਤ ਹੁੰਦਾ ਹੈ ਕਿ ਉਹ ਖ਼ੁਦ ਮੀਰਾਂਬਾਈ ਵਾਂਗ ਰੰਗ-ਰੱਤੜੀ ਬਣੀ ਹੋਈ ਹੈ। ਉਸ ਦੇ ਵਿਚਾਰ ਅਤੇ ਅਹਿਸਾਸ ਧੰਨਤਾ ਯੋਗ ਹਨ ਅਤੇ ਉਹ ਬ੍ਰਹਮ ਗਿਆਨੀ ਬਣ ਚੁੱਕੀ ਹੈ। ਪਦਾਰਥਕ ਲਾਲਸਾਵਾਂ ਅਤੇ ਲੋੜਾਂ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ ਰਿਹਾ।
ਇਸ ਪੁਸਤਕ ਵਿਚ ਭਾਈ ਹਰਨੇਕ ਸਿੰਘ, ਸੰਤ ਗੁਰਮੇਲ ਸਿੰਘ ਬਾਘਾ ਪੁਰਾਣਾ, ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ, ਡਾ. ਜਗਜੀਤ ਸਿੰਘ, ਮਹੰਤ ਤੀਰਥ ਸਿੰਘ ਸੇਵਾਪੰਥੀ, ਮਹੰਤ ਕਾਹਨ ਸਿੰਘ ਸੇਵਾਪੰਥੀ, ਸੰਤ ਬਾਬਾ ਭਜਨ ਸਿੰਘ ਜੀ, ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਅਤੇ ਕੁਝ ਹੋਰ ਸੰਤਾਂ-ਬ੍ਰਹਮ ਗਿਆਨੀਆਂ ਦੇ ਉਪਕਾਰਾਂ ਅਤੇ ਜੀਵਨ-ਸ਼ੈਲੀ ਦਾ ਵਰਨਣ ਹੋਇਆ ਹੈ। ਅਧਿਆਤਮਿਕ ਰਸ ਨਾਲ ਗੜੂੰਦ ਇਸ ਪੋਥੀ ਦਾ ਪਾਠ ਕਰਨ ਲਈ ਪਾਠਕ ਦੀ ਆਤਮਾ ਸ਼ੁੱਧ, ਪਵਿੱਤਰ ਅਤੇ ਪਰਉਪਕਾਰੀ ਹੋਣੀ ਚਾਹੀਦੀ ਹੈ ਜੀ...।
c c c

ਹੇ! ਲੀਲਾ
ਕਵੀ : ਸੀ. ਮਾਰਕੰਡਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150/- ਰੁਪਏ, ਸਫ਼ੇ : 88
ਸੰਪਰਕ : 94172-72161

ਸੀ. ਮਾਰਕੰਡਾ ਪੰਜਾਬੀ ਦਾ ਇਕ ਪ੍ਰਮੁੱਖ ਪ੍ਰਗਤੀਵਾਦੀ ਕਵੀ, ਜਗਿਆਸੂ ਸਫ਼ਰਨਾਮਾ-ਲੇਖਕ, ਕੁਸ਼ਲ ਅਨੁਵਾਦਕ, ਨਿਰਭੈ ਸੰਪਾਦਕ ਅਤੇ ਪ੍ਰਸਿੱਧ ਪੱਤਰਕਾਰ ਹੈ। ਉਹ ਸਿੱਧੀ, ਸਪਸ਼ਟ ਅਤੇ ਖਰੀ-ਖਰੀ ਗੱਲ ਕਹਿਣ ਦਾ ਸਮਰਥਕ ਹੈ। ਉਸ ਨੂੰ ਗਿਲਾ ਹੈ ਕਿ ਅਜੋਕੇ ਪੂੰਜੀਵਾਦੀ ਦੌਰ ਵਿਚ ਸਾਡੇ ਪ੍ਰਤੀਨਿਧ ਲਿਖਾਰੀ ਵੀ ਵਪਾਰੀ ਬਣਦੇ ਜਾ ਰਹੇ ਹਨ । ਇਸ ਪ੍ਰਸੰਗ ਵਿਚ ਆਪਣੇ ਸਮੇਤ, ਉਹ ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਹਥਲਾ ਕਾਵਿ ਸੰਗ੍ਰਹਿ ਉਸ ਨੇ ਆਪਣੀ ਪਤਨੀ ਦਾ 'ਰਿਣ ਯਾਦ ਰੱਖਣ' ਲਈ ਕੀਤਾ ਹੈ, ਜੋ ਪਿਛਲੇ ਚਾਰ ਪੰਜ ਦਹਾਕਿਆਂ ਤੋਂ ਜੀਵਨ ਦੀ ਹਰ ਸਥਿਤੀ ਵਿਚ ਉਸ ਦੇ ਨਾਲ ਖੜੋਤੀ ਹੈ, ਉਸ ਦੇ ਨਾਲ ਨਿਭੀ ਹੈ। ਮਰਦ ਪ੍ਰਧਾਨ ਪੰਜਾਬੀ ਸਮਾਜ ਵਿਚ ਰਹਿਣ ਵਾਲੇ ਅਸੀਂ ਸੰਵੇਦਨਸ਼ੀਲ ਅਤੇ ਕੋਮਲਭਾਵੀ ਲੇਖਕ ਲੋਕ ਵੀ ਪਤਨੀਆਂ ਦੇ ਯੋਗਦਾਨ ਨੂੰ ਅਣਗੌਲਿਆਂ ਕਰ ਦਿੰਦੇ ਹਾਂ, ਜੋ ਇਕ ਸ਼ਰਮਨਾਕ ਵਰਤਾਰਾ ਹੈ। ਹਥਲੇ ਸੰਗ੍ਰਹਿ ਵਿਚ ਉਸ ਦੀਆਂ 41 ਰਚਨਾਵਾਂ ਸੰਗ੍ਰਹਿਤ ਹਨ, ਜਿਨ੍ਹਾਂ ਵਿਚ 3 ਗ਼ਜ਼ਲਾਂ, 1 ਓਪਰੇਟਾ, 2 ਗੀਤ, ਕੁਝ ਸ਼ੇਅਰ। ਮਰਮੀਆ ਕੁਝ ਬੈਂਤ, 3-4 ਸ਼ਰਧਾਂਜਲੀਆਂ (ਗੁਰੂਜਨਾਂ ਨੂੰ) ਅਤੇ ਬਾਕੀ ਪ੍ਰਗਤੀਸ਼ੀਲ ਕਵਿਤਾਵਾਂ ਹਨ। 'ਊਂਘਦੇ ਪੰਜਾਬ ਜਾਗ', 'ਸ਼ਾਹ ਜੀ', ਅਤੇ 'ਫੱਟੜ ਪੰਛੀ' ਕੁਝ ਲੰਮੀਆਂ ਕਵਿਤਾਵਾਂ ਹਨ ਅਤੇ ਬਾਕੀ ਸਭ ਲਘੂ-ਆਕਾਰ ਦੀਆਂ ਰਚਨਾਵਾਂ ਹਨ। ਕਵੀ ਆਪਣੀ ਪਤਨੀ ਲੀਲਾ ਦੇ ਹਰ ਆਹਰ, ਕਾਰ-ਵਿਹਾਰ, ਅਦਾਵਾਂ ਅਤੇ ਖ਼ੂਬੀਆਂ ਦਾ ਭਾਵਭਿੰਨਾ ਨਿਰੂਪਣ ਕਰਦਾ ਹੈ ਅਤੇ ਇਸ ਤੱਥ ਨੂੰ ਸਵੀਕਾਰ ਕਰਨ ਵਿਚ ਜ਼ਰਾ ਵੀ ਝਿਜਕ ਨਹੀਂ ਕਰਦਾ ਕਿ ਉਸ ਦੀ ਸ਼ਖ਼ਸੀਅਤ ਨੂੰ ਸੰਵਾਰਨ-ਨਿਖਾਰਨ ਵਿਚ ਲੀਲਾ ਦਾ ਵੱਡਾ ਯੋਗਦਾਨ ਰਿਹਾ ਹੈ। 'ਊਂਘਦੇ ਪੰਜਾਬ ਜਾਗ', 'ਸ਼ਾਹ ਜੀ', 'ਨਰਮੇ ਦਾ ਮਰਸੀਆ' ਆਦਿ ਕਵਿਤਾਵਾਂ ਵਿਚ ਕਵੀ ਮਾਰਕੰਡਾ ਅਜੋਕੇ ਪੰਜਾਬ ਦੀ ਤ੍ਰਾਸਦਿਕ ਸਥਿਤੀ ਦਾ ਚਿਤਰਣ ਕਰਦਾ ਹੈ। ਉਸ ਦੀਆਂ ਕਵਿਤਾਵਾਂ ਹਰ ਉਮਰ, ਵਰਗ ਅਤੇ ਰੁਤਬੇ ਦੇ ਪੰਜਾਬੀ ਦੇ ਮਨ-ਮਸਤਕ ਵਿਚ ਡੂੰਘਾ ਉਤਰ ਜਾਂਦੀਆਂ ਹਨ। ਉਹ ਵਲ-ਛਲ ਨਾਲ ਗੱਲ ਕਹਿਣ ਵਾਲਾ ਫ਼ਰੇਬੀ ਲੇਖਕ ਨਹੀਂ ਹੈ। ਪੰਜਾਬੀ ਪਾਠਕ ਅਜਿਹੇ ਲੇਖਕਾਂ ਨੂੰ ਹੀ ਜਿੰਦ-ਜਾਨ ਨਾਲ ਪਿਆਰ ਕਰਦੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਫ਼ਕੀਰੀ ਰਮਜ਼ਾਂ
ਲੇਖਕ : ਗੁਰਿੰਦਰ ਗਿੱਲ
ਪ੍ਰਕਾਸ਼ਕ : ਅਭੀ ਬੁਕਸ ਐਂਡ ਪ੍ਰਿੰਟਰਜ਼, ਜਲੰਧਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94652-38137

ਗੁਰਿੰਦਰ ਗਿੱਲ ਨੇ ਪੁਸਤਕ 'ਫ਼ਕੀਰੀ ਰਮਜ਼ਾਂ' ਵਿਚ ਬੇਬਾਕੀ ਨਾਲ ਬ੍ਰਹਿਮੰਡ ਦੀ ਉਡਾਰੀ ਲਗਾਈ ਹੈ। ਫ਼ਕੀਰੀ ਜੀਵਨ ਹਯਾਤੀ ਦੇ ਮੀਰੀ ਗੁਣ ਸਬਰ, ਸੰਤੋਖ, ਪ੍ਰੇਮ, ਮੁਰਸ਼ਦ, ਸੰਜਮ, ਸਹਿਜਤਾ, ਨਿਰਮਾਣਤਾ, ਖਿਆਲਾਂ ਦੀ ਉਡਾਰੀ, ਤਿਆਗ, ਸਰਬ-ਸਾਂਝੀਵਾਲਤਾ, ਮਾਨਵ ਹਿਤੈਸ਼ੀ ਆਦਿ ਵਿਦਮਾਨ ਹਨ। ਸੂਫ਼ੀਮਤ ਦੇ ਪ੍ਰਭਾਵ ਅਧੀਨ ਗਿੱਲ ਦੇ ਕਾਵਿ ਵਿਚ ਫ਼ਕੀਰੀ ਪ੍ਰਤੀਕ ਖੂਹ, ਕੱਚੇ ਘਰ, ਚਰਖੇ, ਭੱਠੀ ਆਦਿ ਰਾਹੀਂ ਜੀਵਨ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ। ਆਧੁਨਿਕ ਯੁੱਗ ਵਿਚ ਮਨੁੱਖ ਉੱਤੇ ਪਦਾਰਥਵਾਦੀ ਸੋਚ ਨੇ ਗਲਬਾ ਪਾ ਦਿੱਤਾ ਹੈ। ਈਰਖਾ, ਸਾੜਾ, ਦਵੈਸ਼, ਵਿਰੋਧ, ਵਿਸ਼ਵਾਸਘਾਤ, ਅਲਗਾਵ ਦੀਆਂ ਪ੍ਰਸਥਿਤੀਆਂ ਤੋਂ ਨਿਜਾਤ ਲਈ 'ਕਿਰਤ ਸਿਧਾਂਤ' ਉੱਤੇ ਫ਼ੋਕਸ ਕੀਤਾ ਹੈ। ਗੁਰਿੰਦਰ ਗਿੱਲ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਹੈ, ਉਸ ਦੀ ਕਵਿਤਾ ਵਿਚ ਮਨੁੱਖੀ ਸੁਭਾਅ ਤੇ ਵਿਵਹਾਰ ਦੀਆਂ ਸੂਖ਼ਮ ਪਰਤਾਂ ਦਾ ਬਿੰਬ ਉਸਰਦਾ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਉਸ ਦੇ ਸੁਹਿਰਦ ਯਤਨ ਪਾਠਕਾਂ ਦੇ ਘੇਰੇ ਵਿਚ ਵਾਧਾ ਕਰਦੇ ਹਨ:
ਬਾਬੇ ਨਾਨਕ ਦੀ ਜਾਈ ਇਹ ਸਿਆਹੀ ਕਲਮ ਦੀ ਤਿਹਾਈ ਇਹ।
ਲੀਹਾਂ ਬਾਬੇ ਬੁੱਲ੍ਹੇ, ਵਾਰਿਸ, ਅੰਮ੍ਰਿਤਾ,
ਸ਼ਿਵ, ਸਾਹਿਰ ਨੇ ਤੋਰੀਆਂ ਜੀ।
ਪੁਸਤਕ ਦੀਆਂ ਕਵਿਤਾਵਾਂ ਵਿਚ ਵਰਤਮਾਨ ਨੌਜਵਾਨ ਪੀੜ੍ਹੀ ਦੀ ਮਾਪਿਆਂ ਪ੍ਰਤੀ ਅਨੈਤਿਕ ਕਾਰਜਸ਼ੀਲਤਾ ਨੂੰ ਬੇਬਾਕੀ ਨਾਲ ਪੇਸ਼ ਕੀਤਾ ਹੈ, ਜੋ ਜ਼ਮੀਨ-ਜਾਇਦਾਦ ਦੀ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦਾ ਤ੍ਰਿਸਕਾਰ ਕਰਦੇ ਹਨ। ਗੁਰਿੰਦਰ ਗਿੱਲ ਨੇ ਭਰੂਣ ਹੱਤਿਆ ਦੇ ਨਾਲ-ਨਾਲ ਕੰਜਕਾਂ ਪੂਜਣ ਦੇ ਲੋਕ-ਵਿਖਾਵੇ ਨੂੰ ਨਸ਼ਰ ਕੀਤਾ ਹੈ। ਇਸ ਤੋਂ ਇਲਾਵਾ ਕੰਜਕਾਂ ਦੇ ਜਿਸਮਾਨੀ ਸ਼ੋਸ਼ਣ ਦਾ ਜ਼ਿਕਰ ਕੀਤਾ ਹੈ, ਇਕ ਪਾਸੇ ਕੰਜਕਾਂ ਪੂਜਦੇ ਲੋਕ, ਦੂਜੇ ਪਾਸੇ ਇੱਜ਼ਤਾਂ ਨਾਲ ਖੇਡਦੇ ਲੋਕੀਂ। ਧੀਆਂ ਨੂੰ ਬੋਝ ਸਮਝ ਕੇ ਕੁੱਖਾਂ ਵਿਚ ਹੀ ਰਹਿਣ ਮਰਵਾਉਂਦੇ ਲੋਕੀਂ। ਗੁਰਿੰਦਰ ਗਿੱਲ ਨੇ 'ਫ਼ਕੀਰੀ ਰਮਜ਼ਾਂ' ਵਿਚ ਮਾਨਵੀ ਜੀਵਨ ਨਾਲ ਡੂੰਘਾ ਸੰਵਾਦ ਰਚਾ ਕੇ ਸੁਹਿਰਦ ਤੇ ਸੱਭਿਅਕ ਸਮਾਜ ਦੀ ਹੋਂਦ ਉੱਤੇ ਜ਼ੋਰ ਦਿੱਤਾ ਹੈ। ਪਾਠਕ ਵਰਗ ਲਈ ਇਹ ਪੁਸਤਕ ਵਿਚਾਰਨਯੋਗ ਹੈ। ਇਹ ਜੀਵਨ ਹਯਾਤੀ ਦੇ ਹਰੇਕ ਪਹਿਲੂ ਨੂੰ ਰੂਪਮਾਨ ਕਰਦੀ ਹੈ।

ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

c c c

ਮੋਇਆਂ ਦਾ ਰਾਹ
ਅਨੁਵਾਦ ਤੇ ਸੰਪਾਦਨ ਭਜਨਬੀਰ ਸਿੰਘ
ਕੀਮਤ : 195 ਰੁਪਏ, ਸਫੇ : 136
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ (ਪਟਿਆਲਾ)
ਸੰਪਰਕ : 98556-75724

ਵਿਚਾਰ ਅਧੀਨ ਇਸ ਪੁਸਤਕ ਵਿਚ, ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ 'ਚੋਂ ਅਠਾਰਾਂ ਕਹਾਣੀਆਂ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਵੱਖੋ-ਵੱਖਰੇ ਸੱਭਿਆਚਾਰਾਂ, ਖਿੱਤਿਆਂ ਦੇ ਜਨ ਮਾਨਸ ਦੀਆਂ ਮਾਨਤਾਵਾਂ, ਵਿਸ਼ਵਾਸ, ਅੰਦਰੂਨੀ ਟੁੱਟ-ਭੱਜ, ਪੀੜ, ਅਹਿਸਾਸ, ਅਸਮਾਨ ਵੰਡ ਅਤੇ ਦਰਿਦਰਤਾ ਥਾਂ ਥਾਂ ਦ੍ਰਿਸ਼ਟੀਗੋਚਰ ਹੁੰਦੀ ਹੈ। ਪਾਠਕ ਆਪਣੇ ਹਿੱਸੇ ਆਏ ਦੁੱਖਾਂ ਨੂੰ ਵਿਸ਼ਵ ਪਰਿਪੇਖ ਵਿਚ ਤੁਲਨਾਤਮਿਕ ਨਜ਼ਰੀਏ ਨਾਲ ਪੁਸਤਕ ਦੀਆਂ ਕਹਾਣੀਆਂ ਵਿਚੋਂ ਮਹਿਸੂਸ ਕਰਦਾ ਹੈ। ਬਿਨਾਂ ਸ਼ੱਕ ਚੰਗਾ ਅਨੁਵਾਦ ਸਾਹਿਤ ਨੂੰ ਅਮੀਰੀ ਪ੍ਰਦਾਨ ਕਰਦਾ ਹੈ। ਇਸ ਪੁਸਤਕ ਦੀਆਂ ਕਹਾਣੀਆਂ ਦੀ ਸ਼ੁਰੂਆਤ ਓਨੋਰੋ ਦ ਬਾਲਜ਼ਾਕ ਦੀ ਫ਼ਰਾਂਸੀਸੀ ਕਹਾਣੀ 'ਤੇਂਦੂਏ ਦੇ ਨਾਲ' ਤੋਂ ਹੁੰਦੀ ਹੈ। ਕਹਾਣੀ 'ਕੈਦੀ' ਸੈਨਿਕ ਦੇ ਮਾਦਾ ਤੇਂਦੂਏ ਨਾਲ ਖ਼ੌਫ਼ਨਾਕ ਅਤੇ ਮੁਹੱਬਤੀ ਅਹਿਸਾਸ ਨੂੰ ਰੂਪਮਾਨ ਕਰਦੀ ਹੈ। ਰੂਸੀ ਕਹਾਣੀ ਦੁੱਖ (ਐਨਤੋਨ ਚੈਖਵ) ਚਿਰ ਪਹਿਲਾਂ ਬੜੀ ਚਰਚਿਤ ਕਹਾਣੀ ਰਹੀ ਹੈ। ਅਮਰੀਕੀ ਕਹਾਣੀ 'ਆਖਰੀ ਪੱਤਾ' ਵਿਚ ਬੇਹਰਮੈਨ ਦਾ ਨਕਲੀ ਪੱਤਾ ਤਿਆਰ ਕਰਕੇ ਟਹਿਣੀ ਨਾਲ ਟੰਗਣਾ ਅਤੇ ਰੋਗੀ ਨੂੰ ਬਚਾ ਕੇ ਆਪ ਜਾਨ ਗੁਆ ਲੈਣਾ, ਇਸ ਕਹਾਣੀ ਨੂੰ ਸ਼ਾਹਕਾਰ ਅਤੇ ਮਿਸਾਲੀ ਬਣਾਉਂਦਾ ਹੈ। ਇਟਾਲਵੀ ਕਹਾਣੀ 'ਖੁੱਲ੍ਹਾ ਬੂਹਾ' ਵਿਚ ਪਰਤ-ਦਰ-ਪਰਤ ਫਲੋਰਿਮੋਂ ਦਾ ਕਿਰਦਾਰ ਉਜਾਗਰ ਹੁੰਦਾ ਹੈ, ਜਦ ਤੱਕ ਦਾਤੇਨ ਉਸ ਦੀ ਤਲਵਾਰਬਾਜ਼ੀ ਦੀ ਹੱਟੀ ਬੰਦ ਨਹੀਂ ਕਰਾ ਦਿੰਦਾ। ਹਰਮਨ ਹੈੱਸ ਦੀ ਜਰਮਨ ਕਹਾਣੀ 'ਵਹਿਮੀ' ਗਲਤ ਪਰਿਵਾਰਕ ਪਰੰਪਰਾਵਾਂ ਅਤੇ ਰੰਜਸ਼ਾ ਨੂੰ ਆਪਸ ਵਿਚ ਖ਼ਤਮ ਕਰਨ ਅਤੇ ਸੁੰਦਰ ਰਿਸ਼ਤਿਆਂ ਨੂੰ ਸਿਰਜਣ ਦਾ ਸੁਨੇਹਾ ਦਿੰਦੀ ਹੈ। ਡੀ. ਐਚ. ਲਾਰੈਂਸ ਦੀ ਅੰਗਰੇਜ਼ੀ ਕਹਾਣੀ ਹੜਤਾਲ ਕੋਲਾ ਮਜ਼ਦੂਰਾਂ ਵਿਚਕਾਰ ਸਹਾਇਤਾ ਰਾਸ਼ੀ ਵੰਡਣ ਅਤੇ ਮਜ਼ਦੂਰ ਘਰਾਂ ਦੀ ਮਾੜੀ ਆਰਥਿਕਤਾ ਦਾ ਨਕਸ਼ਾ ਉਲੀਕਦੀ ਹੈ। ਆਨੰਦੀ ਸ਼ਹਿਰ ਜੋ ਵੇਸਵਾਵਾਂ ਨੇ ਵਸਾਇਆ ਸੀ, ਸਮਾਂ ਬੀਤਣ ਨਾਲ ਜਦੋਂ ਵਿਕਸਿਤ ਹੋ ਕੇ ਘੁੱਗ ਵੱਸਣ ਲੱਗਾ ਤਾਂ ਸ਼ਹਿਰ ਦੇ ਮੁਹਤਬਰਾਂ ਨੇ ਮਤਾ ਪਕਾਇਆ ਕਿ ਇਸ ਪੇਸ਼ੇ ਲਈ ਸ਼ਹਿਰੋਂ ਬਾਰਾਂ ਕੋਹ ਬਾਹਰ ਇਨ੍ਹਾਂ ਔਰਤਾਂ ਨੂੰ ਰਹਿਣ ਲਈ ਥਾਂ ਦਿੱਤੀ ਜਾਵੇ। ਪਾਠਕ ਇਸ ਬਾਰੇ ਸੋਚਣ ਜ਼ਰੂਰ ਲੱਗ ਪੈਂਦਾ ਹੈ। ਇਕ ਦਿਨ ਦੀ ਬਾਦਸ਼ਾਹਤ (ਉਰਦੂ ਕਹਾਣੀ) ਇਕ ਅਦਾਕਾਰ ਦੀ ਆਰਥਿਕ ਟੁੱਟ-ਭੱਜ ਦੀ ਬਾਤ ਪਾਉਂਦੀ ਹੈ। ਮੋਇਆਂ ਦਾ ਰਾਹ ਚਿਨੁਆ ਅਚੇਬੇ ਦੀ ਖ਼ੂਬਸੂਰਤ ਕਹਾਣੀ ਹੈ। ਨਵੇਂ ਰਾਹ ਤਿਆਰ ਕਰਨੇ ਬੜੇ ਕਠਿਨ ਹੁੰਦੇ ਹਨ। ਇਸ ਪੁਸਤਕ ਦਾ ਪੰਜਾਬੀ ਸਾਹਿਤ ਵਿਚ ਸ਼ਾਮਿਲ ਹੋਣ 'ਤੇ ਮੈਂ ਹਾਰਦਿਕ ਸਵਾਗਤ ਕਰਦਾ ਹਾਂ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋਬਾ. 97806-67686

c c c

 

ਸਰਫ਼ਰੋਸ਼ੀ ਦਾ ਵਣਜਾਰਾ ਸ਼ਹੀਦੇ-ਆਜ਼ਮ ਭਗਤ ਸਿੰਘ
ਲੇਖਕ : ਪ੍ਰਿ. ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 240/- ਰੁਪਏ, ਸਫ਼ੇ : 188
ਸੰਪਰਕ : 98146-19342

ਪ੍ਰਿੰ. ਬਲਵਿੰਦਰ ਸਿੰਘ ਫ਼ਤਹਿਪੁਰੀ ਵਲੋਂ ਆਪਣੀ ਪੁਸਤਕ 'ਸਰਫਰੋਸ਼ੀ ਦਾ ਵਣਜਾਰਾ ਸ਼ਹੀਦੇ ਆਜ਼ਮ ਭਗਤ ਸਿੰਘ' ਵਿਚ ਸ਼ਹੀਦੇ-ਆਜ਼ਮ ਦੀ ਜੀਵਨੀ ਅਤੇ ਉਨ੍ਹਾਂ ਦੇ ਫ਼ਲਸਫ਼ੇ ਬਾਰੇ ਜਾਣਕਾਰੀ ਦੇਣ ਦਾ ਸਫਲ ਯਤਨ ਕੀਤਾ ਗਿਆ ਹੈ। ਲੇਖਕ ਦਾ ਮੰਨਣਾ ਹੈ ਕਿ ਅਜਿਹੀਆਂ ਪੁਸਤਕਾਂ ਬਹੁਤ ਘੱਟ ਹਨ, ਜਿਨ੍ਹਾਂ ਵਿਚ ਸ਼ਹੀਦ ਦੀ ਤਲਿਸਮੀ ਸ਼ਖ਼ਸੀਅਤ ਅਤੇ ਸੰਦੇਸ਼ ਦੋਵਾਂ ਉੱਪਰ ਚਰਚਾ ਕੀਤੀ ਗਈ ਹੋਵੇ। ਇਸ ਪੁਸਤਕ ਵਿਚ ਅਜਿਹਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸ਼ਹੀਦ ਦੇ ਅਣਗੌਲੇ ਪੱਖਾਂ ਤੇ ਖੇਤਰਾਂ ਨੂੰ ਕਲਮ ਬੰਦ ਕੀਤਾ ਜਾ ਸਕੇ। ਕੁਝ ਪੱਖਾਂ ਨੂੰ ਵਰਤਮਾਨ ਸਮੇਂ ਦੇ ਸੰਦਰਭ ਵਿਚ ਵੀ ਵਿਚਾਰਿਆ ਗਿਆ ਹੈ। ਲੇਖਕ ਨੇ ਕੋਸ਼ਿਸ਼ ਕੀਤੀ ਹੈ ਕਿ ਸ਼ਹੀਦ ਦੀ ਸ਼ਖ਼ਸੀਅਤ ਦੇ ਪ੍ਰਮੁੱਖ ਪੱਖਾਂ ਨੂੰ ਉਸ ਦੇ ਸਮੇਂ ਦੇ ਪਰਿਪੇਖ ਵਿਚ ਰੱਖ ਕੇ ਵਾਚਿਆ ਜਾਵੇ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਸ਼ਹੀਦ ਦੀ ਜੀਵਨੀ ਅਤੇ ਜੀਵਨ ਫ਼ਲਸਫ਼ੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਦੂਜੇ ਭਾਗ ਵਿਚ ਇਨਕਲਾਬੀ ਅੰਦੋਲਨ ਦਾ ਸਿਧਾਂਤਕ ਵਿਕਾਸ ਅਤੇ ਤੀਜੇ ਭਾਗ ਵਿਚ ਸ਼ਹੀਦ ਦੇ ਜੀਵਨ ਦੇ ਦੂਜੇ ਪੱਖਾਂ ਜਿਵੇਂ ਨਿਡਰਤਾ, ਸਾਥੀ, ਧਰਮਾਂ ਤੇ ਸਿਆਸੀ ਪਾਰਟੀਆਂ ਨਾਲ ਨੇੜਤਾ, ਉਸ ਦੀ ਸਰਬ-ਵਿਆਪਕਤਾ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਅਸਲ ਵਿਚ ਭਗਤ ਸਿੰਘ ਹੋਰਾਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਨੇ ਨਹੀਂ ਅਪਣਾਇਆ। ਹੁਣ ਵੀ ਕੇਵਲ ਉਸ ਦੇ ਨਾਂਅ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਸਿੱਖੀ ਆਧਾਰਿਤ ਰਾਜਸੀ ਪਾਰਟੀਆਂ ਦੂਰ ਰਹੀਆਂ, ਕਿਉਂਕਿ ਉਹ ਆਰੀਆ ਸਮਾਜੀ ਤੇ ਪਤਿਤ ਸੀ। ਆਰੀਆ ਸਮਾਜ ਨੇ ਅਪਣਾਉਣ ਦਾ ਯਤਨ ਕੀਤਾ, ਕਈ ਫ਼ਿਲਮਾਂ ਵੀ ਬਣਾਈਆਂ ਪਰ ਫਿਰ ਪਿੱਛੇ ਹਟ ਗਿਆ। ਕਾਂਗਰਸੀ ਦੂਰ ਰਹੇ ਕਿ ਉਹ ਹਿੰਸਾ ਵਿਚ ਵਿਸ਼ਵਾਸ ਰੱਖਦਾ ਸੀ। ਕਮਿਊਨਿਸਟਾਂ ਨੇ ਦੂਰੀ ਬਣਾਈ, ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਦਾ ਮੈਂਬਰ ਨਹੀਂ ਸੀ। ਆਖਿਰ ਰਾਜਸੀ ਪਾਰਟੀਆਂ ਨੂੰ ਭਗਤ ਸਿੰਘ ਨੂੰ ਅਪਣਾਉਣਾ ਪਿਆ, ਕਿਉਂਕਿ ਨਵੀਂ ਪੀੜ੍ਹੀ ਦਾ ਉਹ ਹੀਰੋ ਬਣ ਗਿਆ ਸੀ। ਨੌਜਵਾਨ ਆਮ ਇਹ ਨਾਅਰਾ ਲਾਉੇਂਦੇ ਹਨ, 'ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ'। ਪਰ ਇਹ ਵੀ ਸੱਚ ਹੈ ਕਿ ਬਹੁਤਿਆਂ ਨੂੰ ਭਗਤ ਸਿੰਘ ਦੀ ਸੋਚ ਬਾਰੇ ਜਾਣਕਾਰੀ ਨਹੀਂ ਹੈ। ਇਸੇ ਕਰਕੇ ਉਹ ਭਟਕ ਰਹੇ ਹਨ। ਇਸ ਪੁਸਤਕ ਵਿਚ ਇਹ ਯਤਨ ਕੀਤਾ ਗਿਆ ਹੈ ਕਿ ਭਗਤ ਸਿੰਘ ਦੀ ਸੋਚ ਬਾਰੇ ਜਾਣਕਾਰੀ ਦਿੱਤੀ ਜਾਵੇ। ਭਗਤ ਸਿੰਘ ਹੋਰਾਂ ਨੂੰ ਸ਼ਹੀਦੇ-ਆਜ਼ਮ ਆਖਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਆਪ ਫ਼ਾਂਸੀ ਨੂੰ ਚੁਣਿਆ। ਉਸ ਦੇ ਮੁਕੱਦਮੇ ਸਮੇਂ ਦਿੱਤੇ ਭਾਸ਼ਨਾਂ ਨੇ ਲੋਕਾਂ ਨੂੰ ਜਾਗ੍ਰਿਤ ਕੀਤਾ। ਉਸ ਦੀ ਫਾਂਸੀ ਦੀ ਖ਼ਬਰ ਸੁਣਦਿਆਂ ਹੀ ਸਾਰੇ ਦੇਸ਼ ਵਿਚ ਅੰਗਰੇਜ਼ਾਂ ਵਿਰੁੱਧ ਇਕ ਤੂਫ਼ਾਨ ਖੜ੍ਹਾ ਹੋ ਗਿਆ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਵਕਤ ਦੀ ਨਾੜ ਨੂੰ ਪਛਾਣਿਆ ਤੇ ਗੋਰਿਆਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਸਾਡੀ ਨਵੀਂ ਪੀੜ੍ਹੀ ਨੂੰ ਭਗਤ ਸਿੰਘ ਦੀ ਸੋਚ ਬਾਰੇ ਜਾਣਨ ਲਈ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਡਾ. ਰਣਜੀਤ ਸਿੰਘ
ਮੋਬਾਈਲ : 94170-87328

c c c
ਸ਼ਬਦ ਸਿਰਜਣਹਾਰੇ-2
ਸੰਪਾਦਕ : ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ
ਪ੍ਰਕਾਸ਼ਕ : ਪੰਜਾਬ ਵਿਰਸਾ ਟਰੱਸਟ, ਫਗਵਾੜਾ
ਮੁੱਲ : 250 ਰੁ. ਸਫ਼ੇ-220
ਸੰਪਰਕ : 98726-73703

ਬੜੇ ਲੰਬੇ ਸਮੇਂ ਤੋਂ ਸਾਂਝੀਆਂ ਪੁਸਤਕਾਂ ਦੇ ਪ੍ਰਕਾਸ਼ਨ ਦੀ ਪਰੰਪਰਾ ਅਜੇ ਵੀ ਜਾਰੀ ਹੈ। ਇਸ ਨਾਲ ਜਿੱਥੇ ਨਵੀਆਂ ਕਲਮਾਂ ਨੂੰ ਉਤਸ਼ਾਹ ਮਿਲਦਾ ਹੈ, ਉਥੇ ਤੰਗਦਸਤ ਕਲਮਕਾਰਾਂ ਨੂੰ ਵੀ ਆਪਣੇ ਪਾਠਕਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲ ਜਾਂਦਾ ਹੈ। ਇਹ ਕਾਰਜ ਜਿੰਨਾ ਸਹਿਜ ਦਿਸਦਾ ਹੈ ਓਨਾ ਹੀ ਮੁਸ਼ਕਿਲ ਹੈ। ਪਰ ਸਕੇਪ ਸਾਹਿਤਕ ਸੰਸਥਾ, ਫਗਵਾੜਾ ਨੂੰ ਅਜਿਹੇ ਕਈ ਕਾਰਜ ਕਰਨ ਦਾ ਸ਼ਰਫ਼ ਹਾਸਲ ਹੈ, ਜਿਸ ਦੇ ਕਰਤਾ-ਧਰਤਾ ਰਵਿੰਦਰ ਚੋਟ ਤੇ ਪਰਵਿੰਦਰਜੀਤ ਸਿੰਘ ਹਨ। 'ਸ਼ਬਦ ਸਿਰਜਣਹਾਰੇ-2' ਵਿਚ ਹਰ ਸ਼ਾਇਰ ਦੇ ਬਾਰੇ ਇਕ ਪੰਨੇ 'ਤੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਤੇ ਉਸ ਦੀ ਸ਼ਾਇਰੀ ਨੂੰ ਅੱਧੀ ਦਰਜਨ ਤੋਂ ਉੱਤੇ ਸਫ਼ੇ ਦਿੱਤੇ ਗਏ ਹਨ। ਇਹ ਸ਼ਾਇਰ ਹਨ ਗੁਰਮੀਤ ਪਲਾਹੀ, ਬਲਦੇਵ ਰਾਜ ਕੋਮਲ, ਸੀਤਲ ਰਾਮ ਬੰਗਾ, ਡਾ. ਇੰਦਰਜੀਤ ਸਿੰਘ ਵਾਸੂ, ਚਰਨਜੀਤ ਸਿੰਘ ਪੰਨੂ, ਲਾਲੀ ਕਰਤਾਰ ਪੁਰੀ, ਐੱਸ. ਆਰ. ਭੱਟੀ, ਕਮਲੇਸ਼ ਸੰਧੂ, ਰਵਿੰਦਰ ਸਿੰਘ ਰਾਏ, ਸੁਖਦੇਵ ਸਿੰਘ ਸੁੱਖ, ਕਰਮਜੀਤ ਸਿੰਘ ਸੰਧੂ, ਦਰਸ਼ਨ ਸਿੰਘ ਨੰਦਰਾ, ਉਰਮਲਜੀਤ ਸਿੰਘ, ਸੁਖਦੇਵ ਸਿੰਘ ਗੰਢਵਾਂ, ਅਮਨਦੀਪ ਸਿੰਘ, ਬਚਨਾ ਰਾਮ, ਗੁਰਨਾਮ ਬਾਵਾ, ਲਸ਼ਕਰ ਢੰਡਵਾੜਵੀ, ਸੁਰਜੀਤ ਸਿੰਘ ਬਲਾੜ੍ਹੀ ਕਲਾਂ, ਰਵਿੰਦਰ ਚੋਟ ਤੇ ਇੰਦੂ ਮਹਿਤਾ। ਪੁਸਤਕ ਵਿਚ ਸ਼ਾਇਰੀ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ ਪਰ ਗ਼ਜ਼ਲਾਂ ਦੀ ਗਿਣਤੀ ਵਧੇਰੇ ਹੈ। ਬਹੁਤੀਆਂ ਰਚਨਾਵਾਂ ਲੋਕ ਭਾਵਨਾਵਾਂ ਤੇ ਲੋਕਾਈ ਦੇ ਦਰਦ ਨੂੰ ਸਮਰਪਿਤ ਹਨ। 'ਸ਼ਬਦ ਸਿਰਜਣਹਾਰੇ-2' ਯਕੀਨਨ ਹੀ ਪੁਸਤਕ ਵਿਚ ਸ਼ਾਮਿਲ ਪੁਰਾਣੀਆਂ ਕਲਮਾਂ ਨੂੰ ਪੜ੍ਹਨ ਤੇ ਮਾਣਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਉਤਸ਼ਾਹ ਤੇ ਥਾਪੜੇ ਨਾਲ ਨਵੇਂ ਸ਼ਾਇਰ ਹੋਰ ਅਗੇਰੇ ਵਧਣਗੇ, ਅਜਿਹੀ ਮੈਨੂੰ ਆਸ ਹੈ। ਅਜਿਹੇ ਕਾਰਜ ਹੁੰਦੇ ਰਹਿਣੇ ਚਾਹੀਦੇ ਹਨ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

21-08-2022

ਛੋਟੀ ਕੁੜੀ ਅਤੇ ਹੰਸ
ਅਨੁਵਾਦ ਅਤੇ ਸੰਪਾਦਨ : ਮਨਜੀਤ ਇੰਦਰਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 0172-5027427.


ਵਿਚਾਰ ਅਧੀਨ ਇਸ ਪੁਸਤਕ ਵਿਚ ਸੋਲਾਂ ਰੂਸੀ ਲੋਕ ਕਹਾਣੀਆਂ ਦਾ ਪੰਜਾਬੀ ਵਿਚ ਕੀਤਾ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਆਮ ਲੋਕ ਕਹਾਣੀਆਂ ਵਾਂਗ ਇਸ ਪੁਸਤਕਵਿਚਲੀਆਂ ਕਹਾਣੀਆਂ ਵੀ ਕਾਲਪਨਿਕ ਘਟਨਾਵਾਂ, ਜਾਦੂਈ ਚਮਤਕਾਰਾਂ, ਦੈਵੀ ਸ਼ਕਤੀਆਂ ਨਾਲ ਲੈਸ ਨਾਇਕਾਂ, ਨਾਲ ਭਰਪੂਰ ਹਨ। ਹੁਸਨਾਬਾਦ ਆਪਣੇ ਬਾਦਸ਼ਾਹ ਪਿਤਾ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੀ ਆਰਹੀ ਸੀ।
ਅੰਤ ਫ਼ਕੀਰ ਦਾ ਕਿਹਾ ਸੱਚ ਹੋ ਗਿਆ ਕਿ ਉਹ ਆਪਣੇ ਹੀ ਪਿਤਾ ਦੇ ਰਾਜ 'ਤੇ ਰਾਜ ਕਰਨ ਲੱਗੀ। ਉਸ ਨੇ ਪਕੜੇ ਹੋਏ ਸਾਰੇ ਬੇਕਸੂਰ ਲੋਕਾਂ ਨੂੰ ਜੇਲ੍ਹ ਤੋਂ ਮੁਕਤ ਕਰ ਦਿੱਤਾ। 'ਫੀਨਿਸਤ-ਸੁਨਹਿਰੀ ਬਾਜ਼' ਅਤੇ 'ਸ਼ਹਿਜ਼ਾਦਾ ਈਵਾਨ ਅਤੇ ਭੂਰਾ ਭੇੜੀਆ' ਦਿਲਚਸਪਮਿੱਥ ਕਹਾਣੀਆਂਲਗਦੀਆਂ ਹਨ। ਇਲਯਾ ਮੂਰੋਮਵਾਸੀ ਸੀਟੀਬਾਜ਼ ਡਾਕੂ, ਯੋਮੇਲਾ ਅਤੇ ਮੱਛੀ, ਨਿਕਿਤਾ ਖਟੀਕ, ਮਿਕੂਲਾ ਹਲਵਾਹ, ਬੁਲਬੁਲ, ਛੋਟੀ ਕੁੜੀ ਅਤੇ ਹੰਸ, ਬਰਫ਼ ਦਾ ਦੇਵਤਾ ਤੇ ਹੋਰ ਕਹਾਣੀਆਂ, ਰੂਸ ਦੇ ਜਨਮਾਨਸ ਦੀਆਂ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆਉਂਦੀਆਂ ਬਾਤਾਂ ਵਰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਕਹਾਣੀਆਂ ਦੇ ਨਾਇਕ ਅਨਹੋਣੀ ਨੂੰ ਹੋਣੀ ਕਰ ਦਿਖਾਉਂਦੇ ਹਨ। ਹਵਾ ਵਿਚ ਉੱਡਦੇ ਹਨ। ਦਰਿਆਵਾਂ ਉੱਤੋਂ ਛਲਾਂਗ ਲਗਾ ਦਿੰਦੇ ਹਨ। ਜਾਨਵਰਾਂ ਤੋਂ ਬੰਦੇ ਦਾ ਰੂਪ ਅਖ਼ਤਿਆਰ ਕਰ ਲੈਂਦੇ ਹਨ, ਬਾਂਦਰ ਸਮੁੰਦਰ ਥੱਲੇ ਸੁਰੰਗ ਖੋਦ ਲੈਂਦਾ ਹੈ, ਆਦਿ ਵਚਿੱਤਰ ਘਟਨਾਵਾਂ ਹਨ। ਕਹਾਣੀਆਂ ਵਿਚ ਘਟਨਾਵਾਂ ਦਾ ਦੁਹਰਾਅ ਵੀ ਦੇਖਣ ਵਿਚ ਆਇਆ ਹੈ। ਪਾਠਕ ਨੂੰ ਕਹਾਣੀਆਂ ਦਿਲਚਸਪ ਤਾਂ ਲਗਦੀਆਂ ਹਨ, ਪਰ ਉਸ ਨੂੰ ਇਨ੍ਹਾਂ ਕਹਾਣੀਆਂ ਵਿਚੋਂ ਜ਼ਿੰਦਗੀ ਨਾਲ ਜੁੜਿਆ ਕੋਈ ਸਾਰਥਕ ਸੁਨੇਹਾ ਜਾਂ ਦਿਸ਼ਾ ਨਹੀਂ ਮਿਲਦੀ। ਪੁਸਤਕ ਦੀਆਂ ਕਹਾਣੀਆਂ ਨੂੰ ਅਨੁਵਾਦ ਕਰਨ 'ਤੇ ਕਾਫ਼ੀ ਮਿਹਨਤ ਕੀਤੀ ਗਈ ਹੈ। ਕਿਤੇ-ਕਿਤੇ ਨਵੇਂ ਸ਼ਬਦ ਵੀ ਘੜੇ ਗਏ ਹਨ।
ਪ੍ਰਿੰਟਿੰਗ ਦੀਆਂ ਕਾਫ਼ੀ ਗ਼ਲਤੀਆਂ ਹਨ, ਜੋ ਪੁਸਤਕ ਪੜ੍ਹਨ ਸਮੇਂ ਪਾਠਕ ਨੂੰ ਅੱਖੜਦੀਆਂ ਹਨ। ਸੰਪਾਦਕ ਪੰਜਾਬੀ ਕਵਿਤਾ ਦੀ ਸਤਿਕਾਰਯੋਗ ਕਵਿੱਤਰੀ ਹੈ, ਭਵਿੱਖ ਵਿਚ ਉਸ ਕੋਲੋਂ ਹੋਰ ਵੀ ਅਰਥਭਰਪੂਰ ਅਨੁਵਾਦ ਕੀਤੇ ਜਾਣ ਦੀ ਚੋਖੀ ਉਮੀਦ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।


ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686
c c c


ਜੰਗ ਤੇ ਅਮਨ
ਲੇਖਕ : ਲਿਓ ਟਾਲਸਟਾਏ
ਅਨੁ: ਤੇਜਿੰਦਰ ਬਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 312
ਸੰਪਰਕ : 98781-77812.


ਵਿਚਾਰ ਅਧੀਨ ਨਾਵਲ ਵਿਸ਼ਵ ਪ੍ਰਸਿੱਧ ਲੇਖਕ ਲਿਓਟਾਲਸਟਾਏ ਦੇ ਵਡ-ਆਕਾਰੀ ਨਾਵਲ ਦਾ ਅਬਰਿਜ਼ਡ (ਸੰਖੇਪ ਰੂਪ) ਹੈ। ਇਸ ਨਾਵਲ ਦੀ ਫੇਬੁਲਾ ਵੀ ਬਹੁਪਰਤੀ ਹੈ। ਕਾਰਨ ਇਹ ਕਿ ਇਹ ਇਤਿਹਾਸਿਕ ਰਚਨਾ ਤਾਂ ਹੈ ਹੀ ਪਰ ਨਾਵਲਕਾਰ ਨੇ ਆਪਣੀ ਵਿਚਾਰਧਾਰਾ ਅਨੁਸਾਰ ਕੁਝ ਰੂਪਾਂਤਰਣ ਵੀ ਕਰ ਵਿਖਾਇਆ ਹੈ। ਇਹ ਰਚਨਾ ਪਹਿਲੀ ਵਾਰ 1869 ਵਿਚ ਪ੍ਰਕਾਸ਼ਿਤ ਹੋਈ। ਸੰਸਾਰ ਜਿੱਤਣ ਦੀ ਮਨਸ਼ਾ ਅਨੁਸਾਰ ਨੈਪੋਲੀਅਨ ਬੋਨਾਪਾਰਟ ਨੇ ਰੂਸ 'ਤੇ 14 ਸਤੰਬਰ, 1812 ਨੂੰ ਹਮਲਾ ਕਰ ਦਿੱਤਾ। ਉਸ ਪਾਸ ਵਿਸ਼ਾਲ ਸੈਨਾ ਦਾ ਹੰਕਾਰ ਸੀ ਅਤੇ ਉਹ ਚਾਹੁੰਦਾ ਸੀ ਕਿ ਹਰ ਹੀਲੇ ਮਾਸਕੋ 'ਤੇ ਕਬਜ਼ਾ ਕਰਕੇ ਜਿੱਤ ਦਾ ਝੰਡਾ ਲਹਿਰਾ ਦੇਵੇ। ਪਰ ਰੂਸ ਦੇ ਲੋਕਾਂ ਦੀ ਦੇਸ਼ ਭਗਤੀ, ਅਣਖ ਅਤੇ ਦ੍ਰਿੜ੍ਹ ਇਰਾਦੇ ਨੇ 'ਜਬੈ ਬਾਣ ਲਾਗਯੋ। ਤਵੈ ਰੋਸ ਜਾਗਯੋ'॥ ਦੇ ਮਹਾਂਵਾਕ ਅਨੁਸਾਰ ਅਜਿਹੀ ਕਰਵਟ ਲਈ ਕਿ ਨੈਪੋਲੀਅਨ ਦੀਆਂ ਫ਼ੌਜਾਂ ਨੂੰ ਮੂੰਹਤੋੜ ਜਵਾਬ ਦਿੱਤਾ। 'ਰੂਸੀ ਫ਼ੌਜ ਵਿਚ ਗੁੱਸੇ ਦਾ, (ਜਜ਼ਬਾ) ਗੁੱਸੇ ਦਾ ਦੁਸ਼ਮਣ ਪ੍ਰਤੀ ਨਫ਼ਰਤ ਦਾ ਜਜ਼ਬਾ ਹੋਰ-ਹੋਰ ਤਿੱਖਾ ਹੁੰਦਾ ਜਾਂਦਾ ਤੇ ਉਸ ਜਜ਼ਬੇ ਨੇ ਉਨ੍ਹਾਂ ਅੰਦਰ ਜੋਸ਼ ਭਰਨ ਦਾ ਕੰਮ ਕੀਤਾ।' ਪੰ. 201. ਲੰਮੇ ਸੰਘਰਸ਼ ਤੋਂ ਬਾਅਦ 'ਰੂਸੀਆਂ ਨੇ 23000 ਫਰਾਂਸੀਸੀਆਂ ਨੂੰ ਬੰਦੀ ਬਣਾ ਲਿਆ ਤੇ ਉਨ੍ਹਾਂ ਦੀਆਂ 100 ਤੋਪਾਂ 'ਤੇ ਕਬਜ਼ਾ ਕਰ ਲਿਆ....' ਪੰ. 294.
ਪਹਿਲਾਂ ਨੈਪੋਲੀਅਨ ਦਾ ਸ਼ਾਂਤੀ ਸੰਦੇਸ਼ ਲੈ ਕੇ ਇਕ ਬੰਦਾ ਕੁਤਜੋਵ ਕੋਲ ਆਇਆ। ਪਰ ਉਸ ਨੇ ਉੱਤਰ ਦਿੱਤਾ 'ਸ਼ਾਂਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।' ਪੰ. 279.
ਇਹ ਰਚਨਾ ਨਾਵਲ ਤਾਂ ਹੈ ਹੀ ਪਰ ਇਸ ਨੂੰ ਵਾਰਤਕ ਵਿਚ ਸਿਰਜਿਆ ਮਹਾਂਕਾਵਿ (ਐਪਿਕ ਇਨ ਪਰੋਜ਼) ਵਜੋਂ ਵੀ ਮਾਣਿਆ ਜਾ ਸਕਦਾ ਹੈ। ਇਸ ਰਚਨਾ ਦੀ ਬਣਤਰ ਤੇ ਬੁਣਤਰ ਵਿਚ ਬੇਸ਼ੁਮਾਰ ਪਾਤਰ ਅਤੇ ਅਣਗਿਣਤ ਘਟਨਾਵਾਂ ਮੁੱਖ ਸੁਜੇਤ (ਕਥਾਨਕ) ਨਾਲ ਰਲ ਕੇ ਸਫਲਤਾ ਸਹਿਤ ਸੰਪੰਨ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ। ਟਾਲਸਟਾਏ ਦਾ ਬਿਰਤਾਂਤਕ ਸੰਗਠਨ ਕਈ ਕੁਲੀਨ ਪਰਿਵਾਰਾਂ ਦੁਆਲੇ ਪ੍ਰਕਰਮਾ ਕਰਦਾ ਵੇਖਿਆ ਜਾ ਸਕਦਾ ਹੈ ਮਸਲਨ: ਬੋਲਕੋਨਸਕੀ, ਰੋਸਤੋਵ, ਬੈਜੂਖਵੋ ਕੁਤਜੋਵ, ਜਾਰ ਅਲੈਗਜੈਂਡਰ ਆਦਿ। ਮਹੱਤਵਪੂਰਨ ਇਸਤਰੀ ਪਾਤਰਾਂ ਵਿਚ ਅੱਨਾਪਾਵਲੋਵਨਾ, ਏਲੇਨ, ਸੋਨੀਆ, ਮਾਰੀਆ, ਨਤਾਸ਼ਾ ਆਦਿ। ਨੈਪੋਲੀਅਨ ਵਿਰੁੱਧ ਸੰਘਰਸ਼ੀ ਨੌਜਵਾਨ 'ਪੀਰੀ' ਹੋਰਨਾਂ ਪਾਤਰਾਂ ਦੇ ਨਾਲ-ਨਾਲ ਨਾਵਲ ਵਿਚ ਆਦਿ ਤੋਂ ਅੰਤ ਤੱਕ ਛਾਇਆ ਹੋਇਆ ਹੈ। ਘਟਨਾਵਾਂ ਦੇ ਵਾਪਰਨ ਦਾ ਸਮਾਂ, ਸਥਾਨ ਨਾਵਲ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦਾ ਹੈ। ਦੋ ਮਹੀਨੇ 'ਚ ਨੈਪੋਲੀਅਨ ਪੈਸੇ ਪੱਖੋਂ ਨੁਕਸਾਨ ਉਠਾ ਕੇ ਬਾਕੀ ਬਰਦਾ ਖਜ਼ਾਨਾ ਲੈ ਕੇ ਦੌੜ ਗਿਆ। ਪੰ. 277. ਰੂਸ ਦਾ ਸਰਦ ਮੌਸਮ ਵੀ ਅਨੁਕੂਲ ਨਹੀਂ ਸੀ। ਰੂਸੀ ਲੋਕਾਂ ਦਾ ਬੜਾ ਨੁਕਸਾਨ ਹੋਇਆ। ਮਾਸਕੋ ਸ਼ਹਿਰ ਅਗਨ ਭੇਟ ਹੋ ਗਿਆ। ਕੁਲੀਨ ਪਰਿਵਾਰ ਜਗੀਰਾਂ ਤੋਂ ਹੱਥ ਧੋ ਬੈਠੇ। ਬੰਦਿਆਂ ਅਤੇ ਪਸ਼ੂਆਂ ਦੀ ਹਾਲਤ ਬਦਤਰ ਹੋ ਗਈ। ਇਸ ਨਾਵਲ ਵਿਚ ਦਾਰਸ਼ਨਿਕਤਾ, ਅਧਿਆਤਮਿਕਤਾ, ਰਾਜਨੀਤੀ, ਕੂਟਨੀਤੀ, ਸਮਾਜਿਕ, ਭਾਵਨਾਤਮਿਕ, ਮਨੋਵਿਗਿਆਨਕ, ਮਾਨਵਤਾ ਦੇ ਸਰੋਕਾਰ ਆਦਿ ਉਪਲਬਧ ਹਨ। ਇਸੇ ਲਈ ਇਹ ਨਾਵਲ ਡੂੰਘੇ ਅਧਿਐਨ ਦੀ ਮੰਗ ਕਰਦਾ ਹੈ। ਨਾਵਲ ਖੁੱਲ੍ਹਾ ਅੰਤ ਸਿਰਜਦਾ ਹੈ। ਪਾਠਕਾਂ ਲਈ ਅੰਤਿਕਾ ਕਾਫੀ ਮਹੱਤਵ ਰੱਖਦੀ ਹੈ, ਜਿਸ ਵਿਚ ਪੰਦਰਾਂ ਸਾਲਾਂ ਦੇ ਪਤਲੇ ਜਿਹੇ ਮੁੰਡੇ ਨਿਕੋਲਸ ਬੋਲਕੋਨਸਕੀ ਦੇ ਵਿਚਾਰ ਹਨ 'ਦੇਸ਼ ਦੀ ਤਰੱਕੀ ਜਿਸ ਤਰ੍ਹਾਂ ਹੋ ਸਕਦੀ ਹੈ।' ਪੰ. 312


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਸ਼ਾਮ ਦੀ ਸ਼ਾਖ਼ 'ਤੇ
ਗ਼ਜ਼ਲਕਾਰ : ਕੁਲਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ-200 ਰੁਪਏ, ਸਫ਼ੇ : 84
ਸੰਪਰਕ : 95011-45039.


ਕੁਲਵਿੰਦਰ ਮਨੁੱਖੀ ਪਿੰਡੇ 'ਤੇ ਉੱਗੇ ਸੂਲਾਂ ਦੇ ਜੰਗਲਾਂ ਅਤੇ ਅੰਤਰੀਵ ਵਿਚ ਫੈਲੇ ਮਾਰੂਥਲਾਂ ਨੂੰ ਜ਼ਬਾਨ ਦੇਣ ਵਾਲਾ ਗਹਿਰ ਗੰਭੀਰ ਗ਼ਜ਼ਲਕਾਰ ਹੈ। 'ਸ਼ਾਮ ਦੀ ਸ਼ਾਖ਼ 'ਤੇ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 52 ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਮਿਲਦੀਆਂ ਹਨ। ਇਸ ਤੋਂ ਪਹਿਲਾਂ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਨੂੰ ਪੜ੍ਹਦਿਆਂ ਪਾਠਕਾਂ ਨੂੰ ਵੱਖ-ਵੱਖ ਰੰਗਾਂ 'ਚੋਂ ਨਿਕਲਦੀਆਂ ਉਪ ਧਾਰਾਵਾਂ ਦੀ ਤਾਲ ਵੀ ਸੁਣਾਈ ਦਿੰਦੀ ਹੈ ਅਤੇ ਪਰਿੰਦਿਆਂ ਦੇ ਉਦਾਸੀ ਤੇ ਹੁਲਾਸ ਭਰਪੂਰ ਨਗ਼ਮੇ ਵੀ। ਕਈਆਂ ਗ਼ਜ਼ਲਾਂ ਦੇ ਕਈ ਸ਼ਿਅਰ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਣ ਦੇ ਸਮਰੱਥ ਹਨ। ਵਿਦੇਸ਼ ਦੀ ਚਕਾਚੌਂਧ ਸਾਨੂੰ ਕੀਲਣ ਵਰਗਾ ਅਸਰ ਤਾਂ ਰੱਖਦੀ ਹੈ ਪਰ ਹਕੀਕਤ ਉਹ ਵੀ ਨਹੀਂ ਜੋ ਅਸੀਂ ਕਿਆਸ ਕਰਦੇ ਹਾਂ। ਗ਼ਜ਼ਲਕਾਰ ਕਾਫ਼ੀ ਦੇਰ ਤੋਂ ਅਮਰੀਕਾ ਵਿਚ ਵਸਿਆ ਹੋਇਆ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਉਹ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਨਾ ਆਪਣੀ ਮਾਂ ਬੋਲੀ ਨੂੰ ਭੁੱਲਿਆ ਹੈ ਤੇ ਨਾ ਹੀ ਉਸ ਨੇ ਆਪਣੀ ਗ਼ਜ਼ਲਕਾਰੀ 'ਤੇ ਕੋਈ ਆਂਚ ਆਉਣ ਦਿੱਤੀ ਹੈ। ਬਤੌਰ ਗ਼ਜ਼ਲਕਾਰ ਉਹ ਸਗੋਂ ਹੋਰ ਲਿਸ਼ਕ-ਪੁਸ਼ਕ ਕੇ ਸਾਹਮਣੇ ਆਇਆ ਹੈ। ਕੁਲਵਿੰਦਰ ਆਪਣੇ ਸ਼ਿਅਰਾਂ ਵਿਚ ਅਛੂਤੇ ਬਿੰਬਾਂ ਤੇ ਤਸ਼ਬੀਹਾਂ ਦੀ ਵਰਤੋਂ ਕਰਦਾ ਹੈ ਜੋ ਉਸ ਦੀ ਗ਼ਜ਼ਲਕਾਕਾਰੀ ਨੂੰ ਵਖਰਿਆਉਂਦੇ ਹਨ। ਕਿਧਰੇ ਉਹ ਸੂਰਜ ਦਾ ਮੁਕਟ ਸਜਾ ਕੇ, ਰੇਤ ਦਾ ਸ਼ਾਲ ਓੜ ਕੇ ਜ਼ਿੰਦਗੀ ਦੇ ਥਲ ਵਿਚ ਸ਼ਾਨ ਨਾਲ ਤੁਰਦਾ ਦਿਸਦਾ ਹੈ ਤੇ ਕਿਧਰੇ ਉਹ ਆਪਣੇ ਨਾਲ ਬ੍ਰਹਿਮੰਡਾਂ ਨੂੰ ਤੋਰਦਾ ਹੈ। ਉਸ ਨੂੰ ਡਰ ਹੈ ਕਿ ਜੋ ਕਿਸੇ ਆਵਾਜ਼ ਦੇ ਪਿੱਛੇ ਗਿਆ ਹੈ ਕਿਧਰੇ ਜੰਗਲਾਂ ਦੀ ਚੁੱਪ ਵਿਚ ਦਫ਼ਨ ਨਾ ਹੋ ਜਾਵੇ। ਗ਼ਜ਼ਲਕਾਰ ਮਹਿਸੂਸ ਕਰਦਾ ਹੈ ਕਿ ਸਾਡੀਆਂ ਅੱਖਾਂ ਉੱਤੇ ਮਖ਼ਮਲੀ ਪਰਦੇ ਰਹੇ ਹਨ, ਜਿਸ ਕਾਰਨ ਅਸੀਂ ਸਾਜਿਸ਼ਾਂ ਨੂੰ ਪਛਾਣ ਨਹੀਂ ਸਕੇ। ਪੌਣ, ਸੂਰਜਾਂ, ਤਾਰਿਆਂ, ਬ੍ਰਹਿਮੰਡਾਂ, ਜੰਗਲਾਂ ਤੇ ਮਾਰੂਥਲਾਂ ਨੂੰ ਨਵੇਂ ਅਰਥ ਦੇਣ ਵਾਲਾ ਕੁਲਵਿੰਦਰ ਚਿਰੋਕੀ ਤਪਸ਼ ਸਹਿ ਰਹੀਆਂ ਝਾੜੀਆਂ ਦੀ ਹੱਡਬੀਤੀ ਤੋਂ ਵੀ ਅਨਜਾਣ ਨਹੀਂ ਹੈ। ਉਸ ਨੂੰ ਆਸ ਹੈ ਕਦੀ ਨਾ ਕਦੀ ਬਾਰਿਸ਼ ਹੋਵੇਗੀ ਤੇ ਇਨ੍ਹਾਂ ਦੇ ਮੁਰਝਾਏ ਪੱਤਿਆਂ 'ਤੇ ਫਿਰ ਰੌਣਕ ਪਰਤੇਗੀ ਤੇ ਇਹ ਹਰੇ ਕਚੂਰ ਹੋ ਕੇ ਮਾਰੂ ਧਰਤੀ ਤੋਂ ਵਿਪਰੀਤ ਰੰਗ ਸਿਰਜਣਗੇ। 'ਸ਼ਾਮ ਦੀ ਸ਼ਾਖ਼ 'ਤੇ' ਦੀਆਂ ਬਹੁਗਿਣਤੀ ਗ਼ਜ਼ਲਾਂ ਦੇ ਸ਼ਿਅਰ ਟੁੰਬਦੇ ਹਨ ਤੇ ਕੁਝ ਹੋਰ ਲਿਸ਼ਕ ਸਕਦੇ ਸਨ। ਆਸ ਹੈ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਦੇ ਪਾਠਕਾਂ ਨੂੰ ਬੇਹੱਦ ਪਸੰਦ ਆਏਗਾ।


ਗੁਰਦਿਆਲ ਰੌਸ਼ਨ
ਮੋ: 99884-44002


ਫ਼ਿਕਰ ਨਾ ਕਰੀਂ
ਕਵੀ : ਚਰਨਜੀਤ ਸਮਾਲਸਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 80
ਸੰਪਰਕ : 98144-00878.


ਹਥਲੀ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਸਮਾਲਸਰ ਸੋਸ਼ਲ ਮੀਡੀਆ, ਮੈਗਜ਼ੀਨਾਂ ਅਤੇ ਸਾਹਿਤਕ ਸਮਾਗਮਾਂ ਦੁਆਰਾ ਆਪਣੀ ਪਛਾਣ ਬਣਾ ਚੁੱਕਾ ਹੈ। ਚਰਨਜੀਤ ਬਾਰੇ ਮੁੱਖ ਬੰਦ ਵਿਚ ਪ੍ਰਸਿੱਧ ਸਮਾਲੋਚਕ ਡਾ. ਸੁਰਜੀਤ ਬਰਾੜ ਲਿਖਦੇ ਹਨ ਕਿ ਉਹ ਇਕ ਸੂਖਮ ਭਾਵੀ, ਕੋਮਲਭਾਵੀ, ਸੁਹਜਭਾਵੀ ਅਤੇ ਸੰਵੇਦਨਸ਼ੀਲ ਕਵੀ ਹੈ। ਉਹ ਕਵਿਤਾ ਨੂੰ ਨਾਅਰਾ ਨਹੀਂ ਬਣਨ ਦਿੰਦਾ ਪਰ ਮਾਨਵੀ ਸਰੋਕਾਰਾਂ ਨੂੰ ਉਭਾਰਨ ਵਿਚ ਕਦੇ ਕੁਤਾਹੀ ਨਹੀਂ ਕਰਦਾ। ਗੁਰਮੀਤ ਕੜਿਆਲਵੀ ਤੇ ਰਣਜੀਤ ਸਰਾਂਵਾਲੀ ਨੇ ਵੀ ਸਮਾਲਸਰ ਨੂੰ 'ਲੋਕ ਧਿਰ' ਦਾ ਕਵੀ ਗਰਦਾਨਿਆ ਹੈ। ਹਥਲੀ ਪੁਸਤਕ ਵਿਚ ਕੁੱਲ 85 ਕੁ ਦਰਮਿਆਨੇ ਆਕਾਰ ਦੀ