ਕਰਫਿਊ
ਤੇ ਹੋਰ ਤਿੰਨ ਨਾਵਲ
ਅਨੁਵਾਦਕ ਅਤੇ ਸੰਪਾਦਕ : ਡਾ. ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 316
ਸੰਪਰਕ : 98152-18545
ਇਸ ਪੁਸਤਕ ਵਿਚ ਚਾਰ ਨਾਵਲਾਂ ਦਾ ਅਨੁਵਾਦ ਪੇਸ਼ ਕੀਤਾ ਗਿਆ ਹੈ। ਪਹਿਲਾ ਨਾਵਲ ਰਣੇਂਦਰ ਦੁਆਰਾ ਲਿਖਿਆ ਹੋਇਆ ਹੈ, ਜਿਸ ਦਾ ਨਾਂਅ ਹੈ 'ਗਲੋਬਲ ਪਿੰਡ ਦਾ ਦੇਵਤਾ'। ਇਹ ਸੁੰਦਰ ਵਣਪ੍ਰਾਂਤਾਂ ਦੀ, ਆਦਿਵਾਸੀ ਸਮਾਜ ਦੀ, ਭ੍ਰਿਸ਼ਟਾਚਾਰ ਦੀ, ਅਸੁਰ ਜਾਤੀ ਦੀ ਤ੍ਰਾਸਦੀ ਅਤੇ ਨਾਰੀ ਜਾਤੀ ਦੇ ਸ਼ੋਸ਼ਣ ਦੀ ਦਿਲਚੀਰਵੀਂ ਕਹਾਣੀ ਹੈ। ਕਾਵਿਕ ਟੂਕਾਂ ਨੇ ਇਹਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਦੂਸਰਾ ਨਾਵਲ 'ਖ਼ੌਫ਼' ਹੈ ਜੋ ਅਤੀਕ ਰਹਿਮੀ ਦਾ ਲਿਖਿਆ ਹੋਇਆ ਹੈ। ਅਤੀਕ ਅਫ਼ਗਾਨਿਸਤਾਨੀ ਲੇਖਕ ਹੈ। ਇਸ ਨਾਵਲ ਦੇ ਪਾਤਰ ਅੱਤਵਾਦ, ਯੁੱਧ, ਕੈਦ, ਤਸੀਹੇ ਸਹਿੰਦੇ ਹੋਏ ਅਨਸ਼ਕ ਤੌਰ 'ਤੇ ਏਨਾ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਨ੍ਹਾਂ 'ਤੇ ਖ਼ੌਫ਼-ਹਾਵੀ ਹੋ ਜਾਂਦਾ ਹੈ। ਉਹ ਸੁਪਨਿਆਂ ਵਿਚ ਵੀ ਭੂਤ ਪ੍ਰੇਤ ਆਦਿ ਦੇਖਦੇ ਹਨ ਅਤੇ ਡਰ ਕੇ ਚੀਕਾਂ ਮਾਰਦੇ ਹਨ। ਇਸ ਨਾਵਲ ਵਿਚ ਅਣਮਨੁੱਖੀ ਤਸੀਹਿਆਂ ਅਤੇ ਦਰਦਾਂ ਦੀ ਦਾਸਤਾਨ ਦਿਲ ਹਿਲਾਉਣ ਵਾਲੀ ਹੈ। ਤੀਸਰਾ ਨਾਵਲ 'ਕਰਫਿਊ' ਵਿਭੂਤੀ ਨਰਾਇਣ ਰਾਏ ਦਾ ਇਕ ਹਿੰਦੀ ਨਾਵਲ ਹੈ। ਇਸ ਨਾਵਲ ਵਿਚ ਬਹੁਤ ਹੀ ਸੰਵੇਦਨਾ ਅਤੇ ਦਰਦ ਭਰਿਆ ਹੋਇਆ ਹੈ। ਨਸਲੀ ਝਗੜੇ, ਕਰਫ਼ਿਊ, ਪੁਲਿਸ ਦੀਆਂ ਵਧੀਕੀਆਂ, ਬੱਚਿਆਂ ਦੀਆਂ ਮੌਤਾਂ, ਲੜਕੀਆਂ ਉੱਤੇ ਹੋਏ ਜਬਰੋ ਜ਼ੁਲਮ ਦੀਆਂ ਅਕਹਿ ਅਤੇ ਅਸਹਿ ਕਹਾਣੀਆਂ ਹਨ। ਇਹ ਬਿਰਤਾਂਤ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਹਨ। ਚੌਥੇ ਨਾਵਲ ਦਾ ਨਾਂਅ ਹੈ 'ਆਖ਼ਰੀ ਛਾਲ' ਜੋ ਸ਼ਿਵਮੂਰਤੀ ਦੁਆਰਾ ਲਿਖਿਆ ਹੋਇਆ ਹਿੰਦੀ ਨਾਵਲ ਹੈ। ਇਸ ਵਿਚ ਕਿਰਤੀਆਂ, ਕਿਸਾਨਾਂ, ਡੰਗਰ ਵੱਛਿਆਂ ਦਾ ਦਰਦ ਸਮੋਇਆ ਹੋਇਆ ਹੈ। ਕਬੀਲਦਾਰਾਂ ਦੀਆਂ ਚਿੰਤਾਵਾਂ ਅਤੇ ਮਜਬੂਰੀਆਂ ਦੀ ਗੱਲ ਕੀਤੀ ਗਈ ਹੈ। ਇਹ ਚਾਰੇ ਨਾਵਲ ਦਿਲ ਨੂੰ ਛੂਹ ਜਾਂਦੇ ਹਨ ਅਤੇ ਦੁੱਖਾਂ ਦੇ ਦਸਤਾਵੇਜ਼ ਹਨ। ਅਨੁਵਾਦਕ ਨੇ ਪੂਰਾ ਇਨਸਾਫ਼ ਕੀਤਾ ਹੈ ਅਤੇ ਮੂਲ ਨਾਵਲਾਂ ਦੇ ਭਾਵ ਨਸ਼ਟ ਨਹੀਂ ਹੋਣ ਦਿੱਤੇ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਨਾਵਲ ਸੰਗ੍ਰਹਿ ਹੈ, ਜਿਸ ਦਾ ਸੁਆਗਤ ਕਰਨਾ ਬਣਦਾ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਚਾਰ ਚੁਫੇਰੇ
ਸ਼ਾਇਰਾ : ਰੁਪਿੰਦਰ ਕੌਰ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 112
ਸੰਪਰਕ : 98732-37223
ਉਹ ਵੇਲੇ ਬੀਤ ਗਏ ਹਨ ਜਦੋਂ ਕੁੜੀਆਂ ਸਾਹਿਤ ਸਿਰਜਣਾ ਤੋਂ ਪ੍ਰਹੇਜ਼ ਕਰਦੀਆਂ ਸਨ, ਸ਼ਾਇਦ ਉਨ੍ਹਾਂ ਦਿਨਾਂ ਵਿਚ ਔਰਤਾਂ ਲਈ ਵਰਜਣਾਵਾਂ ਵੀ ਬਹੁਤ ਸਨ ਪਰ ਹੁਣ ਇਸ ਖੇਤਰ ਵਿਚ ਔਰਤਾਂ ਦੀ ਚਹਿਲ ਪਹਿਲ ਖ਼ੁਸ਼ਨੁਮਾ ਹੈ। ਇਸ ਚਹਿਲ ਪਹਿਲ ਵਿਚ ਰੁਪਿੰਦਰ ਕੌਰ ਨਵੀਂ ਆਮਦ ਹੈ। ਵਿਦੇਸ਼ ਵਿਚ ਆਪਣੀ ਮਾਂ-ਬੋਲੀ ਲਈ ਸਮਾਂ ਕੱਢਣਾ ਤੇ ਉਸ ਵਿਚ ਸਿਰਜਣਾ ਕਰਨਾ ਸ਼ਾਬਾਸ਼ ਦੇ ਕਾਬਲ ਹੁੰਦਾ ਹੈ। 'ਚਾਰ ਚੁਫੇਰੇ' ਰੁਪਿੰਦਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਨੂੰ ਬੰਦਿਸ਼ ਵਿਚ ਰੱਖਣ ਦੇ ਯਤਨ ਕੀਤੇ ਗਏ ਹਨ ਪਰ ਇਸ ਵਿਚ ਨਿਪੁੰਨਤਾ ਹੌਲੀ-ਹੌਲੀ ਹਾਸਿਲ ਹੁੰਦੀ ਹੈ। ਸ਼ਾਇਰਾ ਕੋਲ ਅਨੁਭਵ ਹੈ ਤੇ ਕਾਵਿਕ ਪੇਸ਼ਕਾਰੀ ਦੇ ਹੋਰ ਬਿਹਤਰ ਹੋਣ ਦੀ ਸੰਭਾਵਨਾ ਹੈ। ਰੁਪਿੰਦਰ ਮਿੱਟੀ ਦਾ ਕਣ ਕਣ ਬੁਝਾਰਤ ਸਮਝਦੀ ਹੈ ਤੇ ਪਾਣੀ ਦੇ ਤੁਪਕੇ ਉਸ ਲਈ ਰਹੱਸ ਹਨ। ਉਸ ਅਨੁਸਾਰ ਪੌਣ ਵਿਚ ਵੀ ਰਾਜ਼ ਹਨ ਤੇ ਜੀਵਨ ਅਭੇਤ ਹੈ। ਮਾਂ ਉਸ ਲਈ ਤੀਰਥ ਹੈ ਤੇ ਉਸ ਦੇ ਗਲ ਲੱਗ ਕੇ ਉਸ ਨੂੰ ਹਰ ਚਿੰਤਾ ਵਿਸਰ ਜਾਂਦੀ ਹੈ। ਸ਼ਾਇਰਾ ਹਰ ਚੰਗੇ ਰਿਸ਼ਤੇ ਨੂੰ ਤੋਹਫ਼ਾ ਸਮਝਦੀ ਹੈ ਤੇ ਨਿੱਕੇ-ਨਿੱਕੇ ਹਾਸੇ ਬੁਣਨੇ ਮਨੁੱਖ ਦੀ ਫ਼ਿਤਰਤ ਹੋਣੀ ਚਾਹੀਦੀ ਹੈ। ਉਸ ਲਈ ਕਿਰਦਾਰ ਦਾ ਸਫ਼ਰ ਮਹੱਤਵਪੂਰਨ ਹੈ। ਰੁਪਿੰਦਰ ਕੁਦਰਤ ਤੇ ਔਰਤ ਨੂੰ ਸਮਰੂਪ ਸਮਝਦੀ ਹੈ ਤੇ ਇਨ੍ਹਾਂ ਵਿਚ ਸਮਾਨਤਾਵਾਂ ਨੂੰ ਗਿਣਾਉਂਦੀ ਹੈ। ਉਹ ਦੁਨੀਆ ਨੂੰ ਸਰਕਸ ਵਾਂਗ ਸਮਝਦੀ ਹੈ, ਜਿਸ ਵਿਚ ਹਰ ਜੀਵ ਪੁਤਲੀਗਰ ਦੇ ਇਸ਼ਾਰੇ 'ਤੇ ਨੱਚ ਰਿਹਾ ਹੈ। ਇਹ ਪੁਸਤਕ ਆਪਣੇ ਨਾਂਅ ਨਾਲ ਨਿਆਂ ਕਰਦੀ ਹੈ ਤੇ ਸ਼ਾਇਰਾ ਦੇ ਆਸ-ਪਾਸ ਜੋ ਵਾਪਰ ਰਿਹਾ ਹੈ, ਉਹ ਹੀ ਇਸ ਵਿਚ ਰੂਪਮਾਨ ਹੋਇਆ ਮਿਲਦਾ ਹੈ। ਰੁਪਿੰਦਰ ਦੀ ਸ਼ਾਇਰੀ ਉਹ ਆਈਨਾ ਹੈ, ਜਿਸ ਵਿਚੋਂ ਸਮਾਜ ਦੇ ਵੱਖਰੇ-ਵੱਖਰੇ ਅਕਸ ਦੇਖੇ ਜਾ ਸਕਦੇ ਹਨ। ਸ਼ਾਇਰਾ ਦੀ ਇਹ ਪਹਿਲੀ ਪੁਸਤਕ ਹੋਣ ਕਾਰਨ ਇਸ ਵਿਚ ਕੁਝ ਅਜਿਹਾ ਵੀ ਹੈ, ਜਿਸ ਨੂੰ ਬਿਹਤਰ ਕੀਤਾ ਜਾ ਸਕਦਾ ਸੀ ਤੇ ਉਹ ਕੁਝ ਵੀ ਹੈ, ਜਿਸ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ। ਪਲੇਠੇ ਪ੍ਰਕਾਸ਼ਨ 'ਤੇ ਉਸ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸੁੱਚਾ ਮੋਤੀ
ਲੇਖਕ : ਸਰਵਨ ਸਿੰਘ ਪਹੂਵਿੰਡ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 94654-93938
ਇਸ ਪੁਸਤਕ ਵਿਚਲੀਆਂ ਕਹਾਣੀਆਂ ਪੰਜਾਬ ਦੇ ਪੇਂਡੂ ਸੱਭਿਆਚਾਰ ਨਾਲ ਸੰਬੰਧ ਰੱਖਦੀਆਂ ਹਨ। 'ਸੁੱਚਾ ਮੋਤੀ' ਕਹਾਣੀ ਦਾ ਵਿਸ਼ਾ ਇਸ ਤਰ੍ਹਾਂ ਹੈ ਕਿ ਅੰਗਰੇਜ਼ੀ ਸਰਕਾਰ ਦਾ ਝੋਲੀਚੁੱਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਵਿਚ ਗ੍ਰਸਤ ਹੋਣ ਕਰਕੇ ਰੱਖਾ ਸਿੰਘ ਨੂੰ ਕੋਈ ਵੀ ਆਪਣੀ ਧੀ ਦਾ ਰਿਸ਼ਤਾ ਦੇਣ ਲਈ ਰਜ਼ਾਮੰਦ ਨਾ ਹੋਇਆ। ਉਸ ਨੂੰ ਮੁੱਲ ਦੀ ਤੀਵੀਂ ਵਾਲਾ ਅੱਕ ਚੱਬਣਾ ਪਿਆ। ਖੁੱਲ੍ਹੀ ਜ਼ਮੀਨ ਤੇ ਜਾਇਦਾਦ ਵੀ ਖ਼ਾਨਦਾਨੀ ਧੱਬੇ ਅੱਗੇ ਹਾਰ ਗਈ। 'ਜਗਤਾਰੇਵਾਲ ਦੀ ਛਿੰਝ' ਕਹਾਣੀ ਵਿਚ ਗੁੱਗੇ ਪੀਰ ਦੇ ਮੇਲੇ ਦਾ ਦ੍ਰਿਸ਼ ਸਾਕਾਰ ਕੀਤਾ ਗਿਆ ਹੈ। ਇਕ ਮਹੀਨਾ ਪਹਿਲਾਂ ਹੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਮੰਨਤਾਂ ਪੂਰੀਆਂ ਹੋਣ ਵਾਲੇ ਦਰਗਾਹ ਵਿਚ ਚੂਰਮੇ ਚਾੜ੍ਹਦੇ ਹਨ ਤੇ ਕੋਈ ਅਗਲੇ ਮੇਲੇ ਲਈ ਸੁੱਖਾਂ ਸੁੱਖਦਾ ਹੈ, ਗਾਉਣ ਵਾਲਿਆਂ ਦੇ ਅਖਾੜੇ ਬੱਝਦੇ, ਪਹਿਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ। ਵੇਖਣ ਵਾਲੇ ਦਾਰੂ ਪੀ ਕੇ ਕਈ ਵਾਰ ਡਾਂਗੋ-ਡਾਂਗ ਵੀ ਹੁੰਦੇ। ਚੂੜੀਆਂ ਵੇਚਣ ਵਾਲੇ ਅਤੇ ਹਲਵਾਈ ਆਪਣੇ ਕੰਮਾਂ ਵਿਚ ਰੁੱਝੇ ਹੁੰਦੇ। ਕੁੜੀਆਂ ਚਿੜੀਆਂ ਨਵੇਂ ਕੱਪੜੇ ਪਾ ਕੇ ਮੇਲੇ ਵਿਚ ਨਿਕਲਦੀਆਂ। ਢੋਲਚੀ ਢੋਲ ਲੈ ਕੇ ਪਹੁੰਚ ਜਾਂਦੇ। ਪੁਸਤਕ ਵਿਚਲੀਆਂ ਕੁਝ ਕਹਾਣੀਆਂ ਅਜਿਹੀਆਂ ਵੀ ਹਨ, ਜੋ ਕਹਾਣੀ-ਕਲਾ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ। ਇਸ ਸੰਬੰਧ ਵਿਚ ਲੇਖਕ ਨੂੰ ਸੁਝਾਅ ਹੈ ਕਿ ਉਹ ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦਾ ਡੂੰਘਾ ਅਧਿਐਨ ਕਰੇ ਅਤੇ ਆਪਣੀ ਲਿਖਤ ਨੂੰ ਪਰਪੱਕ ਕਰੇ। ਕਿਤਾਬ ਵਿਚ ਪਰੂਫ਼ ਰੀਡਿੰਗ ਅਤੇ ਸ਼ਬਦ-ਜੋੜਾਂ ਦੀਆਂ ਬਹੁਤ ਗ਼ਲਤੀਆਂ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਬਾਤਾਂ
ਲੇਖਕ : ਹਰਭਜਨ ਸਿੰਘ ਚੀਮਾ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ 600 ਰੁਪਏ, ਸਫ਼ੇ : 320
ਸੰਪਰਕ : hscheemaz@yahoo.com
ਇਹ ਪੁਸਤਕ ਸਿੱਖ ਰਾਜ ਦੀਆਂ ਬਾਤਾਂ ਪਾਉਂਦਾ ਇਤਿਹਾਸਕ ਦਸਤਾਵੇਜ਼ ਹੈ। ਖੋਜ ਦੇ ਨਿਯਮਾਂ ਦਾ ਪੂਰਨ ਰੂਪ ਵਿਚ ਅਨੁਸਰਨ ਕਰਦਿਆਂ ਉਪਾਧੀ-ਨਿਰਪੇਖ ਕਾਰਜ ਹੋ ਨਿੱਬੜਿਆ ਹੈ। ਸਿੱਖ ਰਾਜ ਬਾਰੇ ਲਿਖੀਆਂ ਉਪਲਬਧ ਪੁਸਲਤਕਾਂ ਦੇ ਲੇਖਕਾਂ (ਲਗਭਗ 15 ਪੰਜਾਬੀ ਅਤੇ 100 ਤੋਂ ਉੱਪਰ ਅੰਗਰੇਜ਼ੀ ਪੁਸਤਕ ਲੇਖਕਾਂ) ਤੋਂ ਬਿਨਾਂ ਅਨੇਕਾਂ ਅਖ਼ਬਾਰਾਂ/ਮੈਗਜ਼ੀਨਾਂ ਦਾ ਅਧਿਐਨ ਕਰ ਕੇ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਣ ਦਾ ਵਿਲੱਖਣ ਉਪਰਾਲਾ ਕੀਤਾ ਹੈ। ਲੇਖਕ ਨੇ ਉਪਰੋਕਤ ਪ੍ਰਾਪਤ ਸਮੱਗਰੀ ਨੂੰ ਆਪਣੇ ਚਿੰਤਨ ਦੀ ਮਧਾਣੀ ਵਿਚ ਰਿੜਕ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਉਸ ਦੀ ਮ੍ਰਿਤੂ ਉਪਰੰਤ ਵਾਪਰੀਆਂ ਦੁਖਾਂਤਕ ਘਟਨਾਵਾਂ ਦਾ ਬੜੀ ਸੂਝ-ਬੂਝ ਅਤੇ ਵਸਤੂਪਰਕ ਦ੍ਰਿਸ਼ਟੀ ਨਾਲ ਵਿਸ਼ਲੇਸ਼ਣ ਕੀਤਾ ਹੈ। ਜਿਵੇਂ-ਜਿਵੇਂ ਉਪਰੋਕਤ ਵਿਦਵਾਨਾਂ ਦੀ ਸੂਚੀ ਵਿਚ ਨਿਹਿਤ ਲੇਖਕਾਂ ਨੇ ਸਿੱਖ-ਰਾਜ ਦੀ ਚੜ੍ਹਦੀ ਕਲਾ/ਉਥਾਨ ਅਤੇ ਪਤਨ ਨੂੰ ਬਿਆਨ ਕੀਤਾ ਹੈ, ਉਵੇਂ-ਉਵੇਂ ਹੀ ਵਿਦਵਾਨ ਲੇਖਕ ਨੇ ਆਪਣੀ ਅੰਤਰ-ਦ੍ਰਿਸ਼ਟੀ ਦੁਆਰਾ ਕੱਚ-ਸੱਚ ਨੂੰ ਨਿਖੇੜਨ ਦਾ ਅਣਥੱਕ ਯਤਨ ਕੀਤਾ ਹੈ। ਫਿਰ ਵੀ ਅਧਿਐਨ ਕਰਦਿਆਂ ਜੰਗ-ਨਾਮਾ ਸ਼ਾਹ ਮੁਹੰਮਦ ਅਤੇ ਕਰਮ ਸਿੰਘ ਹਿਸਟੋਰੀਅਨ ਵਲੋਂ ਦਰਜ ਕੀਤੇ ਸਮਕਾਲੀ ਜਾਂ ਨੇੜਲੇ ਸਮੇਂ ਦੇ ਬਿਰਧ ਬਾਬਿਆਂ ਦੇ ਬਿਆਨਾਂ ਦਾ ਮਹੱਤਵ ਕੇਂਦਰੀ ਸੂਤਰ ਵਜੋਂ ਉਜਾਗਰ ਹੁੰਦਾ ਹੈ। ਹਵਾਲਿਆਂ ਸਮੇਤ ਅੰਗਰੇਜ਼ੀ ਵਿਦਵਾਨਾਂ ਦੀਆਂ ਟੂਕਾਂ ਵੀ ਸੱਚ ਉਜਾਗਰ ਕਰਦਿਆਂ ਜਾਂ ਸੰਵਾਦ ਰਚਾਉਂਦਿਆਂ ਆਪਣਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਹਵਾਲਿਆਂ ਨੂੰ ਵੀ ਸੱਚ/ਕੱਚ ਨਿਖੇੜਨ ਸਮੇਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਪ੍ਰਸ਼ਨ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਏਨਾ ਸ਼ਕਤੀਸ਼ਾਲੀ ਰਾਜ ਡੋਗਰਿਆਂ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਨਾਲ ਕਿਵੇਂ ਢਹਿਢੇਰੀ ਹੋ ਗਿਆ ਅਤੇ ਪੰਜਾਬ ਗ਼ੁਲਾਮੀ ਦੀ ਮੰਦਹਾਲੀ ਵਿਚ ਕਿਵੇਂ ਘਿਰ ਗਿਆ।
ਮਹਾਰਾਜਾ ਰਣਜੀਤ ਸਿੰਘ ਤਾਂ ਜਨਤਾ ਨਾਲ ਨੇੜਲਾ ਸੰਪਰਕ ਰੱਖਦਾ ਸੀ। ਲੋਕਾਂ ਦੇ ਦੁੱਖਾਂ-ਸੁੱਖਾਂ ਦਾ ਭਾਈਵਾਲ ਸੀ। ਉਸ ਦਾ ਖਜ਼ਾਨਾ/ਸੰਪਤੀ ਸਭ ਸਰਕਾਰੀ ਸੀ, ਨਿੱਜੀ ਉੱਕਾ ਨਹੀਂ ਸੀ। ਸਿੱਕਾ ਵੀ ਉਸ ਦੇ ਨਾਂਅ ਨਹੀਂ ਚਲਦਾ ਸੀ। 'ਮਹਾਰਾਜੇ ਦਾ ਇਕੋ ਇਕ ਨਿਸ਼ਾਨਾ ਸੀ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ, ਅਮਨ-ਚੈਨ, ਧਾਰਮਿਕ ਬਰਾਬਰਤਾ, ਸਾਂਝੀਵਾਲਤਾ ਅਤੇ ਇਨਸਾਫ਼, ਇਸ ਦੇ ਨਾਲ ਹੀ ਪੰਜਾਬ ਦੀ ਮਾਨ-ਮਰਿਆਦਾ ਤੇ ਫ਼ੌਜੀ ਤਾਕਤ ਤਾਂ ਕਿ ਦੁਸ਼ਮਣ ਦੀ ਨਜ਼ਰ ਵੀ ਨਾ ਲੱਗੇ।' ਪੰਨਾ 306. ਮਹਾਰਾਜੇ ਦੀ ਮੌਤ ਤੋਂ ਬਾਅਦ ਰਾਜਗੱਦੀ ਲਈ ਜੋ ਕਤਲਾਂ ਦਾ ਸਿਲਸਿਲਾ ਚੱਲਿਆ, ਲੇਖਕ ਨੇ ਉਸ ਪਿੱਛੇ ਦੇ ਕਾਰਨਾਂ ਦਾ ਵਰਣਨ ਕੀਤਾ ਹੈ। ਲੇਖਕ ਨੇ ਮਹਾਰਾਜਾ ਦੇ ਜੀਵਨ ਦੇ ਅੰਤਲੇ 15 ਦਿਨਾਂ ਦਾ ਹਿਰਦੇਵੇਦਕ ਜ਼ਿਕਰ ਕੀਤਾ ਹੈ। ਸਿੱਖ ਰਾਜ ਦੇ ਸੰਦਰਭ ਵਿਚ ਅਜੋਕੀ ਪੰਜਾਬ ਦੀ ਰਾਜਨੀਤੀ ਦਾ ਵਰਣਨ ਵੀ ਕੀਤਾ ਹੈ। ਇਹ ਕਿਤਾਬ ਨਹੀਂ, ਥੀਸਿਸ ਹੈ। ਇਸ ਦਾ ਅਧਿਐਨ ਇਤਿਹਾਸਕ ਖੋਜੀਆਂ ਅਤੇ ਵਿਦਿਆਰਥੀਆਂ ਲਈ ਬੜਾ ਲਾਹੇਵੰਦ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com
ਬਚੇ ਸ਼ਰਨ ਜੁ ਹੋਇ
ਲੇਖਿਕਾ : ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 325 ਰੁਪਏ, ਸਫ਼ੇ 159
ਸੰਪਰਕ : 98147-80166
ਸਾਹਿਤ ਦੇ ਖੇਤਰ ਵਿਚ ਸਥਾਪਿਤ ਹਸਤਾਖ਼ਰ ਸ੍ਰੀਮਤੀ ਹਰਜੀਤ ਕੌਰ ਦਾ ਇਹ ਨਾਵਲ ਕੁੱਲ 40 ਕਾਂਡਾਂ ਵਿਚ ਵੰਡਿਆ ਹੋਇਆ ਹੈ। ਇਸ ਨਾਵਲ ਨੂੰ ਪੜ੍ਹਦਿਆਂ ਅਤੇ ਇਸ ਦੀ ਸ਼ੈਲੀ, ਕਲਾ ਅਤੇ ਭਾਵ ਪੱਖ ਨੂੰ ਵਾਚਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਦੀ ਲੇਖਿਕਾ ਆਪਣੇ ਸਮਕਾਲੀਨ ਨਾਵਲਕਾਰਾਂ ਤੋਂ ਵੱਖਰੇ ਰਾਹ 'ਤੇ ਤੁਰਨ ਵਾਲੀ ਅਤੇ ਸਹਿਜ ਗਤੀ ਨਾਲ ਲਿਖਣ ਵਾਲੀ ਨਾਵਲਕਾਰਾਂ ਹੈ। ਇਹ ਨਾਵਲ ਸਿੱਖ ਇਤਿਹਾਸ ਦੀ ਦਲੇਰੀ ਵਿਖਾਉਂਦੀ ਤੇ ਆਵਾਜ਼ ਬੁਲੰਦ ਕਰਦੀ ਪਾਤਰ ਸ਼ਰਨਜੀਤ ਕੌਰ ਦੇ ਹੌਸਲੇ ਵਾਲਾ ਕਾਰਜ ਅਤੇ ਸ਼ਾਨਾਮੱਤੇ ਸਿੱਖੀ ਜੀਵਨ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਲੇਖਿਕਾ ਦੀ ਅਨੋਖੀ ਪਾਤਰ ਵਿਸ਼ਾ ਚੋਣ ਵੱਲ ਪੈੜਾਂ ਸਿਰਜਣ ਦੀ ਇਕ ਨਿਵੇਕਲੀ ਯਾਤਰਾ ਹੈ। ਇਸ ਨਾਵਲ ਦੇ ਹਰ ਕਾਂਡ ਨੂੰ ਇਕ ਨਾਂਅ ਅਧੀਨ ਇਕ ਨੁਕਤੇ ਵਿਚ ਗੁੰਦ ਕੇ ਇਕ-ਦੂਜੇ ਨਾਲ ਜੋੜ ਕੇ ਨਾਵਲ ਨੂੰ ਸ਼ਬਦਾਂ ਵਿਚ ਰੂਪ ਮਾਨ ਕੀਤਾ ਗਿਆ ਹੈ। ਹਰ ਕਾਂਡ ਵਿਚ ਅਣਲਿਖੀ ਕਹਾਣੀ ਦਰਜ ਕਰਕੇ, ਉਸ ਦਾ ਬੀਜ ਖਿਲਾਰਦਿਆਂ ਅਰਥ ਸਿਰਜਣਾ ਦੀ ਇਹ ਜੁਗਤ ਨਾਵਲੀ ਕਥਾ ਨੂੰ ਵਿਸਥਾਰ ਅਤੇ ਸੰਜਮ ਪ੍ਰਦਾਨ ਕਰਦੀ ਹੈ। ਲੇਖਿਕਾ ਪਰੰਪਰਾ ਤੋਂ ਲਾਂਭੇ ਹੋ ਕੇ ਨਾਵਲ ਦੇ ਖੇਤਰ ਵਿਚ ਨਵੀਆਂ ਪੈੜਾਂ ਦੀ ਸਿਰਜਕ ਸਿੱਧ ਹੋਈ ਹੈ। ਇਸ ਨਾਵਲ ਦੇ ਹਰ ਕਾਂਡ ਦੀ ਇਕ ਨਵੇਂ ਨੁਕਤੇ ਨਾਲ ਸਿਰਜੀ ਕਥਵਸਤੂ ਬਹੁ ਦਿਸ਼ਾਵਾਂ ਵਿਚ ਪਸਰਦੀ ਨਜ਼ਰ ਆਉਂਦੀ ਹੈ। ਨਾਵਲ ਦੇ ਪਾਤਰਾਂ, ਘਟਨਾਵਾਂ, ਸਥਾਨਾਂ ਵਿਚਕਾਰ ਸਮੇਂ ਦਾ ਲੰਬਾ ਵਕਫ਼ਾ ਵਿਅਕਤੀਆਂ, ਵਸਤਾਂ ਤੇ ਵਰਤਾਰਿਆਂ ਦਾ ਰੂਪ ਅਜਨਬੀ ਹੋਣ ਕਾਰਨ ਨਾਵਲ ਦੀ ਕਹਾਣੀ ਭੂਤ ਵਰਤਮਾਨ ਅਤੇ ਭਵਿੱਖ ਵਿਚ ਵਿਚਰਦੀ ਮਹਿਸੂਸ ਹੁੰਦੀ ਹੈ। ਲੇਖਿਕਾ ਪਾਤਰਾਂ ਦੀ ਚੋਣ ਕਰਨ ਉਨ੍ਹਾਂ ਦੇ ਚਰਿੱਤਰ ਉਘਾੜਨ ਅਤੇ ਬਹੁਪਰਤੀ ਮਸਲਿਆਂ ਦੀ ਚਰਚਾ ਛੇੜਨ ਦੀ ਕਲਾ ਵਿਚ ਮੁਹਾਰਤ ਰੱਖਦੀ ਹੈ। ਬੀਬੀ ਸ਼ਰਨਜੀਤ ਕੌਰ ਨੂੰ ਇਸ ਨਾਵਲ ਦੀ ਕੇਂਦਰ ਬਿੰਦੂ ਬਣਾਉਣ ਦਾ ਮੁੱਖ ਮੰਤਵ ਗੁਰੂ ਤੋਂ ਬੇਮੁੱਖ ਹੋ ਰਹੀ ਅਜੋਕੀ ਪੀੜ੍ਹੀ ਦੀ ਆਤਮਾ ਨੂੰ ਹਲੂਣਾ ਦੇਣਾ ਹੈ। ਬੀਬੀ ਸ਼ਰਨਜੀਤ ਕੌਰ ਦਾ ਕਾਰਜ ਕਿਰਦਾਰ ਤੇ ਜੀਵਨ ਸਿੱਖ ਇਤਿਹਾਸ ਵਿਚ ਬਹੁਤ ਹੀ ਪ੍ਰੇਰਨਾ ਭਰਪੂਰ ਹੈ। ਬਹੁਤ ਹੀ ਸੂਖਮ ਨਜ਼ਰੀਏ ਨਾਲ ਜਿਊਂਦੇ ਮਨੁੱਖਾਂ ਵਿਚਲੀਆਂ ਲਾਸ਼ਾਂ ਅਤੇ ਲਾਸ਼ਾਂ ਵਿਚਲੇ ਜਿਊਂਦੇ ਮਨੁੱਖਾਂ ਦੀ ਬਾਤ ਪਾਉਂਦਾ ਇਹ ਨਾਵਲ ਬਹੁਤ ਹੀ ਨਿਵੇਕਲੀ ਪੇਸ਼ਕਾਰੀ ਹੈ। ਖੋਜੀ ਬਿਰਤੀ ਦੇ ਇਸ ਨਾਵਲ ਵਿਚ ਦਰਦ ਭਰੇ ਪੰਨਿਆਂ ਨੂੰ ਜੋ ਅਨਪੜ੍ਹੇ ਰਹਿ ਚੁੱਕੇ ਸਨ, ਲੇਖਿਕਾ ਨੇ ਉਨ੍ਹਾਂ ਨੂੰ ਪੜ੍ਹ ਕੇ ਆਪਣੀ ਸੰਵੇਦਨਾ ਵਿਚ ਨਾਵਲ ਦੇ ਰੂਪ ਵਿਚ ਸਾਹਿਤ ਜਗਤ ਦੇ ਸਨਮੁੱਖ ਪੇਸ਼ ਕੀਤਾ ਹੈ। ਆਪਣੇ ਸਕੂਲ ਦੇ ਮੈਗਜ਼ੀਨ ਵਿਚ ਇਕ ਵਿਦਿਆਰਥੀ ਦੁਆਰਾ ਲਿਖੀ ਗਈ ਕਵਿਤਾ ਦੀ ਪਾਤਰ ਸ਼ਰਨਜੀਤ ਕੌਰ ਦੇ ਜੀਵਨ ਨੂੰ ਅਧਾਰ ਬਣਾ ਕੇ ਆਪਣੇ ਪੰਜਾਬੀ ਭਾਸ਼ਾ ਅਤੇ ਇਤਿਹਾਸ ਦੇ ਗਿਆਨ ਅਤੇ ਅਨੁਭਵ ਨੂੰ ਨਾਵਲ ਦੇ ਰੂਪ ਵਿਚ ਪੇਸ਼ ਕਰਨ ਦੀ ਕਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਿਕਾ ਸਾਹਿਤ ਅਤੇ ਧਰਮ ਦੇ ਸੁਮੇਲ ਨੂੰ ਸ਼ਬਦਾਂ ਵਿਚ ਰੂਪਮਾਨ ਕਰਨ ਵਿਚ ਮੁਹਾਰਤ ਰੱਖਦੀ ਹੈ। ਇਹ ਨਾਵਲ ਦੀ ਮੁੱਖ ਪਾਤਰ ਸ਼ਰਨਜੀਤ ਕੌਰ ਦਾ ਕਾਰਜ ਅਤੇ ਸਿੱਖੀ ਜੀਵਨ ਹਰ ਨਵੀਂ ਪੀੜ੍ਹੀ ਲਈ ਰਾਹ ਦਸੇਰੇ ਦੀ ਭੂਮਿਕਾ ਨਿਭਾਏਗਾ। ਨਾਵਲ ਦਾ ਸਿਰਲੇਖ ਦਿਲ ਨੂੰ ਟੁੰਬਣ ਵਾਲਾ ਹੈ। ਲੇਖਿਕਾ ਦੀ ਪਾਤਰਾਂ ਅਨੁਸਾਰ ਸ਼ਬਦ ਚੋਣ, ਪਾਤਰਾਂ ਦੇ ਜੋਸ਼ੀਲੇ ਸੰਵਾਦ, ਸ਼ੈਲੀ ਅਤੇ ਸਾਗਰ ਨੂੰ ਗਾਗਰ ਵਿਚ ਭਰਨ ਦਾ ਅੰਦਾਜ਼ ਉਸ ਦੀ ਸਾਹਿਤਕ ਪ੍ਰਤਿਭਾ ਅਤੇ ਪਹੁੰਚ ਨੂੰ ਦਰਸਾਉਂਦਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਸਪਤ-ਸਿੰਧੂ ਪੰਜਾਬ
ਸੰਪਾਦਕ : ਸੁਰਿੰਦਰ ਕੁਮਾਰ ਦਵੇਸ਼ਵਰ, ਹਰੀਸ਼ ਜੈਨ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 895 ਰੁਪਏ, ਸਫ਼ੇ : 766
ਸੰਪਰਕ : 0172-5027429
'ਸਪਤ-ਸਿੰਧੂ', ਪੰਜਾਬ ਦਾ ਪੁਰਾਤਨ-ਭਾਰਤੀ ਨਾਂਅ ਹੈ। ਸਪਤ-ਸਿੰਧੂ ਅਰਥਾਤ ਸੱਤ ਦਰਿਆਵਾਂ ਦੀ ਜ਼ਰਖੇਜ਼ ਧਰਤੀ। ਹੜੱਪਾ ਅਤੇ ਮਹਿੰਜਦੜੋ ਇਸ ਧਰਤੀ ਉੱਤੇ ਵਿਕਸਿਤ ਹੋਈ ਸਿੰਧ ਘਾਟੀ ਦੇ ਪ੍ਰਸਿੱਧ ਕੇਂਦਰ ਰਹੇ ਹਨ। ਇਸ ਖਿੱਤੇ ਦੇ ਗੌਰਵ ਅਤੇ ਸ਼ੋਭਾ ਨੂੰ ਅੰਕਿਤ ਕਰਨ ਲਈ ਸੂਝਵਾਨ ਸੰਪਾਦਕਾਂ ਨੇ ਇਸ ਵੱਡਾਕਾਰੀ ਗ੍ਰੰਥ ਦੀ ਕਲਪਨਾ ਕੀਤੀ ਅਤੇ ਆਪਣੇ ਸਿਦਕ ਦੁਆਰਾ ਇਸ ਨੂੰ ਨੇਪਰੇ ਚੜ੍ਹਾ ਕੇ ਵਡਮੁੱਲੇ ਕਾਰਜ ਨੂੰ ਸਰੰਜਾਮ ਦਿੱਤਾ ਹੈ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਭਾਸ਼ਾ ਵਿਭਾਗ ਪੰਜਾਬ ਨੇ ਗਿਆਨੀ ਲਾਲ ਸਿੰਘ ਅਤੇ ਡਾ. ਸੀਤਲ ਦੀ ਅਗਵਾਈ ਵਿਚ 'ਪੰਜਾਬ' ਨਾਂਅ ਦੇ ਇਕ ਏਨੇ ਹੀ ਵੱਡੇ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਇਆ ਸੀ। ਪਰ ਉਸ ਗ੍ਰੰਥ ਦੇ ਮਜ਼ਮੂਨਾਂ ਦੀ ਅਵਧੀ 1960 ਈ: ਤਕ ਹੀ ਸਮਾਪਤ ਹੋ ਜਾਂਦੀ ਸੀ। ਹਥਲੇ ਗ੍ਰੰਥ ਵਿਚ ਪੂੰਜੀਵਾਦ ਦੇ ਦਬਾਵਾਂ ਅਧੀਨ ਹੋ ਰਹੇ ਰੂਪਾਂਤਰਣ ਦੀਆਂ ਝਲਕਾਂ ਵੀ ਮਿਲ ਜਾਂਦੀਆਂ ਹਨ।
ਇਸ ਪੁਸਤਕ ਦੀ ਸਮੁੱਚੀ ਸਮੱਗਰੀ ਛੇ ਭਾਗਾਂ ਵਿਚ ਵਿਉਂਤਬੱਧ ਕੀਤੀ ਗਈ ਹੈ। ਇਨ੍ਹਾਂ ਭਾਗਾਂ ਵਿਚ ਪੰਜਾਬ ਦੀ ਰੂਪ-ਰੇਖਾ ਤੇ ਭੂਗੋਲ, ਪੰਜਾਬੀ ਸੱਭਿਆਚਾਰ ਦੇ ਲੱਛਣ, ਪੰਜਾਬ ਦੇ ਰਸਮ-ਰਿਵਾਜ ਤੇ ਲੋਕਯਾਨ, ਸਾਹਿਤਿਕ-ਕਲਾਤਮਕ ਵਿਰਸਾ, ਆਜ਼ਾਦੀ ਲਈ ਕੀਤੇ ਸੰਘਰਸ਼ ਵਿਚ ਪੰਜਾਬੀਆਂ ਦਾ ਯੋਗਦਾਨ ਅਤੇ 'ਪੰਜਾਬੀਅਤ' ਆਦਿ ਪਹਿਲੂਆਂ ਬਾਰੇ ਚਰਚਾ ਕੀਤੀ ਗਈ ਹੈ। ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਤੋਂ ਬਿਨਾਂ ਇਸ ਗ੍ਰੰਥ ਵਿਚ ਜੇ. ਐਸ. ਗਰੇਵਾਲ, ਟੀ. ਆਰ. ਵਿਨੋਦ, ਰਵਿੰਦਰ ਸਿੰਘ ਰਵੀ, ਗਿਆਨੀ ਗੁਰਦਿੱਤ ਸਿੰਘ, ਦੇਵਿੰਦਰ ਸਤਿਆਰਥੀ, ਰਤਨ ਸਿੰਘ ਜੱਗੀ, ਗੁਲਜ਼ਾਰ ਸਿੰਘ ਸੰਧੂ, ਜਸਵਿੰਦਰ ਸਿੰਘ, ਨਾਹਰ ਸਿੰਘ, ਹਰਜੀਤ ਸਿੰਘ, ਤੇਜਿੰਦਰ ਕੌਰ ਅਤੇ ਹਰਵਿੰਦਰ ਸਿੰਘ ਭੱਟੀ ਵਰਗੇ ਵਿਸ਼ੇਸ਼ ਲੇਖਕਾਂ ਦੀਆਂ ਰਚਨਾਵਾਂ ਸੰਕਲਿਤ ਹੋਈਆਂ ਹਨ। ਸੁਰਿੰਦਰ ਕੁਮਾਰ ਦਵੇਸ਼ਵਰ (ਭੂਮਿਕਾਵਾਂ ਤੇ 3 ਲੇਖ), ਹਰੀਸ਼ ਜੈਨ (3 ਲੇਖ), ਕਲਪਨਾਸ਼ੀਲ, ਸੁਪਨੇਸਾਜ਼ ਅਤੇ ਪ੍ਰਬੁੱਧ ਲੇਖਕ ਹਨ। ਉਨ੍ਹਾਂ ਦੀ ਸਾਧਨਾ ਨੂੰ ਸਲਾਮ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਅਵਤਾਰ ਸਿੰਘ ਸੰਧੂ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 99151-82971
ਅਵਤਾਰ ਸਿੰਘ ਸੰਧੂ ਲੰਮੇ ਅਰਸੇ ਤੋਂ ਬਾਲ ਸਾਹਿਤ ਦੀ ਨਿਰੰਤਰ ਰਚਨਾ ਕਰਨ ਵਾਲਾ ਕਲਮਕਾਰ ਹੈ। ਉਸ ਦੀਆਂ ਛਪੀਆਂ ਦੋ ਤਾਜ਼ਾ ਪੁਸਤਕਾਂ ਵਿਚੋਂ ਪਹਿਲੀ ਪੁਸਤਕ 'ਹੀਰਾ' ਹੈ ਜੋ ਉਸ ਦੇ ਬਾਲ ਨਾਵਲਾਂ ਦੀ ਅਗਲੀ ਕੜੀ ਹੈ। ਇਸ ਦਾ ਚੌਥਾ ਐਡੀਸ਼ਨ ਛਪ ਕੇ ਸਾਹਮਣੇ ਆਇਆ ਹੈ। ਇਸ ਬਾਲ ਨਾਵਲ ਦਾ ਬੁਨਿਆਦੀ ਸੰਬੰਧ ਮਿਹਨਤ ਅਤੇ ਲਗਨ ਦੀ ਪ੍ਰੇਰਣਾ ਦੇਣ ਨਾਲ ਹੈ। ਨਾਵਲ ਦਾ ਨਾਇਕ ਦੀਪਾ, ਗੁਰਬਤ ਨਾਲ ਜੂਝਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਸ ਦਾ ਪਿਤਾ ਸਰਪੰਚ ਦਾ ਕਾਮਾ ਹੈ ਜੋ ਕੈਂਸਰ ਦੀ ਬਿਮਾਰੀ ਨਾਲ ਜੂਝਦਾ ਹੋਇਆ ਚੱਲ ਵਸਦਾ ਹੈ। ਦੀਪੇ ਦਾ ਚਾਚਾ ਉਸ ਨੂੰ ਸਕੂਲੋਂ ਪੜ੍ਹਨੋਂ ਹਟਾ ਕੇ ਸਰਪੰਚ ਦੀਆਂ ਮੱਝਾਂ ਚਾਰਨ ਲਗਾ ਦਿੰਦਾ ਹੈ ਪਰੰਤੂ ਸਰਪੰਚ ਦੀ ਲੜਕੀ ਅਮਨ ਦੀਪੇ ਦੀ ਪੜ੍ਹਨ ਦੀ ਭਾਵਨਾ ਨੂੰ ਭਾਂਪਦੀ ਹੋਈ ਉਸ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ। ਸਿੱਟੇ ਵਜੋਂ ਦੀਪਾ ਪੰਜਵੀਂ ਜਮਾਤ ਵਿਚੋਂ ਪੂਰੇ ਬਲਾਕ ਵਿਚੋਂ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਨਾਵਲ ਰਾਹੀਂ ਇਹੋ ਸੁਨੇਹਾ ਮਿਲਦਾ ਹੈ ਕਿ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ ਅਤੇ ਸੰਘਰਸ਼ ਨਾਲ ਹੀ ਨਾਂਅ ਰੌਸ਼ਨ ਕੀਤਾ ਜਾ ਸਕਦਾ ਹੈ। ਨਾਵਲ ਦੇ ਪਾਤਰਾਂ ਦੀ ਭਾਸ਼ਾ ਉਨ੍ਹਾਂ ਦੇ ਕਿੱਤਿਆਂ ਅਤੇ ਮਾਨਸਿਕਤਾ ਦੇ ਅਨੁਕੂਲ ਹੈ। ਇਸ ਪੁਸਤਕ ਵਿਚ ਕੁਲਵਿੰਦਰ ਕੌਰ ਰੂਹਾਨੀ ਦੁਆਰਾ ਬਣਾਏ ਖ਼ੂਬਸੂਰਤ ਚਿੱਤਰ ਬਿਰਤਾਂਤ ਨੂੰ ਸਮਝਣ ਲਈ ਮਦਦਗਾਰ ਸਿੱਧ ਹੁੰਦੇ ਹਨ। ਸੰਧੂ ਦਾ ਇਹ ਜਿਗਿਆਸਾਪੂਰਨ ਬਾਲ ਨਾਵਲ ਪੜ੍ਹਨਯੋਗ ਹੈ। ਇਸ ਪੁਸਤਕ ਦਾ ਮੁੱਲ 60 ਰੁਪਏ ਹੈ ਅਤੇ ਕੁੱਲ ਸਫ਼ੇ 32 ਹਨ।
ਅਵਤਾਰ ਸਿੰਘ ਸੰਧੂ ਦੀ ਦੂਜੀ ਪੁਸਤਕ 'ਨਵੀਂ ਫੱਟੀ' ਹੈ। ਇਸ ਵਿਚ ਕੁੱਲ 8 ਬਾਲ ਕਹਾਣੀਆਂ 'ਛੱਲੀਆਂ ਦਾ ਟੋਕਰਾ','ਪੱਕਾ ਇਰਾਦਾ', 'ਨਵੀਂ ਫੱਟੀ','ਰੇਲ ਗੱਡੀ ਆਈ','ਝਿੜੀ ਵਾਲਾ ਭੂਤ','ਵਿਆਜ਼ ਦਾ ਟਕਾ','ਅਖ਼ਬਾਰ ਦਾ ਕਮਾਲ' ਅਤੇ 'ਮਿੱਠਾ ਜ਼ਹਿਰ' ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦਾ ਧਰਾਤਲ ਸਮਕਾਲੀ ਸਮਾਜ ਦੀ ਬੁਨਿਆਦ ਉੱਪਰ ਉਸਾਰਿਆ ਗਿਆ ਹੈ। ਮਨੁੱਖ ਨੂੰ ਜੀਵਨ ਵਿਚ ਅਨੇਕ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਪੈਂਦਾ ਹੈ, ਅਗਿਆਨਤਾ ਜਾਂ ਅੰਧ-ਵਿਸ਼ਵਾਸ ਮਾਨਵਤਾ ਲਈ ਕਿਵੇਂ ਹਾਨੀਕਾਰਕ ਹੁੰਦੀ ਹੈ? ਅਨਪੜ੍ਹਤਾ ਕਿਵੇਂ ਸਰਾਪ ਬਣਦੀ ਹੈ ਅਤੇ ਗੁਮਰਾਹ ਹੋਇਆ ਮਨੁੱਖ ਕਿਵੇਂ ਆਪਣੇ ਸਮਾਜ ਲਈ ਸੰਕਟ ਖੜ੍ਹੇ ਕਰਦਾ ਹੈ? ਇਨ੍ਹਾਂ ਸਾਰੀਆਂ ਦੁਬਿਧਾਵਾਂ ਨੂੰ ਸੰਧੂ ਨੇ ਇਨ੍ਹਾਂ ਬਾਲ-ਕਹਾਣੀਆਂ ਵਿਚ ਬਾਲ-ਮਾਨਸਿਕਤਾ ਦੇ ਅਨੁਕੂਲ ਬਾਖ਼ੂਬੀ ਬਿਆਨਦੇ ਹੋਏ ਲੁਕਵੇਂ ਰੂਪ ਵਿਚ ਇਹ ਹੱਲ ਸੁਝਾਇਆ ਹੈ ਕਿ ਦ੍ਰਿੜ੍ਹ ਨਿਸਚਾ, ਲਗਨ, ਮਿਹਨਤ, ਇਮਾਨਦਾਰੀ, ਫ਼ਰਜ਼ਸੱਨਾਸ਼ੀ ਅਤੇ ਪਰਉਪਕਾਰੀ ਭਾਵਨਾ ਦਾ ਪਾਲਣਾ ਕਰਨ ਨਾਲ ਵਧੀਆ ਮਨੁੱਖ ਬਣਿਆ ਜਾ ਸਕਦਾ ਹੈ। ਕਹਾਣੀਆਂ ਨਾਲ ਢੁੱਕਵੇਂ ਚਿੱਤਰ ਦਿਲਚਸਪੀ ਵਿਚ ਵਾਧਾ ਕਰਦੇ ਹਨ। ਚਾਰ ਰੰਗਾ ਟਾਈਟਲ ਖਿੱਚ ਪਾਉਂਦਾ ਹੈ। ਇਸ ਪੁਸਤਕ ਦੀ ਕੀਮਤ 70 ਰੁਪਏ ਹੈ ਅਤੇ ਸਫ਼ੇ 64 ਹਨ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਸੱਚੀਂ ਮੈਂ ਸੱਚ ਦੱਸਦੀ ਆਂ...
ਲੇਖਕ : ਦਵਿੰਦਰ ਕੌਰ, ਜਸਵਿੰਦਰ ਪੰਜਾਬੀ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 108
ਸੰਪਰਕ : 95921-54786
ਪੰਜ ਮਨੁੱਖੀ ਪ੍ਰਵਿਰਤੀਆਂ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਵਿਚੋਂ ਕਾਮ ਪ੍ਰਵਿਰਤੀ ਐਨੀ ਸ਼ਕਤੀਸ਼ਾਲੀ ਹੈ ਕਿ ਜਿਸ 'ਤੇ ਇਹ ਭਾਰੂ ਹੁੰਦੀ ਹੈ, ਉਹ ਬੰਦਾ ਸਮਾਜਿਕ ਰਿਸ਼ਤਿਆਂ ਦੀ ਪਵਿੱਤਰਤਾ, ਇਨ੍ਹਾਂ ਦੀ ਮਰਿਆਦਾ, ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਉਹ ਕੁਝ ਕਰ ਬਹਿੰਦਾ ਹੈ, ਜਿਸ ਨੂੰ ਦੇਖ-ਸੁਣ ਕੇ, ਸਮਝ ਕੇ ਸਭ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸ ਪ੍ਰਵਿਰਤੀ ਨੇ ਐਸੇ ਰਿਸ਼ਤੇ ਵੀ ਨਹੀਂ ਬਖ਼ਸ਼ੇ ਜਿਨ੍ਹਾਂ ਨੂੰ ਸਮਾਜ ਬੇਹੱਦ ਆਦਰ ਅਤੇ ਸਤਿਕਾਰ ਦਿੰਦਾ ਹੈ ਜਾਂ ਕਹਿ ਲਓ ਇਨ੍ਹਾਂ ਰਿਸ਼ਤਿਆਂ ਨੂੰ ਰੱਬ ਦੀ ਥਾਂ ਗਿਣਿਆ ਜਾਂਦਾ ਹੈ। ਇਹ ਪੁਸਤਕ ਉਨ੍ਹਾਂ ਲੜਕੀਆਂ, ਔਰਤਾਂ ਦੀ ਦਾਸਤਾਨ ਪੇਸ਼ ਕਰਦੀ ਹੈ ਜਿਨ੍ਹਾਂ ਨੇ ਮਰਦ ਦੀ ਇਸ ਮਾਰੂ ਕਾਮੁਕ ਸ਼ਕਤੀ ਦਾ ਜ਼ੁਲਮ ਆਪਣੇ ਉੱਤੇ ਹੰਢਾਇਆ ਹੈ, ਉਹ ਆਪਣਾ ਨਾਂਅ-ਪਤਾ ਛੁਪਾ ਕੇ ਇਸ ਪੁਸਤਕ ਵਿਚ ਆਪਣੀ ਆਪ-ਬੀਤੀ ਬਿਆਨਦੀਆਂ ਹੋਈਆਂ ਖੂਨ ਦੇ ਹੰਝੂ ਰੋਂਦੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ।
ਲੇਖਕਾ ਦਵਿੰਦਰ ਕੌਰ ਕਪੂਰਥਲਾ ਅਤੇ ਲੇਖਕ ਜਸਵਿੰਦਰ ਪੰਜਾਬੀ ਪਟਿਆਲਾ ਦੀ ਇਹ ਸਾਂਝੀ ਗਲਪ ਪੁਸਤਕ 'ਸੱਚੀਂ ਮੈਂ ਸੱਚ ਦਸਦੀ ਆਂ...' ਪਾਠਕ ਨੂੰ ਉਪਰੋਕਤ ਵਿਚਾਰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਦੋਵੇਂ ਗਲਪਕਾਰਾਂ ਨੇ ਲੀਕ ਤੋਂ ਹਟ ਕੇ ਅਤੇ ਵਿਲੱਖਣ ਮਿਹਨਤ ਅਤੇ ਹੌਸਲੇ ਦਾ ਸਬੂਤ ਦਿੱਤਾ ਹੈ। ਤਕਨੀਕੀ ਪੱਖੋਂ ਬੜੀ ਸਿੱਕੇਬੰਦ ਪੰਜਾਬੀ ਭਾਸ਼ਾ ਪੁਸਤਕ ਨੂੰ ਬਿਹਤਰ ਸਾਬਤ ਕਰਦੀ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਗੁਰੂ ਤੇਗ ਬਹਾਦਰ ਜੀ
(ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ)
ਲੇਖਕ : ਡਾ. ਪਰਮਵੀਰ ਸਿੰਘ
ਪ੍ਰਕਾਸ਼ਕ : ਨਿਰਮਲ ਆਸ਼ਰਮ ਰਿਸ਼ੀਕੇਸ਼
ਸਫ਼ੇ : 272
ਸੰਪਰਕ : 98720-74322
ਹਥਲੀ ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਅਤੇ ਚਰਨ ਛੋਹ ਅਸਥਾਨਾਂ ਨਾਲ ਸੰਬੰਧਿਤ ਹੈ ਅਤੇ ਗੁਰੂ ਜੀ ਦੇ 200 ਤੋਂ ਵਧੇਰੇ ਚਰਨ ਛੋਹ ਅਸਥਾਨਾਂ ਦੇ ਨਾਲ-ਨਾਲ ਉਨ੍ਹਾਂ ਦੀ ਮਹਿਮਾ ਅਤੇ ਸਮਕਾਲੀ ਸਿੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਗੁਰੂ ਜੀ ਦੁਆਰਾ ਉਚਾਰੀ ਗਈ ਬਾਣੀ, ਹੁਕਮਨਾਮੇ, ਚਰਨਛੋਹ ਪ੍ਰਾਪਤ ਅਸਥਾਨਾਂ ਸੰਬੰਧੀ ਖੋਜ ਭਰਪੂਰ ਜਾਣਕਾਰੀ ਹੈ।
ਡਾ. ਪਰਮਵੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ, ਹੁਕਮਨਾਮਿਆਂ, ਵੱਖ-ਵੱਖ ਸਰੋਤਾਂ ਵਿਚ ਅੰਕਿਤ ਮਹਿਮਾ, ਸ਼ਰਧਾਵਾਨ ਪ੍ਰੇਮੀਆਂ, ਗੁਰੂ ਜੀ ਦੇ ਚਰਨ-ਛੋਹ ਪ੍ਰਾਪਤ ਗੁਰ ਅਸਥਾਨਾਂ 'ਤੇ ਨਿੱਜੀ ਤੌਰ 'ਤੇ ਪਹੁੰਚ ਕਰ ਕੇ ਤਸਵੀਰਾਂ ਅਤੇ ਜੋ ਉਥੋਂ ਦੇ ਵਸਨੀਕਾਂ ਤੋਂ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ ਹੈ, ਉਸ ਨੂੰ ਇਸ ਪੁਸਤਕ ਵਿਚ ਦਰਜ ਕੀਤਾ ਹੈ।
ਗੁਰੂ ਜੀ ਦੇ ਆਪਣੇ ਹੱਥੀਂ ਸਿੱਖ ਸੰਗਤਾਂ ਨੂੰ ਲਿਖੇ ਹੁਕਮਨਾਮੇ ਪੰਜਾਬੀ ਵਿਚ ਖੁਸ਼-ਖ਼ਾਤੀ ਦੇ ਅਨੂਪਮ ਨਮੂਨੇ ਹਨ ਜੋ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਪੱਤਰ ਲੇਖਨ ਕਲਾ ਦੇ ਮੋਢੀ ਸਾਬਿਤ ਕਰਦੇ ਹਨ। ਵਿਸ਼ਵ-ਸ੍ਰਿਸ਼ਟੀ ਦੇ ਪੱਖੋਂ ਗੁਰੂ ਸਾਹਿਬ ਦਾ ਇਹ ਮਹਾਂਵਾਕ 'ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ' ਬੇਖ਼ੌਫ ਜੀਵਨ-ਸ਼ੈਲੀ ਨੂੰ ਪ੍ਰਤਿਪਾਦਤ ਕਰਦਾ ਵਿਸ਼ਵ ਵਿਚ ਅਮਨ-ਸ਼ਾਂਤੀ ਦੇ ਸਹਿਹੋਂਦ 'ਤੇ ਆਧਾਰਿਤ ਬਹੁ-ਬਿਧਿ ਸੱਭਿਆਚਾਰਕ ਵਿਵਸਥਾ ਦੀ ਸਥਾਪਤੀ ਲਈ ਸਰਬ ਸਾਂਝੇ ਐਲਾਨਨਾਮੇ ਦੀ ਆਧਾਰਸ਼ੀਲਾ ਬਣਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਦਰਸ਼ਨ, ਸ਼ਹੀਦੀ ਤੇ ਵਿਰਾਸਤ, ਮਨੁੱਖਤਾ ਦਾ ਬੇਸ਼ਕੀਮਤੀ ਸਰਮਾਇਆ ਹੈ, ਜੋ ਬੇਇਨਸਾਫ਼ੀ ਤੇ ਜ਼ੁਲਮ ਵਿਰੁੱਧ ਸਚਾਈ ਦੇ ਪਹਿਰੇਦਾਰਾਂ ਵਾਸਤੇ ਉਤਸ਼ਾਹ ਤੇ ਪ੍ਰੇਰਨਾ ਦਾ ਸਰੋਤ ਹੈ। ਸਿੱਖ ਪੰਥ ਦੀ ਅਰਦਾਸ ਦਾ ਇਹ ਜ਼ੁਜ਼, 'ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ। ਸਭ ਥਾਈਂ ਹੋਇ ਸਹਾਇ॥' ਭਾਵ ਗੁਰੂ ਸਾਹਿਬ ਦੁਨੀਆ ਦੀਆਂ ਸਾਰੀਆਂ ਬਰਕਤਾਂ ਦੇ ਭੰਡਾਰ ਅਤੇ ਨਿਆਸਰਿਆਂ ਦਾ ਆਸਰਾ ਹਨ, ਸਮੁੱਚਾ ਸਿੱਖ, ਪੰਥ ਦੀ ਸਾਂਝੀ/ਸਮੂਹਿਕ ਸਿਮ੍ਰਤੀ ਵਿਚ ਬਹੁਤ ਹੀ ਡੂੰਘਾ ਉਕਰਿਆ ਹੋਇਆ ਹੈ, ਜੋ ਬੇਹੱਦ ਸ਼ਰਧਾ ਤੇ ਪ੍ਰੇਰਣਾ ਦਾ ਸਰੋਤ ਹੈ।
ਲੇਖਕ ਨੇ ਮੁੱਢਲੇ ਸਿੱਖ ਸਰੋਤਾਂ ਦੇ ਆਧਾਰ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਉਦੇਸ਼, ਪ੍ਰਚਾਰ ਯਾਤਰਾਵਾਂ, ਚਰਨ ਛੋਹ ਗੁਰਧਾਮਾਂ, ਸ਼ਹੀਦੀ ਸਾਕਾ, ਸਿੱਖ-ਸੇਵਕ, ਅਭਿਨੰਦਨ ਆਦਿ ਨੂੰ ਵਿਚਾਰ-ਚਰਚਾ ਦਾ ਵਿਸ਼ਾ ਬਣਾਇਆ ਹੈ ਤਾਂ ਕਿ ਗੁਰੂ ਜੀ ਦੀ ਸ਼ਖ਼ਸੀਅਤ ਦੇ ਅਣਪਛਾਤੇ ਤੇ ਘੱਟ-ਚਰਚਿਤ ਪੱਖ ਵੀ ਰੌਸ਼ਨ ਹੋ ਜਾਣ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਧਾਰਮਿਕ ਰਹਿਬਰ ਵਜੋਂ ਪ੍ਰਤਿਭਾ ਤੇ ਕਾਰਜ-ਕੁਸ਼ਲਤਾ ਅਤੇ ਸਿੱਖ ਪੰਥ ਦੇ ਸੰਗਠਨ ਦੀ ਪੁਨਰ-ਸਥਾਪਨਾ ਵਿਚ ਯੋਗਦਾਨ ਨੂੰ ਵੀ ਬਹਿਸ ਦੇ ਕੇਂਦਰ ਵਿਚ ਲਿਆਉਣ ਦਾ ਯਤਨ ਕੀਤਾ ਹੈ।
ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਯਾਤਰਾਵਾਂ ਵਿਚੋਂ ਵਿਭਿੰਨ ਇਲਾਕਿਆਂ ਦੀ ਸੰਗਤ ਅਤੇ ਗੁਰੂ ਸਾਹਿਬ ਲਈ ਪਿਆਰ, ਸ਼ਰਧਾ, ਸੇਵਾ, ਨਿਮਰਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਤੋਂ ਬੰਗਲਾਦੇਸ਼ ਤੱਕ ਵਿਭਿੰਨ ਇਲਾਕਿਆਂ ਅਤੇ ਪ੍ਰਦੇਸ਼ਾਂ ਵਿਚ ਮੌਜੂਦ 200 ਤੋਂ ਵਧੇਰੇ ਗੁਰੂਧਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਭਾਵੇਂ ਕੋਈ ਸੌਖਾ ਕਾਰਜ ਨਹੀਂ ਸੀ ਪਰ ਹਥਲੀ ਪੁਸਤਕ ਵਿਚ ਵਿਭਿੰਨ ਗੁਰਦੁਆਰਾ ਸਾਹਿਬਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਬੰਗਲਾਦੇਸ਼ ਅਤੇ ਦਿੱਲੀ ਤੋਂ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਅਸਥਾਨਾਂ ਦੀਆਂ ਰੰਗਦਾਰ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਧਾਮਾਂ ਅਤੇ ਅਜਾਇਬ ਘਰਾਂ ਤੋਂ ਪ੍ਰਾਪਤ ਹੋਈਆਂ ਹਨ। ਸੰਤ ਜੋਧ ਸਿੰਘ ਰਿਸ਼ੀਕੇਸ਼ ਅਤੇ ਡਾ. ਬਲਵੰਤ ਸਿੰਘ ਢਿੱਲੋਂ ਨੇ ਵੀ ਕਿਤਾਬ ਬਾਰੇ ਆਪਣੇ ਕੀਮਤੀ ਵਿਚਾਰ ਅੰਕਿਤ ਕੀਤੇ।
ਹਥਲੀ ਕਿਤਾਬ ਦੀ ਵਿਸ਼ੇਸ਼ਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸੰਪਰਕ ਵਿਚ ਆਏ ਸਿੱਖ-ਸੇਵਕਾਂ, ਸ਼ਰਧਾਲੂਆਂ ਤੇ ਪ੍ਰਸੰਸਕਾਂ ਦੀ ਯਾਦ ਤਾਜ਼ਾ ਕਰਾਉਣ ਤੋਂ ਇਲਾਵਾ ਉਨ੍ਹਾਂ ਦੀ ਸ਼ਖ਼ਸੀਅਤ ਤੇ ਸੇਵਾਵਾਂ ਦਾ ਉਲੇਖ ਵੀ ਕਰਦੀ ਹੈ। ਗੁਰੂ ਤੇਗ ਬਹਾਦਰ ਦੀਆਂ ਯਾਤਰਾਵਾਂ ਦੇ ਰਸਤਿਆਂ ਤੇ ਚਰਨ ਛੋਹ ਗੁਰਧਾਮਾਂ ਨੂੰ ਇਤਿਹਾਸਕ ਕ੍ਰਮ ਵਿਚ ਪ੍ਰਸਤੁਤ ਕਰਨਾ ਬਹੁਤ ਹੀ ਕਠਿਨ ਕਾਰਜ ਹੈ ਕਿਉਂਕਿ ਸਿੱਖ ਸਰੋਤਾਂ ਵਿਚ ਇਸ ਬਾਰੇ ਬਹੁਤ ਭੰਬਲ-ਭੂਸਾ ਹੈ। ਮੌਜੂਦਾ ਪੋਥੀ ਵਿਚ ਲੇਖਕ ਨੇ ਭਾਰਤ ਦੇ ਉੱਤਰ-ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੂਰਬੀ-ਬੰਗਾਲ, ਆਸਾਮ ਤੇ ਅਜੋਕੇ ਬੰਗਲਾਦੇਸ਼ ਅਤੇ ਮਾਲਵਾ ਵਿਚ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਗੁਰਧਾਮਾਂ ਦੀ ਵਿਸਤ੍ਰਿਤ ਤੇ ਨਵੀਨਤਮ ਜਾਣਕਾਰੀ ਜੋ ਉਸ ਨੇ ਮੌਕੇ ਉੱਤੇ ਜਾ ਕੇ ਗ੍ਰਹਿਣ ਕੀਤੀ, ਜੁਟਾਈ ਹੈ। ਇਸ ਵਿਚ ਗੁਰਧਾਮਾਂ ਦੀ ਸਥਾਪਨਾ ਦਾ ਇਤਿਹਾਸ, ਪ੍ਰਬੰਧ, ਜਾਇਦਾਦ, ਸੁਵਿਧਾਵਾਂ, ਆਦਿ ਤੋਂ ਇਲਾਵਾ 1984 ਵਿਚ ਨੁਕਸਾਨੇ ਤੇ ਅਲੋਪ ਹੋ ਜਾਣ ਦੀ ਕਗਾਰ 'ਤੇ ਖੜ੍ਹੇ ਗੁਰਧਾਮਾਂ ਦੇ ਵੇਰਵੇ ਵੀ ਅੰਕਿਤ ਕੀਤੇ ਹਨ। ਇਹ ਯਤਨ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗਾ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਚਿੱਠੀਆਂ 'ਚ ਵਸਦਾ ਪਾਸ਼
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 160 ਰੁਪਏ, ਸਫ਼ੇ : 96
ਸੰਪਰਕ : 94170-76735
ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਂ ਦ੍ਰਿਸ਼ਟੀ, ਸੀਮਾ-ਸੰਭਾਵਨਾਵਾਂ ਨੂੰ ਨਵਾਂ ਰੌਂਅ-ਰੁਖ਼ ਦੇਣ ਵਾਲੇ ਕਵੀਆਂ ਵਿਚ ਪਾਸ਼ (ਅਵਤਾਰ ਸਿੰਘ ਸੰਧੂ) ਦਾ ਨਾਂਅ ਉੱਘੜਵੇਂ ਰੂਪ ਵਿਚ ਲਿਆ ਜਾਂਦਾ ਹੈ। ਇਸ ਕਵੀ ਨੇ ਪੰਜਾਬੀ ਕਵਿਤਾ ਨੂੰ ਨਵਾਂ ਮੋੜ ਦਿੱਤਾ, ਜਿਸ ਨੂੰ 'ਜੁਝਾਰਵਾਦੀ ਕਾਵਿ ਪ੍ਰਵਿਰਤੀ' ਵਜੋਂ ਜਾਣਿਆ ਜਾਣ ਲੱਗ ਪਿਆ। ਸੁਭਾਵਿਕ ਹੈ ਕਿ ਨਵ-ਸਿਰਜਣ ਪ੍ਰਕਿਰਿਆ ਜਾਂ ਨਵ-ਵਿਚਾਰਧਾਰਿਕ ਪ੍ਰਵਿਰਤੀ ਸਥਾਪਿਤ ਮੁੱਲ-ਅਵਲੋਕਣ ਪੱਖੋਂ ਅਜੀਬ ਸਮਝੀ ਜਾਂਦੀ ਹੈ, ਪਰ ਚਿੰਤਕ ਲੇਖਕ ਨਿਡਰ ਹੁੰਦੇ ਹਨ ਅਤੇ ਆਪਣੀ ਸ਼ਾਬਦਿਕ-ਸਾਧਨਾ ਵਿਚ ਜੁਟੇ ਰਹਿਣ ਸਦਕਾ, ਭਾਵੇਂ ਜੀਵਨ ਦੇ ਬਹੁਤ ਸਾਰੇ ਸਾਲ ਨਾ ਹੰਢਾਉਣ, ਪਰ ਘਾਲਣਾ ਸਦੀਵੀਂ ਘਾਲ ਜਾਂਦੇ ਹਨ। ਹਥਲੀ ਪੁਸਤਕ ਵੀ ਇਨ੍ਹਾਂ ਪ੍ਰਤਿਮਾਨਾਂ ਦਾ ਉਲੇਖ ਕਰਦੀ ਹੈ। ਸੰਪਾਦਕ ਅਮੋਲਕ ਸਿੰਘ ਨੇ ਬਹੁਤ ਸਾਰੇ ਲੁਪਤ ਦਸਤਾਵੇਜ਼ਾਂ ਨੂੰ ਡੂੰਘੀ ਖੋਜ-ਪਰਖ ਘਾਲਣਾ ਉਪਰੰਤ ਪਾਸ਼ ਨਾਲ ਸੰਬੰਧਿਤ ਚਿੱਠੀਆਂ-ਪੱਤਰਾਂ ਨੂੰ ਲੱਭ-ਲੱਭ ਕੇ ਪੁਸਤਕ ਵਿਚ ਅੰਕਿਤ ਕੀਤਾ ਹੈ। ਇਹ ਚਿੱਠੀਆਂ-ਪੱਤਰ ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਪ੍ਰਸ਼ਾਸਨਿਕ ਅਤੇ ਹੋਰ ਗਤੀਆਂ-ਵਿਧੀਆਂ-ਅਧੋਗਤੀਆਂ, ਦੁੱਖਾਂ-ਬਖੇੜਿਆਂ ਅਤੇ ਨਾ ਸਹਿਣ ਕਰਨ ਯੋਗ ਹਾਲਾਤ ਨਾਲ ਵੀ ਸੰਬੰਧਿਤ ਹਨ, ਪਰੰਤੂ ਇਨ੍ਹਾਂ ਵਿਚੋਂ ਜੋ ਜੀਵਨ ਜੋਤੀ ਦੇ ਸਵੇਰੇ ਸਿਰਜਣ ਦਾ ਬੋਧ ਹੁੰਦਾ ਹੈ, ਉਸ ਨੂੰ ਪਛਾਣਨਾ ਸਾਡੇ ਅਜੋਕੇ ਸਮਾਂ-ਕਾਲ ਦੀ ਚੇਤਨਾ ਲਈ ਟੁੰਬਵਾਂ ਸਾਬਤ ਹੋ ਸਕਦਾ ਹੈ। ਹੱਥ ਲਿਖਤੀ ਪੱਤਰ-ਪ੍ਰਾਪਤੀਆਂ ਅਤੇ ਹੱਥ-ਲਿਖਤ ਦਿੱਤੇ ਜਾਂਦੇ ਜਵਾਬ ਇਸੇ ਕਥਨ ਦੀ ਸਾਰਥਿਕਤਾ ਲਈ ਢੁੱਕਵੇਂ ਸਾਬਤ ਹੁੰਦੇ ਹਨ। ਅਮੋਲਕ ਸਿੰਘ ਦੇ ਪ੍ਰਗਟਾਏ ਵਿਚਾਰ ਸਾਰਥਿਕਤਾ ਦਾ ਬੋਧ ਕਰਵਾਉਂਦੇ ਹਨ। ਪਾਸ਼ ਦੁਆਰਾ ਲਿਖੀਆਂ ਚਿੱਠੀਆਂ ਅਤੇ ਜਵਾਬੀ ਚਿੱਠੀਆਂ ਸਰਲ ਅਤੇ ਸੰਖੇਪ ਹਨ, ਜੋ ਭਾਵਨਾਤਮਕ ਤੌਰ 'ਤੇ ਬੇਬਾਕਤਾ, ਨਿਡਰਤਾ ਅਤੇ ਉਸਾਰੂ ਚਿੰਤਨ ਦਾ ਬੋਧ ਕਰਵਾਉਂਦੀਆਂ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਕੁਇਜ਼ ਮੁਕਾਬਲਾ
(ਪ੍ਰਸ਼ਨ ਉੱਤਰ)
ਸੰਪਾਦਕ : ਡਾ. ਦਰਸ਼ਨ ਸਿੰਘ ਆਸ਼ਟ
ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ
ਮੁੱਲ : 79 ਰੁਪਏ, ਸਫ਼ੇ : 240
ਸੰਪਰਕ : 98144-23703
ਭਾਸ਼ਾ ਵਿਭਾਗ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਮਿਡਲ, ਹਾਈ ਤੇ ਕਾਲਜ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਾਉਣ ਦਾ ਚੰਗਾ ਪ੍ਰਯੋਜਨ ਆ ਰਿਹਾ ਹੈ। ਬੱਚਿਆਂ ਦੇ ਇਨ੍ਹਾਂ ਮੁਕਾਬਲਿਆਂ ਦਾ ਇਕ ਵਿਧੀ ਅਨੁਸਾਰ ਪ੍ਰਬੰਧ ਕੀਤਾ ਜਾਂਦਾ ਹੈ ਤੇ ਦਰਜਾ ਪ੍ਰਾਪਤ ਕਰਨ ਵਾਲੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਨ੍ਹਾਂ ਕੁਇਜ਼ ਮੁਕਾਬਲਿਆਂ ਨੂੰ ਇਕ ਸਿਧਾਂਤਕ ਵਿਊਂਤਵਿਧੀ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ। ਅਖ਼ਬਾਰਾਂ ਰਾਹੀਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਪ੍ਰਤੀਯੋਗੀ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈ ਸਕਣ। ਭਾਸ਼ਾ ਵਿਭਾਗ ਦੀ ਇਹ ਸਕੀਮ ਪ੍ਰਸੰਸਾਯੋਗ ਹੈ। ਜ਼ਿਲ੍ਹਾ-ਪੱਧਰ ਤੋਂ ਲੈ ਕੇ ਰਾਜ-ਪੱਧਰ ਦੇ ਇਨਾਮਾਂ ਦੀ ਵੰਡ ਕੀਤੀ ਜਾਂਦੀ ਹੈ। ਇਕ ਘੰਟੇ ਦੇ ਇਸ ਮੁਕਾਬਲੇ 'ਚ ਪ੍ਰਤੀਯੋਗੀ ਨੂੰ 100 ਪ੍ਰਸ਼ਨਾਂ ਦੇ ਉੱਤਰ ਚਾਰ ਉੱਤਰਾਂ 'ਚੋਂ ਕਿਸੇ ਇਕ ਢੁੱਕਵੇਂ ਉੱਤਰ ਨੂੰ ਲਿਖਣਾ ਹੁੰਦਾ ਹੈ। ਇਨ੍ਹਾਂ 100 ਪ੍ਰਸ਼ਨਾਂ 'ਚ ਹਰ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਹਨ। ਇਤਿਹਾਸ, ਸਾਹਿਤ, ਸੱਭਿਆਚਾਰ, ਰਾਜਨੀਤੀ, ਨਵੀਆਂ ਖੋਜਾਂ, ਖੇਡ ਜਗਤ, ਵਿਗਿਆਨ, ਵਿਰਸਾ, ਪ੍ਰਾਚੀਨ ਵਿਰਾਸਤ, ਅਜੋਕੇ ਸਮੇਂ ਦੀਆਂ ਘਟਨਾਵਾਂ, ਫਿਲਮੀ-ਜਗਤ, ਕਲਾਕਾਰ, ਗਾਇਕ, ਭੂਗੋਲਿਕ ਆਦਿ ਵਿਸ਼ੇ ਛੋਹੇ ਜਾਂਦੇ ਹਨ ਭਾਵ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਲਈ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਇਹ ਕੁਇਜ਼ ਮੁਕਾਬਲੇ ਪੰਜਾਬੀ ਮਾਂ-ਬੋਲੀ ਲਈ ਬਹੁਤ ਉਪਯੋਗੀ ਹਨ। ਇਨ੍ਹਾਂ ਸਾਰੇ ਉਦੇਸ਼ਾਂ ਤੇ ਮੰਤਵਾਂ ਦੀ ਪੂਰਤੀ ਲਈ ਹਥਲੀ ਪੁਸਤਕ ਡਾ. ਦਰਸ਼ਨ ਸਿੰਘ ਆਸ਼ਟ ਨੇ ਬਹੁਤ ਮਿਹਨਤ ਨਾਲ ਸੰਪਾਦਿਤ ਕੀਤੀ ਹੈ ਜਿਹੜੀ ਹਰ ਪੱਖੋਂ ਮੁੰਕਮਲ ਹੈ। ਇਸ ਦੀ ਉਪਯੋਗਤਾ ਇਸ ਗੱਲੋਂ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਪੁਸਤਕ ਦੀ ਪਹਿਲੀ ਐਡੀਸ਼ਨ 1998 ਤੋਂ ਬਾਅਦ ਮੰਗ ਹੋਣ ਕਾਰਨ ਤੀਜੀ ਵਾਰ 2022 'ਚ ਮੁੜ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਦੀ ਸੰਪਾਦਨਾ ਨਾਲ ਪ੍ਰਤੀਯੋਗੀਆਂ ਨੂੰ ਇਕ ਭਰਪੂਰ ਜਾਣਕਾਰੀ ਉਪਲਬਧ ਹੋਵੇਗੀ। ਪੰਜਾਬੀ ਵਿਚ ਇਸ ਦੀ ਪ੍ਰਕਾਸ਼ਨਾ ਹੋਰ ਵੀ ਉਤਸ਼ਾਹਜਨਕ ਹੈ। ਪੰਜਾਬ ਅਤੇ ਭਾਰਤ ਬਾਰੇ ਇਨ੍ਹਾਂ ਪ੍ਰਸ਼ਨਾਂ ਰਾਹੀਂ ਮੁਕੰਮਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੁਸਤਕ ਦੇ ਅੰਤ 'ਚ ੳ, ਅ, ੲ ਵਰਗ ਦੇ ਸਹੀ ਉੱਤਰ ਦਿੱਤੇ ਗਏ ਹਨ। ਪੁਸਤਕ 'ਚ ਕੁੱਲ 584 ਪ੍ਰਸ਼ਨ ਸ਼ਾਮਲ ਕੀਤੇ ਗਏ ਹਨ। ਇਹ ਪੁਸਤਕ ਹਰ ਵਿਦਿਆਰਥੀ ਲਈ ਲਾਭਕਾਰੀ ਹੈ। ਇਸ ਚੰਗੇ ਕਾਰਜ ਲਈ ਭਾਸ਼ਾ ਵਿਭਾਗ ਅਤੇ ਡਾ. ਦਰਸ਼ਨ ਸਿੰਘ ਆਸ਼ਟ ਵਧਾਈ ਦੇ ਹੱਕਦਾਰ ਹਨ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਕਿਤੇ ਉਹ ਨਾ ਹੋਵੇ
ਲੇਖਕ : ਰਵੀ ਸ਼ੇਰਗਿੱਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ: 195 ਰੁਪਏ, ਸਫ਼ੇ : 120
ਸੰਪਰਕ : 99151-03490
10 ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਕਹਾਣੀਕਾਰ ਆਪਣੇ ਪ੍ਰਵਾਸੀ ਅਨੁਭਵਾਂ ਨੂੰ ਆਧਾਰ ਬਣਾਉਣ ਦੇ ਨਾਲ-ਨਾਲ ਪੰਜਾਬੀ ਰਹਿਤਲ ਨੂੰ ਵੀ ਪੇਸ਼ ਕਰਦਾ ਹੈ। ਕਹਾਣੀ-ਸੰਗ੍ਰਹਿ ਦੀ ਭੂਮਿਕਾ ਵਿਚ ਉਸ ਨੂੰ ਸੂਖ਼ਮ ਅਹਿਸਾਸਾਂ ਦੀ ਪੇਸ਼ਕਾਰੀ ਕਰਨ ਵਾਲੇ ਕਹਾਣੀਕਾਰ ਵਜੋਂ ਪੇਸ਼ ਕੀਤਾ ਗਿਆ ਹੈ ਜਿਹੜਾ ਕਿ ਉਸ ਦੀਆਂ ਕਹਾਣੀਆਂ ਵਿਚ ਵੀ ਨਜ਼ਰ ਆਉਂਦਾ ਹੈ। ਮਾਨਸਿਕ ਅਤੇ ਸਮਾਜਿਕ ਵੇਦਨਾ ਦਾ ਚਿਤਰਨ ਉਸ ਦੀਆਂ ਕਹਾਣੀਆਂ ਵਿਚ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। 'ਉਹ ਮੇਰਿਆ ਮਾਲਕਾ' ਕਹਾਣੀ ਜਿੱਥੇ ਪ੍ਰਵਾਸੀ ਲਾੜਿਆਂ ਵਲੋਂ ਝੂਠ ਬੋਲ ਕੇ ਕਰਵਾਏ ਜਾ ਰਹੇ ਵਿਆਹਾਂ ਨੂੰ ਬਿਆਨਦੀ ਹੈ, ਉਥੇ ਹੀ ਇਹ ਵਿਆਹ ਨਾਲ ਬਦਲਦੀਆਂ ਸਮਾਜਿਕ ਸਮੀਕਰਨਾਂ ਨੂੰ ਪਾਠਕਾਂ ਸਾਹਮਣੇ ਰੱਖਦੀ ਹੈ। ਕਹਾਣੀਆਂ ਦੇ ਵਿਸ਼ਾ ਪੱਖ ਤੋਂ ਇਸ ਸੰਗ੍ਰਹਿ ਨੂੰ ਵਾਚਦਿਆਂ ਇਹ ਨਜ਼ਰ ਆਉਂਦਾ ਹੈ ਕਿ ਕਹਾਣੀਆਂ ਦੇ ਮਨੋਪ੍ਰਗਟਾਵੇ ਵਿਚ ਸਪੱਸ਼ਟਤਾ ਅਤੇ ਸੰਵੇਦਨਾ ਤਾਂ ਨਜ਼ਰ ਆਉਂਦੀ ਹੀ ਹੈ, ਉੱਥੇ ਹੀ ਉਹ ਆਪਣੇ ਪਾਤਰਾਂ ਨੂੰ ਵੀ ਵਿਸ਼ਾ-ਵਸਤੂ ਅਨੁਸਾਰ ਘੜਦਿਆਂ ਪੂਰੀ ਅਹਿਤਿਆਤ ਵਰਤਦਾ ਹੈ ਫਿਰ ਉਹ ਚਾਹੇ ਕਹਾਣੀ 'ਇਕ ਘੁੱਗੀ ਹੋਰ' ਦਾ ਮੈਂ ਪਾਤਰ ਹੋਵੇ ਜਾਂ 'ਕਿਤੇ ਉਹ ਨਾ ਹੋਵੇ' ਦਾ ਜ਼ੈਲੀ ਦੋਵੇਂ ਆਪੋ ਆਪਣੀ ਜਗ੍ਹਾ ਆਪਣੇ ਕਿਰਦਾਰ ਨਾਲ ਇਨਸਾਫ਼ ਕਰਦੇ ਨਜ਼ਰ ਆਉਂਦੇ ਹਨ। 'ਬੁਝ ਰਹੇ ਦੀਵੇ ਦੀ ਲੋਅ' ਵਿਚਲਾ ਨਿੰਦਰ ਆਪਣੇ ਹੱਥੀਂ ਆਪਣੇ ਜੀਵਨ ਸੁਖ ਨੂੰ ਪਰ੍ਹੇ ਧਕੇਲਦਾ ਹੈ ਤਾਂ ਜੋ ਉਸ ਨਾਲ ਜੁੜੇ ਰਿਸ਼ਤੇ ਇਸ ਦੁਨੀਆ ਵਿਚ ਕਾਇਮ ਰਹਿਣ। ਹਰੇਕ ਲਈ ਮਦਦਗਾਰ ਨਿੰਦਰ ਕਿਸੇ ਦੀ ਮਦਦ ਕਰਦਿਆਂ ਏਡਜ਼ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਪਣੇ ਪਿਆਰਿਆਂ ਲਈ ਇਸ ਹੱਦ ਤੱਕ ਮੋਹ ਰੱਖਦਾ ਹੈ ਕਿ ਉਨ੍ਹਾਂ ਦੀ ਸਲਾਮਤੀ ਲਈ ਖ਼ੁਦ ਨੂੰ ਉਨ੍ਹਾ ਤੋਂ ਦੂਰ ਕਰ ਲੈਂਦਾ ਹੈ।
ਪ੍ਰਵਾਸ ਵਿਚ ਰਹਿੰਦਿਆਂ ਡਾਲਰਾਂ ਦਾ ਨਿੱਘ ਕਈ ਵਾਰ ਰਿਸ਼ਤਿਆਂ 'ਤੇ ਭਾਰੂ ਪੈ ਜਾਂਦਾ ਹੈ ਪਰ ਮਾਨਵੀ ਸੰਵੇਦਨਾ ਨਾਲ ਜੁੜੇ ਦਿਲ ਜਲਦੀ ਹੀ ਇਸ ਮ੍ਰਿਗਤ੍ਰਿਸ਼ਨਾ ਵਿਚੋਂ ਬਾਹਰ ਆ ਕੇ ਆਪਣੇ ਅਸਲ ਨੂੰ ਭਾਲਣ ਦੀ ਕੋਸ਼ਿਸ਼ ਕਰਦੇ ਹਨ। 'ਹੁਣ ਦਿਲ ਖੁਸ਼ ਹੈ' ਦਾ ਡਾਕਟਰ ਅਜਿਹਾ ਹੀ ਜਾਪਦਾ ਹੈ ਜੋ ਇੰਡੀਆ ਵਿਚ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਲਈ ਪ੍ਰਵਾਸ ਵਿਚ ਆਪਣਾ ਸਭ ਕੁਝ ਛੱਡ ਕੇ ਉਸ ਦੇ ਕੋਲ ਜਾਣ ਲਈ ਤਿਆਰ ਹੋ ਜਾਂਦਾ ਹੈ। ਭਾਰ ਮੁਕਤ ਅਤੇ ਸੰਗਲਾਂ ਵਿਚ ਬੰਨ੍ਹਿਆ ਸੱਚ ਉਨ੍ਹਾਂ ਹਾਸ਼ੀਆਗਤ ਵਰਗਾਂ 'ਤੇ ਝਾਤ ਪਾਉਂਦਾ ਹੈ, ਜਿਹੜੇ ਅਜੇ ਵੀ ਮਾਨਵੀ ਹੋਂਦ ਸਹਿਤ ਸਵੀਕਾਰੇ ਨਹੀਂ ਜਾਂਦੇ। 'ਖੁਰ ਰਹੀ ਬਰਫ਼' ਕਹਾਣੀ ਪੱਛਮੀ ਸਮਾਜ ਵਿਚ ਆ ਰਹੇ ਚਿੰਤਾਜਨਕ ਬਦਲਾਵਾਂ ਦੀ ਗੱਲ ਕਰਦੀ ਹੈ। ਕੁੱਲ ਮਿਲਾ ਕੇ ਇਨ੍ਹਾਂ ਕਹਾਣੀਆਂ ਦਾ ਅਹਿਸਾਸ ਸਹਿਜ ਜਿਹਾ ਹੈ ਜਿਹੜਾ ਉਨ੍ਹਾਂ ਡਰਾਂ, ਚਿੰਤਾਵਾਂ ਅਤੇ ਅਸਾਵੇਂਪਣ ਨੂੰ ਸਾਹਮਣੇ ਲਿਆੳਣ ਦਾ ਯਤਨ ਕਰਦਾ ਹੈ ਜਿਸ ਤੋਂ ਆਧੁਨਿਕ ਮਨੁੱਖ ਜਾਣ ਕੇ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰਦਾ ਹੈ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਸੋਨ ਸਵੇਰਾ
ਕਹਾਣੀਕਾਰ : ਸੁਰਿੰਦਰ ਕੈਲੇ
ਪ੍ਰਕਾਸ਼ਕ : ਅਣੂ ਮੰਚ
ਮੁੱਲ 290 ਰੁਪਏ, ਸਫ਼ੇ : 127
ਸੰਪਰਕ : 98725-91653
ਲੇਖਕ ਇਕ ਪ੍ਰੋੜ ਲੇਖਕ ਹੈ ਤੇ ਉਸ ਦੀਆਂ ਬਹੁਤ ਸਾਰੀਆਂ ਮੌਲਿਕ ਤੇ ਸੰਪਾਦਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪ੍ਰੰਤੂ ਉਸ ਦੀ ਵਿਸ਼ੇਸ਼ ਪਛਾਣ ਇਕ ਮਿੰਨੀ ਕਹਾਣੀਕਾਰ ਵਜੋਂ ਬਣਦੀ ਹੈ। ਲੰਬੇ ਅਰਸੇ ਤੋਂ ਉਹ ਪਾਕਿਟ ਸਾਈਜ਼ 'ਅਣੂ' ਪੱਤ੍ਰਿਕਾ ਛਾਪਦਾ ਆ ਰਿਹਾ ਹੈ ਜਿਸ ਵਿਚ ਮਿੰਨੀ ਕਹਾਣੀਆਂ ਤੇ ਮਿੰਨੀ ਕਵਿਤਾਵਾਂ ਖ਼ਾਸ ਮਹੱਤਵ ਰੱਖਦੀਆਂ ਹਨ। ਵਿਚਾਰ ਅਧੀਨ ਪੁਸਤਕ ਕਹਾਣੀ-ਸੰਗ੍ਰਿਹ ਹੈ ਜਿਸ ਵਿਚ ਉਸ ਨੇ ਆਪਣੀਆਂ 10 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀ 'ਬਿੱਕਰ ਸਿੰਘ ਖੂੰਡੇਵਾਲਾ' ਇਕ ਉਮਦਾ ਕਹਾਣੀ ਹੈ ਜਿਸ ਦੀ ਸ਼ੁਰੂਆਤ ਇਕ ਫਿਕਰੇ ਨਾਲ ਹੁੰਦੀ ਹੈ 'ਤਾਸ਼ ਦੀ ਬਾਜ਼ੀ ਮਘੀ ਹੋਈ ਹੈ'। ਅੰਤ ਵਿਚ ਕਹਾਣੀ ਆਪਣੇ ਸਿਰਲੇਖ ਤੇ ਵਿਸ਼ੇ ਦੀ ਖ਼ੂਬਸੂਰਤੀ ਨਾਲ ਤਰਜਮਾਨੀ ਕਰ ਜਾਂਦੀ ਹੈ। ਕਲਾਈਮੈਕਸ 'ਤੇ ਪਹੁੰਚ ਕੇ ਕਹਾਣੀ ਇਸ ਫਿਕਰੇ ਨਾਲ ਖ਼ਤਮ ਹੋ ਜਾਂਦੀ ਹੈ ਪਰ ਉਹ ਹੈ ਕਿੱਥੇ?
-ਦੂਰ ਸ਼ਹਿਰ ਗੁਰੂ ਰਵੀਦਾਸ ਦੇ
ਗੁਰਦੁਆਰੇ ਸੇਵਾ ਕਰਦੈ।
-ਕਹਾਣੀ 'ਮੈਂ ਨਹੀਂ ਦੱਸਾਂਗੀ ਆਪਣੀ ਮੰਗਣੀ
ਬਾਰੇ' ਲਕੋਅ ਦਾ ਬਿਰਤਾਂਤ ਸਿਰਜਦੀ
ਇਕ ਨਾਟਕੀ ਕਹਾਣੀ ਹੈ ਤੇ ਇਸ ਵਾਕ ਨਾਲ ਆਪਣੇ ਵਿਸ਼ੇ ਦਾ ਨਿਭਾਅ ਕਰ ਜਾਂਦੀ ਹੈ। ਤੁਸੀਂ ਉਸ ਨੂੰ ਮੇਰੀ ਮੰਗਣੀ ਬਾਰੇ ਨਾ ਦੱਸਿਓ। 'ਮੈਂ ਨਹੀਂ ਦੱਸਾਂਗੀ', 'ਮੈਂ ਦੱਸ ਹੀ ਨਹੀਂ ਸਕਾਂਗੀ'। ਦੂਸਰੀਆਂ ਸਾਰੀਆਂ ਕਹਾਣੀਆਂ ਵੀ ਪਾਠਕ ਆਪਣੇ ਹਿਸਾਬ ਨਾਲ ਪੜ੍ਹ ਕੇ ਚੰਗੇ ਨਤੀਜੇ 'ਤੇ ਅੱਪੜ ਸਕਦਾ ਹੈ, ਮਸਲਨ 'ਕੈਂਸਰ ਦਾ ਫੋੜਾ, ਸਿਵਿਆਂ ਵਾਲੀ ਡੰਡੀ, ਚਾਂਦਨੀ ਦੀ ਧੀ, ਦੇਹ ਸਸਕਾਰ।' ਕਹਾਣੀਕਾਰ ਕੋਲ ਆਪਣੀ ਗੱਲ ਕਹਿਣ ਦਾ ਅਲੱਗ ਅੰਦਾਜ਼ ਹੈ। ਬੇਸ਼ੱਕ ਅਜੋਕੀ ਕਹਾਣੀ ਕਿਸੇ ਵੀ ਮਕਾਮ 'ਤੇ ਕਿਉਂ ਨਾ ਪਹੁੰਚ ਗਈ ਹੋਵੇ, ਸਮਾਂਤਰ ਕਹਾਣੀ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਬਣਿਆ ਰਹੇਗਾ। ਕਹਾਣੀਆਂ ਦੀ ਸਰਲ ਤੇ ਸਪੱਸ਼ਟ ਪਹੁੰਚ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ ਜੋ ਇਨ੍ਹਾਂ ਕਹਾਣੀਆਂ ਦਾ ਮੀਰੀ ਗੁਣ ਹੈ। ਸੁਰਿੰਦਰ ਕੈਲੇ ਦੇ ਇਸ ਕਹਾਣੀ-ਸੰਗ੍ਰਹਿ ਨੂੰ ਇਨ੍ਹਾਂ ਅਰਥਾਂ ਵਿਚ ਹੀ ਲੈਂਦਿਆਂ ਇਸ ਦਾ ਸਵਾਗਤ ਕਰਨਾ ਬਣਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਪੰਜਾਬੀ ਸੂਬੇ ਦੀ ਗਾਥਾ
ਲੇਖਕ : ਅਜੀਤ ਸਿੰਘ ਸਰਹੱਦੀ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 500 ਰੁਪਏ, ਸਫ਼ੇ : 542
ਸੰਪਰਕ : 0172-5027427
'ਪੰਜਾਬੀ ਸੂਬੇ ਦੀ ਗਾਥਾ' ਸੂਬਾ ਸਰਹੱਦ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸ. ਅਜੀਤ ਸਿੰਘ ਸਰਹੱਦੀ ਦੀ ਇਕ ਦਸਤਾਵੇਜ਼ੀ ਰਚਨਾ ਹੈ, ਜਿਸ ਨੂੰ 'ਯੂਨੀ ਸਟਾਰ' ਵਲੋਂ ਕੁਝ ਨਵੇਂ ਵਾਧਿਆਂ ਨਾਲ ਛਾਪਿਆ ਗਿਆ ਹੈ। ਇਹ ਪੁਸਤਕ ਇਤਿਹਾਸਕ ਕਾਲ-ਕ੍ਰਮ ਅਨੁਸਾਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦੀਆਂ ਘਟਨਾਵਾਂ ਨੂੰ ਬਿਆਨ ਕਰਦੀ ਹੈ। ਇਸ ਪ੍ਰਦੇਸ਼ ਦੀ ਸਥਾਪਨਾ ਅਤੇ ਪਰਾਪਤੀ ਲਈ ਕੀਤੇ ਸੰਘਰਸ਼ ਵਿਚ ਸਭ ਤੋਂ ਬਹੁਤਾ ਯੋਗਦਾਨ 'ਅਕਾਲੀ ਪਾਰਟੀ' ਨੇ ਪਾਇਆ ਸੀ, ਇਸ ਕਾਰਨ ਮੁਢਲੇ ਲੇਖਾਂ ਵਿਚ ਅਕਾਲੀ ਪਾਰਟੀ ਦੇ ਸੰਗਠਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੀ ਆਜ਼ਾਦੀ ਲਈ ਚੱਲ ਰਹੇ ਲੰਮੇ ਸੰਘਰਸ਼ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਬ੍ਰਿਟੇਨ ਦੀ ਪਸਤ ਹੋ ਚੁੱਕੀ ਸਥਿਤੀ ਦੇ ਕਾਰਨ, ਭਾਰਤ ਨੂੰ ਆਜ਼ਾਦ ਕਰਨਾ ਲਾਜ਼ਮੀ ਹੋ ਗਿਆ ਸੀ ਪਰ ਐਨ ਆਖ਼ਰੀ ਮੌਕੇ ਇਹ ਸਵਾਲ ਪੈਦਾ ਹੋ ਗਿਆ ਕਿ ਆਜ਼ਾਦ ਭਾਰਤ ਦਾ ਸਰੂਪ ਕੀ ਹੋਵੇ? ਹਿੰਦੂਆਂ ਤੋਂ ਬਾਅਦ ਮੁਸਲਮਾਨ, ਭਾਰਤ ਦੀ ਦੂਜੀ ਵੱਡੀ ਧਿਰ ਸਨ। ਉਨ੍ਹਾਂ ਨੇ ਆਪਣੇ ਲਈ ਇਕ ਵੱਖਰੇ ਖਿੱਤੇ ਦੀ ਮੰਗ ਕਰ ਦਿੱਤੀ। ਸਿੱਖ ਲੋਕ ਤੀਜੀ ਵੱਡੀ ਧਿਰ ਤਾਂ ਸਨ ਪਰ ਉਨ੍ਹਾਂ ਨੇ ਕਦੇ ਇਸ ਸਵਾਲ ਬਾਰੇ ਸੋਚਿਆ ਹੀ ਨਹੀਂ ਸੀ। ਉਨ੍ਹਾਂ ਦੀ ਸਥਿਤੀ ਅਸਮੰਜਸ ਵਾਲੀ ਸੀ। ਕੋਈ ਵੱਖ ਹੋਣਾ ਚਾਹੁੰਦਾ ਸੀ, ਕੋਈ ਭਾਰਤ ਨਾਲ ਹੀ ਰਹਿਣਾ ਚਾਹੁੰਦਾ ਸੀ ਅਤੇ ਥੋੜ੍ਹੇ ਜਿਹੇ ਲੋਕ ਪਾਕਿਸਤਾਨ ਨਾਲ ਰਹਿਣ ਬਾਰੇ ਵੀ ਸੋਚ ਰਹੇ ਸਨ ਕਿਉਂਕਿ ਪਾਕਿਸਤਾਨੀ ਖੇਤਰ ਉੱਪਰ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਰਿਹਾ ਸੀ ਅਤੇ ਉਨ੍ਹਾਂ ਦੇ ਗੁਰਧਾਮ ਵੀ ਉੱਧਰ ਜਾ ਰਹੇ ਸਨ। ਸਰਹੱਦੀ ਸਾਹਿਬ ਸਮੁੱਚੇ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਰਹੇ ਹਨ। ਉਨ੍ਹਾਂ ਨੇ ਦੇਸ਼-ਵੰਡ ਨਾਲ ਸੰਬੰਧਿਤ ਸਾਰੇ ਦਸਤਾਵੇਜ਼ਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ। ਇਹੀ ਕਾਰਨ ਹੈ ਕਿ ਇਹ ਪੁਸਤਕ ਇਕ ਸੱਚਾ ਅਤੇ ਖਰਾ ਬਿਰਤਾਂਤ ਬਣ ਗਈ ਹੈ। ਪਰ ਮਨੁੱਖੀ ਮਨ ਦੀ ਅਜੀਬ ਫ਼ਿਤਰਤ ਹੈ। ਇਹ ਨਿਖੜਨਾ ਵੀ ਚਾਹੁੰਦਾ ਹੈ ਅਤੇ ਮਿਲਣਾ ਵੀ। ਨਾਲੇ ਉਸ ਸਮੇਂ ਕਿਸ ਨੂੰ ਪਤਾ ਸੀ ਕਿ ਪੂੰਜੀਵਾਦ ਨੇ ਪੂਰੇ ਵਿਸ਼ਵ ਨੂੰ ਇਕੋ ਪਿੰਡ ਬਣਾ ਦੇਣਾ ਹੈ ਅਤੇ 'ਵਸੁਧੈਵ ਕੁਟੰਬਕਮ' ਦਾ ਮੰਤਰ ਕਦੇ ਸੱਚ ਵੀ ਹੋ ਸਕਦਾ ਹੈ। ਇਹ ਪੁਸਤਕ ਇਕ ਬਹੁਮੁੱਲਾ ਦਸਤਾਵੇਜ਼ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ
ਲੇਖਕ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 098551-23499
ਵਿਚਾਰਾਧੀਨ ਪੁਸਤਕ ਵਿਚ ਸ੍ਰੀ ਜੰਗ ਬਹਾਦੁਰ ਗੋਇਲ ਨੇ ਵਿਸ਼ਵ ਸਾਹਿਤ ਦੇ 10 ਪ੍ਰਸਿੱਧ ਨਾਵਲਾਂ ਸੰਬੰਧੀ ਸਰਬਪੱਖੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਨਾਵਲ ਹਨ : 'ਲੇ ਮਿਜ਼ਰੇਬਲ (ਵਿਕਤੋਰ ਹਯੂਗੋ), ਬਾਯਾ (ਅਨਾਤੋਲੇ ਫ਼ਰਾਂਸ), ਦ ਗੈਡਫ਼ਲਾਈ (ਇਥਲ ਲਿਲੀਅਨ ਵਾਓਨਿਚ), ਚਿੱਤਰਲੇਖਾ (ਭਗਵਤੀ ਹਰਣ ਵਰਮਾ), ਹਾਊ ਦ ਸਟੀਲ ਵਾਜ਼ ਟੈਂਪਰਡ (ਨਿਕੋਲਾਈ ਓਸਤਰੋਵਸਕੀ), ਦ ਇਨ ਡਰਮ (ਗੁੰਟਰ ਗ੍ਰਾਸ), ਪਹਿਲਾ ਅਧਿਆਪਕ (ਚਿੰਗੀਜ਼ੀਆਇਤਮਾਤੋਵ), ਦ ਜਨਰਲ ਆਫ਼ ਦ ਡੈੱਡ ਆਰਮੀ (ਇਸਮਾਇਕ ਕਾਦਰੇ), ਦ ਇੰਗਲਿਸ਼ ਪੇਸ਼ੈਂਟ (ਮਾਈਕਲ ਓਂਦੀਚੀ), ਦ ਪਲੇਗ (ਅਲਬੇਯਰ ਕਾਮੂ) ਆਦਿ। ਪਹਿਲੀਆਂ ਚਾਰ ਜਿਲਦਾਂ ਵਿਚ 56 ਸ਼ਾਹਕਾਰ ਨਾਵਲ ਸਨ। ਇਨ੍ਹਾਂ ਦਸ ਨਾਵਲਾਂ ਨੂੰ ਸ਼ਾਮਲ ਕਰਕੇ ਸ਼ਾਹਕਾਰ ਨਾਵਲਾਂ ਦੀ ਕੁੱਲ ਗਿਣਤੀ 66 ਹੋ ਗਈ ਹੈ। ਚੇਤੇ ਰਹੇ ਕਿ 'ਲੇ ਮਿਜ਼ਰੇਬਲ' ਨਾਵਲ ਦੇ ਪ੍ਰਭਾਵ ਅਧੀਨ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ ਜੇਲ੍ਹਾਂ ਵਿਚ ਸੁਧਾਰ ਹੋਏ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਨੇਕਾਂ ਕਾਨੂੰਨ ਬਣਾਏ ਗਏ। 'ਬਾਯਾ' ਨਾਵਲ ਲਿਖ ਕੇ ਅਨਾਤੋਲੇ ਫਰਾਂਸ ਨੇ ਮਾਨਵੀ ਜੀਵਨ ਦੇ ਉਨ੍ਹਾਂ ਗੰਭੀਰ ਪ੍ਰਸ਼ਨਾਂ ਤੇ ਚਿੰਤਨ ਕੀਤਾ ਹੈ, ਜੋ ਸਦੀਆਂ ਤੋਂ ਮਨੁੱਖੀ ਹਿਰਦੇ ਨੂੰ ਡਾਵਾਂਡੋਲ ਕਰਦੇ ਰਹੇ ਹਨ। 'ਦ ਗੈਡਫਲਾਈ' ਨਾਵਲ ਵਿਚ ਅਜਿਹੇ ਨਾਇਕ ਦੀ ਪੇਸ਼ਕਾਰੀ ਕੀਤੀ ਗਈ ਹੈ ਜੋ ਆਪਣੇ ਤਿੱਖੇ ਬੋਲਾਂ ਅਤੇ ਸਰਗਰਮੀਆਂ ਨਾਲ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਂਦਾ ਹੈ। 'ਚਿੱਤਰਲੇਖਾ' ਦੇ ਕਥਾਨਕ ਦੀ ਰੂਪਰੇਖਾ ਅਤੇ ਦਾਰਸ਼ਨਿਕਤਾ ਦਾ ਆਧਾਰ ਭਾਰਤੀ ਫ਼ਿਲਾਸਫ਼ੀ ਹੈ, ਭਾਵੇਂ ਅਨਾਤੋਲੇ ਫ਼ਰਾਂਸ ਦੀ 'ਬਾਯਾ' ਨਾਲ ਵੀ ਕੁਝ ਸਮਾਨਤਾਵਾਂ ਹਨ। ਚਿੱਤਰਲੇਖਾ ਵਿਚ ਵਾਸ਼ਨਾ ਅਤੇ ਸਾਧਨਾ ਦਰਮਿਆਨ ਟਕਰਾਓ ਹੈ। 'ਹਾਊ ਦ ਸਟੀਲ ਵਾਜ਼ ਟੈਂਪਰਡ' ਇਕ ਅਜਿਹੀ ਦਸਤਾਵੇਜ਼ੀ ਗਲਪ ਰਚਨਾ ਹੈ ਜੋ ਰੂਸੀ ਇਤਿਹਾਸ ਸਭ ਤੋਂ ਹਿਰਦੇਵੇਧਕ ਯੁੱਗ ਪ੍ਰਵਰਤਕ ਪਰਿਸਥਿਤੀਆਂ ਨੂੰ ਸਹੀ ਪਰਿਪੇਖ ਵਿਚ ਰੂਪਮਾਨ ਕਰਦਾ ਹੈ। ਬਰਾਬਰੀ ਅਤੇ ਸੁਤੰਤਰਤਾ ਦੇ ਸੰਦੇਸ਼ ਨਾਲ ਲਬਰੇਜ਼ ਇਹ ਨਾਵਲ ਲੇਖਕ ਦੇ ਜੀਵਨ 'ਤੇ ਆਧਾਰਿਤ ਹੈ। 'ਦ ਇਨ ਡ੍ਰਮ' ਅਜਿਹੀ ਸੰਵੇਦਨਸ਼ੀਲ ਸਿਰਜਣਾ ਹੈ, ਜਿਸ ਨੇ ਜਰਮਨ ਭਾਸ਼ਾ ਅਤੇ ਸਾਹਿਤ ਵਿਚ ਅਤੇ ਕਦਰਾਂ-ਕੀਮਤਾਂ ਵਿਚ ਆਏ ਨਿਘਾਰ ਦੀ ਭਰਪਾਈ ਦਾ ਸਫ਼ਲਕਾਰਜ ਕੀਤਾ ਹੈ। ਗੁੰਟਰ ਗ੍ਰਾਸ ਜਾਂ ਪਾਲ ਸਾਰਤਰ ਵਾਂਗੂੰ ਆਪਣੇ ਸਮੇਂ ਦੀ ਜ਼ਮੀਰ ਸੀ। 'ਪਹਿਲਾ ਅਧਿਆਪਕ' ਨਾਵਲ ਦਾ ਅਨੁਵਾਦ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਨੇ ਕੀਤਾ ਸੀ। 'ਪੋਪਲਰ ਦੇ ਦਰੱਖਤ' ਇਸ ਨਾਵਲ ਦਾ ਆਬਜੈਕਟਿਵ ਕੋਰੀਲੇਟਿਵ' ਸਮਝਣਾ ਬਣਦਾ ਹੈ। ਨਾਇਕ 'ਦੂਈਸ਼ੇਨ' ਅਣਥੱਕ ਮਿਹਨਤ ਨਾਲ ਆਦਰਸ਼ ਅਧਿਆਪਕ ਸਿੱਧ ਹੁੰਦਾ ਹੈ। 'ਦ ਜਨਰਲ ਆਫ਼ ਦ ਡੈੱਡ ਆਰਮੀ' ਦਾ ਲੇਖਕ 'ਇਸਮਾਇਲ ਕਾਦਰੇ', ਮਦਰ ਟੈਰੇਸਾ ਤੋਂ ਬਾਅਦ ਅਲਬੇਨੀਅਨ ਮੁਲਕ ਦਾ ਵਿਸ਼ਵ ਵਿਚ ਨਾਂਅ ਪ੍ਰਸਿੱਧ ਕਰਨ ਵਾਲਾ ਲੇਖਕ ਪ੍ਰਸਿੱਧ ਹੋਇਆ। ਅਲਬੇਨੀਅਨ ਦੀ ਧਰਤੀ ਤੋਂ ਦੋ ਸਾਲ ਕਬਰਾਂ ਪੁੱਟ ਕੇ ਆਪਣੇ ਮੁਲਕ ਦੇ ਸ਼ਹੀਦਾਂ ਦੀਆਂ ਅਸਥੀਆਂ ਇਕੱਤਰ ਕਰਦਾ ਰਿਹਾ ਸੀ 'ਜਨਰਲ'। 'ਦ ਇੰਗਲਿਸ਼ ਪੇਸੈਂਟ' ਦੂਜੇ ਵਿਸ਼ਵ ਯੁੱਧ ਦੀ ਤਥਾਤਮਕਤਾ 'ਤੇ ਲਿਖਿਆ ਯੁੱਧ ਦੇ ਖਿਲਾਫ਼ ਰਚਿਆ ਪ੍ਰਤਿਰੋਸ ਹੈ, ਪ੍ਰੋਟੈਸਟ ਹੈ। ਅਲਬੇਅਰ ਕਾਮੁ ਦਾ ਨਾਵਲ 'ਦ ਪਲੇਗ' ਮਹਾਂਮਾਰੀ ਦੇ ਦਿਨਾਂ ਦਾ ਕਥਾਨਕ ਹੈ, ਗੱਲ ਕੀ ਜੰਗ ਬਹਾਦਰ ਗੋਇਲ ਨੇ ਆਪਣੀ ਅੰਤਰ-ਦ੍ਰਿਸ਼ਟੀ ਅਤੇ ਪ੍ਰਤਿਭਾ ਦੁਆਰਾ ਵਿਸ਼ਵ ਦੇ ਪ੍ਰਸਿੱਧ ਨਾਵਲਾਂ ਨੂੰ ਆਲੋਚਨਾ ਦੀ ਚਾਟੀ ਵਿਚ ਰਿੜਕ ਕੇ ਪੰਜਾਬੀ ਪਾਠਕਾਂ ਲਈ ਅਜਿਹਾ ਮੱਖਣ ਪਰੋਸਿਆ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ, ਥੋੜ੍ਹੀ ਹੈ। ਪ੍ਰਤਿਭਾ-ਸੰਪੰਨ ਲੇਖਕ ਹਰ ਨਾਵਲਕਾਰ ਦੀ ਜੀਵਨੀ, ਵਿਸ਼ਵ ਸਾਹਿਤ ਵਿਚ ਯੋਗਦਾਨ, ਮਾਣਾਂ-ਸਨਮਾਨਾਂ ਦੀ ਚਰਚਾ ਕਰਦਾ ਹੈ। ਇਸ ਕਿਤਾਬ ਦਾ ਲੇਖਕ ਨਾਵਲਾਂ ਦੇ ਨਾਇਕਾਂ/ਪਾਤਰਾਂ ਨੂੰ ਆਪੋ-ਆਪਣੀ ਖ਼ੁਸ਼ਹਾਲੀ ਵਿਚ ਵਿਕਾਸ ਕਰਦੇ, ਸੰਘਰਸ਼ ਕਰਦੇ, ਜੂਝਦੇ ਵਿਖਾਉਂਦਾ ਹੈ। ਕੋਈ ਨਾਵਲ ਮੂਲ ਭਾਸ਼ਾ ਵਿਚ ਕਦੋਂ ਲਿਖਿਆ ਗਿਆ, ਅੰਗਰੇਜ਼ੀ ਅਨੁਵਾਦ ਕਦੋਂ ਹੋਇਆ ਸਭ ਜਾਣਕਾਰੀ ਦਿੰਦਾ ਹੈ। ਚੇਤੇ ਰੱਖਣਾ ਬਣਦਾ ਹੈ ਕਿ ਇਸ ਟੈਕਸਟ ਦੀ ਵੰਨਗੀ ਹੀ ਵਿਲੱਖਣ ਹੈ। ਇਹ ਕੇਵਲ ਅਨੁਵਾਦ ਨਹੀਂ, ਨਾ ਇਸ ਨੂੰ ਸੰਖਿਪਤ (ਅਬਰਿਜਡ) ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਲੇਖਕ ਨਾਵਲਾਂ ਦੀ ਵਿਸ਼ਾ-ਵਸਤੂ/ਫੇਬੁਲਾ/ਸੁਜੇਤ ਬਾਰੇ ਜਾਣਕਾਰੀ ਦਿੰਦਾ ਹੋਇਆ ਪਾਠਕਾਂ ਨੂੰ ਅਜੀਬੋ-ਗ਼ਰੀਬ ਆਨੰਦ ਮਾਣਨ ਦਾ ਅਵਸਰ ਪ੍ਰਦਾਨ ਕਰਦਾ ਹੈ। ਡਾ. ਮਨਮੋਹਨ ਅਤੇ ਡਾ. ਮੋਹਨਜੀਤ ਨੇ ਜੰਗ ਬਹਾਦੁਰ ਗੋਇਲ ਦੀ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਹੈ।
ਸੰਖੇਪ ਇਹ ਕਿ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਬਾਰੇ ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਦੀ ਬਿਰਤਾਂਤਕ ਸੂਝ ਰੌਸ਼ਨ ਹੋਣੀ ਸੁਭਾਵਿਕ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਸੱਧਰਾਂ ਦੇ ਅਹਿਸਾਸ
ਲੇਖਕ : ਨਿਰਮਲ ਸਿੰਘ ਕਾਹਲੋਂ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 75891-75819
ਹਥਲਾ ਕਾਵਿ-ਸੰਗ੍ਰਹਿ 'ਸੱਧਰਾਂ ਦੇ ਅਹਿਸਾਸ' ਲੇਖਕ ਨਿਰਮਲ ਸਿੰਘ ਕਾਹਲੋਂ ਦੀ ਪੰਜਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਪੁਸਤਕਾਂ 'ਜਾਮ ਏ ਸ਼ਹਾਦਤ' (ਕਾਵਿ ਸੰਗ੍ਰਹਿ), 'ਸਹੀਓ ਨੀ। ਮੈਂ ਸਈਆਂ ਪਾਇਆ (ਨਸੀਹਤਨਾਮਾ), 'ਕਲਮ ਦੀ ਨੋਕ' (ਕਾਵਿ ਸੰਗ੍ਰਹਿ), 'ਭੱਥੇ ਦੇ ਤੀਰ' (ਗੀਤ ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲੇ ਕਾਵਿ ਸੰਗ੍ਰਹਿ 'ਸੱਧਰਾਂ ਦੇ ਅਹਿਸਾਸ' 'ਚ ਉਸ ਦੀਆਂ 49 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ 'ਚ ਜ਼ਿਆਦਾਤਰ ਗੀਤ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਪਿਆਰ-ਮੁਹੱਬਤ ਦੇ ਤਰਾਨੇ ਵੀ ਹਨ ਅਤੇ ਵਿਛੋੜੇ ਦੀ ਕਸਕ ਵੀ ਹੈ। ਕਵੀ ਵਿਛੜੇ ਸੱਜਣਾਂ ਨੂੰ ਹੰਝੂਆਂ ਦੇ ਬਹਾਨੇ ਰੋਣ ਦਾ ਪੱਜ ਕਰਦਾ ਹੈ। ਕਦੇ ਦੂਰ ਵਸੇਂਦੇ ਸੱਜਣਾਂ ਨੂੰ ਹਵਾਵਾਂ ਹੱਥੀਂ ਮੁਹੱਬਤੀ ਸੁਨੇਹੇ ਭੇਜਣ ਦੀ ਅਰਜੋਈ ਕਰਦਾ ਹੈ ਅਤੇ ਕਦੇ ਸੱਜਣ ਪਿਆਰਿਆਂ ਨੂੰ ਹੱਸਦੇ-ਵਸਦੇ ਰਹਿਣ ਦੀਆਂ ਦਿਲੋਂ ਦੁਆਵਾਂ ਦਿੰਦਾ ਆਖਦਾ ਹੈ :
ਹੱਸ ਦੰਦਾਂ ਦੀ ਪ੍ਰੀਤ ਸੋਹਣਿਆਂ,
ਦਿਲ ਦਾ ਦਰਦ ਭੁਲਾ ਦੇਵੇ।
ਪਾਕ ਪਿਆਰ ਦੀ ਪੂਜਾ ਸੱਜਣਾਂ,
ਦਿਲ ਤਾਈਂ ਮਹਿਕਾ ਦੇਵੇ।
ਫੁੱਲ ਬਣਕੇ ਰਹਿ ਟਹਿਕਦਾ,
ਮੌਸਮ ਜਿਉਂ ਮੁਸਕਾਉਂਦਾ ਰਹਿ।
ਬਚਪਨ ਦੇ ਦਿਨਾਂ 'ਚ ਮੋਈ ਮਾਂ ਦਾ ਦਰਦ ਉਸ ਦੀ ਕਵਿਤਾ 'ਚੋਂ ਸਾਫ਼ ਝਲਕਦਾ ਹੈ। ਆਪਣੀ ਮੋਈ ਮਾਂ ਦਾ ਵੈਰਾਗਮਈ ਰੁਦਨ ਕਰਦਾ ਕਵੀ ਲਿਖਦਾ ਹੈ :
ਨਾ ਸਾਂਝਾਂ ਨਾ ਰਹਿਣ ਕੋੜਮੇ,
ਭੁੱਲ ਨਾ ਬਹਿਣ ਬਨੇਰੇ ਕਾਂ।
ਸਿਰੋਂ ਜਿਨ੍ਹਾਂ ਸਾਏ ਉਠ ਜਾਵਣ,
ਮੁੜ ਮਿਲੇ ਨਾ ਮਮਤਾ ਮਾਂ।
ਇਸ ਕਾਵਿ ਸੰਗ੍ਰਿਹ ਦੇ ਜਿਥੇ ਬਹੁ ਗਿਣਤੀ ਗੀਤ ਇਸ਼ਕੇ ਹਕੀਕਤ ਦੀ ਜਿਊਂਦੀ ਜਾਗਦੀ ਰੂਹ ਦੇ ਪ੍ਰਤੀਕ ਹਨ, ਉਥੇ ਕਵੀ ਨੇ ਸਮਾਜ ਨੂੰ ਕਰੂਪਤਾ ਵੱਲ ਧਕੇਲ ਰਹੀਆਂ ਸਮਾਜਿਕ ਬੁਰਾਈਆਂ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਹੈ। ਭਰੂਣ ਹੱਤਿਆ ਖਿਲਾਫ਼ ਗਰਜਵੀਂ ਹੁੰਕਾਰ ਭਰਦਾ ਕਾਹਲੋਂ ਆਖਦਾ ਹੈ:
ਪੁੱਤ, ਪੋਤਰੇ, ਧੀਆਂ,
ਦੋਹਤਰੇ ਅੱਗੇ ਜੋ ਤੁਰੇ ਕਹਾਣੀ।
ਏਸੇ ਕੁੱਖੋਂ ਰਹਿਬਰ ਹੋਏ,
ਧੀ ਜਦ ਬਣੇ ਧਿਆਣੀ।
ਤੂੰ ਵੀ ਤਾਂ ਸੈਂ ਧੀ ਕਿਸੇ ਦੀ,
ਕਰ ਹਰੀ ਕੁੱਖਾਂ ਤੇ ਨਾਜ਼ ਨੀ।
ਮਾਰ ਨਾ ਮਾਏ ਮੇਰੀਏ।
ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਰਵਾਨਗੀ ਇੰਨਾਂ ਕਵਿਤਾਵਾਂ ਨੂੰ ਹੋਰ ਨਿਖ਼ਾਰਦੀ ਅਤੇ ਸ਼ਿੰਗਾਰਦੀ ਪ੍ਰਤੀਤ ਹੁੰਦੀ ਹੈ। ਕੁਝ ਕਵਿਤਾਵਾਂ 'ਚ ਕਵੀ ਨੇ ਉਰਦੂ ਅਤੇ ਫ਼ਾਰਸੀ ਦੇ ਸ਼ਬਦਾਂ ਨੂੰ ਵੀ ਗੁੰਦਿਆ ਹੈ ਜੋ ਕਿ ਕਈ ਥਾਵਾਂ 'ਤੇ ਬੋਝਲ ਵੀ ਜਾਪਣ ਲਗਦੇ ਹਨ, ਜਿਸ ਵਲ ਕਵੀ ਨੂੰ ਸੁਚੇਤ ਹੋਣ ਦੀ ਲੋੜ ਹੈ। ਕਵੀ ਨਿਰਮਲ ਸਿੰਘ ਕਾਹਲੋਂ ਦੇ ਇਸ ਹਥਲੇ ਕਾਵਿ ਸੰਗ੍ਰਹਿ 'ਸੱਧਰਾਂ ਦੇ ਅਹਿਸਾਸ' ਨੂੰ ਪੰਜਾਬੀ ਸਾਹਿਤ 'ਚ ਖੁਸ਼ਆਮਦੀਦ ਕਹਿਣਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
ਲੇਖਿਕਾ : ਮਨਜੀਤ ਕੌਰ ਮੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 84277-21143
ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਨਾਤਿਆਂ ਦੇ ਤਾਣੇ-ਬਾਣੇ ਦੇ ਭਾਵਪੂਰਤ ਸੰਬੰਧਾਂ ਨੂੰ ਲੈ ਕੇ ਪ੍ਰੋੜ੍ਹ ਲੇਖਿਕਾ ਮਨਜੀਤ ਕੌਰ ਮੀਤ ਨੇ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਦੇ ਭਾਵੁਕ ਸਿਰਲੇਖ ਹੇਠ ਮਿੰਨੀ ਕਹਾਣੀ ਸੰਗ੍ਰਹਿ ਨੂੰ ਇਕ ਪੁਸਤਕ ਦਾ ਰੂਪ ਦੇ ਕੇ ਪਾਠਕ ਜਗਤ ਦੇ ਰੂਬਰੂ ਕੀਤਾ ਹੈ।
ਲੇਖਿਕਾ ਨੇ ਵੱਖ-ਵੱਖ ਵਿਲੱਖਣ ਵਿਸ਼ਿਆਂ ਤਹਿਤ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦੀ ਸਿਰਜਣਾ ਕਰਕੇ ਹਰ ਕਹਾਣੀ ਦੇ ਪਾਠ ਨੂੰ ਰੌਚਕਤਾ ਭਰਪੂਰ ਬਣਾਉਣ ਦਾ ਇਕ ਵਧੀਆ ਤੇ ਉਸਾਰੂ ਉਪਰਾਲਾ ਕੀਤਾ ਹੈ। ਅੱਧੇ ਸੈਂਕੜੇ ਦੇ ਕਰੀਬ ਇਨ੍ਹਾਂ ਕਹਾਣੀਆਂ ਦੀ ਸੰਖੇਪ ਇਬਾਰਤ ਵਿਚ ਇਕ ਚੰਗੀ ਤੇ ਸੁਚੱਜੀ ਜ਼ਿੰਦਗੀ ਜਿਊਣ ਦੇ ਵੱਖ-ਵੱਖ ਆਸ਼ਿਆਂ ਨੂੰ ਮੁੱਖ ਰੱਖਿਆ ਗਿਆ ਹੈ।
ਜਿਥੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਪ੍ਰਦੇਸੀਂ ਜਾ ਵਸੇ ਬੱਚਿਆਂ ਦੇ ਵਿਛੋੜੇ ਦਾ ਦਰਦ, ਮਾਪਿਆਂ ਵਲੋਂ ਤਰਸੇਵੇਂ ਭਰੀ ਲੰਮੀ ਉਡੀਕ, ਉੱਚੀ ਜਾਤ ਦੀ ਫੋਕੀ ਹੈਂਕੜਬਾਜ਼ੀ, ਨਸ਼ਿਆਂ ਦੇ ਕਹਿਰ ਦੇ ਸ਼ਿਕਾਰ ਬੱਚਿਆਂ ਦੇ ਮਾਪੇ ਨਾ ਜਿਊਂਦਿਆਂ 'ਚ ਨਾ ਮੋਇਆ 'ਚ, ਵਹਿਮ ਭਰਮ ਕਾਰਨ ਅਣ ਆਈ ਮੌਤ ਦੇ ਸਪਨੇ, ਨੂੰਹ-ਸੱਸ ਦੇ ਕਾਟੋ ਕਲੇਸ਼ਾਂ ਦਾ ਵੱਡਾ ਕਾਰਨ ਗ਼ਲਤ ਧਾਰਨਾਵਾਂ, ਕਲਪਿਤ ਸੋਚਾਂ/ਸਲਾਹਾਂ ਅਤੇ 'ਘਾਹ ਦੀ ਪੰਡ' ਵਿਚ ਗੂੰਗੇ ਪਿਆਰ ਦੀ ਬੱਝੀ ਘੁੰਡੀ ਨਾ ਖੁੱਲ੍ਹਣ ਦਾ ਪਛਤਾਵਾ ਭਰਿਆ ਅਫ਼ਸੋਸ ਆਦਿ ਤ੍ਰਾਸਦੀ ਭਰੇ ਵਿਸ਼ਿਆਂ ਨੂੰ ਉਭਾਰਿਆ ਗਿਆ ਹੈ। ਉਥੇ ਚੱਜ ਦਾ ਜੀਵਨ ਵਿਹਾਰ ਹੋਰਨਾਂ ਲਈ ਪ੍ਰੇਰਤ ਸਰੋਤ ਹੋਣਾ, ਰੱਜੇ ਨੂੰ ਹੋਰ ਰਜਾਉਣ ਦੀ ਥਾਂ ਲੋੜਵੰਦ ਗ਼ਰੀਬ ਦੀ ਮਦਦ ਅਸਲ ਸੇਵਾ, ਸ਼ੱਕ (ਦੋਧਾਰੀ ਤਲਵਾਰ) ਤੋਂ ਬਚਣ ਦੀ ਸਲਾਹ, ਮਹਿੰਗੇ ਪੁੱਤ ਕਈ ਵਾਰ ਆਪਣੇ ਔਗੁਣਾਂ ਕਰਕੇ ਕੌਡੀਆਂ ਦੇ ਭਾਅ ਵੀ ਨਹੀਂ ਵਿਕਦੇ ਜਦ ਕਿ ਸਸਤੀਆਂ ਸਮਝੀਆਂ ਜਾਂਦੀਆਂ ਧੀਆਂ ਵਲੋਂ ਆਪਣੀ ਸਚਿਆਰਤਾ ਤੇ ਚੰਗੇ ਸੰਸਕਾਰਾਂ ਕਰਕੇ ਬੁਲੰਦੀਆਂ ਨੂੰ ਛੂਹਣਾ, 'ਸੱਸਾਂ ਦੇ ਮੱਤਾਂ ਉਮਰਾਂ ਸੰਵਾਰਨ' ਦੀ ਸਾਕਾਰਾਤਮਕ ਸੋਚ ਨੂੰ ਅਪਣਾਉਣਾ, ਸਹੁਰੇ ਘਰ ਰਾਜ ਕਰਨੇ, ਬੇ-ਵਫ਼ਾਈ ਦੀ ਥਾਂ 'ਸਾਂਝੀ ਚਾਹ' ਦੇ ਬਹਾਨੇ ਪਤੀ ਪਤਨੀ ਦਾ ਰਲ-ਮਿਲ ਬਹਿਣ ਦੇ ਰੁਮਾਂਟਿਕ ਪਲਾਂ ਦੇ ਸਕੂਨ ਦੀ ਮਿੱਠੀ ਫੁਹਾਰ ਬਣ ਵਰਨੀ, ਘਰੇਲੂ ਮਸਲੇ ਸਾਂਝੇ ਕਰਨੇ ਤੇ ਹੱਲ ਲੱਭਣੇ, ਸੱਚਾ ਤੇ ਦਿਲੋਂ ਪਿਆਰ ਦੀ ਖ਼ੁਸ਼ਬੂ ਦਾ ਘਰ ਪਰਿਵਾਰ ਲਈ ਵਰਦਾਨ ਹੋਣਾ ਅਤੇ ਫ਼ੌਜੀ ਜੀਵਨ ਦੇ ਅਨੁਸ਼ਾਸਨ ਭਰੇ ਫ਼ਰਜ਼ਾਂ ਨਾਲ ਆਮ ਲੋਕਾਂ ਦੇ ਕਾਰ ਵਿਹਾਰਾਂ ਵਿਚ ਵੀ ਅਨੁਸ਼ਾਸਨ ਬੱਧ ਚੁਸਤੀ ਆਉਣੀ ਆਦਿ ਬਹੁਤ ਸਾਰੇ ਸਾਰਥਿਕ ਸੰਦੇਸ਼ਾਂ ਨਾਲ ਓਤ ਪੌਤ ਇਹ ਮਿੰਨੀ ਕਹਾਣੀ ਸੰਗ੍ਰਹਿ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਵਾਕਿਆ ਹੀ ਪੜ੍ਹਨ ਤੇ ਮਾਨਣਯੋਗ ਹੈ। ਕਿਤੇ-ਕਿਤੇ ਕਹਾਣੀਆਂ ਦੇ ਪਾਤਰਾਂ ਵਿਚਲੀ ਪੁਆਧ ਬੋਲੀ ਦੀ ਗੁਫ਼ਤਗੂ ਇਸ ਪੁਸਤਕ ਦੀ ਰੌਚਿਕਤਾ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੀ ਹੈ। ਸੋ ਲੇਖਿਕਾ ਮਨਜੀਤ ਕੌਰ ਮੀਤ ਤੋਂ ਅੱਗੇ ਵੀ ਅਜਿਹੀਆਂ ਹੋਰ ਮਿਆਰੀ ਲਿਖਤਾਂ ਦੀ ਆਸ ਕੀਤੀ ਜਾ ਸਕਦੀ ਹੈ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਪੰਜਾਬੀ ਹੀਰੇ ਤੇ ਮਣੀਆਂ
ਸੰਗ੍ਰਹਿਕਰਤਾ : ਸਮਸ਼ੇਰ ਸਿੰਘ ਸੋਹੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 151
ਮੋਬਾਈਲ : 98764-74671
ਪੁਸਤਕ 'ਪੰਜਾਬੀ ਹੀਰੇ ਤੇ ਮਣੀਆਂ' ਦੇ ਵਿਚ ਸਮਸ਼ੇਰ ਸਿੰਘ ਸੋਹੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਬਾਰੇ ਹੋਰ ਸਮੁੱਚੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਇਹ ਉਪਰਾਲਾ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਉਨ੍ਹਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਸਾਡੀ ਫਿਤਰਤ ਹੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਂਦੇ ਹਾਂ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਹਨ। ਸੋਹੀ ਸਾਹਿਬ ਨੇ ਜਿੰਨੀਆਂ ਵੀ ਸ਼ਖ਼ਸੀਅਤਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ ਉਨ੍ਹਾਂ ਨੇ ਆਪੋ-ਆਪਣੇ ਸਮੇਂ ਨਾਮਨਾ ਖੱਟਿਆ ਹੈ ਅਤੇ ਲੋਕਾਂ ਤੋਂ ਮਾਣ, ਇੱਜ਼ਤ ਤੇ ਪਿਆਰ ਵੀ ਲਿਆ ਹੈ। ਇਹੋ ਜਿਹੀ ਪੁਸਤਕ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ, ਬੜੀ ਮਿਹਨਤ ਕਰਦਿਆਂ, ਜਾਣਕਾਰੀ ਇਕੱਠੀ ਕਰਨਾ ਇਕ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ। ਸੋਹੀ ਸਾਹਿਬ ਨੇ ਇਹ ਜੋ ਗੁਲਦਸਤਾ ਤਿਆਰ ਕਰ ਕੇ ਪਾਠਕਾਂ ਨੂੰ ਪਰੋਸਿਆ ਹੈ, ਉਹ ਕਾਬਲੇ ਤਾਰੀਫ਼ ਹੈ। ਹਰ ਲੇਖ 'ਤੇ ਤਸਵੀਰ ਲਗਾਉਣਾ, ਇਹ ਵੀ ਚੰਗਾ ਯਤਨ ਹੈ। ਪੁਸਤਕ ਦਾ ਸਿਰਲੇਖ ਢੁਕਵਾਂ ਹੈ। ਇਹ ਪੁਸਤਕ ਸਾਂਭਣਯੋਗ ਹੈ ਅਤੇ ਵਿਸ਼ੇਸ਼ ਕਰਕੇ ਸਮੁੱਚੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਵੀ ਬਣੇਗੀ। ਆਉਣ ਵਾਲੀਆਂ ਪੀੜ੍ਹੀਆਂ ਇਸ ਪੁਸਤਕ ਨੂੰ ਪੜ੍ਹ ਕੇ ਇਨ੍ਹਾਂ ਸ਼ਖ਼ਸੀਅਤਾਂ ਦੀ ਜਾਣਕਾਰੀ ਲੈ ਸਕਣਗੀਆਂ। ਇਹੋ ਜਿਹੀਆਂ ਪੁਸਤਕਾਂ ਬਹੁਤ ਘੱਟ ਛਪਦੀਆਂ ਹਨ। ਪੁਸਤਕ ਵਿਚ ਗੁਰਮੀਤ ਬਾਵਾ, ਜਸਪਾਲ ਭੱਟੀ, ਦਾਰਾ ਸਿੰਘ, ਜਸਵੰਤ ਭੰਵਰਾ, ਕੇਸਰ ਸਿੰਘ ਨਰੂਲਾ, ਸੁਰਿੰਦਰ ਬਚਨ, ਚਾਚੀ ਅਤਰੋ, ਸਰਦੂਲ ਸਿਕੰਦਰ, ਚਮਨ ਲਾਲ ਚਮਨ, ਜਗਜੀਤ ਜ਼ੀਰਵੀ ਦੇ ਜੀਵਨ ਤੇ ਪ੍ਰਾਪਤੀਆਂ ਦਾ ਜ਼ਿਕਰ ਵਧੀਆ ਢੰਗ ਨਾਲ ਕੀਤਾ ਗਿਆ ਹੈ। ਵੈਸੇ ਤਾਂ ਸਾਰੇ ਲੇਖ ਹੀ ਵਧੀਆ ਹਨ। ਇਸ ਪੁਸਤਕ ਤੋਂ ਇਲਾਵਾ ਸਮਸ਼ੇਰ ਸਿੰਘ ਸੋਹੀ ਨੇ ਇਸ ਪੁਸਤਕ ਤੋਂ ਪਹਿਲਾਂ 5 ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਨੂੰ ਤਿਆਰ ਕਰਨ ਲਈ ਸੋਹੀ ਸਾਹਿਬ ਦਾ ਜੋ ਆਪਣਾ ਜਜ਼ਬਾ ਹੈ, ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਥੋੜ੍ਹੀ ਹੈ।
-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990
ਹੱਡਾਰੋੜੀ
ਮੂਲ ਲੇਖਕ : ਡਾ. ਤੁਲਸੀ ਰਾਮ
ਅਨੁਵਾਦ : ਸਤਵੀਰ ਕੌਰ ਸ਼ਾਲੂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 208
ਸੰਪਰਕ : 94638-36591
'ਹੱਡਾਰੋੜੀ' ਡਾ. ਤੁਲਸੀ ਰਾਮ ਦੁਆਰਾ ਲਿਖਿਆ ਸਵੈ-ਬਿਰਤਾਂਤ ਹੈ, ਜਿਸ ਦਾ ਅਨੁਵਾਦ ਸਤਵੀਰ ਕੌਰ ਸ਼ਾਲੂ ਦੁਆਰਾ ਕੀਤਾ ਗਿਆ ਹੈ। ਇਸ ਸਵੈ-ਬਿਰਤਾਂਤ ਵਿਚ ਵਿਅਕਤੀ ਵਿਸ਼ੇਸ਼ ਦੇ ਹਵਾਲੇ ਨਾਲ ਤਤਕਾਲੀ ਸਮਾਜ ਦੀ ਤਸਵੀਰਕਸ਼ੀ ਕੀਤੀ ਗਈ ਹੈ, ਜਿਸ ਵਿਚ ਮੂਲ ਲੇਖਕ ਮੁਤਾਬਕ 'ਹੱਡਾਰੋੜੀ' ਉਨ੍ਹਾਂ ਦੀ ਦਲਿਤ ਬਸਤੀ ਸੀ। ਇਸ ਬਸਤੀ ਵਿਚੋਂ ਹੀ ਲੇਖਕ ਦੀ ਸੰਘਰਸ਼ ਗਾਥਾ ਅਤੇ ਜਾਗ੍ਰਿਤੀ ਦੀ ਅਵਸਥਾ ਦਾ ਆਗਾਜ਼ ਹੁੰਦਾ ਹੈ। ਬਸਤੀ ਵਿਚ ਰਹਿਣ ਵਾਲੇ ਲੋਕ ਸ਼ੋਸ਼ਿਤ ਅਤੇ ਸਾਧਨਹੀਣ ਹੋਣ ਦੇ ਨਾਲ-ਨਾਲ ਅੰਧ-ਵਿਸ਼ਵਾਸੀ ਬਿਰਤੀ ਦੇ ਮਾਲਕ ਸਨ, ਜਿਨ੍ਹਾਂ ਬਾਰੇ ਲੇਖਕ ਨੇ ਵਿਸਥਾਰ ਵਿਚ ਇਸ ਸਵੈ-ਬਿਰਤਾਂਤ ਨੂੰ ਸੱਤ ਭਾਗਾਂ ਵਿਚ ਵੰਡ ਕੇ ਜ਼ਿਕਰ ਕੀਤਾ ਹੈ। ਲੇਖਕ ਨੇ ਇਥੇ ਇਸ ਕਿਰਤ ਵਿਚ ਆਪਣੇ ਪਰਿਵਾਰ ਬਾਰੇ ਬੜੀ ਗਹਿਨਤਾ ਨਾਲ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸੁਭਾਅ ਬਿਆਨ ਕੀਤੇ ਹਨ, ਉਥੇ ਉਸ ਵੇਲੇ ਸਮਾਜਿਕ ਅਤੇ ਵਿਦਿਅਕ ਵਿਵਸਥਾ ਬਾਰੇ ਵੀ ਭਾਵਪੂਰਤ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸ ਦੇ ਨਾਲ ਹੀ ਇਸ ਦਲਿਤ ਬਸਤੀ ਵਿਚ ਵਸਦੇ ਲੋਕਾਂ ਦੇ ਰਸਮਾਂ-ਰਿਵਾਜ ਅਤੇ ਵਿਸ਼ਵਾਸਾਂ ਬਾਰੇ ਵੀ ਬਹੁਤ ਸਾਰੇ ਵੇਰਵੇ ਦੱਸੇ ਹਨ, ਜਿਨ੍ਹਾਂ ਕਰਕੇ ਇਹ ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਦਬਾਓ ਦਾ ਸ਼ਿਕਾਰ ਵੀ ਬਣਦੇ ਹਨ। ਵਿੱਦਿਅਕ ਵਿਵਸਥਾ ਬਾਰੇ ਤਾਂ ਲਗਭਗ ਸਾਰੇ ਹੀ ਭਾਗਾਂ ਵਿਚ ਜ਼ਿਕਰ ਆਇਆ ਹੈ ਕਿਉਂਕਿ ਜਿਵੇਂ-ਜਿਵੇਂ ਲੇਖਕ ਪੜ੍ਹਾਈ ਲਿਖਾਈ ਵਿਚ ਅੱਗੇ ਵਧਦਾ ਗਿਆ ਉਸ ਨੇ ਉਸ ਸਮੇਂ ਦਾ ਜ਼ਿਕਰ ਨਾਲੋ-ਨਾਲ ਹੀ ਕੀਤਾ ਹੈ ਪਰ ਮੂਲ ਰੂਪ ਵਿਚ ਲੇਖਕ ਜਿਥੇ ਇਨ੍ਹਾਂ ਲੋਕਾਂ ਦੀ ਮਾੜੀ ਹਾਲਤ ਨੂੰ ਸਮਾਜ ਵਿਵਸਥਾ ਦੀ ਦੇਣ ਸਮਝਦਾ ਹੈ, ਉਥੇ ਇਨ੍ਹਾਂ ਵਿਚਲੀ ਅਨਪੜ੍ਹਤਾ ਅਤੇ ਉਪਰਲੀ ਧਿਰ ਦੇ ਹਿਤ ਵੀ ਇਸ ਵਿਚ ਕਾਰਨ ਬਣਦੇ ਹਨ। ਸਤਵੀਰ ਕੌਰ ਸ਼ਾਲੂ ਨੇ ਇਸ ਪੁਸਤਕ ਦਾ ਅਨੁਵਾਦ ਬਾਖ਼ੂਬੀ ਨਿਭਾਇਆ ਹੈ, ਜਿਸ ਤੋਂ ਮੂਲ ਪੁਸਤਕ ਦੀ ਸਿਰਜਣਾ ਹੀ ਜਾਪਦੀ ਹੈ। ਪੁਸਤਕ ਜਾਣਕਾਰੀ ਅਤੇ ਅਨੁਵਾਦ ਪੱਖੋਂ ਖ਼ੂਬਸੂਰਤ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਖ਼ੂਬਸੂਰਤ
ਨਾਟਕਕਾਰ :
ਇੰਜੀ: ਡੀ. ਐਮ. ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 280 ਰੁਪਏ, ਸਫ਼ੇ : 62
ਸੰਪਰਕ : 98155-09390
ਇਹ ਨਾਟਕ ਇਕ ਅਤਿ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਵਿਸ਼ੇ ਦੁਆਲੇ ਘੁੰਮਦਾ ਹੈ। ਇਸ ਵਿਚ ਅੱਖਾਂ ਦੇ ਭਿਆਨਕ ਰੋਗ ਕਾਲਾ ਮੋਤੀਆ ਜਾਂ ਗਲੂਕੋਮਾ ਬਾਰੇ ਜਾਗਰੂਕ ਕੀਤਾ ਗਿਆ ਹੈ। ਬਹੁਤ ਸਾਰੇ ਲੋਕ ਇਸ ਕਾਰਨ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ। ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਰਕੇ ਇਸ ਦੇ ਭਿਆਨਕ ਸਿੱਟੇ ਭੁਗਤਣੇ ਪੈਂਦੇ ਹਨ ਅਤੇ ਉਹ ਨੇਤਰਹੀਣ ਹੋ ਕੇ ਹਨੇਰਾ ਜੀਵਨ ਜਿਊਣ ਲਈ ਮਜਬੂਰ ਹੋ ਜਾਂਦੇ ਹਨ। ਪੀ.ਜੀ.ਆਈ. ਚੰਡੀਗੜ੍ਹ ਦੇ ਐਡਵਾਂਸ ਆਈ ਸੈਂਟਰ ਦੇ ਸਹਿਯੋਗ ਨਾਲ ਲੋੜੀਂਦੀ ਜਾਣਕਾਰੀ ਲੈ ਕੇ ਲੇਖਕ ਨੇ ਇਹ ਨਾਟਕ ਲਿਖਿਆ। ਸਭ ਤੋਂ ਪਹਿਲਾਂ ਨਾਟਕਕਾਰ ਨੇ ਕਾਦਰ ਦੀ ਸਾਜੀ ਬਹੁਰੰਗੀ ਖ਼ੂਬਸੂਰਤ ਕੁਦਰਤ ਦਾ ਵਰਣਨ ਕੀਤਾ ਹੈ। ਧਰਤੀ ਦੇ ਅਜੂਬੇ, ਕਲਾਕ੍ਰਿਤੀਆਂ, ਖ਼ੂਬਸੂਰਤ ਇਮਾਰਤਾਂ, ਚਸ਼ਮੇ, ਪਹਾੜ, ਫੁੱਲ, ਪੰਛੀ ਆਦਿ ਬਹੁਤ ਹੀ ਮਨਮੋਹਨੇ ਹਨ ਪਰ ਜੇ ਕਿਸੇ ਦੀ ਦੇਖਣ ਦੀ ਸਮਰੱਥਾ ਚਲੀ ਜਾਵੇ ਤਾਂ ਉਹ ਬਹੁਤ ਹੀ ਆਭਾਗਾ ਹੁੰਦਾ ਹੈ। ਹੌਲੀ-ਹੌਲੀ ਉਸ ਦੇ ਸਮਾਜਿਕ ਰਿਸ਼ਤੇ ਵੀ ਤਿੜਕਣ ਲਗਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਮੇਂ-ਸਮੇਂ ਸਿਰ ਨਜ਼ਰ ਟੈਸਟ ਕਰਵਾ ਕੇ ਲੋੜੀਂਦਾ ਇਲਾਜ ਕਰਾਉਣਾ ਚਾਹੀਦਾ ਹੈ। ਲੇਖਕ ਲਿਖਦਾ ਹੈ ਨਿਰਦਈ ਚੋਰ-ਗਲੂਕੋਮਾ
ਚੁੱਪ ਚੁੁਪੀਤੇ ਨਜ਼ਰ ਚੁਰਾਂਦਾ
ਹੈ ਗਲੂਕੋਮਾ ਪੱਕਾ ਚੋਰ।
ਪਰ ਅਗਰ ਤੁਸੀਂ ਰਹੋ ਚੌਕੰਨੇ
ਇਸ ਦਾ ਬਿਲਕੁਲ ਚੱਲੇ ਨਾ ਜ਼ੋਰ।
ਇਸ ਸਾਰਥਕ ਜਾਣਕਾਰੀ ਭਰਪੂਰ ਪੁਸਤਕ ਦਾ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਬਦਲਾਅ ਦੀ ਤਾਕਤ
ਲੇਖਕ : ਅਤਿੰਦਰਪਾਲ ਸਿੰਘ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 81468-08995
ਲੇਖਕ ਅਤਿੰਦਰਪਾਲ ਸਿੰਘ ਵਲੋਂ ਲਿਖੀ ਪੁਸਤਕ 'ਬਦਲਾਅ ਦੀ ਤਾਕਤ' ਕਿਤਾਬਾਂ ਰਾਹੀਂ ਵਿਅਕਤੀ ਅਤੇ ਸਮਾਜ ਵਿਚ ਬਦਲਾਅ ਲਿਆਉਣ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਪੁਸਤਕ ਨੂੰ 11 ਚੈਪਟਰਾਂ ਵਿਚ ਵੰਡਿਆ ਗਿਆ ਹੈ। ਬਦਲਾਅ ਕੀ ਹੈ? ਮਾਨਸਿਕਤਾ ਦਾ ਜਨਮ, ਖ਼ੁਦ ਬਾਰੇ ਜਾਣੋ, ਭਾਵਨਾਵਾਂ ਨੂੰ ਕੰਟਰੋਲ ਕਿਵੇਂ ਕਰੀਏ? ਸਹੀ ਅਤੇ ਗ਼ਲਤ ਦੀ ਪਛਾਣ ਕਿਵੇਂ ਕਰੀਏ? ਜ਼ਿੰਦਗੀ ਵਿਚ ਦਿਲਚਸਪੀ ਕਿਵੇਂ ਪੈਦਾ ਕਰੀਏ? ਕਮੀਆਂ ਨੂੰ ਤਾਕਤ ਵਿਚ ਕਿਵੇਂ ਬਦਲੀਏ? ਸਮੱਸਿਆ ਦੇ ਹੱਲ 'ਤੇ ਧਿਆਨ ਦੇਵੋ, ਸਮੱਸਿਆ ਤੇ ਨਹੀਂ, ਸੋਚਣ ਦੇ ਤਰੀਕੇ ਨੂੰ ਕਿਵੇਂ ਬਦਲਿਆ ਜਾਵੇ? ਨਵੀਆਂ ਆਦਤਾਂ ਦੀ ਸਿਰਜਣਾ ਕਿਵੇਂ ਕੀਤੀ ਜਾਵੇ? ਗੱਲਬਾਤ ਦੀ ਅਹਿਮੀਅਤ ਆਦਿ ਪਾਠਾਂ ਰਾਹੀਂ ਲੇਖਕ ਨੇ ਇਨ੍ਹਾਂ ਸਾਰੇ ਨੁਕਤਿਆਂ ਨੂੰ ਉਭਾਰਿਆ ਹੈ, ਜਿਹੜੇ ਸਚਮੁੱਚ ਕਿਸੇ ਵੀ ਵਿਅਕਤੀ ਦੇ ਅੰਦਰੂਨੀ ਬਦਲਾਅ ਲਈ ਜ਼ਰੂਰੀ ਸਮਝੇ ਜਾਂਦੇ ਹਨ। ਲੇਖਕ ਦਾ ਮੰਨਣਾ ਹੈ ਕਿ ਆਓ ਆਪਣੀ ਜ਼ਿੰਦਗੀ ਨੂੰ ਚੰਗੇ ਬਦਲਾਅ ਵੱਲ ਲਿਜਾਂਦੇ ਹੋਏ ਕਿਤਾਬ ਨਾਲ ਜੁੜ ਕੇ, ਇਹ ਸਾਬਤ ਕਰੀਏ ਕਿ ਕਿਤਾਬਾਂ ਦਾ ਸਫ਼ਰ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਬਦਲਾਅ ਦੇ ਵਹਾਅ 'ਚ ਵਹਿੰਦੇ ਹੋਏ ਵਕਤ ਨੇ ਸਾਡੀ ਤਰੱਕੀ 'ਤੇ ਮਾਨਸਿਕਤਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਅਸੀਂ ਆਪਣੀ ਜ਼ਿੰਦਗੀ ਜਿਊਣ ਦਾ ਢੰਗ ਪੂਰੀ ਤਰ੍ਹਾਂ ਬਦਲ ਚੁੱਕੇ ਹਾਂ। ਇਸ ਕਿਤਾਬ ਦੀ ਮਦਦ ਨਾਲ ਆਪਣੇ ਨਜ਼ਰੀਏ ਨੂੰ ਬਦਲਦੇ ਹੋਏ, ਆਪਣੇ ਅੰਦਰ ਕੁਝ ਚੰਗੇ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਅ ਸਕੀਏ। ਲੇਖਕ ਨੇ ਪੁਸਤਕ ਵਿਚ ਉਦਾਹਰਨਾਂ, ਕਹਾਣੀਆਂ, ਘਟਨਾਵਾਂ ਦਾ ਆਧਾਰ ਸੋਸ਼ਲ ਮੀਡੀਆ, ਅਖ਼ਬਾਰ, ਮੈਗਜ਼ੀਨ ਆਦਿ ਤੋਂ ਹਾਸਿਲ ਕਰਕੇ ਇਨ੍ਹਾਂ ਨੂੰ ਰੌਚਕ ਘਟਨਾਵਾਂ ਨਾਲ ਜੋੜ ਕੇ, ਪੇਸ਼ ਕੀਤਾ ਹੈ। ਬਹੁਤ ਸਾਰੀਆਂ ਭਾਵਪੂਰਤ, ਸੋਚ ਨੂੰ ਝੰਜੋੜਨ ਵਾਲੀਆਂ ਕੁਟੇਸ਼ਨਾਂ ਵੀ ਦਰਜ ਕੀਤੀਆਂ ਗਈਆਂ ਹਨ। ਜਿਵੇਂ 'ਆਪਣੀਆਂ ਸਮੱਸਿਆਵਾਂ ਨਾਲ ਖੜ੍ਹਨਾ ਸਿੱਖੋ। ਮੁਸ਼ਕਿਲਾਂ ਆਪਣੇ-ਆਪ ਬੈਠਣਾ ਸਿੱਖ ਜਾਣਗੀਆਂ।' ਜੋ ਹੋ ਗਿਆ ਉਸ ਬਾਰੇ ਪਛਤਾਵਾ ਕਰਨ ਨਾਲੋਂ ਚੰਗਾ ਉਹ ਕਰੋ, ਜੋ ਅਸੀਂ ਕਰ ਸਕਦੇ ਹਾਂ ਤਾਂ ਕਿ ਪਛਤਾਵਾ ਸਾਡਾ ਭਵਿੱਖ ਨਾ ਬਣੇ। 'ਆਪਣੀਆਂ ਭਾਵਨਾਵਾਂ ਨਾਲ ਜੁੜੋ, ਪਰ ਸਮੱਸਿਆਵਾਂ ਨਾਲ ਕਦੇ ਵੀ ਭਾਵਨਾਤਮਕ ਤੌਰ 'ਤੇ ਨਾ ਜੁੜੋ।' ਜੇਕਰ ਤੁਸੀਂ ਆਪਣੇ ਆਪ ਨਾਲ ਜਿਊਣਾ ਸਿੱਖ ਲੈਂਦੇ ਹੋ ਤਾਂ ਤੁਸੀਂ ਹੋਰਾਂ ਦਾ ਸਾਥ ਮਾਨਣ ਦੇ ਨਾਲ-ਨਾਲ ਇਕੱਲੇਪਨ ਨੂੰ ਵੀ ਮਾਣਨਾ ਸਿੱਖ ਜਾਵੋਗੇ। ਆਦਿ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸਰਲ, ਸਹਿਜ, ਸਪੱਸ਼ਟ, ਸਰਲ ਭਾਸ਼ਾ ਵਿਚ ਮਨੁੱਖੀ ਵਿਵਹਾਰ, ਕਿਰਦਾਰ, ਵਿਚਾਰਧਾਰਕ ਬਦਲਾਅ ਲਿਆ ਕੇ ਲੋਕ ਮਾਨਸਿਕਤਾ ਨੂੰ ਪਰਵਰਿਤਤ ਕਰਕੇ ਵਿਕਾਸ ਦੇ ਰਸਤੇ 'ਤੇ ਵਧੀਏ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਚੋਭਾਂ
ਲੇਖਕ : ਰਣਜੀਤ ਸਿੰਘ ਕੰਵਲ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ: 150 ਰੁਪਏ, ਸਫ਼ੇ: 80
ਸੰਪਰਕ: 92564-29220
ਹੱਥਲੀ ਪੁਸਤਕ 'ਚੋਭਾਂ' ਦਾ ਰੁਬਾਈ-ਪਾਠ ਕਰਦਿਆਂ ਬੇਹੱਦ ਤਸੱਲੀ ਮਹਿਸੂਸ ਹੁੰਦੀ ਹੈ ਕਿ ਸਿਰਕੱਢ ਟਰੇਡ ਯੂਨੀਅਨ ਆਗੂ ਅਤੇ ਬਜ਼ੁਰਗ ਅਧਿਆਪਕ ਰਣਜੀਤ ਸਿੰਘ ਕੰਵਲ ਜ਼ਿੰਦਗੀ ਦੇ ਨੌਂ ਦਹਾਕੇ ਪਾਰ ਕਰਨ ਦੇ ਬਾਵਜੂਦ ਨਿਰੰਤਰ ਸਾਹਿਤ ਸਿਰਜਣਾ ਵਿਚ ਜੁਟੇ ਹੋਏ ਹਨ। ਇਸ ਪੁਸਤਕ ਵਿਚ ਉਨ੍ਹਾਂ ਨੇ ਇਕ ਸੌ ਚੌਂਤੀ ਖ਼ੂਬਸੂਰਤ ਰੁਬਾਈਆਂ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਜੀਵਨ ਦੇ ਵਡਮੁੱਲੇ ਤਜਰਬਿਆਂ ਦੀ ਛਾਪ ਸਪੱਸ਼ਟ ਝਲਕਦੀ ਹੈ:
ਉਲਾਹਮਾ ਕਿਹੜੇ ਰੱਬ ਨੂੰ ਦੇਈਏ, ਸ਼ਿਕਵਾ ਕਿਸ ਅੱਲ੍ਹਾ 'ਤੇ ਯਾਰ।
ਬਾਹੂਬਲੀਆਂ ਪਾਈ ਭਿਆਲੀ
ਹਰ ਥਾਂ ਕਰਦੇ ਮਾਰੋ-ਮਾਰ।
ਸਿਆਸਤਦਾਨ ਪਨਾਹਾਂ ਦਿੰਦੇ,
ਨਾਲ ਪੁਲਿਸ ਦੀ ਹੱਲਾ-ਸ਼ੇਰੀ,
ਬੇਕਸ ਦੀ ਕੋਈ ਸਾਰ ਨਾ ਲੈਂਦਾ,
ਹੈ ਜੋ ਅਵਾਜ਼ਾਰ।
ਰਣਜੀਤ ਸਿੰਘ ਕੰਵਲ ਦਾ ਮੰਨਣਾ ਹੈ ਕਿ ਮਨੁੱਖ ਵਿਚ ਹਮੇਸ਼ਾ ਹੀ ਦੋਵੇਂ ਤਰ੍ਹਾਂ ਦੀਆਂ ਪ੍ਰਵਿਰਤੀਆਂ ਵਿਦਮਾਨ ਰਹਿੰਦੀਆਂ ਹਨ। ਕਦੇ ਉਹ ਨੇਕੀ ਵਾਲੇ ਪਾਸੇ ਨੂੰ ਉਲਾਰ ਹੋਇਆ ਦਿਖਾਈ ਦਿੰਦਾ ਹੈ ਅਤੇ ਕਦੇ ਉਸੇ ਨੂੰ ਹੀ ਸ਼ੈਤਾਨ ਦਾ ਭਿਆਨਕ ਰੂਪ ਧਾਰਦਿਆਂ ਦੇਖਿਆ ਜਾ ਸਕਦਾ ਹੈ। ਸੱਚ ਤਾਂ ਇਹ ਹੈ ਕਿ ਮਨੁੱਖ ਦੇ ਆਪਣੇ ਹੱਥ-ਵੱਸ ਕੁਝ ਨਹੀਂ ਬਲਕਿ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਹੀ ਲਗਾਮ ਫੜ ਕੇ ਉਸ ਨੂੰ ਆਪਣੇ ਮੁਤਾਬਿਕ ਚਲਾਉਂਦੀਆਂ ਹਨ:
ਕਿੰਨੇ ਚੰਗੇ ਖ਼ਿਆਲ ਸੀ ਤੇਰੇ,
ਸੈਂ ਕਿੰਨਾ ਚੰਗਾ ਇਨਸਾਨ।
ਮੈਂ ਸਮਝਾਂ ਤੈਨੂੰ ਵਾਂਗ ਦੇਵਤਾ,
ਕਦੀ-ਕਦੀ ਜਾਪੇਂ ਭਗਵਾਨ।
ਖ਼ਬਰੇ ਕਿਸ ਮਜਬੂਰੀ ਤੈਨੂੰ,
ਇਹ ਕੌੜਾ ਅੱਕ ਚਬਾਇਆ,
ਚੰਗੇ ਭਲੇ ਮਨੁੱਖ ਦੇ ਮਨ ਵਿਚ,
ਕਿੱਦਾਂ ਵਸਿਆ ਆ ਸ਼ੈਤਾਨ।
ਰੁਬਾਈ ਉਰਦੂ-ਫ਼ਾਰਸੀ ਵਿਚੋਂ ਆਈ ਕਾਵਿ-ਵੰਨਗੀ ਹੈ, ਜਿਸ ਨੂੰ ਪੰਜਾਬੀ ਵਿਚ ਬਹੁਤ ਘੱਟ ਲਿਖਿਆ ਗਿਆ ਹੈ, ਪਰ ਰਣਜੀਤ ਸਿੰਘ ਕੰਵਲ ਨੇ ਇਸ ਵਿਧਾ ਨੂੰ ਬਾਖ਼ੂਬੀ ਨਿਭਾਇਆ ਹੈ। ਸਮਾਜਿਕ ਕੁਰੀਤੀਆਂ ਅਤੇ ਵਿਸੰਗਤੀਆਂ ਬਾਰੇ ਵੀ ਉਨ੍ਹਾਂ ਦਾ ਅਨੁਭਵ ਬੜਾ ਡੂੰਘਾ ਹੈ। ਦੇਸ਼-ਦੁਨੀਆ ਵਿਚ ਵਾਪਰਦੀਆਂ ਘਟਨਾਵਾਂ ਨੂੰ ਦੇਖਣ ਅਤੇ ਪੜਚੋਲਣ ਲਈ ਉਨ੍ਹਾਂ ਦੀ ਬਾਜ਼-ਅੱਖ ਦੀ ਦਾਦ ਦੇਣੀ ਬਣਦੀ ਹੈ।
-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027
ਇਸ਼ਕ ਜਿਨ੍ਹਾਂ ਦੇ ਹੱਡੀਂ...
ਲੇਖਕ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 196
ਸੰਪਰਕ : 99154-15312
ਜੀਤ ਸਿੰਘ ਸੰਧੂ ਪੰਜਾਬੀ ਸਾਹਿਤਕ ਜਗਤ ਵਿਚ ਨਾਵਲਕਾਰ ਵਜੋਂ ਵਿਸ਼ੇਸ਼ ਪਛਾਣ ਸਥਾਪਿਤ ਕਰ ਚੁੱਕਾ ਹੈ। ਉਸ ਦੇ ਨਾਵਲਾਂ ਦੀ ਗਿਣਤੀ 20 ਹੈ। ਨਾਵਲ 'ਬੁੱਕਲ ਦੇ ਸੱਪ' ਉੱਤੇ ਫੀਚਰ ਫਿਲਮ ਤੇ 'ਤੇਜਾ ਨਗੌਰੀ' ਉੱਤੇ ਵੈੱਬ-ਸੀਰੀਜ਼ ਬਣ ਚੁੱਕੀ ਹੈ। ਵਿਚਾਰ-ਅਧੀਨ ਨਾਵਲ 'ਇਸ਼ਕ ਜਿਨ੍ਹਾਂ ਦੇ ਹੱਡੀਂ' ਉੱਪਰ ਫਿਲਮ ਬਣ ਰਹੀ ਹੈ। ਨਾਵਲ ਦਾ ਬਿਰਤਾਂਤ ਫਿਲਮੀ ਸਟਾਇਲ ਵਾਂਗ ਸਿਰਜਿਆ ਹੈ। ਘਟਨਾਵਾਂ ਤੇਜ਼ ਰਫ਼ਤਾਰ ਨਾਲ ਵਾਪਰਦੀਆਂ ਹਨ। ਨਾਵਲ ਦਾ ਕੇਂਦਰੀ ਬਿਰਤਾਂਤ ਰਾਜ ਤੇ ਰਾਣੀ ਦੀ ਪ੍ਰੇਮ ਕਹਾਣੀ ਹੈ। ਅੰਤਰਜਾਤੀ ਪ੍ਰੇਮ ਕਈ ਘਟਨਾਵਾਂ ਤੇ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਬਹਾਦਰ ਨਾਇਕ ਨਾਇਕਾ ਨਾਵਲ ਦੇ ਆਰ-ਪਾਰ ਫੈਲਦੇ ਹੋਏ ਵਿਰੋਧੀ ਪ੍ਰਸਿਥਤੀਆਂ ਉੱਤੇ ਜਿੱਤ ਪ੍ਰਾਪਤ ਕਰਦੇ ਹਨ।
ਨਾਵਲਕਾਰ ਨੇ ਪ੍ਰੇਮ ਕਹਾਣੀ ਦੇ ਨਾਲ-ਨਾਲ ਪਿਛਲਝਾਤ ਵਿਧੀ ਰਾਹੀਂ ਪੰਜਾਬ ਸੰਕਟ ਦਾ ਜ਼ਿਕਰ ਕੀਤਾ ਹੈ। ਅੱਤਵਾਦੀ ਦੌਰ ਵਿਚ ਨਿਆਂ ਪ੍ਰਣਾਲੀ ਤੇ ਪੁਲਿਸਤੰਤਰ ਦਾ ਘਾਣ ਕੀਤਾ। ਪੰਜਾਬ ਦੇ ਪੇਂਡੂ ਖੇਤਰਾਂ ਨੂੰ ਅਥਾਹ ਤਸ਼ੱਦਦ ਸਹਿਣ ਕਰਨਾ ਪਿਆ। ਨਾਵਲ ਦੇ ਬਿਰਤਾਂਤ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਤਰਜਾਤੀ ਪ੍ਰੇਮ ਸੰਬੰਧ ਤੇ ਵਿਆਹ ਪ੍ਰਬੰਧ ਕਾਰਨ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਵਲਕਾਰ ਨੇ ਪ੍ਰਮੁੱਖ ਪਾਤਰਾਂ ਦੀ ਘਰ ਵਾਪਸੀ ਕਰਵਾ ਕੇ ਸਮੱਸਿਆਵਾਂ ਦੇ ਹੱਲ ਦਾ ਸੁਝਾਅ ਦਿੱਤਾ ਹੈ।
ਜੀਤ ਸੰਧੂ ਨੇ ਵਰਤਮਾਨ ਸੰਦਰਭ ਵਿਚ ਜਾਤ-ਪ੍ਰਣਾਲੀ ਦੇ ਭਿਆਨਕ ਵਰਤਾਰਿਆਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਜਾਤ-ਪ੍ਰਣਾਲੀ ਦੀ ਕੱਟੜਤਾ ਕਰਕੇ ਅਣਮਨੁੱਖੀ ਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਔਰਤ ਦੀ ਹੋਂਦ ਮਨਫ਼ੀ ਹੋ ਗਈ। ਉਸ ਨੂੰ ਪਦਾਰਥਕ ਵਸਤੂ ਵਾਂਗ ਮਾਨਣ ਤੱਕ ਸੀਮਤ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਦਰਿਆ ਪ੍ਰਤੀ ਨਾਵਲਕਾਰ ਚਿੰਤਾਗ੍ਰਸਤ ਹੁੰਦਾ ਹੈ।
ਜੀਤ ਸੰਧੂ ਪੇਂਡੂ ਧਰਾਤਲ ਨਾਲ ਜੁੜਿਆ ਨਾਵਲਕਾਰ ਹੈ। ਉਸ ਦੇ ਨਾਵਲ ਵਿਚ ਪਿੰਡ ਦਾ ਸੱਭਿਆਚਾਰ, ਵਰਤੋਂ ਵਿਹਾਰ, ਕਿਸਾਨੀ ਸਮੱਸਿਆਵਾਂ, ਸ਼ਰੀਕੇਬਾਜ਼ੀ, ਦੁਸ਼ਮਣੀਆਂ, ਜਾਤ-ਪ੍ਰਣਾਲੀ ਦੀ ਕੱਟੜਤਾ, ਅੰਤਰਜਾਤੀ ਪ੍ਰੇਮ ਸੰਬੰਧ, ਆਰਥਿਕ, ਰਾਜਨੀਤਕ, ਨਿਆਂਇਕ, ਭ੍ਰਿਸ਼ਟਾਚਾਰੀ, ਪੁਲਿਸਤੰਤਰ, ਗੁੰਡਾਗਰਦੀ, ਬਦਮਾਸ਼, ਰਿਸ਼ਤਿਆਂ 'ਚ ਤਣਾਓ, ਔਰਤ ਦਾ ਨਿਮਨ ਸਥਾਨ ਆਦਿ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ। ਫ਼ਿਲਮੀ ਬਿਰਤਾਂਤਕ ਜੁਗਤਾਂ ਨਾਲ ਲਬਰੇਜ਼ ਨਾਵਲ 'ਇਸ਼ਕ ਜਿਨ੍ਹਾਂ ਦੇ ਹੱਡੀਂ' ਪਾਠਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਤ੍ਰਿਪਤ ਕਰੇਗਾ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਸੁਣ ਮੋਨ ਧਰਤ ਦਾ ਰੋਸੜਾ
ਲੇਖਕ : ਕੰਵਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਕੀਮਤ : 250 ਰੁਪਏ, ਸਫ਼ੇ : 144
ਸੰਪਰਕ : 98146-55167
ਸ਼ਾਇਰ ਕੰਵਰ ਪੱਤਰਕਾਰੀ ਤੇ ਸ਼ਾਇਰੀ ਦਾ ਡਵਿੱਡਾ ਖੂਹ ਗੇੜਦਿਆਂ ਆਪਣੀ ਪਲੇਠੀ ਕਾਵਿ-ਕਿਤਾਬ 'ਸੁਣ ਮੋਹਨ ਧਰਤ ਦਾ ਰੋਸੜਾ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦਿੰਦਿਆਂ ਮੋਨ ਧਰਤ ਦੇ ਰੋਸੜੇ ਨੂੰ ਦੂਰ ਕਰਨ ਲਈ ਆਧੁਨਿਕ ਭਾਵ ਬੋਧ, ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਨਾਲ ਪੀਡੀ ਗੰਢ ਪਾਉਂਦਿਆਂ ਸੱਤਿਅਮ ਸ਼ਿਵਮ ਸੁੰਦਰਮ ਦਾ ਚੌਵੀ ਕੈਰਟ ਦਾ ਖਰਾ ਸੋਨਾ ਹੋਣ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਨ ਦਾ ਲੱਜ ਪਾਲ ਬਣ ਗਿਆ ਹੈ। ਬਾਬੇ ਨਾਨਕ ਨੇ 'ਧਰਤੀ ਹੋਰ ਪਰੇ ਹੋਰ ਦੀ' ਥਾਹ ਪਾਈ ਸੀ। ਧਰਤੀ ਦੀ ਮੋਨ ਅਰਥਾਤ ਚੁੱਪ ਦੇ ਰੋਸੜੇ ਨੂੰ ਅਸਾਡੇ ਇਸ ਸ਼ਾਇਰ ਨੇ ਵੀ ਵਿਭਿੰਨ ਧਰਤੀਆਂ ਦੀ ਦੱਸ ਪਾਈ ਹੈ। ਇਹ ਧਰਤੀਆਂ ਦੁਨੀਆ ਦੇ ਕਿਸੇ ਹੋਰ ਭੂ-ਖੰਡ ਵਿਚ ਨਹੀਂ ਬਲਕਿ ਅਸਾਡੇ ਦੇਸ਼ ਭਾਰਤ ਵਿਚ ਹੀ ਹਨ। ਚੁੱਪ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਉਸ ਨੂੰ ਸੁਣਨਾ ਤੇ ਸਮਝਣਾ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ ਤੇ ਨਾਲ ਹੀ ਜੇ ਇਹ ਚੁੱਪ ਰੋਸੜਾ ਕਰਦੀ ਹੋਵੇ ਤਾਂ ਉਸ ਨੂੰ ਸੁਣਨਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਸ਼ਾਇਰ ਕਿਉਂਕਿ ਪੈਗੰਬਰ ਦਾ ਨਾਇਬ ਹੁੰਦਾ ਹੈ ਤੇ ਇਹ ਨਾਇਬ ਸ਼ਾਇਰ ਕੰਵਰ ਵੀ ਹੈ, ਜਿਸ ਨੇ ਧਰਤੀ ਦੀ ਚੁੱਪ ਦੇ ਰੋਸੜੇ ਵੱਲ ਕੰਨ ਕੀਤੇ ਹਨ। ਭਾਰਤ ਵਿਚ ਰੋਸੜਿਆਂ ਦੀਆਂ ਵੀ ਕਈ ਮੋਨ ਧਰਤੀਆਂ ਹਨ। ਇਕ ਰੋਸੜੇ ਮਾਰੀ ਧਰਤੀ ਹੈ ਅਦਬ ਦੀ। ਸ਼ਾਇਰ ਆਪਣੀ ਸਵੈ-ਕਥਨੀ ਨਜ਼ਮ 'ਕਿਸਾਨ' ਵਿਚ ਕਹਿੰਦਾ ਹੈ 'ਉਹ ਕਵੀ, ਸਾਹਿਤਕਾਰ, ਵਿਦਵਾਨ, ਕਲਾਕਾਰ ਕੁਝ ਵੀ ਨਹੀਂ ਉਹ ਤਾਂ ਕਿਸਾਨ ਹੈ।' ਉਹ ਕਲਮ ਨਾਲ ਅਜਿਹੇ ਸਿਆੜ ਵਾਹੁੰਦਾ ਹੈ ਜੋ ਧਰਤੀ ਦੀ ਚੁੱਪ ਵਿਚ ਸੁਣਨ ਸੁਣਾਉਣ ਦੇ ਬੀਜ ਪੋਰਦਾ ਹੈ। ਉਹ ਖ਼ੁਦ ਕਿਸਾਨ ਦਾ ਪੁੱਤ ਹੈ ਤੇ ਹਰ ਰੋਜ਼ ਕਿਸਾਨੀ ਮਸਲਿਆਂ ਦੇ ਰੂ-ਬ-ਰੂ ਹੁੰਦਾ ਰਹਿੰਦਾ ਹੈ। ਉਸ ਨੇ ਇਹ ਭਲੀ ਭਾਂਤ ਜਾਣ ਲਿਆ ਹੈ ਕਿ ਦਿੱਲੀ ਦੀ ਭਗਵੇਂ ਬ੍ਰਿਗੇਡ ਦੀ ਸਰਕਾਰ ਜੋ ਕਾਰਪੋਰੇਟ ਸੈਕਟਰ ਦੀ ਕਾਠਪੁਤਲੀ ਬਣ ਕੇ ਹਿੰਦ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਟੀਰੀ ਅੱਖ ਰੱਖ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਹੀ ਜ਼ਮੀਨਾਂ ਵਿਚ ਮਜ਼ਦੂਰ ਬਣਨ ਦੀਆਂ ਸਾਜਿਸ਼ਾਂ ਰਚ ਰਹੀ ਹੈ। ਅੱਜ ਨਹੀਂ ਤਾਂ ਕੱਲ੍ਹ ਜਿੱਤ ਦੇ ਪਰਚਮ ਲਹਿਰਾਉਂਦੇ ਕਿਸਾਨ 56 ਇੰਚੀ ਛਾਤੀ ਵਿਚ ਕਿੱਲ ਠੋਕ ਹੀ ਦੇਣਗੇ। ਸ਼ਾਇਰ ਉਨ੍ਹਾਂ ਅਖੌਤੀ ਸਾਹਿਤਕਾਰਾਂ ਦੇ ਵੀ ਬਖੀਏ ਉਧੇੜਦਾ ਹੈ ਜੋ ਆਪਣੇ ਆਪ ਨੂੰ ਉੱਚ ਦੁਖੇਲੜੇ ਹੋਣ ਦਾ ਬੁੱਤੂ ਵਜਾ ਰਹੇ ਹਨ ਤੇ ਆਪਣੇ ਹੀ ਖੇਮੇ ਦੇ ਸਾਹਿਤਕਾਰਾਂ ਨੂੰ ਹੀ ਸਾਹਿਤਕਾਰ ਮੰਨਦੇ ਹਨ ਤੇ ਦੂਸਰੇ ਖੇਮੇ ਦੇ ਸਾਹਿਤਕਾਰਾਂ ਨੂੰ ਟਿੱਚ ਸਮਝਦੇ ਹਨ ਤੇ ਉਨ੍ਹਾਂ ਲਈ ਚੈਖਵ ਦੀ ਘੋੜਾ ਮੱਖੀ ਤੇ ਮੁਕਤੀ ਬੋਧ ਦੇ ਕਥਨ 'ਸਾਹਿਤ ਦੇ ਦਰੋਗੇ' ਬਣੇ ਰਹਿੰਦੇ ਹਨ। ਮੁੱਠੀ ਭਰ ਅਸ਼ਰਫ਼ੀਆਂ ਖਾਤਰ ਮੀਣ ਹੋ ਕੇ ਫਿਰਦੌਸੀ ਦੇ ਨਿਆਣੇ ਬਣ ਕੇ ਕਸੀਦੇ ਲਿਖ ਰਹੇ ਹਨ। ਉਹ ਸਮੇਂ ਦੀਆਂ ਸਰਕਾਰਾਂ ਦੀ ਵੀ ਧੌੜੀ ਲਾਹੁੰਦਾ ਹੈ, ਜਿਨ੍ਹਾਂ ਨੇ ਅੱਜ ਦੀਆਂ ਕਲਪਨਾ ਚਾਵਲਾ ਨੂੰ ਜਿਨ੍ਹਾਂ ਨੇ ਰਾਕਟ ਉਡਾਉਣੇ ਸਨ, ਨੂੰ ਸਾਈਕਲ ਵੰਡ ਰਹੇ ਹਨ ਤੇ ਉਨ੍ਹਾਂ ਦੇ ਕੈਰੀਅਰਾਂ 'ਤੇ ਬਸਤਿਆਂ ਦੀ ਥਾਂ ਟਿੱਫ਼ਨ ਟੰਗਾ ਰਹੇ ਹਨ। ਉਹ ਭਾਰਤ ਦੇ ਜੰਗਲ ਰਾਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਅਗਾਊਂ ਜਾਗਰੂਕ ਵੀ ਕਰਦਾ ਹੈ ਕਿ ਚਰਖੇ ਤੇ ਕੱਤਿਆ ਸੂਤ ਜਨੇਊ ਤਾਂ ਬਣਾ ਸਕਦਾ ਹੈ ਬਘਿਆੜਾਂ ਲਈ ਸੰਗਲ ਨਹੀਂ। ਉਹ ਕੱਚ ਦੀ ਸਲੀਬ 'ਤੇ ਪੱਥਰ ਧਰਨ ਤਕ ਚਲੇ ਜਾਣ ਦੀ ਹਿੰਮਤ ਰੱਖਦਾ ਹੈ। ਉਹ ਗੋਦੀ ਮੀਡੀਆ ਨੂੰ ਵੀ ਚੌਰਾਹੇ 'ਚ ਨੰਗਾ ਕਰਦਾ ਹੈ ਜਿਨ੍ਹਾਂ ਨੂੰ ਹਕੂਮਤ ਦੀ ਲਾਠੀ ਜੋ ਮਜ਼ਦੂਰ ਦੀ ਛਾਤੀ 'ਤੇ ਵਰ੍ਹਦੀ ਹੈ ਨਜ਼ਰ ਨਹੀਂ ਆਉਂਦੀ। ਉਹ ਹੋਰ ਵਿਭਿੰਨ ਸਰੋਕਾਰਾਂ ਦੀ ਪੰਛੀ ਝਾਤ ਲਈ ਭਿੱਜੇ ਖੰਭਾਂ ਵਾਲਾ ਪੰਛੀ ਨਹੀਂ ਬਣਦਾ ਬਲਕਿ ਉਕਾਬ ਬਣ ਖੜੋਂਦਾ ਹੈ। ਸ਼ਾਇਰ ਨੂੰ ਮੋਹ ਭਿੱਜੀ ਝਿੜਕਣੀ ਵੀ ਹੈ ਕਿ ਜੇ ਚਾਰ ਛਿਲੜ ਹੋਰ ਖਰਚ ਕੇ ਇਸ ਕਿਤਾਬ ਦੀ ਜਿਲਦਬੰਧੀ ਕਰਾ ਦਿੰਦਾ ਤਾਂ ਤੇਰਾ ਕੀ ਘਟ ਜਾਣਾ ਸੀ। ਸ਼ਾਇਰ ਦੀ ਪਲੇਠੀ ਕਾਵਿ-ਕਿਤਾਬ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਚਾਨਣ
ਸ਼ਾਇਰ : ਹਰਪ੍ਰੀਤ ਸਿੰਘ ਸੇਖੋਂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 83901-00001
ਇਹ ਬੜੀ ਹੌਸਲਾ ਵਧਾਉਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਵਿਚ ਵੱਡੀ ਗਿਣਤੀ ਵਿਚ ਨਵੀਆਂ ਕਲਮਾਂ ਦਾ ਪ੍ਰਵੇਸ਼ ਹੋ ਰਿਹਾ ਹੈ। ਇਨ੍ਹਾਂ ਵਿਚੋਂ ਕਈ ਨਾਂਅ ਬੜੇ ਸੰਭਾਵਨਾਵਾਂ ਭਰਪੂਰ ਹਨ। ਇਨ੍ਹਾਂ ਸੰਭਾਵਨਾਵਾਂ ਭਰਪੂਰ ਨਾਵਾਂ ਵਿਚ ਹਰਪ੍ਰੀਤ ਸਿੰਘ ਸੇਖੋਂ ਵੀ ਹੈ, ਜਿਸ ਦਾ ਪਹਿਲਾ ਕਾਵਿ-ਸੰਗ੍ਰਹਿ 'ਚਾਨਣ' ਹੁਣੇ ਜਿਹੇ ਪ੍ਰਕਾਸ਼ਿਤ ਹੋਇਆ ਹੈ। 'ਚਾਨਣ' ਦੀਆਂ ਤਮਾਮ ਰਚਨਾਵਾਂ ਛੰਦ ਬੰਦ ਤੇ ਗ਼ਜ਼ਲਾਂ ਵਰਗੀਆਂ ਹਨ। ਬਿਨਾਂ ਸ਼ੱਕ ਇਨ੍ਹਾਂ ਨੇ ਅਜੇ ਗ਼ਜ਼ਲਾਂ ਬਣਨਾ ਹੈ ਪਰ ਯਤਨ ਖ਼ੂਬਸੂਰਤ ਹਨ। ਕਿਸੇ ਵੀ ਸਾਹਿਤਕਾਰ ਨੂੰ ਆਪਣੀ ਪਹਿਲੀ ਪੁਸਤਕ ਪਹਿਲੇ ਬੱਚੇ ਵਾਂਗ ਪਿਆਰੀ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਉਸ ਵਿਚ ਸਾਰਾ ਕੁਝ ਹਾਂਪੱਖੀ ਨਹੀਂ ਹੁੰਦਾ। ਸੇਖੋਂ ਪੜ੍ਹਿਆ ਲਿਖਿਆ ਤੇ ਅਨੁਭਵੀ ਹੈ ਇਸ ਲਈ ਉਸ ਦੀਆਂ ਰਚਨਾਵਾਂ ਮਨੁੱਖੀ ਜ਼ਿੰਦਗੀ ਦੇ ਕਾਫ਼ੀ ਕਰੀਬ ਹਨ। ਇਹ ਵੀ ਸਲਾਹੁਣਯੋਗ ਹੈ ਕਿ ਉਸ ਨੇ ਨਿੱਜ ਦੀ ਥਾਂ ਪਰ ਨੂੰ ਅਹਿਮੀਅਤ ਦਿੱਤੀ ਹੈ ਅਤੇ ਲੋਕਾਂ ਦੇ ਦੁੱਖ-ਦਰਦ ਨੂੰ ਮਹਿਸੂਸਿਆ ਤੇ ਆਪਣੀਆਂ ਕਵਿਤਾਵਾਂ ਵਿਚ ਢਾਲਿਆ ਹੈ। ਆਪਣੀ ਥਾਂ ਦੂਸਰਿਆਂ ਦੀਆਂ ਮੁਸ਼ਕਿਲਾਂ ਦਾ ਸਾਹਿਤਕ ਵਰਣਨ ਵਧੇਰੇ ਮਹੱਤਵਪੂਰਨ ਹੁੰਦਾ ਹੈ। ਸ਼ਾਇਰ ਅਨੁਸਾਰ ਦੀਵਾ ਸਦਾ ਲੋਅ ਵੰਡਦਾ ਹੈ ਭਾਵੇਂ ਉਸ ਦੀ ਬੁੱਕਲ ਵਿਚ ਹਨੇਰਾ ਹੁੰਦਾ ਹੈ। ਉਸ ਮੁਤਾਬਿਕ ਹਰ ਇਮਾਰਤ ਦੇ ਜ਼ੱਰੇ ਵਿਚ ਮਜ਼ਦੂਰਾਂ ਦਾ ਲਹੂ ਰਲਿਆ ਹੁੰਦਾ ਹੈ। ਉਹ ਪੰਨਿਆਂ ਨੂੰ ਕਾਲੇ ਕਰਨ ਦੀ ਥਾਂ ਲਾਲ ਕਰਨ ਵਾਲਿਆਂ ਨੂੰ ਸਲਾਮ ਕਰਦਾ ਹੈ ਤੇ ਕਲਮਾਂ ਖ਼ਰੀਦਣ ਵਾਲੇ ਪੂੰਜੀਪਤੀ ਉਸ ਦੀ ਘ੍ਰਿਣਾ ਦੇ ਪਾਤਰ ਹਨ। ਸ਼ਾਇਰ ਪੰਜਾਬੀਆਂ ਦੇ ਸੁਭਾਅ ਅਨੁਸਾਰ ਦਿੱਲੀ ਨੂੰ ਵੰਗਾਰਦਾ ਹੈ ਤੇ ਬੀਤੇ ਦਾ ਹਿਸਾਬ ਪੁੱਛਦਾ ਹੈ। ਉਂਝ ਇਨ੍ਹਾਂ ਰਚਨਾਵਾਂ ਨੂੰ ਗ਼ਜ਼ਲਾਂ ਹੋਣ ਦਾਅਵਾ ਨਾ ਕਰਕੇ ਸਿਰਲੇਖ ਦਿੱਤੇ ਗਏ ਹਨ। ਪਹਿਲੀ ਪੁਸਤਕ ਹੋਣ ਕਰਕੇ ਸ਼ਾਇਰ ਨੂੰ ਮੁਬਾਰਕ ਦਿੱਤੀ ਜਾਣੀ ਚਾਹੀਦੀ ਹੈ। ਇਹ ਪੁਸਤਕ ਸੇਖੋਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਹੈ, ਮੈਨੂੰ ਆਸ ਹੈ ਉਸ ਦਾ ਅਗਲਾ ਸਫ਼ਰ ਹੋਰ ਪੱਕੇ ਪੈਰੀਂ ਹੋਵੇਗਾ ਤੇ ਉਹ ਤਾਰੀਫ਼ੀ ਮੁੱਖ ਬੰਦ ਵਿਚ ਫਸਣ ਦੀ ਥਾਂ ਹੋਰ ਵਧੀਆ ਲਿਖੇਗਾ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਲਾਜੋ
ਲੇਖਕ : ਨਛੱਤਰ ਸਿੰਘ ਗਿੱਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 88722-18378
ਕੈਨੇਡਾ ਵਾਸੀ ਨਛੱਤਰ ਸਿੰਘ ਗਿੱਲ ਅਗਾਂਹਵਧੂ ਵਿਗਿਆਨਕ ਸੋਚ ਨੂੰ ਪ੍ਰਣਾਇਆ ਸਾਹਿਤਕਾਰ ਹੈ। ਅਧਿਆਪਕ ਵਰਗ ਵਲੋਂ ਲੜੇ ਜਾਂਦੇ ਲੋਕ-ਘੋਲਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਉਸ ਨੇ ਕਵਿਤਾ, ਸੰਪਾਦਨ, ਅਨੁਵਾਦ ਅਤੇ ਨਾਵਲ ਦੇ ਖੇਤਰ ਵਿਚ ਜ਼ਿਕਰਗੋਚਰਾ ਕੰਮ ਕੀਤਾ ਹੈ। 'ਲਾਜੋ' ਉਸ ਦਾ ਸੁਖਾਂਤਕਾਰੀ ਅਨੁਭਵ ਵਾਲਾ ਨਵਾਂ ਨਾਵਲ ਹੈ। ਇਹ ਪੰਜਾਬੀ ਦਾ ਪਹਿਲਾ ਨਾਵਲ ਹੈ, ਜਿਸ ਵਿਚ ਕਿਸਾਨ ਦੀਆਂ ਆਰਥਿਕ ਸਮੱਸਿਆਵਾਂ, ਬੈਂਕ ਦੇ ਕਰਜ਼ਿਆਂ, ਧੀਆਂ ਦੇ ਵਿਆਹ ਦੀ ਚਿੰਤਾ, ਖ਼ੁਦਕੁਸ਼ੀਆਂ ਅਤੇ ਜ਼ਮੀਨਾਂ ਵੇਚ-ਵੇਚ ਕੈਨੇਡਾ ਜਾਣ ਦੀ ਦੌੜ ਦਰਜ ਨਹੀਂ ਕੀਤੀ ਗਈ।
ਇਹ ਨਾਵਲ ਬਿਸ਼ਨ ਸਿੰਘ ਜਿਹੇ ਇਕ ਅਜਿਹੇ ਸਫ਼ਲ ਕਿਸਾਨ ਅਤੇ ਉਸ ਦੇ ਟੱਬਰ ਦੀ ਕਹਾਣੀ ਕਹਿੰਦਾ ਹੈ ਜੋ ਨਿਮਨ ਮੱਧ ਵਰਗੀ ਹੋਣ ਦੇ ਬਾਵਜੂਦ, ਆਪਣੇ ਸੰਜਮ, ਸਚਿਆਰ, ਸਬਰ-ਸੰਤੋਖ ਅਤੇ ਮਿਹਨਤ ਦੇ ਬਲਬੂਤੇ ਸਫ਼ਲ ਖੇਤੀ ਕਰਦਾ ਹੋਇਆ ਸਾਫ਼-ਸੁਥਰਾ ਜੀਵਨ ਗੁਜ਼ਾਰਦਾ ਹੈ। ਆਪਣੇ ਦੋਵਾਂ ਬੱਚਿਆਂ ਬਿੰਦਰ ਅਤੇ ਲਾਜੋ ਨੂੰ ਚੰਗੀ ਪੜ੍ਹਾਈ ਕਰਵਾਉਂਦਾ ਹੈ। ਸਰਕਾਰੀ ਨੌਕਰੀਆਂ ਦੀ ਕੁੱਤੇ-ਝਾਕ ਛੱਡ ਕੇ, ਖੇਤੀ 'ਚ ਖ਼ੂਬ ਮਿਹਨਤ ਕਰਦਾ ਹੈ। ਕਣਕ ਝੋਨੇ ਦੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਬਜ਼ੀਆਂ ਉਗਾਉਣ ਦਾ ਲਾਹੇਵੰਦ ਕਿੱਤਾ ਕਰਦਾ ਹੈ, ਡੇਅਰੀ ਦਾ ਵਿਕਾਸ ਕਰਦਾ ਹੈ। ਵਿਆਹਾਂ ਸ਼ਾਦੀਆਂ 'ਤੇ ਮੈਰਿਜ ਪੈਲੇਸਾਂ 'ਚ ਬੇਲੋੜੇ ਖ਼ਰਚੇ ਨਹੀਂ ਕਰਦਾ। ਬੈਂਕਾਂ ਦੇ ਕਰਜ਼ਿਆਂ ਵੱਲ ਮੂੰਹ ਨਹੀਂ ਕਰਦਾ। ਘਰ 'ਚ ਹਰੇਕ ਨੂੰ ਇੱਜ਼ਤ ਅਤੇ ਪਿਆਰ ਦਿੰਦਾ ਹੈ। ਨੂੰਹ ਨੂੰ ਵੀ ਧੀ ਵਾਂਗ ਪਿਆਰਦਾ ਹੈ। ਧੀ ਲਾਜੋ ਵੀ ਦੂਸਰੀਆਂ ਕੁੜੀਆਂ ਵਾਂਗ ਆਈਲੈਟਸ ਕਰਕੇ ਜ਼ਮੀਨ ਵੇਚ ਕੇ ਕੈਨੇਡਾ ਦੇ ਰਿਸ਼ਤਿਆਂ ਦੀ ਝਾਕ ਨਹੀਂ ਕਰਦੀ। ਸਗੋਂ ਇਥੇ ਹੀ ਗ੍ਰੀਨ ਹਾਊਸ ਵਿਚ ਕਿਰਤ ਕਰਦੀ ਹੋਈ ਮਾਪਿਆਂ ਦਾ ਸਹਾਰਾ ਬਣਦੀ ਹੈ। ਉਹ ਤਾਂ ਆਪਣੇ ਮੰਗੇਤਰ ਨੂੰ ਵੀ ਇਧਰ ਹੀ ਖੇਤੀ ਕਰਨ ਲਈ ਰਾਜ਼ੀ ਕਰ ਲੈਂਦੀ ਹੈ।
ਨਾਵਲਕਾਰ ਲਾਜੋ ਦੀ ਸਹੇਲੀ ਹਰਮਨ ਅਤੇ ਨਰਪਿੰਦਰਜੀਤ ਦੇ ਪ੍ਰੇਮ ਅਤੇ ਆਤਮ-ਹੱਤਿਆਵਾਂ ਵਾਲਾ ਐਪੀਸੋਡ ਨਾਵਲ ਵਿਚ ਜੋੜ ਕੇ ਇਸ ਨੂੰ ਹੋਰ ਪੜ੍ਹਨਯੋਗ ਅਤੇ ਰੌਚਕ ਬਣਾ ਦਿੱਤਾ ਹੈ। ਲੇਖਕ ਨਾਵਲ ਵਿਚ ਸਿੱਟਾ ਇਹ ਕੱਢਦਾ ਹੈ ਕਿ ਕੈਨੇਡਾ ਭੱਜਣ ਦੀ ਥਾਂ ਕਿਸਾਨਾਂ ਨੂੰ ਇਥੇ ਹੀ ਸੰਜਮ ਨਾਲ ਖੇਤੀ ਕਰਨੀ ਚਾਹੀਦੀ ਹੈ, ਫਾਲਤੂ ਖਰਚੇ ਘਟਾ ਕੇ ਖ਼ੁਸ਼ਹਾਲ ਪਰਿਵਾਰਕ ਜੀਵਨ ਜਿਊਣਾ ਚਾਹੀਦਾ ਹੈ। ਇਹੋ ਨਾਵਲ ਦਾ ਸੁਨੇਹਾ ਹੈ।
-ਕੇ. ਐਲ. ਗਰਗ
ਮੋ: 94635-37050
ਖ਼ੈਰ ਪੰਜਾਂ ਪਾਣੀਆਂ ਦੀ
ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 98726-31199
ਹਿੰਦ-ਪਾਕਿ ਰਿਸ਼ਤਿਆਂ ਦੀ ਸਰਬ ਸਾਂਝੀ ਪੰਜਾਬੀਅਤ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਕਵੀ ਨੇ ਇਕ ਅਜਿਹਾ ਦਰਦਨਾਮਾ ਕਿਹਾ ਹੈ ਜੋ ਸੰਨ ਸੰਤਾਲੀ ਦੀ ਵੰਡ ਵੇਲੇ ਕੁਰਬਾਨ ਹੋਏ ਲਗਭਗ ਦਸ ਲੱਖ ਬੇਕਸੂਰ ਪੰਜਾਬੀਆਂ ਦੀ ਹੂਕ ਹੈ, ਜਿਨ੍ਹਾਂ ਨੂੰ ਕੋਹ-ਕੋਹ ਕੇ ਪੰਜਾਬੀਆਂ ਨੇ ਆਪ ਹੀ ਮਾਰਿਆ ਅਤੇ ਹੁਣ ਤੱਕ ਵੀ ਅਸੀਂ ਸ਼ਰਮਸਾਰੀ ਦਾ ਇਕ ਵੀ ਹੰਝੂ ਨਾ ਕੇਰ ਸਕੇ। ਲੇਖਕ ਮਹਿਸੂਸ ਕਰਦਾ ਹੈ ਕਿ ਪੰਜਾਬੀ ਆਜ਼ਾਦੀ ਦੇ ਨਾਂਅ ਉੱਤੇ ਠੱਗੇ ਗਏ ਹਨ ਹੰਝੂਆਂ ਦੇ ਹੜ੍ਹਾਂ-ਖ਼ੂਨ ਦੀਆਂ ਨਦੀਆਂ ਅਤੇ ਚੀਕਾਂ ਭਰੇ ਕੀਰਨਿਆਂ ਦੇ ਮਾਹੌਲ ਵਿਚ ਆਜ਼ਾਦੀ ਦੇ ਜਸ਼ਨ ਪੰਜਾਬੀਆਂ ਨੂੰ ਕਿਵੇਂ ਮੋਹ ਸਕਦੇ ਹਨ।
ਵੰਡ ਦੇ ਦਰਦ ਭਰੇ ਮਾਹੌਲ ਨੂੰ ਯਾਦ ਕਰਦਾ ਹੋਇਆ ਕਵੀ ਇਸ ਪੁਸਤਕ ਦਾ ਆਰੰਭ ਇਸ ਕਵਿਤਾ ਤੋਂ ਕਰਦਾ ਹੈ
ਮੈਂ ਅਜੇ ਸਰਹੱਦ 'ਤੇ
ਗੁੰਮ ਸੁੰਮ ਖੜ੍ਹਾ ਹਾਂ
ਕਾਫ਼ਲੇ ਆਉਂਦੇ ਤੇ ਜਾਂਦੇ ਵੇਖਦਾ ਹਾਂ-
ਬਿਰਧ ਬਾਬੇ, ਬਾਲ ਬੱਚੇ
ਗਠੜੀਆਂ ਬੱਧਾ ਸਾਮਾਨ, ਪ੍ਰੇਸ਼ਾਨ
ਜਾਨ ਸੁੱਕੀ, ਮਹਿਕ ਮੁੱਕੀ
ਗੁੰਮ ਹੈ ਸਭ ਦੀ ਜ਼ੁਬਾਨ
ਰਿਸ਼ਤਿਆਂ 'ਚੋਂ ਲੇਸ ਮੁੱਕੀ
ਸਾਂਝ ਦੇ ਨਾਮੋ-ਨਿਸ਼ਾਨ
ਰਾਵੀ ਮੈਨੂੰ ਪੁੱਛਦੀ ਹੈ
ਇਹ ਹੈ ਕੈਸਾ ਇਮਤਿਹਾਨ?
ਮੈਂ ਅਜੇ ਸਰਹੱਦ 'ਤੇ,
ਗੁੰਮ ਸੁੰਮ ਖੜ੍ਹਾ ਹਾਂ
ਮੈਂ ਆਜ਼ਾਦੀ ਜਸ਼ਨ ਵਿਚ
ਸ਼ਾਮਿਲ ਨਹੀਂ ਹਾਂ (ਪੰਨਾ 17)
ਆਜ਼ਾਦੀ ਦੀ ਥਾਂ ਮਿਲੀ ਅਵਾਜਾਰੀ ਨੂੰ, ਵਸਣ ਦੇ ਨਾਂਅ ਉੱਤੇ ਮਿਲੇ ਉਜਾੜੇ ਨੂੰ, ਧਰਮਾਂ ਦੇ ਨਾਂ ਉੱਤੇ ਪਏ ਧਮੱਚੜ ਦੀ ਜੋ ਤਸਵੀਰਕਸ਼ੀ ਕਵੀ ਨੇ ਆਪਣੇ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਕੀਤੀ ਹੈ ਉਹ ਨਵੀਂ ਪੰਜਾਬੀ ਕਵਿਤਾ ਦਾ ਵਿਲੱਖਣ ਮੁਹਾਵਰਾ ਸਿਰਜ ਰਹੀ ਪ੍ਰਤੀਤ ਹੁੰਦੀ ਹੈ। ਉਸ ਦੇ ਸ਼ਬਦਾਂ ਵਿਚ ਸਿੰਮਦੇ ਦਰਦ, ਪੰਜਾਬੀਆਂ ਦੇ ਰੋਮ ਰੋਮ ਵਿਚੋਂ ਸਿੰਮਦੇ ਲਹੂ ਵਰਗੇ ਹਨ ਇਸ ਲਹੂ ਨਾਲ ਭਿੱਜੇ ਰੇਤ-ਕਣਾਂ ਨਾਲ ਲਿਖੀ ਗਈ ਇਹ ਕਵਿਤਾ ਪਾਠਕ ਨੂੰ ਅਤੀਤ ਦੇ ਉਸ ਅਜ਼ਗਰ ਸਾਹਮਣੇ ਖੜ੍ਹਾ ਕਰ ਦਿੰਦੀ ਹੈ ਜੋ ਅੱਜ ਤੱਕ ਵੀ ਸਾਡੇ ਸੁਪਨਿਆਂ ਨੂੰ ਸਰਾਪ ਰਿਹਾ ਹੈ
ਅੱਖਾਂ ਭਾਂਬੜ, ਮੂੰਹ ਵਿਚ ਅੱਗ ਹੈ
ਜ਼ਹਿਰੀ ਚਿਹਰਾ ਝੱਗੋ ਝੱਗ ਹੈ
ਅਜ਼ਗਰ ਵੇਖੋ! ਜੰਗਲ ਵਿਚ ਦਹਾੜਦਾ ਹੈ
ਕੁੱਲ ਆਲਮ ਨੂੰ ਹਰ ਪਲ ਸੂਲੀ ਚਾੜ੍ਹਦਾ ਹੈ
ਪਾਣੀ ਪੌਣ ਧਰਤ ਨੂੰ ਲਾਲੋ ਲਾਲ ਕਰੇ
ਅਜਬ ਕਸਾਈ ਸੁਪਨੇ ਫੜੇ ਹਲਾਲ ਕਰੇ
ਉਡਣੇ ਪੰਛੀ ਪਿੰਜਰਿਆਂ ਵਿਚ, ਤਾੜਦਾ ਹੈ
ਅਜ਼ਗਰ ਵੇਖੋ! ਜੰਗਲ ਵਿਚ ਦਹਾੜਦਾ ਹੈ-
(ਪੰਨਾ 96)
ਗ਼ਮਗੀਨ ਮੌਸਮ ਦੀ ਉਦਾਸ ਦਾਸਤਾਨ ਦਾ ਕਾਵਿ-ਚਿੱਤਰ ਉਲੀਕਦਿਆਂ ਕਵੀ ਸ਼ਬਦਾਂ ਦੀ ਪਾਰਗਾਮੀ ਰੂਹ ਵਿਚ ਵਿਦਮਾਨ ਉਸ ਮਾਨਵੀ ਸੁਨੇਹੇ ਨੂੰ ਵੀ ਥਿੜਕਣ ਨਹੀਂ ਦਿੰਦਾ ਜਿਸ ਨੇ ਇਤਿਹਾਸ ਤੋਂ ਸਬਕ ਲੈ ਕੇ ਵਰਤਮਾਨ ਨੂੰ ਨਿਖਾਰਨਾ ਅਤੇ ਭਵਿੱਖ ਨੂੰ ਉਜਲਾ ਕਰਨਾ ਹੁੰਦਾ ਹੈ। ਕਾਵਿ-ਬਿੰਬਾਂ ਰਾਹੀਂ ਕਾਵਿ-ਬੋਧ ਦੀ ਸਿਰਜਣਾ ਹੀ ਕਵਿਤਾ ਦਾ ਪ੍ਰਕਾਰਜ ਹੁੰਦਾ ਹੈ, ਜਿਸ ਬਾਰੇ ਗੁਰਭਜਨ ਗਿੱਲ ਸਦਾ ਸਜੱਗ ਹੈ। ਮਾਨਵੀ ਸਰੋਕਾਰਾਂ ਪ੍ਰਤੀ ਉਸ ਦੀ ਪ੍ਰਤੀਬੱਧਤਾ ਉਸ ਨੂੰ ਇਸ ਦੌਰ ਦਾ ਚੇਤੰਨ ਅਤੇ ਹਰਮਨ ਪਿਆਰਾ ਕਵੀ ਬਣਾਉਂਦੀ ਹੈ। ਇਸ ਸੰਗ੍ਰਹਿ ਦੀਆਂ 'ਝੁਲ ਓਏ ਤਰੰਗਿਆ', 'ਸਰਹੱਦ ਵਿਚੋਂ ਲੰਘਦਿਆਂ', 'ਰਾਜ ਭਾਗ ਵਾਲਿਓ', 'ਖੰਭ ਖਿੱਲਰੇ ਨੇ ਕਾਵਾਂ ਦੇ', 'ਅੱਗ ਦੇ ਖਿਡੌਣੇ', 'ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ' ਆਦਿ ਕਵਿਤਾਵਾਂ ਵੀ ਇਸ ਦੀ ਗਵਾਹੀ ਭਰਦੀਆਂ ਹਨ। ਇਹ ਰਚਨਾਵਾਂ ਸਿਰਫ਼ ਸਵਾਲ ਹੀ ਨਹੀਂ ਕਰਦੀਆਂ ਉਨ੍ਹਾਂ ਦੇ ਜਵਾਬ ਬਾਰੇ ਵੀ ਚੇਤੰਨ ਹਨ
-ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ
ਦਿਲ ਵਾਲੀ ਉਖੜੀ ਕਿਤਾਬ ਲੈ ਕੇ ਆਏ ਹਾਂ
-ਕਿੱਥੇ ਕਿੱਥੇ ਕਿਹੜਾ ਕਿਹੜਾ ਤੀਰ ਤਿੱਖਾ ਮਾਰਿਆ
ਹੋਈ ਬੀਤੀ ਸਾਰੀ ਦਾ ਹਿਸਾਬ ਲੈ ਕੇ ਆਏ ਹਾਂ।
(ਪੰਨਾ 166)
ਇਹ ਇਸ ਪੁਸਤਕ ਦਾ ਪਹਿਲਾ ਸੰਸਕਰਨ 2005 ਵਿਚ ਛਪਿਆ ਸੀ। ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿਚ ਛਪੇ ਉਸ ਸੰਸਕਰਨ ਦੀਆਂ ਕਾਪੀਆਂ ਲੈ ਕੇ ਕਵੀ ਖ਼ੁਦ 2006 ਵਿਚ ਨਨਕਾਣਾ ਸਾਹਿਬ ਲਈ ਚੱਲੀ ਪਹਿਲੀ ਬੱਸ ਵਿਚ ਸਵਾਰ ਹੋ ਕੇ ਪਾਕਿਸਤਾਨ ਗਿਆ ਸੀ। ਉਥੋਂ ਦੇ ਪੰਜਾਬੀਆਂ ਨੇ ਵੀ ਇਸ ਕਿਤਾਬ ਨੂੰ ਭਰਪੂਰ ਹੁੰਗਾਰਾ ਭਰਿਆ ਸੀ। ਫੇਰ ਇਸ ਦਾ ਤੀਜਾ ਸੰਸਕਰਨ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ ਸੀ। ਇਹ ਹੁਣ ਇਸ ਦਾ ਚੌਥਾ ਸੰਸਕਰਨ ਹੈ। ਵੰਡ ਵੇਲੇ ਦੀ ਵੇਦਨਾ ਨੂੰ ਅਤੇ ਪੰਜਾਬੀਆਂ ਦੇ ਅਜਾਈਂ ਡੁੱਲ੍ਹੇ ਲਹੂ ਨੂੰ ਯਾਦ ਕਰਦਿਆਂ ਅੱਥਰੂ ਅੱਥਰੂ ਹੋਇਆ ਕਵੀ ਸ਼ਬਦਾਂ ਦੀ ਇਹ ਅੰਜਲੀ ਇਹ ਸੋਚ ਕੇ ਭੇਟ ਕਰ ਰਿਹਾ ਹੈ ਕਿ ਸੰਤਾਲੀ ਮੁੜ ਕੇ ਨਾ ਆਵੇ :-
ਸੁਰਖ ਲਹੂ ਵਿਚ ਘੁਲਿਆ ਪਾਣੀ
ਚਾਟੀ ਸਣੇ ਉਦਾਸ ਮਧਾਣੀ
ਕੱਲ੍ਹ ਤੰਦ ਨਾ ਉਲਝੀ ਤਾਣੀ
ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ
ਰਾਜ ਤਖ਼ਤ ਦੇ ਪਾਵੇ-
ਅੱਜ ਅਰਦਾਸ ਕਰੋ
ਸੰਤਾਲੀ ਮੁੜ ਨਾ ਆਵੇ (ਪੰਨਾ 54)
ਜਦੋਂ ਸ਼ਬਦ ਸੁਨੇਹਾ ਬਣ ਜਾਂਦੇ ਹਨ, ਜਦੋਂ ਆਪਣੀ ਮਿੱਟੀ ਅਤੇ ਮਾਨਵਤਾ ਨਾਲ ਮੁਹੱਬਤ ਪ੍ਰਤੀਬੱਧਤਾ ਦੀ ਪਰਿਆਏ ਬਣ ਜਾਂਦੀ ਹੈ ਅਤੇ ਕਵਿਤਾ ਅਰਜੋਈ ਬਣ ਜਾਂਦੀ ਹੈ ਤਾਂ ਇਸ ਦੇ ਸਿਰਜਣਹਾਰੇ ਨੂੰ ਸਿਜਦਾ ਕਰਨਾ ਪਾਠਕ ਦਾ ਸਹਿਜ ਹੋ ਜਾਂਦਾ ਹੈ-
'ਖ਼ੈਰ ਪੰਜਾਂ ਪਾਣੀਆਂ ਦੀ' ਨੂੰ ਖ਼ੁਸ਼ਆਮਦੀਦ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਦੇਸ਼ ਨਿਕਾਲਾ
ਕਵੀ : ਪ੍ਰਭਸ਼ਰਨਦੀਪ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 156
ਸੰਪਰਕ : 99150-48005
ਪ੍ਰਭਸ਼ਰਨਦੀਪ ਸਿੰਘ ਇਕ ਵਿਦਵਾਨ ਅਤੇ ਗੁਰਬਾਣੀ ਵੇਤਾ ਪੰਜਾਬੀ ਸਾਹਿਤਕਾਰ ਹੈ ਜੋ ਕਿ ਅੱਜਕਲ੍ਹ ਪ੍ਰਵਾਸੀ ਹੈ। ਇਸ ਪੁਸਤਕ ਵਿਚ 111 ਦੋਹੜੇ ਹਨ। ਜਦੋਂ ਕਿ 54 ਸਫ਼ਿਆਂ ਵਿਚ ਕਵੀ ਨੇ ਫਲਸਫ਼ਾ ਭਰਪੂਰ ਖ਼ੁਦ ਹੀ ਸੰਪਾਦਕੀ ਲਿਖੀ ਹੈ, ਜਿਸ ਵਿਚ ਉਸ ਨੇ ਆਪਣੀ ਕਾਵਿ-ਯਾਤਰਾ, ਜੀਵਨ ਯਾਤਰਾ ਅਤੇ ਕਾਵਿ-ਵਿਗਿਆਨ ਦੀ ਪਰਿਭਾਸ਼ਾ ਦਿੱਤੀ ਹੈ। ਕਵੀ ਬਾਰੇ ਇਹ ਤੱਥ ਰੌਸ਼ਨ ਹੋਇਆ ਹੈ ਕਿ ਦੇਸ਼ ਨਿਕਾਲਾ ਹਿੰਸਾ ਜਲਾਵਤਨੀ, ਕਾਲ ਅੰਤ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ। ਆਪਣੇ ਪ੍ਰਵਾਸ ਨੂੰ ਉਹ ਦੇਸ਼ ਨਿਕਾਲਾ ਕਹਿੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਅਤੇ ਦਿੱਲੀ ਦੀ ਸਿੱਖ ਕਤਲੋਗਾਰਤ ਦਾ ਉਸ ਉੱਤੇ ਗਹਿਰਾ ਪ੍ਰਭਾਵ ਹੈ। ਇਹ ਕਵਿਤਾਵਾਂ ਉਨ੍ਹਾਂ ਸੰਰਚਨਾਵਾਂ ਨੂੰ ਵੰਗਾਰਦੀਆਂ ਹਨ, ਜਿਹੜੀਆਂ ਹਿੰਸਾ ਨੂੰ ਆਮ ਵਰਤਾਰਾ ਬਣਾਉਂਦੀਆਂ ਹਨ ਅਤੇ ਜ਼ੁਲਮ ਅਤੇ ਕਹਿਰ ਨੂੰ ਗੌਣ ਅਵਸਥਾ ਵਿਚ ਪੇਸ਼ ਕਰਦੀਆਂ ਹਨ।
ਪ੍ਰਭਸ਼ਰਨਦੀਪ ਸਿੰਘ ਨੇ ਹਰ ਸਫ਼ੇ ਉੱਤੇ ਇਕ ਦੋਹੜਾ ਦਿੱਤਾ ਹੈ, ਇਸ ਤਰ੍ਹਾਂ 111 ਦੋਹੜੇ ਹਨ। ਹਾਸ਼ਮ ਦੇ ਦੋਹੜੇ ਮਸ਼ਹੂਰ ਹਨ ਅਤੇ ਸੁਲਤਾਨ ਬਾਹੂ ਨੇ ਵੀ ਦੋਹੜੇ ਲਿਖ ਕੇ ਪ੍ਰਸਿੱਧੀ ਪਾਈ। ਦੋਹੜੇ ਦਾ ਸਰੂਪ ਛੰਦ ਕੁਕਭ ਹੈ ਜੋ ਕਿ 7 ਫੇਲੁਨ+ਫੇ ਦਾ ਵਜਣੀ ਬਹਿਰ ਵੀ ਹੈ। ਪ੍ਰਭਸ਼ਰਨਦੀਪ ਦੇ ਕੁਝ ਦੋਹੜੇ ਪਾਠਕ ਵੀ ਵੇਖਣ:
-ਨਾਮੇ ਅੰਦਰ ਪੁਰਖ ਹੈ ਕਰਤਾ,
ਨਾਮ ਹੈ ਵਿਚ ਸਵਾਸਾਂ
ਰੋਮ ਰੋਮ ਵਿਚ ਨਾਮ ਰੁਮਕਦਾ,
ਬਿਰਹੋਂ ਭਿੰਨੀਆਂ ਆਸਾਂ
ਕੁਦਰਤ ਹੁਕਮ ਕੁਦਿ ਵਿਸਮਾਦੀ,
ਖੇੜੇ ਵਿਚ ਵਰਤੇਂਦੇ
ਕਰਤਾ ਅਮ੍ਰਿਤ ਸਰੀਂ ਬਿਠਾਲੇ
ਦੇ ਕੇ ਸੁਖਦ ਪਿਆਸਾਂ
-ਦੇਹ ਦੀਆਂ ਹੱਦਾਂ ਮਿਥ-ਮਿਥ ਜਾਬਰ,
ਮਨ ਦੀਆਂ ਜੂਹਾਂ ਟੋਂਹਦੇ।
ਪਿੰਜ ਪਿੰਜ, ਕੋਹ ਕੋਹ ਭੰਨ ਭੰਨ ਦੇਹੀ,
ਸਿਖਰ ਜਬਰ ਦੀ ਜੋਂਹਦੇ।
ਦੇਹ ਨਾ ਟੁੱਟੇ ਪਤ ਰੋਲਦੇ
ਕੁੜ ਕੁੜ ਅੱਗ ਵਰਾਵਣ।
ਜ਼ਾਲਿਮ ਹੋ ਮੁਰਦਾਰ ਕੂਕਦੇ,
ਜਿੱਤੇ ਮਨਾ ਨਾ ਪੋਂਹਦੇ।
-ਲੁਕ ਲੁਕ ਖੋਹਦੇ ਨਿੱਤ ਸਿਰਾਂ ਨੂੰ
ਜਿਨ੍ਹਾਂ ਲੋਥਾਂ ਢੋਈਆਂ।
ਸਿਵਿਆਂ ਦੇ ਵਿਚ ਢੋਲ ਧਮਕਦੇ
ਮੜ੍ਹੀਆਂ ਵੀ ਅੱਜ ਰੋਈਆਂ।
ਦੁੱਖ ਨਾ ਦੱਬਦੇ ਰੂਹ ਨਾ ਮਰਦੀ
ਆਖਰ ਨੂੰ ਕਿਹੁੰ ਚੜ੍ਹਨਾ,
ਪੁੱਤ ਛਬੀਲੇ ਝੜ ਝੜ ਤੁਰ ਗਏ
ਮਾਵਾਂ ਅਜੇ ਨਾ ਮੋਈਆਂ।
ਇਨ੍ਹਾਂ ਦੋਹੜਿਆਂ ਵਿਚ ਪਰਵਾਸ ਦਾ ਦਰਦ, ਦੇਸ਼ ਦੀ ਹੁੱਬ, ਸਿੱਖ ਕੌਮ ਨੂੰ ਮਿਲੇ ਜ਼ਖ਼ਮਾਂ ਦੀਆਂ ਟੀਸਾਂ, ਬੇਗਾਨਗੀ ਦਾ ਜਾਲ, ਸੁੱਤੇ ਮੋਏ ਸੁਪਨੇ, ਰੋਮ-ਰੋਮ ਦੀ ਪਿਆਸ, ਅੰਧ ਗੁਬਾਰ ਤੇ ਦਿੱਲੀ, ਧੁੰਆਂਖੀਆਂ ਰਗਾਂ ਦੁਮੇਲ ਵਿਚ ਦੱਬਿਆ ਸੂਰਜ, ਪਿੰਡੇ ਦੀਆਂ ਲਾਸ਼ਾਂ ਦਾ ਮਾਰਮਿਕ ਕਾਵਿ ਬਿਆਨ ਹੈ। ਬਹੁਤ ਸੰਜੀਦਗੀ ਅਤੇ ਦਰਦ ਵਿਚ ਗੜੁੱਚ ਇਹ ਦੋਹੜੇ ਆਪਣੀ ਹੀ ਵਿਲੱਖਣਤਾ ਦੇ ਜਲੌਅ ਵਿਚ ਹਨ।
-ਸੁਲੱਖਣ ਸਰਹੱਦੀ
ਮੋਬੀਲ : 94174-84337
c c c
ਸੁਪਨਿਆਂ ਦੀ ਦੌੜ
ਨਾਵਲਕਾਰ :
ਜਤਿੰਦਰ ਲਾਇਲਪੁਰੀਆ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 71
ਸੰਪਰਕ : 94640-43213
ਨੌਜਵਾਨ ਨਾਵਲਕਾਰ ਦਾ ਇਹ ਪਲੇਠਾ ਨਾਵਲ ਹੈ। ਉੱਤਮ ਪੁਰਖ ਸ਼ੈਲੀ ਨਾਲ ਲਿਖੇ ਇਸ ਨਾਵਲ ਦਾ ਸਿਰਲੇਖ ਹੀ ਇਸ ਨਾਵਲ ਦੇ ਵਿਸ਼ੇ ਨੂੰ ਸਪੱਸ਼ਟ ਸਿੱਧ ਕਰਦਾ ਹੈ। ਅਗਰ ਅਸੀਂ ਨਾਵਲ ਦੀਆਂ ਤਕਨੀਕੀ ਕਮੀਆਂ ਨੂੰ ਨਜ਼ਰ-ਅੰਦਾਜ਼ ਕਰ ਦਈਏ ਤਾਂ ਇਹ ਸੱਚ ਕਹਿਣਾ ਸਹੀ ਹੈ ਕਿ ਇਹ ਨਾਵਲ ਕਹਾਣੀ-ਰਸ ਨਾਲ ਭਰਪੂਰ ਹੈ। ਨਾਵਲ ਦਾ ਮੁੱਖ ਪਾਤਰ ਜੋ ਇਕ ਨੌਜਵਾਨ ਲੜਕਾ ਹੈ ਜਿਸ ਦੀਆਂ ਜਾਗਦੀਆਂ ਅੱਖਾਂ ਵਿਚ ਕੁਝ ਬਣਨ ਦੇ, ਤਰੱਕੀ ਕਰਨ ਦੇ ਸੁਪਨੇ ਹਨ। ਜਿਨ੍ਹਾਂ ਨੂੰ ਸੱਚ ਕਰਨ ਲਈ ਉਹ ਬੰਬੇ ਵਰਗੇ ਸ਼ਹਿਰ ਤੱਕ ਆਪਣਾ ਭਵਿੱਖ ਤਲਾਸ਼ਦਾ ਪਹੁੰਚਦਾ ਹੈ। ਸੰਘਰਸ਼ ਕਰਦਾ ਹੈ। ਉਥੇ ਪੁੱਜ ਕੇ ਉਸ ਨੇ ਆਪਣੀ ਚਿੱਤਰਕਾਰੀ ਦੀ ਕਲਾ ਪ੍ਰਤਿਭਾ ਨੂੰ ਚਮਕਾਇਆ। ਬੁਰਾਈ ਵੀ ਖੱਟੀ, ਭਲਾਈ ਵੀ ਖੱਟੀ। ਅੰਤ ਲੰਡਨ ਸ਼ਹਿਰ ਤੱਕ ਜਾਣ ਵਿਚ ਸਫਲਤਾ ਪ੍ਰਾਪਤ ਕੀਤੀ।
ਸੌਖੀ, ਸਾਦੀ ਅਤੇ ਸਰਲ ਭਾਸ਼ਾ ਦੀ ਵਰਦੋਂ ਦੁਆਰਾ ਨਾਵਲਕਾਰ ਜਤਿੰਦਰ ਲਾਇਲਪੁਰੀਆ ਨੇ ਕਹਾਣੀ ਨੂੰ ਬੇਹੱਦ ਰੌਚਕਤਾ ਨਾਲ ਪੇਸ਼ ਕੀਤਾ ਹੈ। ਅੰਗਰੇਜ਼ੀ ਦੇ ਨਾਵਲਕਾਰ ਵਾਲਟਰ ਸਕਾਟ ਦੇ ਕਹਿਣ ਮੁਤਾਬਿਕ 'ਨਾਵਲ ਇਕ ਰੋਜ਼ਨਾਮਚਾ ਹੈ, ਜਿਸ ਵਿਚ ਸਾਡੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਹੋਵੇ।' ਸੋ ਇਸ ਪਰਿਭਾਸ਼ਾ ਮੁਤਾਬਿਕ ਨਾਵਲਕਾਰ ਨੇ ਸਫਲਤਾ ਪੂਰਵਕ ਨਾਵਲ ਨੂੰ ਨੇਪਰੇ ਚੜ੍ਹਾਇਆ ਹੈ।
-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444
ਭਰੂਣ ਦੀ ਪੁਕਾਰ
ਲੇਖਕ : ਦਰਸ਼ਨ ਸਿੰਘ ਢੋਲਣ
ਪ੍ਰਕਾਸ਼ਨ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ 96
ਸੰਪਰਕ : 97813-51613
ਭਰੂਣ ਦੀ ਪੁਕਾਰ ਪੁਸਤਕ ਦਰਸ਼ਨ ਸਿੰਘ ਢੋਲਣ ਦੀ ਪੁਸਤਕ ਹੈ। ਇਸ ਪੁਸਤਕ ਵਿਚ ਕਵੀ ਨੇ ਸਮਾਜਿਕ ਬੁਰਾਈ ਬਣ ਚੁੱਕੀ ਸਮੱਸਿਆ ਭਰੂਣ ਹੱਤਿਆ ਬਾਰੇ ਕਾਵਿ ਰਚਨਾਵਾਂ ਕੀਤੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਮਾਜਿਕ ਵਿਸ਼ੇ ਇਸ ਪੁਸਤਕ ਵਿਚ ਸ਼ਾਮਿਲ ਹਨ। ਕਵੀ ਨੇ ਕੋਰੋਨਾ ਕਾਲ ਦੇ ਸਮੇਂ ਜੋ ਮੁਸ਼ਕਿਲਾਂ ਵੇਖੀਆਂ ਹਨ, ਉਨ੍ਹਾਂ ਦਾ ਵੀ ਪ੍ਰਗਟਾਵਾ ਹੈ।
ਕਵੀ ਨੇ ਪੰਜਾਬ ਦੀ ਸਿਫ਼ਤ ਕਰਦਿਆਂ ਇਤਿਹਾਸਕ ਪਰਿਪੇਖ ਵੀ ਵੇਖਿਆ ਹੈ। ਭਰੂਣ ਦੀ ਆਵਾਜ਼ ਰਾਹੀਂ ਕਵੀ ਨੇ ਗਰਭ ਵਿਚ ਪਲ ਰਹੀ ਧੀ ਦੀ ਵੇਦਨਾ ਪ੍ਰਗਟ ਕੀਤੀ ਹੈ।
ਮਾਏ 'ਨੀ! ਮੈਨੂੰ ਜੱਗ ਦੇਖਣ ਤੋਂ
ਹਾੜੇ ਹਾਏ ਹਾਏ ਰੋਕੀਂ ਨਾ
ਇਹ ਮਾਣਸ ਦੇਹੀ ਮਸਾਂ
ਮਿਲੀ ਏ ਮੁੜਕੇ ਨਰਕ 'ਚ ਝੋਕੀਂ ਨਾ
ਪੰਜਾਬੀ ਮਾਂ ਬੋਲੀ ਪ੍ਰਤੀ ਵੀ ਕਵੀ ਨੇ ਆਪਣੇ ਸ਼ਰਧਾ ਅਤੇ ਸਤਿਕਾਰ ਦੇ ਭਾਵ ਪ੍ਰਗਟ ਕੀਤਾ ਹੈ।
ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ ਨੂੰ ਤੇਰੇ ਉੱਤੇ ਮਾਣ ਸੀ
ਬਾਹੂ ਸੁਲਤਾਨ, ਮੁਕਬਲ, ਪੀਲੂ ਦੀ ਜ਼ਬਾਨ ਸੀ
ਤੂੰਹੀਓਂ ਗੁਰਬਾਣੀ ਬਣ ਰੱਬ ਰਾਹੇ ਪਾਨੀ ਏ।
ਕਵੀ ਨੇ ਪ੍ਰਦੂਸ਼ਣ ਪ੍ਰਤੀ ਆਮ ਲੋਕਾਈ ਨੂੰ ਸੁਚੇਤ ਕਰਦਿਆਂ ਹਵਾ, ਪਾਣੀ ਅਤੇ ਧਰਤੀ ਦੀ ਦੇਖ-ਰੇਖ ਲਈ ਸੰਬੋਧਨ ਕੀਤਾ ਹੈ। ਨਸ਼ਿਆਂ ਪ੍ਰਤੀ ਵੀ ਕਵੀ ਨੇ ਆਮ ਲੋਕਾਈ ਨੂੰ ਸੰਬੋਧਨ ਕੀਤਾ ਤੇ ਸੁਚੇਤ ਕੀਤਾ ਹੈ। ਭਾਰਤੀ ਸੈਨਾ ਦੁਆਰਾ ਦੇਸ਼ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਹੈ। ਸੱਭਿਆਚਾਰਕ ਤਬਦੀਲੀਆਂ ਨਾਲ ਬਦਲੇ ਸਮਾਜਿਕ ਪਰਿਪੇਖ ਤੋਂ ਵੀ ਕਵੀ ਵਾਕਿਫ਼ ਹੈ ਤੇ ਪਾਠਕਾਂ ਨੂੰ ਵਾਕਫ਼ ਕਰਵਾਉਂਦਾ ਹੈ। ਕਵੀ ਨੇ ਨਾਰੀ ਸ਼ਕਤੀ ਨੂੰ ਹੋਰ ਪ੍ਰਚਾਰਨ ਅਤੇ ਪ੍ਰਸਾਰਨ ਲਈ 'ਮਲਾਲਾ ਯੂਸਫ਼ਜ਼ਈ' ਬਾਰੇ ਬਹੁਤ ਭਾਵਪੂਰਤ ਕਵਿਤਾ ਲਿਖੀ ਹੈ। ਕਵੀ ਨੇ ਬਦਲਦੇ ਜ਼ਮਾਨੇ ਨਾਲ ਬਦਲ ਰਹੇ ਨੈਤਿਕ ਮੁੱਲਾਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ। ਕਵੀ ਖ਼ੁਦ ਲੰਮਾ ਸਮਾਂ ਫ਼ੌਜ ਵਿਚ ਰਿਹਾ ਹੋਣ ਕਾਰਨ ਦੇਸ਼-ਸੇਵਾ ਦੇ ਅਨੁਭਵਾਂ ਤੋਂ ਬਾਖ਼ੂਬੀ ਵਾਕਫ਼ ਹੈ। ਕਵੀ ਨੇ ਆਪਣੇ ਵਿਸ਼ਿਆਂ ਦੀ ਚੋਣ ਸਮਾਜਿਕ ਚੁਣੌਤੀਆਂ ਦੇ ਅਨੁਸਾਰ ਕੀਤੀ ਹੈ। ਉਸ ਨੇ ਲੋਕ ਭਾਸ਼ਾ ਰਾਹੀਂ ਆਮ ਲੋਕਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਕੀਤਾ ਹੈ। ਉਸ ਨੇ ਰਿਸ਼ਤਿਆਂ ਨਾਲ ਸੰਬੰਧਿਤ ਭਾਵ ਵੀ ਬਿਆਨ ਕੀਤੇ ਹਨ, ਜਿਵੇਂ 'ਮਾਂ ਨੂੰ ਸਦਾ ਪ੍ਰਣਾਮ' ਰਚਨਾ ਵੇਖੀ ਜਾ ਸਕਦੀ ਹੈ।
ਸਮੁੱਚੇ ਤੌਰ 'ਤੇ ਇਹ ਪੁਸਤਕ ਲੋਕ ਭਾਸ਼ਾ ਵਿਚ ਲਿਖੀ ਲੋਕ ਮਸਲਿਆਂ ਨੂੰ ਪੇਸ਼ ਕਰਦੀ ਹੈ, 'ਬਿਰਧ ਆਸ਼ਰਮ, ਕੋਰੋਨਾ, ਨਕਲੀ ਵਿਆਹ ਦੀ ਸੌਦੇਬਾਜ਼ੀ, ਅਧੂਰਾ ਜੋਬਨ, ਯਾਦਾਂ ਪਿਆਰ ਦੀਆਂ, ਬੀਤੇ ਸਮੇਂ ਦੀ ਦਾਸਤਾਂ, ਵਾਅਦੇ ਭੁੱਲੀ ਸਰਕਾਰ, ਗ਼ਜ਼ਲ, ਪੰਜਾਬੀ ਬੋਲਣ ਵਾਲੇ, ਨਸ਼ੇ ਦੀ ਦੂਹਰੀ ਮਾਰ ਆਦਿ ਕਵਿਤਾਵਾਂ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ। 'ਜ਼ਮਾਨੇ ਦੀ ਉਥਲ ਪੁਥਲ' ਕਵਿਤਾ ਰਿਸ਼ਤਿਆਂ ਵਿਚ ਆਏ ਨਿਘਾਰ ਅਤੇ ਸਮਾਜਿਕ ਪਰਿਵਰਤਨ ਉੱਪਰ ਵੱਡਾ ਵਿਅੰਗ ਪ੍ਰਗਟ ਕਰਦੀ ਹੈ :
ਤਾਈ ਚਾਚੀਆਂ ਤੇ ਭੂਆ ਮਾਮੀਆਂ ਤੇ ਮਾਸੀਆਂ
ਆਂਟੀਆਂ ਤੇ ਅੰਕਲਾਂ ਨੇ ਕਰ ਦਿੱਤੀਆਂ ਬਾਸੀਆਂ।
-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।
ਮਨਮਤੀਆਂ
ਕਹਾਣੀਕਾਰ : ਸੁਖਵੰਤ ਕੌਰ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 795 ਰੁਪਏ, ਸਫ਼ੇ : 800
ਸੰਪਰਕ : 95011-45039
ਇਸ ਕਹਾਣੀ-ਸੰਗ੍ਰਹਿ ਵਿਚ ਲੇਖਿਕਾ ਦੀਆਂ ਸਾਰੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਉਸ ਦੇ 11 ਕਹਾਣੀ-ਸੰਗ੍ਰਹਿ ਭੱਖੜੇ ਦੇ ਫੁੱਲ, ਤਰੇੜ, ਇਸ ਦੇ ਬਾਵਜੂਦ, ਮੋਹ-ਮਿੱਟੀ, ਜਜ਼ੀਰੇ, ਪੈਰਾਂ ਹੇਠਲੇ ਅੰਗਿਆਰ, ਉਹ ਨਹੀਂ ਆਉਣਗੇ, ਚਾਦਰ ਹੇਠਲਾ ਬੰਦਾ, ਮੱਕੜੀਆਂ, ਮਹਿਰੂਮੀਆਂ ਅਤੇ ਰੁੱਤ-ਰਾਗ ਇਸ ਪੁਸਤਕ ਵਿਚ ਇਕ ਥਾਂ ਪਰੋਸੇ ਗਏ ਹਨ। ਕਹਾਣੀਕਾਰਾ ਨੇ ਇਹ ਪੁਸਤਕ ਉਸ ਪਹਿਲੇ ਅਹਿਸਾਸ ਦੇ ਨਾਂਅ ਸਮਰਪਿਤ ਕੀਤੀ ਹੈ, ਜੋ ਉਸ ਨੇ ਆਪਣੀ ਪਹਿਲੀ ਕਹਾਣੀ ਰਚਣ ਉਪਰੰਤ ਮਹਿਸੂਸ ਕੀਤਾ ਸੀ। ਇਹ ਕਹਾਣੀਆਂ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਉੱਪਰ ਡੁੱਲ੍ਹੇ ਵੱਖੋ-ਵੱਖਰੇ ਰੰਗਾਂ ਵਾਂਗ ਹਨ। ਸਮੁੱਚੇ ਤੌਰ 'ਤੇ ਇਹ ਮਨੁੱਖਤਾ ਦੇ ਦਰਦ ਦੀ ਗਾਥਾ ਪੇਸ਼ ਕਰਦੀਆਂ ਹਨ। ਇਕ ਆਮ ਮਨੁੱਖ ਦੀਆਂ ਮੰਗਾਂ, ਇੱਛਾਵਾਂ, ਸਧਰਾਂ, ਭਾਵਨਾਵਾਂ, ਗ਼ਰਜ਼ਾਂ, ਲੋੜਾਂ, ਥੁੜ੍ਹਾਂ ਅਤੇ ਦੁੱਖਾਂ-ਸੁੱਖਾਂ ਦੀ ਬਾਤ ਪਾਈ ਗਈ ਹੈ। ਸਾਰੀਆਂ ਕਹਾਣੀਆਂ ਦੇ ਪਾਤਰ ਸਮਾਜ ਵਿਚ ਮਿਲ ਜਾਂਦੇ ਹਨ। ਇਹ ਪਾਤਰ ਸਮੁੱਚੇ ਪੰਜਾਬ ਦੀ ਕਿਸਾਨੀ ਦੀ ਤਰਜ਼ਮਾਨੀ ਕਰਦੇ ਹਨ। ਕਹਾਣੀਆਂ ਵਿਚ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਢਾਂਚੇ ਨੂੰ ਪੇਸ਼ ਕੀਤਾ ਗਿਆ ਹੈ। ਸ਼ਹਿਰੀ ਜੀਵਨ ਵਿਚ ਆ ਚੁੱਕੇ ਨਿਘਾਰ, ਵਰਜਿਤ ਰਿਸ਼ਤੇ, ਪੂੰਜੀਵਾਦ ਅਤੇ ਕਦਰਾਂ-ਕੀਮਤਾਂ ਦੇ ਘਾਣ ਨੇ ਬੇਚੈਨੀ, ਨਿਰਾਸ਼ਾ, ਤਣਾਅ ਅਤੇ ਨਿਘਾਰ ਪੈਦਾ ਕਰ ਦਿੱਤਾ ਹੈ। ਪੇਂਡੂ ਮਾਨਸਿਕਤਾ ਦੀ ਵੀ ਸਫਲ ਪੇਸ਼ਕਾਰੀ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਵਿਚ 1947 ਦੀ ਤ੍ਰਾਸਦੀ, ਅਰਾਜਕਤਾ, ਡਰ, ਸਹਿਮ, ਨਕਸਲੀ ਅਤੇ ਖਾਲਿਸਤਾਨੀ ਲਹਿਰਾਂ ਦਾ ਵੀ ਵਰਣਨ ਹੈ। ਇਨ੍ਹਾਂ ਕਹਾਣੀਆਂ ਦੀ ਖ਼ੂਬਸੂਰਤੀ ਇਹ ਹੈ ਕਿ ਮਾੜੇ ਤੋਂ ਮਾੜੇ ਹਾਲਾਤਾਂ ਵਿਚ ਵੀ ਪਾਤਰਾਂ ਦੀ ਅੰਦਰਲੀ ਚਿਣਗ ਬੁਝਦੀ ਨਹੀਂ। ਮਾਯੂਸੀ ਵਿਚੋਂ ਵੀ ਉਹ ਜ਼ਿੰਦਗੀ ਦੀ ਕਿਰਨ ਅਤੇ ਖੁਸ਼ੀ ਲੱਭ ਲੈਂਦੇ ਹਨ। ਸਮੁੱਚੇ ਪਾਤਰ ਆਪਣੀ 'ਮੈਂ' ਤੋਂ ਉੱਚਾ ਉੱਠ ਕੇ 'ਪਰ' ਦੇ ਰਿਸ਼ਤੇ ਨਾਲ ਜੁੜ ਜਾਂਦੇ ਹਨ। ਚੜ੍ਹਦੀ ਕਲਾ, ਪੰਜਾਬ ਦੀ ਮਾਨਸਿਕਤਾ ਵਿਚ ਸਮਾਈ ਹੋਈ ਹੈ। ਇਨਸਾਨੀਅਤ ਦੇ ਦਰਦ ਨੂੰ ਮਹਿਸੂਸ ਕਰਕੇ, ਉਸ ਦੀ ਵੇਦਨਾ ਨੂੰ ਆਪਣੇ ਅਨੁਭਵ ਵਿਚ ਪਰੋ ਕੇ ਲੇਖਿਕਾ ਨੇ ਸੁੰਦਰ ਕਹਾਣੀਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚੋਂ ਭਾਵੇਂ ਦਰਦ ਝਲਕਦਾ ਹੈ ਪਰ ਜ਼ਿੰਦਗੀ ਦੀ ਲੜੀ ਆਸ ਨਹੀਂ ਟੁੱਟਣ ਦਿੰਦੀ। ਇਸ ਕਹਾਣੀ ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਕਹਾਣੀ ਨੂੰ ਸਮਰਪਿਤ ਕਹਾਣੀਕਾਰ- ਡਾ. ਜੋਗਿੰਦਰ ਸਿੰਘ ਨਿਰਾਲਾ
ਸੰਪਾਦਕ : ਡਾ. ਵੀਰਪਾਲ ਕੌਰ 'ਕਮਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 142
ਸੰਪਰਕ : 85690-01590
ਡਾ. ਜੋਗਿੰਦਰ ਸਿੰਘ ਨਿਰਾਲਾ ਪੰਜਾਬੀ ਕਹਾਣੀ ਦਾ ਸਮਰਥ ਹਸਤਾਖਰ ਹੈ। ਡਾ. ਨਿਰਾਲਾ ਦੀ ਸਾਰੀ ਜ਼ਿੰਦਗੀ ਕਹਾਣੀ ਲੇਖਣ ਤੇ ਅਧਿਆਪਨ ਵਿਚ ਲੰਘੀ ਹੈ। ਸੇਵਾਮੁਕਤੀ ਪਿਛੋਂ ਵੀ ਡਾ. ਨਿਰਾਲਾ ਪੰਜਾਬੀ ਮੈਗਜ਼ੀਨ ਦੇ ਸੰਪਾਦਕ ਹਨ। ਡਾ. ਨਿਰਾਲਾ ਦਾ ਪਹਿਲਾ ਕਹਾਣੀ ਸੰਗ੍ਰਹਿ 'ਪਰਸਥਿਤੀਆਂ' 1968 ਵਿਚ ਛਪਿਆ ਸੀ। ਇਸ ਸੰਗ੍ਰਹਿ ਪਿਛੋਂ ਡਾ. ਨਿਰਾਲਾ ਦੇ ਕਹਾਣੀ-ਸੰਗ੍ਰਹਿ ਸੰਤਾਪ, ਰੱਜੇ ਪੁੱਜੇ ਲੋਕ, ਉਤਰ ਕਥਾ, ਚੋਣਵੀਆਂ ਕਹਾਣੀਆਂ, ਸ਼ੁਤਰਮੁਰਗ ਦੀ ਵਾਪਸੀ, ਜ਼ਿੰਦਗੀ ਦਾ ਦਰਿਆ, (2013) ਛਪ ਚੁਕੇ ਹਨ। ਇਸ ਤੋਂ ਇਲਵਾ ਡਾ. ਨਿਰਾਲਾ ਨੇ ਕਹਾਣੀ ਆਲੋਚਨਾ ਦੀਆਂ ਕੁਝ ਕਿਤਾਬਾਂ ਪੰਜਾਬੀ ਕਹਾਣੀ 'ਚ ਤਣਾਅ, ਕਹਾਣੀ ਦੀ ਰੂਪ-ਰੇਖਾ ਤੇ ਹਿੰਦੀ ਪੁਸਤਕਾਂ 'ਬਿਖਰ ਰਿਹਾ ਮਾਨਵ', 'ਜਨਮਾਂਤਰ' ਛਪੀਆਂ ਹਨ। ਡਾ. ਨਿਰਾਲਾ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਜੰਮੂ ਕਸ਼ਮੀਰ ਦੇ ਐਜੂਕੇਸ਼ਨ ਕਾਲਜ ਵਿਚ ਪ੍ਰਿੰਸੀਪਲ ਦੀ ਸੇਵਾ ਨਿਭਾਈ ਹੈ। ਵੱਖ-ਵੱਖ ਅਦਾਰਿਆਂ ਤੋਂ ਪ੍ਰਾਪਤ ਸਨਮਾਨਾਂ ਸਹਿਤ ਡਾ. ਨਿਰਾਲਾ ਪੰਜਾਬੀ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਵੀ ਹਨ। ਇਸ ਪੁਸਤਕ ਦੀ ਸੰਪਾਦਕ ਨੇ 20 ਨਾਮਵਰ ਆਲੋਚਕਾਂ ਦੀ ਕਲਮ ਤੋਂ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਕਹਾਣੀ ਦੇ ਵਿਭਿੰਨ ਪੱਖਾਂ ਨੂੰ ਰੌਸ਼ਨ ਕਰਦੇ ਪੇਪਰ ਛਾਪੇ ਹਨ। ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਜੋਗਿੰਦਰ ਸਿੰਘ ਨਿਰਾਲਾ ਦੇ ਕਹਾਣੀ ਸੰਸਾਰ ਦੀ ਚਰਚਾ ਕੀਤੀ ਹੈ। ਡਾ. ਨਿਰਾਲਾ ਦੀ ਕਹਾਣੀ ਦੇ ਪ੍ਰਤੀਨਿਧ ਲੱਛਣਾਂ ਦੀ ਨਿਸ਼ਾਨਦੇਹੀ ਕੀਤੀ ਹੈ। ਕਹਾਣੀ ਦੀਆਂ ਸਥਿਤੀਆਂ ਦੀ ਵਿਸ਼ੇਸ਼ਤਾ ਉੱਪਰ ਵਧੇਰੇ ਜ਼ੋਰ ਦਿੱਤਾ ਹੈ। ਕਹਾਣੀਆਂ ਦੇ ਪਾਤਰਾਂ ਦੇ ਕਿਰਦਾਰ ਨੂੰ ਧੁਰ ਅੰਦਰ ਤੱਕ ਉਭਾਰਿਆ ਹੈ। ਪ੍ਰੋ. ਸੁਖਦੀਪ ਕੌਰ ਨੇ ਕਹਾਣੀਆਂ ਦਾ ਸੁਹਜਮਈ ਅਧਿਐਨ ਕੀਤਾ ਹੈ। ਚਰਚਿਤ ਕਹਾਣੀ 'ਸੁਰਭੀ' ਦੀ ਬਹੁਪੱਖੀ ਆਲੋਚਨਾ ਕੀਤੀ ਹੈ। ਕਹਾਣੀ ਕਰੇਲੇ ਦੇ ਬਹੁਪੱਖੀ ਅਧਿਐਨ, ਪੰਜਾਬ ਵਿਚ ਆ ਰਹੇ ਪਰਵਾਸੀ ਮਜ਼ਦੂਰ, ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ, ਦੀ ਚਰਚਾ ਕੀਤੀ ਹੈ। ਡਾ. ਸਤਿੰਦਰ ਜੀਤ ਕੌਰ ਬੁੱਟਰ, ਡਾ. ਟੀ. ਆਰ. ਵਿਨੋਦ, ਡਾ. ਨਵਜੋਤ ਕੌਰ, ਪ੍ਰੋ. ਬਿੰਦਰ ਪਾਲ ਕੌਰ, ਤੇਜਾ ਸਿੰਘ ਤਿਲਕ, ਜਗਤਾਰ ਸ਼ੇਰਗਿਲ, ਗੁਰਨੈਬ ਸਿੰਘ ਮੰਘਾਣੀਆ, ਮਮਤਾ ਸੇਤੀਆ ਸੇਖਾ, ਡਾ. ਰੁਪਿੰਦਰ ਕੌਰ, ਤੇਜਿੰਦਰ ਚੰਡਹੋਕ, ਡਾ. ਰਘਬੀਰ ਸਿੰਘ (ਚੰਡੀਗੜ੍ਹ) ਸੰਪਾਦਕ ਦੇ ਦੋ ਲੇਖ ਹਨ। ਪਰਚਿਆਂ ਵਿਚ ਡਾ. ਨਿਰਾਲਾ ਦੇ ਕਹਾਣੀ ਸੰਗ੍ਰਹਿ ਜਾਂ ਕੁਝ ਚਰਚਿਤ ਕਹਾਣੀਆਂ (ਸੁਰਭੀ, ਸ਼ੁਤਰਮੁਰਗ, ਰੱਜੇ ਪੁੱਜੇ ਲੋਕ, ਤੂੰ ਕੇਹਾ ਸਿੱਖ ਏਂ, ਤੇਰਾ ਸਭ ਮਨਜ਼ੂਰ , ਖੁਰ ਰਿਹਾ ਆਦਮੀ), ਕਹਾਣੀਆਂ ਦੀ ਪੜਚੋਲ ਕੀਤੀ ਹੈ। ਉੱਘੇ ਆਲੋਚਕ ਡਾ. ਤੇਜਵੰਤ ਮਾਨ, ਅਮਨਦੀਪ ਦਰਦੀ, ਡਾ. ਸੰਦੀਪ ਸਿੰਘ ਮੁੰਡੇ ਤੇ ਸੰਪਾਦਕ ਵਲੋਂ ਕਹਾਣੀਆਂ ਵਿਚਲੇ ਮਾਨਸਿਕ ਤਣਾਅ ਨੂੰ ਵਿਸ਼ਾ ਬਣਾਇਆ ਹੈ। ਸਾਰੇ ਵਿਦਵਾਨਾਂ ਦੇ ਸਿਰਨਾਵੇਂ ਹਨ। ਸੰਪਾਦਤ ਪੁਸਤਕ ਦਾ ਕਹਾਣੀ ਜਗਤ ਵਿਚ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਸਾਹਿਤ ਦਾ ਤਪੀਆ :
ਦੇਵਿੰਦਰ ਸਤਿਆਰਥੀ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 080763-63058
ਗੁਰਬਚਨ ਸਿੰਘ ਭੁੱਲਰ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਮੂਲ ਤੌਰ 'ਤੇ ਉਹ ਇਕ ਗਲਪਕਾਰ ਅਤੇ ਪੱਤਰਕਾਰ ਹੈ। ਉਹਦੀਆਂ ਕਿਤਾਬਾਂ ਵਿਚ ਲੇਖ, ਸ਼ਬਦ-ਚਿੱਤਰ, ਇਨਕਲਾਬੀ ਲੇਖ, ਕਾਵਿ-ਸੰਗ੍ਰਹਿ, ਵਿਚਾਰ-ਚਰਚਾ, ਸੰਵਾਦ, ਵਿਅਕਤੀ-ਚਿੱਤਰ, ਪਾਠਕੀ ਪੜ੍ਹਤ, ਨਾਵਲ, ਕਹਾਣੀ ਸੰਗ੍ਰਹਿ, ਯਾਤਰਾ ਅਨੁਭਵ, ਸਾਹਿਤਕ ਪੱਤਰਕਾਰੀ, ਸ਼ਬਦ ਕੋਸ਼, ਸੰਪਾਦਨ ਆਦਿ ਕਾਫੀ ਕੁਝ ਸ਼ਾਮਿਲ ਹੈ। ਵਿਚਾਰਧੀਨ ਪੁਸਤਕ ਲੋਕਗੀਤ ਯਾਤਰੀ ਦੇਵਿੰਦਰ ਸਤਿਆਰਥੀ ਬਾਰੇ ਹੈ, ਜੋ ਇਕੋ ਸਮੇਂ ਚਾਰ ਭਾਸ਼ਾਵਾਂ ਵਿਚ ਲਿਖ ਸਕਦਾ ਸੀ।
ਪੁਸਤਕ ਵਿਚ ਮੁੱਖ ਸ਼ਬਦ ਅਤੇ ਅੰਤਿਕਾ (ਧੀ ਅਲਕਾ ਸਤਿਆਰਥੀ ਸੋਈ ਦੀਆਂ ਤਿੰਨ ਕਵਿਤਾਵਾਂ) ਤੋਂ ਇਲਾਵਾ 21 ਲਿਖਤਾਂ ਹਨ, ਜੋ ਸਤਿਆਰਥੀ ਦੀ ਸ਼ਖ਼ਸੀਅਤ ਦੇ ਵਿਭਿੰਨ ਪਹਿਲੂਆਂ ਨਾਲ ਵਾਬਸਤਾ ਹਨ। ਪੁਸਤਕ ਵਿਚ ਸਤਿਆਰਥੀ ਬਾਰੇ ਕਈ ਟੋਟਕੇ ਤੇ ਲਤੀਫ਼ੇ ਵੀ ਹਨ। ਉਹ ਅਜਿਹਾ ਮਹਾਯਾਤਰੀ ਸੀ ਕਿ ਵੱਡੀ ਬੇਟੀ ਕਵਿਤਾ ਦਾ ਜਨਮ ਵੀ ਯਾਤਰਾ ਦੌਰਾਨ ਹੋਇਆ। ਮਾਂ (ਬੇਬੇ/ਲੋਕਮਾਤਾ) ਨੇ ਇਕੱਲਿਆਂ ਧੀ ਦੀ ਪਾਲਣਾ ਕੀਤੀ। ਉਦੋਂ ਸਤਿਆਰਥੀ ਬਰਮਾ ਵਿਚ ਸੀ। ਉਹਨੇ 'ਆਜਕਲ' ਪੱਤ੍ਰਿਕਾ ਦੀ ਸੰਪਾਦਕੀ ਵੀ ਕੀਤੀ ਪਰ ਅਧਿਕਾਰੀਆਂ ਨਾਲ ਮੱਤਭੇਦ ਹੋਣ ਕਰਕੇ 8 ਸਾਲਾਂ ਪਿੱਛੋਂ ਨੌਕਰੀ ਛੱਡਣੀ ਪਈ। ਲੋਕਮਾਤਾ ਨੇ ਸਿਲਾਈ ਮਸ਼ੀਨ 'ਤੇ ਲੋਕਾਂ ਦੇ ਕੱਪੜੇ ਸਿਉਂ ਕੇ ਪਰਿਵਾਰ ਦੀ ਪਾਲਣਾ ਕੀਤੀ ਤੇ ਸਤਿਆਰਥੀ ਨੂੰ ਯਾਤਰਾ ਲਈ ਕਿਰਾਇਆ ਵੀ ਦਿੱਤਾ। ਵੱਡੀ ਧੀ ਕਵਿਤਾ ਦੀ ਮੌਤ ਸਮੇਂ ਵੀ ਸਤਿਆਰਥੀ ਘਰ ਨਹੀਂ ਸੀ। ਉਸ ਦੀਆਂ ਦੋ ਜਿਊਂਦੀਆਂ ਧੀਆਂ-ਅਲਕਾ ਅਤੇ ਪਾਰੁਲ ਨੇ ਭਾਵੇਂ ਤੰਗਹਾਲੀ ਵਿਚ ਜ਼ਿੰਦਗੀ ਬਿਤਾਈ ਪਰ ਮਾਂ ਨੇ ਕਿਵੇਂ ਨਾ ਕਿਵੇਂ ਉਨ੍ਹਾਂ ਦੇ ਵਿਆਹ ਕੀਤੇ ਤੇ ਹੁਣ ਦੋਵੇਂ ਪਿਤਾ 'ਤੇ ਮਾਣ ਕਰਦੀਆਂ ਹਨ। ਆਪਣੇ ਜੀਵਨ ਦੇ ਅੰਤ ਵਿਚ ਵੀ ਇਹ ਅਨੰਤ ਯਾਤਰੀ ਆਰਾਮ ਕੁਰਸੀ 'ਤੇ ਬੈਠਾ, ਸੌਂਦਾ, ਜਾਗਦਾ, ਲਿਖਦਾ ਰਿਹਾ ਤੇ ਯਾਦਾਸ਼ਤ ਮੁੱਕਣ 'ਤੇ ਇਕ ਕਿਤਾਬ ਉੱਤੇ ਆਪਣਾ ਨਾਂਅ ਲਿਖਿਆ - 'ਮੇਰਾ ਨਾਂਅ ਲੋਕਗੀਤ'। ਫੁਟਪਾਥ ਤੋਂ ਪੁਰਾਣੀਆਂ ਕਿਤਾਬਾਂ, ਪੱਤ੍ਰਿਕਾਵਾਂ ਖਰੀਦਣ ਦੇ ਸ਼ੌਕੀਨ ਇਸ ਲੇਖਕ ਨੇ ਇਨ੍ਹਾਂ ਕੰਮਾਂ ਲਈ ਪੈਸੇ ਪਤਨੀ ਤੋਂ ਹੀ ਲਏ।
ਸਤਿਆਰਥੀ ਨੇ ਲੋਕ ਗੀਤ ਸੰਗ੍ਰਹਿਤ ਕਰਨ ਦਾ ਸਫ਼ਰ 1927 ਵਿਚ ਸ਼ੁਰੂ ਕੀਤਾ ਸੀ ਤੇ ਇਹ ਕਰੀਬ ਪੌਣੀ ਸਦੀ ਚਲਦਾ ਰਿਹਾ। ਸਰੀਰਕ ਸਮਰੱਥਾ ਮੁੱਕਣ 'ਤੇ 2002 ਵਿਚ ਉਹਨੇ ਯਾਤਰਾਵਾਂ ਛੱਡ ਦਿੱਤੀਆਂ। ਭਦੌੜ ਦਾ ਜੰਮਿਆ (28 ਮਈ, 1908) ਸਤਿਆਰਥੀ 12 ਫਰਵਰੀ, 2003 ਵਿਚ ਦਿੱਲੀ ਵਿਖੇ ਪੂਰਾ ਹੋਇਆ। ਭੁੱਲਰ ਕਿਉਂਕਿ ਲੰਮਾ ਸਮਾਂ ਉਹਦੇ/ਪਰਿਵਾਰ ਦੇ ਸਾਥ ਦਾ ਨਿੱਘ ਮਾਣਦਾ ਰਿਹਾ, ਇਸ ਲਈ ਇਹ ਕਿਤਾਬ ਸਤਿਆਰਥੀ ਦੀ ਜ਼ਿੰਦਗੀ ਤੇ ਸ਼ਖ਼ਸੀਅਤ ਬਾਰੇ ਨਿਵੇਕਲੇ ਢੰਗ ਨਾਲ ਲਿਖੀ ਗਈ ਹੈ। ਅਸਲ ਵਿਚ ਭੁੱਲਰ ਨੇ ਸਤਿਆਰਥੀ ਪ੍ਰਤੀ ਆਦਰ ਅਤੇ ਸ਼ਰਧਾਂਜਲੀ ਵਜੋਂ ਹੀ ਇਸ ਕਿਤਾਬ ਦੀ ਰਚਨਾ ਕੀਤੀ ਹੈ। ਪੁਸਤਕ ਵਿਚ ਸਤਿਆਰਥੀ ਦੀ ਇਕ ਕਹਾਣੀ 'ਦੇਵਤਾ ਡਿੱਗ ਪਿਆ' ਵੀ ਸ਼ਾਮਿਲ ਕੀਤੀ ਗਈ ਹੈ ਤੇ ਇਸ ਦੀ ਪਾਠਕੀ ਪੜ੍ਹਤ ਵੀ। ਭੁੱਲਰ ਦੀ ਵਾਰਤਕ ਵਿਚ ਕਹਾਣੀ ਵਰਗਾ ਸੁਆਦ ਹੈ। ਉਹਨੇ ਆਪਣੀ ਨਿਰਉਚੇਚ ਤੇ ਸਹਿਜ ਭਾਸ਼ਾ ਵਿਚ ਜੋ ਲਿਖਿਆ ਹੈ, ਉਸ ਨੂੰ ਪੜ੍ਹ ਕੇ ਵਧੇਰੇ ਅਨੰਦ ਆਵੇਗਾ, ਅਜਿਹਾ ਮੇਰਾ ਵਿਸ਼ਵਾਸ ਹੈ!
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.
ਪੰਛੀ ਮਾਰ ਉਡਾਰੀ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98150-02302
'ਪੰਛੀ ਮਾਰ ਉਡਾਰੀ' ਉੱਘੇ ਸਾਹਿਤਕਾਰ ਨਵਰਾਹੀ ਘੁਗਿਆਣਵੀ ਦਾ ਛੇਵਾਂ ਬਾਲ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਬੱਚਿਆਂ ਲਈ ਬਾਲ ਕਾਵਿ ਪੁਸਤਕਾਂ 'ਲਗ਼ਰਾਂ', 'ਮਹਿਤਾਬਨਾਮਾ', 'ਸੀਰਤਨਾਮਾ', 'ਗਨੇਰੀਆਂ', 'ਨਿਮੋਲੀਆਂ', 'ਮਾਸੂਮ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੇ ਸੰਗ੍ਰਹਿ 'ਚ ਉਸ ਦੀਆਂ 42 ਬਾਲ ਕਾਵਿ ਰਚਨਾਵਾਂ ਸ਼ਾਮਲ ਹਨ। 'ਪੰਛੀ ਮਾਰ ਉਡਾਰੀ' ਕਵਿਤਾ 'ਚ ਬੱਚਿਆਂ ਦੀ ਪੰਛੀਆਂ ਪ੍ਰਤੀ ਖਿੱਚ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ' ਬਹਾਦਰ ਬੇਟੀ ' ਕਵਿਤਾ 'ਚ ਅਜੋਕੇ ਸਮਾਜ 'ਚ ਲੜਕੀਆਂ ਲਈ ਬਰਾਬਰਤਾ ਦੀ ਆਵਾਜ਼ ਬੁਲੰਦ ਕਰਦਾ ਕਵੀ ਲੜਕੀਆਂ ਨੂੰ ਹੋਰ ਬਲਵਾਨ ਬਣਨ ਦੀ ਪ੍ਰੇਰਣਾ ਦਿੰਦਾ ਹੈ। 'ਬੂਟੇ' ਕਵਿਤਾ 'ਚ ਰੁੱਖਾਂ ਦੀ ਮਨੁੱਖੀ ਜ਼ਿੰਦਗੀ 'ਚ ਅਹਿਮੀਅਤ ਨੂੰ ਦਰਸਾਇਆ ਗਿਆ ਹੈ। 'ਸੰਦੇਸ਼' ਕਵਿਤਾ 'ਚ ਕਵੀ ਗਲੀਆਂ 'ਚ ਰੁਲ ਰਹੀ ਇਕ ਅਵਾਰਾ ਗਾਂ ਦੀ ਗਾਥਾ ਬਿਆਨਦਾ ਉਸ ਦੀ ਦੁਰਗਤੀ ਦੇ ਜ਼ਿੰਮੇਵਾਰ ਉਸ ਨੂੰ ਛੱਡਣ ਵਾਲੇ ਮਾਲਕਾਂ ਨੂੰ ਫਿਟ- ਲਾਹਣਤਾਂ ਪਾਉਂਦਾ ਹੈ :
ਗਲੀਆਂ ਦੇ ਵਿਚ ਰੁਲਦੀ ਗਾਂ।
ਉਤੋਂ-ਉਤੋਂ ਆਖਣ ਮਾਂ।
ਕਿਉਂਕਿ ਹੁਣ ਇਹ ਦੁੱਧ ਨਹੀਂ ਦਿੰਦੀ,
ਇਸਦੀ ਨਹੀਂ ਘਰ ਵਿਚ ਥਾਂ।
'ਭੂਆ ਰਤਨੋਂ' ਬਾਲ ਕਵਿਤਾ 'ਚ ਸਾਡੇ ਸਮਾਜ 'ਚ ਰਿਸ਼ਤੇ-ਨਾਤਿਆਂ ਦੀ ਨਿੱਘ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ। 'ਵਿਚਾਰ ਜੀਜੂ' ਕਵਿਤਾ 'ਚ 1947 ਦੀ ਦੇਸ਼ ਵੰਡ ਦੌਰਾਨ ਪਾਕਿਸਤਾਨ ਜਾ ਵਸੇ ਬੱਚੇ 'ਜੀਜੂ' ਪ੍ਰਤੀ ਮੋਹ ਭਰੀ ਖਿੱਚ ਦੀ ਖ਼ੂਬਸੂਰਤੀ ਪੇਸ਼ਕਾਰੀ ਹੈ। 'ਸ਼ਾਮ ਦੀ ਸੈਰ' ਕਵਿਤਾ 'ਚ ਆਥਣ ਵੇਲੇ ਦੀ ਸ਼ੈਰ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। 'ਮਾਂ ਦੀ ਲੋਰੀ' ਕਵਿਤਾ 'ਚ ਬੱਚੇ ਦੇ ਜੀਵਨ 'ਚ ਮਾਂ ਦੀ ਲੋਰੀ ਦੀ ਅਹਿਮੀਅਤ ਨੂੰ ਬਿਆਨਿਆ ਹੈ :
ਮਾਖਿਓਂ ਮਿੱਠੀ ਮਾਂ ਦੀ ਲੋਰੀ।
ਬੜੀ ਸੁਆਦੀ, ਦੁੱਧ ਕਟੋਰੀ।
ਮਹਿਕਾਂ ਆਵਣ ਜਦ ਮਾਂ ਬੋਲੇ।
ਮਾਂ ਸੁਰਗਾਂ ਦਾ ਕੁੰਡਾ ਖੋਲ੍ਹੇ ।
ਇਸ ਤੋਂ ਇਲਾਵਾ 'ਮੇਰਾ ਘਰ ', 'ਸਰ੍ਹੋਂ ਦਾ ਸਾਗ', 'ਫੁੱਲ 'ਤੇ ਕੰਡਾ', 'ਅੰਨਦਾਤਾ', 'ਵਰਖ਼ਾ ਆਈ', 'ਪੱਖੀ', 'ਐਤਵਾਰ ਦੀ ਰਹੇ ਉਡੀਕ', 'ਪਾਲਾ', 'ਸੈਰ ਗਾਹ' ਆਦਿ ਕਵਿਤਾਵਾਂ ਵੀ ਬੇਹੱਦ ਖੂਬਸੂਰਤ ਹਨ। ਇਸ ਬਾਲ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਜਿੱਥੇ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਬਾਲ ਪਾਠਕਾਂ ਨੂੰ ਸੁਆਦਲੀਆਂ ਲੱਗਣਗੀਆਂ, ਉਥੇ ਇੰਨ੍ਹਾਂ ਕਵਿਤਾਵਾਂ 'ਚ ਸਮੋਈਆਂ ਸਿੱਖਿਆਵਾਂ ਬੱਚਿਆਂ ਦੇ ਜੀਵਨ ਲਈ ਹੋਰ ਵੀ ਲਾਹੇਵੰਦ ਸਾਬਤ ਹੋਣਗੀਆਂ। ਬਾਲ ਸਾਹਿਤ 'ਚ ਇਸ ਖ਼ੂਬਸੂਰਤ ਪੁਸਤਕ ਦਾ ਹਾਰਦਕਿ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਅਦਬ ਅਦੀਬ ਅਦਬੀਅਤ
ਲੇਖਕ : ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 99157-06407
ਡਾ. ਸਤੀਸ਼ ਕੁਮਾਰ ਵਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਲਵਈ-ਪੁਆਧੀ ਮਾਹੌਲ ਦੀ ਉਪਜ ਹੈ। ਉਸ ਨੇ ਪੰਜਾਬੀ ਸਾਹਿਤ ਵਿਚ ਪੋਸਟ-ਗ੍ਰੈਜੂਏਸ਼ਨ ਦੀ ਡਿਗਰੀ 1976 ਈ: ਵਿਚ ਕੀਤੀ। ਉਸ ਤੋਂ ਬਾਅਦ ਦੋ-ਤਿੰਨ ਵਿਦਿਆਲਿਆਂ ਵਿਚ ਪੜ੍ਹਾਉਣ ਉਪਰੰਤ ਉਹ 1981-82 ਵਿਚ ਇਸੇ ਯੂਨੀਵਰਸਿਟੀ ਵਿਚ ਆ ਗਿਆ ਅਤੇ ਪੂਰੇ ਚਾਰ ਦਹਾਕੇ ਇਸ ਯੂਨੀਵਰਸਿਟੀ ਵਿਚ ਪੜ੍ਹਾਉਣ-ਲਿਖਾਉਣ ਉਪਰੰਤ 2020 ਵਿਚ ਸੇਵਾਮੁਕਤ ਹੋਇਆ। ਰੰਗਮੰਚ ਉਸ ਦਾ ਪਹਿਲਾ ਇਸ਼ਕ ਹੈ। ਭਾਵੇਂ ਅਦਾਇਗੀ (ਪਰਫਾਰਮੈਂਸ) ਦੇ ਬਾਕੀ ਰੂਪ ਵੀ ਉਸ ਤੋਂ ਦੂਰ ਨਹੀਂ ਰਹੇ। ਹਥਲੀ ਪੁਸਤਕ ਵਿਚ ਵੱਖ-ਵੱਖ ਸਮਿਆਂ 'ਤੇ ਲਿਖੇ ਗਏ ਉਸ ਦੇ 25 ਫੁਟਕਲ ਲੇਖ ਸੰਗ੍ਰਹਿਤ ਹਨ, ਇਨ੍ਹਾਂ ਵਿਚ ਉਸ ਨੇ ਮੌਜੂਦਾ ਦੌਰ ਵਿਚ ਸਾਹਿਤ, ਸਾਹਿਤਕਾਰ ਅਤੇ ਸਾਹਿਤਿਕਤਾ ਦੀ ਪ੍ਰਕਿਰਤੀ (ਅਤੇ ਭੂਮਿਕਾ) ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। 'ਸਾਹਿਤਿਕਤਾ' ਕੀ ਹੈ? ਇਹ ਵੱਥ ਵਿਚ ਹੁੰਦੀ ਹੈ, ਕੱਥ ਵਿਚ, ਕਲਪਨਾ ਵਿਚ ਜਾਂ ਪ੍ਰਬੰਧ ਵਿਚ? ਇਸ ਸਰੋਕਾਰ ਬਾਰੇ ਪਿਛਲੇ ਪੰਜਾਹ ਕੁ ਵਰ੍ਹਿਆਂ ਵਿਚ ਕਾਫ਼ੀ ਕੁਝ ਕਿਹਾ ਗਿਆ ਹੈ। ਸੋਸਿਉਰ, ਗ੍ਰੇਮਾਸ, ਰੋਲਾਂ ਬਾਰਤ, ਦੈਰਿੱਦਾ ਅਤੇ ਬਹੁਤ ਸਾਰੇ ਹੋਰ ਸਿਧਾਂਤਕਾਰਾਂ ਨੇ ਇਸ ਬਾਰੇ ਕਾਫ਼ੀ ਮਗਜ਼ਖਪਾਈ ਕੀਤੀ ਸੀ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਅਸਲ ਵਿਚ 'ਸਾਹਿਤਿਕਤਾ' ਕੋਈ ਜੜ੍ਹ ਜਾਂ ਸਥਿਰ ਪੁੰਜ ਨਹੀਂ ਹੈ, ਜਿਸ ਉੱਪਰ ਉਂਗਲ ਧਰੀ ਜਾ ਸਕੇ। ਇਹ ਤਿਲਕਵੀਂ ਊਰਜਾ ਹੈ ਅਤੇ ਨਿਰੰਤਰ ਇਧਰ-ਉਧਰ ਖਿਸਕਦੀ ਰਹਿੰਦੀ ਹੈ, ਡਾ. ਵਰਮਾ ਦੇ ਇਨ੍ਹਾਂ ਲੇਖਾਂ ਵਿਚੋਂ ਇਹ ਸੱਚ ਪ੍ਰਗਟ ਹੋ ਜਾਂਦਾ ਹੈ। ਪੁਸਤਕ ਵਿਚ ਡਾ. ਅਮਰੀਕ ਸਿੰਘ, ਦਲੀਪ ਕੌਰ ਟਿਵਾਣਾ, ਸੁਤਿੰਦਰ ਸਿੰਘ ਨੂਰ ਵਰਗੇ ਅਦੀਬਾਂ ਦੇ ਨਾਲ-ਨਾਲ ਸ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਸ. ਗੁਰਸ਼ਰਨ ਸਿੰਘ, ਡਾ. ਸ. ਸ. ਜੌਹਲ ਅਤੇ ਡਾ. ਆਤਮਜੀਤ ਦੀ ਅਦਬੀਅਤ ਬਾਰੇ ਵੀ ਖੋਜ-ਪੱਤਰ ਸ਼ਾਮਲ ਹਨ। 'ਰੰਗਾਂ ਦੀ ਗਾਗਰ' ਦੇ ਹਵਾਲੇ ਨਾਲ ਲਿਖਿਆ ਉਸ ਦਾ ਲੇਖ ਸਿਰਜਣਾਤਮਕ ਆਲੋਚਨਾ ਦੀ ਇਕ ਵਿਲੱਖਣ ਮਿਸਾਲ ਹੈ। ਇਹ ਕਿਤਾਬ ਪਾਠਕਾਂ ਨਾਲ ਸੰਵਾਦ ਰਚਾਉਂਦੀ ਹੈ, ਉਨ੍ਹਾਂ ਨੂੰ ਉਤੇਜਿਤ ਕਰਦੀ ਹੈ।
c c c
ਅਦਬਨਾਮਾ
ਖ਼ਾਲਸਾ ਕਾਲਜ, ਅੰਮ੍ਰਿਤਸਰ
ਸੰਪਾਦਕ : ਡਾ. ਜਸਬੀਰ ਸਿੰਘ ਸਰਨਾ
ਡਾ. ਚਰਨਜੀਤ ਸਿੰਘ ਗੁਮਟਾਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 94175-33060
ਇਹ ਪੁਸਤਕ ਕੋਸ਼ਕਾਰੀ ਦੇ ਖੇਤਰ ਵਿਚ ਇਕ ਨਵਾਂ ਤਜਰਬਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਸਾਂਝੇ-ਅਣਵੰਡੇ ਪੰਜਾਬ ਦੀ ਗੌਰਵਮਈ ਵਿਰਾਸਤ ਹੈ। ਇਸ ਕਾਲਜ ਦਾ ਆਰੰਭ 1892 ਈ: ਵਿਚ ਹੋਇਆ। ਇਸ ਪ੍ਰਕਾਰ ਕਾਲਜ ਦੀ ਸਥਾਪਨਾ ਨੂੰ ਸਵਾ ਸੌ ਤੋਂ ਵੱਧ ਵਰ੍ਹੇ ਬੀਤ ਗਏ ਹਨ ਅਤੇ ਇਸ ਲੰਮੇ ਅਰਸੇ ਦੌਰਾਨ ਜਿਨ੍ਹਾਂ ਵਿਅਕਤੀਆਂ ਨੂੰ ਇਸ ਕਾਲਜ ਵਿਚ ਅਧਿਆਪਕ ਜਾਂ ਵਿਦਿਆਰਥੀ ਬਣਨ ਦਾ ਸੁਅਵਸਰ ਪ੍ਰਾਪਤ ਹੋਇਆ, ਉਹ ਆਪਣੇ ਆਪ ਵਿਚ ਇਕ ਸੁਨਹਿਰੀ ਇਤਿਹਾਸ ਸਾਂਭੀ ਬੈਠੇ ਹਨ।
ਇਸ ਕੋਸ਼ਕਾਰੀ ਦਾ ਕ੍ਰਮ ਸੰਨ-ਸੰਮਤ ਅਨੁਸਾਰ ਰੱਖਿਆ ਗਿਆ ਹੈ। ਪ੍ਰੋ. ਗੁਰਮੁਖ ਸਿੰਘ (1849 ਈ:) ਤੋਂ ਲੈ ਕੇ ਮਨਪ੍ਰੀਤ ਸਿੰਘ ਜੱਸੀ (1988 ਈ:) ਤੱਕ 140 ਵਰ੍ਹਿਆਂ ਦੇ ਕਾਲਖੰਡ ਵਿਚ ਜਨਮੇ ਲਗਭਗ 235 ਪ੍ਰਤਿਭਾਸ਼ੀਲ ਵਿਅਕਤੀਆਂ ਦੇ ਜੀਵਨ-ਵੇਰਵੇ ਇਸ ਵਚਿੱਤਰ ਕੋਸ਼ ਵਿਚ ਅੰਕਿਤ ਕੀਤੇ ਗਏ ਹਨ। ਹਰ ਵਿਅਕਤੀ ਦਾ ਜਨਮ ਅਤੇ ਦਿਹਾਂਤ (ਜੋ ਕਾਲਵੱਸ ਹੋ ਗਏ ਹਨ) ਇਸ ਕੋਸ਼ ਵਿਚ ਦਰਜ ਹੈ। ਜੀਂਦੇ-ਜਾਗਦੇ ਵਿਅਕਤੀਆਂ ਦੇ ਪਤੇ ਅਤੇ ਸੰਪਰਕ ਨੰਬਰ ਵੀ ਦਿੱਤੇ ਗਏ ਹਨ। ਹਰ ਇਕ ਵਿਅਕਤੀ ਦੇ ਜੀਵਨ ਦੀਆਂ ਮਹੱਤਵਪੂਰਨ ਉਪਲਬੱਧੀਆਂ ਦਾ ਵੀ ਵਰਣਨ ਹੋਇਆ ਹੈ ਅਤੇ ਇਹ ਸਭ ਇਸ ਕੋਸ਼ ਦੇ ਮੂਲ-ਮਹੱਤਵ ਵਿਚ ਵਾਧਾ ਕਰਦਾ ਹੈ।
ਮੈਂ ਇਸ ਕੋਸ਼ ਦੇ ਸਿਦਕਵਾਨ ਅਤੇ ਸਿਰੜੀ ਸੰਪਾਦਕਾਂ ਦੀ ਅਣਥੱਕ ਮਿਹਨਤ ਦੀ ਪ੍ਰਸੰਸਾ ਕਰਦਾ ਹਾਂ। ਡਾ. ਸਰਨਾ ਇਕ ਕਲਪਨਾਸ਼ੀਲ ਅਤੇ ਉੱਦਮੀ ਵਿਅਕਤੀ ਹਨ। ਡਾ. ਗੁਮਟਾਲਾ ਨੇ ਸਾਹਿਤ-ਆਲੋਚਨਾ ਅਤੇ ਸੰਪਾਦਨਾ ਦੇ ਖੇਤਰ ਵਿਚ ਵੀ ਚੰਗਾ ਨਾਂਅ ਕਮਾਇਆ ਹੈ। ਇਸ ਪੁਸਤਕ ਵਿਚ ਅਨੇਕ ਉੱਚ-ਪ੍ਰਸ਼ਾਸਕਾਂ, ਪ੍ਰੋਫ਼ੈਸਰਾਂ, ਲੇਖਕਾਂ, ਇੰਜੀਨੀਅਰਾਂ ਅਤੇ ਵਿਗਿਆਨਕਾਂ ਬਾਰੇ ਲਿਖੇ ਇੰਦਰਾਜ ਅਤਿਅੰਤ ਸਟੀਕ ਸ਼ੈਲੀ ਵਿਚ ਲਿਖੇ ਗਏ ਹਨ। ਪੁਸਤਕ ਪੜ੍ਹ ਕੇ ਪਾਠਕ ਦਾ ਮਨ-ਦਿਮਾਗ਼ ਰੌਸ਼ਨ ਹੋ ਜਾਂਦਾ ਹੈ। ਮੈਂ ਪੂਰੇ ਸੰਪਾਦਕੀ ਮੰਡਲ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਥੈਂਕ ਯੂ ਬਾਪੂ
ਕਹਾਣੀਕਾਰ : ਬਲਵੀਰ ਪਰਵਾਨਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 79869-39056
ਬਲਵੀਰ ਪਰਵਾਨਾ ਦੀ ਸਿਰਜਣਾਤਮਕ ਪ੍ਰਤਿਭਾ ਉਨ੍ਹਾਂ ਸਮਕਾਲੀ ਮਸਲਿਆਂ ਅਤੇ ਵਿਸੰਗਤੀਆਂ ਨੂੰ ਆਪਣੀ ਪਕੜ 'ਚ ਲੈਂਦੀ ਹੈ, ਜਿਨ੍ਹਾਂ ਨਾਲ ਅਜੋਕਾ ਮਨੁੱਖ ਦੋ-ਚਾਰ ਹੋ ਰਿਹਾ ਹੈ। ਮਨੁੱਖੀ ਮਾਨਸਿਕਤਾ ਨੂੰ ਚਕਾਚੌਂਧਮਈ ਬਾਜ਼ਾਰੂ ਕਦਰਾਂ-ਕੀਮਤਾਂ ਅਤੇ ਕਾਰਪੋਰੇਟੀ ਪ੍ਰਬੰਧ ਕਿਵੇਂ ਆਪਣੀ ਗ੍ਰਿਫ਼ਤ ਵਿਚ ਲੈ ਕੇ ਤੋੜ ਰਿਹਾ ਹੈ, ਇਸ ਦੇ ਭਾਵਪੂਰਤ ਚਿੱਤਰ ਪਰਵਾਨਾ ਆਪਣੀ ਸਿਰਜਣਾ ਤਹਿਤ ਬਾਖੂਬੀ ਪੇਸ਼ ਕਰਦਾ ਹੈ। 'ਥੈਂਕ ਯੂ ਬਾਪੂ' ਬਲਵੀਰ ਪਰਵਾਨਾ ਦਾ ਕਹਾਣੀ ਸੰਗ੍ਰਹਿ ਵੀ ਕੁਝ ਅਜਿਹੇ ਹੀ ਵਿਸ਼ਾਗਤ ਪਹਿਲੂਆਂ ਨੂੰ ਪੇਸ਼ ਕਰਦਾ ਹੈ, ਜਿਥੇ ਆਮ ਸਧਾਰਨ ਮਨੁੱਖ ਦੀ ਛਟਪਟਾਹਟ ਅਤੇ ਇਨ੍ਹਾਂ ਲੋਟੂ ਤਾਕਤਾਂ ਦੇ ਹੱਥਕੰਡੇ ਵਿਵੇਕ ਸਹਿਤ ਪੇਸ਼ ਹੋਏ ਹਨ। ਮਨੁੱਖੀ ਮਾਨਸਿਕਤਾ ਦੀ ਪਰਵਾਨਾ ਸਿਰਫ਼ ਪੇਸ਼ਕਾਰੀ ਹੀ ਨਹੀਂ ਸਗੋਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਸਦਕਾ ਮਨੁੱਖੀ ਮਾਨਸਿਕਤਾ ਖੰਡਿਤ ਹੋ ਰਹੀ ਹੈ। ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਹੀ ਸਾਡੀ ਜਾਚ ਵਿਚ ਕਾਰਪੋਰੇਟੀ ਜਗਤ ਦੀ ਹਾਜ਼ਰੀ ਦੇ ਭਾਵਪੂਰਤ ਚਿੱਤਰ ਪੇਸ਼ ਕਰਦੀ ਹੈ, ਜਿਥੇ ਲਿਆਕਤ, ਸਿਆਣਪ ਦੀ ਕਦਰ ਨਹੀਂ ਸਗੋਂ ਪੈਸਾਵਾਦੀ ਕਦਰਾਂ-ਕੀਮਤਾਂ ਭਾਰੂ ਹਨ। ਦੂਜੀ ਕਹਾਣੀ 'ਡਬਲ ਲੇਨ' ਵਿਚ ਵੀ ਬਾਜ਼ਾਰ ਦੇ ਘਰ ਤੱਕ ਪਹੁੰਚਣ ਅਤੇ ਮਨੁੱਖ ਦੁਆਰਾ ਆਪਣੀ ਵਿਰਾਸਤ ਨੂੰ ਬਚਾਉਂਦਿਆਂ ਵੀ ਇਸ ਦੀ ਭੇਟ ਚੜ੍ਹਨ ਦਾ ਬਿਰਤਾਂਤ ਸਿਰਜਿਆ ਗਿਆ ਹੈ। 'ਥੈਂਕ ਯੂ ਬਾਪੂ' ਕਹਾਣੀ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਤਾਂ ਪੇਸ਼ ਕਰਦੀ ਹੀ ਹੈ ਪਰ ਆਰਥਿਕਤਾ ਰਿਸ਼ਤਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਸ ਦੇ ਬਹੁਪਾਸਾਰੀ ਕਾਰਨਾਂ ਦੀ ਇਹ ਕਹਾਣੀ ਤਲਾਸ਼ ਕਰਦੀ ਹੈ। 'ਕਤਰਾ ਕਤਰਾ ਮੌਤ' ਅਨੈਤਿਕ ਸੰਬੰਧਾਂ ਅਤੇ ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀ ਕਹਾਣੀ ਹੈ। 'ਆਸ ਨਿਰਾਸ਼' ਕਹਾਣੀ ਵਿਚ ਪ੍ਰਕਿਰਤੀ ਅਤੇ ਮਨੁੱਖੀ ਮਾਨਸਿਕਤਾ ਨੂੰ ਆਤਮਸਾਤ ਕਰਦਿਆਂ ਕਹਾਣੀਕਾਰ ਨੇ ਆਧੁਨਿਕ ਮਨੁੱਖ ਦੀ ਟੁੱਟ-ਭੱਜ ਨੂੰ ਚਿਤਰਿਆ ਹੈ। 'ਜੀਰਾ ਆਲੂ' ਕਹਾਣੀ ਜਿਥੇ ਲਾਕਡਾਊਨ ਵੇਲੇ ਆਰਥਿਕ ਤੌਰ 'ਤੇ ਪਰਿਵਾਰਕ ਸੰਕਟ ਵੱਲ ਇਸ਼ਾਰਾ ਕਰਦੀ ਹੈ, ਉਥੇ 'ਇਕ ਸੱਚੇ ਕਾਮਰੇਡ ਦਾ ਇਕਲਾਪਾ' ਵਿਚਾਰਧਾਰਕ ਅਤੇ ਅਮਲੀ ਜ਼ਿੰਦਗੀ ਦੇ ਬਿਰਤਾਂਤ ਨੂੰ ਪੇਸ਼ ਕਰਦੀ ਹੈ। 'ਆਤਮ-ਸੰਮੋਹਨ', 'ਉਸ ਨੇ ਮਰ ਹੀ ਜਾਣਾ ਸੀ' ਅਤੇ 'ਇਨਕਾਰ' ਕਹਾਣੀਆਂ ਵੀ ਜਿਥੇ ਅਤੀਤ ਦੇ ਸੰਬੰਧਾਂ, ਆਰਥਿਕ ਨਾ-ਬਰਾਬਰੀ ਅਤੇ ਸੱਤਾ ਤੰਤਰ ਦੀਆਂ ਬਾਰੀਕੀਆਂ ਨੂੰ ਪਕੜਨ ਵਾਲੀਆਂ ਗੁਆਚਦੇ ਮਨੁੱਖੀ ਅਸਤਿਤਵ ਦੇ ਕਾਰਨ ਤਲਾਸ਼ਦੀਆਂ ਹਨ। ਪੁਸਤਕ ਪੜ੍ਹਨਯੋਗ ਹੈ ਜੋ ਪਾਠਕਾਂ ਦਾ ਹੁੰਗਾਰਾ ਪ੍ਰਾਪਤ ਕਰੇਗੀ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਅਮੀਰ ਜ਼ਮਾਨਾ
ਲੇਖਕ : ਇੰਜ: ਡੀ.ਐਮ. ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98155-09390
ਅਮੀਰ ਜ਼ਮਾਨਾ ਕਹਾਣੀ ਸੰਗ੍ਰਹਿ ਦੇ ਲੇਖਕ ਇੰਜੀਨੀਅਰ ਡੀ. ਐਮ. ਸਿੰਘ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਮਿੰਨੀ ਕਹਾਣੀ, ਨਾਟਕ, ਨਾਵਲ, ਹਿੰਦੀ ਨਾਟਕ 'ਤੇ ਵੀ ਹੱਥ ਅਜ਼ਮਾਇਆ ਹੋਇਆ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਅੰਗਰੇਜ਼ੀ, ਪੰਜਾਬੀ, ਹਿੰਦੀ ਵਿਚ ਅਖ਼ਬਾਰਾਂ ਤੇ ਰਸਾਲਿਆਂ ਵਿਚ ਲੇਖ ਛਪਦੇ ਰਹੇ ਹਨ। ਇਸ ਤੋਂ ਇਲਾਵਾ ਵੀ ਲੇਖਕ ਨੇ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ 'ਤੇ ਵੀ ਪ੍ਰੋਗਰਾਮ ਦਿੱਤੇ ਹਨ। ਲੇਖਕ ਸ਼ੁਰੂ ਤੋਂ ਹੀ ਆਪਣੇ ਸੱਭਿਆਚਾਰ ਵਿਰਸੇ ਤੇ ਪ੍ਰੰਪਰਾ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਆਪਣੀਆਂ ਲਿਖਤਾਂ ਵਿਚ ਸਾਰੀ ਝਲਕ ਦਿੰਦਾ ਹੈ। ਲੇਖਕ ਦਾ ਗੁਣ ਹੈ ਕਿ ਉਸ ਨੇ ਹਰ ਕਹਾਣੀ ਵਿਚ ਮਾਨਵਵਾਦ, ਧਰਮ ਨਿਰਪੱਖਤਾ ਤੇ ਸਪੱਸ਼ਟਤਾ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਇਸ ਕਹਾਣੀ ਸੰਗ੍ਰਹਿ ਵਿਚ ਵੱਡੀਆਂ ਛੋਟੀਆਂ 16 ਕਹਾਣੀਆਂ ਵੱਖੋ-ਵੱਖ ਰੰਗ ਦੀਆਂ ਹਨ ਅਤੇ ਇਨ੍ਹਾਂ ਵਿਚ ਨਵੇਂ ਵਿਚਾਰਾਂ ਨੂੰ ਸੋਹਣੀ ਤਰ੍ਹਾਂ ਪੇਸ਼ ਕੀਤਾ ਹੈ। ਲੇਖਕ ਦੇ ਅੰਦਰ ਮਾਨਵਤਾ ਦੇ ਪ੍ਰਤੀ ਇਕ ਚੀਸ ਹੈ ਜੋ ਆਪਣੀਆਂ ਲਿਖਤਾਂ ਦੇ ਰਾਹੀਂ ਆਪਣੇ ਅੰਦਰੋਂ ਕੱਢ ਕੇ ਮਨ ਨੂੰ ਹੌਲਾ ਕਰਦਾ ਹੋਇਆ ਲੋਕਾਂ ਨੂੰ ਹੋਕਾ ਵੀ ਦਿੰਦਾ ਹੈ, ਜਿਸ ਵਿਚ ਕੋਈ ਵਲ, ਛਲ ਨਹੀਂ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਸਮਾਜ ਵਿਚ ਵਾਪਰ ਰਹੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਕੇ ਚੰਗੀ ਤਰ੍ਹਾਂ ਦਰਸਾਇਆ ਵੀ ਹੈ। ਅਜਿਹੇ ਵਿਚਾਰ ਉਸੇ ਲੇਖਕ ਦੇ ਅੰਦਰ ਹੁੰਦੇ ਹਨ ਜੋ ਧਰਤੀ ਦੇ ਨਾਲ ਜੁੜਿਆ ਹੋਵੇ ਅਤੇ ਇਨਸਾਨੀਅਤ ਦਾ ਹਾਮੀ ਹੋਵੇ। ਸਾਰੀਆਂ ਕਹਾਣੀਆਂ ਦੇ ਆਮ ਵਿਸ਼ੇ ਹਨ ਜੋ ਵੱਖਰੀ ਤਰ੍ਹਾਂ ਦੇ ਸਾਡੀ ਜ਼ਿੰਦਗੀ ਦੇ ਵਿਚਲੇ ਹੀ ਹਨ। ਕੁਝ ਕਹਾਣੀਆਂ ਲੰਮੀਆਂ ਜ਼ਰੂਰ ਹਨ ਪਰ ਉਹ ਬਹੁਤ ਕੁਝ ਕਹਿ ਰਹੀਆਂ ਹਨ। ਅੱਜ ਦੇ ਕੁਝ ਪਾਠਕ ਛੋਟੀਆਂ ਕਹਾਣੀਆਂ ਪੜ੍ਹਨ ਦੇ ਸ਼ੌਕੀਨ ਹਨ। ਚੱਲੋ ਆਪੋ-ਆਪਣਾ ਸ਼ੌਕ ਤੇ ਸੁਆਦ ਹੈ। ਸੋ, ਲੇਖਕ ਦਾ ਹਰ ਉਪਰਾਲਾ ਸ਼ਲਾਘਾਯੋਗ ਹੈ।
-ਬਲਵਿੰਦਰ ਸਿੰਘ ਸੋਢੀ
ਮੋਬਾਈਲ : 092105-88990
c c c
ਸਮਕਾਲੀ ਸਾਹਿਤਕ ਦ੍ਰਿਸ਼
ਲੇਖਕ : ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ 500 ਰੁਪਏ, ਸਫ਼ੇ 240
ਸੰਪਰਕ : 011-26802488
ਵਿਚਾਰਾਧੀਨ ਪੁਸਤਕ ਡਾ. ਕੁਲਦੀਪ ਸਿੰਘ ਧੀਰ ਦੀ ਮਿਹਨਤ ਨਾਲ ਲਿਖੀ ਆਖ਼ਰੀ ਪੁਸਤਕ ਜਾਪਦੀ ਹੈ। ਡਾ. ਧੀਰ ਸਿੱਖ ਸਾਹਿਤ, ਸਾਹਿਤ ਆਲੋਚਨਾ ਅਤੇ ਵਿਗਿਆਨਕ ਨਿਬੰਧ ਨਿਰੰਤਰ ਲਿਖਦੀ ਰਹੀ ਕਲਮ ਦਾ ਨਾਂਅ ਹੈ। ਹਥਲੀ ਪੁਸਤਕ ਵਿਚ ਵੱਖ-ਵੱਖ ਸਾਹਿਤਕ ਵਿਧਾਵਾਂ ਦੀਆਂ ਰਚਨਾਵਾਂ ਬਾਰੇ ਨਿਰਖ-ਪਰਖ ਕਰਦੇ 25 ਨਿਬੰਧ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਬਾਰੇ ਕੁਝ ਵਰਣਨਯੋਗ ਗੱਲਾਂ ਕਰਨੀਆਂ ਬਣਦੀਆਂ ਹਨ। ਜਿਵੇਂ ਆਰਸੀ ਤੇ ਸੁਖਬੀਰ ਬਾਰੇ ਲਿਖਦਿਆਂ ਦੱਸਿਆ ਗਿਆ ਹੈ ਕਿ ਉਹ 1964-2000 ਤੱਕ, ਬਿਨਾਂ ਕਿਸੇ ਨਾਂਅ ਹੇਠ, ਆਰਸੀ ਦਾ ਸੰਪਾਦਨ ਕਰਦਾ ਰਿਹਾ। ਇਸ ਭੇਦ ਦਾ ਕੇਵਲ ਭਾਪਾ ਪ੍ਰੀਤਮ ਸਿੰਘ ਅਤੇ ਸੁਖਬੀਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਤਾ ਸੀ। ਡਾ. ਮਨਮੋਹਨ ਸਿੰਘ ਦੀ 'ਵਿਚਾਰਕੀ' ਬਾਰੇ ਪੜ੍ਹ ਕੇ ਪਤਾ ਲਗਦਾ ਹੈ ਕਿ ਉਹ ਉੱਤਰ-ਆਧੁਨਿਕ ਆਲੋਚਨਾ ਦਾ ਵਿਸ਼ੇਸ਼ ਮਾਹਿਰ ਹੈ। ਡਾ. ਜਸਪਾਲ ਸਿੰਘ ਆਪਣੀ ਪੁਸਤਕ 'ਸਿੱਖ ਵਿਰਾਸਤ ਸਿਧਾਂਤ ਅਤੇ ਵਿਹਾਰ' ਅਨੁਸਾਰ ਸਿੱਖਾਂ ਨੂੰ ਆਪਣੇ ਵਿਰਸੇ ਤੋਂ ਸੁਚੇਤ ਹੋਣਾ ਚਾਹੀਦਾ ਹੈ। ਨਿਰਪਿੰਦਰ ਰਤਨ ਦੇ 'ਸਵੈ ਬਿਰਤਾਂਤ' ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਦਬਾਅ ਅਧੀਨ ਕਦੇ ਵੀ ਜੀ ਹਜ਼ੂਰੀਆਂ ਵਾਂਗ ਕੰਮ ਨਹੀਂ ਕੀਤਾ। ਡਾ. ਅਮਰਜੀਤ ਕਾਂਗ ਨੇ ਕਿੱਸਾ ਕਾਵਿ ਬਾਰੇ ਮੁੱਖ ਸਥਾਪਨਾਵਾਂ ਦੀ ਪੇਸ਼ਕਾਰੀ ਕੀਤੀ। ਸਵਰਾਜਬੀਰ ਦਾ ਨਾਟਕ 'ਅਗਨਕੁੰਡ' ਨਾਬਰੀ ਦਾ ਬੇਬਾਕ ਨਾਟਕ ਹੈ। ਡਾ. ਲਾਭ ਸਿੰਘ ਖੀਵਾ ਨੇ 'ਪੁਸਤਕ ਤੇ ਪੁਰਸਕਾਰ' ਵਿਚ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਸਾਹਿਤਕਾਰਾਂ ਬਾਰੇ ਜਾਣਕਾਰੀ ਦਿੱਤੀ ਹੈ। ਜਸਬੀਰ ਭੁੱਲਰ ਨੇ ਆਪਣੀ ਕਿਤਾਬ 'ਕਾਗ਼ਜ਼ ਉੱਤੇ ਲਿਖੀ ਮੁਹੱਬਤ' ਵਿਚ ਫ਼ੌਜੀ ਜੀਵਨ ਦੇ ਕਰੜੇ ਮਾਹੌਲ ਵਿਚੋਂ ਪਾਠਕਾਂ ਦੇ ਸੁਹਜ ਸਵਾਦ ਦੀ ਤ੍ਰਿਪਤੀ ਕੀਤੀ ਹੈ। ਬੂਟਾ ਸਿੰਘ ਸ਼ਾਦ ਦੇ ਨਾਵਲ 'ਕਿਸ ਨੂੰ ਮੰਦਾ ਆਖੀਏ' ਮਨੁੱਖ ਦੀਆਂ ਪਸ਼ੂ ਬਿਰਤੀਆਂ ਅਤੇ ਕਾਮ ਦੇ ਵੇਰਵੇ ਹਨ। ਬਲਦੇਵ ਸਿੰਘ ਧਾਲੀਵਾਲ 'ਆਪਣੀ ਸਿਰਜਣਾਤਮਕਤਾ ਤੇ ਕਾਵਿਕਤਾ ਨੂੰ ਸਫਰਨਾਮੇ ਦੇ ਰੂਪਾਕਾਰ ਵਿਚ ਪੜ੍ਹੇ ਜਾਣਾ ਉਚਿਤ ਸਮਝਦਾ ਹੈ (ਥੇਮਜ਼ ਨਾਲ ਵਗਦਿਆਂ), ਡਾ. ਮਨਜੀਤ ਸਿੰਘ ਉੱਤਰ-ਸਥਿਤੀਆਂ ਨਾਲ ਸੰਵਾਦ ਰਚਾਉਂਦਾ ਹੈ (ਸਾਹਿਤ ਵਿਰਸੇ ਦੀ ਸੰਵਾਦਿਕਤਾ), ਇੰਦਰ ਸਿੰਘ ਖਾਮੋਸ਼ ਦਾ ਨਾਵਲ ਇਤਿਹਾਸ ਅਤੇ ਗਲਪ ਦਾ ਸੁਮੇਲ ਹੈ, ਜਿਸ 'ਚ ਨਾਇਕ ਤਾਲਸਤਾਏ ਹੈ (ਕਾਫ਼ਰ ਮਸੀਹਾ), ਡਾ. ਕਰਮਜੀਤ ਸਿੰਘ ਨੇ ਮਿਹਨਤ ਨਾਲ ਫ਼ੀਲਡ ਵਰਕ ਕਰਕੇ 'ਲੋਕ ਗੀਤਾਂ ਦੀ ਪੈੜ' ਫੜੀ ਹੈ। ਇਕਬਾਲਦੀਪ ਦਾ ਕਹਾਣੀ ਸੰਗ੍ਰਹਿ ਮਹਾਂਨਗਰੀ ਬੋਧ ਦੀ ਬਾਤ ਪਾਉਂਦਾ ਹੈ (ਰੂਹ ਦੀ ਜੂਹ), ਰਮੇਸ਼ ਕੁਮਾਰ ਦੇ ਨਵੇਂ ਕਾਵਿ-ਸੰਗ੍ਰਹਿ ਨਿਰਾਸ਼ਾ 'ਚੋਂ ਆਸ਼ਾ ਦੀ ਝਲਕ ਮਿਲਦੀ ਹੈ (ਅਸਹਿਮਤ), ਸਦਾ ਅੰਬਾਲਵੀ ਦਾ ਗ਼ਜ਼ਲ/ਕਾਵਿ ਸੰਗ੍ਰਹਿ ਹੈ-(ਫਿਰ ਨਾ ਮੈਨੂੰ ਕਹਿਣਾ) ਉਸ ਦੀ ਸਾਫ਼ਗੋਈ ਨੂੰ ਸਲਾਮ, ਗੁਰਭਜਨ ਗਿੱਲ ਦਾ (ਗ਼ਜ਼ਲਾਂ, ਨਜ਼ਮਾਂ, ਗੀਤਾਂ) ਦਾ ਸੰਗ੍ਰਹਿ ਹੈ (ਬੋਲ ਮਿੱਟੀ ਦਿਆ ਬਾਵਿਆ)। ਕਰਤਾਰ ਸਿੰਘ ਕਾਲੜਾ ਆਪਣੀ ਸਵੈ-ਜੀਵਨੀ 'ਪੈਰਾਂ ਦੀ ਪਰਵਾਜ਼' ਵਿਚ ਜ਼ੀਰੋ ਤੋਂ ਹਿੰਦਸਾ ਬਣਦਾ ਹੋਇਆ ਅਸਤਿਤਵ ਬੁਲੰਦ ਕਰਦਾ ਹੈ। ਗੁਰਦੀਪ ਆਪਣੇ ਗ਼ਜ਼ਲ ਸੰਗ੍ਰਹਿ ਵਿਚ ਸਾਧਾਰਨ ਘਟਨਾਵਾਂ, ਨਵੀਂ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ (ਆਪਣੇ ਪਲ), ਡਾ. ਰਵੀ ਰਵਿੰਦਰ ਐਨਤੋਨੀਓ ਗ੍ਰਾਮਸ਼ੀ ਦੇ ਜੀਵਨ ਅਤੇ ਚਿੰਤਨ ਦੀ ਪ੍ਰਸਤੁਤੀ ਕਰਦਾ ਹੈ। ਗੁਰਮੁਖ ਸਿੰਘ ਸਹਿਗਲ ਦਾ ਨਾਵਲ ਅਫ਼ਗਾਨਸਤਾਨ ਦੀ ਆਂਚਲਿਕਤਾ 'ਚੋਂ ਹੋਂਦ ਗ੍ਰਹਿਣ ਕਰਦਾ ਹੈ (ਹਿਜਰਤ), ਗੁਰਦਿਆਲ ਦਲਾਲ ਦਾ ਨਾਵਲ 'ਪੈੜਾਂ' ਪੂਰੇ ਢੀਠ ਨਾਇਕ ਦੀ ਪੇਸ਼ਕਾਰੀ ਕਰਦਾ ਹੈ। ਵੀਰਇੰਦਰ ਸਿੰਘ ਪਰਹਾਰ ਦਾ ਨਾਵਲ 'ਇਕ ਕੁੱਤੇ ਦਾ ਆਤਮਕਥਾ' ਐਲੀਗਰੀ ਕਥਾ ਹੈ। ਸੋਹਣੀ ਮਹੀਂਵਾਲ ਦੀ ਪ੍ਰੀਤ ਕਥਾ ਦੀ ਬਿਰਤਾਂਤਕਾਰੀ ਕੀਤੀ ਹੈ 'ਮਾਸ਼ਾ ਕੌਰ' ਨੇ। ਡਾ. ਐਸ. ਐਸ. ਜੌਹਲ ਦੀ ਸਵੈਜੀਵਨੀ 'ਰੰਗਾਂ ਦੀ ਗਾਗਰ' ਦਾ ਮੈਟਾਫ਼ਰ ਆਪਣੇ ਆਪ ਵਿਚ ਜੀਵਨ ਦੀ ਭਰਪੂਰਤਾ ਦਾ ਮੈਟਾਫ਼ਰ ਹੈ। ਇਹ ਪ੍ਰਤਿਭਾ ਸੰਪੰਨ ਸ਼ਖ਼ਸੀਅਤ ਦੀ ਸਵੈ-ਜੀਵਨੀ ਹੈ। ਮੈਂ ਇਸ ਪੁਸਤਕ ਨੂੰ ਪੜ੍ਹਨ ਦੀ ਸਿਫ਼ਾਰਸ਼ ਕਰੇ ਬਿਨਾਂ ਨਹੀਂ ਰਹਿ ਸਕਦਾ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਹਰਫ਼ਾਂ ਦੇ ਅੰਗ ਸੰਗ
ਸੰਪਾਦਕ : ਜੀਵਨ ਸਿੰਘ ਹਾਣੀ, ਵਿਵੇਕ ਕੋਟ ਈਸੇ ਖਾਂ, ਸਰਬਜੀਤ ਭੁੱਲਰ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਮੁੱਲ : 175 ਰੁਪਏ, ਸਫ਼ੇ : 117
ਸੰਪਰਕ : 98147-00305
'ਹਰਫ਼ਾਂ ਦੇ ਅੰਗ ਸੰਗ' ਕਾਵਿ-ਸੰਗ੍ਰਹਿ ਵੱਖ-ਵੱਖ ਕਵੀਆਂ ਦੀਆਂ ਕਲਮਾਂ ਤੋਂ ਹੋਈ ਰਚਨਾ ਹੈ। ਇਸ ਸੰਗ੍ਰਹਿ ਵਿਚ 37 ਕਵੀਆਂ ਦੀਆਂ ਤਿੰਨ-ਤਿੰਨ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਵਿਸ਼ੇ ਪੱਖੋਂ ਵੀ ਵੰਨਗੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਇਹ ਕਵਿਤਾਵਾਂ ਪਾਠਕਾਂ ਨੂੰ ਆਲੇ-ਦੁਆਲੇ ਦੇ ਮਾਹੌਲ ਤੋਂ ਵਾਕਿਫ਼ ਕਰਾਉਂਦੀਆਂ ਹਨ। ਜੀਵਨ ਸਿੰਘ ਹਾਣੀ, ਸੁਖਚਰਨ ਸਿੰਘ ਸਿੱਧੂ, ਸਤਪਾਲ ਖੁੱਲਰ, ਕੁਲਵੰਤ ਜ਼ੀਰਾ, ਗੁਰਦੀਪ ਖਿੰਡਾ, ਅਸ਼ੋਕ ਆਰਜੂ, ਲਾਲੀ ਕਰਤਾਰਪੁਰੀ, ਸਰਬਜੀਤ ਭੁੱਲਰ, ਵਿਵੇਕ ਕੋਟ ਈਸੇ ਖਾਂ, ਸੁਰਜੀਤ ਸਿੰਘ ਕੌਂਕੇ, ਹਰਚੰਦ ਸਿੰਘ ਬਾਸੀ, ਜਸਵਿੰਦਰ ਸੰਧੂ, ਦਲਜੀਤ ਰਾਏ ਕਾਲੀਆ, ਸੁਖਬੀਰ ਹਰੀਕੇ, ਐਸ. ਖੁਸ਼ਹਾਲ ਗੁਲਾਟੀ, ਦਰਸ਼ਨ ਸਿੰਘ ਨੰਦਰਾ, ਹਰੀ ਸਿੰਘ ਸੰਧੂ, ਰਾਜ ਅਰੋੜਾ, ਚੰਦਰ ਮੋਹਨ ਸੇਠੀ, ਬਲਵਿੰਦਰ ਸਿੰਘ ਬੀ.ਏ., ਹਰਭਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਭੱਟੀ, ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਬਿੱਲਾ, ਰਾਮਪਾਲ ਸਿੰਘ, ਨਸੀਬ ਦੀਵਾਨਾ, ਪਿੱਪਲ ਸਿੰਘ ਜ਼ੀਰਾ, ਲਖਬੀਰ ਸਿੰਘ, ਰਾਜੀਵ ਸ਼ਰਮਾ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਖਾਰਾ, ਰਾਜਾ ਮਨੇਸ, ਬਾਜ ਸਿੰਘ ਭੁੱਲਰ, ਤੀਰਥ ਮੱਲ੍ਹੀ, ਰੋਹਿਤ ਭਾਟੀਆ, ਮਾਸਟਰ ਸ਼ਮਸ਼ੇਰ ਸਿੰਘ ਕਵੀਆਂ ਦੀਆਂ ਰਚਨਾਵਾਂ ਇਸ ਸੰਗ੍ਰਹਿ ਦਾ ਸ਼ਿੰਗਾਰ ਬਣੀਆਂ ਹਨ। ਇਹ ਕਵੀ ਕੁਝ ਤਾਂ ਸਥਾਪਿਤ ਕਵੀ ਹਨ ਅਤੇ ਕੁਝ ਨਵੀਆਂ ਕਲਮਾਂ ਨਾਲ ਜੁੜੇ ਹਨ। ਇਸ ਸੰਗ੍ਰਹਿ ਦੇ ਸੰਪਾਦਕ ਵਿਵੇਕ ਨੇ ਦੱਸਿਆ ਹੈ ਕਿ ਇਹ ਪੰਜਾਬ ਪ੍ਰਤੀ ਪ੍ਰੇਮ, ਲੋਕ ਹਿੱਤ, ਮਾਂ ਬੋਲੀ ਦੀ ਤਰੱਕੀ, ਪੰਜਾਬੀ ਸੱਭਿਆਚਾਰ, ਅਜੋਕੇ ਪੰਜਾਬ ਦੀਆਂ ਚੁਣੌਤੀਆਂ ਆਦਿ ਵਿਸ਼ਿਆਂ ਨਾਲ ਜੁੜੀਆਂ ਕਵਿਤਾਵਾਂ ਇਸ ਸੰਗ੍ਰਹਿ ਦਾ ਭਾਗ ਬਣੀਆਂ ਹਨ। ਪ੍ਰੇਰਣਾਦਾਇਕ ਕਵਿਤਾਵਾਂ ਪਾਠਕ ਦਾ ਰਾਹ ਰੌਸ਼ਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ :
ਮੂਰਖ ਕਹਿਮ ਭਗਵਾਨ ਬਦਲਦਾ ਕਿਸਮਤ ਨੂੰ
ਹਿੰਮਤ ਨਾਲ ਇਨਸਾਨ ਬਦਲਦਾ ਕਿਸਮਤ ਨੂੰ
(ਅਸ਼ੋਕ ਆਰਜੂ)
ਸੁਪਨਿਆਂ ਨੂੰ ਜਗਾਉਣਾ ਉਮੀਦ ਨੂੰ ਜਗਾਉਣਾ ਹੈ
ਦਿਲ ਕਰ ਨਾ ਉਦਾਸ ਚੰਗਾ ਸਮਾਂ ਵੀ ਆਉਣਾ ਹੈ
(ਵਿਵੇਕ ਕੋਟ ਈਸੇ ਖਾਂ)
ਕੁਝ ਕਵੀਆਂ ਨੇ ਵਿਅੰਗਾਤਮਕ ਜੁਗਤ ਨਾਲ ਵੀ ਕਾਵਿ ਰਚਨਾ ਕੀਤੀ ਹੈ :
ਜੇ ਕਿਧਰੇ ਮੈਂ ਨੇਤਾ ਹੁੰਦਾ
ਕਈ ਖੱਡਾਂ ਦਾ ਵੇਚਦਾ ਰੇਤਾ ਹੁੰਦਾ।
(ਦਲਜੀਤ ਰਾਏ ਕਾਲੀਆ)
ਨਾਰੀ ਮਨ ਨਾਲ ਅਤੇ ਨਾਰੀ ਸ਼ਕਤੀ ਨਾਲ ਸੰਬੰਧਿਤ ਕਵਿਤਾਵਾਂ ਵੀ ਵੇਖੀਆਂ ਜਾ ਸਕਦੀਆਂ ਹਨ। ਰੱਖੜੀ, ਪੁੱਤਰ ਬਾਝੋਂ ਕਵਿਤਾਵਾਂ ਸਾਡੀ ਲੋਕ ਮਾਨਸਿਕਤਾ ਨਾਲ ਜੁੜੀਆਂ ਹਨ ਜੋ ਲਖਬੀਰ ਸਿੰਘ ਦੀਆਂ ਲਿਖੀਆਂ ਹਨ। ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ (ਮੋਗਾ) ਦਾ ਇਹ ਯਤਨ ਸਾਲਾਹੁਣਯੋਗ ਹੈ। ਬਹੁਤ ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਦੇ ਜ਼ਰੀਏ ਪਾਠਕਾਂ ਦੇ ਸਨਮੁੱਖ ਹੋਣ ਦਾ ਮੌਕਾ ਮਿਲਿਆ ਹੈ।
-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।
ਮੈਂ ਆਦਮ ਨਹੀਂ
ਕਵੀ : ਡਾ. ਪ੍ਰਗਟ ਸਿੰਘ ਜਠੌਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 200 ਰੁਪਏ, ਸਫ਼ੇ : 100
ਸੰਪਰਕ : 098124-01117
ਹਥਲੀ ਕਾਵਿ-ਪੁਸਤਕ ਡਾ. ਪ੍ਰਗਟ ਸਿੰਘ ਜਠੌਲ ਦੀ ਪ੍ਰਥਮ ਪ੍ਰਕਾਸ਼ਿਤ ਕਾਵਿ-ਸਿਰਜਣਾ ਹੈ। 100 ਸਫ਼ੇ ਵਿਚ ਫੈਲੀਆਂ ਕੁੱਲ 33 ਕਵਿਤਾਵਾਂ ਹਨ, ਜਿਹੜੀਆਂ ਕਿ ਵਾਰਤਕ ਕਵਿਤਾਵਾਂ ਹਨ ਪਰ ਤਿੰਨ ਕੁ ਕਾਵਿ-ਰਚਨਾਵਾਂ ਗ਼ਜ਼ਲ ਜਿਹੀ ਦਿੱਖ ਤੇ ਸਰੂਪ ਪੇਸ਼ ਕਰਦੀਆਂ ਹਨ। ਵਿਦਵਾਨ ਸਤੀਸ਼ ਕੁਮਾਰ ਵਰਮਾ ਇਸ ਪੁਸਤਕ ਦੇ ਆਦਿ ਕਥਨ ਵਿਚ ਲਿਖਦੇ ਹਨ ਕਿ ਪ੍ਰਗਟ ਕਾਵਿ ਵਿਚਲੇ ਕਾਵਿ-ਸੰਸਾਰ ਦੇ ਸਮਾਨਾਂਤਰ ਉਸ ਦਾ ਕਾਵਿ-ਸੰਚਾਰ ਵੀ ਗੌਲਣਯੋਗ ਹੈ। ਮਸਲਨ ਉਹ ਸੂਤਰਕ ਸ਼ੈਲੀ ਦੀ ਵਰਤੋਂ ਕਰਦਾ ਹੈ। ਇਸੇ ਲਈ ਉਸ ਦੀ ਕਵਿਤਾ ਦੀਆਂ ਸਤਰਾਂ ਟੂਕਾਂ ਬਣਨ ਦੇ ਯੋਗ ਹਨ। ਇਹੀ ਕਾਰਨ ਹੈ ਕਿ ਉਹ ਸਥੂਲ ਵਸਤਾਂ ਦਾ ਮਾਨਵੀਕਰਨ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਜਠੌਲ ਦੀ ਕਵਿਤਾ ਦੇ ਕੁਝ ਨਮੂਨੇ ਇਥੇ ਦਰਜ ਹਨ :
-ਤੂੰ ਰੋਣਾ ਕਿਉਂ ਨਹੀਂ ਸਿਖਾਇਆ ਮਾਂ/ਕਿਉਂ ਮੈਨੂੰ ਵਰਜਦੀ ਰਹੀ ਰੋਣ ਤੋਂ/ਅਖੇ ਮੁੰਡੇ ਥੋੜ੍ਹਾ ਰੋਂਦੇ ਨੇ/ਕਿਉਂ ਨਹੀਂ ਰੋ ਸਕਦੇ/ਮੈਂ ਅੱਜ ਤੈਨੂੰ ਦੱਸਦਾ ਹਾਂ ਕਿ ਰੋਣਾ ਕਿੰਨਾ ਜ਼ਰੂਰੀ ਹੈ...
-ਬਾਪੂ ਤੂੰ ਸਾਡਾ/ਗਰੂਰ ਹੈਂ/ਅਸੀਂ ਅਕਸ ਹਾਂ ਤੇਰੇ/ਸਾਡਾ ਰੋਣਾ ਬੇਸ਼ੱਕ ਮਾਂ ਵਰਗਾ/ਪਰ ਭੀੜ ਪੈਣ 'ਤੇ ਡਟ ਜਾਣਾ/ਤੂੰ ਹੀ ਤਾਂ ਹੈਂ ਬਾਪੂ...
-ਮੈਂ ਜਦੋਂ ਬਹੁਤ ਨੇੜਿਉਂ/ਨਵੇਂ ਆ ਰਹੇ ਪੱਤਿਆਂ ਨੂੰ/ਹੈਰਾਨੀ ਨਾਲ ਤੱਕਿਆ/ਤੇ ਤੱਕਿਆ ਅੱਜ ਹੀ ਫੁੱਟੀਆਂ/ਨਵੀਆਂ ਕਰੂੰਬਲਾਂ ਨੂੰ/ਇਨ੍ਹਾਂ ਦਾ ਰੰਗ ਲਾਲ ਸੀ/ਲਹੂ ਵਰਗਾ/ਲੱਗਿਆ ਇਹ ਨਵਾਂ ਲਹੂ ਹੈ/ਜੋ ਮੱਥਾ ਲਾਏਗਾ/ਆਉਣ ਵਾਲੇ ਸਮੇਂ ਵਿਚ ਸੂਰਜ ਨਾਲ...
ਜਠੌਲ ਦਾ ਇਕ ਸ਼ਿਅਰ ਹੈ :
ਮੇਰੇ ਆਪਣਿਆਂ 'ਚੋਂ ਮੈਂ
ਹੁਣ ਗ਼ੈਰ ਹੁੰਦਾ ਜਾ ਰਿਹਾਂ
ਮੈਂ ਇਕ ਛੋਟਾ ਜਿਹਾ ਪਿੰਡ ਸੀ
ਹੁਣ ਸ਼ਹਿਰ ਹੁੰਦਾ ਜਾ ਰਿਹਾਂ
ਇਸ ਸ਼ਿਅਰ ਵਿਚ ਕਵੀ ਨੇ ਪਿੰਡਾਂ ਵਿਚਲੇ ਮੇਲ-ਮਿਲਾਪ ਦੇ ਸੱਭਿਆਚਾਰ ਨੂੰ ਬੇਗ਼ਾਨਗੀ ਦੇ ਰੰਗ ਵਿਚ ਭਾਵ ਸ਼ਹਿਰੀਕਰਨ ਵਿਚ ਤਬਦੀਲ ਹੁੰਦਾ ਵੇਖ ਕੇ ਵਿਅੰਗ ਕੱਸਿਆ ਹੈ। ਸਾਰੀਆਂ ਕਵਿਤਾਵਾਂ ਭਾਵੇਂ ਵਾਰਤਕ ਕਵਿਤਾ ਦੇ ਸਰੂਪ ਵਿਚ ਹਨ ਪਰ ਵਿਚਾਰਾਂ ਤੇ ਜਜ਼ਬਾਤਾਂ ਦੇ ਵਹਾਅ ਵਿਚ ਪਾਠਕ ਨੂੰ ਅੜਚਣ ਨਹੀਂ ਆਉਂਦੀ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਗੋਲਡਨ ਪੰਚ
ਲੇਖਕ : ਬਲਵੰਤ ਸਿੰਘ ਸੰਧੂ
ਪ੍ਰਕਾਸ਼ਿਤ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫੇ : 127
ਸੰਪਰਕ: 98886-58185
'ਗੋਲਡਨ ਪੰਚ' ਨਾਵਲ ਦੇ ਬਿਰਤਾਂਤ ਅਨੁਸਾਰ ਖੁਨਾਲ ਖੁਰਦ ਜ਼ਿਲ੍ਹਾ ਸੰਗਰੂਰ ਦੇ ਪਿੰਡ ਦਾ ਇਕ ਸਧਾਰਨ ਕਿਸਾਨ ਪਰਿਵਾਰ ਦਾ ਹੁੰਦੜਹੇਲ ਬੱਚਾ ਕੌਰਾ ਆਪਣੇ ਹਾਣੀਆਂ ਨਾਲੋਂ ਕਾਫੀ ਜਵਾਨ ਸੀ। ਮਾਪਿਆਂ ਨੇ ਉਸ ਦੇ ਖਾਣ ਪੀਣ ਵਿਚ ਕੋਈ ਕਸਰ ਨਹੀਂ ਛੱਡੀ ਸੀ ਤੇ ਉਹ ਵੀ ਆਪਣੇ ਜ਼ੋਰ ਨੂੰ ਸਾਰਥਿਕ ਪਾਸੇ ਲਾਉਣ ਤੋਂ ਨਹੀਂ ਝਿਜਕਿਆ। ਮਾਪਿਆਂ ਦਾ ਸਾਊ ਤੇ ਕਮਾਊ ਪੁੱਤ ਬਣ ਕੇ ਪਹਿਲਾਂ ਖੇਤਾਂ ਵਿਚ ਫਿਰ ਫੌਜ ਵਿਚ ਭਰਤੀ ਹੋ ਕੇ ਆਪਣੇ ਜ਼ੋਰ ਦੇ ਜਲਵੇ ਦਿਖਾਉਂਦਾ ਹੋਇਆ ਇਕ ਜਗਤ ਪ੍ਰਸਿੱਧ ਮੁੱਕੇਬਾਜ਼ ਬਣ ਕੇ 'ਪਦਮ ਸ਼੍ਰੀ' ਅਤੇ ਅਰਜਨ ਐਵਾਰਡ' ਵਰਗੇ ਵੱਕਾਰੀ ਮਾਣ ਸਨਮਾਨ ਹਾਸਲ ਕੀਤੇ ਅਤੇ ਉਲੰਪੀਅਨ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ। ਫੌਜ ਅਤੇ ਪੰਜਾਬ ਪੁਲਿਸ ਵਿਚ ਮੁੱਕੇਬਾਜ਼ੀ ਦੇ ਸੁਹਿਰਦ ਕੋਚ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਫਿਰ ਖੇਤਾਂ ਦਾ ਪੁੱਤ ਬਣ ਗਿਆ। ਨਾਵਲ ਦਾ ਬਿਰਤਾਂਤ ਸਪਸ਼ਟ ਕਰਦਾ ਹੈ ਕਿ ਹਰ ਖਿਡਾਰੀ/ ਮਹਾਨ ਵਿਅਕਤੀ ਦੀ ਕੁਸ਼ਲ ਕਾਰਗੁਜ਼ਾਰੀ ਪਿੱਛੇ ਘਰ ਪਰਿਵਾਰ, ਚੰਗਾ ਪਾਲਣ ਪੋਸ਼ਣ, ਖਿਡਾਰੀ ਦੀ ਸੁਹਿਰਦਤਾ ਭਰੀ ਮਿਹਨਤ, ਨੇਕ ਭਾਵਨਾ, ਸਾਫ਼ ਨੀਅਤ, ਚੰਗਾ ਕਿਰਦਾਰ, ਖੇਡ ਵਿਭਾਗ ਤੇ ਸਰਕਾਰਾਂ ਦੇ ਚੰਗੇ ਸਹਿਯੋਗ ਦਾ ਵੱਡਾ ਹੱਥ ਹੁੰਦਾ ਹੈ। ਪਰ ਇਕ ਤਰਾਸਦੀ ਵੀ ਹੈ ਮਹਾਨ ਪ੍ਰਾਪਤੀਆਂ ਕਰਨ ਵਾਲਿਆਂ ਦਾ ਗੁੰਮਨਾਮੀ ਜੀਵਨ ਨਿਰਾਸ਼ਾ ਦੇ ਪਸਾਰੇ ਵਿਚ ਹੀ ਵਾਧਾ ਕਰਦਾ ਹੈ। ਵੱਖ-ਵੱਖ ਦੇਸ਼ੀ-ਵਿਦੇਸ਼ੀ ਖੇਡ ਮੁਕਾਬਲਿਆਂ ਦੇ ਸ਼ੁਰੂਆਤੀ ਮਿਥਿਹਾਸ/ਇਤਿਹਾਸ, ਖੇਡਾਂ ਦੇ ਜਨਮ ਸਥਾਨਾਂ/ਖੇਤਰਾਂ ਦਾ ਵਿਸਥਾਰ ਪੂਰਵਕ ਜ਼ਿਕਰ 'ਗੋਲਡਨ ਪੰਚ' ਨਾਵਲ ਦੀ ਪ੍ਰੋੜਤਾ ਵਿਚ ਹੋਰ ਵਾਧਾ ਕਰਦਾ ਹੈ। ਵੱਖ-ਵੱਖ ਖੇਡ ਸਟੇਡੀਅਮ ਵਿਚ ਹੋਏ ਗਹਿਗੱਚ ਮੁਕਾਬਲਿਆਂ ਦੇ ਪ੍ਰਦਰਸ਼ਨ ਨੂੰ ਇਕ ਵਧੀਆ ਢੰਗ ਨਾਲ ਇੰਝ ਕਲਮਬੱਧ ਕੀਤਾ ਹੋਇਆ ਹੈ ਕਿ ਜਿਸ ਨੂੰ ਪੜ੍ਹਦਿਆਂ-ਪੜ੍ਹਦਿਆਂ ਮੁੱਕੇਬਾਜ਼ਾਂ ਦੀਆਂ ਪ੍ਰਾਪਤੀਆਂ ਉਤੇ ਵੱਜਦੀਆਂ ਤਾੜੀਆਂ ਦੀ ਗੂੰਜ ਵਿਚ ਖੁਦ ਹਾਜ਼ਰ ਹੋਣ ਦਾ ਭਰਮ ਪੈਦਾ ਹੋ ਜਾਂਦਾ ਹੈ। ਜੇਕਰ 'ਪਦਮ ਸ਼੍ਰੀ' ਕੌਰ ਸਿੰਘ ਦੀ ਕੋਈ ਮਾਣ-ਮੱਤੀ ਤਸਵੀਰ ਵੀ, ਇਸ ਨਾਵਲ ਵਿਚ ਛਾਪੀ ਗਈ ਹੁੰਦੀ ਤਾਂ ਇਸ ਨਾਵਲ ਨੂੰ ਹੋਰ ਵੀ ਚਾਰ ਚੰਨ ਲੱਗ ਸਕਦੇ ਸਨ । ਆਸ ਹੈ ਕਿ ਅੱਗੇ ਤੋਂ ਬਲਵੰਤ ਸਿੰਘ ਸੰਧੂ ਅਜਿਹੇ ਕਿਸੇ ਹੋਰ ਨਵੇਂ ਨਾਵਲ ਦੀ ਵਿਉਂਤਬੰਦੀ ਕਰਨ ਸਮੇਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੇਗਾ। ਬਾਕੀ ਕੁੱਲ ਮਿਲਾ ਕੇ ਇਹ ਨਾਵਲ 'ਗੋਲਡਨ ਪੰਚ' ਹਰ ਪੱਖੋਂ ਸਫ਼ਲ ਨਾਵਲ ਹੈ ਜੋ ਖੇਡ ਜਗਤ ਖਾਸ ਕਰਕੇ ਮੁੱਕੇਬਾਜ਼ੀ ਦੇ ਖਿਡਾਰੀਆਂ ਨੂੰ ਕੋਈ ਨਵੀਂ ਸੇਧ ਦੇਣ ਵਿਚ ਸਫਲ ਜ਼ਰੂਰ ਹੋਵੇਗਾ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਸੋਨੇ ਦੀ ਚਿੜੀ
ਵਕਤ
ਲੇਖਕ : ਪ੍ਰਿੰ. ਗੁਰਦੀਪ ਸਿੰਘ ਰੰਧਾਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 119
ਸੰਪਰਕ : 98727-72187
'ਸੋਨੇ ਦੀ ਚਿੜੀ : ਵਕਤ' ਪ੍ਰਿੰ. ਗੁਰਦੀਪ ਸਿੰਘ ਰੰਧਾਵਾ ਦੀ ਵਾਰਤਕ ਪੁਸਤਕ ਦੀ ਦੂਸਰੀ ਛਾਪ ਹੈ। ਇਸ ਪੁਸਤਕ ਰਾਹੀਂ ਰੰਧਾਵਾ ਜੀ ਇਕ ਸੰਤੁਲਿਤ, ਸਿਹਤਮੰਦ ਤੇ ਪੁਸ਼ਟ ਆਚਰਣ ਵਾਲਾ ਮਨੁੱਖ ਤਿਆਰ ਕਰਨ ਵੱਲ ਰੁਚਿਤ ਹਨ। ਲੇਖਕ ਵਕਤ ਜਾਂ ਸਮੇਂ ਨੂੰ ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਸਮਝਦਾ ਹੈ। ਵਕਤ ਹੀ ਲੇਖਕ ਦੇ ਜੀਵਨ ਦੀਆਂ ਕਈ ਮੰਜ਼ਿਲਾਂ ਤੈਅ ਕਰਦਾ ਹੈ। ਉਹ ਭੂਤ ਜਾਂ ਭਵਿੱਖ ਦੀ ਥਾਂ ਵਰਤਮਾਨ ਨੂੰ ਮਨੁੱਖ ਦੇ ਜੀਵਨ ਵਿਚ ਲਾਹੇਵੰਦ ਸਮਝਦਾ ਹੈ। ਮਨੁੱਖ ਵਰਤਮਾਨ ਵਿਚ ਜੀਅ ਕੇ ਹੀ ਆਪਣਾ ਲਕਸ਼ ਅਤੇ ਮੰਤਵ ਪੂਰਾ ਕਰ ਸਕਦਾ ਹੈ। ਜ਼ਿੰਦਗੀ ਅਤੇ ਮੌਤ ਵੀ ਵਕਤ ਹੀ ਤੈਅ ਕਰਦਾ ਹੈ।ਲੇਖਕ ਦਾ ਮੱਤ ਹੈ ਕਿ ਪੁਸ਼ਟ ਸਰੀਰ ਅਤੇ ਸਿਹਤਮੰਦ ਕਾਇਆ ਹੀ ਮਨੁੱਖ ਨੂੰ ਚੜ੍ਹਦੀ ਕਲਾ 'ਚ ਅਤੇ ਪ੍ਰਸੰਨ ਰੱਖ ਸਕਦੀ ਹੈ। ਇਸੇ ਲਈ ਉਹ ਸਰੀਰਕ ਰਚਨਾ ਬਾਰੇ ਦੱਸਦਿਆਂ, ਉਸ ਦੀ ਪੂਰਤੀ ਲਈ ਲੋੜੀਂਦੇ ਵਿਟਾਮਨਾਂ, ਪ੍ਰੋਟੀਨਾਂ, ਤੱਤਾਂ ਦੀ ਸੂਚਨਾ ਦਿੰਦਾ ਹੈ। ਕਿਹੜੇ ਅੰਗ ਲਈ ਕਿਹੜੇ ਤੱਤ ਲੈਣੇ ਚਾਹੀਦੇ ਹਨ, ਇਨ੍ਹਾਂ ਨੂੰ ਵਿਸਥਾਰ ਵਿਚ ਦੱਸਦਾ ਹੈ। ਲੰਮੀ ਉਮਰ ਅਤੇ ਨਿਰੋਗ ਸਰੀਰ ਦੀ ਮਾਨਤਾ ਲਈ ਸੰਤੁਲਿਤ ਭੋਜਨ ਤੇ ਖੁਰਾਕ ਮਨੁੱਖ ਲਈ ਅਤਿ ਜ਼ਰੂਰੀ ਹਨ। ਚੰਗਾ ਆਚਰਣ ਵੀ ਸਮਾਜਿਕ ਮਨੁੱਖ ਲਈ ਅਤਿ ਲੋੜੀਂਦਾ ਤੱਤ ਹੈ। ਇਸ ਦੀ ਸਹਾਇਤਾ ਨਾਲ ਮਨੁੱਖ ਕਈ ਤਰ੍ਹਾਂ ਦੀਆਂ ਬੁਲੰਦੀਆਂ ਛੋਹ ਸਕਦਾ ਹੈ। ਭੈੜੇ ਆਚਰਣ ਵਾਲਾ ਵਿਅਕਤੀ ਸਮਾਜ ਨੂੰ ਤਾਂ ਡੋਬਦਾ ਹੀ ਹੈ, ਆਪ ਵੀ ਡੁੱਬਦਾ ਹੈ। ਲੇਖਕ ਦੀ ਵਾਰਤਕ ਬਿਲਕੁਲ ਸਿੱਧੀ, ਸਪੱਸ਼ਟ ਤੇ ਸਾਫ਼-ਸਫ਼ਾਫ ਹੈ। ਉਹ ਇਸ ਨੂੰ ਆਦਰਸ਼ਕ ਬਣਾਉਣ ਲਈ ਫਾਲਤੂ ਤਸ਼ਬੀਹਾਂ, ਅਲੰਕਾਰਾਂ, ਮੁਹਾਵਰਿਆਂ, ਅਖਾਣਾਂ, ਕਾਵਿ-ਟੁਕੜੀਆਂ, ਉਰਦੂ ਸ਼ਿਅਰਾਂ ਦੇ ਭਾਰੇ ਭਰਕਮ ਗਹਿਣੇ ਨਹੀਂ ਪਹਿਨਾਉਂਦਾ। ਉਹ ਸਿਰਫ਼ ਆਪਣੀਆਂ ਲਾਭਕਾਰੀ ਗੱਲਾਂ ਪਾਠਕਾਂ ਤੀਕ ਪਹੁੰਚਾਉਣ ਲਈ ਸਾਦੀ ਜ਼ਬਾਨ ਵਿਚ ਪ੍ਰਵਚਨ ਕਰਦਾ ਹੈ। ਡੂਜ਼ ਅਤੇ ਡੋਂਟਸ ਦੀ ਵਰਤੋਂ ਕਰਦਾ ਹੈ। ਹਾਂ, ਕਿਤੇ ਕਿਤੇ ਮਨੁੱਖ ਦੇ ਮਾੜੇ ਆਚਰਣ ਨੂੰ ਜ਼ਾਹਿਰ ਕਰਨ ਲਈ ਕੁਝ ਦਿਸ਼ਟਾਂਤ ਜਾਂ ਕਹਾਣੀਆਂ ਜ਼ਰੂਰ ਜੋੜਦਾ ਹੈ। ਉਸ ਦੀਆਂ ਕੁਝ ਕਵਿਤਾਵਾਂ ਵੀ ਵਾਰਤਕ ਵੱਲ ਸਰਲ ਅਤੇ ਸਾਦਾ ਹਨ। ਉਸ ਦੀ ਸਰਲ ਅਤੇ ਸਾਦਾ ਵਾਰਤਕ ਹੀ ਉਸ ਦੇ ਲੇਖਾਂ ਦਾ ਪੀਰੀ ਗੁਣ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਬੰਸਰੀ 'ਚ ਕੈਦ ਸੁਰ
ਲੇਖਕ : ਰਮਨ ਸੰਧੂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97799-11773
ਰਮਨ ਸੰਧੂ ਦਾ ਇਹ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਤੱਕ ਪਹੁੰਚਦਿਆਂ ਰਮਨ ਸੰਧੂ ਪੰਜਾਬੀ ਗ਼ਜ਼ਲਕਾਰੀ ਵਿਚ ਆਪਣੀ ਪੁਖਤਗੀ ਨੂੰ ਹੋਰ ਵਧੇਰੇ ਸ਼ਿੱਦਤ ਨਾਲ ਦਰਜ ਕਰਵਾ ਰਿਹਾ ਪ੍ਰਤੀਤ ਹੁੰਦਾ ਹੈ। ਉਹ ਉਨ੍ਹਾਂ ਚੋਣਵੇਂ ਪੰਜਾਬੀ ਗ਼ਜ਼ਲਗੋਆਂ ਵਿਚੋਂ ਹੈ ਜਿਨ੍ਹਾਂ ਨੂੰ ਗ਼ਜ਼ਲੀਅਤ ਦੀ ਸਮਝ ਵੀ ਹੈ ਅਤੇ ਗ਼ਜ਼ਲ ਤਕਨੀਕ ਦਾ ਚੋਖਾ ਗਿਆਨ ਵੀ। ਇਸ ਸੰਗ੍ਰਹਿ ਵਿਚ ਭਾਵੇਂ ਉਸ ਨੇ ਬਹਿਰਾਂ ਦੀ ਵੰਨ-ਸੁਵੰਨਤਾ ਉੱਤੇ ਬਹੁਤ ਜ਼ੋਰ ਨਹੀਂ ਪਾਇਆ ਪਰ ਜਿਹੜੀ ਵੀ ਬਹਿਰ ਵਿਚ ਲਿਖਿਆ ਉਸ ਨੂੰ ਪੂਰੀ ਤਰ੍ਹਾਂ ਨਿਭਾਉਣ ਦਾ ਯਤਨ ਵੀ ਕੀਤਾ ਅਤੇ ਨਵੇਂ ਵਿਚਾਰਾਂ, ਗਹਿਰੇ ਅਹਿਸਾਸਾਂ ਅਤੇ ਸਮਕਾਲੀ ਸਰੋਕਾਰਾਂ ਨੂੰ ਆਪਣੀ ਲਿਖਤ ਦਾ ਹਿੱਸਾ ਵੀ ਬਣਾਇਆ। ਉਸ ਦੀ ਗ਼ਜ਼ਲ ਉਸ ਰਵਾਇਤੀ ਗ਼ਜ਼ਲ ਦੀਆਂ ਉਨ੍ਹਾਂ ਬੰਦਸ਼ਾਂ ਨੂੰ ਤੋੜਦੀ ਹੋਈ ਅੱਗੇ ਵਧਦੀ ਹੈ, ਜਿਹੜੀ ਇਸ਼ਕ-ਮੁਹੱਬਤ ਦੇ ਅਹਿਸਾਸਾਂ ਨੂੰ ਸ਼ਿਅਰੀਅਤ ਵਿਚ ਢਾਲ ਕੇ ਦਰਬਾਰੀ ਮਨੋਰੰਜਨ ਨੂੰ ਚਾਵਾਂ ਨਾਲ ਪੇਸ਼ ਕਰਨ ਅਤੇ ਗਾਉਣ-ਵਜਾਉਣ ਤੱਕ ਸੀਮਤ ਰਹਿੰਦੀ ਸੀ। ਅਜਿਹੀ ਰਵਾਇਤਾਂ ਨੂੰ ਤੋੜਨ ਵਾਲਾ ਭਾਵੇਂ ਉਹ ਪਹਿਲਾ ਪੰਜਾਬੀ ਗ਼ਜ਼ਲਗੋ ਨਹੀਂ ਪਰ ਉਸ ਦੀ ਪੁਖ਼ਤਗੀ ਬੇਹੱਦ ਵਿਲੱਖਣ ਹੈ। ਆਪਣੇ ਇਸ ਵੱਖਰੇਪਨ ਦੇ ਅਹਿਸਾਸ ਬਾਰੇ ਉਹ ਚੇਤੰਨ ਵੀ ਹੈ ਅਤੇ ਆਪਣੀ ਇਸ ਸਜੱਗਤਾ ਨੂੰ ਉਹ ਆਪਣੀ ਗ਼ਜ਼ਲ ਦਾ ਵਿਸ਼ਾ ਵੀ ਬਣਾਉਂਦਾ ਹੈ।
ਤੁਸੀਂ ਕਹਿੰਦੇ ਹੋ ਸ਼ਾਇਰ ਬਣਨ ਦੇ
ਕਾਬਿਲ ਨਹੀਂ ਹਾਂ ਮੈਂ
ਚੱਲੋ ਚੰਗਾ ਹੀ ਹੈ,
ਜੋ ਭੀੜ ਵਿਚ ਸ਼ਾਮਿਲ ਨਹੀਂ ਹਾਂ ਮੈਂ।
(ਸਫ਼ਾ 32)
ਇਹ ਗ਼ਜ਼ਲ ਮਾਨਵੀ ਰਿਸ਼ਤਿਆਂ ਦੇ ਗ਼ਹਿਰੇ ਅਹਿਸਾਸਾਂ ਨਾਲ ਗੜੁੱਚ ਗ਼ਜ਼ਲ ਹੈ। 'ਮਾਂ' ਵਰਗਾ ਪਵਿੱਤਰ ਰਿਸ਼ਤਾ ਜਦੋਂ ਗ਼ਜ਼ਲ ਵਿਚ ਨਿਭਦਾ ਹੈ ਤਾਂ ਇਹ ਵੀ ਆਪਣੇ-ਆਪ ਵਿਚ ਨਵੀਂ ਗ਼ਜ਼ਲ ਦੇ ਨਵੇਂ ਰੰਗ ਵਾਂਗ ਹੀ ਪੇਸ਼ ਹੋ ਰਿਹਾ ਹੈ।
ਕਿਵੇਂ ਇਕ ਲਫ਼ਜ਼
ਆਪਣੇ ਆਪ ਨੂੰ ਵਿਸਥਾਰ ਦਿੰਦਾ ਹੈ
ਕਿ ਮਾਂ ਦਾ ਔਂਤਰਾ
ਕਹਿਣਾ ਵੀ ਸੀਨਾ ਠਾਰ ਦਿੰਦਾ ਹੈ।
(ਸਫ਼ਾ 18)
ਰਾਜਨੀਤਕ ਸਰੋਕਾਰ, ਸਮਾਜਿਕ ਰਿਸ਼ਤੇ, ਇਤਿਹਾਸ ਮਿਥਿਹਾਸ ਦੇ ਹਵਾਲੇ ਉਸ ਦੀਆਂ ਗ਼ਜ਼ਲਾਂ ਵਿਚ ਨਵੇਂ ਸੰਕਲਪ ਅਤੇ ਨਵੇਂ ਅਰਥ ਪੇਸ਼ ਕਰਦੇ ਦਿਸਦੇ ਹਨ। ਉਹ ਬਹੁਤ ਸਹਿਜ ਭਰੇ ਅੰਦਾਜ਼ ਨਾਲ ਇਨ੍ਹਾਂ ਹਵਾਲਿਆਂ ਨੂੰ ਵਰਤਦਾ ਹੋਇਆ ਕਿ ਨਵਾਂ ਬੋਧ ਜਗਾਉਣ ਦਾ ਯਤਨ ਕਰਦਾ ਹੈ।
-ਕਿਸੇ ਨੂੰ ਖਾ ਗਈ ਭਟਕਣ,
ਤੇ ਕੁਝ ਵਾਪਸ ਪਰਤ ਆਏ
ਨਹੀਂ, ਉਹ ਸਭ ਨਹੀਂ ਗੌਤਮ ਬਣੇ,
ਜਿਨ੍ਹਾਂ ਨੇ ਘਰ ਛੱਡਿਆ। (ਸਫ਼ਾ 17)
-ਮੇਰੇ ਖ਼ਾਬਾਂ 'ਚ ਕਿਉਂ ਰਲਗੱਡ ਨੇ
ਮਿਥਿਹਾਸ ਦੇ ਨਾਟਕ
ਮੇਰੇ ਖ਼ਾਬਾਂ 'ਚ ਦੁਰਯੋਜਨ,
ਪੰਚਾਲੀ ਹਾਰ ਦੇਂਦਾ ਹੈ। (ਸਫ਼ਾ 18)
-'ਕੋਈ ਰਾਧਾ ਜਿਹੀ ਹੋਵੇ'
ਮੇਰਾ ਏਨਾ ਹੀ ਕਹਿਣਾ ਸੀ
ਕਦੇ ਇਸਨੇ, ਕਦੇ ਉਸਨੇ,
ਫੜਾ'ਤੀ ਬੰਸਰੀ ਮੈਨੂੰ (ਸਫ਼ਾ 24)
ਰਾਜਨੀਤਕ ਸਰੋਕਾਰਾਂ ਅਤੇ ਰਾਜਸੀ ਵਿਸੰਗਤੀਆਂ ਨੂੰ ਵੀ ਅਤਿ ਸੂਖ਼ਮ ਅੰਦਾਜ਼ ਵਿਚ ਸ਼ਿਅਰਾਂ ਵਿਚ ਪਰੋਣਾ ਉਸ ਨੂੰ ਭਲੀ-ਭਾਂਤ ਆਉਂਦਾ ਹੈ।
-ਉਹ ਬੱਚੇ ਸਮਾਂ ਪਾ ਕੇ ਸਿਆਸਤਦਾਨ ਬਣ ਜਾਣੇ
ਜੋ ਲੈ ਕੇ ਫਿਰ ਰਹੇ ਫਿਰਕਾਪ੍ਰਸਤੀ ਬਸਤਿਆਂ ਅੰਦਰ
(ਸਫ਼ਾ 33)
-ਕੋਈ ਤਾਂ ਖੋਟ ਹੋਵੇਗੀ, ਉਨ੍ਹਾਂ ਦੇ ਜਜ਼ਬਿਆਂ ਅੰਦਰ
ਕਿਸਾਨਾਂ ਦੀ ਜੋ ਗੱਲ ਕਰਦੇ ਨੇ
ਏ.ਸੀ. ਕਮਰਿਆਂ ਅੰਦਰ (ਸਫ਼ਾ 33)
-ਚਲੋ ਅੱਜ ਫੇਰ ਸੁਣ ਲੈਂਦੇ ਹਾਂ
ਉਸ ਦੇ 'ਮਨ ਦੀਆਂ ਬਾਤਾਂ'
ਮਲਾਹ ਦੇ ਇਵਜ਼ ਵਿਚ,
ਕਿਸ਼ਤੀ ਨੂੰ ਜੋ ਪਤਵਾਰ ਦਿੰਦਾ ਹੈ (ਸਫ਼ਾ 18)
ਇਹ ਪੁਸਤਕ ਉਸ ਸਿਤਾਰੇ ਨੂੰ ਸਮਰਪਿਤ ਹੈ ਜਿਸ ਨੇ ਕਦੇ ਸ਼ਾਇਰ ਨੂੰ ਕਿਹਾ ਸੀ 'ਇਹ ਸਿਤਾਰਾ ਹਮੇਸ਼ਾ ਨਾਲ ਰੱਖਿਆ ਕਰ-ਤੈਨੂੰ ਏਦਾਂ ਮਹਿਸੂਸ ਹੋਊ ਜਿਵੇਂ ਮੈਂ ਤੇਰੇ ਨਾਲ ਹਾਂ'' ਪੁਸਤਕ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਇਨ੍ਹਾਂ ਸ਼ਿਅਰਾਂ ਵਿਚ ਧੜਕਦੀ ਗ਼ਜ਼ਲੀਅਤ ਹਮੇਸ਼ਾ ਸ਼ਾਇਰ ਦੇ ਨਾਲ-ਨਾਲ ਹੈ
ਜੜ੍ਹਾਂ ਤੀਕਰ ਤਰੇੜਾਂ ਪੈਣ 'ਤੇ ਵੀ
ਢਹਿਣ ਤੋਂ ਬਚਿਐ
ਪਤਾ ਨ੍ਹੀਂ ਆਪਣੇ ਰਿਸ਼ਤੇ ਨੂੰ
ਐਸਾ ਆਸਾਰ ਕਾਹਦਾ
-ਤੂੰ ਮੇਰੀ ਪੈੜ ਤੇ ਭੱਜ ਕੇ ਵੀ,
ਮੇਰੇ ਨਾਲ ਰਲ ਸਕਦੈਂ?
ਜੋ ਕੋਸ਼ਿਸ਼ ਨਾਲ ਮਿਟ ਜਾਵੇ,
ਭਲਾ ਉਹ ਫ਼ਾਸਲਾ ਕਾਹਦਾ।
(ਸਫ਼ਾ 19)
ਇਸ ਤਰ੍ਹਾਂ ਦੀਆਂ ਸੂਖ਼ਮ ਭਾਵੀ, ਬਰੀਕ ਅਹਿਸਾਸ ਵਾਲੀਆਂ ਗ਼ਜ਼ਲਾਂ ਪੰਜਾਬੀ ਗ਼ਜ਼ਲਕਾਰੀ ਵਿਚ ਬਹੁਤ ਵਿਰਲੀਆਂ ਹਨ ਜਦੀਦ ਗ਼ਜ਼ਲਕਾਰੀ ਦੀਆਂ ਝਲਕਾਂ ਨਾਲ ਭਰੀ ਹੋਈ ਇਹ ਪੁਸਤਕ ਨਵੇਂ ਰੰਗਾਂ ਦੀ ਨਵੀਂ ਭਾਹ ਲੈ ਕੇ ਆਈ ਹੈ। ਰਮਨ ਸੰਧੂ ਨੂੰ ਆਪਣੇ ਅੰਤਹਕਰਣ ਨੂੰ ਨਵੇਂ ਅਰਥਾਂ ਵਾਲੇ ਸ਼ਬਦਾਂ ਵਿਚ ਢਾਲਣ ਦਾ ਹੁਨਰ ਆਉਂਦਾ ਹੈ। ਉਸ ਦਾ ਇਕ ਸ਼ਿਅਰ ਉਸ ਦੇ ਇਸ ਹੁਨਰ ਦੀ ਗਵਾਹੀ ਦਿੰਦਾ ਹੈ
-ਤੁਸੀਂ ਹੈਰਾਨ ਨਾ ਹੋਇਓ,
ਅਗਰ ਮੈਂ ਹੋ ਗਿਆ ਸ਼ਾਇਰ
ਮੈਂ ਹਰ ਇਕ ਦਰਦ ਨੂੰ ਲਫ਼ਜ਼ਾਂ 'ਚ
ਢਾਲਣ ਦਾ ਹੁਨਰ ਰੱਖਦਾਂ
(ਸਫ਼ਾ 25)
ਸੁੰਦਰ ਛਪਾਈ ਵਾਲੇ ਖ਼ੂਬਸੂਰਤ ਗ਼ਜ਼ਲ ਸੰਗ੍ਰਹਿ ਦਾ ਭਰਪੂਰ ਸਵਾਗਤ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਮੋਹ
ਲੇਖਕ: ਅਕਾਸ਼ਦੀਪ
ਪ੍ਰਕਾਸ਼ਕ: ਗਰੈਵਟੀ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 182
ਸੰਪਰਕ : 79739-56082
ਮੋਹ ਅਕਾਸ਼ਦੀਪ ਦੀ ਵਾਰਤਕ ਪੁਸਤਕ ਹੈ। ਇਸ ਵਿਚ ਬਹੁਤ ਸੰਜੀਦਗੀ ਨਾਲ ਮਹਾਨ ਚਿੰਤਕਾਂ ਦੀ ਜੀਵਨ ਸ਼ੈਲੀ, ਰਚਨਾਵਾਂ, ਕਾਰਜ-ਪ੍ਰਣਾਲੀ, ਦ੍ਰਿਸ਼ਟੀਕੋਣ, ਵਿਚਾਰਧਾਰਾ ਦੇ ਕਿਸੇ ਇਕ ਪੱਖ ਉੱਤੇ ਕੇਂਦਰੀਕਰਨ ਕਰਕੇ ਆਪਣੇ ਵਿਚਾਰ ਪ੍ਰਗਟਾਵੇ ਹਨ। ਉਨ੍ਹਾਂ ਦੇ ਜੀਵਨ ਤਜਰਬਿਆਂ ਨੂੰ ਬਾਖੂਬੀ ਬਿਆਨ ਕਰਦੀਆਂ ਟਿੱਪਣੀਆਂ ਦੀ ਸਾਰਥਕਤਾ ਅੱਜ ਵੀ ਕਾਇਮ ਹੈ। ਵਾਰਤਕ ਦਾ ਮੂਲ ਆਧਾਰ ਹੈ ਬੌਧਿਕ ਪੱਧਰ 'ਤੇ ਪਾਠਕਾਂ ਨੂੰ ਸੁਹਜ-ਸਵਾਦ ਪ੍ਰਦਾਨ ਕਰਨਾ। ਪੁਸਤਕ ਵਿਚ ਬੌਧਿਕਤਾ ਦੇ ਨਾਲ-ਨਾਲ ਵਿਗਿਆਨਕ ਰੂਪ ਵੀ ਹੋਂਦ ਗ੍ਰਹਿਣ ਕਰਦਾ ਹੈ। ਵਾਰਤਕ ਦੇ ਪ੍ਰਮੁੱਖ ਤੱਤ ਬੌਧਿਕਤਾ, ਭਾਵੁਕਤਾ, ਢੁੱਕਵੀਂ ਸ਼ਬਦ ਵਿਉਂਤ, ਬਿਰਤਾਂਤ, ਦਾਰਸ਼ਨਿਕਤਾ, ਪੇਸ਼ਕਾਰੀ, ਉਦੇਸ਼, ਪ੍ਰਚਾਰ ਆਤਮਕ ਪੁਸਤਕ ਦਾ ਮੂਲ ਆਧਾਰ ਹਨ, ਜਿਸ ਸਦਕਾ ਪਾਠਕ ਚਿੰਤਨ ਤੇ ਚੇਤਨਾ ਦੇ ਅਕਾਸ਼ ਨੂੰ ਛੋਂਹਦਾ ਹੈ। ਅਕਾਸ਼ਦੀਪ ਨੇ ਮੋਹ ਵਿਚ ਪ੍ਰਸਿੱਧ ਚਿੰਤਕਾਂ ਮੋਜਾਰਟ, ਗਿਲਬਰਟ, ਪਾਬਲੋ ਨੇਰੂਦਾ, ਲਿਓ ਟਾਲਸਟਾਏ, ਦੋਸਤੋਵੋਸਕੀ, ਨਾਜ਼ਿਮ ਹਿਕਮਤ, ਮਿਖਾਇਲ, ਅੰਨਾ ਸ਼ਿਵਿਰ, ਆਇਨ ਰੇਂਡ, ਐਲਨ ਵਾਟਸ, ਮਹਿਮੂਦ ਦਰਵੇਸ਼, ਮਾਰਖੇਜ, ਈਮਾਨ ਮਾਰਸਲ, ਕਾਫ਼ਕਾ, ਓਜ, ਪਾਮੁਕ, ਇਰਵਿੰਗ ਸਟੋਨ, ਜਾਰਜ ਆਰਵੈਲ, ਜੋਸਫ਼ ਹੇਲਰ, ਵਿਨਸੈਟ ਵਾਨ ਗਾਗ, ਮੰਟੋ, ਹੋਮਰ, ਦਾਂਤੇ, ਟਾਮਸ, ਐਤੋਨ, ਲੋਰਕਾ, ਟਾਮਸ ਯੰਗ, ਕੈਥਰੀਨ, ਚਾਰਲੀ ਚੈਪਲਿਨ, ਨੀਤਸੇ, ਜਾਨ ਆਸਟਨ, ਪਾਲ ਗੋਗਾ, ਗੈਬਰੀਅਲ ਗਾਰਸੀਆ, ਹੈਮਿੰਗਵੇ, ਸਲਮਾਨ ਰਸ਼ਦੀ, ਓਸ਼ੋ, ਅਬਿਦਾ ਪ੍ਰਵੀਨ, ਮਹਿੰਦੀ ਹਸਨ, ਗੀਤ ਚਤੁਰਵੇਦੀ, ਅਮਿਤੋਜ, ਅਫ਼ਜ਼ਲ ਖ਼ਾਨ, ਕਾਲੀਦਾਸ, ਕ੍ਰਿਸ਼ਨਾ ਮੂਰਤੀ, ਮੁਨਸ਼ੀ ਪ੍ਰੇਮ ਚੰਦ, ਬੁੱਧ, ਰੂਮੀ, ਖੁਸਰੋ, ਮੀਰ ਤਕੀ ਮੀਰ, ਗ਼ਾਲਿਬ, ਫ਼ੈਜ਼ ਅਹਿਮਦ ਫ਼ੈਜ਼, ਰਾਹਤ ਇੰਦੌਰੀ, ਦੇਗ ਦੇਹਲਵੀ ਆਦਿ ਦਾ ਜ਼ਿਕਰ ਕੀਤਾ ਹੈ। ਜਿਨ੍ਹਾਂ ਦੀਆਂ ਲਿਖਤਾਂ ਤੇ ਵਿਚਾਰਧਾਰਾ ਨੇ ਮਨੁੱਖਤਾ ਦਾ ਸਰਬਪੱਖੀ ਵਿਕਾਸ ਕੀਤਾ ਹੈ। ਇਨ੍ਹਾਂ ਚਿੰਤਕਾਂ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਰਾਹੀਂ ਮਨੁੱਖ ਨੂੰ ਜੀਣ ਥੀਣ ਦੀ ਅਥਾਹ ਊਰਜਾ ਬਖਸ਼ੀ ਤੇ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ਸ਼ੀਲ ਦ੍ਰਿਸ਼ਟੀ ਦਿੱਤੀ। ਮੋਹ ਵਿਚ ਪ੍ਰਮੁੱਖ ਤੇ ਪ੍ਰਸਿੱਧ ਪੁਸਤਕਾਂ ਅੰਨਾ ਕਰੈਨੀਨਾ, ਯੰਗ ਅਤੇ ਅਮਨ, ਕੇਚਟਟ, ਕਥਾ ਸਾਹਿਤ ਸਾਗਰ, ਪਥਰਾਟ, ਲਸਟ ਫਾਰ ਲਾਈਫ, ਬ੍ਰਦਰਜ਼, ਕਰਮਯੋਵ, ਲੈਟਰਸ ਟੂ ਯੰਗ ਪੋਇਟ, ਵਾਈਫ਼ ਵਿਦ ਪਿਕਾਸੋ, ਨਵਜੇਰੀਅਨ ਵੁੱਡ, ਅਦਰ ਕਲਰਜ਼, ਏਕ ਅਧੂਰਾ ਉਪਨਿਆਸ, ਨੀਲਾ ਚੰਦ, ਦੂਰ ਦੇ ਪੰਛੀ, ਅੰਤਿਮ ਅਰਨਯ, ਲੇਖਕੋਂ ਕੀ ਆਦਤੇਂ, ਮਾਈ ਨੇਮ ਇਜ਼ ਰੈੱਡ, ਕੁੱਤੀ ਵਿਹੜਾ, ਧਰਤੀ ਹੇਠਲਾ ਬਲਦ, ਟੇਬਲ ਲੈਂਪ, ਮੂਨ ਦੀ ਅੱਖ ਅਤੇ ਈਦਗਾਹ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਪ੍ਰਸਿੱਧ ਪੁਸਤਕਾਂ ਦੇ ਨਾਂਅ ਵੀ ਦਰਜ ਹਨ। ਪੁਸਤਕ ਦੀ ਸਦੀਵੀ ਹੋਂਦ ਬਾਰੇ ਵਿਚਾਰ ਇਕ ਲੇਖਕ ਨੂੰ ਮਾਰਨਾ ਵੀ ਔਖਾ ਨਹੀਂ ਪਰ ਕਿਤਾਬਾਂ ਨੂੰ ਨਹੀਂ ਮਾਰਿਆ ਜਾ ਸਕਦਾ× ਦੁਨੀਆ ਦੇ ਕਿਸੇ ਖੂੰਜੇ 'ਚ, ਲਾਇਬ੍ਰੇਰੀ ਦੇ ਕਿਸੇ ਖਾਨੇ 'ਚ ਉਸ ਦੀ ਇਕ ਕਾਪੀ ਤਾਂ ਵੀ ਬਚੀ ਰਹਿ ਜਾਵੇਗੀ। ਅਕਾਸ਼ਦੀਪ ਦੀ ਵਾਰਤਕ ਕਲਾ ਵਿਚ ਰਵਾਨਗੀ, ਖਿੱਚ, ਸੁਹਜ, ਚਿੱਤਰਕਾਰੀ, ਇਤਿਹਾਸ, ਮਿਥਿਹਾਸ, ਕਥਾਵਾਂ, ਟਿੱਪਣੀਆਂ, ਮੁਹਾਵਰੇ, ਅਖਾਣ, ਦ੍ਰਿਸ਼ ਚਿਤਰਨ, ਸੰਜਮ ਸੰਖੇਪਤਾ ਦੇ ਕਲਾਤਮਕ ਗੁਣ ਹਨ ਜੋ ਪਾਠਕ ਨੂੰ ਸੁਹਜ-ਸਵਾਦ ਪ੍ਰਦਾਨ ਕਰਦੇ ਹਨ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94656-91091
ਕਿਤੇ ਮਿਲ ਨੀ ਮਾਏ
ਲੇਖਕ ਤੇ ਸੰਗ੍ਰਹਿਕਰਤਾ : ਕੁਲਵੰਤ ਕੌਰ ਸੰਧੂ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ ਕਾਲਾਂਵਾਲੀ, ਸਿਰਸਾ
ਮੁੱਲ : 425 ਰੁਪਏ, ਸਫ਼ੇ : 247
ਸੰਪਰਕ : 079888-71445
ਲੋਕ ਗੀਤ ਸਾਡੇ ਪੰਜਾਬੀ ਸਭਿਆਚਾਰ ਦਾ ਅਵੰਡ ਅਤੇ ਅਮੁੱਕ ਖ਼ਜ਼ਾਨਾ ਹੈ, ਜਿਨ੍ਹਾਂ ਵਿਚ ਪੰਜਾਬੀ ਜਨਮਾਨਸ ਦੇ ਜਨਜੀਵਨ ਦੀ ਅਸਲੀ ਧੜਕਣ ਸਮਾਈ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਸਾਰਾ ਜੀਵਨ ਹੀ ਲੋਕ ਗੀਤਾਂ ਦੇ ਸਾਥ ਵਿਚ ਗੁਜ਼ਰਦਾ ਹੈ। ਪੰਜਾਬੀ ਜੰਮਦੇ ਲੋਰੀਆਂ ਵਿਚ ਹਨ, ਜਵਾਨ ਘੋੜੀਆਂ ਵਿਚ ਹੁੰਦੇ ਹਨ ਅਤੇ ਮਰਦੇ ਅਲਾਹੁਣੀਆਂ ਵਿਚ ਹਨ ਭਾਵ ਲੋਕ ਹਰ ਖ਼ੁਸ਼ੀ ਗ਼ਮੀ ਵੇਲੇ ਸਾਥ ਭਾਲਦੇ ਹਨ। ਲੋਕ ਗੀਤ ਦਾ ਕਰਤਾ ਕੋਈ ਇਕ ਹੀ ਹੁੰਦਾ ਹੈ ਪਰ ਸਮੇਂ ਦੇ ਨਾਲ ਉਸ ਦਾ ਅਕਸਰ ਗੁਆਚ ਜਾਂਦਾ ਹੈ ਅਤੇ ਲੋਕ ਗੀਤ ਸਮੂਹ ਦੀ ਆਵਾਜ਼ ਬਣ ਜਾਂਦਾ ਹੈ। ਲੋਕ ਗੀਤ ਕਿਉਂਕਿ ਸੱਭਿਆਚਾਰ ਦਾ ਸਰਮਾਇਆ ਹੁੰਦੇ ਹਨ ਪਰ ਇਨ੍ਹਾਂ ਵਲੋਂ ਅਵੇਸਲੇ ਹੋਣ 'ਤੇ ਇਹ ਸਮੇਂ ਦੀ ਧੂੜ ਵਿਚ ਗੁਆਚ ਜਾਂਦੇ ਹਨ। ਕੁਝ ਸੁਚੇਤ ਲੋਕ ਇਨ੍ਹਾਂ ਲੋਕ ਗੀਤਾਂ ਦੀ ਸੰਭਾਲ ਲਈ ਯਤਨਸ਼ੀਲ ਵੀ ਰਹਿੰਦੇ ਹਨ। ਵਿਚਾਰਧੀਨ ਪੁਸਤਕ 'ਕਿਤੇ ਮਿਲ ਨੀ ਮਾਏਂ' ਵੀ ਕੁਲਵੰਤ ਕੌਰ ਸੰਧੂ ਦਾ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਕਿ ਵਧੀਆ ਯਤਨ ਹੈ। ਆਪਣੀ ਇਸ ਪੁਸਤਕ ਵਿਚ ਉਸ ਨੇ ਵੱਡੀ ਗਿਣਤੀ ਵਿਚ ਲੋਕ ਗੀਤ ਇਕੱਤਰ ਕਰਕੇ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਵਿਚ ਬਹੁਤੇ ਲੋਕ ਗੀਤ ਉਸਨੂੰ ਜ਼ਬਾਨੀ ਯਾਦ ਸਨ। ਇਨ੍ਹਾਂ ਲੋਕ-ਗੀਤਾਂ ਵਿਚ ਘੋੜੀਆਂ ਸੁਹਾਗ, ਸਿੱਠਣੀਆਂ, ਟੱਪੇ ਆਦਿ ਦਰਜ ਕੀਤੇ ਗਏ ਹਨ। ਇਨ੍ਹਾਂ ਲੋਕ-ਗੀਤਾਂ ਵਿਚ ਕੁਝ ਇਕ ਗੀਤ ਵਿਸ਼ੇਸ਼ ਰਸਮਾਂ ਦੇ ਤਹਿਤ ਵੀ ਦਰਜ ਕੀਤੇ ਗਏ ਹਨ। 'ਕੁੜੀ ਦੀ ਨਹਾਈ ਧੋਈ ਵੇਲੇ ਦਾ ਗੀਤ', 'ਪਲੰਘ ਦਾ ਗੀਤ', ਡੋਲੀ ਵੇਲੇ ਦੇ ਗੀਤ ਆਦਿ। ਏਨੀ ਵੱਡੀ ਗਿਣਤੀ ਵਿਚ ਲੋਕ ਗੀਤ ਇਕੱਤਰ ਕਰਕੇ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨੇ ਇਕ ਸਿਰੜ ਦਾ ਅਤੇ ਮਿਹਨਤ ਦਾ ਕਾਰਜ ਸੀ, ਜਿਸ ਵਿਚੋਂ ਕੁਲਵੰਤ ਕੌਰ ਦੀ ਬਿਨਾਂ ਸ਼ੱਕ ਸਮਰਪਣ ਭਾਵਨਾ ਝਲਕਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਸੰਦਲੀ ਸੁਰਾਂ
ਕਵੀ : ਲਾਲ ਸਿੰਘ ਦਿਲ
ਸੰਪਾਦਕ : ਡਾ. ਗੁਰਇਕਬਾਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 200 ਰੁਪਏ, ਸਫ਼ੇ : 120
ਸੰਪਰਕ : 98158-26301
ਹਥਲੀ ਕਾਵਿ ਪੁਸਤਕ ਪ੍ਰਸਿੱਧ ਇਨਕਲਾਬੀ ਕਵੀ ਲਾਲ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਹਨ ਜੋ ਕਿ ਵਿਦਵਾਨ ਸੰਪਾਦਕ ਡਾ. ਗੁਰਇਕਬਾਲ ਸਿੰਘ ਨੇ ਬੜੀ ਸੂਝ ਨਾਲ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਲਾਲ ਸਿੰਘ ਦਿਲ 1943 ਵਿਚ ਜਨਮਿਆ ਅਤੇ 2007 ਵਿਚ ਵਿਛੋੜਾ ਦੇ ਗਿਆ ਸੀ। ਉਹ ਨਕਸਲਬਾੜੀ ਲਹਿਰ ਦੇ ਪ੍ਰਮੁੱਖ ਕਵੀ ਸਨ। ਦਿਲ ਨੇ ਸਤਲੁਜ ਦੀ ਹਵਾ, ਬਹੁਤ ਸਾਰੇ ਸੂਰਜ, ਸੱਥਰ, ਨਾਸ ਲੋਕ ਅਤੇ ਬਿੱਲਾ ਅੱਜ ਫੇਰ ਆਇਆ ਕਾਵਿ ਪੁਸਤਕਾਂ ਰਚੀਆਂ ਸਨ ਜੋ ਕਾਫ਼ੀ ਚਰਚਿਤ ਰਹੀਆਂ। ਕਵੀ ਇਕ ਸਾਧਾਰਨ ਜਿਹਾ ਜਿਊੜਾ ਸੀ। ਕਵੀ, ਉਜਰਤੀ ਮਜ਼ਦੂਰ, ਚੌਕੀਦਾਰ, ਖੇਤ ਮਜ਼ਦੂਰ, ਰਸੋਈਆ, ਚਾਹ ਦੀ ਦੁਕਾਨ ਵਾਲਾ ਬੰਦਾ ਸੀ। ਪਰ ਉਸ ਦੀ ਕਵਿਤਾ ਲੋਕ ਪਸੰਦ ਕਰਦੇ ਸਨ।
ਦਿਲ ਦੀ ਸਮੁੱਚੀ ਕਾਵਿ ਸਾਧਨਾ ਦੌਰਾਨ ਬੌਧਿਕ ਵਿਅੰਗ ਉਸ ਦੀ ਕਾਵਿ ਸੰਵੇਦਨਾ ਨੂੰ ਪ੍ਰਚੰਡ ਅਤੇ ਪ੍ਰਗਤੀਸ਼ੀਲ ਬਣਾਉਂਦੀ ਹੈ। ਡਾ. ਹਰਭਜਨ ਸਿੰਘ ਅਨੁਸਾਰ ਦਿਲ ਦੇ ਨਿਰਛਲ ਤੇ ਮਸੂਮ ਕਾਵਿ ਬੋਲ ਆਪ ਮੁਹਾਰੇ ਹੀ ਵਿਅੰਗ ਬਣਦੇ ਹਨ। ਦਿਲ ਤਤਕਾਲੀ ਨਕਸਲਬਾੜੀ ਲਹਿਰ ਦਾ ਜ਼ੋਰਦਾਰ ਲੋਕ ਕਵੀ ਸੀ। ਦਿਲ ਦੀਆਂ ਕਵਿਤਾਵਾਂ ਦਿਲ ਨੂੰ ਮੋਹ ਜਾਂਦੀਆਂ ਅਤੇ ਪੱਛੜੇ ਤੇ ਦਲਿਤ ਲੋਕਾਂ ਦਾ ਬਿਰਤਾਂਤ ਜਦ ਕਾਵਿ ਦ੍ਰਿਸ਼ ਬਣਦਾ ਸੀ ਤਾਂ ਜ਼ਿਹਨ ਦੀਆਂ ਬਾਰੀਆਂ ਦੇ ਪਰਦੇ ਉੱਡਣ ਲਗਦੇ ਸਨ :
-ਘਰਾਂ ਨੂੰ ਆਉਂਦੇ / ਖਾਲੀ ਹੱਥ ਵਾਲੇ ਬਾਪ / ਖੀਵੇ ਹੋ ਬੱਚਿਆਂ ਨੂੰ ਚੁੱਕਣ / ... ਬੱਚੇ ਉਨ੍ਹਾਂ ਦੇ / ਖਾਲੀ ਹੱਥਾਂ ਨੂੰ ਹੀ / ਚੂਸਣ ਲਗਦੇ...
-ਜਾਗ ਜਾਗ ਜਨਤਾ / ਅਰਜ ਬੰਦਨਾ ਮੈਂ ਕਰਾਂ / ਰੱਬ ਨੂੰ ਵੀ ਤੇਰੇ ਬਿਨਾਂ / ਮੈਂ ਜਾਣ ਨਾ ਸਕਾਂ...
-ਜੱਟ ਤੇ ਚੋਰ ਦਾ / ਬਹੁਤ ਡੂੰਘਾ ਸੰਬੰਧ ਹੈ / ...ਕਿਉਂਕਿ ਉਸ ਨੂੰ / ਆਪਣਾ ਪੱਲਾ ਝਾੜ ਕੇ ਬੀਜੀ ਪੈਲੀ / ਸੰਦ ਵੜੇਵਾ / ਬਾਹਰ ਹੀ ਛੱਡ ਕੇ ਆਉਣੇ ਪੈਂਦੇ ਨੇ...
-ਅਮੀਰ ਵਸ ਗਏ / ਗਰੀਬ ਜੋ ਪਹਿਲਾਂ ਹੀ / ਉੱਜੜੇ ਹੋਏ ਸਨ / ਸਟੇਸ਼ਨਾਂ ਆਦਿ ਵੱਲ / ਨਿਕਲ ਗਏ... ਮਾਸੂਮ ਜਨਤਾ / ਕੈਂਪਾਂ 'ਚ ਰੁਲ ਰਹੀ ਹੈ...
-ਕੈਪਟਨ ਅਮਰਿੰਦਰ ਸਿੰਘ / ਕਿਤੇ ਉਹ ਸੂਰਜ ਹੀ ਤਾਂ ਨਹੀਂ / ਜਿਸ ਨੇ ਪੱਛਮ ਤੋਂ ਨਿਕਲਣਾ ਸੀ / ਕਿਆਮਤ ਦੇ ਦਿਨ / ਦਾ / ਉਦਘਾਟਨ ਕਰਨਾ ਸੀ / ਅਤੇ / ਸਿਖਰ ਦੁਪਹਿਰਾ ਕਰਕੇ ਵਾਪਸ / ਪਰਤ ਜਾਣਾ ਸੀ। (2002)
ਨਕਸਲਬਾੜੀ ਲਹਿਰ ਦਾ ਇਨਕਲਾਬੀ ਕਵਿਤਾ ਦਾ ਸਰੂਪ ਜਾਚਣ ਵਾਸਤੇ ਇਹ ਕਵਿਤਾ ਕਾਫ਼ੀ ਸਹਾਇਕ ਹੋਵੇਗੀ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਕਿਸਾਨੀ ਸ਼ੋਸ਼ਣ ਤੇ ਸੰਘਰਸ਼
ਲੇਖਕ : ਗੁਰਬਖਸ਼ ਸਿੰਘ ਸੈਣੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 098880-24143
ਕਿਸਾਨਾਂ ਦੀਆਂ ਸਮੱਸਿਆਵਾਂ, ਸੰਕਟਾਂ ਅਤੇ ਸੰਘਰਸ਼ਾਂ ਬਾਰੇ ਇਹ ਕੋਈ ਸਾਧਾਰਨ ਪੁਸਤਕ ਨਹੀਂ। ਇਹ ਤਾਂ ਉਪਾਧੀ-ਨਿਰਪੱਖ ਖੋਜ ਕਾਰਜ ਪ੍ਰਤੀਤ ਹੁੰਦਾ ਹੈ। ਇਸ ਖੇਤਰ ਵਿਚ ਲੇਖਕ ਦਾ ਗਿਆਨ ਵਿਸ਼ਾਲ ਹੈ। 'ਸੈਣੀ' ਨੇ ਆਪਣੇ ਇਸ ਖੋਜ ਕਾਰਜ ਨੂੰ ਕੇਵਲ 120 ਪੰਨਿਆਂ ਵਿਚ, 15 ਕਾਂਡ ਬਣਾ ਕੇ, ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੈ। ਪੁਰਾਤਨ ਸਮੇਂ ਹਰਸ਼-ਵਰਧਨ ਦੇ ਰਾਜ-ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਤੱਕ ਅਤੇ ਉਸ ਤੋਂ ਬਾਅਦ ਆਧੁਨਿਕ ਸਮੇਂ ਤੱਕ ਕਿਸਾਨਾਂ ਦੇ ਹੋ ਰਹੇ ਸੋਸ਼ਣ ਅਤੇ ਸੰਘਰਸ਼ ਦਾ ਇਤਿਹਾਸ ਪ੍ਰਾਪਤੀਆਂ-ਅਪ੍ਰਾਪਤੀਆਂ ਸਮੇਤ ਉਲੀਕਿਆ ਹੈ। ਅੰਗਰੇਜ਼ ਤਾਨਾਸ਼ਾਹ ਹੁਕਮਰਾਨ ਸਨ। ਵਿਖਾਵਾ ਕਿਸਾਨਾਂ ਦੇ ਹਿਤ ਵਿਚ ਕਰਦੇ ਸਨ ਪਰ ਕਾਨੂੰਨਾਂ ਦੀਆਂ ਵਧੀਕੀਆਂ ਨਾਲ ਕਿਸਾਨਾਂ ਦੀ ਲੁੱਟ ਕਰਦੇ ਸਨ। ਕਾਂਗਰਸ ਵੀ ਟੈਕਸ ਲਾਉਂਦੀ ਰਹੀ, ਸੰਘਰਸ਼ ਹੋਣ 'ਤੇ ਵਾਪਸ ਵੀ ਲੈਂਦੀ ਰਹੀ। ਲੇਖਕ ਨੇ ਦੇਸ਼ ਬੰਧੂ ਸਰ ਛੋਟੂ ਰਾਮ ਦੇ ਕਿਸਾਨਾਂ ਹਿਤ ਪਾਏ ਯੋਗਦਾਨ ਨੂੰ ਸਲਾਹਿਆ ਹੈ। ਲਿੰਕ ਰੋਡਾਂ ਲਈ ਲਛਮਣ ਸਿੰਘ ਗਿੱਲ ਦੀ ਪ੍ਰਸੰਸਾ ਕੀਤੀ ਹੈ। ਕਿਸਾਨ ਹਮੇਸ਼ਾ ਸਾਰੀਆਂ ਫ਼ਸਲਾਂ ਲਈ ਐਮ. ਐਸ. ਪੀ. ਮੰਗਦੇ ਰਹੇ। 1964 ਵਿਚ ਬਣੇ ਖਾਧ ਤੇ ਖੁਰਾਕ ਮੰਤਰੀ ਸ੍ਰੀ ਸੀ. ਸੁਬਰਾਮਨੀਅਮ ਨੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਪਾਸੋਂ 1965 ਵਿਚ 'ਖੇਤੀ ਮੁੱਲ ਕਮਿਸ਼ਨ' ਬਣਾ ਕੇ ਘੱਟੋ-ਘੱਟ ਖ਼ਰੀਦ ਮੁੱਲ ਕਮਿਸ਼ਨ ਬਣਵਾਇਆ। ਪਰ ਕਿਸਾਨਾਂ ਨੂੰ ਅਜੋਕੇ ਸਮੇਂ ਮਿਲਿਆ ਕੀ? ਖੇਤੀ ਸੰਬੰਧੀ ਕਾਲੇ ਤਿੰਨ ਕਾਨੂੰਨ ਜੋ ਸਿੱਧੇ ਤੌਰ 'ਤੇ 'ਕਾਰਪੋਰੇਟਾਂ' ਨੂੰ ਲਾਭ ਪਹੁੰਚਾਉਣ ਦੇ ਮਨੋਰਥ ਹਿਤ ਬਣਾਏ ਗਏ। ਆਰਡੀਨੈਂਸਾਂ ਉਪਰੰਤ, ਬਿਨਾਂ ਬਹਿਸ ਦੇ, ਰੌਲੇ ਰੱਪੇ ਵਿਚ ਸੰਸਦ ਪਾਸੋਂ ਜ਼ਬਾਨੀ ਕਲਾਮੀ ਬਿੱਲ ਪਾਸ ਕਰਵਾ ਕੇ ਤਿੰਨੇ ਕਾਨੂੰਨ ਬਣਾਏ ਗਏ। ਪ੍ਰਚਾਰ ਅਨੁਸਾਰ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ। 'ਆਜ਼ਾਦ ਭਾਰਤ ਵਿਚ ਸ਼ਾਇਦ ਹੀ ਕੋਈ ਅਜਿਹਾ ਕਾਨੂੰਨ ਬਣਿਆ ਹੋਵੇ, ਜਿਹੜਾ ਰਾਸ਼ਟਰਪਤੀ ਵਲੋਂ ਇਕ ਦਿਨ ਵਿਚ ਹੀ ਪਾਸ ਕਰ ਦਿੱਤਾ ਗਿਆ ਹੋਵੇ।' ਪੰ. 41
ਅਜਿਹਾ ਕਾਨੂੰਨ ਪਾਸ ਕਰਨ ਦਾ ਸਿੱਧਾ ਲਾਭ 'ਕਾਰਪੋਰੇਟਾਂ' ਨੂੰ ਮਿਲਦਾ ਹੈ। ਲੇਖਕ ਅਨੁਸਾਰ ਇਸ ਦਾ ਲਾਭ 'ਅਡਾਨੀ-ਅੰਬਾਨੀ' ਵਰਗਿਆਂ ਨੂੰ ਹੋਣਾ ਹੈ। ਵਿਸ਼ਵ ਪੱਧਰ 'ਤੇ ਵੀ ਅਜਿਹੇ ਕਾਨੂੰਨ ਧਨਾਡਾਂ (ਬਿਲ ਗੇਟਸ, ਮਾਈਕ੍ਰੋਸਾਫਟ, ਐਪਲ, ਐਮਾਜ਼ੋਨ ਆਦਿ) ਨੂੰ ਲਾਭ ਪਹੁੰਚਾਉਣ ਹਿਤ ਬਣਾਏ ਜਾਂਦੇ ਹਨ। ਭਾਰਤ ਵਿਚ ਤਿੰਨਾਂ ਕਾਨੂੰਨਾਂ ਖਿਲਾਫ਼ ਉੱਠੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਅਨੇਕਾਂ ਹੱਥਕੰਡੇ ਵਰਤੇ ਗਏ ਪਰ ਸਰਕਾਰ ਆਪਣੇ ਮਨੋਰਥ ਵਿਚ ਅਸਫ਼ਲ ਰਹੀ। ਲੇਖਕ ਨੇ ਪੁਸਤਕ ਵਿਚ ਆਰਡੀਨੈਂਸ ਅਤੇ ਕਾਨੂੰਨਾਂ ਦੀ ਪੂਰੀ ਵਿਆਖਿਆ ਕੀਤੀ ਹੈ। ਲੇਖਕ ਨੇ ਪੁਰਾਣੇ ਸਮੇਂ ਤੋਂ ਲੈ ਕੇ ਉੱਤਰ-ਆਧੁਨਿਕ ਕਾਲ ਤੱਕ, ਸੰਬੰਧਿਤ ਘਟਨਾਵਾਂ, ਮਿਤੀਆਂ, ਸਥਾਨਾਂ ਸਮੇਤ ਪੂਰਾ ਵਿਵਰਣ ਪੇਸ਼ ਕੀਤਾ ਹੈ। ਭਾਰਤੀ ਸਾਹਿਤਕਾਰਾਂ, ਨਾਟਕਕਾਰਾਂ, ਗਾਇਕਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ। ਵਿਦੇਸ਼ੀ ਸਮਰਥਨ ਦਾ ਪੂਰਾ ਜ਼ਿਕਰ ਕੀਤਾ ਹੈ। ਪੁਸਤਕ ਪਹਿਲਾਂ ਪ੍ਰਕਾਸ਼ਿਤ ਹੋਣ ਕਾਰਨ ਭਾਰਤ ਸਰਕਾਰ ਵਲੋਂ ਤਿੰਨੇ ਐਕਟ ਰੱਦ ਹੋਣ ਦੀ ਪ੍ਰਕਿਰਿਆ ਦਾ ਜ਼ਿਕਰ ਹੋਣੋਂ ਰਹਿ ਗਿਆ ਹੈ। ਇਹ ਕਿਤਾਬ ਖੇਤੀ ਕਾਨੂੰਨਾਂ ਵਿਰੁੱਧ ਉੱਭਰੇ ਇਨਕਲਾਬ ਵਿਚ ਜਾਨਾਂ ਗਵਾਉਣ ਵਾਲਿਆਂ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਜਾਣਕਾਰੀ ਭਰਪੂਰ ਹੈ।
-ਡਾ. ਡੀ.ਸੀ. ਵਾਤਿਸ਼
ਈ-ਮੇਲ : vatish.dharamchand@gmail.com
ਇਜ਼ਾਡੋਰਾ ਡੰਕਨ
ਮੇਰੀ ਜੀਵਨ-ਕਹਾਣੀ
ਅਨੁ: ਡਾ. ਸਵਾਮੀ ਸਰਬਜੀਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 395 ਰੁਪਏ, ਸਫ਼ੇ : 280
ਸੰਪਰਕ : 98884-01328
ਪੁਸਤਕ 'ਮੇਰੀ ਜੀਵਨ ਕਹਾਣੀ' ਇਜ਼ਾਡੋਰਾ ਡੰਕਨ (ਇਕ ਅਮਰੀਕੀ ਨ੍ਰਿਤਕੀ) ਦੀ ਸਵੈ-ਜੀਵਨੀ ਹੈ ਅਤੇ ਡਾ. ਸਵਾਮੀ ਸਰਬਜੀਤ ਦੁਆਰਾ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਹੈ। ਅੰਗਰੇਜ਼ੀ ਵਿਚ ਇਹ ਸਵੈ-ਜੀਵਨੀ ਉਸ ਨ੍ਰਿਤਕੀ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਗਈ ਸੀ ਜੋ ਉਸ ਦੇ ਕਾਲਪਨਿਕ ਅਤੇ ਨਾਰੀਵਾਦੀ ਜੀਵਨ ਦੀ ਬੇਬਾਕ ਅਤੇ ਮਨੋਰੰਜਨ ਭਰਪੂਰ ਕਹਾਣੀ ਹੈ। ਆਪਣੇ ਜੀਵਨ ਵਿਚ ਉਸ ਮਹਾਨ ਨ੍ਰਿਤਕੀ ਨੇ ਜ਼ਿੰਦਗੀ ਦੇ ਨਾਲ-ਨਾਲ ਨ੍ਰਿਤ (ਡਾਂਸ) ਨੂੰ ਵੀ ਨਵੀਂ ਪਰਿਭਾਸ਼ਾ ਪ੍ਰਦਾਨ ਕੀਤੀ ਸੀ। ਉਹ ਦਰਅਸਲ ਇਕ ਬਾਗ਼ੀ ਕਲਾਕਾਰਾ ਸੀ ਜਿਸ ਨੇ ਸਮਾਜ ਦੇ ਨਿਯਮਾਂ ਨੂੰ ਸ਼ਰ੍ਹੇਆਮ ਚੁਣੌਤੀ ਦਿੱਤੀ ਸੀ। ਇਸ ਪੁਸਤਕ ਵਿਚ ਉਸ ਨੇ ਸਵੈ-ਪ੍ਰਸੰਸਾ ਜਾਂ ਸਵੈ-ਗੁਣਗਾਣ ਕਰਨ ਦੀ ਬਜਾਇ ਸੱਚਾਈ ਪੇਸ਼ ਕੀਤੀ ਹੈ ਅਤੇ ਆਪਣੇ ਔਗੁਣਾਂ ਅਤੇ ਅਸਫ਼ਲਤਾਵਾਂ ਨੂੰ ਵੀ ਉਸੇ ਤਾਣ ਵਿਚ ਲਿਖਿਆ ਹੈ। ਉਹ ਬੇਬਾਕ ਢੰਗ ਨਾਲ ਆਪਣੇ ਜੀਵਨ ਦੀ ਹਰ ਘਟਨਾ ਨੂੰ ਪੇਸ਼ ਕਰਦੀ ਹੈ। ਉਸ ਦੇ ਨਿੱਜੀ ਜੀਵਨ, ਉਸ ਦੇ ਪਿਆਰ ਸੰਬੰਧਾਂ, ਤਿੰਨ ਵੱਖ-ਵੱਖ ਪਤੀਆਂ ਅਤੇ ਉਸ ਦੇ ਤਿੰਨ ਬੱਚਿਆਂ ਦੀ ਕਹਾਣੀ ਇਸ ਪੁਸਤਕ ਵਿਚ ਖ਼ੂਬਸੂਰਤੀ ਨਾਲ ਚਿੱਤਰਤ ਹੋਈ ਹੈ। ਬਚਪਨ ਤੋਂ ਉਸ ਦੇ ਸੰਗੀਤ ਅਤੇ ਕਵਿਤਾ ਨਾਲ ਪਿਆਰ ਅਤੇ ਨਾਲ ਉਸ ਦੀ ਡਾਂਸ ਪ੍ਰਤੀ ਲਗਨ ਇਸ ਸਵੈ-ਜੀਵਨੀ ਵਿਚ ਕਲਮਬੱਧ ਕੀਤੀ ਗਈ ਹੈ। ਭਾਵੇਂ ਉਸ ਨੇ ਕਦੀ ਵੀ ਨ੍ਰਿਤ ਦੀ ਕੋਈ ਬਾਕਾਇਦਾ ਸਿਖਲਾਈ ਨਹੀਂ ਲਈ ਸੀ, ਉਸ ਵਲੋਂ ਸਿੱਖੀਆਂ ਮੁਦਰਾਵਾਂ, ਸਟੈਪਸ, ਥੀਮ ਅਤੇ ਇਥੋਂ ਤੱਕ ਕਿ ਡਾਂਸ ਦੌਰਾਨ ਪਹਿਨਣ ਵਾਲੇ ਕੱਪੜੇ ਲਈ ਵੀ ਇਜ਼ਾਡੋਰ ਆਪਣੇ ਨਿੱਜ ਦੀ ਸੋਚ ਅਤੇ ਕਲਾ 'ਤੇ ਨਿਰਭਰ ਕਰਦੀ ਸੀ। ਉਸ ਦਾ ਸੁਪਨਾ ਆਪਣਾ ਡਾਂਸ ਸਕੂਲ ਬਣਾਉਣ ਦਾ ਸੀ ਜੋ ਕਦੀ ਪੂਰਾ ਨਾ ਹੋ ਸਕਿਆ। ਵੱਡੇ-ਵੱਡੇ ਵਿਅਕਤੀਆਂ ਨਾਲ ਉਸ ਦੇ ਮੇਲ ਅਤੇ ਕਲਾਤਮਕ ਸੰਬੰਧਾਂ ਨੂੰ ਵੀ ਲੇਖਿਕਾ ਨੇ ਪੂਰਨ ਸੱਚਾਈ ਨਾਲ ਬਿਆਨ ਕੀਤਾ ਹੈ। ਇਸ ਰਚਨਾ ਦੀ ਉਤਮਤਾ ਇਸ ਅਨੁਵਾਦ ਕਾਰਜ ਨਾਲ ਹੋਰ ਜ਼ਿਆਦਾ ਉਭਰ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਡਾ. ਸਵਾਮੀ ਸਰਬਜੀਤ ਦੁਆਰਾ ਇਹ ਕਾਰਜ ਕਲਾਤਮਕ ਢੰਗ ਨਾਲ ਕੀਤਾ ਗਿਆ ਹੈ। ਇਸ ਢੰਗ ਨਾਲ ਇਹ ਅਨੁਵਾਦਤ ਸਵੈ-ਜੀਵਨੀ ਸਾਹਿਤ ਦੇ ਖੇਤਰ ਵਿਚ ਇਕ ਮਹੱਤਵਪੂਰਨ ਰਚਨਾ ਸਾਬਤ ਹੁੰਦੀ ਹੈ।
-ਡਾ. ਸੰਦੀਪ ਰਾਣਾ,
ਮੋਬਾਈਲ : 98728-87551
ਗੀਤਾਂਜਲੀ ਹਰੀਵ੍ਰਿਜੇਸ਼
(ਭਾਈ ਕਾਨ੍ਹ ਸਿੰਘ ਨਾਭਾ ਦੀਆਂ ਚੋਣਵੀਆਂ ਕਵਿਤਾਵਾਂ)
ਸੰਪਾਦਕ : ਡਾ. ਰਵਿੰਦਰ ਕੌਰ ਰਵੀ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ: 250 ਰੁਪਏ, ਸਫ਼ੇ : 121
ਸੰਪਰਕ : 84378-22296
ਭਾਈ ਕਾਨ੍ਹ ਸਿੰਘ ਨਾਭਾ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਕਲਨ, ਸੰਪਾਦਨ ਤੇ ਭਾਵ-ਅਰਥ ਦੇ ਕੇ ਪੰਜਾਬੀ ਸਾਹਿਤ ਵਿਚ ਪ੍ਰਸੰਸਾਯੋਗ ਕਾਰਜ ਕੀਤਾ ਹੈ। ਇਹ ਕਿਤਾਬ ਸੰਪਾਦਨ ਅਨੁਸਾਰ ਪੰਜਾਬੀ ਦੀ ਪਹਿਲੀ ਕਵਿੱਤਰੀ ਬੀਬੀ ਹਰਨਾਮ ਜੋ ਭਾਈ ਕਾਨ੍ਹ ਸਿੰਘ ਨਾਭਾ ਦੀ ਨੂੰਹ ਅਤੇ ਪੰਜਾਬੀ ਅਦਬ ਨੂੰ ਸਮਰਪਣ ਕੀਤੀ ਗਈ ਹੈ। ਨਾਭਾ ਜੀ ਦੀਆਂ ਦੁਰਲੱਭ ਰਚਨਾਵਾਂ ਨੂੰ ਸਾਂਭਣ ਲਈ ਰਵੀ ਦਾ ਚੰਗਾ ਤੇ ਮਿਹਨਤ ਭਰਪੂਰ ਉਪਰਾਲਾ ਹੈ। ਗੀਤਾਂਜਲੀ ਹਰੀਵ੍ਰਿਜੇਸ਼ ਵਿਚ ਕੋਈ 59 ਦੇ ਕਰੀਬ ਰਚਨਾਵਾਂ ਭਾਈ ਕਾਨ੍ਹ ਸਿੰਘ ਦੀਆਂ ਹਨ ਇਹ ਵੱਡਮੁਲਾ ਸੰਗ੍ਰਹਿ ਹੈ। ਜੋ ਉਨ੍ਹਾਂ ਦੇ ਸਮਕਾਲੀ ਅਖ਼ਬਾਰਾਂ, ਰਸਾਲਿਆਂ ਵਿਚ ਪ੍ਰਕਾਸ਼ਿਤ ਹੋਈਆਂ, ਉਨ੍ਹਾਂ ਨੂੰ ਲੱਭ ਕੇ ਪੁਸਤਕ ਰੂਪ ਵਿਚ ਸੰਭਾਲ ਲਿਆ ਗਿਆ ਹੈ। ਇਹ ਕਾਵਿਤਾਵਾਂ ਭਾਈ ਸਾਹਿਬ ਦੇ ਸ਼ੁਰੂਆਤੀ ਸਾਹਿਤਕ ਸਫਰ ਦੀਆਂ ਮੰਨੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਪਠਨ ਪਾਠ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਇਹ ਵੀ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ। ਵੱਖ-ਵੱਖ ਵਿਸ਼ਿਆਂ ਨਾਲ ਕਵਿਤਾਵਾਂ ਨੂੰ ਪੜ੍ਹ ਕੇ ਮਨ ਨੂੰ ਧਰਵਾਸ ਮਿਲਦੀ ਹੈ ਅਤੇ ਨਾਲ ਹੀ ਸਿੱਖ ਧਰਮ ਵਿਚਲੇ ਦੈਵੀ ਅਤੇ ਭਾਈਚਾਰਕ ਗੁਣਾਂ ਬਾਰੇ ਜਾਣਕਾਰੀ ਮਿਲਦੀ ਹੈ। ਨਿਰਸੰਦੇਹ, ਪੰਜਾਬੀ ਸਾਹਿਤ ਦੇ ਖੋਜਕਾਰਾਂ ਲਈ ਇਹ ਕਿਤਾਬ ਕਾਫ਼ੀ ਦਿਲਚਸਪੀ ਦਾ ਕੇਂਦਰ ਬਿੰਦੂ ਬਣੇਗੀ। ਜ਼ਿਆਦਾਤਰ ਪਾਠਕ ਭਾਈ ਸਾਹਿਬ ਵਲੋਂ ਰਚੇ ਵਡਮੁੱਲੇ ਬੇਸ਼ਕੀਮਤੀ ਗ੍ਰੰਥ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਕਰਕੇ ਜਾਣਦੇ ਹਨ। ਭਾਈ ਸਾਹਿਬ ਨੇ ਪਹਿਲਾਂ ਹਿੰਦੀ ਕਵਿਤਾਤਾਂ ਦੀ ਰਚਨਾ ਵੀ ਕੀਤੀ। ਡਾ. ਰਵਿੰਦਰ ਕੌਰ ਰਵੀ ਵਲੋਂ ਸਮਰਪਿਤ ਭਾਵਨਾ ਨਾਲ ਇਹ ਕਾਰਜ ਕੀਤਾ ਗਿਆ ਹੈ। ਉਨ੍ਹਾਂ ਦੀ ਕਵਿਤਾ 'ਧੁਨੀ ਬਾਬੇ ਕੇ ਰਬਾਬ ਕੀ'-
ਹਾਹਾ ਹੂਹੂ ਤੁੰਬਰੂ ਕੀ ਵੀਣਾ ਕੋ ਨਾ ਆਵੈ ਰਸ,
ਤਰਜ ਨ ਭਾਵੇ ਦੇਵ ਮੁਨਿ ਮਿਜਰਾਬ ਕੀ।
ਆਤਮ ਸਰੂਰ ਵਿਖੇ ਮਨ ਮਖ਼ਮੂਰ ਰਹੈ,
ਤ੍ਰਿਖਾ ਮਿਟ ਗਈ ਮੇਰੀ ਭੰਗ ਅੋ ਸ਼ਰਾਬ ਕੀ।
ਨਿਜਾਨੰਦ ਮਿਂਹ ਰਹੰ ਪੂਰਣ ਤ੍ਰਿਪਤ ਹੋਯੋ
ਭੂਖ ਨ ਰਹੀ ਹੈ ਮਧੁਰਾਨ ਔ ਕਬਾਬ ਕੀ।
ਤੂੰ ਹੀ ਨਿਰੰਕਾਰ ਏਕ ਤੂੰ ਹੀ ਨਿਰੰਕਾਰ ਯਹ,
ਜਬ ਸੇ ਸੁਨੀ ਮੈਂ ਧੁਨੀ ਬਾਬੇ ਕੇ ਰਬਾਬ ਕੀ।
ਭਾਵ ਅਰਥ ਹੁਣ ਦੁਨਿਆਵੀ ਰੰਗ ਤਮਾਸ਼ੇ ਹਾਹਾ ਹੂੰ-ਹੂੰ ਵਾਲਾ ਸੰਗੀਤ ਮੇਰੇ ਮਨ ਨੂੰ ਨਹੀਂ ਭਾਉਂਦਾ, ਦੁਨਿਆਵੀ ਸੰਗੀਤ ਦੀਆਂ ਧੁੰਨਾਂ ਤਰਜਾਂ ਮਨ ਨੂੰ ਚੰਗੀਆਂ ਨਹੀਂ ਲਗਦੀਆਂ। ਸੱਚੀ ਬਾਣੀ ਦੇ ਪ੍ਰਕਾਸ਼ ਨਾਲ ਆਤਮਾ ਪ੍ਰਸੰਨ ਅਤੇ ਮਨ ਸ਼ਾਂਤ ਹੋਇਆ ਹੈ ਬਾਬੇ ਨਾਨਕ ਦੀ ਰਬਾਬ ਦੀ ਧੁਨੀ 'ਚ ਮੈਨੂੰ ਤੂੰ ਹੀ ਨਿਰੰਕਾਰ ਏਕ ਤੂੰ ਹੀ ਨਿਰੰਕਾਰ ਹੀ ਸੁਣਾਈ ਦਿੰਦਾ ਹੈ। ਇਸ ਤਰ੍ਹਾਂ ਪਹਿਲਾਂ ਕਵਿਤਾ ਦੇ ਕੇ ਫਿਰ ਉਸ ਦੇ ਭਾਵ-ਅਰਥ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਸੰਪਾਦਕਾ ਵਧਾਈ ਦੀ ਪਾਤਰ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸੁਖਨ ਸਵੇਰ
ਲੇਖਕ : ਢਾਡੀ ਕੁਲਜੀਤ ਸਿੰਘ ਦਿਲਬਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ 104
ਸੰਪਰਕ : 98147-32198
ਢਾਡੀ ਕੁਲਜੀਤ ਸਿੰਘ ਦਿਲਬਰ ਨੂੰ ਪੰਜਾਬ ਦੇ ਸ਼੍ਰੋਮਣੀ ਢਾਡੀ ਭਾਈ ਦਇਆ ਸਿੰਘ ਦਿਲਬਰ ਦੇ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ, ਜਿਸ ਨੇ ਦੇਸ਼-ਵਿਦੇਸ਼ ਵਿਚ ਪੰਜਾਬੀ ਵਾਰ ਗਾਇਕੀ ਵਿਚ ਚੰਗਾ ਨਾਮਣਾ ਖੱਟਿਆ ਹੈ। ਆਪਣੇ ਪਿਤਾ ਦੇ ਜੀਵਨ ਅਤੇ ਢਾਡੀ ਕਲਾ ਬਾਰੇ ਪ੍ਰਕਾਸ਼ਿਤ ਪੁਸਤਕ 'ਮੇਰੀ ਲਸੂੜੀ' ਪਾਠਕਾਂ ਵਲੋਂ ਬਹੁਤ ਪਸੰਦ ਕੀਤੀ ਜਾ ਚੁੱਕੀ ਹੈ। 'ਸੁਖਨ ਸਵੇਰ' ਲੇਖਕ ਦਾ ਨਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿਚਲੀਆਂ ਕਹਾਣੀਆਂ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਨੂੰ ਨਰੋਈ ਸੇਧ ਦੇਣ ਦਾ ਕੰਮ ਕਰਦੀਆਂ ਹਨ। ਕਹਾਣੀ ਦੀ ਭਾਸ਼ਾ ਸ਼ੈਲੀ ਐਸੀ ਰੌਚਕ ਹੈ ਕਿ ਪੜ੍ਹਦਿਆਂ ਪੜ੍ਹਦਿਆਂ ਪਾਠਕ ਕਹਾਣੀ ਦੇ ਨਾਲ-ਨਾਲ ਤੁਰਿਆ ਜਾਂਦਾ ਹੈ, ਮਹਿਸੂਸ ਕਰਦਾ ਹੈ। ਕਹਾਣੀ 'ਰਾਣੀ ਹਾਰ' ਦਾਜ ਦੀ ਸਮੱਸਿਆ ਬਾਰੇ ਵਧੀਆ ਵਿਅੰਗ ਹੈ। 'ਮੌਤ ਦਾ ਡਰ' ਕਹਾਣੀ ਵਿਚ ਲੇਖਕ ਨੇ ਦੱਸਿਆ ਹੈ ਕਿ ਗ਼ੈਰ ਮਨੁੱਖੀ ਕਾਰੇ ਕਰਨ ਵਾਲਾ ਮਨੁੱਖ ਭਾਵੇਂ ਜਿੰਨੇ ਮਰਜ਼ੀ ਪੂਜਾ ਪਾਠ ਕਰ ਲਏ, ਬੀਤੇ ਕਰਮਾਂ ਦਾ ਲੇਖਾ ਉਸ ਨੂੰ ਏਸੇ ਜਨਮ ਵਿਚ ਹੀ ਦੇਣਾ ਪੈਂਦਾ ਹੈ। 'ਗ੍ਰੀਨ ਕਾਰਡ' ਅਤੇ 'ਮੰਗਤੀ' ਵਰਗੀਆਂ ਕਹਾਣੀਆਂ ਪ੍ਰਵਾਸ ਅਨੁਭਵ ਅਤੇ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਪ੍ਰਭਾਵਸ਼ਾਲੀ ਢੰਗ ਨਾਲ ਕਰਦੀਆਂ ਹਨ। ਇਸੇ ਤਰ੍ਹਾਂ ਪੁਸਤਕ ਵਿਚਲੀਆਂ ਬਾਕੀ ਕਹਾਣੀਆਂ ਵੀ ਪਾਠਕ ਵਰਗ ਨੂੰ ਸਮਾਜਿਕ ਸਮੱਸਿਆਵਾਂ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਉਮੀਦ ਹੈ ਸਾਹਿਤ ਜਗਤ ਵਿਚ ਇਸ ਪੁਸਤਕ ਨੂੰ ਜ਼ਰੂਰ ਪਸੰਦ ਕੀਤਾ ਜਾਵੇਗਾ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਅੱਥਰੇ ਵੇਗ
ਲੇਖਕ : ਖੋਜੀ ਕਾਫ਼ਿਰ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ: 200 ਰੁਪਏ, ਸਫ਼ੇ : 104
ਸੰਪਰਕ : 99150-48005
ਖੋਜੀ ਕਾਫ਼ਿਰ ਲੋਕ-ਮਨਾਂ ਨਾਲ ਇਕਸੁਰ ਹੋ ਕੇ ਲਿਖਣ ਵਾਲੇ ਵਿਲੱਖਣ ਕਵੀ ਹਨ। ਉਨ੍ਹਾਂ ਦਾ ਧਿਆਨ ਗੌਰਵਮਈ ਇਤਿਹਾਸਕ ਕਾਰਨਾਮਿਆਂ ਦੀ ਬਜਾਇ ਵਰਤਮਾਨ ਦੀਆਂ ਦਰਪੇਸ਼ ਪ੍ਰਸਥਿਤੀਆਂ 'ਤੇ ਕੇਂਦਰਿਤ ਹੈ। ਉਹ ਮਹਿਸੂਸ ਕਰਦੇ ਹਨ ਕਿ ਅਸੀਂ ਆਪਣੇ ਮਾਣਮੱਤੇ ਕਿਰਦਾਰ ਅਤੇ ਰਵਾਇਤਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਅਜਿਹੇ ਹਾਲਾਤ ਵਿਚ ਸਮਾਜ ਦਾ ਸਭ ਤੋਂ ਸਿਆਣਾ ਵਰਗ ਸਮਝੇ ਜਾਂਦੇ ਲੇਖਕਾਂ ਨੂੰ ਵੀ ਹਕੂਮਤਾਂ ਦੇ ਕਸੀਦੇ ਪੜ੍ਹਦਿਆਂ ਦੇਖ ਕੇ ਉਹ ਬੇਬਾਕ ਹੋ ਕੇ ਕਹਿੰਦੇ ਹਨ:
'ਆਲਿਮ' ਦੇਸ ਪੰਜਾਬ ਦੇ,
ਗਏ ਰਵਾਇਤਾਂ ਭੁੱਲ।
ਕਰ ਕੇ ਲਿਖਤਾਂ ਪੁੱਠੀਆਂ,
ਸਰਕਾਰੋਂ ਪਾਵਣ ਮੁੱਲ।
ਉਨ੍ਹਾਂ ਦਾ ਮੁੱਲਾਂਕਣ ਕੇਵਲ ਪੰਜਾਬੀ ਜਾਂ ਭਾਰਤੀ ਖੇਤਰ ਤੱਕ ਹੀ ਸੀਮਤ ਨਹੀਂ ਰਹਿੰਦਾ, ਬਲਕਿ ਸਰਹੱਦ ਉਰਲੇ ਪਾਸੇ ਵੀ ਅਤੇ ਪਰਲੇ ਪਾਸੇ ਵੀ, ਪੂਰੇ ਵਿਸ਼ਵ ਭਰ ਵਿਚ ਹੀ ਉਹ ਆਮ ਆਦਮੀ ਦੀ ਤਰਸਯੋਗ ਜ਼ਿੰਦਗੀ ਨੂੰ ਬੜੀ ਗੰਭੀਰਤਾ ਅਤੇ ਸੰਜੀਦਗੀ ਨਾਲ ਲੈਂਦੇ ਹਨ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਅਜੋਕੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਰਤਾਰਿਆਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ, ਸਮਝਣ ਅਤੇ ਪੜਚੋਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ:
ਦੋਹੀਂ ਪਾਸੀਂ ਅਜ਼ਗਰ ਨੇਤਾ,
ਬਿਦ-ਬਿਦ ਪਰਜਾ ਖਾਏ।
ਵਹਿਸ਼ਤ ਐਸਾ ਤਾਂਡਵ ਨੱਚੇ,
ਅਰਸ਼ੀਂ ਬੈਠਾ ਰੱਬ ਸ਼ਰਮਾਏ।
'ਅੱਥਰੇ ਵੇਗ' ਤੋਂ ਪਹਿਲਾਂ ਖੋਜੀ ਕਾਫ਼ਿਰ ਦੀ ਕਲਮ ਤੋਂ ਛੇ ਕਾਵਿ-ਸੰਗ੍ਰਹਿ, ਦਸ ਕਹਾਣੀ-ਸੰਗ੍ਰਹਿ, ਦੋ ਇਕਾਂਗੀ-ਸੰਗ੍ਰਹਿ, ਦੋ ਨਾਵਲ, ਇਕ ਕਿੱਸਾ ਕਾਵਿ, ਛੇ ਨਾਟਕ, ਇਕ ਜੀਵਨੀ, ਇਕ ਸੰਪਾਦਿਤ ਪੁਸਤਕ, ਚਾਰ ਵਾਰਤਕ ਅਤੇ ਦੋ ਇਤਿਹਾਸ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਖੋਜੀ ਕਾਫ਼ਿਰ ਪਰੰਪਰਾਵਾਦੀ ਪਾਠ ਪੜ੍ਹਾਉਣ ਦੀ ਜਗ੍ਹਾ ਤਰਕਸੰਗਤ ਢੰਗ ਨਾਲ ਯਥਾਰਥ ਪੇਸ਼ ਕਰਨ ਦੇ ਧਾਰਨੀ ਹਨ। ਉਨ੍ਹਾਂ ਦੇ ਸ਼ਬਦਾਂ ਵਿਚ ਸਾਦਗੀ ਵੀ ਹੈ, ਸੁਹਿਰਦਤਾ ਵੀ ਅਤੇ ਸਪੱਸ਼ਟਤਾ ਵੀ। ਉਮੀਦ ਹੈ ਕਿ ਉਹ ਅੱਗੇ ਤੋਂ ਵੀ ਅਜਿਹੀਆਂ ਵਡਮੁੱਲੀਆਂ ਲਿਖਤਾਂ ਪਾਠਕਾਂ ਦੀ ਝੋਲੀ ਪਾਉਂਦੇ ਰਹਿਣਗੇ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਇਕ ਮੋਰਚਾ ਇਹ ਵੀ
ਸੰਪਾਦਕ: ਡਾ. ਸਤਿੰਦਰ ਕੌਰ ਕਾਹਲੋਂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ:250 ਰੁਪਏ, ਸਫ਼ੇ : 136
ਸੰਪਰਕ : 98721-12008
ਹੱਕੀ ਮੰਗਾਂ ਖਾਤਰ ਦਿੱਲੀ ਦੀਆਂ ਬਰੂਹਾਂ ਉੱਤੇ ਲੱਗਾ ਇਤਿਹਾਸਕ ਕਿਸਾਨ ਮੋਰਚਾ ਭਾਵੇਂ ਸਰਕਾਰ ਵਲੋਂ ਕਾਲੇ ਕਾਨੂੰਨ ਵਾਪਸੀ ਦੇ ਐਲਾਨਨਾਮੇ ਨਾਲ ਫ਼ਤਹਿ /ਸਮਾਪਤ ਜ਼ਰੂਰ ਹੋ ਚੁੱਕਾ ਹੈ ਅਤੇ ਹੋਏ ਇਕਰਾਰਨਾਮੇ /ਸਮਝੌਤੇ ਦੀ ਆਸ ਮੁਤਾਬਿਕ ਇਸ ਦੇ ਸਾਰਥਕ ਨਤੀਜੇ ਵੀ ਪੂਰੇ ਨਹੀਂ ਆਏ ਪਰ ਇਹ ਘੋਲ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਤੇ ਕੁਝ ਨਵੇਂ ਸਵਾਲ ਛੱਡਦਾ ਹੋਇਆ ਲੋਕਾਂ ਦੇ ਮਨਾਂ ਵਿਚ ਇਕ ਗੂੜ੍ਹੀ ਛਾਪ ਜ਼ਰੂਰ ਛੱਡ ਗਿਆ ਹੈ ਅਤੇ ਇਸ ਸੰਗਰਾਮ ਦੇ ਘਟਨਾਕ੍ਰਮ ਕਥਾ ਕਹਾਣੀਆਂ ਦੇ ਰੂਪ ਸਾਹਮਣੇ ਆ ਰਹੇ ਹਨ। ਸਟੇਟ ਐਵਾਰਡੀ ਅਧਿਆਪਕਾ ਡਾ. ਸਤਿੰਦਰ ਕੌਰ ਕਾਹਲੋਂ ਨੇ ਬਹੁਤ ਸ਼ਿੱਦਤ ਨਾਲ ਕੁਝ ਕਥਾ ਕਹਾਣੀਆਂ ਦੀ ਭਾਵਪੂਰਤ ਸੰਪਾਦਨਾ ਕਰਕੇ ਪੁਸਤਕ 'ਇਕ ਮੋਰਚਾ ਇਹ ਵੀ' ਪੰਜਾਬੀ ਸਾਹਿਤ ਜਗਤ ਦੇ ਝੋਲੀ ਵਿਚ ਪਾਈ ਹੈ।
ਮਿੰਨੀ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਡਾ. ਸਤਿੰਦਰ ਕੌਰ ਕਾਹਲੋਂ, ਮਨਜੀਤ ਕੌਰ ਅੰਬਾਲਵੀ, ਮਨਜੀਤ ਕੌਰ ਲੁਧਿਆਣਵੀ, ਡਾ. ਬਲਦੇਵ ਸਿੰਘ ਖਹਿਰਾ, ਕੈਲਾਸ਼ ਠਾਕੁਰ, ਪਰਮਜੀਤ ਕੌਰ ਸ਼ੇਖੂਪੁਰ, ਅੰਜੂ ਵੀ. ਰਤੀ, ਅਬੀਜੀਤ ਅਬੋਹਰ, ਮਾ. ਦੇਵ ਰਾਜ ਖੁੰਡਾ, ਕੁਲਵਿੰਦਰ ਕੌਰ ਕੋਮਲ, ਮਨਜੀਤ ਕੌਰ ਸੇਖੋਂ, ਪ੍ਰਭਜੋਤ ਕੌਰ, ਮਨਦੀਪ ਰਿੰਪੀ, ਸ਼ਹਿਬਾਜ਼ ਖ਼ਾਨ, ਮੁਨੱਜਾ ਇਰਸ਼ਾਦ, ਰਾਜਵੰਤ ਕੌਰ ਬਾਜਵਾ, ਰਾਜਦੇਵ ਕੌਰ ਸਿੱਧੂ, ਡਾ. ਸ਼ਿਆਮ ਸੁੰਦਰ ਦੀਪਤੀ, ਕਰਮਜੀਤ ਸਿੰਘ ਨਡਾਲਾ, ਸੁਰਿੰਦਰ ਦੀਪ, ਕੁਲਵਿੰਦਰ ਕੌਸ਼ਲ, ਹਰਭਜਨ ਸਿੰਘ ਖੇਮਕਰਨੀ, ਗੁਰਪ੍ਰੀਤ ਕੌਰ, ਡਾ. ਨਾਇਬ ਸਿੰਘ ਮੰਡੇਰ, ਮੀਨਾ ਨਵੀਨ, ਸੀਮਾ ਵਰਮਾ, ਬਲਰਾਜ ਕੋਹਾੜ, ਰਿਪਨਜੋਤ ਕੌਰ ਸੋਨੀ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੈਲੇ, ਅਰਵਿੰਦ ਕੌਰ ਸੋਹੀ, ਦੀਪ ਰੱਤੀ, ਨੇਚਰਦੀਪ ਕਾਹਲੋਂ, ਅਮਨਦੀਪ ਕੌਰ, ਜਸਵੰਤ ਗਿੱਲ, ਕੰਵਲਜੀਤ ਸਿੰਘ ਦਰਦ ਅਤੇ ਵਰਗਿਸ ਸਲਾਮਤ (ਲੇਖਕਾਂ) ਨੇ ਆਪਣੀ ਬੁੱਧੀ ਬਿਬੇਕ ਨਾਲ ਲਿਖਤਾਂ ਰਾਹੀਂ ਵੱਡਮੁੱਲਾ ਯੋਗਦਾਨ ਪਾਇਆ ਹੈ।
ਬੇਸ਼ੱਕ ਇਸ ਪੁਸਤਕ ਵਿਚਲੀਆਂ ਕਹਾਣੀਆਂ ਬਹੁਤ ਸੰਖੇਪ ਵਿਚ ਹਨ ਪਰ ਕੁੱਜੇ ਵਿਚ ਸਮੁੰਦਰ ਵਾਂਗੂੰ ਬੜਾ ਕੁਝ ਨਵਾਂ ਪੜ੍ਹ/ ਸਿਖਾ ਜਾਂਦੀਆਂ ਹਨ। ਭਾਈਚਾਰਕ ਸਾਂਝ, ਸਾਂਝੇ ਲੰਗਰ, ਗਿਆਨ ਲੰਗਰ (ਸਾਂਝੀ ਸੱਥ, ਜੰਗੀ ਕਿਤਾਬ ਘਰ, ਸਾਂਝਾ ਵਿਹੜਾ), ਪਰਉਪਾਕਰਤਾ, ਲੋੜਵੰਦਾਂ ਦੀ ਮਦਦ, ਸੁਚੇਤ ਰਹਿਣਾ, ਸਿਆਸੀ ਲੂੰਬੜ ਚਾਲਾਂ ਨੂੰ ਸਮਝਣਾ, ਮਾੜੇ ਬੋਲ ਕੁਬੋਲ ਦੇ ਵਿਸ਼ੇਸ਼ਣਾਂ ਨੂੰ ਦਰਕਿਨਾਰ ਕਰਦਿਆਂ ਉਚੇ ਕਿਰਦਾਰ 'ਤੇ ਪਹਿਰਾ ਦੇਣ, ਸਗੋਂ ਤੰਗੀਆਂ ਤੁਰਸ਼ੀਆਂ ਨੂੰ ਝਲਦਿਆਂ ਜਰਵਾਣਿਆਂ ਨਾਲ ਲੋਹਾ ਲੈਣਾ, ਏਕੇ ਵਿਚ ਬਰਕਤ, ਹੱਕਾਂ ਲਈ ਜੂਝਣਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ 'ਤੇ ਯਕੀਨ ਬਣਾਈ ਰੱਖਣਾ ਆਦਿ ਦੇ ਸਾਰਥਿਕ ਸੰਦੇਸ਼ ਦੇਣ ਵਾਲੀਆਂ ਕਥਾ ਕਹਾਣੀਆਂ ਦੇ ਲੇਖਕਾਂ/ਲੇਖਿਕਾਵਾਂ ਅਤੇ ਸੰਪਾਦਕਾ ਡਾ. ਸਤਿੰਦਰ ਕੌਰ ਕਾਹਲੋਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਹ ਸਿੱਧ ਕਰਨ ਦਾ ਪੂਰਾ ਯਤਨ ਕੀਤਾ ਹੈ ਕਿ ਕਿਸਾਨ ਮੋਰਚਾ ਸਿਰਫ ਕਿਸਾਨਾਂ ਦਾ ਨਹੀਂ ਸੀ ਸਗੋਂ ਇਹ ਘੋਲ/ਮਹਾਂਘੋਲ ਕਿਰਤ ਅਤੇ ਵੰਡ ਛਕਣ ਵਾਲੇ ਸਭ ਉਨ੍ਹਾਂ ਲੋਕਾਂ ਦਾ ਸੀ, ਜੋ ਹੱਕ ਹਕੂਕ ਤੇ ਅਣਖ ਲਈ ਅੜ ਵੀ ਤੇ ਲੜ ਵੀ ਸਕਦੇ ਨੇ ਪਰ ਪਿਆਰ ਅੱਗੇ ਝੁਕਣਾ ਵੀ ਜਾਣਦੇ ਨੇ। ਭਾਵਪੂਰਤ ਤਸਵੀਰਾਂ ਵਾਲੇ ਸਰਵਰਕ ਤੇ ਉਚਪਾਏ ਦੇ ਖ਼ਿਆਲਾਤ ਵਾਲੀ ਪੁਸਤਕ 'ਇਕ ਮੋਰਚਾ ਇਹ ਵੀ' ਸਵਾਗਤਯੋਗ ਪੁਸਤਕ ਹੈ, ਜੋ ਪਾਠਕਾਂ ਨੂੰ ਇਕ ਨਰੋਈ ਸੇਧ ਦੇਣ ਦੀ ਸਮਰੱਥ ਹੈ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵਟਸਐਪ : 98764-74858
ਅਮੋਲਕ ਹੀਰਾ
ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ
ਸੰਪਾਦਕ : ਸੁਰਿੰਦਰ ਸਿੰਘ ਤੇਜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ 400
ਸੰਪਰਕ : 94638-36591
ਅਮੋਲਕ ਸਿੰਘ ਜੰਮੂ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਉੱਘਾ ਨਾਂਅ ਹੈ ਜੋ ਖ਼ੁਦ ਆਪ ਪੱਤਰਕਾਰੀ ਦੇ ਵੱਖ-ਵੱਖ ਅਦਾਰਿਆਂ ਨਾਲ ਜੁੜ ਕੇ ਸਿਰੜੀ ਪੱਤਰਕਾਰੀ ਕਰਦਾ ਰਿਹਾ ਤੇ ਫਿਰ 'ਪੰਜਾਬ ਟਾਈਮਜ਼' ਦਾ ਸੰਪਾਦਕ ਵੀ ਬਣਿਆ। ਹਥਲੀ ਪੁਸਤਕ 'ਅਮੋਲਕ ਹੀਰਾ' ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ ਉਸ ਦੇ ਜੀਵਨ-ਸੰਘਰਸ਼ ਅਤੇ ਪੱਤਰਕਾਰੀ ਨੂੰ ਦਿੱਤੇ ਯੋਗਦਾਨ ਬਾਰੇ ਵਿਸਥਾਰਪੂਰਵਕ ਰੂਪ ਵਿਚ ਪੇਸ਼ ਕਰਦੀ ਵਿਸ਼ੇਸ਼ ਅਤੇ ਵੱਡਆਕਾਰੀ ਪੁਸਤਕ ਹੈ ਜੋ ਅਮੋਲਕ ਸਿੰਘ ਦੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਜਾਣ ਦੇ ਬਾਅਦ ਉਸ ਦੀ ਪਤਨੀ ਜਸਪ੍ਰੀਤ ਕੌਰ ਅਤੇ ਸੰਪਾਦਕ ਸੁਰਿੰਦਰ ਸਿੰਘ ਤੇਜ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸੁਰਿੰਦਰ ਸਿੰਘ 'ਤੇਜ' ਖ਼ੁਦ ਆਪ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਪੁਸਤਕ ਵਿਚ ਅਮੋਲਕ ਸਿੰਘ ਜੰਮੂ ਦੀਆਂ 'ਪੰਜਾਬ ਟਾਈਮਜ਼' ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੋਈਆਂ ਲਿਖਤਾਂ ਦੇ ਨਮੂਨਿਆਂ ਤੋਂ ਇਲਾਵਾ ਅਮੋਲਕ ਸਿੰਘ ਜੰਮੂ ਦੇ ਸਨੇਹੀਆਂ ਅਤੇ ਦੋਸਤਾਂ-ਮਿੱਤਰਾਂ ਵਲੋਂ ਉਸ ਦੀ ਮਿਹਨਤ, ਪੱਤਰਕਾਰੀ ਨੂੰ ਦੇਣ ਅਤੇ ਸ਼ਖ਼ਸੀਅਤ ਬਾਰੇ ਵੱਖ-ਵੱਖ ਵਿਚਾਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚ ਇਨ੍ਹਾਂ ਲੇਖਕਾਂ ਨੇ ਅਮੋਲਕ ਸਿੰਘ ਜੰਮੂ ਨਾਲ ਜੁੜੀਆਂ ਆਪਣੀਆਂ ਭਾਵੁਕ ਸਾਂਝਾ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਹੈ। ਇਨ੍ਹਾਂ ਲੇਖਾਂ ਵਿਚ ਕੁਝ ਇਕ ਲੇਖ ਤਾਂ ਉਸ ਦੇ ਪੱਤਰਕਾਰੀ ਖੇਤਰ ਨਾਲ ਜੁੜੇ ਅਨੁਭਵਾਂ ਬਾਰੇ ਹੀ ਲਿਖੇ ਗਏ ਹਨ। ਇਸ ਪੁਸਤਕ ਵਿਚ ਭਾਵੇਂ ਅਮੋਲਕ ਸਿੰਘ ਜੰਮੂ ਦੀ ਸ਼ਖ਼ਸੀਅਤ ਬਾਰੇ ਵਿਸ਼ੇਸ਼ ਰੂਪ ਵਿਚ ਚਰਚਾ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਸ਼ਿਕਾਗੋ ਦੀ ਧਰਤੀ ਤੋਂ ਉਸ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਅਖ਼ਬਾਰ 'ਪੰਜਾਬ ਟਾਈਮਜ਼' ਵਿਚ ਵੱਖ-ਵੱਖ ਲੇਖਕਾਂ ਦੁਆਰਾ ਸਮੇਂ-ਸਮੇਂ ਲਿਖੇ ਜਾਂਦੇ ਮਿਆਰੀ ਲੇਖਾਂ ਦੇ ਨਮੂਨੇ ਵੀ ਪੇਸ਼ ਕੀਤੇ ਗਏ ਹਨ। ਇਨ੍ਹਾਂ ਲੇਖਕਾਂ ਵਿਚ ਜਸਵੰਤ ਸਿੰਘ ਕੰਵਲ, ਸਿਰਦਾਰ ਕਪੂਰ ਸਿੰਘ, ਗੁਰਦਿਆਲ ਬੱਲ, ਬਲਬੀਰ ਸਿੰਘ ਕੰਵਲ, ਪ੍ਰਿੰ. ਸਰਵਣ ਸਿੰਘ, ਡਾ. ਜਸਬੀਰ ਸਿੰਘ ਆਹਲੂਵਾਲੀਆ, ਗੁਰਬਚਨ, ਗੁਰਭਗਤ ਸਿੰਘ, ਹਰਪਾਲ ਸਿੰਘ ਪੰਨੂ, ਸੁਤਿੰਦਰ ਸਿੰਘ ਨੂਰ ਦੇ ਨਾਂਅ ਵਰਣਨਯੋਗ ਹਨ। ਪੁਸਤਕ ਪੜ੍ਹਣਯੋਗ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਨਾਰੀ : ਸਮਾਜ ਸੰਸਕ੍ਰਿਤਕ ਪਰਿਪੇਖ ਅਤੇ
ਪੰਜਾਬੀ ਸਾਹਿਤ
(ਭਰੂਣ ਹੱਤਿਆ ਦੇ ਵਿਸ਼ੇਸ਼ ਪ੍ਰਸੰਗ ਵਿਚ)
ਲੇਖਿਕਾ : ਡਾ. ਪਰਮਜੀਤ ਕੌਰ ਸਿੱਧੂ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ 295 ਰੁਪਏ, ਸਫ਼ੇ : 143
ਸੰਪਰਕ : 0172-5027427
ਇਸ ਪੁਸਤਕ ਵਿਚ ਕੰਨਿਆ ਭਰੂਣ ਹੱਤਿਆ ਦੀ ਸਮੱਸਿਆ ਉਠਾਈ ਗਈ ਹੈ। ਭਾਰਤ ਅਤੇ ਚੀਨ ਦੇ ਮਾਪਿਆਂ ਵਲੋਂ ਪਿਛਲੇ ਪੰਜਾਹ ਸਾਲਾਂ ਵਿਚ ਪੰਜਾਹ ਕਰੋੜ ਕੁੜੀਆਂ ਮਾਰੀਆਂ ਜਾ ਚੁੱਕੀਆਂ ਹਨ। ਹਰ ਸਾਲ ਭਾਰਤ ਵਿਚ ਸਾਢੇ ਦਸ ਲੱਖ ਕੁੜੀਆਂ ਨੂੰ ਗਰਭ ਵਿਚ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ 20,000 ਔਰਤਾਂ ਹਰ ਸਾਲ ਗਰਭ ਗਿਰਾਉਣ ਦੌਰਾਨ ਮਰ ਜਾਂਦੀਆਂ ਹਨ। ਪੰਜਾਬੀਆਂ ਵਿਚ ਮਾਦਾ ਭਰੂਣ ਹੱਤਿਆ ਸਭ ਤੋਂ ਵੱਧ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਇਸੇ ਧਰਤੀ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਉਚਾਰਿਆ ਸੀ
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਅੰਦਾਜ਼ੇ ਅਨੁਸਾਰ ਹੁਣ ਤੱਕ ਮਾਦਾ ਭਰੂਣ ਹੱਤਿਆ ਕਾਰਨ ਮਜ਼ਲੂਮ ਕੁੜੀਆਂ ਦਾ ਢਾਈ ਲੱਖ ਲੀਟਰ ਖ਼ੂਨ ਵਹਿ ਚੁੱਕਿਆ ਹੈ। ਇਸ ਤਰ੍ਹਾਂ ਗੁਰੂਆਂ, ਪੀਰਾਂ ਤੋਂ ਵਰੋਸਾਈ ਪੰਜਾਬ ਦੀ ਪਵਿੱਤਰ ਧਰਤੀ ਦਾ ਕਣ-ਕਣ ਬਦਨਸੀਬ ਮਜ਼ਲੂਮਾਂ ਦੇ ਲਹੂ ਨਾਲ ਸਿੰਜਿਆ ਗਿਆ ਹੈ। ਭਾਰਤ ਵਿਚ ਪ੍ਰਤੀ ਹਜ਼ਾਰ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 933 ਹੈ। ਲੇਖਿਕਾ ਨੇ ਇਸ ਗੰਭੀਰ ਸਮੱਸਿਆ ਪ੍ਰਤੀ ਸਾਡੀ ਜ਼ਮੀਰ ਨੂੰ ਟੁੰਬਿਆ ਹੈ ਅਤੇ ਚੇਤਨਾ ਨੂੰ ਹਲੂਣਿਆ ਹੈ। ਇਸ ਪੁਸਤਕ ਵਿਚ ਭਰੂਣ ਹੱਤਿਆ ਦੀ ਸਥਿਤੀ, ਸਮੱਸਿਆਵਾਂ, ਸਮਾਜ ਵਿਚ ਨਾਰੀ ਦੀ ਹਾਲਤ, ਸੰਸਕ੍ਰਿਤਕ ਅਤੇ ਇਤਿਹਾਸਕ ਪੱਖ ਤੋਂ ਪੰਜਾਬੀ ਅਤੇ ਭਾਰਤੀ ਸਮਾਜ ਵਿਚ ਔਰਤਾਂ ਪ੍ਰਤੀ ਵਰਤਾਰੇ ਅਤੇ ਪੰਜਾਬੀ ਸਾਹਿਤ ਵਿਚ ਭਰੂਣ ਹੱਤਿਆ ਦੇ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ। ਇਹ ਸਾਰਾ ਕਾਰਜ ਬਹੁਤ ਖੋਜ ਭਰਪੂਰ ਹੈ। ਅੰਤ ਵਿਚ ਕੁਝ ਕਵਿਤਾਵਾਂ ਅਤੇ ਨਾਟਕਾਂ ਰਾਹੀਂ ਇਸ ਮੁੱਦੇ ਪ੍ਰਤੀ ਸੰਵੇਦਨਾ ਜਗਾਈ ਗਈ ਹੈ
ਧੀਆਂ ਜਿਊਣ ਜੋਗੀਆਂ ਨਹੀਂ ਹੁੰਦੀਆਂ, ਮਰ ਜਾਣੀਆਂ ਹੁੰਦੀਆਂ ਨੇ
ਧੀਆਂ ਕੁਝ ਵੀ ਨਹੀਂ ਹੁੰਦੀਆਂ,
ਬੱਸ ਧਿਰਾਂ ਹੁੰਦੀਆਂ ਨੇ।
ਦੋਹਾਂ ਘਰਾਣਿਆਂ ਨੂੰ ਜੋੜਨ ਲਈ,
ਵੀਰਾਂ ਦੀਆਂ ਬਾਹਾਂ ਪੱਕੀਆਂ ਕਰਨ ਲਈ
ਧੀਆਂ ਤਾਂ ਬੱਸ ਧਿਰਾਂ ਹੁੰਦੀਆਂ ਨੇ।
ਇਸ ਸ਼ਲਾਘਾਯੋਗ ਮਹੱਤਵਪੂਰਨ ਪੁਸਤਕ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਅਨੰਦੁ ਭਇਆ...
ਲੇਖਕ : ਬੀਬਾ ਬਲਵੰਤ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 600 ਰੁਪਏ, ਸਫ਼ੇ : 544
ਸੰਪਰਕ : 98552-94356
ਬੀਬਾ ਬਲਵੰਤ ਪੰਜਾਬੀ ਕਵਿਤਾ ਦਾ ਜਾਣਿਆ-ਪਛਾਣਿਆ ਨਾਂਅ ਹੈ। ਜੋ ਰੰਗਾਂ, ਲਕੀਰਾਂ ਅਤੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟਾਉਣ ਦੀ ਅਦਭੁਤ ਕਲਾ ਦਾ ਸਵਾਮੀ ਹੈ। ਉਹ ਆਪਣੀ ਕਲਾ ਨਾਲ ਰੰਗਾਂ-ਰੇਖਾਵਾਂ ਨੂੰ ਬੋਲਣ ਲਾ ਸਕਦਾ ਹੈ ਅਤੇ ਸ਼ਬਦਾਂ ਨਾਲ ਮਨਮੋਹਣੇ ਚਿੱਤਰ ਉਲੀਕ ਸਕਦਾ ਹੈ। ਉਸ ਦੀ ਇਹ 'ਅਨੰਦ ਭਇਆ' ਕਿਤਾਬ 1980 ਤੋਂ 2020 ਤੱਕ ਲਿਖੀਆਂ ਉਸ ਦੀਆਂ ਗ਼ਜ਼ਲਾਂ, ਕਵਿਤਾਵਾਂ, ਨਜ਼ਮਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ ਜੋ ਉਸ ਦੀਆਂ ਸੱਤ ਕਿਤਾਬਾਂ ਵਿਚ ਅਤੇ ਕੁਝ ਹੋਰ ਅਖ਼ਬਾਰਾਂ, ਰਸਾਲਿਆਂ ਵਿਚ ਛਪ ਚੁੱਕੇ ਹਨ। ਦਹਾਕੇ ਵਿਚ ਫੈਲੀ ਹੋਈ ਕਾਵਿ ਸਮੱਗਰੀ ਨੂੰ ਇਕੋ ਜਿਲਦ ਵਿਚ ਪਰੋ ਕੇ ਉਸ ਨੇ ਪੰਜਾਬੀ ਕਾਵਿ ਪਾਠਕਾਂ, ਸਮੀਖਿਅਕਾਂ ਅਤੇ ਖੋਜਾਰਥੀਆਂ ਲਈ ਇਹ ਸੋਖ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਉਸ ਦੀਆਂ ਵੱਖ-ਵੱਖ ਕਿਤਾਬਾਂ ਲੱਭਣੀਆਂ ਨਾ ਪੈਣ। ਸਮੁੱਚੀਆਂ ਲਿਖਤਾਂ ਨੂੰ ਇਕੋ ਥਾਂ ਪੜ੍ਹਨ ਨਾਲ ਕਵੀ ਦਾ ਇਕ ਬੱਝਵਾਂ ਪ੍ਰਭਾਵ ਵੀ ਉਜਾਗਰ ਹੁੰਦਾ ਹੈ ਅਤੇ ਵੱਖ-ਵੱਖ ਸਮਿਆਂ, ਸਾਹਿਤਕ ਲਹਿਰਾਂ ਨਾਲ ਜੂਝਦਾ ਕਵੀ ਕਿਹੋ ਜਿਹੀ ਕਾਵਿਕ ਮਾਨਸਿਕਤਾ ਹੰਢਾਉਂਦਾ ਹੈ, ਇਸ ਬਾਰੇ ਸਮੀਖਿਅਕ ਸਮਝ ਬਣਾਉਣੀ ਵੀ ਸਰਲ ਹੋ ਜਾਂਦੀ ਹੈ। ਇਸ ਕਰਕੇ ਇਹ ਕਾਰਜ ਬੇਹੱਦ ਮੁੱਲਵਾਨ ਪ੍ਰਤੀਤ ਹੁੰਦਾ ਹੈ। 'ਤੇਰੇ ਨਾਲ ਗੁਜ਼ਾਰੇ ਵਕਤ ਦੇ ਓਸ ਟੁਕੜ ਨੂੰ, ਜੋ ਅੱਜ ਵੀ ਮੇਰੇ ਸਾਹ ਨਾਲ ਸਾਹ ਲੈ ਰਿਹਾ ਹੈ' ਦੇ ਸਮਰਪਣੀ ਸ਼ਬਦਾਂ ਨਾਲ ਸ਼ੁਰੂ ਹੁੰਦੀ ਇਸ ਪੁਸਤਕ ਦਾ ਪਹਿਲਾ ਹੀ ਸ਼ਿਅਰ, ਜੋ 'ਤੇਰੀਆਂ ਗੱਲਾਂ ਤੇਰੇ ਨਾਂਅ' ਪੁਸਤਕ ਦਾ ਅੰਗ ਹੈ, ਬੀਬਾ ਬਲਵੰਤ ਦੀ ਸਮੁੱਚੀ ਕਾਵਿ ਯਾਤਰਾ ਦੇ ਪ੍ਰਤੀਕ ਵਾਂਗ ਸਥਾਪਤ ਹੁੰਦਾ ਦਿਸਦਾ ਹੈ।
-ਤੇਰਾ ਇਕ ਇਕ ਨਕਸ਼
ਉੱਭਰ ਕੇ ਆਇਆ ਹੈ।
ਜਦ ਵੀ ਖਾਲੀ ਕੈਨਵਸ 'ਤੇ
ਰੰਗ ਲਾਇਆ ਹੈ।
ਰੰਗਾਂ ਨੂੰ ਸ਼ਬਦਾਂ ਵਾਂਗ ਅਤੇ ਸ਼ਬਦਾਂ ਨੂੰ ਰੰਗਾਂ ਵਾਂਗ ਵਰਤਣਾ ਬੀਬਾ ਦਾ ਸਹਿਜ ਹੈ। ਕਵਿਤਾ ਵਿਚੋਂ ਆਪਣੇ ਆਪ ਨੂੰ ਤਲਾਸ਼ਣਾ ਅਤੇ ਆਪਣੇ-ਆਪ ਵਿਚ ਕਵਿਤਾ ਨੂੰ ਤਲਾਸ਼ਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ ਅਤੇ ਫੇਰ ਇਸ ਨਿਰਾਕਾਰ ਤਲਾਸ਼ ਨੂੰ ਅਕਾਰਾਂ ਵਿਚ ਸਮੂਰਤ ਕਰਕੇ ਵੀ ਬਹੁਤ ਕੁਝ ਅਜਿਹਾ ਅਮੂਰਤ ਅਹਿਸਾਸ ਲਈ ਛੱਡ ਦੇਣਾ ਬੀਬਾ ਦੀ ਕਾਵਿਕਾਰੀ ਦੀ ਵਿਲੱਖਣਤਾ ਹੈ।
-ਕੌਣ ਤੂੰ ਬੀਬਾ,
ਕਿਸ ਨਗਰੀ ਦਾ ਵਾਸੀ ਹੈਂ?
ਹੁਣ ਤਾਂ ਮੈਨੂੰ ਪੁੱਛਦਾ ਮੇਰਾ ਸਾਇਆ ਹੈ।
-ਇਹ ਥੋੜ੍ਹੇ ਰੰਗ, ਕੁਝ ਅੱਖਰ,
ਤੇ ਕੁਝ ਈਮਾਨ ਦੇ ਰਿਸ਼ਤੇ
ਮੇਰੀ ਤਾਂ ਉਮਰ ਭਰ ਦੀ ਦੋਸਤੋ,
ਏਹੋ ਕਮਾਈ ਹੈ।
-ਚਿਹਰੇ ਉਦਾਸ ਉੱਭਰੇ,
ਕੈਨਵਸ ਬੜਾ ਹੀ ਰੋਈ
ਰੰਗਾਂ ਦੀ ਗੁਫ਼ਤਗੂ ਜਦੋਂ,
ਰੰਗਾਂ ਦੇ ਨਾਲ ਹੋਈ।
ਉਹ ਭਾਵੇਂ ਗ਼ਜ਼ਲ ਲਿਖ ਰਿਹਾ ਹੋਵੇ, ਗੀਤ ਲਿਖ ਰਿਹਾ ਹੋਵੇ ਜਾਂ ਕਵਿਤਾ ਲਿਖ ਰਿਹਾ ਹੈ। ਉਸ ਦੇ ਆਲੇ-ਦੁਆਲੇ ਇਕ ਦਰਦ ਅਤੇ ਅਨੰਦ ਦਾ ਘੇਰਾ ਪਸਰਿਆ ਰਹਿੰਦਾ ਹੈ। ਉਸ ਦੀ ਕਵਿਤਾ ਵਿਚ ਸਮੁੰਦਰ ਹੈ, ਬਰਫ਼ ਹੈ, ਬਿਰਖ ਹਨ, ਪਰਿੰਦੇ ਹਨ, ਪਿੰਜਰੇ ਹਨ, ਹੰਝੂ ਹਨ, ਦੁੱਖ ਹਨ, ਸੁੱਖ ਹਨ, ਅੱਗ ਹੈ, ਰਾਖ ਹੈ, ਖ਼ੁਸ਼ਬੂ ਹੈ, ਪੌਣ ਹੈ, ਤਨਹਾਈ ਹੈ, ਖਲਾਅ ਹੈ, ਚੰਦ, ਸੂਰਜ, ਤਾਰੇ, ਬੱਦਲ, ਸਤਰੰਗੀਆਂ ਪੀਂਘਾਂ, ਜੰਗਲ, ਰੇਤਾ, ਪਰਬੱਤ, ਨਾਲੇ-ਨਦੀਆਂ... ਉਹ ਸਭ ਕੁਝ ਜਿਸ ਨਾਲ ਕਵਿਤਾ ਉਪਜਦੀ ਹੈ, ਅਹਿਸਾਸ ਜਾਗਦੇ ਹਨ, ਬਹਾਰਾਂ ਤੇ ਪਤਝੜਾਂ ਉਜਾਗਰ ਹੁੰਦੀਆਂ ਹਨ। ਇਹ ਸਭ ਕੁਝ ਕਿਹੜੇ ਕਾਵਿ-ਰੂਪ ਵਿਚ ਢਲ ਕੇ ਕਾਗ਼ਜ਼ਾਂ ਤੱਕ ਪਹੁੰਚਦਾ ਹੈ ਇਸ ਦੀ ਬੀਬਾ ਨੂੰ ਕੋਈ ਪਰਵਾਹ ਨਹੀਂ ਹੈ-
ਪਹਿਲਾਂ ਉਸ ਨੇ
ਅੱਖਾਂ ਵਿਚ ਹੰਝੂ ਭਰੇ
ਤੇ ਫਿਰ ਮੁਸਕਰਾ ਕੇ ਕਿਹਾ
ਕੋਈ ਵੀ ਮੁਹੱਬਤ
ਬਿਨਾਂ ਹੰਝੂ
ਬਿਨਾਂ ਮੁਸਕਰਾਹਟ ਤੋਂ
ਅਧੂਰੀ ਹੈ
ਇਹ ਦਰਦ ਦੇ ਆਨੰਦ
ਨਾਲ ਹੀ ਪੂਰੀ ਹੈ। (ਪੰਨਾ-281)
ਕਵਿਤਾ ਨਾਲ ਆਪਣੀ ਮੁਹੱਬਤ ਨੂੰ ਦਰਦ ਅਤੇ ਆਨੰਦ ਨਾਲ ਪ੍ਰਵਾਨ ਚੜ੍ਹਾਉਣ ਵਾਲਾ ਬੀਬਾ ਬਲਵੰਤ ਪੰਜਾਬੀ ਕਵਿਤਾ ਦਾ ਵਡਮੁੱਲਾ ਹਾਸਿਲ ਹੈ। ਬਕੌਲ ਡਾਕਟਰ ਵਨੀਤਾ-'ਉਸ ਦੀ ਕਵਿਤਾ ਦੀ ਬਿੰਬ ਵਿਧੀ ਉਸ ਦੀ ਵਿਲੱਖਣਤਾ ਹੈ' ਅਤੇ ਬਾਕੌਲ ਡਾ. ਮੋਹਣਜੀਤ-'ਅਜਿਹੀ ਕਵਿਤਾ ਸਮਕਾਲੀ ਪੰਜਾਬੀ ਕਵਿਤਾ ਦੇ ਪੰਨਿਆਂ 'ਤੇ ਕਿਤੇ ਕਿਤੇ ਹੀ ਵੇਖਣ ਨੂੰ ਦਰਕਾਰ ਹੈ। ਬੀਬਾ ਬਲਵੰਤ ਦੀ ਕਵਿਤਾ ਨੂੰ ਇਕ ਥਾਂ ਛਾਪ ਕੇ ਰਵੀ ਸਾਹਿਤ ਪ੍ਰਕਾਸ਼ਨ ਨੇ ਮਹੱਤਵਪੂਰਨ ਕਾਰਜ ਕੀਤਾ ਹੈ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਸਾਹਿਤ ਸੰਜੀਵਨੀ
ਲੇਖਕ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98551-23499
ਜੰਗ ਬਹਾਦੁਰ ਗੋਇਲ ਇਕ ਪਰਿਚਿਤ ਲੇਖਕ ਹੈ। ਉਹਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਕੁੱਲ 19 ਪੁਸਤਕਾਂ (ਕ੍ਰਮਵਾਰ 6, 11 ਅਤੇ 2) ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚ ਬਹੁਤੀਆਂ ਉਹਨੇ ਆਪ ਅਨੁਵਾਦ ਕੀਤੀਆਂ ਹਨ। ਉਹਦੀ ਇਕ ਕਿਤਾਬ 'ਮੁਹੱਬਤਨਾਮਾ' ਦਾ ਉਰਦੂ ਅਨੁਵਾਦ ਡਾ. ਰੇਣੂ ਬਹਿਲ ਵਲੋਂ ਕੀਤਾ ਗਿਆ ਹੈ। ਦਰਅਸਲ ਗੋਇਲ 'ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ' (ਪੰਜ ਭਾਗ) ਲਿਖ ਕੇ ਚਰਚਾ ਵਿਚ ਆਇਆ ਹੈ।
ਵਿਚਾਰ ਅਧੀਨ ਪੁਸਤਕ ਦੇ ਛੇ ਭਾਗ ਹਨ। ਲੇਖਕ ਨੇ ਇਸ ਪੁਸਤਕ ਦੇ ਹੋਂਦ ਵਿਚ ਆਉਣ ਬਾਰੇ ਅਤੇ ਸੁਰਜੀਤ ਪਾਤਰ ਨੇ ਇਹਦਾ ਮੁੱਖਬੰਦ ਲਿਖਿਆ ਹੈ। ਇਹ ਕਿਤਾਬ ਪੜ੍ਹਦਿਆਂ ਮੈਨੂੰ ਚਾਰਲਸ ਡਿਕਨਜ਼ ਦੀ ਇਹ ਗੱਲ ਸ਼ਿਦਤ ਨਾਲ ਯਾਦ ਆਈ ਕਿ 'ਜੋ ਆਦਮੀ ਪੜ੍ਹਨਾ ਜਾਣਦੇ ਹੋਏ ਵੀ ਕਿਤਾਬਾਂ ਨਹੀਂ ਪੜ੍ਹਦਾ, ਉਹਦੇ ਤੇ ਅਨਪੜ੍ਹ ਵਿਚ ਉੱਕਾ ਹੀ ਫ਼ਰਕ ਨਹੀਂ ਹੈ।' ਗੋਇਲ ਦੀ ਇਸ ਕਿਤਾਬ ਦਾ ਪਹਿਲਾ ਭਾਗ 'ਪੁਸਤਕਾਂ : ਮੇਰੀ ਜ਼ਿੰਦਗੀ ਵਿਚ' ਲੇਖਕ ਦੀ ਸਾਹਿਤਕ ਸਵੈਜੀਵਨੀ ਦਾ ਕਾਂਡ ਕਿਹਾ ਜਾ ਸਕਦਾ ਹੈ। ਇਸੇ ਕਾਂਡ ਵਿਚ ਉਹ ਲਿਖਦਾ ਹੈ, 'ਹੁਣ ਤੱਕ ਸਾਹਿਤ ਦੀ ਛਤਰੀ ਨੇ ਮੈਨੂੰ ਜ਼ਿੰਦਗੀ ਦੀ ਕਰੜੀ ਧੁੱਪ ਅਤੇ ਬਾਰਿਸ਼ ਤੋਂ ਹਮੇਸ਼ਾ ਬਚਾਈ ਰੱਖਿਆ। ਕਿਤਾਬਾਂ ਮੇਰੀਆਂ ਸੁਰੱਖਿਅਤ ਪਨਾਹਗਾਰ ਬਣ ਚੁੱਕੀਆਂ ਸਨ। ਉਨ੍ਹਾਂ ਕਰਕੇ ਮੈਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਸੀ ਹੁੰਦੀ। ਮੇਰੀ ਨੀਅਤ ਵਿਚ ਅਜੀਬ ਕਿਸਮ ਦਾ ਰੱਜ ਸਮੋ ਗਿਆ ਸੀ, ਪਰ ਕਿਤਾਬਾਂ ਬਾਰੇ ਮੇਰੀ ਭੁੱਖ ਕਦੇ ਵੀ ਸ਼ਾਂਤ ਨਹੀਂ ਹੋਈ।' (ਪੰਨਾ 20)
ਪਹਿਲੇ ਕਾਂਡ ਤੋਂ ਸਾਨੂੰ ਲੇਖਕ ਦੀ ਜ਼ਿੰਦਗੀ ਦੇ ਵਿਭਿੰਨ ਪੜਾਵਾਂ ਦਾ ਬਹੁਤ ਨੇੜਿਓਂ ਪਤਾ ਲਗਦਾ ਹੈ। ਇਕ ਇਤਿਹਾਸਕ ਕਸਬੇ (ਜੈਤੋ) ਵਿਚ 23 ਮਾਰਚ 1946 ਨੂੰ ਜਨਮਿਆ ਇਹ ਲੇਖਕ ਅੱਜ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਵਜੋਂ ਚੰਡੀਗੜ੍ਹ ਰਹਿ ਰਿਹਾ ਹੈ। ਵਿਰਸੇ 'ਚੋਂ ਮਿਲੀ ਪੜ੍ਹਨ ਦੀ ਆਦਤ ਨੂੰ ਉਹਨੇ ਪੱਲੇ ਬੰਨ੍ਹ ਲਿਆ ਅਤੇ ਪੜ੍ਹਨ ਦੇ ਨਾਲ-ਨਾਲ ਲਿਖਣਾ ਜਾਰੀ ਰੱਖਿਆ। ਕਿਸੇ ਸਮੇਂ ਡੂੰਘੇ ਤਣਾਅ ਵਿਚ ਆਉਣ ਤੇ ਉਹਨੂੰ ਧਰਮਵੀਰ ਭਾਰਤੀ ਦੀ ਕਵਿਤਾ ਨੇ ਜ਼ਿੰਦਗੀ ਦਾ ਠੁੰਮਣਾ ਦਿੱਤਾ ਸੀ। ਪ੍ਰੀ-ਮੈਡੀਕਲ ਕਰਨ ਪਿੱਛੋਂ ਉਹਨੇ ਆਰਟਸ ਵਿਚ ਬੀ.ਏ. ਕੀਤੀ। ਭਾਸ਼ਣ ਪ੍ਰਤਿਯੋਗਤਾਵਾਂ ਵਿਚ ਨਾਮਣਾ ਖੱਟਿਆ। ਲੁਧਿਆਣੇ ਤੋਂ ਅੰਗਰੇਜ਼ੀ ਦੀ ਐਮ.ਏ. ਕਰਕੇ ਕਾਲਜ ਅਧਿਆਪਕ ਲੱਗਾ ਤੇ ਫਿਰ ਪੀ.ਸੀ.ਐਸ. ਪਾਸ ਕਰਕੇ ਐਸ.ਡੀ.ਐਮ., ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਤੇ ਆਈ.ਏ.ਐੱਸ. ਅਧਿਕਾਰੀ ਵਜੋਂ ਸੇਵਾਮੁਕਤ ਹੋਇਆ। ਇਸ ਦੌਰਾਨ ਵਾਪਰੀਆਂ ਅਣਕਿਆਸੀਆਂ ਘਟਨਾਵਾਂ, ਤਣਾਵਾਂ ਤੇ ਸਮੱਸਿਆਵਾਂ 'ਚੋਂ ਉਹਨੂੰ ਕਿਤਾਬਾਂ ਨੇ ਹੀ ਪਾਰ ਲਾਇਆ। ਪੁਸਤਕ ਦੇ ਹੋਰ ਕਾਂਡਾਂ ਵਿਚ ਬਿਬਲਿਓਥੈਰੇਪੀ (ਪੁਸਤਕ ਚਿਕਿਤਸਾ), ਸਾਹਿਤ ਅਧਿਐਨ ਦੇ ਚਿਕਿਤਸਕ ਪ੍ਰਭਾਵ, ਲੇਖਨ ਥੈਰੇਪੀ, ਲਿਟਰੇਰੀ ਕਲਿਨਿਕ, ਸਾਹਿਤ : ਸਮਾਜ ਦਾ ਸਰਜਨ ਸ਼ਾਮਲ ਹਨ। ਵਾਕਈ ਸਾਹਿਤ ਸੰਜੀਵਨੀ ਉਹ ਬੂਟੀ ਹੈ, ਜਿਸ ਦੀ ਵਰਤੋਂ ਨਾਲ ਘੋਰ ਦੁਖੀ ਮਨੁੱਖ ਜੀਵਨ ਜੀਣ ਲੱਗ ਪੈਂਦਾ ਹੈ। ਸਾਹਿਤ ਵਿਚ ਅਜਿਹੀਆਂ ਕਿਤਾਬਾਂ ਤਣਾਓਗ੍ਰਸਤ ਬੰਦੇ ਨੂੰ ਪ੍ਰੇਰਨਾ, ਉਤਸ਼ਾਹ ਤੇ ਊਰਜਾ ਪ੍ਰਦਾਨ ਕਰਨ ਦੀ ਬੇਮਿਸਾਲ ਸਮਰੱਥਾ ਰੱਖਦੀਆਂ ਹਨ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਦਲਿਤ ਤੇ ਦਲਿਤ ਚੇਤਨਾ ਵਿਭਿੰਨ ਸਰੋਕਾਰ
ਲੇਖਿਕਾ : ਡਾ. ਮੋਨਿਕਾ ਸਾਹਨੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98761-72594
ਹਥਲੀ ਪੁਸਤਕ ਦਲਿਤ ਚੇਤਨਾ ਅਤੇ ਇਸ ਦੇ ਵਿਭਿੰਨ ਦੁਖਦ, ਸੁਖਦ ਸਰੋਕਾਰਾਂ ਦੇ ਵਿਸ਼ਲੇਸ਼ਣ ਦਾ ਪ੍ਰਗਟਾਵਾ ਹੈ। ਲੇਖਿਕਾ ਨੇ ਬੜੀ ਗੰਭੀਰਤਾ ਤਹਿਤ, ਸੰਭਵ ਹੈ, ਅਨੁਭਵ ਕੀਤਾ ਹੈ ਅਤੇ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਕਾਰਾਂ ਵਿਚ ਉਕਤ ਦੀਆਂ ਪਰਿਸਥਿਤੀਆਂ ਨੂੰ ਵੀ ਪਛਾਣਿਆ ਹੈ। ਦਲਿਤ ਲੋਕਾਂ ਦੇ ਜੀਵਨ ਚਿਤਰਣ ਅਤੇ ਉਨ੍ਹਾਂ ਦੀਆਂ ਵਿਭਿੰਨ ਜੀਵਨ ਪੱਧਤੀਆਂ ਵਿਚ ਮਹਾਨ ਸਮਾਜ ਸੁਧਾਰਕਾਂ ਦੇ ਦਿੱਤੇ ਯੋਗਦਾਨ ਨੂੰ ਪੇਸ਼ ਕੀਤਾ ਹੈ। 'ਦਲਿਤ ਮਨੁੱਖੀ ਅੰਦੋਲਨ' ਲੋਕਾਈ ਵਿਚ ਬੜਾ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਦੇ ਅਲੰਬਰਦਾਰਾਂ ਵਲੋਂ ਵੀ, ਉਨ੍ਹਾਂ ਦੁਆਰਾ ਨਿਭਾਈਆਂ ਘਾਲਣਾਵਾਂ ਦਾ ਵੀ ਉਲੇਖ ਹੈ। ਅਜਿਹਾ ਵਿਵਰਣ ਦਿੰਦਿਆਂ ਮੋਨਿਕਾ ਸਾਹਨੀ ਨੇ ਉੱਘੇ ਚਿੰਤਕਾਂ, ਵਿਸ਼ਵ ਵਿਆਪੀ ਪੱਧਰ ਉੱਤੇ ਅੱਪੜੇ ਵਿਦਵਾਨਾਂ ਦੇ ਹਵਾਲੇ ਵੀ ਦਿੱਤੇ ਹਨ। ਸਪੱਸ਼ਟੀਕਰਨ ਵਜੋਂ ਟਿੱਪਣੀਆਂ ਵੀ ਦਿੱਤੀਆਂ ਹਨ ਅਤੇ ਬਹੁਤ ਸਾਰੇ ਸਰੋਕਾਰਾਂ ਦਾ ਨਿਰੂਪਣ ਵੀ ਪੁਸਤਕ ਵਿਚ ਅੰਕਿਤ ਹੈ, ਪਰੰਤੂ ਇਸ ਤੋਂ ਵੀ ਅਗਾਂਹ ਭਾਰਤੀ ਸਮਾਜ ਵਿਚ ਨਾਰੀ ਦੀ ਜੋ ਸਥਿਤੀ ਹੈ, ਉਸ ਦਾ ਵੀ ਇਤਿਹਾਸਕ, ਮਿਥਿਹਾਸਕ ਅਤੇ ਵਰਤਮਾਨ ਕਾਲ-ਖੰਡ ਵਿਚ ਦਸ਼ਾ-ਦਿਸ਼ਾ ਦਾ ਪ੍ਰਗਟਾਵਾ ਕੀਤਾ ਹੈ। ਪੁਸਤਕ ਦਾ ਛੇਵਾਂ ਕਾਂਡ 'ਪੰਜਾਬੀ ਨਾਟਕ ਵਿਚ ਦਲਿਤ ਪਾਤਰ' ਸਿਰਲੇਖ ਹੇਠ ਅੰਕਿਤ ਹੈ। ਭਾਰਤੀ ਨਾਰੀ ਦੀ ਸਮਾਜ ਵਿਚ ਸਥਿਤੀ ਬੜੇ ਵੱਡੇ ਪ੍ਰਸ਼ਨ ਉਭਾਰਦੀ ਹੈ, ਲੇਖਿਕਾ ਨੇ ਇਸ ਨੂੰ ਪਛਾਣਨ ਦੀ ਪ੍ਰਵਿਰਤੀ ਦ੍ਰਿੜ੍ਹਾਈ ਹੈ ਅਤੇ ਵਿਸ਼ੇਸ਼ਤਰ ਪੰਜਾਬੀ ਨਾਟਕ ਵਿਚ ਚਿਤਰਤ ਅਵਸਥਾ ਦਾ ਜੋ ਨਿਰੂਪਣ ਕੀਤਾ ਹੈ, ਉਸ ਦੀ ਪਛਾਣ ਸਲਾਹੁਣਯੋਗ ਹੈ। ਪੁਸਤਕ ਲੇਖਿਕਾ ਦੇ ਨਿਰਣੇ ਬੜੇ ਸਪੱਸ਼ਟ ਹਨ। ਪੁਸਤਕ ਦੇ ਅੰਤ ਵਿਚ ਦਿੱਤੇ ਗਏ ਸਹਾਇਕ ਪੁਸਤਕਾਂ ਦੇ ਹਵਾਲੇ, ਸਰੋਤ ਪੁਸਤਕਾਂ ਦੇ ਹਵਾਲੇ ਅਤੇ ਨਿੱਜੀ ਸੋਚ-ਦ੍ਰਿਸ਼ਟੀ ਦੇ ਅੰਤਰਗਤ ਗ੍ਰਹਿਣ ਕੀਤੀ ਗਈ ਜਾਣਕਾਰੀ ਪ੍ਰਸ਼ੰਸਾਯੋਗ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਦਾਸਤਾਨਿ-ਸਿੱਖ ਸਲਤਨਤ
ਲੇਖਕ : ਢਾਡੀ ਤਰਲੋਚਨ ਸਿੰਘ ਭਮੱਦੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 98147-32198
ਢਾਡੀ ਤਰਲੋਚਨ ਸਿੰਘ ਪੰਥਕ ਸਟੇਜਾਂ ਉੱਪਰ ਸਿੱਖ-ਇਤਿਹਾਸ ਦੀ ਪੇਸ਼ਕਾਰੀ ਕਰਦਾ ਆ ਰਿਹਾ ਹੈ ਅਤੇ ਇਸ ਕਲਾ ਵਿਚ ਉਸ ਦਾ ਨਾਂਅ ਕਾਫ਼ੀ ਪ੍ਰਸਿੱਧ ਹੈ। ਸਿੱਖ-ਇਤਿਹਾਸ ਸੂਰਮਗਤੀ ਦੇ ਬਿਰਤਾਂਤਾਂ ਨਾਲ ਭਰਪੂਰ ਹੈ। ਹਥਲੀ ਪੋਥੀ ਵਿਚ ਢਾਡੀ ਭਮੱਦੀ ਨੇ 1708 ਈ: ਤੋਂ ਲੈ ਕੇ ਭਾਈ ਮਨੀ ਸਿੰਘ ਦੀ ਸ਼ਹੀਦੀ (1737) ਤੱਕ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕੀਤਾ ਹੈ। ਇਸ ਪੋਥੀ ਦੀ ਸਮੁੱਚੀ ਸਮੱਗਰੀ ਕਵਿਤਾ ਅਤੇ ਵਾਰਤਕ, ਦੋਹਾਂ ਰੂਪਾਕਾਰਾਂ ਵਿਚ ਸਿਰਜੀ ਗਈ ਹੈ। ਢਾਡੀ ਕਾਵਿ ਪਰੰਪਰਾ ਵਿਚ ਗਿਆਨੀ ਸੋਹਣ ਸਿੰਘ ਸੀਤਲ ਅਤੇ ਗਿਆਨੀ ਨਿਰੰਜਨ ਸਿੰਘ ਨਰਗਿਸ ਸ਼੍ਰੋਮਣੀ ਗਾਇਕ-ਲੇਖਕ ਸਨ। ਗਿਆਨੀ ਤਰਲੋਚਨ ਸਿੰਘ ਭਮੱਦੀ ਵੀ ਉਕਤ ਕਵੀਆਂ ਨਾਲ ਬਰ ਮੇਚਦਾ ਹੈ। ਉਸ ਦੀ ਕੋਸ਼ਿਸ਼ ਰਹੀ ਹੈ ਕਿ ਉਸ ਦੇ ਲਿਖੇ ਪ੍ਰਸੰਗਾਂ ਵਿਚ ਕੋਈ ਇਤਿਹਾਸਕ ਉਕਾਈ ਨਾ ਹੋਵੇ। ਇਸ ਮੰਤਵ ਲਈ ਉਸ ਨੇ ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਸੰਗਤ ਸਿੰਘ ਅਤੇ ਡਾ. ਸੁਖਦਿਆਲ ਸਿੰਘ ਦੀਆਂ ਇਤਿਹਾਸਕ ਲਿਖਤਾਂ ਦਾ ਸਹਾਰਾ ਲਿਆ ਹੈ। ਵਾਰਾਂ ਅਤੇ ਛੰਦਾਂ ਵਿਚ ਪੇਸ਼ ਕਾਵਿ ਰੂਪਾਂ ਦੇ ਨਾਲ-ਨਾਲ ਉਸ ਨੇ ਇਤਿਹਾਸ (ਕੁਮੈਂਟਰੀ) ਵਿਚ ਵੀ ਬੀਰ ਰਸ, ਕਰੁਣਾ ਰਸ ਅਤੇ ਰੌਦਰ ਰਸ ਦੀ ਨਿਸ਼ਪੱਤੀ ਕੀਤੀ ਹੈ, ਜਿਸ ਨਾਲ ਸਮੁੱਚੇ ਵੇਰਵੇ ਸਾਹਿਤਕ ਗੁਣਾਂ-ਲੱਛਣਾਂ ਨਾਲ ਮਾਲਾਮਾਲ ਹੋ ਗਏ ਹਨ। ਚੱਪੜਚਿੜੀ ਦੇ ਮੈਦਾਨ ਵਿਚ ਸੂਬੇਦਾਰ ਸਰਹਿੰਦ ਵਜ਼ੀਰ ਖਾਨ ਦੀਆਂ ਫ਼ੌਜਾਂ ਨਾਲ, ਬਾਬਾ ਬੰਦਾ ਸਿੰਘ ਬਹਾਦਰ ਦੇ ਜੋਸ਼ ਅਤੇ ਜਨੂੰਨ ਨੂੰ ਬਿਆਨ ਕਰਦਾ ਹੋਇਆ ਢਾਡੀ ਭਮੱਦੀ ਲਿਖਦਾ ਹੈ :
ਸਿੰਘਾਂ ਵਿਚ ਮੈਦਾਨ ਦੇ
ਤਰਥੱਲ ਮਚਾਇਆ,
ਜਿਊਂਦਾ ਕੋਈ ਨ ਛੱਡਿਆ
ਜੋ ਮੂਹਰੇ ਆਇਆ,
ਖਾਨਾਂ ਦੀ ਰੱਤ-ਮਿੱਝ ਦਾ ਹੈ
ਖਾਲ ਵਗਾਇਆ,
ਤੱਕ ਕੇ ਖਾਨ ਵਜ਼ੀਰ ਹੈ
ਡਾਢਾ ਘਬਰਾਇਆ,
ਅੱਜ 'ਭਮੱਦੀ' ਖਾਲਸਾ
ਕਰ ਦਿਊ ਸਫਾਇਆ। (ਪੰਨਾ 37)
ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇਹ ਬਿਰਤਾਂਤ ਗਿਆਨੀ ਜੀ ਦੀ ਕਾਵਿ-ਪ੍ਰਤਿਭਾ ਵੱਲ ਸੰਕੇਤ ਕਰਦਾ ਹੈ। ਇਹ ਸਾਰੀ ਪੋਥੀ ਪੰਜਾਬੀ ਪਿਆਰਿਆਂ ਲਈ ਪੜ੍ਹਨ ਅਤੇ ਮਾਣਨਯੋਗ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਰਾਧਿਕਾ
ਲੇਖਕ : ਹਰਦੀਪ ਗਰੇਵਾਲ
ਅਨੁ: ਡਾ. ਸਾਧੂ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 239
ਸੰਪਰਕ : 95011-45039
ਵਿਚਾਰਾਧੀਨ ਨਾਵਲ ਅਗਾਂਹਵਧੂ ਖੱਬੀ ਸੁਧਾਰਵਾਦੀ ਜਥੇਬੰਦੀ ਦੇ ਕਾਰਜਾਂ ਦੇ ਪਿਛੋਕੜ ਵਿਚੋਂ ਹੋਂਦ ਗ੍ਰਹਿਣ ਕਰਦਾ ਹੈ। ਇਸ ਨਾਵਲ ਵਿਚ ਗਤੀਸ਼ੀਲ ਅਨੇਕਾਂ ਪਾਤਰ ਜਥੇਬੰਦੀ ਦੇ ਕੁਲਵਕਤੀ ਕਾਰਕੁਨ ਹਨ, ਜੋ ਸਮੇਂ-ਸਮੇਂ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਹਨ। ਨਿਰਸੰਦੇਹ ਇਸ ਜਥੇਬੰਦੀ ਦਾ ਮਨੋਰਥ ਸਮਾਜ ਵਿਚ ਪਰਿਵਰਤਨ ਲਿਆਉਣਾ ਹੈ। ਪਰ ਇਸ ਨਾਵਲ ਦਾ ਨਾਇਕ (ਅਜੈ) ਅਤੇ ਨਾਇਕਾ ਰਾਧਿਕਾ ਆਪਣੇ ਜੀਵਨ ਵਿਚ ਵਜੂਦੀਅਤ/ਅਸਤਿਤ ਵੀ ਸੋਚ ਵਾਲੇ ਵਿਖਾਈ ਦਿੰਦੇ ਹਨ। ਇਸ ਦ੍ਰਿਸ਼ਟੀ ਤੋਂ ਪਹਿਲਾ ਨੁਕਤਾ ਇਹ ਨੋਟ ਕਰਨਾ ਬਣਦਾ ਹੈ ਕਿ ਉਹ ਦੋਵੇਂ ਆਪਣੀ ਵਜੂਦੀਅਤ ਸੋਚ ਕਾਰਨ, ਬਿਨਾਂ ਕਿਸੇ ਬਾਹਰੀ ਦਬਾਅ ਦੇ (ਦੋਵਾਂ ਪਿਤਾਵਾਂ ਦੀ ਆਗਿਆ ਬਗ਼ੈਰ), ਪਤੀ/ਪਤਨੀ ਵਜੋਂ ਆਪਣੀ ਸੁਤੰਤਰ ਚੋਣ ਕਰਦੇ ਹਨ ਜਾਂ ਪਾਲ ਸਾਰਤਰ ਅਨੁਸਾਰ ਜੇ ਚੋਣ ਆਪਣੀ ਹੈ ਤਾਂ ਜ਼ਿੰਮੇਵਾਰੀ ਵੀ ਆਪਣੀ ਹੈ ਅਤੇ ਇਸ ਚੋਣ ਤੋਂ ਜੋ ਵੀ ਨਤੀਜੇ ਸਾਹਮਣੇ ਆਉਣਗੇ ਉਹ ਹਰ ਹੀਲੇ (ਚੰਗੇ ਜਾਂ ਮਾੜੇ) ਭੁਗਤਣੇ ਪੈਣਗੇ, ਕੋਈ ਬਹਾਨਾ ਨਹੀਂ ਚਲ ਸਕਦਾ। ਸਾਰਤਰ ਦੇ ਸ਼ਬਦ ਹਨ : 'ਨੋਅ ਇਕਸਕਯੂਜ਼।' ਅਜੈ ਅਤੇ ਰਾਧਿਕਾ ਦੀ ਸ਼ਾਦੀ ਨਿਰੋਲ ਜਜ਼ਬਾਤੀ ਫ਼ੈਸਲਾ ਹੈ। ਨਾਵਲ ਦੇ ਪੰਨੇ ਥਾਂ-ਥਾਂ ਬੋਲਦੇ ਹਨ ਕਿ ਉਹ ਦੋਵੇਂ ਨਿੱਕੇ ਮੋਟੇ ਘਰੇਲੂ ਕੰਮਾਂ ਵਿਚ ਇਕ-ਦੂਜੇ ਦੀ ਅਧੀਨਗੀ ਤੋਂ ਮੁਨਕਰ ਹਨ। ਦੋਵੇਂ ਆਪੋ-ਆਪਣੇ ਸਟੈਂਡ 'ਤੇ ਅੜੇ ਰਹਿੰਦੇ ਹਨ। ਕੋਈ ਵੀ ਦੋਵਾਂ 'ਚੋਂ ਇਕ-ਦੂਜੇ ਦੀ ਮੰਨਣ ਵਾਲਾ ਜੀ-ਹਜ਼ੂਰੀਆ (ਯੈੱਸ-ਮੈਨ) ਨਹੀਂ। ਇਹੋ ਇਸ ਨਾਵਲ ਦਾ 'ਕੇਂਦਰੀ ਸੂਤਰ' (ਗਲਪੀ-ਕੋਡ) ਹੈ। ਇਸ ਗਲਪੀ-ਕੋਡ ਵਿਚੋਂ ਲਗਭਗ ਸਾਰੀ ਪ੍ਰਕਿਰਿਆ ਪਤਾ ਕੇ/ਉਪ-ਕਥਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਨਾਇਕ/ਨਾਇਕਾ ਦਾ ਵਿਆਹ ਆਪਣੀ ਹੀ ਕਿਸਮ ਦੇ ਅਗਾਂਹਵਧੂ 'ਅਹਿਦਨਾਮੇ' (ਪੰ. 111-113) ਅਨੁਸਾਰ ਹੁੰਦਾ ਹੈ। ਭਾਰਤੀ ਸੰਵਿਧਾਨ ਦੀ ਤਰ੍ਹਾਂ ਵਿਆਹ ਦੀਆਂ 'ਕਸਮਾਂ' ਖਾਧੀਆਂ ਜਾਂਦੀਆਂ ਹਨ, ਜੋ ਵਾਸਤਵਿਕ ਜੀਵਨ ਵਿਚ ਝੂਠੀਆਂ ਹੋ ਨਿਬੜਦੀਆਂ ਹਨ। ਬੱਚਾ ਪੈਦਾ ਕਰਨ ਲਈ ਰਾਧਿਕਾ ਅਸਹਿਮਤ ਹੈ ਪਰ ਅਜੈ ਆਪਣੀ ਜ਼ਿੱਦ ਪੁਗਾਉਂਦਾ ਹੈ। ਬੱਚਾ ਜੰਮਣ ਬਾਅਦ ਰਾਧਿਕਾ ਤਣਾਅ ਵਿਚ ਚਲੀ ਜਾਂਦੀ ਹੈ। ਨਸ਼ਿਆਂ ਵਿਚ ਪੈ ਜਾਂਦੀ ਹੈ। ਸਰਿੰਜਾਂ ਦਾ ਸਹਾਰਾ ਲੈਂਦੀ ਹੈ। ਅਜੈ ਸਮਝਦਾ ਹੈ ਕਿ ਇਸ ਸਥਿਤੀ ਦਾ ਬੱਚੇ (ਅੰਮ੍ਰਿਤ) 'ਤੇ ਮਾੜਾ ਪ੍ਰਭਾਵ ਪਵੇਗਾ। ਉਹ ਬੱਚੇ ਨੂੰ ਲੈ ਕੇ ਆਪਣੇ ਨਗਰ ਚਲਿਆ ਜਾਂਦਾ ਹੈ। ਉੱਥੇ ਸਕੂਲ ਵਿਚ ਦਾਖ਼ਲ ਕਰਵਾ ਦਿੰਦਾ ਹੈ। ਰਾਧਿਕਾ ਪੂਰਾ ਇਲਾਜ ਕਰਵਾ ਕੇ, ਨਸ਼ਾ-ਮੁਕਤ ਹੋ ਕੇ, ਜਥੇਬੰਦੀ ਦੇ ਮੈਂਬਰਾਂ ਦੀ ਸਲਾਹ ਮੰਨ ਕੇ 'ਅੰਬੇਡਕਰ' ਬਸਤੀ, ਦਿੱਲੀ ਚਲੀ ਜਾਂਦੀ ਹੈ। ਝੌਂਪੜੀ ਦੀ 'ਸ਼ੀਲਾ' ਉਸ ਨੂੰ ਹੱਲਾਸ਼ੇਰੀ ਦਿੰਦੀ ਹੈ। ਰਾਧਿਕਾ ਆਪਣੇ ਬੱਚੇ 'ਅੰਮ੍ਰਿਤ' ਦੀ ਯਾਦ ਵਿਚ ਤੜਪਦੀ ਰਹਿੰਦੀ ਹੈ। ਇਕ ਦਿਨ ਨਾਇਕ ਦੇ ਨਗਰ ਜਾ ਕੇ ਸਕੂਲੋਂ ਬੱਚੇ ਨੂੰ ਚੁੱਕ ਲਿਆਉਂਦੀ ਹੈ। ਖ਼ਤ ਰਾਹੀਂ ਪੁਲਿਸ ਨੂੰ, ਸਾਰੇ ਸਬੂਤਾਂ ਸਮੇਤ, ਸੂਚਿਤ ਕਰ ਦਿੰਦੀ ਹੈ। ਜਥੇਬੰਦੀ ਦੇ ਮੈਂਬਰ 'ਸ਼ਮੇਰ' ਅਤੇ ਉਸ ਦੀ ਪਤਨੀ 'ਸਮਰਥ' ਉਸ ਨੂੰ ਸਲਾਹ ਦਿੰਦੇ ਹਨ ਕਿ ਇਕ ਵਾਰੀ ਅਜੈ ਨੂੰ ਮਿਲ ਕੇ ਸੁਲਾਹ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇ। ਉਹ ਅਜੈ ਨਾਲ ਸਮਝੌਤਾ ਕਰਨ ਲਈ ਚਲੀ ਜਾਂਦੀ ਹੈ। ਅਜੈ ਉਸ ਨੂੰ ਟੁੱਟ ਕੇ ਪੈ ਜਾਂਦਾ ਹੈ, ਕੁੱਟਣ ਦੀ ਕੋਸ਼ਿਸ਼ ਕਰਦਾ ਹੈ। ਰਾਧਿਕਾ ਪਿਸਤੌਲ ਚਲਾ ਦਿੰਦੀ ਹੈ ਪਰ ਅਜੈ ਬਚ ਕੇ ਦੌੜ ਜਾਂਦਾ ਹੈ। ਨਾਵਲ ਦੇ ਅੰਤ 'ਤੇ ਪ੍ਰਿੰਸੀਪਲ ਰਾਧਿਕਾ ਨੂੰ ਯੋਗਤਾ (ਐਮ.ਏ. ਸਾਈਕਾਲੋਜੀ) ਅਨੁਸਾਰ ਕਾਲਜ ਲਈ ਨਿਯੁਕਤੀ ਪੱਤਰ ਸੌਂਪ ਦਿੰਦਾ ਹੈ। ਇਉਂ ਨਾਵਲ ਦਾ ਅੰਤ ਸੁਖਾਂਤ ਹੋ ਨਿਬੜਦਾ ਹੈ। ਪਿਛੋਂ ਅਜੈ ਦਾ ਕੀ ਬਣਿਆ ਨਾਵਲ ਖੁੱਲ੍ਹਾ ਪਾਠ (ਓਪਨ ਟੈਕਸਟ) ਸਿਰਜ ਕੇ ਬੰਦ ਹੋ ਜਾਂਦਾ ਹੈ। ਨਾਵਲ ਦੀਆਂ ਘਟਨਾਵਾਂ ਅਨੇਕਾਂ ਥਾਵਾਂ 'ਤੇ ਵਾਪਰਦੀਆਂ ਹਨ। ਪਾਤਰ ਵੀ ਅਨੇਕ ਹਨ। ਇਸ ਨਾਵਲ ਦੀਆਂ ਬਿਰਤਾਂਤਕ ਜੁਗਤਾਂ ਵੱਖਰੇ ਖੋਜ ਪੱਤਰ ਦੀ ਮੰਗ ਕਰਦੀਆਂ ਹਨ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatishdharamchand@gmail.com
ਜ਼ਿੰਦਗੀ ਪਰਤ ਆਈ
ਨਾਵਲਕਾਰ : ਮਨਦੀਪ ਰਿੰਪੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 178
ਸੰਪਰਕ : 98143-85918
ਇਸ ਨਾਵਲ ਦੀ ਮੁੱਖ ਪਾਤਰ ਮੁਸਕਾਨ ਨਾਂਅ ਦੀ ਕੁੜੀ ਹੈ। ਉਹ ਆਪਣੇ ਭੈਣ-ਭਰਾਵਾਂ ਦੀ ਪਾਲਣਾ ਲਈ ਆਪਣਾ ਵਿਆਹ ਨਹੀਂ ਕਰਵਾਉਂਦੀ। ਉਹ ਕੰਮਾਂ ਵਿਚ ਏਨੀ ਰੁੱਝੀ ਰਹਿੰਦੀ ਹੈ ਕਿ ਆਪਣੇ ਵਿਆਹ ਬਾਰੇ ਸੋਚਣ ਦਾ ਕਦੇ ਸਮਾਂ ਹੀ ਨਹੀਂ ਮਿਲਦਾ। ਸਰਕਾਰੀ ਅਧਿਆਪਕਾ ਦੇ ਤੌਰ 'ਤੇ ਉਹ ਆਪਣੇ ਵਿਦਿਆਰਥੀਆਂ ਵਿਚ ਹੀ ਖ਼ਚਤ ਹੋਈ ਰਹਿੰਦੀ ਹੈ। ਫਿਰ ਉਮਰ ਦੇ ਵਧਣ ਨਾਲ ਅਤੇ ਇਕੱਲੇਪਨ ਦੇ ਅਹਿਸਾਸ ਨਾਲ ਉਸ ਦੇ ਅੰਦਰ ਵਿਆਹ ਕਰਵਾਉਣ ਦੀ ਇੱਛਾ ਉੱਠਦੀ ਹੈ। ਅਜੀਬ ਗੱਲ ਹੁੰਦੀ ਹੈ ਕਿ ਜਿਨ੍ਹਾਂ ਆਪਣਿਆਂ ਲਈ ਉਹ ਤਿਲ-ਤਿਲ ਕਰਕੇ ਮਰਦੀ ਰਹੀ, ਉਹੀ ਅੱਜ ਬਿਗ਼ਾਨੇ ਹੋ ਜਾਂਦੇ ਹਨ। ਉਹ ਸਾਰੇ ਇਸ ਗੱਲ 'ਤੇ ਇਤਰਾਜ਼ ਕਰਦੇ ਹਨ ਕਿ ਹੁਣ ਉਹ ਇਸ ਉਮਰ ਵਿਚ ਵਿਆਹ ਕਰਾ ਕੇ ਉਨ੍ਹਾਂ ਦੇ ਸਿਰਾਂ ਵਿਚ ਖੇਹ ਪਾਏਗੀ। ਜਿਨ੍ਹਾਂ ਲਈ ਉਸ ਨੇ ਆਪਣੀ ਜ਼ਿੰਦਗੀ ਦੇ ਏਨੇ ਵਰ੍ਹੇ ਗਾਲ੍ਹ ਦਿੱਤੇ, ਉਹ ਉਸ ਨੂੰ ਬਰਦਾਸ਼ਤ ਨਹੀਂ ਕਰਦੇ। ਜਿਨ੍ਹਾਂ ਨੂੰ ਉਹ ਆਪਣਾ ਸਮਝਦੀ ਰਹੀ, ਉਹੀ ਉਸ ਨੂੰ ਅਣਗੌਲਿਆ ਕਰਕੇ ਆਪਣੀ ਸੁਖਮਈ ਜ਼ਿੰਦਗੀ ਗੁਜ਼ਾਰ ਰਹੇ ਹਨ ਤੇ ਮੁਸਕਾਨ ਦਾ ਪਰਛਾਵਾਂ ਵੀ ਆਪਣੇ ਉੱਪਰ ਪੈਣ ਦੇਣਾ ਨਹੀਂ ਚਾਹੁੰਦੇ। ਮੁਸਕਾਨ ਨੇ ਸਾਰੀ ਉਮਰ ਆਪਣੀ ਰੀਝ ਦਾ ਗਲਾ ਦਬਾਈ ਰੱਖਿਆ ਪਰ ਬਿਗ਼ਾਨੇਪਨ ਦੇ ਅਹਿਸਾਸ ਨੇ ਉਸ ਨੂੰ ਬਹੁਤ ਨਿਰਾਸ਼ ਕਰ ਦਿੱਤਾ। ਉਸ ਦੇ ਰਿਸ਼ਤੇਦਾਰ ਅਤੇ ਸਾਕ-ਸੰਬੰਧੀ ਉਸ ਨੂੰ ਉਦਾਸ ਕਰ ਦਿੰਦੇ ਹਨ। ਉਸ ਦੇ ਸੁਪਨੇ ਟੁੱਟ ਚੁੱਕੇ ਹਨ ਅਤੇ ਉਹ ਆਪਣੇ-ਆਪ ਵਿਚ ਗੁੰਮ ਹੋ ਜਾਂਦੀ ਹੈ। ਸਾਡੇ ਅੰਦਰ ਪਰਮਾਤਮਾ ਨੇ ਅਥਾਹ ਤਾਕਤ ਰੱਖੀ ਹੋਈ ਹੈ। ਸੰਕਟਾਂ ਨੂੰ ਪਾਰ ਕਰਕੇ ਕਈ ਵਾਰੀ ਸਾਡੀ ਅੰਤਰ-ਆਤਮਾ ਬਿਜਲੀ ਵਰਗੀ ਲਿਸ਼ਕ ਮਾਰਦੀ ਹੈ ਅਤੇ ਅਸੀਂ ਹੋਰ ਦੇ ਹੋਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਮੁਸਕਾਨ ਦੀ ਜ਼ਿੰਦਗੀ ਵਿਚ ਵੀ ਕੋਈ ਰੰਗੀਨੀ, ਕੋਈ ਹੁਲਾਰਾ, ਕੋਈ ਉਤਸ਼ਾਹ ਆਉਂਦਾ ਹੈ। ਉਹ ਦੁਨੀਆ ਦੇ ਖੋਖਲੇ, ਸਵਾਰਥੀ ਅਤੇ ਲਾਲਚੀ ਰਿਸ਼ਤਿਆਂ ਦੀ ਪ੍ਰਵਾਹ ਕਰਨਾ ਛੱਡ ਦਿੰਦੀ ਹੈ ਅਤੇ ਵਿਆਹ ਕਰਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਨਾਵਲ ਇਕ ਭਾਵੁਕ ਸੱਚਾਈ ਦੁਆਲੇ ਘੁੰਮਦਾ ਹੈ।
-ਡਾ. ਸਰਬਜੀਤ ਸਿੰਘ ਸੰਧਾਵਾਲੀਆ
ਤੇਰੇ ਇਸ਼ਕ ਨਚਾਇਆ
ਨਾਟਕਕਾਰ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫੇ : 71
ਸੰਪਰਕ : 80546-10060
ਕਥਾਕਾਰ ਅਤੇ ਨਾਟਕਕਾਰ ਬਲਵਿੰਦਰ ਗਰੇਵਾਲ ਵਲੋਂ ਲਿਖੇ ਇਕਾਂਗੀ ਸੰਗ੍ਰਹਿ 'ਤੇਰੇ ਇਸ਼ਕ ਨਚਾਇਆ' ਵਿਚ 6 ਇਕਾਂਗੀ ਸ਼ਾਮਿਲ ਕੀਤੇ ਗਏ ਹਨ। ਪਹਿਲਾ ਇਕਾਂਗੀ 'ਤੇਰੇ ਇਸ਼ਕ ਨਚਾਇਆ' ਵਿਚੋਂ ਤਿੰਨ ਪਾਤਰ ਹਨ। ਮੁੰਡਾ, ਚਰਨਾ, ਗੁੱਡੀ ਤੇ ਨਿੱਕੇ ਬੱਚੇ। ਇਸ ਦਾ ਥੀਮ ਹੈ ਪੇਂਡੂ, ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਬੱਚਿਆਂ ਦੀਆਂ ਮਾਨਸਿਕ ਤੇ ਸਮਾਜਿਕ ਸਮੱਸਿਆਵਾਂ। ਇਕਾਂਗੀ ਵਿਚ ਇਨ੍ਹਾਂ ਪਾਤਰਾਂ ਨੂੰ ਮਿਲਦਾ ਹੈ। ਟੋਹਦਾਂ, ਘੋਖਦਾ ਹੈ, ਪਰ ਨਿਰਾਸ਼ ਹੋ ਜਾਂਦਾ ਹੈ, ਫਿਰ ਆਪਣੀ ਭੈਣ ਦੀ ਸਲਾਹ 'ਤੇ ਇਸ ਘਟਨਾ ਦੇ ਆਧਾਰ 'ਤੇ ਇਕਾਂਗੀ ਦੀ ਸਿਰਜਣਾ ਕਰ ਦਿੰਦਾ ਹੈ। ਦੂਸਰਾ ਇਕਾਂਗੀ 'ਹੀਰ-ਵ-ਰਾਂਝਣਾ' ਪੰਜਾਬੀ ਲੋਕਗਾਥਾ 'ਤੇ ਆਧਾਰਿਤ ਹੈ ਅਤੇ ਇਸ ਨੂੰ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਇਕਾਂਗੀ ਦੇ ਤਿੰਨ ਪਾਤਰ ਗੱਭਰੂ, ਕੁੜੀ ਅਤੇ ਸੁੰਦਰ ਹਨ। ਰਾਹ ਭਟਕਿਆ ਸੁੰਦਰ ਇਕ ਜੰਗਲ ਵਿਚ ਜਾਂਦਾ ਹੈ। ਉਥੇ ਕੁੜੀ ਅਤੇ ਗੱਭਰੂ ਨਾਲ ਹੀਰ-ਰਾਂਝੇ ਦੀ ਜੀਵਨ ਗਾਥਾ 'ਤੇ ਚਰਚਾ ਕਰਦਾ ਹੈ। ਅੰਤ ਵਿਚ ਕੁੜੀ ਤੇ ਗੱਭੂਰ ਆਪਣੇ-ਆਪ ਨੂੰ ਹੀ ਹੀਰ ਤੇ ਰਾਂਝਾ ਦੱਸ ਕੇ ਗੱਭਰੂ ਨੂੰ ਹੈਰਾਨ ਕਰ ਦਿੰਦਾ ਹੈ। ਪੁਸਤਕ ਵਿਚਲੇ ਤੀਸਰਾ ਇਕਾਂਗੀ 'ਮੋਹਨ ਪ੍ਰੀਤੀ' ਇਕ ਵਿਕਲਾਂਗ ਅਤੇ ਬਦਸੂਰਤ ਬੱਚੇ ਦੇ ਜੀਵਨ 'ਤੇ ਆਧਾਰਿਤ ਹੈ। ਜੋ ਛੜਾ ਹੋ ਕੇ ਆਪਣੇ ਵਿਆਹ ਦੀਆਂ ਕਲਪਨਾਵਾਂ ਵਿਚ ਗੁਆਚਿਆ ਰਹਿੰਦਾ ਹੈ। ਲੇਖਕ ਅਜਿਹੇ ਪਾਤਰ ਦੇ ਮਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਫਰੋਲਦਾ ਹੈ। ਚੌਥਾ ਇਕਾਂਗੀ 'ਡੋਗਰ' ਇਕ ਰਾਜਨੀਤਕ ਵਿਅੰਗ ਹੈ। ਇਸ ਵਿਚ ਇਕ ਮਸਤ ਰਾਹੀਂ ਸਿਆਸਤ ਦੀ ਚੋਣ 'ਤੇ ਤਿੱਖਾ ਕਟਾਖਸ਼ ਕੀਤਾ ਗਿਆ ਹੈ। ਵਿਅੰਗ ਵਿਧਾ ਦਾ ਸਟੀਕ ਇਸਤੇਮਾਲ ਕੀਤਾ ਗਿਆ ਹੈ ਅਤੇ ਐਫ ਪਾਤਰਾਂ ਰਾਹੀਂ ਸੰਪੰਨ ਹੁੰਦਾ ਹੈ। ਪੰਜਵਾਂ ਇਕਾਂਗੀ ਹੈ 'ਨੀ ਮੈਂ ਕੈਨੂੰ ਆਖਾਂ' ਵਿਚ ਗੁੱਡੀ, ਬੀਰਾ, ਸੁਖਜੀਤ ਅਤੇ ਕਿਰਨ ਪਾਤਰਾਂ ਰਾਹੀਂ ਔਰਤਾਂ ਦੇ ਉਸ ਦੁਖਾਂਤ ਨੂੰ ਚਿਤਰਿਆ ਗਿਆ, ਜਿਸ ਵਿਚ ਉਹ ਆਪਣੇ ਹਾਵ-ਪ੍ਰਭਾਵ ਦੀ ਚਾਹਤ ਵਿਚ, ਸਮਾਜ ਦੀ ਪਿਛਾਂਹ ਖਿਚੂ ਸੋਚ ਕਾਰਨ ਪਹਾੜ ਜੇਡੀ ਜੂਨ ਆਪਣੀ ਰੀਝਾਂ ਦੇ ਸਿਵੇ ਵਿਚ ਸਾੜ ਦਿੰਦੀਆਂ ਹਨ। ਆਖਰੀ ਨਾਟਕ 'ਸ਼ਾਂਤੀ ਨਿਕੇਤਨ' ਪੇਂਡੂ ਕਿਰਤੀ ਕਿਸਾਨਾਂ, ਮਜ਼ਦੂਰਾਂ ਦੇ ਬੱਚਿਆਂ, ਅਣਗੌਲੇ ਥੁੜਾਂ ਮਾਰੇ ਬਚਪਨ ਦੀ ਝਾਕੀ ਪੇਸ਼ ਕਰਦਾ ਹੈ। ਇਨ੍ਹਾਂ ਇਕਾਂਗੀਆਂ ਰਾਹੀਂ ਲੇਖਕ ਨੇ ਸਰਲ, ਸਹਿਜ ਪਰ ਵਿਅੰਗਮਈ ਸ਼ੈਲੀ ਵਿਚ ਇਨਸਾਨੀ ਰਿਸ਼ਤਿਆਂ, ਜ਼ਿਮੀਂਦਾਰਾਂ, ਕਿਸਾਨ, ਮਜ਼ਦੂਰ, ਔਰਤਾਂ ਤੇ ਬੱਚਿਆਂ ਦਾ ਮਨੋ-ਵਿਸ਼ਲੇਸ਼ਣ ਕੀਤਾ ਹੈ ਅਤੇ ਇਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਸੰਵਾਦ ਰੌਚਕ ਹਨ। ਭਾਸ਼ਾ ਲੋਕ ਮੁਹਾਵਰੇ ਵਾਲੀ ਹੈ। ਪਾਤਰਾਂ ਦੇ ਨਾਂਅ, ਦ੍ਰਿਸ਼ ਚਿਤਰਣ ਅਤੇ ਉਨ੍ਹਾਂ ਦਾ ਮੂੰਹ-ਮੁਹਾਂਦਰਾ ਸੂਝਬੂਝ ਨਾਲ ਘੜਿਆ ਹੈ। ਇਹ ਇਕਾਂਗੀ ਅਸਾਨੀ ਨਾਲ ਸਟੇਜ 'ਤੇ ਮੰਚਿਤ ਕੀਤੇ ਜਾ ਸਕਦੇ ਹਨ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-ed}f਼
ਧਰਤੀ-ਮਾਂ ਬੀਮਾਰ ਹੈ ਅਤੇ ਹੋਰ ਨਾਟਕ
ਨਾਟਕਕਾਰ : ਡਾ. ਡੀ.ਪੀ. ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 0172-5027427
ਬਾਲਾਂ ਲਈ ਇਹ ਨਾਟਕ-ਪੁਸਤਕ ਰਚ ਕੇ ਲੇਖਕ ਅਤੇ ਨਾਟਕਕਾਰ ਡਾ. ਡੀ.ਪੀ. ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਸਾਹਿਤ ਨਾਲ ਆਪਣੇ ਅੰਦਰ ਵਸਦਾ ਰੂਹਾਨੀ ਪਿਆਰ ਅਤੇ ਲਗਾਓ ਪ੍ਰਗਟਾਇਆ ਹੈ। ਭੌਤਿਕ ਵਿਗਿਆਨ ਦੇ ਮੰਨੇ-ਪ੍ਰਮੰਨੇ ਅਧਿਆਪਕ ਅਤੇ ਖੋਜੀ ਹੋਣ ਦੇ ਬਾਵਜੂਦ ਬਾਲ-ਸਾਹਿਤ ਰਚਣ ਦਾ ਇਸ ਕਦਰ ਚਾਓ ਹੋਣਾ ਸਿੱਧ ਕਰਦਾ ਹੈ ਕਿ ਉਹ ਪੰਜਾਬ ਦੇ ਬੱਚਿਆਂ ਦੇ ਭਵਿੱਖ ਪ੍ਰਤੀ ਸੁਚੇਤ ਅਤੇ ਫ਼ਿਕਰਮੰਦ ਹਨ। ਪੁਸਤਕ ਵਿਚਲੇ ਬਾਲ-ਨਾਟਕ ਸਮੇਤ 'ਸਿਰਨਾਵਾਂ' ਨਾਟਕ ਦੇ ਪਾਠਕ ਨੂੰ ਤਿੱਖੀ ਸੁਰ ਵਿਚ ਧਰਤੀ ਦੇ, ਇਸ ਦੇ ਵਾਤਾਵਰਨ, ਪਾਣੀ ਦੇ ਪਲੀਤ ਹੋਣ, ਹਵਾ-ਪ੍ਰਦੂਸ਼ਣ ਬਾਰੇ ਸੁਚੇਤ ਕਰਦੇ ਹੋਏ ਇਨ੍ਹਾਂ ਨੂੰ ਸੁਧਾਰਨ ਲਈ ਪ੍ਰੇਰਿਤ ਕਰਦੇ ਹਨ। ਸਿਰਨਾਵਾਂ ਨਾਟਕ 'ਧਰਤੀ ਮਾਂ ਬਿਮਾਰ ਹੈ ਅਤੇ ਹੋਰ ਨਾਟਕ', 'ਉਦਾਸ ਬੱਤਖਾਂ', 'ਕਾਲਾ ਬੱਦਲ-ਤਿੱਖੀਆਂ ਕਿੱਲਾਂ', 'ਕਚਰਾ ਘਟਾਓ-ਪ੍ਰਦੂਸ਼ਣ ਭਜਾਓ', ਬਿਜੜਾ, ਲੱਕੜਹਾਰਾ ਅਤੇ ਜੰਗਲ, ਸਤਰੰਗੀ ਸਮੇਤ ਕੁੱਲ ਗਿਆਰਾਂ ਨਾਟਕ ਧਰਤੀ ਅਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪ੍ਰੇਰਿਤ ਕਰਦੇ ਹਨ। ਆਖਰੀ ਨਾਟਕ 'ਪੰਜਾਬੀ ਮਾਂ ਬੋਲੀ ਉਦਾਸ ਹੈ' ਰਾਹੀਂ ਨਾਟਕਕਾਰ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਅਤੇ ਸ਼ਰਧਾ ਜਤਾਈ ਹੈ। ਸਾਰੇ ਨਾਟਕ ਤਕਨੀਕੀ ਪੱਖੋਂ ਸਾਬਤ-ਸੂਰਤ ਹਨ। ਬੱਚਿਆਂ ਵਿਚ ਚਾਅ ਜਗਾਉਂਦੇ ਹਨ। ਰੰਗ-ਮੰਚ ਦੀਆਂ ਲੋੜਾਂ ਸੌਖਿਆਂ ਪੂਰਨ ਕਰਦੇ ਹਨ। ਬੱਚਿਆਂ ਦੀ ਮਾਨਸਿਕਤਾ ਦੇ ਮੇਚ ਦੇ ਹਨ। ਨਾਟਕਕਾਰ ਇਸ ਨੇਕ ਕਾਰਜ ਲਈ ਵਡਿਆਈ ਅਤੇ ਵਧਾਈ ਦੇ ਹੱਕਦਾਰ ਹਨ।
-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-hand
ਘੇਰੇ ਤੋਂ ਬਾਹਰ
ਲੇਖਕ : ਮਦਨ ਵੀਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 96
ਸੰਪਰਕ : 94176-83769
ਮਦਨ ਵੀਰਾ ਮਾਂ-ਬੋਲੀ ਪੰਜਾਬੀ ਦੇ ਜੁਝਾਰੂ ਸਪੂਤ ਹਨ। ਉਨ੍ਹਾਂ ਦੀ ਕਵਿਤਾ ਅਜੋਕੇ ਬਹੁਤੇ ਕਵੀਆਂ ਵਾਂਗ ਮਹਿਜ ਕਲਾਤਮਿਕ ਉਡਾਰੀਆਂ ਦਾ ਭਰਮ ਸਿਰਜਣ ਦੀ ਬਜਾਇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਿਆਨ ਕਰਦੀ ਹੈ। ਪੁਸਤਕ ਦੇ ਆਰੰਭ ਵਿਚ ਲਿਖਿਆ 'ਸਿਰਜਣਾ ਦੇ ਸਫ਼ਰ ਦਾ ਮੁੱਢ' ਸਪੱਸ਼ਟ ਕਰ ਦਿੰਦਾ ਹੈ ਕਿ ਆਮ ਆਦਮੀ ਦਾ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਭਰਿਆ ਜੀਵਨ ਉਨ੍ਹਾਂ ਲਈ ਕੋਈ ਸੁਣੀ-ਸੁਣਾਈ ਗੱਲ ਨਹੀਂ, ਬਲਕਿ ਹੱਡੀਂ ਹੰਢਾਇਆ ਦਰਦ ਹੈ:
ਪੁੱਤ ਦਾ ਪੈਰ
ਪੈਡਲ ਛੂਹ ਰਿਹਾ ਹੈ
ਇੱਕ ਬੱਚਾ ਹੌਲੀ-ਹੌਲੀ
ਸਹਿਜੇ ਸਹਿਜੇ
ਬਾਪ ਦਾ ਖਟਾਰਾ ਰਿਕਸ਼ਾ ਧੂਹ ਰਿਹਾ ਹੈ
ਸਮਾਜਿਕ ਵਿਤਕਰੇਬਾਜ਼ੀ ਅਤੇ ਅਸਾਵੀਂ ਵੰਡ ਦਾ ਵਰਤਾਰਾ ਉਨ੍ਹਾਂ ਦੀ ਕਵਿਤਾ ਦੇ ਕੇਂਦਰ ਵਿਚ ਝਲਕਦਾ ਦਿਖਾਈ ਦਿੰਦਾ ਹੈ। ਅਜੋਕੇ ਗਲੇ-ਸੜੇ, ਭ੍ਰਿਸ਼ਟਤੰਤਰ ਦੀ ਜਗ੍ਹਾ, ਬਰਾਬਰੀ ਦੇ ਮਨੁੱਖੀ ਅਧਿਕਾਰਾਂ ਵਾਲੇ ਸਮਾਜ ਦੀ ਉਸਾਰੀ ਹੀ ਉਨ੍ਹਾਂ ਦੀ ਕਵਿਤਾ ਦਾ ਮੁੱਖ ਮੰਤਵ ਹੈ। ਘੜੰਮ ਚੌਧਰੀਆਂ ਦੀ ਰਖੈਲ ਬਣ ਕੇ ਅਪੰਗ ਹੋਇਆ ਇਕ ਨੂਰ ਤੋਂ ਸਮੁੱਚੇ ਵਿਸ਼ਵ ਦੀ ਉਤਪਤੀ ਦਾ ਹੋਕਾ ਦੇਣ ਵਾਲਾ ਧਾਰਮਿਕ ਤਾਣਾ-ਬਾਣਾ ਵੀ ਉਨ੍ਹਾਂ ਦੀ ਬਾਜ਼-ਅੱਖ ਤੋਂ ਲੁਕਿਆ ਨਹੀਂ ਰਹਿੰਦਾ:
ਪਿੰਡ ਦਾ ਮੱਥਾ ਠਣਕਿਆ ਹੈ
ਸਰਘੀ ਵੇਲੇ
ਬਾਣੀ ਪੜ੍ਹਨ ਵਾਲਾ ਭਾਈ
'ਵਿਹੜੇ' ਦੇ ਬਾਈਕਾਟ ਦਾ
ਫਤਵਾ ਪੜ੍ਹ ਰਿਹਾ ਹੈ
ਹਥਲੇ ਕਾਵਿ-ਸੰਗ੍ਰਹਿ 'ਘੇਰੇ ਤੋਂ ਬਾਹਰ' ਤੋਂ ਪਹਿਲਾਂ ਮਦਨ ਵੀਰਾ ਦੀ ਕਲਮ ਤੋਂ ਪੰਜ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਸੰਪਾਦਨ, ਅਨੁਵਾਦ ਅਤੇ ਬਾਲ-ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਬੜਾ ਮਹੱਤਵਪੂਰਨ ਅਤੇ ਜ਼ਿਕਰਯੋਗ ਯੋਗਦਾਨ ਪਾਇਆ ਹੈ। ਵਰਤਮਾਨ ਦੇ ਹਰ ਭਖਦੇ ਮਸਲੇ ਨੂੰ ਉਨ੍ਹਾਂ ਨੇ ਬਹੁਤ ਹੀ ਸਫ਼ਲ ਅਤੇ ਸੁਚੱਜੇ ਢੰਗ ਨਾਲ ਛੋਹਿਆ ਹੈ। ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਬੇਬਾਕ ਲਹਿਜਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਸਾਮਰਾਜਵਾਦੀ ਕਰੂਪਤਾ ਨੂੰ ਬੇਨਕਾਬ ਕਰਦੇ ਉਨ੍ਹਾਂ ਦੇ ਇਸ ਬੇਹੱਦ ਸੁਚੱਜੇ ਉਪਰਾਲੇ ਦਾ ਭਰਪੂਰ ਸਮਰਥਨ ਕਰਨਾ ਬਣਦਾ ਹੈ।
-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027
ਸੁਪਨਿਆਂ ਦੀ ਉਡਾਣ
ਲੇਖਿਕਾ : ਸੁਖਵਿੰਦਰ ਕੌਰ ਸਿੱਧੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫੇ : 111
ਸੰਪਰਕ : 94654-34177
ਲੇਖਿਕਾ ਸੁਖਵਿੰਦਰ ਕੌਰ ਸਿੱਧੂ ਦਾ ਇਹ ਪਹਿਲਾ ਨਾਵਲ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ 9 ਪੁਸਤਕਾਂ ਲਿਖੀਆਂ ਹਨ। ਇਹ ਨਾਵਲ ਬਾਲ ਨਾਵਲ ਹੈ ਜੋ ਕਿ ਬੱਚਿਆਂ ਦੇ ਮਾਨਸਿਕ ਪੱਧਰ 'ਤੇ ਵੇਖਦੇ ਹੋਏ ਲਿਖਿਆ ਗਿਆ ਹੈ। ਲੇਖਿਕਾ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਇਹ ਹੈ ਤਾਂ ਹਿਸਾਬ ਦੀ ਅਧਿਆਪਕਾ ਪ੍ਰੰਤੂ ਸਾਹਿਤ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਇਸ ਵਿਚ ਚੰਗੇ ਲੇਖਕ ਦੇ ਸਾਰੇ ਗੁਣ ਹਨ, ਜੋ ਹੋਣੇ ਚਾਹੀਦੇ ਹਨ। ਨਾਵਲ ਹਰ ਪੱਖ ਤੋਂ ਜਾਣਕਾਰੀ ਭਰਪੂਰ ਹੈ ਅਤੇ ਪਾਤਰ ਉਸਾਰੀ ਵੀ ਬੜੀ ਸੋਚ-ਸਮਝ ਕੇ ਕੀਤੀ ਗਈ ਹੈ। ਲੇਖਕ ਨੇ ਕਿਤੇ ਵੀ ਆਪਣੀ ਕਲਮ ਨੂੰ ਡੋਲਣ ਨਹੀਂ ਦਿੱਤਾ ਅਤੇ ਸ਼ਬਦਾਵਲੀ 'ਤੇ ਪੂਰੀ ਤਰ੍ਹਾਂ ਕੰਟਰੋਲ ਹੈ। ਪਾਤਰ ਆਪਣੀ ਹੱਦ ਵਿਚ ਰਹਿ ਕੇ ਆਪੋ-ਆਪਣਾ ਰੋਲ ਅਦਾ ਕਰਦੇ ਹਨ। ਨਾਵਲ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਲੇਖਿਕਾ ਦੇ ਦਿਲ ਵਿਚ ਆਉਣ ਵਾਲੀ ਪੀੜ੍ਹੀ ਪ੍ਰਤੀ ਇਕ ਚੀਸ ਜਿਹੀ ਉਠਦੀ ਹੈ ਅਤੇ ਉਸ ਦੀ ਇੱਛਾ ਹੈ ਕਿ ਇਸ ਪੀੜ੍ਹੀ ਨੂੰ ਚੰਗੀ ਸੇਧ ਦਿੱਤੀ ਜਾਵੇ। ਨਾਵਲ ਵਿਚ ਜੋ ਮੁਹਾਵਰੇ ਵਰਤੇ ਗਏ ਹਨ ਉਹ ਸਥਿਤੀ ਦੇ ਅਨੁਸਾਰ ਢੁਕਦੇ ਹਨ ਅਤੇ ਜਚਦੇ ਵੀ ਹਨ। ਲੇਖਿਕਾ ਕੋਲ ਗਿਆਨ ਦਾ ਖਜ਼ਾਨਾ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਸਭ ਨੂੰ ਵੰਡ ਰਹੀ ਹੈ। ਇਸ ਦੀ ਲੇਖਣੀ 'ਚੋਂ ਬਜ਼ੁਰਗੀ ਦਾ ਅਹਿਸਾਸ ਹੁੰਦਾ ਹੈ ਪ੍ਰੰਤੂ ਲੇਖਿਕਾ ਦੇ ਵਿਚਾਰ ਬਜ਼ੁਰਗਾਂ ਜਿਹੇ ਸੇਧ ਦੇਣ ਵਾਲੇ ਹਨ। ਅਜੇ ਉਸ ਨੇ ਬਜ਼ੁਰਗੀ ਵਿਚ ਪੈਰ ਨਹੀਂ ਰੱਖਿਆ। ਲੇਖਿਕਾ ਦਾ ਬਚਪਨ ਪਿੰਡ ਵਿਚ ਬੀਤਿਆ, ਜਿਸ ਕਰਕੇ ਇਸ ਨਾਵਲ ਦੇ ਵਿਚ ਇਸ ਦੀ ਸਾਫ ਝਲਕ ਦਿਖਾਈ ਦਿੰਦੀ ਹੈ। ਇਸ ਨਾਵਲ ਦੇ 11 ਕਾਂਡ ਹਨ, ਜਿਨ੍ਹਾਂ ਨੂੰ ਬੜੀ ਹੀ ਸੂਝ-ਬੂਝ ਨਾਲ ਤਰਤੀਬ ਵਾਰ ਕੀਤਾ ਹੋਇਆ ਹੈ। ਇਸੇ ਨਾਵਲ ਵਿਚ ਲੇਖਿਕਾ ਨੇ ਬੱਚੇ ਦੀਆਂ ਕਈ ਸਟੇਜਾਂ ਨੂੰ ਬੜੇ ਹੀ ਢੰਗ ਨਾਲ ਪੇਸ਼ ਕਰਕੇ ਪੜ੍ਹਨ ਵਾਲਿਆਂ ਲਈ ਦਿਲਚਸਪੀ ਵੀ ਬਣਾਈ ਹੈ। ਨਾਵਲ ਪੜ੍ਹਨ ਸਮੇਂ ਇਸ ਨੂੰ ਲਗਾਤਾਰ ਪੜ੍ਹਨ ਦਾ ਦਿਲ ਕਰਦਾ ਹੈ। ਸਾਰੇ ਹੀ ਕਾਂਡਾਂ ਵਿਚ ਰੌਚਿਕਤਾ ਹੈ ਜੋ ਸੂਝਵਾਨ, ਅਗਾਂਹਵਧੂ ਲੇਖਕ ਦੇ ਵਿਸ਼ੇਸ਼ ਗੁਣ ਹੁੰਦਾ ਹੈ। ਇਸ ਨਾਵਲ ਨੂੰ ਪੜ੍ਹ ਕੇ ਬੱਚਿਆਂ ਨੂੰ ਕਾਫ਼ੀ ਗਿਆਨ ਮਿਲੇਗਾ। ਲੇਖਿਕਾ ਅਜਿਹੇ ਨਾਵਲ ਲਿਖਣ ਪ੍ਰਤੀ ਵਧਾਈ ਦੀ ਪਾਤਰ ਹੈ। ਗਾਗਰ ਵਿਚ ਸਾਗਰ ਬੰਦ ਕਰਕੇ ਚੰਗੀ ਪੇਸ਼ਕਾਰੀ ਕੀਤੀ ਹੈ।
-ਬਲਵਿੰਦਰ ਸਿੰਘ ਸੋਢੀ
ਮੋਬਾਈਲ : 092105-88990.
ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਅਤੇ ਗ਼ਜ਼ਲਗੋ
ਸੰਪਾਦਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94633-31554
ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰਾਂ ਦੀਆਂ ਹਰਮਨਪਿਆਰੀਆਂ ਗ਼ਜ਼ਲਾਂ ਦਾ ਇਹ ਸੰਗ੍ਰਹਿ ਉਰਦੂ ਗ਼ਜ਼ਲਕਾਰੀ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਉਰਦੂ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਪਾਠਕਾਂ ਅਤੇ ਸਰੋਤਿਆਂ ਦੇ ਮਨਾਂ ਵਿਚ ਵਸੀ ਸ਼ਾਇਰੀ ਦਾ ਇਹ ਕਿਤਾਬੀ ਰੂਪ ਬੇਹੱਦ ਮੁੱਲਵਾਨ ਹੈ। ਫ਼ੈਜ਼ ਅਹਿਮਦ ਫ਼ੈਜ਼, ਅਹਿਮਦ ਨਦੀਮ ਕਾਸਮੀ, ਅਹਿਮਦ ਫ਼ਰਾਜ਼, ਪਰਵੀਨ ਸ਼ਾਕਿਰ, ਇਬਨੇ ਇੰਸਾਂ ਅਤੇ ਮਨੀਰ ਨਿਆਜ਼ੀ ਵਰਗੇ 36 ਸ਼ਾਇਰਾਂ ਦੀਆਂ ਉਰਦੂ ਗ਼ਜ਼ਲਾਂ ਨੂੰ ਇਕ ਜਿਲਦ ਵਿਚ ਇਕੱਠੇ ਕਰਕੇ ਅਤੇ ਗੁਰਮੁਖੀ ਲਿੱਪੀ ਵਿਚ ਲਿਪੀਅੰਤਰ ਕਰਕੇ ਰਾਮ ਸਰੂਪ ਸ਼ਰਮਾ ਨੇ ਦੋਹਾਂ ਦੇਸ਼ਾਂ ਵਿਚ ਵਸਦੇ ਪਾਠਕਾਂ ਸਰੋਤਿਆਂ ਲਈ ਇਹ ਇਕ ਵਡਮੁੱਲੀ ਸੌਗ਼ਾਤ ਤਿਆਰ ਕੀਤੀ ਹੈ। ਇਸ ਨੂੰ ਪੜ੍ਹਦਿਆਂ ਪਾਠਕ ਆਪਣੇ ਮਨ ਵਿਚ ਸਾਲਾਂ-ਸਾਲਾਂ ਤੋਂ ਵਸਦੇ ਉਨ੍ਹਾਂ ਸ਼ਿਅਰਾਂ ਦੇ ਰੂਬਰੂ ਹੁੰਦੇ ਹਨ ਜਿਹੜੇ ਉਨ੍ਹਾਂ ਨੂੰ ਅਜਬ ਸਕੂਨ ਦਿੰਦੇ ਹਨ
ਦੁਨੀਆ ਨੇ ਤੇਰੀ ਯਾਦ ਸੇ ਬੇਗ਼ਾਨਾ ਕਰ ਦੀਆ
ਤੁਝਸੇ ਭੀ ਦਿਲਫਰੇਬ ਹੈਂ ਗ਼ਮ ਰੋਜ਼ਗਾਰ ਕੇ।
-ਫ਼ੈਜ਼ ਅਹਿਮਦ ਫ਼ੈਜ਼
ਕਲ੍ਹ ਚੌਦਵੀਂ ਕੀ ਰਾਤ ਥੀ,
ਸ਼ਬ ਭਰ ਰਹਾ ਚਰਚਾ ਤੇਰਾ
ਕੁਛ ਨੇ ਕਹਾ ਯੇ ਚਾਂਦ ਹੈ,
ਕੁਛ ਨੇ ਕਹਾ ਚਿਹਰਾ ਤੇਰਾ -ਇਬਨੇ ਇੰਸਾਂ
ਰੰਜਿਸ਼ ਹੀ ਸਹੀ,
ਦਿਲ ਹੀ ਦੁਖਾਨੇ ਕੇ ਲੀਏ ਆ
ਆ ਫਿਰ ਸੇ ਮੁਝੇ,
ਛੋੜ ਕੇ ਜਾਨੇ ਕੀ ਲੀਏ ਆ -ਅਹਿਮਦ ਫ਼ਰਾਜ਼
ਆਦਤ ਸੀ ਬਨਾ ਲੀ ਹੈ,
ਤੁਮਨੇ ਤੋ 'ਮੁਨੀਰ' ਅਪਨੀ
ਜਿਸ ਸ਼ਹਿਰ ਮੇ ਭੀ ਰਹਿਨਾ,
ਉਕਤਾਏ ਹੂਏ ਰਹਿਨਾ -ਮੁਨੀਰ ਨਿਆਜ਼ੀ
ਚਾਂਦੀ ਜੈਸਾ ਰੰਗ ਹੈ ਤੇਰਾ ਸੋਨੇ ਜੈਸੇ ਵਾਲ
ਏਕ ਤੂ ਹੀ ਧਨਵਾਨ ਹੈ ਗੋਰੀ, ਬਾਕੀ ਸਭ ਕੰਗਾਲ।
-ਕਤੀਲ ਸ਼ਿਫ਼ਾਈ
ਸਮੇਂ-ਸਥਾਨ ਤੋਂ ਆਰ-ਪਾਰ ਫੈਲੀ ਹੋਈ ਇਹ ਸ਼ਾਇਰੀ ਲੋਕ ਮਨਾਂ ਦਾ ਵਡਮੁੱਲਾ ਸਰਮਾਇਆ ਹੈ, ਪਿਛਲੀ ਪੂਰੀ ਸਦੀ ਦੇ ਚਿਤਰਪੱਟ ਉੱਤੇ ਚਮਕਦੇ ਇਹ ਸ਼ਾਇਰੀ ਦੇ ਸਿਤਾਰੇ ਆਪਣੀ ਸ਼ਾਇਰੀ ਨਾਲ ਭਾਸ਼ਾਵਾਂ ਦੀਆਂ ਸੀਮਾਵਾਂ ਉਲੰਘ ਕੇ ਮਾਨਵੀ ਸੁਹਜ ਸੁਆਦ ਨੂੰ ਹੋਰ ਅਮੀਰੀ ਬਖ਼ਸ਼ਦੇ ਰਹੇ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਉਹ ਗ਼ਜ਼ਲਾਂ ਸ਼ਾਮਿਲ ਹਨ ਜਿਹੜੀਆਂ ਭਾਰਤੀ ਹਿੰਦੀ ਫ਼ਿਲਮਾਂ ਵਿਚ ਗਾਈਆਂ ਅਤੇ ਫ਼ਿਲਮਾਈਆਂ ਜਾ ਚੁੱਕੀਆਂ ਹਨ ਅਤੇ ਸਿਨੇਮਾ ਦਰਸ਼ਕਾਂ ਦੀ ਜ਼ੁਬਾਨ ਉੱਤੇ ਅਕਸਰ ਹਾਜ਼ਰ ਰਹਿੰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਇਕ ਵਾਰ ਫੇਰ ਇਹ ਸੰਕਲਪ ਪੁਖ਼ਤਾ ਹੋ ਜਾਂਦਾ ਹੈ ਕਿ ਭਾਸ਼ਾ ਦਾ ਸੰਬੰਧ ਧਰਮ ਨਾਲ ਨਹੀਂ ਲੋਕਾਂ ਨਾਲ ਹੁੰਦਾ ਹੈ। ਇਲਾਕੇ ਅਤੇ ਸੱਭਿਆਚਾਰ ਨਾਲ ਹੀ ਹੁੰਦਾ ਹੈ। ਇਹ ਸਾਰੇ ਪਾਕਿਸਤਾਨੀ ਸ਼ਾਇਰ ਭਾਰਤੀਆਂ ਲਈ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਕੋਈ ਓਪਰੇ ਨਹੀਂ ਹਨ। ਉਨ੍ਹਾਂ ਦੀ ਸ਼ਾਇਰੀ ਸਮੁੱਚੇ ਮਾਨਵੀ ਸਰੋਕਾਰਾਂ ਦੀ ਸ਼ਾਇਰੀ ਹੈ। ਇਨ੍ਹਾਂ ਸ਼ਾਇਰਾਂ ਵਿਚੋਂ ਹਫ਼ੀਜ਼ ਹੁਸ਼ਿਆਰਪੁਰੀ, ਨਾਸਿਰ ਕਾਜ਼ਮੀ, ਇਫ਼ਤਕਾਰ ਅਹਿਮਦ, ਮੁਸਤਫ਼ਾ ਜ਼ੈਦੀ, ਫ਼ਾਤਿਮਾ ਹਸਨ, ਸਈਅਦ ਅਹਿਮਦ ਅਖ਼ਤਰ ਦੀ ਸ਼ਾਇਰੀ ਵੀ ਧਿਆਨ ਖਿੱਚਦੀ ਹੈ।
ਅਭੀ ਤਾਰੋਂ ਸੇ ਖੇਲੋ
ਚਾਂਦਨੀ ਸੇ ਦਿਲ ਬਹਿਲਾਓ
ਮਿਲੇਗੀ ਉਸਕੇ ਚਿਹਰੇ ਕੀ
ਸਹਰ ਅਹਿਸਤਾ ਅਹਿਸਤਾ -ਮੁਸਤਫ਼ਾ ਜ਼ੈਦੀ
ਤਰਕਭਾਰਤੀ ਅਤੇ ਰਾਮ ਸਰੂਪ ਸ਼ਰਮਾ ਵਲੋਂ ਕੀਤੇ ਗਏ ਇਸ ਉੱਦਮ ਨੂੰ ਸਲਾਮ ਅਤੇ ਖ਼ੂਬਸੂਰਤ ਸ਼ਾਇਰੀ ਦੇ ਇਸ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।
c c c
ਪਿੱਪਲ ਪੱਤੀਆਂ
ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98726-31199
ਗੁਰਭਜਨ ਗਿੱਲ ਪੰਜਾਬੀ ਕਵਿਤਾ ਦੇ ਉਨ੍ਹਾਂ ਸਿਤੰਭਾਂ ਵਿਚੋਂ ਹੈ, ਜਿਨ੍ਹਾਂ ਉੱਪਰ ਪੰਜਾਬੀ ਕਵਿਤਾ ਦਾ ਵਰਤਮਾਨ ਮੇਲ੍ਹ ਰਿਹਾ ਹੈ। ਕਵਿਤਾ ਦੇ ਵਿਭਿੰਨ ਰੂਪਾਂ ਦੀ ਮੁਹਾਰਤ ਵਾਲਾ ਇਹ ਕਵੀ-ਗ਼ਜ਼ਲਕਾਰ ਵੀ ਹੈ, ਗੀਤਕਾਰ ਵੀ ਅਤੇ ਰੁਬਾਈ ਲੇਖਕ ਵੀ। ਰਵਾਇਤੀ ਅਤੇ ਆਧੁਨਿਕ ਕਾਵਿ ਰੂਪਾਂ ਉੱਤੇ ਇਕੋ ਜਿਹੀ ਪਕੜ ਰੱਖਣ ਵਾਲਾ, ਇਹ ਕਵੀ ਪੰਜਾਬੀ ਵਿਚ ਲਿਖੀ ਜਾ ਰਹੀ ਹਰਮਨਪਿਆਰੀ ਕਵਿਤਾ ਦਾ ਸਭ ਤੋਂ ਵੱਧ ਚਰਚਿਤ ਨਾਂਅ ਹੈ।
'ਪਿੱਪਲ ਪੱਤੀਆਂ' ਉਸ ਦੇ ਗੀਤਾਂ ਦਾ ਸੰਗ੍ਰਹਿ ਹੈ। ਇਹ ਗੀਤ ਉਸ ਨੇ ਸਾਲਾਂ-ਸਾਲਾਂ ਦੀ ਮਿਹਨਤ ਨਾਲ ਲਿਖੇ ਹਨ ਅਤੇ ਇਨ੍ਹਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਸੁਰਬੱਧ ਕੀਤਾ ਹੈ। ਪੰਜਾਬੀ ਜਨਜੀਵਨ, ਪੰਜਾਬੀ ਲੋਕਧਾਰਾ, ਪੰਜਾਬੀ ਭਾਸ਼ਾ ਅਤੇ ਪੰਜਾਬੀ ਹੋਂਦ ਨੂੰ ਵੰਗਾਰਨ ਵਾਲੀਆਂ ਵੱਖ-ਵੱਖ ਪ੍ਰਸਥਿਤੀਆਂ ਨੂੰ ਗੀਤ-ਬੱਧ ਕਰਨਾ ਅਤੇ ਪੰਜਾਬੀਅਤ ਦੇ ਉੱਜਲੇ ਭਵਿੱਖ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਇਸ ਕਵੀ ਦਾ ਉਦੇਸ਼ ਪ੍ਰਤੀਤ ਹੁੰਦਾ ਹੈ।
ਤੂੰ ਦਸਤਾਰ ਪੰਜਾਬ ਦੀ ਵੀਰਾ
ਪੈਰ ਨਹੀਂ ਗੁਰਗਾਬੀ ਦਾ।
ਅੰਗਰੇਜ਼ੀ ਦੇ ਪਿੱਛੇ ਲੱਗ ਕੇ
ਕਰ ਨਾ ਘਾਣ ਪੰਜਾਬੀ ਦਾ -ਪੰਨਾ-17.
ਇਸ ਗੀਤ ਤੋਂ ਸ਼ੁਰੂ ਹੁੰਦੀ, ਇਹ ਪੁਸਤਕ ਪੰਜਾਬੀਅਤ ਦੇ ਵੱਖ-ਵੱਖ ਰੰਗਾਂ ਨੂੰ, ਸ਼ਬਦਾਂ ਦੀ ਰੰਗੋਲੀ ਨਾਲ ਸਜਾਉਂਦੀ ਹੋਈ, ਆਪਣੇ ਸਿਖ਼ਰ ਉੱਤੇ ਪਹੁੰਚ ਕੇ ਜਦੋਂ ਪੰਜ ਸਦੀਆਂ ਪਿੱਛੇ ਪਰਤ ਕੇ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ ਲੰਮੀ ਰਚਨਾ ਦੀ ਸਿਰਜਣਾ ਕਰਦੀ ਹੈ, ਤਾਂ ਇਕ ਅਦਭੁਤ ਨਜ਼ਾਰਾ ਸਾਕਾਰ ਹੁੰਦਾ ਹੈ।
ਪੰਜ ਸਦੀਆਂ ਪਰਤ ਕੇ
ਨਾਨਕ ਪਿਆਰਾ ਵੇਖਿਆ
ਕਿਰਤ ਦਾ ਕਰਤਾਰਪੁਰ
ਵੱਖਰਾ ਨਜ਼ਾਰਾ ਵੇਖਿਆ। -ਪੰਨਾ 110.
ਇਸ ਪੁਸਤਕ ਦੇ ਹੋਰ ਗੀਤਾਂ ਵਿਚ 'ਕਲੀ ਕਿਸਾਨ ਦੀ', 'ਤੋੜ ਦਿਓ ਜ਼ੰਜੀਰਾਂ', 'ਪੀਲੀ ਪੀਲੀ ਚੁੰਨੀ ਉੱਤੇ, ਪੁੱਤਰੋ ਪੰਜਾਬ ਦਿਓ, ਅਸਾਂ ਜੋਗੀ ਬਣ ਜਾਣਾ, ਪੁੱਤ ਪੰਜ ਦਰਿਆਵਾਂ ਦੇ, ਚਾਰੇ ਪਾਸੇ ਕਿੱਕਰਾਂ, ਧੀਆਂ ਦੀਆਂ ਲੋਹੜੀਆਂ, ਹੁਣ ਹੋਰ ਨਹੀਂ ਤਸੀਹੇ ਸਹਿਣੇ, ਤੋੜ ਕੇ ਮੁਹੱਬਤਾਂ ਨੂੰ, ਦੁੱਲ੍ਹਿਆ ਤੂੰ ਅਣਖਾਂ ਜਗਾ ਆਦਿ ਉਹ ਗੀਤ ਸ਼ਾਮਿਲ ਹਨ, ਜਿਨ੍ਹਾਂ ਵਿਚ ਪੰਜਾਬੀਅਤ ਦੇ ਦੁੱਖਾਂ-ਦਰਦਾਂ ਨੂੰ ਅੱਖਰ-ਅੱਖਰ ਚਿਣਿਆ ਹੋਇਆ ਹੈ। ਪੰਜਾਬ ਦੇ ਦਰਿਆਵਾਂ ਵਾਂਗ ਕਲ-ਕਲ ਕਰਦੀਆਂ ਇਨ੍ਹਾਂ ਗੀਤਾਂ ਦੀਆਂ ਤਰਜ਼ਾਂ, ਸੁਰਾਂ ਦੀ ਛੋਹ ਮੰਗਦੀਆਂ ਹਨ। ਪੰਜਾਬ ਦੇ ਸੰਕਟੀ ਦੌਰ ਵੇਲੇ ਦਾ ਲਿਖਿਆ ਹੋਇਆ, ਗੁਰਭਜਨ ਦਾ ਗੀਤ, ਇਸ ਕਿਤਾਬ ਦਾ ਇਕ ਹੋਰ ਵਡਮੁੱਲਾ ਹਾਸਲ ਹੈ। ਇਸ ਵਿਚ ਉਹ ਜੋ ਵੇਦਨਾ ਪ੍ਰਗਟ ਕਰਦਾ ਹੈ, ਉਹ ਉਸ ਸਮੇਂ ਦੀ ਸੱਚੀ ਦਸਤਾਵੇਜ਼ ਹੈ
ਹਟ ਹਾਕਮਾ, ਤੇ ਤੂੰ ਵੀ ਟਲ, ਸ਼ੇਰ ਬੱਲਿਆ
ਓ ਚਿੱਟਾ ਕੱਪੜਾ, ਬਾਜ਼ਾਰ ਵਿਚੋਂ ਮੁੱਕ ਚੱਲਿਆ
ਟੁੱਟੀ ਕਲਮ ਦਵਾਤ, ਲੀਰੋ ਲੀਰ ਹੈ ਕਿਤਾਬ
ਹੇਕਾਂ ਗ਼ਲਿਆਂ 'ਚ ਰੋਣ, ਕਾਹਨੂੰ ਟੁੱਟ ਗਈ ਰਬਾਬ
ਸਾਡੇ ਪੁੱਤਰਾਂ ਨੂੰ ਅਜੇ ਵੀ ਨਾ ਲੱਗਿਆ ਹਿਸਾਬ
ਖਾਵੇ ਸਾਡਾ ਹੀ ਕਲੇਜਾ, ਕੀਹਨੇ ਦੈਂਤ ਘੱਲਿਆ
ਓ ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ
-ਪੰਨਾ-96
ਸਾਹਿਤਕ-ਸੱਭਿਆਚਾਰਕ ਗੀਤਕਾਰੀ ਦੇ ਅਜਿਹੇ ਝਲਕਾਰੇ ਪੰਜਾਬੀ ਸਾਹਿਤ ਵਿਚ ਬਹੁਤ ਵਿਰਲੇ ਹਨ। ਗਾਇਕੀ ਅਤੇ ਗੀਤਕਾਰੀ ਦੇ ਵਿਗੜੇ ਮਾਹੌਲ ਵਿਚ, ਇਸ ਤਰ੍ਹਾਂ ਦੀ ਕਿਤਾਬ ਦਾ ਆਉਣਾ, ਪੰਜਾਬੀ ਸਮਾਜ ਲਈ ਚੰਗਾ ਸ਼ਗਨ ਹੈ। ਅਜਿਹੀ ਪੁਸਤਕ ਦਾ ਭਰਪੂਰ ਸਵਾਗਤ ਹੈ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਅਛੂਤ, ਕਮੀਣ ਤੇ ਅਦਨਾ ਇਨਸਾਨ
ਸੰਪਾਦਕ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਸਮਾਣਾ
ਮੁੱਲ : 450 ਰੁਪਏ, ਸਫ਼ੇ :352
ਸੰਪਰਕ : 94170-64350
ਹਥਲੀ ਪੁਸਤਕ ਵਿਚ ਤੀਹ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਸਾਰੀਆਂ ਕਹਾਣੀਆਂ ਦਲਿਤ ਚਿੰਤਨਧਾਰਾ ਦੇ ਚਿੰਤਨ ਨੂੰ ਇਤਿਹਾਸਕ ਵਿਕਾਸ ਦੇ ਅੰਤਰਗਤ ਆਏ ਪੜਾਵਾਂ ਦਾ ਬੋਧ ਕਰਵਾਉਂਦੀਆਂ ਹਨ। ਇਨ੍ਹਾਂ ਕਹਾਣੀਆਂ ਤੋਂ ਪ੍ਰਗਟ ਹੁੰਦਾ ਹੈ ਕਿ 'ਦਲਿਤ', 'ਦਲਿਤ ਵਰਗ ਸੰਬੰਧੀ ਸਾਹਿਤ' ਅਤੇ 'ਦਲਿਤ ਵਰਗ ਚੇਤਨਾ' ਤਿੰਨੇ ਸੰਕਲਪ ਧਿਆਨ ਗੋਚਰੇ ਰੱਖ ਕੇ ਇਹ ਕਹਾਣੀਆਂ ਲਿਖੀਆਂ ਗਈਆਂ, ਇਨ੍ਹਾਂ ਬੇਸ਼ੁਮਾਰ ਲਿਖੀਆਂ ਜਾ ਚੁੱਕੀਆਂ ਕਹਾਣੀਆਂ ਵਿਚੋਂ ਚੋਣ ਕਰਨਾ ਸੰਪਾਦਕ ਦੀ ਲਗਨ ਅਤੇ ਖੂਬ ਮਿਹਨਤ ਦਾ ਸਿੱਟਾ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਕਹਾਣੀ ਸੰਗ੍ਰਹਿ ਭਗਵੰਤ ਰਸੂਲਪੁਰੀ ਪ੍ਰਕਾਸ਼ਿਤ ਕਰਵਾ ਚੁੱਕਾ ਹੈ, ਜਿਸ ਵਿਚ ਸ਼ਾਮਿਲ ਕਹਾਣੀਆਂ ਹੋਰ ਹਨ। 'ਰੇਸ਼ਮੀ ਕੀੜਾ', 'ਅਛੂਤ ਲੀੜਾ', 'ਕਮੀਣ', 'ਆਖਿਰ', 'ਅਨੁਸ਼ਠਾਨ' ਤੋਂ ਇਲਾਵਾ ਹੋਰ ਕਹਾਣੀਆਂ ਵੀ ਦਲਿਤ ਵਰਗ ਚੇਤਨਾ ਦੇ ਉਥਾਨ ਦਾ ਪ੍ਰਗਟਾਵਾ ਹਨ। ਇਸ ਤੋਂ ਅੱਗੇ ਮਾਨ, ਅਤਰਜੀਤ ਅਤੇ ਕਿਰਪਾਲ ਕਜ਼ਾਕ ਦੀਆਂ ਪੁਸਤਕ ਵਿਚ ਅੰਕਿਤ ਕਹਾਣੀਆਂ ਜ਼ਰੀਏ ਦਲਿਤ ਵਰਗ ਦੀ ਸਮਾਜਿਕ ਅਤੇ ਆਰਥਿਕ ਦਸ਼ਾ ਦਾ ਨਿਰੂਪਣ ਜਿਸ ਤਰ੍ਹਾਂ ਕੀਤਾ ਹੈ , ਉਹ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਕਹਾਣੀਆਂ ਵਿਚਲੇ ਦਲਿਤ ਵਰਗੀ ਪਾਤਰ ਬੇਬਾਕ ਹੋ ਕੇ ਵਿਤਕਰਿਆਂ ਸਾਹਮਣੇ ਡਟ ਕੇ ਖਲੋ ਜਾਣ ਦੀ ਜੁਰੱਅਤ ਕਰਨ ਲੱਗ ਪੈਂਦੇ ਹਨ, ਝੱਫਾਂ ਵੀ ਲੈਂਦੇ ਹਨ, ਜਿੱਤਦੇ-ਹਾਰਦੇ ਵੀ ਹਨ ਪਰ ਦਿੜ੍ਹਤਾ ਦਾ ਪੱਲਾ ਫੜਨ ਲਈ ਕਹਾਣੀਕਾਰਾਂ ਨੇ ਉਨ੍ਹਾਂ ਵਿਚ ਦਮ ਭਰ ਦਿੱਤਾ ਹੈ। ਇਸੇ ਤਰ੍ਹਾਂ 'ਛੱਪੜ' , 'ਸੁੱਕੀਆਂ ਕੁੰਨਾਂ', 'ਹੱਡਾ ਰੋੜੀ ਅਤੇ ਰੇਹੜੀ', 'ਲਾਂਬੂ', 'ਚੀਸ' ਅਜਿਹੀਆਂ ਰਚਨਾਵਾਂ ਹਨ, ਜਿਹੜੀਆਂ ਪਹਿਲੇ ਦੂਜੇ ਪੜਾਅ ਦੇ ਕਹਾਣੀਕਾਰਾਂ ਤੋਂ ਵਿਧਾ-ਵਿਧਾਨ ਅਤੇ ਤਰਕ ਸੰਗਤ ਜੁਗਤਾਂ ਸਦਕਾ ਭਿੰਨ ਹਨ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਹਰੇਕ ਪ੍ਰਕਾਰ ਦੇ ਸਮਾਜਿਕ, ਆਰਥਿਕ, ਨੈਤਿਕ, ਮਾਨਸਿਕ ਅਤੇ ਵਿਅਕਤੀਗਤ ਸ਼ੋਸ਼ਣ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਨਾਲ ਦੀ ਨਾਲ ਦਲਿਤ ਵਰਗ ਨੂੰ ਆਪਣਾ ਉੱਤਮ ਮਾਰਗ ਆਪ ਨਿਰਧਾਰਿਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਲਿਫ਼ਾਫ਼ਾ
ਨਾਵਲਕਾਰ : ਇੰਜੀ: ਡੀ.ਐਮ. ਸਿੰਘ
ਪ੍ਰਕਾਸ਼ਕ : ਸੰਗਮ ਪ੍ਰਕਾਸ਼ਨ, ਸਮਾਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 98155-09390
ਕਵੀ, ਕਥਾਕਾਰ : ਨਾਟਕਕਾਰ ਅਤੇ ਨਾਵਲਕਾਰ ਇੰਜੀ: ਡੀ. ਐਮ. ਸਿੰਘ ਦਾ ਪਲੇਠਾ ਨਾਵਲ ਹੈ 'ਲਿਫ਼ਾਫ਼ਾ'। ਇਸ ਵੱਡਅਕਾਰੀ ਰਚਨਾ ਦਾ ਮੂਲ ਵਿਸ਼ਾ ਡਾਕਟਰੀ ਕਿੱਤੇ ਵਿਚ ਕਾਰਪੋਰੇਟੀ ਕਲਚਰ ਕਰਕੇ ਆਏ ਬੇਹੱਦ ਨਿਘਾਰ, ਹਮਦਰਦੀ, ਤਰਸ, ਦਇਆ ਦੇ ਮਨਫ਼ੀ ਹੋ ਜਾਣ ਦੀ ਝਿੰਜੋੜਣ ਵਾਲੀ ਗਾਥਾ ਹੈ। ਬੇਸ਼ੱਕ ਲਗਭਗ ਹਰੇਕ ਕਿੱਤੇ ਵਿਚ ਇਹ ਨਿਘਾਰ ਜੜ੍ਹਾਂ ਜਮਾ ਚੁੱਕਾ ਹੈ ਪਰ ਅਧਿਆਪਕੀ, ਨਿਆਪਾਲਿਕਾ ਅਤੇ ਡਾਕਟਰੀ ਕਿੱਤੇ ਵਿਚ ਇਸ ਨੂੰ ਸਮਾਜ ਪਰਵਾਨ ਨਹੀਂ ਕਰਦਾ। ਅਧਿਆਪਕ ਗੁਰੂ, ਨਿਆਂ ਕਰਨਾ ਤੇ ਡਾਕਟਰ ਤਾਂ ਰੱਬ ਦਾ ਦੂਜਾ ਰੂਪ ਮੰਨੇ ਜਾਂਦੇ ਹਨ। ਨਾਵਲ ਵਿਚ ਲੇਖਕ ਨੇ ਡਾਕਟਰ ਵਿਕਟਰ ਸਰੂਪ ਪੱਟੀ ਦੇ ਰੂਪ ਵਿਚ ਇਕ ਮਿਸਾਲੀ ਕਿਰਦਾਰ ਦੀ ਰਚਨਾ ਕਰਕੇ ਉਸ ਦੀ ਸੱਚੀ-ਸੁੱਚੀ ਸੂਖ਼ਮੀਅਤ ਰਾਹੀਂ ਸਮੁੱਚੇ ਡਾਕਟਰੀ ਜਗਤ ਅਤੇ ਸਮਾਜ ਨੂੰ ਸਾਰਥਕ ਸੁਨੇਹਾ ਦਿੱਤਾ ਹੈ। ਨਾਲ ਹੀ ਅਜੋਕੇ ਕਾਰਪੋਰੇਟੀ ਸੱਭਿਆਚਾਰ ਵਿਚ ਡਾ. ਵਿਕਟਰ ਜਿਹੇ ਹੋਰ ਮਿਸਾਲੀ ਡਾਕਟਰ ਇਸ ਮਾਹੌਲ ਤੋਂ ਬਚੇ ਰਹਿਣ ਦੀ ਉਮੀਦ ਵੀ ਕੀਤੀ ਹੈ ਕਿ ਉਹ ਇਹ ਕਲਚਰ ਇਨ੍ਹਾਂ ਡਾਕਟਰਾਂ 'ਤੇ ਅਜਿਹਾ ਸ਼ਿਕੰਜਾ ਨਾ ਕਸ ਦੇਵੇ ਕਿ ਡਾ. ਵਿਕਟਰ ਜਿਹੇ ਲੋਕਾਂ ਦਾ ਦਮ ਘੁਟਣ ਲੱਗ ਪਏ। ਨਾਵਲ ਦਾ ਕਥਾਨਕ ਭਾਰਤ-ਪਾਕਿ ਵੰਡ ਦੀ ਅਣਮਨੁੱਖੀ ਤਰਾਸਦੀ ਹੰਡਾ ਕੇ, ਉੱਜੜ-ਪੁੱਜੜ ਕੇ ਪੰਜਾਬ (ਭਾਰਤ) ਪੁੱਜੇ ਪ੍ਰੀਤਮ ਸਿੰਘ ਗੁੱਜਰਖਾਨੀ ਦੇ ਪਰਿਵਾਰ ਦੇ ਇਰਦ-ਗਿਰਦ ਬੁਣਿਆ ਗਿਆ ਹੈ। ਨਾਵਲ ਵਿਚ ਨਾਇਕ ਰੇਸ਼ਮ ਸਿੰਘ ਦਾ ਜੰਗ ਦੇ ਮੈਦਾਨ 'ਚੋਂ, ਬਜ਼ੁਰਗਾਂ ਦੀ ਦੋਸਤੀ ਦੀ ਬਦੌਲਤ ਮੌਤ ਦੇ ਮੂੰਹੋਂ ਨਿਕਲ ਕੇ ਆਪਣੇ ਮੁਲਕ ਪਰਤਣਾ ਦੋਸਤੀ ਦੇ ਅਸਲ ਅਰਥਾਂ ਨੂੰ ਬਿਹਤਰੀਨ ਢੰਗ ਨਾਲ ਉਜਾਗਰ ਕਰਦਾ ਹੈ। ਨਾਵਲ ਵਿਚ ਪੰਨਾ ਲਾਲ ਹਕੀਮ ਅਤੇ ਸਰਪੰਚ ਲੱਖਾ ਸਿੰਘ ਜਿਹੇ ਨੈਗੇਟਿਵ ਪਾਤਰ ਵੀ ਹਨ, ਜਿਹੜੇ ਵਿਸ਼ਵਾਸਘਾਤੀ ਹੋ ਕੇ ਅਜੋਕੇ ਭ੍ਰਿਸ਼ਟ ਤੇ ਬੇਈਮਾਨ ਵਰਤਾਰੇ ਦੀ ਭੈੜੀ ਤਸਵੀਰ ਪੇਸ਼ ਕਰਦੇ ਹਨ। 'ਲਿਫ਼ਾਫ਼ਾ' ਸਿਰਲੇਖ ਨਾਵਲ ਵਿਚ ਇਕ ਪ੍ਰਤੀਕ ਵਜੋਂ ਉੱਭਰਦਾ ਹੈ। ਲੇਖਕ ਨੇ ਨਾਵਲ ਵਿਚ ਪੇਂਡੂ ਰਹਿਤਲ-ਬਹਿਤਲ, ਲੋਕ ਬੋਲੀ, ਲੋਕ ਮੁਹਾਂਦਰੇ ਤੇ ਭਾਈਚਾਰੇ ਨੂੰ ਬਹੁਤ ਹੀ ਸੰਜੀਦਗੀ ਤੇ ਕੁਸ਼ਲਤਾ ਨਾਲ ਚਿਤਰਿਆ ਹੈ। ਪਾਤਰਾਂ ਦੀ ਚਰਿੱਤਰ ਉਸਾਰੀ ਅਤੇ ਵਾਤਾਵਰਨ ਦਾ ਚਿਤਰਣ, ਸਮੇਂ ਸਥਾਨ ਮੁਤਾਬਕ ਢੁਕਵਾਂ ਹੈ। ਹਕੀਮ ਪੰਨਾ ਲਾਲ ਅਤੇ ਸਰਪੰਚ ਲੱਖਾ ਸਿੰਘ ਦੇ ਵਲ ਫਰੇਫ ਤੇ ਫ਼ਿਤਰਦੀ ਜਹਿਨੀਅਤ ਵੀ ਸਪੱਸ਼ਟ ਉੱਭਰ ਕੇ ਸਾਹਮਣੇ ਆਉਂਦੀ ਹੈ। ਹੈੱਡਮਾਸਟਰ ਦੀ ਪਹਿਲ, ਡੀ.ਈ.ਓ. ਨੀਲਮ ਸ਼ਰਮਾ ਦੀ ਅਗਵਾਈ ਵਿਚ ਰੇਸ਼ਮ ਤੇ ਰਸ਼ਮੀ ਦਾ ਇਕ ਹੋ ਜਾਣਾ ਨਾਵਲ ਦਾ ਸੁਖਾਂਤ ਹੋ ਨਿਬੜਦਾ ਹੈ। ਨਾਵਲਕਾਰ ਨੇ ਮੂਲ ਕਹਾਣੀ ਦੇ ਨਾਲ-ਨਾਲ ਕਈ ਹੋਰ ਪਾਤਰਾਂ ਰਾਹੀਂ ਛੋਟੀਆਂ-ਵੱਡੀਆਂ ਘਟਨਾਵਾਂ ਜੋੜ ਕੇ, ਸਪੋਰਟਿੰਗ ਸਟੋਰੀਜ ਰਾਹੀਂ ਨਾਵਲ ਦੇ ਕਥਾਨਕ ਨੂੰ ਸੰਘਣਾ ਅਤੇ ਬਹੁ-ਅਰਥੀ, ਘੱਟ ਦਿਸ਼ਾਵੀ ਅਤੇ ਬਹੁਉਦੇਸ਼ੀ ਬਣਾਉਣ ਦਾ ਉਪਰਾਲਾ ਕੀਤਾ ਹੈ। ਨਾਵਲ 'ਲਿਫ਼ਾਫ਼ਾ' ਅਜੋਕੇ ਸਮਾਜਿਕ ਤੇ ਆਰਥਕ ਨਿਜ਼ਾਮ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਸਿਆੜਾਂ ਦੀ ਕਰਵਟ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 186
ਸੰਪਰਕ: 95309-44345
ਵਿਚਾਰ ਅਧੀਨ ਨਾਵਲ ਕੋਰੋਨਾ ਦੇ ਦੌਰ ਤੋਂ ਲੈ ਕੇ ਕਿਸਾਨੀ ਸੰਘਰਸ਼ ਤੱਕ, ਤਿੰਨ ਕਾਨੂੰਨਾਂ ਦੇ ਵਿਰੋਧ ਵਿਚ ਵਿੱਢੇ ਮੋਰਚੇ 'ਚ ਸ਼ਾਮਿਲ ਲੋਕਾਂ ਦੀ ਹਿੰਮਤ ਅਤੇ ਜਜ਼ਬੇ ਦੀ ਤਰਜਮਾਨੀ ਕਰਦਾ ਹੈ। ਇਸ ਵਿਚ ਧੱਕੇ ਨਾਲ ਲੱਗੀ ਤਾਲਾਬੰਦੀ, ਮਹਾਂਮਾਰੀ ਦੇ ਇਕ-ਦੂਜੇ ਤੋਂ ਫੈਲਣ ਦਾ ਡਰ ਹੈ, ਲੋਕ ਘਰਾਂ ਅੰਦਰ ਕੈਦ ਹਨ ਦਾ ਜ਼ਿਕਰ ਹੈ। ਪੁਲਿਸ ਵਲੋਂ ਸਪੀਕਰ ਲਾ ਕੇ ਮਾਸਕ ਪਾਉਣ, ਸੈਨੇਟਾਈਜ਼ਰ ਵਰਤਣ, ਵਾਰ-ਵਾਰ ਹੱਥ ਧੋਣ ਦੀ ਮੁਨਿਆਦੀ ਦਾ ਜ਼ਿਕਰ ਹੈ। ਬਾਹਰੀ ਦਾਖ਼ਲੇ ਨੂੰ ਰੋਕਣ ਲਈ ਪਿੰਡ-ਪਿੰਡ ਨਾਕੇ ਲੱਗੇ ਹੋਣ ਦਾ ਜ਼ਿਕਰ ਹੈ। ਗ਼ਰੀਬਾਂ, ਮਜ਼ਦੂਰਾਂ ਨੂੰ ਰਾਸ਼ਨ ਹੋਣ ਦਾ ਜ਼ਿਕਰ ਹੈ। ਮੀਡੀਆ ਵਲੋਂ ਸਰਕਾਰ ਦਾ ਗੁਣ-ਗਾਣ ਕਰਨ, ਕੰਮ-ਕਾਰ ਚੌਪਟ ਹੋਣ ਦਾ ਜ਼ਿਕਰ ਹੈ ਤੇ ਇਹ ਵੀ ਕਿ ਜੋ ਵੀ ਮਰਦਾ ਸੀ, ਕੋਰੋਨਾ ਦੇ ਖਾਤੇ ਵਿਚ ਪੈ ਜਾਂਦਾ। ਪਰਵਾਸੀ ਮਜ਼ਦੂਰ ਘਰਾਂ ਨੂੰ ਪੈਦਲ ਤੁਰ ਪਏ। ਕਿਤੇ ਕੋਈ ਵੈਕਸੀਨ ਉਪਲਬੱਧ ਨਹੀਂ, ਥਾਲੀਆਂ ਵੱਜ ਰਹੀਆਂ ਨੇ, ਮੋਮਬੱਤੀਆਂ ਜਗਾ ਕੇ ਲੋਕ ਕੋਰੋਨਾ ਨੂੰ ਭਜਾ ਰਹੇ ਹਨ। ਮਨਿੰਦਰ ਦਾ ਨਰਸਿੰਗ ਪਿੱਛੋਂ ਆਈਲੈਟਸ ਕਰਕੇ ਬਾਹਰ ਜਾਣ ਦਾ ਕੰਮ ਕੋਰੋਨਾ ਨੇ ਠੱਪ ਕਰ ਦਿੱਤਾ। ਪੰਜਾਬ ਤੇ ਪੰਜਾਬੀਆਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਬਾਖ਼ੂਬੀ ਕੀਤਾ ਗਿਆ ਹੈ। ਉਨ੍ਹਾਂ ਦੇ ਜੀਵਨ 'ਤੇ ਇਸ ਵਰਤਾਰੇ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਮੈਂ ਮਹਿਸੂਸ ਕੀਤਾ ਕਿ ਕਈ ਥਾਵਾਂ 'ਤੇ ਨਿਜ਼ਾਮ ਬਾਰੇ ਸਿੱਧੀਆਂ ਤੇ ਸਪਾਟ ਟਿੱਪਣੀਆਂ ਵੀ ਦੇਖਣ ਵਿਚ ਆਈਆਂ ਹਨ, ਇਨ੍ਹਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਾਹਿਤਕ ਪਰਤ ਚੜ੍ਹਾਉਣ ਦੀ ਥਾਂ ਕਈ ਵਾਰੀ ਸਥਿਤੀ ਦਾ ਹੂ-ਬ-ਹੂ ਸ਼ਾਬਦਿਕ ਫੋਟੋਗ੍ਰਾਫ ਵੀ ਕੀਤਾ ਗਿਆ ਹੈ। ਮੋਰਚੇ ਵਾਲੀ ਥਾਂ ਦੇ ਹਾਲਾਤ ਬਾਰੇ ਲੇਖਕ ਨੇ ਦੇਖਿਆ ਕਿ ਸਟੇਜ 'ਤੇ ਮੋਰਚੇ ਦੇ ਆਗੂਆਂ ਦੀਆਂ ਤਕਰੀਰਾਂ ਹੁੰਦੀਆਂ। ਗੀਤ-ਸੰਗੀਤ ਤੇ ਨਾਟਕ ਖੇਡੇ ਜਾਂਦੇ। ਸਭ ਨੇ ਕੋਈ ਨਾ ਕੋਈ ਡਿਊਟੀ ਸੰਭਾਲੀ ਹੋਈ ਹੈ। ਹਰੇਕ ਬਜ਼ੁਰਗ, ਅਧਖੜ, ਗੱਭਰੂ, ਔਰਤਾਂ ਤੇ ਬੱਚੇ ਊਰਜਾ ਨਾਲ ਭਰੇ ਪਏ ਹਨ। ਹਾਲੀਮੀ ਭਰਿਆ ਵਤੀਰਾ ਹਰ ਥਾਂ ਦੇਖਣ ਨੂੰ ਮਿਲਿਆ। ਹਰਿਆਣੇ ਤੋਂ ਸਬਜ਼ੀਆਂ, ਦੁੱਧ ਦੇ ਟੈਂਪੂ ਭਰ ਕੇ ਆਏ। ਮੋਰਚੇ ਵਿਚ ਲੋਕ ਵਿਦੇਸ਼ਾਂ ਤੋਂ ਵੀ ਆਏ ਹੋਏ ਸਨ। ਨੌਕਰੀਆਂ ਤੋਂ ਛੁੱਟੀਆਂ ਲੈ ਕੇ ਵੀ। ਉਨ੍ਹਾਂ ਨੂੰ ਕਾਰਪੋਰੇਟਾਂ ਹੱਥ ਜ਼ਮੀਨ ਚਲੇ ਜਾਣ ਨਾਲ ਪਿੰਡਾਂ ਦੀ ਹੋਣੀ ਅਮਰੀਕਾ, ਕੈਨੇਡਾ ਵਿਚ ਆਦਿ-ਵਾਸੀਆਂ ਦੀਆਂ ਕੰਡਿਆਲੀਆਂ ਤਾਰਾਂ ਵਿਚ ਘਿਰੀਆਂ ਬਸਤੀਆਂ ਵਾਂਗ ਬਣ ਜਾਣ ਦਾ ਡਰ ਹੈ। ਬਿਮਾਰ ਬੰਦਿਆਂ ਲਈ ਦਵਾ-ਦਾਰੂ ਦਾ ਵੀ ਪ੍ਰਬੰਧ ਹੈ। ਮੋਰਚੇ ਸੰਬੰਧੀ ਗੀਤ ਗਾਏ ਜਾਂਦੇ ਹਨ, ਮੋਰਚੇ ਦਾ ਸਪਤਾਹਿਕ ਅਖ਼ਬਾਰ ਵੀ ਨਿਕਲਦਾ ਹੈ। ਕਈ ਵਿਅਕਤੀਆਂ ਦੀ ਮੌਤ ਵੀ ਹੋਈ। ਮਨਿੰਦਰ ਕੈਨੇਡਾ ਵਿਚ ਮਿਲੇ ਦਾਖਲੇ ਨੂੰ ਛੱਡ ਕੇ ਆਪਣੇ ਲੋਕਾਂ ਲਈ ਕੰਮ ਕਰਨ ਦਾ ਮਨ ਬਣਾ ਬੈਠੀ ਹੈ। ਉਸ ਦਾ ਇਹ ਫ਼ੈਸਲਾ ਅੱਗੇ ਚੱਲ ਕੇ ਵਕਤ ਦੀ ਕਸਵੱਟੀ 'ਤੇ ਪਰਖਿਆ ਜਾਣਾ ਹੈ। ਇਹ ਨਾਵਲ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਖੇਤੀ ਕਾਨੂੰਨਾਂ ਦੇ ਆਮ ਕਿਸਾਨੀ 'ਤੇ ਪੈਣ ਵਾਲੇ ਦੁਰਪ੍ਰਭਾਵਾਂ ਨੂੰ, ਕਾਰਪੋਰੇਟਾ ਦੀ ਮਾੜੀ ਨੀਅਤ ਅਤੇ ਸੱਤਾ ਦੇ ਕਾਰਪੋਰੇਟਾਂ ਨਾਲ ਮਿਲੇ ਹੋਣ ਦਾ ਕਿੱਸਾ ਵਿਸਥਾਰ ਨਾਲ ਦ੍ਰਿਸ਼ਟੀਗੋਚਰ ਕਰਦਾ ਹੈ। ਇਹ ਪੁਸਤਕ ਕੋਰੋਨਾ ਕਾਲ ਦੌਰਾਨ ਕਿਸਾਨਾਂ ਦਾ ਆਪਣੀ ਜ਼ਮੀਨ ਬਚਾਉਣ ਲਈ ਕੀਤੇ ਸੰਘਰਸ਼ ਅਤੇ ਕਾਰਪੋਰੇਟਾਂ ਦਾ ਸੱਤਾ ਨਾਲ ਮਿਲ ਕੇ ਕਿਸਾਨਾਂ ਦੀ ਜ਼ਮੀਨ ਨੂੰ ਹਥਿਆਉਣ ਦਾ ਕੱਚਾ ਚਿੱਠਾ ਲੋਕਾਂ ਦੇ ਰੂ-ਬ-ਰੂ ਕਰਦੀ ਹੈ। ਇਸ ਨਾਵਲ ਵਿਚ ਕੋਰੋਨਾ ਦੇ ਦੌਰ ਤੋਂ ਕਿਸਾਨੀ ਮੋਰਚੇ ਤੱਕ ਬਹੁਗਿਣਤੀ ਸਮਾਜਿਕ, ਰਾਜਸੀ, ਜਥੇਬੰਦਕ ਮਸਲਿਆਂ ਨੂੰ ਛੂਹਣ ਦਾ ਯਤਨ ਕੀਤਾ ਗਿਆ ਹੈ। ਲੇਖਕ ਦੀ ਸਪੱਸ਼ਟ ਪਹੁੰਚ ਪਾਠਕਾਂ ਨੂੰ ਸਮਝ ਆਉਂਦੀ ਹੈ। ਕੁੱਲ ਮਿਲਾ ਕੇ ਇਹ ਪੁਸਤਕ ਲਾਹੇਵੰਦ ਜਾਣਕਾਰੀ ਉਪਲਬੱਧ ਕਰਾਉਂਦੀ ਹੈ।
-ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686
ਦੁਨੀਆ ਤੋਂ ਅਣਡਿੱਠੇ ਅੱਥਰੂ ਅਤੇ ਹੋਰ ਕਹਾਣੀਆਂ
ਲੇਖਕ: ਅੰਤੋਨ ਪਾਵਲੋਵਿਚ ਚੈਖ਼ਵ
ਸੰਪਾਦਕ: ਡਾ. ਸਰਬਜੀਤ ਸਿੰਘ
ਅਨੁਵਾਦਕ: ਡਾ. ਮਧੂ ਸ਼ਰਮਾ
ਮੁੱਲ : 200 ਰੁਪਏ, ਸਫੇ :124
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਸਮਾਣਾ
ਸੰਪਰਕ : 98884-01328.
ਡਾ. ਸਰਬਜੀਤ ਸਿੰਘ ਦੁਆਰਾ ਸੰਪਾਦਿਤ ਪੁਸਤਕ 'ਦੁਨੀਆ ਤੋਂ ਅਣਡਿੱਠੇ ਅੱਥਰੂ' ਪ੍ਰਸਿੱਧ ਰੂਸੀ ਸਾਹਿਤਕਾਰ ਅੰਤੋਨ ਪਾਵਲੋਵਿਚ ਚੈਖ਼ਵ ਦੀਆਂ ਉਨ੍ਹਾਂ ਪ੍ਰਸਿੱਧ ਕਹਾਣੀਆਂ 'ਤੇ ਆਧਾਰਿਤ ਹੈ ਜਿਨ੍ਹਾਂ ਦਾ ਡਾ. ਮਧੂ ਸ਼ਰਮਾ ਦੁਆਰਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ ਕੁਲ 16 ਕਹਾਣੀਆਂ ਹਨ। ਪ੍ਰੋ. ਸੁਲੱਖਣ ਮੀਤ ਦੁਆਰਾ ਲਿਖੇ ਮੁਖਬੰਧ ਤੋਂ ਬਾਅਦ ਡਾ. ਸਰਬਜੀਤ ਸਿੰਘ ਨੇ ਆਪਣੀ ਸੰਪਾਦਕੀ 'ਪਲੇਠਾ ਕਦਮ' ਸਿਰਲੇਖ ਹੇਠ ਸ਼ਾਮਲ ਕੀਤੀ ਹੈ ਜਿਸ ਵਿਚ ਸੰਪਾਦਕ ਨੇ ਇਨ੍ਹਾਂ ਕਹਾਣੀਆਂ ਅਤੇ ਅਨੁਵਾਦ ਕਾਰਜ ਬਾਰੇ ਆਪਣੇ ਵਿਚਾਰ ਦਿੱਤੇ ਹਨ। ਡਾ. ਮਧੂ ਸ਼ਰਮਾ ਦੁਆਰਾ ਭੂਮਿਕਾ ਰੂਪ ਵਿਚ ਲੇਖ 'ਚੈਖ਼ਵ-ਮੇਰੀਆਂ ਨਜ਼ਰਾਂ ਵਿਚ' ਲਿਖਿਆ ਗਿਆ ਹੈ ਜਿਸ ਵਿਚ ਉਹ ਪਾਠਕਾਂ ਨਾਲ ਇਸ ਰੂਸੀ ਕਹਾਣੀਕਾਰ ਅਤੇ ਉਸ ਦੀ ਕਹਾਣੀਆਂ ਨਾਲ਼ ਜਾਣ-ਪਛਾਣ ਕਰਾਉਂਦੀ ਹੈ। ਉਹ ਚੈਖ਼ਵ ਦੀ ਛੋਟੀ ਕਹਾਣੀਆਂ ਲਿਖਣ ਦੀ ਮੁਹਾਰਤ ਬਾਰੇ ਗੱਲ ਕਰਦੀ ਹੈ ਅਤੇ ਚੈਖ਼ਵ ਨੂੰ ਇਕ ਯਥਾਰਥਕ ਕਹਾਣੀਕਾਰ ਵਜੋਂ ਸਥਾਪਤ ਕਰਦੀ ਹੈ। ਇਸ ਲੇਖ ਤੋਂ ਬਾਅਦ ਡਾ. ਮਧੂ ਸ਼ਰਮਾ ਵਲੋਂ ਅੰਗਰੇਜ਼ੀ ਅਨੁਵਾਦ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਰੂਸੀ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। 'ਸੰਤਾਪ' ਇਕ ਮਨੋਵਿਗਿਆਨਕ ਭਾਵੁਕ ਕਹਾਣੀ ਹੈ ਜਿਸ ਵਿਚ ਇਕ ਪਿਤਾ ਆਪਣੇ ਪੁੱਤਰ ਦੀ ਅਚਨਚੇਤ ਮੌਤ ਬਾਰੇ ਕਿਸੇ ਨਾਲ ਗੱਲ ਕਰਕੇ ਆਪਣਾ ਮਨ ਹਲਕਾ ਕਰਨਾ ਚਾਹੁੰਦਾ ਹੈ ਪਰ ਇਸ ਪਦਾਰਥਵਾਦੀ ਸੰਸਾਰ ਵਿਚ ਕਿਸੇ ਕੋਲ ਇੰਨੀ ਵਿਹਲ ਨਹੀਂ ਕਿ ਉਸ ਦੀ ਗੱਲ ਸੁਣੀ ਜਾਵੇ। ਅੰਤ ਵਿਚ ਉਹ ਇਕ ਘੋੜੀ ਨਾਲ਼ ਗੱਲਾਂ ਕਰ ਰੋਂਦਾ ਹੈ ਤੇ ਮਨ ਹਲਕਾ ਕਰਦਾ ਹੈ। 'ਬੇਸਮਝ' ਇਕ ਸ਼ਾਨਦਾਰ ਕਹਾਣੀ ਹੈ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਸਿੱਖਿਆ ਦਿੰਦੀ ਹੈ। 'ਜਗੀਰ ਦੀ ਮਾਲਕਣ' ਇਕ ਲੰਬੀ ਕਹਾਣੀ ਹੈ ਜੋ ਗ਼ਰੀਬ ਲੋਕਾਂ ਦੇ ਹੋ ਰਹੇ ਸ਼ੋਸ਼ਣ ਨੂੰ ਚਿਤਰਤ ਕਰਦੀ ਹੈ। 'ਸ਼ੈਤਾਨ ਬੱਚਾ' ਇਕ ਛੋਟੇ ਬੱਚੇ ਦੁਆਰਾ ਤੋਹਫ਼ੇ ਲੈਣ ਲਈ ਖੇਡੀ ਜਾ ਰਹੀ ਰਾਜਨੀਤੀ ਦੀ ਕਹਾਣੀ ਹੈ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਦੁਨੀਆ ਤੋਂ ਅਣਡਿੱਠੇ ਅੱਥਰੂ' ਵੀ ਇਕ ਖ਼ੂਬਸੂਰਤ ਪਰਿਵਾਰਕ ਕਹਾਣੀ ਹੈ। ਇਸ ਤਰ੍ਹਾਂ ਇਸ ਸੰਗ੍ਰਹਿ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੇ ਨਾਲ ਨੈਤਿਕ ਗੁਣਾਂ ਅਤੇ ਯਥਾਰਥਕ ਵੇਰਵਿਆਂ ਦੀਆਂ ਗੱਲਾਂ ਵੀ ਕਰਦੀਆਂ ਹਨ। ਡਾ. ਮਧੂ ਸ਼ਰਮਾ ਦੁਆਰਾ ਅਨੁਵਾਦ ਕਾਰਜ ਵੀ ਨਿੱਠ ਕੇ ਕੀਤਾ ਗਿਆ ਹੈ ਅਤੇ ਇਸ ਕਾਰਜ ਕਾਰਨ ਹੀ ਰੂਸੀ ਸਾਹਿਤ ਦੀਆਂ ਉੱਤਮ ਰਚਨਾਵਾਂ ਪੰਜਾਬੀ ਸਾਹਿਤ ਤੱਕ ਪੁੱਜੀਆਂ ਹਨ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਅੰਮ੍ਰਿਤ ਬੂੰਦਾਂ
ਲੇਖਿਕਾ : ਅੰਮ੍ਰਿਤਪਾਲ ਕੌਰ ਖ਼ਾਲਸਾ
ਪ੍ਰਕਾਸ਼ਕ : ਵਾਈਟ ਕ੍ਰਾਸ ਪ੍ਰਿੰਟਿਰਜ਼, ਜਲੰਧਰ।
ਮੁੱਲ: 300 ਰੁਪਏ, ਸਫੇ : 183
ਸੰਪਰਕ : 99888-83250
ਗੁਰਮਤਿ ਸਿਧਾਂਤਾਂ ਪ੍ਰਤੀ ਸੁਹਿਰਦ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਲੇਖਿਕਾ ਦੀ ਇਹ ਦੂਸਰੀ ਪੁਸਤਕ ਹੈ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸੰਸਾਰ ਵਿਆਪੀ ਹੈ। ਹਥਲੀ ਪੁਸਤਕ ਨੂੰ ਲੇਖਿਕਾ ਨੇ ਅੱਠ ਭਾਗਾਂ ਵਿਚ ਵੰਡਿਆ ਹੈ, ਪਹਿਲੇ ਭਾਗ ਵਿਚ 'ਗੁਰਮਤਿ ਦੇ ਸੰਕਲਪ' ਵਿਸ਼ੇ ਅਧੀਨ 9 ਲੇਖ ਸ਼ਾਮਿਲ ਕੀਤੇ ਹਨ। ਦੂਜੇ ਭਾਗ ਵਿਚ 'ਨਾਮ ਦੀ ਮਹਾਨਤਾ' ਅਧੀਨ ਨੌਂ ਰਚਨਾਵਾਂ ਵਿਚ ਵੀ ਗਹਿਰ ਗੰਭੀਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ 'ਕਿਰਤ ਦਾ ਸਨਮਾਨ' ਸੰਬੰਧੀ ਸਫ਼ਲ ਪਹੁੰਚ ਅਪਣਾਈ ਗਈ ਹੈ। ਪੁਸਤਕ ਚੌਥੇ ਹਿੱਸੇ ਵਿਚ 'ਪਰਮਾਤਮਾ-ਗੁਣੀ ਨਿਧਾਨ' ਵਿਚ ਵੀ ਨੌਂ ਵੱਖ-ਵੱਖ ਵਿਸ਼ਿਆਂ ਨੂੰ ਗੁਰਬਾਣੀ ਦੀਆਂ ਤੁਕਾਂ ਨੂੰ ਅਧਾਰ ਬਣਾ ਕੇ ਅਕਾਲ ਪੁਰਖ ਦੇ ਗੁਣਾਂ ਦਾ ਗੁਣਗਾਨ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਗਿਆ ਹੈ। ਪੰਜਵੇਂ ਭਾਗ ਵਿਚ 'ਅਰਦਾਸ ਬੇਨਤੀ' ਨਾਲ ਸੰਬੰਧਿਤ ਤਿੰਨ ਲੇਖ ਸ਼ਾਮਿਲ ਕੀਤੇ ਗਏ ਹਨ। ਛੇਵੇਂ ਭਾਗ ਵਿਚ ਮਨੁੱਖੀ ਮਨ ਨੂੰ ਗੁਰਬਾਣੀ ਦੇ ਸੰਦਰਭ ਵਿਚ ਚਾਰ ਲੇਖਾਂ ਵਿਚ ਵਿਚਾਰਾਂ ਨੂੰ ਗੁਰਮਤਿ ਦੇ ਪ੍ਰੀਪੇਖ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪੁਸਤਕ ਦੇ ਸੱਤਵੇਂ ਹਿੱਸੇ ਵਿਚ 'ਸਾਧ ਸੰਗਤਿ ਦੀ ਮਹਾਨਤਾ' ਨੂੰ ਤਿੰਨ ਲੇਖਾਂ ਵਿਚ ਗੁਰਬਾਣੀ ਦੀ ਰੌਸ਼ਨੀ ਵਿਚ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਅਖੀਰ ਵਿਚ 'ਕੇਸਾਂ ਦੀ ਮਹਾਨਤਾ' ਦਾ ਜ਼ਿਕਰ ਸੰਖੇਪ ਤੇ ਭਾਵਪੂਰਕ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦੇ ਸਿਰਲੇਖ 'ਅੰਮ੍ਰਿਤ' ਨੂੰ ਗੁਰਬਾਣੀ ਅਨੁਸਾਰ ਵੱਖ-ਵੱਖ ਅਰਥਾਂ ਵਿਚ ਪੇਸ਼ ਕੀਤਾ ਗਿਆ ਹੈ। ਅਸਲ ਵਿਚ ਇਹ ਬਹੁ-ਅਰਥੀ ਸ਼ਬਦ ਹੈ। ਕਿਤੇ ਇਹ ਵਿਸ਼ਾਲ ਬ੍ਰਹਿਮੰਡੀ ਚੇਤਨਾ, ਕਿਤੇ ਇਹ ਦੁੱਖ-ਨਿਵਾਰਨ, ਕਿਤੇ ਦਲੇਰੀ ਤੇ ਸੂਰਬੀਰਤਾ ਦਾ ਲਖਾਇਕ, ਕਿਤੇ ਸੁਰਤ ਤੇ ਸ਼ਬਦ ਦਾ ਸੁਮੇਲ ਵੀ ਕਰ ਰਿਹਾ ਹੈ। ਸੁਹਿਰਦ ਲੇਖਿਕਾ ਨੇ ਸਮੁੱਚੀਆਂ ਰਚਨਾਵਾਂ ਨੂੰ ਗੁਰਬਾਣੀ ਦੇ ਚਾਨਣ ਵਿਚ ਅੰਤਰ-ਪ੍ਰੇਰਨਾਵਾਂ ਦੀ ਰੌਸ਼ਨੀ ਵਿਚ ਉਸਾਰਨ ਦਾ ਯਤਨ ਕੀਤਾ ਹੈ। ਮਨੁੱਖੀ ਸ਼ਖ਼ਸੀਅਤ ਦੀ ਉਸਾਰੀ ਅਤੇ ਆਦਰਸ਼ ਦੀ ਪੂਰਤੀ ਲਈ ਸਾਡੀ ਜੀਵਨ ਯਾਤਰਾ ਦੌਰਾਨ ਗੁਰਬਾਣੀ ਸ਼ਬਦ ਸਾਨੂੰ ਅੰਦਰਲੇ ਅਤੇ ਬਾਹਰਲੇ ਖਤਰਿਆਂ ਅਤੇ ਦੁਸ਼ਵਾਰੀਆਂ ਪ੍ਰਤੀ ਚੇਤਨਾ ਬਖਸ਼ਿਸ ਕਰਦਾ ਹੈ। ਲੇਖਿਕਾ ਨੇ ਪੁਸਤਕ ਦੀ ਆਰੰਭਤਾ ਗੁਰਬਾਣੀ ਵਿਚ ਅੰਮ੍ਰਿਤ ਨਾਮ ਦੀ ਮਹੱਤਤਾ, ਗੁਰਸਿੱਖ, ਗੁਰਮੁੱਖ ਬ੍ਰਹਮ ਗਿਆਨੀ, ਸੁਹਾਗਣ ਦੇ ਸੰਕਲਪ ਦੀ ਵਿਆਖਿਆ ਲਈ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਕਿਰਤ ਦਾ ਸਨਮਾਨ, ਵੰਡ ਛਕਣਾ, ਪਰਉਪਕਾਰੀ ਸੁਭਾਅ, ਅਰਦਾਸ ਦੀ ਸਾਰਥਿਕਤਾ, ਸਾਧ ਸੰਗਤ ਦੀ ਮਹਾਨਤਾ ਆਦਿ ਸਾਰੇ ਕਾਂਡ ਇਕ-ਦੂਜੇ ਦੇ ਪੂਰਕ ਅਤੇ ਅੰਮ੍ਰਿਤ ਬੂੰਦਾਂ ਨਾਲ ਇਕ-ਮਿਕਤਾ ਪ੍ਰਾਪਤ ਕਰ ਚੁੱਕੇ ਜਾਪਦੇ ਹਨ। ਪੁਸਤਕ ਗੁਰਮਤਿ ਦੇ ਖੋਜਾਰਥੀਆਂ, ਵਿਚਾਰਵਾਨਾਂ, ਸਿਖਿਆਰਥੀਆਂ ਲਈ ਉਪਯੋਗੀ ਸਿੱਧ ਹੋਵੇਗੀ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040.
ਦੀਵਾਨ-ਏ-ਕਾਦਰੀ
ਕਲਾਮ : ਹਜ਼ਰਤ ਖ਼ਵਾਜਾ ਗ਼ੁਲਾਮ ਮੁਹੀਉਦੀਨ ਕਾਦਰੀ
ਸੰਪਾਦਨ : ਡਾ. ਹਰਕੰਵਲ ਕੋਰਪਾਲ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 300 ਰੁਪਏ, ਸਫੇ : 256
ਸੰਪਰਕ : 98766-68999
ਹਜ਼ਰਤ ਖ਼ਵਾਜ਼ਾ ਗੁਲਾਮ ਮੁਹੀਉਦੀਨ ਕਾਦਰੀ ਦਾ ਜਨਮ 1805 ਈ. ਵਿਚ ਜ਼ਿਲ੍ਹਾ ਲਾਹੌਰ ਦੇ ਇਕ ਪਿੰਡ ਚੱਕ ਨੰਬਰ 122 (ਤਹਿਸੀਲ ਲਾਇਲਪੁਰ) ਵਿਚ ਹੋਇਆ ਸੀ। ਬਾਅਦ ਵਿਚ ਆਪ ਜਲੰਧਰ ਸ਼ਹਿਰ ਦੀ ਬਸਤੀ ਸ਼ੇਖਾ ਵਿਚ ਆ ਵਸੇ। ਆਪ ਨੇ ਬਟਾਲੇ ਦੇ ਵਸਨੀਕ ਹਜ਼ਰਤ ਨੂਰ ਅਹਿਮਦ ਸ਼ਾਹ ਕਾਦਰੀ ਨੂੰ ਆਪਣਾ ਮੁਰਸ਼ਿਦ ਧਾਰਨ ਕਰ ਲਿਆ। ਆਪ ਦੀ ਵਫ਼ਾਤ ਦਾ ਸਮਾਂ 1861 ਈ. ਦੱਸਿਆ ਜਾਂਦਾ ਹੈ। ਡਾ. ਕੋਰਪਾਲ ਦੇ ਕਥਨ ਅਨੁਸਾਰ ਦੇਸ਼ ਵੰਡ ਤੋਂ ਪਹਿਲਾਂ ਆਪ ਦੀ ਯਾਦ ਵਿਚ ਜਲੰਧਰ ਵਿਖੇ ਇਕ ਉਰਸ ਮਨਾਇਆ ਜਾਂਦਾ ਸੀ ਪਰ ਬਾਅਦ ਵਿਚ ਇਹ ਰਵਾਇਤ ਖ਼ਤਮ ਹੋ ਗਈ। ਡਾ. ਹਰਕੰਵਲ ਕੋਰਪਾਲ ਨੇ ਪਹਿਲੀ ਵਾਰ ਆਪ ਦਾ ਕਲਾਮ ਮਹਿਰੌਲੀ ਵਿਚ ਸਥਿਤ ਇਕ ਦਰਗਾਹ ਵਿਚ ਸੂਫੀ ਕੱਵਾਲਾਂ ਤੋਂ ਸੁਣਿਆ ਸੀ। ਉਸੇ ਸ਼ਾਮ ਉਸ ਨੇ ਦਿੱਲੀ ਦੇ ਉਰਦੂ ਬਾਜ਼ਾਰ ਦੀਆਂ ਦੁਕਾਨਾਂ ਤੋਂ ਇਹ ਕਲਾਮ ਲੱਭਣਾ ਸ਼ੁਰੂ ਕਰ ਦਿੱਤਾ। ਉਥੋਂ ਤਾਂ ਇਹ ਨਾ ਮਿਲਿਆ ਪ੍ਰੰਤੂ ਅੰਮ੍ਰਿਤਸਰ ਆਏ ਇਕ ਸੂਫੀ ਕੱਵਾਲ ਅਸਗਰ ਅਲੀ ਨੇ ਇਹ ਕਲਾਮ ਦੀ ਇਕ ਕਾਪੀ ਸੰਪਾਦਕ ਨੂੰ ਮੁਹੱਈਆ ਕਰਵਾ ਦਿੱਤੀ। ਉਸ ਨੂੰ ਲਿੱਪੀਅੰਤਰ ਕਰ ਕੇ ਬੜੇ ਸੁੰਦਰ ਢੰਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਟੈਕਸਟ ਵਿਚ ਉਰਦੂ ਦੀਆਂ 152 ਗ਼ਜ਼ਲਾਂ, ਫਾਰਸੀ ਦੀਆਂ 18 ਗ਼ਜ਼ਲਾਂ (ਅਨੁਵਾਦ ਸਹਿਤ), ਕੁਝ ਰੁਬਾਈਆਂ, ਇਕ ਪੰਜਾਬੀ ਬਾਰਾਂਮਾਹ, ਸੀਹਰਫੀਆਂ, ਨਅਤ ਸ਼ਰੀਫ ਅਤੇ ਸਜਰਾ-ਏ-ਤੱਯਬਾ (ਫਾਰਸੀ) ਸੰਗ੍ਰਹਿਤ ਹਨ। ਡਾ. ਕੋਰਪਾਲ ਨੇ ਹਜ਼ਰਤ ਕਾਦਰੀ ਦੇ ਕਲਾਮ ਨੂੰ ਬੜੀ ਸਿਦਕਦਿਲੀ ਅਤੇ ਅਕੀਦਤ ਨਾਲ ਲਿਪੀਅੰਤਰ ਅਤੇ ਸੰਪਾਦਿਤ ਕੀਤਾ ਹੈ। ਕਲਾਮ ਦੀ ਪੱਧਰ ਹਜ਼ਰਤ ਸ਼ਾਹ ਹੁਸੈਨ ਅਤੇ ਬਾਬਾ ਬੁੱਲ੍ਹੇਸ਼ਾਹ ਜਿੰਨੀ ਬੁਲੰਦ ਤਾਂ ਨਹੀਂ ਪਰ ਵਹਿਦਤ ਦੀ ਲੋਰ ਅਤੇ ਤਰੰਗ ਜ਼ਰੂਰ ਨਜ਼ਰ ਆ ਜਾਂਦੀ ਹੈ। ਡਾ. ਕੋਰਪਾਲ ਦੇ ਅਸ਼ਕੇ, ਜਿਸ ਨੇ ਸੂਫੀ ਸੋਚ ਨਾਲ ਵਫ਼ਾ ਨਿਭਾਈ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਸੁਪਨੇ ਉਲੀਕਦੀ ਹਵਾ
ਲੇਖਕ : ਹਰਬੰਸ ਮਾਲਵਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ: 200 ਰੁਪਏ, ਸਫ਼ੇ : 112
ਸੰਪਰਕ: 94172-66355
ਹਰਬੰਸ ਮਾਲਵਾ ਪੰਜਾਬੀ ਦੇ ਹਰਮਨ-ਪਿਆਰੇ ਗੀਤਕਾਰ ਹਨ। ਹਥਲੇ ਗੀਤ-ਸੰਗ੍ਰਹਿ 'ਸੁਪਨੇ ਉਲੀਕਦੀ ਹਵਾ' ਤੋਂ ਪਹਿਲਾਂ ਉਨ੍ਹਾਂ ਦਾ ਇਕ ਗੀਤ-ਸੰਗ੍ਰਹਿ 'ਫੇਰ ਕਹਾਂਗਾ' ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਉਨ੍ਹਾਂ ਦੇ ਸੁਭਾਅ ਮੁਤਾਬਿਕ ਉਨ੍ਹਾਂ ਦੀ ਕਵਿਤਾ ਵੀ ਨਿਰਮਲ, ਨਿਰਛਲ ਅਤੇ ਸਹਿਜ ਹੈ। ਤਸੱਲੀ ਵਾਲੀ ਗੱਲ ਹੈ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਅਤੇ ਨਿਆਸਰਿਆਂ ਦਾ ਆਸਰਾ ਬਣਨਾ ਹੀ, ਉਨ੍ਹਾਂ ਦੀ ਲੇਖਣੀ ਦਾ ਮੁੱਖ ਮਨੋਰਥ ਦਿਖਾਈ ਦਿੰਦਾ ਹੈ:
ਸੁਣ ਮੇਰੀਏ ਕਲਮੇ ਨੀ! ਅਣਬੋਲੇ ਦਾ ਬੋਲ ਬਣੀਂ।
ਜੋ ਝੇਲ ਵਿਹੂਣਾ ਹੈ, ਤੂੰ ਉਸ ਦੀ ਝੋਲ ਬਣੀਂ।
ਸਦੀਆਂ ਤੋਂ ਸਾਨੂੰ ਇਹੋ ਸਿਖਾਇਆ ਜਾਂਦਾ ਰਿਹਾ ਹੈ ਕਿ ਮਨੁੱਖ ਨੂੰ ਆਪਣੇ ਪਰਿਵਾਰ ਵਿਚ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ, ਜਿਵੇਂ ਪਾਣੀ ਵਿਚ ਕਮਲ ਦਾ ਫੁੱਲ ਰਹਿੰਦਾ ਹੈ। ਮੇਰੇ ਖ਼ਿਆਲ ਵਿਚ ਮਨੁੱਖ ਦੀ ਬੇਚੈਨੀ ਦੀ ਸਾਰੀ ਸਮੱਸਿਆ ਅਜਿਹੇ ਉਪਦੇਸ਼ਾਂ ਕਾਰਨ ਹੀ ਪੈਦਾ ਹੋਈ ਹੈ, ਕਿਉਂਕਿ ਭੂਤ ਦੇ ਪਛਤਾਵੇ ਅਤੇ ਭਵਿੱਖ ਦੇ ਡਰ ਸਾਡੇ ਵਰਤਮਾਨ ਨੂੰ ਵੀ ਤਬਾਹ ਕਰ ਦਿੰਦੇ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਇਕੋ-ਇਕ ਰਸਤਾ ਆਪਣੇ ਆਪ ਨੂੰ ਅੱਜ ਵਿਚ ਜਿਊਣ ਦੀ ਆਦਤ ਪਾਉਣਾ ਹੈ:
ਕਦੇ ਬੇਆਸ ਨਾ ਹੋਣਾ, / ਕਦੇ ਧਰਵਾਸ ਨਾ ਖੋਣਾ।
ਕਿ ਘਰ ਵਿਚ ਰਹਿੰਦਿਆਂ ਹੋਇਆਂ, / ਮਨਾਂ! ਬਣਵਾਸ ਨਾ ਢੋਣਾ।
ਹਰਬੰਸ ਮਾਲਵਾ ਦੀ ਗੀਤਕਾਰੀ ਸਮੇਂ ਦੀ ਨਬਜ਼ ਨੂੰ ਪਛਾਣਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੇ ਗੀਤਾਂ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜਿਨ੍ਹਾਂ ਦਾ ਹੋਣਾ ਕਿਸੇ ਉੱਤਮ ਗੀਤਕਾਰੀ ਲਈ ਲਾਜ਼ਮੀ ਸਮਝਿਆ ਜਾਂਦਾ ਹੈ। ਵਿਚਾਰਧਾਰਕ ਪੱਖ ਦੇ ਨਾਲ-ਨਾਲ ਰੂਪਕ ਪੱਖ ਦੀ ਵੀ ਦਾਦ ਦੇਣੀ ਬਣਦੀ ਹੈ। ਉਨ੍ਹਾਂ ਕੋਲ ਗੀਤਕਾਰੀ ਦੇ ਨਵੇਂ-ਨਰੋਏ ਬਿੰਬ ਅਤੇ ਪ੍ਰਤੀਕ ਨਿਭਾਉਣ ਦਾ ਬੇਮਿਸਾਲ ਹੁਨਰ ਵੀ ਹੈ। ਉਨ੍ਹਾਂ ਦੀ ਇਸ ਖ਼ੂਬਸੂਰਤ ਪੁਸਤਕ ਦਾ ਪਾਠ ਕਰਦਿਆਂ ਸੱਚਮੁੱਚ ਹੀ ਬੜਾ ਆਨੰਦ ਅਤੇ ਮਾਣ ਮਹਿਸੂਸ ਹੁੰਦਾ ਹੈ।
-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027
ਮੋਰ ਅਤੇ ਤਿਤਲੀਆਂ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 93165-44777
ਇਹ ਕਹਾਣੀ ਸੰਗ੍ਰਹਿ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਇਸ ਅਖ਼ਬਾਰ ਦੇ ਪਾਠਕਾਂ ਨੂੰ ਸਮਰਪਿਤ ਹੈ। ਇਸ ਵਿਚ ਲੇਖਕ ਨੇ 46 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀਆਂ ਦੀ ਅਜੋਕੀ ਜਟਿਲਤਾ ਦੇ ਉਲਟ ਇਹ ਕਥਾਵਾਂ ਸਿੱਧੀਆਂ ਅਤੇ ਸਰਲਤਾ ਸਹਿਤ ਆਪਣਾ ਬਿਰਤਾਂਤਕ ਉਦੇਸ਼ ਪੂਰਾ ਕਰਕੇ ਸਮਾਪਤ ਹੁੰਦੀਆਂ ਹਨ। ਕਹਾਣੀਆਂ ਦੇ ਵਿਸ਼ੇ ਆਮ ਜੀਵਨ 'ਚੋਂ ਲਏ ਗਏ ਹਨ। ਲੇਖਕ ਦੀਆਂ ਯਾਦਾਂ ਹੀ ਕਹਾਣੀਆਂ ਹਨ। ਜੀਵਨ ਦੀਆਂ ਚੋਣਵੀਆਂ ਘਟਨਾਵਾਂ ਵਿਚੋਂ ਹੀ ਆਪਣਾ ਰੂਪ ਅਖ਼ਤਿਆਰ ਕਰਦੀਆਂ ਹਨ। ਅਕਸਰ ਹੀ 'ਯਾਦ ਤਲ' ਅਤੇ 'ਸਿਰਜਣ-ਪਲ' ਵਿਚਕਾਰ ਸੰਯੋਗ ਵੇਖਿਆ ਜਾ ਸਕਦਾ ਹੈ। ਮਾਨਵੀ ਸਰੋਕਾਰਾਂ ਦਾ ਅਜੀਬ ਕਿਸਮ ਦਾ ਤਾਣਾ-ਬਾਣਾ ਗਲਪ ਦਾ ਰੂਪ ਧਾਰਨ ਕਰ ਜਾਂਦਾ ਹੈ। ਜ਼ਿਆਦਾਤਰ ਕਥਾਵਾਂ ਪਾਤਰਾਂ ਨਾਲ ਜਾਣ-ਪਛਾਣ ਤੋਂ ਆਰੰਭ ਹੋ ਕੇ ਵਿਕਾਸ ਕਰਦੀਆਂ ਹਨ। ਪਾਠਕ ਪੂਰੀ ਕਹਾਣੀ ਪੜ੍ਹੇ ਬਿਨਾਂ ਛੱਡ ਨਹੀਂ ਸਕਦਾ। ਅਖੀਰ ਤੇ ਚਿੰਤਨ ਵਿਚ ਪੈ ਜਾਂਦਾ ਹੈ ਜੀਵਨ ਵਿਚ ਇਉਂ ਵੀ ਤਾਂ ਹੋ ਜਾਂਦਾ ਹੈ। ਆਪ-ਬੀਤੀਆਂ, ਅੱਖੀਂ ਦੇਖੀਆਂ, ਜੱਗ ਬੀਤੀਆਂ ਹੀ ਕਹਾਣੀਆਂ ਨੂੰ ਸਮੱਗਰੀ ਪ੍ਰਦਾਨ ਕਰਦੀਆਂ ਹਨ। ਪਰਿਵਾਰਕ ਸਾਂਝਾਂ ਵਿਚ ਆਉਂਦੇ ਉਤਰਾਅ-ਚੜ੍ਹਾਅ ਨੋਟ ਕੀਤੇ ਜਾ ਸਕਦੇ ਹਨ। ਪਿਆਰ ਕਹਾਣੀਆਂ ਵਿਚ ਵਫ਼ਾ ਵੀ ਹੈ, ਧੋਖੇ ਵੀ ਹਨ। ਝੱਟ ਮੰਗਣੀ ਪਟ ਵਿਆਹ ਵੀ ਹਨ। ਵੱਡੇ ਘਰ ਦੀ ਲੜਕੀ ਦੀ ਛੋਟੇ ਘਰ ਵਿਚ ਸ਼ਾਦੀ ਹੋ ਸਕਦੀ ਹੈ। ਬੱਚੇ ਪਾਲਕ ਪਿਤਾ ਨਾਲ, ਅਸਲੀ ਬਾਪ ਨਾਲੋਂ, ਵੱਧ ਪਿਆਰ ਕਰ ਸਕਦੇ ਹਨ। ਪਿਆਰ ਰਾਜਨੀਤੀ ਦਾ ਸ਼ਿਕਾਰ ਵੀ ਹੋ ਸਕਦਾ ਹੈ। ਨਾਇਕ/ਨਾਇਕਾ ਦੀਆਂ ਮੁਲਾਕਾਤਾਂ ਅਕਸਰ ਰੈਸਟੋਰੈਂਟਾਂ ਵਿਚ ਕਰਵਾਈਆਂ ਜਾਂਦੀਆਂ ਹਨ। ਪਰਿਵਾਰ ਦੇ ਖਰਚੇ ਆਮ ਕਰਕੇ ਕੰਮ ਕਰਦੇ ਲੋਕ ਦੁਬਈ ਤੋਂ ਭੇਜਦੇ ਵੇਖੇ ਜਾ ਸਕਦੇ ਹਨ। ਇਕ-ਦੂਜੇ ਦੀ ਪਤਨੀ ਨਾਲ 'ਕਰਾਸ ਪਿਆਰ' ਵੀ ਹੋ ਜਾਂਦਾ ਹੈ। ਪਾਤਰਾਂ ਦੇ ਮੁਹਾਂਦਰੇ ਅਤੇ ਸੁਭਾਅ ਚਿੱਤਰੇ ਗਏ ਹਨ। ਕੁੱਲ ਮਿਲਾ ਕੇ 'ਪਿਆਰ' ਹੀ ਕਹਾਣੀਆਂ ਦਾ ਗਲਪ-ਪੈਰਾਡਾਇਸ ਹੈ। ਉਦੇਸ਼ ਕਾਰਨ ਕਈ ਕਹਾਣੀਆਂ ਦੇ ਪਲਟ ਕੰਟਰਾਈਵਡ ਹਨ। ਅੰਗਰੇਜ਼ੀ ਵਾਕਾਂ ਦਾ ਪ੍ਰਯੋਗ ਵੀ ਮਿਲਦਾ ਹੈ। ਪੁਸਤਕ ਦਾ ਸਿਰਲੇਖ ਬੜਾ ਪ੍ਰਭਾਵਸ਼ਾਲੀ ਹੈ। 'ਮੋਰ' ਮੁੰਡਿਆਂ ਅਤੇ 'ਤਿਤਲੀਆਂ' ਕੁੜੀਆਂ ਲਈ ਵਰਤੇ ਮੈਟਾਫਰ ਹਨ। ਸੰਪੇਖਤਾ ਕਹਾਣੀਆਂ ਦਾ ਮੁੱਖ ਗੁਣ ਹੈ।
-ਡਾ. ਧਰਮਚੰਦ ਵਾਤਿਸ਼
ਸੰਪਰਕ : vatishdharamchand@gmail.com
ਅੱਗ 'ਚ ਸੜਦੇ ਫੁੱਲ
ਲੇਖਕ : ਗੁਰਮੇਲ ਬੀਰੋਕੇ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 225 ਰੁਪਏ, ਸਫ਼ੇ 111
ਸੰਪਰਕ : 011-26802488
ਇਸ ਕਹਾਣੀ-ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਹਨ। ਕਹਾਣੀਕਾਰ ਗੁਰਮੇਲ ਬੀਰੋਕੇ ਨੇ ਇਨ੍ਹਾਂ ਕਹਾਣੀਆਂ ਵਿਚ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬਿਆਂ ਨੂੰ ਵਿਗਿਆਨਕ, ਮਨੋਵਿਗਿਆਨਕ, ਸਮਾਜਿਕ ਦ੍ਰਿਸ਼ਟੀਕੋਣ ਰਾਹੀਂ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਕਲਾਤਮਿਕ ਪੁੱਠ ਚੜ੍ਹਾ ਕੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ ਕਿ ਉਸ ਦੇ ਮਨ ਅਤੇ ਦਿਮਾਗ਼ ਵਿਚ ਸਾਹਿਤ ਦੀ ਚਿਣਗ ਸੁਲਗ ਰਹੀ ਹੈ। ਭਾਰਤ ਦੇ ਜੰਮਪਲ ਕੈਨੇਡਾ ਵਿਚ ਸਥਾਈ ਤੌਰ 'ਤੇ ਵਸਦੇ ਇਸ ਲੇਖਕ ਨੇ ਬਾਤਾਂ ਸੜਕ ਦੀਆਂ ਤੋਂ ਆਪਣਾ ਲਿਖਣ ਦਾ ਸਫ਼ਰ ਸ਼ੁਰੂ ਕਰਕੇ ਸਾਹਿਤ ਦੇ ਖੇਤਰ ਵਿਚ ਕੈਨੇਡੀਅਨ ਲੇਖਕ ਵਜੋਂ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਉਹ ਕਹਾਣੀ ਵਿਧਾ ਨਾਲ ਜੁੜ ਕੇ ਨਵੀਆਂ ਪੈੜਾਂ ਸਿਰਜਦਾ ਮਹਿਸੂਸ ਹੁੰਦਾ ਹੈ। ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਵਿਸ਼ੇਸ਼ਣਾਂ ਨਾਲ ਰੰਗੇ ਜਾ ਰਹੇ ਭਾਰਤੀ ਲੋਕਾਂ ਦੇ ਰਿਸ਼ਤਿਆਂ ਵਿਚ ਪੈਦਾ ਹੋ ਰਹੀਆਂ ਦੁਸ਼ਵਾਰੀਆਂ ਅਤੇ ਪੇਚੀਦਗੀਆਂ ਨੂੰ ਆਪਣੀਆਂ ਕਹਾਣੀਆਂ ਵਿਚ ਕੇਂਦਰਿਤ ਕਰਕੇ ਚੁੱਕੇ ਨੁਕਤਿਆਂ ਅਤੇ ਮੁੱਦਿਆਂ ਨੂੰ ਪੜ੍ਹ ਕੇ ਲੇਖਕ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਧਰਤੀ ਨਾਲ ਜੁੜਿਆ ਹੋਇਆ ਲੇਖਕ ਹੈ। ਇਨ੍ਹਾਂ ਕਹਾਣੀਆਂ ਦੇ ਅੰਗ-ਸੰਗ ਹੁੰਦਿਆਂ ਪਾਤਰਾਂ ਦੀ ਮਾਨਸਿਕਤਾ ਅਤੇ ਚਰਿਤਰਤਾ ਨੂੰ ਵਾਚਦਿਆਂ ਪਾਠਕ ਇਹ ਅਨੁਭਵ ਕਰਦੇ ਹਨ ਕਿ ਉਹ ਪਾਤਰ ਉਨ੍ਹਾਂ ਦੀ ਜ਼ਿੰਦਗੀ ਨਾਲ ਹੀ ਮੇਲ ਖਾਂਦੇ ਹਨ। ਆਲ੍ਹਣੇ ਵਾਲਾ ਸੱਪ ਕਹਾਣੀ ਵਿਚ ਕੈਨੇਡਾ ਵਿਚ ਪੱਕੇ ਹੋਣ ਲਈ ਲਵਦੀਪ ਵਰਗੀਆਂ ਬਾਲੜੀਆਂ ਵਲੋਂ ਵੇਲੇ ਜਾ ਰਹੇ ਵੇਲਣ, ਨੌਕਰੀ ਦਾ ਪੱਤਰ ਪ੍ਰਾਪਤ ਕਰਨ ਲਈ ਹਵਸ ਦਾ ਸ਼ਿਕਾਰ ਹੋਣਾ, ਬੇਮੇਲ ਵਿਆਹ ਦੇ ਰਿਸਦੇ ਜ਼ਖ਼ਮ ਅਤੇ ਹਰਚਰਨ ਵਰਗੇ ਨੌਜਵਾਨਾਂ ਨਾਲ ਹੋ ਰਹੇ ਧੋਖੇ ਦਾ ਜ਼ਿਕਰ ਕਰਕੇ ਲੇਖਕ ਨੇ ਮੌਜੂਦਾ ਸਮੇਂ ਦੀ ਸਚਾਈ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਬਿਆਨਿਆ ਹੈ। ਇਸ ਕਹਾਣੀ-ਸੰਗ੍ਰਹਿ ਦੀ ਦੂਜੀ ਰਚਨਾ ਬਰਫ਼ੀਲੇ ਡਾਲਰਾਂ ਦੀ ਭਾਨ ਵਿਚ ਪੰਛੀਆਂ, ਜਾਨਵਰਾਂ, ਭੁੱਖ, ਗ਼ਰੀਬੀ ਪੌਦਿਆਂ, ਹਵਾ, ਵਾਤਾਵਰਨ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਰਾਜਨੀਤਕ, ਸਮਾਜਿਕ, ਧਾਰਮਿਕ ਕਾਰਨਾਂ ਕਰਕੇ ਪ੍ਰਵਾਸੀ ਹੋ ਕੇ ਪਿੰਡੇ 'ਤੇ ਹੰਢਾ ਰਹੇ ਸੰਤਾਪ ਨੂੰ ਉਜਾਗਰ ਕਰਨ ਵਿਚ ਲੇਖਕ ਸਫਲ ਰਿਹਾ ਹੈ। ਅਗਲੀ ਕਹਾਣੀ 'ਛਾਲਾ ਫਿੱਸ ਗਿਆ', ਵਿਚ ਕੈਨੇਡਾ ਵਿਚ ਵਸਦੇ ਪਰਿਵਾਰਾਂ ਦੀ ਅੰਦੂਰਨੀ ਹਾਲਤ, ਉਨ੍ਹਾਂ ਦੇ ਝਗੜੇ ਬਿਖੇੜੇ, ਔਰਤਾਂ-ਮਰਦਾਂ ਦੀ ਇਕ-ਦੂਜੇ ਪ੍ਰਤੀ ਬੇਵਫਾਈ ਅਤੇ ਤਿੜਕਦੇ ਥਿੜਕਦੇ ਰਿਸ਼ਤਿਆਂ ਨੂੰ ਵਾਚ ਕੇ ਪਾਠਕ ਪ੍ਰਵਾਸੀ ਲੋਕਾਂ ਦੀ ਜ਼ਿੰਦਗੀ ਬਾਰੇ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਲੇਖਕ ਗੁਰਮੇਲ ਬੀਰੋਕੇ ਨੇ ਆਪਣੀਆਂ ਬਾਕੀ ਕਹਾਣੀਆਂ ਵਿਚ ਵੀ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਅਤੇ ਭਾਵੁਕ ਮੁੱਦਿਆਂ ਨੂੰ ਛੂਹਿਆ ਹੈ। ਕਹਾਣੀਆਂ ਦੀ ਸਰਲ ਭਾਸ਼ਾ, ਸੰਵਾਦ, ਪਾਤਰਾਂ ਦੇ ਚਰਿੱਤਰ ਅਨੁਸਾਰ ਸ਼ਬਦਾਂ ਦੀ ਚੋਣ ਇਸ ਤੱਥ ਨੂੰ ਉਜਾਗਰ ਕਰਦੇ ਹਨ ਕਿ ਕਹਾਣੀਕਾਰ ਨੂੰ ਕਹਾਣੀ ਕਲਾ ਦੀ ਡੂੰਘਾਈ ਦੀ ਸਮਝ ਹੈ ਪਰ ਇਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਹੈ ਕਿ ਕਹਾਣੀਆਂ ਵਿਚ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜੌਬ, ਸਕਿਉਰਟੀ, ਸ਼ਰਟ, ਓਪਨ, ਆਈ.ਡੀ.ਕਾਰਡ ਵਰਕ ਪਰਮਿਟ, ਬੌਸ, ਲੈਟਰ, ਹਸਬੈਂਡ ਅਤੇ ਨੈਟ ਵਰਕ, ਹਿੰਦੀ ਭਾਸ਼ਾ ਦੇ ਸ਼ਬਦ ਦੇਨਾ, ਸ਼ਾਦੀ, ਕੁਛ ਅਤੇ ਹੋਨਾ ਕਹਾਣੀ ਕਾਰ ਉੱਤੇ ਪ੍ਰਵਾਸ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਸਿੱਖਾਂ ਤੇ ਮੁਸਲਮਾਨਾਂ ਦੀਆਂ ਰੂਹਾਨੀ ਸਾਂਝਾ
ਲੇਖਕ : ਗੁਰਬਖ਼ਸ਼ ਸਿੰਘ ਸੈਣੀ
ਪ੍ਰਕਾਸ਼ਕ : ਲੇਖਕ ਆਪ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 098880-24143
ਗੁਰੂ ਸਾਹਿਬ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਸਨ। ਉਨ੍ਹਾਂ ਨੇ ਸਰਬ ਸਾਂਝੀਵਾਲਤਾ, ਸਰਬੱਤ ਦਾ ਭਲਾ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਭਾਈਚਾਰਕ ਸਾਂਝ ਅਤੇ ਮੁਹੱਬਤ ਦਾ ਸੰਦੇਸ਼ ਦਿੱਤਾ। ਸਿੱਖ ਫਲਸਫ਼ੇ ਵਿਚ ਨਫ਼ਰਤ, ਫੁੱਟ ਅਤੇ ਕੁੜੱਤਣ ਲਈ ਕੋਈ ਥਾਂ ਨਹੀਂ ਹੈ। ਅੱਜ ਇਨਸਾਨੀਅਤ ਧਰਮਾਂ, ਕੌਮਾਂ, ਜਾਤਾਂ ਅਤੇ ਵੈਰ ਵਿਰੋਧ ਦੇ ਬਟਵਾਰੇ ਹੱਥੋਂ ਪੀੜਤ ਹੈ। ਸਮੇਂ ਦੀ ਨਬਜ਼ ਨੂੰ ਸਮਝਦੇ ਹੋਏ ਸੂਝਵਾਨ ਲਿਖਾਰੀ ਨੇ 37 ਲੇਖਾਂ ਵਿਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖਾਂ ਮੁਸਲਮਾਨਾਂ ਦੀਆਂ ਰੂਹਾਨੀ ਸਾਂਝਾਂ ਨੂੰ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ। ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ, ਮਨੁੱਖੀ ਕਦਰਾਂ-ਕੀਮਤਾਂ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਅਤੇ ਇਕੋ ਨੂਰ ਤੋਂ ਉਪਜੇ ਸਾਰੇ ਜੀਵਾਂ ਪ੍ਰਤੀ ਪ੍ਰੇਮਮਈ ਸੰਦੇਸ਼ ਤੋਂ ਬਹੁਤ ਸਾਰੇ ਮੁਸਲਮਾਨ ਪੀਰ ਫ਼ਕੀਰ ਵੀ ਪ੍ਰਭਾਵਿਤ ਹੋਏ। ਭਾਈ ਮਰਦਾਨਾ ਜੀ ਤਾਂ ਸਾਰੀ ਉਮਰ ਪਹਿਲੇ ਪਾਤਿਸ਼ਾਹ ਜੀ ਨਾਲ ਰਹੇ ਅਤੇ ਭਾਈ ਦੀ ਪਦਵੀ ਪ੍ਰਾਪਤ ਕੀਤੀ। ਦਾਈ ਦੌਲਤਾਂ ਨੂੰ ਪਾਤਿਸ਼ਾਹ ਜੀ ਦਾ ਪਹਿਲਾ ਦੀਦਾਰ ਪ੍ਰਾਪਤ ਹੋਇਆ, ਰਾਇ ਬੁਲਾਰ ਖ਼ਾਨ ਭੱਟੀ ਨੇ ਆਪ ਜੀ ਨੂੰ ਇਲਾਹੀ ਪ੍ਰਕਾਸ਼ ਜਾਣਿਆ ਅਤੇ ਸਾਈਂ ਬੁੱਢਣ ਸ਼ਾਹ ਨੇ ਅੱਲਾ ਦਾ ਨੂਰ ਪਛਾਣਿਆ। ਸਾਰੇ ਗੁਰੂ ਸਾਹਿਬਾਨ ਮੁਗ਼ਲ ਰਾਜ ਦੇ ਸਮਕਾਲੀ ਸਨ। ਇਕ ਪਾਸੇ ਜ਼ਾਲਮ ਕੱਟੜ ਹਾਕਮਾਂ ਨੇ ਕਹਿਰ ਦੇ ਜ਼ੁਲਮ ਢਾਹੇ ਪਰ ਦੂਜੇ ਪਾਸੇ ਅਨੇਕਾਂ ਮੁਸਲਮਾਨ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਕੇ ਸੇਵਾਵਾਂ ਨਿਭਾਉਂਦੇ ਰਹੇ। ਇਸ ਪੁਸਤਕ ਵਿਚ ਇਹੋ ਜਿਹੇ ਸੱਚੇ-ਸੁੱਚੇ ਮੁਸਲਿਮ ਕਿਰਦਾਰਾਂ ਦੀ ਜਾਣ-ਪਛਾਣ ਕਰਵਾਈ ਗਈ ਹੈ, ਜਿਨ੍ਹਾਂ ਨੇ ਸਿੱਖੀ ਆਦਰਸ਼ਾਂ ਦਾ ਮਹਾਨ ਸਤਿਕਾਰ ਹੀ ਨਹੀਂ ਕੀਤਾ, ਕੁਰਬਾਨੀਆਂ ਵੀ ਦਿੱਤੀਆਂ ਹਨ। ਲੇਖਕ ਨੇ ਭਾਈ ਮਰਦਾਨਾ ਜੀ, ਮਾਈ ਦੌਲਤਾਂ, ਰਾਇ ਬੁਲਾਰ, ਦੌਲਤ ਖਾਂ ਲੋਧੀ, ਸਾਈਂ ਮੀਆਂ ਮੀਰ, ਭਾਈ ਸੱਤਾ ਅਤੇ ਬਲਵੰਡ, ਪੀਰ ਬੁੱਧੂਸ਼ਾਹ, ਬੀਬੀ ਮੁਮਤਾਜ਼, ਗਨੀ ਖਾਂ, ਨਬੀ ਖਾਂ, ਰਬਾਬੀ ਚੂਹੜ, ਪੀਰ ਦਸਤਗੀਰ, ਬਹਿਲੋਲ, ਹਮੀਦ, ਬਾਬਰ, ਸਾਈਂ ਬੁੱਢਣ ਸ਼ਾਹ, ਹਮਾਯੂੰ, ਅਕਬਰ, ਬਹਾਦਰਸ਼ਾਹ, ਬੀਬੀ ਕੌਲਾਂ, ਪੀਰ ਭੀਖਣ ਸ਼ਾਹ, ਪੀਰ ਦਰਗਾਹੀ ਸ਼ਾਹ, ਢਾਡੀ ਅਬਦੁੱਲਾ ਅਤੇ ਨੱਥਾ, ਰਬਾਬੀ ਬਾਬਕ, ਨਵਾਬ ਸ਼ਾਇਸਤਾ ਖਾਂ, ਪੀਰ ਆਰਫ਼ ਦੀਨ, ਜਰਨੈਲ ਸੈਦ ਬੇਗ, ਸੈਦ ਖਾਂ, ਦਾਰਾ ਸ਼ਿਕੋਹ, ਰਾਇ ਰੱਖਾ, ਨੂਰ-ਮਾਹੀ, ਸ਼ੇਰ ਮੁਹੰਮਦ ਖਾਂ ਨਵਾਬ, ਕਾਜ਼ੀ ਪੀਰ ਮੁਹੰਮਦ ਜਿਹੀਆਂ ਸ਼ਖ਼ਸੀਅਤਾਂ ਦੇ ਸੰਖੇਪ ਜੀਵਨ ਬਿਰਤਾਂਤ ਦੇ ਕੇ ਸਿੱਖ ਮੁਸਲਮਾਨਾਂ ਦੀ ਦੋਸਤੀ ਦੀ ਮਹਿਕ ਉਜਾਗਰ ਕੀਤੀ ਹੈ। ਇਹ ਪੁਸਤਕ ਅਤਿਅੰਤ ਮਹੱਤਵਪੂਰਨ, ਪੜ੍ਹਨਯੋਗ ਅਤੇ ਵਿਚਾਰਨਯੋਗ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਵਿਰਸੇ ਦੀਆਂ ਆਸਾਂ
ਲੇਖਕ : ਚਾਰਲਸ ਡਿਕਨਜ਼
ਅਨੁਵਾਦਕ : ਬੀ.ਐਸ. ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 108
ਸੰਪਰਕ : 94638-36591
ਚਾਰਲਸ ਡਿਕਨਜ਼ ਵਿਕਟੋਰੀਅਨ ਕਾਲ ਦਾ ਪ੍ਰਸਿੱਧ ਨਾਵਲਕਾਰ ਹੈ। ਉਸ ਦੀਆਂ ਸ਼ਾਹਕਾਰ ਰਚਨਾਵਾਂ ਜੀਵਨ ਨੂੰ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ। ਨਾਵਲ 'ਵਿਰਸੇ ਦੀਆਂ ਆਸਾਂ', 'ਗਰੇਟ ਐਕਸਪੇਕਟੇਸ਼ਨਜ਼' ਦਾ ਪੰਜਾਬੀ ਅਨੁਵਾਦਕ ਬੀ. ਐਸ. ਧਾਲੀਵਾਲ ਹੈ। ਅਨੁਵਾਦਕ ਦੁਆਰਾ ਕੀਤਾ ਪੰਜਾਬੀ ਅਨੁਵਾਦ ਪਾਠਕਾਂ ਨੂੰ ਨਾਵਲ ਨਾਲ ਜੋੜੀ ਰੱਖਦਾ ਹੈ। ਮਨੁੱਖੀ ਮਾਨਸਿਕਤਾ ਦੇ ਵਿਭਿੰਨ ਪੱਖਾਂ ਨੂੰ ਕਲਾਤਮਕ ਛੋਹਾਂ ਦੇ ਕੇ ਰੂਪਮਾਨ ਕੀਤਾ ਹੈ। ਸਮਾਜਿਕ, ਆਰਥਿਕ, ਰਾਜ
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
ਲੇਖਕ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ ਨਾਭਾ
ਮੁੱਲ : 400 ਰੁਪਏ, ਸਫ਼ੇ 192
ਸੰਪਰਕ : 95010-73600
ਹਥਲਾ ਨਾਵਲ 'ਸ਼ੁਭ ਕਰਮਨ ਤੇ ਕਬਹੂੰ ਨ ਟਰੋਂ' ਲੇਖਿਕਾ ਦਾ ਚੌਥਾ ਨਾਵਲ ਹੈ। ਇਸ ਨਾਵਲ ਦੇ 24 ਕਾਂਡ ਹਨ, ਲੇਖਿਕਾ ਨੇ ਸਮਾਜ ਵਿਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਦੀ ਸਮਾਜਿਕ ਅਧੋਗਤੀ ਵਾਲੀ ਤਰਾਸਦੀ ਨੂੰ ਕਲਮਬੰਦ ਕਰਦੀ ਹੈ। ਲੇਖਿਕਾ ਨੇ ਨਾਵਲ ਵਿਚ ਕਿਧਰੇ ਵੀ ਲੱਚਰਤਾ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ, ਸਗੋਂ ਸਾਰਾ ਨਾਵਲ ਹਰਵੀਰ ਤੇ ਕਿਰਨ ਮੁੱਖ ਪਾਤਰਾਂ ਦੁਆਲੇ ਕੇਂਦਰ ਬਿੰਦੂ ਹੈ। ਬਹੁਤ ਸਾਰੇ ਰਿਸ਼ਤੇ ਅਗਨਭੇਟ ਹੁੰਦੇ ਹਨ ਪਰ ਨਾਵਲ ਵਿਚਲੀ ਕਲਾਤਮਿਕ ਸ਼ੈਲੀ ਪਾਠਕ ਨੂੰ ਸਹਿਜੇ ਹੀ ਸ਼ੁਰੂ ਤੋਂ ਅਖੀਰ ਤੱਕ ਲੈ ਜਾਂਦੀ ਹੈ ਨਾਵਲ ਦੀ ਸਾਰਥਿਕਤਾ ਇਹ ਵੀ ਹੈ ਕਿ ਲੇਖਿਕਾ ਨਾਵਲ ਵਿਧੀ ਦੀ ਗਿਆਤਾ ਹੈ। ਭਾਵਕਤਾ ਸਹਿਜਤਾ ਦੋਵੇਂ ਨਾਲ-ਨਾਲ ਤੁਰਦੇ ਹਨ। ਲੇਖਿਕਾ ਪਾਤਰ ਰਚਨਾ ਅਤੇ ਕਹਾਣੀ ਮੁਤਾਬਕ ਪਾਤਰ ਉਸਾਰੀ ਬਾਖੂਬੀ ਨਿਭਾਉਂਦੀ ਹੈ ਇਹੀ ਕਾਰਨ ਹੈ ਕਿ ਉਹ ਸਫਲ ਨਾਵਲਕਾਰਾਂ ਵਿਚ ਆ ਖੜ੍ਹਦੀ ਹੈ। ਨਾਵਲ ਦਾ ਮੁੱਖ ਮਕਸਦ ਭ੍ਰਿਸ਼ਟਾਚਾਰੀ ਸਮਾਜ ਨੂੰ ਸਹੀ ਸੇਧ ਦੇਣਾ ਹੈ ਅਤੇ ਸਮਾਜਿਕ ਬੁਰਾਈਆਂ ਦਾ ਖੰਡਨ ਕਰਨਾ ਹੈ। ਪਾਠਕ ਸਾਰਾ ਨਾਵਲ ਇਕੋ ਬੈਠਕ ਵਿਚ ਪੜ੍ਹਨ ਲਈ ਇਕਸੁਰਤਾ/ਲਗਨ ਦਾ ਰੂਪ ਧਾਰਨ ਕਰਦੀ ਹੈ। ਨਾਵਲ ਵਿਚ ਪਾਠਕਾਂ ਦੀ ਊਰਜਾ ਬਣਾਈ ਰੱਖਣ ਵਿਚ ਲੇਖਿਕਾ ਸਫਲ ਹੋ ਜਾਂਦੀ ਹੈ। ਪਾਠਕ ਏਸੇ ਸਮਾਜ ਦੀ ਪੈਦਾਵਾਰ ਹਨ ਤੇ ਸਮਾਜ ਅੰਦਰ ਕਿਰਨ ਤੇ ਹਰਵੀਰ ਕਿਸੇ ਨਾ ਕਿਸੇ ਮੋੜ 'ਤੇ ਆਹਮੋ ਸਾਹਮਣੇ ਆ ਮਿਲਦੇ ਹਨ। ਹਰਵੀਰ ਤੇ ਕਿਰਨ ਦਾ ਪਿਆਰ ਵੀ ਸਮਾਜਿਕ ਬੰਧਨਾਂ ਤੇ ਪ੍ਰੰਪਰਿਕ ਰਵਾਇਤਾਂ ਦਾ ਸਤਿਕਾਰਤ ਤਰੀਕੇ ਨਾਲ ਪਾਲਣ ਕਰਦਾ ਹੈ। ਲੇਖਿਕਾ ਪਾਠਕ ਦੀ ਉਂਗਲੀ ਫੜ ਕੇ ਸਾਰੇ ਨਾਵਲ ਦੀ ਫਹਿਸਤ ਪੜ੍ਹਾ ਦਿੰਦੀ ਹੈ। ਨਾਵਲ ਵਿਚ ਸਿੱਖੀ ਵਾਲੇ ਪਰਿਵਾਰਾਂ ਦੇ ਪਾਤਰ ਆਪੋ-ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹਨ। ਲੇਖਿਕਾ ਨੇ ਪਹਿਲਾਂ ਫਰਿਸ਼ਤੇ, ਡਾਰੋਂ ਵਿਛੜੀ ਕੂੰਜ, ਮੱਸਿਆ ਤੇ ਪੁੰਨਿਆ ਤੇ ਹੁਣ ਸ਼ੁਭ ਕਰਮਨ ਤੇ ਕਬਹੂੰ ਨ ਟਰੋ, ਨਾਵਲ ਲਿਖੇ ਤੇ ਸਾਹਿਤ ਖੇਤਰ ਦੀ ਝੋਲੀ ਪਾਏ ਹਨ। ਉਸ ਦੇ ਚਾਰ ਕਾਵਿ ਸੰਗ੍ਰਹਿ ਤੇ ਇਕ ਕਹਾਣੀ ਸੰਗ੍ਰਹਿ 'ਲਹੂ ਰੰਗੀ ਮਹਿੰਦੀ' ਪ੍ਰਕਾਸ਼ਤ ਹੋ ਚੁੱਕੇ ਹਨ। ਵਰਣਿਤ ਨਾਵਲ ਪੜ੍ਹਨਯੋਗ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਪਗੜੀ ਸੰਭਾਲ ਲਹਿਰ ਤੋਂ ਸੰਯੁਕਤ ਕਿਸਾਨ ਮੋਰਚੇ ਤੱਕ
ਲੇਖਕ : ਰੌਣਕੀ ਰਾਮ
ਅਨੁਵਾਦ : ਪੀ. ਐੱਸ. ਭੋਗਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 294 ਰੁਪਏ, ਸਫ਼ੇ : 174
ਸੰਪਰਕ : 98786-82160
ਪ੍ਰੋ. ਰੌਣਕੀ ਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸ਼ਹੀਦ ਭਗਤ ਸਿੰਘ ਚੇਅਰ ਦੇ ਮੁਖੀ ਹਨ। ਉਨ੍ਹਾਂ ਦੇ ਬਹੁਤ ਸਾਰੇ ਖੋਜ-ਪੱਤਰ ਅਤੇ ਕਿਤਾਬਾਂ ਪੰਜਾਬ ਅਤੇ ਪੰਜਾਬ ਮਸਲਿਆਂ ਬਾਰੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਰੀਵਿਊ ਅਧੀਨ ਪੁਸਤਕ ਪੰਜਾਬ ਕਿਸਾਨ ਘੋਲ ਦੇ ਸੌ-ਸਾਲਾ ਇਤਿਹਾਸ ਨਾਲ ਸੰਬੰਧਿਤ ਹੈ, ਜੋ ਪਗੜੀ ਸੰਭਾਲ ਲਹਿਰ ਤੋਂ ਸ਼ੁਰੂ ਹੋ ਕੇ ਸੰਯੁਕਤ ਕਿਸਾਨ ਮੋਰਚੇ ਤੱਕ ਨੂੰ ਆਪਣੇ ਕਲਾਵੇ ਵਿਚ ਸਮੇਟਦੀ ਹੈ। ਕਿਤਾਬ ਦੇ ਆਰੰਭ ਵਿਚ ਪ੍ਰੇਮ ਕੁਮਾਰ ਚੁੰਬਰ (ਮੁਢਲੇ ਸ਼ਬਦ) ਅਮਰਜੀਤ ਚੰਦਨ (ਮੁੱਖਬੰਧ) ਪ੍ਰੋ. ਰੌਣਕੀ ਰਾਮ (ਮੇਰੇ ਵਲੋਂ) ਦੇ ਸੰਖੇਪ ਵਿਚਾਰ ਅਤੇ ਭੂਮਿਕਾ ਪ੍ਰਕਾਸ਼ਿਤ ਹਨ। ਮੁੱਖ ਤੌਰ 'ਤੇ ਕਿਤਾਬ ਦੇ ਛੇ ਅਧਿਆਇ (ਪੰਨੇ 25 ਤੋਂ 120) ਹਨ। ਫਿਰ ਪੰਜ ਅਪੈਂਡਿਕਸ (121 ਤੋਂ 157 ਤੱਕ) ਅਤੇ ਅੰਤ ਵਿਚ ਹਵਾਲੇ ਤੇ ਟਿੱਪਣੀਆਂ (158 ਤੋਂ 173 ਤੱਕ)। ਅਸਲ ਵਿਚ ਇਹ ਕਿਤਾਬ ਪ੍ਰੋ. ਰੌਣਕੀ ਰਾਮ ਦੇ ਇਕ ਖੋਜ-ਪੱਤਰ, ਜੋ ਜਰਨਲ ਆਫ਼ ਸਿੱਖ ਐਂਡ ਪੰਜਾਬ ਸਟੱਡੀਜ਼, ਨਿਊਯਾਰਕ ਵਿਚ ਪ੍ਰਕਾਸ਼ਿਤ ਹੋਇਆ ਸੀ, ਦਾ ਹੀ ਵਿਸਤ੍ਰਿਤ ਰੂਪ ਹੈ, ਜਿਸ ਲਈ ਅਮਰਜੀਤ ਚੰਦਨ ਨੇ ਲੇਖਕ ਨੂੰ ਉਤਸ਼ਾਹਿਤ ਕੀਤਾ। ਪ੍ਰੋ. ਰੌਣਕੀ ਰਾਮ ਨੇ ਇਹ ਕਿਤਾਬ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੀ ਸੀ, ਜਿਸ ਦਾ ਪੰਜਾਬੀ ਅਨੁਵਾਦ ਪ੍ਰੋ. ਪਰਮਿੰਦਰ ਸਿੰਘ ਭੋਗਲ ਨੇ ਕੀਤਾ ਹੈ। ਜਿਵੇਂ ਕਿ ਕਿਤਾਬ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਕਿਸਾਨ ਅੰਦੋਲਨ ਦੇ ਸੌ-ਸਾਲਾ ਸੰਘਰਸ਼ ਨਾਲ ਸੰਬੰਧਿਤ ਹੈ, ਜੋ 1907 ਵਿਚ ਸ਼ੁਰੂ ਹੋਇਆ ਸੀ ਤੇ 11 ਸਤੰਬਰ, 2021 ਨੂੰ ਜੇਤੂ ਦੇ ਰੂਪ ਵਿਚ ਸੰਪੂਰਨ ਹੋਇਆ ਸੀ। ਕਿਤਾਬ ਵਿਚ ਪ੍ਰੋ. ਰੌਣਕੀ ਰਾਮ ਨੇ ਪੰਜਾਬ ਦੇ ਲੰਮੇ ਸ਼ਾਂਤਮਈ ਕਿਸਾਨ ਮੋਰਚੇ ਦਾ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਵਿਵਰਣ ਦਿੱਤਾ ਹੈ।
ਪੱਗੜੀ ਸੰਭਾਲ ਅੰਦੋਲਨ ਦਾ ਪੱਥ ਪ੍ਰਦਰਸ਼ਕ ਅਜੀਤ ਸਿੰਘ ਸੀ, ਜਿਸ ਦਾ ਸ਼ੀਰਸ਼ਕ ਗੀਤ 'ਪਗੜੀ ਸੰਭਾਲ ਓ ਜੱਟਾ' ਬਾਂਕੇ ਦਿਆਲ ਨੇ ਲਿਖਿਆ ਸੀ। ਪੁਸਤਕ ਨੂੰ ਹੋਰ ਵਧੇਰੇ ਗ੍ਰਹਿਣਯੋਗ ਬਣਾਉਣ ਲਈ ਅਮਰਜੀਤ ਚੰਦਨ ਵਲੋਂ ਇਕੱਠੀਆਂ ਕੀਤੀਆਂ ਬਹੁਤ ਸਾਰੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਅੰਦਰਵਾਰ ਪ੍ਰਕਾਸ਼ਿਤ ਹਨ। ਇਸ ਕਿਤਾਬ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਮਰਹੂਮ ਤੇਜਾ ਸਿੰਘ ਸੁਤੰਤਰ (1901-1973), ਜਿਸ ਨੇ ਪੈਪਸੂ ਮੁਜ਼ਾਰਾ ਲਹਿਰ ਦੀ ਅਗਵਾਈ ਕੀਤੀ ਸੀ, ਦਾ ਅਸਲੀ ਨਾਂਅ ਸਮੁੰਦ ਸਿੰਘ ਸੀ। ਓਹਦਾ ਰਾਜਨੀਤਕ ਸਫਰ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਇਆ ਸੀ। ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੇਜਾ ਵਿਚ ਸਥਿਤ ਗੁਰਦੁਆਰਾ ਤੇਜਾ ਵੀਲ੍ਹਾ ਨੂੰ ਧੋਖੇਬਾਜ਼ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ। ਇਥੋਂ ਹੀ ਓਹਦਾ ਨਾਂਅ 'ਤੇਜਾ' ਪੈ ਗਿਆ ਅਤੇ ਉਹਦੇ ਜਥੇ 'ਸੁਤੰਤਰ ਜਥਾ' ਤੋਂ ਉਹਦੇ ਨਾਂਅ ਨਾਲ 'ਸੁਤੰਤਰ' ਜੁੜ ਗਿਆ। ਪੰਜਾਬ, ਭਾਰਤ ਤੇ ਵਿਸ਼ਵ ਵਿਆਪੀ ਖੇਤੀਬਾੜੀ ਤਬਦੀਲੀਆਂ, ਸਮਾਜਿਕ ਅੰਦੋਲਨਾਂ ਵਿਚ ਦਿਲਚਸਪੀ ਰੱਖਣ ਵਾਲੇ ਜਗਿਆਸੂਆਂ ਲਈ ਇਹ ਕਿਤਾਬ ਵਡਮੁੱਲੀ ਸਮੱਗਰੀ ਪ੍ਰਦਾਨ ਕਰਦੀ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕੱਚੀਆਂ-ਪੱਕੀਆਂ
ਲੇਖਕ : ਨਿਰੰਜਨ ਸ਼ਰਮਾ ਸੇਖਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ ਬਰਨਾਲਾ
ਮੁੱਲ : 150 ਰੁਪਏ, ਸਫੇ : 80
ਸੰਪਰਕ : 98760-86563
ਨਿਰੰਜਨ ਸ਼ਰਮਾ ਸੇਖਾ ਜਿਊਂਦੇ ਹਾਸ-ਵਿਅੰਗ ਲੇਖਕਾਂ ਵਿਚੋਂ ਹੁਣ ਸਭ ਤੋਂ ਵਡੇਰੀ ਉਮਰ ਦਾ ਵਿਅੰਗਕਾਰ ਹੈ। ਉਸ ਨੇ ਸਾਰੀ ਉਮਰ ਪੰਜਾਬੀ ਹਾਸ-ਵਿਅੰਗ ਦੇ ਲੇਖੇ ਲਾਈ ਹੈ। 'ਕੱਚ ਦੇ ਟੁਕੜੇ' ਤੋਂ ਸ਼ੁਰੂ ਕਰਕੇ ਉਸ ਨੇ ਮੁੜ ਪਿਛੇ ਮੁੜ ਕੇ ਨਹੀਂ ਦੇਖਿਆ। ਕਿਸੇ ਹੋਰ ਵੰਨਗੀ ਵੱਲ ਮੂੰਹ ਨਹੀਂ ਕੀਤਾ। ਕੇਵਲ ਤੇ ਕੇਵਲ ਹਾਸ ਵਿਅੰਗ ਨੂੰ ਹੀ ਸਮਰਪਿਤ ਰਿਹਾ।
ਇਸ ਪੱਕੀ ਉਮਰ 'ਚ ਵੀ ਉਹ ਹਾਸ-ਵਿਅੰਗ ਲਿਖਣ ਲਈ ਤਤਪਰ ਅਤੇ ਯਤਨਸ਼ੀਲ ਹੈ। ਹਾਲ ਦੀ ਘੜੀ 'ਕੱਚੀਆਂ ਪੱਕੀਆਂ' ਉਸ ਦਾ ਹੁਣੇ ਪ੍ਰਕਾਸ਼ਿਤ ਹੋਇਆ ਹਾਸ-ਵਿਅੰਗ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਵੰਨ-ਸੁਵੰਨੇ ਗਿਆਰਾਂ ਲੇਖ ਸ਼ਾਮਿਲ ਕੀਤੇ ਹਨ।
ਸੇਖਾ ਆਪਣੇ ਲੇਖਾਂ ਨੂੰ ਕਥਾ-ਰਸ ਦੀ ਗੁੜ੍ਹਤੀ ਦਿੰਦਾ ਹੋਇਆ ਵਿਅੰਗ ਵੱਲ ਰੁਚਿਤ ਹੁੰਦਾ ਹੈ। ਕਹਾਣੀ 'ਚੋਂ ਹੀ ਕਟਾਖਸ਼ ਕਰਦਾ ਹੋਇਆ ਵਿਅੰਗ ਦੇ ਆਖਰੀ ਡੰਗ ਤੱਕ ਪੁੱਜਦਾ ਹੈ। ਉਸ ਦੇ ਵਾਰਤਾਲਾਪਾਂ 'ਚੋਂ ਵੀ ਹਾਸ-ਵਿਅੰਗ ਫੁਲਝੜੀ ਵਾਂਗ ਝੜਦਾ ਪ੍ਰਤੀਤ ਹੁੰਦਾ ਹੈ। ਇਕ-ਇਕ ਲੇਖ 'ਚ ਉਹ ਕਈ-ਕਈ ਥਾਈਂ ਚੋਟ ਕਰਦਾ ਹੈ। ਮਿਸਾਲ ਵਜੋਂ ਇਸ ਪੁਸਤਕ ਦੇ ਪਹਿਲੇ ਲੇਖ 'ਜਾਗਦੇ ਰਹੋ ਧੀਓ' ਨੂੰ ਹੀ ਲੈ ਲਓ। ਇਥੇ ਕੈਂਚੀ ਮੱਲ ਤੇ ਧੜਬੋਲਾ ਸ਼ਰਾਬ ਪੀਂਦੇ ਹੋਏ ਵੀ ਨਸ਼ਿਆਂ ਨੂੰ ਭੰਡਦੇ ਪ੍ਰਤੀਤ ਹੁੰਦੇ ਹਨ। ਅਗਾਂਹ ਚੌਕੀਦਾਰ ਪਾਲਾ ਸਿੰਘ ਵਿਅੰਗ ਰਾਹੀਂ ਕੈਂਚੀ ਮੱਲ ਦਾ ਦੋਗਲਾ ਚਰਿੱਤਰ ਉਘਾੜਦਾ ਪ੍ਰਤੀਤ ਹੁੰਦਾ ਹੈ। ਇਕੋ ਰਚਨਾ ਵਿਚੋਂ ਕਈ-ਕਈ ਥਾਈਂ ਵਿਅੰਗ ਉਘਾੜਨਾ ਸੇਖਾ ਦੇ ਵਿਅੰਗ ਦਾ ਮੀਰੀ ਗੁਣ ਹੈ। 'ਡਰਪੋਕ' ਲੇਖ ਦਾ ਚਿੰਤਾ ਰਾਮ ਐਵੇਂ ਹੀ ਨਾ-ਵਾਪਰਨ ਵਾਲੀਆਂ ਗੱਲਾਂ 'ਤੇ ਹੀ ਚਿੰਤਾ ਜ਼ਾਹਿਰ ਕਰੀ ਜਾਂਦਾ ਹੈ। ਏਦਾਂ ਹੀ ਬਾਕੀ ਦੇ ਲੇਖਾਂ ਵਿਚ ਵੀ ਉਹ ਕਿਰਦਾਰਾਂ, ਗੁਫ਼ਤਾਰਾਂ ਅਤੇ ਹਲਕੇ ਮਿਆਰਾਂ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ।
ਬੜਬੋਲਾ ਅਤੇ ਮਿੱਠੋ ਉਸ ਦੇ ਪੇਂਡੂ ਸਟਾਰ ਕਰੈਕਟਰ ਹਨ, ਜੋ ਆਪਣੀਆਂ ਪੇਂਡੂ ਰਾਸਦਿਕ ਗੱਲਾਂ ਰਾਹੀਂ ਹਾਸਾ ਅਤੇ ਵਿਅੰਗ ਉਪਜਾਉਂਦੇ ਹਨ। ਨਾਂਅ-ਕੁਨਾਂ ਰੱਖ ਕੇ ਹੀ ਸੇਖਾ ਹਾਸਰਸ ਪੈਦਾ ਕਰਨ ਦੀ ਜੁਗਤ ਦਾ ਇਸਤੇਮਾਲ ਕਰਦਾ ਹੈ। ਸਥਿਤੀ ਵਿਅੰਗ ਦੀਆਂ ਵੀ ਕਈ ਮਿਸਾਲਾਂ ਉਸ ਦੇ ਲੇਖਾਂ ਵਿਚੋਂ ਮਿਲ ਜਾਂਦੀਆਂ ਹਨ। ਡਾ. ਨਿਰਾਲਾ ਉਸ ਨੂੰ ਪੰਜਾਬੀ ਦਾ ਚਾਰਲਸ ਲੈਂਬ ਸਹੀ ਹੀ ਆਖਦਾ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਮਿੱਟੀ ਜਾਏ ਗੀਤ
ਲੇਖਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪਬਲੀਕੇਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 94170-76735
ਅਮੋਲਕ ਸਿੰਘ ਦਾ ਨਾਂਅ ਲੋਕ-ਹਿੱਤਾਂ ਲਈ ਲੜਨ ਵਾਲੇ ਸੰਘਰਸ਼ੀ ਲੋਕਾਂ ਲਈ ਕੋਈ ਓਪਰਾ ਨਹੀਂ, ਬਲਕਿ ਉਨ੍ਹਾਂ ਦੇ ਦਿਲਾਂ ਵਿਚ ਧੜਕਣ ਬਣ ਕੇ ਧੜਕ ਰਿਹਾ ਹੈ। ਇਹ ਸਿਰਫ਼ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ ਕਿ ਉਨ੍ਹਾਂ ਨੇ ਲਿਖਣ ਦੇ ਨਾਲ-ਨਾਲ ਆਪਣੀਆਂ ਲਿਖਤਾਂ ਨੂੰ ਜੀਵਿਆ ਵੀ ਹੈ। ਜਿਥੇ ਵੀ ਲੁੱਟੇ-ਪੁੱਟੇ ਜਾ ਰਹੇ ਲੋਕਾਂ ਨਾਲ ਧੱਕੇਸ਼ਾਹੀ ਦੀ ਗੱਲ ਛਿੜਦੀ ਹੈ, ਉੱਥੇ ਹੀ ਉਹ ਅਗਲੀਆਂ ਸਫ਼ਾਂ ਵਿਚ ਖੜ੍ਹੇ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਗੀਤ ਦਾ ਇਹ ਮੁਖੜਾ ਵੀ ਇਹੋ ਕੁਝ ਕਹਿੰਦਾ ਹੈ:
ਆਓ ਵੇ ਬਚਾਓ ਆਓ,
ਜੋਟੀਆਂ ਵੇ ਪਾਓ ਆਓ,
ਗੂੜ੍ਹੀ ਨੀਂਦੇ ਸੁੱਤਾ ਕਿਉਂ ਪੰਜਾਬ।
'ਵਾਜ਼ਾਂ ਮਾਰੇ ਜਲ੍ਹਿਆਂ ਵਾਲਾ ਬਾਗ਼।
ਫ਼ਾਸ਼ੀਵਾਦੀ ਤਾਕਤਾਂ ਦੇ ਸੱਤਾ ਵਿਚ ਆਉਣ ਤੋਂ ਬਾਅਦ ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਅਤੇ ਕਮਿਊਨਿਸਟਾਂ ਕੋਲ ਕੇਵਲ ਦੋ ਹੀ ਰਸਤੇ ਬਚੇ ਹਨ। ਪਹਿਲਾ ਇਹ ਕਿ ਉਹ ਸਾਰੇ ਆਪਸੀ ਮੱਤਭੇਦਾਂ ਨੂੰ ਭੁਲਾ ਕੇ ਮਿਲ-ਜੁਲ ਕੇ ਉਨ੍ਹਾਂ ਦਾ ਟਾਕਰਾ ਕਰਨ ਅਤੇ ਦੂਜਾ ਇਹ ਕਿ ਉਹ ਦੂਜਿਆਂ ਨੂੰ ਮਰਦਾ ਦੇਖ ਕੇ ਚੁੱਪ-ਚਾਪ ਆਪਣੀ ਵਾਰੀ ਦੀ ਉਡੀਕ ਕਰਨ। ਕਸ਼ਮੀਰੀਆਂ ਅਤੇ ਪੰਜਾਬੀਆਂ ਦਾ ਆਜ਼ਾਦੀ ਨਾਲ ਜਿਊਣ ਦਾ ਸੁਭਾਅ ਹਮੇਸ਼ਾ ਹੀ ਦਿੱਲੀ ਦੀ ਅੱਖ ਵਿਚ ਰੜਕਦਾ ਰਿਹਾ ਹੈ:
ਝੀਲਾਂ, ਜੰਗਲ, ਪਰਬਤ ਬਲ਼ਦੇ,
ਬਲ਼ਦਾ ਨੈਣੀਂ ਨੀਰ ਹੈ।
ਪੌਣਾਂ ਦੇ ਵਿਚ ਛਿੜੀ ਬਗ਼ਾਵਤ,
ਜੂਝ ਰਿਹਾ ਕਸ਼ਮੀਰ ਹੈ।
ਹਥਲੇ ਕਾਵਿ-ਸੰਗ੍ਰਹਿ 'ਮਿੱਟੀ ਜਾਏ ਗੀਤ' ਤੋਂ ਪਹਿਲਾਂ ਉਨ੍ਹਾਂ ਦੀਆਂ ਤਿੰਨ ਦਰਜਨ ਦੇ ਕਰੀਬ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਕਵਿਤਾਵਾਂ ਦਾ ਇਕ-ਇਕ ਅੱਖਰ ਲੋਕ-ਮਨਾਂ ਵਿਚ ਸੁਲਘਦੀਆਂ ਚਿੰਗਾੜੀਆਂ ਨੂੰ ਪ੍ਰਚੰਡ ਭਾਂਬੜ ਬਣਾਉਣ ਦੇ ਸਮਰੱਥ ਹੈ। ਸਰਕਾਰੀ ਮਾਨ-ਸਨਮਾਨ ਦੀ ਲਾਲਸਾ ਤਹਿਤ ਧੜਾ-ਧੜ ਬਾਜ਼ਾਰ ਵਿਚ ਉਤਾਰੇ ਜਾ ਰਹੇ 'ਸਾਹਿਤ' ਦੇ ਮੁਕਾਬਲੇ ਵਿਚ ਲੋਕ-ਪੱਖੀ ਪੁਸਤਕ ਲਹਿਰ ਦੀ ਉਸਾਰੀ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ, ਜਿਸ ਨੂੰ ਅਮੋਲਕ ਸਿੰਘ ਨੇ ਬਾਖ਼ੂਬੀ ਸਮਝਿਆ ਹੈ।
-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
ਗੁਰੂ ਤੇਗ ਬਹਾਦਰ
ਜੀਵਨ ਤੇ ਦਰਸ਼ਨ
ਸੰਪਾਦਕ : ਡਾ. ਕਰਮਜੀਤ ਕੌਰ, ਡਾ. ਸਰਿਤਾ ਰਾਣਾ,
ਡਾ. ਮਨਿੰਦਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 270 ਰੁਪਏ, ਸਫ਼ੇ : 158
ਸੰਪਰਕ : 94638-36591
ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿਚ ਮਨਾਇਆ ਗਿਆ ਹੈ। ਇਸ ਸੰਬੰਧ ਵਿਚ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਲੋਂ ਗੁਰੂ ਸਾਹਿਬ ਦੇ ਜੀਵਨ ਤੇ ਵਿਚਾਰਧਾਰਾ ਨੂੰ ਇਸ ਪੁਸਤਕ ਰਾਹੀਂ ਪਾਠਕਾਂ ਤੀਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਡਾ. ਕਰਮਜੀਤ ਕੌਰ, ਡਾ. ਸਰਿਤਾ ਰਾਣਾ ਅਤੇ ਡਾ. ਮਨਿੰਦਰਜੀਤ ਕੌਰ ਨੇ ਬੜੀ ਮਿਹਨਤ ਨਾਲ ਸੰਪਾਦਿਤ ਕੀਤਾ ਹੈ।
ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂਅ ਤਿਆਗ ਮੱਲ ਸੀ। ਆਪ ਜੀ ਦੀ ਬਹਾਦਰੀ ਤੇ ਨਿਡਰਤਾ ਨੂੰ ਵੇਖਦਿਆਂ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦਾ ਨਾਂਅ ਤੇਗ ਬਹਾਦਰ ਰੱਖ ਦਿੱਤਾ। ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਸੁਣ ਕੇ ਆਪ ਨੇ ਦਿੱਲੀ ਜਾ ਕੇ ਹਿੰਦੂਆਂ ਦੇ ਤਿਲਕ ਜੰਝੂ ਦੀ ਰੱਖਿਆ ਖ਼ਾਤਰ ਆਪਣੇ ਜੀਵਨ ਦਾ ਬਲਿਦਾਨ ਦਿੱਤਾ। ਆਪ ਦੀ ਬਾਣੀ 59 ਸ਼ਬਦਾਂ, 57 ਸ਼ਲੋਕਾਂ ਰਾਹੀਂ 15 ਰਾਗਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਉਪਰੋਕਤ ਪੁਸਤਕ ਵਿਚ ਹੇਠ ਲਿਖੇ ਵਿਦਵਾਨ ਲੇਖਕਾਂ ਨੇ ਸੰਬੰਧਿਤ ਸਿਰਲੇਖਾਂ ਅਧੀਨ ਗੁਰੂ ਤੇਗ ਬਹਾਦਰ ਬਾਰੇ ਪਾਠਕਾਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ ਹੈ :
ਸੁਹਿੰਦਰਬੀਰ (ਗੁਰੂ ਤੇਗ ਬਹਾਦਰ), ਗੁਰਮੇਲ ਸਿੰਘ (ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਲਿਪੀਅੰਤਰ ਅਤੇ ਉਚਾਰਨ ਇਕ ਮੁਲਾਂਕਣ), ਡਾ. ਕੁਲਵੰਤ ਸਿੰਘ ਰਾਣਾ (ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸਿੱਖਿਆਵਾਂ), ਡਾ. ਸੁਖਰਾਜ ਸਿੰਘ (ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਵੈਰਾਗ ਦਾ ਸੰਕਲਪ), ਡਾ. ਮਨਿੰਦਰਜੀਤ ਕੌਰ (ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਸਰੋਕਾਰ ਤੇ ਪ੍ਰਸੰਗਿਕਤਾ), ਡਾ. ਪਰਮਿੰਦਰ ਕੌਰ (ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ), ਜਸਵਿੰਦਰ ਸਿੰਘ ਰੁਪਾਲ (ਗੁਰੂ ਤੇਗ ਬਹਾਦਰ ਜੀ ਦੀ ਬਾਣੀ-ਰੂਪਕ ਪੱਖ ਅਤੇ ਵਿਸ਼ਾ ਪੱਖ), ਡਾ. ਮਹੀਪਿੰਦਰ ਕੌਰ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਵੈਰਾਗ-ਭਾਵਨਾ), ਡਾ. ਰਵਿੰਦਰ ਕੌਰ (ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਮਾਨਵਤਾਵਾਦੀ ਦ੍ਰਿਸ਼ਟੀ), ਡਾ. ਸੁਖਵਿੰਦਰ ਕੌਰ (ਬਲੀਦਾਨ ਦੀ ਮੂਰਤ : ਸ੍ਰੀ ਗੁਰੂ ਤੇਗ ਬਹਾਦਰ ਜੀ), ਇਕਬਾਲ ਕੌਰ (ਸ੍ਰੀ ਗੁਰੂ ਤੇਗ ਬਹਾਦਰ ਜੀ : ਜੀਵਨ ਅਤੇ ਰਚਨਾ)। ਇਨ੍ਹਾਂ ਤੋਂ ਇਲਾਵਾ ਡਾ. ਦਲਜੀਤ ਕੌਰ, ਡਾ. ਸਰਿਤਾ ਰਾਣਾ, ਡਾ. ਅੰਮ੍ਰਿਤ ਕੌਰ ਅਤੇ ਡਾ. ਰਾਜਵਿੰਦਰ ਕੌਰ ਤੇ ਅਰਸ਼ਦੀਪ ਕੌਰ ਨੇ ਅੰਗਰੇਜ਼ੀ ਵਿਚ ਅਤੇ ਬੰਜਾਰਾ ਦਲੀਪ ਲਾਲ ਨੇ ਹਿੰਦੀ ਵਿਚ ਗੁਰੂ ਸਾਹਿਬ ਬਾਰੇ ਆਪਣੇ ਵਿਚਾਰ ਕੀਤੇ ਹਨ।
ਛਪਾਈ ਅਤੇ ਜਿਲਦ ਪੱਖੋਂ ਵੀ ਇਹ ਇਕ ਸੁੰਦਰ ਪੁਸਤਕ ਹੈ, ਜੋ ਗੁਰਮਤਿ ਸਾਹਿਤ ਦੇ ਪਾਠਕਾਂ ਵਾਸਤੇ ਇਕ ਵਧੀਆ ਅਤੇ ਜਾਣਕਾਰੀ ਭਰਪੂਰ ਰਚਨਾ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਚਿਤਵਣੀਆਂ
ਲੇਖਕ : ਚੰਦਨ ਨੇਗੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 700 ਰੁਪਏ, ਸਫ਼ੇ : 422
ਸੰਪਰਕ : 080767-49930
ਸ੍ਰੀਮਤੀ ਚੰਦਨ ਨੇਗੀ ਦੀ ਇਸ ਪੁਸਤਕ ਨੂੰ ਕਿਸੇ ਵਰਗੀਕਰਨ (ਕਲਾਸੀਫਿਕੇਸ਼ਨ) ਵਿਚ ਬੰਨ੍ਹਣਾ ਉਚਿਤ ਨਹੀਂ ਹੋਵੇਗਾ। ਇਸ ਪੁਸਤਕ ਵਿਚ ਉਸ ਦੀਆਂ ਯਾਦਾਂ, ਸੰਮਰਪਣ, ਜੀਵਨ ਦੀਆਂ ਘਟਨਾਵਾਂ, ਆਪਣੇ ਗਲਪੀ-ਕਿਰਦਾਰਾਂ ਦੇ ਪਰਿਵੇਸ਼, ਉਨ੍ਹਾਂ ਦੇ ਦੁੱਖਾਂ-ਸੁੱਖਾਂ ਅਤੇ ਉਲਝਣਾਂ ਦਾ ਵਰਣਨ ਹੋਇਆ ਹੈ। ਲੇਖਿਕਾ ਅਨੁਸਾਰ ਮਨੁੱਖੀ ਜੀਵਨ ਇਕ ਸਾਰ ਜਾਂ ਇਕੋ ਰੰਗ ਵਿਚ ਰੰਗਿਆ ਨਹੀਂ ਹੁੰਦਾ। ਪੈਰ-ਪੈਰ ਉੱਤੇ ਕੰਡੇ, ਪੱਥਰ ਤੇ ਰੋੜੇ ਟਕਰਾਉਂਦੇ ਰਹਿੰਦੇ ਹਨ। ਇਨ੍ਹਾਂ ਜ਼ਖ਼ਮਾਂ ਦੇ ਨਿਸ਼ਾਨ ਸਾਰੀ ਹਯਾਤੀ ਮਨੁੱਖ ਨੂੰ ਚੋਟ ਲੱਗਣ ਦਾ ਦਰਦ ਚੇਤੇ ਕਰਾਉਂਦੇ ਰਹਿੰਦੇ ਹਨ ਅਤੇ ਫਿਰ ਇਨ੍ਹਾਂ ਚਿਤ-ਚੇਤਿਆਂ ਦੀਆਂ ਹੀ ਕਿਤਾਬਾਂ ਬਣ ਜਾਂਦੀਆਂ ਹਨ। ਹਾਦਸਿਆਂ-ਦਰ-ਹਾਦਸਿਆਂ ਦੀ ਇਸ ਗਾਥਾ ਨੂੰ ਸ੍ਰੀਮਤੀ ਚੰਦਨ ਨੇਗੀ ਆਪਣੇ ਨਾਵਲਾਂ 'ਜਲ ਬਿਨ ਕੁੰਭ' ਅਤੇ 'ਅੰਧ ਕੂਪ' ਦੇ ਹਵਾਲੇ ਨਾਲ ਬਿਆਨ ਕਰਦੀ ਹੈ। ਨਾਰੀ ਦੀ ਮਾਨਸਿਕਤਾ ਪੁਰਸ਼ ਮਾਨਸਿਕਤਾ ਤੋਂ ਕਾਫ਼ੀ ਵੱਖਰੀ ਹੁੰਦੀ ਹੈ। ਪਰ ਕਿਉਂਕਿ ਆਰਥਿਕ-ਪਦਾਰਥਕ ਅਤੇ ਚਿੰਤਨ ਦੇ ਵਸੀਲਿਆਂ ਉੱਪਰ ਪੁਰਸ਼ ਨੇ ਆਪਣਾ ਅਧਿਕਾਰ ਜਮ੍ਹਾ ਰੱਖਿਆ ਹੈ ਅਤੇ ਬਹੁਤੀਆਂ ਨਾਰੀਆਂ ਵੀ ਆਪਣੇ ਵਜੂਦ ਅਤੇ ਸੋਚ ਬਾਰੇ ਪੁਰਸ਼ਾਂ ਦੇ ਦ੍ਰਿਸ਼ਟੀਕੋਣ ਦੁਆਰਾ ਹੀ ਸੋਚਦੀਆਂ ਹਨ, ਇਸ ਕਾਰਨ ਅਸੀਂ ਅਜੇ ਤੱਕ 'ਨਾਰੀਤਵ' ਦੀ ਪਹਿਚਾਣ ਨਹੀਂ ਕਰ ਸਕੇ। ਪੁਰਸ਼-ਹਉਮੈ ਵਿਚ ਗ਼ਲਤਾਨ ਅਸੀਂ ਮਰਦ ਲੋਕ ਨਾਰੀ ਨੂੰ ਆਪਣੇ ਆਪ ਤੋਂ ਨਿਮਨ/ਤੁੱਛ ਹੀ ਸਮਝਦੇ ਹਾਂ। ਇਹੀ ਕਾਰਨ ਹੈ ਕਿ ਨਾਰੀ, ਹੋਰ ਦਲਿਤਾਂ ਅਤੇ ਵੰਚਿਤਾਂ ਵਾਂਗ ਹਾਸ਼ੀਏ ਵਿਚ ਧੱਕ ਦਿੱਤੀ ਗਈ ਹੈ। ਚੰਦਨ ਜੀ ਦੀ ਇਹ ਪੁਸਤਕ ਹਾਸ਼ੀਏ ਵਿਚ ਸਿਮਟੀ ਹੋਈ ਨਾਰੀ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ। ਅਵਾਕ ਨੂੰ ਸਵਾਕ ਬਣਾਉਣ ਦਾ ਸਸ਼ਕਤ ਉਪਰਾਲਾ ਹੈ। ਇਹ ਪੋਥੀ ਬਹੁਤ ਨੀਝ ਨਾਲ ਪੜ੍ਹਨ ਵਾਲਾ ਦਸਤਾਵੇਜ਼ ਹੈ। ਇਸ ਵਿਚ ਪੰਜਾਬ ਦੇ ਰਵਾਇਤੀ ਨਿੱਘੇ-ਰਿਸ਼ਤਿਆਂ ਦੇ ਸਮਵਿੱਥ ਅਜੋਕੇ ਪੂੰਜੀਵਾਦੀ ਕਟੂ-ਰਿਸ਼ਤਿਆਂ ਦੀ ਵੀ ਟੋਹ ਮਿਲਦੀ ਹੈ। ਪਿਛਲੇ ਛੇ-ਸੱਤ ਦਹਾਕਿਆਂ ਵਿਚ ਅਸੀਂ ਕਿਵੇਂ ਅਤੇ ਕਿੰਨੇ ਬਦਲ ਚੁੱਕੇ ਹਾਂ, ਇਸ ਤਬਦੀਲੀ ਦਾ ਸੱਭਿਆਚਾਰਕ-ਇਤਿਹਾਸ 'ਪੁਸਤਕ' ਦੀ ਮੂਲ ਪ੍ਰਾਪਤੀ ਹੈ। ਇਹ ਪੁਸਤਕ ਪੜ੍ਹਨਯੋਗ ਹੋਣ ਦੇ ਨਾਲ-ਨਾਲ ਲਿਖਣਯੋਗ ਟੈਕਸਟ ਵੀ ਹੈ। ਬਹੁਤ ਸਾਰੇ ਪਾਠਕ, ਵਿਸ਼ੇਸ਼ ਕਰ ਨਾਰੀਆਂ ਇਸ ਪੁਸਤਕ ਨੂੰ ਪੜ੍ਹਨ ਉਪਰੰਤ 'ਲੇਖਕ' ਬਣ ਸਕਦੀਆਂ ਹਨ। ਉਹ ਵੀ ਆਪਣੇ ਦੁੱਖਾਂ, ਝੋਰਿਆਂ ਅਤੇ ਜ਼ਖ਼ਮਾਂ ਨੂੰ ਇਕ ਟੈਕਸਟ ਵਿਚ ਸਮੇਟਣ ਦੀ ਕੋਸ਼ਿਸ਼ ਕਰ ਸਕਣਗੀਆਂ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਖ਼ੂਨੀ ਕਵੀ
ਲੇਖਕ : ਅਵਤਾਰ ਸਿੰਘ ਤੂਫ਼ਾਨ
ਪ੍ਰਕਾਸ਼ਕ : ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98725-87100
'ਖ਼ੂਨੀ ਕਵੀ' ਨਾਵਲ ਅਵਤਾਰ ਸਿੰਘ ਤੂਫ਼ਾਨ ਦੁਆਰਾ ਲਿਖਿਆ ਗਿਆ ਨਾਵਲ ਹੈ, ਜੋ ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਪ੍ਰਭਕਿਰਨ ਸਿੰਘ ਨੇ ਪ੍ਰਕਾਸ਼ਿਤ ਕਰਵਾਇਆ ਹੈ ਅਤੇ ਇਸ ਦੇ ਟਾਈਟਲ ਉੱਤੇ ਨਾਵਲ ਦੇ ਨਾਂਅ ਦੇ ਨਾਲ ਇਸ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਜਾਸੂਸੀ ਨਾਵਲ ਵੀ ਕਿਹਾ ਹੈ। ਨਾਵਲ ਦੀ ਬਿਰਤਾਂਤਕ ਤੌਰ 13 ਕਾਂਡਾਂ ਵਿਚ ਵੰਡ ਕੇ ਪਾਠਕਾਂ ਦੇ ਰੂ-ਬਰੂ ਕੀਤੀ ਗਈ ਹੈ, ਜਿਸ ਵਿਚ 'ਪਰਵਾਨੇ ਦੇ ਕਤਲ' ਤੋਂ ਬਾਅਦ ਜਗੀਰਦਾਰ ਰਤਨ ਸਿੰਘ ਕਵੀ ਦੁਖੀਏ ਅਤੇ ਸਰਕਾਰੀ ਕਾਲਜ ਦੇ ਇਕ ਵਿਦਿਆਰਥੀ ਦਾ ਕਤਲ ਹੁੰਦਾ ਦਿਖਾਇਆ ਗਿਆ ਹੈ। ਇਸ ਖ਼ੂਨੀ ਖੇਡ ਦਾ ਕੋਈ ਸਿਰ-ਪੈਰ ਜਦੋਂ ਨਹੀਂ ਲੱਭਦਾ ਤਾਂ ਇਸ ਦੀ ਜ਼ਿੰਮੇਵਾਰੀ ਇੰਸਪੈਕਟਰ ਰਮੇਸ਼ ਅਤੇ ਉਸ ਦੇ ਸਹਾਇਕ ਜਗਦੀਸ਼ ਨੂੰ ਦਿੱਤੀ ਜਾਂਦੀ ਹੈ, ਜੋ ਪੂਰੀ ਇਮਾਨਦਾਰੀ ਨਾਲ ਡਿਊਟੀ ਕਰਦੇ ਹੋਏ ਇਸ ਗੁੱਥੀ ਨੂੰ ਸੁਲਝਾਉਂਦੇ ਹਨ ਅਤੇ ਉਸ ਵਿਅਕਤੀ ਨੂੰ ਕਾਨੂੰਨ ਦੀ ਗ੍ਰਿਫ਼ਤ ਵਿਚ ਲੈਂਦੇ ਹਨ ਜੋ ਮਨਮੋਹਨ ਸਿੰਘ ਬਾਦਲ ਨਾਂਅ ਦਾ ਵਿਅਕਤੀ ਹੈ ਅਤੇ ਸਮਾਜ ਵਿਚ ਬਹੁਤ ਹੀ ਸਤਿਕਾਰਯੋਗ ਸਥਾਨ ਪ੍ਰਾਪਤ ਕਰੀ ਬੈਠਾ ਹੈ। ਉਸ ਨੂੰ ਜਿਸ ਦਿਨ 'ਕਵੀ ਕੇਸਰੀ' ਦਾ ਖ਼ਿਤਾਬ ਮਿਲਣਾ ਹੁੰਦਾ ਹੈ ਪਰ ਦੋਵਾਂ ਪੁਲਿਸ ਅਫ਼ਸਰਾਂ ਦੀ ਸੂਝ-ਬੂਝ ਨਾਲ ਸਬੂਤਾਂ ਸਮੇਤ ਇਸ ਰਹੱਸ ਤੋਂ ਪਰਦਾ ਚੁੱਕਿਆ ਜਾਂਦਾ ਹੈ ਕਿ ਅਸਲ ਦੋਸ਼ੀ ਕੌਣ ਹੈ। ਨਾਵਲੀ ਕਥਾ ਫ਼ਿਲਮੀ ਕਹਾਣੀ ਵਰਗੀ ਜਾਪਦੀ ਹੈ ਅਤੇ ਤਕਰੀਬਨ ਨਾਵਲੀ ਕਥਾ ਸੰਵਾਦੀ ਸ਼ੈਲੀ ਵਿਚ ਹੀ ਚਲਦੀ ਹੈ। ਨਾਵਲਕਾਰ ਨੇ ਨਾਵਲ ਵਿਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹਿੰਦੀ ਭਾਸ਼ਾ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਹੈ। ਵਿਸ਼ੇਸ਼ ਕਰਕੇ ਦੋਵਾਂ ਪੁਲਿਸ ਵਾਲਿਆਂ ਦੀ ਭਾਸ਼ਾ ਅਤੇ ਵਾਰਤਾਲਾਪ ਹਿੰਦੀ ਵਿਚ ਫ਼ਿਲਮੀ ਸਟਾਈਲ ਵਾਲੇ ਹਨ। ਨਾਵਲ ਰਹੱਸਵਾਦੀ ਅਤੇ ਰੌਚਿਕ ਹੈ ਪਰ ਵਿਧਾ ਦੀ ਦ੍ਰਿਸ਼ਟੀ ਤੋਂ ਸੰਵਾਦ ਦੀ ਮੰਗ ਕਰਦਾ ਹੈ। ਨਾਵਲ ਛੋਟੇ-ਛੋਟੇ ਕਾਂਡਾਂ ਵਿਚ ਵੰਡਿਆ ਗਿਆ ਹੈ, ਜਿੱਤਾਂ ਨੂੰ ਕੋਈ ਨਾ ਕੋਈ ਸਿਰਲੇਖ ਵੀ ਦਿੱਤਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c
ਪਿੰਡ ਅਜੇ ਜਿਊਂਦਾ ਹੈ
ਕਹਾਣੀਕਾਰ : ਸਰੂਪ ਸਿਆਲਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 124
ਸੰਪਰਕ : 98881-29977
ਇਹ ਕਹਾਣੀ ਸੰਗ੍ਰਹਿ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਨੂੰ ਸਮਰਪਿਤ ਹੈ ਜੋ ਹਨੇਰੇ ਦੇ ਵਾਸੀ ਹਨ ਅਤੇ ਜ਼ਲਾਲਤ ਭਰੀ ਜ਼ਿੰਦਗੀ ਜਿਉਂ ਰਹੇ ਹਨ। ਪੁਸਤਕ ਵਿਚਲੀਆਂ 13 ਕਹਾਣੀਆਂ ਸਮਾਜਿਕ, ਆਰਥਿਕ ਅਤੇ ਮਾਨਸਿਕ ਸੰਕਟਾਂ ਦੀ ਗੱਲ ਕਰਦੀਆਂ ਹਨ। ਲੇਖਕ ਦਲਿਤਾਂ ਅੰਦਰ ਹੋ ਰਹੇ ਸਮਾਜਿਕ ਵਿਤਕਰੇ ਤੋਂ ਮੁਕਤੀ ਦਿਵਾਉਣਾ ਚਾਹੁੰਦਾ ਹੈ। ਪਾਤਰਾਂ ਦੇ ਮਨਾਂ ਅੰਦਰ ਦਵੰਦ ਚੱਲਦਾ ਰਹਿੰਦਾ ਹੈ। ਘੋਲ, ਸੰਘਰਸ਼, ਗੁੰਝਲਾਂ ਅਤੇ ਤਣਾਓ ਅੱਜ ਹਰ ਮਨੁੱਖ ਦਾ ਸੰਤਾਪ ਹੈ। ਬਹੁਤੇ ਪਾਤਰਾਂ ਦੇ ਬਚਪਨ ਵਿਚ ਕੋਈ ਅਜਿਹਾ ਖੱਪਾ ਰਹਿ ਗਿਆ ਹੁੰਦਾ ਹੈ ਜਿਹੜਾ ਉਨ੍ਹਾਂ ਦੇ ਵਰਤਮਾਨ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਵੀ ਜਾਤ ਬਿਰਾਦਰੀ ਕਰਕੇ ਨੀਵਾਂ ਵਿਖਾਉਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਸਮਾਜਿਕ ਵਿਤਕਰਾ ਹੁੰਦਾ ਹੈ। ਇਨ੍ਹਾਂ ਘਟਨਾਵਾਂ ਕਰਕੇ ਮਨਾਂ ਵਿਚ ਗੰਢਾਂ ਬਣ ਜਾਂਦੀਆਂ ਹਨ ਅਤੇ ਹੀਣਤਾ ਦੇ ਭਾਵ ਪੈਦਾ ਹੋ ਜਾਂਦੇ ਹਨ। ਕਈ ਪੀੜਤ ਲੋਕ ਤਾਂ ਪਾਗਲਪਨ ਦਾ ਸ਼ਿਕਾਰ ਹੋ ਜਾਂਦੇ ਹਨ। ਲੇਖਕ ਨੇ ਕਹਾਣੀਆਂ ਵਿਚਲੀਆਂ ਘਟਨਾਵਾਂ, ਸਥਿਤੀਆਂ ਅਤੇ ਪਾਤਰਾਂ 'ਤੇ ਪੈਣ ਵਾਲੇ ਅਸਰਾਂ ਨੂੰ ਮਨੋਵਿਗਿਆਨਕ ਢੰਗ ਨਾਲ ਚਿਤਰਿਆ ਹੈ। ਉਹ ਦਲਿਤ ਵਰਗ ਦੀ ਸਥਿਤੀ ਨੂੰ ਪੀੜ੍ਹੀਆਂ ਦੇ ਇਤਿਹਾਸ ਨਾਲ ਜੋੜ ਕੇ ਪੇਸ਼ ਕਰਦਾ ਹੈ। ਉਨ੍ਹਾਂ ਕਹਾਣੀਆਂ ਵਿਚ ਜੀਵਤ ਸਮਾਜ ਦਾ ਚਿਤ੍ਰਣ ਕੀਤਾ ਗਿਆ ਹੈ। ਉਸ ਦੇ ਕਈ ਪਾਤਰਾਂ ਵਿਚ ਮਨ 'ਤੇ ਪਏ ਨੀਵੀਂ ਜਾਤੀ ਵਿਚੋਂ ਹੋਣ ਦੇ ਸੰਸਕਾਰ ਏਨੇ ਡੂੰਘੇ ਉੱਕਰੇ ਗਏ ਹਨ ਕਿ ਉਨ੍ਹਾਂ ਨੂੰ ਜੀਵਨ ਅਰਥਹੀਣ ਜਾਪਦਾ ਹੈ। ਪੜ੍ਹੇ-ਲਿਖੇ ਅਤੇ ਰੱਜੇ-ਪੁੱਜੇ ਕਈ ਲੋਕ ਨੀਵੀਆਂ ਜਾਤੀਆਂ ਵਿਚ ਹੋਣ ਦੇ ਸੰਸਕਾਰਾਂ ਤੋਂ ਬਚਣ ਲਈ ਉੱਚੀਆਂ ਜਾਤੀਆਂ ਨਾਲ ਮੇਲ-ਜੋਲ ਵਧਾਉਣ ਵਿਚ ਮਾਣ ਮਹਿਸੂਸ ਕਰਦੇ ਹਨ ਅਤੇ ਗਰੀਬੀ ਵਿਚ ਜਕੜੇ ਲੋਕਾਂ ਨੂੰ ਨਫ਼ਰਤ ਕਰਨ ਲਗਦੇ ਹਨ। ਦੂਜੇ ਪਾਸੇ ਕਈ ਲੋਕ ਆਪਣੇ-ਆਪ ਨੂੰ ਕੁਝ ਸਮਝਣ ਵਾਲੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਕੁਝ ਨਾ ਸਮਝਣ ਵਾਲੇ ਲੋਕਾਂ ਦੀ ਕਦਰ ਕਰਦੇ ਹਨ। ਲਗਭਗ ਸਾਰੀਆਂ ਕਹਾਣੀਆਂ ਸਮਾਜਿਕ ਊਚ-ਨੀਚ ਅਤੇ ਵਿਤਕਰਿਆਂ ਦੁਆਲੇ ਘੁੰਮਦੀਆਂ ਹਨ। ਮਨੁੱਖੀ ਮਨ ਦੀ ਥਾਹ ਪਾਈ ਨਹੀਂ ਜਾ ਸਕਦੀ। ਪਤਾ ਨਹੀਂ ਇਸ ਦੀਆਂ ਡੂੰਘਾਣਾਂ ਵਿਚ ਕੀ ਕੁਝ ਲੁਕਿਆ ਹੋਇਆ ਹੈ। ਮਨੁੱਖ ਨੂੰ ਹਰ ਹਾਲਤ ਵਿਚ ਆਪਣੇ ਮਨ ਦਾ ਸੰਤੁਲਣ ਕਾਇਮ ਰੱਖਣਾ ਚਾਹੀਦਾ ਹੈ। ਇਨ੍ਹਾਂ ਕਹਾਣੀਆਂ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਮਾਂ
ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ 112
ਸੰਪਰਕ: 98146-73236
ਸੰਪਾਦਿਤ ਪੁਸਤਕ ਵਿਚ ਸਿਰਮੌਰ ਕਹਾਣੀਕਾਰਾਂ ਦੀਆਂ ਵੱਖ-ਵੱਖ ਵਿਸ਼ਿਆਂ 'ਤੇ ਦਿਲਚਸਪੀ ਭਰਪੂਰ 10 ਕਹਾਣੀਆਂ ਹਨ। ਪਹਿਲੀ ਕਹਾਣੀ ਅਜਮੇਰ ਰੋਡੇ ਦੀ ਹੈ ਬੱਸ ਸਫਰ। ਕਹਾਣੀ ਮੈਂ ਪਾਤਰ ਮੋਗੇ ਤੋਂ ਪਟਿਆਲੇ ਦੀ ਬੱਸ ਵਿਚ ਬੈਠਾ ਹੈ। ਕੰਡਕਟਰ ਡਰਾਈਵਰ ਨੂੰ ਉਡੀਕਦਾ ਲੇਖਕ ਥੱਕ ਜਾਂਦਾ ਹੈ। ਫਿਰ ਕੰਡਕਟਰ ਜਗਰਾਓਂ ਤੋਂ ਉਰੇ ਦੀ ਸਵਾਰੀ ਨਾ ਬੈਠੈ ਦਾ ਕਹਿੰਦਾ ਬੱਸ ਤੋਰਦਾ ਹੈ । ਰਸਤੇ ਵਿਚ ਗੰਨੇ ਦੀ ਰੇੜ੍ਹੀ ਤੋਂ ਜੂਸ ਪੀਣ ਲਗੇ ਜੂਸ ਵਿਚ ਮੱਖੀ ਦਰੜ ਕੇ ਦੇ ਦਿੰਦਾ ਹੈ। ਨਾਲ ਕਹਿੰਦਾ ਹੈ ਕੋਈ ਨ੍ਹੀਂ ਜੀ ਇਹ ਸ਼ਹਿਦ ਦੀ ਮੱਖੀ ਹੈ। ਲੇਖਕ ਜੂਸ ਪੀਣ ਤੋ ਨਾਂਹ ਕਰ ਦਿੰਦਾ ਹੈ। ਲੇਖਕ ਨੂੰ ਆਪਣਾ ਖਰੀਦਿਆ ਅਖ਼ਬਾਰ ਵੀ ਪੜ੍ਹਨਾ ਨਸੀਬ ਨਹੀਂ ਹੁੰਦਾ। ਸਵਾਰੀਆਂ ਇਕ-ਇਕ ਸਫਾ ਮੰਗ ਕੇ ਲੈ ਜਾਂਦੀਆਂ ਹਨ। ਜਿਵੇਂ ਕਿਵੇਂ ਬੱਸ ਪਟਿਆਲੇ ਪਹੁੰਚ ਜਾਂਦੀ ਹੈ। ਪਤਨੀ ਪੁੱਛਦੀ ਹੈ ਮੇਰੇ ਲਈ ਕੀ ਲਿਆਏ ਜੇ? ਲੇਖਕ ਕਹਿੰਦਾ ਤੇਰੇ ਲਈ ਲਿਆਂਦਾ ਏ ਮਿੱਠਾ ਫਲ। ਮਿੱਠਾ ਫਲ ਕਹਿੰਦਾ ਲੇਖਕ ਅਖ਼ਬਾਰ ਦਾ ਇਕ ਖਾਸ ਇਸ਼ਤਿਹਾਰ ਵਿਖਾਉਂਦਾ ਰੁਮਾਂਟਿਕ ਹੋ ਜਾਂਦਾ ਹੈ। ਮਰਹੂਮ ਕਹਾਣੀਕਾਰ ਹਮਦਰਦਵੀਰ ਨੌਸ਼ਹਿਰਵੀ ਦੀ ਕਹਾਣੀ ਪੈਨਸ਼ਨ ਕੇਸ ਪ੍ਰਾਈਵੇਟ ਕਾਲਜਾਂ ਦੇ ਪ੍ਰੋਫ਼ੈਸਰਾਂ ਨੂੰ ਸੇਵਾ ਮੁਕਤੀ ਪਿਛੋਂ ਪੈਨਸ਼ਨ ਨਾ ਮਿਲਣ ਦੇ ਮਸਲੇ ਨੂੰ ਜ਼ੋਰਦਾਰ ਸ਼ੈਲੀ ਵਿਚ ਉਭਾਰਦੀ ਰਚਨਾ ਹੈ। ਕੁਝ ਪ੍ਰੋਫੈਸਰ ਅਦਾਲਤ ਵਿਚ ਜਾਂਦੇ ਹਨ। ਪਰ ਤਰੀਕਾਂ 'ਤੇ ਤਰੀਕਾਂ ਪੈਣ ਨਾਲ ਵਕੀਲਾਂ ਦੇ ਪਾਏ ਚੱਕਰਾਂ ਵਿਚ ਪ੍ਰੇਸ਼ਾਨ ਹੋ ਕੇ ਰਹਿ ਜਾਂਦੇ ਹਨ। ਸਰਕਾਰਾਂ ਦੀ ਬੇਰੁਖੀ 'ਤੇ ਚਿੰਤਾ ਕਰਦਾ ਪਾਠਕ ਪ੍ਰੋਫ਼ੈਸਰਾਂ ਨਾਲ ਹੋਈ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੁੰਦਾ ਹੈ। ਕਾਤਲ ਰੁੱਖ (ਜਗਤਾਰ ਸਿੰਘ ਭੁੱਲਰ) ਵਿਚ ਸੰਨ ਚੁਰਾਸੀ ਦੇ ਸੰਤਾਪ ਦੀ ਦਾਸਤਾਨ ਹੈ। ਸੰਗ੍ਰਹਿ ਦੀ ਲੰਮੀ ਕਹਾਣੀ ਹੈ। ਭੱਜੀਆਂ ਬਾਹੀਂ (ਗੁਰਮੀਤ ਸਿੰਘ ਸਿੰਗਲ) ਵਿਚ ਇਕ ਪਰਿਵਾਰ ਦੇ ਚਾਰ ਪੁੱਤਰਾਂ ਵਿਚੋਂ ਤਿੰਨ ਦੀ ਬੇਵਕਤੀ ਮੌਤ ਦਾ ਦੁਖਾਂਤ ਹੈ। ਸੁਰਿੰਦਰ ਸਿੰਘ ਰਾਏ ਦੀ ਕਹਾਣੀ ਫੇਕ ਆਈ. ਡੀ. ਵਿਚ ਪਿੰਡ ਦੇ ਸਕੂਲ ਦੇ ਮਾਹੌਲ ਨੂੰ ਦਿਲਚਸਪ ਸ਼ੈਲੀ ਵਿਚ ਸਿਰਜਿਆ ਹੈ। ਪੁਸਤਕ ਵਿਚ ਸੰਤਵੀਰ ਦੀ ਚੁੱਪ ਦੇ ਬੋਲ, ਹਰਜੀਤ ਕੌਰ ਬਾਜਵਾ ਦੀ ਕਹਾਣੀ 'ਮਾਂ', ਚਰਚਿਤ ਕਹਾਣੀਕਾਰ ਪ੍ਰੀਤਮਾ ਦੁਮੇਲ ਦੀ ਦਿਲਚਸਪ ਕਹਾਣੀ ਨਾਲ ਵਾਲਾ ਘਰ, ਮਤਰੇਈ ਪਤਨੀ (ਗੁਰਸ਼ਰਨ ਸਿੰਘ ਕੁਮਾਰ) ਮਨਮੋਹਨ ਕੌਰ ਦੀ ਕੇਸਰੋ ਕਹਾਣੀਆਂ ਸ਼ਾਮਿਲ ਹਨ। ਸੰਗ੍ਰਹਿ ਬਾਰੇ ਡਾ. ਪਲਵਿੰਦਰ ਕੌਰ ਨੇ ਪ੍ਰਸੰਸਾਮਈ ਸ਼ਬਦ ਲਿਖੇ ਹਨ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਚੇਤਿਆਂ ਦੀ ਉਡਾਰੀ
ਲੇਖਕ : ਜਸਵੰਤ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98767-19163
ਮਿਸਾਲੀ ਅਧਿਆਪਕ ਵਜੋਂ ਆਪਣਾ ਜੀਵਨ-ਇਤਿਹਾਸ ਰਚਨ ਵਾਲੇ ਮਾਲਵੇ ਦੇ ਸਾਬਕਾ ਅਧਿਆਪਕ ਅਤੇ ਲੇਖਕ ਜਸਵੰਤ ਸਿੰਘ ਮੋਗਾ ਆਪਣੀ ਪਲੇਠੀ ਵਾਰਤਕ ਪੁਸਤਕ 'ਰੰਗਲੇ ਚੇਤੇ' ਵਿਚ ਆਪਣੀਆਂ ਕੀਮਤੀ ਅਤੇ ਵਿਲੱਖਣ ਯਾਦਾਂ ਸਾਂਝੀਆਂ ਕਰਕੇ ਨਾਮਣਾ ਖੱਟ ਚੁੱਕੇ ਹਨ। ਪੰਜਾਬੀ ਵਾਰਤਕ ਨੂੰ ਉਨ੍ਹਾਂ ਦੇ ਰੂਪ ਵਿਚ ਜਿਥੇ ਇਕ ਨਿਰਾਲੇ ਅੰਦਾਜ਼ ਵਾਲਾ ਲੇਖਕ ਪ੍ਰਾਪਤ ਹੋਇਆ ਹੈ, ਉਥੇ ਇਕ ਕੀਮਤੀ ਪੁਸਤਕ ਵੀ ਮਿਲੀ ਹੈ। ਆਪਣੀਆਂ 'ਯਾਦਾਂ ਦੀ ਚੰਗੇਰ' ਵਿਚੋਂ ਉਨ੍ਹਾਂ ਹੁਣ ਆਪਣੀ ਇਹ ਦੂਜੀ ਵਾਰਤਕ ਪੁਸਤਕ ਪੰਜਾਬੀਆਂ ਦੀ ਝੋਲੀ ਪਾਈ ਹੈ। ਇਸ ਪੁਸਤਕ ਵਿਚ ਉਨ੍ਹਾਂ ਸ਼ਰਬਤ ਦੀਆਂ ਸੁਆਦਲੀਆਂ ਘੁੱਟ ਵਰਗੀਆਂ ਨਿੱਕੀਆਂ-ਨਿੱਕੀਆਂ ਬਾਈ ਵਾਰਤਕ ਰਚਨਾਵਾਂ ਪਾਠਕਾਂ ਦੇ ਨਜ਼ਰ ਕੀਤੀਆਂ ਹਨ। ਇਸ ਪੁਸਤਕ ਦੇ ਮੁੱਢ ਵਿਚ ਉਨ੍ਹਾਂ ਦੇ ਅਧਿਆਪਕ ਰਹੇ ਜੋਧ ਸਿੰਘ ਮੋਗਾ ਲਿਖਦੇ ਹਨ, 'ਇਹ ਪੁਸਤਕ ਉਸ ਦੇ ਅਧਿਆਪਨ ਸਮੇਂ ਦੇ 39 ਸਾਲਾਂ ਦਾ ਪੂਰਾ ਸਫ਼ਰਨਾਮਾ ਹੈ।' ਸੱਚ ਦੀ ਕੁੜੱਤਣ, 'ਤਾਇਆ ਜਮਾਲਾ', 'ਸਕੂਲ ਵਿਚ ਲੰਮੀ ਠਹਿਰ', 'ਸੱਚੇ ਦਿਲੋਂ ਮੰਗੋ... ਰੱਬ ਸੁਣਦਾ', 'ਕੱਟ ਓਏ ਸ਼ਾਮਿਆਂ ਭਾਈਏ ਦੀ ਛੁੱਟੀ', 'ਪਾਲਣਹਾਰਾ ਕੋਈ... ਹੱਕ ਜਿਤਾਏ ਕੋਈ', 'ਸ਼ੇਰ ਮੂੰਹਾਂ ਘਰ' ਵਰਗੇ ਇਹ ਲੇਖ ਪਾਠਕ ਨੂੰ ਅਕਹਿ ਅਨੰਦ ਨਾਲ ਲਬਰੇਜ਼ ਕਰਦੇ ਹਨ। ਸੌਖੀ ਸਰਲ-ਬੋਲੀ ਵਾਲੀਆਂ ਪੁਸਤਕਾਂ ਦੀ ਇਹ ਸਮੁੱਚੀਆਂ ਰਚਨਾਵਾਂ ਪਾਠਕਾਂ ਦੀਆਂ ਯਾਦਾਂ ਵਿਚ ਵਸਣ ਵਾਲੀਆਂ ਹਨ। ਵਧਾਈ ਹੋਵੇ ਸ: ਜਸਵੰਤ ਸਿੰਘ ਮੋਗਾ ਜੀ। ਤੁਹਾਡੀ ਕਲਮ ਹੋਰ ਵੀ ਯਾਦਾਂ ਵਾਲੀਆਂ ਸ਼ਾਨਦਾਰ ਪੁਸਤਕਾਂ ਪੰਜਾਬੀ ਵਾਰਤਕ ਨੂੰ ਦੇਵੇਗੀ। ਆਸ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444.
ਲੋਕ ਬੁਝਾਰਤਾਂ
ਲੇਖਕ : ਅਵਤਾਰ ਸਿੰਘ ਕਰੀਰ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 71
ਸੰਪਰਕ : 94170-05183
ਇਹ 'ਲੋਕ ਬੁਝਾਰਤਾਂ', ਪੁਸਤਕ ਦੇ ਰੂਪ ਵਿਚ ਪ੍ਰਕਾਸ਼ਤ ਕਰਕੇ ਇਸ ਦੇ ਲੇਖਕ ਅਵਤਾਰ ਸਿੰਘ ਕਰੀਰ ਨੇ ਅਜਿਹਾ ਉਪਕਾਰੀ ਉਪਰਾਲਾ ਕੀਤਾ ਹੈ ਕਿ ਅਲੋਪ ਹੋ ਰਹੀਆਂ ਬੁਝਾਰਤਾਂ ਨੂੰ ਸੰਭਾਲ ਲਿਆ ਹੈ। ਬੁਝਾਰਤਾਂ ਨੂੰ ਬੁਝਣ ਵਾਲਾ ਦਿਮਾਗ਼ੀ ਵਿਅਕਤੀ ਮੰਨਿਆ ਜਾਂਦਾ ਹੈ। ਜਿਵੇਂ ਸਕੂਲ ਪੜ੍ਹਦਿਆਂ ਨੌਵੀਂ, ਦਸਵੀਂ ਸ਼੍ਰੇਣੀ ਵਿਚ ਅਲਜਬਰਾ ਦੇ ਸਵਾਲ ਅਸੀਂ ਹੱਲ ਕਰ ਲੈਂਦੇ ਸਾਂ, ਇਹ ਲਿਖ ਕੇ ਨਹੀਂ, ਸੋਚਣ ਸਮਝਣ ਪਿੱਛੋਂ ਇਸ ਬੁਝਾਰਤ ਦਾ ਸਹੀ ਉੱਤਰ ਲੱਭ ਕੇ ਦੱਸਿਆ ਜਾਂਦਾ ਹੈ। ਲੋਕ ਬੁਝਾਰਤਾਂ ਪੁਸਤਕ ਵਿਚ ਅਜਿਹੇ 30 ਪਾਠ ਹਨ। ਹਰ ਪਾਠ ਵਿਚ 5 ਤੋਂ ਛੇ ਬੁਝਾਰਤਾਂ ਅਤੇ ਉਨ੍ਹਾਂ ਦੇ ਸਹੀ ਉੱਤਰ ਹਰ ਪੰਨੇ ਉੱਪਰ, ਉਲਟੇ ਰੂਪ ਵਿਚ ਦਰਜ ਹਨ। ਐਨੀਆਂ ਬੁਝਾਰਤਾਂ ਦਾ ਲਿਖਤੀ ਰੂਪ ਵਿਚ ਪੁਸਤਕ ਦੇ ਰੂਪ ਵਿਚ ਇਕੱਠਾ ਕਰਕੇ ਸਾਂਭਣ ਦਾ ਇਹ ਕਾਰਜ ਸਾਡੇ ਉਸ ਪੰਜਾਬੀ ਵਿਰਾਸਤੀ ਅਮੁੱਲੇ ਕੀਮਤੀ ਖਜ਼ਾਨੇ ਨੂੰ ਸਾਂਭਣ ਦਾ ਕਾਰਜ ਹੈ। ਸ਼ਬਦ ਤੋਂ ਮਹੱਤਵਪੂਰਨ ਪ੍ਰਾਪਤੀ, ਇਨ੍ਹਾਂ ਬੁਝਾਰਤਾਂ ਦੀ ਉਹ ਸ਼ਬਦਾਵਲੀ ਸੰਭਾਲੀ ਗਈ, ਜਿਹੜੀ ਸ਼ਬਦਾਂ ਦੇ ਰੂਪ ਵਿਚ ਇਨ੍ਹਾਂ ਬੁਝਾਰਤਾਂ ਵਿਚ ਸੰਭਾਲ ਪਈ ਹੈ। ਅੱਜ ਅਸੀਂ ਲੋਕ ਬੁਝਾਰਤਾਂ ਨੂੰ ਭੁੱਲ-ਭੁਲਾ ਰਹੇ ਹਾਂ। ਅੱਜ ਦੇ ਤੇਜ਼ ਤਰਾਰ ਸਮੇਂ ਵਿਚ ਭਾਵੇਂ ਇਹ ਬੁਝਾਰਤਾਂ ਪਾਉਣ ਦਾ ਰਿਵਾਜ ਨਹੀਂ, ਇਸ ਪੁਸਤਕ ਦੇ ਪ੍ਰਕਾਸ਼ਨ ਨਾਲ ਇਨ੍ਹਾਂ ਬੁਝਾਰਤਾਂ ਦੀ ਢੁਕਵੀਂ ਸੰਭਾਲ ਜ਼ਰੂਰ ਹੋ ਗਈ ਹੈ। ਲੇਖਕ ਵਧਾਈ ਦਾ ਹੱਕਦਾਰ ਹੈ। ਲੇਖਕ ਵਲੋਂ ਇਸ ਪੁਸਤਕ ਵਿਚ ਬੁਝਾਰਤਾਂ ਵਿਚ ਵਰਤੀ ਸ਼ਬਦਾਵਲੀ, ਅੱਜ ਭੁਲਾਈ ਜਾ ਰਹੀ ਹੈ। ਇਸ ਵਿਚ ਇਨ੍ਹਾਂ ਸ਼ਬਦਾਂ ਨੂੰ ਸੰਭਾਲਣ ਦਾ ਸਫਲ ਯਤਨ ਹੈ। ਜਿਵੇਂ ਟੱਲੀ ਲੱਧੇ, ਵੈਦ, ਅੱਡ, ਢੇਰ, ਰੋੜ, ਟੰਬਾ, ਵਰਨ, ਪੋਰ, ਰੱਤੀ, ਢੇਲੇ, ਨੂੜ ਆਦਿ ਸਾਡੀ ਬੋਲੀ 'ਚੋਂ ਅਲੋਪ ਹੋ ਰਹੇ ਹਨ। ਇਸ ਉਪਯੋਗੀ ਵਿਰਾਸਤੀ ਅਮੁੱਲੀ ਧਰੋਹਰ ਨੂੰ ਸੰਭਾਲਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।
-ਡਾ. ਅਮਰ ਕੋਮਲ
ਮੋਬਾਈਲ : 88376-84173
ਦੀਵਿਆਂ ਦੀ ਡਾਰ
ਲੇਖਕ : ਗੁਰਬਖ਼ਸ਼ ਸਿੰਘ ਭੰਡਾਲ
ਪ੍ਰਕਾਸ਼ਕ : ਗ੍ਰੇਸੀਅਸ ਬੁੱਕਸ, ਪਟਿਆਲਾ
ਮੁੱਲ : 350 ਰੁਪਏ, ਸਫ਼ੇ : 206
ਸੰਪਰਕ : 98764-33008
ਅਜੋਕੇ ਸਮੇਂ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਿਹਾ 'ਭੰਡਾਲ', ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕਾਰ (ਵਿਦੇਸ਼ੀ) ਵਜੋਂ ਸਨਮਾਨਿਤ ਹੈ। ਲੇਖਕ ਨੇ ਆਪਣੇ ਅਸਤਿਤਵ ਦਾ ਵਿਕਾਸ ਕੀਤਾ ਹੈ। ਕਿਸੇ ਸਮੇਂ ਉਹ ਭੰਡਾਲ ਬੇਟ ਦੇ ਮੰਡ ਵਿਚ ਪਸ਼ੂ ਚਾਰਿਆ ਕਰਦਾ ਸੀ। ਉਹ ਇਕ ਗ਼ਰੀਬ ਕਿਸਾਨ ਦਾ ਪੁੱਤਰ ਸੀ। ਉਸ ਦਾ ਵਿਚਾਰ ਹੈ ਕਿ ਅਸਤਿਤਵ ਦਾ ਵਿਕਾਸ ਇੰਜ ਹੋਇਆ ਕਰਦਾ ਹੈ :
ਜੱਗ ਨਾਲੋਂ ਵੀ ਪਹਿਲਾਂ, ਜਿਨ੍ਹਾਂ ਖ਼ੁਦ ਜਗਾਇਆ
ਉਨ੍ਹਾਂ ਖ਼ੁਦ 'ਚੋਂ ਖ਼ੁਦ ਦਾ, ਖ਼ੁਦ ਦੀਦਾਰ ਪਾਇਆ।
ਪੰ. 21
'ਦੀਵਿਆਂ ਦੀ ਡਾਰ' ਪੁਸਤਕ ਉਸ ਦੇ ਮੌਲਿਕ ਨਿਬੰਧਾਂ ਦੀ ਸਿਰਜਣਾ ਹੈ। ਇਸ ਕਿਤਾਬ ਵਿਚ ਉਸ ਨੇ 28 ਨਿਬੰਧ ਸੰਕਲਿਤ ਕੀਤੇ ਹਨ। ਇਹ ਸਾਰੇ ਨਿਬੰਧ ਭਾਵਵਾਚਕ (ਸੂਖ਼ਮ) ਵਿਸ਼ਿਆਂ ਉੱਪਰ ਸਿਰਜੇ ਗਏ ਪਰ ਇਨ੍ਹਾਂ ਦੀ ਪ੍ਰਸਤੁਤੀ ਸਥੂਲ ਰੂਪ ਵਿਚ ਮਾਨਵੀਕਰਨ ਦੀ ਵਿਧੀ ਰਾਹੀਂ ਪੇਸ਼ ਕੀਤੀ ਪ੍ਰਤੀਤ ਹੁੰਦੀ ਹੈ। ਹਰ ਸੂਖ਼ਮ ਸੰਕਲਪ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਹਰ ਸੰਕਲਪ 'ਤੇ ਫੋਕਸੀਕਰਨ ਕਰ ਕੇ ਉਸ ਵਿਚੋਂ ਵਿਭਿੰਨ ਪ੍ਰਕਾਰ ਦੇ ਵਿਚਾਰਾਂ ਦੀਆਂ ਕਿਰਨਾਂ ਫੈਲਦੀਆਂ ਹਨ। ਇਕੱਲੇ ਇਕੱਲੇ ਸੰਕਲਪ 'ਤੇ ਕੇਂਦਰਿਤ ਹੋ ਕੇ ਲੇਖਕ ਆਪਣੇ ਭਾਵਾਂ ਦੁਆਲੇ ਪਰਿਕਰਮਾ ਕਰਦਾ ਹੈ। ਵਾਕਾਂ, ਉਪਵਾਕਾਂ, ਵਾਕ ਅੰਸ਼ਾਂ ਵਿਚ ਸਿਰਜੇ ਨਿਬੰਧ ਕਾਵਿਕ ਸ਼ੈਲੀ ਦੀ ਅਜਿਹੀ ਮਿਸਾਲ ਪੇਸ਼ ਕਰਦੇ ਹਨ, ਜੋ ਆਪਣੇ ਆਪ ਵਿਚ ਵਿਲੱਖਣ ਹੈ। ਕਮਾਲ ਦੀ ਗੱਲ ਇਹ ਹੈ ਕਿ ਹਰ ਪੈਰਾ ਉਸੇ ਸੰਕਲਪ ਨਾਲ ਆਰੰਭ ਹੁੰਦਾ ਹੈ। ਇੰਝ ਬਾਰੰਬਾਰਤਾ (ਫਰੀਕੁਐਂਸੀ) ਦੀ ਅਨੂਠੀ ਉਦਾਹਰਨ ਹਨ ਇਹ ਨਿਬੰਧ। ਇਕੋ ਵਾਕ ਅਨੇਕਾਂ ਅਲੰਕ੍ਰਿਤ ਸ਼ਬਦਾਂ ਦਾ ਸਮੂਹ ਪੇਸ਼ ਕਰ ਜਾਂਦਾ ਹੈ। ਕੋਈ ਵੀ ਵਿਦਵਾਨ ਸਮਾਨਅੰਤਰ ਸ਼ਬਦਾਂ ਦਾ ਕੋਸ਼ ਤਿਆਰ ਕਰਨ ਵਿਚ ਇਨ੍ਹਾਂ ਨਿਬੰਧਾਂ ਦੀ ਸਹਾਇਤਾ ਲੈ ਸਕਦਾ ਹੈ। ਅਖ਼ੀਰਲੇ ਕੁਝ ਨਿਬੰਧਾਂ ਵਿਚ ਵਿਚਾਰਾਂ ਦੀ ਤ੍ਰਿਵੈਣੀ ਪੇਸ਼ ਕੀਤੀ ਗਈ ਹੈ। ਮਸਲਨ : ਇਤਬਾਰ, ਇੱਜ਼ਤ ਤੇ ਇਖ਼ਲਾਕ, ਦਿਲ, ਦਿਮਾਗ਼ ਤੇ ਦੇਹ, ਨਜ਼ਰ, ਨਜ਼ਰੀਆ, ਨਸੀਬ ਆਦਿ। ਜਿਥੇ ਪਹਿਲਾ ਨਿਬੰਧ 'ਸੁਪਨਿਆਂ ਨੂੰ ਫੜਦਿਆਂ...' ਇਸ ਸੰਗ੍ਰਹਿ ਦਾ ਮੁੱਖ ਬੰਦ ਪ੍ਰਤੀਤ ਹੁੰਦਾ ਹੈ ਅਤੇ ਆਖ਼ਰੀ ਨਿਬੰਧ 'ਮਨੁੱਖੀ ਕਿਰਿਆਵਾਂ ਦੇ ਕ੍ਰਿਸ਼ਮੇ' ਇਸ ਦੀ ਅੰਤਿਕਾ (ਐਪਿਲੌਗ) ਹੋ ਨਿੱਬੜਿਆ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਜੀਵਨ ਦੀਆਂ ਘਟਨਾਵਾਂ, ਇਤਿਹਾਸਕ ਅਤੇ ਮਿਥਿਹਾਸਕ ਹਵਾਲਿਆਂ ਤੋਂ ਬਿਨਾਂ ਆਪਣੀਆਂ ਲੰਬੀਆਂ ਕਵਿਤਾਵਾਂ ਦੇ ਨਾਲ-ਨਾਲ ਗੁਰਬਾਣੀ ਵਿਚੋਂ ਉਦਾਹਰਨਾਂ ਦੇ ਕੇ ਆਪਣੇ ਵਿਚਾਰਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ। ਇਹ ਨਿਬੰਧ ਸੰਗ੍ਰਹਿ ਪਾਠਕਾਂ ਨੂੰ ਆਪਣੇ ਸੁਪਨਿਆਂ 'ਤੇ ਪਹਿਰਾ ਦੇਣ ਦੀ ਸਿੱਖਿਆ ਕਾਰਨ ਇਕ ਉਪਦੇਸ਼ਾਤਮਿਕ ਦਸਤਾਵੇਜ਼ ਹੈ। ਲੇਖਕ ਸਿੱਖਿਆ ਦਿੰਦਾ ਹੋਇਆ ਕਹਿੰਦਾ ਹੈ : 'ਇਹ ਦੀਵੇ ਮਨੁੱਖੀ ਕਿਰਿਆਵਾਂ ਦੇ ਹਨ, ਜਿਨ੍ਹਾਂ ਨੇ ਮਨੁੱਖੀ ਸ਼ਖ਼ਸੀਅਤ ਨੂੰ ਤਾਮੀਰ ਕਰਨਾ ਹੈ। ਇਹ ਦੀਵੇ ਆਪਣੇ ...ਮਸਤਕ-ਬਨੇਰੇ 'ਤੇ ਟਿਕਾਓ ਤਾਂ ਕਿ ਜੀਵਨ-ਰਾਹਾਂ ਰੁਸ਼ਨਾਅ ਜਾਣ। ਵਾਰਤਕ-ਸ਼ੈਲੀ ਸਹਾਇਕ ਕਿਰਿਆਵਾਂ ਦਾ ਪ੍ਰਯੋਗ ਨਾ-ਮਾਤਰ ਹੈ।
-ਡਾ. ਧਰਮ ਚੰਦ ਵਾਤਿਸ਼
ਸੰਪਰਕ : vatishdharamchand@gmail.com
ਅਰਸ਼ ਸਿਆਹ ਕਾਲਾ
ਲੇਖਕ : ਪ੍ਰਬਲਦੀਪ ਸਿੰਘ - ਵਨਿੰਦਰਪ੍ਰੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 98729-22792
'ਅਰਸ਼ ਸਿਆਹ ਕਾਲਾ' ਪ੍ਰਬਲਦੀਪ ਸਿੰਘ ਅਤੇ ਨਿੰਦਰਪ੍ਰੀਤ ਸਿੰਘ (ਦੋਵੇਂ ਰਿਸ਼ਤੇਦਾਰ) ਦਾ ਸਾਂਝਾ ਪ੍ਰਕਾਸ਼ਿਤ ਕੀਤਾ ਕਾਵਿ-ਸੰਗ੍ਰਹਿ ਹੈ। ਪਹਿਲਾ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਤੇ ਦੂਸਰਾ ਪ੍ਰਵਾਸ ਕਰਕੇ ਕੈਨੇਡਾ ਪਹੁੰਚਿਆ ਕਵੀ ਹੈ। ਪ੍ਰਬਲਦੀਪ ਸਿੰਘ ਜਵਾਨੀ 'ਚ ਹੀ ਇਸ਼ਕੀਆ ਸੰਵੇਦਨਾ ਦਾ ਸ਼ਿਕਾਰ ਹੋ ਗਿਆ ਹੈ। ਉਸ ਦੀ ਪ੍ਰੇਮਿਕਾ ਉਸ ਨੂੰ ਦਰਦ ਅਤੇ ਪੀੜ ਦੇ ਗਈ ਹੈ। ਇਸੇ ਲਈ ਉਹ ਉਸ ਦੀ ਯਾਦ ਵਿਚ ਹੰਝੂ ਵਹਾਉਂਦਾ ਹੈ, ਤੜਫਦਾ ਹੈ, ਪੀੜ ਮਹਿਸੂਸ ਕਰਦਾ ਹੈ ਤੇ ਇਹੋ ਵੇਦਨਾ ਵਾਰ-ਵਾਰ ਉਸ ਦੇ ਸ਼ਬਦਾਂ ਵਿਚ ਪੇਸ਼ ਹੁੰਦੀ ਹੈ। ਕਵਿਤਾ ਉਸ ਦਾ ਸਹਾਰਾ ਹੈ। ਕਵਿਤਾ 'ਲਫ਼ਜ਼ਾਂ' ਦੀ ਦਰਗਾਹ 'ਤੇ ਉਸ ਦੀ ਇਸ ਮਨਸ਼ਾ ਦਾ ਇਜ਼ਹਾਰ ਕਰਦੀ ਹੈ। ਪਰ ਇਸ ਦੁੱਖ ਤੋਂ ਨਿਜ਼ਾਤ ਹਾਸਿਲ ਕਰਨ ਲਈ ਉਹ ਨਿੱਜ ਤੋਂ ਪਰ ਤੱਕ ਦਾ ਫਾਸਲਾ ਵੀ ਤਹਿ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਲੋਕਾਂ ਦੇ ਦੁੱਖਾਂ ਵਿਚ ਸ਼ਰੀਕ ਹੋਵੇ, ਸਮਾਜ ਦੇ ਭ੍ਰਿਸ਼ਟਾਚਾਰ ਨੂੰ ਜੱਗ ਜ਼ਾਹਿਰ ਕਰੇ, ਆਪਣੀ ਮਾਂ-ਬੋਲੀ ਨੂੰ ਪਿਆਰ ਕਰੇ, ਪੰਜਾਬੀਆਂ ਦੇ ਸੰਤਾਪ ਨੂੰ ਸਮਝ ਕੇ ਉਸ ਵਿਚ ਭਾਈਵਾਲ ਹੋਵੇ। ਉਸ ਦੀ ਇਹ ਚਾਹਤ 'ਘਾਟ ਮੇਰੀ ਕਲਮ ਦੀ', 'ਇਹ ਦ੍ਰਿਸ਼ ਕਿਉਂ ਲੱਭਦੇ ਨੇ', 'ਹਾਲ ਪੰਜਾਬ ਦਾ' ਨਜ਼ਮਾਂ ਰਾਹੀਂ ਪ੍ਰਗਟ ਹੁੰਦੀ ਹੈ। ਉਸ 'ਤੇ ਅਤੇ ਉਸ ਦੀ ਕਵਿਤਾ 'ਤੇ ਰੋਮਾਂਸਵਾਦੀ ਉਰਦੂ ਕਵਿਤਾ ਦਾ ਪ੍ਰਭਾਵ ਸਾਫ਼ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸੇ ਲਈ ਉਸ ਦੀ ਕਵਿਤਾ ਵਿਚ ਉਰਦੂ ਸ਼ਬਦਾਵਲੀ ਦੀ ਭਰਮਾਰ ਹੈ। ਵਨਿੰਦਰਪ੍ਰੀਤ ਸਿੰਘ ਨੇ ਕਵਿਤਾ ਇਸ਼ਕੀਆ ਟ੍ਰੇਜਡੀ ਤੋਂ ਹੀ ਭਾਵੇਂ ਸ਼ੁਰੂ ਕੀਤੀ ਹੈ ਪਰ ਕੈਨੇਡਾ ਪ੍ਰਵਾਸ ਨੇ ਉਸ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ ਹੈ। ਉਸ ਦੀ ਪ੍ਰੇਮ-ਪੀੜ ਕੈਨੇਡਾ ਜਾ ਕੇ ਹੇਰਵੇ 'ਚ ਬਦਲ ਗਈ ਹੈ। ਉਹ ਵਾਰ-ਵਾਰ ਆਪਣੀ ਮਾਂ, ਪਿੰਡ ਅਤੇ ਪੰਜਾਬ ਦੀ ਯਾਦ ਵਿਚ ਕਵਿਤਾਵਾਂ ਲਿਖਦਾ ਹੈ। ਥੋੜ੍ਹਾ ਬਹੁਤ ਇਸ਼ਕ ਦੀ ਪੀੜ ਤੋਂ ਉੱਭਰ ਗਿਆ ਪ੍ਰਤੀਤ ਹੁੰਦਾ ਹੈ। ਦੋਵਾਂ ਕਵੀਆਂ ਦੇ ਆਪਣੇ ਨਿੱਜੀ ਅਨੁਭਵ ਪੀੜ ਹੀ ਉਨ੍ਹਾਂ ਦੀ ਕਵਿਤਾ ਵਿਚ ਪੇਸ਼ ਹੋਈ ਹੈ। ਪੰਜਾਬੀ ਕਵਿਤਾ ਨੇ ਲੰਮਾ ਸਫ਼ਰ ਤਹਿ ਕਰ ਲਿਆ ਹੈ। ਉਸ ਦੇ ਹਾਣ ਦੀ ਕਵਿਤਾ ਲਿਖਣ ਲਈ ਇਨ੍ਹਾਂ ਕਵੀਆਂ ਨੂੰ ਹਾਲੇ ਹੋਰ ਬਹੁਤ ਅਭਿਆਸ ਦੀ ਲੋੜ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਕਿੱਸਿਆਂ ਦੇ ਕੈਦੀ
ਲੇਖਕ : ਡਾ. ਸੁਖਪਾਲ ਸੰਘੇੜਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 01679-233244
ਇਸ ਕਿਤਾਬ ਵਿਚ ਸ਼ਾਇਰ ਦੀਆਂ 1983 ਤੋਂ 1997 ਦਰਮਿਆਨ ਉਸ ਸਮੇਂ ਲਿਖੀਆਂ ਗਈਆਂ ਜਦੋਂ ਉਹ ਕੈਨੇਡਾ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਭੌਤਿਕ ਵਿਗਿਆਨ ਦੇ ਰਿਸਰਚ ਸਕਾਲਰ ਦੇ ਤੌਰ 'ਤੇ ਵਿੱਦਿਆ ਪ੍ਰਾਪਤ ਕਰ ਰਹੇ ਸਨ। ਇਸ ਕਿਤਾਬ ਦਾ ਪਾਠਕਾਂ ਵਲੋਂ ਮਿਲਿਆ ਨਿੱਗਰ ਹੁੰਗਾਰਾ ਹੀ ਹੈ ਕਿ 'ਕਿੱਸਿਆਂ ਦੇ ਕੈਦੀ' ਦਾ ਦੂਜਾ ਸੰਸਕਰਣ ਅਸਾਡੇ ਹੱਥਾਂ ਵਿਚ ਹੈ। ਕੈਨੇਡਾ ਅਤੇ ਅਮਰੀਕਾ ਜਾਣ ਤੋਂ ਪਹਿਲਾਂ ਉਹ ਖੱਬੇ ਪੱਖੀ ਧਿਰਾਂ ਦੇ ਅੰਗ ਸੰਗ ਰਹਿਣ ਕਰਕੇ ਗੁਰਸ਼ਰਨ ਭਾਅ ਜੀ ਦੀ ਸੰਗਤ ਮਾਨਣ ਕਰਕੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਜਨਰਲ ਸਕੱਤਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਨਕਸਲੀ ਲਹਿਰ ਤੋਂ ਪਹਿਲਾਂ ਦੀ ਸ਼ਾਇਰੀ ਮਹਿਬੂਬ ਦੀਆਂ ਨਰਮਾਂਹ ਦੀਆਂ ਫ਼ਲੀਆਂ ਵਰਗੀਆਂ ਉਂਗਲਾਂ ਅਤੇ ਜ਼ੁਲਫ਼ਾਂ ਦੀ ਕੈਦ ਵਿਚ ਹੀ ਰਹੀ ਅਤੇ ਫਿਰ ਇਕ ਦਮ ਮੋੜ ਕੱਟ ਕੇ ਮਨੁੱਖੀ ਧਿਰਾਂ ਨਾਲ ਖਹਿਣ ਵਾਲੀ ਸ਼ਾਇਰੀ ਪੁੰਗਰਨ ਲੱਗੀ। ਇਸ ਸਮੇਂ ਪਾਸ਼, ਦਰਸ਼ਨ ਖਟਕੜ, ਲਾਲ ਸਿੰਘ ਦਿਲ ਤੇ ਸੰਤ ਰਾਮ ਉਦਾਸੀ ਵਰਗੇ ਸ਼ਾਇਰਾਂ ਦੀ ਸ਼ਾਇਰੀ ਦੀ ਲੋਕ ਘੋਲਾਂ ਵਿਚ ਪੂਰੀ ਚੜ੍ਹਤ ਸੀ। ਡਾ. ਸੁਖਪਾਲ ਸੰਘੇੜਾ ਦੀ ਸ਼ਾਇਰੀ ਜੇ ਅਗਾਂਹ ਨਹੀਂ ਗਈ ਤਾਂ ਪਿਛਾਂਹ ਵੀ ਨਹੀਂ ਮੁੜੀ। ਉਸ ਦੇ ਕਾਵਿਕ ਪ੍ਰਵਚਨ ਨੂੰ ਜਦੋਂ ਸਕੈਨਿੰਗ ਕਰਕੇ ਖੁਰਦਬੀਨੀ ਅੱਖ ਨਾਲ ਦੇਖਦੇ ਹਾਂ ਤਾਂ ਉਹ ਕਿੱਸਿਆਂ ਦੀ ਕੈਦ ਅ੍ਰਥਾਤ ਭੂਤਕਾਲ ਵਿਚੋਂ ਨਿਕਲਦੇ ਵਰਤਮਾਨ ਨਾਲ ਦਸਤਪੰਜਾ ਲੈਣ ਲਈ ਹੁੱਝ ਮਾਰਦਾ ਹੈ, ਆਪਣੇ ਪੁਰਖਿਆਂ ਦੀ ਕਸੀਸ ਦੀ ਟੀਸ ਦਾ ਦਰਦ ਮਹਿਸੂਸਦਿਆਂ ਉਹ ਮਿਥਿਹਾਸ ਤੇ ਇਤਿਹਾਸ ਦਾ ਮੰਥਨ ਕਰਕੇ ਸਮਕਾਲੀ ਪ੍ਰਸਥਿਤੀਆਂ ਤੇ ਢਾਲਦਿਆਂ ਮਿਥ ਦਾ ਪੁਨਰ ਸਿਰਜਣ ਕਰਦਾ ਹੈ। ਸ਼ਾਇਰ ਭੌਤਿਕ ਵਿਗਿਆਨੀ ਹੋਣ ਕਰਕੇ ਤਰਕ ਦਾ ਪੱਲਾ ਨਹੀਂ ਛੱਡਦਾ। ਪਰਵਾਸ ਹੰਢਾਅ ਰਹੇ ਬੰਦੇ ਦੀ ਮਾਨਸਿਕਤਾ ਵਿਚ ਪਏ ਭੂ-ਹੇਰਵੇ ਤੇ ਡਾਲਰਾਂ, ਪੌਂਡਾਂ, ਦੀ ਅੱਖਾਂ ਚੁੰਧਿਆਉਂਦੀ ਚਮਕ ਦਮਕ ਵਿਚਕਾਰ ਤ੍ਰਿਸ਼ੰਕੂ ਵਾਂਗ ਲਟਕ ਰਹੇ ਬੰਦੇ ਦੀ ਹੋਣੀ ਨੂੰ ਬੜੀ ਹੀ ਤਾਰਕਿਕਤਾ ਨਾਲ ਫੜਨ ਦਾ ਯਤਨ ਕਰਦਾ ਹੈ। ਉਸ ਦੀ ਸ਼ਾਇਰੀ ਅੱਧੇ ਅਧੂਰੇ ਤੇ ਊਣੇ ਮਨੁੱਖ ਨੂੰ 'ਸਾਲਮ ਸਬੂਤਾ' ਮਨੁੱਖ ਦੇਖਣ ਦੀ ਤਲਬਸਾਰ ਹੈ। ਅਸੀਂ ਕਿੱਸੇ (ਭੂਤਕਾਲ) ਦੇ ਕਿੰਨੇ ਕੈਦੀ ਹਾਂ ਉਸ ਦਾ ਵਰਨਣ ਇਹ ਸਤਰਾਂ ਕਰਦੀਆਂ ਹਨ।
''ਅਸੀਂ ਇਕ ਹੱਥ ਦੀ ਉਂਗਲ ਕੰਨ ਤੇ ਧਰ ਕੇ
ਦੂਜਾ ਹੱਥ ਅਸਮਾਨ ਵਲ ਕਰਕੇ
ਜੋ ਸੱਥ ਵਿਚ ਹੀਰ ਗਾਉਂਦੇ ਹਾਂ
ਘਰ ਵਿਚ ਧੀ ਦੇ ਨੱਕ ਨਕੇਲ ਪਾਉਂਦੇ ਹਾਂ
ਕੋਈ ਜੁਰਮ ਨਹੀਂ ਕਰਦੇ
ਕਿੱਸਿਆਂ ਦੇ ਕੈਦੀ ਹਾਂ
ਕੈਦ ਦਾ ਕਾਇਦਾ ਨਿਭਾਉਂਦੇ ਹਾਂ''
-ਭਗਵਾਨ ਢਿੱਲੋਂ
ਮੋਬਾਈਲ : 98143-78254
ਮੌਲਾਨਾ ਰੂਮੀ
ਤਰਜੁਮਾ : ਇਮਰੋਜ਼ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 181
ਸੰਪਰਕ : 98786-16833
ਮੌਲਾਨਾ ਜਲਾਲੁੱਦੀਨ ਰੂਮੀ (1207-1272 ਈ:) ਫ਼ਾਰਸੀ ਜ਼ੁਬਾਨ ਦੇ ਬੜੇ ਮੋਹਤਬਰ ਅਤੇ ਸਤਿਕਾਰਿਤ ਸ਼ਾਇਰ ਸਨ। ਉਨ੍ਹਾਂ ਦਾ ਜਨਮ ਬਲਖ਼ (ਅਫ਼ਗਾਨਿਸਤਾਨ) ਵਿਚ ਹੋਇਆ। ਉਨ੍ਹਾਂ ਦੇ ਅੱਬਾਹਜ਼ੂਰ ਉਸ ਵਕਤ ਦੇ ਬਹੁਤ ਵੱਡੇ ਦਾਰਸ਼ਨਿਕ ਸਨ। ਅਫ਼ਗਾਨਿਸਤਾਨ ਦੇ ਹਾਕਮ ਮੁਹੰਮਦ ਖਾਰਿਜ਼ਮਸ਼ਾਹ ਨਾਲ ਇਖ਼ਿਤਿਲਾਫ਼ਾਤ ਹੋਣ ਪਾਰੋਂ, ਰੂਮੀ ਦੇ ਅੱਬਾ ਬਹਾਉੱਦੀਨ ਵਲਦ ਤੁਰਕੀ ਚਲੇ ਗਏ ਸਨ। ਉਥੇ ਰੂਮੀ ਦੀ ਮੁਲਾਕਾਤ ਇਕ ਹੋਰ ਮਹਾਨ ਸੂਫ਼ੀ ਦਰਵੇਸ਼ ਹਜ਼ਰਤ ਅੱਤਾਰ ਨਾਲ ਹੋਈ। ਇਥੇ ਹੀ ਰੂਮੀ ਦੀ ਮੁਲਾਕਾਤ ਇਬਨੇ ਅਰਬੀ ਨਾਲ ਵੀ ਹੋਈ ਸੀ। 37 ਸਾਲ ਦੀ ਉਮਰ ਵਿਚ ਰੂਮੀ ਸਾਹਿਬ ਸ਼ਮਸੁਦੀਨ ਤਬਰੇਜ਼ ਨੂੰ ਮਿਲੇ, ਜਿਸ ਨੇ ਰੂਮੀ ਦੀ ਸ਼ਖ਼ਸੀਅਤ ਦਾ ਰੂਪਾਂਤਰਣ ਕਰ ਦਿੱਤਾ। ਰੂਮੀ ਸੂਫ਼ੀ ਤਸੱਵੁਫ਼ ਅਤੇ ਗੀਤ-ਸੰਗੀਤ ਵਿਚ ਪੂਰੀ ਤਰ੍ਹਾਂ ਨਾਲ ਭਿੱਜ ਗਿਆ। ਉਧਰ ਸ਼ਮਸ ਤਬਰੇਜ਼ ਕਿਸੇ ਹੋਰ ਸ਼ਹਿਰ ਚਲਾ ਗਿਆ। ਆਪਣੇ ਮਹਿਬੂਬ ਮੁਰਸ਼ਿਦ ਦੇ ਫ਼ਿਰਾਕ ਵਿਚ ਰੂਮੀ ਨੇ 4000 ਗ਼ਜ਼ਲਾਂ ਦੀ ਰਚਨਾ ਕੀਤੀ।
ਮੌਲਾਨਾ ਰੂਮੀ ਦੀਆਂ ਕੁਝ ਪ੍ਰਮੁੱਖ ਕਿਰਤਾਂ ਇਹ ਹਨ : 1. ਦੀਵਾਨ-ਏ-ਕਬੀਰ, 2. ਮਸਨਵੀ-ਏ-ਮਾਅਨਵੀ, 3. ਫ਼ੀਹਿ ਮਾ ਫ਼ੀਹਿ, 4. ਮਕਤੂਬਾਤ ਅਤੇ 5. ਮਜਾਲਿਸ ਸਬਾਅ। ਰੂਮੀ ਦੀ ਸ਼ਾਇਰੀ 'ਬਕਾ' ਦੀ ਅਵਸਥਾ ਵਿਚ ਪਹੁੰਚ ਜਾਂਦੀ ਹੈ। ਇਕ-ਦੋ ਉਦਾਹਰਨਾਂ ਦੇਖੋ :
ਐ! ਦਿਲ ਤੂੰ ਮੈਖ਼ਾਨੇ ਵੱਲ ਨਾ ਜਾ ਕਿਉਂਕਿ ਉਥੇ ਐਨੇ ਪਾਕੀਜ਼ਾਦਿਲ ਲੋਕ ਹੋਣਗੇ ਕਿ ਤੂੰ ਕਿਤੇ ਹੀਣ-ਭਾਵਨਾ ਨਾਲ ਮਰ ਨਾ ਜਾਵੇਂ।
(ਪੰਨਾ 159)
ਮੈਂ ਉਸ ਨੂੰ ਕਿਹਾ ਕਿ
ਰੋਜ਼ਿਆਂ ਦਾ ਮਹੀਨਾ ਹੈ
ਹਾਲੇ ਤਾਂ ਦਿਨ ਵੀ ਨਹੀਂ ਢਲਿਆ!
ਉਸ ਨੇ ਕਿਹਾ : ਡਰੋ ਨਾ, ਰੂਹ ਦੀ ਸ਼ਰਾਬ
ਪੀਣ ਨਾਲ ਕਦੇ ਰੋਜ਼ੇ ਨਹੀਂ ਟੁੱਟਦੇ! (ਪੰਨਾ 175)
ਰੂਮੀ, ਪੰਜਾਬੀ ਸੂਫ਼ੀ ਕਵੀ ਸ਼ੇਖ਼ ਫ਼ਰੀਦ ਦਾ ਛੋਟਾ ਸਮਕਾਲੀ ਸੀ। ਫ਼ਰੀਦ ਜੀ ਆਪਣੇ ਮੁਰਸ਼ਿਦ ਨੂੰ ਬੇਪਨਾਹ ਮੁਹੱਬਤ ਤਾਂ ਕਰਦੇ ਸਨ ਪਰ ਸ਼ਰਾਬ ਵਗੈਰਾ ਦਾ ਜ਼ਿਕਰ ਨਹੀਂ ਕਰਦੇ। ਭਾਰਤੀ ਸੂਫ਼ੀਵਾਦ ਵਿਚ ਇਹ ਰੰਗ ਅੱਗੋਂ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਵਿਚ ਆਇਆ। ਲੇਖਕ ਇਮਰੋਜ਼ ਨੂੰ ਫ਼ਾਰਸੀ ਕਵਿਤਾ ਉੱਪਰ ਚੰਗੀ-ਖ਼ਾਸੀ ਪਕੜ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
c c c
ਮੇਰੀਆਂ ਲੜੀਆਂ ਤਿੰਨ ਜੰਗਾਂ 1962, 1965
ਅਤੇ 1971
ਲੇਖਕ : ਕੈਪਟਨ ਦਰਬਾਰਾ ਸਿੰਘ
ਪ੍ਰਕਾਸ਼ਕ: ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਕੀਮਤ : 300 ਰੁਪਏ, ਸਫ਼ੇ 232
ਸੰਪਰਕ : 98152-53159
ਕੈਪਟਨ ਦਰਬਾਰਾ ਸਿੰਘ ਦੀ ਕਿਤਾਬ 'ਮੇਰੀਆਂ ਲੜੀਆਂ ਤਿੰਨ ਜੰਗਾਂ 1962, 1965 ਅਤੇ 1971' ਇਕ ਸਿਪਾਹੀ ਤੇ ਨਜ਼ਰੀਏ ਤੋਂ ਭਾਰਤੀ ਫ਼ੌਜ ਦੁਆਰਾ 1962 ਦੀ ਚੀਨ ਨਾਲ ਲੜਾਈ 1965 ਤੋਂ 1971 ਪਾਕਿਸਤਾਨ ਨਾਲ ਲੜਾਈਆਂ 'ਤੇ ਅਧਾਰਤ ਹੈ। ਸਿੱਖ ਰੈਜੀਮੈਂਟ ਦੇ ਸਾਬਕਾ ਕਰਨਲ ਅਤੇ ਲੈਫਟੀਨੈਂਟ ਜਨਰਲ ਆਰ.ਐਸ. ਸੁਜਲਾਨਾ, ਬ੍ਰਿਗੇਡੀਅਰ ਕੰਵਲਜੀਤ ਸਿੰਘ, ਕਰਨਲ ਠਾਕੁਰ ਕੇਸਰੀ ਸਿੰਘ ਚੌਹਾਨ ਸੇਵਾ ਮੁਕਤ ਫ਼ੌਜੀ ਅਫ਼ਸਰਾਂ ਅਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਦੁਆਰਾ ਕਿਤਾਬ ਅਤੇ ਲੇਖਕ ਬਾਰੇ ਆਪਣੇ ਅਨੁਭਵ ਵੀ ਤੱਥਾਂ ਅਨੁਸਾਰ ਵਰਣਨ ਕੀਤੇ ਹਨ। ਕਿਤਾਬ ਨੂੰ ਮੂਲ ਰੂਪ ਵਿਚ ਤਿੰਨ ਲੜਾਈਆਂ ਤੇ ਅਧਾਰਤ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਭਾਰਤ-ਚੀਨ ਦੀ ਲੜਾਈ 'ਤੇ ਅਧਾਰਤ ਹੈ। ਲੇਖਕ ਦਾ ਜਨਮ ਬਰਨਾਲਾ ਜ਼ਿਲ੍ਹੇ ਵਿਚ ਪਿੰਡ ਪੱਖੋਕੇ ਵਿਖੇ ਹੋਇਆ ਸੀ। 'ਮੇਰੀ ਕਹਾਣੀ' ਅਧੀਨ ਉਸ ਨੇ ਆਪਣੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਵਰਣਨ ਕੀਤਾ ਹੈ। ਚੀਨ ਦੀ ਲੜਾਈ ਦੌਰਾਨ ਫ਼ੌਜਾਂ ਦੇ ਵੱਖ-ਵੱਖ ਮੋਰਚੇ, ਸਮੱਸਿਆਵਾਂ, ਫ਼ੌਜ ਹਥਿਆਰਾਂ, ਘਟਨਾਵਾਂ ਅਤੇ ਫ਼ੌਜੀ ਪਰਿਵਾਰਾਂ ਦੀ ਹਾਲਤ ਅਤੇ ਸ਼ਹੀਦਾਂ ਬਾਰੇ ਲੇਖਕ ਵਲੋਂ ਸਰਲ ਰੂਪ ਵਿਚ ਲਿਖਿਆ ਗਿਆ ਹੈ।
ਭਾਗ ਦੂਜਾ ਅਤੇ ਤੀਜਾ ਭਾਰਤ-ਪਾਕਿਸਤਾਨ ਦੀਆਂ ਲੜਾਈਆਂ 'ਤੇ ਅਧਾਰਿਤ ਹਨ। 1965 ਦੀ ਲੜਾਈ ਦੌਰਾਨ ਹੋਏ ਨੁਕਸਾਨ, ਪ੍ਰਮੁੱਖ ਘਟਨਾਵਾਂ ਅਤੇ ਭਾਰਤੀ ਫ਼ੌਜ ਦੀਆਂ ਪ੍ਰਾਪਤੀਆਂ ਨੂੰ ਲੇਖਕ ਵਲੋਂ ਸੱਚਾਈ, ਨਿਰਭੈ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਅਨੁਸਾਰ ਲਿਖਿਆ ਹੈ। ਭਾਵੇਂ ਕੁਝ ਤੱਥ, ਵੇਰਵੇ ਭਾਰਤੀ ਫ਼ੌਜ ਦੇ ਵਿਰੋਧ ਵਿਚ ਜਾਂਦੇ ਸਨ ਜਾਂ ਹੱਕ ਵਿਚ ਉਨ੍ਹਾਂ ਨੂੰ ਬੇਬਾਕੀ ਨਾਲ ਇਕ ਸੱਚੇ ਸਿਪਾਹੀ ਵਜੋਂ ਵਰਣਨ ਕੀਤਾ ਹੈ। 1971 ਦੀ ਭਾਰਤ-ਪਾਕਿਸਤਾਨ ਦੀ ਲੜਾਈ ਨਾਲ ਬੰਗਲਾਦੇਸ਼ ਹੋਂਦ ਵਿਚ ਆਇਆ। ਤੀਸਰੇ ਭਾਗ ਵਿਚ ਭਾਰਤੀ ਸੈਨਿਕਾਂ ਦੀਆਂ ਪ੍ਰਾਪਤੀਆਂ ਗਲਤੀਆਂ ਅਤੇ ਪਾਕਿਸਤਾਨੀ ਸੈਨਿਕਾਂ ਦੁਆਰਾ ਹਥਿਆਰ ਸੁੱਟਣੇ, ਫ਼ੌਜੀ ਸਿਪਾਹੀਆਂ, ਅਫ਼ਸਰਾਂ ਦੀਆਂ ਸ਼ਹੀਦੀਆਂ ਅਤੇ ਦਲੇਰਾਨਾਂ ਕਾਰਵਾਈਆਂ ਨੂੰ ਵੀ ਅੰਕਿਤ ਕੀਤਾ ਗਿਆ ਹੈ।
ਸੰਖੇਪ ਵਿਚ ਕੈਪਟਨ ਦਰਬਾਰਾ ਸਿੰਘ ਦੁਆਰਾ ਇਸ ਕਿਤਾਬ ਨੂੰ ਲਿਖਣ ਦਾ ਮੰਤਵ ਪੰਜਾਬੀ ਪਾਠਕਾਂ ਨਾਲ ਆਪਣੀ ਫ਼ੌਜੀ ਸੇਵਾ ਦੌਰਾਨ ਹੋਏ ਸਿੱਧੇ ਤਜਰਬਿਆਂ ਨੇੜਿਓਂ ਵੇਖੀਆਂ ਲੜਾਈਆਂ ਜਿਨ੍ਹਾਂ ਵਿਚ ਉਸ ਨੇ ਬੜੀ ਦਲੇਰੀ ਨਾਲ ਭਾਗ ਲਿਆ, ਸਾਥੀ ਸੈਨਿਕਾਂ ਅਤੇ ਅਫ਼ਸਰਾਂ ਦੀਆਂ ਪ੍ਰਾਪਤੀਆਂ ਕਮਜ਼ੋਰੀਆਂ, ਗ਼ਲਤੀਆਂ, ਸਰਕਾਰੀ ਪੱਧਰ 'ਤੇ ਉਚਿਤ-ਅਣਉਚਿਤ ਫ਼ੈਸਲਿਆਂ ਨੂੰ ਇਕ ਬਿਰਤੀ ਖੋਜੀ ਵਲੋਂ ਇਤਿਹਾਸਕਾਰ ਵਾਂਗ ਲਿਖਿਆ ਹੈ। ਆਪਣੇ ਤਜਰਬੇ ਅਤੇ ਯਾਦਾਸ਼ਤ ਨੂੰ ਹੋਰ ਪੁਖਤਾ ਤੱਥਾਂ, ਮਿਤੀਆਂ ਤੇ ਘਟਨਾਵਾਂ ਦੀ ਪ੍ਰਮਾਣਿਕਤਾ ਲਈ ਅਖ਼ਬਾਰਾਂ, ਰਿਪੋਰਟਾਂ ਅਤੇ ਹੋਰ ਲਿਖਤੀ ਸ੍ਰੋਤਾਂ ਨੂੰ ਅਧਾਰ ਬਣਾਇਆ ਹੈ। ਇਸ ਕਿਤਾਬ ਵਿਚ ਨਕਸ਼ੇ, ਫੋਟੋਆਂ ਅਤੇ ਸ਼ਹੀਦਾਂ ਦੀਆਂ ਲਿਸਟਾਂ ਵੀ ਲਗਾਈਆਂ ਗਈਆਂ ਹਨ। ਨਿਰਸੰਦੇਹ ਸੈਨਿਕ ਇਤਿਹਾਸ ਪੰਜਾਬੀ ਭਾਸ਼ਾ ਦੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗਾ।
-ਡਾ. ਮੁਹੰਮਦ ਇੰਦਰੀਸ
ਮੋਬਾਈਲ : 98141-71786
c c c
ਰਾਮ ਸਰੂਪ ਰਿਖੀ ਦਾ ਨਾਵਲ ਸੰਸਾਰ
ਵਿਸ਼ਲੇਸ਼ਣਾਤਮਕ ਅਧਿਐਨ
ਸੰਪਾਦਕ : ਡਾ. ਚਰਨਜੀਤ ਕੌਰ
ਪ੍ਰਕਾਸ਼ਕ: ਤਸਵੀਰ ਪ੍ਰਕਾਸ਼ਨ ਕਾਲਾਂਵਾਲੀ, ਸਿਰਸਾ
ਮੁੱਲ : 350 ਰੁਪਏ, ਸਫ਼ੇ 175
ਸੰਪਰਕ : 098784-47758
ਹਥਲੀ ਪੁਸਤਕ ਰਾਮ ਸਰੂਪ ਰਿਖੀ ਦੇ ਚਾਰ ਨਾਵਲਾਂ ਦਾ ਨਿਕਟ ਵਰਤੀ ਅਧਿਐਨ ਪੇਸ਼ ਕਰਦੀ ਹੈ। ਰਿਖੀ ਅਜਿਹਾ ਨਾਵਲਕਾਰ ਹੈ, ਜਿਸ ਨੇ ਇਸ ਵਿਧਾ ਨੂੰ ਥੀਮਕ ਅਤੇ ਸ਼ੈਲੀ ਪਖੋਂ ਨਵਾਂ ਮੁਹਾਂਦਰਾ ਪ੍ਰਦਾਨ ਕੀਤਾ ਹੈ। ਇਹ ਨਾਵਲ ਪੰਜਾਬੀ ਆਲੋਚਕਾਂ ਅਤੇ ਪਾਠਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਕਿਉਂ ਜੋ ਇਨ੍ਹਾਂ ਵਿਚ ਪ੍ਰਗਟ ਰਚਨਾਤਮਕ ਵਿਵੇਕ ਸਮਾਜ, ਦੇਸ਼, ਕੌਮ ਅਤੇ ਖ਼ਾਸ ਕਰਕੇ ਵਰਗ-ਵੰਡ ਅਥਵਾ ਮਾਨਸਿਕ ਨਿਖੇੜਿਆਂ ਅਤੇ ਸੋਸ਼ਣ ਨੂੰ ਖੁੱਲ੍ਹੇ-ਆਮ ਬਿਰਤਾਂਤਾਂ ਰਾਹੀਂ ਜਨਤਕ ਕਰਦੇ ਹਨ। ਡਾ. ਚਰਨਜੀਤ ਕੌਰ ਨੇ ਪੁਸਤਕ ਸੰਪਾਦਨ ਕਰਦੇ ਸਮੇਂ ਸਭ ਤੋਂ ਪਹਿਲਾਂ 'ਮੈਂ ਪ੍ਰਚੰਡ ਭਵਾਨੀ' ਬਾਬਤ ਵਿਦਵਾਨਾਂ ਦੀ ਦ੍ਰਿਸ਼ਟੀ ਦਰਸਾਈ ਹੈ। ਇਸ ਨਾਵਲ ਦਾ ਸਵਰਨ ਸਿੰਘ ਵਿਰਕ ਨੇ ਇਕ ਅਧਿਐਨ, ਡਾ. ਨਰਿੰਦਰਪਾਲ ਨੇ ਥੀਮਕ ਵਿਸ਼ਲੇਸ਼ਣ, ਡਾ. ਕਾਂਤਾ ਨੇ ਨਾਵਲ ਵਿਚਲੀ ਨਾਰੀ ਚੇਤਨਾ, ਡਾ. ਹਰਵਿੰਦਰ ਸਿੰਘ ਨੇ ਔਰਤ ਦੇ ਅਸਤਿੱਤਵ ਅਤੇ ਪਿੱਤਰੀ ਸਤਾ ਦਾ ਪ੍ਰਵਚਨ, ਡਾ. ਹਰਿੰਦਰ ਸਿੰਘ ਨੇ ਨਾਰੀ ਦੀ ਸਿਆਸੀ ਚੇਤਨਾ ਅਤੇ ਸੰਘਰਸ਼ ਦੀ ਗੂੰਜ ਵਿਸ਼ਿਆਂ ਦੇ ਨਜ਼ਰੀਏ ਤੋਂ ਨਾਵਲ ਦਾ ਦੀਰਘ ਅਧਿਐਨ ਕੀਤਾ ਹੈ। ਇਸੇ ਹੀ ਨਾਵਲ ਦਾ ਵਿਸ਼ਲੇਸ਼ਣ ਡਾ. ਸੁਰਜੀਤ ਬਰਾੜ ਨੇ ਇਸ ਨੂੰ ਸਮਾਜੀ ਚੇਤਨਾ ਅਤੇ ਸੰਘਰਸ਼ ਦਾ ਵਾਹਕ ਨਾਵਲ ਦੱਸਿਆ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਭਾਰਤੀ ਸਮਾਜ ਦੇ ਉਸਾਰ ਅਤੇ ਨਿਘਾਰ ਨੂੰ ਇਸ ਨਾਵਲ ਵਿਚੋਂ ਪਛਾਣਿਆ ਹੈ। ਨਰਿੰਜਣ ਬੋਹਾ ਨੇ ਇਸ ਨੂੰ ਵਿਸ਼ਵੀਕਰਨ ਦੀਆਂ ਮਾਨਤਾਵਾਂ ਦਾ ਪ੍ਰਤੀਉੱਤਰ ਸਿਰਜਦਾ ਨਾਵਲ ਦਰਸਾਇਆ ਹੈ। ਡਾ. ਅਨੀਤਾ ਨੇ ਇਸ ਨੂੰ ਸਮਾਜ ਦੀ ਮੂੰਹ ਬੋਲਦੀ ਤਸਵੀਰ ਅਤੇ ਡਾ. ਕੁਲਦੀਪ ਕੌਰ ਨੇ ਇਸ ਦਾ ਬਿਰਤਾਂਤ ਸ਼ਾਸਤਰੀ ਸਰਵੇਖਣ ਪੇਸ਼ ਕੀਤਾ ਹੈ।
ਨਾਵਲ 'ਕਿਲ੍ਹੇ ਵਿਚ ਉਸਰਦੀ ਕੋਠੀ' ਨੂੰ ਸੰਪਾਦਕ ਨੇ ਆਪਣੇ ਖੋਜ ਲੇਖ ਵਿਚ ਜਨਜੀਵਨ ਅਤੇ ਜਨਸੰਪਰਕ ਦਾ ਗਲਪੀਕਰਨ ਦੱਸਿਆ ਹੈ। ਤੀਸਰੇ ਨਾਵਲ 'ਮੈਂ ਸਿਖੰਡੀ ਨਹੀਂ' ਨੂੰ ਡਾ. ਭੀਮ ਇੰਦਰ ਨੇ ਗ਼ਰੀਬ ਮਨੁੱਖ ਦੀ ਹੋਣੀ, ਡਾ. ਰੇਖਾ ਰਾਣੀ ਨੇ ਅਣਗੌਲੇ ਸਮਾਜ ਦੀ ਪੇਸ਼ਕਾਰੀ। ਨਰਿੰਜਣ ਬੋਹਾ ਨੇ ਇਸ ਨੂੰ ਅਤਿ ਹਾਸ਼ੀਆ ਕ੍ਰਿਤ ਲੋਕਾਂ ਨੂੰ ਹਾਸ਼ੀਏ ਵੱਲ ਲਿਜਾਂਦਾ ਨਾਵਲ ਅਤੇ ਬਲਜੀਤ ਕੌਰ ਨੇ ਇਸ ਨਾਵਲ ਦਾ ਇਕ ਅਧਿਐਨ ਪੇਸ਼ ਕੀਤਾ ਹੈ। ਚੌਥੇ ਨਾਵਲ 'ਦੀਵਾ ਬੁਝਿਆ ਨਹੀਂ' ਨਾਵਲ ਦੇ ਮੂਲ ਸਰੋਕਾਰਾਂ, ਥੀਮਕ ਅਧਿਐਨ ਅਤੇ ਵਿਭਿੰਨ ਥੀਮਕ ਪਾਸਾਰਾਂ ਨੂੰ ਪੇਸ਼ ਕੀਤਾ ਹੈ । ਪੁਸਤਕ ਦੇ ਅੰਤਿਮ ਤਿੰਨ ਖੋਜ ਪੱਤਰ ਰਾਮ ਸਰੂਪ ਦੀ ਵਿਲੱਖਣ ਸ਼ਖ਼ਸੀਅਤ, ਉਸ ਨਾਲ ਮੁਲਾਕਾਤ ਅਤੇ ਕੈਨੇਡਾ ਵਿਚ ਨਾਵਲਕਾਰ ਦੇ ਸਨਮਾਣ ਸਮਾਰੋਹ ਦਾ ਵੇਰਵਾ ਪੇਸ਼ ਕਰਦੇ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
c c c
ਪਲੀਤ ਹੋਇਆ
ਚੌਗਿਰਦਾ
(ਬਹੁਪੱਖੀ ਅਧਿਐਨ)
ਲੇਖਕ :
ਡਾ. ਬਰਜਿੰਦਰ ਸਿੰਘ ਹਮਦਰਦ
ਸੰਪਾ: ਰਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98721-03209
'ਪਲੀਤ ਹੋਇਆ ਚੌਗਿਰਦਾ' ਡਾ. ਬਰਜਿੰਦਰ ਸਿੰਘ ਹਮਦਰਦ ਦੀਆਂ ਚੋਣਵੀਆਂ ਸੰਪਾਦਕੀਆਂ (21 ਨਵੰਬਰ, 1993 ਤੋਂ 4 ਜੂਨ, 2019 ਤੱਕ) 'ਤੇ ਆਧਾਰਿਤ, ਪ੍ਰਦੂਸ਼ਣ ਦੀਆਂ ਸਮੱਸਿਆਵਾਂ ਅਤੇ ਹੱਲ ਵੱਲ ਪਾਠਕਾਂ ਦਾ ਧਿਆਨ ਆਕਰਸ਼ਿਤ ਕਰਦੇ ਅਤੇ ਜਾਗਰੂਕਤਾ ਪ੍ਰਦਾਨ ਕਰਦੇ ਬਹੁਮੁੱਲੇ ਲੇਖਾਂ ਦਾ ਸੰਗ੍ਰਹਿ ਹੈ। 'ਹਮਦਰਦ' ਜੀ ਵਾਂਗ ਹਮੇਸ਼ਾ ਹੀ ਚਿੰਤਕ ਵਾਤਾਵਰਨ ਸੰਬੰਧੀ ਲੋਕਾਂ ਨੂੰ ਸੁਚੇਤ ਕਰਦੇ ਰਹੇ ਹਨ। ਜੇਕਰ ਪਿਛੋਕੜ 'ਤੇ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਨ੍ਹੀਵੀਂ ਸਦੀ ਦੇ ਵਿਦਵਾਨ ਲੇਖਕ ਜਾਨ੍ਹ ਰਸਕਿਨ ਨੇ ਕਿਹਾ ਸੀ, 'ਉਤਪਾਦਨ ਅਤੇ ਖ਼ਪਤ ਦੇ ਆਧੁਨਿਕ ਰੂਪ ਵਾਤਾਵਰਨ ਉੱਪਰ ਮਾਰੂ ਪ੍ਰਭਾਵ ਪਾਉਣ ਦੀ ਸੰਭਾਵਨਾ ਰੱਖਦੇ ਹਨ।' ਉਨ੍ਹਾਂ ਦਾ ਉਦੋਂ ਕਿਹਾ ਅਜੋਕੇ ਸਮੇਂ ਪੂਰਨ ਰੂਪ ਵਿਚ ਸੱਚ ਹੋ ਨਿਬੜਿਆ ਹੈ। ਡਾ. ਹਮਦਰਦ ਜੀ ਦੀ ਪੁਸਤਕ 'ਪਲੀਤ ਹੋਇਆ ਚੌਗਿਰਦਾ' ਦਾ ਬਹੁਪੱਖੀ, ਬਹੁਦਿਸ਼ਾਵੀ ਅਤੇ ਬਹੁਮੁੱਲਾ ਮੁਲਾਂਕਣ ਕਰਵਾਉਣ ਦਾ ਉੱਦਮ, ਪ੍ਰੋ: ਰਮਨਦੀਪ ਕੌਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਬੇਰਿੰਗ ਕ੍ਰਿਸ਼ਚੀਅਨ ਕਾਲਜ ਬਟਾਲਾ ਵਲੋਂ ਸ਼ਲਾਘਾਯੋਗ ਵਿਧੀ ਨਾਲ ਕੀਤਾ ਗਿਆ ਹੈ। ਹਥਲੀ ਪੁਸਤਕ ਵਿਚ 14 ਖੋਜ ਨਿਬੰਧ ਹਨ। ਇਨ੍ਹਾਂ ਨਿਬੰਧਾਂ ਵਿਚ ਤਿੰਨ ਕੁ ਨਿਬੰਧ ਪੁਰਸ਼ ਵਿਦਵਾਨਾਂ ਵਲੋਂ ਅਤੇ ਬਾਕੀ ਸਾਰੇ ਨਿਬੰਧ ਇਸਤਰੀ ਖੋਜਕਾਰਾਂ ਵਲੋਂ ਲਿਖੇ ਗਏ ਹਨ। ਨੋਟ ਕਰਨਾ ਬਣਦਾ ਹੈ ਕਿ ਇਹ ਸਾਰੇ ਖੋਜ-ਨਿਬੰਧ ਸੰਪਾਦਕਾਂ ਨੇ ਮਾਝੇ ਦੇ ਖੋਜਾਰਥੀਆਂ ਪਾਸੋਂ ਹੀ ਲਿਖਵਾ ਕੇ ਸੰਪਾਦਿਤ ਕੀਤੇ ਹਨ।
ਬਹੁਪੱਖੀ ਪ੍ਰਤਿਭਾ ਦੇ ਧਰੂ-ਤਾਰੇ ਪਦਮ ਭੂਸ਼ਨ ਡਾ. ਬਰਜਿੰਦਰ ਸਿੰਘ ਹਮਦਰਦ ਕਿਸੇ ਰਸਮੀ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਫਿਰ ਵੀ ਇਸ ਵਿਚਾਰ ਅਧੀਨ ਕਿਤਾਬ ਵਿਚ ਉਨ੍ਹਾਂ ਦੇ ਜਨਮ ਦਿਨ (20 ਅਗਸਤ, 1944), ਪਰਿਵਾਰ, ਸਿੱਖਿਆ, ਪੰਜਾਬੀ ਟ੍ਰਿਬਿਊਨ ਅਤੇ 'ਅਜੀਤ' ਦੇ ਸੰਪਾਦਕ ਵਜੋਂ ਕੀਤੇ ਕਾਰਜਾਂ, ਪ੍ਰਮੁੱਖ ਸ਼ਖ਼ਸੀਅਤਾਂ ਦੇ ਸਾਥ ਵਿਚ ਉਨ੍ਹਾਂ ਵਲੋਂ ਕੀਤੀਆਂ ਗਈਆਂ ਵਿਦੇਸ਼ੀ ਯਾਤਰਾਵਾਂ, ਉਨ੍ਹਾਂ ਦੀਆਂ ਰਚਨਾਵਾਂ, ਸੰਗੀਤਕ ਐਲਬਮਾਂ, ਟੀ.ਵੀ. ਸੀਰੀਅਲ, ਉਨ੍ਹਾਂ ਦੇ ਸ਼ੌਕ, ਦਿਆਲੂ ਸੁਭਾਅ ਅਤੇ ਮਾਨਾਂ-ਸਨਮਾਨਾਂ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
'ਪਲੀਤ ਹੋਇਆ ਚੌਗਿਰਦਾ' ਪੁਸਤਕ ਦੇ ਮਹੱਤਵ ਬਾਰੇ ਲਿਖਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਆਪਣੇ ਵਿਚਾਰ ਬੜੇ ਭਾਵਪੂਰਤ ਸ਼ਬਦਾਂ ਵਿਚ ਇਉਂ ਬਿਆਨ ਕਰਦੇ ਹਨ : 'ਇਨ੍ਹਾਂ ਸੰਪਾਦਕੀਆਂ ਦਾ ਕਿਤਾਬੀ ਰੂਪ ਵਿਚ ਛਪਣਾ ਉਨ੍ਹਾਂ ਖੋਜਾਰਥੀਆਂ ਲਈ ਵੀ ਲਾਹੇਵੰਦ ਹੋਵੇਗਾ, ਜਿਨ੍ਹਾਂ ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ, ਪੱਤਰਕਾਰੀ ਦੇ ਸਮਾਜਿਕ ਸਰੋਕਾਰਾਂ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਠਾਉਣ ਤੇ ਹੱਲ ਕਰਵਾਉਣ ਵਿਚ ਪੰਜਾਬੀ ਪੱਤਰਕਾਰੀ ਦਾ ਯੋਗਦਾਨ, ਪੰਜਾਬ ਵਿਚ ਵਧ ਰਹੇ ਹਵਾ-ਪਾਣੀ ਦੇ ਪ੍ਰਦੂਸ਼ਣ ਪ੍ਰਤੀ ਸਰਕਾਰਾਂ ਅਤੇ ਸੰਸਥਾਵਾਂ ਦੇ ਰਵੱਈਏ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਭੂਮਿਕਾ ਵਰਗੇ ਵਿਸ਼ਿਆਂ ਉੱਤੇ ਖੋਜ-ਪੱਤਰ ਅਤੇ ਸ਼ੋਧ-ਪ੍ਰਬੰਧ ਲਿਖਣੇ ਹਨ।'' (ਪੰ.8.)
ਦਰਅਸਲ ਵਿਗਿਆਨ ਦੀਆਂ ਕਾਢਾਂ ਅਤੇ ਉਪਭੋਗਤਾ ਸੱਭਿਆਚਾਰ ਨੇ ਸਾਰੇ ਵਿਸ਼ਵ ਵਿਚ ਪ੍ਰਦੂਸ਼ਣ ਫੈਲਾਅ ਦਿੱਤਾ ਹੈ। ਪੰਜਾਬ ਵੀ ਇਸ ਪ੍ਰਦੂਸ਼ਣ ਦਾ ਸ਼ਿਕਾਰ ਹੈ। ਜੰਗਲਾਂ ਦੀ ਕਟਾਈ, ਖੇਤੀ ਵਿਚ ਰਸਾਇਣਕ ਖਾਦਾਂ ਦੀ ਵਰਤੋਂ, ਫ਼ਸਲਾਂ ਦੀ ਕਟਾਈ ਬਾਅਦ ਨਾੜ/ ਪਰਾਲੀ/ ਫ਼ਸਲ ਦੀ ਰਹਿੰਦ ਖੂੰਹਦ ਨੂੰ ਸਾੜਨਾ, ਗੱਡੀਆਂ, ਭੱਠਿਆਂ ਅਤੇ ਕਾਰਖਾਨਿਆਂ ਦਾ ਧੂੰਆਂ, ਉੱਚੀ ਵੱਜਦੇ ਹਾਰਨ (ਆਵਾਜ਼ ਪ੍ਰਦੂਸ਼ਣ) ਆਦਿ ਨੇ ਮਨੁੱਖ ਲਈ ਲਾਇਲਾਜ ਬਿਮਾਰੀਆਂ ਸਹੇੜ ਦਿੱਤੀਆਂ ਹਨ। ਜੀਵ-ਜੰਤੂਆਂ ਲਈ ਵਾਤਾਵਰਨ ਮਾਰੂ ਹੋ ਚੁੱਕਾ ਹੈ। ਕੁਦਰਤ ਦਾ ਸਿੰਘਾਸਨ ਡੋਲ ਚੁੱਕਾ ਹੈ। ਇੰਜ ਮਨੁੱਖ ਦਾ ਕੁਦਰਤ ਨਾਲ ਛੇੜਛਾੜ ਮਨੁੱਖ ਨੂੰ ਹੀ ਪੁੱਠੀ ਪੈ ਰਹੀ ਹੈ। ਇਸ ਪੁਸਤਕ ਦੇ ਖੋਜ ਨਿਬੰਧਾਂ ਵਿਚ ਕੁਦਰਤੀ ਵਾਤਾਵਰਨ ਨਾਲ ਹੋਏ ਖਿਲਵਾੜ ਦਾ ਹਿਰਦੇਵੇਦਕ ਚਿੱਤਰਨ ਹੈ। ਇਨ੍ਹਾਂ ਨਿਬੰਧਾਂ ਵਿਚ ਡਾ. ਬਰਜਿੰਦਰ ਸਿੰਘ ਦਾ 'ਦਰਦ ਭਰਿਆ ਦਿਲ, ਦਿਆਲੂ ਸੁਭਾਅ' ਰੂਪਮਾਨ ਹੁੰਦਾ ਹੈ। ਕਿਉਂਕਿ ਉਹ ਅਜਿਹੀ ਸ਼ਖ਼ਸੀਅਤ ਹੈ ਜੋ ਜ਼ਖ਼ਮਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ, ਉੱਥੇ ਇਲਾਜ ਦਾ ਸੁਝਾਅ ਵੀ ਦਿੰਦੀ ਹੈ। ਸੰਪਾਦਕੀਆਂ ਵਿਚ ਜੋ ਅੰਕੜੇ/ਹਵਾਲੇ ਦਿੱਤੇ ਗਏ ਹਨ, ਉਹ 'ਪਲੀਤ ਹੋਇਆ ਚੌਗਿਰਦਾ' ਪੁਸਤਕ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੇ ਹਨ। ਵਾਤਾਵਰਨ ਸੰਬੰਧੀ ਸਰਕਾਰੀ, ਗ਼ੈਰ-ਸਰਕਾਰੀ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਕੀਤੇ ਗਏ ਉਪਰਾਲਿਆਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਸਰਕਾਰੀ ਪੱਧਰ 'ਤੇ ਗੰਗਾ, ਸਤਲੁਜ ਬਿਆਸ ਆਦਿ ਦੀ ਸਫ਼ਾਈ ਦੇ ਯਤਨ ਕੀਤੇ ਗਏ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਗ੍ਰੀਨ ਟ੍ਰਿਬਿਊਨਲ ਸਥਾਪਤ ਕੀਤੇ ਗਏ ਹਨ। ਪ੍ਰਮੁੱਖ ਸ਼ਖ਼ਸੀਅਤਾਂ ਦੇ ਯੋਗਦਾਨ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸਨਅਤਕਾਰ ਗੁਰਮੀਤ ਸਿੰਘ ਦਾ ਜ਼ਿਕਰ ਵੀ ਕੀਤਾ ਗਿਆ ਹੈ। 'ਅਜੀਤ' ਅਖ਼ਬਾਰ ਵਲੋਂ 2011 ਤੋਂ 'ਅਜੀਤ ਹਰਿਆਵਲ ਲਹਿਰ' ਚਾਲੂ ਕਰਨ ਦੇ ਕਦਮ ਦੀ ਵੀ ਹਰ ਪਾਸਿਓਂ ਸ਼ਲਾਘਾ ਹੋਈ ਸੀ।
ਸਕੂਲਾਂ, ਕਾਲਜਾਂ ਵਿਚ ਵੀ ਵਾਤਾਵਰਨ ਬਾਰੇ ਅਧਿਐਨ ਚਾਲੂ ਹੋ ਚੁੱਕਾ ਹੈ। ਓਜ਼ੋਨ ਲੇਅਰ ਵਿਚ ਸੁਰਾਖ ਤੋਂ ਵੀ ਸਾਵਧਾਨ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ 'ਈਕੋ ਕ੍ਰਿਟੀਸਿਜ਼ਮ' ਦਾ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ। ਵਿਲੀਅਮ ਰਿਊਈਕਰਟ ਨੇ 1978 ਵਿਚ ਪ੍ਰਾਕ੍ਰਿਤਕ ਅਧਿਐਨ ਲਈ 'ਈਕੋ ਕ੍ਰਿਟੀਸਿਜ਼ਮ' ਫਾਰਮ ਦਾ ਪ੍ਰਯੋਗ ਕੀਤਾ। ਕਿਹਾ ਜਾ ਸਕਦਾ ਹੈ ਕਿ ਵਾਤਾਵਰਨ ਦੀ ਸੰਭਾਲ ਬਾਰੇ ਲੋਕ ਦਿਨ-ਪ੍ਰਤੀ-ਦਿਨ ਜਾਗ੍ਰਿਤ ਤਾਂ ਹੋ ਰਹੇ ਹਨ ਪਰ ਇਹ ਸਮੱਸਿਆ ਏਨੀ ਗੰਭੀਰ ਹੈ ਕਿ ਹਾਲੇ ਵੀ ਸਰਕਾਰੀ ਪ੍ਰਸ਼ਾਸਨ ਅਤੇ ਵਾਤਾਵਰਨ ਪ੍ਰੇਮੀਆਂ ਦੇ ਯਤਨਾਂ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀਆਂ ਸੰਪਾਦਕੀਆਂ ਵਾਲੀ ਪੁਸਤਕ 'ਪਲੀਤ ਹੋਇਆ ਚੌਗਿਰਦਾ' ਨਾ ਸਿਰਫ਼ ਖੋਜਾਰਥੀਆਂ ਨੂੰ ਸਗੋਂ ਆਮ ਸਾਧਾਰਨ ਪਾਠਕ ਨੂੰ ਵੀ ਪੜ੍ਹਨ ਦੀ ਸਖ਼ਤ ਲੋੜ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਜੱਦੀ ਸਰਮਾਇਆ
ਲੇਖਕ : ਗੁਰਮਲਕੀਅਤ ਸਿੰਘ ਕਾਹਲੋਂ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 98141-77676
ਜੱਦੀ ਸਰਮਾਇਆ ਗੁਰਮਲਕੀਅਤ ਸਿੰਘ ਕਾਹਲੋਂ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ। 'ਜੱਦੀ ਸਰਮਾਇਆ' ਵਿਚ 19 ਕਹਾਣੀਆਂ ਪਸੀਨੇ ਦੀ ਮਹਿਕ, ਗੁੱਟ 'ਚੋਂ ਡਲਕਦਾ ਹੀਰਾ, ਰਾਜ ਰਾਣੀ, ਜ਼ਖ਼ਮਾਂ ਉੱਤੇ ਪੱਟੀ, ਯਾਦ 'ਚੋਂ ਆਵਾਜ਼, ਉਮੀਦਾਂ ਵਾਲੇ ਚਿਰਾਗ, ਗਿਟਮਿਟ, ਅਰਮਾਨਾਂ ਦੇ ਸੌਦੇ, ਖ਼ੁਦ ਸਹੇੜੀ ਨਮੋਸ਼ੀ, ਜਾਣੀ ਜਾਣ, ਬੇਘਰੀ ਔਰਤ, ਕਰੋਨੇ ਦਾ ਟੀਕਾ, ਵਿਧਵਾ ਕਾਲੋਨੀ, ਡਲਕਦਾ ਇਨਸਾਫ਼, ਮੁਰਾਦਾਂ ਦਾ ਸਬੱਬ, ਸੱਚਿਆਂ ਲਈ ਰੱਬ ਬਹੁੜਦਾ, ਜੱਦੀ ਸਰਮਾਇਆ, ਪੈੜਾਂ ਦੇ ਪਰਛਾਵੇਂ, ਯਾਰ ਮਾਰ ਆਦਿ ਹਨ। ਕਹਾਣੀਆਂ ਦੇ ਬਿਰਤਾਂਤ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਸੱਭਿਆਚਾਰਕ, ਮੂਲਵਾਸ ਤੋਂ ਪਰਦੇਸ ਦੇ ਵਰਤਾਰਿਆਂ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਕਹਾਣੀਆਂ ਵਿਚ ਲੋਕਾਈ ਦੇ ਹਿੱਤਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਗਈ ਹੈ। ਕਾਹਲੋਂ ਦੀਆਂ ਕਹਾਣੀਆਂ ਦੇ ਬਿਰਤਾਂਤ ਪੰਜਾਬ ਤੋਂ ਕੈਨੇਡਾ ਦੀ ਧਰਤੀ ਦੇ ਸੱਭਿਆਚਾਰਕ ਅੰਤਰ-ਸੰਬੰਧ, ਰੀਤੀ ਰਿਵਾਜ, ਭੂ-ਹੇਰਵਾ, ਡਾਲਰ ਸੱਭਿਆਚਾਰ, ਪੀੜ੍ਹੀ-ਪਾੜਾ, ਦੁੱਖ-ਸੁੱਖ, ਅਲਗਾਵ, ਰਿਸ਼ਤਿਆਂ ਦੀ ਟੁੱਟ-ਭੱਜ, ਨੂੰ ਰੂਪਮਾਨ ਕਰਦੇ ਹਨ। ਕੈਨੇਡਾ ਦੀ ਪਦਾਰਥਵਾਦੀ ਤੇ ਤੇਜ਼ਤਰਾਰ ਮਸ਼ੀਨੀ ਜ਼ਿੰਦਗੀ ਵਿਚ ਸਹਿਜਤਾ ਸਥਾਪਤ ਕਰਨ ਲਈ ਉਤਸ਼ਾਹਿਤ ਕਰਦਾ ਹੈ। ਪੁਸਤਕ ਦੀ ਸਿਰਲੇਖ ਵਾਲੀ ਕਹਾਣੀ 'ਜੱਦੀ ਸਰਮਾਇਆ' ਵਿਚ ਦੋ ਸੱਭਿਆਚਾਰਾਂ ਵਿਚਕਾਰ ਸੰਬੰਧ ਸਥਾਪਤੀ ਦੇ ਯਤਨ ਹਨ। ਇਹ ਆਦਰਸ਼ਵਾਦੀ ਕਹਾਣੀ ਨੈਤਿਕ ਮੁੱਲ-ਵਿਧਾਨਾਂ ਨਾਲ ਪ੍ਰਣਾਈ ਹੈ। ਹਰਤੇਜ ਸਿੰਘ ਜੌਹਲ ਦੇ ਪਾਤਰ ਰਾਹੀਂ ਦਿਆਨਤਦਾਰੀ ਤੇ ਧਰਮ ਨਿਰਪੇਖਤਾ ਦਾ ਸੰਦੇਸ਼ ਉੱਭਰ ਕੇ ਸਾਹਮਣੇ ਆਉਂਦਾ ਹੈ। ਅਨੇਕ ਸਮੱਸਿਆਵਾਂ ਦੇ ਬਾਵਜੂਦ ਸੰਘਰਸ਼ਸ਼ੀਲ ਜੀਵਨ ਸ਼ੈਲੀ ਨਾਲ ਮੰਜ਼ਿਲਾਂ ਪ੍ਰਾਪਤ ਕਰਦਾ ਹੈ। ਕਾਹਲੋਂ ਦੀ ਸਕਾਰਾਤਮਿਕ ਦ੍ਰਿਸ਼ਟੀ ਮਨੁੱਖ ਨੂੰ ਆਪਣੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਤੇ ਕੈਨੇਡਾ ਵਿਚਲੀਆਂ ਪ੍ਰਾਪਤੀਆਂ ਨਾਲ ਜੋੜੀ ਰੱਖਦੀ ਹੈ। ਭੁੱਲਣ ਦਾ ਤਰਕ ਨਾਲ 'ਯਾਦ ਦਾਸ਼ਤ' ਉੱਤੇ ਜ਼ੋਰ ਦੇ ਕੇ ਚੇਤੰਨਤਾ ਨੂੰ ਕਾਇਮ ਰੱਖਿਆ ਗਿਆ ਹੈ। ਅਜੋਕੇ ਸਮਾਜ ਦੀ ਯਥਾਰਥਕ ਤਸਵੀਰ ਦੇ ਨਾਲ-ਨਾਲ ਮਨੁੱਖਤਾਵਾਦੀ ਪੰਜਾਬੀਅਤ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ, ਜੋ ਵਿਦੇਸ਼ਾਂ ਵਿਚ ਸਥਾਪਿਤ ਹੋ ਕੇ ਵੀ ਆਪਣੇ ਸਿਰੜੀ ਤੇ ਦਿਆਲਤਾ ਦੇ ਸੁਭਾਅ ਨੂੰ ਕਾਇਮ ਰੱਖਦੇ ਹਨ। ਵਿਚਾਰ ਪੈਦਾ ਹੁੰਦਾ ਹੈ, 'ਜਿੰਨੀ ਉੱਚੀ ਉਡਾਰੀ ਲੇਖਕ ਭਰ ਸਕੇ ਓਨੀ ਹੀ ਲਿਖਤ ਮਿਆਰੀ ਬਣ ਸਕੇਗੀ।' ਕਾਹਲੋਂ ਦੀ ਪੁਸਤਕ ਦੀਆਂ ਕਹਾਣੀਆਂ ਦਾ ਮਿਆਰੀ ਗੁਣ ਉੱਚੀ ਉਡਾਰੀ ਹੈ, ਜਿਸ ਸਦਕਾ ਪਾਠਕ ਦੀ ਸੁਹਜ ਤ੍ਰਿਪਤੀ ਦੇ ਨਾਲ-ਨਾਲ ਤੱਥਾਂ ਨੂੰ ਸਮਝਣ ਲਈ ਦ੍ਰਿਸ਼ਟੀ ਵੀ ਬਣਦੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਮੈਂ ਇਥੋਂ ਦਾ ਵਾਸੀ ਨਈਂ
ਗੀਤਕਾਰ : ਜਿੰਮੀ ਅਹਿਮਦਗੜ੍ਹ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ ਨਾਭਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 81959-07681
ਨੌਜਵਾਨ ਤੇ ਪ੍ਰਤਿਭਾਵਾਨ ਸ਼ਾਇਰ ਜਿੰਮੀ ਅਹਿਮਦਗੜ੍ਹ ਦੀ ਇਹ ਪੁਸਤਕ ਪ੍ਰਥਮ ਪ੍ਰਕਾਸ਼ਿਤ ਗੀਤ ਸੰਗ੍ਰਹਿ ਹੈ। ਜਿੰਮੀ ਇਕ ਹੋਣਹਾਰ ਸ਼ਾਇਰ/ਗੀਤਕਾਰ ਹੈ। ਪੁਸਤਕ ਵਿਚ ਕੁੱਲ 70 ਸ਼ਾਨਦਾਰ ਜਾਨਦਾਰ ਅਤੇ ਲੋਕ ਅਹਿਸਾਸਾਂ ਨੂੰ ਟੁੰਬਦੇ ਜਜ਼ਬੇ ਵਿਚ ਗੁੱਝੇ ਗੀਤ ਹਨ। ਸਾਰੇ ਹੀ ਗੀਤ ਸਟੇਜਾਂ ਉੱਤੇ ਗਾਏ ਜਾਣ ਵਾਲੇ ਹਨ। ਗੀਤਕਾਰ ਨੇ ਲੋਕਤਾ ਦੇ ਦੁੱਖਾਂ, ਦਰਦਾਂ ਅਤੇ ਜਜ਼ਬਿਆਂ ਦੀ ਗੱਲ ਤੋਰੀ ਹੈ। ਇਹ ਗੀਤ ਆਪਣੇ ਹੱਕ ਪ੍ਰਾਪਤੀ ਕਰਨ ਵਾਸਤੇ ਸੰਘਰਸ਼ੀ ਹੋਕਾ ਹਨ। ਉਸ ਦੇ ਗੀਤਾਂ ਦੇ ਮੁਖੜੇ ਹੀ ਗੀਤਕਾਰ ਦੀ ਗੀਤ ਪੇਸ਼ਕਾਰੀ ਦੀ ਜ਼ਮੀਨ ਦਾ ਪਤਾ ਦਿੰਦੇ ਹਨ, ਜਿਵੇਂ : ਕਲਾਕਾਰ ਸ਼ੀਸ਼ਾ ਹੁੰਦੇ ਨੇ ਸਮਾਜ ਦਾ, ਇਹ ਧਰਮ ਦਾ ਨਹੀਂ ਤਿਰੰਗਾ, ਵੇਖ ਨਾ ਗ਼ਰੀਬ ਦੇ ਤੂੰ ਸੁਪਨੇ ਖ਼ੁਦ ਨੂੰ ਹੀ ਪੜ੍ਹਦੇ ਸੁਣਦੇ ਹਾਂ, ਫੇਸਬੁੱਕ 'ਤੇ ਨਾ ਵਿਦਵਾਨ ਬਣੋ, ਜਾਗਦੀ ਜ਼ਮੀਰ ਨੂੰ ਸਲਾਮ, ਸੱਚ ਦੀ ਤਸਵੀਰ ਆਦਿ। ਇਹ ਪੁਸਤਕ ਭਾਵੇਂ ਗੀਤਾਂ ਦੀ ਪੁਸਤਕ ਕਹੀ ਜਾ ਸਕਦੀ ਹੈ, ਜਿਸ ਵਿਚ ਬਹੁਤ ਉੱਚੇ ਦਰਜੇ ਦੀ ਕਾਵਿਕਾਰੀ ਵੀ ਹੈ। ਕਵੀ ਜਿੰਮੀ ਨੂੰ ਬਹਿਰਾਂ, ਛੰਦਾਂ ਅਤੇ ਕਾਫ਼ੀਏ ਰਦੀਫ਼ਾਂ ਦਾ ਪੂਰਨ ਗਿਆਨ ਹੈ। ਉਹ ਬਹੁਤ ਜ਼ਿੰਮੇਵਾਰੀ ਅਤੇ ਸਿਆਣਪ ਨਾਲ ਸ਼ਬਦ ਜੜਤ ਕਰਦਾ ਹੈ ਹਰ ਗੀਤ ਵਿਚ ਨਵੀਂ ਪੁਰਾਣੀ ਪੀੜ੍ਹੀ ਵਾਸਤੇ ਸਿੱਖਿਆ ਤੇ ਸੇਧ ਅੰਕਿਤ ਹੈ :
-ਜਾਤ ਗੋਤ ਪ੍ਰਧਾਨਗੀਆਂ ਨੇ ਮਾਰ ਲਿਆ
ਮਨ ਨੀਵਾਂ ਮੱਤ ਉੱਚੀ ਰਿਹਾ ਜਿਉਣ ਨਹੀਂ
ਏਕਲਵਯਾ ਵਰਗੀ ਮੇਰੀ ਤਪੱਸਿਆ ਹੈ
ਐਪਰ ਮੇਰਾ ਗੁਰੂ ਰਿਸ਼ੀ ਦ੍ਰੋਣ ਨਹੀਂ
-ਸੁਪਨੇ ਦੇ ਵਿਚ ਰਾਤ ਪਾ ਕੇ ਕਿੱਕਲੀ
ਮੇਰੇ ਵਿਚੋਂ ਚਾਨਣੇ ਦੀ ਛਿੱਟ ਨਿਕਲੀ।
'ਮੈਂ ਏਥੋਂ ਦਾ ਵਾਸੀ ਨਈਂ' ਗੀਤ ਸੰਗ੍ਰਹਿ
ਸ਼ਾਇਰੀ ਦੀ ਆਮਦ ਉੱਤੇ ਮੈਂ ਜਿੰਮੀ ਨੂੰ ਦਿਲੋਂ ਵਧਾਈ ਭੇਜਦਾ ਹਾਂ। ਕਿਤਾਬ ਸਾਂਭਣ ਤੇ ਗੀਤ ਗਾਉਣ ਵਾਲੇ ਹਨ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਯੂਰਪ ਦੀਆਂ ਲੋਕ ਕਹਾਣੀਆਂ
ਲੇਖਿਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 100 ਰੁਪਏ ਸਫ਼ੇ 36
ਸੰਪਰਕ : 98783-17796
'ਯੂਰਪ ਦੀਆਂ ਲੋਕ ਕਹਾਣੀਆਂ' ਬਲਰਾਜ ਧਾਰੀਵਾਲ ਦੀ ਨਵੀਂ ਛਪੀ ਪੁਸਤਕ ਹੈ, ਜਿਸ ਵਿਚ ਉਸ ਨੇ ਯੂਰਪ ਦੀਆਂ ਸੱਤ ਕਹਾਣੀਆਂ ਇਕੱਤਰ ਕੀਤੀਆਂ ਹਨ। ਇਨ੍ਹਾਂ ਬਾਲ ਕਹਾਣੀਆਂ ਵਿਚ ਜਾਦੂਈ ਵਰਤਾਰੇ, ਰਹੱਸਮਈ ਘਟਨਾਵਾਂ ਅਤੇ ਕੌਤਕ ਸਮੋਏ ਹੋਏ ਹਨ। ਪਹਿਲੀ ਕਹਾਣੀ 'ਮੋਰ ਪੰਖ' ਵਿਚ ਮਾਣਮੱਤੀ ਅਤੇ ਖ਼ੂਬਸੂਰਤ ਸ਼ਹਿਜ਼ਾਦੀ ਨੌਕਰਾਂ ਨੂੰ ਆਪਣੀ ਗੁਆਚੀ ਹੋਈ ਖ਼ੂਬਸੂਰਤ ਪੱਖੀ ਲੱਭ ਕੇ ਲਿਆਉਣ ਲਈ ਹੁਕਮ ਦਿੰਦੀ ਹੈ ਪਰ ਇਕ ਚਾਤਰ ਨੌਕਰ ਜੰਗਲ ਵਿਚੋਂ ਮੋਰ ਫੜ ਲਿਆਉਂਦਾ ਹੈ। ਜਦੋਂ ਮੋਰ ਪੈਲ ਪਾਉਂਦਾ ਹੈ ਤਾਂ ਉਹ ਸ਼ਹਿਜ਼ਾਦੀ ਨੂੰ ਆਖਦਾ ਹੈ ਕਿ ਵੇਖੋ, ਤੁਹਾਡੀ ਸਜਾਵਟੀ ਪੱਖੀ ਮੋਰ ਦੇ ਪਿੱਛੇ ਲੱਗ ਗਈ ਹੈ। 'ਸੁਨਹਿਰੀ ਗੁਲਹਿਰੀ' ਕਹਾਣੀ ਵਿਚ ਪੰਜਾਂ ਭੈਣਾਂ ਵਿਚੋਂ ਮਜ਼ਾਕ ਦਾ ਪਾਤਰ ਬਣਨ ਵਾਲੀ ਛੋਟੀ ਭੈਣ ਮਰਸੀ ਸੁਨਹਿਰੀ ਗੁਲਹਿਰੀ ਦੇ ਸਹਿਯੋਗ ਸਦਕਾ ਮਿਹਨਤ ਨਾਲ ਸੁਹਣੀਆਂ ਚੀਜ਼ਾਂ ਬਣਾਉਂਦੀ ਹੈ ਤਾਂ ਦੂਜੀਆਂ ਭੈਣਾਂ ਨੂੰ ਉਸ ਨਾਲ ਕੀਤੇ ਬੁਰੇ ਵਿਵਹਾਰ ਦਾ ਪਛਤਾਵਾ ਹੁੰਦਾ ਹੈ। 'ਸੁਨਹਿਰੀ ਧਾਗਾ' ਕਹਾਣੀ ਦਾ ਨਾਇਕ ਪੀਟਰ ਜੰਗਲ ਵਿਚ ਇਕ ਬਜ਼ੁਰਗ ਔਰਤ ਕੋਲੋਂ ਜਾਦੂਈ ਬਾਲ ਪ੍ਰਾਪਤ ਕਰਕੇ ਮਨਭਾਉਂਦੀਆਂ ਰੀਝਾਂ ਪੂਰੀਆਂ ਕਰਦਾ ਹੈ। 'ਰਹੱਸਮਈ ਸ਼ੀਸ਼ਾ' ਜਾਪਾਨ ਵਿਚ ਪਤੀ ਪਤਨੀ ਦੀਆਂ ਗ਼ਲਤ ਫ਼ਹਿਮੀਆਂ ਨੂੰ ਮੰਦਰ ਦਾ ਪੁਜਾਰੀ ਦੂਰ ਕਰਕੇ ਵਾਦ-ਵਿਵਾਦ ਸੁਲਝਾਉਂਦਾ ਹੈ। ਪ੍ਰਚਲਿਤ ਲੋਕ ਕਹਾਣੀ 'ਗੁਲਗੁਲੇ' ਕਹਾਣੀ ਦਾ ਮਰਾਸੀ ਆਤੂ ਕਿਸੇ ਵਿਆਹ ਵਾਲੇ ਘਰੋਂ ਖਾਧੇ ਸੁਆਦੀ ਗੁਲਗੁਲਿਆਂ ਦਾ ਨਾਂਅ ਭੁੱਲ ਕੇ ਘਰਵਾਲੀ ਨੂੰ 'ਹੰਭੜੇ' ਬਣਾਉਣ ਲਈ ਆਖਦਾ ਹੈ ਪਰ ਘਰਵਾਲੀ ਲਈ 'ਹੰਭੜੇ' ਮਿਠਾਈ ਦਾ ਨਾਂਅ ਸੁਣ ਕੇ ਸ਼ਸ਼ੋਪੰਜ ਵਿਚ ਪੈ ਜਾਂਦੀ ਹੈ ਤੇ ਹੰਭੜੇ ਬਣਾਉਣ ਤੋਂ ਇਨਕਾਰ ਕਰ ਦਿੰਦੀ ਹੈ। ਗੁੱਸੇ ਵਿਚ ਆਇਆ ਮਰਾਸੀ ਉਸ ਦੇ ਚਪੇੜ ਮਾਰਨ ਲਗਦਾ ਹੈ ਪਰ ਘਰਵਾਲੀ ਵਲੋਂ ਗੁੱਸੇ ਵਿਚ ਆ ਕੇ ਇਹ ਸ਼ਬਦ 'ਜਾ ਵੇ ਪਰ੍ਹਾਂ ਗੁਲਗੁਲਿਆ ਜਿਹਿਆ' ਸੁਣ ਕੇ ਇਕਦਮ ਹੱਥ ਜੋੜਦਾ ਹੋਇਆ ਆਖਦਾ ਹੈ 'ਹੰਭੜੇ' ਨਹੀਂ 'ਗੁਲਗੁਲੇ' ਬਣਾ ਤਾਂ ਮਾਹੌਲ ਹਾਸੇ ਠੱਠੇ ਵਾਲਾ ਬਣ ਜਾਂਦਾ ਹੈ। 'ਬੇਸ਼ਕੀਮਤੀ ਘੜਾ' ਕਹਾਣੀ ਵਿਚ ਮਾਲਕ ਲਈ ਵਹਿੰਗੀ ਵਿਚ ਪਾਣੀ ਦੇ ਘੜੇ ਭਰ ਕੇ ਲਿਆਉਣ ਵਾਲੇ ਨੌਕਰ ਕਪੂਰੇ ਤੇ ਘੜੇ ਦਾ ਸੰਵਾਦ ਹੈ। ਇਸ ਪ੍ਰਕਾਰ ਚਮਤਕਾਰੀ ਅੰਸ਼ਾਂ ਨਾਲ ਭਰਪੂਰ ਇਨ੍ਹਾਂ ਕਹਾਣੀਆਂ ਦਾ ਕਥਾਨਕ ਦਿਲਚਸਪ ਹੈ। ਰੰਗਦਾਰ ਚਿੱਤਰ ਬੱਚਿਆਂ ਦਾ ਮਨਪ੍ਰਚਾਵਾ ਕਰਦੇ ਹਨ। ਬਾਲਾਂ ਅਤੇ ਵੱਡਿਆਂ ਦੋਵਾਂ ਲਈ ਹੀ ਇਹ ਪੁਸਤਕ ਪੜ੍ਹਨਯੋਗ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਹੰਝੂ ਅਤੇ ਹਉਕੇ
ਲੇਖਕ : ਕਸ਼ਮੀਰ ਸਿੰਘ ਧੰਜੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 112
ਸੰਪਰਕ : 98146-73236
ਕੁੱਲ 69 ਸ਼ੇਅਰ, ਗੀਤ ਅਤੇ ਹੋਰ ਰਚਨਾਵਾਂ ਦਾ ਗੁਲਦਸਤਾ ਇਹ ਕਾਵਿ-ਸੰਗ੍ਰਹਿ ਕਵੀ ਦੇ ਜੀਵਨ ਦੇ ਅਨੇਕ ਰੰਗਾਂ ਅਤੇ ਅਨੁਭਵਾਂ ਦੀ ਨਿਵੇਕਲੀ ਪੇਸ਼ਕਾਰੀ ਹੈ। ਇਸ ਪੁਸਤਕ ਵਿਚਲੇ ਕਾਵਿ ਰਸ, ਬਿੰਬਾਂ, ਸੰਵੇਗਾਂ, ਬਿਰਹਾ, ਹਿਜਰ ਅਤੇ ਵਸਲ ਦੀਆਂ ਗਹਿਰਾਈਆਂ ਅਤੇ ਡੂੰਘਾਈਆਂ ਨੂੰ ਕਵੀ ਨੇ ਆਪਣੇ ਨਿਰਾਲੇ ਹੀ ਅੰਦਾਜ਼ ਵਿਚ ਸ਼ਬਦਾਂ ਵਿਚ ਰੂਪਮਾਨ ਕਰ ਕੇ ਆਪਣੇ ਗਿਆਨ, ਅਨੁਭਵ ਤੇ ਹੰਡਾਏ ਵਿਛੋੜੇ ਦੇ ਦਰਦ ਨੂੰ ਪਾਠਕਾਂ ਤੱਕ ਪਹੁੰਚਾਇਆ ਹੈ। ਉਸ ਦੇ ਜਜ਼ਬਾਤ, ਉਸ ਦੀ ਸੰਵੇਦਨਾ ਅਤੇ ਤੜਫ਼ ਨੂੰ ਕਾਵਿ-ਰੂਪ 'ਚ ਵਾਚਕੇ ਪਾਠਕ ਆਪ ਮੁਹਾਰੇ ਕਹਿ ਉੱਠਦਾ ਹੈ ਕਿ ਕਵੀ ਧੰਜੂ ਨੇ ਸਾਹਿਤ ਦੇ ਖੇਤਰ ਵਿਚ ਇਕ ਹੋਰ ਪੈੜ ਪਾਈ ਹੈ। ਕਵੀ ਦੀ ਇਸ ਪੁਸਤਕ ਦੀਆਂ ਜ਼ਿਆਦਾਤਰ ਰਚਨਾਵਾਂ ਭਾਵੇਂ ਉਸ ਦੇ ਪਹਿਲੇ ਪਿਆਰ ਦੀ ਤੜਫ਼ ਅਤੇ ਕੁਰਲਾਹਟ ਨੂੰ ਬਿਆਨ ਕਰਦੀਆਂ ਹਨ ਪਰ ਉਸ ਦੀਆਂ ਰਚਨਾਵਾਂ ਮੋਹ ਮਮਤਾ, ਮਾਂ, ਸਮੁੰਦਰੋਂ ਪਾਰ, ਰੰਗ, ਇਹ ਧਰਤੀ ਅਤੇ ਮੇਰਾ ਵੀ ਜੇ ਬਾਪ ਹੁੰਦਾ ਕਾਵਿ-ਸੰਗ੍ਰਹਿ ਨੂੰ ਵੰਨਗੀ ਦਾ ਗੁਣ ਪ੍ਰਦਾਨ ਕਰਦੀਆਂ ਹਨ। ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪਾਕ ਮੁਹਬੱਤ ਦੀ ਦਰਦ ਭਰਪੂਰ ਹੂਕ, ਯਾਦਾਂ ਦੇ ਵਾ ਵਰੋਲੇ ਬਣ ਕੇ ਉਸ ਦੀ ਕਲਮ ਤੋਂ ਸ਼ਬਦਾਂ ਦਾ ਰੂਪ ਧਾਰਨ ਕਰ ਕੇ ਕਵੀ ਵਾਂਗ ਆਪਣੇ ਪ੍ਰੇਮ ਦੇ ਵਿਛੋੜੇ ਦਾ ਸੰਤਾਪ ਭੋਗ ਰਹੇ ਪ੍ਰੇਮੀਆਂ ਦੇ ਮਨਾਂ ਨੂੰ ਟੁੰਬ ਰਹੀਆਂ ਹਨ। ਬੈਂਤ ਤਰਜ ਤੇ ਅਲੰਕਾਰ ਭਰਪੂਰ ਰਚਨਾਵਾਂ ਵਿਚ ਆਪਣੇ ਵਿਛੜੇ ਯਾਰ ਦੇ ਦੀਦਾਰ ਦਾ ਹੋਕਾ ਦੇ ਰਹੇ ਕਵੀ ਦੀਆਂ ਕਵਿਤਾਵਾਂ ਦੀ ਪੇਸ਼ਕਾਰੀ ਕਵੀ ਦੇ ਗਿਆਨ ਅਤੇ ਅਨੁਭਵ ਦੀ ਬਾਤ ਪਾਉਂਦੀ ਹੈ। ਕਵੀ ਨੇ ਵਿਸਮਾਦੀ ਰੋਮਾਂਚ ਭਰਪੂਰ ਅਤੇ ਨਿਰਾਲੇ ਅੰਦਾਜ਼ ਨਾਲ ਕਵਿਤਾਵਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਹੈ। ਇਸ ਕਾਵਿ-ਸੰਗ੍ਰਹਿ ਦੀ ਕਵਿਤਾ ਕਿਹੜੇ ਰੁੱਖ ਦੀ ਛਾਂ ਵਿਚ ਕਵੀ ਆਪਣੇ ਪਹਿਲੇ ਪਿਆਰ ਵਿਚ ਓਤ-ਪੋਤ ਹੋਇਆ ਆਪਣੇ ਮਨ ਦੀ ਭਾਵੁਕਤਾ ਦੇ ਮਾਧਿਅਮ ਰਾਹੀਂ ਸੰਵੇਦਨਾਤਮਿਕ ਮਹੌਲ ਸਿਰਜਦਾ ਨਜ਼ਰ ਆਉਂਦਾ ਹੈ। ਇਸ ਕਵਿਤਾ ਨੂੰ ਸਮਝਣ ਲਈ ਸੂਖ਼ਮ ਦ੍ਰਿਸ਼ਟੀਕੋਣ ਦੀ ਲੋੜ ਹੈ। ਇਸ ਕਾਵਿ-ਸੰਗ੍ਰਹਿ ਦੀ ਇਕ ਹੋਰ ਰਚਨਾ 'ਮਾਏਂ ਨੀਂ' ਵਿਚ ਪ੍ਰਦੇਸ ਵਿਚ ਵਾਸਾ ਹੋਣ ਕਾਰਨ ਆਪਣੇ ਭਾਈਆਂ, ਭੈਣਾਂ ਅਤੇ ਮਾਪਿਆਂ ਦੀ ਜੁਦਾਈ ਦੀ ਪੀੜਾ ਹੰਢਾ ਰਿਹਾ ਕਵੀ ਆਪਣੀਆਂ ਭਾਵਨਾਵਾਂ ਨੂੰ ਕਾਗਜ਼ 'ਤੇ ਉਕੇਰਦਾ ਹੋਇਆ ਆਪਣਿਆਂ ਤੋਂ ਅੱਡ ਹੋ ਕੇ ਜ਼ਿੰਦਗੀ ਜਿਊਣ ਦੇ ਅਨੁਭਵ ਨੂੰ ਬਿਆਨ ਕਰਦਾ ਹੈ। ਇਕ ਹੋਰ ਰਚਨਾ ਮਾਂ ਵਿਚ ਲੱਖਾਂ ਸੁੱਖਾਂ ਸੁੱਖ ਕੇ ਔਲਾਦ ਮੰਗਣ ਵਾਲੀ, ਆਪਣਾ ਸਭ ਕੁਝ ਕੁਰਬਾਨ ਕਰ ਕੇ ਔਲਾਦ ਨੂੰ ਜ਼ਿੰਦਗੀ ਜਿਊਣ ਦੀ ਸਮਰੱਥਾ ਪ੍ਰਦਾਨ ਕਰਨ ਵਾਲੀ ਮਾਂ ਨਾਲ ਉਸ ਦੀ ਔਲਾਦ ਵਲੋਂ ਅਪਣਾਏ ਜਾਣ ਵਾਲੇ ਵਤੀਰੇ ਨੂੰ ਸ਼ਬਦਾਂ ਵਿਚ ਜਿਸ ਢੰਗ ਨਾਲ ਪਰੋਇਆ ਹੈ, ਉਹ ਕਵੀ ਦੇ ਜਜ਼ਬਾਤੀ ਹੋਣ ਨੂੰ ਪ੍ਰਗਟਾਉਂਦਾ ਹੈ। ਇਕ ਹੋਰ ਕਵਿਤਾ ਗੀਤ ਵਿਚ ਮਾਂ ਵਲੋਂ ਆਪਣੇ ਪੁੱਤ ਨੂੰ ਉਸ ਨੂੰ ਭੁੱਲ ਜਾਣ, ਉਸ ਦੇ ਦੁੱਧ ਦੇ ਕਰਜ਼ ਨੂੰ ਯਾਦ ਨਾ ਰੱਖਣ ਦੀ ਥਾਂ ਉਸ ਦੀ ਦੁਰਗਤੀ ਕਰਨ ਲਈ ਉਸ ਦੇ ਅਹਿਸਾਨ ਫ਼ਰਾਮੋਸ਼ ਹੋਣ ਦੀ ਗੱਲ ਕਹੀ ਗਈ। 'ਮਜਬੂਰ' ਕਵਿਤਾ ਵਿਚ ਪ੍ਰੇਮਿਕਾ ਅਤੇ ਪ੍ਰੇਮੀ ਦੇ ਸੰਬੰਧਾਂ ਦੇ ਟੁੱਟਣ ਤੋਂ ਬਾਅਦ ਦੋਹਾਂ ਦਾ ਮਜਬੂਰੀਵਸ ਤੇ ਆਪਣੀਆਂ ਇੱਛਾਵਾਂ ਦੇ ਉਲਟ ਜ਼ਿੰਦਗੀ ਜਿਊਣ ਦੀ ਸਥਿਤੀ ਨੂੰ ਬਿਆਨਿਆ ਗਿਆ ਹੈ। ਸਮੁੰਦਰ ਤੋਂ ਪਾਰ ਕਵਿਤਾ ਵਿਚ ਕਵੀ ਨੇ ਬਿਰਹੇ ਦੇ ਭੋਗ ਰਹੇ ਸੰਤਾਪ ਵਿਚ ਪ੍ਰੇਮ ਭਰਪੂਰ ਪਲਾਂ ਦੀਆਂ ਯਾਦਾਂ ਨੂੰ ਦੁਹਰਾ ਕੇ ਆਪਣੇ ਮਨ ਅਤੇ ਆਤਮਾ ਨਾਲ ਸਮਝੌਤਾ ਕਰਦਿਆਂ ਕੁਦਰਤੀ ਸੋਮਿਆਂ ਅੰਬਰ, ਤਾਰੇ ਅਤੇ ਰਾਤਾਂ ਦੇ ਮਾਧਿਅਮ ਰਾਹੀਂ ਆਪਣੀ ਪੀੜਾ ਦਾ ਇਜ਼ਹਾਰ ਕੀਤਾ ਹੈ। 'ਯਾਦਾਂ ਅਤੇ ਜੁਦਾਈ' ਕਵਿਤਾ ਵਿਚ ਕਵੀ ਪ੍ਰੇਮ ਸੰਬੰਧਾਂ ਵਿਚ ਵਫ਼ਾਈ ਤੇ ਜੁਦਾਈ ਨੂੰ ਪ੍ਰੇਮੀ ਅਤੇ ਪ੍ਰੇਮਿਕਾ ਦੀ ਜ਼ਿੰਦਗੀ ਦਾ ਹਿੱਸਾ ਦੱਸਦਾ ਹੋਇਆ ਇਨ੍ਹਾਂ ਨੂੰ ਮੌਸਮ ਦੇ ਰੰਗ, ਪਤਝੜ, ਹਰਿਆਲੀ, ਖ਼ੁਸ਼ੀਆਂ ਅਤੇ ਗ਼ਮੀਆਂ ਦੇ ਪ੍ਰਤੀਕਾਂ ਨਾਲ ਰੂਪਮਾਨ ਕਰ ਰਿਹਾ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਤਮਾਮ ਰਚਨਾਵਾਂ ਦੀ ਸ਼ਬਦ ਚੋਣ, ਤੁਕਾਂਤ, ਭਾਸ਼ਾ, ਬੈਂਤਾਂ, ਅਲੰਕਾਰਾਂ ਦਾ ਪ੍ਰਯੋਗ ਕਵੀ ਦੀ ਕਵਿਤਾ ਦੇ ਖੇਤਰ ਵਿਚ ਮੁਹਾਰਤ ਨੂੰ ਪ੍ਰਗਟਾਉਂਦਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਭਗਤ ਰਵਿਦਾਸ ਜੀ
ਜੀਵਨ ਤੇ ਵਿਚਾਰਧਾਰਾ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਲੇਖਕ ਆਪ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94178-55876
ਹਰੀ ਸਿੰਘ ਢੁੱਡੀਕੇ ਨੇ 22 ਸਹਾਇਤਕ ਪੁਸਤਕਾਂ ਦਾ ਅਧਿਐਨ ਕਰਨ ਉਪਰੰਤ ਭਗਤ ਰਵਿਦਾਸ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਇਕ ਪੁਸਤਕ ਦੀ ਰਚਨਾ ਕੀਤੀ ਹੈ। ਇਸ ਤੋਂ ਪਹਿਲਾਂ ਉਸ ਦੀ ਕਲਮ ਤੋਂ ਦੇਸ਼ ਭਗਤਾਂ ਦੀਆਂ ਜੀਵਨੀਆਂ ਅਤੇ ਕਈ ਇਤਿਹਾਸਕ ਨਾਵਲ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। 'ਭਗਤ ਰਵਿਦਾਸ ਜੀ-ਜੀਵਨ ਤੇ ਵਿਚਾਰਧਾਰਾ' ਪੁਸਤਕ ਦੇ ਆਰੰਭ ਵਿਚ ਭਗਤ ਜੀ ਦੇ ਸਮੇਂ ਤੋਂ ਪਹਿਲਾਂ ਭਾਰਤ ਦੀ ਸਮਾਜਿਕ, ਰਾਜਨੀਤਕ ਤੇ ਧਾਰਮਿਕ ਹਾਲਤ ਉੱਪਰ ਚਾਨਣ ਪਾਇਆ ਗਿਆ ਹੈ। ਪੁਜਾਰੀ ਸ਼੍ਰੇਣੀ ਨੇ ਧਾਰਮਿਕ ਗ੍ਰੰਥਾਂ ਦੁਆਰਾ ਮਨੁੱਖਾਂ ਵਿਚ ਵੰਡ ਪਾਈ। ਮਨੂੰ ਸਿਮਰਤੀ ਗ੍ਰੰਥਾਂ ਅਨੁਸਾਰ ਜੇ ਕੋਈ ਸ਼ੂਦਰ ਵੇਦ ਪਾਠ ਸੁਣ ਲਏ ਤਾਂ ਉਸ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਹੈ ਅਤੇ ਜੇ ਉਹ ਵੇਦ ਪਾਠ ਦਾ ਉਚਾਰਨ ਕਰੇ ਤਾਂ ਉਸ ਦੀ ਜੀਭ ਕੱਟ ਦੇਣੀ ਚਾਹੀਦੀ ਹੈ। ਸ਼ੂਦਰ ਲੋਕਾਂ ਦੇ ਘਰ ਪਿੰਡ ਤੋਂ ਬਾਹਰਵਾਰ ਹੁੰਦੇ ਸਨ। ਇਸ ਤੋਂ ਬਾਅਦ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਮੁਢਲੀ ਜਾਣਕਾਰੀ ਅਤੇ ਉਨ੍ਹਾਂ ਦੇ ਬਚਪਨ ਬਾਰੇ ਦੱਸਿਆ ਗਿਆ ਹੈ। ਉਪਰੰਤ ਲੇਖਕ ਨੇ ਹੇਠ ਲਿਖੇ ਸਿਰਲੇਖਾਂ ਅਧੀਨ ਸੰਖੇਪ ਰੂਪ ਵਿਚ ਭਗਤ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉੱਪਰ ਪ੍ਰਕਾਸ਼ ਪਾਇਆ ਹੈ:
ਪਰਿਵਾਰਕ ਚਿੰਤਾ, ਭਗਤ ਰਾਮਾ ਨੰਦ ਦਾ ਪ੍ਰਭਾਵ, ਭਗਤ ਜੀ ਦਾ ਆਪਣਾ ਅਨੁਭਵ, ਸਾਖੀ ਗੰਗਾ ਮਾਤਾ ਨੂੰ ਦਮੜੀ ਭੇਟ ਕਰਨ ਦੀ, ਭਗਤ ਰਵਿਦਾਸ ਜੀ ਦੇ ਵਿਰੁੱਧ ਜਦੋਂ ਬ੍ਰਾਹਮਣ ਉਠ ਤੁਰੇ, ਸਾਖੀ ਪਾਰਸ ਦੀ, ਭਗਤ ਰਵਿਦਾਸ ਤੇ ਭਗਤ ਪੀਪਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ, ਭਗਤੀ ਲਹਿਰ ਦਾ ਪ੍ਰਭਾਵ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਦੇ 16 ਰਾਗਾਂ ਵਿਚ ਦਰਜ 40 ਸ਼ਬਦ ਅਤੇ ਇਕ ਸਲੋਕ ਹੈ, ਪੂਰਾ ਸੱਚ ਬੋਲਣ ਵਾਲੇ, ਸਿਮਰਨ, ਭਗਤ ਰਵਿਦਾਸ ਜੀ ਦੀ ਭਗਤੀ, ਭਗਤ ਜੀ ਦੀ ਸਮਾਜਿਕ ਵਿਚਾਰਧਾਰਾ, ਬੇਗਮਪੁਰਾ, ਮਾਟੀ ਕੋ ਪੁਤਰਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ, ਚਰਨ ਛੋਹ ਗੰਗਾ ਸੱਚਖੰਡ ਸਾਹਿਬ ਖੁਰਾਲਗੜ੍ਹ, ਭਗਤ ਜੀ ਦਾ ਅੰਤਲਾ ਸਮਾਂ, ਮਨੁੱਖਾ ਜੀਵਨ ਦਾ ਉਦੇਸ਼, ਨਾਸ਼ਵਾਨ ਹੈ ਸਾਡਾ ਜੀਵਨ, ਮਾਇਆ ਜਾਲ, ਧੰਨ ਹੈ ਮਨੁੱਖਾ ਜਨਮ, ਬਾਹਰਮੁਖੀ ਸਾਧਨ ਵਿਅਰਥ ਹਨ, ਹਉਮੈ ਦਾ ਤਿਆਗ, ਸਿਮਰਨ ਹੀ ਸਹੀ ਰਸਤਾ ਹੈ, ਪਰਮਾਤਮਾ ਦਾ ਸਰੂਪ, ਸੱਚਾ ਪ੍ਰੇਮ, ਜਗਤ ਦਾ ਸਰੂਪ, ਮੌਤ ਅਟੱਲ ਹੈ, ਮਾਸ ਖਾਣਾ ਤੇ ਸ਼ਰਾਬ ਪੀਣੀ ਗ਼ਲਤ, ਭਗਤ ਰਵਿਦਾਸ ਜੀ ਦੀ ਭਾਸ਼ਾ, ਭਗਤ ਬਾਣੀ ਦਾ ਸੱਭਿਆਚਾਰਕ ਪੱਖ, ਸਹਾਇਕ ਪੁਸਤਕਾਂ, ਪੁਸਤਕ ਦੇ ਪੰਨਾ ਨੰਬਰ 37 'ਤੇ ਲੇਖਕ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:
ਦੂਜਾ ਕਾਹੇ ਸਿਮਰੀਐ ਜੋ ਜਮੈ ਤੇ ਮਰ ਜਾਇ॥
ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਇ॥
ਜਦਕਿ ਇਹ ਸਤਰਾਂ ਗੁਰਬਾਣੀ ਵਿਚੋਂ ਨਹੀਂ ਹਨ, ਸਗੋਂ ਇਹ ਕੱਚੀ ਬਾਣੀ ਹੈ। ਅਜਿਹੀਆਂ ਪੰਕਤੀਆਂ ਲਿਖਣ ਤੋਂ ਪਹਿਲਾਂ ਵਿਦਵਾਨ ਲੇਖਕ ਨੂੰ ਪੂਰੀ ਪੜਤਾਲ ਕਰ ਲੈਣੀ ਚਾਹੀਦੀ ਸੀ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241.
ਰੁਸਤਮੇ-ਹਿੰਦ ਦਾਰਾ ਸਿੰਘ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98147-83069
ਬਲਦੇਵ ਸਿੰਘ ਨੇ ਭਾਰਤ ਦੇ ਇਸ ਪ੍ਰਸਿੱਧ ਪਹਿਲਵਾਨ ਦੇ ਜੀਵਨ-ਸਮਾਚਾਰਾਂ ਨੂੰ ਬੜੇ ਰੌਚਿਕ ਢੰਗ ਨਾਲ ਲਿਖਦਿਆਂ ਉਸ ਦੇ ਜੀਵਨ ਦੇ ਪੜਾਅਵਾਰ ਦਰਸ਼ਨ ਕਰਵਾ ਦਿੱਤੇ ਹਨ। ਪਹਿਲਵਾਨ ਦਾ ਜਨਮ, 19 ਨਵੰਬਰ ਜਾਂ 17 ਨਵੰਬਰ, 1928 ਨੂੰ ਹੋਇਆ, ਬਚਪਨ, ਕਿਸ਼ੋਰ ਅਤੇ ਜਵਾਨੀ ਦੇ ਪੜਾਅਵਾਰ ਸਮਾਚਾਰਾਂ ਨੂੰ ਪੇਸ਼ ਕੀਤਾ ਹੈ, ਪਾਠਕਾਂ ਸਾਹਮਣੇ ਅੰਮ੍ਰਿਤ ਛਕਣ, ਮੰਗਣੀ ਅਤੇ ਵਿਆਹ ਦੀਆਂ ਬਾਤਾਂ ਪਾ ਕੇ ਰੌਚਿਕ ਘਟਨਾਵਾਂ ਦਾ ਚਿੱਤਰਨ ਪੇਸ਼ ਕੀਤਾ ਹੈ। ਦਾਰਾ ਸਿੰਘ ਦੇ ਪਿਤਾ ਜੀ ਅਤੇ ਚਾਚਾ ਜੀ ਜਦ ਸਿੰਘਾਪੁਰ ਰਵਾਨਾ ਹੋਏ, ਉਸ ਸਮੇਂ ਘਰ ਵਿਚ, ਵਿਆਹ ਵਰਗਾ ਖ਼ੁਸ਼ੀ ਭਰਿਆ ਮਾਹੌਲ, ਉਦਾਸ ਹੋ ਗਿਆ ਸੀ। ਉਸੇ ਸਮੇਂ ਦਾਰਾ ਸਿੰਘ ਦਾ ਮੁਕਲਾਵਾ ਸੀ। ਦਾਰਾ ਸਿੰਘ ਦਾ ਆਪਣਾ ਮੁੱਢਲਾ ਜੀਵਨ ਖੇਤੀ ਕਰਨ ਅਤੇ ਘਰ ਸੰਭਾਲਣ ਤੋਂ ਆਰੰਭ ਹੁੰਦਾ ਹੈ।
ਖੇਤੀਬਾੜੀ ਕਰਦਿਆਂ ਹੀ ਉਸ ਨੂੰ ਪਹਿਲਵਾਨ ਬਣਨ ਦਾ ਸ਼ੌਕ ਜਾਗਿਆ, ਜਿਸ ਨੇ ਦਾਰਾ ਸਿੰਘ ਦੀ ਕਾਇਆ ਪਲਟ ਦਿੱਤੀ। ਇਨ੍ਹਾਂ ਨਿੱਕੀਆਂ ਘਟਨਾਵਾਂ ਤੋਂ ਪਤਾ ਚਲਦਾ ਹੈ ਕਿ ਦਾਰਾ ਸਿੰਘ ਦਾ ਮੁੱਢਲਾ ਜੀਵਨ ਕਿਹੋ ਜਿਹਾ ਰਿਹਾ ਹੈ। ਪਹਿਲਵਾਨ ਬਣ ਕੇ, ਗੁਰੂਧਾਰਨ ਉਪਰੰਤ ਉਸ ਨੇ ਆਪਣਾ ਸਾਰਾ ਜੀਵਨ ਪਹਿਲਵਾਨੀ ਵਿਚ ਇਕ ਪੇਸ਼ੇ ਵਜੋਂ ਲੰਘਾਉਂਦਿਆਂ ਪਹਿਲਵਾਨ ਹੋਣ ਦਾ ਮਾਣ ਹੀ ਪ੍ਰਾਪਤ ਕੀਤਾ, ਉਸ ਨੇ ਫਿਲਮਾਂ ਵਿਚ ਵੀ ਆਪਣੀ ਪਹਿਲਵਾਨੀ ਦਾ ਪ੍ਰਦਰਸ਼ਨ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਅਜਿਹੇ ਪ੍ਰਸਿੱਧ ਪਹਿਲਵਾਨ ਦੀ ਇਸ ਸਵੈ-ਜੀਵਨੀ ਰਾਹੀਂ ਅਸੀਂ ਉਸ ਦੇ ਸਮੁੱਚੇ ਜੀਵਨ ਦੀ ਰੌਚਿਕ ਕਹਾਣੀ ਨੂੰ ਜਾਣਦੇ ਹੀ ਨਹੀਂ। ਇਹ ਸਿੱਖਿਆ ਪ੍ਰਦਾਨ ਕਰਦੇ ਹਾਂ ਕਿ ਹਰ ਇਕ ਵਿਅਕਤੀ ਜੇਕਰ ਆਪਣੇ ਜੀਵਨ ਵਿਚ ਕਿਵੇਂ ਮਿਹਨਤ ਕਰਕੇ ਆਪਣਾ ਨਾਂਅ ਪ੍ਰਸਿੱਧ ਕਰਦਾ ਹੈ। ਸੱਚਮੁੱਚ ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾ ਦੇਣ ਵਾਲੀ ਪੁਸਤਕ ਹੈ।
-ਡਾ. ਅਮਰ ਕੋਮਲ
ਮੋਬਾਈਲ : 84378-73565
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਲੇਖਕ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 98550-93786
ਲਾਭ ਚਤਾਮਲੀ ਵਾਲਾ ਪੰਜਾਬੀ ਦਾ ਪ੍ਰਸਿੱਧ ਗੀਤਕਾਰ ਹੈ, ਜਿਸ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਨਾਮੀ ਕਲਾਕਾਰਾਂ ਨੇ ਜ਼ਬਾਨ ਦਿੱਤੀ ਹੈ। ਬਕੌਲ ਲਾਭ ਚਤਾਮਲੀ ਵਾਲਾ ਕਿ ਉਸ ਦੀਆਂ ਰਚੀਆਂ ਬਹੁਤ ਸਾਰੀਆਂ ਰਚਨਾਵਾਂ ਜਾਂ ਨਸ਼ਟ ਹੋ ਗਈਆਂ ਜਾਂ ਅਵੇਸਲੇਪਣ ਸਦਕਾ ਗੁੰਮ-ਗੁਆਚ ਗਈਆਂ ਪਰ ਹੁਣ ਉਹ ਆਪਣੀਆਂ ਰਚਨਾਵਾਂ ਨੂੰ ਸਾਂਭਣ ਦੇ ਆਹਰ ਵਿਚ ਹੈ ਤੇ ਹੱਥਲੀ ਪੁਸਤਕ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਵੀ ਇਸੇ ਹੀ ਉੱਦਮ ਵਿਚੋਂ ਸਾਹਮਣੇ ਆਈ ਪੁਸਤਕ ਹੈ, ਜਿਸ ਵਿਚ ਲਗਭਗ 82 ਗੀਤਕ ਰਚਨਾਵਾਂ ਸ਼ਾਮਿਲ ਹਨ। ਇਸ ਪੁਸਤਕ ਵਿਚ ਸ਼ਾਮਿਲ ਗੀਤਾਂ ਵਿਚ ਭਾਵੇਂ ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਗੀਤ ਮਹਾਰਾਜਾ ਰਣਜੀਤ ਸਿੰਘ ਬਾਰੇ ਹੀ ਹੋਣਗੇ ਪਰ ਜਿਥੇ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ, ਰਾਜਭਾਗ ਅਤੇ ਜਿੱਤਾਂ ਬਾਰੇ ਗੀਤ ਦਰਜ ਕੀਤੇ ਗਏ ਹਨ, ਉਥੇ ਮਹਾਰਾਜੇ ਦੇ ਜਰਨੈਲਾਂ ਜੱਸਾ ਸਿੰਘ ਆਹਲੂਵਾਲੀਆ, ਸ਼ਾਮ ਸਿੰਘ ਅਟਾਰੀਵਾਲਾ, ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਗੜ੍ਹੀਆ ਆਦਿ ਦੇ ਜੀਵਨ ਅਤੇ ਜਿੱਤਾਂ ਬਾਰੇ ਵੀ ਗੀਤ ਪੁਸਤਕ ਵਿਚ ਦਰਜ ਕੀਤੇ ਗਏ ਹਨ। ਹਰੇਕ ਗੀਤ ਤੋਂ ਪਹਿਲਾਂ ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਜਾਂ ਕਿਸੇ ਜਰਨੈਲ ਦੇ ਜੀਵਨ ਬਾਰੇ ਹੋਵੇ, ਉਸ ਦਾ ਇਤਿਹਾਸਕ ਵੇਰਵਾ ਪ੍ਰਸੰਗ ਦੇ ਰੂਪ ਵਿਚ ਦਰਜ ਜ਼ਰੂਰ ਕੀਤਾ ਗਿਆ ਹੈ ਜੋ ਗੀਤ ਦੀ ਪ੍ਰਸੰਗਿਕਤਾ ਤਾਂ ਪੇਸ਼ ਕਰਦਾ ਹੀ ਹੈ, ਪਾਠਕ ਲਈ ਵੀ ਜਾਣਕਾਰੀ ਭਰਪੂਰ ਹੋ ਨਿਬੜਦਾ ਹੈ। ਗੀਤਾਂ ਵਿਚਲਾ ਸਰੋਦੀਪਣ ਅਤੇ ਲੈਆਤਮਕਤਾ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਰਵਾਇਤੀ ਛੰਦਾਬੰਦੀ ਵਿਚ ਵੀ ਇਨ੍ਹਾਂ ਗੀਤਾਂ ਦੀ ਪੇਸ਼ਕਾਰੀ ਹੋਈ ਹੈ। ਸੋਹਣੇ ਸਰਵਰਕ ਅਤੇ ਵਧੀਆ ਦਿੱਖ-ਪੱਖ ਵਾਲੀ ਇਹ ਪੁਸਤਕ ਲਾਭ ਚਤਾਮਲੀ ਦੀ ਮਿਹਨਤ ਨੂੰ ਪੇਸ਼ ਕਰਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਸਾਹਿਤ ਬੋਧ
ਲੇਖਕ : ਡਾ. ਚਰਨਜੀਤ ਸਿੰਘ ਸੀਹਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾਂ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 88377-90400
ਸਾਹਿਤ ਬੋਧ ਸਾਹਿਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਪੁਸਤਕ ਹੈ ਜਿਹੜੇ ਕਿ ਪੰਜਾਬੀ ਭਾਸ਼ਾ ਨਾਲ ਜੁੜੇ ਕਿਸੇ ਵੀ ਮੁਕਾਬਲੇ ਦੇ ਇਮਤਿਹਾਨ ਵਿਚ ਭਾਗ ਲੈਣਾ ਚਾਹੰਦੇ ਹਨ। ਇਸ ਵਿਸ਼ੇ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਸਹਾਇਤਾ ਲਈ ਤਿਆਰ ਕੀਤੀ ਇਸ ਪੁਸਤਕ ਵਿਚ ਲੇਖਕ ਨੇ ਕਾਫ਼ੀ ਮਿਹਨਤ ਨਾਲ ਪੁਸਤਕ ਵਿਚਲੇ ਸਵਾਲਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸਰਲ ਅਤੇ ਸੌਖੀ ਸ਼ਬਦਾਵਲੀ ਦੀ ਚੋਣ ਕੀਤੀ ਹੈ। ਭਾਸ਼ਾਂ ਅਤੇ ਮਨੁੱਖ ਦੇ ਆਪਸੀ ਸੰਬੰਧਾਂ ਅਤੇ ਸਾਹਿਤ ਦੇ ਸਮਾਜ ਨਾਲ ਜੁੜੇ ਸਰੋਕਾਰਾਂ ਨਾਲ ਵਾਬਸਤਾ ਹੋਣ ਕਰਕੇ ਸਾਹਿਤ ਦਾ ਵਿਸ਼ਾ ਵਿਦਿਆਰਥੀਆਂ ਲਈ ਬਹੁਤ ਅਹਿਮ ਹੈ ਪਰ ਸਾਹਿਤ ਅਤੇ ਭਾਸ਼ਾ ਦਾ ਖੇਤਰ ਕਾਫ਼ੀ ਵਿਸ਼ਾਲ ਹੋਣ ਕਾਰਨ ਇਨ੍ਹਾਂ ਦੀ ਥਾਹ ਪਾਉਣਾ ਸੌਖਾ ਕੰਮ ਨਹੀਂ। ਪਰ ਫਿਰ ਵੀ ਲੇਖਕ ਨੇ ਵਸਤੂਨਿਸ਼ਠ ਪ੍ਰਸ਼ਨਾ ਲਈ ਪ੍ਰਸ਼ਨਾਵਲੀ 'ਤੇ ਆਧਾਰਿਤ ਸਵਾਲਾਂ ਦੀ ਨਾਲ-ਨਾਲ ਵਿਆਖਿਆਂ ਵੀ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮਝਣ ਵਿਚ ਆਸਾਨੀ ਹੋਵੇ। ਚਾਰ ਪ੍ਰਸ਼ਨਾਵਲੀਆਂ ਵਿਚ ਹਰੇਕ ਪ੍ਰਸ਼ਨਾਵਲੀ ਵਿਚ 100 ਸਵਾਲ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਦੇ ਉੱਤਰ ਉਨ੍ਹਾਂ ਦੀ ਸੰਖੇਪ ਵਿਆਖਿਆ ਦੇ ਨਾਲ ਪੇਸ਼ ਕੀਤੇ ਗਏ ਹਨ ਜਿਹੜੇ ਕਿ ਵਿਦਿਆਰਥੀਆਂ ਦੇ ਗਹਿਨ ਅਧਿਐਨ ਵਿਚ ਸਹਾਇਕ ਸਿੱਧ ਹੋਣਗੇ। ਪੁਸਤਕ ਦੇ ਅੰਤ ਵਿਚ ਇਕ ਅਭਿਆਸ ਪ੍ਰਸ਼ਨੋਤਰੀ ਵੀ ਦਿੱਤੀ ਗਈ ਹੈ ਜਿਹੜੀ ਕਿ ਵਿਸ਼ੇ ਦੇ ਗਿਆਨ ਨੂੰ ਪੁਖਤਾ ਕਰਨ ਵਿਚ ਹੋਰ ਵੀ ਸਹਾਇਕ ਸਿੱਧ ਹੋਵੇਗੀ। ਕੁੱਲ ਮਿਲਾ ਕੇ ਪੁਸਤਕ ਸਾਹਿਤ ਦਾ ਬੋਧ ਕਰਵਾਉਣ ਵਿਚ ਸਹਾਇਕ ਹੋਵੇਗੀ ਤਾਂ ਜੋ ਵਿਦਿਆਰਥੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰ ਸਕਣ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਕਲਯੁੱਗ ਦੇ ਰਹਿਬਰ ਗੁਰੂ ਨਾਨਕ
ਲੇਖਕ : ਪ੍ਰਿੰ: ਡਾ. ਗਿਆਨ ਸਿੰਘ ਘਈ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਭੇਟਾ : 250 ਰੁਪਏ, ਸਫ਼ੇ : 200
ਸੰਪਰਕ : 94635-72150
ਪੁਸਤਕ 'ਕਲਯੁੱਗ ਦੇ ਰਹਿਬਰ-ਗੁਰੂ ਨਾਨਕ' ਤੋਂ ਪਹਿਲਾਂ ਲੇਖਕ ਪੰਜ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਅਜੋਕੇ ਸਮੇਂ ਵਿਚ ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ, ਸਿੱਖਿਆ, ਫਿਲਾਸਫ਼ੀ ਆਦਿ ਉੱਪਰ ਅਨੇਕਾਂ ਰਚਨਾਵਾਂ ਮਿਲਦੀਆਂ ਹਨ। ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਗੁਰੂ ਨਾਨਕ ਸਾਹਿਬ ਬਾਰੇ ਅਨੇਕਾਂ ਭਾਸ਼ਾਵਾਂ ਵਿਚ 'ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਸ਼ਤਾਬਦੀ' ਪੁਸਤਕਾਂ ਰਚੀਆਂ ਗਈਆਂ। ਪਰ ਬੱਚਿਆਂ ਅਤੇ ਸਿੱਖਿਆਰਥੀਆਂ ਲਈ ਕਲਮ ਚਲਾਉਣੀ ਸੁਖੈਨ ਕਾਰਜ ਨਹੀਂ। ਅਸੀਂ ਇਹ ਗੱਲ ਭਲੀ ਭਾਂਤ ਸਮਝਦੇ ਹਾਂ ਕਿ ਬੱਚਿਆਂ ਦੀ ਮਾਨਸਿਕਤਾ, ਜਗਿਆਸਾ, ਗਿਆਨ ਨੂੰ ਜਾਨਣਾ ਬੜਾ ਕਠਿਨ ਮਾਰਗ ਹੈ। ਲੇਖਕ ਨੇ ਸਰਲ ਤੇ ਸੁਖੈਨ ਭਾਸ਼ਾ ਦਾ ਪ੍ਰਯੋਗ ਕਰਦਿਆਂ ਕਾਵਿ ਅਤੇ ਵਾਰਤਕ ਦਾ ਸੁੰਦਰ ਸੁਮੇਲ ਕਰਦਿਆਂ ਗੁਰੂ ਸਾਹਿਬ ਦੇ ਦਰਸ਼ਨ ਅਤੇ ਗਹਿਰ-ਗੰਭੀਰ ਵਿਚਾਰਾਂ ਨੂੰ ਪੇਸ਼ ਕਰਨ ਦਾ ਸਫ਼ਲ ਉਪਰਾਲਾ ਕੀਤਾ ਹੈ। ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਦਿਆਂ ਪਹਿਲੇ ਭਾਗ ਵਿਚ ਗੁਰੂ ਸਾਹਿਬ ਦੇ ਮੁੱਢਲੇ ਜੀਵਨ ਨੂੰ ਸਾਥੀਆਂ ਅਤੇ ਕਾਵਿਕ ਰੂਪ ਵਿਚ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਦੂਜੇ ਅਤੇ ਪੰਜਵੇਂ ਭਾਗ ਵਿਚ ਪੇਸ਼ ਕਰਦਿਆਂ, ਪਹਿਲੀ ਉਦਾਸੀ, ਦੂਜੀ ਉਦਾਸੀ, ਤੀਜੀ ਉਦਾਸੀ ਅਤੇ ਚੌਥੀ ਉਦਾਸੀ ਦੌਰਾਨ ਪ੍ਰਚਾਰ ਫੇਰੀ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਲੇਖਕ ਨੇ ਵਿਚਾਰਾਂ ਦੀ ਲੜੀ ਨੂੰ ਮਾਲਾਂ ਦੇ ਮਣਕਿਆਂ ਵਾਂਗ ਪਰੋਦਿਆਂ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਵਿਚੋਂ ਚੋਣਵੀਆਂ ਤੇ ਪ੍ਰਚਲਿਤ ਸਾਖੀਆਂ ਮੁਤਾਬਿਕ ਚਲ ਰਹੀ ਪਰੰਪਰਾ ਦਾ ਪਲਾ ਫੜ ਕੇ ਵਿਦਿਆਰਥੀਆਂ ਦੀ ਮਾਨਸਿਕਤਾ ਟੁੰਬਣ ਦਾ ਸਾਰਥਕ ਯਤਨ ਕੀਤਾ ਹੈ। ਬਿਰਤਾਂਤ ਸਿਰਜਣ ਲਈ ਸੁਖੈਨ ਵਾਰਤਕ ਅਤੇ ਕਾਵਿ ਕਲਾ ਦੀ ਵਰਤੋਂ ਸੁਹਜਮਈ ਵਿਧਾ ਵਿਚ ਕੀਤੀ ਹੈ। ਛੋਟੀ ਬਹਿਰ ਦੀਆਂ ਕਵਿਤਾਵਾਂ ਵਿਚ ਅੰਤ ਦੀ ਰਵਾਨਗੀ ਅਤੇ ਕਵੀ ਦਰਬਾਰਾਂ ਵਾਲੀ ਕਲਾਕਾਰੀ ਦਾ ਰੰਗ ਵੀ ਮਿਲਦਾ ਹੈ। ਥਾਂ-ਪੁਰ-ਥਾਂ ਗੁਰੂ ਸਾਹਿਬ ਦੇ ਅਧਿਆਤਮਿਕ ਵਿਚਾਰਾਂ, ਗੁਰਬਾਣੀ ਰਚਨਾ, ਸਮਾਜ ਸੁਧਾਰ ਅਤੇ ਉਸ ਸਮੇਂ ਦੀਆਂ ਸਮਾਜਿਕ ਤੇ ਰਾਜਨੀਤਕ ਚਾਲਾਂ, ਕੁਚਾਲਾਂ ਅਤੇ ਕੁਰੀਤੀਆਂ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ। ਸੰਬੰਧਿਤ ਘਟਨਾਵਾਂ ਨੂੰ ਢੁਕਵੀਆਂ ਤਸਵੀਰਾਂ ਰਾਹੀਂ ਪਾਠਕਾਂ ਦੇ ਸਾਹਵੇ ਰੱਖਿਆ ਹੈ।
ਸਮੁੱਚੀ ਪੁਸਤਕ ਵਿਚ ਕਵਿਤਾ, ਵਾਰਤਕ ਤੇ ਚਿੱਤਰਕਾਰੀ ਇਕ-ਦੂਜੇ ਵਿਚ ਸਮੋਏ ਜਾਪਦੇ ਹਨ। ਲੇਖਕ ਨੇ ਲੰਮਾ ਸਮਾਂ ਸਕੂਲਾਂ ਵਿਚ ਸੇਵਾਵਾਂ ਨਿਭਾਉਣ ਕਾਰਨ ਬੱਚਿਆਂ ਦੀ ਮਾਨਸਿਕਤਾ ਅਤੇ ਲੋੜਾਂ ਨੂੰ ਅਨੁਭਵ ਦ੍ਰਿਸ਼ਟੀ ਤੋਂ ਵੇਖਦਿਆਂ ਇਹ ਸਫ਼ਲ ਯਤਨ ਕੀਤਾ ਹੈ। ਉੱਘੇ ਵਿਦਵਾਨ ਡਾ. ਧਰਮ ਸਿੰਘ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਪੁਸਤਕ ਲਈ ਮੁੱਢਲੇ ਸ਼ਬਦ ਲਿਖਦਿਆਂ ਲੇਖਕ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਆਦਿ ਜੁਗਾਦਿ ਪੁਆਧ
(ਖੋਜ ਪੁਸਤਕ)
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 400, ਸਫ਼ੇ : 343
ਸੰਪਰਕ : 98151 23900
ਮੌਜੂਦਾ ਪੰਜਾਬ ਦੇ ਤਿੰਨ ਨਹੀਂ ਚਾਰ ਖਿੱਤੇ ਹਨ, ਮਾਝਾ, ਮਾਲਵਾ, ਦੋਆਬਾ ਤੇ ਪੁਆਧ। ਪੁਆਧ ਨੂੰ ਮਾਲਵਾ 'ਚ ਤਸਲੀਮ ਕੀਤਾ ਜਾਂਦਾ ਹੈ ਅਤੇ ਦੋਆਬਾ ਨਾਲ ਰਲਗੱਡ। ਪਰ, ਇਹ ਵੱਖਰਾ ਹੈ ਤੇ ਇਨ੍ਹਾਂ ਦੋਵਾਂ ਤੋਂ ਨਿਆਰਾ ਵੀ। ਹੁਣ ਵਾਲੇ ਪੁਆਧ ਦਾ ਫੈਲਾਅ ਮੌਜੂਦਾ ਦੋਆਬੇ ਤੋਂ ਵੱਡਾ ਹੈ ਅਤੇ ਕਦੇ ਇਹ ਹੁਣ ਵਾਲੇ ਮਾਲਵੇ ਤੋਂ ਵੀ ਵੱਡਾ ਸੀ। ਪੁਸਤਕ ਸੰਦਰਭ ਦੋ ਸ਼ਬਦ 'ਚ ਲੇਖਕ ਲਿਖਦਾ ਹੈ, ''...1966 'ਚ ਪੰਜਾਬੀ ਸੂਬਾ ਬਣਨ ਨਾਲ, ਇਸ ਖੇਤਰ ਦਾ ਨਕਸ਼ਾ ਹੀ ਬਦਲ ਗਿਆ। ਕਿੱਥੇ ਮਹਾਂ-ਪੰਜਾਬ ਕਦੇ ਲਹਿੰਦੇ ਪੰਜਾਬ ਤੋਂ ਲੈ ਕੇ ਚੜ੍ਹਦੇ ਪੰਜਾਬ ਦਿੱਲੀ ਦੀਆਂ ਜੂਹਾਂ ਨੂੰ ਛੋਂਹਦਾ ਸੀ। ਇਸੇ ਕਰ ਕੇ ਪੰਜਾਬ ਦੇ ਪੂਰਬ-ਅਰਧ ਦਾ ਨਾਂਅ ਬਦਲਦਾ ਹੋਇਆ ਪੁਆਧ ਬਣ ਗਿਆ, ਜਿਸ ਨੂੰ 'ਈਸਟਰਨ ਪਾਰਟ ਆਫ਼ ਦਾ ਗਰੇਟ ਪੰਜਾਬ' ਕਰਕੇ ਮੰਨਿਆ ਜਾਂਦਾ ਸੀ।''
ਲੇਖਕ ਦਾ ਇਹ ਕਹਿਣਾ ਵੀ ਸਹੀ ਹੈ, ''...ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੁਆਧ ਖਿੱਤਾ ਬਹੁਤ ਵੱਡਾ ਭੂ-ਖੰਡ ਸੀ। ਰਾਜਸੀ-ਚੇਤਨਾ ਤੋਂ ਅਣਭਿੱਜ ਹੋਣ ਕਾਰਨ, ਇਸ ਖੇਤਰ ਬਾਰੇ ਬਹੁਤ ਘੱਟ ਜ਼ਿਕਰ ਹੋਇਆ ਹੈ। ਅੰਗਰੇਜ਼ੀ-ਕਾਲ ਸਮੇਂ ਬਰਤਾਨਵੀਂ-ਹਕੂਮਤ ਨੇ ਜਦੋਂ ਮਹਾਂ-ਪੰਜਾਬ 'ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਇਸ ਖੇਤਰ ਨੂੰ ਆਪਣੀ ਪ੍ਰਸ਼ਾਸਨੀ-ਨੀਤੀ ਅਧੀਨ ਰੱਖਣ ਲਈ ਰਾਜੇ, ਮਹਾਰਾਜਿਆਂ ਅਤੇ ਸਰਦਾਰਾਂ ਨੂੰ ਹੱਕ-ਹਕੂਕ ਦੇ ਕੇ ਲੋਕ-ਆਵਾਜ਼ ਨੂੰ ਦਬਾਈ ਰੱਖਿਆ ਜਿਸ ਕਾਰਨ ਇਥੋਂ ਦੀ ਸੰਸਕ੍ਰਿਤੀ, ਸੱਭਿਆਚਾਰ, ਉਪ-ਭਾਸ਼ਾ, ਸਾਹਿਤ ਨੂੰ ਵਿਗਸਣ ਤੇ ਮੌਲਣ ਦਾ ਅਵਸਰ ਨਹੀਂ ਮਿਲਿਆ।'' ਲੇਖਕ ਜਿਵੇਂ ਕਮਾਲ ਦੀ ਯੁਕਤ ਨਾਲ 46 ਲੇਖਕਾਂ ਦੇ ਪੁਆਧ ਦੀ ਵੱਖ-ਵੱਖ ਕੌਣਾਂ ਤੋਂ ਵਿਲੱਖਣਤਾ, ਤ੍ਰਾਸਦੀ ਅਤੇ ਪ੍ਰਾਪਤੀ ਬਿਆਨਦੇ 53 ਲੇਖਾਂ ਨਾਲ 6 ਖੰਡਾਂ ਵਿਚ ਫੈਲੀ-ਪਸਰੀ ਇਸ ਪੁਸਤਕ ਵਿਚ ਪੁਆਧ ਦੀ ਗੌਰਵਮਈ ਬਾਤ ਪਾਉਂਦਾ ਹੈ, ਉਹ ਪੁਆਧ ਦੇ ਲੁਕੇ-ਛੁਪੇ ਪਰ ਮਾਣਮੱਤੇ ਪਹਿਲੂਆਂ ਦਾ ਜਲੌਅ ਹੈ, ਜਿਵੇਂ ਖੰਡ ਤੀਜਾ ਜਿਹੜਾ ਪੁਆਧ ਦੇ 'ਇਤਿਹਾਸ ਦੇ ਪੰਨਿਆਂ ਦਾ ਅਣਗੌਲਿਆ ਪ੍ਰਸੰਗ' ਬਿਆਨਦਾ ਹੈ। ਖਿੱਤਾ ਵਿਸ਼ੇਸ਼, ਖ਼ਾਸ ਕਰਕੇ ਸਥਾਨਕ ਇਤਿਹਾਸ ਪ੍ਰਤੀ ਉਤਸਕ ਪਾਠਕਾਂ ਲਈ ਤਾਂ ਇਹ ਬੜੀ ਕਮਾਲ ਦੀ ਪੁਸਤਕ ਹੈ।
-ਵਿਜੇ ਬੰਬੇਲੀ
ਮੋਬਾਈਲ : 94634-39075
ਰੁਤਿ ਫਿਰੀ ਵਣੁ ਕੰਬਿਆ
ਲੇਖਕ : ਜਗਜੀਤ ਸਿੰਘ ਲੋਹਟਬੱਦੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 89684-33500
ਪੰਜਾਬ ਦੇ ਲੋਕ ਜੀਵਨ, ਲੋਕਾਚਾਰ ਅਤੇ ਜੀਵਨ ਜਾਚ ਨੂੰ ਪੇਸ਼ ਕਰਦੀ ਪੁਸਤਕ 'ਰੁਤਿ ਫਿਰੀ ਵਣੁ ਕੰਬਿਆ' ਲੇਖਕ ਜਗਜੀਤ ਸਿੰਘ ਲੋਹਟਬੱਦੀ ਦੀ ਪਲੇਠੀ ਪੁਸਤਕ ਹੈ। ਕਿਤਾਬ ਵਿਚਲੇ 24 ਲੇਖਾਂ 'ਚ ਲੇਖਕ ਨੇ ਆਪਣੇ ਸਮੇਂ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਜੀਵਨ ਦਰਸ਼ਨ ਸੰਬੰਧੀ ਚੁਣੌਤੀਆਂ ਨੂੰ ਤਰਕਸ਼ੀਲਤਾ, ਵਿਗਿਆਨਕ ਜੀਵਨ ਨਜ਼ਰੀਏ ਅਤੇ ਯਥਾਰਥਮਈ ਦ੍ਰਿਸ਼ਟੀ ਦੇ ਆਧਾਰ 'ਤੇ ਵਾਰਤਕ ਰੂਪ ਵਿਚ ਕਲਮਬੱਧ ਕੀਤਾ ਹੈ। ਦਰਅਸਲ ਪੁਸਤਕ ਵਿਚ ਦਰਜ ਹਰੇਕ ਲੇਖ ਵਿਸਰ ਰਹੇ ਪੰਜਾਬੀ ਵਿਰਸੇ ਪ੍ਰਤੀ ਹੇਰਵਾ ਹੈ। ਲੇਖਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਪੁਰਾਣੀ ਜੀਵਨ ਜਾਚ ਦੀ ਥਾਂ ਨਵੀਂ ਜੀਵਨ ਸ਼ੈਲੀ ਦਾ ਆਗਮਨ ਇਕ ਸੁਭਾਵਿਕ ਪ੍ਰਕਿਰਿਆ ਹੈ। ਪਰ ਨਾਲ ਹੀ ਵਿਰਸੇ ਤੋਂ ਬਿਨਾਂ ਵਰਤਮਾਨ ਦੀ ਕੋਈ ਅਹਿਮੀਅਤ ਵੀ ਨਹੀਂ ਹੁੰਦੀ। ਸਾਥੋਂ ਨਵੀਂ ਪੀੜ੍ਹੀ ਫਿਰ ਉਨ੍ਹਾਂ ਤੋਂ ਮਗਰਲੀ ਪੀੜ੍ਹੀ ਵਿਚਕਾਰ ਇਹ ਅੰਤਰ ਵਧਦਾ ਹੀ ਜਾਣਾ ਹੈ। ਲੇਖਕ ਨੇ ਇਸ ਕਿਤਾਬ ਵਿਚੋਂ ਲੋਕ ਜੀਵਨ ਅਤੇ ਲੋਕ ਸੱਭਿਆਚਾਰ ਨਾਲ ਜੁੜੇ ਹੋਏ ਕਈ ਵਿਸ਼ੇ ਚੁਣੇ ਹਨ। ਜਵਾਨੀ, ਬਚਪਨ ਤੇ ਮਾਪਿਆਂ ਦਾ ਵਿਛੋੜਾ, ਰਿਜਕ ਲਈ ਭਟਕਣ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਰਿਸ਼ਤਿਆਂ ਦੀ ਟੁੱਟ-ਭੱਜ, ਕਿਤਾਬਾਂ ਦਾ ਸੱਭਿਆਚਾਰ, ਜੀਵਨ 'ਚੋਂ ਚਿੱਠੀਆਂ ਦਾ ਅਲੋਪ ਹੋ ਜਾਣਾ, ਜੀਵਨ ਵਿਚਲੀ ਸਾਦਗੀ, ਗੁਰੂਆਂ ਦੀ ਮਹੱਤਤਾ, ਮੇਲਿਆਂ ਦਾ ਮਹੱਤਵ, ਘਰੋਂ ਬੇਘਰ ਹੋਣਾ, ਕੁਦਰਤ ਦਾ ਮੌਲਣਾ, 1947 ਦੀ ਵੰਡ ਦੀ ਟੀਸ, ਧੀਆਂ ਦੀ ਤ੍ਰਾਸਦੀ, ਜੱਟਾਂ ਦੀ ਜ਼ਿੰਦਗੀ ਦੀਆਂ ਔਕੜਾਂ ਆਦਿ ਨੂੰ ਕੇਂਦਰ ਵਿਚ ਰੱਖ ਕੇ ਮਨੁੱਖਤਾ, ਪ੍ਰਕਿਰਤੀ ਅਤੇ ਜੀਵਨ ਜਾਚ-ਸਲੀਕੇ ਨਾਲ ਜੋੜ ਕੇ ਪੰਜਾਬੀਆਂ ਦੀ ਵੱਖਰੀ ਆਨ, ਬਾਨ, ਸ਼ਾਨ ਤੇ ਪਛਾਣ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਅਸਲ ਵਿਚ ਅਸੀਂ ਵਿਸਾਰਦੇ ਜਾ ਰਹੇ ਹਾਂ। ਲੇਖਕ ਨੇ ਪੰਜਾਬੀ ਵਿਰਸੇ ਦੀਆਂ ਤਹਿਆਂ ਨੂੰ ਫਰੋਲ ਕੇ ਉਸ ਦੀਆਂ ਤੰਦਾਂ ਨੂੰ ਲੱਭ ਕੇ ਅਜੋਕੇ ਪੰਜਾਬ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਇਸ ਦੇ ਨਾਲ-ਨਾਲ ਸਮਾਜਿਕ ਪ੍ਰਬੰਧ ਦੇ ਦਵੰਦਾਂ ਨੂੰ ਵੀ ਚਿੰਤਨ-ਮਨਨ ਅਤੇ ਮੰਥਨ ਰਾਹੀਂ ਵਿਰਸੇ ਦੀ ਅਮੀਰੀ ਨੂੰ ਸਮਝਣ, ਖੰਗਾਲਣ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ। ਲੇਖਾਂ ਦੇ ਸਿਰਲੇਖ ਹੀ ਸਾਡੇ ਲੋਕ ਸੱਭਿਆਚਾਰ ਦੇ ਪ੍ਰਤੀਕ ਹਨ। ਤਿੰਨ ਰੰਗ ਨਹੀਂ ਲੱਭਣੇ, ਕਾਲੇ ਲਿਖ ਨਾ ਲੇਖ, ਦਰਦ ਮੰਦਾਂ ਦੀਆਂ ਆਹੀਂ, ਇਕ ਲੱਪ ਸੁਰਮੇ ਦੀ, ਜੱਟ ਦੀ ਜੂਨ ਬੁਰੀ, ਸੱਦੀ ਹੋਈ ਮਿੱਤਰਾਂ ਦੀ, ਰੁਤਿ ਫਿਰੀ ਵਣੁ ਕੰਬਿਆ ਆਦਿ ਪਾਠਕ ਨੂੰ ਪੰਜਾਬੀ ਲੋਕ ਸੱਭਿਆਚਾਰ ਨਾਲ ਜੋੜ ਦਿੰਦੇ ਹਨ। ਵਿਸ਼ਿਆਂ ਦਾ ਨਿਭਾਅ ਕਿਸੇ ਕੁਦਰਤੀ ਵਗਦੇ ਦਰਿਆ ਦੇ ਵਹਿਣ ਵਰਗਾ ਹੈ। ਠੇਠ ਬੋਲ-ਚਾਲ ਵਾਲੀ ਭਾਸ਼ਾ, ਵਿਚ ਅਖਾਣਾ, ਮੁਹਾਵਰਿਆਂ, ਗੁਰਬਾਣੀ, ਲੋਕ-ਗੀਤਾਂ ਦੇ ਟੁਕੜਿਆਂ ਦੀ ਚਾਹਣੀ ਵਿਚ ਡੁਬੋ ਕੇ ਸਿਰਜੇ ਇਹ ਲੇਖ ਪਾਠਕ ਦੀ ਸੋਚ ਨੂੰ ਸਰਸ਼ਾਰ ਕਰ ਜਾਂਦੇ ਹਨ। ਲੇਖਕ ਦੇ ਨਿੱਜੀ ਅਨੁਭਵ, ਇਰਦ-ਗਿਰਦ ਦੀਆਂ ਘਟਨਾਵਾਂ, ਸਮਾਜਿਕ ਤੇ ਸੱਭਿਆਚਾਰਕ ਗੁੰਝਲਾਂ ਨੂੰ ਰੌਚਕਤਾ, ਕਾਵਿਕਤਾ ਤੇ ਮੌਲਿਕ ਚਿੰਤਨ ਨੂੰ ਵਾਰਤਕ ਦੇ ਚਿਤਰਪਟ 'ਤੇ ਉਲੀਕਣਾ, ਇਸ ਪੁਸਤਕ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ। ਇਹ ਸਾਰੇ ਲੇਖ ਵਿਸ਼ੇਸ਼ ਤੌਰ 'ਤੇ ਨਵੀਂ ਪੀੜ੍ਹੀ ਨੂੰ ਉਸ ਦੇ ਅਮੀਰ ਵਿਰਸੇ ਨਾਲ ਜੋੜ ਕੇ ਉਸ ਦੇ ਰਾਹ ਦਸੇਰੇ ਬਣਨਗੇ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਖ਼ਾਲਿਸਤਾਨ ਸੰਘਰਸ਼ (ਕਹਾਣੀ ਬਲਦੇ ਦਰਿਆਵਾਂ ਦੀ)
'ਖ਼ਾਲਿਸਤਾਨ ਸੰਘਰਸ਼ : ਕਹਾਣੀ ਬਲਦੇ ਦਰਿਆਵਾਂ ਦੀ' ਉੱਘੇ ਪੱਤਰਕਾਰ ਜਗਤਾਰ ਸਿੰਘ ਦੀ ਪੁਸਤਕ 'ਰਿਵਰਜ਼ ਓਨ ਫਾਇਰ' ਦਾ ਪੰਜਾਬੀ ਅਨੁਵਾਦ ਹੈ ਜੋ ਕਿ ਸ: ਲਖਵੀਰ ਸਿੰਘ ਨੇ ਕੀਤਾ ਹੈ। 517 ਸਫਿਆਂ ਦੀ ਇਹ ਵੱਡ-ਆਕਾਰੀ ਪੁਸਤਕ ਲਾਹੌਰ ਬੁੱਕ ਸ਼ਾਪ ਨੇ ਏਸੇ ਸਾਲ ਛਾਪੀ ਹੈ। ਇਹ ਪੁਸਤਕ ਮੁੱਖ ਰੂਪ ਵਿਚ 1980 ਤੋਂ ਤਕਰੀਬਨ 1995 ਤੱਕ ਚੱਲੇ ਉਸ ਸੰਘਰਸ਼ ਬਾਰੇ ਹੈ ਜਿਸਨੂੰ ਪੰਜਾਬ ਦੇ ਆਧੁਨਿਕ ਇਤਿਹਾਸ ਦਾ ਬੜਾ ਮਹੱਤਵਪੂਰਨ ਸੰਘਰਸ਼ ਕਿਹਾ ਜਾ ਸਕਦਾ ਹੈ। ਇਹ ਸੱਚ ਹੈ ਕਿ ਇਹ ਸੰਘਰਸ਼ ਬਹੁ-ਪਰਤੀ ਅਤੇ ਬਹੁ-ਪਾਸਾਰੀ ਸੀ ਜਿਸਦੇ ਕਈ ਰਾਜਨੀਤਕ, ਧਾਰਮਿਕ, ਭੂਗੋਲਿਕ, ਸਮਾਜਿਕ, ਸੱਭਿਆਚਾਰਕ ਅਤੇ ਸਦਾਚਾਰਕ ਪਹਿਲੂ ਸਨ ਜਿਨ੍ਹਾਂ ਦੀ ਸਚਾਈ ਜਾਣਨ ਲਈ ਧੁਰ ਤੱਕ ਪਹੁੰਚਣਾ ਅਜੇ ਤੱਕ ਵੀ ਬੇਹੱਦ ਮੁਸ਼ਕਿਲ ਹੈ। ਇਹੀ ਵਜ੍ਹਾ ਹੈ ਕਿ ਇਸ ਦੌਰ ਬਾਰੇ ਦਰਜਨਾਂ ਪੁਸਤਕਾਂ ਲਿਖੀਆਂ ਜਾਣ ਦੇ ਬਾਵਜੂਦ ਸੰਪੂਰਨ ਸੱਚ ਕਹੇ ਜਾਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਲੇਖਕ ਖ਼ੁਦ ਮੰਨਦਾ ਹੈ ਕਿ ਅਜਿਹੀਆਂ ਕਈ ਵਿੱਥਾਂ ਹਨ ਜਿਨ੍ਹਾਂ ਬਾਰੇ ਕੋਈ ਦਸਤਾਵੇਜ਼ ਉਪਲਬਧ ਨਹੀਂ ਹਨ।
ਸ: ਜਗਤਾਰ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਇਕ ਪੱਤਰਕਾਰ ਅਤੇ ਕਾਲਮਨਵੀਸ ਦੇ ਤੌਰ ਪੰਜਾਬ ਬਾਰੇ ਅਤੇ ਵਿਸ਼ੇਸ਼ ਤੌਰ 'ਤੇ ਸਿੱਖ ਮਸਲਿਆਂ ਬਾਰੇ ਲਿਖਦੇ ਆ ਰਹੇ ਹਨ। ਉਨ੍ਹਾਂ ਦੀ ਨਿਯੁਕਤੀ 1978 ਵਿਚ ਇੰਡੀਅਨ ਐਕਸਪ੍ਰੈੱਸ ਵਿਚ ਚੰਡੀਗੜ ਵਿਖੇ ਹੋਈ ਅਤੇ 1979 ਵਿਚ ਉਨ੍ਹਾਂ ਦੀ ਨਿਯੁਕਤੀ ਅੰਮ੍ਰਿਤਸਰ ਵਿਖੇ ਹੋ ਗਈ ਜਿੱਥੋਂ ਉਨ੍ਹਾਂ ਨੇ ਉਸ ਸਮੇਂ ਦੇ ਹਾਲਾਤ ਅਤੇ ਹਰਿਮੰਦਰ ਸਾਹਿਬ ਵਿਚ ਸਾਕਾ ਨੀਲਾ ਤਾਰਾ ਸਮੇਤ ਹੋਈਆਂ ਵੱਡੀਆਂ ਘਟਨਾਵਾਂ ਬਾਰੇ ਲਿਖਿਆ। ਉਹ ਇਹ ਪੁਸਤਕ 'ਪੰਜਾਬ ਦੇ ਸੰਘਰਸ਼ੀ ਯੋਧਿਆਂ ਦੇ ਨਾਂਅ' ਸਮਰਪਿਤ ਕਰਦੇ ਹਨ। ਇਕ ਪੰਜਾਬੀ ਅਤੇ ਸਿੱਖ ਹੋਣ ਸਦਕਾ ਉਹ ਇਸ ਸੰਘਰਸ਼ ਦੀ ਮਾਨਸਿਕਤਾ ਅਤੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਕਿਉਂਕਿ ਵਿਸ਼ਾ ਅਜਿਹਾ ਹੈ ਜਿਸਦੇ ਕਈ ਪਹਿਲੂ ਹਨ, ਇਸ ਲਈ ਇਸਦੀ ਤਹਿ ਤੱਕ ਪਹੁੰਚਣ ਲਈ ਉਨ੍ਹਾਂ ਮੂਲ ਸਰੋਤਾਂ, ਸ਼ਾਮਿਲ ਧਿਰਾਂ ਨਾਲ ਮੁਲਾਕਾਤਾਂ ਅਤੇ ਹੁਣ ਤੱਕ ਇਸ ਵਿਸ਼ੇ 'ਤੇ ਲਿਖੀ ਸਮੱਗਰੀ ਦਾ ਖੂਬ ਵਿਸ਼ਲੇਸ਼ਣ ਕੀਤਾ ਹੈ। ਵਾਦਾਂ-ਵਿਵਾਦਾਂ ਨਾਲ ਘਿਰੇ ਵਿਸ਼ੇ ਬਾਰੇ ਲਿਖਣਾ ਬੜਾ ਬਿਖਮ ਕਾਰਜ ਹੁੰਦਾ ਹੈ, ਜਿਸ ਨੂੰ ਉਨ੍ਹਾਂ ਬੜੀ ਕਾਮਯਾਬੀ ਨਾਲ ਨਿਭਾਇਆ ਹੈ। ਲੇਖਕ ਹਰ ਪੱਖ ਦੇ ਵਿਸਥਾਰ ਵਿਚ ਜਾ ਕੇ ਉਸ ਦੇ ਧੁਰ ਅੰਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਪਾਠਕ ਸਮੱਸਿਆ ਨੂੰ ਭੂਤਕਾਲ ਤੋਂ ਲੈ ਕੇ ਮੌਜੂਦਾ ਪ੍ਰਸਥਿਤੀਆਂ ਦੇ ਸੰਦਰਭ ਵਿਚ ਸਮਝ ਸਕੇ।
ਹਾਲਾਂਕਿ ਅਜਿਹੀ ਪੁਸਤਕ ਤੱਥਾਂ 'ਤੇ ਆਧਾਰਿਤ ਹੁੰਦੀ ਹੈ ਅਤੇ ਤੱਥ ਸਭ ਤੋਂ ਵੱਧ ਮਹੱਤਵਪੂਰਨ ਹੁੰਦੇ ਹਨ ਪਰ ਲੇਖਕ ਦਾ ਆਪਣਾ ਇਕ ਨਿੱਜੀ ਨੁਕਤਾ-ਏ-ਨਿਗਾਹ ਵੀ ਹੁੰਦਾ ਹੈ ਜੋ ਤੱਥਾਂ ਨੂੰ ਵਾਚਦਿਆਂ ਸੁਭਾਵਿਕ ਤੌਰ 'ਤੇ ਹੀ ਪ੍ਰਗਟ ਹੋ ਜਾਂਦਾ ਹੈ। ਲੇਖਕ ਅਨੁਸਾਰ ਇਸ ਸਾਰੇ ਸੰਘਰਸ਼ ਦੇ ਸੰਦਰਭ ਵਿਚ ਇਹ ਸਮਝਣਾ ਜ਼ਰੂਰੀ ਹੈ ਕਿ ਸਿੱਖ ਮਾਨਸਿਕਤਾ ਵਿਚ ਰਾਜ ਕਰਨ ਦੀ ਚਾਹਤ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖੁੱਸਣ ਤੋਂ ਬਾਅਦ ਹਮੇਸ਼ਾ ਕਰਵਟਾਂ ਲੈਂਦੀ ਰਹੀ ਹੈ। ਰਾਜ ਕਰਨ ਦੀ ਇੱਛਾ ਦਾ ਇਹ ਪਹਿਲੂ ਮੁਲਕ ਦੀ ਵੰਡ ਤੋਂ ਬਾਅਦ ਖੁਦਮੁਖਤਿਆਰੀ ਦੀ ਮੰਗ ਵਿਚ ਤਬਦੀਲ ਹੋ ਗਿਆ। ਇਕ ਹੋਰ ਵੱਡਾ ਪਹਿਲੂ ਸਿੱਖਾਂ ਦੀ ਮਾਨਸਿਕਤਾ ਵਿਚ ਪੀੜ੍ਹੀਆਂ ਤੋਂ ਤੁਰੀ ਆਉਂਦੀ ਬਦਲਾ ਲੈਣ ਦੀ ਭਾਵਨਾ ਹੈ। ਬੰਦਾ ਬਹਾਦਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ, ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਲਈ ਮੱਸੇ ਰੰਘੜ ਦਾ ਸਿਰ ਵੱਢਣਾ ਅਤੇ ਸਿੱਖ ਇਤਿਹਾਸ ਵਿਚ ਉਪਲਬਧ ਹੋਰ ਕਈ ਅਜਿਹੀਆਂ ਮਿਸਾਲਾਂ ਇਸ ਮਾਨਸਿਕਤਾ ਦੀ ਸ਼ਾਹਦੀ ਭਰਦੀਆਂ ਹਨ।
ਉਸ ਸਮੇਂ ਦੇ ਸਿਆਸੀ ਪ੍ਰਵਚਨ ਵਿਚ ਹਿੰਦੁਸਤਾਨੀ ਸਟੇਟ, ਅਕਾਲੀ ਦਲ ਅਤੇ ਖਾੜਕੂਆਂ ਦੀ ਭੂਮਿਕਾ ਸ਼ਾਮਿਲ ਸੀ। ਸਿੱਖ ਆਗੂਆਂ ਨੂੰ ਹਮੇਸ਼ਾ ਡਰ ਰਿਹਾ ਹੈ ਕਿ ਹਿੰਦੂ ਬਹੁ-ਗਿਣਤੀ ਉਨ੍ਹਾਂ ਦੀ ਨਿਰਾਲੀ ਪਛਾਣ ਨੂੰ ਨਿਗਲ ਜਾਵੇਗੀ। ਸੰਤ ਭਿੰਡਰਾਂਵਾਲੇ ਅਤੇ ਕੁਝ ਕੱਟੜ-ਸਿੱਖ ਜਥੇਬੰਦੀਆਂ ਹਿੰਦੁਸਤਾਨੀ ਸਟੇਟ ਨੂੰ ਹਿੰਦੂ-ਰਾਜ ਹੀ ਸਮਝਦੀਆਂ ਸਨ, ਕਿਉਂਕਿ ਹਿੰਦੂ ਤਬਕਾ ਕਈ ਮੌਕਿਆਂ 'ਤੇ ਉਨ੍ਹਾਂ ਮਸਲਿਆਂ ਵਿਚ ਵੀ ਸਿੱਖ-ਵਿਰੋਧੀ ਸਟੈਂਡ ਲੈਂਦਾ ਰਿਹਾ ਜੋ ਕਿਸੇ ਤਰ੍ਹਾਂ ਵੀ ਹਿੰਦੂ-ਵਿਰੋਧੀ ਨਹੀਂ ਸਨ, ਮਿਸਾਲ ਵਜੋਂ ਨਿਰੰਕਾਰੀ ਕਾਂਡ। ਇਹੀ ਵਜ੍ਹਾ ਹੈ ਕਿ ਖਾੜਕੂਆਂ ਨੇ ਹਿੰਦੂਆਂ ਨੂੰ ਆਪਣੀ ਦਹਿਸ਼ਤ ਦਾ ਨਿਸ਼ਾਨਾ ਬਣਾਇਆ। ਲੇਖਕ ਸਾਕਾ ਨੀਲਾ ਤਾਰਾ ਤੱਕ ਪਹੁੰਚਣ ਵਾਲੇ ਸਾਰੇ ਕਾਰਕਾਂ ਦਾ ਬਾਖੂਬੀ ਵਿਸ਼ਲੇਸ਼ਣ ਕਰਦਾ ਹੈ ਕਿ ਕਿਵੇਂ ਇਹ ਸੰਘਰਸ਼ ਅਕਾਲੀ ਦਲ ਦੇ ਅਹਿੰਸਕ ਸੰਘਰਸ਼ ਵਿਚੋਂ ਨਿਕਲਦਾ-ਨਿਕਲਦਾ ਭਿੰਡਰਾਂਵਾਲਿਆਂ ਦੇ ਹੱਥਾਂ ਵਿਚ ਜਾ ਕੇ ਹਿੰਸਕ ਹੋ ਗਿਆ ਅਤੇ ਐਸੇ ਘਮਸਾਨ ਯੁੱਧ ਤੱਕ ਜਾ ਪਹੁੰਚਾ ਜਿਸ ਵਿਚ ਦੋਹਾਂ ਧਿਰਾਂ ਦੇ ਕਮਾਂਡੈਂਟ (ਇੰਦਰਾ ਗਾਂਧੀ ਅਤੇ ਸੰਤ ਭਿੰਡਰਾਂਵਾਲੇ) ਮਾਰੇ ਗਏ।
ਲੇਖਕ ਪਿਛਲੀ ਸਦੀ ਦੇ ਖਾੜਕੂਵਾਦ ਨੂੰ ਮੋਟੇ ਤੌਰ 'ਤੇ ਤਿੰਨ ਪੜਾਵਾਂ ਵਿਚ ਵੰਡਦਾ ਹੈ। ਪਹਿਲਾ ਪੜਾਅ ਜੂਨ 1984 ਦੇ ਆਪ੍ਰੇਸ਼ਨ ਨਾਲ ਮੁੱਕ ਜਾਂਦਾ ਹੈ, ਜਦਕਿ ਦੂਜੇ ਪੜਾਅ ਵਿਚ ਆਪ੍ਰੇਸ਼ਨ ਨੀਲਾ ਤਾਰਾ ਤੋਂ ਲੈ ਕੇ 1988 ਦੇ ਆਪ੍ਰੇਸ਼ਨ ਬਲੈਕਥੰਡਰ ਦਾ ਸਮਾਂ ਆਉਂਦਾ ਹੈ। ਤੀਜੇ ਪੜਾਅ 'ਚ ਆਪ੍ਰੇਸ਼ਨ ਬਲੈਕਥੰਡਰ ਤੋਂ ਲੈ ਕੇ 1995 ਤੱਕ ਦਾ ਸਮਾਂ ਸ਼ਾਮਿਲ ਹੈ। ਨਿਰਸੰਦੇਹ, 'ਸੰਘਰਸ਼ ਮੁੱਕਿਆ ਨਹੀਂ'। ਲੇਖਕ ਦਾ ਮੰਨਣਾ ਹੈ ਕਿ ਇਹ ਸੂਬਾ ਹਥਿਆਰਬੰਦ ਸੰਘਰਸ਼ ਲਈ ਬਿਲਕੁੱਲ ਹੀ ਢੁਕਵਾਂ ਨਹੀਂ ਹੈ ਪਰ ਫਿਰ ਵੀ ਇਥੇ ਹਿੰਸਕ ਰਾਜਨੀਤਕ ਟਕਰਾਅ ਦਾ ਵਰਤਾਰਾ ਵਾਰ-ਵਾਰ ਵਾਪਰਿਆ ਹੈ।
ਲੇਖਕ ਦਾ ਇਹ ਕਹਿਣਾ ਬਹੁਤ ਵਾਜਬ ਹੈ ਕਿ ਸੰਘਰਸ਼ ਦੀ ਸਫ਼ਲਤਾ ਲਈ ਰਾਜਨੀਤਕ ਉਦੇਸ਼ ਸਪੱਸ਼ਟ ਹੋਣਾ ਚਾਹੀਦਾ ਹੈ ਅਤੇ ਦੁਸ਼ਮਣ ਦੀ ਪਹਿਚਾਣ ਵੀ। ਖਾੜਕੂ ਸੰਘਰਸ਼ ਵਿਚ ਇਨ੍ਹਾਂ ਦੋਵਾਂ ਗੱਲਾਂ ਦੀ ਕਮੀ ਰਹੀ। ਇਸ ਸੰਘਰਸ਼ ਨੂੰ ਜਨਤਕ ਸਮਰਥਨ ਦੀ ਘਾਟ ਸੀ ਜਦੋਂ ਕਿ ਕਸ਼ਮੀਰ ਸੰਘਰਸ਼ ਦੀ ਜੜ੍ਹ ਲੋਕਾਂ ਵਿਚ ਸੀ ਜਾਂ ਹੈ। ਸੰਘਰਸ਼ ਦਾ ਏਜੰਡਾ ਲੋਕਾਂ ਨੂੰ ਕਾਇਲ ਕਰਨ ਵਾਲਾ ਹੋਣਾ ਚਾਹੀਦਾ ਹੈ। ਪਾਕਿਸਤਾਨ ਨੇ ਵੀ ਸਿੱਖਾਂ ਦੇ ਇਸ ਸੰਘਰਸ਼ ਨੂੰ ਖੁੱਲ੍ਹੀ ਰਾਜਨੀਤਕ ਸਹਾਇਤਾ ਕਦੇ ਨਹੀਂ ਦਿੱਤੀ ਜਿਹੋ ਜਿਹੀ ਕਿ ਉਹ ਕਸ਼ਮੀਰ ਸੰਘਰਸ਼ ਨੂੰ ਦਿੰਦਾ ਆ ਰਿਹਾ ਹੈ। ਅਕਾਲੀਆਂ ਦੀ ਦੁਚਿੱਤੀ ਅਤੇ ਦੋਗਲੀ ਨੀਤੀ, ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਰਾਜਨੀਤਕ ਚਾਲਾਂ, ਸਿਆਸਤਦਾਨਾਂ ਦੀਆਂ ਖੁਦਗਰਜ਼ੀਆਂ, ਖਾੜਕੂਆਂ ਦੀ ਆਪਸੀ ਫੁੱਟ, ਦਰਬਾਰ ਸਾਹਿਬ ਸਮੂਹ ਦੀ ਰਣਨੀਤਕ ਦੁਰਵਰਤੋਂ, ਏਜੰਸੀਆਂ ਦੀਆਂ ਤੇਜ਼ ਚਾਲਾਂ, ਖਾੜਕੂ ਅੱਤਵਾਦ ਆਦਿ ਹੋਰ ਐਸੇ ਕਾਰਨ ਸਨ, ਜਿਨ੍ਹਾਂ ਕਰਕੇ ਇਹ ਸੰਘਰਸ਼ ਆਪਣੇ ਮੰਤਵ ਨੂੰ ਪ੍ਰਾਪਤ ਨਾ ਕਰ ਸਕਿਆ।
ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਭਾਏ ਰੋਲ ਦਾ ਬਹੁਤ ਕਾਇਲ ਹੈ, ਜਿਸ ਨੇ ਸ਼ੁਰੂਆਤੀ ਦੌਰ ਵਿਚ ਵੱਖਰੀ ਪਹਿਚਾਣ ਦੇ ਮਾਮਲੇ ਵਿਚ ਕਈ ਪਹਿਲ-ਕਦਮੀਆਂ ਕੀਤੀਆਂ ਸਨ। ਲੇਖਕ ਗੁਰਦੁਆਰਾ ਆਜ਼ਾਦ ਕਰਵਾਉਣ ਦੇ ਸੰਘਰਸ਼ ਦੀ ਸ਼ਾਨਦਾਰ ਮਿਸਾਲ ਦਿੰਦਿਆਂ ਆਪਣਾ ਨਜ਼ਰੀਆ ਸਪੱਸ਼ਟ ਕਰਦਾ ਹੈ: ਸਿੱਖ ਇਤਿਹਾਸ ਵਿਚ ਅਜਿਹੇ ਮੌਕੇ ਵੀ ਆਏ ਹਨ ਜਦ ਸਰਕਾਰ ਦੇ ਬੇਰਹਿਮ ਜਬਰ ਸਾਹਮਣੇ ਸਭ ਤੋਂ ਸ਼ਾਂਤਮਈ ਸੰਘਰਸ਼ ਹੋਏ। ਅਜਿਹਾ ਹੀ ਸੰਘਰਸ਼ ਬ੍ਰਿਟਿਸ਼ ਸ਼ਾਸਨ ਦੌਰਾਨ ਗੁਰਦੁਆਰਿਆਂ ਦੀ ਆਜ਼ਾਦੀ ਲਈ 1919 ਤੋਂ 1925 ਤੱਕ ਚੱਲਿਆ। ਬੇਰਹਿਮ ਸਰਕਾਰੀ ਜਬਰ ਦੇ ਬਾਵਜੂਦ ਇਹ ਸੰਘਰਸ਼ ਬਿਲਕੁਲ ਸ਼ਾਂਤੀਪੂਰਨ ਹੋਣ ਕਾਰਨ ਇਸ ਨੇ ਇਕ ਸਮੇਂ 'ਤੇ ਪੂਰੇ ਵਿਸ਼ਵ ਦਾ ਧਿਆਨ ਖਿੱਚਿਆ ਅਤੇ ਸਫਲਤਾ ਪ੍ਰਾਪਤ ਕੀਤੀ।
13 ਅਧਿਆਵਾਂ ਵਿਚ ਵੰਡੀ, 650/ਰੁਪਏ ਕੀਮਤ ਦੀ ਇਹ ਪੁਸਤਕ ਸਿੱਖ ਸੰਘਰਸ਼ ਦੇ ਉਸ ਅਹਿਮ ਦੌਰ ਦੇ ਕਈ ਨਵੇਂ ਪਹਿਲੂਆਂ ਨੂੰ ਉਜਾਗਰ ਕਰਦੀ ਹੈ ਅਤੇ ਕੁਝ ਮਿੱਥਾਂ ਅਤੇ ਗ਼ਲਤ ਧਾਰਨਾਵਾਂ ਨੂੰ ਤੋੜਦੀ ਵੀ ਹੈ ਅਤੇ ਬਹੁ-ਪਾਸਾਰੀ ਕਾਰਕਾਂ ਦਾ ਗਹਿਰਾ ਵਿਸ਼ਲੇਸ਼ਣ ਵੀ ਕਰਦੀ ਹੈ। ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਚੱਲੇ ਇਸ ਸਿੱਖ ਸੰਘਰਸ਼/ਖ਼ਾਲਿਸਤਾਨ ਸੰਘਰਸ਼ ਨੂੰ ਸਹੀ ਤਰ੍ਹਾਂ ਸਮਝਣ ਲਈ, ਅਨੁਵਾਦ ਦੀਆਂ ਨਿੱਕੀਆਂ ਮੋਟੀਆਂ ਤਰੁੱਟੀਆਂ ਦੇ ਬਾਵਜੂਦ, ਇਸ ਪੁਸਤਕ ਦੀ ਸਾਰਥਿਕਤਾ ਹਮੇਸ਼ਾ ਬਣੀ ਰਹੇਗੀ।
-ਨਡਾਲਾ (ਕਪੂਰਥਲਾ)।
ਮੋਬਾਈਲ : 97798-53245
ਤ੍ਰੇੜਾਂ
ਨਾਵਲਕਾਰ : ਕ੍ਰਿਸ਼ਨ ਪ੍ਰਤਾਪ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 94174-37682
ਇਸ ਨਾਵਲ ਵਿਚ ਮਾਨਸਿਕ ਗੁੰਝਲਾਂ ਦੀ ਤਾਣੀ ਵਿਚ ਉਲਝੀ ਇਕ ਵਿਗੜੀ ਹੋਈ ਪਤਨੀ ਅਤੇ ਸਧਾਰਨ ਪਤੀ ਦੀ ਕਹਾਣੀ ਹੈ। ਪਤਨੀ ਆਪਣੇ ਮਾਂ-ਬਾਪ ਦੀ ਤੀਜ਼ੀ ਕੁੜੀ ਸੀ। ਉਸ ਦਾ ਪਿਓ ਇਸ ਅਣਚਾਹੀ ਕੁੜੀ ਨੂੰ ਨਫ਼ਰਤ ਕਰਦਾ ਸੀ। ਉਸ ਨੂੰ ਮਾਰਦਾ-ਕੁੱਟਦਾ ਰਹਿੰਦਾ ਸੀ। ਅਖ਼ੀਰ ਸ਼ਰਾਬੀ ਹੋਏ ਪਿਓ ਨੇ ਆਤਮ-ਹੱਤਿਆ ਕਰ ਲਈ। ਆਪਣੇ ਬਚਪਨ ਵਿਚ ਤ੍ਰਿਸਕਾਰ ਅਤੇ ਵਧੀਕੀਆਂ ਸਹਿਣ ਵਾਲੀ ਕੁੜੀ ਸੁਭਾਅ ਦੀ ਏਨੀ ਤਲਖ ਅਤੇ ਬਦਜ਼ਬਾਨ ਹੋ ਗਈ ਕਿ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦਾ ਜਿਊਣਾ ਹਰਾਮ ਕਰ ਦਿੱਤਾ। ਉਸ ਦਾ ਪਤੀ ਦੋ ਭੈਣਾਂ ਬਾਅਦ ਹੋਇਆ ਤੀਸਰਾ ਬੱਚਾ ਸੀ। ਪਤਨੀ ਨੇ ਦੱਸਿਆ ਕਿ ਉਸ ਨੂੰ ਇਹ ਚਿੜ ਹੈ ਕਿ ਤੀਸਰੀ ਕੁੜੀ ਨੂੰ ਏਨੀ ਨਫ਼ਰਤ ਅਤੇ ਤੀਸਰੇ ਮੁੰਡੇ ਨੂੰ ਸਮਾਜ ਏਨਾ ਮਾਣ ਕਿਉਂ ਦਿੰਦਾ ਹੈ। ਇਸ ਲਈ ਉਸ ਨੇ ਪਤੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਤੀ ਨੇ ਬਹੁਤ ਸਹਿਣਸ਼ੀਲ ਹੋ ਕੇ ਪਤਨੀ ਨਾਲ ਨਿਭਾਉਣਾ ਚਾਹਿਆ ਪਰ ਉਹ ਦਿਨੋ-ਦਿਨ ਵਿਗੜਦੀ ਗਈ। ਅੰਤ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਕਰਕੇ ਪੁਲਿਸ ਥਾਣੇ ਅਤੇ ਅਦਾਲਤ ਤੱਕ ਪਹੁੰਚ ਗਈ। ਉਸ ਦੀਆਂ ਵਧੀਕੀਆਂ ਤੋਂ ਦੁਖੀ ਹੋਏ ਪਤੀ ਨੇ ਅਖੀਰ ਉਸ ਨੂੰ ਤਿਆਗ ਦਿੱਤਾ ਅਤੇ ਇਕ ਨੇਕ ਸੀਰਤ ਵਿਧਵਾ ਅਧਿਆਪਕਾ ਨੂੰ ਅਪਣਾ ਲਿਆ। ਲੇਖਕ ਨੇ ਬਹੁਤ ਸੋਹਣੇ ਢੰਗ ਨਾਲ ਰਿਸ਼ਤਿਆਂ ਵਿਚ ਪੈ ਰਹੀਆਂ ਤ੍ਰੇੜਾਂ, ਬੀਮਾਰ ਮਾਨਸਿਕਤਾ, ਤਣਾਅ, ਪੁਲਿਸ ਅਦਾਲਤਾਂ, ਮਹਿਲਾ ਸੰਗਠਨਾਂ ਅਤੇ ਘਰੇਲੂ ਕਲੇਸ਼ਾਂ ਨੂੰ ਉਜਾਗਰ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਹਰ ਵਾਰ ਬੰਦੇ ਦਾ ਕਸੂਰ ਨਹੀਂ ਹੁੰਦਾ। ਦਾਜ ਮੰਗਣ ਵਾਲੇ ਬਹੁਤੇ ਮਾਮਲੇ ਝੂਠੇ ਹੁੰਦੇ ਹਨ। ਕਈ ਵਾਰ ਨਿਰਦੋਸ਼ ਪਰਿਵਾਰਾਂ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪੈਂਦੀ ਹੈ। ਟੁੱਟੇ-ਭੱਜੇ ਰਿਸ਼ਤਿਆਂ ਦਾ ਅਸਰ ਸਭ ਤੋਂ ਵੱਧ ਕੋਮਲ ਬੱਚਿਆਂ 'ਤੇ ਪੈਂਦਾ ਹੈ। ਪੱਤਰਕਾਰੀ ਦੀ ਪਹੁੰਚ ਵੀ ਸੰਤੁਲਿਤ ਨਹੀਂ ਹੈ। ਘਰੇਲੂ ਮਾਮਲਿਆਂ ਨੂੰ ਬਹੁਤ ਹੀ ਮਿਰਚਾਂ-ਮਸਾਲੇ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਪਰਿਵਾਰਾਂ ਨੂੰ ਬੰਨ੍ਹ ਕੇ ਰੱਖਣ ਵਾਲੇ ਮਿੱਠਤ, ਖਿਮਾਂ ਅਤੇ ਸਹਿਣਸ਼ੀਲਤਾ ਦੇ ਗੁਣ ਅਲੋਪ ਹੋ ਰਹੇ ਹਨ। ਸਮੁੱਚੇ ਤੌਰ 'ਤੇ ਇਹ ਇਕ ਸੇਧ ਦੇਣ ਵਾਲਾ ਵਧੀਆ ਨਾਵਲ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਹਲਤ-ਪਲਤ ਦੀ ਹਲਾਹਲ ਅਤੇ ਹੋਰ ਨਿਬੰਧ
ਲੇਖਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 88376-84173
ਡਾ. ਅਮਰ ਕੋਮਲ ਦਾ ਅਧਿਐਨ ਤੇ ਅਧਿਆਪਨ ਨਾਲ ਗਹਿਰਾ ਸੰਬੰਧ ਹੈ। ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਵੱਡਮੁੱਲੀ ਦੇਣ ਹੈ। ਕਾਵਿ ਸੰਗ੍ਰਹਿ, ਨਿਬੰਧ, ਜੀਵਨੀਆਂ, ਕਹਾਣੀ ਸੰਗ੍ਰਹਿ, ਬਾਲ ਸਾਹਿਤ, ਆਲੋਚਨਾ, ਸੰਪਾਦਿਤ, ਅਨੁਵਾਦਕ, ਸਵੈ-ਜੀਵਨੀ, ਸ਼ਬਦ ਚਿੱਤਰ ਨਾਲ ਸੰਬੰਧਿਤ 125 ਦੇ ਕਰੀਬ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ। 'ਹਲਤ ਪਲਤ ਦੀ ਹਲਾਹਲ ਅਤੇ ਹੋਰ ਨਿਬੰਧ' ਵਾਰਤਕ ਪੁਸਤਕ ਵਿਚ 23 ਨਿਬੰਧ ਦਰਜ ਹਨ। ਪੁਸਤਕ ਵਿਚਲੇ ਨਿਬੰਧ ਹਲਤ-ਪਲਤ ਦੀ ਹਲਾਹਲ, ਕਦਰਾਂ-ਕੀਮਤਾਂ, ਪਰਵਾਸ, ਬਜ਼ੁਰਗ-ਬਜ਼ੁਰਗੀ, ਅੱਖਾਂ, ਜੀਵਨ ਜਾਚ, ਬਚਪਨ, ਨਸ਼ੇ, ਭਰੂਣ ਹੱਤਿਆ, ਸ਼ਗਨ ਅਪਸ਼ਗਨ, ਸਭਿਆਚਾਰ, ਪਿਆਰ-ਸਤਿਕਾਰ, ਕਿਤਾਬਾਂ ਦੀ ਸੰਗਤ, ਖੁਸ਼ੀ-ਗ਼ਮੀ, ਗਿਆਨ-ਵਿਗਿਆਨ, ਮਨ ਬਨਾਮ ਦਿਲ, ਹੱਥ ਪੈਰ, ਸਮਾਂ : ਕੱਲ ਅੱਜ ਭਲਕ, ਤੋਤੇ ਨੇ ਉਡ ਜਾਮਾ ਕਰ ਲੈ ਯਤਨ ਹਜ਼ਾਰ, ਸਵੈਚਿੰਤਨ, ਸਵੈ ਚੇਤਣਾ, ਸਿਹਤ ਸੰਭਾਲ, ਮੰਤਰ ਯੰਤਰ ਤੰਤਰ, ਜੀਓ ਅਤੇ ਜਿਉਣ ਦੇਵੋ ਆਦਿ ਵਿਸ਼ੇ ਤੱਥਕ ਜਾਣਕਾਰੀ ਨਾਲ ਪਾਠਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਇਹ ਤੇਈ ਸੰਕਲਪ ਮਨੁੱਖੀ ਜੀਵਨ ਦੇ ਸਮਾਜਕ, ਆਰਥਿਕ, ਰਾਜਨੀਤਿਕ, ਸਭਿਆਚਾਰਕ, ਇਤਿਹਾਸਕ, ਵਿਗਿਆਨਕ, ਮਨੋਵਿਗਿਆਨ, ਆਤਮਕ, ਸੰਸਾਰਕ ਪੱਖਾਂ ਬਾਰੇ ਚਿੰਤਨ ਤੇ ਚੇਤਨਾ ਦੀ ਪ੍ਰੋੜ੍ਹਤਾ ਕਰਦੇ ਹਨ। ਪ੍ਰੀਤਲੜੀ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਕਲਾ ਨੂੰ ਅੱਗੇ ਤੋਰਨ ਲਈ ਡਾ. ਅਮਰ ਕੋਮਲ ਦੀ ਵਾਰਤਕ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ ਹੈ। ਭਾਰਤੀ ਸੰਸਕ੍ਰਿਤੀ, ਯੂਰਪੀਨ ਤੇ ਮੁਸਲਮਾਨੀ ਸਭਿੱਅਤਾ ਨਾਲ ਸੰਵਾਦ ਰਚਾਇਆ ਹੈ। ਵਿਸ਼ਿਆਂ ਦੇ ਅਰਥ ਸੰਚਾਰ, ਵਿਆਖਿਆ, ਵਿਸ਼ਲੇਸ਼ਣ, ਕਦਰਾਂ-ਕੀਮਤਾਂ, ਵਿਗਿਆਨਕ ਦ੍ਰਿਸ਼ਟੀ ਦਾ ਖ਼ਿਆਲ ਰੱਖਿਆ ਹੈ। 'ਹਲਤ ਪਲਤ ਦੀ ਹਲਾਹਲ' ਵਿਚ ਸਮਾਜਕ ਸੰਰਚਨਾ ਦੇ ਵਿਕਾਸ ਤੇ ਪਤਨ ਨਾਲ ਸੰਬੰਧਤ ਤੱਥਾਂ ਦਾ ਗਹਿਣ ਅਧਿਐਨ ਕਰਕੇ ਵਿਚਾਰਧਾਰਾ ਸਥਾਪਿਤ ਕੀਤੀ ਹੈ। 'ਕਦਰਾਂ-ਕੀਮਤਾਂ' ਵਿਚ ਮਨੁੱਖੀ ਜੀਵਨ ਵਿਚ ਨੈਤਿਕ ਤੇ ਅਨੈਤਿਕ ਮੁੱਲ ਵਿਧਾਨਾਂ ਕਰਕੇ ਕੀ, ਕਿਵੇਂ ਤੇ ਕਿਉਂ ਘਟਨਾਵਾਂ ਵਾਪਰਦੀਆਂ ਬਾਰੇ ਜ਼ਿਕਰ ਹੈ।' 'ਬਜ਼ੁਰਗ ਤੇ ਬਜ਼ੁਰਗੀ' ਵਿਚ ਵੱਡੇ ਵਡੇਰਿਆਂ ਦੀਆਂ ਅੰਮ੍ਰਿਤਮਈ ਅਸੀਸਾਂ ਦੀ ਵਡਿਆਈ ਉੱਤੇ ਫੋਕਸ ਕੀਤਾ ਹੈ। 'ਜੀਵਨ ਜਾਚ' ਵਿਚ ਜੀਵਨ ਤਜਰਬਿਆਂ ਨਾਲ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਕ੍ਰਮ ਨੂੰ ਉਲੀਕਿਆ ਹੈ। 'ਮਨ ਬਨਾਮ ਦਿਲ' ਵਿਚ ਸੋਚ ਤੇ ਵਿਚਾਰਾਂ ਦੇ ਅੰਤਰ-ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਸਾਰਥਕ ਮੁੱਲਾਂ ਦਾ ਪ੍ਰਵਚਨ ਹੈ। 'ਹੱਥ ਪੈਰ' ਵਿਚ ਭਾਰਤੀ ਸੰਸਕ੍ਰਿਤੀ ਦੇ ਮਹਾਨ ਵਿਦਵਾਨਾਂ, ਰਿਸ਼ੀਆਂ-ਮੁਨੀਆਂ ਦੇ ਉਪਦੇਸ਼ਾਂ ਦੇ ਪ੍ਰਵਚਨ ਹਨ। 'ਕੱਲ, ਅੱਜ ਭਲਕ' ਜੀਵਨ ਦੇ ਤਿੰਨ ਯਥਾਰਥਮਈ ਪੱਖਾਂ ਭੂਤ ਵਰਤਮਾਨ ਤੇ ਭਵਿੱਖ ਵਿਚ ਕੜੀਦਾਰ ਸੰਬੰਧਾਂ ਦਾ ਚਿੱਤਰ ਸਿਰਜਦਾ ਹੈ। 'ਸਵੈ ਚਿੰਤਨ ਸਵੈ ਚੇਤਨਾ' ਵਿਚ ਸਰਬ ਸਾਂਝੀਵਾਲਤਾ ਦਾ ਉਪਦੇਸ਼ ਚਿੰਤਨ ਤੇ ਚੇਤਨਾ ਦੇ ਦ੍ਰਿਸ਼ਟੀਕੋਣ ਰਾਹੀਂ ਦਿੱਤਾ ਹੈ। 'ਸਿਹਤ ਸੰਭਾਲ' ਵਰਤਮਾਨ ਦਾ ਪ੍ਰਮੁੱਖ ਵਿਸ਼ਾ ਹੈ। ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਕਾਇਮੀ ਨਾਲ ਸੰਬੰਧਤ ਯਤਨਾਂ ਦੇ ਨਾਲ-ਨਾਲ ਉਸਾਰੂ ਤੇ ਢਾਹੂ ਸੋਚ ਦੇ ਪੈਂਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ। ਗੁਰਬਾਣੀ ਦੀ ਸੁਵਰਤੋਂ ਕੀਤੀ ਗਈ ਹੈ। ਪੁਸਤਕਾਂ ਦੇ ਨਿਬੰਧਾਂ ਦੀ ਦ੍ਰਿਸ਼ਟੀ ਤੇ ਦਿਸ਼ਾ ਵਿਗਿਆਨਕਤਾ ਉੱਪਰ ਅਧਾਰਿਤ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਫ਼ਤਹਿਪੁਰੀਨਾਮਾ
ਲੇਖਕ : ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98146-19342
ਸਾਡੇ ਸਮਾਜ ਵਿਚ ਵਰਤ ਰਹੇ ਵਰਤਾਰਿਆਂ ਨੂੰ ਦੇਖਣ ਦਾ ਹਰੇਕ ਵਿਅਕਤੀ ਦਾ ਆਪਣਾ ਨਜ਼ਰੀਆ ਹੁੰਦਾ ਹੈ, ਜਿਸ ਸਦਕਾ ਉਹ ਕਿਸੇ ਵੀ ਵਰਤਾਰੇ ਪ੍ਰਤੀ ਆਪਣੀ ਨਿੱਜੀ ਰਾਇ ਬਣਾਉਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਵਿਚ ਹਾਸਿਲ ਕੀਤੇ ਤਜਰਬਿਆਂ ਨੂੰ ਜਦੋਂ ਉਹ ਨਿੱਜੀ ਛੋਹਾਂ ਦੇ ਕੇ ਲੋਕਾਂ ਸਾਹਮਣੇ ਪੇਸ਼ ਕਰਦਾ ਹੈ ਤਾਂ ਇਹ ਇਕ ਕਿਸਮ ਨਾਲ ਇਕ ਦਸਤਾਵੇਜ਼ ਬਣ ਜਾਂਦਾ ਹੈ। 'ਫ਼ਤਹਿਪੁਰੀਨਾਮਾ' ਵੀ ਬਲਵਿੰਦਰ ਸਿੰਘ ਫ਼ਤਹਿਪੁਰੀ ਦੀ ਅਜਿਹੀ ਹੀ ਪੁਸਤਕ ਹੈ ਜਿਸ ਵਿਚ ਉਸ ਨੇ ਜ਼ਿੰਦਗੀ ਵਿਚ ਪ੍ਰਾਪਤ ਕੀਤੇ ਗਿਆਨ ਦੁਆਰਾ ਜੀਵਨ ਯਥਾਰਥ ਨੂੰ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ। 'ਫ਼ਤਹਿਪੁਰੀਨਾਮਾ' ਇਕ ਵਾਰਤਕ ਪੁਸਤਕ ਹੈ ਜਿਸ ਵਿਚ ਲੇਖਕ ਨੇ ਨਿੱਕੇ-ਨਿੱਕੇ ਪਰ ਭਾਵਪੂਰਤ ਲੇਖਾਂ ਦੁਆਰਾ ਆਪਣੇ ਪਰਿਵਾਰਕ ਜੀਵਨ ਤੋਂ ਵਾਰਤਾ ਸ਼ੁਰੂ ਕਰ ਕੇ, ਸਮਾਜ ਧਰਮ, ਰਾਜਨੀਤੀ, ਆਰਥਿਕਤਾ ਉੱਚੇ ਚਰਚਾ ਕਰਨ ਦੇ ਨਾਲ-ਨਾਲ ਅਜੋਕੀ ਜ਼ਿੰਦਗੀ ਨੂੰ ਦਰਪੇਸ਼ ਮਸਲਿਆਂ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਪੁਸਤਕ ਦੇ ਸ਼ੁਰੂ ਵਿਚ ਜਿਹੜੇ ਅਧਿਆਇ ਦਰਜ ਹਨ, ਉਨ੍ਹਾਂ ਤੋਂ ਇਹ ਪੁਸਤਕ ਸਵੈ-ਜੀਵਨੀ ਵਰਗੀ ਤੋਰ ਗ੍ਰਹਿਣ ਕਰਦੀ ਹੈ ਪਰ ਬਾਅਦ ਵਿਚ ਲੇਖਕ ਨੇ ਅਜੋਕੀ ਜ਼ਿੰਦਗੀ ਵਿਚ ਪੈਦਾ ਹੋਏ ਖਲਾਅ ਅਤੇ ਖਲਲ ਜਿਹੜੇ ਕਾਰਨ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਬਾਰੇ ਸੰਵਾਦ ਰਚਾਇਆ ਹੈ। ਪੁਸਤਕ ਵਿਚ ਹਰੇਕ ਲੇਖ ਨੂੰ ਕੋਈ ਨਾ ਕੋਈ ਸਿਰਲੇਖ ਦਿੱਤਾ ਗਿਆ ਹੈ ਪਰ ਫਿਰ ਦੇਸੀ ਮਹੀਨਿਆਂ, ਹਫ਼ਤੇ ਦੇ ਨਾਵਾਂ ਅਤੇ ਗਿਣਤੀ (ਇਕ, ਦੋ, ਤਿੰਨ) ਅਨੁਸਾਰ ਅਧਿਆਇ ਪੇਸ਼ ਕੀਤੇ ਗਏ ਹਨ। ਲੇਖਕ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਹਰੇਕ ਵਰਤਾਰੇ ਦੀਆਂ ਜੜ੍ਹਾਂ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਲੇਖਕ ਨੇ ਬੇਬਾਕੀ ਨਾਲ ਵਿਚਾਰ ਸਾਂਝੇ ਕੀਤੇ ਹਨ ਪਰ ਲੇਖਕ ਦਾ ਮਿਸ਼ਨ ਮਨੁੱਖਤਾ ਦੇ ਭਲੇ ਲਈ ਕਾਰਜ ਕਰਨਾ ਅਤੇ ਅਜਿਹੇ ਕਾਰਜਾਂ ਵਿਚੋਂ ਸਕੂਨ ਮਹਿਸੂਸ ਕਰਨਾ ਹੀ ਜੀਵਨ ਨਿਸ਼ਾਨਾ ਨਜ਼ਰ ਆਉਂਦਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਕੱਚੇ ਕੰਢੇ ਦੀ ਖੋਰ
ਕਵੀ : ਮਨਜਿੰਦਰ ਸਿੰਘ ਕਾਲਾ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ 128
ਸੰਪਰਕ : 97796-81883
ਹਥਲੀ ਪੁਸਤਕ ਨੌਜਵਾਨ ਕਵੀ ਮਨਜਿੰਦਰ ਸਿੰਘ ਕਾਲਾ ਦੀ ਪ੍ਰਥਮ ਪ੍ਰਕਾਸ਼ਿਤ ਹੈ ਜੋ ਕਿ 96 ਕਵਿਤਾਵਾਂ ਦਾ ਸਮੂਹ ਹੈ। 2-4 ਕਵਿਤਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਵਿਤਾਵਾਂ ਛੰਦਾਂ-ਬਹਿਰਾਂ ਵਿਚ ਪਰਿਪੂਰਨ ਹਨ। ਨਿੱਕੀਆਂ-ਨਿੱਕੀਆਂ ਭਾਵਪੂਰਤ ਤੇ ਜਜ਼ਬਾਤ ਭਰਪੂਰ ਕਵਿਤਾਵਾਂ ਕਵੀ ਦੀ ਕਾਵਿ ਸੂਝ ਦੀਆਂ ਲਿਖਾਦਿਕ ਹਨ। ਇਨ੍ਹਾਂ ਬਿਨ ਨਾਮਕਰਨ ਕਵਿਤਾਵਾਂ ਵਿਚ ਬਹੁਤੀਆਂ ਗ਼ਜ਼ਲਾਂ ਹੀ ਹਨ ਪਰ ਸ਼ਾਇਰ ਨੇ ਐਲਾਨ ਨਹੀਂ ਕੀਤਾ ਕਿ ਇਹ ਗ਼ਜ਼ਲਾਂ ਹਨ। ਕਾਲਾਂ ਦੇਬੀ ਮਖਸੂਸ ਪੁਰੀ ਨੂੰ ਆਪਣਾ ਗੁਰੂ-ਉਸਤਾਦ ਮੰਨਦਾ ਹੈ ਅਤੇ ਸਿੱਖਿਆਦਾਇਕ (ਸ਼ਿਅਰ/ਨਜ਼ਮਾਂ ਰਚਦਾ ਹੈ। ਇਨ੍ਹਾਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵਿਚ ਵਡੇਰੇ ਵਿਸ਼ੇ ਨਿਭਾਏ ਗਏ ਹਨ। ਨਵੇਂ ਭਾਵ ਬੋਧ ਦੀ ਕਵਿਤਾ ਦੀ ਪ੍ਰਥਾਏ ਮਨਜਿੰਦਰ ਆਦਮੀ ਦੀ ਅੰਦਰਲੀ ਵਿੱਥਿਆ ਨੂੰ ਸ਼ਬਦਾਂ ਵਿਚ ਢਾਲਣ ਵਿਚ ਸਮਰੱਥ ਹੋਇਆ ਹੈ। ਉਸ ਦੀਆਂ ਕਵਿਤਾਵਾਂ ਵਿਚੋਂ ਸਿਖਿਆਵਾਂ ਅਤੇ ਸਿੱਧੇ ਰਿਸ਼ਤਿਆਂ ਦਾ ਨਕਸ਼ਾ ਹੈ। ਸਖ਼ਤ ਤੇ ਪਥਰਾਏ ਵਿਚਾਰਾਂ ਨੂੰ ਵੀ ਕਵੀ ਕਾਲਾ ਸੂਖ਼ਮ ਸ਼ਬਦਾਂ ਵਿਚ ਪਰੋਂਦਾ ਹੈ। ਉਸ ਦੇ ਸਰਲਤਾ, ਸਹਿਜਤਾ ਅਤੇ ਸੁਹਜਤਾ ਭਰੇ ਕਾਵਿ ਬਚਨ ਦਿਲ ਨੂੰ ਮੋਂਹਦੇ ਅਤੇ ਮਨ ਨੂੰ ਸ਼ਗੁਫ਼ਤਾ ਕਰਦੇ ਹਨ। ਉਸ ਦੇ ਸ਼ਿਅਰਾਂ ਵਿਚ ਸਚਾਈਆਂ ਇਕ ਟਕਸਾਲੀ ਸਿੱਕੇ ਵਾਂਗ ਹਨ।
-ਪੈਸੇ ਦੀ ਬਾਰਿਸ਼ ਵਿਚ
ਕਮੀਨਗੀ ਨਿੱਖਰ ਜਾਂਦੀ ਹੈ,
ਹੰਕਾਰ ਹੀ ਬਚਦਾ ਰਿਸ਼ਤੇ
ਦੋਸਤੀ ਵਿਸਰ ਜਾਂਦੀ ਹੈ।
-ਕਿਸੇ ਦੀ ਖ਼ੁਸ਼ੀ ਦੀ ਵਜ੍ਹਾ ਹੋ ਜਾਣਾ,
ਕਿੰਨਾ ਸੌਖਾ ਹੁੰਦੈ ਖ਼ੁਦਾ ਹੋ ਜਾਣਾ।
ਦੋਹਾਂ ਦੀ ਪੀੜ 'ਚ ਫ਼ਰਕ ਨਹੀਂ ਬਹੁਤਾ,
ਸ਼ਾਇਰ ਹੋਣਾ ਜਾਂ ਫਿਰ ਮਾਂ ਹੋ ਜਾਣਾ।
-ਮਾਰ ਕੇ ਨਹੀਂ ਕਿਸੇ 'ਤੇ
ਮਰ ਕੇ ਜੀਵਾਂਗੇ,
ਪਰਵਾਨੇ ਹਾਂ ਸ਼ਮ੍ਹਾਂ ਤੇ ਸੜ ਕੇ ਜੀਵਾਂਗੇ,
-ਵਿਚ ਦੁਨੀਆਂ ਦੇ ਘੱਟ
ਇਨਸਾਨ ਮਿਲਦੇ
ਬੰਦਿਆਂ ਨਾਲੋਂ ਜ਼ਿਆਦਾ ਸ਼ੈਤਾਨ ਮਿਲਦੇ
ਪੈਰ ਦੀ ਜੁੱਤੀ ਸਮਝਣ ਜਿਹੜੇ ਔਰਤ ਨੂੰ ਕਵਿਤਾ ਵਿਚ ਔਰਤ ਮਹਾਨ ਲਿਖਦੇ
-ਸ਼ਹਿਰ ਤੇਰੇ ਦੀਆਂ ਹਵਾਵਾਂ ਦਿਲਕਸ਼ ਹੋਣਗੀਆਂ
ਜਿੱਥੇ ਤੂੰ ਵੱਸਦੈਂ ਧੁੱਪਾਂ ਛਾਵਾਂ ਦਿਲਕਸ਼ ਹੋਣਗੀਆਂ
ਮਨਜਿੰਦਰ ਬਚਪਨ ਦੀ ਮਿੱਤਰ, ਕੁੜੀ ਨੂੰ ਯਾਦ ਕਰਦਿਆਂ ੳਸ ਨੂੰ ਮਾਣ ਤੇ ਸਤਿਕਾਰ ਭੇਜਦਾ ਹੈ ਉਸ ਰੱਬ ਵਾਂਗ ਯਾਦ ਕਰਦਾ ਹੈ। ਕਵਿਤਾ ਚੰਗੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਆਤਮ ਦੀ ਤਲਾਸ਼ ਵਿਚ ਅੰਤਰ-ਯਾਤਰਾ
ਕੀ ਜਾਣਾਂ ਮੈਂ ਕੌਣ
ਲੇਖਕ : ਬ੍ਰਹਮਜਗਦੀਸ਼ ਸਿੰਘ
ਪ੍ਰਕਾਸ਼ਕ : ਅਰਥ ਵੀਜ਼ਨ ਪਬਲਿਕੇਸ਼ਨਜ਼, ਗੁਰੂ ਗਰਾਮ
ਮੁੱਲ : 470 ਰੁਪਏ, ਸਫ਼ੇ : 171
ਸੰਪਰਕ : 98760-52136
ਵਿਚਾਰਾਧੀਨ ਸਵੈ-ਜੀਵਨੀ ਦਾ ਲੇਖਕ ਪ੍ਰੋ: ਬ੍ਰਹਮਜਗਦੀਸ਼ ਸਿੰਘ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਨੇ ਅਨੇਕਾਂ ਵਿਧਾਵਾਂ ਬਾਰੇ ਕਲਮ ਚਲਾ ਕੇ 121 ਪੁਸਤਕਾਂ, 3000 ਤੋਂ ਵੱਧ ਰੀਵਿਊ, 200 ਤੋਂ ਵੱਧ ਮੁੱਖਬੰਦਾਂ ਤੋਂ ਬਿਨਾਂ ਪੰਜਾਬੀ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 300 ਤੋਂ ਵੱਧ ਪਾਠ ਲਿਖ ਕੇ ਮਾਂ-ਬੋਲੀ ਦੀ ਨਿੱਗਰ ਅਤੇ ਗੌਲਣਯੋਗ ਸੇਵਾ ਕੀਤੀ ਹੈ। ਹਥਲੀ ਆਤਮ-ਕਥਾ ਨੂੰ 14 ਕਾਂਡਾਂ ਵਿਚ ਵੰਡਿਆ ਹੈ। ਇਹ ਰਚਨਾ ਆਪਣੀ ਪਤਨੀ ਪ੍ਰੋ: ਰਾਜਬੀਰ ਕੌਰ ਨੂੰ ਸਮਰਪਿਤ ਕੀਤੀ ਹੈ, ਜਿਸ ਵਿਚ ਲੇਖਕ ਦੀ ਸੋਚ ਅਤੇ ਸਮਝ ਦੇ ਨਿਰਮਾਣ ਵਿਚ ਵਧੇਰੇ ਯੋਗਦਾਨ ਉਸੇ ਦਾ ਹੈ। ਪੰਨਾ-31. ਲੇਖਕ ਦੀ ਸੋਚ ਦੇ ਬਹੁਤ ਪਾਸਾਰ ਉਸ ਦੀ ਸੰਗਤ ਵਿਚੋਂ ਹੀ ਰੂਪਮਾਨ ਹੋਏ ਹਨ। ਸਵੈ-ਜੀਵਨੀ ਦੇ ਆਰੰਭ ਵਿਚ ਹਰਿਮੰਦਰ ਸਿੰਘ ਕੋਹਾਰਵਾਲਾ ਨੇ ਉਸ ਦਾ ਕਾਵਿਕ ਸ਼ਬਦ-ਚਿੱਤਰ ਉਲੀਕ ਕੇ ਲੇਖਕ ਦਾ ਪ੍ਰਮਾਣਿਕ ਬਿੰਬ ਪ੍ਰਸਤੁਤ ਕੀਤਾ ਹੈ। ਲੇਖਕ 'ਸਾਰਤਰ ਦੇ ਅਸਤਿਤਵਾਦ ਦੈ ਸ਼ੈਦਾਈ' ਹੈ। ਪੰ. 87 ਉਸ ਦਾ ਮੱਤ ਹੈ ਹਰ ਵਿਅਕਤੀ ਆਪਣੇ ਜੀਵਨ ਵਿਚ 'ਬੀਟਿੰਗ ਐਂਡ ਬੀਕਮਿੰਗ' ਵਿਚ ਰਹਿੰਦਾ ਹੈ। ਵਿਅਕਤੀ ਆਪਣੀ ਫੈਕਟੀਸਿਟੀ ਵਿਚੋਂ ਬਹੁਤ ਸਾਰੀਆਂ ਸੰਭਾਵਨਾਵਾਂ ਵਿਚੋਂ, ਬਿਨਾਂ ਕਿਸੇ ਬਾਹਰੀ ਦਬਾਅ ਦੇ, ਆਪਣੀ ਚੋਣ ਕਰਦਾ ਹੈ। ਚੋਣ ਤੋਂ ਬਾਅਦ ਅਮਲ, ਜ਼ਿੰਮੇਵਾਰੀ ਅਤੇ ਨਤੀਜੇ ਪ੍ਰਾਪਤ ਕਰਦਾ ਹੈ। ਇਸੇ ਵਿਧੀ ਅਨੁਸਾਰ ਪਹਿਲੇ 7 ਕਾਂਡਾਂ ਵਿਚ ਆਪਣੇ ਮਾਪਿਆਂ, ਆਪਣੇ ਸਵੈ, ਪਤਨੀ, ਆਪਣੀ ਇਕਲੌਤੀ ਬੇਟੀ ਸ਼ੈਹੀ, ਦੋਵਾਂ ਦੋਹਤੀਆਂ (ਨਵਨੂਰ, ਇਨਾਯਤ) ਅਤੇ ਜਵਾਈ ਵਰਿੰਦਰ ਰਾਣਾ ਨੂੰ ਪ੍ਰਾਪਤ ਮਾਹੌਲ ਦੀ ਦ੍ਰਿਸ਼ਟੀ ਤੋਂ, ਉਨ੍ਹਾਂ ਦੇ ਅਸਤਿਤਵ ਦਾ ਵਿਕਾਸ ਹੁੰਦਾ ਦਰਸਾਇਆ ਹੈ। ਇਨ੍ਹਾਂ ਸਾਰੇ ਸ਼ਬਦ-ਚਿੱਤਰਾਂ ਵਿਚ ਉਨ੍ਹਾਂ ਦੀਆਂ ਯੋਗਤਾਵਾਂ, ਪ੍ਰਤਿਭਾ ਦਾ ਵਿਕਾਸ, ਵੱਖ-ਵੱਖ ਸਰਗਰਮੀਆਂ ਵਿਚ ਵਰਨਣਯੋਗ ਪ੍ਰਾਪਤੀਆਂ ਅਤੇ ਵਿਲੱਖਣ ਸੁਭਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ। ਅਜਿਹਾ ਬਿਰਤਾਂਤ ਸਿਰਜਦਿਆਂ ਬਾਰੰਬਾਰਤਾ (ਫਰੀਕੁਐਂਸੀ) ਦਾ ਆ ਜਾਣਾ ਸੁਭਾਵਿਕ ਹੈ। ਅੱਠਵੇਂ ਤੋਂ ਚੌਧਵੇਂ ਕਾਂਡ ਤੱਕ ਆਪਣੇ ਸਾਹਿਤਕ ਅਸਤਿਤਵ ਦੀ ਪ੍ਰਮਾਣਿਕਤਾ ਬਾਰੇ ਸੱਚੀ-ਸੁੱਚੀ ਪੇਸ਼ਕਾਰੀ ਕੀਤੀ ਹੈ। ਦਰਅਸਲ ਪਿਛਲੇ ਸੱਤ ਕਾਂਡ ਲੇਖਕ ਦੀ 'ਸਾਹਿਤਕ ਸਵੈ ਜੀਵਨੀ' ਦੇ ਅੰਤਰਗਤ ਵਿਚਾਰੇ ਜਾਣ ਦੇ ਯੋਗ ਹਨ। ਇਨ੍ਹਾਂ ਕਾਂਡਾਂ ਵਿਚ ਲੇਖਕ ਨੇ ਕਬੂਲੇ ਪ੍ਰਭਾਵ, ਅਣਥੱਕ ਵਿਸ਼ਾਲ ਅਧਿਐਨ ਅਤੇ ਆਪਣੇ ਵਿਲੱਖਣ ਯੋਗਦਾਨ ਦੀ ਚਰਚਾ ਕੀਤੀ ਹੈ। ਅਧਿਆਪਨ ਅਨੁਭਵ ਅਤੇ ਆਪਣੇ ਆਲੋਚਨਾਤਮਕ ਜਗਤ ਨਾਲ ਭਰਵੀਂ ਸਾਂਝ ਉਜਾਗਰ ਕੀਤੀ ਹੈ। ਮਸਲਨ : ਪੰਜਾਬੀ ਸਾਹਿਤ ਦਾ ਇਤਿਹਾਸ, ਕੋਸ਼ਕਾਰੀ, ਆਲੋਚਨਾ-ਸਿਧਾਂਤ, ਭਾਸ਼ਾ ਵਿਗਿਆਨ, ਮੋਨੋਗਰਾਫ਼, ਗੁਰਬਾਣੀ ਅਧਿਐਨ, ਭਗਤ ਬਾਣੀ, ਸੂਫ਼ੀਮਤ ਇਤਿਆਦਿ। ਆਖ਼ਰੀ ਦੋ ਕਾਂਡਾਂ ਵਿਚ ਆਪਣੀ ਵਚਨਬੱਧਤਾ ਅਤੇ ਇੱਛਾਵਾਂ ਦੀ ਚਰਚਾ ਕੀਤੀ ਹੈ। ਇੰਜ ਇਹ ਆਤਮ-ਕਥਾ ਸ਼ਬਦ-ਚਿੱਤਰਾਂ ਅਤੇ ਸਾਹਿਤਕ ਸਵੈ-ਜੀਵਨੀ ਦਾ ਅਨੂਠਾ ਦਸਤਾਵੇਜ਼ ਹੋ ਨਿਬੜੀ ਹੈ।
-ਡਾ. ਧਰਮ ਚੰਦ ਵਾਤਿਸ਼
ਸੰਪਰਕ : vatishdharamchand@gmail.com
ਕੰਧ 'ਤੇ ਲੱਗੀ ਬਿੰਦੀ
ਲੇਖਿਕਾ : ਇੰਦਰਜੀਤਪਾਲ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 99152-92229
ਪੰਜਾਬੀ ਕਹਾਣੀ ਆਪਣੇ ਜਲੌਅ ਅਤੇ ਜਲਵੇ ਕਾਰਨ ਸਿਖ਼ਰਾਂ 'ਤੇ ਹੈ। ਮਨੁੱਖ ਦੇ ਬਾਹਰੀ ਸੰਸੇ ਅਤੇ ਮਨੁੱਖ ਦੀਆਂ ਅੰਦਰਲੀਆਂ ਅਕਾਂਖਿਆਵਾਂ ਦਾ ਪੰਜਾਬੀ-ਕਹਾਣੀ ਨੇ ਨਿਰੂਪਣ ਕਰ ਕੇ ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਨੂੰ ਵੀ ਅਚੰਭਿਤ ਕੀਤਾ ਹੈ। ਪੰਜਾਬੀ ਜਗਤ ਦੇ ਤੀਜੇ ਪੂਰ ਦੇ ਕਹਾਣੀਕਾਰਾਂ ਵਿਚ ਇਸਤਰੀ ਲੇਖਿਕਾਵਾਂ ਨੇ ਵੱਡਾ ਹਿੱਸਾ ਪਾਇਆ ਹੈ। ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਅਤੇ ਅਜੀਤ ਕੌਰ ਨੇ ਕਹਾਣੀ ਦੇ ਵਿਸ਼ਿਆਂ ਨੂੰ ਵਿਸ਼ਾਲਤਾ ਪ੍ਰਦਾਨ ਕਰ ਕੇ, ਚੰਗਾ ਪਿੜ ਤਿਆਰ ਕੀਤਾ ਹੈ। ਉਨ੍ਹਾਂ ਤੋਂ ਅਗਲੀਆਂ ਲੇਖਿਕਾਵਾਂ-ਕਹਾਣੀਕਾਰਾਂ 'ਚ ਇੰਦਰਜੀਤ ਪਾਲ ਕੌਰ ਨੇ ਆਪਣੀ ਵੱਖਰੀ ਪੈੜ ਸਿਰਜੀ ਹੈ। ਰੀਵਿਊ ਅਧੀਨ ਕਹਾਣੀ ਸੰਗ੍ਰਹਿ 'ਕੰਧ 'ਤੇ ਲੱਗੀ ਬਿੰਦੀ' ਤੋਂ ਪਹਿਲਾਂ 'ਸਲੀਬ ਦੋ ਹਜ਼ਾਰ ਇੱਕ' ਕਾਨੂੰਨੀ ਸ਼ਮਰੇ ਵਾਲੀ ਕੁੜੀ ਤੇ 'ਮੋਮਬੱਤੀਆਂ' ਜ਼ਿਕਰ ਯੋਗ ਕਥਾਵਾਂ ਹਨ। ਲੇਖਿਕਾ ਕੋਲ ਅਜੋਕੀ ਔਰਤ ਦੀਆਂ ਖ਼ੁਸ਼ੀਆਂ-ਗ਼ਮੀਆਂ ਦਾ ਡੂੰਘਾ ਅਨੁਭਵ ਹੈ ਆਪਣੀ ਗੱਲ ਕਹਿਣ ਲਈ ਸੰਕੇਤਕ ਵਾਕਾਂ ਦੀ ਮੁਹਾਰਤ ਹੈ। ਕੁਝ ਵਾਕ ਪਾਠਕ ਨੂੰ ਬਹੁਤ ਕੁਝ ਕਹਿਣ ਦੀ ਸ਼ਕਤੀ ਰੱਖਦੇ ਹਨ, 'ਉਸ ਦੇ ਸੁੰਦਰ ਮੁੱਖੜੇ ਦੀ ਤਰ੍ਹਾਂ, ਉਸ ਦਾ ਦਿਲ ਵੀ ਭਾਵ-ਵਿਹੂਣਾ ਹੋ ਗਿਆ ਸੀ।' 'ਮਾਲਾ ਟੁੱਟ ਗਈ ਮੋਤੀ ਸਾਰੇ ਕਮਰੇ ਵਿਚ ਖਿੱਲਰ ਗਏ।' 'ਬਸੰਤੀ' ਕਹਾਣੀ ਔਰਤ ਦੇ ਮਨ-ਇੱਛਤ ਸਾਥੀ ਨਾ ਮਿਲਣ ਦਾ ਦੁਖਾਂਤ ਪੇਸ਼ ਕਰਦੀ ਹੈ। ਦਾਦੂ ਨੌਕਰ ਦਾ ਰੋਲ ਅਤੇ ਰਵਿੰਦਰ ਸਕਸੇਨਾ ਦਾ ਬਸੰਤੀ ਪ੍ਰਤੀ ਹਮਦਰਦੀ ਤੇ ਮੁਹੱਬਤ ਦਾ ਚਿੱਤਰਣ ਬਹੁਤ ਪ੍ਰਤੀਕਾਤਮਿਕ ਢੰਗ ਨਾਲ ਚਿੱਤਰਿਆ ਹੈ। 'ਕੰਧ' ਤੇ ਲੱਗੀ-ਬਿੰਦੀ' ਮੁੱਖ ਨਾਮਕਰਨ ਵਾਲੀ ਕਹਾਣੀ ਗੋਮਤੀ ਆਪਣੇ ਪਤੀ ਦੀ ਬਿਮਾਰੀ ਜੀ-ਬੀ. ਸਿੰੰਡਰੋਮ ਤੋਂ ਬਚਾਉਣ ਲਈ ਹਸਪਤਾਲ 'ਚ ਕਿਵੇਂ ਲੁੱਛਦੀ ਹੈ, ਉਸ ਦੀ ਭਾਸ਼ਾ ਰਾਹੀਂ ਅਭੀਵਿਅਕਤ ਕਰ ਕੇ ਲੇਖਿਕਾ ਨੇ ਯਰਾਥਿਕ-ਕਹਾਣੀ ਬਣਾ ਦਿੱਤੀ ਹੈ। ਮਨੁੱਖ ਦੇ ਮਾਨਸਿਕ ਦਵੰਦ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। 'ਉਹ ਗੱਲ' ਧਾਰਮਿਕ ਸਬਰ ਤੇ ਆਸਥਾ ਦੇ ਬਿਰਤਾਂਤ ਨੂੰ ਸਿਰਜਦੀ ਹੈ। ਜ਼ਿੰਦਗੀ ਜਿਊਣ ਦੀ ਊਰਜਾ ਵਾਲੀ 'ਬਿੰਦਾਸ ਬਾਈ' ਅਤੇ 'ਕਾਲੀ ਭੇਡ' ਅਧਿਆਪਨ ਕਿੱਤੇ 'ਚ ਬਾਲ-ਮਨੋਵਿਗਿਆਨ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ। 'ਸੀਮਾ ਰੇਖਾ' ਸ਼ਗਿਰਦ ਅਤੇ ਗੁਰੂ ਦੇ ਰਿਸ਼ਤੇ ਦੀ ਪਵਿੱਤਰਤਾ ਨੂੰ ਦਰਸਾਉਂਦੀ ਹੈ। ਚਕਾਚੌਂਧ ਦੇ ਸ਼ਕੰਜੇ ਨੂੰ ਨਿਕਾਰਦੀ 'ਚਾਲੂ ਚਾਹ ਦਾ ਕੱਪ' ਪੜ੍ਹਨਯੋਗ ਹੈ। ਅੰਤਲੀ ਕਹਾਣੀ ਜਿੱਥੇ ਸਮੁੰਦਰੀ ਬੀਚ ਦੀ ਪ੍ਰਕਿਰਤਿਕ ਸੁੰਦਰਤਾ ਨਾਲ ਲਬਰੇਜ਼ ਹੈ, ਉੱਥੇ ਮਹਾਂਨਗਰੀ ਦੇ ਸ਼ੋਸ਼ਣ ਨੂੰ ਨੰਗਿਆਂ ਕਰਦੀ ਹੈ। ਨਾਰੀ ਤੇ ਮਰਦ ਪਾਤਰਾਂ ਦਾ ਸਮਤੋਲ ਸੰਤੁਸ਼ਟਤਾ ਵਾਲਾ ਹੈ। ਸ਼ਹਿਰੀ ਜੀਵਨ ਦੇ ਧਰਾਤਲ ਵਾਲੀਆਂ ਕਹਾਣੀਆਂ ਪੜ੍ਹਨ ਯੋਗ ਹਨ। ਲੇਖਿਕਾ ਨੇ ਬਹੁਤ ਸਹਿਜ ਢੰਗ ਨਾਲ ਕਹਾਣੀਆਂ ਗੁੰਦੀਆਂ ਹਨ। ਕਹਾਣੀ ਦਾ ਅੰਤ ਪਾਠਕ ਨੂੰ ਝੰਜੋੜਨ ਵਾਲਾ ਹੁੰਦਾ ਹੈ। ਪੇਸ਼ ਕੀਤੇ ਕਾਵਿਕ ਰੁਮਾਂਟਿਕ-ਦ੍ਰਿਸ਼ ਅਸ਼ਲੀਲਤਾ ਦੇ ਦੋਸ਼ ਤੋਂ ਮੁਕਤ ਹਨ। ਕਲਾਤਮਿਕ ਢੰਗ ਪ੍ਰਸੰਸਾਯੋਗ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਆਫ਼ਤਾਂ ਦਾ ਦਰਵਾਜ਼ਾ
ਅਫ਼ਗਾਨੀਸਤਾਨ
ਤਾਲਿਬਾਨ ਅਤੇ ਹੋਰ ਵੱਖ-ਵੱਖ ਗੁਰੀਲਿਆਂ ਦਾ ਇਤਿਹਾਸ
ਲੇਖਕ : ਭੁਪਿੰਦਰ ਸਿੰਘ ਚੌਕੀਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 264
ਸੰਪਰਕ : 99145-49724
ਲੇਖਕ ਭਾਰਤੀ ਸੀਮਾ ਸੁਰੱਖਿਆ ਬਲਾ ਤੋਂ ਬਤੌਰ ਡਿਪਟੀ ਕਮਾਂਡੈਂਟ ਸੇਵਾ ਮੁਕਤ ਹੈ। ਕਿਤਾਬ ਨੂੰ ਮੂਲ ਰੂਪ ਵਿਚ ਅਠਾਰਾਂ ਭਾਗਾਂ ਕ੍ਰਮਵਾਰ ਆਮ ਜਾਣਕਾਰੀ ਅਫ਼ਗਾਨਿਸਤਾਨ; ਪੁਰਾਤਨ ਇਤਿਹਾਸ; ਨਵੀਨ ਇਤਿਹਾਸ; ਪਖ਼ਤੂਨ ਅਤੇ ਕਬੀਲਾ; ਪ੍ਰਣਾਲੀ : ਹਿੰਦੋਸਤਾਨ ਉੱਪਰ ਮੁਸ਼ਕਿਲਾਂ ਆਉਣ ਦਾ ਦਰਵਾਜ਼ਾ; ਆਫ਼ਤਾਂ ਦਾ ਦਰਵਾਜ਼ਾ ਕਿਵੇਂ ਬੰਦ ਹੋਇਆ; ਅਫ਼ਗਾਨਿਸਤਾਨ ਦਾ ਹਿੰਦੋਸਤਾਨ ਤੋਂ ਅਲੱਗ ਹੋਣਾ; ਭਾਰਤ-ਪਾਕਿਸਤਾਨ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਹਾਲਤ; ਸੋਵੀਅਤ ਫ਼ੌਜੀ ਦਖ਼ਲ ਅੰਦਾਜ਼ੀ; ਇਸਲਾਮਿਕ ਯੂਨਿਟੀ ਆਫ਼ ਅਫ਼ਗਾਨਿਸਤਾਨ ਮੁਜਾਹਿਦੀਨ; ਤਾਲਿਬਾਨ ਦਾ ਪੈਦਾ ਹੋਣਾ; ਪੰਜਸ਼ੀਰ ਦਾ ਸ਼ੇਰ-ਅਹਿਮਦ ਸ਼ਾਹ ਮਸੂਦ; ਤਾਲਿਬਾਨ ਤੋਂ ਬਾਅਦ ਦੀ ਹਾਲਤ; ਨਸ਼ੀਲੇ ਪਦਾਰਥਾਂ ਦੀ ਪੈਦਾਵਾਰ ਦੀ ਨੀਤੀ; ਭਾਰਤ-ਅਫ਼ਗਾਨਿਸਤਾਨ ਸੰਬੰਧ, ਆਖ਼ਰ ਅਫ਼ਗਾਨਿਸਤਾਨ ਦੀ ਅਸਲੀਅਤ ਕੀ ਹੈ; ਪੁਰਾਣੇ ਵਿਰੋਧੀਆਂ ਦਾ ਵਧਦਾ ਸਹਿਯੋਗ ਅਤੇ ਅਫ਼ਗਾਨਿਸਤਾਨ ਉੱਪਰ ਇਸ ਦਾ ਅਸਰ ਆਦਿ ਹਨ।
ਕਿਤਾਬ ਦੇ ਵਿਸ਼ੇ ਅਨੁਸਾਰ ਲੇਖਕ ਵਲੋਂ ਅਫ਼ਗਾਨਿਸਤਾਨ ਤੇ ਪੁਰਾਤਨ ਕਾਲ ਤੋਂ ਇਰਾਨੀਆਂ, ਯੂਨਾਨੀਆਂ ਅਤੇ ਹੋਰ ਵਿਦੇਸ਼ੀ ਹਮਲਾਵਰਾਂ ਦੁਆਰਾ ਕੀਤੇ ਗਏ ਹਮਲਿਆਂ, ਵਧੀਕੀਆਂ ਅਤੇ ਅਫ਼ਗਾਨੀ ਕਬੀਲਿਆਂ ਦੇ ਇਤਿਹਾਸ ਸੱਭਿਆਚਾਰ ਧਰਮ ਅਤੇ ਰਾਜਨੀਤੀ ਆਦਿ ਪੱਖਾਂ ਦਾ ਇਤਿਹਾਸਕ ਪ੍ਰਸੰਗ ਤੋਂ ਮੁਲਾਂਕਣ ਕੀਤਾ ਗਿਆ ਹੈ। ਲੇਖਕ ਦਾ ਬੜੇ ਸੰਜੀਦਾ ਢੰਗ ਨਾਲ ਭਾਗਾਂ-ਉਪ ਭਾਗਾਂ ਦੀ ਵੰਡ ਕਰਦੇ ਹੋਏ ਅਫ਼ਗਾਨੀ ਕਬੀਲਿਆਂ ਦੇ ਨਾਂ, ਉਨ੍ਹਾਂ ਦਾ ਵਿਕਾਸ, ਕਬੀਲਾਦਾਰੀ ਸੱਭਿਆਚਾਰ ਦੀਆਂ ਖ਼ੂਬੀਆਂ, ਪ੍ਰਾਪਤੀਆਂ, ਕਮਜ਼ੋਰੀਆਂ ਆਦਿ ਨੂੰ ਤੁਲਨਾਤਮਕ ਅਤੇ ਆਲੋਚਨਾਤਮਕ ਢੰਗ ਨਾਲ ਲਿਖਿਆ ਹੈ।
ਉਦਾਹਰਨ ਵਜੋਂ ਅਫ਼ਗਾਨਿਸਤਾਨ, ਭਾਰਤ, ਈਰਾਨ ਅਤੇ ਹੋਰ ਕੇਂਦਰੀ ਏਸ਼ੀਆ ਦੇ ਦੇਸ਼ਾਂ ਉੱਪਰ ਕੰਬੋਜ ਕਬੀਲੇ ਦਾ ਪੁਰਾਤਨ ਕਾਲ ਦੌਰਾਨ ਰਾਜ ਅਤੇ ਲੱਭੇ ਦੇ ਯੁੱਗ ਤੋਂ ਸਥਾਪਤ ਇਸ ਕਬੀਲੇ ਦੀਆਂ ਪ੍ਰਾਪਤੀਆਂ, ਅਫ਼ਗਾਨਿਸਤਾਨ ਵਿਚ ਇਸ ਕਬੀਲੇ ਦੀ ਸਥਾਪਨਾ ਦੇ ਰਾਜ ਆਦਿ ਨੂੰ ਸੰਖੇਪ ਤੇ ਸਰਲ ਰੂਪ ਵਿਚ ਲਿਖਿਆ ਗਿਆ ਹੈ। ਇਸੇ ਤਰ੍ਹਾਂ ਸ਼ਬਦ ਅਫ਼ਗਾਨਿਸਤਾਨ ਦਾ ਮਤਲਬ, ਭਾਵ ਪਸ਼ਤੂਨਾਂ ਦਾ ਦੇਸ਼, ਪਸ਼ਤੂਨਾਂ ਦੇ ਕੁਝ ਵਿਸ਼ੇਸ਼ ਕਬੀਲਿਆਂ ਦੇ ਨਾਮ ਤੇ ਸਭਿਆਚਾਰਾਂ ਨੂੰ ਵੀ ਬਿਆਨ ਕੀਤਾ ਹੈ। ਇਨ੍ਹਾਂ ਵਿਚੋਂ ਅਫ਼ਗਾਨਿਸਤਾਨ ਦੀ ਰਾਜਨੀਤੀ, ਸਮਾਜ ਅਤੇ ਇਤਿਹਾਸ ਤੇ ਚਿਰਸਥਾਈ ਪ੍ਰਭਾਵ ਰੱਖਣ ਵਾਲੇ ਕੁਝ ਕਬੀਲੇ ਹਨ, ਪਖਤੂਨ, ਕਾਰਲਾਨਚੀ, ਸਰਬਾਨੀ, ਦੁਰਾਨੀ, ਘੁਰਗੂਸਤ, ਖ਼ਿਲਜਾਈ, ਤਾਜੀਕ, ਉਜਬੇਕ, ਏਮਾਕ, ਹਾਜਾਰਾ, ਯੂਸਫਜਾਈ, ਤੁਰਕਮੇਨ, ਬਲੋਚ, ਬਰਾਹੂਦੀ ਅਤੇ ਨੂਰੀਸਤਾਨ ਆਦਿ ਹਨ।
ਇਨ੍ਹਾਂ ਕਬੀਲਿਆਂ ਦੀਆਂ ਬੁਰਾਈਆਂ ਜਿਵੇਂ ਆਪਸੀ ਮਿਲਵਰਤਣ ਦੀ ਘਾਟ, ਪੀੜ੍ਹੀ ਦਰ ਪੀੜੀ ਲੜਾਈਆਂ, ਔਰਤਾਂ ਅਤੇ ਸਿੱਖਿਆ ਪ੍ਰਤੀ ਨਕਾਰਾਤਮਕ ਰਵੱਈਆ ਅਤੇ ਪ੍ਰਾਪਤੀਆਂ ਜਿਵੇਂ ਬਹਾਦਰੀ, ਕਬੀਲੇ ਦੇ ਨਿਯਮਾਂ ਦੇ ਤਾਬੇਦਾਰ ਹੋਣਾ, ਧਾਰਮਿਕ ਸਿੱਖਿਆ ਆਦਿ ਨੂੰ ਨਿਯਮਤ ਰੂਪ ਵਿਚ ਲਾਗੂ ਕਰਨਾ ਆਦਿ ਨੂੰ ਉਚੇਚਾ ਵਰਣਨ ਕੀਤਾ ਗਿਆ ਹੈ।
ਇਕ ਹੋਰ ਪੱਖ ਵੀ ਵਿਸ਼ੇਸ਼ ਧਿਆਨ ਦੇਣ ਵਾਲਾ ਹੈ ਜਿਸ ਵਿਚ ਲੇਖਕ ਵਲੋਂ ਅਫ਼ਗਾਨਿਸਤਾਨ ਦੇ ਕੁਝ ਵਿਸ਼ਵ ਪ੍ਰਸਿੱਧ ਕਵੀਆਂ, ਅਦੀਬਾਂ ਅਤੇ ਸਾਹਿਤਕਾਰਾਂ ਦੇ ਜੀਵਨ ਤੇ ਪ੍ਰਾਪਤੀਆਂ ਨੂੰ ਵੀ ਉਚੇਚਾ ਤੇ ਇਤਿਹਾਸਕ ਦ੍ਰਿਸ਼ਟੀਕੋਣ ਅਨੁਸਾਰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਨੁਸਾਰ ਲਿਖਿਆ ਹੈ। ਰੁਸਤਮ ਤੇ ਸ਼ਹਿਰਾਬ, ਰਾਹਮਾਨ ਬਾਬਾ, ਕਵਿਤਰੀ ਨਾਜ਼ੋ ਤੋਖੀ, ਖੁਸ਼ਾਲ ਖਾਟਾਕ, ਲਾਲ ਸ਼ਾਹਬਾਜ਼ ਕਾਲਾਨੰਦਰ, ਅਲ-ਫਾਰਾਬੀ, ਨਾਦਰ ਸ਼ਾਹ ਅਤੇ ਜਲਾਲਉਦਦੀਨ ਰੂਮੀ ਆਦਿ ਦੇ ਬਾਰੇ ਮੁਲਵਾਨ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਭਾਰਤ-ਅਫ਼ਗਾਨਿਸਤਾਨ ਵਿਚਕਾਰ 300 ਈਸਾ ਪੂਰਵ ਤੋਂ ਵੱਖ-ਵੱਖ ਰਸਤਿਆਂ ਦਰਿਆਂ, ਖੈਬਰ, ਬੱਲਾਨ, ਦੱਰਾਹ, ਬਰੱਘੋਲ, ਖੱਜਾਕ, ਤੋਚੀ, ਲਾਤਾਬਾਨਦ, ਖੋਸਟ-ਗਾਰਭੇਜ ਅਤੇ ਦਵਾਰਕਾ-ਕਾਮਬੋਜ ਆਦਿ ਦੇ ਬਾਰੇ ਉਚੇਚਾ ਗਿਆਨ ਸ਼ਾਮਿਲ ਹੈ।
ਮੂਲਰੂਪ ਵਿਚ ਅਫ਼ਗਾਨਿਸਤਾਨ ਦੇ ਪੁਰਤਾਨ ਕਾਲ ਤੋਂ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਹ ਕਿਤਾਬ ਇਕ ਮਹੱਤਵਪੂਰਨ ਉਪਰਾਲਾ ਹੈ। ਲੇਖਕ ਵਲੋਂ ਕਿਤਾਬ ਲਿਖਣ ਸਮੇਂ ਆਪਣੇ ਨਿੱਜੀ ਅਨੁਭਵਾਂ ਦੀ ਪੁਸ਼ਟੀ ਲਈ ਵਿਸ਼ਵ ਦੀਆਂ ਕੁਝ ਮਹੱਤਵਪੂਰਨ ਲਾਇਬਰੇਰੀਆਂ (ਸਿਡਨੀ) ਆਸਟਰੇਲੀਆ ਆਦਿ ਵਿਖੇ ਉਪਲਬੱਧ ਸੋਮਿਆਂ ਨੂੰ ਵੀ ਅਧਾਰ ਬਣਾਇਆ ਗਿਆ ਹੈ।
-ਡਾ. ਮੁਹੰਮਦ ਇਦਰੀਸ
ਬੋਹੜ ਪੁੱਤ
ਨਾਵਲਕਾਰ : ਯਾਦਵਿੰਦਰ ਸਿੰਘ ਬਦੇਸ਼ਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 178
ਸੰਪਰਕ : 0172-5027427
ਲੇਖਕ ਦਾ ਇਹ ਪਲੇਠਾ ਨਾਵਲ ਰੁੱਖ ਅਤੇ ਮਨੁੱਖ ਦੀ ਸਾਂਝ ਦਾ ਅਨੋਖਾ ਚਿੱਤਰਨ ਹੈ। ਨਾਵਲ ਦਾ ਮੁੱਖ ਪਾਤਰ 'ਬਾਪੂ ਜੀ' ਇਕ ਵੇਰ ਵਗਦੇ ਪਾਣੀ ਦੀ ਘੁੰਮਣਘੇਰੀ ਵਿਚ ਫਸੇ ਇਕ ਛੋਟੇ ਜਿਹੇ ਬੋਹੜ ਦੇ ਬੂਟੇ ਦੀ ਜਾਨ ਬਚਾਉਂਦਾ ਹੈ। ਉਹ ਪਾਣੀ ਵਿਚ ਛਾਲ ਮਾਰ ਕੇ ਇਸ ਜੱਦੋਜਹਿਦ ਕਰਦੇ ਨਿੱਕੇ ਜਿਹੇ ਬੂਟੇ ਨੂੰ ਆਪਣੀ ਹਵੇਲੀ ਵਿਚ ਲਿਆ ਕੇ ਲਾ ਦਿੰਦਾ ਹੈ। ਇਨਸਾਨੀ ਹੱਥਾਂ ਦੇ ਨਿੱਘ ਅਤੇ ਪਿਆਰ ਸਦਕਾ ਇਹ ਬੂਟਾ ਵਧਣ-ਫੁੱਲਣ ਲਗਦਾ ਹੈ। ਆਪਣੀ ਪਤਨੀ ਦੇ ਗੁਜ਼ਰ ਜਾਣ 'ਤੇ ਅਤੇ ਦੋਹਾਂ ਵੱਡੇ ਪੁੱਤਰਾਂ ਦੇ ਅੱਡ ਹੋ ਜਾਣ 'ਤੇ ਬਾਪੂ ਦਾ ਸਹਾਰਾ ਇਹ ਬੋਹੜ ਪੁੱਤ ਹੀ ਬਣਿਆ। ਹੌਲੀ-ਹੌਲੀ ਹਵੇਲੀ ਦਾ ਨਾਂਅ ਬੋਹੜ ਵਾਲੀ ਹਵੇਲੀ ਪੈ ਗਿਆ। ਬੋਹੜ ਬਹੁਤ ਜ਼ਿਆਦਾ ਫੈਲ ਗਿਆ ਸੀ। ਇਸ ਦੇ ਆਲੇ-ਦੁਆਲੇ ਮਿੱਟੀ ਦਾ ਥੜ੍ਹਾ ਸੀ, ਜਿਥੇ ਦੋਸਤਾਂ-ਮਿੱਤਰਾਂ ਦੀ ਮਹਿਫ਼ਿਲ ਸਜਿਆ ਕਰਦੀ ਸੀ। ਸੈਂਕੜੇ ਪੰਛੀ ਬੋਹੜ ਉੱਤੇ ਆਲ੍ਹਣੇ ਬਣਾ ਕੇ ਬੇਫ਼ਿਕਰੀ ਦੀਆਂ ਪੀਂਘਾਂ ਝੂਟਦੇ ਸਨ। ਗਰਮੀ ਦੇ ਦਿਨਾਂ ਵਿਚ ਬਾਪੂ ਜੀ ਪਾਣੀ ਦਾ ਇਕ ਘੜਾ ਅਤੇ ਗਲਾਸ ਬੋਹੜ ਦੇ ਥੜ੍ਹੇ 'ਤੇ ਰੱਖ ਦਿੰਦੇ। ਆਉਣ-ਜਾਣ ਵਾਲੇ ਲੋਕੀਂ ਜਲ ਛਕਦੇ ਅਤੇ ਬੋਹੜ ਦੀ ਠੰਢੀ ਛਾਂ ਹੇਠਾਂ ਆਰਾਮ ਕਰਦੇ। ਇਥੇ ਹੀ ਪੰਛੀਆਂ ਦੀਆਂ ਡਾਰਾਂ ਨੂੰ ਚੋਗਾ ਪਾਇਆ ਜਾਂਦਾ ਅਤੇ ਉਨ੍ਹਾਂ ਲਈ ਪਾਣੀ ਰੱਖਿਆ ਜਾਂਦਾ। ਬਾਪੂ ਜੀ ਸਾਰਾ ਦਿਨ ਬੋਹੜ ਹੇਠਾਂ ਮੰਜਾ ਡਾਹ ਕੇ ਉਹਦੇ ਨਾਲ ਗੱਲਾਂ ਕਰਦੇ ਰਹਿੰਦੇ। ਪਰਿੰਦਿਆਂ ਦੀਆਂ ਆਵਾਜ਼ਾਂ ਅਤੇ ਬੋਹੜ ਦੀਆਂ ਰੌਣਕਾਂ ਉਨ੍ਹਾਂ ਦਾ ਜੀਅ ਲਾਈ ਰੱਖਦੀਆਂ। ਬਾਪੂ ਜੀ ਦੇ ਦੋਵੇਂ ਵੱਡੇ ਪੁੱਤ ਬਲੈਕ ਅਤੇ ਨਸ਼ੇ ਦੇ ਕਾਰੋਬਾਰੀ ਬਣ ਕੇ ਉਨ੍ਹਾਂ ਤੋਂ ਟੁੱਟੇ ਹੋਏ ਸਨ। ਛੋਟਾ ਪੁੱਤ ਅਤੇ ਨਿੱਕੀ ਧੀ ਆਦਰਸ਼ ਬੱਚੇ ਸਨ। ਇਕ ਦਿਨ ਲਾਲਚ ਵਿਚ ਆ ਕੇ ਵੱਡੇ ਪੁੱਤਾਂ ਨੇ ਵਿਸ਼ਾਲ ਬੋਹੜ ਉੱਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ। ਮਿੰਟਾਂ ਵਿਚ ਹੀ ਬੋਹੜ ਦੇ ਟਾਹਣੇ ਅਤੇ ਪੰਛੀ ਸੜ ਕੇ ਰਾਖ਼ ਹੋ ਗਏ। ਬਾਪੂ ਜੀ ਬੋਹੜ ਵੱਲ ਦੌੜੇ ਤਾਂ ਉਹ ਵੀ ਅੱਗ ਦੀ ਲਪੇਟ ਵਿਚ ਆ ਗਏ। ਉਨ੍ਹਾਂ ਦਾ ਸਸਕਾਰ ਬੋਹੜ ਥੱਲੇ ਹੀ ਕਰਨ ਦੀ ਸਲਾਹ ਹੋਈ ਤਾਂ ਮੀਂਹ ਆ ਗਿਆ ਅਤੇ ਬਾਲਣ ਗਿੱਲਾ ਹੋ ਗਿਆ। ਅਖ਼ੀਰ ਉਸੇ ਬੋਹੜ ਦੇ ਸਾਂਭੇ ਹੋਏ ਕੁਝ ਸੁੱਕੇ ਟਹਿਣਿਆਂ ਨਾਲ ਬਾਪੂ ਜੀ ਦਾ ਸਸਕਾਰ ਕੀਤਾ ਗਿਆ। ਇਹ ਬਹੁਤ ਹੀ ਸੰਵੇਦਨਸ਼ੀਲ, ਦਿਲ ਕੰਬਾਊ ਵਧੀਆ ਕਿਰਤ ਹੈ। ਇਸ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸ਼੍ਰੋਮਣੀ ਭਗਤ ਨਾਮਦੇਵ
(ਜੀਵਨ ਅਤੇ ਬਾਣੀ-ਦਰਸ਼ਨ)
ਲੇਖਕ : ਰਣਜੀਤ ਸਿੰਘ 'ਖੜਗ'
ਸੰਪਾ: ਇੰਜੀ: ਕਰਮਜੀਤ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 520, ਸਫ਼ੇ : 279
ਸੰਪਰਕ : 98728-13128
ਵਿਚਾਰਾਧੀਨ ਪੁਸਤਕ ਰਣਜੀਤ ਸਿੰਘ ਖੜਗ (ਲੇਖਕ) ਦੇ ਸਪੁੱਤਰ ਇੰਜੀ. ਕਰਮਜੀਤ ਸਿੰਘ ਨੇ ਆਪਣੇ ਪਿਤਾ ਦੀ ਮ੍ਰਿਤੂ (30 ਦਸੰਬਰ, 1971) ਤੋਂ ਬਾਅਦ (ਪਹਿਲਾਂ ਛਪਵਾਈ ਕਿਤਾਬ ਦੀਆਂ ਊਣਤਾਈਆਂ ਦੂਰ ਕਰ ਕੇ) ਨਵਾਂ ਸੰਸਕਰਣ 2022 ਵਿਚ ਛਪਵਾਇਆ ਹੈ। 'ਖੜਗ' ਦਾ ਕਾਰਜ ਉਪਾਧੀ-ਨਿਰਪੇਖ ਪ੍ਰਤੀਤ ਹੁੰਦਾ ਹੈ ਕਿਉਂ ਜੋ ਉਨ੍ਹਾਂ ਨੇ ਖੋਜ-ਸਿਧਾਂਤ ਅਤੇ ਖੋਜ ਪ੍ਰਕਿਰਿਆ ਦਾ ਨਿਯਮਾਂ ਅਨੁਸਾਰ ਪਾਲਣ ਕੀਤਾ ਹੈ। ਸ਼ੇਖ ਫ਼ਰੀਦ ਦੀ ਬਾਣੀ ਵਾਂਗ ਭਗਤ ਨਾਮਦੇਵ ਦੀ ਬਾਣੀ ਦਾ ਕਰਤ੍ਰਿਤਵ ਵੀ ਸੰਦਿਗਧ ਸੀ। ਇਸ ਰਚਨਾ ਵਿਚ ਪ੍ਰਮਾਣਾਂ ਸਹਿਤ ਸਿੱਧ ਕੀਤਾ ਗਿਆ ਹੈ ਕਿ ਅਸਲੀ ਭਗਤ ਨਾਮਦੇਵ ਦਾ ਜਨਮ 26 ਅਕਤੂਬਰ 1270 ਦੇ ਦਿਨ ਪਿਤਾ ਦਾਮਸ਼ੇਟ ਅਤੇ ਮਾਤਾ ਗੋਣਾ ਬਾਈ ਦੇ ਗ੍ਰਹਿ ਵਿਖੇ ਜ਼ਿਲ੍ਹਾ ਸਤਾਰਾ ਦੇ ਇਕ ਪਿੰਡ ਨਰਸੀ ਬਾਹਮਣੀ ਵਿਖੇ ਹੋਇਆ। ਨਾਮਦੇਵ ਜੀ 1350 ਈ: ਵਿਚ 80 ਵਰ੍ਹਿਆਂ ਦੀ ਉਮਰ ਵਿਚ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ। ਉਨ੍ਹਾਂ ਨੇ ਭਗਤੀ ਲਹਿਰ ਨੂੰ ਦੱਖਣ ਤੋਂ ਉੱਤਰ ਵੱਲ ਪਾਸਾਰ ਕਰਨ ਦਾ ਵਰਣਨਯੋਗ ਕਾਰਜ ਕੀਤਾ, ਜਿਸ ਨਾਲ ਉੱਤਰ-ਕਾਲੀਨ ਭਗਤਾਂ ਦਾ ਮਾਰਗ ਆਸਾਨ ਹੋ ਗਿਆ। ਲੇਖਕ ਨੇ ਆਪਣੇ ਖੋਜ ਨਿਬੰਧਾਂ ਵਿਚ ਹੱਥ-ਲਿਖਤ ਖਰੜਾ, ਨਾਮਦੇਵ ਦੇ ਅਭੰਗਾਂ, ਗੁਰਬਾਣੀ ਦੇ ਮਹਾਂਵਾਕਾਂ, ਮਹਾਦੇਵ ਗੋਬਿੰਦ ਰਾਨਾਡੇ, ਪ੍ਰਸਿੱਧ ਵਿਦਵਾਨ ਮੈਕਾਲਿਫ਼ ਅਤੇ ਹੋਰ ਅਨੇਕਾਂ ਟੂਕਾਂ ਉਧਰਿਤ ਕੀਤੀਆਂ ਹਨ। ਸੰਪਾਦਕ ਵਲੋਂ ਕਿਤਾਬ ਵਿਚ ਵਿਸਤ੍ਰਿਤ ਪੁਸਤਕ ਸੂਚੀ ਦਿੱਤੀ ਗਈ ਹੈ, ਜਿਸ ਨਾਲ ਖੋਜਾਰਥੀਆਂ ਨੂੰ ਭਵਿੱਖ ਵਿਚ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਬਾਣੀ ਬਾਰੇ ਹੋਰ ਖੋਜ ਕਰਨੀ ਆਸਾਨ ਹੋ ਜਾਵੇਗੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਨਾਮਦੇਵ ਜੀ ਦੇ 61 ਸ਼ਬਦ ਜੋ ਕਿ 18 ਰਾਗਾਂ ਵਿਚ ਰਚੇ ਹੋਏ ਹਨ ਇਸ ਪਵਿੱਤਰ ਗ੍ਰੰਥ ਵਿਚ ਸ਼ਾਮਿਲ ਕੀਤੇ ਹਨ। ਭਗਤ ਜੀ ਨੇ ਭਾਰਤੀ ਮਿਥਿਹਾਸ ਦਾ ਨਿੱਠ ਕੇ ਪ੍ਰਯੋਗ ਕੀਤਾ ਹੈ। ਮਸਲਨ ਪੌਰਾਣਿਕ ਗ੍ਰੰਥਾਂ ਦੇ ਹਵਾਲੇ ਮਿਲਦੇ ਹਨ। ਅਨੇਕਾਂ ਹੀ ਮਹਾਂਭਾਰਤ ਅਤੇ ਰਾਮਾਇਣ ਦੇ ਹਵਾਲੇ ਉਪਲਬਧ ਹਨ ਜਿਵੇਂ ਯਾਦਵ ਬੰਸ, ਕੰਸ਼, ਰਾਵਣ, ਵਿਭੀਖਣ, ਸ੍ਰੀ ਰਾਮ ਚੰਦਰ, ਦੁਰਯੋਧਨ, ਦਰਵਾਸਾ ਆਦਿ। ਭਗਤ ਨਾਮਦੇਵ ਜੀ ਨੇ ਸਭ ਤੋਂ ਪਹਿਲਾਂ 'ਬੀਠਲ' ਸ਼ਬਦ ਦਾ ਪ੍ਰਯੋਗ ਕੀਤਾ। ਬਾਅਦ ਵਿਚ ਇਹ ਸ਼ਬਦ ਉੱਤਰ-ਭਾਰਤ ਵਿਚ ਪਹੁੰਚਿਆ। ਪੰ. 63. ਭਗਤ ਜੀ ਨੇ ਆਪਣੀ ਬਾਣੀ ਵਿਚ ਜਾਤ-ਪਾਤ, ਊਚ-ਨੀਚ ਅਤੇ ਪਾਖੰਡਾਂ ਦਾ ਖੰਡਨ ਕੀਤਾ ਹੈ। ਮੂਰਤੀ ਪੂਜਾ ਨੂੰ ਰੱਦ ਕੀਤਾ ਹੈ। ਪ੍ਰਚੱਲਿਤ ਸਾਖੀਆਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਸੰਖੇਪ ਇਹ ਕਿ 'ਈਸ਼ਵਰੀ ਗਿਆਨ ਨੂੰ ਜੋ ਲੋਕਾਂ ਦੀ ਸਮਝ ਤੋਂ ਪਰੇਡੇ, ਵੇਦ ਸ਼ਾਸਤਰਾਂ ਦੀ ਦੇਵ ਬਾਣੀ ਪੁਸਤਕਾਂ ਵਿਚ ਬੰਦ ਸੀ, ਉਨ੍ਹਾਂ ਤੱਕ ਪਹੁੰਚਾਇਆ। ਪੰ. 242. ਪੁਸਤਕ ਦੇ ਸੰਪਾਦਕ ਇੰਜੀ. ਕਰਮਜੀਤ ਸਿੰਘ ਦੀ ਆਪਣੇ ਪਿਤਾ ਜੀ ਦੀ ਵਿਰਾਸਤ ਸੰਭਾਲਣ ਲਈ ਜਿੰਨੀ ਪ੍ਰਸੰਸਾ ਕੀਤੀ ਜਾਵੇ, ਓਨੀ ਹੀ ਸਹੀ ਹੋਵੇਗੀ। ਭੂਮਿਕਾ ਵਿਚ ਪ੍ਰੋ. ਬ੍ਰਹਮਜਗਦੀਸ਼ ਨੇ ਵੀ ਕਰਮਜੀਤ ਦੀ ਮੁਕਤ-ਕੰਠ ਨਾਲ ਵਡਿਆਈ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼
ਸੰਪਰਕ : vatishdharamchand@gmail.com
ਆਗਾਜ਼-ਏ-ਵਸਲ
ਲੇਖਕ : ਵਿਨੋਦ ਵਸਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼ ਚਾਂਦਨੀ ਚੌਕ ਦਿੱਲੀ
ਮੁੱਲ : 250 ਰੁਪਏ, ਸਫ਼ੇ : 88
ਸੰਪਰਕ : 98768-86860
ਅਸਲੋਂ ਹੀ ਨਵੇਂ ਸ਼ਾਇਰ ਵਿਨੋਦ ਵਸਲ ਆਪਣੀ ਪਲੇਠੀ ਕਾਵਿ-ਕਿਤਾਬ 'ਆਗਾਜ਼-ਏ-ਵਸਲ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਕਿਸੇ ਬੱਝਵੇਂ ਫਲਸਫ਼ੇ ਦਾ ਮੋਹਤਾਜ਼ ਨਹੀਂ ਉਸ ਦੀ ਪ੍ਰਤੀਬੱਧਤਾ ਤਾਂ ਉਸ ਦੀ ਆਪਣੀ ਸੁਹਿਰਦਤਾ ਨਾਲ ਹੈ ਤੇ ਸਮੇਂ-ਸਮੇਂ ਸਿਰ ਵੱਖ-ਵੱਖ ਵਰਤਾਰਿਆਂ ਬਾਰੇ ਉਸ ਦੇ ਮਨ ਮਸਤਕ 'ਤੇ ਫਲੈਸ਼ ਪੈਂਦੇ ਹਨ ਤੇ ਉਨ੍ਹਾਂ ਵਰਤਾਰਿਆਂ ਨੂੰ ਹੀ ਉਹ ਆਪਣੇ ਕਾਵਿ-ਬੋਧ ਰਾਹੀਂ ਕਵਿਤਾਉਂਦਾ ਹੈ। ਸ਼ਾਇਰ ਅਜੇ ਸਿਖਾਂਦਰੂ ਪ੍ਰਯਤਨ ਦੀ ਪਗਡੰਡੀ 'ਤੇ ਪੁਲਾਂਘਾਂ ਪੁੱਟ ਰਿਹਾ ਹੈ ਤੇ ਆਪਣੇ ਕਾਵਿ-ਪ੍ਰਵਚਨ ਰਾਹੀਂ ਨਿਸ਼ਬਦ ਤੋਂ ਸ਼ਬਦ ਹੋਣ ਤੱਕ ਅਤੇ ਬਿਰਹਾ ਤੋਂ ਵਸਲ ਤੱਕ ਦੀ ਧੂਣੀ ਸੇਕ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਤਖੱਲਸ 'ਵਸਲ' ਦੀ ਲੱਜ ਪਾਲ ਰਿਹਾ ਹੈ। ਕਿਤਾਬ ਵਿਚ ਥਾਂ-ਥਾਂ ਤਰੰਗਤੀ ਮੁਹੱਬਤ ਦੇ ਰੋਸੇ, ਮੇਹਣੇ ਅਤੇ ਮੰਨਣ ਮਨਾਉਣ ਦੇ ਗਭਰੇਟ ਉਮਰ ਦੇ ਝਲਕਾਰੇ ਪੈਂਦੇ ਹਨ, ਜਿਥੇ ਉਹ ਆਪਣੀ ਮਹਿਬੂਬ ਨੂੰ ਮਿਲਣ ਲਈ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ 'ਇੰਜ ਮਹਿਸੂਸ ਹੁੰਦਾ ਜਿਵੇਂ ਪਾਣੀ ਵਿਚ ਲਹਿਰ, ਜਿਵੇਂ ਹਵਾ ਵਿਚ ਠੰਢਕ, ਜਿਵੇਂ ਤਾਰ ਵਿਚ ਤਰੰਗ, ਜਿਵੇਂ ਫੁੱਲ ਵਿਚ ਮਹਿਕ, ਜਿਵੇਂ ਧੁੱਪ ਚੜ੍ਹੇ ਵਿਚ ਪਰਛਾਵਾਂ ਤੇ ਜਿਸਮ ਵਿਚ ਜਾਨ' ਹੋਵੇ। ਉਹ ਗੁਆਚੇ ਪੰਜਾਬ ਦੀ ਪੰਜਾਬੀਅਤ ਨੂੰ ਫਿਰ ਤੋਂ ਰੰਗਲੇ ਪੰਜਾਬ ਦੀ ਤਸਵੀਰ ਵਿਚ ਦੇਖਣ ਦਾ ਤਲਬਗਾਰ ਹੈ। ਉਹ ਚਿੜੀਆਂ ਦੇ ਮੈਟਾਫਰ ਰਾਹੀਂ ਧੀਆਂ ਧਿਆਣੀਆਂ ਨੂੰ ਬਾਬਲ ਦੀ ਧੜਕਣ ਗਰਦਾਨਦਾ ਹੈ ਅਤੇ ਔਰਤ ਦੀ ਹੋਣੀ ਨੂੰ ਉਹ ਬਾਬਲ ਦੇ ਘਰ ਤੋਂ ਸਹੁਰੇ ਘਰ ਤੱਕ ਜਾਣ ਦੀਆਂ ਤਲਖੀਆਂ ਤੇ ਰੰਗੀਨੀਆਂ ਨੂੰ ਆਪਣੀ ਕਲਮ ਦੀ ਨੋਕ ਹੇਠ ਲਿਆਉਂਦਾ ਹੈ। ਬਚਪਨ ਦੀ ਨਿਰਛਲਤਾ ਤੇ ਨਿਰਪਲਤਾ ਤੇ ਉਹ ਬਾਗੋਬਾਗ ਹੋ ਜਾਂਦਾ ਹੈ ਤੇ ਨਾਲ ਹੀ ਮਮਤਾ ਦੀ ਮੂਰਤ ਮਾਂ ਬਾਰੇ ਕਹਿੰਦਾ ਹੈ ਕਿ ਮਾਂ ਦੀ ਕਚਹਿਰੀ ਅਜਿਹੀ ਅਦਾਲਤ ਹੈ, ਜਿਥੇ ਪੁੱਤਾਂ ਦੇ ਸਾਰੇ ਗੁਨਾਹ ਮੁਆਫ਼ ਹੋ ਜਾਂਦੇ ਹਨ। ਜੰਗਬਾਜ਼ਾਂ ਤੇ ਉਹ ਲਾਹਨਤਾਂ ਦੀ ਵਾਛੜ ਕਰਦਾ ਹੈ ਕਿ ਜਦੋਂ ਤੋਪਾਂ ਦਾ ਚਾਰਾ ਬਣਿਆ ਪੁੱਤ ਤਿਰੰਗੇ ਵਿਚ ਲਿਪਟਿਆ ਘਰ ਆਉਂਦਾ ਹੈ ਤਾਂ ਉਸ ਦੀ ਪਤਨੀ, ਬੱਚਿਆਂ ਤੇ ਮਾਤਾ-ਪਿਤਾ 'ਤੇ ਜੋ ਬੀਤਦੀ ਹੈ ਉਸ ਦਾ ਕਰੁਣਾਮਈ ਜ਼ਿਕਰ ਵੀ ਸ਼ਾਇਰ ਕਰਦਾ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਉਹ ਸਮਕਾਲੀ ਸ਼ਾਇਰੀ ਦੇ ਭਾਵ-ਬੋਧ ਤੱਕ ਪਹੁੰਚਣ ਲਈ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਕਿ ਨਿਕਟ ਭਵਿੱਖ ਹੋਰ ਬਿਹਤਰ ਕਲਾਤਮਿਕ ਸ਼ਾਇਰੀ ਲਿਖ ਸਕੇ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਆਇਰਲੈਂਡ ਦਾ ਸੁਤੰਤਰਤਾ ਯੁੱਧ : ਸ਼ਹੀਦ ਭਗਤ ਸਿੰਘ
ਸੰਪਾਦਕ : ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਯੂਨੀ ਸਟਾਰ ਬੁਕਸ ਮੁਹਾਲੀ
ਮੁੱਲ : 150 ਰੁਪਏ, ਸਫੇ : 110
ਸੰਪਰਕ : 0172-5027427
ਉਂਜ ਤਾਂ ਅੰਗਰੇਜ਼ੀ ਅਤੇ ਭਾਰਤੀ ਭਾਸ਼ਾਵਾਂ ਵਿਚ ਸ਼ਹੀਦ ਭਗਤ ਸਿੰਘ ਸੰਬੰਧੀ ਲਿਖਿਆ ਅਤੇ ਪ੍ਰਕਾਸ਼ਿਤ ਹੋਇਆ ਸਾਹਿਤ ਪ੍ਰਾਪਤ ਹੈ ਪ੍ਰੰਤੂ ਪੰਜਾਬੀ ਭਾਸ਼ਾ ਵਿਚ ਮਿਲਦੇ ਸ਼ਹੀਦ ਭਗਤ ਸਿੰਘ ਸੰਬੰਧੀ ਲਿਖਣ ਵਾਲੇ ਅਨੇਕਾਂ ਪੰਜਾਬੀ ਲੇਖਕਾਂ ਵਿਚ ਡਾ. ਗੁਰਦੇਵ ਸਿੰਘ ਸਿੱਧੂ, ਇਕ ਖੋਜੀ, ਸੰਪਾਦਨ, ਲੇਖਕ ਹੈ, ਜਿਸ ਨੇ ਲੇਖਕਾਂ ਜਿਸ ਨੇ ਸੰਪਾਦਕ ਅਨੁਵਾਦਨ ਅਤੇ ਪ੍ਰਕਾਸ਼ਿਤ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਆਇਰਲੈਂਡ ਦੇ ਸੁਤੰਤਰਤਾ ਯੁੱਧ ਸੰਬੰਧੀ ਲਿਖੀ ਸ: ਭਗਤ ਸਿੰਘ ਸ਼ਹੀਦ ਦੀ ਪੁਸਤਕ ਦੇ ਪੰਜਾਬੀ ਅਨੁਵਾਦ ਦਾ ਪਿਛੋਕੜ ਬਿਆਨ ਕਰਨ ਉਪਰੰਤ ਦੱਸਿਆ ਹੈ ਕਿ ਇਸ ਪੁਸਤਕ ਦਾ ਪਹਿਲਾਂ ਹਿੰਦੀ ਅਨੁਵਾਦ ਸ੍ਰੀ ਦੇਵ ਬਰਤ ਸ਼ਾਸਤਰੀ ਨੇ ਸੰਪਾਦਨ ਕੀਤਾ ਸੀ, ਜਿਹੜਾ 1931 ਈ. ਵਿਚ ਮੇਰੀ ਆਤਮ ਕਥਾ ਨਾਂਅ ਹੇਠ ਪ੍ਰਕਾਸ਼ਿਤ ਹੋਇਆ ਸੀ। ਪੰਜਾਬੀ ਪ੍ਰਕਾਸ਼ਨ ਵਿਚ, ਇਤਿਹਾਸਕ ਪਿਛੋਕੜ, ਵਿਦਰੋਹ ਭਵਨ, ਵਿਸਫੋਟਕ ਦੀ ਲੁੱਟ, ਇਤਿਹਾਸਕ ਜੰਗ ਦੀ ਸ੍ਰੀ ਗਣੇਸ਼, ਅੰਗਰੇਜ਼ੀ ਦੇ ਦੇਸ਼ ਨਿਕਾਲੇ ਦਾ ਹੁਕਮ, ਰੇਲ ਗੱਡੀ ਵਿਚੋਂ ਕੈਦੀ ਮਿੱਤਰ ਨੂੰ ਕਿਵੇਂ ਛੁਡਾਇਆ, ਲਾਟ ਸਾਹਿਬ 'ਤੇ ਹਮਲਾ, ਵਾਇਸਰਾਇ ਵਾਲ-ਵਾਲ ਬਚਿਆ, ਜਨਰਲ ਲੁਕਸਾ ਨੂੰ ਕੈਦ, ਪੁਲਿਸ ਬੈਰਕਾਂ 'ਤੇ ਹਮਲਾ, ਉਡਾਰੂ ਜਥਾ, ਥਾਂ-ਥਾਂ 'ਤੇ ਲੜਾਈ, ਸ੍ਰੀ ਟਰੀਸੀ ਦੀ ਸ਼ਹੀਦੀ, ਜ਼ਿਲ੍ਹਾ ਇੰਸਪੈਕਟਰ ਦਾ ਕਤਲ ਤੇ ਮੇਰਾ ਵਿਆਹ, ਸਿਵਲ ਵਾਰ ਤੇ ਮੇਰੀ, ਸੀਨੀਅਰ ਰਿਪਬਲਿਕਨ, ਡਿਪਟੀ ਦੀ ਚੋਣ, ਅਧਿਆਏ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਤਾ ਲਗਦਾ ਹੈ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ. ਭਗਤ ਸਿੰਘ ਸ਼ਹੀਦ ਅਤੇ ਦੋ ਸਾਥੀਆਂ ਨੇ ਕਿੰਨਾ ਸੰਘਰਸ਼ ਕੀਤਾ ਸੀ। ਇਸ ਆਜ਼ਾਦੀ ਦੀ ਲੜਾਈ ਵਿਚ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਕੀਤੇ ਲੰਮੇ ਸੰਘਰਸ਼ ਦੀ ਦਾਸਤਾਨ, ਪੜ੍ਹਦਿਆਂ ਸ਼ਹੀਦ ਸ. ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਉੱਦਮੀ ਕਰਮਸ਼ੀਲਤਾ ਅਤੇ ਦੇਸ਼ ਭਗਤੀ ਦੇ ਜੋਸ਼ ਕਾਰਨ ਕਿੰਨੇ ਬਹਾਦਰ ਨੌਜਵਾਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਇਹ ਪੰਜਾਬੀ ਪਾਠਕਾਂ ਲਈ ਅਦੁੱਤੀ ਪੁਸਤਕ ਹੈ। ਆਜ਼ਾਦੀ ਲਈ ਲੜੀ ਗਈ ਲੰਮੀ ਲੜਾਈ ਵਿਚ ਸ. ਭਗਤ ਸਿੰਘ ਸ਼ਹੀਦ ਤੇ ਉਸ ਦੇ ਸਾਥੀਆਂ ਦੀ ਕਹਾਣੀ ਹੈ। ਪੰਜਾਬੀ ਨੌਜਵਾਨਾਂ ਅਤੇ ਹੋਰ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਡਾ. ਗੁਰਦੇਵ ਸਿੰਘ ਸਿੱਧੂ ਵਧਾਈ ਦੇ ਹੱਕਦਾਰ ਹਨ।
-ਡਾ. ਅਮਰ ਕੋਮਲ
ਮੋਬਾਈਲ : 84378-73565
ਗੁਰਸਿੱਖੋ ਸਿੱਖੀ ਬਚਾਓ
ਦੇਸ਼-ਵਿਦੇਸ਼ ਨਿਸ਼ਾਨ ਸਾਹਿਬ ਝੁਲਾਓ॥
ਲੇਖਕ : ਗੁਰਬਖ਼ਸ਼ ਸਿੰਘ ਸੈਣੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 098880-24143
ਇਹ ਪੋਥੀ ਸਿੱਖੀ ਜਜ਼ਬੇ ਨਾਲ ਭਰਪੂਰ ਹੈ। ਇਸ ਦਾ ਲੇਖਕ ਸ. ਗੁਰਬਖ਼ਸ਼ ਸਿੰਘ ਸੈਣੀ ਇਕ ਮਿਸ਼ਨਰੀ ਸਪਿਰਿਟ ਅਧੀਨ ਗੁਰਸਿੱਖਾਂ ਦੀ ਆਨ, ਬਾਨ ਅਤੇ ਸ਼ਾਨ ਦੀ ਪੁਨਰ-ਸਥਾਪਨਾ ਲਈ ਆਕਾਂਖਿਆਵਾਨ ਹੈ। ਇਸ ਪੁਸਤਕ ਵਿਚ ਗੁਰਸਿੱਖੀ ਦੇ ਗੌਰਵਮਈ ਇਤਿਹਾਸ ਅਤੇ ਸ਼ਾਨਾਮੱਤੇ ਵਿਰਸੇ ਦਾ ਗੁਣਗਾਨ ਕਰਦਿਆਂ ਹੋਇਆਂ ਲੇਖਕ, ਸਿੱਖਾਂ ਦੀ ਸਮਕਾਲੀ ਪੀੜ੍ਹੀ ਨੂੰ ਮੁਖ਼ਾਤਿਬ ਹੁੰਦਾ ਹੈ। ਉਸ ਦਾ ਇਹ ਵਿਚਾਰ ਹੈ ਕਿ ਕੁਝ ਅਖੌਤੀ ਸਿੱਖਾਂ ਦੇ ਜਾਤੀ ਹਿੱਤ ਸਿੱਖ ਕੌਮ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ, ਇਸ ਕਾਰਨ ਸਾਡੀ ਕੌਮ ਨੂੰ ਆਪਣੇ ਜਾਤੀ ਹਿੱਤਾਂ ਤੋਂ ਉੱਪਰ ਉੱਠ ਕੇ ਕਰਮਸ਼ੀਲ ਹੋਣ ਦੀ ਲੋੜ ਹੈ।
ਵਿਦਵਾਨ ਲੇਖਕ ਨੇ ਆਪਣੀ ਇਸ ਪੁਸਤਕ ਦੇ ਕਈ ਲੇਖਾਂ ਵਿਚ ਗੁਰਸਿੱਖੀ ਨੂੰ ਢਾਹ ਲਾਉਣ ਵਾਲੀਆਂ ਧਿਰਾਂ ਨੂੰ ਬੇਨਕਾਬ ਕੀਤਾ ਹੈ (ਵੇਖੋ ਪੰ. 67-72, 73-78, 79-88 ਅਤੇ 89-94)। ਉਹ ਗੁਰਸਿੱਖਾਂ ਨੂੰ ਸਾਵਧਾਨ ਕਰਦਾ ਹੈ ਕਿ ਬ੍ਰਾਹਮਣਵਾਦ ਕੋਈ ਬੀਤੇ ਸਮੇਂ ਦਾ ਵਰਤਾਰਾ ਹੀ ਨਹੀਂ ਹੈ ਬਲਕਿ ਇਹ ਅੱਜ ਵੀ ਜ਼ਿੰਦਾ ਹੈ। ਸਾਡੇ ਦੇਸ਼ ਦੇ ਨੇਤਾ ਆਪਣੀ ਕੁਰਸੀ ਨੂੰ ਸਲਾਮਤ ਰੱਖਣ ਲਈ ਬਾਰ-ਬਾਰ ਇਸ ਨੂੰ ਪੁਨਰਜੀਵਿਤ ਕਰ ਲੈਂਦੇ ਹਨ। ਦੂਜੇ ਪਾਸੇ ਕੁਝ ਐਸੇ ਅਖੌਤੀ ਗੁਰਸਿੱਖ ਨੇਤਾ ਵੀ ਹਨ, ਜਿਹੜੇ ਆਪਣੇ ਸੌੜੇ ਸਵਾਰਥਾਂ ਦੀ ਪੂਰਤੀ ਲਈ ਬ੍ਰਾਹਮਣਵਾਦ ਨਾਲ ਸਮਝੌਤਾ ਕਰ ਲੈਂਦੇ ਹਨ। ਸਾਨੂੰ ਵੱਡਾ ਖ਼ਤਰਾ ਅਜਿਹੇ ਅਖੌਤੀ ਸਿੱਖਾਂ ਕੋਲੋਂ ਹੀ ਹੈ।
ਸ. ਸੈਣੀ ਦਾ ਮੁਖ ਥੀਸਿਜ਼ ਇਹੋ ਹੈ ਕਿ ਸਿੱਖ ਧਰਮ, ਸਿੱਖ ਕੌਮ ਅਤੇ ਪੰਜਾਬ ਦਾ ਜਿੰਨਾ ਨੁਕਸਾਨ ਇਨ੍ਹਾਂ ਅਖੌਤੀ ਸਿੱਖ ਲੀਡਰਾਂ ਨੇ ਕੀਤਾ ਹੈ, ਉਨਾ ਨੁਕਸਾਨ ਤਾਂ ਕੱਟੜ ਬ੍ਰਾਹਮਣਵਾਦੀ ਵਿਚਾਰਧਾਰਾ, ਇਸਲਾਮ ਅਤੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ (ਪੰ. 14) ਅੰਤ ਵਿਚ ਉਹ ਇਹ ਮਤਿ ਪ੍ਰਗਟ ਕਰਦਾ ਹੈ ਕਿ ਗੁਰਸਿੱਖੋ! ਸਿੱਖ ਗੁਰੂਆਂ ਵਲੋਂ ਬਖ਼ਸ਼ੀ ਬਾਣੀ ਤੇ ਵਿਚਾਰਧਾਰਾ ਉੱਪਰ ਆਧਾਰਿਤ 'ਹਲੀਮੀ ਰਾਜ' ਕਾਇਮ ਕਰਨ ਲਈ ਸ਼ਾਂਤਮਈ ਸੰਘਰਸ਼ ਵਿੱਢਿਆ ਜਾਵੇ...। ਇਸ ਪ੍ਰਕਾਰ ਉਹ ਦਿਨ ਦੂਰ ਨਹੀਂ ਜਦ ਕਿ ਹਰ ਥਾਂ ਕੇਸਰੀ ਨਿਸ਼ਾਨ ਸਾਹਿਬ ਝੁੱਲੇਗਾ, ਕਿਸੇ ਹਥਿਆਰਬੰਦ ਸੰਘਰਸ਼ ਦੀ ਲੋੜ ਨਹੀਂ ਪੈਣੀ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਕਾਵਿ ਚਿੰਤਨ ਅਤੇ ਆਧੁਨਿਕ ਪੰਜਾਬੀ ਕਵਿਤਾ
ਲੇਖਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਕੀਮਤ : 275 ਰੁਪਏ ਪੰਨੇ : 144
ਸੰਪਰਕ : 99150-05814
ਆਧੁਨਿਕ ਪੰਜਾਬੀ ਕਵਿਤਾ ਆਪਣੇ ਬਹੁ-ਪਾਸਾਰੀ ਅਤੇ ਬਹੁ-ਦਿਸ਼ਾਵੀ ਸਰੋਕਾਰਾਂ ਦਾ ਨਿਰੂਪਣ ਕਰ ਰਹੀ ਹੈ। ਹਥਲੀ ਪੁਸਤਕ ਵਿਚ ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਅਵਧੀ ਕਾਲ ਦੀ ਕਵਿਤਾ ਨੂੰ ਪ੍ਰਮੁੱਖ ਕਵੀਆਂ ਦੀਆਂ ਕਾਵਿ-ਕਿਰਤਾਂ ਨੂੰ ਆਧਾਰ ਬਣਾ ਕੇ ਗੰਭੀਰ ਚਿੰਤਨ ਦਾ ਪ੍ਰਗਟਾਵਾ ਕੀਤਾ ਹੈ। ਚਿਰ ਕਾਲ ਤੋਂ ਕਵਿਤਾ ਖੇਤਰ ਨਾਲ ਜੁੜਿਆ ਇਹ ਲੇਖਕ ਕਾਵਿ-ਚਿੰਤਨ ਦੀ ਪਰਿਕਰਮਾ ਕਰਦਾ ਹੋਇਆ ਵਿਆਸ ਰਿਸ਼ੀ, ਭਰਤਮੁਨੀ, ਅਗਨੀ ਪੁਰਾਣ, ਯੂਨਾਨੀ ਚਿੰਤਨ ਅਤੇ ਪੱਛਮੀ ਸੋਚ-ਦ੍ਰਿਸ਼ਟੀ ਦੇ ਸੰਖੇਪ ਵਿਵਰਣ ਤੋਂ ਬਾਅਦ ਮੱਧ ਕਾਲੀਨ ਕਾਵਿ ਅਤੇ ਆਧੁਨਿਕ ਕਾਲ ਦੀ ਕਵਿਤਾ ਦਾ ਪਰੀਚੈ ਕਰਵਾਉਂਦਾ ਹੈ। ਇਸ ਉਪਰੰਤ ਪੰਜਾਬੀ ਕਵਿਤਾ ਦੀ ਸਿਰਜਣ ਪ੍ਰਕਿਰਿਆ, ਇਸ ਦੀ ਪਛਾਣ ਅਤੇ ਇਸ ਦੇ ਅਧਿਐਨ ਨਾਲ ਜੋ ਗੰਭੀਰ ਮਸਲੇ ਜੁੜੇ ਹੋਏ ਹਨ ਅਤੇ ਅਜੇ ਵੀ ਪ੍ਰਚਲਿਤ ਹਨ ਦਾ ਵਖਿਆਣ ਕਰਦਾ ਹੈ। ਆਧੁਨਿਕ ਪੰਜਾਬੀ ਕਵਿਤਾ ਵਿਚ ਸਿਧਾਂਤ, ਚਿੰਤਨ ਅਤੇ ਯਥਾਰਥ ਦੀ ਦ੍ਰਿਸ਼ਟੀ ਤੋਂ ਜਿਸ ਕਦਰ ਬਾਵਾ ਬਲਵੰਤ ਨੇ ਨਵੀਂ ਸੰਵੇਦਨਾ, ਪ੍ਰਗਤੀਵਾਦੀ ਕਾਵਿ ਦਾ ਅਛੋਪਲੇ ਪ੍ਵਾਹ ਚਲਾ ਦਿੱਤਾ, ਮੁਰਸ਼ਦ-ਬੁੱਟਰ ਵੀ ਨੇ ਪੰਜਾਬੀ ਗ਼ਜ਼ਲ ਨੂੰ ਸਿਨਫ ਅਤੇ ਵਿਚਾਰਧਾਰਾ ਪੱਖੋਂ ਵੱਡਮੁੱਲੀ ਦੇਣ ਦਿੱਤੀ। ਇਸੇ ਤਰ੍ਹਾਂ ਡਾ. ਜਗਤਾਰ ਅਤੇ ਰਣਧੀਰ ਸਿੰਘ ਚੰਦ ਦੁਆਰਾ ਕਵਿਤਾ ਖੇਤਰ ਵਿਚ ਦਿੱਤੀ ਉੱਘੀ ਦੇਣ ਨੂੰ ਵੀ ਪਛਾਣਿਆ ਹੈ। ਸੰਤ ਸੰਧੂ ਦੀ ਕਾਵਿਕਤਾ ਨੂੰ ਸੰਕਟਗ੍ਰਸਤ ਹਾਲਾਤ ਦਾ ਸੁਹਜਮਈ ਰੂਪਾਂਤ੍ਰਣ ਦਰਸਾਇਆ ਹੈ। ਇਸ ਤੋਂ ਅੱਗੇ ਅਮਰੀਕ ਡੋਗਰਾ, ਪ੍ਮਿੰਦਰਜੀਤ, ਸਤਨਾਮ ਚਾਨਾ ਅਤੇ ਜਸਵੰਤ ਦੀਦ ਦੁਆਰਾ ਕਵਿਤਾ ਵਿਚ ਵੱਖਰੇ ਵੱਖਰੇ ਸਥਾਪਿਤ ਕੀਤੇ ਕੀਰਤੀਮਾਨਾਂ ਦਾ ਉਦਾਹਰਨਾਂ ਸਹਿਤ ਉਲੇਖ ਕੀਤਾ ਗਿਆ ਹੈ। ਨਵਤੇਜ ਗੜ੍ਹਦੀਵਾਲ ਦੀ ਰਚਨਾ ਸੂਰਜ ਦਾ ਹਲਫ਼ੀਆ ਬਿਆਨ, ਸਰਬਜੀਤ ਸੋਹੀ ਦਾ ਕਾਵਿ-ਸੰਗ੍ਰਹਿ ਸੂਰਜ ਆਵੇਗਾ ਕੱਲ੍ਹ ਵੀ ਆਦਿ ਰਚਨਾਵਾਂ ਵਿਚੋਂ ਡਾ. ਗੋਪਾਲ ਸਿੰਘ ਬੁੱਟਰ ਨੇ ਬੜੀ ਮਿਹਨਤ ਨਾਲ ਇਨ੍ਹਾਂ ਵਿਚਲੀ ਸੁਰ, ਸੁਹਜ-ਯਥਾਰਥ ਅਤੇ ਸੁਪਨਿਆਂ ਦੇ ਤੱਥ-ਸੱਚ ਨੂੰ ਖ਼ੂਬ ਪਛਾਣਿਆ ਹੈ ਅਤੇ ਪੁਖ਼ਤਾ ਸਿੱਟੇ ਕੱਢੇ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਧਰਮ-ਨਿਰਪੇਖਤਾ
ਨਾਲ ਮੇਰਾ ਇਸ਼ਕ
(ਸਵੈਜੀਵਨੀ)
ਲੇਖਕ : ਸੋਹਨ ਸਿੰਘ ਜੋਸ਼
ਅਨੁਵਾਦ : ਕੇ ਐਲ ਗਰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 344
ਸੰਪਰਕ : 94635-37050
ਵਿਚਾਰ ਅਧੀਨ ਪੁਸਤਕ ਕਾਮਰੇਡ ਸੋਹਨ ਸਿੰਘ ਜੋਸ਼ ਦੀ ਸਵੈਜੀਵਨੀ ਹੈ, ਜਿਸ ਨੂੰ ਪੰਜਾਬੀ ਵਿਚ ਕੇ. ਐਲ. ਗਰਗ ਨੇ ਅਨੁਵਾਦ ਕੀਤਾ ਹੈ। ਸਵੈਜੀਵਨੀ ਦੇ ਆਰੰਭ ਵਿਚ ਜੋਸ਼ ਦੀ ਆਖ਼ਰੀ ਵਸੀਅਤ, ਵੀ. ਡੀ. ਚੋਪੜਾ ਵੱਲੋਂ ਮੁੱਖਬੰਦ ਅਤੇ ਹਰਿਕਿਸ਼ਨ ਸਿੰਘ ਸੁਰਜੀਤ ਵੱਲੋਂ ਜਾਣ ਪਛਾਣ ਦਰਜ ਕੀਤੀ ਗਈ ਹੈ। ਇਹ ਸਭ ਕੁਝ ਪਹਿਲੇ 24 ਪੰਨਿਆਂ ਤੇ ਸਿਮਟਿਆ ਹੋਇਆ ਹੈ। ਸਵੈਜੀਵਨੀ ਦੇ ਕੁਲ 33 ਅਧਿਆਇ ਬਣਾਏ ਗਏ ਹਨ। ਕਾਮਰੇਡ ਜੋਸ਼ ਨੇ ਇਹ ਸਵੈਜੀਵਨੀ ਕਰੀਬ 75 ਵਰ੍ਹਿਆਂ ਦੀ ਉਮਰ ਵਿੱਚ ਲਿਖੀ ਸੀ। ਉਹਦਾ ਜਨਮ 1898 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਚੇਤਨਪੁਰਾ ਪਿੰਡ ਵਿਚ ਇਕ ਜੱਟ ਸਿੱਖ ਸ਼ੇਰਗਿੱਲ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਬਚਪਨ ਤੰਗੀ-ਤੁਰਸ਼ੀ ਵਿਚ ਬੀਤਿਆ। ਨੌੰ ਸਾਲ ਤਕ ਵੀ ਉਹਦੇ ਕੋਲ ਪੈਰ ਦੀ ਜੁੱਤੀ ਨਹੀਂ ਸੀ। 1917 ਵਿਚ ਉਸ ਨੇ ਮੈਟ੍ਰਿਕ ਪਾਸ ਕੀਤੀ। ਉ ਸਦੀ ਪਰਵਰਿਸ਼ ਸਿੱਖ ਮਾਹੌਲ ਵਿਚ ਹੋਈ। ਕਾਲਜ ਦੀ ਪੜ੍ਹਾਈ ਵਿੱਚੋਂ ਹੀ ਛੱਡ ਕੇ ਉਹ ਨੌਕਰੀ ਕਰਨ ਲੱਗ ਪਿਆ। ਉਸ ਨੇ ਅਕਾਲੀ ਅੰਦੋਲਨਾਂ ਵਿਚ ਸਰਗਰਮ ਹਿੱਸਾ ਲਿਆ। ਟੀ. ਸਪਰੈਡਿੰਗ ਦੀ ਸੰਪਾਦਿਤ ਇਕ ਕਿਤਾਬ 'ਲਿਬਰਟੀ ਐਂਡ ਦ ਗ੍ਰੇਟ ਲਿਬਰੇਟੀਅਨਜ਼' ਨੂੰ ਪੜ੍ਹ ਕੇ ਉਸ ਦੀ ਵਿਚਾਰਧਾਰਾ ਬਦਲ ਗਈ। ਵੀਹਵੇਂ ਦਹਾਕੇ ਦੇ ਅੰਤ ਵਿਚ ਉਹਦਾ ਝੁਕਾਅ ਮਾਰਕਸਵਾਦ ਵੱਲ ਹੋ ਗਿਆ। ਉਸ ਨੇ ਕਿਰਤੀ ਅਖ਼ਬਾਰ ਵਿੱਚ ਸ਼ਾਮਿਲ ਹੋ ਕੇ ਹਿੰਦੁਸਤਾਨ ਗ਼ਦਰ ਪਾਰਟੀ ਦੇ ਬੁਲਾਰੇ ਵਜੋਂ ਕਾਰਜ ਕੀਤਾ। ਕਿਰਤੀ ਕਿਸਾਨ ਪਾਰਟੀ, ਨੌਜਵਾਨ ਭਾਰਤ ਸਭਾ, ਕਾਮਾ ਕਿਸਾਨ ਪਾਰਟੀ, ਸਰਬ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਆਦਿ ਵਿਚ ਉਸ ਦੀ ਖ਼ਾਸ ਭੂਮਿਕਾ ਰਹੀ। ਕਾਮਰੇਡ ਜੋਸ਼ ਨੇ ਮਾਰਕਸਵਾਦ-ਲੈਨਿਨਵਾਦ ਵਿਚ ਆਪਣਾ ਵਿਸ਼ਵਾਸ ਜਤਾਇਆ ਅਤੇ ਉਹ ਪੂਰੀ ਤਨਦੇਹੀ ਨਾਲ ਕਮਿਊਨਿਸਟ ਪਾਰਟੀ ਦੀ ਬਣਤਰ, ਵਿਕਾਸ ਅਤੇ ਇਹਦੇ ਆਦਰਸ਼ ਲਈ ਪ੍ਰਚਾਰ-ਪ੍ਰਸਾਰ ਕਰਦਾ ਰਿਹਾ। ਮੌਤ (1982) ਤੋਂ ਪਿੱਛੋਂ ਉਸ ਨੇ ਕਿਸੇ ਵੀ ਪ੍ਰਕਾਰ ਦੀ ਧਾਰਮਿਕ ਰਸਮ ਤੋਂ ਇਨਕਾਰ ਕੀਤਾ ਅਤੇ ਪੂਰੀ ਇਮਾਨਦਾਰੀ, ਨਿਰਸਵਾਰਥ ਅਤੇ ਸੁਹਿਰਦਤਾ ਨਾਲ ਮਿਹਨਤਕਸ਼ ਲੋਕਾਂ ਲਈ ਜੀਵਨ ਬਤੀਤ ਕੀਤਾ। ਉਹਨੇ ਸਾਰੀ ਜ਼ਿੰਦਗੀ ਕਮਿਊਨਿਸਟ ਪਾਰਟੀ ਦੇ ਇੱਕ ਅਨੁਸ਼ਾਸਨਬੱਧ ਮੈਂਬਰ ਵਜੋਂ ਬਿਤਾਈ। ਇਸ ਸਵੈਜੀਵਨੀ ਵਿੱਚ ਉਸਨੇ ਅਣਵੰਡੇ ਪੰਜਾਬ ਦੇ ਪੱਛਮੀ ਹਿੱਸੇ ਵਿਚ ਰਾਸ਼ਟਰੀ ਅੰਦੋਲਨ ਦੀਆਂ ਕਮਜ਼ੋਰੀਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਤੇ ਦੁੱਖ ਪ੍ਰਗਟ ਕਰਦਿਆਂ ਕਾਮਰੇਡ ਜੋਸ਼ ਨੇ ਦੋਹਾਂ ਵਿਚ ਏਕੇ ਦੀ ਇੱਛਾ ਨੂੰ ਵੀ ਪ੍ਰਗਟ ਕੀਤਾ। ਪੰਜਾਬ ਸਮੱਸਿਆ ਨੂੰ ਵੇਖਣ, ਸਮਝਣ ਤੇ ਘੋਖਣ ਲਈ ਇਹ ਸਵੈਜੀਵਨੀ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਣ ਦੀ ਸਮਰੱਥਾ ਰੱਖਦੀ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-920015
ਬੱਚਿਆਂ ਲਈ ਚੋਣਵੀਆਂ
ਵਿਸ਼ਵ ਕਹਾਣੀਆਂ
ਅਨੁਵਾਦਿਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਕੀਮਤ : 100 ਰੁਪਏ, ਸਫ਼ੇ 56
ਸੰਪਰਕ : 98783-17796
ਖੁਦ ਨੂੰ ਬਾਲ ਸਾਹਿਤ ਨੂੰ ਪੂਰੀ ਤਰ੍ਹਾਂ ਭੇਟ ਕਰਨ ਵਾਲੀ ਬਾਲ-ਲੇਖਕਾ, ਕਹਾਣੀਕਾਰਾ ਅਤੇ ਅਨੁਵਾਦਿਕਾ ਬਲਰਾਜ ਧਾਰੀਵਾਲ ਦੀ ਅਨੁਵਾਦ ਕੀਤੀ ਇਹ ਪੁਸਤਕ ਸਹੀ ਅਰਥਾਂ ਵਿਚ ਬੱਚਿਆਂ ਲਈ ਇਕ ਖ਼ੂਬਸੂਰਤ ਤੋਹਫ਼ਾ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਦਸ ਕਹਾਣੀਆਂ ਬੱਚਿਆਂ ਦੇ ਕੋਮਲ ਮਨ, ਭੋਲੀ-ਭਾਲੀ ਮਾਨਸਿਕਤਾ, ਦੀ ਨੇੜਿਉਂ ਝਲਕ ਦਿਖਾਉਂਦੀਆਂ ਹਨ। ਪਹਿਲੀ ਕਹਾਣੀ 'ਨਿੱਕਾ ਪੰਛੀ' ਜੋ ਬੱਚਿਆਂ ਦੇ ਪੰਛੀਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਦੀ ਹੈ, ਪ੍ਰਸਿੱਧ ਰੂਸੀ ਲੇਖਕ ਲਿਉ ਟਾਲਸਟਾਏ ਦੀ ਰਚਨਾ ਹੈ। ਕਹਾਣੀ ਦੀ ਸਿੱਖਿਆ ਹੈ ਕਿ ਪੰਛੀ ਉੱਡਦੇ ਤੇ ਚਹਿਕਦੇ ਸੋਹਣੇ ਲੱਗਦੇ ਹਨ। ਬੱਚਿਆਂ ਨੂੰ ਇਨ੍ਹਾਂ ਦੀ ਆਜ਼ਾਦ ਜ਼ਿੰਦਗੀ ਵਿਚ ਖਲਲ ਨਹੀਂ ਪਾਉਣਾ ਚਾਹੀਦਾ ਹੈ। ਇਸੇ ਲੇਖਕ ਦੀਆਂ ਸ਼ਾਮਿਲ ਕੀਤੀਆਂ ਹੋਰ ਚਾਰ ਕਹਾਣੀਆਂ 'ਦਾਗਾਂ ਵਾਲਾ ਆਲੂ-ਬੁਖ਼ਾਰਾ', 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ', 'ਤਿੰਨ ਪ੍ਰਸ਼ਨ', 'ਪਾਪਾ ਪਾਨੇਵ ਦੀ ਖ਼ਾਸ ਕ੍ਰਿਸਮਸ' ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਪ੍ਰਚੰਡ ਕਰਨ ਵਾਲੀਆਂ ਸੰਸਾਰ ਦੀਆਂ ਪ੍ਰਸਿੱਧ ਕਹਾਣੀਆਂ ਸਾਬਤ ਹੋ ਚੁੱਕੀਆਂ ਹਨ। ਲੇਖਕ ਆਸਕਰ ਵਾਈਲਡ ਦੀ ਕਹਾਣੀ 'ਸੁਆਰਥੀ ਰਾਖ਼ਸ਼', ਡੀ.ਐ. ਲਾਰੈਂਸ ਦੀ ਕਹਾਣੀ 'ਏਡਾਲਫ (ਛੋਟਾ ਖ਼ਰਗ਼ੋਸ਼)', 'ਰਿਕੀ ਟਿਕੀ ਤਵੀ' (ਰੁਦਯਾਰਡ ਕਿਪਲਿੰਗ), 'ਸਾਂਟਾ ਕਲਾਜ਼ ਦੀ ਆਪਣੀ ਧੀ ਸੂਸੀ ਵੱਲ ਚਿੱਠੀ' (ਮਾਰਕ ਟਵੇਨ) ਅਤੇ ਐਰਨੈਸਟ ਹੈਮਿੰਗਵੇਅ ਦੀ ਕਹਾਣੀ 'ਉਡੀਕ ਦਾ ਇਕ ਦਿਨ' ਉਹ ਮਿਸਾਲੀ ਬਾਲ ਕਹਾਣੀਆਂ ਹਨ ਜਿਹੜੀਆਂ ਕਿ ਦੁਨੀਆਂ ਦੇ ਹਰੇਕ ਬੱਚੇ ਨੂੰ ਪੜ੍ਹਨੀਆਂ ਚਾਹੀਦੀਆਂ ਹਨ।
-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444
c c c
ਧਰਮ ਰੱਖਿਅਕ
ਗੁਰੂ ਤੇਗ਼ ਬਹਾਦਰ
ਲੇਖਕ : ਪ੍ਰਿਥੀਪਾਲ ਸਿੰਘ ਕਪੂਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 0183-2543965
ਪੰਜਾਬ ਦੀ ਸਿੱਖ ਇਤਿਹਾਸਕਾਰੀ ਦੇ ਪ੍ਰਸੰਗ ਵਿਚ ਡਾ. ਪ੍ਰਿਥੀਪਾਲ ਸਿੰਘ ਕਪੂਰ ਦਾ ਨਾਂਅ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਸ ਨੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੌਲਿਕ ਲੇਖਣ ਦੇ ਨਾਲ-ਨਾਲ ਅਹਿਮਦ ਸ਼ਾਹ ਬਟਾਲੀਆ (ਫ਼ਾਰਸੀ), ਕੇ.ਏ.ਐਨ. ਸ਼ਾਸਤਰੀ (ਅੰਗਰੇਜ਼ੀ) ਅਤੇ ਗੋਬਿੰਦ ਸਿੰਘ ਨਿਰਮਲ (ਹਿੰਦੀ) ਆਦਿ ਇਤਿਹਾਸਕਾਰਾਂ ਦੀਆਂ ਕੁਝ ਪ੍ਰਮੁੱਖ ਕਿਰਤਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਹੈ। ਸੰਪਾਦਨ ਦੇ ਖੇਤਰ ਵਿਚ ਕੀਤਾ ਉਸ ਦਾ ਕੰਮ ਵੀ ਬੇਹੱਦ ਉਪਯੋਗੀ ਸਿੱਧ ਹੋਇਆ ਹੈ। ਹਥਲੀ ਪੁਸਤਕ ਵਿਚ ਉਸਨੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੀਰਤੀ ਅਤੇ ਮਹਿਮਾ ਦਾ ਬਖਾਨ ਕੀਤਾ ਹੈ।
ਗੁਰੂ ਸਾਹਿਬ ਦਾ ਗੁਰੂਤਵ ਬੇਨਜ਼ੀਰ ਸੀ। ਆਪ ਨੇ ਹਿੰਦੁਸਤਾਨੀ ਲੋਕਾਂ ਦੇ ਕੁਝ ਉਨ੍ਹਾਂ ਅਕੀਦਿਆਂ ਅਤੇ ਅਸਥਾਵਾਂ ਦੀ ਸੁਤੰਤਰਤਾ ਲਈ ਆਤਮ-ਬਲੀਦਾਨ ਦਿੱਤਾ, ਜਿਨ੍ਹਾਂ ਦੇ ਮਹਤਵ ਵਿਚ (ਤਿਲਕ ਅਤੇ ਜੰਝੂ ਪ੍ਰਥਾ) ਆਪ ਦਾ ਕੋਈ ਵਿਸ਼ਵਾਸ ਹੀ ਨਹੀਂ ਸੀ। ਗੁਰੂ ਨਾਨਕ ਸਾਹਿਬ ਅਤੇ ਹੋਰ ਭਗਤਾਂ-ਸੰਤਾਂ ਨੇ ਸਮੇਂ-ਸਮੇਂ ਇਨ੍ਹਾਂ ਕਰਮ-ਕਾਂਡਾਂ ਦੀ ਆਲੋਚਨਾ ਵੀ ਕੀਤੀ ਸੀ ਪਰ ਗੁਰੂ ਤੇਗ ਬਹਾਦਰ ਜੀ ਦਾ ਮੂਲ ਆਗ੍ਰਹਿ ਇਹ ਰਿਹਾ ਕਿ ਤੁਸੀਂ ਕਿਸੇ ਵਿਅਕਤੀ ਜਾਂ ਵਰਗ ਦੇ ਧਾਰਮਿਕ ਅਕੀਦਿਆਂ ਵਿਚ ਦਖ਼ਲ ਨਹੀਂ ਦੇ ਸਕਦੇ। ''ਜੇ ਦਿਉਗੇ ਤਾਂ ਤੁਹਾਡਾ ਵਿਰੋਧ ਕਰਨ ਲਈ ਮੈਂ ਸਭ ਤੋਂ ਅੱਗੇ ਹੋਵਾਂਗਾ।''
ਗੁਰੂ ਤੇਗ਼ ਬਹਾਦਰ ਜੀ ਦੇ ਇਸ ਪੈਂਤੜੇ ਨੇ ਪੂਰੀ ਦੁਨੀਆਂ ਦੇ ਧਰਮ-ਗੁਰੂਆਂ ਅਤੇ ਰਹਿਬਰਾਂ ਨੂੰ ਸਕਤੇ ਵਿਚ ਪਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਲਿਯੁਗ ਵਿਚ ਇਕ 'ਮਹਾਨ ਸਾਕੇ' ਨੂੰ ਸਰੰਜਾਮ ਦਿੱਤਾ ਸੀ। ਡਾ. ਕਪੂਰ ਨੇ ਬੜੀ ਸੂਤਰਬੱਧ ਅਤੇ ਸੁਦ੍ਰਿੜ੍ਹ ਢੰਗ ਨਾਲ ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਦਾ ਬਿਰਤਾਂਤ ਤਿਆਰ ਕੀਤਾ ਹੈ। 'ਔਰੰਗਜ਼ੇਬ ਦੁਆਰਾ ਭਾਰਤੀ ਇਸਲਾਮੀਕਰਣ' ਅਤੇ 'ਤੇਗ਼ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ' ਇਸ ਪੁਸਤਕ ਦੇ ਮਹੱਤਵਪੂਰਨ ਅਧਿਆਇ ਹਨ। ਇਸ ਪੋਥੀ ਦੀ ਰਚਨਾ ਲਈ ਪੰਜਾਬੀ ਅਤੇ ਅੰਗਰੇਜ਼ੀ ਵਿਚ ਲਿਖੀਆਂ ਬਹੁਤ ਸਾਰੀਆਂ ਪੁਸਤਕਾਂ ਦੇ ਹਵਾਲੇ ਅਤੇ ਪ੍ਰਮਾਣ ਦਿੱਤੇ ਹਨ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਯਾਤਰੂ ਡਾਕਟਰ
(ਜੀਵਨੀ ਡਾ. ਰਘਬੀਰ ਸਿੰਘ ਨੰਦਾ)
ਲੇਖਕ : ਯਸ਼ਪਾਲ ਸ਼ਰਮਾ
ਅਨੁਵਾਦ : ਪ੍ਰੋ. ਫੂਲ ਚੰਦ ਮਾਨਵ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਪੰਨੇ : 132
ਸੰਪਰਕ : 99155-34017
ਡਾ. ਰਘਬੀਰ ਸਿੰਘ ਨੰਦਾ ਲੁਧਿਆਣਾ ਦੇ ਪ੍ਰਸਿੱਧ ਚਮੜੀ ਮਾਹਰ ਡਾਕਟਰ ਹਨ। ਡਾਕਟਰ ਨੰਦਾ ਦੀ ਜੀਵਨੀ ਦੇ ਲੇਖਕ ਉਨ੍ਹਾ ਦੇ ਪਰਮ ਮਿੱਤਰ ਯਸ਼ਪਾਲ ਸ਼ਰਮਾ ਹਨ। ਦੋਨੋਂ ਸਖ਼ਸ਼ੀਅਤਾਂ ਦਾ ਮੇਲ ਡਾ. ਨੰਦਾ ਦੇ ਪਾਰਕ ਵਿਚ ਹੋਇਆ ਤੇ ਗੱਲਾਂਬਾਤਾਂ ਤੋਂ ਚਲਦਾ ਸਿਲਸਿਲਾ ਇਸ ਪੁਸਤਕ ਦੇ ਲਿਖਣ ਤਕ ਪਹੁੰਚ ਗਿਆ। ਮੂਲ ਰੂਪ ਵਿਚ ਪੁਸਤਕ ਹਿੰਦੀ ਵਿਚ ਲਿਖੀ ਗਈ। ਬਾਅਦ ਵਿਚ ਅੰਗਰੇਜ਼ੀ ਅਨੁਵਾਦ ਵੀ ਹੋਇਆ ਤੇ ਪੰਜਾਬੀ ਵਿਚ ਅਨੁਵਾਦ ਪ੍ਰਸਿੱਧ ਅਨੁਵਾਦਕ ਪ੍ਰੋ. ਫੂਲ ਚੰਦ ਮਾਨਵ ਨੇ ਕੀਤਾ। ਪੁਸਤਕ ਦੇ 48 ਕਾਂਡ ਹਨ। ਕੁਝ ਕਾਂਡ ਛੋਟੇ-ਛੋਟੇ ਪਰ ਸੰਖੇਪਤਾ ਭਰਪੂਰ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਡਾਕਟਰ ਨੰਦਾ ਦਾ ਪਰਿਵਾਰ ਦੇਸ਼ ਵੰਡ ਸਮੇਂ ਲਾਹੌਰ ਤੋਂ ਇਧਰ ਆਇਆ ਸੀ। ਗੋਰਖਪੁਰ ਵਿਚ ਰਹਿਣ ਲੱਗੇ। ਡਾ. ਨੰਦਾ ਦੇ ਪਿਤਾ ਸਰਦਾਰ ਜੋਧ ਸਿੰਘ ਨੰਦਾ ਤੇ ਮਾਤਾ ਸ੍ਰੀਮਤੀ ਮੋਹਨ ਕੌਰ ਆਪਣੇ ਸਮੇਂ ਦੀਆਂ ਪ੍ਰਸਿੱਧ ਸਖ਼ਸ਼ੀਅਤਾਂ ਸਨ। ਉਨ੍ਹਾਂ ਨੇ ਪੁੱਤਰਾਂ ਨੂੰ ਚੰਗੀ ਸਿੱਖਿਆ ਦਿੱਤੀ। ਰਘਬੀਰ ਸਿੰਘ ਨੰਦਾ ਨੂੰ ਬਚਪਨ ਤੋਂ ਹੀ ਸਖ਼ਤ ਮਿਹਨਤ ਦੀ ਆਦਤ ਸੀ। ਡਾਕਟਰੀ ਸਿੱਖਿਆ ਹਾਸਲ ਕਰਕੇ ਗੋਰਖਪੁਰ ਵਿਚ 1970 ਤੋਂ ਡਾਕਟਰੀ ਕੀਤੀ। 1973 ਵਿਚ ਡਾ. ਨੰਦਾ ਦੀ ਸ਼ਾਦੀ ਦਿੱਲੀ ਤੋਂ ਉੱਚ ਸਿੱਖਿਆ ਪ੍ਰਾਪਤ ਸ੍ਰੀਮਤੀ ਇੰਦਰਜੀਤ ਕੌਰ ਨਾਲ ਹੋਈ। ਡਾਕਟਰ ਸਾਹਿਬ ਦੇ ਪਰਿਵਾਰ ਵਿਚ ਤਿੰਨ ਧੀਆਂ ਤੇ ਇਕ ਸਪੁੱਤਰ ਹੈ। ਸਾਰੇ ਬੱਚੇ ਉੱਚ ਸਿਖਿਆ ਪ੍ਰਾਪਤ ਹਨ। ਨੰਦਾ ਸਾਹਿਬ ਦਾ ਬੇਟਾ ਵੀ ਡਾਕਟਰ ਹੈ। ਸ਼ਾਦੀਸ਼ੁਦਾ ਹੈ। ਪੋਤਰੀ ਮਹਿਨੂਰ ਕੌਰ ਹੈ। ਗੋਰਖਪੁਰ ਵਿਚ ਡਾਕਟਰੀ ਕਰਦੇ ਸਮੇਂ ਆਪ ਜੀ ਦੀ ਨੇੜਤਾ ਮਰੀਜ਼ਾਂ ਨਾਲ ਇਸ ਕਦਰ ਹੋ ਗਈ ਕਿ ਸੰਨ ਚੁਰਾਸੀ ਦੇ ਮਾੜੇ ਹਾਲਾਤ ਵਿਚ ਡਾਕਟਰ ਨੰਦਾ ਨੂੰ ਪਰਿਵਾਰ ਸਹਿਤ ਲੁਧਿਆਣੇ ਆਉਣਾ ਪਿਆ। ਪ੍ਰਸਿੱਧ ਹਸਪਤਾਲ ਵਿਚ ਚਮੜੀ ਰੋਗਾਂ ਦੇ ਡਾਕਟਰ ਵਜੋਂ ਕਾਰਜਸੀਲ ਹੋ ਗਏ। ਡਾਕਟਰ ਸਾਹਿਬ ਦੀ ਚੰਗੀ ਸ਼ੁਹਰਤ ਹੈ। ਗੋਰਖਪੁਰ ਦੇ ਲੋਕਾਂ ਨਾਲ ਐਨਾ ਪਿਆਰ ਸੀ ਕਿ ਲੁਧਿਆਣੇ ਤੋਂ ਗੱਡੀ ਦਾ ਸਫਰ ਕਰਕੇ ਗੋਰਖਪੁਰ ਜਾਂਦੇ। ਮਰੀਜ਼ ਵੇਖਦੇ ਫਿਰ ਲੁਧਿਆਣੇ ਆ ਜਾਂਦੇ। ਗੱਡੀ ਦੇ ਡੱਬੇ ਵਿਚ ਵੀ ਮਰੀਜ਼ ਵੇਖਦੇ। ਲੋਕ ਯਾਤਰੂ ਡਾਕਟਰ ਕਹਿਣ ਲੱਗ ਪਏ। ਡਾਕਟਰੀ ਕਿੱਤੇ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਡਾਕਟਰ ਸਾਹਿਬ ਨੇ ਲੁਧਿਆਣਾ ਵਿਚ ਰਹਿ ਕੇ ਇਕ ਪਾਰਕ ਬਣਾਇਆ। ਪੌਦੇ ਲਾਏ । ਮਾਲੀ ਰੱਖੇ। ਆਪ ਵੀ ਪੌਦਿਆਂ ਦੀ ਸਾਂਭ ਸੰਭਾਲ ਕਰਨ ਲੱਗੇ । ਪ੍ਰਕਿਰਤੀ ਨਾਲ ਗਹਿਰਾ ਪਿਆਰ ਹੈ । ਡਾ. ਨੰਦਾ ਨੂੰ ਪੌਦਿਆਂ ਦੇ ਤਣਿਆ ਵਿਚੋਂ ਕਲਾਕ੍ਰਿਤਾਂ ਬਨਾਉਣ ਦਾ ਨਿਵੇਕਲਾ ਸ਼ੋਕ ਹੈ। ਪੁਸਤਕ ਵਿਚ 21 ਤਸਵੀਰਾਂ ਹਨ। ਮਿਆਰੀ ਅਨੁਵਾਦ ਵਾਲੀ ਜੀਵਨੀ ਪੜ੍ਹਨ ਵਾਲੀ ਹੈ ਤੇ ਸਮਾਜ ਲਈ ਸਿੱਖਿਆ ਦਾਇਕ ਹੈ ।
ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 09814856160
ਦਿਆਰਾਂ 'ਚੋਂ ਲੰਘਦੀ ਹਵਾ
ਲੇਖਕ : ਕੰਵਲ ਕਸ਼ਮੀਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 135
ਸੰਪਰਕ : 099065-86983
ਵਿਚਾਰਾਧੀਨ ਕਹਾਣੀ-ਸੰਗ੍ਰਹਿ ਵਿਚ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਦੀ ਆਂਚਲਿਕਤਾ ਜੰਮੂ-ਕਸ਼ਮੀਰ ਹੀ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਵਿਚ ਬਾਲ-ਮਨੋਵਿਗਿਆਨ, ਔਰਤ ਦੀ ਕਠਿਨ ਪ੍ਰੀਖਿਆ, ਮਤਰੇਈਆਂ ਮਾਵਾਂ ਦਾ ਦੁਰਵਿਵਹਾਰ, ਜੋਤਸ਼ੀਆਂ ਦੁਆਰਾ ਫੈਲਾਏ ਗਏ ਵਹਿਮ-ਭਰਮ, ਡਲ ਝੀਲ ਦੀ ਤਥਾਤਮਿਕਤਾ, ਹਾਊਸ ਬੋਟ ਦਾ ਦ੍ਰਿਸ਼, ਮੱਛੀਆਂ ਪਕੜਨ ਦਾ ਕਿੱਤਾ, ਜਾਤ-ਪ੍ਰਥਾ, ਪ੍ਰੇਮ ਅਤੇ ਸ਼ਾਦੀ, ਇਕੱਲਤਾ, ਪਾਲਤੂ ਜਾਨਵਰਾਂ ਦੀ ਸੁਤੰਤਰ ਜੀਵਨ ਦੀ ਇੱਛਾ, ਕਸ਼ਮੀਰ ਘਾਟੀ ਦੇ ਸਮਕਾਲੀ ਹਾਲਾਤ, ਸੁਰੱਖਿਆ ਦਸਤਿਆਂ ਅਤੇ ਮੁਜ਼ਾਹਦਾਂ ਵਲੋਂ ਵਹਿ ਰਿਹਾ ਮਨੁੱਖੀ ਖੂਨ ਦਾ ਹਿਰਦੇਵੇਦਕ ਚਿਤਰਣ, ਇਨਸਾਨੀਅਤ ਦੀ ਨਿਘਰਦੀ ਅਵਸਥਾ (ਮਸਲਨ ਬੱਚੇ ਦੀ ਬੰਬ ਵਿਸਫ਼ੋਟ ਨਾਲ ਮੌਤ ਕਾਰਨ ਇਵਜ਼ਾਨੇ ਦਾ ਲਾਲਚ) ਸੰਨ 47 'ਚ ਵਾਪਰੇ ਦੁਖਾਂਤ, 1984 ਦੇ ਦਿੱਲੀ ਦੰਗੇ, ਨਾਇਕ/ਨਾਇਕਾਵਾਂ ਦੇ ਸ਼ਬਦ-ਚਿੱਤਰਾਂ ਦੁਆਲੇ ਪਰਕਰਮਾ ਕਰ ਰਹੀਆਂ ਕਥਾਵਾਂ ਆਦਿ ਅਨੇਕਾਂ ਵਿਸ਼ਿਆਂ ਦਾ ਗਲਪੀਕਰਨ ਕੀਤਾ ਗਿਆ ਹੈ। 'ਅਤੀਤ ਦੇ ਪਰਛਾਵੇਂ' ਇਸ ਕਹਾਣੀ-ਸੰਗ੍ਰਹਿ ਦਾ ਗਲਪ ਪੈਰਾਡਾਈਮ ਨਿਸਚਿਤ ਕੀਤਾ ਜਾ ਸਕਦਾ ਹੈ। ਇੰਦਰਾ ਗਾਂਧੀ ਦੇ ਕਤਲ ਅਤੇ ਉਸ ਤੋਂ ਬਾਅਦ ਦਿੱਲੀ ਦੰਗਿਆਂ ਦੇ ਵੀ ਸੰਕੇਤ ਹਨ। ਕਥਾਵਾਂ ਦੀਆਂ ਘਟਨਾਵਾਂ ਲੇਖਕ ਦੇ ਮਨ-ਮਸਤਕ 'ਤੇ ਚਲ ਚਿੱਤਰਾਂ ਵਾਂਗ ਚੱਕਰ ਕੱਢਦੀਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਪ੍ਰਕ੍ਰਿਤੀ-ਚਿੱਤਰਣ ਇਸ ਕਹਾਣੀ ਸੰਗ੍ਰਹਿ ਦਾ ਹਾਸਲ ਹੈ। ਕਹਾਣੀ-ਸਸਪੈਂਸ ਅਖੀਰ ਤੱਕ ਕਾਇਮ ਰਹਿੰਦੀ ਹੈ। ਕਈ ਕਥਾਵਾਂ ਵਿਚ 'ਬਾਰੀ' ਆਬਜੈਕਟਿਵ ਕੋਰੀਲੇਟਿਵ ਹੋ ਨਿਬੜਿਆ ਹੈ। ਅਨੇਕਾਂ ਅਟੱਲ ਸੱਚਾਈਆਂ ਬਿਰਤਾਂਤ 'ਚੋਂ ਆਪ-ਮੁਹਾਰੇ ਹੀ ਹੋਂਦ ਗ੍ਰਹਿਣ ਕਰ ਜਾਂਦੀਆਂ ਹਨ। ਮਸਲਨ: 'ਰਾਜ ਸ਼ਕਤੀ ਦੀ ਆਪਣੀ ਚਾਣਕਿਆ ਨੀਤੀ ਹੁੰਦੀ ਹੈ।' ਪੰ. 73 'ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ।' ਪੰ 101 ਕਹਾਣੀਆਂ 'ਚ ਲੋਕਯਾਨਿਕ ਅਤੇ ਮਿਥਿਹਾਸ ਦੀ ਵਰਤੋਂ ਕਾਫ਼ੀ ਹੋਈ ਹੈ। ਬੱਚਿਆਂ ਵਲੋਂ ਦਾਦੀ ਅੰਮਾਂ ਨਾਲ ਹਾਸਾ-ਠੱਠਾ ਬਿਰਤਾਂਤ ਨੂੰ ਰੌਚਿਕ ਬਣਾਉਂਦਾ ਹੈ। ਪੋਤੇ, ਦੋਹਤੇ, ਅੰਮਾਂ ਜੀ ਨੂੰ ਛੇੜਦੇ ਕਹਿੰਦੇ ਹਨ ਨੇ 'ਹੱਛਾ ਅੰਮਾ ਜੀ ਜਦ ਦਾਦਾ ਜੀ ਜੰਞ ਲੈ ਕੇ ਆਏ ਤੇ ਤੁਸਾਂ ਉਨ੍ਹਾਂ ਨੂੰ ਡੋਲੀ ਲੈ ਕੇ ਜਾਣ ਨਹੀਂ ਦਿੱਤਾ, ਫੜ ਲਿਆ ਸੀ।' ਪੰਨਾ 101, ਇਹ ਕਹਾਣੀ ਸੰਗ੍ਰਹਿ ਪੜ੍ਹ ਕੇ ਵਿਚਾਰਨ ਵਾਲਾ ਹੈ।
c c c
ਸੱਤ-ਰੰਗ
ਲੇਖਕ : ਇੰਜ: ਲਾਲ ਸਿੰਘ ਕਲਸੀ
ਪ੍ਰਕਾਸ਼ਕ : ਤ੍ਰਿਲੋਕ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 260
ਸੰਪਰਕ : 98149-76639
ਇਹ ਪੁਸਤਕ ਲੇਖ-ਸੰਗ੍ਰਹਿ ਹੈ। ਇਸ ਵਿਚ ਸੰਕਲਿਤ ਕੀਤੇ ਲੇਖਾਂ ਨੂੰ 7 ਭਾਗਾਂ (ਧਰਮ ਤੇ ਵਿਰਸਾ, ਸਾਡਾ ਵਿਰਸਾ, ਜੀਵਨ-ਜਾਂਚ, ਸਾਡਾ ਸਮਾਜ, ਸਾਡਾ ਸੱਭਿਆਚਾਰ, ਹਕੀਕਤ, ਯਾਦਾਂ) ਵਿਚ ਵੰਡਿਆ ਗਿਆ ਹੈ। ਏਸੇ ਲਈ ਇਸ ਲੇਖ-ਸੰਗ੍ਰਹਿ ਦਾ ਨਾਂਅ ਸੱਤ-ਰੰਗ ਰੱਖਿਆ ਗਿਆ ਹੈ। ਅਜਿਹੇ ਵਿਭਿੰਨ ਰੰਗਾਂ ਦੀ ਪੁਸਤਕ ਦਾ ਅਧਿਐਨ ਕਰਨ ਉਪਰੰਤ ਸੱਚ-ਮੁੱਚ ਹੀ ਪਾਠਕ ਸੱਤ-ਰੰਗੀ ਪੀਂਘ ਦੇ ਅਨੰਦ ਵਾਂਗ ਲੇਖਕ ਦੀ ਵਾਰਤਕ ਸ਼ੈਲੀ ਦਾ ਲੁਤਫ਼ ਮਾਣਦਾ ਹੈ, ਉਥੇ ਲੇਖਕ ਦੇ ਪ੍ਰਤੀਰੋਧੀ ਵਿਚਾਰਾਂ ਨੂੰ ਗਹਿਰਾਈ ਨਾਲ ਅਨੁਭਵ ਵੀ ਕਰਦਾ ਹੈ। ਚੇਤੇ ਰਹੇ ਕਿ ਇਸ ਕਿਤਾਬ ਵਿਚ ਸੰਕਲਿਤ ਨਿਬੰਧ ਪੁਸਤਕ ਦਾ ਸ਼ਿੰਗਾਰ ਬਣਨ ਤੋਂ ਪਹਿਲਾਂ ਵੱਖ-ਵੱਖ ਪੱਤ੍ਰਿਕਾਵਾਂ/ਅਖ਼ਬਾਰਾਂ/ ਮੈਗਜ਼ੀਨਾਂ (ਅਜੀਤ, ਮਾਸਿਕ ਤਸਵੀਰ, ਰਾਮਗੜ੍ਹੀਆ ਦਰਪਣ, ਭਾਈ ਦਿੱਤ ਸਿੰਘ ਪੱਤ੍ਰਿਕਾ, ਰੋਜ਼ਾਨਾ ਸਪੋਕਸਮੈਨ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਨਵਾਂ ਜ਼ਮਾਨਾ, ਪਰਵਾਸੀ ਹਮਦਰਦ, ਰਾਮਗੜ੍ਹੀਆ ਪਾਰਲੀਮੈਂਟ, ਤਿਮਾਹੀ ਤ੍ਰਿਸ਼ੰਕੂ, ਜਨ ਸਾਹਿਤ ਆਦਿ ਵਿਚ ਛਪ ਚੁੱਕੇ ਹਨ। ਇੰਜ: ਲਾਲ ਸਿੰਘ ਕਲਸੀ ਇਕ ਬਹੁ-ਵਿਧਾਈ (ਨਾਵਲ, ਕਹਾਣੀ, ਕਵਿਤਾ ਤੇ ਮਿੰਨੀ ਕਹਾਣੀ) ਲੇਖਕ ਹੈ। ਉਸ ਦੀਆਂ 4 ਕਿਤਾਬਾਂ (ਜੀਤੀ-ਨਾਵਲ, ਵਿਚ ਪ੍ਰਦੇਸਾਂ ਦੇ ਨਾਵਲ, ਨੀਲ-ਕਹਾਣੀ ਸੰਗ੍ਰਹਿ ਤੇ ਪੱਥਰ ਕੁੱਟ-ਕਾਵਿ-ਸੰਗ੍ਰਹਿ) ਪਹਿਲਾਂ ਹੀ ਪਾਠਕਾਂ ਤੋਂ ਚੰਗਾ ਹੁੰਗਾਰਾ ਪ੍ਰਾਪਤ ਕਰ ਚੁੱਕੇ ਹਨ। ਲੇਖਕ ਨੂੰ ਅਜਿਹੀਆਂ ਕਹਾਣੀਆਂ ਪਸੰਦ ਹਨ ਜਿਨ੍ਹਾਂ ਦੇ ਪਾਤਰਾਂ ਵਿਚੋਂ ਉਸ ਨੂੰ ਆਪਣਾ-ਆਪਾ ਦਿਖਾਈ ਦਿੰਦਾ ਹੋਵੇ। ਨਿਬੰਧ ਲੇਖਣੀ ਦੇ ਖੇਤਰ 'ਚ ਉਸ ਨੂੰ 15 ਕੁ ਸਾਲ ਦਾ ਤਜਰਬਾ ਹੈ। ਉਸ ਦੇ ਨਿਬੰਧ ਜ਼ਿਆਦਾ ਲੰਮੇ ਨਹੀਂ ਹੁੰਦੇ। ਕਾਰਨ ਇਹ ਹੈ ਕਿ ਉਹ ਵਿਸ਼ੇ 'ਤੇ ਹੀ ਕੇਂਦਰਿਤ ਰਹਿੰਦਾ ਹੈ, ਵਿਸ਼ੇ ਤੋਂ ਥਿੜਕਦਾ ਨਹੀਂ। ਕਿਹਾ ਜਾ ਸਕਦਾ ਹੈ ਕਿ ਉਹ ਕਿੱਤੇ ਪੱਖੋਂ ਹੀ ਇੰਜੀਨੀਅਰ ਨਹੀਂ, ਪੰਜਾਬੀ ਭਾਸ਼ਾ, ਸਾਹਿਤ ਅਤੇ ਵਾਰਤਕ ਸ਼ੈਲੀ ਦਾ ਵੀ ਇੰਜੀਨੀਅਰ ਹੈ। ਉਸ ਦੀ ਵਾਰਤਕ ਸ਼ੈਲੀ ਦਾ ਨਮੂਨਾ ਵੀ ਵੇਖ ਲੈਣਾ ਚਾਹੀਦਾ ਹੈ :
'ਸਾਡੇ ਪੰਜਾਬੀ ਸੱਭਿਆਚਾਰ ਵਿਚ ਕਿਸੇ ਨੂੰ ਆਪਣੀ ਗੱਲ ਦਾ ਯਕੀਨ ਕਰਾਉਣ ਲਈ ਸਹੁੰ ਦਾ ਬੜਾ ਮਹੱਤਵ ਹੈ। ਖ਼ਾਸ ਕਰਕੇ ਕੁੜੀਆਂ ਝੱਟ ਦੇਣੀਂ 'ਵੀਰ ਦੀ ਸਹੁੰ; ਕਹਿ ਕੇ ਆਪਣੀ ਗੱਲ ਦਾ ਨਿਸਚਾ ਕਰਵਾ ਦਿੰਦੀਆਂ ਹਨ। ਜੇਕਰ ਯਕੀਨ ਨਾ ਆਵੇ ਤਾਂ ਦੂਜੀ ਕਹੇਗੀ 'ਖਾ ਤਾਂ ਵੀਰ ਦੀ ਸਹੁੰ।' ਪੰ. 163. 'ਕਲਸੀ' ਦਾ ਸਮੁੱਚਾ ਜੀਵਨ ਹੀ ਸੰਘਰਸ਼ਮਈ ਰਿਹਾ ਹੈ। ਉਸ ਦੇ ਸੰਘਰਸ਼ ਦਾ ਪ੍ਰਮਾਣ ਹੈ ਇਹ ਪੁਸਤਕ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਅੰਦੋਲਨ, ਮੇਲਾ ਨਹੀਂ ਹੁੰਦਾ
ਸੰਪਾਦਕ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ: 168
ਸੰਪਰਕ: 01679-233244
ਦਿੱਲੀ ਦੀਆਂ ਬਰੂਹਾਂ 'ਤੇ ਵਿੱਢੇ ਗਏ ਕਿਸਾਨ ਅੰਦੋਲਨ ਨੇ ਸਮਕਾਲੀ ਲੇਖਕਾਂ ਦੀਆਂ ਲਿਖਤਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ, ਕਿਉਂਕਿ ਇਹ ਇਕ ਵਿਸ਼ਾਲ ਜਨ-ਅੰਦੋਲਨ ਦਾ ਰੂਪ ਧਾਰਨ ਕਰ ਗਿਆ ਸੀ। ਇਸ ਅੰਦੋਲਨ ਦੌਰਾਨ ਬਹੁਤ ਸਾਰੀਆਂ ਕਵਿਤਾ, ਕਹਾਣੀ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ।
ਸਾਹਿਤ ਸਭਾਵਾਂ ਵਿਚ ਇਸ ਅੰਦੋਲਨ ਸੰਬੰਧੀ ਗੋਸ਼ਟੀਆਂ ਰਚਾਈਆਂ ਗਈਆਂ ਅਤੇ ਬਹੁਤ ਸਾਰੇ ਪ੍ਰਤੀਬੱਧ ਲੇਖਕਾਂ ਨੇ ਇਸ ਵਿਚ ਸਰਗਰਮ ਭੂਮਿਕਾ ਵੀ ਨਿਭਾਈ। ਅਜਿਹਾ ਹੋਣਾ ਸੁਭਾਵਿਕ ਸੀ ਕਿ ਕਿਉਂਕਿ ਮਨੁੱਖ ਆਪਣੇ ਆਲੇ-ਦੁਆਲੇ ਤੋਂ ਅਣਭਿੱਜ ਨਹੀਂ ਰਹਿ ਸਕਦਾ। ਅੰਦੋਲਨ ਦੌਰਾਨ ਬਹੁਤ ਸਾਰੇ ਸ਼ੁਭਚਿੰਤਕਾਂ ਅਤੇ ਹਮਦਰਦਾਂ ਨੇ ਉੱਥੇ ਜਾ ਕੇ ਤਰ੍ਹਾਂ-ਤਰ੍ਹਾਂ ਦੇ ਖਾਣ-ਪੀਣ ਅਤੇ ਪਹਿਨਣ ਵਾਲੀਆਂ ਵਸਤਾਂ ਦੇ ਲੰਗਰ ਲਗਾਉਣੇ ਸ਼ੁਰੂ ਕਰ ਦਿੱਤੇ। ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਸੰਘਰਸ਼ ਵਿਚ ਕੁੱਦੇ ਸਮਰਪਿਤ ਲੋਕਾਂ ਦੇ ਨਾਲ-ਨਾਲ, ਕੁਝ ਤਮਾਸ਼ਬੀਨ ਲੋਕ ਵੀ ਉੱਥੇ ਪਿਕਨਿਕ ਮਨਾਉਣ ਵਾਂਗ ਜਾਣ ਲੱਗੇ। ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਸੁਖਿੰਦਰ ਦਾ ਇਹ ਸੰਪਾਦਿਤ ਕਾਵਿ-ਸੰਗ੍ਰਹਿ 'ਅੰਦੋਲਨ ਮੇਲਾ ਨਹੀਂ ਹੁੰਦਾ' ਕਿਸਾਨ ਅੰਦੋਲਨ ਦੇ ਇਸ ਬਹੁ-ਪੱਖੀ ਅਤੇ ਬਹੁ-ਦਿਸ਼ਾਵੀ ਬਿਰਤਾਂਤ ਨੂੰ ਬੜੀ ਖ਼ੂਬਸੂਰਤੀ ਨਾਲ ਦ੍ਰਿਸ਼ਟੀਗੋਚਰ ਕਰਦਾ ਹੈ।ਇਸ ਪੁਸਤਕ ਵਿਚ ਉਨ੍ਹਾਂ ਨੇ ਆਸਟਰੇਲੀਆ, ਜਰਮਨੀ, ਇਟਲੀ, ਕੈਨੇਡਾ, ਯੂ. ਐੱਸ. ਏ. ਅਤੇ ਭਾਰਤ ਦੇ ਬਵੰਜਾ ਕਵੀਆਂ-ਕਵਿੱਤਰੀਆਂ ਦੀਆਂ ਸੌ ਕਾਵਿ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਸੰਪਾਦਨਾ, ਨਾਵਲ ਅਤੇ ਬਾਲ-ਸਾਹਿਤ ਦੇ ਰੂਪ ਵਿਚ ਅਠੱਤੀ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਵਿਚ ਰਚਨਾਵਾਂ ਸ਼ਾਮਿਲ ਕਰਦੇ ਸਮੇਂ ਵਿਚਾਰ ਅਤੇ ਮਿਆਰ ਨੂੰ ਪਹਿਲ ਦਿੱਤੀ ਹੈ। ਸਾਰੀ ਪੁਸਤਕ ਵਿਚ ਇਕ ਵੀ ਰਚਨਾ ਭਰਤੀ ਦੀ ਨਹੀਂ ਮਿਲਦੀ। ਇਸ ਵਡਮੁੱਲੀ ਦਸਤਾਵੇਜ਼ ਲਈ ਉਨ੍ਹਾਂ ਦੇ ਸਿਰੜ ਅਤੇ ਜਜ਼ਬੇ ਨੂੰ ਸਲਾਮ।
-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
ਭੁੱਲਿਆ ਪਿੰਡ ਗਰਾਂ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 272
ਸੰਪਰਕ : 98729-89313
'ਭੁੱਲਿਆ ਪਿੰਡ ਗਰਾਂ' ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਜਿਥੇ ਪੰਜਾਬੀ ਬੰਦੇ ਦੇ ਪ੍ਰਵਾਸ ਧਾਰਨ ਕਰਨ ਦੇ ਬਿਰਤਾਂਤ ਨੂੰ ਪੇਸ਼ ਕੀਤਾ ਹੈ, ਉਥੇ ਪਰਵਾਸ ਧਾਰਨ ਕਰਨ ਦੇ ਕਾਰਨਾਂ ਦੀ ਵੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ। ਭਾਵੇਂ ਨਾਵਲ ਗੈਰੀ ਦੀ ਮੌਤ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਰਹੱਸ ਪੂਰੇ ਨਾਵਲ ਵਿਚੋਂ ਬਣਿਆ ਰਹਿੰਦਾ ਹੈ ਪਰ ਸਕੌਟ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਲਦ ਤੋਂ ਜਲਦ ਇਸ ਦੀ ਮੌਤ ਦੇ ਰਹੱਸ ਤੋਂ ਪਰਦਾ ਲਾਹਿਆ ਜਾਵੇ। ਦੂਜੇ ਪਾਸੇ ਇਸ ਦੇ ਸਮਾਨੰਤਰ ਨਾਜਰ ਦੀ ਕਥਾ ਨਾਵਲੀ ਬਿਰਤਾਂਤ ਵਿਚ ਚਲਦੀ ਹੈ ਜੋ ਘਰੇਲੂ ਥੁੜ੍ਹਾਂ ਅਤੇ ਮਾੜੀ ਆਰਥਿਕ ਹਾਲਤ ਕਰਕੇ ਪਰਵਾਸ ਧਾਰਨ ਕਰਦਾ ਹੈ। ਪਰਵਾਸ ਦਾ ਹੇਰਵਾ ਸ਼ੇਰੇ ਦੇ ਮਿਲਣ ਨਾਲ ਉਸ ਦੀ ਮਾਨਸਿਕਤਾ ਵਿਚੋਂ ਘੱਟ ਹੁੰਦਾ ਹੈ ਅਤੇ ਉਸ ਦੀ ਮਦਦ ਨਾਲ ਉਹ ਕਾਰੋਬਾਰ ਵੀ ਸ਼ੁਰੂ ਕਰਦਾ ਹੈ ਤੇ ਫਿਰ ਆਪਣੀ ਪਤਨੀ ਪ੍ਰੀਤੋ ਨੂੰ ਵੀ ਵਿਦੇਸ਼ ਵਿਚ ਬੁਲਾ ਲੈਂਦਾ ਹੈ। ਪਾਕਿਸਤਾਨੀ ਦੋਸਤਾਂ ਦੀ ਸੰਗਤ ਨਾਵਲ ਵਿਚ ਪੰਜਾਬ ਦੀ ਸਾਂਝੀ ਰਹਿਤਲ ਬਾਰੇ ਜਾਣਕਾਰੀ ਪੇਸ਼ ਕਰਦੀ ਹੈ ਜੋ ਦੇਸ਼ ਵੰਡ ਤੋਂ ਪਹਿਲਾਂ ਸੀ। ਨਾਵਲ ਵਿਚ ਪਾਤਰ ਰੰਧਾਵੇ ਵਰਗਿਆਂ ਦਾ ਜੁਰਮ ਦੀ ਦੁਨੀਆ ਵਿਚ ਜਾਣਾ ਵੀ ਨਾਵਲੀ ਬਿਰਤਾਂਤ ਦੀ ਅਹਿਮ ਕੜੀ ਹੈ। ਪਰਵਾਸ ਦੌਰਾਨ ਇਹ ਪ੍ਰਵਾਸੀ ਜਿੰਨਾ ਆਰਥਿਕ ਤੌਰ 'ਤੇ ਮਜ਼ਬੂਤੀ ਹਾਸਲ ਕਰ ਲੈਂਦੇ ਹਨ ਤੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਾਰੋਬਾਰ ਵੀ ਸਥਾਪਿਤ ਕਰ ਲੈਂਦੇ ਹਨ ਪਰ ਇਨ੍ਹਾਂ ਦੀ ਅਗਲੀ ਪੀੜ੍ਹੀ ਸਥਾਪਿਤ ਕਦਰਾਂ-ਕੀਮਤਾਂ ਦੇ ਵਿਰੋਧ ਵਿਚ ਖਲੌਂਦੀ ਨਜ਼ਰ ਆਉਂਦੀ ਹੈ ਜੋ ਇਨ੍ਹਾਂ ਲਈ ਦੁਖਦਾਈ ਸਥਿਤੀ ਹੈ। ਨਾਵਲੀ ਬਿਰਤਾਂਤ ਨੂੰ 47 ਕਾਂਡਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਜਿਸ ਵਿਚ ਸਕੌਟ ਦੀ ਕਾਤਲ ਦੀ ਭਾਲ ਅਤੇ ਪੰਜਾਬੀਆਂ ਦੇ ਵਿਦੇਸ਼ ਵਸਣ ਦੇ ਵੇਰਵੇ ਵੀ ਬਰਾਬਰ ਚਲਦੇ ਹਨ। ਨਾਵਲ ਰੌਚਕ ਅਤੇ ਦਿਲਚਸਪ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c
ਰਾਤ
ਮੂਲ ਲੇਖਕ : ਐਲੀ ਵੀਜ਼ਲ
ਅਨੁ.: ਗੁਰਚਰਨ ਸਿੰਘ ਜੈਤੋ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 107
ਸੰਪਰਕ : 97794-26698
ਸੰਸਾਰ ਦੇ ਦੂਜੇ ਮਹਾਂਯੁੱਧ ਦੌਰਾਨ ਜਰਮਨੀ ਵਿਚ ਹੋਏ ਯਹੂਦੀਆਂ ਦੇ ਨਰ-ਸੰਘਾਰ ਦਾ ਦਰਦਨਾਕ ਦ੍ਰਿਸ਼ ਇਸ ਪੁਸਤਕ ਵਿਚ ਚਿਤਰਿਆ ਗਿਆ ਹੈ। ਲੇਖਕ ਐਲੀ ਵੀਜ਼ਲ ਦੀ ਉਮਰ ਉਸ ਸਮੇਂ ਕੇਵਲ 15 ਸਾਲਾਂ ਦੀ ਸੀ। ਜੰਗ ਦੌਰਾਨ ਉਸ ਨੇ ਖ਼ੁਦ ਖ਼ੌਫ਼ਨਾਕ ਤੇ ਅਣਮਨੁੱਖੀ ਤਸ਼ੱਦਦ ਵਾਲੇ ਕੈਂਪਾਂ ਵਿਚ ਭਿਆਨਕ ਵਕਤ ਬਿਤਾਇਆ। ਉਸ ਦਾ ਜਨਮ ਰੋਮਾਨੀਆ ਵਿਚ ਹੋਇਆ ਸੀ ਅਤੇ ਉਹ ਅਮਰੀਕਾ ਵਿਚ ਆ ਕੇ ਵਸ ਗਿਆ ਸੀ। ਉਹ ਜਰਮਨੀ ਦੇ ਨਜ਼ਰਬੰਦ ਕੈਂਪਾਂ ਵਿਚੋਂ ਕਿਸੇ ਤਰ੍ਹਾਂ ਬਚ ਕੇ ਆਇਆ ਸੀ। ਉਹ ਇਕ ਰਾਜਨੀਤਕ ਕੈਦੀ ਦੇ ਤੌਰ 'ਤੇ ਇਨ੍ਹਾਂ ਕੈਂਪਾਂ ਵਿਚ ਰਿਹਾ ਸੀ। ਅਮਰੀਕਾ ਆ ਕੇ ਉਹ ਇਨਸਾਨੀ ਹੱਕਾਂ ਲਈ ਲੜਦਾ ਰਿਹਾ। 1986 ਈ: ਵਿਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ।
ਇਸ ਪੁਸਤਕ ਵਿਚ ਲੇਖਕ ਨੇ ਜਿਸ ਕਰੁਣਾਮਈ ਸ਼ੈਲੀ ਵਿਚ ਲੜਾਈ ਵਿਚ ਹੋਏ ਹੈਵਾਨੀਅਤ ਦੇ ਨੰਗੇ ਨਾਚ ਦਾ ਜ਼ਿਕਰ ਕੀਤਾ ਹੈ, ਉਸ ਨੂੰ ਪੜ੍ਹ ਕੇ ਪਾਠਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਗੁਰਚਰਨ ਸਿੰਘ ਜੈਤੋ ਨੇ ਬੜੀ ਸੁਚੱਜਤਾ ਨਾਲ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਪਰ ਇਸ ਦੀ ਛਪਾਈ ਦੌਰਾਨ ਪਰੂਫ਼ ਰੀਡਿੰਗ ਅਤੇ ਹੋਰ ਗ਼ਲਤੀਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਏਨੀ ਮਹੱਤਵਪੂਰਨ ਕਿਤਾਬ ਨਾਲ ਬੇਇਨਸਾਫ਼ੀ ਹੋਈ ਮਹਿਸੂਸ ਹੁੰਦੀ ਹੈ। ਕਿਤਾਬ ਦੇ ਆਰੰਭ ਵਿਚ ਹੀ ਕਈ ਅਸ਼ੁੱਧੀਆਂ ਵੇਖਣ ਨੂੰ ਮਿਲਦੀਆਂ ਹਨ, ਜਿਵੇਂ 'ਇਨਸਾਨੀ ਹੱਕਾਂ' ਦੀ ਥਾਂ 'ਤੇ ਕਈ ਵਾਰ 'ਇਨਸਾਨੀ ਹੱਥਾਂ' ਦੀ ਵਰਤੋਂ ਕੀਤੀ ਗਈ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
c c c
ਕੱਚ ਦਾ ਅੰਬਰ
ਗਜ਼ਲਕਾਰ : ਅਨੂ ਬਾਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 80
ਸੰਪਰਕ : 94177-06558
ਹਥਲੀ ਗਜ਼ਲ ਪੁਸਤਕ ਪ੍ਰਸਿੱਧ ਗ਼ਜ਼ਲਕਾਰਾ ਅਨੂ ਬਾਲਾ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ ਇਸ ਪੁਸਤਕ ਵਿਚ ਸਾਢੇ ਕੁ ਪੰਜ ਦਰਜਣਾਂ ਗਜ਼ਲਾਂ ਹਨ ਜੋ ਕਿ ਨਾਰੀ ਮਨ ਦੀਆਂ ਤਸਵੀਰਾਂ ਹਨ। ਅਨੂ ਬਾਲਾ ਨੇ ਆਪਣੀਆਂ ਗ਼ਜ਼ਲਾਂ ਵਿਚ ਨਾਰੀ ਸੰਵੇਦਨਾਵਾਂ ਨੂੰ ਆਪਣੇ ਸ਼ਿਅਰਾਂ ਵਿਚ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ। ਅਨੂ ਗ਼ਜ਼ਲ ਸਿਰਜਦੀ ਨਹੀਂ, ਸਗੋਂ ਗ਼ਜ਼ਲ ਨੂੰ ਜਿਉਂਦੀ ਹੈ। ਇਹ ਸ਼ਿਅਰਾਂ ਦੇ ਅਕਸ ਵਿਚੋਂ ਆਪਣਾ ਅਕਸ ਲੱਭਦੀ ਹੈ। ਬਕੌਲ ਉਸ ਦੇ ਗ਼ਜ਼ਲ, ਉਸ ਦੇ ਅੰਦਰ-ਬਾਹਰ ਅਠਖੇਲੀਆਂ ਕਰਦੀ ਹੈ। ਗ਼ਜ਼ਲ ਉਸਦੀ ਮਾਂ, ਸਹੇਲੀ ਤੇ ਭੈਣ ਤੋਂ ਅਗਾਂਹ ਪ੍ਰੇਮ ਇਜ਼ਹਾਰ ਵੀ ਹੈ। ਨਾਜ਼ੁਕ ਜਿਹੇ ਸ਼ਿਅਰਾਂ ਵਿਚ ਇਹ ਸਖ਼ਤ ਮਸਲਿਆਂ ਨੂੰ ਤਰਾਸ਼ ਕੇ ਐਨ ਸੁਰ ਕਰ ਲੈਂਦੀ ਹੈ। ਗ਼ਜ਼ਲ ਉਸ ਦੀ ਧੜਕਨ ਅਤੇ ਉਸ ਦੇ ਹਿੱਸੇ ਦੀ ਮਿੱਟੀ ਦੀ ਮਹਿਕ ਹੈ। ਅਨੂ ਮਾਣ ਕਰਦੀ ਹੈ ਕਿ ਉਹ ਗ਼ਜ਼ਲਕਾਰ ਹੈ ਤੇ ਇਹੀ ਮਾਣ ਉਸ ਦੀ ਗ਼ਜ਼ਲ ਦਾ ਵੀ ਸਨਮਾਨ ਹੈ। ਬੇ-ਹੱਦ ਸਹਿਜ ਤੇ ਸੁਹਜ ਨਾਲ ਸ਼ਿਅਰ ਕਹਿਣ ਵਾਲੀ ਇਹ ਗ਼ਜ਼ਲਕਾਰਾ ਕਦੇ ਲਾਊਡ ਨਹੀਂ ਹੁੰਦੀ ਪਰ ਬਹੁਤ ਸਾਰੇ ਉਸ ਦੇ ਸ਼ਿਅਰ ਦਿਲ ਉੱਤੇ ਤ੍ਰੇੜਾਂ ਪਾ ਦਿੰਦੇ ਹਨ।
-ਉਹ ਚਰਚਾ ਸੀ ਮਹਾਂਯੁੱਧਾਂ ਦੀ ਕਰਦੇ,
ਮੈਂ ਅੰਦਰ ਵੀ ਬਦੀ ਸੰਗ ਲੜ ਰਹੀ ਸੀ।
ਜਦੋਂ ਲਿਖਦਾ ਸੀ ਤੂੰ ਅੰਬਰ 'ਤੇ ਕਵਿਤਾ,
ਮੈਂ ਧਰਤੀ ਦੀ ਹਕੀਕਤ ਪੜ੍ਹ ਰਹੀ ਸੀ।
ਅਨੂ ਬਾਲਾ ਦੀ ਗ਼ਜ਼ਲ ਵਿਚ ਸੰਸਾਰ ਪੱਧਰ ਦੀ ਚੇਤਨਾ ਅਤੇ ਪ੍ਰਸਤੁਤੀ ਹੈ:
ਇਹ ਕੈਸਾ ਦੌਰ ਹਰ
ਭਾਵਨਾ ਵਿਉਪਾਰ ਹੋਈ ਹੈ,
ਗਲੋਬਲ ਹਿਰਸ ਮੰਡੀ ਦਾ
ਹੀ ਬਸ ਵਿਸਤਾਰ ਹੋਈ ਹੈ।
ਉਹ ਔਰਤ ਦੇ ਸਬਰ 'ਚੋਂ ਸ਼ੁਕਰ ਭਾਲਦੀ ਕਹਿੰਦੀ ਹੈ :
ਠਰੇ ਮੌਸਮ 'ਚ ਮਘਦੇ
ਸੂਰਜਾਂ ਦੀ ਭਾਲ ਰੱਖਾਂਗੀ,
ਮੈਂ ਯੱਖ ਹੋ ਕੇ ਵੀ ਆਪਣੀ
ਤਰਲਤਾ ਸੰਭਾਲ ਰੱਖਾਂਗੀ।
ਔਰਤ ਦੇ ਖੰਭਾਂ ਵਰਗੀ ਖਾਹਿਸ਼ ਵਿਚ ਚੰਗੀ ਅਣੂ ਦੀ ਗ਼ਜ਼ਲ ਪਾਠਕ ਮਨ ਨੂੰ ਮੋਹ ਲੈਂਦੀ ਹੈ ਤੇ 'ਔਰਤ ਦੀ ਗੱਲ' ਬਣ ਕੇ ਪੇਸ਼ ਹੁੰਦੀ ਹੈ :
ਮੈਂ ਆਦਮ ਦੀ ਕਚਹਿਰੀ ਵਿਚ
ਅਹਿਮ ਮੁੱਦੇ ਉਠਾਵਾਂਗੀ,
ਕਲਮ ਦੀ ਨੋਕ 'ਤੇ ਹਵਾ ਦੇ
ਤਿੱਖੇ ਸੁਆਲ ਰੱਖਾਂਗੀ।
ਪੁਸਤਕ ਨੂੰ ਦਿਲ ਤੋਂ ਜੀ ਆਇਆਂ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਚਾਨਣ ਦੇ ਪ੍ਰਛਾਵੇਂ
ਲੇਖਕ : ਦਰਸ਼ਨ ਬੁਲੰਦਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 180
ਸੰਪਰਕ : 95011-45039
ਇੰਗਲੈਂਡ ਵਿਚ ਵਸਦਾ ਪੰਜਾਬੀ ਸ਼ਾਇਰ ਦਰਸ਼ਨ ਬੁਲੰਦਵੀ ਹਥਲੀ ਕਾਵਿ-ਕਿਤਾਬ 'ਚਾਨਣ ਦੇ ਪ੍ਰਛਾਵੇਂ' ਤੋਂ ਪਹਿਲਾਂ ਵੀ ਆਪਣੀਆਂ ਬਾਰ੍ਹਾਂ ਕਿਤਾਬਾਂ ਨਾਲ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ਼ ਨਹੀਂ। ਇਹ ਬੌਧਿਕ ਮੁਹਾਵਰੇ ਦਾ ਸ਼ਾਇਰ ਪਿਛਲੇ ਚਾਰ ਦਹਾਕਿਆਂ ਤੋਂ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਬੌਧਿਕ ਧੂਣੀ ਧੁਖਾਈ ਬੈਠਾ ਹੈ।ਵਾਈ.ਬੀ. ਯੀਟਸ ਆਖਦਾ ਹੈ ਕਿ ਜਦੋਂ ਤੁਸੀਂ ਦੂਸਰਿਆਂ ਨਾਲ ਲੜਦੇ ਹੋ ਤਾਂ ਫ਼ਜ਼ੂਲ ਦਾ ਕੰਮ ਕਰਦੇ ਹੋ ਤੇ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ। ਸੋ, ਇਹ ਸ਼ਾਇਰ ਆਪਣੇ-ਆਪ ਨਾਲ ਲੜਦਾ 'ਕਵਿਤਾ ਦੇ ਇਮਤਿਹਾਨ' ਵਿਚ ਪੈ ਗਿਆ ਹੈ। ਉਹ ਕਦੇ ਕਵਿਤਾ ਨੂੰ ਮੁਖਾਤਿਬ ਹੁੰਦਾ ਹੈ ਕਦੇ, ਕਵਿਤਾ ਕਵੀ ਨੂੰ ਮੁਖਾਤਿਬ ਹੁੰਦੀ ਹੈ ਤੇ ਸਾਰੇ ਫ਼ਿਕਰਾਂ ਦੀ ਫ਼ਿਕਰਮੰਦੀ ਲਈ ਉਹ ਕਵਿਤਾ ਵਿਚੋਂ ਠਾਹਰ ਭਾਲਦਾ ਹੈ ਤੇ ਦਰਬਾਰੀ ਕਵੀਆਂ ਦੀ ਮੋਮ ਦੀ ਕਲਮ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ, ਜੋ ਸਰਕਾਰੀ ਵਜ਼ੀਫ਼ੇ ਦੀ ਝਾਕ ਵਿਚੋਂ ਮੀਣੇ ਹੋ ਰਹੇ ਹਨ ਤੇ ਨਾਲ ਹੀ ਉਹ ਪਾਸ਼ ਦੀ ਨਜ਼ਮ 'ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ' ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਾ ਹੈ। ਜਿਸ ਨੂੰ ਸਮੇਂ ਦੀ ਸਰਕਾਰ ਨੇ ਸਿਲੇਬਸ ਵਿਚੋਂ ਮਨਫ਼ੀ ਕਰ ਦਿੱਤਾ ਹੈ, ਕਿਉਂਕਿ ਪਾਸ਼ ਸੱਤਾ ਦੀ ਟੀਰੀ ਅੱਖ ਵਿਚ ਕਸੀਰ ਵਾਂਗ ਰੜਕਦਾ ਹੈ। ਸ਼ਾਇਰ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਹੋਰ ਬਹੁ-ਅੱਯਾਮੀ ਫ਼ਿਕਰਮੰਦੀ ਨਾਲ ਦਸਤਪੰਜਾ ਤਾਂ ਲੈਂਦਾ ਹੀ ਹੈ ਪਰ ਵਿਸ਼ੇਸ਼ ਕਰਕੇ ਬਹੁ ਗਿਣਤੀ ਦੀ ਆੜ ਵਿਚ ਆਪਣੇ ਨਵੀਂ ਕਿਸਮ ਦੇ ਰਾਸ਼ਟਰਵਾਦ ਦੇ ਗੁਲਦਸਤੇ ਵਿਚ ਇਕੋ ਹੀ ਰੰਗ ਦੇ ਫੁੱਲ ਸਜਾਉਣਾ ਚਾਹੁੰਦਾ ਹੈ ਅਰਥਾਤ 'ਕੰਵਲ ਦੇ ਫੁੱਲ' ਨੂੰ ਹੀ ਗੁਲਦਸਤੇ ਵਿਚ ਸਜਾਉਣਾ ਚਾਹੁੰਦਾ ਹੈ ਅਤੇ ਕਾਰਪੋਰੇਟ ਦੀ ਕਠਪੁਤਲੀ ਬਣੀ ਭਗਵੇਂ ਬ੍ਰਿਗੇਡ ਦੀ ਸਰਕਾਰ ਜੋ ਅਸਾਡੀਆਂ ਜ਼ਮੀਨਾਂ 'ਤੇ ਕਿਸਾਨਾਂ ਨੂੰ ਘਸਿਆਰੇ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ ਦਾ ਚੌਰਾਹੇ ਦੇ ਭਾਂਡਾ ਭੰਨਦਾ ਹੈ। ਇਸੇ ਕਰਕੇ ਕਿਸਾਨੀ ਅੰਦੋਲਨ ਦੀ ਜਿੱਤ ਤੇ ਉਸ ਦੀ ਰੂਹ ਦਾ ਕੌਲ ਫੁੱਲ ਖਿੜ ਗਿਆ ਹੈ। ਮਮਤਾ ਦੀ ਮੂਰਤ ਮਾਂ ਬਾਰੇ ਲਿਖਦਿਆਂ ਉਹ ਯੂਨਾਨੀ ਸਿੱਖ ਨੂੰ ਸੱਚ ਕਰ ਦਿਖਾਉਂਦਾ ਹੈ ਕਿ ਖੁਦਾ ਹਰੇਕ ਘਰ ਵਿਚ ਤਾਂ ਜਾ ਨਹੀਂ ਸਕਦਾ। ਇਸ ਕਰਕੇ ਉਸ ਨੇ ਹਰੇਕ ਘਰ ਵਿਚ ਮਾਂ ਭੇਜ ਦਿੱਤੀ ਹੈ। ਮੁਨਾਫ਼ੇ ਦੀ ਮੰਡੀ ਵਿਚ ਜਿਥੇ ਬੰਦਾ ਇਕ ਵਸਤ ਅਤੇ ਚੀਜ਼ ਬਣ ਕੇ ਰਹਿ ਗਿਆ ਹੈ ਦਾ ਖੁਰਦਬੀਨੀ ਅੱਖ਼ ਨਾਲ ਸਕੈਨਿੰਗ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਨੂੰ ਜੇ ਪੁਣ ਲਿਆ ਜਾਵੇ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਪਦਾਰਥਕ ਰੱਜ ਤੇ ਰੂਹ ਦਾ ਰੱਜ, ਦੇਸੀ ਅਤੇ ਪਰਦੇਸੀ ਹੋਣ ਵਿਚ ਤ੍ਰਿਸ਼ੰਕੂ ਬਣਿਆ ਹੋਇਆ ਹੈ ਤੇ ਇਸ ਚੱਕਰਵਿਯੂ ਵਿਚੋਂ ਨਿਕਲਣ ਲਈ ਕਾਵਿ-ਸਿਲਮ ਤੇ ਕਾਵਿ-ਚਿੰਤਨ ਦੀ ਲੱਜ ਪਾਲਦਾ ਨਜ਼ਰ ਆਉਂਦਾ ਹੈ। ਥਾਂ-ਥਾਂ ਸੂਰਜ ਤੇ ਚਾਨਣ ਸ਼ਬਦ ਦੀ ਚਿੰਹਨਦੀ ਭਾਸ਼ਾ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਸਿਆੜ ਦਾ ਪੱਤਣ
ਸੰਪਾਦਕੀ ਮੰਡਲ : ਰੂਪ ਲਾਲ ਰੂਪ, ਪ੍ਰੋ. ਹਰਦੀਪ ਰਾਜਾ ਰਾਮ, ਖ਼ੁਸ਼ੀ ਮੁਹੰਮਦ ਚੱਠਾ, ਹਰਵਿੰਦਰ ਸਿੰਘ ਸਾਬੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਆਦਮਪੁਰ ਦੁਆਬਾ
ਮੁੱਲ : 350 ਰੁਪਏ, ਸਫ਼ੇ : 196
ਸੰਪਰਕ : 94652-29722
'ਸਿਆੜ ਦਾ ਪੱਤਣ' (ਕਾਵਿ ਸੰਗ੍ਰਹਿ) ਪੁਸਤਕ ਪੰਜਾਬੀ ਸਾਹਿਤ ਸਭਾ ਆਦਮਪੁਰ ਦੁਆਬਾ (ਰਜਿ.) ਦਾ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਪੁਸਤਕ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ। ਇਨ੍ਹਾਂ ਦੇ ਵਲੋਂ ਪਹਿਲਾਂ 'ਕਾਵਿ ਰਿਸ਼ਮਾ' ਨਾਂਅ ਦੀ ਪੁਸਤਕ ਵੀ ਛਾਪੀ ਗਈ ਹੈ। ਇਹ ਪੁਸਤਕ ਕਿਉਂਕਿ ਸਾਂਝਾ ਕਾਵਿ ਸੰਗ੍ਰਹਿ ਹੈ, ਜਿਸ ਨੂੰ ਇਕ ਜੇਕਰ ਪੁਸਤਕ ਰੂਪੀ ਗੁਲਦਸਤਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਪੁਸਤਕ ਵਿਚ ਵੱਖ-ਵੱਖ ਸ਼ਖ਼ਸੀਅਤਾਂ (ਲੇਖਕਾਂ) ਦੀਆਂ ਕਿਸਾਨ ਅੰਦੋਲਨ ਪ੍ਰਤੀ ਕਵਿਤਾਵਾਂ ਦਰਜ ਹਨ ਅਤੇ ਇਨ੍ਹਾਂ ਦੇ ਲੇਖਕਾਂ ਨੇ ਆਪਣੇ ਦਿਲ ਦੇ ਵਲਵਲਿਆਂ ਨੂੰ ਆਪਣੀ ਅੰਦਰਲੀ ਆਵਾਜ਼ ਦਾ ਹਾਮੀ ਬਣ ਕੇ ਕਵਿਤਾ ਦਾ ਜੋ ਰੂਪ ਦਿੱਤਾ ਹੈ, ਉਹ ਸ਼ਲਾਘਾਯੋਗ ਹੈ। ਪੁਸਤਕ ਦੇ ਸ਼ੁਰੂ ਵਿਚ ਰੂਪ ਲਾਲ ਰੂਪ ਨੇ 'ਅੰਦਰਲੀ ਗੱਲ' ਦੇ ਸਿਰਲੇਖ ਅਧੀਨ ਜੋ ਗੱਲਾਂ ਕਹੀਆਂ ਹਨ ਉਨ੍ਹਾਂ ਵਿਚ ਇਸ ਸੰਘਰਸ਼ ਦੀ ਸਮੁੱਚੀ ਕਹਾਣੀ ਸਿਰਜ ਦਿੱਤੀ ਹੈ। ਉਨ੍ਹਾਂ ਨੇ ਤਾਰੀਖਾਂ ਦੇ ਕੇ ਹਰ ਗੱਲ ਨੂੰ ਬਹੁਤ ਹੀ ਸੋਹਣੀ ਤਰ੍ਹਾਂ ਸਪੱਸ਼ਟ ਕੀਤਾ ਹੈ, ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਅੱਖੀਂ ਨਹੀਂ ਵੇਖਿਆ ਜਾਂ ਸੁਣਿਆ, ਪੜ੍ਹਿਆ ਨਹੀਂ ਉਹ ਰੂਪ ਲਾਲ ਰੂਪ ਵਲੋਂ ਲਿਖੀ ਲਿਖਤ ਨੂੰ ਜ਼ਰੂਰ ਪੜ੍ਹਨ। ਇਸ ਦੇ ਨਾਲ ਹੀ ਪ੍ਰੋ. ਹਰਦੀਪ ਰਾਜਾ ਰਾਮ ਨੇ ਵੀ ਪੁਸਤਕ ਦੇ ਸ਼ੁਰੂ ਵਿਚ 'ਕਿਸਾਨ ਅੰਦੋਲਨ-ਇਕ ਨਜ਼ਰ' ਦੇ ਸਿਰਲੇਖ ਅਧੀਨ ਥੋੜ੍ਹੇ ਹੀ ਸ਼ਬਦਾਂ ਦੇ ਵਿਚ ਕਿਸਾਨੀ ਸੰਘਰਸ਼ ਦੀ ਇਕ ਫ਼ਿਲਮ ਦੀ ਤਰ੍ਹਾਂ ਝਾਤੀ ਮਰਵਾ ਦਿੱਤੀ ਹੈ। ਕੁਝ ਸੱਚਾਈ ਨੂੰ ਬਿਆਨ ਕਰਦੀਆਂ ਗੱਲਾਂ ਨੂੰ ਲਿਖ ਕੇ ਅਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਬਾਰੇ ਬਹੁਤੇ ਲੋਕਾਂ ਨੂੰ ਸ਼ਾਇਦ ਗਿਆਨ ਨਾ ਹੋਵੇ। ਪੁਸਤਕ ਵਿਚ ਖੇਤਾਂ ਦੀ ਗੰਡ ਦੇ ਵਰੰਟ ਆ ਰਹੇ ਨੇ, ਸਾਡੀਆਂ ਪੈਲੀਆਂ, ਖੇਤਾਂ ਦਾ ਰਾਜਾ, ਅੰਨਦਾਤੇ ਨੂੰ ਮਾਰੋ ਨਾ, ਕਿਸਾਨੀ ਪੈਂਤੀ ਅੱਖਰੀ, ਤੇਰੀ ਖ਼ੈਰ ਨਹੀਂ, ਹੱਕਾਂ ਦੀ ਜੰਗ, ਝੰਡਾ ਕਿਸਾਨੀ ਦਾ, ਤੂੰ ਮੰਨ ਜਾ ਦਿੱਲੀਏ ਆਦਿ ਕਵਿਤਾਵਾਂ ਕਾਬਲੇ ਤਾਰੀਫ਼ ਹਨ। ਇਸ ਤੋਂ ਇਲਾਵਾ ਪੁਸਤਕ 'ਚ ਦਰਜ ਸਾਰੀਆਂ ਹੀ ਕਵਿਤਾਵਾਂ ਦੇ ਲੇਖਕ ਵੀ ਵਧਾਈ ਦੇ ਪਾਤਰ ਹਨ। ਜਿਸ ਨੇ ਅੱਖੀਂ ਇਹ ਕਿਸਾਨੀ ਅੰਦੋਲਨ ਵੇਖਿਆ ਹੈ, ਉਸ ਦੀਆਂ ਅੱਖਾਂ ਅੱਗੇ ਕਿਤਾਬ ਪੜ੍ਹਦੇ-ਪੜ੍ਹਦੇ ਸਾਰੇ ਦ੍ਰਿਸ਼ ਘੁੰਮਦੇ ਹਨ। ਇਹ ਪੁਸਤਕ ਸਾਂਭਣਯੋਗ ਹੈ ਅਤੇ ਅਗਲੀਆਂ ਪੀੜ੍ਹੀਆਂ ਦੇ ਲਈ ਵੀ ਇਹ ਪੁਸਤਕ ਸੇਧ ਦਾ ਕੰਮ ਦੇਵੇਗੀ। ਪੁਸਤਕ ਵਿਚ 82 ਵੱਖ-ਵੱਖ ਲੇਖਕਾਂ ਦੀਆਂ ਕਵਿਤਾਵਾਂ ਹਨ।
-ਬਲਵਿੰਦਰ ਸਿੰਘ ਸੋਢੀ ਮੀਰ ਹੇੜੀ
-ਮੋਬਾਈਲ : 092105-88990
ਜਾਦੂ ਦਾ ਚਿਰਾਗ
ਲੇਖਕ : ਗਿਰੀਸ਼ ਪੰਕਜ
ਅਨੁਵਾਦਕ : ਕੇ. ਐਲ.ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 250 ਰੁਪਏ, ਸਫੇ : 168
ਸੰਪਰਕ : 94635-37050
ਵਿਅੰਗ ਨਾਵਲ ਬਹੁਤ ਘੱਟ ਲਿਖੇ ਗਏ ਹਨ। ਹਿੰਦੀ ਦੇ ਉਘੇ ਵਿਅੰਗਕਾਰ ਗਰੀਸ਼ ਪੰਕਜ ਦੇ ਨਾਵਲ ਬਹੁਤ ਪੜ੍ਹੇ ਜਾਂਦੇ ਹਨ। 'ਮਾਫੀਆ' ਅਤੇ 'ਮਿਠਲਬਰਾ' ਨਾਵਲਾਂ ਤੋਂ ਬਾਅਦ 'ਜਾਦੂ ਦਾ ਚਿਰਾਗ' ਪਾਠਕਾਂ ਨੂੰ ਹੋਰ ਵੀ ਪਸੰਦ ਆਇਆ। ਪੰਜਾਬੀ ਦੇ ਜਾਣੇ-ਪਛਾਣੇ ਨਾਵਲਕਾਰ, ਕਹਾਣੀਕਾਰ, ਸੰਪਾਦਕ, ਵਿਅੰਗਕਾਰ ਤੇ ਅਨੁਵਾਦਕ ਕੇ.ਐਲ. ਗਰਗ ਨੇ ਬੜੀ ਮਿਹਨਤ ਨਾਲ 'ਜਾਦੂ ਦਾ ਚਿਰਾਗ' ਦਾ ਪੰਜਾਬੀ ਵਿਚ ਅਨੁਵਾਦ ਕਰਕੇ ਆਪਣੀ ਵਿਅੰਗਕਾਰੀ ਦੀ ਜਾਦੂਗਰੀ ਕਰ ਦਿਖਾਈ ਹੈ। ਦੋਵੇਂ ਭਾਸ਼ਾਵਾਂ ਦੇ ਲੇਖਕਾਂ ਦਾ ਵੱਡਾ ਨਾ ਹੋਣ ਕਾਰਨ, ਪੰਜਾਬੀ ਵਿਚ ਅਜਿਹੀ ਨਿਵੇਕਲੀ ਰਚਨਾ ਦਾ ਪੰਜਾਬੀ ਵਿਚ ਅਨੁਵਾਦ ਹੋਣਾ, ਆਪਣੇ-ਆਪ ਸਲਾਹਉਣਯੋਗ ਉੱਦਮ ਹੈ। ਅਨੁਵਾਦ ਦੀ ਡੂੰਘੀ ਮੁਹਾਰਤ ਹੋਣ ਕਾਰਨ ਕੇ. ਐਲ. ਗਰਗ ਨੂੰ ਭਾਰਤੀ ਸਾਹਿਤ ਅਕਾਦਮੀ (ਦਿੱਲੀ) ਵਲੋਂ 2018 'ਚ ਉੱਤਮ ਅਨੁਵਾਦਕ ਦਾ ਪੁਰਸਕਾਰ ਵੀ ਮਿਲ ਚੁੱਕਿਆ ਹੈ। ਅਨੁਵਾਦਿਤ 'ਸੁਨਹਿਰੀ ਟਹਿਣੀ' ਸਰ ਜੇਮਜ਼ ਜਾਰਜ ਫਰੇਜ਼ਰ ਦੀ ਵੱਡ ਅਕਾਰੀ ਪੁਸਤਕ ਇਸ ਦਾ ਪ੍ਰਮਾਣ ਬਣ ਗਈ। ਖ਼ੈਰ ਗਰਗ ਸਾਹਿਬ ਉਂਜ ਵੀ ਗਾਗਰ 'ਚ ਸਾਗਰ ਭਰਨ ਦੇ ਮਾਹਿਰ ਹਨ। ਹਥਲੀ ਰੀਵਿਊ ਅਧੀਨ ਪੁਸਤਕ ਬਾਰੇ ਸਪੱਸ਼ਟ ਹੈ। ਨਾਵਲਕਾਰ ਗਿਰੀਸ਼ ਪੰਕਜ ਨੇ ਇਕ ਰੌਚਕ ਕਲਪਨਾ ਕੀਤੀ ਹੈ। ਇਕ ਪੱਤਰਕਾਰ ਰਾਮ ਭਰੋਸੇ ਨੂੰ ਇਕ ਕਬਾੜੀ ਤੋਂ ਇਕ ਪੁਰਾਣਾ ਚਿਰਾਗ ਮਿਲ ਜਾਂਦਾ ਹੈ ਜੋ ਕਾਫ਼ੀ ਪੁਰਾਣਾ ਹੈ ਤੇ ਅਲਾਦੀਨ ਦੇ ਚਿਰਾਗ ਵਰਗਾ। ਉਸ ਚਿਰਾਗ 'ਚੋਂ ਜਿੰਨ ਨੂੰ ਉਭਾਰ ਕੇ ਨਾਵਲਕਾਰ ਆਪਣੀ ਨਾਵਲ ਜਾਦੂਗਰੀ ਕਰਕੇ ਸਮਾਜ 'ਚ ਵਾਪਰ ਰਹੇ ਭ੍ਰਿਸ਼ਟਾਚਾਰ ਅਤੇ ਨਿੰਦਣਯੋਗ ਘਟਨਾਵਾਂ ਦਾ ਪਰਦਾ ਨੰਗਾ ਕਰਕੇ, ਵਿਅੰਗ ਕੱਸਦਾ ਹੈ। ਜਦੋਂ ਕਿ ਖੁਦ ਵਿਅੰਗਕਾਰ ਵਿਗਿਆਨਕ ਸੋਚ ਦਾ ਧਾਰਨੀ ਹੈ ਪ੍ਰੰਤੂ ਸਾਹਿਤਕਾਰੀ ਰਾਹੀਂ ਸੱਚ ਨੂੰ ਯਥਾਰਥਿਕ ਵਿਧੀ ਰਾਹੀਂ ਅਭੀਵਿਅਕਤ ਕਰ ਕੇ ਅਲਾਦੀਨ ਦੇ ਲੈਂਪ ਵਰਗੀ ਚਮਤਕਾਰੀ ਕਰਨਾ ਹੀ ਇਸ ਨਾਵਲ ਦੀ ਵਿਸ਼ੇਸ਼ਤਾ ਹੈ। ਨਾਵਲ ਦੇ ਮੁੱਖ ਪਾਤਰ ਰਾਮ ਭਰੋਸੇ ਰਾਹੀਂ ਸਮਾਜ ਦੇ ਵਿਭਿੰਨ ਖੇਤਰਾਂ ਵਿਚ ਕਾਰਜਸ਼ੀਲ ਨਕਲੀ ਲੋਕਾਂ ਦੇ ਅਸਲੀ ਚਿਹਰੇ ਨੰਗੇ ਕਰਨ ਦਾ ਕਾਰਜ ਪਾਠਕ ਨੂੰ ਭਾਉਂਦਾ ਹੈ। ਅਨੁਵਾਦਕ ਨੇ ਮਾਂ-ਬੋਲੀ ਪੰਜਾਬੀ ਦੇ ਸੁਭਾਅ ਅਨੁਸਾਰ ਰਚਨਾ ਨੂੰ ਢਾਲ ਕੇ ਨਵਾਂ ਵਾਧਾ ਕੀਤਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900.
ਮੌਲੀ ਦੀਆਂ ਤੰਦਾਂ
ਨਿਬੰਧਕਾਰ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 390 ਰੁਪਏ, ਸਫ਼ੇ : 165
ਸੰਪਰਕ : 098728-98599
ਪਰਮਜੀਤ ਕੌਰ ਸਰਹਿੰਦ ਪਿਛਲੇ ਲਗਪਗ ਡੇਢ ਦਹਾਕੇ ਤੋਂ ਸਾਹਿਤ ਦੇ ਖੇਤਰ ਵਿਚ ਸਰਗਰਮ ਹੈ। ਉਸ ਨੇ ਵਧੇਰੇ ਕਰਕੇ ਪੰਜਾਬੀ ਸੱਭਿਆਚਾਰ ਬਾਰੇ ਲਿਖਿਆ ਹੈ। ਉਸ ਦੀਆਂ ਪ੍ਰਕਾਸ਼ਿਤ 18 ਮੌਲਿਕ ਪੁਸਤਕਾਂ ਵਿਚ ਚਾਰ ਕਾਵਿ ਸੰਗ੍ਰਹਿ, ਛੇ ਨਿਬੰਧ ਸੰਗ੍ਰਹਿ, ਇਕ-ਇਕ ਗ਼ਜ਼ਲ ਸੰਗ੍ਰਹਿ, ਸਫ਼ਰਨਾਮਾ, ਖੋਜ ਪੁਸਤਕ, ਲੋਕ-ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਸਵੈਜੀਵਨੀ ਅਤੇ ਜੀਵਨੀ ਦੀਆਂ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਉਸ ਨੇ ਇਕ-ਇਕ ਨਿਬੰਧ ਸੰਗ੍ਰਹਿ ਅਤੇ ਕਾਵਿ ਸੰਗ੍ਰਹਿ ਦਾ ਸੁਚੱਜਾ ਸੰਪਾਦਨ ਵੀ ਕੀਤਾ ਹੈ।
'ਮੌਲ਼ੀ ਦੀਆਂ ਤੰਦਾਂ' ਉਸ ਦਾ ਇਸੇ ਸਾਲ (2022 ਵਿਚ) ਪ੍ਰਕਾਸ਼ਿਤ ਨਵੀਨਤਮ ਨਿਬੰਧ ਸੰਗ੍ਰਹਿ ਹੈ, ਜਿਸ ਵਿਚ 36 ਨਿਬੰਧ ਹਨ। ਇਨ੍ਹਾਂ ਵਿਚ ਭੂਮਿਕਾ (ਜੀਵਨ ਦੇ ਰੰਗ) ਅਤੇ ਅੰਤਿਕਾ (ਮੈਂ ਅਤੇ ਮੇਰੀ ਸਿਰਜਣਾ) ਵੀ ਸ਼ਾਮਿਲ ਹਨ।
ਲੇਖਕਾ ਪ੍ਰਕਿਰਤੀ ਨੂੰ ਪਰਿਵੇਸ਼ ਵਿਚ ਰੱਖ ਕੇ ਬੇਚੈਨੀ, ਉਦਾਸੀ, ਅਸੰਤੁਸ਼ਟਤਾ, ਉਦਰੇਵੇਂ ਅਤੇ ਵਿਸੰਗਤੀ ਦੀ ਬਾਤ ਪਾਉਂਦੀ ਹੈ। ਆਧੁਨਿਕ ਮਨੁੱਖ ਦੇ ਜੀਵਨ ਵਿਚ ਸਭ ਕੁਝ ਹੀ ਸਤਹੀ, ਓਪਰਾ ਤੇ ਬਨਾਉਟੀ ਹੈ। ਜੀਵਨ ਦੀਆਂ ਉਲਝੀਆਂ ਤਾਣੀਆਂ- ਪੇਟੀਆਂ ਵਿਚੋਂ ਨਿਰਲੇਪ ਰਹਿ ਕੇ ਬੀਬਾ ਪਰਮਜੀਤ ਨੇ ਅਤੀਤ ਦੀਆਂ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪੁਸਤਕ ਵਿਚਲੇ ਸਾਰੇ ਨਿਬੰਧ ਲੇਖਕਾਂ ਦੀਆਂ ਹੱਡਬੀਤੀਆਂ ਨੂੰ ਤਾਜ਼ਾ ਕਰਦੇ ਹਨ। ਇਨ੍ਹਾਂ ਛੋਟੇ-ਛੋਟੇ ਲੇਖਾਂ ਵਿਚ ਜੀਵਨ ਦੇ ਦੁੱਖਾਂ-ਸੁੱਖਾਂ, ਤੰਗੀਆਂ-ਤੁਰਸ਼ੀਆਂ, ਰੀਝਾਂ-ਸੱਧਰਾਂ, ਸੁਪਨਿਆਂ-ਅਕਾਂਖਿਆਵਾਂ ਦਾ ਭਰਪੂਰ ਤੇ ਭਾਵਪੂਰਤ ਵਰਣਨ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਵੀ ਉਸ ਦੇ ਵਹਿਣ ਵਿਚ ਵਹਿ ਜਾਂਦਾ ਹੈ। ਪੁਸਤਕ ਵਿਚ ਦਰਜ ਰਚਨਾਵਾਂ ਨਿਬੰਧ ਦੇ ਨਾਂਅ ਹੇਠ ਲਿਖੀਆਂ ਗਈਆਂ ਹਨ, ਪਰ ਇਨ੍ਹਾਂ ਵਿਚੋਂ ਕਹਾਣੀਆਂ ਵਰਗਾ ਆਨੰਦ ਆਉਂਦਾ ਹੈ। ਇਨ੍ਹਾਂ ਨਿਬੰਧਾਂ ਵਿਚਲੀਆਂ ਘਟਨਾਵਾਂ ਭਾਵੇਂ ਲੇਖਕਾ ਦੇ ਨਿੱਜ ਨਾਲ ਜੁੜੀਆਂ ਹੋਈਆਂ ਹਨ, ਪਰ ਪਾਠਕਾਂ ਨੂੰ ਵੀ ਇਹ ਸਰਸ਼ਾਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਹੋਰਨਾਂ ਨਿਬੰਧਾਂ ਦੇ ਨਾਲ-ਨਾਲ ਇਸ ਵਿਚ ਪੰਜਾਬੀ ਦੇ ਸਮਰੱਥ ਕਥਾਕਾਰ ਪ੍ਰੇਮ ਗੋਰਖੀ ਬਾਰੇ ਵੀ ਇਕ ਨਿਬੰਧ ਹੈ, 'ਸੋਨੇ ਦੇ ਭਾਂਡਿਆਂ ਵਾਲਾ ਗੋਰਖੀ'। ਦੋ ਨਿਬੰਧ ਕਿਸਾਨੀ ਅੰਦੋਲਨ ਬਾਰੇ ਹਨ।ਅੰਤਿਕਾ ਵਾਲੇ ਲੇਖ ਵਿਚ ਲੇਖਕਾ ਦੀ ਜ਼ਿੰਦਗੀ, ਸ਼ਖ਼ਸੀਅਤ ਅਤੇ ਸਾਹਿਤ-ਸਿਰਜਣਾ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ ਕਿ ਦਸਵੀਂ ਪਾਸ ਇਕ ਘਰੇਲੂ ਔਰਤ ਨੇ ਏਨੀ ਗਿਣਤੀ ਵਿਚ ਸਾਹਿਤ ਰਚਨਾ ਕੀਤੀ, ਜਿਸ ਦੀ ਇਕ ਪੁਸਤਕ (ਖੋਜ ਕਾਰਜ- 'ਬਦਲ ਰਿਹਾ ਮੇਰਾ ਪਿੰਡ') ਪੰਜਾਬੀ ਯੂਨੀਵਰਸਿਟੀ ਪਟਿਆਲਾ (2016 ਵਿੱਚ) ਨੇ ਪ੍ਰਕਾਸ਼ਿਤ ਕੀਤੀ ਹੈ। ਆਪਣੇ ਜਵਾਨ-ਜਹਾਨ ਇਕਲੌਤੇ ਪੁੱਤਰ ਦੇ ਸਦੀਵੀ ਵਿਛੋੜੇ ਤੋਂ ਬਾਅਦ ਵੀ ਲੇਖਕਾ ਨੇ ਹੌਸਲਾ ਨਹੀਂ ਹਾਰਿਆ ਤੇ ਉਹ ਨਿਰੰਤਰ ਸਾਹਿਤ ਸੇਵਾ ਨਾਲ ਜੁੜੀ ਹੋਈ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.
ਪਨਾਹ
ਲੇਖਕ : ਸੁਰਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 99157-97823
ਪੁਸਤਕ ਦੀ ਕਹਾਣੀ ਕਿ ਫ਼ੌਜੀ ਦੀ ਆਪ-ਬੀਤੀ ਕਥਾ ਹੈ। ਉਸ ਨੇ ਆਪਣੀ ਕਹਾਣੀ ਲੇਖਕ ਨੂੰ ਸੁਣਾਈ ਅਤੇ ਲੇਖਕ ਨੇ ਇਸ ਬਿਰਤਾਂਤ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਦਿੱਤਾ। ਕਹਾਣੀ ਦਾ ਨਾਇਕ, ਸ਼ਸ਼ੀ ਚੌਧਰੀ, ਅਮਨ ਦਾ ਮੁਤਲਾਸ਼ੀ ਸੀ ਪਰ ਉਹ ਜੰਗ ਦਾ ਸ਼ਿਕਾਰ ਹੋ ਗਿਆ। ਉਸ ਨੇ ਪੂਰੀ ਦੁਨੀਆ ਨੂੰ ਜੰਗ ਅਤੇ ਉਸ ਦੇ ਭਿਆਨਕ ਨਤੀਜਿਆਂ ਤੋਂ ਮੁਕਤ ਕਰਾਉਣ ਦਾ ਸੰਕਲਪ ਕੀਤਾ ਹੋਇਆ ਸੀ ਪਰ ਉਹ ਆਪ ਹੀ ਉਸ ਅੱਗ ਦੀ ਲਪੇਟ ਵਿਚ ਆ ਗਿਆ। ਦੂਜੇ ਸੰਸਾਰ ਯੁੱਧ ਸਮੇਂ ਸ਼ਸ਼ੀ ਨੂੰ ਅੰਗਰੇਜ਼ ਹਕੂਮਤ ਵੋਲੰ ਮਿਸਰ, ਲੀਬੀਆ, ਅਲਜੀਰੀਆ, ਤੁਨੀਸੀਆ ਆਦਿ ਵੱਲ ਲੜਾਈ ਲਈ ਭੇਜਿਆ ਗਿਆ। ਇਕ ਥਾਂ 'ਤੇ ਉਹ ਜੰਗੀ ਕੈਦੀ ਬਣ ਗਿਆ ਅਤੇ ਉਸ ਨੂੰ ਇਟਲੀ ਭੇਜ ਦਿੱਤਾ ਗਿਆ। ਇਕ ਕੈਂਪ ਵਿਚੋਂ ਸ਼ਸ਼ੀ ਅਤੇ ਉਸ ਦੇ ਸਾਥੀ ਭੱਜ ਨਿਕਲੇ। ਜਦੋਂ ਉਹ ਬਚਦੇ ਬਚਾਉਂਦੇ, ਭੁੱਖੇ ਤਿਹਾਏ ਇਕ ਜੰਗਲ ਵਿਚੋਂ ਗੁਜ਼ਰ ਰਹੇ ਸਨ ਤਾਂ ਇਕ ਈਸਾਈ ਪਾਦਰੀ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਅਤੇ ਭੋਜਨ ਦਿੱਤਾ। ਜਿਥੇ ਕੁਝ ਲੋਕ ਨਫ਼ਰਤ ਦੀ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਉਥੇ ਹੀ ਹਿਟਲਰ, ਮੁਸੋਲਿਨੀ ਵਰਗੇ ਲੋਕ ਮਨੁੱਖਤਾ ਦਾ ਘਾਣ ਕਰਦੇ ਹਨ। ਆਮ ਲੋਕ ਤਾਂ ਅਮਨਪਸੰਦ ਹੁੰਦੇ ਹਨ। ਸ਼ਸ਼ੀ ਜਜ਼ਬਾਤੀ ਅਤੇ ਆਦਰਸ਼ਵਾਦੀ ਹੈ। ਉਸ ਨੇ ਪੂਰੀ ਦੁਨੀਆ ਦਾ ਦਰਦ ਆਪਣੇ ਸੀਨੇ ਵਿਚ ਸਮੋਇਆ ਹੋਇਆ ਹੈ। ਆਖ਼ਰ ਉਸ ਦੀ ਰਿਹਾਈ ਹੁੰਦੀ ਹੈ ਤਾਂ ਉਹ ਫ਼ੌਜੀ ਨੌਕਰੀ ਤਿਆਗ਼ ਕੇ ਸਮਾਜ ਦੇ ਭਲੇ ਲਈ ਕੰਮ ਕਰਦਾ ਹੈ। ਭਾਰਤ ਆਜ਼ਾਦ ਹੋ ਜਾਂਦਾ ਹੈ ਤਾਂ ਸਰਕਾਰ ਵਲੋਂ ਉਸ ਨੂੰ ਮੁੜ ਫ਼ੌਜੀ ਨੌਕਰੀ ਦੀ ਪੇਸ਼ਕਸ਼ ਹੁੰਦੀ ਹੈ ਪਰ ਉਹ ਠੁਕਰਾ ਦਿੰਦਾ ਹੈ। ਉਹ ਆਜ਼ਾਦ ਰਹਿ ਕੇ ਸੱਚ ਦੀ ਤਲਾਸ਼ ਵਿਚ ਜੁਟ ਜਾਂਦਾ ਹੈ। ਉਹ ਸਾਰੀ ਦੁਨੀਆ ਨੂੰ ਆਪਣਾ ਪਰਿਵਾਰ ਸਮਝਦਾ ਹੈ ਅਤੇ ਦੇਸ਼ ਭਗਤੀ ਦੇ ਸੀਮਤ ਪਿਆਰ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਨੂੰ ਆਪਣੇ ਪਿਆਰ ਕਲਾਵੇ ਵਿਚ ਲੈਣਾ ਚਾਹੁੰਦਾ ਹੈ। ਉਹ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਝਗੜਿਆਂ, ਨਹਿਰਾਂ ਦੇ ਪਾਣੀਆਂ ਦੀਆਂ ਸਮੱਸਿਆਵਾਂ, ਕਸ਼ਮੀਰ ਦੀ ਲੜਾਈ ਆਦਿ ਬਾਰੇ ਚਿੰਤਿਤ ਹੈ। ਲੇਖਕ ਨੇ ਇਕ ਸੰਵੇਦਨਸ਼ੀਲ ਮਨੁੱਖ ਦਾ ਚਿਤਰਣ ਕਰ ਕੇ ਸਾਡੀ ਚੇਤਨਾ ਨੂੰ ਜਗਾਉਣ ਦਾ ਉਪਰਾਲਾ ਕੀਤਾ ਹੈ। ਉਸ ਦਾ ਇਹ ਉੱਦਮ ਸ਼ਲਾਘਾਯੋਗ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
c c c
ਗਾਥਾ ਪੁਰਖਿਆਂ ਦੀ
ਲੇਖਕ : ਜਥੇਦਾਰ ਤੋਤਾ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 300 ਰੁਪਏ, ਸਫ਼ੇ 254
ਸੰਪਰਕ : 98762-00541
ਇਸ ਹਥਲੀ ਪੁਸਤਕ ਵਿਚ ਜਥੇ: ਤੋਤਾ ਸਿੰਘ ਨੇ ਨਾ ਸਿਰਫ ਆਪਣੇ ਪੁਰਖਿਆਂ ਦੇ ਵਰੋਸਾਏ ਦੋ ਪਿੰਡਾਂ ਦੀਦਾਰ ਸਿੰਘ ਵਾਲਾ ਅਤੇ ਪੱਤੋ ਦੀਦਾਰ ਸਿੰਘ ਵਾਲਾ ਦੇ ਅਤੀਤ ਨੂੰ ਫਰੋਲਦਿਆਂ ਸਭਨਾਂ ਦੇ ਸਨਮੁਖ ਕੀਤਾ ਹੈ, ਬਲਕਿ ਪੁਰਾਤਨ ਸਮੇਂ ਦੇ ਸਮਾਜਿਕ ਤਾਣੇ-ਬਾਣੇ, ਲੋਕਾਂ ਦੇ ਜੀਵਨ, ਉਨ੍ਹਾਂ ਦੇ ਕੰਮ-ਧੰਦੇ ਅਤੇ ਸੋਚ-ਵਿਚਾਰਾਂ ਨੂੰ ਵੀ ਇਤਿਹਾਸ ਦੇ ਰੂਪ ਵਿਚ ਕਲਮਬੰਦ ਕੀਤਾ ਹੈ। ਪਿੰਡ ਦੀਦਾਰ ਸਿੰਘ ਵਾਲਾ ਦਾ ਇਤਿਹਾਸ ਪੰਜਾਬ ਦੇ ਪੁਰਾਤਨ ਪੇਂਡੂ ਸੱਭਿਆਚਾਰ ਦਾ ਸ਼ੀਸ਼ਾ ਹੈ। ਪੇਂਡੂ ਕਿਰਸਾਨੀ ਦੀਆਂ ਅਜਿਹੀਆਂ ਕਦਰਾਂ-ਕੀਮਤਾਂ ਅੰਕਿਤ ਹਨ, ਜੋ ਆਪੋਧਾਪੀ, ਨਿੱਜਪ੍ਰਸਤੀ ਦੇ ਯੁੱਗ ਵਿਚ ਵੀ ਰਾਹ ਦਸੇਰਾ ਹੋ ਸਕਦੀਆਂ ਹਨ ਅਤੇ ਨਵੀਂ ਪੀੜ੍ਹੀ ਨੂੰ ਹੱਥੀਂ ਕਿਰਤ ਕਰਕੇ ਜੀਵਨ ਸਫ਼ਲਾ ਕਰਨ ਦੇ ਰਾਹ ਪਾ ਸਕਦੀਆਂ ਹਨ। ਸਾਰੀਆਂ ਬੁਰਾਈਆਂ, ਕੁਰੀਤੀਆਂ ਦੀ ਜੜ੍ਹ ਕਿਰਤ ਤੋਂ ਤੋੜ ਵਿਛੋੜਾ ਹੈ। ਵਿਹਲੜ ਜਵਾਨੀ ਨਸ਼ੇਖੋਰੀ ਤੇ ਨਿਰਾਸਤਾ ਵਿਚ ਡੁੱਬੀ ਆਤਮਘਾਤ ਦੇ ਰਾਹ ਪਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਉੱਤੇ ਅਮਲ ਕਰਨ ਨਾਲ ਹੀ ਭਲਾ ਹੋ ਸਕਦਾ।
ਕਿਤਾਬ ਨੂੰ ਲੇਖਕ ਨੇ 37 ਭਾਗਾਂ ਵਿਚ ਵੰਡਿਆ ਹੈ ਲੇਖਕ ਦੀ ਦਿਲੀ ਇੱਛਾ ਹੈ ਕਿ ਹਰ ਘਰ ਆਪਣੇ ਵੱਡ-ਵਡੇਰਿਆਂ ਪੁਰਖਿਆਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਤੋਂ ਨਾ ਸਿਰਫ ਜਾਣੂੰ ਹੋਏ ਬਲਕਿ ਉਨ੍ਹਾਂ ਦੇ ਨੇੜੇ ਵੀ ਹੋਏ। ਸਾਰੇ ਇਕ-ਦੂਜੇ ਨਾਲ ਪੀਢੀ ਸਾਂਝ ਰੱਖਣ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਦਾਦੇ, ਪੜਦਾਦੇ, ਨਾਨੇ ਨਾਨੀਆਂ, ਪੜਦਾਦਿਆਂ ਦੇ ਨਾਂਅ ਨਹੀਂ ਪਤਾ। ਹਰ ਪਿੰਡ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ। ਲੇਖਕ ਨੇ ਪੱਤੀ ਵਾਰ ਅਤੇ ਜਾਤੀ ਆਧਾਰਿਤ ਕੁਰਸੀਨਾਮੇ ਸਹਿਤ ਪਿੰਡ ਦੀਦਾਰ ਸਿੰਘ ਵਾਲੇ ਦੇ ਪੁਰਖਿਆਂ ਨਾਲ ਸਾਂਝ ਪੁਆਈ ਹੈ, ਸਫ਼ਾ 226 ਤੋਂ 254 ਤੀਕ ਕੁਰਸੀਨਾਮੇ ਹਨ, ਫਿਰ ਪਿੰਡ ਦੇ ਸ਼ਹੀਦਾਂ ਦੀ ਤਫਸੀਲ, ਵੱਖ-ਵੱਖ ਮੋਰਚਿਆਂ ਸਮੇਂ ਗ੍ਰਿਫਤਾਰ ਹੋਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸਮੇਤ ਜਾਣਕਾਰੀ। ਸਾਂਝੇ ਪੰਜਾਬ ਸਮੇਂ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪੁਰਾਤਨ ਨਕਸ਼ਾ, ਸਫ਼ਾ 171 ਤੋਂ 194 ਤੀਕ ਹੱਥ ਲਿਖਤ ਬੰਦੋਬਸਤ ਪਿੰਡ ਦੀਦਾਰ ਸਿੰਘ ਵਾਲਾ ਦੀ ਉਰਦੂ ਵਿਚ ਦਰਜ ਕੀਤੀ ਹੈ। ਇਹ ਪਿੰਡ ਦੀਦਾਰ ਸਿੰਘ ਵਾਲਾ ਸੰਬੰਧੀ ਹਵਾਲਾ ਪੁਸਤਕ ਹੈ। ਅਜਿਹੀਆਂ ਪੁਸਤਕਾਂ ਪਿੰਡਾਂ ਬਾਰੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਲੇਖਕ ਜਥੇਦਾਰ ਤੋਤਾ ਸਿੰਘ ਨੇ ਆਪਣੇ ਪੁਰਖਿਆਂ ਨੂੰ ਸੂਚੀਬੱਧ ਤੇ ਇਤਿਹਾਸਕ ਤੌਰ 'ਤੇ ਸਾਂਭਣ ਲਈ ਜੋ ਉਪਰਾਲਾ ਕੀਤਾ ਹੈ, ਪ੍ਰਸੰਸਾਜਨਕ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਇਸ ਕਿਤਾਬ ਤੋਂ ਸੇਧ ਲੈਂਦੀਆਂ ਰਹਿਣਗੀਆਂ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
c c c
ਗਲਪਕਾਰ ਸੰਤਵੀਰ ਦਾ ਰਚਨਾ ਸੰਸਾਰ
ਸੰਪਾਦਕ : ਡਾ. ਰਾਜਿੰਦਰ ਸਿੰਘ ਕੁਰਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ 303
ਸੰਪਰਕ : 70093-56607
ਸੰਤਵੀਰ ਪੰਜਾਬੀ ਸਾਹਿਤ ਖੇਤਰ ਵਿਚ ਨਾਮਵਰ ਹਸਤਾਖਰ ਹੈ। ਉਸ ਦਾ ਰਚਨਾ ਸੰਸਾਰ ਬਹੁਪੱਖੀ ਹੈ। ਉਸ ਨੇ ਪੰਜਾਬੀ ਕਹਾਣੀ, ਨਾਵਲ, ਵਿਅੰਗ, ਸਮੀਖਿਆ ਨਿਬੰਧਕਾਰੀ ਤੇ ਕਵਿਤਾ ਦੀਆਂ ਅੱਠ ਕਿਤਾਬਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਇਹ ਪੁਸਤਕ ਸੰਤਵੀਰ ਰਚਿਤ ਸਾਹਿਤ ਤੇ ਚਿੰਤਨਸ਼ੀਲ ਵਿਚਾਰਾਂ ਦੀ ਸੁਚੱਜੀ ਪੇਸ਼ਕਾਰੀ ਹੈ। ਸੰਪਾਦਕ ਨੇ ਸੰਤਵੀਰ ਦੀਆਂ 25 ਚੋਣਵੀਆਂ ਕਵਿਤਾਵਾਂ ਦੇ ਕੇ ਕਵੀ ਦੀ ਕਾਵਿ-ਕਲਾ ਦਾ ਵਿਸ਼ਲੇਸ਼ਣ ਕੀਤਾ ਹੈ। ਕਵਿਤਾ ਵਾਂਗ ਕਹਾਣੀ, ਵਿਅੰਗ, ਨਿਬੰਧਾਂ ਬਾਰੇ ਸਾਰਥਿਕ ਚਰਚਾ ਸੰਪਾਦਕ ਨੇ ਪੁਸਤਕ ਵਿਚ ਕੀਤੀ ਹੈ। ਪੁਸਤਕ ਨੂੰ ਸੱਤ ਭਾਗਾਂ ਵਿਚ ਵੰਡਿਆ ਹੈ। ਪਹਿਲਾ ਕਵਿਤਾ ਭਾਗ ਹੈ। ਦੂਸਰਾ ਭਾਗ ਕਹਾਣੀਆਂ ਦਾ ਹੈ। ਸੰਤਵੀਰ ਦੀਆਂ ਛੇ ਬਿਹਤਰੀਨ ਕਹਾਣੀਆਂ ਹਨ। ਕਹਾਣੀਆਂ ਤਲਾਕ, ਸ਼ਰਧਾਂਜਲੀ ਸਮਾਗਮ, ਫਾਲਤੂ ਆਦਮੀ, ਰਿਹਾਈ, ਔਕਾਤ, ਘਟਨਾ ਬਣੀ ਕਹਾਣੀ ਪੜ੍ਹ ਕੇ ਦਿਲਚਸਪੀ ਪੈਦਾ ਹੁੰਦੀ ਹੈ। ਕਹਾਣੀਆਂ ਦੇ ਕਈ ਪਾਤਰ ਯਾਦਗਾਰੀ ਹਨ। ਸੰਤਵੀਰ ਸਿੱਖਿਆ ਖੇਤਰ ਵਿਚ ਲੰਮਾ ਸਮਾਂ ਰਿਹਾ ਹੋਣ ਕਰਕੇ ਉਸ ਦੀ ਗਲਪ ਰਚਨਾ ਵਿਚ ਸਿੱਖਿਆ ਨੀਤੀਆਂ ਦੀ ਗੱਲ ਨਿਵੇਕਲੇ ਅੰਦਾਜ਼ ਵਿਚ ਹੁੰਦੀ ਹੈ। ਖ਼ਾਸ ਕਰਕੇ ਵਿਅੰਗ ਵਿਚ। ਸੰਤਵੀਰ ਦੀ ਗਲਪ ਰਚਨਾ ਵਿਚ ਜ਼ਿੰਦਗੀ ਦੇ ਕਈ ਰੰਗ ਤਿੱਖੇ ਰੂਪ ਵਿਚ ਪੇਸ਼ ਹੋਏ ਹਨ। ਪੁਸਤਕ ਦਾ ਤੀਸਰਾ ਭਾਗ ਨਿਬੰਧਾਂ ਦਾ ਹੈ। ਸੰਤਵੀਰ ਦੇ ਅਖ਼ਬਾਰਾਂ ਵਿਚ ਛਪੇ 20 ਨਿਬੰਧ ਹਨ। ਨਿਬੰਧਾਂ ਵਿਚ ਬੇਬਾਕੀ ਹੈ। ਭ੍ਰਿਸ਼ਟਾਚਾਰ, ਲੋਕਤੰਤਰ, ਕੰਮ ਸੱਭਿਆਚਾਰ, ਸਿੱਖਿਆ, ਜ਼ਿੰਦਗੀ ਦਾ ਆਥਣ ਵੇਲਾ ਤੇ ਹੋਰ ਗੰਭੀਰ ਵਿਸ਼ਿਆਂ ਬਾਰੇ ਨਿਬੰਧ ਪੁਸਤਕ ਵਿਚ ਹਨ। ਚੌਥੇ ਭਾਗ ਵਿਚ 8 ਵਿਅੰਗ ਹਨ। ਵਿਅੰਗ ਪੜ੍ਹ ਕੇ ਮਨ ਖਿੜ ਜਾਂਦਾ ਹੈ। ਸੰਤਵੀਰ ਨੇ ਅਖੌਤੀ ਕਵੀਆਂ, ਸਾਹਿਤ ਸਮਾਗਮਾਂ ਦੀ ਅਡੰਬਰਬਾਜ਼ੀ, ਅਫ਼ਸਾਨੇ ਅਫ਼ਸਰੀ ਦੇ, ਕੀ ਬਣੂ ਦੁਨੀਆ ਦਾ ਵਿਅੰਗਾਂ ਵਿਚ ਸਮਾਜ ਦੀ ਬਹੁਪਖੀ ਤਸਵੀਰ ਪੇਸ਼ ਕੀਤੀ ਹੈ। ਪੰਜਵੇਂ ਭਾਗ ਵਿਚ ਨਾਮਵਰ ਆਲੋਚਕਾਂ ਵਲੋਂ ਸੰਤਵੀਰ ਦੇ ਕਹਾਣੀ ਸੰਗ੍ਰਹਿ ਤੇ ਨਾਵਲਾਂ ਬਾਰੇ ਸਮੀਖਿਆ ਲੇਖ ਹਨ। ਅਖ਼ਬਾਰਾਂ ਵਿਚ ਸੰਤਵੀਰ ਦੀਆਂ ਕਿਤਾਬਾਂ 'ਤੇ ਛਪੇ ਰੀਵਿਊ ਅਤੇ ਸਮੀਖਿਆ ਲੇਖ ਹਨ। ਆਲੋਚਕ ਦੇ ਤੌਰ 'ਤੇ ਸੰਤਵੀਰ ਦੀ ਸਾਹਿਤਕ ਕਿਤਾਬਾਂ ਦੇ ਸਮੀਖਿਆ ਲੇਖ ਵੀ ਇਸੇ ਭਾਗ ਵਿਚ ਹਨ । ਛੇਵੇਂ ਭਾਗ ਵਿਚ ਸਾਹਿਤਕਾਰਾਂ ਵਲੋਂ ਸੰਤਵੀਰ ਨੂੰ ਲਿਖੇ ਯਾਦਗਾਰੀ ਖਤ ਸ਼ਾਮਿਲ ਕੀਤੇ ਹਨ। ਖਤਾਂ ਵਿਚ ਸੰਤਵੀਰ ਲਈ ਮੁਹਬੱਤ ਹੈ। ਪੁਸਤਕ ਦੇ ਸੱਤਵੇਂ ਭਾਗ ਵਿਚ ਸੰਤਵੀਰ ਨੇ ਅਖ਼ਬਾਰਾਂ ਨੂੰ ਸਮੇਂ-ਸਮੇਂ 'ਤੇ ਜੋ ਖਤ ਲਿਖੇ, ਉਹ ਪੁਸਤਕ ਵਿਚ ਹਨ। ਪੁਸਤਕ ਬਾਰੇ ਡਾ. ਕਰਨੈਲ ਸਿੰਘ ਡੀ. ਪੀ. ਆਈ. ਕਾਲਜ (ਸੇਵਾਮੁਕਤ), ਗੁਰਦੀਪ ਸਿੰਘ ਵੜੈਚ ਤੇ ਗੁਰਿੰਦਰ ਸਿੰਘ ਕਲਸੀ ਦੇ ਭਾਵਪੂਰਤ ਵਿਚਾਰ ਹਨ। ਸੰਤਵੀਰ ਦੀਆਂ ਕਿਤਾਬਾਂ 'ਤੇ ਗੋਸ਼ਟੀ, ਪਰਚੇ ਪੜ੍ਹਦਿਆਂ ਤੇ ਸਾਹਿਤਕਾਰਾਂ ਨਾਲ 10 ਤਸਵੀਰਾਂ ਪੁਸਤਕ ਨੂੰ ਚਾਰ ਚੰਨ ਲਾਉਂਦੀਆਂ ਹਨ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 098148-56160
ਸ਼ਾਇਰ ਉਦਾਸ ਹੈ
ਲੇਖਕ : ਬਲਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98882-75913
ਸ਼ਾਇਰ ਉਦਾਸ ਹੈ। ਪੁਸਤਕ ਦੇ ਲੇਖਕ ਬਲਵਿੰਦਰ ਸਿੰਘ ਭੁੱਲਰ ਹਨ, ਜਿਨ੍ਹਾਂ ਨੇ ਇਸ ਕਾਵਿ-ਸੰਗ੍ਰਹਿ ਪੁਸਤਕ ਵਿਚ 63 ਵੱਖੋ-ਵੱਖਰੇ ਵਿਸ਼ਿਆਂ ਦੀਆਂ ਕਵਿਤਾਵਾਂ ਲਿਖੀਆਂ ਹਨ, ਜੋ ਕਿ ਦਿਲ ਨੂੰ ਛੂੰਹਦੀਆਂ ਹਨ। ਲੇਖਕ ਨੇ ਇਸ ਪੁਸਤਕ ਤੋਂ ਪਹਿਲਾਂ 'ਜੇਹਾ ਬੀਜੈ ਸੋ ਲੁਣੈ' (ਕਹਾਣੀ ਸੰਗ੍ਰਹਿ), 'ਉਡਾਰੀਆਂ ਭਰਦੇ ਲੋਕ' (ਸ਼ਬਦ ਚਿੱਤਰ ਲੇਖ ਸੰਗ੍ਰਹਿ) ਅਤੇ 'ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ' (ਪਾਕਿਸਤਾਨੀ ਸਫ਼ਰਨਾਮਾ) ਆਦਿ ਪੁਸਤਕਾਂ 'ਤੇ ਆਪਣਾ ਹੱਥ ਅਜਮਾਇਆ ਹੈ। ਲੇਖਕ ਦੇ ਕੋਲ ਸ਼ਬਦਾਵਲੀ ਦਾ ਵੱਡਾ ਭੰਡਾਰ ਹੈ ਜੋ ਲੋੜੀਂਦੇ ਢੁਕਵੇਂ ਸਮੇਂ 'ਤੇ ਆਪਣੀ ਹੱਥ ਅਜ਼ਮਾਈ ਕਰਦਾ ਹੈ। ਸੋਚ ਦੀ ਡੂੰਘਾਈ ਤੱਕ ਪੁੱਜਿਆ ਇਹ ਲੇਖਕ ਆਪਣੀਆਂ ਕਵਿਤਾਵਾਂ ਦੇ ਰਾਹੀਂ ਚੰਗਾ ਸੁਨੇਹਾ ਦਿੰਦਾ ਹੋਇਆ ਯਾਦਾਂ ਨੂੰ ਵੀ ਤਾਜ਼ਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਆਪਣੀਆਂ ਰਚਨਾਵਾਂ ਦੇ ਵਿਚ ਲੇਖਕ ਫ਼ੌਜੀ ਸ਼ਹੀਦਾਂ ਨੂੰ ਯਾਦ ਕਰਦਾ ਹੈ। ਕਲਮ ਦੇ ਸਾਥ ਦੀ ਗੱਲ ਕਰਦਾ ਹੈ, ਔਰਤ ਦੇ ਹੱਕ ਦੀ ਗੱਲ ਕਰਦਾ ਹੈ, ਕਿਸਾਨਾਂ ਨੂੰ ਜਗਾਉਂਦਾ ਹੈ, ਰੌਸ਼ਨੀ ਦੇਣ ਵਾਲੇ ਦੀਵੇ ਦੀ ਗੱਲ ਕਰਦਾ ਹੈ। ਰੁੱਸੀ ਕੁਦਰਤ ਪ੍ਰਤੀ ਸੁਚੇਤ ਕਰਦਾ ਹੈ, ਬਦਲ ਰਹੇ ਜ਼ਮਾਨੇ ਦੀ ਦਾਸਤਾਨ ਦੱਸਦਾ ਹੈ। ਲੀਡਰਾਂ ਦੇ ਔਗੁਣਾਂ 'ਤੇ ਝਾਤੀ ਮਰਵਾਉਂਦਾ ਹੈ। ਝੂਠੀ ਸਿਆਸਤ ਦੀ ਗੱਲ ਕਰਦਾ ਹੈ। ਇਤਿਹਾਸ 'ਤੇ ਝਾਤੀ ਮਰਵਾਉਂਦਾ ਹੈ, ਮਜ਼ਦੂਰ ਔਰਤ ਦੀ ਗੱਲ ਕਰਨ ਦੇ ਨਾਲ ਹਰ ਕਵਿਤਾ ਵਿਚ ਨਿਵੇਕਲਾ ਵਿਸ਼ਾ ਦਰਸਾਉਂਦਾ ਹੈ। ਖੇਤੀ ਸੰਦ, ਬਾਬਰ, ਦੀਵਾ, ਤੈਰਦੀ ਲਾਸ਼, ਰੁੱਸੀ ਕੁਦਰਤ, ਸੱਪਣੀ, ਝੂਠੀ ਸਿਆਸਤ, ਕਾਰੋਬਾਰ, ਸੁਨੇਹਾ, ਵੰਡ ਦੀ ਪੀੜ, ਲੇਖੇ ਲੱਗੀ, ਜਵਾਨੀ, ਮੁਹਾਂਦਰਾ, ਜ਼ਮਾਨਾ ਬਦਲ ਗਿਆ। ਤਰਕ, ਮਜ਼ਦੂਰ ਕੋਰੋਨਾ ਸਮੇਂ ਆਦਿ ਦੀਆਂ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹਨ। ਲੇਖਕ ਨੇ ਹਰ ਰਚਨਾ ਦੇ ਵਿਚ ਪਾਠਕ ਦੀ ਦਿਲਚਸਪੀ ਬਣਾਈ ਹੋਈ ਹੈ ਅਤੇ ਅੱਗੋਂ ਹੋਰ ਰਚਨਾ ਨੂੰ ਪੜ੍ਹਦੇ-ਪੜ੍ਹਦੇ ਸਾਰੀ ਹੀ ਪੁਸਤਕ ਆਪ ਮੁਹਾਰੇ ਹੀ ਪੜ੍ਹੀ ਜਾਂਦੀ ਹੈ। ਕਹਾਣੀ, ਲੇਖ, ਲਿਖਣ ਦੇ ਨਾਲੋਂ ਨਾਲ ਲੇਖਕ ਨੂੰ ਕਵਿਤਾ ਲਿਖਣ ਦੇ ਵਿਚ ਵੀ ਮੁਹਾਰਤ ਹਾਸਲ ਹੈ। ਕੁਝ ਕਵਿਤਾਵਾਂ ਦੇ ਵਿਚ ਲੇਖਕ ਲਲਕਾਰਾ ਮਾਰਨ ਦੇ ਵਿਚ ਈ ਦੇਰੀ ਨਹੀਂ ਲਗਾਉਂਦਾ ਅਤੇ ਆਪਣੇ ਦਿਲ ਦੀ ਹੂਕ ਨੂੰ ਦਲੇਰੀ ਨਾਲ ਕਹਿ ਜਾਂਦਾ ਹੈ। ਲੇਖਕ ਮਜ਼ਦੂਰ ਔਰਤ ਦੀ ਗੱਲ ਕਰਦਾ ਹੋਇਆ ਲਿਖਦਾ ਹੈ:
ਉਠ ਸਵੇਰੇ ਦੋ ਟੁੱਕੜ ਲਾਹੁੰਦੀ
ਅਚਾਰ ਰੱਖ, ਪੌਣੇ 'ਚ ਬੰਨ੍ਹ
ਕੁਛੜ ਬੱਚਾ, ਸਿਰ 'ਤੇ ਟੋਕਰਾ
ਪਹੁੰਚ ਜਾਂਦੀ ਠੇਕੇਦਾਰ ਦੇ ਕੰਮ 'ਤੇ।
ਸੋ, ਲੇਖਕ ਦਾ ਉਪਰਾਲਾ ਸ਼ਲਾਘਾਯੋਗ ਹੈ। ਪੁਸਤਕ ਪੜ੍ਹਨ ਤੇ ਸੰਭਾਲਣਯੋਗ ਹੈ।
-ਬਲਵਿੰਦਰ ਸਿੰਘ ਸੋਢੀ 'ਮੀਰਹੇੜੀ'
ਮੋਬਾਈਲ : 092105-88990
ਪੰਜਾਬੀ ਕਹਾਣੀ ਦਾ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 135
ਸੰਪਰਕ : 94639-20920
ਵਰਿਆਮ ਸੰਧੂ ਪੰਜਾਬੀ ਸਾਹਿਤ ਖੇਤਰ ਵਿਚ ਤੇ ਵਿਸ਼ੇਸ਼ ਕਰਕੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਵਿਲੱਖਣ ਸਥਾਨ ਰੱਖਣ ਵਾਲਾ ਕਹਾਣੀਕਾਰ ਹੈ, ਜਿਸ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣੀ ਨਿਵੇਕਲੀ ਸ਼ੈਲੀ ਰਾਹੀਂ ਪਾਠਕਾਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਈ ਹੋਈ ਹੈ। ਉਹ ਅੱਜ ਵੀ ਪੂਰੀ ਨਿਰੰਤਰਤਾ ਅਤੇ ਸਰਗਰਮੀ ਨਾਲ ਪੰਜਾਬੀ ਕਹਾਣੀ ਲਿਖ ਰਿਹਾ ਹੈ। ਬੇਸ਼ੱਕ ਲੰਮੇ ਅਰਸੇ ਬਾਅਦ ਉਸ ਦੀ ਇਹ ਹੀ ਕਹਾਣੀ ਪਾਠਕਾਂ ਦੇ ਸਾਹਮਣੇ ਆਉਂਦੀ ਹੈ ਪਰ ਉਸ ਕਹਾਣੀ ਦੀ ਚਰਚਾ ਜ਼ਰੂਰ ਹੁੰਦੀ ਹੈ। ਪ੍ਰਿੰਸੀਪਲ ਸਰਵਣ ਸਿੰਘ ਵੀ ਪੰਜਾਬੀ ਵਾਰਤਕ ਦਾ ਕੱਦਾਵਰ ਲੇਖਕ ਹੈ, ਜਿਸ ਦੀ ਸੁਆਦਲੀ ਸ਼ੈਲੀ ਵਿਚ ਲਿਖੀ ਵਾਰਤਕ ਪਾਠਕ ਦੇ ਅੰਦਰ ਘਰ ਕਰ ਜਾਂਦੀ ਹੈ। ਵਿਚਾਰਧੀਨ ਪੁਸਤਕ 'ਪੰਜਾਬੀ ਕਹਾਣੀ ਦਾ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ ਪ੍ਰਿੰਸੀਪਲ ਸਰਵਣ ਸਿੰਘ ਦੀ ਵਰਿਆਮ ਸੰਧੂ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਲਿਖੀ ਵਿਸ਼ੇਸ਼ ਪੁਸਤਕ ਹੈ, ਜਿਸ ਵਿਚ ਸਰਵਣ ਸਿੰਘ ਨੇ ਵਰਿਆਮ ਸੰਧੂ ਦੇ ਨਿੱਜੀ ਜੀਵਨ ਵੇਰਵਿਆਂ ਦੇ ਨਾਲ-ਨਾਲ ਉਸ ਦੀ ਕਹਾਣੀ ਰਚਨਾ ਅਤੇ ਹੋਰ ਸਾਹਿਤਕ ਰਚਨਾਵਾਂ ਦੀ ਸਾਂਝ ਪਾਠਕਾਂ ਨਾਲ ਪੁਆਈ ਹੈ। ਬਹੁਤੇ ਪਾਠਕ ਨਹੀਂ ਜਾਣਦੇ ਕਿ ਵਰਿਆਮ ਸੰਧੂ ਕਵਿਤਾ ਵੀ ਲਿਖਦਾ ਹੈ ਪਰ ਇਸ ਪੁਸਤਕ ਵਿਚ ਵਰਿਆਮ ਸੰਧੂ ਦੀਆਂ ਕਵਿਤਾਵਾਂ ਵੀ ਦਰਜ ਹਨ। ਪੁਸਤਕ ਦੀ ਖਾਸੀਅਤ ਇਹ ਹੈ ਕਿ ਇਹ ਭਾਵੇਂ ਜੀਵਨੀ ਮੂਲਕ ਪੁਸਤਕ ਹੈ। ਸਰਵਣ ਸਿੰਘ ਨੇ ਪੁਸਤਕ ਵਿਚ ਵਰਿਆਮ ਸੰਧੂ ਦੇ ਜੀਵਨ-ਵੇਰਵਿਆਂ ਨੂੰ ਆਪ ਦੱਸਣ ਦੀ ਬਜਾਇ ਉਸ ਦੇ ਮੂੰਹੋਂ ਬੁਲਵਾਈ ਜਾਪਦੇ ਹਨ। ਜਿਵੇਂ ਉਹ ਕਈ ਵੇਰਵਿਆਂ ਤੋਂ ਪਹਿਲਾਂ ਉਹ ਲਿਖ ਦਿੰਦਾ ਹੈ ਕਿ 'ਉਹ ਦੱਸਦੈ' ਤੇ ਫਿਰ ਵਰਿਆਮ ਸੰਧੂ ਆਪ ਆਪਣੀ ਕਥਾ ਬਿਆਨ ਕਰਨ ਲੱਗ ਜਾਂਦਾ ਹੈ। ਇਹ ਵਾਰਤਕ ਸ਼ੈਲੀ ਸਰਵਣ ਸਿੰਘ ਦੀ ਵਾਰਤਕ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ। ਪੁਸਤਕ ਵਿਚ ਵਰਿਆਮ ਸੰਧੂ ਦਾ ਸੰਖੇਪ ਬਿਓਰਾ ਦੇਣ ਤੋਂ ਬਾਅਦ ਲੇਖਕ ਦਾ ਜੀਵਨ ਬਿਓਰਾ ਵੀ ਸ਼ਾਮਿਲ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਛੇਤੀ ਛੇਤੀ ਚੜ੍ਹ ਸੂਰਜਾ
ਲੇਖਕ : ਇੰਜ: ਮਲਕੀਤ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 98148-71491
ਸ਼ਾਇਰ ਇੰਜ: ਮਲਕੀਤ ਸਿੰਘ ਸਿੱਧੂ ਆਪਣੀ ਪਲੇਠੀ ਕਾਵਿ-ਕਿਤਾਬ 'ਛੇਤੀ ਛੇਤੀ ਚੜ੍ਹ ਸੂਰਜਾ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਕੈਨੇਡਾ ਵਿਚ ਇੰਡੋ ਕੈਨੇਡੀਅਨ ਸੁਸਾਇਟੀ (ਇੰਕਾ) ਦਾ ਕਾਰਕੁੰਨ ਹੈ ਤੇ ਇਹ ਸੰਸਥਾ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਸਮਾਜਕ ਮਸਲੇ, ਪਰਵਾਸੀ ਮਸਲਿਆਂ ਤੋਂ ਇਲਾਵਾ ਸੱਭਿਆਚਾਰਕ ਸਮਾਗਮ ਰਚਾ ਕੇ ਆਪਣੀ ਮਿੱਟੀ ਨਾਲ ਜੁੜਨ ਦੀ ਤਲਬ ਪੂਰੀ ਕਰ ਰਹੀ ਹੈ। ਸ਼ਾਇਰ ਦੇ ਜੀਵਨ ਵਿਚ ਕਵਿਤਾ ਨੇ ਉਸ ਸਮੇਂ ਉਸਲਵੱਟੇ ਲੈਣੇ ਸ਼ੁਰੂ ਕਰ ਦਿੱਤੇ ਸਨ ਜਦੋਂ ਬਚਪਨ ਵਿਚ ਪਿੰਡਾਂ ਵਿਚ ਸਜਾਏ ਜਾਂਦੇ ਨਗਰ ਕੀਰਤਨਾਂ ਵਿਚ ਢਾਡੀਆਂ, ਕਵੀਸ਼ਰਾਂ ਤੇ ਹੋਰ ਗਮੰਤਰੀਆਂ ਦੀ ਸਟੇਜੀ ਰੁਮਾਂਦਿਤਕਤਾ ਤੋਂ ਪ੍ਰਭਾਵਿਤ ਹੋਇਆ। ਉਹ ਕਿਸੇ ਫ਼ਲਸਫ਼ੇ ਦੇ ਬੰਧੇਜ ਵਿਚ ਨਹੀਂ ਆਉਂਦਾ ਤੇ ਉਸ ਦੀ ਪ੍ਰਤੀਬੱਧਤਾ ਉਸ ਦੀ ਆਪਣੀ ਸੁਹਿਰਦਤਾ ਨਾਲ ਹੈ ਤੇ ਇਸ ਸੁਹਿਰਦਤਾ ਕਾਰਨ ਸਮੇਂ-ਸਮੇਂ ਸਿਰ ਮਨ 'ਤੇ ਪਏ ਫਲੈਸ਼ਾਂ ਨੂੰ ਛੰਦਬੱਧ ਕਰਕੇ ਫੁਰਸਤ ਦੇ ਪਲਾਂ ਵਿਚ ਸਰਲ ਸਪੱਸ਼ਟ ਸ਼ਬਦਾਂ ਦੀ ਕਵਿਤਾ ਦਾ ਜਾਮਾ ਪਵਾ ਦਿੰਦਾ ਹੈ। ਉਸ ਦੀ ਸ਼ਾਇਰੀ ਸਿਖਾਂਦਰੂ ਪ੍ਰਯਤਨ ਵਿਚੋਂ ਗੁਜ਼ਰ ਰਹੀ ਹੈ। ਜੋ ਸਮਕਾਲੀ ਬੌਧਿਕ ਸ਼ਾਇਰੀ ਤੋਂ ਅਜੇ ਵਿਥ ਸਿਰਜ ਰਹੀ ਹੈ। ਫੁਰਸਤ ਦੇ ਪਲਾਂ ਵਿਚ ਬਹੁ-ਅੱਯਾਮੀ ਸਰੋਕਾਰਾਂ ਨਾਲ ਦਸਤਪੰਜਾ ਲੈਂਦੀ ਸ਼ਾਇਰੀ ਤਾਂ ਹੈ ਹੀ ਪਰ ਵਿਸ਼ੇਸ਼ ਕਰਕੇ ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਸੰਘਰਸ਼ ਕਰਕੇ ਜਿਸ ਤਰ੍ਹਾਂ ਕਿਸਾਨਾਂ ਨੇ ਦਿੱਲੀ ਸਰਕਾਰ ਦੀਆਂ ਲੇਲੜੀਆਂ ਕਢਾ ਕੇ ਜਿੱਤ ਦੇ ਪਰਚਮ ਝੁਲਾਉਂਦੇ ਜੈਕਾਰੇ ਛੱਡਦੇ ਘਰਾਂ ਨੂੰ ਪਰਤੇ ਹਨ, ਉਸ ਨਾਲ ਉਸ ਦੀ ਰੂਹ ਦਾ ਕੌਲ ਫੁੱਲ ਬਾਗ਼ੋ ਬਾਗ਼ ਹੋ ਗਿਆ। ਕੋਰੋਨਾ ਕਾਲ ਸਮੇਂ ਕਿਵੇਂ ਆਮ ਜਨਤਾ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਪਣੇ ਹੀ ਦੇਸ਼ ਵਿਚ ਪਰਦੇਸੀਆਂ ਵਾਂਗ ਪੈਰਾਂ ਦੇ ਛਾਲਿਆਂ ਦੀ ਕਮਾਈ ਨਾਲ ਸੈਂਕੜੇ ਮੀਲਾਂ ਦਾ ਸਫ਼ਰ ਤਹਿ ਕੀਤਾ ਦਾ ਤਾਰਕਿਕ ਵਰਨਣ ਕੀਤਾ ਹੈ। ਭਾਵੇਂ ਹੁਣ ਉਸ ਦੀ ਕਰਮ ਭੂਮੀ ਕੈਨੇਡਾ ਹੈ ਤੇ ਕਦੇ-ਕਦੇ ਭੂ-ਹੇਰਵਾ ਵੀ ਸਤਾਉਂਦਾ ਹੈ ਤੇ ਹੁਣ ਉਸ ਨੇ ਸਮਝ ਲਿਆ ਹੈ ਕਿ ਹੁਣ ਉਸ ਦਾ ਦੇਸ਼ ਕੈਨੇਡਾ ਹੀ ਹੈ ਤੇ ਕੈਨੇਡਾ ਨੂੰ 'ਸਾਡਾ ਕੈਨੇਡਾ' ਦਾ ਸੰਬੋਧਨ ਉਸ ਦੇ ਸਵੈ-ਕਥਨ ਨੂੰ ਤਸਦੀਕ ਕਰਦਾ ਹੈ। ਮੇਰੀ ਰੂਸੀ ਕਵਿਤਾ ਮੇਰਾ ਬਚਪਨ, ਪੰਜਾਬੀ ਬੋਲੀ, ਜੀਵਨ ਦੀ ਲੋਅ, ਵਾਤਾਵਰਨ, ਸਨੋਅ, ਰਾਣੀ ਤੇ ਰੰਗਲਾ ਪੰਜਾਬ ਨਾਂਅ ਦੀਆਂ ਨਜ਼ਮਾਂ ਵਿਸ਼ੇਸ਼ ਧਿਆਨ ਖਿਚਦੀਆਂ ਹਨ। ਜੇ ਸ਼ਾਇਰ ਨੇ ਸ਼ਾਇਰੀ ਦੇ ਖੇਤਰ ਵਿਚ ਝੰਡੇ ਗੱਡਣੇ ਹਨ ਤਾਂ ਉਸ ਨੂੰ ਸਟੇਜੀ ਰੋਮਾਂਚਿਕਤਾ ਛੱਡ ਕੇ ਬੌਧਿਕ ਰੋਮਾਂਚਿਕਤਾ ਦੇ ਲੜ ਲੱਗਣਾ ਪਵੇਗਾ। ਹੁਣ ਉਸ ਦੀ ਬੌਧਿਕ ਮੁਹਾਵਰੇ ਦੀ ਕਵਿਤਾ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਮ੍ਰਿਗ ਤ੍ਰਿਸ਼ਨਾ
ਲੇਖਕ : ਜੇ.ਬੀ. ਸਿੰਘ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 127
ਡਾ. ਜੇ.ਬੀ. ਸਿੰਘ ਅਮਰੀਕਾ ਦਾ ਪੱਕਾ ਵਸਨੀਕ, ਪਿਛੋਕੜ ਲਹਿੰਦਾ ਪੰਜਾਬ, ਲੁਧਿਆਣਾ ਦਾ ਜੰਮ-ਪਲ ਹੈ। ਕਿੱਤਾ ਮੈਡੀਕਲ, ਪੰਜਾਬੀ, ਅੰਗਰੇਜ਼ੀ, ਲੋਕ ਪ੍ਰਸ਼ਾਸਨ ਦੀ ਐਮ.ਏ. ਪਾਸ ਹੈ। ਹਥਲਾ ਕਹਾਣੀ-ਸੰਗ੍ਰਹਿ ਪ੍ਰਥਮ ਹੈ।
ਇਸ ਵਿਚ 19 ਕਹਾਣੀਆਂ ਸ਼ਾਮਿਲ ਨੇ। ਸਿਰਲੇਖ ਹਨ : ਮ੍ਰਿਗ-ਤ੍ਰਿਸ਼ਨਾ, ਜਿੱਥੇ ਯਾਦਾਂ ਵਸਦੀਆਂ ਹਨ, ਫੰਡੂਲਸ ਦੀ ਅੱਖ, ਕਲੈਪਟੋ-ਫੋਬੀਆ, ਪਰਦੇ ਦੇ ਪਿੱਛੇ, ਜ਼ੂਮ-ਮੀਟਿੰਗ, ਉਲਝਣ, ਚੂੜੀਆਂ, ਹੈਪੀ ਭੈਣ ਜੀ, ਫਾਦਰ'ਜ਼ ਡੇਅ, ਰੇਨ ਕੋਟ, ਐਗਜ਼ਿਟ, ਲਾਡਲਾ ਪੁੱਤ, ਭੇਦ, ਵਾਰਸ, ਉਮਰ ਕੈਦ, ਵਰ ਮਾਲਾ, ਚਮਤਕਾਰ, ਹੈਰਾਨ ਹਾਂ ਮੈਂ। ਵਿਚਾਰਾਧੀਨ ਕਹਾਣੀਆਂ ਦਾ ਅਧਿਐਨ ਕਰਦਿਆਂ ਇਨ੍ਹਾਂ ਦੇ 'ਕੇਂਦਰੀ ਸੂਤਰ' ਉਜਾਗਰ ਹੁੰਦੇ ਹਨ।
ਮਸਲਨ : ਪਿਆਰ ਲਈ ਭਟਕਦੀ ਰੂਹ; ਮ੍ਰਿਤਕ ਔਰਤ ਵਲੋਂ ਗ਼ਰੀਬ ਔਰਤ ਲਈ ਅੰਗ-ਦਾਨ ਅਤੇ ਮਾਇਆ ਦਾਨ, ਚੋਰੀ ਕਰਨਾ ਆਦਤ, ਚੋਰੀ ਦਾ ਵਹਿਮ ਵੀ ਆਦਤ, ਕਰਮ ਫ਼ਿਲਾਸਫ਼ੀ, ਮਰੀਜ਼ਾਂ 'ਚ ਵੀ ਅਣਖ ਜੋਸ਼ ਭਰਦੀ ਹੈ, ਤੰਦਰੁਸਤ ਸਮਾਜ ਲਈ ਜਾਇਦਾਦ ਦਾ ਹਿੱਸਾ, ਬਹੁਤੀ ਖ਼ੁਸ਼ੀ ਵੀ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ। ਬਿਮਾਰੀ ਦੇ ਇਲਾਜ 'ਚ ਬੇਧਿਆਨੀ ਮਾਰੂ ਸਾਬਤ ਹੋ ਸਕਦੀ ਹੈ, ਪਿਤਾ-ਦਿਵਸ 'ਤੇ ਵਿਅੰਗ, ਲਵ-ਟਰੈਂਗਲ, ਗਰੀਨ ਕਾਰਡ ਲੈਣ ਲਈ ਫਰਜ਼ੀ ਵਿਆਹ ਤੋਂ ਪਤਨੀ ਦੀ ਨਰਾਜ਼ਗੀ, ਮਾਂ ਦੀ ਮੌਤ ਤੇ ਪੁੱਤਰ ਦਾ ਰੋਣਾ, ਅਕ੍ਰਿਤਘਣ ਅਫ਼ਸਰ, ਨਾਜਾਇਜ਼ ਸੰਬੰਧਾਂ ਦਾ ਦੁਖਾਂਤ, ਅਚਾਨਕ ਹੋਏ ਕਤਲ ਦਾ ਮਾਨਸਿਕ ਬੋਝ; ਸਿਆਣੀ ਨੂੰਹ ਹੀ ਦਹੇਜ, ਹੁਕਮਨਾਮਾ ਅਮਲ ਕਰਨ ਹਿਤ, ਨਾ ਕਿ ਵੱਟਸਐਪ 'ਤੇ ਭੇਜਣ ਲਈ, ਧਿਆਨ ਦਾ ਇਕਾਗਰ ਨਾ ਹੋਣਾ ਇਤਿਆਦ। ਕਥਾਕਾਰ ਨੇ ਵਿਗਿਆਨਕ ਟਿੱਪਣੀਆਂ ਵੀ ਕੀਤੀਆਂ ਹਨ। ਮਸਲਨ : ਨਿਊਟਨ ਕਹਿੰਦਾ ਹੈ 'ਫਾਰ ਏਵੁਰੀ ਐਕਸ਼ਨ, ਦੇਅਰ ਇਜ਼ ਏਨ ਇਕੂਅਲ ਐਂਡ ਆਪੋਜ਼ਿਟ ਰੀਐਕਸ਼ਨ।' ਪੰ 36. ਕਹਾਣੀਆਂ ਸੰਵਾਦ-ਜੁਗਤ ਨਾਲ ਵਿਕਾਸ ਕਰਦੀਆਂ ਹਨ।
ਰੋਲ ਆਫ਼ ਚਾਨਸ ਕਾਰਜਸ਼ੀਲ ਹੈ। ਪਾਤਰਾਂ ਦਾ ਮਾਨਸਿਕ ਵਿਸ਼ਲੇਸ਼ਣ ਉਪਲਬਧ ਹੈ। ਲੇਖਕ ਨੇ ਡਾਕਟਰੀ ਪੇਸ਼ਾ ਹੋਣ ਕਾਰਨ ਅਨੇਕਾਂ ਬਿਮਾਰੀਆਂ ਨੂੰ ਕਥਾਨਕ ਦਾ ਭਾਗ ਬਣਾਇਆ ਹੈ। ਅਸ਼ਲੀਲ ਘਟਨਾਵਾਂ ਦੀ ਪੇਸ਼ਕਾਰੀ ਸਮੇਂ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਨੇ। ਸੰਖੇਪ ਇਹ ਕਿ ਇਹ ਕਹਾਣੀ ਸੰਗ੍ਰਹਿ ਵਿਸ਼ਾਗਤ ਅਤੇ ਕਲਾਤਮਿਕ ਪੱਖੋਂ ਨਵਾਂ ਰੰਗ ਲੈ ਕੇ ਆਇਆ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
c c c
ਚੰਨ ਦੀਆਂ ਰਿਸ਼ਮਾਂ
ਲੇਖਿਕਾ : ਮਨਜੀਤ ਕੌਰ ਜੀਤ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ: 200 ਰੁਪਏ, ਸਫ਼ੇ: 88
ਸੰਪਰਕ : 95922-93364
ਬੇਸ਼ੱਕ 'ਚਾਨਣ ਦੀਆਂ ਰਿਸ਼ਮਾਂ' ਮਨਜੀਤ ਕੌਰ ਜੀਤ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਪਰ ਉਨ੍ਹਾਂ ਦੀਆਂ ਸ਼ਬਦ ਜੜ੍ਹਤ ਦੀਆਂ ਕਾਰਾਗਰੀਆਂ ਨੂੰ ਦੇਖਦਿਆਂ ਕਿਤੇ ਵੀ ਅਜਿਹਾ ਅਹਿਸਾਸ ਨਹੀਂ ਹੁੰਦਾ। ਮਾਨਵੀ ਰਿਸ਼ਤਿਆਂ ਵਿਚੋਂ ਮਨਫ਼ੀ ਹੋ ਰਹੀ ਸਾਕਾਰਾਤਮਿਕਤਾ ਦੀ ਬਹਾਲੀ ਨੂੰ ਉਹ ਆਪਣੀ ਕਵਿਤਾ ਦੇ ਕੇਂਦਰ ਵਿਚ ਰੱਖ ਕੇ ਤੁਰਦੇ ਹਨ ਅਤੇ ਅਜੋਕੇ ਵਿਗਿਆਨਕ ਦੌਰ ਵਿਚ ਵੀ ਧੀਆਂ-ਪੁੱਤਰਾਂ ਵਿਚ ਅੰਤਰ ਸਮਝਣ ਵਾਲੀ ਜਗੀਰੂ ਮਾਨਸਿਕਤਾ ਦੇ ਖ਼ਿਲਾਫ਼ ਬੇਬਾਕ ਆਵਾਜ਼ ਬੁਲੰਦ ਕਰਦੇ ਹਨ:
ਮੈਂ ਭਰੀ ਪਹਿਲੀ ਹਿਚਕੀ / ਤਦ ਵਰਤੀ ਸਾਰੇ ਵਿਹੜੇ 'ਚ
ਸ਼ਮਸ਼ਾਨ ਵਰਗੀ ਸ਼ਾਂਤੀ / ਤੁਰੇ ਫਿਰਦੇ ਲਾਸ਼ਾਂ ਵਾਂਗ ਮੇਰੇ ਮਾਪੇ
ਮਨਜੀਤ ਕੌਰ ਜੀਤ ਦੀ ਬਹੁਤੀ ਕਵਿਤਾ ਵਿਚੋਂ ਸੂਫ਼ੀ ਰੰਗ ਦੀ ਰੂਹਾਨੀ ਝਲਕ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਨੂੰ ਮੰਦਰਾਂ ਅਤੇ ਮਸਜਿਦਾਂ ਦੇ ਰਾਜਨੀਤਕ ਝਗੜਿਆਂ ਨੂੰ ਤਿਆਗ ਕੇ ਆਪਣੇ ਮਨ ਦੀ ਨਿਰਮਲਤਾ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕਰਤਾਰੀ ਜੋਤ ਦਾ ਆਪਣਾ ਸਰੂਪ ਅਖਵਾਉਣ ਵਾਲੇ ਇਨਸਾਨ ਨੂੰ, ਸ਼ੈਤਾਨ ਦੇ ਜਾਮੇ ਵਿਚ ਬੰਬ-ਬਾਰੂਦ ਦੇ ਭੰਡਾਰ ਇਕੱਤਰ ਕਰਦਿਆਂ ਦੇਖ ਕੇ ਉਹ ਚਿੰਤਾ ਅਤੇ ਚਿੰਤਨ ਦੇ ਅਥਾਹ ਸਮੁੰਦਰਾਂ ਵਿਚ ਗੋਤੇ ਖਾਣ ਲੱਗਦੇ ਹਨ। ਵਰਤਮਾਨ ਦੇ ਬਹੁਤ ਸਾਰੇ ਭਖਦੇ ਮਸਲਿਆਂ ਨੂੰ ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਛੋਹਿਆ ਹੈ ਅਤੇ ਹਰ ਮਸਲੇ ਦੀ ਤਹਿ ਤੱਕ ਪਹੁੰਚਣ ਲਈ ਬਹੁਤ ਹੀ ਸੰਤੁਲਿਤ ਪਹੁੰਚ ਅਖ਼ਤਿਆਰ ਕੀਤੀ ਹੈ। ਉਨ੍ਹਾਂ ਕੋਲ ਵਿਸ਼ਿਆਂ ਦੀ ਵੀ ਕੋਈ ਘਾਟ ਨਹੀਂ ਅਤੇ ਹਰ ਵਿਸ਼ੇ ਨੂੰ ਸੰਬੋਧਿਤ ਹੋਣ ਦਾ ਉਨ੍ਹਾਂ ਦਾ ਹੁਨਰ ਵੀ ਬਾਕਮਾਲ ਹੈ। ਬਿੰਬ, ਪ੍ਰਤੀਕ, ਸਹਿਜ ਅਤੇ ਸੁਹਜ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਮਨਜੀਤ ਕੌਰ ਜੀਤ ਦੀ ਇਹ ਬੇਹੱਦ ਖ਼ੂਬਸੂਰਤ ਪੁਸਤਕ ਪੜ੍ਹਨਯੋਗ, ਸਾਂਭਣਯੋਗ ਅਤੇ ਸ਼ਲਾਘਾਯੋਗ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਰਬਾਬ ਤੋਂ ਕਿਰਪਾਨ ਤੱਕ
ਗ਼ਜ਼ਲਕਾਰ : ਰਣਜੀਤ ਸਿੰਘ ਧੂਰੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98762-04508
'ਰਬਾਬ ਤੋਂ ਕਿਰਪਾਨ ਤੱਕ' ਬਾਰੇ ਪੰਜਾਬੀ ਦੇ ਮਹਾਨ ਗ਼ਜ਼ਲ ਚਿੰਤਕਾਂ ਨੇ ਆਪਣੇ ਪ੍ਰਸੰਸਾਮੁਖੀ ਨੋਟ ਪੁਸਤਕ ਵਿਚ ਦਰਜ ਕਰਵਾਏ ਹਨ, ਜਿਨ੍ਹਾਂ ਵਿਚ ਡਾ. ਸੁਰਜੀਤ ਪਾਤਰ, ਗੁਰਦਿਆਲ ਰੌਸ਼ਨ, ਬੂਟਾ ਸਿੰਘ ਚੌਹਾਨ, ਕ੍ਰਿਸ਼ਨ ਭਨੋਟ ਅਤੇ ਹੋਰ ਵਿਦਵਾਨ ਵੀ ਸ਼ਾਮਿਲ ਹਨ। ਇਸ ਪੁਸਤਕ ਦੀ ਸ਼ਾਇਰੀ ਨਾਲ ਪੰਜਾਬੀ ਗ਼ਜ਼ਲ ਦਸਮੇਸ਼ ਜੀ ਦੇ ਫ਼ਲਸਫ਼ੇ ਦੀ ਪੈਰਵੀ ਕਰਦੀ ਨਜ਼ਰ ਆਉਂਦੀ ਹੈ।
ਪੁਸਤਕ ਵਿਚ ਕੁੱਲ 85 ਸ਼ਾਨਦਾਰ ਗ਼ਜ਼ਲਾਂ ਹਨ। ਪਾਤਰ ਇਸ ਪੁਸਤਕ ਬਾਰੇ ਲਿਖਦਿਆਂ ਕਹਿੰਦਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਰਣਜੀਤ ਸਿੰਘ ਧੂਰੀ ਹੋਰਾਂ ਨੇ ਆਪਣੀ ਪੁਸਤਕ ਦੇ ਨਾਂਅ ਅਤੇ ਸ਼ਾਇਰੀ ਨੂੰ ਰਬਾਬ ਅਤੇ ਕਿਰਪਾਨ ਦੇ ਸੰਕਲਪ ਨਾਲ ਜੋੜਿਆ ਹੈ। ਸਾਡੇ ਯੁੱਗ ਵਿਚ ਇਸ ਗੱਲ ਦੀ ਬਹੁਤ ਜ਼ਰੂਰਤ ਹੈ ਕਿ ਕਿਰਪਾਨ ਦੀ ਧਾਰ ਕਦੀ ਵੀ ਰਬਾਬ ਦੀ ਤਾਰ ਤੋਂ ਬੇਮੁਖ ਨਾ ਹੋਵੇ, ਸੁਰਜੀਤ ਪਾਤਰ ਨੇ ਇਹ ਗ਼ਜ਼ਲ ਪੁਸਤਕ ਸਿਰਜਣ ਲਈ ਧੂਰੀ ਨੂੰ ਵਧਾਈ ਭੇਜੀ ਹੈ।
ਪ੍ਰਸਿੱਧ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਅਨੁਸਾਰ ਧੂਰੀ ਦੀ ਸ਼ਾਇਰੀ ਫੁਲਕਾਰੀ 'ਚੋਂ ਸੁਪਨੇ, ਸਧਰਾਂ, ਸ਼ੋਖੀਆਂ, ਸੰਗ-ਸ਼ਰਮ, ਸਹਿਜਤਾ, ਸੰਜੀਦਗੀ, ਸਮੁੱਚਤਾ, ਸੁਚੱਜਤਾ ਤੇ ਸੂਹੇ ਰੰਗ ਦੀ ਝਲਕ ਹੈ। ਬੂਟਾ ਸਿੰਘ ਚੌਹਾਨ ਅਨੁਸਾਰ ਰਣਜੀਤ ਸਿੰਘ ਧੂਰੀ ਨੇ ਬਹਿਰ ਵਜ਼ਨ ਸਿੱਖਿਆ ਹੀ ਨਹੀਂ, ਸਗੋਂ ਕਮਾਇਆ ਹੈ। ਗੁਰਦਿਆਲ ਰੌਸ਼ਨ ਅਨੁਸਾਰ ਧੂਰੀ ਪਿੰਗਲ ਤੇ ਅਰੂਜ ਭਾਵ ਗ਼ਜ਼ਲ ਬਣਤਰ ਬਾਰੇ ਸੁਚੇਤ ਹੈ, ਸੁਲੱਖਣ ਸਰਹੱਦੀ ਜਿਹੇ ਵੱਡੇ ਉਸਤਾਦ ਤੋਂ ਅਗਵਾਈ ਸੋਨੇ 'ਤੇ ਸੁਹਾਗਾ ਹੈ।'ਰਬਾਬ ਤੋਂ ਕਿਰਪਾਨ ਤੱਕ' ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਦੀ ਆਸਥਾ ਦੀ ਪ੍ਰਤੀਕ ਵੀ ਅਤੇ ਹਾਸਲ ਵੀ ਬਣੇਗਾ। ਅਮੀਨ
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਕਲਮ ਤੇ ਕਿਤਾਬ
ਲੇਖਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 88376-84173
'ਕਲਮ ਤੇ ਕਿਤਾਬ' ਪੁਸਤਕ ਵਿਚ 22 ਨਿਬੰਧ ਦਰਜ ਹਨ, ਜਿਨ੍ਹਾਂ ਦਾ ਮਿਆਰ ਉੱਚਾ ਹੈ। ਡਾ. ਕੋਮਲ ਦੀ ਬੌਧਿਕਤਾ ਦਾ 'ਪ੍ਰਮਾਣ ਨਿਬੰਧਾਂ ਦੇ ਵਿਸ਼ਿਆਂ ਦੀ ਸਟੀਕ ਜਾਣਕਾਰੀ ਤੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਪੁਰਾਤਨਤਾ ਤੋਂ ਆਧੁਨਿਕ ਯੁੱਗ ਤੱਕ ਕਲਮ ਦੇ ਇਤਿਹਾਸ ਨੂੰ ਰੂਪਮਾਨ ਕੀਤਾ ਗਿਆ ਹੈ। ਪੁਸਤਕ ਦੀ ਕੇਂਦਰ ਧੁਨੀ ਹੈ, 'ਗਿਆਨ ਪ੍ਰਾਪਤ ਕਰਨ ਦੀ ਨਾ ਸੀਮਾ ਹੁੰਦੀ ਹੈ ਨਾ ਉਮਰ, ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ਤੇ ਅਨੁਭਵ ਨਾਲ ਅਰਥ।' ਨਿਬੰਧਾਂ ਵਿਚ ਆਰਥਿਕ, ਸਮਾਜਿਕ, ਇਤਿਹਾਸਕ, ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਪਰਿਪੇਖ ਰਾਹੀਂ ਪਨਪਦੇ ਵਿਚਾਰ ਤੇ ਸਿਧਾਂਤ ਜੀਵਨ ਦੀ ਸਮੂਰਤਨ ਕਾਇਆ ਕਲਮ ਕਰਕੇ ਮਨੁੱਖਤਾ ਨੂੰ ਦ੍ਰਿੜ੍ਹ ਨਿਸ਼ਚਾ ਪ੍ਰਦਾਨ ਕਰਦੇ ਹਨ। ਲੇਖਕ ਦੀ ਸ਼ਬਦ ਬਣਤਰ ਵਿਚੋਂ ਸੁਹਜਤਾ ਦੇ ਗੁਣਾਂ ਦੀ ਤਸਵੀਰ ਉੱਭਰਦੀ ਹੈ ਤੇ ਸ਼ਬਦਾਂ ਦੀ ਕਲਾਤਮਕਤਾ ਮਨ ਮਸਤਕ 'ਚ ਅਨਹਦ ਧੁਨੀ ਛੇੜਦੀ ਹੈ। ਪੁਸਤਕ ਵਿਚਲੇ ਹਰੇਕ ਨਿਬੰਧ ਦੀ ਬਣਤਰ ਤੇ ਬੁਣਤਰ ਅਧੀਨ ਸ਼ਬਦਾਂ ਦੇ ਅਰਥ, ਅਰਥਾਂ ਦੀ ਵਿਆਖਿਆ, ਵਿਸ਼ਲੇਸ਼ਣ, ਇਤਿਹਾਸਕ ਪੱਖ, ਸਮਾਜਿਕ ਸਾਰਥਕਤਾ, ਲੋਕ ਜੀਵਨ ਤੇ ਸਮਾਜ, ਪ੍ਰੇਰਣਾ, ਮਹੱਤਵਪੂਰਨ ਤੇ ਸਟੀਕ ਜਾਣਕਾਰੀ, ਆਲੰਕਾਰਕ ਤੇ ਸ਼ਿੰਗਾਰਮਈ ਭਾਸ਼ਾ ਆਦਿ ਤੱਤ ਹਨ। ਨਿਬੰਧਾਂ ਵਿਚ ਵਿਗਿਆਨਕ ਪਹੁੰਚ ਵਿਧੀ ਵਿਦਮਾਨ ਰਹਿੰਦੀ ਹੈ, ਜਿਸ ਤੋਂ ਪਾਠਕ ਸਕਾਰਾਤਮਕ ਬਿਰਤੀ ਧਾਰਨ ਕਰ ਸਕਦਾ ਹੈ। ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਸੁੱਖ-ਆਰਾਮ ਤੇ ਵਿਕਾਸਮੁਖੀ ਸੰਭਾਵਨਾਵਾਂ ਪ੍ਰਦਾਨ ਕੀਤੀਆਂ। ਪਰ ਸ਼ੈਤਾਨਮਈ ਬਿਰਤੀ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ, ਜਿਸ ਕਾਰਨ ਜਾਨਵਰ ਪ੍ਰਵਿਰਤੀ ਵਿਚ ਵਾਧਾ ਹੋਇਆ ਹੈ। ਕੁਰੀਤੀਆਂ ਤੋਂ ਛੁਟਕਾਰਾ ਪਾਉਣ ਲਈ ਗੌਤਮ ਬੁੱਧ, ਕ੍ਰਿਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਪਰਪੱਕਤਾ ਨਾਲ ਅਪਨਾਉਣ ਦੀ ਜ਼ਰੂਰਤ ਹੈ। ਪੁਸਤਕ ਦੇ ਨਿਬੰਧ ਮੰਤਰ ਭਾਵ ਪਰਮਾਤਮਾ ਨੂੰ ਸਮਝਣ ਦੀ ਸਮਝ ਅਤੇ ਯੰਤਰ ਬਾਹਰੀ ਵਸਤੂਆਂ ਜਾਂ ਸਮਾਜ ਦੀ ਸਮਝ ਪ੍ਰਦਾਨ ਕਰਦੇ ਹਨ। ਪਾਠਕ ਲਈ ਪ੍ਰੇਰਨਾ ਸ੍ਰੋਤ, 'ਅਦਬ ਸਿੱਖਣਾ ਹੋਵੇ ਤਾਂ ਕਲਮ ਤੋਂ ਸਿੱਖੋ, ਜਦ ਵੀ ਚੱਲਦੀ ਹੈ ਸਿਰ ਝੁਕਾ ਕੇ ਚੱਲਦੀ ਹੈ, ਕਲਮ ਅੰਦਰ ਸਲੀਕਾ ਹੈ, ਸੰਭਾਲਣ ਦੀ ਸ਼ਕਤੀ ਹੈ, ਸੁਹੱਪਣ ਦੀ ਕਲਾ ਹੈ।'
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਆਧੁਨਿਕ ਪੰਜਾਬੀ ਕਵਿਤਾ ਦੇ ਭਾਸ਼ਾਈ ਸਰੋਕਾਰ
ਲੇਖਿਕਾ : ਡਾ. ਸੰਦੀਪ ਕੌਰ ਸਰਹਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ 275 ਰੁਪਏ, ਸਫ਼ੇ : 265
ਸੰਪਰਕ : 98885-43326
'ਆਧੁਨਿਕ ਪੰਜਾਬੀ ਕਵਿਤਾ ਦੇ ਭਾਸ਼ਾਈ ਸਰੋਕਾਰ' ਡਾ. ਸੰਦੀਪ ਕੌਰ ਸਰਹਾਲੀ ਦੇ ਪੀਐਚ.ਡੀ. ਦੇ ਖੋਜ ਕਾਰਜ 'ਤੇ ਆਧਾਰਿਤ ਪੁਸਤਕ ਹੈ। ਇਸ ਖੋਜ ਕਾਰਜ ਵਿਚ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਭਾਸ਼ਾ ਨੂੰ ਸਮਝਣ ਤੇ ਪਰਖਣ ਦਾ ਯਤਨ ਕੀਤਾ ਗਿਆ ਹੈ। ਲੇਖਿਕਾ ਅਨੁਸਾਰ ਇਨ੍ਹਾਂ ਕਵੀਆਂ ਦੀ ਭਾਸ਼ਾ ਅਤੇ ਸ਼ੈਲੀ ਇਕ ਦੂਜੇ ਨਾਲੋਂ ਵੱਖਰੀ ਹੈ, ਜਿਸ ਦਾ ਕਾਰਨ ਇਨ੍ਹਾਂ ਦੇ ਵੱਖਰੇ ਜੀਵਨ ਅਨੁਭਵ ਅਤੇ ਵੱਖਰੇ ਭਾਸ਼ਾਈ ਸਰੋਤ ਹਨ। 'ਤਾਅਰੁਫ਼' ਸਿਰਲੇਖ ਅਧੀਨ ਲੇਖਿਕਾ ਵਲੋਂ ਲਿਖੀ ਭੂਮਿਕਾ ਵਿਚ ਤਿੰਨ ਪ੍ਰਸ਼ਨ ਉਠਾਏ ਹਨ ਜੋ ਇਨ੍ਹਾਂ ਕਵੀਆਂ ਦੀਆਂ ਸਾਹਿਤਕ ਕ੍ਰਿਤਾਂ, ਯਥਾਰਥ ਦੀ ਕਲਾਪੂਰਵਕ ਅਭਿਵਿਅਕਤੀ ਅਤੇ ਪਾਠਕਾਂ ਨੂੰ ਕਾਵਿ-ਭਾਸ਼ਾ ਦਾ ਬੋਧ ਕਰਵਾਏ ਜਾਣ ਬਾਰੇ ਹਨ। ਪਹਿਲੇ ਅਧਿਆਏ ਵਿੱਚ ਲੇਖਿਕਾ ਨੇ ਕਾਵਿ-ਭਾਸ਼ਾ ਨੂੰ ਸਿਧਾਂਤਕ ਖਾਕੇ ਵਿਚ ਰੱਖ ਕੇ ਪਰਖਿਆ ਹੈ ਅਤੇ ਭਾਸ਼ਾ ਤੇ ਕਾਵਿ ਸੰਬੰਧਾਂ ਨੂੰ ਉਜਾਗਰ ਕੀਤਾ ਹੈ। ਅੱਗੇ ਚਲ ਕੇ ਕਾਵਿ-ਭਾਸ਼ਾ ਦਾ ਹੋਰਨਾਂ ਵਿਸ਼ਿਆਂ ਦੀਆਂ ਭਾਸ਼ਾਵਾਂ ਨਾਲੋਂ ਨਿਖੇੜਾ ਕਰਦੇ ਹੋਏ ਲੇਖਿਕਾ ਨੇ ਭਾਰਤੀ ਤੇ ਪੱਛਮੀ ਕਾਵਿ ਸਿਧਾਂਤ ਕੀਤੇ ਹਨ। ਦੂਜੇ ਅਧਿਆਇ ਵਿਚ ਤੁਲਨਾਤਮਿਕ ਅਧਿਐਨ ਨੂੰ ਇਕ ਵੱਖਰੇ ਸਿਧਾਂਤਕ ਵਿਗਿਆਨ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ ਅਤੇ ਇਸ ਦੀਆਂ ਅਧਿਐਨ ਵਿਧੀਆਂ ਅਤੇ ਤੱਤਾਂ ਬਾਰੇ ਚਰਚਾ ਕੀਤੀ ਗਈ ਹੈ।
ਅਗਲੇ ਤਿੰਨ ਅਧਿਆਇ ਕ੍ਰਮਵਾਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਭਾਸ਼ਾ ਬਾਰੇ ਹਨ ਜਿਨ੍ਹਾਂ ਵਿਚ ਭਾਸ਼ਾ ਦੇ ਸਰੋਤਾਂ, ਜੁਗਤਾਂ ਅਤੇ ਸੰਚਾਰ ਪ੍ਰਬੰਧ ਬਾਰੇ ਵਿਚਾਰ ਕੀਤੇ ਗਏ ਹਨ। ਮੋਹਨ ਸਿੰਘ ਦੇ 12 ਕਾਵਿ-ਸੰਗ੍ਰਹਿਆਂ ਵਿਚੋਂ ਪੰਜ ਕਾਵਿ-ਸੰਗ੍ਰਹਿਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ, ਅੰਮ੍ਰਿਤਾ ਪ੍ਰੀਤਮ ਦੀ ਕਾਵਿ ਪੁਸਤਕ 'ਕਾਗ਼ਜ਼ ਤੇ ਕੈਨਵਸ' ਨੂੰ ਅਤੇ ਸ਼ਿਵ ਕੁਮਾਰ ਦੇ ਸੰਕਲਿਤ ਕਾਵਿ ਪੁਸਤਕ 'ਬਿਰਹਾ ਨੂੰ ਸੁਲਤਾਨ' ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਕਵੀਆਂ ਦੇ ਰਚਨਾ ਕਾਲ ਦੇ ਆਧਾਰ 'ਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਕ੍ਰਮਵਾਰ ਤਿੰਨ, ਚਾਰ ਅਤੇ ਤਿੰਨ ਪੜਾਵਾਂ ਵਿਚ ਵੰਡਿਆ ਗਿਆ ਹੈ। ਇਸ ਵੰਡ ਦੇ ਆਧਾਰ 'ਤੇ ਪ੍ਰੋ. ਮੋਹਨ ਸਿੰਘ ਦੀ ਕਾਵਿ ਭਾਸ਼ਾ 'ਤੇ ਰਾਜਸੀ, ਭਾਸ਼ਾਈ ਤੇ ਸਾਹਿਤਕ ਪ੍ਰਭਾਵਾਂ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਸ਼ਬਦਾਂ ਦੇ ਸਰੋਤਾਂ ਤੇ ਉਤਪਤੀ ਨੂੰ ਵਿਚਾਰਿਆ ਗਿਆ ਹੈ, ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਦੀ ਭਾਸ਼ਾ, ਸ਼ਬਦਾਂ ਅਤੇ ਸ਼ਬਦਾਂ ਦੀ ਬਣਤਰ ਅਤੇ ਸਰੋਤਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਅਤੇ ਵਿਸ਼ੇ ਦੀ ਲੋੜ ਦੀ ਤਰਜ਼ 'ਤੇ ਸ਼ਿਵ ਦੀ ਕਾਵਿ-ਭਾਸ਼ਾ ਨੂੰ ਪਰਖਿਆ ਹੈ ਤੇ ਉਪਭਾਸ਼ਾਈ ਪ੍ਰਭਾਵਾਂ ਹੇਠ ਉਸ ਦੇ ਸਰੋਤਾਂ ਤਕ ਪੁੱਜਣ ਦਾ ਯਤਨ ਕੀਤਾ ਹੈ। ਪੁਸਤਕ ਦੇ ਅੰਤਿਮ ਅਧਿਆਇ ਵਿਚ ਲੇਖਿਕਾ ਨੇ ਇਨ੍ਹਾਂ ਤਿੰਨਾਂ ਸਾਹਿਤਕਾਰਾਂ ਦੀ ਕਾਵਿ-ਭਾਸ਼ਾ ਦਾ ਅਧਿਐਨ ਸਮਾਂ, ਸਥਾਨ, ਉਪਬੋਲੀ, ਕਾਵਿ-ਧਾਰਾਵਾਂ, ਵਿਸ਼ੇ-ਪਾਤਰ, ਕਾਵਿ-ਰੂਪਾਂ, ਸ਼ਬਦ ਸ਼ਕਤੀਆਂ, ਸ਼ਬਦ ਯੋਜਨਾ ਆਦਿ ਦੀ ਸਾਂਝ ਅਤੇ ਪ੍ਰਤੀਕਾਂ, ਬਿੰਬਾਂ, ਸਮਾਸਾਂ, ਪਰਾਹਨਾਂ, ਲੇਖਨ ਵਿਧੀ, ਅਰਥ ਸਿਰਜਣਾ, ਆਧੁਨਿਕਤਾ ਕਾਵਿ-ਸ਼ੈਲੀ ਆਦਿ ਦੇ ਵਖਰੇਵੇਂ ਦੇ ਆਧਾਰ 'ਤੇ ਕੀਤਾ ਹੈ।ਅੰਤ ਵਿਚ ਇਸ ਸਿੱਟੇ 'ਤੇ ਪੁੱਜਿਆ ਜਾ ਸਕਦਾ ਹੈ ਕਿ ਡਾ. ਸੰਦੀਪ ਕੌਰ ਸਰਹਾਲੀ ਵਲੋਂ ਕੀਤੇ ਖੋਜ-ਕਾਰਜ 'ਤੇ ਆਧਾਰਿਤ ਇਸ ਪੁਸਤਕ ਵਿਚ ਉਸ ਦਾ ਅਧਿਐਨ ਭਾਸ਼ਾਈ ਸਰੋਕਾਰਾਂ ਦੀ ਸਾਰਥਕਤਾ ਦੇ ਹਰ ਇਮਤਿਹਾਨ ਨੂੰ ਬਾਖ਼ੂਬੀ ਪਾਰ ਕਰਦਾ ਹੈ ਅਤੇ ਭਵਿੱਖ ਵਿਚ ਹੋਣ ਵਾਲੇ ਖੋਜ-ਕਾਰਜਾਂ ਲਈ ਇਕ ਪ੍ਰੇਰਨਾ ਸਰੋਤ ਬਣਦਾ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਤੀਸਰੀ ਖਿੜਕੀ
ਲੇਖਕ : ਨਿਰੰਜਣ ਬੋਹਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 142
ਸੰਪਰਕ : 89682-82700
'ਪੂਰਾ ਮਰਦ' ਕਹਾਣੀ ਸੰਗ੍ਰਿਹ ਤੋਂ ਬਾਅਦ ਨਿਰੰਜਣ ਬੋਹਾ ਦਾ ਸੱਜਰਾ ਕਹਾਣੀ-ਸੰਗ੍ਰਹਿ 'ਤੀਸਰੀ ਖਿੜਕੀ' 2022 'ਚ ਪ੍ਰਕਾਸ਼ਿਤ ਹੋਇਆ ਹੈ। ਇਸ ਤੋਂ ਪਹਿਲਾਂ ਸ੍ਰੀ ਬੋਹਾ ਦੀਆਂ ਦੋ ਵਾਰਤਕ ਪੁਸਤਕਾਂ 'ਮੇਰੇ ਹਿੱਸੇ ਦਾ ਅਦਬੀ ਸੱਚ' ਅਤੇ 'ਅਦਬ ਦੀਆਂ ਪਰਤਾਂ' ਵੀ ਛਪੀਆਂ ਹਨ। ਆਲੋਚਨਾ ਤੇ ਸੰਪਾਦਨਾ ਕਾਰਜ ਤੋਂ ਬਿਨਾਂ 'ਪਲ ਪਲ ਬਦਲਦੀ ਜ਼ਿੰਦਗੀ' ਮਿੰਨੀ ਕਹਾਣੀ ਸੰਗ੍ਰਹਿ ਛਪ ਚੁੱਕਿਆ ਹੈ। 'ਤੀਸਰੀ ਖਿੜਕੀ' ਪੁਸਤਕ ਵਿਚ ਕੁਲ 12 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦਾ ਮੂਲ-ਬਿੰਦੂ ਵਰਤਮਾਨ ਸਮਿਆਂ 'ਚ ਜੀਅ ਰਹੇ ਬੰਦੇ ਦੀ ਜੀਵਨ-ਸ਼ੈਲੀ ਕਿਵੇਂ ਜਟਲ ਬਣਦੀ ਜਾ ਰਹੀ ਹੈ ਤੇ ਮਾਨਸਿਕ ਤੇ ਆਰਥਿਕ ਗੁੰਝਲਦਾਰ ਸਮੱਸਿਆਵਾਂ 'ਚ ਘਿਰਿਆ ਮਰਦ ਜਾਂ ਔਰਤ ਕਿਵੇਂ ਜੂਝ ਰਿਹਾ ਹੈ, ਉਸ ਤ੍ਰਾਸਦੀ ਦਾ ਬਹੁਤ ਸਹਿਜ ਢੰਗ ਨਾਲ ਚਿਤਰਨ, ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਹੈ। ਰੋਜ਼ਾਨਾ ਕਿਵੇਂ ਰਿਸ਼ਤੇਦਾਰੀਆਂ ਦੀ ਅਖੰਡਤਾ ਤੇ ਵਿਡੰਬਨਾ ਦੀ ਜ਼ਲੀਲ ਸਥਿਤੀ ਸੁਣਦੇ ਤੇ ਵੇਖਦੇ ਹਾਂ, ਉਸ ਨੂੰ ਕਹਾਣੀਕਾਰ ਨੇ ਬਹੁਤ ਨੇੜਿਓਂ ਹੋ ਕੇ ਸਵੈ-ਪਾਤਰ ਬਣ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਦੇ ਨਾਮਕਰਨ ਵਾਲੀ ਕਹਾਣੀ 'ਤੀਸਰੀ ਖਿੜਕੀ' 'ਚ ਮੁੱਖ-ਪਾਤਰ ਰੀਤੂ ਰਾਹੀਂ ਪਵਿੱਤਰ ਰਿਸ਼ਤੇ ਨਾਨਕਿਆਂ ਦਾ ਘਿਨੌਣਾ ਕਿਰਦਾਰ 'ਰਤਨ' ਦੀ ਮੰਦੀ ਹਰਕਤ ਨਵਾਂ ਹੀ ਰੂਪ ਧਾਰਦੀ ਹੈ। ਨਸ਼ਈ ਪਤੀ ਸੁਖਚੈਨ ਤੋਂ ਤੰਗ ਆਉਂਦੀ ਰੀਤੂ ਨੂੰ ਕੋਈ ਢੋਈ ਨਹੀਂ ਮਿਲਦੀ। ਅੰਤ ਉਹ ਫ਼ੈਸਲਾ ਕਰਕੇ ਆਪਣੇ ਸਵੈ-ਮਾਣ ਨਾਲ ਜਿਊਣਾ ਚਾਹੁੰਦੀ ਹੈ। ਔਰਤ ਲਈ ਪੇਕਾ ਘਰ ਤੇ ਸਹੁਰਾ ਘਰ ਸੰਤਾਪ ਭੋਗਣ ਲਈ ਮਜਬੂਰ ਕਰਦੇ ਤੇ ਅੰਤ ਬਜ਼ੁਰਗ ਇਕ ਮਾਲੀ ਤੇ ਉਸ ਦਾ ਘਰ ਵਾਲਾ ਰੀਤੂ ਦਾ ਸਹਾਰਾ ਬਣਦੇ ਹਨ। 'ਕੋਈ ਰਿਸ਼ਤਾ ਜੋੜੇ ਬਗੈਰ ਬੰਦਾ ਜਿਉਂ ਵੀ ਨਹੀਂ ਸਕਦਾ। ਤੁਸੀਂ ਦੋਹਾਂ ਮੈਨੂੰ ਧੋਖਾ ਨਾ ਦੇਣਾ।' ਰੀਤੂ ਦੇ ਇਹ ਸ਼ਬਦ ਕਹਾਣੀ ਦੀ ਸਾਰਥਿਕਤਾ ਨੂੰ ਸਿਖਰ ਵੱਲ ਲੈ ਜਾਂਦੇ ਹਨ। 'ਖਲਾਅ ਵਿਚ ਲਟਕਦੇ ਰਿਸ਼ਤੇ' ਪਾਤਰ ਮੈਂ ਤੇ ਉਸ ਦੀ ਪਤਨੀ ਕ੍ਰਿਸ਼ਨਾ ਦੀ ਆਰਥਿਕ ਮਜਬੂਰੀ ਤੇ ਸਰਕਾਰਾਂ ਦੇ ਕਿਰਦਾਰ 'ਤੇ ਭਾਵ-ਪੂਰਤ ਕਟਾਖਸ਼ ਹੈ ਤੇ ਆਪਣੀ ਭੈਣ ਤੇ ਜੀਜੇ ਨਾਲ ਰਿਸ਼ਤੇ ਨੂੰ ਬਣਾਈ ਰੱਖਣ ਲਈ ਮਸਲਾ ਹੱਲ ਕਰਦੇ ਹਨ। 'ਉਹ ਮੇਰਾ ਵੀ ਕੁਝ ਲੱਗਦਾ' ਰਾਹੀਂ ਰਿਸ਼ਤਿਆਂ ਦੇ ਸਤਿਕਾਰ ਰਾਹੀਂ ਦਹਾਜੂ ਵਿਆਹ ਨੂੰ ਸਫ਼ਲ ਬਣਾਉਣ ਲਈ ਸੱਦਾ ਹੈ ਤੇ ਅਗਲੀ ਕਹਾਣੀ 'ਕੋਈ ਤਾਂ ਹੈ' ਰਾਹੀਂ ਇਸ ਕੜੀ ਨੂੰ ਅੱਗੇ ਤੋਰਦਾ ਹੈ। 'ਬੋਲਾਂ ਤਾਂ ਕੀ ਬੋਲਾਂ' 'ਚ ਔਰਤ ਦੀ ਹੋਣੀ ਆਰਥਿਕ ਤੌਰ 'ਤੇ ਨਿਪੁੰਨ ਹੋਣ ਲਈ ਮਜਬੂਰ ਕਰਦੀ ਹੈ। 'ਤੂੰ ਇੰਜ ਨਾ ਕਰੀਂ' 'ਚ ਔਰਤ ਦੇ ਸ਼ੋਸ਼ਣ ਦੀ ਤ੍ਰਾਸਦੀ ਝੰਜੋੜਨ ਵਾਲੀ ਹੈ। 'ਹੋਰ ਵੰਡ ਨਹੀਂ' ਸਮਾਜ 'ਚ ਆਰਥਿਕਤਾ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ। ਇੰਝ ਇਹ ਕਹਾਣੀਆਂ ਸਮਾਜ ਦੇ ਸੱਚ ਨੂੰ ਰੂਪਮਾਨ ਕਰਦੀਆਂ ਯਥਾਰਥਕ ਦ੍ਰਿਸ਼ਟੀ 'ਤੇ ਆਧਾਰਤ ਹਨ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਨਟੀ ਬਿਨੋਦਨੀ
ਲੇਖਕ : ਸ਼ਬਦੀਸ਼
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 150 ਰੁਪਏ ਸਫ਼ੇ : 78
ਸੰਪਰਕ : 98140-33773
ਜ਼ਿੰਦਗੀ ਦੀਆਂ ਔਕੜਾਂ ਵਿਚੋਂ ਗੁਜ਼ਰਦਿਆਂ ਵੀ ਰੰਗਮੰਚ ਨੂੰ ਦ੍ਰਿੜ੍ਹਤਾ ਅਤੇ ਸ਼ਿੱਦਤ ਨਾਲ ਹੰਢਾਉਣ ਵਾਲੀ ਬੰਗਾਲੀ ਰੰਗਮੰਚ ਦੀ ਪਹਿਲੀ ਅਦਾਕਾਰਾ ਬਿਨੋਦਨੀ ਦਾਸੀ ਦੀ ਜੀਵਨ ਕਹਾਣੀ ਹੈ ਸ਼ਬਦੀਸ਼ ਦਾ ਇਹ ਨਾਟਕ। ਬੰਗਾਲੀ ਰੰਗਮੰਚ ਦੇ ਇਤਿਹਾਸ ਵਿਚ ਬਿਨੋਦਨੀ ਦਾਸੀ ਦਾ ਸੰਘਰਸ਼ਮਈ ਜੀਵਨ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਉਹ ਵੇਸਵਾਗਿਰੀ ਦੇ ਮਹੌਲ ਵਿਚ ਆਪਣੀ ਨਾਨੀ ਕੋਲ ਪਲੀ, ਵੱਡੀ ਹੋਈ ਅਤੇ ਸਬੱਬ ਨਾਲ ਰੰਗਮੰਚ ਨਾਲ ਜਾ ਜੁੜੀ। ਰੰਗਮੰਚ ਨੇ ਜਿਥੇ ਉਸ ਦੀ ਤੜਪ ਨੂੰ ਤਸੱਲੀ ਦਿੱਤੀ ਉਥੇ ਗ਼ੈਰਤ, ਅਣਖ ਅਤੇ ਸਵੈ-ਵਿਸ਼ਵਾਸ ਵੀ ਦਿੱਤਾ ਪਰ ਰੰਗਮੰਚ ਦੀ ਦੁਨੀਆ ਦੀ ਸ਼ਬਦੀਸ਼ ਖ਼ੁਦ ਬਿਆਨਦਾ ਹੈ ਕਿ ਨਟੀ ਬਿਨੋਦਨੀ ਨਾਟਕ ਲਿਖਣ ਦਾ ਖ਼ਿਆਲ ਉਸ ਨੂੰ ਬੰਗਾਲੀ ਨਾਟਕਕਾਰ ਚਿਤਰੰਜਨ ਘੋਸ਼ ਦਾ ਨਾਟਕ ਪੜ੍ਹ ਕੇ ਆਇਆ। ਨਾਟਕ ਲਿਖਣ ਲਈ ਉਸ ਨੇ ਬਿਨੋਦਨੀ ਦਾਸੀ ਬਾਰੇ ਹੋਰ ਕਈ ਸਾਧਨਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ। ਪ੍ਰਸਤਾਵਨਾ ਤੋਂ ਬਾਅਦ ਨਾਟਕ ਦੇ ਅੰਦਰਲਾ ਨਾਟਕ ਸ਼ੁਰੂ ਹੁੰਦਾ ਹੈ। ਬਿਨੋਦਨੀ ਕਿਰਦਾਰ ਦੇ ਰੂਪ ਵਿਚ ਪਾਠਕਾਂ/ਦਰਸ਼ਕਾਂ ਨਾਲ ਆਪਣੀ ਪਛਾਣ ਕਰਵਾਉਂਦੀ ਹੈ, ਮੈਂ ਅਭਾਗਣ ਦੁੱਖਾਂ ਵੇਲੇ , ਬੁੱਲ੍ਹਾਂ 'ਤੇ ਮੁਸਕਾਨ ਹਾਂ ਧਰਦੀ / ਊਠਾਂ ਵਾਲੇ ਲੈ ਜਾਂਦੇ ਨੇ , ਮੈਂ ਪੁਨੂੰ ਨੂੰ ਫੇਰ ਵੀ ਵਰਦੀ / ਮੈਂ ਪਿਆਸੀ, ਇਸ ਕਦਰ ਪਿਆਸੀ / ਯੁੱਗਾਂ-ਯੁਗਾਂ ਤੱਕ ਪਿਆਸ ਨੀ ਮਿਟਣੀ, ਤ੍ਰਿਖਾਂ ਤੋਂ ਮਿਲਣੀ ਨਹੀਂ ਖਲਾਸੀ।ਵੇਸਵਾ ਨਾਨੀ ਕੋਲ ਪਲਦੀ-ਪਲਦੀ ਬਿਨੋਦਨੀ ਗਰੇਟ ਨੈਸ਼ਨਲ ਥੀਏਟਰ ਨਾਲ ਜੁੜ ਕੇ ਕਲਾ ਜਗਤ ਦੀ ਰਾਜ ਰਾਣੀ ਬਣੀ। ਇਹ ਨਾਟ ਕਥਾ ਉਸ ਦੇ ਵੇਸਵਾਪਨ ਤੋਂ ਅਦਾਕਾਰਾ ਹੋਣ ਅਤੇ ਬਾਕੀ ਜੀਵਨ ਵਿਹਾਰ ਦੀ ਬਾਤ ਪਾਉਂਦੀ ਹੈ। ਬੇਸ਼ੱਕ ਬਿਨੋਦਨੀ ਨੂੰ ਵੱਖ-ਵੱਖ ਥੀਏਟਰ ਨਿਰਦੇਸ਼ਕ/ਸਹਿਕਰਮੀ ਜਾਂ ਥੀਏਟਰ ਕਰਵਾਉਣ ਵਾਲੇ ਅਮੀਰ ਲੋਕ ਮਿਲਦੇ ਰਹੇ ਪਰ ਇਸ ਨਾਟ ਕਥਾ ਵਿਚ ਮੁੱਖ ਤੌਰ 'ਤੇ ਦੋ ਹੀ ਪਾਤਰ ਹਨ ਇਕ ਬਿਨੋਦਨੀ ਅਤੇ ਦੂਸਰਾ ਥੀਏਟਰ। ਕਿਉਂਕਿ ਬਿਨੋਦਨੀ ਦਾ ਇਸ਼ਕ ਹੀ ਥੀਏਟਰ ਨਾਲ ਹੈ, ਥੀਏਟਰ ਨੂੰ ਹੀ ਉਸ ਦਾ ਸਭ ਕੁਝ ਸਮਰਪਿਤ ਹੈ। ਬਿਨੋਦਨੀ ਦੀ ਅਦਾਕਾਰੀ ਨੇ ਉਸ ਨੂੰ ਥੀਏਟਰ ਨਾਲ ਜੋੜੀ ਰੱਖਿਆ ਅਤੇ ਉਸ ਦੇ ਸੁਹੱਪਣ ਨੇ ਹੋਰ ਲੋਕਾਂ ਨਾਲ ਉਸ ਦਾ ਰਾਬਤਾ ਕਾਇਮ ਕੀਤਾ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਵਿਚੋਂ ਲੰਘਦਿਆਂ ਨਾ ਤਾਂ ਉਹ ਦੋਹਰੀ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਅਤੇ ਨਾ ਹੀ ਕਿਸੇ ਦੀ ਰਖੈਲ ਬਣ ਕੇ ਐਸ਼ੋ ਅਰਾਮ ਵਾਲੀ ਕੋਈ ਲਾਲਸਾ ਹੈ ਉਸ ਅੰਦਰ। ਇੱਜ਼ਤ ਦਾ ਪੈਸਾ ਮਿਲਣ ਦੀ ਤਰਕ ਦੇ ਨਾਲ-ਨਾਲ ਉਹ ਇਹ ਵੀ ਸਿੱਧ ਕਰਨਾ ਲੋਚਦੀ ਹੈ ਕਿ ਵੇਸਵਾ ਸਾਊ ਵੀ ਹੋ ਸਕਦੀ ਆ। ਉਸ ਲਈ ਥੀਏਟਰ ਦੀ ਕਮਾਈ ਦੇ ਘੱਟ ਪੈਸੇ ਤਸੱਲੀ ਵਾਲੇ ਹਨ। ਨਾਟਕ ਵਿਚ ਬੰਗਾਲੀ ਥੀਏਟਰ ਦੀ ਉਸ ਸਮੇਂ ਦੀ ਤਸਵੀਰ ਮਿਲਦੀ ਹੈ ਜਿਸ ਨੂੰ ਪੇਸ਼ ਕਰਦਿਆਂ ਸਬਦੀਸ਼ ਨੇ ਗੱਲਾਂ-ਬਾਤਾਂ, ਟੋਟਕਿਆਂ ਅਤੇ ਗੀਤਾਂ ਨਾਲ ਇਸ ਨੂੰ ਪੰਜਾਬੀਅਤ ਦੀ ਰੰਗਤ ਦਿੱਤੀ ਜੋ ਜ਼ਰੂਰੀ ਸੀ।
-ਨਿਰਮਲ ਜੌੜਾ
ਮੋਬਾਈਲ : 98140-78799
ਪੰਜਾਬ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ...
ਲੇਖਕ : ਅਮਨਦੀਪ ਸੰਧੂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 750 ਰੁਪਏ, ਸਫੇ : 496
ਸੰਪਰਕ : 0183-2543965
ਡਾ.. ਅਮਨਦੀਪ ਸਿੰਘ ਰਚਿਤ ਅੰਗਰੇਜ਼ੀ ਪੁਸਤਕ (Punjab : *ourne਼s throu{h 6au&t *}nes) 'ਯਾਨਰ' ਦੀਆਂ ਹੱਦਬੰਦੀਆਂ ਨੂੰ ਵੰਗਾਰਨ ਵਾਲੀ ਰਚਨਾ ਹੈ। ਇਸ ਦਾ ਪੰਜਾਬੀ ਅਨੁਵਾਦ ਸਰਵਸ੍ਰੀ ਯਾਦਵਿੰਦਰ ਸਿੰਘ ਅਤੇ ਮੰਗਤ ਰਾਮ ਨੇ ਕੀਤਾ ਹੈ। ਇਹ ਪੁਸਤਕ ਇਕੋ ਸਮੇਂ ਪੱਤਰਕਾਰੀ, ਸੰਸਮਰਣ ਅਤੇ ਨਾਵਲ ਦੀ ਸ਼੍ਰੇਣੀ ਵਿਚ ਰੱਖੀ ਜਾ ਸਕਦੀ ਹੈ। ਅੱਜ ਤੋਂ ਕਈ ਦਹਾਕੇ ਪਹਿਲਾਂ ਇਹੋ ਜਿਹੀ ਇਕ ਪੁਸਤਕ 'ਆਗ ਕਾ ਦਰਯਾ' (ਕੁਰਤੁਅਲ-ਐਨ-ਹੈਦਰ) ਨੇ ਲਿਖੀ ਸੀ, ਜਿਸ ਵਿਚ 'ਹਿੰਦੁਸਤਾਨੀਅਤ' ਨੂੰ ਟੋਲਣ ਅਤੇ ਟੋਹਣ ਦਾ ਯਤਨ ਕੀਤਾ ਗਿਆ ਸੀ। ਹਥਲੀ ਪੁਸਤਕ ਵਿਚ ਸ. ਸੰਧੂ 'ਪੰਜਾਬੀਅਤ' ਦੀ ਤਲਾਸ਼ ਕਰਦਾ ਹੈ। ਉਸ ਅਨੁਸਾਰ ਨਾਬਰੀ ਅਤੇ ਪ੍ਰਤੀਰੋਧ ਪੰਜਾਬੀਅਤ ਦੇ ਪ੍ਰਮੁੱਖ ਲੱਛਣ ਹਨ। ਅਮਨਦੀਪ ਸਿੰਘ ਨੇ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਭਾਰਤ ਦੇ ਪ੍ਰਮੁੱਖ ਸਨਅਤੀ ਸ਼ਹਿਰ ਰੁੜਕੇਲਾ ਵਿਚ ਗੁਜ਼ਾਰੇ ਸਨ। ਉਨ੍ਹਾਂ ਦਿਨਾਂ ਵਿਚ ਉਸ ਨੇ ਪੰਜਾਬ ਨੂੰ ਕੁਝ ਟੁਕੜਿਆਂ (ਪ੍ਰਤੀਕਾਂ) ਵਿਚ ਵੇਖਿਆ ਸੀ। ਭਾਰਤ ਦੇ ਹੋਰ ਪ੍ਰਦੇਸ਼ਾਂ ਵਿਚ ਪੰਜਾਬ ਬਾਰੇ ਵੱਖ-ਵੱਖ ਧਾਰਨਾਵਾਂ ਬਣੀਆਂ ਹੋਈਆਂ ਹਨ। ਉਥੇ ਰਹਿਣ ਵਾਲੇ ਲੋਕ ਜਦੋਂ 'ਪੰਜਾਬ' (ਸਿਗਨੀਫਾਇਰ) ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਮਨ ਵਿਚ ਸਿੱਖ, ਭੰਗੜਾ, ਖਾੜਕੂ, ਗੁਰਦੁਆਰਾ, ਲੰਗਰ, ਖ਼ਾਲਿਸਤਾਨ, ਹਰੀ ਕ੍ਰਾਂਤੀ, ਢੋਲ, ਪੰਜ ਦਰਿਆ ਵਿਚ ਬਟਰ-ਚਿਕਨ ਆਦਿ ਚਿਹਨਕ (S}{n}f}ed) ਉੱਭਰਦੇ ਹਨ। ਪਰ ਕੀ ਪੰਜਾਬ ਬਸ ਇਹੋ ਅਤੇ ਏਨਾ ਹੀ ਹੈ? ਲੇਖਕ ਦਾ ਇਹ ਬਿਰਤਾਂਤ 1913 ਈ. ਤੋਂ ਸ਼ੁਰੂ ਹੋ ਕੇ 1918 ਈ. ਤੱਕ ਚਲਦਾ ਹੈ ਪਰ ਅੰਦਰਖਾਤੇ ਇਹ ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਤੱਕ ਦੀ ਯਾਤਰਾ ਕਰ ਜਾਂਦਾ ਹੈ। ਇਸ ਵਿਚ ਕਾਂਗਰਸ, ਕਮਿਊਨਿਸਟ ਪਾਰਟੀਆਂ,ਅਕਾਲੀ ਪਾਰਟੀ, ਸ. ਭਿੰਡਰਾਂਵਾਲਾ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇਜਰੀਵਾਲ ਆਦਿ ਤੋਂ ਬਿਨਾਂ ਪੰਜਾਬ ਦੇ ਪ੍ਰਮੁੱਖ ਡੇਰਿਆਂ, ਰਾਧਾ ਸੁਆਮੀ, ਸੱਚਾ ਸੌਦਾ, ਨਿਰੰਕਾਰੀ, ਸੰਤ ਬੱਲਾਂ ਵਾਲੇ ਆਦਿ ਦੀ ਕਾਰਜਸ਼ੈਲੀ ਬਾਰੇ ਵੀ ਭਰਪੂਰ ਚਰਚਾ ਹੋਈ ਹੈ। ਇਹ ਪੁਸਤਕ ਹਰ ਸੂਝਵਾਨ ਅਤੇ ਸੰਵੇਦਨਸ਼ੀਲ ਪਾਠਕ ਵਾਸਤੇ ਪੜ੍ਹਨੀ ਅਤੇ ਘੋਖਣੀ ਜ਼ਰੂਰੀ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਖੰਡਰ
ਕਹਾਣੀਕਾਰ : ਹੀਰਾ ਸਿੰਘ ਤੂਤ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ, ਜ਼ਿਲ੍ਹਾ ਫ਼ਰੀਦਕੋਟ
ਮੁੱਲ : 160 ਰੁਪਏ, ਸਫ਼ੇ : 95
ਸੰਪਰਕ : 98724-55994
ਇਸ ਕਹਾਣੀ ਸੰਗ੍ਰਹਿ ਵਿਚ ਪੰਦਰਾਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਸਾਡੇ ਸਮਾਜ ਦੀ ਬਦਲ ਰਹੀ ਸਥਿਤੀ ਅਤੇ ਖੋਖਲੇ ਹੁੰਦੇ ਜਾ ਰਹੇ ਰਿਸ਼ਤਿਆਂ ਦੀ ਬਾਤ ਪਾਈ ਗਈ ਹੈ। ਘਟੀਆ ਸੋਸ਼ਲ ਮੀਡੀਆ ਦੇ ਚੈਨਲਾਂ ਨੇ ਬਹੁਤ ਹੀ ਨਿਘਾਰ ਲੈ ਆਂਦਾ ਹੈ। ਕੋਝੇ ਮਜ਼ਾਕ, ਜਿਸਮਾਂ ਦੀ ਖਿੱਚ, ਨਸ਼ੇ ਅੱਯਾਸ਼ੀਆਂ, ਗ਼ਰਜਾਂ ਅਤੇ ਬੁਰੀਆਂ ਆਦਤਾਂ ਨੇ ਜਵਾਨੀ ਦਾ ਘਾਣ ਕਰ ਦਿੱਤਾ ਹੈ। ਔਰਤ ਨੂੰ ਆਜ਼ਾਦੀ ਮਿਲੀ ਹੈ ਤਾਂ ਉਸ ਦੀ ਸ਼ਰਮ/ਹਯਾ ਵੀ ਗ਼ਾਇਬ ਹੁੰਦੀ ਜਾ ਰਹੀ ਹੈ। ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਇਸ਼ਕ ਮਜਾਜ਼ੀ, ਇਸ਼ਕ ਹਕੀਕੀ, ਵਰਜਿਤ ਰਿਸ਼ਤਿਆਂ, ਪਰਿਵਾਰਾਂ ਦੇ ਬਣਦੇ ਵਿਗੜਦੇ ਸੰਬੰਧਾਂ ਅਤੇ ਔਰਤਾਂ ਦੇ ਦਿਲਾਂ ਦੀਆਂ ਘੁੰਡੀਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਮਿੱਟੀ ਦੀ ਮਹਿਕ, ਛੱਪੜਾਂ ਦੀਆਂ ਤਾਰੀਆਂ, ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਦਾ ਆਨੰਦ, ਮੱਕੀ ਦੇ ਖੇਤ, ਸੂਰਜਮੁਖੀ ਦੇ ਫੁੱਲ, ਖੇਤਾਂ ਦੀ ਧੜਕਦੀ ਜ਼ਿੰਦਗੀ ਦੇ ਨਜ਼ਾਰੇ ਪੇਸ਼ ਕੀਤੇ ਗਏ ਹਨ। ਜਿੱਥੇ ਜਵਾਨੀ ਜ਼ਿੰਮੇਵਾਰੀਆਂ ਤੇ ਗਰੀਬੀ ਦੇ ਬੋਝ ਹੇਠ ਦੱਬੀ ਹੋਵੇ, ਉੱਥੇ ਪਿਆਰ ਮੁਹੱਬਤ ਦੇ ਫੁੱਲ ਨਹੀਂ ਖਿੜਦੇ, ਅਹਿਸਾਸ ਮਰਨ ਲਗਦੇ ਹਨ, ਭਾਵਨਾਵਾਂ ਦਾ ਗਲਾ ਘੁੱਟਿਆ ਜਾਂਦਾ ਹੈ, ਕਿਸੇ ਸਮੇਂ ਔਰਤ ਅਤੇ ਕਿਸੇ ਸਮੇਂ ਮਰਦ ਦੀ ਗ਼ਲਤੀ ਕਾਰਨ ਗ੍ਰਹਿਸਥ ਜੀਵਨ ਭਸਮ ਹੋ ਜਾਂਦਾ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਬਿਨਾਂ ਮਕਸਦ ਤੋਂ ਬੇਮਤਲਬ ਜਿਹਾ ਜੀਵਨ ਜਿਉ ਰਹੀ ਹੈ। ਪਿਆਰ ਤਾਂ ਤਮਾਸ਼ਾ ਬਣ ਕੇ ਰਹਿ ਗਿਆ ਹੈ। ਜ਼ਿੰਦਗੀ ਦੀ ਫੁਲਕਾਰੀ ਇਕੱਲਿਆਂ ਹੀ ਕੱਢਣੀ ਪੈਂਦੀ ਹੈ। ਦਿਲਾਂ ਦੀਆਂ ਸਾਂਝਾਂ ਅਤੇ ਰੂਹਾਂ ਦੇ ਮੇਲ ਹੁਣ ਲਗਭਗ ਅਲੋਪ ਹੀ ਹੋ ਚੁੱਕੇ ਹਨ। ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਬਹੁਤ ਸਾਰੇ ਲੋਕ ਜ਼ਿੰਦਗੀ ਜਿਉਂਦੇ ਨਹੀਂ, ਜ਼ਿੰਦਗੀ ਦਾ ਭਾਰ ਢੋਂਦੇ ਹਨ। ਕੁਝ ਇਹੋ ਜਿਹੇ ਵਿਚਾਰ ਇਨ੍ਹਾਂ ਕਹਾਣੀਆਂ ਵਿਚ ਪੇਸ਼ ਕੀਤੇ ਗਏ ਹਨ। ਇਸ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਵਿਰਸੇ ਦਾ ਵਣਜਾਰਾ
ਸੰਪਾਦਕ : ਰਾਜ ਨੀਲਮ ਸੈਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 220 ਰੁਪਏ, ਸਫ਼ੇ 160
ਸੰਪਰਕ : 01679-233244
ਸੁਖਦੇਵ ਮਾਦਪੁਰੀ ਲੋਕਧਾਰਾ ਦਾ ਪ੍ਰਵਾਹਕ ਅਤੇ ਪੰਜਾਬੀ ਸੱਭਿਆਚਾਰਕ ਵਰਤਾਰੇ ਦਾ ਸੰਦੇਸ਼ ਵਾਹਕ ਰਿਹਾ ਹੈ। ਇਨ੍ਹਾਂ ਸੰਕਲਪਾਂ ਸੰਬੰਧੀ ਉਸ ਨੇ ਜਿਊਂਦੇ ਜੀਅ ਤਕ ਨਿੱਠ ਕੇ ਕਾਰਜ ਕੀਤਾ। ਸਿੱਖਿਆ ਪਾਸਾਰ ਦੇ ਕਾਰਜ ਦੌਰਾਨ ਵੀ ਉਹ ਪੰਜਾਬੀਅਤ ਦੀ ਅਣਥੱਕ ਸੇਵਾ ਕਰਦਾ ਰਿਹਾ। ਉਸ ਨੇ 'ਲੋਕ ਖੇਡਾਂ, ਲੋਕ ਬੁਝਾਰਤਾਂ, ਵਿਭਿੰਨ ਲੋਕ ਗੀਤਾਂ ਦੇ ਇਕੱਤਰੀਕਰਨ ਅਤੇ ਇਨ੍ਹਾਂ ਦੀ ਪਛਾਣ ਸਥਾਪਤੀ ਲਈ ਖੇਤਰੀ ਅਤੇ ਦਸਤਾਵੇਜ਼ੀ ਸਰੋਤਾਂ ਨੂੰ ਧਾਰਨ ਕੀਤਾ। ਇਹ ਪੁਸਤਕ ਉਸ ਦੇ ਇਨ੍ਹਾਂ ਕਾਰਜਾਂ, ਲੋਕਧਾਰਾਈ ਸਮੱਗਰੀ ਅਤੇ ਉਸ ਦੇ ਵਿਅਕਤਿਤਵ ਨੂੰ ਉਭਾਰਦੀ ਹੋਈ ਪਾਠਕਾਂ ਦੇ ਸਨਮੁੱਖ ਹੈ। ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ, ਮਾਦਪੁਰੀ ਦੀ ਉਕਤ ਵਿਸ਼ਿਆਂ ਸੰਬੰਧੀ ਕੀਤੀ ਘਾਲਣਾ, ਬੁਝਾਰਤਾਂ ਉੱਪਰ ਕੀਤੀ ਖੋਜ, ਲੋਕ ਸਾਹਿਤ ਦਾ ਕੀਤਾ ਪਸਾਰਾ, ਲੋਕਧਾਰਾ ਦਾ ਖੋਜੀ ਵਗਦਾ ਦਰਿਆ, ਬਾਲ ਸਾਹਿਤ ਅਤੇ ਲੋਕ ਸਾਹਿਤ ਦਾ ਮਜ਼ਬੂਤ ਪੁਲ, ਢਾਹੇ ਦੇ ਇਲਾਕੇ ਦਾ ਮਾਣ, ਤੁਰ ਗਿਆ ਮੇਰਾ ਰਾਹ ਦਸੇਰਾ ਅਤੇ ਮਾਦਪੁਰੀ ਦੇ ਵਿਅਕਤੀਤੱਵ ਬਾਰੇ ਪਰਮਵੀਰ ਸਿੰਘ ਮਾਦਪੁਰੀ ਨਾਲ ਮੁਲਾਕਾਤ, ਦੋਹਤੀ ਵਲੋਂ ਇਕ ਖਤ ਅਤੇ ਵਿਰਸੇ ਦਾ ਵਣਜਾਰਾ ਇਕ ਸ਼ਰਧਾਂਜਲੀ ਸਿਰਲੇਖ ਦੇ ਅੰਤਰਗਤ ਦਸ ਅਧਿਆਇ ਬਣਾ ਕੇ ਉਸ ਦੀ ਸਮੁੱਚੀ ਦੇਣ ਸੰਬੰਧੀ ਦਸ ਵਿਦਵਾਨਾਂ ਵਲੋਂ ਵਿਵਰਣ ਦਿੱਤਾ ਗਿਆ ਹੈ। ਦੂਸਰੇ ਭਾਗ ਵਿਚ ਰਾਜ ਨੀਲਮ ਸੈਣੀ ਨੇ ਮਾਦਪੁਰੀ ਰਚਿਤ ਪੁਸਤਕ 'ਸਾਡੀਆਂ ਰਸਮਾਂ ਸਾਡੇ ਗੀਤ' ਬਾਰੇ ਵਿਆਹ ਦੀਆਂ ਰਸਮਾਂ ਦਾ ਜ਼ਿਕਰ ਹੈ। ਤੀਜੇ ਭਾਗ ਵਿਚ ਮਾਦਪੁਰੀ ਦੁਆਰਾ ਇਕੱਤਰ ਕੀਤੇ ਗਏ ਕੁੜਮਾਈ, ਨਾਨਕੀਆਂ-ਦਾਦਕੀਆਂ ਨਾਲ ਸੰਬੰਧਿਤ, ਸੁਹਾਗ, ਘੋੜੀਆਂ, ਵੱਟਣਾ ਸੰਬੰਧੀ, ਜਾਗੋ, ਜੰਞ ਦੀ ਤਿਆਰੀ, ਮਿਲਣੀ, ਵਿਦਾਇਗੀ, ਡੋਲੀ ਆਦਿ ਹਰ ਮੌਕੇ ਗਾਏ ਜਾਣ ਵਾਲੇ ਲੋਕ ਗੀਤ ਅੰਕਿਤ ਹਨ। ਭਾਗ ਚੌਥੇ ਵਿਚ ਪੰਜਾਬੀ ਸਭਿਆਚਾਰ ਵਿਚੋਂ ਲੁਪਤ ਹੁੰਦੇ ਜਾ ਰਹੇ ਰਿਸ਼ਤਿਆਂ ਦਾ ਜ਼ਿਕਰ ਹੈ ਅਤੇ ਪੁਸਤਕ ਦੇ ਅੰਤਿਮ ਭਾਗ ਵਿਚ ਮਾਦਪੁਰੀ ਬਾਰੇ ਦੋ ਕਾਵਿ-ਚਿੱਤਰ ਵੀ ਅੰਕਿਤ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਸਾਹਿਤ ਚਿੰਤਨ : ਸਿਧਾਂਤਕ ਪਾਸਾਰ
ਲੇਖਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ :120
ਸੰਪਰਕ : 99150-05814
ਡਾ. ਗੋਪਾਲ ਸਿੰਘ ਬੁੱਟਰ ਪਿਛਲੇ ਇਕ ਦਹਾਕੇ ਤੋਂ ਪੰਜਾਬੀ ਦੀ ਵਿਵਹਾਰਕ ਅਤੇ ਚਿੰਤਨਮਈ ਵਿਚਾਰਧਾਰਾਈ ਆਲੋਚਨਾ ਦਾ ਅਜਿਹਾ ਆਲੋਚਕ ਹੈ, ਜਿਸ ਨੇ ਆਪਣੀਆਂ ਅੱਧੀ ਦਰਜਨ ਪੁਸਤਕਾਂ ਦਾ ਪ੍ਰਕਾਸ਼ਨ ਕਰਵਾ ਕੇ, ਪੰਜਾਬੀ ਆਲੋਚਨਾ ਦੀ ਨਵੀਂ ਚਿੰਤਨਮਈ ਆਲੋਚਨਾ ਨੂੰ ਜਨਮ ਦਿੱਤਾ ਹੈ। ਸਾਹਿਤ ਚਿੰਤਨ : ਸਿਧਾਂਤਕ ਪਾਸਾਰ, ਇਸੇ ਲੜੀ ਦੀ ਅਜਿਹੀ ਪੁਸਤਕ ਹੈ, ਜਿਸ ਵਿਚ 'ਸਾਹਿਤ ਪ੍ਰਾਕਿਰਤੀ ਤੇ ਪ੍ਰਯੋਜਨ' ਰੂਪ ਵਿਧਾਵਾਂ ਦੇ ਉਦਭਵ ਵਿਕਾਸ ਤੇ ਵਿਗਠਨ ਦੀ ਸਮੱਸਿਆ, ਸਾਹਿਤ ਵਿਚ ਦਿਖ ਤੇ ਸਾਰ-ਤੱਤਾਂ ਦਾ ਭੇਦ, ਸਾਹਿਤ ਵਿਚ ਰਾਜਸੀ ਚੇਤਨਾ : ਸੰਕਲਪ ਤੇ ਸਰੂਪ' ਪੂਰਵ ਸੁਤੰਤਰ ਕਾਲ ਦੇ ਪੰਜਾਬੀ ਨਾਟਕ ਦੀ ਪਛਾਣ, ਟੀ.ਵੀ. ਨਾਟਕਾਂ ਦਾ ਸਰੂਪ ਸਥਿਤੀ ਤੇ ਸਮੱਸਿਆਵਾਂ ਵਿਸ਼ਿਆਂ ਨੂੰ ਲਿਆ ਗਿਆ ਹੈ।
ਇਸ ਪੁਸਤਕ ਦੀ ਭੂਮਿਕਾ : ਦੋ ਸ਼ਬਦ ਵਿਚ ਪ੍ਰਸਿੱਧ ਵਿਦਵਾਨ ਆਲੋਚਕ ਸੁਰਜੀਤ ਸਿੰਘ ਭੱਟੀ ਨੇ ਲਿਖਿਆ ਹੈ ਕਿ 'ਇਸ ਪੁਸਤਕ ਵਿਚ ਲੇਖਕ ਨੇ ਸਾਹਿਤ ਚਿੰਤਨ ਅਤੇ ਸਮਾਜ ਚਿੰਤਨ, ਦੇ ਦਵੰਦਾਤਮਿਕ ਸੰਬੰਧਾਂ ਨੂੰ, ਉਨ੍ਹਾਂ ਦੀ ਮੌਲਿਕਤਾ, ਇਤਿਹਾਸਕਤਾ ਅਤੇ ਸਿਧਾਂਤਕਾਰੀ ਬਾਰੇ ਬਹੁਤ ਪ੍ਰਮਾਣਿਕ, ਸਿਧਾਂਤਕ, ਆਲੋਚਨਾਤਮਿਕ, ਸਿਰਜਨਾਤਮਿਕ ਅਤੇ ਅੰਤਰ-ਖੇਤਰੀ ਗਿਆਨ ਸੰਬੰਧਾਂ ਦਾ ਭਰਪੂਰ ਮੰਥਨ ਕਰਨ ਤੋਂ ਬਾਅਦ ਆਪਣੇ ਵਿਚਾਰ ਅਤੇ ਸਿਧਾਂਤਕ ਸਥਾਪਨ ਦਾ ਦੁਰਗਮ ਕਾਰਜ ਨੇਪਰੇ ਚਾੜ੍ਹ ਕੇ, ਪੰਜਾਬੀ ਲੋਕ ਜੀਵਨ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਇਸ ਦੇ ਸਿਧਾਂਤਕ ਵਿਵੇਕ ਨੂੰ ਪੂਰੀ ਸੂਝ ਅਤੇ ਸਮਰੱਥਾ ਨਾਲ ਸਥਾਪਿਤ ਕੀਤਾ ਹੈ।ਨਿੱਠ ਕੇ ਕੀਤਾ, ਆਲੋਚਨਾ ਦਾ ਇਹ ਕਾਰਜ ਡੂੰਘੇ ਅਧਿਐਨ ਅਤੇ ਦੀਰਘ ਚਿੰਤਨ ਦਾ ਨਤੀਜਾ ਹੁੰਦਾ ਹੈ, ਇੰਜ ਕਰਦਿਆਂ ਆਲੋਚਕ ਡਾ. ਬੁੱਟਰ ਨੇ ਸਾਹਿਤ, ਸਮਾਜ, ਦਰਸ਼ਨ, ਸੱਭਿਆਚਾਰ, ਲੋਕ ਧਰਮ ਅਤੇ ਰਾਜਨੀਤਕ ਤਬਦੀਲੀਆਂ ਕਾਰਨ, ਵਾਪਰੀਆਂ ਸਾਹਿਤ ਦੇ ਵਸਤੂ ਅਤੇ ਰੂਪ ਵਿਚ ਤਬਦੀਲੀਆਂ ਦੀ ਮਾਰਕਸਵਾਦੀ ਦੀ ਸ਼ਬਦਾਵਲੀ ਦੀ ਜਾਂ ਉਸ ਦੇ ਤੱਤ-ਸਾਰ ਦੀ ਪਕੜ ਰਾਹੀਂ ਉਸ ਨੇ ਆਪਣੀ ਇਸ ਚਿੰਤਨਸ਼ੀਲ ਪੁਸਤਕ ਨਾਲ ਮਾਲਾ ਮਾਲ ਕੀਤਾ ਹੈ। ਇਸ ਰੂਪ ਵਿਚ ਇਸ ਪੁਸਤਕ ਵਿਚ ਆਲੋਚਨਾ ਦੀਆਂ ਆਪਣੀਆਂ-ਆਪਣੀਆਂ ਨਵੀਆਂ ਵਿਧੀਆਂ ਦਾ ਜੋ ਪ੍ਰਕਾਸ਼ਮਾਨ ਕੀਤਾ ਗਿਆ ਹੈ, ਉਸ ਸੰਬੰਧੀ ਆਲੋਚਨਾ ਦੇ ਵਿਦਿਆਰਥੀਆਂ ਨੂੰ ਇਸ ਪੁਸਤਕ ਵਿਚ ਪੇਸ਼ ਆਲੋਚਨਾ ਵਲ ਧਿਆਨ ਦੇਣਾ ਚਾਹੀਦਾ ਹੈ।ਪੰਜਾਬੀ ਆਲੋਚਨਾ ਦੇ ਨਵੇਂ ਵਿਦਿਆਰਥੀਆਂ ਨੂੰ ਕੀਤੀ ਜਾ ਰਹੀ ਆਲੋਚਨਾ-ਪੱਧਤੀ ਵਿਚ ਨਵੇਂ ਦ੍ਰਿਸ਼ਟੀ ਤੋਂ ਕਾਰਜ ਕਰਨ ਦੀ ਜੇ ਪ੍ਰੇਰਨਾ ਪ੍ਰਾਪਤ ਹੋਵੇ, ਤਾਂ ਇਹ ਪੁਸਤਕ ਉਨ੍ਹਾਂ ਲਈ ਸਹਾਇਕ ਨਵੀਂ ਵਿਚਾਰਧਾਰਾ ਹੈ, ਜਿਸ ਨੂੰ ਨਵੇਂ ਆਲੋਚਕ ਧਾਰਨ ਕਰ ਸਕਦੇ ਹਨ।
-ਡਾ. ਅਮਰ ਕੋਮਲ
ਮੋਬਾਈਲ : 84378-73565
ਗੁਰਬਾਣੀ ਦੀ ਮਹੱਤਤਾ
ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿਚ
ਲੇਖਕ : ਬਲਦੇਵ ਸਿੰਘ ਗੁੱਜਰਵਾਲ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 193
ਸੰਪਰਕ : 94634-12031
ਸ. ਬਲਦੇਵ ਸਿੰਘ ਗੁੱਜਰਵਾਲ ਦੀ ਹੱਥਲੀ ਪੁਸਤਕ ਗੁਰਬਾਣੀ ਅਤੇ ਵਿਗਿਆਨ ਦੇ ਸੰਦਰਭ ਵਿਚ ਤੁਲਨਾਤਮਿਕ ਗੁਹਜ ਗਿਆਨ ਭਰਪੂਰ ਹੈ। ਸ. ਜਸਵੰਤ ਸਿੰਘ ਜ਼ਫਰ, ਡਾ. ਕੁਲਦੀਪ ਸਿੰਘ ਧੀਰ, ਗਿ: ਸੰਤੋਖ ਸਿੰਘ ਸਿਡਨੀ, ਡਾ. ਹਰਦੇਵ ਸਿੰਘ ਵਿਰਕ ਨੇ ਇਸ ਪੁਸਤਕ 'ਤੇ ਲੇਖਕ ਦੀ ਲਿਖਤ ਸੰਬੰਧੀ ਆਪਣੇ ਬੇਸ਼ਕੀਮਤੀ ਵਿਚਾਰਾਂ ਦਾ ਪ੍ਰਗਟਾਅ ਕੀਤਾ ਹੈ। ਦੋ ਸ਼ਬ ਅਤੇ ਭੂਮਿਕਾ 'ਚ ਲੇਖਕ ਨੇ ਪੁਸਤਕ ਦਾ ਸਾਰ -ਅੰਸ਼ ਅੰਕਿਤ ਕਰ ਦਿੱਤਾ ਹੈ। ਪੁਸਤਕ ਵਿਚ ਕੁੱਲ ਦਸ ਨਿਬੰਧ ਹਨ। ਲੇਖਕ ਨੇ ਇਹ ਕਿਤਾਬ ਸ਼ਬਦ ਗੁਰੂ ਨੂੰ ਸਮਰਪਿਤ ਕੀਤੀ ਹੈ।
ਵਿਗਿਆਨ ਤੇ ਧਰਮ ਵਿਚ ਵਿਰੋਧ ਅੱਜ ਉਹੀ ਵਿਅਕਤੀ ਕਰਦਾ ਹੈ ਜਿਸ ਨੂੰ ਨਾ ਧਰਮ ਦੀ ਪੂਰੀ ਜਾਣਕਾਰੀ ਹੈ ਤੇ ਨਾ ਵਿਗਿਆਨ ਦੀ। ਧਰਮ ਦਾ ਸੂਖ਼ਮ ਜਗਤ 'ਤੇ ਸਥੂਲ ਜਗਤ ਦੇ ਉਪਕਰਨਾਂ ਨਾਲ ਸਮਝਣਾ ਮਿਣਨਾ ਸੰਭਵ ਨਹੀਂ। ਸ. ਬਲਦੇਵ ਸਿੰਘ ਲੰਬੇ ਸਮੇਂ ਤੱਕ ਸਿੱਖ ਧਰਮ ਤੇ ਵਿਗਿਆਨ ਦੋਵਾਂ ਦਾ ਜਗਿਆਸੂ ਰਿਹਾ ਹੈ ਉਸ ਨੇ ਗੁਰਬਾਣੀ ਮਨੋਵਿਗਿਆਨ ਤੇ ਵਿਗਿਆਨ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਮਨੋਵਿਗਿਆਨ ਤੇ ਗੁਰਬਾਣੀ ਦੀ ਗੱਲ ਕਰਦਿਆਂ, ਸੁਖਾਵਾਂ ਤੇ ਅਨੰਦ ਭਰਪੂਰ ਜੀਵਨ ਜੀਣ ਵਿਚ ਸਵੱਸਥ ਮਨ ਦਾ ਮਹੱਤਵ, ਪਰਉਪਕਾਰੀ, ਆਸ਼ਾਵਾਦੀ, ਸੰਤੁਸ਼ਟ, ਈਰਖਾ ਸਾੜੇ ਤੋਂ ਮੁਕਤ, ਆਸਥਾਵਾਦੀ, ਸਬਰ ਸੰਤੋਖ ਵਾਲੇ ਬੰਦੇ ਤੰਦਰੁਸਤ ਲੰਮੀ ਉਮਰ ਭੋਗਦੇ ਦੱਸੇ ਹਨ। ਸਾਧ ਦੀ ਪੁੜੀ ਵਿਚ ਗੁਰਬਾਣੀ ਨੂੰ ਆਧਾਰ ਬਣਾ ਕੇ ਪੰਜਾਬ ਵਿਚ ਥਾਂ-ਥਾਂ ਫਲ ਫੁਲ ਰਹੇ ਬਾਬਿਆਂ ਤੇ ਡੇਰਿਆਂ ਵਿਚਲੇ ਸਾਧਾਂ ਦੀਆਂ ਪੁੜੀਆਂ ਦੇ ਪਲੇਸੀਬੋਈ ਫੈਕਟ ਅਤੇ ਗੁਰਬਾਣੀ ਦੇ ਵਿਗਿਆਨਕ ਸੰਦੇਸ਼ ਨੂੰ ਉਜਾਗਰ ਕਰਦਾ ਹੈ। ਬ੍ਰਹਿਮੰਡੀ ਰਚਨਾ ਵਾਲਾ ਨਿਬੰਧ ਇਸ ਦਾ ਆਰੰਭ ਵਿਸਥਾਰ ਤੇ ਧਰਤੀ ਉਤੇ ਜੀਵਨ ਦੇ ਵੇਰਵਿਆਂ ਪੱਖੋਂ ਗੁਰਬਾਣੀ ਤੇ ਵਿਗਿਆਨ ਦੀ ਇਕਸੁਰਤਾ ਦੇ ਨੁਕਤੇ ਅੰਕਿਤ ਹਨ। ਰੱਬੀ ਜੋਤਿਵਾਲਾ ਨਿਬੰਧ ਡੀ. ਐਨ. ਏ. ਦੇ ਹਵਾਲੇ ਨਾਲ ਧਰਤੀ ਦੇ ਸਿਕਦਾਰ ਮਨੁੱਖ ਦੀ ਗੱਲ ਕਰਦਾ ਹੈ। ਅਰਦਾਸ ਨਿਬੰਧ ਅਰਦਾਸ ਦੇ ਅਧਿਆਤਮਕ ਤੇ ਵਿਗਿਆਨਕ ਪਰਿਪੇਖ ਨੂੰ ਉਜਾਗਰ ਕਰਦਾ ਹੈ ਅਰਦਾਸ ਦੀ ਮਹੱਤਤਾ ਤੇ ਇਸ ਵਿਚੋਂ ਮਿਲਦੀ ਊਰਜਾ ਨੂੰ ਗ੍ਰਹਿਣ ਕਰਨ ਲਈ ਉਹ ਕਹਿੰਦਾ ਹੈ ਅਰਦਾਸ ਨਾਲ ਪਹਾੜ ਛੋਟੇ ਨਹੀਂ ਹੁੰਦੇ ਸਾਨੂੰ ਉਨ੍ਹਾਂ ਉਤੇ ਚੜ੍ਹਨ ਦੀ ਯੋਗਤਾ ਹਾਸਲ ਹੁੰਦੀ ਹੈ।
ਇਸ ਪੁਸਤਕ ਦਾ ਅਖੀਰਲਾ ਲੇਖ ਪ੍ਰਮਾਤਮਾ ਦੀ ਹੋਂਦ ਉਤੇ ਕੇਂਦਰਤ ਹੈ, ਗੁਰਬਾਣੀ ਪਰਮਾਤਮਾ ਨੂੰ ਅਟੱਲ ਸਚਾਈ ਮੰਨਦੀ ਹੈ ਤੇ ਉਸ ਦੀ ਸ਼ਨਾਖਤ ਉਸ ਦੇ ਸਾਜੇ ਪਸਾਰੇ ਉਸ ਦੀ ਕੁਦਰਤ ਵਿਚੋਂ ਕਰਦੀ ਹੈ ਲੇਖਕ ਨੇ ਅਜੋਕੇ ਵਿਗਿਆਨੀਆਂ ਅੰਦਰ ਪ੍ਰਮਾਤਮਾ ਦੀ ਹੋਂਦ ਬਾਰੇ ਸਪੱਸ਼ਟ ਵਿਸ਼ਵਾਸ ਦੀ ਵਧ ਰਹੀ ਰੁਚੀ ਦੀ ਨਿਸ਼ਾਨਦੇਹੀ ਕੀਤੀ ਹੈ।
ਸ. ਬਲਦੇਵ ਸਿੰਘ ਦੀ ਇਹ ਪੁਸਤਕ ਵਿਗਿਆਨ ਤੇ ਗੁਰਬਾਣੀ ਦੋਹਾਂ ਖੇਤਰਾਂ ਵਿਚੋਂ ਪ੍ਰਮਾਣਿਕ ਹਵਾਲੇ ਦੇ ਕੇ ਧਰਮ ਤੇ ਵਿਗਿਆਨ ਦੋਹਾਂ ਪ੍ਰਤੀ ਸੰਤੁਲਿਤ ਪਹੁੰਚ ਦੁਆਰਾ ਸਹਿਜ ਤੇ ਸਿਹਤਮੰਦ ਵਿਅਕਤੀ ਦੇ ਸਮਾਜ ਸਿਰਜਨ ਦਾ ਉਪਰਾਲਾ ਕਰਦੀ ਹੈ। ਬ੍ਰਹਿਮੰਡ, ਕੁਦਰਤ, ਪਰਮਾਤਮਾ, ਵਿਗਿਆਨ ਤੇ ਗਿਆਨ ਦਾ ਰਹੱਸ ਜਾਨਣ ਵਾਲਿਆਂ ਲਈ ਇਸ ਪੁਸਤਕ ਦੀ ਸਮੱਗਰੀ ਲਾਹੇਵੰਦ ਮਾਰਗ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਅਧਖਿੜੇ ਗੁਲਾਬ
ਗ਼ਜ਼ਲਕਾਰ : ਜਗਦੀਸ਼ ਰਾਣਾ
ਪ੍ਰਕਾਸ਼ਕ : ਐਸ.ਪੀ. ਢੰਡਾ ਪਬਲੀਕੇਸ਼ਨਜ਼,
ਕੋਟ ਕਲਾਂ, ਜਲੰਧਰ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 98726-30635
ਜਗਦੀਸ਼ ਰਾਣਾ ਪੰਜਾਬੀ ਗ਼ਜ਼ਲ ਦੇ ਨਵੇਂ ਪੂਰ ਦੇ ਮੋਢੀਆਂ 'ਚੋਂ ਹੈ, ਜਿਸ ਨੇ ਗ਼ਜ਼ਲ ਲੇਖਣ ਵਿਚ ਜਿੱਥੇ ਨਿਰੰਤਰਤਾ ਵੀ ਬਣਾਈ ਰੱਖੀ ਤੇ ਇਸ ਦੇ ਰੂਪ ਰੰਗ 'ਤੇ ਆਂਚ ਵੀ ਨਹੀਂ ਆਉਣ ਦਿੱਤੀ। ਰਾਣੇ ਨੇ ਮੁਹੱਬਤ ਦੇ ਨਾਲ-ਨਾਲ ਆਪਣੀ ਗ਼ਜ਼ਲ ਵਿਚ ਲੋਕ ਸਮੱਸਿਆਵਾਂ ਨੂੰ ਉਭਾਰਨ ਵੱਲ ਉਚੇਚਾ ਧਿਆਨ ਦਿੱਤਾ ਹੈ। ਉਸ ਦੀ ਗ਼ਜ਼ਲ ਦਾ ਵੱਡਾ ਭਾਗ ਜੁਝਾਰੂ ਲਹਿਰਾਂ ਤੇ ਅਕੀਦਤਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਸ਼ਿਅਰ ਕਹਿਣ ਵੇਲੇ ਗ਼ਜ਼ਲ ਦੀਆਂ ਸੀਮਾਵਾਂ ਉਲੰਘ ਹੋ ਜਾਣ ਦੀ ਸ਼ੰਕਾ ਹਮੇਸ਼ਾ ਬਣੀ ਰਹਿੰਦੀ ਹੈ ਪਰ 'ਅਧਖਿੜੇ ਗੁਲਾਬ' ਵਿਚ ਗ਼ਜ਼ਲਕਾਰ ਗ਼ਜ਼ਲ ਦੇ ਅਨੁਸ਼ਾਸਨ ਸਬੰਧੀ ਚੌਕਸ ਨਜ਼ਰ ਆ ਰਿਹਾ ਹੈ। ਪੰਜਾਬੀ ਦੀ ਸ਼ਾਇਰੀ ਖ਼ਾਸ ਤੌਰ 'ਤੇ ਗ਼ਜ਼ਲ ਜ਼ੁਲਫ਼ਾਂ ਦੀ ਕੈਦ ਤੋਂ ਕਦੋਂ ਦੀ ਆਜ਼ਾਦ ਹੋ ਚੁੱਕੀ ਹੈ ਤੇ ਗ਼ਜ਼ਲ ਵਿਚ ਕਿਸੇ ਵੇਲੇ ਵਰਜਿਤ ਵਿਸ਼ੇ ਵੀ ਖ਼ੂਬਸੂਰਤ ਢੰਗ ਨਾਲ ਲਏ ਜਾ ਰਹੇ ਹਨ। ਜਗਦੀਸ਼ ਰਾਣਾ ਦੀ ਗ਼ਜ਼ਲਕਾਰੀ ਇਸ ਦੀ ਸੁੰਦਰ ਉਦਾਹਰਨ ਹੈ। ਸਮਾਜ ਵਿਚ ਪੀੜਤ ਧਿਰ ਵਿਚ ਇਕ ਵੱਡਾ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜੋ ਹਜ਼ਾਰਾਂ ਸਾਲਾਂ ਤੋਂ ਨਪੀੜਿਆ ਗਿਆ ਹੈ ਤੇ ਹਾਸ਼ੀਏ 'ਤੇ ਰਿਹਾ ਹੈ। ਅਫ਼ਸੋਸ ਇਸ ਦਾ ਵੀ ਹੈ ਕਿ ਇਤਿਹਾਸ 'ਚੋਂ ਵੀ ਉਸ ਨੂੰ ਮਨਫ਼ੀ ਕਰ ਦਿੱਤਾ ਗਿਆ ਤੇ ਵਰਤਮਾਨ ਵਿਚ ਵੀ ਉਸ ਨਾਲ ਓਹੀ ਸਲੂਕ ਹੋ ਰਿਹਾ ਹੈ। ਖ਼ੁਸ਼ੀ ਹੈ 'ਅਧਖਿੜੇ ਗੁਲਾਬ' ਦੀਆਂ ਬਹੁਤੀਆਂ ਗ਼ਜ਼ਲਾਂ ਉਨ੍ਹਾਂ ਵਰਗਾਂ ਦੀ ਜ਼ੁਬਾਨ ਬਣਦੀਆਂ ਹਨ। ਗ਼ਜ਼ਲਕਾਰ ਗ਼ਜ਼ਲ ਦੀ ਵਿਆਕਰਨ ਨੂੰ ਸਮਝਦਾ ਹੈ ਤੇ ਉਸ ਨੂੰ ਸ਼ਬਦਾਂ ਨੂੰ ਤਰਤੀਬ ਦੇਣ ਵਿਚ ਮੁਹਾਰਤ ਹਾਸਿਲ ਹੈ। ਉਹ ਕਹਿੰਦਾ ਹੈ ਜੇ ਕੋਈ ਮੈਨੂੰ ਬਾਗ਼ੀ ਕਹਿੰਦਾ ਹੈ ਤਾਂ ਕਹੀ ਜਾਵੇ ਪਰ ਮੈਂ ਜ਼ੁਲਮ ਨੂੰ ਤਲਵਾਰ ਬਣ ਕੇ ਟੱਕਰਾਂਗਾ। ਉਸ ਲਈ ਮਜ਼ਹਬ ਤੇ ਜਾਤ-ਪਾਤ ਵੀ ਇਕ ਵੱਡਾ ਮਸਲਾ ਹੈ ਪਰ ਉਹ ਇਸ ਦੇ ਹੱਲ ਲਈ ਆਪਣੇ ਲਹਿਜ਼ੇ ਵਿਚ ਬੇਬਾਕ ਹੈ। ਰਾਣਾ ਦੇ ਇਸ ਗ਼ਜ਼ਲ ਸੰਗ੍ਰਹਿ ਵਿਚ ਮੁਹੱਬਤੀ ਰੰਗ ਵੀ ਦੇਖਣ ਨੂੰ ਮਿਲਦਾ ਹੈ ਪਰ ਉਸ ਵਿਚ ਵੀ ਉਸ ਦੀ ਸੋਚ ਦੀ ਪੁੱਠ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਰੂਹਾਨੀ ਮੇਲ
ਲੇਖਕ : ਅਮਰਿੰਦਰ ਸਿੰਘ (ਗਿ:)
ਪ੍ਰਕਾਸ਼ਕ : ਤਰਕਭਾਰਤੀ ਪਬਲੀਕੇਸ਼ਨ, ਬਰਨਾਲਾ
ਮੁੱਲ: 150 ਰੁਪਏ, ਸਫ਼ੇ: 104
ਸੰਪਰਕ : 78895-76878
ਜਿਵੇਂ ਕਿ ਪੁਸਤਕ ਦੇ ਨਾਂਅ 'ਰੂਹਾਨੀ ਮੇਲ' ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚਲੀਆਂ ਬਹੁਤੀਆਂ ਕਵਿਤਾਵਾਂ ਰੂਹਾਨੀਅਤ ਨਾਲ ਹੀ ਸੰਬੰਧਿਤ ਹਨ। ਉੱਭਰਦੇ ਕਵੀ ਗਿਆਨੀ ਅਮਰਿੰਦਰ ਸਿੰਘ ਦਾ ਭਾਵੇਂ ਇਹ ਪਲੇਠਾ ਕਾਵਿ-ਸੰਗ੍ਰਹਿ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਰਵਾਨਗੀ ਅਤੇ ਸਹਿਜਤਾ ਨੂੰ ਦੇਖਦਿਆਂ ਸਹਿਜੇ ਹੀ ਤਸੱਲੀ ਹੋ ਜਾਂਦੀ ਹੈ ਕਿ ਉਨ੍ਹਾਂ ਦੇ ਅੰਦਰ ਅਜਿਹਾ ਬਹੁਤ ਕੁਝ ਹੈ, ਜੋ ਉਨ੍ਹਾਂ ਨੂੰ ਪ੍ਰੌੜ੍ਹ ਕਵੀਆਂ ਵਿਚ ਸ਼ਾਮਿਲ ਕਰ ਸਕਣ ਦੇ ਸਮਰੱਥ ਹੈ:
ਏਦਾਂ ਹੀ ਜੇ ਡਰਦੇ ਰਹਿਣਾ,
ਅੰਦਰੋ-ਅੰਦਰੀ ਮਰਦੇ ਰਹਿਣਾ।
ਦੁਬਿਧਾ ਦੇ ਵਿਚ ਦੋਵੇਂ ਜਾਣੇ,
ਨਾ ਘਾਟ, ਨਾ ਘਰ ਦੇ ਰਹਿਣਾ।
ਮਰਦਾਨਗੀ ਦੇ ਜਿਹੜੇ ਅਰਥ ਅਸੀਂ ਹੁਣ ਤੱਕ ਸੁਣਦੇ ਆਏ ਹਾਂ, ਉਹ ਬਹੁਤ ਹੀ ਤੁੱਛ ਅਤੇ ਸਤਹੀ ਹਨ। ਮਰਦਾਨਗੀ ਦਾ ਮਤਲਬ ਕੇਵਲ ਲਿੰਗਕ ਵਿਸ਼ੇਸ਼ਤਾ ਨਾਲ ਜੋੜ ਕੇ ਦੇਖਣਾ ਆਪਣੀ ਬੌਧਿਕਤਾ ਦਾ ਜਨਾਜ਼ਾ ਕੱਢਣ ਵਾਲੀ ਧਾਰਨਾ ਹੀ ਹੈ। ਗਿਆਨੀ ਅਮਰਿੰਦਰ ਸਿੰਘ ਅਜੋਕੇ ਸਮਾਜਿਕ ਤਾਣੇ-ਬਾਣੇ ਦਾ ਮੁੱਲਾਂਕਣ ਕਰਦਿਆਂ ਮਰਦਾਨਗੀ ਦੇ ਜਿਨ੍ਹਾਂ ਅਰਥਾਂ ਵੱਲ ਇਸ਼ਾਰਾ ਕਰਦੇ ਹਨ, ਸੱਚਮੁੱਚ ਹੀ ਇਹ ਅਹਿਸਾਸ ਉਨ੍ਹਾਂ ਦੀ ਕਵਿਤਾ ਦਾ ਹਾਸਲ ਕਿਹਾ ਜਾ ਸਕਦਾ ਹੈ:
ਮੁੱਕ ਰਹੀ ਹੈ ਦਿਨੋ-ਦਿਨ
ਮੇਰੇ ਦੇਸ਼ ਵਿਚ ਮਰਦਾਨਗੀ,
ਬੱਚੀਆਂ ਦੇ ਨਾਲ ਨਿੱਤ
ਦੁਰਾਚਾਰ ਹੋ ਰਿਹਾ ਹੈ।
ਕਵਿਤਾ ਨੂੰ ਉਹ ਇਕ ਕੁਦਰਤੀ ਵਰਤਾਰਾ ਮੰਨਦੇ ਹਨ, ਜਿਹੜਾ ਆਪਣੀ ਮਰਜ਼ੀ ਦੀ ਬਜਾਇ ਸਹਿਜ ਸੁਭਾਅ ਹੀ ਵਾਪਰਦਾ ਹੈ। ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਨੂੰ ਲੈ ਕੇ ਉਹ ਬੇਹੱਦ ਗੰਭੀਰ ਦਿਖਾਈ ਦਿੰਦੇ ਹਨ। ਉਨ੍ਹਾਂ ਨੂੰ ਇਤਰਾਜ਼ ਹੈ ਕਿ ਸਿੱਖ ਕੌਮ ਤੋਂ ਇਲਾਵਾ ਬਾਕੀ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫ਼ੁੱਲਤਾ ਲਈ ਬਣਦਾ ਫ਼ਰਜ਼ ਨਹੀਂ ਨਿਭਾਉਂਦੇ। ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਨੂੰ ਵਹੀਰਾਂ ਘੱਤਣ ਦਾ ਮਸਲਾ ਵੀ ਉਹ ਬੜੀ ਗੰਭੀਰਤਾ ਨਾਲ ਉਠਾਉਂਦੇ ਹਨ। ਇਸ ਖ਼ੂਬਸੂਰਤ ਉਪਰਾਲੇ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
c c c
ਪ੍ਰਿੰ: ਹਰਭਜਨ ਸਿੰਘ ਜੀ ਦਾ ਵਿਦਿਅਕ ਅਤੇ ਖੇਡ ਸੰਸਾਰ
ਲੇਖਕ : ਅਜੀਤ ਲੰਗੇਰੀ
ਪ੍ਰਕਾਸ਼ਕ : ਕੈਫੇ ਵਰਲਡ ਮੰਡੀ ਕਲਾਂ, ਜਲੰਧਰ, ਬਠਿੰਡਾ।
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 94630-14523
ਪੰਜਾਬੀ ਦੇ ਜੀਵਨੀ ਸਾਹਿਤ ਦੀ ਝੋਲੀ ਵਿਚ ਪਈ ਇਹ ਵਾਰਤਕ ਪੁਸਤਕ ਦੁਆਬੇ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸ਼ਹਿਰਨੁਮਾ ਕਸਬੇ ਮਾਹਿਲਪੁਰ ਦੀ ਜੰਮਪਲ ਸ਼ਖ਼ਸੀਅਤ ਪ੍ਰਿੰਸੀਪਲ ਹਰਭਜਨ ਸਿੰਘ ਦੇ ਮਿਸਾਲੀ ਜੀਵਨ ਦੀਆਂ ਝਲਕਾਂ ਪੇਸ਼ ਕਰਦੀ ਹੈ। ਉਨ੍ਹਾਂ ਨੇ ਮਾਹਿਲਪੁਰ ਵਿਚ ਸਥਾਪਿਤ ਕੀਤੇ ਦੋ ਵਿਦਿਅਕ ਅਦਾਰਿਆਂ ਖ਼ਾਲਸਾ ਹਾਈ ਸਕੂਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਲਈ ਬੇਮਿਸਾਲ ਮਿਹਨਤ ਅਤੇ ਘਾਲਣਾ ਘਾਲੀ ਹੈ। ਇਸੇ ਤਰ੍ਹਾਂ ਇਸ ਇਲਾਕੇ ਦੇ ਖਿਡਾਰੀਆਂ ਵਲੋਂ ਕੀਤੀਆਂ ਖੇਡ ਪ੍ਰਾਪਤੀਆਂ ਪਿੱਛੇ ਪ੍ਰਿੰ: ਹਰਭਜਨ ਸਿੰਘ ਦਾ ਖੇਡ ਜਜ਼ਬਾ ਅਤੇ ਲਗਾਓ ਲੇਖਕ ਨੇ ਬੇਹੱਦ ਸ਼ਰਧਾ ਪੂਰਵਕ ਪੇਸ਼ ਕੀਤਾ ਹੈ।
ਪੁਸਤਕ ਵਿਚ ਏਡੀ ਕਦਾਵਰ ਸ਼ਖ਼ਸੀਅਤ ਦੀ ਘਾੜਤ ਕਿਨ੍ਹਾਂ ਹਾਲਤਾਂ ਅਤੇ ਕਿੰਜ ਹੋਈ ਬਾਰੇ ਬਾਤ ਪਾਈ ਗਈ ਹੈ, ਦੋਵੇਂ ਵਿਦਿਅਕ ਅਦਾਰਿਆਂ ਦੀ ਤਰੱਕੀ ਲਈ ਪ੍ਰਿੰਸੀਪਲ ਸਾਹਿਬ ਦੀ ਮਿਸ਼ਨਰੀ ਸੋਚ, ਨੇਕੀ, ਮਿਹਨਤ ਕਿਵੇਂ ਰੰਗ ਲਿਆਈ, ਬਾਰੇ ਦੱਸਣ ਵਿਚ ਲੇਖਕ ਸਫਲਤਾਪੂਰਵਕ ਨਿਭਿਆ ਹੈ। ਲੇਖਕ ਮੁਤਾਬਿਕ ਪ੍ਰਿੰਸੀਪਲ ਸਾਹਿਬ ਦਾ ਦਿਓ ਕੱਦ ਸ਼ਖ਼ਸੀਅਤ ਨੂੰ ਸ਼ਬਦਾਂ 'ਚ ਕਹਿ ਸਕਣਾ ਕਠਿਨ ਜਾਪਦਾ ਹੈ। ਉਨ੍ਹਾਂ ਦੇ ਇਨਸਾਨੀ ਗੁਣਾਂ, ਅਣਥੱਕ ਯਤਨਾਂ ਨੂੰ ਮੁਕੰਮਲ ਰੂਪ 'ਚ ਕਹਿ ਸਕਣਾ ਲੇਖਕ ਨੂੰ ਔਖਾ ਜਾਪਦਾ ਹੈ।
ਸੁਆਦਲੀ ਲਿਖਣ-ਸ਼ੈਲੀ ਇਸ ਪੁਸਤਕ ਦਾ ਖਾਸਾ ਹੈ। ਪ੍ਰਿੰਸੀਪਲ ਹਰਭਜਨ ਸਿੰਘ ਦੇ ਜੀਵਨ ਵੇਰਵਿਆਂ ਨੂੰ, ਉਨ੍ਹਾਂ ਬਾਰੇ ਦੂਜਿਆਂ ਦੇ ਅਨੁਭਵਾਂ ਨੂੰ ਨਿੱਕੇ-ਨਿੱਕੇ ਲੇਖਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਜੋ ਕਿ ਬੇਹੱਦ ਸਲਾਹੁਣਯੋਗ ਹੈ। ਲੋਕ-ਬਾਤ ਬਣੇ ਸਵ. ਪ੍ਰਿੰਸੀਪਲ ਸਾਹਿਬ ਬਾਰੇ ਦਿੱਤੀਆਂ ਜਾਣਕਾਰੀਆਂ ਵੱਡੀਆਂ ਪ੍ਰੇਰਕ ਹਨ। ਉਨ੍ਹਾਂ ਦਾ ਖੇਡ ਅਤੇ ਵਿਦਿਅਕ ਜਜ਼ਬਾ ਹਰ ਕਿਸੇ ਨੂੰ ਅੱਜ ਸਿੱਖਣ ਦੀ ਜ਼ਰੂਰਤ ਹੈ। ਸੱਚ 'ਤੇ ਪਹਿਰਾ ਦੇਣ ਵਾਲੀ ਇਸ ਹਸਤੀ ਨੇ ਮੁਸੀਬਤਾਂ ਨੂੰ ਮਜ਼ਬੂਤੀ ਨਾਲ ਜਿਵੇਂ ਸਰ ਕੀਤਾ, ਉਹ ਬੇਮਿਸਾਲ ਹੈ। ਪੁਸਤਕ ਅਨੇਕਾਂ ਸਿੱਖਿਆਵਾਂ ਅਤੇ ਪ੍ਰੇਰਨਾਵਾਂ ਦਾ ਬੇਸ਼ਕੀਮਤੀ ਖਜ਼ਾਨਾ ਹੈ। ਇਹ ਪੁਸਤਕ ਸਾਂਭਣਯੋਗ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444.
c c c
ਖਿੱਲਰੇ ਪੱਤਰ
ਲੇਖਕ : ਦਲਵੀਰ ਸਿੰਘ ਲੁਧਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 173
ਸੰਪਰਕ : 94170-01983
ਹੱਥਲੀ ਪੁਸਤਕ ਤੋਂ ਪਹਿਲਾਂ ਇਸ ਲੇਖਕ ਦੀਆਂ ਪੌਣੀ ਦਰਜਨ ਵਾਰਤਕ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਲੇਖਕ ਦੀਆਂ ਲਿਖਤਾਂ ਨਾਮਵਰ ਰੋਜ਼ਾਨਾ ਅਖ਼ਬਾਰਾਂ, ਰਸਾਲਿਆਂ 'ਚ ਅਕਸਰ ਛਪਦੀਆਂ ਰਹਿੰਦੀਆਂ ਹਨ। 'ਖਿੱਲਰੇ ਪੱਤਰ' ਉਸ ਦਾ ਵੱਖ-ਵੱਖ ਵਿਸ਼ਿਆਂ ਨੂੰ ਛੂਹਦਾ ਇਕ ਨਾਵਲ ਹੈ, ਜਿਸ ਦੇ 33 ਕਾਂਡ ਹਨ। ਨਾਵਲ ਦੀ ਕਹਾਣੀ ਛੋਟੇ ਕਿਸਾਨ ਪਰਿਵਾਰਾਂ ਦੇ ਜੀਵਨ 'ਤੇ ਆਧਾਰਿਤ ਹੈ, ਜੋ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਪੈਰਾਂ ਸਿਰ ਵੇਖਣ ਨੂੰ ਤਾਂਘਦੇ ਹਨ, ਪਰ ਇੱਧਰ ਰੁਜ਼ਗਾਰ ਦੀ ਕੋਈ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਮਾਪੇ ਅਤੇ ਬੱਚੇ ਆਪਣਾ ਸਭ ਕੁਝ ਵੇਚ-ਵੱਟ ਕੇ ਹਰ ਹੀਲੇ ਵਿਦੇਸ਼ ਸਥਾਪਿਤ ਹੋਣਾ ਲੋਚਦੇ ਹਨ। ਵਿਦੇਸ਼ਾਂ ਦੀ ਜ਼ਿੰਦਗੀ ਵੀ ਕਾਫ਼ੀ ਸੰਘਰਸ਼ ਵਾਲੀ ਹੁੰਦੀ ਹੈ। ਲੇਖਕ ਭ੍ਰਿਸ਼ਟ ਤਰੀਕੇ ਨਾਲ ਕੀਤੀ ਗਈ ਕਮਾਈ ਦੇ ਨਤੀਜਿਆਂ ਨੂੰ ਵੀ ਬੇਪਰਦ ਕਰਦਾ ਹੈ। ਉਹ ਮਹਿੰਗੇ ਵਿਆਹਾਂ 'ਚ ਕੀਤੇ ਜਾਂਦੇ ਵਿਖਾਵੇ, ਖਾਣ-ਪੀਣ ਦੇ ਸਾਮਾਨ ਦੀ ਦੁਰਵਰਤੋਂ, ਦਾਜ ਦੀ ਮੰਗ ਨੂੰ ਉਭਾਰਦਾ ਹੈ। ਨੌਜਵਾਨਾਂ 'ਚ ਵਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦਾ ਹੋਇਆ ਉਹ ਦੱਸਦਾ ਹੈ ਕਿ ਕਿਵੇਂ ਅਜੋਕੇ ਦੌਰ 'ਚ ਨੌਜਵਾਨਾਂ ਦੀ ਪਹਿਲੀ ਪਸੰਦ ਵਿਦੇਸ਼ ਜਾਣਾ ਬਣ ਗਿਆ ਹੈ, ਜਿਸ ਕਾਰਨ ਪੰਜਾਬ 'ਚ ਘਰਾਂ ਦੇ ਘਰ ਖ਼ਾਲੀ ਹੋ ਰਹੇ ਹਨ ਅਤੇ ਪਿੱਛੇ ਮਾਪੇ ਬਿਰਧ ਬਰੇਸੇ ਇਕੱਲਤਾ ਭੋਗਣ ਲਈ ਮਜਬੂਰ ਹਨ। ਰਚਨਾਤਮਿਕ ਪੱਖੋਂ ਨਾਵਲ ਦੀ ਪਾਤਰ-ਉਸਾਰੀ, ਦ੍ਰਿਸ਼ ਚਿਤਰਨ, ਸ਼ੈਲੀ, ਮੌਕਾ ਮੇਲ, ਵਾਰਤਾਲਾਪ ਗੁੰਦਵੀਂ ਹੈ। ਨਾਵਲ ਦੀ ਕਹਾਣੀ ਹੌਲੀ-ਹੌਲੀ ਆਪਣੇ ਅੰਤ ਵੱਲ ਨੂੰ ਵਧਦੀ ਹੈ। ਨਾਵਲ ਪੜ੍ਹਦਿਆਂ ਪਾਠਕ ਦੀ ਉਤਸੁਕਤਾ ਬਣੀ ਰਹਿੰਦੀ ਹੈ। ਜਵਾਨ ਉਮਰ ਦੀਆਂ ਇੱਛਾਵਾਂ, ਜਜ਼ਬਾਤ, ਪਿਆਰ, ਤਾਂਘ ਦੀ ਸਥਿਤੀ ਅਤੇ ਵਿਦੇਸ਼ ਦੇ ਭੂਗੋਲਿਕ ਹਲਾਤਾਂ ਨੂੰ ਵੀ ਲੇਖਕ ਨੇ ਬਾਖ਼ੂਬੀ ਚਿਤਰਿਆ ਹੈ।
-ਮੋਹਰ ਗਿੱਲ ਸਿਰਸੜੀ,
ਮੋਬਾਈਲ : 98156-59110
ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ
ਲੇਖਕ : ਡਾ. ਬਲਕਾਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ: 550 ਰੁਪਏ, ਸਫੇ : 375
ਸੰਪਰਕ : 99150-48005
ਸਿੱਖ ਧਰਮ ਮਨੁੱਖੀ ਪੂਰਨ ਤੌਰ 'ਤੇ ਜੀਵਨ ਜਾਚ ਦਾ ਮਾਰਗ ਹੈ, ਜੋ ਮਨੁੱਖ ਨੂੰ ਉਚੇਚੇ ਅਧਿਆਤਮਕਿ ਅਨੁਭਵ ਨਾਲ ਜੋੜਦਾ ਹੈ ਅਤੇ ਸੰਤੁਲਿਤ ਸਮਾਜਿਕ ਜੀਵਨ ਜੀਉਣ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹੱਥਲੀ ਪੁਸਤਕ ਵਿਚ ਸਿੱਖ ਇਤਿਹਾਸ, ਗੁਰਇਤਿਹਾਸ, ਕੌਮੀ ਇਤਿਹਾਸ ਦੀਆਂ ਰੋਲ ਮਾਡਲ ਰਹੀਆਂ ਕੋਈ 20 ਕੁ ਮਹਾਨ ਸ਼ਖਸੀਅਤਾਂ ਨੂੰ ਆਪਣੀ ਗੁਰਮਤਿ ਸੋਝੀ ਰਾਹੀਂ ਕਲਮਬੰਦ ਕੀਤਾ ਹੈ। ਬਾਬਾ ਬੁੱਢਾ, ਭਾਈ ਮਨੀ ਸਿੰਘ, ਭਾਈ ਗੁਰਦਾਸ, ਭਾਈ ਕਨ੍ਹਈਆ, ਭਾਈ ਨੰਦ ਲਾਲ, ਭਾਈ ਮੋਤੀਰਾਮ ਮਹਿਰਾ, ਮਾਤਾ ਸਾਹਿਬ ਕੌਰ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ, ਮਹਾਂ ਕਵੀ ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਰਣਧੀਰ ਸਿੰਘ, ਪ੍ਰੋ: ਸਾਹਿਬ ਸਿੰਘ, ਬਾਬਾ ਨਿਧਾਨ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼ਾਮਿਲ ਹਨ। ਪ੍ਰੋ: ਡਾ. ਬਲਕਾਰ ਸਿੰਘ ਸਿੱਖ ਦਰਸ਼ਨ ਦੀ ਨਿਵੇਕਲੀ ਪਛਾਣ ਨੂੰ ਸਥਾਪਤ ਕਰਨ ਲਈ ਪੂਰਨ ਨਿਸ਼ਠਾ ਤੇ ਸਿਦਕ ਦਿਲੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਲਿਖਤ ਵਿਚ ਦਲੀਲ ਦਾ ਸਹਿਜ ਪ੍ਰਗਟਾਵਾ ਹੁੰਦਾ ਹੈ। ਥਾਂ ਪੁਰ ਥਾਂ ਗੁਰਬਾਣੀ ਦੀ ਅਗਵਾਈ ਉਨ੍ਹਾਂ ਦੀ ਦਲੀਲ ਨੂੰ ਪੁਖਤਗੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀਆਂ ਲਿਖਤਾਂ ਗੁਰੂ ਜੋਤਿ ਦਾ ਪ੍ਰਮਾਣਿਕ ਬਿੰਬ ਉਸਾਰਨ ਕਰਕੇ ਅਕਾਦਮਿਕ ਜਗਤ ਵਿਚ ਸਤਿਕਾਰੀਆਂ ਜਾਂਦੀਆਂ ਹਨ। ਲੇਖਕ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ, ਦਸ ਪੁਸਤਕਾਂ ਗੁਰੂ ਤੇਗ਼ ਬਹਾਦਰ ਹਿੰਦ ਦੀ ਚਾਦਰ, ਗੁਰਮਤਿ ਵਿਵੇਚਨ, ਭਗਤ ਨਾਮ ਦੇਵ ਜੀਵਨ ਤੇ ਰਚਨਾ, ਸਿੱਖ ਰਹੱਸਵਾਦ, ਜਿਨ੍ਹਾਂ ਤੋਂ ਵਿਛੋੜਿਆ ਗਿਆ, ਪੰਜਾਬ ਦਾ ਬਾਬਾ ਬੋਹੜ ਗੁਰਚਰਨ ਸਿੰਘ ਟੌਹੜਾ, ਸ਼ਬਦ ਗੁਰੂ ਦਾ ਸਿੱਖ ਸਿਧਾਂਤ, "The Spiritual Light Bearer of mankind ਅਕਾਲ ਤਖਤ ਸਾਹਿਬ ਜੋਤਿ ਤੇ ਜੁਗਤਿ, ਨਾਨਕ ਚਿੰਤਨ ਪਿਛੋਕੜ ਅਤੇ ਭੂਮਿਕਾ, ਪਾਠਕਾਂ ਤੇ ਵਿਦਵਾਨਾਂ ਦੀ ਟਿਪਸ 'ਤੇ ਹਨ। ਲੇਖਕ ਵਲੋਂ ਇਸ ਪੁਸਤਕ ਵਿਚ ਗੁਰੂ ਦਰਸਾਈ ਸਿੱਖੀ ਨੂੰ ਕਮਾਉਣ ਵਾਲੇ 20 ਵਿਰਾਸਤੀ ਪੁਰਖਿਆਂ ਦੇ ਜੀਵਨ, ਸੰਘਰਸ਼, ਕਮਾਈ ਨੂੰ ਦਰਸਾਉਣ ਦਾ ਯੋਗ ਉਪਰਾਲਾ ਕੀਤਾ ਹੈ। ਸਿੱਖੀ ਰੋਲ ਮਾਡਲ ਵਜੋਂ ਸਥਾਪਿਤ ਇਨ੍ਹਾਂ ਪੁਰਖਿਆਂ ਵਿਚ ਵਿਦਵਾਨ, ਸ਼ਹੀਦ, ਤੇਗ਼ ਦੇ ਧਨੀ ਸੂਰਮੇ, ਕਵੀ, ਸੇਵਾ ਦੇ ਪੁੰਜ ਤੇ ਸਿਆਸਤ ਦੇ ਮਹਾਂਰਥੀ ਸ਼ਾਮਲ ਹਨ। ਜਿਨ੍ਹਾਂ ਨੇ ਪੰਜ ਸਦੀਆਂ ਦੇ ਇਤਿਹਾਸ ਦੀ ਸਿਰਜਣਾ ਵਿਚ ਅਹਿਮ ਰੋਲ ਅਦਾ ਕੀਤਾ ਹੈ। ਉਲਾਰ ਸਥਿਤੀਆਂ ਵਿਚਕਾਰਲਾ ਸੰਤੁਲਿਤ ਰਾਹ ਕਿਵੇਂ ਕੰਮ ਆਉਂਦਾ ਹੈ ਇਸ ਅਮਲ ਵਿਚ ਜੀਉਣ ਵਾਲੇ ਪੁਰਖਿਆਂ ਦੀ ਦਾਸਤਾਨ ਹੀ ਹੈ ਇਹ ਹੱਥਲੀ ਪੁਸਤਕ।
ਸਾਰੇ ਵਿਸ਼ਵ ਵਿਚ ਫੈਲ ਰਹੇ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿਚ ਕਈ ਚੁਣੌਤੀਆਂ ਤੇ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਸਰਲੀਕਰਨ ਲਈ ਵਿਰਾਸਤੀ ਪੁਰਖਿਆਂ ਵਲੋਂ ਪਾਏ ਪੂਰਨੇ ਸਾਡਾ ਮਾਰਗ ਦਰਸ਼ਨ ਕਰ ਸਕਦੇ ਹਨ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸੰਘਰਸ਼ੀ ਰਾਹ
ਲੇਖਕ : ਸਾਧੂ ਸਿੰਘ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫੇ : 223
ਸੰਪਰਕ : 95011-45039
'ਤਿੜਕਦੀ ਹਵੇਲੀ' ਤੋਂ ਬਾਅਦ ਸਾਧੂ ਸਿੰਘ ਸੰਘਾ ਦੇ ਦੂਜੇ ਨਾਵਲ 'ਸੰਘਰਸ਼ੀ ਰਾਹ' ਵਿਚ ਪੰਜਾਬ ਵਿਚਲੇ ਵੱਖ-ਵੱਖ ਅਦਾਰਿਆਂ ਦੇ ਮੁਲਾਜ਼ਮਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਨੂੰ ਚਿੱਤਰਤ ਕੀਤਾ ਹੈ। ਕੋਈ ਪੰਜਾਹ ਸਾਲ ਪਹਿਲਾਂ ਹਰੀ ਕ੍ਰਾਂਤੀ ਦੇ ਉਭਾਰ ਸਮੇਂ ਦੀ ਕਹਾਣੀ ਬਿਆਨ ਕਰਦਾ ਇਹ ਨਾਵਲ ਮੁਲਾਜ਼ਮ ਜਥੇਬੰਦੀਆਂ ਵਿਚ ਪੈਦਾ ਹੋਈ ਚੇਤਨਾ ਬਾਰੇ ਹੈ, ਜਿਸ ਦੀ ਮੂਲ ਜੜ੍ਹ ਨਕਸਲਬਾੜੀ ਲਹਿਰ ਨੂੰ ਮੰਨਿਆ ਗਿਆ। ਖੱਬੇ ਪੱਖੀ ਲਹਿਰ ਦੇ ਪ੍ਰਭਾਵ ਹੇਠ ਨੌਜਵਾਨਾਂ ਵਿਚ ਸਮਾਜ ਵਿਚਲੀ ਆਰਥਕ ਅਸਮਾਨਤਾ ਕਾਰਨ ਵਿਦਰੋਹ ਪੈਦਾ ਹੋ ਰਿਹਾ ਸੀ ਅਤੇ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਨੇਤਾਵਾਂ ਦੀ ਲੁੱਟ ਦਾ ਸ਼ਿਕੰਜਾ ਦੇਸ਼ ਦੇ ਨਾਲ ਪਿੰਡ ਦੀ ਸੱਤਾ ਉਪਰ ਵੀ ਕੱਸਿਆ ਜਾ ਚੁੱਕਾ ਸੀ। ਅਜਿਹੇ ਸਮੇਂ ਵਿਚ ਇਕ ਆਮ ਕਿਰਸਾਨੀ ਪਰਿਵਾਰ ਦੇ ਸੰਘਰਸ਼ ਦਾ ਬਿਰਤਾਂਤ ਇਸ ਨਾਵਲ ਵਿਚ ਸਿਰਜਿਆ ਗਿਆ ਹੈ। ਬਲਵੰਤ ਸਿੰਘ ਅਤੇ ਹਰਪਾਲ ਕੌਰ ਦੇ ਪਰਿਵਾਰਕ ਮਸਲੇ ਤੇ ਆਰਥਕ ਲੇਖੇ-ਜੋਖੇ ਉਨ੍ਹਾਂ ਦੇ ਪੁੱਤਰ ਅਮਰਦੀਪ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਕਾਮਿਆਂ ਦੇ ਸੰਘਰਸ਼ ਦਾ ਹਿੱਸਾ ਬਣਨ ਦਾ ਕਾਰਨ ਬਣਦੇ ਹਨ। ਸਮਾਜਵਾਦ ਦਾ ਪੱਖ ਪੂਰਦੇ ਅਤੇ ਸਮਰਾਜਵਾਦ ਹੱਥੋਂ ਸਧਾਰਨ ਲੋਕਾਂ ਦੀ ਲੁੱਟ ਨੂੰ ਭੰਡਦਾ ਇਸ ਨਾਵਲ ਦਾ ਕਥਾਨਕ ਪੂੰਜੀਵਾਦੀ ਸਰਮਾਏਦਾਰੀ ਦੇ ਵਿਰੋਧ ਵਿਚ ਖੜ੍ਹਾ ਦਿਖਾਈ ਦਿੰਦਾ ਹੈ। ਇਸ ਸਭ ਘਟਨਾਕ੍ਰਮ ਵਿਚ ਦੇਸ਼ ਦੀ ਰਾਖੀ ਲਈ ਲਾਮਬੱਧ ਪੁਲਿਸ ਦੇ ਭ੍ਰਿਸ਼ਟਾਚਾਰੀ ਹੋਣ ਅਤੇ ਉਨ੍ਹਾਂ ਦੁਆਰਾ ਸਧਾਰਨ ਲੋਕਾਂ ਦੇ ਸ਼ਾਂਤਮਈ ਅੰਦੋਲਨਾਂ ਨੂੰ ਹਿੰਸਕ ਸੰਘਰਸ਼ਾਂ ਵਿਚ ਬਦਲਣ ਲਈ ਵਰਤੀਆਂ ਗਈਆਂ ਕੂਟਨੀਤੀਆਂ ਬਾਰੇ ਕਈ ਰਾਜ਼ ਖੋਲ੍ਹੇ ਗਏ ਹਨ। ਇਸ ਢੰਗ ਨਾਲ ਇਹ ਨਾਵਲ ਸਾਹਿਤ ਦੇ ਖੇਤਰ ਵਿਚ ਇਨਕਲਾਬੀ ਸਾਹਿਤ ਵਿਚ ਇਕ ਕਾਮਯਾਬ ਉਪਰਾਲਾ ਸਿੱਧ ਹੁੰਦਾ ਹੈ ਜੋ ਪੰਜਾਬ ਦੇ ਕਿਰਸਾਨੀ ਸੰਘਰਸ਼ ਮੌਕੇ ਪਾਠਕਾਂ ਨੂੰ ਅਰਪਣ ਕੀਤਾ ਗਿਆ। ਇਹ ਨਾਵਲ ਇਸੇ ਕਾਰਨ ਅਜਿਹੇ ਸੰਘਰਸ਼ਾਂ ਲਈ ਆਮ ਲੋਕਾਂ ਲਈ ਇਕ ਸੇਧ ਸਾਬਤ ਹੁੰਦਾ ਹੈ। ਪਾਠਕਾਂ ਵਲੋਂ ਵੀ ਚੰਗੇ ਹੁੰਗਾਰੇ ਦੀ ਉਡੀਕ ਹੈ।
-ਡਾ: ਸੰਦੀਪ ਰਾਣਾ,
ਮੋਬਾਈਲ : 98728-87551
ਨੀਤੀ ਅਤੇ ਨੀਯਤ
ਤੇ ਹੋਰ ਨਿਬੰਧ
ਲੇਖਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 84378-73565
ਡਾ. ਅਮਰ ਕੋਮਲ ਸਿਰਮੌਰ ਨਿਬੰਧਕਾਰਾਂ ਵਿਚੋਂ ਇਕ ਜਾਣਿਆ ਜਾਂਦਾ ਹੈ। ਹਥਲੀ ਪੁਸਤਕ ਦੇ ਤੇਈ ਨਿਬੰਧ ਵੀ ਇਸੇ ਵਿਚਾਰ ਦਾ ਪ੍ਰਗਟਾਵਾ ਹਨ। ਇਨ੍ਹਾਂ ਸਭਨਾਂ ਨਿਬੰਧਾਂ ਦੀ ਸਾਂਝੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਿਬੰਧ ਬਹੁਤ ਸਾਰੇ ਸੰਕਲਪਾਂ ਦਾ ਅਰਥ-ਬੋਧ ਕਰਵਾਉਂਦੇ ਹਨ। ਜੀਵਨ ਜੀਊਣ ਦੀ ਜਾਚ ਦੱਸਦੇ ਹਨ, ਉਸਾਰੂ ਚਿੰਤਨਧਾਰਾ ਦਾ ਪ੍ਰਵਾਹ ਸੁਚੱਜੇ ਪਾਸੇ ਵੱਲ ਮੋੜਦੇ ਹਨ, ਮਾਨਵੀ ਉਚੇਰੀ ਕਦਰ-ਪ੍ਰਣਾਲੀ ਦੀ ਸਥਾਪਨਾ ਕਰਦੇ ਹੋਏ ਮਾਨਵ ਜਾਤੀ ਨੂੰ ਸਹਿਜ, ਸੁਹਿਰਦਤਾ, ਲਗਨ, ਮਿਹਨਤ ਅਤੇ ਸ਼ੁੱਭ ਕਰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਆਪਣੀ ਤਕਦੀਰ ਆਪ ਸਿਰਜਣ ਦਾ ਮਾਰਗ ਵੀ ਦਰਸਾਉਂਦੇ ਹਨ। 'ਨੀਤੀ ਅਤੇ ਨੀਯਤ', 'ਸਿਰਜਕ ਅਤੇ ਸਿਰਜਨਾਂ', 'ਹੱਕ ਅਤੇ ਫਰਜ਼', 'ਗਰੀਬੀ ਅਤੇ ਅਮੀਰੀ', 'ਗਿਆਨ ਵਿਗਿਆਨ', 'ਸ਼ਕਤੀ ਸਮਰੱਥਾ ਅਤੇ ਇਸਦੀ ਵਰਤੋਂ', 'ਵਿਗਿਆਨਕ ਯੰਤਰ ਅਤੇ ਛੂ-ਮੰਤਰ', 'ਮੈਂ ਤੇ ਤੂੰ'. 'ਚਿੰਤਾ ਅਤੇ ਅਚਿੰਤਾ', 'ਜਿੱਤ ਅਤੇ ਹਾਰ', 'ਵੇਦਨਾ-ਸੰਵੇਦਨਾ' ਨਿਬੰਧ ਇਨ੍ਹਾਂ ਉਕਤ ਦਾ ਬਾ-ਖੂਬੀ ਪ੍ਰਗਟਾਵਾ ਹਨ। ਸਮਾਜਕ, ਸਭਿਆਚਾਰਕ, ਨੈਤਿਕ ਅਤੇ ਦਾਰਸ਼ਨਿਕ ਵਿਸ਼ਿਆਂ ਸੰਬੰਧੀ ਡਾ. ਅਮਰ ਕੋਮਲ ਦੇ ਨਿਬੰਧ ਵਿਗਿਆਨਕ ਅਤੇ ਤਰਕ-ਵਿਤਰਕ ਦੀ ਸੋਚ-ਦ੍ਰਿਸ਼ਟੀ ਦੀ ਨਿਭਾਓ ਪ੍ਰਸੰਗਤਾ ਵਿਚ ਵੇਖੇ ਜਾ ਸਕਦੇ ਹਨ। ਇਹ ਲੇਖਕ ਦੁਹਰਾਓ ਤੋਂ ਸਦਾ ਬਚਦਾ ਹੈ ਅਤੇ ਆਪਣੇ ਕਥਨ ਦੀ ਸਾਰਥਿਕਤਾ ਲਈ ਆਪਣੇ ਦੂਜੀਆਂ ਭਾਸ਼ਾਵਾਂ ਦੇ ਗਿਆਨ ਨੂੰ ਵੀ ਸਾਦਗੀ ਅਤੇ ਸਪੱਸ਼ਟਤਾ ਦੀ ਜੁਗਤ ਨਾਲ ਪੇਸ਼ ਕਰਦਾ ਹੈ। ਡਾ. ਅਮਰ ਕੋਮਲ ਦੇ ਇਹ ਨਿਬੰਧ ਉਸਦੇ ਗੰਭੀਰ ਚਿੰਤਨ ਦਾ ਸਰਲ ਪ੍ਰਗਟਾਵਾ ਹਨ। 'ਨਿਰਾਸ਼ਾ ਅਤੇ ਨਸ਼ੇ', 'ਸਿਹਤ ਅਤੇ ਸੰਭਾਲ', 'ਜਿੱਤ ਅਤੇ ਹਾਰ', 'ਇਸ਼ਕ-ਮੁਸ਼ਕ', 'ਆਸ਼ਾਵਾਦੀ ਅਤੇ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ, 'ਸੱਚ ਅਤੇ ਝੂਠ', 'ਸੁੱਖ ਅਤੇ ਦੁੱਖ' ਪਾਠਕਾਂ ਦੇ ਮਨਾਂ ਵਿਚ ਸੁਧੇ ਹੀ ਘਰ ਕਰ ਜਾਣ ਵਾਲੇ ਨਿਬੰਧ ਹਨ। ਡਾ. ਕੋਮਲ ਸੁੱਤੇ ਹਿਰਦਿਆਂ ਵਿਚ ਚੇਤਨਾ ਦੀ ਜਾਗ ਵੀ ਲਾਉਂਦਾ ਹੈ ਅਤੇ ਸਮਾਜਕ ਕੁਰੀਤੀਆਂ ਤੋਂ ਬਚਣ ਦੀ ਪ੍ਰੇਰਨਾ ਵੀ ਦਿੰਦਾ ਹੈ, ਸੁਹਜ-ਸੁਆਦ ਦੇ ਅਸਲ ਰੂਪ ਤੋਂ ਜਾਣੂ ਵੀ ਕਰਵਾਉਂਦਾ ਹੈ, ਸਹਿਜ-ਸਿਆਣਪ, ਅਧਿਐਨ ਅਤੇ ਅਧਿਆਪਨ ਦਾ ਅਸਲ ਤਰੀਕਾ ਵੀ ਦਸਦਾ ਹੈ। ਨਾਰੀ ਦਾ ਸਮਾਜ ਵਿਚ ਯੋਗਦਾਨ ਅਤੇ ਇਸਦੀ ਬਹੁ-ਦਿਸ਼ਾਵੀ ਪ੍ਰਤਿਭਾ ਦਾ ਉਲੇਖ ਦਿਲ ਨੂੰ ਟੁੰਬਦਾ ਹੈ। ਇਨ੍ਹਾਂ ਨਿਬੰਧਾਂ ਦੀ ਸਾਰਥਿਕਤਾ ਇਸ ਮੂਲ ਬਿੰਦੂ ਉਤੇ ਕੇਂਦਰਿਤ ਹੈ ਕਿ ਜੇ ਮਨੁੱਖ ਤਰੱਕੀ ਕਰਨੀ ਚਾਹੁੰਦਾ ਹੈ ਅਤੇ ਸੁੱਖ ਦੀ ਨੀਂਦੇ ਸੌਣਾ ਚਾਹੁੰਦਾ ਹੈ ਤਾਂ ਉਹ ਆਪਣੀ ਨੀਤੀ ਅਤੇ ਨੀਯਤ ਨੂੰ ਸ਼ੁੱਧ ਕਰਕੇ ਦੂਸਰਿਆਂ ਨਾਲ ਚੰਗਾ ਵਰਤਾਰਾ ਕਰੇ। ਇਹ ਨਿਬੰਧ ਹਰ ਵਰਗ ਦੇ ਪਾਠਕ ਲਈ ਉਪਯੋਗੀ ਹਨ ਕਿਉਂਕਿ ਇਹ ਵਾਕ ਦਰ ਵਾਕ ਅਖੁੱਟ ਸਚਾਈਆਂ ਭਰਪੂਰ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 9814209732
ਝੱਖੜ ਤੇ ਪਰਿੰਦੇ
ਲੇਖਕ: ਬਲਦੇਵ ਸਿੰਘ
ਪ੍ਰਕਾਸ਼ਕ: ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ: 126.
ਸੰਪਰਕ: 98147-83069
ਇਹ ਪੁਸਤਕ ਵਿਚ 9 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਬਹੁਤੀਆਂ ਕਹਾਣੀਆਂ, ਕਾਲੇ ਦੌਰ ਦੌਰਾਨ ਪੰਜਾਬ ਦੇ ਹੰਢਾਏ ਦਰਦ ਅਤੇ ਸੰਤਾਪ ਨੂੰ ਬਾਖ਼ੂਬੀ ਬਿਆਨਦੀਆਂ ਹਨ। ਕੁਝ ਕਹਾਣੀਆਂ ਹਾਕਮਾਂ ਦੀਆਂ ਕੋਝੀਆਂ ਚਾਲਾਂ, ਨੇਤਾਵਾਂ ਦੇ ਗਿਰਗਿਟੀ ਚਰਿੱਤਰ ਅਤੇ ਪੁਲਿਸ ਦੇ ਦੋਗਲੇਪਣ ਦਾ ਪਰਦਾ ਫਾਸ਼ ਕਰਦੀਆਂ ਹਨ। 'ਨਾਗਵਲ਼' ਵਿਚ ਬਾਬੇ ਨੇ ਪ੍ਰਕਾਸ਼ ਨੂੰ ਗਾਂ ਦੇ ਰੱਸੇ ਨੂੰ ਨਾਗਵਲ਼ ਪਾਉਣ ਦਾ ਹੱਲ ਦੱਸ ਕੇ, ਉਸ ਨੂੰ ਜ਼ਿੰਦਗੀ ਨੂੰ ਸੁਰੱਖਿਅਤ ਜੀਣ ਦਾ ਇਕ ਗੁਰ ਦੱਸਿਆ ਹੈ। 'ਲਹੂ ਭਿੱਜਾ ਅਸਮਾਨ' 'ਚ ਕਿਵੇਂ ਇਕ ਸਾਊ ਮੁੰਡਾ ਪ੍ਰੇਮ ਹਾਕਮੀ ਪ੍ਰਬੰਧ ਤੋਂ ਤੰਗ ਆ ਕੇ ਘਰੋਂ ਭਗੌੜਾ ਹੋ ਜਾਂਦਾ ਹੈ। ਇਹ ਕਹਾਣੀ ਅੱਤਵਾਦ ਦੇ ਦੌਰ ਵਿਚ ਬਹੁਤੇ ਘਰਾਂ ਦੇ ਜਵਾਨ ਮੁੰਡਿਆਂ ਨਾਲ ਪ੍ਰਬੰਧ ਵਲੋਂ ਹੋਏ ਘਿਨੌਣੇ ਵਤੀਰੇ ਦਾ ਸੱਚ ਬਿਆਨਦੀ ਹੈ। 'ਪਰਛਾਵੇਂ' ਵਿਚਲੇ ਗੋਲਡੀ ਦੇ ਮਾਤਾ-ਪਿਤਾ ਬੱਚੇ ਦੇ ਮਨੋ ਵਿਗਿਆਨ ਨੂੰ ਸਮਝੇ ਬਗ਼ੈਰ, ਉਸ ਨਾਲ ਬਦਲਾ ਲੈਣ ਵਾਲਾ ਵਰਤਾਓ ਕਰ ਰਹੇ ਸਨ। ਗੋਲਡੀ ਘਰ ਵਿਚ ਚੀਜ਼ਾਂ ਦੀ ਤੋੜ-ਭੰਨ ਕਰਦਾ ਸੀ। ਪਰ ਇਕ ਮਨੋਵਿਗਿਆਨਿਕ ਰਾਇ ਮੰਨਣ ਨਾਲ ਘਰ ਵਿਚ ਪਿਆਰ ਤੇ ਹਮਦਰਦੀ ਪਰਤ ਆਈ। 'ਇਕ ਸਵਾਲ' ਵਿਚਲਾ ਮੇਜ਼ਰ ਆਪ੍ਰੇਸ਼ਨ ਨੀਲਾ ਤਾਰਾ ਸਮੇਂ ਦੀਆਂ ਕਹਾਣੀਆਂ ਸੁਣਾਉਂਦਾ ਦੱਸਦਾ ਹੈ ਕਿ ਕਿਵੇਂ ਉਸ ਦੇ ਉੱਪਰਲੇ ਅਫ਼ਸਰ ਬੈਨਰਜੀ ਨੇ ਕਰਫ਼ਿਊ ਦੌਰਾਨ ਇਕ ਬਜ਼ੁਰਗ ਸਿੱਖ ਦੇ ਧਰਮ ਦਾ ਮਾਨ ਸਨਮਾਨ ਤੇ ਮਰਿਆਦਾ ਨੂੰ ਹੌਲਾ ਨਹੀਂ ਪੈਣ ਦਿੱਤਾ। ਬੈਨਰਜੀ ਅੱਖੜ ਸੁਭਾਅ ਦਾ ਹੋ ਕੇ ਵੀ ਇਕ ਖ਼ੂਬਸੂਰਤ ਇਨਸਾਨ ਸੀ। 'ਨਾਕਾਬੰਦੀ' ਵਿਚ ਪੁਲਿਸ ਤੋਂ ਲੁਕਦੇ-ਫਿਰਦੇ ਇਕ ਮੁਜ਼ਰਮ ਨਾਲ ਪੁਲਿਸ ਅਫ਼ਸਰ ਸ੍ਰੀ ਵਾਸਤਵ ਨੇ ਇਕ ਇਨਸਾਨੀਅਤ ਭਰਿਆ ਵਰਤਾਓ ਕੀਤਾ। ਉਸ ਦਾ ਅਜਿਹਾ ਹੋਣਾ ਇਕ ਮਿਸਾਲੀ ਅਤੇ ਵਿਲੱਖਣ ਹੈ। 'ਰਾਤ ਦੀ ਕੁੱਖ' ਵਿਚਲੀ ਚੰਦ ਕੌਰ ਦੀ ਸਰਪੰਚੀ ਵੱਡੇ ਪੱਧਰ 'ਤੇ ਸਿਆਸੀ ਭੰਨਾਂ ਘੜਤਾਂ ਦੀ ਇਕ ਤਸਵੀਰ ਦ੍ਰਿਸ਼ਟੀਗੋਚਰ ਕਰਦੀ ਹੈ। ਪਿੰਡ ਤਾਂ ਇਕ ਛੋਟੀ ਇਕਾਈ ਹੈ, ਇਹੀ ਕੁਝ ਪ੍ਰਾਂਤਕ ਅਤੇ ਦੇਸ਼ ਦੇ ਪੱਧਰ 'ਤੇ ਹੁੰਦਾ ਹੈ। ਇਸ ਸਿਆਸੀ ਤਾਣੇ-ਬਾਣੇ ਵਿਚ ਸਰਦੇ-ਪੁੱਜਦੇ ਲੋਕ, ਨੇਤਾ, ਅਫ਼ਸਰ, ਪੁਲਿਸ, ਸਿਆਸੀ ਲੋਕ ਸਭ ਸ਼ਾਮਿਲ ਹੁੰਦੇ ਹਨ। 'ਝੱਖੜ ਅਤੇ ਪਰਿੰਦੇ' ਇਸ ਪੁਸਤਕ ਦੀ ਸਭ ਤੋਂ ਸਸ਼ਕਤ ਕਹਾਣੀ ਲੱਗਦੀ ਹੈ। ਪਿੰਡਾਂ ਵਿਚ ਕਿਵੇਂ ਵੱਡੇ ਲੋਕ ਸਿਆਸੀ ਪਹੁੰਚ ਨਾਲ ਸ਼ਰੀਫ਼ ਲੋਕਾਂ ਨੂੰ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਦੇ ਖੇਤ ਜਾਇਦਾਦਾਂ ਖੋਹਣ ਲਈ ਨਵੇਂ-ਨਵੇਂ ਹੱਥਕੰਡੇ ਵਰਤਦੇ ਹਨ। ਮਾਵਾਂ ਪਾਗਲ ਹੋ ਕੇ ਕਿਵੇਂ ਸਿਵਿਆਂ ਵੱਲ ਦੌੜਦੀਆਂ ਹਨ। ਇਹ ਤਿਕੜਮਬਾਜ਼ ਸ਼ਰਾਫ਼ਤ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਚਿੜਾਉਂਦੇ ਹਨ। ਕੁੱਲ ਮਿਲਾ ਕੇ ਬਲਦੇਵ ਸਿੰਘ ਨੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਲੋਕਾਂ ਦੇ ਦੁੱਖਾਂ ਦਰਦਾਂ ਵਿਚਲੇ ਸੱਚ ਦੇ ਰੂਬਰੂ ਖੜ੍ਹਾ ਕੀਤਾ ਹੈ।
-ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686
ਰੱਜ ਰੱਜ ਮਿਲਦਾ ਪਿਆਰ ਬੇਲੀਓ
ਲੇਖਕ : ਬਲਜਿੰਦਰ ਮਾਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੋਹਾਲੀ
ਮੁੱਲ : 120 ਰੁਪਏ, ਸਫ਼ੇ : 32
ਸੰਪਰਕ : 98150-18947
'ਰੱਜ ਰੱਜ ਮਿਲਦਾ ਪਿਆਰ ਬੇਲੀਓ' ਬਾਲ ਗੀਤ ਅਤੇ ਕਵਿਤਾਵਾਂ ਦੀ ਪੁਸਤਕ ਹੈ। ਬਲਜਿੰਦਰ ਮਾਨ ਰਚਿਤ ਵੱਡੇ ਆਕਾਰ ਦੀ ਇਸ ਪੁਸਤਕ ਵਿਚ ਬਹੁਭਾਂਤੀ ਵਿਸ਼ਿਆਂ ਵਾਲੀਆਂ ਕਵਿਤਾਵਾਂ ਅੰਕਿਤ ਹਨ, ਜਿਨ੍ਹਾਂ ਵਿਚ ਬਾਲ ਮਨੋਵਿਗਿਆਨ ਨੂੰ ਕੇਂਦਰ ਵਿਚ ਰੱਖ ਕੇ ਲਿਖਣ ਦਾ ਪ੍ਰਯਤਨ ਕੀਤਾ ਗਿਆ ਹੈ। 'ਮਾਂ ਨੀ ਲੱਭਦੀ', 'ਬੂਟੇ ਦੋ ਹੀ ਲਾਈਏ' ਅਤੇ 'ਲੋਹੜੀ ਧੀਆਂ ਦੀ ਪਾਈਏ' ਕਵਿਤਾਵਾਂ ਮਨੁੱਖੀ-ਰਿਸ਼ਤਿਆਂ ਦੇ ਮਹੱਤਵ ਨੂੰ ਦਰਸਾਉਂਦੀਆਂ ਹਨ। 'ਨਵੀਂ ਸਵੇਰ', 'ਮੀਂਹ', 'ਮਿੱਟੀ ਨਾਲੋਂ ਟੁੱਟ ਕੇ', 'ਰੁੱਖਾਂ ਦੀਆਂ ਬਾਤਾਂ' ਅਤੇ 'ਘਰ 'ਚ ਬਗ਼ੀਚੀ' ਕਵਿਤਾਵਾਂ ਕੁਦਰਤੀ-ਧਰੋਹਰ ਨੂੰ ਬਚਾਉਣ ਦਾ ਸੁਨੇਹਾ ਦਿੰਦੀਆਂ ਹਨ ਜਦੋਂ ਕਿ 'ਗੁਣਾਂ ਦੇ ਗਹਿਣੇ', 'ਇੰਟਰਨੈੱਟ', 'ਸਮਾਂ ਨਾ ਗੁਆ ਬੇਲੀਆ', 'ਨਕਲ', 'ਉੱਚੀਆਂ-ਸੋਚਾਂ', 'ਚਿਰਾਗ਼', 'ਸਕੂਲ ਚੱਲੀਏ' ਅਤੇ 'ਸਮਿਆਂ ਦੇ ਹਾਣੀ' ਕਵਿਤਾਵਾਂ ਮਾਹੌਲ ਵਿਚ ਵਿੱਦਿਅਕ ਚੇਤਨਾ ਫੈਲਾਉਣ ਦੀ ਗੱਲ ਕਰਦੀਆਂ ਹਨ ਤਾਂ ਜੋ ਸਮਾਜ ਦੇ ਹਨੇਰੇ ਕੋਨਿਆਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਇਆ ਜਾ ਸਕੇ। ਇਹ ਕਵਿਤਾਵਾਂ ਜਿੱਥੇ ਬੱਚਿਆਂ ਨੂੰ ਸੱਭਿਆਚਾਰਕ ਰਹਿਤਲ ਅਤੇ ਜੀਵਨ ਮੁੱਲਾਂ ਨਾਲ ਜੋੜਦੀਆਂ ਹਨ, ਉਥੇ ਉਨ੍ਹਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਨਸ਼ਾਖ਼ੋਰੀ, ਭ੍ਰਿਸ਼ਟਾਚਾਰ, ਕੰਮਚੋਰੀ, ਫ਼ਰਜ਼ ਤੋਂ ਕੁਤਾਹੀ ਅਤੇ ਵਿਹਲੇ ਬਹਿ ਕੇ ਸਮਾਂ ਗੁਆਉਣ ਪੱਖੋਂ ਵੀ ਸਾਵਧਾਨ ਕਰਦੀਆਂ ਹਨ ਅਤੇ ਚੰਗੀ ਸਿਹਤ ਰੱਖਣ ਦੇ ਭੇਦ ਸਮਝਾਉਂਦੀਆਂ ਹਨ। ਕਿਤੇ-ਕਿਤੇ ਕੁਝ ਔਖੇ-ਭਾਰੇ ਸ਼ਬਦ ਵੀ ਇਸਤੇਮਾਲ ਕੀਤੇ ਗਏ ਹਨ ਜਿਵੇਂ 'ਸਰਗੀਆਂ', 'ਅੱਥਰਾ', 'ਗ਼ਮਖ਼ਾਰ', 'ਕਬੀਲਦਾਰੀ', 'ਸ਼ਬਾਬ', 'ਸਕੀਰੀ' ਅਤੇ 'ਜੀਵਨ-ਮੰਚ' ਆਦਿ। ਇਨ੍ਹਾਂ ਦੇ ਅਰਥ ਛੋਟੇ ਬੱਚਿਆਂ ਦੀ ਮਾਨਸਿਕ ਪਕੜ ਵਿਚ ਆਸਾਨੀ ਨਾਲ ਆ ਸਕਦੇ ਹਨ। ਦੂਜਾ 'ਦਾਦਾ-ਦਾਦੀ' ਕਵਿਤਾ ਤਤਕਰੇ ਵਿਚ 'ਬਾਬਾ-ਦਾਦੀ' ਉਨਵਾਨ ਤਹਿਤ ਛਪ ਗਈ ਹੈ। ਖ਼ੈਰ, ਇਨ੍ਹਾਂ ਮਾਮੂਲੀ ਉਕਾਈਆਂ ਨੂੰ ਨਜ਼ਰ ਅੰਦਾਜ਼ ਕਰ ਕੇ ਵੇਖਿਆ ਜਾਵੇ ਤਾਂ ਰੰਗਦਾਰ ਚਿੱਤਰਾਂ ਵਾਲੀ ਇਹ ਪੁਸਤਕ ਬੱਚਿਆਂ ਲਈ ਇਕ ਸੁੰਦਰ ਤੋਹਫ਼ਾ ਸਿੱਧ ਹੁੰਦੀ ਹੈੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਸਿੱਖ ਇਤਿਹਾਸ ਦੀ ਫਾਰਸੀ ਇਤਿਹਾਸਕਾਰੀ
ਲੇਖਕ : ਡਾ. ਬਲਵੰਤ ਸਿੰਘ ਢਿੱਲੋਂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 392
ਸੰਪਰਕ : 98550-57624
ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਹੱਤਵਪੂਰਨ ਖੋਜ ਕਾਰਜ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਖੋਜ ਵਿਭਾਗ ਹੀ ਯੂਨੀਵਰਸਿਟੀਆਂ ਦੀ 'ਰੀੜ੍ਹ ਦੀ ਹੱਡੀ' ਹੁੰਦੇ ਹਨ। ਬੇਸ਼ੱਕ ਡਾ. ਗੰਡਾ ਸਿੰਘ ਨੇ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ-ਵਿਭਾਗ ਵਿਚ ਕੰਮ ਕਰਦਿਆਂ ਫਾਰਸੀ ਗ੍ਰੰਥਾਂ ਦੀ ਵਿਵਰਣਾਤਮਿਕ ਪੁਸਤਕ-ਸੂਚੀ ਤਿਆਰ ਕਰ ਦਿੱਤੀ ਸੀ ਅਤੇ ਆਪਣੀਆਂ ਪੁਸਤਕਾਂ ਵਿਚ ਬਹੁਤ ਸਾਰੇ ਫਾਰਸੀ ਸਰੋਤਾਂ ਦਾ ਪ੍ਰਯੋਗ ਵੀ ਕੀਤਾ ਸੀ ਪ੍ਰੰਤੂ ਇਸ ਸੋਮੇ ਬਾਰੇ ਸੁਤੰਤਰ ਤੇ ਇਕ ਵੱਖਰੀ ਪੁਸਤਕ ਪ੍ਰਕਾਸ਼ਿਤ ਕਰ ਕੇ ਡਾ. ਢਿੱਲੋਂ ਨੇ ਪੰਜਾਬ ਦੇ ਇਤਿਹਾਸ ਉੱਪਰ ਨਵੀਂ ਰੌਸ਼ਨੀ ਪਾਈ ਹੈ। ਵਿਦਵਾਨ ਲੇਖਕ ਨੇ ਆਪਣੇ ਅਧਿਐਨ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਗੁਰ-ਇਤਿਹਾਸ ਨਾਲ ਸੰਬੰਧਿਤ ਉਨ੍ਹਾਂ ਫਾਰਸੀ ਲੇਖਕਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਸਿੱਖ-ਇਤਿਹਾਸ ਦੇ ਵਿਸ਼ੇ ਨੂੰ ਛੋਹਿਆ ਹੈ। ਦੂਜੇ ਭਾਗ ਵਿਚ ਉਨ੍ਹਾਂ ਫਾਰਸੀ ਪੁਸਤਕਾਂ ਦਾ ਵਿਸ਼ਲੇਸ਼ਣ ਹੈ ਜੋ ਸਿੱਖ ਇਤਿਹਾਸ ਬਾਰੇ ਮੁੱਲਵਾਨ ਟਿੱਪਣੀਆਂ ਕਰਦੀਆਂ ਹਨ। ਅਜਿਹੀਆਂ ਪੁਸਤਕਾਂ ਵਿਚ 'ਅਕਬਰਨਾਮਾ' (ਅਬੁਲ ਫ਼ਜ਼ਲ), 'ਤੁਜ਼ਕ-ਏ-ਜਹਾਂਗੀਰੀ' (ਜਹਾਂਗੀਰ), 'ਦਬਿਸਤਾਨ-ਏ-ਮਜ਼ਾਹਿਬ' (ਮੁਬਿਦ ਸ਼ਾਹ), 'ਖੁਲਾਸਤੁਤ ਤਵਾਰੀਖ' (ਸੁਜਾਨ ਰਾਇ ਭੰਡਾਰੀ), 'ਇਬਰਤਨਾਮਾ' (ਮਿਰਜ਼ਾ ਮੁਹੰਮਦ ਹਾਰਿਸੀ), 'ਮੁੰਤਖ਼ਬ-ਲ-ਲੁਬਾਬ' (ਖਾਫੀ ਖਾਨ), ਚਹਾਰ ਗੁਲਸ਼ਨ (ਰਾਇ ਚਤੁਰਮਨ) ਅਤੇ ਸੀਯਰ-ਉਲ-ਮੁਤਾਖਿਰੀਨ (ਗੁਲਾਮ ਹੁਸੈਨ ਖ਼ਾਨ) ਵਰਗੀਆਂ 25-26 ਸਰੋਤ ਪੁਸਤਕਾਂ ਦਾ ਸਰਬਾਂਗੀ ਅਧਿਐਨ ਕੀਤਾ ਗਿਆ ਹੈ। ਫਾਰਸੀ ਭਾਸ਼ਾ ਦੇ ਗਿਆਨ ਵਾਸਤੇ ਡਾ. ਢਿੱਲੋਂ ਨੇ ਡਾ. ਅਮਰਵੰਤ ਸਿੰਘ ਦੀ ਸਹਾਇਤਾ ਲਈ ਹੈ, ਜਿਸ ਦਾ ਉਸ ਨੇ ਸਾਭਾਰ ਉਲੇਖ ਕੀਤਾ ਹੈ। ਡਾ. ਅਮਰਵੰਤ ਸਿੰਘ ਨੇ ਗੁਰੂ ਨਾਨਕ ਦੇਵ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ। ਹਥਲੀ ਪੁਸਤਕ ਵੀ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਨੇਪਰੇ ਚੜ੍ਹੀ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਬੜਾ ਕੁਝ ਕਹਿਣ ਕਹਾਣੀਆਂ
ਕਹਾਣੀਕਾਰ : ਜਗਮੀਤ ਸਿੰਘ ਪੰਧੇਰ
ਪ੍ਰਕਾਸ਼ਕ : ਲਾਲ ਸਿੰਘ ਪਬਲੀਕੇਸ਼ਨਜ਼, ਕੁੱਪ ਕਲਾਂ, ਸੰਗਰੂਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98783-37222
'ਬੜਾ ਕੁਝ ਕਹਿਣ ਕਹਾਣੀਆਂ' ਜਗਮੀਤ ਸਿੰਘ ਪੰਧੇਰ ਦਾ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 19 ਕਹਾਣੀਆਂ ਜਿਨ੍ਹਾਂ ਵਿਚ ਕੁਝ ਇਕ ਕਹਾਣੀਆਂ ਛੋਟੇ ਆਕਾਰ ਵਾਲੀਆਂ ਹਨ ਅਤੇ ਕੁਝ ਇਕ ਲੰਮੀਆਂ ਕਹਾਣੀਆਂ ਦਰਜ ਹਨ। ਭਾਵੇਂ ਕਿ ਇਹ ਛੋਟੇ ਆਕਾਰ ਵਾਲੀਆਂ ਕਹਾਣੀਆਂ ਨੂੰ ਮਿੰਨੀ ਕਹਾਣੀ ਨਹੀਂ ਕਿਹਾ ਜਾ ਸਕਦਾ ਪਰ ਇਨ੍ਹਾਂ ਦੀ ਵਿਧਾਗਤ ਰੂਪ-ਰੇਖਾ ਇਨ੍ਹਾਂ ਨੂੰ ਨਿੱਕੀ ਕਹਾਣੀ ਜ਼ਰੂਰ ਸਿੱਧ ਕਰਦੀ ਹੈ। ਇਹ ਆਕਾਰ ਪੱਖੋਂ ਵੀ ਅਤੇ ਵਿਧਾ ਪੱਖੋਂ ਵੀ ਨਿੱਕੀ ਕਹਾਣੀ ਦੇ ਪੈਟਰਨ 'ਤੇ ਸਿਰਜੀਆਂ ਗਈਆਂ ਹਨ, ਜਿਵੇਂ ਕਿ ਅੱਜਕਲ੍ਹ ਰਿਵਾਜ ਹੀ ਲੰਮੀ ਕਹਾਣੀ ਦੇ ਲਿਖਣ ਦਾ ਪੈ ਚੁੱਕਾ ਹੈ, ਉਸੇ ਹੀ ਤਰਜ਼ 'ਤੇ ਲਿਖੀ ਕਹਾਣੀ 'ਹਸਾਬ-ਕਤਾਬ' ਇਸ ਸੰਗ੍ਰਹਿ ਦੀ ਲੰਮੀ ਕਹਾਣੀ ਹੈ। ਕਹਾਣੀਆਂ ਵਿਚ ਆਮ ਲੋਕਾਂ ਦੀਆਂ ਥੁੜਾਂ, ਲੋੜਾਂ, ਰੀਝਾਂ ਅਤੇ ਖਾਹਿਸ਼ਾਂ ਦੇ ਬਿਰਤਾਂਤ ਸਿਰਜੇ ਗਏ ਹਨ। ਮਾਨਵੀ ਰਿਸ਼ਤੇ ਬਹੁਤੀ ਵਾਰੀ ਸਕੇ ਰਿਸ਼ਤਿਆਂ ਨਾਲੋਂ ਵੀ ਵੱਧ ਪਿਆਰੇ ਅਤੇ ਸਕੂਨ ਦੇਣ ਵਾਲੇ ਹੁੰਦੇ ਹਨ, ਇਹ ਸੰਗ੍ਰਹਿ ਦੀ ਪਹਿਲੀ ਕਹਾਣੀ 'ਅਣਮੁੱਲੇ ਰਿਸ਼ਤੇ' ਕੁਝ ਇਹੋ ਜਿਹਾ ਹੀ ਬਿਰਤਾਂਤ ਪੇਸ਼ ਕਰਦੀ ਹੈ। ਵਹਿਮਾਂ-ਭਰਮਾਂ ਵਿਚ ਫਸੇ ਲੋਕ ਜ਼ਿੰਦਗੀ ਨੂੰ ਤਰਕ ਦੀ ਕਸਵੱਟੀ 'ਤੇ ਸਮਝਣੋਂ ਅਸਮਰੱਥ ਰਹਿੰਦੇ ਹਨ, ਅਜਿਹੇ ਅਹਿਸਾਸਾਂ ਦੀ ਤਰਜਮਾਨੀ ਵੀ ਇਨ੍ਹਾਂ ਕਹਾਣੀਆਂ ਵਿਚ ਹੋਈ ਹੈ। ਪੜ੍ਹੀ-ਲਿਖੀ ਅਤੇ ਜਾਗ੍ਰਿਤ ਜਮਾਤ ਨੇ ਲੋਕਾਂ ਵਿਚ ਚਾਨਣ ਫੈਲਾਉਣ ਦਾ ਕੰਮ ਕਰਕੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ ਪਰ ਹਰਨੇਕ ਵਰਗੇ ਅਧਿਆਪਕ ਖੁਦ ਦੀ ਦਕੀਆਨੂਸੀ ਵਿਚਾਰਾਂ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਪਰਿਵਾਰਕ ਸੰਕਟ ਵਧਦੇ ਹਨ ਅਜਿਹਾ ਹੀ 'ਹਸਾਬ-ਕਤਾਬ' ਕਹਾਣੀ ਦਾ ਵਿਸ਼ਾਗਤ ਪਹਿਲੂ ਹੈ। 1947 ਦੀ ਦੇਸ਼ ਦੀ ਵੰਡ ਨੇ ਇਹੋ ਜਿਹੇ ਦੁਖਾਂਤ ਨੂੰ ਜਨਮ ਦਿੱਤਾ, ਇਸ ਸੰਗ੍ਰਹਿ ਦੀਆਂ ਕਹਾਣੀਆਂ ਇਸ ਵਿਸ਼ੇ ਬਾਰੇ ਵੀ ਬਿਰਤਾਂਤ ਪੇਸ਼ ਕਰਦੀਆਂ ਹਨ। 'ਲਾਟਰੀ' ਕਹਾਣੀ ਵਿਚ ਜਿਵੇਂ ਲੋਕਾਂ ਦੀ ਭੇਡ-ਚਾਲੀ ਬਿਰਤੀ ਦਾ ਬਿਰਤਾਂਤ ਹੈ, ਉਥੇ 'ਗੋਰਖ ਧੰਦਾ' ਵਿਚ ਸਮਾਜਿਕ ਲੁੱਟ ਦਾ ਵਿਸ਼ਾ ਹੈ। ਕਹਾਣੀਆਂ ਸਰਲ ਕਥਾਨਕ ਵਿਚ ਢਲੀਆਂ ਪੜ੍ਹਨਯੋਗ ਹਨ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611.
ਖ਼ਾਲਸ
ਲੇਖਕ : ਅਵਤਾਰ ਸਿੰਘ ਓਠੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 200 ਰੁਪਏ, ਸਫੇ : 120
ਸੰਪਰਕ : 75080-18875
ਪੁਸਤਕ ਵਿਚ ਅੱਠ ਬਿਹਤਰੀਨ ਕਹਾਣੀਆਂ ਹਨ। ਲੇਖਕ ਦਾ ਪਹਿਲਾ ਕਹਾਣੀ ਸੰਗ੍ਰਹਿ 1999 ਵਿਚ ਛਪਿਆ ਸੀ। ਲੰਮੇ ਸਮੇਂ ਪਿੱਛੋਂ ਇਸ ਕਹਾਣੀ ਸੰਗ੍ਰਹਿ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਹੈ। ਘੱਟ ਲਿਖਣ ਵਾਲੇ ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਵੱਡੇ ਮਾਅਰਕੇ ਮਾਰੇ ਹਨ। ਵਿਸ਼ੇ ਪੱਖ ਅਤੇ ਕਹਾਣੀ ਦੀ ਅਜੋਕੀ ਬਣਤਰ ਵਲੋਂ ਕਹਾਣੀਆਂ ਵਿਚ ਬਹੁਤ ਨਵੀਆਂ ਵਿਸ਼ੇਸ਼ਤਾਵਾਂ ਹਨ। ਭੂਮਿਕਾ ਵਿਚ ਦੋ ਕਹਾਣੀਆਂ 'ਖ਼ੂਨੀ ਰੱਖ' ਤੇ 'ਸਿੰਘ ਆ ਗਏ ਸੀ' ਇਸ ਸੰਗ੍ਰਹਿ ਵਿਚ ਨਹੀਂ ਹਨ। ਹੋ ਸਕਦਾ ਲੇਖਕ ਦੀ ਪਹਿਲੀ ਪੁਸਤਕ ਵਿਚ ਹੋਣ। ਕਹਾਣੀਆਂ ਦੇ ਪਾਤਰ ਸਿੱਖ ਵਿਰਸੇ ਵਿਚੋਂ ਗੱਲਬਾਤ ਕਰਦੇ ਹਨ। ਗ਼ਰੀਬ ਤੋਂ ਮਜਬੂਰੀਆਂ ਦੇ ਭੰਨੇ ਪਾਤਰ ਅਕਸਰ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਨੂੰ ਅਰਦਾਸਾਂ ਕਰਦੇ ਹਨ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਵਿਚ ਨਤਮਸਤਕ ਹੁੰਦੇ ਹਨ। ਕਹਾਣੀ 'ਆਪਣਾ ਹਿੱਸਾ' ਵਿਚ ਗੁਰਦੁਆਰੇ ਵਿਚ ਆਈ ਅਦਬੀ ਕਮੇਟੀ ਨੂੰ ਭਾਈ ਜੈਤਾ ਦੇ ਪ੍ਰਸੰਗ ਵਿਚੋਂ ਹਵਾਲਾ ਦੇ ਕੇ ਪਾਤਰ ਹੌਸਲੇ ਨਾਲ ਲਾਜਵਾਬ ਕਰ ਕੇ ਤੋਰ ਦਿੰਦੇ ਹਨ। ਇਹ ਤੇ ਉਹ ਹੀ ਸੀ ਵਿਚ ਗ਼ਰੀਬ ਬੰਦਾ ਆਪਣੀ ਪਤਨੀ ਦੇ ਇਲਾਜ ਲਈ ਜਿਸ ਡਾਕਟਰ ਕੋਲ ਜਾਂਦਾ ਹੈ ਉਸ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਹ ਤਾਂ ਉਹ ਹੀ ਡਾਕਟਰ ਹੈ ਜਿਸ ਨੇ ਕਿਸੇ ਵੇਲੇ ਪਤਨੀ ਦੇ ਇਲਾਜ ਲਈ ਨਾਜ਼ਾਇਜ਼ ਪੈਸੇ ਮੰਗੇ ਸਨ। ਡਾਕਟਰ ਕੋਲ ਵੀ ਉਸਦੇ ਆਪਣੇ ਬੌਸ ਨੇ ਹੀ ਭੇਜਿਆ ਸੀ। ਕਹਾਣੀ 'ਖ਼ਾਲਸ' ਵਿਚ ਦਲਿਤ ਵਰਗ ਦੇ ਪੀੜਤ ਪਾਤਰ ਹਨ। ਕਹਾਣੀ ਦੀ ਸ਼ੈਲੀ ਵਿਚ ਔਰਤ ਦੀ ਮਾਨਸਿਕ ਪੀੜਾ ਹੈ। ਔਰਤ ਘਰ ਵਿਚ ਆਏ ਕਾਮੇ ਨਾਲ ਨਜ਼ਾਇਜ਼ ਸੰਬੰਧ ਬਣਾ ਕੇ ਆਪਣੇ ਪਤੀ ਨੂੰ ਨੰਗਾ ਚਿਟਾ ਚੈਲੰਜ ਕਰਦੀ ਹੈ। ਇਸ ਕਿਸਮ ਦੀ ਬੇਬਾਕ ਨਾਰੀ ਕਹਾਣੀ 'ਸੱਤ ਪਹਿਰ' ਤੇ 'ਪੱਲਾ' ਵਿਚ ਵੀ ਹੈ। ਕਹਾਣੀ ਖੇਤਰਪਾਲ ਦਾ ਪਖੰਡੀ ਬਾਬਾ ਪੁੱਛਾਂ ਦੇ ਕੇ ਬੀਬੀਆਂ ਨੂੰ ਮਗਰ ਲਾਈ ਫਿਰਦਾ ਹੈ। ਬਾਬੇ ਦੀ ਬੀਬੀਆਂ ਨਾਲ ਵਾਰਤਾਲਪ (ਪੰਨਾ 55) ਕਹਾਣੀ ਦੀ ਮੁਖ ਚੂਲ ਹੈ। 'ਸੱਤ ਪਹਿਰ' ਦੀ ਜੱਸੀ (ਜਸਪ੍ਰੀਤ) ਧੱਕੇ ਨਾਲ ਵਿਦੇਸ਼ੀ ਮੁੰਡੇ ਨਾਲ ਕੀਤੇ ਜਾ ਰਹੇ ਅਣਜੋੜ ਵਿਆਹ ਤੋਂ ਉਸ ਵੇਲੇ ਇਨਕਾਰ ਕਰਦੀ ਹੈ, ਜਦੋਂ ਉਹ ਆਪਣੇ ਜਨਮ ਦੇ ਸਾਰੇ ਭੇਤ ਤੇ ਵਿਚੋਲੇ ਦੀ ਅਨੈਤਿਕਤਾ ਬਾਰੇ ਜਾਣ ਜਾਂਦੀ ਹੈ। ਉਸ ਦੀ ਮਰਜ਼ੀ ਤਾਂ ਹਾਣੀ ਨਾਲ ਵਿਆਹ ਕਰਾਉਣ ਦੀ ਹੁੰਦੀ ਹੈ। ਸਾਰੇ ਪਾਤਰਾਂ ਦਾ ਮਨੋਵਿਸ਼ਲੇਸ਼ਣ ਪੜ੍ਹ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। 'ਨਿਓਂਦਾ' ਕਹਾਣੀ ਵਿਚ ਗ਼ਰੀਬ ਕਿਸਾਨ ਦੇ ਆਰਥਿਕ ਮਸਲੇ ਹਨ। ਪਰਿਵਾਰਕ ਉਲਝਣਾਂ ਦਾ ਤਾਣਾ ਬਾਣਾ ਹੈ। ਲੰਮੀ ਕਹਾਣੀ ਹੈ। ਸੰਗ੍ਰਹਿ ਦੇ ਕਈ ਪਾਤਰ ਯਾਦਗਾਰੀ ਹਨ। ਪੜ੍ਹਨਯੋਗ ਮਿਆਰੀ ਕਹਾਣੀ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਕਿਵੇਂ ਗੁਜ਼ਾਰੀ ਜ਼ਿੰਦਗੀ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 496
ਸੰਪਰਕ : 99150-42242
ਪ੍ਰਤੀਬੱਧ ਲੇਖਕ ਹਰਭਜਨ ਸਿੰਘ ਹੁੰਦਲ ਇਸ ਸਮੇਂ 89ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ ਤੇ ਉਹ ਅਜੇ ਵੀ ਸਾਹਿਤਕ ਰਚਨਾ ਵਿਚ ਸਰਗਰਮ ਹੈ। ਉਸ ਵਲੋਂ ਰਚੇ ਸਾਹਿਤ ਵਿਚ ਕਵਿਤਾ ਦੀਆਂ 24, ਵਾਰਤਕ ਦੀਆਂ 23, ਆਲੋਚਨਾ ਦੀਆਂ 8, ਸੰਪਾਦਨਾ 7, ਕਾਵਿ ਅਨੁਵਾਦ 24, ਵਾਰਤਕ ਅਨੁਵਾਦ 9, ਅੰਗਰੇਜ਼ੀ ਪੁਸਤਕਾਂ 3, ਉਰਦੂ ਪੁਸਤਕਾਂ 2, ਹਿੰਦੀ ਪੁਸਤਕਾਂ 1 ਸ਼ਾਮਿਲ ਹਨ, ਜਿਨ੍ਹਾਂ ਦੀ ਮੋਟੀ ਜਿਹੀ ਗਿਣਤੀ ਸੌ ਤੋਂ ਵਧੀਕ ਬਣਦੀ ਹੈ। ਉਸ ਨੂੰ ਮਿਲੇ ਸਨਮਾਨ / ਪੁਰਸਕਾਰਾਂ ਵਿਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਸੱਥ ਲਾਂਬੜਾਂ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਕੌਮਾਂਤਰੀ ਲੇਖਕ ਮੰਚ ਕੈਨੇਡਾ ਜਿਹੇ ਵੱਕਾਰੀ ਪੁਰਸਕਾਰ ਸ਼ਾਮਿਲ ਹਨ। ਵਿਚਾਰ ਅਧੀਨ ਪੁਸਤਕ ਲੇਖਕ ਦੀ ਸਵੈ-ਜੀਵਨੀ ਹੈ, ਜਿਸ ਨੂੰ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਸੰਪਾਦਤ ਕੀਤਾ ਹੈ। ਇਸ ਸਵੈ ਜੀਵਨੀ ਵਿਚ ਉਸ ਦੀਆਂ ਪਹਿਲੀਆਂ ਚਾਰ ਜੀਵਨ-ਯਾਦਾਂ ਦੀਆਂ ਕਿਤਾਬਾਂ - ਘਸਮੈਲੇ ਚਿਹਰੇ, ਪਿਛਲਾ ਪਿੰਡ, ਕਿਵੇਂ ਗੁਜ਼ਾਰੀ ਜ਼ਿੰਦਗੀ ਅਤੇ ਸੰਨ ਸੰਤਾਲੀ ਦੇ ਦਿਨ ਨੂੰ ਸ਼ਾਮਲ ਕੀਤਾ ਗਿਆ ਹੈ। ਬੰਡਾਲਾ, ਜੜ੍ਹਾਂਵਾਲਾ (ਲਾਇਲਪੁਰ) ਪਾਕਿਸਤਾਨ ਵਿਚ ਦੇਸ਼ ਵੰਡ ਤੋਂ ਤੇਰਾਂ ਵਰ੍ਹੇ ਪਹਿਲਾਂ ਜਨਮਿਆ ਹੁੰਦਲ ਹੁਣ ਫੱਤੂਵਾਲ, ਢਿੱਲਵਾਂ (ਕਪੂਰਥਲਾ) ਵਿਚ ਰਹਿ ਰਿਹਾ ਹੈ। ਐਮ.ਏ. ਬੀ.ਟੀ. ਕਰਕੇ ਉਹ ਸਕੂਲ ਲੈਕਚਰਾਰ ਲੱਗਿਆ, ਜਿਥੋਂ ਉਹ 1992 ਵਿਚ ਸੇਵਾਮੁਕਤ ਹੋਇਆ। ਇਸ ਸਵੈ-ਜੀਵਨੀ ਵਿਚ ਲੇਖਕ ਨੇ ਘਰ ਪਰਿਵਾਰ, ਬਚਪਨ ਦੇ ਦਿਨ, ਮੇਰਾ ਪਹਿਲਾ ਅਧਿਆਪਕ, ਪ੍ਰਾਇਮਰੀ ਸਕੂਲ ਪਿੱਛੋਂ ਮੌਜ ਮੇਲੇ, ਇਕ ਅਨੋਖਾ ਅਖੰਡ ਪਾਠ, ਪਿੰਡ ਵਿਚ ਆਖ਼ਰੀ ਦਿਨ, ਪਿਛਲਾ ਪਿੰਡ ਵੇਖਣ ਦੀ ਤਾਂਘ (ਪਹਿਲਾ ਭਾਗ) ਤਾਲੋਂ ਉੱਖੜੇ ਸਾਲ, ਟੁਕੜੇ ਟੁਕੜੇ ਜ਼ਿੰਦਗੀ, ਨਾਨਕੇ ਪਿੰਡ ਦਾ ਕਤਲੇਆਮ, ਬੇਰਾਂ ਵਾਲਾ ਬਾਬਾ, ਪਿੱਛਲਝਾਤ (ਦੂਜਾ ਭਾਗ); ਤੀਜੇ ਭਾਗ ਵਿਚ ਕੁਝ ਪਰਿਵਾਰਕ ਜਾਣਕਾਰੀ ਤੇ ਸਾਹਿਤਕਾਰ ਲੋਕਾਂ ਦੇ ਰੇਖਾ ਚਿੱਤਰ; ਰੌਸ਼ਨੀ ਦੀ ਤਲਾਸ਼, ਪਹਿਲੀ ਕਵਿਤਾ, ਦੇਸ਼ ਦੁਆਬਾ, ਘਰ ਵਾਪਸੀ, ਕਵਿਤਾ ਦਾ ਮਾਰਗ, ਜੰਗ ਤੇ ਕਵਿਤਾ, ਖੋਜ ਨਿਬੰਧ, ਪਹਿਲੀ ਗ੍ਰਿਫ਼ਤਾਰੀ, ਚੰਡੀਗੜ੍ਹ ਦੀ ਜੇਲ੍ਹ ਯਾਤਰਾ, ਦੁਬਿਧਾ ਦੇ ਦਿਨ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਨਕਸਲਬਾੜੀ ਲਹਿਰ, ਮੇਰੀ ਬੰਗਾਲ ਫੇਰੀ, ਲਾਹੌਰ ਦਾ ਕਵੀ ਦਰਬਾਰ ਆਦਿ ਲਿਖਤਾਂ ਵਿਚ ਲੇਖਕ ਦੀ ਜ਼ਿੰਦਗੀ ਅਤੇ ਸਾਹਿਤਕਾਰੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਲੇਖਕ-ਮਿੱਤਰਾਂ ਵਿਚ ਸੁਰਿੰਦਰ ਗਿੱਲ, ਐੱਸ.ਐੱਸ. ਮੀਸ਼ਾ, ਅਵਤਾਰ ਜੰਡਿਆਲਵੀ, ਜੋਗਿੰਦਰ ਸ਼ਮਸ਼ੇਰ ਆਦਿ ਦਾ ਖ਼ੂਬਸੂਰਤ ਵੇਰਵਾ ਉਪਲਬਧ ਹੈ। ਇਉਂ ਇਸ ਸਵੈ-ਜੀਵਨੀ ਵਿਚ ਬਹੁਪੱਖੀ ਪ੍ਰਤਿਭਾ ਦੇ ਲੇਖਕ ਦੇ ਜੀਵਨ-ਸੰਘਰਸ਼ ਅਤੇ ਪੰਜਾਬ ਦੇ ਇਤਿਹਾਸਕ-ਸਭਿਆਚਾਰਕ ਬਿਰਤਾਂਤ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਹੁੰਦੀ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਬੇ-ਮੰਜ਼ਿਲਾ ਸਫ਼ਰ
ਲੇਖਕ : ਇਕਵਾਕ ਸਿੰਘ ਪੱਟੀ
ਪਬਲਿਸ਼ਰ : ਮਾਝਾ ਵਰਲਡਵਾਈਡ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 79
ਲੇਖਕ ਆਪਣੇ ਇਸ ਨਾਵਲ ਨੂੰ ਛੋਟਾ ਨਾਵਲ ਮੰਨਦਾ ਹੈ, ਜਿਸ ਵਿਚ ਉਸ ਨੇ ਇਕ ਅਜਿਹੇ ਨੌਜਵਾਨ ਦੀ ਕਹਾਣੀ ਪੇਸ਼ ਕੀਤੀ ਹੈ, ਜਿਸ ਵਿਚ ਉਹ ਆਪਣੇ ਜੀਵਨ ਲਈ ਆਪਣੇ ਫ਼ੈਸਲੇ ਲੈਂਦਾ ਹੈ ਅਤੇ ਕਿਤੇ ਨਾ ਕਿਤੇ ਉਹ ਫ਼ੈਸਲੇ ਉਸ ਦੇ ਜੀਵਨ ਨੂੰ ਇਸ ਕਦਰ ਪ੍ਰਭਾਵਿਤ ਕਰਦੇ ਹਨ ਕਿ ਉਸ ਨੂੰ ਆਪਣੀ ਜ਼ਿੰਦਗੀ ਬੇ-ਮੰਜ਼ਿਲਾ ਸਫ਼ਰ ਨਜ਼ਰ ਆਉਂਦੀ ਹੈ। ਨਾਇਕ ਗੁਰਦਿੱਤ ਸਿੰਘ ਹੈ ਜਿਹੜਾ ਕਿ ਆਪਣੇ ਮਾਪਿਆਂ ਦਾ ਲਾਡਲਾ ਹੈ। ਧਾਰਮਿਕ ਬਿਰਤੀ ਦਾ ਹੋਣ ਕਾਰਨ ਉਹ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਇਸ ਕਦਰ ਸ਼ਾਮਿਲ ਕਰ ਲੈਂਦਾ ਹੈ ਕਿ ਜ਼ਿੰਦਗੀ ਦੇ ਇਸ ਸਫਰ ਵਿਚ ਇਕੱਲਾ ਰਹਿ ਜਾਂਦਾ ਹੈ। ਆਪਣੇ-ਆਪ ਨਾਲ ਨਿਸ਼ਕਾਮ ਸੇਵਾ ਕਰਨ ਦਾ ਵਾਅਦਾ ਕਰਦਿਆਂ ਗੁਰਦਿੱਤ ਜ਼ਿੰਦਗੀ ਦਾ ਸਫਰ ਸ਼ੁਰੂ ਕੀਤਾ ਪਰ ਇਸ ਰਸਤੇ ਵਿਚ ਝੂਠ ਅਤੇ ਪਖੰਡ ਦੇ ਫਲਸਫੇ ਨੂੰ ਦੇਖ ਉਹ ਇਨ੍ਹਾਂ ਅਡੰਬਰਾਂ ਤੋਂ ਮੁਕਤ ਹੋਣ ਦਾ ਫ਼ੈਸਲਾ ਕਰਦਾ ਹੈ। ਮੁੜ ਭਵਿੱਖ ਲਈ ਉਹ ਸੁਪਨੇ ਸਜਾਉਣ ਲਗਦਾ ਹੈ ਅਤੇ ਪੜ੍ਹਨ ਲਈ ਫੈਸਲਾ ਕਰਦਾ ਹੈ। ਪੜ੍ਹਦਿਆਂ ਆਪਣੇ ਅੰਦਰ ਦੀ ਆਸਥਾ ਅਤੇ ਸ਼ਰਧਾ ਨੂੰ ਮਰਨ ਨਹੀ ਦਿੰਦਾ। ਫੈਕਟਰੀ ਮਾਲਕ ਦੀ ਲੜਕੀ ਨਾਲ ਵਿਆਹ, ਫਿਰ ਵਿਚਾਰਾਂ ਦੀ ਤਕਰਾਰ ਅਤੇ ਤਲਾਕ ਅਤੇ ਉਸ ਤੋਂ ਬਾਅਦ ਜ਼ਿੰਦਗੀ ਨੂੰ ਫਿਰ ਰਵਾਨਗੀ ਨਾਲ ਤੋਰਨ ਦੀ ਜਦੋਜਹਿਦ ਅਤੇ ਦੁਬਾਰਾ ਵਿਆਹ ਇਸ ਸਭ ਵਿਚੋ ਗੁਜ਼ਰਦਿਆ ਮੁੱਖ ਪਾਤਰ ਆਪਣੇ ਆਪ ਨੂੰ ਇਕ ਸਫ਼ਰ ਵਿਚ ਹੀ ਪਾਉਂਦਾ ਹੈ ਜਿਸ ਦੀ ਮੰਜ਼ਿਲ ਉਸ ਨੂੰ ਨਜ਼ਰ ਨਹੀਂ ਪੈਂਦੀ। ਗੁਰਦਿੱਤ ਸਿੰਘ ਨੂੰ ਇਕ ਬਹੁਤ ਹੀ ਆਦਰਸ਼ਵਾਦੀ ਪਾਤਰ ਵਜੋਂ ਉਭਾਰਿਆ ਗਿਆ ਹੈ ਅਤੇ ਸਰਲ ਸਧਾਰਨ ਭਾਸ਼ਾ ਵਾਲਾ ਇਹ ਨਾਵਲ ਇਕ ਲਕੀਰੀ ਬਿਰਤਾਂਤ ਵਿਚ ਆਪਣੀ ਗੱਲ ਕਹਿੰਦਾ ਹੈ। ਨਾਵਲ ਵਿਚ ਬਹੁਤੀਆਂ ਘਟਨਾਵਾਂ ਯਥਾਰਥ ਦੀ ਪੇਸ਼ਕਾਰੀ ਨਾ ਹੋ ਆਦਰਸ਼ਵਾਦ ਦੀ ਭਾਰੂ ਸੁਰ ਵੱਲ ਇਸ਼ਾਰਾ ਕਰਦੀਆਂ ਜਾਪਦੀਆਂ ਹਨ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ. : 83606-83823
ਹਿਜਰਤਨਾਮਾ 1947
ਲੇਖਕ ਅਤੇ ਸੰਪਾਦਕ :
ਸਤਬੀਰ ਸਿੰਘ ਚਾਨੀਆਂ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 350 ਰੁਪਏ, ਸਫ਼ੇ : 148 ਰੁਪਏ
ਸੰਪਰਕ : 92569-73526
ਇਹ ਪੁਸਤਕ 1947 ਦੀ ਭਾਰਤ-ਪਾਕਿ ਵੰਡ ਦਾ ਦੁਖਦਾਈ ਇਤਿਹਾਸ ਪੇਸ਼ ਕਰਦੀ ਹੈ। ਨਫ਼ਰਤ ਅਤੇ ਜਨੂੰਨ ਨਾਲ ਭਰੇ ਹੋਏ ਲੋਕਾਂ ਵਲੋਂ ਲੱਖਾਂ ਪੰਜਾਬੀਆਂ ਨੂੰ ਕੋਹ ਸੁੱਟਿਆ ਗਿਆ, ਧੀਆਂ-ਭੈਣਾਂ ਨੂੰ ਉਧਾਲਿਆ ਗਿਆ ਅਤੇ ਪਿੰਡਾਂ, ਸ਼ਹਿਰਾਂ ਨੂੰ ਲੁੱਟ-ਪੁੱਟ ਕੇ ਸਾੜ ਦਿੱਤਾ ਗਿਆ। ਇਸ ਭਿਆਨਕ ਜੁਗਗਰਦੀ ਵਿਚੋਂ ਹਾਲੇ ਵੀ ਕੁਝ ਲੋਕ ਜਿਊਂਦੇ ਹਨ, ਜੋ ਉੱਜੜ ਕੇ ਦੁਬਾਰਾ ਆਬਾਦ ਹੋਏ। ਉਨ੍ਹਾਂ ਦੇ ਅੱਖੀਂ ਡਿੱਠੇ ਅਤੇ ਹੱਡੀਂ ਹੰਢਾਏ ਅਨੁਭਵਾਂ ਨੂੰ ਇਸ ਪੁਸਤਕ ਵਿਚ ਸੰਭਾਲਿਆ ਗਿਆ ਹੈ। ਲੇਖਕ ਨੇ 54 ਜਿਊਂਦੇ ਪਾਤਰਾਂ ਦੀ ਹੱਡਬੀਤੀ ਨੂੰ ਉਨ੍ਹਾਂ ਦੀ ਜ਼ਬਾਨੀ ਸੁਣ ਕੇ ਅੰਕਿਤ ਕੀਤਾ ਹੈ। ਪੌਣੀ ਸਦੀ ਬੀਤ ਜਾਣ 'ਤੇ ਵੀ ਇਨ੍ਹਾਂ ਜ਼ਿੰਦਾ ਬਜ਼ੁਰਗਾਂ ਦੇ ਜ਼ਖ਼ਮ ਤਾਜ਼ੇ ਹਨ। ਬਹੁਤ ਹੀ ਭਾਵਪੂਰਤ ਅਤੇ ਦਿਲ ਕੰਬਾਊ ਸੱਚੀਆਂ ਦਾਸਤਾਨਾਂ ਨੂੰ ਪੜ੍ਹ ਕੇ ਅੰਦਰ ਹਿੱਲ ਜਾਂਦਾ ਹੈ। ਇਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਕੋਹ-ਕੋਹ ਕੇ ਮਾਰ ਦਿੱਤੇ ਗਏ, ਸੰਪਤੀਆਂ ਬਰਬਾਦ ਕਰ ਦਿੱਤੀਆਂ ਗਈਆਂ, ਬਹੂ-ਬੇਟੀਆਂ ਦੀ ਬੇਪਤੀ ਕੀਤੀ ਗਈ। ਫਿਰਕੂ ਦਰਿੰਦਿਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਹੋ ਗਿਆ। ਅਥਾਹ ਪੀੜਾਂ ਸਹਿ ਕੇ, ਮਿਹਨਤਾਂ ਮੁਸ਼ੱਕਤਾਂ ਕਰ ਕੇ, ਜੰਗਲਾਂ ਨੂੰ ਕੱਟ-ਕੱਟ ਕੇ ਆਬਾਦ ਹੋਏ ਇਨ੍ਹਾਂ ਪੰਜਾਬੀਆਂ ਦੀਆਂ ਦਰਦ ਕਹਾਣੀਆਂ ਰੌਂਗਟੇ ਖੜ੍ਹੇ ਕਰਦੀਆਂ ਹਨ। ਇਨ੍ਹਾਂ ਵਿਚ ਕਈ ਉੱਘੀਆਂ ਹਸਤੀਆਂ ਨੇ ਵੀ ਆਪਣੇ ਦਰਦ ਦੇ ਕਿੱਸੇ ਸੁਣਾਏ ਹਨ ਜਿਵੇਂ ਸਰਦਾਰਾ ਸਿੰਘ ਜੌਹਲ, ਤਰਲੋਚਨ ਸਿੰਘ ਦਿੱਲੀ, ਪ੍ਰੇਮ ਸਿੰਘ ਐਡਵੋਕੇਟ, ਬੇਅੰਤ ਸਿੰਘ ਸਰਹੱਦੀ, ਸਰਦਾਰ ਪੰਛੀ, ਬੀਬੀ ਛਿੰਨੋ ਦੇਵੀ, ਕਰਨਲ ਅਜੀਤ ਸਿੰਘ, ਰਵਿੰਦਰ ਸਿੰਘ ਐਡਵੋਕੇਟ, ਕਰਮਾ ਡਾਕੂ ਆਦਿ। ਕਈਆਂ ਨੂੰ ਆਪਣਾ ਧਰਮ ਤਬਦੀਲ ਕਰਨਾ ਪਿਆ ਜਿਵੇਂ ਸੁੰਦਰ ਸਿੰਘ ਤੋਂ ਦੀਨ ਮੁਹੰਮਦ, ਜਸਵੰਤ ਕੌਰ ਤੋਂ ਰਜ਼ੀਆ ਆਦਿ। ਸਿੰਘਾਂ ਸਰਦਾਰਾਂ ਵਲੋਂ ਅਣਖ ਖ਼ਾਤਰ ਆਪਣੀਆਂ ਨੌਜਵਾਨ ਬਹੂ-ਬੇਟੀਆਂ ਦੇ ਹੱਥੀਂ ਕਤਲ ਕੀਤੇ ਗਏ, ਕਈਆਂ ਨੇ ਇੱਜ਼ਤ ਬਚਾਉਣ ਖ਼ਾਤਰ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ, ਕਈਆਂ ਨੇ ਦੰਗਈਆਂ ਨਾਲ ਮੁਕਾਬਲਾ ਕਰਕੇ ਸ਼ਹੀਦੀਆਂ ਪਾਈਆਂ। ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ ਜੋ ਹਰ ਲਾਇਬ੍ਰੇਰੀ ਅਤੇ ਵਿਦਿਅਕ ਸੰਸਥਾ ਵਿਚ ਸਾਂਭੀ ਜਾਣੀ ਚਾਹੀਦੀ ਹੈ। ਇਸ ਅਹਿਮ ਸਮੱਗਰੀ ਦਾ ਦਿਲੋਂ ਸਵਾਗਤ ਕਰਨਾ ਬਣਦਾ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਬੇਸਮਝ
ਲੇਖਕ : ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ'
ਪ੍ਰਕਾਸ਼ਕ : ਯੂਨੀਮੈਕਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 97816-46008
ਮਿੰਨੀ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ' ਰਚਿਤ 57 ਕਹਾਣੀਆਂ ਦਰਜ ਹਨ। ਇਹ ਕਹਾਣੀਆਂ ਸਮਾਜ ਦੇ ਵੱਖ-ਵੱਖ ਪਹਿਲੂਆਂ ਉੱਪਰ ਰੌਸ਼ਨੀ ਪਾਉਂਦੀਆਂ ਹਨ ਅਤੇ ਪਾਠਕਾਂ ਨੂੰ ਕੋਈ ਨਾ ਕੋਈ ਉਸਾਰੂ ਸੰਦੇਸ਼ ਦਿੰਦੀਆਂ ਹਨ। ਭ੍ਰਿਸ਼ਟ ਸਮਾਜ ਦੇ ਆਗੂਆਂ ਦੇ ਦੋਹਰੇ ਚਰਿੱਤਰ ਨੂੰ ਅਤੇ ਇਸਤਰੀ ਮਨੋਵਿਸ਼ਲੇਸ਼ਣ ਨੂੰ ਕਹਾਣੀਆਂ ਵਿਚ ਦਰਸਾਇਆ ਗਿਆ ਹੈ। ਪਹਿਲੀ ਕਹਾਣੀ 'ਬੇਸਮਝ' ਵਿਚ ਦੇਸ਼ ਦੀ ਵੰਡ 'ਤੇ ਵਿਅੰਗ ਕਰਦਿਆਂ ਦੱਸਿਆ ਹੈ ਕਿ ਮਨੁੱਖ ਨਾਲੋਂ ਜਾਨਵਰ ਚੰਗੇ ਹਨ ਜੋ ਸਰਹੱਦਾਂ ਅਤੇ ਮਜ਼ਹਬਾਂ ਦੀਆਂ ਨਫ਼ਰਤਾਂ ਨੂੰ ਨਹੀਂ ਜਾਣਦੇ। 'ਦੋ ਲੱਤਾਂ ਵਾਲਾ ਕੁੱਤਾ' ਕਹਾਣੀ ਵਿਚ ਬਿਸ਼ਨ ਸਿੰਘ ਹਰ ਰੋਜ਼ ਇਕ ਅਪਾਹਜ ਕੁੱਤੇ ਦੀ ਦਰਦਨਾਕ ਹਾਲਤ ਨੂੰ ਵੇਖਦਾ ਹੈ, ਜਿਸ ਦੀਆਂ ਪਿਛਲੀਆਂ ਦੋ ਲੱਤਾਂ ਕੁਚਲੀਆਂ ਹੋਈਆਂ ਸਨ। ਉਸ ਨੂੰ ਹਰ ਦਰ ਤੋਂ ਠੁਕਰਾਇਆ ਜਾਂਦਾ ਹੈ ਅਤੇ ਬੱਚੇ ਉਸ ਨੂੰ ਦੋ ਲੱਤਾਂ ਵਾਲਾ ਕੁੱਤਾ ਕਹਿ ਕੇ ਉਸ ਦਾ ਮਜ਼ਾਕ ਉਡਾਉਂਦੇ ਤੇ ਉਸ ਨੂੰ ਤੰਗ ਕਰਦੇ ਹਨ। ਬਿਸ਼ਨ ਸਿੰਘ ਦੇ ਪੁੱਤਰ ਤੇ ਨੂੰਹਾਂ ਜ਼ਮੀਨ ਦੇ ਲਾਲਚ ਵਿਚ ਉਸ ਨਾਲ ਬਹੁਤ ਮਾੜਾ ਸਲੂਕ ਕਰਨ ਲੱਗ ਪੈਂਦੇ ਹਨ। ਉਸ ਨੂੰ ਵਾਰੀ-ਵਾਰੀ ਨੂੰਹਾਂ ਦੇ ਘਰੋਂ ਰੋਟੀ ਖਾਣੀ ਪੈਂਦੀ ਹੈ। ਉਸ ਦੇ ਕੰਨਾਂ ਵਿਚ ਇਹ ਬੋਲ ਗੂੰਜਣ ਲੱਗ ਪੈਂਦੇ ਹਨ 'ਦੋ ਲੱਤਾਂ ਵਾਲਾ ਕੁੱਤਾ'। ਪੁਸਤਕ ਵਿਚਲੀਆਂ ਪਹਿਲੀਆਂ 50 ਕਹਾਣੀਆਂ ਦੋ ਜਾਂ ਤਿੰਨ ਸਫ਼ਿਆਂ ਵਾਲੀਆਂ ਕਹਾਣੀਆਂ ਹਨ। ਆਖ਼ਰੀ 7 ਕਹਾਣੀਆਂ ਕੇਵਲ ਤਿੰਨ ਜਾਂ ਚਾਰ ਸਤਰਾਂ ਵਾਲੀਆਂ ਕਹਾਣੀਆਂ ਹਨ, ਜਿਨ੍ਹਾਂ ਦਾ ਆਰੰਭ 'ਕੋਈ ਵੇਲਾ ਸੀ' ਤੇ ਹੁੰਦਾ ਹੈ, ਜਿਵੇਂ ਕਹਾਣੀ ਸੁਰਖ਼ੁਰੂ ਇਸ ਤਰ੍ਹਾਂ ਹੈ :
'ਕੋਈ ਵੇਲਾ ਸੀ ਜਦੋਂ ਮਾਪੇ ਧੀ ਦੀ ਡੋਲੀ ਤੋਰ ਕੇ ਸੁਰਖਰੂ ਹੋਇਆ ਕਰਦੇ ਸਨ, ਪਰ ਹੁਣ ਕੁੱਖ 'ਚ ਆਈ ਮਸੂਮ ਜਹੀ ਬਾਲੜੀ ਦੀ ਅਰਥੀ ਤੋਰ ਕੇ ਮਾਪੇ ਸੁਰਖ਼ਰੂ ਹੋਣ ਦੇ ਅਹਿਸਾਸ ਨਾਲ ਭਰ ਜਾਂਦੇ ਹਨ।'
ਸਮੁੱਚੇ ਤੌਰ 'ਤੇ ਇਹ ਇਕ ਵਧੀਆ ਮਿੰਨੀ ਕਹਾਣੀ ਸੰਗ੍ਰਹਿ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਨਾਨਕ ਸਿੰਘ ਦੀ ਰਚਨਾਕਾਰੀ
ਹੁੰਗਾਰਾ ਦਰ ਹੁੰਗਾਰਾ
ਸੰਪਾਦਕ : ਹਰਿਭਜਨ ਸਿੰਘ ਭਾਟੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 425 ਰੁਪਏ, ਸਫ਼ੇ : 296
ਸੰਪਰਕ : 98557-19118
ਡਾ. ਹਰਿਭਜਨ ਸਿੰਘ ਭਾਟੀਆ ਇਕ ਮਿਹਨਤੀ ਅਤੇ ਚਿੰਤਨਸ਼ੀਲ ਆਲੋਚਕ ਹੈ। ਉਸ ਨੇ ਆਪਣੇ ਸਿਰਜਣਾਤਮਕ ਜੀਵਨ ਦਾ ਬਹੁਤਾ ਸਮਾਂ ਪੰਜਾਬੀ ਆਲੋਚਨਾ ਦੇ ਸੁਭਾਅ ਅਤੇ ਸਮਰੱਥਾ ਨੂੰ ਸੁਨਿਸ਼ਚਿਤ ਕਰਨ ਵਿਚ ਖਰਚ ਕੀਤਾ ਹੈ। ਹਥਲੀ ਪੁਸਤਕ ਵਿਚ ਉਹ ਇਕ ਨਵਾਂ ਕਦਮ ਪੁੱਟਦਾ ਹੈ। ਉਸ ਦਾ ਵਿਚਾਰ ਹੈ ਕਿ ਕਿਸੇ ਵੀ ਸਿਰਜਣਾਤਮਕ ਲੇਖਕ ਦਾ ਵਿਸ਼ਲੇਸ਼ਣ ਜਾਂ ਮੁਲਾਂਕਣ ਕਰਨ ਸਮੇਂ ਸੰਬੰਧਿਤ ਲੇਖਕ ਦੀਆਂ ਨਿੱਜੀ ਧਾਰਨਾਵਾਂ ਨੂੰ ਵੀ ਗੌਲਣਾ ਬਣਦਾ ਹੈ। ਆਖ਼ਰ ਕੋਈ ਲੇਖਕ ਕਿਉਂ ਲਿਖਦਾ ਹੈ, ਲੇਖਕ ਦੀ ਮਾਰਫ਼ਤ ਕੀ ਕਰਨਾ-ਕਹਿਣਾ ਚਾਹੁੰਦਾ ਹੈ, ਇਨ੍ਹਾਂ ਪੱਖਾਂ ਨੂੰ ਜਾਣੇ ਬਗ਼ੈਰ ਅਸੀਂ ਲੋਕ ਉਸ ਦੀ ਪ੍ਰਮਾਣਿਕ ਆਲੋਚਨਾ ਨਹੀਂ ਕਰ ਸਕਦੇ। ਹਥਲੀ ਪੁਸਤਕ ਵਿਚਲੀ ਸਮਗਰੀ ਨੂੰ ਡਾ. ਭਾਟੀਆ ਨੇ ਛੇ ਭਾਗਾਂ ਵਿਚ ਵੰਡਿਆ ਅਤੇ ਵਿਉਂਤਬੱਧ ਕੀਤਾ ਹੈ। ਪਹਿਲੇ ਭਾਗ ਵਿਚ ਸ: ਨਾਨਕ ਸਿੰਘ ਦੇ 'ਆਪਣੇ ਲੇਖਣ-ਕਾਰਜ' ਦਾ ਤੁਆਰਫ਼ ਕਰਵਾਉਣ ਵਾਲੇ ਦੋ ਲੇਖ ਸੰਕਲਿਤ ਹਨ। ਦੂਜੇ ਭਾਗ ਵਿਚ ਸ: ਨਾਨਕ ਸਿੰਘ ਦੁਆਰਾ ਲਿਖੀਆਂ ਉਸ ਦੇ 32 ਨਾਵਲਾਂ ਦੀਆਂ ਭੂਮਿਕਾਵਾਂ ਦਿੱਤੀਆਂ ਗਈਆਂ ਹਨ। ਤੀਜੇ ਭਾਗ ਵਿਚ ਉਸ ਦੇ ਕਹਾਣੀ ਸੰਗ੍ਰਹਿਾਂ, ਇਕ ਨਾਟਕ ਅਤੇ ਇਕ ਸਵੈਜੀਵਨੀ ਵਿਚ ਮਿਲਦੇ ਉਸ ਦੇ ਵਿਚਾਰਾਂ ਉੱਪਰ ਝਾਤ ਪੁਆਈ ਗਈ ਹੈ। ਚੌਥੇ ਭਾਗ ਵਿਚ ਉਸ ਦੁਆਰਾ ਅਨੁਵਾਦਿਤ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪੰਜਵੇਂ ਭਾਗ ਵਿਚ ਸ: ਨਾਨਕ ਸਿੰਘ ਦੇ ਕੁਝ ਹੋਰ ਲੇਖਕਾਂ ਵਲੋਂ ਲਿਖੀਆਂ ਭੂਮਿਕਾਵਾਂ ਬਾਰੇ ਵਿਚਾਰ ਕੀਤੀ ਗਈ ਹੈ। ਅੰਤਿਕਾਵਾਂ ਵਿਚ ਨਾਨਕ ਸਿੰਘ ਦੀਆਂ ਰਚਨਾਵਾਂ ਦੀ ਪੜਚੋਲ ਦੀ ਪ੍ਰਕਿਰਤੀ ਦਾ ਜਾਇਜ਼ਾ ਲਿਆ ਗਿਆ ਹੈ। ਆਲੋਚਨਾ ਦੇ ਖੇਤਰ ਵਿਚ ਡਾ. ਭਾਟੀਆ ਦਾ ਇਹ ਉੱਦਮ ਬਹੁਤ ਮੁੱਲਵਾਨ ਸਿੱਧ ਹੋਵੇਗਾ। ਇਹ ਰਚਨਾ ਕਿ ਸਰੋਤ-ਪੁਸਤਕ ਦਾ ਦਰਜਾ ਰੱਖਦੀ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਵਿਆਹ ਦੇ ਲੋਕ ਗੀਤਾਂ ਦਾ ਤੁਲਨਾਤਮਿਕ ਅਧਿਐਨ
(ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਿਸ਼ੇਸ਼ ਸੰਦਰਭ ਵਿਚ)
ਲੇਖਿਕਾ : ਡਾ. ਸੁਖਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 212
ਸੰਪਰਕ : 88724-77200
ਵਿਚਾਰਾਧੀਨ ਪੁਸਤਕ ਉਪਾਧੀ ਸਾਪੇਖ ਖੋਜ ਕਾਰਜ ਪ੍ਰਤੀਤ ਹੁੰਦਾ ਹੈ। ਇਸ ਖੋਜ ਦਾ ਆਰੰਭ ਕਰਦਿਆਂ ਖੋਜ-ਕਰਤਾ ਵਿਦਵਾਨ ਵਿਦੁਸ਼ੀ ਨੇ ਉਪਰੋਕਤ ਪ੍ਰਾਂਤਾਂ ਦਾ ਭੂਗੋਲਿਕ ਖੇਤਰ, ਇਤਿਹਾਸ ਅਤੇ ਉਪ-ਸਭਿਆਚਾਰਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਹੈ। ਯਾਦ ਰਹੇ ਕਿ ਇਸ ਵਿਚ ਪਾਕਿਸਤਾਨੀ ਭਾਵ ਲਹਿੰਦਾ ਪੰਜਾਬ ਸ਼ਾਮਿਲ ਨਹੀਂ ਕੀਤਾ ਗਿਆ। ਲੋਕ-ਗੀਤ ਤਾਂ ਬਹੁਤ ਕਿਸਮਾਂ ਦੇ ਨੇ ਪਰ ਗਹਿਨ ਦ੍ਰਿਸ਼ਟੀ ਤੋਂ ਅਧਿਐਨ ਕਰਨ ਦੇ ਉਦੇਸ਼ ਨਾਲ ਖੋਜ ਵਿਦੁਸ਼ੀ ਨੇ ਆਪਣਾ ਖੋਜ ਦਾਇਰਾ ਪਹਿਲੋਂ ਹੀ ਸੀਮਿਤ ਕਰ ਲਿਆ ਹੈ। ਵਿਆਹ 'ਚ ਲੋਕ ਗੀਤਾਂ ਤੱਕ। ਨਿਰਸੰਦੇਹ ਅਜਿਹਾ ਕਰਦਿਆਂ ਉਸ ਨੂੰ ਮਿਹਨਤ ਨਾਲ ਫੀਲਡ-ਵਰਕ ਕਰਨਾ ਪੈਣਾ ਹੀ ਸੀ। ਇਨ੍ਹਾਂ ਹੀ ਭੂਗੋਲਿਕ ਖਿੱਤਿਆਂ ਦੇ ਲੋਕ ਗੀਤਾਂ, ਰਸਮਾਂ-ਰਿਵਾਜਾਂ ਦੇ ਸੱਭਿਆਚਾਰ ਦੀ ਦ੍ਰਿਸ਼ਟੀ ਦਾ ਵਰਗੀਕਰਨ ਕਰ ਕੇ ਸੰਕਲਨ ਕਰਨ ਵਿਚ ਅਣਥੱਕ ਮਿਹਨਤ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਅਜਿਹਾ ਕਰਦਿਆਂ ਲੋਕ ਗੀਤਾਂ ਦੀਆਂ ਸੰਚਾਰ ਜੁਗਤਾਂ ਦਾ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ। ਸਿਧਾਂਤਕ ਪਰਿਪੇਖ ਦੇ ਨਜ਼ਰੀਏ ਤੋਂ ਤੁਲਨਾਤਮਿਕ ਅਤੇ ਟਾਕਰਾ ਭਾਵ ਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਸਮਝਣ ਦੀ ਡਾਢੀ ਲੋੜ ਹੁੰਦੀ ਹੈ। ਵਿਦਵਾਨ ਵਿਦੁਸ਼ੀ ਨੇ ਤੁਲਨਾਤਮਿਕ ਅਧਿਐਨ ਵਿਧੀ ਦੇ ਪੱਛਮੀ, ਪੂਰਬੀ, ਪੰਜਾਬੀ ਵਿਦਵਾਨਾਂ ਦਾ ਨਿੱਠ ਕੇ ਅਧਿਐਨ ਕੀਤਾ ਜਾਪਦਾ ਹੈ। ਅਧਿਐਨ ਅਧੀਨ ਤਿੰਨ ਖੇਤਰਾਂ ਦੇ ਵਿਆਹਾਂ ਦੀਆਂ ਭਿੰਨ-ਭਿੰਨ ਰਸਮਾਂ ਦੀ ਤੁਲਨਾ ਕੀਤੀ ਗਈ ਹੈ। ਖੋਜ ਕਰਤਾ ਸਵੀਕਾਰ ਕਰਦੀ ਹੈ ਕਿ ਵਿਆਹਾਂ ਦੇ ਲੋਕ ਗੀਤਾਂ ਨੂੰ ਦੋ ਭਾਗਾਂ ਵਿਚ ਵੰਡ ਕੇ ਨਿਖੇੜਿਆ ਜਾ ਸਕਦਾ ਹੈ। ਇਕ ਉਪ-ਸਭਿਆਚਾਰ ਦਾ ਪੱਧਰ ਅਤੇ ਦੂਜਾ ਉਪ-ਭਾਸ਼ਾਈ ਪੱਧਰ ਕਿਉਂ ਜੋ ਇਹ ਦੋਵੇਂ ਹੀ ਅੰਤਰ-ਭਿੰਨਤਾਵਾਂ ਪੈਦਾ ਕਰਨ ਵਿਚ ਯੋਗਦਾਨ ਪਾਉਂਦੇ ਹਨ। ਉਚਾਰਨ ਢੰਗ ਨਾਲ ਸ਼ਬਦਾਵਲੀ ਵਿਚ ਫ਼ਰਕ ਪੈ ਜਾਣਾ ਸੁਭਾਵਿਕ ਹੈ। ਵਿਆਕਰਨ ਅਤੇ ਸ਼ਬਦਾਵਲੀ ਅੰਤਰ ਵੀ ਵੇਖੇ ਜਾ ਸਕਦੇ ਹਨ। ਖਿੱਤਿਆਂ ਅਨੁਸਾਰ ਭਾਸ਼ਾਈ ਰੁਪਾਂਤਰਣ ਅਤੇ ਭਾਸ਼ਾਈ ਉਚਾਰਨਾਂ ਬਾਰੇ ਉਦਾਹਰਨਾਂ ਸਹਿਤ ਨਿਸ਼ਾਨਦੇਹੀ ਕੀਤੀ ਗਈ ਹੈ। ਕੇਵਲ ਇਕ ਉਦਾਹਰਨ ਕਾਫ਼ੀ ਹੋਵੇਗੀ। ਮਸਲਨ :
ਸੁਹਾਗ ਗੀਤ (ਪੰਜਾਬ)
'...ਬਾਬਲ ਹਮਾਰੀ ਦੇਸ ਜਾਇਓ,
ਬਾਹਰ ਪਰਦੇਸੀ ਜਾਇਓ,
ਮੇਰੀ ਜੋੜੀ ਦਾ ਵਰ ਟੋਲ ਲਿਆਇਓ।
(ਬੰਨੜੀ/ਸੁਹਾਗ) 'ਹਰਿਆਣਾ'-
ਦਾਦਾ ਦੇਸ ਜਾਈਯੋ, ਪ੍ਰਦੇਸ ਜਾਈਓ,
ਮਹਾਰੀ ਜੋੜੀ ਦਾ ਵਰ ਢੂੰਡੀਓ।
ਸੁਹਾਗ ਗੀਤ (ਹਿਮਾਚਲ)
ਪਿਤਾ ਜੀ ਤੁਮਹੇਂ ਕਹਿਤੀ,
ਕਿ ਵਰ ਤੁਸੀਂ ਆਪ ਜਾ ਡੂੰਡੋ।
ਇਵੇਂ ਵਿਆਹ ਦੀਆਂ ਹੋਰ ਸਾਰੀਆਂ ਰਸਮਾਂ ਤੁਲਨਾਤਮਿਕ ਉਦਾਹਰਨਾਂ ਸਹਿਤ ਪ੍ਰਸਤੁਤ ਕੀਤੀਆਂ ਗਈਆਂ ਹਨ। ਇਵੇਂ ਇਨ੍ਹਾਂ ਸਾਰੀਆਂ ਸਮਾਨਤਾਵਾਂ/ਅਸਮਾਨਤਾਵਾਂ ਦੀ ਨਿਸ਼ਾਨਦੇਹੀ, ਉਦਾਹਰਨਾਂ ਸਹਿਤ ਪ੍ਰਸਤੁਤ ਕਰਨਾ ਇਸ ਖੋਜ ਕਾਰਜ ਦਾ ਹਾਸਲ ਹੋ ਨਿੱਬੜਿਆ ਹੈ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ
ਲੇਖਕ : ਪ੍ਰੋ: ਡਾ. ਬਲਵੰਤ ਸਿੰਘ ਢਿੱਲੋਂ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 550 ਰੁਪਏ, ਸਫ਼ੇ :320
ਸੰਪਰਕ : 98550-57624
ਡਾ. ਬਲਵੰਤ ਸਿੰਘ ਢਿਲੋਂ ਨੇ ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ ਪੁਸਤਕ ਨੂੰ ਪੰਦਰਾਂ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਹਾਨੀ ਅਨੁਭਵ ਤੇ ਵਿਰਾਸਤ, ਦੂਜੇ ਭਾਗ ਵਿਚ ਮੁੱਢਲਾ ਸਿੱਖ ਪੰਥ ਸਹਿਹੋਂਦ ਤੋਂ ਸ਼ਹਾਦਤ ਅਤੇ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ, ਤੀਜੇ ਅਧਿਆਏ ਵਿਚ ਮੀਰੀ ਤੇ ਸਿੱਖ ਸੈਨਿਕ ਸੰਗਠਨ ਇਸ ਨੂੰ ਅੱਗੇ 6 ਹਿੱਸਿਆਂ ਵਿਚ ਵੰਡਿਆ ਹੈ ਜਿਵੇਂ ਮੀਰੀ-ਪੀਰੀ ਦਾ ਉਦੇਸ਼, ਗਵਾਲੀਅਰ ਵਿਚ ਨਜ਼ਰਬੰਦੀ, ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਦਾ ਸਮਾਂ, ਮੁਗ਼ਲਾਂ ਨਾਲ ਸੈਨਿਕ ਸੰਘਰਸ਼, ਕੀਰਤਪੁਰ ਦਾ ਨਵਾਂ ਸਿੱਖ ਕੇਂਦਰ ਅਤੇ ਮੁਗ਼ਲ ਬਾਦਸ਼ਾਹ ਦੁਆਰਾ ਧੀਰਮੱਲ ਦੀ ਸਰਪ੍ਰਸਤੀ। ਚੌਥੇ ਭਾਗ ਵਿਚ ਗੁਰੂ ਤੇਗ ਬਹਾਦਰ ਸਮਕਾਲੀਨ ਪ੍ਰਸਥਿਤੀਆਂ, ਪੰਜਵੇਂ ਵਿਚ ਸਿੱਖ ਧਰਮ ਪ੍ਰਚਾਰ, ਪਾਸਾਰ ਤੇ ਸੰਗਠਨ, ਛੇਵੇਂ ਭਾਗ ਵਿਚ ਔਰੰਗਜ਼ੇਬ ਦਾ ਸਿੱਖ ਪੰਥ ਬਾਰੇ ਨਜ਼ਰੀਆ ਅਤੇ ਔਰੰਗਜ਼ੇਬ ਦਾ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ਵਿਹਾਰ, ਸੱਤਵੇਂ ਵਿਚ ਗੁਰੂ ਤੇਗ ਬਹਾਦਰ ਜੀ ਦਾ ਮੁਢਲਾ ਜੀਵਨ ਤੇ ਗੱਦੀ ਨਸ਼ੀਨੀ, ਅਠਵਾਂ-ਪੂਰਬੀ ਭਾਰਤ ਦੀ ਯਾਤਰਾ ਵਿਚ ਮਾਖੋਵਾਲ ਤੋਂ ਮਾਲਵਾ ਵਿਚ ਧਮਤਾਨ, ਧਮਤਾਨ ਤੋਂ ਪਹਿਲੀ ਗ੍ਰਿਫ਼ਤਾਰੀ, ਦਿੱਲੀ ਤੋਂ ਪਟਨਾ। ਨੌਵੇਂ ਅਧਿਆਏ ਵਿਚ ਪਟਨਾ ਤੋਂ ਢਾਕਾ-ਆਸਾਮ, ਢਾਕਾ ਤੋਂ ਚਿੱਟਾਗੋਂਗ ਅਤੇ ਵਾਪਸੀ, ਰਾਜਾਰਾਮ ਸਿੰਘ ਨਾਲ ਆਸਾਮ ਵਿਚ, ਦਸਵੇਂ ਭਾਗ ਵਿਚ ਪਟਨਾ ਤੋਂ ਪੰਜਾਬ ਵਾਪਸੀ, ਦੂਜੀ ਗ੍ਰਿਫ਼ਤਾਰੀ ਤੇ ਰਿਹਾਈ ਦਾ ਸਬੱਬ। ਗਿਆਰਵੇਂ ਵਿਚ ਤਤਕਾਲੀ ਮਾਹੌਲ ਵਿਚ ਸੰਦੇਸ਼ ਦੀ ਪ੍ਰਸੰਗਕਿਤਾ। ਬਾਰ੍ਹਵੇਂ ਭਾਗ ਵਿਚ ਸ਼ਹੀਦੀ ਦਾ ਪ੍ਰਕਰਨ ਇਤਿਹਾਸਕਾਰਾਂ ਦੀ ਜ਼ਬਾਨੀ ਦੇ ਪ੍ਰਸੰਗ ਨੂੰ 6 ਹੋਰ ਸਬ ਸਿਰਲੇਖਾਂ ਹੇਠ ਦਰਜ ਕੀਤਾ ਹੈ: ਫ਼ਾਰਸੀ ਦੇ ਇਤਿਹਾਸਕਾਰਾਂ ਦੇ ਸ਼ੰਕੇ ਤੇ ਤੌਖਲੇ, ਗੁਰੂ ਸ਼ਖ਼ਸੀਅਤ ਨੂੰ ਕਲੰਕਤ ਕਰਨ ਦੇ ਦੋਸ਼ੀ, ਬ੍ਰਿਟਿਸ਼ ਬਸਤੀਵਾਦੀ ਇਤਿਹਾਸਕਾਰ ਗੁੰਮਰਾਹ ਜਾਂ ਮਿਲੀ-ਭੁਗਤ, ਪੰਜਾਬੀ ਮੂਲ ਦੇ ਇਤਿਹਾਸਕਾਰ ਤੱਥ ਤੇ ਮਿੱਥਰਲ-ਗਡ, ਸਿੱਖ ਸਰੋਤ ਗੁਆਚੇ ਤੱਥਾਂ ਦੀ ਭਾਲ, ਸ਼ਹੀਦੀ ਲਈ ਮਾਹੌਲ ਤਿਆਰ, ਅੰਤਿਕਾ, ਤੇਰਵੇਂ ਅਧਿਆਇ ਵਿਚ ਸ਼ਹੀਦੀ ਸਾਕਾ, 14ਵੇਂ ਭਾਗ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਭਾਵ ਅਤੇ ਅਖੀਰਲੇ ਪੰਦਰਵੇਂ ਅਧਿਆਇ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂ ਦਰਜ ਕੀਤੇ ਗਏ ਹਨ। ਫਾਰਸੀ ਦੀਆਂ ਲਿਖਤਾਂ ਦੀ ਪੁਣ-ਛਾਣ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਭਰਮ-ਭੁਲੇਖੇ ਉਪਜਾਉਣ ਵਾਲੇ ਫਾਰਸੀ ਦੇ ਸਾਹਿਤਕਾਰਾਂ ਦੀ ਅਸਲੀਅਤ ਤੋਂ ਪਹਿਲੀ ਵਾਰ ਪਰਦਾ ਚੁੱਕਿਆ ਗਿਆ ਹੈ। ਲੇਖਕ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਸਾਕੇ ਅਤੇ ਇਸ ਪ੍ਰਭਾਵ ਨੂੰ ਇਤਿਹਾਸ ਦਾ ਰੁਖ ਬਦਲ ਦੇਣ ਦੀ ਹਕੀਕਤ ਨੂੰ ਵੀ ਸਾਹਮਣੇ ਲਿਆਂਦਾ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਕੁੰਭਕਾਰ
ਲੇਖਕ : ਇਬਲੀਸ
ਪ੍ਰਕਾਸ਼ਕ : ਕੁਕਨੂਸ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98143-98743
ਇਬਲੀਸ (ਡਾ. ਮਨਜੀਤ ਸਿੰਘ) ਕਵੀ, ਕਹਾਣੀਕਾਰ, ਨਿਬੰਧਕਾਰ ਅਤੇ ਹੋਰ ਕਈ ਕੁਝ ਸੀ। 'ਕੁੰਭਕਾਰ' ਕਾਵਿ-ਸੰਗਹਿ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਪਰ ਉਹ ਇਸ ਨੂੰ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥੀਂ ਜਾਂਦਾ ਵੇਖ ਨਹੀਂ ਸਕਿਆ। ਪੱਥਰ ਤਰਾਸ਼ਣੇ, ਲੱਕੜ 'ਤੇ ਨੱਕਾਸ਼ੀ ਕਰਨੀ, ਪੁਰਾਣੇ ਸਿੱਕੇ, ਪੁਸਤਕਾਂ ਸਾਂਭਣੀਆਂ ਉਸ ਦੇ ਸ਼ੌਕ ਰਹੇ। ਇਸ ਕਾਵਿ-ਸੰਗ੍ਰਹਿ ਦੇ ਸਮਰਪਣ ਸ਼ਬਦ 'ਪਿਤਾ ਸ. ਮਹਿੰਦਰ ਸਿੰਘ ਸੈਂਹਬੀ, ਮਾਤਾ ਗਿਆਨ ਕੌਰ ਅਤੇ ਪਤਨੀ ਚਰਨਜੀਤ ਕੌਰ ਨੂੰ' ਕੁੰਭਕਾਰ ਦੀ ਕੇਂਦਰੀ ਯੁਕਤੀ ਨੂੰ ਸੰਬੋਧਿਤ ਹਨ। 'ਕੁੰਭ' ਦਾ ਅਰਥ ਹੈ ਘੜਾ, 'ਕਾਰ' ਦਾ ਅਰਥ ਹੈ ਘੜਾ ਘੜਨ ਵਾਲਾ। ਇਸ ਪ੍ਰਕਾਰ ਦੇ ਅਰਥਾਂ ਨੂੰ ਵਾਚਦਿਆਂ ਸੰਕੇਤ ਮਿਲਦਾ ਹੈ ਕਿ ਸ੍ਰਿਸ਼ਟੀ ਦਾ ਕਰਤਾ ਅਤੇ ਮਨੁੱਖ ਦਾ ਕਰਤਾ ਸਮਰੂਪ 'ਚ ਹੀ ਹਨ। ਇਸ ਕਾਵਿ-ਸੰਗ੍ਰਹਿ ਵਿਚ 'ਜ਼ਿਦ' ਤੋਂ ਲੈ ਕੇ 'ਅਲਵਿਦਾ' ਤੱਕ ਲਗਭਗ 87 ਕਵਿਤਾਵਾਂ ਹਨ, ਜਿਨ੍ਹਾਂ ਵਿਚ ਰਵਿਦਾਸ, ਸ਼ੇਖ ਫ਼ਰੀਦ, ਕ੍ਰਿਸ਼ਨ, ਕਬੀਰ ਮੀਰਾ, ਬੁੱਧ, ਈਸਾ, ਸੋਹਣੀ, ਵਾਰਿਸ ਸ਼ਾਹ, ਰਾਂਝਾ, ਸੱਸੀ, ਚੁੱਪ ਦਾ ਇਨਸਾਈਕਲੋਪੀਡੀਆ (ਕੁਲਭੂਸ਼ਨ), ਪਗਡੰਡੀਆਂ ਦਾ ਸ਼ਾਹ ਸਵਾਰ (ਸੁਰਜੀਤ ਸਾਜਨ), ਸੁਰੀਲਾ ਤਾਬੂਤ (ਇਕ ਆਵਾਜ਼ ਦਾ ਸ਼ਬਦ ਚਿੱਤਰ) ਸ਼ਾਮਿਲ ਹਨ। 'ਮੁਹੱਬਤ ਦੀ ਲੋਅ' ਦੀ ਸਤਰ : 'ਮੈਂ ਨਫ਼ਰਤ ਦੀ ਮਾਰੀ ਇਸ ਦੁਨੀਆ 'ਚ ਮੁਹੱਬਤ ਦੀ ਲੋਅ ਵੰਡਣੀ ਹੈ!' ਕਵਿਤਾਵਾਂ ਦੇ ਕੇਂਦਰੀ ਥੀਮ ਵੱਲ ਗੰਭੀਰ ਚਿੰਤਨ ਥੀਂ ਗੁਜ਼ਰਦਿਆਂ ਸਾਮਿਅਕ ਤਮਾਮ ਤੱਤਾਂ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਇਸ ਤਰ੍ਹਾਂ ਦੇ ਹਾਲਾਤ ਲਈ ਜ਼ਿੰਮੇਵਾਰ ਹਨ। ਇਸ ਪ੍ਰਸੰਗ 'ਚ 'ਅੱਕ ਕੱਕੜੀ ਦੇ ਫੰਭੇ' ਕਵਿਤਾ ਇਸ ਮੰਜ਼ਰ ਵੱਲ ਸੰਕੇਤ ਕਰਦੀ ਹੈ ਕਿ ਜਿਥੇ ਮਨੁੱਖ ਹਾਲਾਤ ਦਾ ਮਾਰਿਆ ਸੰਸਾਰੀ ਤਪਦੇ ਮਾਰੂਥਲ ਦੀ ਹਿੱਕ, ਉਸ ਸਥਾਨ 'ਤੇ ਆ ਪਹੁੰਚਿਆ ਹੈ, ਜਿਥੇ ਉਹ ਜਾਂ ਤਾਂ ਸੜ ਮਰੇਗਾ ਜਾਂ ਫਿਰ ਉਸ ਸਥਾਨ ਨੂੰ ਆਬਾਦ ਕਰਨ ਦੀ ਕੋਸ਼ਿਸ਼ ਕਰੇਗਾ। ਨਫ਼ਰਤ ਦਾ ਵਿਰੋਧੀ ਸ਼ਬਦ ਹੈ 'ਪ੍ਰੇਮ' ਜਿਸ ਦੀ ਵਿਆਖਿਆ ਉਹ 'ਪ੍ਰੇਮ' ਕਵਿਤਾ 'ਚ ਕਰਦਾ ਹੈ। ਪ੍ਰੇਮ ਜਦ ਨੈਣਾਂ 'ਚ ਉਤਰਦਾ ਹੈ ਤਾਂ ਕਰੁਣਾ ਬਣ ਜਾਂਦਾ ਹੈ। ਇਸੇ ਤਰ੍ਹਾਂ ਪ੍ਰੇਮ ਦੇ ਅਰਥ ਸਾਜ਼, ਗੀਤ, ਦਇਆ, ਮਰਹਮ ਅਤੇ ਨਾਚ 'ਚ ਤਬਦੀਲ ਹੁੰਦੇ ਹਨ ਤਾਂ ਇਨ੍ਹਾਂ ਸਾਰਿਆਂ ਦਾ ਕੁੱਲ ਜੋੜ 'ਮੌਨ' 'ਚ ਬਦਲ ਜਾਂਦਾ ਹੈ। ਇਹ ਸਮਾਧੀ ਦੀ ਅਵਸਥਾ ਹੈ ਜੋ 'ਕੁੰਭ' ਤੋਂ, 'ਕੁੰਭਕਾਰ' ਦੀ ਯਾਤਰਾ ਦਾ ਸਬੱਬ ਹੈ।
ਮੌਨ ਜਦ
ਵਜੂਦ 'ਚ ਉਤਰਦਾ ਹੈ ਤਾਂ
ਆਦਮੀ 'ਖ਼ੁਦ' ਤੋਂ 'ਖ਼ੁਦਾ' ਬਣ ਜਾਂਦਾ ਹੈ।
ਵਿਸਮੀ ਚਿੰਨ੍ਹਾਂ ਦੀ ਵਰਤੋਂ ਕਰਦਿਆਂ ਵਿਸਮਾਦੀ ਪ੍ਰਸ਼ਨਾਂ ਦੇ ਅਲੌਕਿਕ ਮੰਜ਼ਰ ਸਿਰਜਦਾ ਹੈ ਜੋ ਪਾਠਕਾਂ ਲਈ ਗੰਭੀਰ ਚਿੰਤਨ ਥੀਂ ਗੁਜ਼ਰਨ ਦੀ ਵਾਟ ਵੱਲ ਇਸ਼ਾਰਾ ਕਰਦੇ ਹਨ। ਖੈਰ...।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਚੰਗੇ, ਮਾੜੇ, ਬੇਤੁਕੇ
ਲੇਖਕ : ਖੁਸ਼ਵੰਤ ਸਿੰਘ
ਪੰਜਾਬੀ ਅਨੁ: ਗਗਨੀਤ ਸਿੰਘ ਔਜਲਾ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ 143
ਸੰਪਰਕ : 0172-5027427
ਚੰਗੇ, ਮਾੜੇ, ਬੇਤੁਕੇ ਪੁਸਤਕ ਵਿਚ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਵਲੋਂ ਸਮੇਂ ਸਮੇਂ ਸਿਰ ਲਿਖੇ ਕੋਈ 35 ਪ੍ਰਸਿੱਧ ਵਿਅਕਤੀਆਂ ਦੇ ਰੇਖਾ ਚਿੱਤਰ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਜਵਾਹਰ ਲਾਲ ਨਹਿਰੂ, ਕ੍ਰਿਸ਼ਨਾ ਮੈਨਨ, ਇੰਦਰਾ ਗਾਂਧੀ, ਸੰਜੇ ਗਾਂਧੀ, ਅੰਮ੍ਰਿਤਾ ਸ਼ੇਰਗਿੱਲ, ਬੇਗਮਪਾਰਾ, ਮੁਹੰਮਦ ਅਲੀ ਜਿਨਾਹ, ਐਮ. ਐਸ. ਗੌਵਾਲਕਰ, ਮਦਰ ਟੈਰੇਸਾ, ਫ਼ੈਜ਼ ਅਹਿਮਦ ਫ਼ੈਜ, ਧੀਰੇਂਦਰ ਬ੍ਰਹਮਚਾਰੀ, ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਟਿੱਕਾ ਖਾਨ, ਫੂਲਨ ਦੇਵੀ, ਗਿਆਨੀ ਜ਼ੈਲ ਸਿੰਘ ਤੇ ਭਗਤ ਪੂਰਨ ਸਿੰਘ ਆਦਿ ਸ਼ਾਮਿਲ ਹਨ। ਪੁਸਤਕ ਬਾਰੇ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਮੈਂ ਖ਼ੁਦ ਨੂੰ ਏਨੇ ਸਾਰੇ ਪ੍ਰਸਿੱਧ ਵਿਅਕਤੀਆਂ ਦੇ ਨੇੜੇ ਪਾਇਆ ਕਿਉਂਕਿ ਮੈਂ ਅਜਿਹੇ ਕਿੱਤਿਆਂ ਨਾਲ ਜੁੜਿਆ ਸੀ, ਜਿਸ ਸਦਕਾ ਇਹ ਸੰਭਵ ਹੋਇਆ, ਬਾਰਤ ਦੇ ਵਿਦੇਸ਼ੀ ਮਿਸ਼ਨਾਂ ਲਈ ਜਨ-ਸੰਚਾਰ, ਪੱਤਰਕਾਰੀ ਅਤੇ ਕਾਨੂੰਨ। ਇਕ ਹੋਰ ਕਾਰਨ ਇਹ ਹੈ ਕਿ ਮੇਰੇ ਪਿਤਾ ਇਕ ਕਾਮਯਾਬ ਠੇਕੇਦਾਰ ਤੇ ਬਿਲਡਰ ਸਨ ਤੇ ਉਨ੍ਹਾਂ ਨੇ ਮੈਨੂੰ ਅਜਿਹੇ ਸਕੂਲਾਂ ਤੇ ਕਾਲਜਾਂ ਵਿਚ ਭੇਜਿਆ ਜਿਥੇ ਉਸ ਸਮੇਂ ਅਮੀਰ ਤੇ ਪ੍ਰਸਿੱਧ ਲੋਕਾਂ ਦੇ ਬੱਚੇ ਪੜ੍ਹਦੇ ਸਨ। ਉਨ੍ਹਾਂ ਵਿਚੋਂ ਕਈ ਪਿਛੋਂ ਜਾ ਕੇ ਖ਼ੁਦ ਵੀ ਅਮੀਰ ਤੇ ਮਕਬੂਲ ਬਣੇ। 'ਖੁਸ਼ਵੰਤ ਸਿੰਘ ਹੋਰਾਂ ਦੀ ਲਿਖਣ ਸ਼ੈਲੀ ਨਿਵੇਕਲੀ ਸੀ। ਜਿਥੇ ਉਹ ਵਿਅਕਤੀ ਦੇ ਚੰਗੇ ਗੁਣਾਂ ਬਾਰੇ ਲਿਖਦੇ ਸਨ, ਉਥੇ ਨਿਡਰ ਹੋ ਕੇ ਉਸ ਦੇ ਔਗੁਣਾਂ ਨੂੰ ਲਿਖਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਇਸ ਬਾਰੇ ਉਹ ਆਪ ਹੀ ਲਿਖਦੇ ਹਨ, 'ਮੈਂ ਕਈ ਮਸ਼ਹੂਰ ਹਸਤੀਆਂ ਨੂੰ ਨੇੜਿਓਂ ਵੇਖਿਆ ਹੈ ਜਾਂ ਉਨ੍ਹਾਂ ਬਾਰੇ ਅਜਿਹੀਆਂ ਗੱਲਾਂ ਜਾਣਦਾ ਹਾਂ ਜੋ ਬਹੁਤਾ ਕਰਕੇ ਕਿਸੇ ਨੂੰ ਪਤਾ ਨਹੀਂ ਹੁੰਦੀਆਂ। ਜੋ ਵੀ ਮੈਂ ਵੇਖਿਆ ਜਾਂ ਖੋਜਿਆ ਹੈ, ਉਸ ਦਾ ਬਹੁਤਾ ਹਿੱਸਾ ਸ਼ਲਾਘਾਯੋਗ ਨਹੀਂ ਸੀ ਪਰ ਮੈਂ ਆਪਣੇ ਕਾਲਮਾਂ ਅਤੇ ਕਿਤਾਬਾਂ ਵਿਚ ਇਸ ਸਾਰੇ ਨੂੰ ਜਨਤਕ ਕਰਨ ਤੋਂ ਕਦੇ ਖ਼ੁਦ ਨੂੰ ਨਹੀਂ ਰੋਕਿਆ। ਜੇਕਰ ਕਿਸੇ ਵਿਅਕਤੀ ਦੇ ਚੰਗੇ ਪੱਖ ਬਾਰੇ ਲਿਖਿਆ ਜਾ ਸਕਦਾ ਹੈ ਤਾਂ ਮਾੜੇ ਬਾਰੇ ਕਿਉਂ ਨਹੀਂ? ਮੈਂ ਕਿਸੇ ਦੁਰਭਾਵਨਾ ਕਰਕੇ ਨਹੀਂ ਸਗੋਂ ਸੱਚੇ ਹੋਣ ਵਿਚ ਆਪਣੇ ਪੱਕੇ ਯਕੀਨ ਕਰਕੇ ਅਜਿਹਾ ਕਰਦਾ ਹਾਂ। ਮੈਂ ਖ਼ੁਦ ਨਾਲ ਜਾਂ ਆਪਣੇ ਪਾਠਕਾਂ ਨਾਲ ਧੋਖਾ ਨਹੀਂ ਕਰ ਸਕਦਾ।'
ਇਨ੍ਹਾਂ ਸਾਰੇ ਰੇਖਾ ਚਿੱਤਰਾਂ ਵਿਚ ਉਨ੍ਹਾਂ ਕੇਵਲ ਭਗਤ ਪੂਰਨ ਸਿੰਘ ਹੋਰਾਂ ਦੀ ਪ੍ਰਸੰਸਾ ਕੀਤੀ ਹੈ ਤੇ ਕਿਸੇ ਵੀ ਘਾਟ ਨੂੰ ਉਜਾਗਰ ਨਹੀਂ ਕੀਤਾ। ਪ੍ਰਸੰਸਾ ਉਨ੍ਹਾਂ ਮਦਰ ਟੈਰੇਸਾ ਦੀ ਵੀ ਕੀਤੀ ਹੈ ਤੇ ਇਥੋਂ ਤੱਕ ਲਿਖਿਆ ਹੈ ਕਿ ਜਦੋਂ ਮੈਂ ਕਲਕੱਤੇ ਉਨ੍ਹਾਂ ਨੂੰ ਮਿਲ ਕੇ ਆਇਆ ਤਾਂ ਉਨ੍ਹਾਂ ਮੈਨੂੰ ਧੰਨਵਾਦ ਦਾ ਕਿ ਸੰਖੇਪ ਨੋਟ ਭੇਜਿਆ ਜਿਸ ਨੂੰ ਮੈਂ ਕਸੌਲੀ ਵਿਚ ਇਕ ਚਾਂਦੀ ਦੇ ਚੌਖਟੇ ਵਿਚ ਜੜਾ ਕੇ ਰੱਖਿਆ ਹੋਇਆ ਹੈ। ਇਹ ਮੇਰੀਆਂ ਸਭ ਤੋਂ ਕੀਮਤੀ ਚੀਜ਼ਾਂ ਵਿਚੋਂ ਇਕ ਹੈ। ਇਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਖ਼ੂਬ ਪ੍ਰਸੰਸਾ ਕੀਤੀ ਹੈ। ਉਹ ਲਿਖਦੇ ਹਨ, 'ਕਸੌਲੀ ਵਿਚਲੇ ਮੇਰੇ ਨਿਵਾਸ ਸਥਾਨ ਦੇ ਅਧਿਐਨ ਕਮਰੇ ਵਿਚ ਮੈਂ ਉਨ੍ਹਾਂ ਦੋ ਲੋਕਾਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ। ਉਨ੍ਹਾਂ ਵਿਚੋਂ ਇਕ ਹੈ ਮਹਾਤਮਾ ਗਾਂਧੀ। 'ਪੁਸਤਕ ਵਿਚ ਸਭ ਤੋਂ ਛੋਟਾ ਰੇਖਾ ਚਿੱਤਰ ਪ੍ਰੋਤਿਮਾ ਬੇਦੀ ਅਤੇ ਅੰਮ੍ਰਿਤਾ ਸ਼ੇਰਗਿਲ ਦਾ ਹੈ।
ਖੁਸ਼ਵੰਤ ਸਿੰਘ ਨੂੰ ਆਪਣੀ ਲੇਖਣੀ ਨੂੰ ਰੌਚਕ ਬਣਾਉਣ ਦੀ ਕਲਾ ਆਉਂਦੀ ਸੀ, ਇਸੇ ਕਰਕੇ ਪੁਸਤਕ ਪੜ੍ਹਦਿਆਂ ਪਾਠਕ ਅੱਕਦਾ ਨਹੀਂ ਸਗੋਂ ਸਾਰੀ ਕਿਤਾਬ ਇਕੋ ਬੈਠਕ ਵਿਚ ਪੜ੍ਹਨ ਦਾ ਯਤਨ ਕਰਦਾ ਹੈ। ਇਸ ਦੇ ਨਾਲ ਹੀ ਪਿਛਲੀ ਸਦੀ ਦੇ ਮਹਾਨ ਵਿਅਕਤੀਆਂ ਦੇ ਚੰਗੇ ਮਾੜੇ ਗੁਣਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਗਗਨੀਤ ਸਿੰਘ ਔਜਲਾ ਨੇ ਪੰਜਾਬੀ ਅਨੁਵਾਦ ਵਧੀਆ ਕੀਤਾ ਹੈ, ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਅਨੁਵਾਦ ਕੀਤੀ ਗਈ ਪੁਸਤਕ ਹੈ।
-ਡਾ. ਰਣਜੀਤ ਸਿੰਘ
ਮੋਬਾਈਲ : 94170-87328
c c c
ਅੰਦਰ ਖੁੱਲ੍ਹਦੀ ਖਿੜਕੀ
ਲੇਖਕ : ਡਾ. ਰਵਿੰਦਰ
ਮੁੱਲ : 250 ਰੁਪਏ, ਸਫ਼ੇ : 120
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 98724-82378
ਡਾ. ਰਵਿੰਦਰ ਬੌਧਕ ਮੁਹਾਵਰੇ ਦਾ ਉਹ ਸ਼ਾਇਰ ਜੋ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਸ਼ਾਇਰ ਹੱਥਲੇ ਕਾਵਿ-ਸੰਗ੍ਰਹਿ ਤੋਂ ਪਹਿਲਾਂ ਵੀ ਆਪਣੇ ਦਸ ਕਾਵਿ-ਸੰਗ੍ਰਹਿਾਂ ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਸਟੇਜੀ ਰੁਮਾਂਚਿਕਤਾ ਤੋਂ ਵਿਥ ਸਿਰਜਦਾ ਹੈ ਅਤੇ ਕੰਨ ਰਸ ਤੋਂ ਵੀ। ਉਸ ਦਾ ਰਸ ਤਾਂ ਬੌਧਿਕ ਰਸ ਹੈ ਤਾਂ ਹੀ ਤਾਂ ਉਹ ਕਹਿੰਦਾ ਹੈ, 'ਮੇਰੀ ਕਵਿਤਾ ਸਮਝਣ ਵਾਲੀ ਨਹੀਂ, ਮਹਿਸੂਸਣ ਵਾਲੀ ਸ਼ੈਅ ਹੈ ਉਵੇਂ ਹੀ ਜਿਵੇਂ ਜ਼ਿੰਦਗੀ ਸਮਝਣ ਵਾਲੀ ਨਹੀਂ ਜੀਣ ਵਾਲੀ ਹੈ।' ਉਸ ਦੇ ਕਾਵਿ-ਬੋਧ ਦਾ ਪ੍ਰਵਚਨ ਉਸ ਦੇ ਕਾਵਿ-ਸੰਗ੍ਰਹਿ ਦੇ ਨਾਂਅ ਤੋਂ ਹੀ ਹੋ ਜਾਂਦਾ ਹੈ ਕਿ ਉਹ ਖਿੜਕੀ ਨੂੰ ਅੰਦਰ ਵੱਲ ਖੋਲ੍ਹ ਕੇ ਮਨ ਬਚਨੀ ਕਰਦਾ ਜੋ ਆਪਣੇ ਆਪ ਨਾਲ ਕੀਤਾ ਬੌਧਿਕ ਸੰਵਾਦ ਹੈ। ਵਾਈ.ਬੀ.ਯੀਟਸ ਆਖਦਾ ਹੈ ਕਿ 'ਜਦੋਂ ਤੁਸੀਂ ਕਿਸੇ ਹੋਰ ਨਾਲ ਲੜਦੇ ਹੋ ਤਾਂ ਬੇਕਾਰ ਦਾ ਕੰਮ ਕਰਦੇ ਹੋ ਪਰ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ। ਅਮਰੀਕੀ ਸ਼ਾਇਰਾ ਲੂਈਸ ਗਲੁੱਕ ਜੋ 2020 ਦੀ ਨੋਬਲ ਪੁਰਸਕਾਰ ਵਿਜੇਤਾ ਹੈ ਕਹਿੰਦੀ ਹੈ, 'ਮੇਰੇ ਲਈ ਕਵਿਤਾ ਆਪਣੇ ਮਨ ਨਾਲ ਕੀਤਾ ਸੰਵਾਦ ਹੈ। ਜਿਵੇਂ ਇਕ ਮਨ ਮੂੰਹ ਨਾਲ ਸੰਦੇਸ਼ ਦਿੰਦਾ ਹੈ ਤੇ ਦੂਜਾ ਮਨ ਕੰਨ ਰਾਹੀਂ ਸੁਣਦਾ ਹੈ' ਉਹ ਆਪਣੇ ਆਪ ਨਾਲ ਕੀਤੀ ਮਨ ਬਚਨੀ ਨੂੰ ਆਪਣੇ ਤਕ ਮਹਿਦੂਦ ਨਹੀਂ ਕਰਦਾ ਤੇ ਉਸ ਦਾ ਸਧਾਰਨੀਕਰਨ ਕਰਦਿਆਂ ਸਮਕਾਲੀ ਸਰੋਕਾਰਾਂ ਲਈ ਕਵਿਤਾ ਵਿਚ ਠਾਹਰ ਭਾਲਦਾ ਹੈ। ਉਹ ਕਦੇ ਕਵਿਤਾ ਨੂੰ ਮੁਖਾਤਿਬ ਹੁੰਦਾ ਹੈ ਤੇ ਕਦੇ ਕਵਿਤਾ ਕਵੀ ਨੂੰ ਮੁਖ਼ਾਤਿਬ ਹੁੰਦੀ ਹੈ ਤੇ ਕਵੀ ਦੇ ਹੁੱਝ ਮਾਰਦੀ ਹੈ ਕਿ ਤੂੰ ਸ਼ਬਦਾਂ ਦੇ ਸ਼ਸਤਰਾਂ ਅਤੇ ਕਲਮ ਦੀ ਤਲਵਾਰ ਨਾਲ ਉਨ੍ਹਾਂ ਲਈ ਲੜ ਜਿਨ੍ਹਾਂ ਕੋਲ ਸਿਰ 'ਤੇ ਛੱਤ ਨਹੀਂ ਤੇ ਪੈਰਾਂ ਹੇਠ ਜ਼ਮੀਨ ਨਹੀਂ। ਉਹ ਮਾਂ ਬੋਲੀ ਹੈ ਜੋ ਤੁਹਾਡੀ ਹਿੱਕ ਤੋਂ ਭਾਰ ਲਾਹ ਦਿੰਦੀ ਹੈ। ਉਹ ਕਬੂਤਰਬਾਜ਼ੀ ਰਾਹੀਂ ਪਰਵਾਜ਼ ਦੀ ਅਉਧ ਹੰਢਾਉਣ ਬਾਰੇ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਇਸ ਦਾ ਦੋਸ਼ੀ ਦਾਤਾ ਹੈ ਜਾਂ ਵਪਾਰੀ। ਕਿਸਾਨੀ ਅੰਦੋਲਨ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਕਹਿੰਦਾ ਹੈ ਕਿ ਹੁਣ ਅਸਲੀ ਦੁਸ਼ਮਣ ਦੀ ਪਹਿਚਾਣ ਹੋ ਗਈ ਹੈ ਤੇ ਭਗਵੇਂ ਬ੍ਰਿਗੇਡ ਦੀ ਦਿੱਲੀ ਵਾਲੀ ਸਰਕਾਰ ਤਿੰਨ ਕਾਲੇ ਕਾਨੂੰਨ ਲਿਆ ਕੇ ਕਾਰਪੋਰੇਟ ਸੈਕਟਰ ਦੀ ਕਠਪੁਤਲੀ ਬਣ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਬਣਨ ਦੀਆਂ ਸਾਜ਼ਿਸ਼ਾਂ ਦਾ ਚੌਰਾਹੇ ਵਿਚ ਭਾਂਡਾ ਭੱਜ ਗਿਆ। ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦੀ ਆਧੁਨਿਕ ਭਾਵ-ਬਧ ਦੀ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਹੀ ਬਣਦਾ।
-ਭਗਵਾਨ ਢਿੱਲੋਂ
ਮੋਬਾਈਲ : 98143-78254
c c c
ਮਾਂ-ਬੋਲੀ ਪੰਜਾਬੀ ਸਮਕਾਲ ਅਤੇ ਭਵਿੱਖ
ਮੁੱਖ ਸੰਪਾਦਕ : ਡਾ ਰਾਜਵਿੰਦਰ ਕੌਰ ਹੁੰਦਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 186
ਸੰਪਰਕ : 98886-56151
ਪੰਜਾਬੀ ਭਾਸ਼ਾ ਤੇ ਸਾਹਿਤ ਦਾ ਜਨਮ ਤਾਂ ਭਾਵੇਂ ਬਾਬਾ ਫ਼ਰੀਦ ਜੀ ਨਾਲ (ਬਾਰ੍ਹਵੀਂ ਸਦੀ ਤੋਂ) ਸ਼ੁਰੂ ਹੁੰਦਾ ਹੈ। ਪਰ ਇਸ ਵਿਚ ਹਰ ਧਰਮ ਤੇ ਵਰਗ ਦੇ ਸਾਹਿਤਕਾਰਾਂ ਨੇ ਯਥਾਯੋਗ ਹਿੱਸਾ ਪਾ ਕੇ ਇਹਨੂੰ ਅਮੀਰ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਮੀਖਿਆ ਅਧੀਨ ਪੁਸਤਕ ਖ਼ਾਲਸਾ ਕਾਲਜ ਫ਼ਾਰ ਵਿਮੈੱਨ ਸਿੱਧਵਾਂ ਖੁਰਦ (ਲੁਧਿਆਣਾ) ਵਲੋਂ 31 ਜਨਵਰੀ, 2020 ਨੂੰ ਕਰਵਾਏ ਗਏ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਪੜ੍ਹੇ ਗਏ ਖੋਜ-ਪੱਤਰਾਂ ਦਾ ਸੰਗ੍ਰਹਿ ਹੈ। ਇਸ ਸੈਮੀਨਾਰ ਵਿਚ ਡਾ. ਜੋਗਾ ਸਿੰਘ ਨੇ ਕੁੰਜੀਵਤ ਭਾਸ਼ਨ ਦਿੱਤਾ, ਜਦਕਿ ਪ੍ਰਧਾਨਗੀ ਸੁਰਜੀਤ ਪਾਤਰ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ। ਸਮਾਗਮ 'ਚ ਸ਼ਾਮਿਲ ਕੁੱਲ 25 ਖੋਜ-ਪੱਤਰਾਂ ਵਿਚੋਂ 21 ਅਧਿਆਪਕਾਂ ਦੇ ਲਿਖੇ ਹੋਏ ਹਨ। ਡਾ. ਜੋਗਾ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਸੁਦਰਸ਼ਨ ਗਾਸੋ, ਡਾ. ਲਖਬੀਰ ਕੌਰ, ਡਾ. ਕਿਰਨਪ੍ਰੀਤ ਕੌਰ ਅਤੇ ਵਿਦਿਆਰਥੀ ਅਨੁਰਾਗ ਸਿੰਘ ਹੁੰਦਲ ਦੇ ਖੋਜ-ਪੱਤਰ ਵਿਸ਼ੇ ਅਤੇ ਨਿਭਾਅ ਪੱਖੋਂ ਵਿਲੱਖਣਤਾ ਦੇ ਪਰਿਚਾਇਕ ਹਨ। ਵਰਤਮਾਨ ਸਮੇਂ ਵਿਚ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ ਸਮੇਤ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ 'ਚ ਫੈਲੇ ਹੋਏ ਹਨ। ਹਰ ਦੇਸ਼ ਵਿਚ ਪੰਜਾਬੀਆਂ ਨੇ ਆਪੋ-ਆਪਣੇ ਨਿੱਜੀ ਅਖ਼ਬਾਰ, ਰੇਡੀਓ, ਟੀ.ਵੀ. ਸ਼ੁਰੂ ਕੀਤੇ ਹੋਏ ਹਨ ਅਤੇ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਦਾ ਵਿਕਾਸ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ।ਇਕ ਪੇਂਡੂ ਕਾਲਜ ਵਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਆਪਣੀ ਸਾਰਥਿਕਤਾ ਹੈ, ਜਿਸ ਵਿਚ ਪੰਜਾਬ ਦੇ ਕਾਲਜਾਂ/ਵਿਭਾਗਾਂ ਦੇ ਅਧਿਆਪਕਾਂ ਦੇ ਮਾਤ-ਭਾਸ਼ਾ ਪੰਜਾਬੀ ਬਾਰੇ ਵਿਚਾਰ ਸ਼ਾਮਿਲ ਹਨ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ (ਮੁੱਖ ਸੰਪਾਦਕ) ਅਤੇ ਪ੍ਰੋ. ਇੰਦਰਜੀਤ ਕੌਰ (ਸੰਪਾਦਕ ਤੇ ਮੁਖੀ ਪੰਜਾਬੀ ਵਿਭਾਗ) ਦਾ ਇਹ ਕਾਰਜ ਪ੍ਰਸੰਸਾਯੋਗ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c
ਪੰਜਾਬੀ ਲੋਕਧਾਰਾ ਵਿਭਿੰਨ ਪਸਾਰ
ਲੇਖਕ : ਡਾ. ਤੇਜਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 240 ਰੁਪਏ, ਸਫੇ : 89
ਸੰਪਰਕ : 99144-65086
'ਪੰਜਾਬੀ ਲੋਕਧਾਰਾ ਵਿਭਿੰਨ ਪਸਾਰ' ਡਾ. ਤੇਜਿੰਦਰ ਸਿੰਘ ਦੀ ਪੰਜਾਬੀ ਲੋਕਧਾਰਾਈ ਖੇਤਰ ਦਾ ਅਧਿਐਨ ਵਿਸ਼ਲੇਸ਼ਣ ਕਰਦੀ ਜ਼ਿਕਰਯੋਗ ਪੁਸਤਕ ਹੈ। ਲੋਕਮਨ ਦਾ ਆਪਣਾ ਇਕ ਆਪਾ ਹੁੰਦਾ ਹੈ, ਜਿਥੇ ਬਹੁਤੀ ਵਾਰੀ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਰਤੇ ਜਾਣ ਵਾਲੇ ਢੰਗ ਅਤੇ ਵਿਧੀਆਂ ਕਾਰਜਸ਼ੀਲ ਨਹੀਂ ਹੋ ਸਕਦੀਆਂ। ਲੋਕਮਨ ਤਥਾਤਮਕ ਜਾਣਕਾਰੀ ਦੇ ਸਮਾਨੰਤਰ ਆਪਣਾ ਇਕ ਖੇਤਰ ਸਿਰਜਦਾ ਹੈ, ਜਿਸ ਵਿਚੋਂ ਸਾਡਾ ਲੋਕਧਾਰਾਈ ਵਿਰਸਾ ਸਾਹਮਣੇ ਆਉਂਦਾ ਹੈ। ਡਾ. ਤੇਜਿੰਦਰ ਸਿੰਘ ਨੇ ਆਪਣੀ ਇਸ ਖੋਜ-ਪੁਸਤਕ ਵਿਚ ਲੋਕਮਨ ਦੀਆਂ ਤਹਿਆਂ ਨੂੰ ਵਿਸ਼ਲੇਸ਼ਣਾਤਮਕ ਦ੍ਰਿਸ਼ਟੀ ਤੋਂ ਪੇਸ਼ ਕਰਦੀਆਂ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ। ਇਸ ਤੋਂ ਇਲਾਵਾ ਕੁਝ ਲੋਕਧਾਰਾ ਦੀਆਂ ਵਿਹਾਰਕ ਅਧਿਐਨ ਕਰਦੀਆਂ ਵੰਨਗੀਆਂ ਵੀ ਲੋਕਧਾਰਾ ਦੇ ਖੋਜੀਆਂ ਅਤੇ ਪਾਠਕਾਂ ਦੇ ਸਨਮੁੱਖ ਕੀਤੀਆਂ ਹਨ। ਸਮੁੱਚੀ ਪੁਸਤਕ ਨੂੰ ਖੋਜ ਕਰਤਾ ਨੇ ਪੰਜ ਅਧਿਆਵਾਂ ਵਿਚ ਵੰਡ ਕੇ ਪੇਸ਼ ਕੀਤਾ ਹੈ। ਪਹਿਲੇ ਅਧਿਆਇ ਵਿਚ ਜਿਥੇ ਆਧੁਨਿਕ ਯੁੱਗ ਵਿਚ ਲੋਕਮਨ ਦੀਆਂ ਪ੍ਰਵਿਰਤੀਆਂ ਨੂੰ ਪੇਸ਼ ਕੀਤਾ ਹੈ, ਉਥੇ ਦੂਜੇ ਅਧਿਆਇ ਵਿਚ ਲੋਕ-ਨਾਟ ਦੀ ਵੰਨਗੀ 'ਬਹੁਰੂਪੀਆ' ਬਾਰੇ ਖੂਬਸੂਰਤ ਅਧਿਐਨ ਪ੍ਰਸਤੁਤ ਕੀਤਾ ਹੈ। ਪੁਸਤਕ ਦੇ ਤੀਜੇ ਅਧਿਆਇ ਵਿਚ 'ਗੁੱਡੀ ਫੂਕਣ ਦੀ ਰਸਮ' ਦਾ ਲੋਕਧਾਰਾਈ ਅਧਿਐਨ ਪੇਸ਼ ਕਰਦਿਆਂ ਇਸ ਨਾਲ ਜੁੜੀਆਂ ਰਵਾਇਤਾਂ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਰਾਵਾਂ ਦੀ ਰੌਸ਼ਨੀ ਨਾਲ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ਅਗਲੇਰੇ ਦੋ ਪਾਠਕਾਂ ਵਿਚ 'ਦੇਵਿੰਦਰ ਸਤਿਆਰਥੀ ਦਾ ਲੋਕਧਾਰਾਈ ਚਿੰਤਨ' ਅਤੇ ਪ੍ਰੋਫੈਸਰ ਮੋਹਨ ਸਿੰਘ ਦਾ ਲੋਕਧਾਰਾਈ ਸੰਸਾਰ ਵਿਚ ਜਿਥੇ ਦੇਵਿੰਦਰ ਸਤਿਆਰਥੀ ਦੀ ਪੁਸਤਕ 'ਗਿੱਧਾ' ਨੂੰ ਆਧਾਰ ਬਣਾ ਕੇ ਖੋਜ-ਕਾਰਜ ਕੀਤਾ ਹੈ, ਉਥੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਨੂੰ ਆਧਾਰ ਬਣਾ ਕੇ ਲੋਕਧਾਰਾਈ ਪੱਖ ਤੋਂ ਉਨ੍ਹਾਂ ਦਾ ਵਿਹਾਰਕ ਅਧਿਐਨ ਕਰਦਿਆਂ ਬਹੁਮੁੱਲੀ ਜਾਣਕਾਰੀ ਦਿੱਤੀ ਹੈ। ਇਹ ਖੋਜਕਾਰਜ ਸਲਾਹੁਣਯੋਗ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c
ਸੁਲਭ ਸੰਗੀਤ
ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 106
ਸੰਪਰਕ : 98554-53539
ਡਾ. ਰਣਜੀਤ ਸਿੰਘ ਸੰਗੀਤ ਅਧਿਆਪਨ ਅਤੇ ਅਧਿਐਨ ਨਾਲ ਜੁੜੇ ਹੋਏ ਹੋਣ ਕਰਕੇ ਸੰਗੀਤ ਕਲਾ ਦਾ ਚੋਖਾ ਗਿਆਨ ਰੱਖਦੇ ਹਨ। ਪੁਸਤਕ ਦੇ ਆਰੰਭ ਵਿਚ ਭਾਰਤੀ ਸੰਗੀਤ ਦੇ ਆਧੁਨਿਕ ਕਾਲ ਦੇ ਇਤਿਹਾਸ ਬਾਰੇ ਰੌਸ਼ਨੀ ਪਾਈ ਗਈ ਹੈ। ਸੰਨ 1800 ਈ: ਤੋਂ ਹੁਣ ਤੱਕ ਦੇ ਸਮੇਂ ਨੂੰ ਲੇਖਕ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ:
1. ਆਰੰਭਿਕ ਆਧੁਨਿਕ ਕਾਲ (1800 ਈ: ਤੋਂ 1900 ਈ: ਤੱਕ)
2. ਪੂਰਵ ਸੁਤੰਤਰਤਾ ਕਾਲ (1900 ਈ: ਤੋਂ 1947 ਈ: ਤੱਕ)
3. ਸੁਤੰਤਰਤਾ ਉਪਰੰਤ ਕਾਲ (1947 ਈ: ਤੋਂ ਹੁਣ ਤੱਕ ਦਾ ਸਮਾਂ)
ਇਸ ਤੋਂ ਬਾਅਦ ਹਰਮੋਨੀਅਮ, ਤਬਲਾ ਤੇ ਤਾਨਪੁਰਾ ਸਾਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਹਰਮੋਨੀਅਮ ਦੀ ਬਣਤਰ, ਹਰਮੋਨੀਅਮ ਦੀਆਂ ਕਿਸਮਾਂ, ਹਰਮੋਨੀਅਮ ਦੇ ਗੁਣ, ਹਰਮੋਨੀਅਮ ਨੂੰ ਖੋਲ੍ਹਣ, ਬੰਦ ਕਰਨ ਤੇ ਵਜਾਉਣ ਦਾ ਤਰੀਕਾ। ਤਬਲੇ ਦੇ ਅੰਗ ਅਤੇ ਤਬਲਾ ਮਿਲਾਉਣ ਦਾ ਢੰਗ, ਤਾਨਪੁਰੇ ਦੇ ਅੰਗ, ਤਾਨਪੁਰੇ ਦੇ ਤਾਰਾਂ ਨੂੰ ਮਿਲਾਉਣਾ, ਤਾਨਪੁਰਾ ਛੇੜਨਾ, ਤਾਨਪੁਰੇ ਦੀ ਬੈਠਕ। ਭਾਰਤੀ ਰਾਗਾਂ ਦੇ ਸਮਾਂ-ਸਿਧਾਂਤ ਬਾਰੇ ਦੱਸਿਆ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਰਾਗਾਂ ਨੂੰ ਨਿਸ਼ਚਿਤ ਸਮੇਂ 'ਤੇ ਗਾਉਣ-ਵਜਾਉਣ ਦਾ ਸਿਧਾਂਤ ਪ੍ਰਚੱਲਿਤ ਹੈ। ਰਾਗਾਂ ਦਾ ਸਮਾਂ ਨਿਸ਼ਚਿਤ ਕਰਨ ਲਈ ਰਾਗਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ :
1. 'ਰੇੁ' ਅਤੇ 'ਧੁ' ਕੋਮਲ ਸੁਰਾਂ ਵਾਲੇ ਰਾਗ (ਸੰਧੀ ਪ੍ਰਕਾਸ਼ ਰਾਗ)
2. 'ਰੇ' ਅਤੇ 'ਧ' ਸ਼ੁੱਧ ਸੁਰਾਂ ਵਾਲੇ ਰਾਗ (ਸਵੇਰੇ 7 ਤੋਂ 10 ਵਜੇ)
3. 'ਗੁ' ਅਤੇ 'ਨੁੀ' ਕੋਮਲ ਸੁਰਾਂ ਵਾਲੇ ਰਾਗ (ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਰਾਤ ਦੇ 10 ਵਜੇ ਤੋਂ ਸਵੇਰੇ 4 ਵਜੇ ਤੱਕ)
ਉਪਰੰਤ ਸੰਗੀਤਕ ਪਰਿਭਾਸ਼ਾਵਾਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੈ। ਗਾਇਨ ਦੇ ਗੁਣਾਂ ਅਤੇ ਦੋਸ਼ਾਂ ਬਾਰੇ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ। ਪੁਸਤਕ ਦੇ ਅਗਲੇ ਭਾਗ ਵਿਚ ਥਾਟ ਅਤੇ ਉਨ੍ਹਾਂ ਤੋਂ ਉਤਪੰਨ ਹੋਣ ਵਾਲੇ ਰਾਗਾਂ ਬਾਰੇ ਦੱਸਿਆ ਗਿਆ ਹੈ। ਅਰਥਾਤ ਰਾਗ ਦਾ ਜਨਮ ਥਾਟ ਤੋਂ ਹੁੰਦਾ ਹੈ। ਇਸ ਦੇ ਨਾਲ ਹੀ ਪੰ. ਵਿਸ਼ਣੂ ਨਾਰਾਇਣ ਭਾਤਖੰਡੇ ਦੇ 10 ਥਾਟਾਂ ਬਾਰੇ ਪਾਠਕਾਂ ਨੂੰ ਗਿਆਨ ਦਿੱਤਾ ਗਿਆ ਹੈ। ਸੰਗੀਤ ਵਿਚ ਤਾਲ ਦਾ ਕੀ ਸਥਾਨ ਹੈ, ਅਰਥਾਤ ਤਾਲ ਦਾ ਸੰਗੀਤ ਵਿਚ ਕੀ ਮਹੱਵਤ ਹੈ? ਇਸ ਵਿਸ਼ੇ 'ਤੇ ਪ੍ਰਕਾਸ਼ ਪਾਇਆ ਗਿਆ ਹੈ।
ਇਸ ਤੋਂ ਬਾਅਦ ਲੇਖਕ ਨੇ ਗਾਇਨ-ਸ਼ੈਲੀਆਂ (ਧਰੁਪਦ, ਧਮਾਰ, ਤਰਾਨਾ, ਠੁਮਰੀ, ਖ਼ਿਆਲ, ਟੱਪਾ, ਚਤੁਰੰਗ, ਸਰਗਮ ਗੀਤ, ਸਾਦਰਾ, ਭਜਨ, ਸ਼ਬਦ, ਕੱਵਾਲੀ, ਹੋਰੀ, ਤ੍ਰਿਵਿਟ, ਦਾਦਰਾ, ਚੈਤੀ, ਕਜ਼ਰੀ, ਕ੍ਰਿਤੀ, ਜਾਵਲੀ, ਤਾਲ ਮਲਿਕਾ, ਕੀਰਤਨਮ, ਤਿਲਾਨਾ ਅਤੇ ਖਮਸਾ) ਬਾਰੇ ਬੜੇ ਸੁਖੈਨ ਢੰਗ ਨਾਲ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਹੈ। ਰਾਗ ਵਿਵਰਣ ਸਿਰਲੇਖ ਅਧੀਨ ਰਾਗ ਮਾਲਕੌਂਸ, ਭੈਰਵ, ਖਮਾਜ ਅਤੇ ਭੀਮ ਪਲਾਸੀ ਦੀਆਂ ਵਿਸ਼ੇਸ਼ਤਾਵਾਂ ਅਤੇ ਛੋਟੇ ਖ਼ਿਆਲਾਂ ਦਾ ਵਰਨਣ ਕੀਤਾ ਹੈ। ਰਾਗ ਵਿਵਰਣ ਮਗਰੋਂ ਤਾਲ ਵਿਵਰਣ ਅਧੀਨ ਵੱਖ-ਵੱਖ ਤਾਲਾਂ ਬਾਰੇ ਦੱਸਿਆ ਗਿਆ ਹੈ। ਅੰਤ ਵਿਚ ਛੋਟੇ ਉੱਤਰਾਂ ਵਾਲੇ ਪ੍ਰਸ਼ਨ-ਉੱਤਰ ਦਿੱਤੇ ਗਏ ਹਨ। ਪੂਰੀ ਉਮੀਦ ਹੈ ਕਿ ਪਾਠਕਾਂ, ਸੰਗੀਤ ਪ੍ਰੇਮੀਆਂ, ਸੰਗੀਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਪੁਸਤਕ ਬਹੁਤ ਲਾਭਦਾਇਕ ਸਿੱਧ ਹੋਵੇਗੀ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
c c c
ਜਦੋਂ ਲੋਕ ਜਾਗੇ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ 100 ਰੁਪਏ, ਸਫ਼ੇ : 88
ਸੰਪਰਕ : 84375-29875
ਜਰਨੈਲ ਸਿੰਘ ਮੱਲੇਆਣਾ ਦੀ ਪੁਸਤਕ 'ਜਦੋਂ ਲੋਕ ਜਾਗੇ' ਕਿਸਾਨ ਅੰਦੋਲਨਾਂ ਨਾਲ ਸੰਬੰਧਤ ਤੱਥਾਂ ਅਧਾਰਿਤ ਦਸਤਾਵੇਜ਼ ਹੈ। ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਘਟਨਾਵਾਂ ਦਾ ਸਟੀਕ ਵੇਰਵਾ ਦਿੱਤਾ ਗਿਆ ਹੈ। ਪੁਸਤਕ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੀ ਯਥਾਰਥਕ ਤਸਵੀਰਕਸ਼ੀ ਕਰਦੀ ਹੈ। ਇਸ ਦੇ ਪ੍ਰਮੁੱਖ ਤਿੰਨ ਅਧਿਆਇ ਹਨ। ਪਹਿਲੇ ਵਿਚ 'ਪਹਿਲਾਂ ਲੜੇ ਗਏ ਕਿਸਾਨ ਘੋਲ ਤੇ ਉਨ੍ਹਾਂ ਦਾ ਵੇਰਵਾ' ਅਧੀਨ ਬਾਰ ਦੀ ਅਬਾਦਕਾਰੀ ਤੇ ਵੀਹਵੀਂ ਸਦੀ ਦੀ ਕਿਸਾਨ ਲਹਿਰ, ਅੰਮ੍ਰਿਤਸਰ ਦਾ ਕਿਸਾਨ ਮੋਰਚਾ, ਨੀਲੀਬਾਰ ਦਾ ਮੁਜ਼ਾਰਾ ਘੋਲ, ਮਾਲਵਾ ਖਿੱਤੇ ਦੇ ਦੋ ਸ਼ਾਨਾਂਮੱਤੇ ਸੰਘਰਸ਼ਾਂ ਦੀ ਗਾਥਾ, ਪੈਪਸੂ ਦੀ ਮੁਜ਼ਾਰਾ ਲਹਿਰ, ਖ਼ੁਸ਼ ਹੈਸੀਅਤੀ ਟੈਕਸ ਵਿਰੋਧੀ ਮੋਰਚਾ, ਦੂਜੇ ਅਧਿਆਇ ਵਿਚ ਖੇਤੀ ਕਾਨੂੰਨ, ਖੇਤ, ਖੇਤੀ ਤੇ ਕਿਸਾਨਾਂ ਦੀ ਤਬਾਹੀ ਦਾ ਮੁੱਢ, ਤੀਜੇ ਵਿਚ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦਾ ਰੋਲ ਆਦਿ ਹਨ। ਲੇਖਕ ਦੀ ਦ੍ਰਿਸ਼ਟੀ ਪਹਿਲਾਂ ਪਾਠਕ ਨੂੰ ਆਪਣੇ ਇਤਿਹਾਸਕ ਕਿਸਾਨੀ ਅੰਦੋਲਨਾਂ ਬਾਰੇ ਜਾਣਕਾਰੀ ਦੇ ਕੇ ਇਤਿਹਾਸ ਤੇ ਵਰਤਮਾਨ ਵਿਚ ਯਥਾਰਥਕ ਸਥਿਤੀ ਦੀ ਜਾਣਕਾਰੀ ਦੇਣਾ ਹੈ। ਦਿੱਲੀ ਦੇ ਬਾਰਡਰ ਉੱਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਏਕਤਾ ਦੇ ਸੂਤਰ ਵਿਚ ਬੱਝ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ। ਅੰਦੋਲਨ ਦੇ ਕਾਰਜਕਾਲ ਵਿਚ 750 ਕਿਾਸਨ ਸ਼ਹੀਦ ਹੋਏ ਅਤੇ ਸਰਕਾਰ ਨਾਲ 11 ਮੀਟਿੰਗਾਂ ਕੀਤੀਆਂ ਗਈਆਂ। ਕਿਸਾਨੀ ਮੁੱਦਿਆਂ ਨਾਲ ਸੰਬੰਧਿਤ ਯੋਜਨਾਬੱਧ ਤਰੀਕੇ ਨਾਲ ਜਾਣਕਾਰੀ ਦਿੱਤੀ ਅਤੇ ਇਸ ਨੂੰ ਸਮਾਜਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਪੱਖ ਨਾਲ ਜੋੜ ਕੇ ਵਿਚਾਰ-ਚਰਚਾ ਹੁੰਦੀ ਰਹੀ। ਕਾਰਪੋਰੇਟ ਘਰਾਣਿਆਂ ਦੀਆਂ ਲੋਕ-ਮਾਰੂ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕਿਸਾਨ ਤੇ ਨੌਜਵਾਨਾਂ ਨੂੰ ਆਪਣੇ ਮਾਣਮੱਤੇ ਇਤਿਹਾਸ, ਜਿਵੇਂ ਬੰਦਾ ਬਹਾਦਰ ਦੁਆਰਾ ਹਲ ਵਾਹਕਾਂ ਨੂੰ ਖੇਤਾਂ ਦਾ ਅਧਿਕਾਰ ਦੇਣਾ, ਚਾਚਾ ਅਜੀਤ ਸਿੰਘ ਦੀ ਅਣਥੱਕ ਮਿਹਨਤ, ਗ਼ਦਰੀ ਬਾਬਿਆਂ ਦੀ ਘਾਲਣਾ, ਭਗਤ ਸਿੰਘ, ਸਰਾਭਾ, ਦੇਸ਼ ਦੇ ਕ੍ਰਾਂਤੀਕਾਰੀਆਂ ਦਾ ਯੋਗਦਾਨ ਤੇ ਕਾਰਜ-ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖਕ ਦੀ ਇਹ ਪੁਸਤਕ, ਪਾਠਕਾਂ ਨੂੰ ਇਤਿਹਾਸਕ, ਵਰਤਮਾਨ, ਨਵੀਨ ਤੇ ਯਥਾਰਥਵਾਦੀ ਪਹਿਲੂਆਂ ਨਾਲ ਜੋੜੇਗੀ। ਪੁਸਤਕ ਦੇ ਅਖ਼ੀਰ ਵਿਚ ਸਾਡੇ ਮਹਾਨ ਦੇਸ਼ ਭਹਗਤਾਂ ਦੀਆਂ ਤਸਵੀਰਾਂ ਤੇ ਨਾਂਅ ਦਰਜ ਹਨ ਜੋ ਸਾਡੇ ਕਿਸਾਨੀ ਖੇਤਰ ਲਈ ਸੰਘਰਸ਼ਸ਼ੀਲ ਮਾਰਗ ਦਰਸ਼ਨ ਲਈ ਪ੍ਰੇਰਨਾ ਦਾ ਕਾਰਜ ਕਰਦੇ ਹਨ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
c c c
ਮੇਰੇ ਜੀਵਨ ਦੀਆਂ ਯਾਦਾਂ
ਲੇਖਕ : ਸ. ਵਰਿਆਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫੇ : 236
ਸੰਪਰਕ : thindgk@hotmail.com
ਵਿਚਾਰਧੀਨ ਸਵੈਜੀਵਨੀ ਦਾ ਪਹਿਲਾ ਸੰਸਕਰਨ 2009 ਵਿਚ ਲੇਖਕ ਦੇ ਜਿਊਂਦੇ ਹੀ ਛਪ ਗਿਆ ਸੀ। ਹਥਲੀ ਪੁਸਤਕ ਦੂਸਰਾ ਸੰਸਕਰਨ ਹੈ ਜੋ ਲੇਖਕ ਦੀ ਬੇਟੀ ਨੇ ਸੰਪਾਦਨ ਕਰਕੇ 2022 ਵਿਚ ਪ੍ਰਕਾਸ਼ਿਤ ਕਰਵਾਇਆ ਹੈ। ਇਸ ਪੁਸਤਕ ਦੇ ਪਹਿਲੇ ਚਾਰ ਕਾਂਡਾਂ ਵਿਚ ਲੇਖਕ ਦੇ ਨਜ਼ਦੀਕੀ ਸੰਬੰਧੀਆਂ ਨੇ ਆਪਣੇ ਸਤਿਕਾਰਿਤ ਬਾਪੂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਵਰਿਆਮ ਸਿੰਘ ਦਾ ਜਨਮ 30 ਜੂਨ, 1926 ਨੂੰ ਪਾਕਿਸਤਾਨੀ ਪੰਜਾਬ ਵਿਚ ਹੋਇਆ। ਇਸ ਸਵੈ-ਜੀਵਨੀ ਵਿਚ ਲੇਖਕ ਦੀ ਬੰਸਾਵਲੀ, ਬਚਪਨ, ਵਿੱਦਿਆ, ਸ਼ਾਦੀ, ਨੌਕਰੀ ਹਾਸਿਲ ਲਈ ਯਤਨ, ਸਾਇੰਸ ਅਧਿਆਪਕ ਲੱਗਣ ਉਪਰੰਤ ਮੁੱਖ ਅਧਿਆਪਕ ਵਜੋਂ ਤਰੱਕੀ ਲੈ ਕੇ ਸੇਵਾ-ਮੁਕਤੀ ਤੱਕ (30 ਜੂਨ, 1984) ਤੱਕ ਦੀਆਂ ਅਹਿਮ ਘਟਨਾਵਾਂ ਨੂੰ ਫੋਕਸੀਕਰਨ ਹਿਤ ਗ੍ਰਹਿਣ ਕੀਤਾ ਗਿਆ ਹੈ। ਮੁੱਖ ਇਤਿਹਾਸਕ ਘਟਨਾਵਾਂ ਵਿਚ ਅੰਗਰੇਜ਼ਾਂ ਵਲੋਂ 1892 ਵਿਚ 'ਬਾਰ' ਦਾ ਵਸਾਉਣਾ, ਸੁਤੰਤਰਤਾ ਸੰਘਰਸ਼, ਭਾਰਤ-ਪਾਕਿ ਵੰਡ, ਮਹਾਤਮਾ ਗਾਂਧੀ ਦਾ ਗੋਡਸੇ ਵਲੋਂ ਕਤਲ, ਪਰਤਾਪ ਸਿੰਘ ਕੈਰੋਂ ਦਾ ਮੁੱਖ ਮੰਤਰੀ ਵਜੋਂ ਕਾਰਜ ਕਾਲ, ਖ਼ਾਲਸਾ ਕਾਲਜ ਦੀਆਂ ਘਟਨਾਵਾਂ ਆਦਿ ਦਾ ਵਰਨਣ ਕੀਤਾ ਗਿਆ ਹੈ। ਪਹਿਲਾਂ ਹੀ 1947 ਦੇ ਖ਼ੂਨ ਖਰਾਬੇ ਦੀ ਦੁਖਦੀ ਰਗ ਕਾਰਨ ਹੀ ਸ਼ਾਇਦ ਪੰਜਾਬ ਦੇ ਕਾਲੇ ਦਿਨਾਂ ਬਾਰੇ ਗੱਲ ਕਰਨ ਤੋਂ ਲਗਭਗ ਸੰਜਮ ਹੀ ਵਰਤਿਆ ਗਿਆ ਪ੍ਰਤੀਤ ਹੁੰਦਾ ਹੈ। ਸਾਰੀਆਂ ਇਤਿਹਾਸਕ ਘਟਨਾਵਾਂ ਦਾ ਸਮਾਂ, ਸਥਾਨ, ਮਿਤੀਆਂ ਅਨੁਸਾਰ ਬਾਖੂਬੀ ਦਰਸਾਇਆ ਗਿਆ ਹੈ। ਭਾਰਤ-ਵੰਡ ਦੇ ਉਜਾੜੇ ਸਮੇਂ ਦਾ ਵਰਨਣ ਕਰਦਿਆਂ ਦੱਸਿਆ ਗਿਆ ਹੈ ਕਿ 'ਹਾਲਾਤ ਇਹੋ ਜਿਹੇ ਸੀ ਕਿ ਨਾ ਕੋਈ ਰੋਂਦਾ ਸੀ, ਨਾ ਅਫਸੋਸ ਕਰਨ ਆਉਂਦਾ ਸੀ ਕਿਉਂਕਿ ਇਹ ਨਹੀਂ ਸੀ ਪਤਾ ਕਿ ਅਗਲੀ ਘੜੀ, ਆਪਣੇ ਨਾਲ ਕੀ ਹੋ ਜਾਣਾ ਹੈ?' (ਪੰਨਾ : 91) ਵੱਖ-ਵੱਖ ਸਕੂਲਾਂ ਵਿਚ ਕੀਤੇ ਕੰਮਾਂ ਦੀ ਵਿਸਤ੍ਰਤ ਜਾਣਕਾਰੀ ਦਿੱਤੀ ਗਈ ਹੈ। ਪਾਠਕਾਂ ਨੂੰ ਇੰਜ ਪ੍ਰਤੀਤ ਹੋਣਾ ਸੁਭਾਵਿਕ ਹੈ ਜਿਵੇਂ ਇਹ ਰਚਨਾ ਵਿਦਿਅਕ ਸਵੈ-ਜੀਵਨੀ ਹੀ ਹੋਵੇ। ਸਵੈ-ਜੀਵਨੀ ਦੇ ਦੂਜੇ ਭਾਗ ਵਿਚ 'ਉਦੋਂ ਤੇ ਹੁਣ' (ਸੰਸਾਰ ਸਾਧਨ, ਪੰਚਾਇਤਾਂ, ਪ੍ਰੀਖਿਆ ਕੇਂਦਰਾਂ 'ਚ ਨਕਲ, ਧਰਤੀ ਹੇਠਲਾ ਪਾਣੀ, ਪੈਸੇ ਦਾ ਮੁੱਲ, ਹਕੂਮਤਾਂ ਦੀ ਮੰਦੀ ਹਾਲਤ, ਭ੍ਰਿਸ਼ਟਾਚਾਰ, ਪੜ੍ਹਾਈ ਆਦਿ) ਆਏ ਪਰਿਵਰਤਨਾਂ ਦਾ ਦਾਰਸ਼ਨਿਕ ਦ੍ਰਿਸ਼ਟੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਤੀਜਾ ਭਾਗ ਕੈਨੇਡਾ ਫੇਰੀ ਨਾਲ ਸਫ਼ਰਨਾਮਾ ਹੀ ਹੋ ਨਿਬੜਿਆ ਹੈ। ਪੁਸਤਕ ਦੇ ਅਖੀਰ ਵਿਚ ਲੇਖਕ ਦੇ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਦੀਆਂ ਰੰਗੀਨ ਤਸਵੀਰਾਂ ਹਨ। ਲੇਖਕ ਨੂੰ ਸਵੈ-ਜੀਵਨੀ ਵਿਧਾ ਦੀ ਸਿਧਾਂਤਕ ਸੂਝ ਪ੍ਰਾਪਤ ਹੈ। ਲਿਖਦਾ ਹੈ 'ਸਵੈ-ਜੀਵਨੀ ਲਿਖਣ ਵਿਚ ਇਕ ਅਨੋਖੀ ਮੁਸ਼ਕਿਲ ਪੇਸ਼ ਆਉਂਦੀ ਹੈ ਕਿ ਆਦਮੀ ਨੂੰ ਆਪਣੇ ਕੰਮ ਬਾਰੇ ਆਪ ਹੀ ਦੱਸਣਾ ਪੈਂਦਾ ਹੈ, ਸੋ, ਨਾ ਲਿਖੇ ਤਾਂ ਗੱਲ ਨੀ ਬਣਦੀ, ਜੇ ਲਿਖੇ ਤਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਂਦੀ ਹੈ : ਪੰਨਾ 124, ਸੰਖੇਪ ਇਹ ਕਿ ਇਹ ਸਵੈ-ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨ ਦੀ ਸਮਰੱਥਾ ਰੱਖਦੀ ਹੈ। ਇਸ ਮਹਾਨ ਸ਼ਖ਼ਸੀਅਤ ਦਾ ਦਿਹਾਂਤ 25 ਅਪ੍ਰੈਲ, 2015 ਪਿੰਡ ਚੌਹਾਨ (ਅਮ੍ਰਿਤਸਰ) ਵਿਖੇ ਹੋਇਆ।
-ਡਾ. ਧਰਮ ਚੰਦ ਵਾਤਿਸ਼
vatish.dharamchand.@gmail.com
ਖਿਡੌਣੇ ਵਾਲਾ
ਲੇਖਕ : ਮਾ. ਨਰਿੰਦਰ ਸਿੰਘ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ ਸਹਾਰਨਮਾਜਰਾ
ਮੁੱਲ : 125 ਰੁਪਏ, ਸਫ਼ੇ : 35
ਸੰਪਰਕ : 98789-00475
ਮਾ. ਨਰਿੰਦਰ ਸਿੰਘ ਨੇ ਆਪਣੀ ਨਵੀਂ ਛਪੀ ਬਾਲ ਕਾਵਿ ਪੁਸਤਕ 'ਖਿਡੌਣੇ ਵਾਲਾ' ਵਿਚ ਪੰਜ ਤੋਂ ਅੱਠ ਸਾਲਾਂ ਦੇ ਬਾਲ-ਪਾਠਕਾਂ ਦੀ ਮਾਨਸਿਕਤਾ ਅਤੇ ਮਨੋਵਿਗਿਆਨ ਦੇ ਅਨੁਕੂਲ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਵਿਸ਼ੈ-ਮੂਲਕ ਵਿਭਾਜਨ ਕੀਤਾ ਜਾਵੇ ਤਾਂ 'ਅਧਿਆਪਕ', 'ਪੀ.ਟੀ.ਸਰ' ਅਤੇ 'ਬਸਤਾ' ਕਵਿਤਾਵਾਂ ਦੀ ਬੁਨਿਆਦ ਵਿਦਿਆਰਥੀਆਂ, ਸਿੱਖਿਆ ਅਤੇ ਅਧਿਆਪਕ ਦੇ ਗੂੜ੍ਹੇ ਰਿਸ਼ਤੇ ਉਪਰ ਟਿਕੀ ਹੋਈ ਹੈ। 'ਖਿਡੌਣੇ ਵਾਲਾ', 'ਭੰਡਾ-ਭੰਡਾਰੀਆ', 'ਰੇਲ', 'ਚਾਇਨਾ ਡੋਰ' ਅਤੇ 'ਗੁੱਡੀ' ਕਵਿਤਾਵਾਂ ਬੱਚਿਆਂ ਦੇ ਖੇਡ-ਖਿਡੌਣਿਆਂ ਦਾ ਮਹੱਤਵ ਦਰਸਾਉਂਦੀਆਂ ਹਨ। 'ਚਿੜੀ ਦਾ ਦੁੱਖ' ਕਵਿਤਾ ਮਨੁੱਖ ਲਈ ਸਵਾਲਨਾਮਾ ਹੈ, ਜਿਸ ਵਲੋਂ ਈਜ਼ਾਦ ਕੀਤੇ ਗਏ ਟਾਵਰ ਦੀਆਂ ਤਰੰਗਾਂ ਨੇ ਮਾਸੂਮ ਪੰਛੀਆਂ ਦੀਆਂ ਜਿੰਦਾਂ ਨੂੰ ਸੰਕਟ ਵਿਚ ਪਾ ਦਿੱਤਾ ਹੈ। ਅਧਿਆਪਨ ਕਿੱਤੇ ਨਾਲ ਸੰਬੰਧਤ ਹੋਣ ਕਾਰਨ ਕਵੀ ਬਾਲਾਂ ਦੀਆਂ ਮਾਨਸਿਕ ਅਤੇ ਬੌਧਿਕ ਸਮੱਸਿਆਵਾਂ ਪ੍ਰਤੀ ਇਲਮ ਰੱਖਦਾ ਹੈ। ਰਲ, ਸਹਿਜ ਅਤੇ ਸੁਭਾਵਿਕ ਰੂਪ ਵਿਚ ਸਿਰਜੀਆਂ ਇਹ ਕਵਿਤਾਵਾਂ ਬੱਚਿਆਂ ਨੂੰ ਆਸਾਨੀ ਨਾਲ ਕੰਠ ਹੋ ਜਾਂਦੀਆਂ ਹਨ। ਕਲਾ ਪੱਖ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਹਰ ਕਵਿਤਾ ਦਾ ਸਿਰਲੇਖ ਬਾਲ-ਮਨਾਂ ਵਿਚ ਜਿਗਿਆਸਾ ਉਤਪੰਨ ਕਰਦਾ ਹੈ। ਇਸ ਪ੍ਰਕਾਰ ਖੇਡ-ਖੇਡ ਵਿਚ ਹੀ ਇਹ ਕਵਿਤਾਵਾਂ ਬਾਲ ਪਾਠਕਾਂ ਦੇ ਮਨਾਂ ਵਿਚ ਉਸਾਰੂ ਜੀਵਨ ਜਾਚ ਦੇ ਬੀਜਾਂ ਦਾ ਛੱਟਾ ਦਿੰਦੀਆਂ ਹਨ। ਇਨ੍ਹਾਂ ਵਿਚ ਬਾਲਾਂ ਉਪਰ 'ਇਹ ਕਰੋ' ਜਾਂ 'ਇਹ ਨਾ ਕਰੋ' ਵਰਗੇ ਜ਼ਬਰਦਸਤੀ ਉਪਦੇਸ਼ ਥੋਪਣ ਦਾ ਪ੍ਰਯਤਨ ਨਹੀਂ ਕੀਤਾ ਗਿਆ। ਸੁਖਵੰਤ ਕੁਹਾੜਾ ਦੀ ਤੂਲਿਕਾ ਨਾਲ ਸਿਰਜੇ ਢੁੱਕਵੇਂ ਚਿੱਤਰ ਇਹਨਾਂ ਨਰਸਰੀ ਕਵਿਤਾਵਾਂ ਲਈ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕਰਦੇ ਹਨ। ਉਮੀਦ ਹੈ, ਬਾਲ ਪਾਠਕ ਇਨ੍ਹਾਂ ਨਰਸਰੀ ਗੀਤਾਂ ਦਾ ਆਨੰਦ ਮਾਣਨਗੇ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
c c c\
ਕਾਲਾ ਸੂਰਜ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ: 96
ਸੰਪਰਕ : 99884-44002
ਗੁਰਦਿਆਲ ਰੌਸ਼ਨ ਪੰਜਾਬੀ ਦੇ ਨਿਰੰਤਰ ਲਿਖਣ ਵਾਲੇ ਕੁਝ ਕੁ ਸਮਰੱਥ ਗ਼ਜ਼ਲਕਾਰਾਂ ਵਿਚੋਂ ਹਨ। ਹੱਥਲੇ ਗ਼ਜ਼ਲ-ਸੰਗ੍ਰਹਿ 'ਕਾਲਾ ਸੂਰਜ' ਤੋਂ ਪਹਿਲਾਂ ਉਨ੍ਹਾਂ ਦੇ ਅਠਾਰਾਂ ਗ਼ਜ਼ਲ-ਸੰਗ੍ਰਹਿ, ਨੌਂ ਕਾਵਿ-ਸੰਗ੍ਰਹਿ, ਪੰਜ ਬਾਲ ਕਾਵਿ-ਸੰਗ੍ਰਹਿ ਅਤੇ ਦੋ ਨਿਬੰਧ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਦਰਜਨ ਦੇ ਕਰੀਬ ਪੁਸਤਕਾਂ ਉਨ੍ਹਾਂ ਨੇ ਸੰਪਾਦਿਤ ਵੀ ਕੀਤੀਆਂ ਹਨ। ਤਸੱਲੀ ਵਾਲੀ ਗੱਲ ਹੈ ਕਿ ਏਨੇ ਵੱਡੇ ਮੁਕਾਮ 'ਤੇ ਪਹੁੰਚਣ ਦੇ ਬਾਵਜੂਦ ਵੀ ਉਹ ਲੁੱਟੇ-ਪੁੱਟੇ ਜਾ ਰਹੇ ਲੋਕਾਂ ਨਾਲ ਖੜ੍ਹੇ ਦਿਖਾਈ ਦਿੰਦੇ ਹਨ:
ਅਸੀਂ ਪੁੱਛਾਂਗੇ ਜਦ ਵੀ ਵਕਤ ਆਇਆ,
ਅਸਾਡੇ ਆਲ੍ਹਣੇ ਕਿੱਦਾਂ ਸੜੇ ਨੇ।
ਇਕ ਸੁਪਨੇ ਉਹ ਹੁੰਦੇ ਹਨ, ਜਿਹੜੇ ਗੂੜ੍ਹੀ ਨੀਂਦ ਦੀ ਬੇਹੋਸ਼ੀ ਵਿਚ ਦੇਖੇ ਜਾਂਦੇ ਹਨ ਅਤੇ ਦੂਜੇ ਸੁਪਨੇ ਉਹ ਹੁੰਦੇ ਹਨ, ਜਿਨ੍ਹਾਂ ਦੀ ਉਸਾਰੀ ਪੂਰੇ ਹੋਸ਼-ਹਵਾਸ ਵਿਚ ਰਹਿੰਦਿਆਂ ਕੀਤੀ ਜਾਂਦੀ ਹੈ। ਇਹ ਜਾਗਦੀਆਂ ਅੱਖਾਂ ਦੇ ਸੁਪਨੇ ਹੀ ਇਨਸਾਨ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ ਅਤੇ ਉਹ ਕਦੇ ਵੀ ਉਸ ਨੂੰ ਆਰਾਮ ਨਾਲ ਬਹਿਣ ਨਹੀਂ ਦਿੰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੁਪਨਿਆਂ ਦੇ ਜਿਊਂਦੇ ਰਹਿਣ ਵਿਚ ਹੀ ਜ਼ਿੰਦਗੀ ਦੇ ਅਸਲੀ ਅਰਥ ਲੁਕੇ ਹੁੰਦੇ ਹਨ-
ਪਹਿਲਾਂ ਭਟਕੇ ਪਿੱਛੋਂ
ਉਹ ਪੱਥਰ ਦੀ ਜੂਨ ਪਵੇ,
ਜਦ ਸੁਪਨਾ ਮਰ ਜਾਂਦਾ ਹੈ, ਸਾਕਾਰ ਨਹੀਂ ਹੁੰਦਾ।
ਗੁਰਦਿਆਲ ਰੌਸ਼ਨ ਸਹੀ ਅਰਥਾਂ ਵਿਚ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਹਨ। ਗ਼ਜ਼ਲ ਲਿਖਣੀ ਉਨ੍ਹਾਂ ਨੇ ਉਸ ਵੇਲੇ ਸ਼ੁਰੂ ਕਰ ਦਿੱਤੀ ਸੀ, ਜਦੋਂ ਅਜੇ ਇਸ ਗੱਲ ਦੀ ਬਹਿਸ ਹੀ ਖ਼ਤਮ ਨਹੀਂ ਸੀ ਹੋਈ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਵੀ ਜਾ ਸਕਦੀ ਹੈ ਜਾਂ ਨਹੀਂ। 'ਦੀਪਕ ਗ਼ਜ਼ਲ ਸਕੂਲ' ਦੇ ਸੰਚਾਲਕ ਹੋਣ ਵਜੋਂ ਉਹ ਗ਼ਜ਼ਲ ਦੇ ਬਹੁਤ ਸਾਰੇ ਸਿਖਾਂਦਰੂਆਂ ਲਈ ਰਾਹ-ਦਸੇਰਾ ਬਣ ਕੇ ਪੰਜਾਬੀ ਗ਼ਜ਼ਲ ਦੇ ਰੌਸ਼ਨ ਭਵਿੱਖ ਲਈ ਯਤਨਸ਼ੀਲ ਹਨ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
c c c
ਮੇਰਾ ਪਿੰਡ ਮੇਰੇ ਲੋਕ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 650 ਰੁਪਏ, ਸਫ਼ੇ : 358
ਸੰਪਰਕ : 82849-09596
ਪਿੰਡਾਂ ਜਾਂ ਸਥਾਨਿਕ ਇਤਿਹਾਸ ਨੂੰ ਕਲਮਬੰਦ ਕਰਨ ਦੀ ਸਰਕਾਰਾਂ ਅਤੇ ਸੰਬੰਧਿਤ ਸੰਸਥਾਵਾਂ ਨੇ ਭਾਵੇਂ ਅਹਿਮੀਅਤ ਨਹੀਂ ਸਮਝੀ ਪਰ ਵਿਅਕਤੀਗਤ ਪੱਧਰ 'ਤੇ ਪਿੰਡਾਂ ਦੇ ਪਿਛੋਕੜ ਜਾਂ ਸਮਕਾਲੀ ਗਾਥਾ ਨੂੰ ਦਸਤਾਵੇਜ਼ ਕਰਨ ਦੀਆਂ ਸੁਹਿਰਦ ਕੋਸ਼ਿਸ਼ਾਂ ਹੋ ਰਹੀਆਂ ਹਨ। 'ਮੇਰਾ ਪਿੰਡ ਮੇਰੇ ਲੋਕ' ਸਿਰਲੇਖ ਤਹਿਤ ਪ੍ਰੌਢ ਲੇਖਕ ਅਵਤਾਰ ਸਿੰਘ ਬਿਲਿੰਗ ਨੇ ਆਪਣੀ ਜੰਮਣ ਭੋਂਇ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸੇਹ ਦੇ ਅਤੀਤ ਅਤੇ ਵਰਤਮਾਨ ਨੂੰ ਕਲਮਬੰਦ ਕਰਨ ਦਾ ਸਾਰਥਿਕ ਯਤਨ ਕੀਤਾ ਹੈ।
38 ਕਾਂਡਾਂ ਵਿਚ ਲਿਖੀ ਇਹ ਪੁਸਤਕ ਪਿੰਡ ਦੀ ਸਥਾਪਨਾ, ਪਿੰਡ ਨਾਲ ਸੰਬੰਧਿਤ ਦੰਦ-ਕਥਾਵਾਂ, ਭੂਗੋਲਿਕ ਸਥਿਤੀ, ਪੱਤੀ ਵੰਡ, ਜਾਤਾਂ-ਗੋਤਾ, ਟਿਕਣਾ-ਹਿਜ਼ਰਤ ਤੇ ਪ੍ਰਵਾਸ ਸਮੇਤ ਰਕਬਾ, ਜੰਗਲ-ਬੇਲੇ, ਜਲ-ਸੋਮਿਆਂ ਅਤੇ ਹੋਏ ਵਾਪਰੇ ਤੇ ਸਮਕਾਲ ਦੇ ਹਾਂਦਰੂ ਅਤੇ ਭੈੜ ਨੂੰ ਬਿਆਨਦੀ ਹੈ।
ਇਸ ਦੇ ਕੁਝ ਪਾਠ ਅਤੇ ਤਲਖ਼ ਹਕੀਕਤਾਂ ਬੜੀਆਂ ਅਹਿਮ ਹਨ, '...ਮੁਰੱਬੇਬੰਦੀ ('ਹਰੇ ਇਨਕਲਾਬ') ਨੇ ਬਨਸਪਤੀ ਵਢਾਂਗੇ ਦਾ ਮੁੱਢ ਬੰਨ੍ਹਿਆ, ਇਹ ਮਾੜਾ ਰੁਝਾਨ ਹੁਣ ਵੀ ਜਾਰੀ ਹੈ। ਪਾਣੀ ਅਤੇ ਬਨਸਪਤੀ ਨਾਲ ਲਬਰੇਜ਼ ਟੋਏ-ਟਿੱਬੇ ਖ਼ਤਮ ਹੋ ਗਏ, ਵਿਰਾਸਤੀ ਝੁੰਡ ਵੀ ਜਿਹੜੇ ਮਿੱਤਰ ਜੀਵਾਂ ਅਤੇ ਜੜ੍ਹੀਆਂ-ਬੂਟੀਆਂ ਤੇ ਆਬੋ-ਹਵਾ ਦੇ ਭੰਡਾਰ ਸਨ। ਜਿਹੜੇ ਪਿੰਡਾਂ ਦੀ ਸਾਂਝੀ ਆਰਥਿਕਤਾ (ਸਰੀਰਕ) ਸਨ।' ਦਰ-ਹਕੀਕਤ, ਇਸੇ ਆਰਥਿਕਤਾ ਅਤੇ ਧਰੋਹਰ ਨੂੰ ਬਚਾਉਣ ਲਈ ਸਾਡੇ ਆਦਿਵਾਸੀ ਲੜ ਰਹੇ ਹਨ, ਜਿਨ੍ਹਾਂ ਨੂੰ ਸਾਡਾ 'ਅਧੁਨਿਕ ਵਰਗ' ਹਕਾਰਤ ਨਾਲ 'ਜਾਂਗਲੀ' ਕਹਿੰਦਾ ਹੈ।
ਇਹ ਪੁਸਤਕ ਸਿਰਫ਼ ਸੇਹ ਵਾਸੀਆਂ ਲਈ ਹੀ ਅਮੁੱਲਾ ਦਸਤਾਵੇਜ਼ ਨਹੀਂ ਸਗੋਂ ਇਸ ਪੁਸਤਕ ਵਿਚ ਬੜਾ ਕੁਝ ਹੋਰ ਹੈ ਜਿਹੜਾ ਹੋਰਾਂ ਨੁੰ ਵੀ ਪੜ੍ਹਨਾ ਬਣਦੇ ਖ਼ਾਸ ਕਰਕੇ ਉਨ੍ਹਾਂ ਨੂੰ ਜਿਹੜੇ ਪਿੰਡਾਂ ਦੀ ਤਵਾਰੀਖ 'ਚ ਦਿਲਚਪਸੀ ਰੱਖਦੇ ਹਨ ਅਤੇ ਖੋਜਾਰਥੀਆਂ ਨੂੰ ਤਾਂ ਬਿਲਕੁਲ ਹੀ।
-ਵਿਜੈ ਬੰਬੇਲੀ
ਮੋਬਾਈਲ : 94634-39075
c c c
ਅਨਮੋਲ ਰਤਨ
ਲੇਖਕ : ਹਰਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 250 ਰੁਪਏ, ਸਫੇ : 104+8
ਸੰਪਰਕ : 86177-94159
ਸ. ਹਰਦੇਵ ਸਿੰਘ ਗਰੇਵਾਲ ਪਿੰਡ ਫੱਲੇਵਾਲ (ਜ਼ਿਲ੍ਹਾ ਲੁਧਿਆਣਾ) ਦਾ ਜੰਮਪਲ ਹੈ। ਰੋਜ਼ਗਾਰ ਦੀ ਤਲਾਸ਼ ਵਿਚ ਆਪਣੇ ਇਲਾਕੇ ਤੋਂ ਗਏ ਹੋਰ ਅਨੇਕ ਪੰਜਾਬੀਆਂ ਵਾਂਗ ਉਹ ਵੀ ਕੋਲਕਾਤੇ ਚਲਾ ਗਿਆ ਸੀ। ਉਥੇ ਉਸ ਨੇ 'ਰੋਜ਼ਾਨਾ ਨਵੀਂ ਪ੍ਰਭਾਤ' ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ। ਉਹ ਇਸ ਮਹਾਂਨਗਰ ਦੀ ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਵੀ ਰਿਹਾ। ਉਸ ਨੂੰ ਪੰਜਾਬ ਅਤੇ ਬੰਗਾਲ ਸਰਕਾਰ ਵਲੋਂ ਬਹੁਤ ਸਾਰੇ ਇਨਾਮ-ਸਨਮਾਨ ਹਾਸਲ ਹੋ ਚੁੱਕੇ ਹਨ। ਉਸ ਨੇ ਕੁਝ ਕਾਵਿ ਪੁਸਤਕਾਂ ਦੇ ਨਾਲ-ਨਾਲ ਕੋਲਕਾਤੇ ਦੇ ਪੰਜਾਬੀ ਸੁਤੰਤਰਤਾ ਸੰਗਰਾਮੀਆਂ ਬਾਰੇ ਇਕ ਪੁਸਤਕ ਦੀ ਰਚਨਾ ਵੀ ਕੀਤੀ ਹੈ। 'ਕੋਲਕਾਤਾ ਅਤੇ ਪੂਰਬੀ ਭਾਰਤ ਦੀ ਪੰਜਾਬੀ ਕਵਿਤਾ' ਨੂੰ ਸੰਗ੍ਰਹਿਤ ਕਰਨ ਦੇ ਨਾਲ-ਨਾਲ ਹੁਣ ਉਸ ਨੇ ਕੋਲਕਾਤੇ ਦੀਆਂ ਪ੍ਰਮੁੱਖ ਪੰਜਾਬੀ ਹਸਤੀਆਂ ਬਾਰੇ ਹਥਲੀ ਪੁਸਤਕ 'ਅਨਮੋਲ ਰਤਨ' ਦੀ ਸਿਰਜਣਾ ਕੀਤੀ ਹੈ। ਇਸ ਪੁਸਤਕ ਵਿਚ 33 ਹਸਤੀਆਂ ਦੇ ਕਾਵਿ-ਚਿਤਰ ਅਤੇ ਵਾਰਤਕ ਜੀਵਨੀਆਂ ਪ੍ਰਕਾਸ਼ਿਤ ਹਨ। ਇਸ ਪੁਸਤਕ ਵਿਚ ਪੰਜਾਬ ਦੇ ਦੋ ਪ੍ਰਮੁੱਖ ਸਾਹਿਤਕਾਰਾਂ ਹਰਨਾਮ ਦਾਸ ਸਹਿਰਾਈ ਅਤੇ ਆਤਮ ਹਮਰਾਹੀ ਦੇ ਕਾਵਿ-ਚਿੱਤਰ ਵੀ ਸੰਕਲਿਤ ਹਨ। ਪੰਜਾਬੀ ਲੋਕ 20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਹੀ ਕੋਲਕਾਤੇ ਪਹੁੰਚ ਗਏ ਸਨ ਅਤੇ ਉਥੇ ਜਾ ਕੇ ਇਨ੍ਹਾਂ ਨੇ ਟਰਾਂਸਪੋਰਟ ਬਿਜ਼ਨੈਸ ਉਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ, ਜੋ ਉਨ੍ਹਾਂ ਤੋਂ ਪਹਿਲਾਂ ਅੰਗਰੇਜ਼ ਅਫਸਰਾਂ ਦੇ ਹੱਥਾਂ ਵਿਚ ਸੀ। ਦਿੱਲੀ ਦੀ ਟਰਾਂਸਪੋਰਟ ਉੱਪਰ ਪੰਜਾਬੀ ਬਾਅਦ ਵਿਚ ਕਾਬਜ਼ ਹੋਏ। ਦਰਅਸਲ 20ਵੀਂ ਸਦੀ ਦੇ ਆਰੰਭ ਵਿਚ ਦਿੱਲੀ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਸੀ। ਅੰਗਰੇਜ਼ਾਂ ਨੇ ਭਾਵੇਂ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਨਵੀਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਤਾਂ ਬਣਾ ਦਿੱਤਾ ਸੀ ਪਰ ਇਥੇ ਕਾਰੋਬਾਰੀਆਂ ਲਈ ਵਧੇਰੇ ਸੰਭਾਵਨਾਵਾਂ ਜਾਗ੍ਰਿਤ ਨਹੀਂ ਸਨ ਹੋਈਆਂ। ਕੋਲਕਾਤੇ ਅਤੇ ਪੂਰੇ ਪੱਛਮੀ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਪੰਜਾਬੀ ਇਨਕਲਾਬੀਆਂ ਦੇ ਸੰਬੰਧ ਗ਼ਦਰ ਲਹਿਰ (1913-14 ਈ.) ਦੇ ਸਮੇਂ ਤੋਂ ਹੀ ਜੁੜੇ ਹੋਏ ਹਨ। ਪੰਜਾਬੀਆਂ ਨੇ ਇਸ ਸ਼ਹਿਰ ਵਿਚ ਪਹੁੰਚ ਕੇ ਪੰਜਾਬੀ ਸਾਹਿਤ, ਅਕਾਲੀ ਪਾਰਟੀ, ਗੁਰਸਿੱਖੀ ਅਤੇ ਪੰਜਾਬੀਅਤ ਦਾ ਪਰਚਮ ਬੁਲੰਦ ਕੀਤਾ। ਹਰਦੇਵ ਸਿੰਘ ਗਰੇਵਾਲ ਨੇ ਸ. ਜੋਧ ਸਿੰਘ (ਨਰੂਲਾ), ਬਖਸ਼ੀਸ਼ ਸਿੰਘ ਧੰਜਲ, ਮਨਜੀਤ ਸਿੰਘ ਕਲਕੱਤਾ, ਪ੍ਰੋ. (ਡਾ.) ਹੀਰਾ ਲਾਲ ਚੋਪੜਾ, ਗਿਆਨੀ ਰਣਜੀਤ ਸਿੰਘ, ਹਰਜੀਤ ਸਿੰਘ ਦਾਖਾ, ਕਰਤਾਰ ਸਿੰਘ ਕਾਂਝਲਾ, ਹਰਚਰਨ ਸਿੰਘ ਬਾਬਾ, ਕਾਇਮ ਖਾਂ ਵਾਰਿਆ ਅਤੇ ਅਮਰੀਕ ਸਿੰਘ ਅਰੋੜਾ ਵਰਗੇ ਪੰਜਾਬੀਅਤ ਨੂੰ ਪਿਆਰ ਅਤੇ ਉਤਸ਼ਾਹਿਤ ਕਰਨ ਵਾਲੀਆਂ ਹਸਤੀਆਂ ਦੇ ਜੀਵਨ ਵੇਰਵੇ (ਕਾਵਿ ਅਤੇ ਵਾਰਤਕ, ਦੋਵਾਂ ਵਿਚ) ਬਿਆਨ ਕੀਤੇ ਹਨ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
c c c
ਸੁੱਚੇ ਸ਼ਬਦ
ਸੰਗ੍ਰਹਿ ਕਰਤਾ : ਰਣਜੀਤ ਕੌਰ
ਮੂਲ ਲੇਖਕ : ਡਾ. ਗੁਰਬਖ਼ਸ਼ ਸਿੰਘ ਭੰਡਾਲ
ਪਬਲਿਸ਼ਰਜ਼ : ਅਸਟੀਮ ਪ੍ਰਿੰਟਰਜ਼, ਲੁਧਿਆਣਾ
ਸਫੇ : 115
ਸੰਪਰਕ : 98761-72587
ਸੁੱਚੇ ਸ਼ਬਦ ਕਥਨ ਸੰਗ੍ਰਹਿ ਹੈ, ਜਿਸ ਨੂੰ ਸੰਗ੍ਰਹਿ ਕਰਤਾ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਵਾਰਤਕ ਲੇਖਕ ਗੁਰਬਖ਼ਸ਼ ਸਿੰਘ ਭੰਡਾਲ ਦੇ ਲੇਖਾਂ ਵਿਚੋਂ ਉਨ੍ਹਾਂ ਦੇ ਵੱਖ-ਵੱਖ ਕਥਨਾਂ ਨੂੰ ਲੈ ਕੇ ਵਰਣਮਾਲਾ ਤਰਤੀਬ ਵਿਚ ਉਨ੍ਹਾਂ ਨੂੰ ਪੇਸ਼ ਕਰਦਿਆਂ ਪਾਠਕਾਂ ਦੇ ਸਾਂਹਵੇ ਪੇਸ਼ ਕੀਤਾ ਹੈ। ਸੰਗ੍ਰਹਿ ਕਰਤਾ ਨੇ ਆਪਣੇ ਨਿੱਜੀ ਤਜਰਬੇ ਨੂੰ ਇਸ ਪੁਸਤਕ ਦਾ ਆਧਾਰ ਦੱਸਦਿਆ ਇਸ ਨੂੰ ਛਪਵਾਉਣ ਦਾ ਸਬੱਬ ਵੀ ਇਸ ਪੁਸਤਕ ਦੇ ਸਵੈ ਕਥਨ ਵਿਚ ਪੇਸ਼ ਕੀਤਾ ਹੈ। ਜੀਵਨ ਨੂੰ ਨਵੇਂ ਰੰਗਾਂ ਵਿਚ ਰੰਗਣ ਵਾਲੀ ਉਦਾਸੀ ਵਿਚੋਂ ਪੈਦਾ ਹੁੰਦੇ ਰੰਗ, ਜੀਵਨ ਦੇ ਨਵੇਂ ਅਰਥ ਭਾਲਣ ਵਾਲੀ ਇਸ ਪੁਸਤਕ ਵਿਚਲੇ ਸਾਰੇ ਹੀ ਕਥਨ ਮਨੁੱਖ ਨੂੰ ਜੀਵਨ ਵਿਚੋਂ ਉਪਰਾਮਤਾ ਨੂੰ ਦੂਰ ਕਰ ਕੇ ਇਕ ਨਵੇਂ ਹੌਸਲੇ ਨਾਲ ਜ਼ਿੰਦਗੀ ਨੂੰ ਜਿਊਣ ਨਾਲੋਂ ਮਾਨਣ ਦਾ ਉਦੇਸ਼ ਦਿੰਦੇ ਨਜ਼ਰ ਆਉਂਦੇ ਹਨ। ਪੁਸਤਕ ਉਪਦੇਸ਼ ਨਹੀਂ ਉਦੇਸ਼ ਦਿੰਦੀ ਨਜ਼ਰ ਆਉਂਦੀ ਹੈ, ਜਿਸ ਵਿਚ ਜੀਵਨ ਅਤੇ ਸਾਹਾਂ ਦੀ ਸਾਰੰਗੀ ਰਾਹੀਂ ਨਵੀਆਂ ਧੁਨਾਂ ਅਤੇ ਉਨ੍ਹਾਂ ਵਿਚੋਂ ਆਸ਼ਾ ਦੇ ਸੰਗੀਤ ਨੂੰ ਪੈਦਾ ਕਰ ਨਵੇਂ ਚਾਅ ਨਾਲ ਜੀਣ ਦੀ ਗੱਲ ਕੀਤੀ ਗਈ ਹੈ। ਪੈਂਤੀ ਅੱਖਰਾਂ ਨੂੰ ਆਧਾਰ ਬਣਾ ਕੇ ਉਸ ਤਰਤੀਬ ਵਿਚ ਸ਼ੁਰੂ ਹੋਣ ਵਾਲੇ ਸੁੱਚੇ ਸ਼ਬਦਾਂ ਨੂੰ ਪੁਸਤਕ ਵਿਚ ਇਕੱਠਾ ਕਰ ਕੇ ਪਾਠਕਾਂ ਨੂੰ ਸ਼ਬਦਾਂ ਦੇ ਰੂਬਰੂ ਕਰਨ ਦਾ ਇਹ ਕਦਮ ਸਾਦਗੀ, ਸੁਹਜ ਅਤੇ ਸਹਿਜ ਵਾਲਾ ਹੈ, ਜਿਸ ਵਿਚ ਵਹਿੰਦੇ ਦਰਿਆ ਦੇ ਪਾਣੀ ਵਰਗੀ ਰਵਾਨਗੀ ਹੈ ਅਤੇ ਸ਼ਬਦਾਂ ਦੇ ਅਰਥ ਇਕ-ਦੂਜੇ ਨੂੰ ਪੂਰਦੇ ਨਜ਼ਰ ਆਉਂਦੇ ਹਨ। ਉਦਾਸ ਸਵੇਰਿਆਂ ਦੀ ਗੱਲ ਹੋਵੇ ਫਿਰ ਆਤਮ-ਸਨਮਾਨ ਅਤੇ ਆਤਮਿਕ ਬਲ ਦੀ, ਸਾਹਾਂ ਦੀ ਸਾਰੰਗੀ ਦੀ ਗੱਲ ਹੋਵੇ ਜਾਂ ਸਹਿਣਸ਼ੀਲਤਾ ਦੀ, ਚੰਨ ਦੀ ਚਾਨਣੀ ਦੀ ਤਲਾਸ਼ ਜਾਂ ਜਾਗਦੀ ਜ਼ਮੀਰ ਨਾਲ ਸਿਰਨਾਵੇਂ ਦੀ ਤਲਾਸ਼ ਦਾ ਸਫ਼ਰ, ਗੱਲ ਕੀ ਹਰ ਹਰਫ਼ ਪਾਠਕ ਅੰਦਰ ਜੋਸ਼ ਅਤੇ ਜੋਤ ਜਗਾਉਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ। ਨਾਉਮੀਦੀ ਨੂੰ ਉਮੀਦ ਵਿਚ ਬਦਲਣ ਅਤੇ ਹਰ ਨਵੇਂ ਦਿਨ ਨੂੰ ਨਵੇਂ ਅਰਥਾਂ ਵਿਚ ਲੈਣ ਦਾ ਵਲ ਸਿਖਾਉਂਦੇ ਇਹ ਸੁੱਚੇ ਸ਼ਬਦ ਪਾਠਕਾਂ ਨੂੰ ਜ਼ਰੂਰ ਪਸੰਦ ਆਉਣਗੇ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
c c c
ਗੋਰਾਂ ਨਾਲ ਉਲਾਹਮੇ
ਮੂਲ ਲੇਖਕ : ਏਜਾਜ਼
ਲਿਪੀਵਟਾਂਦਰਾ : ਪਰਮਜੀਤ ਮੀਸ਼ਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 95019-44119
ਅਜੋਕੇ ਪਾਕਿਸਤਾਨੀ ਪੰਜਾਬੀ ਲੇਖਕਾਂ ਦੀ ਨਵੀਂ ਪੀੜ੍ਹੀ ਦਾ ਵਿਲੱਖਣ ਹਸਤਾਖ਼ਰ ਹੈ-ਏਜਾਜ਼। ਉਹ ਪੰਜਾਬੀ ਮਾਂ-ਬੋਲੀ ਦਾ ਕਾਲਜ ਪ੍ਰੋਫ਼ੈਸਰ ਵੀ ਹੈ ਅਤੇ ਸਫਲ ਸਮੀਖਿਆਕਾਰ ਵੀ। ਉਸ ਦਾ ਵਿਚਾਰਧੀਨ ਕਹਾਣੀ-ਸੰਗ੍ਰਹਿ ਵਿਸ਼ਿਆਂ ਪੱਖੋਂ ਵੀ ਨਿਵੇਕਲਾ ਹੈ ਅਤੇ ਗਲਪੀਕਰਨ ਪੱਖੋਂ ਵੀ ਮੌਲਿਕ ਜੁਗਤਾਂ ਦਾ ਨਵਾਂ ਪ੍ਰਯੋਗ ਹੈ। ਉਹ ਬਿਰਤਾਂਤਕ ਖੇਤਰ ਵਿਚ ਹਾਸ਼ੀਆਕ੍ਰਿਤ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ। ਕਥਾਵਾਂ ਪਾਲੀਫੋਨੀ ਨੇ, ਅਨੇਕਾਂ ਪ੍ਰਕਿਰਿਆ/ਪਤਾਕੇ/ ਉਪ-ਕਥਾਵਾਂ ਭਾਵੇਂ ਜਟਿਲ ਬਿਰਤਾਂਤ ਸਿਰਜਦੀਆਂ ਹਨ ਪਰ ਸਮੁੱਚਾ ਪ੍ਰਭਾਵ ਇਕਮੁੱਠਤਾ ਗ੍ਰਹਿਣ ਕਰਦਾ ਨੋਟ ਕੀਤਾ ਜਾ ਸਕਦਾ ਹੈ। ਸੰਵਾਦਾਂ ਦੀ ਭਾਸ਼ਾ ਪਾਤਰ-ਅਨੁਕੂਲ ਹੈ। ਸ਼ਬਦਾਵਲੀ ਵਿਚ ਦੁਹਰਾਅ ਵੀ ਵੇਖਿਆ ਜਾ ਸਕਦਾ ਹੈ। ਸ਼ਾਇਦ ਹੀ ਕੋਈ ਕਹਾਣੀ ਹੋਵੇ ਜਿਸ ਵਿਚ 'ਜਿਧਰਾਂ-ਕਿਧਰਾਂ' ਅਤੇ 'ਮਸਲਸਲ' ਸ਼ਬਦਾਂ ਦਾ ਪ੍ਰਯੋਗ ਨਾ ਹੋਇਆ ਹੋਵੇ। ਇਸ ਸੰਗ੍ਰਹਿ ਵਿਚ 8 ਵੱਡੀਆਂ ਅਤੇ 5 ਛੋਟੀਆਂ ਕਹਾਣੀਆਂ ਸ਼ਾਮਲ ਹਨ। 'ਨੈਣੋਂ ਮੇਂ ਬਸੇ ਨੰਦ ਲਾਲ' ਅਤੇ 'ਗੋਰਾਂ ਨਾਲ ਉਲਾਹਮੇ' ਦੋਵੇਂ ਕਹਾਣੀਆਂ ਨਾਵਲੈੱਟ ਦਾ ਆਕਾਰ ਹੀ ਧਾਰਨ ਕਰ ਗਈਆਂ ਪ੍ਰਤੀਤ ਹੁੰਦੀਆਂ ਹਨ। ਕਹਾਣੀ 'ਖੁੱਲ੍ਹਾ ਅਸਮਾਨ' ਦਾ ਸਿਰਲੇਖ ਬੜਾ ਸ਼ਕਤੀਸ਼ਾਲੀ ਮੈਟਾਫ਼ਰ ਹੈ, ਜਿਸ ਦੇ ਤੁਲਨਾਤਮਿਕ ਅਰਥ ਕਹਾਣੀ ਦੇ ਅੰਤ ਤੋਂ ਸਮਝੇ ਜਾ ਸਕਦੇ ਹਨ। ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਅਸਹਿ ਤਸੀਹੇ ਸਹਿੰਦਾ ਕੈਦੀ 'ਠੰਢੀ ਆਹ ਭਰਦਿਆਂ ਖੁੱਲ੍ਹੇ ਅਸਮਾਨ ਵੱਲ ਵੇਖਦਾ ਹੈ... ਉਥੇ ਆਜ਼ਾਦ ਫ਼ਿਜ਼ਾ ਵਿਚ ਬਹੁਤ ਸਾਰੇ ਪਖੇਰੂ ਇਕ-ਦੂਜੇ ਨਾਲ ਕਲੋਲਾਂ ਕਰਦੇ, ਉਡਾਰੀਆਂ ਭਰ ਰਹੇ ਹਨ।' ਪੰ. 30. 'ਆਵਾਜ਼ਾਂ' ਕਹਾਣੀ ਵਿਚ ਭਿੰਨ-ਭਿੰਨ ਆਵਾਜ਼ਾਂ ਵਾਰੋ-ਵਾਰੀ ਆਪੋ-ਆਪਣੇ ਦੁੱਖਾਂ ਦੀ ਕਥਾ ਆਪਣੀ ਜ਼ਬਾਨੀ ਦੱਸ ਰਹੀਆਂ ਹਨ। 'ਨੈਣੋਂ ਮੇਂ ਬਸੇ ਨੰਦਲਾਲ' ਮੀਰਾ ਬਾਈ ਦੇ ਜਨਮ ਤੋਂ ਲੈ ਕੇ ਗਿਰਧਰ ਗੋਪਾਲ ਨਾਲ ਉਸ ਦੇ ਸੱਚੇ ਇਸ਼ਕ ਦੀ ਗਾਥਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਕ ਪਾਕਿਸਤਾਨੀ ਯੁਵਾ ਲੇਖਕ ਮੀਰਾ ਬਾਈ ਬਾਰੇ ਇਤਨਾ ਸੰਵੇਦਨਸ਼ੀਲ ਬਿਰਤਾਂਤ ਸਿਰਜ ਸਕਿਆ ਹੈ। 'ਬਾਂਝ' ਕਹਾਣੀ ਦੀ ਨਾਇਕਾ ਨਮਰਦ ਪਤੀ ਤੋਂ ਬੱਚੇ ਦੀ ਆਸ ਰੱਖਦੀ ਮਾਨਸਿਕ ਰੋਗ ਸਹੇੜ ਬੈਠਦੀ ਹੈ। 'ਬਾਜੀ' ਕਥਾ ਵਿਚ ਵੱਡੀ ਭੈਣ ਨੂੰ ਛੱਡ ਕੇ, ਛੋਟੀ ਦਾ ਵਿਆਹੇ ਜਾਣਾ ਈਰਖਾ ਦਾ ਕਾਰਨ ਬਣਦਾ ਹੈ। ਨਾਇਕਾ ਸ਼ੀਜ਼ੋਫਰੇਨਿਕ ਹੋ ਜਾਂਦੀ ਹੈ। 'ਵਲਗਣਾਂ ਵਿਚ ਘਿਰਿਆ ਜੀਵਨ' ਕਹਾਣੀ ਦਾ ਨਾਇਕ ਦੁਚਿੱਤੀ ਦਾ ਸ਼ਿਕਾਰ ਹੈ। ਵਿਆਹ ਕਿਤੇ ਹੋਰ ਕਰਨਾ ਚਾਹੁੰਦਾ ਹੈ ਪਰ ਪ੍ਰੇਮਿਕਾ (ਨਾਇਕਾ) ਉਸ ਤੋਂ ਗਰਭਵਤੀ ਹੋ ਕੇ ਬੱਚੇ ਨੂੰ ਜਨਮ ਦਿੰਦੀ ਹੈ। 'ਲੋਕ ਕੀ ਕਹਿਣਗੇ ਇਸ ਕਥਾ ਦਾ ਕੇਂਦਰੀ ਸੂਤਰ ਜਾਪਦਾ ਹੈ', 'ਵਾਰਤਾ' ਕਥਾ ਦਾ ਕੇਂਦਰੀ ਕੋਡ ਹੈ 'ਹਰ ਇਕ ਚਿੰਤਾਵੰਦ, ਹਰ ਕੋਈ ਪ੍ਰੇਸ਼ਾਨ, ਸੁੱਖ ਤੇ ਸਕੂਨ ਨਾਂਅ ਦੀ ਸ਼ੈਅ ਕਿਸੇ ਨੂੰ ਭੋਰਾ ਵੀ ਨਸੀਬ ਨਹੀਂ' ਪੰ. 113.
ਕਹਾਣੀਆਂ 'ਚ ਸ਼ਬਦ-ਚਿੱਤਰ ਵਿਧੀ ਦਾ ਵਿਲੱਖਣ ਪ੍ਰਯੋਗ 'ਗੋਰਾਂ ਨਾਲ ਉਲਾਹਮੇ' ਕਹਾਣੀ ਵਿਚੋਂ ਵੇਖਿਆ ਜਾ ਸਕਦਾ ਹੈ। ਘਰ ਦੀ ਬੁੱਢੀ ਦਾਦੀ ਦਾ ਸ਼ਬਦ-ਚਿੱਤਰ ਪੋਤੇ, ਦੋਹਤੀ, ਪੁੱਤਰ, ਨੂੰਹ ਆਦਿ ਦੇ ਬਿਆਨਾਂ ਰਾਹੀਂ ਕਲਾਤਮਿਕ ਛੋਹਾਂ ਨਾਲ ਸਿਰਜਿਆ ਗਿਆ ਹੈ। ਇਵੇਂ 5 ਨਿੱਕੀਆਂ ਕਹਾਣੀਆਂ ਦਾ ਬਿਰਤਾਂਤ ਵੀ ਭਾਵਪੂਰਤ ਹੈ। ਕੁੱਲ ਮਿਲਾ ਕੇ ਲਿੱਪੀ-ਵਟਾਂਦਰਾ ਸਫਲ ਰਿਹਾ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com
c c c
ਗਾਇਕੀ ਗਗਨ ਦੇ
ਉਦਾਸ ਨਗ਼ਮੇ
ਲੇਖਕ : ਐੱਸ. ਅਸ਼ੋਕ ਭੌਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 150
ਸੰਪਰਕ : 95011-45039
ਇਸ ਪੁਸਤਕ ਵਿਚ ਲੇਖਕ ਨੇ ਮਹਾਨ ਸੰਗੀਤਕਾਰਾਂ ਤੇ ਕਲਾਕਾਰਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉੱਪਰ ਰੌਸ਼ਨੀ ਪਾਈ ਹੈ। ਇਨ੍ਹਾਂ ਕਲਾਕਾਰਾਂ ਵਿਚ ਅਭਿਨੇਤਾ, ਲੋਕ ਗਾਇਕਾਂ, ਸ਼ਾਸਤਰੀ ਸੰਗੀਤਕਾਰਾਂ, ਢਾਡੀਆਂ, ਕਵੀਸ਼ਰਾਂ ਆਦਿ ਨੂੰ ਸ਼ਾਮਿਲ ਕਰਦਿਆਂ ਉਨ੍ਹਾਂ ਬਾਰੇ ਵਿਸਤ੍ਰਿਤ ਗਿਆਨ ਪ੍ਰਦਾਨ ਕੀਤਾ ਹੈ। ਇਨ੍ਹਾਂ ਦੀਆਂ ਲਾਸਾਨੀ ਜੀਵਨੀਆਂ ਨੂੰ ਲੇਖਕ ਨੇ ਹੇਠ ਲਿਖੇ ਸਿਰਲੇਖਾਂ ਅਧੀਨ ਪ੍ਰਸਤੁਤ ਕੀਤਾ ਹੈ :
ਗਿਰੀਸ਼ ਕਰਨਾਡ ਦੀ ਅਲਵਿਦਾ ਸੁੰਨਾ ਹੋਇਆ ਰੰਗ ਮੰਚ (ਥੀਏਟਰ) ਤੇ ਫ਼ਿਲਮੀ ਮੰਚ, ਬਾਦਸ਼ਾਹ ਅਕਬਰ, ਬੈਜੂ ਬਾਵਰਾ ਤੇ ਤਾਨਸੈਨ... ਸੰਗੀਤ ਦੇ ਪ੍ਰਸੰਗ, ਬਰਕਤ ਸਿੱਧੂ : ਉੱਠ ਗਏ ਗੁਆਂਢੋ ਯਾਰ, ਸ਼ਾਸਤਰੀ ਸੰਗੀਤ ਦਾ ਉੱਚਾ ਬੁਰਜ ਸੀ ਉਸਤਾਦ ਬੀ.ਐਸ. ਨਾਰੰਗ, ਦਇਆ ਸਿੰਘ ਦਿਲਬਰ : ਸਿੱਖ ਪੰਥ ਤੇ ਢਾਡੀ ਰਾਗ ਦੇ ਮਹਾਨ ਹੀਰੇ ਨੂੰ ਅਲਵਿਦਾ, ਪੰਥ ਪ੍ਰਸਿੱਧ ਮਹਾਨ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦਾ ਅਸਹਿ ਵਿਛੋੜਾ, ਤੁਰ ਗਿਆ ਕਵੀਸ਼ਰੀ ਦਾ ਜਰਨੈਲ ਜੋਗਾ ਸਿੰਘ ਜੋਗੀ, ਤੁਰ ਗਿਆ ਪੰਜਾਬੀਆਂ ਨੂੰ ਹਾਸੇ ਵੰਡਣ ਵਾਲਾ ਕੇ. ਦੀਪ ਉਰਫ਼ ਮਾਈ ਮੋਹਣੋ ਦਾ ਪੋਸਤੀ, ਮਿੱਤਰਾਂ ਦੀ ਲੂਣ ਦੀ ਡਲੀ' ਵਾਲਾ ਗਾਇਕ ਕਰਮਜੀਤ ਧੂਰੀ ਵੀ ਨਹੀਂ ਰਿਹਾ, ਪੰਜਾਬੀ ਗੀਤਾਂ ਵਿਚ ਗੂੰਜ ਦਾ ਕਿਸਾਨ ਅੰਦੋਲਨ, ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ, ਨਰਿੰਦਰ ਬੀਬਾ : ਹਜ਼ਾਰੋਂ ਬਰਸ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਨਰਿੰਦਰ ਚੰਚਲ : ਟੁੱਟ ਗਿਆ ਭਜਨ ਗਾਇਕੀ ਦੇ ਗਗਨ ਤੋਂ ਧਰੂ ਤਾਰਾ, ਤੁਰ ਗਿਆ ਭਾਰਤੀ ਸ਼ਾਸਤਰੀ ਸੰਗੀਤ ਦਾ ਪੰਡਿਤ, ਪੰਡਿਤ ਜਸਰਾਜ, ਪੰਜਾਬ ਦੀ ਇਖ਼ਲਾਕੀ ਗੀਤਕਾਰੀ ਦਾ ਇਕ ਯੁੱਗ ਸੀ ਪ੍ਰੀਤ ਮਹਿੰਦਰ ਤਿਵਾੜੀ, ਪੰਜਾਬੀ ਗੀਤ, ਸੰਗੀਤ ਅਤੇ ਮਨੋਰੰਜਨ ਦਾ ਉਦਾਸ ਵਿਹੜਾ, ਕਵੀਸ਼ਰ ਕਲਾ ਦਾ ਸ਼ਾਹ ਅਸਵਾਰ ਰਣਜੀਤ ਸਿੰਘ ਸਿੱਧਵਾਂ, ਪੰਜਾਬੀ ਗਾਇਕੀ ਦੀ ਗੀਤ ਸੰਗੀਤ ਨਾਲ ਝੋਲੀ ਭਰ ਕੇ ਤੁਰ ਗਿਆ ਸੁਰਾਂ ਦਾ ਸਿਕੰਦਰ, ਸਰਦੂਲ ਸਿਕੰਦਰ, ਗਿਰਜਾ ਦੇਵੀ 'ਠੁਮਰੀ ਦੀ ਰਾਣੀ' ਦੇ ਤੁਰ ਜਾਣ ਨਾਲ ਭਾਰਤੀ ਸੰਗੀਤ ਹੋਇਆ ਸੁੰਨ੍ਹਾ, ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੰਗੀਤਕ ਪੁਲ ਸੀ ਸ਼ੌਕਤ ਅਲੀ, ਛੁਪ ਗਿਆ ਵਡਾਲੀ ਦਾ ਸੰਗੀਤਕ ਚੰਦ, ਪੰਜਾਬੀ ਗਾਇਕਾਂ ਨੂੰ ਦਾਲ ਰੋਟੀ ਦੇ ਝੋਰੇ, ਪੰਜਾਬੀ ਸੰਗੀਤ ਪ੍ਰੇਮੀਆਂ ਦਾ ਦਿਲ ਤੇ ਜਾਨ ਸੀ ਗਾਇਕ ਦਿਲਜਾਨ, ਤੈਨੂੰ ਅਲਵਿਦਾ ਹੈ ਇਸ਼ਮੀਤ!, ਬਿੰਦਰਖੀਏ ਦੀ ਯਾਦ ਕਿਸੇ ਕੋਨੇ ਵਿਚ ਗੂੰਜੇਗੀ, ਅਗਲੀਆਂ ਪੀੜ੍ਹੀਆਂ 'ਚ ਵੀ ਆਪਣੇ ਗੀਤਾਂ ਨਾਲ ਸੁਰਜੀਤ ਰਹੇਗਾ ਗਿੱਲ ਸੁਰਜੀਤ, ਮੌੜ ਮੰਡੀ ਵਿਚ ਵਾਪਰਿਆ ਦੁਖਾਂਤ। ਉਪਰੋਕਤ ਸਾਰੇ ਕਲਾਕਾਰਾਂ ਦੀਆਂ ਜੀਵਨੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਪਾਠਕਾਂ ਦੀ ਖਿੱਚ ਦਾ ਕਾਰਨ ਬਣਦੀਆਂ ਹਨ। ਕਿਤਾਬ ਦੇ ਟਾਈਟਲ ਕਵਰ ਉੱਪਰ ਵੀ ਕੁਝ ਕਲਾਕਾਰਾਂ ਦੀਆਂ ਰੰਗੀਨ ਤਸਵੀਰ ਛਾਪੀਆਂ ਗਈਆਂ ਹਨ। ਸਮੁੱਚੇ ਤੌਰ 'ਤੇ ਗਾਇਕੀ ਦੇ ਖੇਤਰ ਵਿਚ ਛਪੀ ਇਹ ਇਕ ਵਧੀਆ ਪੜ੍ਹਨਯੋਗ ਪੁਸਤਕ ਹੈ, ਜਿਸ ਲਈ ਲੇਖਕ ਵਧਾਈ ਦਾ ਪਾਤਰ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
c c c
ਸਲੀਬਾਂ
ਲੇਖਿਕਾ : ਮਨਜੀਤ ਇੰਦਰਾ
ਮੁੱਲ : 200 ਰੁਪਏ, ਸਫ਼ੇ : 72
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਸੰਪਰਕ : 98764-23934
ਮਨਜੀਤ ਇੰਦਰਾ ਸਰਬਾਂਗੀ ਸਾਹਿਤਕਾਰਾ ਹੈ, ਜਿਸ ਨੇ ਕਵਿਤਾ ਅਤੇ ਵਾਰਤਕ ਵਿਚ ਆਪਣੀ ਮਾਨਵ-ਵਾਦੀ ਸੋਚ ਦਾ ਪਰਚਮ ਬੁਲੰਦ ਕੀਤਾ ਹੈ। 'ਸਲੀਬਾਂ' ਉਸ ਦਾ ਦਸਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਅੰਤਹਕਰਣ' (1974), 'ਕਾਲਾ ਬਾਗ਼' (1985-86), 'ਚੰਦਰੇ ਹਨੇਰੇ' (1992), 'ਤਾਰਿਆਂ ਦਾ ਛੱਜ' (1994-2021), ਪੂਰਤੀ ਅਪੂਰਤੀ (1996), 'ਤੂੰ ਆਵਾਜ਼ ਮਾਰੀ ਹੈ' (2003), 'ਅਲਖ' (2006), 'ਰੋਹ ਵਿਦਰੋਹ' (2012) ਅਤੇ 'ਤਾਂਡਵ 2018) ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੇ ਹਨ। 'ਸਲੀਬਾਂ' ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੇ ਹਨ। 'ਸਲੀਬਾਂ' ਕਾਵਿ-ਸੰਗ੍ਰਹਿ 'ਚ 'ਵੀਹ ਸੌ ਵੀਹ' ਤੋਂ ਲੈ ਕੇ 'ਟੈਗੋਰ ਹੋਵਾਂਗਾ ਮੈਂ' ਤੱਕ 25 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਸਰਵਰਕ 'ਤੇ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦਾ ਉਕਰਿਆ ਜਾਣਾ ਅਤੇ ਇਸ ਸੰਗ੍ਰਹਿ ਦਾ ਸਮਰਪਣ 'ਸੰਘਰਸ਼ੀ ਯੋਧਿਆਂ ਦੇ ਨਾਂਅ' ਦੇ ਵਾਕਾਂਸ਼ ਇਸ ਕਾਵਿ-ਪੁਸਤਕ ਦੇ ਕੇਂਦਰੀ ਨੁਕਤੇ 'ਏਕੇ ਅਤੇ ਸੰਘਰਸ਼' ਦਾ ਪ੍ਰਤੀਕ ਬਣਦੇ ਹਨ ਅਤੇ ਮਨੁੱਖ ਦੀ ਕਿਰਤ ਦੇ ਲੁਟੇਰਿਆਂ ਦੇ ਖ਼ਿਲਾਫ਼ ਸੰਘਰਸ਼ ਲੜਦੇ ਸੂਰਮਿਆਂ ਲਈ ਹੰਕਾਰੀ ਰਾਜ-ਸੱਤਾ ਵਲੋਂ ਦਿੱਤੇ ਜਾਂਦੇ 'ਸਲੀਬਾਂ' ਦੇ ਖ਼ੌਫ਼ ਦੇ ਮੰਜ਼ਰ ਵੀ ਬਹਾਦਰਾਂ ਦੇ ਹੌਸਲਿਆਂ ਨੂੰ ਪਸਤ ਨਹੀਂ ਕਰ ਸਕਦੇ। ਇਨ੍ਹਾਂ ਕਵਿਤਾਵਾਂ ਵਿਚ ਕੋਰੋਨਾ ਕਾਲ 'ਚ 'ਕਿਰਤੀਆਂ ਮੰਦਹਾਲੀ ਅਤੇ ਦੁਰਦਸ਼ਾ' ਆਮ ਹਾਲਤਾਂ 'ਚ ਔਰਤ ਜਾਤੀ ਨਾਲ ਜਿਸਮਾਨੀ ਤੇ ਮਾਨਸਿਕ ਤਸ਼ੱਦਦ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਾਪਸੀ ਦੇ ਸੰਬੰਧ ਵਿਚ ਵਾਪਰੇ ਭਿਆਨਕ ਵਾਕਿਆਤਾਂ ਦੇ ਮੰਜ਼ਰ ਸਿਰਜੇ ਗਏ ਹਨ। ਹਾਕਮੀ ਜ਼ੁਲਮ ਦੀ ਇੰਤਹਾ ਇਨ੍ਹਾਂ ਤਿੰਨਾਂ ਖੇਤਰਾਂ 'ਚ ਸ਼ਬਦਾਂ ਰਾਹੀਂ ਬਿਆਨੀ ਪਾਠਕ ਨੂੰ ਮਹਿਸੂਸ ਹੋਵੇਗੀ। ਤਾਨਾਸ਼ਾਹੀ ਤੋਂ ਮੁਲਕ ਭਾਵੇਂ ਲੋਕਤੰਤਰ ਵਿਚ ਬਦਲ ਗਿਆ ਹੈ, ਪ੍ਰੰਤੂ ਮਾਨਸਿਕਤਾ ਅਜੇ ਵੀ ਰਾਜਾਸ਼ਾਹੀ, ਰਜਵਾੜਾਸ਼ਾਹੀ ਵਾਲੀ ਹੀ ਸੰਵਿਧਾਨ ਦੀਆਂ ਸਹੁੰਆਂ ਚੁੱਕੀ ਹਾਕਮਾਂ ਵਲੋਂ ਨਿਭਾਈ ਜਾ ਰਹੀ ਹੈ :
ਸ਼ਹਿਨਸ਼ਾਹੀਆਂ ਭਾਵੇਂ ਮੁੱਕੀਆਂ
ਔਰੰਗੀ ਕਹਿਨ ਨਾ ਮੁੱਕਿਆ
ਧਰਮ ਦੀਆਂ ਪੈ ਰਹੀਆਂ ਵੰਡੀਆਂ
ਕੁਰਾਹੀਆਂ ਕਹਿਰ ਢਾਏ ਨੇ
ਸਾਊ ਮਖੋਟਿਆਂ ਪਿੱਛੇ
ਉਹੀ ਦਰਿੰਦਗੀ ਦਿਸਦੀ... (ਪੰਨਾ-30)
'ਸਪਿੱਟ ਕੋਬਰਾ' ਜੋ ਛੇ ਫੁੱਟ ਤੋਂ ਜ਼ਹਿਰੀਲੇ ਫੁੰਕਾਰਿਆਂ ਨਾਲ ਡੰਗਣ ਦੇ ਪ੍ਰਤੀਕ ਨੂੰ 'ਕੋਰੋਨਾ' ਨਾਲ ਜੋੜ ਕੇ ਲੇਖਿਕਾ ਨੇ ਮਨੁੱਖੀ ਭਾਈਚਾਰਿਆਂ 'ਚ ਸਿਰਜੀਆਂ ਜਾ ਰਹੀਆਂ ਵਿੱਥਾਂ ਦਾ ਬਾਖ਼ੂਬੀ ਚਿਤਰਣ ਕੀਤਾ ਹੈ। ਭਾਵਪੂਰਤ ਅਤੇ ਉਤਸ਼ਾਹਵਰਧਕ, ਬਿੰਬਾਂ/ਪ੍ਰਤੀਕਾਂ/ਅਲੰਕਾਰਾਂ ਨਾਲ ਜੜੀ ਹੋਈ ਸਰਲ, ਸਪੱਸ਼ਟ ਅਤੇ ਸਾਦਗੀ ਨਾਲ ਜੜੀ ਸ਼ਬਦਾਵਲੀ ਸੰਦੇਸ਼-ਸੰਚਾਰਿਤ ਕਰਨ ਵਿਚ ਸਫ਼ਲ ਹੈ।
-ਸੰਧੂ ਵਰਿਆਣਵੀ
ਮੋਬਾਈਲ : 98786-14096
c c c
ਮੇਰੀ ਕਥਾ ਕਹਾਣੀ
ਲੇਖਕ : ਪ੍ਰਿੰ. ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 163
ਸੰਪਰਕ : 98146-19342
ਸਵੈ-ਜੀਵਨੀ ਲਿਖਣੀ ਬੀਤੇ ਨੂੰ ਪੁਨਰ-ਸੁਰਜੀਤ ਕਰਨ ਦੀ ਕਲਾ ਹੈ। ਮਨੁੱਖ ਦਾ ਜੀਵਨ ਬਹੁਤ ਪ੍ਰਸਥਿਤੀਆਂ 'ਚੋਂ ਲੰਘਦਾ ਹੈ। ਹਰ ਦਿਨ ਮਹੱਤਵਪੂਰਨ ਹੁੰਦਾ ਹੈ। ਲੇਖਕ ਨੇ ਬੀਤੇ ਤੇ ਵਰਤਮਾਨ ਨੂੰ ਪੁਣ-ਛਾਣ ਕੇ ਆਪਣੇ-ਆਪ ਦਾ ਹਲਫ਼ੀਆ ਬਿਆਨ ਪੇਸ਼ ਕਰਨਾ ਹੁੰਦਾ ਹੈ। ਸਾਹਿਤ ਦੀ ਇਹ ਵਿਧਾ ਆਪਣੇ-ਆਪ ਦਾ ਮੁਲਾਂਕਣ ਕਰਨ ਦਾ ਕਠਿਨ ਕਾਰਜ ਹੈ। ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਨਿਬੰਧ ਪੁਸਤਕਾਂ ਨਾਲ ਮਾਲਾ-ਮਾਲ ਕੀਤਾ। ਉਨ੍ਹਾਂ ਦੇ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਸ਼ਬਦ-ਚਿੱਤਰ ਪੁਸਤਕ 'ਮੇਰੇ ਪਿੰਡ ਦਾ ਸ਼ੁਗਲਸਤਾਨ' ਬਹੁਤ ਰੌਚਕ ਤੇ ਵਿਲੱਖਣ ਹੈ। ਨਾਵਲਾਂ ਦੀ ਲੜੀ ਵੀ ਗਿਣਨਯੋਗ ਹੈ। ਇਸ ਸਾਰੀ ਸਾਹਿਤ-ਸਿਰਜਣਾ 'ਚੋਂ ਕਸ਼ੀਦ ਕੀਤੀ ਉਨ੍ਹਾਂ ਦੀ ਸਵੈ-ਜੀਵਨੀ-2 'ਮੇਰੀ ਕਥਾ ਕਹਾਣੀ' ਏਦਾਂ ਹੈ ਜਿਵੇਂ ਸ਼ੀਸ਼ੇ' 'ਚੋਂ ਤੱਕਿਆ ਅਸਲ ਰੂਪ ਤੁਹਾਨੂੰ ਸੱਚੋ-ਸੱਚ ਕਹਿ ਰਿਹਾ ਹੋਵੇ। ਅਜਿਹੀ ਦਲੇਰੀ ਨਾਲ ਲਿਖਣਾ ਪ੍ਰਿੰ: ਫ਼ਤਹਿਪੁਰੀ ਵਰਗਾ ਹੀ ਅਲਬੇਲਾ ਲੇਖਕ ਕਰ ਸਕਦਾ ਹੈ। ਇਸ ਕਥਾ-ਕਹਾਣੀ ਨੂੰ ਪ੍ਰਿੰ: ਸਾਹਿਬ ਨੇ 63 ਦਿਲਚਸਪ ਸਿਰਲੇਖਾਂ ਵਿਚ ਖਲਾਰਿਆ ਹੈ। ਆਪਣੇ ਬਚਪਨ ਨੂੰ ਝੂੰਗਾ, ਮੈਂ ਕੋਈ ਝੂਠ ਬੋਲਿਆ, ਘੋਨੇ ਮੋਨੇ ਹੋ ਜਾਣਾ, ਭੁੱਖ ਹੜਤਾਲ ਤੇ ਛੋਟੇ ਕੱਦ ਦਾ ਸੈਂਸਾ (ਬਿਨਾਂ ਕੁਝ ਲੁਕਾਇਆਂ ਬਿਆਨ ਕੀਤਾ। ਬਚਪਨ ਦੀਆਂ ਸ਼ਰਾਰਤਾਂ, ਪਿਓ ਵਲੋਂ ਕੁੱਟ ਖਾਣੀ ਤੇ ਪੰਗਾ ਲੈਣ ਤੋਂ ਗੁਰੇਜ਼ ਨਾ ਕਰਨੀ, ਬੜੀਆਂ ਹੀ ਰੌਚਕ ਘਟਨਾਵਾਂ ਹਨ। ਵਿਦਿਆਰਥੀ ਸਕੂਲੀ ਤੇ ਕਾਲਜੀ ਜੀਵਨ ਨੂੰ ਪੜ੍ਹ ਕੇ ਪ੍ਰਿੰ: ਸਾਹਿਬ ਦੀਆਂ ਪ੍ਰਾਪਤੀਆਂ ਦੀ ਝਲਕ ਬੇਬਾਕ ਟੁਕੜੀਆਂ ਦੀ ਆਰਸੀ ਜਾਪਦੀ ਹੈ। ਸਮਾਜ ਵਿਚ ਬੇਇਨਸਾਫ਼ੀਆਂ, ਈਰਖਾ, ਚੁਗਲੀ ਨਿੰਦਾ ਤੇ ਬਦਖੋਈਆਂ ਰਾਹੀਂ ਲੋਕ ਮਨ ਦੀਆਂ ਅੰਦਰਲੀਆਂ ਤਹਿਆਂ ਨੂੰ ਫਰੋਲਣ ਵਿਚ ਲੇਖਕ ਨੇ ਆਪਣੀ ਕਲਮੀ ਹੁਨਰ ਦੀ ਧਾਕ ਜਮਾਈ ਹੈ। ਆਪਣੇ ਅਧਿਆਪਕਾਂ ਪ੍ਰਤੀ ਅੰਤਾਂ ਦਾ ਸਤਿਕਾਰ, ਆਪਣੇ ਲੇਖਕ ਦੋਸਤਾਂ ਪ੍ਰਤੀ ਅਨੁਭਵ ਪੜ੍ਹਨ ਯੋਗ ਬਿਰਤਾਂਤ ਹਨ। ਸਮਾਜ ਤੇ ਲੋਕਾਂ ਤੋਂ ਹਟ ਕੇ ਆਪਣੀ ਇੱਛਾ ਸ਼ਕਤੀ ਨਾਲ ਜਿਊਣਾ ਇਸ ਜੀਵਨੀ ਦੀ ਵੱਡੀ ਪ੍ਰਾਪਤੀ ਹੈ। ਸੰਘਰਸ਼ ਦੀ ਤਪਦੀ ਭੱਠੀ 'ਚੋਂ ਸਬੂਤਾ ਨਿਕਲ ਕੇ ਅੱਗੇ ਪੰਧ 'ਤੇ ਤੁਰਨਾ ਇਕ ਵੱਡਾ ਸੰਦੇਸ਼ ਹੈ। ਆਪਣੀ ਮਾਤਾ ਜੀ ਪ੍ਰਤੀ ਅਥਾਹ ਸਤਿਕਾਰ ਇਸ ਪੁਸਤਕ ਦੇ ਚਾਨਣ-ਮੱਤੇ ਪੰਨੇ ਹਨ। ਪਿਤਾ ਦੇ ਸਖ਼ਤ ਸੁਭਾਅ ਦੇ ਹੁੰਦਿਆਂ ਜਿਸ ਮੁਕਾਮ 'ਤੇ ਪਰਿਵਾਰ ਨੇ ਬੁਲੰਦੀਆਂ ਛੋਹੀਆਂ, ਉਸ ਬਾਰੇ ਲੇਖਕ ਲਿਖਦਾ ਹੈ :
''ਬਾਪੂ ਜੀ ਦੇ ਕਾਇਦੇ ਨੇ ਪਰਿਵਾਰ ਵਿਚ ਵਿੱਦਿਆ ਦੀ ਅਜਿਹੀ ਪਨੀਰੀ ਲਾਈ ਕਿ ਆਉਣ ਵਾਲੀਆਂ ਦੋਹਾਂ ਪੁਸ਼ਤਾਂ ਵਿਚ ਸਮੁੱਚਾ ਪਰਿਵਾਰ ਵਿੱਦਿਆ ਨਾਲ ਭਰਪੂਰ ਹੋ ਗਿਆ'' ਲੇਖਕ ਨੇ ਜੀਵਨ ਪੰਧ ਦੌਰਾਨ ਸਦਾਚਾਰ ਤੇ ਸ਼ਰਾਫ਼ਤ ਦਾ ਦਾਮਨ ਨਹੀਂ ਛੱਡਿਆ। ਰੌਚਿਕ ਸ਼ੈਲੀ 'ਚ ਲਿਖੀ ਇਹ ਜੀਵਨੀ ਪੰਜਾਬ ਦੇ ਹਰ ਪਹਿਲੂ 'ਤੇ ਝਾਤ ਪੁਆਉਂਦੀ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
c c c
ਕਾਮਰੇਡਾਂ ਨਾਲ ਤੁਰਦਿਆਂ
ਲੇਖਿਕਾ : ਅਰੁੰਧਤੀ ਰਾਏ
ਅਨੁਵਾਦ : ਅਰਸ਼
ਪ੍ਰਕਾਸ਼ਕ : ਕਥੋ ਪ੍ਰਕਾਸ਼ਨ, ਮੋਗਾ
ਮੁੱਲ : 102 ਰੁਪਏ, ਸਫ਼ੇ 120
ਚਰਚਾ ਅਧੀਨ ਪੁਸਤਕ, ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਕਲਮ ਅਜ਼ਮਾਈ ਕਰਨ ਵਾਲੀ ਲੇਖਿਕਾ ਅਰੁੰਧਤੀ ਰਾਏ ਦੀ ਪੁਸਤਕ @wa&k}n{ w}th comrades@ ਦਾ ਪੰਜਾਬੀ ਵਿਚ ਅਨੁਵਾਦ ਹੈ। ਲੇਖਿਕਾ ਨੂੰ ਦੰਤੇਵਾੜਾ ਦੇ ਇਕ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਮਿਲਦਾ ਹੈ। ਦੰਤੇਵਾੜਾ ਇਕ ਸਰਹੱਦੀ ਸ਼ਹਿਰ ਅਤੇ ਵਿਦਰੋਹੀ ਜੰਗ ਦਾ ਕੇਂਦਰ ਬਿੰਦੂ ਹੈ। ਜਿੱਥੇ ਸਭ ਕੁਝ ਉਲਟਾ ਹੈ, ਸਿਰ-ਭਾਰ। ਮੱਧ ਭਾਰਤ ਦੇ ਜੰਗਲਾਂ ਵਿਚ ਇਕ ਜੰਗ ਲੜੀ ਜਾ ਰਹੀ ਹੈ। ਇਕ ਪਾਸੇ ਆਧੁਨਿਕ ਹਥਿਆਰਾਂ ਨਾਲ ਲੈਸ ਅਰਧ ਸੈਨਿਕ ਬਲ ਹਨ, ਦੂਜੇ ਪਾਸੇ ਰਵਾਇਤੀ ਹਥਿਆਰਾਂ ਨਾਲ ਆਮ ਪੇਂਡੂ ਆਦਿ ਵਾਸੀ , ਜਾਣੀ ਕਿ ਮਾਓਵਾਦੀ। ਲੋਕ ਮਾਤਭੂਮੀ ਲਈ ਜੰਗ ਲੜ ਰਹੇ ਹਨ ਅਤੇ ਕਾਰਪੋਰੇਟ ਜਗਤ ਆਪਣੇ ਮੁਨਾਫ਼ੇ ਦੀ ਪੂਰਤੀ ਲਈ। ਸਫ਼ਰ ਦੌਰਾਨ ਕੰਕੇਰ ਵਿਚ ਪੁਲੀਸ ਨੂੰ ਜੰਗਲੀ ਯੁੱਧ ਦੇ ਤੌਰ ਤਰੀਕੇ ਸਿਖਾਏ ਜਾਂਦੇ ਹਨ। ਜਗਦਲਪੁਰ ਵਿਚ ਸਲਵਾ ਜੁਡੁਮ ਨੇ ਪਿੰਡ ਸਾੜਿਆ। ਕੋਟਰਾਪਾਲ ਪਿੰਡ ਨੂੰ ਸਮਰਪਣ ਨਾ ਕਰਨ ਕਰਕੇ 22 ਵਾਰ ਸਾੜਿਆ ਗਿਆ। ਜਬਰ ਜਨਾਹ ਕੀਤੇ। ਲੋਕਾਂ ਨੂੰ ਕਤਲ ਕੀਤਾ। ਦੰਤੇਸ਼ਵਰੀ ਪਹੁੰਚਣ 'ਤੇ ਮੰਗਤੂ ਤੋਂ ਅੱਗੇ ਚੰਦੂ ਲੇਖਿਕਾ ਨੂੰ ਦੰਡਕਾਰਣਯ ਜੰਗਲ ਵਿਚ ਲੈ ਜਾਂਦਾ ਹੈ, ਜੋ ਲੋਕਾਂ ਨਾਲ ਭਰਿਆ ਪਿਆ। ਪਿੰਡ ਦੀ ਸਥਾਨਕ ਸੈਨਾ ਹੈ, ਹਰੇਕ ਕੋਲ ਰਾਈਫਲ, ਚਾਕੂ, ਕੁਹਾੜੀ, ਤੀਰ-ਕਮਾਨ ਹੈ। ਬਾਰੂਦ ਭਰੀ ਦੇਸੀ ਤੋਪ ਵੀ ਹੈ। ਫਿਰ ਰਾਤੀਂ ਆਪਣੀ-ਆਪਣੀ ਪਲਾਸਟਿਕ ਦੀ ਨੀਲੀ ਚਾਦਰ 'ਤੇ ਸੌਣ ਚਲੇ ਗਏ। ਆਲੇ ਦੁਆਲੇ ਮਾਓਵਾਦੀ ਹਨ । ਜੈਤੂਨੀ ਵਰਦੀਆਂ ਵਾਲੇ ਮੁੰਡੇ ਬਦਲ-ਬਦਲ ਕੇ ਪਹਿਰਾ ਦੇ ਰਹੇ ਹਨ। ਓਂਗਨਾਰ ਪਿੰਡ ਵਿਚ ਪੰਜ ਮਿਲਸ਼ੀਆ ਜਵਾਨਾਂ ਨੂੰ ਮਾਰ ਦਿੱਤੇ ਜਾਣ ਦੀ ਖ਼ਬਰ ਹੈ। ਵਰੋਰਾ ਵਿਚ ਬਾਬਾ ਆਮਟੇ ਦਾ ਆਸ਼ਰਮ ਅਤੇ ਕੋਹੜ ਦਾ ਹਸਪਤਾਲ ਹੈ। ਅਬੂਝਮਾੜ ਵਿਚ ਸਕੂਲ ਖੋਲ੍ਹੇ ਗਏ ਹਨ। ਉੱਤਰੀ ਬਸਤਰ ਵਿਚ ਬਾਬਾ ਬਿਹਾਰੀ ਦਾਸ ਨੇ ਆਦਿਵਾਸੀਆਂ ਦਾ ਧਰਮ ਬਦਲਣ ਲਈ ਜੰਗੀ ਅਭਿਆਨ ਚਲਾਇਆ। ਲੋਕਾਂ ਨੂੰ ਜਾਤ, ਧਰਮ ਦੇ ਆਧਾਰ 'ਤੇ ਵੰਡਣ, ਪਿੰਡਾਂ ਦੇ ਨਾਂਅ ਬਦਲਣ, ਧਰਮ ਪਰਿਵਰਤਨ ਤੋਂ ਇਨਕਾਰੀ ਬੰਦਿਆਂ ਨੂੰ 'ਕਟਵਾਸ' ਐਲਾਨਣ ਕਰਕੇ ਮਾਓਵਾਦੀਆਂ ਸੰਘਰਸ਼ ਆਰੰਭਿਆ। ਪੁਲੀਸ ਵਲੋਂ ਕਟਵਾਸਾਂ ਉਪਰ ਅੰਨਾ ਤਸ਼ਦੱਦ ਢਾਹੁਣ, ਮੁਕਾਬਲੇ, ਹੱਤਿਆਵਾਂ ਕਰਾਉਣ ਕਾਰਨ ਕਾਮਰੇਡ ਰੂਪੋਸ਼ ਹੋ ਗਏ। ਫਿਰ ਬੀੜੀਆਂ ਬਣਾਉਣ ਵਾਲੇ ਤੇਂਦੂ ਦੇ ਪੱਤਿਆ ਦੀ ਵਾਜਬ ਕੀਮਤ ਲੈਣ ਲਈ ਅੰਦੋਲਨ ਚਲਿਆ। ਹੜਤਾਲ ਉਪਰੰਤ ਜਿੱਤ ਪ੍ਰਾਪਤ ਹੋਈ। ਰੇਟ ਦੁੱਗਣੇ ਮਿਲਣ ਲੱਗੇ। ਲੋਕ ਗੁਰੀਲਾ ਸੈਨਾ ਵਿਚ ਮੁੜ ਪਰਤਣ ਲੱਗੇ। ਅਗਲੀ ਲੜਾਈ ਜੰਗਲਾਤ ਮਹਿਕਮੇ ਨਾਲ ਹੋਈ। ਪਾਰਕਾਂ ਦੇ ਬਣਾਉਣ ਲਈ ਪਿੰਡ ਉਜਾੜੇ ਗਏ। ਲੋਕਾਂ ਜੰਗਲਾਤ ਅਧਿਕਾਰੀਆਂ ਦੀ ਦੁਰਗਤ ਕੀਤੀ। ਆਖਰ ਤੀਹ ਲੱਖ ਏਕੜ ਜੰਗਲ ਦੀ ਜ਼ਮੀਨ ਲੋਕਾਂ ਵਿਚਕਾਰ ਵੰਡ ਦਿੱਤੀ ਗਈ। ਲੋਕ ਜ਼ਮੀਨਾਂ ਵਾਹੁਣ ਬੀਜਣ ਲੱਗੇ। ਫਿਰ ਪੁਲੀਸ ਵਲੋਂ ਖ਼ੂਨ ਖ਼ਰਾਬਾ ਅਤੇ ਪੀਪਲ ਗੁਰੀਲਾ ਸੈਨਾ ਵਲੋਂ ਲੁਕ ਕੇ ਪੁਲਿਸ 'ਤੇ ਹਮਲੇ ਦਾ ਦੌਰ ਚੱਲਿਆ। ਮਹੇਂਦਰ ਕਰਮਾ ਨੇ ਮੁਖੀਆ ਅਤੇ ਜ਼ਿਮੀਂਦਾਰ 'ਕੱਠੇ ਕੀਤੇ। ਰਾਜਸੀ ਥਾਪੜੇ ਨਾਲ ਜਨ ਜਾਗਰਣ ਅਭਿਆਨ ਅਧੀਨ 300 ਬੰਦਿਆਂ ਦੀ ਗੁੰਡਾ ਟੋਲੀ ਬਣਾਈ। ਇਸ ਟੋਲੀ ਦਾ ਕੰਮ ਲੋਕਾਂ ਦੇ ਘਰ ਸਾੜਨਾ, ਔਰਤਾਂ ਨਾਲ ਛੇੜ-ਛਾੜ ਕਰਨੀ, ਮਾਰ ਕੁੱਟ ਅਤੇ ਹੱਤਿਆਵਾਂ ਕਰਨਾ ਸੀ। ਇਹ ਅਭਿਆਨ ਦਮ ਤੋੜ ਗਿਆ। ਸੰਨ 2005 'ਚ ਛੱਤੀਸਗੜ੍ਹ ਦੇ ਬੈਲਾਡਿਲ ਵਿਚ ਐਸਾਰ ਸਟੀਲ ਅਤੇ ਲੋਹੰਡੀਗੁੜਾ ਵਿਚ ਟਾਟਾ ਸਟੀਲ ਲੱਗਣ ਦੇ ਇਕਰਾਰਨਾਮੇ ਕੀਤੇ ਗਏ। ਫਿਰ ਜ਼ਮੀਨ ਖਾਲੀਂ ਕਰਵਾਉਣ ਲਈ ਸਲਮਾ ਜੁਡੁਮ ਲੋਕਾਂ ਨੂੰ ਸੜਕਾਂ ਕੰਢੇ ਕੈਂਪਾਂ ਵਿਚ ਲਿਆਉਣ ਲੱਗੀ। ਜੋ ਕੈਂਪਾਂ ਵਿਚ ਨਹੀਂ ਗਿਆ ਮਾਓਵਾਦੀ ਐਲਾਨਿਆਂ ਗਿਆ। ਸਮਰਪਣ ਤੋਂ ਇਨਕਾਰੀ ਸਲਵਾ ਜੁਡੁਮ ਨੇ ਪਹਿਲਾਂ ਅੰਬੇਲੀ ਪਿੰਡ ਨੂੰ ਸਾੜਿਆ। ਕਤਲੇਆਮ, ਜਬਰ ਜਨਾਹ ਅਤੇ ਲੁੱਟ ਮਾਰ ਹੋਈ। ਸੱਠ ਹਜ਼ਾਰ ਲੋਕ ਡਰਦੇ ਮਾਰੇ ਕੈਂਪਾਂ ਵਿਚ ਚਲੇ ਗਏ। ਬਾਕੀ ਲੋਕ ਦੂਜੇ ਪ੍ਰਾਂਤਾਂ ਵਿਚ ਪ੍ਰਵਾਸ ਕਰ ਗਏ ਜਾਂ ਜੰਗਲ ਵਿਚ ਸ਼ਰਨ ਲੈ ਲਈ। ਪੁਲੀਸ ਗੁੰਡਿਆਂ ਨਾਲ ਮਿਲ ਕੇ ਲੋਕਾਂ ਦੀ ਜ਼ਮੀਨ ਖੋਹਣ ਦੀਆਂ ਗੋਂਦਾਂ ਗੁੰਦਣ ਲੱਗੀ। ਫਿਰ ਅਪਰੇਸ਼ਨ ਗਰੀਨ ਹੰਟ ਪੇਸ਼ ਕੀਤਾ ਗਿਆ। ਟਾਟਾ ਸਟੀਲ ਪਲਾਂਟ ਲਈ ਲੋਹੰਡੀਗੁੜਾ ਦੇ ਕੁਝ ਲੋਕ ਖਰੀਦੇ ਗਏ, ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਜ਼ਮੀਨ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਲੋਹੰਡੀਗੁੜਾ ਦੇ ਲੋਕਾਂ ਨੇ ਮਾਓਵਾਦੀਆਂ ਨੂੰ ਸੁਰੱਖਿਆ ਲਈ ਆਵਾਜ਼ ਮਾਰੀ। ਕੈਂਪ ਵਿਚ ਕਾਮਰੇਡਾਂ ਦਾ ਅਨੁਸ਼ਾਸਨ, ਫੁਰਤੀ, ਜਜ਼ਬਾ, ਕੁਰਬਾਨੀ, ਮਿਲਣਸਾਰਤਾ ਲੇਖਿਕਾ ਦੇ ਰਿਕਾਰਡ ਵਿਚ ਦਰਜ਼ ਹੋ ਗਈ। ਭੂਮਕਾਲ ਵਿਦਰੋਹ ਦੀ 100ਵੀਂ ਵਰ੍ਹੇ ਗੰਢ ਹੀ ਇੱਥੇ ਮਨਾਈ ਜਾ ਰਹੀ ਸੀ। ਦੂਜੇ ਪ੍ਰਾਂਤਾਂ ਤੋਂ ਕਾਮਰੇਡ ਟੋਲੀਆਂ ਵਿਚ ਲੰਬਾ ਰਸਤਾ ਤੁਰ ਕੇ ਆਏ ਹਨ। ਜਨ ਨਾਟਯ ਮੰਚ, ਗਾਇਕ ਵੀ ਜਸ਼ਨ ਵਿਚ ਸ਼ਾਮਿਲ ਹੋ ਰਹੇ ਸਨ। ਜਸ਼ਨ ਵਿਚ ਵੱਡੀ ਸਟੇਜ, ਧੂਣੀਆਂ ਬਲ ਰਹੀਆਂ ਹਨ। ਜੰਗਲ ਵਿਚੋਂ ਨਵੇਂ ਡੇਰੇ 'ਤੇ ਪਹੁੰਚਣ 'ਤੇ ਸਖ਼ਤ ਸੁਰੱਖਿਆ ਪ੍ਰਬੰਧ, ਲੋਕਾਂ ਦਾ ਬੇਜੋੜ ਇਕੱਠ, ਝੰਡੇ, ਬੈਨਰ, ਮਾਈਕ ਟੈਸਟ ਹੋ ਰਹੇ ਹਨ। ਦੰਡਕਾਰਣਯ ਵਿਚ ਔਰਤਾਂ ਦੇ ਸੰਘਰਸ਼ ਦੀ ਕਾਮਰੇਡ ਨਰਮਦਾ ਨਾਲ ਗੱਲ ਹੋ ਰਹੀ ਹੈ। ਖਬਰ ਆਉਂਦੀ ਹੈ ਕੇਸ਼ਕਾਲ ਘਾਟ ਤੇ 30 ਲੱਖ ਟਨ ਬਾਕਸਾਈਟ ਤੇ ਵੇਦਾਂਤ ਕੰਪਨੀ ਦੀ ਅੱਖ ਹੈ। ਇਕ ਸ਼ਕਤੀਸ਼ਾਲੀ ਕ੍ਰਾਂਤੀਕਾਰੀ ਆਦਿ-ਵਾਸੀ ਮਹਿਲਾ ਸੰਗਠਨ ਨੇ ਔਰਤਾਂ ਦੇ ਕਈ ਸਮਾਜਿਕ ਬਦਲਾਅ ਲਿਆਂਦੇ ਹਨ। ਜਬਰ ਜਨਾਹ 'ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਘਟੇ ਹਨ। ਪ੍ਰੈੱਸ ਵਿਚ ਝੂਠਾ ਪ੍ਰਚਾਰ ਹੈ। ਜੰਗਲ ਵਿਚ ਲੱਗਾ ਬੈਨਰ ਕਹਿ ਰਿਹਾ ਭਾਰਤ ਨੂੰ ਪੂੰਜੀਵਾਦ ਦੀ ਚਰਾਂਦ ਬਣਨ ਤੋਂ ਰੋਕੇ। ਯਾਦਗਾਰੀ ਤਸਵੀਰਾਂ ਹਨ। ਢੋਲ ਵੱਜ ਰਹੇ ਹਨ। ਲੋਕ ਆਪੋ ਆਪਣੇ ਸਥਾਨਕ ਪਹਿਰਾਵੇ ਵਿਚ, ਮਰਦਾਂ ਨੇ ਪੱਗਾਂ 'ਤੇ ਖੰਭ ਟੁੰਗੇ ਹਨ। ਚਿਹਰਿਆਂ 'ਤੇ ਤੰਦੋਲੇ (tatoo) ਖੁਣਵਾਏ ਹਨ। ਲੋਕਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ। ਕਾਮਰੇਡਾਂ ਤਕਰੀਰਾਂ, ਨਾਟਕ, ਜੰਗਲ ਦੀਆਂ ਕਹਾਣੀਆਂ 'ਤੇ ਨਾਚ ਹੋਏ ਹਨ। ਰਾਤ ਭਰ ਨੱਚਣਾ ਜਾਰੀ ਰਿਹਾ। ਫਿਰ ਭੂਮਕਾਲ ਤੋਂ ਵਿਦਾਇਗੀ। ਸਫਰ ਦੀ ਕਹਾਣੀ ਮਾਓਵਾਦੀਆਂ ਦੇ ਸੰਘਰਸ਼ ਦਾ ਸੱਚ ਬਿਆਨਦੀ। ਰਾਜਸੀ ਚਾਲਾਂ ਦਾ ਪਰਦਾ ਫਾਸ਼ ਕਰਦੀ, ਦੁੱਧ ਅਤੇ ਪਾਣੀ ਦਾ ਨਿਖੇੜਾ ਕਰਦੀ ਹੈ। ਲੇਖਿਕਾ ਨੇ ਕਾਮਰੇਡਾਂ ਨਾਲ ਤੁਰਦਿਆਂ ਬੜਾ ਕੁਝ ਸਾਂਭ ਕੇ ਲੈ ਆਂਦਾ ਹੈ। ਮਨ ਨੂੰ ਸੋਚਣ ਲਾ ਦਿੰਦੀ ਹੈ ਇਹ ਪੁਸਤਕ। ਹਰ ਪਾਠਕ ਇਹ ਪੁਸਤਕ ਜ਼ਰੂਰ ਪੜ੍ਹੇ। ਅਰਸ਼ ਨੇ ਅਨੁਵਾਦ ਵੀ ਖ਼ੂਬਸੂਰਤ ਕੀਤਾ ਹੈ। ਇਸ ਪੁਸਤਕ ਪੰਜਾਬੀ ਸਾਹਿਤ ਵਿਚ ਸ਼ਾਮਿਲ ਹੋਣ ਦਾ ਮੈਂ ਹਾਰਦਿਕ ਇਸਤਕਬਾਲ ਕਰਦਾ ਹਾਂ।
-ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686
c c
ਦਿਲ ਦੀ ਜ਼ੁਬਾਨ
ਸ਼ਾਇਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨਾ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 98888-29666
ਸੁਭਾਸ਼ ਦੀਵਾਨਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਜ਼ੁਬਾਨ' ਕੁਝ ਪੱਖਾਂ ਤੋਂ ਮੈਨੂੰ ਸੰਤੁਸ਼ਟ ਕਰਦਾ ਹੈ। ਇਸ ਸੰਗ੍ਰਹਿ ਵਿਚ ਬਹੁਤੀਆਂ ਗ਼ਜ਼ਲਾਂ ਹਨ ਤੇ ਕੁਝ ਕਵਿਤਾਵਾਂ ਤੇ ਵਿਅੰਗ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਦਾ ਰੌਸ਼ਨ ਪੱਖ ਇਹ ਹੈ ਕਿ ਇਸ ਦੀਆਂ ਰਚਨਾਵਾਂ ਲੋਕ ਸਮੱਸਿਆਵਾਂ ਤੇ ਚਿੰਤਾਵਾਂ 'ਤੇ ਅਧਾਰਿਤ ਹਨ। ਸ਼ਾਇਰ ਚੌਗਿਰਦੇ ਦੇ ਹਨ੍ਹੇਰੇ ਪੱਖ ਨੂੰ ਉਭਾਰਦਾ ਹੈ ਤੇ ਇਸ ਦੇ ਕਾਰਨ ਵੀ ਦਰਜ ਕਰਦਾ ਹੈ। ਸ਼ਾਇਰੀ ਨਿਰਾ ਮਨੋਰੰਜਨ ਨਹੀਂ ਹੁੰਦੀ, ਇਸ ਨੂੰ ਦੀਵਾਨਾ ਭਲੀਭਾਂਤ ਜਾਣਦਾ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਉਹ ਖ਼ੁਦਾ ਅੱਗੇ ਬੇਨਤੀ ਕਰਦਾ ਹੈ ਕਿ ਮੇਰੇ ਸਿਰ ਨੂੰ ਸੂਰਜ ਬਣਾ ਦੇ ਜਾਂ ਫਿਰ ਮੇਰਾ ਨਾਮੋਨਿਸ਼ਾਨ ਨਾ ਰਹੇ। ਉਹ ਆਪਣੀ ਕਲਪਨਾ ਨੂੰ ਆਕਾਸ਼ ਤੇ ਪਾਤਾਲ ਤੱਕ ਪਹੁੰਚਾਉਣਾ ਚਾਹੁੰਦਾ ਹੈ ਤੇ ਧਰਮਾਂ, ਜਾਤਾਂ ਤੋਂ ਮੁਕਤੀ ਪਾਉਣੀ ਲੋਚਦਾ ਹੈ। ਆਪਣੀ ਅਗਲੀ ਗ਼ਜ਼ਲ ਵਿਚ ਉਹ ਆਖਦਾ ਹੈ ਕਿ ਇਸ ਜੀਵਨ ਦਾ ਕੋਈ ਪਤਾ ਨਹੀਂ ਕਦੋਂ ਸਮਾਪਤ ਹੋ ਜਾਣਾ ਹੈ, ਕਿਉਂ ਨਾ ਹਰ ਪਲ ਨੂੰ ਯਾਦਗਾਰੀ ਬਣਾਇਆ ਜਾਵੇ। ਇਸੇ ਤਰ੍ਹਾਂ ਇਸ ਪੁਸਤਕ ਵਿਚ ਸ਼ਾਮਿਲ ਸੁਭਾਸ਼ ਦੀਵਾਨਾ ਦੀਆਂ ਬਾਕੀ ਰਚਨਾਵਾਂ ਵਿਚ ਨਸੀਹਤਾਂ ਵੀ ਹਨ ਤੇ ਜੂਝਣ ਦੀ ਪ੍ਰੇਰਨਾ ਵੀ ਹੈ। ਗ਼ਜ਼ਲ ਭਾਗ ਦੇ ਕਈ ਸ਼ਿਅਰ ਧਿਆਨ ਖਿੱਚਦੇ ਹਨ ਪਰ ਸ਼ਾਇਰ ਨੇ ਸ਼ਾਇਦ ਕਾਹਲ ਵਿਚ ਕਈ ਜਗ੍ਹਾ ਕਾਫ਼ੀਏ ਚੁਣਨ ਵਿਚ ਕਾਹਲ ਕੀਤੀ ਹੈ। ਕੁਝ ਰਚਨਾਵਾਂ ਛੰਦ ਮੁਕਤ ਵੀ ਹਨ ਪਰ ਛੰਦ ਬੰਦ ਰਚਨਾਵਾਂ ਵਿਚ ਦੀਵਾਨਾ ਦੀ ਸ਼ਾਇਰੀ ਵਧੇਰੇ ਨਿੱਖਰੀ-ਨਿੱਖਰੀ ਮਹਿਸੂਸ ਹੁੰਦੀ ਹੈ। ਮੈਨੂੰ ਆਸ ਹੈ ਹੈ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪਸੰਦ ਆਵੇਗੀ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
c c c
ਧੁੰਦਲੇ ਪਰਛਾਵੇਂ
ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 272
ਸੰਪਰਕ : 98889-24664
ਨਾਨਕ ਸਿੰਘ ਦੇ ਹੋਰਨਾਂ ਆਦਰਸ਼ਵਾਦੀ/ਸਮਾਜਿਕ ਨਾਵਲਾਂ ਵਾਂਗ ਇਹ ਵੀ ਉਸੇ ਸ਼੍ਰੇਣੀ ਦਾ ਨਾਵਲ ਹੈ। ਨਾਨਕ ਸਿੰਘ ਜਿਸ ਤਰ੍ਹਾਂ ਆਪ ਸਮਾਜ ਨੂੰ ਵੇਖਣਾ ਚਾਹੁੰਦਾ ਹੈ, ਉਹਦੇ ਪਾਤਰ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਹਨ। ਇਸ ਨਾਵਲ ਦੇ ਚਾਰ ਭਾਗ ਹਨ ਅਤੇ ਹਰ ਭਾਗ ਦੇ ਅੱਗੋਂ ਕਾਂਡ ਬਣਾਏ ਗਏ ਹਨ। ਪਹਿਲੇ ਭਾਗ ਦੇ 10 ਕਾਂਡ, ਦੂਜੇ ਦੇ 16, ਤੀਜੇ ਦੇ 8 ਅਤੇ ਚੌਥੇ ਦੇ 10 ਕਾਂਡ ਹਨ।
ਨਾਵਲ ਵਿਚ ਨਾਨਕ ਸਿੰਘ ਨੇ ਕਈ ਵਿਸ਼ਿਆਂ ਨੂੰ ਛੋਹਿਆ ਹੈ। ਦਵਿੰਦਰ ਸਿੰਘ ਵਿਆਹਿਆ-ਵਰਿਆ ਅਤੇ ਇਕ ਬੱਚੀ ਦਾ ਪਿਤਾ ਹੋਣ ਦੇ ਬਾਵਜੂਦ ਮਜਬੂਰ ਔਰਤਾਂ ਨੂੰ ਭੋਗਦਾ ਹੈ ਤੇ ਇੱਥੋਂ ਤਕ ਕਿ ਉਸ ਔਰਤ (ਦਮੋਦਰੀ) ਦੀ ਨਾਬਾਲਗ ਧੀ (ਸੁਭੱਦਰਾ) ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ। ਦਵਿੰਦਰ ਦੀ ਇਕਲੌਤੀ ਧੀ ਰਮਿੰਦਰ, ਜੋ ਲਾਹੌਰ ਵਿਖੇ ਐਮ. ਬੀ. ਬੀ. ਐਸ. ਕਰਦੀ ਹੈ, ਨੂੰ ਜਦੋਂ ਪਿਤਾ ਦੀ ਇਸ ਕਰਤੂਤ ਦਾ ਪਤਾ ਲਗਦਾ ਹੈ ਤਾਂ ਉਹ ਦਮੋਦਰੀ ਦੇ ਮੁੰਡੇ ਰਤਨੇ, ਜੋ ਇਕ ਤਰ੍ਹਾਂ ਨਾਲ ਪਾਗਲ ਹੋ ਚੁੱਕਾ ਹੈ, ਨੂੰ ਨਾਲ ਲੈ ਕੇ ਮਾਂ-ਧੀ (ਦਮੋਦਰੀ ਤੇ ਸੁਭੱਦਰਾ) ਨੂੰ ਲੱਭਣ ਦਿੱਲੀ ਜਾਂਦੀ ਹੈ। ਉੱਥੇ ਜਾ ਕੇ ਉਨ੍ਹਾਂ ਨੂੰ ਸੁਭੱਦਰਾ ਦੇ ਵੇਸਵਾ ਬਣਨ ਬਾਰੇ ਪਤਾ ਲਗਦਾ ਹੈ, ਨਾਲ ਇਹ ਵੀ ਕਿ ਦਵਿੰਦਰ ਵਲੋਂ ਸੁਭੱਦਰਾ ਨਾਲ ਸਹਿਵਾਸ ਕਰਨ ਵਜੋਂ ਉਹਦੇ ਇਕ ਪੁੱਤਰ ਹੁੰਦਾ ਹੈ। ਸੁਭੱਦਰਾ ਵੱਖ-ਵੱਖ ਥਾਵਾਂ 'ਤੇ ਰਹਿੰਦੀ ਹੋਈ ਆਪਣੇ ਰਿਸ਼ਤੇ ਵਿਚ ਲੱਗਦੇ ਤਾਏ, ਜੋ ਉਸ ਨਾਲ ਕਾਮੁਕ ਭੁੱਖ ਮਿਟਾਉਣ ਆਇਆ ਸੀ, ਦਾ ਕਤਲ ਕਰ ਦਿੰਦੀ ਹੈ। ਸਿੱਟੇ ਵਜੋਂ ਸੁਭੱਦਰਾ ਨੂੰ ਦਫ਼ਾ 302 ਅਧੀਨ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਦਿੱਲੀ ਵਿਚ ਕਰੀਬ ਦੋ ਮਹੀਨੇ ਰਹਿਣ ਕਰਕੇ ਰਮਿੰਦਰ ਰਤਨੇ ਨੂੰ ਪਿਆਰ ਕਰਨ ਲੱਗ ਪੈਂਦੀ ਹੈ ਤੇ ਉਹਨੂੰ ਆਪਣਾ ਪਤੀ ਬਣਾਉਣ ਦੇ ਸੁਪਨੇ ਵੇਖਦੀ ਹੈ। ਜਦ ਕਿ ਰਤਨਾ ਮਨੋਮਨੀ ਲੀਲ੍ਹਾ (ਦਵਿੰਦਰ ਦੇ ਘਰ ਰਹਿੰਦੇ ਪੰਚੂ ਟਾਂਗੇ ਵਾਲੇ ਦੀ ਬੇਟੀ) ਨਾਲ ਪਿਆਰ ਕਰਦਾ ਹੈ ਤੇ ਰਮਿੰਦਰ ਨੂੰ ਅੰਮ੍ਰਿਤਸਰ ਜਾ ਕੇ ਦਿਲ ਦੀ ਗੱਲ ਦੱਸਣ ਬਾਰੇ ਕਹਿੰਦਾ ਹੈ। ਰਮਿੰਦਰ ਦੇ ਦਿਲ ਦੀ ਗੱਲ ਆਪਣੇ ਪਿਓ ਕੋਲ ਪੁੱਜਦੀ ਹੈ ਤੇ ਦੋਵੇਂ (ਮਾਂ-ਪਿਓ) ਉਹਦੀ ਸ਼ਾਦੀ ਰਤਨੇ ਨਾਲ ਕਰਨੀ ਪ੍ਰਵਾਨ ਹੀ ਨਹੀਂ ਕਰਦੇ, ਸਗੋਂ ਖੁਸ਼ ਵੀ ਹੁੰਦੇ ਹਨ। ਪਰ ਜਦੋਂ ਰਤਨੇ ਦੀ ਚਿੱਠੀ ਰਾਹੀਂ ਰਮਿੰਦਰ ਨੂੰ ਇਹ ਪਤਾ ਲਗਦਾ ਹੈ ਕਿ ਉਹ ਤਾਂ ਲੀਲ੍ਹਾ ਨੂੰ ਆਪਣਾ ਦਿਲ ਦੇ ਬੈਠਾ ਹੈ, ਤਾਂ ਰਮਿੰਦਰ ਰੋਗੀਆਂ ਦੀ ਸੇਵਾ ਲਈ ਰੂਸ ਜਾਣ ਦਾ ਫ਼ੈਸਲਾ ਕਰਦੀ ਹੈ ਅਤੇ ਆਪਣੇ ਮਾਂ-ਪਿਓ ਅਤੇ ਲੀਲ੍ਹਾ ਦੇ ਪਿਤਾ ਚੰਪੂ ਬਾਬਾ ਨੂੰ ਇਸ ਗੱਲ ਲਈ ਮਨਾ ਲੈਂਦੀ ਹੈ।
ਨਾਵਲ ਵਿਚ ਇਕੱਲੀਆਂ ਔਰਤਾਂ ਦੀ ਸੁਰੱਖਿਆ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ, ਜੋ ਆਸਰੇ/ਟਿਕਾਣੇ ਲਈ ਕਿਸੇ ਨਾ ਕਿਸੇ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਹਨ। ਦਿੱਲੀ ਦੇ ਚਾਵੜੀ ਬਾਜ਼ਾਰ ਦਾ ਵੇਰਵਾ ਵੀ ਦਿੱਤਾ ਗਿਆ ਹੈ, ਜਿੱਥੇ ਔਰਤਾਂ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ।
ਨਾਨਕ ਸਿੰਘ ਦੁਆਰਾ 1944 ਵਿਚ ਲਿਖੇ ਇਸ ਨਾਵਲ ਨੂੰ ਅੱਜ ਇਕੀਵੀਂ ਸਦੀ ਵਿਚ (ਕਰੀਬ 80 ਸਾਲ ਪਿੱਛੋਂ) ਪੜ੍ਹਦਿਆਂ ਇਸ ਦੀ ਅਸਲੀਅਤ 'ਤੇ ਕਿੰਤੂ ਨਹੀਂ ਹੁੰਦਾ। ਨਾਵਲ ਦੀ ਭੂਮਿਕਾ 'ਗੱਲ ਸੁਣੋ' ਵਿਚ ਨਾਨਕ ਸਿੰਘ ਨੇ ਲਿਖਿਆ ਹੈ, 'ਇਸ ਨਾਵਲ ਵਿਚਲੀ ਕਹਾਣੀ ਮੇਰੀ ਮਨੋਕਲਪਿਤ ਨਹੀਂ, ਇਕ ਸੱਚੀ ਤੇ ਆਪ ਬੀਤੀ ਘਟਨਾ ਹੈ। ਮੈਂ ਇਸ ਵਿਚ ਕੇਵਲ ਨਾਵਾਂ, ਥਾਵਾਂ ਅਤੇ ਘਟਨਾਵਾਂ ਦੀ ਅਦਲਾ-ਬਦਲੀ ਕੀਤੀ ਹੈ (ਪੰਨਾ 5)। ਇਸੇ ਭੂਮਿਕਾ ਦੇ ਅੰਤ ਵਿਚ ਉਹ ਕਹਿੰਦਾ ਹੈ, 'ਇਸ ਨਾਵਲ ਰਾਹੀਂ ਮੈਂ ਤੁਹਾਨੂੰ ਜੋ ਕੁਝ ਦਰਸਾਉਣ ਦਾ ਯਤਨ ਕੀਤਾ ਹੈ ਕੀ ਇਹ ਅਸਲੀਅਤ ਨਾਲੋਂ ਵਧੀਕ ਹੈ? ਜੇ ਨਹੀਂ ਤਾਂ ਕੀ ਇਸ ਨੂੰ ਪੜ੍ਹ ਕੇ ਤੁਹਾਡੇ ਦਿਲ ਵਿਚ ਬਦਨਸੀਬ ਹਸਤੀਆਂ ਲਈ ਕੋਈ ਦਰਦ ਪੈਦਾ ਹੋਇਆ ਹੈ? ਅਥਵਾ ਬਦਇਖ਼ਲਾਕ ਅੱਯਾਸ਼ਾਂ ਲਈ ਨਫ਼ਰਤ ਪੈਦਾ ਹੋਈ ਹੈ?' (ਪੰਨਾ 7)
ਨਾਵਲ ਪੜ੍ਹ ਕੇ ਪਾਠਕ ਦੇ ਮਨ ਵਿਚ ਇਹ ਦੋਵੇਂ ਭਾਵ ਪੈਦਾ ਹੁੰਦੇ ਹਨ, ਯਾਨੀ ਦਰਦ ਵੀ ਤੇ ਨਫ਼ਰਤ ਵੀ। ਲੇਖਕ ਆਪਣੇ ਵਿਸ਼ੇ ਦੇ ਨਿਭਾਅ ਵਿਚ ਪੂਰੀ ਤਰ੍ਹਾਂ ਸਫ਼ਲ ਕਿਹਾ ਜਾ ਸਕਦਾ ਹੈ ਕਿ ਜੋ ਤਸਵੀਰ ਨਾਨਕ ਸਿੰਘ ਨੇ ਦਵਿੰਦਰ ਸਿੰਘ ਅਤੇ ਸੁਭੱਦਰਾ ਦੀ ਪੇਸ਼ ਕੀਤੀ ਹੈ, ਉਹ ਕਲਪਨਾਤਮਕ ਨਹੀਂ, ਸਗੋਂ ਯਥਾਰਥਕ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c
ਸੋਨ ਚਿੜੀ
ਕਹਾਣੀਕਾਰ : ਡਾ. ਹਰਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 0172-5027427
ਡਾ. ਹਰਜੀਤ ਕੌਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜਿਆ ਇਕ ਅਜਿਹਾ ਨਾਂਅ ਹੈ, ਜੋ ਉੱਚ ਅਕਾਦਮਿਕ ਖੇਤਰ ਵਿਚ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਪੰਜਾਬੀ ਕਹਾਣੀ ਖੇਤਰ ਵਿਚ ਡਾ. ਹਰਜੀਤ ਕੌਰ ਆਪਣਾ ਨਵਾਂ ਕਹਾਣੀ ਸੰਗ੍ਰਹਿ 'ਸੋਨ ਚਿੜੀ' ਲੈ ਕੇ ਹਾਜ਼ਰ ਹੋਈ ਹੈ। ਉਸ ਦੀ ਇਸ ਪੁਸਤਕ ਵਿਚ ਕਹਾਣੀਕਾਰਾ ਨੇ ਆਪਣੀਆਂ 7 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਦੀ ਜੇਕਰ ਸਾਂਝੇ ਸੂਤਰ ਦੇ ਰੂਪ ਵਿਚ ਗੱਲ ਕੀਤੀ ਜਾਵੇ ਤਾਂ ਇਹ ਕਹਾਣੀਆਂ ਜਿਥੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਪੇਸ਼ ਕਰਦੀਆਂ ਹਨ, ਉਥੇ ਇਨ੍ਹਾਂ ਰਿਸ਼ਤਿਆਂ ਦੀ ਖੁਰਨ-ਭੁਰਨ ਅਵਸਥਾ ਦੀ ਤੈਅ ਥੱਲੇ ਕੰਮ ਕਰਦੇ ਆਰਥਿਕ ਕਾਰਨਾਂ ਦੀ ਤਲਾਸ਼ ਵੀ ਕੀਤੀ ਹੈ। 'ਸੋਨ ਚਿੜੀ' ਕਹਾਣੀ ਵਿਚ ਲੋਕ ਕਹਾਣੀ ਦੀ ਤਰਜ਼ ਦੇ ਰੂਪ ਵਿਚ ਬਿਰਤਾਂਤ ਸਿਰਜਦੇ ਅਜੋਕੇ ਲੋਟੂ ਪ੍ਰਬੰਧ, ਮਨੁੱਖੀ ਬੇਵਸੀ ਅਤੇ ਪਰਵਾਸੀ ਹੋਣ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। 'ਨੀਲਮ' ਕਹਾਣੀ ਪਾਤਰ ਪ੍ਰਧਾਨ ਕਹਾਣੀ ਹੈ, ਜਿਸ ਵਿਚ ਔਰਤ ਦੀ ਵੇਦਨਾ ਦਾ ਬਿਰਤਾਂਤ ਪੇਸ਼ ਹੋਇਆ ਹੈ। ਇਥੇ 'ਮਿੱਠੇ ਕੀੜੇ' ਕਹਾਣੀ ਦੀ ਆਰਥਿਕ ਕਾਰਨਾਂ ਅਤੇ ਨਿੱਜੀ ਸਵਾਰਥ ਕਰਕੇ ਰਿਸ਼ਤਿਆਂ ਦੇ ਵਿਗਠਨ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀ ਕਹਾਣੀ ਹੈ। 'ਲਾਵਾਰਿਸ' ਕਹਾਣੀ ਵੀ ਰਿਸ਼ਤਿਆਂ ਦੀਆਂ ਬਦਲਦੀਆਂ ਸਮੀਕਰਨਾਂ ਦਾ ਬਿਰਤਾਂਤਕ ਵਾਤਾਵਰਨ ਸਿਰਜਦੀ ਹੈ। ਭਾਵੇਂ 'ਤੂੰ ਹਾਰੀ ਨਹੀਂ' ਅਤੇ 'ਸੀਤ ਪਾਣੀਆਂ ਦਾ ਲਾਵਾ' ਵੀ ਇਸ ਕਹਾਣੀ ਸੰਗ੍ਰਹਿ ਦੀਆਂ ਜ਼ਿਕਰਯੋਗ ਕਹਾਣੀਆਂ ਹਨ ਪਰ 'ਕਾਲੇ ਬੱਦਲ ਚਿੱਟੀ ਕੰਨੀ' ਸਾਡੇ ਵਿੱਦਿਆ ਖੇਤਰ ਵਿਚ ਫੈਲੇ ਭ੍ਰਿਸ਼ਟਾਚਾਰ ਜਿਥੇ ਲਿਆਕਤ ਦੀ ਕੋਈ ਕਦਰ ਨਹੀਂ ਅਤੇ ਉੱਚ ਵਿੱਦਿਆ ਦੇ ਅਦਾਰਿਆਂ ਵਿਚ ਪ੍ਰਬੰਧਕ ਕਿਵੇਂ ਮਨਮਰਜ਼ੀ ਕਰਕੇ ਅਧਿਆਪਕਾਂ ਦਾ ਸੋਸ਼ਣ ਕਰਦੇ ਹਨ, ਬਾਰੇ ਦਿਲਚਸਪ ਅਤੇ ਭਾਵਪੂਰਤ ਵਿਸ਼ਾ ਪੇਸ਼ ਹੋਇਆ ਹੈ। ਕਹਾਣੀ ਸੰਗ੍ਰਹਿ ਵਿਚ ਕਹਾਣੀਆਂ ਵਿਚ ਨਾਟਕੀ ਜੁਗਤਾਂ ਨਾਲ ਬਿਰਤਾਂਤ ਨੂੰ ਰੌਚਿਕ ਛੋਹਾਂ ਦਿੱਤੀਆਂ ਹਨ। ਇਹ ਕਹਾਣੀਆਂ ਪੜ੍ਹਨਯੋਗ ਹਨ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
c c c
ਜ਼ਰਦ ਰੁੱਤ ਦਾ ਹਲਫ਼ੀਆ ਬਿਆਨ
ਲੇਖਕ : ਹਰਮੀਤ ਵਿਦਿਆਰਥੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 135
ਸੰਪਰਕ : 98149-76926
ਸ਼ਾਇਰ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਤੇ ਉਸ ਦੀ ਪ੍ਰਬੁੱਧਤਾ ਦੀ ਮਕਬੂਲੀਅਤ ਚੜ੍ਹਦੇ ਤੇ ਲਹਿੰਦੇ ਪੰਜਾਬ ਤੱਕ ਫੈਲੀ ਹੋਈ ਹੈ। ਉਹ ਪਹਿਲੀ ਨਜ਼ਰੇ ਇਕ ਅੜਬ ਥਾਣੇਦਾਰ ਦਾ ਭੁਲੇਖਾ ਪਾਉਂਦਾ ਹੈ ਤੇ ਜਦੋਂ ਉਹ ਪਿਆਰ ਭਰੀ ਗਲਵਕੜੀ ਨਾਲ ਮਿਲਦਾ ਹੈ ਤਾਂ ਉਸ ਦੀ ਤਰਲਤਾ ਪਾਲਕ ਦੀ ਬੂਟੀ ਬਣ ਜਾਂਦੀ ਹੈ। ਉਹ ਆਪਣੇ ਕਾਵਿ-ਪ੍ਰਵਚਨ ਨਾਲ ਕਵੀ ਦੀ ਕਵਿਤਾ ਨਾਲ ਸਕੀਰੀ, ਕਵਿਤਾ ਦੀ ਫ਼ਕੀਰੀ, ਕਵਿਤਾ ਦੀ ਕਲੰਦਰੀ, ਕਵਿਤਾ ਦੀ ਸਿਕੰਦਰੀ, ਆਧੁਨਿਕ ਭਾਵ-ਬੋਧ, ਕਾਵਿ-ਸ਼ਿਲਪ ਤੇ ਕਾਵਿ-ਧਰਮ ਨਾਲ ਸੱਤਿਅਮ, ਸ਼ਿਵਮ, ਸੁੰਦਰਮ ਦੀ ਲੱਜ ਪਾਲਦਾ ਸਾਫ਼ ਦਿਖਾਈ ਦਿੰਦਾ ਹੈ। ਉਹ 'ਜ਼ਰਦ ਰੁੱਤ' ਦੀ ਗੱਲ ਕਰਦਿਆਂ ਦਰ ਅਸਲ ਇਸ ਸ਼ਬਦ ਦੇ ਉਹਲੇ ਵਿਚ 'ਬਸੰਤ ਰੁੱਤ' ਦੀ ਤਾਂਘ ਰੱਖਦਾ ਹੈ। ਉਹ ਕਵਿਤਾ ਲਿਖਦਾ ਹੀ ਨਹੀਂ, ਬਲਕਿ ਕਵਿਤਾ ਰਾਹੀਂ ਜਿਊਂਦਾ ਹੈ। ਉਹ ਜੀਣ-ਥੀਣ ਦਾ ਰਾਹ ਤਲਾਸ਼ਦਾ ਹੈ ਤੇ ਬਰਤੌਲਤ ਬ੍ਰੈਖਤ ਦੇ ਕਥਨ ਦੀ ਹਾਮੀ ਭਰਦਾ ਹੈ। ਬ੍ਰੈਖਤ ਆਖਦਾ ਹੈ, 'ਇਹ ਸੱਚ ਹੈ ਕਿ ਜਿਊਣ ਲਈ ਖਾਣਾ ਖਾਣਾ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾ ਲਿਆ, ਉਹ ਜਿਊ ਵੀ ਰਿਹਾ।' ਤਰੰਗਤੀ ਜੀਵਨ ਜਿਊਣ ਲਈ ਉਹ ਸਮਾਜਿਕ ਜੰਜ਼ੀਰਾਂ ਤੋੜਨ ਲਈ ਜਨੂੰਨ ਦੀ ਹੱਦ ਤੱਕ ਜਾਂਦਾ ਹੈ ਤੇ ਨਿਤਸ਼ੇ ਦਾ ਨਾਇਕ ਜਰਬੁਸਤਰ ਦਾ ਇਹ ਕਥਨ ਤਸਦੀਕ ਹੋ ਜਾਂਦਾ ਹੈ ਕਿ ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਦੀ ਰਾਮਕਾਰ ਉਲੰਘ ਕੇ ਹੀ ਜੀਵਨ ਦਾ ਜਸ਼ਨ ਮਾਣਿਆ ਜਾ ਸਕਦਾ ਹੈ। ਅਜਿਹਾ ਜੀਵਨ ਜਿਊਣ ਲਈ ਕੁਕਨੂਸ ਵਾਂਗ ਰਾਖ 'ਚੋਂ ਫਿਰ ਪੈਦਾ ਹੋਣਾ ਲੋਚਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ 'ਤੇ ਦੰਭੀ ਤਥਾ ਕਥਿਤ ਨਾਨਕ ਲੇਵਾ ਸ਼ਰਧਾਲੂਆਂ ਦੇ ਬਖੀਏ ਤਾਂ ਉਧੇੜਦਾ ਹੀ ਹੈ ਤੇ ਨਾਲ ਹੀ ਸੂਹੇ ਫੁੱਲਾਂ ਦੇ ਬਹਾਨੇ ਖੱਬੀਆਂ ਧਿਰਾਂ ਦੀ ਸਕੈਨਿੰਗ ਕਰਦਿਆਂ ਰਾਹੋਂ ਕੁਰਾਹੀਏ ਕਹਿ ਦੇਣ ਦੀ ਹੱਦ ਤੱਕ ਜਾਂਦਾ ਹੈ। ਖੰਡਿਤ ਹੋਏ ਸਮਕਾਲੀ ਮਨੁੱਖ ਦੇ ਦੋਹਰੇ ਮਾਪਦੰਡਾਂ ਤੇ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਤੇ ਜਿਥੇ ਲਾਹਣਤਾਂ ਦੀ ਵਾਛੜ ਕਰਦਾ ਹੈ, ਉਥੇ ਔਰਤ ਦੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਦੇ ਅੰਦਰ ਬੈਠੇ ਹਵਸ਼ੀ ਮਨੁੱਖ ਨੂੰ ਚੌਰਾਹੇ 'ਚ ਨੰਗਿਆਂ ਵੀ ਕਰਦਾ ਹੈ। ਆਪਣੇ ਦਾਦਾ ਗੁਰਦਿੱਤ ਸਿੰਘ ਤੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਦੇ ਬਹਾਨੇ ਨਾਲ ਦੋਹਾਂ ਪੰਜਾਬਾਂ ਨੂੰ ਕੰਡਿਆਲੀ ਤਾਰ ਤੋੜ ਕੇ ਦੋਹਾਂ ਪੰਜਾਬਾਂ ਨੂੰ ਫਿਰ ਸੁਨੇਹਾ ਦੇਣਾ ਚਾਹੁੰਦਾ ਹੈ 'ਆਓ ਮਿਲ ਕਰ ਹਮ ਗਿਰਾ ਦੇ ਬੀਚ ਕੀ ਦੀਵਾਰ ਕੋ, ਦੇਖਣਾ ਅਮਨ ਹਮਾਰਾ ਦੋਗੁਨਾ ਹੋ ਜਾਏਗਾ।' ਉਹ ਨੈਤਿਕਤਾ ਦੀ ਅਦਾਕਾਰੀ ਦਾ ਨਹੀਂ ਨੈਤਿਕਤਾ ਦੀ ਸੁਚਮਤਾ ਦੀ ਪਹਿਰੇਦਾਰੀ ਦਾ ਅਹਿਦ ਕਰਾਉਂਦਾ ਹੈ। ਕਿਤਾਬ ਪੜ੍ਹਨਯੋਗ ਤਾਂ ਹੈ ਹੀ ਤੇ ਸਾਂਭਣ ਯੋਗ ਵੀ ਹੈ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
c c c
ਲੋਕ ਨਾਇਕ ਕਵੀ
ਪੀ. ਆਰ. ਹੀਰਾ ਸੰਧਵਾਂ
ਸੰਪੂਰਨ ਕਾਵਿ-ਰਚਨਾਵਲੀ
ਸੰਪਾਦਕ: ਗੁਰਮੀਤ ਕੱਲਰਮਾਜਰੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ: 180 ਰੁਪਏ, ਸਫ਼ੇ: 176
ਸੰਪਰਕ: 94178-65377
ਲੋਕ ਨਾਇਕ ਕਵੀ ਪੀ. ਆਰ. ਹੀਰਾ ਸੰਧਵਾਂ ਦਾ ਜਨਮ ਜ਼ਿਲ੍ਹਾ ਨਵਾਂਸ਼ਹਿਰ ਦੇ (ਬਹਿਰਾਮ ਤੋਂ ਮਾਹਿਲਪੁਰ ਸੜਕ 'ਤੇ ਸਥਿਤ) ਪਿੰਡ ਸੰਧਵਾਂ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸ੍ਰੀ ਬਾਵੂ ਰਾਮ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਦੇਵਾ ਦੇਵੀ ਸੀ। ਦੁਕਾਨਦਾਰੀ ਦੇ ਕਾਰੋਬਾਰ ਕਰ ਕੇ ਉਨ੍ਹਾਂ ਨੂੰ ਜਾਤੀਵਾਦ ਦੀ ਜਿੱਲ੍ਹਤ ਦੇ ਮਾਰੇ ਲੋਕਾਂ ਦੀ ਦੁਰਦਸ਼ਾ ਨੂੰ ਸਮਝਣ ਦਾ ਮੌਕਾ ਵੀ ਮਿਲਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਦਿ-ਧਰਮ ਲਹਿਰ ਦੇ ਬਾਨੀ ਬਾਬੂ ਮੰਗੂ ਰਾਮ ਮੂਗੋਵਾਲੀਆ ਦੇ ਸੰਘਰਸ਼ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਦੇਸ਼ ਦੇ ਆਦਿ-ਵਾਸੀ ਲੋਕਾਂ ਨੂੰ ਅਛੂਤ ਬਣਾਉਣ ਵਾਲੇ ਮਨੂਵਾਦ ਤੋਂ ਉਨ੍ਹਾਂ ਨੂੰ ਸਖ਼ਤ ਨਫ਼ਰਤ ਸੀ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨ ਵਾਲੇ ਸਿੱਖ ਗੁਰੂ ਸਾਹਿਬਾਨ ਲਈ ਬੜਾ ਸਤਿਕਾਰ ਸੀ। ਉਨ੍ਹਾਂ ਨੇ ਇਕ ਪੁਸਤਕ 'ਪਵਿੱਤਰ ਧਰਤੀ ਗੁਰੂਆਂ ਦੀ' ਵੀ ਲਿਖੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰਕਾਸ਼ਿਤ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਹਫ਼ਤਾਵਾਰ 'ਰਵਿਦਾਸ ਪੱਤ੍ਰਿਕਾ' ਅਤੇ ਹਫ਼ਤਾਵਾਰ 'ਬਦਲਦਾ ਯੁੱਗ' ਆਦਿ ਪਰਚਿਆਂ ਵਿਚ ਵੀ ਛਪੀਆਂ ਸਨ ਅਤੇ ਕੁਝ ਰਚਨਾਵਾਂ ਅਪ੍ਰਕਾਸ਼ਿਤ ਵੀ ਸਨ। ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਗੁਰਮੀਤ ਕੱਲਰਮਾਜਰੀ ਨੇ ਬੜੀ ਸਖ਼ਤ ਮਿਹਨਤ ਨਾਲ ਉਨ੍ਹਾਂ ਦੀਆਂ ਸਮੁੱਚੀਆਂ ਲਿਖਤਾਂ ਅਤੇ ਕਵਿਤਾਵਾਂ ਨੂੰ ਇਕੱਤਰ ਕਰ ਕੇ ਇਸ ਅਨਮੋਲ ਦਸਤਾਵੇਜ਼ ਦੀ ਸੰਪਾਦਨਾ ਦਾ ਬੇਹੱਦ ਸ਼ਲਾਘਯੋਗ ਕਾਰਜ ਕੀਤਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਨਮੂਨੇ ਵਜੋਂ ਮੈਂ ਉਨ੍ਹਾਂ ਦੀ ਕਵਿਤਾ ਦਾ ਇਹ ਬੰਦ ਤੁਹਾਡੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ:
ਕੌਮਾਂ ਉਹ ਤਰੱਕੀ ਵੱਲ ਜਾਂਦੀਆਂ ਨੇ,
ਜਿਨ੍ਹਾਂ ਕੋਲ ਤਲੀਮ ਦੀ ਰਾਸ ਹੋਵੇ।
ਫਖ਼ਰ ਨਾਲ ਉਹ ਜਿਉਂਦੀਆਂ ਵਿੱਚ ਦੁਨੀਆ,
ਜਿਨ੍ਹਾਂ ਕੌਮਾਂ ਦਾ ਠੀਕ ਇਤਿਹਾਸ ਹੋਵੇ।
ਜਥੇਬੰਦ ਹੋ ਕੇ ਜਦੋਂ ਤੁਰਨ ਕੌਮਾਂ,
ਤਦ ਸਤ ਸੰਤੋਖ ਦਾ ਵਾਸ ਹੋਵੇ।
ਆਗੂ ਕਰਨ ਕੁਰਬਾਨੀਆਂ ਕੌਮ ਉੱਤੇ,
ਕੌਮ ਕਦੇ ਨਾ ਫੇਰ ਨਰਾਸ਼ ਹੋਵੇ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027.c c c
ਸਿਸਕਦੇ ਰਿਸ਼ਤੇ
ਲੇਖਿਕਾ : ਦਵਿੰਦਰ ਖੁਸ਼ ਧਾਲੀਵਾਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 200 ਰੁਪਏ, ਸਫੇ : 104
ਸੰਪਰਕ : 76963-13340
ਪੁਸਤਕ ਦੀਆਂ ਕੁੱਲ 45 ਰਚਨਾਵਾਂ ਵਿਚ ਲੇਖ, ਲਘੂ ਨਿਬੰਧ, ਪ੍ਰੇਰਕ ਪ੍ਰਸੰਗ, ਮਿੰਨੀ ਕਹਾਣੀ, ਕਹਾਣੀ ਆਦਿ ਸਭ ਕੁਝ ਰਲਗਡ ਹੈ। ਬਿਰਤਾਂਤਕ ਸ਼ੈਲੀ ਸਾਧਾਰਨ ਪੱਧਰ ਦੀ ਹੈ। ਅੰਸ਼ ਮਾਤਰ ਰੌਚਿਕਤਾ ਹੈ। ਲੇਖਾਂ ਦੇ ਸਮਾਜਿਕ ਵਿਸ਼ੇ ਵੰਨ-ਸੁਵੰਨੇ ਹਨ। ਅਲਵਿਦਾ ਲੇਖ ਵਿਚ ਇਕ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਜਾਂਦਾ ਹੈ ਪਰ ਨਸ਼ੇ ਕਰਕੇ ਆਪਣੀ ਖੇਡ ਸਮਰੱਥਾ ਵਿਚ ਵਾਧਾ ਕਰਦਾ ਹੈ। ਡੋਪ ਟੈਸਟ ਵਿਚ ਰਹਿ ਜਾਂਦਾ ਹੈ। ਬੇਇਜ਼ਤੀ ਮਹਿਸੂਸ ਕਰਦਾ ਹੋਇਆ ਖ਼ੁਦਕਸ਼ੀ ਕਰ ਜਾਂਦਾ ਹੈ। ਦਾਜ ਵਾਲੇ ਲੇਖ ਵਿਚ ਸਮੇਂ ਨਾਲ ਦਾਜ ਲੈਣ-ਦੇਣ ਦੇ ਬਦਲ ਰਹੇ ਰੂਪ ਦੀ ਚਰਚਾ ਹੈ। ਹੁਣ ਮਾਡਰਨ ਦਾਜ ਵਿਚ ਵਿਦੇਸ਼ ਜਾਣ ਦਾ ਰੁਝਾਨ ਹੈ। ਮੁੰਡੇ ਦੇ ਵਿਦੇਸ਼ ਜਾਣ ਲਈ ਕੁੜੀਆਂ ਦੇ ਮੁੱਲ ਪੈ ਰਹੇ ਹਨ। ਇਕ ਲੇਖ ਔਰਤਾਂ ਦੀਆਂ ਸਰੀਰਕ ਤਬਦੀਲੀਆਂ ਬਾਰੇ ਵਿਗਿਆਨਕ ਸ਼ੈਲੀ ਵਿਚ ਹੈ। ਮੁੱਲਵਾਨ ਲਿਖਤ ਹੈ। ਔਰਤਾਂ ਦੇ ਵਿਸ਼ੇ ਹੋਰ ਰਚਨਾਵਾਂ ਵਿਚ ਵੀ ਹਨ। ਖ਼ਾਸ ਕਰਕੇ ਔਰਤ ਦੇ ਪੇਕੇ, ਸਹੁਰੇ ਦਾ ਸਫ਼ਰ ਗ਼ਰੀਬੀ, ਅਮੀਰੀ, ਮਜਬੂਰ ਗ਼ਰੀਬ ਔਰਤ ਨੂੰ ਜਣੇਪੇ ਮੌਕੇ ਮਾਲਕਣ ਅਮੀਰ ਔਰਤ ਵਲੋਂ ਸਾਥ ਸਹਿਯੋਗ ਦੇ ਕੇ ਖ਼ੁਸ਼ ਹੁੰਦੀ ਹੈ, ਇਹ ਦ੍ਰਿਸ਼ ਸਮਾਜ ਲਈ ਚੰਗਾ ਸੁਨੇਹਾ ਹੈ। ਨਹੀਂ ਤਾਂ ਅੱਜਕਲ੍ਹ 'ਮੈਨੂੰ ਕੀ' ਦੀ ਧਾਰਨਾ ਵਧੇਰੇ ਹੈ। ਪੁਸਤਕ ਸਿਰਲੇਖ ਨੂੰ ਸਨਮੁਖ ਰੱਖਦੇ ਰਚਨਾਵਾਂ ਵਿਚ ਰਿਸ਼ਤਿਆਂ ਦੇ ਪ੍ਰਸੰਗ ਹਨ, ਰਹੱਸਮਈ ਰਿਸ਼ਤੇ, ਤਿੜਕਦੇ ਰਿਸ਼ਤੇ, ਰਿਸ਼ਤਿਆਂ ਵਿਚ ਘਟ ਰਹੀ ਕਦਰ, ਰਿਸ਼ਤਿਆਂ ਦੀ ਗੰਢ, ਅਣਜਾਣ ਰਿਸ਼ਤਿਆਂ ਦਾ ਦਰਦ, ਰਿਸ਼ਤਿਆਂ ਦੀ ਥਕਾਵਟ, ਵਿਚ ਲੇਖਿਕਾ ਨੇ ਅਜੋਕੇ ਸਮਾਜਿਕ ਯਥਾਰਥ ਨੂੰ ਪੇਸ਼ ਕੀਤਾ ਹੈ। ਕਿਤਾਬਾਂ ਦਾ ਨਸ਼ਾ, ਦੀਵੇ ਦੀ ਲੋਅ, ਬਿਰਧ ਆਸ਼ਰਮ, ਦੀਵਾਲੀ ਦੀ ਮੱਧਮ ਰੌਸ਼ਨੀ, ਦਰੱਖਤਾਂ 'ਤੇ ਪੈਸੇ ਲੇਖਾਂ ਦੇ ਵਿਸ਼ੇ ਸਾਰਥਿਕ ਤੇ ਉਸਾਰੂ ਹਨ। ਅੱਲ੍ਹੜ ਉਮਰ ਦੇ ਅਧੂਰੇ ਪਿਆਰ ਦੀ ਚਰਚਾ ਵੀ ਯਾਦਾਂ ਲਿਖਤ ਵਿਚ ਹੈ। ਪਿਆਰ ਸਿਰੇ ਨਹੀਂ ਚੜ੍ਹਦਾ ਪਰ ਦਿਲ ਅੰਦਰ ਯਾਦ ਰਹਿ ਜਾਂਦੀ ਹੈ। ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਚਿੰਤਾ ਦਾ ਜ਼ਿਕਰ ਹੈ। ਸੰਗ੍ਰਹਿ ਬਾਰੇ ਕੁਲਜੀਤ ਕੌਰ ਗ਼ਜ਼ਲ (ਆਸਟ੍ਰੇਲੀਆ), ਰਵਿੰਦਰ ਸਿੰਘ ਕੰਗ (ਕੈਨੇਡਾ), ਦੀਪ ਰੱਤੀ (ਫਰੈਂਡਜ਼ ਕਲੱਬ ਕੈਨੇਡਾ), ਅਜੀਤ ਸਿੰਘ ਚੱਠਾ (ਜਗਤ ਪੰਜਾਬੀ ਸਭਾ ਕੈਨੇਡਾ) ਦੇ ਭਾਵਪੂਰਤ ਵਿਚਾਰ ਹਨ। ਨਿਬੰਧਕਾਰੀ ਵਿਚ ਲੇਖਿਕਾ ਕਹਾਣੀ ਸਿਰਜਣਾ ਨਾਲੋਂ ਅੱਗੇ ਜਾਪਦੀ ਹੈ। ਕਹਾਣੀ ਲਈ ਕਲਾ ਪੱਖ ਤੋਂ ਹੋਰ ਅਧਿਐਨ ਦੀ ਲੋੜ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 098148-56160
ਸੋਨਧਾਰਾ
ਲੇਖਕ : ਡਾ. ਜਗਰੂਪ ਸਿੰਘ
ਪ੍ਰਕਾਸ਼ਕ : ਈਗਲ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 98786-15600
ਹਥਲੀ ਪੁਸਤਕ ਦਾ ਲੇਖਕ ਪੰਜਾਬੀ ਸਾਹਿਤਕ ਹਲਕਿਆਂ 'ਚ ਜਾਣਿਆ-ਪਛਾਣਿਆ ਨਾਂਅ ਹੈ। ਲੇਖਕ ਨੂੰ ਲਿਖਣ ਕਲਾ ਦੀ ਗੁੜ੍ਹਤੀ ਵਿਰਸੇ ਵਿਚ ਮਿਲੀ ਹੈ ਤੇ ਉਨ੍ਹਾਂ ਮਿਹਰ ਚੰਦ ਪੌਲੀਟੈਕਨਿਕ ਕਾਲਜ ਵਿਚ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਅੱਧੀ ਦਰਜਨ ਦੇ ਕਰੀਬ ਕਹਾਣੀਆਂ, ਮਿੰਨੀ ਕਹਾਣੀਆਂ, ਅਨੁਵਾਦਤ ਪੁਸਤਕਾਂ ਤੇ ਏਨੀਆਂ ਕੁ ਹੀ ਤਕਨੀਕੀ ਸਿੱਖਿਆ ਬਾਰੇ ਪੁਸਤਕਾਂ ਲਿਖ ਕੇ ਪਾਠਕਾਂ ਤੱਕ ਪਹੁੰਚਾਈਆਂ ਹਨ। 'ਸੋਨਧਾਰਾ' ਪੁਸਤਕ ਦਾ ਵਿਸ਼ਾ ਪੁਰਾਤਨ ਇਲਾਜ ਪ੍ਰਣਾਲੀ 'ਸਵੈ-ਮੂਤਰ ਪ੍ਰਣਾਲੀ' ਬਾਰੇ ਇਕ ਵੱਖਰੀ ਕਿਸਮ ਦਾ ਹੈ, ਜਿਸ ਨੂੰ ਲੋਕ ਭੁਲ-ਭੁਲਾ ਚੁੱਕੇ ਹਨ। ਲੇਖਕ ਇਸ ਪ੍ਰਣਾਲੀ ਤੋਂ ਪ੍ਰਭਾਵਿਤ ਕੋਰੋਨਾ ਦੇ ਸਮੇਂ ਆਪਣੇ ਕਾਲਜ ਦੇ ਇਕ ਪੁਰਾਣੇ ਵਿਦਿਆਰਥੀ ਮਹਿਤਾਬ ਜੋਸ਼ੀ ਦੇ ਪ੍ਰਭਾਵ ਹੇਠ ਆਇਆ। ਨਿੱਜੀ ਤਜਰਬਾ ਕੀਤਾ ਤੇ ਬਾਅਦ 'ਚ ਇਸ ਪ੍ਰਣਾਲੀ ਬਾਰੇ ਲਗਭਗ 33 ਪੁਸਤਕਾਂ ਵੀ ਪੜ੍ਹੀਆਂ। ਇਨ੍ਹਾਂ ਤਜਰਬਿਆਂ ਤੋਂ ਜਾਣੂ ਹੋ ਕੇ ਫਿਰ ਇਹ ਪੁਸਤਕ ਪਾਠਕਾਂ ਤੱਕ ਪੁੱਜਦੀ ਕੀਤੀ ਹੈ। ਲੇਖਕ ਨੇ ਪਾਠਕਾਂ ਨੂੰ ਇਸ ਪੁਸਤਕ ਰਾਹੀਂ ਇਕ ਪੁਰਾਤਨ ਤੇ ਅਣਗੌਲੀ ਇਲਾਜ ਪ੍ਰਣਾਲੀ