ਤਾਜਾ ਖ਼ਬਰਾਂ


ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  about 2 hours ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  about 3 hours ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  about 3 hours ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  about 3 hours ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  about 3 hours ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  about 5 hours ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  about 5 hours ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  about 5 hours ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  about 6 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  about 6 hours ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  about 6 hours ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  about 6 hours ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  about 6 hours ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  about 7 hours ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  about 7 hours ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  about 7 hours ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  about 7 hours ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 8 hours ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  about 8 hours ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  about 8 hours ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  about 8 hours ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 minute ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 9 hours ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਚੇਤ ਸੰਮਤ 555
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਕਿਤਾਬਾਂ

18-03-2023

 ਆਓ ਸੋਚ ਬਦਲੀਏ
ਲੇਖਕ : ਕ੍ਰਿਸ਼ਨ ਰਾਹੀ
ਪ੍ਰਕਾਸ਼ਕ : ਸਪਤਰਿਸ਼ੀ ਪਬੀਲਕੇਸ਼ਨ ਚੰਡੀਗੜ੍ਹ
ਸਫ਼ੇ : 104
ਸੰਪਰਕ : 99888-04434

'ਆਓ ਸੋਚ ਬਦਲੀਏ' ਕਾਵਿ-ਸੰਗ੍ਰਹਿ ਕ੍ਰਿਸ਼ਨ ਰਾਹੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਨੂੰ ਜਗਦੀਸ਼ ਸਿੰਘ ਦੀਵਾਨ (ਸਪੋਰਟ-ਏ-ਚਾਈਲਡ ਚੰਡੀਗੜ੍ਹ) ਨੇ ਪੰਜਾਬੀ ਕਾਵਿ-ਪ੍ਰੇਮੀਆਂ ਨੂੰ ਪੇਸ਼ ਕੀਤਾ ਹੈ। ਉਹ ਜਿਥੇ ਆਰਥਿਕ ਤੌਰ 'ਤੇ ਪੱਛੜੇ ਵਿਦਿਆਰਥੀਆਂ ਦੀ ਮਦਦ ਕਰਦੇ ਹਨ, ਉਥੇ ਉਨ੍ਹਾਂ ਸ਼ਬਦਾਂ ਦੀ ਸਾਂਝ ਪਾਠਕਾਂ ਨਾਲ ਪੁਆਉਣ ਦਾ ਉੱਦਮ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। ਇਹ ਕਾਵਿ-ਪੁਸਤਕ ਉਨ੍ਹਾਂ ਨੇ ਭਾਰਤ ਦੇ ਸਮੂਹਾਂ ਨੂੰ ਸਮਰਪਿਤ ਕਰਦਿਆਂ ਇਹ ਸੰਦੇਸ਼ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਅਨੇਕ ਹੁੰਦਿਆਂ ਹੋਇਆਂ ਵੀ ਇਕ ਹਾਂ। ਇਸੇ ਲਈ ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਆਓ ਸੋਚ ਬਦਲੀਏ' ਤੋਂ ਲੈ ਕੇ 'ਸੰਦੇਸ਼' ਤੱਕ ਦੀਆਂ ਕਵਿਤਾਵਾਂ ਮੌਜੂਦਾ ਭਖਵੇਂ ਮਸਲਿਆਂ : ਵਾਤਾਵਰਨ (ਹਵਾ, ਪਾਣੀ, ਮਿੱਟੀ) ਅਤੇ ਮਨ ਦੀ ਮਲੀਨਤਾ ਵੱਲ ਸੰਕੇਤ ਕਰਦੀਆਂ ਹਨ। ਜਿਨ੍ਹਾਂ ਤੋਂ ਸੁਚੇਤ ਹੋਣਾ ਹਰ ਜਾਗਰੂਕ ਪ੍ਰਾਣੀ ਦਾ ਪ੍ਰਥਮ ਫ਼ਰਜ਼ ਹੋਣਾ ਚਾਹੀਦਾ ਹੈ। ਇਸੇ ਲਈ ਕਵੀ ਖ਼ੁਦ ਨੂੰ ਬਦਲਣ ਦਾ ਹੋਕਾ ਦਿੰਦਿਆਂ, ਸਮੂਹਿਕ ਤਬਦੀਲੀ ਦੀ ਤਵੱਕੋਂ ਕਰਦਾ ਹੈ :
ਖ਼ੁਦ ਨੂੰ ਪਹਿਲਾਂ ਬਦਲ ਤਰਾਨਾ ਬਦਲੇਗਾ,
ਤਾਹੀਓਂ ਆਪਣੀ ਸੋਚ ਜ਼ਮਾਨਾ ਬਦਲੇਗਾ।
ਨਵੀਂ ਸੋਚ ਅਪਣਾ ਕੇ ਨਵੀਆਂ ਰਾਹਾਂ ਮੱਲੀਏ।
ਆਓ ਸੋਚ ਬਦਲੀਏ...
ਇਸ ਕਾਵਿ-ਸੰਗ੍ਰਹਿ ਵਿਚ ਸੰਗੀਤਕ-ਸੁਰਾਂ ਨਾਲ ਲਬਰੇਜ਼ ਸ਼ਬਦਾਵਲੀ ਕ੍ਰਿਸ਼ਨ ਰਾਹੀ ਦੇ ਸਿੱਖਿਆ, ਸੰਗੀਤ ਅਤੇ ਸਾਹਿਤ-ਚਿੰਤਨ ਦੀ ਗਵਾਹੀ ਭਰਦੀ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਬਾਲ-ਮਨਾਂ 'ਤੇ ਗਹਿਰਾ ਪ੍ਰਭਾਵ ਪਾ ਕੇ ਹੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਨਫ਼ਰਤੀ ਮਾਹੌਲ ਨੂੰ ਜੋ ਭਾਵੇਂ ਸਮਾਜਿਕ, ਸਾਹਿਤਕ, ਸੱਭਿਆਚਾਰਕ ਰਾਜਨੀਤਕ, ਆਰਥਿਕ ਅਤੇ ਧਾਰਮਿਕ ਮਸਲਿਆਂ ਕਰਕੇ ਉਭਾਰਿਆ ਹੈ, ਉਸ ਨੂੰ ਸਿਰਫ਼ ਤੇ ਸਿਰਫ਼ ਪ੍ਰੇਮ ਦੇ ਸ਼ਬਦੀ-ਛੱਟਿਆਂ ਨਾਲ ਹੀ ਬਦਲਿਆ ਜਾ ਸਕਦਾ ਹੈ। ਅਜਿਹੀ ਭਾਵਨਾ ਵਿਅਕਤ ਕਰਦੀਆਂ ਪ੍ਰਦੂਸ਼ਣ ਨੂੰ ਦੂਰ ਕਰਨ ਦੀਆਂ ਨਸੀਹਤਾਂ ਦਿੰਦੀਆਂ ਹਨ:
ਦੀਵਾਲੀ ਨੂੰ ਧੂੰਆਂ ਰਹਿਤ ਬਣਾਵਾਂਗੇ,
ਬੰਬ ਪਟਾਖੇ ਹੁਣ ਤਾਂ ਨਹੀਂ ਚਲਾਵਾਂਗੇ।
ਪ੍ਰਦੂਸ਼ਿਤ ਵਾਤਾਵਰਨ ਤੋਂ ਨਿਜ਼ਾਤ ਪਾਉਣ ਲਈ ਗੁਰਬਾਣੀ ਦੀ ਤੁਕ ਅੱਜ ਵੀ ਸਾਰਥਕ ਹੈ :
'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।'
ਉਪਰੋਕਤ ਗੁਰਬਾਣੀ ਦੀ ਤੁਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਅਨੇਕਾਂ ਕਵਿਤਾਵਾਂ ਇਸ ਸੰਗ੍ਰਹਿ ਵਿਚੋਂ ਦੇਖੀਆਂ ਜਾ ਸਕਦੀਆਂ ਹਨ। ਲੇਖਕ ਨੂੰ ਵਧਾਈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

 

 

ਪੁੱਤਰ ਤੇ ਪ੍ਰੇਮੀ
ਲੇਖਕ : ਡੀ. ਐਚ. ਲਾਰੰਸ
ਅਨੁਵਾਦ: ਜਸਪਾਲ ਸਿੰਘ ਘਈ
ਪ੍ਰਕਾਸ਼ਕ : ਸੰਗਮ ਪਬਲਿਕੇਸ਼ਨ, ਸਮਾਣਾ
ਮੁੱਲ : 495 ਰੁਪਏ, ਸਫ਼ੇ : 392
ਸੰਪਰਕ : 99150-99926

ਡੀ. ਐਚ. ਲਾਰੰਸ ਦਾ ਸਵੈ-ਜੀਵਨੀ ਪਰਕ ਨਾਵਲ 'ਪੁੱਤਰ ਤੇ ਪ੍ਰੇਮੀ' 'ਸੰਨਜ਼ ਐਂਡ ਲਵਰਜ਼' ਸਿਰਲੇਖ ਹੇਠ 1913 ਵਿਚ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਦਾ ਪੰਜਾਬੀ ਅਨੁਵਾਦ ਪ੍ਰੋ. ਜਸਪਾਲ ਸਿੰਘ ਘਈ ਦੁਆਰਾ ਕੀਤਾ ਗਿਆ ਹੈ। ਨਾਵਲਕਾਰ ਦੀ ਉੱਤਮ ਬਿਰਤਾਂਤ-ਸ਼ਾਸਤਰੀ ਯੋਗਤਾ ਰਾਹੀਂ ਗੁੰਦਵੀਆਂ ਘਟਨਾਵਾਂ ਦੀ ਪੇਸ਼ਕਾਰੀ ਕਹਾਣੀ ਨੂੰ ਰਵਾਨਗੀ ਪ੍ਰਦਾਨ ਕਰਦੀ ਹੈ। ਇਹ ਨਾਵਲ ਇਕ ਮਾਂ ਅਤੇ ਪੁੱਤਰ ਦੇ ਗੂੜ੍ਹੇ ਅਤੇ ਭਾਵੁਕ ਰਿਸ਼ਤੇ ਦੀ ਕਹਾਣੀ ਹੈ। ਇਕ ਔਰਤ ਗ਼ਰੀਬੀ ਵਿਚ ਆਪਣੇ ਤਿੰਨ ਪੁੱਤਰਾਂ ਅਤੇ ਇਕ ਧੀ ਦੀ ਪਾਲਣਾ ਆਪਣੇ ਪਤੀ ਦੀ ਸਹਾਇਤਾ ਤੋਂ ਬਗ਼ੈਰ ਕਰਦੀ ਹੈ ਅਤੇ ਹਰ ਔਕੜ ਵਿਚ ਆਪਣੀ ਔਲਾਦ ਦੇ ਪਿੱਛੇ ਖੜ੍ਹੀ ਨਜ਼ਰ ਆਉਂਦੀ ਹੈ। ਨਾਲ ਹੀ ਇਸ ਨਾਵਲ ਵਿਚ ਇਕ ਮਾਂ ਦੇ ਮਨ ਦੀ ਆਪਣੇ ਬੱਚਿਆਂ ਸੰਬੰਧੀ ਉਹ ਪੀੜ ਅਤੇ ਚਾਹ ਪੇਸ਼ ਹੋਈ ਹੈ ਜੋ ਉਸ ਦੇ ਪ੍ਰੇਮ ਨੂੰ ਇਕ ਪ੍ਰੇਮਿਕਾ ਦੇ ਪਿਆਰ ਤੋਂ ਉੱਤਮ ਸਿੱਧ ਕਰਨ ਵਿਚ ਸਹਾਈ ਸਾਬਤ ਹੁੰਦੀ ਹੈ। ਚਰਿੱਤਰ ਚਿਤਰਣ ਮਨੋਵਿਗਿਆਨਕ ਢੰਗ ਨਾਲ ਹੋਇਆ ਹੈ ਅਤੇ ਪਾਤਰਾਂ ਦੇ ਮਨ ਦੇ ਵਿਕਾਰ ਅਤੇ ਮਨੋਬਿਰਤੀਆਂ ਕਾਰਨ ਅਜਿਹੇ ਮਾਨਸਿਕ ਸੰਕਟ ਉਭਰਦੇ ਹਨ ਜੋ ਇਸ ਨਾਵਲ ਦੇ ਕਥਾਨਕ ਨੂੰ ਸਫ਼ਲਤਾ-ਪੂਰਵਕ ਸਿਰੇ ਚਾੜ੍ਹਦੇ ਹਨ। ਨਾਵਲ ਦਾ ਮੁੱਖ ਪਾਤਰ ਪਾਲ ਮੋਰੇਲ ਆਧੁਨਿਕਤਾ ਅਤੇ ਮਸ਼ੀਨੀਕਰਨ ਦੇ ਪ੍ਰਭਾਵ ਹੇਠ ਰੁਜ਼ਗਾਰ ਅਤੇ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ਨਾਲ ਜੂਝਦਾ ਆਪਣੇ ਘਰੋਗੀ ਮਸਲਿਆਂ ਨੂੰ ਵੀ ਉਸੇ ਧਰਾਤਲ 'ਤੇ ਹੱਲ ਕਰਨਾ ਚਾਹੁੰਦਾ ਹੈ। ਅਜਿਹਾ ਸੰਭਵ ਨਾ ਹੋਣ ਦੀ ਸੂਰਤ ਵਿਚ ਉਹ ਮਾਂ, ਪਤਨੀ ਅਤੇ ਪ੍ਰੇਮਿਕਾ ਦੀ ਤਿਕੋਣ ਵਿਚ ਫਸ ਜਾਂਦਾ ਹੈ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਹੰਢਾਉਂਦਾ ਹੈ। ਇਸੇ ਤ੍ਰਾਸਦੀ ਕਾਰਨ ਨਾਵਲ ਦਾ ਅੰਤ ਦੁਖਾਂਤ ਵੱਲ ਤੁਰਦਾ-ਤੁਰਦਾ ਅੰਤ ਵਿਚ ਇਕ ਅਚਨਚੇਤ ਪਲਟਾਅ ਵੱਲ ਉਭਰ ਕੇ ਖ਼ਤਮ ਹੁੰਦਾ ਹੈ। ਇਸ ਮਸ਼ਹੂਰ ਨਾਵਲ ਦਾ ਪੰਜਾਬੀ ਅਨੁਵਾਦ ਪ੍ਰੋ: ਜਸਪਾਲ ਸਿੰਘ ਘਈ ਨੇ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ ਹੈ ਅਤੇ ਨਾਵਲ ਦੇ ਅਸਲ ਰੂਪ ਨੂੰ ਉਸੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਮਿਹਨਤ ਭਰੀ ਕੋਸ਼ਿਸ਼ ਕਾਰਨ ਹੀ ਪੰਜਾਬੀ ਪਾਠਕ ਇਸ ਸ਼ਾਹਕਾਰ ਰਚਨਾ ਨੂੰ ਪੜ੍ਹਨ ਦੇ ਕਾਬਿਲ ਹੋਇਆ ਹੈ। ਇਹ ਉਪਰਾਲਾ ਤਾਰੀਫ਼ ਦੇ ਕਾਬਿਲ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

 


ਟਿਕਟਾਂ ਦੋ ਲੈ ਲਈਂ

ਸੰਪਾਦਕ : ਡਾ. ਖੁਸ਼ਵਿੰਦਰ ਕੌਰ
ਮੂਲ ਸੰਗ੍ਰਹਿਕਰਤਾ : ਫ਼ੱਯਾਜ਼ ਅਹਿਮਦ ਅਸ਼ਅਰ
ਲਿੱਪੀਆਂਤਰ ਇਮਦਾਦ : ਡਾ. ਮੁਹੰਮਦ ਜ਼ਮੀਲ ਪੰ.ਯੂ. ਪਟਿਆਲਾ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 307
ਸੰਪਰਕ : 98788-89217

ਇਹ ਖ਼ੂਬਸੂਰਤ ਪੁਸਤਕ ਸੰਪਾਦਕਾ ਦਾ ਉਪਾਧੀ-ਸਾਪੇਖ ਖੋਜ ਕਾਰਜ ਹੈ ਜੋ ਉਸ ਨੇ ਆਪਣੇ ਖੋਜ-ਨਿਗਰਾਨ ਡਾ. ਸੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਫ਼ਲਤਾ ਸਹਿਤ ਸੰਪੰਨ ਕੀਤਾ ਹੈ। ਇਸ ਕਿਤਾਬ ਵਿਚ ਸਾਂਝੇ ਪੰਜਾਬ (1932-1947) ਤੱਕ ਪੰਜਾਬੀ ਫ਼ਿਲਮਾਂ ਦੇ ਸਰਬਪੱਖੀ ਇਤਿਹਾਸਕ ਸਫ਼ਰ (ਅਰਥਾਤ ਗੀਤਾਂ ਦੇ ਪਾਠ, ਸਿਰਜਕ ਕਵੀਆਂ, ਸੰਗੀਤਕਾਰਾਂ, ਫ਼ਿਲਮ ਨਿਰਦੇਸ਼ਕਾਂ ਅਤੇ ਉਨ੍ਹਾਂ ਫ਼ਿਲਮਾਂ ਦੇ ਰਿਲੀਜ਼ ਹੋਣ ਦੀਆਂ ਮਿਤੀਆਂ ਆਦਿ) ਦੀ ਪ੍ਰਮਾਣਿਕ ਹਵਾਲਿਆਂ ਸਹਿਤ ਪੇਸ਼ਕਾਰੀ ਕੀਤੀ ਹੈ। ਡਾ. ਖ਼ੁਸ਼ਵਿੰਦਰ ਨੇ ਫ਼ੱਯਾਜ਼ ਅਹਿਮਦ ਅਸ਼ਅਰ ਦੀ ਕਿਤਾਬ 'ਇਬਤਿਦਾਈ ਪੰਜਾਬੀ ਫ਼ਿਲਮੀ ਗੀਤ' ਦਾ ਲਿਪੀਆਂਤਰਣ ਡਾ. ਮੁਹੰਮਦ ਜ਼ਮੀਲ ਦੀ ਸਹਾਇਤਾ ਨਾਲ ਗੁਰਮੁਖੀ ਲਿੱਪੀਆਂਤਰਣ ਬੜੀ ਮਿਹਨਤ ਨਾਲ ਕੀਤਾ ਹੈ। ਡਾ. ਮੁਹੰਮਦ ਜ਼ਮੀਲ ਅਤੇ ਪਦਮਸ੍ਰੀ ਸੁਰਜੀਤ ਪਾਤਰ ਨੇ ਇਸ ਖੋਜ ਕਾਰਜ ਦੀ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਹੈ। ਡਾ. ਪਾਤਰ ਨੇ ਇਹ ਵੀ ਲਿਖਿਆ ਕਿ ਪੰਜਾਬੀ ਦੀਆਂ ਕੁਝ ਧੁਨੀਆਂ ਸ਼ਾਹਮੁਖੀ ਵਿਚ ਨਹੀਂ ਜਿਵੇਂ ਣ, ਲ, ਤ, ਙ ਆਦਿ। ਲਿਪੀਆਂਤਰਣ ਵੇਲੇ ਇਸ ਤੱਥ ਦਾ ਧਿਆਨ ਰੱਖਣ ਤੇ ਸਹੀ ਥਾਂ ਉੱਤੇ ਇਨ੍ਹਾਂ ਧੁਨੀਆਂ ਵਾਲੇ ਅੱਖਰਾਂ ਦੀ ਵਰਤੋਂ ਕਰਨ ਬਿਨਾਂ ਲਿਪੀਆਂਤਰਣ ਆਪਣੇ ਲਕਸ਼ ਤੋਂ ਉਰੇ ਰਹਿ ਜਾਂਦਾ ਹੈ।' ਪੰ. 13.
ਸੰਪਾਦਕ ਦੀ ਖੋਜ ਅਨੁਸਾਰ ਪਹਿਲੀ ਪੰਜਾਬੀ ਫ਼ਿਲਮ 'ਹੀਰ ਰਾਂਝਾ' 1932 ਵਿਚ ਫ਼ਿਲਮਾਈ ਗਈ ਅਤੇ 1947 ਦੀਆਂ ਆਖ਼ਰੀ ਤਿੰਨ ਫ਼ਿਲਮਾਂ (ਕਾਲੀਆਂ ਰਾਤਾਂ, ਵਿਸਾਖੀ, ਮਾਹੀਆ) ਬਾਰੇ ਸੰਕੇਤ ਕੀਤੇ ਗਏ ਹਨ, ਪਰ ਉਸ ਸਮੇਂ ਪੰਜਾਬ ਦੇ ਹਾਲਾਤ ਖ਼ਰਾਬ ਹੋਣ ਕਾਰਨ ਕੇਵਲ 'ਵਿਸਾਖੀ' ਹੀ ਰਿਲੀਜ਼ ਹੋ ਸਕੀ ਸੀ। ਇਹ ਫ਼ਿਲਮ ਵੀ ਜ਼ਿਆਦਾ ਸਫ਼ਲ ਨਹੀਂ ਹੋਈ ਪਰ ਇਸ ਵਿਚਲੇ ਗੀਤ ਲੋਕ-ਮੂੰਹਾਂ 'ਤੇ ਆ ਗਏ ਸਨ। ਮਸਲਨ : ਦੋ ਨੈਣਾਂ ਦੇ ਤੀਰ ਤੇ ਸਾਡਾ ਗਏ ਕਲੇਜਾ ਚੀਰ' ਪੰ. 283. ਪੁਸਤਕ ਦੇ ਅਖ਼ੀਰ 'ਤੇ ਤਿੰਨ ਅੰਤਿਕਾਵਾਂ ਹਨ। ਪਹਿਲੀ ਅੰਤਿਕਾ ਵਿਚ ਫ਼ਿਲਮੀ ਗੀਤਾਂ ਦੇ ਗੀਤਕਾਰਾਂ ਦਾ ਇੰਡੈਕਸ ਦਿੱਤਾ ਹੈ, ਜਿਸ ਵਿਚ 24 ਗੀਤਕਾਰ ਦਿੱਤੇ ਹਨ। ਦੂਜੀ ਅੰਤਿਕਾ ਵਿਚ ਗੀਤਾਂ ਦੇ 69 ਗਾਇਕਾਂ ਦੀ ਸੂਚੀ ਦਿੱਤੀ ਹੈ। ਤੀਜੀ ਅੰਤਿਕਾ ਵਿਚ ਗੀਤਾਂ ਦੀ ਅੱਖਰੀ ਤਰਤੀਬ 403 ਗੀਤਾਂ ਦੀ ਕ੍ਰਮ-ਸੂਚੀ ਸ਼ਾਮਿਲ ਹੈ। ਅਜਿਹਾ ਕਾਰਜ ਅਣਥੱਕ ਮਿਹਨਤ ਤੋਂ ਬਿਨਾਂ ਹੋਣਾ ਅਸੰਭਵ ਹੈ। 1932 ਤੋਂ 1947 ਤੱਕ 37 ਫ਼ਿਲਮਾਂ ਦੀ ਸੂਚੀ ਖੋਜ ਕਾਰਜ ਦੇ ਆਰੰਭ ਵਿਚ ਹੀ ਦਿੱਤੀ ਹੈ। ਫ਼ਿਲਮਾਂ ਦੇ ਅਸਲੀ ਪੋਸਟਰ ਇਸ ਖੋਜ ਕਾਰਜ ਦੀ ਪ੍ਰਮਾਣਿਕਤਾ ਦੀ ਸਾਖੀ ਭਰਦੇ ਹਨ।
ਸੰਪਾਦਕਾ ਨੇ ਬੜੀ ਸੂਝ-ਬੂਝ ਨਾਲ ਹਨੇਰੇ ਤੋਂ ਚਾਨਣ ਵੱਲ ਰੁਖ ਕੀਤਾ ਹੈ। ਇਸੇ ਨੀਝ ਅਤੇ ਲਗਨ ਦੇ ਫ਼ਲਸਰੂਪ ਅਤੇ ਫ਼ੀਲਡ ਵਰਕ ਦੇ ਨਤੀਜੇ ਵਜੋਂ ਪਾਠਕਾਂ ਅਤੇ ਖੋਜੀਆਂ ਨੂੰ ਦੁਰਲੱਭ ਜਾਣਕਾਰੀ ਪ੍ਰਾਪਤ ਹੋਈ ਹੈ।
ਇਸ ਖੋਜ ਕਾਰਜ ਤੋਂ ਪਹਿਲਾਂ 'ਪਿੰਡ ਦੀ ਕੁੜੀ' ਨੂੰ ਪਹਿਲੀ ਪੰਜਾਬੀ ਫ਼ਿਲਮ ਮੰਨਿਆ ਜਾਂਦਾ ਸੀ। ਪਰ ਸੰਪਾਦਕਾ ਨੇ 'ਹੀਰ-ਰਾਂਝਾ' ਫ਼ਿਲਮ ਨੂੰ ਪਹਿਲੀ ਪੰਜਾਬੀ ਫ਼ਿਲਮ ਪ੍ਰਮਾਣਿਤ ਕੀਤਾ ਹੈ।
ਸੰਪਾਦਕਾ ਅੱਗੇ ਲਿਪੀਆਂਤਰਣ ਸਮੇਂ ਅਸੁਵਿਧਾ ਤਾਂ ਆਉਂਦੀ ਰਹੀ, ਪਰ ਉਹ ਨਿੱਠ ਕੇ ਆਪਣੇ ਕੰਮ ਵਿਚ ਲੀਨ ਰਹੀ।
ਭਵਿੱਖ ਦੇ ਖੋਜਾਰਥੀ ਇਸ ਮੁਢਲੇ ਖੋਜ ਕਾਰਜ ਤੋਂ ਅਗਵਾਈ ਪ੍ਰਾਪਤ ਕਰਕੇ ਅਨੇਕਾਂ ਹੋਰ ਮੁੱਲਵਾਨ ਨਤੀਜੇ ਪ੍ਰਾਪਤ ਕਰਨ ਵਿਚ ਸਫ਼ਲ ਹੋ ਸਕਦੇ ਹਨ। ਸੰਪਾਦਕਾ ਨੂੰ ਅਜਿਹੀ ਆਸ ਅਤੇ ਵਿਸ਼ਵਾਸ ਜਾਪਦਾ ਹੈ।

-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com

c c c

ਸ੍ਰੀ ਗੁਰੂ ਵਾਲਮੀਕਿ ਗਿਆਨ ਪ੍ਰਕਾਸ਼
ਲੇਖਕ : ਕਰਨੈਲ ਸਿੰਘ ਸਹੋਤਾ
ਪ੍ਰਕਾਸ਼ਕ : ਭਾਰਤੀਆ ਵਾਲਮੀਕਿ ਸਭਾ
ਮੁੱਲ : 501 ਰੁਪਏ, ਸਫ਼ੇ : 135
ਸੰਪਰਕ : 99154-78300

ਕਹਾਣੀ ਤੇ ਨਾਟਕ ਰਚਨਾ ਤੋਂ ਛੁੱਟ ਕਰਨੈਲ ਸਿੰਘ ਸਹੋਤਾ ਨੇ ਮਹਾਰਿਸ਼ੀ ਵਾਲਮੀਕਿ ਅਤੇ ਵਾਲਮੀਕਿ ਸਭਾ ਬਾਰੇ ਕਈ ਪੁਸਤਕਾਂ ਲਿਖੀਆਂ ਹਨ, ਵਿਚਾਰ ਅਧੀਨ ਪੁਸਤਕ ਉਸ ਦੀ ਨਵੀਂ ਰਚਨਾ ਹੈ, ਜਿਸ ਵਿਚ ਉਸ ਨੇ ਵਾਲਮੀਕਿ ਜੀ ਦੇ ਜੀਵਨ-ਬਿਰਤਾਂਤ ਅਤੇ ਵਿਚਾਰਧਾਰਾ ਉੱਪਰ ਰੌਸ਼ਨੀ ਪਾਈ ਹੈ। ਵਾਲਮੀਕਿ ਜੀ ਦੇ ਬਚਪਨ ਦਾ ਨਾਂਅ ਰਤਨਾਕਰ ਸੀ। ਉਹ ਇਕ ਮਹਾਨ ਸੰਗੀਤਕਾਰ ਸਨ। ਉਨ੍ਹਾਂ ਨੇ ਸੰਗੀਤ ਦੀਆਂ ਸੁਰਾਂ (ਸਾ, ਰੇ, ਗਾ, ਮਾ, ਪਾ, ਧਾ, ਨੀ) ਸਤ ਸੁਰੀ ਸਰਗਰਮ ਬਣਾਈ। ਸੰਸਾਰ ਵਿਚ ਗ੍ਰੰਥਾਂ ਦੀ ਰਚਨਾ ਵਾਲਮੀਕਿ ਜੀ ਤੋਂ ਹੀ ਆਰੰਭ ਹੋਈ ਹੈ। ਉਸ ਸਮੇਂ ਕੋਈ ਭਾਸ਼ਾ ਨਹੀਂ ਸੀ। ਇਸ ਲਈ ਆਪ ਨੇ ਸਭ ਤੋਂ ਪਹਿਲਾਂ 'ਅਖਸ਼ਰ ਲਖ਼ਸ਼ ਗ੍ਰੰਥ' ਦੀ ਰਚਨਾ ਕੀਤੀ, ਜਿਸ ਵਿਚ ਅੱਖਰ ਦੇ ਸਰੂਪ ਅਤੇ ਉਚਾਰਨ ਬਾਰੇ ਦੱਸਿਆ ਹੈ। ਫਿਰ ਉਨ੍ਹਾਂ ਨੇ 'ਵਾਲਮੀਕਿ ਵਿਆਕਰਣ' ਅਤੇ 'ਰਾਮਾਇਣ' ਦੀ ਰਚਨਾ ਕੀਤੀ। ਲਵ ਕੁਸ਼ ਬੰਸਾਵਲੀ ਵਿਚ ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਿ ਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਵ ਵੰਸ਼ ਵਿਚੋਂ ਅਤੇ ਗੁਰੂ ਨਾਨਕ ਦੇਵ ਜੀ ਨੂੰ ਕੁਸ਼ ਵੰਸ਼ ਵਿਚੋਂ ਦਰਸਾਇਆ ਗਿਆ ਹੈ। ਪੁਸਤਕ ਵਿਚ ਵਾਲਮੀਕ ਜੀ ਨਾਲ ਸੰਬੰਧਿਤ ਹੇਠ ਲਿਖੇ ਵਿਸ਼ਿਆਂ ਬਾਰੇ ਜਾਣਕਾਰੀ ਮਿਲਦੀ ਹੈ :
ਭਾਰਤ ਦੇ ਮੂਲ ਨਿਵਾਸੀ ਲੋਕ, ਪੁਰਾਤਨ ਅਤੇ ਅੱਜ ਦੇ ਸਮੇਂ ਦਾ ਭਾਰਤ, ਸਿੰਧੂ ਘਾਟੀ ਦੀ ਸੱਭਿਅਤਾ, ਰਾਮਾਇਣ ਕਾਲ ਦੀ ਸੱਭਿਅਤਾ, ਭਾਰਤ ਦਾ ਮਹਾਨ ਮੂਲ ਨਿਵਾਸੀ ਰਾਜਾ ਵਰੁਣ ਪ੍ਰਚੇਤਾ, ਆਰੀਆਂ ਦਾ ਭਾਰਤ ਉੱਤੇ ਹਮਲਾ, ਦਸਰਾਜ ਯੁੱਧ, ਵਿਆਕਰਣ ਵਾਲਮੀਕਿ, ਭਗਵਾਨ ਵਾਲਮੀਕਿ ਜੀ ਦੀ ਹੋਂਦ, ਸਮਾਂ ਅਤੇ ਯੁੱਗ ਕਲਪਨਾ, ਜਨਮ ਬਾਰੇ ਵਿਚਾਰ ਅਤੇ ਅਸਲੀਅਤ, ਵਿੱਦਿਆ ਪ੍ਰਾਪਤੀ, ਮਹਾਨ ਸੰਗੀਤਕਾਰ, ਗ੍ਰੰਥਾਂ ਦੀ ਰਚਨਾ, ਭਗਵਾਨ ਵਾਲਮੀਕਿ ਜੀ ਦੇ ਆਸ਼ਰਮਾਂ ਦਾ ਵੇਰਵਾ, ਸੀਤਾ ਬਨਵਾਸ ਅਤੇ ਲਵ ਕੁਸ਼ ਯੁੱਧ, ਪਾਂਡਵਾਂ ਦਾ ਯੱਗ, ਸ਼ਿਵ ਨੂੰ ਮੁਕਤੀ ਮੰਤਰ ਦੇਣਾ, ਜੋਤੀ ਜੋਤ ਸਮਾਉਣਾ, ਰਾਮ ਚੰਦਰ ਦੀ ਜਾਤੀ ਵਾਲਾਮੀਕਿ ਸੀ, ਕਿਉਂ ਲਿਖੀ ਸੀ ਰਾਮਾਇਣ ਭਗਵਾਨ ਵਾਲਮੀਕਿ ਜੀ ਨੇ, ਦਸ਼ਾਨੰਦ ਰਾਵਣ, ਸ਼ੰਭਕ ਦੇ ਕਤਲ ਦੀ ਅਸਲੀਅਤ, ਭਗਵਾਨ ਵਾਲਮੀਕਿ ਜੀ ਦਾ ਨਾਰੀ ਸਿਧਾਂਤ, ਪੁਰਸ਼ਾਰਥ ਹੀ ਦੇਵ ਹੈ, ਭਗਵਾਨ ਵਾਲਮੀਕਿ ਜੀ ਕਿਸ ਇਸ਼ਟ ਦੀ ਪੂਜਾ ਕਰਦੇ ਸਨ, ਸ੍ਰੀ ਗੁਰੂ ਵਾਲਮੀਕਿ ਭਵਿੱਖਤ ਗੀਤਾ, ਬੋਧੀਆਂ ਦਾ ਕੁਫ਼ਰ, ਵਾਲਮੀਕਿ ਜਾਤੀ ਦਾ ਇਤਿਹਾਸ, ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦਾ ਇਤਿਹਾਸ, ਵਾਲਮੀਕਿ ਕੌਮ ਦੇ ਝੰਡੇ ਦਾ ਰੰਗ, ਭਾਰਤੀਆ ਵਾਲਮੀਕਿ ਸਭਾ ਵਲੋਂ 8-11-2020 ਨੂੰ ਐਸ. ਜੀ. ਪੀ. ਸੀ. ਨੂੰ ਦਿੱਤਾ ਗਿਆ ਮੰਗ ਪੱਤਰ, ਅਛੂਤਾਂ ਦੇ ਰਾਜਨੀਤਕ ਅਧਿਕਾਰਾਂ ਦਾ ਇਤਿਹਾਸ, ਭਾਰਤੀਆ ਵਾਲਮੀਕਿ ਸਭਾ ਦੀਆਂ ਪ੍ਰਾਪਤੀਆਂ। ਪੁਸਤਕ ਦੇ ਦੂਜੇ ਭਾਗ ਵਿਚ ਹੇਠ ਲਿਖੇ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ, ਜਿਸ ਵਿਚ ਵਾਲਮੀਕਿ ਜੀ ਵਲੋਂ ਸੰਸਾਰ ਨੂੰ ਦਿੱਤੇ ਗਏ ਗਿਆਨ ਦਾ ਤੱਤਸਾਰ ਹੈ :
ਗਿਆਨ ਦਾ ਤਤਵ ਸਾਰ, ਮੌਤ, ਮਨ, ਵਾਸ਼ਨਾ, ਅਗਿਆਨ, ਪਰਮਾਤਮਾ, ਮੋਕਸ਼ ਦੇ ਚਾਰ ਦੁਆਰਪਾਲ, ਅਰਦਾਸ।
ਉਮੀਦ ਹੈ ਇਹ ਪੁਸਤਕ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

 


ਅੰਬਰੀਂ ਉੱਡਣ ਤੋਂ ਪਹਿਲਾਂ

ਲੇਖਕ : ਡਾ. ਗੁਰਮਿੰਦਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 336
ਸੰਪਰਕ : 98720-03658

'ਅੰਬਰੀਂ ਉੱਡਣ ਤੋਂ ਪਹਿਲਾਂ' ਪੰਜਾਬੀ ਸਾਹਿਤ ਦੀ ਪ੍ਰਮੁੱਖ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦਾ ਲਿਖਿਆ ਹੋਇਆ ਇਕ ਬੇਹੱਦ ਪ੍ਰਾਸੰਗਿਕ ਨਾਵਲ ਹੈ। ਡਾ. ਗੁਰਮਿੰਦਰ ਨੇ ਆਪਣੇ ਰਚਨਾ-ਕਾਲ ਦੇ ਆਰੰਭ ਵਿਚ ਧੀਆਂ ਦੀ ਬੇਕਦਰੀ ਅਤੇ ਕੰਨਿਆ ਭਰੂਣ-ਹੱਤਿਆਵਾਂ ਬਾਰੇ ਬੜੀਆਂ ਭਾਵੁਕ ਅਤੇ ਸੰਵੇਦਨਸ਼ੀਲ ਕਵਿਤਾਵਾਂ ਲਿਖੀਆਂ ਸਨ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿਚ ਭਰਪੂਰ ਸਵਾਗਤ ਹੋਇਆ ਸੀ। ਉਸ ਨੂੰ ਬਹੁਤ ਸਾਰੀਆਂ ਸਾਹਿਤਕ-ਸੰਸਥਾਵਾਂ ਅਤੇ ਸੱਭਿਆਚਾਰਕ-ਕੇਂਦਰਾਂ ਵਲੋਂ ਕਈ ਇਨਾਮ-ਸਨਮਾਨ ਵੀ ਮਿਲੇ ਸਨ। ਉਸ ਸਮੇਂ ਕੌਣ ਜਾਣਦਾ ਸੀ ਕਿ ਧੀਆਂ ਦੀ, ਵਿਆਹ ਪਿੱਛੋਂ ਹੋਣ ਵਾਲੀ ਖੱਜਲ-ਖੁਆਰੀ ਅਤੇ ਹਿੰਸਾ ਬਾਰੇ ਵੀ ਉਸ ਨੂੰ ਇਕ ਸੱਚਾ ਬਿਰਤਾਂਤ ਲਿਖਣਾ ਪਵੇਗਾ। ਪਰ ਇਸੇ ਪ੍ਰਕਾਰ ਹੋਇਆ, ਡਾ. ਸਿੱਧੂ ਨੇ ਇਸ ਵਿਸ਼ੇ ਬਾਰੇ ਇਕ ਬਹੁਤ ਹੀ ਹਿਰਦੇਵੇਧਕ ਬਿਰਤਾਂਤ ਲਿਖ ਕੇ ਪਾਠਕਾਂ ਨੂੰ ਅਚੰਭਿਤ ਕਰ ਦਿੱਤਾ ਹੈ।
ਅਸੀਂ ਮਰਦ ਲੋਕ ਇਸ ਸੱਚ ਨੂੰ ਮੰਨਣ ਲਈ ਹਰਗਿਜ਼ ਤਿਆਰ ਨਹੀਂ ਕਿ ਸਾਡੀ ਵਿਆਹ-ਸੰਸਥਾ ਨਾਰੀ ਦਾ ਦਮਨ ਕਰਨ ਵਾਸਤੇ ਇਕ ਬਹੁਤ ਘਿਨੌਣਾ ਤੇ ਕਾਰਗਰ ਢੰਗ ਹੈ। ਵਿਆਹ ਉਪਰੰਤ ਨਾਰੀ ਦਾ ਸਵੈਮਾਨ ਅਤੇ ਸ਼ਨਾਖ਼ਤ ਕੁਚਲਣ ਵਾਸਤੇ ਕਈ ਤਰ੍ਹਾਂ ਦੀਆਂ ਵਿਧੀਆਂ ਪ੍ਰਚਲਿਤ ਹਨ। ਵਿਆਹੁਤਾ ਮੁਟਿਆਰ ਤੋਂ ਰੱਜ ਕੇ ਦਾਜ-ਦਹੇਜ ਲਉ ਅਤੇ ਫਿਰ ਸਾਰੀ ਉਮਰ ਉਸ ਤੋਂ 'ਹਰ... ਹੋਰ' ਦੀ ਮੰਗ ਕਰਦੇ ਰਹੋ। ਉਸ ਦਾ ਨਾਂਅ ਹੀ ਬਦਲ ਦੇਵੋ ਤਾਂ ਕਿ ਅਠਾਰਾਂ-ਵੀਹ ਵਰ੍ਹਿਆਂ ਵਿਚ ਬਣਾਈ ਉਸ ਦੀ ਸ਼ਨਾਖ਼ਤ ਮਿਟ ਜਾਵੇ ਅਤੇ ਨਾਲ ਹੀ, ਉਸ ਤੋਂ ਗ਼ੁਲਾਮਾਂ ਵਾਂਗ ਕੰਮ ਲਓ।
ਇਸ ਨਾਵਲ ਵਿਚ 'ਸਰਘੀ' ਨਾਂਅ ਦੀ ਇਕ ਡਾਕਟਰ ਕੁੜੀ ਦਾ ਬਿਰਤਾਂਤ ਹੈ ਜਿਸ ਨੂੰ ਉਸ ਦੇ ਮਾਪੇ ਆਸਟ੍ਰੇਲੀਆ ਵਿਚ ਵਸਦੇ ਇਕ ਨਸ਼ੇੜੀ 'ਕੰਵਰ' ਨਾਲ ਵਿਆਹ ਦਿੰਦੇ ਹਨ। ਕੰਵਰ ਆਪ ਤਾਂ ਕੁਝ ਕਰਨ ਜੋਗਾ ਹੈ ਨਹੀਂ, ਸਰਘੀ ਨੌਕਰੀ ਵੀ ਕਰਦੀ ਹੈ, ਰੋਟੀ-ਟੁੱਕ ਵੀ ਪਕਾਉਂਦੀ ਹੈ ਅਤੇ ਕੰਵਰ ਦੀ ਗਾਲੀ-ਗਲੋਚ ਵੀ ਸਹਾਰਦੀ ਹੈ। ਅਸੀਂ ਭਾਰਤੀ ਮਾਪੇ ਅਜਿਹੇ ਅਨਜੋੜ ਵਿਆਹ ਨੂੰ ਕਈ-ਕਈ ਸਾਲ ਲਮਕਾਈ ਜਾਂਦੇ ਹਾਂ, ਤਾਂ ਜੋ ਸਮਾਜ ਵਿਚ ਸਾਡੀ ਬਦਨਾਮੀ ਨਾ ਹੋ ਜਾਵੇ। ਅਜਿਹੇ ਦਮਨਕਾਰੀ ਮਾਹੌਲ ਵਿਚ ਕਈ ਮੁਟਿਆਰਾਂ ਤਾਂ ਮਰ-ਮੁੱਕ ਹੀ ਜਾਂਦੀਆਂ ਹਨ ਪਰ ਸਰਘੀ ਨੂੰ ਤਲਾਕ ਦੀ ਮਾਅਰਫ਼ਤ ਬਚਾ ਲਿਆ ਜਾਂਦਾ ਹੈ ਅਤੇ ਨਾਵਲ ਸੁਖਾਂਤ ਵਿਚ ਖ਼ਤਮ ਹੋ ਜਾਂਦਾ ਹੈ। ਇਹ ਇਕ ਭਾਵਪੂਰਿਤ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 

ਉੱਚੀਆਂ ਮੰਜ਼ਿਲਾਂ ਦੇ ਰਾਹ
ਸੰਪਾਦਕ : ਸੁਖਮਨ ਸਿੰਘ
ਪ੍ਰਕਾਸ਼ਕ : ਸਵਿੱਤਰੀ ਪਬਲੀਕੇਸ਼ਨਜ਼ ਆਗਰਾ (ਯੂ.ਪੀ.)
ਮੁੱਲ : 160 ਰੁਪਏ, ਸਫ਼ੇ : 70
ਸੰਪਰਕ : 87270-71751

ਸੰਭਾਵਨਾਵਾਂ ਭਰਪੂਰ ਕਵੀ, ਕਹਾਣੀਕਾਰ ਅਤੇ ਚਿੱਤਰਕਾਰ ਨੌਜਵਾਨ ਸੁਖਮਨ ਸਿੰਘ ਦੀ ਸੰਪਾਦਿਤ ਇਹ ਕਿਤਾਬਚਾ ਰੂਪੀ ਪੁਸਤਕ ਵਿਚ ਉਸ ਨੇ ਆਪਣੇ ਜਿਹੀਆਂ ਅਛੂਤੀਆਂ ਸੰਭਾਵਨਾਵਾਂ ਨਾਲ ਨੱਕੋ-ਨੱਕ ਭਰੀਆਂ ਨਵੀਆਂ ਕਲਮਾਂ ਨੂੰ ਜਗਾ ਦਿੱਤਾ ਹੈ। ਸੁਖਮਨ ਸਿੰਘ ਨੂੰ ਪੰਜਾਬੀ ਦੀ ਉੱਘੀ ਕਹਾਣੀਕਾਰਾ ਬਲਵੀਰ ਕੌਰ ਰੀਹਲ ਦਾ ਆਸ਼ੀਰਵਾਦ ਪ੍ਰਾਪਤ ਹੈ। ਮੈਡਮ ਰੀਹਲ ਨੇ ਇਸ ਪੁਸਤਕ ਦੇ ਮੁੱਢ ਵਿਚ ਸੁਖਮਨ ਬਾਰੇ ਲਿਖਿਆ ਹੈ ਕਿ ਸੁਖਮਨ ਸਿੰਘ, ਬਲਵੀਰ ਕੌਰ ਰੀਹਲ ਸਾਹਿਤ ਅਧਿਐਨ ਸਕੂਲ ਦਾ ਵਿਦਿਆਰਥੀ ਹੈ। ਉਹ ਬੇਹੱਦ ਹਿੰਮਤੀ ਸਾਹਿਤਕਾਰ ਹੈ। ਉਹ ਕੰਡਿਆਲੇ ਰਾਹਾਂ 'ਤੇ ਤੁਰਨ ਅਤੇ ਝੱਖੜਾਂ ਨੂੰ ਪਾਰ ਕਰਨ ਵਾਲਾ ਸਾਹਿਤਕਾਰ ਸਾਬਤ ਹੋਣ ਦਾ ਜਜ਼ਬਾ ਰੱਖਦਾ ਹੈ। ਇਸੇ ਤਰ੍ਹਾਂ 'ਕਰੂੰਬਲਾਂ' ਮੈਗਜ਼ੀਨ ਦੇ ਸੰਪਾਦਕ ਬਲਜਿੰਦਰ ਮਾਨ ਨੇ ਵੀ ਸੁਖਮਨ ਸਮੇਤ ਇਸ ਪੁਸਤਕ ਵਿਚ ਸ਼ਾਮਲ ਨੌਜਵਾਨ ਸਾਹਿਤਕਾਰਾਂ ਨੂੰ ਹੌਸਲੇ ਵਾਲੇ ਅਤੇ ਜਾਦੂਮਈ ਸ਼ਬਦ ਕਹੇ ਹਨ। ਪੁਸਤਕ ਵਿਚ ਸੰਪਾਦਕ ਨੇ ਤਿੰਨ ਸਾਹਿਤ-ਰੂਪੀ ਕਵਿਤਾ, ਕਹਾਣੀ ਅਤੇ ਵਾਰਤਕ ਲਿਖਣ ਵਾਲੇ ਕੁੱਲ ਸੋਲਾਂ ਸਾਹਿਤਕਾਰਾਂ ਨੂੰ ਜਗ੍ਹਾ ਦਿੱਤੀ ਹੈ। ਤਮਾਮ ਰਚਨਾਵਾਂ ਪੜ੍ਹ ਕੇ ਇਹੋ ਮਹਿਸੂਸ ਹੁੰਦਾ ਹੈ ਕਿ ਇਹ ਸਾਰੀਆਂ ਕਲਮਾਂ ਭਵਿੱਖ ਵਿਚ ਹੋਰ ਵੀ ਬੁਲੰਦ ਸਾਹਿਤਕ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣਗੀਆਂ ਅਤੇ ਆਪਣੇ ਅੰਦਰਲੇ ਸਾਹਿਤਕ ਗੁਣਾਂ ਅਤੇ ਸੰਭਾਵਨਾਵਾਂ ਨੂੰ ਫੈਲਾਉਣ ਅਤੇ ਗਿਸਾਉਣ ਦੀ ਵੱਡੀ ਹਿੰਮਤ ਕਰਨਗੀਆਂ। ਕਵਿੱਤਰੀ ਅਨੁਰਾਧਾ ਦੀਆਂ ਦੋ ਕਵਿਤਾਵਾਂ ਮੈਨੂੰ ਨਾ ਆਖੋ, ਮੈਂ ਮਜ਼ਦੂਰ, ਸੁਖਮਨ ਦੀ ਕਵਿਤਾ 'ਮਿਹਨਤ ਦਾ ਰਾਹ', ਸਚਿਨ ਸ਼ਰਮਾ ਦੀਆਂ ਤਿੰਨ ਰਚਨਾਵਾਂ, ਹਰਜੋਤ ਸੰਧੂ ਦੀ 'ਘੁੱਟ ਸਬਰਾਂ ਦੇ', ਗੁਰਮੇਜਰ ਸਿੰਘ ਦੀ 'ਅੰਦਰੋ ਅੰਦਰੀ ਹਿਲਦੇ ਨਹੀਂ', ਮਨਵੀਰ ਕੌਰ ਦੀ 'ਮੇਰੇ ਯਾਦਾਂ ਦੇ ਸੰਦੂਕ ਵਿਚ' ਅਤੇ ਮਨਦੀਪ ਗੌਤਮ ਦੀ 'ਮਾਂ' ਕਵਿਤਾ ਪ੍ਰਭਾਵਸ਼ਾਲੀ ਹੈ। ਕਹਾਣੀਕਾਰਾਂ ਵਿਚ ਹਰਦੀਪ ਕੌਰ (ਧੀਆਂ ਦੇ ਲੇਖ), ਹਰਦੀਪ ਕੌਰ ਬੈਂਸ (ਪੀੜ), ਗੁਰਅਮਾਨਤ ਕੌਰ (ਜਾਨਵਰਾਂ ਦੀ ਹਮਦਰਦੀ), ਜਸਵੀਰ ਕੌਰ (ਘਰ), ਨਿਖਿਲ ਨਈਅਰ (ਪਛਤਾਵੇ), ਪ੍ਰਭਜੋਤ ਕੌਰ (ਬੀਰੋ) ਅਤੇ ਰਜਮੀਤ ਕੌਰ (ਸੱਥ ਕਿਉਂ ਨਹੀਂ ਜੁੜਦੀ) ਪੁਸਤਕ ਦੀਆਂ ਸ਼ਾਨਦਾਰ ਕਹਾਣੀਆਂ ਹਨ। ਵਾਰਤਕ ਦੇ ਦੋ ਲੇਖ ਉੱਚੀਆਂ ਮੰਜ਼ਲਾਂ (ਭਾਵਨੀ) ਅਤੇ ਮੈਂ ਪੰਜਾਬੀ (ਡਾ. ਰਮਨ ਧਦਰਾ) ਸਿੱਧ ਕਰਦੇ ਹਨ ਕਿ ਭਵਿੱਖ ਇਨ੍ਹਾਂ ਨੌਜਵਾਨ ਸਾਹਿਤਕਾਰਾਂ ਦਾ ਹੈ। ਇਨ੍ਹਾਂ ਸਭਨਾਂ ਲਈ ਦੁਆਵਾਂ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

 

12-03-2023

ਨਾਮਧਾਰੀ ਇਤਿਹਾਸ
ਕੁਰਬਾਨੀਆਂ ਤੇ ਸਮਾਜ ਸੇਵਾ

ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 200
ਸੰਪਰਕ : 080763-63058

ਪੁਸਤਕ ਦਾ ਲੇਖਕ ਪੰਜਾਬੀ ਕਹਾਣੀ ਦਾ ਸਮਰੱਥ ਕਥਾਕਾਰ ਤੇ ਚਰਚਿਤ ਗਲਪਕਾਰ ਹੈ, ਤਿੰਨ ਤੋਂ ਚਾਰ ਦਰਜਨ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਇਹ ਪੁਸਤਕਾਂ ਕਹਾਣੀ ਤੋਂ ਇਲਾਵਾ ਕਵਿਤਾ, ਨਾਵਲ, ਸ਼ਬਦ-ਚਿੱਤਰ, ਵਿਅਕਤੀ ਚਿੱਤਰ, ਸੰਵਾਦ, ਮੁਲਾਕਾਤਾਂ ਦੇ ਲੇਖਾਂ ਦੇ ਰੂਪ ਵਿਚ ਅਤੇ ਵੱਖ-ਵੱਖ ਭਾਸ਼ਾਵਾਂ ਤੋਂ ਸਫ਼ਲ ਅਨੁਵਾਦ-ਕਾਰਜ ਦਾ ਉੱਤਮ ਅਤੇ ਸਫ਼ਲ ਯਤਨ ਵਜੋਂ ਸਲਾਹੀਆਂ ਜਾਂਦੀਆਂ ਹਨ। ਹਥਲੀ ਪੁਸਤਕ 'ਨਾਮਧਾਰੀ ਇਤਿਹਾਸ' ਕੁਰਬਾਨੀਆਂ ਅਤੇ ਸਮਾਜ ਸੇਵਾ ਦੀ ਗਾਥਾ ਨੂੰ ਬਿਆਨ ਕਰਦੀ ਹੈ। ਲੇਖਕ ਪੁਸਤਕ ਦੇ ਆਰੰਭ ਵਿਚ 'ਮੁੱਖ ਸ਼ਬਦਾਂ' ਵਿਚ ਇਸ ਗੱਲ ਦਾ ਭੇਤ ਖੋਲ੍ਹਦਿਆਂ ਸਪੱਸ਼ਟ ਕਰਦਾ ਹੈ, ਬਚਪਨ ਤੋਂ ਲੈ ਕੇ ਨਾਮਧਾਰੀਆਂ ਨਾਲ ਅਪੱਣਤ ਦਾ ਰਿਸ਼ਤਾ ਰਿਹਾ ਹੈ। ਸੁਹਿਰਦ ਲੇਖਕ ਨੇ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ, ਪਹਿਲੇ ਭਾਗ ਵਿਚ 'ਮਾਨਵਵਾਦ ਦਾ ਮਾਰਗ' ਅਧੀਨ ਵੱਖ-ਵੱਖ ਉੱਪ-ਸਿਰਲੇਖਾਂ ਅਧੀਨ ਪੰਜਾਬ ਵਿਚ ਅੰਗਰੇਜ਼-ਵਿਰੋਧੀ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ, ਇਸਤਰੀ ਜਾਤੀ ਦੇ ਮੁਕਤੀਦਾਤਾ ਸਤਿਗੁਰੂ ਰਾਮ ਸਿੰਘ ਜੀ, ਸ਼ਬਦ ਸਾਹਿਤ ਤੇ ਕਲਾ ਦੇ ਸਰਪ੍ਰਸਤ ਸਤਿਗੁਰੂ ਜਗਜੀਤ ਸਿੰਘ ਜੀ, ਮਾਨਵਜਾਤੀ ਲਈ ਚੰਗੇਰੇ ਭਵਿੱਖ ਦੇ ਚਿੰਤਕ ਸਤਿਗੁਰੂ ਉਦੈ ਸਿੰਘ ਜੀ, ਖੂਨੀ ਸਾਕੇ ਰਾਏਕੋਟ ਅਤੇ ਮਲੇਰਕੋਟਲੇ ਦੇ : ਮੇਰੇ ਪਿੰਡ ਪਿੱਥੋ ਦੇ ਚਾਰ-ਸ਼ਹੀਦ, ਡਾ. ਲਾਭ ਸਿੰਘ ਖੀਵਾ ਦੀ ਕਵਿਤਾ 'ਸਾਕਾ ਰਾਏਕੋਟ', ਸਤਿਗੁਰੂ ਰਾਮ ਸਿੰਘ ਜੀ ਦਾ ਹਜ਼ੂਰੀ ਲਿਖਾਰੀ ਸੂਬਾ ਹੁਕਮਾ ਸਿੰਘ ਪਿਥੋ, ਲੁਧਿਆਣਾ ਵਿਖੇ 'ਕੂਕਾ ਸ਼ਹੀਦੀ ਸਮਾਰਕ', ਨਾਮਧਾਰੀ ਇਤਿਹਾਸ ਦੇ ਸੁਨਹਿਰੀ ਪੰਨੇ, 'ਸਤਿਯੁੱਗ' ਦੀ ਸ਼ਤਾਬਦੀ, 'ਸਤਿਯੁੱਗ' ਸ਼ਾਸਤਰ ਵੀ ਹੈ ਤੇ ਸ਼ਸਤਰ ਵੀ।
ਪੁਸਤਕ ਦੇ ਦੂਜੇ ਭਾਗ ਵਿਚ ਕੁਝ ਪ੍ਰਸਿੱਧ ਨਾਮਧਾਰੀ ਲੇਖਕਾਂ ਵਲੋਂ ਪਾਏ ਯੋਗਦਾਨ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਵੱਖ-ਵੱਖ ਲੇਖਾਂ ਵਿਚ ਕਲਾਵੰਤ ਪੱਤਰਕਾਰ, ਸਾਹਿਤਕਾਰ ਤੇ ਮੰਚ-ਸੰਚਾਲਕ, ਸੰਤ ਇੰਦਰ ਸਿੰਘ ਚੱਕਰਵਰਤੀ, ਨਾਮਧਾਰੀ ਇਤਿਹਾਸਕਾਰਾਂ ਦਾ ਸੋਮਾ ਇਤਿਹਾਸਕਾਰ ਪ੍ਰੀਤਮ ਕਵੀ, ਮਨੁੱਖ ਅਤੇ ਲੇਖਕ ਵਜੋਂ ਲੋਕਾਂ ਦੇ ਦੁੱਖ-ਸੁੱਖ ਦਾ ਸਾਥੀ ਪ੍ਰੀਤਮ ਸਿੰਘ ਪੰਛੀ, ਪੱਤਰਕਾਰ, ਵਾਰਤਕਾਰ ਤੇ ਮਿੱਤਰਾਂ ਦੇ ਮਿੱਤਰ ਜਗਦੀਸ਼ ਸਿੰਘ ਵਰਿਆਮ, ਨਾਮਧਾਰੀ ਇਤਿਹਾਸ ਦਾ ਅਣਥੱਕ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਵਰਗੇ ਲੇਖਕਾਂ ਵਲੋਂ ਕੀਤੇ ਸਫ਼ਲ ਉਪਰਾਲੇ ਅਤੇ ਉੱਦਮ ਨੂੰ ਪ੍ਰਭਾਵਸ਼ਾਲੀ ਸੁਖੈਨ ਭਾਸ਼ਾ ਸ਼ੈਲੀ ਵਿਚ ਦਰਸਾਇਆ ਹੈ। ਇਸੇ ਪੁਸਤਕ ਦੇ ਤੀਜੇ ਭਾਗ ਵਿਚ ਲੇਖਕ ਦੀ ਨਾਮਧਾਰੀ ਫਾਰਮ (ਕਰਨਾਟਕ) ਦੀ ਯਾਤਰਾ ਨੂੰ ਵੱਖ-ਵੱਖ ਸਿਰਲੇਖਾਂ ਅਧੀਨ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੇਖਾਂ ਵਿਚ ਕੁਝ ਜ਼ਰੂਰੀ ਗੱਲਾਂ, ਖੱਟੀ-ਮਿੱਠੀ ਸ਼ੁਰੂਆਤ ਵਾਲਾ ਸਫ਼ਰ, ਬੰਗਲੌਰ ਤੋਂ ਨਾਮਧਾਰੀ ਫਾਰਮ ਤੱਕ, ਨਾਮਧਾਰੀ ਫਾਰਮ ਨਾਲ ਜਾਣ-ਪਛਾਣ, ਠਾਕੁਰ ਉਦੈ ਸਿੰਘ ਨਾਲ ਗੱਲਬਾਤ, ਇਲਾਕੇ ਦੀਆਂ ਦੇਖਣਯੋਗ ਥਾਵਾਂ, ਕੁਝ ਦਿਲਚਸਪ ਯਾਦਾਂ ਸ਼ਾਮਿਲ ਹਨ।
ਲੇਖਕ ਨੇ ਨਾਮਧਾਰੀਆਂ ਦੇ ਸਾਦਾ ਰਹਿਣ-ਸਹਿਣ, ਸਾਤਵਿਕ ਭੋਜਨ, ਦਿਖਾਵੇ ਅਤੇ ਤੜਕ-ਭੜਕ ਤੋਂ ਰਹਿਤ ਜੀਵਨ ਦੀ ਝਲਕ ਪੁਸਤਕ ਦੇ ਵੱਖ-ਵੱਖ ਲੇਖਾਂ ਵਿਚ ਮਿਲਦੀ ਹੈ। ਇਹ ਪੁਸਤਕ ਕੇਵਲ ਨਾਮਧਾਰੀਆਂ ਲਈ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੇ ਵਡੇਰੇ ਹਿਤ ਲਈ ਵੀ ਉਪਯੋਗੀ ਹੈ। ਜਿਥੇ ਪਾਠਕਾਂ ਦੇ ਸੁਹਜ-ਸੁਆਦ ਦੀ ਤ੍ਰਿਪਦੀ ਕਰਦੀ ਹੈ, ਉਥੇ ਨਾਲੋ-ਨਾਲ ਇਕ ਸਮਾਜ ਦੇ ਛੋਟੇ ਜਿਹੇ ਧਰਮੀ ਲੋਕਾਂ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਵੀ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਸਮੁੱਚੇ ਰੂਪ ਵਿਚ ਲੇਖਕ ਗੁਰਬਚਨ ਸਿੰਘ ਭੁੱਲਰ ਵਧਾਈ ਦਾ ਪਾਤਰ ਹੈ, ਜਿਸ ਨੇ ਨਾਮਧਾਰੀ ਸਮਾਜ ਵਲੋਂ ਦੇਸ਼-ਸਮਾਜ ਲਈ ਕੀਤੇ ਪਰਉਪਕਾਰ ਨੂੰ ਨੇੜਿਓਂ ਤੱਕ ਦੇ ਕਲਮਬੱਧ ਕੀਤਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

ਭੁਪਿੰਦਰ ਦਾ ਕਾਵਿ ਚਿੰਤਨ
('ਬੇਦਾਵਾ ਨਹੀਂ' ਪੁਸਤਕ ਦੇ ਸੰਦਰਭ)
ਸੰਪਾਦਕ : ਅਰਵਿੰਦਰ ਕੌਰ ਕਾਕੜਾ (ਡਾ.)

ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 94636-15536

ਹਥਲੀ ਪੁਸਤਕ ਜੁਝਾਰਵਾਦੀ ਪ੍ਰਵਿਰਤੀ ਦੇ ਅੰਤਰਗਤ ਰਚੀਆਂ ਗਈਆਂ ਪੁਸਤਕਾਂ ਵਿਚੋਂ ਇਕ 'ਬੇਦਾਵਾ ਨਹੀਂ' ਦਾ ਵਿਸ਼ਲੇਸ਼ਣ ਕਰਦੀ ਹੈ। ਡਾ. ਕਾਕੜਾ ਨੇ ਇਸ ਪ੍ਰਵਿਰਤੀ ਨੂੰ ਡੂੰਘੀ ਨੀਝ ਨਾਲ ਸਮਝਿਆ ਅਤੇ ਅਜਿਹੀ ਸੋਚ ਦੇ ਪਰਪੱਕ ਵਿਦਵਾਨਾਂ ਤੋਂ ਪੁਸਤਕ ਸੰਬੰਧੀ ਵਿਭਿੰਨ ਖੋਜ-ਪੱਤਰ ਲਿਖਵਾ ਕੇ ਅੰਕਿਤ ਕੀਤੇ ਹਨ। ਇਸ ਅਨੁਸਾਰ ਭੁਪਿੰਦਰ ਸਮਰੱਥਾਵਾਨ, ਸੰਵੇਦਨਸ਼ੀਲ ਅਤੇ ਜੁਝਾਰੂ ਅੰਸ਼ਾਂ ਦਾ ਪ੍ਰਗਟਾਅ ਕਰਨ ਵਾਲਾ ਸ਼ਾਇਰ ਹੈ। ਉੱਘੇ ਚਿੰਤਕ ਡਾ. ਤੇਜਵੰਤ ਮਾਨ ਨੇ ਭੁਪਿੰਦਰ ਰਚਿਤ 'ਬੇਦਾਵਾ ਨਹੀਂ ' ਦਾ ਮੰਥਨ ਕੀਤਾ ਹੈ ਅਤੇ ਕਵੀ ਨੂੰ ਬੇਦਾਵਿਆਂ ਦੇ ਇਤਿਹਾਸਕ ਪ੍ਰਸੰਗ ਵਿਚੋਂ ਜਾਗਿਆ ਕਵੀ ਕਿਹਾ ਹੈ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਭੁਪਿੰਦਰ ਕਾਵਿ ਦੀਆਂ ਚਿੰਤਨਮਈ ਪਰਤਾਂ ਨੂੰ ਖੋਲ੍ਹਿਆ ਹੈ। ਡਾ. ਸੁਰਜੀਤ ਬਰਾੜ ਨੇ! ਬੇਦਾਵਾ ਨਹੀਂ' ਸੰਗ੍ਰਹਿ ਦੀ ਯੋਜਨਾ ਸਿਰਲੇਖ ਤਹਿਤ ਬਹੁਤ ਸਾਰੀਆਂ ਕਵਿਤਾਵਾਂ ਦਾ ਨਿਕਟ ਵਰਤੀ ਅਧਿਐਨ ਪੇਸ਼ ਕੀਤਾ ਹੈ। ਸੰਧੂ ਵਰਿਆਣਵੀ ਇਸ ਨੂੰ ਜਾਗਦੀ ਜਮੀਰ ਦੀ ਕਵਿਤਾ ਕਹਿੰਦਾ ਹੈ। ਸੰਪਾਦਕਾ ਨੇ ਆਪਣੇ ਖੋਜ ਪੱਤਰ ਵਿਚ ਸਮਾਜਿਕ ਤਬਦੀਲੀ ਲਈ ਜੱਦੋ-ਜਹਿਦ ਕਰਦੀ ਸ਼ਾਇਰੀ ਆਖੀ ਹੈ ਜਦ ਕਿ ਪ੍ਰਿਥਵੀ ਰਾਜ ਥਾਪਰ ਨੇ ਇਹ ਸ਼ਾਇਰੀ ਕਰਾਂਤੀਕਾਰੀ ਸੁਰ ਵਾਲੀ ਕਹੀ ਹੈ। ਡਾ. ਨਰਵਿੰਦਰ ਸਿੰਘ ਨੇ ਇਸ ਦੀ ਸਿਰਜਣ ਪ੍ਰਕਿਰਿਆ ਦੀਆਂ ਪਰਤਾਂ ਫਰੋਲੀਆਂ ਹਨ।
ਡਾ. ਭਗਵੰਤ ਸਿੰਘ ਨੂੰ 'ਬੇਦਾਵਾ ਨਹੀਂ' ਬੌਧਿਕ ਸੰਕਟ ਦੀ ਨਿਸ਼ਾਨਦੇਹੀ ਕਰਦਾ ਪ੍ਰਤੀਤ ਹੋਇਆ ਹੈ। ਅਵਤਾਰ ਸਿੰਘ ਨੇ ਭੁਪਿੰਦਰ ਦੀ ਕਾਵਿ ਰਚਨਾ ਸ਼ਬਦ-ਚਿੰਤਨ ਵਿਚੋਂ ਉਭਰਦੀ ਚੇਤਨਾ ਨੂੰ ਵਿਅਕਤ ਕੀਤਾ ਹੈ। ਪ੍ਰੋ. ਕਰਮ ਸਿੰਘ ਸੰਧੂ ਨੇ ਸੰਖੇਪ ਵਿਚ ਵਿਸ਼ਲੇਸ਼ਣ ਪੇਸ਼ ਕੀਤਾ ਹੈ ਅਤੇ ਪੁਸਤਕ ਦੇ ਅੰਤ ਵਿਚ ਬਲਬੀਰ ਜਲਾਲਾਬਾਦੀ ਨੇ ਸ਼ਾਇਰ ਭੁਪਿੰਦਰ ਨਾਲ ਬਹੁਤ ਸਾਰੇ ਸਵਾਲਾਂ ਜ਼ਰੀਏ ਸੰਵਾਦ ਰਚਾਇਆ ਹੈ ਜਿਸ ਵਿਚ ਭੁਪਿੰਦਰ ਦੀ ਸਮੁੱਚੀ ਵਿਚਾਰਧਾਰਾ ਪਾਠਕਾਂ ਸਾਹਮਣੇ ਆਉਂਦੀ ਹੈ। ਇਸ ਮੁਲਾਕਾਤੀ ਨੇ ਭੁਪਿੰਦਰ ਨੂੰ ਸਮਕਾਲੀ ਸਾਹਿਤ ਦੇ ਜਨਵਾਦੀ ਸ਼ਾਇਰ ਦਾ ਨਾਮ ਦਿੱਤਾ ਹੈ। ਇਸ ਤਰ੍ਹਾਂ ਇਹ ਪੁਸਤਕ ਮਹਿਜ ਆਨੰਦਮਈ ਅਧਿਐਨ ਦਾ ਸਰੂਪ ਹੀ ਪੇਸ਼ ਨਹੀਂ ਕਰਦੀ, ਸਗੋਂ ਕਾਵਿ ਚਿੰਤਨ ਦੀਆਂ ਵੱਖ-ਵੱਖ ਅਧਿਐਨ ਪੱਧਤੀਆਂ ਅਤੇ ਆਲੋਚਕਾਂ ਦੀ ਸੀਮਾ ਸਮਰੱਥਾ ਦਾ ਵੀ ਸਾਰਥਕ ਪ੍ਰਗਟਾਵਾ ਕਰਦੀ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

 ਗੁੰਮ ਗਏ ਪੰਜਾਬੀ ਸੱਭਿਆਚਾਰ ਦੀਆਂ ਪੈੜਾਂ ਲੱਭਦਿਆਂ
ਲੇਖਕ : ਸ਼ਮਸ਼ੇਰ ਸਿੰਘ ਸੋਹੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 142
ਸੰਪਰਕ : 98764-74671


ਅਜੋਕੇ ਭੱਜ-ਦੌੜ ਵਾਲੇ ਯੁੱਗ ਵਿਚ ਅਸੀਂ ਤਰੱਕੀ ਬਹੁਤ ਕਰ ਲਈ ਹੈ, ਸਾਡੀ ਆਰਥਿਕਤਾ ਮਜ਼ਬੂਤ ਹੋਈ ਹੈ, ਇਸ ਦੇ ਨਾਲ ਹੀ ਸਾਡੀ ਪਰੰਪਰਕ ਰਹਿਣੀ-ਬਹਿਣੀ ਵੀ ਬਦਲੀ ਹੈ। ਪਰ ਜ਼ਿਕਰਯੋਗ ਹੈ ਕਿ ਇਸ ਭੱਜ-ਦੌੜ ਵਿਚ ਸਾਡੀਆਂ ਆਪਣੀਆਂ ਸੱਭਿਆਚਾਰਕ ਵੰਨਗੀਆਂ ਵੀ ਅਲੋਪ ਹੋਈਆਂ ਹਨ, ਜਿਨ੍ਹਾਂ ਦੀ ਫ਼ਿਕਰਮੰਦੀ ਬਰਾਬਰ ਬਣੀ ਰਹਿੰਦੀ ਹੈ। ਸੱਭਿਆਚਾਰ ਅਤੇ ਵਿਰਾਸਤ ਨੂੰ ਪਿਆਰ ਕਰਨ ਇਸ ਦਾ ਹੇਰਵਾ ਵੀ ਕਰਦੇ ਹਨ। ਇਸ ਹੇਰਵੇ ਅਤੇ ਫ਼ਿਕਰਮੰਦੀ ਵਿਚੋਂ ਹੀ ਸ਼ਮਸ਼ੇਰ ਸਿੰਘ ਸੋਹੀ ਦੀ ਪੁਸਤਕ 'ਗੁੰਮ ਗਏ ਪੰਜਾਬੀ ਸੱਭਿਆਚਾਰ ਦੀ ਪੈੜਾਂ ਲੱਭਦਿਆਂ' ਸਾਹਮਣੇ ਆਈ ਹੈ। ਇਸ ਪੁਸਤਕ ਵਿਚ ਲੇਖਕ ਨੇ ਜਿਥੇ ਸਾਡੀਆਂ ਸੱਭਿਆਚਾਰਕ ਵੰਨਗੀਆਂ/ਵਸਤੂਆਂ ਦੇ ਗੁਆਚ ਜਾਣ ਪ੍ਰਤੀ ਹੇਰਵਾ ਪ੍ਰਗਟ ਕੀਤਾ ਹੈ, ਉਥੇ ਇਨ੍ਹਾਂ ਦੀ ਸੰਭਾਲ ਲਈ ਹੀਲਾ ਵਸੀਲਾ ਕਰਨ ਦੀ ਗੱਲ ਵੀ ਕੀਤੀ ਹੈ। ਨਿਰਸੰਦੇਹ ਉਹ ਜ਼ਿੰਦਗੀ ਜਿਸ ਦੀ ਸੋਹੀ ਨੇ ਆਪਣੀ ਪੁਸਤਕ ਵਿਚ ਗੱਲ ਕੀਤੀ ਹੈ, ਜਿਵੇਂ ਕੁੱਪ ਬੰਨ੍ਹਣਾ, ਤੰਦੂਰ 'ਤੇ ਰੋਟੀ ਲਾਹੁਣਾ, ਲਾਲਟੈਣ ਦੀ ਲੋਅ, ਗਰਮੀ ਵਿਚ ਕਣਕ ਦੀ ਵਾਢੀ ਕਰਨਾ, ਗੱਡੇ ਆਵਾਜਾਈ ਦੇ ਸਾਧਨ ਵਜੋਂ ਵਰਤੇ ਜਾਣੇ, ਖੂਹਾਂ ਵਿਚੋਂ ਪਾਣੀ ਕੱਢ ਕੇ ਖੇਤੀ ਕਰਨਾ ਮੁਸ਼ਕਿਲ ਕਾਰਜ ਸਨ ਪਰ ਇਨ੍ਹਾਂ ਵਿਚ ਭਾਵਨਾਤਮਿਕ ਪਹੁੰਚ ਛੁਪੀ ਹੋਣ ਕਰਕੇ ਇਹ ਸਾਡੇ ਵਿਰਾਸਤੀ ਕਾਰਜ ਸਨ ਜੋ ਹੁਣ ਸਾਡੀ ਆਰਾਮਦੇਹ ਜ਼ਿੰਦਗੀ ਵਿਚੋਂ ਗੁੰਮ-ਗੁਆਚ ਚੁੱਕੇ ਹਨ। ਤਕਨਾਲੋਜੀ ਨੇ ਸਾਡੇ ਵਿਰਾਸਤੀ ਮਨੋਰੰਜਨ, ਮਦਾਰੀਆਂ ਦੇ ਤਮਾਸ਼ੇ, ਨਕਲਾਂ, ਕਠਪੁਤਲੀਆਂ ਦਾ ਤਮਾਸ਼ਾ, ਸੱਥ ਦਾ ਜੁੜਨਾ ਅਤੇ ਹੋਰ ਬਹੁਤ ਕੁਝ ਸਾਡੇ ਕੋਲੋਂ ਖੋਹ ਲਿਆ ਹੈ ਜਿਸ ਦੇ ਨਾਲ ਵਿਰਾਸਤੀ ਕਿੱਤਾਕਾਰ ਵੀ ਸਮੇਂ ਦੀ ਧੂੜ ਵਿਚ ਅਲੋਪ ਚੁੱਕੇ ਹਨ। ਬਚਪਨ ਦੀਆਂ ਵਿਰਾਸਤੀ ਖੇਡਾਂ ਬਾਰੇ ਵੀ ਲੇਖਕ ਨੇ ਆਪਣਾ ਭਾਵੁਕ ਪ੍ਰਤੀਕਰਮ ਇਸ ਪੁਸਤਕ ਵਿਚ ਦਰਜ ਕੀਤਾ ਹੈ। ਨਵਾਰੀ ਪਲੰਘ, ਗਹੀਰੇ, ਚੱਕੀਆਂ, ਗੁੱਡੀ ਫੂਕਣੀ, ਖੇਸ ਖੇਸੀਆਂ ਵੀ ਤਕਰੀਬਨ ਅਜੋਕੀ ਆਧੁਨਿਕ ਜ਼ਿੰਦਗੀ ਵਿਚੋਂ ਮਨਫ਼ੀ ਹੋ ਚੁੱਕੇ ਹਨ। ਦੋ ਭਾਗਾਂ ਵਿਚ ਵੰਡ ਕੇ ਲਿਖੀ ਇਹ ਪੁਸਤਕ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੂੰ ਪਸੰਦ ਆਵੇਗੀ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

 

ਦਲਜੀਤ ਸਹੋਤਾ ਅਣਛੋਹੇ ਪੰਨੇ ਲੇਖਕ: ਦੀਪਕ ਅਗਨੀਹੋਤਰੀ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 300 ਰੁਪਏ, ਸਫ਼ੇ : 156
ਸੰਪਰਕ : 98155-60620


ਹਥਲੀ ਪੁਸਤਕ ਦੀਪਕ ਅਗਨੀਹੋਤਰੀ ਵਲੋਂ ਲਿਖੀ ਗਈ ਦਲਜੀਤ ਸਹੋਤਾ ਦੀ ਜੀਵਨੀ ਹੈ। ਦੀਪਕ ਅਗਨੀਹੋਤਰੀ ਪੱਤਰਕਾਰੀ ਦੇ ਖੇਤਰ ਵਿਚ ਕੱਦਵਾਰ ਨਾਂਅ ਰੱਖਦਾ ਹੈ। ਸਾਹਿਤਕ ਖੇਤਰ ਵਿਚ ਲਿਖੀ ਇਹ ਰਚਨਾ (ਜੀਵਨੀ) ਉਸ ਦਾ ਪਹਿਲਾ ਕਦਮ ਹੈ। ਦੀਪਕ ਅਗਨੀਹੋਤਰੀ ਨਾ ਰਾਜਨੀਤਕ ਸਫਾਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਰਵਾਸੀ ਪੰਜਾਬੀ ਦਲਜੀਤ ਸਿੰਘ ਦੇ ਜੀਵਨ ਨੂੰ ਛੋਟੇ-ਛੋਟੇ ਲੇਖਾਂ ਵਿਚ ਬਹੁਤ ਨਿੱਠਤਾ ਨਾਲ ਪੇਸ਼ ਕੀਤਾ ਹੈ। ਇਹ ਕਿਤਾਬ ਹੀ ਨਹੀਂ ਬਲਕਿ ਦਲਜੀਤ ਸਿੰਘ ਸਹੋਤਾ ਦੇ ਜੀਵਨ ਦੀ ਉਹ ਗਾਥਾ ਹੈ, ਜਿਹੜੀ ਉਸ ਨੇ ਆਪਣੇ ਪਿੰਡੇ 'ਤੇ ਹੰਢਾਈ ਹੈ।
ਦੀਪਕ ਅਗਨੀਹੋਤਰੀ ਵਲੋਂ ਲਿਖੀ ਗਈ ਇਸ ਜੀਵਨੀ ਵਿਚ 30 ਸਾਲਾਂ ਦਾ ਬ੍ਰਿਤਾਂਤਕ ਵੇਰਵਾ ਹੈ। ਇਹ ਜੀਵਨੀ ਰੂਪੀ ਸਾਹਿਤਕ ਦੇਣ ਅਗਨੀਹੋਤਰੀ ਦੀ ਇਕ ਸਫਲ ਪੇਸ਼ਕਾਰੀ ਹੈ। ਲੇਖਕ ਨੇ ਦਲਜੀਤ ਸਿੰਘ ਸਹੋਤਾ ਦੇ ਜੀਵਨ ਕਾਲ ਚਿਤਰਦਿਆਂ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ 12 ਲੇਖ ਹਨ, ਜਿਸ ਵਿਚ ਦਲਜੀਤ ਸਿੰਘ ਦਾ ਪਿੰਡ ਵਾਲਾ ਸਫ਼ਰਨਾਮਾ ਅਤੇ ਇੰਗਲੈਂਡ ਵਿਚ ਸਖ਼ਤ ਮਿਹਨਤ ਕਰਕੇ ਸਥਾਪਿਤ ਹੋਣ ਦੀ ਗਾਥਾ ਹੈ। ਇਸ ਵਿਚ ਪਿੰਡ ਬਾੜੀਆਂ ਖੁਰਦ ਤੋਂ ਚੱਲ ਕੇ ਪਰਾਈ ਧਰਤੀ ਉੱਤੇ ਉਸ ਨੂੰ ਜਿਥੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਸੰਘਰਸ਼ ਕਰਨਾ ਪਿਆ ਉੱਥੇ ਨਾਲ ਰਾਜਸੀ ਸਫ਼ਰ ਸ਼ੁਰੂ ਕਰਕੇ ਇਸ ਨੂੰ ਸਫ਼ਲ ਕਰਨ ਲਈ ਕਿੰਨਾ ਸਮਾਂ ਅਤੇ ਪੈਸਾ ਖਰਚਣਾ ਪਿਆ ਇਹ ਦੰਦਾਂ ਹੇਠ ਜੀਭ ਲੈਣ ਦੇ ਬਰਾਬਰ ਹੈ। ਭਾਗ ਦੂਜੇ ਵਿਚ ਕੁੱਲ 22 ਲੇਖ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਕਾਂਗਰਸ ਨੂੰ ਸਫ਼ਲ ਕਰਨ ਦੀਆਂ ਅਥਾਹ ਕੋਸ਼ਿਸ਼ਾਂ ਹਨ। ਇਨ੍ਹਾਂ ਵਿਚ ਲੰਡਨ, ਲੈਸਟਰ, ਜਲੰਧਰ ਆਦਿ ਸਮਾਗਮ ਵਿਸ਼ੇਸ਼ ਖਿੱਚ ਭਰਪੂਰ ਹਨ। ਇਸ ਸਮੇਂ ਦੌਰਾਨ ਸਹੋਤਾ ਦੀ ਐਨ.ਆਰ.ਆਈ. ਕਮਿਸ਼ਨ ਦਾ ਮੈਂਬਰ ਬਣਨਾ ਅਹਿਮ ਪ੍ਰਾਪਤੀ ਹੈ।
ਭਾਗ ਤੀਜਾ ਵਿਚ ਕੁੱਲ 20 ਲੇਖ ਤਸਵੀਰਾਂ ਰਾਹੀਂ ਸਹੋਤਾ ਦੀ ਜੀਵਨੀ ਨੂੰ ਚਿੱਤਰਿਆ ਹੈ। ਇਸ ਭਾਗ ਵਿਚ ਲੇਖਕ ਵਲੋਂ ਉਨ੍ਹਾਂ ਕਿੱਸਿਆਂ ਨੂੰ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦਲਜੀਤ ਸਿੰਘ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ। ਇਨ੍ਹਾਂ ਨੂੰ ਪੜ੍ਹਨ ਉਪਰੰਤ ਪਾਠਕਾਂ ਦੇ ਮਨਾਂ ਵਿਚ ਇਹ ਸਵਾਲ ਉੱਠਣਗੇ ਕਿ ਇਹ ਕਿੱਸੇ ਪਹਿਲਾਂ ਕਿਉਂ ਨਹੀਂ ਜੱਗ ਜ਼ਾਹਿਰ ਕੀਤੇ। ਪੁਸਤਕ ਭਾਵੇਂ ਇਕ ਸਿਆਸੀ ਕਾਂਗਰਸ ਪਾਰਟੀ ਦੇ ਸਿਰੜੀ ਕਾਰਕੁੰਨ ਦੇ ਆਲੇ-ਦੁਆਲੇ ਘੁੰਮਦੀ ਹੈ ਪਰ ਇਸੇ ਬਹਾਨੇ ਅਜੋਕੇ ਸਮੇਂ ਦੀਆਂ ਰਵਾਇਤੀ ਪਾਰਟੀਆਂ ਖਾਸ ਕਰਕੇ ਉਨ੍ਹਾਂ ਦੇ ਵਰਕਰਾਂ ਦੀ ਨਿਰਥੱਕ ਘਾਲਣਾ; ਪਰ ਧੰਨ-ਕੁਬੇਰ ਜਾਂ ਭਾਈ ਭਤੀਜਾ ਵਿਚ ਲਿਪਤ ਆਗੂਆਂ ਦੀ ਛੜੱਪੇ-ਮਾਰ ਪੁਲਾਘਾਂ ਦਾ ਸੱਚ ਵੀ ਨੰਗਾ ਕਰਦੀ ਹੈ। ਇਸ ਪੁਸਤਕ ਦੇ ਕੁਝ ਪਾਠ ਜਿਨ੍ਹਾਂ ਨੂੰ ਦੂਜੀਆਂ ਸਿਆਸੀ ਪਾਰਟੀਆਂ ਦੇ ਸੰਦਰਭ ਵਿਚ ਵੀ ਲਿਆ ਜਾ ਸਕਦਾ ਹੈ ਜੋ ਕਾਫ਼ੀ ਧਮਾਕੇਦਾਰ ਹਨ। ਜਿਹੜੇ ਪਾਠਕਾਂ ਨੂੰ ਉਤੇਜਿਤ ਵੀ ਕਰਨਗੇ ਅਤੇ ਸੋਚਣ ਲਈ ਮਜਬੂਰ ਵੀ।
ਅੰਤ ਵਿਚ ਅਸੀਂ ਪੁਸਤਕ ਪੜ੍ਹਨ ਤੋਂ ਬਾਅਦ ਇਹ ਹੀ ਕਹਾਂਗੇ ਦੀਪਕ ਅਗਨੀਹੋਤਰੀ ਦੀ ਸਾਹਿਤਕ ਪਹਿਲਕਦਮੀ ਅਤੇ ਦਲਜੀਤ ਸਿੰਘ ਸਹੋਤਾ ਦਾ ਨਿੱਧੜਕ ਸਵੈ-ਕਥਨ ਸ਼ਲਾਘਾਯੋਗ ਹੈ। ਪ੍ਰਕਾਸ਼ਕ ਨੇ ਵੀ ਪੁਸਤਕ ਦੀ ਦਿੱਖ ਨੂੰ ਸੁੰਦਰਤਾ ਪ੍ਰਦਾਨ ਕੀਤੀ ਹੈ। ਇਹ ਜੀਵਨੀ-ਮਿਹਨਤੀ ਮਨੁੱਖ ਦੇ ਸੁਪਨਿਆਂ ਦੀ ਤਰਜਮਾਨੀ ਕਰਨ ਵਿਚ ਸਫ਼ਲ ਆਖੀ ਜਾ ਸਕਦੀ ਹੈ।

-ਮਨਮੋਹਨ ਸਿੰਘ ਦਾਂਊ
ਮੋਬਾਈਲ : 98151-23900

 

ਆਪਣਾ ਦੀਪਕ ਆਪ ਬਣੋ
ਲੇਖਕ : ਕਾਲੂ ਰਾਏ ਸੁਮਨ
ਪ੍ਰਕਾਸ਼ਕ : ਅਭੀ ਬੁੱਕਸ ਐਂਡ ਪ੍ਰਿੰਟਰਜ਼, ਜਲੰਧਰ
ਮੁੱਲ : 270 ਰੁਪਏ, ਸਫ਼ੇ : 192
ਸੰਪਰਕ : +44-74381-11782

ਲੇਖਕ ਕਾਲੂ ਰਾਏ ਸੁਮਨ ਨੇ ਧਾਰਮਿਕ ਤੇ ਗਿਆਨ ਭਰਪੂਰ ਪੁਸਤਕ ਨਿਰਵਾਣ ਸ਼ਾਸਤਰ ਦੇ ਰੂਪ 'ਚ 'ਆਪਣਾ ਦੀਪਕ ਆਪ ਬਣੋ' (ਭਾਗ ਪਹਿਲਾ) ਪਾਠਕਾਂ ਨੂੰ ਸਪੁਰਦ ਕੀਤੀ ਹੈ। ਲੇਖਕ ਨੇ ਬੁੱਧ ਜੀ ਦੇ ਮਹਾਂਵਾਕ 'ਆਪਣਾ ਦੀਪਕ ਆਪ ਬਣੋ' ਦੀ ਸਾਰਥਿਕਤਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦਾ ਪਹਿਲਾ ਅਧਿਆਏ ਦੀ-ਦੀਖਸ਼ਾ, ਦੂਸਰਾ ਅਧਿਆਏ ਪ-ਪ੍ਰਸੰਨਤਾ-ਪ੍ਰਕਾਸ਼, ਪ੍ਰਤਿੱਗਿਆ-ਪਵਿੱਤਰਤਾ, ਤੀਸਰਾ ਅਧਿਆਏ ਕ-ਕਰਮ, ਕਰਤਵ, ਕ੍ਰਤਿੱਗਿਆ, ਕੁਸ਼ਲਤਾ ਤੇ ਅੰਤਕਾ ਆਦਿ ਪਹਿਲੂ ਰੱਖ ਕੇ ਪੁਸਤਕ ਦੀ ਸਿਰਜਣਾ ਕੀਤੀ ਗਈ ਹੈ। ਦੀ-ਦੀਖਸ਼ਾ ਵਿਚ 'ਆਪਣਾ ਦੀਪਕ ਆਪ ਬਣੋ' ਚਾਰ ਅੱਖਰਾਂ 'ਚ ਹੀ ਬੁੱਧ ਨੇ ਸਭ ਪ੍ਰਾਣੀਆਂ ਦੇ ਜੀਵਨ ਦੀ ਸਾਰਥਿਕਤਾ, ਸਿਆਣਪਤਾ, ਸਚਾਈ, ਸੁੰਦਰਤਾ, ਸੁੱਖ-ਸਾਂਦੀ, ਸਮਾਨਤਾ ਤੇ ਸਾਂਝੀਵਾਲਤਾ ਦੀ ਮਹਾਨਤਾ ਸਮਝਾ ਦਿੱਤੀ ਹੈ। ਸੱਚ-ਸਚਾਈ, ਭਲਾਈ ਤੇ ਚੰਗਿਆਈ ਦੇ ਰਸਤੇ 'ਤੇ ਆਪ ਚੱਲਣਾ ਤੇ ਦੂਸਰਿਆਂ ਨੂੰ ਇਸ 'ਤੇ ਚੱਲਣ ਦੀ ਪ੍ਰੇਰਨਾ ਦੇਣਾ, ਇਸ ਦਾ ਨਾਂਅ ਹੀ ਦੀਕਸ਼ਾ ਹੈ। ਲੇਖਕ ਨੇ ਅੱਗੋਂ ਯਾਦ ਦੇ ਚਾਰ ਰੂਪ, ਗੁਣ, ਸ਼ੀਲ ਤੇ ਸੁਭਾਅ ਬਾਰੇ ਵੀ ਬੜੀ ਰੌਚਿਕਮਈ ਤਰੀਕੇ ਨਾਲ ਵਰਣਨ ਕੀਤਾ ਹੈ। ਸੱਚ ਨੂੰ ਸੱਚ ਕਹੋ ਤੇ ਝੂਠ ਨੂੰ ਝੂਠ ਦੀ ਸਪੱਸ਼ਟਤਾ ਬਾਰੇ ਬੜੇ ਸਰਲ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਬੁੱਧ ਬੰਦਨਾ, ਨਮਸਕਾਰ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਗੁਰੂ ਰਵਿਦਾਸ ਜੀ ਦੀ ਦਰਜ ਬਾਣੀ ਦੇ ਹਵਾਲੇ ਦੇਣਾ ਅਤੇ ਨਾਲ ਹੀ ਭਗਵਾਨ ਬੁੱਧ ਜੀ ਦੀਆਂ ਸਿੱਖਿਆਵਾਂ ਦੇ ਹਵਾਲੇ ਦੇਣਾ ਲੇਖਕ ਦੀ ਇਕ ਤਰ੍ਹਾਂ ਦੀ ਚੰਗੀ ਸੋਚ ਤੇ ਸਿਆਣਪ ਦਾ ਨਤੀਜਾ ਹੈ। 'ਹੱਸਣਾ ਪਾਗਲਪਨ ਹੈ, ਚਿਹਰੇ 'ਤੇ ਮੁਸਕਾਨ ਹੀ ਸਦਾ ਬਣੀ ਰਹਿਣੀ ਚਾਹੀਦੀ ਹੈ।' ਲੇਖਕ ਨੇ ਜਿੰਨੀ ਮਿਹਨਤ ਨਾਲ ਇਸ ਨਿਰਵਾਣ ਸ਼ਾਸਤਰ ਦੀ ਰਚਨਾ ਕੀਤੀ ਹੈ, ਵਾਕਿਆ ਹੀ ਪੜ੍ਹਨਯੋਗ ਤੇ ਸਾਂਭਣਯੋਗ ਹੈ। ਮਹਾਤਮਾ ਬੁੱਧ ਜੀ ਦੀ ਇਕ ਕਹਾਵਤ ਜਿਸ ਨੂੰ ਲੇਖਕ ਨੇ ਵਰਤ ਕੇ ਨਿਚੋੜ ਕੱਢਿਆ ਹੈ ਉਹ ਹੈ, 'ਦੀਵਾ ਹੀ ਦੀਵੇ ਨਾਲ ਜਗਦਾ ਆਇਆ ਹੈ, ਇਕ ਜਗਦੇ ਦੀਵੇ ਨਾਲ ਲੱਖਾਂ ਦੀਵੇ ਜਗਾਏ ਜਾ ਸਕਦੇ ਹਨ। ਉਸ ਦੀ ਲੋਅ ਨੂੰ ਕੋਈ ਫ਼ਰਕ ਨਹੀਂ ਪੈਂਦਾ। ' ਬਹੁਤ ਹੀ ਕਾਬਿਲੇ ਤਾਰੀਫ਼ ਹੈ। ਲੇਖਕ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਉਪਰਾਲਾ ਕਰਨ 'ਤੇ ਵਧਾਈ ਦਾ ਹੱਕਦਾਰ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

 

ਨਜ਼ਰਾਂ ਦੀ ਖਾਮੋਸ਼ੀ
ਕਵੀ : ਡਾ. ਦਵਿੰਦਰ ਸਿੰਘ ਜੀਤਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98152-98459


ਡਾ. ਦਵਿੰਦਰ ਸਿੰਘ ਜੀਤਲਾ ਦਾ ਇਹ ਹਥਲਾ ਕਾਵਿ-ਸੰਗ੍ਰਹਿ ਤੀਜਾ ਪ੍ਰਕਾਸ਼ਮਈ ਕਾਵਿ ਮੁਜੱਸਮਾ ਹੈ। ਇਸ ਤੋਂ ਪਹਿਲਾਂ ਜੀਤਲਾ 'ਸੋਚਾਂ ਦਾ ਸਿਲਸਿਲਾ' (2015) ਅਤੇ 'ਆਲ੍ਹਣੇ ਦਾ ਤਿਣਕਾ' (2020) ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਜੀਤਲਾ ਇਕ ਹੰਢਿਆ ਵਰਤਿਆ ਅਤੇ ਦੇਸ਼-ਵਿਦੇਸ਼ਾਂ ਦੇ ਸਿਲਸਿਲੇ ਦਾ ਜਾਣਕਾਰ ਸ਼ਾਇਰ ਹੈ। ਉਹ 8 ਸਾਲ ਕੀਨੀਆ ਵਿਚ ਸਾਇੰਸ ਦਾ ਅਧਿਆਪਕ ਰਿਹਾ ਉਪਰੰਤ ਉਹ ਆਸਟ੍ਰੇਲੀਆ ਆਣ ਵੱਸਿਆ। ਇਹ ਕਵਿਤਾ ਉਸ ਨੇ ਏਸੇ ਦੇਸ਼ ਆ ਕੇ ਹੀ ਸਿਰਜੀ। ਕਵੀ ਜੀਤਲਾ ਦੀ ਕਵਿਤਾ ਸਮਾਜਿਕ ਸਰੋਕਾਰਾਂ ਦੀ ਧਾਰਨੀ ਅਤੇ ਮਨੁੱਖਤਾ ਦੇ ਵਲਵਲਿਆਂ ਨੂੰ ਸ਼ਬਦ ਪਹਿਰਨ ਦਿੰਦੀ ਨਜ਼ਰ ਆਉਂਦੀ ਹੈ। ਉਹ ਭਾਵੇਂ ਗ਼ਜ਼ਲ ਵਰਗੀ ਸਿਨਫ਼ ਵਿਚ ਨਹੀਂ ਬੱਝਦਾ ਪਰ ਉਸ ਦੀਆਂ ਕਰੀਬ ਸਾਰੀਆਂ ਕਾਵਿ-ਸਿਰਜਣਾਵਾਂ ਪ੍ਰਗੀਤਕ ਗੁਣ ਨਿਰਧਾਰਨ ਕਰ ਕੇ ਤੁਰਦੀਆਂ ਹਨ। ਬਹੁਤੀਆਂ ਨਜ਼ਮਾਂ ਤਾਂ ਗ਼ਜ਼ਲਾਂ ਹੀ ਹਨ ਪਰ ਕਵੀ ਨੇ ਨਜ਼ਮਾਂ ਹੀ ਕਿਹਾ ਹੈ। ਉਸ ਦੀਆਂ ਕਵਿਤਾਵਾਂ ਦਾ ਕਲੇਵਰ ਕੁੱਲ ਸੰਸਾਰ ਹੈ। ਪੰਜਾਬ ਵਿਛੋੜੇ ਦਾ ਦਰਦ ਸਿੱਧਾ ਪੇਸ਼ ਨਹੀਂ ਹੁੰਦਾ ਸਗੋਂ ਵਿਛੜੇ ਯਾਰ ਵਾਂਗ ਪੇਸ਼ ਹੁੰਦਾ ਹੈ। ਉਹ ਪ੍ਰਕਿਰਤੀ ਦਾ ਵੱਡਾ ਸ਼ਾਇਰ ਹੈ। ਪ੍ਰਕਿਰਤੀ ਵਿਚੋਂ ਉਹ ਅਨੰਦ ਪ੍ਰਾਪਤ ਕਰਦਾ ਹੈ ਤੇ ਇਸ ਦੀ ਸਦੀਵਤਾ ਨੂੰ ਸ਼ਬਦਾਂ ਵਿਚ ਢਾਲਦਾ ਹੈ। ਉਹ ਕਹਿੰਦਾ ਹੈ :
ਜੇ ਸਿਰਫ਼ ਕਹਾਣੀਆਂ ਤੇ ਪ੍ਰੰਪਰਾਵਾਂ ਵਿਚ ਹੀ ਜੀਣਾ ਸਿੱਖਿਆ,
ਤਾਂ ਮੈਂ ਨਵੇਂ ਸੂਰਜ ਦੀ ਨਵੀਂ ਕਿਰਨ ਦਾ ਨਿੱਘ ਕਿਵੇਂ ਪਾਵਾਂਗਾ।
ਕਵੀ ਨੂੰ ਉਨ੍ਹਾਂ ਲੋਕਾਂ ਦਾ ਦਰਦ ਹੈ ਜੋ ਆਪਣੇ ਹੀ ਵਤਨ ਵਿਚ ਬੇਵਤਨੇ ਹਨ :
ਉਹ ਜੋ ਆਪਣੇ ਹੀ ਦੇਸ਼ ਅੰਦਰ ਬੇਗਾਨੇ ਹੋ ਗਏ,
ਰੁਲ ਗਏ ਵਿਚ ਕਿੱਸਾ ਕਹਾਣੀ ਅਫਸਾਨੇ ਹੋ ਗਏ।
ਪਰਵਾਸ ਬਾਰੇ ਕਵੀ ਕਹਿੰਦਾ ਹੈ :
ਪਰਵਾਸੀ ਇਕ ਅਜੀਬ ਜਿਹਾ ਅੱਖਰ ਹੈ ਦੋਸਤੋ,
ਦੇਸ਼ੀ ਜਾਂ ਵਿਦੇਸ਼ੀ ਦੋਹਾਂ ਲਈ ਸੱਥਰ ਹੈ ਦੋਸਤੋ।
ਉਹ ਕਵੀ ਜੋ ਕੇਵਲ ਕਵਿਤਾ ਸਿਰਜਣ ਤੱਕ ਹੀ ਵਾਬਸਤਾ ਹਨ ਪਰ ਅਸਲ ਵਿਚ ਮੂਕ ਹਨ। ਉਨ੍ਹਾਂ ਬਾਰੇ ਜੀਤਲਾ ਲਿਖਦਾ ਹੈ :
ਸ਼ਾਇਰ ਵੀ ਕਲਮ ਚਲਾ ਕੇ ਖਾਮੋਸ਼ ਹੋ ਗਿਆ,
ਲਫ਼ਜ਼ਾਂ ਦੀ ਕਾਰਾਗਰੀ ਵਿਚ ਮਦਹੋਸ਼ ਹੋ ਗਿਆ।
ਉਹ ਫ਼ਲਸਫ਼ੇ ਦੀ ਸ਼ਾਇਰੀ ਕਰਦਾ ਹੈ :
ਮਿਜ਼ਾਜ ਤਾਂ ਬਦਲਣਾ ਹੀ ਸੀ ਬਿਰਹਾ ਦੇ ਗੀਤ ਦਾ ਵੀ,
ਜਦੋਂ ਗਹੁ ਨਾਲ ਸੀ ਤੱਕਿਆ ਰੁਹਾਨੀਅਤ ਦੇ ਦਰਪਣ ਨੂੰ।
ਜੀਤਲਾ ਸੋਫੇ ਦੀ ਸ਼ਾਇਰੀ ਨਹੀਂ ਕਰਦਾ ਸਗੋਂ ਅੱਖੀਂ ਡਿੱਠੇ ਨੂੰ ਚਿਤਰਦਾ ਹੈ। ਚੇਤਿਆਂ ਨੂੰ ਚਿਤਵਦਾ ਤੇ ਸ਼ਬਦਾਂ ਨੂੰ ਹਕੀਕਤ ਵਿਚ ਰੱਖਦਾ ਹੈ। ਉਸ ਦੀ ਕਵਿਤਾ ਸਾਰੇ ਰੰਗਾਂ ਤੇ ਮਨੁੱਖਤਾ ਦੇ ਸਿੱਧੇ ਰਾਹਾਂ ਦੀ ਨਿਸ਼ਾਨਦੇਹੀ ਹੈ। ਗਿਰਦੇ ਮਨੋਬਲ ਦੀ ਉਹ ਥੰਮੀ ਹੈ। ਪੱਥਰਾਂ ਦੇ ਸੀਨਿਆਂ ਵਿਚਲੀ ਅੱਗ ਨੂੰ ਸਜੀਵ ਕਰਦਾ ਹੈ। ਪੁਸਤਕ ਵਧੀਆ ਕਵਿਤਾ ਦਾ ਸਰੂਪ ਹੈ।

-ਸੁਲੱਖਣ ਸਿੰਘ ਸਰਹੱਦੀ
ਮੋਬਾਈਲ : 94174-84337

 

 

 

 

 

11-03-2023

ਪਰਸਨੈਲਿਟੀ ਡਿਵੈੱਲਪਮੈਂਟ ਸੀਰੀਜ਼ ਦੀਆਂ ਬਾਰਾਂ ਪੁਸਤਕਾਂ
ਲੇਖਕ : ਪ੍ਰੋ. ਪੀ. ਕੇ. ਆਰੀਆ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 200 ਰੁਪਏ ਹਰੇਕ
ਸੰਪਰਕ : 0181-2214196

ਪ੍ਰੋ. ਵੀ. ਕੇ. ਆਰੀਆ ਪ੍ਰਮਾਣਿਕ ਸ਼ਖ਼ਸੀਅਤ ਦਾ ਸਵਾਮੀ ਹੈ। ਉਸ ਦਾ ਵਿਅਕਤੀਤਵ ਨਾ ਕੇਵਲ ਭਾਰਤ ਸਗੋਂ ਵਿਸ਼ਵ ਪੱਧਰ 'ਤੇ ਜਾਣਿਆ-ਪਹਿਚਾਣਿਆ ਹੈ। ਉਹ ਅਨੇਕਾਂ ਵਿਸ਼ਵ ਸੰਸਥਾਵਾਂ ਵਲੋਂ ਸਨਮਾਨ ਹਾਸਲ ਕਰ ਚੁੱਕਾ ਹੈ। ਉਹ ਆਪਣੀ ਸ਼ਖ਼ਸੀਅਤ ਵਾਂਗ ਹੀ ਅਣਗੌਲੇ ਲੋਕਾਂ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਣ ਦਾ ਇੱਛੁਕ ਹੈ। ਉਸ ਦੀ ਰੁਚੀ ਦਾ ਪ੍ਰਗਟਾਵਾ ਉਸ ਦੀਆਂ ਕਿਤਾਬਾਂ ਦਾ ਅਧਿਐਨ ਕਰ ਕੇ ਜਾਣਿਆ ਜਾ ਸਕਦਾ ਹੈ। ਇਨ੍ਹਾਂ ਬਾਰਾਂ ਕਿਤਾਬਾਂ ਦੇ ਨਾਂਅ ਹਨ : 'ਉਦੇਸ਼, ਖੁਸ਼ੀ, ਅਗਵਾਈ, ਸੁਪਨੇ ਸੱਚ ਕਿਵੇਂ ਕਰੀਏ, ਸ਼ਿਸ਼ਟਾਚਾਰ, ਯਾਦ ਸ਼ਕਤੀ, ਸਫ਼ਲਤਾ, ਜ਼ਿੰਮੇਵਾਰੀ, ਸਾਕਾਰਾਤਮਕ ਸੋਚ, ਆਤਮ ਵਿਸ਼ਵਾਸ, ਟਾਈਮ ਮੈਨੇਜਮੈਂਟ, ਇੱਛਾ ਸ਼ਕਤੀ ਆਦਿ' ਆਦਿ। ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਸਮੁੱਚੇ ਰੂਪ ਵਿਚ, ਗ੍ਰਹਿਣ ਵਸਤੂ ਵਜੋਂ ਲੈ ਕੇ, ਅਧਿਐਨ ਕਰਨ ਨਾਲ ਮਾਅਨੀਖੇਜ਼ ਨੁਕਤੇ ਉਜਾਗਰ ਕੀਤੇ ਜਾ ਸਕਦੇ ਹਨ। ਪਹਿਲਾ ਨੁਕਤਾ ਹੈ ਇਨ੍ਹਾਂ ਸਾਰੀਆਂ ਕਿਤਾਬਾਂ ਦਾ 'ਕੇਂਦਰੀ ਸੂਤਰ' 'ਮਾਨਵੀ ਸ਼ਖ਼ਸੀਅਤ ਦਾ ਵਿਕਾਸ' ਹੈ। ਇਸੇ ਕਾਰਨ ਲੇਖਕ ਦੀਆਂ ਬਾਰਾਂ ਦੀਆਂ ਬਾਰਾਂ ਕਿਤਾਬਾਂ ਵਿਚ ਉਪਰੋਕਤ ਸਿਰਲੇਖਾਂ ਦੀ ਮਹਿਕ ਬਾਰੰਬਾਰਤਾ ਦੁਆਰਾ ਖਿੰਡਰਦੀ ਮਾਣੀ ਜਾ ਸਕਦੀ ਹੈ। ਪ੍ਰੋ. ਆਰੀਆ ਦਾ ਵਿਸ਼ਵਾਸ ਹੈ ਕਿ ਪਹਿਲਾਂ ਬੰਦੇ ਨੂੰ ਆਪਣਾ 'ਉਦੇਸ਼' ਨਿਰਵਾਰਿਤ ਕਰਨਾ ਚਾਹੀਦਾ ਹੈ। ਉਸ ਟੀਚੇ ਨੂੰ ਮਿੱਥ ਕੇ ਉਸ ਉੱਪਰ ਦ੍ਰਿੜ੍ਹ ਨਿਸ਼ਚੇ, ਆਤਮ ਵਿਸ਼ਵਾਸ, ਵਿਲ ਪਾਵਰ, ਯੋਗ ਵਿਅਕਤੀਆਂ ਤੋਂ ਅਗਵਾਈ ਲੈ ਕੇ, ਟਾਈਮ ਮੈਨੇਜਮੈਂਟ ਕਰਕੇ, ਯਾਦ ਸ਼ਕਤੀ ਪ੍ਰਫੁੱਲਿਤ ਕਰਕੇ, ਕੰਮ ਦੀ ਜ਼ਿੰਮੇਵਾਰੀ ਸਮਝ ਕੇ, ਸਾਕਾਰਾਤਮਕ ਸੋਚ ਦੁਆਰਾ, ਪੂਰੀ ਜ਼ਿੰਮੇਵਾਰੀ ਨਿਭਾ ਕੇ ਸੁਪਨੇ ਸੱਚ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹੋ ਜੀਵਨ ਦੀ ਖ਼ੁਸ਼ੀ ਦਾ ਰਾਜ਼ ਹੈ। ਸ਼ਿਸ਼ਟਾਚਾਰ ਦਾ ਵੀ ਵਿਸ਼ੇਸ਼ ਮਹੱਤਵ ਹੈ।
ਲੇਖਕ ਨੇ ਬੜੀ ਸ਼ਿੱਦਤ ਨਾਲ ਇਸ ਸੱਚ ਨੂੰ ਪ੍ਰਵਾਨ ਕੀਤਾ ਹੈ ਕਿ ਸਫ਼ਲਤਾ ਦੇ ਪੈਂਡੇ 'ਤੇ ਟੁਰੇ ਰਾਹੀਆਂ ਮੂਹਰੇ ਅਨੇਕਾਂ ਔਕੜਾਂ ਆ ਜਾਂਦੀਆਂ ਹਨ। ਕਈ ਵਾਰੀ ਨਿਰਾਸ਼ ਹੋ ਕੇ ਉਹ ਯਤਨ ਛੱਡ ਦਿੰਦੇ ਹਨ। ਹਾਰਾਂ ਅਗਲੇਰੀ ਜਿੱਤ ਲਈ ਰਾਹ ਪੱਧਰਾ ਕਰਿਆ ਕਰਦੀਆਂ ਹਨ। ਆਰਥਿਕ ਤੰਗੀ, ਬਿਮਾਰੀਆਂ, ਅਪਾਹਜਤਾ ਵੀ ਬੇਵੱਸ ਕਰ ਦਿੰਦੀ ਹੈ। ਪਰ ਇਤਿਹਾਸ ਗਵਾਹ ਹੈ ਕਿ ਅੰਨ੍ਹੇ, ਬੋਲੇ, ਗੂੰਗੇ ਵੀ ਸਫ਼ਲਤਾ ਦੀਆਂ ਸਿਖ਼ਰਾਂ ਛੋਹ ਚੁੱਕੇ ਹਨ। ਅਣਗੌਲੀਆਂ ਇਸਤਰੀਆਂ ਅਤੇ ਨਿਮਾਣੇ ਬੰਦਿਆਂ ਨੇ ਸਫ਼ਲਤਾ ਦੀਆਂ ਉਚਾਣਾਂ ਸਰ ਕੀਤੀਆਂ ਹਨ।
ਲੇਖਕ ਵਿਸ਼ਵ-ਗਿਆਨ ਦਾ ਇਨਸਾਈਕਲੋਪੀਡੀਆ ਪ੍ਰਤੀਤ ਹੁੰਦਾ ਹੈ। ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਅੰਗਰੇਜ਼ੀ ਕਵੀਆਂ ਆਦਿ ਅਨੇਕਾਂ ਭਾਸ਼ਾਵਾਂ ਦੇ ਵਿਚਾਰਵਾਨਾਂ ਦੀਆਂ ਟੂਕਾਂ ਨੂੰ ਥਾਂ-ਪੁਰ-ਥਾਂ ਉਦ੍ਰਿਤ ਕਰਦਾ ਨੋਟ ਕੀਤਾ ਜਾ ਸਕਦਾ ਹੈ। ਇਤਿਹਾਸਕ, ਮਿਥਿਹਾਸਕ, ਮਨੋਵਿਗਿਆਨ, ਧਾਰਮਿਕ, ਆਰਥਿਕ, ਸੱਭਿਆਚਾਰਕ ਜੀਵਨ ਦੀਆਂ ਝਲਕੀਆਂ ਪੇਸ਼ ਕਰ ਕੇ ਆਪਣੇ ਵਿਚਾਰਾਂ ਦੀ ਵਿਆਖਿਆ ਅਤੇ ਪੁਸ਼ਟੀ ਕਰਦਾ ਹੈ। ਆਮ ਜੀਵਨ ਦੀਆਂ ਅਣਗੌਲੀਆਂ ਘਟਨਾਵਾਂ ਨੂੰ ਵਿਵਹਾਰਕ ਰੂਪ ਵਿਚ ਪ੍ਰਯੋਗ ਕਰਦਾ ਹੈ। ਕਈ ਵਾਰੀ ਹਰ ਪੈਰੇ ਵਿਚ ਨਵੀਆਂ ਤੋਂ ਨਵੀਆਂ ਰੌਚਿਕ ਬਾਤਾਂ ਪਾਉਂਦਾ ਕਲਮ ਚਲਾਉਂਦਾ ਹੈ। ਉਹ ਰਾਜਨੀਤਕ ਸ਼ਖ਼ਸੀਅਤਾਂ ਅਤੇ ਫ਼ਿਲਮੀ ਐਕਟਰਾਂ ਨੂੰ ਜ਼ੀਰੋ ਤੋਂ ਹਿੰਦਸੇ ਬਣਦਾ ਦਿਖਾਉਂਦਾ ਹੈ। ਹਰ ਪੁਸਤਕ ਵਿਚ ਅਨੇਕਾਂ ਗੁਰਮੰਤਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਸ਼ਖ਼ਸੀਅਤ ਵਿਕਾਸ ਦੀ ਦ੍ਰਿਸ਼ਟੀ ਤੋਂ ਕੋਈ ਵੀ ਐਸਾ ਪੱਖ ਨਹੀਂ ਜਿਸ ਨੂੰ ਵਿਦਵਾਨਾਂ, ਦਾਰਸ਼ਨਿਕਾਂ, ਕਵੀਆਂ, ਵਿਗਿਆਨੀਆਂ, ਮਨੋਵਿਗਿਆਨੀਆਂ ਅਤੇ ਰਾਜਸੀ ਲੋਕਾਂ ਦੇ ਵਿਚਾਰਾਂ ਜਾਂ ਘਟਨਾਵਾਂ ਨਾਲ ਸ਼ਿੰਗਾਰਿਆ ਨਾ ਗਿਆ ਹੋਵੇ। ਭਵਿੱਖ ਦਾ ਕੋਈ ਵੀ ਖੋਜਾਰਥੀ ਸ਼ਖ਼ਸੀਅਤ ਵਿਕਾਸ ਦੇ ਵਿਸ਼ੇ 'ਤੇ ਖੋਜ ਕਰਦਿਆਂ ਇਨ੍ਹਾਂ ਬਾਰੇ ਕਿਤਾਬਾਂ ਤੋਂ ਲਾਭ ਉਠਾ ਸਕਦਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਅਜੇ ਵੀ ਕਿਤੇ
ਲੇਖਕ : ਹੈਪੀ ਰਾਜੀਵ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ :96
ਸੰਪਰਕ : 95010-01070

ਸ਼ਾਇਰ ਹੈਪੀ ਰਾਜੀਵ ਆਪਣੀ ਪਲੇਠੀ ਕਾਵਿ-ਕਿਤਾਬ 'ਅਜੇ ਵੀ ਕਿਤੇ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸਾਰੀ ਕਾਵਿ-ਕਿਤਾਬ ਤਰੰਗਤੀ ਮੁਹੱਬਤ ਦੀਆਂ ਨਜ਼ਮਾਂ ਨਾਲ ਓਤ-ਪੋਤ ਹੈ। ਮੁਹੱਬਤ ਆਦਿ ਜੁਗਾਤੀ ਜਜ਼ਬਾ ਹੈ ਤੇ ਦੁਨੀਆ ਦਾ ਬਹੁਤਾ ਸਾਹਿਤ ਮੁਹੱਬਤ ਦੀ ਹੀ ਪਰਿਕਰਮਾ ਕਰਦਾ ਹੈ। ਬਾਈਬਲ ਆਖਦੀ ਹੈ, 'ਮੈਨ ਡਸਨੋਟ ਲਾਈਵ ਬਾਏ ਬ੍ਰੈੱਡ ਅਲੋਨ' ਅਰਥਾਤ ਬੰਦਾ ਸਿਰਫ਼ ਰੋਟੀ ਨਾਲ ਹੀ ਨਹੀਂ ਜਿਊਂਦਾ। ਵਾਰਸ ਸ਼ਾਹ ਆਖਦਾ ਹੈ ਪਹਿਲਾਂ ਪਹਿਲ ਰੱਬ ਨੇ ਵੀ ਇਸ਼ਕ ਕੀਤਾ ਹੈ ਤੇ ਉਸ ਦੀ ਮਾਸ਼ੂਕ ਹੈ ਨਬੀ ਤੇ ਰਸੂਲ। ਬਾਬਾ ਫ਼ਰੀਦ ਆਖਦਾ ਹੈ 'ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨੁ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ' ਬਾਬਾ ਫ਼ਰੀਦ ਫਿਰ ਕਹਿੰਦਾ ਹੈ, 'ਜਾਂ ਲਬੁ ਤਾਂ ਨੇਹੁ ਕਿਹਾ, ਲਬੁ ਤਾਂ ਕੂੜਾ ਨੇਹੁ' ਮਿਰਜ਼ਾ ਗ਼ਾਲਿਬ ਆਖਦਾ ਹੈ 'ਇਸ਼ਕ ਪਰ ਜ਼ੋਰ ਨਹੀਂ ਹੈ ਗ਼ਾਲਿਬ, ਯੇਗ ਵੋਹ ਆਤਿਸ਼ ਹੈ ਜੋ ਲਗਾਏ ਨਾ ਲੱਗੇ ਔਰ ਬੁਝਾਏ ਨਾ ਬਨੇ' ਇਸ਼ਕ ਦਾ ਪਹਿਲਾ ਪੜਾਅ ਮਜਾਜ਼ੀ ਹੈ ਤੇ ਦੂਸਰਾ ਹਕੀਕੀ, 'ਸੋ ਸਾਡਾ ਇਹ ਸ਼ਾਇਰ ਮੁਹੱਬਤ ਦੇ ਇਨ੍ਹਾਂ ਪੜਾਵਾਂ ਵਿਚੋਂ ਗੁਜ਼ਰ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਵਕਤ ਅਸਾਡੇ ਹੱਥ ਆ ਜਾਂਦੀ ਹੈ ਜਦੋਂ ਉਹ ਆਪਣੀ ਕਿਤਾਬ ਦਾ ਨਾਮਕਰਨ 'ਅਜੇ ਵੀ ਕਿਤੇ' ਕਰਦਾ ਹੈ। ਅਜੇ ਵੀ ਕਿਤੇ ਉਮੀਦ ਦਾ ਸੰਕੇਤ ਹੈ। ਸ਼ਾਇਰ ਲੁਧਿਆਣਾ, ਗੁਰਾਇਆ ਅਤੇ ਲਵਲੀ ਯੂਨੀਵਰਸਿਟੀ ਜਲੰਧਰ ਦੀ ਤ੍ਰਿਵੈਣੀ ਦਾ ਨਿੱਘ ਮਾਣ ਰਿਹਾ ਹੈ। ਕਦੇ ਇਸ ਤ੍ਰਿਵੈਣੀ ਦੀ ਟਹਿਣੀ ਹਰੀ ਕਚੂਰ ਹੋ ਜਾਂਦੀ ਹੈ, ਕਦੇ ਉਹ ਮੁਰਝਾ ਜਾਂਦੀ ਹੈ ਤੇ ਕਦੇ ਉਸ ਦੇ ਪੱਤੇ ਪੀਲੇ ਭੂਕ ਹੋ ਜਾਂਦੇ ਹਨ। ਪਰ ਫਿਰ ਵੀ ਉਹ ਉਮੀਦ ਦਾ ਪੱਲਾ ਨਹੀਂ ਛੱਡਦਾ ਤੇ ਉਸ ਦੇ ਦਿਲ ਦਿਮਾਗ਼ ਦੇ ਕੋਨੇ ਦਾ ਇਕ ਅਜਿਹਾ ਹਾਸ਼ੀਆ ਹੈ ਜਿਥੇ ਉਹ 'ਅਜੇ ਵੀ ਕਿਤੇ' ਦੀ ਠਾਹਰ ਭਾਲਦਾ ਹੈ। ਸਾਰੀਆਂ ਹੀ ਨਿੱਕੀਆਂ-ਨਿੱਕੀਆਂ ਨਜ਼ਮਾਂ ਰੋਸੇ ਮੇਹਣੇ ਤੇ ਮਨ ਮਨਾਉਣ ਦੀਆਂ ਤਰਲੇ ਹਾੜੇ ਕੱਢਦੀਆਂ ਪਰੰਪਰਾਗਤ ਆਦਰਸ਼ਣ ਦੀ ਪਰਿਕਰਮਾ ਕਰਦੀਆਂ ਨਜ਼ਮਾਂ ਹਨ। ਸ਼ਾਇਰ ਦੀਆਂ ਨਜ਼ਮਾਂ ਜਿਵੇਂ ਕਿ 'ਆਓ ਸ਼ਬਦੋ', 'ਅਜੇ ਵੀ ਕਿਤੇ', 'ਕੱਚੇ ਵਾਅਦੇ', 'ਖੁਸ਼ਬੂ', 'ਦੁਨੀਆ ਦਾ ਚਿਹਰਾ' ਤੇ 'ਡਾਇਰੀ' ਵਿਸ਼ੇਸ਼ ਧਿਆਨ ਖਿਚਦੀਆਂ ਹਨ, ਇਸ ਬਿਰਹੋਂ ਕੁੰਠੇ ਮੁਹੱਬਤੀ ਜਿਊੜੇ ਦੀ ਵੀ ਭਵਿੱਖ ਵਿਚ ਹੋਰ ਕਲਾਤਮਿਕ ਤੇ ਸੁਹਜਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ। ਸ਼ਾਇਰ ਦੀ ਪਲੇਠੀ ਕਿਰਤ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254


ਰੂਹਾਂ ਦੇ ਰਾਹ
ਨਾਵਲਕਾਰ : ਹਰਦੀਪ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : ਸ਼ੇਰਗਿੱਲ ਪ੍ਰਕਾਸ਼ਨ ਜ਼ੀਰਾ
ਮੁੱਲ : 150 ਰੁਪਏ, ਸਫ਼ੇ :102
ਸੰਪਰਕ : 94171-56564

ਵਿਆਹ ਦੋ ਰੂਹਾਂ ਅਰਥਾਤ ਪਤੀ-ਪਤਨੀ ਦਾ ਸੁਮੇਲ ਹੁੰਦਾ ਹੈ। ਜੇਕਰ ਇਨ੍ਹਾਂ ਦੋਵਾਂ ਰੂਹਾਂ ਦਾ ਰਾਹ ਇਕ ਹੋਵੇ, ਸੋਚ-ਸਮਝ ਅਤੇ ਸੁਭਾਅ ਇਕੋ ਜਿਹਾ ਹੋਵੇ ਤਾਂ ਦੋਹਾਂ ਵਿਚ ਨਿੱਘ ਪਿਆਰ ਬਣਿਆ ਰਹਿੰਦਾ ਹੈ। ਜੇਕਰ ਨਹੀਂ ਤਾਂ ਦੋਵੇਂ ਰੂਹਾਂ 'ਸੂਲੀ' ਟੰਗੀਆਂ ਰਹਿੰਦੀਆਂ ਹਨ। ਇਹੋ ਵਿਸ਼ਾ ਹੈ ਨਾਵਲਕਾਰ ਹਰਦੀਪ ਸਿੰਘ ਗਿੱਲ ਦੇ ਇਸ ਪਲੇਠੇ ਨਾਵਲ ਦਾ।
ਕੁਝ ਨੁਕਸਾਂ ਨੂੰ ਅੱਖੋਂ ਪਰੋਖੇ ਕਰ ਦਈਏ ਤਾਂ ਇਸ ਰਚਨਾ ਵਿਚ ਨਾਵਲਕਾਰ ਨੇ ਵਿਚਾਰਧਾਰਕ ਪੱਖੋਂ ਵੱਡਾ ਖਜ਼ਾਨਾ ਪਾਠਕਾਂ ਦੀ ਸਮਝ ਗੋਚਰੇ ਕੀਤਾ ਹੈ। ਇਸ ਦੇ ਨਾਲ ਹੀ ਪੇਂਡੂ ਸਮਾਜ ਵਿਚ ਦੋਵੇਂ 'ਰੂਹਾਂ' ਪਤੀ-ਪਤਨੀ ਵਿਚ ਸਾਂਝ ਬਣਾਉਣ ਲਈ ਜੋ ਕਰਮ-ਕਾਂਡ, ਧਾਗੇ-ਤਵੀਤ ਕਰਾਏ ਜਾਂਦੇ ਹਨ, ਬਾਰੇ ਨਾਵਲ ਵਿਚ ਖੁੱਲ੍ਹ ਕੇ ਲਿਖਿਆ ਹੈ। ਪੇਂਡੂ ਅਨਪੜ੍ਹਤਾ ਕਿੰਝ 'ਬਾਬਿਆਂ' ਦੇ ਧੱਕੇ ਚੜ੍ਹ ਕੇ ਆਪਣੀ ਪਾਣ-ਪੱਤ ਲੁਹਾਉਂਦੀ ਹੈ, ਵੀ ਇਸ ਨਾਵਲ ਦਾ ਉਪ-ਵਿਸ਼ਾ ਬਣਿਆ ਨਜ਼ਰ ਆਉਂਦਾ ਹੈ।
ਨਾਵਲ ਪੜ੍ਹ ਕੇ ਪਾਠਕ ਦੀ ਇਹੋ ਸੋਚ ਬਣਦੀ ਹੈ ਕਿ ਨਵ-ਵਿਆਹੀ ਜੋੜੀ ਦਾ ਹਰ ਪੱਖ ਤੋਂ ਜੋੜ ਜ਼ਰੂਰੀ ਹੈ। ਕੁਜੋੜ ਨਹੀਂ। ਜਿਵੇਂ ਨਾਵਲ ਦੇ ਪਾਤਰ ਦਲੀਪ ਅਤੇ ਗੁਰੋ ਸੁਭਾਅ ਅਤੇ ਸੋਚ ਦਾ ਕੁਜੋੜ ਹਨ। ਨਾਵਲ ਵਿਚ ਪੰਜਾਬੀ ਪੇਂਡੂ ਸਮਾਜ ਦੀ ਯਥਾਰਥਕ ਤਸਵੀਰ ਪੇਸ਼ ਕੀਤੀ ਗਈ ਹੈ। ਇਹ ਨਾਵਲ ਇਕ ਅਨੁਭਵੀ ਕਲਮ ਦੀ ਕ੍ਰਿਤ ਹੈ। ਨਾਵਲ ਦੇ ਪ੍ਰਕਾਸ਼ਕ ਦੇ ਵਿਚਾਰ ਵੀ ਇਸ ਨਾਵਲ ਬਾਰੇ ਧਿਆਨ ਖਿੱਚਦੇ ਹਨ ਕਿ 'ਨਾਵਲਕਾਰ ਨੇ ਆਪਣੀ ਗੱਲ ਬਿਹਤਰ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਨਾਵਲਕਾਰ ਆਪਣੇ ਪਾਤਰਾਂ ਨਾਲ ਗੱਲਾਂ ਕਰ ਰਿਹਾ ਹੋਵੇ।' ਨਾਵਲ ਦਾ ਨੋਟਿਸ ਲਿਆ ਜਾਣਾ ਜ਼ਰੂਰੀ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444


ਉਡੀਕਾਂ ਤੇਰੀਆਂ
ਲੇਖਕ : ਅਤੁਲ ਕੰਬੋਜ (ਚੰਨ)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 94638-36591

'ਉਡੀਕਾਂ ਤੇਰੀਆਂ' ਕਾਵਿ-ਸੰਗ੍ਰਹਿ ਅਤੁਲ ਕੰਬੋਜ (ਚੰਨ) ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਹਮ ਸ਼ਾਇਰ', 'ਤਰਾਟਾਂ' ਅਤੇ 'ਮਿਸ਼ਰੀ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਸ ਨੇ 'ਅਵਾਜ਼ ਦਿਲ ਦੀ' ਕਾਵਿ-ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। 'ਉਡੀਕਾਂ ਤੇਰੀਆਂ' ਕਾਵਿ-ਸੰਗ੍ਰਹਿ ਵਿਚ ਉਸ ਨੇ 'ਗੁਜ਼ਾਰਨਾ' ਤੋਂ ਲੈ ਕੇ 'ਚਿਤਚੋਰ' ਤੱਕ 68 ਕਾਵਿਕ-ਰਚਨਾਵਾਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਦੀ ਮੂਲ-ਸੁਰ 'ਬਿਰਹਾ' ਹੈ। ਵਿਜੋਗਣ ਦੀ ਉਡੀਕ ਹੈ। ਇਨ੍ਹਾਂ ਬਿਰਹਣੀ-ਸੁਰਾਂ ਨੂੰ 'ਤੇਰੀਆਂ ਤਸਵੀਰਾਂ', 'ਇਸ਼ਕ', 'ਬਾਜ਼ੀ ਇਸ਼ਕ ਦੀ', 'ਯਾਰੀ', 'ਮੁਹੱਬਤ', 'ਚਾਹਤ', 'ਨੈਣ', 'ਭੁਲੇਖਾ', 'ਤੇਰੀ ਯਾਦ', 'ਇਸ਼ਕ ਇਬਾਦਤ', 'ਵਿਛੋੜਾ', 'ਬੇਕਦਰੇ ਨਾਲ ਪਿਆਰ', 'ਹਮਸਫ਼ਰ', 'ਸਵਾਲ' ਅਤੇ ਹੋਰ ਕਵਿਤਾਵਾਂ ਨੂੰ ਸ਼ਿੱਦਤਾਂ ਨਾਲ ਮਹਿਸੂਸਿਆ ਜਾ ਸਕਦਾ ਹੈ। ਇਹ ਬਿਰਹਾ ਸਰੀਰਕ ਵੀ ਹੈ ਅਤੇ ਮਾਨਸਿਕ ਵੀ ਜੋ ਕਿਤੇ-ਕਿਤੇ ਪਛਤਾਵੇ ਅਤੇ ਗਿਲਾਨੀ ਦੇ ਭਾਵਾਂ ਦੀ ਵੀ ਸਿਰਜਣਾ ਕਰਦਾ ਹੈ। 'ਉਡੀਕਾਂ ਤੇਰੀਆਂ' ਕਵਿਤਾ ਵਿਛੋੜੇ ਦੀ ਅਗਨੀ ਦੀ ਤਪਸ਼ ਦਾ ਸਿਖਰ ਮੰਨੀ ਜਾ ਸਕਦੀ ਹੈ ਜਿਥੇ ਬਿਰਹਨ ਨੂੰ ਅੰਦਰੂਨੀ ਪੀੜ ਨਾਲ ਨਪੀੜੀ ਜਾਣ ਦਾ ਬਿਹਬਲ ਅਹਿਸਾਸ ਹੁੰਦਾ ਹੈ :
ਮੇਰੀ ਜਾਨ ਕੱਢ ਲੈਂਦੀਆਂ ਨੇ ਉਡੀਕਾਂ ਤੇਰੀਆਂ,
ਮੇਰੇ ਅੰਗ ਸੰਗ ਰਹਿੰਦੀਆਂ ਨੇ ਉਡੀਕਾਂ ਤੇਰੀਆਂ
ਅੰਤ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਵਸਲ ਦੀ ਘੜੀ ਵੀ ਜ਼ਰੂਰ ਹੀ ਆਵੇਗੀ, ਮਿਲਨ ਦਾ ਉਹ ਸਮਾਂ ਵੀ ਤਹਿ ਹੀ ਹੈ :
ਆਖ਼ਿਰ ਇਕ ਨਾ ਇਕ ਦਿਨ ਤੂੰ ਹੀ ਜਾਣਾ ਹੈ
ਇਹ 'ਚੰਨ' ਨੂੰ ਨਿੱਤ ਕਹਿੰਦੀਆਂ ਨੇ ਉਡੀਕਾਂ ਤੇਰੀਆਂ
ਮਹਿਬੂਬ ਨਾਲ ਬਿਤਾਏ ਪਲ ਯਾਦਾਂ ਬਣ-ਬਣ ਕਦੇ ਨਿਰਾਸ਼ਾ ਦੇ ਆਲਮ ਵੱਲ ਧੱਕਦੇ ਨੇ ਅਤੇ ਕਦੇ ਉਹ ਗੁਜ਼ਰੇ ਪਲ ਆਉਣ ਵਾਲੇ 'ਮਿਲਨ' (ਮਿਲਾਪ) ਦੇ ਛਿਣਾਂ ਦੀ ਗਵਾਹੀ ਭਰਦੇ ਯਕੀਨ ਦੁਆਉਂਦੇ ਆਸ਼ਾ-ਮਈ ਮੰਜ਼ਰ ਦੀ ਸੰਕਲਪਨਾ ਕਰਦੇ ਹਨ :
ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ
ਇਸ਼ਕ ਦੀ ਬਾਜ਼ੀ ਹਾਰੀ ਚੰਗੀ
ਪੱਥਰ ਬਣਿਆ ਕੰਮ ਨਾ ਚਲੇ
ਪੰਛੀਆਂ ਵਾਂਗ ਉਡਾਰੀ ਚੰਗੀ
ਉਮੀਦ ਕਰਦਾ ਹਾਂ ਕਿ ਪਾਠਕ ਅਹਿਸਾਸਾਂ ਦੀ ਸ਼ਾਇਰੀ ਦਾ ਆਨੰਦ ਜ਼ਰੂਰ ਮਾਨਣਗੇ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096


ਰੇਡੀਓ ਦੀ ਕਹਾਣੀ
ਲੇਖਕ : ਜਰਨੈਲ ਸਿੰਘ ਬੱਧਣ
ਪ੍ਰਕਾਸ਼ਕ : ਕਿਡਜ਼ ਵਰਲਡ ਪਬਲੀਕੇਸ਼ਨਜ਼, ਜਲੰਧਰ
ਮੁੱਲ : 150 ਰੁਪਏ, ਪੰਨੇ : 78
ਸੰਪਰਕ : 77174-09475

ਸੰਚਾਰ ਮਾਧਿਅਮਾਂ ਵਿਚ ਰੇਡੀਓ ਇਕ ਮਹੱਤਵਪੂਰਨ ਸ੍ਰੋਤ ਹੈ। ਇਸੇ ਸਾਧਨ ਨਾਲ ਸੰਬੰਧਿਤ ਪੁਸਤਕ 'ਰੇਡੀਓ ਦੀ ਕਹਾਣੀ' ਜਰਨੈਲ ਸਿੰਘ ਬੱਧਣ ਦੀ ਨਵ-ਪ੍ਰਕਾਸ਼ਿਤ ਕ੍ਰਿਤ ਹੈ ਜਿਸ ਵਿਚ ਰੇਡੀਓ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਸੰਬੰਧੀ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ। ਬੱਧਣ ਇਸ ਪੁਸਤਕ ਦਾ ਆਗ਼ਾਜ਼ ਰੇਡੀਓ ਦੇ ਇਤਿਹਾਸ ਦੇ ਸੁਨਹਿਰੀ ਵਰ੍ਹੇ 1895 ਤੋਂ ਕਰਦਾ ਹੈ ਜਦੋਂ ਪ੍ਰਸਿੱਧ ਰੂਸੀ ਵਿਗਿਆਨੀ ਅਲੈਗਜ਼ੈਂਡਰ ਪਾਪੋਵ ਅਸਮਾਨੀ ਬਿਜਲੀ ਨੂੰ ਰਿਕਾਰਡ ਕਰਨ ਵਾਲੇ ਐਨਟੀਨੇ ਦੀ ਕਾਢ ਕੱਢ ਕੇ ਦੁਨੀਆ ਨੂੰ ਹੈਰਤ ਵਿਚ ਪਾਉਂਦਾ ਹੈ। ਲੇਖਕ ਨੇ ਕਾਲ-ਕ੍ਰਮ ਅਨੁਸਾਰ ਮਾਰਕੋਨੀ, ਸੀਮੇਂਥ ਅਤੇ ਐਲਗੀਮੀਨ ਅਲੀਕਟਰੀਜੀਟਾਟਸ ਗੇਸਲਸ-ਸ਼ਾਫ਼ਟ, ਰੋਜੀਨਾਲਡ ਫੇਸਨਡਨ, ਡੀ. ਫਾਰੈਸਟ, ਮਾਰਕੋਨੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਜਰਨੈਲ ਸੁਭਾਸ਼ ਚੰਦਰ ਬੋਸ ਵਲੋਂ ਰੇਡੀਓ ਪ੍ਰਣਾਲੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਸਿਲਸਿਲੇਵਾਰ ਰੂਪ ਵਿਚ ਅੰਕੜਿਆਂ ਅਤੇ ਤੱਥਾਂ ਦੇ ਹਵਾਲੇ ਦਿੰਦਿਆਂ ਖ਼ੂਬਸੂਰਤੀ ਨਾਲ ਬਿਆਨਿਆ ਹੈ। ਲੇਖਕ ਦਿਲਚਸਪ ਤੱਥ ਸਾਂਝੇ ਕਰਦਾ ਹੋਇਆ ਦੱਸਦਾ ਹੈ ਕਿ ਸੰਨ 1940 ਵਿਚ ਸ੍ਰੀ ਗਿਆਨ ਚੰਦ ਮਤਵਾਨੇ ਨੇ ਭਾਰਤ ਦਾ ਪਹਿਲਾ ਰੇਡੀਓ ਪ੍ਰਸਾਰਨ ਆਲ ਇੰਡੀਆ ਰੇਡੀਓ ਤੋਂ ਸ਼ੁਰੂ ਕੀਤਾ ਸੀ ਅਤੇ ਆਲ ਇੰਡੀਆ ਰੇਡੀਓ ਨੂੰ 'ਆਕਾਸ਼ਵਾਣੀ' ਦਾ ਨਾਂਅ ਸ੍ਰੀ ਰਾਬਿੰਦਰ ਨਾਥ ਟੈਗੋਰ ਨੇ ਦਿੱਤਾ ਸੀ। ਵੱਖ-ਵੱਖ ਦੇਸ਼ਾਂ, ਕੌਮਾਂਤਰੀ ਅਤੇ ਖੇਤਰੀ ਭਾਸ਼ਾਵਾਂ ਦੀ ਦੂਰੀ ਨੂੰ ਨੇੜਤਾ ਵਿਚ ਬਦਲਣ ਅਤੇ ਸੰਕਟਕਾਲੀਨ ਪ੍ਰਸਥਿਤੀਆਂ ਵਿਚ ਰੇਡੀਓ ਦੀ ਮਨੁੱਖਤਾ ਪ੍ਰਤੀ ਵਿਕਾਸਸ਼ੀਲ ਯਾਤਰਾ ਨੂੰ ਬੱਧਣ ਨੇ ਢੁਕਵੀਆਂ ਤਸਵੀਰਾਂ ਨਾਲ ਦਰਸਾਇਆ ਹੈ। ਰੇਡੀਓ ਦੀ ਕਾਰਜ ਪ੍ਰਣਾਲੀ, ਸਟਾਫ਼, ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਅਤੇ ਇਸਤਰੀਆਂ ਦੇ ਪ੍ਰੋਗਰਾਮਾਂ, ਗਾਇਕਾਂ, ਗੀਤਕਾਰਾਂ, ਕਲਾਕਾਰਾਂ ਆਦਿ ਬਾਰੇ ਵੀ ਵੰਨ-ਸੁਵੰਨੇ ਵੇਰਵੇ ਇਸ ਪੁਸਤਕ ਵਿਚ ਦਰਜ ਹਨ। ਇਸ ਤੋਂ ਇਲਾਵਾ ਖੇਡਾਂ, ਸਾਹਿਤ, ਸੱਭਿਆਚਾਰ, ਕਲਾ, ਰਾਜਨੀਤੀ, ਧਰਮ, ਖੇਤੀਬਾੜੀ ਅਤੇ ਸਮਾਜ ਦੇ ਹੋਰ ਖਿੱਤਿਆਂ ਅਤੇ ਕਿੱਤਿਆਂ ਬਾਰੇ ਵੀ ਰੇਡੀਓ ਦੇ ਮਹੱਤਵ ਨੂੰ ਲੈ ਕੇ ਚਾਨਣਾ ਪਾਇਆ ਗਿਆ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬੱਚਿਆਂ ਲਈ ਇਕ ਖ਼ੂਬਸੂਰਤ ਤੋਹਫ਼ਾ ਹੈ ਜੋ ਬੱਚਿਆਂ ਨੂੰ ਰੇਡੀਓ ਦੇ ਮਾਧਿਅਮ ਦੁਆਰਾ ਅਮਨ-ਚੈਨ, ਭਾਈਚਾਰਕ ਸਾਂਝ ਅਤੇ ਸਮਾਜਿਕ ਸੁਰੱਖਿਆ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਸਾਰਥਿਕ ਭੂਮਿਕਾ ਨਿਭਾਉਂਦੀ ਹੈ। ਬੱਚਿਆਂ ਲਈ, ਉਨ੍ਹਾਂ ਦੀ ਆਪਣੀ ਸਰਲ ਅਤੇ ਸੁਖੈਨ ਭਾਸ਼ਾ ਵਿਚ ਪਹਿਲੀ ਵਾਰੀ ਰੇਡੀਓ ਬਾਰੇ ਏਨੀ ਵਡਮੁੱਲੀ, ਵਿਸਥਾਰਤ ਅਤੇ ਦਿਲਚਸਪ ਜਾਣਕਾਰੀ ਦੇਣ ਲਈ ਬੱਧਣ ਨੂੰ ਮੁੁਬਾਰਕਵਾਦ ਦੇਣੀ ਬਣਦੀ ਹੈ। ਗਿਆਨ-ਵਿਗਿਆਨ ਦੇ ਪਾਸਾਰੇ ਅਤੇ ਪੰਜਾਬੀ ਮਾਤ-ਭਾਸ਼ਾ ਦੇ ਵਿਕਾਸ ਲਈ ਅਜਿਹੇ ਯਤਨਾਂ ਦੀ ਹੋਰ ਲੋੜ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

 

05-03-2023

 ਬੁੱਧੂ (The Ediot)
ਲੇਖਕ : ਫਿਓਦੋਰ ਦੋਸਤੋਵਸਕੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 695, ਸਫ਼ੇ : 512
ਸੰਪਰਕ : 98152-98459


'ਬੁੱਧੂ' (The Idiot) ਵਿਸ਼ਵ ਦੇ ਸ਼੍ਰੋਮਣੀ ਨਾਵਲਕਾਰ ਫਿਓਦੋਰ ਦੋਸਤੋਵਸਕੀ ਦੀ ਇਕ ਅਮਰ ਰਚਨਾ ਹੈ। ਦੋਸਤੋਵਸਕੀ (1821-1881) ਦਾ ਇਹ ਨਾਵਲ 1868 ਈ: ਵਿਚ ਲਿਖਿਆ ਗਿਆ ਅਤੇ ਪਹਿਲੀ ਵਾਰ ਇਹ 'ਰਸ਼ੀਅਨ ਮੈਸੇਂਜਰ' ਵਿਚ ਲੜੀਵਾਰ ਪ੍ਰਕਾਸ਼ਿਤ ਹੋਇਆ। 'ਈਡੀਅਟ' ਇਕ ਮੈਡੀਕਲ-ਟਰਮ ਹੈ ਅਤੇ ਜਿਸ ਸ਼ਖ਼ਸ ਦਾ ਦਿਮਾਗ਼ ਢਾਈ-ਤਿੰਨ ਸਾਲ ਦੇ ਬੱਚੇ ਨਾਲੋਂ ਬਹੁਤਾ ਵਿਕਸਿਤ ਨਾ ਹੋਇਆ ਹੋਵੇ, ਉਸ ਵਾਸਤੇ ਇਹ ਪਦ ਵਰਤਿਆ ਜਾਂਦਾ ਹੈ। ਇਸ ਨਾਵਲ ਵਿਚ ਇਹ ਸ਼ਬਦ ਪ੍ਰਿੰਸ ਮਿਸ਼ਕਿਨ ਲਈ ਵਰਤਿਆ ਗਿਆ ਹੈ, ਜੋ ਲਗਭਗ ਚਾਰ ਵਰ੍ਹੇ ਸਵਿਟਜ਼ਰਲੈਂਡ ਦੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਉਪਰੰਤ ਪੀਟਰਜ਼ਬਰਗ ਵਿਚ ਪਹੁੰਚਦਾ ਹੈ। ਇਸ ਨਾਵਲ ਦੇ ਬਹੁਤ ਸਾਰੇ ਵੇਰਵੇ ਕਾਫ਼ੀ ਨਿੱਜੀ ਜਿਹੇ ਹਨ ਕਿਉਂਕਿ ਦੋਸਤੋਵਸਕੀ ਨੇ ਆਪਣੇ ਲਹਿਣੇਦਾਰਾਂ ਤੋਂ ਬਚਣ ਲਈ ਖ਼ੁਦ ਵੀ ਕਾਫ਼ੀ ਸਮਾਂ ਸਵਿਟਜ਼ਰਲੈਂਡ ਵਿਚ ਗੁਜ਼ਾਰਿਆ ਸੀ। ਇਸ ਨਾਵਲ ਵਿਚ ਮਨੋਵਿਗਿਆਨਕ-ਵਿਸ਼ਲੇਸ਼ਣ, ਅਸਤਿਤਵਾਦੀ-ਵਿਚਾਰਧਾਰਾ ਅਤੇ ਈਸਾਈ ਨੈਤਿਕ-ਸ਼ਾਸਤਰ ਦੇ ਪ੍ਰਮੁੱਖ ਸੰਕਲਪ ਇਕ-ਦੂਸਰੇ ਵਿਚ ਘੁਲ-ਮਿਲ ਗਏ ਹਨ। ਜਰਮਨ ਫਿਲਾਸਫ਼ਰ ਨਿਤਸ਼ੇ ਇਸ ਨਾਵਲ ਦੇ ਨੈਰੇਟਿਵ ਨੂੰ ਬਹੁਤ ਪਸੰਦ ਕਰਦਾ ਸੀ ਕਿਉਂਕਿ ਇਸ ਦਾ ਵਿਸ਼ਾ ਬਹੁਤ ਡੂੰਘਾ ਅਤੇ ਗੰਭੀਰ ਹੈ। ਦੋਸਤੋਵਸਕੀ ਦੱਸਦਾ ਹੈ ਕਿ ਮੌਲਿਕ ਢੰਗ ਨਾਲ ਸੋਚਣ ਵਾਲੇ ਸੱਚੇ ਅਤੇ ਸੰਵੇਦਨਸ਼ੀਲ ਵਿਅਕਤੀ ਨੂੰ ਸਾਡੀ ਸਵੈ-ਕੇਂਦ੍ਰਿਤ ਦੁਨੀਆ 'ਬੁੱਧੂ' ਸਮਝ ਕੇ ਉਸ ਦਾ ਉਪਹਾਸ ਉਡਾਉਂਦੀ ਹੈ। ਦੋਸਤੋਵਸਕੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਪਾਤਰਾਂ ਦੀ ਚੇਤਨਾ ਨੂੰ ਏਨਾ ਪ੍ਰਚੰਡ ਕਰ ਦਿੰਦਾ ਸੀ ਕਿ ਉਸ ਨੂੰ ਖ਼ੁਦ ਵੀ ਪਤਾ ਨਹੀਂ ਸੀ ਹੁੰਦਾ ਕਿ ਉਹ ਕੀ ਕਰਨਗੇ। ਮਿਖੇਲ ਬਾਖ਼ਤਿਨ (1895-1975) ਨੇ ਦੋਸਤੋਵਸਕੀ ਦੇ ਨਾਵਲੀ ਤੱਤਾਂ (ਡਾਇਆਲਾਜ਼ਿਮ, ਕਾਰਨੀਵਾਲ ਅਤੇ ਪੋਲੋਫੋਨੀ) ਦਾ ਸੁੰਦਰ ਵਿਸ਼ਲੇਸ਼ਣ ਕੀਤਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਫ ਫ ਫ


ਮੇਰਾ ਪਿੰਡ ਖੋਟੇ
ਲੇਖਕ : ਲੈਫ਼. ਕਰਨਲ ਜਗਦੀਸ਼ ਸਿੰਘ ਬਰਾੜ
ਪ੍ਰਕਾਸ਼ਕ: ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 343
ਸੰਪਰਕ : 98153-57125


ਕਰਨਲ (ਰਿਟਾ.) ਜਗਦੀਸ਼ ਸਿੰਘ ਬਰਾੜ ਨੇ ਆਪਣੇ ਪਿੰਡ ਨੂੰ ਮੁੱਢ ਬਣਾ ਕੇ ਪੰਜਾਬ ਦੀ ਸਿਆਸੀ ਅਤੇ ਸੱਭਿਆਚਾਰਕ ਪਿਛੋਕੜ ਅਤੇ ਇਤਿਹਾਸ ਦੀ ਝਲਕ ਪੇਸ਼ ਕੀਤੀ ਹੈ। ਹਥਲੀ ਕਿਤਾਬ ਲੇਖਕ ਨੇ ਆਪਣੇ ਪਿੰਡ ਨੂੰ ਕੇਂਦਰ ਬਣਾ ਕੇ ਲਿਖੀ ਹੈ, ਪਰ ਦਰਅਸਲ ਇਹ ਕਿਤਾਬ ਪੰਜਾਬ ਦੇ ਕੁਝ ਸਦੀਆਂ ਪੁਰਾਣੇ ਪਿਛੋਕੜ ਦੀ ਡੂੰਘੀ ਝਲਕ ਪ੍ਰਗਟਾਉਂਦੀ ਹੈ। ਪੰਜਾਬ ਹਰ ਸਮੇਂ ਪੱਛਮ ਵਲੋਂ ਹੁੰਦੇ ਹਮਲਾਵਰਾਂ ਦੇ ਹਮਲਿਆਂ ਦੀ ਪਹਿਲੀ ਢਾਲ ਬਣਦਾ ਰਿਹਾ ਹੈ ਅਤੇ ਉਨ੍ਹਾਂ ਦੀ ਮਾਰ ਸਹਿੰਦਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬ ਵਿਚ ਕੋਈ ਵਰਨਣਯੋਗ ਇਤਿਹਾਸਕ ਇਮਾਰਤ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕ ਆਪਣੇ ਜਨ-ਜੀਵਨ ਦਾ ਹਮਲਿਆਂ ਨੂੰ ਹਿੱਸਾ ਬਣਾਉਂਦੇ ਹੋਏ ਕੱਚੇ ਘਰਾਂ ਵਿਚ ਹੀ ਵਾਸ ਕਰਨ ਦੇ ਆਦੀ ਬਣ ਗਏ ਸਨ ਅਤੇ ਹਮਲੇ ਦੀ ਖ਼ਬਰ ਮਿਲਦੇ ਹੀ ਘਰਾਂ ਨੂੰ ਛੱਡ ਕੇ ਜੰਗਲਾਂ ਵਿਚ ਆਪਣੀ ਛਿਪਣਗਾਹ ਬਣਾ ਕੇ ਹਮਲਿਆਂ ਦੀ ਮਾਰ ਤੋਂ ਬਚ ਜਾਂਦੇ ਸਨ ਅਤੇ ਹਮਲਾਵਰਾਂ ਦੇ ਵਾਪਸ ਮੁੜਨ ਦੇ ਸਮੇਂ ਇਹੀ ਲੋਕ ਮੌਕਾ ਮਿਲਣ 'ਤੇ ਉਨ੍ਹਾਂ ਨੂੰ ਨੁਕਸਾਨ ਹੀ ਨਹੀਂ ਪਹੁੰਚਾਉਂਦੇ ਸਨ ਬਲਕਿ ਲੁੱਟ ਵੀ ਲੈਂਦੇ ਸਨ।
ਲੇਖਕ ਨੇ ਪੰਜਾਬ ਦੀ ਧਰਤੀ 'ਤੇ ਜੰਮੇ ਦੇਸ਼-ਪ੍ਰੇਮੀਆਂ, ਸਮਾਜਿਕ ਨਿਖਾਰ ਕਰਨ ਵਾਲੇ ਸੁਧਾਰਕਾਂ ਦੀ ਅਣ-ਗਿਣਤ ਲੜੀ ਦਾ ਜ਼ਿਕਰ ਕੀਤਾ ਹੈ, ਜਿਸ ਦੀ ਝਲਕ ਇਸ ਕਿਤਾਬ ਵਿਚ ਮਿਲਦੀ ਹੈ। ਲੇਖਕ ਨੇ ਸੱਥ ਵਿਚ ਹੋਣ ਵਾਲੇ ਚਰਚਿਆਂ ਦਾ ਵੀ ਬਾਖੂਬੀ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਸੱਥ ਦੀ ਚਰਚਾ ਹਰ ਇਨਸਾਨ ਦੇ ਮਨੋਵਿਗਿਆਨ 'ਤੇ ਕਿੰਨਾ ਵੱਡਾ ਅਸਰ ਕਰਦੀ ਹੈ ਅਤੇ ਇਹੀ ਚਰਚਾ ਦਾ ਹਰ ਇਨਸਾਨ ਦੀ ਵਿਚਾਰਧਾਰਾ ਵਿਚ ਵਡਮੁੱਲਾ ਯੋਗਦਾਨ ਹੁੰਦਾ ਹੈ। ਸਮੁੱਚੀ ਕਿਤਾਬ ਨੂੰ ਦ੍ਰਿਸ਼ਟੀ ਨਾਲ ਵਾਚਿਆ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਪੰਜਾਬ ਦੇ ਪਿਛੋਕੜ ਨੂੰ ਬਹੁਤ ਡੂੰਘਾਈ ਨਾਲ ਅਤੇ ਬਹੁਪੱਖੀ ਪਹਿਲੂ ਤੋਂ ਵਾਚਣ ਉਪਰੰਤ ਪੰਜਾਬ ਦੀ ਬਹੁਤ ਖੁੱਲ੍ਹੀ ਝਲਕ ਦਿਖਾਈ ਹੈ, ਜਿਸ ਵਿਚ ਜਨਜੀਵਨ ਦੇ ਹਰ ਪੱਖ ਨੂੰ ਖੰਘਾਲਿਆ ਹੈ ਅਤੇ ਪੰਜਾਬ ਦੇ ਸਮੇਂ-ਸਮੇਂ ਸਿਰ ਸੱਭਿਆਚਾਰਕ ਸਿਆਸੀ ਅਤੇ ਪੇਂਡੂ ਪੱਧਰ 'ਤੇ ਆਏ ਬਦਲਾਅ ਦੀ ਵਿਆਖਿਆ ਕੀਤੀ ਹੈ। ਇਸ ਕਿਤਾਬ ਨੂੰ ਪੜ੍ਹਨ ਉਪਰੰਤ ਇਕ ਡੂੰਘੀ ਚੀਸ ਵੀ ਮਹਿਸੂਸ ਹੁੰਦੀ ਹੈ ਕਿ ਹਿੰਦੁਸਤਾਨ ਦੇ ਸੂਬਿਆਂ ਦੇ ਗਠਨ ਉਪਰੰਤ ਪੰਜਾਬ ਨੂੰ ਆਪਣੀ ਪਛਾਣ ਖੁਸਦੀ ਹੋਈ ਨਜ਼ਰ ਆ ਰਹੀ ਹੈ, ਦੀ ਚਿੰਤਾ ਵੀ ਜ਼ਾਹਿਰ ਹੁੰਦੀ ਹੈ।
ਭਾਸ਼ਾ ਵਿਭਾਗ ਨੇ ਪਿੰਡਾਂ ਸ਼ਹਿਰਾਂ 'ਤੇ ਸਰਵੇ ਕਿਤਾਬਾਂ ਲੇਖਕਾਂ ਤੋਂ ਤਿਆਰ ਕਰਵਾ ਕੇ ਛਾਪੀਆਂ ਹਨ, ਹੁਣ ਕਈ ਲੇਖਕਾਂ ਨੇ ਆਪੋ-ਆਪਣੇ ਪਿੰਡਾਂ 'ਤੇ ਵੀ ਖੋਜ ਭਰਪੂਰ ਕਿਤਾਬਾਂ ਲਿਖੀਆਂ ਹਨ, ਹੁਣੇ ਹੀ ਜਥੇਦਾਰ ਤੋਤਾ ਸਿੰਘ ਤੇ ਹੁਣ ਲੈਫ਼. ਕਰਨਲ ਜਗਦੀਸ਼ ਸਿੰਘ ਬਰਾੜ ਨੇ ਪਿੰਡ ਖੋਟੇ 'ਤੇ ਵਿਸਥਾਰਤ ਹਥਲੀ ਕਿਤਾਬ ਪੇਸ਼ ਕੀਤੀ ਹੈ।
ਸੌ ਸਾਲ ਤੋਂ ਵੱਧ ਜਿਊਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ, ਪਿੰਡ ਦੀ ਪੰਚਾਇਤ ਦੇ ਮੁਖੀ ਸਰਪੰਚਾਂ, ਪਤਵੰਤੇ ਸੱਜਣਾਂ ਸਕੂਲ ਦੇ ਅਧਿਆਪਕਾਂ ਅਤੇ ਸਕੂਲ ਦੀਆਂ ਕੁਝ ਤਸਵੀਰਾਂ, ਪਿੰਡ ਦੀਆਂ ਯਾਦਗਾਰਾਂ ਅਤੇ ਪਿੰਡ ਦਾ ਪੱਤੀ ਅਨੁਸਾਰ ਕੁਰਸੀਨਾਮਾ ਮਿਹਨਤ ਭਰਪੂਰ ਕਾਰਜ ਸ਼ਾਮਲ ਹੈ। ਕਿਤਾਬ ਦੇ 35 ਭਾਗ ਬਣਾਏ ਗਏ ਹਨ। ਲੇਖਕ ਨੇ ਆਪਣੇ ਪਰਿਵਾਰ ਦਾ ਕੁਰਸੀਨਾਮਾ, ਪਿੰਡ ਖੋਟੇ ਬੱਝਣ ਸਮੇਂ ਦਾ ਨਕਸ਼ਾ ਅਤੇ ਪੁਰਾਤਨ ਉਰਦੂ, ਫਾਰਸੀ ਲਿਖਤ, ਪਿੰਡ ਦੀਆਂ ਉੱਚ-ਸਿੱਖਿਅਤ 13 ਨੂੰਹਾਂ, 15 ਧੀਆਂ, 27 ਪੁੱਤਰਾਂ, ਦੇਸ਼ ਦੀਆਂ ਸਰਹੱਦਾਂ ਅਤੇ ਅਮਨ-ਕਾਨੂੰਨ ਦੇ ਰਾਖਿਆਂ ਦੀਆਂ ਤਸਵੀਰਾਂ ਤੇ ਵੇਰਵੇ, ਪਿੰਡ ਦੀਆਂ ਪੱਤੀਆਂ ਦੇ ਕੁਰਸੀਨਾਮੇ ਸ਼ਾਮਲ ਕੀਤੇ ਹਨ। ਜੋ ਵੱਖ-ਵੱਖ ਜਾਤਾਂ ਨਾਲ ਸੰਬੰਧਿਤ ਹਨ।
ਲੇਖਕ ਨੇ ਹੱਥਲੀ ਕਿਤਾਬ ਆਪਣੇ ਮਾਤਾ-ਪਿਤਾ ਅਤੇ ਉਨ੍ਹਾਂ ਮਹਾਨ ਸਮੂਹ ਸ਼ਹੀਦਾਂ, ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੀ ਸਮਾਜਿਕ, ਆਰਥਿਕ ਅਤੇ ਧਾਰਮਿਕ ਆਜ਼ਾਦੀ ਦੀ ਪ੍ਰਾਪਤੀ ਲਈ ਕੁਰਬਾਨੀਆਂ ਦਿੱਤੀਆਂ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਔਰਤ ਦੇ ਹੱਕਾਂ, ਸਮਾਜਿਕ ਬਰਾਬਰਤਾ ਅਤੇ ਧਰਮ ਨਿਰਪੱਖਤਾ ਲਈ ਜੂਝ ਰਹੇ ਹਨ, ਨੂੰ ਸਮਰਪਿਤ ਕੀਤੀ ਹੈ। ਕਿਤਾਬ ਵਿਚ ਹਰੀਸ਼ ਰਾਏ, ਪ੍ਰਿੰ: ਬਹਾਦਰ ਸਿੰਘ ਅਤੇ ਸ੍ਰੀ ਜਸਵੰਤ ਸਿੰਘ ਜ਼ੀਰਖ ਦੀਆਂ ਵੀ ਵੱਖ-ਵੱਖ ਰਾਵਾਂ ਸ਼ਾਮਲ ਹਨ ਜੋ ਕਿਤਾਬ ਨੂੰ ਹੋਰ ਵੀ ਪ੍ਰਭਾਵੀ ਦਿੱਖ ਦਿੰਦੀਆਂ ਹਨ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਮੈਂ ਸ਼ਿਖੰਡੀ ਨਹੀਂ
ਨਾਵਲਕਾਰ : ਰਾਮ ਸਰੂਪ ਰਿਖੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 271
ਸੰਪਰਕ : 84370-03286


ਨਾਵਲਕਾਰ ਰਾਮ ਸਰੂਪ ਰਿਖੀ ਦਾ ਤੀਸਰਾ ਨਾਵਲ 'ਮੈਂ ਸ਼ਿਖੰਡੀ ਨਹੀਂ' ਪੰਜਾਬੀ ਵਿਚ ਨਵੇਂ ਵਿਸ਼ੇ 'ਤੇ ਲਿਖੀ ਗਈ ਪ੍ਰਭਾਵਸ਼ਾਲੀ ਕਿਰਤ ਹੈ। 'ਕਿਲ੍ਹੇ ਵਿਚ ਉਸਰਦੀ ਕੋਠੀ' ਅਤੇ 'ਦੀਵਾ ਬੁੱਝਿਆ ਨਹੀਂ' ਦੇ ਵਿਸ਼ਿਆਂ ਤੋਂ ਹਟ ਕੇ ਨਾਵਲਕਾਰ ਨੇ ਮਹਾਂਭਾਰਤ ਦੇ 'ਸ਼ਿਖੰਡੀ' ਪਾਤਰ ਨੂੰ ਅਜੋਕੇ ਸਮੇਂ ਅਤੇ ਪਰਿਵੇਸ਼ ਵਿਚ ਆਧਾਰ ਬਣਾ ਕੇ ਸਿਰਜਿਆ ਹੈ। ਨਾਵਲ ਦੀ ਸ਼ੁਰੂਆਤ ਤੋਂ ਹੀ ਰਿਖੀ ਦੀ ਇਤਿਹਾਸਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪਕੜ ਦਾ ਅਹਿਸਾਸ ਹੋਣ ਲਗਦਾ ਹੈ। ਕਸਬੇ ਦੇ ਇਤਿਹਾਸਕ ਤੇ ਸਮਾਜਿਕ ਵਿਕਾਸ, ਛਿੰਜ ਵਰਗੀਆਂ ਲੋਕ ਖੇਡਾਂ ਅਤੇ ਲੋਕ ਗਾਇਕੀ ਦੀਆਂ ਬਾਰੀਕੀਆਂ 'ਤੇ ਪੀਡੀ ਪਕੜ, ਤਬਦੀਲੀ ਮੁਤਾਬਿਕ ਬਦਲਦੇ ਕਿੱਤੇ, ਆਰਥਿਕ ਆਧਾਰ 'ਤੇ ਬਦਲਦੇ ਰਿਸ਼ਤੇ ਦਾ ਯਥਾਰਥਮਈ ਤੇ ਸੂਖ਼ਮ ਚਿਤਰਣ ਪਾਠਕ ਨੂੰ ਬੰਨ੍ਹ ਕੇ ਰੱਖਦਾ ਹੈ। ਨਾਵਲ ਦਾ ਕਥਾਨਕ ਤਿੰਨ ਪੀੜ੍ਹੀਆਂ ਤੱਕ ਫੈਲਿਆ ਹੋਇਆ ਹੈ। ਲੇਕਿਨ ਉਸ ਦੀ ਗਤੀਸ਼ੀਲਤਾ ਅਤੇ ਵਿਕਾਸ ਨੂੰ ਬਹੁਤ ਹੀ ਸਹਿਜਤਾ ਨਾਲ ਪੇਸ਼ ਕਰਨਾ ਰਿਖੀ ਦੀ ਕਲਾਤਮਕ ਸੂਝ ਦੀ ਮਿਸਾਲ ਹੈ। ਨਾਵਲਕਾਰ ਨੇ ਮੱਘਰ ਸਿੰਘ ਰਾਹੀਂ ਖੁਸਰਿਆਂ ਦੀ ਦੋਹਰੀ ਹੀਣ ਭਾਵਨਾ ਨੂੰ ਪੇਸ਼ ਕਰਦਿਆਂ ਉਨ੍ਹਾਂ ਦੇ ਅਵਚੇਤਨ 'ਚੋਂ ਕੱਢ ਬਾਹਰ ਲਿਆਂਦਾ ਹੈ, ਇਹ ਭਾਵਨਾ ਜਿਹੜੀ ਖੁਸਰਿਆਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਨਹੀਂ ਹੋਣ ਦਿੰਦੀ। ਨਾਵਲ ਵਿਚ ਮੱਖਣ ਨਾਲ ਕੀਤੀ ਗਈ ਵਧੀਕੀ ਪਾਠਕਾਂ ਨੂੰ ਟੁੰਬਦੀ ਹੈ, ਹਮਦਰਦੀ ਗ੍ਰਹਿਣ ਕਰਦੀ ਹੈ। ਪਰ ਦੂਸਰੇ ਪਾਸੇ ਕੇਸ਼ਵ ਪਾਤਰ ਇਸ ਹੀਣ-ਭਾਵਨਾ ਤੋਂ ਬਾਹਰ ਨਿਕਲਣ ਲਈ ਆਪਣੀ ਆਰਥਿਕਤਾ ਅਤੇ ਸਮਰੱਥਾ ਦਾ ਤਰਕ ਪੇਸ਼ ਕਰਦਾ ਹੈ ਅਤੇ ਇਸ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਯਤਨ ਕਰਦਾ ਪ੍ਰਤੀਤ ਹੁੰਦਾ ਹੈ। ਮੱਘਰ ਸਿੰਘ ਵਲੋਂ ਰਮਨ ਨੂੰ ਨਗਰਪਾਲਿਕਾ ਦੀ ਚੋਣ ਜਿੱਤਣ ਅਤੇ ਪ੍ਰਧਾਨ ਸਾਜੇ ਜਾਣ ਉਪਰੰਤ ਮੱਘਰ ਸਿੰਘ ਵਲੋਂ ਕਸਬੇ ਦੀ ਨਕਸ਼-ਨੁਹਾਰ ਬਦਲ ਦੇਣ, ਲੋਕਾਂ ਦੀ ਭਲਾਈ ਲਈ ਦਿਨ-ਰਾਤ ਇਕ ਕਰਨ ਨਾਲ ਇਸ ਗੱਲ ਦਾ ਪੁਖ਼ਤਾ ਪ੍ਰਮਾਣ ਹੈ ਕਿ ਸਮਾਜ ਵਲੋਂ ਨਕਾਰੇ ਗਏ 'ਹਿਜੜੇ' ਕਿਸੇ ਗੱਲੋਂ ਊਣੇ ਨਹੀਂ ਹਨ। ਮੌਕਾ ਮਿਲਣ 'ਤੇ ਉਹ ਆਪਣੀ ਕਾਬਲੀਅਤ ਅਤੇ ਸਮਰੱਥਾ ਦਾ ਮੁਜ਼ਾਹਰਾ ਕਰ ਸਕਦੇ ਹਨ। ਨਾਵਲ ਦੇ ਪਾਤਰਾਂ ਮੱਖਣ, ਚੰਦਕੁਰ, ਮੱਘਰ, ਰਿਸ਼ਮ, ਰਮਨ, ਬਲ ਸਿੰਘ ਆਦਿ ਦੀ ਚਰਿੱਤਰ ਉਸਾਰੀ ਕਮਾਲ ਦੀ ਹੈ। ਰਮਨ ਅਤੇ ਬਲ ਸਿੰਘ ਜਿਹੇ ਕਿਰਦਾਰ ਨਾਂਹ-ਪੱਖੀ ਭੂਮਿਕਾ ਅਦਾ ਕਰਦੇ ਹਨ। ਹਿਜੜਾ ਬਣਿਆ ਮੱਖਣ, ਰਿਸ਼ਮਾ ਅੱਗੇ ਨਿਰਉੱਤਰ ਤੇ ਬੇਵੱਸ ਹੋ ਜਾਂਦਾ ਹੈ। ਇਹ ਦੁਖਾਂਤ ਪਾਠਕ 'ਤੇ ਸਦੀਵੀਂ ਪ੍ਰਭਾਵ ਛੱਡ ਜਾਂਦਾ ਹੈ। ਰਾਮ ਸਰੂਪ ਰਿਖੀ ਦੀ ਮੁਹਾਵਰੇਦਾਰ ਉਪਮਾਵਾਂ ਭਰਪੂਰ ਢੇਠ ਮਲਵਈ ਬੋਲੀ ਸਮੁੱਚੇ ਕਥਾਨਕ ਵਿਚ ਰੌਚਕਤਾ ਅਤੇ ਕਥਾ ਰਸ ਦਾ ਪ੍ਰਵਾਹ ਬਣਾਈ ਰੱਖਦੀ ਹੈ। 'ਮੈਂ ਸ਼ਿਖੰਡੀ ਨਹੀਂ' ਅਜੋਕੇ ਭਾਰਤੀ ਸਮਾਜਿਕ ਪ੍ਰਬੰਧ, ਸੱਭਿਆਚਾਰ ਅਤੇ ਆਰਥਿਕਤਾ 'ਤੇ ਡੂੰਘਾ ਕਟਾਖ਼ਸ਼ ਵੀ ਕਰਦਾ ਹੈ।


-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਮੁੱਦਾ ਖ਼ਤਮ
ਲੇਖਕ : ਹਰਦੇਵ ਸਿੰਘ ਪ੍ਰੀਤ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 94630-35535


ਇਸ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਸਮਾਜਿਕ ਮੁੱਦਿਆਂ ਨੂੰ ਆਪਣੀਆਂ ਕਹਾਣੀਆਂ ਵਿਚ ਉਭਾਰਿਆ ਹੈ ਜਿਹੜੇ ਕਿ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਇਨ੍ਹਾਂ ਵਿਚ ਨਸ਼ਿਆਂ ਦੀ ਸਮੱਸਿਆ, ਜਾਤ-ਪਾਤ ਦੀ ਸਮੱਸਿਆ, ਰਿਸ਼ਵਤ, ਛੂਤਛਾਤ ਦੀ ਸਮੱਸਿਆ, ਲਿੰਗ ਭੇਦਭਾਵ ਦੀ ਸਮੱਸਿਆ, ਆਮ ਆਦਮੀ ਦੁਆਰਾ ਸਮਾਜ ਵਿਚ ਵਿਚਰਦਿਆਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਦਿਆਂ ਆਪਣੇ-ਆਪ ਨੂੰ ਸਾਬਤ ਕਦਮੀਂ ਰੱਖਦਿਆਂ ਤੁਰਨ ਦੇ ਯਤਨ ਸ਼ਾਮਿਲ ਹਨ। ਉਸ ਦੇ ਪਾਤਰ ਆਦਰਸ਼ਵਾਦ ਦਾ ਪੱਲਾ ਫੜੀ ਰੱਖਦੇ ਹਨ। ਸਮਾਜ ਵਿਚ ਨਸ਼ੇ ਦੇ ਵਗ ਰਹੇ ਦਰਿਆ ਕਾਰਨ ਰੁੜ੍ਹ ਰਹੇ ਘਰਾਂ ਦੀ ਦਾਸਤਾਨ ਅਤੇ ਨਸ਼ੇ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਗਿਰਨ ਵਰਗੀਆਂ ਘਟਨਾਵਾਂ ਕਹਾਣੀਆਂ ਸੁਹਾਗਣ, ਇਨਸਾਫ਼ ਅਤੇ ਮੱਕੜੀ ਜਾਲ, ਮੁੱਦਾ ਖ਼ਤਮ ਵਿਚ ਦਰਸਾਈਆਂ ਗਈਆਂ ਹਨ। ਕੁੜੀਆਂ ਉੱਤੇ ਹੋ ਰਹੇ ਜ਼ੁਲਮਾਂ ਦਾ ਮੁੱਦਾ ਵੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਦੀ ਚਰਚਾ ਕਹਾਣੀਆਂ ਸੱਚੀ ਸਰਧਾਂਜਲੀ ਅਤੇ ਸੰਜੋਗੀ ਮੇਲ ਵਿਚ ਕੀਤੀ ਗਈ ਹੈ। ਜ਼ਮੀਰ ਦੀ ਆਵਾਜ਼ ਅਤੇ ਬੇਰੁਖੀ ਕਹਾਣੀ ਰਾਹੀਂ ਕਹਾਣੀਕਾਰ ਸਿੱਖਿਆ ਦੇ ਖੇਤਰ ਵਿਚ ਚੱਲ ਰਹੇ ਅਣਦਿਸਦੇ ਮਸਲਿਆਂ ਵੱਲ ਧਿਆਨ ਦਿਵਾੳਂਦਾ ਹੈ। ਸਮਾਜ ਦੀ ਬਿਹਤਰੀ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਅਤੇ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਇਹ ਸੁਨੇਹਾ ਕਹਾਣੀਆਂ ਅਸਲੀ ਵਾਰਸ, ਸਤਿਯੁਗੀ ਦੇਵੀਆਂ ਅਤੇ ਜੇ ਤੇਰੀ ਧੀ ਹੁੰਦੀ ਆਦਿ ਵਿਚ ਦਿਖਾਈ ਦਿੰਦਾ ਹੈ। ਸਾਰੀਆਂ ਕਹਾਣੀਆਂ ਵਿਚ ਆਦਰਸ਼ਵਾਦ ਦੀ ਸੁਰ ਭਾਰੂ ਰਹਿੰਦੀ ਹੈ ਜੋਕਿ ਕਿਤੇ-ਕਿਤੇ ਰੜਕਦੀ ਵੀ ਹੈ ਕਿਉਂਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਸਮਾਜ ਵਿਚ ਇੰਨਾ ਆਦਰਸ਼ਵਾਦ ਹੋਣ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ। ਪਾਤਰ ਉਸਾਰੀ ਵੀ ਕਾਫ਼ੀ ਹੱਦ ਤੱਕ ਆਦਰਸ਼ਵਾਦੀ ਹੈ ਜੋ ਕਿ ਯਥਾਰਥਕ ਪਹੁੰਚ ਤੋਂ ਥੋੜ੍ਹਾ ਪਰ੍ਹੇ ਜਾਪਦੇ ਹਨ। ਕਹਾਣੀਕਾਰ ਨੂੰ ਇਸ ਪੱਖ ਵੱਲ ਧਿਆਨ ਦੇਣ ਦੀ ਲੋੜ ਹੈ।


-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823


ਅੱਧਾ ਅੰਬਰ ਅੱਧੀ ਧਰਤੀ
ਲੇਖਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 290 ਰੁਪਏ, ਸਫ਼ੇ : 96
ਸੰਪਰਕ : 098732-37223


'ਅੱਧਾ ਅੰਬਰ ਅੱਧੀ ਧਰਤੀ' ਕਾਵਿ-ਸੰਗ੍ਰਹਿ ਸਰਬਾਂਗੀ ਲੇਖਕ ਰਵਿੰਦਰ ਸਿੰਘ ਸੋਢੀ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ 'ਧੰਨਵਾਦ! ਧੰਨਵਾਦ! ਧੰਨਵਾਦ' ਕਾਵਿ-ਸੰਗ੍ਰਹਿ 2008 ਈ. ਵਿਚ ਪ੍ਰਕਾਸ਼ਿਤ ਹੋਇਆ ਸੀ। ਉਂਝ ਉਹ ਆਲੋਚਨਾ ਦੀਆਂ 2 ਪੁਸਤਕਾਂ, ਨਾਟਕਾਂ ਦੀਆਂ 5 ਪੁਸਤਕਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ (ਸਹਿ-ਲੇਖਕ) ਜੀਵਨੀ 2004 ਵਿਚ ਵੀ ਪ੍ਰਕਾਸ਼ਿਤ ਕਰਵਾ ਚੁੱਕਾ ਹੈ। 'ਅੱਧਾ ਅੰਬਰ ਅੱਧੀ ਧਰਤੀ' ਕਾਵਿ-ਸੰਗ੍ਰਹਿ ਦੀ ਆਦਿਕਾ ਤੋਂ ਅੰਤਕਾ ਤੱਕ 'ਲਾਲ ਬੱਤੀ' ਤੋਂ ਲੈ ਕੇ 'ਅੱਧਾ ਅੰਬਰ ਅੱਧੀ ਧਰਤੀ' ਤੱਕ 159 ਲਘੂ ਕਵਿਤਾਵਾਂ ਦੇ ਨਾਲ-ਨਾਲ 8 ਟੱਪੇ ਵੀ ਸ਼ਾਮਿਲ ਕੀਤੇ ਗਏ ਹਨ। ਆਦਿਕਾ ਸੰਕੇਤ ਕਰਦੀ ਹੈ ਕਿ ਮਨੁੱਖੀ ਮਨ ਦੇ ਭਾਵ ਦੋ ਸਤਰਾਂ ਵਿਚ ਕਹੇ ਜਾ ਸਕਦੇ ਹਨ ਜਾਂ ਫਿਰ 200 ਸਤਰਾਂ ਕਹਿਣ ਤੋਂ ਬਾਅਦ ਵੀ ਸ਼ਾਇਦ ਤੋਲ-ਤੁਕਾਂਤ ਦਾ ਮੌਕਾ ਮੇਨ ਹੀ ਹੋਵੇ। 'ਗੰਧਲੇ ਰਿਸ਼ਤੇ' ਕਵਿਤਾ 'ਚ ਬਾਬੇ ਨਾਨਕ ਨੇ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਕਿਹਾ ਪਰ ਕਵੀ ਅਨੁਸਾਰ ਅਸੀਂ ਇਨ੍ਹਾਂ ਤਿੰਨਾਂ ਰਿਸ਼ਤਿਆਂ ਨੂੰ ਹੀ ਗੰਧਲਾ ਦਿੱਤਾ। ਦਰਸ਼ਨ ਸ਼ਾਸਤਰ ਮੁਤਾਬਿਕ ਰਾਜਨੀਤੀ ਅਸੂਲਾਂ ਦੀ ਹੁੰਦੀ ਹੈ, ਧਰਮ ਵਿਸ਼ਵਾਸ ਜਾਂ ਆਸਥਾ ਅਨੁਸਾਰ ਨਿਭਦਾ ਹੈ। ਕਵੀ ਅਨੁਸਾਰ ਇਹ ਅਜੋਕੇ ਸਮੇਂ 'ਚ ਇਹ ਦੋਵੇਂ ਤੂਫ਼ਾਨ 'ਚ ਘਿਰੇ ਜਹਾਜ਼ ਵਾਂਗ ਸਾਗਰ 'ਚ ਥਪੇੜੇ ਖਾ ਰਹੇ ਹਨ। ਵਿਅੰਗ-ਤਮਕ ਰੂਪ 'ਚ ਕਹੀਆਂ ਇਹ ਕਵਿਤਾਵਾਂ ਅਜੋਕੇ ਸਮੇਂ 'ਚ ਵਾਪਰਦੇ ਵਰਤਾਰਿਆਂ ਨੂੰ ਸਿੱਧਿਆਂ ਨੂੰ ਪੁੱਠਿਆਂ ਕਰਕੇ ਸਮਝਣ ਦਾ ਸੰਕੇਤ ਦਿੰਦੀਆਂ ਹਨ। 'ਕੁਰਬਾਨੀ ਦਾ ਮੁੱਲ', 'ਸਰਕਾਰੀ ਕੀਮਤ', 'ਸ਼ਤਰੰਜ ਦੀ ਖੇਡ', 'ਜੁਆਰੀਆ', 'ਗ਼ਮਲਿਆਂ ਦੇ ਬੂਟੇ', 'ਜ਼ਿੰਦਗੀ', 'ਖੁਦਕੁਸ਼ੀ', 'ਮੌਤ', 'ਸੁਹਾਗ ਦੀ ਨਿਸ਼ਾਨੀ', 'ਸ਼ਹੀਦਾਂ ਦੇ ਬੁੱਤ', 'ਘਰ ਦੀ ਨੀਂਹ', 'ਜੁਗਾੜ', 'ਇੱਕੀਵੀਂ ਸਦੀ', 'ਕੁਰਸੀ ਦਾ ਮੋਹ' ਆਦਿ ਕਵਿਤਾਵਾਂ ਸਿੱਧ ਨੂੰ ਪੁੱਠ ਕਰਕੇ ਹੀ ਅਜੋਕੇ ਸਮਾਜਿਕ ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਵਰਤਾਰਿਆਂ ਨੂੰ ਸਮਝਿਆ ਜਾ ਸਕਦਾ ਹੈ। 'ਮੇਰਾ ਦੇਸ਼ ਮਹਾਨ' ਕਵਿਤਾ ਪਾਠਕਾਂ ਦੀ ਸਹੂਲਤ ਲਈ ਪੇਸ਼ ਹੈ :
ਕੂੜੇ ਦੇ ਢੇਰ 'ਤੇ
ਪਲਦਾ ਬਚਪਨ
ਦੇਸ਼ ਦਾ ਭਵਿੱਖ
ਭਵਿੱਖ ਦਾ ਮਾਣ
ਮੇਰਾ ਦੇਸ਼ ਮਹਾਨ!
ਵਿਅੰਗਾਤਮਕ ਸ਼ੈਲੀ 'ਚ ਲਿਖੀਆਂ ਕਵਿਤਾਵਾਂ ਪਾਠਕਾਂ ਨੂੰ ਅਚੰਭਿਤ ਕਰਦੀਆਂ ਹਨ। ਅੰਤਿਕਾ ਦੇ ਇਹ ਸ਼ਬਦ 'ਗੁੱਤਾਂ ਵਾਲੇ ਸਿਰਾਂ ਨੂੰ/ਪਰਾਂਦੇ ਨੇ/ਉਡੀਕ ਦੇ।' ਬਹੁਤ ਕੁਝ ਕਹਿ ਰਹੇ ਹਨ। ਪਾਠਕਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਜ਼ਰੂਰ ਸ਼ਬਦਾਂ ਨੂੰ ਟਟੋਲਣ। ਰਵਿੰਦਰ ਸਿੰਘ ਸੋਢੀ ਨੂੰ ਮੁਬਾਰਕ! ਉਨ੍ਹਾਂ ਸ਼ਬਦਾਂ ਰਾਹੀਂ ਪਾਠਕਾਂ ਸਾਹਵੇਂ 'ਸਿਧ-ਪੁੱਠ' ਨੂੰ ਸਮਝਣ-ਸਮਝਾਉਣ ਵਾਲਾ ਕਾਵਿ-ਸੰਗ੍ਰਹਿ ਪਾਠਕਾਂ ਦੀ ਝੋਲੀ ਪਾਇਆ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096


ਬਹਾਦਰ ਸਿੰਘ ਗੋਸਲ (ਪ੍ਰਿੰ.) ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 98764-52223


ਬਹਾਦਰ ਸਿੰਘ ਗੋਸਲ (ਪ੍ਰਿੰ.) ਮੂਲ ਰੂਪ ਵਿਚ ਪੰਜਾਬੀ ਬਾਲ ਸਾਹਿਤ ਰਚੇਤਾ ਹੈ। ਉਸ ਦੀਆਂ ਹੁਣੇ-ਹੁਣੇ ਦੋ ਨਵੀਆਂ ਬਾਲ ਪੁਸਤਕਾਂ ਛਪੀਆਂ ਹਨ, ਜਿਨ੍ਹਾਂ ਵਿਚ ਨੌਂ-ਨੌਂ ਕਹਾਣੀਆਂ ਸ਼ਾਮਿਲ ਹਨ। 'ਗੋਸਲ' ਰਚਿਤ ਪਹਿਲੀ ਬਾਲ ਪੁਸਤਕ 'ਨਕਲੀ ਸੱਪ' ਹੈ। ਇਸ ਦੀ ਪ੍ਰਥਮ ਕਹਾਣੀ 'ਸੋਨੇ ਦੀ ਇੱਟ' ਮਿਹਨਤ ਨਾਲ ਕਮਾਏ ਧਨ ਦੀ ਮਹਿਮਾ ਦਰਸਾਉਂਦੀ ਹੈ। 'ਸਫ਼ਲ ਅਧਿਆਪਕਾ ਦਾ ਕਿਰਦਾਰ' ਕਹਾਣੀ ਵਿਦਿਆਰਥੀ ਜੀਵਨ ਵਿਚ ਅਧਿਆਪਕ ਦੀ ਭੂਮਿਕਾ, 'ਮਹਾਨ ਸਿਕੰਦਰ ਨੂੰ ਸਿੱਖਿਆ', 'ਨਕਲੀ ਸੱਪ' ਅਤੇ 'ਮਿੱਠੀਆਂ ਰੋਟੀਆਂ' ਕਹਾਣੀਆਂ ਜੰਗਾਂ-ਯੁੱਧਾਂ-ਝਗੜਿਆਂ ਕਾਰਨ ਮਾਨਵਤਾ ਦੇ ਘਾਣ ਵੱਲ ਇਸ਼ਾਰੇ ਕਰਦੀਆਂ ਹਨ। ਈਰਖਾ ਦਾ ਖੂਹ ਕਹਾਣੀ ਦੱਸਦੀ ਹੈ ਕਿ ਸਾੜਾ ਮੁਸੀਬਤ ਦਾ ਦੂਜਾ ਰੂਪ ਹੁੰਦਾ ਹੈ। ਇਸ ਪ੍ਰਕਾਰ 'ਪਾਣੀ ਦੀ ਕੀਮਤ', 'ਕੁਦਰਤ ਦੀ ਅਮੁੱਲ ਦਾਤ', 'ਡਾਕੂ ਉਂਗਲੀ ਮਾਰ' ਅਤੇ 'ਸਮੇਂ ਦੀ ਕਦਰ' ਕਹਾਣੀਆਂ ਬਾਲ ਪਾਠਕ ਵਰਗ ਨੂੰ ਮਿਹਨਤੀ, ਇਮਾਨਦਾਰ, ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਕਰਨ ਵਾਲੇ ਬਣਨ ਦੇ ਨਾਲ-ਨਾਲ ਠੋਸ ਕਦਰਾਂ-ਕੀਮਤਾਂ ਦਾ ਧਾਰਣੀ ਬਣਨ ਲਈ ਪ੍ਰੇਰਿਤ ਕਰਦੀਆਂ ਹਨ।
'ਗੋਸਲ' ਦੀ ਦੂਜੀ ਪੁਸਤਕ 'ਆਓ ਚਿੜੀਆਂ ਮੋੜ ਲਿਆਈਏ' ਦੀਆਂ ਕਹਾਣੀਆਂ 'ਆਓ ਚਿੜੀਆਂ ਮੋੜ ਲਿਆਈਏ' ਅਤੇ 'ਬੇਰੀਆਂ ਪੁੱਟਣ ਦਾ ਦੁੱਖ' ਵਿਚ ਇਹ ਸੁਨੇਹਾ ਛੁਪਿਆ ਹੋਇਆ ਹੈ ਕਿ ਰੁੱਖ, ਮਨੁੱਖ ਅਤੇ ਜੀਵ ਜੰਤੂਆਂ ਦੇ ਜੀਵਨ ਦੀ ਆਧਾਰ-ਸ਼ਿਲਾ ਹਨ ਜਿਸ ਕਰਕੇ ਇਸ ਅਨਮੋਲ ਧਰੋਹਰ ਦੀ ਹਾਨੀ ਕਰਨੀ ਮਾਨਵਤਾ ਦੇ ਹਿਤ ਵਿਚ ਨਹੀਂ ਹੈ। 'ਮੈਡਮ ਦੀ ਸਿੱਖਿਆ', 'ਦਾਨ ਦੇਣ ਦਾ ਫਲ', 'ਮਰਨਾ ਧੋਖਾ-ਜਿਊਣਾ ਅੰਮ੍ਰਿਤ' ਆਦਿ ਕਹਾਣੀਆਂ ਅਰਜਿਤ ਗਿਆਨ-ਪ੍ਰਾਪਤੀ ਦਾ ਦਾਨ ਕਰਨ, ਭੁੱਖਮਰੀ ਦੀ ਸਮੱਸਿਆ ਨੂੰ ਦਰਸਾ ਕੇ ਅਨਾਜ ਦੀ ਪੈਦਾਵਾਰ ਵਧਾਉਣ ਦਾ ਸੁਨੇਹਾ ਦਿੰਦੀਆਂ ਹਨ। ਕੁਝ ਕਹਾਣੀਆਂ ਨਸ਼ਾਖ਼ੋਰੀ ਅਤੇ ਕੁਰਖ਼ਤ ਵਿਵਹਾਰ ਤੋਂ ਤੌਬਾ ਕਰਨ ਦਾ ਉਪਦੇਸ਼ ਵੀ ਦਿੰਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦਾ ਨਿਰੰਤਰ ਮਘਦਾ ਸੰਵਾਦ ਕਹਾਣੀਆਂ ਦੇ ਕਥਾਨਕ ਨੂੰ ਸਹਿਜ ਸੁਭਾਵਿਕ ਰੂਪ ਵਿਚ ਅੱਗੇ ਤੋਰਦਾ ਹੈ।
ਲੋਕ ਕਹਾਣੀਆਂ ਦੀ ਤਰਜ਼ ਵਾਲੀਆਂ ਇਨ੍ਹਾਂ ਕਹਾਣੀਆਂ ਦਾ ਆਸ਼ਾ ਮਾਨਵਤਾਵਾਦ ਦੇ ਪੱਖ ਵਿਚ ਭੁਗਤਦਾ ਹੈ। ਪੁਸਤਕਾਂ ਪੜ੍ਹਨਯੋਗ ਹਨ ਅਤੇ ਦਿਲਚਸਪ ਵੀ। ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵਲੋਂ ਛਾਪੀਆਂ ਇਨ੍ਹਾਂ ਦੋਵਾਂ ਪੁਸਤਕਾਂ ਦੀ ਪ੍ਰਤੀ ਕੀਮਤ 100 ਰੁਪਏ ਹੈ ਅਤੇ ਪੰਨੇ 32 ਹਨ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703


ਮੈਂ ਮੁਸਾਫ਼ਿਰ ਹਾਂ
ਗ਼ਜ਼ਲਕਾਰ : ਮਹਿੰਦਰ ਦੀਵਾਨਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94638-36591


ਮਹਿੰਦਰ ਦੀਵਾਨਾ ਗ਼ਜ਼ਲ ਦੀ ਉਸ ਪੀੜ੍ਹੀ ਦਾ ਪ੍ਰਸਿੱਧ ਗ਼ਜ਼ਲਕਾਰ ਹੈ, ਜਿਸ ਪੀੜ੍ਹੀ ਨੇ ਪੰਜਾਬੀ ਗ਼ਜ਼ਲ ਨੂੰ ਪੰਜਾਬੀਆਂ ਵਿਚ ਸਥਾਪਿਤ ਕੀਤਾ। ਡਾ. ਜਗਤਾਰ, ਦਵਿੰਦਰ ਜੋਸ਼, ਅਮਰੀਕ ਪੂੰਨੀ, ਤਿਰਲੋਕ ਸਿੰਘ ਅਨੰਦ ਤੇ ਰਣਧੀਰ ਸਿੰਘ ਚੰਦ ਦੀ ਪੀੜ੍ਹੀ ਦਾ ਇਹ ਸ਼ਾਇਰ ਹੁਣ ਉਮਰ ਦੇ ਨੌਵੇਂ ਦਹਾਕੇ ਵਿਚ ਵਿਚਰ ਰਿਹਾ ਹੈ। ਨੌਵੇਂ ਦਹਾਕੇ ਵਿਚ ਵੀ ਉਸ ਦਾ ਇਸ਼ਕ ਗ਼ਜ਼ਲ ਨਾਲ ਬਾਦਸਤੂਰ ਹੈ। ਦੀਵਾਨਾ ਨੇ ਭਾਵੇਂ ਥੋੜ੍ਹੀਆਂ ਗ਼ਜ਼ਲਾਂ ਲਿਖੀਆਂ ਪਰ ਜਿੰਨੀਆਂ ਵੀ ਗ਼ਜ਼ਲਾਂ ਸਿਰਜੀਆਂ ਲੋਕਾਂ ਨੇ ਪਸੰਦ ਕੀਤੀਆਂ। ਦੀਵਾਨਾ ਗ਼ਜ਼ਲ ਤਕਨੀਕ ਵਿਚ ਮੁਹਾਰਤ ਰੱਖਣ ਵਾਲਾ ਉਸਤਾਦ ਸ਼ਾਇਰ ਹੈ। ਉਸ ਦੀ ਸ਼ਾਇਰੀ ਮੁਹੱਬਤ, ਲੋਕ-ਸੰਘਰਸ਼ ਅਤੇ ਲੋਕ-ਦਰਦਾਂ ਨਾਲ ਵਾਬਸਤਾ ਰਹੇ। ਉਸ ਦਾ ਇਕ ਸ਼ਿਅਰ ਉਸ ਦੀ ਸ਼ਿਅਰਕਾਰੀ ਦੀ ਆਸਥਾ ਦਾ ਪਤਾ ਦਿੰਦਾ ਹੈ ਕਿ 'ਅਸੀਂ ਬੀਜੀਆਂ ਬਹਾਰਾਂ ਸੀ ਦੀਵਾਨਿਆਂ ਦੇ ਵਾਂਗ, ਮਹਿਕਾਂ ਵੰਡਦੇ ਰਹੇ ਪਿਆਰ ਪਾਲਦੇ ਰਹੇ।' ਇਕ ਹੋਰ ਸ਼ਿਅਰ ਇਕ-ਦੂਜੇ ਨੂੰ ਸਮਰਪਿਤ ਹੋਣ ਦੇ ਭਾਵ ਦਾ ਹੈ ਕਿ, 'ਸਾਰੇ ਝਗੜੇ ਝੇੜੇ ਛੱਡ ਕੇ ਇਕ ਦੂਜੇ ਦੇ ਹੋ ਜਾਈਏ, ਮੈਂ ਆਖਾਂ ਸਭ ਕੁਝ ਤੇਰਾ ਹੈ, ਤੂੰ ਆਖੇਂ ਨਾਂਹ ਤੇਰਾ ਹੈ।' ਉਸ ਦਾ ਪੈਗ਼ੰਬਰੀ ਸੁਭਾਅ ਸਭ ਨੂੰ ਬਰਾਬਰ ਸਮਝਦਾ ਤੇ ਪਿਆਰ ਕਰਦਾ ਹੈ। ਦੀਵਾਨਾ ਨੇ ਇਸ ਪੁਸਤਕ ਵਿਚ ਕੁਝ ਨਵੀਆਂ ਤੇ ਬਾਕੀ ਪੁਰਾਣੀਆਂ ਗ਼ਜ਼ਲਾਂ (ਜੋ ਹੁਣ ਵੀ ਨਵੀਨ ਹਨ) ਸ਼ਾਮਿਲ ਕੀਤੀਆਂ ਹਨ। ਪੁਸਤਕ ਦੇ ਆਗਾਜ਼ ਵਿਚ ਦੀਵਾਨਾ ਨੇ ਗ਼ਜ਼ਲ ਦੀਆਂ ਬਾਰੀਕੀਆਂ ਅਤੇ ਨੁਕਤਿਆਂ ਦੀ ਨਜ਼ਰਸਾਨੀ ਵੀ ਕੀਤੀ ਹੈ। ਉਹ ਕਹਿੰਦਾ ਹੈ ਕਿ ਪੰਜਾਬੀ ਗ਼ਜ਼ਲਕਾਰਾਂ ਨੂੰ ਘੋਰ ਰੂਪਵਾਦੀ ਨਹੀਂ ਬਣਨਾ ਚਾਹੀਦਾ, ਕਿਉਂਕਿ ਵਿਸ਼ਾ ਪੱਖ ਹੀ ਮਹਾਨ ਤੇ ਜ਼ਰੂਰੀ ਹੁੰਦਾ ਹੈ। ਉਹ ਇਹ ਵੀ ਪੁੱਛਦਾ ਹੈ ਕਿ ਕੀ ਪਿੰਗਲ ਦੀਆਂ ਬਹਿਰਾਂ ਉਰਦੂ ਵਿਚ ਪ੍ਰਚਲਿਤ ਕੀਤੀਆਂ ਜਾ ਸਕਦੀਆਂ ਹਨ? ਸਾਕਿਨ ਮੁਤਹਰਕ ਉੱਤੇ ਵੀ ਉਹ ਨਜ਼ਰਸਾਨੀ ਚਾਹੁੰਦਾ ਹੈ। ਦੀਵਾਨਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਗ਼ਜ਼ਲ ਬਾਰੇ ਤਕਨੀਕੀ ਗਿਆਨ ਹੁਣ ਬਹੁਤ ਅਗਾਂਹ ਜਾ ਚੁੱਕਾ ਹੈ। ਖ਼ੁਦ ਮੇਰਾ ਗ੍ਰੰਥ 'ਪਿੰਗਲ ਤੇ ਅਰੂਜ ਸੰਦਰਭ ਕੋਸ਼' ਪੰਜਾਬੀ ਯੂਨੀਵਰਸਿਟੀ ਨੇ ਛਾਪ ਕੇ ਇਸ ਗਿਆਨ ਨੂੰ ਪੰਜਾਬੀ ਮੁਖੀ ਬਣਾ ਦਿੱਤਾ ਹੈ। 'ਸੰਪੂਰਨ ਪਿੰਗਲ ਤੇ ਅਰੂਜ' ਕਰਤਾ ਸਰਹੱਦੀ ਹਰ ਪੰਜਾਬੀ ਗ਼ਜ਼ਲ ਵਿਦਵਾਨ ਨੇ ਸਲਾਹਿਆ ਹੈ। ਫੇਰ ਵੀ ਮੈਂ ਦੀਵਾਨਾ ਜੀ ਵਲੋਂ ਉਠਾਏ ਰੂਪਾਕਾਰ ਪ੍ਰਸ਼ਨਾਂ ਦਾ ਧੰਨਵਾਦੀ ਹਾਂ। ਇਹ ਠੀਕ ਹੈ ਕਿ ਫਾਇਲਨ ਜਾਂ ਫਾਇਲਾਤੁਨ ਖ਼ੁਦਾ ਦੇ ਘੜੇ ਹੋਏ ਨਹੀਂ ਹਨ ਪਰ ਸੰਸਾਰ ਪੱਧਰੀ ਇਸ ਗਿਆਨ ਦੇ ਇਹ ਅਜਿਹੇ ਸੰਦਰਭ ਹਨ ਕਿ ਜਿਨ੍ਹਾਂ ਦਾ ਆਦਰ ਕਰਨਾ ਬਣਦਾ ਹੈ। ਦੀਵਾਨਾ ਜੀ ਦਾ ਹਰ ਸ਼ਿਅਰ ਦਿਲ ਦੇ ਜਜ਼ਬਾਤਾਂ ਦੀ ਲਿਖਤ ਹੈ। ਇਸ ਦੀਆਂ ਗ਼ਜ਼ਲਾਂ ਸਿਆਣਿਆਂ ਦੀ ਬੋਲੀ ਹੈ ਅਤੇ ਸਮਾਜਿਕ ਸਰੋਕਾਰਾਂ ਦੀ ਹਾਕ 'ਤੇ ਹੂਕ ਹੈ। ਉਹ 'ਅੱਜ' ਦਾ ਵੱਡਾ ਸ਼ਾਇਰ ਹੈ। ਉਸ ਦੀ ਹਥਲੀ ਪੁਸਤਕ ਗ਼ਜ਼ਲਕਾਰਾਂ 'ਤੇ ਗ਼ਜ਼ਲ ਵਿਦਵਾਨਾਂ ਦੀ ਲੋੜ ਬਣੇਗੀ ਇਹ ਮੇਰੀ ਧਾਰਨਾ ਹੈ, ਉਸ ਦਾ ਇਕ ਸ਼ਿਅਰ ਦੇ ਕੇ ਇਸ ਗ਼ਜ਼ਲ ਸੰਗ੍ਰਹਿ ਨੂੰ ਜੀ ਆਇਆਂ :
ਕਵਿਤਾਵਾਂ ਗ਼ਜ਼ਲਾਂ ਦੀਵਾਨੇ ਕੀਕਣ ਹੋਵਣ ਰੰਗ ਬਿਰੰਗੀਆਂ
ਹਰ ਪਾਸੇ ਜਦ ਨੰਗੇ ਪਿੰਡੇ ਭੁੱਖੇ ਢਿੱਡ ਤੇ ਪੀਲੇ ਚਿਹਰੇ


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਮੇਰੀਆਂ ਜ਼ਖ਼ਮੀ ਮੁਹੱਬਤਾਂ ਅਤੇ ਮੇਰੇ ਜ਼ਖ਼ਮੀ ਪ੍ਰਦੇਸਨਾਮੇ
ਲੇਖਕ : ਅਮਰਜੀਤ ਸਿੰਘ ਚੀਮਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 300 ਰੁਪਏ, ਸਫ਼ੇ : 167
ਸੰਪਰਕ : 99151-29147


ਕੁੱਲ ਦਸ ਭਾਗਾਂ ਵਿਚ ਵੰਡੀ ਇਸ ਮਿਆਰੀ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਲੇਖਕ ਅਮਰਜੀਤ ਸਿੰਘ ਚੀਮਾ ਨੇ ਬਹੁਤ ਹੀ ਸਪੱਸ਼ਟਤਾ ਅਤੇ ਧੜੱਲੇ ਨਾਲ ਆਪਣੀ ਨਿੱਜੀ ਜ਼ਿੰਦਗੀ ਦੀ ਤਸਵੀਰ ਪੇਸ਼ ਕਰਕੇ ਅਜੋਕੀ ਪੀੜ੍ਹੀ ਅਤੇ ਸਮਾਜ ਨੂੰ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਸੁਨੇਹਾ ਦਿੱਤਾ ਹੈ। ਆਪਣੀ ਜ਼ਿੰਦਗੀ ਵਿਚ ਆਈ ਕੁੜੀ ਗੁਰਦਰਸ਼ਨ ਦੇ ਪਿਆਰ ਵਿਚ ਪਾਗ਼ਲ ਹੋ ਕੇ ਆਪਣੀ ਜ਼ਿੰਦਗੀ ਦੀ ਬਰਬਾਦੀ ਅਤੇ ਕੁਰਾਹੇ ਪੈਣ ਦੀ ਇਬਾਰਤ ਲਿਖ ਕੇ ਲੇਖਕ ਨੌਜਵਾਨ ਮੁੰਡੇ ਕੁੜੀਆਂ ਨੂੰ ਇਹ ਨਸੀਹਤ ਦਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਜਵਾਨੀ ਦੇ ਦਿਨਾਂ ਵਿਚ ਬਹੁਤ ਹੀ ਸੰਭਲ ਕੇ ਚੱਲਣ ਦੀ ਲੋੜ ਹੁੰਦੀ ਹੈ। ਉਹ ਆਪਣੀਆਂ ਜ਼ਖ਼ਮੀ ਮੁਹੱਬਤਾਂ ਅਤੇ ਪਰਦੇਸਾਂ ਵਿਚ ਭੁਗਤੇ ਸੰਤਾਪ ਦਾ ਜ਼ਿਕਰ ਕਰਦਿਆਂ ਸਿੱਧੇ ਤੌਰ 'ਤੇ ਇਹ ਚਰਚਾ ਕਰਦਾ ਨਜ਼ਰ ਆ ਰਿਹਾ ਹੈ ਕਿ ਜ਼ਿੰਦਗੀ ਵਿਚ ਚੁੱਕਿਆ ਗ਼ਲਤ ਕਦਮ ਮਨੁੱਖ ਨੂੰ ਪਛਤਾਉਣ ਲਈ ਮਜਬੂਰ ਕਰ ਸਕਦਾ ਹੈ। ਉਹ ਆਪਣੀ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਅਤੇ ਵਰਤਾਰਿਆਂ ਦਾ ਨਿਚੋੜ ਕੱਢ ਕੇ ਸਮਾਜ ਦੇ ਲੋਕਾਂ ਨੂੰ ਇਹ ਸਮਝਾਉਣ ਵਿਚ ਕਾਮਯਾਬ ਰਿਹਾ ਹੈ ਕਿ ਪੰਡਤਾਂ, ਭਾਈਆਂ, ਵਹਿਮਾਂ ਭਰਮਾਂ ਅਤੇ ਰੀਤੀ-ਰਿਵਾਜਾਂ ਦੇ ਜਾਲ ਵਿਚ ਫਸਣਾ ਮਨੁੱਖ ਦੇ ਹਿਤ ਵਿਚ ਨਹੀਂ ਹੁੰਦਾ। ਇਸ ਸਫ਼ਰਨਾਮੇ ਵਿਚ ਲੇਖਕ ਦਾ ਅਮਰ ਜੀਤ ਤੋਂ ਅੰਬੇ ਨਾਂਅ ਨਾਲ ਆਪਣੀ ਜਵਾਨੀ ਦੇ ਦਿਨਾਂ ਵਿਚ ਭਲਵਾਨੀ ਕਰਨੀ, ਦੁੱਧ-ਘਿਓ ਖਾ ਕੇ ਚੰਗੀ ਸਿਹਤ ਬਣਾਉਣੀ, ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਸ਼ਰਾਰਤਾਂ ਕਰਨੀਆਂ, ਪਿੰਡ ਦੀਆਂ ਜਨਾਨੀਆਂ ਦੇ ਉਲਾਂਭੇ ਆਉਣੇ, ਮੇਲਿਆਂ ਅਤੇ ਛਿੰਜਾਂ ਵਿਚ ਜਾਣ ਦਾ ਜ਼ਿਕਰ ਕਰਨਾ ਜਿੱਥੇ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਸਫ਼ਰਨਾਮਾ ਲਿਖਣ ਦੀ ਕਲਾ ਦੀ ਮੁਹਾਰਤ ਰੱਖਦਾ ਹੈ ਉੱਥੇ ਉਸ ਨੇ ਪੇਂਡੂ ਸੱਭਿਆਚਾਰ ਦੀ ਪੇਸ਼ਕਾਰੀ ਬਹੁਤ ਹੀ ਸੁੱਚਜੇ ਢੰਗ ਨਾਲ ਕੀਤੀ ਹੈ। ਲੇਖਕ ਦਾ ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਬਾਵਜੂਦ ਪੜ੍ਹਾਈ ਛੱਡ ਕੇ ਐਕਟਰ ਬਣਨ ਲਈ ਚਲੇ ਜਾਣਾ, ਕਾਲਜ ਵਿਚ ਅਵਾਰਾਗਰਦੀ ਕਰਨੀ, ਕੁੜੀਆਂ ਦੇ ਚੱਕਰ ਵਿਚ ਪੈ ਜਾਣਾ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਜਾਣਾ ਭਾਵੇਂ ਲੇਖਕ ਦੀ ਨਿੱਜੀ ਜਿੰਦਗੀ ਨਾਲ ਸਬੰਧ ਰੱਖਦਾ ਹੈ ਪਰ ਅਸਿੱਧੇ ਤੌਰ 'ਤੇ ਇਹ ਅਜੋਕੀ ਨੌਜਵਾਨ ਪੀੜ੍ਹੀ ਦੀ ਸੋਚ ਦਾ ਕਿੱਸਾ ਅਤੇ ਵਿਅੰਗ ਵੀ ਹੈ। ਲੇਖਕ ਦਾ ਆਪਣੀ ਜੰਮਣ ਭੋਇੰ ਨਾਲ ਜੁੜੇ ਰਹਿਣ ਦਾ ਮੋਹ, ਆਪਣੇ ਮਾਤਾ-ਪਿਤਾ ਦੀ ਨਸੀਹਤ ਅਤੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨ ਵਰਗ ਦਾ ਖੱਜਲ-ਖੁਆਰ ਹੋਣਾ, ਏਜੰਟਾਂ ਵਲੋਂ ਮੁੰਡੇ-ਕੁੜੀਆਂ ਦਾ ਸੋਸ਼ਣ, ਨੌਜਵਾਨ ਪੀੜ੍ਹੀ ਦਾ ਨਸ਼ਿਆਂ ਵਿਚ ਡੁੱਬਣਾ ਅਤੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਬਰਬਾਦ ਕਰ ਲੈਣਾ ਪਾਠਕਾਂ ਨੂੰ ਭਾਵੁਕ ਅਤੇ ਸੰਵੇਦਨਸ਼ੀਲ ਕਰ ਦਿੰਦਾ ਹੈ। ਆਪਣੀ ਮੁਹੱਬਤ ਨੂੰ ਆਪਣੀ ਜੀਵਨ ਸਾਥੀ ਨਾ ਬਣਾ ਸਕਣ ਕਾਰਨ ਲੇਖਕ ਦਾ ਸਾਹਿਤ ਅਤੇ ਕਵਿਤਾ ਨਾਲ ਜੁੜ ਜਾਣ ਨੇ ਇਸ ਸਫ਼ਰਨਾਮੇ ਨੂੰ ਰੌਚਕ ਬਣਾ ਦਿੱਤਾ ਹੈ। ਸ਼ੀਰੀ ਫਰਿਆਦ, ਸੱਸੀ ਪੁੰਨੂੰ ਅਤੇ ਹੀਰ ਰਾਂਝੇ ਦਾ ਜ਼ਿਕਰ ਕਰਨਾ ਇਹ ਸਿੱਧ ਕਰਦਾ ਹੈ ਕਿ ਲੇਖਕ ਇਤਿਹਾਸ ਦਾ ਕਾਫੀ ਗਿਆਨ ਰੱਖਦਾ ਹੈ। ਸਫ਼ਰਨਾਮੇ ਵਿਚ ਕਹਾਵਤਾਂ, ਸ਼ੇਅਰਾਂ ਮੁਹਾਵਰਿਆਂ, ਠੇਠ ਪੰਜਾਬੀ ਅਤੇ ਸਾਹਿਤਕ ਭਾਸ਼ਾ ਦੀ ਵਰਤੋਂ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਦੀ ਪੰਜਾਬੀ ਭਾਸ਼ਾ ਉੱਤੇ ਪੂਰੀ ਪਕੜ ਹੈ ਪਰ ਕਿਤੇ ਕਿਤੇ ਅੰਗਰੇਜ਼ੀ ਅਤੇ ਹਿੰਦੀ ਦੇ ਸ਼ਬਦ ਵੀ ਪੜ੍ਹਨ ਲਈ ਮਿਲਦੇ ਹਨ।


-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਨਿੱਤਰੀਆਂ ਖੁਸ਼ਬੋਆਂ

ਲੇਖਕ : ਈਸ਼ਰ ਸਿੰਘ ਲੰਭਵਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫੇ : 147
ਸੰਪਰਕ : 94654-09480


'ਨਿੱਤਰੀਆਂ ਖੁਸ਼ਬੋਆਂ' ਈਸ਼ਰ ਸਿੰਘ ਲੰਭਵਾਲੀ ਦਾ ਮਿੰਨੀ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 131 ਨਿੱਕੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਸੰਗ੍ਰਹਿ ਵਿਚਲੀਆਂ ਕਹਾਣੀਆਂ ਨੂੰ ਕਈ ਵਰਗਾਂ ਅਤੇ ਵਿਸ਼ਿਆਂ ਵਿਚ ਵੰਡਿਆ ਜਾ ਸਕਦਾ ਹੈ। 'ਨਿੱਤਰੀਆਂ ਖੁਸ਼ਬੋਆਂ' ਦੀ ਹਰ ਕਹਾਣੀ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀ ਆਲੋਚਨਾਤਮਕ ਦਿੱਖ ਪੇਸ਼ ਕਰਦੀ ਹੈ। ਇਨ੍ਹਾਂ ਕਹਾਣੀਆਂ 'ਚ ਸਮਾਜ ਦੇ ਬੁਰੇ-ਚੰਗੇ, ਵਿਤਕਰੇ, ਬੇਲਿਹਾਜੀ, ਅਦਾਲਤਾਂ ਵਿਚ ਲੋਕਾਂ ਦੀ ਹੁੰਦੀ ਖੱਜਲ ਖੁਆਰੀ, ਬੁਜ਼ਰਗਾਂ ਦੀ ਬੇਕਦਰੀ, ਭ੍ਰਿਸ਼ਟਾਚਾਰ, ਧਾਰਮਿਕ, ਰਾਜਨੀਤਕ, ਸਮਾਜਿਕ, ਘਰਾਂ ਵਿਚਲੇ ਮਸਲੇ ਅਤੇ ਹੋਰ ਅਨੇਕਾਂ ਚੌਗਿਰਦੇ ਵਿਚਲੇ ਮਸਲਿਆਂ ਨੂੰ ਛੋਹਿਆ ਗਿਆ ਹੈ।
'ਚੋਰਾਂ ਨੂੰ ਮੋਰ' ਕਹਾਣੀ ਵਿਚ ਠੱਗ ਸਾਧ ਦੇ ਦੰਭੀਪੁਣੇ ਦਾ ਜ਼ਿਕਰ ਕੀਤਾ ਗਿਆ ਹੈ। 'ਪੜ੍ਹਾਈ ਨੂੰ ਤਾਂ ਫੋਨ ਖਾ ਗਏ' ਕਹਾਣੀ ਵਿਚ ਮੋਬਾਈਲ ਫੋਨ ਦੇ ਮਾੜੇ ਪ੍ਰਭਾਵ ਨੂੰ ਚਿੱਤਰਿਆ ਗਿਆ ਹੈ। 'ਫੂਕ ਵੱਜੀ ਕਿ ਵੱਜੀ' ਕਹਾਣੀ ਵਿਚ ਬਿਗੜੈਲ ਔਲਾਦ ਦੀਆਂ ਨਿਕੰਮੀਆਂ ਕਰਤੂਤਾਂ ਨੂੰ ਬਿਆਨਿਆ ਗਿਆ ਹੈ। 'ਕਿਲਕਾਰੀਆਂ ਦੀ ਪੀੜ' ਕਹਾਣੀ ਵਿਚ ਅਨਾਥ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਦੀਆਂ ਅਧੂਰੀਆਂ ਸੱਧਰਾਂ ਨੂੰ ਬਿਆਨ ਕੀਤਾ ਗਿਆ ਹੈ।
'ਇਹੀ ਆਦਰਸ਼ ਹੈ' ਕਹਾਣੀ ਵਿਚ ਦੋ ਸਹੇਲੀਆਂ ਦੇ ਆਪਸੀ ਪਿਆਰ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। 'ਹਾਅ' ਕਹਾਣੀ ਵਿਚ ਇਕ ਗ਼ਰੀਬ ਦੀ ਦਰਿਆਦਿਲੀ ਨੂੰ ਪੇਸ਼ ਕੀਤਾ ਗਿਆ ਹੈ। 'ਬਲੱਡ ਬੀ ਗਰੁੱਪ' ਅਤੇ 'ਸਿਲਸਿਲਾ ਚਲਦਾ ਰਹਿੰਦਾ ਹੈ' ਕਹਾਣੀਆਂ ਡਾਕਟਰੀ ਪੇਸ਼ੇ ਵਿਚ ਪੈਦਾ ਹੋਏ ਭ੍ਰਿਸ਼ਟਾਚਾਰ ਅਤੇ ਡਾਕਟਰ ਲੋਕਾਂ ਦੀ ਸਮੁੱਚਵਾਦੀ ਪਹੁੰਚ ਨਹੀਂ ਹੁੰਦੀ ਨੂੰ ਪੇਸ਼ ਕੀਤਾ ਗਿਆ ਹੈ। ਅਜੋਕੇ ਦੌਰ ਵਿਚ ਮਹਿੰਗਾਈ ਦੇ ਵਿਸ਼ੇ ਵੀ ਲੇਖਕ ਨੇ ਕਈ ਕਹਾਣੀਆਂ ਵਿਚ ਲਏ ਹਨ ਜਿਵੇਂ ਕਿ 'ਪਰਸ ਘਰ ਰਹਿ ਗਿਆ' ਆਦਿ।
ਲੇਖਕ ਵਲੋਂ ਕਹਾਣੀ ਬਿਰਤਾਂਤ ਸਿਰਜਣਾ ਦੀ ਕਲਾ ਦਰਸ਼ਕਾਂ ਵਿਚ ਇਕ ਤੋਂ ਬਾਅਦ ਦੂਜੀ ਲੜੀ ਤਹਿਤ ਪੜ੍ਹਨ ਦੀ ਰੁਚੀ ਵਧਾਉਣ ਵਾਲੀ ਹੈ। ਹਰ ਕਹਾਣੀ ਦਾ ਪਲਾਟ ਸੁਗਠਿਤ ਹੈ। ਪਾਤਰਾਂ ਦੀ ਵਾਰਤਾਲਾਪ ਅਤੇ ਸ਼ਖ਼ਸੀਅਤ ਬਹੁਤ ਸੋਹਣੇ ਰੂਪ ਵਿਚ ਪੇਸ਼ ਕੀਤੀ ਗਈ ਹੈ। ਇਸ ਮਿੰਨੀ ਕਹਾਣੀ ਸੰਗ੍ਰਹਿ ਤੋਂ ਲੇਖਕ ਨੇ 'ਖੰਭ ਅੱਖਰਾਂ ਦੇ' ਕਾਵਿ ਦੀ ਸਿਰਜਣਾ ਵੀ ਕੀਤੀ ਹੈ ਜਿਸ ਨੂੰ ਪਾਠਕਾਂ ਨੇ ਖੂਬ ਸਲਾਹਿਆ ਹੈ। ਆਸ ਹੈ ਕਿ ਉਪਰੋਕਤ ਖੂਬੀਆਂ ਸਦਕਾ ਪਾਠਕ ਕਾਵਿ-ਸੰਗ੍ਰਹਿ ਦੀ ਤਰ੍ਹਾਂ ਇਸ ਮਿੰਨੀ ਕਹਾਣੀ-ਸੰਗ੍ਰਹਿ ਨੂੰ ਵੀ ਭਰਪੂਰ ਹੁੰਗਾਰਾ ਦੇਣਗੇ। ਪੁਸਤਕ ਦੀ ਸੁੰਦਰ ਪ੍ਰਕਾਸ਼ਨਾ ਮਨ ਨੂੰ ਮੋਂਹਦੀ ਹੈ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਅਣ-ਫਿਰਿਆ ਮੱਕਾ
ਲੇਖਕ : ਓਂਕਾਰਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98152-98459


ਸ਼ਾਇਰ ਓਂਕਾਰਪ੍ਰੀਤ ਹਥਲੇ ਕਾਵਿ-ਸੰਗ੍ਰਹਿ 'ਅਣ-ਫਿਰਿਆ ਮੱਕਾ' ਤੋਂ ਪਹਿਲਾਂ ਦੋ ਗ਼ਜ਼ਲ ਸੰਗ੍ਰਹਿ 'ਮਿੱਪਲ ਦੀ ਕੈਨਵਸ', 'ਆਪਣੀ ਛਾਂ ਦੇ ਸ਼ਬਦ' ਤਿੰਨ ਨਾਟਕਾਂ 'ਪ੍ਰਗਟਿਓ ਖ਼ਾਲਸਾ', 'ਆਜ਼ਾਦੀ ਦੇ ਜਹਾਜ਼' ਤੇ 'ਰੋਟੀ ਵਾਇਆ ਲੰਡਨ' ਰਾਹੀਂ ਪੰਜਾਬੀ ਅਦਬ ਦੇ ਰੂਬਰੂ ਹੋ ਚੁੱਕਿਆ ਹੈ। ਸ਼ਾਇਰ ਸੱਤ ਸਮੁੰਦਰੋਂ ਪਾਰ ਜਾ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਵੀ ਅਦਬ ਦੀ ਧੂਣੀ ਧੁਖਾ ਰਿਹਾ ਹੈ। ਕੈਨੇਡਾ ਵਿਚ ਵੱਖ-ਵੱਖ ਨਸਲਾਂ, ਕੌਮੀਅਤਾਂ ਅਤੇ ਮਜ਼ਹਬਾਂ ਦੇ ਲੋਕ ਰਹਿੰਦੇ ਹਨ ਤੇ ਅਜਿਹੀ ਥਾਂ ਨਜ਼ਰ ਬਸਰ ਕਰਦਿਆਂ ਸ਼ਾਇਰ ਗਲੋਬਲ ਚੇਤਨਾ ਨਾਲ ਲੈਸ ਹੋ ਚੁੱਕਿਆ ਹੈ ਤੇ ਮਨੁੱਖੀ ਫ਼ਿਕਰਾਂ ਦਾ ਤਬਸਰਾ ਕਰਦਿਆਂ ਕਾਵਿਕ-ਧਰਮ ਨਿਭਾਅ ਰਿਹਾ ਹੈ। ਕਾਵਿ-ਸੰਗ੍ਰਹਿ ਦੀ ਤੱਥ ਵੱਥ ਦੀ ਤੰਦ ਸੂਤਰ ਫੜਾਉਣ ਲਈ ਆਪਣੇ ਸਵੈ-ਕਥਨ ਵਿਚ ਕਹਿੰਦਾ ਹੈ 'ਅਣ-ਫਿਰਿਆ ਮੱਕਾ' ਦੀਆਂ ਸਾਰੀਆਂ ਨਜ਼ਮਾਂ ਅਜਿਹੇ 'ਅਣ-ਫਿਰੇ ਮੂੜ ਮਨ' ਵਾਲਿਆਂ ਅਤੇ ਉਨ੍ਹਾਂ ਵਲੋਂ ਸਿੱਖੀ ਦੇ ਨਾਂਅ ਹੇਠ ਵਰਤਾਏ ਜਾ ਰਹੇ 'ਮਨਮੁਖੀ ਭਾਣਿਆਂ' ਦੇ ਦਰਮਿਆਨ ਸਿੱਖ ਮਨ ਦੀ ਤ੍ਰਾਸਦੀ ਅਤੇ ਦਰਦ ਦਾ ਬਿਆਨ ਹਨ। ਸ਼ਾਇਰ ਸ਼ਰਧਾ ਮੂਲਕ ਬਿਰਤਾਂਤ ਨੂੰ ਵਿਵੇਕੀ ਤਰਕ ਨਾਲ ਕਿਉਂ, ਕੀ ਅਤੇ ਕਿਵੇਂ ਰਾਹੀਂ ਤਾਰਕਿਕ ਕਸਵੱਟੀ ਰਾਹੀਂ ਕਾਵਿਕ ਧਰਮ ਦੀ ਲੱਜ ਪਾਲਦਾ ਨਜ਼ਰ ਆਉਂਦਾ ਹੈ। ਗੁਰੂ ਨਾਨਕ ਜੀ ਦੀ 'ਕਲਾ' ਕਿਸੇ ਗੈਬੀ ਚਮਤਕਾਰ ਨਾਲ ਕਾਅਬੇ ਨੂੰ ਆਪਣੀ ਜਗ੍ਹਾ ਤੋਂ ਘੁਮਾ ਦੇਣ ਨਾਲ ਨਹੀਂ ਸਗੋਂ ਆਪਣੀ 'ਕਲਾ' ਉਥੋਂ ਦੇ ਕਾਜ਼ੀ ਨੂੰ ਆਪਣੀ ਰੌਸ਼ਨ ਦਲੀਲ ਨਾਲ ਰੁਸ਼ਨਾ ਦੇਣ ਦੀ ਸੀ, ਜਿਸ ਦੀ ਲੋਅ ਨਾਲ ਕਾਅਬਾ ਕਣ-ਕਣ ਵਿਚੋਂ ਦਿਸਣ ਲੱਗ ਪਿਆ ਸੀ। ਜਪੁਜੀ ਸਾਹਿਬ ਵਿਚ ਆਏ 'ਮੂਲ ਮੰਤਰ' ਦੇ ਹਰੇਕ ਸ਼ਬਦ ਨੂੰ ਪੂਰੀ ਤਰ੍ਹਾਂ ਸਫ਼ਿਆਂ ਵਿਚ ਸ਼ਬਦ ਸੂਝ ਨਾਲ ਕਵਿਤਾਇਆ ਗਿਆ ਹੈ। ਸ਼ਬਦ ਵਾਹਿਗੁਰੂ ਦੀ ਵਿਆਖਿਆ ਕਰਦਿਆਂ ਆਖਦਾ ਹੈ ਕਿ ਸ਼ਬਦ ਵਾਹਿਗੁਰੂ ਅਰਦਾਸੀਏ ਵਲੋਂ 'ਬੋਲੋ ਜੀ ਵਾਹਿਗੁਰੂ ਦੇ ਉਦਾਹਰਨ ਵਾਲੀ ਮੁਹਾਰਨੀ ਨਹੀਂ, ਵਾਹਿਗੁਰੂ ਸਿਰਫ਼ ਅੱਖਰ ਨਹੀਂ, ਸ਼ਬਦ ਨਹੀਂ, ਸਿਰਫ਼ ਬੋਲ ਨਹੀਂ ਸਗੋਂ ਸੁਖ ਵਿਸਮਾਦ ਹੈ। ਕਣ ਕਣ 'ਚੋਂ ਸਹਿਜ ਉਪਜਦੀ ਸਤਿ ਨਾਮੀ ਗੁਰ ਦਾਦ ਹੈ। 'ਸ਼ਾਇਰ ਨਾਨਕ ਦੇ ਫਲਸਫ਼ੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਧਾਰਨੀ ਬਣਾ ਕੇ 'ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ' ਦੀ ਥਾਹ ਪਵਾਉਂਦਾ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਬਾਣਾ ਬਾਣੀ ਤੇ ਤਰਕ ਬਾਣੀ ਦੀ ਕਲਾਤਮਿਕ ਤੇ ਸੁਹਜਾਤਮਿਕ ਧਰਾਤਲ ਤੇ ਵਿਵੇਕੀ ਬੌਧਿਕਤਾ ਦੀ ਖ਼ੁਰਦਬੀਨੀ ਅੱਖ ਨਾਲ ਮਨੁੱਖ ਦੇ ਵਿਭਿੰਨ ਸਰੋਕਾਰਾਂ ਤੇ ਫ਼ਿਕਰਾਂ ਨਾਲ ਕਾਵਿਕ ਧਰਮ ਨਿਭਾਉਂਦਾ ਹੈ। ਹਰੇਕ ਨਜ਼ਮ ਦੀ ਹਰੇਕ ਸਤਰ ਪੜ੍ਹਨਯੋਗ ਤਾਂ ਹੈ ਹੀ ਤੇ ਗੁੜ੍ਹਨਯੋਗ ਵੀ ਹੈ। ਸ਼ਾਇਰ ਨੇ ਜਿਸ ਵਿਸ਼ੇ ਨੂੰ ਹੱਥ ਪਾਇਆ ਹੈ, ਉਸ ਨਾਲ ਕੁਝ 'ਅਬੌਧਿਕ ਭਰਿੰਡਾਂ' ਦੇ ਡੰਗ ਮਾਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੀ ਬੌਧਿਕ ਮੁਹਾਵਰੇ ਵਾਲੀ ਕਿਰਤ ਦੇ ਸ਼ਬਦ ਸਾਧਕ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।


-ਭਗਵਾਨ ਢਿੱਲੋਂ
ਮੋਬਾਈਲ : 98143-78254


ਮਸ਼ੀਨ ਨੀਲੀ ਪੁਰਜ਼ੇ ਲਾਲ
ਕਹਾਣੀਕਾਰ : ਖੋਜੀ ਕਾਫਿਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 250, ਸਫ਼ੇ : 104
ਸੰਪਰਕ : 99150-48005


ਲੇਖਕ ਇਕ ਪੁਰਾਣਾ ਲੇਖਕ ਹੈ ਜਿਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਮਸਲਨ ਕਵਿਤਾ, ਇਕਾਂਗੀ, ਨਾਟਕ ਤੋਂ ਇਲਾਵਾ ਉਸ ਸੰਪਾਦਨਾ, ਜੀਵਨੀ 'ਤੇ ਵੀ ਕੰਮ ਕੀਤਾ ਹੈ। ਪ੍ਰਾਪਤ ਪੁਸਤਕ ਵਿਚ ਉਸ ਦੀਆਂ ਆਪਣੀਆਂ 7 ਕਹਾਣੀਆਂ ਸ਼ਾਮਿਲ ਕੀਤੀਆਂ ਹਨ, ਜਿਸ ਦੇ ਵਿਸ਼ੇ ਤਾਂ ਆਮ ਜ਼ਿੰਦਗੀ ਵਿਚੋਂ ਹਨ ਪ੍ਰੰਤੂ ਉਨ੍ਹਾਂ ਨੂੰ ਲੇਖਕ ਨੇ ਆਪਣੀ ਅਲੱਗ ਅੰਦਾਜ਼ ਤੇ ਤਕਨੀਕ ਨਾਲ ਨਿਭਾਉਣ ਦਾ ਯਤਨ ਕੀਤਾ ਹੈ। ਕਹਾਣੀ ਵਿਚ ਤਜਰਬੇ ਹੁੰਦੇ ਆਏ ਹਨ ਲੇਕਿਨ ਆਮ ਕਰਕੇ ਕਥਾ ਸਾਹਿਤ ਵਿਚ ਯਥਾਰਥਕ ਰਚਨਾ ਹੀ ਵਧੇਰੇ ਪ੍ਰਵਾਨ ਚੜ੍ਹੀ ਨਜ਼ਰ ਆਉਂਦੀ ਹੈ। ਕਹਾਣੀ 'ਠੇਡਾ' ਵਿਚ ਸਿੱਖਿਆ ਸਿਸਟਮ 'ਤੇ ਸਟਾਇਰ ਹੈ। ਰਾਜਨੀਤਕ ਧਿਰਾਂ ਦੇ ਪਾਜ ਉਧੇੜਦੀ ਇਹ ਇਕ ਗੌਲਣਯੋਗ ਕਥਾ ਰਚਨਾ ਹੈ। ਕਹਾਣੀ ਠਿੱਬੀ ਸਾਡੇ ਆਰਥਿਕ, ਸਮਾਜਿਕ ਤੇ ਰਾਜਨੀਤਕ ਪ੍ਰਬੰਧ ਨੂੰ ਆਪਣਾ ਆਧਾਰ ਬਣਾਉਂਦੀ ਹੈ। ਲੇਖਕ ਦੀ ਹਰ ਕਹਾਣੀ ਵਿਚ ਕਥਾ ਰਸ ਦੇ ਨਾਲ-ਨਾਲ ਵਿਅੰਗ, ਕਟਾਖਸ਼ ਦਾ ਵੀ ਦਖ਼ਲ ਵਰਣਨਯੋਗ ਭੂਮਿਕਾ ਨਿਭਾਉਂਦਾ ਹੈ। ਦੂਸਰੀਆਂ ਕਹਾਣੀਆਂ ਸਿਊਂਕ, ਨਾਗਨੀ, ਅੰਨ੍ਹੀ ਖੂਹੀ ਵੀ ਪੜ੍ਹਨਯੋਗ ਬਣਦੀਆਂ ਹਨ। ਕਹਾਣੀ ਜ਼ਿੰਦਰੀ ਦਾ ਇਕ ਸੰਵਾਦ ਵੇਖਿਆ ਹੀ ਬਣਦਾ ਹੈਂਚਾਚਾ, ਗ਼ਰੀਬੀ ਕਰਕੇ ਮਾਂ ਪਿਉ ਦੇ ਪੱਲੇ ਤਾਂ ਜੂਆਂ ਵੀ ਹੈਨੀ, ਸਾਡੇ ਪੱਲੇ ਕੀ ਪਾਉਣਗੇ। 'ਤਿੱਖੇ' ਨੇ ਘਰ ਦਾ ਨੰਗ ਵੀ ਨਾ ਢਕਿਆ। ਲਗਭਗ ਸਾਰੀਆਂ ਕਹਾਣੀਆਂ ਆਪਣੀ ਵੱਖਰੀ ਸ਼ੈਲੀ, ਪਾਤਰੀ ਸੰਵਾਦ ਤੇ ਮਾਹੌਲ ਦੇ ਮੱਦੇਨਜ਼ਰ ਹਰ ਪਾਠਕ ਇਨ੍ਹਾਂ ਨੂੰ ਪੜ੍ਹਨਾ ਪਸੰਦ ਕਰੇਗਾ। ਪਰ ਖ਼ਾਸ ਕਰਕੇ ਪੜ੍ਹਿਆ ਗੂੜ੍ਹਿਆ ਤੇ ਸੰਜੀਦਾ ਪਾਠਕ ਇਨ੍ਹਾਂ ਦਾ ਪਾਠ ਕਰਨ ਉਪਰੰਤ ਆਪਣੀ ਬੇਬਾਕ ਟਿੱਪਣੀ ਵੀ ਸਹਿਜਿਆਂ ਕਰਨ ਦੀ ਭੂਮਿਕਾ ਨਿਭਾਅ ਸਕਦਾ ਹੈ। ਕਹਾਣੀਆਂ ਵਿਚ ਪ੍ਰੋੜ੍ਹ ਲੇਖਕ ਦਾ ਤਜਰਬਾ ਮੂੰਹ ਚੜ੍ਹ ਕੇ ਬੋਲਦਾ ਹੈ ਤੇ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਸ ਪੁਸਤਕ ਦੀਆਂ ਕਹਾਣੀਆਂ ਦੀ ਇਹੀਓ ਖ਼ਾਸੀਅਤ ਕਹਿ ਸਕਦੇ ਹਾਂ ਕਿ ਇਹ ਪਾਠਕ ਤੋਂ ਆਪਣੀ ਗੱਲ ਸ਼ਿੱਦਤ ਨਾਲ ਮਨਵਾਉਣ ਦੇ ਆਹਰ ਵਿਚ ਰਹਿੰਦੀਆਂ ਹਨ ਤੇ ਆਪਣੇ ਮੰਤਵ ਦੀ ਪੂਰਤੀ ਕਰਦੀਆਂ ਜਾਪਦੀਆਂ ਹਨ। ਲੇਖਕ ਦੀ ਲੰਬੀ ਸਾਹਿਤਕ ਲੇਖਣੀ ਦੇ ਸੰਦਰਭ ਵਿਚ ਇਨ੍ਹਾਂ ਕਹਾਣੀਆਂ ਦੇ ਅੰਦਾਜ-ਏ-ਬਿਆਂ ਦੇ ਸਨਮੁੱਖ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।


-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693


ਨਹੀਂ ਰੀਸਾਂ

ਨਾਟਕਕਾਰ : ਸੁਖਦੇਵ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 94653-30551


ਇਹ ਪਲੇਠਾ ਇਕਾਂਗੀ ਸੰਗ੍ਰਹਿ ਜਿਸ ਨੂੰ ਕਿ 'ਨਾਟਕ-ਸੰਗ੍ਰਹਿ' ਦਾ ਨਾਂਅ ਦਿੱਤਾ ਗਿਆ, ਵਿਚ ਸੱਤ ਇਕਾਂਗੀਆਂ (ਛੋਟੇ ਨਾਟਕ) ਸ਼ਾਮਿਲ ਕੀਤੇ ਗਏ ਹਨ। ਨਾਟਕਕਾਰ ਦੀਆਂ ਇਹ ਨਾਟ-ਰਚਨਾਵਾਂ ਸਿੱਧ ਕਰਦੀਆਂ ਹਨ ਕਿ ਭਾਵੇਂ ਇਹ ਉਸ ਦੀਆਂ ਪਲੇਠੀਆਂ ਰਚਨਾਵਾਂ ਹਨ, ਪਰ ਉਸ ਦੀ ਅਨੁਭਵੀ ਅਤੇ ਪਰਪੱਕ ਨਾਟ-ਸ਼ੈਲੀ ਸਿੱਧ ਕਰਦੀ ਹੈ ਕਿ ਉਸ ਨੇ ਬਤੌਰ ਨਾਟਕਕਾਰ ਪੂਰਾ ਪੱਕ ਕੇ, ਰੜ੍ਹ ਕੇ ਹੀ ਇਸ ਸਾਹਿਤ-ਵਿਧਾ ਨੂੰ ਹੱਥ ਪਾਇਆ ਹੈ। ਪੁਸਤਕ ਦੀ ਭੂਮਿਕਾ 'ਚ ਇਸੇ ਲਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਾਲੇ ਐਸ. ਐਸ. ਅਮੋਲ ਇਉਂ ਲਿਖਦੇ ਹਨ ਕਿ ਇਹ ਨਾਟਕ ਕਿਸੇ ਨਵੇਂ ਸਿਖਾਂਦਰੂ ਦੇ ਲਿਖੇ ਨਹੀਂ ਜਾਪਦੇ, ਕਿਉਂਕਿ ਇਨ੍ਹਾਂ ਵਿਚ ਮਨੋ-ਵਿਸ਼ਲੇਸ਼ਣ ਹੈ, ਮਨਾਂ ਦੀ ਅਵਸਥਾ ਦੀ ਸੂਝ ਹੈ, ਸਮਾਜ ਦਾ ਗਿਆਨ ਹੈ ਅਤੇ ਸਭ ਤੋਂ ਵੱਧ ਜੀਵਨ ਦਾ ਵਾਸਤਵਿਕ ਚਿੱਤਰ ਹੈ।'
'ਪਰਖ ਪਹਿਚਾਣ' ਇਕਾਂਗੀ ਪਾਠਕਾਂ-ਦਰਸ਼ਕਾਂ ਦੇ ਸਨਮੁੱਖ ਜਿਥੇ ਕਾਲਜਾਂ ਦੀ ਪੜ੍ਹਾਈ ਤੇ ਸਾਰਥਕ ਟਿੱਪਣੀਆਂ ਪੇਸ਼ ਕਰਦੀ ਉਥੇ ਅੱਜ ਦੇ ਕਾਲਜੀ ਮੁੰਡੇ-ਕੁੜੀਆਂ ਦੀ ਸੋਚ ਵੀ ਉਜਾਗਰ ਕਰਦੀ ਹੈ। ਇਸੇ ਤਰ੍ਹਾਂ ਬਾਕੀ ਇਕਾਂਗੀਆਂ ਜਿਨ੍ਹਾਂ ਵਿਚ 'ਭੇਦ', 'ਵਾਦੜੀਆਂ ਸਜਾਦੜੀਆਂ', 'ਨਹੀਂ ਰੀਸਾਂ', 'ਖ਼ੂਨ ਸ਼ਹੀਦਾਂ ਦਾ', 'ਬਾਂਹ ਜਿਨ੍ਹਾਂ ਦੀ ਪਕੜੀਏ', 'ਨਿਹੁੰ ਨਾ ਲਗਦੇ ਜ਼ੋਰੀਂ' ਸ਼ਾਮਲ ਹਨ। ਨਾਟਕਕਾਰ ਸੁਖਦੇਵ ਸਿੰਘ ਗਿੱਲ ਦੀ ਨਾਟ-ਕਲਾ ਦੇ ਤਕਨੀਕੀ ਤੇ ਵੱਖ-ਵੱਖ ਪੱਖ ਉਜਾਗਰ ਕਰਦੀਆਂ ਹਨ। ਸਮਾਜ ਦਾ ਸੱਚ ਬਿਆਨ ਕਰਦੀਆਂ ਹਨ। ਨਾਟਕਕਾਰ ਦਾ ਇਸ ਵਿਧਾ ਦੇ ਪੰਡਤਾਂ ਨੂੰ ਨਿੱਘਾ ਸਵਾਗਤ ਕਰਨਾ ਚਾਹੀਦਾ ਹੈ। ਉਸ ਦੀ ਕਲਾ ਇਹੋ ਤਵੱਕੋ ਰੱਖਦੀ ਹੈ।


-ਸੁਰਿੰਦਰ ਸਿੰਘ ਕਰਮ 'ਲਧਾਣਾ'
ਮੋਬਾਈਲ : 98146-81444

4-02-2023

 ਬੀਤੇ ਦੀਆਂ ਗਲੀਆਂ
ਅਨੁਵਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 192
ਸੰਪਰਕ : 080763-63058

'ਬੀਤੇ ਦੀਆਂ ਗਲੀਆਂ' (ਵਿਦੇਸ਼ੀ ਕਹਾਣੀਆਂ) ਗੁਰਬਚਨ ਭੁੱਲਰ ਦੁਆਰਾ ਅਨੁਵਾਦਤ ਪੁਸਤਕ ਹੈ। ਇਸ ਵਿਚ 20 ਸ਼ਾਹਕਾਰ ਕਹਾਣੀਆਂ ਦਰਜ ਹਨ। ਇਨ੍ਹਾਂ ਕਹਾਣੀਆਂ ਦੇ ਲੇਖਕ ਚਿੰਤਨ ਤੇ ਚੇਤਨਾ ਨਾਲ ਪ੍ਰਣਾਏ ਵਿਦਵਾਨ ਹਨ। ਪੁਸਤਕ ਵਿਚ ਦਰਜ ਪ੍ਰਸਿੱਧਤਾ ਪ੍ਰਾਪਤ ਕਹਾਣੀਆਂ ਤੇ ਲੇਖਕ ਹਨ। ਰਿਸ਼ਤੇ ਦੀਆਂ ਤੰਦਾਂ (ਅਹਿਮਦ ਮਿਰਜ਼ਾ ਜਫ਼ਰ ਅਲੀ), ਲੁੱਕ ਵਿਛਾਵਾਂ (ਅਲਿਆਸ ਅਫ਼ੰਦੀਏਵ), ਨਾਕਾਬੰਦੀ (ਅਲੈਗਜ਼ਾਂਦਰ), ਡੀ. ਗਰਾਸੋ (ਇਸਾਕ ਬੇਬਲ), ਸੂਰਬੀਰਤਾ ਦੀ ਗਾਥਾ (ਇਲੀਆ ਅਹਿਰਨਬਰਗ), 'ਸੁੱਕੀ ਜਵੀ ਦਾ ਖੇਤ (ਏ. ਪਲਾਤੋਨੋਵ), ਇਕ ਵਾਰ ਦੀ ਗੱਲ ਹੈ (ਉਮਰਕੁਲੋਵ), ਸਮੁੰਦਰੀ ਪੌਣ (ਕੋਂਸਤਾਤਿਨ), ਅਗਨ ਪੱਥਰ (ਗਿਉਠਗੀ ਗੂਲੀਆ), ਤਾਂਬਾ ਪਰਬਤ ਦੀ ਸ਼ਹਿਜ਼ਾਦੀ (ਪਾਵੇਲ ਬਾਜ਼ੋਵ), ਬੀਤੇ ਦੀਆਂ ਗਲੀਆਂ (ਬੌਰਿਸ ਜੂਬਾਵਿਨ), ਬਾਜ਼ ਦਾ ਗੀਤ (ਗੋਰਕੀ), ਨਿੱਕੀ ਨਿੱਕੀ ਗੱਲ (ਬੋਂਦਾਰੇਵ), ਮੇਰੀ ਦੋਸਤ ਨਿੱਕੀ ਲੂੰਮੜੀ (ਯੂਲੀਆ), ਇਮਤਿਹਾਨ (ਲਿਊਨਿਦ ਫ਼ਰੋਲੋਵ), ਮੈਰੀਕਿਊਕ (ਵਲਾਦਸ ਦਾਤਾਰਤਸ), ਅਨੋਖਾ (ਸੂਕਸ਼ਿਨ), ਜ਼ਾਰ ਮੱਛੀ (ਵਿਕਤਰ ਅਸਤਾਫ਼ੀਏਵ), ਪਗਡੰਡੀਆਂ ਉੱਤੇ ਫਿਰਦੀ ਬਿੱਲੀ (ਵਿਕਤੋਰੀਆ ਤੋਕਾਰੇਵਾ), ਸਮਰਪਣ (ਵੀ. ਅਰਦਾਸਮਾਤਸਕੀ) ਆਦਿ ਹਨ। ਭੁੱਲਰ ਨੇ ਅਨੁਵਾਦਤ ਪੁਸਤਕ ਦੁਆਰਾ ਸਾਡੀ ਸਾਂਝ ਵਿਦੇਸ਼ੀ ਲੇਖਕਾਂ ਦੀ ਰਚਨਾਤਮਕ ਪ੍ਰਤਿਭਾ ਨਾਲ ਸਥਾਪਿਤ ਕੀਤੀ ਹੈ। ਲੇਖਕ ਦੀ ਰਚਨਾ ਦਾ ਜਿੰਨੀਆਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋਵੇਗਾ ਪਾਠਕ ਦਾ ਘੇਰਾ ਵਿਸ਼ਾਲ ਹੁੰਦਾ ਜਾਵੇਗਾ। ਸੋਵੀਅਤ ਯੂਨੀਅਨ ਦੀ ਸਾਹਿਤਕ ਸੱਭਿਆਚਾਰਕ ਨੀਤੀ ਨੇ ਅਨੁਵਾਦ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਾਠਕ ਵਰਗ ਤਕ ਘੱਟ ਕੀਮਤ ਉੱਤੇ ਰੂਸੀ ਸਾਹਿਤ ਦਾ ਪੰਜਾਬੀ ਅਨੁਵਾਦ ਪਹੁੰਚਾਇਆ ਹੈ। ਅਨੁਵਾਦਤ ਸਾਹਿਤ ਤਦ ਹੀ ਪਾਠਕਾਂ ਨੂੰ ਪ੍ਰਭਾਵਿਤ ਕਰੇਗਾ ਜੇਕਰ ਅਨੁਵਾਦਕ ਦੋ ਭਾਸ਼ਾਵਾਂ ਦਾ ਗਿਆਤਾ ਹੋਵੇਗਾ। ਗੁਰਬਚਨ ਭੁੱਲਰ ਪੰਜਾਬੀ ਤੇ ਰੂਸੀ ਭਾਸ਼ਾਵਾਂ ਦੇ ਗਿਆਤਾ ਹਨ। ਇਹੋ ਕਾਰਨ ਹੈ ਕਿ ਉਸ ਦੁਆਰਾ ਅਨੁਵਾਦਤ ਪੁਸਤਕ ਦੀਆਂ ਕਹਾਣੀਆਂ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਵਿਚ ਸੋਵੀਅਤ ਯੂਨੀਅਨ ਦੇ ਸ਼ਕਤੀਸ਼ਾਲੀ ਤੇ ਪਤਨ ਦੇ ਕਾਰਨਾਂ ਦਾ ਯਥਾਰਥਕ ਚਿਤਰਨ ਕੀਤਾ ਹੈ। ਰੂਸ ਦੀ ਉਸ ਸਮੇਂ ਦੀ ਸਥਿਤੀ ਨੂੰ ਸਮਾਜਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਸਰੋਕਾਰਾਂ ਰਾਹੀਂ ਦ੍ਰਿਸ਼ਟੀਗੋਚਰ ਕੀਤਾ ਹੈ। ਕਹਾਣੀਆਂ ਦੀ ਕ੍ਰਾਂਤੀਕਾਰੀ ਸੁਰ ਤੇ ਲਗਾਤਾਰ ਸੰਘਰਸ਼ ਦੇ ਪਾਸਾਰ ਉਜਾਗਰ ਹੁੰਦੇ ਹਨ। 1830 ਈ. ਤੱਕ ਰੂਸੀ ਸਾਹਿਤ ਨੂੰ 'ਸ਼ਾਨਦਾਰ ਸੁਨਹਿਰੀ ਯੁੱਗ' ਦਾ ਦਰਜਾ ਪ੍ਰਾਪਤ ਸੀ। ਹਥਲੀ ਪੁਸਤਕ 'ਬੀਤੇ ਦੀਆਂ ਗਲੀਆਂ' ਅਧਿਐਨ ਕਰਤਾ, ਖੋਜਾਰਥੀਆਂ, ਵਿਦਵਾਨਾਂ, ਚਿੰਤਕਾਂ ਨੂੰ ਰੂਸੀ ਸਾਹਿਤ ਦੀ ਯਥਾਰਥਕਤਾ ਨਾਲ ਜੋੜਨ ਦਾ ਯਤਨ ਕਰੇਗੀ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ: 81465-42810

 


ਜੁਝਾਰੂ ਔਰਤ
ਵਿਮਲਾ ਡਾਂਗ
ਸੰਪਾਦਕ : ਅਮਰਜੀਤ ਸਿੰਘ ਆਸਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ 104
ਸੰਪਰਕ : 98142-62561

ਪਦਮਸ੍ਰੀ ਵਿਮਲਾ ਡਾਂਗ ਦੀ ਸਾਰੀ ਜ਼ਿੰਦਗੀ ਸੰਘਰਸ਼, ਸੇਵਾ, ਤਿਆਗ ਅਤੇ ਕ੍ਰਾਂਤੀ ਦੀ ਕਹਾਣੀ ਹੈ। ਇਕ ਕਸ਼ਮੀਰੀ ਪੰਡਤ ਪਰਿਵਾਰ ਵਿਚ ਜੰਮੀ ਪਲੀ ਵਿਮਲਾ ਨੇ ਜੀਵਨ ਦਾ ਬਹੁਤਾ ਹਿੱਸਾ ਪੰਜਾਬ ਵਿਚ ਬਿਤਾਇਆ। ਉਸ ਨੇ ਆਪਣੇ ਪਤੀ ਸਤਪਾਲ ਡਾਂਗ ਨਾਲ ਛੇਹਰਟਾ ਦੀ ਮਜ਼ਦੂਰ ਬਸਤੀ ਵਿਚ ਰਹਿ ਕੇ ਲੋਕ ਸੇਵਾ ਸ਼ੁਰੂ ਕੀਤੀ। ਉਸ ਨੇ ਇਸਤਰੀ ਸਭਾ ਵਿਚ ਕੰਮ ਕਰਨਾ ਸ਼ੁਰੂ ਕੀਤਾ। ਹਿੰਦ ਪਾਕਿ ਦੀ 1965 ਦੀ ਜੰਗ ਦੌਰਾਨ ਜ਼ਖ਼ਮੀਆਂ ਨੂੰ ਸੰਭਾਲਿਆ, ਸਮੂਹਿਕ ਸਸਕਾਰ ਕੀਤੇ ਅਤੇ ਜੇਲ੍ਹਾਂ ਵੀ ਕੱਟੀਆਂ। ਅੱਤਵਾਦ ਦੇ ਸਮੇਂ ਅਨਾਥ ਹੋਏ ਬੱਚਿਆਂ ਦੀ ਸਾਂਭ-ਸੰਭਾਲ ਕੀਤੀ ਅਤੇ ਇਸਤਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਪਤੀ-ਪਤਨੀ ਨੇ ਬਹੁਤ ਸਾਦਾ ਅਤੇ ਤਿਆਗਮਈ ਜੀਵਨ ਬਿਤਾਉਂਦਿਆਂ ਫ਼ੈਸਲਾ ਕੀਤਾ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਹੈ ਅਤੇ ਆਪਣਾ ਕੋਈ ਬੱਚਾ ਵੀ ਪੈਦਾ ਨਹੀਂ ਕਰਨਾ। ਇਹ ਜੋੜੀ ਵਿਧਾਇਕ ਅਤੇ ਮੰਤਰੀ ਅਹੁਦੇ 'ਤੇ ਵੀ ਰਹੀ ਪਰ ਫਿਰ ਵੀ ਕਿਰਾਏ ਦੇ ਘਰ ਵਿਚ ਰਹਿੰਦੇ ਰਹੇ। ਉਨ੍ਹਾਂ ਨੇ ਛੇਹਰਟੇ ਵਿਚ ਮਜ਼ਦੂਰਾਂ ਨੂੰ ਲਾਮਬੰਦ ਕੀਤਾ, ਉਨ੍ਹਾਂ ਨੂੰ ਸਿਹਤ ਸਹੂਲਤਾਂ, ਵਿੱਦਿਆ ਅਤੇ ਆਰਥਕ ਸਹਾਇਤਾ ਦਿੰਦੇ ਰਹੇ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਆਪਣੇ ਦੇਸ਼, ਆਪਣੇ ਲੋਕਾਂ ਅਤੇ ਆਪਣੇ ਸਮਾਜ ਦੇ ਲੇਖੇ ਲਾ ਦਿੱਤਾ। ਇਸ ਪੁਸਤਕ ਵਿਚ ਵਿਮਲਾ ਡਾਂਗ ਨੇ ਆਪਣੀ ਸਵੈ-ਜੀਵਨੀ ਪੇਸ਼ ਕੀਤੀ ਹੈ। ਬਾਕੀ ਦੇ ਲੇਖ ਵੱਖੋ-ਵੱਖ ਵਿਦਵਾਨਾਂ ਅਤੇ ਉਨ੍ਹਾਂ ਦੇ ਸਹਿਕਰਮੀਆਂ ਵਲੋਂ ਲਿਖੇ ਗਏ ਹਨ ਜਿਵੇਂ ਹਰਦੇਵ ਸਿੰਘ, ਬੰਤ ਬਰਾੜ, ਪੂਨਮ ਸਿੰਘ, ਜਗਰੂਪ, ਹਰਭਜਨ ਸਿੰਘ, ਨਰਿੰਦਰ ਕੌਰ ਸੋਹਲ, ਇਕਬਾਲ ਕੌਰ, ਓਸ਼ਿਮਾ ਰੇਖੀ, ਮੁਹਿੰਦਰ ਸਾਂਬਰ, ਪ੍ਰੀਤਮ ਸਿੰਘ ਪਰਵਾਨਾ, ਵਿਜੈ ਕੁਮਾਰ, ਨਿਰਮਲ ਸਿੰਘ ਧਾਲੀਵਾਲ, ਅਮਰਜੀਤ ਸਿੰਘ ਆਸਲ, ਅਮਰਜੀਤ ਕੌਰ ਆਦਿ। ਕਿਸੇ ਨੇ ਵਿਮਲਾ ਡਾਂਗ ਨੂੰ ਚੁੰਬਕੀ ਸ਼ਖ਼ਸੀਅਤ, ਕਿਸੇ ਨੇ ਪ੍ਰੇਰਨਾ ਦਾ ਸੋਮਾ ਅਤੇ ਕਿਸੇ ਨੇ ਕੋਮਲ ਦਿਲ ਅਤੇ ਮਜ਼ਬੂਤ ਇਰਾਦੇ ਵਾਲੀ ਜੁਝਾਰੂ ਕਹਿ ਕੇ ਯਾਦ ਕੀਤਾ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਪੁਸਤਕ ਹੈ, ਜਿਸ ਨੇ ਵਿਮਲਾ ਡਾਂਗ ਦੀ ਬਹਾਦਰ, ਲੋਕ ਹਿਤੈਸ਼ੀ, ਸੰਘਰਸ਼ਮਈ ਸ਼ਖ਼ਸੀਅਤ ਨੂੰ ਸਾਡੇ ਰੂਬਰੂ ਕੀਤਾ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

 

ਗਿਆਰਾਂ ਜਣੇ
(ਸ਼ਬਦ ਚਿੱਤਰ)
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 97810-08582

ਜਸਬੀਰ ਭੁੱਲਰ ਬਹੁਵਿਧਾਈ ਤੇ ਬਹੁਚਰਚਿਤ ਸਾਹਿਤਕਾਰ ਹੈ। ਉਹਨੇ ਸਾਹਿਤ ਦੇ ਲਗਭਗ ਹਰ ਰੂਪ ਤੇ ਕਲਮ ਚਲਾਈ ਹੈ। ਜਿਸ ਵਿਚ 9 ਨਾਟਕ, 7 ਕਹਾਣੀ ਸੰਗ੍ਰਹਿ, 7 ਚੋਣਵੇਂ ਕਹਾਣੀ ਸੰਗ੍ਰਹਿ, 1 ਕਾਵਿ ਪੁਸਤਕ, 5 ਵਾਰਤਕ ਸੰਗ੍ਰਹਿ, 3 ਮੁਲਾਕਾਤ ਸੰਗ੍ਰਹਿ, 12 ਬਾਲ ਨਾਵਲ, 14 ਬਾਲ ਕਹਾਣੀ ਸੰਗ੍ਰਹਿ, 4 ਬਾਲ ਗਿਆਨ ਸਾਹਿਤ ਦੀਆਂ ਕਿਤਾਬਾਂ ਸ਼ਾਮਲ ਹਨ। ਉਹ ਇਕ ਸੰਜੀਦਾ ਤੇ ਨਿਮਰ ਲੇਖਕ ਹੈ।
ਰੀਵਿਊ ਅਧੀਨ ਪੁਸਤਕ ਵਿਚ ਗਿਆਰਾਂ ਲੇਖਕਾਂ ਦੇ ਸ਼ਬਦ ਚਿੱਤਰ ਹਨ, ਜੋ ਆਪਣੀ ਕਿਸਮ ਦੇ ਆਪ ਹਨ, ਵਿਲੱਖਣ ਤੇ ਨਿਵੇਕਲੀ ਸ਼ੈਲੀ ਵਿਚ ਰਸੇ ਹੋਏ। ਇਕ-ਇਕ ਸ਼ਬਦ ਤੇ ਇਕ-ਇਕ ਵਾਕ ਠੁੱਕ-ਸਿਰ ਬੱਝਿਆ, ਥਾਂ-ਸਿਰ ਜੜਿਆ। ਕਿਸੇ ਵਾਕ ਦਾ ਕੋਈ ਵੀ ਸ਼ਬਦ ਵਾਧੂ ਜਾਂ ਓਪਰਾ ਨਹੀਂ। ਬੜੀ ਵਜ਼ਨਦਾਰ ਤੇ ਲੈਆਤਮਕ-ਭਰਪੂਰ ਪੇਸ਼ਕਾਰੀ।
ਇਨ੍ਹਾਂ ਚਿਹਰਿਆਂ ਵਿਚ ਕ੍ਰਮਵਾਰ ਸ਼ਾਮਲ ਹਨ- ਪ੍ਰਮਿੰਦਰਜੀਤ, ਕ੍ਰਿਸ਼ਨ ਸੋਜ਼, ਹਰਜੀਤ, ਸੁਖਵੰਤ ਕੌਰ ਮਾਨ, ਦਲਬੀਰ, ਮਦਨ ਜਸਪਾਲ, ਦਲੀਪ ਕੌਰ ਟਿਵਾਣਾ, ਰਵਿੰਦਰ ਭੱਠਲ, ਡਾ. ਗੁਰਮਿੰਦਰ ਸਿੱਧੂ, ਜੋਗਾ ਸਿੰਘ ਤੇ ਸਤੀਸ਼ ਕੁਮਾਰ ਵਰਮਾ। ਇਨ੍ਹਾਂ ਸ਼ਬਦ ਚਿੱਤਰਾਂ ਦੇ ਸਿਰਲੇਖ ਵੀ ਮਾਣਨਯੋਗ ਹਨ: ਯਾਰ ਮੁਹੱਬਤੀ, ਤਲਖ, ਤੁਰਸ਼ ਤੇ ਸ਼ੀਰੀਂ; ਆਪਣੇ ਪਰਛਾਵੇਂ ਦਾ ਕੈਦੀ; ਪਰੀ ਕਥਾ ਦੀ ਰੁਣਝੁਣ; ਇਕ ਰੂਹ ਤਿਰਹਾਈ; ਯਾਰਾਂ ਦਾ ਵੇਲਾ; ਆਤਮਾ ਦਾ ਮਿਰਗ ਹਫ਼ਦਾ, ਹੌਂਕਦਾ ਤੇ ਘਰਕਦਾ; ਉੱਚੀ ਰੱਬੋਂ ਦੀ ਧੀ; ਭੱਠਲਾਂ ਦੇ ਅਗਵਾੜ ਦਾ ਗੁਲਾਬ; ਇਕ ਘਰ ਜੀਹਦਾ ਨਾਮ ਮੁਹੱਬਤ ਆਦਿ ਆਦਿ...। ਇਨ੍ਹਾਂ ਅਦਬੀ ਸ਼ਖ਼ਸੀਅਤਾਂ ਦਾ ਚਿਤਰਣ ਲੇਖਕ ਨੇ ਮੁਹੱਬਤ ਦੇ ਰੰਗ ਵਿਚ ਡੁਬੋ ਕੇ ਕੀਤਾ ਹੈ। ਇਨ੍ਹਾਂ ਚਿਹਰਿਆਂ ਵਿਚੋਂ ਕੁਝ ਨੂੰ ਕਾਲ ਨੇ ਹੜੱਪ ਲਿਆ ਹੈ। ਇਸ ਕਿਤਾਬ 'ਚੋਂ ਜਸਬੀਰ ਭੁੱਲਰ ਦੀ ਸ਼ੈਲੀ ਦੇ ਕੁਝ ਉੱਲੇਖਯੋਗ ਨਮੂਨੇ:
* ਪ੍ਰਮਿੰਦਰਜੀਤ ਦੇ ਕਿਰਾਏ ਦੇ ਕਮਰੇ ਦਾ ਬੁਝਿਆ ਜਿਹਾ ਹਨੇਰਾ ਖਿੜਿਆ ਹੋਇਆ ਸੀ। (ਪੰਨਾ 15)
* ਮਿੱਤਰਾਂ ਨਾਲ ਵੰਡਣ ਲਈ ਉਹਦੇ ਕੋਲ ਨਿੱਕੇ ਨਿੱਕੇ ਹਾਸਿਆਂ ਦੀ ਅਜਨਬੀ ਧੁੱਪ ਹੈ। (ਪੰਨਾ 25)
* ਮੈਂ ਸੋਚਾਂ ਦੇ ਪੈਂਡੇ ਤੁਰਿਆ ਹੋਇਆ ਸੀ ਕਿ ਉਹ ਅਸਾਵੀਂ ਤੋਰੇ ਮੇਰੇ ਘਰ ਦੇ ਗੇਟ ਤਕ ਪਹੁੰਚ ਗਈ।
* ਸਾਡੇ ਵਿਚੋਂ ਕਿਸੇ ਨੇ ਮੇਜ਼ ਉੱਤੇ ਹੱਥ ਮਾਰਿਆ। ਗਲਾਸਾਂ ਵਿਚ ਸ਼ਰਾਬ ਛਲਕੀ। ਹਾਸਾ ਛਲਕ ਕੇ ਉਸ ਮੇਜ਼ ਤੋਂ ਪਰਾਂ ਤੱਕ ਪਹੁੰਚ ਗਿਆ। (ਪੰਨਾ 78)
* ਉਹਦੇ ਨਾਲ ਇਕ ਅਣਬੋਲੇ ਰਿਸ਼ਤੇ ਦੀ ਖੁਸ਼ਬੂ ਵੀ ਅੰਦਰ ਲੰਘ ਆਈ। (ਪੰਨਾ 103)
ਇਹੋ ਜਿਹੀਆਂ ਕਾਵਿਆਤਮਕ ਪੰਕਤੀਆਂ ਨਾਲ ਭਰੀ ਪਈ ਹੈ ਇਹ ਸ਼ਬਦ ਚਿੱਤਰਾਂ ਦੀ ਕਿਤਾਬ, ਜੋ ਪੜ੍ਹਨ ਨਾਲ ਹੀ ਤਾਅਲੁਕ ਰੱਖਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

 

ਇਹ ਮਨ ਬਹੁਤ ਬੇਚੈਨ
ਲੇਖਕ : ਸੁਰਿੰਦਰ ਸਿੰਘ ਚੋਹਕਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ: 150 ਰੁਪਏ, ਸਫ਼ੇ : 96
ਸੰਪਰਕ : 81460-66633

ਹਥਲੇ ਗ਼ਜ਼ਲ-ਸੰਗ੍ਰਹਿ 'ਇਹ ਮਨ ਬਹੁਤ ਬੇਚੈਨ' ਤੋਂ ਪਹਿਲਾਂ ਸੁਰਿੰਦਰ ਸਿੰਘ ਚੋਹਕਾ ਦਾ ਇਕ ਗ਼ਜ਼ਲ-ਸੰਗ੍ਰਹਿ 'ਬਿਨ ਸਿਰਨਾਵਿਉਂ ਘਰ' ਪ੍ਰਕਾਸ਼ਿਤ ਹੋ ਚੁੱਕਿਆ ਹੈ। ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਇਸ ਗ਼ਜ਼ਲ-ਸੰਗ੍ਰਹਿ ਵਿਚ ਉਨ੍ਹਾਂ ਨੇ ਆਪਣੀਆਂ ਅੱਸੀ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਤਸੱਲੀ ਹੁੰਦੀ ਹੈ ਕਿ ਉਹ ਸਾਡੇ ਦੇਸ਼ ਦੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪ੍ਰਬੰਧ ਦੀਆਂ ਵਿਸੰਗਤੀਆਂ ਤੋਂ ਪੂਰੀ ਤਰ੍ਹਾਂ ਸੁਚੇਤ ਹਨ:
ਰੇਤੇ 'ਤੇ ਤੁਰਨ ਇਹ ਮੱਛੀਆਂ,
ਹੈਰਾਨ ਹੈ ਇਹ ਸਾਗਰ,
ਕਿੱਦਾਂ ਦੇ ਵਕਤ ਆਏ,
ਕਿੱਦਾਂ ਦੇ ਨੇ ਇਹ ਮੰਜ਼ਰ।
ਸੁਰਿੰਦਰ ਸਿੰਘ ਚੋਹਕਾ ਦੀ ਹਰ ਗ਼ਜ਼ਲ ਦਾ ਹਰ ਸ਼ਿਅਰ ਹੀ ਲੋਕ-ਹਿੱਤਾਂ ਲਈ ਜੂਝਦਾ ਦਿਖਾਈ ਦਿੰਦਾ ਹੈ। ਉਨ੍ਹਾਂ ਦੀ ਸ਼ਿਅਰਕਾਰੀ ਵਿਚ ਗੁਰੂ ਗੋਬਿੰਦ ਸਿੰਘ ਦੇ ਖੰਡੇ ਦਾ ਜੋਸ਼ ਵੀ ਹੈ ਅਤੇ ਗੁਰੂ ਨਾਨਕ ਦੇ ਗਿਆਨ ਦੀ ਝਲਕ ਵੀ। ਰਿਸ਼ਤੇ-ਨਾਤਿਆਂ ਵਿਚੋਂ ਮਨਫ਼ੀ ਹੋ ਰਹੀ ਅਪਣੱਤ, ਧੀਆਂ ਦੀ ਬੇਪਤੀ ਅਤੇ ਹੱਕਾਂ ਦੀ ਲੁੱਟ ਨੂੰ ਦੇਖਦਿਆਂ ਉਨ੍ਹਾਂ ਦੇ ਕਾਵਿਕ ਮਨ ਦਾ ਵਿਦਰੋਹ ਪ੍ਰਚੰਡ ਰੂਪ ਅਖ਼ਤਿਆਰ ਕਰਦਾ ਹੋਇਆ ਬੇਬਾਕ ਹੋ ਕੇ ਜੂਝਦੇ ਲੋਕਾਂ ਨਾਲ ਖੜ੍ਹਨ ਦਾ ਐਲਾਨ ਕਰਦਾ ਹੈ:
ਇਹ ਮਨ ਬਹੁਤ ਬੇਚੈਨ ਹੈ,
ਜਿਗਰ ਵੀ ਦੁਖਦਾ ਯਾਰ।
ਇਕੋ ਸ਼ਿਕਰਾ ਖਾ ਗਿਆ,
ਕਿੰਜ ਕੂੰਜਾਂ ਦੀ ਡਾਰ।
ਆਪਣੀ ਲਿਖਣ ਪ੍ਰਕਿਰਿਆ ਸੰਬੰਧੀ ਚਰਚਾ ਕਰਦਿਆਂ ਸੁਰਿੰਦਰ ਸਿੰਘ ਚੋਹਕਾ ਲਿਖਦੇ ਹਨ ਕਿ ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ਰ ਚਾਰ ਦਹਾਕੇ ਪਹਿਲਾਂ ਸ਼ੁਰੂ ਕੀਤਾ, ਪਰ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਬਹਿਰ-ਵਜ਼ਨ ਪੱਖੋਂ ਮੁੱਲਾਂਕਣ ਕਰਦਿਆਂ ਕਹਿਣਾ ਪੈ ਰਿਹਾ ਹੈ ਕਿ ਪੁਖ਼ਤਾ ਗ਼ਜ਼ਲ ਲਿਖਣ ਲਈ ਅਜੇ ਵੀ ਉਨ੍ਹਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ। ਵਿਚਾਰਧਾਰਕ ਪੱਖ ਤੋਂ ਉਨ੍ਹਾਂ ਦੀ ਇਹ ਪੁਸਤਕ ਬੇਹੱਦ ਸ਼ਲਾਘਾਯੋਗ ਹੈ ਅਤੇ ਇਸ ਮਾਮਲੇ ਵਿਚ ਉਹ ਕਿਤੇ ਵੀ ਥਿੜਕਦੇ ਦਿਖਾਈ ਨਹੀਂ ਦਿੰਦੇ। ਉਮੀਦ ਹੈ ਕਿ ਪਾਠਕ ਉਨ੍ਹਾਂ ਦੇ ਇਸ ਉਪਰਾਲੇ ਦਾ ਭਰਪੂਰ ਸਵਾਗਤ ਕਰਨਗੇ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

 

ਜਟਕੀ ਕਵਿਤਾ
(ਬਾਲ ਵਰੇਸ)
ਲੇਖਕ : ਡਾ. ਉਜਾਗਰ ਸਿੰਘ ਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98141-33053

ਜਟਕੀ ਕਵਿਤਾ ਡਾ. ਉਜਾਗਰ ਸਿੰਘ ਮਾਨ ਦੀ ਬਹੁਤ ਹੀ ਸਰਲ ਭਾਸ਼ਾ ਵਿਚ ਲਿਖੀ ਹੋਈ ਕਵਿਤਾ ਹੈ। ਕਵੀ ਨੇ ਆਪਣੇ ਜੀਵਨ ਦੇ ਮੁਢਲੇ ਸੰਘਰਸ਼ ਨੂੰ ਇਕ ਕਵਿਤਾ ਰਾਹੀਂ ਚਿਤਰਿਆ ਹੈ। 'ਜ਼ਿੰਦਗੀ ਦੀ ਸ਼ੁਰੂਆਤ' ਕਵਿਤਾ ਰਾਹੀਂ ਕਵੀ ਨੇ ਆਪਣੇ ਇਲਾਕੇ ਦੇ ਪਿੰਡਾਂ ਬਾਰੇ, ਬਚਪਨ ਦੇ ਨਿੱਕੇ-ਨਿੱਕੇ ਕੰਮਾਂ ਬਾਰੇ, ਸਕੂਲ ਦੇ ਦਿਨਾਂ ਬਾਰੇ, ਪੁਰਾਤਨ ਪੇਂਡੂ ਸੱਭਿਆਚਾਰ ਬਾਰੇ ਅਤੇ ਨੌਕਰੀ ਪ੍ਰਾਪਤੀ ਤੱਕ ਦੇ ਆਪਣੇ ਸੰਘਰਸ਼ ਬਾਰੇ ਕਾਵਿਕ ਭਾਸ਼ਾ ਵਿਚ ਜਾਣਕਾਰੀ ਮੁਹੱਈਆ ਕਰਵਾਈ ਹੈ। ਪੇਂਡੂ ਨੌਜਵਾਨਾਂ ਨੂੰ ਉੱਚ ਪੜ੍ਹਾਈ ਵਿਚ ਆਉਂਦੀਆਂ ਮੁਸ਼ਕਿਲਾਂ ਬਾਰੇ ਉਸ ਨੇ 'ਪਹਿਲੀ ਗੱਲ' ਕਵਿਤਾ ਵਿਚ ਜਾਣਕਾਰੀ ਦਿੱਤੀ ਹੈ।
ਕਵੀ ਨੇ ਆਪਣੇ ਜੀਵਨ ਵਿਚ ਆਏ ਅਧਿਆਪਕਾਂ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਮਾਸਟਰ ਗੋਪਾਲ ਚੰਦ, ਇੰਦਰ ਸਿੰਘ ਲਹਿਰੀ ਬਾਰੇ ਆਪਣੀ ਦਾਦੀ ਨੰਦ ਕੌਰ ਬਾਰੇ ਕਾਵਿ ਚਿੱਤਰ ਬਿਆਨ ਕੀਤਾ ਹੈ। ਪਿੰਡਾਂ ਵਿਚ ਵਸਣ ਵਾਲੇ ਹੋਰ ਵੀ ਕਈ ਕਿਰਦਾਰਾਂ ਨੂੰ ਕਵੀ ਨੇ ਅਮਰ ਕਰ ਦਿੱਤਾ ਹੈ। ਉਹ ਆਪਣੇ ਅਧਿਆਪਕਾਂ ਦੁਆਰਾ ਦਿੱਤੇ ਉਤਸ਼ਾਹ ਨਾਲ ਕਾਵਿ-ਰਚਨਾ ਕਰਨ ਦੇ ਕਾਬਿਲ ਹੋਇਆ ਸੀ। ਉਹ ਵਰਤਮਾਨ ਯੁੱਗ ਵਿਚ ਮਾਇਆ ਦੇ ਵਧਦੇ ਪ੍ਰਭਾਵ ਤੋਂ ਚਿੰਤਤ ਨਜ਼ਰ ਆਉਂਦਾ ਹੈ। ਉਸ ਨੇ ਪੰਜਾਬ ਦੇ ਮਹਾਨ ਨਾਇਕ 'ਮੱਸਾ ਰੰਗੜ' ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਕਵੀ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀ ਕਵਿਤਾ 'ਹੁੱਕੇ ਵਾਲਾ ਤੇ ਉਸ ਦੀ ਪਤਨੀ' ਬਹੁਤ ਦਿਲਚਸਪ ਢੰਗ ਨਾਲ ਲਿਖੀ ਹੈ।
ਮੇਰੇ ਪਿੰਡ ਰਾਜਗੜ੍ਹ ਦੇ ਟੋਭੇ, ਮੇਰੇ ਪਿੰਡ ਦੇ ਬੋਤੇ, ਗਧਿਆਂ ਨਾਲ ਮਸਤੀ, ਸਾਡੇ ਬਲਦ ਕਵਿਤਾਵਾਂ ਵੀ ਲੇਖਕ ਦੇ ਜਵਾਨੀ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ। ਕਵੀ ਨੇ 'ਹਾਈ ਸਕੂਲ ਬਰਨਾਲਾ' ਦੀ ਸਿਫ਼ਤ ਵੀ ਸੁਣਾਈ ਹੈ। ਜਦੋਂ ਉਹ ਇਸ ਸਕੂਲ ਵਿਚ ਪੜ੍ਹਦਾ ਸੀ। ਲੇਖਕ ਨੇ ਕੁਝ ਇਤਿਹਾਸਕ ਪਲਾਂ ਨੂੰ ਵੀ ਕਾਵਿਕ ਰੰਗਤ ਦਿੱਤੀ ਹੈ। ਜਿਵੇਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਸਮੇਂ ਉਸ ਦੇ ਸਕੂਲ ਵਿਚ ਕਿਹੋ ਜਿਹਾ ਵਾਤਾਵਰਨ ਬਣ ਗਿਆ ਇਸ ਬਾਰੇ ਪਤਾ ਚਲਦਾ ਹੈ। ਕਵੀ ਨੇ ਪੁਰਾਣੇ ਸਮੇਂ ਵਿਚ ਨੌਜਵਾਨ ਪੀੜ੍ਹੀ ਵਲੋਂ ਪੜ੍ਹਾਈ ਦੇ ਨਾਲ-ਨਾਲ ਹੋਰ ਘਰੋਗੀ ਅਤੇ ਖੇਤੀਬਾੜੀ ਦਾ ਕੰਮ ਕਰਨ ਦੇ ਸੱਭਿਆਚਾਰ ਦੀ ਸਲਾਹਨਾ ਕੀਤੀ ਹੈ। ਫ਼ਸਲਾਂ ਬਾਰੇ 'ਕਪਾਹ ਦੀ ਫ਼ਸਲ', 'ਮੱਕੀ ਦੀ ਫ਼ਸਲ' ਵੀ ਖ਼ੂਬਸੂਰਤ ਨਜ਼ਮਾਂ ਹਨ।
ਸਾਡੇ ਪਿੰਡ ਤੋਂ ਸੋਹਣਾ ਸੁਰਗ ਹੋਰ ਕਿਤੇ ਹੋਣਾ ਨਹੀਂ
ਖੁਸ਼ੀਆਂ ਤੇ ਖੇੜੇ ਚਾਰੇ ਪਾਸੇ ਕੋਈ ਰੋਣਾ ਧੋਣਾ ਨਹੀਂ
ਕਵੀ ਨੇ ਪੇਂਡੂ ਲੋਕਾਂ ਦੀ ਪੁਰਾਤਨ ਖਾਧ ਖੁਰਾਕ ਬਾਰੇ ਵੀ ਬੜੀ ਖ਼ੂਬਸੂਰਤ ਰਚਨਾ 'ਖਾਧ ਖੁਰਾਕ' ਲਿਖੀ ਹੈ। ਇਸ ਪ੍ਰਕਾਰ ਜਟਕੀ ਕਵਿਤਾ ਕਵੀ ਦੇ ਬੀਤੇ ਜੀਵਨ ਨਾਲ ਜੁੜੀਆਂ ਘਟਨਾਵਾਂ, ਵਰਤਾਰਿਆਂ ਅਤੇ ਅਨੁਭਵਾਂ ਦਾ ਬਹੁਤ ਵਧੀਆ ਢੰਗ ਨਾਲ ਉਲੀਕਿਆ ਸ਼ਬਦ ਚਿੱਤਰ ਹੈ। ਇਸ ਪੁਸਤਕ ਵਿਚ ਸਕੂਲ ਛੱਡਣ ਦੀ ਤਿਆਰੀ ਦਸਵੀਂ ਪਾਸ ਕਰਨ ਤੋਂ ਬਾਅਦ ਦੇ ਜੀਵਨ ਬਾਰੇ ਲੇਖਕ ਨੇ ਬਹੁਤ ਖ਼ੂਬਸੂਰਤ ਅਨੁਭਵ ਪ੍ਰਗਟ ਕੀਤੇ ਹਨ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ, ਜਲੰਧਰ।

 

ਖਾਮੋਸ਼ੀ
ਲੇਖਕ : ਬਲਵੀਰ ਸਿੰਘ (ਯੂ.ਐਸ.ਏ.)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 350 ਰੁਪਏ, ਸਫ਼ੇ :184
ਸੰਪਰਕ : 01679-233244

ਇਸ ਨਾਵਲ ਦੇ ਲੇਖਕ ਬਲਵੀਰ ਸਿੰਘ (ਯੂ.ਐਸ.ਏ.) ਹਨ, ਜਿਨ੍ਹਾਂ ਨੇ ਇਹ ਨਾਵਲ ਆਪਣੇ ਕਾਲਜ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਮਾਹਿਲਪੁਰ ਨੂੰ ਸਮਰਪਿਤ ਕੀਤਾ ਹੈ। ਇਸ ਨਾਵਲ ਦੇ 18 ਕਾਂਡ ਹਨ, ਜਿਨ੍ਹਾਂ ਵਿਚ ਲੇਖਕ ਨੇ ਵੱਖ-ਵੱਖ ਘਟਨਾਵਾਂ, ਦ੍ਰਿਸ਼ਾਂ ਨੂੰ ਬੜੇ ਹੀ ਤਰੀਕੇ ਨਾਲ ਤਰਤੀਬਵਾਰ ਕਰਕੇ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਵੀ ਲੇਖਕ ਨੇ 'ਦਰਦ ਪਰਾਇਆ' ਨਾਵਲ ਲਿਖਿਆ ਅਤੇ ਬਾਅਦ ਵਿਚ ਕੁਝ ਦੇਰ ਚੁੱਪੀ ਵੱਟੀ ਰਹੀ ਕਿਉਂਕਿ ਨਾਵਲ ਵਿਚਲੀ ਕਹਾਣੀ ਜਦੋਂ ਤੀਕ ਲੇਖਕ ਦੇ ਅੰਦਰੋਂ ਨਹੀਂ ਪੁੰਗਰੀ ਉਦੋਂ ਤੀਕ ਲੇਖਕ ਨੇ ਕਲਮ ਨਹੀਂ ਚੁੱਕੀ। ਇਹ ਇਕ ਚੰਗੇ ਲੇਖਕ ਦਾ ਗੁਣ ਵੀ ਹੈ। ਨਾਵਲ ਦੇ ਪਹਿਲੇ ਕਾਂਡ ਤੋਂ ਹੀ ਪਾਠਕਾਂ ਦੀ ਉਤਸੁਕਤਾ, ਰੌਚਿਕਤਾ ਲਗਾਤਾਰ ਵਧਦੀ ਜਾਂਦੀ ਹੈ ਅਤੇ ਜਿੰਨੀ ਦੇਰ ਨਾਵਲ ਖ਼ਤਮ ਨਹੀਂ ਹੁੰਦਾ ਓਨੀ ਦੇਰ ਛੱਡਣ ਨੂੰ ਦਿਲ ਨਹੀਂ ਕਰਦਾ। ਹਰ ਕਾਂਡ ਵਿਚ ਨਵੀਂ ਗੱਲ ਆਮ ਜੀਵਨ ਦੇ ਵਿਚੋਂ ਲਈ ਗਈ ਹੈ। ਕਈ ਥਾਈਂ ਲੇਖਕ ਦੇ ਨਾਲ ਬੀਤੀ ਘਟਨਾ ਜਾਂ ਗੱਲਬਾਤ ਦਾ ਜ਼ਿਕਰ ਵੀ ਮਹਿਸੂਸ ਹੋ ਰਿਹਾ ਹੈ। ਲੇਖਕ ਨੇ ਨਾਵਲ ਵਿਚ ਕਿਤੇ ਵੀ ਪਾਤਰ ਆਪ ਮੁਹਾਰੇ ਨਹੀਂ ਹੋਣ ਦਿੱਤੇ ਬਲਕਿ ਪਾਤਰਾਂ ਦੀ ਵਾਗ-ਡੋਰ ਆਪਣੇ ਹੱਥ ਰੱਖੀ ਹੈ ਅਤੇ ਉਨ੍ਹਾਂ ਨੂੰ ਆਪੋ-ਆਪਣੇ ਰੋਲ ਤੀਕ ਹੀ ਸੀਮਤ ਰੱਖਿਆ ਹੈ। ਲੇਖਕ ਨੇ ਇਨਸਾਨ ਦੇ ਮਨੋਭਾਵ, ਸੋਚ ਉਡਾਰੀ ਦਾ ਜ਼ਿਕਰ ਵੀ ਸਮੇਂ ਤੇ ਮਾਹੌਲ ਅਨੁਸਾਰ ਕੀਤਾ ਹੈ ਅਤੇ ਕਹਾਣੀ ਨੂੰ ਇਕ ਮਾਲਾ ਦੇ ਰੂਪ ਵਿਚ ਪਰੋ ਕੇ ਲੇਖਕ ਦੇ ਗੁਣ ਦਾ ਸਬੂਤ ਵੀ ਦਿੱਤਾ ਹੈ। ਨਾਵਲ ਵਿਚ ਜਜ਼ਬੇ, ਭਾਵਨਾਵਾਂ, ਉਮੰਗਾਂ ਤੇ ਸਮਾਜਿਕ ਵਰਤਾਰੇ ਦੀ ਵੀ ਝਲਕ ਵਿਖਾਈ ਦਿੰਦੀ ਹੈ। ਨਾਵਲ ਵਿਚਲੇ ਹਰ ਕਾਂਡ ਦੀ ਕਹਾਣੀ ਆਮ ਜੀਵਨ ਦੇ ਵਿਚੋਂ ਲਈ ਗਈ ਹੈ। ਲੇਖਕ ਨੂੰ ਮਾਹਿਲਪੁਰ ਦੇ ਨਾਲ ਖ਼ਾਸ ਲਗਾਓ ਹੈ, ਜਿਸ ਕਰਕੇ ਨਾਵਲ ਵਿਚ ਜ਼ਿਕਰ ਵੀ ਕੀਤਾ ਹੈ। ਲੇਖਕ ਭਾਵੇਂ ਵਿਦੇਸ਼ ਵਿਚ ਹੈ ਪ੍ਰੰਤੂ ਆਪਣੇ ਬਿਤਾਏ ਪਲਾਂ ਵਾਲੀ ਥਾਂ ਨੂੰ ਨਹੀਂ ਭੁੱਲਿਆ ਕਿਉਂਕਿ ਉਸ ਦੇ ਵਿਚਲੀ ਤਾਂਘ ਪੂਰੀ ਤਰ੍ਹਾਂ ਜਿਊਂਦੀ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

 

26-02-2023

 ਭਾਰਤੀ ਆਜ਼ਾਦੀ ਦੇ ਅੰਦੋਲਨ 'ਚ ਡਾ. ਅੰਬੇਡਕਰ ਅਤੇ ਕ੍ਰਾਂਤੀਕਾਰੀਆਂ ਦਾ ਯੋਗਦਾਨ
ਲੇਖਕ : ਐਡਵੋਕੇਟ ਐਸ. ਐਲ. ਵਿਰਦੀ
ਪ੍ਰਕਾਸ਼ਕ : ਲੇਖਕ ਆਪ, ਚਾਚੋਕੀ ਚੌਕ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 304
ਸੰਪਰਕ : 98145-17499


ਐਡਵੋਕੇਟ ਐਸ. ਐਲ. (ਸੰਤੋਖ ਲਾਲ) ਵਿਰਦੀ ਇਕ ਮਿਸ਼ਨਰੀ-ਲੇਖਕ ਅਤੇ ਐਕਟਿਵਿਸਟ ਹੈ। ਭਾਰਤ ਵਿਚ ਵਰਣ-ਵਿਵਸਥਾ ਦਾ ਸਾਮਰਾਜ ਹੋਣ ਕਾਰਨ ਉਸ ਨੇ ਦਲਿਤਾਂ ਅਤੇ ਪਛੜਿਆਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਲਈ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਸੰਘਰਸ਼ ਆਰੰਭਿਆ ਹੋਇਆ ਹੈ। ਬੇਸ਼ੱਕ ਪੰਜਾਬ ਵਿਚ ਜਾਤ-ਪਾਤੀ ਵਿਤਕਰਾ ਭਾਰਤ ਦੇ ਹੋਰ ਪ੍ਰਦੇਸ਼ਾਂ ਜਿੰਨਾ ਵਿਸ਼ੈਲਾ ਨਹੀਂ ਹੈ ਪ੍ਰੰਤੂ ਤਾਂ ਵੀ ਆਜ਼ਾਦੀ ਉਪਰੰਤ ਕੁਝ ਵਰਗਾਂ ਨੇ ਆਪਣੀ ਚੌਧਰ ਅਤੇ ਧੌਂਸ ਬਣਾਈ ਰੱਖਣ ਲਈ ਇਥੇ ਵੀ ਜਾਤ-ਪਾਤ ਨੂੰ ਇਕ ਹਥਿਆਰ ਵਾਂਗ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਡਾ. ਵਿਰਦੀ ਦਾ ਜੇਹਾਦ ਇਸੇ ਧੌਂਸ ਦੇ ਵਿਰੁੱਧ ਹੈ। ਦਲਿਤਾਂ ਨੂੰ ਉਨ੍ਹਾਂ ਦੇ ਮਾਨਵੀ ਅਧਿਕਾਰ ਅਤੇ ਗੌਰਵ ਦਿਵਾਉਣ ਦੀ ਜੰਗ ਵਿਚ ਡਾ. ਵਿਰਦੀ ਨੇ ਲਗਭਗ ਤਿੰਨ ਦਰਜਨ ਪੁਸਤਕਾਂ ਦੀ ਰਚਨਾ ਕੀਤੀ ਹੈ। ਪੁਸਤਕ-ਰਚਨਾ ਉਸ ਲਈ ਇਕ ਯੁੱਧ ਲੜਨ ਵਾਂਗ ਹੈ। ਇਨ੍ਹਾਂ ਪੁਸਤਕਾਂ ਦੇ ਮਾਧਿਅਮ ਦੁਆਰਾ ਉਸ ਨੇ ਦਰਸਾਇਆ ਹੈ ਕਿ ਇਨਸਾਨੀ ਸੰਭਾਵਨਾਵਾਂ, ਕੁਰਬਾਨੀਆਂ ਅਤੇ ਸਮਝ-ਸੂਝ ਦੀ ਦ੍ਰਿਸ਼ਟੀ ਤੋਂ ਦਲਿਤ ਵਰਗ ਪੂਰੀ ਤਰ੍ਹਾਂ ਕਥਿਤ ਸਵਰਣ ਵਰਗ ਨਾਲ ਬਰ ਮੇਚਦਾ ਹੈ ਅਤੇ ਇਹ ਕਿਸੇ ਵੀ ਦੂਸਰੇ ਵਰਗ ਤੋਂ ਮਾੜਾ ਜਾਂ ਕਮਜ਼ੋਰ ਨਹੀਂ ਹੈ। ਹਥਲੀ ਪੁਸਤਕ ਵਿਚ ਉਸ ਨੇ ਜੋਤੀ ਰਾਓ ਫੂਲੇ, ਸਾਵਿਤਰੀ ਬਾਈ ਫੂਲੇ, ਪੈਰੀਆਰ ਰਾਮਾ ਸਵਾਮੀ ਅਤੇ ਡਾ. ਭੀਮ ਰਾਓ ਅੰਬੇਡਕਰ ਦੁਆਰਾ ਦਲਿਤਾਂ ਦੇ ਉਧਾਰ ਹਿੱਤ ਕੀਤੇ ਮਹਾਨ ਕਾਰਜਾਂ ਦਾ ਵਿਖਿਆਨ ਵੀ ਕੀਤਾ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ ਡਾ. ਅੰਬੇਡਕਰ ਦੀ ਦੇਣ ਦਾ ਉਲੇਖ ਹੋਇਆ ਹੈ। ਦੂਜੇ ਭਾਗ ਵਿਚ ਭਾਰਤ ਦੀ ਆਜ਼ਾਦੀ ਖ਼ਾਤਰ ਦਲਿਤ ਕ੍ਰਾਂਤੀਕਾਰੀਆਂ ਦਾ ਯੋਗਦਾਨ ਬਿਆਨ ਕੀਤਾ ਗਿਆ ਹੈ। ਤੀਜੇ ਭਾਗ ਵਿਚ ਗ਼ਦਰੀ ਬਾਬਿਆਂ, ਨਾਮਧਾਰੀਆਂ, ਬੱਬਰ ਅਕਾਲੀਆਂ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਕਮਿਊਨਿਸਟ ਕ੍ਰਾਂਤੀਕਾਰੀਆਂ ਦਾ ਉਲੇਖ ਕੀਤਾ ਗਿਆ ਹੈ। ਇਸ ਸੂਚੀ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਐਡਵੋਕੇਟ ਵਿਰਦੀ ਕਿਸੇ ਸੰਕੀਰਣ ਜਾਂ ਇਕਪਾਸੜ ਸੋਚ ਦਾ ਸੁਆਮੀ ਨਹੀਂ ਹੈ। ਉਹ ਹਰ ਵਰਗ ਦੇ ਕ੍ਰਾਂਤੀਕਾਰੀ ਨੂੰ ਉਸ ਦਾ ਬਣਦਾ ਮਾਨ-ਸਨਮਾਨ ਦਿੰਦਾ ਹੈ। ਪਰ ਕੁਝ ਸਿਰਫਿਰੇ ਅਤੇ ਸਵਾਰਥੀ ਲੋਕ ਅਜੇ ਵੀ ਦਲਿਤਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਹੁਣ ਭਲਾ ਐਸੇ ਲੋਕਾਂ ਦੀ ਕਮਅਕਾਲੀ ਤੇ ਤੁੱਛ ਬੁੱਧੀ ਦਾ ਕੀ ਕੀਤਾ ਜਾਵੇ?


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਸੱਜਣਾ ਦੇ ਨਾਂ
ਸ਼ਾਇਰ : ਗੁਰਪ੍ਰੀਤ ਸੈਂਸਰਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 98142-04312


ਪਰਿਵਰਤਨ ਕੁਦਰਤ ਦੀ ਅਟੱਲ ਸਚਾਈ ਤੇ ਇਹ ਕਿਸੇ ਸੱਭਿਅਤਾ ਦੇ ਸਾਹਿਤ 'ਤੇ ਵੀ ਲਾਗੂ ਹੁੰਦਾ ਹੈ। ਇਹ ਅਫ਼ਸੋਸਨਾਕ ਹੈ ਕਿ ਪੰਜਾਬੀ ਸ਼ਾਇਰੀ ਨੂੰ ਵੱਡਾ ਮਾਣ ਦਿਵਾਉਣ ਵਾਲੇ ਵੱਡੇ ਸਿਤਾਰੇ ਅਲੋਪ ਹੋ ਗਏ ਹਨ ਤੇ ਹੋ ਰਹੇ ਹਨ। ਪਰ ਇਹ ਸੁਖਦ ਅਹਿਸਾਸ ਹੈ ਕਿ ਨਵਿਆਂ ਦਾ ਉਦੈ ਹੋ ਰਿਹਾ ਹੈ ਤੇ ਉਹ ਉਨ੍ਹਾਂ ਦੀ ਵਿਰਾਸਤ ਨੂੰ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ। ਗੁਰਪ੍ਰੀਤ ਸੈਂਸਰਾ ਉਨ੍ਹਾਂ 'ਚੋਂ ਇਕ ਹੈ ਜਿਸ ਦੀ ਪਹਿਲੀ ਪੁਸਤਕ 'ਸੱਜਣਾ ਦੇ ਨਾਂ' ਹੁਣੇ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਵੱਡਾ ਭਾਗ ਕਵਿਤਾਵਾਂ ਦਾ ਹੈ ਪਰ ਇਸ ਦੇ ਨਾਲ ਉਸ ਦੀਆਂ ਕੁਝ ਕਹਾਣੀਆਂ ਵੀ ਛਪੀਆਂ ਮਿਲਦੀਆਂ ਹਨ। 'ਸੱਜਣਾ ਦੇ ਨਾਂ' ਦੀਆਂ ਕਵਿਤਾਵਾਂ ਨੂੰ ਕਿਸੇ ਸ਼੍ਰੇਣੀ ਵਿਚ ਰੱਖਣਾ ਅਣਉਚਿੱਤ ਹੈ ਬਲਕਿ ਇਹ ਸੈਂਸਰਾ ਦੇ ਕਾਵਿਕ ਵੇਗ ਦੀਆਂ ਅੱਲ੍ਹੜ ਅਭਿਵਿਅਕਤੀਆਂ ਹਨ। ਉਸ ਮੁਤਾਬਿਕ ਫੁੱਲਾਂ ਤੇ ਖ਼ਾਰਾਂ ਦਾ ਆਪਸੀ ਸੰਬੰਧ ਮੁਹੱਬਤ ਦਾ ਪ੍ਰਤੀਕ ਹੈ ਤੇ ਫੁੱਲ ਕੰਡਿਆਂ ਨਾਲ ਹੀ ਸੋਂਹਦੇ ਹਨ। ਮਨੁੱਖੀ ਜੀਵਨ ਵਿਚ ਸਿਦਕ ਹੀ ਬੇੜੇ ਪਾਰ ਲਾਉਂਦਾ ਹੈ ਤੇ ਆਪਾ ਗੁਆ ਕੇ ਦੂਜੇ ਲਈ ਸਮਰਪਤ ਹੋਣਾ ਹੀ ਦਿਲਦਾਰੀ ਹੁੰਦੀ ਹੈ। ਬਹੁਤੀਆਂ ਕਾਵਿਕ ਰਚਨਾਵਾਂ ਗੀਤ ਰੂਪ ਵਿਚ ਹਨ ਤੇ ਚੰਗੀ ਗੱਲ ਇਹ ਹੈ ਕਿ ਇਹ ਗੀਤ ਦਿਸ਼ਾਹੀਣ ਨਹੀਂ ਹੁੰਦੇ। 'ਸੱਜਣਾ ਦੇ ਨਾਂ' ਦੀਆਂ ਬਹੁਤੀਆਂ ਕਵਿਤਾਵਾਂ ਪਿਆਰ ਆਧਾਰਤ ਹਨ ਜਿਹਾ ਕਿ ਕਿਸੇ ਲੇਖਕ ਦੀ ਪਹਿਲੀ ਪੁਸਤਕ ਵਿਚ ਅਕਸਰ ਹੁੰਦਾ ਹੀ ਹੈ। ਕਹਾਣੀ ਕਲਾ ਸ਼ਾਇਰੀ ਨਾਲੋਂ ਬਹੁਤ ਭਿੰਨ ਹੈ ਤੇ ਬਿਹਤਰ ਇਹੀ ਹੈ ਕਿ ਹਾਲ ਦੀ ਘੜੀ ਉਹ ਕਿਸੇ ਇਕ ਵਿਧਾ ਦੀ ਚੋਣ ਕਰੇ। ਸੈਂਸਰਾ ਨੇ ਅਜੇ ਲੋਕ ਮੁੱਦਿਆਂ ਤੇ ਜਨਆਵਾਜ਼ ਨੂੰ ਸ਼ਬਦਾਂ ਦੀ ਜ਼ੁਬਾਨ ਦੇਣੀ ਸਿੱਖਣੀ ਹੈ। ਕਵਿਤਾ ਦੀਆਂ ਵੱਖ-ਵੱਖ ਵਿਧਾਵਾਂ ਦੀ ਬਣਤਰ ਬਾਰੇ ਵੀ ਉਹ ਹੌਲੀ-ਹੌਲੀ ਜਾਣ ਜਾਵੇਗਾ। ਕਿਸੇ ਵੀ ਲੇਖਕ ਦੀ ਪਹਿਲੀ ਪੁਸਤਕ ਕਲਮ ਦੀ ਦਿਸ਼ਾ ਨਿਰਧਾਰਣ ਕਰਦੀ ਹੈ ਤੇ ਉਸ ਦੇ ਸਾਹਿਤ ਸਤੰਭ ਦੀ ਨੀਂਹ ਬਣਦੀ ਹੈ। ਇਹ ਪੁਸਤਕ ਨਿਸ਼ਚੇ ਹੀ ਗੁਰਪ੍ਰੀਤ ਨੂੰ ਵੀ ਬੜਾ ਕੁਝ ਸਿਖਾਏਗੀ। ਮੈਂ ਉਸ ਨੂੰ ਸਾਹਿਤਕ ਸਫ਼ਰ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।


ਸਚਾਈ ਜ਼ਿੰਦਗੀ ਦੀ

ਸ਼ਾਇਰਾ : ਜਸਲੀਨ ਜਗਦਿਓ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 88723-46036


ਕਿਸੇ ਵੇਲੇ ਪੰਜਾਬੀ ਸਾਹਿਤ ਸਿਰਜਣਾ ਵਿਚ ਔਰਤਾਂ ਬਹੁਤ ਹੀ ਘੱਟ ਗਿਣਤੀ ਵਿਚ ਸਨ ਪਰ ਅਜੋਕੇ ਦੌਰ ਵਿਚ ਇਹ ਅਸੰਤੁਲਨ ਮਿਟਿਆ ਹੋਇਆ ਪ੍ਰਤੀਤ ਹੁੰਦਾ ਹੈ। ਪੰਜਾਬੀ ਸਾਹਿਤ ਦੀ ਨਵੀਂ ਫ਼ਸਲ ਵਿਚ ਜਸਲੀਨ ਜਗਦਿਓ ਦਾ ਪ੍ਰਵੇਸ਼ ਵੀ ਇਸ ਦਾ ਪ੍ਰਮਾਣ ਹੈ। 'ਸਚਾਈ ਜ਼ਿੰਦਗੀ ਦੀ' ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਸ਼ਾਇਰਾ ਦੀਆਂ ਖੁੱਲ੍ਹੀਆਂ ਕਵਿਤਾਵਾਂ ਸ਼ਾਮਿਲ ਹਨ ਤੇ ਕੁਝ ਕਵਿਤਾਵਾਂ ਨੂੰ ਛੰਦ-ਬੰਦ ਵੀ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਵਿਤਾ ਵਿਚ ਅਨੁਭਵ ਦੀ ਪੇਸ਼ਕਾਰੀ ਉਸ ਨੂੰ ਪਰਪੱਕਤਾ ਵੱਲ ਲੈ ਜਾਂਦੀ ਹੈ। ਜਗਦਿਓ ਨੇ ਇਸ ਪੁਸਤਕ ਵਿਚ ਜ਼ਿਆਦਾਤਰ ਇਸਤਰੀ ਮਨ ਦੀਆਂ ਤੈਹਾਂ ਨੂੰ ਫਰੋਲਣ ਦਾ ਯਤਨ ਕੀਤਾ ਹੈ। ਔਰਤ ਵਲੋਂ ਔਰਤ ਦੀਆਂ ਸਮੱਸਿਆਵਾਂ ਬਾਰੇ ਲਿਖਣਾ ਸਚਾਈ ਦੇ ਵਧੇਰੇ ਕਰੀਬ ਹੋ ਜਾਂਦਾ ਹੈ। ਸ਼ਾਇਰਾ ਨੇ ਆਪਣੀ ਕਵਿਤਾ 'ਸਮਾਂ ਨਹੀਂ' ਵਿਚ ਅਜੋਕੇ ਦੌਰ ਦੇ ਮਨੁੱਖ ਦੀ ਹੋਣੀ ਦਾ ਬੜਾ ਖ਼ੂਬਸੂਰਤ ਪ੍ਰਗਟਾਅ ਕੀਤਾ ਹੈ, ਉਹ ਕਹਿੰਦੀ ਹੈ ਕਿ ਖ਼ੁਸ਼ੀ ਵੇਲੇ ਵੀ ਸਾਡੇ ਕੋਲ ਹੱਸਣ ਦਾ ਸਮਾਂ ਨਹੀਂ ਹੈ। ਮਾਂ ਦੀ ਲੋਰੀ ਤਾਂ ਯਾਦ ਹੈ ਪਰ ਮਾਂ ਕਹਿਣ ਦਾ ਵੀ ਕਿਸੇ ਕੋਲ ਵਿਹਲ ਨਹੀਂ ਹੈ। 'ਖ਼ਿਆਲ ਵਿਚ' ਵਿਚ ਉਹ ਮੁਹੱਬਤ ਨੂੰ ਧਰਤੀ ਆਸਮਾਨ ਦਾ ਰਿਸ਼ਤਾ ਆਖਦੀ ਹੈ ਤੇ 'ਸੱਚ' ਵਿਚ ਉਹ ਫੁੱਲਾਂ ਦੇ ਬਗ਼ੀਚੇ ਨਾਲੋਂ ਨਿੰਮ ਜਿਹੇ ਸਾਥੀ ਨੂੰ ਵਡਿਆਉਂਦੀ ਹੈ। ਆਪਣੀ ਕਵਿਤਾ 'ਕੈਨੇਡਾ ਜਾਣ ਦਾ ਸੁਪਨਾ' ਵਿਚ ਉਹ ਓਥੋਂ ਦੀ ਮੁਸ਼ਕਿਲ ਜ਼ਿੰਦਗੀ ਦਾ ਚਿਤਰਨ ਕਰਦੀ ਹੈ ਤੇ ਆਪਣੀ ਮਿੱਟੀ ਵਿਚ ਮੁੜ ਖੇਡਣ ਨੂੰ ਤਾਂਘਦੀ ਹੈ। ਇਹ ਰਚਨਾ ਵਿਦੇਸ਼ ਗਏ ਨੌਜਵਾਨਾਂ ਦੇ ਅੰਦਰ ਦੀ ਸਹੀ ਤਰਜ਼ਮਾਨੀ ਕਰਦੀ ਹੈ। 'ਜੀਵਨ ਸਾਥੀ ਦੀ ਚੋਣ' ਵਿਚ ਸ਼ਾਇਰਾ ਨੇ ਕੁੜੀਆਂ ਨੂੰ ਕਾਵਿਕ ਨਸੀਹਤਾਂ ਦਿੱਤੀਆਂ ਹਨ। ਇੰਝ ਜਗਦਿਓ ਔਰਤ ਦੇ ਅੰਦਰ ਦੀਆਂ ਗੁੰਝਲਾਂ ਨੂੰ ਖੋਲ੍ਹਦੀ ਹੀ ਨਹੀਂ ਬਲਕਿ ਉਨ੍ਹਾਂ ਨੂੰ ਢੁਕਵੀਂ ਦਿਸ਼ਾ ਵੀ ਦਿੰਦੀ ਹੈ। ਸ਼ਾਇਰਾ ਕੋਲ ਸ਼ਬਦ, ਵਿਸ਼ੇ ਤੇ ਸੱਜਰਾਪਨ ਹੈ ਪਰ ਅਜੇ ਭਵਿੱਖ ਵਿਚ ਉਸ ਨੇ ਬੜਾ ਕੁਝ ਗ੍ਰਹਿਣ ਕਰਨਾ ਤੇ ਸਿੱਖਣਾ ਹੈ। ਪਹਿਲੀ ਪੁਸਤਕ 'ਤੇ ਉਸ ਨੂੰ ਦੁਆਵਾਂ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਸੁੰਦਰ ਬਣ ਜੇ ਵਾਤਾਵਰਣ
ਲੇਖਿਕਾ : ਅਮਰਿੰਦਰ ਕੌਰ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 270 ਰੁਪਏ, ਸਫ਼ੇ : 112
ਸੰਪਰਕ : 98155-09621


ਇਹ ਪੁਸਤਕ ਬਹੁਤ ਹੀ ਜਾਣਕਾਰੀ ਭਰਪੂਰ ਹੈ, ਜਿਸ ਵਿਚ ਲੇਖਿਕਾ ਨੇ ਵਾਤਾਵਰਨ, ਵਿਗਿਆਨ, ਪ੍ਰਦੂਸ਼ਣ, ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਸੁਚੇਤ ਕੀਤਾ ਹੈ। ਕਾਦਰ ਦੀ ਕੁਦਰਤ ਬਹੁਤ ਹੀ ਖ਼ੂਬਸੂਰਤ ਹੈ ਅਤੇ ਇਸ ਦੀ ਸੁਰੱਖਿਆ ਸਾਡਾ ਸਭ ਦਾ ਫ਼ਰਜ਼ ਹੈ। ਇਸ ਕਾਇਨਾਤ ਵਿਚ ਜੀਵ-ਜੰਤੂ, ਫੁੱਲ-ਬੂਟੇ, ਪਸ਼ੂ-ਪੰਛੀ, ਕੀਟ-ਪਤੰਗੇ ਅਤੇ ਮਨੁੱਖ ਸਾਰੇ ਇਕ ਪਰਮਾਤਮਾ ਦੇ ਬੱਚੇ ਹਨ। ਅੱਜ ਦਾ ਮਨੁੱਖ ਵਾਤਾਵਰਨ ਨੂੰ ਗੰਧਲਾ ਕਰ ਕੇ, ਰੁੱਖਾਂ ਦੀ ਕਟਾਈ ਕਰ ਕੇ, ਜਾਨਵਰਾਂ 'ਤੇ ਜ਼ੁਲਮ ਕਰ ਕੇ ਕੁਦਰਤ ਦਾ ਸੰਤੁਲਨ ਵਿਗਾੜ ਰਿਹਾ ਹੈ। ਇਸ ਲਈ ਪੌਣ-ਪਾਣੀ ਦੂਸ਼ਿਤ ਹੋ ਗਏ ਹਨ। ਲੇਖਿਕਾ ਨੇ ਮਨੁੱਖ ਨੂੰ ਉਸ ਦੇ ਵਰਤਾਰੇ ਪ੍ਰਤੀ ਜਾਗਰੂਕ ਕੀਤਾ ਹੈ, ਜਿਥੇ ਉਸ ਨੇ ਵਿਲੱਖਣ ਜੀਵ-ਜੰਤੂਆਂ ਅਤੇ ਰੁੱਖ-ਬੂਟਿਆਂ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਹੀ ਵਿਸ਼ਵ ਪੱਧਰ 'ਤੇ ਮਨਾਏ ਜਾਣ ਵਾਲੇ ਮਹੱਤਵਪੂਰਨ ਦਿਨਾਂ ਬਾਰੇ ਵੀ ਵੇਰਵਾ ਦਿੱਤਾ ਹੈ ਜਿਵੇਂ ਵਾਤਾਵਰਨ ਦਿਵਸ, ਵਣ-ਮਹਾਂਉਤਸਵ, ਕੁਦਰਤ ਬਚਾਉਣ ਦਿਵਸ, ਓਜ਼ੋਨ ਦਿਵਸ, ਰੈਣ ਬਸੇਰਾ ਦਿਵਸ, ਜਾਨਵਰ ਭਲਾਈ ਦਿਵਸ, ਵਿਗਿਆਨ ਦਿਵਸ, ਏਡਜ਼ ਦਿਵਸ, ਪ੍ਰਦੂਸ਼ਣ ਰੋਕੂ ਦਿਵਸ, ਮਿੱਟੀ ਦਿਵਸ, ਊਰਜਾ ਬਚਾਓ ਦਿਵਸ, ਪੰਛੀ ਦਿਵਸ, ਕੋਹੜ ਰੋਕੂ ਦਿਵਸ, ਜਲਗਾਹਾਂ ਦਿਵਸ, ਕੈਂਸਰ ਦਿਵਸ, ਜੰਗਲੀ ਜੀਵ ਦਿਵਸ, ਚਿੜੀ ਦਿਵਸ, ਜੰਗਲਾਤ ਦਿਵਸ, ਪਾਣੀ ਦਿਵਸ, ਮੌਸਮ ਵਿਗਿਆਨ ਦਿਵਸ, ਸਿਹਤ ਦਿਵਸ, ਧਰਤੀ ਦਿਵਸ, ਜੈਵ-ਵਿਭਿੰਨਤਾ ਦਿਵਸ ਤੇ ਤੰਬਾਕੂ ਰੋਕੂ ਦਿਵਸ ਆਦਿ। ਸੁੰਦਰ ਤਸਵੀਰਾਂ ਅਤੇ ਕਵਿਤਾਵਾਂ ਨਾਲ ਸਜੀ ਇਹ ਪੁਸਤਕ ਬਹੁਤ ਦਿਲਚਸਪ ਅਤੇ ਗਿਆਨਵਰਧਕ ਹੈ। ਮਹੱਤਵਪੂਰਨ ਜਾਣਕਾਰੀ ਨਾਲ ਭਰਪੂਰ ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ। ਇਸ ਦਾ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਆਪ ਬੀਤੀ
ਲੇਖਕ : ਮੋਹਨ ਸਿੰਘ ਚਾਵਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 171
ਸੰਪਰਕ : 94638-36591


'ਆਪ ਬੀਤੀ' ਸਵੈ-ਜੀਵਨੀ ਦੇ 12 ਕਾਂਡ ਦਿੱਤੇ ਗਏ ਹਨ, ਜਿਨ੍ਹਾਂ ਦੇ ਵਿਚ ਵੱਖ-ਵੱਖ ਸਥਿਤੀਆਂ, ਦ੍ਰਿਸ਼ਾਂ ਦੀ ਗੱਲ ਦਰਸਾਈ ਗਈ ਹੈ। ਇਸ ਵਿਚ ਬਚਪਨ ਵਿਚ ਬੀਤੀਆਂ ਗੱਲਾਂ ਨੂੰ ਹੂ-ਬ-ਹੂ ਪੇਸ਼ ਕੀਤਾ ਗਿਆ ਹੈ। ਭਾਵੇਂ ਪੜ੍ਹਨ ਨੂੰ ਕੁਝ ਅਜੀਬ ਜਿਹਾ ਜਾਪਦਾ ਹੈ, ਪ੍ਰੰਤੂ ਲੇਖਕ ਨੇ ਆਪਣੀ ਬੋਲੀ ਉਹੀ ਅਪਣਾਈ ਹੈ ਜੋ ਉਸ ਸਮੇਂ ਵਰਤੀ ਗਈ। ਲੇਖਕ ਨੇ ਇਸ ਵਿਚ ਕੋਈ ਲੁਕ-ਛਿਪ ਨਹੀਂ ਕੀਤੀ ਅਤੇ ਨਾ ਹੀ ਕਿਸੇ ਕਿਸਮ ਦੀ ਲਿਖਤੀ ਮਿਲਾਵਟ ਕੀਤੀ ਹੈ। ਜੋ ਵੇਖਿਆ, ਸੁਣਿਆ ਤੇ ਬੀਤਿਆ ਉਹ ਕਲਮਬੰਦ ਕਰ ਦਿੱਤਾ। ਉਸ ਸਮੇਂ ਦੀਆਂ ਸਧਾਰਨ ਗੱਲਾਂ, ਰੀਤੀ-ਰਿਵਾਜ, ਆਪਸੀ ਬੋਲ-ਚਾਲ, ਖਾਣ-ਪੀਣ ਅਤੇ ਉਸ ਸਮੇਂ ਦੀਆਂ ਸਮਾਜਿਕ ਗੱਲਾਂ ਨੂੰ ਆਪਣੇ ਹੀ ਅੰਦਾਜ਼ ਵਿਚ ਕਹਿ ਦਿੱਤਾ। ਇਸ ਸਵੈ-ਜੀਵਨੀ ਵਿਚ ਵਾਰ-ਵਾਰ ਹਿੰਦੀ ਸ਼ਬਦਾਵਲੀ ਵੀ ਵਰਤੀ ਗਈ ਹੈ, ਜੋ ਕਿ ਇਲਾਕੇ ਦਾ ਅਸਰ ਵੀ ਕਿਹਾ ਜਾ ਸਕਦਾ ਹੈ। ਸਿੱਖ ਇਤਿਹਾਸ ਦਾ ਲੇਖਕ 'ਤੇ ਪ੍ਰਭਾਵ ਰਿਹਾ ਹੈ, ਜਿਸ ਦੀ ਝਲਕ ਵੀ ਇਸ ਸਵੈ-ਜੀਵਨੀ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ। ਲੇਖਕ ਆਪਣੇ ਪਿਤਾ ਦੀ ਲੇਖਣੀ ਤੋਂ ਕਾਫ਼ੀ ਪ੍ਰਭਾਵਿਤ ਰਿਹਾ ਹੈ। ਸਵੈ-ਜੀਵਨੀ ਦੀ ਸਮੁੱਚੀ ਭਾਸ਼ਾ, ਬੋਲ-ਚਾਲ ਦੀ ਸਧਾਰਨ ਭਾਸ਼ਾ ਹੈ, ਜਿਸ ਨੂੰ ਕਲਮਬੰਦ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਬਦਲ ਨਹੀਂ ਕੀਤਾ ਗਿਆ। ਲੇਖਕ ਦੀ ਸਵੈ-ਜੀਵਨੀ ਨੂੰ ਪੜ੍ਹਦੇ-ਪੜ੍ਹਦੇ ਨਾਲ-ਨਾਲ ਉਤਸੁਕਤਾ ਵੀ ਜਾਗਦੀ ਹੈ ਅਤੇ ਅੱਗੋਂ ਕੀ ਹੈ, ਇਹ ਵੀ ਜਾਣਨ ਦੀ ਚਾਹਤ ਰਹਿੰਦੀ ਹੈ। ਉਸ ਸਮੇਂ ਜੋ ਆਪਸੀ ਖਤੋ-ਖ਼ਿਤਾਬ ਹੋਇਆ, ਉਨ੍ਹਾਂ ਦਾ ਜ਼ਿਕਰ ਵੀ ਇਸ ਪੁਸਤਕ ਵਿਚ ਹੈ ਅਤੇ ਉਹੀ ਚਿੱਠੀਆਂ ਹੂ-ਬ-ਹੂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਸ ਸਮੇਂ ਇਸੇ ਤਰ੍ਹਾਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ, ਕਿਉਂਕਿ ਉਨ੍ਹਾਂ ਦਿਨਾਂ ਵਿਚ ਚਿੱਠੀ ਦਾ ਅਹਿਮ ਰੋਲ ਹੁੰਦਾ ਸੀ ਅਤੇ ਇਨ੍ਹਾਂ ਰਾਹੀਂ ਆਪਸੀ ਰਾਜ਼ੀ-ਖੁਸ਼ੀ, ਸੁੱਖ-ਸੁਨੇਹਿਆਂ ਦਾ ਪਤਾ ਲਗਦਾ ਰਹਿੰਦਾ ਸੀ।


-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990


ਸਮਕਾਲੀ ਪੰਜਾਬੀ ਗ਼ਜ਼ਲ ਵਿਚਾਰ ਅਤੇ ਵਿਧਾਨ
ਲੇਖਕਾ : ਡਾ. ਬਲਜਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95172-14546


ਵਿਚਾਰ ਅਧੀਨ ਪੁਸਤਕ ਪੰਜਾਬੀ ਗ਼ਜ਼ਲ ਦੇ ਰੂਪਗਤ ਅਧਿਐਨ ਨੂੰ ਪ੍ਰਸਤੁਤ ਕਰਦੀ ਹੈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਗੁਰਦਾਸ ਸਿੰਘ ਪਰਮਾਰ, ਉਲਫ਼ਤ ਬਾਜਵਾ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਸੁਹਿੰਦਰ ਬੀਰ, ਭੂਪਿੰਦਰ ਸਿੰਘ ਸੱਗੂ, ਸੁਰਜੀਤ ਜੱਜ, ਜਸਵਿੰਦਰ ਜਿਹੇ ਪਰਿਪੱਕ ਤੇ ਪ੍ਰੌੜ੍ਹ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਬਾਰੇ ਪੁਖ਼ਤਾ ਵਿਸ਼ਲੇਸ਼ਣ ਮਿਲਦਾ ਹੈ।ਪੁਸਤਕ ਦੇ ਪਹਿਲੇ ਨਿਬੰਧ 'ਅਜੋਕੀ ਪੰਜਾਬੀ ਗ਼ਜ਼ਲ: ਨਾਰੀ ਸਰੋਕਾਰ' ਵਿਚ ਲੇਖਿਕਾ ਨੇ ਆਧੁਨਿਕ ਸਮੇਂ ਵਿਚ ਰਚੀ ਜਾ ਰਹੀ ਪੰਜਾਬੀ ਗ਼ਜ਼ਲ ਵਿਚ ਨਾਰੀ-ਬਿੰਬ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਅਧਿਆਇ ਵਿਚ ਡਾ. ਜਗਤਾਰ, ਸੁਲੱਖਣ ਸਰਹੱਦੀ, ਸੁਹਿੰਦਰ ਬੀਰ, ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾਂ ਦੇ ਮਾਧਿਅਮ ਰਾਹੀਂ ਨਾਰੀ ਦੀ ਸਥਿਤੀ ਨੂੰ ਵਿਸ਼ਲੇਸ਼ਿਤ ਕੀਤਾ ਗਿਆ ਹੈ। ਦੂਜੇ ਚੈਪਟਰ ਵਿਚ ਬਰਤਾਨਵੀ ਕਵੀ ਗੁਰਦਾਸ ਸਿੰਘ ਪਰਮਾਰ (1929) ਦੀਆਂ ਗ਼ਜ਼ਲਾਂ ਦਾ ਉਸ ਦੇ ਗ਼ਜ਼ਲ-ਸੰਗ੍ਰਹਿ 'ਸੰਖਨਾਦ' ਦੇ ਹਵਾਲੇ ਨਾਲ ਲੇਖਾ-ਜੋਖਾ ਕੀਤਾ ਗਿਆ ਹੈ। ਤੀਜਾ ਅਧਿਆਏ ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ (1938-2008) ਦੀਆਂ ਗ਼ਜ਼ਲਾਂ ਵਿਚ ਵਿਅੰਗ ਦੇ ਹਥਿਆਰ ਦੀ ਪਛਾਣ ਕਰਦਾ ਹੈ। ਚੌਥੇ ਆਧਿਆਏ ਵਿਚ ਆਧੁਨਿਕ ਸਮੇਂ ਦੇ ਚਰਚਿਤ, ਸਨਮਾਨਿਤ ਤੇ ਪ੍ਰਤੀਨਿਧ ਸ਼ਾਇਰ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ, ਵਿਸ਼ੇਸ਼ ਤੌਰ 'ਤੇ 'ਸੁਰਜ਼ਮੀਨ' ਵਿਚ ਪੇਸ਼ ਸਰੋਕਾਰਾਂ ਦੀ ਚਰਚਾ ਕੀਤੀ ਗਈ ਹੈ। ਉਸ ਦੀਆਂ ਇਨ੍ਹਾਂ ਗ਼ਜ਼ਲਾਂ ਵਿਚ ਰੋਮਾਂਸਵਾਦ, ਪ੍ਰਗਤੀਵਾਦ, ਮਾਨਵਵਾਦ ਤੇ ਪਰਵਾਸ ਦੀਆਂ ਰੁਚੀਆਂ ਨੂੰ ਪਛਾਣਨ ਦੀ ਕੋਸ਼ਿਸ਼ ਮਿਲਦੀ ਹੈ। ਪੰਜਵੇਂ ਅਧਿਆਏ ਵਿਚ ਸੁਲੱਖਣ ਸਰਹੱਦੀ ਦੀਆਂ ਗ਼ਜ਼ਲਾਂ ਦੇ ਵਿਚਾਰਧਾਰਕ ਪਰਿਪੇਖ, ਖਾਸ ਕਰਕੇ ਉਹਦੀ ਮਾਰਕਸਵਾਦੀ ਵਿਚਾਰਧਾਰਾ ਪ੍ਰਤੀ ਪ੍ਰਤਿਬੱਧਤਾ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਸੁਹਿੰਦਰ ਬੀਰ ਮੌਜੂਦਾ ਸਮੇਂ ਦਾ ਇਕ ਹੋਰ ਜਾਣਿਆ-ਪਛਾਣਿਆ ਗ਼ਜ਼ਲਗੋ ਹੈ, ਜਿਸ ਦੀ ਮਾਨਵਵਾਦੀ ਦ੍ਰਿਸ਼ਟੀ ਅਤੇ ਸਮਕਾਲੀ ਸਰੋਕਾਰਾਂ ਬਾਰੇ ਲੇਖਕਾ ਨੇ ਛੇਵੇਂ ਅਧਿਆਏ ਵਿਚ ਚਰਚਾ ਕੀਤੀ ਹੈ। ਬਰਤਾਨਵੀ ਪੰਜਾਬੀ ਗ਼ਜ਼ਲ ਦੇ ਪ੍ਰਮੁੱਖ ਹਸਤਾਖਰ ਭੂਪਿੰਦਰ ਸਿੰਘ ਸੱਗੂ (1954-) ਦੇ ਗ਼ਜ਼ਲ-ਸੰਗ੍ਰਹਿ 'ਵਗਦੀ ਰਹੇ ਝਨਾਂ' ਨੂੰ ਆਧਾਰ ਬਣਾ ਕੇ ਉਹ ਦੀਆਂ ਗ਼ਜ਼ਲਾਂ ਵਿਚ ਸ਼ਾਸਤਰੀ ਬੰਦਿਸ਼ਾਂ ਦੀ ਪਰਿਪੱਕਤਾ ਨੂੰ ਸੱਤਵੇਂ ਅਧਿਆਏ ਵਿਚ ਪੇਸ਼ ਕੀਤਾ ਗਿਆ ਹੈ। ਸੁਰਜੀਤ ਜੱਜ ਦੇ ਗ਼ਜ਼ਲ-ਸੰਗ੍ਰਹਿ 'ਨਾ ਅੰਤ ਨਾ ਆਦਿ' ਵਿਚ ਮਿੱਥ ਰੂਪਾਂਤਰਨ ਨੂੰ ਆਧਾਰ ਬਣਾ ਕੇ ਇਕ ਵੱਖਰੇ ਅਧਿਆਏ ਵਿਚ ਗੰਭੀਰ ਚਰਚਾ ਮਿਲਦੀ ਹੈ। ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਗ਼ਜ਼ਲਗੋ ਜਸਵਿੰਦਰ ਦੇ ਗ਼ਜ਼ਲ-ਸੰਗ੍ਰਹਿ 'ਕੱਕੀ ਰੇਤ ਦੇ ਵਰਕੇ' ਅਤੇ 'ਅਗਰਬੱਤੀ' ਨੂੰ ਆਧਾਰ ਬਣਾ ਕੇ ਉਸ ਵਿਚ ਵਰਤੀ ਗਈ ਕਾਵਿ-ਭਾਸ਼ਾ ਦਾ ਵਿਸ਼ਲੇਸ਼ਣ ਨੌਵੇਂ ਤੇ ਅੰਤਿਮ ਅਧਿਆਏ ਵਿਚ ਕੀਤਾ ਗਿਆ ਹੈ। ਇਹ ਕਿਤਾਬ ਖੋਜ-ਵਿਧੀ ਮੁਤਾਬਕ ਹਵਾਲੇ ਦੇ ਕੇ ਵਿਉਂਤਬੱਧ ਕੀਤੀ ਗਈ ਹੈ, ਜੋ ਪੰਜਾਬੀ ਗ਼ਜ਼ਲ ਦੇ ਪ੍ਰਮੁੱਖ ਤੇ ਜਦੀਦ ਸ਼ਾਇਰਾਂ ਬਾਰੇ ਗੰਭੀਰ ਚਰਚਾ ਛੇੜਦੀ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਪਵਿੱਤਰ ਰੂਹਾਂ
ਲੇਖਿਕਾ : ਸੁਰਜੀਤ ਕੌਰ ਸਾਰੰਗ
ਪ੍ਰਕਾਸ਼ਕ : ਗੁਰਮਤਿ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 95
ਸੰਪਰਕ : 081306-60205


ਪਵਿੱਤਰ ਰੂਹਾਂ ਦੀ ਰਚੇਤਾ ਸੁਰਜੀਤ ਕੌਰ ਸਾਰੰਗ ਇਸ ਪੁਸਤਕ ਦੇ ਆਰੰਭ ਵਿਚ ਪੁਸਤਕ ਦੀ ਜਾਣਕਾਰੀ ਦਿੰਦੀ ਹੈ ਕਿ ਉਸ ਨੇ ਇਹ ਪੁਸਤਕ ਆਪਣੇ ਘਰ ਦੇ ਸਾਹਿਤਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਲਿਖੀ। ਉਹ ਆਪਣੇ ਪਿਤਾ ਸੋਹਣ ਸਿੰਘ ਸਾਰੰਗ ਤੋਂ ਗ੍ਰਹਿਣ ਕੀਤੇ ਪ੍ਰਭਾਵ ਆਪਣੀ ਕਾਵਿ-ਰਚਨਾ ਵਿਚ ਮਹਿਸੂਸ ਕਰਦੀ ਹੈ, ਜਿਸ ਪ੍ਰਕਾਰ ਪੁਰਾਤਨ ਕਵੀ ਆਪਣੀ ਰਚਨਾ ਦੇ ਆਰੰਭ ਵਿਚ ਪਰਮਾਤਮਾ ਦੀ ਸਿਫ਼ਤ ਵਜੋਂ ਮੰਗਲਾਚਰਨ ਲਿਖਦੇ ਸਨ, ਉਸੇ ਤਰ੍ਹਾਂ ਲੇਖਿਕਾ ਸਾਰੰਗ ਨੇ ਸ਼ੁਰੂ ਵਿਚ ਧੰਨਵਾਦ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਿਰਤੀ ਦਾ ਸੱਚ ਬੋਲਣ ਤੇ ਸੱਚ ਜੀਣ ਦਾ। ਉਸ ਨੇ ਆਪਣੇ ਨਿੱਜੀ ਦੁੱਖਾਂ ਦਾ ਪ੍ਰਗਟਾਵਾ ਵੀ ਕੀਤਾ ਹੈ। ਵੀਰ ਰਜਿੰਦਰ ਕਵਿਤਾ ਵਿਚ ਭੈਣ ਦੇ ਪਿਆਰ ਅਤੇ ਦੁੱਖ ਦਾ ਪ੍ਰਗਟਾਵਾ ਹੈ। ਉਹ ਮਨੁੱਖ/ਪਾਠਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਨਵਾਂ ਸੰਚਾਰ/ਊਰਜਾ ਦਿੰਦੀ ਹੈ। 'ਤੂੰ ਤੁਰ' ਕਵਿਤਾ ਵੇਖੀ ਜਾ ਸਕਦੀ ਹੈ।
ਡਰ ਨਾ ਤੂੰ ਤੁਰ / ਸੁਪਨਿਆਂ ਸੰਗ ਪਾ ਕਿੱਕਲੀ
ਵਾਵਾਂ ਨਾਲ ਸੰਵਾਦ ਰਚਾ।
ਗੁਰੂ ਤੇਗ ਬਹਾਦਰ ਜੀ, ਸਾਡੀ ਰੂਹ, ਜ਼ਿੰਦਗੀ, ਤੇਰੀ ਖ਼ਾਤਿਰ ਮਤਲਬ ਦੇ ਰਿਸ਼ਤੇ, ਜਿਊਣ ਦਾ ਸਹਾਰਾ, ਉਦਾਸ ਦਿਲ, ਤੇਰਾ ਸ਼ਹਿਰ ਪਵਿੱਤਰ ਰੂਹਾਂ, ਕਵਿਤਾਵਾਂ ਜ਼ਿੰਦਗੀ ਦੇ ਡੂੰਘੇ ਵਿਸ਼ਿਆਂ ਅਤੇ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਕੁਝ ਗੀਤ ਵੀ ਲਿਖੇ ਹਨ। ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਬਹੁਤ ਸੰਵੇਦਨਾ ਨਾਲ ਪ੍ਰਗਟ ਕੀਤਾ ਹੈ।
ਇਹ ਦੁਨੀਆ ਰੈਣ ਬਸੇਰਾ ਹੈ,
ਨਾ ਤੇਰਾ ਹੈ ਨਾ ਮੇਰਾ ਹੈ।
ਸਾਰੰਗ ਦੀ ਕਵਿਤਾ ਰੂਪ ਪੱਖੋਂ ਬਹੁਤ ਕਮਜ਼ੋਰ ਹੈ। ਜੇਕਰ ਉਹ ਕਿਸੇ ਕਵੀ ਦੀ ਅਗਵਾਈ ਹੇਠ ਆਪਣੀਆਂ ਰਚਨਾਵਾਂ ਦੀਆਂ ਕਾਵਿਕ ਖਾਮੀਆਂ ਦੂਰ ਕਰਵਾਉਣ ਦੀ ਕੋਸ਼ਿਸ਼ ਕਰਦੀ ਤਾਂ ਪੁਸਤਕ ਹੋਰ ਬਿਹਤਰ ਹੋ ਜਾਣੀ ਸੀ। 'ਗੁਰੂ ਨਾਨਕ ਜੱਗ ਵਿਚ ਆਏ' ਕਵਿਤਾ ਗੁਰੂ ਨਾਨਕ ਦੇਵ ਜੀ ਪ੍ਰਤੀ ਕਵਿੱਤਰੀ ਦੀ ਸ਼ਰਧਾ ਦਾ ਮੋਹ ਭਰਿਆ ਪ੍ਰਗਟਾਵਾ ਹੈ। 'ਕੁਦਰਤ', 'ਪਿਆਰ ਦੀ ਇਕ ਬੂੰਦ', 'ਬੇਵਫ਼ਾਈ', 'ਨਿੱਕੀਆਂ ਜਿੰਦਾਂ ਵੱਡੇ ਸਾਕੇ', 'ਚੁੱਪ', 'ਕਿਸੇ ਨਾ ਸੁਣੀ', 'ਦੁੱਖਾਂ ਭਰਿਆ ਸਾਲ' ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨਿਰਾਸ਼ਾ ਭਰਪੂਰ ਵੀ ਹਨ।
ਮੈਂ ਪਤਝੜ ਦਾ ਸੁੱਕਾ ਪੱਤਾ
ਰੁੱਖੋਂ ਡਿੱਗ ਧਰਤੀ 'ਤੇ ਆਇਆ।
ਤੇਜ਼ ਹਵਾ ਨੇ ਜਿਧਰ ਚਾਹਿਆ
ਮੈਂ ਓਧਰ ਹੀ ਉਡਾਇਆ।
ਰੁਮਾਂਟਿਕ ਵਿਸ਼ਿਆਂ ਨਾਲ ਸੰਬੰਧਿਤ ਵੀ ਕੁਝ ਰਚਨਾਵਾਂ ਵੇਖੀਆਂ ਜਾ ਸਕਦੀਆਂ ਹਨ। 'ਮਿਲ ਕੇ ਤੈਨੂੰ', 'ਬਿੰਦੀ ਲਗਾ ਦੇ', 'ਤੇਰੀ ਯਾਦ', 'ਤੂੰ ਤਬੀਤ ਬਣ ਜਾ ਮੇਰਾ' ਇਸ ਭਾਵ ਨਾਲ ਭਰਪੂਰ ਹਨ। 'ਮਾਂ ਬੋਲੀ', 'ਖ਼ਾਲਸੇ ਦਾ ਜਨਮ', 'ਵਿਸ਼ਵ ਕਵਿਤਾ ਦਿਵਸ', 'ਕਿਸਮਤ', 'ਸਾਵਣ ਆਇਆ', 'ਇਕੋ ਦੀਵਾ', 'ਤੇਰੀ ਮਹਿਫ਼ਲ', 'ਪਿਆਰ ਕਰਨਾ ਨਾ ਆਇਆ', 'ਹਾਂ ਜੀ ਮੈਂ ਲਿਖਾਰੀ ਹਾਂ', 'ਦਿਲ ਤਾਂ ਇਕ ਹੈ' ਕਵਿਤਾ ਸਧਾਰਨ ਜਿਹੀ ਪੇਸ਼ਕਾਰੀ ਹਨ, ਵਿਸ਼ੇ ਪੱਖੋਂ ਡੂੰਘੀਆਂ ਹਨ। ਕਵਿੱਤਰੀ ਨੇ ਸਰਬ ਭਾਸ਼ਾ ਰਾਹੀਂ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ। 'ਸੁਰਜੀਤ ਹਾਂ ਮੈਂ' ਕਵਿੱਤਰੀ ਦੀ ਆਪਣੇ-ਆਪ 'ਤੇ ਮਾਣ ਕਰਨ ਵਾਲੀ ਮਹੱਤਵਪੂਰਨ ਕਵਿਤਾ ਹੈ।


-ਪ੍ਰੋ: ਕੁਲਜੀਤ ਕੌਰ
ਐਚ.ਐੱਮ.ਵੀ., ਜਲੰਧਰ।

25-02-2023

 'ਗੁਰਬਾਣੀ ਦੀ ਵਿਲੱਖਣਤਾ' ਦਰਸਾਉਂਦੀ ਵਿਲੱਖਣ ਖੋਜ


ਗੁਰਬਾਣੀ ਦੀ ਵਿਲੱਖਣਤਾ ਨੂੰ ਭਾਸ਼ਾ ਅਤੇ ਸ਼ਬਦਿਕ ਵਿਆਖਿਆ ਦੇ ਪੱਧਰ 'ਤੇ ਦੂਜੀਆਂ ਭਾਸ਼ਾਵਾਂ ਨਾਲ ਰਲਗਡ ਕੀਤਾ ਜਾ ਰਿਹਾ ਹੈ। ਅਜਿਹੇ ਮਾਹੌਲ ਵਿਚ ਗੁਰਬਾਣੀ ਦੀ ਵਿਲੱਖਣਤਾ ਦਾ ਹੌਕਾ ਦਿੰਦੀ 'ਗੁਰਬਾਣੀ ਦੀ ਵਿਲੱਖਣਤਾ' ਨਾਂਅ ਦੀ ਕਿਤਾਬ ਡਾ. ਚਰਨ ਕਮਲ ਸਿੰਘ ਵਲੋਂ ਸੰਗਤ-ਅਰਪਣ ਕੀਤੀ ਗਈ ਹੈ। ਇਸ ਕਿਤਾਬ ਵਿਚ ਮੁੱਖ ਤੌਰ 'ਤੇ ਤਿੰਨ ਵਿਸ਼ੇ ਛੂਹੇ ਗਏ ਹਨ। ਇਹ ਤਿੰਨ ਵਿਸ਼ੇ ਇਹ ਹਨ ਗੁਰਬਾਣੀ ਦੇ ਉਪਦੇਸ਼, ਸ਼ਬਦਾਵਲੀ ਅਤੇ ਉਚਾਰਨ ਦੀ ਵਿਲੱਖਣਤਾ।
ਡਾ. ਚਰਨ ਕਮਲ ਸਿੰਘ ਨੇ ਇਹ ਸਿੱਟਾ ਕੱਢਿਆ ਹੈ ਕਿ ਗੁਰਬਾਣੀ ਦੇ ਉਪਦੇਸ਼ ਨੂੰ ਮੌਲਿਕ ਢੰਗ ਨਾਲ ਸਮਝਣ ਦਾ ਤਰੀਕਾ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਹੀ ਦਰਜ ਕੀਤਾ ਹੈ। ਉਨ੍ਹਾਂ ਅਨੁਸਾਰ, ਗੁਰ-ਉਪਦੇਸ਼ ਸਮਝਣ ਦਾ ਇਹ ਤਰੀਕਾ ਗੁਰਬਾਣੀ ਦਾ 'ਘਰੁ' ਹੈ। ਡਾ. ਚਰਨ ਕਮਲ ਸਿੰਘ ਅਨੁਸਾਰ ਕਿਉਂ ਜੋ ਸਾਰੇ ਉਪਦੇਸ਼ਾਂ ਨੂੰ ਸਮਝਣ ਦਾ ਢੰਗ ਇਕੋ ਨਹੀਂ ਹੋ ਸਕਦਾ ਹੈ, ਇਸ ਲਈ ਗੁਰਬਾਣੀ ਵਿਚ 'ਘਰੁ' ਵੱਖ-ਵੱਖ ਪ੍ਰਕਾਰ ਦੇ ਹਨ। ਗੁਰਬਾਣੀ ਦੇ ਵਿਆਖਿਆਕਾਰਾਂ ਅਤੇ ਕੀਰਤਨੀਆਂ ਨੇ ਆਮ ਤੌਰ 'ਤੇ ਗੁਰਬਾਣੀ ਦੇ 'ਘਰੁ' ਨੂੰ ਤਬਲੇ ਦੀ ਤਾਲ ਨਾਲ ਜੋੜਿਆ ਹੈ। ਭਾਵੇਂ ਅਜਿਹਾ ਸੰਬੰਧ ਸੰਗੀਤਕ ਪੱਖੋਂ ਅਤੇ ਗੁਰਬਾਣੀ ਦੀ ਭਾਵਨਾ ਪੱਖੋਂ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਜੀ ਅਤੇ ਅਜੋਕੇ ਗੁਰਮਤਿ ਸੰਗੀਤ ਦੇ ਵਿਦਵਾਨਾਂ ਨੂੰ ਬਹੁਤਾ ਸਾਰਥਿਕ ਨਹੀਂ ਲਗਦਾ ਸੀ ਪਰ ਵਿਡੰਬਨਾ ਇਹ ਸੀ ਕਿ ਗੁਰਬਾਣੀ ਦੇ 'ਘਰੁ' ਨਾਲ ਸੰਬੰਧਿਤ ਸਿਰਲੇਖਾਂ (ਭਾਵ ਘਰੁ ੧. ਘਰੁ ੨, ਘਰੁ ੩ ਆਦਿ) ਦਾ ਕੋਈ ਹੋਰ ਹੱਲ ਵੀ ਨਜ਼ਰੀਂ ਨਹੀਂ ਪੈ ਰਿਹਾ ਸੀ।
ਹੁਣ, ਡਾ. ਚਰਨ ਕਮਲ ਸਿੰਘ ਵਲੋਂ ਗੁਰਬਾਣੀ ਦੇ 'ਘਰੁ' ਬਾਰੇ ਵਿਲੱਖਣ ਖੋਜ ਸੰਗਤ-ਅਰਪਣ ਕੀਤੀ ਗਈ ਹੈ। ਮੈਂ ਕਈ ਸਾਲਾਂ ਤੋਂ ਜਾਣਦਾ ਹਾਂ ਕਿ ਡਾ. ਚਰਨ ਕਮਲ ਸਿੰਘ ਗੁਰਬਾਣੀ ਦੇ ਭੇਦਾਂ ਦੇ ਖੋਜੀ ਹੋਣ ਦੇ ਨਾਲ-ਨਾਲ ਗੁਰਮਤਿ ਸੰਗੀਤ ਦੇ ਮਾਹਿਰ ਵੀ ਹਨ। ਡਾ. ਸਾਹਿਬ ਨੇ ਧਿਆਨ ਦਿਵਾਇਆ ਹੈ ਕਿ ਗੁਰੂ ਸਾਹਿਬ ਨੇ ਪੜਤਾਲ ਦਾ ਘਰੁ ਨਿਰਧਾਰਿਤ ਕੀਤਾ ਹੈ। ਪੜਤਾਲ ਦਾ ਘਰੁ ਨਿਰਧਾਰਿਤ ਹੋ ਜਾਣ ਨਾਲ ਤਾਲ ਦਾ ਗੁਰਬਾਣੀ ਦੇ ਘਰੁ ਨਾਲ ਸੰਬੰਧ ਸਥਾਪਤ ਇਸ ਲਈ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਪੜਤਾਲ ਆਪਣੇ ਆਪ ਵਿਚ ਤਾਲਾਂ ਦਾ ਸਮੂਹ ਹੈ। ਜਦੋਂ ਤਾਲਾਂ ਦੇ ਸਮੂਹ ਦਾ ਵਿਸ਼ੇਸ਼ ਘਰੁ ਸਥਾਪਤ ਹੋ ਜਾਂਦਾ ਹੈ ਤਾਂ ਵੱਖ-ਵੱਖ ਤਾਲਾਂ ਦਾ ਘਰੁ ਨਾਲ ਵੱਖਰਾ ਸੰਬੰਧ ਨਹੀਂ ਹੋ ਸਕਦਾ ਹੈ। ਗੁਰਬਾਣੀ ਵਿਚ 'ਘਰੁ' ਨੂੰ ਗਾਇਣ ਨਾਲ ਸੰਬੰਧਿਤ ਕਰਨ ਵਾਲੇ ਸੰਕੇਤ ਮਿਲਦੇ ਹਨ ਜਿਵੇਂ 'ਯਾਨੜੀਏ ਕੈ ਘਰਿ ਗਾਵਣਾ'। 'ਗਾਵਣਾ' ਦਾ ਵਿਲੱਖਣ ਭਾਵ ਡਾ. ਚਰਨ ਕਮਲ ਸਿੰਘ ਨੇ ਕਿਤਾਬ ਦੇ ਦੂਜੇ ਮੁੱਖ ਵਿਸ਼ੇ ਭਾਵ, ਗੁਰਬਾਣੀ ਦੀ ਸ਼ਬਦਾਵਲੀ ਦੀ ਵਿਲੱਖਣਤਾ ਦੇ ਅਧਿਐਨ ਰਾਹੀਂ ਦਰਸਾਇਆ ਹੈ ਕਿ ਗੁਰਬਾਣੀ ਵਿਚ ਦਰਜ 'ਗਾਵੈ' ਦਾ ਭਾਵ 'ਸਮਝਣਾ' ਵੀ ਹੈ, ਜਿਵੇਂ 'ਗਾਵੈ ਕੋ ਵਿੱਦਿਆ ਵਿਖਮ ਵਿਚਾਰ' ਦਾ ਭਾਵ ਕੋਈ ਵਿੱਦਿਆ ਨੂੰ 'ਸਮਝ ਕੇ' ਔਖੇ ਵਿਚਾਰ ਪੇਸ਼ ਕਰਦਾ ਹੈ; 'ਗਾਵੈ ਕੋ ਜਾਪੈ ਦਿਸੈ ਦੂਰ' ਭਾਵ, ਕੋਈ 'ਸਮਝਦਾ' ਹੈ ਕਿ ਰੱਬ ਕਿੱਧਰੇ ਦੂਰ ਹੈ ਅਤੇ 'ਗਾਵੈ ਕੋ ਵੇਖੈ ਹਾਦਰਾ ਹਦੂਰ' ਭਾਵ, ਕੋਈ ਰੱਬ ਨੂੰ ਹਾਜ਼ਰ-ਨਾਜ਼ਰ 'ਸਮਝਦਾ' ਹੈ। ਗੁਰਬਾਣੀ ਦੇ 'ਗਾਵੈ' ਦਾ ਵਿਲੱਖਣ ਭਾਵ ਸਮਝੇ ਬਿਨਾਂ ਇਨ੍ਹਾਂ ਗੁਰਬਾਣੀ ਦੀਆਂ ਤੁਕਾਂ ਦੀ ਸਹੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੈ। ਇਵੇਂ ਹੀ ਗੁਰਬਾਣੀ ਦੀ ਸ਼ਬਦਾਵਲੀ ਜਿਵੇਂ, 'ਨਾਮੁ', 'ਜਪੁ', 'ਸੇਵਾ', 'ਮਨ', 'ਸ਼ਬਦ', 'ਚਰਨ ਕਮਲ', 'ਹਉਮੈ' ਆਦਿ ਭਾਵੇਂ ਹੋਰ ਭਾਸ਼ਾਵਾਂ ਵਿਚ ਵੀ ਵਰਤੀ ਜਾਂਦੀ ਹੈ, ਪਰ ਗੁਰਬਾਣੀ ਦੀ ਸ਼ਬਦਾਵਲੀ ਦੀ ਵਿਆਖਿਆ ਵਿਲੱਖਣ ਹੈ। ਗੁਰਬਾਣੀ ਦੇ ਮੌਲਿਕ ਫ਼ਲਸਫ਼ੇ ਨੂੰ ਸਮਝਣ ਲਈ ਗੁਰਬਾਣੀ ਦੇ ਅਜਿਹੇ ਬੁਨਿਆਦੀ ਸ਼ਬਦਾਂ ਦੀ ਵਿਆਖਿਆ ਦੀ ਵਿਲੱਖਣਤਾ ਦੀ ਜਾਣਕਾਰੀ ਅਤਿ-ਮਹੱਤਵਪੂਰਨ ਹੈ। ਡਾ. ਚਰਨ ਕਮਲ ਸਿੰਘ ਦੀ ਖੋਜ ਦਾ ਸਿਰਕੱਢ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਦੇ 'ਘਰੁ'-ਸੰਬੰਧੀ ਉਚੇਚੇ ਸੰਕੇਤਾਂ ਨੂੰ ਲੱਭਿਆ ਹੈ। ਗੁਰੂ ਸਾਹਿਬ ਦੇ ਇਹ ਸੰਕੇਤ, ਗੁਰਬਾਣੀ ਦੇ ਸਿਰਲੇਖਾਂ ਵਿਚ 'ਸੰਖੇਪ ਮੰਗਲਾਚਰਨ' ਅਤੇ ਬਾਣੀਆਂ ਵਿਚ 'ਗਿਣਤੀ ਦੀ ਮੁੜ-ਸ਼ੁਰੂਆਤ' ਦੇ ਰੂਪ ਵਿਚ ਹਨ। ਗੁਰੂ ਸਾਹਿਬ ਦੇ ਇਨ੍ਹਾਂ ਸੰਕੇਤਾਂ ਅਨੁਸਾਰ, ਇਸ ਵੱਡੇ ਆਕਾਰ ਵਾਲੀ ਕਿਤਾਬ ਵਿਚ ਗੁਰਬਾਣੀ ਦੇ ਵੱਖ-ਵੱਖ ਉਪਦੇਸ਼ਾਂ ਨੂੰ ਵੱਖ-ਵੱਖ ਘਰਾਂ ਵਿਚ ਕਿਵੇਂ ਸਮਝਣਾ ਹੈ, ਵਿਸਤਾਰ ਨਾਲ ਦਰਜ ਕੀਤਾ ਹੈ।
ਅਜੋਕੇ ਸਮੇਂ ਵਿਚ ਗੁਰਬਾਣੀ ਦੇ ਘਰੁ ਦੇ ਪ੍ਰਕਾਰਾਂ ਨੂੰ ਇਉਂ ਸਮਝਣ ਵਾਲੇ ਡਾ. ਚਰਨ ਕਮਲ ਸਿੰਘ ਪਹਿਲੇ ਵਿਚਾਰਵਾਨ ਹਨ। ਉਨ੍ਹਾਂ ਅਨੁਸਾਰ, ਘਰੁ ੧ ਦੀ ਹਰ ਤੁਕ ਵਿਚ ਇਕ ਅਧਿਆਤਮਿਕ ਵਿਸ਼ਾ ਹੁੰਦਾ ਹੈ ਅਤੇ ਘਰੁ ੨ ਦਾ ਹਰ ਉਪਦੇਸ਼ ਦੋ-ਦੋ ਘਰਾਂ ਦਾ ਜੋੜ ਕਰਕੇ ਬਣਦਾ ਹੈ। ਘਰੁ ੩ ਦੀ ਬਾਣੀ ਦੇ ਹਰ ਪਦੇ ਵਿਚ ਗੁਰੂ ਸਾਹਿਬ ਦਾ ਉਪਦੇਸ਼ ਤਿੰਨ ਘਰਾਂ ਦੇ ਜੋੜ ਨਾਲ ਬਣਦਾ ਹੈ। ਇਸੇ ਤਰ੍ਹਾਂ, ਘਰੁ ੪ ਦਾ ਉਪਦੇਸ਼ ਚਾਰ ਘਰਾਂ ਨਾਲ ਅਤੇ ਘਰੁ ੫ ਦਾ ਉਪਦੇਸ਼ ਪਦੇ ਵਿਚ ਪੰਜ ਘਰਾਂ ਦੇ ਜੋੜ ਨਾਲ ਬਣਦਾ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਬਾਣੀਆਂ ਨੂੰ ਵੱਖ-ਵੱਖ ਘਰੁ ਅਨੁਸਾਰ ਸਮਝਣ ਦਾ ਵਿਧਾਨ ਸਮਝਾਇਆ ਹੈ। ਡਾ. ਚਰਨ ਕਮਲ ਸਿੰਘ ਅਨੁਸਾਰ ਘਰੁ ਦੇ ਕੁਝ ਸਿਰਲੇਖ ਗੁਰੂ ਸਾਹਿਬ ਦੇ ਘਰ ਸੰਬੰਧੀ ਅਨੁਕੂਲ ਨਹੀਂ ਹਨ। ਘਰੁ ਦੇ ਅਜਿਹੇ ਸਿਰਲੇਖਾਂ ਦਾ ਵਿਸਤਾਰ ਕਿਤਾਬ ਵਿਚ ਦਰਜ ਕੀਤਾ ਹੈ। ਗੁਰਬਾਣੀ ਦੇ ਛੰਤਾਂ ਦੇ ਘਰਾਂ ਦੇ ਪ੍ਰਕਾਰਾਂ ਨੂੰ ਲੋੜੀਂਦੇ ਵਿਸਤਾਰ ਨਾਲ ਪਹਿਲੀ ਵਾਰ ਦਰਸਾਇਆ ਗਿਆ ਹੈ। ਜਾਪਦਾ ਹੈ ਕਿ ਡਾ. ਚਰਨ ਕਮਲ ਸਿੰਘ ਨੇ ਗੁਰਬਾਣੀ ਦੇ ਘਰ ਦਾ ਅਜਿਹਾ ਪੱਖ ਸੰਗਤਾਂ ਸਾਹਮਣੇ ਰੱਖਿਆ ਹੈ, ਜਿਸ ਨੂੰ ਕੇਵਲ ਤਾਲ ਕਹਿ ਕੇ ਅੱਖੋਂ ਪਰੋਖੇ ਕੀਤਾ ਹੋਇਆ ਸੀ, ਪਰ ਜੇਕਰ ਇਨ੍ਹਾਂ ਘਰਾਂ ਦਾ ਸੰਬੰਧ ਗੁਰਬਾਣੀ ਨੂੰ ਸਮਝਣ ਨਾਲ ਹੀ ਹੈ ਤਾਂ ਕਿਉਂਕਿ ਇਹ ਘਰ ਗੁਰੂ ਸਾਹਿਬ ਵਲੋਂ ਹੀ ਗੁਰਬਾਣੀ ਨਾਲ ਦਰਜ ਕੀਤੇ ਗਏ ਹਨ। ਇਸ ਲਈ ਗੁਰਬਾਣੀ ਦੇ ਘਰ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਅਤੇ ਘਰਾਂ ਦੀ ਨਿਯਮਾਂਵਲੀ ਤਹਿਤ ਸਮਝਣ ਨਾਲ ਹੀ ਗੁਰਬਾਣੀ ਦਾ ਮੌਲਿਕ ਉਪਦੇਸ਼ ਹਾਸਲ ਕੀਤਾ ਜਾ ਸਕਦਾ ਹੈ।
ਇਸ ਕਿਤਾਬ ਦਾ ਤੀਜਾ ਮੁੱਖ ਵਿਸ਼ਾ ਗੁਰਬਾਣੀ ਉਚਾਰਨ ਹੈ। ਭਾਵੇਂ ਗੁਰਬਾਣੀ ਉਚਾਰਨ ਬਾਰੇ ਪਹਿਲਾਂ ਵੀ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਪਰ ਗੁਰਬਾਣੀ ਦੇ ਉਚਾਰਨ ਲਈ ਨਾਂਵ, ਪੜਨਾਂਵ, ਕਿਰਿਆ ਅਤੇ ਸੰਬੰਧਕ ਦੇ ਪਹਿਲੇ, ਵਿਚਕਾਰਲੇ ਅਤੇ ਆਖ਼ਰੀ ਅੱਖਰ ਦੀ ਹਰ ਲਗ ਦੀ ਲਘੂ, ਪੂਰਨ ਅਤੇ ਦੀਰਘ ਧੁਨੀ ਨੂੰ ਤਕਨੀਕੀ ਭਾਸ਼ਾਈ ਪੱਧਤੀ ਅਨੁਸਾਰ ਡਾ. ਚਰਨ ਕਮਲ ਸਿੰਘ ਨੇ ਪਹਿਲੀ ਵਾਰ ਨਿਰਧਾਰਿਤ ਕੀਤਾ ਹੈ ਅਤੇ ਗੁਰਬਾਣੀ ਸ਼ਬਦਾਂ ਦੇ ਆਖ਼ਰੀ ਅੱਖਰ ਨੂੰ ਲੱਗੀ ਸਿਹਾਰੀ ਅਤੇ ਔਂਕੜ ਦੇ ਉਚਾਰਨ ਦਾ ਹੱਲ ਵੀ ਪਹਿਲੀ ਵਾਰ ਸੁਝਾਇਆ ਹੈ, ਜਿਸ ਨਾਲ ਗੁਰਬਾਣੀ ਦੇ ਉਚਾਰਨ ਦੀ ਵਿਲੱਖਣਤਾ ਸਥਾਪਤ ਹੋਵੇਗੀ।
ਇਹ ਪ੍ਰਕਾਸ਼ਨ ਵੱਡੇ ਆਕਾਰ ਦੀ ਕਿਤਾਬ ਵਜੋਂ ਜਾਂ ਈ-ਬੁੱਕ ਵਜੋਂ ਵਾਈਟ ਫਾਲਕਨ ਪਬਲੀਕੇਸ਼ਨ ਤੋਂ ਆਨਲਾਈਨ ਪ੍ਰਾਪਤ ਕੀਤੀ ਜਾ ਸਕਦੀ ਹੈ।


-ਭਾਈ ਵਰਿੰਦਰ ਸਿੰਘ ਨਿਰਮਾਣ, ਮੁੰਬਈ ਵਾਲੇ
ਸਾਬਕਾ ਹੈੱਡ ਰਾਗੀ,
ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ


ਇਕ ਸੰਤ ਸਿਪਾਹੀ
ਕਵੀ : ਅਮਰਜੀਤ ਸਿੰਘ ਇਬਰਾਹੀਮਪੁਰੀ
ਪ੍ਰਕਾਸ਼ਕ : ਸੰਧੂ ਕਿਤਾਬ ਘਰ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 0172-5027427


ਹਥਲੀ ਪੁਸਤਕ ਕਵੀ ਅਮਰਜੀਤ ਸਿੰਘ ਇਬਰਾਹੀਮਪੁਰੀ ਦੀ ਪਲੇਠੀ ਪੁਸਤਕ ਹੈ। ਪੁਸਤਕ ਦਾ ਸਿਰਲੇਖ 'ਇਕ ਸੰਤ ਸਿਪਾਹੀ' ਵਜੋਂ ਅੰਕਿਤ ਕਰ ਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸ਼ਰਧਾ ਅਤੇ ਅਕੀਦਤ ਪੇਸ਼ ਕੀਤੀ ਗਈ ਹੈ। ਪੁਸਤਕ ਵਿਚ ਕਵੀ ਦੀਆਂ ਪੰਜ ਦਰਜਨ ਦੇ ਕਰੀਬ ਬਹੁਪੱਖੀ ਰਚਨਾਵਾਂ ਵਿਚ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਤੇ ਧਾਰਮਿਕ ਕਵਿਤਾਵਾਂ ਨੂੰ ਸੰਗ੍ਰਹਿ ਕਰਨ ਤੋਂ ਇਲਾਵਾ ਮਨੁੱਖੀ ਜੀਵਨ ਵਿਚ ਆ ਰਹੇ ਉਤਰਾਵਾਂ-ਚੜ੍ਹਾਵਾਂ ਤੋਂ ਬਿਨਾਂ ਦਰਪੇਸ਼ ਕਠਿਨਾਈਆਂ, ਮੁਸ਼ਕਿਲਾਂ ਅਤੇ ਦੁੱਖਾਂ-ਸੁਖਾਂ ਨੂੰ ਵੀ ਬਾਖ਼ੂਬੀ ਬਿਆਨ ਕਰਨ ਦਾ ਯਤਨ ਕੀਤਾ ਹੈ। ਕੁਝ ਕੁ ਕਵਿਤਾਵਾਂ ਵਿਚ ਕਵੀ ਧਰਮਾਂ, ਜਾਤਾਂ ਤੇ ਗ਼ਰੀਬੀ, ਅਮੀਰੀ ਵਿਚ ਫਸੇ ਮਨੁੱਖ ਦੀ ਮਨੋ-ਦਸ਼ਾ ਅਤੇ ਦਿਸ਼ਾ ਨੂੰ ਚਿੱਤਰਦਾ ਆਪਣੇ ਹਿਰਦੇ ਦੀ ਵੇਦਨਾ ਨੂੰ ਪ੍ਰਗਟ ਕਰ ਰਿਹਾ ਹੈ। ਕਵੀ ਵਿਦੇਸ਼ ਦੀ ਧਰਤੀ 'ਤੇ ਬੈਠਾ ਪ੍ਰਵਾਸ ਨਾਲ ਸੰਬੰਧਿਤ ਆਪਣੇ ਹਿਰਦੇ ਦੀ ਹੂਕ ਤੇ ਦਰਦ ਨੂੰ ਬੜੀ ਸ਼ਿੱਦਤ ਨਾਲ ਬਿਆਨ ਕਰ ਰਿਹਾ ਹੈ। ਮਾਂ-ਬੋਲੀ ਨੂੰ ਛੱਡ ਰਹੀ ਨਵੀਂ ਪੀੜ੍ਹੀ ਦਾ ਦੁੱਖ ਵੀ ਉਸ ਦੇ ਹਿਰਦੇ ਵਿਚੋਂ ਆਪ-ਮੁਹਾਰੇ ਚੀਸ ਬਣ ਕੇ ਬਾਹਰ ਆ ਰਿਹਾ ਹੈ। ਉਸ ਦੇ ਵਿਚਾਰਾਂ ਤੇ ਖਿਆਲਾਂ ਦੀਆਂ ਉਡਾਰੀਆਂ ਉਸ ਨੂੰ ਵਾਰ-ਵਾਰ ਆਪਣੇ ਬਚਪਨ ਤੇ ਜਵਾਨੀ ਦੇ ਬੀਤੇ ਦਿਨਾਂ ਦੀਆਂ ਯਾਦਾਂ ਦੀ ਪਟਾਰੀ ਨੂੰ ਖੋਲ੍ਹਣ ਲਈ ਮਜਬੂਰ ਕਰ ਰਹੀਆਂ ਹਨ।
ਕਵੀ ਦਾ ਆਪਣਾ ਜੀਵਨ ਗੁਰਮਤਿ ਅਨੁਸਾਰੀ ਹੋਣ ਕਰਕੇ ਇਤਿਹਾਸਕ ਪ੍ਰਸੰਗਾਂ ਨਾਲ ਵੀ ਅਥਾਹ ਪਿਆਰ ਹੈ। ਕਵੀ ਨੇ 'ਵਾਰ ਭਾਈ ਬਚਿੱਤਰ ਸਿੰਘ' ਲਿਖ ਕੇ ਸੂਰਬੀਰਤਾ ਤੇ ਬਹਾਦਰੀ ਨੂੰ ਵੀ ਪ੍ਰਣਾਮ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ 'ਅੰਮ੍ਰਿਤ ਦੀ ਸ਼ਕਤੀ', 'ਸਿੰਘ ਦੀ ਮੌਤ ਨੂੰ ਵੰਗਾਰ', 'ਪੂਹਲਾ ਹੰਕਾਰੀ', 'ਭਗਤ ਨਾਮ ਦੇਵ', 'ਸੈਦਾ ਮਲਾਹ', 'ਚਮਕੌਰ ਦੀ ਜੰਗ', 'ਚੰਨ ਗੁਜਰੀ ਦਾ' ਅਜਿਹੀਆਂ ਰਚਨਾਵਾਂ ਹਨ, ਜਿਨ੍ਹਾਂ ਵਿਚ ਕਵੀ ਦਾ ਸਿੱਖ ਧਰਮ ਪ੍ਰਤੀ ਪਿਆਰ ਤੇ ਸ਼ਰਧਾ ਆਪ-ਮੁਹਾਰੇ ਕਲ-ਕਲ ਵਗ ਰਹੇ ਚਸ਼ਮੇ ਵਾਂਗ ਫੁੱਟਦੀ ਦਿਖਾਈ ਦਿੰਦੀ ਹੈ।
ਪੁਸਤਕ ਦੇ ਆਰੰਭ ਵਿਚ ਕਵੀ ਵਲੋਂ 'ਚੇਟਕ ਲਗਣੀ' ਵਜੋਂ ਸ਼ਾਮਿਲ ਦੋ ਸ਼ਬਦ ਉਸ ਦੀ ਅੰਤਰ ਆਤਮਾ ਦੀ ਆਵਾਜ਼ ਹਨ। ਉੱਘੀ ਧਾਰਮਿਕ ਹਸਤੀ ਤੇ ਲੇਖਕ ਤਰਲੋਚਨ ਸਿੰਘ ਦੁਪਾਲਪੁਰੀ ਵਲੋਂ ਅਸੀਸ ਵਜੋਂ ਲਿਖੀਆਂ ਕੁਝ ਕੁ ਸਤਰਾਂ ਕਵੀ ਦੀ ਹੌਸਲਾ ਅਫ਼ਜ਼ਾਈ ਕਰਨਗੀਆਂ। 'ਇਕ ਸੰਤ ਸਿਪਾਹੀ', 'ਸਮੇਂ ਦੇ ਬੋਲ' ਵਜੋਂ ਪੁਸਤਕ ਦੇ ਆਰੰਭ ਵਿਚ ਅੰਕਿਤ ਕਰ ਕੇ ਪੁਸਤਕ ਸੰਬੰਧੀ ਲੇਖਕ ਦੇ ਉੱਦਮ ਅਤੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਪ੍ਰੋ. ਜਸਪਾਲ ਸਿੰਘ ਸੈਣੀ ਨੇ ਕਵੀ ਨੂੰ ਨਿਕਟ ਭਵਿੱਖ ਵਿਚ ਹੋਰ ਚੰਗੀ ਲੇਖਣੀ ਲਈ ਪ੍ਰੇਰਿਤ ਕੀਤਾ ਹੈ। ਲੇਖਕ ਦੀਆਂ ਵੰਨਗੀਆਂ ਵਜੋਂ ਕੁਝ ਕਵਿਤਾਵਾਂ ਦੀਆਂ ਸਤਰਾਂ ਪਾਠਕਾਂ ਦੇ ਸਨਮੁੱਖ ਪੇਸ਼ ਹਨ।
-ਮੈਨੂੰ ਸੋਨੇ ਕੜਿਆਂ ਦੀ ਲੋੜ ਨਹੀਂ ਏ,
ਸਰਬ ਲੋਹ ਦੇ ਕੜੇ ਪੁਆਵਾਂਗਾ ਮੈਂ।
ਜਿਹੜਾ ਪਾ ਕੇ ਬਣੇਗਾ ਸਿੰਘ ਮੇਰਾ,
ਸਵਾ ਲੱਖ ਨਾਲ 'ਕੱਲਾ ਲੜਾਂਗਾ ਮੈਂ। ਕਵਿਤਾ (ਸੰਤ ਸਿਪਾਹੀ)
-ਨਹੀਂ ਜੱਗ 'ਤੇ ਮਿਲੇ ਮਿਸਾਲ ਕਿਧਰੇ,
ਬੰਦਾ ਹਾਥੀ ਦੇ ਨਾਲ ਟਕਰਾਉਣ ਚੱਲਿਆ।
ਇਕ ਗੱਲ ਅਨਹੋਣੀ ਜੇਹੀ ਕਰਨ ਦੇ ਲਈ,
ਹੱਥ ਹੋਣੀ ਦੇ ਗਲ ਨੂੰ ਪਾਉਣ ਚੱਲਿਆ। ਕਵਿਤਾ (ਭਾਈ ਬਚਿੱਤਰ ਸਿੰਘ)
-ਸਕੂਲੋਂ ਭੱਜ ਭੱਜ ਨਹਿਰ 'ਚ ਨ੍ਹਾਉਣਾ,
ਪਤਾ ਲੱਗਣ 'ਤੇ ਲੁਕ ਖਲ੍ਹੋਣਾ।
ਜਦ ਬਾਪੂ ਨੇ ਛਿੱਤਰ ਲਾਹੁਣਾ,
ਮਾਂ ਨੇ ਚੁੰਨੀ ਹੇਠ ਲੁਕੋਣਾ,
ਇੰਝ ਮਾਂ ਚੇਤੇ ਆ ਜਾਂਦੀ ਏ,
ਪਿੰਡ ਦੀ ਯਾਦ ਸਤਾ ਜਾਂਦੀ ਏ।
ਕਵਿਤਾ (ਪਿੰਡ ਦੀ ਜੂਹ)


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਧਨੁ ਲੇਖਾਰੀ ਨਾਨਕਾ
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬੀਲਕੇਸ਼ਨਜ਼ ਦਿੱਲੀ
ਮੁੱਲ : 350 ਰੁਪਏ, ਸਫ਼ੇ : 239
ਸੰਪਰਕ : 099588-31357


'ਧਨੁ ਲੇਖਾਰੀ ਨਾਨਕਾ' (ਡਾ. ਅਮਰ ਕੋਮਲ ਲਿਖਤ ਸ਼ਬਦ ਚਿੱਤਰ) ਪੁਸਤਕ ਦੇ ਸੰਪਾਦਕ ਡਾ. ਬਲਦੇਵ ਸਿੰਘ 'ਬੱਦਨ' ਹਨ। ਪੁਸਤਕ 16 ਸ਼ਬਦ ਚਿੱਤਰਾਂ ਦਾ ਗੁਲਦਸਤਾ ਹੈ, ਜਿਸ ਵਿਚ ਪੰਜਾਬੀ ਸਾਹਿਤ ਤੇ ਆਲੋਚਨਾ ਦੇ ਸੁਪ੍ਰਸਿੱਧ ਵਿਦਵਾਨ ਡਾ. ਸੁਹਿੰਦਰ ਵਣਜਾਰਾ ਬੇਦੀ, ਡਾ. ਰਤਨ ਸਿੰਘ ਜੱਗੀ, ਡਾ. ਅਮਰ ਕੋਮਲ, ਡਾ. ਚਰਨਦਾਸ ਸਿੱਧੂ, ਕਰਮ ਸਿੰਘ ਮਾਨ, ਡਾ. ਤੇਜਵੰਤ ਸਿੰਘ ਮਾਨ, ਡਾ. ਨਰਿੰਦਰ ਕਪੂਰ, ਸੁਲੱਖਣ ਸਰਹੱਦੀ, ਡਾ. ਜਗਜੀਤ ਕੋਮਲ, ਮੇਘ ਰਾਜ ਮਿੱਤਰ, ਰਾਮ ਸਰੂਪ ਸ਼ਰਮਾ, ਡਾ. ਬਲਦੇਵ ਸਿੰਘ ਬੱਦਨ, ਡਾ. ਮੇਘਾ ਸਿੰਘ, ਕੁਲਬੀਰ ਕੌਰ ਬਡੇਸਰੋਂ, ਡਾ. ਹਰਪ੍ਰੀਤ ਰਾਣਾ, ਡਾ. ਤਰਸਪਾਲ ਕੌਰ ਆਦਿ ਬਾਰੇ ਜ਼ਿਕਰ ਕੀਤਾ ਗਿਆ ਹੈ। ਪੁਸਤਕ ਵਿਚੋਂ ਡਾ. ਅਮਰ ਕੋਮਲ ਦੀ ਕਲਾਤਮਿਕਤਾ ਉਜਾਗਰ ਹੁੰਦੀ ਹੈ। ਸ਼ਬਦਾਂ ਦੇ ਸੁਹਜ ਰਾਹੀਂ ਵਿਦਵਾਨਾਂ ਦੀ ਵਿਚਾਰਧਾਰਾ, ਜੀਵਨ ਦ੍ਰਿਸ਼ਟੀ, ਕਾਰਜਸ਼ੈਲੀ, ਸੰਘਰਸ਼ੀ ਜੀਵਨ, ਅਧਿਐਨ ਤੇ ਅਧਿਆਪਨ ਦੀ ਲਗਨ, ਸਾਹਿਤ ਨੂੰ ਦੇਣ, ਤੰਗੀਆਂ-ਤੁਰਸ਼ੀਆਂ, ਅਣਥੱਕ ਮਿਹਨਤ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਡਾ. ਕੋਮਲ ਦੁਆਰਾ ਵਰਤੀ ਗਈ ਸੁਹਜ ਭਰਪੂਰ ਸ਼ਬਦਾਵਲੀ, ਹੀਰੇ-ਮੋਤੀਆਂ ਵਰਗੀ ਸ਼ਬਦ ਜੜਤ, ਵਿਚਾਰਾਂ ਦੀ ਉਡਾਰੀ ਰਾਹੀਂ ਸਮਕਾਲੀ ਹਾਲਤਾਂ ਦਾ ਬਿਓਰਾ ਅਤੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ, ਵਿਗਿਆਨਕ ਦ੍ਰਿਸ਼ਟੀਕੋਣ ਬਾਰੇ ਤੱਥਕ ਵਿਚਾਰ-ਚਰਚਾ ਕੀਤੀ ਗਈ ਹੈ।
ਪੁਸਤਕ ਵਿਚ ਸ਼ਾਮਿਲ ਚਿੰਤਕ ਸੋਚ, ਕਰਮ, ਚਿੰਤਨ ਤੇ ਸਿਰਜਣਾਤਮਿਕ ਜੁਗਤ ਕਾਰਨ ਆਪਣੇ-ਆਪਣੇ ਖੇਤਰ ਵਿਚ ਨਿਵੇਕਲੇਪਨ ਦੇ ਧਾਰਨੀ ਹਨ। ਹਰੇਕ ਚਿੰਤਕ ਕੋਲ ਆਪਣਾ ਸ਼ਬਦ ਭੰਡਾਰ ਤੇ ਅਰਥ ਵਿਸ਼ਾਲਤਾ ਹੈ ਜੋ ਕਥਨੀ ਤੇ ਕਰਨੀ ਦੀ ਬਿਰਤੀ ਨੂੰ ਉਜਾਗਰ ਕਰਦੀ ਹੈ। ਸ਼ਬਦ ਚਿੱਤਰਾਂ ਵਿਚ ਸ਼ਖ਼ਸੀਅਤ ਦੇ ਪ੍ਰਮਾਣ ਇਸ਼ਾਰਿਆਂ, ਰੰਗਾਂ, ਸਪੇਸਾਂ, ਡੈਸਾਂ, ਲੀਕਾਂ, ਅਮੂਰਤ ਤਿਕੋਣ ਆਦਿ ਵਿਚ ਦਿੱਤੇ ਗਏ ਹਨ। ਇਹ ਸ਼ਬਦ ਚਿੱਤਰ ਆਮ ਪਾਠਕਾਂ ਲਈ ਨਹੀਂ ਹਨ ਸਗੋਂ ਚਿੰਤਕਾਂ ਤੇ ਪ੍ਰਬੁੱਧ ਵਿਦਵਾਨਾਂ ਲਈ ਹਨ। ਆਧੁਨਿਕ ਮਹਾ-ਉਦਯੋਗਿਕ ਯੁੱਗ ਵਿਚ ਚਾਰੇ ਦਿਸ਼ਾਵਾਂ ਵਿਚ ਹਰੇਕ ਸ਼ੈਅ ਵਿਚ ਵਿਕਾਸਮੁਖੀ ਤਬਦੀਲੀ ਵਾਪਰ ਰਹੀ ਹੈ।
ਡਾ. ਅਮਰ ਕੋਮਲ ਦਾ ਪੁਸਤਕ ਵਿਚਲੇ ਵਿਦਵਾਨਾਂ ਦਾ ਸੰਬੰਧ ਅਨੂਠਾ ਰਿਹਾ ਹੈ। ਸਾਹਿਤਕ, ਗੋਸ਼ਠੀਆਂ, ਵਿਚਾਰ-ਚਰਚਾ, ਸੈਮੀਨਾਰ, ਸਮਾਗਮ ਤੇ ਕਾਨਫ਼ਰੰਸਾਂ ਵਿਚਲੇ ਵਿਚਾਰਾਂ ਨੇ ਨਿਵੇਕਲੇ ਹੁਨਰ ਨੂੰ ਜਨਮ ਦਿੱਤਾ। ਵਿਚਾਰਾਂ ਵਿਚ ਇਕਰੂਪਤਾ ਦੇ ਨਾਲ-ਨਾਲ ਵਿਭਿੰਨਤਾ ਵੀ ਹੈ ਪਰ ਕੱਟੜਤਾ ਤੇ ਵਿਦਵਤਾ ਨੂੰ ਮਨਵਾਉਣ ਲਈ ਕੱਟੜਤਾ ਬਹੁਤ ਦੂਰੀ ਰਹੀ। ਮਨੁੱਖੀ ਸ਼ਖ਼ਸੀਅਤ ਨੂੰ ਅੰਦਰੋਂ-ਬਾਹਰੋਂ ਸ਼ਬਦ ਚਿੱਤਰਾਂ ਨਾਲ ਪੇਸ਼ ਕੀਤਾ ਗਿਆ ਹੈ। ਗੁਣਾਂ ਦਾ ਵਖਿਆਨ ਕਰਕੇ ਪਾਠਕਾਂ ਵਿਚ ਸਾਕਾਰਾਤਮਿਕ ਸੋਚ ਭਰੀ ਹੈ ਅਤੇ ਔਰਤਾਂ ਦੀ ਛੋਹ ਲਈ ਸੰਕੇਤ ਦਿੱਤੇ ਹਨ। ਨਿੰਦਾ, ਚੁਗਲੀ ਤੇ ਬਦਨਾਮੀ ਤੋਂ ਗੁਰੇਜ਼ ਕੀਤਾ ਹੈ। 'ਧਨੁ ਲੇਖਾਰੀ ਨਾਨਕਾ' ਵਿਚ ਪੁਰਾਤਨ ਸਮੇਂ ਦੇ ਪ੍ਰਸਿੱਧ, ਬਨਵਾਨ, ਸ਼ਬਦਾਂ ਦੇ ਧਨੀ, ਸਨਾਤਨੀ ਪ੍ਰਕਿਰਤੀ ਦੇ ਲੇਖਕ ਸ਼ਾਮਿਲ ਕੀਤੇ ਗਏ ਹਨ। ਵਰਤਮਾਨ ਵਰਤਾਰਿਆਂ ਦੀ ਸਮਝ ਲਈ ਸ਼ਕਤੀ ਸਮਰੱਥਾ ਵਾਲੇ ਤੇ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸਾਹਿਤਕ ਸੰਵੇਦਨਾ ਨਾਲ ਭਰਪੂਰ ਅਣਛਪੇ ਲੇਖਕ ਵੀ ਸ਼ਾਮਿਲ ਹਨ। ਡਾ. ਅਮਰ ਕੋਮਲ ਦੀ ਦ੍ਰਿਸ਼ਟੀ ਆਲੋਚਨਾਤਮਿਕ ਨਹੀਂ ਸਗੋਂ ਸਮੀਖਿਆ ਵਾਲੀ ਹੈ। ਸੰਪਾਦਕ ਭੂਮਿਕਾ ਵਿਚ ਸਟੀਕ ਤੇ ਮਹੱਤਵਪੂਰਨ ਜਾਣਕਾਰੀ ਨਿਬੰਧ ਕਲਾ ਬਾਰੇ ਦਿੰਦਾ ਹੈ। ਡਾ. ਕੋਮਲ ਅਰਬੀ, ਫ਼ਾਰਸੀ, ਸੰਸਕ੍ਰਿਤ, ਹਿੰਦੀ, ਅੰਗਰੇਜ਼ੀ, ਇਲਾਕਾਈ ਦੇ ਪ੍ਰਬੁੱਧ ਵਿਦਵਾਨ ਹਨ। ਡਾ. ਅਮਰ ਕੋਮਲ ਦੀ ਪਹੁੰਚ ਵਿਧੀ ਸੰਤੁਲਨ ਦੀ ਧਾਰਨੀ ਹੈ। ਡਾ. ਬਲਦੇਵ ਸਿੰਘ 'ਬੱਦਨ' ਦੁਆਰਾ ਸੰਪਾਦਿਤ ਪੁਸਤਕ ਵਿਚ ਬੱਦਨ ਦੀ ਕਲਾਤਮਿਕਤਾ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਅਣਥੱਕ ਮਿਹਨਤ ਦੇ ਯਤਨਾਂ ਸਦਕਾ ਪੰਜਾਬੀ ਦੇ ਮਹਾਨ ਵਿਦਵਾਨਾਂ ਦੀ ਜੀਵਨਸ਼ੈਲੀ ਤੋਂ ਪਾਠਕਾਂ ਤੇ ਚਿੰਤਕਾਂ ਨੂੰ ਜਾਣੂ ਕਰਵਾਇਆ ਹੈ। ਪੁਸਤਕ ਚਿੰਤਕਾਂ ਤੇ ਖੋਜਾਰਥੀਆਂ ਨੂੰ ਤਰਕ-ਆਧਾਰਿਤ ਜੀਵਨਸ਼ੈਲੀ ਅਪਣਾਉਣ 'ਤੇ ਜ਼ੋਰ ਦਿੰਦੀ ਹੈ।


-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

19-02-2023

 ਰਸਮੀ ਵਿਤਕਰਾ
ਲੇਖਿਕਾ : ਮੀਨੂੰ ਮੁਸਕਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94638-36591


ਸਾਹਿਤ ਵਿਚ ਲੇਖਿਕਾ ਦਾ ਨਵਾਂ ਨਾਂਅ ਹੈ। ਇਸ ਨਾਵਲ ਤੋਂ ਪਹਿਲਾਂ ਉਸ ਦੀਆਂ ਦੋ ਕਿਤਾਬਾਂ ਛਪ ਚੁੱਕੀਆਂ ਹਨ। ਇਕ ਨਾਵਲੈਟ ਤੇ ਇਕ ਮਿੰਨੀ ਕਹਾਣੀ ਸੰਗ੍ਰਹਿ। ਇਹ ਨਾਵਲ ਲੇਖਿਕਾ ਨੇ ਸਮਾਜ ਵਿਚ ਜਾਤ-ਪਾਤ ਦੇ ਵਿਤਕਰੇ ਨੂੰ ਮੁੱਖ ਰੱਖ ਕੇ ਲਿਖਿਆ ਹੈ। ਨਾਵਲ ਦੇ 38 ਕਾਂਡ ਹਨ। ਛੋਟੇ-ਛੋਟੇ ਕਾਂਡਾ ਵਿਚ ਨਾਵਲਕਾਰ ਨੇ ਵਿਸ਼ੇ ਦੀ ਸੰਜੀਦਗੀ ਦਾ ਵਧੇਰੇ ਖ਼ਿਆਲ ਰੱਖਿਆ ਹੈ। ਕਹਾਣੀਕਾਰ ਜਸਵੀਰ ਰਾਣਾ ਨੇ ਨਾਵਲ ਨੂੰ ਕਲਾ ਦਾ ਖ਼ੂਬਸੂਰਤ ਪ੍ਰਮਾਣ ਕਿਹਾ ਹੈ। ਨਾਵਲ ਜ਼ਿੰਦਗੀ ਦੀ ਗੁਆਚੀ ਮੁਸਕਾਨ ਦ ਗਲਪੀ ਬਿਰਤਾਂਤ ਹੈ। ਡਾ. ਜਸਪਾਲ ਸਿੰਘ ਐਸ. ਡੀ. ਕਾਲਜ ਹਰਿਆਣਾ (ਹੁਸ਼ਿਆਰਪੁਰ) ਨੇ ਲਿਖਿਆ ਹੈ ਕਿ ਇਹ ਨਾਵਲ ਸਮਾਜਿਕ ਵਿਤਕਰੇ ਨੂੰ ਦੂਰ ਕਰਨ ਦਾ ਸੰਦੇਸ਼ ਦਿੰਦਾ ਹੈ। ਇਸੇ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਹਰਵਿੰਦਰ ਕੌਰ ਢਿਲੋਂ ਅਨੁਸਾਰ ਨਾਵਲ ਉਦੇਸ਼ ਪੂਰਨ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਲਿਖਿਆ ਹੈ। ਭਾਰਤੀ ਸਮਾਜ ਵਿਚ ਜਾਤਪਾਤ ਦਾ ਪਾੜਾ ਸਦੀਆਂ ਪੁਰਾਣਾ ਹੈ। ਸਾਡੇ ਦੇਸ਼ ਵਿਚ ਨੀਵੀ ਜਾਤ, ਉੱਚੀ ਜਾਤ, ਅਮੀਰੀ, ਗ਼ਰੀਬੀ ਦੇ ਇਹ ਵਰਤਾਰੇ ਚਲਦੇ ਆ ਰਹੇ ਹਨ। ਨਾਵਲ ਵਿਚ ਜੱਟ ਪਰਿਵਾਰ ਤੇ ਦਲਿਤ ਪਰਿਵਾਰਾਂ ਵਿਚ ਵਿਤਕਰੇਬਾਜ਼ੀ, ਰਿਸ਼ਤੇ ਨਾਤੇ, ਨਜ਼ਾਇਜ਼ ਸੰਬੰਧ, ਵੋਟ ਰਾਜਨੀਤੀ ਵਿਚ ਦਲਿਤ ਪੱਤੇ ਦੀ ਵਰਤੋਂ ਕਰਨੀ ਇਹ ਸਭ ਕੁਝ ਕਲਾਤਮਿਕ ਸ਼ੈਲੀ ਵਿਚ ਹੈ। ਇਹ ਅਜੋਕਾ ਯਥਾਰਥ ਵੀ ਹੈ। ਨਾਵਲ ਦਾ ਪਾਤਰ ਫ਼ੌਜੀ ਘਰੋਂ ਬਾਹਰ ਡਿਊਟੀ 'ਤੇ ਹੈ। ਘਰ ਵਿਚ ਪਤਨੀ (ਮਨਜਿੰਦਰ ) ਹੈ। ਉਸ ਦੀ ਸੱਸ ਹੈ। ਨੂੰਹ ਜਵਾਨ ਹੈ। ਖੇਤੀ ਦੇ ਕੰਮਾਂ ਲਈ ਇਕ ਦਲਿਤ ਵਰਗ ਦਾ ਪਾਤਰ (ਮੰਨਾ) ਹੈ। ਉਸ ਦੇ ਨਾਲ ਨੂੰਹ ਦੇ ਨਾਜ਼ਾਇਜ਼ ਸੰਬੰਧ ਬਣਦੇ ਹਨ। ਇਕ ਹੋਰ ਪਾਤਰ (ਉੱਚ ਜਾਤੀ) ਜੋਰਾ ਹੈ। ੳਹ ਵੀ ਕਦੇ-ਕਦੇ ਨੂੰਹ ਦੀ ਇਕਲਤਾ ਦਾ ਨਾਜ਼ਾਇਜ਼ ਲਾਭ ਲੈ ਜਾਂਦਾ ਹੈ। ਇਸ ਵਿਚ ਸੱਸ ਜਗੀਰੋ ਦੀ ਸਹਿਮਤੀ ਹੈ। ਇਕ ਦਿਨ ਫ਼ੌਜੀ ਨੂੰ ਪਤਾ ਲੱਗ ਜਾਂਦਾ ਹੈ। ਫ਼ੌਜੀ ਤੇ ਜੋਰਾ ਰਲ ਕੇ ਦਾਰੂ ਪੀਂਦੇ ਹਨ। ਫ਼ੌਜੀ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ। ਉਹ ਵਿਚਾਰੀ ਸਵੇਰ ਹੋਣ ਤੋਂ ਪਹਿਲਾਂ ਪੈਸਾ ਟਕਾ ਲੈ ਕੇ ਘਰੋਂ ਚਲੀ ਜਾਂਦੀ ਹੈ। ਪਹਿਲਾਂ ਮੰਨੇ ਕੋਲ ਜਾਂਦੀ ਹੈ। ਉਹ ਭੱਜਣ ਲਈ ਤਿਆਰ ਨਹੀਂ ਹੁੰਦਾ। ਜੋਰੇ ਨਾਲ ਸ਼ਹਿਰ ਜਾ ਵਸਦੀ ਹੈ। ਫ਼ੌਜੀ ਪਤੀ ਉਸ ਦੀ ਤਲਾਸ਼ ਕਰਨ ਜਾਂਦਾ ਹੈ, ਮਿਲ ਜਾਂਦੀ ਹੈ। ਜੋਰਾ ਨਮੋਸ਼ੀ ਵਿਚ ਖ਼ੁਦਕਸ਼ੀ ਕਰ ਜਾਂਦਾ ਹੈ। ਪਿੰਡ ਦੇ ਸਕੂਲ ਵਿਚ ਦੋਵੇਂ ਵਰਗਾਂ ਦੇ ਬੱਚੇ, ਸਕੂਲ ਅਧਿਆਪਕ ਜਾਤੀਵਾਦ ਦਾ ਸ਼ਿਕਾਰ ਹਨ। ਨਿੱਕੀਆਂ-ਨਿੱਕੀਆ ਹੋਰ ਵੀ ਕਈ ਘਟਨਾਵਾਂ ਹਨ। ਪਰ ਸਾਰੀਆਂ ਦਾ ਸੰਬੰਧ ਜਾਤੀ ਨਾਲ ਜੁੜਦਾ ਹੈ। ਅੰਧਵਿਸ਼ਵਾਸ ਦੀ ਤਸਵੀਰ ਵੀ ਹੈ। ਨਾਵਲ ਵਿਚ ਕਥਾ ਰਸ ਹੈ। ਪਲਾਟ ਗੁੰਦਵਾ ਹੈ। ਵਿਰੋਧੀ ਪਾਤਰ ਨਾਵਲ ਨੂੰ ਗਤੀ ਦਿੰਦੇ ਹਨ। ਨਾਵਲ ਦਾ ਸਵਾਗਤ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਗੁਰੂ ਨਾਨਕ ਉਦਾਸੀ ਦਰਪਣ
ਲੇਖਕ : ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ
ਪ੍ਰਕਾਸ਼ਕ : ਖਾਲਸਾ ਪ੍ਰਚਾਰਕ ਜੱਥਾ ਯੂ.ਕੇ
ਮੁੱਲ : 1100 ਰੁਪਏ, ਸਫ਼ੇ : 430
ਸੰਪਰਕ : 99150-48005


'ਗੁਰੂ ਨਾਨਕ ਉਦਾਸੀ ਦਰਪਣ' ਵਿਚ ਲੇਖਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਚਾਰ ਉਦਾਸੀਆਂ ਦਾ ਸੰਕਲਣ ਕੀਤਾ ਹੈ। ਉਦਾਸੀ ਦਾ ਇਤਿਹਾਸ ਤੇ ਧਾਰਮਿਕ ਸ਼ਿਜਰਾ ਬਨਾਉਣ ਲਗਿਆਂ ਲੇਖਕ ਨੇ ਸ੍ਰੋਤ ਨੂੰ ਅੰਗ ਸੰਗ ਰਖਿਆ ਹੈ। ਉਹ ਕਿਸੇ ਵੀ ਹਵਾਲੇ ਨੂੰ ਸ੍ਰੋਤ ਪ੍ਰਕਿਰਿਆ ਵਿਚ ਬੰਨ੍ਹਣ ਤੇ ਵਿਖਿਆਤ ਨੂੰ ਅੰਕਿਤ ਨਹੀਂ ਕਰਦੇ। ਲੇਖਕ ਨੇ ਗੁਰੂ ਨਾਨਕ ਉਦਾਸੀ ਦਰਪਣ ਵਿਚ ਪਹਿਲੇ 20 ਕੁ ਪੰਨਿਆਂ ਵਿਚ ਪਹਿਲੇ ਅਧਿਆਏ (ਸਮੇਂ ਦੇ ਹਲਾਤ) ਵਿਚ ਗੁਰੂ ਸਾਹਿਬ ਦਾ ਜੀਵਨ, ਸਮਾਜਿਕ, ਰਾਜਨੀਤਕ ਹਲਾਤ ਨੂੰ ਸੰਖੇਪ ਪਰ ਭਾਵਪੂਰਤ ਲੱਠੇਦਾਰ ਸ਼ਬਦਾਵਲੀ ਵਿਚ ਅੰਕਿਤ ਕੀਤਾ ਹੈ। ਕੁੱਲ 286 ਉਪ ਸਿਰਲੇਖ ਦਿੱਤੇ ਹਨ, ਭਾਵੇਂ ਇਕ ਦੋ ਪਹਿਰੇ ਦੀ ਜਾਣਕਾਰੀ ਹੈ ਜਾਂ 10 ਪੰਨਿਆਂ ਦੀ ਉਸ ਨੂੰ ਢੁੱਕਵੀਂ ਸ਼ਬਦਾਵਲੀ ਤੇ ਸਿਰਲੇਖਾਂ ਹੇਠ ਦਰਜ ਕੀਤਾ ਹੈ, ਜਿਵੇਂ 83 ਪੰਨਿਆਂ ਵਿਚ ਪਹਿਲੀ ਉਦਾਸੀ ਦਾ ਹਾਲ ਬਿਆਨ ਕਰਦਿਆਂ ਲੇਖਕ ਨੇ 104 ਉਪ ਸਿਰਲੇਖ ਵਰਤੇ ਹਨ ਜਿਸ ਕਰਕੇ ਪੁਸਤਕ ਵਿਚਲਾ ਇਤਿਹਾਸ, ਧਾਰਮਿਕ ਪੱਖ ਉਘੜ ਕੇ ਪ੍ਰਗਟ ਹੁੰਦਾ ਹੈ। ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਦੀ ਇਤਿਹਾਸ ਤੇ ਗੁਰਮਤਿ ਸਾਹਿਤ 'ਤੇ ਚੰਗੀ ਪਕੜ ਹੈ। ਦੂਸਰੀ ਉਦਾਸੀ 53 ਪੰਨਿਆਂ ਵਿਚ 68 ਦੇ ਕਰੀਬ ਉਪ ਸਿਰਲੇਖ, ਤੀਜੀ ਉਦਾਸੀ ਵਿਚ 68 ਪੰਨੇ ਤੇ 38 ਉਪ-ਸਿਰਲੇਖ ਅਤੇ ਚੌਥੀ ਵਿਚ 83 ਪੰਨੇ ਅਤੇ 72 ਦੇ ਕਰੀਬ ਉਪ ਸਿਰਲੇਖਾਂ ਦੀ ਵਰਤੋਂ ਹੋਈ ਹੈ। ਇਤਿਹਾਸਕ, ਸਮਾਜਿਕ ਪੱਧਰ 'ਤੇ ਧਾਰਮਿਕ ਅਸਥਾਨਾਂ ਦਾ ਮੀਲਾਂ ਤੇ ਕਿੱਲੋਮੀਟਰਾਂ ਦਾ ਮਾਪਦੰਡ ਵੀ ਦਰਜ ਹੈ। ਕਿਹੜੇ ਸੰਮਤ ਸੰਨ ਵਿਚ ਗੋਸਟਿ ਹੋਈ, ਕਿਥੇ ਕਿਥੇ ਬਾਬਾ ਗੁਰੂ ਨਾਨਕ ਦੇ ਨੂਰ ਦੀਆਂ ਕਿਰਨਾਂ ਰੁਸ਼ਨਾਈਆਂ, ਕਿਹੜੇ ਮੂਲਵਾਦੀ ਧਰਮ ਪ੍ਰਚਾਰਕਾਂ ਦਾ ਗੁਰੂ ਸਾਹਿਬ ਨਾਲ ਸੰਵਾਦ ਹੋਇਆ, ਉਨ੍ਹਾਂ ਦਾ ਪਿਛੋਕੜ ਤੇ ਮੰਤਵ ਲੇਖਕ ਦੀ ਚੰਗੀ ਤੇ ਸਲਾਹੁਣਯੋਗ ਘਾਲਣਾ ਹੈ। ਹਰ ਧਰਮ ਉਪਦੇਸ਼ਕ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਬਾਰੇ ਸਹਿਜ ਨਾਲ ਇਸ ਕਿਤਾਬ ਵਿਚਲਾ ਗਿਆਨ ਹਾਸਲ ਕਰ ਸਕਦਾ ਹੈ। ਗੁਰੂ ਜੀ ਦੇ ਸਮੁੱਚੇ ਜੀਵਨ ਦਾ ਦਰਪਣ ਹੈ ਤੇ ਖੋਜਾਰਥੀਆਂ ਲਈ ਲਾਹੇਵੰਦ ਹੈ। ਗੁਰੂ ਜੀ ਕਿਹੜੇ ਰਾਹਾਂ, ਨਗਰਾਂ, ਸ਼ਹਿਰਾਂ, ਬੇਲਿਆਂ ਤੇ ਸਥਾਨਾਂ ਰਾਹੀਂ ਪ੍ਰਚਾਰ ਲਈ ਗਏ ਕਿਹੜੇ-ਕਿਹੜੇ ਵਿਅਕਤੀ ਪੁਰਸ਼ ਮਿਲੇ, ਇਸ ਪੁਸਤਕ ਵਿਚ ਬਹੁਤ ਸਾਰੀ ਵਿੱਲਖਣ ਅਤੇ ਨਵੀਂ ਨਰੋਈ ਜਾਣਕਾਰੀ ਧਰਮ ਊਰਜਾ ਵਾਲੀ ਹੈ। ਨਾਵਾਂ ਥਾਵਾਂ, ਵਿਅਕਤੀਆਂ, ਮੌਸਮਾਂ, ਪੰਧਾਂ ਦੇ ਵੇਰਵੇ ਇਕੱਤਰ ਕਰਨੇ ਇਹ ਕਿਸੇ ਤੱਪ ਤੋਂ ਘੱਟ ਨਹੀਂ। ਇਨ੍ਹਾਂ ਨਾਲ ਸੰਬੰਧਿਤ ਤਸਵੀਰਾਂ ਦੀ ਪ੍ਰਕਾਸ਼ਨਾ ਪੁਸਤਕ ਨੂੰ ਚਾਰ ਚੰਨ ਲਾਉਂਦੀ ਹੈ। ਯਾਤਰਾ ਦੇ ਨਕਸ਼ਿਆਂ ਤੋਂ ਇਲਾਵਾ 165 ਫੋਟੋਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਲੇਖਕ ਦੀ ਘਾਲਣਾ ਨੂੰ ਪਾਰਦਰਸ਼ੀ ਬਣਾਉਂਦੀਆਂ ਹਨ। ਸੂਝਵਾਨ ਗੁਰਮਤਿ ਗਿਆਨੀ ਲੇਖਕ ਨੇ 'ਤਤਕਰਾਂ ਸ਼ਬਦਾਂ' ਵਿਚ ਗੁਰੂ ਸਾਹਿਬ ਦੇ ਸ਼ਬਦਾਂ ਦੀਆਂ ਤੁਕਾਂ ਵੀ ਸ਼ਾਮਲ ਕੀਤੀਆਂ ਹਨ। ਅੰਦਾਜ਼ਨ 275 ਸ਼ਬਦ ਇਸ ਪੁਸਤਕ ਵਿਚ ਅੰਕਿਤ ਹਨ। ਪੁਸਤਕ ਦੇ ਨੇਤਰੀ ਦਰਸ਼ਨ ਕਰਦਿਆਂ ਪੜ੍ਹਦਿਆਂ ਇਵੇਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਰਾਹਾਂ ਦੀ ਭਾਲ ਵਿਚ ਲੇਖਕ ਨੇ ਬਹੁਤ ਯਾਤਰਾ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਅਗਵਾਈ ਪ੍ਰਾਪਤ ਕਰ ਮਨੁੱਖਤਾ ਨੂੰ ਆਪਣੇ ਅੰਦਰੋਂ ਝੂਠ, ਬੇਈਮਾਨੀ, ਕੂੜ-ਕੁਸੱਤ ਜਿਹੀਆਂ ਬੁਰਾਈਆਂ ਦਾ ਤਿਆਗ ਕਰਦਿਆਂ ਸੱਚ-ਆਚਾਰ ਦੇ ਧਾਰਨੀ ਬਣਨ ਲਈ ਇਹ ਪੁਸਤਕ ਪ੍ਰੇਰਦੀ ਹੈ। ''ਗੁਰੂ ਨਾਨਕ ਉਦਾਸੀ ਦਰਪਣ'' ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਤੇ ਸਿੱਖਿਆਵਾਂ ਨਾਲ ਸੰਬੰਧਿਤ ਗਿਆਨ ਭਰਪੂਰ ਕਿਤਾਬ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਕੁਲਬੀਰ ਬਡੇਸਰੋਂ ਦੀਆਂ ਇਕੱਤੀ ਕਹਾਣੀਆਂ
ਸੰਪਾਦਕ : ਬਲਬੀਰ ਮਾਧੋਪੁਰੀ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 308
ਸੰਪਰਕ : 93505-48100


ਕੁਲਬੀਰ ਬਡੇਸਰੋਂ ਦਾ ਰਚਨਾਤਮਕ ਅਨੁਭਵ ਵਿਵਿਧਮੁਖੀ ਅਤੇ ਬਹੁਰੰਗਾ ਹੈ। ਭਾਵੇਂ ਉਹ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਕਹਾਣੀ ਲਿਖ ਰਹੀ ਹੈ ਪਰ ਵਿਵਸਾਇਕ ਜੀਵਨ ਦੇ ਕੁਝ ਹੋਰ ਰੁਝੇਵਿਆਂ ਦੇ ਕਾਰਨ ਉਹ ਸਾਹਿਤ-ਰਪਚਨਾ ਵੱਲ ਬਹੁਤੀ ਤਵਜੋ ਨਹੀਂ ਦੇ ਸਕੀ ਸੀ। ਉਂਝ ਵੀ ਉਹ ਸਵੈ-ਪ੍ਰਚਾਰ ਅਤੇ ਸਵੈ-ਪ੍ਰਸੰਸਾ ਨੂੰ ਬਹੁਤਾ ਪਸੰਦ ਨਹੀਂ ਕਰਦੀ (ਵੇਖੋ ਉਸ ਦੀ ਕਹਾਣੀ : ਕਦੋਂ ਆਵੇਂਗੀ?) ਪ੍ਰੰਤੂ ਅਜੋਕਾ ਪੂੰਜੀਵਾਦੀ ਨਿਜ਼ਾਮ ਪ੍ਰਚਾਰ ਅਤੇ ਪਰਾਪੇਗੰਡੇ ਦਾ ਹੈ। ਜੇ ਤੁਸੀਂ ਖ਼ੁਦ ਹੀ ਆਪਣੇ ਫ਼ਨ ਅਤੇ ਕਲਾ ਦਾ ਪ੍ਰਚਾਰ ਨਹੀਂ ਕਰੋਗੇ ਤਾਂ ਦੂਸਰੇ ਨੂੰ ਕੀ ਪਈ ਹੈ ਕਿ ਉਹ ਤੁਹਾਡੀ ਮਹਿਮਾ ਦਾ ਬਖਾਣ ਕਰਦਾ ਫਿਰੇ।
ਸ੍ਰੀਮਤੀ ਬਡੇਸਰੋਂ ਔਰਤ-ਪ੍ਰਧਾਨ ਕਹਾਣੀਆਂ ਲਿਖਦੀ ਹੈ ਪਰ ਉਹ ਆਪਣੇ ਆਪ ਨੂੰ ਦੁਹਰਾਉਂਦੀ ਨਹੀਂ ਹੈ। ਉਸ ਦੇ ਕਥਾ-ਸੰਸਾਰ ਵਿਚ ਨਾਰੀ ਦੇ ਕਈ ਰੂਪ ਉਜਾਗਰ ਹੁੰਦੇ ਹਨ। ਬਹੁਤੀਆਂ ਕਹਾਣੀਆਂ ਵਿਚ ਨਾਰੀ ਦੇ ਪ੍ਰਬਲ ਅਤੇ ਮੂੰਹਜ਼ੋਰ ਇਸ਼ਕ ਨੂੰ ਬਿਆਨ ਕੀਤਾ ਗਿਆ ਹੈ। ਇਕ ਕਹਾਣੀ ਵਿਚ ਕਿਸੇ ਕਾਲਜ ਵਿਚ ਪ੍ਰੋ ਲੱਗੇ ਦੋ ਵਿਅਕਤੀਆਂ ਵਿਚ ਪ੍ਰੇਮ ਦਿਖਾਇਆ ਗਿਆ ਹੈ। ਦਿਲਬਾਗ਼ ਸਿੰਘ ਨਾਂਅ ਦਾ ਮਰਦ ਪ੍ਰੋਫ਼ੈਸਰ ਸ਼ਾਦੀ-ਸ਼ੁਦਾ ਸੀ ਪਰੰਤੂ ਕੰਵਾਰੀ (ਪ੍ਰੋ.) ਸੁਨੀਤਾ ਉਸ ਨੂੰ ਬੇਪਨਾਹ ਮੁਹੱਬਤ ਕਰਨ ਲਗਦੀ ਹੈ। (ਮੈਂ ਕੀ ਕਰਾਂ!) ਇਸੇ ਤਰ੍ਹਾਂ ਦੀ ਕਿ ਹੋਰ ਸਥਿਤੀ 'ਮੁਹੱਬਤ' ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ। ਟੀਚਿੰਗ ਡਿਪਾਰਟਮੈਂਟ ਦੇ ਹੈੱਡ ਡਾ. ਸਿੱਧੂ ਨਾਲ 'ਨੀਲੀ' ਨਾਂਅ ਦੀ ਇਕ ਰੀਸਰਚ ਸਕਾਲਰ ਦਾ ਇਸ਼ਕ ਹੋ ਜਾਂਦਾ ਹੈ। ਡਾ. ਸਿੱਧੂ ਵੀ ਵਿਆਹਿਆ-ਵਰਿਆ ਅਤੇ ਬਾਲ-ਬੱਚਿਆਂ ਵਾਲਾ ਹੈ। ਉਹ ਚਾਹੁੰਦਾ ਹੈ ਕਿ 'ਨੀਲੀ' ਸਾਰੀ ਉਮਰ ਉਸੇ ਦੇ ਇਸ਼ਕ ਵਿਚ ਦੀਵਾਨੀ ਰਹੇ ਪਰ ਆਖਰ 'ਨੀਲੀ' ਉਸ ਦੀ ਖ਼ੁਦਗਰਜ਼ੀ ਨੂੰ ਪਛਾਣ ਕੇ ਉਸ ਤੋਂ ਵੱਖ ਹੋ ਜਾਂਦੀ ਹੈ। ਲੇਖਿਕਾ ਇਸ ਮਿਥ ਨੂੰ ਤੋੜਦੀ ਹੈ ਕਿ ਪ੍ਰੇਮ ਸਿਰਫ਼ ਇਕ ਵਾਰ ਹੀ ਹੁੰਦਾ ਹੈ।
ਲੇਖਿਕਾ ਦੇ ਨਾਰੀ ਪਾਤਰ ਪਹਿਚਾਣ ਜਾਂਦੇ ਹਨ ਕਿ ਮਰਦ ਦਾ ਸੁਭਾਅ ਸ਼ਿਕਾਰੀ ਵਰਗਾ ਹੁੰਦਾ ਹੈ। ਨਾਰੀ ਦਾ ਸ਼ਿਕਾਰ ਕਰਨ ਲਈ ਉਹ ਅਨੇਕ ਭੇਸ ਵਟਾ ਸਕਦਾ ਹੈ। ਕਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਬਣ ਜਾਂਦਾ ਹੈ (ਕਦੋਂ ਆਏਂਗੀ) ਕਦੇ ਵਿਚਾਰਾ ਅਤੇ ਮਾਸੂਮ ਬੰਦਾ ਬਣਿਆ ਰਹਿੰਦਾ ਹੈ (ਇਹ ਤੂੰ ਸੀ, ਇਹ ਮੈਂ ਸੀ) ਅਤੇ ਕਦੇ ਰਮਨ ਵਾਂਗ ਬੇਪ੍ਰਵਾਹ ਅਤੇ ਉਦੰਡ ਬਣ ਜਾਂਦਾ ਹੈ (ਸੂਹੀ ਸਵੇਰ)। ਨਾਰੀ ਦੇ ਅੰਤਰਮਨ ਦੀ ਕਸ਼ਮਕਸ਼ ਨੂੰ ਉਹ ਖ਼ੂਬ ਫੜਦੀ ਹੈ। ਸਥਾਨਕ ਰੰਗਣ ਪੇਸ਼ ਕਰਨ ਵਿਚ ਵੀ ਲੇਖਕਾ ਬਹੁਤ ਨਿਪੁੰਨ ਅਤੇ ਸਿੱਧਹਸਤ ਹੈ (ਦੇਖੋ : ਤੁਮ ਕਿਉਂ ਉਦਾਸ ਹੋ?)।


-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਦੀਜੈ ਬੁਧਿ ਬਿਬੇਕਾ
ਲੇਖਿਕਾ : ਕਿਰਨਦੀਪ ਕੌਰ ਭਾਈਰੂਪਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ: 220 ਰੁਪਏ, ਸਫੇ : 144
ਸੰਪਰਕ :82890-10115


34 ਭਾਗਾਂ ਵਿਚ ਵੰਡਿਆ ਇਹ ਨਾਵਲ ਲੇਖਿਕਾ ਦੀ ਪਲੇਠੀ ਰਚਨਾ ਹੈ। ਨਾਵਲ ਦੇ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਦਿਆਂ ਲੇਖਿਕਾ ਨੇ ਸਮਾਜਿਕ ਬੁਰਾਈਆਂ ਦੇ ਵਿਰੁੱਧ ਇਸ ਨਾਵਲ ਵਿਚ ਆਪਣੇ ਵਿਚਾਰਾਂ ਨੂੰ ਜੋ ਸ਼ਬਦੀ ਰੂਪ ਦਿੱਤਾ ਹੈ, ਉਸ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ। ਸਮਾਜਿਕ ਬੁਰਾਈਆਂ ਵਿਚ ਲਬਰੇਜ਼ ਹੋ ਰਹੇ ਸਮਾਜ ਨੂੰ ਹਲੂਣਾ ਦੇ ਕੇ ਚੇਤਨ ਕਰਨ ਲਈ ਲੇਖਿਕਾ ਨੇ ਇਸ ਨਾਵਲ ਦੀ ਰਚਨਾ ਕਰਕੇ ਨਿੱਗਰ ਅਤੇ ਨਿਵੇਕਲਾ ਉਪਰਾਲਾ ਕੀਤਾ ਹੈ। ਸਮਾਜ ਦੀ ਬਿਖਰ ਰਹੀ ਮਾਨਵਤਾ ਨੂੰ ਆਪਣੀ ਲਿਖਿਤ ਦੇ ਮਾਧਿਅਮ ਰਾਹੀਂ ਪੇਸ਼ ਕਰਨਾ ਉਸ ਦੀ ਸਮਾਜ ਪ੍ਰਤੀ ਸੰਵੇਦਨਸ਼ੀਲਤਾ, ਫ਼ਿਕਰਮੰਦੀ, ਸੂਖਮਤਾ ਅਤੇ ਭਾਵੁਕਤਾ ਨੂੰ ਦਰਸਾਉਂਦਾ ਹੈ। ਨਾਵਲਕਾਰ ਆਪਣੀ ਇਸ ਰਚਨਾ ਵਿਚ ਮਸਲੇ ਦੇ ਭਰਮ ਸੰਸਾਰ ਨੂੰ ਗੁੰਦਣ ਦੀ ਯੋਜਨਾ ਨੂੰ ਲਾਂਭੇ ਰੱਖ ਕੇ ਯਥਾਰਥ ਦੀ ਡੂੰਘੀ ਸਚਾਈ ਡੇਰਾਵਾਦ ਦੇ ਸੱਭਿਆਚਾਰ ਵਿਚ ਦੇਹਵਾਦ ਦੀਆਂ ਅਲਾਮਤਾਂ ਅਤੇ ਪੀੜਾਂ ਦੀਆਂ ਪਰਤਾਂ ਨੂੰ ਫਰੋਲਦੀ ਨਜ਼ਰ ਆਉਂਦੀ ਹੈ। ਲੇਖਿਕਾ ਦਾ ਨਜ਼ਰੀਆ, ਸਮਾਜਿਕ ਬੁਰਾਈਆਂ ਪ੍ਰਤੀ ਉਸ ਦੀ ਪੈਨੀ ਨਜ਼ਰ ਇਹ ਦਰਸਾਉਂਦੀ ਹੈ ਕਿ ਉਹ ਸੱਭਿਅਕ ਅਤੇ ਕੁਰੀਤੀਆਂ ਰਹਿਤ ਸਮਾਜ ਦੀ ਸਿਰਜਣਾ ਦਾ ਹੋਕਾ ਦੇਣਾ ਚਾਹੁੰਦੀ ਹੈ। ਇਸ ਲਿਖਿਤ ਵਿਚ ਉਸ ਦੀ ਸਮਾਜ ਪ੍ਰਤੀ ਤੜਫ਼ ਅਤੇ ਸੂਝ-ਬੂਝ ਉਭਰਕੇ ਸਾਹਮਣੇ ਆਈ ਹੈ। ਉਹ ਪੇਂਡੂ ਸਭਿਆਚਾਰ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਿਆਨਣ ਵਿਚ ਸਫਲ ਰਹੀ ਹੈ। ਉਹ ਸਮਾਜਿਕ ਬੁਰਾਈਆਂ ਵਹਿਮਾਂ-ਭਰਮਾਂ, ਜਾਦੂ ਟੂਣਿਆਂ, ਧਾਗੇ-ਤਵੀਤਾਂ ਅਤੇ ਥੋਲੇ ਪਵਾਉਣ ਦੇ ਵਿਰੁੱਧ ਲਾਮਬੰਦ ਹੋਣ ਦੀ ਬਾਤ ਪਾਉਂਦੀ ਨਜ਼ਰ ਆਉਂਦੀ ਹੈ।
ਅੱਲ੍ਹੜ ਉਮਰ ਦੇ ਜਜ਼ਬਿਆਂ, ਜੋਸ਼ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਲੇਖਿਕਾ ਦੀ ਸੂਝ-ਬੂਝ ਅਤੇ ਗਿਆਨ ਦਾ ਪ੍ਰਮਾਣ ਹੈ। ਨਾਵਲ ਦੇ ਧਾਰਮਿਕ ਅਤੇ ਮਿਥਹਾਸਿਕ ਤੱਥ ਜਾਣਕਾਰੀ ਦੇ ਸ੍ਰੋਤ ਜਾਪਦੇ ਹਨ। ਲਿਖਿਤ ਵਿਚ ਵਾਰਤਾਲਾਪ, ਅਖਾਣਾਂ ਅਤੇ ਮੁਹਾਵਰਿਆਂ ਦੀ ਸੁਯੋਗ ਵਰਤੋਂ ਜਿੱਥੇ ਇਸ ਨੂੰ ਪੁਖ਼ਤਾ ਬਣਾਉਂਦੇ ਹਨ ਉੱਥੇ ਨਾਵਲਕਾਰ ਦੀ ਵਿਦਵਤਾ ਨੂੰ ਪ੍ਰਗਟਾਉਂਦੇ ਹਨ। ਸਿੱਖਿਆ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦਾ ਸੁਨੇਹਾ ਇਸ ਰਚਨਾ ਦੀ ਵਿਲੱਖਣ ਪਹਿਚਾਣ ਬਣਿਆ ਹੈ। ਨਾਵਲ ਦੇ ਇਕ ਪਾਤਰ ਬੰਤਾ ਸਿੰਘ ਦੀ ਅਨਪੜ੍ਹਤਾ ਦੇ ਮਾਧਿਅਮ ਰਾਹੀਂ ਸਿੱਖਿਆ ਤੋਂ ਵਿਹੂਣੇ ਲੋਕਾਂ ਦੀ ਮਾਨਸਿਕਤਾ ਨੂੰ ਜ਼ਾਹਰ ਕੀਤਾ ਹੈ। ਨਾਵਲਕਾਰ ਨਵੀਆਂ ਲੀਹਾਂ, ਨਵੀਆਂ ਸਿਹਤਮੰਦ ਕਦਰਾਂ-ਕੀਮਤਾਂ ਸਥਾਪਿਤ ਕਰਦੀ ਨਜ਼ਰ ਆਉਂਦੀ ਹੈ। ਉਹ ਨਵੇਂ ਦੌਰ ਦੀ ਗੱਲ-ਕਰਦਿਆਂ ਡੇਰਾਵਾਦ ਨੂੰ ਚੁਣੌਤੀ ਦਿੰਦਿਆਂ ਡੇਰਿਆਂ ਦੀ ਥਾਂ ਸਕੂਲ ਖੋਲ੍ਹਣ ਦੀ ਚਰਚਾ ਕਰ ਰਹੀ ਹੈ। ਪਾਤਰਾਂ ਦੀ ਮਾਨਸਿਕਤਾ ਦੇ ਅਨੁਸਾਰ ਸ਼ਬਦ ਚੋਣ ਉਨ੍ਹਾਂ ਦੀ ਵਾਰਤਾਲਾਪ, ਬਿਰਤਾਂਤ ਦੀ ਸੂਝ ਅਤੇ ਪਰਖ, ਕਥਾਵਸਤੂ ਨੂੰ ਅੱਗੇ ਤੋਰਨ ਦਾ ਢੰਗ ਅਤੇ ਯਥਾਰਥ ਤੇ ਕਲਪਨਾ ਦੇ ਸੁਮੇਲ ਨੂੰ ਕਲਮੀ ਰੂਪ ਦੇਣਾ ਇਸ ਸਚਾਈ ਦਾ ਗਵਾਹ ਹੈ ਕਿ ਲੇਖਿਕਾ ਨਾਵਲ ਵਿਧਾ ਦੀ ਸੁਚਾਰੂ ਅਤੇ ਡੂੰਘੀ ਸਮਝ ਰੱਖਦੀ ਹੈ। ਉਸ ਦੀ ਭਾਸ਼ਾ ਉੱਤੇ ਸਟੀਕ ਪਕੜ ਹੈ। ਉਹ ਇਕ ਸੁਚੇਤ ਨਾਵਲਕਾਰ ਹੋ ਕੇ ਉਭਰੀ ਹੈ।


-ਪ੍ਰਿੰ: ਵਿਜੈ ਕੁਮਾਰ
ਮੋਬਾਈਲ : 98726-27136


ਲੋਲਿਤਾ

ਅਨੁਵਾਦਕ : ਡਾ. ਬਲਦੇਵ ਸਿੰਘ 'ਬੱਦਨ'
ਮੂਲ ਲੇਖਕ : ਵਲਾਦੀਮੀਰ ਨਾਬੋਕੋਵ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਪਾਤੜਾਂ, ਸਮਾਣਾ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 99588-31357


'ਲੋਲਿਤਾ' ਨਾਵਲ ਵਲਾਦੀਮੀਰ ਨਾਬੋਕੋਵ ਦਾ ਲਿਖਿਆ ਅਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਬਲਦੇਵ ਸਿੰਘ 'ਬੱਦਨ' ਜਿਸ ਨੇ ਦਰਜਨਾਂ ਪੁਸਤਕਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਦਾ ਅਨੁਵਾਦ ਕੀਤਾ ਹੋਇਆ ਨਾਵਲ ਹੈ। ਇਸ ਨਾਵਲ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਪੁਰਸਕਾਰ 'ਨੋਬਲ' ਵੀ ਪ੍ਰਾਪਤ ਹੋ ਚੁੱਕਾ ਹੈ। ਅਨੁਵਾਦਕ ਮੁਤਾਬਕ ਇਹ ਨਾਵਲ 1923 ਤੋਂ 2005 ਦੌਰਾਨ ਲਿਖੇ 100 ਵਧੀਆ ਨਾਵਲਾਂ ਦੀ ਸੂਚੀ ਵਿਚ ਸ਼ਾਮਿਲ ਹੈ। ਅੰਗਰੇਜ਼ੀ ਭਾਸ਼ਾ ਵਿਚ ਲਿਖੇ ਗਏ 20ਵੀਂ ਸਦੀ ਦੇ ਪ੍ਰਸਿੱਧ 100 ਨਾਵਲਾਂ ਦੀ ਸੂਚੀ ਵਿਚੋਂ 'ਲੋਲਿਤਾ' ਦਾ ਚੌਥਾ ਨੰਬਰ ਹੈ। ਇਸ ਨਾਵਲ ਵਿਚ ਮਿਸਟਰ ਹਮਬਰਟ ਜੋ ਨਾਵਲ ਦਾ ਮੁੱਖ ਪਾਤਰ ਵੀ ਹੈ, ਉਸ ਨੂੰ ਮਨੋਵਿਗਿਆਨਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨਾਵਲ ਦੇ ਦੋ ਭਾਗ ਹਨ ਦੋਵਾਂ ਵਿਚ ਹੀ ਹਮਬਰਟ ਦੀ ਪੇਸ਼ਕਾਰੀ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਉਹ ਆਪਣਾ ਸਪੱਸ਼ਟੀਕਰਨ ਦੇ ਰਿਹਾ ਹੋਵੇ। ਹਮਬਰਟ ਬਹੁਤ ਸਾਰੀਆਂ ਔਰਤਾਂ ਦੇ ਸੰਪਰਕ ਵਿਚ ਆਉਂਦਾ ਹੈ, ਪਰ ਲੋਲਿਤਾ ਜਿਸ ਦੀ ਮਾਂ ਨਾਲ, ਜਿਸ ਦਾ ਨਾਂਅ ਸਾਲਰਟ ਹੇਜ਼ ਹੈ, ਵਿਆਹ ਵੀ ਕਰਵਾਇਆ ਹੈ ਨਾਲ ਹੀ ਸਮਾਜਿਕ ਮਰਿਆਦਾ ਦੇ ਉਲਟ ਸੰਬੰਧਾਂ ਬਾਰੇ ਜ਼ਿਕਰ ਕਰਦਾ ਹੈ। ਨਾਵਲ ਵਿਚ ਵਾਰ-ਵਾਰ ਉਹ ਜਿਊਰੀ ਮੈਂਬਰਾਂ ਦੇ ਸਾਹਮਣੇ ਆਪਣਾ ਪੱਖ ਰੱਖਦਾ ਹੈ ਅਤੇ ਲੋਲਿਤਾ ਅਤੇ ਆਪਣੀ ਜ਼ਿੰਦਗੀ ਦੇ ਵੇਰਵੇ ਸਵੈ-ਜੀਵਨੀ ਮੂਲਕ ਤਰੀਕੇ ਨਾਲ ਪੇਸ਼ ਕਰਦਾ ਹੈ। ਨਾਵਲ ਵਿਚ ਨਾਵਲਕਾਰ ਨੇ ਜਿਥੇ ਹਫ਼ਤੇ ਦੇ ਦਿਨਾਂ ਮੁਤਾਬਕ ਵੇਰਵੇ ਦਰਜ ਕੀਤੇ ਗਏ, ਉਥੇ ਪੱਤਰ ਸ਼ੈਲੀ ਅਤੇ ਨਾਟਕੀ ਸ਼ੈਲੀ ਦਾ ਪ੍ਰਯੋਗ ਵੀ ਕੀਤਾ ਹੈ। ਨਾਵਲ ਵਿਚ ਉੱਤਮ ਪੁਰਖੀ ਬਿਰਤਾਂਤਕ ਸ਼ੈਲੀ ਦੀ ਭਰਪੂਰ ਵਰਤੋਂ ਹੋਈ ਹੈ। ਪੂਰਾ ਨਾਵਲ ਹਮਬਰਟ ਦੀ ਮਨੋਦਸ਼ਾ ਦੇ ਬਿਰਤਾਂਤ ਨੂੰ ਹੀ ਪੇਸ਼ ਕਰਦਾ ਹੈ ਜੋ ਵੱਖ-ਵੱਖ ਸਥਿਤੀਆਂ ਵਿਚ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਪਾਠਕ ਦੀਆਂ ਨਜ਼ਰਾਂ ਵਿਚ ਉਹ ਨਾਂਹਵਾਚੀ ਪਾਤਰ ਵੀ ਜਾਪਦਾ ਹੈ ਪਰ ਹਰੇਕ ਕਾਂਡ ਵਿਚ ਸਪੱਸ਼ਟੀਕਰਨ ਦਿੰਦਾ ਜਾਪਦਾ ਹੈ। ਅਨੁਵਾਦ ਦੀ ਖਾਸੀਅਤ ਹੈ ਕਿ ਇਹ ਮੌਲਿਕ ਲਿਖਤ ਹੀ ਜਾਪਦੀ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਸਫ਼ਰ
ਨਾਵਲਕਾਰ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 99151-03490


ਹਰਜੀਤ ਅਟਵਾਲ ਪੰਜਾਬੀ ਦਾ ਜਾਣਿਆ ਪਛਾਣਿਆ ਲੇਖਕ ਹੈ, ਜਿਸ ਦੀਆਂ ਕਈ ਕਿਤਾਬਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਸਫ਼ਰ' ਉਸ ਦਾ ਨਵਾਂ ਛਪਿਆ ਨਾਵਲ ਹੈ, ਜਿਸ ਦੀ ਕਹਾਣੀ ਇੰਗਲੈਂਡ ਦੀ ਧਰਤੀ ਨਾਲ ਸੰਬੰਧ ਰੱਖਦੀ ਹੈ। ਰੋਜ਼ੀ-ਰੋਟੀ ਖ਼ਾਤਰ ਇਥੇ ਫ਼ੈਕਟਰੀਆਂ, ਕਾਰਖ਼ਾਨਿਆਂ ਵਿਚ ਜਾਂ ਹੋਰ ਥਾਵਾਂ 'ਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਭਾਰਤੀ ਲੋਕ ਜ਼ਿੰਦਗੀ ਬਸਰ ਕਰਦੇ ਹਨ। ਸਖ਼ਤ ਮਿਹਨਤ ਮੁਸ਼ੱਕਤ ਤੋਂ ਇਹ ਲੋਕ ਨਹੀਂ ਘਬਰਾਉਂਦੇ, ਪਰ ਗੋਰਿਆਂ ਵਲੋਂ ਕੀਤੇ ਜਾਂਦੇ ਅਪਮਾਨਜਨਕ ਵਿਵਹਾਰ ਕਾਰਨ ਅੰਦਰੋਂ ਦੁਖੀ ਹੁੰਦੇ ਹਨ। ਰਾਹ ਜਾਂਦੇ ਏਸ਼ੀਆਈ ਲੋਕਾਂ ਨੂੰ ਨਸਲੀ ਗਾਲ਼ਾਂ ਕੱਢਣੀਆਂ ਤੇ ਮਾਰ ਕੁੱਟ ਕਰਨੀ ਆਮ ਗੱਲ ਹੈ। ਪੱਬਾਂ ਦੇ ਬਾਹਰ ਲੱਗੇ ਬੋਰਡਾਂ ਉੱਪਰ ਲਿਖਿਆ ਹੁੰਦਾ ਹੈ ਕਿ ਕੁੱਤੇ ਤੇ ਕਾਲੇ ਲੋਕ ਅੰਦਰ ਨਹੀਂ ਆ ਸਕਦੇ। ਇਸ ਨਸਲਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅਤੇ ਸਵੈ-ਮਾਨ ਭਰਿਆ ਜੀਵਨ ਬਤੀਤ ਕਰਨ ਲਈ ਸੰਗਠਿਤ ਸੰਘਰਸ਼ ਦੁਆਰਾ ਇਹ ਲੋਕ 'ਇੰਡੀਅਨ ਵਰਕਰਜ਼ ਐਸੋਸੀਏਸ਼ਨ' ਸਥਾਪਿਤ ਕਰਦੇ ਹਨ। ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਇਸ ਸਫ਼ਰ ਵਿਚ ਮਜ਼ਦੂਰਾਂ, ਕਾਮਿਆਂ ਤੋਂ ਛੁਟ ਹਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਹਨ। ਇਸ ਸਫ਼ਰ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਐਸੋਸੀਏਸ਼ਨ ਦੇ ਸ਼ਾਨਦਾਰ ਇਤਿਹਾਸ ਨੂੰ ਨਾਵਲਕਾਰ ਨੇ ਬੜੀ ਬਾਰੀਕੀ ਤੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ। ਪਾਤਰ ਉਸਾਰੀ ਪੱਖੋਂ ਨਾਵਲ ਦੇ ਸਾਰੇ ਪਾਤਰ ਜੀਂਦੇ ਜਾਗਦੇ ਤੇ ਕਰਮਸ਼ੀਲ ਵਿਅਕਤੀ ਹਨ। 'ਸਤਿਕਾਰ' ਇਕ ਹੋਣਹਾਰ ਨੌਜਵਾਨ ਹੈ, ਜੋ ਆਪਣੇ ਚਾਚੇ ਚੈਂਚਲ ਸਿੰਘ ਨਾਲ ਇੰਗਲੈਂਡ ਆਉਂਦਾ ਹੈ। ਪੜ੍ਹਨਾ ਤੇ ਘੁੰਮਣਾ ਉਸ ਦੇ ਸ਼ੌਕ ਹਨ। ਉਸ ਦਾ ਦੋਸਤ 'ਵਤਨ' ਉਸ ਨੂੰ ਮਾਰਕਸਵਾਦ ਬਾਰੇ ਦੱਸਦਾ ਹੈ-'ਮਾਰਕਸਵਾਦ ਸਰਮਾਏਦਾਰੀ ਦੀ ਆਲੋਚਨਾ ਵਜੋਂ ਪੈਦਾ ਹੋਇਆ, ਸਰਮਾਏਦਾਰੀ ਜਾਗੀਰਦਾਰੀ ਦੇ ਬਦਲ ਵਜੋਂ ਸਾਹਮਣੇ ਆਈ ਸੀ। ਮਾਰਕਸਵਾਦ ਜ਼ਿੰਦਗੀ ਨੂੰ ਦੇਖਣ ਦਾ ਸਭ ਤੋਂ ਵਧੀਆ ਨਜ਼ਰੀਆ ਐ... ਦੁਨੀਆ 'ਚ ਦੋ ਤਰ੍ਹਾਂ ਦੇ ਲੋਕ ਐ, ਇਕ ਜਿਹੜੇ ਲੁੱਟਦੇ ਆ, ਤੇ ਦੂਜੇ ਜਿਹੜੇ ਲੁੱਟ ਹੁੰਦੇ ਆ...।' 'ਸਤਿਕਾਰ' ਬੌਧਿਕ ਤੌਰ 'ਤੇ ਸੁਚੇਤ ਹੁੰਦਾ ਹੋਇਆ 'ਇੰਡੀਅਨ ਵਰਕਰਜ਼ ਐਸੋਸੀਏਸ਼ਨ' ਦਾ ਇਕ ਮਹੱਤਵਪੂਰਨ ਵਰਕਰ ਬਣ ਜਾਂਦਾ ਹੈ। ਉਸ ਦੀ ਪਤਨੀ 'ਜੀਤੀ' ਇਕ ਸਿੱਧੀ ਸਾਦੀ ਤੇ ਧਾਰਮਿਕ ਅੰਧ-ਵਿਸ਼ਵਾਸੀ ਮਾਹੌਲ 'ਚ ਪਲੀ ਪੁਰਾਣੀ ਸੋਚ ਦੀ ਧਾਰਨੀ ਹੈ, ਪਰ ਇੰਗਲੈਂਡ ਆ ਕੇ 'ਸਤਿਕਾਰ' ਦੀ ਨਵੀਂ ਸੋਚ ਤੇ ਸੂਝ-ਬੂਝ ਤੋਂ ਉਸ ਨੂੰ ਆਲੇ-ਦੁਆਲੇ ਦੇ ਵਰਤਾਰੇ ਦਾ ਗਿਆਨ ਹੋ ਜਾਂਦਾ ਹੈ ਅਤੇ ਉਹ ਵੀ ਇਸ ਸਫ਼ਰ ਵਿਚ ਰਲ ਜਾਂਦੀ ਹੈ। ਨਾਵਲਕਾਰ ਨੇ ਨਾਵਲ ਵਿਚ ਦ੍ਰਿਸ਼ ਵਰਨਣ ਨੂੰ ਬੜੇ ਯਥਾਰਥਿਕ ਤੇ ਸੁਭਾਵਿਕ ਤਰੀਕੇ ਨਾਲ ਉਲੀਕਿਆ ਹੈ। 'ਸਤਿਕਾਰ' ਆਪਣੇ ਚਾਚੇ ਚੈਂਚਲ ਸਿੰਘ ਨਾਲ ਰਹਿ ਕੇ ਬਿਲਕੁਲ ਖ਼ੁਸ਼ ਨਹੀਂ। ਇਸ ਬਾਰੇ ਨਾਵਲਕਾਰ ਇਸ ਤਰ੍ਹਾਂ ਵਰਨਣ ਕਰਦਾ ਹੈ
'ਚਾਚਾ ਹਰ ਰੋਜ਼ ਰੰਮ ਨਾਲ ਲਿੜ੍ਹ, ਲੰਮੀਆਂ ਤਾਣ ਕੇ ਸੌਂ ਜਾਂਦਾ, ਜੋ ਸਤਿਕਾਰ ਨੂੰ ਚੰਗਾ ਨਹੀਂ ਲੱਗਦਾ। ਇਕ ਤਾਂ ਉਂਜ ਵੀ ਸ਼ਰਾਬ ਦਾ ਮੁਸ਼ਕ ਉਸ ਨੂੰ ਪੰਸਦ ਨਹੀਂ ਸੀ ਤੇ ਦੂਜੇ ਸ਼ਰਾਬੀ ਹੋਏ ਚੈਂਚਲ ਸਿੰਘ ਦੇ ਘੁਰਾੜੇ ਉਸ ਨੂੰ ਸੌਣ ਨਾ ਦਿੰਦੇ। ਫਿਰ ਚਾਚਾ ਬਾਹਾਂ ਖਿਲਾਰ ਕੇ ਇਵੇਂ ਸੌਂਦਾ ਕਿ ਬੈੱਡ 'ਤੇ ਸਤਿਕਾਰ ਲਈ ਕੋਈ ਜਗ੍ਹਾ ਹੀ ਨਾ ਬਚਦੀ, ਉਸ ਨੂੰ ਸੋਫ਼ੇ 'ਤੇ ਸੌਣਾ ਪੈਂਦਾ ਸੀ।'
ਇਸ ਤਰ੍ਹਾਂ ਹਰਜੀਤ ਅਟਵਾਲ ਨੇ ਇਸ ਨਾਵਲ ਵਿਚ 'ਸਫ਼ਰ' ਦੇ ਸੰਕਲਪ ਨੂੰ ਇਕ ਨਵੇਂ ਅੰਦਾਜ਼ ਵਿਚ ਪ੍ਰਸਤੁਤ ਕੀਤਾ ਹੈ। ਉਮੀਦ ਹੈ ਪਾਠਕਾਂ ਨੂੰ ਇਹ ਨਾਵਲ ਇਕ ਨਵੀਂ ਸੋਚ ਪ੍ਰਦਾਨ ਕਰੇਗਾ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241


ਪਾਲੀ ਭੁਪਿੰਦਰ ਸਿੰਘ ਦਾ ਨਾਟ-ਸੰਸਾਰ
ਨਾਰੀਵਾਦੀ ਪਰਿਪੇਖ

ਲੇਖਕ : ਡਾ. ਗੁਰਭੇਜ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 122
ਸੰਪਰਕ : 89687-00942


ਪਾਲੀ ਭੁਪਿੰਦਰ ਸਿੰਘ ਸਾਡੇ ਹੁਣ ਦੇ ਕਾਲ-ਖੰਡ ਦੇ ਸਿਰਮੌਰ ਨਾਟਕਕਾਰਾਂ ਵਿਚੋਂ ਇਕ ਹੈ। ਇਸ ਦੀ ਨਾਟ ਪ੍ਰਤਿਭਾ ਦੀ ਪਛਾਣ ਸਹਿਜ ਵੀ ਹੈ ਅਤੇ ਸੁਭਾਵਿਕ ਵੀ ਹੈ ਕਿਉਂਕਿ ਇਸ ਦੀ ਰਚਨਾਤਮਿਕ ਵਿਵੇਕਸ਼ੀਲਤਾ ਨੇ ਪੰਜਾਬੀ ਨਾਟਕ ਨੂੰ ਅਜਿਹਾ ਦਿਸ਼ਾ-ਨਿਰਦੇਸ਼ ਸੌਂਪਿਆ ਜਿਸ ਨੇ ਪੰਜਾਬੀ ਸਮਾਜਿਕਤਾ, ਨੈਤਿਕਤਾ ਅਤੇ ਅਰਥ ਵਿਵਸਥਾ ਨੂੰ ਨਵਾਂ ਮੋੜ ਦੇਣ ਦੀਆਂ ਦਿਸ਼ਾਵਾਂ ਵੀ ਸੰਕੇਤਿਕ ਜਾਂ ਅੰਸ਼ਿਕ ਜੋ ਵੀ ਸਮਝ ਲਿਆ ਜਾਵੇ, ਪ੍ਰਤਿਪਾਦਤ ਕਰ ਦਿੱਤੀਆਂ। ਡਾ. ਗੁਰਭੇਜ ਸਿੰਘ ਨੇ ਪਾਲੀ ਭੁਪਿੰਦਰ ਦੇ ਨਾਟਕਾਂ ਦਾ ਨਾਰੀਵਾਦੀ ਪਰਿਪੇਖ ਸਿਰਲੇਖ ਤਹਿਤ ਵਿਆਖਿਆ ਮੂਲਕ ਅਧਿਐਨ ਪੇਸ਼ ਕਰਨ ਦੀ ਕੋਸ਼ਿਸ਼ ਤਹਿਤ ਇਸ ਨੂੰ ਨਾਰੀਵਾਦੀ ਦੇ ਸਿਧਾਂਤਕ ਸੰਦਰਭ ਵਿਚ ਪੇਸ਼ ਕੀਤਾ ਹੈ। ਇਸ ਉਪਰੰਤ ਪੰਜਾਬੀ ਨਾਟਕ ਵਿਚ ਪੇਸ਼ ਸਰੋਕਾਰਾਂ ਦੀ ਗੰਭੀਰਤਾ ਨੂੰ ਸਮਝਿਆ ਗਿਆ ਹੈ। ਪਾਲੀ ਭੁਪਿੰਦਰ ਦੀ ਨਾਟਕੀ ਸਿਰਜਣ ਪ੍ਰਕਿਰਿਆ ਅਤੇ ਉਸ ਦੁਆਰਾ ਪੇਸ਼ ਹੁੰਦੀ ਨਾਟਕੀ ਪ੍ਰਤਿਭਾ ਦੀ ਪਛਾਣ ਕਰਾਈ ਹੈ ਕਿਉਂਕਿ ਉਹ ਨਾਰੀ ਮਨ ਦੀ ਪੇਸ਼ਕਾਰੀ ਅਤੇ ਨਾਰੀ ਮਨ ਦੀਆਂ ਦੁਖਾਂਤਕ ਸਥਿਤੀਆਂ ਨੂੰ ਬੜੀ ਗੰਭੀਰਤਾ ਸਹਿਤ ਅਨੁਭਵ ਕਰਦਾ ਰਿਹਾ ਹੈ, ਉਸ ਦਾ ਉਲੇਖ ਨਾਟਕਾਂ ਅਤੇ ਨਾਟਕਾਂ ਬਾਰੇ ਹੋਈਆਂ ਟਿੱਪਣੀਆਂ ਦੇ ਆਧਾਰ ਉਤੇ ਵੀ ਕੀਤਾ ਗਿਆ ਹੈ। ਪਾਲੀ ਭੁਪਿੰਦਰ ਅਜੋਕੇ ਕਾਲ-ਖੰਡ ਦਾ, ਜਿਸ ਵਿਚ ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ, ਗੁਰਸ਼ਰਨ ਸਿੰਘ, ਸਵਰਾਜਬੀਰ, ਸਾਹਿਬ ਸਿੰਘ ਅਤੇ ਸਤਵਿੰਦਰ ਬੇਗੋਵਾਲੀਆ ਆਦਿ ਹਨ, ਵਿਚ ਚੰਗਾ ਜਾਣਿਆ ਪਛਾਣਿਆ ਨਾਟਕਕਾਰ ਹੈ। ਪੁਸਤਕ ਲੇਖਕ ਡਾ. ਗੁਰਭੇਜ ਸਿੰਘ ਨੇ ਪਾਲੀ ਦੇ ਨਾਟਕਾਂ ਨੂੰ ਬੜੀ ਬਾਰੀਕੀ ਵਿਚ ਪੜ੍ਹਿਆ ਜਾਪਦਾ ਹੈ। ਜਿਸ ਦਾ ਪ੍ਰਮਾਣ ਇਹ ਪੁਸਤਕ ਹੈ।


-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732


ਗੁੰਬਦ ਤੋਂ ਬਾਹਰ
ਲੇਖਕ : ਡਾ. ਤੇਜਵੰਤ ਮਾਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 450 ਰੁਪਏ, ਸਫ਼ੇ : 184
ਸੰਪਰਕ : 098767-83736


ਡਾ. ਮਾਨ ਬਹੁਪੱਖੀ ਸਾਹਿਤਕ ਸ਼ਖ਼ਸੀਅਤ ਹੈ ਪਰ ਆਲੋਚਨਾ ਦੇ ਖੇਤਰ ਵਿਚ ਉਸ ਨੂੰ ਵਿਲੱਖਣ ਸਥਾਨ ਪ੍ਰਾਪਤ ਹੈ। ਅਜੋਕੇ ਸਮੇਂ ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਸਰਪ੍ਰਸਤ ਹੈ। ਹਥਲੀ ਪੁਸਤਕ ਵਿਚ ਉਸ ਨੇ 22 ਸੰਘਰਸ਼ਸ਼ੀਲ ਕਵੀਆਂ ਦੀਆਂ ਚੋਣਵੀਆਂ ਪੁਸਤਕਾਂ ਦਾ ਵਿਸਤ੍ਰਿਤ ਅਧਿਐਨ ਕੀਤਾ ਹੈ ਅਤੇ 72 ਕਵੀਆਂ ਨਾਲ ਮੁਢਲੀ ਜਾਣ-ਪਛਾਣ ਕਰਵਾਈ ਹੈ। ਕੁਝ ਕੁ ਸਥਾਪਿਤ ਕਵੀਆਂ ਤੋਂ ਬਿਨਾਂ ਉਸ ਨੇ ਜ਼ਿਆਦਾਤਰ ਨਵੇਂ ਅਣਗੌਲੇ ਕਵੀਆਂ ਦੀਆਂ ਅਤੇ ਵੱਖ-ਵੱਖ ਸਾਹਿਤ ਸਭਾਵਾਂ ਵਲੋਂ ਪ੍ਰਕਾਸ਼ਿਤ ਕਰਵਾਈਆਂ ਸਾਂਝੀਆਂ ਪੁਸਤਕਾਂ ਨੂੰ ਗ੍ਰਹਿਣ ਵਸਤੂ ਪ੍ਰਾਪਤ ਕਰ ਕੇ ਆਪਣਾ ਅਧਿਐਨ ਸੰਪੰਨ ਕੀਤਾ ਹੈ। 'ਗੁੰਬਦ' ਸ਼ਬਦ ਆਤਮ-ਪੁਖਤਾ ਅਤੇ 'ਬਾਹਰ' ਸ਼ਬਦ 'ਬਾਹਰਪੁਖ਼ਤਾ' ਦਾ ਪ੍ਰਤੀਕ ਜਾਪਦਾ ਹੈ। ਡਾ. ਮਾਨ ਰੂਪਕ ਪੱਖ 'ਤੇ ਘੱਟ ਜ਼ੋਰ ਦਿੰਦਾ ਹੈ ਪਰ 'ਕੀ ਕਿਹਾ' ਤੇ ਵੱਧ ਫੋਕਸੀਕਰਨ ਕਰਦਾ ਹੈ। ਅਧਿਐਨ ਕਰਦਿਆਂ ਮਾਅਨੀਖੇਜ਼ ਗੱਲਾਂ ਵੀ ਕਰ ਜਾਂਦਾ ਹੈ। ਮਸਲਨ : 'ਮਨੁੱਖ ਇਕ ਸਿਰਜਨਾਤਮਕ ਮੈਟਾਫ਼ਰ ਹੈ।' 'ਜੇ ਘਟਨਾ ਸਾਹਿਤ ਪੈਦਾ ਕਰਦੀ ਹੈ ਤਾਂ ਸਾਹਿਤ ਵੀ ਘਟਨਾ ਪੈਦਾ ਕਰ ਸਕਦਾ ਹੈ।' 'ਕਾਵਿ-ਯਥਾਰਥ ਕਦੇ ਆਵੇਸ਼ੀ ਉਲੱਥਾ ਨਹੀਂ ਹੁੰਦਾ' ਆਦਿ। ਉਸ ਦੀ ਇਸ ਮੁੱਲਵਾਨ ਪੁਸਤਕ ਦੀ ਸਹੀ ਸਮਝ ਲਈ ਪਾਠਕਾਂ ਨੂੰ ਉਸ ਦੇ ਸਮੀਖਿਆ-ਸੰਕਲਪਾਂ ਨੂੰ ਸਮਝਣ ਦੀ ਲੋੜ ਹੈ। ਮਸਲਨ : ਆਨੰਦੀ-ਪਾਠ/ਪਾਠ-ਆਨੰਦ; ਸਾਪੇਖਤਾ/ਨਿਰਪੇਖਤਾ; ਪ੍ਰਾਪਤ-ਯਥਾਰਥ/ਇੱਛਿਤ-ਯਥਾਰਥ/ਆਦਰਸ਼ ਪ੍ਰਾਪਤੀ; ਮੁਕਤੀ-ਜੁਗਤ ਸੰਵਾਦ; ਵਿਸ਼ਵੀਕਰਨ ਦਾ ਬਾਜ਼ਾਰੂ-ਸੰਕਲਪ (ਸਾਇਮੁਲੇਸ਼ਨ); ਕਾਰਕੀ-ਜੁਜ਼; ਉਪਯੋਗੀ ਮੁੱਲ/ ਕੀਮਤ ਮੁੱਲ/ਸੁਹਜ ਮੁੱਲ; ਬਾਹਰਮੁਖਤਾ/ਅੰਤਰਮੁਖਤਾ; ਦ੍ਰਿਸ਼ਟੀਕੋਣ : ਕੁਲੀਨ ਵਰਗ/ਗ਼ਰੀਬ ਵਰਗ; ਵਿਰੋਧੀ ਜੁੱਟ; ਉਤਪਾਦਕੀ ਵਿਕਾਸ ਮਾਡਲ/ਵਾਸਤਵਿਕ ਸੱਚ। ਅਜਿਹੇ ਸੰਕਲਪਾਂ ਦੀ ਪਾਠਕਾਂ ਨੂੰ ਜਾਣਕਾਰੀ ਇਸ ਲਈ ਜ਼ਰੂਰੀ ਹੈ ਕਿਉਂ ਜੋ ਇਹ ਸਾਰੀ ਦੀ ਸਾਰੀ ਆਲੋਚਨਾ ਵਿਚ ਪ੍ਰਕਰਮਾ ਕਰਦੇ ਵੇਖੇ ਜਾ ਸਕਦੇ ਹਨ।
ਨਿਰਸੰਦੇਹ ਡਾ. ਮਾਨ ਦਾ ਅਧਿਐਨ ਵਿਸ਼ਾਲ ਹੈ। ਅਸੀਂ ਕੇਵਲ ਹਥਲੀ ਆਲੋਚਨਾ ਪੁਸਤਕ ਵਿਚ ਡਾ. ਮਾਨ ਵਲੋਂ ਕਬੂਲੇ ਕੁਝ ਪ੍ਰਭਾਵਾਂ ਵੱਲ ਹੀ ਸੰਕੇਤ ਕਰਾਂਗੇ। ਉਸ ਵਲੋਂ ਰੋਲਾਂ ਬਾਰਤ ਦੀ ਪੁਸਤਕ 'ਪੈਲੱਯਰ ਆਫ਼ ਟੈਕਸਟ' (1973)-, ਰਸੂਲ ਹਮਜ਼ਾਤੋਵ (ਦਾਗ਼ਿਸਤਾਨ), ਲੈਨਿਨ, ਮੈਕਿਸਮ ਗੋਰਕੀ, ਪਾਬਲੋ ਨਰੂਦਾ, ਟਰਾਟਸਕੀ, ਸ਼ੋਲੋਖੋਵ, ਰੂਸੀ ਕਵੀ 'ਕਲਾਈਵ', ਫਲਸਤੀਨੀ ਕਵੀ 'ਮੁਈਨ ਬਸੀਸੋ' ਆਦਿ ਦਾ ਪ੍ਰਭਾਵ ਗ੍ਰਹਿਣ ਕੀਤਾ ਜਾਪਦਾ ਹੈ। 'ਕਿੰਗ ਬਰੂਸ ਐਂਡ ਸਪਾਈਡਰ', ਪ੍ਰੋਮੀਥੀਅਮ (ਲੋਕ-ਕਥਾ)/ਹਰਕੁਲੀਸ; ਪਾਗਲ ਕੁੱਤੇ ਦੀ ਮੌਤ ਦਾ ਮਰਸੀਆ (ਗੋਲਡ ਸਮਿੱਥ); ਆਦਿ ਦਾ ਅਸਰ ਵੀ ਨੋਟ ਕੀਤਾ ਜਾ ਸਕਦਾ ਹੈ। ਐਕਵੇਅਰ ਕਾਮੂ ਵਲੋਂ ਪ੍ਰਯੋਗ ਕੀਤੀ ਮਿੱਥ ਹੈ। 'ਸਿਸੀਪਸ ਦੀ ਮਿੱਥ' ਵੀ ਤਾਂ ਮਨੁੱਖ ਦੇ ਅਣਥੱਕ ਸੰਘਰਸ਼ ਦੀ ਗਾਥਾ ਹੀ ਪਾਉਂਦੀ ਹੈ। 'ਕਿੰਗ ਬਰੂਸ ਐਂਡ ਦੀ ਸਪਾਈਡਰ' ਵਿਚ ਨਿਹਿਤ ਚੇਤਨਾ ਦਾ ਪ੍ਰਭਾਵ ਵੱਧ ਪ੍ਰਤੀਤ ਹੁੰਦਾ ਹੈ।
ਡਾ. ਮਾਨ ਦੀ ਅਧਿਐਨ ਵਿਧੀ ਇਉਂ ਹੈ : ਉਹ ਕਿਸੇ ਵੀ ਰਚਨਾ ਬਾਰੇ ਤਿੰਨ ਪਰਤੀ ਪਹੁੰਚ ਨੂੰ ਤਰਜੀਹ ਦਿੰਦਾ ਹੈ। ਪ੍ਰਾਪਤ ਯਥਾਰਥ (ਪਹਿਲੀ ਪਰਤ); ਲੋਕ ਮਾਨਤਾ ਪ੍ਰਾਪਤ ਮੁਕਤੀ-ਜੁਗਤੀ (ਦੂਜੀ ਪਰਤ); ਇੱਛਿਤ ਯਥਾਰਥ ਦੀ ਪ੍ਰਾਪਤੀ (ਤੀਜੀ ਪਰਤ) ਇਨ੍ਹਾਂ ਤਿੰਨਾਂ ਪਰਤਾਂ 'ਤੇ ਪੂਰੀ ਉੱਤਰਦੀ ਰਚਨਾ ਹੀ ਆਲੋਚਕ ਦੀ ਪ੍ਰਸੰਸਾ ਦੀ ਹੱਕਦਾਰ ਹੋ ਸਕਦੀ ਹੈ। ਪਹਿਲੇ ਪੜਾਅ 'ਤੇ ਆਲੋਚਕ ਉਹ ਕਾਵਿ-ਟੂਕਾਂ ਦਿੰਦਾ ਹੈ ਜੋ ਪ੍ਰਾਪਤ ਯਥਾਰਥ ਨੂੰ ਰੂਪਮਾਨ ਕਰਦੀਆਂ ਹਨ। ਦੂਜੇ ਪੜਾਅ 'ਤੇ ਉਨ੍ਹਾਂ ਕਾਵਿ-ਟੂਕਾਂ ਦਾ ਵਿਸ਼ਲੇਸ਼ਣ ਕਰਦਾ ਹੈ ਜੋ ਸੰਘਰਸ਼ ਵਿਚ ਜੂਝਣ ਲਈ ਪ੍ਰੇਰਿਤ ਕਰਦੀਆਂ ਹਨ। ਡਾ. ਮਾਨ 'ਕਲਾ-ਕੇਵਲ ਕਲਾ ਲਈ' ਦਾ ਖੰਡਨ ਕਰਦਾ ਹੈ। ਉਹ 'ਕਲਾ ਜੀਵਨ ਲਈ' ਦਾ ਸਮਰਥਕ ਹੈ। ਇੰਝ ਇਕੋ ਕਿਤਾਬ 'ਤੇ ਫੋਕਸੀਕਰਨ ਕਰਦਿਆਂ ਨਾਂਹ-ਪੱਖੀ ਸੋਚ ਨੂੰ ਹਾਂ-ਪੱਖੀ ਸੋਚ ਵਿਚ ਰੂਪਾਂਤਰਿਤ ਕਰਨ ਵਿਚ ਸਫ਼ਲ ਹੋ ਜਾਂਦਾ ਹੈ। ਇੰਝ ਡਾ. ਮਾਨ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤੀਆਂ ਕਵਿਤਾਵਾਂ ਨੂੰ ਆਲੋਚਨਾ ਦੀ ਚਾਟੀ ਵਿਚ ਰਿੜਕਦਿਆਂ ਪਾਠਕਾਂ ਨੂੰ ਅਣਥੱਕ ਸੰਘਰਸ਼ੀ ਸੋਚ ਦਾ ਮੱਖਣ ਪਰੋਸਦਾ ਹੈ। ਵੱਖ-ਵੱਖ ਸਮਿਆਂ 'ਤੇ ਲਿਖੇ ਖੋਜ ਨਿਬੰਧਾਂ ਕਾਰਨ ਦੁਹਰਾ ਦਾ ਆ ਜਾਣਾ ਸੁਭਾਵਿਕ ਹੈ। ਹਰ ਖੋਜ ਨਿਬੰਧ ਦਾ ਅੰਤ ਪ੍ਰਸੰਸਾਮੂਲਕ ਸ਼ਬਦਾਵਲੀ (ਮੈਂ ਸੁਆਗਤ ਕਰਦਾ ਹਾਂ, ਮੈਨੂੰ ਤਸੱਲੀ ਹੈ, ਮੈਨੂੰ ਖ਼ੁਸ਼ੀ ਹੈ) ਨਾਲ ਹੁੰਦਾ ਹੈ। ਭਵਿੱਖ ਦਾ ਕੋਈ ਵੀ ਖੋਜਾਰਥੀ 'ਗੁੰਬਦ ਤੋਂ ਬਾਹਰ' ਪੁਸਤਕ ਦੀ ਮੈਟਾ-ਆਲੋਚਨਾ ਕਰ ਕੇ ਹੋਰ ਵਧੇਰੇ ਮੁੱਲਵਾਨ ਨਤੀਜੇ ਪ੍ਰਾਪਤ ਕਰ ਸਕਦਾ ਹੈ। ਸੰਖੇਪ ਇਹ ਕਿ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਲੋਕ-ਪੀੜਾ ਅਤੇ ਸੁਝਾਵੀਂ ਹੱਲ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕਰਨ ਦਾ ਸਿਹਰਾ ਡਾ. ਮਾਨ ਸਿਰ ਬੱਝਦਾ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ :vatish.dharamchand@gmail.com


ਕੌੜਾ ਸੱਚ
ਲੇਖਕ : ਡਾ. ਮਲੂਕ ਸਿੰਘ ਲੋਹਾਰਾ
ਪ੍ਰਕਾਸ਼ਕ : ਗਲੋਬਲ ਪ੍ਰਿੰਟਿੰਗ ਪ੍ਰੈੱਸ, ਮੋਗਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 94632-31659


ਹਥਲਾ ਕਾਵਿ ਸੰਗ੍ਰਹਿ 'ਕੌੜਾ ਸੱਚ' ਲੇਖਕ ਡਾ. ਮਲੂਕ ਸਿੰਘ ਲੋਹਾਰਾ' ਦਾ ਦੂਜਾ ਕਾਵਿ ਸੰਗ੍ਰਹਿ ਹੈ। ਕਵੀ ਇਸ ਤੋਂ ਪਹਿਲਾਂ 'ਲਲਕਾਰ' ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਇਸ ਹਥਲੇ ਕਾਵਿ ਸੰਗ੍ਰਹਿ 'ਕੌੜਾ ਸੱਚ' 'ਚ ਉਸ ਦੀਆਂ 37 ਕਾਵਿ ਰਚਨਾਵਾਂ ਸ਼ਾਮਿਲ ਹਨ। ਕਵੀ ਨੇ ਅਜੋਕੇ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਇਨ੍ਹਾਂ ਕਵਿਤਾਵਾਂ 'ਚ ਛੋਹਿਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਭਾਈਚਾਰਕ ਸਾਂਝ ਦਾ ਹੋਕਾ, ਮਿਹਨਤਕਸ਼ ਮਜ਼ਦੂਰ ਦੀ ਪੀੜ, ਭ੍ਰਿਸ਼ਟ ਨਿਜ਼ਾਮ ਖਿਲਾਫ਼ ਵਿਦਰੋਹ ਸਾਫ ਝਲਕਦਾ ਹੈ :
ਬੇਈਮਾਨ, ਝੂਠੇ ਕਰਨ ਸਰਦਾਰੀਆਂ,
ਸੱਚੇ ਕਿਰਤੀ ਹੋਣ ਖਵਾਰ।
ਸਮੱਗਲਰਾਂ ਨੂੰ ਮਿਲਦੀਆਂ ਕੁਰਸੀਆਂ,
ਪੁੱਛਗਿੱਛ ਉਹਨਾਂ ਦੀ ਸਰਕਾਰੇ ਦਰਬਾਰ।
ਲੇਖਕ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਉਪਰੰਤ ਵੀ ਗਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੇ ਬੇਰੋਕ ਵਾਧੇ ਪ੍ਰਤੀ ਡਾਹਢਾ ਫਿਕਰਮੰਦ ਹੈ। ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦਾ ਵਧ ਰਿਹਾ ਰੁਝਾਨ, ਰਾਜਸੀ ਤਾਕਤਾਂ ਅਤੇ ਸਰਮਾਏਦਾਰਾਂ ਵਲੋਂ ਨਿਮਨ ਮੱਧ ਵਰਗੀ ਲੋਕਾਂ ਦੀ ਲੁੱਟ ਉਸ ਦਾ ਹਿਰਦਾ ਵਲੂੰਧਰਦੀ ਹੈ। ਪੁਰਾਣੇ ਪੰਜਾਬ ਦੇ ਪੇਂਡੂ ਦ੍ਰਿਸ਼ ਉਸ ਦੇ ਚੇਤਿਆਂ 'ਚ ਧੁਰ ਅੰਦਰ ਵਸੇ ਪਏ ਹਨ। ਬਲਦਾਂ, ਹਲਟਾਂ, ਟਿੰਡਾਂ, ਗਾਧੀ, ਚੁਬੱਚਿਆਂ ਨੂੰ ਯਾਦ ਕਰਦਾ ਕਵੀ ਲਿਖਦਾ ਹੈ :
ਬਲਦਾਂ ਦੇ ਗਲ ਨਾ ਵੱਜਣ ਟੱਲੀਆਂ।
ਟਿੱਕ-ਟਿੱਕ ਕਰਦਾ ਨਾ ਹਲਟ ਖੂਹ ਦਾ।
ਨਾ ਟਿੰਡਾਂ ਪਾਣੀ ਭਰਕੇ, ਡੋਬਣ ਵਿਚ ਚੁਬੱਚੇ,
ਨਾ ਗਾਧੀ ਉਤੇ ਬੈਠ ਕੇ ਕੋਈ ਬਲਦਾਂ ਨੂੰ ਹਕਦਾ।
ਪੰਛੀਆਂ ਅਤੇ ਰੁੱਖਾਂ ਪ੍ਰਤੀ ਲੇਖਕ ਨੂੰ ਡੂੰਘਾ ਲਗਾਅ ਹੈ। ਉਸ ਨੂੰ ਪਿੱਪਲ, ਬਰੋਟੇ, ਡੇਕਾਂ, ਨਿੰਮ, ਪਿਲਕਣਾਂ, ਤੂਤ, ਕਿੱਕਰ, ਜੰਡ, ਟਾਹਲੀਆਂ ਆਦਿ ਆਪਣੇ ਵੱਡ-ਵਡੇਰੇ ਅਤੇ ਸਕੇ-ਸੰਬੰਧੀ ਜਾਪਦੇ ਹਨ। ਧਰਤੀ ਹੇਠਲੇ ਪਾਣੀ ਦੇ ਹੋਰ ਡੂੰਘੇ ਜਾਣ ਅਤੇ ਇਕ ਦਿਨ ਮੁੱਕ ਜਾਣ ਦੀ ਚਿੰਤਾ ਉਸ ਨੂੰ ਸਤਾ ਰਹੀ ਹੈ ਅਤੇ ਉਹ ਇਸ ਦੀ ਸੰਭਾਲ ਲਈ ਦੁਹਾਈ ਦਿੰਦਾ ਹੈ। ਖੂਨ ਦੇ ਰਿਸ਼ਤਿਆਂ 'ਚ ਪੈ ਰਹੀ ਦ੍ਰਾੜ ਉਸ ਨੂੰ ਬੇਚੈਨ ਕਰਦੀ ਹੈ। ਸਮਾਜਿਕ ਸਰੋਕਾਰਾਂ ਅਤੇ ਲੋਕ ਧਰਾਤਲ ਨਾਲ ਜੁੜੀਆਂ ਇਨ੍ਹਾਂ ਕਾਵਿ ਰਚਨਾਵਾਂ ਰਾਹੀਂ ਲੇਖਕ ਆਪਣੇ ਮਨੋਭਾਵਾਂ ਅਤੇ ਵਲਵਲਿਆਂ ਦਾ ਖੁੱਲ੍ਹ ਕੇ ਪ੍ਰਗਟਾਅ ਕਰਦਾ ਹੈ। ਭਾਵੇਂ ਇਸ ਕਿਤਾਬ 'ਚ ਕੁਝ ਸ਼ਬਦਾਂ ਦੀਆਂ ਗ਼ਲਤੀਆਂ ਜ਼ਰੂਰ ਰੜਕਦੀਆਂ ਹਨ ਪਰੰਤੂ ਕੁੱਲ ਮਿਲਾ ਕੇ ਇਹ ਪੁਸਤਕ ਪੜ੍ਹਣਯੋਗ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625


ਵਲੈਤੀ ਵਾਂਢਾ ਅਤੇ ਹੋਰ ਕਹਾਣੀਆਂ
ਲੇਖਕ : ਬਲਵੰਤ ਸਿੰਘ ਗਿੱਲ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ: 250 ਰੁਪਏ, ਸਫ਼ੇ: 159
ਸੰਪਰਕ : 94631-70369


ਬਲਵੰਤ ਸਿੰਘ ਗਿੱਲ ਭਾਵੇਂ ਚਾਰ ਦਹਾਕਿਆਂ ਤੋਂ ਵਧ ਦੇ ਸਮੇਂ ਸੰਨ 1979 ਤੋਂ ਇੰਗਲੈਂਡ ਪਰਵਾਸ ਕਰ ਗਿਆ ਸੀ ਪਰ ਉਸ ਦੀਆਂ ਜੜ੍ਹਾਂ ਪੰਜਾਬ, ਪੰਜਾਬੀਅਤ ਅਤੇ ਆਪਣੇ ਸੱਭਿਆਚਾਰ ਨਾਲ ਹਾਲੇ ਵੀ ਜੁੜੀਆਂ ਹੋਈਆਂ ਹਨ, ਜਿਸ ਦਾ ਪੁਖ਼ਤਾ ਸਬੂਤ ਇਹ ਹਥਲੀ ਪੁਸਤਕ 'ਵਲੈਤੀ ਵਾਂਢਾ ਤੇ ਹੋਰ ਕਹਾਣੀਆਂ' ਦੀ ਪੁਸਤਕ ਹੈ। ਇਸ ਪੁਸਤਕ ਦੀਆਂ ਕੁੱਲ ਵੀਹ ਕਹਾਣੀਆਂ ਵਿਚ ਦੁਵੱਲੇ ਰਿਸ਼ਤੇ ਨਾਤਿਆਂ ਦੇ ਆਪਸੀ ਪਿਆਰ ਦੀ ਖ਼ੁਸ਼ਬੂ, ਪਰਉਪਕਾਰ ਦੀਆਂ ਮਲਮਾਂ, ਵਿਦੇਸ਼ਾਂ ਨੂੰ ਭੱਜਣ ਦੀ ਹੋੜ, ਨਫ਼ਰਤਾਂ ਦੀ ਸੜਿਆਂਦ ਤੇ ਕਿਤੇ-ਕਿਤੇ ਮਾਰਧਾੜ ਵਰਤਦੇ ਵਰਤਾਰੇ ਆਦਿ ਵਿਸ਼ਿਆਂ ਨੂੰ ਬੜੇ ਹੀ ਸੰਜਮੀ ਭਾਵਨਾ ਨਾਲ ਉਲੀਕਿਆ ਗਿਆ ਹੈ।
'ਵਲੈਤੀ ਵਾਂਢੇ'/'ਘੈਂਟ ਵਿਆਹ', 'ਅਮੀਰਾਂ ਦੇ ਚੋਚਲੇ', 'ਨਿਆਣਿਆਂ ਦਾ ਚੀਕ ਚਿਹਾੜਾ', 'ਸ਼ਰਾਬ ਤੇ ਕਬਾਬ ਦਾ ਚਲਣਾ', 'ਹੁੜਦੰਗ ਮਚਾਉਣਾ', 'ਗ਼ਰੀਬ ਦੀ ਹੱਟੀ', 'ਮਿਹਨਤਾਂ'/'ਸਾਫ਼ ਨੀਅਤਾਂ ਨੂੰ ਭਾਗ ਲੱਗਣੇ', 'ਲਾਵਾਰਿਸ ਧੀਆਂ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਫ਼ਰਿਸ਼ਤੇ ਰੂਪੀ ਮਨੁੱਖ', ਇਕ ਪਾਸੇ ਗੋਰੀ ਨੂੰਹ ਦਾ ਪੰਜਾਬੀ ਸੱਭਿਆਚਾਰ ਵਿਚ ਘੁਲ-ਮਿਲ ਕੇ ਸੱਸ ਸਹੁਰੇ ਦੀ ਸੇਵਾ ਕਰਨ ਦਾ ਅਲੌਕਿਕ ਨਜ਼ਾਰਾ ਤੇ ਦੂਜੇ ਪਾਸੇ ਦੇਸੀ ਨੂੰਹ ਦਾ ਆਪਣੇ ਪਤੀ ਤੇ ਸੱਸ ਸਹੁਰੇ ਨਾਲ ਨੀਚ ਤੋਂ ਨੀਚ ਦੁਰਵਿਹਾਰ ਦੇ ਕਿੱਸੇ, ਬਚਨੀ ਦੇ ਲੰਗਰ ਦੇ ਅਨੋਖੇ ਰੰਗ : ਕਿਤੇ ਸੂਟਾਂ ਦੀਆਂ ਗੱਲਾਂ ਤੇ ਕਿਤੇ ਬੀਬੀਆਂ ਖੀਰ ਤੋਂ ਗੁੱਤੋ ਗੁੱਤੀ, ਠਾਣੇਦਾਰੀ ਦਬਕੇ ਨਾਲ ਹਥਿਆਈ ਕੋਠੀਆਂ/ ਜਾਇਦਾਦ ਜਾਣੀ ਐਨ. ਆਰ. ਆਈਜ਼. ਨਾਲ ਧੋਖਾ ਦਰ ਧੋਖਾ , ਨਸ਼ਿਆਂ ਤੇ ਕਰਜ਼ਿਆਂ ਦੁਆਰਾ ਰੁਲਦੇ ਹੱਸਦੇ ਵੱਸਦੇ ਪਰਿਵਾਰ, ਵਿਕਾਸ ਦੇ ਨਾਂਅ ਤੇ ਵਿਨਾਸ਼, ਨਿਰਮੋਹੇ ਰਿਸ਼ਤਿਆਂ ਦੀ ਧੁਆਂਖੀ ਬੱਤੀ ਨੂੰ ਜਗਦਾ ਕਰਨ ਲਈ ਪਾਖੰਡਵਾਦ ਦਾ ਸਹਾਰਾ, ਪੈਸਿਆਂ ਦੇ ਜ਼ੋਰ ਨਾਲ ਗ਼ਰੀਬ ਇੱਜ਼ਤ ਨਾਲ ਖੇਡਣਾ, ਪੈਸਿਆਂ ਦਾ ਰੰਗ ਚਾਰ ਦਿਨਾਂ ਦਾ ਪ੍ਰਾਹੁਣਾ, ਵਿਦੇਸ਼ਾਂ ਵਿਚ ਪੱਕੇ ਹੋਣ ਦੇ ਸੌ ਸਿਰੜੀ ਸਿਆਪੇ ਅਤੇ ਬਹੁਤ ਸਾਰੀ ਠੱਗੀ ਠੋਰੀ ਆਦਿ ਅਹਿਮ ਮੁੱਦਿਆਂ ਦੀ ਬੜੀ ਬੇਬਾਕੀ ਨਾਲ ਕੀਤੀ ਬੁਲੰਦ ਆਵਾਜ਼ ਪੜ੍ਹਨ ਨੂੰ ਮਿਲਦਾ ਹੈ। ਵਿਚ-ਵਿਚ ਵਿਅੰਗਮਈ ਟੋਟਕੇ ਕੁਤਕੁਤਾਰੀਆਂ ਕੱਢ ਕੇ ਹੱਸਣ ਲਈ ਮਜਬੂਰ ਕਰ ਹੀ ਦਿੰਦੇ ਹਨ। ਉਮੀਦ ਹੈ ਕਿ 'ਵਲੈਤੀ ਵਾਂਢਾ ਅਤੇ ਹੋਰ ਕਹਾਣੀਆਂ' ਦੇ ਲੇਖਕ ਬਲਵੰਤ ਸਿੰਘ ਗਿੱਲ ਕੁਝ ਹੋਰ ਨਵਾਂ ਲਿਖਣ ਲਈ ਵੀ ਯਤਨਸ਼ੀਲ ਰਹੇਗਾ।


-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵਟਸਐਪ : 98764-74858


ਬਦਲੇ ਰੰਗ ਪੰਜਾਬ ਦੇ
ਲੇਖਕ : ਜਸਵਿੰਦਰ ਸਿੰਘ ਮਾਣੋਚਾਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 94636-13035


'ਬਦਲੇ ਰੰਗ ਪੰਜਾਬ ਦੇ' ਵਾਰਤਕ ਪੁਸਤਕ ਜਸਵਿੰਦਰ ਸਿੰਘ ਮਾਣੋਚਾਹਲ ਦੇ ਜੀਵਨ ਤਜਰਬਿਆਂ ਦੀ ਗਾਥਾ ਨੂੰ ਬਿਆਨ ਕਰਦੀ ਹੈ। ਇਸ ਪੁਸਤਕ ਦੇ 24 ਅਧਿਆਇ ਹਨ, ਜਿਨ੍ਹਾਂ ਦੇ ਪ੍ਰਮੁੱਖ ਫੋਕਸ ਬੱਚੇ ਦਾ ਜਨਮ, ਪੜ੍ਹਾਈ ਤੇ ਕੰਮਕਾਰ, ਬਾਲ ਖੇਡਾਂ, ਲੋਕਾਂ ਦੇ ਕੰਮ ਧੰਦੇ, ਵਾਹੀ ਖੇਤੀ, ਖਾਣ-ਪੀਣ, ਘਰਾਂ ਦੀ ਬਣਤਰ, ਬਿਮਾਰੀਆਂ ਦਾ ਇਲਾਜ, ਮਨੋਰੰਜਨ ਜਾਂ ਮਨਪ੍ਰਚਾਵਾ, ਵਿਆਹ-ਸ਼ਾਦੀਆਂ, ਮਰਨਾ-ਪਰਨਾ, ਦਿਨ ਦਿਹਾਰ ਜਾਂ ਤਿਉਹਾਰ, ਆਵਾਜਾਈ ਦੇ ਸਾਧਨ, ਵਰਤੋਂ ਵਿਹਾਰ, ਸੁਖ-ਸੁਨੇਹੇ, ਔਰਤਾਂ ਦਾ ਜੀਵਨ, ਬੁਢਾਪਾ, ਸੱਭਿਆਚਾਰ ਤੇ ਵਿਰਸਾ, ਪਿੰਡਾਂ ਦੀ ਨੁਹਾਰ ਤੇ ਆਲਾ-ਦੁਆਲਾ, ਸਿਆਸਤ ਤੇ ਸੰਘਰਸ਼, ਨਸ਼ਿਆਂ ਦਾ ਪ੍ਰਕੋਪ, ਮੋਰੀ ਵਾਲੇ ਪੈਸੇ ਤੋਂ ਗੁਲਾਬੀ ਨੋਟ ਤੱਕ, ਬਾਂਗ ਪਰਛਾਵਾਂ ਖਿੱਤੀਆਂ ਤੇ ਟੱਚ-ਸਕਰੀਨ ਅਤੇ ਸ਼ਾਰ-ਅੰਸ਼ ਦੇ ਰੂਪ ਵਿਚ ਕਵਿਤਾ ਉੱਤੇ ਕੀਤਾ ਗਿਆ ਹੈ। ਵਾਰਤਕ ਦੀ ਇਸ ਪੁਸਤਕ ਵਿਚ ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਕ, ਸੱਭਿਆਚਾਰਕ, ਵਿਗਿਆਨਕ ਪੱਖਾਂ ਰਾਹੀਂ ਮਨੁੱਖ ਦੇ ਵਿਕਾਸਮੁਖੀ ਪੜਾਵਾਂ ਨੂੰ ਰੂਪਮਾਨ ਕੀਤਾ ਹੈ। ਮਨੁੱਖ ਤੇ ਸਮਾਜਿਕ ਸਿਸਟਮ ਦਾ 'ਕਰਮ ਸਿਧਾਂਤ' ਗਤੀਸ਼ੀਲਤਾ ਦਾ ਪ੍ਰਵਚਨ ਸਿਰਜਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਿਧਾਂਤ ਨੂੰ ਮਿਹਨਤੀ ਸਿਰੜੀ, ਮਿੱਠ-ਬੋਲੜੇ ਤੇ ਸਿਦਕਵਾਨ ਬਿਰਤੀ ਰਾਹੀਂ ਰੂਪਮਾਨ ਕੀਤਾ ਹੈ, ਜਿਸ ਨਾਲ ਪੁਰਾਤਨਤਾ ਅਤੇ ਆਧੁਨਿਕਤਾ ਵਿਚ ਸੰਬੰਧ ਸਥਾਪਿਤ ਹੁੰਦਾ ਹੈ। ਬੱਚਿਆਂ ਦੀ ਮਾਨਸਿਕਤਾ ਤੇ ਸਰੀਰਕ ਵਿਕਾਸ ਲਈ ਅੱਡੀ-ਛੜੱਪਾ, ਲੁਕਣ-ਮੀਚੀ, ਛੂਹਣ-ਸਿਪਾਹੀ, ਕਿੱਕਲੀ, ਸ਼ਟਾਪੂ, ਗੁੱਡੀਆਂ-ਪਟੋਲੇ, ਗੀਟੇ, ਖਿੱਦੋ-ਖੂੰਡੀ ਖੇਡਾਂ ਪ੍ਰਚਲਿਤ ਸਨ ਪਰ ਵਰਤਮਾਨ ਸਮੇਂ ਕਬੱਡੀ, ਹਾਕੀ, ਬੈਡਮਿੰਟਨ, ਫੁੱਟਬਾਲ, ਵਾਲੀਬਾਲ, ਜੂਡੋ ਕਰਾਟੇ, ਜਿਮਨਾਸਟਿਕ ਆਦਿ। ਪੁਰਾਤਨਤਾ ਦੀ ਧਰੋਹਰ ਹਲ, ਪੰਜਾਲੀ, ਸੁਹਾਗਾ, ਜਿੰਦਾ, ਪੀੜ੍ਹੀਆਂ, ਮੰਜੇ, ਚਕਲੇ, ਘੋਟਣੇ, ਮਧਾਣੀਆਂ, ਵੇਲਣੇ, ਸੰਦੂਕ ਆਦਿ ਦਾ ਜ਼ਿਕਰ ਕੀਤਾ ਹੈ। ਡਾਕ ਸੇਵਾ ਦਾ ਆਰੰਭ, ਵਿਕਾਸ ਤੇ ਪ੍ਰਚਲਣ ਦਾ ਘਟਣਾ ਬਾਰੇ ਕਲਾਤਮਿਕ ਜਾਣਕਾਰੀ ਦਰਜ ਹੈ। ਊਠਾਂ, ਘੋੜਿਆਂ, ਰੇੜ੍ਹਿਆਂ, ਗੱਡਿਆਂ ਤੋਂ ਸਕੂਟਰ, ਮੋਟਰ-ਸਾਈਕਲ, ਗੱਡੀਆਂ ਤੇ ਹਵਾਈ ਜਹਾਜ਼ ਤੱਕ ਦੀ ਉਡਾਰੀ ਲਗਾਈ ਹੈ। ਹਾਰੇ, ਝਰੋਖੇ, ਚੁੱਲ੍ਹੇ-ਚੌਂਤਰੇ, ਤੰਦੂਰ, ਕੁੜਤੇ-ਚਾਦਰੇ, ਖੇਸ-ਖੇਸੀਆਂ, ਕੈਂਠਾ, ਨੱਤੀਆਂ, ਮੁਰਕੀਆਂ, ਪਿੱਪਲ-ਪੱਤੀਆਂ, ਲੌਂਗ, ਟਿੱਕਾ, ਬੁਗਤੀਆਂ, ਬਾਜੂਬੰਦ, ਕੜੀਚੀਆਂ ਬਾਰੇ ਜਾਣਕਾਰੀ ਦਿੱਤੀ ਹੈ। ਸ਼ਰਾਬ ਤੋਂ ਸਮੈਕ ਤੱਕ ਤੇ ਮੋਰੀ ਵਾਲੇ ਪੈਸੇ ਤੋਂ ਦੋ ਹਜ਼ਾਰ ਰੁਪਏ ਦੇ ਨੋਟ ਤੱਕ ਦੇ ਸਫ਼ਰ ਦਾ ਬਿਰਤਾਂਤ ਸਿਰਜਿਆ ਹੈ। ਜਸਵਿੰਦਰ ਸਿੰਘ ਮਾਣੋਚਾਹਲ ਨੇ 65 ਸਾਲਾਂ ਵਿਚ ਪਿੰਡਾਂ ਦੇ ਬਦਲਾਵ ਬਾਰੇ ਸਟੀਕ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਬਜ਼ੁਰਗਾਂ ਨੇ ਹੱਡ-ਭੰਨਵੀ ਮਿਹਨਤ ਕਰਕੇ ਨਵੀਂ ਪੀੜ੍ਹੀ ਨੂੰ ਤਰੱਕੀ ਦੀਆਂ ਰਾਹਾਂ 'ਤੇ ਤੋਰਿਆ। ਤਕਨਾਲੋਜੀ ਅਤੇ ਪਦਾਰਥਵਾਦੀ ਵਿਵਹਾਰ ਨੇ ਮਨੁੱਖਤਾ ਨੂੰ ਆਪਣੀ ਮਹਾਨ ਕੌਮ ਦੀ ਜੜ੍ਹ ਤੋਂ ਤੋੜਿਆ ਹੈ। ਲੇਖਕ ਵਰਤਮਾਨ ਵਰਤਾਰਿਆਂ ਪ੍ਰਤੀ ਚਿੰਤਤ ਹੈ, ਇਸ ਲਈ ਉਹ ਆਪਣੇ ਵਿਰਸੇ ਦੇ ਨੈਤਿਕ-ਮੁੱਲ ਵਿਧਾਨਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੰਦਾ ਹੈ।


-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810


ਮੇਰੇ ਝਰੋਖੇ 'ਚੋਂ
ਲੇਖਕ : ਬਲਵਿੰਦਰ ਸਿੰਘ ਫ਼ਤਿਹਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 200, ਸਫੇ : 140
ਮੋਬਾਈਲ : 98146-19342


ਲੇਖਕ ਲੰਬੇ ਅਰਸੇ ਤੋਂ ਲੇਖਣ, ਸਾਹਿਤ ਨਾਲ ਜੁੜਿਆ ਹੋਇਆ 'ਤੇ ਹੁਣ ਤੱਕ ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਪਾਠਕਾਂ ਸਨਮੁੱਖ ਹੋ ਚੁੱਕੀਆਂ ਹਨ। ਕਾਵਿ ਸੰਗ੍ਰਹਿ ਤੋਂ ਇਲਾਵਾ ਸ਼ਬਦ ਚਿੱਤਰ, ਨਾਵਲ ਅਤੇ ਖਾਸ ਕਰਕੇ ਨਿਬੰਧ ਲੇਖਣ ਨੇ ਉਸ ਨੂੰ ਇਕ ਖਾਸ ਪਹਿਚਾਣ ਦਿੱਤੀ ਹੈ। ਹਥਲੀ ਕਿਤਾਬ ਵਿਚ ਉਸ ਦੇ 138 ਨਿੱਕੇ-ਨਿੱਕੇ ਲੇਖ, ਨਿਬੰਧ ਦਰਜ ਹਨ। ਵਿਭਿੰਨ ਵਿਸ਼ਿਆਂ ਨੂੰ ਰੂਪਮਾਨ ਕਰਦਿਆਂ ਉਸ ਨੇ ਇਨ੍ਹਾਂ ਲੇਖਾਂ ਵਿਚ ਆਪਣੀ ਨਿਬੰਧ ਕਲਾ ਦੇ ਜੌਹਰ ਦਿਖਾਏ ਹਨ। ਬੋਲਬਾਲਾ ਨਫ਼ਰਤ ਤੇ ਈਰਖਾ ਦਾ, ਨਾਉਂ ਦਾ ਲੇਖ ਆਪਣੇ ਸਿਰਲੇਖ ਦੀ ਤਰਜ਼ਮਾਨੀ ਕਰਦਾ ਹੈ। ਨਫਰਤ ਤੇ ਈਰਖਾ ਨੂੰ ਲੇਖਕ ਨੇ ਅੰਤ ਵਿਚ ਕਿਵੇਂ ਸਮੇਟਿਆ ਹੈ, ਜੋ ਪਾਠਕ ਨੂੰ ਪੁਖਤਾ ਸੰਦੇਸ਼ ਦੇਣ ਵਿਚ ਸਫਲ ਰਹਿੰਦਾ ਹੈ-ਅਸੀਂ ਅੱਜ ਖਰਬਾਂ ਰੁਪਏ ਖਰਚ ਕਰਕੇ ਗੁਰੂ ਬਾਬੇ ਦਾ 550ਵਾਂ ਜਨਮ ਦਿਵਸ ਮਨਾ ਰਹੇ ਹਾਂ। ਅਸੀਂ 500ਵੇਂ ਜਨਮ ਦਿਵਸ ਉਪਰ ਖਰਬਾਂ ਰੁਪਏ ਖਰਚ ਕੇ ਕੀ ਸਿੱਖਿਆ ਸੀ? ਕੁਝ ਵੀ ਨਾ। ਲੇਖਕ ਦੀ ਆਪਣੀ ਇਕ ਵਿਸ਼ੇਸ਼ ਸ਼ੈਲੀ ਹੈ ਜੋ ਉਸ ਦੇ ਲੰਬੇ ਤਜਰਬੇ ਦੀ ਲਖਾਇਕ ਹੈ। ਮਿੰਨੀ ਕਹਾਣੀ ਵਾਂਗ ਲਘੂ ਨਿਬੰਧਾਂ ਵਿਚ ਆਪਣੀ ਗੱਲ ਵੀ ਕਹਿ ਜਾਣੀ ਤੇ ਆਪਣਾ ਮਕਸਦ ਵੀ ਉਜਾਗਰ ਕਰ ਜਾਣਾ ਆਪਣੇ-ਆਪ ਵਿਚ ਹੀ ਬਿਹਤਰ ਲੇਖਣੀ ਦਾ ਪ੍ਰਮਾਣ ਹੈ। ਇਸ ਕਿਤਾਬ ਦਾ ਇਕ ਹੋਰ ਲੇਖ 'ਕਰਾਮਾਤੀ ਬਾਬੇ' ਵੀ ਧਿਆਨ ਦੀ ਮੰਗ ਕਰਦਾ ਹੈ। ਅਜੋਕੇ ਦੌਰ ਵਿਚ ਬਾਬਿਆਂ ਦੀਆਂ ਕਰਾਮਾਤਾਂ ਕਿਸੇ ਤੋਂ ਛੁਪੀਆਂ-ਗੁੱਝੀਆਂ ਨਹੀਂ। ਦਰਅਸਲ ਅਵਾਮ ਵਿਚ ਜਾਗਰੂਕਤਾ ਦੀ ਘਾਟ ਤੇ ਤਰਕ ਦਾ ਚਾਨਣ ਨਾ ਹੋਣ ਕਰਕੇ ਇਹ ਸਭ ਵਾਪਰ ਰਿਹਾ ਹੈ ਜਿਸ ਦਾ ਖਮਿਆਜ਼ਾ ਕਿਸੇ ਨਾ ਕਿਸੇ ਰੂਪ ਵਿਚ ਸਾਨੂੰ ਭੁਗਤਣਾ ਪੈ ਰਿਹਾ ਹੈ। ਵੋਟ ਬੈਂਕ ਵੀ ਇਕ ਵੱਡਾ ਕਾਰਨ ਹੈ ਪ੍ਰੰਤੂ ਅਨਪੜ੍ਹਤਾ ਤੇ ਅਗਿਆਨਤਾ ਵੀ ਜ਼ਿੰਮੇਵਾਰ ਹਨ। ਲਗਭਗ ਲੇਖਕ ਦੇ ਸਾਰੇ ਹ

13-02-2023

 ਖੋਜਤ ਖੋਜਤ ਪ੍ਰਭ ਮਿਲੇ
ਲੇਖਕ : ਜੋਗਿੰਦਰ ਸਿੰਘ ਸੇਠੀ
ਪ੍ਰਕਾਸ਼ਕ : ਗੁਰੂ ਤੇਗ ਬਹਾਦਰ ਨਾਮ ਸਿਮਰਨ ਫਾਊਂਡੇਸ਼ਨ, ਮੁੰਬਈ
ਮੁੱਲ : 500 ਰੁਪਏ, ਸਫ਼ੇ : 526
ਸੰਪਰਕ : 098333-93536

ਵਿਚਾਰ ਅਧੀਨ ਪੁਸਤਕ ਦਾ ਲੇਖਕ ਗੁਰਮਤਿ ਵਿਚਾਰਧਾਰਾ ਦੇ ਪ੍ਰਗਟਾਵੇ ਲਈ ਆਪਣੀ ਕਲਮ ਨੂੰ ਹਮੇਸ਼ਾ ਚਲਦਿਆਂ ਰੱਖਦਾ ਹੈ। ਇਸੇ ਕਰਕੇ ਉਸ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਗੁਰਬਾਣੀ ਦੀਆਂ ਵੱਖ-ਵੱਖ ਤੁਕਾਂ ਦੀ ਸਫ਼ਲ ਵਿਆਖਿਆ ਹੈ। ਪੁਸਤਕ ਦਾ ਸਿਰਲੇਖ ਲੇਖਕ ਦੀਆਂ ਭਾਵਨਾਵਾਂ ਤੇ ਮਨੋਦਸ਼ਾ ਦਾ ਪ੍ਰਗਟਾਵਾ ਕਰ ਰਿਹਾ ਹੈ, ਇਸ ਪੁਸਤਕ ਵਿਚ ਪਾਵਨ ਗੁਰਬਾਣੀ ਦੀਆਂ ਸੈਂਤੀ ਤੁਕਾਂ ਦੀ ਵਿਆਖਿਆ ਕਰਦਿਆਂ ਹਰ ਪਾਵਨ ਤੁੱਕ ਨੂੰ ਗੁਰਬਾਣੀ ਵਿਚੋਂ ਪ੍ਰਮਾਣ ਦੇ ਕੇ ਚਲ ਰਹੀ ਵਿਚਾਰਾਂ ਦੀ ਲੜੀ ਨੂੰ ਸੰਪੂਰਨ ਕੀਤਾ ਹੈ। ਹਥਲੀ ਪੁਸਤਕ ਗੁਰਬਾਣੀ ਦੇ ਬੋਹਿਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਕੀਤੀ ਗਈ ਹੈ। ਲੇਖਕ ਮੁਤਾਬਿਕ ਹਰੇਕ ਤੁੱਕ ਉੱਪਰ ਵਿਸ਼ੇ ਨਾਲ ਸੰਬੰਧਿਤ ਲੇਖ ਲਿਖਣ ਸਮੇਂ ਵਿਚਾਰਅਧੀਨ ਤੁਕ ਨਾਲ ਸੰਬੰਧਿਤ ਪ੍ਰਮਾਣ ਅਧੀਨ ਤੁਕਾਂ ਆਪ ਮੁਹਾਰੇ ਜਦੋਂ ਹਿਰਦੇ ਨੂੰ ਟੁੰਬਦੀਆਂ ਹਨ, ਉਨ੍ਹਾਂ ਦਾ ਕਾਗਜ਼ ਅਤੇ ਕਲਮ ਦੇ ਸੁਮੇਲ ਨਾਲ ਇਕ ਅਜਿਹਾ ਗੁਲਦਸਤਾ ਬਣ ਜਾਂਦਾ ਹੈ, ਜਿਹੜਾ ਗੁਰਮਤਿ ਦੇ ਗਹਿਰ ਗੰਭੀਰ ਪਾਠਕਾਂ ਲਈ ਆਤਮਿਕ ਖੁਰਾਕ ਬਣ ਜਾਂਦਾ ਹੈ। ਦੁਨਿਆਵੀ ਰਿਸ਼ਤੇ ਸਾਡੇ ਸੰਯੋਗ ਮੁਤਾਬਿਕ ਬਣੇ ਹਨ। ਪ੍ਰਭੂ-ਪ੍ਰੇਮ ਦਾ ਰਿਸ਼ਤਾ ਪ੍ਰਭੂ-ਪ੍ਰੇਮ ਵਿਚੋਂ ਨਿਕਲਦਾ ਹੈ। ਇਸ ਪੁਸਤਕ ਵਿਚ ਜਿਨ੍ਹਾਂ ਲੇਖਾਂ ਨੂੰ ਵੱਖ-ਵੱਖ ਤੁਕਾਂ ਰਾਹੀਂ ਗੁਰਮਤਿ ਦੇ ਪਾਠਕਾਂ ਨਾਲ ਸਾਂਝਾ ਕੀਤਾ ਗਿਆ ਹੈ, ਉਨ੍ਹਾਂ ਵਿਚ 'ਤਨ ਮਹਿ ਮਨੂਆ ਮਨ ਮਹਿ ਸਾਚਾ', 'ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ', 'ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ', 'ਮਤਿ ਬੁਧਿ ਸੁਰਤਿ ਨਾਹੀ ਚਤੁਰਾਈ', 'ਹਉਮੈ ਦੀਰਘ ਰੋਗੁ ਹੈ', 'ਆਤਮੁ' ਦੀਨੈ ਸੁ ਤਤੁ ਬੀਚਾਰੁ', 'ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ', 'ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ', 'ਰਾਜੁ ਨ ਚਾਹਉ ਮੁਕਤਿ ਨ ਚਾਹਉ', 'ਪੜਿ ਪੜਿ ਗਡੀ ਲਦੀਅਹਿ', 'ਕਰਿ ਅਵਗਣ ਪਛੁਤਾਇ', 'ਆਪਣਾ ਮੂਲੁ ਪਛਾਣੁ', 'ਮਨਿ ਜੀਤੈ ਜਗੁ ਜੀਤੁ', 'ਪਰ ਕਾ ਬੁਰਾ ਨ ਰਾਖਹੁ ਚੀਤਿ', 'ਜਾਨਤ ਦੂਰਿ ਤੁਮਹਿ ਪ੍ਰਭ ਨੇਰਿ', 'ਇਹੁ ਜਗੁ ਸਚੈ ਕੀ ਹੈ ਕੋਠੜੀ', 'ਗਿਆਨੀ ਬੂਝਹਿ ਸਹਿਜ ਸੁਭਾਏ', 'ਗਿਆਨ ਕਾ ਬਧਾ ਮਨੁ ਰਹੈ', 'ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ', 'ਜੈਸਾ ਬੀਜਹਿ ਤੈਸਾ ਖਾਸਾ', 'ਅਗਿਆਨਿ ਅੰਧੇਰੈ ਸੂਝਸਿ ਨਾਹੀ', 'ਕਛੂ ਉਪਾਉ ਮੁਕਤਿ ਕਾ ਕਰੁ ਰੇ', 'ਨਰ ਅਚੇਤ ਪਾਪ ਤੇ ਡਰੁ ਰੇ', 'ਨਾਨਕ ਹੁਕਮੈ ਜੇ ਬੁਝੈ', 'ਪੰਚ ਤਸਕਰ ਧਾਵਤ ਰਾਖੇ', 'ਤਿਨਿ ਜਗਿ ਤਤੁ ਪਛਾਨਾ', 'ਆਪੇ ਕਰਤਾ ਆਪੇ ਭੁਗਤਾ', 'ਅਗਿਆਨੀ ਮਨਿਰੋਸਿ ਕਰੇਇ', 'ਸੁਖੁ ਮਾਂਗਤ ਦੁਖੁ ਆਗਲ ਹੋਇ', 'ਸਹਜ ਸੁਭਾਇ ਹੋਏ ਸੋ ਹੋਏ', 'ਜਬ ਜਾਨਿਆ ਤਉ ਮਨੁ ਮਾਨਿਆ', 'ਕੰਚਨ ਮਾਟੀ ਮਾਨੈ', 'ਆਪੇ ਬੀਜਿ ਆਪੇ ਹੀ ਖਾਹੁ', 'ਬੈਰੀ ਮੀਤ ਸਮਾਨਿ', 'ਉਸਤਤਿ ਨਿੰਦਾ ਦੋਊ ਤਿਆਗੈ', 'ਤ੍ਰਿਹੁ ਗੁਣ ਅੰਤਰਿ ਖਪਹਿ ਖਪਵਾਹਹਿ', 'ਚਾਰਿ ਪਦਾਰਥ ਜੇ ਕੋ ਮਾਗੈ', ਸ਼ਾਮਲ ਹਨ। ਉਪਰੋਕਤ ਹਰ ਵਿਸ਼ੇ 'ਤੇ ਵਿਚਾਰਾਂ ਦੀ ਲੜੀ ਮਨੁੱਖੀ ਮਨ ਨੂੰ ਪ੍ਰਭਾਵਿਤ ਹੀ ਨਹੀਂ ਕਰਦੀ, ਸਗੋਂ ਜੀਵਨ-ਜਾਚ ਵੀ ਸਿਖਾਉਂਦੀ ਹੈ। ਅਸਲ ਵਿਚ ਲੇਖਕ ਨੇ ਵਾਰ-ਵਾਰ ਇਸ ਗੱਲ ਦੀ ਤਾਕੀਦ ਕਰਦਿਆਂ ਸਾਨੂੰ ਸੁਚੇਤ ਕੀਤਾ ਹੈ, ਸੰਸਾਰ ਵੀ ਟਿਕਾਊ ਨਹੀਂ ਤੇ ਮਨੁੱਖੀ ਸਰੀਰ ਵੀ ਹਮੇਸ਼ਾ ਸਥਿਰ ਨਹੀਂ ਰਹਿਣਾ। ਦੋਵੇਂ ਕੱਚੇ ਹਨ, ਕੱਚਿਆਂ ਦਾ ਪਿਆਰ ਕਦੇ ਤੋੜ ਨਹੀਂ ਚੜ੍ਹਦਾ। ਇਸੇ ਕਰਕੇ ਸੰਸਾਰ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਝੂਠ ਦੱਸਿਆ ਹੈ। ਦਇਆ, ਖਿਮਾ ਅਤੇ ਸੱਚ ਵਰਗੇ ਗੁਣਾਂ ਨੂੰ ਗ੍ਰਹਿਣ ਕਰਦਿਆਂ ਜੀਵਨ ਦਾ ਸਫ਼ਰ ਤੈਅ ਕਰਨਾ ਹੈ। ਨਫ਼ਰਤ, ਘ੍ਰਿਣਾ, ਵਿਕਾਰ ਮਨੁੱਖ ਲਈ ਘਾਤਕ ਹਨ। ਸਮੁੱਚੀ ਵਿਚਾਰਾਂ ਦੀ ਲੜੀ ਨੂੰ 'ਖੋਜਤ ਖੋਜਤ ਪ੍ਰਭ ਮਿਲੈ' ਤੇ ਅਧਾਰਿਤ ਕਰਦਿਆਂ, ਸੌਖੀ ਭਾਸ਼ਾ ਸ਼ੈਲੀ ਵਿਚ ਲੇਖਕ ਨੇ ਗੁਰਮਤਿ ਵਿਚਾਰਾਂ ਨੂੰ ਜਨ-ਸਧਾਰਨ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕੀਤਾ ਹੈ। ਨੇੜ ਭਵਿੱਖ ਵਿਚ ਲੇਖਕ ਅਜਿਹੇ ਸਫ਼ਲ ਯਤਨ ਕਰਦਿਆਂ, ਕਲਮੀ ਸੇਵਾ ਤਾਅ ਜੀਵਨ ਫ਼ਰਜ਼ ਸਮਝ ਕੇ ਨਿਭਾਉਂਦਾ ਰਹੇ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਉੱਡਣ ਖਟੋਲਾ ਉੱਡਦਾ ਰਿਹਾ
ਨਾਵਲਕਾਰ : ਬਿੱਕਰ ਐਸ਼ੀ ਕੰਮੇਆਣਾ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 135
ਸੰਪਰਕ : 99150-90264

ਗੀਤਕਾਰ ਤੇ ਵਾਰਤਕ ਲੇਖਕ ਬਿੱਕਰ ਐਸ਼ੀ ਕੰਮੇਆਣਾ ਦਾ ਪਹਿਲਾ ਨਾਵਲ 'ਉੱਡਣ ਖਟੋਲਾ ਉੱਡਦਾ ਰਿਹਾ' ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਾਵਲ ਦਾ ਸਮਾਂ ਅਤਿਚਾਲ ਲਗਭਗ 70 ਵਰ੍ਹਿਆਂ ਦਾ ਹੈ। ਘਟਨਾਕ੍ਰਮ ਨੂੰ ਪਿਛਲਜਾਤ ਵਿਧੀ ਰਾਹੀਂ ਕਥਾਨਕ ਰੂਪ ਵਿਚ ਉਭਾਰਿਆ ਗਿਆ ਹੈ। ਨਾਵਲ ਦਾ ਮੁੱਖ ਪਾਤਰ ਦੇਵ ਛੇ ਦਹਾਕਿਆਂ ਦੀਆਂ ਯਾਦਾਂ, ਸੋਚਾਂ, ਉਲਝਣਾਂ ਵਿਚ ਉਲਝਿਆ ਹਵਾਈ ਜਹਾਜ਼ ਰਾਹੀਂ ਯਾਤਰਾ ਕਰਦਾ ਹੈ ਅਤੇ ਜਹਾਜ਼ ਦੇ ਨਾਲ ਉਸ ਦੇ ਖ਼ਿਆਲਾਂ ਦੀ ਉਡਾਣ ਵੀ ਕਦੇ ਬੀਤੇ ਸਮੇਂ, ਕਦੇ ਵਰਤਮਾਨ ਨਾਲ-ਨਾਲ ਚਲਦੀ ਹੈ। ਨਾਵਲਕਾਰ ਨੇ 1947 ਦੀ ਵੰਡ ਦੀ ਤਰਾਸਦੀ ਤੋਂ ਕਥਾਨਕ ਦਾ ਆਰੰਭ ਕੀਤਾ ਹੈ, ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹੈ। ਹਾਲਾਂਕਿ ਨਾਵਲ ਸਵੈ-ਜੀਵਨੀ ਮੂਲਕ ਹੈ, ਫਿਰ ਵੀ ਲੇਖਕ ਨੇ ਦੇਵ ਨਾਂਅ ਦਾ ਪਾਤਰ ਘੜ ਕੇ, ਉੱਤਮ ਪੁਰਖੀ ਹੋਣ ਲਈ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਨਾਵਲ ਪਿੰਡ ਕੰਮੇਆਣਾ ਦੀ ਪਿੱਠਭੂਮੀ ਤੋਂ ਆਰੰਭ ਹੁੰਦਾ ਹੈ। ਲੇਖਕ ਨੇ ਇਸ ਪਿੰਡ ਦੇ ਸਮਾਜ, ਉਥੋਂ ਦੀ ਖੇਤੀਬਾੜੀ, ਪਰਿਵਾਰਕ ਸਾਂਝ-ਸੱਭਿਆਚਾਰ, ਲੋਕਧਾਰਾ ਅਤੇ ਜੀਵਨ ਜਾਚ ਨੂੰ ਵਧੀਆ ਢੰਗ ਨਾਲ ਉਭਾਰਿਆ ਹੈ। ਲੇਖਕ ਨੇ ਪਿੰਡ ਵਿਚਲੇ ਜਨਮ, ਵਿਆਹ, ਮੁਕਲਾਵੇ, ਖੇਤੀਬਾੜੀ, ਲੋਕ ਮੇਲਿਆਂ, ਸੰਘਰਸ਼ ਭਾਵਨਾ ਆਦਿ ਸਾਰਿਆਂ ਦਾ ਦਸਤਾਵੇਜ਼ੀਕਰਨ ਵੀ ਕੀਤਾ ਹੈ। ਇਹ ਸਭ ਕਥਾਨਕ ਦੀ ਗੋਂਦ ਨੂੰ ਹੋਰ ਗੁੰਦਵਾਂ ਬਣਾਉਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ। ਇਹ ਨਾਵਲੀ ਰੂਪ ਵਿਚ ਆਪਣੇ ਲੋਕ ਸੱਭਿਆਚਾਰ ਨੂੰ ਸਾਂਭਣ ਦਾ ਪ੍ਰਤੱਖ ਉਪਰਾਲਾ ਹੈ। ਜੋ ਨਿਸਚਿਤ ਤੌਰ 'ਤੇ ਨਵੀਂ ਪੀੜ੍ਹੀ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਨਾਇਕ ਦੇ ਖ਼ਿਆਲ ਉਡਾਰੀ ਵਿਚ ਆਪਣੀ ਸਟੇਟ ਵਿਰੋਧੀ ਵਿਚਾਰਧਾਰਾ, ਵਿਦਿਆਰਥੀ ਯੂਨੀਅਨਾਂ ਵਿਚ ਵਿਚਰਨਾ, ਜਥੇਬੰਦਕ ਸਰਗਰਮੀਆਂ ਆਦਿ ਨੂੰ ਬਹੁਤ ਹੀ ਸ਼ਿੱਦਤ ਨਾਲ ਚੇਤੇ ਕਰਦਾ ਹੈ। ਇਸ ਸਵੈ-ਅਨੁਭਵ ਰਾਹੀਂ ਲੇਖਕ ਨੌਜਵਾਨ ਪਾਠਕਾਂ ਨੂੰ ਆਪਣੀ ਰਾਜਸੀ ਵਿਚਾਰਧਾਰਾ ਨੂੰ ਸਪੱਸ਼ਟ ਕਰਦਾ ਹੋਇਆ, ਉਨ੍ਹਾਂ ਦੀ ਇਕ ਤਰ੍ਹਾਂ ਨਾਲ ਸਕੂਲਿੰਗ ਕਰਦਾ ਜਾਂਦਾ ਹੈ। ਇਹ ਭਾਗ ਸਾਰੇ ਕਥਾਨਕ 'ਤੇ ਹਾਵੀ ਹੋ ਜਾਂਦਾ ਹੈ। ਨਾਵਲ ਦਾ ਅੰਤ ਦੇਵ ਵਲੋਂ ਆਪਣੀ ਸਹਿਯੋਗੀ ਮੀਤਾਂ ਦੀ ਪ੍ਰੇਰਣਾ, ਹੌਸਲੇ, ਸਹਿਯੋਗ ਨਾਲ ਵਿਦਿਆਰਥੀ ਸੰਗਠਨ ਦੀਆਂ ਚੋਣਾਂ ਜਿੱਤਣ ਨਾਲ ਹੁੰਦਾ ਹੈ। ਪ੍ਰਵਾਸ ਜੀਵਨ ਦੇ ਤਲਿਸਮੀ ਯਥਾਰਥ ਨੂੰ ਵੀ ਲੇਖਕ ਨੇ ਸਵੈ-ਅਨੁਭਵ ਰਾਹੀਂ ਉਭਾਰਿਆ ਹੈ। ਇੰਜ ਲੇਖਕ ਦੇਵ ਪਾਤਰ ਰਾਹੀਂ ਆਪਣੇ ਸਮੇਂ ਦੀ ਸਿਆਸਤ, ਸੱਭਿਆਚਾਰਕ ਤੇ ਆਰਥਿਕ ਪ੍ਰਸਥਿਤੀਆਂ ਦੇ ਰੂਬਰੂ ਕਰਾਉਂਦਾ ਹੈ। ਇਹ ਬਿਰਤਾਂਤ ਰੌਚਕ ਅਤੇ ਗਿਆਨਵਰਧਕ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਮਾਰਕਸਵਾਦ ਅਤੇ ਪੰਜਾਬੀ ਸਾਹਿਤ ਆਲੋਚਨਾ
ਲੇਖਕ : ਡਾ. ਧਰਮਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 400, ਸਫ਼ੇ : 332
ਸੰਪਰਕ : 94647-88054

'ਮਾਰਕਸਵਾਦ ਅਤੇ ਪੰਜਾਬੀ ਸਾਹਿਤ ਆਲੋਚਨਾ' ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਲਈ ਕੀਤਾ ਗਿਆ ਇਕ ਉਪਾਧੀ-ਸਾਪੇਖ ਕਾਰਜ ਹੈ, ਜੋ ਧਰਮਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਪ੍ਰਬੁੱਧ ਪ੍ਰੋਫ਼ੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਦੀ ਸੁਯੋਗ ਅਗਵਾਈ ਅਧੀਨ ਨੇਪਰੇ ਚੜ੍ਹਾਇਆ। ਇਸ ਸੋਧ-ਪ੍ਰਬੰਧ ਵਿਚ 1990 ਈ: ਉਪਰੰਤ ਕੀਤੀ ਗਈ, ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ (ਕਾਵਿ, ਨਾਵਲ, ਕਹਾਣੀ ਅਤੇ ਨਾਟਕ) ਦੀ ਆਲੋਚਨਾ, ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਪ੍ਰਕਾਰ ਇਸ ਪੁਸਤਕ ਵਿਚ 'ਆਲੋਚਨਾ ਦੀ ਆਲੋਚਨਾ' (ਮੈਟਾ ਆਲੋਚਨਾ) ਨਜ਼ਰ ਆਉਂਦੀ ਹੈ। ਇਸ ਵੰਨਗੀ ਦਾ ਕੰਮ ਸਭ ਤੋਂ ਪਹਿਲਾਂ ਡਾ. ਹਰਿਭਜਨ ਸਿੰਘ ਭਾਟੀਆ ਨੇ ਸਿਰੇ ਚੜ੍ਹਾਇਆ ਸੀ ਅਤੇ ਉਸ ਉਪਰੰਤ ਡਾ. ਸੁਰਜੀਤ ਸਿੰਘ ਭੱਟੀ, ਡਾ. ਸੁਖਦੇਵ ਸਿੰਘ ਸਿਰਸਾ ਡਾ. ਗੁਰਨਾਇਬ ਸਿੰਘ ਅਤੇ ਡਾ. ਪ੍ਰਕਾਸ਼ ਸਿੰਘ ਨੇ ਇਸ ਨੂੰ ਅੱਗੇ ਵਿਸਤਾਰਿਆ ਹੈ। ਇਹ ਪੁਸਤਕ ਇਕ ਸਰਬਾਂਗੀ ਰਚਨਾ ਹੈ, ਜਿਸ ਦੇ ਕਾਲ-ਖੇਤਰ ਨੂੰ ਭਾਵੇਂ ਸੀਮਿਤ ਕਰ ਲਿਆ ਗਿਆ ਹੈ ਪਰ ਰੂਪਾਕਾਰ-ਖੇਤਰ ਬਹੁਤ ਲੰਮਾ ਅਤੇ ਵਿਸਤ੍ਰਿਤ ਹੈ ਤਾਂ ਵੀ ਮੈਨੂੰ ਖ਼ੁਸ਼ੀ ਹੈ ਕਿ ਇਹ ਕਾਰਜ ਕਰਨ ਸਮੇਂ ਉਸ ਨੇ ਨਾ ਕਿਸੇ ਪ੍ਰਕਾਰ ਦਾ ਸਮਝੌਤਾ ਕੀਤਾ ਹੈ ਅਤੇ ਨਾ ਹੀ ਕੋਈ ਛੋਟਾ ਜਾਂ ਸੌਖਾ ਰਾਹ ਚੁਣਿਆ ਹੈ। ਉਸ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ-ਖੋਜ ਉੱਪਰ ਲੱਗਣ ਵਾਲੇ ਇਲਜ਼ਾਮਾਂ (ਬਦ-ਦਿਆਨਤੀ ਆਦਿ) ਨੂੰ ਨਕਾਰ ਕੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਜਾਵੇ।
ਆਲੋਚਨਾ ਵਿਚ ਥਿਊਰੀ-ਯੁੱਗ (1965-95) ਸ਼ੁਰੂ ਹੋਣ ਮਗਰੋਂ ਇਸ ਖੇਤਰ ਵਿਚ ਬਹੁਤ ਸਾਰੇ ਨਵੇਂ ਡਸਿਪਾਲਿਨ (ਸੇਮੀਆਟਿਕਸ, ਡੀਕੰਸਾਟਰਕਸ਼ਨ, ਫੈਮੀਨਿਜ਼ਮ, ਉੱਤਰ-ਆਧੁਨਿਕਤਾਵਾਦ, ਨਵ-ਮਾਰਕਸਵਾਦ, ਬਸਤੀਵਾਦ ਅਤੇ ਮਨੋਵਿਗਿਆਨ ਆਦਿ) ਆ ਗਏ ਸਨ, ਜਿਸ ਕਾਰਨ ਆਲੋਚਨਾ ਦਾ ਮਾਰਗ ਬਹੁਤ ਕਠਿਨ ਅਤੇ ਗੁੰਝਲਦਾਰ ਹੋ ਗਿਆ ਸੀ। ਦੈਰਿੱਦਾ, ਬਾਖ਼ਤਿਨ, ਰੋਲਾਂ ਬਾਰਤ, ਅਲਥਿਊਜ਼ਰ, ਐਡਵਰਡ ਸਈਦ, ਲਾਕਾਂ ਅਤੇ ਭਰੈਡਰਿਕ ਜੇਮਸਨ ਨੇ ਆਲੋਚਨਾਤਮਕ ਕਾਰਜ ਨੂੰ ਬਹੁਤ ਚੁਣੌਤੀ ਭਰਪੂਰ ਬਣਾ ਦਿੱਤਾ ਸੀ। ਹੁਣ ਇੱਕੀਵੀਂ ਸਦੀ ਵਿਚ ਕੁਝ ਨਵੀਆਂ ਅਤੇ ਤਾਜ਼ਾ ਹਵਾਵਾਂ ਰੁਮਕੀਆਂ ਹਨ। ਮੈਨੂੰ ਖ਼ੁਸ਼ੀ ਹੈ ਕਿ ਡਾ. ਧਰਮਿੰਦਰ ਸਿੰਘ ਨੇ ਮਾਰਕਸਵਾਦੀ ਸਿਧਾਂਤਕਾਰਾਂ ਦੇ ਨਾਲ-ਨਾਲ ਥਿਊਰੀ-ਲੇਖਕਾਂ ਦਾ ਵੀ ਭਰਪੂਰ ਨੋਟਿਸ ਲਿਆ ਹੈ। 'ਸਪਤਰਿਸ਼ੀ' ਨੇ ਇਹ ਪੁਸਤਕ ਬੜੀ ਰੀਝ ਨਾਲ ਪ੍ਰਕਾਸ਼ਿਤ ਕੀਤੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਤੇਰੇ ਨਾਲ
ਕਵੀ : ਅਮ੍ਰਿਤ ਅਜ਼ੀਜ਼
ਪ੍ਰਕਾਸ਼ਕ : ਗੁਰਮਿਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 99
ਸੰਪਰਕ : 99153-38661

ਕਵੀ ਅਮ੍ਰਿਤ ਅਜ਼ੀਜ਼ ਦੀ ਹਥਲੀ ਕਾਵਿ ਪੁਸਤਕ ਵਿਚ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਗ਼ਜ਼ਲਾਂ ਹਨ, ਦੂਜੇ ਵਿਚ ਕੁਝ ਗੀਤ ਤੇ ਆਖ਼ਰ ਵਿਚ ਕਵਿਤਾਵਾਂ ਹਨ। ਉਸ ਦੀ ਪਹਿਲੀ ਕਾਵਿ-ਪੁਸਤਕ ਦਾ ਨਾਂਅ 'ਤੇਰੇ ਬਿਨਾਂ' ਸੀ ਅਤੇ ਇਸ ਪੁਸਤਕ ਦਾ ਨਾਂਅ 'ਤੇਰੇ ਨਾਲ' ਹੈ। ਉਸ ਨੇ ਆਪਣੀਆਂ ਗ਼ਜ਼ਲਾਂ ਦੇ ਸਿਰਨਾਵੇਂ ਵੀ ਰਵਾਇਤ ਤੋਂ ਹਟ ਕੇ ਦਰਜ ਕੀਤੇ ਹਨ ਜਿਵੇਂ : ਗ਼ਜ਼ਲ ਪ੍ਰਵਾਜ਼, ਗ਼ਜ਼ਲ ਸਰੂਰ, ਗ਼ਜ਼ਲ ਤੀਰ, ਗ਼ਜ਼ਲ ਰੁਸਣਾ, ਗ਼ਜ਼ਲ ਸਤਰੰਗੀ, ਗ਼ਜ਼ਲ ਆਮਦ ਤੇ ਗ਼ਜ਼ਲ ਆਸ ਆਦਿ (ਸ. ਭਗਵੰਤ ਸਿੰਘ ਮੁੱਖ ਸ਼ਬਦ ਵਿਚ ਅਮ੍ਰਿਤ ਅਜ਼ੀਜ਼ ਬਾਰੇ ਲਿਖਦੇ ਹਨ ਕਿ ਕਿਸਾਨ ਪਰਿਵਾਰ 'ਚ ਜੰਮਿਆ, ਕਬੱਡੀ ਦਾ ਖਿਡਾਰੀ, ਅਰਥ ਸ਼ਾਸਤਰ ਦੀ ਐਮ. ਏ., ਬੈਂਕ ਉੱਚ ਅਧਿਕਾਰੀ, ਆਸਟ੍ਰੇਲੀਆ ਦਾ ਸਿਟੀਜ਼ਨ, ਸੰਗੀਤ ਦਾ ਰਸੀਆ, ਕੀਰਤਨੀਆ ਨੇ ਆਪਣੀ ਪਹਿਲੀ ਕਾਵਿ-ਪੁਸਤਕ ਨਾਲ ਹੀ ਪੰਜਾਬੀ ਸਾਹਿਤ ਵਿਚ ਆਪਣੀ ਪਛਾਣ ਬਣਾ ਲਈ ਸੀ। ਉਸ ਦੀ ਦੂਰ ਦ੍ਰਿਸ਼ਟੀ ਤੇ ਵਿਸ਼ਾਲ ਗਿਆਨ ਉਸ ਦੀ ਕਵਿਤਾ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਅੰਮ੍ਰਿਤਪਾਲ ਦੇ ਕੁਝ ਸ਼ਿਅਰ ਹਾਜ਼ਰ ਹਨ :
-ਉਹ ਆਪਣੀ ਕਹਿ ਜਾਂਦਾ ਮੈਨੂੰ ਆਪਣੀ ਕਹਿ ਕੇ
ਦੂਰੀਆਂ ਇੰਜ ਮਿਟਾਵੇ ਉਹ ਮੈਥੋਂ ਦੂਰ ਰਹਿ ਕੇ
-ਹਵਾ 'ਚ ਤੀਰ ਮਾਰਿਆਂ ਹਵਾ ਜ਼ਖ਼ਮੀ ਨਹੀਂ ਹੁੰਦੀ,
ਹਾਂ ਹਵਾ 'ਚ ਘੁਲੇ ਸ਼ਬਦ ਜ਼ਖ਼ਮੀ ਹੁੰਦੇ ਵੇਖੇ ਨੇ।
-ਜਦ ਤੋਂ ਗਏ ਨੇ ਉਹ ਕਿਨਾਰਾ ਕਰ ਕੇ
ਬਰਸੀ ਅੱਖ ਜਿਵੇਂ ਸਾਵਣ ਬਰਸੇ।
ਕਵੀ ਅਜ਼ੀਜ਼ ਦੇ ਗੀਤ ਵੀ ਸੰਵੇਦਨਾ ਭਰਪੂਰ ਅਤੇ ਜਜ਼ਬੇ ਦੇ ਪ੍ਰਤੀਕ ਹਨ। ਪਰ ਉਸ ਦੀਆਂ ਗ਼ਜ਼ਲਾਂ ਅਜੇ ਉਸ ਕੋਲੋਂ ਹੋਰ ਮਿਹਨਤ ਦੀ ਮੰਗ ਕਰਦੀਆਂ ਹਨ। ਉਸ ਦੇ ਛੰਦਾਂ-ਬਹਿਰਾਂ ਵਿਚ ਕਾਣ ਨਜ਼ਰ ਆਉਂਦੀ ਹੈ ਤੇ ਕਈ ਕਾਫ਼ੀਏ ਸੰਦੇਹ ਭਰਪੂਰ ਹਨ। ਜੇਕਰ ਉਹ ਲਗਨ ਅਤੇ ਮਿਹਨਤ ਨਾਲ ਗ਼ਜ਼ਲ ਅਧਿਐਨ ਕਰੇਗਾ ਤਾਂ ਅਜੋਕੀ ਗ਼ਜ਼ਲ ਦਾ ਹਾਣ ਪ੍ਰਵਾਨ ਬਣਨ ਵਿਚ ਕਾਮਯਾਬ ਵੀ ਹੋ ਸਕਦਾ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 941784337

ਅੰਮ੍ਰਿਤਸਰ 1919
ਲੇਖਕ : ਰਜਨੀਸ਼ ਧਵਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 98152-43917

ਹੱਥਲੀ ਕਿਤਾਬ 'ਅੰਮ੍ਰਿਤਸਰ 1919' ਰਜਨੀਸ਼ ਧਵਨ ਦਾ ਹਿੰਦੀ ਨਾਵਲ ਹੈ ਜਿਸ ਨੂੰ ਪੰਜਾਬੀ ਵਿਚ ਅਨੁਵਾਦ ਲੇਖਕ ਤੇਜਸਪ੍ਰੀਤ ਸਿੰਘ ਜਗਰਾਓਂ ਵਲੋਂ ਕੀਤਾ ਗਿਆ ਹੈ। ਇਹ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦੀ ਪਿੱਠੂਭੂਮੀ 'ਤੇ ਆਧਾਰਿਤ ਨਾਵਲ ਹੈ ਰੋਲਟ ਐਕਟ ਅਪ੍ਰੈਲ 1919 ਵਰਗੇ ਕਾਲੇ ਕਾਨੂੰਨ ਦੇ ਜ਼ਰੀਏ ਅੰਗਰੇਜ਼ਾਂ ਦੀ ਹਕੂਮਤ ਨੇ ਭਾਰਤੀਆਂ ਦੀ ਹਰੇਕ ਤਰ੍ਹਾਂ ਦੀ ਆਜ਼ਾਦੀ 'ਤੇ ਪੂਰੀ ਤਰ੍ਹਾਂ ਨਾਲ ਨੱਥ ਪਾ ਲੈਣ ਦੀ ਤਿਆਰੀ ਵਿੱਢ ਲਈ ਸੀ। ਮਹਾਤਮਾ ਗਾਂਧੀ ਦੇ ਸੱਦੇ 'ਤੇ ਪੂਰੇ ਦੇਸ਼ ਵਿਚ ਇਸ ਕਾਨੂੰਨ ਵਿਰੁੱਧ ਪ੍ਰਦਰਸ਼ਨ ਹੋ ਰਹੇ ਸਨ। ਪਰ ਲੱਗਦਾ ਸੀ ਕਿ ਗੋਰੀ ਸਰਕਾਰ ਆਪਣੇ ਇਸ ਮਨਸੂਬੇ ਵਿਚ ਕਾਮਯਾਬ ਹੋ ਜਾਵੇਗੀ। ਅਜਿਹੇ ਸਮੇਂ ਅੰਮ੍ਰਿਤਸਰ, ਅੰਗਰੇਜ਼ੀ ਸਰਕਾਰ ਦੇ ਇਰਾਦਿਆਂ ਅਤੇ ਭਾਰਤੀਆਂ ਦੀ ਆਜ਼ਾਦੀ ਵਿਚਾਲੇ ਢਾਲ ਬਣ ਕੇ ਖੜ੍ਹਾ ਹੋ ਗਿਆ। 30 ਮਾਰਚ 1919 ਤੋਂ ਲੈ ਕੇ 10 ਅਪ੍ਰੈਲ 1919 ਤੱਕ ਅੰਮ੍ਰਿਤਸਰ ਨੇ ਬਗ਼ਾਵਤ ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਜਨਰਲ ਡਾਇਰ ਦੀ ਅਗਵਾਈ ਵਿਚ ਅੰਬਰਸਰੀਆਂ ਨੂੰ ਸਬਕ ਸਿਖਾਉਣ ਲਈ ਫ਼ੌਜ ਸਮੇਤ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਅਜਿਹਾ ਕੀ ਸੀ ਇਸ ਸ਼ਹਿਰ ਦੀ ਫ਼ਿਜ਼ਾ ਵਿਚ, ਜਿਸ ਨੇ ਇਥੋਂ ਦੇ ਹਰੇਕ ਮਰਦ, ਔਰਤ ਤੇ ਬੱਚੇ ਨੂੰ ਡਾਇਰ ਦੀਆਂ ਧਮਕੀਆਂ ਨੂੰ ਅਣਡਿੱਠਾ ਕਰਨ ਦਾ ਬਲ ਬਖ਼ਸ਼ਿਆ? ਭਾਰਤ ਦੀ ਆਜ਼ਾਦੀ ਦੀ ਕਹਾਣੀ ਦੇ ਇਸ ਅਹਿਮ ਅਧਿਆਇ ਵਿਚ ਨਾ ਤਾਂ ਕੋਈ ਵੱਡਾ ਨੇਤਾ ਨਾ ਹੀ ਕੋਈ ਤਾਕਤਵਰ ਸੰਗਠਨ ਹੈ। ਕਹਾਣੀ ਅਨੁਸਾਰ ਅੰਮ੍ਰਿਤਸਰ ਦੇ ਆਮ ਨਾਗਰਿਕਾਂ ਨੇ ਅੰਦਰੂਨੀ ਜੋਸ਼ ਤੇ ਆਪਣੇ ਬਲੀਦਾਨ ਨਾਲ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ। 1857 ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਸੰਪੂਰਨ ਆਜ਼ਾਦੀ ਦੀ ਮਸ਼ਾਲ ਰੌਸ਼ਨ ਕੀਤੀ। ਲੇਖਕ ਨੇ ਇਹ ਨਾਵਲ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਹੈ।
ਡਾ. ਰਜਨੀਸ਼ ਧਵਨ ਅੰਮ੍ਰਿਤਸਰ ਦਾ ਜੰਮਪਲ ਹੈ ਤੇ ਉਹ ਵਿਦੇਸ਼ ਵਿਚ ਅੰਗਰੇਜ਼ੀ ਦਾ ਪ੍ਰੋਫ਼ੈਸਰ ਹੈ। 'ਅੰਮ੍ਰਿਤਸਰ 1919' ਉਸ ਦਾ ਪਹਿਲਾ ਨਾਵਲ ਹੈ। ਪਿਛਲੇ 25 ਵਰ੍ਹਿਆਂ ਤੋਂ ਸਟੇਜ 'ਤੇ ਸਕਰੀਨ ਲਈ ਨਾਟਕ ਤੇ ਡਾਕੂਮੈਂਟਰੀ ਫ਼ਿਲਮਾਂ ਲਿਖ ਰਿਹਾ ਹੈ। ਕਾਮਾਗਾਟਾਮਾਰੂ ਸਾਕੇ 'ਤੇ ਲਿਖਿਆ ਉਸ ਦਾ ਨਾਟਕ ਚੰਗਾ ਮਕਬੂਲ ਹੋਇਆ। ਉਹ ਚੰਗਾ ਨਾਟਕਕਾਰ ਹੈ। ਅਸਲ ਵਿਚ 'ਅੰਮ੍ਰਿਤਸਰ 1919' ਇਤਿਹਾਸਕ ਨਾਵਲ ਹੈ। ਜਲ੍ਹਿਆਂਵਾਲਾ ਬਾਗ਼ ਦੇ ਨਰਸੰਘਾਰ ਦੀ ਮੂੰਹ ਬੋਲਦੀ ਤਸਵੀਰ ਹੈ। ਬਿਰਤਾਂਤਕ ਵਿਵਹਾਰ ਵਿਚ ਵੀ ਡਾ. ਧਵਨ ਦੀ ਸਫਲ ਪੇਸ਼ਕਾਰੀ ਹੈ। ਸੱਭਿਆਚਾਰਕ ਵਿਉਂਤ ਤੇ ਇਤਿਹਾਸਕ ਘਟਨਾਵਾਂ ਦਾ ਮੇਲਜੋਲ ਨਾਵਲ ਪੜ੍ਹਨ ਲਈ ਪਾਠਕ ਦੀ ਉਤਸੁਕਤਾ ਵਧਾਉਂਦਾ ਹੈ। ਕੁੱਲ 36 ਭਾਗਾਂ ਵਿਚ ਨਾਵਲ ਦੀ ਕਹਾਣੀ ਹੈ ਵਾਰਤਾਲਾਪ ਤੇ ਪਾਤਰ ਉਸਾਰੀ ਇਤਿਹਾਸ ਤੇ ਸੱਭਿਆਚਾਰ ਵਿਚ ਗੁੱਝੇ ਹੋਏ ਹਨ। ਅਖੀਰਲਾ 36ਵਾਂ ਭਾਗ 32 ਪੰਨਿਆਂ ਦਾ ਹੈ, ਟਾਈਮ ਟੂ ਟਾਈਮ, ਦਿਨ ਪ੍ਰਤੀ ਦਿਨ ਦੀ ਵਾਰਤਾ ਅੰਕਿਤ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੇ ਸ਼ਬਦ
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਪੁ ਕਰਿ ਮੁਗ਼ਲ ਚੜਾਇਆ।
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ।
ਕਿਤਾਬ ਗੁਰਬਾਣੀ ਸ਼ਬਦ ਨਾਲ ਸਮਾਪਤ ਹੋ ਜਾਂਦੀ ਹੈ ਲੇਖਕ ਵਧਾਈ ਦਾ ਪਾਤਰ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਜਾਗ ਪੰਜਾਬ ਤੂੰ ਜਾਗ
ਲੇਖਕ: ਪ੍ਰੋ. ਕੁਲਵੰਤ ਸਿੰਘ ਔਜਲਾ
ਪ੍ਰਕਾਸ਼ਕ: ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ: 300 ਰੁਪਏ, ਸਫ਼ੇ: 160
ਸੰਪਰਕ : 84377-88856

ਪ੍ਰੋ. ਕੁਲਵੰਤ ਸਿੰਘ ਔਜਲਾ ਦੇ ਇਸ ਕਾਵਿ-ਸੰਗ੍ਰਹਿ ਦਾ ਸਿਰਲੇਖ 'ਜਾਗ ਪੰਜਾਬ ਤੂੰ ਜਾਗ' ਹੀ ਸਪੱਸ਼ਟ ਕਰ ਦਿੰਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਯੋਜਨਾਬੱਧ ਤਰੀਕੇ ਨਾਲ ਤਬਾਹ ਕੀਤੇ ਜਾ ਰਹੇ ਪੰਜਾਬ ਲਈ ਅੰਤਾਂ ਦਾ ਪਿਆਰ ਅਤੇ ਦਰਦ ਹੈ। ਉਨ੍ਹਾਂ ਦਾ ਉਠਾਇਆ ਹੋਇਆ ਸਵਾਲ ਸੱਚਮੁੱਚ ਹੀ ਲੂੰ-ਕੰਡੇ ਖੜ੍ਹੇ ਕਰਦਾ ਹੈ ਕਿ ਪੰਜਾਬੀ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਇਸ ਮਾਣਮੱਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਕਿਉਂ ਭੱਜ ਜਾਣਾ ਚਾਹੁੰਦੇ ਹਨ? ਸਾਨੂੰ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਾ ਪਵੇਗਾ:
ਨਿਰਮੋਹ ਹੋਈ ਕਿਤਾਬ ਦਾ ਕੈਸਾ ਇਹ ਅਧਿਆਏ।
ਬੇਵਤਨੀ ਨੂੰ ਤਾਂਘਦੇ ਗੁਰੂਆਂ ਪੀਰਾਂ ਦੇ ਵਰੋਸਾਏ।
ਪ੍ਰੋਫ਼ੈਸਰ ਸਾਹਿਬ ਸਮਝਦੇ ਹਨ ਕਿ ਅਸਲ ਵਿਚ ਪੰਜਾਬ ਦੇ ਲੋਕ ਨਾਇਕ ਵਿਹੂਣੇ ਹੋ ਗਏ ਹਨ। ਉਨ੍ਹਾਂ ਵਿਚ ਹਰ ਕਿਸਮ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਲੜਣ ਦੀ ਹਿੰਮਤ ਵੀ ਹੈ ਅਤੇ ਜਜ਼ਬਾ ਵੀ, ਪਰ ਉਨ੍ਹਾਂ ਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ, ਕੋਈ ਮਾਰਗ-ਦਰਸ਼ਨ ਕਰਨ ਵਾਲਾ ਨਹੀਂ ਮਿਲ ਰਿਹਾ। ਉਹ ਜਿਸ ਉੱਤੇ ਵੀ ਵਿਸ਼ਵਾਸ ਕਰਦੇ ਹਨ, ਉਹੀ ਉਨ੍ਹਾਂ ਨੂੰ ਨਿਰਾਸ਼ ਕਰਦਾ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਦੀ ਦਸ਼ਾ ਅਤੇ ਦਿਸ਼ਾ, ਦੋਵੇਂ ਹੀ ਤਰਸਯੋਗ ਪ੍ਰਤੀਤ ਹੁੰਦੀਆਂ ਹਨ:
ਨਾ ਹੀ ਸੂਹੇ ਕਾਫ਼ਿਲੇ ਨਾ ਲਹਿਰਾਂ ਨਾ ਰੋਸ।
ਆਪ ਮੁਹਾਰਾ ਹੋ ਗਿਆ ਜਨਤਾ ਦਾ ਆਕ੍ਰੋਸ਼।
ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਇਸ ਪੁਸਤਕ ਨੂੰ ਅੱਠ ਭਾਗਾਂ ਵਿਚ ਵੰਡ ਕੇ ਬਹੁਤ ਹੀ ਖ਼ੂਬਸੂਰਤ ਬਣਾ ਦਿੱਤਾ ਹੈ। ਪੁਸਤਕ ਦੀ ਹਰ ਕਵਿਤਾ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਰਤਮਾਨ ਦੇ ਸੁਚੱਜੇ ਜ਼ਿਕਰ ਅਤੇ ਫ਼ਿਕਰ ਨਾਲ ਭਰਪੂਰ ਹੈ। ਅੱਖਰ-ਅੱਖਰ ਮਸ਼ਾਲ ਦਾ ਰੂਪ ਧਾਰਨ ਕਰ ਗਿਆ ਦਿਖਾਈ ਦਿੰਦਾ ਹੈ ਅਤੇ ਮਿੱਟੀ ਦੇ ਬਾਵਿਆਂ ਨੂੰ ਬੁਲਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਹਰ ਪੱਖੋਂ ਹੀ ਬੇਹੱਦ ਪਿਆਰੀ ਅਤੇ ਮਿਆਰੀ ਇਸ ਅਨੂਠੀ ਪੁਸਤਕ ਨੂੰ ਭਰਵਾਂ ਹੁੰਗਾਰਾ ਮਿਲਣਾ ਚਾਹੀਦਾ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

12-02-2023

 ਸ਼ਹੀਦੀ ਸਾਕਾ
ਸ੍ਰੀ ਪੰਜਾ ਸਾਹਿਬ
ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਚੰਡੀਗੜ੍ਹ ਯੂਨੀਵਰਸਿਟੀ ਪ੍ਰੈੱਸ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94170-49417

ਹਥਲੀ ਪੁਸਤਕ ਦੇ ਲੇਖਕ ਨੇ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਵਾਪਰੇ ਸ੍ਰੀ ਪੰਜਾ ਸਾਹਿਬ ਦੇ ਹਿਰਦੇ-ਵੇਦਕ ਸਾਕੇ ਸੰਬੰਧੀ ਪੰਜਾਬੀ ਮਾਂ-ਬੋਲੀ ਦੇ ਉਨ੍ਹਾਂ ਪੁਰਾਤਨ ਕਵੀਆਂ ਦੀਆਂ ਸਾਕੇ ਸੰਬੰਧੀ ਲਿਖੀਆਂ ਤੇ ਬੋਲੀਆਂ ਕਵਿਤਾਵਾਂ ਨੂੰ ਸੰਗ੍ਰਹਿ ਕਰ ਕੇ ਵਡਮੁੱਲਾ ਕਾਰਜ ਕੀਤਾ ਹੈ। ਇਨ੍ਹਾਂ ਕਵੀਆਂ ਵਿਚ ਕੁਝ ਕੁ ਕਵੀਆਂ ਨੇ ਗੁਰੂ ਕੇ ਬਾਗ ਦੇ ਮੋਰਚੇ ਦਾ ਹਾਲ ਬਿਆਨ ਕਰਦਿਆਂ ਆਪਣੇ ਪ੍ਰਸੰਗ ਵਿਚ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਜ਼ਿਕਰ ਕੀਤਾ ਹੈ। ਕੁਝ ਹੋਰਾਂ ਨੇ ਕੇਵਲ ਇਸ ਸਾਕੇ ਨੂੰ ਹੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਲੇਖਕ ਇਸ ਤੋਂ ਪਹਿਲਾਂ ਵੀ ਦਰਜਨ ਦੇ ਲਗਭਗ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਲੇਖਕ ਦੇ ਦੱਸਣ ਮੁਤਾਬਿਕ ਇਹ ਵਡਮੁੱਲੀਆਂ ਰਚਨਾਵਾਂ ਅਸੀਂ ਸੰਭਾਲ ਨਹੀਂ ਸਕੇ। 16 ਦੇ ਕਰੀਬ ਕਵੀਆਂ ਦੀਆਂ ਰਚਨਾਵਾਂ ਨੂੰ ਸੰਪਾਦਕ ਨੇ ਸਖ਼ਤ ਘਾਲਣਾ ਨਾਲ ਇਕੱਤਰ ਕਰਕੇ ਪਾਠਕਾਂ ਦੇ ਸਾਹਵੇਂ ਪੇਸ਼ ਕੀਤਾ ਹੈ। ਇਨ੍ਹਾਂ ਕਵੀਆਂ ਵਿਚ ਸਾਡੇ ਪੁਰਾਤਨ ਕਵੀਆਂ ਵਿਚੋਂ ਅਮਰ ਸਿੰਘ 'ਅਮਰ', ਗਿਆਨੀ ਸੋਹਣ ਸਿੰਘ ਸੀਤਲ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ, ਕਰਨੈਲ ਸਿੰਘ ਪਾਰਸ, ਗੰਗਾ ਸਿੰਘ, ਜਗਤ ਸਿੰਘ, ਦੇਵਾ ਸਿੰਘ ਕਿਰਤੀ, ਨਿਧਾਨ ਸਿੰਘ ਆਲਮ, ਗਿਆਨੀ ਨਿਰੰਜਨ ਸਿੰਘ ਸਰਲ, ਬਖਸ਼ੀ, ਬਖ਼ਸ਼ੀਸ਼ ਸਿੰਘ, ਬੂਟਾ ਸਿੰਘ ਲਹਿਰੀ, ਮਹਾਂ ਸਿੰਘ, ਮੰਗਲ ਸਿੰਘ, ਵਿਰਸਾ ਸਿੰਘ ਕਵੀਸ਼ਰ ਤੋਂ ਇਲਾਵਾ ਉੱਘੇ ਕਵੀ ਵਿਧਾਤਾ ਸਿੰਘ ਤੀਰ ਦੀ ਇਕ ਰਚਨਾ ਵੀ ਇਸ ਪੁਸਤਕ ਵਿਚ ਸ਼ਾਮਲ ਕੀਤੀ ਗਈ ਹੈ। ਇਸ ਹਿਰਦੇ-ਵੇਦਕ ਸਾਕੇ ਨੂੰ ਬਿਆਨ ਕਰਨ ਵਾਲੇ ਕਵੀਆਂ ਦੀ ਗਿਣਤੀ ਤਾਂ ਭਾਵੇਂ ਦਰਜਨਾਂ ਵਿਚ ਸੀ, ਪਰ ਸੰਪਾਦਕ ਦੇ ਯਤਨ ਅਤੇ ਉਪਰਾਲੇ ਦੇ ਬਾਵਜੂਦ ਉਹ ਕੀਮਤੀ ਰਚਨਾਵਾਂ ਪ੍ਰਾਪਤ ਨਹੀਂ ਹੋ ਸਕੀਆਂ। ਸੰਪਾਦਕ ਨੇ ਇਸ ਸਾਕੇ ਦੇ ਦੋ ਸ਼ਹੀਦਾਂ ਦਾ ਸੰਖੇਪ ਜੀਵਨ ਗਿਆਨੀ ਸੋਹਣ ਸਿੰਘ ਸੀਤਲ ਵਲੋਂ ਅੰਕਿਤ ਰਚਨਾਵਾਂ ਵਿਚੋਂ ਪ੍ਰਾਪਤ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਸੰਪਾਦਕ ਨੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਇਤਿਹਾਸਕ ਪਿਛੋਕੜ ਭਾਵਪੂਰਤ ਸ਼ਬਦਾਂ ਵਿਚ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਲੇਖਕ ਵਲੋਂ ਸਾਕੇ ਨਾਲ ਸੰਬੰਧਿਤ ਕਵਿਤਾਵਾਂ ਦੇ ਆਰੰਭ ਵਿਚ ਹਰੇਕ ਕਵੀ ਦੇ ਜੀਵਨ ਸੰਬੰਧੀ ਵੀ ਜਾਣਕਾਰੀ ਦਿੱਤੀ ਹੈ। ਵੰਨਗੀ ਵਜੋਂ ਕੁਝ ਕੁ ਕਵੀਆਂ ਦੀਆਂ ਬਹੁਮੁੱਲੀਆਂ ਰਚਨਾਵਾਂ ਪਾਠਕਾਂ ਦੇ ਸਨਮੁੱਖ ਪੇਸ਼ ਹਨ।
ਪੰਜੇ ਸਾਹਿਬ ਦੀ,
ਪੰਜੇ ਸਾਹਿਬ ਦੀ ਸੰਗਤ ਨੇ ਸੁਣਿਆ ਤੇ ਸੇਵਾ ਵਾਲਾ ਸ਼ੌਕ ਜਾਗਿਆ।
ਸਿੰਘ ਤੁਰ ਪਏ,
ਸਿੰਘ ਤੁਰ ਪਏ 'ਕੱਠੇ ਹੋ ਸਾਰੇ
ਤੇ ਆਏ ਟੇਸ਼ਨ 'ਤੇ,
ਚਾਹਾਂ ਦੁੱਧ ਦੇ,
ਚਾਹਾਂ ਦੁੱਧ ਦੇ ਭਰੇ ਵਲਟੋਹੇ ਤੇ ਕਈਆਂ ਨੇ ਫਰੂਟ ਚੁੱਕਿਆ।
-(ਗੱਡੀ ਛੰਦ) ਸੋਹਣ ਸਿੰਘ ਸੀਤਲ
-ਪ੍ਰਵਾਨਿਆਂ ਨੂੰ ਸੜਨ ਤੋਂ ਨਾ ਬਾਬੂ ਜੀ ਟੋਕ,
ਧਰਮ ਵਾਸਤੇ ਮਰਨ ਨੂੰ ਜਾਨਾਂ ਦਿੱਤੀਆਂ ਝੋਕ
ਕਰ ਕਰ ਗੱਲਾਂ ਲੈਣਗੇ
ਮੂੰਹ ਵਿਚ ਉਂਗਲਾਂ ਲੋਕ,
ਦੇਣੇ ਕਿੱਲ ਅੰਗਰੇਜ਼ ਦੇ ਵਿਚ ਜਨਾਜ਼ੇ ਠੋਕ,
ਲਹੂ, ਚੂਸਗੀ ਹਿੰਦ ਦਾ ਆ ਇੰਗਲੈਂਡੋ ਜੋਕ,
ਲਹੂ ਡੋਲ੍ਹ ਕੇ ਆਪਣਾ ਗੱਡੀ ਲੈਣੀ ਰੋਕ।
-ਕਰਨੈਲ ਸਿੰਘ ਪਾਰਸ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬੁੱਕਲ ਵਿਚ ਸਥਾਪਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸੰਪਾਦਕ ਦੀ ਹੌਸਲਾ-ਅਫ਼ਜ਼ਾਈ ਕਰਕੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਸਮੇਂ ਆਪਣੀ ਸੰਸਥਾ ਵਲੋਂ ਇਸ ਪੁਸਤਕ ਨੂੰ ਪਾਠਕਾਂ ਲਈ ਭੇਟ ਕਰਕੇ ਸਲਾਹੁਣਯੋਗ ਉੱਦਮ ਕੀਤਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਸ਼ਾਇਰੀ ਗ਼ੁਲਾਮ ਫ਼ਰੀਦ
ਸੰਪਾਦਕ : ਸ਼ਾਹ ਚਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 400 ਰੁਪਏ, ਸਫੇ : 327
ਸੰਪਰਕ : 95011-45039

ਸ਼ਾਹ ਚਮਨ (1940-2014) ਇਕ ਚਰਚਿਤ ਨਾਵਲਕਾਰ, ਅਨੁਵਾਦਕ ਤੇ ਸੰਪਾਦਕ ਹੋਣ ਦੇ ਨਾਲ-ਨਾਲ ਚੇਤਨਾ ਪ੍ਰਕਾਸ਼ਨ ਦਾ ਮਾਲਕ ਵੀ ਸੀ। ਉਸ ਦੀਆਂ 24 ਕਿਤਾਬਾਂ ਵਿਚ - 5 ਨਾਵਲ, 5 ਅਨੁਵਾਦ, 5 ਲਿਪੀਆਂਤਰ, 3 ਕਾਵਿ ਸੰਗ੍ਰਹਿ ਅਤੇ 6 ਸੰਪਾਦਿਤ ਪੁਸਤਕਾਂ ਸ਼ਾਮਲ ਹਨ। ਉਸ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ 'ਕਰਬਲਾ' ਦਾ ਪੰਜਾਬੀ ਅਨੁਵਾਦ ਕਰਨ ਬਦਲੇ ਭਾਰਤੀ ਸਾਹਿਤ ਅਕਾਦਮੀ ਵਲੋਂ 2001 ਦਾ ਅਨੁਵਾਦ ਪੁਰਸਕਾਰ ਮਿਲਿਆ ਸੀ।
ਵਿਚਾਰ ਅਧੀਨ ਪੁਸਤਕ ਗ਼ੁਲਾਮ ਫ਼ਰੀਦ (1841-1910) ਦੇ ਕਲਾਮ ਨਾਲ ਸੰਬੰਧਿਤ ਹੈ, ਜੋ ਚਿਸ਼ਤੀ ਸਿਲਸਿਲੇ ਦਾ ਪ੍ਰਸਿੱਧ ਮੁਰਸ਼ਦ ਸੀ। ਇਹ ਉਹੀ ਸਿਲਸਿਲਾ ਹੈ ਜੋ ਖ਼ਵਾਜਾ ਬਖ਼ਤਿਆਰ ਕਾਕੀ (1173-1235) ਅਤੇ ਬਾਬਾ ਫ਼ਰੀਦ (1173-1266) ਦੇ ਨਾਂਅ ਨਾਲ ਵਿਖਿਆਤ ਹੈ। ਇਸ ਪੁਸਤਕ ਵਿਚ ਗ਼ੁਲਾਮ ਫ਼ਰੀਦ ਦੀਆਂ 9 ਗ਼ਜ਼ਲਾਂ, 72 ਦੋਹਿੜੇ ਅਤੇ 272 ਕਾਫ਼ੀਆਂ ਸੰਕਲਿਤ ਹਨ। ਇਉਂ ਗ਼ੁਲਾਮ ਫ਼ਰੀਦ ਦੇ ਸੰਪੂਰਨ ਕਲਾਮ ਨੂੰ ਇਕੋ ਜਿਲਦ ਵਿਚ ਸ਼ਾਮਿਲ ਕਰਕੇ ਸ਼ਾਹ ਚਮਨ ਨੇ ਵੱਡਾ ਕੰਮ ਕੀਤਾ ਹੈ।
ਗ਼ੁਲਾਮ ਫ਼ਰੀਦ ਦੀਆਂ ਗ਼ਜ਼ਲਾਂ ਉਰਦੂ/ਫ਼ਾਰਸੀ ਰੰਗ ਦੀਆਂ ਹਨ, ਜਦਕਿ ਦੋਹਿੜੇ ਅਤੇ ਕਾਫ਼ੀਆਂ ਵਿਚ ਪੰਜਾਬੀ, ਖਾਸ ਕਰਕੇ ਸਿਰਾਇਕੀ ਰੰਗ ਉੱਭਰਿਆ ਹੈ। ਸਾਰੇ ਦੇ ਸਾਰੇ ਦੋਹਿੜੇ ਚਾਰ-ਚਾਰ ਪੰਕਤੀਆਂ ਦੇ ਹਨ ਜਦਕਿ ਗ਼ਜ਼ਲਾਂ ਅਤੇ ਕਾਫ਼ੀਆਂ ਦੀਆਂ ਪੰਕਤੀਆਂ ਵੱਖ-ਵੱਖ ਹਨ। ਅਸਲ ਵਿਚ ਸੰਪਾਦਕ ਨੇ ਕਾਫ਼ੀਆਂ ਨੂੰ ਸੰਕਲਿਤ ਕਰਨ ਲਈ ਵਿਸ਼ੇਸ਼ ਮਿਹਨਤ ਕੀਤੀ ਹੈ ਕਿਉਂਕਿ ਇਨ੍ਹਾਂ ਵਿਚ ਹਰ ਕਾਫ਼ੀ ਵਿਚ ਆਏ ਔਖੇ ਸ਼ਬਦਾਂ ਦੇ ਅਰਥ ਵੀ ਨਾਲੋ-ਨਾਲ ਫੁੱਟਨੋਟ ਵਿਚ ਦਿੱਤੇ ਗਏ ਹਨ। ਗ਼ੁਲਾਮ ਫ਼ਰੀਦ ਕਾਵਿ 'ਚੋਂ ਹਰ ਵਿਧਾ ਦੀਆਂ ਕੁਝ ਪੰਕਤੀਆਂ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ :
* ਇਸ਼ਕ ਬਾਜ਼ੀ ਮੇਂ ਮਿਰਾ ਮਰਤਬਾ ਐਸਾ ਹੈ ਫ਼ਰੀਦ
ਕੈਸ ਭੀ ਮੁਝ ਕੋ ਗੁਰੂ ਆਪ ਕੋ ਚੇਲਾ ਸਮਝਾ।
(ਗ਼ਜ਼ਲ 1, ਪੰਨਾ 23)
* ਭੱਠ ਪਿਆ ਸੁਰਮਾ ਸੁਰਖੀ ਕੱਜਲ
ਭੱਠ ਪਿਆ ਹਾਰ ਸ਼ਿੰਗਾਰੇ।
ਸੰਗੀਆਂ ਸਈਆਂ ਨਿੱਤ ਸਤਾਵਣ
ਮਾਂ ਪਿਓ ਵੀਰਨ ਮਾਰੇ। (ਦੋਹਿੜੇ 22, ਪੰਨਾ 34)
* ਤੂੰ ਬਿਨ ਮਹੀਂ ਦਾ ਚਾਕ ਵੇ ਦਿਲੜੀ ਗ਼ਮਾਂ ਦੀ ਝੋਕ ਹੈ।
ਜੋ ਜੋ ਖੁਸ਼ੀ ਸਰਸਬਜ਼ ਥਈ ਸਰ ਸਰ ਡੁਖਾਂ ਤੋਂ ਸੋਕ ਹੈ।
(ਕਾਫ਼ੀ 192, ਪੰਨਾ 245)
ਗ਼ੁਲਾਮ ਫ਼ਰੀਦ ਦੇ ਕਲਾਮ ਤੇ ਖੋਜ ਕਾਰਜ ਵਾਲੇ ਸਕਾਲਰਾਂ ਲਈ ਇਹ ਕਿਤਾਬ ਇੱਕ ਅਮੋਲਕ ਖਜ਼ਾਨਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.

ਮਿਸ਼ਨ ਬਾਬਾ ਸਾਹਿਬ ਦਾ
ਲੇਖਕ : ਬਲਵਿੰਦਰ ਪੁਆਰ
ਪ੍ਰਕਾਸ਼ਕ : ਡਾ. ਬੀ.ਆਰ. ਅੰਬੇਦਕਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ (ਰਜਿ.) ਜਲੰਧਰ
ਮੁੱਲ : 150 ਰੁਪਏ, ਸਫ਼ੇ : 135
ਸੰਪਰਕ : 98723-66076

'ਮਿਸ਼ਨ ਬਾਬਾ ਸਾਹਿਬ ਦਾ' (ਗੀਤ ਸੰਗ੍ਰਹਿ) ਦੇ ਲੇਖਕ ਬਲਵਿੰਦਰ ਪੁਆਰ ਹਨ। ਇਨ੍ਹਾਂ ਦੀਆਂ ਰਚਨਾਵਾਂ ਵਿਚ ਸਮਾਜ ਨੂੰ ਜਾਗ੍ਰਿਤੀ ਦੇ ਵੱਲ ਲੈ ਕੇ ਜਾਣ ਦਾ ਹੋਕਾ ਹੈ ਕਿਉਂਕਿ ਲੇਖਕ ਸਮਾਜ ਲਈ ਕਾਫ਼ੀ ਫ਼ਿਕਰਮੰਦ ਹੈ। ਇਨ੍ਹਾਂ 'ਤੇ ਬਹੁਜਨ ਸਮਾਜ ਦੇ ਰਹਿਬਰਾਂ ਦੇ ਵਿਚਾਰਾਂ ਦਾ ਕਾਫ਼ੀ ਪ੍ਰਭਾਵ ਹੈ ਜੋ ਕਿ ਇਨ੍ਹਾਂ ਦੀਆਂ ਪਹਿਲੀਆਂ ਰਚਨਾਵਾਂ ਦੇ ਵਿਚ ਝਲਕ ਵੇਖੀ ਜਾ ਸਕਦੀ ਹੈ। ਲੇਖਕ ਚੇਤੰਨ ਹੋਣ ਦੇ ਨਾਲ ਅਗਾਂਹਵਧੂ ਵਿਚਾਰਾਂ ਦਾ ਹਾਮੀ ਹੈ ਅਤੇ ਉਹ ਗੁਰੂਆਂ ਦੇ ਦਿੱਤੇ ਸੰਦੇਸ਼ ਨੂੰ ਇਕੋ ਦੱਸ ਕੇ ਆਪਣੀ ਗੱਲ ਕਹਿਣਾ ਚਾਹੁੰਦਾ ਹੈ। ਉਸ ਨੂੰ ਦੁੱਖ ਮਹਿਸੂਸ ਹੁੰਦਾ ਹੈ ਕਿ ਅਸੀਂ ਗੁਰੂਆਂ ਨੂੰ ਵੱਖਰੇ ਤੌਰ 'ਤੇ ਕਿਉਂ ਵੇਖਦੇ ਹਾਂ। ਲੇਖਕ ਬੱਚਿਆਂ ਦੀ ਪੜ੍ਹਾਈ ਦਾ ਹਾਮੀ ਹੈ ਅਤੇ ਆਪਣੇ ਸਾਥੀਆਂ ਦੇ ਦਿੱਤੇ ਸਾਥ ਨੂੰ ਹਮੇਸ਼ਾ ਸਿਰ ਮੱਥੇ 'ਤੇ ਰੱਖਿਆ ਜੋ ਕਿ ਲੇਖਕ ਦਾ ਵੱਡਾ ਗੁਣ ਹੈ। ਇਸ ਪੁਸਤਕ ਵਿਚਲੀਆਂ ਕੁਝ ਕ੍ਰਾਂਤੀਕਾਰੀ ਰਚਨਾਵਾਂ ਵੀ ਹਨ ਜੋ ਕਿ ਬਹੁਤ ਕੁਝ ਕਹਿੰਦੀਆਂ ਹਨ। ਲੇਖਕ ਦੇ ਅੰਦਰ ਇਕ ਉਲਾਰ ਹੈ ਅਤੇ ਉਹ ਬਹੁਤ ਕੁਝ ਕਰਕੇ ਸਮਾਜ ਨੂੰ ਸੇਧ ਦੇਣਾ ਚਾਹੁੰਦਾ ਹੈ ਕਿ ਚੰਗਾ ਜੀਵਨ ਜਿਊਣ ਤੇ ਆਪਸੀ ਵੈਰ ਵਿਰੋਧ ਤੋਂ ਦੂਰ ਰਹਿ ਕੇ ਆਪਸ ਵਿਚ ਮਿਲ ਕੇ ਰਹਿਣ। ਰਚਨਾਵਾਂ ਦੇ ਵਿਚ ਲੇਖਕ ਨੇ ਹੋਰਨਾਂ ਦੇ ਦੁੱਖ ਦਰਦ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿਚ ਬਾਬਾ ਸਾਹਿਬ ਭੀਮ ਰਾਓ ਦਾ ਜ਼ਿਕਰ ਵਾਰ-ਵਾਰ ਕੀਤਾ ਹੈ ਅਤੇ ਉਸ ਨੂੰ ਦੋਗਲਾ-ਮਨ ਮਨਜ਼ੂਰ ਨਹੀਂ। ਲੇਖਕ ਸਹੀ ਆਮ ਲੋਕਾਂ ਨੂੰ ਮਾਰਗ ਦਰਸ਼ਨ ਦੇਣ ਦਾ ਹਾਮੀ ਹੈ। ਇਸ ਪੁਸਤਕ ਵਿਚ ਸਮੁੱਚੇ ਗੀਤ, ਕਵਿਤਾਵਾਂ ਪੜ੍ਹਨਯੋਗ ਹਨ, ਜਿਨ੍ਹਾਂ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪੁਸਤਕ ਸਾਂਭਣਯੋਗ ਹੈ, ਜੇਕਰ ਇਸ ਨੂੰ ਘਰ-ਘਰ ਪੁੱਜਦਾ ਕੀਤਾ ਜਾਵੇ ਤਾਂ ਲੇਖਕ ਦੇ ਦਿੱਤੇ ਹੋਕੇ ਦਾ ਅਸਰ ਜ਼ਰੂਰ ਪਵੇਗਾ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਪਿਆਰ ਗਰੀਬਾਂ ਦਾ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 94175-62053

'ਪਿਆਰ ਗਰੀਬਾਂ ਦਾ' ਪੁਸਤਕ ਇਸ ਤੋਂ ਪਹਿਲਾਂ 21 ਕਾਵਿ-ਸੰਗ੍ਰਹਿ ਲਿਖ ਚੁੱਕੇ ਜਗਜੀਤ ਮੁਕਤਸਰੀ ਦੀ ਰਚਨਾ ਹੈ। ਇਸ ਪੁਸਤਕ ਵਿਚ ਲੇਖਕ ਨੇ 72 ਗੀਤ ਸ਼ਾਮਿਲ ਕੀਤੇ ਹਨ। ਜਗਜੀਤ ਮੁਕਤਸਰੀ ਕਿੱਤੇ ਵਜੋਂ ਸੇਵਾਮੁਕਤ ਅਧਿਆਪਕ ਹਨ, ਜਿਨ੍ਹਾਂ ਦੇ ਕੁੱਲ 270 ਗੀਤ ਰਿਕਾਰਡ ਵੀ ਹੋਏ ਹਨ। ਇਸ ਪੁਸਤਕ ਵਿਚਲੇ ਗੀਤ ਬਹੁਤ ਹੀ ਸਧਾਰਨ ਭਾਸ਼ਾ ਵਿਚ ਲਿਖੇ ਗਏ ਹਨ, ਜਿਨ੍ਹਾਂ ਵਿਚ ਵਿਸ਼ੇ ਪੱਖੋਂ ਬਹੁਤ ਵੰਨ-ਸੁਵੰਨਤਾ ਹੈ। ਇਨ੍ਹਾਂ ਗੀਤਾਂ ਵਿਚ ਦੇਸ਼ ਪਿਆਰ, ਸੱਭਿਆਚਾਰਕ ਖਿੱਚ, ਵਿਰਸੇ ਦੇ ਰੰਗ, ਸਮਾਜਿਕ ਸਮੱਸਿਆਵਾਂ, ਰੋਮਾਂਟਿਕ ਭਾਵ ਵੇਖੇ ਜਾ ਸਕਦੇ ਹਨ। ਇਹ ਸਮੁੱਚੇ ਗੀਤ ਪਰਿਵਾਰਕ ਮਾਹੌਲ ਵਿਚ ਪੜ੍ਹੇ ਅਤੇ ਸੁਣੇ ਜਾਣ ਵਾਲੇ ਹਨ। ਬਿਰਹਾ ਦੇ ਭਾਵ ਉਸ ਦੇ ਗੀਤਾਂ ਦਾ ਸ਼ਿੰਗਾਰ ਹਨ। ਕੀ ਲੈ ਕੇ ਤੁਰ ਗਿਉਂ, ਚੰਨ ਵਰਗੇ ਮਾਹੀ ਨੂੰ, ਵੇ ਪ੍ਰਦੇਸ ਨਾ ਜਾਈਂ, ਉਹੀ ਅੱਜ ਮੁੱਖ ਮੋੜ ਗਏ, ਤੇਰੇ ਗਮਾਂ ਵਿਚ ਸੀਨਾ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਸ਼ਰਾਬ ਪੀਣ ਵਾਲੇ ਮਨੁੱਖ ਦੀ ਜ਼ਿੰਦਗੀ ਦੇ ਦੂਜਿਆਂ ਉੱਪਰ ਪੈਂਦੇ ਨਾਂਹ-ਵਾਚਕ ਪ੍ਰਭਾਵ ਨੂੰ ਵੀ ਆਪਣੇ ਗੀਤ 'ਬਾਪੂ ਜੀ ਨੂੰ ਵੇਖ' ਵਿਚ ਬਾਖ਼ੂਬੀ ਚਿਤਰਨ ਕੀਤਾ ਹੈ। 'ਘਰ ਆ ਕੇ ਨਾਲੇ ਮੈਨੂੰ' ਗੀਤ ਇਕ ਔਰਤ ਵਲੋਂ ਆਪਣੇ ਨਸ਼ੇੜੀ ਪਤੀ ਨੂੰ ਕੀਤਾ ਗਿਆ ਸੰਬੋਧਨ ਹੈ, ਜਿਸ ਵਿਚ ਉਹ ਆਪਣੀ ਬੇਵੱਸੀ ਜ਼ਾਹਰ ਕਰਦੀ ਹੈ। ਮੈਨੂੰ ਗੱਲ-ਗੱਲ ਉੱਤੇ ਨਾ ਤੂੰ, ਤੂੰ ਜ਼ਿੰਦਗੀ ਤੋਂ ਮੁੱਖ ਮੋੜ ਦੇ, ਜੱਗ ਵਿਚ ਮਾਣ ਨਾ... ਆਦਿ ਗੀਤ ਵੀ ਨਸ਼ਿਆਂ ਦਾ ਵਿਰੋਧ ਪ੍ਰਗਟਾਉਣ ਵਾਲੇ ਹਨ।
ਜੀਹਨੇ ਕਦੇ ਗ਼ਰੀਬੀ ਵੇਖੀ ਨਹੀਂ
ਕੀ ਜਾਣੇ ਸਾਰ ਗ਼ਰੀਬਾਂ ਦੀ
ਜਿਨ੍ਹਾਂ ਹਾਲਤ ਕਦੇ ਵੀ ਵੇਖੀ ਨਹੀਂ
ਲਾਚਾਰ ਗ਼ਰੀਬਾਂ ਦੀ।
ਮਾਂ ਬੋਲੀ ਪੰਜਾਬੀ ਦੀ ਵੀ ਕਵੀ ਜੀ ਭਰ ਕੇ ਸਿਫ਼ਤ ਕਰਦਾ ਹੈ।
ਮਾਂ ਮੇਰੀ ਦੀ ਬੋਲੀ ਦੋਸਤੋ
ਦੁਨੀਆ ਭਰਦੀ ਬੋਲੀ ਏ
ਮੇਹਰ ਗੁਰੂ, ਗੁਰੂ ਨਾਨਕ ਦੀ ਨਾ ਕਿਸੇ ਦੀ ਗੋਲੀ ਏ
ਹੈ ਦਸਮ-ਪਿਤਾ ਦੇ ਹੱਥ 'ਚ ਅੱਜ ਕਮਾਨ ਪੰਜਾਬੀ ਦੀ-
ਕਵੀ ਮਨੁੱਖ ਨੂੰ ਕਿਰਤ ਕਰਨ, ਚੰਗੇ ਕਰਮ ਕਰਨ ਲਈ ਪ੍ਰੇਰਤ ਕਰਦਾ ਹੈ। ਧੀ ਨੂੰ ਸਹੁਰੇ ਤੋਰਨ ਵੇਲੇ ਸਿੱਖਿਆ, ਸਿੱਖ ਧਰਮ ਦੀ ਰਹਿਤ ਮਰਿਆਦਾ, ਵਿਰਸਾ ਸੰਭਾਲਣ ਬਾਰੇ ਉਸ ਦੀਆਂ ਕਵਿਤਾਵਾਂ ਸਾਲਾਹੁਣਯੋਗ ਹਨ। ਭਰੂਣ ਹੱਤਿਆ ਦਾ ਵਿਰੋਧ ਕਰਦਾ ਕਵੀ ਅਣਜੰਮੀ ਧੀ ਦੇ ਮੂੰਹੋਂ ਕੁਝ ਬੋਲ ਪ੍ਰਗਟਾਉਂਦਾ ਹੈ :-
ਤੇਰੇ ਦੁੱਖ ਦਰਦ ਵੰਡਾਵਾਂਗੀ ਕੀ
ਅੰਮੀਏ ਸੁਣ ਮੇਰੀ ਅਰਜੋਈ
ਕਿਤੇ ਕੁੱਖ 'ਚ ਮਾਰ-ਮੁਕਾ ਦਈਂ ਨਾ
ਭੇਦ ਜੱਗ ਤੋਂ ਕਿਤੇ ਛੁਪਾ ਲਈਂ ਨਾ,
ਹੁਣ ਡੋਰੀ ਤੇਰੇ 'ਤੇ
ਨਹੀਂ ਤਾਂ ਮੈਂ ਮੋਈ ਕਿ ਮੋਈ-
ਇਸ ਪ੍ਰਕਾਰ 'ਪਿਆਰ ਗ਼ਰੀਬਾਂ ਦਾ' ਗੀਤ ਸੰਗ੍ਰਹਿ ਜਗਜੀਤ ਮੁਕਤਸਰੀ ਦਾ ਆਮ ਲੋਕਾਂ ਦੇ ਦੁੱਖ-ਸੁੱਖ, ਭਾਵ ਅਤੇ ਜਜ਼ਬੇ ਬਿਆਨਣ ਵਾਲਾ ਗੀਤ ਸੰਗ੍ਰਹਿ ਹੈ। ਗੀਤਕਾਰ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰਕ ਸਾਂਝੀਵਾਲਤਾ ਅਤੇ ਪਿਆਰ ਦੇ ਜਜ਼ਬੇ ਵੀ ਪ੍ਰਗਟਾਏ ਹਨ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।

ਗੀਤ ਹੀ ਜਿਸ ਦਾ ਹਥਿਆਰ ਸੀ
ਅਨੁਵਾਦਕ : ਮਨਦੀਪ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਸਫ਼ੇ : 120, ਮੁੱਲ : 125 ਰੁਪਏ
ਸੰਪਰਕ : 94176-42785

ਅਜੋਕਾ ਯੁੱਗ ਸੂਚਨਾ ਅਤੇ ਤਕਨਾਲੋਜੀ ਦਾ ਯੁੱਗ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਨਿੱਤ ਨਵੇਂ-ਨਵੇਂ ਸੰਚਾਰ ਮਾਧਿਆਮ ਹੋਂਦ ਵਿਚ ਆ ਰਹੇ ਹਨ, ਜਿਸ ਕਰਕੇ ਨਵੀਂ ਸ਼ਬਦਾਵਲੀ ਇਨ੍ਹਾਂ ਸੰਚਾਰ ਸਾਧਨਾਂ ਰਾਹੀਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਰਹੀ ਹੈ। ਸੋ, ਸੰਸਾਰ ਵਿਚ ਪੈਦਾ ਹੋ ਰਹੇ ਗਿਆਨ, ਵਿਗਿਆਨ, ਤਕਨਾਲੋਜੀ ਆਦਿ ਨਾਲ ਸੰਬੰਧਿਤ ਸਮੱਗਰੀ ਤੋਂ ਜਾਣੂ ਹੋਣ ਲਈ ਇੱਕੋ ਰਾਹ ਅਨੁਵਾਦ ਹੀ ਨਜ਼ਰ ਆਉਂਦਾ ਹੈ। ਅਨੁਵਾਦ ਦੀ ਪੰਰਪਰਾ ਭਾਰਤੀ ਸਾਹਿਤ ਵਿਚ ਬੜੀ ਪੁਰਾਣੀ ਪਰੰਪਰਾ ਹੈ। ਵੇਦਾਂ, ਉਪਨਿਸ਼ਦਾਂ, ਗੀਤਾ, ਰਾਮਾਇਣ, ਮਹਾਭਾਰਤ ਅਤੇ ਹੋਰ ਨੀਤੀ ਕਥਾਵਾਂ ਆਦਿ ਨੂੰ ਉਨ੍ਹਾਂ ਦੀ ਵਿਆਖਿਆ ਅਤੇ ਟੀਕਿਆ ਰਾਹੀਂ ਹੀ ਸਮਝਿਆ ਜਾਂਦਾ ਹੈ। ਅਨੁਵਾਦ ਇਕ ਅਜਿਹੀ ਕਲਾ ਹੈ ਜੋ ਸਾਡੇ ਗਿਆਨ ਨੂੰ ਵਿਸ਼ਵ ਤੱਕ ਲੈ ਕੇ ਜਾਂਦੀ ਹੈ।
ਅਨੁਵਾਦਕ ਮਨਦੀਪ ਦੀ ਪੁਸਤਕ 'ਗੀਤ ਹੀ ਜਿਸਦਾ ਹਥਿਆਰ ਸੀ' ਪਾਠਕ ਲਈ ਨਵੇਂ ਪ੍ਰਤੀਮਾਨ ਸਿਰਜਦੀ ਹੈ। ਮਨਦੀਪ ਨੇ ਚਿੱਲੀ ਦੇ ਲੋਕ ਗਾਇਕ ਵਿਕਟਰ ਜਾਰਾ ਦੇ ਜੀਵਨ ਬਿਰਤਾਂਤ ਅਤੇ ਗੀਤਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਵੱਡਮੁੱਲਾ ਕਾਰਜ ਹੀ ਨਹੀਂ ਕੀਤਾ ਸਗੋਂ ਪਾਠਕਾਂ ਵਿਚ ਇਕ ਕ੍ਰਾਂਤੀਕਾਰੀ ਦੇ ਜੀਵਨ ਨੂੰ ਜਾਣਨ ਦੀ ਉਤਸੁਕਤਾ ਵੀ ਪੈਦਾ ਕੀਤੀ ਹੈ। ਵਿਕਟਰ ਜਾਰਾ ਦਾ ਜਨਮ 28 ਸਤੰਬਰ, 1932 ਨੂੰ ਚਿੱਲੀ ਦੇ ਇਕ ਸਾਧਾਰਨ ਪਰਿਵਾਰ ਵਿਚ ਪਿਤਾ ਮੈਨੁਅਲ ਜਾਰਾ ਅਤੇ ਮਾਤਾ ਅਮਾਂਡਾ ਮਾਰਟੀਨੇਜ਼ ਦੇ ਘਰ ਹੋਇਆ ਸੀ। ਮਾਂ ਅਮਾਂਡਾ ਵੀ ਇਕ ਲੋਕ ਗਾਇਕਾ ਸਨ ਜੋ ਗਿਟਾਰ ਵਜਾਉਂਦੇ ਸਨ। ਵਿਕਟਰ ਨੂੰ ਥੀਏਟਰ ਕਲਾਕਾਰ, ਨਿਰਦੇਸ਼ਕ, ਕਵੀ, ਗਾਇਕ, ਗੀਤਕਾਰ ਅਤੇ ਸਿਆਸੀ ਕਾਰਕੁੰਨ ਵਜੋਂ ਪਛਾਣਿਆ ਜਾਂਦਾ ਹੈ। ਜਾਰਾ ਨੇ 1970 ਵਿਚ ਚਿੱਲੀ ਦੀ ਰਾਸ਼ਟਰਪਤੀ ਚੋਣ ਵਿਚ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਸਲਵਾਡੋਰ ਅਲੇਂਡੇ ਦਾ ਸਮਰਥਨ ਕੀਤਾ। ਚਿੱਲੀ ਦੇ ਕਿਰਤੀ, ਜਮਹੂਰੀਅਤ ਲੋਕਾਂ ਨੂੰ ਵਿਕਟਰ ਨੇ ਆਪਣੇ ਗੀਤਾਂ ਦੁਆਰਾ ਜਗਾਇਆ। ਚਿੱਲੀ ਦੇ ਇਤਿਹਾਸ ਵਿਚ ਵਿਕਟਰ ਜਾਰਾ ਦਾ ਵੱਖਰਾ ਸਥਾਨ ਹੈ। ਵਿਕਟਰ ਜਾਰਾ ਦੇ ਸ਼ਾਮਲ ਕੀਤੇ ਗੀਤਾਂ ਦਾ ਅਨੁਵਾਦ ਵੀ ਕਾਬਲੇ ਤਾਰੀਫ਼ ਹੈ।
ਅਨੁਵਾਦਕ ਮਨਦੀਪ ਨੇ ਵਿਕਟਰ ਜਾਰਾ ਦੇ ਜੀਵਨ ਬਿਰਤਾਂਤ ਅਤੇ ਉਸ ਦੇ ਗੀਤਾਂ ਨੂੰ ਬੜੀ ਸਰਲਤਾ ਨਾਲ ਪੇਸ਼ ਕੀਤਾ ਹੈ। ਜੀਵਨ ਬਿਰਤਾਂਤ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਪਾਠਕ ਦਾ ਮਨ ਵਾਰ-ਵਾਰ ਪੜ੍ਹਨ ਨੂੰ ਲੋਚਦਾ ਹੈ। ਪੁਸਤਕ ਦਾ ਸਿਰਲੇਖ ਵੀ ਢੁੱਕਵਾਂ ਹੈ ਜੋ ਕਿ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਕਰਦਾ ਹੈ। ਸੋ, ਪੰਜਾਬੀ ਭਾਸ਼ਾ ਵਿਚ ਅਨੁਵਾਦ ਦੇ ਕਾਰਜ ਦੀ ਨਿੰਰਤਰਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪੰਜਾਬੀ ਪਾਠਕ ਦਾ ਅਵਚੇਤਨ ਬਹੁ-ਪਸਾਰੀ ਹੈ। ਅਨੁਵਾਦਕ ਮਨਦੀਪ ਤੋਂ ਆਸ ਕੀਤੀ ਜਾਂਦੀ ਹੈ ਕਿ ਅਨੁਵਾਦ ਦੇ ਕਾਰਜ ਨੂੰ ਨਿੰਰਤਰ ਜਾਰੀ ਰੱਖਣਗੇ। ਤਸਵੀਰਾਂ ਦੀ ਚੋਣ ਤੇ ਤਰਤੀਬ ਪੁਸਤਕ ਦੀ ਸਮੱਗਰੀ ਦੀ ਸੁੰਦਰਤਾ ਵਿਚ ਵਾਧਾ ਕਰਦੀਆਂ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਤੁਹਾਡੇ ਅਵਚੇਤਨ ਮਨ ਦੀ ਸ਼ਕਤੀ
ਮੂਲ ਲੇਖਕ : ਡਾ. ਜੋਸੇਫ ਮਰਫੀ
ਅਨੁਵਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਕੀਮਤ: 250 ਰੁਪਏ, ਸਫੇ : 264
ਸੰਪਰਕ : 01679-233244

ਹਥਲੀ ਪੁਸਤਕ ਮਨੁੱਖੀ ਮਨ ਦੀਆਂ ਬਹੁਤ ਸਾਰੀਆਂ ਗੁੰਝਲਾਂ ਦਾ ਸਮਾਧਾਨ ਕਰਦੀ ਹੋਣ ਸਦਕਾ ਸ਼ਾਇਦ ਦੁਨੀਆ ਦੀਆਂ ਪੁਸਤਕਾਂ ਵਿਚੋਂ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਹੋਣ ਦਾ ਦਾਅਵਾ ਜਾਪਦੀ ਹੈ। ਚੇਤਨ ਮਨ ਹੋਰ ਹੁੰਦਾ ਹੈ ਅਤੇ ਅਵਚੇਤਨ ਮਨ ਹੋਰ ਹੁੰਦਾ ਹੈ। ਅਵਚੇਤਨ ਮਨ ਬਹੁਤ ਸਾਰੀਆਂ ਪਰਤਾਂ ਦਾ ਖੁਲਾਸਾ ਕਰਦਾ ਰਹਿੰਦਾ ਹੈ। ਇਸੇ ਸੰਕਲਪ ਦੀ ਧਾਰਿਕ ਇਹ ਪੁਸਤਕ ਜੋ ਮੂਲ ਰੂਪ ਵਿਚ 'ਦਾ ਪਾਵਰ ਆਫ ਯੂਅਰ ਸਬ ਕੌਂਸ਼ੀਅਸ ਮਾਈਂਡ' ਦਾ ਪੰਜਾਬੀ ਰੂਪ ਪਾਠਕਾਂ ਦੇ ਸਨਮੁੱਖ ਹੈ। ਪੁਸਤਕ ਦੇ ਵੀਹ ਅਧਿਆਇ ਹਨ। ਇਹ ਪੁਸਤਕ ਮਨੁੱਖ ਨੂੰ ਜਾਗ੍ਰਿਤ ਕਰਾਉਂਦੀ ਹੈ ਕਿ ਮਨੁੱਖ ਦੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ, ਦਿਮਾਗ ਤੋਂ ਕਿਵੇਂ ਕੰਮ ਲੈਣਾ ਹੈ, ਮਨ ਦੀ ਚਮਤਕਾਰੀ ਸ਼ਕਤੀ ਨੂੰ ਕਿਵੇਂ ਪਛਾਣਨਾ ਹੈ, ਪ੍ਰਾਚੀਨ ਅਤੇ ਆਧੁਨਿਕਤਾ ਦਾ ਬੋਧ ਕਿਵੇਂ ਕਰਨਾ ਹੈ, ਮਾਨਸਿਕ ਵਿਕਾਸ ਲਈ ਕਿਹੜੀ ਤਕਨੀਕ ਅਪਣਾਉਣੀ ਹੈ, ਨਤੀਜਿਆਂ ਨੂੰ ਕਿਸ ਤਰ੍ਹਾਂ ਸਮਝਣਾ ਹੈ, ਸੰਤੁਲਨ ਕਿਵੇਂ ਰੱਖਣਾ ਹੈ, ਅਮੀਰ ਬਣਨ ਦੀ ਲਾਲਸਾ, ਵਿਗਿਆਨਿਕ ਸੂਝ ਦੀ ਪ੍ਰਾਪਤੀ, ਵਿਵਹਾਰਿਕ ਸਮੱਸਿਆਵਾਂ ਦੀ ਸੋਝੀ, ਨੀਂਦ ਜਾਂ ਜਾਗਣ ਦੀ ਸੋਝੀ, ਖੁਸ਼ੀ, ਗ਼ਮੀ, ਵਿਰੋਧ-ਵਿਕਾਸ, ਡਰ, ਭਰਮ ਆਦਿ ਅਨੇਕਾਂ ਸੰਕਲਪਾਂ ਬਾਬਤ ਵਿਸਤਾਰਪੂਰਨ ਜ਼ਿਕਰ ਤਰਕ ਸਹਿਤ ਪੇਸ਼ ਕੀਤਾ ਗਿਆ ਪੜ੍ਹਿਆ ਜਾ ਸਕਦਾ ਹੈ। ਮਨ ਤੋਂ ਹਮੇਸ਼ਾ ਨੌਜਵਾਨ ਕਿਵੇਂ ਰਿਹਾ ਜਾਵੇ, ਡਰ ਨੂੰ ਕਿਵੇਂ ਭਜਾਉਣਾ ਹੈ, ਮਾਨਸਿਕ ਰੁਕਾਵਟਾਂ ਨੂੰ ਕਿਵੇਂ ਹਟਾਉਣਾ ਹੈ, ਮੁਆਫੀ ਦਾ ਕੀ ਅਰਥ-ਬੋਧ ਹੈ, ਸਦਭਾਵਨਾ ਪੂਰਨ ਮਨੁੱਖੀ ਸੰਬੰਧਾਂ ਦੀ ਕੀ ਸਾਰਥਿਕਤਾ ਹੈ, ਪਤੀ-ਪਤਨੀ ਦੇ ਉਸਾਰ ਜਾਂ ਉਲਾਰ ਸੰਬੰਧ ਕੀ ਹਨ, ਮਨ ਚਾਹੇ ਨਤੀਜੇ ਕਿਵੇਂ ਪ੍ਰਾਪਤ ਹੋ ਸਕਦੇ ਹਨ, ਦੌਲਤ ਦੀ ਅੰਨ੍ਹੀ ਦੌੜ ਜਾਂ ਸ਼ੁਹਰਤ ਵੱਲ ਕਿਉਂ ਭੱਜੀਏ, ਇਤਿਆਦਿ ਅਨੇਕਾਂ ਮੁੱਦੇ ਹਨ, ਜਿਨ੍ਹਾਂ ਦਾ ਪੁਸਤਕ ਵਿਚ ਜ਼ਿਕਰ ਅਤੇ ਫਿਕਰ ਵਿਅਕਤ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਆਧੁਨਿਕ ਯੁੱਗ ਵਿਚ ਮਾਨਸਿਕ ਇਲਾਜ ਵੀ ਸਹਿਜ ਰੂਪ ਵਿਚ ਦਰਸਾਏ ਗਏ ਹਨ। ਮੂਲ ਲੇਖਕ ਦਾ ਵਡੱਪਣ ਤਾਂ ਹੈ ਹੀ ਹੈ, ਅਨੁਵਾਦਕ ਦੀ ਅਨੁਵਾਦ ਕਲਾ ਪ੍ਰਤਿਭਾ ਵੀ ਕਿਸੇ ਪੱਖੋਂ ਘੱਟ ਨਹੀਂ ਹੈ, ਸਗੋਂ ਸਲਾਹੁਣ ਯੋਗ ਹੈ। ਸੱਚਮੁੱਚ ਇਹ ਪੁਸਤਕ ਹਵਾਲਾ ਪੁਸਤਕ ਵਜੋਂ ਜਾਣੀ ਜਾਣਯੋਗ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

06-02-2023

 ਨਕਸਲਬਾੜੀ ਲਹਿਰ ਅਤੇ ਖੱਬੇਪੱਖੀ ਪੰਜਾਬੀ ਪੱਤਰਕਾਰੀ
ਲੇਖਕ : ਡਾ. ਮੇਘਾ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 252
ਸੰਪਰਕ : 97800-36137

ਡਾ. ਮੇਘਾ ਸਿੰਘ ਦੀ ਇਹ ਪੁਸਤਕ ਪੰਜਾਬੀ ਪੱਤਰਕਾਰੀ ਦੇ ਇਕ ਬੇਹੱਦ ਪ੍ਰਾਸੰਗਿਕ ਰੁਝਾਨ 'ਖੱਬੇਪੱਖੀ ਸੋਚ ਅਤੇ ਲੇਖਣ' ਦਾ ਵਿਸ਼ਲੇਸ਼ਣਾਤਮਕ ਅਧਿਐਨ ਕਰਦੀ ਹੈ। ਸਿੱਖ ਸਤਿਗੁਰਾਂ ਦੀ ਇਨਕਲਾਬੀ ਸੋਚ ਨੇ ਪੰਜਾਬੀਆਂ ਨੂੰ ਨਾਬਰ ਅਤੇ ਵਿਵਸਥਾ-ਵਿਰੋਧੀ ਬਣਾਈ ਰੱਖਿਆ ਹੈ। ਲੇਖਕ ਅਤੇ ਪੱਤਰਕਾਰ ਕਿਸੇ ਸਮਾਜ ਦੇ ਪਹਿਰੇਦਾਰ ਹੁੰਦੇ ਹਨ। ਇਸ ਕਾਰਨ ਪੰਜਾਬੀ ਸਾਹਿਤ ਅਤੇ ਪੱਤਰਕਾਰਿਤਾ ਵਿਚ ਨਾਬਰੀ ਅਤੇ ਰੋਸ ਦੇ ਸੁਰ ਹਮੇਸ਼ਾ ਬਲਵਾਨ ਅਤੇ ਲੋਕਪ੍ਰਿਆ ਰਹੇ ਹਨ। ਡਾ. ਮੇਘਾ ਸਿੰਘ ਨੇ ਪੰਜਾਬੀ ਪੱਤਰਕਾਰੀ ਵਿਚ ਖੱਬੇਪੱਖੀ ਸੋਚ ਉੱਪਰ ਪਹਿਰਾ ਦੇਣ ਵਾਲੇ ਲੇਖਕਾਂ ਅਤੇ ਪਰਚਿਆਂ (ਮੈਗਜ਼ੀਨਾਂ) ਦੀ ਇਨਕਲਾਬੀ-ਸੋਚ ਦਾ ਅਧਿਐਨ ਕੀਤਾ ਹੈ।
ਪਾਠਕਾਂ ਦੀ ਸੁਵਿਧਾ ਅਤੇ ਸਮੱਗਰੀ ਦੀ ਸੁਚੱਜੀ-ਵਿਉਂਤਬੰਦੀ ਲਈ ਉਸ ਨੇ ਇਸ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪੱਤਰਕਾਰੀ ਦੇ ਸਰੂਪ, ਉਦੇਸ਼ ਅਤੇ ਖੱਬੇਪੱਖੀ ਪੱਤਰਕਾਰੀ ਦੀ ਸੁਰ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਖੱਬੇਪੱਖੀ ਪੱਤਰਕਾਰੀ ਇਹ ਮੰਨ ਕੇ ਚਲਦੀ ਹੈ ਕਿ ਪੂੰਜੀਵਾਦ ਨੇ ਮਨੁੱਖੀ ਸਮਾਜ ਅਤੇ ਸੱਭਿਆਚਾਰ ਦੀਆਂ ਸਾਰੀਆਂ ਲੋਕਪੱਖੀ ਸੰਸਥਾਵਾਂ ਨੂੰ ਹਥਿਆ ਲਿਆ ਹੈ। ਇਸ ਕਾਰਨ ਪੂੰਜੀਵਾਦ ਦਾ ਵਿਰੋਧ ਕਰਨਾ ਬੜਾ ਜ਼ਰੂਰੀ ਹੋ ਗਿਆ ਹੈ।
ਦੂਜੇ ਭਾਗ ਵਿਚ ਕੁਝ ਉਨ੍ਹਾਂ ਲੇਖਕਾਂ (ਬਾਬੂ ਹਰਨਾਮ ਸਿੰਘ ਕਾਹਰੀ, ਭਾਈ ਸੰਤੋਖ, ਕਰਤਾਰ ਸਿੰਘ ਹੁੰਦਲ, ਲਾਲਾ ਹਰਦਿਆਲ, ਸ. ਕਰਤਾਰ ਸਿੰਘ ਸਰਾਭਾ, ਭਾਈ ਭਗਵਾਨ ਸਿੰਘ, ਗਿਆਨੀ ਹੀਰਾ ਸਿੰਘ ਦਰਦ ਆਦਿ) ਅਤੇ ਪਰਚਿਆਂ (ਦੇਸ਼ ਸੇਵਕ, ਸਨਸਾਰ, ਗ਼ਦਰ, ਯੁਗਾਂਤਰ, ਕਿਰਤੀ, ਪ੍ਰਭਾਤ, ਲਾਲ ਢੰਡੋਰਾ ਅਤੇ ਪ੍ਰੀਤ ਲੜੀ ਆਦਿ) ਦੀ ਦੇਣ ਦਾ ਵਰਣਨ ਹੋਇਆ ਹੈ। ਤੀਜੇ ਭਾਗ ਵਿਚ ਸੁਤੰਤਰਤਾ ਉਪਰੰਤ ਸ਼ੁਰੂ ਹੋਈਆਂ ਅਤੇ ਪੰਜਾਬ ਵਿਚ ਚੱਲੀਆਂ ਖੱਬੇਪੱਖੀ ਲਹਿਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੌਥੇ ਅਤੇ ਅੰਤਲੇ ਭਾਗ ਵਿਚ ਨਕਸਲਬਾੜੀ ਲਹਿਰ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਪੰਜਾਬੀ ਪੱਤਰਕਾਰੀ (1968-1975) ਦਾ ਨਿਕਟ ਅਧਿਐਨ ਕੀਤਾ ਗਿਆ ਹੈ। ਬੇਸ਼ੱਕ ਸਟੇਟ ਨੇ ਕੁਝ ਹੋਰ ਮੁੱਦੇ ਉਛਾਲ ਕੇ ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਨੂੰ ਭਰਮ-ਭੁਲੇਖਿਆਂ ਵਿਚ ਗੁਮਰਾਹ ਕਰਨ ਦਾ ਯਤਨ ਜਾਰੀ ਰੱਖਿਆ ਹੈ ਪਰ ਪੰਜਾਬੀਆਂ ਨੂੰ ਉਨ੍ਹਾਂ ਦੀ ਜੁਝਾਰਵਾਦੀ ਵਿਰਾਸਤ ਤੋਂ ਲਾਂਭੇ ਨਹੀਂ ਕੀਤਾ ਜਾ ਸਕਦਾ। ਇਹ ਇਕ ਮੁੱਲਵਾਨ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਬਲੈਕ ਟਾਰਚ
ਅਨੁਵਾਦਕ ਤੇ ਸੰਪਾਦਕ: ਬਲਬੀਰ ਮਾਧੋਪੁਰੀ
ਪ੍ਰਕਾਸ਼ਕ: ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ: 250 ਰੁਪਏ, ਸਫ਼ੇ: 130
ਸੰਪਰਕ: 093505-48100

17 ਮੌਲਿਕ, 40 ਅਨੁਵਾਦਿਤ ਅਤੇ 46 ਸੰਪਾਦਿਤ ਪੁਸਤਕਾਂ ਦੀ ਸਿਰਜਣਾ ਤੋਂ ਬਾਅਦ 'ਬਲੈਕ ਟਾਰਚ' ਬਲਬੀਰ ਮਾਧੋਪੁਰੀ ਦੀ ਨਵੀਂ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਦੀਆਂ 20 ਕਾਲੀਆਂ ਕਵਿੱਤਰੀਆਂ ਦੀਆਂ ਇਨਕਲਾਬੀ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਜੋ ਫ਼ਾਸ਼ੀਵਾਦ ਅਤੇ ਪੂੰਜੀਵਾਦ ਦੇ ਖ਼ਿਲਾਫ਼ ਆਪਣੇ ਮਜ਼ਬੂਤ ਨਿਸ਼ਾਨਿਆਂ ਨੂੰ ਉਭਾਰਦੀਆਂ ਹਨ। ਦੱਖਣੀ ਅਫ਼ਰੀਕਾ ਦੀਆਂ ਔਰਤਾਂ ਦੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਬੜੀ ਅਹਿਮ ਭੂਮਿਕਾ ਹੈ ਜਿਹੜੀਆਂ ਖ਼ੁਦ ਵੀ ਆਪਣੇ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਜੰਗ ਦੇ ਮੈਦਾਨ ਵਿਚ ਨਿੱਤਰਦੀਆਂ ਰਹੀਆਂ ਅਤੇ ਆਪਣੇ ਧੀਆਂ-ਪੁੱਤਾਂ ਨੂੰ ਵੀ ਜੂਝਣ ਲਈ ਪ੍ਰੇਰਦੀਆਂ ਰਹੀਆਂ। ਪੁਸਤਕ ਵਿਚਲੀਆਂ ਕਵਿਤਾਵਾਂ ਦੱਸਦੀਆਂ ਹਨ ਕਿ ਗੋਰਿਆਂ ਦੀ ਧਾੜਵੀ ਹਕੂਮਤ ਨੇ ਉੱਥੋਂ ਦੇ ਮੂਲ-ਨਿਵਾਸੀ ਲੋਕਾਂ ਦੇ ਹੱਥਾਂ ਵਿਚ ਬਾਈਬਲ ਫੜਾ ਕੇ ਉਨ੍ਹਾਂ ਦੀ ਭਾਸ਼ਾ, ਧਰਮ ਅਤੇ ਸੱਭਿਆਚਾਰ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦੀ ਜੂਨ ਪਸ਼ੂਆਂ ਤੋਂ ਵੀ ਬਦਤਰ ਕਰ ਦਿੱਤੀ। ਇਸ ਗ਼ੁਲਾਮੀ ਦੇ ਜੂਲੇ ਨੂੰ ਗਲੋਂ ਲਾਹੁਣ ਵਾਸਤੇ ਦੱਖਣੀ ਅਫ਼ਰੀਕਾ ਦੇ ਮੂਲ-ਨਿਵਾਸੀਆਂ ਨੂੰ ਬੜਾ ਭਾਰੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੇ ਕਾਲੇ ਬੱਚਿਆਂ ਨੂੰ ਗੋਰਿਆਂ ਵਲੋਂ ਜਿਊਂਦੇ-ਜੀਅ ਸ਼ੇਰਾਂ ਦੇ ਪਿੰਜਰਿਆਂ ਵਿਚ ਖਾਣ ਲਈ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਮਾਸੂਮ ਬੱਚੀਆਂ ਨਾਲ ਬਲਾਤਕਾਰ ਕੀਤੇ ਗਏ। ਉਨ੍ਹਾਂ ਭਿਆਨਕ ਪ੍ਰਸਥਿਤੀਆਂ ਦੀ ਉਪਜ ਹੈ ਇਹ ਹਥਲਾ ਕਾਵਿ-ਸੰਗ੍ਰਹਿ। ਇਨ੍ਹਾਂ ਕਵਿਤਾਵਾਂ ਨੇ ਦੱਖਣੀ ਅਫ਼ਰੀਕਾ ਦੇ ਲੋਕਾਂ ਦੇ ਦਿਲਾਂ ਵਿਚ ਗੋਰਿਆਂ ਦੀ ਨਸਲਵਾਦੀ ਹਕੂਮਤ ਦੇ ਖ਼ਿਲਾਫ਼ ਭਾਂਬੜ ਬਾਲ ਦਿੱਤੇ। ਨਮੂਨੇ ਵਜੋਂ ਪੇਸ਼ ਹਨ ਪੁਸਤਕ ਵਿਚ ਸ਼ਾਮਿਲ ਕਵਿਤਾ ਦੀਆਂ ਕੁਝ ਸਤਰਾਂ:
ਮੇਰੇ ਗਰਭ ਵਿਚ ਪਲ ਰਹੇ ਸੁਨਹਿਰੇ ਜੀਵਨ
ਕ੍ਰਾਂਤੀ ਦੇ ਜਵਾਰਭਾਟੇ ਵਾਂਗ ਉੱਠ
ਜਾਗ ਤੇ ਆਉਣ ਵਾਲੇ ਚਿਰੋਕਣੇ
ਸੁਤੰਤਰਤਾ ਦਿਵਸ ਦੀ ਕਸਮ ਲੈ ਕੇ
ਉਸ ਵਿਚ ਸ਼ਾਮਲ ਹੋ ਜਾ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਦੂਰ ਦੁਰਾਡੇ ਦੇਸ਼ਾਂ ਵਿਚ ਮੇਰੀਆਂ ਚੋਣਵੀਆਂ ਯਾਤਰਾਵਾਂ
ਲੇਖਕ : ਰਣਜੀਤ ਧੀਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ 241
ਸੰਪਰਕ : 011-26802488

ਰਣਜੀਤ ਧੀਰ ਵਿਲੱਖਣ ਸਾਹਿਤਕ ਸ਼ਖ਼ਸੀਅਤ ਹੈ ਜੋ 55 ਸਾਲ ਪਹਿਲਾਂ ਸਰਕਾਰੀ ਕਾਲਜ ਮੁਕਤਸਰ ਤੋਂ ਪ੍ਰੋਫ਼ੈਸਰੀ ਛੱਡ ਕੇ ਇੰਗਲੈਂਡ ਦੇ ਪੱਕੇ ਵਸਨੀਕ ਬਣ ਚੁੱਕੇ ਹਨ। ਲੰਡਨ ਵਿਚ ਅਨੇਕਾਂ ਵੱਡੇ ਅਹੁਦਿਆਂ 'ਤੇ ਸੁਸ਼ੋਭਿਤ ਰਹੇ। ਮਹਾਰਾਣੀ ਐਲਿਜ਼ਾਬੈੱਥ ਨੇ ਆਪ ਦੀਆਂ ਸੇਵਾਵਾਂ ਬਦਲੇ 'ਆਰਡਰ ਆਫ਼ ਬ੍ਰਿਟਿਸ਼ ਅੰਪਾਇਰ' ਦੇ ਖਿਤਾਬ ਨਾਲ 2018 ਵਿਚ ਆਪ ਨੂੰ ਨਿਵਾਜਿਆ। ਰਣਜੀਤ ਧੀਰ ਦੀ ਇਹ ਪੁਸਤਕ ਉਸ ਦੀ ਘੁਮੱਕੜ ਬਿਰਤੀ ਦੀ ਲਖਾਇਕ ਹੈ। ਆਰਥਿਕ ਪੱਖੋਂ ਖ਼ੁਸ਼ਹਾਲ ਹੋਣ ਕਾਰਨ ਉਹ ਆਪਣੇ ਪਰਿਵਾਰ ਸਮੇਤ ਸੰਸਾਰ ਦੇ ਵੱਖ-ਵੱਖ ਮੁਲਕਾਂ ਦਾ ਤੋਰਾ-ਫੇਰਾ ਕਰਦਾ ਹੀ ਰਹਿੰਦਾ ਹੈ। ਇਹ ਕਿਤਾਬ 14 ਸਫ਼ਰਨਾਮਿਆਂ ਦਾ ਬਿਰਤਾਂਤ ਹੈ। ਇਨ੍ਹਾਂ ਸਫ਼ਰਨਾਮਿਆਂ ਦਾ ਅਧਿਐਨ ਕਰਦਿਆਂ ਪਾਠਕਾਂ ਨੂੰ ਵਿਭਿੰਨ ਮੁਲਕਾਂ ਦੇ ਸੱਭਿਆਚਾਰਕ, ਇਤਿਹਾਸ, ਭੂਗੋਲ ਅਤੇ ਜੀਵਨ ਜਾਚ ਦੀ ਸੋਝੀ ਹੁੰਦੀ ਹੈ। ਹੋਰਨਾਂ ਪੱਖਾਂ ਦੇ ਵਿਸਤ੍ਰਿਤ ਗਿਆਨ ਤੋਂ ਇਲਾਵਾ ਕੁਝ ਦਿਲਚਸਪ ਮਾਅਨੀਖੇਜ਼ ਗੱਲਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮਸਲਨ : 'ਸਾਰਾ ਮੁਲਕ ਪੱਥਰਾਂ ਅਤੇ ਜਵਾਲਾਮੁਖੀ ਪਹਾੜਾਂ ਦਾ ਉਜਾੜ ਹੈ। ਬੀਆਬਾਨ ਅਤੇ ਵੀਰਾਨ' (ਆਈਸਲੈਂਡ), 'ਵੀਨਸ ਆ ਕੇ ਮਹਿਸੂਸ ਹੁੰਦਾ ਹੈ ਜਿਵੇਂ ਮਾਡਰਨ ਸਮੇਂ ਦੀ ਭੜਕੀਲੀ ਸੱਭਿਅਤਾ ਤੋਂ ਦੂਰ ਮੱਧ-ਯੁੱਗੀ ਸ਼ਾਨੋ-ਸ਼ੌਕਤ ਵਿਚ ਮੁੜ ਆਏ ਹੋਈਏ' (ਇਟਲੀ), ਪੰਜਾਬੀ ਪੁਲਸੀਆਂ ਨੂੰ ਚੀਨੀਆਂ 'ਤੇ ਧੱਕਾ ਕਰਨਾ ਪੈਂਦਾ ਸੀ। ਬਸ ਉਦੋਂ ਤੋਂ ਹੀ ਹਾਂਗਕਾਂਗ ਦੇ ਚੀਨੀ ਲੋਕ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਦੇ' (ਹਾਂਗਕਾਂਗ), 'ਮੈਕਾਊ ਗਾਈਡ ਨੇ ਕਿਹਾ 'ਅਸੀਂ ਹੁਣ ਕਮਿਊਨਿਸਟ ਨਹੀਂ ਰਹੇ... ਉਹ ਜ਼ਮਾਨਾ ਖ਼ਤਮ ਹੋ ਗਿਆ... ਅੱਜ ਅਸੀਂ ਸਾਰੇ ਸਰਮਾਏਦਾਰ ਬਣਨ ਦੀ ਕੋਸ਼ਿਸ਼ ਵਿਚ ਹਾਂ' (ਚੀਨ), ਗਾਜ਼ੀ ਨੇ ਕਿਹਾ, '...ਅੱਜ ਦੇ ਵਿਗਿਆਨਕ ਯੁੱਗ ਵਿਚ ਸਾਨੂੰ ਇਹ ਕਬੂਲ ਨਹੀਂ ਕਿ ਡੇਰਿਆਂ ਦੇ ਬਾਨੇ ਮੁਰਦਾ ਸਾਧਾਂ ਸੰਤਾਂ ਤੋਂ ਰਹਿਮਤਾਂ ਮੰਗ ਕੇ ਲੋਕਾਂ ਨੂੰ ਚਮਤਕਾਰਾਂ ਵਿਚ ਉਲਝਾਈ ਰੱਖਣ (ਤੁਰਕੀ), ਦਮਿਤਰੀ (ਗਾਈਡ) ਨੇ ਕਿਹਾ 'ਪੰਜਾਹਾਂ ਸਾਲਾਂ ਤੋਂ ਵੱਡੀ ਉਮਰ ਦੇ ਲੋਕ ਸੋਵੀਅਤ ਸਿਸਟਮ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਤੇ ਲੋਕ ਚਾਹੁੰਦੇ ਹਨ ਕਿ ਉਹੋ ਦਿਨ ਫਿਰ ਆ ਜਾਣ (ਰੂਸ), 'ਸੜਕਾਂ, ਬਾਜ਼ਾਰ' ਅਤੇ ਬੱਸਾਂ, ਗੱਡੀਆਂ ਵਿਚ ਬੈਠਿਆਂ ਸਾਫ਼ ਦਿਸਦੈ ਕਿ ਆਸਟ੍ਰੇਲੀਆ ਇਕ ਬਹੁ-ਸੱਭਿਆਚਾਰ ਵਾਲਾ ਦੇਸ਼ ਹੈ' (ਆਸਟ੍ਰੇਲੀਆ), ਨਿਊਜ਼ੀਲੈਂਡ ਅੰਦਰੂਨੀ ਖ਼ੁਦਮੁਖ਼ਤਿਆਰੀ ਵਾਲਾ ਦੇਸ਼ ਜਿਹੜਾ ਰਾਜਨੀਤਕ ਤੌਰ 'ਤੇ ਹਾਲੇ ਵੀ ਬਰਤਾਨੀਆ ਦੀ ਡੁਮੀਨੀਅਨ ਬਸਤੀ ਹੈ (ਨਿਊਜ਼ੀਲੈਂਡ), ਸਿੰਗਾਪੁਰ ਨੂੰ ਹੁਣ 'ਗੇਟਵੇਅ ਟੂ ਏਸ਼ੀਆ' ਵੀ ਕਹਿੰਦੇ ਹਨ।... 'ਲਿਟਲ ਇੰਡੀਆ' ਵਿਚ ਭਾਰਤੀ ਸ਼ਹਿਰਾਂ ਵਰਗੀਆਂ ਦੁਕਾਨਾਂ, ਢਾਬੇ, ਸਾਈਕਲ, ਟੈਕਸੀਆਂ, ਟਰੱਕ, ਥ੍ਰੀ ਵ੍ਹੀਲਰ ਹਰ ਪਾਸੇ (ਸਿੰਗਾਪੁਰ), ਪੰਜਾਬੀ ਦੀਆਂ ਕਲਾਸਾਂ ਚਲਦੀਆਂ ਹਨ। ਗੁਰਦੁਆਰੇ ਹਨ (ਥਾਈਲੈਂਡ), ਜਦ ਵੀ ਕਿਸੇ ਨੇ ਮੁਸਲਮਾਨ ਜਾਂ ਯਾਹੂਦੀ ਦੋਸਤਾਂ ਨਾਲ ਸੁਲਾਹ-ਸਫ਼ਾਈ ਵਾਲੇ ਕੰਪਰੋਮਾਈਜ਼ ਦੀ ਗੱਲ ਕੀਤੀ ਤਾਂ ਦੋਨੋਂ ਧਿਰਾਂ ਭੜਕ ਪੈਂਦੀਆਂ ਹਨ (ਇਜ਼ਰਾਈਲ, ਫਲਸਤੀਨ ਅਤੇ ਜੌਰਡਨ), ਬਹੁਤ ਸਫ਼ਾਈ ਹੈ। ਇਨ੍ਹਾਂ ਮੁਲਕਾਂ ਦੀ ਬਾਹਰੀ ਦਿਖ ਗ਼ਰੀਬੀ ਦੀ ਨਹੀਂ... ਖ਼ੁਸ਼ਹਾਲ ਦੇਸ਼ਾਂ ਵਰਗੀ ਸੋਹਣੀ (ਸਰਬੀਆ, ਬੋਸਨੀਆ, ਕਰੋਏਸ਼ੀਆ ਅਤੇ ਸੋਲੋਵੀਨੀਆ), ਸੰਸਾਰ ਪ੍ਰਸਿੱਧ ਚਿੱਤਰਕਾਰ ਪਿਕਾਸੋ ਦਾ ਚਿੱਤਰ 'ਦੋਨੋਂ ਹੱਥ ਬੰਦ ਕੀਤੀ ਇਕ ਔਰਤ', ਰੇਨੁਆਂ ਦਾ ਚਿੱਤਰ 'ਝੀਲ ਵਿਚੋਂ ਨਹਾ ਕੇ ਨਿਕਲੀ ਔਰਤ' ਬਿਰਤਾਂਤਕਾਰ ਨੂੰ ਇਹ ਵੇਖ ਕੇ ਬੜੀ ਖ਼ੁਸ਼ੀ ਹੋਈ। ਭਵਿੱਖ ਵਿਚ ਲੇਖਕ ਦਾ ਇਰਾਦਾ ਪੇਰੂ, ਬੋਲਵੀਆ, ਅਰਜਨਟੀਨਾ, ਬ੍ਰਾਜ਼ੀਲ ਦਾ ਗੇੜਾ ਲਗਾਉਣਾ ਹੈ। ਲਾਹੌਰ ਵੀ ਅਜੇ ਦੇਖਣਾ ਹੈ। ਆਖ਼ਰੀ ਸੁਪਨਾ ਹੈ ਭਾਰਤ ਆ ਕੇ ਆਪਣੇ ਖੇਤਾਂ ਵਿਚ ਚਾਰ ਕੋਠੇ ਛੱਤ ਕੇ ਉਥੇ ਰਹਿਣ ਦਾ। ਲੇਖਕ 61 ਦੇਸ਼ਾਂ ਵਿਚ ਘੁੰਮ ਚੁੱਕਾ ਹੈ। ਇਹ ਤਾਂ ਕੇਵਲ ਚੋਣਵੇਂ ਸਫ਼ਰਾਂ ਦਾ ਦਸਤਾਵੇਜ਼ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਸੱਚੋ-ਸੱਚ
ਲੇਖਕ : ਡਾ. ਗੁਰਚਰਨ ਸਿੰਘ ਸੋਢੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98881-69883

ਆਪਣੇ ਸੰਘਰਸ਼ੀ ਜੀਵਨ ਦੇ ਵੱਖੋ-ਵੱਖਰੇ ਪੜਾਵਾਂ ਨੂੰ ਕਹਾਣੀ ਰੂਪ ਵਿਚ ਲਿਖ ਕੇ ਪੁਸਤਕ 'ਸੱਚੋ-ਸੱਚ' ਰਾਹੀਂ ਪਾਠਕਾਂ ਨੂੰ ਪੇਸ਼ ਕਰਨ ਵਾਲੇ ਲੇਖਕ ਡਾ. ਗੁਰਚਰਨ ਸਿੰਘ ਸੋਢੀ ਬੇਸ਼ੱਕ ਇਸ ਦੁਨੀਆ ਵਿਚ ਨਹੀਂ ਹਨ, ਲੇਕਿਨ ਉਨ੍ਹਾਂ ਦੀ ਸਪੁੱਤਰੀ ਮਨਦੀਪ ਕੌਰ ਨੇ ਬੜੇ ਹੀ ਯਤਨ ਨਾਲ ਇਸ ਖਰੜੇ ਨੂੰ ਪੁਸਤਕ ਰੂਪ ਦੇ ਕੇ ਆਪਣੇ ਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਪੁਸਤਕ ਵਿਚਲੀਆਂ 18 ਕਹਾਣੀਆਂ ਦਰਅਸਲ ਲੇਖਕ ਡਾ. ਗੁਰਚਰਨ ਸਿੰਘ ਸੋਢੀ ਵਲੋਂ ਹੱਡੀਂ ਹੰਡਾਇਆ ਸੱਚ ਹਨ। ਇਨ੍ਹਾਂ ਵਿਚ ਬਾਲ ਮਜ਼ਦੂਰੀ ਅਤੇ ਬਾਲ ਜੀਵਨ ਦੀਆਂ ਤਲਖ਼ ਹਕੀਕਤਾਂ (ਸਵਾ ਰੁਪਈਆ), ਬੇਰੁਜ਼ਗਾਰੀ ਦੀ ਵਿਥਿਆ/ਪੁੱਤ ਦੀ ਅਮਾਨਤੀ, ਬਾਲ ਜੀਵਨੀ ਦੀਆਂ ਗੁੰਝਲਾਂ (ਵਾਰਿਸ), ਬਿਰਧ ਆਸ਼ਰਮ ਲਈ ਪ੍ਰਸਥਾਨ (ਅਰਸ਼ੋਂ ਫ਼ਰਸ਼), 'ਅਲ੍ਹੜ ਉਮਰੇ' ਇਸ਼ਕ ਦੇ ਖ਼ਤਰੇ (ਪਛਤਾਵਾ), ਮਨੁੱਖੀ ਹਵਸ ਦਾ ਦੁੱਖਦਾਈ ਪਹਿਲੂ (ਤਲਵਾਰ), 1947 ਦੀ ਵੰਡ ਦਾ ਦੁਖਾਂਤ (ਮਾਂ ਜੀ), ਵਿਦੇਸ਼ਾਂ ਵੱਲ ਉਡਾਰੀ ਦੀਆਂ ਮੁਸੀਬਤਾਂ (ਬੰਦੇ ਭੇੜੀਏ ਦੇ ਰੂਪ ਵਿਚ), ਸੰਤਾਨ ਪ੍ਰਤੀ ਲਾਪ੍ਰਵਾਹੀ (ਪਹਿਰੇਦਾਰੀ), ਦਾਜ ਦੀ ਲਾਹਨਤ (ਸਜ਼ਾਏ ਮੌਤ), ਭੋਲੇ ਭਾਲੇ ਲੋਕਾਂ ਦੀ ਲੁੱਟ (ਵਿਸ਼ਵਾਸਘਾਤ), ਸਮਾਜਿਕ ਰਿਸ਼ਤਿਆਂ ਦਾ ਕੱਚ-ਸੱਚ (ਪਰਖ਼), ਮਾਪਿਆਂ ਦੀ ਦੁਰਗਤੀ (ਸਤਿਕਾਰ), ਪੁਲਿਸ ਦਾ ਕਿਰਦਾਰ (ਸੱਜਣਤਾਈ), ਪੇਂਡੂ ਸੱਭਿਆਚਾਰ ਦੀਆਂ ਗੁੰਝਲਾਂ (ਸ਼ਮਸ਼ਾਨ), ਦਫ਼ਤਰੀ ਭ੍ਰਿਸ਼ਟਾਚਾਰ (ਮੋਬਾਈਲ ਦੀ ਘੰਟੀ), ਧੀ ਵਲੋਂ ਮਾਪਿਆਂ ਤੋਂ ਹੱਕ ਮੰਗਣਾ (ਮੇਰਾ ਹੱਕ), ਡਾਕ ਸਿਸਟਮ ਦੀ ਕੁਤਾਹੀ (ਸੱਧਰਾਂ ਦਾ ਖੂਨ), ਕਲਾਕਾਰ ਦਾ ਜੀਵਨ ਦਰਸ਼ਨ (ਕਲਾਕਾਰ) ਆਦਿ ਵਿਸ਼ਿਆਂ ਨੂੰ ਆਧਾਰ ਬਣਾ ਕੇ ਲਿਖੀਆਂ ਆਤਮ ਕਥਾਤਮਕ ਕਹਾਣੀਆਂ ਹਨ। ਇਨ੍ਹਾਂ ਵਿਚ ਲੇਖਕ ਦਾ ਤਜ਼ਰਬਾ ਡੁੱਲ੍ਹ-ਡੁੱਲ੍ਹ ਪੈਂਦਾ ਹੈ ਤੇ ਨਵੀਂ ਪੀੜ੍ਹੀ ਨੂੰ ਸਾਕਾਰਾਤਮਕ ਸੰਦੇਸ਼ ਦਿੰਦਾ ਹੈ। ਪੰਜਾਬੀ ਸੱਭਿਆਚਾਰ ਤੇ ਭੌਤਿਕ ਕਦਰਾਂ-ਕੀਮਤਾਂ ਦੇ ਨਿਘਾਰ ਵੱਲ ਵੀ ਪਾਠਕ ਦਾ ਧਿਆਨ ਖਿੱਚਦੀਆਂ ਇਹ ਕਹਾਣੀਆਂ ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਢਾਂਚੇ ਦੀ ਪੋਲ ਵੀ ਬੇਬਾਕੀ ਨਾਲ ਖੋਲ੍ਹਦੀਆਂ ਹਨ। ਸਰਲ, ਸਹਿਜ, ਸਾਧਾਰਣ ਅਤੇ ਸਪੱਸ਼ਟ ਭਾਸ਼ਾ ਵਿਚ ਰੌਚਕਤਾ ਅਤੇ ਜਿਗਿਆਸਾ ਹੈ। ਕਥਾਰਸ ਨਾਲ ਭਰਪੂਰ ਹਨ। ਸਿਰਲੇਖ 'ਸੱਚੋ-ਸੱਚ' ਨੂੰ ਸਾਰਥਕ ਕਰਦੇ ਇਸ ਸੰਗ੍ਰਹਿ ਵਿਚ ਸੱਚ ਦਾ ਅੰਸ਼ ਸਿਰ ਚੜ੍ਹ ਕੇ ਬੋਲਦਾ ਹੈ। ਇਨ੍ਹਾਂ ਨੂੰ ਅਸਲ ਜੀਵਨ ਦੀਆਂ ਅਸਲ ਕਹਾਣੀਆਂ ਸਮਝ ਕੇ ਹਰੇਕ ਉਮਰ ਦਾ ਪਾਠਕ ਜ਼ਿੰਦਗੀ ਪ੍ਰਤੀ ਸਾਰਥਕ ਸੰਦੇਸ਼ ਪ੍ਰਾਪਤ ਕਰ ਸਕਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਕਰਮਾਂ ਵਾਲਾ ਗੁਰਮੇਜ ਸਿੰਘ ਖੋਸਾ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 300 ਰੁਪਏ, ਸਫੇ : 76
ਸੰਪਰਕ : 98147-83069

ਬਹੁਪੱਖੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਂਅ ਤੋਂ ਪੰਜਾਬੀ ਪਾਠਕ ਭਲੀ ਭਾਂਤ ਜਾਣੂੰ ਹਨ। ਸੂਰਜ ਦੀ ਅੱਖ, ਪੰਜਵਾਂ ਸਾਹਿਬਜ਼ਾਦਾ, ਲਾਲ ਬੱਤੀ ਅੰਨਦਾਤਾ, ਸਤਿਲੁਜ ਵਹਿੰਦਾ ਰਿਹਾ ਆਦਿ ਉਸ ਦੇ ਬਹੁਚਰਚਿਤ ਨਾਵਲ ਹਨ। ਸੜਕਨਾਮਾ ਦੇ ਨਾਵਲਾਂ ਦੇ ਪੰਜ-ਸੱਤ ਐਡੀਸ਼ਨ ਤੱਕ ਛਪੇ ਹਨ। ਵਿਸ਼ਾਲ ਪਾਠਕ ਵਰਗ ਹੈ। ਸੜਕਨਾਮਾ ਦੀ ਇਹ ਕਿਤਾਬ ਪਿੰਡ ਤੂੰਬੜ ਭੰਨ ਦੀ ਅਹਿਮ ਸ਼ਖਸੀਅਤ ਸਰਦਾਰ ਗੁਰਮੇਜ ਸਿੰਘ ਖੋਸਾ ਦੀ ਕਲਕੱਤੇ ਵਿਚ ਟੈਕਸੀ ਚਾਲਕ ਤੋਂ ਸ਼ੁਰੂ ਹੋ ਕੇ ਮਿਹਨਤ ਤੇ ਹਿੰਮਤ ਸਦਕਾ ਟਰਾਂਸਪੋਰਟਰ ਬਣਨ ਤੱਕ ਦੇ ਸਫ਼ਰ ਦਾ ਦਿਲਚਸਪ ਬਿਰਤਾਂਤ ਹੈ । ਪੁਸਤਕ ਦੇ 25 ਕਾਂਡ ਹਨ। ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲੱਲੇ ਤੋਂ ਗੁਰਮੇਜ ਸਿੰਘ ਚਾਰ ਜਮਾਤਾਂ ਪਾਸ ਕੀਤੀਆਂ, ਪੰਜਵੀਂ ਮਾਛੀ ਬੁਗਰੇ ਤੋਂ। ਪਿਤਾ ਹਰੀ ਸਿੰਘ ਖੋਸੇ ਹੈ। ਮਾਸਟਰ ਸਾਧੂ ਰਾਮ ਤੋਂ ਗੁਰਮੇਜ ਸਿੰਘ ਨੇ ਮੁਢਲੀ ਸਿੱਖਿਆ ਹਾਸਲ ਕੀਤੀ। ਪਿਤਾ ਹਰੀ ਸਿੰਘ ਪਿੰਡ ਤੂੰਬੜਭੰਨ ਦਾ 15 ਸਾਲ ਸਰਪੰਚ ਰਿਹਾ। ਤਾਇਆ ਅਮਰ ਸਿੰਘ ਕਲਕੱਤੇ ਸੀ। ਉਸ ਦੀ ਪ੍ਰੇਰਨਾ ਨਾਲ ਗੁਰਮੇਜ ਸਿੰਘ ਕਲਕੱਤੇ ਗਿਆ। ਕਲੱਕਤੇ ਟੈਕਸੀ ਸਿਖੀ। ਟੈਕਸੀ ਚਾਲਕ ਬਣਿਆ। ਕਈ ਤਰ੍ਹਾਂ ਦੀਆਂ ਸਵਾਰੀਆਂ ਨਾਲ ਵਾਹ ਪਿਆ। ਇਕ ਅਫਰੀਕੀ ਸਵਾਰੀ ਦੀ ਭਾਸ਼ਾ ਦਾ ਦਿਲਚਸਪ ਵੇਰਵਾ ਹੈ। ਕਲਕੱਤੇ ਗੁਰਮੇਜ ਸਿੰਘ ਹੁਸ਼ਿਆਰ ਹੋ ਗਿਆ। ਤਜਰਬੇ ਨਾਲ ਸੂਝ ਆ ਗਈ। ਸਹਿਜੇ-ਸਹਿਜੇ ਟਰੱਕ ਖ਼ਰੀਦ ਕੇ ਬੱਸਾਂ ਬਣਾ ਲਈਆਂ। ਪੂਰਾ ਟਰਾਂਸਪੋਰਟਰ ਬਣ ਗਿਆ। ਕਲਕੱਤੇ ਦੀਆਂ ਵੱਡੀਆਂ ਪ੍ਰਸਿੱਧ ਹਸਤੀਆਂ ਨਾਲ ਰਹਿਣ ਲੱਗਾ। ਕਈ ਧਾਰਮਿਕ, ਸਮਾਜਿਕ, ਸਿਆਸੀ ਸ਼ਖ਼ਸੀਅਤਾਂ ਨਾਲ ਮੇਲ-ਜੋਲ ਹੋ ਗਿਆ। ਕਵੀ ਦਰਬਾਰ ਕਰਾਉਣ ਲਗਾ । ਪੱਛਮੀ ਬੰਗਾਲ ਦੇ ਸਿੱਖਾਂ ਦਾ ਆਗੂ ਬਣ ਕੇ ਵਿਚਰਿਆ। ਪੰਜਾਬ ਦੇ ਸੰਨ ਚੁਰਾਸੀ ਦੇ ਹਾਲਾਤ ਤੋਂ ਗੁਰਮੇਜ ਸਿੰਘ ਬਹੁਤ ਪ੍ਰੇਸ਼ਾਨ ਸੀ। ਉਸ ਨੂੰ ਡਰ ਸੀ ਕਿ ਦਿੱਲੀ ਵਾਂਗ ਪੰਜਾਬ ਤੋਂ ਬਾਹਰਲੇ ਸਿੱਖਾਂ ਨਾਲ ਨਾ ਵਾਪਰੇ। ਇਸ ਲਈ ਉਹ ਸਿੱਖਾਂ ਦੇ ਵਫ਼ਦ ਨਾਲ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੋਂ ਪੰਜਾਬ ਦੇ ਵਿਗੜੇ ਹਾਲਾਤ ਲਈ ਮੰਗ ਪੱਤਰ ਲੈ ਕੇ ਮਿਲਿਆ। ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਵਰਕਰ ਹੈ। 1992 ਵਿਚ ਗੁਰਮੇਜ ਸਿੰਘ ਪੰਜਾਬ ਤੋਂ ਵਾਪਸ ਆ ਗਿਆ। ਤੂੰਬੜਭੰਨ ਵਿਚ 'ਖੋਸਾ ਫਾਰਮ ਹਾਊਸ' ਬਣਾ ਲਿਆ। ਅਕਾਲੀ ਦਲ ਦੇ ਵੱਡੇ ਆਗੂਆਂ ਦਾ ਮੇਲ-ਜੋਲ ਵਧਿਆ । ਇਨ੍ਹਾਂ 'ਚ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ, ਸੰਤ ਹਰਚੰਦ ਸਿੰਘ ਲੌਂਗੋਵਾਲ ਬਲਵੰਤ ਸਿੰਘ ਰਾਮੂਵਾਲੀਆ ਜ਼ਿਕਰਯੋਗ ਹਨ। ਪੁਸਤਕ ਵਿਚ ਖੋਸਾ ਪਰਿਵਾਰ ਦੀਆਂ ਕਵੀ ਤੇ 'ਅਜੀਤ' ਦੇ ਸੰਸਥਾਪਕ ਤੇ ਮੁੱਖ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਤੇ ਹੋਰਨਾਂ ਅਹਿਮ ਸ਼ਖ਼ਸੀਅਤਾਂ ਨਾਲ 56 ਰੰਗਦਾਰ ਤਸਵੀਰਾਂ ਹਨ। ਆਤਮ ਹਮਰਾਹੀ ਦੀ ਬਾਵਨੀ ਦੇ ਕਾਵਿ ਅੰਸ਼, ਕਲਕੱਤੇ ਦੇ ਅਖਬਾਰ 'ਦੇਸ਼ ਦਰਪਨ' ਦੇ ਸੰਪਾਦਕ ਬਚਨ ਸਿੰਘ ਸਰਲ, ਕਲਕੱਤੇ ਦੀਆਂ ਸੰਸਥਾਵਾਂ ਦੇ ਨਾਮਵਰ ਆਗੂਆਂ ਦੇ ਗੁਰਮੇਜ ਸਿੰਘ ਖੋਸਾ ਬਾਰੇ ਪ੍ਰਭਾਵਸ਼ਾਲੀ ਵਿਚਾਰ ਹਨ। ਪੁਸਤਕ ਗੁਰਮੇਜ ਸਿੰਘ ਖੋਸਾ ਦੇ ਮਿਹਨਤੀ, ਕਰਮਸ਼ੀਲ, ਵਿਵੇਕਸੀਲ, ਲੋਕ ਹਿਤੈਸ਼ੀ, ਸਮਾਜ ਸੁਧਾਰਕ ਰਸੂਖਵਾਨ, ਮੁਹੱਬਤੀ ਹੋਣ ਦਾ ਸੋਹਣਾ ਅਕਸ ਪੇਸ਼ ਕਰਦੀ ਹੈ। ਪੁਸਤਕ ਸੇਧਮਈ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਅਤੀਤ ਦੀ ਬੁੱਕਲ ਵਿਚ ਗੁਆਚਿਆ ਸੱਚ
ਪਿੰਡ ਟੌਂਗ ਦੇ ਇਤਿਹਾਸਕ ਪੰਨੇ....
ਲੇਖਕ : ਸੰਤੋਖ ਸਿੰਘ 'ਗੁਰਾਇਆ' (ਟੌਂਗ)
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 500 ਰੁਪਏ, ਸਫ਼ੇ : 277
ਸੰਪਰਕ : 89689-74502

ਕਹਾਣੀ, ਕਵਿਤਾ ਤੇ ਅਧਿਆਤਮਿਕ ਖੋਜ ਦੇ ਖੇਤਰ ਵਿਚ ਸੰਤੋਖ ਸਿੰਘ 'ਗੁਰਾਇਆ' (ਟੌਂਗ) ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਲੇਖਕ ਨੇ ਮਾਝੇ ਦੇ ਆਪਣੇ ਪਿੰਡ ਟੌਂਗ ਬਾਰੇ ਪਾਠਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਪਿੰਡ ਟੌਂਗ ਦੀ ਮੋਹੜੀ ਗੱਡਣ, ਬੱਝਣ, ਨਾਮਕਰਨ ਗੋਤਾਂ ਜਾਤਾਂ ਦੀ ਗਾਥਾ ਬਾਰੇ ਦੱਸਣ ਦੇ ਨਾਲ ਭੂਗੋਲਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਪਿਛੋਕੜ ਬਾਰੇ ਵੀ ਭਰਪੂਰ ਚਾਨਣਾ ਪਾਇਆ ਗਿਆ ਹੈ। ਲੇਖਕਾਂ ਨੇ ਪੁਸਤਕ ਦੇ ਵਿਸ਼ਾ-ਵਸਤੂ ਦੀ ਵੰਡ ਇਸ ਪ੍ਰਕਾਰ ਕੀਤੀ ਹੈ ਪਿੰਡ ਟੌਂਗ ਵਸਣ ਦੇ ਭੁੱਲੇ ਵਿਸਰੇ ਇਤਿਹਾਸਕ ਤੱਥ, ਆਜ਼ਾਦੀ ਤੋਂ ਬਾਅਦ ਪੰਚਾਇਤੀ ਰਾਜ ਐਕਟ (1952) ਦੀ ਸ਼ੁਰੂਆਤ, ਪਿੰਡ ਟੌਂਗ ਕਦੇ ਵਪਾਰ ਦਾ ਕੇਂਦਰ ਹੁੰਦਾ ਸੀ, ਸਾਡੇ ਵਡੇਰਿਆਂ ਦਾ ਖਾਣ-ਪੀਣ, ਕਿੱਤਾ ਤੇ ਰੀਤੀ-ਰਿਵਾਜ, ਆਪਣੇ ਵੱਡੇ ਵਡੇਰਿਆਂ ਦੀ ਧਾਰਮਿਕ ਆਸਥਾ ਤੇ ਵਹਿਮ-ਭਰਮ, ਛੰਨਾਂ ਦੇ ਘਰਾਂ ਤੋਂ ਮਹਿਲਨੁਮਾ ਕੋਠੀਆਂ ਤੱਕ ਦਾ ਸਫ਼ਰ, ਸੱਤ ਸਮੁੰਦਰੋਂ ਪਾਰ ਦੀ ਪਰਵਾਜ਼, ਪਿੰਡ ਦਾ ਮਾਣ ਉੱਚ-ਪੋਸਟਾਂ ਤੋਂ ਰਿਟਾਇਰਡ ਸ਼ਖ਼ਸੀਅਤਾਂ, ਪਿੰਡ ਦੇ ਮੁੜ ਉਦਾਸ ਇਤਿਹਾਸਕ ਪੰਨੇ ਪੁਸਤਕ ਦੇ ਅੰਤ ਵਿਚ ਲੇਖਕ ਨੇ ਆਪਣੇ ਪਿੰਡ ਦਾ ਚਾਰ ਦਹਾਕਿਆਂ ਦਾ ਵਰਣਨ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ :
ਪਿੰਡ ਟੌਂਗ ਵਿਚ ਮੈਂ ਜਨਮਿਆ,
ਕਿਉਂ ਨਾ ਇਸ ਨੂੰ ਪਿਆਰ ਕਰਾਂ।
ਜਿਸ ਘਰ, ਜਿਸ ਧਰਤੀ 'ਤੇ ਜੰਮਿਆ,
ਉਸ ਧਰਤੀ ਨੂੰ ਨਮਸਕਾਰ ਕਰਾਂ।
ਜਿਥੇ ਯਾਰਾਂ ਦੇ ਨਾਲ ਖੇਡਿਆ,
ਉਹ ਥਾਵਾਂ, ਉਹ ਗਲੀ ਮੁਹੱਲੇ।
ਜਿਥੇ ਠੰਢੀਆਂ ਛਾਵਾਂ ਮਾਣੀਆਂ,
ਤੂਤਾਂ ਬੋਹੜਾਂ, ਪਿੱਪਲਾਂ ਥੱਲੇ।
ਇਸ ਧਰਤੀ ਦੀ ਹਿੱਕ ਉੱਤੇ,
ਉਂਗਲ ਨੂੰ ਸੀ ਕਲਮ ਬਣਾਇਆ।
ਮਾਂ ਨੇ ਹੱਥ ਮੇਰਾ ਫੜ ਕੇ,
ਪਹਿਲਾ 'ੳ' ਅੱਖਰ ਵਾਹਿਆ।
ਗੁਰੂਆਂ ਦੀ ਰਹਿਮਤ ਮਿਹਰ ਨਾਲ,
ਅੱਖਰ ਦਾ ਗਿਆਨ ਕਮਾਇਆ।
ਪਹਿਲਾ ਗੀਤ ਉਚਾਰ ਕੇ,
ਬਣਿਆ ਸ਼ਾਇਰ 'ਗੁਰਾਇਆ'।
ਸਾਹਿਤ ਜਗਤ ਵਿਚ ਇਹ ਪੁਸਤਕ ਇਕ ਨਿਵੇਕਲਾ ਤੇ ਸ਼ਲਾਘਾਯੋਗ ਉਪਰਾਲਾ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

05-02-2023

 ਬਾਲ ਸੁਨੇਹੜੇ
ਕਵਿੱਤਰੀ : ਗੁਰਸ਼ਰਨ ਕੌਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ , ਸਫ਼ੇ : 110
ਸੰਪਰਕ : 94177-94262


ਗੁਰਸ਼ਰਨ ਕੌਰ ਰਚਿਤ ਬਾਲ ਕਾਵਿ-ਪੁਸਤਕ 'ਬਾਲ ਸੁਨੇਹੜੇ' ਦੀ ਪ੍ਰੇਰਨਾਸ੍ਰੋਤ ਲੇਖਿਕਾ ਦੀ ਆਪਣੀ ਚਾਰ ਕੁ ਸਾਲ ਦੀ ਪੋਤਰੀ ਹੈ। ਇਸ ਪੁਸਤਕ ਨੂੰ ਕੁੱਲ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਵੀਹ ਨਰਸਰੀ ਗੀਤ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਦਾ ਤਾਅਲੁਕ ਬਾਲ-ਮਨੋਭਾਵਾਂ, ਸੁਪਨਿਆਂ, ਮਾਨਵੀ ਰਿਸ਼ਤਿਆਂ ਅਤੇ ਵੰਨ-ਸੁਵੰਨੇ ਖੇਡ ਖਿਡੌਣਿਆਂ ਨਾਲ ਹੈ। ਦੂਜਾ ਭਾਗ ਦਸ ਸੰਖੇਪਿਤ ਕਹਾਣੀਆਂ ਨਾਲ ਸੰਬੰਧਿਤ ਹੈ, ਜਿਨ੍ਹਾਂ ਵਿਚ ਜਨੌਰ ਅਤੇ ਪੰਛੀ ਮਾਨਵ ਵਾਂਗ ਪਰਸਪਰ ਗੱਲਾਂਬਾਤਾਂ ਕਰਦੇ ਹੋਏ ਸਮਾਜਿਕ ਮਸਲਿਆਂ ਅਤੇ ਚਿੰਤਾਵਾਂ ਨੂੰ ਬਾਲ ਪਾਠਕਾਂ ਦੇ ਸਨਮੁੱਖ ਰੱਖਦੇ ਹਨ। ਤੀਜਾ ਹਿੱਸਾ ਬੁਝਾਰਤਾਂ ਨਾਲ ਸੰਬੰਧ ਰੱਖਦਾ ਹੈ, ਜੋ ਪੰਜਾਬੀ ਜਨਜੀਵਨ ਵਿਚ ਪ੍ਰਚਲਿਤ ਹਨ। ਬਾਲ ਮਨਾਂ ਵਿਚ ਇਨ੍ਹਾਂ ਨੂੰ ਬੁਝਣ ਦੀ ਤਾਂਘ ਰਹਿੰਦੀ ਹੈ। ਇਸ ਨਾਲ ਉਨ੍ਹਾਂ ਦੀ ਚੇਤਨਾ ਬਾਰੇ ਵੀ ਪਤਾ ਲੱਗਦਾ ਹੈ। ਪੁਸਤਕ ਦਾ ਚੌਥਾ ਅਤੇ ਅਖੀਰਲਾ ਹਿੱਸਾ ਨਿੱਕੇ-ਨਿੱਕੇ ਮਜ਼ਮੂਨਾਂ ਨਾਲ ਸੰਬੰਧ ਰੱਖਦਾ ਹੈ। ਇਹ ਮਜ਼ਮੂਨ ਬਾਲ-ਪਾਠਕ ਨੂੰ ਆਪਣੀ ਵਿਰਾਸਤ, ਰਹਿਤਲ, ਸੱਭਿਆਚਾਰ, ਸਾਹਿਤ, ਸੱਭਿਆਚਾਰ, ਖੇਡਾਂ, ਭੂਗੋਲ, ਧਰਮ, ਸਮਾਜ, ਭਾਸ਼ਾ, ਦੇਸ਼ ਭਗਤੀ ਅਤੇ ਖੇਤੀਬਾੜੀ ਆਦਿ ਵਿਸ਼ਿਆਂ ਦੀ ਵਾਕਫ਼ੀਅਤ ਪ੍ਰਦਾਨ ਕਰਦੇ ਹੋਏ ਭਾਰਤ ਦੇਸ਼ ਦੀ ਤਸਵੀਰ ਵਿਖਾਉਂਦੇ ਹਨ। ਚੰਗਾ ਹੁੰਦਾ ਜੇਕਰ ਅਨੁਸ਼ਾਸਿਤ, ਲਾਜਵਰੀ, ਪਥੂਲੀ, ਊਰੀ, ਪ੍ਰਭੂਸੱਤਾ, ਸਮਾਜਵਾਦੀ, ਲੋਕਤੰਤਰੀ, ਗਣਰਾਜ ਆਦਿ ਸ਼ਬਦਾਂ ਦੀ ਥਾਂ ਉਨ੍ਹਾਂ ਦੇ ਸੌਖੇ ਬਦਲ ਦਿੱਤੇ ਜਾਂਦੇ। ਖ਼ੈਰ, ਕੰਪਿਊਟ੍ਰੀਕ੍ਰਿਤ ਚਿੱਤਰਾਂ ਨਾਲ ਸੁਸੱਜਿਤ ਇਹ ਬਾਲ ਪੁਸਤਕ ਦਿਲਚਸਪ ਹੈ। ਚਾਰ ਰੰਗਾ ਮੁੱਖ ਚਿੱਤਰ ਬਾਲ ਮਨਾਂ ਨੂੰ ਵਿਸ਼ੇਸ਼ ਖਿੱਚ ਪਾਉਂਦਾ ਹੈ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
c c c


ਮੀਲ ਪੱਥਰ
ਲੇਖਿਕਾ : ਮੀਨੂੰ ਭੱਠਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 271
ਸੰਪਰਕ : 92169-19002


ਮੀਨੂੰ ਭੱਠਲ ਇਕ ਨਵੀਂ ਲੇਖਿਕਾ ਹੈ, ਪਰ ਉਸ ਨੇ ਸਾਹਿਤ ਦੇ ਖੇਤਰ ਵਿਚ ਪ੍ਰਵੇਸ਼ ਕਰਦਿਆਂ ਹੀ ਸਾਲ 2021 ਵਿਚ ਛੇ ਕਿਤਾਬਾਂ ਲਿਖ ਦਿੱਤੀਆਂ ਹਨ। ਜਿਨ੍ਹਾਂ ਵਿਚ ਤਿੰਨ ਨਾਵਲ, ਦੋ ਕਹਾਣੀ-ਸੰਗ੍ਰਹਿ, ਇਕ ਕਾਵਿ ਸੰਗ੍ਰਹਿ ਸ਼ਾਮਿਲ ਹੈ। ਉਸ ਦਾ ਇਕ ਕਹਾਣੀ ਸੰਗ੍ਰਹਿ ਪ੍ਰਕਾਸ਼ਨ ਅਧੀਨ ਹੈ। 'ਮੀਲ ਪੱਥਰ' ਉਸ ਦਾ ਨਵਾਂ ਨਾਵਲ ਹੈ, ਜਿਸ ਦੇ ਦੋ ਮੁੱਖ ਭਾਗ ਹਨ-ਪਹਿਲਾ ਭਾਗ 'ਅਲੀ' ਤੇ ਦੂਜਾ ਭਾਗ 'ਸ਼ੀਤਲ' ਨਾਂਅ ਹੇਠ ਦਰਜ ਹੈ। ਪਹਿਲੇ ਭਾਗ ਦੇ ਅੱਠ ਕਾਂਡ (1, 2, 3 ਕ੍ਰਮ ਹੇਠ) ਹਨ, ਜਦਕਿ ਦੂਜੇ ਭਾਗ ਦੇ ਕਾਂਡ ਨਹੀਂ ਬਣਾਏ ਗਏ। ਪਹਿਲਾ ਭਾਗ (7-109 ਪੰਨੇ ਤਕ) ਬਹੁਤ ਛੋਟਾ ਹੈ, ਜਦ ਕਿ ਦੂਜਾ ਭਾਗ (113-271 ਪੰਨੇ) ਕਾਫ਼ੀ ਲੰਬੇ ਪੰਨਿਆਂ ਵਿਚ ਫੈਲਿਆ ਹੋਇਆ ਹੈ। ਪਹਿਲਾ ਭਾਗ 'ਅਲੀ' ਨਾਂਅ ਦੇ ਇਕ ਮੁਸਲਿਮ ਮੁੰਡੇ ਦੁਆਲੇ ਘੁੰਮਦਾ ਹੈ, ਜੋ ਦਿੱਲੀ ਵਿਖੇ ਪੰਕਚਰਾਂ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜੋ ਉਸ ਦੇ ਮਾਮੇ ਅਨਵਰ ਦੀ ਹੈ। ਉਂਝ ਇਹ ਮੁੰਡਾ ਪਾਕਿਸਤਾਨ ਨਾਲ ਸੰਬੰਧਿਤ ਹੈ। ਇਥੇ ਹੀ ਉਸ ਦਾ ਇਕ ਲੜਕੀ ਸ਼ਰੁਤੀ ਨਾਲ ਇਕਪਾਸੜ ਪ੍ਰੇਮ ਪੈ ਜਾਂਦਾ ਹੈ ਤੇ ਨਾਲੋ-ਨਾਲ ਉਹ ਆਪਣੇ ਭੋਲੇਪਨ ਕਰਕੇ ਇਕ ਅੱਤਵਾਦੀ ਜਥੇਬੰਦੀ 'ਫ਼ਰਜ਼ੰਦੇ-ਈਮਾ', ਜਿਸ ਦਾ ਮਾਸਟਰ ਮਾਈਂਡ ਡਾ. ਨਿਆਜ਼ੀ ਹੈ, ਨਾਲ ਵੀ ਜੁੜ ਜਾਂਦਾ ਹੈ। ਪਰ ਜਦੋਂ ਉਸ ਦੇ ਮਾਮੇ ਨੂੰ ਤੇ ਖ਼ੁਦ ਅਲੀ ਨੂੰ ਇਸ ਏਜੰਸੀ ਦੇ ਮਨਸੂਬਿਆਂ ਦਾ ਪਤਾ ਲਗਦਾ ਹੈ ਤਾਂ ਉਹ ਇਸ ਤੋਂ ਖਹਿੜਾ ਛੁਡਾ ਕੇ ਆਪਣੇ ਵਤਨ ਪਾਕਿਸਤਾਨ ਪਰਤ ਜਾਂਦਾ ਹੈ। ਦੂਜਾ ਭਾਗ 'ਸ਼ੀਤਲ' ਨਾਂਅ ਦੀ ਲੜਕੀ ਦੁਆਲੇ ਘੁੰਮਦਾ ਹੈ, ਜਿਸ ਨੂੰ ਲੇਖਿਕਾ ਨੇ ਇਕ ਗੰਭੀਰ ਤੇ ਸ਼ਾਂਤ ਸੁਭਾਅ ਦੀ ਲੜਕੀ ਵਜੋਂ ਚਿਤਰਿਆ ਹੈ। ਉਹ ਇਕ ਸਕੂਲ ਵਿਚ ਅਧਿਆਪਕਾ ਹੈ। ਉਸ ਦੇ ਪਰਿਵਾਰ ਵਿਚ ਨਾਨੀ, ਦਾਦਾ, ਪਿਤਾ, ਭੈਣ, ਭਰਾ ਆਦਿ ਹਨ। ਇਹ 'ਆਨੰਦ ਪਰਿਵਾਰ' ਨਾਲ ਸੰਬੰਧਿਤ ਹੈ। ਇਥੇ ਉਸ ਦਾ ਮੇਲਜੋਲ ਡਾ. ਸ਼ਕੀਲ ਅੰਸਾਰੀ ਨਾਲ ਹੁੰਦਾ ਹੈ, ਜੋ ਉਨ੍ਹਾਂ ਦੇ ਘਰ ਵਿਚ ਹੀ ਰਹਿੰਦਾ ਹੈ ਤੇ ਅਸਲ ਵਿਚ ਅੱਤਵਾਦੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਪਰ ਘਰ ਦੇ ਕਿਸੇ ਮੈਂਬਰ ਨੂੰ ਇਸ ਬਾਰੇ ਪਤਾ ਨਹੀਂ ਲਗਦਾ। ਨਾਵਲ ਦੇ ਆਖ਼ਰੀ ਹਿੱਸੇ ਤੋਂ ਪਤਾ ਲਗਦਾ ਹੈ ਕਿ ਇਹ ਡਾ. ਅੰਸਾਰੀ ਅਸਲ ਵਿਚ ਡਾ. ਨਿਆਜ਼ੀ ਹੀ ਹੈ ਤੇ ਉਸ ਦੇ ਕਈ ਨਾਂਅ (ਸ਼ਕੀਲ ਅੰਸਾਰੀ, ਸਲੀਮ ਨਿਆਜ਼ੀ, ਸੁਭਾਸ਼ ਸ਼ਰਮਾ, ਅਬਦੁਲ ਕਰੀਮ ਆਦਿ) ਹਨ ਤੇ ਉਸ ਕੋਲ ਛੇ ਦੇਸ਼ਾਂ ਦੇ ਪਾਸਪੋਰਟ (ਯਮਨ, ਈਰਾਨ ਟਰਕੀ ਆਦਿ) ਹਨ। ਉਹਦਾ ਅਸਲ ਨਾਂਅ ਕਰਨਲ ਇਮਤਿਆਜ਼ ਅਹਿਮਦ ਖੋਖਰ ਸੀ। ਸ਼ੀਤਲ ਦੇ ਸਕੂਲ ਦੇ ਸਾਲਾਨਾ ਸਮਾਗਮ ਸਮੇਂ ਉਸ ਨੇ ਕੁਝ ਪ੍ਰਮੁੱਖ ਹਸਤੀਆਂ ਨੂੰ ਗੋਲੀ ਨਾਲ ਉਡਾਉਣ ਦਾ ਸੁਚੱਜਾ ਪ੍ਰਬੰਧ ਕਰ ਲਿਆ ਸੀ, ਪਰ ਸ਼ਮਸ਼ੇਰ (ਸ਼ੀਤਲ ਦਾ ਭਰਾ) ਅਤੇ ਦਿਲਜੀਤ 'ਬਨੀ' ਨੇ ਉਸ ਨੂੰ ਘਰ ਦੇ ਰਸੋਈਏ, ਮਹਾਰਾਜ (ਏ.ਸੀ.ਪੀ. ਜਮਵਾਲ) ਅਤੇ ਰਘਬੀਰ ਸਿੰਘ (ਮਾਲੀ) ਦੀ ਮਦਦ ਨਾਲ ਫੜ ਲਿਆ ਤੇ ਅੰਤ ਵਿਚ ਸਲੀਮ ਨਿਆਜ਼ੀ ਨੇ ਜਮਵਾਲ ਦੀ ਬੰਦੂਕ ਖੋਹ ਕੇ ਖ਼ੁਦ ਨੂੰ ਖ਼ਤਮ ਕਰ ਲਿਆ। ਨਾਵਲ ਦੀ ਕੋਈ ਭੂਮਿਕਾ ਨਹੀਂ ਹੈ ਤੇ ਨਾ ਹੀ ਲੇਖਕਾ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਇਸ 'ਚੋਂ ਮਿਲਦੀ ਹੈ, ਸਿਵਾਏ ਇਸ ਦੇ ਕਿ ਉਹ ਲੁਧਿਆਣਾ ਵਿਖੇ ਰਹਿੰਦੀ ਹੈ। ਇਹ ਨਾਵਲ ਬਹੁਤ ਸਾਰੇ ਪਾਤਰਾਂ ਤੇ ਘਟਨਾਵਾਂ ਨੂੰ ਕਲੇਵੇਂ ਵਿਚ ਰੱਖ ਕੇ ਵਿਉਂਤਿਆ ਗਿਆ ਹੈ ਤੇ ਮੀਨੂੰ ਭੱਠਲ ਨੇ ਬੜੀ ਸੁਚੱਜੀ ਤਰ੍ਹਾਂ ਗੋਂਦ ਨੂੰ ਨਿਭਾਇਆ ਹੈ। ਨਾਵਲ ਵਿਚ 50 ਦੇ ਕਰੀਬ ਛੋਟੇ-ਵੱਡੇ ਪਾਤਰ ਹਨ ਤੇ ਲੇਖਕਾ ਨੇ ਦਹਿਸ਼ਤਗਰਦਾਂ, ਦਹਿਸ਼ਤਗਰਦੀ ਦਾ ਵਿਸਥਾਰ ਇਉਂ ਕੀਤਾ ਹੈ, ਜਿਵੇਂ ਉਸ ਦੀ ਆਪਣੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਨਾਲ ਖਹਿ ਕੇ ਲੰਘੀ ਹੋਵੇ। ਭਾਰਤ-ਪਾਕਿ ਜੰਗ, ਆਨੰਦ ਫਾਰਮ ਆਦਿ ਦੇ ਵਿਸਤ੍ਰਿਤ ਵੇਰਵੇ ਤੋਂ ਲੇਖਕਾ ਦੀ ਬਹੁਪੱਖੀ ਸੂਝ ਦਾ ਪਤਾ ਲਗਦਾ ਹੈ। ਨਾਵਲ ਨੂੰ ਸਮਝਣ ਤੇ ਪੜ੍ਹਨ ਸਮੇਂ ਇਕਾਗਰਤਾ ਦੀ ਬਹੁਤ ਜ਼ਰੂਰਤ ਹੈ। ਇਸ ਲੰਮੀ ਕੈਨਵਸ ਵਾਲੇ ਤੇ ਨਵੇਂ/ਵੱਖਰੇ ਵਿਸ਼ੇ ਵਿਚ ਨਾਵਲ ਲਿਖਣ ਲਈ ਮੀਨੂੰ ਭੱਠਲ ਵਾਕਈ ਵਧਾਈ ਦੀ ਹੱਕਦਾਰ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਸੁਕਰਾਤ ਜੀਵਨ, ਫ਼ਲਸਫ਼ਾ ਅਤੇ ਵਿਚਾਰ
ਲੇਖਕ : ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 264
ਸੰਪਰਕ : 98147-32198


ਲੇਖਕ ਦੀ ਇਹ ਪੁਸਤਕ ਗਹਿਨ ਅਧਿਐਨ ਦੁਆਰਾ ਕੀਤਾ ਕਾਰਜ ਹੈ। ਸੁਕਰਾਤ ਪਹਿਲਾ ਅਸਤਿਤਵਵਾਦੀ ਚਿੰਤਕ ਸੀ। ਉਸ ਦਾ ਮਾਟੋ ਸੀ : 'ਆਪਣੇ ਆਪ ਨੂੰ ਜਾਣੋਂ' 'ਨੋ ਦਾਇ ਸੈਲਫ਼' ਸ਼ਾਇਦ ਇਸੇ ਲਈ ਇਸ ਪੁਸਤਕ ਦਾ ਸਮਰਪਣ ਗੁਰਬਾਣੀ ਦੇ ਮਹਾਂਵਾਕ 'ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲ ਪਛਾਣੁ॥' ਅੰਕ 441 ਨੂੰ ਕੀਤਾ ਗਿਆ ਹੈ। ਇਸ ਪੁਸਤਕ ਦੇ 15 ਕਾਂਡਾਂ ਦਾ ਅਧਿਐਨ ਕਰਦਿਆਂ ਕੁਝ ਸਾਰਥਕ ਨੁਕਤੇ ਉਜਾਗਰ ਕੀਤੇ ਜਾ ਸਕਦੇ ਹਨ। ਪੰਜਵੀਂ ਸਦੀ ਈਸਾ-ਪੂਰਵ ਵਿਚ ਸੰਸਾਰ ਦੇ ਪਹਿਲੇ ਫ਼ਿਲਾਸਫ਼ਰ ਨੇ (ਸੁਕਰਾਤ) ਸਮੇਂ ਦੇ ਲੋਕਾਂ ਨਾਲ ਸਵਾਲਾਂ ਜਵਾਬਾਂ ਰਾਹੀਂ, ਆਦਾਨ ਪ੍ਰਦਾਨ ਕਰ ਕੇ, ਪਰਸਪਰ ਸੰਵਾਦ ਰਚਾ ਕੇ, ਲੋਕਾਂ ਦੀ ਬੁੱਧੀ ਨੂੰ ਜਾਗਰਤ ਕੀਤਾ। ਸੁਕਰਾਤ ਨੇ ਸਦਗੁਣ, ਨੇਕੀ, ਨੈਤਿਕਤਾ, ਸਚਾਈ, ਚੰਗਿਆਈ, ਨਿਆਂ, ਈਮਾਨਦਾਰੀ, ਬਹਾਦਰੀ ਬਾਰੇ ਵਿਚਾਰ ਕਰਕੇ ਸਮਕਾਲੀ ਲੋਕਾਂ ਨੂੰ ਅਜਿਹੇ ਗ੍ਰਹਿਣਯੋਗ ਉਪਦੇਸ਼ ਦਿੱਤੇ। ਉਸ ਸਮੇਂ ਦੇ ਪਿਛਾਂਹ ਖਿੱਚੂ ਲੋਕਾਂ ਨੇ ਸਮਝਿਆ ਕਿ ਸੁਕਰਾਤ ਨੌਜਵਾਨਾਂ ਨੂੰ ਕੁਰਾਹੇ ਪਾ ਰਿਹਾ ਹੈ ਅਤੇ ਏਥਨਜ਼ ਦੇਵੀ ਦੇਵਤਿਆਂ ਦਾ ਨਿਰਾਦਰ ਕਰਦਾ ਹੈ। ਸਭ ਤੋਂ ਵੱਧ ਵਿਰੋਧ ਉਸ ਦੇ ਸਮਕਾਲੀ ਨਾਟਕਕਾਰ ਅਰਿਸਟੋਫ਼ੇਨਜ ਨੇ ਆਪਣੇ ਸੁਖਾਂਤਕ ਨਾਟਕ 'ਕਲਾਊਡਜ਼' (ਬੱਦਲ) ਰਾਹੀਂ ਕੀਤਾ। ਅਜਿਹੀ ਨਿੰਦਿਆ ਦੇ ਕਾਰਨ ਸੁਕਰਾਤ 'ਤੇ ਮੁਕੱਦਮਾ ਚੱਲਿਆ। ਉਸ ਸਮੇਂ ਦੀ ਜਿਊਰੀ ਦੇ 501 ਮੈਂਬਰਾਂ ਵਿਚੋਂ ਮੌਤ ਦੀ ਸਜ਼ਾ ਦੇ ਹੱਕ ਵਿਚ 280 ਅਤੇ ਸੁਕਰਾਤ ਦੇ ਹੱਕ 221 ਮਤ ਪਏ। ਇਸ ਫ਼ੈਸਲੇ ਦੇ ਨਤੀਜੇ ਵਜੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਏਥਨਜ਼ ਦੇ ਉਸ ਸਮੇਂ ਦੇ ਕਾਨੂੰਨ ਅਨੁਸਾਰ ਦੋਸ਼ੀ ਨੂੰ ਇਹ ਹੱਕ ਹਾਸਲ ਸੀ ਕਿ ਮੌਤ ਦੀ ਸਜ਼ਾ ਦੇ ਇਵਜ਼ ਵਿਚ ਕੋਈ ਹੋਰ ਸਜ਼ਾ ਮੰਗ ਸਕਦਾ ਸੀ। ਏਥਨਜ਼ ਛੱਡ ਕੇ ਵੀ ਜਾ ਸਕਦਾ ਸੀ ਪਰ ਸੁਕਰਾਤ ਨੇ ਮੌਤ ਦੀ ਸਜ਼ਾ ਹੀ ਖਿੜੇ ਮੱਥੇ ਪ੍ਰਵਾਨ ਕੀਤੀ। ਏਥਨਜ਼ ਛੱਡ ਕੇ ਜਾਣਾ ਉਸ ਲਈ ਅਸਤਿਤਵਹੀਣ ਹੋਣ ਵਾਂਗੂੰ ਸੀ। ਸੁਕਰਾਤ ਦਾ ਜਨਮ ਈਸਾ-ਪੂਰਬ 469 ਵਿਚ ਹੋਇਆ ਸੀ ਅਤੇ 399 ਈਸਾ-ਪੂਰਬ ਵਿਚ ਆਪਣੇ ਸਿਧਾਂਤਾਂ ਦੀ ਰੱਖਿਆ ਕਰਦਿਆਂ ਜ਼ਹਿਰ ਦਾ ਪਿਆਲਾ ਪੀ ਕੇ ਮਰਨਾ ਪਿਆ। ਇਉਂ ਸਚਾਈ ਅਤੇ ਨੇਕੀ ਲਈ ਜੂਝਦਿਆਂ ਉਹ ਸੰਸਾਰ ਦਾ ਪਹਿਲਾ ਸ਼ਹੀਦ ਹੋ ਨਿਬੜਿਆ।
ਸੁਕਰਾਤ ਨੇ ਆਪਣੇ ਸਿਧਾਂਤਾਂ ਦਾ ਮੌਖਿਕ ਪ੍ਰਚਾਰ ਹੀ ਕੀਤਾ। ਆਪਣੇ ਵਲੋਂ ਕੁਝ ਵੀ ਨਹੀਂ ਲਿਖਿਆ। ਉਸ ਦੇ ਸ਼ਾਗਿਰਦਾਂ ਪਲੈਟੋ ਅਤੇ ਜ਼ੀਨੋਫੋਨ ਨੇ ਉਸ ਬਾਰੇ ਵਿਚਾਰਨਯੋਗ ਜਾਣਕਾਰੀ ਦਿੱਤੀ ਹੈ। ਇਸ ਸੰਬੰਧ ਵਿਚ ਪਲੈਟੋ ਦੀਆਂ ਪੁਸਤਕਾਂ ਡਾਇਆਲੌਗਜ਼, ਆਪੋਲੋਜੀ, ਰਿਪਬਲਿਕ, ਸਿੰਪੋਜ਼ੀਅਮ, ਫੀਡੋ ਆਦਿ ਦਾ ਅਧਿਐਨ ਕੀਤਾ ਜਾ ਸਕਦਾ ਹੈ। ਇਵੇਂ ਜ਼ੀਨੋ ਫੋਨ ਦੀ ਕਿਤਾਬ 'ਮੈਮਰੋਬੀਕੀਆ' ਵੀ ਕਿੇਸ ਹੱਦ ਤੱਕ ਲਾਹੇਵੰਦ ਹੈ। ਲੇਖਕ ਨੇ ਕਾਰਾਵਾਸ ਵਿਚ ਸੁਕਰਾਤ ਦੀਆਂ ਅੰਤਿਮ ਘੜੀਆਂ ਦਾ ਹਿਰਦੇਵੇਧਕ ਵਰਣਨ ਕੀਤਾ ਹੈ। ਲੇਖਕ ਨੂੰ ਅਨੇਕਾਂ ਵਿਦਵਾਨਾਂ ਨਾਲ ਸਹਿਮਤੀ/ਅਸਹਿਮਤੀ ਦਾ ਪ੍ਰਗਟਾਵਾ ਕਰਦੇ ਵੇਖਿਆ ਜਾ ਸਕਦਾ ਹੈ। ਸ਼ਾਇਦ ਵੱਖ-ਵੱਖ ਸਮਿਆਂ ਉੱਤੇ ਲਿਖੇ ਨਿਬੰਧਾਂ ਕਾਰਨ ਘਟਨਾਵੀ ਬਿਰਤਾਂਤ ਵਿਚ ਬਾਰੰਬਾਰਤਾ ਆ ਗਈ ਹੈ। ਵਿਦਵਾਨ ਮੰਨਦੇ ਹਨ ਕਿ ਪਲੈਟੋ ਵਾਲਾ ਸੁਕਰਾਤ ਹੀ ਅਸਲੀ ਸੁਕਰਾਤ ਹੈ। ਇਸ ਲਈ ਸੁਕਰਾਤੀ ਸਮੱਸਿਆ ਲਗਭਗ ਹੱਲ ਹੋ ਗਈ ਪ੍ਰਤੀਤ ਹੁੰਦੀ ਹੈ। 'ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ' ਪੁਸਤਕ ਪੜ੍ਹ ਕੇ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਮੈਂ ਵੀ ਕੁਝ ਕਹਿਣਾ ਹੈ...
ਕਵੀ : ਸੁਖਜਿੰਦਰਜੀਤ ਸਿੰਘ ਸੋਢੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 98767-27505


'ਮੈਂ ਵੀ ਕੁਝ ਕਹਿਣਾ ਹੈ' ਸੁਖਜਿੰਦਰਜੀਤ ਸਿੰਘ ਸੋਢੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀਆਂ ਰਚਨਾਵਾਂ ਵੱਖ-ਵੱਖ ਸਾਂਝੇ ਕਾਵਿ-ਸੰਗ੍ਰਹਿਆਂ ਵਿਚ ਛਪ ਚੁੱਕੀਆਂ ਹਨ। ਇਸ ਦੇ ਸਿਰਲੇਖ ਉੱਪਰ ਆਧਾਰਿਤ ਕਵਿਤਾ ਅਜਿਹੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੈ ਜਿਹੜੇ ਸਾਡੇ ਸਮਾਜ ਦੇ ਪਿਛਾਂਹ ਖਿੱਚੂ ਹੋਣ ਦਾ ਕਾਰਨ ਹਨ।
ਸੁਣੋ ਸੁਣੋ ਜੀ, ਮੈਂ ਵੀ ਤਾਂ ਕੁਝ ਕਹਿਣਾ ਹੈ
ਕਵਿਤਾ ਰਾਹੀਂ ਕਵੀ ਨੇ ਧਾਰਮਿਕ ਵਖਰੇਵੇਂ, ਪ੍ਰਕ੍ਰਿਤੀ ਨਾਲ ਮਨੁੱਖ ਵਲੋਂ ਕੀਤਾ ਜਾਂਦਾ ਖਿਲਵਾੜ, ਵਿਦੇਸ਼ ਜਾ ਰਹੇ ਨੌਜਵਾਨ, ਪੈਲੀਆਂ ਵਿਚ ਪਾਏ ਜਾਂਦੇ ਕੀਟਨਾਸ਼ਕ, ਨਸ਼ਾ ਆਦਿ ਮਸਲਿਆਂ ਨੂੰ ਪ੍ਰਗਟਾਇਆ ਹੈ। 'ਪੰਜਾਬ ਸਿਹਾਂ' ਕਵਿਤਾ ਪੰਜਾਬ ਦੇ ਅਧੂਰੇ ਰਹਿ ਚੁੱਕੇ ਸੁਪਨਿਆਂ ਦਾ ਪ੍ਰਗਟਾਵਾ ਕਰਦੀ ਨਜ਼ਰ ਆਉਂਦੀ ਹੈ। ਉਹ ਆਪਣੇ ਨਿੱਜੀ ਭਾਵਾਂ ਦੇ ਨਾਲ-ਨਾਲ ਮਨੁੱਖੀ ਜੀਵਨ ਦੀਆਂ ਚੁਣੌਤੀਆਂ ਤੋਂ ਬਾਖ਼ੂਬੀ ਵਾਕਫ਼ ਹੈ। ਉਹ ਦੇਸ਼ ਭਗਤ, ਯੋਧਿਆਂ ਅਤੇ ਸੂਰਮਿਆਂ ਦੇ ਸੋਹਲੇ ਗਾਉਂਦਾ ਹੈ।
ਐਵੇਂ ਤਾਂ ਨਹੀਂ ਘਰ-ਘਰ ਹੁੰਦੀ
ਯੋਧਿਆਂ ਦੇ ਕਿਰਦਾਰ ਦੀ ਗੱਲ
ਮਾਰਗ ਦਰਸ਼ਕ ਬਣਿਆ ਜਿਹੜਾ
ਉਸ ਝੰਡੇ ਬਰਦਾਰ ਦੀ ਗੱਲ
ਉਹ ਆਪਣੇ ਪ੍ਰੀਤ ਭਾਵਾਂ ਦਾ ਵੀ ਪ੍ਰਗਟਾਵਾ ਕਰਦਾ ਨਜ਼ਰ ਆਉਂਦਾ ਹੈ। 'ਮੇਰਾ ਹਮਸਾਇਆ, ਮਖੌਟੇ, ਕਿਰਦਾਰ, ਉਡੀਕ, ਯਾਦ ਤੇਰੀ, ਮਜਬੂਰੀ, ਬਿਨ ਤੇਰੇ, ਮੇਰਾ ਮਹਿਰਮ' ਆਦਿ ਕਵਿਤਾਵਾਂ ਉਸ ਦੇ ਬਿਰਹਾ ਅਤੇ ਪ੍ਰੇਮ ਵਿਚ ਪਰੋਏ ਭਾਵਾਂ ਦਾ ਸਹਿਜ ਸੁਭਾਅ ਪ੍ਰਗਟਾਵਾ ਹਨ।
ਅਜੋਕੇ ਸਮਾਜ ਵਿਚ ਵਧਦੀ ਬੇਰੁਜ਼ਗਾਰੀ ਅਤੇ ਮਜ਼ਦੂਰ ਦੀ ਮਾੜੀ ਸਥਿਤੀ ਬਾਰੇ ਵੀ ਉਹ ਲਿਖਦਾ ਹੈ:
ਬੇਵਸੀ ਲਾਚਾਰੀ ਤੇ ਮਜਬੂਰੀ ਹੈ
ਅੱਜ ਵੀ ਉਸ ਨੂੰ ਮਿਲਦੀ ਨਹੀਂ ਮਜ਼ਦੂਰੀ ਹੈ
ਠੰਢਾ ਚੁੱਲ੍ਹਾ ਅੱਜ ਵੀ ਉਸ ਦੇ ਘਰ ਦਾ ਹੈ
ਰੋਟੀ ਦੀ ਵੀ ਉਸ ਤੋਂ ਕੋਹਾਂ ਦੂਰੀ ਹੈ।
ਉਸ ਨੇ ਅਜੋਕੇ ਮਨੁੱਖ ਦੁਆਰਾ ਕੀਤੀ ਪਦਾਰਥਕ ਤਰੱਕੀ ਵਿਚ ਮਾਨਵੀ ਕਦਰਾਂ-ਕੀਮਤਾਂ ਦੇ ਗੁਆਚ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ। ਪਾਣੀ ਦੀ ਸੰਭਾਲ, ਬੇਦਾਗ਼, ਤਮਾਸ਼ਾ, ਬਿਆਈਆਂ ਮੰਜ਼ਿਲ ਦੀ ਤਲਾਸ਼, ਮੱਕੜ ਜਾਲੇ, ਪੰਜਾਬ, ਜਲਦੀ ਮਿਲ ਲਓ' ਕਵਿਤਾਵਾਂ ਧਿਆਨ ਮੰਗਦੀਆਂ ਹਨ। ਉਹ ਅਜਿਹੇ ਸ਼ਹਿਰ ਅਤੇ ਸਮਾਜ ਦੀ ਤਲਾਸ਼ ਵਿਚ ਹੈ ਜਿਥੇ ਮਾਨਵਤਾ ਦਾ ਸੁਨੇਹਾ ਹੋਵੇ, ਘਰ-ਘਰ ਪਿਆਰ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਹੋਵੇ। 'ਆ ਜਾ ਬਹਿ ਜਾ ਕੋਲ ਆਪਾਂ ਕੋਈ ਗੱਲ ਕਰੀਏ' ਰੁੱਸਿਆਂ ਨੂੰ ਮਨਾਉਣ ਲਈ ਉਸ ਦੀ ਇਕ ਵਿਸ਼ੇਸ਼ ਰਚਨਾ ਹੈ। ਬੱਚਿਆਂ ਬਾਰੇ ਉਸ ਨੇ ਬੜੀ ਭਾਵਪੂਰਤ ਕਵਿਤਾ ਲਿਖੀ ਹੈ। 'ਮੇਰੀ ਸ਼ਾਨ' ਕਵਿਤਾ ਇਸ ਸੰਬੰਧੀ ਵੇਖੀ ਜਾ ਸਕਦੀ ਹੈ। ਸੋਢੀ ਦੀ ਸ਼ਾਇਰੀ ਆਸ਼ਾ ਅਤੇ ਨਿਰਾਸ਼ਾ ਦਾ ਸੰਗਮ ਹੈ। ਉਸ ਨੇ ਪੰਜਾਬੀਆਂ ਦੀ ਸਾਦਗੀ ਜ਼ਿੰਦਾਦਿਲੀ ਦੀ ਵੀ ਪ੍ਰਸੰਸਾ ਕੀਤੀ ਹੈ। ਇਸ ਪੁਸਤਕ ਦੀ ਸਾਦੀ ਭਾਸ਼ਾ ਅਤੇ ਵਿਸ਼ਿਆਂ ਦੀ ਵੰਨਗੀ ਸਲਾਹੁਣਯੋਗ ਹੈ।


-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ


ਵਾਹ! ਸਾਡੇ ਗ਼ਦਰੀ ਬਾਬੇ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98764-52223


ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਵਿਤਾ ਤੇ ਵਾਰਤਕ ਰੂਪ ਵਿਚ ਬਾਲ ਸਾਹਿਤ ਦੀਆਂ ਅਨੇਕਾਂ ਪੁਸਤਕਾਂ ਦੀ ਰਚਨਾ ਕਰਨ ਉਪਰੰਤ ਮਹਾਨ ਦੇਸ਼ ਭਗਤਾਂ ਦੀਆਂ ਅਦੁੱਤੀ ਕੁਰਬਾਨੀਆਂ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਹੈ। ਰੁਜ਼ਗਾਰ ਦੀ ਖ਼ਾਤਰ ਅਮਰੀਕਾ ਆਦਿ ਦੇਸ਼ਾਂ ਵਿਚ ਜਾ ਕੇ ਵੀ ਉਨ੍ਹਾਂ ਦੇ ਦਿਲਾਂ ਵਿਚ ਦੇਸ਼ ਪਿਆਰ ਦਾ ਜਜ਼ਬਾ ਹਰ ਵੇਲੇ ਠਾਠਾਂ ਮਾਰਦਾ ਰਹਿੰਦਾ ਸੀ। ਨਤੀਜੇ ਵਜੋਂ ਉਨ੍ਹਾਂ ਨੇ ਅਮਰੀਕਾ ਵਿਚ ਗ਼ਦਰ ਪਾਰਟੀ ਦੀ ਸਥਾਪਨਾ ਕਰ ਦਿੱਤੀ। ਇਸ ਲਹਿਰ ਵਿਚਲੇ ਸਿਰਲੱਥ ਯੋਧਿਆਂ ਵਿਚ ਨੌਜਵਾਨਾਂ ਦੇ ਨਾਲ-ਨਾਲ ਗ਼ਦਰੀ ਬਾਬਿਆਂ ਦੀ ਵੀ ਮਹਾਨ ਦੇਣ ਰਹੀ ਹੈ। ਇਸ ਪੁਸਤਕ ਵਿਚ ਜਿਨ੍ਹਾਂ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ ਦੇ ਜਨਮ ਸਥਾਨ, ਆਜ਼ਾਦੀ ਲਈ ਸੰਘਰਸ਼, ਅੰਗਰੇਜ਼ਾਂ ਵਲੋਂ ਕੀਤੇ ਗਏ ਅਣਮਨੁੱਖੀ ਅੱਤਿਆਚਾਰ, ਕਾਲ ਕੋਠੜੀਆਂ, ਜੇਲ੍ਹਾਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਅਤੇ ਸ਼ਹਾਦਤਾਂ ਨਾਲ ਸੰਬੰਧਿਤ ਸੰਖੇਪ ਰੂਪ ਵਿਚ ਦੱਸਿਆ ਗਿਆ ਹੈ। ਇਨ੍ਹਾਂ ਗ਼ਦਰੀ ਸੂਰਬੀਰਾਂ ਦੇ ਨਾਂਅ ਇਸ ਪ੍ਰਕਾਰ ਹਨ :
ਗ਼ਦਰੀ ਬੀਬੀ ਗੁਲਾਬ ਕੌਰ, ਬਾਬਾ ਗੁਰਮੁਖ ਸਿੰਘ ਲਲਤੋਂ, ਬਾਬਾ ਹਰਜਾਪ ਸਿੰਘ, ਬਾਬਾ ਸਾਧੂ ਸਿੰਘ ਦਦੇਹਰ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਾਨ ਸਿੰਘ ਸੁਨੇਤ, ਮਾਸਟਰ ਸੋਹਨ ਲਾਲ ਪਾਠਕ, ਪੰਡਤ ਕਾਂਸ਼ੀ ਰਾਮ ਮਡੌਲੀ, ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਪ੍ਰਿਥੀ ਸਿੰਘ ਆਜ਼ਾਦ, ਕਵੀ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਪੰਡਤ ਜਗਤ ਰਾਮ, ਲਾਲ ਹਰਦਿਆਲ, ਮਾਸਟਰ ਊਧਮ ਸਿੰਘ ਕਸੇਲ, ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ, ਭਾਈ ਹਜ਼ਾਰਾ ਸਿੰਘ ਦਦੇਹਰ, ਬਾਬਾ ਗੁਰਦਿੱਤ ਸਿੰਘ ਸਰਹਾਲੀ, ਭਲਵਾਨ ਬਿਸ਼ਨ ਸਿੰੱਘ, ਰਾਜਾ ਇੰਦਰ ਪ੍ਰਤਾਪ, ਮਾਸਟਰ ਚਤਰ ਸਿੰਘ। ਲੇਖਕ ਨੇ ਦੱਸਿਆ ਹੈ ਕਿ ਗ਼ਦਰੀ ਬਾਬਿਆਂ ਲਈ ਨਰਕ ਕੁੰਭ ਸੀ ਅੰਡੇਮਾਨ ਜੇਲ੍ਹ, ਜਿਥੇ ਇਨਸਾਨਾਂ ਨਾਲ ਪਸ਼ੂਆਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਪੁਸਤਕ ਵਿਚ ਦਰਜ ਕੀਤੀਆਂ ਗਈਆਂ ਦੇਸ਼ ਭਗਤਾਂ ਦੀਆਂ ਤਸਵੀਰਾਂ ਪੁਸਤਕ ਨੂੰ ਹੋਰ ਵੀ ਰੌਚਕ ਬਣਾਉਂਦੀਆਂ ਹਨ। ਪੰਜਾਬੀ ਪਾਠਕਾਂ, ਖ਼ਾਸ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਲਈ ਇਹ ਇਕ ਵਿਚਾਰਨਯੋਗ ਤੇ ਸਾਂਭਣਯੋਗ ਪੁਸਤਕ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241


ਪਾਪ ਦੀ ਪੰਡ
ਲੇਖਕ : ਭੁਪਿੰਦਰ ਸਿੰਘ ਰੈਨਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ: 099060-27601


ਸੱਤ ਨਾਵਲ ਅਤੇ ਦੋ ਨਾਟਕ ਲਿਖਣ ਤੋਂ ਬਾਅਦ ਵਿਚਾਰ-ਅਧੀਨ ਨਾਵਲ 'ਪਾਪ ਦੀ ਪੰਡ' ਭੁਪਿੰਦਰ ਸਿੰਘ ਰੈਨਾ ਦਾ ਅੱਠਵਾਂ ਨਾਵਲ ਹੈ। ਇਸ ਨਾਵਲ ਵਿਚ ਔਰਤ-ਮਰਦ ਦੇ ਆਪਸੀ ਰਿਸ਼ਤੇ, ਪਿਆਰ, ਮੁਹੱਬਤ ਅਤੇ ਵਿਸ਼ਵਾਸ ਦੇ ਵਫ਼ਾ ਅਤੇ ਬੇਵਫ਼ਾਈ ਸੰਬੰਧੀ ਦੋਵੇਂ ਪੱਖ ਪੇਸ਼ ਕੀਤੇ ਹਨ। ਸਮਾਜ ਵਿਚ ਪ੍ਰਚੱਲਿਤ ਨਾਜਾਇਜ਼ ਸੰਬੰਧਾਂ ਕਾਰਨ ਬਦਲ ਰਹੇ ਸਮੀਕਰਨਾਂ ਅਤੇ ਇਸਤਰੀ ਦੇ ਕਿਰਦਾਰ ਪ੍ਰਤੀ ਸਮਾਜ ਦੀ ਸੰਵੇਦਨਸ਼ੀਲਤਾ ਨੂੰ ਨਾਵਲ ਦਾ ਵਿਸ਼ਾ ਬਣਾਇਆ ਗਿਆ ਹੈ। ਮੁੱਖ ਪਾਤਰ ਸ਼ਰਨਜੀਤ ਸਿੰਘ ਉਰਫ਼ ਸ਼ਿੰਦੇ ਦੀ ਆਪਣੀ ਮਾਂ ਦੇ ਬਦ-ਕਿਰਦਾਰ ਹੋਣ ਕਾਰਨ ਅਜਿਹੀ ਸੋਚ ਬਣ ਜਾਂਦੀ ਹੈ ਕਿ ਉਹ ਹਰ ਇਸਤਰੀ ਨੂੰ ਹੀ ਬਦ-ਕਿਰਦਾਰ ਸਮਝਦਾ ਹੈ। ਦੂਜੇ ਪਾਸੇ ਉਸ ਦੀ ਮਾਨਸਿਕ ਹਾਲਤ ਅਜਿਹੀ ਹੋਣ ਦੇ ਬਾਵਜੂਦ ਉਹ ਨਾ ਤਾਂ ਪੜ੍ਹਾਈ ਵਿਚ ਮਾਤ ਖਾਂਦਾ ਹੈ ਤੇ ਨਾ ਹੀ ਆਪਣੀ ਭੈਣ ਦੇ ਪਾਲਣ-ਪੋਸ਼ਣ ਵਿਚ ਕੋਈ ਕੁਤਾਹੀ ਕਰਦਾ ਹੈ। ਉਹ ਆਪਣੇ ਪਿਉ ਦੁਆਰਾ ਕੀਤੇ ਖ਼ੂਨ ਨੂੰ ਵੀ ਜਾਇਜ਼ ਮੰਨਦਾ ਹੈ, ਪ੍ਰੰਤੂ ਉਸ ਦੀ ਇਸ ਘਟਨਾ ਕਾਰਨ ਬਣੀ ਸੋਚ ਦਾ ਸਾਰਾ ਕਹਿਰ ਉਸ ਦੀ ਪਤਨੀ ਦੇ ਕਿਰਦਾਰ 'ਤੇ ਹੋਏ ਸ਼ੱਕ ਦੇ ਰੂਪ ਵਿਚ ਨਿਕਲਦਾ ਹੈ। ਉਸ ਸਮੇਂ ਉਸ ਦੇ ਜ਼ਿਹਨ ਵਿਚ ਉਸ ਦੇ ਪਿਤਾ ਲਈ ਵੀ ਸ਼ੱਕ ਪੈਦਾ ਹੁੰਦਾ ਹੈ। ਇਸ ਢੰਗ ਨਾਲ ਨਾਵਲ ਦਾ ਕਥਾਨਕ ਕਈ ਥਾਈਂ ਯਥਾਰਥ ਤੋਂ ਦੂਰ ਖੜ੍ਹਾ ਦਿਸਦਾ ਹੈ। ਅਸਲ ਵਿਚ ਨਾਵਲਕਾਰ ਕਥਾਨਕ ਦੀ ਕਥਾ ਵੱਲ ਇਸ ਢੰਗ ਨਾਲ ਦ੍ਰਿਸ਼ਟੀਗੋਚਰ ਰਹਿੰਦਾ ਹੈ ਕਿ ਉਸ ਦੁਆਰਾ ਰਚਿਆ ਬਿਰਤਾਂਤ ਫ਼ਿਲਮੀ ਢੰਗ ਨਾਲ ਕੇਵਲ ਕਥਾਰਸ ਭਰਪੂਰ ਹੋ ਨਿਬੜਦਾ ਹੈ। ਸਮਾਜਿਕ ਬੁਰਾਈਆਂ ਬਾਰੇ ਲਿਖਣ ਅਤੇ ਸਮਾਜ ਨੂੰ ਉਨ੍ਹਾਂ ਬੁਰਾਈਆਂ ਤੋਂ ਬਚਾਉਣ ਲਈ ਨਾਵਲ ਦੀ ਕਥਾ ਨਾਲ ਨਾਵਲਕਾਰ ਕੁਝ ਸਤਰਾਂ ਸਿੱਖਿਆਵਾਂ ਵਜੋਂ ਵਾਰਤਕ ਰੂਪ ਵਿਚ ਵੀ ਦੇ ਦਿੰਦਾ ਹੈ ਤੇ ਇਹ ਸਮਝਾਉਂਦਾ ਹੈ ਕਿ ਮਾਂ ਦਾ ਪਿਆਰ ਕੀ ਹੁੰਦਾ ਹੈ ਜਾਂ ਖਿੱਦੋ ਕੀ ਹੁੰਦੀ ਹੈ? ਇਸ ਢੰਗ ਨਾਲ ਵੱਖਰੀਆਂ ਸ਼ੈਲੀਆਂ ਦੀ ਵਰਤੋਂ ਨਾਲ ਨਾਵਲਕਾਰ ਇਕ ਸੁੰਦਰ ਨਾਵਲ ਰਚ ਦਿੰਦਾ ਹੈ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਕਨਫੈਸ਼ਨ ਬੌਕਸ
ਲੇਖਕ : ਜਿੰਦਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 98148-03254


ਬਹੁਚਰਚਿਤ ਕਹਾਣੀਕਾਰ ਤੇ ਰੇਖਾ ਚਿੱਤਰ ਲੇਖਕ ਦੀ ਇਹ ਪੁਸਤਕ ਨਵੀਂ ਵਿਧਾ ਵਿਚ ਹੈ । ਪੁਸਤਕ ਵਿਚ 10 ਵਾਰਤਕ ਰਚਨਾਵਾਂ ਹਨ। ਲੇਖਕ ਦਾ ਸਵੈ-ਕਥਨ ਹੈ ਕਿ ਪੁਸਤਕ ਦੀਆਂ ਰਚਨਾਵਾਂ ਕਹਾਣੀਆਂ ਨਹੀਂ ਹਨ ਪਰ ਕਥਾ ਰਸ ਤੋਂ ਲਗੇਗਾ ਕਿ ਇਹ ਕਹਾਣੀਆਂ ਹਨ। ਅਸਲ ਵਿਚ ਇਹ ਰਚਨਾਵਾਂ ਕਹਾਣੀ ਤੇ ਜੱਗਬੀਤੀ ਦੇ ਵਿਚਕਾਰ ਦੀ ਕੋਈ ਵਿਧਾ ਹੈ। ਕਈ ਸਾਲ ਪਹਿਲਾਂ ਲਿਖੀਆਂ ਰਚਨਾਵਾਂ ਨੂੰ ਲੇਖਕ ਨੇ ਸਮਾਂ ਕੱਢ ਕੇ ਕਹਾਣੀ ਰੂਪ ਦੇਣ ਦਾ ਸੋਚਿਆ ਸੀ। ਪਰ ਲੰਮਾ ਸਮਾਂ ਲੰਘ ਜਾਣ ਪਿੱਛੋਂ ਮਹਿਸੂਸ ਹੋਇਆ ਕਿ ਇਨ੍ਹਾਂ ਰਚਨਾਵਾਂ ਨੂੰ 'ਮੈਂ' ਫਾਰਮ ਤੋਂ ਬਦਲ ਕੇ ਥਰਡ 'ਫੌਰਮ' ਵਿਚ ਪੁਸਤਕ ਰੂਪ ਦਿੱਤਾ ਗਿਆ। ਪਹਿਲੀ ਰਚਨਾ ਰੇਖਾ ਚਿੱਤਰ ਹੈ ਸੁਲਤਾਨ ਸਿੰਘ ਜਲੰਧਰ ਦਾ ਬੀ. ਏ. ਪਾਸ ਰਿਕਸ਼ਾ ਚਾਲਕ ਹੈ ਲੇਖਕ ਨੇ ਕਿਸੇ ਵੇਲੇ ਉਸ ਦੀ ਰਿਕਸ਼ਾ ਵਿਚ ਸਫਰ ਕੀਤਾ ਸੀ। ਸੁਲਤਾਨ ਸਿੰਘ ਨਾਲ ਨੇੜਤਾ ਐਨੀ ਹੋ ਗਈ ਕਿ ਇਹ ਰਚਨਾ ਬਣ ਗਈ। ਬਿਰਤਾਂਤਕ ਰਚਨਾ ਵਿਚ ਸੁਲਤਾਨ ਸਿੰਘ ਦਾ ਸਵਾਰੀਆਂ ਨਾਲ ਗੱਲਬਾਤ ਕਰਨ ਦਾ ਸਲੀਕਾ..., ਮੁਹੱਬਤੀ ਅੰਦਾਜ਼, ਵੰਨ-ਸੁਵੰਨੀਆਂ ਸਵਾਰੀਆਂ ਤੋਂ ਲਿਆ ਤਜਰਬਾ, ਪਾਰਦਰਸ਼ੀ ਸੁਭਾਅ, ਇਮਾਨਦਾਰੀ ਕਿਸੇ ਤੋਂ ਕਦੇ ਵੀ ਵੱਧ ਪੈਸੇ ਨਾ ਲੈਣੇ। ਜੇ ਲੈ ਵੀ ਲਵੇ ਜਾਂ ਸਵਾਰੀ ਦੇ ਜਾਵੇ ਤਾਂ ਮਿਹਨਤ ਨਾਲੋਂ ਵਾਧੂ ਲਏ ਪੈਸੇ ਅਗਲੇ ਦੇ ਘਰ ਜਾ ਕੇ ਮੋੜਨੇ। ਲਿਖਤ ਵਿਚ ਸੁਲਤਾਨ ਸਿੰਘ ਦੇ ਬੋਲ ਹਨ।--ਹਰ ਕਲਾਸ ਦਾ ਆਪਣਾ ਆਪਣਾ ਸੱਚ ਹੁੰਦਾ ਹੈ ਗ਼ਰੀਬ ਦੇ ਸੱਚ ਨੂੰ ਉਤਲੀ ਕਲਾਸ ਕਦੋਂ ਜਾਣਦੀ ਆ? ਉਹ ਕਈ ਗੱਲਾਂ ਵਿਚ ਕੋਈ ਦਾਰਸ਼ਨਿਕ ਬੰਦਾ ਜਾਪਦਾ ਹੈ। ਗੱਲਾਂ ਦਿਲਚਸਪ ਹਨ। ਉਸ ਕੋਲ ਗੱਲਾਂ ਦਾ ਖਜ਼ਾਨਾ ਹੈ। ਰਚਨਾ 'ਫਾਈਨਲ ਫਾਈਡਿੰਗ' ਵਿਚ ਬੱਸ ਡਰਾਈਵਰ ਤੋਂ ਇਕ ਜੋੜਾ ਮਾਰਿਆ ਜਾਂਦਾ ਹੈ। ਜੋੜੇ ਨੂੰ ਬਚਾਉਂਦੇ ਬੱਸ ਦਰੱਖਤ ਵਿਚ ਵੱਜਦੀ ਹੈ ਇਕ ਸਵਾਰੀ ਹੋਰ ਮਰ ਜਾਂਦੀ ਹੈ। ਲਿਖਤ ਵਿਚ ਅਦਾਲਤੀ ਕਾਰਵਾਈ ਦੀ ਪੂਰੀ ਝਲਕ ਹੈ। ਗਵਾਹੀਆਂ ਹਨ। ਬਿਆਨ ਹੁੰਦੇ ਹਨ। ਬਿਆਨ ਕਰਤਾ ਦੇ ਨਾਂਅ ਹਨ। ਅਖੀਰ ਫੈਸਲਾ ਹੁੰਦਾ ਹੈ ਬੱਸ ਡਰਾਈਵਰ ਦਾ ਕੋਈ ਜ਼ਿਆਦਾ ਕਸੂਰ ਨਹੀਂ ਹੈ। ਪਾਠਕ ਪੜ੍ਹਦਾ ਹੋਇਆ ਫ਼ੈਸਲੇ ਦੀ ਉਡੀਕ ਕਰਦਾ ਹੈ। "ਨਹੀਓਂ ਲਗਦਾ ਦਿਲ ਮੇਰਾ'' ਦੀ ਔਰਤ ਪਾਤਰ ਆਪਣੇ ਪਤੀ ਦੇ ਵਿਦੇਸ਼ ਗਏ ਹੋਣ ਕਰਕੇ ਉਦਾਸ ਹੈ। ਕਈ ਨਿਸ਼ੰਗ ਗੱਲਾਂ ਔਰਤ ਕਰਦੀ ਹੈ। ਕਥਾ ਰਸ ਉਪਜਦਾ ਹੈ। ਸਿਰਲੇਖ ਵਾਲੀ ਰਚਨਾ ਵਿਚ ਮਰਦ ਔਰਤ ਦੀਆਂ ਵਧਦੀਆ ਘਟਦੀਆਂ ਦੂਰੀਆਂ ਦੇ ਪ੍ਰਸੰਗ ਬਹੁਤ ਦਿਲਚਸਪ ਹਨ । ਰਚਨਾਵਾਂ 'ਚ ਕੋਰੜੂ, ਇਕੱਲੇ ਬੰਦੇ ਦਾ ਜ਼ਿੰਦਗੀ ਨਾਮਾ, ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਆਪਣੇ ਖੂਨ ਦਾ ਸੇਕ, ਸਭ ਕੁਝ ਸੋਚ ਕੇ ਥੋੜ੍ਹੋ ਹੁੰਦਾ, ਘਰ ਹੈ ਬਜ਼ਾਰ ਨਹੀਂ ਵਿਚ ਪਾਤਰੀ ਸੰਵਾਦ, ਵੰਨ -ਸੁਵੰਨੇ ਵਿਸ਼ੇ, ਪਰਵਾਸੀ ਜ਼ਿੰਦਗੀ, ਪਤੀ ਪਤਨੀ ਰਿਸ਼ਤੇ ਦੀ ਦਰਾੜ, ਨਜ਼ਾਇਜ਼ ਰਿਸ਼ਤੇ ਤੇ ਹੋਰ ਬਹੁਤ ਕੁਝ ਪੜ੍ਹਨ ਵਾਲਾ ਹੈ। ਕਹਾਣੀਨੁਮਾ ਵਾਰਤਕ ਪੁਸਤਕ ਦਾ ਸਵਾਗਤ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਪਾਣੀ ਤੇ ਪੁਲ
ਲੇਖਕ : ਸੁਖਬੀਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 183
ਸੰਪਰਕ : 098194-48829


ਸੁਖਬੀਰ ਪੰਜਾਬੀ ਦਾ ਪ੍ਰਤਿਭਾਸ਼ਾਲੀ ਲੇਖਕ ਹੈ, ਜਿਸ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਰਚਨਾ ਕੀਤੀ। ਛੇ ਦਹਾਕਿਆਂ ਦੇ ਸਿਰਜਣਾ ਕਾਲ ਵਿਚ 8 ਕਾਵਿ-ਸੰਗ੍ਰਹਿ, 17 ਕਹਾਣੀ ਸੰਗ੍ਰਹਿ, 7 ਨਾਵਲ ਪ੍ਰਕਾਸ਼ਿਤ ਹੋਏ। ਉਸ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿਚ ਵੀ ਲਿਖਿਆ। ਟਾਲਸਟਾਏ, ਗੋਰਕੀ, ਸ਼ੋਲੋਖੋਵ, ਪਾਸਤੋਵਸਕੀ, ਆਸਤ੍ਰੋਵਸਕੀ, ਲਾਤਸਿਸ, ਅਸਕਦ ਮੁਖ਼ਤਾਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕੀਤਾ। ਮੁੰਬਈ ਵਿਚ ਰਹਿਣ ਕਰਕੇ ਉਸ ਦੇ ਨਾਵਲਾਂ ਵਿਚ ਮਹਾਂਨਗਰੀ ਚੇਤਨਾ ਦ੍ਰਿਸ਼ਟੀਗੋਚਰ ਹੁੰਦੀ ਹੈ। ਨਾਵਲ 'ਪਾਣੀ ਤੇ ਪੁਲ' ਵਿਚ ਤਿਕੋਣੇ ਪਿਆਰ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਇਹ ਨਾਵਲ ਪਹਿਲੀ ਵਾਰ 1964 ਵਿਚ ਵੀ ਛਪ ਚੁੱਕਿਆ ਹੈ। ਇਸ ਵਿਚ 1947 ਦੀ ਭਾਰਤ-ਪਾਕਿ ਵੰਡ ਸਮੇਂ ਮਨੁੱਖਤਾ ਉੱਤੇ ਪਏ ਮਾਰੂ ਪ੍ਰਭਾਵਾਂ ਨੂੰ ਦਿਲਜੀਤ ਦੇ ਪਾਤਰ ਰਾਹੀਂ ਰੂਪਮਾਨ ਕੀਤਾ ਹੈ। ਦਿਲਜੀਤ ਦਾ ਪਰਿਵਾਰ, ਪ੍ਰੇਮਿਕਾ ਚੰਨੀ ਤੇ ਉਸ ਦਾ ਪਰਿਵਾਰ ਸੰਤਾਲੀ ਦੇ ਕਤਲੋਗਾਰਤ ਦੀ ਭੇਟ ਚੜ੍ਹ ਗਏ। ਨਾਵਲਕਾਰ ਨੇ ਚੇਤਨਾ ਪ੍ਰਵਾਹ ਦੀ ਤਕਨੀਕ ਨਾਲ ਦਿਲਜੀਤ ਦੀ ਭਟਕਣਾ ਦੇ ਕਾਰਨਾਂ ਨੂੰ ਉਜਾਗਰ ਕੀਤਾ ਹੈ। ਪ੍ਰਸਿੱਧ ਅਮਰੀਕੀ ਸਮਾਜ-ਮਨੋਵਿਗਿਆਨੀ ਐਰਿਕ ਫਰੌਮ ਨੇ ਸਾਰੀਆਂ ਕਿਸਮਾਂ ਦੀਆਂ ਇਕੱਲਤਾਵਾਂ ਵਿਚੋਂ ਨੈਤਿਕ ਇਕੱਲਤਾ ਨੂੰ ਸਭ ਤੋਂ ਭਿਆਨਕ ਦੱਸਿਆ ਹੈ। 'ਪਾਣੀ ਤੇ ਪੁਲ' ਨਾਵਲ ਐਰਿਕ ਫਰੌਮ ਦੇ ਇਸ ਕਥਨ ਦੀ ਗਲਪੀ ਪੁਸ਼ਟੀ ਕਰਦਾ ਹੈ। ਨੈਤਿਕ ਤੇ ਅਨੈਤਿਕ ਗਲਪ ਸੂਤਰ ਸੁਖਬੀਰ ਦੀ ਗਲਪ ਦ੍ਰਿਸ਼ਟੀ ਨੂੰ ਨਿਰਧਾਰਿਤ ਕਰਦੇ ਹੋਏ ਉਸ ਨੂੰ ਦਵੰਦਮਈ ਦ੍ਰਿਸ਼ਟੀਕੋਣ ਵਾਲਾ ਲੇਖਕ ਸਾਬਤ ਕਰਦੇ ਹਨ। ਮਾਨਵੀ ਕਦਰਾਂ-ਕੀਮਤਾਂ ਹੀ ਲੋਕਾਈ ਦੇ ਸਮਾਜਿਕ ਤੇ ਆਰਥਿਕ ਰਿਸ਼ਤਿਆਂ ਨੂੰ ਜੋੜਨ ਤੇ ਤੋੜਨ ਦਾ ਕੇਂਦਰ ਬਿੰਦੂ ਹਨ। ਉੱਚੀਆਂ ਕਦਰਾਂ-ਕੀਮਤਾਂ ਬਾਰੇ ਲਿਖਣ ਦੀ ਲੋੜ ਵਿਚੋਂ ਹੀ ਸੁਖਬੀਰ ਦੇ ਨਾਵਲ 'ਪਾਣੀ ਤੇ ਪੁਲ' ਦਾ ਜਨਮ ਹੋਇਆ। 'ਲੇਖਕ ਦੇ ਤੌਰ 'ਤੇ ਮੈਂ ਚੁੱਪ ਨਹੀਂ ਰਿਹਾ', 'ਚੁੱਪ' ਨਾ ਰਹਿਣ ਕਰਕੇ ਹੀ ਉਹ ਮਾਨਵੀ ਕਦਰਾਂ-ਕੀਮਤਾਂ ਦੀ ਵਕਾਲਤ ਕਰਦਾ ਹੈ।
'ਪਾਣੀ ਤੇ ਪੁਲ' ਵਿਚ ਚਿਹਨੀਕਰਨ ਦੀ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਪਿਆਰ ਤਿਕੋਣ ਦੀ ਵਿਡੰਬਨਾ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। 1947 ਦੀ ਵੰਡ ਨੂੰ ਬਹੁਪਾਸਾਰੀ ਚਿਹਨਾਂ ਰਾਹੀਂ ਪੇਸ਼ ਕੀਤਾ ਗਿਆ ਹੈ। 'ਅੱਗ ਦੀਆਂ ਲਾਟਾਂ' ਦਾ ਚਿਹਨ ਨਾਵਲ ਵਿਚ ਕਈ ਵਾਰ ਵਰਤਿਆ ਹੈ। 'ਸਮੁੰਦਰ ਨੂੰ ਦਿਲਜੀਤ ਤੇ ਮਾਇਆ ਨੂੰ ਨਦੀ ਦੇ ਚਿਹਨ ਵਜੋਂ ਪੇਸ਼ ਕੀਤਾ ਹੈ। ਧਰਮਪਾਲ ਨਾਵਲ ਦਾ ਅਜਿਹਾ ਪਾਤਰ ਹੈ ਜੋ ਨਾਵਲੀ ਬਿਰਤਾਂਤ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਂਦਾ ਹੈ। ਰਾਜ, ਦਿਲਜੀਤ, ਮਾਇਆ ਵਿਚਕਾਰ ਤਿਕੋਣੇ ਪਿਆਰ ਦਾ ਹੱਲ ਧਰਮਪਾਲ ਕਰਦਾ ਹੈ। ਹੋਟਲਾਂ ਤੋਂ ਘਰ ਵੱਲ ਵਾਪਸੀ ਕਰਵਾਈ ਗਈ ਹੈ। ਸੁਖਬੀਰ ਨੇ 'ਅਪਣੱਤ ਦਾ ਅਹਿਸਾਸ' ਜਿਸ ਕਲਾਤਮਕ ਸੁਹਜ ਰਾਹੀਂ ਪੈਦਾ ਕੀਤਾ ਹੈ, ਉਹ ਆਪਣੇ ਆਪ ਵਿਚ ਬਿਰਤਾਂਤ ਸਿਰਜਣ ਦੀ ਨਵੀਂ ਵਿਧਾਗਤ ਸੰਭਾਵਨਾ ਨੂੰ ਜਨਮ ਦਿੰਦਾ ਹੈ। 'ਇਕ ਅਪਣੱਤ ਦਾ ਅਹਿਸਾਸ ਹੋਵੇ ਤਾਂ ਥੁੜਾਂ ਕੀ ਕਹਿੰਦੀਆਂ ਹਨ। ਰੁੱਖੀ-ਮਿੱਸੀ ਵੀ ਘਿਓ ਦੀ ਚੂਰੀ ਜਾਪਦੀ ਹੈ ਤੇ ਚਹੁੰ ਕੰਧਾਂ ਦਾ ਢਾਰਾ ਵੀ ਬੜਾ ਸੋਹਣਾ ਘਰ ਬਣ ਜਾਂਦਾ ਹੈ।' ਮਾਨਸਿਕ ਟੁੱਟ-ਭੱਜ ਆਧੁਨਿਕ ਸਮਾਜ ਜੀਵਨ ਦਾ ਯਥਾਰਥ ਹੈ। ਉਸ ਨੇ ਚੇਤੰਨ ਪੱਧਰ ਉੱਤੇ ਯਥਾਰਥ ਨੂੰ ਆਪਣੀਆਂ ਰਚਨਾਵਾਂ ਵਿਚ ਅਭਿਵਿਅਕਤ ਕੀਤਾ ਹੈ। ਯਥਾਰਥ ਚਿਤਰਣ ਸਮੇਂ ਇਸ ਦੇ ਗਤੀਸ਼ੀਲ ਰੂਪ ਨੂੰ ਉਘਾੜਦਾ ਹੈ ਅਤੇ ਉਸ ਦਾ ਮਾਰਕਸੀ ਨਜ਼ਰੀਆ ਮਨੋਵਿਗਿਆਨਕ ਅੰਸ਼ਾਂ ਨਾਲ ਭਰਪੂਰ ਹੈ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810


ਅਵਾਰਾਗਰਦ
ਲੇਖਕ : ਅਚਾਰਿਆ ਚਤੁਰਸੇਨ ਸ਼ਾਸਤਰੀ
ਅਨੁਵਾਦਕ : ਅਣੂ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 240 ਰੁਪਏ, ਸਫ਼ੇ : 184
ਸੰਪਰਕ : 01679-233244


ਕੁੱਲ 16 ਕਹਾਣੀਆਂ ਦੀ ਪੁਸਤਕ 'ਅਵਾਰਾਗਰਦ' ਦੇ ਲੇਖਕ ਅਚਾਰਿਆ ਚਤੁਰਸੇਨ ਹਨ ਤੇ ਇਸ ਪੁਸਤਕ ਦੇ ਅਨੁਵਾਦਕ ਅਣੂ ਸ਼ਰਮਾ ਹਨ। ਹਿੰਦੀ ਭਾਸ਼ਾ ਵਿਚ ਰਚਿਤ ਅਤੇ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਇਹ ਕਹਾਣੀਆਂ ਵੱਖ-ਵੱਖ ਵਿਸ਼ਿਆਂ ਅਤੇ ਖੇਤਰਾਂ ਨਾਲ ਸੰਬੰਧਿਤ ਹਨ। ਕਹਾਣੀਆਂ ਦੇ ਵਿਸ਼ੇ ਸਮਾਜ ਦੇ ਲੋਕਾਂ ਲਈ ਰਾਹ ਦਸੇਰੇ ਹਨ। ਇਸ ਪੁਸਤਕ ਦੀਆਂ ਪ੍ਰਮੁੱਖ ਕਹਾਣੀਆਂ ਅਵਾਰਾਗਰਦ, ਚੌਧਰੀ ਅੱਬਾਜਾਨ, ਕੈਦੀ ਅਤੇ ਮਨੁੱਖ ਦਾ ਮੁੱਲ ਹਨ। ਇਨ੍ਹਾਂ ਕਹਾਣੀਆਂ ਦੀ ਰੌਚਿਕਤਾ ਪਾਠਕਾਂ ਦੇ ਮਨਾਂ ਨੂੰ ਟੁੰਬਦੀ ਹੈ। ਕਹਾਣੀਆਂ ਦੀ ਕਥਾਵਸਤ ਅਤੇ ਉਸ ਦੇ ਅਨੁਸਾਰ ਪਾਤਰਾਂ ਦੀ ਚੋਣ ਇਸ ਢੰਗ ਨਾਲ ਕੀਤੀ ਗਈ ਹੈ ਕਿ ਪਾਠਕਾਂ ਨੂੰ ਲੱਗੇ ਕਿ ਕਹਾਣੀ ਦੇ ਪਾਤਰ ਉਨ੍ਹਾਂ ਦੀ ਜ਼ਿੰਦਗੀ ਨਾਲ ਮੇਲ ਖਾਂਦੇ ਹਨ। ਇਸ ਪੁਸਤਕ ਤੋਂ ਪਹਿਲਾਂ ਅਨੁਵਾਦਕ ਵਲੋਂ 'ਗੋਲੀ' ਅਤੇ 'ਵੱਡੀ ਬੇਗਮ' ਪੁਸਤਕਾਂ ਵੀ ਅਨੁਵਾਦਿਤ ਕੀਤੀਆਂ ਜਾ ਚੁੱਕੀਆਂ ਹਨ। ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਇਸ ਕਾਰਜ ਲਈ ਅਨੁਵਾਦ ਕਰਨ ਵਾਲੇ ਵਿਅਕਤੀ ਦੀ ਦੋਵਾਂ ਭਾਸ਼ਾਵਾਂ ਉੱਤੇ ਪਕੜ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ। ਉਹ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨ ਦੀ ਮੁਹਾਰਤ ਰੱਖਦਾ ਹੋਵੇ। ਉਸ ਨੂੰ ਦੋਵਾਂ ਭਾਸ਼ਾਵਾਂ ਦੀ ਵਿਆਕਰਨ, ਲਿੱਪੀਆਂ, ਸ਼ਬਦ ਚੋਣ ਅਤੇ ਸ਼ਬਦ ਜੋੜ, ਭਾਸ਼ਾ ਦੀ ਸ਼ੁੱਧਤਾ, ਸੰਵਾਦ ਯੋਜਨਾ ਅਤੇ ਸ਼ੈਲੀਆਂ, ਪਾਤਰਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਮਨੋਵਿਗਿਆਨਕ ਅਤੇ ਭੂਗੋਲਿਕ ਸਥਿਤੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
ਇਨ੍ਹਾਂ ਕਹਾਣੀਆਂ ਦਾ ਅਨੁਵਾਦਕ ਅਣੂ ਸ਼ਰਮਾ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨ ਦੀ ਕਲਾ ਵਿਚ ਪੂਰੀ ਮੁਹਾਰਤ ਰੱਖਦਾ ਜਾਪਦਾ ਹੈ। ਉਸ ਦਾ ਦੋਵਾਂ ਭਾਸ਼ਾਵਾਂ ਦਾ ਗਿਆਨ ਕਾਫ਼ੀ ਪੁਖ਼ਤਾ ਅਨੁਭਵ ਹੁੰਦਾ ਹੈ। ਉਸ ਨੇ ਇਸ ਪੁਸਤਕ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਦਿਆਂ ਆਪਣੀ ਵਿਦਵਤਾ ਦਾ ਪ੍ਰਗਟਾਵਾ ਕੀਤਾ ਹੈ। ਅਨੁਵਾਦ ਕਲਾ ਬਾਰੇ ਕਹੇ ਗਏ ਇਸ ਕਥਨ ਕਿ ਕਿਸੀ ਵੀ ਪੁਸਤਕ ਦਾ ਕੀਤਾ ਗਿਆ ਅਨੁਵਾਦ ਤਦ ਹੀ ਸਫਲ ਕਿਹਾ ਜਾ ਸਕਦਾ ਜਦੋਂ ਪਾਠਕ ਨੂੰ ਇਹ ਲੱਗੇ ਕਿ ਉਹ ਅਨੁਵਾਦਿਤ ਪੁਸਤਕ ਨਹੀਂ ਸਗੋਂ ਮੂਲ ਪੁਸਤਕ ਹੀ ਪੜ੍ਹ ਰਿਹਾ ਹੈ ,ਉੱਤੇ ਇਸ ਪੁਸਤਕ ਦਾ ਅਨੁਵਾਦਕ ਪੂਰਾ ਉਤਰਿਆ ਹੈ।
ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਹੋਈਆਂ ਕਹਾਣੀਆਂ ਨੂੰ ਪੜ੍ਹਦਿਆਂ ਪਾਠਕ ਨੂੰ ਇਹ ਅਨੁਭਵ ਹੁੰਦਾ ਹੈ ਕਿ ਅਨੁਵਾਦਕ ਤਤਸਮ ਅਤੇ ਤਦਭਵ ਸ਼ਬਦਾਂ ਦਾ ਗਿਆਨ ਰਖਦਾ ਹੈ। ਉਹ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਦਿਆਂ ਪਾਤਰਾਂ ਦੇ ਵਾਰਤਾਲਾਪ ਨੂੰ ਬਿਖਰਨ ਨਹੀਂ ਦਿੰਦਾ। ਭਾਵੇਂ ਕਿਤੇ ਕਿਤੇ ਹਿੰਦੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ ਪਰ ਉਨ੍ਹਾਂ ਦਾ ਕਹਾਣੀਆਂ ਦੇ ਪ੍ਰਵਾਹ, ਰੋਚਿਕਤਾ, ਭਾਵਾਂ ਅਤੇ ਸੂਖ਼ਮਤਾ 'ਤੇ ਕੋਈ ਅਸਰ ਪੈਂਦਾ ਵਿਖਾਈ ਨਹੀਂ ਦਿੰਦਾ। ਕੁੱਲ ਮਿਲਾ ਕੇ ਅਨੁਵਾਦਕ ਇਸ ਪੁਸਤਕ ਦਾ ਪੰਜਾਬੀ ਰੂਪ ਵਿਚ ਅਨੁਵਾਦ ਕਰਨ ਵਿਚ ਸਫ਼ਲ ਰਿਹਾ ਹੈ।


-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਅਲਫ਼ੋਂ ਅੱਗੇ
ਲੇਖਕ : ਸਾਬਿਰ ਅਲੀ ਸਾਬਿਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 0161-2740738


ਸ਼ਾਇਰ ਸਾਬਿਰ ਅਲੀ ਸਾਬਿਰ ਇਸਲਾਮਾਬਾਦ (ਪਾਕਿਸਤਾਨ), ਪੰਜਾਬੀ ਨੂੰ ਉਰਦੂ ਅੱਖਰਾਂ ਵਿਚ ਲਿਖਣ ਵਾਲਾ ਸ਼ਾਇਰ ਹੈ, ਸ਼ਾਇਰ ਸਾਰੇ ਦੇਸ਼ਾਂ ਦੇ ਸੱਭਿਆਚਾਰਕ ਦੂਤ ਹੁੰਦੇ ਹਨ ਤੇ ਉਨ੍ਹਾਂ ਲਈ ਜੀਓਗ੍ਰਾਫ਼ੀਆ ਹੱਦਾਂ ਦੇ ਮੁਹਤਾਜ ਨਹੀਂ ਹੁੰਦੇ। ਪਾਕਿਸਤਾਨੀ ਸ਼ਾਇਰਾਂ ਦਾ ਚੜ੍ਹਦੇ ਪੰਜਾਬ ਵਿਚ ਲਿਪੀਆਂਤਰ ਹੋ ਕੇ ਛਪਣਾ ਸ਼ੁਭ ਸ਼ਗਨ ਹੈ। ਪੰਜਾਬੀ ਦੇ ਪ੍ਰਸਿੱਧ ਆਲੋਚਕ, ਚਿੰਤਕ ਤੇ ਵਿਦਵਾਨ ਰਘਬੀਰ ਸਿੰਘ ਭਰਤ ਨੇ ਸ਼ਾਹਮੁਖੀ ਤੋਂ ਗੁਰਮੁੱਖੀ ਲਿੱਪੀ ਵਿਚ ਹਥਲੀ ਕਾਵਿ-ਕਿਤਾਬ 'ਅਲਫ਼ੋਂ ਅੱਗੇ' ਨੂੰ ਲਿਪੀਆਂਤਰ ਕਰਕੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗਲਵੱਕੜੀ ਪਾ ਕੇ ਕੁੜੱਤਣਾਂ ਨੂੰ ਕਾਫ਼ੂਰ ਕਰਨ ਦਾ ਆਪਣੇ ਹਿੱਸੇ ਦਾ ਸੁਹਿਰਦ ਕਾਰਜ ਕੀਤਾ ਹੈ। ਇਸ ਕਿਤਾਬ ਨੂੰ ਇਸ ਤੋਂ ਪਹਿਲਾਂ 'ਪਤਨ ਲੋਕ ਨਾਟਕ, ਪਤਨ ਤਰੱਕੀ ਆਤੀ ਤਨਜ਼ੀਮ ਦੇ ਚੇਅਰਮੈਨ ਵਿਲੀਅਮ ਪਰਵੇਜ਼ ਦੀ ਆਰਥਿਕ ਸਹਾਇਤਾ ਨਾਲ ਛਾਪੇ ਚੜ੍ਹੀ ਹੈ। ਸ਼ਾਇਰ ਪਾਕਿਸਤਾਨ ਦਾ ਪ੍ਰਗਤੀਵਾਦੀ ਸ਼ਾਇਰ ਹੈ, ਜੋ ਬੁੱਲ੍ਹੇਸ਼ਾਹ ਨੂੰ ਆਪਣਾ ਇਸ਼ਟ ਤੇ ਆਦਰਸ਼ ਮੰਨ ਕੇ ਕੱਟੜਪੰਥੀ ਮੁਲਾਣਿਆਂ ਤੇ ਲੋਕਤੰਤਰ ਨੂੰ ਫ਼ੌਜੀ ਜਨਰਲਾਂ ਦੇ ਹਕੂਮਤੀ ਬੂਟਾਂ ਦੇ ਠੁੱਡਿਆਂ ਨਾਲ ਕਾਵਿਕ ਦਸਤਪੰਜਾ ਲੈਂਦਾ ਹੈ। ਸ਼ਾਹਮੁਖੀ ਵਰਣਮਾਲਾ ਦੇ ਤੀਹ ਅੱਖਰਾਂ ਵਿਚੋਂ ਅਲਫ਼ ਪਹਿਲਾ ਅੱਖਰ ਹੈ ਤੇ ਅਖਰੀਲੇ ਅੱਖਰ ਤਕ ਮਾਰਫ਼ਤੀ ਤੇ ਸੂਫ਼ੀਆਨਾ ਰੰਗ ਦੇ ਉਹਲੇ ਵਿਚ ਸੱਤਾ ਨੂੰ ਵੰਗਾਰਦਾ ਹੈ। ਪੁਸਤਕ ਵਿਚ ਅਸਲੋਂ ਹੀ ਨਿੱਕੀਆਂ-ਨਿੱਕੀਆਂ ਨਜ਼ਮਾਂ ਵੱਡੇ ਅਰਥ ਸਮੋਈ ਬੈਠੀਆਂ ਹਨ। ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕਿਸੇ ਨਜ਼ਮ ਦੇ ਅਨੁਵਾਨ ਹੇਠਾਂ ਸਿਰਫ਼ ਇਕ ਅੱਖਰ ਨੂੰ ਹੀ ਨਜ਼ਮ ਦਾ ਰੂਪ ਦਿੱਤਾ ਗਿਆ ਹੈ, ਉਦਾਹਰਨ ਦੇ ਤੌਰ 'ਤੇ ਨਜ਼ਮ 'ਮਜ਼੍ਹਬ' ਦੇ ਹੇਠਾਂ ਸਿਰਫ਼ ਇਕ ਅੱਖਰ 'ਮਾਫ਼ੀਆ' ਲਿਖ ਕੇ ਨਜ਼ਮ ਨੂੰ ਸੰਪੂਰਨ ਕੀਤਾ ਗਿਆ ਹੈ, ਇਸੇ ਤਰ੍ਹਾਂ 'ਆਮ ਝੂਠ' ਨਜ਼ਮ ਸਿਰਫ਼ ਇਕ ਸਤਰ 'ਸ਼ੁਕਰ ਏ ਰੱਬ ਦਾ' ਨਾਲ ਹੀ ਨਜ਼ਮ ਸੰਪੂਰਨ ਹੋ ਗਈ ਹੈ। 'ਸਾਡੀਆਂ ਅਦਾਲਤਾਂ' ਵਿਚ ਦੋ ਸਤਰੀ ਨਜ਼ਮ 'ਤਕੜਿਆਂ ਦੇ ਫ਼ੈਸਲੇ ਮਾੜਿਆਂ ਦੇ ਹੌਸਲੇ', ਪਾਕਿਸਤਾਨ ਵਿਚ ਸਾਹਿਤਕਾਰ ਫ਼ੌਜੀ ਹਾਕਮਾਂ ਤੋਂ ਬਚਾਅ ਕਰਨ ਲਈ ਚਿਹਨ ਦੀ ਭਾਸ਼ਾ ਵਰਤਦੇ ਰਹਿੰਦੇ ਹਨ। ਪ੍ਰਸਿੱਧ ਸ਼ਾਇਰ ਫ਼ਖ਼ਰ ਜੁਆਨ ਦੀ ਨਜ਼ਮ 'ਚਿੜੀ' ਅਤੇ ਨਾਵਲ 'ਬੰਦੀਵਾਨ' ਇਸ ਦਾ ਇਕ ਨਮੂਨਾ ਮਾਤਰ ਹਨ। ਫ਼ਖ਼ਰ ਜ਼ਮਾਨ ਨੇ 'ਬੰਦੀਵਾਨ' ਨਾਵਲ ਵਿਚ ਕਿਰਦਾਰ 'ਜ਼ੈੱਡ' ਵਰਤ ਕੇ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫ਼ਾਂਸੀ 'ਤੇ ਲਟਕਾਉਣ ਤਕ ਸੱਤਾ ਦੇ ਬਖ਼ੀਏ ਉਧੇੜੇ ਹਨ। ਇਹ ਰਮਜ਼ਾਂ ਵਾਲੀ ਕਾਵਿ-ਕਿਤਾਬ ਪੜ੍ਹਨ ਵਾਲੀ ਤਾਂ ਹੈ ਹੀ ਤੇ ਗੁੜ੍ਹਨ ਵਾਲੀ ਵੀ ਹੈ। ਲਾਹੌਰ ਬੁੱਕ ਸ਼ਾਪ ਲੁਧਿਆਣਾ ਦੇ ਪ੍ਰਕਾਸ਼ਨ ਨੂੰ ਵੀ ਸਲਾਮ ਕਰਨਾ ਬਣਦਾ ਹੈ, ਜੋ ਲਹਿੰਦੇ ਪੰਜਾਬ ਦੇ ਲੇਖਕਾਂ ਨੂੰ ਲਿਪੀਆਂਤਰ ਕਰਾ ਕੇ ਚੜ੍ਹਦੇ ਪੰਜਾਬ ਦੇ ਪੰਜਾਬੀ ਪਿਆਰਿਆਂ ਤੇ ਲੇਖਕਾਂ ਦੇ ਰੂਬਰੂ ਕਰਾ ਰਹੇ ਹਨ।


-ਭਗਵਾਨ ਢਿੱਲੋਂ
ਮੋਬਾਈਲ : 098143-78254


ਤਿੰਨ ਬੰਦੂਕਚੀ
ਲੇਖਕ : ਅਲੈਗਜ਼ੇਂਡਰ ਡਿਊਮਾ
ਸੰਪਾਦਕ ਅਤੇ ਅਨੁਵਾਦ : ਸੋਮਾ ਸਬਲੋਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 68
ਸੰਪਰਕ : 98146-93992


'ਤਿੰਨ ਬੰਦੂਕਚੀ' ਬਾਲ ਨਾਵਲ ਸੰਸਾਰ ਪ੍ਰਸਿੱਧ ਨਾਵਲ 'ਦ ਥ੍ਰੀ ਮਸਕੇਟਿਅਰਸ' ਦਾ ਪੰਜਾਬੀ ਅਨੁਵਾਦ ਹੈ। ਇਸ ਬਾਲ ਨਾਵਲ ਦਾ ਮੂਲ ਲੇਖਕ ਅਲੈਗਜ਼ੈਂਡਰ ਡਿਊਮਾ ਹੈ ਅਤੇ ਇਸ ਦੀ ਸੰਪਾਦਨਾ ਅਤੇ ਪੰਜਾਬੀ ਅਨੁਵਾਦ ਸੋਮਾ ਸਬਲੋਕ ਨੇ ਬਾਖ਼ੂਬੀ ਕੀਤਾ ਹੈ। ਇਸ ਬਾਲ ਨਾਵਲ ਦੇ ਵੱਖ-ਵੱਖ ਪੜਾਵਾਂ 'ਚ ਇਕ ਲੰਮੀ ਕਹਾਣੀ ਨੂੰ ਲੜੀਬੱਧ ਰੂਪ 'ਚ ਬਿਆਨ ਕੀਤਾ ਗਿਆ ਹੈ, ਜੋ ਕਿ ਬੜੀ ਦਿਲਚਸਪ ਅਤੇ ਪਾਠਕਾਂ ਨੂੰ ਨਾਲ-ਨਾਲ ਤੋਰਦੀ ਹੈ। ਇਸ ਬਾਲ ਨਾਵਲ ਦੀ ਕਹਾਣੀ ਮੁੱਖ ਰੂਪ 'ਚ ਫਰਾਂਸ ਦੇਸ਼ ਦੇ ਇਕ ਬਹਾਦਰ ਜਾਂਬਾਜ਼ ਨੌਜਵਾਨ 'ਦਾਰਤਾ' ਦੇ ਆਲੇ-ਦੁਆਲੇ ਘੁੰਮਦੀ ਹੈ ਕਿ ਕਿਸ ਤਰ੍ਹਾਂ ਇਹ ਫੌਲਾਦੀ ਹੌਸਲੇ ਵਾਲਾ ਨੌਜਵਾਨ ਦਾਰਤਾ ਅਤੇ ਉਸ ਦੇ ਤਿੰਨ ਬੰਦੂਕਚੀ ਸਾਥੀ ਏਥੋਸ, ਪਾਰਥਸ ਅਤੇ ਅਰਾਮਿਸ ਮਿਲ ਕੇ ਲੋਕਾਂ ਦੀ ਅਨਿਆਂ ਤੋਂ ਰੱਖਿਆ ਕਰਨ ਲਈ ਇਕ ਅਪਰਾਧੀ ਅਤੇ ਜ਼ਾਲਮ ਬਿਰਤੀ ਵਾਲੀ ਔਰਤ ਲੇਡੀ ਕੇਲਰਿਕ ਨੂੰ ਫੜ ਕੇ ਮਿਸਾਲੀ ਸਜ਼ਾ ਦਿੰਦੇ ਹਨ ਅਤੇ ਇਸੇ ਤਰ੍ਹਾਂ ਹੋਰ ਵੀ ਜ਼ਾਲਮਾਂ ਨੂੰ ਸਜ਼ਾਵਾਂ ਦੇਣ ਦਾ ਕੰਮ ਨਿਰੰਤਰ ਜਾਰੀ ਰੱਖਦੇ ਹਨ। ਇਹ ਬਾਲ ਨਾਵਲ ਪੜ੍ਹਨ ਉਪਰੰਤ ਬੱਚਿਆਂ ਦੀ ਜਿੱਥੇ ਲੜੀਵਾਰ ਰੂਪ 'ਚ ਇਕ ਵਿਸ਼ੇ ਪ੍ਰਤੀ ਲਗਾਤਾਰ ਇਕ ਕੜੀ ਦੇ ਰੂਪ 'ਚ ਇਕਸੁਰਤਾ ਅਤੇ ਸਮਝ ਵਧੇਗੀ, ਉਥੇ ਉਨ੍ਹਾਂ ਦੀ ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਪ੍ਰਤੀ ਸੂਝ ਵੀ ਹੋਰ ਤੀਖਣ ਹੋਵੇਗੀ। ਇਹ ਪੁਸਤਕ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਕਾਫ਼ੀ ਸਹਾਈ ਸਿੱਧ ਹੋਵੇਗੀ। ਵੱਡਿਆਂ ਲਈ ਵੀ ਇਹ ਪੁਸਤਕ ਪੜ੍ਹਨਯੋਗ ਹੈ ਤਾਂ ਜੋ ਉਹ ਬਾਲ ਮਨ ਨੂੰ ਸਮਝ ਸਕਣ। ਇਹ ਬਾਲ ਨਾਵਲ ਸਰਲ ਭਾਸ਼ਾ 'ਚ ਹੋਣ ਕਰਕੇ ਸੱਚਮੁੱਚ ਹੀ ਬੱਚਿਆਂ ਦੇ ਹਾਣ ਦਾ ਹੋ ਨਿੱਬੜਦਾ ਹੈ। ਬਾਲ ਸਾਹਿਤ 'ਚ ਅਜਿਹੀ ਰੌਚਿਕ ਅਤੇ ਦਿਲਚਸਪ ਪੁਸਤਕ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625


ਵਡਾਲੇ ਵਾਲੀ ਭੂਆ
ਸਮਕਾਲੀ ਸਮੱਸਿਆਵਾਂ ਦਾ ਪ੍ਰਤਿਬਿੰਬ

ਸੰਪਾਦਕ : ਹਰਕਮਲ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ ਚੰਡੀਗੜ੍ਹ
ਕੀਮਤ : 300 ਰੁਪਏ, ਸਫ਼ੇ : 120
ਸੰਪਰਕ : 78141-60805


ਬੇਸ਼ੱਕ ਪੰਜਾਬੀ ਸਾਹਿਤ ਵਿਚ ਵਿਭਿੰਨ ਵੰਨਗੀਆਂ ਦੀਆਂ ਪੁਸਤਕਾਂ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ ਹਨ ਪ੍ਰੰਤੂ ਇਸ ਦੇ ਸਮਾਂਤਰ ਹੀ ਮੌਲਿਕ ਕਿਤਾਬਾਂ ਬਾਰੇ ਆਲੋਚਨਾਤਮਕ ਪੁਸਤਕਾਂ ਵੀ ਗਾਹੇ-ਬਗਾਹੇ ਛਪਦੀਆਂ ਹੀ ਰਹਿੰਦੀਆਂ ਹਨ। ਸਨਮੁੱਖ ਪੁਸਤਕ ਵੀ ਇਸੇ ਲੜੀ ਵਿਚ ਆਉਂਦੀ ਹੈ ਜੋ ਬੀਬਾ ਹਰਕਮਲ ਵਲੋਂ ਸੰਪਾਦਤ ਕੀਤੀ ਗਈ ਹੈ ਤੇ ਇਸ ਵਿਚ ਉਸ ਨੇ ਵੱਖੋ-ਵੱਖ ਲੇਖਕਾਵਾਂ ਤੋਂ ਆਲੋਚਨਾਤਮਕ ਨਿਬੰਧ ਲਿਖਵਾਏ ਹਨ। ਉਦਾਹਰਨ ਵਜੋਂ ਡਾ. ਇੰਦਰਪ੍ਰੀਤ ਕੌਰ ਦਾ ਲੇਖ ਕਹਾਣੀ 'ਪੌਂਡਾਂ ਦੀ ਚਮਕ' ਬਾਰੇ ਲਿਆ ਜਾ ਸਕਦਾ ਹੈ ਜਿਸ ਵਿਚ ਆਲੋਚਕ ਬੀਬੀ ਨੇ ਇਸ ਕਹਾਣੀ ਦੀ ਰੂਹ ਤੱਕ ਅੱਪੜਨ ਦਾ ਯਤਨ ਕਰਦਿਆਂ ਉਸ ਦੀ ਕਹਾਣੀ ਵਿਚੋਂ ਢੁਕਵਾਂ ਹਵਾਲਾ ਪੇਸ਼ ਕੀਤਾ ਹੈ ਜੋ ਵਿਦੇਸ਼ਾਂ ਵੱਲ ਦੌੜ ਨੂੰ ਕਟਾਖਸ਼ਮਈ ਅੰਦਾਜ਼ ਵਿਚ ਇਕ ਪਾਤਰ ਦੇ ਮੂੰਹੋਂ ਉੱਭਰਦਾ ਹੈ ਪੁੱਤ, ਤੂੰ ਕੀ ਕਰਨਾ ਏਂ ਬਾਹਰ ਜਾ ਕੇ, ਸੁੱਖ ਨਾਲ ਏਥੋਂ ਕਮਾਈ ਕਰ, ਅਸੀਂ ਪੌਂਡਾਂ ਨੂੰ ਫੂਕਣਾ ਏ। ਮੈਨੂੰ ਤੇ ਆਹ ਤੇਰੀ ਮਾਂ ਪੂਰਨ ਕੌਰ ਨੂੰ ਪਤਾ ਏ ਕਿਵੇਂ ਅਸੀਂ ਰਾਤ-ਦਿਨ ਇਕ ਕਰਕੇ ਪੱਚੀ ਏਕੜ ਜ਼ਮੀਨ ਬਣਾਈ।
ਇਵੇਂ ਹੀ ਦੂਸਰੀਆਂ ਲੇਖਿਕਾਵਾਂ ਨੇ ਵੀ ਆਪਣੀ ਵਿਦਵਤਾ ਦਾ ਮੁਜ਼ਾਹਰਾ ਕਰਦਿਆਂ ਆਪੋ-ਆਪਣੀ ਸਮਰੱਥਾ ਨਾਲ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਨੋਟਿਸ ਲਿਆ ਹੈ। ਖ਼ੁਦ ਸੰਪਾਦਕਾ ਨੇ ਵੀ ਇਕ ਲੇਖ ਉਸ ਦੀ ਕਹਾਣੀ 'ਕਿੱਧਰ ਜਾਵਾਂ' ਬਾਰੇ ਲਿਖਿਆ ਹੈ। ਸਾਰੀਆਂ ਹੀ ਲੇਖਕਾਵਾਂ ਨੇ ਆਪਣੇ ਵਲੋਂ ਪੂਰੀ ਮਿਹਨਤ ਨਾਲ ਇਸ ਪੁਸਤਕ ਵਿਚਲੀਆਂ ਕਹਾਣੀਆਂ ਦੀ ਹਾਂ-ਪੱਖੀ ਆਲੋਚਨਾ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਹੈ। ਅਜਿਹੀਆਂ ਪੁਸਤਕਾਂ ਆਮ ਕਰਕੇ ਅਕਾਦਮਿਕ ਜ਼ਰੂਰਤਾਂ ਵਿਚੋਂ ਉਪਜਦੀਆਂ ਹਨ। ਅਜੋਕੇ ਦੌਰ ਵਿਚ ਅਜਿਹੀਆਂ ਕਿਤਾਬਾਂ ਦਾ ਆਪਣਾ ਇਕ ਮਹੱਤਵ ਹੁੰਦਾ ਹੈ। ਜਿਥੇ ਮੌਲਿਕ ਲੇਖਕ ਦੀ ਹੌਸਲਾ ਅਫਜ਼ਾਈ ਹੁੰਦੀ ਹੈ ਉਥੇ ਅਜਿਹੀਆਂ ਸੰਪਾਦਤ ਕਿਤਾਬਾਂ ਵਿਚ ਸ਼ਾਮਿਲ ਖੋਜਾਰਥਣ ਲੇਖਕਾਵਾਂ ਨੂੰ ਵੀ ਭਵਿੱਖ ਵਿਚ ਅੱਗੇ ਵਧਣ ਦਾ ਅਵਸਰ ਹਾਸਲ ਹੁੰਦਾ ਹੈ। ਇਹ ਪੁਸਤਕ ਇਸੇ ਦਿਸ਼ਾ ਵੱਲ ਸੇਧਿਤ ਹੈ ਤੇ ਇਵੇਂ ਹੀ ਇਸ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ।


-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

04-01-2023

 ਸਿੱਖ ਧਰਮ ਦਾ ਅਧਾਰ ਸੱਚ ਹੈ
ਲੇਖਕ ਅਤੇ ਪ੍ਰਕਾਸ਼ਕ : ਦੇਵਿੰਦਰਜੀਤ ਸਿੰਘ
ਵਿਕ੍ਰੇਤਾ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 125
ਸੰਪਰਕ : 82838-39272

ਲੇਖਕ ਦੇਵਿੰਦਰਜੀਤ ਸਿੰਘ ਦੀ ਹੱਥਲੀ ਪੁਸਤਕ ਨਸਲ, ਰੰਗ-ਰੂਪ, ਲਿੰਗ ਭੇਦ ਭਾਵ ਤੇ ਭਰਮਵਾਦ ਤੋਂ ਰਹਿਤ ਹੈ। ਪੁਸਤਕ ਵਿਚ 20 ਲੇਖ ਸ਼ਾਮਿਲ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸੰਬੰਧੀ ਸੰਖੇਪ ਜਾਣਕਾਰੀ ਤੋਂ ਸ਼ੁਰੂ ਹੁੰਦੀ ਇਹ ਕਿਤਾਬ ਸੇਵਾ ਦੀ ਮਹਾਨਤਾ ਨਾਲ ਸੰਪੂਰਨ ਹੁੰਦੀ ਹੈ। ਲੇਖਕ ਨੇ ਇਹ ਕਿਤਾਬ ਆਪਣੀ ਮਾਤਾ ਨੂੰ ਸਮਰਪਿਤ ਕੀਤੀ ਹੈ। ਕਿਤਾਬ ਵਿਚ ਸ਼ਾਮਿਲ ਲੇਖ-ਸਿਰਲੇਖ ਭਾਵਪੂਰਤ ਤੇ ਦਿਲਚਸਪੀ ਪੈਦਾ ਕਰਨ ਵਾਲੇ ਹਨ ਜਿਵੇਂ ਮਾਨਵਤਾ ਲਈ ਵੱਡਾ ਸੰਦੇਸ਼ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਰੱਬ ਵਾਹਿਗੁਰੂ ਬਾਰੇ ਮੁਢਲੀ ਜਾਣਕਾਰੀ, ਸੱਚੇ ਪ੍ਰਭੂ ਬਾਰੇ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅਰਜਨ ਸਾਹਿਬ ਵਲੋਂ ਮਨੁੱਖਤਾ ਨੂੰ ਮਹਾਨ ਫਲਸਫੇ ਦੀ ਬਖਸ਼ਿਸ਼, 'ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ' ਅਤੇ 'ਸਰਬ ਰੋਗ ਕਾ ਅਉਖਦੁ ਨਾਮੁ, ਦਸ ਗੁਰੂ ਸਾਹਿਬਾਨ' ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਸੰਬੰਧੀ ਗੁਣਕਾਰੀ ਤੇ ਸੰਖੇਪ ਜਾਣਕਾਰੀ, ਈਸ਼ਵਰ ਦੀ ਸਰਬਉੱਤਮ ਰਚਨਾ ਮਨੁੱਖ, ਮਨ ਤੇ ਸਰੀਰ ਦਾ ਸੰਬੰਧ ਅਤੇ ਕਰਮ ਫਲ, 'ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ, ਸਵਰਗ-ਨਰਕ ਅਤੇ ਆਤਮਾ, ਭਰਮਵਾਦ ਨੂੰ ਸਿੱਖ ਧਰਮ ਵਿਚ ਕੋਈ ਮਾਨਤਾ ਨਹੀਂ। ਸਿੱਖ ਧਰਮ ਦੇ ਰੀਤੀ ਰਿਵਾਜ਼ ਅਤੇ ਅਨੰਦ ਕਾਰਜ ਦੀਆਂ ਰਸਮਾਂ, ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਅਤੇ ਨਿਵੇਕਲੀ ਸ਼ਹਾਦਤ। ਇਸੇ ਤਰ੍ਹਾਂ ਸਿੱਖਾਂ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਜਰਨੈਲ ਹਰੀ ਸਿੰਘ ਨਲਵਾ। ਚੌਰਾਸੀ ਲੱਖ ਜੂਨਾਂ-ਧਰਮਰਾਜ ਚਿਤਰ ਗੁਪਤ ਤੇ ਜਮਦੂਤ ਕੀ ਹਨ, ਬਾਰੇ ਚਰਚਾ, ਸਿੱਖ ਧਰਮ ਵਿਚ ਇਸਤਰੀ ਤੇ ਪੁਰਸ਼ ਦਾ ਸਮਾਨ ਦਰਜਾ, ਭਾਈ ਘਨੱਈਆ ਜੀ ਪਹਿਲੀ ਰੈੱਡਕਰਾਸ ਸੰਸਥਾ, 'ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ', 'ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਊਮੈ ਫੈਲੁ'॥ ਅਤੇ ਅਖੀਰ ਵਿਚ ਸਿੱਖ ਧਰਮ ਵਿਚ ਸੇਵਾ ਦੀ ਮਹਾਨਤਾ ਲੇਖ ਦਰਜ ਕੀਤਾ ਗਿਆ ਹੈ। ਲੇਖਕ ਆਪਣੇ ਹਰ ਲੇਖ ਵਿਚ ਆਪੇ ਸਵਾਲ ਕਰਦਾ ਹੈ ਤੇ ਫਿਰ ਗੁਰਬਾਣੀ ਤੇ ਵਿਗਿਆਨ ਦੀ ਕਸਵੱਟੀ 'ਤੇ ਸੁੰਦਰ ਜਵਾਬ ਦਿੰਦਾ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਲਈ ਇਹ ਪੁਸਤਕ ਪੜ੍ਹਨਯੋਗ ਹੈ। ਇਸ ਵਿਚ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਗੁਰਬਾਣੀ ਦੇ ਆਧਾਰਤ ਪ੍ਰਮਾਣਾਂ ਸਹਿਤ ਹੈ। ਕੁਝ ਭਰਮ-ਭੁਲੇਖਿਆਂ ਦਾ ਨਿਵਾਰਨ ਕਰਨ ਦਾ ਚੰਗਾ ਯਤਨ ਹੈ। ਆਤਮਾ, ਪਰਮਾਤਮਾ ਮਨ ਤੇ ਸਵਰਗ ਨਰਕ ਤੇ ਅਗਲੇ ਜੀਵਨ ਬਾਰੇ ਭਰਮ ਨੂੰ ਵੀ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਦਸ ਜੋਤਿ ਰੂਪ ਵਿਚ ਸੱਚੇ ਪ੍ਰਭੂ ਦਾ ਗਿਆਨ, ਸੱਚੀ ਜੀਵਨ ਜਾਂਚ ਜਿਊਣ ਦਾ ਤਰੀਕਾ ਤੇ ਕੁਦਰਤ ਬਾਰੇ ਵਿਸ਼ਾਲ ਜਾਣਕਾਰੀ ਆਪਣੀ ਬਾਣੀ ਵਿਚ ਦਿੱਤੀ ਹੈ ਜੋ ਕਿ ਸੱਚ ਤੇ ਵਿਗਿਆਨ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ, ਭਰਮਵਾਦ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਭਰਮ ਤੇ ਝੂਠ ਹਮੇਸ਼ਾ ਦੁਖ ਦਿੰਦੇ ਹਨ। ਗੁਰੂ ਜੀ ਨੇ ਆਪਣੀ ਬਾਣੀ ਵਿਚ ਇਸਤਰੀ ਮਰਦ ਨੂੰ ਬਰਾਬਰ ਦਾ ਸਨਮਾਨ ਦਿੱਤਾ ਹੈ ਅਤੇ ਲੋਕਾਂ ਨੂੰ ਸੁਖਾਲੀ, ਸਾਦੀ ਜ਼ਿੰਦਗੀ ਦੀ ਪ੍ਰੇਰਨਾ ਦਿੱਤੀ। ਵੀਹ ਲੇਖ ਹੀ ਸਿੱਖ ਧਰਮ ਦਾ ਧੁਰਾ ਹਨ। ਸਰਲ ਸਪੱਸ਼ਟ ਤੇ ਭਾਵਪੂਰਤ ਤਰੀਕੇ ਨਾਲ ਲੇਖਕ ਗੁਰਬਾਣੀ ਦੀ ਸੇਧ ਵਿਚ ਜਾਣਕਾਰੀ ਮੁਹੱਈਆ ਕਰਦਾ ਹੈ। ਸਿੱਖ ਧਰਮ ਸੰਬੰਧੀ ਲੇਖ ਸੰਗ੍ਰਹਿ ਦਾ ਸਵਾਗਤ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬਿਖੜੇ ਰਾਹਾਂ ਦਾ ਦਰਵੇਸ਼ ਪਾਂਧੀ
ਸ. ਪਿਆਰਾ ਸਿੰਘ ਭੋਲਾ
ਲੇਖਕ : ਹਰਨਾਮ ਸਿੰਘ ਡੱਲਾ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ :94177-73283

ਇਹ ਪੁਸਤਕ ਸ. ਪਿਆਰਾ ਸਿੰਘ ਭੋਲਾ ਦੇ ਸੰਘਰਸ਼ਮਈ ਜੀਵਨ 'ਤੇ ਝਾਤ ਪੁਆਉਂਦੀ ਹੈ। ਇਕ ਗ਼ਰੀਬ ਕੰਮੀ ਪਰਿਵਾਰ ਵਿਚ ਜਨਮੇ ਪਿਆਰਾ ਸਿੰਘ ਨੇ ਇਕ ਆਦਰਸ਼ਵਾਦੀ ਅਤੇ ਪਰਉਪਕਾਰੀ ਜੀਵਨ ਬਿਤਾਇਆ ਹੈ। ਲੇਖਕ ਨੇ 1938 ਈ: ਵਿਚ ਕੰਮੀਆਂ ਦੇ ਵਿਹੜੇ ਜੰਮੇ ਪਿਆਰਾ ਸਿੰਘ ਦੀ ਅਨੂਠੀ ਪ੍ਰਤਿਭਾ, ਜੀਵਨ ਜਾਚ, ਦੂਜਿਆਂ ਦੇ ਕੰਮ ਆਉਣ ਦੀ ਰੀਝ, ਵਿੱਦਿਆ ਦੇ ਖੇਤਰ ਦੀਆਂ ਸ਼ਾਨਦਾਰ ਪ੍ਰਾਪਤੀਆਂ, ਸੇਵਾ ਅਤੇ ਸਿਮਰਨ ਦਾ ਚਾਅ, ਗ਼ਰੀਬ ਬੱਚਿਆਂ ਦੀ ਮਦਦ ਅਤੇ ਮਾਨਵਵਾਦੀ ਰੁਚੀਆਂ ਨੂੰ ਉਜਾਗਰ ਕੀਤਾ ਹੈ। ਉਸ ਨੇ ਸੱਚੀ-ਸੁੱਚੀ ਕਿਰਤ ਕਮਾਈ ਕਰ ਕੇ ਵੰਡ ਛਕਣ ਦੀ ਪ੍ਰੰਪਰਾ ਉੱਪਰ ਪਹਿਰਾ ਦਿੱਤਾ ਹੈ। ਉਹ ਇਕ ਸਫਲ ਅਤੇ ਮਿਹਨਤੀ ਅਧਿਆਪਕ ਰਿਹਾ ਹੈ। ਉਸ ਨੇ ਸਿੱਖਿਆ ਦੇ ਪਸਾਰ ਲਈ ਅਣਥੱਕ ਮਿਹਨਤ ਕੀਤੀ ਹੈ। ਸਿੱਖ ਫ਼ਲਸਫ਼ੇ ਨੂੰ ਅਮਲੀ ਜੀਵਨ ਵਿਚ ਅਪਣਾ ਕੇ ਹੋਰਨਾਂ ਲਈ ਪ੍ਰੇਰਨਾਸਰੋਤ ਬਣਿਆ ਹੈ। ਇਕ ਬੇਘਰੇ ਗੁੱਜਰ ਪਰਿਵਾਰ ਦੇ ਬੱਚੇ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਉਚੇਰੀ ਸਿੱਖਿਆ ਦਿਵਾਈ ਹੈ। ਉਸ ਦੇ ਆਪਣੇ ਪਰਿਵਾਰ ਦੇ ਸਾਰੇ ਜੀਅ ਬਹੁਤ ਪੜ੍ਹੇ ਲਿਖੇ ਹਨ। ਆਪਣੀ ਨੇਕ ਕਮਾਈ ਨੂੰ ਭਲੇ ਕੰਮਾਂ ਲਈ ਵਰਤਿਆ ਹੈ। ਭਾਵੇਂ ਉਸ ਨੂੰ ਕਈ ਵਾਰ ਅਭਿਮਾਨੀਆਂ ਦੇ ਜਾਤ-ਪਾਤ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਪਰ ਅੰਤ ਨੂੰ ਆਪਣੇ ਵਿਹਾਰ, ਆਚਾਰ ਅਤੇ ਸਦਗੁਣਾਂ ਕਰਕੇ ਉਸ ਨੇ ਸਭ ਦਾ ਦਿਲ ਜਿੱਤ ਲਿਆ। ਲੇਖਕ ਦੇ ਪਰਿਵਾਰ ਨਾਲ ਜੀਵਨੀਕਾਰ ਦੀ ਲੰਮੀ ਸਾਂਝ ਰਹੀ ਇਸ ਲਈ ਉਸ ਦੇ ਜੀਵਨ ਅਨੁਭਵਾਂ ਦਾ ਸਾਰ ਸੋਹਣੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਪੁਸਤਕ ਵਿਚ ਗੁਰਬਾਣੀ ਦੇ ਹਵਾਲੇ ਦੇ ਕੇ ਮਾਨਵਵਾਦ, ਇਨਸਾਨੀਅਤ, ਸਾਂਝੀਵਾਲਤਾ ਅਤੇ ਸੱਚ ਦਾ ਸੁਨੇਹਾ ਦਿੱਤਾ ਗਿਆ ਹੈ। ਇਹ ਪੁਸਤਕ ਪ੍ਰੇਰਨਾਦਾਇਕ, ਪੜ੍ਹਨਯੋਗ ਸਮੱਗਰੀ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਕਿੱਥੇ ਨਹੀਂ ਭਗਤ ਸਿੰਘ?
ਲੇਖਕ : ਡਾ. ਸੁਦਰਸ਼ਨ ਗਾਸੋ
ਪ੍ਰਕਾਸ਼ਿਤ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ: 124
ਸੰਪਰਕ : 098962-01036

ਸ਼ਹੀਦਾਂ ਦਾ ਭਾਵੇਂ ਸਰੀਰਕ ਤੌਰ 'ਤੇ ਵਜੂਦ ਨਹੀਂ ਹੁੰਦਾ ਪਰ ਉਹ ਲੋਕਾਂ ਦੇ ਦਿਲ ਦਿਮਾਗ਼ ਵਿਚ ਵਸੇ ਹੋਣ ਕਰਕੇ ਜੀਵਨ ਦੇ ਹਰ ਸੰਗਰਾਮ ਵਿਚ ਹਮੇਸ਼ਾ ਨਾਲ ਨਾਲ ਜੂਝਦੇ ਨਜ਼ਰ ਆਉਂਦੇ ਮਹਿਸੂਸ ਹੁੰਦੇ ਹਨ। ਉਨ੍ਹਾਂ ਦੀ ਵਿਚਾਰਧਾਰਾ ਹਰ ਸਮੇਂ ਤੇ ਹਰ ਥਾਂ ਅਗਵਾਈ ਵੀ ਕਰਦੀ ਤੇ ਸੰਘਰਸ਼ਮਈ ਜੀਵਨ ਵਿਚ ਹੰਭਣ-ਥੱਕਣ ਵੀ ਨਹੀਂ ਦਿੰਦੀ ਅਤੇ ਨਾ ਹੀ ਰੁਕਣ ਦਿੰਦੀ ਹੈ। ਲੋਟੂ ਧਾੜਵੀਆਂ ਦੇ ਵਿਰੋਧ ਵਿਚ ਉਠੇ ਆਜ਼ਾਦੀ ਅੰਦੋਲਨ ਵਿਚ ਨਵੀਂ ਰੂਹ ਫੂਕਣ ਵਾਲੇ ਸਿਰੜੀ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜੀਵਨ ਗਾਥਾ ਦੇ ਪਲ ਪਲ ਨੂੰ ਨਿਵਾਜਣ ਦੇ ਯਤਨ ਵਜੋਂ ਹੀ ਉੱਘੇ ਲੇਖਕ ਡਾ. ਸੁਦਰਸ਼ਨ ਗਾਸੋ ਨੇ 'ਕਿੱਥੇ ਨਹੀਂ ਭਗਤ ਸਿੰਘ?' ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ।
ਸਰਦਾਰ ਭਗਤ ਸਿੰਘ ਦੇ ਛੋਟੇ ਜਿਹੇ ਕਰੀਬ 24 ਸਾਲ ਦੁਨਿਆਵੀ ਜੀਵਨ ਨੂੰ ਖੰਗਾਲਣ ਲਈ ਲੇਖਕ ਨੇ ਬਹੁਤ ਸਾਰੇ ਇਤਿਹਾਸਕ ਤੱਥਾਂ ਤੇ ਲਿਖਤਾਂ ਨੂੰ ਫਰੋਲਿਆ ਹੈ ਤੇ ਮਿਲੇ ਜੀਵਨ ਦੇ ਸੁੱਚੇ ਮੋਤੀਆਂ ਨੂੰ ਵੱਖ-ਵੱਖ ਢਾਈ ਦਰਜਨ ਦੇ ਕਰੀਬ ਸਿਰਲੇਖਾਂ ਤਹਿਤ ਵਧੀਆ ਤੇ ਰੌਚਕਤਾ ਭਰਪੂਰ ਸ਼ੈਲੀ ਵਿਚ ਸ਼ਬਦ ਚਿਤਰਨ ਕੀਤਾ ਹੈ। ਲੇਖ 'ਤੇਰੇ ਲੱਗਦੇ ਬੋਲ ਪਿਆਰੇ' ਵਿਚ ਭਗਤ ਸਿੰਘ ਦੇ ਬੋਲ ਸੁਣਨ ਦੀ ਪਪੀਹੇ ਵਾਲੀ ਤਾਂਘ ਦੀ ਸ਼ਬਦਾਵਲੀ ਮਨ ਨੂੰ ਬਹੁਤ ਟੁੰਬਦੀ ਹੈ, 'ਅਧੂਰੇ ਸੁਪਨੇ' ਵਿਚ ਭਗਤ ਸਿੰਘ ਦੀ ਦਿਲੀ ਚਾਹਤ ਦਾ ਵਰਣਨ ਕਰਨ ਦਾ ਢੰਗ ਤਰੀਕਾ ਦਿਲ ਦਿਮਾਗ਼ ਨੂੰ ਹਲੂਣਾ ਦਿੰਦਾ ਹੋਇਆ ਕਿਸੇ ਨਵੇਂ ਸਵੇਰੇ ਆਸ ਉਮੀਦ ਨੂੰ ਹੋਰ ਮਘਾਉਂਦਾ ਹੈ।
'ਸੁਪਨਿਆਂ ਦਾ ਸਿਰਤਾਜ ਭਗਤ ਸਿੰਘ,
ਕਰੇ ਦਿਲਾਂ 'ਤੇ ਰਾਜ ਭਗਤ ਸਿੰਘ'
'----- ਭਗਤ ਸਿੰਘ ਤਾਂ
ਮਨੁੱਖਤਾ ਦੇ ਰਸਤਿਆਂ ਦੇ ਕੰਡੇ
ਚੁਗਣ ਵੀ ਜਾਣਦਾ ਸੀ---।'
(ਸੁਪਨੇ ਸਾਜ਼ ਭਗਤ ਸਿੰਘ)
ਇਸ ਕਿਤਾਬ ਦੇ ਹਰ ਸਫ਼ੇ 'ਤੇ ਹੀ ਭਗਤ ਸਿੰਘ ਦਾ ਸਾਦਗੀ ਭਰਿਆ ਇਨਕਲਾਬੀ ਪੂਰਨ ਵਜੂਦ ਰੂਪਮਾਨ ਹੋ ਕੇ ਇਹ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਜਾਤਾਂ ਧਰਮਾਂ ਦੇ ਵਲਗਣੇ ਤੋਂ ਉਪਰ ਉਠ ਕੇ ਲੋਕਾਈ ਨੂੰ ਬੁੱਧੂ ਬਣਾਉਣ ਵਾਲੀ ਕਾਰਪੋਰੇਟ ਲੋਟੂ ਬਿਰਤੀ ਅਤੇ ਇਸ ਦੇ ਪਿੱਠੂਆਂ ਦੀਆਂ ਝੂਠੀਆਂ ਤੇ ਸ਼ੇਖੀਆਂ ਭਰੀਆਂ ਕਰਤੂਤਾਂ /ਗਲੈਮਰ ਕਲਚਰ ਜੋ ਮਨੁੱਖਤਾ ਲਈ ਵੀ ਤੇ ਵਾਤਾਵਰਨ ਲਈ ਵੀ ਸਭ ਤੋਂ ਵੱਧ ਖ਼ਤਰਨਾਕ ਹੈ, ਬਾਰੇ ਚਿੰਤਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਨਸ਼ਿਆਂ ਅਤੇ ਹੋਰ ਬੁਰਾਈਆਂ ਦੀ ਦਲਦਲ ਤੋਂ ਬਚ ਕੇ ਕਿਰਤ ਨਾਲ ਜੁੜਨਾ ਅਤੇ ਲੁਕਵੇਂ ਦੁਸ਼ਮਣ ਦੀਆਂ ਮਾਰੂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣਾ ਵੀ ਬਹੁਤ ਜ਼ਰੂਰੀ ਹੈ। ਸੋ ਭਗਤ ਸਿੰਘ ਦੇ ਜੀਵਨ ਦੇ ਹਰ ਪਹਿਲੂ ਦਾ ਬੜੀ ਵਿਦਵਤਾ ਭਰਪੂਰ ਮੰਥਨ ਕਰਨ ਵਾਲੀ ਇਹ ਪੁਸਤਕ 'ਕਿੱਥੇ ਨਹੀਂ ਭਗਤ ਸਿੰਘ?' ਉਸ ਹਰ ਸ਼ਖਸ ਨੂੰ ਇਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੋ ਖ਼ੁਦ, ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੋਇਆ ਜ਼ਾਲਮ ਤੇ ਉਸ ਜ਼ੁਲਮ ਦੇ ਵਿਰੋਧ ਵਿਚ ਖੜ੍ਹਨਾ ਲੋਚਦਾ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858


ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 450 ਰੁਪਏ, ਸਫ਼ੇ 285
ਸੰਪਰਕ : 099588-31357

ਹਥਲੀ ਪੁਸਤਕ ਗੁਰਚਰਨ ਕੌਰ ਕੋਚਰ ਦੀਆਂ ਕੁੱਲ ਗ਼ਜ਼ਲਾਂ ਉੱਤੇ ਆਧਾਰਿਤ ਹੈ, ਜਿਸ ਵਿਚ ਡਾ. ਬਲਦੇਵ ਸਿੰਘ ਬੱਦਨ ਨੇ ਕੋਚਰ ਦੀਆਂ ਗ਼ਜ਼ਲਾਂ ਦੇ ਪਾਸਾਰ ਉੱਤੇ ਵਿਆਪਕਤਾ ਅਤੇ ਪ੍ਰਤਿਭਾ ਨਾਲ ਕਾਰਜ ਸਿਰੇ ਚਾੜ੍ਹਿਆ ਹੈ। ਡਾ. ਬਲਦੇਵ ਸਿੰਘ ਬੱਦਨ ਪੂਰਵ ਸਹਾਇਕ ਨਿਰਦੇਸ਼ਕ ਅਤੇ ਮੁੱਖ ਸੰਪਾਦਕ ਨੈਸ਼ਨਲ ਬੁੱਕ ਟਰੱਸਟ ਇੰਡੀਆ ਨਵੀਂ ਦਿੱਲੀ ਹਨ। ਬੱਦਨ ਨੇ 100 ਤੋਂ ਵਧੇਰੇ ਪੁਸਤਕਾਂ ਦੀ ਸੰਪਾਦਨਾ ਦਾ ਕਾਰਜ ਕੀਤਾ ਹੈ। ਬਹੁਤ ਸਾਰੇ ਲੋੜਵੰਦਾਂ ਦੀਆਂ ਪੁਸਤਕਾਂ ਉਨ੍ਹਾਂ ਨੇ ਆਪਣੇ ਵਸੀਲਿਆਂ ਨਾਲ ਵੀ ਪ੍ਰਕਾਸ਼ਿਤ ਕਰਵਾਈਆਂ ਹਨ। ਉਨ੍ਹਾਂ ਨੂੰ ਇਕ ਸਾਹਿਤਕ ਰਿਸ਼ੀ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਪੁਸਤਕ ਦੀ ਭੂਮਿਕਾ ਸ੍ਰੀ ਬੱਦਨ ਨੇ ਬੜੇ ਸਹਿਜ ਅਤੇ ਸੁਹਜ ਨਾਲ ਲਿਖੀ ਹੈ ਅਤੇ ਡਾ. ਕੋਚਰ ਦੀ ਗ਼ਜ਼ਲਕਾਰੀ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਵੀ ਕੀਤਾ ਹੈ। ਡਾ. ਬੱਦਨ ਨੇ ਇਸ ਯਾਦਗਾਰੀ ਪੁਸਤਕ ਵਿਚ ਦੋ ਦਰਜਨਾਂ ਤੋਂ ਵੀ ਵਧੇਰੇ ਨਾਮਵਰ ਗ਼ਜ਼ਲ ਵਿਦਵਾਨਾਂ ਦੇ ਲੇਖ ਇਕੱਤਰ ਕਰਕੇ ਮੋਤੀਆਂ ਵਾਂਗ ਪਰੋਏ ਹਨ। ਜਿਨ੍ਹਾਂ ਵਿਦਵਾਨਾਂ ਦੇ ਲੇਖ/ਅਲੇਖ ਗੁਰਚਰਨ ਕੌਰ ਕੋਚਰ ਬਾਰੇ ਇਸ ਪੁਸਤਕ ਵਿਚ ਦਿੱਤੇ ਗਏ ਹਨ, ਉਨ੍ਹਾਂ ਵਿਚ ਸਰਵਸ੍ਰੀ ਸੁਰਜੀਤ ਪਾਤਰ, ਅਜਾਇਬ ਚਿੱਤਰਕਾਰ, ਸਰਦਾਰ ਪੰਛੀ, ਸੁਲੱਖਣ ਸਰਹੱਦੀ (ਦੋ ਲੇਖ), ਡਾ. ਅਰਵਿੰਦਰ ਕਾਕੜਾ, ਪ੍ਰੋ. ਜਸਪਾਲ ਘਈ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਤੇਜਵੰਤ ਮਾਨ, ਕੁਲਵੰਤ ਜਗਰਾਓਂ, (ਦੋ ਲੇਖ), ਡਾ. ਧਰਮ ਚੰਦ ਵਾਤਿਸ਼, ਡਾ. ਅਮਰ ਕੋਮਲ, ਜਗਮੀਤ ਹਰਫ਼, ਅੰਮ੍ਰਿਤਪਾਲ ਸਿੰਘ ਸੈਦਾ, ਜਨਾਬ ਦੀਪਕ ਜੈਤੋਈ, ਗੁਲਜ਼ਾਰ ਸਿੰਘ ਸੰਧੂ, ਦੇਸ ਰਾਜ ਜੀਤ, ਹਰਪਿੰਦਰ ਰਾਣਾ, ਪ੍ਰੋ. ਨਵ ਸੰਗੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਡਾ. ਸੁਦਰਸ਼ਨ ਗਾਸੋ, ਡਾ. ਸੁਰਿੰਦਰ ਕੋਮਲ, ਡਾ. ਸੁਰਿੰਦਰ ਕੌਰ ਨਰੂਲਾ, ਮਾਲਵਿੰਦਰ ਸ਼ਾਇਰ, ਬਲਬੀਰ ਸਿੰਘ ਸੈਣੀ, ਡਾ. ਭੁਪਿੰਦਰ ਕੌਰ ਕਵਿਤਾ, ਹਰਮੀਤ ਸਿੰਘ ਅਟਵਾਲ, ਕਰਮ ਸਿੰਘ ਜ਼ਖ਼ਮੀ, ਡਾ. ਬਲਵਿੰਦਰ ਸਿੰਘ ਡਾ. ਧਰਮਪਾਲ ਸਾਹਿਲ, ਇੰਦਰਜੀਤ ਹਸਨਪੁਰੀ, ਮਿੱਤਰ ਨਕੋਦਰੀ, ਹਰਮਿੰਦਰ ਕੋਹਾਰਵਾਲਾ ਸ਼ਾਮਿਲ ਹਨ। ਇਨ੍ਹਾਂ ਉਕਤ ਵਿਦਵਾਨਾਂ ਤੋਂ ਇਲਾਵਾ ਕੁਝ ਸਤਿਕਾਰਤ ਵਿਦਵਾਨਾਂ ਦੇ ਵਿਚਾਰ ਵੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਜਸਵੰਤ ਸਿੰਘ ਕੰਵਲ, ਪ੍ਰੋ. ਗੁਰਭਜਨ ਗਿੱਲ, ਡਾ. ਐਸ. ਤਰਸੇਮ, ਅਮਰਜੀਤ ਸਿੰਘ ਸੰਧੂ, ਪ੍ਰੋ. ਗੁਰਭਜਨ ਸਿੰਘ ਭਾਟੀਆ, ਡਾ. ਜੋਗਿੰਦਰ ਸਿੰਘ ਨਿਰਾਲਾ, ਗੁਰਦਿਆਲ ਰੌਸ਼ਨ ਅਤੇ ਡਾ. ਮਹਿੰਦਰ ਸਿੰਘ ਘੱਗ (ਕੈਲੀਫੋਰਨੀਆ) ਹਨ। ਕਮਾਲ ਇਹ ਹੈ ਕਿ ਗੁਰਚਰਨ ਕੌਰ ਕੋਚਰ ਬਾਰੇ ਕਾਵਿ ਰੇਖਾ ਚਿੱਤਰ ਵੀ ਸ਼ਾਮਿਲ ਕੀਤੇ ਗਏ ਹਨ... ਅੰਤ ਵਿਚ ਡਾ. ਗੁਰਚਰਨ ਕੌਰ ਕੋਚਰ ਦੇ ਮਾਨ-ਸਨਮਾਨ ਦੀ ਮਿਤੀ ਤੇ ਸਭਾ ਅਨੁਸਾਰ ਸੂਚੀ ਦਿੱਤੀ ਗਈ ਹੈ। ਡਾ. ਬੱਦਨ ਨੇ ਜਿੰਨੀ ਮਿਹਨਤ, ਲਗਨ ਅਤੇ ਪ੍ਰਤਿਭਾ ਨਾਲ ਡਾ. ਕੋਚਰ ਦੀ ਗ਼ਜ਼ਲ ਬਾਰੇ ਲਿਖਤਾਂ ਇਕੱਤਰ ਕਰਕੇ ਛਾਪੀਆਂ ਹਨ, ਉਸ ਨਾਲ ਉਸ ਦਾ ਇਤਿਹਾਸਕ ਕਾਰਜ ਅਮਰ ਹੋਇਆ ਹੈ। ਕਿਤਾਬ ਸਾਂਭਣਯੋਗ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਮੈਂ ਤੇ ਆਕਾਸ਼
ਲੇਖਕ : ਭਗਤ ਨਾਰਾਇਣ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94635-24337

ਹਥਲਾ ਕਾਵਿ-ਸੰਗ੍ਰਹਿ 'ਮੈਂ ਤੇ ਆਕਾਸ਼' ਉੱਘੇ ਕਵੀ ਭਗਤ ਨਰਾਇਣ ਦੀ ਦੂਜੀ ਪ੍ਰਕਾਸ਼ਿਤ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇਕ ਪੁਸਤਕ 'ਗੁੰਮਨਾਮ ਖ਼ਤ' ਵੀ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੀ ਹੈ। ਕੁਦਰਤ ਨਾਲ ਪ੍ਰੇਮ ਕਰਨ ਵਾਲੇ ਇਸ ਅਨੂਠੇ ਕਵੀ ਦੀਆਂ ਕਵਿਤਾਵਾਂ ਵਿਚ ਵਰਤੇ ਗਏ ਪ੍ਰਤੀਕ, ਬਿੰਬ ਅਤੇ ਅਲੰਕਾਰ ਵੀ ਕੁਦਰਤੀ ਵਰਤਾਰਿਆਂ ਨਾਲ ਹੀ ਇਕਸੁਰ ਹਨ। ਅਜੋਕੀ ਪਦਾਰਥਵਾਦੀ ਚਕਾਚੌਂਧ ਤਾਂ ਉਨ੍ਹਾਂ ਦੀ ਕਾਵਿਕਤਾ ਨੂੰ ਉੱਕਾ ਹੀ ਪ੍ਰਵਾਨ ਨਹੀਂ ਹੁੰਦੀ:
ਚਿੜੀਆਂ ਦੀ ਚੂੰ-ਚੂੰ
ਇਕੱਲਤਾ ਤੋੜਦੀ ਹੈ
ਫਿਰ ਵੀ ਲੱਗਦਾ, ਇਕੱਲਾ ਹਾਂ
ਉਡੀਕ ਰਿਹਾਂ, ਬੈਠਾ ਉਡੀਕ ਘਰ
ਘਰ, ਉਡੀਕ ਘਰ ਲੱਗਦਾ
ਆਜ਼ਾਦੀ ਦੀ ਪੌਣੀ ਸਦੀ ਬੀਤਣ ਦੇ ਬਾਵਜੂਦ ਵੀ ਅਜੇ ਕਿਰਤੀ ਦੇ ਚੁੱਲ੍ਹੇ ਵਿਚ ਅੱਗ ਨਹੀਂ ਬਲ ਸਕੀ ਅਤੇ ਸੱਤ੍ਹਾ 'ਤੇ ਕਾਬਜ਼ ਧਿਰਾਂ ਅਜੇ ਵੀ ਆਪਣੇ ਸਵਾਰਥਾਂ ਦੀ ਪੂਰਤੀ ਲਈ ਮਨੁੱਖ ਹੱਥੋਂ ਮਨੁੱਖ ਦਾ ਕਤਲ ਕਰਵਾਉਣ ਵਿਚ ਜੁੱਟੀਆਂ ਹੋਈਆਂ ਹਨ। ਲੋਕ-ਮੁਕਤੀ ਦੀਆਂ ਗੱਲਾਂ ਕਰਨ ਵਾਲੀਆਂ ਇਨਕਲਾਬੀ ਧਿਰਾਂ ਵੀ ਆਮ ਆਦਮੀ ਨੂੰ ਭਾਸ਼ਣਬਾਜ਼ ਤੋਂ ਵਧ ਕੇ ਕੁਝ ਵੀ ਨਹੀਂ ਦੇ ਸਕੀਆਂ ਕਿਉਂਕਿ ਇਨਕਲਾਬ ਦੇ ਬੀਜ ਬੀਜਣ ਦੀ ਤਾਂ ਕਦੇ ਕੋਸ਼ਿਸ਼ ਹੀ ਨਹੀਂ ਹੋਈ:
ਚੱਲ ਆ ਬੀਜ ਆਈਏ
ਮਜ਼ਦੂਰ ਬਸਤੀਆਂ 'ਚ
ਇਨਕਲਾਬ ਸ਼ਬਦ ਦੇ ਬੀਜ
ਇਨਕਲਾਬ ਸ਼ਬਦ
ਭੁੱਖਿਆਂ ਦਾ ਢਿੱਡ ਨਹੀਂ ਭਰੇਗਾ
ਕੋਰੋਨਾ ਕਾਲ ਦੌਰਾਨ ਅਕਾਲ ਚਲਾਣਾ ਕਰ ਗਏ ਆਪਣੇ ਜਵਾਨ ਪੁੱਤਰ ਪ੍ਰਭਾਤ ਕਿਰਨ ਭਗਤ ਨੂੰ ਸਮਰਪਿਤ ਉਨ੍ਹਾਂ ਦਾ ਇਹ ਖ਼ੂਬਸੂਰਤ ਕਾਵਿ-ਸੰਗ੍ਰਹਿ ਪ੍ਰਮਾਣਿਤ ਕਰਦਾ ਹੈ ਕਿ ਭਗਤ ਨਰਾਇਣ ਮਨੁੱਖੀ ਜੀਵਨ ਦੇ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਫਰੋਲਣ ਦੀ ਬੜੀ ਸੂਖਮ ਸੂਝ ਰੱਖਦੇ ਹਨ। ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸ਼ੋਸ਼ਣ ਦੇ ਖ਼ਿਲਾਫ਼ ਆਪਣੀ ਬੇਬਾਕ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਦੀ ਕਵਿਤਾ ਅਮਨ ਦਾ ਹੋਕਾ ਦਿੰਦੀ ਹੈ। ਉਮੀਦ ਹੈ ਕਿ ਉਨ੍ਹਾਂ ਦੇ ਇਸ ਕਲਿਆਣਕਾਰ ਹੋਕੇ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਜ਼ਰੂਰ ਮਿਲੇਗਾ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

 c c

 

ਸੋਚ ਬਦਲੋ ਸਮਾਜ ਬਦਲੋ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138

ਸੰਪਰਕ : 98150-30221

ਪ੍ਰਭਜੋਤ ਕੌਰ ਢਿੱਲੋਂ ਨਿਰੰਤਰ ਲਿਖਣ ਪੜ੍ਹਨ ਵਾਲੀ ਸ਼ਖ਼ਸੀਅਤ ਹੈ। ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਸ਼ਿਆਂ ਉੱਤੇ ਉਹ ਨਿਰੰਤਰਤਾ ਨਾਲ ਆਪਣੀ ਕਲਮ ਚਲਾਉਂਦੀ ਹੈ। ਉਹ ਸਮਾਜ ਵਿਚ ਫੈਲੇ ਕੁਹਜ ਬਾਰੇ ਆਪਣੀਆਂ ਲਿਖਤਾਂ ਵਿਚ ਫ਼ਿਕਰਮੰਦੀ ਦਾ ਇਜ਼ਹਾਰ ਕਰਦੀ ਹੋਈ ਇਨ੍ਹਾਂ ਵਿਸੰਗਤੀਆਂ ਬਾਰੇ ਜਾਗਰੂਕਤਾ ਦਾ ਹੋਕਾ ਦਿੰਦੀ ਹੈ। 'ਸੋਚ ਬਦਲੋ ਸਮਾਜ ਬਦਲੋ' ਪ੍ਰਭਜੋਤ ਕੌਰ ਢਿੱਲੋਂ ਦੀ ਨਵੀਂ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਸਾਡੇ ਸਮਾਜ ਦੇ ਬਹੁਤ ਸਾਰੇ ਮਸਲਿਆਂ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਇਸ ਪੁਸਤਕ ਵਿਚ ਲਗਭਗ ਪੌਣੇ ਕੁ ਚਾਰ ਦਰਜਨ ਆਪਣੇ ਨਿਬੰਧਾਂ ਵਿਚ ਲੇਖਿਕਾ ਨੇ ਸਾਡੀ ਨਿੱਤਾਪ੍ਰਤੀ ਜ਼ਿੰਦਗੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਿਆਂ ਜਿਥੇ ਸਰਕਾਰਾਂ ਦੀ ਅਤੇ ਰਾਜਨੀਤਕ ਵਿਅਕਤੀ ਦੀ ਅਵੇਸਲੇਪਨ ਦੀ ਸਥਿਤੀ ਨੂੰ ਬਿਆਨ ਕੀਤਾ ਹੈ, ਉਥੇ ਉਸ ਦਾ ਇਹ ਵੀ ਮੱਤ ਹੈ ਸਿਸਟਮ ਨੂੰ ਵਿਗਾੜਨ ਵਿਚ ਸਾਡਾ ਵੀ ਬਰਾਬਰ ਯੋਗਦਾਨ ਹੈ ਕਿਉਂਕਿ ਅਸੀਂ ਜਾਂ ਤਾਂ ਸਿਸਟਮ ਦੇ ਅਨੁਸਾਰੀ ਬਣ ਕੇ ਆਪਣਾ ਕੰਮ ਕੱਢ ਰਹੇ ਹਾਂ ਜਾਂ ਫਿਰ ਦੁਖੀ ਹੁੰਦੇ ਹਾਂ ਪਰ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਉਹ ਚਾਹੁੰਦੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾਈਏ। ਸਰਕਾਰਾਂ ਦੀ ਸਹੀ ਚੋਣ ਕਰੀਏ ਤਾਂ ਸਾਡੀਆਂ ਸਮੱਸਿਆਵਾਂ ਦੇ ਹੱਲ ਵੀ ਨਿਕਲਣੇ ਸ਼ੁਰੂ ਹੋ ਜਾਣਗੇ। ਉਹ ਆਪਣੇ ਨਿਬੰਧਾਂ ਵਿਚ ਇਸ ਗੱਲ ਦਾ ਵੀ ਇਜ਼ਹਾਰ ਕਰਦੀ ਹੈ ਕਿ ਕਿਵੇਂ ਅਸੀਂ ਆਪਣੇ ਸਵਾਰਥ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਾਂ। ਤਕਨਾਲੋਜੀ ਸਾਡੀ ਸਹੂਲਤ ਵਾਸਤੇ ਸੀ ਪਰ ਇਸ ਦੀ ਦੁਰਵਰਤੋਂ ਵੀ ਸਾਡੇ ਲਈ ਘਾਤਕ ਸਿੱਧ ਹੋ ਰਹੀ ਹੈ। ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨੀ ਦੇਸ਼ ਦੇ ਭਵਿੱਖ ਬਾਰੇ ਕਿਵੇਂ ਸੋਚੇਗੀ, ਪਰਿਵਾਰਾਂ ਵਿਚ ਪੈ ਰਿਹਾ ਖ਼ਲਲ, ਰਿਸ਼ਤਿਆਂ ਵਿਚ ਪੈਦਾ ਹੋ ਰਹੀ ਕਸ਼ਮਕਸ਼, ਦਿਖਾਵੇ ਵਾਲੀ ਜ਼ਿੰਦਗੀ ਜਿਊਣਾ ਆਦਿ ਉਸ ਦੇ ਫ਼ਿਕਰ ਹਨ ਜੋ ਉਸ ਨੇ ਆਪਣੇ ਇਨ੍ਹਾਂ ਲਘੂ ਨਿਬੰਧਾਂ ਵਿਚ ਪੇਸ਼ ਕੀਤੇ ਹਨ। ਜਿਥੇ ਲੇਖਿਕਾ ਇਨ੍ਹਾਂ ਸਮੱਸਿਆਵਾਂ ਬਾਰੇ ਜ਼ਿਕਰ ਕਰਦੀ ਹੈ, ਉਥੇ ਸਮਾਜ ਨੂੰ ਸੋਹਣਾ ਬਣਾਉਣ ਲਈ ਕਿਰਤ ਦੀ ਮਹਾਨਤਾ ਬਾਰੇ ਵੀ ਵਿਚਾਰ ਪੇਸ਼ ਕਰਦੀ ਹੈ। ਪ੍ਰਭਜੋਤ ਕੌਰ ਢਿੱਲੋਂ ਦੇ ਇਹ ਨਿਬੰਧ ਮਨੁੱਖ ਨੂੰ ਸੋਚਣ ਵਿਚਾਰਨ ਅਤੇ ਸਮਾਜ ਦੇਸ਼ ਅਤੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਵਾਲੇ ਹਨ। ਇਸ ਪੁਸਤਕ ਵਿਚ ਇਕ ਨਿਬੰਧ ਉਸ ਨੇ ਆਪਣੇ ਪਿੰਡ ਭੁੱਲਰ ਬੇਟ ਬਾਰੇ ਵੀ ਸ਼ਾਮਿਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

04-01-2023

 ਸਿੱਖ ਧਰਮ ਦਾ ਅਧਾਰ ਸੱਚ ਹੈ
ਲੇਖਕ ਅਤੇ ਪ੍ਰਕਾਸ਼ਕ : ਦੇਵਿੰਦਰਜੀਤ ਸਿੰਘ
ਵਿਕ੍ਰੇਤਾ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 125
ਸੰਪਰਕ : 82838-39272

ਲੇਖਕ ਦੇਵਿੰਦਰਜੀਤ ਸਿੰਘ ਦੀ ਹੱਥਲੀ ਪੁਸਤਕ ਨਸਲ, ਰੰਗ-ਰੂਪ, ਲਿੰਗ ਭੇਦ ਭਾਵ ਤੇ ਭਰਮਵਾਦ ਤੋਂ ਰਹਿਤ ਹੈ। ਪੁਸਤਕ ਵਿਚ 20 ਲੇਖ ਸ਼ਾਮਿਲ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸੰਬੰਧੀ ਸੰਖੇਪ ਜਾਣਕਾਰੀ ਤੋਂ ਸ਼ੁਰੂ ਹੁੰਦੀ ਇਹ ਕਿਤਾਬ ਸੇਵਾ ਦੀ ਮਹਾਨਤਾ ਨਾਲ ਸੰਪੂਰਨ ਹੁੰਦੀ ਹੈ। ਲੇਖਕ ਨੇ ਇਹ ਕਿਤਾਬ ਆਪਣੀ ਮਾਤਾ ਨੂੰ ਸਮਰਪਿਤ ਕੀਤੀ ਹੈ। ਕਿਤਾਬ ਵਿਚ ਸ਼ਾਮਿਲ ਲੇਖ-ਸਿਰਲੇਖ ਭਾਵਪੂਰਤ ਤੇ ਦਿਲਚਸਪੀ ਪੈਦਾ ਕਰਨ ਵਾਲੇ ਹਨ ਜਿਵੇਂ ਮਾਨਵਤਾ ਲਈ ਵੱਡਾ ਸੰਦੇਸ਼ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਰੱਬ ਵਾਹਿਗੁਰੂ ਬਾਰੇ ਮੁਢਲੀ ਜਾਣਕਾਰੀ, ਸੱਚੇ ਪ੍ਰਭੂ ਬਾਰੇ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅਰਜਨ ਸਾਹਿਬ ਵਲੋਂ ਮਨੁੱਖਤਾ ਨੂੰ ਮਹਾਨ ਫਲਸਫੇ ਦੀ ਬਖਸ਼ਿਸ਼, 'ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ' ਅਤੇ 'ਸਰਬ ਰੋਗ ਕਾ ਅਉਖਦੁ ਨਾਮੁ, ਦਸ ਗੁਰੂ ਸਾਹਿਬਾਨ' ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਸੰਬੰਧੀ ਗੁਣਕਾਰੀ ਤੇ ਸੰਖੇਪ ਜਾਣਕਾਰੀ, ਈਸ਼ਵਰ ਦੀ ਸਰਬਉੱਤਮ ਰਚਨਾ ਮਨੁੱਖ, ਮਨ ਤੇ ਸਰੀਰ ਦਾ ਸੰਬੰਧ ਅਤੇ ਕਰਮ ਫਲ, 'ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ, ਸਵਰਗ-ਨਰਕ ਅਤੇ ਆਤਮਾ, ਭਰਮਵਾਦ ਨੂੰ ਸਿੱਖ ਧਰਮ ਵਿਚ ਕੋਈ ਮਾਨਤਾ ਨਹੀਂ। ਸਿੱਖ ਧਰਮ ਦੇ ਰੀਤੀ ਰਿਵਾਜ਼ ਅਤੇ ਅਨੰਦ ਕਾਰਜ ਦੀਆਂ ਰਸਮਾਂ, ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਅਤੇ ਨਿਵੇਕਲੀ ਸ਼ਹਾਦਤ। ਇਸੇ ਤਰ੍ਹਾਂ ਸਿੱਖਾਂ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਜਰਨੈਲ ਹਰੀ ਸਿੰਘ ਨਲਵਾ। ਚੌਰਾਸੀ ਲੱਖ ਜੂਨਾਂ-ਧਰਮਰਾਜ ਚਿਤਰ ਗੁਪਤ ਤੇ ਜਮਦੂਤ ਕੀ ਹਨ, ਬਾਰੇ ਚਰਚਾ, ਸਿੱਖ ਧਰਮ ਵਿਚ ਇਸਤਰੀ ਤੇ ਪੁਰਸ਼ ਦਾ ਸਮਾਨ ਦਰਜਾ, ਭਾਈ ਘਨੱਈਆ ਜੀ ਪਹਿਲੀ ਰੈੱਡਕਰਾਸ ਸੰਸਥਾ, 'ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ', 'ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਊਮੈ ਫੈਲੁ'॥ ਅਤੇ ਅਖੀਰ ਵਿਚ ਸਿੱਖ ਧਰਮ ਵਿਚ ਸੇਵਾ ਦੀ ਮਹਾਨਤਾ ਲੇਖ ਦਰਜ ਕੀਤਾ ਗਿਆ ਹੈ। ਲੇਖਕ ਆਪਣੇ ਹਰ ਲੇਖ ਵਿਚ ਆਪੇ ਸਵਾਲ ਕਰਦਾ ਹੈ ਤੇ ਫਿਰ ਗੁਰਬਾਣੀ ਤੇ ਵਿਗਿਆਨ ਦੀ ਕਸਵੱਟੀ 'ਤੇ ਸੁੰਦਰ ਜਵਾਬ ਦਿੰਦਾ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਲਈ ਇਹ ਪੁਸਤਕ ਪੜ੍ਹਨਯੋਗ ਹੈ। ਇਸ ਵਿਚ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਗੁਰਬਾਣੀ ਦੇ ਆਧਾਰਤ ਪ੍ਰਮਾਣਾਂ ਸਹਿਤ ਹੈ। ਕੁਝ ਭਰਮ-ਭੁਲੇਖਿਆਂ ਦਾ ਨਿਵਾਰਨ ਕਰਨ ਦਾ ਚੰਗਾ ਯਤਨ ਹੈ। ਆਤਮਾ, ਪਰਮਾਤਮਾ ਮਨ ਤੇ ਸਵਰਗ ਨਰਕ ਤੇ ਅਗਲੇ ਜੀਵਨ ਬਾਰੇ ਭਰਮ ਨੂੰ ਵੀ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਦਸ ਜੋਤਿ ਰੂਪ ਵਿਚ ਸੱਚੇ ਪ੍ਰਭੂ ਦਾ ਗਿਆਨ, ਸੱਚੀ ਜੀਵਨ ਜਾਂਚ ਜਿਊਣ ਦਾ ਤਰੀਕਾ ਤੇ ਕੁਦਰਤ ਬਾਰੇ ਵਿਸ਼ਾਲ ਜਾਣਕਾਰੀ ਆਪਣੀ ਬਾਣੀ ਵਿਚ ਦਿੱਤੀ ਹੈ ਜੋ ਕਿ ਸੱਚ ਤੇ ਵਿਗਿਆਨ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ, ਭਰਮਵਾਦ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਭਰਮ ਤੇ ਝੂਠ ਹਮੇਸ਼ਾ ਦੁਖ ਦਿੰਦੇ ਹਨ। ਗੁਰੂ ਜੀ ਨੇ ਆਪਣੀ ਬਾਣੀ ਵਿਚ ਇਸਤਰੀ ਮਰਦ ਨੂੰ ਬਰਾਬਰ ਦਾ ਸਨਮਾਨ ਦਿੱਤਾ ਹੈ ਅਤੇ ਲੋਕਾਂ ਨੂੰ ਸੁਖਾਲੀ, ਸਾਦੀ ਜ਼ਿੰਦਗੀ ਦੀ ਪ੍ਰੇਰਨਾ ਦਿੱਤੀ। ਵੀਹ ਲੇਖ ਹੀ ਸਿੱਖ ਧਰਮ ਦਾ ਧੁਰਾ ਹਨ। ਸਰਲ ਸਪੱਸ਼ਟ ਤੇ ਭਾਵਪੂਰਤ ਤਰੀਕੇ ਨਾਲ ਲੇਖਕ ਗੁਰਬਾਣੀ ਦੀ ਸੇਧ ਵਿਚ ਜਾਣਕਾਰੀ ਮੁਹੱਈਆ ਕਰਦਾ ਹੈ। ਸਿੱਖ ਧਰਮ ਸੰਬੰਧੀ ਲੇਖ ਸੰਗ੍ਰਹਿ ਦਾ ਸਵਾਗਤ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬਿਖੜੇ ਰਾਹਾਂ ਦਾ ਦਰਵੇਸ਼ ਪਾਂਧੀ
ਸ. ਪਿਆਰਾ ਸਿੰਘ ਭੋਲਾ
ਲੇਖਕ : ਹਰਨਾਮ ਸਿੰਘ ਡੱਲਾ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ :94177-73283

ਇਹ ਪੁਸਤਕ ਸ. ਪਿਆਰਾ ਸਿੰਘ ਭੋਲਾ ਦੇ ਸੰਘਰਸ਼ਮਈ ਜੀਵਨ 'ਤੇ ਝਾਤ ਪੁਆਉਂਦੀ ਹੈ। ਇਕ ਗ਼ਰੀਬ ਕੰਮੀ ਪਰਿਵਾਰ ਵਿਚ ਜਨਮੇ ਪਿਆਰਾ ਸਿੰਘ ਨੇ ਇਕ ਆਦਰਸ਼ਵਾਦੀ ਅਤੇ ਪਰਉਪਕਾਰੀ ਜੀਵਨ ਬਿਤਾਇਆ ਹੈ। ਲੇਖਕ ਨੇ 1938 ਈ: ਵਿਚ ਕੰਮੀਆਂ ਦੇ ਵਿਹੜੇ ਜੰਮੇ ਪਿਆਰਾ ਸਿੰਘ ਦੀ ਅਨੂਠੀ ਪ੍ਰਤਿਭਾ, ਜੀਵਨ ਜਾਚ, ਦੂਜਿਆਂ ਦੇ ਕੰਮ ਆਉਣ ਦੀ ਰੀਝ, ਵਿੱਦਿਆ ਦੇ ਖੇਤਰ ਦੀਆਂ ਸ਼ਾਨਦਾਰ ਪ੍ਰਾਪਤੀਆਂ, ਸੇਵਾ ਅਤੇ ਸਿਮਰਨ ਦਾ ਚਾਅ, ਗ਼ਰੀਬ ਬੱਚਿਆਂ ਦੀ ਮਦਦ ਅਤੇ ਮਾਨਵਵਾਦੀ ਰੁਚੀਆਂ ਨੂੰ ਉਜਾਗਰ ਕੀਤਾ ਹੈ। ਉਸ ਨੇ ਸੱਚੀ-ਸੁੱਚੀ ਕਿਰਤ ਕਮਾਈ ਕਰ ਕੇ ਵੰਡ ਛਕਣ ਦੀ ਪ੍ਰੰਪਰਾ ਉੱਪਰ ਪਹਿਰਾ ਦਿੱਤਾ ਹੈ। ਉਹ ਇਕ ਸਫਲ ਅਤੇ ਮਿਹਨਤੀ ਅਧਿਆਪਕ ਰਿਹਾ ਹੈ। ਉਸ ਨੇ ਸਿੱਖਿਆ ਦੇ ਪਸਾਰ ਲਈ ਅਣਥੱਕ ਮਿਹਨਤ ਕੀਤੀ ਹੈ। ਸਿੱਖ ਫ਼ਲਸਫ਼ੇ ਨੂੰ ਅਮਲੀ ਜੀਵਨ ਵਿਚ ਅਪਣਾ ਕੇ ਹੋਰਨਾਂ ਲਈ ਪ੍ਰੇਰਨਾਸਰੋਤ ਬਣਿਆ ਹੈ। ਇਕ ਬੇਘਰੇ ਗੁੱਜਰ ਪਰਿਵਾਰ ਦੇ ਬੱਚੇ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਉਚੇਰੀ ਸਿੱਖਿਆ ਦਿਵਾਈ ਹੈ। ਉਸ ਦੇ ਆਪਣੇ ਪਰਿਵਾਰ ਦੇ ਸਾਰੇ ਜੀਅ ਬਹੁਤ ਪੜ੍ਹੇ ਲਿਖੇ ਹਨ। ਆਪਣੀ ਨੇਕ ਕਮਾਈ ਨੂੰ ਭਲੇ ਕੰਮਾਂ ਲਈ ਵਰਤਿਆ ਹੈ। ਭਾਵੇਂ ਉਸ ਨੂੰ ਕਈ ਵਾਰ ਅਭਿਮਾਨੀਆਂ ਦੇ ਜਾਤ-ਪਾਤ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਪਰ ਅੰਤ ਨੂੰ ਆਪਣੇ ਵਿਹਾਰ, ਆਚਾਰ ਅਤੇ ਸਦਗੁਣਾਂ ਕਰਕੇ ਉਸ ਨੇ ਸਭ ਦਾ ਦਿਲ ਜਿੱਤ ਲਿਆ। ਲੇਖਕ ਦੇ ਪਰਿਵਾਰ ਨਾਲ ਜੀਵਨੀਕਾਰ ਦੀ ਲੰਮੀ ਸਾਂਝ ਰਹੀ ਇਸ ਲਈ ਉਸ ਦੇ ਜੀਵਨ ਅਨੁਭਵਾਂ ਦਾ ਸਾਰ ਸੋਹਣੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਪੁਸਤਕ ਵਿਚ ਗੁਰਬਾਣੀ ਦੇ ਹਵਾਲੇ ਦੇ ਕੇ ਮਾਨਵਵਾਦ, ਇਨਸਾਨੀਅਤ, ਸਾਂਝੀਵਾਲਤਾ ਅਤੇ ਸੱਚ ਦਾ ਸੁਨੇਹਾ ਦਿੱਤਾ ਗਿਆ ਹੈ। ਇਹ ਪੁਸਤਕ ਪ੍ਰੇਰਨਾਦਾਇਕ, ਪੜ੍ਹਨਯੋਗ ਸਮੱਗਰੀ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਕਿੱਥੇ ਨਹੀਂ ਭਗਤ ਸਿੰਘ?
ਲੇਖਕ : ਡਾ. ਸੁਦਰਸ਼ਨ ਗਾਸੋ
ਪ੍ਰਕਾਸ਼ਿਤ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ: 124
ਸੰਪਰਕ : 098962-01036

ਸ਼ਹੀਦਾਂ ਦਾ ਭਾਵੇਂ ਸਰੀਰਕ ਤੌਰ 'ਤੇ ਵਜੂਦ ਨਹੀਂ ਹੁੰਦਾ ਪਰ ਉਹ ਲੋਕਾਂ ਦੇ ਦਿਲ ਦਿਮਾਗ਼ ਵਿਚ ਵਸੇ ਹੋਣ ਕਰਕੇ ਜੀਵਨ ਦੇ ਹਰ ਸੰਗਰਾਮ ਵਿਚ ਹਮੇਸ਼ਾ ਨਾਲ ਨਾਲ ਜੂਝਦੇ ਨਜ਼ਰ ਆਉਂਦੇ ਮਹਿਸੂਸ ਹੁੰਦੇ ਹਨ। ਉਨ੍ਹਾਂ ਦੀ ਵਿਚਾਰਧਾਰਾ ਹਰ ਸਮੇਂ ਤੇ ਹਰ ਥਾਂ ਅਗਵਾਈ ਵੀ ਕਰਦੀ ਤੇ ਸੰਘਰਸ਼ਮਈ ਜੀਵਨ ਵਿਚ ਹੰਭਣ-ਥੱਕਣ ਵੀ ਨਹੀਂ ਦਿੰਦੀ ਅਤੇ ਨਾ ਹੀ ਰੁਕਣ ਦਿੰਦੀ ਹੈ। ਲੋਟੂ ਧਾੜਵੀਆਂ ਦੇ ਵਿਰੋਧ ਵਿਚ ਉਠੇ ਆਜ਼ਾਦੀ ਅੰਦੋਲਨ ਵਿਚ ਨਵੀਂ ਰੂਹ ਫੂਕਣ ਵਾਲੇ ਸਿਰੜੀ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜੀਵਨ ਗਾਥਾ ਦੇ ਪਲ ਪਲ ਨੂੰ ਨਿਵਾਜਣ ਦੇ ਯਤਨ ਵਜੋਂ ਹੀ ਉੱਘੇ ਲੇਖਕ ਡਾ. ਸੁਦਰਸ਼ਨ ਗਾਸੋ ਨੇ 'ਕਿੱਥੇ ਨਹੀਂ ਭਗਤ ਸਿੰਘ?' ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ।
ਸਰਦਾਰ ਭਗਤ ਸਿੰਘ ਦੇ ਛੋਟੇ ਜਿਹੇ ਕਰੀਬ 24 ਸਾਲ ਦੁਨਿਆਵੀ ਜੀਵਨ ਨੂੰ ਖੰਗਾਲਣ ਲਈ ਲੇਖਕ ਨੇ ਬਹੁਤ ਸਾਰੇ ਇਤਿਹਾਸਕ ਤੱਥਾਂ ਤੇ ਲਿਖਤਾਂ ਨੂੰ ਫਰੋਲਿਆ ਹੈ ਤੇ ਮਿਲੇ ਜੀਵਨ ਦੇ ਸੁੱਚੇ ਮੋਤੀਆਂ ਨੂੰ ਵੱਖ-ਵੱਖ ਢਾਈ ਦਰਜਨ ਦੇ ਕਰੀਬ ਸਿਰਲੇਖਾਂ ਤਹਿਤ ਵਧੀਆ ਤੇ ਰੌਚਕਤਾ ਭਰਪੂਰ ਸ਼ੈਲੀ ਵਿਚ ਸ਼ਬਦ ਚਿਤਰਨ ਕੀਤਾ ਹੈ। ਲੇਖ 'ਤੇਰੇ ਲੱਗਦੇ ਬੋਲ ਪਿਆਰੇ' ਵਿਚ ਭਗਤ ਸਿੰਘ ਦੇ ਬੋਲ ਸੁਣਨ ਦੀ ਪਪੀਹੇ ਵਾਲੀ ਤਾਂਘ ਦੀ ਸ਼ਬਦਾਵਲੀ ਮਨ ਨੂੰ ਬਹੁਤ ਟੁੰਬਦੀ ਹੈ, 'ਅਧੂਰੇ ਸੁਪਨੇ' ਵਿਚ ਭਗਤ ਸਿੰਘ ਦੀ ਦਿਲੀ ਚਾਹਤ ਦਾ ਵਰਣਨ ਕਰਨ ਦਾ ਢੰਗ ਤਰੀਕਾ ਦਿਲ ਦਿਮਾਗ਼ ਨੂੰ ਹਲੂਣਾ ਦਿੰਦਾ ਹੋਇਆ ਕਿਸੇ ਨਵੇਂ ਸਵੇਰੇ ਆਸ ਉਮੀਦ ਨੂੰ ਹੋਰ ਮਘਾਉਂਦਾ ਹੈ।
'ਸੁਪਨਿਆਂ ਦਾ ਸਿਰਤਾਜ ਭਗਤ ਸਿੰਘ,
ਕਰੇ ਦਿਲਾਂ 'ਤੇ ਰਾਜ ਭਗਤ ਸਿੰਘ'
'----- ਭਗਤ ਸਿੰਘ ਤਾਂ
ਮਨੁੱਖਤਾ ਦੇ ਰਸਤਿਆਂ ਦੇ ਕੰਡੇ
ਚੁਗਣ ਵੀ ਜਾਣਦਾ ਸੀ---।'
(ਸੁਪਨੇ ਸਾਜ਼ ਭਗਤ ਸਿੰਘ)
ਇਸ ਕਿਤਾਬ ਦੇ ਹਰ ਸਫ਼ੇ 'ਤੇ ਹੀ ਭਗਤ ਸਿੰਘ ਦਾ ਸਾਦਗੀ ਭਰਿਆ ਇਨਕਲਾਬੀ ਪੂਰਨ ਵਜੂਦ ਰੂਪਮਾਨ ਹੋ ਕੇ ਇਹ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਜਾਤਾਂ ਧਰਮਾਂ ਦੇ ਵਲਗਣੇ ਤੋਂ ਉਪਰ ਉਠ ਕੇ ਲੋਕਾਈ ਨੂੰ ਬੁੱਧੂ ਬਣਾਉਣ ਵਾਲੀ ਕਾਰਪੋਰੇਟ ਲੋਟੂ ਬਿਰਤੀ ਅਤੇ ਇਸ ਦੇ ਪਿੱਠੂਆਂ ਦੀਆਂ ਝੂਠੀਆਂ ਤੇ ਸ਼ੇਖੀਆਂ ਭਰੀਆਂ ਕਰਤੂਤਾਂ /ਗਲੈਮਰ ਕਲਚਰ ਜੋ ਮਨੁੱਖਤਾ ਲਈ ਵੀ ਤੇ ਵਾਤਾਵਰਨ ਲਈ ਵੀ ਸਭ ਤੋਂ ਵੱਧ ਖ਼ਤਰਨਾਕ ਹੈ, ਬਾਰੇ ਚਿੰਤਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਨਸ਼ਿਆਂ ਅਤੇ ਹੋਰ ਬੁਰਾਈਆਂ ਦੀ ਦਲਦਲ ਤੋਂ ਬਚ ਕੇ ਕਿਰਤ ਨਾਲ ਜੁੜਨਾ ਅਤੇ ਲੁਕਵੇਂ ਦੁਸ਼ਮਣ ਦੀਆਂ ਮਾਰੂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣਾ ਵੀ ਬਹੁਤ ਜ਼ਰੂਰੀ ਹੈ। ਸੋ ਭਗਤ ਸਿੰਘ ਦੇ ਜੀਵਨ ਦੇ ਹਰ ਪਹਿਲੂ ਦਾ ਬੜੀ ਵਿਦਵਤਾ ਭਰਪੂਰ ਮੰਥਨ ਕਰਨ ਵਾਲੀ ਇਹ ਪੁਸਤਕ 'ਕਿੱਥੇ ਨਹੀਂ ਭਗਤ ਸਿੰਘ?' ਉਸ ਹਰ ਸ਼ਖਸ ਨੂੰ ਇਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੋ ਖ਼ੁਦ, ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੋਇਆ ਜ਼ਾਲਮ ਤੇ ਉਸ ਜ਼ੁਲਮ ਦੇ ਵਿਰੋਧ ਵਿਚ ਖੜ੍ਹਨਾ ਲੋਚਦਾ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858


ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 450 ਰੁਪਏ, ਸਫ਼ੇ 285
ਸੰਪਰਕ : 099588-31357

ਹਥਲੀ ਪੁਸਤਕ ਗੁਰਚਰਨ ਕੌਰ ਕੋਚਰ ਦੀਆਂ ਕੁੱਲ ਗ਼ਜ਼ਲਾਂ ਉੱਤੇ ਆਧਾਰਿਤ ਹੈ, ਜਿਸ ਵਿਚ ਡਾ. ਬਲਦੇਵ ਸਿੰਘ ਬੱਦਨ ਨੇ ਕੋਚਰ ਦੀਆਂ ਗ਼ਜ਼ਲਾਂ ਦੇ ਪਾਸਾਰ ਉੱਤੇ ਵਿਆਪਕਤਾ ਅਤੇ ਪ੍ਰਤਿਭਾ ਨਾਲ ਕਾਰਜ ਸਿਰੇ ਚਾੜ੍ਹਿਆ ਹੈ। ਡਾ. ਬਲਦੇਵ ਸਿੰਘ ਬੱਦਨ ਪੂਰਵ ਸਹਾਇਕ ਨਿਰਦੇਸ਼ਕ ਅਤੇ ਮੁੱਖ ਸੰਪਾਦਕ ਨੈਸ਼ਨਲ ਬੁੱਕ ਟਰੱਸਟ ਇੰਡੀਆ ਨਵੀਂ ਦਿੱਲੀ ਹਨ। ਬੱਦਨ ਨੇ 100 ਤੋਂ ਵਧੇਰੇ ਪੁਸਤਕਾਂ ਦੀ ਸੰਪਾਦਨਾ ਦਾ ਕਾਰਜ ਕੀਤਾ ਹੈ। ਬਹੁਤ ਸਾਰੇ ਲੋੜਵੰਦਾਂ ਦੀਆਂ ਪੁਸਤਕਾਂ ਉਨ੍ਹਾਂ ਨੇ ਆਪਣੇ ਵਸੀਲਿਆਂ ਨਾਲ ਵੀ ਪ੍ਰਕਾਸ਼ਿਤ ਕਰਵਾਈਆਂ ਹਨ। ਉਨ੍ਹਾਂ ਨੂੰ ਇਕ ਸਾਹਿਤਕ ਰਿਸ਼ੀ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਪੁਸਤਕ ਦੀ ਭੂਮਿਕਾ ਸ੍ਰੀ ਬੱਦਨ ਨੇ ਬੜੇ ਸਹਿਜ ਅਤੇ ਸੁਹਜ ਨਾਲ ਲਿਖੀ ਹੈ ਅਤੇ ਡਾ. ਕੋਚਰ ਦੀ ਗ਼ਜ਼ਲਕਾਰੀ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਵੀ ਕੀਤਾ ਹੈ। ਡਾ. ਬੱਦਨ ਨੇ ਇਸ ਯਾਦਗਾਰੀ ਪੁਸਤਕ ਵਿਚ ਦੋ ਦਰਜਨਾਂ ਤੋਂ ਵੀ ਵਧੇਰੇ ਨਾਮਵਰ ਗ਼ਜ਼ਲ ਵਿਦਵਾਨਾਂ ਦੇ ਲੇਖ ਇਕੱਤਰ ਕਰਕੇ ਮੋਤੀਆਂ ਵਾਂਗ ਪਰੋਏ ਹਨ। ਜਿਨ੍ਹਾਂ ਵਿਦਵਾਨਾਂ ਦੇ ਲੇਖ/ਅਲੇਖ ਗੁਰਚਰਨ ਕੌਰ ਕੋਚਰ ਬਾਰੇ ਇਸ ਪੁਸਤਕ ਵਿਚ ਦਿੱਤੇ ਗਏ ਹਨ, ਉਨ੍ਹਾਂ ਵਿਚ ਸਰਵਸ੍ਰੀ ਸੁਰਜੀਤ ਪਾਤਰ, ਅਜਾਇਬ ਚਿੱਤਰਕਾਰ, ਸਰਦਾਰ ਪੰਛੀ, ਸੁਲੱਖਣ ਸਰਹੱਦੀ (ਦੋ ਲੇਖ), ਡਾ. ਅਰਵਿੰਦਰ ਕਾਕੜਾ, ਪ੍ਰੋ. ਜਸਪਾਲ ਘਈ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਤੇਜਵੰਤ ਮਾਨ, ਕੁਲਵੰਤ ਜਗਰਾਓਂ, (ਦੋ ਲੇਖ), ਡਾ. ਧਰਮ ਚੰਦ ਵਾਤਿਸ਼, ਡਾ. ਅਮਰ ਕੋਮਲ, ਜਗਮੀਤ ਹਰਫ਼, ਅੰਮ੍ਰਿਤਪਾਲ ਸਿੰਘ ਸੈਦਾ, ਜਨਾਬ ਦੀਪਕ ਜੈਤੋਈ, ਗੁਲਜ਼ਾਰ ਸਿੰਘ ਸੰਧੂ, ਦੇਸ ਰਾਜ ਜੀਤ, ਹਰਪਿੰਦਰ ਰਾਣਾ, ਪ੍ਰੋ. ਨਵ ਸੰਗੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਡਾ. ਸੁਦਰਸ਼ਨ ਗਾਸੋ, ਡਾ. ਸੁਰਿੰਦਰ ਕੋਮਲ, ਡਾ. ਸੁਰਿੰਦਰ ਕੌਰ ਨਰੂਲਾ, ਮਾਲਵਿੰਦਰ ਸ਼ਾਇਰ, ਬਲਬੀਰ ਸਿੰਘ ਸੈਣੀ, ਡਾ. ਭੁਪਿੰਦਰ ਕੌਰ ਕਵਿਤਾ, ਹਰਮੀਤ ਸਿੰਘ ਅਟਵਾਲ, ਕਰਮ ਸਿੰਘ ਜ਼ਖ਼ਮੀ, ਡਾ. ਬਲਵਿੰਦਰ ਸਿੰਘ ਡਾ. ਧਰਮਪਾਲ ਸਾਹਿਲ, ਇੰਦਰਜੀਤ ਹਸਨਪੁਰੀ, ਮਿੱਤਰ ਨਕੋਦਰੀ, ਹਰਮਿੰਦਰ ਕੋਹਾਰਵਾਲਾ ਸ਼ਾਮਿਲ ਹਨ। ਇਨ੍ਹਾਂ ਉਕਤ ਵਿਦਵਾਨਾਂ ਤੋਂ ਇਲਾਵਾ ਕੁਝ ਸਤਿਕਾਰਤ ਵਿਦਵਾਨਾਂ ਦੇ ਵਿਚਾਰ ਵੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਜਸਵੰਤ ਸਿੰਘ ਕੰਵਲ, ਪ੍ਰੋ. ਗੁਰਭਜਨ ਗਿੱਲ, ਡਾ. ਐਸ. ਤਰਸੇਮ, ਅਮਰਜੀਤ ਸਿੰਘ ਸੰਧੂ, ਪ੍ਰੋ. ਗੁਰਭਜਨ ਸਿੰਘ ਭਾਟੀਆ, ਡਾ. ਜੋਗਿੰਦਰ ਸਿੰਘ ਨਿਰਾਲਾ, ਗੁਰਦਿਆਲ ਰੌਸ਼ਨ ਅਤੇ ਡਾ. ਮਹਿੰਦਰ ਸਿੰਘ ਘੱਗ (ਕੈਲੀਫੋਰਨੀਆ) ਹਨ। ਕਮਾਲ ਇਹ ਹੈ ਕਿ ਗੁਰਚਰਨ ਕੌਰ ਕੋਚਰ ਬਾਰੇ ਕਾਵਿ ਰੇਖਾ ਚਿੱਤਰ ਵੀ ਸ਼ਾਮਿਲ ਕੀਤੇ ਗਏ ਹਨ... ਅੰਤ ਵਿਚ ਡਾ. ਗੁਰਚਰਨ ਕੌਰ ਕੋਚਰ ਦੇ ਮਾਨ-ਸਨਮਾਨ ਦੀ ਮਿਤੀ ਤੇ ਸਭਾ ਅਨੁਸਾਰ ਸੂਚੀ ਦਿੱਤੀ ਗਈ ਹੈ। ਡਾ. ਬੱਦਨ ਨੇ ਜਿੰਨੀ ਮਿਹਨਤ, ਲਗਨ ਅਤੇ ਪ੍ਰਤਿਭਾ ਨਾਲ ਡਾ. ਕੋਚਰ ਦੀ ਗ਼ਜ਼ਲ ਬਾਰੇ ਲਿਖਤਾਂ ਇਕੱਤਰ ਕਰਕੇ ਛਾਪੀਆਂ ਹਨ, ਉਸ ਨਾਲ ਉਸ ਦਾ ਇਤਿਹਾਸਕ ਕਾਰਜ ਅਮਰ ਹੋਇਆ ਹੈ। ਕਿਤਾਬ ਸਾਂਭਣਯੋਗ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਮੈਂ ਤੇ ਆਕਾਸ਼
ਲੇਖਕ : ਭਗਤ ਨਾਰਾਇਣ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94635-24337

ਹਥਲਾ ਕਾਵਿ-ਸੰਗ੍ਰਹਿ 'ਮੈਂ ਤੇ ਆਕਾਸ਼' ਉੱਘੇ ਕਵੀ ਭਗਤ ਨਰਾਇਣ ਦੀ ਦੂਜੀ ਪ੍ਰਕਾਸ਼ਿਤ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇਕ ਪੁਸਤਕ 'ਗੁੰਮਨਾਮ ਖ਼ਤ' ਵੀ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੀ ਹੈ। ਕੁਦਰਤ ਨਾਲ ਪ੍ਰੇਮ ਕਰਨ ਵਾਲੇ ਇਸ ਅਨੂਠੇ ਕਵੀ ਦੀਆਂ ਕਵਿਤਾਵਾਂ ਵਿਚ ਵਰਤੇ ਗਏ ਪ੍ਰਤੀਕ, ਬਿੰਬ ਅਤੇ ਅਲੰਕਾਰ ਵੀ ਕੁਦਰਤੀ ਵਰਤਾਰਿਆਂ ਨਾਲ ਹੀ ਇਕਸੁਰ ਹਨ। ਅਜੋਕੀ ਪਦਾਰਥਵਾਦੀ ਚਕਾਚੌਂਧ ਤਾਂ ਉਨ੍ਹਾਂ ਦੀ ਕਾਵਿਕਤਾ ਨੂੰ ਉੱਕਾ ਹੀ ਪ੍ਰਵਾਨ ਨਹੀਂ ਹੁੰਦੀ:
ਚਿੜੀਆਂ ਦੀ ਚੂੰ-ਚੂੰ
ਇਕੱਲਤਾ ਤੋੜਦੀ ਹੈ
ਫਿਰ ਵੀ ਲੱਗਦਾ, ਇਕੱਲਾ ਹਾਂ
ਉਡੀਕ ਰਿਹਾਂ, ਬੈਠਾ ਉਡੀਕ ਘਰ
ਘਰ, ਉਡੀਕ ਘਰ ਲੱਗਦਾ
ਆਜ਼ਾਦੀ ਦੀ ਪੌਣੀ ਸਦੀ ਬੀਤਣ ਦੇ ਬਾਵਜੂਦ ਵੀ ਅਜੇ ਕਿਰਤੀ ਦੇ ਚੁੱਲ੍ਹੇ ਵਿਚ ਅੱਗ ਨਹੀਂ ਬਲ ਸਕੀ ਅਤੇ ਸੱਤ੍ਹਾ 'ਤੇ ਕਾਬਜ਼ ਧਿਰਾਂ ਅਜੇ ਵੀ ਆਪਣੇ ਸਵਾਰਥਾਂ ਦੀ ਪੂਰਤੀ ਲਈ ਮਨੁੱਖ ਹੱਥੋਂ ਮਨੁੱਖ ਦਾ ਕਤਲ ਕਰਵਾਉਣ ਵਿਚ ਜੁੱਟੀਆਂ ਹੋਈਆਂ ਹਨ। ਲੋਕ-ਮੁਕਤੀ ਦੀਆਂ ਗੱਲਾਂ ਕਰਨ ਵਾਲੀਆਂ ਇਨਕਲਾਬੀ ਧਿਰਾਂ ਵੀ ਆਮ ਆਦਮੀ ਨੂੰ ਭਾਸ਼ਣਬਾਜ਼ ਤੋਂ ਵਧ ਕੇ ਕੁਝ ਵੀ ਨਹੀਂ ਦੇ ਸਕੀਆਂ ਕਿਉਂਕਿ ਇਨਕਲਾਬ ਦੇ ਬੀਜ ਬੀਜਣ ਦੀ ਤਾਂ ਕਦੇ ਕੋਸ਼ਿਸ਼ ਹੀ ਨਹੀਂ ਹੋਈ:
ਚੱਲ ਆ ਬੀਜ ਆਈਏ
ਮਜ਼ਦੂਰ ਬਸਤੀਆਂ 'ਚ
ਇਨਕਲਾਬ ਸ਼ਬਦ ਦੇ ਬੀਜ
ਇਨਕਲਾਬ ਸ਼ਬਦ
ਭੁੱਖਿਆਂ ਦਾ ਢਿੱਡ ਨਹੀਂ ਭਰੇਗਾ
ਕੋਰੋਨਾ ਕਾਲ ਦੌਰਾਨ ਅਕਾਲ ਚਲਾਣਾ ਕਰ ਗਏ ਆਪਣੇ ਜਵਾਨ ਪੁੱਤਰ ਪ੍ਰਭਾਤ ਕਿਰਨ ਭਗਤ ਨੂੰ ਸਮਰਪਿਤ ਉਨ੍ਹਾਂ ਦਾ ਇਹ ਖ਼ੂਬਸੂਰਤ ਕਾਵਿ-ਸੰਗ੍ਰਹਿ ਪ੍ਰਮਾਣਿਤ ਕਰਦਾ ਹੈ ਕਿ ਭਗਤ ਨਰਾਇਣ ਮਨੁੱਖੀ ਜੀਵਨ ਦੇ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਫਰੋਲਣ ਦੀ ਬੜੀ ਸੂਖਮ ਸੂਝ ਰੱਖਦੇ ਹਨ। ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸ਼ੋਸ਼ਣ ਦੇ ਖ਼ਿਲਾਫ਼ ਆਪਣੀ ਬੇਬਾਕ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਦੀ ਕਵਿਤਾ ਅਮਨ ਦਾ ਹੋਕਾ ਦਿੰਦੀ ਹੈ। ਉਮੀਦ ਹੈ ਕਿ ਉਨ੍ਹਾਂ ਦੇ ਇਸ ਕਲਿਆਣਕਾਰ ਹੋਕੇ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਜ਼ਰੂਰ ਮਿਲੇਗਾ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

 c c

 

ਸੋਚ ਬਦਲੋ ਸਮਾਜ ਬਦਲੋ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138

ਸੰਪਰਕ : 98150-30221

ਪ੍ਰਭਜੋਤ ਕੌਰ ਢਿੱਲੋਂ ਨਿਰੰਤਰ ਲਿਖਣ ਪੜ੍ਹਨ ਵਾਲੀ ਸ਼ਖ਼ਸੀਅਤ ਹੈ। ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਸ਼ਿਆਂ ਉੱਤੇ ਉਹ ਨਿਰੰਤਰਤਾ ਨਾਲ ਆਪਣੀ ਕਲਮ ਚਲਾਉਂਦੀ ਹੈ। ਉਹ ਸਮਾਜ ਵਿਚ ਫੈਲੇ ਕੁਹਜ ਬਾਰੇ ਆਪਣੀਆਂ ਲਿਖਤਾਂ ਵਿਚ ਫ਼ਿਕਰਮੰਦੀ ਦਾ ਇਜ਼ਹਾਰ ਕਰਦੀ ਹੋਈ ਇਨ੍ਹਾਂ ਵਿਸੰਗਤੀਆਂ ਬਾਰੇ ਜਾਗਰੂਕਤਾ ਦਾ ਹੋਕਾ ਦਿੰਦੀ ਹੈ। 'ਸੋਚ ਬਦਲੋ ਸਮਾਜ ਬਦਲੋ' ਪ੍ਰਭਜੋਤ ਕੌਰ ਢਿੱਲੋਂ ਦੀ ਨਵੀਂ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਸਾਡੇ ਸਮਾਜ ਦੇ ਬਹੁਤ ਸਾਰੇ ਮਸਲਿਆਂ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਇਸ ਪੁਸਤਕ ਵਿਚ ਲਗਭਗ ਪੌਣੇ ਕੁ ਚਾਰ ਦਰਜਨ ਆਪਣੇ ਨਿਬੰਧਾਂ ਵਿਚ ਲੇਖਿਕਾ ਨੇ ਸਾਡੀ ਨਿੱਤਾਪ੍ਰਤੀ ਜ਼ਿੰਦਗੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਿਆਂ ਜਿਥੇ ਸਰਕਾਰਾਂ ਦੀ ਅਤੇ ਰਾਜਨੀਤਕ ਵਿਅਕਤੀ ਦੀ ਅਵੇਸਲੇਪਨ ਦੀ ਸਥਿਤੀ ਨੂੰ ਬਿਆਨ ਕੀਤਾ ਹੈ, ਉਥੇ ਉਸ ਦਾ ਇਹ ਵੀ ਮੱਤ ਹੈ ਸਿਸਟਮ ਨੂੰ ਵਿਗਾੜਨ ਵਿਚ ਸਾਡਾ ਵੀ ਬਰਾਬਰ ਯੋਗਦਾਨ ਹੈ ਕਿਉਂਕਿ ਅਸੀਂ ਜਾਂ ਤਾਂ ਸਿਸਟਮ ਦੇ ਅਨੁਸਾਰੀ ਬਣ ਕੇ ਆਪਣਾ ਕੰਮ ਕੱਢ ਰਹੇ ਹਾਂ ਜਾਂ ਫਿਰ ਦੁਖੀ ਹੁੰਦੇ ਹਾਂ ਪਰ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਉਹ ਚਾਹੁੰਦੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾਈਏ। ਸਰਕਾਰਾਂ ਦੀ ਸਹੀ ਚੋਣ ਕਰੀਏ ਤਾਂ ਸਾਡੀਆਂ ਸਮੱਸਿਆਵਾਂ ਦੇ ਹੱਲ ਵੀ ਨਿਕਲਣੇ ਸ਼ੁਰੂ ਹੋ ਜਾਣਗੇ। ਉਹ ਆਪਣੇ ਨਿਬੰਧਾਂ ਵਿਚ ਇਸ ਗੱਲ ਦਾ ਵੀ ਇਜ਼ਹਾਰ ਕਰਦੀ ਹੈ ਕਿ ਕਿਵੇਂ ਅਸੀਂ ਆਪਣੇ ਸਵਾਰਥ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਾਂ। ਤਕਨਾਲੋਜੀ ਸਾਡੀ ਸਹੂਲਤ ਵਾਸਤੇ ਸੀ ਪਰ ਇਸ ਦੀ ਦੁਰਵਰਤੋਂ ਵੀ ਸਾਡੇ ਲਈ ਘਾਤਕ ਸਿੱਧ ਹੋ ਰਹੀ ਹੈ। ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨੀ ਦੇਸ਼ ਦੇ ਭਵਿੱਖ ਬਾਰੇ ਕਿਵੇਂ ਸੋਚੇਗੀ, ਪਰਿਵਾਰਾਂ ਵਿਚ ਪੈ ਰਿਹਾ ਖ਼ਲਲ, ਰਿਸ਼ਤਿਆਂ ਵਿਚ ਪੈਦਾ ਹੋ ਰਹੀ ਕਸ਼ਮਕਸ਼, ਦਿਖਾਵੇ ਵਾਲੀ ਜ਼ਿੰਦਗੀ ਜਿਊਣਾ ਆਦਿ ਉਸ ਦੇ ਫ਼ਿਕਰ ਹਨ ਜੋ ਉਸ ਨੇ ਆਪਣੇ ਇਨ੍ਹਾਂ ਲਘੂ ਨਿਬੰਧਾਂ ਵਿਚ ਪੇਸ਼ ਕੀਤੇ ਹਨ। ਜਿਥੇ ਲੇਖਿਕਾ ਇਨ੍ਹਾਂ ਸਮੱਸਿਆਵਾਂ ਬਾਰੇ ਜ਼ਿਕਰ ਕਰਦੀ ਹੈ, ਉਥੇ ਸਮਾਜ ਨੂੰ ਸੋਹਣਾ ਬਣਾਉਣ ਲਈ ਕਿਰਤ ਦੀ ਮਹਾਨਤਾ ਬਾਰੇ ਵੀ ਵਿਚਾਰ ਪੇਸ਼ ਕਰਦੀ ਹੈ। ਪ੍ਰਭਜੋਤ ਕੌਰ ਢਿੱਲੋਂ ਦੇ ਇਹ ਨਿਬੰਧ ਮਨੁੱਖ ਨੂੰ ਸੋਚਣ ਵਿਚਾਰਨ ਅਤੇ ਸਮਾਜ ਦੇਸ਼ ਅਤੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਵਾਲੇ ਹਨ। ਇਸ ਪੁਸਤਕ ਵਿਚ ਇਕ ਨਿਬੰਧ ਉਸ ਨੇ ਆਪਣੇ ਪਿੰਡ ਭੁੱਲਰ ਬੇਟ ਬਾਰੇ ਵੀ ਸ਼ਾਮਿਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

29-01-2023

 ਚਤਰ ਸਿੰਘ 'ਬੀਰ' ਦਾ ਸੰਪੂਰਨ ਕਾਵਿ ਰੰਗ
ਸੰਪਾਦਿਕਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 312
ਸੰਪਰਕ : 98782-49641

'ਚਤਰ ਸਿੰਘ 'ਬੀਰ' ਦਾ ਸੰਪੂਰਨ ਕਾਵਿ ਰੰਗ' ਕਾਵਿ-ਪੁਸਤਕ ਪਰਮਜੀਤ ਪਰਮ ਨੇ ਸੰਪਾਦਿਤ ਕੀਤੀ ਹੈ। ਉਹ ਖ਼ੁਦ ਦੀ ਸ਼ਾਇਰੀ ਕਰਦੇ ਹਨ ਅਤੇ ਹੁਣ ਤੀਕ ਉਨ੍ਹਾਂ ਦੀਆਂ 'ਜੁਗਨੂਆਂ ਦੇ ਸਹਾਰੇ' (2003), 'ਅਹਿਸਾਸ ਦੇ ਪਲ' (2007), 'ਬਿਨ ਦਸਤਕ' (2013) ਕਾਵਿ-ਸੰਗ੍ਰਹਿ, 'ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ' (ਵਾਰਤਕ), 2017, 'ਧੁੱਪਾਂ ਤੇ ਛਤਰੀਆਂ' (ਸਵੈ-ਜੀਵਨੀ) 2021, 'ਰਾਹਨੁਮਾ ਪਿਤਾ (ਕਾਵਿ-ਸੰਗ੍ਰਹਿ) 2010, 'ਮਾਂ ਬੋਲੀ ਦੇ ਸਿਰਨਾਵੇਂ (ਕਾਵਿ-ਸੰਗ੍ਰਹਿ) 2013 ਦੇ ਨਾਲ-ਨਾਲ ਅਨੁਵਾਦ ਦੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ।
ਇਸ ਕਾਵਿ-ਸੰਗ੍ਰਹਿ ਵਿਚ ਸੰਪਾਦਿਕਾ ਨੇ ਚਤਰ ਸਿੰਘ 'ਬੀਰ' ਦੀਆਂ ਹੂ-ਬ-ਹੂ ਉਸੇ ਰੂਪ ਵਿਚ 'ਝਾਂਜਰ ਛਣਕ ਪਈ' (ਦਸੰਬਰ 1954), 'ਡੁੱਬਦੇ ਪੱਥਰ ਤਾਰੇ' (15-11-1972), 'ਮੈਂ ਵੀ ਹਾਜ਼ਰ ਹਾਂ' (ਅਗਸਤ 1983), 'ਅਸੀਂ ਕੌਣ ਹਾਂ' (ਅਗਸਤ 1987), 'ਸਿਫ਼ਤ ਸਲਾਹ' (ਜਨਵਰੀ, 1995) ਤੱਕ ਪ੍ਰਕਾਸ਼ਿਤ ਪੁਸਤਕਾਂ ਦੀਆਂ ਕਵਿਤਾਵਾਂ, ਗ਼ਜ਼ਲਾਂ, ਗੀਤਾਂ ਨੂੰ ਸ਼ਾਮਿਲ ਕੀਤਾ ਹੈ।
ਹੂ-ਬ-ਹੂ ਕਵਿਤਾਵਾਂ ਅਤੇ ਹੋਰ ਵੇਰਵਾ ਉਦਾਹਰਨ ਵਜੋਂ ਪੇਸ਼ ਹੈ : ਪੁਸਤਕ-ਝਾਂਜਰ ਛਣਕ ਪਈ, ਪਹਿਲੀ ਵਾਰ 1000, ਦਸੰਬਰ 1954, ਮੁੱਲ : 1 ਰੁਪਏ, ਪ੍ਰਕਾਸ਼ਕ-ਸ: ਬੁੱਧ ਸਿੰਘ ਜੀ, ਸ੍ਰੀ ਗੁਰਮਤਿ ਪ੍ਰੈਸ (ਗੁਰੂ ਕੀ ਸਰਾਂ) ਅੰਮ੍ਰਿਤਸਰ ਵਿਚ ਛਪਿਆ, ਪ੍ਰਿੰਟਰ ਗਿਆਨੀ ਮਹਿੰਦਰ ਸਿੰਘ ਰਤਨ। ਸੰਪਾਦਨਾ ਦਾ ਕਾਰਜ ਬਹੁਤ ਹੀ ਜ਼ੋਖ਼ਮ ਭਰਿਆ ਹੁੰਦਾ ਹੈ। ਹਰ ਰਚਨਾ ਨੂੰ ਪ੍ਰਕਾਸ਼ਨਾ ਤੋਂ ਪਹਿਲਾਂ ਵਾਚਣਾ ਅਤੇ ਫਿਰ ਉਸ ਨੂੰ ਉਸੇ ਸੰਦਰਭ ਵਿਚ ਪੇਸ਼ ਕਰਨਾ। ਇਸ ਕਾਵਿ-ਪੁਸਤਕ ਵਿਚ ਚਤਰ ਸਿੰਘ 'ਬੀਰ' ਦੀ ਸ਼ਾਇਰੀ ਬਾਰੇ ਡਾ. ਅਜੀਤ ਸਿੰਘ, ਸਵ: ਵਿਧਾਤਾ ਸਿੰਘ 'ਤੀਰ', ਸ.ਸ. ਅਮੋਲ, ਦੇਵਿੰਦਰ ਸਤਿਆਰਥੀ, ਡਾ. ਹਰਿਭਜਨ ਸਿੰਘ, ਇਕਬਾਲ ਦੀਪ, ਜਸਵੰਤ ਸਿੰਘ ਕੰਵਲ (ਸਵ.), ਸਵ. ਡਾ. ਗੁਰਬਖ਼ਸ਼ ਸਿੰਘ, ਡਾ. ਕੁਲਬੀਰ ਸਿੰਘ ਕਾਂਗ, ਡਾ. ਜਗਤਾਰ, ਡਾ. ਮਹਿੰਦਰ ਕੌਰ ਗਿੱਲ, ਡਾ. ਸੁਤਿੰਦਰ ਸਿੰਘ ਨੂਰ, ਦੀਪਕ ਜੈਤੋਈ, ਮਹਿੰਦਰ ਸਿੰਘ ਲੂਥਰਾ, ਸੰਪਾਦਕ 'ਪ੍ਰੇਰਨਾ', ਤਾਰਾ ਸਿੰਘ ਕੋਮਲ, ਬਲਵੀਰ ਸਿੰਘ ਸੈਣੀ, ਸੰਪਾਦਕ 'ਸੂਲ ਸੁਰਾਹੀ' ਅਤੇ ਪਰਮਜੀਤ ਪਰਮ ਨੇ ਆਪਣੇ-ਆਪਣੇ ਵਿਚਾਰ ਪ੍ਰਗਟਾਏ ਹਨ। ਇਨ੍ਹਾਂ ਸਭਨਾਂ ਦੀ ਸਾਂਝੀ ਰਾਇ ਹੈ ਕਿ ਉਸ ਦਾ ਕਵਿ-ਵਿਕਾਸ ਪ੍ਰੋ. ਮੋਹਨ ਸਿੰਘ ਵਰਗਾ ਹੈ, ਇਸੇ ਲਈ ਪੰਜਾਬੀ ਕਵਿਤਾ ਵਿਚ ਵੱਖ-ਵੱਖ ਸਮੇਂ ਆਏ ਰੁਝਾਨਾਂ, ਪ੍ਰਵਿਰਤੀਆਂ, ਸੰਵੇਦਨਾਵਾਂ, ਸਰੋਕਾਰਾਂ ਦੇ ਅਕਸ ਉਸ ਦੀ ਸ਼ਾਇਰੀ ਵਿਚ ਵਿਦਮਾਨ ਹਨ। ਉਸ ਦੇ ਕਾਵਿ-ਚਿੰਤਨ ਵਿਚ ਪੁਰਾਤਨ ਅਤੇ ਨਵੇਂ/ਅਜੋਕੇ ਸਮੇਂ ਦੇ ਦਾਰਸ਼ਨਿਕ ਵਿਚਾਰਾਂ ਦਾ ਸਮਾਵੇਸ਼ ਹੈ। ਕਵੀ ਦੀ ਭਾਸ਼ਾ ਸਾਦੀ ਹੈ ਤੇ ਉਸ ਦਾ ਤਰਜ਼ੇ ਬਿਆਨ ਸਰਲ, ਪਰ ਹਰ ਗ਼ਜ਼ਲ ਦੇ ਸ਼ਿਅਰ 'ਚ ਤਿੱਖਾਪਨ, ਗੀਤਾਂ ਵਿਚ ਸੰਗੀਤਾਤਮਕਤਾ, ਲੈਅ, ਤਾਲ ਦੀ ਮੌਜੂਦਗੀ ਆਪਣਾ ਨਿਵੇਕਲਾ ਸੁਹੱਪਣ ਪੇਸ਼ ਕਰਦੀ ਹੈ। ਕੁਝ ਮਿਸਾਲਾਂ ਪੇਸ਼ ਹਨ:
ਪੰਜਾਬੀ ਬੋਲੀ ਦੀ ਸਿਫ਼ਤ-ਸਲਾਹ ਕਰਦਿਆਂ ਦੀ ਉਨ੍ਹਾਂ ਦੀ ਕਵਿਤਾ 'ਪੰਜਾਬੀ ਬੋਲੀ' ਨੂੰ ਦੇਖਿਆ ਜਾ ਸਕਦਾ ਹੈ, ਜਿਸ ਵਿਚ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਦਾ ਬਿਰਤਾਂਤ ਸਿਰਜਦੇ ਇਸ ਦੇ ਪਿਛੋਕੜ, ਵਿਕਾਸ ਅਤੇ ਅਜੋਕੇ ਸਮੇਂ ਤੱਕ ਦੀ ਗਾਥਾ ਬਿਆਨ ਕਰ ਜਾਂਦੇ ਹਨ :
-ਜਿਨ੍ਹਾਂ ਮੰਜ਼ਿਲ ਤੇ ਜਾਣਾ ਏਂ,
ਨਹੀਂ ਡਰਦੇ ਤੂਫ਼ਾਨਾਂ ਤੋਂ-
ਮਿਲਣ ਲਈ ਯਾਰ ਨੂੰ ਯਾਰੋ,
ਝਨਾਂ ਤਰਨਾ ਈਂ ਪੈਂਦਾ ਏ।
(ਪੰਨਾ-20)
-ਚੰਨ ਮਾਮੇ ਨੇ ਝੂਲਾ ਪਾਇਆ,
ਉਸ ਵਿਚ ਸਾਰੇ ਲੈਣ ਹੁਲਾਰੇ।
ਕੁਦਰਤ ਹੈ ਜਿਸ ਕਾਰੀਗਰ ਦੀ,
ਉਸ ਤੋਂ ਮੈਂ ਜਾਵਾਂ ਬਲਿਹਾਰੇ।
ਨੀਲੇ ਅੰਬਰ ਉੱਤੇ ਰਾਤੀਂ,
ਝਿਲਮਿਲ ਝਿਲਮਿਲ ਕਰਦੇ ਤਾਰੇ।
(ਪੰਨਾ-137)
ਪਰਮਜੀਤ ਪਰਮ ਨੇ ਸੰਪਾਦਨਾ ਦਾ ਕਾਰਜ ਨਿਭਾਉਂਦਿਆਂ ਜਿਥੇ ਆਪਣੀ ਸਿਦਕ-ਦਿਲੀ ਅਤੇ ਦ੍ਰਿੜ੍ਹਤਾ ਦਾ ਪਰਚਮ ਲਹਿਰਾਉਂਦਿਆਂ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਸਾਰਥਕ ਯਤਨ ਕੀਤੇ ਹਨ, ਉਥੇ ਆਪਣੇ ਭਰਾ ਚਤਰ ਸਿੰਘ 'ਬੀਰ' ਦੀਆਂ ਕਵਿਤਾਵਾਂ ਵਿਚਲੀ ਪੰਜਾਬੀ ਹੂਕ, ਵੇਦਨਾ, ਸੰਵੇਦਨਾ ਨੂੰ ਪੰਜਾਬੀ ਕਾਵਿ-ਜਗਤ ਵਿਚ ਸਾਂਭਿਆ ਹੈ ਤਾਂ ਭਵਿੱਖੀ ਖੋਜਾਰਥੀ ਇਸ ਸ਼ਾਇਰੀ ਨੂੰ ਮਾਨਣ ਦੇ ਨਾਲ-ਨਾਲ ਵਿਚਾਰਨ (ਚਿੰਤਨ) ਦਾ ਕਾਰਜ ਵੀ ਕਰ ਸਕਣ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਲੋਕ ਹਾਇਕੂ
ਲੇਖਕ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98148-14791

ਲੋਕ ਹਾਇਕੂ ਪੁਸਤਕ ਹਾਇਕੂ ਦੀ ਸਿਨਫ਼ ਉੱਪਰ ਆਧਾਰਿਤ ਹੈ। ਇਸ ਤੋਂ ਪਹਿਲਾਂ ਲੇਖਕ ਨੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਅਤੇ ਸੰਪਾਦਨਾ ਕੀਤੀ ਹੈ। ਪੰਜਾਬੀ, ਹਿੰਦੀ ਹਾਇਕੂ ਲਿਖਣ ਵਿਚ ਇਸ ਕਵੀ ਨੂੰ ਕਮਾਲ ਹਾਸਲ ਹੈ। ਇਸ ਪੁਸਤਕ ਦੀ ਖਾਸੀਅਤ ਇਹ ਹੈ ਕਿ ਲੇਖਕ ਨੇ ਪਹਿਲਾਂ ਹਾਇਕੂ ਪਰੰਪਰਾ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਪ੍ਰਦਾਨ ਕੀਤੀ ਹੈ। ਹਾਇਕੂ ਨਾਲ ਸੰਬੰਧਿਤ ਪੰਜਾਬ ਅਤੇ ਪੰਜਾਬੋਂ ਬਾਹਰ ਹੋਏ ਸਮਾਗਮਾਂ ਦਾ ਵੀ ਵੇਰਵਾ ਦਿੱਤਾ ਹੈ।
ਕਵੀ ਨੇ ਛੋਟੇ-ਛੋਟੇ ਵਿਸ਼ਿਆਂ ਨੂੰ ਬੜੀ ਵਿਸ਼ੇਸ਼ਤਾ ਨਾਲ ਪ੍ਰਗਟਾਇਆ ਹੈ। ਹੋਲੀ ਬਾਰੇ ਉਸ ਦਾ ਜ਼ਿਕਰ ਬਾਕਮਾਲ ਹੈ :
'ਰੰਗਾਂ ਦੇ ਨਾਲ/ਧਰਤੀ ਰੰਗੀ ਗਈ।'
ਪੰਜਾਬੀ ਰੰਗ ਕਵੀ ਨੇ ਲੋਕ ਜੀਵਨ ਦੀਆਂ ਬਹੁਤ ਰੰਗਲੀਆਂ ਝਾਕੀਆਂ ਇਨ੍ਹਾਂ ਹਾਇਕੂਆਂ ਰਾਹੀਂ ਪ੍ਰਗਟਾਈਆਂ ਹਨ। ਉਸ ਦਾ ਹਰ ਹਾਇਕੂ ਜਿਥੇ ਭਾਵਨਾਵਾਂ ਦਾ ਪ੍ਰਗਟਾਵਾ ਹੈ, ਉਥੇ ਨਾਲ ਹੀ ਪੰਜਾਬੀ ਲੋਕਾਂ ਦਾ ਲੋਕ ਰੰਗ ਪ੍ਰਗਟਾਉਂਦਾ ਹੈ:-
ਲੋਕ ਨਾਚ ਹੈ/ਸਾਰਾ ਦੇਸ਼ ਨਚਾਏ/ਲੋਕ ਨਚਾਏ
ਉਸ ਦਾ ਹਰ ਹਾਇਕੂ ਇਕ ਤਰਕਪੂਰਨ ਵਿਚਾਰ ਨਾਲ ਜੁੜ ਜਾਂਦਾ ਹੈ।
ਲੋਕ ਮਨਾਂ ਨੂੰ / ਸਮਝਣਾ ਔਖਾ ਹੈ /
ਡੂੰਘੇ ਗਹਿਰੇ ਪਿੰਜਰਾ ਖਾਲੀ /
ਪਰਿੰਦਾ ਉਡਿਆ / ਲੋਕ ਜੱਗ ਤੋਂ
ਉਸ ਨੇ ਨਾਰੀ ਬਾਰੇ ਵੀ ਹਾਇਕੂ ਲਿਖੇ ਹਨ:
ਔਕੜ ਵੇਲੇ / ਨਾਰੀ ਦੁਰਗਾ ਬਣੇ / ਲੋਕ ਬੁੱਧ ਹੈ
ਕਵੀ ਦੀ ਵਿਦਵਤਾ ਹੈ ਕਿ ਉਸ ਨੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਮਸਲਿਆਂ ਨੂੰ ਸਰਲਤਾ ਸਹਿਤ ਪੇਸ਼ ਕੀਤਾ ਹੈ। ਉਸ ਨੇ ਵਿਅੰਗਾਤਮਕ ਜੁਗਤ ਦਾ ਪ੍ਰਯੋਗ ਵੀ ਕੀਤਾ ਹੈ।
ਲੋਕ ਵਿਕਾਸ
ਨੇਤਾ ਦੇ ਘਰ ਵਿਚ
ਦੇਸ਼ ਵਿਕਾਸ
ਉਸ ਨੇ ਲੋਕ ਸ਼ਕਤੀ, ਲੋਕ ਜੀਵਨ, ਲੋਕ ਭਾਸ਼ਾ, ਲੋਕ ਨਾਚ, ਤਿਉਹਾਰ, ਵਿਸ਼ਵ ਸ਼ਾਂਤੀ, ਲੋਕ ਕਿਰਤ, ਲੋਕ ਧਰਮ, ਲੋਕ ਨਾਇਕ, ਕ੍ਰਾਂਤੀ, ਲੋਕ ਸ਼ਕਤੀ, ਨੈਤਿਕ ਮੁੱਲ, ਸੰਸਾਰ ਦੀ ਨਾਸ਼ਮਾਨਤਾ, ਮਾਂ ਦੀ ਮਮਤਾ, ਪੰਛੀ, ਜੀਵਨ ਦਾ ਰਹੱਸ ਆਦਿ ਵਿਸ਼ਿਆਂ ਉੱਪਰ ਬਹੁਤ ਭਾਵਪੂਰਤ ਹਾਇਕੂ ਲਿਖੇ ਹਨ।
ਕਿਸ਼ਤਾਂ ਵਿਚ / ਜੀਵਨ ਚਲਦਾ /
ਆਯੂ ਢਲਦੀ
ਕੁਕੜੀ ਵਾਂਗੂ / ਚੂਚੇ ਪਾਲਦੀ ਆਈ /
ਯੁੱਗਾਂ ਤੋਂ ਨਾਰੀ
ਪੰਜਾਬ ਦੀ ਸਿਫ਼ਤ, ਨਾਰੀ ਦਾ ਸੰਘਰਸ਼, ਮਾਨਵਤਾ, ਲੋਕ ਹੱਕ, ਲੋਕ ਸਾਹਿਤ ਆਦਿ ਵਿਸ਼ਿਆਂ ਬਾਰੇ ਵੀ ਹਾਇਕੂ ਵੇਖੇ ਜਾ ਸਕਦੇ ਹਨ। ਇਸ ਪੁਸਤਕ ਵਿਚ ਕਵੀ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਵਿਚ ਵੀ ਅਨੁਵਾਦ ਕੀਤਾ ਹੈ। ਬਹੁਤ ਹੀ ਥੋੜ੍ਹੇ ਸਮੇਂ ਵਿਚ ਪੜ੍ਹੀ ਜਾਣ ਵਾਲੀ ਇਹ ਛੋਟੇ ਅਕਾਰ ਦੀ ਪੁਸਤਕ ਪਾਠਕਾਂ ਦੇ ਅੰਦਰ ਨਵੇਂ ਵਿਚਾਰਾਂ ਦਾ ਸੰਚਾਰ ਕਰਦੀ ਨਜ਼ਰ ਆਉਂਦੀ ਹੈ। ਇਸ ਪੁਸਤਕ ਦੇ ਲੇਖਕ ਨੂੰ ਬਹੁਤ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਜਲੰਧਰ।

ਡਾ. ਅਮਰ ਕੋਮਲ ਦੇ ਚੋਣਵੇਂ ਨਿਬੰਧ
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 500 ਰੁਪਏ, ਸਫ਼ੇ : 423
ਸੰਪਰਕ : 099588-31357

ਡਾ. ਅਮਰ ਕੋਮਲ ਦੀ ਕਲਮ ਦਾ ਸਫ਼ਰ ਅੱਧੀ ਸਦੀ ਤੋਂ ਵੀ ਲੰਮਾ ਹੈ। ਉਨ੍ਹਾਂ ਨੇ 21 ਨਿਬੰਧ ਸੰਗ੍ਰਹਿ ਲਿਖੇ ਹਨ ਜਿਨ੍ਹਾਂ ਵਿਚੋਂ ਚੋਣਵੇਂ ਲੇਖ ਚੁਣ ਕੇ ਸੰਪਾਦਕ ਨੇ ਇਹ ਨਿਬੰਧ ਸੰਗ੍ਰਹਿ ਤਿਆਰ ਕੀਤਾ ਹੈ। ਇਨ੍ਹਾਂ ਨਿਬੰਧਾਂ ਵਿਚੋਂ ਲੇਖਕ ਦੀ ਵਿਗਿਆਨਕ ਸੋਚ, ਬੌਧਿਕਤਾ, ਦਾਰਸ਼ਨਿਕਤਾ ਅਤੇ ਨੈਤਿਕਤਾ ਝਲਕਦੀ ਹੈ। ਇਨ੍ਹਾਂ ਵਿਚ ਸਹਿਜ, ਸੁਹਜ, ਸੂਝਬੂਝ, ਤਰਕ, ਗਿਆਨ ਅਤੇ ਜ਼ਿੰਦਗੀ ਦੇ ਵਿਸ਼ਾਲ ਅਨੁਭਵ ਸਮੋਏ ਹੋਏ ਹਨ। ਇਨ੍ਹਾਂ ਨੂੰ ਪੜ੍ਹ ਕੇ ਸਾਡੀ ਚੇਤਨਤਾ ਅਤੇ ਚਿੰਤਨ ਨੂੰ ਹਲੂਣਾ ਮਿਲਦਾ ਹੈ, ਚੜ੍ਹਦੀ ਕਲਾ ਦਾ ਸੰਚਾਰ ਹੁੰਦਾ ਹੈ ਅਤੇ ਉੱਚਾ ਸੁੱਚਾ ਜੀਵਨ ਜਿਊਣ ਦੀ ਪ੍ਰੇਰਨਾ ਮਿਲਦੀ ਹੈ। ਇਨ੍ਹਾਂ ਵਿਚ ਮਾਨਵਵਾਦੀ ਅਤੇ ਆਦਰਸ਼ਵਾਦੀ ਸੁਨੇਹੜੇ ਹਨ। ਇਨ੍ਹਾਂ ਦੇ ਵਿਸ਼ੇ ਬਹੁਤ ਸਾਰਥਕ ਹਨ ਅਤੇ ਲਿਖਣ ਢੰਗ ਕਲਾਤਮਕ ਹੈ। ਇਨ੍ਹਾਂ ਵਿਚ ਸੁਚੱਜੀ ਸਫ਼ਲ ਜ਼ਿੰਦਗੀ ਜਿਊਣ ਦੇ ਭੇਤ ਹਨ। ਆਪਣੇ ਲੇਖ 'ਚੱਲਣਾ ਹੀ ਜ਼ਿੰਦਗੀ ਹੈ' ਵਿਚ ਉਹ ਸੰਦੇਸ਼ ਦਿੰਦੇ ਹਨ ਕਿ ਆਓ ਅਸੀਂ ਸੂਰਜ ਬਣੀਏ, ਚੰਨ ਬਣੀਏ, ਧਰਤੀ ਬਣੀਏ, ਬਿਰਖ ਬਣੀਏ, ਹਵਾ ਬਣੀਏ, ਦਰਿਆ ਬਣੀਏ, ਸਾਗਰ ਬਣੀਏ, ਗੀਤ ਬਣੀਏ, ਮੀਤ ਬਣੀਏ, ਇਨ੍ਹਾਂ ਲੇਖਾਂ ਵਿਚ ਮਾਰਗ ਦਰਸ਼ਨ ਕਰਨ ਦੀ ਸਮਰੱਥਾ ਹੈ। ਇਨ੍ਹਾਂ ਵਿਚ ਵਿਸ਼ਾਲ ਗਿਆਨ ਭੰਡਾਰ ਹੈ। ਇਹ ਮੁਹੱਬਤ ਵੰਡਦੇ ਅਤੇ ਨਫ਼ਰਤ ਨੂੰ ਛੰਡਦੇ ਹਨ। ਲੇਖਕ ਅਨੁਸਾਰ ਕਿਸੇ ਕੌਮ ਦੀ ਬੌਧਿਕ, ਦਾਰਸ਼ਨਿਕ ਅਤੇ ਸੱਭਿਆਚਾਰਕ ਅਮੀਰੀ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਉਸ ਦੀ ਝੋਲੀ ਵਿਚ ਕਿੰਨੇ ਗਿਆਨੀ, ਵਿਗਿਆਨੀ, ਦਾਰਸ਼ਨਿਕ, ਲੇਖਕ, ਗੁਰੂ, ਮੁਰਸ਼ਦ, ਸੰਤ, ਫ਼ਕੀਰ ਅਤੇ ਮਹਾਤਮਾ ਹਨ ਜੋ ਤਮੀਜ਼ ਵੰਡਦੇ ਅਤੇ ਤਹਿਜ਼ੀਬ ਉਸਾਰਦੇ ਹਨ। ਇਹ ਨਿਬੰਧ ਕਾਦਰ, ਕੁਦਰਤ, ਆਤਮਾ, ਬ੍ਰਹਿਮੰਡ, ਹਵਾ, ਪਾਣੀ, ਪਹਾੜਾਂ, ਜੰਗਲਾਂ, ਦਰਿਆਵਾਂ ਨਾਲ ਸੰਵਾਦ ਰਚਦੇ ਹਨ। ਮਨੁੱਖ ਨੂੰ ਚਿੰਤਾਵਾਂ ਤੋਂ ਦੂਰ ਕਰਕੇ, ਸਾਹ ਘੁੱਟਵੇਂ ਵਾਤਾਵਰਨ ਤੋਂ ਆਜ਼ਾਦ ਕਰਕੇ, ਮੁਹੱਬਤਾਂ ਅਤੇ ਬਰਕਤਾਂ ਦੇ ਰਾਹ 'ਤੇ ਤੋਰਦੇ ਹਨ। ਗੰਭੀਰ ਗੱਲਾਂ ਨੂੰ ਵੀ ਬਹੁਤ ਰੌਚਿਕ ਢੰਗ ਨਾਲ ਪੇਸ਼ ਕਰਦੇ ਹਨ। ਇਸ ਮਹੱਤਵਪੂਰਨ ਪੁਸਤਕ ਦਾ ਤਹਿ-ਦਿਲੋਂ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਡਾ. ਭੀਮ ਇੰਦਰ ਸਿੰਘ ਸਿਧਾਂਤ ਤੇ ਸਮੀਖਿਆ
ਸੰਪਾਦਕ : ਸਤਿੰਦਰਪਾਲ ਸਿੰਘ ਬਾਵਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 400 ਰੁਪਏ, ਸਫ਼ੇ : 260
ਸੰਪਰਕ : 094676-54643

ਇਹ ਪੁਸਤਕ ਪ੍ਰਤੀਬੱਧ ਮਾਰਕਸਵਾਦੀ ਪੰਜਾਬੀ ਆਲੋਚਕ ਡਾ. ਭੀਮ ਇੰਦਰ ਸਿੰਘ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਹੈ। ਇਸ ਵਿਚ ਸੰਪਾਦਕੀ ਤੋਂ ਇਲਾਵਾ ਦੋ ਭਾਗ ਬਣਾਏ ਗਏ ਹਨ। ਪਹਿਲਾ ਭਾਗ ਭੀਮ ਇੰਦਰ ਦੇ ਸਮੀਖਿਆ ਤੇ ਸਿਧਾਂਤ ਬਾਰੇ ਹੈ, ਜਿਸ ਵਿਚ ਕੁੱਲ 31 ਲੇਖ ਹਨ। ਇਨ੍ਹਾਂ ਵਿਚ ਨਾਟਕਕਾਰ ਗੁਰਸ਼ਰਨ ਸਿੰਘ, ਟੀ. ਆਰ. ਵਿਨੋਦ, ਸੁਖਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਭੱਟੀ, ਪਿਆਰਾ ਸਿੰਘ ਭੋਗਲ, ਕੁਲਦੀਪ ਸਿੰਘ ਧੀਰ, ਸੁਰਜੀਤ ਬਰਾੜ, ਤਸਕੀਨ, ਕੁਲਦੀਪ ਸਿੰਘ, ਬਲਬੀਰ ਚੰਦ ਲੌਂਗੋਵਾਲ, ਹੀਰਾ ਸਿੰਘ, ਹਰਜੀਤ ਸਿੰਘ, ਰਾਜਵੰਤ ਕੌਰ, ਅਮਨਪਾਲ ਕੌਰ ਤੇ ਨਵਜੋਤ ਕੌਰ ਜਿਹੇ ਨਵੇਂ-ਪੁਰਾਣੇ ਲੇਖਕਾਂ ਦੇ ਨਿਬੰਧ ਹਨ; ਜਦਕਿ ਦੂਜੇ ਭਾਗ ਵਿਚ ਭੀਮ ਇੰਦਰ ਸਿੰਘ ਨਾਲ ਚਾਰ ਲੇਖਕਾਂ (ਸੰਤੋਖ ਸਿੰਘ ਸੁਖੀ, ਬਲਵਿੰਦਰ ਸਿੰਘ, ਸੁਖਿੰਦਰ ਕੈਨੇਡਾ, ਪਰਮਿੰਦਰ ਸਿੰਘ ਸ਼ੌਂਕੀ) ਦੀਆਂ ਕੀਤੀਆਂ ਮੁਲਾਕਾਤਾਂ ਦਰਜ ਹਨ। ਅੰਤ ਵਿਚ ਦੋ ਅੰਤਿਕਾਵਾਂ ਹਨ। ਜਿਨ੍ਹਾਂ ਵਿਚ ਕ੍ਰਮਵਾਰ ਭੀਮ ਇੰਦਰ ਦਾ ਸਵੈਕਥਨ 'ਮੈਂ ਖੁਦਕੁਸ਼ੀ ਨਹੀਂ ਕਰਾਂਗਾ' ਅਤੇ ਉਸ ਦਾ ਜੀਵਨ ਵੇਰਵਾ ਸ਼ਾਮਿਲ ਹੈ। ਵਿਭਿੰਨ ਲੇਖਕਾਂ ਵਲੋਂ ਲਿਖੇ ਲੇਖਾਂ ਦੇ ਮੁੱਢ ਵਿਚ 14 ਹੋਰ ਲੇਖਕਾਂ/ਵਿਦਵਾਨਾਂ ਦੀਆਂ ਟਿੱਪਣੀਆਂ ਹਨ, ਜੋ ਸਤਪਾਲ ਡਾਂਗ, ਸਰਦਾਰਾ ਸਿੰਘ ਜੌਹਲ, ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਹਰਿਭਜਨ ਸਿੰਘ ਭਾਟੀਆ, ਸੁਰਜੀਤ ਸਿੰਘ ਭੱਟੀ, ਫੂਲ ਚੰਦ ਮਾਨਵ, ਮੋਹਨ ਭੰਡਾਰੀ, ਅਵਤਾਰ ਸਿੰਘ ਬਿਲਿੰਗ, ਸ਼ਾਮ ਸਿੰਘ ਅੰਗਸੰਗ ਤੇ ਪਰਮਜੀਤ ਸਿੰਘ ਢੀਂਗਰਾ ਆਦਿ ਵਲੋਂ ਲਿਖੀਆਂ ਗਈਆਂ ਹਨ। ਸੰਪਾਦਕ ਡਾ. ਸਤਿੰਦਰਪਾਲ ਸਿੰਘ ਬਾਵਾ ਨੇ ਡਾ. ਭੀਮ ਇੰਦਰ ਸਿੰਘ ਦੀ ਨਿਗਰਾਨੀ ਹੇਠ ਹੀ ਪੀ.ਐਚ.ਡੀ. ਦਾ ਖੋਜਕਾਰਜ (ਨਕਸਲਵਾਦ ਅਤੇ ਪੰਜਾਬੀ ਨਾਵਲ) ਕੀਤਾ ਹੈ। ਰਿਣਮੁਕਤ ਹੋਣ ਲਈ ਉਸ ਨੇ ਆਪਣੇ ਪਥਪ੍ਰਦਰਸ਼ਕ ਪ੍ਰਤੀ ਇਸ ਕਿਤਾਬ ਰਾਹੀਂ ਸਤਿਕਾਰ ਭੇਟ ਕੀਤਾ ਹੈ। ਕਿਤਾਬ ਤੋਂ ਇਹ ਵੀ ਪਤਾ ਲਗਦਾ ਹੈ ਕਿ ਭੀਮ ਇੰਦਰ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਕਿੰਨਾ ਸੰਘਰਸ਼ (ਆਰਕੈਸਟਰਾ ਵਿਚ ਗਾਉਣ, ਰਿਕਸ਼ਾ ਚਲਾਉਣ, ਲਾਂਗਰੀ ਆਦਿ) ਕੀਤਾ। ਮੌਜੂਦਾ ਸਮੇਂ ਉਹ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਮੁਖੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦਾ ਕੋਆਰਡੀਨੇਟਰ ਹੈ। 10 ਮੌਲਿਕ, 4 ਅਨੁਵਾਦਿਤ ਤੇ 8 ਸੰਪਾਦਿਤ ਕਿਤਾਬਾਂ ਦਾ ਕਰਤਾ ਡਾ. ਭੀਮ ਇੰਦਰ ਬਹੁਤ ਸਾਰੇ ਮਾਣ ਸਨਮਾਨ ਹਾਸਲ ਕਰ ਚੁੱਕਾ ਹੈ। ਡਾ. ਭੀਮ ਇੰਦਰ ਸਿੰਘ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਇਹ ਕਿਤਾਬ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਭਾਰਤ ਦੇ ਮਹਾਨ ਆਤਮ-ਬਲੀਦਾਨੀ
ਸ੍ਰੀ ਗੁਰੂ ਤੇਗ ਬਹਾਦਰ ਜੀ
ਲੇਖਕ : ਡਾ. ਕੁਲਦੀਪ ਚੰਦ ਅਗਨੀਹੋਤਰੀ
ਅਨੁਵਾਦ : ਡਾ. ਲਖਵੀਰ ਲੈਜ਼ੀਆਂ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 94181-77778

ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਮੱਧਕਾਲੀ ਪੰਜਾਬ ਦੇ ਇਤਿਹਾਸ ਤੋਂ ਇਲਾਵਾ ਭਾਰਤ ਦੇ ਇਤਿਹਾਸ ਵਿਚ ਵੀ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਛੋਟੀ ਤੇ ਭਾਵਪੂਰਤ ਪੁਸਤਕ ਦੇ ਲੇਖਕ ਹਿੰਦੀ ਤੇ ਪੰਜਾਬੀ ਸਾਹਿਤ ਦੇ ਉੱਘੇ ਚਿੰਤਕ ਅਤੇ ਬਹੁਪੱਖੀ ਵਿਦਵਾਨ ਵਜੋਂ ਜਾਣੇ ਜਾਂਦੇ ਹਨ। ਇਹ ਪੁਸਤਕ ਮੂਲ ਰੂਪ ਵਿਚ ਲੇਖਕ ਨੇ ਹਿੰਦੀ ਦੇ ਪਾਠਕਾਂ ਦੇ ਸਨਮੁਖ ਪੇਸ਼ ਕੀਤੀ ਹੈ। ਇਸੇ ਕਰਕੇ ਸਾਰੇ ਦੇਸ਼ ਦੇ ਵੱਡੇ ਪਾਠਕ ਵਰਗ ਤੱਕ ਪਹੁੰਚ ਚੁੱਕੀ ਹੈ। ਇਸ ਪੁਸਤਕ ਵਿਚ ਗੁਰੂ ਸਾਹਿਬ ਦੇ 'ਸ਼ਹੀਦੀ ਸਾਕੇ' ਨੂੰ 'ਆਤਮ ਬਲੀਦਾਨ' ਵਜੋਂ ਕੇਂਦਰ ਬਿੰਦੂ ਬਣਾਇਆ ਹੈ। ਦਸ ਗੁਰੂ ਸਾਹਿਬਾਨ ਦੀ ਜੀਵਨ ਯਾਤਰਾ ਜੀਵਨ-ਜੁਗਤਿ ਅਤੇ ਆਧੁਨਿਕਤਾ ਦਾ ਸੁੰਦਰ ਸੁਮੇਲ ਹੈ। ਅੱਜ ਦੇ ਸਮੇਂ ਵਿਚ ਵੀ ਇਸ ਦੀ ਓਨੀ ਹੀ ਮਹੱਤਤਾ ਹੈ, ਜਿੰਨੀ ਗੁਰੂ-ਕਾਲ ਵਿਚ ਸੀ। ਲੇਖਕ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 'ਆਤਮ-ਬਲੀਦਾਨੀ' ਦੇ ਸੰਕਲਪ ਨੂੰ ਸੱਤ ਭਾਗਾਂ ਵਿਚ ਵੰਡ ਕੇ ਆਪਣੇ ਵਿਚਾਰਾਂ ਨੂੰ ਸੰਪੂਰਨਤਾ ਦਿੱਤੀ ਹੈ। ਪਹਿਲੇ ਅਧਿਆਇ ਵਿਚ 'ਗੁਰੂ ਸਾਹਿਬ ਦਾ ਮੁਢਲਾ ਜੀਵਨ', ਦੂਸਰੇ ਅਧਿਆਏ 'ਬਾਬਾ ਬਕਾਲਾ ਦਾ ਸਮਾਂ ਅਤੇ ਗੁਰਗੱਦੀ ਤੱਕ ਦਾ ਸਫ਼ਰ', ਤੀਸਰੇ ਅਧਿਆਇ ਵਿਚ 'ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ', ਚੌਥੇ ਅਧਿਆਇ ਵਿਚ 'ਪੂਰਬ-ਉੱਤਰ ਯਾਤਰਾ ਅਤੇ ਮੁਗ਼ਲਾਂ ਦਾ ਅਸਾਮ ਜਿੱਤ ਦਾ ਅਭਿਆਨ', ਪੰਜਵੇਂ ਅਧਿਆਇ ਵਿਚ 'ਸ੍ਰੀ ਅਨੰਦਪੁਰ ਸਾਹਿਬ ਰਣਨੀਤੀ ਦਾ ਨਵਾਂ ਕੇਂਦਰ', ਛੇਵੇਂ ਅਧਿਆਇ ਵਿਚ 'ਦਿੱਲੀ ਵੱਲ ਜਾਣਾ ਅਤੇ ਆਤਮ ਬਲੀਦਾਨੀ' ਅਤੇ ਸੱਤਵੇਂ ਤੇ ਆਖ਼ਰੀ ਅਧਿਆਇ ਵਿਚ 'ਗੁਰੂ ਸਾਹਿਬ ਦਾ ਅੰਤਿਮ ਸੰਸਕਾਰ' ਵਿਚ ਗਿਆਨ ਭਰਪੂਰ ਤੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ।
ਗੁਰੂ ਤੇਗ ਬਹਾਦਰ ਸਾਹਿਬ ਦੀ ਸਮੁੱਚੀ ਬਾਣੀ ਵਿਚ ਸਾਰਥਿਕ ਮਨੁੱਖ ਦੇ ਜੀਵਨ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਮਨੁੱਖ ਦੇ ਜੀਵਨ ਵਿਚ ਆਉਣ ਵਾਲੇ ਦੁੱਖ ਤੇ ਸੁੱਖ, ਜੀਵਨ ਦੇ ਉਤਰਾਅ-ਚੜ੍ਹਾਅ ਹੀ ਹਨ। ਦੋਵਾਂ ਸਥਿਤੀਆਂ ਵਿਚ ਮਨੁੱਖ ਨੂੰ ਕਿ ਸਮਾਨ ਬਣੇ ਰਹਿਣ ਦੀ ਪ੍ਰੇਰਨਾ ਹੈ। ਮੋਹ-ਮਾਇਆ ਵਿਚ ਫ਼ਸਿਆ ਮਨੁੱਖ ਲੋਭਗ੍ਰਸਤ ਹੋ ਜਾਂਦਾ ਹੈ। ਇਸੇ ਕਾਰਨ ਹੀ ਉਸ ਦਾ ਸੰਸਾਰਕ ਜੀਵਨ ਨਰਕ ਬਣ ਜਾਂਦਾ ਹੈ। ਸੰਜਮ ਨੂੰ ਛੱਡਣਾ, ਥੋੜ੍ਹਾ ਮਾਣ-ਸਨਮਾਨ ਮਿਲਣ 'ਤੇ ਹੰਕਾਰੀ ਹੋ ਜਾਣਾ, ਨਿੰਦਾ ਹੋਣ 'ਤੇ ਨਿਰਾਸ਼ ਹੋ ਜਾਣਾ, ਫਿਰ ਬਦਲਾ ਲੈਣ ਵਿਚ ਜੁੱਟ ਜਾਣਾ, ਇਹ ਸਾਰੇ ਮਨੁੱਖੀ ਵਿਕਾਰ ਹੀ ਤਾਂ ਹਨ। ਭੌਤਿਕ ਪਦਾਰਥਾਂ ਦੀ ਪ੍ਰਾਪਤੀ ਦੀ ਲੰਮੀ ਦੌੜ ਦੀ ਭਟਕਣਾ ਵਿਚ ਫ਼ਸਿਆ ਮਨੁੱਖ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਭੁੱਲ ਜਾਂਦਾ ਹੈ। ਨੌਵੇਂ ਪਾਤਸ਼ਾਹ ਦੀ ਸਮੁੱਚੀ ਰਚਨਾ ਮਨੋ-ਵਿਕਾਰਾਂ ਤੋਂ ਬਚਣ ਦੀ ਪ੍ਰੇਰਨਾ ਦਿੰਦੀ ਹੈ। ਕਠਿਨ ਸਾਧਨਾ ਦੁਆਰਾ ਮਨੁੱਖ ਇਨ੍ਹਾਂ ਪ੍ਰਸਥਿਤੀਆਂ ਤੋਂ ਬਚ ਸਕਦਾ ਹੈ।
ਮਨੁੱਖੀ ਜੀਵਨ ਬਹੁਮੁੱਲਾ ਹੈ। ਲੇਖਕ ਦਾ ਮੰਨਣਾ ਹੈ ਕਿ ਗੁਰਬਾਣੀ ਮੁਤਾਬਿਕ ਅਨੇਕਾਂ ਜੂਨਾਂ ਦਾ ਵਰਨਿਤ ਮਿਲਦਾ ਹੈ, ਪ੍ਰੰਤੂ ਧਰਮ ਸਾਧਨਾ ਅਤੇ ਮੁਕਤੀ ਦੇ ਸੰਕਲਪ ਦੀ ਪੂਰਤੀ ਕੇਵਲ ਮਨੁੱਖੀ ਸਰੀਰ ਵਿਚ ਹੀ ਹੋ ਸਕਦੀ ਹੈ। ਸਮੁੱਚੇ ਰੂਪ ਵਿਚ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਧਾਰਮਿਕ ਅਤੇ ਪੰਥਕ ਸੰਕਲਪ ਦੀ ਪੂਰਤੀ ਲਈ 'ਆਤਮ-ਬਲੀਦਾਨ' ਦੇ ਸੰਦਰਭ ਵਿਚ ਲੇਖਕ ਵਿਚਰਾਤਮਿਕ ਚੌਖਟੇ ਵਿਚ ਰਹਿੰਦਿਆਂ, ਸੰਜੀਦਗੀ ਨਾਲ ਆਪਣੀ ਵਿਚਾਰ ਨੂੰ ਪ੍ਰਗਟ ਕਰਨ ਸਫ਼ਲ ਰਿਹਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਮੇਰਾ ਸੰਘਰਸ਼
ਲੇਖਕ : ਅਡੋਲਫ਼ ਹਿਟਲਰ
ਅਨੁ: ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 500 ਰੁਪਏ, ਸਫ਼ੇ : 408
ਸੰਪਰਕ : 98146-28027

'ਮੀਨ ਕੈਫ' ਮਨੁੱਖਤਾ ਦੇ ਦੁਸ਼ਮਣ, ਤਾਨਾਸ਼ਾਹ, ਹੈਂਕੜਬਾਜ਼, ਯੁੱਧ ਅਪਰਾਧੀ ਅਡੋਲਫ ਹਿਟਲਰ ਵਲੋਂ ਅੰਗਰੇਜ਼ੀ 'ਚ ਲਿਖੀ ਸਵੈ-ਜੀਵਨੀ ਜੋ ਉਸ ਨੇ ਮਿਊਨਖ ਕੋਰਟ ਵਲੋਂ ਸੁਣਾਈ ਸਜ਼ਾ ਤੋਂ ਬਾਅਦ ਜੇਲ੍ਹ ਪ੍ਰਵਾਸ ਦੌਰਾਨ ਲਿਖੀ ਸੀ। ਇਸ ਦਾ ਹਿੰਦੀ ਅਨੁਵਾਦ ਮਹੇਸ਼ ਦੱਤ ਸ਼ਰਮਾ ਦੁਆਰਾ ਸੌਖੀ ਅਤੇ ਸਰਲ ਭਾਸ਼ਾ ਵਿਚ 'ਮੇਰਾ ਸੰਘਰਸ਼' ਨਾਂਅ ਹੇਠ ਕੀਤਾ ਹੈ, ਜਿਸ ਦਾ ਅਗਾਂਹ ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਅਨੁਵਾਦਕ ਕਰਮ ਸਿੰਘ ਜ਼ਖ਼ਮੀ ਦੁਆਰਾ 'ਮੇਰਾ ਸੰਘਰਸ਼' ਨਾਂਅ ਹੇਠ ਹੀ ਕੀਤਾ ਹੈ। ਅਡੋਲਫ ਹਿਟਲਰ 20 ਅਪ੍ਰੈਲ, 1889 ਨੂੰ ਧਰੂਨੋ (ਆਸਟ੍ਰੇਲੀਆ) ਵਿਖੇ ਪੈਦਾ ਹੋਇਆ। ਉਸ ਦਾ ਬਾਪ ਇਕ ਸਰਕਾਰੀ ਨੌਕਰ ਸੀ ਤੇ ਉਹ ਹਿਟਲਰ ਨੂੰ ਵੀ ਸਰਕਾਰੀ ਨੌਕਰਸ਼ਾਹ ਦੇ ਰੂਪ ਵਿਚ ਹੀ ਦੇਖਣਾ ਚਾਹੁੰਦਾ ਸੀ। ਪਰ ਹਿਟਲਰ ਦੀ ਇੱਛਾ ਚਿੱਤਰਕਾਰੀ ਅਤੇ ਵਾਸਤੂਕਲਾ ਵਿਚ ਨਿਪੁੰਨ ਹੋਣ ਦੀ ਸੀ। ਪਿਤਾ ਦੀ ਮੌਤ ਤੇ ਮਾਂ ਦੀ ਮੌਤ ਬਾਅਦ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਵਿਆਨਾ ਚਲਾ ਗਿਆ। ਇਥੇ ਉਸ ਨੇ ਪੋਸਟ ਕਾਰਡਾਂ 'ਤੇ ਚਿੱਤਰ ਬਣਾਉਂਦਿਆਂ ਜੀਵਨ ਬਸਰ ਕੀਤਾ। ਭੁੱਖਮਰੀ, ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਦਾ ਸ਼ਿਕਾਰ ਹੋਇਆ ਰਿਹਾ। ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਉਹ ਫ਼ੌਜ ਵਿਚ ਭਰਤੀ ਹੋ ਗਿਆ ਤੇ ਫਿਰ ਹੌਲੀ-ਹੌਲੀ ਰਾਜਨੀਤੀ ਵੱਲ ਮੋੜਾ ਕੱਟ ਗਿਆ। ਵਿਆਨਾ ਰਿਹਾਇਸ਼ ਦੌਰਾਨ ਉਸ ਨੇ ਸਮਾਜ ਦੇ ਵੱਖ-ਵੱਖ ਵਰਗਾਂ ਪ੍ਰਤੀ ਖੁੱਭ ਕੇ ਅਧਿਐਨ ਕੀਤਾ ਤੇ ਗ਼ਰੀਬ ਜਨਤਾ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ। ਬਾਅਦ ਵਿਚ ਉਸ ਨੇ ਨਾਜ਼ੀ ਪਾਰਟੀ ਬਣਾਈ ਅਤੇ ਰਾਸ਼ਟਰਵਾਦਿਤਾ ਦਾ ਪ੍ਰਚਾਰ ਕੀਤਾ। ਹੌਲੀ-ਹੌਲੀ ਉਹ ਨਸਲਵਾਦੀ ਵੀ ਬਣ ਗਿਆ ਤੇ ਕਮਿਊਨਿਸਟਾਂ ਅਤੇ ਯਹੂਦੀਆਂ ਪ੍ਰਤੀ ਉਸ ਦੀ ਘ੍ਰਿਣਾ ਜੱਗ-ਜ਼ਾਹਰ ਹੋ ਗਈ। ਦੂਸਰੇ ਵਿਸ਼ਵ ਯੁੱਧ ਸਮੇਂ ਉਸ ਨੇ ਵਿਸ਼ਵ ਵਿਜੇਤਾ ਬਣਨ ਦੀ ਅਕਾਂਖਿਆ ਪੈਦਾ ਕਰ ਲਈ ਜੋ ਮਹਾਂ ਅਕਾਂਖਿਆ ਦਾ ਰੂਪ ਧਾਰਨ ਕਰ ਗਈ। ਅੰਨ੍ਹੀ ਰਾਸ਼ਟਰਵਾਦਿਤਾ ਨੇ ਵੀ ਉਸ ਦਾ ਦਿਮਾਗ਼ੀ ਸੰਤੁਲਨ ਵਿਗਾੜ ਦਿੱਤਾ ਸੀ। ਦੂਜੇ ਵਿਸ਼ਵ ਯੁੱਧ ਵਿਚ ਉਸ ਨੂੰ ਪਹਿਲਾਂ-ਪਹਿਲ ਥੋੜ੍ਹੀ ਬਹੁਤ ਸਫ਼ਲਤਾ ਮਿਲੀ ਪਰ ਬਾਅਦ ਵਿਚ ਰੂਸ ਨਾਲ ਯੁੱਧ ਦੌਰਾਨ ਉਸ ਦੇ ਪੈਰ ਉੱਖੜਦੇ ਚਲੇ ਗਏ। ਹਾਰ ਦੀ ਨਮੋਸ਼ੀ ਨਾ ਝਲਦਿਆਂ ਉਸ ਨੇ ਆਪਣੀ ਨਵੀਂ ਵਿਆਹੀ ਪ੍ਰੇਮਿਕਾ ਨਾਲ 30 ਅਪ੍ਰੈਲ, 1945 ਨੂੰ ਇਕ ਬੰਕਰ ਵਿਚ ਆਤਮ-ਹੱਤਿਆ ਕਰ ਲਈ। ਹੁਣ ਵੀ ਉਸ ਨੂੰ ਇਨਸਾਨੀਅਤ ਵਿਰੋਧੀ, ਨਸਲਕੁਸ਼, ਨਿਰੰਕੁਸ਼ ਤੇ ਹੈਂਕੜਬਾਜ਼ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦੀ ਸਵੈ-ਜੀਵਨੀ ਵਿਚ ਸਾਨੂੰ ਉਹ ਸਾਰੇ ਵੇਰਵੇ ਮਿਲਦੇ ਹਨ, ਜਿਨ੍ਹਾਂ ਕਾਰਨ ਉਹ ਅਜਿਹਾ ਇਨਸਾਨ ਬਣ ਸਕਿਆ। ਐਡੀ ਵੱਡ ਆਕਾਰੀ ਪੁਸਤਕ ਦਾ ਪੰਜਾਬੀ ਅਨੁਵਾਦ ਕਰਨਾ ਕਰਮ ਸਿੰਘ ਜ਼ਖ਼ਮੀ ਜਿਹੇ ਸਿਰੜੀ ਲੇਖਕ ਜ਼ਿੰਮੇ ਹੀ ਆਇਆ ਹੈ।

-ਕੇ. ਐਲ. ਗਰਗ
ਮੋਬਾਈਲ : 94635-37050
c c c

28-01-2023

 ਪ੍ਰਸ਼ਾਸਨ ਦੀ ਕਹਾਣੀ
ਆਈ.ਏ.ਐਸ. ਦੀ ਜ਼ਬਾਨੀ
ਲੇਖਕ : ਰਾਮ ਸਰੂਪ ਰਿਖੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 375
ਸੰਪਰਕ : 84372-03286

ਪੰਜਾਬੀ ਨਾਵਲਕਾਰ ਰਾਮ ਸਰੂਪ ਰਿਖੀ ਨੇ ਵੱਡਅਕਾਰੀ ਨਾਵਲ ਲਿਖਣ ਮਗਰੋਂ ਪਿੰਡ ਭਦੌੜ ਦੇ ਜੰਮਪਲ ਆਈ.ਏ.ਐਸ. ਅਧਿਕਾਰੀ ਸਤਿਆਪਾਲ ਸਿੰਗਲ ਦੀ ਜੀਵਨੀ, 'ਪ੍ਰਸ਼ਾਸਨ ਦੀ ਕਹਾਣੀ ਆਈ.ਏ.ਐਸ. ਦੀ ਜ਼ਬਾਨੀ, ਭਦੌੜ ਦਾ ਗੌਰਵ ਸੱਤਿਆਪਾਲ ਸਿੰਗਲ' ਲਿਖ ਕੇ ਇਕ ਹੋਰ ਮੀਲ ਪੱਥਰ ਗੱਡਿਆ ਹੈ। ਲੇਖਕ ਨੇ ਪੁਸਤਕ ਨੂੰ ਬਚਪਨ, ਮਨਵੰਸ਼ਿਤ ਫਲ ਆਸਰੇ ਰੁਜ਼ਗਾਰ, ਸੋਨੇ ਉੱਤੇ ਸੁਹਾਗਾ, ਦਿੱਲੀ ਵਿਚ ਦੂਸਰੀ ਪਾਰੀ, ਪਿੱਠ ਵਿਚ ਛੁਰਾ ਅਤੇ ਅੱਤਿਆਚਾਰ ਦੀ ਧਮਕੀ ਅਤੇ ਤਸਵੀਰਾਂ 'ਚੈਪਟਰਾਂ ਵਿਚ ਵੰਡਿਆ ਹੈ। ਸਵੈ-ਜੀਵਨੀ ਲਿਖਣ ਨਾਲੋਂ ਕਿਸੇ ਹੋਰ ਸ਼ਖ਼ਸ ਦੀ ਜੀਵਨੀ ਲਿਖਣਾ ਵਧੇਰੇ ਸਿਦਕ, ਸਿਰੜ ਦਾ ਕਾਰਜ ਹੈ। ਕਿਸੇ ਰੋਲ ਮਾਡਲ ਵਿਅਕਤੀ ਦੀ ਜੀਵਨੀ ਲਿਖ ਕੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨੀ ਅਤੇ ਆਉਣ ਵਾਲੀ ਪੀੜ੍ਹੀ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ। ਇਸ ਉਦੇਸ਼ ਨਾਲ ਰਾਮ ਸਰੂਪ ਰਿਖੀ ਦਾ ਇਹ ਕਾਰਜ ਸਾਹਿਤਕ ਅਤੇ ਸਮਾਜਕ ਦ੍ਰਿਸ਼ਟੀ ਤੋਂ ਬਹੁਤ ਮੁੱਲਵਾਨ ਹੈ। ਇਸ ਜੀਵਨੀ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਸਿੰਗਲਾ ਵਰਗੇ ਇਮਾਨਦਾਰ, ਨਿਸ਼ਠਾਵਾਨ, ਦਲੇਰ, ਬੇਬਾਕ, ਆਪਣੇ ਕਿੱਤੇ ਪ੍ਰਤੀ ਤਨਮਨ ਨਾਲ ਸਮਰਪਿਤ ਅਫ਼ਸਰ ਵੀ ਹਨ, ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਚਲਾਇਆ ਅਤੇ ਰਾਜਨੀਤਕ ਦਖ਼ਲ ਦੀ ਵਧੇਰੇ ਪਰਵਾਹ ਨਾ ਕਰਦਿਆਂ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਦੱਸਣ ਦੀ ਹਿੰਮਤ ਕੀਤੀ ਹੈ। ਇਨ੍ਹਾਂ ਚੈਪਟਰਾਂ ਵਿਚ ਕਈ ਅਜਿਹੀਆਂ ਘਟਨਾਵਾਂ ਦਾ ਵਿਸਥਾਰ ਨਾਲ ਜ਼ਿਕਰ ਹੈ, ਜਿਨ੍ਹਾਂ ਰਾਹੀਂ ਪ੍ਰਸ਼ਾਸਨਿਕ ਅਫ਼ਸਰਾਂ ਦੀ ਕਾਰਜਸ਼ੈਲੀ, ਉਨ੍ਹਾਂ 'ਤੇ ਰਾਜਨੀਤਕ ਲੋਕਾਂ ਦੇ ਦਬਾਅ, ਮਨਿਸਟਰਾਂ ਦੀ ਮਰਜ਼ੀ ਮੁਤਾਬਿਕ ਕੰਮ ਨਾ ਕਰਨ ਤੇ ਉਸ ਦੇ ਸਿੱਟੇ, ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮਨਿਸਟਰਾਂ ਦੀ ਖੁੱਲ੍ਹ ਖੇਡ 'ਚ ਸ਼ਾਮਿਲ ਹੋ ਕੇ ਵਗਦੀ ਗੰਗਾ 'ਚ ਹੱਥ ਧੋਣਾ ਆਦਿ ਦੀ ਅਸਲੀਅਤ ਦਾ ਪਤਾ ਲਗਦਾ ਹੈ। ਲੇਕਿਨ ਸੱਤਿਆਪਾਲ ਸਿੰਗਲ ਜਿਹੀ ਸੁਹਿਰਦ ਇਮਾਨਦਾਰ, ਪ੍ਰਤੀਬੱਧ ਸ਼ਖ਼ਸੀਅਤ ਉਸ ਚਿੱਕੜ 'ਚ ਉੱਗੇ ਕਮਲ ਵਾਂਗ ੀਹ ਹੈ, ਜਿਸ ਦੇ ਵਿਅਕਤਿੱਤਵ ਦੀ ਖ਼ੁਸ਼ਬੋ ਨੂੰ ਰਾਮ ਸਰੂਪ ਰਿਖੀ ਨੇ ਇਸ ਵੱਡਅਕਾਰੀ ਜੀਵਨੀ ਵਿਚ ਆਪਣੀ ਸਰਲ, ਸਰਸ ਤੇ ਸਹਿਜ ਸ਼ੈਲੀ ਵਿਚ ਸਾਂਭਣ ਦਾ ਸਾਰਥਕ ਯਤਨ ਕੀਤਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

 c c

 


ਸਵੇਰ ਦਾ ਸੰਗੀਤ
ਸੋਵੀਅਤ ਕਹਾਣੀਆਂ
ਅਨੁਵਾਦ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰ.ਸੀ. ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 224
ਸੰਪਰਕ : 080763-63058

'ਸਵੇਰ ਦਾ ਸੰਗੀਤ' ਗੁਰਬਚਨ ਸਿੰਘ ਭੁੱਲਰ ਦਾ ਸੋਵੀਅਤ ਕਹਾਣੀਆਂ ਦਾ ਅਨੁਵਾਦਿਤ ਸੰਗ੍ਰਹਿ ਹੈ ਜਿਸ ਦੇ ਕਵਰ ਉੱਤੇ ਦਰਸ਼ਨ ਸਿੰਘ ਟਿੱਬਾ ਦਾ ਕਲਾ ਚਿੱਤਰ ਸੁਸ਼ੋਭਿਤ ਹੈ। ਇਸ ਪੁਸਤਕ ਵਿਚ 20 ਸੋਵੀਅਤ ਕਹਾਣੀਆਂ ਦਾ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਦੇ ਲੇਖਕਾਂ ਅਤੇ ਪਾਤਰਾਂ ਤੋਂ ਬਿਨਾਂ ਘਟਨਾਵੀ ਸਥਾਨਾਂ ਦੇ ਨਾਵਾਂ ਦਾ ਪੰਜਾਬੀ ਪਾਠਕਾਂ ਨੂੰ ਯਾਦ ਰਹਿਣਾ ਅਸੁਭਾਵਿਕ ਪ੍ਰਤੀਤ ਹੁੰਦਾ ਹੈ ਪਰ ਕਥਾਵਾਂ ਦੇ ਵਿਸ਼ਾ-ਵਸਤੂ, ਪਾਤਰਾਂ ਦੇ ਸੁਭਾਅ, ਮੁਹਾਂਦਰੇ ਅਤੇ ਗਤੀਵਿਧੀਆਂ ਪਾਠਕਾਂ 'ਤੇ ਅਮਿੱਟ ਪ੍ਰਭਾਵ ਪਾ ਸਕਣ ਦੇ ਸਮਰੱਥ ਹਨ। ਪੰਜਾਬੀ ਅਨੁਵਾਦ ਵਿਚ ਮੂਲ ਭਾਸ਼ਾ ਦੀ ਹਾਣੀ ਸ਼ਬਦਾਵਲੀ ਦੀ ਵਰਤੋਂ ਕਰਨ ਨਾਲ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਭੁੱਲਰ ਨੇ ਇਹ ਰਚਨਾ ਪੰਜਾਬੀ ਵਿਚ ਹੀ ਰਚੀ ਹੋਵੇ। ਇਨ੍ਹਾਂ ਕਹਾਣੀਆਂ ਦਾ ਗਹਿਨ ਅਧਿਐਨ ਕਰਦਿਆਂ ਇਨ੍ਹਾਂ ਦੇ 'ਕੇਂਦਰੀ ਸੂਤਰਾਂ' ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮਸਲਨ : ਸਾਈਬਰ-ਐਸ.ਆਰ. ਦੀ ਪਰਖ। ਉੱਤਰ-ਆਧੁਨਿਕ ਵਿਗਿਆਨਕ ਵਿਸ਼ਾ (ਪਰਖ), ਹਿਮ-ਖੰਡ ਵਿਚ ਹਵਾਈ ਜਹਾਜ਼ਾਂ ਦੀ ਸੇਵਾ-ਸੰਭਾਲ ਅਤੇ ਨਿਗਰਾਨੀ ਲਈ ਸੰਘਰਸ਼ (ਕੱਕਰ ਨਾਲ ਮੁਲਾਕਾਤਾਂ), ਕ੍ਰਿਸਮਸ ਦੇ ਦਿਨ 9 ਸਾਲਾਂ ਦੇ ਯਤੀਮ ਬੱਚੇ ਦੀ ਆਪਣੇ ਦਾਦਾ ਜੀ ਨੂੰ ਮਾਲਕਾਂ ਤੋਂ ਤੰਗ ਆਉਣ ਕਾਰਨ ਦਰਦ ਭਰੀ ਚਿੱਠੀ (ਵੈਂਕਾ) ਦੂਜੀ ਵਿਸ਼ਵ ਜੰਗ ਸਮੇਂ ਜਰਮਨ ਹਮਲੇ ਦੀ ਦਾਸਤਾਂ-ਜੂਝਦੇ ਪਾਤਰਾਂ ਦਾ ਬਿਰਤਾਂਤ (ਸਟੈਪੀ ਵਿਚ ਦੋ ਜਣੇ), ਸ਼ਤਰੰਜ ਦੀ ਖੇਡ ਦੀਆਂ ਝਲਕੀਆਂ (ਬਾਰਾਂ ਕੁਰਸੀਆਂ), ਰੂਸੀ ਭਾਸ਼ਾ ਦੇ ਸ਼ਬਦਾਂ ਦੇ ਆਧਾਰ 'ਤੇ ਕਵਿਤਾ ਸਿਰਜਣਾ (ਯਾਦਾਂ), ਜਰਮਨ ਅਤੇ ਇਤਿਹਾਦੀ ਫ਼ੌਜਾਂ ਵਲੋਂ ਸਹੀਬੰਦੀ ਦਾ ਦ੍ਰਿਸ਼-ਪੱਤਰਪ੍ਰੇਰਕ ਦੁਆਰਾ (ਜੰਗ ਦੇ ਦਿਨ) ਪਹਿਲੀ ਵਾਰੀ ਪੁੱਤਰ ਜਨਮ ਦਾ ਸੁਪਨਾ (ਪਲੰਘ), ਰੋਹ-ਪ੍ਰਤੀ (ਤੂਫ਼ਾਨ ਦੇ ਜਾਏ), ਭੂਤ ਦਾ ਭਵਿੱਖ ਨਾਲ ਰਿਸ਼ਤਾ (ਘਾਹ ਦੀ ਵਾਢੀ), ਜਰਮਨ ਹਮਲੇ ਦਾ ਭਿਆਨਕ ਦ੍ਰਿਸ਼ (ਜੋ ਦੇਸ ਲਈ ਜੂਝੇ), 'ਬਚਾਓ ਕਿਸਨੇ ਕੂਕਿਆ ਸੀ?' ਅਤੇ ਸੈਕਿੰਡ ਲੈਫਟੀਨੈਂਟ ਨਾਂਅ ਦੇ ਭੁਲੇਖੇ ਦੁਆਲੇ ਸਿਰਿਜਆ ਬਿਰਤਾਂਤ (ਸੈਕਿੰਡ ਲੈਫਟੀਨੈਂਟ), ਚੀਨ ਛੱਡ ਕੇ ਰੂਸ ਵਿਚ ਆਬਾਦ ਹੋਣ ਦੀ ਕਥਾ (ਨਰਕ ਤੋਂ ਛੁਟਕਾਰਾ), ਸ਼ੇਰਾਂ ਬਾਰੇ ਸੁਖਾਂਤਕ ਫਿਲਮ ਦਾ ਦ੍ਰਿਸ਼ (ਸ਼ੇਰਾਂ ਦੇ ਸੰਭਾਲੂ ਦਾ ਸਹਾਇਕ) ਬਾਲ-ਮਨਾਂ ਦੀ ਕਲਪਨਾ ਦੀ ਕਥਾ (ਸਵਾਂਥਰਾਨੀਆਂ ਦੀ ਧਰਤੀ), ਕਿਸ਼ਤੀ ਲਈ ਚਿਨਾਰ ਦੀ ਢੁੰਡ ਕਰਦਿਆਂ-ਮੌਤ ਅਤੇ ਜੀਵਨ ਦੀ ਫ਼ਿਲਾਸਫ਼ੀ (ਇਕ ਆਮ ਜਿਹੀ ਗੱਲ), ਕਹਾਣੀ ਦਾ ਆਬਜੈਕਟਿਵ ਕੋਰੀਲੇਟਿਵ ਸੈਕਸੋਫੋਨ (ਸਵੇਰ ਦਾ ਸੰਗੀਤ), ਨੇਵੀਗੇਸ਼ਨ ਦੀਆਂ ਮੁਸ਼ਕਿਲਾਂ-ਕਪਤਾਨਾਂ ਦੀਆਂ ਕਿਸਮਾਂ (ਮਾਨਸਿਕ ਅਮੇਲਤਾ), ਦਾਦੇ ਅਤੇ ਪੋਤੇ ਵਲੋਂ ਉਨ੍ਹਾਂ ਦੀ ਮਦਦ ਜੋ ਫਾਸ਼ੀਆਂ ਵਿਰੁੱਧ ਜੂਝਦੇ ਸਨ (ਤਨੀਸ ਉਰਗ ਦਾ ਸ਼ੁਕਰਾਨਾ), ਜੰਗ ਸਮੇਂ ਕਾਤਲਾਂ ਦਾ ਹਮਲਾ-ਸ਼ਹਿਰ ਛੱਡ ਕੇ ਜਾਣ ਸਮੇਂ ਦੀਆਂ ਗੱਲਾਂ (ਵਾਲੀਆਂ) ਆਦਿ। ਕਰੁਣਾ, ਭੈ, ਸ਼ੰਕਾ ਲਗਭਗ ਸਾਰੀਆਂ ਕਹਾਣੀਆਂ ਵਿਚ ਮਿਲਦੇ ਹਨ। ਕਹਾਣੀ ਦਾ ਆਰੰਭ ਪ੍ਰਕਿਰਤੀ ਚਿਤਰਣ, ਪਾਤਰਾਂ ਜਾਂ ਮਾਹੌਲ ਸਿਰਜਣ ਤੋਂ ਆਰੰਭ ਹੁੰਦਾ ਹੈ। ਪਾਤਰਾ ਦਾ ਮਾਨਸਿਕ ਵਿਸ਼ਲੇਸ਼ਣ ਹੈ। ਅਨੇਕਾਂ ਪਾਤਰਾਂ ਸਿਗਰਟਾਂ/ਹੁੱਕੇ ਪੀਂਦੇ ਹਨ। ਭੁੱਲਰ ਵਲੋਂ ਇਹ ਅਨੁਵਾਦ ਉਸ ਵਲੋਂ ਕੀਤੀ ਮਿਹਨਤ ਦਾ ਨਤੀਜਾ ਹੈ। ਪੁਸਤਕ ਸੰਭਾਲਣ ਅਤੇ ਪੜ੍ਹਨਯੋਗ ਹੈ।

-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com

ਨਾਟ ਚਿੰਤਨ
ਪੰਜਾਬੀ ਨਾਟਕ ਵਿਚ ਰਾਜਸੀ ਚੇਤਨਾ
ਲੇਖਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 99150-05814

ਹਥਲੀ ਪੁਸਤਕ ਪੂਰਵ ਸੁਤੰਤਰਤਾ ਕਾਲ ਦੇ ਪੰਜਾਬੀ ਨਾਟਕ ਦਾ ਖੋਜ ਕਾਰਜ ਹੈ। ਵਿਦਵਾਨ ਲੇਖਕ ਨੇ ਬੜੀ ਨੀਝ ਨਾਲ ਪਹਿਲੇ ਕਾਂਡ ਵਿਚ ਰਾਜਸੀ ਚੇਤਨਾ ਦੇ ਸਿਧਾਂਤਕ ਪਰਿਪੇਖ ਨੂੰ ਸਪੱਸ਼ਟ ਕਰਦੇ ਹੋਏ ਦੱਸਿਆ ਹੈ ਕਿ ਭਾਵੇਂ ਇਹ ਚੇਤਨਾ ਭਾਰਤੀ ਸਾਹਿਤ ਚਿੰਤਨਧਾਰਾ ਅਤੇ ਵਿਸ਼ੇਸ਼ਤਰ ਪੰਜਾਬੀ ਸਾਹਿਤ ਚਿੰਤਨ ਧਾਰਾ ਵਿਚ ਮੱਧਕਾਲੀਨ ਸਾਹਿਤ ਵਿਚ ਵੀ ਉਪਲੱਬਧ ਹੈ ਪਰੰਤੂ ਪੂਰਵ ਸੁਤੰਤਰਤਾ ਕਾਲ ਵਿਚ ਬਰਤਾਨਵੀ ਹਕੂਮਤ ਨੇ ਜੋ ਘੋਲਾ ਘੋਲਿਆ ਉਸ ਤੋਂ ਪੰਜਾਬੀ ਨਾਟਕ ਵੀ ਅਭਿੱਜ ਨਹੀਂ ਰਿਹਾ। ਇਸ ਉਪਰੰਤ ਨਾਟਕ ਵਿਚ ਰਾਜਸੀ ਚੇਤਨਾ ਦੇ ਸੰਕਲਪ ਅਤੇ ਵਿਹਾਰ ਨੂੰ ਭਾਵਪੂਰਤ ਅਤੇ ਬਾ-ਦਲੀਲ ਸਾਰਥਕ ਸਿੱਟੇ ਕੱਢਦਿਆਂ ਹੋਇਆਂ ਪਾਠਕਾਂ ਸਾਹਮਣੇ ਪ੍ਰਗਟ ਕੀਤਾ ਹੈ। ਇਸੇ ਅਧਿਆਇ ਦੇ ਅੰਤਰਗਤ ਯਥਾਰਥਵਾਦੀ ਨਾਟਕ, ਐਪਿਕ ਥੀਏਟਰ, ਥੀਏਟਰ ਆਫ਼ ਦੀ ਐਬਸਰਡ, ਹੰਗਾਮੀ ਜਾਂ ਜ਼ੁਲਮ ਦਾ ਥੀਏਟਰ ਅਤੇ ਇਪਟਾ ਦਾ ਰੰਗਮੰਚ ਬਾਬਤ ਖੁੱਲ ਕੇ ਵਿਸ਼ਲੇਸ਼ਣ ਕੀਤਾ ਹੈ। ਪੁਸਤਕ ਦਾ ਮਹੱਤਵਪੂਰਨ ਭਾਗ 'ਪੂਰਵ ਸੁਤੰਤਰਤਾ ਕਾਲ ਦੇ ਪੰਜਾਬੀ ਨਾਟਕ ਵਿਚ ਰਾਜਸੀ ਚੇਤਨਾ' ਅਤੇ 'ਪੂਰਵ ਸੁਤੰਤਰਤਾ ਕਾਲ ਦੇ ਰਾਜਸੀ ਚੇਤਨਾ ਸੰਪੰਨ ਨਾਟਕ ਦੀਆਂ ਪ੍ਰਗਟਾਅ ਜੁਗਤਾਂ ' ਦੋ ਅਧਿਆਇ ਹਨ ਜਿਨ੍ਹਾਂ 'ਚੋਂ ਪਹਿਲੇ 'ਚ ਮੁੱਖ ਤੌਰ 'ਤੇ ਬਾਵਾ ਬੁੱਧ ਸਿੰਘ ਰਚਿਤ ਨਾਰ ਨਿਵੇਲੀ, ਮੁੰਦਰੀ ਛਲ, ਈਸ਼ਵਰ ਚੰਦਰ ਨੰਦਾ ਦੇ ਸਾਰੇ ਨਾਟਕ, ਡੀਡੋ ਜਮਵਾਲ, ਹਰਚਰਨ ਸਿੰਘ ਰਾਜਾ ਪੋਰਸ, ਜੀਵਨ ਲੀਲਾ, ਸੰਤ ਸਿੰਘ ਸੇਖੋਂ ਹੜਤਾਲ, ਕਲਾਕਾਰ, ਗੋਪਾਲ ਸਿੰਘ ਦਰਦੀ ਰਾਣੀ ਜਿੰਦਾਂ ਆਦਿ ਨੂੰ ਆਪਣੀ ਆਧਾਰ ਭੂਮੀ ਬਣਾਇਆ ਹੈ ਅਤੇ ਆਖਰੀ ਕਾਂਡ ਵਿਚ ਇਸ ਕਾਲ ਖੰਡ ਦੇ ਨਾਟਕਾਂ ਦੀਆਂ ਪ੍ਰਗਟਾਅ ਜੁਗਤਾਂ ਜਿਨ੍ਹਾਂ ਵਿਚ ਟੈਕਸਟ ਅਤੇ ਮੰਚਨ ਦੀ ਉਸ ਵਕਤ ਦੀ ਸਥਿਤੀ ਅਤੇ ਸੰਭਾਵਨਾਵਾਂ ਸੰਭਵ ਸਨ ਉਸ ਦਾ ਬਾਰੀਕੀ ਨਾਲ ਵਰਣਨ ਕਰਦੇ ਹੋਏ ਵਿਭਿੰਨ ਨਾਟ ਸ਼ੈਲੀਆਂ ਅਤੇ ਜੁਗਤਾਂ ਜਿਨ੍ਹਾਂ 'ਚ ਪ੍ਰਮੁੱਖ ਤੌਰ ਤੇ ਉਪ ਭਾਸ਼ਾਈ, ਗੀਤ ਲੈਅ ਜੁਗਤਾਂ, ਮਨੋਬਚਨੀ ਅਤੇ ਪ੍ਰਤੀਕਾਤਮਕਤਾ ਆਦਿ ਤੋਂ ਇਲਾਵਾ ਰਾਜਸੀ ਚੇਤਨਾ 'ਚ ਵਿਅੰਗ-ਭਾਵੇਂ ਉਹ ਸਹਿਜ ਸੀ ਦਾ ਉਲੇਖ ਭਾਵ ਪੂਰਤ ਤਰੀਕੇ ਨਾਲ ਕੀਤਾ ਹੈ। ਨਿਰਸੰਦੇਹ, ਇਹ ਪੁਸਤਕ ਨਿਰਧਾਰਿਤ ਕਾਲ ਦੇ ਨਾਟਕ ਦਾ ਵਿਸ਼ਲੇਸ਼ਣ ਆਖੀ ਜਾ ਸਕਦੀ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

c c c

 

ਸੂਰਜ ਆਖ਼ਰੀ ਸਾਹਾਂ 'ਤੇ
ਲੇਖਕ : ਦੀਪ ਅਮਨ ਜੱਖੂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼ ਪਟਿਆਲਾ
ਮੁੱਲ : 180 ਰੁਪਏ, ਸਫ਼ੇ : 104
ਸੰਪਰਕ : 99889-13155

ਵਿਦੇਸ਼ ਵਿਚ ਰਹਿੰਦੇ ਕਹਾਣੀਕਾਰ ਦਾ ਇਹ ਪਹਿਲਾ ਕਹਾਣੀ ਸੰਗ੍ਰਹਿ ਹੈ। ਕਥਾਕਾਰ ਸਿਮਰਨ ਧਾਲੀਵਾਲ ਨੇ ਲਿਖਿਆ ਹੈ ਕਿ ਲੇਖਕ ਸਾਹਿਤ ਵਿਚ ਅਸਲੋਂ ਨਵਾਂ ਨਾਂਅ ਹੈ। ਕਹਾਣੀਕਾਰ ਨੇ ਸਾਧਾਰਨ ਬੰਦੇ ਦੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੀ ਗੱਲ ਕੀਤੀ ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ 'ਅਸਲਮ ਭਾਈਜਾਨ' ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦੋ ਪਾਤਰ ਵਿਦੇਸ਼ੀ ਧਰਤੀ 'ਤੇ ਇਕੋ ਥਾਂ ਕੰਮ ਕਰਦੇ ਹਨ। ਆਪਸੀ ਗੱਲਬਾਤ ਪਿਛੋਂ ਗਹਿਰੀ ਮੁਹੱਬਤ ਹੋ ਜਾਂਦੀ ਹੈ। ਮਾਪਿਆਂ ਦੀ ਜਾਣਕਾਰੀ ਤੋਂ ਗੱਲ ਅੱਗੇ ਤੁਰਦੀ ਹੈ। ਅਸਲਮ ਨੇ ਵਿਆਹ ਨਹੀਂ ਸੀ ਕਰਵਾਇਆ ਪਰ ਉਹ ਆਪਣੇ-ਆਪ ਨੂੰ ਸੱਠ ਬੱਚਿਆਂ ਦਾ ਬਾਪ ਕਹਿੰਦਾ ਹੈ ਪਿਛੋਂ ਪਤਾ ਲਗਦਾ ਹੈ ਕਿ ਉਹ ਜਿਸ ਅਨਾਥ ਆਸ਼ਰਮ ਵਿਚ ਹੈ ਉਸ ਵਿਚ ਸੱਠ ਬੱਚੇ ਹਨ। ਆਸ਼ਰਮ ਦੇ ਬੱਚਿਆਂ ਨੂੰ ਅਸਲਮ ਆਪਣੇ ਪਰਿਵਾਰ ਵਾਂਗ ਸਮਝਦਾ ਹੈ। ਅਰਦਾਸ ਕਹਾਣੀ ਵਿਚ ਵੀ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਮੈਂ ਪਾਤਰ ਨੂੰ ਪੰਜਾਬ ਯਾਦ ਆਉਂਦਾ ਹੈ। ਬੇਬੇ ਇਧਰ ਪੰਜਾਬ ਵਿਚ ਬਿਮਾਰੀ ਪਿਛੋਂ ਪੂਰੀ ਹੋ ਜਾਂਦੀ ਹੈ। ਦੁੱਖ ਦੀ ਘੜੀ ਉਹ ਪੰਜਾਬ ਵਾਪਸ ਪਰਤਦਾ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੂੰ ਮਿਲ ਕੇ ਭਾਵੁਕ ਹੁੰਦਾ ਹੈ। 'ਆਪਣਾ ਘਰ' ਦਾ ਵੈਦ ਪਿਆਰੇ ਲਾਲ ਬਿਮਾਰ ਹੈ। ਦੋ ਪੁੱਤਰ, ਨੂੰਹਾਂ ਤੇ ਇਕ ਵਿਆਹੀ ਧੀ ਹੈ। ਪੁੱਤਰ ਜਾਇਦਾਦ ਪਿਛੇ ਝਗੜਦੇ ਹਨ। ਬਾਪ ਸੁਣ ਲੈਂਦਾ ਹੈ। ਉਸ ਦਾ ਇਲਾਜ ਹੁੰਦਾ ਹੈ ਉਹ ਠੀਕ ਹੋ ਜਾਂਦਾ ਹੈ, ਪਰ ਪੁੱਤਰਾਂ ਨੂੰ ਨਸੀਹਤ ਦੇਣੀ ਚਾਹੁੰਦਾ ਹੈ। ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂਅ ਕਰ ਦਿੰਦਾ ਹੈ। ਵੈਦ ਕਿਤੇ ਹੋਰ ਥਾਂ ਚਲਾ ਜਾਂਦਾ ਹੈ, ਜਿਸ ਨੂੰ ਉਹ ਆਪਣਾ ਘਰ ਤਸੱਵਰ ਕਰਦਾ ਹੈ। 'ਕਮਰੇ ਦਾ ਕੈਦੀ' ਦਾ ਪਾਤਰ ਵੀ ਵਿਦੇਸ਼ ਵਿਚ ਆਪਣੇ ਪੁੱਤਰ ਕੋਲ ਜਾਂਦਾ ਹੈ, ਪਰ ਪੁੱਤਰ ਕੋਲ ਬਾਪ ਨੇੜੇ ਬੈਠਣ ਦਾ ਵੀ ਸਮਾਂ ਨਹੀਂ ਹੈ। ਬਾਪ ਕਮਰੇ ਵਿਚ ਕੈਦ ਹੋ ਕੇ ਰਹਿ ਜਾਂਦਾ ਹੈ। ਇਧਰ ਪੰਜਾਬ ਵਿਚ ਉਸ ਦੇ ਭਰਾ ਦੀ ਮੌਤ ਹੋ ਜਾਂਦੀ ਹੈ। ਉਹ ਵਾਪਸ ਪਿੰਡ ਆਉਂਦਾ ਹੈ ਹਵਾਈ ਅਡੇ 'ਤੇ ਉਸ ਨੂੰ ਛੱਡਣ ਆਇਆ ਟੈਕਸੀ ਚਾਲਕ ਉਸ ਦਾ ਦੁੱਖ ਸਮਝਦਾ ਹੈ। ਕਹਾਣੀਆਂ ਵਿਚ ਜ਼ਿਆਦਾ ਕਰਕੇ ਭੂ ਹੇਰਵਾ ਹੈ। ਰਿਸ਼ਤੇ ਤਿੜਕਦੇ ਹਨ। ਡਾਲਰਾਂ ਦੀ ਖਿੱਚ ਵਧੇਰੇ ਹੈ। 'ਜੰਗਾਲਿਆ ਜਿੰਦਰਾ' ਦਾ ਸੂਬੇਦਾਰ ਆਪਣੀ ਇਕੱਲਤਾ ਦੂਰ ਕਰਨ ਲਈ ਪਾਲਤੂ ਜਾਨਵਰਾਂ ਦਾ ਸਹਾਰਾ ਲੈਂਦਾ ਹੈ। ਜੋਗ ਦੇ ਕਿਸਾਨ (ਚੰਨਣ) ਦਾ ਗ਼ਰੀਬੀ ਕਰਕੇ ਕਿਤੇ ਰਿਸ਼ਤਾ ਨਹੀਂ ਹੁੰਦਾ। ਸਿਰਲੇਖ ਵਾਲੀ ਕਹਾਣੀ ਵਿਚ ਧੀ ਵਿਆਹ ਵੇਲੇ ਬਾਪ ਨੂੰ ਆਪਣੀ ਮਾਂ ਬਾਰੇ ਪੁੱਛਦੀ ਹੈ ਤਾਂ ਕਹਾਣੀ ਦੀਆਂ ਪਰਤਾਂ ਖੁੱਲ੍ਹਦੀਆਂ ਹਨ। ਯੂਨਾਨੀ ਤੇ ਪੰਜਾਬੀ ਭਾਸ਼ਾ ਦੇ ਕਈ ਵਾਕ ਹਨ। ਕਹਾਣੀਆਂ ਗਰੀਕੀ ਛੜਾ, ਸੌਦਾ, ਲੈਂਡ ਆਫ਼ ਸਮਈਲਸ ਰੌਚਕ ਕਹਾਣੀਆਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਪੈੜਾਂ ਦੇ ਪੈਂਡੇ
ਸੰਪਾਦਕ : ਅੰਜਨਾ ਮੈਨਨ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94786-71733

ਹਥਲੀ ਪੁਸਤਕ 'ਪੈੜਾਂ ਦੇ ਪੈਂਡੇ' 44 ਸੇਵਾਮੁਕਤ ਤੇ ਸੇਵਾਯੁਕਤ ਅਧਿਆਪਨ ਕਿੱਤੇ ਨਾਲ ਜੁੜੇ ਕਵੀਆਂ ਤੇ ਕਵਿੱਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ। ਇਸ ਕਿਤਾਬ ਦੀ ਖ਼ੂਬਸੂਰਤੀ ਇਹ ਹੈ ਕਿ ਸਮਿਲਿਤ ਅਦੀਬਾਂ ਨੂੰ ਪੰਜਾਬੀ ਵਰਣਮਾਲਾ ਦੇ ਅੱਖਰਾਂ ਨਾਲ ਤਰਤੀਬ ਦਿੱਤੀ ਗਈ ਹੈ ਅਤੇ ਕਵੀਆਂ ਤੇ ਕਵਿੱਤਰੀਆਂ ਨੂੰ ਵੱਡੇ-ਛੋਟੇ ਸਮਝਣ ਤੋਂ ਮੁਕਤ ਰੱਖਿਆ ਗਿਆ ਹੈ। ਸਾਰੇ ਹੀ ਸ਼ਬਦ ਤਰਾਸ਼ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਹਨ। ਬਰਨਾਲੇ ਨੂੰ 'ਬਰਨਾਲਾ ਸਕੂਲ ਆਫ਼ ਪੋਇਟਰੀ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਜੇ ਇਸ ਨੂੰ ਸ਼ਾਇਰਾਂ ਦੀ ਨਰਸਰੀ ਕਹਿ ਲਿਆ ਜਾਵੇ ਕੋਈ ਅੱਤਕਥਨੀ ਨਹੀਂ ਹੋਵੇਗਾ। ਸਮਿਲਿਤ ਅਦੀਬਾਂ ਨੇ ਬਹੁ-ਅਯਾਮੀ ਤੇ ਬਹੁ-ਦਿਸ਼ਾਵੀ ਸਰੋਕਾਰਾਂ ਨਾਲ ਦਸਤਪੰਜਾ ਲਿਆ ਹੈ। ਅਧਿਆਪਕ ਬੱਚਿਆਂ ਦੀ ਮਾਨਸਿਕਤਾ ਤੋਂ ਭਲੀ-ਭਾਂਤ ਜਾਣੂੰ ਹੁੰਦੇ ਹਨ ਤੇ ਬਹੁਤੀਆਂ ਨਜ਼ਮਾਂ ਬਾਲਾਂ ਦੀ ਮਾਨਸਿਕਤਾ ਨਾਲ ਤਾਂ ਜੁੜੀਆਂ ਹੋਈਆਂ ਹਨ ਹੀ ਤੇ ਨਾਲ ਹੀ ਅਧਿਆਪਕਾਂ ਨੂੰ ਵੀ ਆਦਰਸ਼ਕ ਅਧਿਆਪਕ ਬਣਨ ਦੀਆਂ ਸਮਝਾਉਣ ਵਾਲੀਆਂ ਨਜ਼ਮਾਂ ਵੀ ਸ਼ਾਮਿਲ ਹਨ। ਸਾਰੀਆਂ ਨਜ਼ਮਾਂ ਆਪੋ-ਆਪਣੀ ਅਨੁਭੂਤੀ ਅਨੁਸਾਰ ਕਾਵਿਕ ਪੈਂਡਾ ਤੈਅ ਕਰਦੀਆਂ ਨਜ਼ਰ ਆਉਂਦੀਆਂ ਹਨ। ਕੁਝ ਸ਼ਾਇਰ ਪ੍ਰਬੁੱਧਤਾ ਅਤੇ ਸਿਖਾਂਦਰੂ ਪ੍ਰਯਤਨ ਵਿਚ ਤ੍ਰਿਸ਼ੰਕੂ ਬਣੇ ਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਨਿਕਟ ਭਵਿੱਖ ਵਿਚ ਵੱਡੇ ਸ਼ਾਇਰ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਨਜ਼ਮਾਂ ਤਰੰਗੀ ਮੁਹੱਬਤ ਦੇ ਸ਼ਿਕਵੇ, ਰੋਸੇ, ਸੰਕਟ ਮਨਾਉਣ, ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ, ਕੁਦਰਤ ਨਾਲ ਖਿਲਵਾੜ, ਮਾਂ ਬੋਲੀ ਨਾਲ ਪਿਆਰ ਤੇ ਪੰਜਾਬ ਨੂੰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾ ਕੇ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦਾ ਕਾਵਿਕ-ਧਰਮ ਅੰਕਿਤ ਹੈ। ਸ਼ਾਇਰ ਅਵਤਾਰ ਪੰਡੋਰੀ ਨਜ਼ਮ 'ਛੱਡ ਕੁੜੱਤਣ ਪਾਣੀ ਹੋ ਜਾ, ਪੰਛੀਆਂ ਦਾ ਤੂੰ ਹਾਣੀ ਹੋ ਜਾ, ਗੁੰਨ੍ਹ ਕੇ ਜਾਤਾਂ ਪਾਤਾਂ ਮਜ਼੍ਹਬ, ਮਿੱਟੀ ਵਰਗੀ ਘਾਣੀ ਹੋ ਜਾ।' ਇਕਬਾਲ ਕੌਰ ਉਦਾਸੀ ਵਲੋਂ ਆਪਣੇ ਪਿਤਾ ਸੰਤ ਰਾਮ ਉਦਾਸੀ ਨੂੰ ਕਾਵਿਕ ਸ਼ਰਧਾਂਜਲੀ 'ਤੈਨੂੰ ਜਦ ਵੀ ਦੇਣਗੇ ਲੋਕ ਸ਼ਾਇਰ ਦਾ ਨਾਂਅ, ਉਦੋਂ ਸੰਗਰਾਮ ਵਾਲਾ ਹੋਊ ਹੋਰ ਕਲਾਮ', ਸੁਖਵਿੰਦਰ ਸੁੱਖ ਦੀ ਨਜ਼ਮ ਦੀਆਂ ਸਤਰਾਂ 'ਸੀਤਾ ਦੀ ਅਗਨ ਪ੍ਰੀਖਿਆ ਤੇ ਦ੍ਰੋਪਦੀ ਦੇ ਚੀਰਹਰਨ ਤੋਂ ਸ਼ੁਰੂ ਹੋਇਆ ਸਫ਼ਰ, ਬਾਦਸਤੂਰ ਜਾਰੀ ਹੈ। ਅੱਜ ਘਰਾਂ ਦੇ ਕੋਨਿਆਂ ਤੋਂ ਲੈ ਕੇ ਦਫ਼ਤਰਾਂ ਦੇ ਕੈਬਿਨਾਂ ਤੱਕ' ਅਤੇ ਡਾ. ਤਰਸਪਾਲ ਦੀ ਨਜ਼ਮ 'ਮੌਸਮ' ਦੀਆਂ ਸਤਰਾਂ 'ਮੈਂ ਬਹਾਰਾਂ 'ਤੇ ਵੀ ਕੀ ਗਿਲਾ ਕਰਦੀ, ਬੜੇ ਦਿਨਾਂ ਤੋਂ ਤੇਰਾ ਜਵਾਬ ਨਹੀਂ ਆਇਆ, ਪਰ ਖ਼ਤ ਵਿਚ ਉਹ ਖੁਸ਼ਬੂ ਨਹੀਂ' ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਕਾਵਿ ਕਿਤਾਬ ਦੀ ਸੰਪਾਦਨ ਅੰਜਨਾ ਮੈਨਨ ਦੇ ਸਿਰੜ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ, ਜਿਸ ਨੇ ਏਨੀ ਮਿਹਨਤ ਮੁਸ਼ੱਕਤ ਨਾਲ ਬਰਨਾਲੇ ਦੀ ਸਾਹਿਤਕ ਨਰਸਰੀ ਨੂੰ ਹੋਰ ਖ਼ੂਬਸੂਰਤ ਬਣਾਉਣ ਵਿਚ ਆਪਣਾ ਹਿੱਸਾ ਪਾਇਆ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਹਿੱਕ ਵਿਚ ਬਲਦਾ ਮਾਰੂਥਲ
ਲੇਖਕ : ਗੁਰਦੇਵ ਸਿੰਘ ਦਰਦੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 94173-95969

ਗੁਰਦੇਵ ਸਿੰਘ ਦਰਦੀ ਨਾਵਲਕਾਰ ਹੋਣ ਦੇ ਨਾਲ-ਨਾਲ ਗੀਤਕਾਰ ਤੇ ਗਾਇਕ ਵੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀ 'ਪੀੜਾਂ ਦੀ ਸੁਗਾਤ' ਕਿਤਾਬ (ਗੀਤ-ਸੰਗ੍ਰਹਿ) ਵੀ ਛਪ ਚੁੱਕੀ ਹੈ। ਇਨ੍ਹਾਂ ਦੇ ਗੀਤਾਂ ਦੀ ਪਹਿਲਾਂ ਕਾਫ਼ੀ ਚਰਚਾ ਹੋਈ। ਇਸ ਨਾਵਲ ਵਿਚ ਦੁਖਾਂਤ ਤੇ ਸੁਖਾਂਤ ਨੂੰ ਬੜੇ ਤਰੀਕੇ ਨਾਲ ਪੇਸ਼ ਕਰਕੇ ਕਿਸੇ ਦਾ ਪਲੜਾ ਭਾਰੂ ਨਹੀਂ ਹੋਣ ਦਿੱਤਾ ਬਲਕਿ ਲੇਖਕ ਨੇ ਸਟੇਅਰਿੰਗ ਆਪਣੇ ਹੱਥ ਰੱਖਿਆ ਹੈ ਅਤੇ ਕਿਸੇ ਵੀ ਪਾਤਰ ਨੂੰ ਭਾਰੂ ਨਹੀਂ ਹੋਣ ਦਿੱਤਾ। ਨਾਵਲ ਦੀ ਸਮੁੱਚੀ ਕਹਾਣੀ ਸਮਾਜਿਕ, ਸੱਭਿਆਚਾਰਕ ਤੇ ਮਸਲਿਆਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਨਾਲ ਹੀ ਲੇਖਕ ਨੇ ਪੂੰਜੀਵਾਦ ਕਿਸਾਨੀ ਹਾਲਾਤ, ਪਰਿਵਾਰਾਂ ਵਿਚ ਪੈ ਰਹੀਆਂ ਤਰੇੜਾਂ ਨੂੰ ਜਿਸ ਤਰ੍ਹਾਂ ਸ਼ਬਦਾਵਲੀ ਵਿਚ ਪਰੋਇਆ ਹੈ, ਇਹ ਲੇਖਕ ਦੀ ਲੇਖਣੀ ਦਾ ਗੁਣ ਹੈ। ਪਿਆਰ ਦੇ ਮਾਮਲਿਆਂ ਨੂੰ ਢੁੱਕਵੀਂ ਥਾਂ ਦੇ ਕੇ ਆਪੇ ਤੋਂ ਬਾਹਰ ਨਹੀਂ ਹੋਣ ਦਿੱਤਾ ਅਤੇ ਨਾਲ ਹੀ ਨਾਵਲ ਦੇ ਪਾਤਰਾਂ ਦੀ ਪਾਤਰਤਾ ਨੂੰ ਜ਼ਿਆਦਾ ਨਹੀਂ ਖਿਲਾਰਿਆ। ਹਰ ਘਟਨਾ 'ਤੇ ਦ੍ਰਿਸ਼ ਨੂੰ ਕਿਤੇ ਬੇਲੋੜੀਂਦਾ ਨਹੀਂ ਕੀਤਾ ਅਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਮਾਤਰਾ ਦੇ ਰੋਲ ਦੀ ਹੋਣੀ ਚਾਹੀਦੀ ਹੈ, ਉਸ ਨੂੰ ਹੀ ਆਖ਼ਰ ਤੀਕ ਲੇਖਕ ਨੇ ਅਪਣਾਈ ਰੱਖਿਆ ਹੈ। ਨਾਵਲ ਦੇ ਪ੍ਰਤੀ ਜੋ ਵਿਸ਼ਾ ਲੇਖਕ ਨੇ ਰੱਖਿਆ ਹੈ, ਉਸ ਨੂੰ ਹਰ ਪੱਖ ਤੋਂ ਨਿਭਾਇਆ ਵੀ ਹੈ। ਨਾਵਲ ਤਕਨੀਕੀ ਪੱਖੋਂ ਵੀ ਕਿਸੇ ਪਾਸੇ ਦੇ ਵੱਲ ਡੋਲਿਆ ਨਹੀਂ। ਲੇਖਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਆਪਣੀਆਂ ਅਗਲੀਆਂ ਰਚਨਾਵਾਂ ਵਿਚ ਹੋਰ ਪ੍ਰਪੱਕਤਾ ਲੈ ਕੇ ਆਵੇਗਾ। ਇਸ ਨਾਵਲ ਦੇ 22 ਕਾਂਡ ਹਨ, ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਪੜ੍ਹਨ ਦੀ ਉਤਸੁਕਤਾ ਬਣੀ ਰਹਿੰਦੀ ਹੈ। ਨਾਵਲਕਾਰ ਨੇ ਇਸ ਦੇ ਅਖ਼ੀਰ ਵਿਚ ਅਧੂਰੇ ਕਾਂਡ ਦੇ ਬਾਕੀ ਹਿੱਸੇ ਦਾ ਬਾਖ਼ੂਬੀ ਨਾਲ ਜ਼ਿਕਰ ਕੀਤਾ ਹੈ, ਜਿਸ ਦੀ ਦਾਦ ਦੇਣੀ ਬਣਦੀ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

21-01-2023

 ਕਰਫਿਊ
ਤੇ ਹੋਰ ਤਿੰਨ ਨਾਵਲ
ਅਨੁਵਾਦਕ ਅਤੇ ਸੰਪਾਦਕ : ਡਾ. ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 316
ਸੰਪਰਕ : 98152-18545

ਇਸ ਪੁਸਤਕ ਵਿਚ ਚਾਰ ਨਾਵਲਾਂ ਦਾ ਅਨੁਵਾਦ ਪੇਸ਼ ਕੀਤਾ ਗਿਆ ਹੈ। ਪਹਿਲਾ ਨਾਵਲ ਰਣੇਂਦਰ ਦੁਆਰਾ ਲਿਖਿਆ ਹੋਇਆ ਹੈ, ਜਿਸ ਦਾ ਨਾਂਅ ਹੈ 'ਗਲੋਬਲ ਪਿੰਡ ਦਾ ਦੇਵਤਾ'। ਇਹ ਸੁੰਦਰ ਵਣਪ੍ਰਾਂਤਾਂ ਦੀ, ਆਦਿਵਾਸੀ ਸਮਾਜ ਦੀ, ਭ੍ਰਿਸ਼ਟਾਚਾਰ ਦੀ, ਅਸੁਰ ਜਾਤੀ ਦੀ ਤ੍ਰਾਸਦੀ ਅਤੇ ਨਾਰੀ ਜਾਤੀ ਦੇ ਸ਼ੋਸ਼ਣ ਦੀ ਦਿਲਚੀਰਵੀਂ ਕਹਾਣੀ ਹੈ। ਕਾਵਿਕ ਟੂਕਾਂ ਨੇ ਇਹਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਦੂਸਰਾ ਨਾਵਲ 'ਖ਼ੌਫ਼' ਹੈ ਜੋ ਅਤੀਕ ਰਹਿਮੀ ਦਾ ਲਿਖਿਆ ਹੋਇਆ ਹੈ। ਅਤੀਕ ਅਫ਼ਗਾਨਿਸਤਾਨੀ ਲੇਖਕ ਹੈ। ਇਸ ਨਾਵਲ ਦੇ ਪਾਤਰ ਅੱਤਵਾਦ, ਯੁੱਧ, ਕੈਦ, ਤਸੀਹੇ ਸਹਿੰਦੇ ਹੋਏ ਅਨਸ਼ਕ ਤੌਰ 'ਤੇ ਏਨਾ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਨ੍ਹਾਂ 'ਤੇ ਖ਼ੌਫ਼-ਹਾਵੀ ਹੋ ਜਾਂਦਾ ਹੈ। ਉਹ ਸੁਪਨਿਆਂ ਵਿਚ ਵੀ ਭੂਤ ਪ੍ਰੇਤ ਆਦਿ ਦੇਖਦੇ ਹਨ ਅਤੇ ਡਰ ਕੇ ਚੀਕਾਂ ਮਾਰਦੇ ਹਨ। ਇਸ ਨਾਵਲ ਵਿਚ ਅਣਮਨੁੱਖੀ ਤਸੀਹਿਆਂ ਅਤੇ ਦਰਦਾਂ ਦੀ ਦਾਸਤਾਨ ਦਿਲ ਹਿਲਾਉਣ ਵਾਲੀ ਹੈ। ਤੀਸਰਾ ਨਾਵਲ 'ਕਰਫਿਊ' ਵਿਭੂਤੀ ਨਰਾਇਣ ਰਾਏ ਦਾ ਇਕ ਹਿੰਦੀ ਨਾਵਲ ਹੈ। ਇਸ ਨਾਵਲ ਵਿਚ ਬਹੁਤ ਹੀ ਸੰਵੇਦਨਾ ਅਤੇ ਦਰਦ ਭਰਿਆ ਹੋਇਆ ਹੈ। ਨਸਲੀ ਝਗੜੇ, ਕਰਫ਼ਿਊ, ਪੁਲਿਸ ਦੀਆਂ ਵਧੀਕੀਆਂ, ਬੱਚਿਆਂ ਦੀਆਂ ਮੌਤਾਂ, ਲੜਕੀਆਂ ਉੱਤੇ ਹੋਏ ਜਬਰੋ ਜ਼ੁਲਮ ਦੀਆਂ ਅਕਹਿ ਅਤੇ ਅਸਹਿ ਕਹਾਣੀਆਂ ਹਨ। ਇਹ ਬਿਰਤਾਂਤ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਹਨ। ਚੌਥੇ ਨਾਵਲ ਦਾ ਨਾਂਅ ਹੈ 'ਆਖ਼ਰੀ ਛਾਲ' ਜੋ ਸ਼ਿਵਮੂਰਤੀ ਦੁਆਰਾ ਲਿਖਿਆ ਹੋਇਆ ਹਿੰਦੀ ਨਾਵਲ ਹੈ। ਇਸ ਵਿਚ ਕਿਰਤੀਆਂ, ਕਿਸਾਨਾਂ, ਡੰਗਰ ਵੱਛਿਆਂ ਦਾ ਦਰਦ ਸਮੋਇਆ ਹੋਇਆ ਹੈ। ਕਬੀਲਦਾਰਾਂ ਦੀਆਂ ਚਿੰਤਾਵਾਂ ਅਤੇ ਮਜਬੂਰੀਆਂ ਦੀ ਗੱਲ ਕੀਤੀ ਗਈ ਹੈ। ਇਹ ਚਾਰੇ ਨਾਵਲ ਦਿਲ ਨੂੰ ਛੂਹ ਜਾਂਦੇ ਹਨ ਅਤੇ ਦੁੱਖਾਂ ਦੇ ਦਸਤਾਵੇਜ਼ ਹਨ। ਅਨੁਵਾਦਕ ਨੇ ਪੂਰਾ ਇਨਸਾਫ਼ ਕੀਤਾ ਹੈ ਅਤੇ ਮੂਲ ਨਾਵਲਾਂ ਦੇ ਭਾਵ ਨਸ਼ਟ ਨਹੀਂ ਹੋਣ ਦਿੱਤੇ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਨਾਵਲ ਸੰਗ੍ਰਹਿ ਹੈ, ਜਿਸ ਦਾ ਸੁਆਗਤ ਕਰਨਾ ਬਣਦਾ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਚਾਰ ਚੁਫੇਰੇ
ਸ਼ਾਇਰਾ : ਰੁਪਿੰਦਰ ਕੌਰ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 112
ਸੰਪਰਕ : 98732-37223

ਉਹ ਵੇਲੇ ਬੀਤ ਗਏ ਹਨ ਜਦੋਂ ਕੁੜੀਆਂ ਸਾਹਿਤ ਸਿਰਜਣਾ ਤੋਂ ਪ੍ਰਹੇਜ਼ ਕਰਦੀਆਂ ਸਨ, ਸ਼ਾਇਦ ਉਨ੍ਹਾਂ ਦਿਨਾਂ ਵਿਚ ਔਰਤਾਂ ਲਈ ਵਰਜਣਾਵਾਂ ਵੀ ਬਹੁਤ ਸਨ ਪਰ ਹੁਣ ਇਸ ਖੇਤਰ ਵਿਚ ਔਰਤਾਂ ਦੀ ਚਹਿਲ ਪਹਿਲ ਖ਼ੁਸ਼ਨੁਮਾ ਹੈ। ਇਸ ਚਹਿਲ ਪਹਿਲ ਵਿਚ ਰੁਪਿੰਦਰ ਕੌਰ ਨਵੀਂ ਆਮਦ ਹੈ। ਵਿਦੇਸ਼ ਵਿਚ ਆਪਣੀ ਮਾਂ-ਬੋਲੀ ਲਈ ਸਮਾਂ ਕੱਢਣਾ ਤੇ ਉਸ ਵਿਚ ਸਿਰਜਣਾ ਕਰਨਾ ਸ਼ਾਬਾਸ਼ ਦੇ ਕਾਬਲ ਹੁੰਦਾ ਹੈ। 'ਚਾਰ ਚੁਫੇਰੇ' ਰੁਪਿੰਦਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਨੂੰ ਬੰਦਿਸ਼ ਵਿਚ ਰੱਖਣ ਦੇ ਯਤਨ ਕੀਤੇ ਗਏ ਹਨ ਪਰ ਇਸ ਵਿਚ ਨਿਪੁੰਨਤਾ ਹੌਲੀ-ਹੌਲੀ ਹਾਸਿਲ ਹੁੰਦੀ ਹੈ। ਸ਼ਾਇਰਾ ਕੋਲ ਅਨੁਭਵ ਹੈ ਤੇ ਕਾਵਿਕ ਪੇਸ਼ਕਾਰੀ ਦੇ ਹੋਰ ਬਿਹਤਰ ਹੋਣ ਦੀ ਸੰਭਾਵਨਾ ਹੈ। ਰੁਪਿੰਦਰ ਮਿੱਟੀ ਦਾ ਕਣ ਕਣ ਬੁਝਾਰਤ ਸਮਝਦੀ ਹੈ ਤੇ ਪਾਣੀ ਦੇ ਤੁਪਕੇ ਉਸ ਲਈ ਰਹੱਸ ਹਨ। ਉਸ ਅਨੁਸਾਰ ਪੌਣ ਵਿਚ ਵੀ ਰਾਜ਼ ਹਨ ਤੇ ਜੀਵਨ ਅਭੇਤ ਹੈ। ਮਾਂ ਉਸ ਲਈ ਤੀਰਥ ਹੈ ਤੇ ਉਸ ਦੇ ਗਲ ਲੱਗ ਕੇ ਉਸ ਨੂੰ ਹਰ ਚਿੰਤਾ ਵਿਸਰ ਜਾਂਦੀ ਹੈ। ਸ਼ਾਇਰਾ ਹਰ ਚੰਗੇ ਰਿਸ਼ਤੇ ਨੂੰ ਤੋਹਫ਼ਾ ਸਮਝਦੀ ਹੈ ਤੇ ਨਿੱਕੇ-ਨਿੱਕੇ ਹਾਸੇ ਬੁਣਨੇ ਮਨੁੱਖ ਦੀ ਫ਼ਿਤਰਤ ਹੋਣੀ ਚਾਹੀਦੀ ਹੈ। ਉਸ ਲਈ ਕਿਰਦਾਰ ਦਾ ਸਫ਼ਰ ਮਹੱਤਵਪੂਰਨ ਹੈ। ਰੁਪਿੰਦਰ ਕੁਦਰਤ ਤੇ ਔਰਤ ਨੂੰ ਸਮਰੂਪ ਸਮਝਦੀ ਹੈ ਤੇ ਇਨ੍ਹਾਂ ਵਿਚ ਸਮਾਨਤਾਵਾਂ ਨੂੰ ਗਿਣਾਉਂਦੀ ਹੈ। ਉਹ ਦੁਨੀਆ ਨੂੰ ਸਰਕਸ ਵਾਂਗ ਸਮਝਦੀ ਹੈ, ਜਿਸ ਵਿਚ ਹਰ ਜੀਵ ਪੁਤਲੀਗਰ ਦੇ ਇਸ਼ਾਰੇ 'ਤੇ ਨੱਚ ਰਿਹਾ ਹੈ। ਇਹ ਪੁਸਤਕ ਆਪਣੇ ਨਾਂਅ ਨਾਲ ਨਿਆਂ ਕਰਦੀ ਹੈ ਤੇ ਸ਼ਾਇਰਾ ਦੇ ਆਸ-ਪਾਸ ਜੋ ਵਾਪਰ ਰਿਹਾ ਹੈ, ਉਹ ਹੀ ਇਸ ਵਿਚ ਰੂਪਮਾਨ ਹੋਇਆ ਮਿਲਦਾ ਹੈ। ਰੁਪਿੰਦਰ ਦੀ ਸ਼ਾਇਰੀ ਉਹ ਆਈਨਾ ਹੈ, ਜਿਸ ਵਿਚੋਂ ਸਮਾਜ ਦੇ ਵੱਖਰੇ-ਵੱਖਰੇ ਅਕਸ ਦੇਖੇ ਜਾ ਸਕਦੇ ਹਨ। ਸ਼ਾਇਰਾ ਦੀ ਇਹ ਪਹਿਲੀ ਪੁਸਤਕ ਹੋਣ ਕਾਰਨ ਇਸ ਵਿਚ ਕੁਝ ਅਜਿਹਾ ਵੀ ਹੈ, ਜਿਸ ਨੂੰ ਬਿਹਤਰ ਕੀਤਾ ਜਾ ਸਕਦਾ ਸੀ ਤੇ ਉਹ ਕੁਝ ਵੀ ਹੈ, ਜਿਸ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ। ਪਲੇਠੇ ਪ੍ਰਕਾਸ਼ਨ 'ਤੇ ਉਸ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਸੁੱਚਾ ਮੋਤੀ
ਲੇਖਕ : ਸਰਵਨ ਸਿੰਘ ਪਹੂਵਿੰਡ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 94654-93938

ਇਸ ਪੁਸਤਕ ਵਿਚਲੀਆਂ ਕਹਾਣੀਆਂ ਪੰਜਾਬ ਦੇ ਪੇਂਡੂ ਸੱਭਿਆਚਾਰ ਨਾਲ ਸੰਬੰਧ ਰੱਖਦੀਆਂ ਹਨ। 'ਸੁੱਚਾ ਮੋਤੀ' ਕਹਾਣੀ ਦਾ ਵਿਸ਼ਾ ਇਸ ਤਰ੍ਹਾਂ ਹੈ ਕਿ ਅੰਗਰੇਜ਼ੀ ਸਰਕਾਰ ਦਾ ਝੋਲੀਚੁੱਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਵਿਚ ਗ੍ਰਸਤ ਹੋਣ ਕਰਕੇ ਰੱਖਾ ਸਿੰਘ ਨੂੰ ਕੋਈ ਵੀ ਆਪਣੀ ਧੀ ਦਾ ਰਿਸ਼ਤਾ ਦੇਣ ਲਈ ਰਜ਼ਾਮੰਦ ਨਾ ਹੋਇਆ। ਉਸ ਨੂੰ ਮੁੱਲ ਦੀ ਤੀਵੀਂ ਵਾਲਾ ਅੱਕ ਚੱਬਣਾ ਪਿਆ। ਖੁੱਲ੍ਹੀ ਜ਼ਮੀਨ ਤੇ ਜਾਇਦਾਦ ਵੀ ਖ਼ਾਨਦਾਨੀ ਧੱਬੇ ਅੱਗੇ ਹਾਰ ਗਈ। 'ਜਗਤਾਰੇਵਾਲ ਦੀ ਛਿੰਝ' ਕਹਾਣੀ ਵਿਚ ਗੁੱਗੇ ਪੀਰ ਦੇ ਮੇਲੇ ਦਾ ਦ੍ਰਿਸ਼ ਸਾਕਾਰ ਕੀਤਾ ਗਿਆ ਹੈ। ਇਕ ਮਹੀਨਾ ਪਹਿਲਾਂ ਹੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਮੰਨਤਾਂ ਪੂਰੀਆਂ ਹੋਣ ਵਾਲੇ ਦਰਗਾਹ ਵਿਚ ਚੂਰਮੇ ਚਾੜ੍ਹਦੇ ਹਨ ਤੇ ਕੋਈ ਅਗਲੇ ਮੇਲੇ ਲਈ ਸੁੱਖਾਂ ਸੁੱਖਦਾ ਹੈ, ਗਾਉਣ ਵਾਲਿਆਂ ਦੇ ਅਖਾੜੇ ਬੱਝਦੇ, ਪਹਿਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ। ਵੇਖਣ ਵਾਲੇ ਦਾਰੂ ਪੀ ਕੇ ਕਈ ਵਾਰ ਡਾਂਗੋ-ਡਾਂਗ ਵੀ ਹੁੰਦੇ। ਚੂੜੀਆਂ ਵੇਚਣ ਵਾਲੇ ਅਤੇ ਹਲਵਾਈ ਆਪਣੇ ਕੰਮਾਂ ਵਿਚ ਰੁੱਝੇ ਹੁੰਦੇ। ਕੁੜੀਆਂ ਚਿੜੀਆਂ ਨਵੇਂ ਕੱਪੜੇ ਪਾ ਕੇ ਮੇਲੇ ਵਿਚ ਨਿਕਲਦੀਆਂ। ਢੋਲਚੀ ਢੋਲ ਲੈ ਕੇ ਪਹੁੰਚ ਜਾਂਦੇ। ਪੁਸਤਕ ਵਿਚਲੀਆਂ ਕੁਝ ਕਹਾਣੀਆਂ ਅਜਿਹੀਆਂ ਵੀ ਹਨ, ਜੋ ਕਹਾਣੀ-ਕਲਾ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ। ਇਸ ਸੰਬੰਧ ਵਿਚ ਲੇਖਕ ਨੂੰ ਸੁਝਾਅ ਹੈ ਕਿ ਉਹ ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦਾ ਡੂੰਘਾ ਅਧਿਐਨ ਕਰੇ ਅਤੇ ਆਪਣੀ ਲਿਖਤ ਨੂੰ ਪਰਪੱਕ ਕਰੇ। ਕਿਤਾਬ ਵਿਚ ਪਰੂਫ਼ ਰੀਡਿੰਗ ਅਤੇ ਸ਼ਬਦ-ਜੋੜਾਂ ਦੀਆਂ ਬਹੁਤ ਗ਼ਲਤੀਆਂ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਬਾਤਾਂ
ਲੇਖਕ : ਹਰਭਜਨ ਸਿੰਘ ਚੀਮਾ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ 600 ਰੁਪਏ, ਸਫ਼ੇ : 320
ਸੰਪਰਕ : hscheemaz@yahoo.com

ਇਹ ਪੁਸਤਕ ਸਿੱਖ ਰਾਜ ਦੀਆਂ ਬਾਤਾਂ ਪਾਉਂਦਾ ਇਤਿਹਾਸਕ ਦਸਤਾਵੇਜ਼ ਹੈ। ਖੋਜ ਦੇ ਨਿਯਮਾਂ ਦਾ ਪੂਰਨ ਰੂਪ ਵਿਚ ਅਨੁਸਰਨ ਕਰਦਿਆਂ ਉਪਾਧੀ-ਨਿਰਪੇਖ ਕਾਰਜ ਹੋ ਨਿੱਬੜਿਆ ਹੈ। ਸਿੱਖ ਰਾਜ ਬਾਰੇ ਲਿਖੀਆਂ ਉਪਲਬਧ ਪੁਸਲਤਕਾਂ ਦੇ ਲੇਖਕਾਂ (ਲਗਭਗ 15 ਪੰਜਾਬੀ ਅਤੇ 100 ਤੋਂ ਉੱਪਰ ਅੰਗਰੇਜ਼ੀ ਪੁਸਤਕ ਲੇਖਕਾਂ) ਤੋਂ ਬਿਨਾਂ ਅਨੇਕਾਂ ਅਖ਼ਬਾਰਾਂ/ਮੈਗਜ਼ੀਨਾਂ ਦਾ ਅਧਿਐਨ ਕਰ ਕੇ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਣ ਦਾ ਵਿਲੱਖਣ ਉਪਰਾਲਾ ਕੀਤਾ ਹੈ। ਲੇਖਕ ਨੇ ਉਪਰੋਕਤ ਪ੍ਰਾਪਤ ਸਮੱਗਰੀ ਨੂੰ ਆਪਣੇ ਚਿੰਤਨ ਦੀ ਮਧਾਣੀ ਵਿਚ ਰਿੜਕ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਉਸ ਦੀ ਮ੍ਰਿਤੂ ਉਪਰੰਤ ਵਾਪਰੀਆਂ ਦੁਖਾਂਤਕ ਘਟਨਾਵਾਂ ਦਾ ਬੜੀ ਸੂਝ-ਬੂਝ ਅਤੇ ਵਸਤੂਪਰਕ ਦ੍ਰਿਸ਼ਟੀ ਨਾਲ ਵਿਸ਼ਲੇਸ਼ਣ ਕੀਤਾ ਹੈ। ਜਿਵੇਂ-ਜਿਵੇਂ ਉਪਰੋਕਤ ਵਿਦਵਾਨਾਂ ਦੀ ਸੂਚੀ ਵਿਚ ਨਿਹਿਤ ਲੇਖਕਾਂ ਨੇ ਸਿੱਖ-ਰਾਜ ਦੀ ਚੜ੍ਹਦੀ ਕਲਾ/ਉਥਾਨ ਅਤੇ ਪਤਨ ਨੂੰ ਬਿਆਨ ਕੀਤਾ ਹੈ, ਉਵੇਂ-ਉਵੇਂ ਹੀ ਵਿਦਵਾਨ ਲੇਖਕ ਨੇ ਆਪਣੀ ਅੰਤਰ-ਦ੍ਰਿਸ਼ਟੀ ਦੁਆਰਾ ਕੱਚ-ਸੱਚ ਨੂੰ ਨਿਖੇੜਨ ਦਾ ਅਣਥੱਕ ਯਤਨ ਕੀਤਾ ਹੈ। ਫਿਰ ਵੀ ਅਧਿਐਨ ਕਰਦਿਆਂ ਜੰਗ-ਨਾਮਾ ਸ਼ਾਹ ਮੁਹੰਮਦ ਅਤੇ ਕਰਮ ਸਿੰਘ ਹਿਸਟੋਰੀਅਨ ਵਲੋਂ ਦਰਜ ਕੀਤੇ ਸਮਕਾਲੀ ਜਾਂ ਨੇੜਲੇ ਸਮੇਂ ਦੇ ਬਿਰਧ ਬਾਬਿਆਂ ਦੇ ਬਿਆਨਾਂ ਦਾ ਮਹੱਤਵ ਕੇਂਦਰੀ ਸੂਤਰ ਵਜੋਂ ਉਜਾਗਰ ਹੁੰਦਾ ਹੈ। ਹਵਾਲਿਆਂ ਸਮੇਤ ਅੰਗਰੇਜ਼ੀ ਵਿਦਵਾਨਾਂ ਦੀਆਂ ਟੂਕਾਂ ਵੀ ਸੱਚ ਉਜਾਗਰ ਕਰਦਿਆਂ ਜਾਂ ਸੰਵਾਦ ਰਚਾਉਂਦਿਆਂ ਆਪਣਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਹਵਾਲਿਆਂ ਨੂੰ ਵੀ ਸੱਚ/ਕੱਚ ਨਿਖੇੜਨ ਸਮੇਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਪ੍ਰਸ਼ਨ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਏਨਾ ਸ਼ਕਤੀਸ਼ਾਲੀ ਰਾਜ ਡੋਗਰਿਆਂ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਨਾਲ ਕਿਵੇਂ ਢਹਿਢੇਰੀ ਹੋ ਗਿਆ ਅਤੇ ਪੰਜਾਬ ਗ਼ੁਲਾਮੀ ਦੀ ਮੰਦਹਾਲੀ ਵਿਚ ਕਿਵੇਂ ਘਿਰ ਗਿਆ।
ਮਹਾਰਾਜਾ ਰਣਜੀਤ ਸਿੰਘ ਤਾਂ ਜਨਤਾ ਨਾਲ ਨੇੜਲਾ ਸੰਪਰਕ ਰੱਖਦਾ ਸੀ। ਲੋਕਾਂ ਦੇ ਦੁੱਖਾਂ-ਸੁੱਖਾਂ ਦਾ ਭਾਈਵਾਲ ਸੀ। ਉਸ ਦਾ ਖਜ਼ਾਨਾ/ਸੰਪਤੀ ਸਭ ਸਰਕਾਰੀ ਸੀ, ਨਿੱਜੀ ਉੱਕਾ ਨਹੀਂ ਸੀ। ਸਿੱਕਾ ਵੀ ਉਸ ਦੇ ਨਾਂਅ ਨਹੀਂ ਚਲਦਾ ਸੀ। 'ਮਹਾਰਾਜੇ ਦਾ ਇਕੋ ਇਕ ਨਿਸ਼ਾਨਾ ਸੀ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ, ਅਮਨ-ਚੈਨ, ਧਾਰਮਿਕ ਬਰਾਬਰਤਾ, ਸਾਂਝੀਵਾਲਤਾ ਅਤੇ ਇਨਸਾਫ਼, ਇਸ ਦੇ ਨਾਲ ਹੀ ਪੰਜਾਬ ਦੀ ਮਾਨ-ਮਰਿਆਦਾ ਤੇ ਫ਼ੌਜੀ ਤਾਕਤ ਤਾਂ ਕਿ ਦੁਸ਼ਮਣ ਦੀ ਨਜ਼ਰ ਵੀ ਨਾ ਲੱਗੇ।' ਪੰਨਾ 306. ਮਹਾਰਾਜੇ ਦੀ ਮੌਤ ਤੋਂ ਬਾਅਦ ਰਾਜਗੱਦੀ ਲਈ ਜੋ ਕਤਲਾਂ ਦਾ ਸਿਲਸਿਲਾ ਚੱਲਿਆ, ਲੇਖਕ ਨੇ ਉਸ ਪਿੱਛੇ ਦੇ ਕਾਰਨਾਂ ਦਾ ਵਰਣਨ ਕੀਤਾ ਹੈ। ਲੇਖਕ ਨੇ ਮਹਾਰਾਜਾ ਦੇ ਜੀਵਨ ਦੇ ਅੰਤਲੇ 15 ਦਿਨਾਂ ਦਾ ਹਿਰਦੇਵੇਦਕ ਜ਼ਿਕਰ ਕੀਤਾ ਹੈ। ਸਿੱਖ ਰਾਜ ਦੇ ਸੰਦਰਭ ਵਿਚ ਅਜੋਕੀ ਪੰਜਾਬ ਦੀ ਰਾਜਨੀਤੀ ਦਾ ਵਰਣਨ ਵੀ ਕੀਤਾ ਹੈ। ਇਹ ਕਿਤਾਬ ਨਹੀਂ, ਥੀਸਿਸ ਹੈ। ਇਸ ਦਾ ਅਧਿਐਨ ਇਤਿਹਾਸਕ ਖੋਜੀਆਂ ਅਤੇ ਵਿਦਿਆਰਥੀਆਂ ਲਈ ਬੜਾ ਲਾਹੇਵੰਦ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਬਚੇ ਸ਼ਰਨ ਜੁ ਹੋਇ
ਲੇਖਿਕਾ : ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 325 ਰੁਪਏ, ਸਫ਼ੇ 159
ਸੰਪਰਕ : 98147-80166

ਸਾਹਿਤ ਦੇ ਖੇਤਰ ਵਿਚ ਸਥਾਪਿਤ ਹਸਤਾਖ਼ਰ ਸ੍ਰੀਮਤੀ ਹਰਜੀਤ ਕੌਰ ਦਾ ਇਹ ਨਾਵਲ ਕੁੱਲ 40 ਕਾਂਡਾਂ ਵਿਚ ਵੰਡਿਆ ਹੋਇਆ ਹੈ। ਇਸ ਨਾਵਲ ਨੂੰ ਪੜ੍ਹਦਿਆਂ ਅਤੇ ਇਸ ਦੀ ਸ਼ੈਲੀ, ਕਲਾ ਅਤੇ ਭਾਵ ਪੱਖ ਨੂੰ ਵਾਚਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਦੀ ਲੇਖਿਕਾ ਆਪਣੇ ਸਮਕਾਲੀਨ ਨਾਵਲਕਾਰਾਂ ਤੋਂ ਵੱਖਰੇ ਰਾਹ 'ਤੇ ਤੁਰਨ ਵਾਲੀ ਅਤੇ ਸਹਿਜ ਗਤੀ ਨਾਲ ਲਿਖਣ ਵਾਲੀ ਨਾਵਲਕਾਰਾਂ ਹੈ। ਇਹ ਨਾਵਲ ਸਿੱਖ ਇਤਿਹਾਸ ਦੀ ਦਲੇਰੀ ਵਿਖਾਉਂਦੀ ਤੇ ਆਵਾਜ਼ ਬੁਲੰਦ ਕਰਦੀ ਪਾਤਰ ਸ਼ਰਨਜੀਤ ਕੌਰ ਦੇ ਹੌਸਲੇ ਵਾਲਾ ਕਾਰਜ ਅਤੇ ਸ਼ਾਨਾਮੱਤੇ ਸਿੱਖੀ ਜੀਵਨ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਲੇਖਿਕਾ ਦੀ ਅਨੋਖੀ ਪਾਤਰ ਵਿਸ਼ਾ ਚੋਣ ਵੱਲ ਪੈੜਾਂ ਸਿਰਜਣ ਦੀ ਇਕ ਨਿਵੇਕਲੀ ਯਾਤਰਾ ਹੈ। ਇਸ ਨਾਵਲ ਦੇ ਹਰ ਕਾਂਡ ਨੂੰ ਇਕ ਨਾਂਅ ਅਧੀਨ ਇਕ ਨੁਕਤੇ ਵਿਚ ਗੁੰਦ ਕੇ ਇਕ-ਦੂਜੇ ਨਾਲ ਜੋੜ ਕੇ ਨਾਵਲ ਨੂੰ ਸ਼ਬਦਾਂ ਵਿਚ ਰੂਪ ਮਾਨ ਕੀਤਾ ਗਿਆ ਹੈ। ਹਰ ਕਾਂਡ ਵਿਚ ਅਣਲਿਖੀ ਕਹਾਣੀ ਦਰਜ ਕਰਕੇ, ਉਸ ਦਾ ਬੀਜ ਖਿਲਾਰਦਿਆਂ ਅਰਥ ਸਿਰਜਣਾ ਦੀ ਇਹ ਜੁਗਤ ਨਾਵਲੀ ਕਥਾ ਨੂੰ ਵਿਸਥਾਰ ਅਤੇ ਸੰਜਮ ਪ੍ਰਦਾਨ ਕਰਦੀ ਹੈ। ਲੇਖਿਕਾ ਪਰੰਪਰਾ ਤੋਂ ਲਾਂਭੇ ਹੋ ਕੇ ਨਾਵਲ ਦੇ ਖੇਤਰ ਵਿਚ ਨਵੀਆਂ ਪੈੜਾਂ ਦੀ ਸਿਰਜਕ ਸਿੱਧ ਹੋਈ ਹੈ। ਇਸ ਨਾਵਲ ਦੇ ਹਰ ਕਾਂਡ ਦੀ ਇਕ ਨਵੇਂ ਨੁਕਤੇ ਨਾਲ ਸਿਰਜੀ ਕਥਵਸਤੂ ਬਹੁ ਦਿਸ਼ਾਵਾਂ ਵਿਚ ਪਸਰਦੀ ਨਜ਼ਰ ਆਉਂਦੀ ਹੈ। ਨਾਵਲ ਦੇ ਪਾਤਰਾਂ, ਘਟਨਾਵਾਂ, ਸਥਾਨਾਂ ਵਿਚਕਾਰ ਸਮੇਂ ਦਾ ਲੰਬਾ ਵਕਫ਼ਾ ਵਿਅਕਤੀਆਂ, ਵਸਤਾਂ ਤੇ ਵਰਤਾਰਿਆਂ ਦਾ ਰੂਪ ਅਜਨਬੀ ਹੋਣ ਕਾਰਨ ਨਾਵਲ ਦੀ ਕਹਾਣੀ ਭੂਤ ਵਰਤਮਾਨ ਅਤੇ ਭਵਿੱਖ ਵਿਚ ਵਿਚਰਦੀ ਮਹਿਸੂਸ ਹੁੰਦੀ ਹੈ। ਲੇਖਿਕਾ ਪਾਤਰਾਂ ਦੀ ਚੋਣ ਕਰਨ ਉਨ੍ਹਾਂ ਦੇ ਚਰਿੱਤਰ ਉਘਾੜਨ ਅਤੇ ਬਹੁਪਰਤੀ ਮਸਲਿਆਂ ਦੀ ਚਰਚਾ ਛੇੜਨ ਦੀ ਕਲਾ ਵਿਚ ਮੁਹਾਰਤ ਰੱਖਦੀ ਹੈ। ਬੀਬੀ ਸ਼ਰਨਜੀਤ ਕੌਰ ਨੂੰ ਇਸ ਨਾਵਲ ਦੀ ਕੇਂਦਰ ਬਿੰਦੂ ਬਣਾਉਣ ਦਾ ਮੁੱਖ ਮੰਤਵ ਗੁਰੂ ਤੋਂ ਬੇਮੁੱਖ ਹੋ ਰਹੀ ਅਜੋਕੀ ਪੀੜ੍ਹੀ ਦੀ ਆਤਮਾ ਨੂੰ ਹਲੂਣਾ ਦੇਣਾ ਹੈ। ਬੀਬੀ ਸ਼ਰਨਜੀਤ ਕੌਰ ਦਾ ਕਾਰਜ ਕਿਰਦਾਰ ਤੇ ਜੀਵਨ ਸਿੱਖ ਇਤਿਹਾਸ ਵਿਚ ਬਹੁਤ ਹੀ ਪ੍ਰੇਰਨਾ ਭਰਪੂਰ ਹੈ। ਬਹੁਤ ਹੀ ਸੂਖਮ ਨਜ਼ਰੀਏ ਨਾਲ ਜਿਊਂਦੇ ਮਨੁੱਖਾਂ ਵਿਚਲੀਆਂ ਲਾਸ਼ਾਂ ਅਤੇ ਲਾਸ਼ਾਂ ਵਿਚਲੇ ਜਿਊਂਦੇ ਮਨੁੱਖਾਂ ਦੀ ਬਾਤ ਪਾਉਂਦਾ ਇਹ ਨਾਵਲ ਬਹੁਤ ਹੀ ਨਿਵੇਕਲੀ ਪੇਸ਼ਕਾਰੀ ਹੈ। ਖੋਜੀ ਬਿਰਤੀ ਦੇ ਇਸ ਨਾਵਲ ਵਿਚ ਦਰਦ ਭਰੇ ਪੰਨਿਆਂ ਨੂੰ ਜੋ ਅਨਪੜ੍ਹੇ ਰਹਿ ਚੁੱਕੇ ਸਨ, ਲੇਖਿਕਾ ਨੇ ਉਨ੍ਹਾਂ ਨੂੰ ਪੜ੍ਹ ਕੇ ਆਪਣੀ ਸੰਵੇਦਨਾ ਵਿਚ ਨਾਵਲ ਦੇ ਰੂਪ ਵਿਚ ਸਾਹਿਤ ਜਗਤ ਦੇ ਸਨਮੁੱਖ ਪੇਸ਼ ਕੀਤਾ ਹੈ। ਆਪਣੇ ਸਕੂਲ ਦੇ ਮੈਗਜ਼ੀਨ ਵਿਚ ਇਕ ਵਿਦਿਆਰਥੀ ਦੁਆਰਾ ਲਿਖੀ ਗਈ ਕਵਿਤਾ ਦੀ ਪਾਤਰ ਸ਼ਰਨਜੀਤ ਕੌਰ ਦੇ ਜੀਵਨ ਨੂੰ ਅਧਾਰ ਬਣਾ ਕੇ ਆਪਣੇ ਪੰਜਾਬੀ ਭਾਸ਼ਾ ਅਤੇ ਇਤਿਹਾਸ ਦੇ ਗਿਆਨ ਅਤੇ ਅਨੁਭਵ ਨੂੰ ਨਾਵਲ ਦੇ ਰੂਪ ਵਿਚ ਪੇਸ਼ ਕਰਨ ਦੀ ਕਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਿਕਾ ਸਾਹਿਤ ਅਤੇ ਧਰਮ ਦੇ ਸੁਮੇਲ ਨੂੰ ਸ਼ਬਦਾਂ ਵਿਚ ਰੂਪਮਾਨ ਕਰਨ ਵਿਚ ਮੁਹਾਰਤ ਰੱਖਦੀ ਹੈ। ਇਹ ਨਾਵਲ ਦੀ ਮੁੱਖ ਪਾਤਰ ਸ਼ਰਨਜੀਤ ਕੌਰ ਦਾ ਕਾਰਜ ਅਤੇ ਸਿੱਖੀ ਜੀਵਨ ਹਰ ਨਵੀਂ ਪੀੜ੍ਹੀ ਲਈ ਰਾਹ ਦਸੇਰੇ ਦੀ ਭੂਮਿਕਾ ਨਿਭਾਏਗਾ। ਨਾਵਲ ਦਾ ਸਿਰਲੇਖ ਦਿਲ ਨੂੰ ਟੁੰਬਣ ਵਾਲਾ ਹੈ। ਲੇਖਿਕਾ ਦੀ ਪਾਤਰਾਂ ਅਨੁਸਾਰ ਸ਼ਬਦ ਚੋਣ, ਪਾਤਰਾਂ ਦੇ ਜੋਸ਼ੀਲੇ ਸੰਵਾਦ, ਸ਼ੈਲੀ ਅਤੇ ਸਾਗਰ ਨੂੰ ਗਾਗਰ ਵਿਚ ਭਰਨ ਦਾ ਅੰਦਾਜ਼ ਉਸ ਦੀ ਸਾਹਿਤਕ ਪ੍ਰਤਿਭਾ ਅਤੇ ਪਹੁੰਚ ਨੂੰ ਦਰਸਾਉਂਦਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਸਪਤ-ਸਿੰਧੂ ਪੰਜਾਬ
ਸੰਪਾਦਕ : ਸੁਰਿੰਦਰ ਕੁਮਾਰ ਦਵੇਸ਼ਵਰ, ਹਰੀਸ਼ ਜੈਨ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 895 ਰੁਪਏ, ਸਫ਼ੇ : 766
ਸੰਪਰਕ : 0172-5027429

'ਸਪਤ-ਸਿੰਧੂ', ਪੰਜਾਬ ਦਾ ਪੁਰਾਤਨ-ਭਾਰਤੀ ਨਾਂਅ ਹੈ। ਸਪਤ-ਸਿੰਧੂ ਅਰਥਾਤ ਸੱਤ ਦਰਿਆਵਾਂ ਦੀ ਜ਼ਰਖੇਜ਼ ਧਰਤੀ। ਹੜੱਪਾ ਅਤੇ ਮਹਿੰਜਦੜੋ ਇਸ ਧਰਤੀ ਉੱਤੇ ਵਿਕਸਿਤ ਹੋਈ ਸਿੰਧ ਘਾਟੀ ਦੇ ਪ੍ਰਸਿੱਧ ਕੇਂਦਰ ਰਹੇ ਹਨ। ਇਸ ਖਿੱਤੇ ਦੇ ਗੌਰਵ ਅਤੇ ਸ਼ੋਭਾ ਨੂੰ ਅੰਕਿਤ ਕਰਨ ਲਈ ਸੂਝਵਾਨ ਸੰਪਾਦਕਾਂ ਨੇ ਇਸ ਵੱਡਾਕਾਰੀ ਗ੍ਰੰਥ ਦੀ ਕਲਪਨਾ ਕੀਤੀ ਅਤੇ ਆਪਣੇ ਸਿਦਕ ਦੁਆਰਾ ਇਸ ਨੂੰ ਨੇਪਰੇ ਚੜ੍ਹਾ ਕੇ ਵਡਮੁੱਲੇ ਕਾਰਜ ਨੂੰ ਸਰੰਜਾਮ ਦਿੱਤਾ ਹੈ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਭਾਸ਼ਾ ਵਿਭਾਗ ਪੰਜਾਬ ਨੇ ਗਿਆਨੀ ਲਾਲ ਸਿੰਘ ਅਤੇ ਡਾ. ਸੀਤਲ ਦੀ ਅਗਵਾਈ ਵਿਚ 'ਪੰਜਾਬ' ਨਾਂਅ ਦੇ ਇਕ ਏਨੇ ਹੀ ਵੱਡੇ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਇਆ ਸੀ। ਪਰ ਉਸ ਗ੍ਰੰਥ ਦੇ ਮਜ਼ਮੂਨਾਂ ਦੀ ਅਵਧੀ 1960 ਈ: ਤਕ ਹੀ ਸਮਾਪਤ ਹੋ ਜਾਂਦੀ ਸੀ। ਹਥਲੇ ਗ੍ਰੰਥ ਵਿਚ ਪੂੰਜੀਵਾਦ ਦੇ ਦਬਾਵਾਂ ਅਧੀਨ ਹੋ ਰਹੇ ਰੂਪਾਂਤਰਣ ਦੀਆਂ ਝਲਕਾਂ ਵੀ ਮਿਲ ਜਾਂਦੀਆਂ ਹਨ।
ਇਸ ਪੁਸਤਕ ਦੀ ਸਮੁੱਚੀ ਸਮੱਗਰੀ ਛੇ ਭਾਗਾਂ ਵਿਚ ਵਿਉਂਤਬੱਧ ਕੀਤੀ ਗਈ ਹੈ। ਇਨ੍ਹਾਂ ਭਾਗਾਂ ਵਿਚ ਪੰਜਾਬ ਦੀ ਰੂਪ-ਰੇਖਾ ਤੇ ਭੂਗੋਲ, ਪੰਜਾਬੀ ਸੱਭਿਆਚਾਰ ਦੇ ਲੱਛਣ, ਪੰਜਾਬ ਦੇ ਰਸਮ-ਰਿਵਾਜ ਤੇ ਲੋਕਯਾਨ, ਸਾਹਿਤਿਕ-ਕਲਾਤਮਕ ਵਿਰਸਾ, ਆਜ਼ਾਦੀ ਲਈ ਕੀਤੇ ਸੰਘਰਸ਼ ਵਿਚ ਪੰਜਾਬੀਆਂ ਦਾ ਯੋਗਦਾਨ ਅਤੇ 'ਪੰਜਾਬੀਅਤ' ਆਦਿ ਪਹਿਲੂਆਂ ਬਾਰੇ ਚਰਚਾ ਕੀਤੀ ਗਈ ਹੈ। ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਤੋਂ ਬਿਨਾਂ ਇਸ ਗ੍ਰੰਥ ਵਿਚ ਜੇ. ਐਸ. ਗਰੇਵਾਲ, ਟੀ. ਆਰ. ਵਿਨੋਦ, ਰਵਿੰਦਰ ਸਿੰਘ ਰਵੀ, ਗਿਆਨੀ ਗੁਰਦਿੱਤ ਸਿੰਘ, ਦੇਵਿੰਦਰ ਸਤਿਆਰਥੀ, ਰਤਨ ਸਿੰਘ ਜੱਗੀ, ਗੁਲਜ਼ਾਰ ਸਿੰਘ ਸੰਧੂ, ਜਸਵਿੰਦਰ ਸਿੰਘ, ਨਾਹਰ ਸਿੰਘ, ਹਰਜੀਤ ਸਿੰਘ, ਤੇਜਿੰਦਰ ਕੌਰ ਅਤੇ ਹਰਵਿੰਦਰ ਸਿੰਘ ਭੱਟੀ ਵਰਗੇ ਵਿਸ਼ੇਸ਼ ਲੇਖਕਾਂ ਦੀਆਂ ਰਚਨਾਵਾਂ ਸੰਕਲਿਤ ਹੋਈਆਂ ਹਨ। ਸੁਰਿੰਦਰ ਕੁਮਾਰ ਦਵੇਸ਼ਵਰ (ਭੂਮਿਕਾਵਾਂ ਤੇ 3 ਲੇਖ), ਹਰੀਸ਼ ਜੈਨ (3 ਲੇਖ), ਕਲਪਨਾਸ਼ੀਲ, ਸੁਪਨੇਸਾਜ਼ ਅਤੇ ਪ੍ਰਬੁੱਧ ਲੇਖਕ ਹਨ। ਉਨ੍ਹਾਂ ਦੀ ਸਾਧਨਾ ਨੂੰ ਸਲਾਮ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਅਵਤਾਰ ਸਿੰਘ ਸੰਧੂ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 99151-82971

ਅਵਤਾਰ ਸਿੰਘ ਸੰਧੂ ਲੰਮੇ ਅਰਸੇ ਤੋਂ ਬਾਲ ਸਾਹਿਤ ਦੀ ਨਿਰੰਤਰ ਰਚਨਾ ਕਰਨ ਵਾਲਾ ਕਲਮਕਾਰ ਹੈ। ਉਸ ਦੀਆਂ ਛਪੀਆਂ ਦੋ ਤਾਜ਼ਾ ਪੁਸਤਕਾਂ ਵਿਚੋਂ ਪਹਿਲੀ ਪੁਸਤਕ 'ਹੀਰਾ' ਹੈ ਜੋ ਉਸ ਦੇ ਬਾਲ ਨਾਵਲਾਂ ਦੀ ਅਗਲੀ ਕੜੀ ਹੈ। ਇਸ ਦਾ ਚੌਥਾ ਐਡੀਸ਼ਨ ਛਪ ਕੇ ਸਾਹਮਣੇ ਆਇਆ ਹੈ। ਇਸ ਬਾਲ ਨਾਵਲ ਦਾ ਬੁਨਿਆਦੀ ਸੰਬੰਧ ਮਿਹਨਤ ਅਤੇ ਲਗਨ ਦੀ ਪ੍ਰੇਰਣਾ ਦੇਣ ਨਾਲ ਹੈ। ਨਾਵਲ ਦਾ ਨਾਇਕ ਦੀਪਾ, ਗੁਰਬਤ ਨਾਲ ਜੂਝਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਸ ਦਾ ਪਿਤਾ ਸਰਪੰਚ ਦਾ ਕਾਮਾ ਹੈ ਜੋ ਕੈਂਸਰ ਦੀ ਬਿਮਾਰੀ ਨਾਲ ਜੂਝਦਾ ਹੋਇਆ ਚੱਲ ਵਸਦਾ ਹੈ। ਦੀਪੇ ਦਾ ਚਾਚਾ ਉਸ ਨੂੰ ਸਕੂਲੋਂ ਪੜ੍ਹਨੋਂ ਹਟਾ ਕੇ ਸਰਪੰਚ ਦੀਆਂ ਮੱਝਾਂ ਚਾਰਨ ਲਗਾ ਦਿੰਦਾ ਹੈ ਪਰੰਤੂ ਸਰਪੰਚ ਦੀ ਲੜਕੀ ਅਮਨ ਦੀਪੇ ਦੀ ਪੜ੍ਹਨ ਦੀ ਭਾਵਨਾ ਨੂੰ ਭਾਂਪਦੀ ਹੋਈ ਉਸ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ। ਸਿੱਟੇ ਵਜੋਂ ਦੀਪਾ ਪੰਜਵੀਂ ਜਮਾਤ ਵਿਚੋਂ ਪੂਰੇ ਬਲਾਕ ਵਿਚੋਂ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਨਾਵਲ ਰਾਹੀਂ ਇਹੋ ਸੁਨੇਹਾ ਮਿਲਦਾ ਹੈ ਕਿ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ ਅਤੇ ਸੰਘਰਸ਼ ਨਾਲ ਹੀ ਨਾਂਅ ਰੌਸ਼ਨ ਕੀਤਾ ਜਾ ਸਕਦਾ ਹੈ। ਨਾਵਲ ਦੇ ਪਾਤਰਾਂ ਦੀ ਭਾਸ਼ਾ ਉਨ੍ਹਾਂ ਦੇ ਕਿੱਤਿਆਂ ਅਤੇ ਮਾਨਸਿਕਤਾ ਦੇ ਅਨੁਕੂਲ ਹੈ। ਇਸ ਪੁਸਤਕ ਵਿਚ ਕੁਲਵਿੰਦਰ ਕੌਰ ਰੂਹਾਨੀ ਦੁਆਰਾ ਬਣਾਏ ਖ਼ੂਬਸੂਰਤ ਚਿੱਤਰ ਬਿਰਤਾਂਤ ਨੂੰ ਸਮਝਣ ਲਈ ਮਦਦਗਾਰ ਸਿੱਧ ਹੁੰਦੇ ਹਨ। ਸੰਧੂ ਦਾ ਇਹ ਜਿਗਿਆਸਾਪੂਰਨ ਬਾਲ ਨਾਵਲ ਪੜ੍ਹਨਯੋਗ ਹੈ। ਇਸ ਪੁਸਤਕ ਦਾ ਮੁੱਲ 60 ਰੁਪਏ ਹੈ ਅਤੇ ਕੁੱਲ ਸਫ਼ੇ 32 ਹਨ।
ਅਵਤਾਰ ਸਿੰਘ ਸੰਧੂ ਦੀ ਦੂਜੀ ਪੁਸਤਕ 'ਨਵੀਂ ਫੱਟੀ' ਹੈ। ਇਸ ਵਿਚ ਕੁੱਲ 8 ਬਾਲ ਕਹਾਣੀਆਂ 'ਛੱਲੀਆਂ ਦਾ ਟੋਕਰਾ','ਪੱਕਾ ਇਰਾਦਾ', 'ਨਵੀਂ ਫੱਟੀ','ਰੇਲ ਗੱਡੀ ਆਈ','ਝਿੜੀ ਵਾਲਾ ਭੂਤ','ਵਿਆਜ਼ ਦਾ ਟਕਾ','ਅਖ਼ਬਾਰ ਦਾ ਕਮਾਲ' ਅਤੇ 'ਮਿੱਠਾ ਜ਼ਹਿਰ' ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦਾ ਧਰਾਤਲ ਸਮਕਾਲੀ ਸਮਾਜ ਦੀ ਬੁਨਿਆਦ ਉੱਪਰ ਉਸਾਰਿਆ ਗਿਆ ਹੈ। ਮਨੁੱਖ ਨੂੰ ਜੀਵਨ ਵਿਚ ਅਨੇਕ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਪੈਂਦਾ ਹੈ, ਅਗਿਆਨਤਾ ਜਾਂ ਅੰਧ-ਵਿਸ਼ਵਾਸ ਮਾਨਵਤਾ ਲਈ ਕਿਵੇਂ ਹਾਨੀਕਾਰਕ ਹੁੰਦੀ ਹੈ? ਅਨਪੜ੍ਹਤਾ ਕਿਵੇਂ ਸਰਾਪ ਬਣਦੀ ਹੈ ਅਤੇ ਗੁਮਰਾਹ ਹੋਇਆ ਮਨੁੱਖ ਕਿਵੇਂ ਆਪਣੇ ਸਮਾਜ ਲਈ ਸੰਕਟ ਖੜ੍ਹੇ ਕਰਦਾ ਹੈ? ਇਨ੍ਹਾਂ ਸਾਰੀਆਂ ਦੁਬਿਧਾਵਾਂ ਨੂੰ ਸੰਧੂ ਨੇ ਇਨ੍ਹਾਂ ਬਾਲ-ਕਹਾਣੀਆਂ ਵਿਚ ਬਾਲ-ਮਾਨਸਿਕਤਾ ਦੇ ਅਨੁਕੂਲ ਬਾਖ਼ੂਬੀ ਬਿਆਨਦੇ ਹੋਏ ਲੁਕਵੇਂ ਰੂਪ ਵਿਚ ਇਹ ਹੱਲ ਸੁਝਾਇਆ ਹੈ ਕਿ ਦ੍ਰਿੜ੍ਹ ਨਿਸਚਾ, ਲਗਨ, ਮਿਹਨਤ, ਇਮਾਨਦਾਰੀ, ਫ਼ਰਜ਼ਸੱਨਾਸ਼ੀ ਅਤੇ ਪਰਉਪਕਾਰੀ ਭਾਵਨਾ ਦਾ ਪਾਲਣਾ ਕਰਨ ਨਾਲ ਵਧੀਆ ਮਨੁੱਖ ਬਣਿਆ ਜਾ ਸਕਦਾ ਹੈ। ਕਹਾਣੀਆਂ ਨਾਲ ਢੁੱਕਵੇਂ ਚਿੱਤਰ ਦਿਲਚਸਪੀ ਵਿਚ ਵਾਧਾ ਕਰਦੇ ਹਨ। ਚਾਰ ਰੰਗਾ ਟਾਈਟਲ ਖਿੱਚ ਪਾਉਂਦਾ ਹੈ। ਇਸ ਪੁਸਤਕ ਦੀ ਕੀਮਤ 70 ਰੁਪਏ ਹੈ ਅਤੇ ਸਫ਼ੇ 64 ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਸੱਚੀਂ ਮੈਂ ਸੱਚ ਦੱਸਦੀ ਆਂ...
ਲੇਖਕ : ਦਵਿੰਦਰ ਕੌਰ, ਜਸਵਿੰਦਰ ਪੰਜਾਬੀ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 108
ਸੰਪਰਕ : 95921-54786

ਪੰਜ ਮਨੁੱਖੀ ਪ੍ਰਵਿਰਤੀਆਂ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਵਿਚੋਂ ਕਾਮ ਪ੍ਰਵਿਰਤੀ ਐਨੀ ਸ਼ਕਤੀਸ਼ਾਲੀ ਹੈ ਕਿ ਜਿਸ 'ਤੇ ਇਹ ਭਾਰੂ ਹੁੰਦੀ ਹੈ, ਉਹ ਬੰਦਾ ਸਮਾਜਿਕ ਰਿਸ਼ਤਿਆਂ ਦੀ ਪਵਿੱਤਰਤਾ, ਇਨ੍ਹਾਂ ਦੀ ਮਰਿਆਦਾ, ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਉਹ ਕੁਝ ਕਰ ਬਹਿੰਦਾ ਹੈ, ਜਿਸ ਨੂੰ ਦੇਖ-ਸੁਣ ਕੇ, ਸਮਝ ਕੇ ਸਭ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸ ਪ੍ਰਵਿਰਤੀ ਨੇ ਐਸੇ ਰਿਸ਼ਤੇ ਵੀ ਨਹੀਂ ਬਖ਼ਸ਼ੇ ਜਿਨ੍ਹਾਂ ਨੂੰ ਸਮਾਜ ਬੇਹੱਦ ਆਦਰ ਅਤੇ ਸਤਿਕਾਰ ਦਿੰਦਾ ਹੈ ਜਾਂ ਕਹਿ ਲਓ ਇਨ੍ਹਾਂ ਰਿਸ਼ਤਿਆਂ ਨੂੰ ਰੱਬ ਦੀ ਥਾਂ ਗਿਣਿਆ ਜਾਂਦਾ ਹੈ। ਇਹ ਪੁਸਤਕ ਉਨ੍ਹਾਂ ਲੜਕੀਆਂ, ਔਰਤਾਂ ਦੀ ਦਾਸਤਾਨ ਪੇਸ਼ ਕਰਦੀ ਹੈ ਜਿਨ੍ਹਾਂ ਨੇ ਮਰਦ ਦੀ ਇਸ ਮਾਰੂ ਕਾਮੁਕ ਸ਼ਕਤੀ ਦਾ ਜ਼ੁਲਮ ਆਪਣੇ ਉੱਤੇ ਹੰਢਾਇਆ ਹੈ, ਉਹ ਆਪਣਾ ਨਾਂਅ-ਪਤਾ ਛੁਪਾ ਕੇ ਇਸ ਪੁਸਤਕ ਵਿਚ ਆਪਣੀ ਆਪ-ਬੀਤੀ ਬਿਆਨਦੀਆਂ ਹੋਈਆਂ ਖੂਨ ਦੇ ਹੰਝੂ ਰੋਂਦੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ।
ਲੇਖਕਾ ਦਵਿੰਦਰ ਕੌਰ ਕਪੂਰਥਲਾ ਅਤੇ ਲੇਖਕ ਜਸਵਿੰਦਰ ਪੰਜਾਬੀ ਪਟਿਆਲਾ ਦੀ ਇਹ ਸਾਂਝੀ ਗਲਪ ਪੁਸਤਕ 'ਸੱਚੀਂ ਮੈਂ ਸੱਚ ਦਸਦੀ ਆਂ...' ਪਾਠਕ ਨੂੰ ਉਪਰੋਕਤ ਵਿਚਾਰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਦੋਵੇਂ ਗਲਪਕਾਰਾਂ ਨੇ ਲੀਕ ਤੋਂ ਹਟ ਕੇ ਅਤੇ ਵਿਲੱਖਣ ਮਿਹਨਤ ਅਤੇ ਹੌਸਲੇ ਦਾ ਸਬੂਤ ਦਿੱਤਾ ਹੈ। ਤਕਨੀਕੀ ਪੱਖੋਂ ਬੜੀ ਸਿੱਕੇਬੰਦ ਪੰਜਾਬੀ ਭਾਸ਼ਾ ਪੁਸਤਕ ਨੂੰ ਬਿਹਤਰ ਸਾਬਤ ਕਰਦੀ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਗੁਰੂ ਤੇਗ ਬਹਾਦਰ ਜੀ
(ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ)
ਲੇਖਕ : ਡਾ. ਪਰਮਵੀਰ ਸਿੰਘ
ਪ੍ਰਕਾਸ਼ਕ : ਨਿਰਮਲ ਆਸ਼ਰਮ ਰਿਸ਼ੀਕੇਸ਼
ਸਫ਼ੇ : 272
ਸੰਪਰਕ : 98720-74322

ਹਥਲੀ ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਅਤੇ ਚਰਨ ਛੋਹ ਅਸਥਾਨਾਂ ਨਾਲ ਸੰਬੰਧਿਤ ਹੈ ਅਤੇ ਗੁਰੂ ਜੀ ਦੇ 200 ਤੋਂ ਵਧੇਰੇ ਚਰਨ ਛੋਹ ਅਸਥਾਨਾਂ ਦੇ ਨਾਲ-ਨਾਲ ਉਨ੍ਹਾਂ ਦੀ ਮਹਿਮਾ ਅਤੇ ਸਮਕਾਲੀ ਸਿੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਗੁਰੂ ਜੀ ਦੁਆਰਾ ਉਚਾਰੀ ਗਈ ਬਾਣੀ, ਹੁਕਮਨਾਮੇ, ਚਰਨਛੋਹ ਪ੍ਰਾਪਤ ਅਸਥਾਨਾਂ ਸੰਬੰਧੀ ਖੋਜ ਭਰਪੂਰ ਜਾਣਕਾਰੀ ਹੈ।
ਡਾ. ਪਰਮਵੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ, ਹੁਕਮਨਾਮਿਆਂ, ਵੱਖ-ਵੱਖ ਸਰੋਤਾਂ ਵਿਚ ਅੰਕਿਤ ਮਹਿਮਾ, ਸ਼ਰਧਾਵਾਨ ਪ੍ਰੇਮੀਆਂ, ਗੁਰੂ ਜੀ ਦੇ ਚਰਨ-ਛੋਹ ਪ੍ਰਾਪਤ ਗੁਰ ਅਸਥਾਨਾਂ 'ਤੇ ਨਿੱਜੀ ਤੌਰ 'ਤੇ ਪਹੁੰਚ ਕਰ ਕੇ ਤਸਵੀਰਾਂ ਅਤੇ ਜੋ ਉਥੋਂ ਦੇ ਵਸਨੀਕਾਂ ਤੋਂ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ ਹੈ, ਉਸ ਨੂੰ ਇਸ ਪੁਸਤਕ ਵਿਚ ਦਰਜ ਕੀਤਾ ਹੈ।
ਗੁਰੂ ਜੀ ਦੇ ਆਪਣੇ ਹੱਥੀਂ ਸਿੱਖ ਸੰਗਤਾਂ ਨੂੰ ਲਿਖੇ ਹੁਕਮਨਾਮੇ ਪੰਜਾਬੀ ਵਿਚ ਖੁਸ਼-ਖ਼ਾਤੀ ਦੇ ਅਨੂਪਮ ਨਮੂਨੇ ਹਨ ਜੋ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਪੱਤਰ ਲੇਖਨ ਕਲਾ ਦੇ ਮੋਢੀ ਸਾਬਿਤ ਕਰਦੇ ਹਨ। ਵਿਸ਼ਵ-ਸ੍ਰਿਸ਼ਟੀ ਦੇ ਪੱਖੋਂ ਗੁਰੂ ਸਾਹਿਬ ਦਾ ਇਹ ਮਹਾਂਵਾਕ 'ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ' ਬੇਖ਼ੌਫ ਜੀਵਨ-ਸ਼ੈਲੀ ਨੂੰ ਪ੍ਰਤਿਪਾਦਤ ਕਰਦਾ ਵਿਸ਼ਵ ਵਿਚ ਅਮਨ-ਸ਼ਾਂਤੀ ਦੇ ਸਹਿਹੋਂਦ 'ਤੇ ਆਧਾਰਿਤ ਬਹੁ-ਬਿਧਿ ਸੱਭਿਆਚਾਰਕ ਵਿਵਸਥਾ ਦੀ ਸਥਾਪਤੀ ਲਈ ਸਰਬ ਸਾਂਝੇ ਐਲਾਨਨਾਮੇ ਦੀ ਆਧਾਰਸ਼ੀਲਾ ਬਣਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਦਰਸ਼ਨ, ਸ਼ਹੀਦੀ ਤੇ ਵਿਰਾਸਤ, ਮਨੁੱਖਤਾ ਦਾ ਬੇਸ਼ਕੀਮਤੀ ਸਰਮਾਇਆ ਹੈ, ਜੋ ਬੇਇਨਸਾਫ਼ੀ ਤੇ ਜ਼ੁਲਮ ਵਿਰੁੱਧ ਸਚਾਈ ਦੇ ਪਹਿਰੇਦਾਰਾਂ ਵਾਸਤੇ ਉਤਸ਼ਾਹ ਤੇ ਪ੍ਰੇਰਨਾ ਦਾ ਸਰੋਤ ਹੈ। ਸਿੱਖ ਪੰਥ ਦੀ ਅਰਦਾਸ ਦਾ ਇਹ ਜ਼ੁਜ਼, 'ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ। ਸਭ ਥਾਈਂ ਹੋਇ ਸਹਾਇ॥' ਭਾਵ ਗੁਰੂ ਸਾਹਿਬ ਦੁਨੀਆ ਦੀਆਂ ਸਾਰੀਆਂ ਬਰਕਤਾਂ ਦੇ ਭੰਡਾਰ ਅਤੇ ਨਿਆਸਰਿਆਂ ਦਾ ਆਸਰਾ ਹਨ, ਸਮੁੱਚਾ ਸਿੱਖ, ਪੰਥ ਦੀ ਸਾਂਝੀ/ਸਮੂਹਿਕ ਸਿਮ੍ਰਤੀ ਵਿਚ ਬਹੁਤ ਹੀ ਡੂੰਘਾ ਉਕਰਿਆ ਹੋਇਆ ਹੈ, ਜੋ ਬੇਹੱਦ ਸ਼ਰਧਾ ਤੇ ਪ੍ਰੇਰਣਾ ਦਾ ਸਰੋਤ ਹੈ।
ਲੇਖਕ ਨੇ ਮੁੱਢਲੇ ਸਿੱਖ ਸਰੋਤਾਂ ਦੇ ਆਧਾਰ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਉਦੇਸ਼, ਪ੍ਰਚਾਰ ਯਾਤਰਾਵਾਂ, ਚਰਨ ਛੋਹ ਗੁਰਧਾਮਾਂ, ਸ਼ਹੀਦੀ ਸਾਕਾ, ਸਿੱਖ-ਸੇਵਕ, ਅਭਿਨੰਦਨ ਆਦਿ ਨੂੰ ਵਿਚਾਰ-ਚਰਚਾ ਦਾ ਵਿਸ਼ਾ ਬਣਾਇਆ ਹੈ ਤਾਂ ਕਿ ਗੁਰੂ ਜੀ ਦੀ ਸ਼ਖ਼ਸੀਅਤ ਦੇ ਅਣਪਛਾਤੇ ਤੇ ਘੱਟ-ਚਰਚਿਤ ਪੱਖ ਵੀ ਰੌਸ਼ਨ ਹੋ ਜਾਣ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਧਾਰਮਿਕ ਰਹਿਬਰ ਵਜੋਂ ਪ੍ਰਤਿਭਾ ਤੇ ਕਾਰਜ-ਕੁਸ਼ਲਤਾ ਅਤੇ ਸਿੱਖ ਪੰਥ ਦੇ ਸੰਗਠਨ ਦੀ ਪੁਨਰ-ਸਥਾਪਨਾ ਵਿਚ ਯੋਗਦਾਨ ਨੂੰ ਵੀ ਬਹਿਸ ਦੇ ਕੇਂਦਰ ਵਿਚ ਲਿਆਉਣ ਦਾ ਯਤਨ ਕੀਤਾ ਹੈ।
ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਯਾਤਰਾਵਾਂ ਵਿਚੋਂ ਵਿਭਿੰਨ ਇਲਾਕਿਆਂ ਦੀ ਸੰਗਤ ਅਤੇ ਗੁਰੂ ਸਾਹਿਬ ਲਈ ਪਿਆਰ, ਸ਼ਰਧਾ, ਸੇਵਾ, ਨਿਮਰਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਤੋਂ ਬੰਗਲਾਦੇਸ਼ ਤੱਕ ਵਿਭਿੰਨ ਇਲਾਕਿਆਂ ਅਤੇ ਪ੍ਰਦੇਸ਼ਾਂ ਵਿਚ ਮੌਜੂਦ 200 ਤੋਂ ਵਧੇਰੇ ਗੁਰੂਧਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਭਾਵੇਂ ਕੋਈ ਸੌਖਾ ਕਾਰਜ ਨਹੀਂ ਸੀ ਪਰ ਹਥਲੀ ਪੁਸਤਕ ਵਿਚ ਵਿਭਿੰਨ ਗੁਰਦੁਆਰਾ ਸਾਹਿਬਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਬੰਗਲਾਦੇਸ਼ ਅਤੇ ਦਿੱਲੀ ਤੋਂ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਅਸਥਾਨਾਂ ਦੀਆਂ ਰੰਗਦਾਰ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਧਾਮਾਂ ਅਤੇ ਅਜਾਇਬ ਘਰਾਂ ਤੋਂ ਪ੍ਰਾਪਤ ਹੋਈਆਂ ਹਨ। ਸੰਤ ਜੋਧ ਸਿੰਘ ਰਿਸ਼ੀਕੇਸ਼ ਅਤੇ ਡਾ. ਬਲਵੰਤ ਸਿੰਘ ਢਿੱਲੋਂ ਨੇ ਵੀ ਕਿਤਾਬ ਬਾਰੇ ਆਪਣੇ ਕੀਮਤੀ ਵਿਚਾਰ ਅੰਕਿਤ ਕੀਤੇ।
ਹਥਲੀ ਕਿਤਾਬ ਦੀ ਵਿਸ਼ੇਸ਼ਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸੰਪਰਕ ਵਿਚ ਆਏ ਸਿੱਖ-ਸੇਵਕਾਂ, ਸ਼ਰਧਾਲੂਆਂ ਤੇ ਪ੍ਰਸੰਸਕਾਂ ਦੀ ਯਾਦ ਤਾਜ਼ਾ ਕਰਾਉਣ ਤੋਂ ਇਲਾਵਾ ਉਨ੍ਹਾਂ ਦੀ ਸ਼ਖ਼ਸੀਅਤ ਤੇ ਸੇਵਾਵਾਂ ਦਾ ਉਲੇਖ ਵੀ ਕਰਦੀ ਹੈ। ਗੁਰੂ ਤੇਗ ਬਹਾਦਰ ਦੀਆਂ ਯਾਤਰਾਵਾਂ ਦੇ ਰਸਤਿਆਂ ਤੇ ਚਰਨ ਛੋਹ ਗੁਰਧਾਮਾਂ ਨੂੰ ਇਤਿਹਾਸਕ ਕ੍ਰਮ ਵਿਚ ਪ੍ਰਸਤੁਤ ਕਰਨਾ ਬਹੁਤ ਹੀ ਕਠਿਨ ਕਾਰਜ ਹੈ ਕਿਉਂਕਿ ਸਿੱਖ ਸਰੋਤਾਂ ਵਿਚ ਇਸ ਬਾਰੇ ਬਹੁਤ ਭੰਬਲ-ਭੂਸਾ ਹੈ। ਮੌਜੂਦਾ ਪੋਥੀ ਵਿਚ ਲੇਖਕ ਨੇ ਭਾਰਤ ਦੇ ਉੱਤਰ-ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੂਰਬੀ-ਬੰਗਾਲ, ਆਸਾਮ ਤੇ ਅਜੋਕੇ ਬੰਗਲਾਦੇਸ਼ ਅਤੇ ਮਾਲਵਾ ਵਿਚ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਗੁਰਧਾਮਾਂ ਦੀ ਵਿਸਤ੍ਰਿਤ ਤੇ ਨਵੀਨਤਮ ਜਾਣਕਾਰੀ ਜੋ ਉਸ ਨੇ ਮੌਕੇ ਉੱਤੇ ਜਾ ਕੇ ਗ੍ਰਹਿਣ ਕੀਤੀ, ਜੁਟਾਈ ਹੈ। ਇਸ ਵਿਚ ਗੁਰਧਾਮਾਂ ਦੀ ਸਥਾਪਨਾ ਦਾ ਇਤਿਹਾਸ, ਪ੍ਰਬੰਧ, ਜਾਇਦਾਦ, ਸੁਵਿਧਾਵਾਂ, ਆਦਿ ਤੋਂ ਇਲਾਵਾ 1984 ਵਿਚ ਨੁਕਸਾਨੇ ਤੇ ਅਲੋਪ ਹੋ ਜਾਣ ਦੀ ਕਗਾਰ 'ਤੇ ਖੜ੍ਹੇ ਗੁਰਧਾਮਾਂ ਦੇ ਵੇਰਵੇ ਵੀ ਅੰਕਿਤ ਕੀਤੇ ਹਨ। ਇਹ ਯਤਨ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗਾ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਚਿੱਠੀਆਂ 'ਚ ਵਸਦਾ ਪਾਸ਼
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 160 ਰੁਪਏ, ਸਫ਼ੇ : 96
ਸੰਪਰਕ : 94170-76735

ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਂ ਦ੍ਰਿਸ਼ਟੀ, ਸੀਮਾ-ਸੰਭਾਵਨਾਵਾਂ ਨੂੰ ਨਵਾਂ ਰੌਂਅ-ਰੁਖ਼ ਦੇਣ ਵਾਲੇ ਕਵੀਆਂ ਵਿਚ ਪਾਸ਼ (ਅਵਤਾਰ ਸਿੰਘ ਸੰਧੂ) ਦਾ ਨਾਂਅ ਉੱਘੜਵੇਂ ਰੂਪ ਵਿਚ ਲਿਆ ਜਾਂਦਾ ਹੈ। ਇਸ ਕਵੀ ਨੇ ਪੰਜਾਬੀ ਕਵਿਤਾ ਨੂੰ ਨਵਾਂ ਮੋੜ ਦਿੱਤਾ, ਜਿਸ ਨੂੰ 'ਜੁਝਾਰਵਾਦੀ ਕਾਵਿ ਪ੍ਰਵਿਰਤੀ' ਵਜੋਂ ਜਾਣਿਆ ਜਾਣ ਲੱਗ ਪਿਆ। ਸੁਭਾਵਿਕ ਹੈ ਕਿ ਨਵ-ਸਿਰਜਣ ਪ੍ਰਕਿਰਿਆ ਜਾਂ ਨਵ-ਵਿਚਾਰਧਾਰਿਕ ਪ੍ਰਵਿਰਤੀ ਸਥਾਪਿਤ ਮੁੱਲ-ਅਵਲੋਕਣ ਪੱਖੋਂ ਅਜੀਬ ਸਮਝੀ ਜਾਂਦੀ ਹੈ, ਪਰ ਚਿੰਤਕ ਲੇਖਕ ਨਿਡਰ ਹੁੰਦੇ ਹਨ ਅਤੇ ਆਪਣੀ ਸ਼ਾਬਦਿਕ-ਸਾਧਨਾ ਵਿਚ ਜੁਟੇ ਰਹਿਣ ਸਦਕਾ, ਭਾਵੇਂ ਜੀਵਨ ਦੇ ਬਹੁਤ ਸਾਰੇ ਸਾਲ ਨਾ ਹੰਢਾਉਣ, ਪਰ ਘਾਲਣਾ ਸਦੀਵੀਂ ਘਾਲ ਜਾਂਦੇ ਹਨ। ਹਥਲੀ ਪੁਸਤਕ ਵੀ ਇਨ੍ਹਾਂ ਪ੍ਰਤਿਮਾਨਾਂ ਦਾ ਉਲੇਖ ਕਰਦੀ ਹੈ। ਸੰਪਾਦਕ ਅਮੋਲਕ ਸਿੰਘ ਨੇ ਬਹੁਤ ਸਾਰੇ ਲੁਪਤ ਦਸਤਾਵੇਜ਼ਾਂ ਨੂੰ ਡੂੰਘੀ ਖੋਜ-ਪਰਖ ਘਾਲਣਾ ਉਪਰੰਤ ਪਾਸ਼ ਨਾਲ ਸੰਬੰਧਿਤ ਚਿੱਠੀਆਂ-ਪੱਤਰਾਂ ਨੂੰ ਲੱਭ-ਲੱਭ ਕੇ ਪੁਸਤਕ ਵਿਚ ਅੰਕਿਤ ਕੀਤਾ ਹੈ। ਇਹ ਚਿੱਠੀਆਂ-ਪੱਤਰ ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਪ੍ਰਸ਼ਾਸਨਿਕ ਅਤੇ ਹੋਰ ਗਤੀਆਂ-ਵਿਧੀਆਂ-ਅਧੋਗਤੀਆਂ, ਦੁੱਖਾਂ-ਬਖੇੜਿਆਂ ਅਤੇ ਨਾ ਸਹਿਣ ਕਰਨ ਯੋਗ ਹਾਲਾਤ ਨਾਲ ਵੀ ਸੰਬੰਧਿਤ ਹਨ, ਪਰੰਤੂ ਇਨ੍ਹਾਂ ਵਿਚੋਂ ਜੋ ਜੀਵਨ ਜੋਤੀ ਦੇ ਸਵੇਰੇ ਸਿਰਜਣ ਦਾ ਬੋਧ ਹੁੰਦਾ ਹੈ, ਉਸ ਨੂੰ ਪਛਾਣਨਾ ਸਾਡੇ ਅਜੋਕੇ ਸਮਾਂ-ਕਾਲ ਦੀ ਚੇਤਨਾ ਲਈ ਟੁੰਬਵਾਂ ਸਾਬਤ ਹੋ ਸਕਦਾ ਹੈ। ਹੱਥ ਲਿਖਤੀ ਪੱਤਰ-ਪ੍ਰਾਪਤੀਆਂ ਅਤੇ ਹੱਥ-ਲਿਖਤ ਦਿੱਤੇ ਜਾਂਦੇ ਜਵਾਬ ਇਸੇ ਕਥਨ ਦੀ ਸਾਰਥਿਕਤਾ ਲਈ ਢੁੱਕਵੇਂ ਸਾਬਤ ਹੁੰਦੇ ਹਨ। ਅਮੋਲਕ ਸਿੰਘ ਦੇ ਪ੍ਰਗਟਾਏ ਵਿਚਾਰ ਸਾਰਥਿਕਤਾ ਦਾ ਬੋਧ ਕਰਵਾਉਂਦੇ ਹਨ। ਪਾਸ਼ ਦੁਆਰਾ ਲਿਖੀਆਂ ਚਿੱਠੀਆਂ ਅਤੇ ਜਵਾਬੀ ਚਿੱਠੀਆਂ ਸਰਲ ਅਤੇ ਸੰਖੇਪ ਹਨ, ਜੋ ਭਾਵਨਾਤਮਕ ਤੌਰ 'ਤੇ ਬੇਬਾਕਤਾ, ਨਿਡਰਤਾ ਅਤੇ ਉਸਾਰੂ ਚਿੰਤਨ ਦਾ ਬੋਧ ਕਰਵਾਉਂਦੀਆਂ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਕੁਇਜ਼ ਮੁਕਾਬਲਾ
(ਪ੍ਰਸ਼ਨ ਉੱਤਰ)
ਸੰਪਾਦਕ : ਡਾ. ਦਰਸ਼ਨ ਸਿੰਘ ਆਸ਼ਟ
ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ
ਮੁੱਲ : 79 ਰੁਪਏ, ਸਫ਼ੇ : 240
ਸੰਪਰਕ : 98144-23703

ਭਾਸ਼ਾ ਵਿਭਾਗ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਮਿਡਲ, ਹਾਈ ਤੇ ਕਾਲਜ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਾਉਣ ਦਾ ਚੰਗਾ ਪ੍ਰਯੋਜਨ ਆ ਰਿਹਾ ਹੈ। ਬੱਚਿਆਂ ਦੇ ਇਨ੍ਹਾਂ ਮੁਕਾਬਲਿਆਂ ਦਾ ਇਕ ਵਿਧੀ ਅਨੁਸਾਰ ਪ੍ਰਬੰਧ ਕੀਤਾ ਜਾਂਦਾ ਹੈ ਤੇ ਦਰਜਾ ਪ੍ਰਾਪਤ ਕਰਨ ਵਾਲੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਨ੍ਹਾਂ ਕੁਇਜ਼ ਮੁਕਾਬਲਿਆਂ ਨੂੰ ਇਕ ਸਿਧਾਂਤਕ ਵਿਊਂਤਵਿਧੀ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ। ਅਖ਼ਬਾਰਾਂ ਰਾਹੀਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਪ੍ਰਤੀਯੋਗੀ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈ ਸਕਣ। ਭਾਸ਼ਾ ਵਿਭਾਗ ਦੀ ਇਹ ਸਕੀਮ ਪ੍ਰਸੰਸਾਯੋਗ ਹੈ। ਜ਼ਿਲ੍ਹਾ-ਪੱਧਰ ਤੋਂ ਲੈ ਕੇ ਰਾਜ-ਪੱਧਰ ਦੇ ਇਨਾਮਾਂ ਦੀ ਵੰਡ ਕੀਤੀ ਜਾਂਦੀ ਹੈ। ਇਕ ਘੰਟੇ ਦੇ ਇਸ ਮੁਕਾਬਲੇ 'ਚ ਪ੍ਰਤੀਯੋਗੀ ਨੂੰ 100 ਪ੍ਰਸ਼ਨਾਂ ਦੇ ਉੱਤਰ ਚਾਰ ਉੱਤਰਾਂ 'ਚੋਂ ਕਿਸੇ ਇਕ ਢੁੱਕਵੇਂ ਉੱਤਰ ਨੂੰ ਲਿਖਣਾ ਹੁੰਦਾ ਹੈ। ਇਨ੍ਹਾਂ 100 ਪ੍ਰਸ਼ਨਾਂ 'ਚ ਹਰ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਹਨ। ਇਤਿਹਾਸ, ਸਾਹਿਤ, ਸੱਭਿਆਚਾਰ, ਰਾਜਨੀਤੀ, ਨਵੀਆਂ ਖੋਜਾਂ, ਖੇਡ ਜਗਤ, ਵਿਗਿਆਨ, ਵਿਰਸਾ, ਪ੍ਰਾਚੀਨ ਵਿਰਾਸਤ, ਅਜੋਕੇ ਸਮੇਂ ਦੀਆਂ ਘਟਨਾਵਾਂ, ਫਿਲਮੀ-ਜਗਤ, ਕਲਾਕਾਰ, ਗਾਇਕ, ਭੂਗੋਲਿਕ ਆਦਿ ਵਿਸ਼ੇ ਛੋਹੇ ਜਾਂਦੇ ਹਨ ਭਾਵ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਲਈ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਇਹ ਕੁਇਜ਼ ਮੁਕਾਬਲੇ ਪੰਜਾਬੀ ਮਾਂ-ਬੋਲੀ ਲਈ ਬਹੁਤ ਉਪਯੋਗੀ ਹਨ। ਇਨ੍ਹਾਂ ਸਾਰੇ ਉਦੇਸ਼ਾਂ ਤੇ ਮੰਤਵਾਂ ਦੀ ਪੂਰਤੀ ਲਈ ਹਥਲੀ ਪੁਸਤਕ ਡਾ. ਦਰਸ਼ਨ ਸਿੰਘ ਆਸ਼ਟ ਨੇ ਬਹੁਤ ਮਿਹਨਤ ਨਾਲ ਸੰਪਾਦਿਤ ਕੀਤੀ ਹੈ ਜਿਹੜੀ ਹਰ ਪੱਖੋਂ ਮੁੰਕਮਲ ਹੈ। ਇਸ ਦੀ ਉਪਯੋਗਤਾ ਇਸ ਗੱਲੋਂ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਪੁਸਤਕ ਦੀ ਪਹਿਲੀ ਐਡੀਸ਼ਨ 1998 ਤੋਂ ਬਾਅਦ ਮੰਗ ਹੋਣ ਕਾਰਨ ਤੀਜੀ ਵਾਰ 2022 'ਚ ਮੁੜ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਦੀ ਸੰਪਾਦਨਾ ਨਾਲ ਪ੍ਰਤੀਯੋਗੀਆਂ ਨੂੰ ਇਕ ਭਰਪੂਰ ਜਾਣਕਾਰੀ ਉਪਲਬਧ ਹੋਵੇਗੀ। ਪੰਜਾਬੀ ਵਿਚ ਇਸ ਦੀ ਪ੍ਰਕਾਸ਼ਨਾ ਹੋਰ ਵੀ ਉਤਸ਼ਾਹਜਨਕ ਹੈ। ਪੰਜਾਬ ਅਤੇ ਭਾਰਤ ਬਾਰੇ ਇਨ੍ਹਾਂ ਪ੍ਰਸ਼ਨਾਂ ਰਾਹੀਂ ਮੁਕੰਮਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੁਸਤਕ ਦੇ ਅੰਤ 'ਚ ੳ, ਅ, ੲ ਵਰਗ ਦੇ ਸਹੀ ਉੱਤਰ ਦਿੱਤੇ ਗਏ ਹਨ। ਪੁਸਤਕ 'ਚ ਕੁੱਲ 584 ਪ੍ਰਸ਼ਨ ਸ਼ਾਮਲ ਕੀਤੇ ਗਏ ਹਨ। ਇਹ ਪੁਸਤਕ ਹਰ ਵਿਦਿਆਰਥੀ ਲਈ ਲਾਭਕਾਰੀ ਹੈ। ਇਸ ਚੰਗੇ ਕਾਰਜ ਲਈ ਭਾਸ਼ਾ ਵਿਭਾਗ ਅਤੇ ਡਾ. ਦਰਸ਼ਨ ਸਿੰਘ ਆਸ਼ਟ ਵਧਾਈ ਦੇ ਹੱਕਦਾਰ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਕਿਤੇ ਉਹ ਨਾ ਹੋਵੇ
ਲੇਖਕ : ਰਵੀ ਸ਼ੇਰਗਿੱਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ: 195 ਰੁਪਏ, ਸਫ਼ੇ : 120
ਸੰਪਰਕ : 99151-03490

10 ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਕਹਾਣੀਕਾਰ ਆਪਣੇ ਪ੍ਰਵਾਸੀ ਅਨੁਭਵਾਂ ਨੂੰ ਆਧਾਰ ਬਣਾਉਣ ਦੇ ਨਾਲ-ਨਾਲ ਪੰਜਾਬੀ ਰਹਿਤਲ ਨੂੰ ਵੀ ਪੇਸ਼ ਕਰਦਾ ਹੈ। ਕਹਾਣੀ-ਸੰਗ੍ਰਹਿ ਦੀ ਭੂਮਿਕਾ ਵਿਚ ਉਸ ਨੂੰ ਸੂਖ਼ਮ ਅਹਿਸਾਸਾਂ ਦੀ ਪੇਸ਼ਕਾਰੀ ਕਰਨ ਵਾਲੇ ਕਹਾਣੀਕਾਰ ਵਜੋਂ ਪੇਸ਼ ਕੀਤਾ ਗਿਆ ਹੈ ਜਿਹੜਾ ਕਿ ਉਸ ਦੀਆਂ ਕਹਾਣੀਆਂ ਵਿਚ ਵੀ ਨਜ਼ਰ ਆਉਂਦਾ ਹੈ। ਮਾਨਸਿਕ ਅਤੇ ਸਮਾਜਿਕ ਵੇਦਨਾ ਦਾ ਚਿਤਰਨ ਉਸ ਦੀਆਂ ਕਹਾਣੀਆਂ ਵਿਚ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। 'ਉਹ ਮੇਰਿਆ ਮਾਲਕਾ' ਕਹਾਣੀ ਜਿੱਥੇ ਪ੍ਰਵਾਸੀ ਲਾੜਿਆਂ ਵਲੋਂ ਝੂਠ ਬੋਲ ਕੇ ਕਰਵਾਏ ਜਾ ਰਹੇ ਵਿਆਹਾਂ ਨੂੰ ਬਿਆਨਦੀ ਹੈ, ਉਥੇ ਹੀ ਇਹ ਵਿਆਹ ਨਾਲ ਬਦਲਦੀਆਂ ਸਮਾਜਿਕ ਸਮੀਕਰਨਾਂ ਨੂੰ ਪਾਠਕਾਂ ਸਾਹਮਣੇ ਰੱਖਦੀ ਹੈ। ਕਹਾਣੀਆਂ ਦੇ ਵਿਸ਼ਾ ਪੱਖ ਤੋਂ ਇਸ ਸੰਗ੍ਰਹਿ ਨੂੰ ਵਾਚਦਿਆਂ ਇਹ ਨਜ਼ਰ ਆਉਂਦਾ ਹੈ ਕਿ ਕਹਾਣੀਆਂ ਦੇ ਮਨੋਪ੍ਰਗਟਾਵੇ ਵਿਚ ਸਪੱਸ਼ਟਤਾ ਅਤੇ ਸੰਵੇਦਨਾ ਤਾਂ ਨਜ਼ਰ ਆਉਂਦੀ ਹੀ ਹੈ, ਉੱਥੇ ਹੀ ਉਹ ਆਪਣੇ ਪਾਤਰਾਂ ਨੂੰ ਵੀ ਵਿਸ਼ਾ-ਵਸਤੂ ਅਨੁਸਾਰ ਘੜਦਿਆਂ ਪੂਰੀ ਅਹਿਤਿਆਤ ਵਰਤਦਾ ਹੈ ਫਿਰ ਉਹ ਚਾਹੇ ਕਹਾਣੀ 'ਇਕ ਘੁੱਗੀ ਹੋਰ' ਦਾ ਮੈਂ ਪਾਤਰ ਹੋਵੇ ਜਾਂ 'ਕਿਤੇ ਉਹ ਨਾ ਹੋਵੇ' ਦਾ ਜ਼ੈਲੀ ਦੋਵੇਂ ਆਪੋ ਆਪਣੀ ਜਗ੍ਹਾ ਆਪਣੇ ਕਿਰਦਾਰ ਨਾਲ ਇਨਸਾਫ਼ ਕਰਦੇ ਨਜ਼ਰ ਆਉਂਦੇ ਹਨ। 'ਬੁਝ ਰਹੇ ਦੀਵੇ ਦੀ ਲੋਅ' ਵਿਚਲਾ ਨਿੰਦਰ ਆਪਣੇ ਹੱਥੀਂ ਆਪਣੇ ਜੀਵਨ ਸੁਖ ਨੂੰ ਪਰ੍ਹੇ ਧਕੇਲਦਾ ਹੈ ਤਾਂ ਜੋ ਉਸ ਨਾਲ ਜੁੜੇ ਰਿਸ਼ਤੇ ਇਸ ਦੁਨੀਆ ਵਿਚ ਕਾਇਮ ਰਹਿਣ। ਹਰੇਕ ਲਈ ਮਦਦਗਾਰ ਨਿੰਦਰ ਕਿਸੇ ਦੀ ਮਦਦ ਕਰਦਿਆਂ ਏਡਜ਼ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਪਣੇ ਪਿਆਰਿਆਂ ਲਈ ਇਸ ਹੱਦ ਤੱਕ ਮੋਹ ਰੱਖਦਾ ਹੈ ਕਿ ਉਨ੍ਹਾਂ ਦੀ ਸਲਾਮਤੀ ਲਈ ਖ਼ੁਦ ਨੂੰ ਉਨ੍ਹਾ ਤੋਂ ਦੂਰ ਕਰ ਲੈਂਦਾ ਹੈ।
ਪ੍ਰਵਾਸ ਵਿਚ ਰਹਿੰਦਿਆਂ ਡਾਲਰਾਂ ਦਾ ਨਿੱਘ ਕਈ ਵਾਰ ਰਿਸ਼ਤਿਆਂ 'ਤੇ ਭਾਰੂ ਪੈ ਜਾਂਦਾ ਹੈ ਪਰ ਮਾਨਵੀ ਸੰਵੇਦਨਾ ਨਾਲ ਜੁੜੇ ਦਿਲ ਜਲਦੀ ਹੀ ਇਸ ਮ੍ਰਿਗਤ੍ਰਿਸ਼ਨਾ ਵਿਚੋਂ ਬਾਹਰ ਆ ਕੇ ਆਪਣੇ ਅਸਲ ਨੂੰ ਭਾਲਣ ਦੀ ਕੋਸ਼ਿਸ਼ ਕਰਦੇ ਹਨ। 'ਹੁਣ ਦਿਲ ਖੁਸ਼ ਹੈ' ਦਾ ਡਾਕਟਰ ਅਜਿਹਾ ਹੀ ਜਾਪਦਾ ਹੈ ਜੋ ਇੰਡੀਆ ਵਿਚ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਲਈ ਪ੍ਰਵਾਸ ਵਿਚ ਆਪਣਾ ਸਭ ਕੁਝ ਛੱਡ ਕੇ ਉਸ ਦੇ ਕੋਲ ਜਾਣ ਲਈ ਤਿਆਰ ਹੋ ਜਾਂਦਾ ਹੈ। ਭਾਰ ਮੁਕਤ ਅਤੇ ਸੰਗਲਾਂ ਵਿਚ ਬੰਨ੍ਹਿਆ ਸੱਚ ਉਨ੍ਹਾਂ ਹਾਸ਼ੀਆਗਤ ਵਰਗਾਂ 'ਤੇ ਝਾਤ ਪਾਉਂਦਾ ਹੈ, ਜਿਹੜੇ ਅਜੇ ਵੀ ਮਾਨਵੀ ਹੋਂਦ ਸਹਿਤ ਸਵੀਕਾਰੇ ਨਹੀਂ ਜਾਂਦੇ। 'ਖੁਰ ਰਹੀ ਬਰਫ਼' ਕਹਾਣੀ ਪੱਛਮੀ ਸਮਾਜ ਵਿਚ ਆ ਰਹੇ ਚਿੰਤਾਜਨਕ ਬਦਲਾਵਾਂ ਦੀ ਗੱਲ ਕਰਦੀ ਹੈ। ਕੁੱਲ ਮਿਲਾ ਕੇ ਇਨ੍ਹਾਂ ਕਹਾਣੀਆਂ ਦਾ ਅਹਿਸਾਸ ਸਹਿਜ ਜਿਹਾ ਹੈ ਜਿਹੜਾ ਉਨ੍ਹਾਂ ਡਰਾਂ, ਚਿੰਤਾਵਾਂ ਅਤੇ ਅਸਾਵੇਂਪਣ ਨੂੰ ਸਾਹਮਣੇ ਲਿਆੳਣ ਦਾ ਯਤਨ ਕਰਦਾ ਹੈ ਜਿਸ ਤੋਂ ਆਧੁਨਿਕ ਮਨੁੱਖ ਜਾਣ ਕੇ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਸੋਨ ਸਵੇਰਾ
ਕਹਾਣੀਕਾਰ : ਸੁਰਿੰਦਰ ਕੈਲੇ
ਪ੍ਰਕਾਸ਼ਕ : ਅਣੂ ਮੰਚ
ਮੁੱਲ 290 ਰੁਪਏ, ਸਫ਼ੇ : 127
ਸੰਪਰਕ : 98725-91653

ਲੇਖਕ ਇਕ ਪ੍ਰੋੜ ਲੇਖਕ ਹੈ ਤੇ ਉਸ ਦੀਆਂ ਬਹੁਤ ਸਾਰੀਆਂ ਮੌਲਿਕ ਤੇ ਸੰਪਾਦਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪ੍ਰੰਤੂ ਉਸ ਦੀ ਵਿਸ਼ੇਸ਼ ਪਛਾਣ ਇਕ ਮਿੰਨੀ ਕਹਾਣੀਕਾਰ ਵਜੋਂ ਬਣਦੀ ਹੈ। ਲੰਬੇ ਅਰਸੇ ਤੋਂ ਉਹ ਪਾਕਿਟ ਸਾਈਜ਼ 'ਅਣੂ' ਪੱਤ੍ਰਿਕਾ ਛਾਪਦਾ ਆ ਰਿਹਾ ਹੈ ਜਿਸ ਵਿਚ ਮਿੰਨੀ ਕਹਾਣੀਆਂ ਤੇ ਮਿੰਨੀ ਕਵਿਤਾਵਾਂ ਖ਼ਾਸ ਮਹੱਤਵ ਰੱਖਦੀਆਂ ਹਨ। ਵਿਚਾਰ ਅਧੀਨ ਪੁਸਤਕ ਕਹਾਣੀ-ਸੰਗ੍ਰਿਹ ਹੈ ਜਿਸ ਵਿਚ ਉਸ ਨੇ ਆਪਣੀਆਂ 10 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀ 'ਬਿੱਕਰ ਸਿੰਘ ਖੂੰਡੇਵਾਲਾ' ਇਕ ਉਮਦਾ ਕਹਾਣੀ ਹੈ ਜਿਸ ਦੀ ਸ਼ੁਰੂਆਤ ਇਕ ਫਿਕਰੇ ਨਾਲ ਹੁੰਦੀ ਹੈ 'ਤਾਸ਼ ਦੀ ਬਾਜ਼ੀ ਮਘੀ ਹੋਈ ਹੈ'। ਅੰਤ ਵਿਚ ਕਹਾਣੀ ਆਪਣੇ ਸਿਰਲੇਖ ਤੇ ਵਿਸ਼ੇ ਦੀ ਖ਼ੂਬਸੂਰਤੀ ਨਾਲ ਤਰਜਮਾਨੀ ਕਰ ਜਾਂਦੀ ਹੈ। ਕਲਾਈਮੈਕਸ 'ਤੇ ਪਹੁੰਚ ਕੇ ਕਹਾਣੀ ਇਸ ਫਿਕਰੇ ਨਾਲ ਖ਼ਤਮ ਹੋ ਜਾਂਦੀ ਹੈ ਪਰ ਉਹ ਹੈ ਕਿੱਥੇ?
-ਦੂਰ ਸ਼ਹਿਰ ਗੁਰੂ ਰਵੀਦਾਸ ਦੇ
ਗੁਰਦੁਆਰੇ ਸੇਵਾ ਕਰਦੈ।
-ਕਹਾਣੀ 'ਮੈਂ ਨਹੀਂ ਦੱਸਾਂਗੀ ਆਪਣੀ ਮੰਗਣੀ
ਬਾਰੇ' ਲਕੋਅ ਦਾ ਬਿਰਤਾਂਤ ਸਿਰਜਦੀ
ਇਕ ਨਾਟਕੀ ਕਹਾਣੀ ਹੈ ਤੇ ਇਸ ਵਾਕ ਨਾਲ ਆਪਣੇ ਵਿਸ਼ੇ ਦਾ ਨਿਭਾਅ ਕਰ ਜਾਂਦੀ ਹੈ। ਤੁਸੀਂ ਉਸ ਨੂੰ ਮੇਰੀ ਮੰਗਣੀ ਬਾਰੇ ਨਾ ਦੱਸਿਓ। 'ਮੈਂ ਨਹੀਂ ਦੱਸਾਂਗੀ', 'ਮੈਂ ਦੱਸ ਹੀ ਨਹੀਂ ਸਕਾਂਗੀ'। ਦੂਸਰੀਆਂ ਸਾਰੀਆਂ ਕਹਾਣੀਆਂ ਵੀ ਪਾਠਕ ਆਪਣੇ ਹਿਸਾਬ ਨਾਲ ਪੜ੍ਹ ਕੇ ਚੰਗੇ ਨਤੀਜੇ 'ਤੇ ਅੱਪੜ ਸਕਦਾ ਹੈ, ਮਸਲਨ 'ਕੈਂਸਰ ਦਾ ਫੋੜਾ, ਸਿਵਿਆਂ ਵਾਲੀ ਡੰਡੀ, ਚਾਂਦਨੀ ਦੀ ਧੀ, ਦੇਹ ਸਸਕਾਰ।' ਕਹਾਣੀਕਾਰ ਕੋਲ ਆਪਣੀ ਗੱਲ ਕਹਿਣ ਦਾ ਅਲੱਗ ਅੰਦਾਜ਼ ਹੈ। ਬੇਸ਼ੱਕ ਅਜੋਕੀ ਕਹਾਣੀ ਕਿਸੇ ਵੀ ਮਕਾਮ 'ਤੇ ਕਿਉਂ ਨਾ ਪਹੁੰਚ ਗਈ ਹੋਵੇ, ਸਮਾਂਤਰ ਕਹਾਣੀ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਬਣਿਆ ਰਹੇਗਾ। ਕਹਾਣੀਆਂ ਦੀ ਸਰਲ ਤੇ ਸਪੱਸ਼ਟ ਪਹੁੰਚ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ ਜੋ ਇਨ੍ਹਾਂ ਕਹਾਣੀਆਂ ਦਾ ਮੀਰੀ ਗੁਣ ਹੈ। ਸੁਰਿੰਦਰ ਕੈਲੇ ਦੇ ਇਸ ਕਹਾਣੀ-ਸੰਗ੍ਰਹਿ ਨੂੰ ਇਨ੍ਹਾਂ ਅਰਥਾਂ ਵਿਚ ਹੀ ਲੈਂਦਿਆਂ ਇਸ ਦਾ ਸਵਾਗਤ ਕਰਨਾ ਬਣਦਾ ਹੈ।

-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

21-01-2023

 ਪੰਜਾਬੀ ਸੂਬੇ ਦੀ ਗਾਥਾ
ਲੇਖਕ : ਅਜੀਤ ਸਿੰਘ ਸਰਹੱਦੀ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 500 ਰੁਪਏ, ਸਫ਼ੇ : 542
ਸੰਪਰਕ : 0172-5027427

'ਪੰਜਾਬੀ ਸੂਬੇ ਦੀ ਗਾਥਾ' ਸੂਬਾ ਸਰਹੱਦ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸ. ਅਜੀਤ ਸਿੰਘ ਸਰਹੱਦੀ ਦੀ ਇਕ ਦਸਤਾਵੇਜ਼ੀ ਰਚਨਾ ਹੈ, ਜਿਸ ਨੂੰ 'ਯੂਨੀ ਸਟਾਰ' ਵਲੋਂ ਕੁਝ ਨਵੇਂ ਵਾਧਿਆਂ ਨਾਲ ਛਾਪਿਆ ਗਿਆ ਹੈ। ਇਹ ਪੁਸਤਕ ਇਤਿਹਾਸਕ ਕਾਲ-ਕ੍ਰਮ ਅਨੁਸਾਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦੀਆਂ ਘਟਨਾਵਾਂ ਨੂੰ ਬਿਆਨ ਕਰਦੀ ਹੈ। ਇਸ ਪ੍ਰਦੇਸ਼ ਦੀ ਸਥਾਪਨਾ ਅਤੇ ਪਰਾਪਤੀ ਲਈ ਕੀਤੇ ਸੰਘਰਸ਼ ਵਿਚ ਸਭ ਤੋਂ ਬਹੁਤਾ ਯੋਗਦਾਨ 'ਅਕਾਲੀ ਪਾਰਟੀ' ਨੇ ਪਾਇਆ ਸੀ, ਇਸ ਕਾਰਨ ਮੁਢਲੇ ਲੇਖਾਂ ਵਿਚ ਅਕਾਲੀ ਪਾਰਟੀ ਦੇ ਸੰਗਠਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੀ ਆਜ਼ਾਦੀ ਲਈ ਚੱਲ ਰਹੇ ਲੰਮੇ ਸੰਘਰਸ਼ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਬ੍ਰਿਟੇਨ ਦੀ ਪਸਤ ਹੋ ਚੁੱਕੀ ਸਥਿਤੀ ਦੇ ਕਾਰਨ, ਭਾਰਤ ਨੂੰ ਆਜ਼ਾਦ ਕਰਨਾ ਲਾਜ਼ਮੀ ਹੋ ਗਿਆ ਸੀ ਪਰ ਐਨ ਆਖ਼ਰੀ ਮੌਕੇ ਇਹ ਸਵਾਲ ਪੈਦਾ ਹੋ ਗਿਆ ਕਿ ਆਜ਼ਾਦ ਭਾਰਤ ਦਾ ਸਰੂਪ ਕੀ ਹੋਵੇ? ਹਿੰਦੂਆਂ ਤੋਂ ਬਾਅਦ ਮੁਸਲਮਾਨ, ਭਾਰਤ ਦੀ ਦੂਜੀ ਵੱਡੀ ਧਿਰ ਸਨ। ਉਨ੍ਹਾਂ ਨੇ ਆਪਣੇ ਲਈ ਇਕ ਵੱਖਰੇ ਖਿੱਤੇ ਦੀ ਮੰਗ ਕਰ ਦਿੱਤੀ। ਸਿੱਖ ਲੋਕ ਤੀਜੀ ਵੱਡੀ ਧਿਰ ਤਾਂ ਸਨ ਪਰ ਉਨ੍ਹਾਂ ਨੇ ਕਦੇ ਇਸ ਸਵਾਲ ਬਾਰੇ ਸੋਚਿਆ ਹੀ ਨਹੀਂ ਸੀ। ਉਨ੍ਹਾਂ ਦੀ ਸਥਿਤੀ ਅਸਮੰਜਸ ਵਾਲੀ ਸੀ। ਕੋਈ ਵੱਖ ਹੋਣਾ ਚਾਹੁੰਦਾ ਸੀ, ਕੋਈ ਭਾਰਤ ਨਾਲ ਹੀ ਰਹਿਣਾ ਚਾਹੁੰਦਾ ਸੀ ਅਤੇ ਥੋੜ੍ਹੇ ਜਿਹੇ ਲੋਕ ਪਾਕਿਸਤਾਨ ਨਾਲ ਰਹਿਣ ਬਾਰੇ ਵੀ ਸੋਚ ਰਹੇ ਸਨ ਕਿਉਂਕਿ ਪਾਕਿਸਤਾਨੀ ਖੇਤਰ ਉੱਪਰ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਰਿਹਾ ਸੀ ਅਤੇ ਉਨ੍ਹਾਂ ਦੇ ਗੁਰਧਾਮ ਵੀ ਉੱਧਰ ਜਾ ਰਹੇ ਸਨ। ਸਰਹੱਦੀ ਸਾਹਿਬ ਸਮੁੱਚੇ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਰਹੇ ਹਨ। ਉਨ੍ਹਾਂ ਨੇ ਦੇਸ਼-ਵੰਡ ਨਾਲ ਸੰਬੰਧਿਤ ਸਾਰੇ ਦਸਤਾਵੇਜ਼ਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ। ਇਹੀ ਕਾਰਨ ਹੈ ਕਿ ਇਹ ਪੁਸਤਕ ਇਕ ਸੱਚਾ ਅਤੇ ਖਰਾ ਬਿਰਤਾਂਤ ਬਣ ਗਈ ਹੈ। ਪਰ ਮਨੁੱਖੀ ਮਨ ਦੀ ਅਜੀਬ ਫ਼ਿਤਰਤ ਹੈ। ਇਹ ਨਿਖੜਨਾ ਵੀ ਚਾਹੁੰਦਾ ਹੈ ਅਤੇ ਮਿਲਣਾ ਵੀ। ਨਾਲੇ ਉਸ ਸਮੇਂ ਕਿਸ ਨੂੰ ਪਤਾ ਸੀ ਕਿ ਪੂੰਜੀਵਾਦ ਨੇ ਪੂਰੇ ਵਿਸ਼ਵ ਨੂੰ ਇਕੋ ਪਿੰਡ ਬਣਾ ਦੇਣਾ ਹੈ ਅਤੇ 'ਵਸੁਧੈਵ ਕੁਟੰਬਕਮ' ਦਾ ਮੰਤਰ ਕਦੇ ਸੱਚ ਵੀ ਹੋ ਸਕਦਾ ਹੈ। ਇਹ ਪੁਸਤਕ ਇਕ ਬਹੁਮੁੱਲਾ ਦਸਤਾਵੇਜ਼ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ
ਲੇਖਕ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 098551-23499

ਵਿਚਾਰਾਧੀਨ ਪੁਸਤਕ ਵਿਚ ਸ੍ਰੀ ਜੰਗ ਬਹਾਦੁਰ ਗੋਇਲ ਨੇ ਵਿਸ਼ਵ ਸਾਹਿਤ ਦੇ 10 ਪ੍ਰਸਿੱਧ ਨਾਵਲਾਂ ਸੰਬੰਧੀ ਸਰਬਪੱਖੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਨਾਵਲ ਹਨ : 'ਲੇ ਮਿਜ਼ਰੇਬਲ (ਵਿਕਤੋਰ ਹਯੂਗੋ), ਬਾਯਾ (ਅਨਾਤੋਲੇ ਫ਼ਰਾਂਸ), ਦ ਗੈਡਫ਼ਲਾਈ (ਇਥਲ ਲਿਲੀਅਨ ਵਾਓਨਿਚ), ਚਿੱਤਰਲੇਖਾ (ਭਗਵਤੀ ਹਰਣ ਵਰਮਾ), ਹਾਊ ਦ ਸਟੀਲ ਵਾਜ਼ ਟੈਂਪਰਡ (ਨਿਕੋਲਾਈ ਓਸਤਰੋਵਸਕੀ), ਦ ਇਨ ਡਰਮ (ਗੁੰਟਰ ਗ੍ਰਾਸ), ਪਹਿਲਾ ਅਧਿਆਪਕ (ਚਿੰਗੀਜ਼ੀਆਇਤਮਾਤੋਵ), ਦ ਜਨਰਲ ਆਫ਼ ਦ ਡੈੱਡ ਆਰਮੀ (ਇਸਮਾਇਕ ਕਾਦਰੇ), ਦ ਇੰਗਲਿਸ਼ ਪੇਸ਼ੈਂਟ (ਮਾਈਕਲ ਓਂਦੀਚੀ), ਦ ਪਲੇਗ (ਅਲਬੇਯਰ ਕਾਮੂ) ਆਦਿ। ਪਹਿਲੀਆਂ ਚਾਰ ਜਿਲਦਾਂ ਵਿਚ 56 ਸ਼ਾਹਕਾਰ ਨਾਵਲ ਸਨ। ਇਨ੍ਹਾਂ ਦਸ ਨਾਵਲਾਂ ਨੂੰ ਸ਼ਾਮਲ ਕਰਕੇ ਸ਼ਾਹਕਾਰ ਨਾਵਲਾਂ ਦੀ ਕੁੱਲ ਗਿਣਤੀ 66 ਹੋ ਗਈ ਹੈ। ਚੇਤੇ ਰਹੇ ਕਿ 'ਲੇ ਮਿਜ਼ਰੇਬਲ' ਨਾਵਲ ਦੇ ਪ੍ਰਭਾਵ ਅਧੀਨ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ ਜੇਲ੍ਹਾਂ ਵਿਚ ਸੁਧਾਰ ਹੋਏ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਨੇਕਾਂ ਕਾਨੂੰਨ ਬਣਾਏ ਗਏ। 'ਬਾਯਾ' ਨਾਵਲ ਲਿਖ ਕੇ ਅਨਾਤੋਲੇ ਫਰਾਂਸ ਨੇ ਮਾਨਵੀ ਜੀਵਨ ਦੇ ਉਨ੍ਹਾਂ ਗੰਭੀਰ ਪ੍ਰਸ਼ਨਾਂ ਤੇ ਚਿੰਤਨ ਕੀਤਾ ਹੈ, ਜੋ ਸਦੀਆਂ ਤੋਂ ਮਨੁੱਖੀ ਹਿਰਦੇ ਨੂੰ ਡਾਵਾਂਡੋਲ ਕਰਦੇ ਰਹੇ ਹਨ। 'ਦ ਗੈਡਫਲਾਈ' ਨਾਵਲ ਵਿਚ ਅਜਿਹੇ ਨਾਇਕ ਦੀ ਪੇਸ਼ਕਾਰੀ ਕੀਤੀ ਗਈ ਹੈ ਜੋ ਆਪਣੇ ਤਿੱਖੇ ਬੋਲਾਂ ਅਤੇ ਸਰਗਰਮੀਆਂ ਨਾਲ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਂਦਾ ਹੈ। 'ਚਿੱਤਰਲੇਖਾ' ਦੇ ਕਥਾਨਕ ਦੀ ਰੂਪਰੇਖਾ ਅਤੇ ਦਾਰਸ਼ਨਿਕਤਾ ਦਾ ਆਧਾਰ ਭਾਰਤੀ ਫ਼ਿਲਾਸਫ਼ੀ ਹੈ, ਭਾਵੇਂ ਅਨਾਤੋਲੇ ਫ਼ਰਾਂਸ ਦੀ 'ਬਾਯਾ' ਨਾਲ ਵੀ ਕੁਝ ਸਮਾਨਤਾਵਾਂ ਹਨ। ਚਿੱਤਰਲੇਖਾ ਵਿਚ ਵਾਸ਼ਨਾ ਅਤੇ ਸਾਧਨਾ ਦਰਮਿਆਨ ਟਕਰਾਓ ਹੈ। 'ਹਾਊ ਦ ਸਟੀਲ ਵਾਜ਼ ਟੈਂਪਰਡ' ਇਕ ਅਜਿਹੀ ਦਸਤਾਵੇਜ਼ੀ ਗਲਪ ਰਚਨਾ ਹੈ ਜੋ ਰੂਸੀ ਇਤਿਹਾਸ ਸਭ ਤੋਂ ਹਿਰਦੇਵੇਧਕ ਯੁੱਗ ਪ੍ਰਵਰਤਕ ਪਰਿਸਥਿਤੀਆਂ ਨੂੰ ਸਹੀ ਪਰਿਪੇਖ ਵਿਚ ਰੂਪਮਾਨ ਕਰਦਾ ਹੈ। ਬਰਾਬਰੀ ਅਤੇ ਸੁਤੰਤਰਤਾ ਦੇ ਸੰਦੇਸ਼ ਨਾਲ ਲਬਰੇਜ਼ ਇਹ ਨਾਵਲ ਲੇਖਕ ਦੇ ਜੀਵਨ 'ਤੇ ਆਧਾਰਿਤ ਹੈ। 'ਦ ਇਨ ਡ੍ਰਮ' ਅਜਿਹੀ ਸੰਵੇਦਨਸ਼ੀਲ ਸਿਰਜਣਾ ਹੈ, ਜਿਸ ਨੇ ਜਰਮਨ ਭਾਸ਼ਾ ਅਤੇ ਸਾਹਿਤ ਵਿਚ ਅਤੇ ਕਦਰਾਂ-ਕੀਮਤਾਂ ਵਿਚ ਆਏ ਨਿਘਾਰ ਦੀ ਭਰਪਾਈ ਦਾ ਸਫ਼ਲਕਾਰਜ ਕੀਤਾ ਹੈ। ਗੁੰਟਰ ਗ੍ਰਾਸ ਜਾਂ ਪਾਲ ਸਾਰਤਰ ਵਾਂਗੂੰ ਆਪਣੇ ਸਮੇਂ ਦੀ ਜ਼ਮੀਰ ਸੀ। 'ਪਹਿਲਾ ਅਧਿਆਪਕ' ਨਾਵਲ ਦਾ ਅਨੁਵਾਦ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਨੇ ਕੀਤਾ ਸੀ। 'ਪੋਪਲਰ ਦੇ ਦਰੱਖਤ' ਇਸ ਨਾਵਲ ਦਾ ਆਬਜੈਕਟਿਵ ਕੋਰੀਲੇਟਿਵ' ਸਮਝਣਾ ਬਣਦਾ ਹੈ। ਨਾਇਕ 'ਦੂਈਸ਼ੇਨ' ਅਣਥੱਕ ਮਿਹਨਤ ਨਾਲ ਆਦਰਸ਼ ਅਧਿਆਪਕ ਸਿੱਧ ਹੁੰਦਾ ਹੈ। 'ਦ ਜਨਰਲ ਆਫ਼ ਦ ਡੈੱਡ ਆਰਮੀ' ਦਾ ਲੇਖਕ 'ਇਸਮਾਇਲ ਕਾਦਰੇ', ਮਦਰ ਟੈਰੇਸਾ ਤੋਂ ਬਾਅਦ ਅਲਬੇਨੀਅਨ ਮੁਲਕ ਦਾ ਵਿਸ਼ਵ ਵਿਚ ਨਾਂਅ ਪ੍ਰਸਿੱਧ ਕਰਨ ਵਾਲਾ ਲੇਖਕ ਪ੍ਰਸਿੱਧ ਹੋਇਆ। ਅਲਬੇਨੀਅਨ ਦੀ ਧਰਤੀ ਤੋਂ ਦੋ ਸਾਲ ਕਬਰਾਂ ਪੁੱਟ ਕੇ ਆਪਣੇ ਮੁਲਕ ਦੇ ਸ਼ਹੀਦਾਂ ਦੀਆਂ ਅਸਥੀਆਂ ਇਕੱਤਰ ਕਰਦਾ ਰਿਹਾ ਸੀ 'ਜਨਰਲ'। 'ਦ ਇੰਗਲਿਸ਼ ਪੇਸੈਂਟ' ਦੂਜੇ ਵਿਸ਼ਵ ਯੁੱਧ ਦੀ ਤਥਾਤਮਕਤਾ 'ਤੇ ਲਿਖਿਆ ਯੁੱਧ ਦੇ ਖਿਲਾਫ਼ ਰਚਿਆ ਪ੍ਰਤਿਰੋਸ ਹੈ, ਪ੍ਰੋਟੈਸਟ ਹੈ। ਅਲਬੇਅਰ ਕਾਮੁ ਦਾ ਨਾਵਲ 'ਦ ਪਲੇਗ' ਮਹਾਂਮਾਰੀ ਦੇ ਦਿਨਾਂ ਦਾ ਕਥਾਨਕ ਹੈ, ਗੱਲ ਕੀ ਜੰਗ ਬਹਾਦਰ ਗੋਇਲ ਨੇ ਆਪਣੀ ਅੰਤਰ-ਦ੍ਰਿਸ਼ਟੀ ਅਤੇ ਪ੍ਰਤਿਭਾ ਦੁਆਰਾ ਵਿਸ਼ਵ ਦੇ ਪ੍ਰਸਿੱਧ ਨਾਵਲਾਂ ਨੂੰ ਆਲੋਚਨਾ ਦੀ ਚਾਟੀ ਵਿਚ ਰਿੜਕ ਕੇ ਪੰਜਾਬੀ ਪਾਠਕਾਂ ਲਈ ਅਜਿਹਾ ਮੱਖਣ ਪਰੋਸਿਆ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ, ਥੋੜ੍ਹੀ ਹੈ। ਪ੍ਰਤਿਭਾ-ਸੰਪੰਨ ਲੇਖਕ ਹਰ ਨਾਵਲਕਾਰ ਦੀ ਜੀਵਨੀ, ਵਿਸ਼ਵ ਸਾਹਿਤ ਵਿਚ ਯੋਗਦਾਨ, ਮਾਣਾਂ-ਸਨਮਾਨਾਂ ਦੀ ਚਰਚਾ ਕਰਦਾ ਹੈ। ਇਸ ਕਿਤਾਬ ਦਾ ਲੇਖਕ ਨਾਵਲਾਂ ਦੇ ਨਾਇਕਾਂ/ਪਾਤਰਾਂ ਨੂੰ ਆਪੋ-ਆਪਣੀ ਖ਼ੁਸ਼ਹਾਲੀ ਵਿਚ ਵਿਕਾਸ ਕਰਦੇ, ਸੰਘਰਸ਼ ਕਰਦੇ, ਜੂਝਦੇ ਵਿਖਾਉਂਦਾ ਹੈ। ਕੋਈ ਨਾਵਲ ਮੂਲ ਭਾਸ਼ਾ ਵਿਚ ਕਦੋਂ ਲਿਖਿਆ ਗਿਆ, ਅੰਗਰੇਜ਼ੀ ਅਨੁਵਾਦ ਕਦੋਂ ਹੋਇਆ ਸਭ ਜਾਣਕਾਰੀ ਦਿੰਦਾ ਹੈ। ਚੇਤੇ ਰੱਖਣਾ ਬਣਦਾ ਹੈ ਕਿ ਇਸ ਟੈਕਸਟ ਦੀ ਵੰਨਗੀ ਹੀ ਵਿਲੱਖਣ ਹੈ। ਇਹ ਕੇਵਲ ਅਨੁਵਾਦ ਨਹੀਂ, ਨਾ ਇਸ ਨੂੰ ਸੰਖਿਪਤ (ਅਬਰਿਜਡ) ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਲੇਖਕ ਨਾਵਲਾਂ ਦੀ ਵਿਸ਼ਾ-ਵਸਤੂ/ਫੇਬੁਲਾ/ਸੁਜੇਤ ਬਾਰੇ ਜਾਣਕਾਰੀ ਦਿੰਦਾ ਹੋਇਆ ਪਾਠਕਾਂ ਨੂੰ ਅਜੀਬੋ-ਗ਼ਰੀਬ ਆਨੰਦ ਮਾਣਨ ਦਾ ਅਵਸਰ ਪ੍ਰਦਾਨ ਕਰਦਾ ਹੈ। ਡਾ. ਮਨਮੋਹਨ ਅਤੇ ਡਾ. ਮੋਹਨਜੀਤ ਨੇ ਜੰਗ ਬਹਾਦੁਰ ਗੋਇਲ ਦੀ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਹੈ।
ਸੰਖੇਪ ਇਹ ਕਿ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਬਾਰੇ ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਦੀ ਬਿਰਤਾਂਤਕ ਸੂਝ ਰੌਸ਼ਨ ਹੋਣੀ ਸੁਭਾਵਿਕ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਸੱਧਰਾਂ ਦੇ ਅਹਿਸਾਸ
ਲੇਖਕ : ਨਿਰਮਲ ਸਿੰਘ ਕਾਹਲੋਂ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 75891-75819

ਹਥਲਾ ਕਾਵਿ-ਸੰਗ੍ਰਹਿ 'ਸੱਧਰਾਂ ਦੇ ਅਹਿਸਾਸ' ਲੇਖਕ ਨਿਰਮਲ ਸਿੰਘ ਕਾਹਲੋਂ ਦੀ ਪੰਜਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਪੁਸਤਕਾਂ 'ਜਾਮ ਏ ਸ਼ਹਾਦਤ' (ਕਾਵਿ ਸੰਗ੍ਰਹਿ), 'ਸਹੀਓ ਨੀ। ਮੈਂ ਸਈਆਂ ਪਾਇਆ (ਨਸੀਹਤਨਾਮਾ), 'ਕਲਮ ਦੀ ਨੋਕ' (ਕਾਵਿ ਸੰਗ੍ਰਹਿ), 'ਭੱਥੇ ਦੇ ਤੀਰ' (ਗੀਤ ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲੇ ਕਾਵਿ ਸੰਗ੍ਰਹਿ 'ਸੱਧਰਾਂ ਦੇ ਅਹਿਸਾਸ' 'ਚ ਉਸ ਦੀਆਂ 49 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ 'ਚ ਜ਼ਿਆਦਾਤਰ ਗੀਤ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਪਿਆਰ-ਮੁਹੱਬਤ ਦੇ ਤਰਾਨੇ ਵੀ ਹਨ ਅਤੇ ਵਿਛੋੜੇ ਦੀ ਕਸਕ ਵੀ ਹੈ। ਕਵੀ ਵਿਛੜੇ ਸੱਜਣਾਂ ਨੂੰ ਹੰਝੂਆਂ ਦੇ ਬਹਾਨੇ ਰੋਣ ਦਾ ਪੱਜ ਕਰਦਾ ਹੈ। ਕਦੇ ਦੂਰ ਵਸੇਂਦੇ ਸੱਜਣਾਂ ਨੂੰ ਹਵਾਵਾਂ ਹੱਥੀਂ ਮੁਹੱਬਤੀ ਸੁਨੇਹੇ ਭੇਜਣ ਦੀ ਅਰਜੋਈ ਕਰਦਾ ਹੈ ਅਤੇ ਕਦੇ ਸੱਜਣ ਪਿਆਰਿਆਂ ਨੂੰ ਹੱਸਦੇ-ਵਸਦੇ ਰਹਿਣ ਦੀਆਂ ਦਿਲੋਂ ਦੁਆਵਾਂ ਦਿੰਦਾ ਆਖਦਾ ਹੈ :
ਹੱਸ ਦੰਦਾਂ ਦੀ ਪ੍ਰੀਤ ਸੋਹਣਿਆਂ,
ਦਿਲ ਦਾ ਦਰਦ ਭੁਲਾ ਦੇਵੇ।
ਪਾਕ ਪਿਆਰ ਦੀ ਪੂਜਾ ਸੱਜਣਾਂ,
ਦਿਲ ਤਾਈਂ ਮਹਿਕਾ ਦੇਵੇ।
ਫੁੱਲ ਬਣਕੇ ਰਹਿ ਟਹਿਕਦਾ,
ਮੌਸਮ ਜਿਉਂ ਮੁਸਕਾਉਂਦਾ ਰਹਿ।
ਬਚਪਨ ਦੇ ਦਿਨਾਂ 'ਚ ਮੋਈ ਮਾਂ ਦਾ ਦਰਦ ਉਸ ਦੀ ਕਵਿਤਾ 'ਚੋਂ ਸਾਫ਼ ਝਲਕਦਾ ਹੈ। ਆਪਣੀ ਮੋਈ ਮਾਂ ਦਾ ਵੈਰਾਗਮਈ ਰੁਦਨ ਕਰਦਾ ਕਵੀ ਲਿਖਦਾ ਹੈ :
ਨਾ ਸਾਂਝਾਂ ਨਾ ਰਹਿਣ ਕੋੜਮੇ,
ਭੁੱਲ ਨਾ ਬਹਿਣ ਬਨੇਰੇ ਕਾਂ।
ਸਿਰੋਂ ਜਿਨ੍ਹਾਂ ਸਾਏ ਉਠ ਜਾਵਣ,
ਮੁੜ ਮਿਲੇ ਨਾ ਮਮਤਾ ਮਾਂ।
ਇਸ ਕਾਵਿ ਸੰਗ੍ਰਿਹ ਦੇ ਜਿਥੇ ਬਹੁ ਗਿਣਤੀ ਗੀਤ ਇਸ਼ਕੇ ਹਕੀਕਤ ਦੀ ਜਿਊਂਦੀ ਜਾਗਦੀ ਰੂਹ ਦੇ ਪ੍ਰਤੀਕ ਹਨ, ਉਥੇ ਕਵੀ ਨੇ ਸਮਾਜ ਨੂੰ ਕਰੂਪਤਾ ਵੱਲ ਧਕੇਲ ਰਹੀਆਂ ਸਮਾਜਿਕ ਬੁਰਾਈਆਂ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਹੈ। ਭਰੂਣ ਹੱਤਿਆ ਖਿਲਾਫ਼ ਗਰਜਵੀਂ ਹੁੰਕਾਰ ਭਰਦਾ ਕਾਹਲੋਂ ਆਖਦਾ ਹੈ:
ਪੁੱਤ, ਪੋਤਰੇ, ਧੀਆਂ,
ਦੋਹਤਰੇ ਅੱਗੇ ਜੋ ਤੁਰੇ ਕਹਾਣੀ।
ਏਸੇ ਕੁੱਖੋਂ ਰਹਿਬਰ ਹੋਏ,
ਧੀ ਜਦ ਬਣੇ ਧਿਆਣੀ।
ਤੂੰ ਵੀ ਤਾਂ ਸੈਂ ਧੀ ਕਿਸੇ ਦੀ,
ਕਰ ਹਰੀ ਕੁੱਖਾਂ ਤੇ ਨਾਜ਼ ਨੀ।
ਮਾਰ ਨਾ ਮਾਏ ਮੇਰੀਏ।
ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਰਵਾਨਗੀ ਇੰਨਾਂ ਕਵਿਤਾਵਾਂ ਨੂੰ ਹੋਰ ਨਿਖ਼ਾਰਦੀ ਅਤੇ ਸ਼ਿੰਗਾਰਦੀ ਪ੍ਰਤੀਤ ਹੁੰਦੀ ਹੈ। ਕੁਝ ਕਵਿਤਾਵਾਂ 'ਚ ਕਵੀ ਨੇ ਉਰਦੂ ਅਤੇ ਫ਼ਾਰਸੀ ਦੇ ਸ਼ਬਦਾਂ ਨੂੰ ਵੀ ਗੁੰਦਿਆ ਹੈ ਜੋ ਕਿ ਕਈ ਥਾਵਾਂ 'ਤੇ ਬੋਝਲ ਵੀ ਜਾਪਣ ਲਗਦੇ ਹਨ, ਜਿਸ ਵਲ ਕਵੀ ਨੂੰ ਸੁਚੇਤ ਹੋਣ ਦੀ ਲੋੜ ਹੈ। ਕਵੀ ਨਿਰਮਲ ਸਿੰਘ ਕਾਹਲੋਂ ਦੇ ਇਸ ਹਥਲੇ ਕਾਵਿ ਸੰਗ੍ਰਹਿ 'ਸੱਧਰਾਂ ਦੇ ਅਹਿਸਾਸ' ਨੂੰ ਪੰਜਾਬੀ ਸਾਹਿਤ 'ਚ ਖੁਸ਼ਆਮਦੀਦ ਕਹਿਣਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
ਲੇਖਿਕਾ : ਮਨਜੀਤ ਕੌਰ ਮੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 84277-21143

ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਨਾਤਿਆਂ ਦੇ ਤਾਣੇ-ਬਾਣੇ ਦੇ ਭਾਵਪੂਰਤ ਸੰਬੰਧਾਂ ਨੂੰ ਲੈ ਕੇ ਪ੍ਰੋੜ੍ਹ ਲੇਖਿਕਾ ਮਨਜੀਤ ਕੌਰ ਮੀਤ ਨੇ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਦੇ ਭਾਵੁਕ ਸਿਰਲੇਖ ਹੇਠ ਮਿੰਨੀ ਕਹਾਣੀ ਸੰਗ੍ਰਹਿ ਨੂੰ ਇਕ ਪੁਸਤਕ ਦਾ ਰੂਪ ਦੇ ਕੇ ਪਾਠਕ ਜਗਤ ਦੇ ਰੂਬਰੂ ਕੀਤਾ ਹੈ।
ਲੇਖਿਕਾ ਨੇ ਵੱਖ-ਵੱਖ ਵਿਲੱਖਣ ਵਿਸ਼ਿਆਂ ਤਹਿਤ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦੀ ਸਿਰਜਣਾ ਕਰਕੇ ਹਰ ਕਹਾਣੀ ਦੇ ਪਾਠ ਨੂੰ ਰੌਚਕਤਾ ਭਰਪੂਰ ਬਣਾਉਣ ਦਾ ਇਕ ਵਧੀਆ ਤੇ ਉਸਾਰੂ ਉਪਰਾਲਾ ਕੀਤਾ ਹੈ। ਅੱਧੇ ਸੈਂਕੜੇ ਦੇ ਕਰੀਬ ਇਨ੍ਹਾਂ ਕਹਾਣੀਆਂ ਦੀ ਸੰਖੇਪ ਇਬਾਰਤ ਵਿਚ ਇਕ ਚੰਗੀ ਤੇ ਸੁਚੱਜੀ ਜ਼ਿੰਦਗੀ ਜਿਊਣ ਦੇ ਵੱਖ-ਵੱਖ ਆਸ਼ਿਆਂ ਨੂੰ ਮੁੱਖ ਰੱਖਿਆ ਗਿਆ ਹੈ।
ਜਿਥੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਪ੍ਰਦੇਸੀਂ ਜਾ ਵਸੇ ਬੱਚਿਆਂ ਦੇ ਵਿਛੋੜੇ ਦਾ ਦਰਦ, ਮਾਪਿਆਂ ਵਲੋਂ ਤਰਸੇਵੇਂ ਭਰੀ ਲੰਮੀ ਉਡੀਕ, ਉੱਚੀ ਜਾਤ ਦੀ ਫੋਕੀ ਹੈਂਕੜਬਾਜ਼ੀ, ਨਸ਼ਿਆਂ ਦੇ ਕਹਿਰ ਦੇ ਸ਼ਿਕਾਰ ਬੱਚਿਆਂ ਦੇ ਮਾਪੇ ਨਾ ਜਿਊਂਦਿਆਂ 'ਚ ਨਾ ਮੋਇਆ 'ਚ, ਵਹਿਮ ਭਰਮ ਕਾਰਨ ਅਣ ਆਈ ਮੌਤ ਦੇ ਸਪਨੇ, ਨੂੰਹ-ਸੱਸ ਦੇ ਕਾਟੋ ਕਲੇਸ਼ਾਂ ਦਾ ਵੱਡਾ ਕਾਰਨ ਗ਼ਲਤ ਧਾਰਨਾਵਾਂ, ਕਲਪਿਤ ਸੋਚਾਂ/ਸਲਾਹਾਂ ਅਤੇ 'ਘਾਹ ਦੀ ਪੰਡ' ਵਿਚ ਗੂੰਗੇ ਪਿਆਰ ਦੀ ਬੱਝੀ ਘੁੰਡੀ ਨਾ ਖੁੱਲ੍ਹਣ ਦਾ ਪਛਤਾਵਾ ਭਰਿਆ ਅਫ਼ਸੋਸ ਆਦਿ ਤ੍ਰਾਸਦੀ ਭਰੇ ਵਿਸ਼ਿਆਂ ਨੂੰ ਉਭਾਰਿਆ ਗਿਆ ਹੈ। ਉਥੇ ਚੱਜ ਦਾ ਜੀਵਨ ਵਿਹਾਰ ਹੋਰਨਾਂ ਲਈ ਪ੍ਰੇਰਤ ਸਰੋਤ ਹੋਣਾ, ਰੱਜੇ ਨੂੰ ਹੋਰ ਰਜਾਉਣ ਦੀ ਥਾਂ ਲੋੜਵੰਦ ਗ਼ਰੀਬ ਦੀ ਮਦਦ ਅਸਲ ਸੇਵਾ, ਸ਼ੱਕ (ਦੋਧਾਰੀ ਤਲਵਾਰ) ਤੋਂ ਬਚਣ ਦੀ ਸਲਾਹ, ਮਹਿੰਗੇ ਪੁੱਤ ਕਈ ਵਾਰ ਆਪਣੇ ਔਗੁਣਾਂ ਕਰਕੇ ਕੌਡੀਆਂ ਦੇ ਭਾਅ ਵੀ ਨਹੀਂ ਵਿਕਦੇ ਜਦ ਕਿ ਸਸਤੀਆਂ ਸਮਝੀਆਂ ਜਾਂਦੀਆਂ ਧੀਆਂ ਵਲੋਂ ਆਪਣੀ ਸਚਿਆਰਤਾ ਤੇ ਚੰਗੇ ਸੰਸਕਾਰਾਂ ਕਰਕੇ ਬੁਲੰਦੀਆਂ ਨੂੰ ਛੂਹਣਾ, 'ਸੱਸਾਂ ਦੇ ਮੱਤਾਂ ਉਮਰਾਂ ਸੰਵਾਰਨ' ਦੀ ਸਾਕਾਰਾਤਮਕ ਸੋਚ ਨੂੰ ਅਪਣਾਉਣਾ, ਸਹੁਰੇ ਘਰ ਰਾਜ ਕਰਨੇ, ਬੇ-ਵਫ਼ਾਈ ਦੀ ਥਾਂ 'ਸਾਂਝੀ ਚਾਹ' ਦੇ ਬਹਾਨੇ ਪਤੀ ਪਤਨੀ ਦਾ ਰਲ-ਮਿਲ ਬਹਿਣ ਦੇ ਰੁਮਾਂਟਿਕ ਪਲਾਂ ਦੇ ਸਕੂਨ ਦੀ ਮਿੱਠੀ ਫੁਹਾਰ ਬਣ ਵਰਨੀ, ਘਰੇਲੂ ਮਸਲੇ ਸਾਂਝੇ ਕਰਨੇ ਤੇ ਹੱਲ ਲੱਭਣੇ, ਸੱਚਾ ਤੇ ਦਿਲੋਂ ਪਿਆਰ ਦੀ ਖ਼ੁਸ਼ਬੂ ਦਾ ਘਰ ਪਰਿਵਾਰ ਲਈ ਵਰਦਾਨ ਹੋਣਾ ਅਤੇ ਫ਼ੌਜੀ ਜੀਵਨ ਦੇ ਅਨੁਸ਼ਾਸਨ ਭਰੇ ਫ਼ਰਜ਼ਾਂ ਨਾਲ ਆਮ ਲੋਕਾਂ ਦੇ ਕਾਰ ਵਿਹਾਰਾਂ ਵਿਚ ਵੀ ਅਨੁਸ਼ਾਸਨ ਬੱਧ ਚੁਸਤੀ ਆਉਣੀ ਆਦਿ ਬਹੁਤ ਸਾਰੇ ਸਾਰਥਿਕ ਸੰਦੇਸ਼ਾਂ ਨਾਲ ਓਤ ਪੌਤ ਇਹ ਮਿੰਨੀ ਕਹਾਣੀ ਸੰਗ੍ਰਹਿ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਵਾਕਿਆ ਹੀ ਪੜ੍ਹਨ ਤੇ ਮਾਨਣਯੋਗ ਹੈ। ਕਿਤੇ-ਕਿਤੇ ਕਹਾਣੀਆਂ ਦੇ ਪਾਤਰਾਂ ਵਿਚਲੀ ਪੁਆਧ ਬੋਲੀ ਦੀ ਗੁਫ਼ਤਗੂ ਇਸ ਪੁਸਤਕ ਦੀ ਰੌਚਿਕਤਾ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੀ ਹੈ। ਸੋ ਲੇਖਿਕਾ ਮਨਜੀਤ ਕੌਰ ਮੀਤ ਤੋਂ ਅੱਗੇ ਵੀ ਅਜਿਹੀਆਂ ਹੋਰ ਮਿਆਰੀ ਲਿਖਤਾਂ ਦੀ ਆਸ ਕੀਤੀ ਜਾ ਸਕਦੀ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858

ਪੰਜਾਬੀ ਹੀਰੇ ਤੇ ਮਣੀਆਂ
ਸੰਗ੍ਰਹਿਕਰਤਾ : ਸਮਸ਼ੇਰ ਸਿੰਘ ਸੋਹੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 151
ਮੋਬਾਈਲ : 98764-74671

ਪੁਸਤਕ 'ਪੰਜਾਬੀ ਹੀਰੇ ਤੇ ਮਣੀਆਂ' ਦੇ ਵਿਚ ਸਮਸ਼ੇਰ ਸਿੰਘ ਸੋਹੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਬਾਰੇ ਹੋਰ ਸਮੁੱਚੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਇਹ ਉਪਰਾਲਾ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਉਨ੍ਹਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਸਾਡੀ ਫਿਤਰਤ ਹੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਂਦੇ ਹਾਂ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਹਨ। ਸੋਹੀ ਸਾਹਿਬ ਨੇ ਜਿੰਨੀਆਂ ਵੀ ਸ਼ਖ਼ਸੀਅਤਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ ਉਨ੍ਹਾਂ ਨੇ ਆਪੋ-ਆਪਣੇ ਸਮੇਂ ਨਾਮਨਾ ਖੱਟਿਆ ਹੈ ਅਤੇ ਲੋਕਾਂ ਤੋਂ ਮਾਣ, ਇੱਜ਼ਤ ਤੇ ਪਿਆਰ ਵੀ ਲਿਆ ਹੈ। ਇਹੋ ਜਿਹੀ ਪੁਸਤਕ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ, ਬੜੀ ਮਿਹਨਤ ਕਰਦਿਆਂ, ਜਾਣਕਾਰੀ ਇਕੱਠੀ ਕਰਨਾ ਇਕ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ। ਸੋਹੀ ਸਾਹਿਬ ਨੇ ਇਹ ਜੋ ਗੁਲਦਸਤਾ ਤਿਆਰ ਕਰ ਕੇ ਪਾਠਕਾਂ ਨੂੰ ਪਰੋਸਿਆ ਹੈ, ਉਹ ਕਾਬਲੇ ਤਾਰੀਫ਼ ਹੈ। ਹਰ ਲੇਖ 'ਤੇ ਤਸਵੀਰ ਲਗਾਉਣਾ, ਇਹ ਵੀ ਚੰਗਾ ਯਤਨ ਹੈ। ਪੁਸਤਕ ਦਾ ਸਿਰਲੇਖ ਢੁਕਵਾਂ ਹੈ। ਇਹ ਪੁਸਤਕ ਸਾਂਭਣਯੋਗ ਹੈ ਅਤੇ ਵਿਸ਼ੇਸ਼ ਕਰਕੇ ਸਮੁੱਚੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਵੀ ਬਣੇਗੀ। ਆਉਣ ਵਾਲੀਆਂ ਪੀੜ੍ਹੀਆਂ ਇਸ ਪੁਸਤਕ ਨੂੰ ਪੜ੍ਹ ਕੇ ਇਨ੍ਹਾਂ ਸ਼ਖ਼ਸੀਅਤਾਂ ਦੀ ਜਾਣਕਾਰੀ ਲੈ ਸਕਣਗੀਆਂ। ਇਹੋ ਜਿਹੀਆਂ ਪੁਸਤਕਾਂ ਬਹੁਤ ਘੱਟ ਛਪਦੀਆਂ ਹਨ। ਪੁਸਤਕ ਵਿਚ ਗੁਰਮੀਤ ਬਾਵਾ, ਜਸਪਾਲ ਭੱਟੀ, ਦਾਰਾ ਸਿੰਘ, ਜਸਵੰਤ ਭੰਵਰਾ, ਕੇਸਰ ਸਿੰਘ ਨਰੂਲਾ, ਸੁਰਿੰਦਰ ਬਚਨ, ਚਾਚੀ ਅਤਰੋ, ਸਰਦੂਲ ਸਿਕੰਦਰ, ਚਮਨ ਲਾਲ ਚਮਨ, ਜਗਜੀਤ ਜ਼ੀਰਵੀ ਦੇ ਜੀਵਨ ਤੇ ਪ੍ਰਾਪਤੀਆਂ ਦਾ ਜ਼ਿਕਰ ਵਧੀਆ ਢੰਗ ਨਾਲ ਕੀਤਾ ਗਿਆ ਹੈ। ਵੈਸੇ ਤਾਂ ਸਾਰੇ ਲੇਖ ਹੀ ਵਧੀਆ ਹਨ। ਇਸ ਪੁਸਤਕ ਤੋਂ ਇਲਾਵਾ ਸਮਸ਼ੇਰ ਸਿੰਘ ਸੋਹੀ ਨੇ ਇਸ ਪੁਸਤਕ ਤੋਂ ਪਹਿਲਾਂ 5 ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਨੂੰ ਤਿਆਰ ਕਰਨ ਲਈ ਸੋਹੀ ਸਾਹਿਬ ਦਾ ਜੋ ਆਪਣਾ ਜਜ਼ਬਾ ਹੈ, ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਥੋੜ੍ਹੀ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

15-01-2023

 ਹੱਡਾਰੋੜੀ
ਮੂਲ ਲੇਖਕ : ਡਾ. ਤੁਲਸੀ ਰਾਮ
ਅਨੁਵਾਦ : ਸਤਵੀਰ ਕੌਰ ਸ਼ਾਲੂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 208
ਸੰਪਰਕ : 94638-36591


'ਹੱਡਾਰੋੜੀ' ਡਾ. ਤੁਲਸੀ ਰਾਮ ਦੁਆਰਾ ਲਿਖਿਆ ਸਵੈ-ਬਿਰਤਾਂਤ ਹੈ, ਜਿਸ ਦਾ ਅਨੁਵਾਦ ਸਤਵੀਰ ਕੌਰ ਸ਼ਾਲੂ ਦੁਆਰਾ ਕੀਤਾ ਗਿਆ ਹੈ। ਇਸ ਸਵੈ-ਬਿਰਤਾਂਤ ਵਿਚ ਵਿਅਕਤੀ ਵਿਸ਼ੇਸ਼ ਦੇ ਹਵਾਲੇ ਨਾਲ ਤਤਕਾਲੀ ਸਮਾਜ ਦੀ ਤਸਵੀਰਕਸ਼ੀ ਕੀਤੀ ਗਈ ਹੈ, ਜਿਸ ਵਿਚ ਮੂਲ ਲੇਖਕ ਮੁਤਾਬਕ 'ਹੱਡਾਰੋੜੀ' ਉਨ੍ਹਾਂ ਦੀ ਦਲਿਤ ਬਸਤੀ ਸੀ। ਇਸ ਬਸਤੀ ਵਿਚੋਂ ਹੀ ਲੇਖਕ ਦੀ ਸੰਘਰਸ਼ ਗਾਥਾ ਅਤੇ ਜਾਗ੍ਰਿਤੀ ਦੀ ਅਵਸਥਾ ਦਾ ਆਗਾਜ਼ ਹੁੰਦਾ ਹੈ। ਬਸਤੀ ਵਿਚ ਰਹਿਣ ਵਾਲੇ ਲੋਕ ਸ਼ੋਸ਼ਿਤ ਅਤੇ ਸਾਧਨਹੀਣ ਹੋਣ ਦੇ ਨਾਲ-ਨਾਲ ਅੰਧ-ਵਿਸ਼ਵਾਸੀ ਬਿਰਤੀ ਦੇ ਮਾਲਕ ਸਨ, ਜਿਨ੍ਹਾਂ ਬਾਰੇ ਲੇਖਕ ਨੇ ਵਿਸਥਾਰ ਵਿਚ ਇਸ ਸਵੈ-ਬਿਰਤਾਂਤ ਨੂੰ ਸੱਤ ਭਾਗਾਂ ਵਿਚ ਵੰਡ ਕੇ ਜ਼ਿਕਰ ਕੀਤਾ ਹੈ। ਲੇਖਕ ਨੇ ਇਥੇ ਇਸ ਕਿਰਤ ਵਿਚ ਆਪਣੇ ਪਰਿਵਾਰ ਬਾਰੇ ਬੜੀ ਗਹਿਨਤਾ ਨਾਲ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸੁਭਾਅ ਬਿਆਨ ਕੀਤੇ ਹਨ, ਉਥੇ ਉਸ ਵੇਲੇ ਸਮਾਜਿਕ ਅਤੇ ਵਿਦਿਅਕ ਵਿਵਸਥਾ ਬਾਰੇ ਵੀ ਭਾਵਪੂਰਤ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸ ਦੇ ਨਾਲ ਹੀ ਇਸ ਦਲਿਤ ਬਸਤੀ ਵਿਚ ਵਸਦੇ ਲੋਕਾਂ ਦੇ ਰਸਮਾਂ-ਰਿਵਾਜ ਅਤੇ ਵਿਸ਼ਵਾਸਾਂ ਬਾਰੇ ਵੀ ਬਹੁਤ ਸਾਰੇ ਵੇਰਵੇ ਦੱਸੇ ਹਨ, ਜਿਨ੍ਹਾਂ ਕਰਕੇ ਇਹ ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਦਬਾਓ ਦਾ ਸ਼ਿਕਾਰ ਵੀ ਬਣਦੇ ਹਨ। ਵਿੱਦਿਅਕ ਵਿਵਸਥਾ ਬਾਰੇ ਤਾਂ ਲਗਭਗ ਸਾਰੇ ਹੀ ਭਾਗਾਂ ਵਿਚ ਜ਼ਿਕਰ ਆਇਆ ਹੈ ਕਿਉਂਕਿ ਜਿਵੇਂ-ਜਿਵੇਂ ਲੇਖਕ ਪੜ੍ਹਾਈ ਲਿਖਾਈ ਵਿਚ ਅੱਗੇ ਵਧਦਾ ਗਿਆ ਉਸ ਨੇ ਉਸ ਸਮੇਂ ਦਾ ਜ਼ਿਕਰ ਨਾਲੋ-ਨਾਲ ਹੀ ਕੀਤਾ ਹੈ ਪਰ ਮੂਲ ਰੂਪ ਵਿਚ ਲੇਖਕ ਜਿਥੇ ਇਨ੍ਹਾਂ ਲੋਕਾਂ ਦੀ ਮਾੜੀ ਹਾਲਤ ਨੂੰ ਸਮਾਜ ਵਿਵਸਥਾ ਦੀ ਦੇਣ ਸਮਝਦਾ ਹੈ, ਉਥੇ ਇਨ੍ਹਾਂ ਵਿਚਲੀ ਅਨਪੜ੍ਹਤਾ ਅਤੇ ਉਪਰਲੀ ਧਿਰ ਦੇ ਹਿਤ ਵੀ ਇਸ ਵਿਚ ਕਾਰਨ ਬਣਦੇ ਹਨ। ਸਤਵੀਰ ਕੌਰ ਸ਼ਾਲੂ ਨੇ ਇਸ ਪੁਸਤਕ ਦਾ ਅਨੁਵਾਦ ਬਾਖ਼ੂਬੀ ਨਿਭਾਇਆ ਹੈ, ਜਿਸ ਤੋਂ ਮੂਲ ਪੁਸਤਕ ਦੀ ਸਿਰਜਣਾ ਹੀ ਜਾਪਦੀ ਹੈ। ਪੁਸਤਕ ਜਾਣਕਾਰੀ ਅਤੇ ਅਨੁਵਾਦ ਪੱਖੋਂ ਖ਼ੂਬਸੂਰਤ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਖ਼ੂਬਸੂਰਤ

ਨਾਟਕਕਾਰ :
ਇੰਜੀ: ਡੀ. ਐਮ. ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 280 ਰੁਪਏ, ਸਫ਼ੇ : 62
ਸੰਪਰਕ : 98155-09390


ਇਹ ਨਾਟਕ ਇਕ ਅਤਿ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਵਿਸ਼ੇ ਦੁਆਲੇ ਘੁੰਮਦਾ ਹੈ। ਇਸ ਵਿਚ ਅੱਖਾਂ ਦੇ ਭਿਆਨਕ ਰੋਗ ਕਾਲਾ ਮੋਤੀਆ ਜਾਂ ਗਲੂਕੋਮਾ ਬਾਰੇ ਜਾਗਰੂਕ ਕੀਤਾ ਗਿਆ ਹੈ। ਬਹੁਤ ਸਾਰੇ ਲੋਕ ਇਸ ਕਾਰਨ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ। ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਰਕੇ ਇਸ ਦੇ ਭਿਆਨਕ ਸਿੱਟੇ ਭੁਗਤਣੇ ਪੈਂਦੇ ਹਨ ਅਤੇ ਉਹ ਨੇਤਰਹੀਣ ਹੋ ਕੇ ਹਨੇਰਾ ਜੀਵਨ ਜਿਊਣ ਲਈ ਮਜਬੂਰ ਹੋ ਜਾਂਦੇ ਹਨ। ਪੀ.ਜੀ.ਆਈ. ਚੰਡੀਗੜ੍ਹ ਦੇ ਐਡਵਾਂਸ ਆਈ ਸੈਂਟਰ ਦੇ ਸਹਿਯੋਗ ਨਾਲ ਲੋੜੀਂਦੀ ਜਾਣਕਾਰੀ ਲੈ ਕੇ ਲੇਖਕ ਨੇ ਇਹ ਨਾਟਕ ਲਿਖਿਆ। ਸਭ ਤੋਂ ਪਹਿਲਾਂ ਨਾਟਕਕਾਰ ਨੇ ਕਾਦਰ ਦੀ ਸਾਜੀ ਬਹੁਰੰਗੀ ਖ਼ੂਬਸੂਰਤ ਕੁਦਰਤ ਦਾ ਵਰਣਨ ਕੀਤਾ ਹੈ। ਧਰਤੀ ਦੇ ਅਜੂਬੇ, ਕਲਾਕ੍ਰਿਤੀਆਂ, ਖ਼ੂਬਸੂਰਤ ਇਮਾਰਤਾਂ, ਚਸ਼ਮੇ, ਪਹਾੜ, ਫੁੱਲ, ਪੰਛੀ ਆਦਿ ਬਹੁਤ ਹੀ ਮਨਮੋਹਨੇ ਹਨ ਪਰ ਜੇ ਕਿਸੇ ਦੀ ਦੇਖਣ ਦੀ ਸਮਰੱਥਾ ਚਲੀ ਜਾਵੇ ਤਾਂ ਉਹ ਬਹੁਤ ਹੀ ਆਭਾਗਾ ਹੁੰਦਾ ਹੈ। ਹੌਲੀ-ਹੌਲੀ ਉਸ ਦੇ ਸਮਾਜਿਕ ਰਿਸ਼ਤੇ ਵੀ ਤਿੜਕਣ ਲਗਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਮੇਂ-ਸਮੇਂ ਸਿਰ ਨਜ਼ਰ ਟੈਸਟ ਕਰਵਾ ਕੇ ਲੋੜੀਂਦਾ ਇਲਾਜ ਕਰਾਉਣਾ ਚਾਹੀਦਾ ਹੈ। ਲੇਖਕ ਲਿਖਦਾ ਹੈ ਨਿਰਦਈ ਚੋਰ-ਗਲੂਕੋਮਾ
ਚੁੱਪ ਚੁੁਪੀਤੇ ਨਜ਼ਰ ਚੁਰਾਂਦਾ
ਹੈ ਗਲੂਕੋਮਾ ਪੱਕਾ ਚੋਰ।
ਪਰ ਅਗਰ ਤੁਸੀਂ ਰਹੋ ਚੌਕੰਨੇ
ਇਸ ਦਾ ਬਿਲਕੁਲ ਚੱਲੇ ਨਾ ਜ਼ੋਰ।
ਇਸ ਸਾਰਥਕ ਜਾਣਕਾਰੀ ਭਰਪੂਰ ਪੁਸਤਕ ਦਾ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਬਦਲਾਅ ਦੀ ਤਾਕਤ

ਲੇਖਕ : ਅਤਿੰਦਰਪਾਲ ਸਿੰਘ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 81468-08995


ਲੇਖਕ ਅਤਿੰਦਰਪਾਲ ਸਿੰਘ ਵਲੋਂ ਲਿਖੀ ਪੁਸਤਕ 'ਬਦਲਾਅ ਦੀ ਤਾਕਤ' ਕਿਤਾਬਾਂ ਰਾਹੀਂ ਵਿਅਕਤੀ ਅਤੇ ਸਮਾਜ ਵਿਚ ਬਦਲਾਅ ਲਿਆਉਣ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਪੁਸਤਕ ਨੂੰ 11 ਚੈਪਟਰਾਂ ਵਿਚ ਵੰਡਿਆ ਗਿਆ ਹੈ। ਬਦਲਾਅ ਕੀ ਹੈ? ਮਾਨਸਿਕਤਾ ਦਾ ਜਨਮ, ਖ਼ੁਦ ਬਾਰੇ ਜਾਣੋ, ਭਾਵਨਾਵਾਂ ਨੂੰ ਕੰਟਰੋਲ ਕਿਵੇਂ ਕਰੀਏ? ਸਹੀ ਅਤੇ ਗ਼ਲਤ ਦੀ ਪਛਾਣ ਕਿਵੇਂ ਕਰੀਏ? ਜ਼ਿੰਦਗੀ ਵਿਚ ਦਿਲਚਸਪੀ ਕਿਵੇਂ ਪੈਦਾ ਕਰੀਏ? ਕਮੀਆਂ ਨੂੰ ਤਾਕਤ ਵਿਚ ਕਿਵੇਂ ਬਦਲੀਏ? ਸਮੱਸਿਆ ਦੇ ਹੱਲ 'ਤੇ ਧਿਆਨ ਦੇਵੋ, ਸਮੱਸਿਆ ਤੇ ਨਹੀਂ, ਸੋਚਣ ਦੇ ਤਰੀਕੇ ਨੂੰ ਕਿਵੇਂ ਬਦਲਿਆ ਜਾਵੇ? ਨਵੀਆਂ ਆਦਤਾਂ ਦੀ ਸਿਰਜਣਾ ਕਿਵੇਂ ਕੀਤੀ ਜਾਵੇ? ਗੱਲਬਾਤ ਦੀ ਅਹਿਮੀਅਤ ਆਦਿ ਪਾਠਾਂ ਰਾਹੀਂ ਲੇਖਕ ਨੇ ਇਨ੍ਹਾਂ ਸਾਰੇ ਨੁਕਤਿਆਂ ਨੂੰ ਉਭਾਰਿਆ ਹੈ, ਜਿਹੜੇ ਸਚਮੁੱਚ ਕਿਸੇ ਵੀ ਵਿਅਕਤੀ ਦੇ ਅੰਦਰੂਨੀ ਬਦਲਾਅ ਲਈ ਜ਼ਰੂਰੀ ਸਮਝੇ ਜਾਂਦੇ ਹਨ। ਲੇਖਕ ਦਾ ਮੰਨਣਾ ਹੈ ਕਿ ਆਓ ਆਪਣੀ ਜ਼ਿੰਦਗੀ ਨੂੰ ਚੰਗੇ ਬਦਲਾਅ ਵੱਲ ਲਿਜਾਂਦੇ ਹੋਏ ਕਿਤਾਬ ਨਾਲ ਜੁੜ ਕੇ, ਇਹ ਸਾਬਤ ਕਰੀਏ ਕਿ ਕਿਤਾਬਾਂ ਦਾ ਸਫ਼ਰ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਬਦਲਾਅ ਦੇ ਵਹਾਅ 'ਚ ਵਹਿੰਦੇ ਹੋਏ ਵਕਤ ਨੇ ਸਾਡੀ ਤਰੱਕੀ 'ਤੇ ਮਾਨਸਿਕਤਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਅਸੀਂ ਆਪਣੀ ਜ਼ਿੰਦਗੀ ਜਿਊਣ ਦਾ ਢੰਗ ਪੂਰੀ ਤਰ੍ਹਾਂ ਬਦਲ ਚੁੱਕੇ ਹਾਂ। ਇਸ ਕਿਤਾਬ ਦੀ ਮਦਦ ਨਾਲ ਆਪਣੇ ਨਜ਼ਰੀਏ ਨੂੰ ਬਦਲਦੇ ਹੋਏ, ਆਪਣੇ ਅੰਦਰ ਕੁਝ ਚੰਗੇ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਅ ਸਕੀਏ। ਲੇਖਕ ਨੇ ਪੁਸਤਕ ਵਿਚ ਉਦਾਹਰਨਾਂ, ਕਹਾਣੀਆਂ, ਘਟਨਾਵਾਂ ਦਾ ਆਧਾਰ ਸੋਸ਼ਲ ਮੀਡੀਆ, ਅਖ਼ਬਾਰ, ਮੈਗਜ਼ੀਨ ਆਦਿ ਤੋਂ ਹਾਸਿਲ ਕਰਕੇ ਇਨ੍ਹਾਂ ਨੂੰ ਰੌਚਕ ਘਟਨਾਵਾਂ ਨਾਲ ਜੋੜ ਕੇ, ਪੇਸ਼ ਕੀਤਾ ਹੈ। ਬਹੁਤ ਸਾਰੀਆਂ ਭਾਵਪੂਰਤ, ਸੋਚ ਨੂੰ ਝੰਜੋੜਨ ਵਾਲੀਆਂ ਕੁਟੇਸ਼ਨਾਂ ਵੀ ਦਰਜ ਕੀਤੀਆਂ ਗਈਆਂ ਹਨ। ਜਿਵੇਂ 'ਆਪਣੀਆਂ ਸਮੱਸਿਆਵਾਂ ਨਾਲ ਖੜ੍ਹਨਾ ਸਿੱਖੋ। ਮੁਸ਼ਕਿਲਾਂ ਆਪਣੇ-ਆਪ ਬੈਠਣਾ ਸਿੱਖ ਜਾਣਗੀਆਂ।' ਜੋ ਹੋ ਗਿਆ ਉਸ ਬਾਰੇ ਪਛਤਾਵਾ ਕਰਨ ਨਾਲੋਂ ਚੰਗਾ ਉਹ ਕਰੋ, ਜੋ ਅਸੀਂ ਕਰ ਸਕਦੇ ਹਾਂ ਤਾਂ ਕਿ ਪਛਤਾਵਾ ਸਾਡਾ ਭਵਿੱਖ ਨਾ ਬਣੇ। 'ਆਪਣੀਆਂ ਭਾਵਨਾਵਾਂ ਨਾਲ ਜੁੜੋ, ਪਰ ਸਮੱਸਿਆਵਾਂ ਨਾਲ ਕਦੇ ਵੀ ਭਾਵਨਾਤਮਕ ਤੌਰ 'ਤੇ ਨਾ ਜੁੜੋ।' ਜੇਕਰ ਤੁਸੀਂ ਆਪਣੇ ਆਪ ਨਾਲ ਜਿਊਣਾ ਸਿੱਖ ਲੈਂਦੇ ਹੋ ਤਾਂ ਤੁਸੀਂ ਹੋਰਾਂ ਦਾ ਸਾਥ ਮਾਨਣ ਦੇ ਨਾਲ-ਨਾਲ ਇਕੱਲੇਪਨ ਨੂੰ ਵੀ ਮਾਣਨਾ ਸਿੱਖ ਜਾਵੋਗੇ। ਆਦਿ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸਰਲ, ਸਹਿਜ, ਸਪੱਸ਼ਟ, ਸਰਲ ਭਾਸ਼ਾ ਵਿਚ ਮਨੁੱਖੀ ਵਿਵਹਾਰ, ਕਿਰਦਾਰ, ਵਿਚਾਰਧਾਰਕ ਬਦਲਾਅ ਲਿਆ ਕੇ ਲੋਕ ਮਾਨਸਿਕਤਾ ਨੂੰ ਪਰਵਰਿਤਤ ਕਰਕੇ ਵਿਕਾਸ ਦੇ ਰਸਤੇ 'ਤੇ ਵਧੀਏ।


-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਚੋਭਾਂ
ਲੇਖਕ : ਰਣਜੀਤ ਸਿੰਘ ਕੰਵਲ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ: 150 ਰੁਪਏ, ਸਫ਼ੇ: 80
ਸੰਪਰਕ: 92564-29220


ਹੱਥਲੀ ਪੁਸਤਕ 'ਚੋਭਾਂ' ਦਾ ਰੁਬਾਈ-ਪਾਠ ਕਰਦਿਆਂ ਬੇਹੱਦ ਤਸੱਲੀ ਮਹਿਸੂਸ ਹੁੰਦੀ ਹੈ ਕਿ ਸਿਰਕੱਢ ਟਰੇਡ ਯੂਨੀਅਨ ਆਗੂ ਅਤੇ ਬਜ਼ੁਰਗ ਅਧਿਆਪਕ ਰਣਜੀਤ ਸਿੰਘ ਕੰਵਲ ਜ਼ਿੰਦਗੀ ਦੇ ਨੌਂ ਦਹਾਕੇ ਪਾਰ ਕਰਨ ਦੇ ਬਾਵਜੂਦ ਨਿਰੰਤਰ ਸਾਹਿਤ ਸਿਰਜਣਾ ਵਿਚ ਜੁਟੇ ਹੋਏ ਹਨ। ਇਸ ਪੁਸਤਕ ਵਿਚ ਉਨ੍ਹਾਂ ਨੇ ਇਕ ਸੌ ਚੌਂਤੀ ਖ਼ੂਬਸੂਰਤ ਰੁਬਾਈਆਂ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਜੀਵਨ ਦੇ ਵਡਮੁੱਲੇ ਤਜਰਬਿਆਂ ਦੀ ਛਾਪ ਸਪੱਸ਼ਟ ਝਲਕਦੀ ਹੈ:
ਉਲਾਹਮਾ ਕਿਹੜੇ ਰੱਬ ਨੂੰ ਦੇਈਏ, ਸ਼ਿਕਵਾ ਕਿਸ ਅੱਲ੍ਹਾ 'ਤੇ ਯਾਰ।
ਬਾਹੂਬਲੀਆਂ ਪਾਈ ਭਿਆਲੀ
ਹਰ ਥਾਂ ਕਰਦੇ ਮਾਰੋ-ਮਾਰ।
ਸਿਆਸਤਦਾਨ ਪਨਾਹਾਂ ਦਿੰਦੇ,
ਨਾਲ ਪੁਲਿਸ ਦੀ ਹੱਲਾ-ਸ਼ੇਰੀ,
ਬੇਕਸ ਦੀ ਕੋਈ ਸਾਰ ਨਾ ਲੈਂਦਾ,
ਹੈ ਜੋ ਅਵਾਜ਼ਾਰ।
ਰਣਜੀਤ ਸਿੰਘ ਕੰਵਲ ਦਾ ਮੰਨਣਾ ਹੈ ਕਿ ਮਨੁੱਖ ਵਿਚ ਹਮੇਸ਼ਾ ਹੀ ਦੋਵੇਂ ਤਰ੍ਹਾਂ ਦੀਆਂ ਪ੍ਰਵਿਰਤੀਆਂ ਵਿਦਮਾਨ ਰਹਿੰਦੀਆਂ ਹਨ। ਕਦੇ ਉਹ ਨੇਕੀ ਵਾਲੇ ਪਾਸੇ ਨੂੰ ਉਲਾਰ ਹੋਇਆ ਦਿਖਾਈ ਦਿੰਦਾ ਹੈ ਅਤੇ ਕਦੇ ਉਸੇ ਨੂੰ ਹੀ ਸ਼ੈਤਾਨ ਦਾ ਭਿਆਨਕ ਰੂਪ ਧਾਰਦਿਆਂ ਦੇਖਿਆ ਜਾ ਸਕਦਾ ਹੈ। ਸੱਚ ਤਾਂ ਇਹ ਹੈ ਕਿ ਮਨੁੱਖ ਦੇ ਆਪਣੇ ਹੱਥ-ਵੱਸ ਕੁਝ ਨਹੀਂ ਬਲਕਿ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਹੀ ਲਗਾਮ ਫੜ ਕੇ ਉਸ ਨੂੰ ਆਪਣੇ ਮੁਤਾਬਿਕ ਚਲਾਉਂਦੀਆਂ ਹਨ:
ਕਿੰਨੇ ਚੰਗੇ ਖ਼ਿਆਲ ਸੀ ਤੇਰੇ,
ਸੈਂ ਕਿੰਨਾ ਚੰਗਾ ਇਨਸਾਨ।
ਮੈਂ ਸਮਝਾਂ ਤੈਨੂੰ ਵਾਂਗ ਦੇਵਤਾ,
ਕਦੀ-ਕਦੀ ਜਾਪੇਂ ਭਗਵਾਨ।
ਖ਼ਬਰੇ ਕਿਸ ਮਜਬੂਰੀ ਤੈਨੂੰ,
ਇਹ ਕੌੜਾ ਅੱਕ ਚਬਾਇਆ,
ਚੰਗੇ ਭਲੇ ਮਨੁੱਖ ਦੇ ਮਨ ਵਿਚ,
ਕਿੱਦਾਂ ਵਸਿਆ ਆ ਸ਼ੈਤਾਨ।
ਰੁਬਾਈ ਉਰਦੂ-ਫ਼ਾਰਸੀ ਵਿਚੋਂ ਆਈ ਕਾਵਿ-ਵੰਨਗੀ ਹੈ, ਜਿਸ ਨੂੰ ਪੰਜਾਬੀ ਵਿਚ ਬਹੁਤ ਘੱਟ ਲਿਖਿਆ ਗਿਆ ਹੈ, ਪਰ ਰਣਜੀਤ ਸਿੰਘ ਕੰਵਲ ਨੇ ਇਸ ਵਿਧਾ ਨੂੰ ਬਾਖ਼ੂਬੀ ਨਿਭਾਇਆ ਹੈ। ਸਮਾਜਿਕ ਕੁਰੀਤੀਆਂ ਅਤੇ ਵਿਸੰਗਤੀਆਂ ਬਾਰੇ ਵੀ ਉਨ੍ਹਾਂ ਦਾ ਅਨੁਭਵ ਬੜਾ ਡੂੰਘਾ ਹੈ। ਦੇਸ਼-ਦੁਨੀਆ ਵਿਚ ਵਾਪਰਦੀਆਂ ਘਟਨਾਵਾਂ ਨੂੰ ਦੇਖਣ ਅਤੇ ਪੜਚੋਲਣ ਲਈ ਉਨ੍ਹਾਂ ਦੀ ਬਾਜ਼-ਅੱਖ ਦੀ ਦਾਦ ਦੇਣੀ ਬਣਦੀ ਹੈ।


-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027


ਇਸ਼ਕ ਜਿਨ੍ਹਾਂ ਦੇ ਹੱਡੀਂ...
ਲੇਖਕ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 196
ਸੰਪਰਕ : 99154-15312


ਜੀਤ ਸਿੰਘ ਸੰਧੂ ਪੰਜਾਬੀ ਸਾਹਿਤਕ ਜਗਤ ਵਿਚ ਨਾਵਲਕਾਰ ਵਜੋਂ ਵਿਸ਼ੇਸ਼ ਪਛਾਣ ਸਥਾਪਿਤ ਕਰ ਚੁੱਕਾ ਹੈ। ਉਸ ਦੇ ਨਾਵਲਾਂ ਦੀ ਗਿਣਤੀ 20 ਹੈ। ਨਾਵਲ 'ਬੁੱਕਲ ਦੇ ਸੱਪ' ਉੱਤੇ ਫੀਚਰ ਫਿਲਮ ਤੇ 'ਤੇਜਾ ਨਗੌਰੀ' ਉੱਤੇ ਵੈੱਬ-ਸੀਰੀਜ਼ ਬਣ ਚੁੱਕੀ ਹੈ। ਵਿਚਾਰ-ਅਧੀਨ ਨਾਵਲ 'ਇਸ਼ਕ ਜਿਨ੍ਹਾਂ ਦੇ ਹੱਡੀਂ' ਉੱਪਰ ਫਿਲਮ ਬਣ ਰਹੀ ਹੈ। ਨਾਵਲ ਦਾ ਬਿਰਤਾਂਤ ਫਿਲਮੀ ਸਟਾਇਲ ਵਾਂਗ ਸਿਰਜਿਆ ਹੈ। ਘਟਨਾਵਾਂ ਤੇਜ਼ ਰਫ਼ਤਾਰ ਨਾਲ ਵਾਪਰਦੀਆਂ ਹਨ। ਨਾਵਲ ਦਾ ਕੇਂਦਰੀ ਬਿਰਤਾਂਤ ਰਾਜ ਤੇ ਰਾਣੀ ਦੀ ਪ੍ਰੇਮ ਕਹਾਣੀ ਹੈ। ਅੰਤਰਜਾਤੀ ਪ੍ਰੇਮ ਕਈ ਘਟਨਾਵਾਂ ਤੇ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਬਹਾਦਰ ਨਾਇਕ ਨਾਇਕਾ ਨਾਵਲ ਦੇ ਆਰ-ਪਾਰ ਫੈਲਦੇ ਹੋਏ ਵਿਰੋਧੀ ਪ੍ਰਸਿਥਤੀਆਂ ਉੱਤੇ ਜਿੱਤ ਪ੍ਰਾਪਤ ਕਰਦੇ ਹਨ।
ਨਾਵਲਕਾਰ ਨੇ ਪ੍ਰੇਮ ਕਹਾਣੀ ਦੇ ਨਾਲ-ਨਾਲ ਪਿਛਲਝਾਤ ਵਿਧੀ ਰਾਹੀਂ ਪੰਜਾਬ ਸੰਕਟ ਦਾ ਜ਼ਿਕਰ ਕੀਤਾ ਹੈ। ਅੱਤਵਾਦੀ ਦੌਰ ਵਿਚ ਨਿਆਂ ਪ੍ਰਣਾਲੀ ਤੇ ਪੁਲਿਸਤੰਤਰ ਦਾ ਘਾਣ ਕੀਤਾ। ਪੰਜਾਬ ਦੇ ਪੇਂਡੂ ਖੇਤਰਾਂ ਨੂੰ ਅਥਾਹ ਤਸ਼ੱਦਦ ਸਹਿਣ ਕਰਨਾ ਪਿਆ। ਨਾਵਲ ਦੇ ਬਿਰਤਾਂਤ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਤਰਜਾਤੀ ਪ੍ਰੇਮ ਸੰਬੰਧ ਤੇ ਵਿਆਹ ਪ੍ਰਬੰਧ ਕਾਰਨ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਵਲਕਾਰ ਨੇ ਪ੍ਰਮੁੱਖ ਪਾਤਰਾਂ ਦੀ ਘਰ ਵਾਪਸੀ ਕਰਵਾ ਕੇ ਸਮੱਸਿਆਵਾਂ ਦੇ ਹੱਲ ਦਾ ਸੁਝਾਅ ਦਿੱਤਾ ਹੈ।
ਜੀਤ ਸੰਧੂ ਨੇ ਵਰਤਮਾਨ ਸੰਦਰਭ ਵਿਚ ਜਾਤ-ਪ੍ਰਣਾਲੀ ਦੇ ਭਿਆਨਕ ਵਰਤਾਰਿਆਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਜਾਤ-ਪ੍ਰਣਾਲੀ ਦੀ ਕੱਟੜਤਾ ਕਰਕੇ ਅਣਮਨੁੱਖੀ ਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਔਰਤ ਦੀ ਹੋਂਦ ਮਨਫ਼ੀ ਹੋ ਗਈ। ਉਸ ਨੂੰ ਪਦਾਰਥਕ ਵਸਤੂ ਵਾਂਗ ਮਾਨਣ ਤੱਕ ਸੀਮਤ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਦਰਿਆ ਪ੍ਰਤੀ ਨਾਵਲਕਾਰ ਚਿੰਤਾਗ੍ਰਸਤ ਹੁੰਦਾ ਹੈ।
ਜੀਤ ਸੰਧੂ ਪੇਂਡੂ ਧਰਾਤਲ ਨਾਲ ਜੁੜਿਆ ਨਾਵਲਕਾਰ ਹੈ। ਉਸ ਦੇ ਨਾਵਲ ਵਿਚ ਪਿੰਡ ਦਾ ਸੱਭਿਆਚਾਰ, ਵਰਤੋਂ ਵਿਹਾਰ, ਕਿਸਾਨੀ ਸਮੱਸਿਆਵਾਂ, ਸ਼ਰੀਕੇਬਾਜ਼ੀ, ਦੁਸ਼ਮਣੀਆਂ, ਜਾਤ-ਪ੍ਰਣਾਲੀ ਦੀ ਕੱਟੜਤਾ, ਅੰਤਰਜਾਤੀ ਪ੍ਰੇਮ ਸੰਬੰਧ, ਆਰਥਿਕ, ਰਾਜਨੀਤਕ, ਨਿਆਂਇਕ, ਭ੍ਰਿਸ਼ਟਾਚਾਰੀ, ਪੁਲਿਸਤੰਤਰ, ਗੁੰਡਾਗਰਦੀ, ਬਦਮਾਸ਼, ਰਿਸ਼ਤਿਆਂ 'ਚ ਤਣਾਓ, ਔਰਤ ਦਾ ਨਿਮਨ ਸਥਾਨ ਆਦਿ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ। ਫ਼ਿਲਮੀ ਬਿਰਤਾਂਤਕ ਜੁਗਤਾਂ ਨਾਲ ਲਬਰੇਜ਼ ਨਾਵਲ 'ਇਸ਼ਕ ਜਿਨ੍ਹਾਂ ਦੇ ਹੱਡੀਂ' ਪਾਠਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਤ੍ਰਿਪਤ ਕਰੇਗਾ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810


ਸੁਣ ਮੋਨ ਧਰਤ ਦਾ ਰੋਸੜਾ
ਲੇਖਕ : ਕੰਵਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਕੀਮਤ : 250 ਰੁਪਏ, ਸਫ਼ੇ : 144
ਸੰਪਰਕ : 98146-55167


ਸ਼ਾਇਰ ਕੰਵਰ ਪੱਤਰਕਾਰੀ ਤੇ ਸ਼ਾਇਰੀ ਦਾ ਡਵਿੱਡਾ ਖੂਹ ਗੇੜਦਿਆਂ ਆਪਣੀ ਪਲੇਠੀ ਕਾਵਿ-ਕਿਤਾਬ 'ਸੁਣ ਮੋਹਨ ਧਰਤ ਦਾ ਰੋਸੜਾ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦਿੰਦਿਆਂ ਮੋਨ ਧਰਤ ਦੇ ਰੋਸੜੇ ਨੂੰ ਦੂਰ ਕਰਨ ਲਈ ਆਧੁਨਿਕ ਭਾਵ ਬੋਧ, ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਨਾਲ ਪੀਡੀ ਗੰਢ ਪਾਉਂਦਿਆਂ ਸੱਤਿਅਮ ਸ਼ਿਵਮ ਸੁੰਦਰਮ ਦਾ ਚੌਵੀ ਕੈਰਟ ਦਾ ਖਰਾ ਸੋਨਾ ਹੋਣ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਨ ਦਾ ਲੱਜ ਪਾਲ ਬਣ ਗਿਆ ਹੈ। ਬਾਬੇ ਨਾਨਕ ਨੇ 'ਧਰਤੀ ਹੋਰ ਪਰੇ ਹੋਰ ਦੀ' ਥਾਹ ਪਾਈ ਸੀ। ਧਰਤੀ ਦੀ ਮੋਨ ਅਰਥਾਤ ਚੁੱਪ ਦੇ ਰੋਸੜੇ ਨੂੰ ਅਸਾਡੇ ਇਸ ਸ਼ਾਇਰ ਨੇ ਵੀ ਵਿਭਿੰਨ ਧਰਤੀਆਂ ਦੀ ਦੱਸ ਪਾਈ ਹੈ। ਇਹ ਧਰਤੀਆਂ ਦੁਨੀਆ ਦੇ ਕਿਸੇ ਹੋਰ ਭੂ-ਖੰਡ ਵਿਚ ਨਹੀਂ ਬਲਕਿ ਅਸਾਡੇ ਦੇਸ਼ ਭਾਰਤ ਵਿਚ ਹੀ ਹਨ। ਚੁੱਪ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਉਸ ਨੂੰ ਸੁਣਨਾ ਤੇ ਸਮਝਣਾ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ ਤੇ ਨਾਲ ਹੀ ਜੇ ਇਹ ਚੁੱਪ ਰੋਸੜਾ ਕਰਦੀ ਹੋਵੇ ਤਾਂ ਉਸ ਨੂੰ ਸੁਣਨਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਸ਼ਾਇਰ ਕਿਉਂਕਿ ਪੈਗੰਬਰ ਦਾ ਨਾਇਬ ਹੁੰਦਾ ਹੈ ਤੇ ਇਹ ਨਾਇਬ ਸ਼ਾਇਰ ਕੰਵਰ ਵੀ ਹੈ, ਜਿਸ ਨੇ ਧਰਤੀ ਦੀ ਚੁੱਪ ਦੇ ਰੋਸੜੇ ਵੱਲ ਕੰਨ ਕੀਤੇ ਹਨ। ਭਾਰਤ ਵਿਚ ਰੋਸੜਿਆਂ ਦੀਆਂ ਵੀ ਕਈ ਮੋਨ ਧਰਤੀਆਂ ਹਨ। ਇਕ ਰੋਸੜੇ ਮਾਰੀ ਧਰਤੀ ਹੈ ਅਦਬ ਦੀ। ਸ਼ਾਇਰ ਆਪਣੀ ਸਵੈ-ਕਥਨੀ ਨਜ਼ਮ 'ਕਿਸਾਨ' ਵਿਚ ਕਹਿੰਦਾ ਹੈ 'ਉਹ ਕਵੀ, ਸਾਹਿਤਕਾਰ, ਵਿਦਵਾਨ, ਕਲਾਕਾਰ ਕੁਝ ਵੀ ਨਹੀਂ ਉਹ ਤਾਂ ਕਿਸਾਨ ਹੈ।' ਉਹ ਕਲਮ ਨਾਲ ਅਜਿਹੇ ਸਿਆੜ ਵਾਹੁੰਦਾ ਹੈ ਜੋ ਧਰਤੀ ਦੀ ਚੁੱਪ ਵਿਚ ਸੁਣਨ ਸੁਣਾਉਣ ਦੇ ਬੀਜ ਪੋਰਦਾ ਹੈ। ਉਹ ਖ਼ੁਦ ਕਿਸਾਨ ਦਾ ਪੁੱਤ ਹੈ ਤੇ ਹਰ ਰੋਜ਼ ਕਿਸਾਨੀ ਮਸਲਿਆਂ ਦੇ ਰੂ-ਬ-ਰੂ ਹੁੰਦਾ ਰਹਿੰਦਾ ਹੈ। ਉਸ ਨੇ ਇਹ ਭਲੀ ਭਾਂਤ ਜਾਣ ਲਿਆ ਹੈ ਕਿ ਦਿੱਲੀ ਦੀ ਭਗਵੇਂ ਬ੍ਰਿਗੇਡ ਦੀ ਸਰਕਾਰ ਜੋ ਕਾਰਪੋਰੇਟ ਸੈਕਟਰ ਦੀ ਕਾਠਪੁਤਲੀ ਬਣ ਕੇ ਹਿੰਦ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਟੀਰੀ ਅੱਖ ਰੱਖ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਹੀ ਜ਼ਮੀਨਾਂ ਵਿਚ ਮਜ਼ਦੂਰ ਬਣਨ ਦੀਆਂ ਸਾਜਿਸ਼ਾਂ ਰਚ ਰਹੀ ਹੈ। ਅੱਜ ਨਹੀਂ ਤਾਂ ਕੱਲ੍ਹ ਜਿੱਤ ਦੇ ਪਰਚਮ ਲਹਿਰਾਉਂਦੇ ਕਿਸਾਨ 56 ਇੰਚੀ ਛਾਤੀ ਵਿਚ ਕਿੱਲ ਠੋਕ ਹੀ ਦੇਣਗੇ। ਸ਼ਾਇਰ ਉਨ੍ਹਾਂ ਅਖੌਤੀ ਸਾਹਿਤਕਾਰਾਂ ਦੇ ਵੀ ਬਖੀਏ ਉਧੇੜਦਾ ਹੈ ਜੋ ਆਪਣੇ ਆਪ ਨੂੰ ਉੱਚ ਦੁਖੇਲੜੇ ਹੋਣ ਦਾ ਬੁੱਤੂ ਵਜਾ ਰਹੇ ਹਨ ਤੇ ਆਪਣੇ ਹੀ ਖੇਮੇ ਦੇ ਸਾਹਿਤਕਾਰਾਂ ਨੂੰ ਹੀ ਸਾਹਿਤਕਾਰ ਮੰਨਦੇ ਹਨ ਤੇ ਦੂਸਰੇ ਖੇਮੇ ਦੇ ਸਾਹਿਤਕਾਰਾਂ ਨੂੰ ਟਿੱਚ ਸਮਝਦੇ ਹਨ ਤੇ ਉਨ੍ਹਾਂ ਲਈ ਚੈਖਵ ਦੀ ਘੋੜਾ ਮੱਖੀ ਤੇ ਮੁਕਤੀ ਬੋਧ ਦੇ ਕਥਨ 'ਸਾਹਿਤ ਦੇ ਦਰੋਗੇ' ਬਣੇ ਰਹਿੰਦੇ ਹਨ। ਮੁੱਠੀ ਭਰ ਅਸ਼ਰਫ਼ੀਆਂ ਖਾਤਰ ਮੀਣ ਹੋ ਕੇ ਫਿਰਦੌਸੀ ਦੇ ਨਿਆਣੇ ਬਣ ਕੇ ਕਸੀਦੇ ਲਿਖ ਰਹੇ ਹਨ। ਉਹ ਸਮੇਂ ਦੀਆਂ ਸਰਕਾਰਾਂ ਦੀ ਵੀ ਧੌੜੀ ਲਾਹੁੰਦਾ ਹੈ, ਜਿਨ੍ਹਾਂ ਨੇ ਅੱਜ ਦੀਆਂ ਕਲਪਨਾ ਚਾਵਲਾ ਨੂੰ ਜਿਨ੍ਹਾਂ ਨੇ ਰਾਕਟ ਉਡਾਉਣੇ ਸਨ, ਨੂੰ ਸਾਈਕਲ ਵੰਡ ਰਹੇ ਹਨ ਤੇ ਉਨ੍ਹਾਂ ਦੇ ਕੈਰੀਅਰਾਂ 'ਤੇ ਬਸਤਿਆਂ ਦੀ ਥਾਂ ਟਿੱਫ਼ਨ ਟੰਗਾ ਰਹੇ ਹਨ। ਉਹ ਭਾਰਤ ਦੇ ਜੰਗਲ ਰਾਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਅਗਾਊਂ ਜਾਗਰੂਕ ਵੀ ਕਰਦਾ ਹੈ ਕਿ ਚਰਖੇ ਤੇ ਕੱਤਿਆ ਸੂਤ ਜਨੇਊ ਤਾਂ ਬਣਾ ਸਕਦਾ ਹੈ ਬਘਿਆੜਾਂ ਲਈ ਸੰਗਲ ਨਹੀਂ। ਉਹ ਕੱਚ ਦੀ ਸਲੀਬ 'ਤੇ ਪੱਥਰ ਧਰਨ ਤਕ ਚਲੇ ਜਾਣ ਦੀ ਹਿੰਮਤ ਰੱਖਦਾ ਹੈ। ਉਹ ਗੋਦੀ ਮੀਡੀਆ ਨੂੰ ਵੀ ਚੌਰਾਹੇ 'ਚ ਨੰਗਾ ਕਰਦਾ ਹੈ ਜਿਨ੍ਹਾਂ ਨੂੰ ਹਕੂਮਤ ਦੀ ਲਾਠੀ ਜੋ ਮਜ਼ਦੂਰ ਦੀ ਛਾਤੀ 'ਤੇ ਵਰ੍ਹਦੀ ਹੈ ਨਜ਼ਰ ਨਹੀਂ ਆਉਂਦੀ। ਉਹ ਹੋਰ ਵਿਭਿੰਨ ਸਰੋਕਾਰਾਂ ਦੀ ਪੰਛੀ ਝਾਤ ਲਈ ਭਿੱਜੇ ਖੰਭਾਂ ਵਾਲਾ ਪੰਛੀ ਨਹੀਂ ਬਣਦਾ ਬਲਕਿ ਉਕਾਬ ਬਣ ਖੜੋਂਦਾ ਹੈ। ਸ਼ਾਇਰ ਨੂੰ ਮੋਹ ਭਿੱਜੀ ਝਿੜਕਣੀ ਵੀ ਹੈ ਕਿ ਜੇ ਚਾਰ ਛਿਲੜ ਹੋਰ ਖਰਚ ਕੇ ਇਸ ਕਿਤਾਬ ਦੀ ਜਿਲਦਬੰਧੀ ਕਰਾ ਦਿੰਦਾ ਤਾਂ ਤੇਰਾ ਕੀ ਘਟ ਜਾਣਾ ਸੀ। ਸ਼ਾਇਰ ਦੀ ਪਲੇਠੀ ਕਾਵਿ-ਕਿਤਾਬ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।


-ਭਗਵਾਨ ਢਿੱਲੋਂ
ਮੋਬਾਈਲ : 98143-78254


ਚਾਨਣ
ਸ਼ਾਇਰ : ਹਰਪ੍ਰੀਤ ਸਿੰਘ ਸੇਖੋਂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 83901-00001


ਇਹ ਬੜੀ ਹੌਸਲਾ ਵਧਾਉਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਵਿਚ ਵੱਡੀ ਗਿਣਤੀ ਵਿਚ ਨਵੀਆਂ ਕਲਮਾਂ ਦਾ ਪ੍ਰਵੇਸ਼ ਹੋ ਰਿਹਾ ਹੈ। ਇਨ੍ਹਾਂ ਵਿਚੋਂ ਕਈ ਨਾਂਅ ਬੜੇ ਸੰਭਾਵਨਾਵਾਂ ਭਰਪੂਰ ਹਨ। ਇਨ੍ਹਾਂ ਸੰਭਾਵਨਾਵਾਂ ਭਰਪੂਰ ਨਾਵਾਂ ਵਿਚ ਹਰਪ੍ਰੀਤ ਸਿੰਘ ਸੇਖੋਂ ਵੀ ਹੈ, ਜਿਸ ਦਾ ਪਹਿਲਾ ਕਾਵਿ-ਸੰਗ੍ਰਹਿ 'ਚਾਨਣ' ਹੁਣੇ ਜਿਹੇ ਪ੍ਰਕਾਸ਼ਿਤ ਹੋਇਆ ਹੈ। 'ਚਾਨਣ' ਦੀਆਂ ਤਮਾਮ ਰਚਨਾਵਾਂ ਛੰਦ ਬੰਦ ਤੇ ਗ਼ਜ਼ਲਾਂ ਵਰਗੀਆਂ ਹਨ। ਬਿਨਾਂ ਸ਼ੱਕ ਇਨ੍ਹਾਂ ਨੇ ਅਜੇ ਗ਼ਜ਼ਲਾਂ ਬਣਨਾ ਹੈ ਪਰ ਯਤਨ ਖ਼ੂਬਸੂਰਤ ਹਨ। ਕਿਸੇ ਵੀ ਸਾਹਿਤਕਾਰ ਨੂੰ ਆਪਣੀ ਪਹਿਲੀ ਪੁਸਤਕ ਪਹਿਲੇ ਬੱਚੇ ਵਾਂਗ ਪਿਆਰੀ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਉਸ ਵਿਚ ਸਾਰਾ ਕੁਝ ਹਾਂਪੱਖੀ ਨਹੀਂ ਹੁੰਦਾ। ਸੇਖੋਂ ਪੜ੍ਹਿਆ ਲਿਖਿਆ ਤੇ ਅਨੁਭਵੀ ਹੈ ਇਸ ਲਈ ਉਸ ਦੀਆਂ ਰਚਨਾਵਾਂ ਮਨੁੱਖੀ ਜ਼ਿੰਦਗੀ ਦੇ ਕਾਫ਼ੀ ਕਰੀਬ ਹਨ। ਇਹ ਵੀ ਸਲਾਹੁਣਯੋਗ ਹੈ ਕਿ ਉਸ ਨੇ ਨਿੱਜ ਦੀ ਥਾਂ ਪਰ ਨੂੰ ਅਹਿਮੀਅਤ ਦਿੱਤੀ ਹੈ ਅਤੇ ਲੋਕਾਂ ਦੇ ਦੁੱਖ-ਦਰਦ ਨੂੰ ਮਹਿਸੂਸਿਆ ਤੇ ਆਪਣੀਆਂ ਕਵਿਤਾਵਾਂ ਵਿਚ ਢਾਲਿਆ ਹੈ। ਆਪਣੀ ਥਾਂ ਦੂਸਰਿਆਂ ਦੀਆਂ ਮੁਸ਼ਕਿਲਾਂ ਦਾ ਸਾਹਿਤਕ ਵਰਣਨ ਵਧੇਰੇ ਮਹੱਤਵਪੂਰਨ ਹੁੰਦਾ ਹੈ। ਸ਼ਾਇਰ ਅਨੁਸਾਰ ਦੀਵਾ ਸਦਾ ਲੋਅ ਵੰਡਦਾ ਹੈ ਭਾਵੇਂ ਉਸ ਦੀ ਬੁੱਕਲ ਵਿਚ ਹਨੇਰਾ ਹੁੰਦਾ ਹੈ। ਉਸ ਮੁਤਾਬਿਕ ਹਰ ਇਮਾਰਤ ਦੇ ਜ਼ੱਰੇ ਵਿਚ ਮਜ਼ਦੂਰਾਂ ਦਾ ਲਹੂ ਰਲਿਆ ਹੁੰਦਾ ਹੈ। ਉਹ ਪੰਨਿਆਂ ਨੂੰ ਕਾਲੇ ਕਰਨ ਦੀ ਥਾਂ ਲਾਲ ਕਰਨ ਵਾਲਿਆਂ ਨੂੰ ਸਲਾਮ ਕਰਦਾ ਹੈ ਤੇ ਕਲਮਾਂ ਖ਼ਰੀਦਣ ਵਾਲੇ ਪੂੰਜੀਪਤੀ ਉਸ ਦੀ ਘ੍ਰਿਣਾ ਦੇ ਪਾਤਰ ਹਨ। ਸ਼ਾਇਰ ਪੰਜਾਬੀਆਂ ਦੇ ਸੁਭਾਅ ਅਨੁਸਾਰ ਦਿੱਲੀ ਨੂੰ ਵੰਗਾਰਦਾ ਹੈ ਤੇ ਬੀਤੇ ਦਾ ਹਿਸਾਬ ਪੁੱਛਦਾ ਹੈ। ਉਂਝ ਇਨ੍ਹਾਂ ਰਚਨਾਵਾਂ ਨੂੰ ਗ਼ਜ਼ਲਾਂ ਹੋਣ ਦਾਅਵਾ ਨਾ ਕਰਕੇ ਸਿਰਲੇਖ ਦਿੱਤੇ ਗਏ ਹਨ। ਪਹਿਲੀ ਪੁਸਤਕ ਹੋਣ ਕਰਕੇ ਸ਼ਾਇਰ ਨੂੰ ਮੁਬਾਰਕ ਦਿੱਤੀ ਜਾਣੀ ਚਾਹੀਦੀ ਹੈ। ਇਹ ਪੁਸਤਕ ਸੇਖੋਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਹੈ, ਮੈਨੂੰ ਆਸ ਹੈ ਉਸ ਦਾ ਅਗਲਾ ਸਫ਼ਰ ਹੋਰ ਪੱਕੇ ਪੈਰੀਂ ਹੋਵੇਗਾ ਤੇ ਉਹ ਤਾਰੀਫ਼ੀ ਮੁੱਖ ਬੰਦ ਵਿਚ ਫਸਣ ਦੀ ਥਾਂ ਹੋਰ ਵਧੀਆ ਲਿਖੇਗਾ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002

14-01-2023

 ਲਾਜੋ
ਲੇਖਕ : ਨਛੱਤਰ ਸਿੰਘ ਗਿੱਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 88722-18378

ਕੈਨੇਡਾ ਵਾਸੀ ਨਛੱਤਰ ਸਿੰਘ ਗਿੱਲ ਅਗਾਂਹਵਧੂ ਵਿਗਿਆਨਕ ਸੋਚ ਨੂੰ ਪ੍ਰਣਾਇਆ ਸਾਹਿਤਕਾਰ ਹੈ। ਅਧਿਆਪਕ ਵਰਗ ਵਲੋਂ ਲੜੇ ਜਾਂਦੇ ਲੋਕ-ਘੋਲਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਉਸ ਨੇ ਕਵਿਤਾ, ਸੰਪਾਦਨ, ਅਨੁਵਾਦ ਅਤੇ ਨਾਵਲ ਦੇ ਖੇਤਰ ਵਿਚ ਜ਼ਿਕਰਗੋਚਰਾ ਕੰਮ ਕੀਤਾ ਹੈ। 'ਲਾਜੋ' ਉਸ ਦਾ ਸੁਖਾਂਤਕਾਰੀ ਅਨੁਭਵ ਵਾਲਾ ਨਵਾਂ ਨਾਵਲ ਹੈ। ਇਹ ਪੰਜਾਬੀ ਦਾ ਪਹਿਲਾ ਨਾਵਲ ਹੈ, ਜਿਸ ਵਿਚ ਕਿਸਾਨ ਦੀਆਂ ਆਰਥਿਕ ਸਮੱਸਿਆਵਾਂ, ਬੈਂਕ ਦੇ ਕਰਜ਼ਿਆਂ, ਧੀਆਂ ਦੇ ਵਿਆਹ ਦੀ ਚਿੰਤਾ, ਖ਼ੁਦਕੁਸ਼ੀਆਂ ਅਤੇ ਜ਼ਮੀਨਾਂ ਵੇਚ-ਵੇਚ ਕੈਨੇਡਾ ਜਾਣ ਦੀ ਦੌੜ ਦਰਜ ਨਹੀਂ ਕੀਤੀ ਗਈ।
ਇਹ ਨਾਵਲ ਬਿਸ਼ਨ ਸਿੰਘ ਜਿਹੇ ਇਕ ਅਜਿਹੇ ਸਫ਼ਲ ਕਿਸਾਨ ਅਤੇ ਉਸ ਦੇ ਟੱਬਰ ਦੀ ਕਹਾਣੀ ਕਹਿੰਦਾ ਹੈ ਜੋ ਨਿਮਨ ਮੱਧ ਵਰਗੀ ਹੋਣ ਦੇ ਬਾਵਜੂਦ, ਆਪਣੇ ਸੰਜਮ, ਸਚਿਆਰ, ਸਬਰ-ਸੰਤੋਖ ਅਤੇ ਮਿਹਨਤ ਦੇ ਬਲਬੂਤੇ ਸਫ਼ਲ ਖੇਤੀ ਕਰਦਾ ਹੋਇਆ ਸਾਫ਼-ਸੁਥਰਾ ਜੀਵਨ ਗੁਜ਼ਾਰਦਾ ਹੈ। ਆਪਣੇ ਦੋਵਾਂ ਬੱਚਿਆਂ ਬਿੰਦਰ ਅਤੇ ਲਾਜੋ ਨੂੰ ਚੰਗੀ ਪੜ੍ਹਾਈ ਕਰਵਾਉਂਦਾ ਹੈ। ਸਰਕਾਰੀ ਨੌਕਰੀਆਂ ਦੀ ਕੁੱਤੇ-ਝਾਕ ਛੱਡ ਕੇ, ਖੇਤੀ 'ਚ ਖ਼ੂਬ ਮਿਹਨਤ ਕਰਦਾ ਹੈ। ਕਣਕ ਝੋਨੇ ਦੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਬਜ਼ੀਆਂ ਉਗਾਉਣ ਦਾ ਲਾਹੇਵੰਦ ਕਿੱਤਾ ਕਰਦਾ ਹੈ, ਡੇਅਰੀ ਦਾ ਵਿਕਾਸ ਕਰਦਾ ਹੈ। ਵਿਆਹਾਂ ਸ਼ਾਦੀਆਂ 'ਤੇ ਮੈਰਿਜ ਪੈਲੇਸਾਂ 'ਚ ਬੇਲੋੜੇ ਖ਼ਰਚੇ ਨਹੀਂ ਕਰਦਾ। ਬੈਂਕਾਂ ਦੇ ਕਰਜ਼ਿਆਂ ਵੱਲ ਮੂੰਹ ਨਹੀਂ ਕਰਦਾ। ਘਰ 'ਚ ਹਰੇਕ ਨੂੰ ਇੱਜ਼ਤ ਅਤੇ ਪਿਆਰ ਦਿੰਦਾ ਹੈ। ਨੂੰਹ ਨੂੰ ਵੀ ਧੀ ਵਾਂਗ ਪਿਆਰਦਾ ਹੈ। ਧੀ ਲਾਜੋ ਵੀ ਦੂਸਰੀਆਂ ਕੁੜੀਆਂ ਵਾਂਗ ਆਈਲੈਟਸ ਕਰਕੇ ਜ਼ਮੀਨ ਵੇਚ ਕੇ ਕੈਨੇਡਾ ਦੇ ਰਿਸ਼ਤਿਆਂ ਦੀ ਝਾਕ ਨਹੀਂ ਕਰਦੀ। ਸਗੋਂ ਇਥੇ ਹੀ ਗ੍ਰੀਨ ਹਾਊਸ ਵਿਚ ਕਿਰਤ ਕਰਦੀ ਹੋਈ ਮਾਪਿਆਂ ਦਾ ਸਹਾਰਾ ਬਣਦੀ ਹੈ। ਉਹ ਤਾਂ ਆਪਣੇ ਮੰਗੇਤਰ ਨੂੰ ਵੀ ਇਧਰ ਹੀ ਖੇਤੀ ਕਰਨ ਲਈ ਰਾਜ਼ੀ ਕਰ ਲੈਂਦੀ ਹੈ।
ਨਾਵਲਕਾਰ ਲਾਜੋ ਦੀ ਸਹੇਲੀ ਹਰਮਨ ਅਤੇ ਨਰਪਿੰਦਰਜੀਤ ਦੇ ਪ੍ਰੇਮ ਅਤੇ ਆਤਮ-ਹੱਤਿਆਵਾਂ ਵਾਲਾ ਐਪੀਸੋਡ ਨਾਵਲ ਵਿਚ ਜੋੜ ਕੇ ਇਸ ਨੂੰ ਹੋਰ ਪੜ੍ਹਨਯੋਗ ਅਤੇ ਰੌਚਕ ਬਣਾ ਦਿੱਤਾ ਹੈ। ਲੇਖਕ ਨਾਵਲ ਵਿਚ ਸਿੱਟਾ ਇਹ ਕੱਢਦਾ ਹੈ ਕਿ ਕੈਨੇਡਾ ਭੱਜਣ ਦੀ ਥਾਂ ਕਿਸਾਨਾਂ ਨੂੰ ਇਥੇ ਹੀ ਸੰਜਮ ਨਾਲ ਖੇਤੀ ਕਰਨੀ ਚਾਹੀਦੀ ਹੈ, ਫਾਲਤੂ ਖਰਚੇ ਘਟਾ ਕੇ ਖ਼ੁਸ਼ਹਾਲ ਪਰਿਵਾਰਕ ਜੀਵਨ ਜਿਊਣਾ ਚਾਹੀਦਾ ਹੈ। ਇਹੋ ਨਾਵਲ ਦਾ ਸੁਨੇਹਾ ਹੈ।

-ਕੇ. ਐਲ. ਗਰਗ
ਮੋ: 94635-37050

ਖ਼ੈਰ ਪੰਜਾਂ ਪਾਣੀਆਂ ਦੀ
ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 98726-31199

ਹਿੰਦ-ਪਾਕਿ ਰਿਸ਼ਤਿਆਂ ਦੀ ਸਰਬ ਸਾਂਝੀ ਪੰਜਾਬੀਅਤ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਕਵੀ ਨੇ ਇਕ ਅਜਿਹਾ ਦਰਦਨਾਮਾ ਕਿਹਾ ਹੈ ਜੋ ਸੰਨ ਸੰਤਾਲੀ ਦੀ ਵੰਡ ਵੇਲੇ ਕੁਰਬਾਨ ਹੋਏ ਲਗਭਗ ਦਸ ਲੱਖ ਬੇਕਸੂਰ ਪੰਜਾਬੀਆਂ ਦੀ ਹੂਕ ਹੈ, ਜਿਨ੍ਹਾਂ ਨੂੰ ਕੋਹ-ਕੋਹ ਕੇ ਪੰਜਾਬੀਆਂ ਨੇ ਆਪ ਹੀ ਮਾਰਿਆ ਅਤੇ ਹੁਣ ਤੱਕ ਵੀ ਅਸੀਂ ਸ਼ਰਮਸਾਰੀ ਦਾ ਇਕ ਵੀ ਹੰਝੂ ਨਾ ਕੇਰ ਸਕੇ। ਲੇਖਕ ਮਹਿਸੂਸ ਕਰਦਾ ਹੈ ਕਿ ਪੰਜਾਬੀ ਆਜ਼ਾਦੀ ਦੇ ਨਾਂਅ ਉੱਤੇ ਠੱਗੇ ਗਏ ਹਨ ਹੰਝੂਆਂ ਦੇ ਹੜ੍ਹਾਂ-ਖ਼ੂਨ ਦੀਆਂ ਨਦੀਆਂ ਅਤੇ ਚੀਕਾਂ ਭਰੇ ਕੀਰਨਿਆਂ ਦੇ ਮਾਹੌਲ ਵਿਚ ਆਜ਼ਾਦੀ ਦੇ ਜਸ਼ਨ ਪੰਜਾਬੀਆਂ ਨੂੰ ਕਿਵੇਂ ਮੋਹ ਸਕਦੇ ਹਨ।
ਵੰਡ ਦੇ ਦਰਦ ਭਰੇ ਮਾਹੌਲ ਨੂੰ ਯਾਦ ਕਰਦਾ ਹੋਇਆ ਕਵੀ ਇਸ ਪੁਸਤਕ ਦਾ ਆਰੰਭ ਇਸ ਕਵਿਤਾ ਤੋਂ ਕਰਦਾ ਹੈ
ਮੈਂ ਅਜੇ ਸਰਹੱਦ 'ਤੇ
ਗੁੰਮ ਸੁੰਮ ਖੜ੍ਹਾ ਹਾਂ
ਕਾਫ਼ਲੇ ਆਉਂਦੇ ਤੇ ਜਾਂਦੇ ਵੇਖਦਾ ਹਾਂ-
ਬਿਰਧ ਬਾਬੇ, ਬਾਲ ਬੱਚੇ
ਗਠੜੀਆਂ ਬੱਧਾ ਸਾਮਾਨ, ਪ੍ਰੇਸ਼ਾਨ
ਜਾਨ ਸੁੱਕੀ, ਮਹਿਕ ਮੁੱਕੀ
ਗੁੰਮ ਹੈ ਸਭ ਦੀ ਜ਼ੁਬਾਨ
ਰਿਸ਼ਤਿਆਂ 'ਚੋਂ ਲੇਸ ਮੁੱਕੀ
ਸਾਂਝ ਦੇ ਨਾਮੋ-ਨਿਸ਼ਾਨ
ਰਾਵੀ ਮੈਨੂੰ ਪੁੱਛਦੀ ਹੈ
ਇਹ ਹੈ ਕੈਸਾ ਇਮਤਿਹਾਨ?
ਮੈਂ ਅਜੇ ਸਰਹੱਦ 'ਤੇ,
ਗੁੰਮ ਸੁੰਮ ਖੜ੍ਹਾ ਹਾਂ
ਮੈਂ ਆਜ਼ਾਦੀ ਜਸ਼ਨ ਵਿਚ
ਸ਼ਾਮਿਲ ਨਹੀਂ ਹਾਂ (ਪੰਨਾ 17)
ਆਜ਼ਾਦੀ ਦੀ ਥਾਂ ਮਿਲੀ ਅਵਾਜਾਰੀ ਨੂੰ, ਵਸਣ ਦੇ ਨਾਂਅ ਉੱਤੇ ਮਿਲੇ ਉਜਾੜੇ ਨੂੰ, ਧਰਮਾਂ ਦੇ ਨਾਂ ਉੱਤੇ ਪਏ ਧਮੱਚੜ ਦੀ ਜੋ ਤਸਵੀਰਕਸ਼ੀ ਕਵੀ ਨੇ ਆਪਣੇ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਕੀਤੀ ਹੈ ਉਹ ਨਵੀਂ ਪੰਜਾਬੀ ਕਵਿਤਾ ਦਾ ਵਿਲੱਖਣ ਮੁਹਾਵਰਾ ਸਿਰਜ ਰਹੀ ਪ੍ਰਤੀਤ ਹੁੰਦੀ ਹੈ। ਉਸ ਦੇ ਸ਼ਬਦਾਂ ਵਿਚ ਸਿੰਮਦੇ ਦਰਦ, ਪੰਜਾਬੀਆਂ ਦੇ ਰੋਮ ਰੋਮ ਵਿਚੋਂ ਸਿੰਮਦੇ ਲਹੂ ਵਰਗੇ ਹਨ ਇਸ ਲਹੂ ਨਾਲ ਭਿੱਜੇ ਰੇਤ-ਕਣਾਂ ਨਾਲ ਲਿਖੀ ਗਈ ਇਹ ਕਵਿਤਾ ਪਾਠਕ ਨੂੰ ਅਤੀਤ ਦੇ ਉਸ ਅਜ਼ਗਰ ਸਾਹਮਣੇ ਖੜ੍ਹਾ ਕਰ ਦਿੰਦੀ ਹੈ ਜੋ ਅੱਜ ਤੱਕ ਵੀ ਸਾਡੇ ਸੁਪਨਿਆਂ ਨੂੰ ਸਰਾਪ ਰਿਹਾ ਹੈ
ਅੱਖਾਂ ਭਾਂਬੜ, ਮੂੰਹ ਵਿਚ ਅੱਗ ਹੈ
ਜ਼ਹਿਰੀ ਚਿਹਰਾ ਝੱਗੋ ਝੱਗ ਹੈ
ਅਜ਼ਗਰ ਵੇਖੋ! ਜੰਗਲ ਵਿਚ ਦਹਾੜਦਾ ਹੈ
ਕੁੱਲ ਆਲਮ ਨੂੰ ਹਰ ਪਲ ਸੂਲੀ ਚਾੜ੍ਹਦਾ ਹੈ

ਪਾਣੀ ਪੌਣ ਧਰਤ ਨੂੰ ਲਾਲੋ ਲਾਲ ਕਰੇ
ਅਜਬ ਕਸਾਈ ਸੁਪਨੇ ਫੜੇ ਹਲਾਲ ਕਰੇ
ਉਡਣੇ ਪੰਛੀ ਪਿੰਜਰਿਆਂ ਵਿਚ, ਤਾੜਦਾ ਹੈ
ਅਜ਼ਗਰ ਵੇਖੋ! ਜੰਗਲ ਵਿਚ ਦਹਾੜਦਾ ਹੈ-
(ਪੰਨਾ 96)
ਗ਼ਮਗੀਨ ਮੌਸਮ ਦੀ ਉਦਾਸ ਦਾਸਤਾਨ ਦਾ ਕਾਵਿ-ਚਿੱਤਰ ਉਲੀਕਦਿਆਂ ਕਵੀ ਸ਼ਬਦਾਂ ਦੀ ਪਾਰਗਾਮੀ ਰੂਹ ਵਿਚ ਵਿਦਮਾਨ ਉਸ ਮਾਨਵੀ ਸੁਨੇਹੇ ਨੂੰ ਵੀ ਥਿੜਕਣ ਨਹੀਂ ਦਿੰਦਾ ਜਿਸ ਨੇ ਇਤਿਹਾਸ ਤੋਂ ਸਬਕ ਲੈ ਕੇ ਵਰਤਮਾਨ ਨੂੰ ਨਿਖਾਰਨਾ ਅਤੇ ਭਵਿੱਖ ਨੂੰ ਉਜਲਾ ਕਰਨਾ ਹੁੰਦਾ ਹੈ। ਕਾਵਿ-ਬਿੰਬਾਂ ਰਾਹੀਂ ਕਾਵਿ-ਬੋਧ ਦੀ ਸਿਰਜਣਾ ਹੀ ਕਵਿਤਾ ਦਾ ਪ੍ਰਕਾਰਜ ਹੁੰਦਾ ਹੈ, ਜਿਸ ਬਾਰੇ ਗੁਰਭਜਨ ਗਿੱਲ ਸਦਾ ਸਜੱਗ ਹੈ। ਮਾਨਵੀ ਸਰੋਕਾਰਾਂ ਪ੍ਰਤੀ ਉਸ ਦੀ ਪ੍ਰਤੀਬੱਧਤਾ ਉਸ ਨੂੰ ਇਸ ਦੌਰ ਦਾ ਚੇਤੰਨ ਅਤੇ ਹਰਮਨ ਪਿਆਰਾ ਕਵੀ ਬਣਾਉਂਦੀ ਹੈ। ਇਸ ਸੰਗ੍ਰਹਿ ਦੀਆਂ 'ਝੁਲ ਓਏ ਤਰੰਗਿਆ', 'ਸਰਹੱਦ ਵਿਚੋਂ ਲੰਘਦਿਆਂ', 'ਰਾਜ ਭਾਗ ਵਾਲਿਓ', 'ਖੰਭ ਖਿੱਲਰੇ ਨੇ ਕਾਵਾਂ ਦੇ', 'ਅੱਗ ਦੇ ਖਿਡੌਣੇ', 'ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ' ਆਦਿ ਕਵਿਤਾਵਾਂ ਵੀ ਇਸ ਦੀ ਗਵਾਹੀ ਭਰਦੀਆਂ ਹਨ। ਇਹ ਰਚਨਾਵਾਂ ਸਿਰਫ਼ ਸਵਾਲ ਹੀ ਨਹੀਂ ਕਰਦੀਆਂ ਉਨ੍ਹਾਂ ਦੇ ਜਵਾਬ ਬਾਰੇ ਵੀ ਚੇਤੰਨ ਹਨ
-ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ
ਦਿਲ ਵਾਲੀ ਉਖੜੀ ਕਿਤਾਬ ਲੈ ਕੇ ਆਏ ਹਾਂ
-ਕਿੱਥੇ ਕਿੱਥੇ ਕਿਹੜਾ ਕਿਹੜਾ ਤੀਰ ਤਿੱਖਾ ਮਾਰਿਆ
ਹੋਈ ਬੀਤੀ ਸਾਰੀ ਦਾ ਹਿਸਾਬ ਲੈ ਕੇ ਆਏ ਹਾਂ।
(ਪੰਨਾ 166)
ਇਹ ਇਸ ਪੁਸਤਕ ਦਾ ਪਹਿਲਾ ਸੰਸਕਰਨ 2005 ਵਿਚ ਛਪਿਆ ਸੀ। ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿਚ ਛਪੇ ਉਸ ਸੰਸਕਰਨ ਦੀਆਂ ਕਾਪੀਆਂ ਲੈ ਕੇ ਕਵੀ ਖ਼ੁਦ 2006 ਵਿਚ ਨਨਕਾਣਾ ਸਾਹਿਬ ਲਈ ਚੱਲੀ ਪਹਿਲੀ ਬੱਸ ਵਿਚ ਸਵਾਰ ਹੋ ਕੇ ਪਾਕਿਸਤਾਨ ਗਿਆ ਸੀ। ਉਥੋਂ ਦੇ ਪੰਜਾਬੀਆਂ ਨੇ ਵੀ ਇਸ ਕਿਤਾਬ ਨੂੰ ਭਰਪੂਰ ਹੁੰਗਾਰਾ ਭਰਿਆ ਸੀ। ਫੇਰ ਇਸ ਦਾ ਤੀਜਾ ਸੰਸਕਰਨ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ ਸੀ। ਇਹ ਹੁਣ ਇਸ ਦਾ ਚੌਥਾ ਸੰਸਕਰਨ ਹੈ। ਵੰਡ ਵੇਲੇ ਦੀ ਵੇਦਨਾ ਨੂੰ ਅਤੇ ਪੰਜਾਬੀਆਂ ਦੇ ਅਜਾਈਂ ਡੁੱਲ੍ਹੇ ਲਹੂ ਨੂੰ ਯਾਦ ਕਰਦਿਆਂ ਅੱਥਰੂ ਅੱਥਰੂ ਹੋਇਆ ਕਵੀ ਸ਼ਬਦਾਂ ਦੀ ਇਹ ਅੰਜਲੀ ਇਹ ਸੋਚ ਕੇ ਭੇਟ ਕਰ ਰਿਹਾ ਹੈ ਕਿ ਸੰਤਾਲੀ ਮੁੜ ਕੇ ਨਾ ਆਵੇ :-
ਸੁਰਖ ਲਹੂ ਵਿਚ ਘੁਲਿਆ ਪਾਣੀ
ਚਾਟੀ ਸਣੇ ਉਦਾਸ ਮਧਾਣੀ
ਕੱਲ੍ਹ ਤੰਦ ਨਾ ਉਲਝੀ ਤਾਣੀ
ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ
ਰਾਜ ਤਖ਼ਤ ਦੇ ਪਾਵੇ-
ਅੱਜ ਅਰਦਾਸ ਕਰੋ
ਸੰਤਾਲੀ ਮੁੜ ਨਾ ਆਵੇ (ਪੰਨਾ 54)
ਜਦੋਂ ਸ਼ਬਦ ਸੁਨੇਹਾ ਬਣ ਜਾਂਦੇ ਹਨ, ਜਦੋਂ ਆਪਣੀ ਮਿੱਟੀ ਅਤੇ ਮਾਨਵਤਾ ਨਾਲ ਮੁਹੱਬਤ ਪ੍ਰਤੀਬੱਧਤਾ ਦੀ ਪਰਿਆਏ ਬਣ ਜਾਂਦੀ ਹੈ ਅਤੇ ਕਵਿਤਾ ਅਰਜੋਈ ਬਣ ਜਾਂਦੀ ਹੈ ਤਾਂ ਇਸ ਦੇ ਸਿਰਜਣਹਾਰੇ ਨੂੰ ਸਿਜਦਾ ਕਰਨਾ ਪਾਠਕ ਦਾ ਸਹਿਜ ਹੋ ਜਾਂਦਾ ਹੈ-
'ਖ਼ੈਰ ਪੰਜਾਂ ਪਾਣੀਆਂ ਦੀ' ਨੂੰ ਖ਼ੁਸ਼ਆਮਦੀਦ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਦੇਸ਼ ਨਿਕਾਲਾ
ਕਵੀ : ਪ੍ਰਭਸ਼ਰਨਦੀਪ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 156
ਸੰਪਰਕ : 99150-48005

ਪ੍ਰਭਸ਼ਰਨਦੀਪ ਸਿੰਘ ਇਕ ਵਿਦਵਾਨ ਅਤੇ ਗੁਰਬਾਣੀ ਵੇਤਾ ਪੰਜਾਬੀ ਸਾਹਿਤਕਾਰ ਹੈ ਜੋ ਕਿ ਅੱਜਕਲ੍ਹ ਪ੍ਰਵਾਸੀ ਹੈ। ਇਸ ਪੁਸਤਕ ਵਿਚ 111 ਦੋਹੜੇ ਹਨ। ਜਦੋਂ ਕਿ 54 ਸਫ਼ਿਆਂ ਵਿਚ ਕਵੀ ਨੇ ਫਲਸਫ਼ਾ ਭਰਪੂਰ ਖ਼ੁਦ ਹੀ ਸੰਪਾਦਕੀ ਲਿਖੀ ਹੈ, ਜਿਸ ਵਿਚ ਉਸ ਨੇ ਆਪਣੀ ਕਾਵਿ-ਯਾਤਰਾ, ਜੀਵਨ ਯਾਤਰਾ ਅਤੇ ਕਾਵਿ-ਵਿਗਿਆਨ ਦੀ ਪਰਿਭਾਸ਼ਾ ਦਿੱਤੀ ਹੈ। ਕਵੀ ਬਾਰੇ ਇਹ ਤੱਥ ਰੌਸ਼ਨ ਹੋਇਆ ਹੈ ਕਿ ਦੇਸ਼ ਨਿਕਾਲਾ ਹਿੰਸਾ ਜਲਾਵਤਨੀ, ਕਾਲ ਅੰਤ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ। ਆਪਣੇ ਪ੍ਰਵਾਸ ਨੂੰ ਉਹ ਦੇਸ਼ ਨਿਕਾਲਾ ਕਹਿੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਅਤੇ ਦਿੱਲੀ ਦੀ ਸਿੱਖ ਕਤਲੋਗਾਰਤ ਦਾ ਉਸ ਉੱਤੇ ਗਹਿਰਾ ਪ੍ਰਭਾਵ ਹੈ। ਇਹ ਕਵਿਤਾਵਾਂ ਉਨ੍ਹਾਂ ਸੰਰਚਨਾਵਾਂ ਨੂੰ ਵੰਗਾਰਦੀਆਂ ਹਨ, ਜਿਹੜੀਆਂ ਹਿੰਸਾ ਨੂੰ ਆਮ ਵਰਤਾਰਾ ਬਣਾਉਂਦੀਆਂ ਹਨ ਅਤੇ ਜ਼ੁਲਮ ਅਤੇ ਕਹਿਰ ਨੂੰ ਗੌਣ ਅਵਸਥਾ ਵਿਚ ਪੇਸ਼ ਕਰਦੀਆਂ ਹਨ।
ਪ੍ਰਭਸ਼ਰਨਦੀਪ ਸਿੰਘ ਨੇ ਹਰ ਸਫ਼ੇ ਉੱਤੇ ਇਕ ਦੋਹੜਾ ਦਿੱਤਾ ਹੈ, ਇਸ ਤਰ੍ਹਾਂ 111 ਦੋਹੜੇ ਹਨ। ਹਾਸ਼ਮ ਦੇ ਦੋਹੜੇ ਮਸ਼ਹੂਰ ਹਨ ਅਤੇ ਸੁਲਤਾਨ ਬਾਹੂ ਨੇ ਵੀ ਦੋਹੜੇ ਲਿਖ ਕੇ ਪ੍ਰਸਿੱਧੀ ਪਾਈ। ਦੋਹੜੇ ਦਾ ਸਰੂਪ ਛੰਦ ਕੁਕਭ ਹੈ ਜੋ ਕਿ 7 ਫੇਲੁਨ+ਫੇ ਦਾ ਵਜਣੀ ਬਹਿਰ ਵੀ ਹੈ। ਪ੍ਰਭਸ਼ਰਨਦੀਪ ਦੇ ਕੁਝ ਦੋਹੜੇ ਪਾਠਕ ਵੀ ਵੇਖਣ:
-ਨਾਮੇ ਅੰਦਰ ਪੁਰਖ ਹੈ ਕਰਤਾ,
ਨਾਮ ਹੈ ਵਿਚ ਸਵਾਸਾਂ
ਰੋਮ ਰੋਮ ਵਿਚ ਨਾਮ ਰੁਮਕਦਾ,
ਬਿਰਹੋਂ ਭਿੰਨੀਆਂ ਆਸਾਂ
ਕੁਦਰਤ ਹੁਕਮ ਕੁਦਿ ਵਿਸਮਾਦੀ,
ਖੇੜੇ ਵਿਚ ਵਰਤੇਂਦੇ
ਕਰਤਾ ਅਮ੍ਰਿਤ ਸਰੀਂ ਬਿਠਾਲੇ
ਦੇ ਕੇ ਸੁਖਦ ਪਿਆਸਾਂ
-ਦੇਹ ਦੀਆਂ ਹੱਦਾਂ ਮਿਥ-ਮਿਥ ਜਾਬਰ,
ਮਨ ਦੀਆਂ ਜੂਹਾਂ ਟੋਂਹਦੇ।
ਪਿੰਜ ਪਿੰਜ, ਕੋਹ ਕੋਹ ਭੰਨ ਭੰਨ ਦੇਹੀ,
ਸਿਖਰ ਜਬਰ ਦੀ ਜੋਂਹਦੇ।
ਦੇਹ ਨਾ ਟੁੱਟੇ ਪਤ ਰੋਲਦੇ
ਕੁੜ ਕੁੜ ਅੱਗ ਵਰਾਵਣ।
ਜ਼ਾਲਿਮ ਹੋ ਮੁਰਦਾਰ ਕੂਕਦੇ,
ਜਿੱਤੇ ਮਨਾ ਨਾ ਪੋਂਹਦੇ।
-ਲੁਕ ਲੁਕ ਖੋਹਦੇ ਨਿੱਤ ਸਿਰਾਂ ਨੂੰ
ਜਿਨ੍ਹਾਂ ਲੋਥਾਂ ਢੋਈਆਂ।
ਸਿਵਿਆਂ ਦੇ ਵਿਚ ਢੋਲ ਧਮਕਦੇ
ਮੜ੍ਹੀਆਂ ਵੀ ਅੱਜ ਰੋਈਆਂ।
ਦੁੱਖ ਨਾ ਦੱਬਦੇ ਰੂਹ ਨਾ ਮਰਦੀ
ਆਖਰ ਨੂੰ ਕਿਹੁੰ ਚੜ੍ਹਨਾ,
ਪੁੱਤ ਛਬੀਲੇ ਝੜ ਝੜ ਤੁਰ ਗਏ
ਮਾਵਾਂ ਅਜੇ ਨਾ ਮੋਈਆਂ।
ਇਨ੍ਹਾਂ ਦੋਹੜਿਆਂ ਵਿਚ ਪਰਵਾਸ ਦਾ ਦਰਦ, ਦੇਸ਼ ਦੀ ਹੁੱਬ, ਸਿੱਖ ਕੌਮ ਨੂੰ ਮਿਲੇ ਜ਼ਖ਼ਮਾਂ ਦੀਆਂ ਟੀਸਾਂ, ਬੇਗਾਨਗੀ ਦਾ ਜਾਲ, ਸੁੱਤੇ ਮੋਏ ਸੁਪਨੇ, ਰੋਮ-ਰੋਮ ਦੀ ਪਿਆਸ, ਅੰਧ ਗੁਬਾਰ ਤੇ ਦਿੱਲੀ, ਧੁੰਆਂਖੀਆਂ ਰਗਾਂ ਦੁਮੇਲ ਵਿਚ ਦੱਬਿਆ ਸੂਰਜ, ਪਿੰਡੇ ਦੀਆਂ ਲਾਸ਼ਾਂ ਦਾ ਮਾਰਮਿਕ ਕਾਵਿ ਬਿਆਨ ਹੈ। ਬਹੁਤ ਸੰਜੀਦਗੀ ਅਤੇ ਦਰਦ ਵਿਚ ਗੜੁੱਚ ਇਹ ਦੋਹੜੇ ਆਪਣੀ ਹੀ ਵਿਲੱਖਣਤਾ ਦੇ ਜਲੌਅ ਵਿਚ ਹਨ।

-ਸੁਲੱਖਣ ਸਰਹੱਦੀ
ਮੋਬੀਲ : 94174-84337

c c c

 

ਸੁਪਨਿਆਂ ਦੀ ਦੌੜ
ਨਾਵਲਕਾਰ :
ਜਤਿੰਦਰ ਲਾਇਲਪੁਰੀਆ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 71
ਸੰਪਰਕ : 94640-43213

ਨੌਜਵਾਨ ਨਾਵਲਕਾਰ ਦਾ ਇਹ ਪਲੇਠਾ ਨਾਵਲ ਹੈ। ਉੱਤਮ ਪੁਰਖ ਸ਼ੈਲੀ ਨਾਲ ਲਿਖੇ ਇਸ ਨਾਵਲ ਦਾ ਸਿਰਲੇਖ ਹੀ ਇਸ ਨਾਵਲ ਦੇ ਵਿਸ਼ੇ ਨੂੰ ਸਪੱਸ਼ਟ ਸਿੱਧ ਕਰਦਾ ਹੈ। ਅਗਰ ਅਸੀਂ ਨਾਵਲ ਦੀਆਂ ਤਕਨੀਕੀ ਕਮੀਆਂ ਨੂੰ ਨਜ਼ਰ-ਅੰਦਾਜ਼ ਕਰ ਦਈਏ ਤਾਂ ਇਹ ਸੱਚ ਕਹਿਣਾ ਸਹੀ ਹੈ ਕਿ ਇਹ ਨਾਵਲ ਕਹਾਣੀ-ਰਸ ਨਾਲ ਭਰਪੂਰ ਹੈ। ਨਾਵਲ ਦਾ ਮੁੱਖ ਪਾਤਰ ਜੋ ਇਕ ਨੌਜਵਾਨ ਲੜਕਾ ਹੈ ਜਿਸ ਦੀਆਂ ਜਾਗਦੀਆਂ ਅੱਖਾਂ ਵਿਚ ਕੁਝ ਬਣਨ ਦੇ, ਤਰੱਕੀ ਕਰਨ ਦੇ ਸੁਪਨੇ ਹਨ। ਜਿਨ੍ਹਾਂ ਨੂੰ ਸੱਚ ਕਰਨ ਲਈ ਉਹ ਬੰਬੇ ਵਰਗੇ ਸ਼ਹਿਰ ਤੱਕ ਆਪਣਾ ਭਵਿੱਖ ਤਲਾਸ਼ਦਾ ਪਹੁੰਚਦਾ ਹੈ। ਸੰਘਰਸ਼ ਕਰਦਾ ਹੈ। ਉਥੇ ਪੁੱਜ ਕੇ ਉਸ ਨੇ ਆਪਣੀ ਚਿੱਤਰਕਾਰੀ ਦੀ ਕਲਾ ਪ੍ਰਤਿਭਾ ਨੂੰ ਚਮਕਾਇਆ। ਬੁਰਾਈ ਵੀ ਖੱਟੀ, ਭਲਾਈ ਵੀ ਖੱਟੀ। ਅੰਤ ਲੰਡਨ ਸ਼ਹਿਰ ਤੱਕ ਜਾਣ ਵਿਚ ਸਫਲਤਾ ਪ੍ਰਾਪਤ ਕੀਤੀ।
ਸੌਖੀ, ਸਾਦੀ ਅਤੇ ਸਰਲ ਭਾਸ਼ਾ ਦੀ ਵਰਦੋਂ ਦੁਆਰਾ ਨਾਵਲਕਾਰ ਜਤਿੰਦਰ ਲਾਇਲਪੁਰੀਆ ਨੇ ਕਹਾਣੀ ਨੂੰ ਬੇਹੱਦ ਰੌਚਕਤਾ ਨਾਲ ਪੇਸ਼ ਕੀਤਾ ਹੈ। ਅੰਗਰੇਜ਼ੀ ਦੇ ਨਾਵਲਕਾਰ ਵਾਲਟਰ ਸਕਾਟ ਦੇ ਕਹਿਣ ਮੁਤਾਬਿਕ 'ਨਾਵਲ ਇਕ ਰੋਜ਼ਨਾਮਚਾ ਹੈ, ਜਿਸ ਵਿਚ ਸਾਡੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਹੋਵੇ।' ਸੋ ਇਸ ਪਰਿਭਾਸ਼ਾ ਮੁਤਾਬਿਕ ਨਾਵਲਕਾਰ ਨੇ ਸਫਲਤਾ ਪੂਰਵਕ ਨਾਵਲ ਨੂੰ ਨੇਪਰੇ ਚੜ੍ਹਾਇਆ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਭਰੂਣ ਦੀ ਪੁਕਾਰ
ਲੇਖਕ : ਦਰਸ਼ਨ ਸਿੰਘ ਢੋਲਣ
ਪ੍ਰਕਾਸ਼ਨ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ 96
ਸੰਪਰਕ : 97813-51613

ਭਰੂਣ ਦੀ ਪੁਕਾਰ ਪੁਸਤਕ ਦਰਸ਼ਨ ਸਿੰਘ ਢੋਲਣ ਦੀ ਪੁਸਤਕ ਹੈ। ਇਸ ਪੁਸਤਕ ਵਿਚ ਕਵੀ ਨੇ ਸਮਾਜਿਕ ਬੁਰਾਈ ਬਣ ਚੁੱਕੀ ਸਮੱਸਿਆ ਭਰੂਣ ਹੱਤਿਆ ਬਾਰੇ ਕਾਵਿ ਰਚਨਾਵਾਂ ਕੀਤੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਮਾਜਿਕ ਵਿਸ਼ੇ ਇਸ ਪੁਸਤਕ ਵਿਚ ਸ਼ਾਮਿਲ ਹਨ। ਕਵੀ ਨੇ ਕੋਰੋਨਾ ਕਾਲ ਦੇ ਸਮੇਂ ਜੋ ਮੁਸ਼ਕਿਲਾਂ ਵੇਖੀਆਂ ਹਨ, ਉਨ੍ਹਾਂ ਦਾ ਵੀ ਪ੍ਰਗਟਾਵਾ ਹੈ।
ਕਵੀ ਨੇ ਪੰਜਾਬ ਦੀ ਸਿਫ਼ਤ ਕਰਦਿਆਂ ਇਤਿਹਾਸਕ ਪਰਿਪੇਖ ਵੀ ਵੇਖਿਆ ਹੈ। ਭਰੂਣ ਦੀ ਆਵਾਜ਼ ਰਾਹੀਂ ਕਵੀ ਨੇ ਗਰਭ ਵਿਚ ਪਲ ਰਹੀ ਧੀ ਦੀ ਵੇਦਨਾ ਪ੍ਰਗਟ ਕੀਤੀ ਹੈ।
ਮਾਏ 'ਨੀ! ਮੈਨੂੰ ਜੱਗ ਦੇਖਣ ਤੋਂ
ਹਾੜੇ ਹਾਏ ਹਾਏ ਰੋਕੀਂ ਨਾ
ਇਹ ਮਾਣਸ ਦੇਹੀ ਮਸਾਂ
ਮਿਲੀ ਏ ਮੁੜਕੇ ਨਰਕ 'ਚ ਝੋਕੀਂ ਨਾ
ਪੰਜਾਬੀ ਮਾਂ ਬੋਲੀ ਪ੍ਰਤੀ ਵੀ ਕਵੀ ਨੇ ਆਪਣੇ ਸ਼ਰਧਾ ਅਤੇ ਸਤਿਕਾਰ ਦੇ ਭਾਵ ਪ੍ਰਗਟ ਕੀਤਾ ਹੈ।
ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ ਨੂੰ ਤੇਰੇ ਉੱਤੇ ਮਾਣ ਸੀ
ਬਾਹੂ ਸੁਲਤਾਨ, ਮੁਕਬਲ, ਪੀਲੂ ਦੀ ਜ਼ਬਾਨ ਸੀ
ਤੂੰਹੀਓਂ ਗੁਰਬਾਣੀ ਬਣ ਰੱਬ ਰਾਹੇ ਪਾਨੀ ਏ।
ਕਵੀ ਨੇ ਪ੍ਰਦੂਸ਼ਣ ਪ੍ਰਤੀ ਆਮ ਲੋਕਾਈ ਨੂੰ ਸੁਚੇਤ ਕਰਦਿਆਂ ਹਵਾ, ਪਾਣੀ ਅਤੇ ਧਰਤੀ ਦੀ ਦੇਖ-ਰੇਖ ਲਈ ਸੰਬੋਧਨ ਕੀਤਾ ਹੈ। ਨਸ਼ਿਆਂ ਪ੍ਰਤੀ ਵੀ ਕਵੀ ਨੇ ਆਮ ਲੋਕਾਈ ਨੂੰ ਸੰਬੋਧਨ ਕੀਤਾ ਤੇ ਸੁਚੇਤ ਕੀਤਾ ਹੈ। ਭਾਰਤੀ ਸੈਨਾ ਦੁਆਰਾ ਦੇਸ਼ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਹੈ। ਸੱਭਿਆਚਾਰਕ ਤਬਦੀਲੀਆਂ ਨਾਲ ਬਦਲੇ ਸਮਾਜਿਕ ਪਰਿਪੇਖ ਤੋਂ ਵੀ ਕਵੀ ਵਾਕਿਫ਼ ਹੈ ਤੇ ਪਾਠਕਾਂ ਨੂੰ ਵਾਕਫ਼ ਕਰਵਾਉਂਦਾ ਹੈ। ਕਵੀ ਨੇ ਨਾਰੀ ਸ਼ਕਤੀ ਨੂੰ ਹੋਰ ਪ੍ਰਚਾਰਨ ਅਤੇ ਪ੍ਰਸਾਰਨ ਲਈ 'ਮਲਾਲਾ ਯੂਸਫ਼ਜ਼ਈ' ਬਾਰੇ ਬਹੁਤ ਭਾਵਪੂਰਤ ਕਵਿਤਾ ਲਿਖੀ ਹੈ। ਕਵੀ ਨੇ ਬਦਲਦੇ ਜ਼ਮਾਨੇ ਨਾਲ ਬਦਲ ਰਹੇ ਨੈਤਿਕ ਮੁੱਲਾਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ। ਕਵੀ ਖ਼ੁਦ ਲੰਮਾ ਸਮਾਂ ਫ਼ੌਜ ਵਿਚ ਰਿਹਾ ਹੋਣ ਕਾਰਨ ਦੇਸ਼-ਸੇਵਾ ਦੇ ਅਨੁਭਵਾਂ ਤੋਂ ਬਾਖ਼ੂਬੀ ਵਾਕਫ਼ ਹੈ। ਕਵੀ ਨੇ ਆਪਣੇ ਵਿਸ਼ਿਆਂ ਦੀ ਚੋਣ ਸਮਾਜਿਕ ਚੁਣੌਤੀਆਂ ਦੇ ਅਨੁਸਾਰ ਕੀਤੀ ਹੈ। ਉਸ ਨੇ ਲੋਕ ਭਾਸ਼ਾ ਰਾਹੀਂ ਆਮ ਲੋਕਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਕੀਤਾ ਹੈ। ਉਸ ਨੇ ਰਿਸ਼ਤਿਆਂ ਨਾਲ ਸੰਬੰਧਿਤ ਭਾਵ ਵੀ ਬਿਆਨ ਕੀਤੇ ਹਨ, ਜਿਵੇਂ 'ਮਾਂ ਨੂੰ ਸਦਾ ਪ੍ਰਣਾਮ' ਰਚਨਾ ਵੇਖੀ ਜਾ ਸਕਦੀ ਹੈ।
ਸਮੁੱਚੇ ਤੌਰ 'ਤੇ ਇਹ ਪੁਸਤਕ ਲੋਕ ਭਾਸ਼ਾ ਵਿਚ ਲਿਖੀ ਲੋਕ ਮਸਲਿਆਂ ਨੂੰ ਪੇਸ਼ ਕਰਦੀ ਹੈ, 'ਬਿਰਧ ਆਸ਼ਰਮ, ਕੋਰੋਨਾ, ਨਕਲੀ ਵਿਆਹ ਦੀ ਸੌਦੇਬਾਜ਼ੀ, ਅਧੂਰਾ ਜੋਬਨ, ਯਾਦਾਂ ਪਿਆਰ ਦੀਆਂ, ਬੀਤੇ ਸਮੇਂ ਦੀ ਦਾਸਤਾਂ, ਵਾਅਦੇ ਭੁੱਲੀ ਸਰਕਾਰ, ਗ਼ਜ਼ਲ, ਪੰਜਾਬੀ ਬੋਲਣ ਵਾਲੇ, ਨਸ਼ੇ ਦੀ ਦੂਹਰੀ ਮਾਰ ਆਦਿ ਕਵਿਤਾਵਾਂ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ। 'ਜ਼ਮਾਨੇ ਦੀ ਉਥਲ ਪੁਥਲ' ਕਵਿਤਾ ਰਿਸ਼ਤਿਆਂ ਵਿਚ ਆਏ ਨਿਘਾਰ ਅਤੇ ਸਮਾਜਿਕ ਪਰਿਵਰਤਨ ਉੱਪਰ ਵੱਡਾ ਵਿਅੰਗ ਪ੍ਰਗਟ ਕਰਦੀ ਹੈ :
ਤਾਈ ਚਾਚੀਆਂ ਤੇ ਭੂਆ ਮਾਮੀਆਂ ਤੇ ਮਾਸੀਆਂ
ਆਂਟੀਆਂ ਤੇ ਅੰਕਲਾਂ ਨੇ ਕਰ ਦਿੱਤੀਆਂ ਬਾਸੀਆਂ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।

08-01-2023

 ਮਨਮਤੀਆਂ
ਕਹਾਣੀਕਾਰ : ਸੁਖਵੰਤ ਕੌਰ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 795 ਰੁਪਏ, ਸਫ਼ੇ : 800
ਸੰਪਰਕ : 95011-45039


ਇਸ ਕਹਾਣੀ-ਸੰਗ੍ਰਹਿ ਵਿਚ ਲੇਖਿਕਾ ਦੀਆਂ ਸਾਰੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਉਸ ਦੇ 11 ਕਹਾਣੀ-ਸੰਗ੍ਰਹਿ ਭੱਖੜੇ ਦੇ ਫੁੱਲ, ਤਰੇੜ, ਇਸ ਦੇ ਬਾਵਜੂਦ, ਮੋਹ-ਮਿੱਟੀ, ਜਜ਼ੀਰੇ, ਪੈਰਾਂ ਹੇਠਲੇ ਅੰਗਿਆਰ, ਉਹ ਨਹੀਂ ਆਉਣਗੇ, ਚਾਦਰ ਹੇਠਲਾ ਬੰਦਾ, ਮੱਕੜੀਆਂ, ਮਹਿਰੂਮੀਆਂ ਅਤੇ ਰੁੱਤ-ਰਾਗ ਇਸ ਪੁਸਤਕ ਵਿਚ ਇਕ ਥਾਂ ਪਰੋਸੇ ਗਏ ਹਨ। ਕਹਾਣੀਕਾਰਾ ਨੇ ਇਹ ਪੁਸਤਕ ਉਸ ਪਹਿਲੇ ਅਹਿਸਾਸ ਦੇ ਨਾਂਅ ਸਮਰਪਿਤ ਕੀਤੀ ਹੈ, ਜੋ ਉਸ ਨੇ ਆਪਣੀ ਪਹਿਲੀ ਕਹਾਣੀ ਰਚਣ ਉਪਰੰਤ ਮਹਿਸੂਸ ਕੀਤਾ ਸੀ। ਇਹ ਕਹਾਣੀਆਂ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਉੱਪਰ ਡੁੱਲ੍ਹੇ ਵੱਖੋ-ਵੱਖਰੇ ਰੰਗਾਂ ਵਾਂਗ ਹਨ। ਸਮੁੱਚੇ ਤੌਰ 'ਤੇ ਇਹ ਮਨੁੱਖਤਾ ਦੇ ਦਰਦ ਦੀ ਗਾਥਾ ਪੇਸ਼ ਕਰਦੀਆਂ ਹਨ। ਇਕ ਆਮ ਮਨੁੱਖ ਦੀਆਂ ਮੰਗਾਂ, ਇੱਛਾਵਾਂ, ਸਧਰਾਂ, ਭਾਵਨਾਵਾਂ, ਗ਼ਰਜ਼ਾਂ, ਲੋੜਾਂ, ਥੁੜ੍ਹਾਂ ਅਤੇ ਦੁੱਖਾਂ-ਸੁੱਖਾਂ ਦੀ ਬਾਤ ਪਾਈ ਗਈ ਹੈ। ਸਾਰੀਆਂ ਕਹਾਣੀਆਂ ਦੇ ਪਾਤਰ ਸਮਾਜ ਵਿਚ ਮਿਲ ਜਾਂਦੇ ਹਨ। ਇਹ ਪਾਤਰ ਸਮੁੱਚੇ ਪੰਜਾਬ ਦੀ ਕਿਸਾਨੀ ਦੀ ਤਰਜ਼ਮਾਨੀ ਕਰਦੇ ਹਨ। ਕਹਾਣੀਆਂ ਵਿਚ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਢਾਂਚੇ ਨੂੰ ਪੇਸ਼ ਕੀਤਾ ਗਿਆ ਹੈ। ਸ਼ਹਿਰੀ ਜੀਵਨ ਵਿਚ ਆ ਚੁੱਕੇ ਨਿਘਾਰ, ਵਰਜਿਤ ਰਿਸ਼ਤੇ, ਪੂੰਜੀਵਾਦ ਅਤੇ ਕਦਰਾਂ-ਕੀਮਤਾਂ ਦੇ ਘਾਣ ਨੇ ਬੇਚੈਨੀ, ਨਿਰਾਸ਼ਾ, ਤਣਾਅ ਅਤੇ ਨਿਘਾਰ ਪੈਦਾ ਕਰ ਦਿੱਤਾ ਹੈ। ਪੇਂਡੂ ਮਾਨਸਿਕਤਾ ਦੀ ਵੀ ਸਫਲ ਪੇਸ਼ਕਾਰੀ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਵਿਚ 1947 ਦੀ ਤ੍ਰਾਸਦੀ, ਅਰਾਜਕਤਾ, ਡਰ, ਸਹਿਮ, ਨਕਸਲੀ ਅਤੇ ਖਾਲਿਸਤਾਨੀ ਲਹਿਰਾਂ ਦਾ ਵੀ ਵਰਣਨ ਹੈ। ਇਨ੍ਹਾਂ ਕਹਾਣੀਆਂ ਦੀ ਖ਼ੂਬਸੂਰਤੀ ਇਹ ਹੈ ਕਿ ਮਾੜੇ ਤੋਂ ਮਾੜੇ ਹਾਲਾਤਾਂ ਵਿਚ ਵੀ ਪਾਤਰਾਂ ਦੀ ਅੰਦਰਲੀ ਚਿਣਗ ਬੁਝਦੀ ਨਹੀਂ। ਮਾਯੂਸੀ ਵਿਚੋਂ ਵੀ ਉਹ ਜ਼ਿੰਦਗੀ ਦੀ ਕਿਰਨ ਅਤੇ ਖੁਸ਼ੀ ਲੱਭ ਲੈਂਦੇ ਹਨ। ਸਮੁੱਚੇ ਪਾਤਰ ਆਪਣੀ 'ਮੈਂ' ਤੋਂ ਉੱਚਾ ਉੱਠ ਕੇ 'ਪਰ' ਦੇ ਰਿਸ਼ਤੇ ਨਾਲ ਜੁੜ ਜਾਂਦੇ ਹਨ। ਚੜ੍ਹਦੀ ਕਲਾ, ਪੰਜਾਬ ਦੀ ਮਾਨਸਿਕਤਾ ਵਿਚ ਸਮਾਈ ਹੋਈ ਹੈ। ਇਨਸਾਨੀਅਤ ਦੇ ਦਰਦ ਨੂੰ ਮਹਿਸੂਸ ਕਰਕੇ, ਉਸ ਦੀ ਵੇਦਨਾ ਨੂੰ ਆਪਣੇ ਅਨੁਭਵ ਵਿਚ ਪਰੋ ਕੇ ਲੇਖਿਕਾ ਨੇ ਸੁੰਦਰ ਕਹਾਣੀਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚੋਂ ਭਾਵੇਂ ਦਰਦ ਝਲਕਦਾ ਹੈ ਪਰ ਜ਼ਿੰਦਗੀ ਦੀ ਲੜੀ ਆਸ ਨਹੀਂ ਟੁੱਟਣ ਦਿੰਦੀ। ਇਸ ਕਹਾਣੀ ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਕਹਾਣੀ ਨੂੰ ਸਮਰਪਿਤ ਕਹਾਣੀਕਾਰ- ਡਾ. ਜੋਗਿੰਦਰ ਸਿੰਘ ਨਿਰਾਲਾ
ਸੰਪਾਦਕ : ਡਾ. ਵੀਰਪਾਲ ਕੌਰ 'ਕਮਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 142
ਸੰਪਰਕ : 85690-01590


ਡਾ. ਜੋਗਿੰਦਰ ਸਿੰਘ ਨਿਰਾਲਾ ਪੰਜਾਬੀ ਕਹਾਣੀ ਦਾ ਸਮਰਥ ਹਸਤਾਖਰ ਹੈ। ਡਾ. ਨਿਰਾਲਾ ਦੀ ਸਾਰੀ ਜ਼ਿੰਦਗੀ ਕਹਾਣੀ ਲੇਖਣ ਤੇ ਅਧਿਆਪਨ ਵਿਚ ਲੰਘੀ ਹੈ। ਸੇਵਾਮੁਕਤੀ ਪਿਛੋਂ ਵੀ ਡਾ. ਨਿਰਾਲਾ ਪੰਜਾਬੀ ਮੈਗਜ਼ੀਨ ਦੇ ਸੰਪਾਦਕ ਹਨ। ਡਾ. ਨਿਰਾਲਾ ਦਾ ਪਹਿਲਾ ਕਹਾਣੀ ਸੰਗ੍ਰਹਿ 'ਪਰਸਥਿਤੀਆਂ' 1968 ਵਿਚ ਛਪਿਆ ਸੀ। ਇਸ ਸੰਗ੍ਰਹਿ ਪਿਛੋਂ ਡਾ. ਨਿਰਾਲਾ ਦੇ ਕਹਾਣੀ-ਸੰਗ੍ਰਹਿ ਸੰਤਾਪ, ਰੱਜੇ ਪੁੱਜੇ ਲੋਕ, ਉਤਰ ਕਥਾ, ਚੋਣਵੀਆਂ ਕਹਾਣੀਆਂ, ਸ਼ੁਤਰਮੁਰਗ ਦੀ ਵਾਪਸੀ, ਜ਼ਿੰਦਗੀ ਦਾ ਦਰਿਆ, (2013) ਛਪ ਚੁਕੇ ਹਨ। ਇਸ ਤੋਂ ਇਲਵਾ ਡਾ. ਨਿਰਾਲਾ ਨੇ ਕਹਾਣੀ ਆਲੋਚਨਾ ਦੀਆਂ ਕੁਝ ਕਿਤਾਬਾਂ ਪੰਜਾਬੀ ਕਹਾਣੀ 'ਚ ਤਣਾਅ, ਕਹਾਣੀ ਦੀ ਰੂਪ-ਰੇਖਾ ਤੇ ਹਿੰਦੀ ਪੁਸਤਕਾਂ 'ਬਿਖਰ ਰਿਹਾ ਮਾਨਵ', 'ਜਨਮਾਂਤਰ' ਛਪੀਆਂ ਹਨ। ਡਾ. ਨਿਰਾਲਾ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਜੰਮੂ ਕਸ਼ਮੀਰ ਦੇ ਐਜੂਕੇਸ਼ਨ ਕਾਲਜ ਵਿਚ ਪ੍ਰਿੰਸੀਪਲ ਦੀ ਸੇਵਾ ਨਿਭਾਈ ਹੈ। ਵੱਖ-ਵੱਖ ਅਦਾਰਿਆਂ ਤੋਂ ਪ੍ਰਾਪਤ ਸਨਮਾਨਾਂ ਸਹਿਤ ਡਾ. ਨਿਰਾਲਾ ਪੰਜਾਬੀ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਵੀ ਹਨ। ਇਸ ਪੁਸਤਕ ਦੀ ਸੰਪਾਦਕ ਨੇ 20 ਨਾਮਵਰ ਆਲੋਚਕਾਂ ਦੀ ਕਲਮ ਤੋਂ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਕਹਾਣੀ ਦੇ ਵਿਭਿੰਨ ਪੱਖਾਂ ਨੂੰ ਰੌਸ਼ਨ ਕਰਦੇ ਪੇਪਰ ਛਾਪੇ ਹਨ। ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਜੋਗਿੰਦਰ ਸਿੰਘ ਨਿਰਾਲਾ ਦੇ ਕਹਾਣੀ ਸੰਸਾਰ ਦੀ ਚਰਚਾ ਕੀਤੀ ਹੈ। ਡਾ. ਨਿਰਾਲਾ ਦੀ ਕਹਾਣੀ ਦੇ ਪ੍ਰਤੀਨਿਧ ਲੱਛਣਾਂ ਦੀ ਨਿਸ਼ਾਨਦੇਹੀ ਕੀਤੀ ਹੈ। ਕਹਾਣੀ ਦੀਆਂ ਸਥਿਤੀਆਂ ਦੀ ਵਿਸ਼ੇਸ਼ਤਾ ਉੱਪਰ ਵਧੇਰੇ ਜ਼ੋਰ ਦਿੱਤਾ ਹੈ। ਕਹਾਣੀਆਂ ਦੇ ਪਾਤਰਾਂ ਦੇ ਕਿਰਦਾਰ ਨੂੰ ਧੁਰ ਅੰਦਰ ਤੱਕ ਉਭਾਰਿਆ ਹੈ। ਪ੍ਰੋ. ਸੁਖਦੀਪ ਕੌਰ ਨੇ ਕਹਾਣੀਆਂ ਦਾ ਸੁਹਜਮਈ ਅਧਿਐਨ ਕੀਤਾ ਹੈ। ਚਰਚਿਤ ਕਹਾਣੀ 'ਸੁਰਭੀ' ਦੀ ਬਹੁਪੱਖੀ ਆਲੋਚਨਾ ਕੀਤੀ ਹੈ। ਕਹਾਣੀ ਕਰੇਲੇ ਦੇ ਬਹੁਪੱਖੀ ਅਧਿਐਨ, ਪੰਜਾਬ ਵਿਚ ਆ ਰਹੇ ਪਰਵਾਸੀ ਮਜ਼ਦੂਰ, ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ, ਦੀ ਚਰਚਾ ਕੀਤੀ ਹੈ। ਡਾ. ਸਤਿੰਦਰ ਜੀਤ ਕੌਰ ਬੁੱਟਰ, ਡਾ. ਟੀ. ਆਰ. ਵਿਨੋਦ, ਡਾ. ਨਵਜੋਤ ਕੌਰ, ਪ੍ਰੋ. ਬਿੰਦਰ ਪਾਲ ਕੌਰ, ਤੇਜਾ ਸਿੰਘ ਤਿਲਕ, ਜਗਤਾਰ ਸ਼ੇਰਗਿਲ, ਗੁਰਨੈਬ ਸਿੰਘ ਮੰਘਾਣੀਆ, ਮਮਤਾ ਸੇਤੀਆ ਸੇਖਾ, ਡਾ. ਰੁਪਿੰਦਰ ਕੌਰ, ਤੇਜਿੰਦਰ ਚੰਡਹੋਕ, ਡਾ. ਰਘਬੀਰ ਸਿੰਘ (ਚੰਡੀਗੜ੍ਹ) ਸੰਪਾਦਕ ਦੇ ਦੋ ਲੇਖ ਹਨ। ਪਰਚਿਆਂ ਵਿਚ ਡਾ. ਨਿਰਾਲਾ ਦੇ ਕਹਾਣੀ ਸੰਗ੍ਰਹਿ ਜਾਂ ਕੁਝ ਚਰਚਿਤ ਕਹਾਣੀਆਂ (ਸੁਰਭੀ, ਸ਼ੁਤਰਮੁਰਗ, ਰੱਜੇ ਪੁੱਜੇ ਲੋਕ, ਤੂੰ ਕੇਹਾ ਸਿੱਖ ਏਂ, ਤੇਰਾ ਸਭ ਮਨਜ਼ੂਰ , ਖੁਰ ਰਿਹਾ ਆਦਮੀ), ਕਹਾਣੀਆਂ ਦੀ ਪੜਚੋਲ ਕੀਤੀ ਹੈ। ਉੱਘੇ ਆਲੋਚਕ ਡਾ. ਤੇਜਵੰਤ ਮਾਨ, ਅਮਨਦੀਪ ਦਰਦੀ, ਡਾ. ਸੰਦੀਪ ਸਿੰਘ ਮੁੰਡੇ ਤੇ ਸੰਪਾਦਕ ਵਲੋਂ ਕਹਾਣੀਆਂ ਵਿਚਲੇ ਮਾਨਸਿਕ ਤਣਾਅ ਨੂੰ ਵਿਸ਼ਾ ਬਣਾਇਆ ਹੈ। ਸਾਰੇ ਵਿਦਵਾਨਾਂ ਦੇ ਸਿਰਨਾਵੇਂ ਹਨ। ਸੰਪਾਦਤ ਪੁਸਤਕ ਦਾ ਕਹਾਣੀ ਜਗਤ ਵਿਚ ਸਵਾਗਤ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਸਾਹਿਤ ਦਾ ਤਪੀਆ :
ਦੇਵਿੰਦਰ ਸਤਿਆਰਥੀ

ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 080763-63058


ਗੁਰਬਚਨ ਸਿੰਘ ਭੁੱਲਰ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਮੂਲ ਤੌਰ 'ਤੇ ਉਹ ਇਕ ਗਲਪਕਾਰ ਅਤੇ ਪੱਤਰਕਾਰ ਹੈ। ਉਹਦੀਆਂ ਕਿਤਾਬਾਂ ਵਿਚ ਲੇਖ, ਸ਼ਬਦ-ਚਿੱਤਰ, ਇਨਕਲਾਬੀ ਲੇਖ, ਕਾਵਿ-ਸੰਗ੍ਰਹਿ, ਵਿਚਾਰ-ਚਰਚਾ, ਸੰਵਾਦ, ਵਿਅਕਤੀ-ਚਿੱਤਰ, ਪਾਠਕੀ ਪੜ੍ਹਤ, ਨਾਵਲ, ਕਹਾਣੀ ਸੰਗ੍ਰਹਿ, ਯਾਤਰਾ ਅਨੁਭਵ, ਸਾਹਿਤਕ ਪੱਤਰਕਾਰੀ, ਸ਼ਬਦ ਕੋਸ਼, ਸੰਪਾਦਨ ਆਦਿ ਕਾਫੀ ਕੁਝ ਸ਼ਾਮਿਲ ਹੈ। ਵਿਚਾਰਧੀਨ ਪੁਸਤਕ ਲੋਕਗੀਤ ਯਾਤਰੀ ਦੇਵਿੰਦਰ ਸਤਿਆਰਥੀ ਬਾਰੇ ਹੈ, ਜੋ ਇਕੋ ਸਮੇਂ ਚਾਰ ਭਾਸ਼ਾਵਾਂ ਵਿਚ ਲਿਖ ਸਕਦਾ ਸੀ।
ਪੁਸਤਕ ਵਿਚ ਮੁੱਖ ਸ਼ਬਦ ਅਤੇ ਅੰਤਿਕਾ (ਧੀ ਅਲਕਾ ਸਤਿਆਰਥੀ ਸੋਈ ਦੀਆਂ ਤਿੰਨ ਕਵਿਤਾਵਾਂ) ਤੋਂ ਇਲਾਵਾ 21 ਲਿਖਤਾਂ ਹਨ, ਜੋ ਸਤਿਆਰਥੀ ਦੀ ਸ਼ਖ਼ਸੀਅਤ ਦੇ ਵਿਭਿੰਨ ਪਹਿਲੂਆਂ ਨਾਲ ਵਾਬਸਤਾ ਹਨ। ਪੁਸਤਕ ਵਿਚ ਸਤਿਆਰਥੀ ਬਾਰੇ ਕਈ ਟੋਟਕੇ ਤੇ ਲਤੀਫ਼ੇ ਵੀ ਹਨ। ਉਹ ਅਜਿਹਾ ਮਹਾਯਾਤਰੀ ਸੀ ਕਿ ਵੱਡੀ ਬੇਟੀ ਕਵਿਤਾ ਦਾ ਜਨਮ ਵੀ ਯਾਤਰਾ ਦੌਰਾਨ ਹੋਇਆ। ਮਾਂ (ਬੇਬੇ/ਲੋਕਮਾਤਾ) ਨੇ ਇਕੱਲਿਆਂ ਧੀ ਦੀ ਪਾਲਣਾ ਕੀਤੀ। ਉਦੋਂ ਸਤਿਆਰਥੀ ਬਰਮਾ ਵਿਚ ਸੀ। ਉਹਨੇ 'ਆਜਕਲ' ਪੱਤ੍ਰਿਕਾ ਦੀ ਸੰਪਾਦਕੀ ਵੀ ਕੀਤੀ ਪਰ ਅਧਿਕਾਰੀਆਂ ਨਾਲ ਮੱਤਭੇਦ ਹੋਣ ਕਰਕੇ 8 ਸਾਲਾਂ ਪਿੱਛੋਂ ਨੌਕਰੀ ਛੱਡਣੀ ਪਈ। ਲੋਕਮਾਤਾ ਨੇ ਸਿਲਾਈ ਮਸ਼ੀਨ 'ਤੇ ਲੋਕਾਂ ਦੇ ਕੱਪੜੇ ਸਿਉਂ ਕੇ ਪਰਿਵਾਰ ਦੀ ਪਾਲਣਾ ਕੀਤੀ ਤੇ ਸਤਿਆਰਥੀ ਨੂੰ ਯਾਤਰਾ ਲਈ ਕਿਰਾਇਆ ਵੀ ਦਿੱਤਾ। ਵੱਡੀ ਧੀ ਕਵਿਤਾ ਦੀ ਮੌਤ ਸਮੇਂ ਵੀ ਸਤਿਆਰਥੀ ਘਰ ਨਹੀਂ ਸੀ। ਉਸ ਦੀਆਂ ਦੋ ਜਿਊਂਦੀਆਂ ਧੀਆਂ-ਅਲਕਾ ਅਤੇ ਪਾਰੁਲ ਨੇ ਭਾਵੇਂ ਤੰਗਹਾਲੀ ਵਿਚ ਜ਼ਿੰਦਗੀ ਬਿਤਾਈ ਪਰ ਮਾਂ ਨੇ ਕਿਵੇਂ ਨਾ ਕਿਵੇਂ ਉਨ੍ਹਾਂ ਦੇ ਵਿਆਹ ਕੀਤੇ ਤੇ ਹੁਣ ਦੋਵੇਂ ਪਿਤਾ 'ਤੇ ਮਾਣ ਕਰਦੀਆਂ ਹਨ। ਆਪਣੇ ਜੀਵਨ ਦੇ ਅੰਤ ਵਿਚ ਵੀ ਇਹ ਅਨੰਤ ਯਾਤਰੀ ਆਰਾਮ ਕੁਰਸੀ 'ਤੇ ਬੈਠਾ, ਸੌਂਦਾ, ਜਾਗਦਾ, ਲਿਖਦਾ ਰਿਹਾ ਤੇ ਯਾਦਾਸ਼ਤ ਮੁੱਕਣ 'ਤੇ ਇਕ ਕਿਤਾਬ ਉੱਤੇ ਆਪਣਾ ਨਾਂਅ ਲਿਖਿਆ - 'ਮੇਰਾ ਨਾਂਅ ਲੋਕਗੀਤ'। ਫੁਟਪਾਥ ਤੋਂ ਪੁਰਾਣੀਆਂ ਕਿਤਾਬਾਂ, ਪੱਤ੍ਰਿਕਾਵਾਂ ਖਰੀਦਣ ਦੇ ਸ਼ੌਕੀਨ ਇਸ ਲੇਖਕ ਨੇ ਇਨ੍ਹਾਂ ਕੰਮਾਂ ਲਈ ਪੈਸੇ ਪਤਨੀ ਤੋਂ ਹੀ ਲਏ।
ਸਤਿਆਰਥੀ ਨੇ ਲੋਕ ਗੀਤ ਸੰਗ੍ਰਹਿਤ ਕਰਨ ਦਾ ਸਫ਼ਰ 1927 ਵਿਚ ਸ਼ੁਰੂ ਕੀਤਾ ਸੀ ਤੇ ਇਹ ਕਰੀਬ ਪੌਣੀ ਸਦੀ ਚਲਦਾ ਰਿਹਾ। ਸਰੀਰਕ ਸਮਰੱਥਾ ਮੁੱਕਣ 'ਤੇ 2002 ਵਿਚ ਉਹਨੇ ਯਾਤਰਾਵਾਂ ਛੱਡ ਦਿੱਤੀਆਂ। ਭਦੌੜ ਦਾ ਜੰਮਿਆ (28 ਮਈ, 1908) ਸਤਿਆਰਥੀ 12 ਫਰਵਰੀ, 2003 ਵਿਚ ਦਿੱਲੀ ਵਿਖੇ ਪੂਰਾ ਹੋਇਆ। ਭੁੱਲਰ ਕਿਉਂਕਿ ਲੰਮਾ ਸਮਾਂ ਉਹਦੇ/ਪਰਿਵਾਰ ਦੇ ਸਾਥ ਦਾ ਨਿੱਘ ਮਾਣਦਾ ਰਿਹਾ, ਇਸ ਲਈ ਇਹ ਕਿਤਾਬ ਸਤਿਆਰਥੀ ਦੀ ਜ਼ਿੰਦਗੀ ਤੇ ਸ਼ਖ਼ਸੀਅਤ ਬਾਰੇ ਨਿਵੇਕਲੇ ਢੰਗ ਨਾਲ ਲਿਖੀ ਗਈ ਹੈ। ਅਸਲ ਵਿਚ ਭੁੱਲਰ ਨੇ ਸਤਿਆਰਥੀ ਪ੍ਰਤੀ ਆਦਰ ਅਤੇ ਸ਼ਰਧਾਂਜਲੀ ਵਜੋਂ ਹੀ ਇਸ ਕਿਤਾਬ ਦੀ ਰਚਨਾ ਕੀਤੀ ਹੈ। ਪੁਸਤਕ ਵਿਚ ਸਤਿਆਰਥੀ ਦੀ ਇਕ ਕਹਾਣੀ 'ਦੇਵਤਾ ਡਿੱਗ ਪਿਆ' ਵੀ ਸ਼ਾਮਿਲ ਕੀਤੀ ਗਈ ਹੈ ਤੇ ਇਸ ਦੀ ਪਾਠਕੀ ਪੜ੍ਹਤ ਵੀ। ਭੁੱਲਰ ਦੀ ਵਾਰਤਕ ਵਿਚ ਕਹਾਣੀ ਵਰਗਾ ਸੁਆਦ ਹੈ। ਉਹਨੇ ਆਪਣੀ ਨਿਰਉਚੇਚ ਤੇ ਸਹਿਜ ਭਾਸ਼ਾ ਵਿਚ ਜੋ ਲਿਖਿਆ ਹੈ, ਉਸ ਨੂੰ ਪੜ੍ਹ ਕੇ ਵਧੇਰੇ ਅਨੰਦ ਆਵੇਗਾ, ਅਜਿਹਾ ਮੇਰਾ ਵਿਸ਼ਵਾਸ ਹੈ!


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.


ਪੰਛੀ ਮਾਰ ਉਡਾਰੀ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98150-02302


'ਪੰਛੀ ਮਾਰ ਉਡਾਰੀ' ਉੱਘੇ ਸਾਹਿਤਕਾਰ ਨਵਰਾਹੀ ਘੁਗਿਆਣਵੀ ਦਾ ਛੇਵਾਂ ਬਾਲ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਬੱਚਿਆਂ ਲਈ ਬਾਲ ਕਾਵਿ ਪੁਸਤਕਾਂ 'ਲਗ਼ਰਾਂ', 'ਮਹਿਤਾਬਨਾਮਾ', 'ਸੀਰਤਨਾਮਾ', 'ਗਨੇਰੀਆਂ', 'ਨਿਮੋਲੀਆਂ', 'ਮਾਸੂਮ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੇ ਸੰਗ੍ਰਹਿ 'ਚ ਉਸ ਦੀਆਂ 42 ਬਾਲ ਕਾਵਿ ਰਚਨਾਵਾਂ ਸ਼ਾਮਲ ਹਨ। 'ਪੰਛੀ ਮਾਰ ਉਡਾਰੀ' ਕਵਿਤਾ 'ਚ ਬੱਚਿਆਂ ਦੀ ਪੰਛੀਆਂ ਪ੍ਰਤੀ ਖਿੱਚ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ' ਬਹਾਦਰ ਬੇਟੀ ' ਕਵਿਤਾ 'ਚ ਅਜੋਕੇ ਸਮਾਜ 'ਚ ਲੜਕੀਆਂ ਲਈ ਬਰਾਬਰਤਾ ਦੀ ਆਵਾਜ਼ ਬੁਲੰਦ ਕਰਦਾ ਕਵੀ ਲੜਕੀਆਂ ਨੂੰ ਹੋਰ ਬਲਵਾਨ ਬਣਨ ਦੀ ਪ੍ਰੇਰਣਾ ਦਿੰਦਾ ਹੈ। 'ਬੂਟੇ' ਕਵਿਤਾ 'ਚ ਰੁੱਖਾਂ ਦੀ ਮਨੁੱਖੀ ਜ਼ਿੰਦਗੀ 'ਚ ਅਹਿਮੀਅਤ ਨੂੰ ਦਰਸਾਇਆ ਗਿਆ ਹੈ। 'ਸੰਦੇਸ਼' ਕਵਿਤਾ 'ਚ ਕਵੀ ਗਲੀਆਂ 'ਚ ਰੁਲ ਰਹੀ ਇਕ ਅਵਾਰਾ ਗਾਂ ਦੀ ਗਾਥਾ ਬਿਆਨਦਾ ਉਸ ਦੀ ਦੁਰਗਤੀ ਦੇ ਜ਼ਿੰਮੇਵਾਰ ਉਸ ਨੂੰ ਛੱਡਣ ਵਾਲੇ ਮਾਲਕਾਂ ਨੂੰ ਫਿਟ- ਲਾਹਣਤਾਂ ਪਾਉਂਦਾ ਹੈ :
ਗਲੀਆਂ ਦੇ ਵਿਚ ਰੁਲਦੀ ਗਾਂ।
ਉਤੋਂ-ਉਤੋਂ ਆਖਣ ਮਾਂ।
ਕਿਉਂਕਿ ਹੁਣ ਇਹ ਦੁੱਧ ਨਹੀਂ ਦਿੰਦੀ,
ਇਸਦੀ ਨਹੀਂ ਘਰ ਵਿਚ ਥਾਂ।
'ਭੂਆ ਰਤਨੋਂ' ਬਾਲ ਕਵਿਤਾ 'ਚ ਸਾਡੇ ਸਮਾਜ 'ਚ ਰਿਸ਼ਤੇ-ਨਾਤਿਆਂ ਦੀ ਨਿੱਘ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ। 'ਵਿਚਾਰ ਜੀਜੂ' ਕਵਿਤਾ 'ਚ 1947 ਦੀ ਦੇਸ਼ ਵੰਡ ਦੌਰਾਨ ਪਾਕਿਸਤਾਨ ਜਾ ਵਸੇ ਬੱਚੇ 'ਜੀਜੂ' ਪ੍ਰਤੀ ਮੋਹ ਭਰੀ ਖਿੱਚ ਦੀ ਖ਼ੂਬਸੂਰਤੀ ਪੇਸ਼ਕਾਰੀ ਹੈ। 'ਸ਼ਾਮ ਦੀ ਸੈਰ' ਕਵਿਤਾ 'ਚ ਆਥਣ ਵੇਲੇ ਦੀ ਸ਼ੈਰ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। 'ਮਾਂ ਦੀ ਲੋਰੀ' ਕਵਿਤਾ 'ਚ ਬੱਚੇ ਦੇ ਜੀਵਨ 'ਚ ਮਾਂ ਦੀ ਲੋਰੀ ਦੀ ਅਹਿਮੀਅਤ ਨੂੰ ਬਿਆਨਿਆ ਹੈ :
ਮਾਖਿਓਂ ਮਿੱਠੀ ਮਾਂ ਦੀ ਲੋਰੀ।
ਬੜੀ ਸੁਆਦੀ, ਦੁੱਧ ਕਟੋਰੀ।
ਮਹਿਕਾਂ ਆਵਣ ਜਦ ਮਾਂ ਬੋਲੇ।
ਮਾਂ ਸੁਰਗਾਂ ਦਾ ਕੁੰਡਾ ਖੋਲ੍ਹੇ ।
ਇਸ ਤੋਂ ਇਲਾਵਾ 'ਮੇਰਾ ਘਰ ', 'ਸਰ੍ਹੋਂ ਦਾ ਸਾਗ', 'ਫੁੱਲ 'ਤੇ ਕੰਡਾ', 'ਅੰਨਦਾਤਾ', 'ਵਰਖ਼ਾ ਆਈ', 'ਪੱਖੀ', 'ਐਤਵਾਰ ਦੀ ਰਹੇ ਉਡੀਕ', 'ਪਾਲਾ', 'ਸੈਰ ਗਾਹ' ਆਦਿ ਕਵਿਤਾਵਾਂ ਵੀ ਬੇਹੱਦ ਖੂਬਸੂਰਤ ਹਨ। ਇਸ ਬਾਲ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਜਿੱਥੇ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਬਾਲ ਪਾਠਕਾਂ ਨੂੰ ਸੁਆਦਲੀਆਂ ਲੱਗਣਗੀਆਂ, ਉਥੇ ਇੰਨ੍ਹਾਂ ਕਵਿਤਾਵਾਂ 'ਚ ਸਮੋਈਆਂ ਸਿੱਖਿਆਵਾਂ ਬੱਚਿਆਂ ਦੇ ਜੀਵਨ ਲਈ ਹੋਰ ਵੀ ਲਾਹੇਵੰਦ ਸਾਬਤ ਹੋਣਗੀਆਂ। ਬਾਲ ਸਾਹਿਤ 'ਚ ਇਸ ਖ਼ੂਬਸੂਰਤ ਪੁਸਤਕ ਦਾ ਹਾਰਦਕਿ ਸਵਾਗਤ ਕਰਨਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625


ਅਦਬ ਅਦੀਬ ਅਦਬੀਅਤ
ਲੇਖਕ : ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 99157-06407


ਡਾ. ਸਤੀਸ਼ ਕੁਮਾਰ ਵਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਲਵਈ-ਪੁਆਧੀ ਮਾਹੌਲ ਦੀ ਉਪਜ ਹੈ। ਉਸ ਨੇ ਪੰਜਾਬੀ ਸਾਹਿਤ ਵਿਚ ਪੋਸਟ-ਗ੍ਰੈਜੂਏਸ਼ਨ ਦੀ ਡਿਗਰੀ 1976 ਈ: ਵਿਚ ਕੀਤੀ। ਉਸ ਤੋਂ ਬਾਅਦ ਦੋ-ਤਿੰਨ ਵਿਦਿਆਲਿਆਂ ਵਿਚ ਪੜ੍ਹਾਉਣ ਉਪਰੰਤ ਉਹ 1981-82 ਵਿਚ ਇਸੇ ਯੂਨੀਵਰਸਿਟੀ ਵਿਚ ਆ ਗਿਆ ਅਤੇ ਪੂਰੇ ਚਾਰ ਦਹਾਕੇ ਇਸ ਯੂਨੀਵਰਸਿਟੀ ਵਿਚ ਪੜ੍ਹਾਉਣ-ਲਿਖਾਉਣ ਉਪਰੰਤ 2020 ਵਿਚ ਸੇਵਾਮੁਕਤ ਹੋਇਆ। ਰੰਗਮੰਚ ਉਸ ਦਾ ਪਹਿਲਾ ਇਸ਼ਕ ਹੈ। ਭਾਵੇਂ ਅਦਾਇਗੀ (ਪਰਫਾਰਮੈਂਸ) ਦੇ ਬਾਕੀ ਰੂਪ ਵੀ ਉਸ ਤੋਂ ਦੂਰ ਨਹੀਂ ਰਹੇ। ਹਥਲੀ ਪੁਸਤਕ ਵਿਚ ਵੱਖ-ਵੱਖ ਸਮਿਆਂ 'ਤੇ ਲਿਖੇ ਗਏ ਉਸ ਦੇ 25 ਫੁਟਕਲ ਲੇਖ ਸੰਗ੍ਰਹਿਤ ਹਨ, ਇਨ੍ਹਾਂ ਵਿਚ ਉਸ ਨੇ ਮੌਜੂਦਾ ਦੌਰ ਵਿਚ ਸਾਹਿਤ, ਸਾਹਿਤਕਾਰ ਅਤੇ ਸਾਹਿਤਿਕਤਾ ਦੀ ਪ੍ਰਕਿਰਤੀ (ਅਤੇ ਭੂਮਿਕਾ) ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। 'ਸਾਹਿਤਿਕਤਾ' ਕੀ ਹੈ? ਇਹ ਵੱਥ ਵਿਚ ਹੁੰਦੀ ਹੈ, ਕੱਥ ਵਿਚ, ਕਲਪਨਾ ਵਿਚ ਜਾਂ ਪ੍ਰਬੰਧ ਵਿਚ? ਇਸ ਸਰੋਕਾਰ ਬਾਰੇ ਪਿਛਲੇ ਪੰਜਾਹ ਕੁ ਵਰ੍ਹਿਆਂ ਵਿਚ ਕਾਫ਼ੀ ਕੁਝ ਕਿਹਾ ਗਿਆ ਹੈ। ਸੋਸਿਉਰ, ਗ੍ਰੇਮਾਸ, ਰੋਲਾਂ ਬਾਰਤ, ਦੈਰਿੱਦਾ ਅਤੇ ਬਹੁਤ ਸਾਰੇ ਹੋਰ ਸਿਧਾਂਤਕਾਰਾਂ ਨੇ ਇਸ ਬਾਰੇ ਕਾਫ਼ੀ ਮਗਜ਼ਖਪਾਈ ਕੀਤੀ ਸੀ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਅਸਲ ਵਿਚ 'ਸਾਹਿਤਿਕਤਾ' ਕੋਈ ਜੜ੍ਹ ਜਾਂ ਸਥਿਰ ਪੁੰਜ ਨਹੀਂ ਹੈ, ਜਿਸ ਉੱਪਰ ਉਂਗਲ ਧਰੀ ਜਾ ਸਕੇ। ਇਹ ਤਿਲਕਵੀਂ ਊਰਜਾ ਹੈ ਅਤੇ ਨਿਰੰਤਰ ਇਧਰ-ਉਧਰ ਖਿਸਕਦੀ ਰਹਿੰਦੀ ਹੈ, ਡਾ. ਵਰਮਾ ਦੇ ਇਨ੍ਹਾਂ ਲੇਖਾਂ ਵਿਚੋਂ ਇਹ ਸੱਚ ਪ੍ਰਗਟ ਹੋ ਜਾਂਦਾ ਹੈ। ਪੁਸਤਕ ਵਿਚ ਡਾ. ਅਮਰੀਕ ਸਿੰਘ, ਦਲੀਪ ਕੌਰ ਟਿਵਾਣਾ, ਸੁਤਿੰਦਰ ਸਿੰਘ ਨੂਰ ਵਰਗੇ ਅਦੀਬਾਂ ਦੇ ਨਾਲ-ਨਾਲ ਸ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਸ. ਗੁਰਸ਼ਰਨ ਸਿੰਘ, ਡਾ. ਸ. ਸ. ਜੌਹਲ ਅਤੇ ਡਾ. ਆਤਮਜੀਤ ਦੀ ਅਦਬੀਅਤ ਬਾਰੇ ਵੀ ਖੋਜ-ਪੱਤਰ ਸ਼ਾਮਲ ਹਨ। 'ਰੰਗਾਂ ਦੀ ਗਾਗਰ' ਦੇ ਹਵਾਲੇ ਨਾਲ ਲਿਖਿਆ ਉਸ ਦਾ ਲੇਖ ਸਿਰਜਣਾਤਮਕ ਆਲੋਚਨਾ ਦੀ ਇਕ ਵਿਲੱਖਣ ਮਿਸਾਲ ਹੈ। ਇਹ ਕਿਤਾਬ ਪਾਠਕਾਂ ਨਾਲ ਸੰਵਾਦ ਰਚਾਉਂਦੀ ਹੈ, ਉਨ੍ਹਾਂ ਨੂੰ ਉਤੇਜਿਤ ਕਰਦੀ ਹੈ।
c c c


ਅਦਬਨਾਮਾ
ਖ਼ਾਲਸਾ ਕਾਲਜ, ਅੰਮ੍ਰਿਤਸਰ

ਸੰਪਾਦਕ : ਡਾ. ਜਸਬੀਰ ਸਿੰਘ ਸਰਨਾ
ਡਾ. ਚਰਨਜੀਤ ਸਿੰਘ ਗੁਮਟਾਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 94175-33060


ਇਹ ਪੁਸਤਕ ਕੋਸ਼ਕਾਰੀ ਦੇ ਖੇਤਰ ਵਿਚ ਇਕ ਨਵਾਂ ਤਜਰਬਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਸਾਂਝੇ-ਅਣਵੰਡੇ ਪੰਜਾਬ ਦੀ ਗੌਰਵਮਈ ਵਿਰਾਸਤ ਹੈ। ਇਸ ਕਾਲਜ ਦਾ ਆਰੰਭ 1892 ਈ: ਵਿਚ ਹੋਇਆ। ਇਸ ਪ੍ਰਕਾਰ ਕਾਲਜ ਦੀ ਸਥਾਪਨਾ ਨੂੰ ਸਵਾ ਸੌ ਤੋਂ ਵੱਧ ਵਰ੍ਹੇ ਬੀਤ ਗਏ ਹਨ ਅਤੇ ਇਸ ਲੰਮੇ ਅਰਸੇ ਦੌਰਾਨ ਜਿਨ੍ਹਾਂ ਵਿਅਕਤੀਆਂ ਨੂੰ ਇਸ ਕਾਲਜ ਵਿਚ ਅਧਿਆਪਕ ਜਾਂ ਵਿਦਿਆਰਥੀ ਬਣਨ ਦਾ ਸੁਅਵਸਰ ਪ੍ਰਾਪਤ ਹੋਇਆ, ਉਹ ਆਪਣੇ ਆਪ ਵਿਚ ਇਕ ਸੁਨਹਿਰੀ ਇਤਿਹਾਸ ਸਾਂਭੀ ਬੈਠੇ ਹਨ।
ਇਸ ਕੋਸ਼ਕਾਰੀ ਦਾ ਕ੍ਰਮ ਸੰਨ-ਸੰਮਤ ਅਨੁਸਾਰ ਰੱਖਿਆ ਗਿਆ ਹੈ। ਪ੍ਰੋ. ਗੁਰਮੁਖ ਸਿੰਘ (1849 ਈ:) ਤੋਂ ਲੈ ਕੇ ਮਨਪ੍ਰੀਤ ਸਿੰਘ ਜੱਸੀ (1988 ਈ:) ਤੱਕ 140 ਵਰ੍ਹਿਆਂ ਦੇ ਕਾਲਖੰਡ ਵਿਚ ਜਨਮੇ ਲਗਭਗ 235 ਪ੍ਰਤਿਭਾਸ਼ੀਲ ਵਿਅਕਤੀਆਂ ਦੇ ਜੀਵਨ-ਵੇਰਵੇ ਇਸ ਵਚਿੱਤਰ ਕੋਸ਼ ਵਿਚ ਅੰਕਿਤ ਕੀਤੇ ਗਏ ਹਨ। ਹਰ ਵਿਅਕਤੀ ਦਾ ਜਨਮ ਅਤੇ ਦਿਹਾਂਤ (ਜੋ ਕਾਲਵੱਸ ਹੋ ਗਏ ਹਨ) ਇਸ ਕੋਸ਼ ਵਿਚ ਦਰਜ ਹੈ। ਜੀਂਦੇ-ਜਾਗਦੇ ਵਿਅਕਤੀਆਂ ਦੇ ਪਤੇ ਅਤੇ ਸੰਪਰਕ ਨੰਬਰ ਵੀ ਦਿੱਤੇ ਗਏ ਹਨ। ਹਰ ਇਕ ਵਿਅਕਤੀ ਦੇ ਜੀਵਨ ਦੀਆਂ ਮਹੱਤਵਪੂਰਨ ਉਪਲਬੱਧੀਆਂ ਦਾ ਵੀ ਵਰਣਨ ਹੋਇਆ ਹੈ ਅਤੇ ਇਹ ਸਭ ਇਸ ਕੋਸ਼ ਦੇ ਮੂਲ-ਮਹੱਤਵ ਵਿਚ ਵਾਧਾ ਕਰਦਾ ਹੈ।
ਮੈਂ ਇਸ ਕੋਸ਼ ਦੇ ਸਿਦਕਵਾਨ ਅਤੇ ਸਿਰੜੀ ਸੰਪਾਦਕਾਂ ਦੀ ਅਣਥੱਕ ਮਿਹਨਤ ਦੀ ਪ੍ਰਸੰਸਾ ਕਰਦਾ ਹਾਂ। ਡਾ. ਸਰਨਾ ਇਕ ਕਲਪਨਾਸ਼ੀਲ ਅਤੇ ਉੱਦਮੀ ਵਿਅਕਤੀ ਹਨ। ਡਾ. ਗੁਮਟਾਲਾ ਨੇ ਸਾਹਿਤ-ਆਲੋਚਨਾ ਅਤੇ ਸੰਪਾਦਨਾ ਦੇ ਖੇਤਰ ਵਿਚ ਵੀ ਚੰਗਾ ਨਾਂਅ ਕਮਾਇਆ ਹੈ। ਇਸ ਪੁਸਤਕ ਵਿਚ ਅਨੇਕ ਉੱਚ-ਪ੍ਰਸ਼ਾਸਕਾਂ, ਪ੍ਰੋਫ਼ੈਸਰਾਂ, ਲੇਖਕਾਂ, ਇੰਜੀਨੀਅਰਾਂ ਅਤੇ ਵਿਗਿਆਨਕਾਂ ਬਾਰੇ ਲਿਖੇ ਇੰਦਰਾਜ ਅਤਿਅੰਤ ਸਟੀਕ ਸ਼ੈਲੀ ਵਿਚ ਲਿਖੇ ਗਏ ਹਨ। ਪੁਸਤਕ ਪੜ੍ਹ ਕੇ ਪਾਠਕ ਦਾ ਮਨ-ਦਿਮਾਗ਼ ਰੌਸ਼ਨ ਹੋ ਜਾਂਦਾ ਹੈ। ਮੈਂ ਪੂਰੇ ਸੰਪਾਦਕੀ ਮੰਡਲ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਥੈਂਕ ਯੂ ਬਾਪੂ
ਕਹਾਣੀਕਾਰ : ਬਲਵੀਰ ਪਰਵਾਨਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 79869-39056


ਬਲਵੀਰ ਪਰਵਾਨਾ ਦੀ ਸਿਰਜਣਾਤਮਕ ਪ੍ਰਤਿਭਾ ਉਨ੍ਹਾਂ ਸਮਕਾਲੀ ਮਸਲਿਆਂ ਅਤੇ ਵਿਸੰਗਤੀਆਂ ਨੂੰ ਆਪਣੀ ਪਕੜ 'ਚ ਲੈਂਦੀ ਹੈ, ਜਿਨ੍ਹਾਂ ਨਾਲ ਅਜੋਕਾ ਮਨੁੱਖ ਦੋ-ਚਾਰ ਹੋ ਰਿਹਾ ਹੈ। ਮਨੁੱਖੀ ਮਾਨਸਿਕਤਾ ਨੂੰ ਚਕਾਚੌਂਧਮਈ ਬਾਜ਼ਾਰੂ ਕਦਰਾਂ-ਕੀਮਤਾਂ ਅਤੇ ਕਾਰਪੋਰੇਟੀ ਪ੍ਰਬੰਧ ਕਿਵੇਂ ਆਪਣੀ ਗ੍ਰਿਫ਼ਤ ਵਿਚ ਲੈ ਕੇ ਤੋੜ ਰਿਹਾ ਹੈ, ਇਸ ਦੇ ਭਾਵਪੂਰਤ ਚਿੱਤਰ ਪਰਵਾਨਾ ਆਪਣੀ ਸਿਰਜਣਾ ਤਹਿਤ ਬਾਖੂਬੀ ਪੇਸ਼ ਕਰਦਾ ਹੈ। 'ਥੈਂਕ ਯੂ ਬਾਪੂ' ਬਲਵੀਰ ਪਰਵਾਨਾ ਦਾ ਕਹਾਣੀ ਸੰਗ੍ਰਹਿ ਵੀ ਕੁਝ ਅਜਿਹੇ ਹੀ ਵਿਸ਼ਾਗਤ ਪਹਿਲੂਆਂ ਨੂੰ ਪੇਸ਼ ਕਰਦਾ ਹੈ, ਜਿਥੇ ਆਮ ਸਧਾਰਨ ਮਨੁੱਖ ਦੀ ਛਟਪਟਾਹਟ ਅਤੇ ਇਨ੍ਹਾਂ ਲੋਟੂ ਤਾਕਤਾਂ ਦੇ ਹੱਥਕੰਡੇ ਵਿਵੇਕ ਸਹਿਤ ਪੇਸ਼ ਹੋਏ ਹਨ। ਮਨੁੱਖੀ ਮਾਨਸਿਕਤਾ ਦੀ ਪਰਵਾਨਾ ਸਿਰਫ਼ ਪੇਸ਼ਕਾਰੀ ਹੀ ਨਹੀਂ ਸਗੋਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਸਦਕਾ ਮਨੁੱਖੀ ਮਾਨਸਿਕਤਾ ਖੰਡਿਤ ਹੋ ਰਹੀ ਹੈ। ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਹੀ ਸਾਡੀ ਜਾਚ ਵਿਚ ਕਾਰਪੋਰੇਟੀ ਜਗਤ ਦੀ ਹਾਜ਼ਰੀ ਦੇ ਭਾਵਪੂਰਤ ਚਿੱਤਰ ਪੇਸ਼ ਕਰਦੀ ਹੈ, ਜਿਥੇ ਲਿਆਕਤ, ਸਿਆਣਪ ਦੀ ਕਦਰ ਨਹੀਂ ਸਗੋਂ ਪੈਸਾਵਾਦੀ ਕਦਰਾਂ-ਕੀਮਤਾਂ ਭਾਰੂ ਹਨ। ਦੂਜੀ ਕਹਾਣੀ 'ਡਬਲ ਲੇਨ' ਵਿਚ ਵੀ ਬਾਜ਼ਾਰ ਦੇ ਘਰ ਤੱਕ ਪਹੁੰਚਣ ਅਤੇ ਮਨੁੱਖ ਦੁਆਰਾ ਆਪਣੀ ਵਿਰਾਸਤ ਨੂੰ ਬਚਾਉਂਦਿਆਂ ਵੀ ਇਸ ਦੀ ਭੇਟ ਚੜ੍ਹਨ ਦਾ ਬਿਰਤਾਂਤ ਸਿਰਜਿਆ ਗਿਆ ਹੈ। 'ਥੈਂਕ ਯੂ ਬਾਪੂ' ਕਹਾਣੀ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਤਾਂ ਪੇਸ਼ ਕਰਦੀ ਹੀ ਹੈ ਪਰ ਆਰਥਿਕਤਾ ਰਿਸ਼ਤਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਸ ਦੇ ਬਹੁਪਾਸਾਰੀ ਕਾਰਨਾਂ ਦੀ ਇਹ ਕਹਾਣੀ ਤਲਾਸ਼ ਕਰਦੀ ਹੈ। 'ਕਤਰਾ ਕਤਰਾ ਮੌਤ' ਅਨੈਤਿਕ ਸੰਬੰਧਾਂ ਅਤੇ ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀ ਕਹਾਣੀ ਹੈ। 'ਆਸ ਨਿਰਾਸ਼' ਕਹਾਣੀ ਵਿਚ ਪ੍ਰਕਿਰਤੀ ਅਤੇ ਮਨੁੱਖੀ ਮਾਨਸਿਕਤਾ ਨੂੰ ਆਤਮਸਾਤ ਕਰਦਿਆਂ ਕਹਾਣੀਕਾਰ ਨੇ ਆਧੁਨਿਕ ਮਨੁੱਖ ਦੀ ਟੁੱਟ-ਭੱਜ ਨੂੰ ਚਿਤਰਿਆ ਹੈ। 'ਜੀਰਾ ਆਲੂ' ਕਹਾਣੀ ਜਿਥੇ ਲਾਕਡਾਊਨ ਵੇਲੇ ਆਰਥਿਕ ਤੌਰ 'ਤੇ ਪਰਿਵਾਰਕ ਸੰਕਟ ਵੱਲ ਇਸ਼ਾਰਾ ਕਰਦੀ ਹੈ, ਉਥੇ 'ਇਕ ਸੱਚੇ ਕਾਮਰੇਡ ਦਾ ਇਕਲਾਪਾ' ਵਿਚਾਰਧਾਰਕ ਅਤੇ ਅਮਲੀ ਜ਼ਿੰਦਗੀ ਦੇ ਬਿਰਤਾਂਤ ਨੂੰ ਪੇਸ਼ ਕਰਦੀ ਹੈ। 'ਆਤਮ-ਸੰਮੋਹਨ', 'ਉਸ ਨੇ ਮਰ ਹੀ ਜਾਣਾ ਸੀ' ਅਤੇ 'ਇਨਕਾਰ' ਕਹਾਣੀਆਂ ਵੀ ਜਿਥੇ ਅਤੀਤ ਦੇ ਸੰਬੰਧਾਂ, ਆਰਥਿਕ ਨਾ-ਬਰਾਬਰੀ ਅਤੇ ਸੱਤਾ ਤੰਤਰ ਦੀਆਂ ਬਾਰੀਕੀਆਂ ਨੂੰ ਪਕੜਨ ਵਾਲੀਆਂ ਗੁਆਚਦੇ ਮਨੁੱਖੀ ਅਸਤਿਤਵ ਦੇ ਕਾਰਨ ਤਲਾਸ਼ਦੀਆਂ ਹਨ। ਪੁਸਤਕ ਪੜ੍ਹਨਯੋਗ ਹੈ ਜੋ ਪਾਠਕਾਂ ਦਾ ਹੁੰਗਾਰਾ ਪ੍ਰਾਪਤ ਕਰੇਗੀ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਅਮੀਰ ਜ਼ਮਾਨਾ
ਲੇਖਕ : ਇੰਜ: ਡੀ.ਐਮ. ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98155-09390


ਅਮੀਰ ਜ਼ਮਾਨਾ ਕਹਾਣੀ ਸੰਗ੍ਰਹਿ ਦੇ ਲੇਖਕ ਇੰਜੀਨੀਅਰ ਡੀ. ਐਮ. ਸਿੰਘ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਮਿੰਨੀ ਕਹਾਣੀ, ਨਾਟਕ, ਨਾਵਲ, ਹਿੰਦੀ ਨਾਟਕ 'ਤੇ ਵੀ ਹੱਥ ਅਜ਼ਮਾਇਆ ਹੋਇਆ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਅੰਗਰੇਜ਼ੀ, ਪੰਜਾਬੀ, ਹਿੰਦੀ ਵਿਚ ਅਖ਼ਬਾਰਾਂ ਤੇ ਰਸਾਲਿਆਂ ਵਿਚ ਲੇਖ ਛਪਦੇ ਰਹੇ ਹਨ। ਇਸ ਤੋਂ ਇਲਾਵਾ ਵੀ ਲੇਖਕ ਨੇ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ 'ਤੇ ਵੀ ਪ੍ਰੋਗਰਾਮ ਦਿੱਤੇ ਹਨ। ਲੇਖਕ ਸ਼ੁਰੂ ਤੋਂ ਹੀ ਆਪਣੇ ਸੱਭਿਆਚਾਰ ਵਿਰਸੇ ਤੇ ਪ੍ਰੰਪਰਾ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਆਪਣੀਆਂ ਲਿਖਤਾਂ ਵਿਚ ਸਾਰੀ ਝਲਕ ਦਿੰਦਾ ਹੈ। ਲੇਖਕ ਦਾ ਗੁਣ ਹੈ ਕਿ ਉਸ ਨੇ ਹਰ ਕਹਾਣੀ ਵਿਚ ਮਾਨਵਵਾਦ, ਧਰਮ ਨਿਰਪੱਖਤਾ ਤੇ ਸਪੱਸ਼ਟਤਾ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਇਸ ਕਹਾਣੀ ਸੰਗ੍ਰਹਿ ਵਿਚ ਵੱਡੀਆਂ ਛੋਟੀਆਂ 16 ਕਹਾਣੀਆਂ ਵੱਖੋ-ਵੱਖ ਰੰਗ ਦੀਆਂ ਹਨ ਅਤੇ ਇਨ੍ਹਾਂ ਵਿਚ ਨਵੇਂ ਵਿਚਾਰਾਂ ਨੂੰ ਸੋਹਣੀ ਤਰ੍ਹਾਂ ਪੇਸ਼ ਕੀਤਾ ਹੈ। ਲੇਖਕ ਦੇ ਅੰਦਰ ਮਾਨਵਤਾ ਦੇ ਪ੍ਰਤੀ ਇਕ ਚੀਸ ਹੈ ਜੋ ਆਪਣੀਆਂ ਲਿਖਤਾਂ ਦੇ ਰਾਹੀਂ ਆਪਣੇ ਅੰਦਰੋਂ ਕੱਢ ਕੇ ਮਨ ਨੂੰ ਹੌਲਾ ਕਰਦਾ ਹੋਇਆ ਲੋਕਾਂ ਨੂੰ ਹੋਕਾ ਵੀ ਦਿੰਦਾ ਹੈ, ਜਿਸ ਵਿਚ ਕੋਈ ਵਲ, ਛਲ ਨਹੀਂ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਸਮਾਜ ਵਿਚ ਵਾਪਰ ਰਹੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਕੇ ਚੰਗੀ ਤਰ੍ਹਾਂ ਦਰਸਾਇਆ ਵੀ ਹੈ। ਅਜਿਹੇ ਵਿਚਾਰ ਉਸੇ ਲੇਖਕ ਦੇ ਅੰਦਰ ਹੁੰਦੇ ਹਨ ਜੋ ਧਰਤੀ ਦੇ ਨਾਲ ਜੁੜਿਆ ਹੋਵੇ ਅਤੇ ਇਨਸਾਨੀਅਤ ਦਾ ਹਾਮੀ ਹੋਵੇ। ਸਾਰੀਆਂ ਕਹਾਣੀਆਂ ਦੇ ਆਮ ਵਿਸ਼ੇ ਹਨ ਜੋ ਵੱਖਰੀ ਤਰ੍ਹਾਂ ਦੇ ਸਾਡੀ ਜ਼ਿੰਦਗੀ ਦੇ ਵਿਚਲੇ ਹੀ ਹਨ। ਕੁਝ ਕਹਾਣੀਆਂ ਲੰਮੀਆਂ ਜ਼ਰੂਰ ਹਨ ਪਰ ਉਹ ਬਹੁਤ ਕੁਝ ਕਹਿ ਰਹੀਆਂ ਹਨ। ਅੱਜ ਦੇ ਕੁਝ ਪਾਠਕ ਛੋਟੀਆਂ ਕਹਾਣੀਆਂ ਪੜ੍ਹਨ ਦੇ ਸ਼ੌਕੀਨ ਹਨ। ਚੱਲੋ ਆਪੋ-ਆਪਣਾ ਸ਼ੌਕ ਤੇ ਸੁਆਦ ਹੈ। ਸੋ, ਲੇਖਕ ਦਾ ਹਰ ਉਪਰਾਲਾ ਸ਼ਲਾਘਾਯੋਗ ਹੈ।


-ਬਲਵਿੰਦਰ ਸਿੰਘ ਸੋਢੀ
ਮੋਬਾਈਲ : 092105-88990
c c c


ਸਮਕਾਲੀ ਸਾਹਿਤਕ ਦ੍ਰਿਸ਼
ਲੇਖਕ : ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ 500 ਰੁਪਏ, ਸਫ਼ੇ 240
ਸੰਪਰਕ : 011-26802488


ਵਿਚਾਰਾਧੀਨ ਪੁਸਤਕ ਡਾ. ਕੁਲਦੀਪ ਸਿੰਘ ਧੀਰ ਦੀ ਮਿਹਨਤ ਨਾਲ ਲਿਖੀ ਆਖ਼ਰੀ ਪੁਸਤਕ ਜਾਪਦੀ ਹੈ। ਡਾ. ਧੀਰ ਸਿੱਖ ਸਾਹਿਤ, ਸਾਹਿਤ ਆਲੋਚਨਾ ਅਤੇ ਵਿਗਿਆਨਕ ਨਿਬੰਧ ਨਿਰੰਤਰ ਲਿਖਦੀ ਰਹੀ ਕਲਮ ਦਾ ਨਾਂਅ ਹੈ। ਹਥਲੀ ਪੁਸਤਕ ਵਿਚ ਵੱਖ-ਵੱਖ ਸਾਹਿਤਕ ਵਿਧਾਵਾਂ ਦੀਆਂ ਰਚਨਾਵਾਂ ਬਾਰੇ ਨਿਰਖ-ਪਰਖ ਕਰਦੇ 25 ਨਿਬੰਧ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਬਾਰੇ ਕੁਝ ਵਰਣਨਯੋਗ ਗੱਲਾਂ ਕਰਨੀਆਂ ਬਣਦੀਆਂ ਹਨ। ਜਿਵੇਂ ਆਰਸੀ ਤੇ ਸੁਖਬੀਰ ਬਾਰੇ ਲਿਖਦਿਆਂ ਦੱਸਿਆ ਗਿਆ ਹੈ ਕਿ ਉਹ 1964-2000 ਤੱਕ, ਬਿਨਾਂ ਕਿਸੇ ਨਾਂਅ ਹੇਠ, ਆਰਸੀ ਦਾ ਸੰਪਾਦਨ ਕਰਦਾ ਰਿਹਾ। ਇਸ ਭੇਦ ਦਾ ਕੇਵਲ ਭਾਪਾ ਪ੍ਰੀਤਮ ਸਿੰਘ ਅਤੇ ਸੁਖਬੀਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਤਾ ਸੀ। ਡਾ. ਮਨਮੋਹਨ ਸਿੰਘ ਦੀ 'ਵਿਚਾਰਕੀ' ਬਾਰੇ ਪੜ੍ਹ ਕੇ ਪਤਾ ਲਗਦਾ ਹੈ ਕਿ ਉਹ ਉੱਤਰ-ਆਧੁਨਿਕ ਆਲੋਚਨਾ ਦਾ ਵਿਸ਼ੇਸ਼ ਮਾਹਿਰ ਹੈ। ਡਾ. ਜਸਪਾਲ ਸਿੰਘ ਆਪਣੀ ਪੁਸਤਕ 'ਸਿੱਖ ਵਿਰਾਸਤ ਸਿਧਾਂਤ ਅਤੇ ਵਿਹਾਰ' ਅਨੁਸਾਰ ਸਿੱਖਾਂ ਨੂੰ ਆਪਣੇ ਵਿਰਸੇ ਤੋਂ ਸੁਚੇਤ ਹੋਣਾ ਚਾਹੀਦਾ ਹੈ। ਨਿਰਪਿੰਦਰ ਰਤਨ ਦੇ 'ਸਵੈ ਬਿਰਤਾਂਤ' ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਦਬਾਅ ਅਧੀਨ ਕਦੇ ਵੀ ਜੀ ਹਜ਼ੂਰੀਆਂ ਵਾਂਗ ਕੰਮ ਨਹੀਂ ਕੀਤਾ। ਡਾ. ਅਮਰਜੀਤ ਕਾਂਗ ਨੇ ਕਿੱਸਾ ਕਾਵਿ ਬਾਰੇ ਮੁੱਖ ਸਥਾਪਨਾਵਾਂ ਦੀ ਪੇਸ਼ਕਾਰੀ ਕੀਤੀ। ਸਵਰਾਜਬੀਰ ਦਾ ਨਾਟਕ 'ਅਗਨਕੁੰਡ' ਨਾਬਰੀ ਦਾ ਬੇਬਾਕ ਨਾਟਕ ਹੈ। ਡਾ. ਲਾਭ ਸਿੰਘ ਖੀਵਾ ਨੇ 'ਪੁਸਤਕ ਤੇ ਪੁਰਸਕਾਰ' ਵਿਚ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਸਾਹਿਤਕਾਰਾਂ ਬਾਰੇ ਜਾਣਕਾਰੀ ਦਿੱਤੀ ਹੈ। ਜਸਬੀਰ ਭੁੱਲਰ ਨੇ ਆਪਣੀ ਕਿਤਾਬ 'ਕਾਗ਼ਜ਼ ਉੱਤੇ ਲਿਖੀ ਮੁਹੱਬਤ' ਵਿਚ ਫ਼ੌਜੀ ਜੀਵਨ ਦੇ ਕਰੜੇ ਮਾਹੌਲ ਵਿਚੋਂ ਪਾਠਕਾਂ ਦੇ ਸੁਹਜ ਸਵਾਦ ਦੀ ਤ੍ਰਿਪਤੀ ਕੀਤੀ ਹੈ। ਬੂਟਾ ਸਿੰਘ ਸ਼ਾਦ ਦੇ ਨਾਵਲ 'ਕਿਸ ਨੂੰ ਮੰਦਾ ਆਖੀਏ' ਮਨੁੱਖ ਦੀਆਂ ਪਸ਼ੂ ਬਿਰਤੀਆਂ ਅਤੇ ਕਾਮ ਦੇ ਵੇਰਵੇ ਹਨ। ਬਲਦੇਵ ਸਿੰਘ ਧਾਲੀਵਾਲ 'ਆਪਣੀ ਸਿਰਜਣਾਤਮਕਤਾ ਤੇ ਕਾਵਿਕਤਾ ਨੂੰ ਸਫਰਨਾਮੇ ਦੇ ਰੂਪਾਕਾਰ ਵਿਚ ਪੜ੍ਹੇ ਜਾਣਾ ਉਚਿਤ ਸਮਝਦਾ ਹੈ (ਥੇਮਜ਼ ਨਾਲ ਵਗਦਿਆਂ), ਡਾ. ਮਨਜੀਤ ਸਿੰਘ ਉੱਤਰ-ਸਥਿਤੀਆਂ ਨਾਲ ਸੰਵਾਦ ਰਚਾਉਂਦਾ ਹੈ (ਸਾਹਿਤ ਵਿਰਸੇ ਦੀ ਸੰਵਾਦਿਕਤਾ), ਇੰਦਰ ਸਿੰਘ ਖਾਮੋਸ਼ ਦਾ ਨਾਵਲ ਇਤਿਹਾਸ ਅਤੇ ਗਲਪ ਦਾ ਸੁਮੇਲ ਹੈ, ਜਿਸ 'ਚ ਨਾਇਕ ਤਾਲਸਤਾਏ ਹੈ (ਕਾਫ਼ਰ ਮਸੀਹਾ), ਡਾ. ਕਰਮਜੀਤ ਸਿੰਘ ਨੇ ਮਿਹਨਤ ਨਾਲ ਫ਼ੀਲਡ ਵਰਕ ਕਰਕੇ 'ਲੋਕ ਗੀਤਾਂ ਦੀ ਪੈੜ' ਫੜੀ ਹੈ। ਇਕਬਾਲਦੀਪ ਦਾ ਕਹਾਣੀ ਸੰਗ੍ਰਹਿ ਮਹਾਂਨਗਰੀ ਬੋਧ ਦੀ ਬਾਤ ਪਾਉਂਦਾ ਹੈ (ਰੂਹ ਦੀ ਜੂਹ), ਰਮੇਸ਼ ਕੁਮਾਰ ਦੇ ਨਵੇਂ ਕਾਵਿ-ਸੰਗ੍ਰਹਿ ਨਿਰਾਸ਼ਾ 'ਚੋਂ ਆਸ਼ਾ ਦੀ ਝਲਕ ਮਿਲਦੀ ਹੈ (ਅਸਹਿਮਤ), ਸਦਾ ਅੰਬਾਲਵੀ ਦਾ ਗ਼ਜ਼ਲ/ਕਾਵਿ ਸੰਗ੍ਰਹਿ ਹੈ-(ਫਿਰ ਨਾ ਮੈਨੂੰ ਕਹਿਣਾ) ਉਸ ਦੀ ਸਾਫ਼ਗੋਈ ਨੂੰ ਸਲਾਮ, ਗੁਰਭਜਨ ਗਿੱਲ ਦਾ (ਗ਼ਜ਼ਲਾਂ, ਨਜ਼ਮਾਂ, ਗੀਤਾਂ) ਦਾ ਸੰਗ੍ਰਹਿ ਹੈ (ਬੋਲ ਮਿੱਟੀ ਦਿਆ ਬਾਵਿਆ)। ਕਰਤਾਰ ਸਿੰਘ ਕਾਲੜਾ ਆਪਣੀ ਸਵੈ-ਜੀਵਨੀ 'ਪੈਰਾਂ ਦੀ ਪਰਵਾਜ਼' ਵਿਚ ਜ਼ੀਰੋ ਤੋਂ ਹਿੰਦਸਾ ਬਣਦਾ ਹੋਇਆ ਅਸਤਿਤਵ ਬੁਲੰਦ ਕਰਦਾ ਹੈ। ਗੁਰਦੀਪ ਆਪਣੇ ਗ਼ਜ਼ਲ ਸੰਗ੍ਰਹਿ ਵਿਚ ਸਾਧਾਰਨ ਘਟਨਾਵਾਂ, ਨਵੀਂ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ (ਆਪਣੇ ਪਲ), ਡਾ. ਰਵੀ ਰਵਿੰਦਰ ਐਨਤੋਨੀਓ ਗ੍ਰਾਮਸ਼ੀ ਦੇ ਜੀਵਨ ਅਤੇ ਚਿੰਤਨ ਦੀ ਪ੍ਰਸਤੁਤੀ ਕਰਦਾ ਹੈ। ਗੁਰਮੁਖ ਸਿੰਘ ਸਹਿਗਲ ਦਾ ਨਾਵਲ ਅਫ਼ਗਾਨਸਤਾਨ ਦੀ ਆਂਚਲਿਕਤਾ 'ਚੋਂ ਹੋਂਦ ਗ੍ਰਹਿਣ ਕਰਦਾ ਹੈ (ਹਿਜਰਤ), ਗੁਰਦਿਆਲ ਦਲਾਲ ਦਾ ਨਾਵਲ 'ਪੈੜਾਂ' ਪੂਰੇ ਢੀਠ ਨਾਇਕ ਦੀ ਪੇਸ਼ਕਾਰੀ ਕਰਦਾ ਹੈ। ਵੀਰਇੰਦਰ ਸਿੰਘ ਪਰਹਾਰ ਦਾ ਨਾਵਲ 'ਇਕ ਕੁੱਤੇ ਦਾ ਆਤਮਕਥਾ' ਐਲੀਗਰੀ ਕਥਾ ਹੈ। ਸੋਹਣੀ ਮਹੀਂਵਾਲ ਦੀ ਪ੍ਰੀਤ ਕਥਾ ਦੀ ਬਿਰਤਾਂਤਕਾਰੀ ਕੀਤੀ ਹੈ 'ਮਾਸ਼ਾ ਕੌਰ' ਨੇ। ਡਾ. ਐਸ. ਐਸ. ਜੌਹਲ ਦੀ ਸਵੈਜੀਵਨੀ 'ਰੰਗਾਂ ਦੀ ਗਾਗਰ' ਦਾ ਮੈਟਾਫ਼ਰ ਆਪਣੇ ਆਪ ਵਿਚ ਜੀਵਨ ਦੀ ਭਰਪੂਰਤਾ ਦਾ ਮੈਟਾਫ਼ਰ ਹੈ। ਇਹ ਪ੍ਰਤਿਭਾ ਸੰਪੰਨ ਸ਼ਖ਼ਸੀਅਤ ਦੀ ਸਵੈ-ਜੀਵਨੀ ਹੈ। ਮੈਂ ਇਸ ਪੁਸਤਕ ਨੂੰ ਪੜ੍ਹਨ ਦੀ ਸਿਫ਼ਾਰਸ਼ ਕਰੇ ਬਿਨਾਂ ਨਹੀਂ ਰਹਿ ਸਕਦਾ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਹਰਫ਼ਾਂ ਦੇ ਅੰਗ ਸੰਗ

ਸੰਪਾਦਕ : ਜੀਵਨ ਸਿੰਘ ਹਾਣੀ, ਵਿਵੇਕ ਕੋਟ ਈਸੇ ਖਾਂ, ਸਰਬਜੀਤ ਭੁੱਲਰ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਮੁੱਲ : 175 ਰੁਪਏ, ਸਫ਼ੇ : 117
ਸੰਪਰਕ : 98147-00305


'ਹਰਫ਼ਾਂ ਦੇ ਅੰਗ ਸੰਗ' ਕਾਵਿ-ਸੰਗ੍ਰਹਿ ਵੱਖ-ਵੱਖ ਕਵੀਆਂ ਦੀਆਂ ਕਲਮਾਂ ਤੋਂ ਹੋਈ ਰਚਨਾ ਹੈ। ਇਸ ਸੰਗ੍ਰਹਿ ਵਿਚ 37 ਕਵੀਆਂ ਦੀਆਂ ਤਿੰਨ-ਤਿੰਨ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਵਿਸ਼ੇ ਪੱਖੋਂ ਵੀ ਵੰਨਗੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਇਹ ਕਵਿਤਾਵਾਂ ਪਾਠਕਾਂ ਨੂੰ ਆਲੇ-ਦੁਆਲੇ ਦੇ ਮਾਹੌਲ ਤੋਂ ਵਾਕਿਫ਼ ਕਰਾਉਂਦੀਆਂ ਹਨ। ਜੀਵਨ ਸਿੰਘ ਹਾਣੀ, ਸੁਖਚਰਨ ਸਿੰਘ ਸਿੱਧੂ, ਸਤਪਾਲ ਖੁੱਲਰ, ਕੁਲਵੰਤ ਜ਼ੀਰਾ, ਗੁਰਦੀਪ ਖਿੰਡਾ, ਅਸ਼ੋਕ ਆਰਜੂ, ਲਾਲੀ ਕਰਤਾਰਪੁਰੀ, ਸਰਬਜੀਤ ਭੁੱਲਰ, ਵਿਵੇਕ ਕੋਟ ਈਸੇ ਖਾਂ, ਸੁਰਜੀਤ ਸਿੰਘ ਕੌਂਕੇ, ਹਰਚੰਦ ਸਿੰਘ ਬਾਸੀ, ਜਸਵਿੰਦਰ ਸੰਧੂ, ਦਲਜੀਤ ਰਾਏ ਕਾਲੀਆ, ਸੁਖਬੀਰ ਹਰੀਕੇ, ਐਸ. ਖੁਸ਼ਹਾਲ ਗੁਲਾਟੀ, ਦਰਸ਼ਨ ਸਿੰਘ ਨੰਦਰਾ, ਹਰੀ ਸਿੰਘ ਸੰਧੂ, ਰਾਜ ਅਰੋੜਾ, ਚੰਦਰ ਮੋਹਨ ਸੇਠੀ, ਬਲਵਿੰਦਰ ਸਿੰਘ ਬੀ.ਏ., ਹਰਭਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਭੱਟੀ, ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਬਿੱਲਾ, ਰਾਮਪਾਲ ਸਿੰਘ, ਨਸੀਬ ਦੀਵਾਨਾ, ਪਿੱਪਲ ਸਿੰਘ ਜ਼ੀਰਾ, ਲਖਬੀਰ ਸਿੰਘ, ਰਾਜੀਵ ਸ਼ਰਮਾ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਖਾਰਾ, ਰਾਜਾ ਮਨੇਸ, ਬਾਜ ਸਿੰਘ ਭੁੱਲਰ, ਤੀਰਥ ਮੱਲ੍ਹੀ, ਰੋਹਿਤ ਭਾਟੀਆ, ਮਾਸਟਰ ਸ਼ਮਸ਼ੇਰ ਸਿੰਘ ਕਵੀਆਂ ਦੀਆਂ ਰਚਨਾਵਾਂ ਇਸ ਸੰਗ੍ਰਹਿ ਦਾ ਸ਼ਿੰਗਾਰ ਬਣੀਆਂ ਹਨ। ਇਹ ਕਵੀ ਕੁਝ ਤਾਂ ਸਥਾਪਿਤ ਕਵੀ ਹਨ ਅਤੇ ਕੁਝ ਨਵੀਆਂ ਕਲਮਾਂ ਨਾਲ ਜੁੜੇ ਹਨ। ਇਸ ਸੰਗ੍ਰਹਿ ਦੇ ਸੰਪਾਦਕ ਵਿਵੇਕ ਨੇ ਦੱਸਿਆ ਹੈ ਕਿ ਇਹ ਪੰਜਾਬ ਪ੍ਰਤੀ ਪ੍ਰੇਮ, ਲੋਕ ਹਿੱਤ, ਮਾਂ ਬੋਲੀ ਦੀ ਤਰੱਕੀ, ਪੰਜਾਬੀ ਸੱਭਿਆਚਾਰ, ਅਜੋਕੇ ਪੰਜਾਬ ਦੀਆਂ ਚੁਣੌਤੀਆਂ ਆਦਿ ਵਿਸ਼ਿਆਂ ਨਾਲ ਜੁੜੀਆਂ ਕਵਿਤਾਵਾਂ ਇਸ ਸੰਗ੍ਰਹਿ ਦਾ ਭਾਗ ਬਣੀਆਂ ਹਨ। ਪ੍ਰੇਰਣਾਦਾਇਕ ਕਵਿਤਾਵਾਂ ਪਾਠਕ ਦਾ ਰਾਹ ਰੌਸ਼ਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ :
ਮੂਰਖ ਕਹਿਮ ਭਗਵਾਨ ਬਦਲਦਾ ਕਿਸਮਤ ਨੂੰ
ਹਿੰਮਤ ਨਾਲ ਇਨਸਾਨ ਬਦਲਦਾ ਕਿਸਮਤ ਨੂੰ
(ਅਸ਼ੋਕ ਆਰਜੂ)
ਸੁਪਨਿਆਂ ਨੂੰ ਜਗਾਉਣਾ ਉਮੀਦ ਨੂੰ ਜਗਾਉਣਾ ਹੈ
ਦਿਲ ਕਰ ਨਾ ਉਦਾਸ ਚੰਗਾ ਸਮਾਂ ਵੀ ਆਉਣਾ ਹੈ
(ਵਿਵੇਕ ਕੋਟ ਈਸੇ ਖਾਂ)
ਕੁਝ ਕਵੀਆਂ ਨੇ ਵਿਅੰਗਾਤਮਕ ਜੁਗਤ ਨਾਲ ਵੀ ਕਾਵਿ ਰਚਨਾ ਕੀਤੀ ਹੈ :
ਜੇ ਕਿਧਰੇ ਮੈਂ ਨੇਤਾ ਹੁੰਦਾ
ਕਈ ਖੱਡਾਂ ਦਾ ਵੇਚਦਾ ਰੇਤਾ ਹੁੰਦਾ।
(ਦਲਜੀਤ ਰਾਏ ਕਾਲੀਆ)
ਨਾਰੀ ਮਨ ਨਾਲ ਅਤੇ ਨਾਰੀ ਸ਼ਕਤੀ ਨਾਲ ਸੰਬੰਧਿਤ ਕਵਿਤਾਵਾਂ ਵੀ ਵੇਖੀਆਂ ਜਾ ਸਕਦੀਆਂ ਹਨ। ਰੱਖੜੀ, ਪੁੱਤਰ ਬਾਝੋਂ ਕਵਿਤਾਵਾਂ ਸਾਡੀ ਲੋਕ ਮਾਨਸਿਕਤਾ ਨਾਲ ਜੁੜੀਆਂ ਹਨ ਜੋ ਲਖਬੀਰ ਸਿੰਘ ਦੀਆਂ ਲਿਖੀਆਂ ਹਨ। ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ (ਮੋਗਾ) ਦਾ ਇਹ ਯਤਨ ਸਾਲਾਹੁਣਯੋਗ ਹੈ। ਬਹੁਤ ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਦੇ ਜ਼ਰੀਏ ਪਾਠਕਾਂ ਦੇ ਸਨਮੁੱਖ ਹੋਣ ਦਾ ਮੌਕਾ ਮਿਲਿਆ ਹੈ।


-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।


ਮੈਂ ਆਦਮ ਨਹੀਂ
ਕਵੀ : ਡਾ. ਪ੍ਰਗਟ ਸਿੰਘ ਜਠੌਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 200 ਰੁਪਏ, ਸਫ਼ੇ : 100
ਸੰਪਰਕ : 098124-01117


ਹਥਲੀ ਕਾਵਿ-ਪੁਸਤਕ ਡਾ. ਪ੍ਰਗਟ ਸਿੰਘ ਜਠੌਲ ਦੀ ਪ੍ਰਥਮ ਪ੍ਰਕਾਸ਼ਿਤ ਕਾਵਿ-ਸਿਰਜਣਾ ਹੈ। 100 ਸਫ਼ੇ ਵਿਚ ਫੈਲੀਆਂ ਕੁੱਲ 33 ਕਵਿਤਾਵਾਂ ਹਨ, ਜਿਹੜੀਆਂ ਕਿ ਵਾਰਤਕ ਕਵਿਤਾਵਾਂ ਹਨ ਪਰ ਤਿੰਨ ਕੁ ਕਾਵਿ-ਰਚਨਾਵਾਂ ਗ਼ਜ਼ਲ ਜਿਹੀ ਦਿੱਖ ਤੇ ਸਰੂਪ ਪੇਸ਼ ਕਰਦੀਆਂ ਹਨ। ਵਿਦਵਾਨ ਸਤੀਸ਼ ਕੁਮਾਰ ਵਰਮਾ ਇਸ ਪੁਸਤਕ ਦੇ ਆਦਿ ਕਥਨ ਵਿਚ ਲਿਖਦੇ ਹਨ ਕਿ ਪ੍ਰਗਟ ਕਾਵਿ ਵਿਚਲੇ ਕਾਵਿ-ਸੰਸਾਰ ਦੇ ਸਮਾਨਾਂਤਰ ਉਸ ਦਾ ਕਾਵਿ-ਸੰਚਾਰ ਵੀ ਗੌਲਣਯੋਗ ਹੈ। ਮਸਲਨ ਉਹ ਸੂਤਰਕ ਸ਼ੈਲੀ ਦੀ ਵਰਤੋਂ ਕਰਦਾ ਹੈ। ਇਸੇ ਲਈ ਉਸ ਦੀ ਕਵਿਤਾ ਦੀਆਂ ਸਤਰਾਂ ਟੂਕਾਂ ਬਣਨ ਦੇ ਯੋਗ ਹਨ। ਇਹੀ ਕਾਰਨ ਹੈ ਕਿ ਉਹ ਸਥੂਲ ਵਸਤਾਂ ਦਾ ਮਾਨਵੀਕਰਨ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਜਠੌਲ ਦੀ ਕਵਿਤਾ ਦੇ ਕੁਝ ਨਮੂਨੇ ਇਥੇ ਦਰਜ ਹਨ :
-ਤੂੰ ਰੋਣਾ ਕਿਉਂ ਨਹੀਂ ਸਿਖਾਇਆ ਮਾਂ/ਕਿਉਂ ਮੈਨੂੰ ਵਰਜਦੀ ਰਹੀ ਰੋਣ ਤੋਂ/ਅਖੇ ਮੁੰਡੇ ਥੋੜ੍ਹਾ ਰੋਂਦੇ ਨੇ/ਕਿਉਂ ਨਹੀਂ ਰੋ ਸਕਦੇ/ਮੈਂ ਅੱਜ ਤੈਨੂੰ ਦੱਸਦਾ ਹਾਂ ਕਿ ਰੋਣਾ ਕਿੰਨਾ ਜ਼ਰੂਰੀ ਹੈ...
-ਬਾਪੂ ਤੂੰ ਸਾਡਾ/ਗਰੂਰ ਹੈਂ/ਅਸੀਂ ਅਕਸ ਹਾਂ ਤੇਰੇ/ਸਾਡਾ ਰੋਣਾ ਬੇਸ਼ੱਕ ਮਾਂ ਵਰਗਾ/ਪਰ ਭੀੜ ਪੈਣ 'ਤੇ ਡਟ ਜਾਣਾ/ਤੂੰ ਹੀ ਤਾਂ ਹੈਂ ਬਾਪੂ...
-ਮੈਂ ਜਦੋਂ ਬਹੁਤ ਨੇੜਿਉਂ/ਨਵੇਂ ਆ ਰਹੇ ਪੱਤਿਆਂ ਨੂੰ/ਹੈਰਾਨੀ ਨਾਲ ਤੱਕਿਆ/ਤੇ ਤੱਕਿਆ ਅੱਜ ਹੀ ਫੁੱਟੀਆਂ/ਨਵੀਆਂ ਕਰੂੰਬਲਾਂ ਨੂੰ/ਇਨ੍ਹਾਂ ਦਾ ਰੰਗ ਲਾਲ ਸੀ/ਲਹੂ ਵਰਗਾ/ਲੱਗਿਆ ਇਹ ਨਵਾਂ ਲਹੂ ਹੈ/ਜੋ ਮੱਥਾ ਲਾਏਗਾ/ਆਉਣ ਵਾਲੇ ਸਮੇਂ ਵਿਚ ਸੂਰਜ ਨਾਲ...
ਜਠੌਲ ਦਾ ਇਕ ਸ਼ਿਅਰ ਹੈ :
ਮੇਰੇ ਆਪਣਿਆਂ 'ਚੋਂ ਮੈਂ
ਹੁਣ ਗ਼ੈਰ ਹੁੰਦਾ ਜਾ ਰਿਹਾਂ
ਮੈਂ ਇਕ ਛੋਟਾ ਜਿਹਾ ਪਿੰਡ ਸੀ
ਹੁਣ ਸ਼ਹਿਰ ਹੁੰਦਾ ਜਾ ਰਿਹਾਂ
ਇਸ ਸ਼ਿਅਰ ਵਿਚ ਕਵੀ ਨੇ ਪਿੰਡਾਂ ਵਿਚਲੇ ਮੇਲ-ਮਿਲਾਪ ਦੇ ਸੱਭਿਆਚਾਰ ਨੂੰ ਬੇਗ਼ਾਨਗੀ ਦੇ ਰੰਗ ਵਿਚ ਭਾਵ ਸ਼ਹਿਰੀਕਰਨ ਵਿਚ ਤਬਦੀਲ ਹੁੰਦਾ ਵੇਖ ਕੇ ਵਿਅੰਗ ਕੱਸਿਆ ਹੈ। ਸਾਰੀਆਂ ਕਵਿਤਾਵਾਂ ਭਾਵੇਂ ਵਾਰਤਕ ਕਵਿਤਾ ਦੇ ਸਰੂਪ ਵਿਚ ਹਨ ਪਰ ਵਿਚਾਰਾਂ ਤੇ ਜਜ਼ਬਾਤਾਂ ਦੇ ਵਹਾਅ ਵਿਚ ਪਾਠਕ ਨੂੰ ਅੜਚਣ ਨਹੀਂ ਆਉਂਦੀ।


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਗੋਲਡਨ ਪੰਚ
ਲੇਖਕ : ਬਲਵੰਤ ਸਿੰਘ ਸੰਧੂ
ਪ੍ਰਕਾਸ਼ਿਤ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫੇ : 127
ਸੰਪਰਕ: 98886-58185


'ਗੋਲਡਨ ਪੰਚ' ਨਾਵਲ ਦੇ ਬਿਰਤਾਂਤ ਅਨੁਸਾਰ ਖੁਨਾਲ ਖੁਰਦ ਜ਼ਿਲ੍ਹਾ ਸੰਗਰੂਰ ਦੇ ਪਿੰਡ ਦਾ ਇਕ ਸਧਾਰਨ ਕਿਸਾਨ ਪਰਿਵਾਰ ਦਾ ਹੁੰਦੜਹੇਲ ਬੱਚਾ ਕੌਰਾ ਆਪਣੇ ਹਾਣੀਆਂ ਨਾਲੋਂ ਕਾਫੀ ਜਵਾਨ ਸੀ। ਮਾਪਿਆਂ ਨੇ ਉਸ ਦੇ ਖਾਣ ਪੀਣ ਵਿਚ ਕੋਈ ਕਸਰ ਨਹੀਂ ਛੱਡੀ ਸੀ ਤੇ ਉਹ ਵੀ ਆਪਣੇ ਜ਼ੋਰ ਨੂੰ ਸਾਰਥਿਕ ਪਾਸੇ ਲਾਉਣ ਤੋਂ ਨਹੀਂ ਝਿਜਕਿਆ। ਮਾਪਿਆਂ ਦਾ ਸਾਊ ਤੇ ਕਮਾਊ ਪੁੱਤ ਬਣ ਕੇ ਪਹਿਲਾਂ ਖੇਤਾਂ ਵਿਚ ਫਿਰ ਫੌਜ ਵਿਚ ਭਰਤੀ ਹੋ ਕੇ ਆਪਣੇ ਜ਼ੋਰ ਦੇ ਜਲਵੇ ਦਿਖਾਉਂਦਾ ਹੋਇਆ ਇਕ ਜਗਤ ਪ੍ਰਸਿੱਧ ਮੁੱਕੇਬਾਜ਼ ਬਣ ਕੇ 'ਪਦਮ ਸ਼੍ਰੀ' ਅਤੇ ਅਰਜਨ ਐਵਾਰਡ' ਵਰਗੇ ਵੱਕਾਰੀ ਮਾਣ ਸਨਮਾਨ ਹਾਸਲ ਕੀਤੇ ਅਤੇ ਉਲੰਪੀਅਨ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ। ਫੌਜ ਅਤੇ ਪੰਜਾਬ ਪੁਲਿਸ ਵਿਚ ਮੁੱਕੇਬਾਜ਼ੀ ਦੇ ਸੁਹਿਰਦ ਕੋਚ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਫਿਰ ਖੇਤਾਂ ਦਾ ਪੁੱਤ ਬਣ ਗਿਆ। ਨਾਵਲ ਦਾ ਬਿਰਤਾਂਤ ਸਪਸ਼ਟ ਕਰਦਾ ਹੈ ਕਿ ਹਰ ਖਿਡਾਰੀ/ ਮਹਾਨ ਵਿਅਕਤੀ ਦੀ ਕੁਸ਼ਲ ਕਾਰਗੁਜ਼ਾਰੀ ਪਿੱਛੇ ਘਰ ਪਰਿਵਾਰ, ਚੰਗਾ ਪਾਲਣ ਪੋਸ਼ਣ, ਖਿਡਾਰੀ ਦੀ ਸੁਹਿਰਦਤਾ ਭਰੀ ਮਿਹਨਤ, ਨੇਕ ਭਾਵਨਾ, ਸਾਫ਼ ਨੀਅਤ, ਚੰਗਾ ਕਿਰਦਾਰ, ਖੇਡ ਵਿਭਾਗ ਤੇ ਸਰਕਾਰਾਂ ਦੇ ਚੰਗੇ ਸਹਿਯੋਗ ਦਾ ਵੱਡਾ ਹੱਥ ਹੁੰਦਾ ਹੈ। ਪਰ ਇਕ ਤਰਾਸਦੀ ਵੀ ਹੈ ਮਹਾਨ ਪ੍ਰਾਪਤੀਆਂ ਕਰਨ ਵਾਲਿਆਂ ਦਾ ਗੁੰਮਨਾਮੀ ਜੀਵਨ ਨਿਰਾਸ਼ਾ ਦੇ ਪਸਾਰੇ ਵਿਚ ਹੀ ਵਾਧਾ ਕਰਦਾ ਹੈ। ਵੱਖ-ਵੱਖ ਦੇਸ਼ੀ-ਵਿਦੇਸ਼ੀ ਖੇਡ ਮੁਕਾਬਲਿਆਂ ਦੇ ਸ਼ੁਰੂਆਤੀ ਮਿਥਿਹਾਸ/ਇਤਿਹਾਸ, ਖੇਡਾਂ ਦੇ ਜਨਮ ਸਥਾਨਾਂ/ਖੇਤਰਾਂ ਦਾ ਵਿਸਥਾਰ ਪੂਰਵਕ ਜ਼ਿਕਰ 'ਗੋਲਡਨ ਪੰਚ' ਨਾਵਲ ਦੀ ਪ੍ਰੋੜਤਾ ਵਿਚ ਹੋਰ ਵਾਧਾ ਕਰਦਾ ਹੈ। ਵੱਖ-ਵੱਖ ਖੇਡ ਸਟੇਡੀਅਮ ਵਿਚ ਹੋਏ ਗਹਿਗੱਚ ਮੁਕਾਬਲਿਆਂ ਦੇ ਪ੍ਰਦਰਸ਼ਨ ਨੂੰ ਇਕ ਵਧੀਆ ਢੰਗ ਨਾਲ ਇੰਝ ਕਲਮਬੱਧ ਕੀਤਾ ਹੋਇਆ ਹੈ ਕਿ ਜਿਸ ਨੂੰ ਪੜ੍ਹਦਿਆਂ-ਪੜ੍ਹਦਿਆਂ ਮੁੱਕੇਬਾਜ਼ਾਂ ਦੀਆਂ ਪ੍ਰਾਪਤੀਆਂ ਉਤੇ ਵੱਜਦੀਆਂ ਤਾੜੀਆਂ ਦੀ ਗੂੰਜ ਵਿਚ ਖੁਦ ਹਾਜ਼ਰ ਹੋਣ ਦਾ ਭਰਮ ਪੈਦਾ ਹੋ ਜਾਂਦਾ ਹੈ। ਜੇਕਰ 'ਪਦਮ ਸ਼੍ਰੀ' ਕੌਰ ਸਿੰਘ ਦੀ ਕੋਈ ਮਾਣ-ਮੱਤੀ ਤਸਵੀਰ ਵੀ, ਇਸ ਨਾਵਲ ਵਿਚ ਛਾਪੀ ਗਈ ਹੁੰਦੀ ਤਾਂ ਇਸ ਨਾਵਲ ਨੂੰ ਹੋਰ ਵੀ ਚਾਰ ਚੰਨ ਲੱਗ ਸਕਦੇ ਸਨ । ਆਸ ਹੈ ਕਿ ਅੱਗੇ ਤੋਂ ਬਲਵੰਤ ਸਿੰਘ ਸੰਧੂ ਅਜਿਹੇ ਕਿਸੇ ਹੋਰ ਨਵੇਂ ਨਾਵਲ ਦੀ ਵਿਉਂਤਬੰਦੀ ਕਰਨ ਸਮੇਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੇਗਾ। ਬਾਕੀ ਕੁੱਲ ਮਿਲਾ ਕੇ ਇਹ ਨਾਵਲ 'ਗੋਲਡਨ ਪੰਚ' ਹਰ ਪੱਖੋਂ ਸਫ਼ਲ ਨਾਵਲ ਹੈ ਜੋ ਖੇਡ ਜਗਤ ਖਾਸ ਕਰਕੇ ਮੁੱਕੇਬਾਜ਼ੀ ਦੇ ਖਿਡਾਰੀਆਂ ਨੂੰ ਕੋਈ ਨਵੀਂ ਸੇਧ ਦੇਣ ਵਿਚ ਸਫਲ ਜ਼ਰੂਰ ਹੋਵੇਗਾ।


-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858

07-01-2023

 ਸੋਨੇ ਦੀ ਚਿੜੀ
ਵਕਤ
ਲੇਖਕ : ਪ੍ਰਿੰ. ਗੁਰਦੀਪ ਸਿੰਘ ਰੰਧਾਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 119
ਸੰਪਰਕ : 98727-72187

'ਸੋਨੇ ਦੀ ਚਿੜੀ : ਵਕਤ' ਪ੍ਰਿੰ. ਗੁਰਦੀਪ ਸਿੰਘ ਰੰਧਾਵਾ ਦੀ ਵਾਰਤਕ ਪੁਸਤਕ ਦੀ ਦੂਸਰੀ ਛਾਪ ਹੈ। ਇਸ ਪੁਸਤਕ ਰਾਹੀਂ ਰੰਧਾਵਾ ਜੀ ਇਕ ਸੰਤੁਲਿਤ, ਸਿਹਤਮੰਦ ਤੇ ਪੁਸ਼ਟ ਆਚਰਣ ਵਾਲਾ ਮਨੁੱਖ ਤਿਆਰ ਕਰਨ ਵੱਲ ਰੁਚਿਤ ਹਨ। ਲੇਖਕ ਵਕਤ ਜਾਂ ਸਮੇਂ ਨੂੰ ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਸਮਝਦਾ ਹੈ। ਵਕਤ ਹੀ ਲੇਖਕ ਦੇ ਜੀਵਨ ਦੀਆਂ ਕਈ ਮੰਜ਼ਿਲਾਂ ਤੈਅ ਕਰਦਾ ਹੈ। ਉਹ ਭੂਤ ਜਾਂ ਭਵਿੱਖ ਦੀ ਥਾਂ ਵਰਤਮਾਨ ਨੂੰ ਮਨੁੱਖ ਦੇ ਜੀਵਨ ਵਿਚ ਲਾਹੇਵੰਦ ਸਮਝਦਾ ਹੈ। ਮਨੁੱਖ ਵਰਤਮਾਨ ਵਿਚ ਜੀਅ ਕੇ ਹੀ ਆਪਣਾ ਲਕਸ਼ ਅਤੇ ਮੰਤਵ ਪੂਰਾ ਕਰ ਸਕਦਾ ਹੈ। ਜ਼ਿੰਦਗੀ ਅਤੇ ਮੌਤ ਵੀ ਵਕਤ ਹੀ ਤੈਅ ਕਰਦਾ ਹੈ।ਲੇਖਕ ਦਾ ਮੱਤ ਹੈ ਕਿ ਪੁਸ਼ਟ ਸਰੀਰ ਅਤੇ ਸਿਹਤਮੰਦ ਕਾਇਆ ਹੀ ਮਨੁੱਖ ਨੂੰ ਚੜ੍ਹਦੀ ਕਲਾ 'ਚ ਅਤੇ ਪ੍ਰਸੰਨ ਰੱਖ ਸਕਦੀ ਹੈ। ਇਸੇ ਲਈ ਉਹ ਸਰੀਰਕ ਰਚਨਾ ਬਾਰੇ ਦੱਸਦਿਆਂ, ਉਸ ਦੀ ਪੂਰਤੀ ਲਈ ਲੋੜੀਂਦੇ ਵਿਟਾਮਨਾਂ, ਪ੍ਰੋਟੀਨਾਂ, ਤੱਤਾਂ ਦੀ ਸੂਚਨਾ ਦਿੰਦਾ ਹੈ। ਕਿਹੜੇ ਅੰਗ ਲਈ ਕਿਹੜੇ ਤੱਤ ਲੈਣੇ ਚਾਹੀਦੇ ਹਨ, ਇਨ੍ਹਾਂ ਨੂੰ ਵਿਸਥਾਰ ਵਿਚ ਦੱਸਦਾ ਹੈ। ਲੰਮੀ ਉਮਰ ਅਤੇ ਨਿਰੋਗ ਸਰੀਰ ਦੀ ਮਾਨਤਾ ਲਈ ਸੰਤੁਲਿਤ ਭੋਜਨ ਤੇ ਖੁਰਾਕ ਮਨੁੱਖ ਲਈ ਅਤਿ ਜ਼ਰੂਰੀ ਹਨ। ਚੰਗਾ ਆਚਰਣ ਵੀ ਸਮਾਜਿਕ ਮਨੁੱਖ ਲਈ ਅਤਿ ਲੋੜੀਂਦਾ ਤੱਤ ਹੈ। ਇਸ ਦੀ ਸਹਾਇਤਾ ਨਾਲ ਮਨੁੱਖ ਕਈ ਤਰ੍ਹਾਂ ਦੀਆਂ ਬੁਲੰਦੀਆਂ ਛੋਹ ਸਕਦਾ ਹੈ। ਭੈੜੇ ਆਚਰਣ ਵਾਲਾ ਵਿਅਕਤੀ ਸਮਾਜ ਨੂੰ ਤਾਂ ਡੋਬਦਾ ਹੀ ਹੈ, ਆਪ ਵੀ ਡੁੱਬਦਾ ਹੈ। ਲੇਖਕ ਦੀ ਵਾਰਤਕ ਬਿਲਕੁਲ ਸਿੱਧੀ, ਸਪੱਸ਼ਟ ਤੇ ਸਾਫ਼-ਸਫ਼ਾਫ ਹੈ। ਉਹ ਇਸ ਨੂੰ ਆਦਰਸ਼ਕ ਬਣਾਉਣ ਲਈ ਫਾਲਤੂ ਤਸ਼ਬੀਹਾਂ, ਅਲੰਕਾਰਾਂ, ਮੁਹਾਵਰਿਆਂ, ਅਖਾਣਾਂ, ਕਾਵਿ-ਟੁਕੜੀਆਂ, ਉਰਦੂ ਸ਼ਿਅਰਾਂ ਦੇ ਭਾਰੇ ਭਰਕਮ ਗਹਿਣੇ ਨਹੀਂ ਪਹਿਨਾਉਂਦਾ। ਉਹ ਸਿਰਫ਼ ਆਪਣੀਆਂ ਲਾਭਕਾਰੀ ਗੱਲਾਂ ਪਾਠਕਾਂ ਤੀਕ ਪਹੁੰਚਾਉਣ ਲਈ ਸਾਦੀ ਜ਼ਬਾਨ ਵਿਚ ਪ੍ਰਵਚਨ ਕਰਦਾ ਹੈ। ਡੂਜ਼ ਅਤੇ ਡੋਂਟਸ ਦੀ ਵਰਤੋਂ ਕਰਦਾ ਹੈ। ਹਾਂ, ਕਿਤੇ ਕਿਤੇ ਮਨੁੱਖ ਦੇ ਮਾੜੇ ਆਚਰਣ ਨੂੰ ਜ਼ਾਹਿਰ ਕਰਨ ਲਈ ਕੁਝ ਦਿਸ਼ਟਾਂਤ ਜਾਂ ਕਹਾਣੀਆਂ ਜ਼ਰੂਰ ਜੋੜਦਾ ਹੈ। ਉਸ ਦੀਆਂ ਕੁਝ ਕਵਿਤਾਵਾਂ ਵੀ ਵਾਰਤਕ ਵੱਲ ਸਰਲ ਅਤੇ ਸਾਦਾ ਹਨ। ਉਸ ਦੀ ਸਰਲ ਅਤੇ ਸਾਦਾ ਵਾਰਤਕ ਹੀ ਉਸ ਦੇ ਲੇਖਾਂ ਦਾ ਪੀਰੀ ਗੁਣ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਬੰਸਰੀ 'ਚ ਕੈਦ ਸੁਰ
ਲੇਖਕ : ਰਮਨ ਸੰਧੂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97799-11773

ਰਮਨ ਸੰਧੂ ਦਾ ਇਹ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਤੱਕ ਪਹੁੰਚਦਿਆਂ ਰਮਨ ਸੰਧੂ ਪੰਜਾਬੀ ਗ਼ਜ਼ਲਕਾਰੀ ਵਿਚ ਆਪਣੀ ਪੁਖਤਗੀ ਨੂੰ ਹੋਰ ਵਧੇਰੇ ਸ਼ਿੱਦਤ ਨਾਲ ਦਰਜ ਕਰਵਾ ਰਿਹਾ ਪ੍ਰਤੀਤ ਹੁੰਦਾ ਹੈ। ਉਹ ਉਨ੍ਹਾਂ ਚੋਣਵੇਂ ਪੰਜਾਬੀ ਗ਼ਜ਼ਲਗੋਆਂ ਵਿਚੋਂ ਹੈ ਜਿਨ੍ਹਾਂ ਨੂੰ ਗ਼ਜ਼ਲੀਅਤ ਦੀ ਸਮਝ ਵੀ ਹੈ ਅਤੇ ਗ਼ਜ਼ਲ ਤਕਨੀਕ ਦਾ ਚੋਖਾ ਗਿਆਨ ਵੀ। ਇਸ ਸੰਗ੍ਰਹਿ ਵਿਚ ਭਾਵੇਂ ਉਸ ਨੇ ਬਹਿਰਾਂ ਦੀ ਵੰਨ-ਸੁਵੰਨਤਾ ਉੱਤੇ ਬਹੁਤ ਜ਼ੋਰ ਨਹੀਂ ਪਾਇਆ ਪਰ ਜਿਹੜੀ ਵੀ ਬਹਿਰ ਵਿਚ ਲਿਖਿਆ ਉਸ ਨੂੰ ਪੂਰੀ ਤਰ੍ਹਾਂ ਨਿਭਾਉਣ ਦਾ ਯਤਨ ਵੀ ਕੀਤਾ ਅਤੇ ਨਵੇਂ ਵਿਚਾਰਾਂ, ਗਹਿਰੇ ਅਹਿਸਾਸਾਂ ਅਤੇ ਸਮਕਾਲੀ ਸਰੋਕਾਰਾਂ ਨੂੰ ਆਪਣੀ ਲਿਖਤ ਦਾ ਹਿੱਸਾ ਵੀ ਬਣਾਇਆ। ਉਸ ਦੀ ਗ਼ਜ਼ਲ ਉਸ ਰਵਾਇਤੀ ਗ਼ਜ਼ਲ ਦੀਆਂ ਉਨ੍ਹਾਂ ਬੰਦਸ਼ਾਂ ਨੂੰ ਤੋੜਦੀ ਹੋਈ ਅੱਗੇ ਵਧਦੀ ਹੈ, ਜਿਹੜੀ ਇਸ਼ਕ-ਮੁਹੱਬਤ ਦੇ ਅਹਿਸਾਸਾਂ ਨੂੰ ਸ਼ਿਅਰੀਅਤ ਵਿਚ ਢਾਲ ਕੇ ਦਰਬਾਰੀ ਮਨੋਰੰਜਨ ਨੂੰ ਚਾਵਾਂ ਨਾਲ ਪੇਸ਼ ਕਰਨ ਅਤੇ ਗਾਉਣ-ਵਜਾਉਣ ਤੱਕ ਸੀਮਤ ਰਹਿੰਦੀ ਸੀ। ਅਜਿਹੀ ਰਵਾਇਤਾਂ ਨੂੰ ਤੋੜਨ ਵਾਲਾ ਭਾਵੇਂ ਉਹ ਪਹਿਲਾ ਪੰਜਾਬੀ ਗ਼ਜ਼ਲਗੋ ਨਹੀਂ ਪਰ ਉਸ ਦੀ ਪੁਖ਼ਤਗੀ ਬੇਹੱਦ ਵਿਲੱਖਣ ਹੈ। ਆਪਣੇ ਇਸ ਵੱਖਰੇਪਨ ਦੇ ਅਹਿਸਾਸ ਬਾਰੇ ਉਹ ਚੇਤੰਨ ਵੀ ਹੈ ਅਤੇ ਆਪਣੀ ਇਸ ਸਜੱਗਤਾ ਨੂੰ ਉਹ ਆਪਣੀ ਗ਼ਜ਼ਲ ਦਾ ਵਿਸ਼ਾ ਵੀ ਬਣਾਉਂਦਾ ਹੈ।
ਤੁਸੀਂ ਕਹਿੰਦੇ ਹੋ ਸ਼ਾਇਰ ਬਣਨ ਦੇ
ਕਾਬਿਲ ਨਹੀਂ ਹਾਂ ਮੈਂ
ਚੱਲੋ ਚੰਗਾ ਹੀ ਹੈ,
ਜੋ ਭੀੜ ਵਿਚ ਸ਼ਾਮਿਲ ਨਹੀਂ ਹਾਂ ਮੈਂ।
(ਸਫ਼ਾ 32)
ਇਹ ਗ਼ਜ਼ਲ ਮਾਨਵੀ ਰਿਸ਼ਤਿਆਂ ਦੇ ਗ਼ਹਿਰੇ ਅਹਿਸਾਸਾਂ ਨਾਲ ਗੜੁੱਚ ਗ਼ਜ਼ਲ ਹੈ। 'ਮਾਂ' ਵਰਗਾ ਪਵਿੱਤਰ ਰਿਸ਼ਤਾ ਜਦੋਂ ਗ਼ਜ਼ਲ ਵਿਚ ਨਿਭਦਾ ਹੈ ਤਾਂ ਇਹ ਵੀ ਆਪਣੇ-ਆਪ ਵਿਚ ਨਵੀਂ ਗ਼ਜ਼ਲ ਦੇ ਨਵੇਂ ਰੰਗ ਵਾਂਗ ਹੀ ਪੇਸ਼ ਹੋ ਰਿਹਾ ਹੈ।
ਕਿਵੇਂ ਇਕ ਲਫ਼ਜ਼
ਆਪਣੇ ਆਪ ਨੂੰ ਵਿਸਥਾਰ ਦਿੰਦਾ ਹੈ
ਕਿ ਮਾਂ ਦਾ ਔਂਤਰਾ
ਕਹਿਣਾ ਵੀ ਸੀਨਾ ਠਾਰ ਦਿੰਦਾ ਹੈ।
(ਸਫ਼ਾ 18)
ਰਾਜਨੀਤਕ ਸਰੋਕਾਰ, ਸਮਾਜਿਕ ਰਿਸ਼ਤੇ, ਇਤਿਹਾਸ ਮਿਥਿਹਾਸ ਦੇ ਹਵਾਲੇ ਉਸ ਦੀਆਂ ਗ਼ਜ਼ਲਾਂ ਵਿਚ ਨਵੇਂ ਸੰਕਲਪ ਅਤੇ ਨਵੇਂ ਅਰਥ ਪੇਸ਼ ਕਰਦੇ ਦਿਸਦੇ ਹਨ। ਉਹ ਬਹੁਤ ਸਹਿਜ ਭਰੇ ਅੰਦਾਜ਼ ਨਾਲ ਇਨ੍ਹਾਂ ਹਵਾਲਿਆਂ ਨੂੰ ਵਰਤਦਾ ਹੋਇਆ ਕਿ ਨਵਾਂ ਬੋਧ ਜਗਾਉਣ ਦਾ ਯਤਨ ਕਰਦਾ ਹੈ।
-ਕਿਸੇ ਨੂੰ ਖਾ ਗਈ ਭਟਕਣ,
ਤੇ ਕੁਝ ਵਾਪਸ ਪਰਤ ਆਏ
ਨਹੀਂ, ਉਹ ਸਭ ਨਹੀਂ ਗੌਤਮ ਬਣੇ,
ਜਿਨ੍ਹਾਂ ਨੇ ਘਰ ਛੱਡਿਆ। (ਸਫ਼ਾ 17)
-ਮੇਰੇ ਖ਼ਾਬਾਂ 'ਚ ਕਿਉਂ ਰਲਗੱਡ ਨੇ
ਮਿਥਿਹਾਸ ਦੇ ਨਾਟਕ
ਮੇਰੇ ਖ਼ਾਬਾਂ 'ਚ ਦੁਰਯੋਜਨ,
ਪੰਚਾਲੀ ਹਾਰ ਦੇਂਦਾ ਹੈ। (ਸਫ਼ਾ 18)
-'ਕੋਈ ਰਾਧਾ ਜਿਹੀ ਹੋਵੇ'
ਮੇਰਾ ਏਨਾ ਹੀ ਕਹਿਣਾ ਸੀ
ਕਦੇ ਇਸਨੇ, ਕਦੇ ਉਸਨੇ,
ਫੜਾ'ਤੀ ਬੰਸਰੀ ਮੈਨੂੰ (ਸਫ਼ਾ 24)
ਰਾਜਨੀਤਕ ਸਰੋਕਾਰਾਂ ਅਤੇ ਰਾਜਸੀ ਵਿਸੰਗਤੀਆਂ ਨੂੰ ਵੀ ਅਤਿ ਸੂਖ਼ਮ ਅੰਦਾਜ਼ ਵਿਚ ਸ਼ਿਅਰਾਂ ਵਿਚ ਪਰੋਣਾ ਉਸ ਨੂੰ ਭਲੀ-ਭਾਂਤ ਆਉਂਦਾ ਹੈ।
-ਉਹ ਬੱਚੇ ਸਮਾਂ ਪਾ ਕੇ ਸਿਆਸਤਦਾਨ ਬਣ ਜਾਣੇ
ਜੋ ਲੈ ਕੇ ਫਿਰ ਰਹੇ ਫਿਰਕਾਪ੍ਰਸਤੀ ਬਸਤਿਆਂ ਅੰਦਰ
(ਸਫ਼ਾ 33)
-ਕੋਈ ਤਾਂ ਖੋਟ ਹੋਵੇਗੀ, ਉਨ੍ਹਾਂ ਦੇ ਜਜ਼ਬਿਆਂ ਅੰਦਰ
ਕਿਸਾਨਾਂ ਦੀ ਜੋ ਗੱਲ ਕਰਦੇ ਨੇ
ਏ.ਸੀ. ਕਮਰਿਆਂ ਅੰਦਰ (ਸਫ਼ਾ 33)
-ਚਲੋ ਅੱਜ ਫੇਰ ਸੁਣ ਲੈਂਦੇ ਹਾਂ
ਉਸ ਦੇ 'ਮਨ ਦੀਆਂ ਬਾਤਾਂ'
ਮਲਾਹ ਦੇ ਇਵਜ਼ ਵਿਚ,
ਕਿਸ਼ਤੀ ਨੂੰ ਜੋ ਪਤਵਾਰ ਦਿੰਦਾ ਹੈ (ਸਫ਼ਾ 18)
ਇਹ ਪੁਸਤਕ ਉਸ ਸਿਤਾਰੇ ਨੂੰ ਸਮਰਪਿਤ ਹੈ ਜਿਸ ਨੇ ਕਦੇ ਸ਼ਾਇਰ ਨੂੰ ਕਿਹਾ ਸੀ 'ਇਹ ਸਿਤਾਰਾ ਹਮੇਸ਼ਾ ਨਾਲ ਰੱਖਿਆ ਕਰ-ਤੈਨੂੰ ਏਦਾਂ ਮਹਿਸੂਸ ਹੋਊ ਜਿਵੇਂ ਮੈਂ ਤੇਰੇ ਨਾਲ ਹਾਂ'' ਪੁਸਤਕ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਇਨ੍ਹਾਂ ਸ਼ਿਅਰਾਂ ਵਿਚ ਧੜਕਦੀ ਗ਼ਜ਼ਲੀਅਤ ਹਮੇਸ਼ਾ ਸ਼ਾਇਰ ਦੇ ਨਾਲ-ਨਾਲ ਹੈ
ਜੜ੍ਹਾਂ ਤੀਕਰ ਤਰੇੜਾਂ ਪੈਣ 'ਤੇ ਵੀ
ਢਹਿਣ ਤੋਂ ਬਚਿਐ
ਪਤਾ ਨ੍ਹੀਂ ਆਪਣੇ ਰਿਸ਼ਤੇ ਨੂੰ
ਐਸਾ ਆਸਾਰ ਕਾਹਦਾ
-ਤੂੰ ਮੇਰੀ ਪੈੜ ਤੇ ਭੱਜ ਕੇ ਵੀ,
ਮੇਰੇ ਨਾਲ ਰਲ ਸਕਦੈਂ?
ਜੋ ਕੋਸ਼ਿਸ਼ ਨਾਲ ਮਿਟ ਜਾਵੇ,
ਭਲਾ ਉਹ ਫ਼ਾਸਲਾ ਕਾਹਦਾ।
(ਸਫ਼ਾ 19)
ਇਸ ਤਰ੍ਹਾਂ ਦੀਆਂ ਸੂਖ਼ਮ ਭਾਵੀ, ਬਰੀਕ ਅਹਿਸਾਸ ਵਾਲੀਆਂ ਗ਼ਜ਼ਲਾਂ ਪੰਜਾਬੀ ਗ਼ਜ਼ਲਕਾਰੀ ਵਿਚ ਬਹੁਤ ਵਿਰਲੀਆਂ ਹਨ ਜਦੀਦ ਗ਼ਜ਼ਲਕਾਰੀ ਦੀਆਂ ਝਲਕਾਂ ਨਾਲ ਭਰੀ ਹੋਈ ਇਹ ਪੁਸਤਕ ਨਵੇਂ ਰੰਗਾਂ ਦੀ ਨਵੀਂ ਭਾਹ ਲੈ ਕੇ ਆਈ ਹੈ। ਰਮਨ ਸੰਧੂ ਨੂੰ ਆਪਣੇ ਅੰਤਹਕਰਣ ਨੂੰ ਨਵੇਂ ਅਰਥਾਂ ਵਾਲੇ ਸ਼ਬਦਾਂ ਵਿਚ ਢਾਲਣ ਦਾ ਹੁਨਰ ਆਉਂਦਾ ਹੈ। ਉਸ ਦਾ ਇਕ ਸ਼ਿਅਰ ਉਸ ਦੇ ਇਸ ਹੁਨਰ ਦੀ ਗਵਾਹੀ ਦਿੰਦਾ ਹੈ
-ਤੁਸੀਂ ਹੈਰਾਨ ਨਾ ਹੋਇਓ,
ਅਗਰ ਮੈਂ ਹੋ ਗਿਆ ਸ਼ਾਇਰ
ਮੈਂ ਹਰ ਇਕ ਦਰਦ ਨੂੰ ਲਫ਼ਜ਼ਾਂ 'ਚ
ਢਾਲਣ ਦਾ ਹੁਨਰ ਰੱਖਦਾਂ
(ਸਫ਼ਾ 25)
ਸੁੰਦਰ ਛਪਾਈ ਵਾਲੇ ਖ਼ੂਬਸੂਰਤ ਗ਼ਜ਼ਲ ਸੰਗ੍ਰਹਿ ਦਾ ਭਰਪੂਰ ਸਵਾਗਤ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਮੋਹ
ਲੇਖਕ: ਅਕਾਸ਼ਦੀਪ
ਪ੍ਰਕਾਸ਼ਕ: ਗਰੈਵਟੀ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 182
ਸੰਪਰਕ : 79739-56082

ਮੋਹ ਅਕਾਸ਼ਦੀਪ ਦੀ ਵਾਰਤਕ ਪੁਸਤਕ ਹੈ। ਇਸ ਵਿਚ ਬਹੁਤ ਸੰਜੀਦਗੀ ਨਾਲ ਮਹਾਨ ਚਿੰਤਕਾਂ ਦੀ ਜੀਵਨ ਸ਼ੈਲੀ, ਰਚਨਾਵਾਂ, ਕਾਰਜ-ਪ੍ਰਣਾਲੀ, ਦ੍ਰਿਸ਼ਟੀਕੋਣ, ਵਿਚਾਰਧਾਰਾ ਦੇ ਕਿਸੇ ਇਕ ਪੱਖ ਉੱਤੇ ਕੇਂਦਰੀਕਰਨ ਕਰਕੇ ਆਪਣੇ ਵਿਚਾਰ ਪ੍ਰਗਟਾਵੇ ਹਨ। ਉਨ੍ਹਾਂ ਦੇ ਜੀਵਨ ਤਜਰਬਿਆਂ ਨੂੰ ਬਾਖੂਬੀ ਬਿਆਨ ਕਰਦੀਆਂ ਟਿੱਪਣੀਆਂ ਦੀ ਸਾਰਥਕਤਾ ਅੱਜ ਵੀ ਕਾਇਮ ਹੈ। ਵਾਰਤਕ ਦਾ ਮੂਲ ਆਧਾਰ ਹੈ ਬੌਧਿਕ ਪੱਧਰ 'ਤੇ ਪਾਠਕਾਂ ਨੂੰ ਸੁਹਜ-ਸਵਾਦ ਪ੍ਰਦਾਨ ਕਰਨਾ। ਪੁਸਤਕ ਵਿਚ ਬੌਧਿਕਤਾ ਦੇ ਨਾਲ-ਨਾਲ ਵਿਗਿਆਨਕ ਰੂਪ ਵੀ ਹੋਂਦ ਗ੍ਰਹਿਣ ਕਰਦਾ ਹੈ। ਵਾਰਤਕ ਦੇ ਪ੍ਰਮੁੱਖ ਤੱਤ ਬੌਧਿਕਤਾ, ਭਾਵੁਕਤਾ, ਢੁੱਕਵੀਂ ਸ਼ਬਦ ਵਿਉਂਤ, ਬਿਰਤਾਂਤ, ਦਾਰਸ਼ਨਿਕਤਾ, ਪੇਸ਼ਕਾਰੀ, ਉਦੇਸ਼, ਪ੍ਰਚਾਰ ਆਤਮਕ ਪੁਸਤਕ ਦਾ ਮੂਲ ਆਧਾਰ ਹਨ, ਜਿਸ ਸਦਕਾ ਪਾਠਕ ਚਿੰਤਨ ਤੇ ਚੇਤਨਾ ਦੇ ਅਕਾਸ਼ ਨੂੰ ਛੋਂਹਦਾ ਹੈ। ਅਕਾਸ਼ਦੀਪ ਨੇ ਮੋਹ ਵਿਚ ਪ੍ਰਸਿੱਧ ਚਿੰਤਕਾਂ ਮੋਜਾਰਟ, ਗਿਲਬਰਟ, ਪਾਬਲੋ ਨੇਰੂਦਾ, ਲਿਓ ਟਾਲਸਟਾਏ, ਦੋਸਤੋਵੋਸਕੀ, ਨਾਜ਼ਿਮ ਹਿਕਮਤ, ਮਿਖਾਇਲ, ਅੰਨਾ ਸ਼ਿਵਿਰ, ਆਇਨ ਰੇਂਡ, ਐਲਨ ਵਾਟਸ, ਮਹਿਮੂਦ ਦਰਵੇਸ਼, ਮਾਰਖੇਜ, ਈਮਾਨ ਮਾਰਸਲ, ਕਾਫ਼ਕਾ, ਓਜ, ਪਾਮੁਕ, ਇਰਵਿੰਗ ਸਟੋਨ, ਜਾਰਜ ਆਰਵੈਲ, ਜੋਸਫ਼ ਹੇਲਰ, ਵਿਨਸੈਟ ਵਾਨ ਗਾਗ, ਮੰਟੋ, ਹੋਮਰ, ਦਾਂਤੇ, ਟਾਮਸ, ਐਤੋਨ, ਲੋਰਕਾ, ਟਾਮਸ ਯੰਗ, ਕੈਥਰੀਨ, ਚਾਰਲੀ ਚੈਪਲਿਨ, ਨੀਤਸੇ, ਜਾਨ ਆਸਟਨ, ਪਾਲ ਗੋਗਾ, ਗੈਬਰੀਅਲ ਗਾਰਸੀਆ, ਹੈਮਿੰਗਵੇ, ਸਲਮਾਨ ਰਸ਼ਦੀ, ਓਸ਼ੋ, ਅਬਿਦਾ ਪ੍ਰਵੀਨ, ਮਹਿੰਦੀ ਹਸਨ, ਗੀਤ ਚਤੁਰਵੇਦੀ, ਅਮਿਤੋਜ, ਅਫ਼ਜ਼ਲ ਖ਼ਾਨ, ਕਾਲੀਦਾਸ, ਕ੍ਰਿਸ਼ਨਾ ਮੂਰਤੀ, ਮੁਨਸ਼ੀ ਪ੍ਰੇਮ ਚੰਦ, ਬੁੱਧ, ਰੂਮੀ, ਖੁਸਰੋ, ਮੀਰ ਤਕੀ ਮੀਰ, ਗ਼ਾਲਿਬ, ਫ਼ੈਜ਼ ਅਹਿਮਦ ਫ਼ੈਜ਼, ਰਾਹਤ ਇੰਦੌਰੀ, ਦੇਗ ਦੇਹਲਵੀ ਆਦਿ ਦਾ ਜ਼ਿਕਰ ਕੀਤਾ ਹੈ। ਜਿਨ੍ਹਾਂ ਦੀਆਂ ਲਿਖਤਾਂ ਤੇ ਵਿਚਾਰਧਾਰਾ ਨੇ ਮਨੁੱਖਤਾ ਦਾ ਸਰਬਪੱਖੀ ਵਿਕਾਸ ਕੀਤਾ ਹੈ। ਇਨ੍ਹਾਂ ਚਿੰਤਕਾਂ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਰਾਹੀਂ ਮਨੁੱਖ ਨੂੰ ਜੀਣ ਥੀਣ ਦੀ ਅਥਾਹ ਊਰਜਾ ਬਖਸ਼ੀ ਤੇ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ਸ਼ੀਲ ਦ੍ਰਿਸ਼ਟੀ ਦਿੱਤੀ। ਮੋਹ ਵਿਚ ਪ੍ਰਮੁੱਖ ਤੇ ਪ੍ਰਸਿੱਧ ਪੁਸਤਕਾਂ ਅੰਨਾ ਕਰੈਨੀਨਾ, ਯੰਗ ਅਤੇ ਅਮਨ, ਕੇਚਟਟ, ਕਥਾ ਸਾਹਿਤ ਸਾਗਰ, ਪਥਰਾਟ, ਲਸਟ ਫਾਰ ਲਾਈਫ, ਬ੍ਰਦਰਜ਼, ਕਰਮਯੋਵ, ਲੈਟਰਸ ਟੂ ਯੰਗ ਪੋਇਟ, ਵਾਈਫ਼ ਵਿਦ ਪਿਕਾਸੋ, ਨਵਜੇਰੀਅਨ ਵੁੱਡ, ਅਦਰ ਕਲਰਜ਼, ਏਕ ਅਧੂਰਾ ਉਪਨਿਆਸ, ਨੀਲਾ ਚੰਦ, ਦੂਰ ਦੇ ਪੰਛੀ, ਅੰਤਿਮ ਅਰਨਯ, ਲੇਖਕੋਂ ਕੀ ਆਦਤੇਂ, ਮਾਈ ਨੇਮ ਇਜ਼ ਰੈੱਡ, ਕੁੱਤੀ ਵਿਹੜਾ, ਧਰਤੀ ਹੇਠਲਾ ਬਲਦ, ਟੇਬਲ ਲੈਂਪ, ਮੂਨ ਦੀ ਅੱਖ ਅਤੇ ਈਦਗਾਹ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਪ੍ਰਸਿੱਧ ਪੁਸਤਕਾਂ ਦੇ ਨਾਂਅ ਵੀ ਦਰਜ ਹਨ। ਪੁਸਤਕ ਦੀ ਸਦੀਵੀ ਹੋਂਦ ਬਾਰੇ ਵਿਚਾਰ ਇਕ ਲੇਖਕ ਨੂੰ ਮਾਰਨਾ ਵੀ ਔਖਾ ਨਹੀਂ ਪਰ ਕਿਤਾਬਾਂ ਨੂੰ ਨਹੀਂ ਮਾਰਿਆ ਜਾ ਸਕਦਾ× ਦੁਨੀਆ ਦੇ ਕਿਸੇ ਖੂੰਜੇ 'ਚ, ਲਾਇਬ੍ਰੇਰੀ ਦੇ ਕਿਸੇ ਖਾਨੇ 'ਚ ਉਸ ਦੀ ਇਕ ਕਾਪੀ ਤਾਂ ਵੀ ਬਚੀ ਰਹਿ ਜਾਵੇਗੀ। ਅਕਾਸ਼ਦੀਪ ਦੀ ਵਾਰਤਕ ਕਲਾ ਵਿਚ ਰਵਾਨਗੀ, ਖਿੱਚ, ਸੁਹਜ, ਚਿੱਤਰਕਾਰੀ, ਇਤਿਹਾਸ, ਮਿਥਿਹਾਸ, ਕਥਾਵਾਂ, ਟਿੱਪਣੀਆਂ, ਮੁਹਾਵਰੇ, ਅਖਾਣ, ਦ੍ਰਿਸ਼ ਚਿਤਰਨ, ਸੰਜਮ ਸੰਖੇਪਤਾ ਦੇ ਕਲਾਤਮਕ ਗੁਣ ਹਨ ਜੋ ਪਾਠਕ ਨੂੰ ਸੁਹਜ-ਸਵਾਦ ਪ੍ਰਦਾਨ ਕਰਦੇ ਹਨ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94656-91091

ਕਿਤੇ ਮਿਲ ਨੀ ਮਾਏ
ਲੇਖਕ ਤੇ ਸੰਗ੍ਰਹਿਕਰਤਾ : ਕੁਲਵੰਤ ਕੌਰ ਸੰਧੂ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ ਕਾਲਾਂਵਾਲੀ, ਸਿਰਸਾ
ਮੁੱਲ : 425 ਰੁਪਏ, ਸਫ਼ੇ : 247
ਸੰਪਰਕ : 079888-71445

ਲੋਕ ਗੀਤ ਸਾਡੇ ਪੰਜਾਬੀ ਸਭਿਆਚਾਰ ਦਾ ਅਵੰਡ ਅਤੇ ਅਮੁੱਕ ਖ਼ਜ਼ਾਨਾ ਹੈ, ਜਿਨ੍ਹਾਂ ਵਿਚ ਪੰਜਾਬੀ ਜਨਮਾਨਸ ਦੇ ਜਨਜੀਵਨ ਦੀ ਅਸਲੀ ਧੜਕਣ ਸਮਾਈ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਸਾਰਾ ਜੀਵਨ ਹੀ ਲੋਕ ਗੀਤਾਂ ਦੇ ਸਾਥ ਵਿਚ ਗੁਜ਼ਰਦਾ ਹੈ। ਪੰਜਾਬੀ ਜੰਮਦੇ ਲੋਰੀਆਂ ਵਿਚ ਹਨ, ਜਵਾਨ ਘੋੜੀਆਂ ਵਿਚ ਹੁੰਦੇ ਹਨ ਅਤੇ ਮਰਦੇ ਅਲਾਹੁਣੀਆਂ ਵਿਚ ਹਨ ਭਾਵ ਲੋਕ ਹਰ ਖ਼ੁਸ਼ੀ ਗ਼ਮੀ ਵੇਲੇ ਸਾਥ ਭਾਲਦੇ ਹਨ। ਲੋਕ ਗੀਤ ਦਾ ਕਰਤਾ ਕੋਈ ਇਕ ਹੀ ਹੁੰਦਾ ਹੈ ਪਰ ਸਮੇਂ ਦੇ ਨਾਲ ਉਸ ਦਾ ਅਕਸਰ ਗੁਆਚ ਜਾਂਦਾ ਹੈ ਅਤੇ ਲੋਕ ਗੀਤ ਸਮੂਹ ਦੀ ਆਵਾਜ਼ ਬਣ ਜਾਂਦਾ ਹੈ। ਲੋਕ ਗੀਤ ਕਿਉਂਕਿ ਸੱਭਿਆਚਾਰ ਦਾ ਸਰਮਾਇਆ ਹੁੰਦੇ ਹਨ ਪਰ ਇਨ੍ਹਾਂ ਵਲੋਂ ਅਵੇਸਲੇ ਹੋਣ 'ਤੇ ਇਹ ਸਮੇਂ ਦੀ ਧੂੜ ਵਿਚ ਗੁਆਚ ਜਾਂਦੇ ਹਨ। ਕੁਝ ਸੁਚੇਤ ਲੋਕ ਇਨ੍ਹਾਂ ਲੋਕ ਗੀਤਾਂ ਦੀ ਸੰਭਾਲ ਲਈ ਯਤਨਸ਼ੀਲ ਵੀ ਰਹਿੰਦੇ ਹਨ। ਵਿਚਾਰਧੀਨ ਪੁਸਤਕ 'ਕਿਤੇ ਮਿਲ ਨੀ ਮਾਏਂ' ਵੀ ਕੁਲਵੰਤ ਕੌਰ ਸੰਧੂ ਦਾ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਕਿ ਵਧੀਆ ਯਤਨ ਹੈ। ਆਪਣੀ ਇਸ ਪੁਸਤਕ ਵਿਚ ਉਸ ਨੇ ਵੱਡੀ ਗਿਣਤੀ ਵਿਚ ਲੋਕ ਗੀਤ ਇਕੱਤਰ ਕਰਕੇ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਵਿਚ ਬਹੁਤੇ ਲੋਕ ਗੀਤ ਉਸਨੂੰ ਜ਼ਬਾਨੀ ਯਾਦ ਸਨ। ਇਨ੍ਹਾਂ ਲੋਕ-ਗੀਤਾਂ ਵਿਚ ਘੋੜੀਆਂ ਸੁਹਾਗ, ਸਿੱਠਣੀਆਂ, ਟੱਪੇ ਆਦਿ ਦਰਜ ਕੀਤੇ ਗਏ ਹਨ। ਇਨ੍ਹਾਂ ਲੋਕ-ਗੀਤਾਂ ਵਿਚ ਕੁਝ ਇਕ ਗੀਤ ਵਿਸ਼ੇਸ਼ ਰਸਮਾਂ ਦੇ ਤਹਿਤ ਵੀ ਦਰਜ ਕੀਤੇ ਗਏ ਹਨ। 'ਕੁੜੀ ਦੀ ਨਹਾਈ ਧੋਈ ਵੇਲੇ ਦਾ ਗੀਤ', 'ਪਲੰਘ ਦਾ ਗੀਤ', ਡੋਲੀ ਵੇਲੇ ਦੇ ਗੀਤ ਆਦਿ। ਏਨੀ ਵੱਡੀ ਗਿਣਤੀ ਵਿਚ ਲੋਕ ਗੀਤ ਇਕੱਤਰ ਕਰਕੇ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨੇ ਇਕ ਸਿਰੜ ਦਾ ਅਤੇ ਮਿਹਨਤ ਦਾ ਕਾਰਜ ਸੀ, ਜਿਸ ਵਿਚੋਂ ਕੁਲਵੰਤ ਕੌਰ ਦੀ ਬਿਨਾਂ ਸ਼ੱਕ ਸਮਰਪਣ ਭਾਵਨਾ ਝਲਕਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਸੰਦਲੀ ਸੁਰਾਂ
ਕਵੀ : ਲਾਲ ਸਿੰਘ ਦਿਲ
ਸੰਪਾਦਕ : ਡਾ. ਗੁਰਇਕਬਾਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 200 ਰੁਪਏ, ਸਫ਼ੇ : 120
ਸੰਪਰਕ : 98158-26301

ਹਥਲੀ ਕਾਵਿ ਪੁਸਤਕ ਪ੍ਰਸਿੱਧ ਇਨਕਲਾਬੀ ਕਵੀ ਲਾਲ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਹਨ ਜੋ ਕਿ ਵਿਦਵਾਨ ਸੰਪਾਦਕ ਡਾ. ਗੁਰਇਕਬਾਲ ਸਿੰਘ ਨੇ ਬੜੀ ਸੂਝ ਨਾਲ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਲਾਲ ਸਿੰਘ ਦਿਲ 1943 ਵਿਚ ਜਨਮਿਆ ਅਤੇ 2007 ਵਿਚ ਵਿਛੋੜਾ ਦੇ ਗਿਆ ਸੀ। ਉਹ ਨਕਸਲਬਾੜੀ ਲਹਿਰ ਦੇ ਪ੍ਰਮੁੱਖ ਕਵੀ ਸਨ। ਦਿਲ ਨੇ ਸਤਲੁਜ ਦੀ ਹਵਾ, ਬਹੁਤ ਸਾਰੇ ਸੂਰਜ, ਸੱਥਰ, ਨਾਸ ਲੋਕ ਅਤੇ ਬਿੱਲਾ ਅੱਜ ਫੇਰ ਆਇਆ ਕਾਵਿ ਪੁਸਤਕਾਂ ਰਚੀਆਂ ਸਨ ਜੋ ਕਾਫ਼ੀ ਚਰਚਿਤ ਰਹੀਆਂ। ਕਵੀ ਇਕ ਸਾਧਾਰਨ ਜਿਹਾ ਜਿਊੜਾ ਸੀ। ਕਵੀ, ਉਜਰਤੀ ਮਜ਼ਦੂਰ, ਚੌਕੀਦਾਰ, ਖੇਤ ਮਜ਼ਦੂਰ, ਰਸੋਈਆ, ਚਾਹ ਦੀ ਦੁਕਾਨ ਵਾਲਾ ਬੰਦਾ ਸੀ। ਪਰ ਉਸ ਦੀ ਕਵਿਤਾ ਲੋਕ ਪਸੰਦ ਕਰਦੇ ਸਨ।
ਦਿਲ ਦੀ ਸਮੁੱਚੀ ਕਾਵਿ ਸਾਧਨਾ ਦੌਰਾਨ ਬੌਧਿਕ ਵਿਅੰਗ ਉਸ ਦੀ ਕਾਵਿ ਸੰਵੇਦਨਾ ਨੂੰ ਪ੍ਰਚੰਡ ਅਤੇ ਪ੍ਰਗਤੀਸ਼ੀਲ ਬਣਾਉਂਦੀ ਹੈ। ਡਾ. ਹਰਭਜਨ ਸਿੰਘ ਅਨੁਸਾਰ ਦਿਲ ਦੇ ਨਿਰਛਲ ਤੇ ਮਸੂਮ ਕਾਵਿ ਬੋਲ ਆਪ ਮੁਹਾਰੇ ਹੀ ਵਿਅੰਗ ਬਣਦੇ ਹਨ। ਦਿਲ ਤਤਕਾਲੀ ਨਕਸਲਬਾੜੀ ਲਹਿਰ ਦਾ ਜ਼ੋਰਦਾਰ ਲੋਕ ਕਵੀ ਸੀ। ਦਿਲ ਦੀਆਂ ਕਵਿਤਾਵਾਂ ਦਿਲ ਨੂੰ ਮੋਹ ਜਾਂਦੀਆਂ ਅਤੇ ਪੱਛੜੇ ਤੇ ਦਲਿਤ ਲੋਕਾਂ ਦਾ ਬਿਰਤਾਂਤ ਜਦ ਕਾਵਿ ਦ੍ਰਿਸ਼ ਬਣਦਾ ਸੀ ਤਾਂ ਜ਼ਿਹਨ ਦੀਆਂ ਬਾਰੀਆਂ ਦੇ ਪਰਦੇ ਉੱਡਣ ਲਗਦੇ ਸਨ :
-ਘਰਾਂ ਨੂੰ ਆਉਂਦੇ / ਖਾਲੀ ਹੱਥ ਵਾਲੇ ਬਾਪ / ਖੀਵੇ ਹੋ ਬੱਚਿਆਂ ਨੂੰ ਚੁੱਕਣ / ... ਬੱਚੇ ਉਨ੍ਹਾਂ ਦੇ / ਖਾਲੀ ਹੱਥਾਂ ਨੂੰ ਹੀ / ਚੂਸਣ ਲਗਦੇ...
-ਜਾਗ ਜਾਗ ਜਨਤਾ / ਅਰਜ ਬੰਦਨਾ ਮੈਂ ਕਰਾਂ / ਰੱਬ ਨੂੰ ਵੀ ਤੇਰੇ ਬਿਨਾਂ / ਮੈਂ ਜਾਣ ਨਾ ਸਕਾਂ...
-ਜੱਟ ਤੇ ਚੋਰ ਦਾ / ਬਹੁਤ ਡੂੰਘਾ ਸੰਬੰਧ ਹੈ / ...ਕਿਉਂਕਿ ਉਸ ਨੂੰ / ਆਪਣਾ ਪੱਲਾ ਝਾੜ ਕੇ ਬੀਜੀ ਪੈਲੀ / ਸੰਦ ਵੜੇਵਾ / ਬਾਹਰ ਹੀ ਛੱਡ ਕੇ ਆਉਣੇ ਪੈਂਦੇ ਨੇ...
-ਅਮੀਰ ਵਸ ਗਏ / ਗਰੀਬ ਜੋ ਪਹਿਲਾਂ ਹੀ / ਉੱਜੜੇ ਹੋਏ ਸਨ / ਸਟੇਸ਼ਨਾਂ ਆਦਿ ਵੱਲ / ਨਿਕਲ ਗਏ... ਮਾਸੂਮ ਜਨਤਾ / ਕੈਂਪਾਂ 'ਚ ਰੁਲ ਰਹੀ ਹੈ...
-ਕੈਪਟਨ ਅਮਰਿੰਦਰ ਸਿੰਘ / ਕਿਤੇ ਉਹ ਸੂਰਜ ਹੀ ਤਾਂ ਨਹੀਂ / ਜਿਸ ਨੇ ਪੱਛਮ ਤੋਂ ਨਿਕਲਣਾ ਸੀ / ਕਿਆਮਤ ਦੇ ਦਿਨ / ਦਾ / ਉਦਘਾਟਨ ਕਰਨਾ ਸੀ / ਅਤੇ / ਸਿਖਰ ਦੁਪਹਿਰਾ ਕਰਕੇ ਵਾਪਸ / ਪਰਤ ਜਾਣਾ ਸੀ। (2002)
ਨਕਸਲਬਾੜੀ ਲਹਿਰ ਦਾ ਇਨਕਲਾਬੀ ਕਵਿਤਾ ਦਾ ਸਰੂਪ ਜਾਚਣ ਵਾਸਤੇ ਇਹ ਕਵਿਤਾ ਕਾਫ਼ੀ ਸਹਾਇਕ ਹੋਵੇਗੀ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

01-01-2023

 ਕਿਸਾਨੀ ਸ਼ੋਸ਼ਣ ਤੇ ਸੰਘਰਸ਼
ਲੇਖਕ : ਗੁਰਬਖਸ਼ ਸਿੰਘ ਸੈਣੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 098880-24143

ਕਿਸਾਨਾਂ ਦੀਆਂ ਸਮੱਸਿਆਵਾਂ, ਸੰਕਟਾਂ ਅਤੇ ਸੰਘਰਸ਼ਾਂ ਬਾਰੇ ਇਹ ਕੋਈ ਸਾਧਾਰਨ ਪੁਸਤਕ ਨਹੀਂ। ਇਹ ਤਾਂ ਉਪਾਧੀ-ਨਿਰਪੱਖ ਖੋਜ ਕਾਰਜ ਪ੍ਰਤੀਤ ਹੁੰਦਾ ਹੈ। ਇਸ ਖੇਤਰ ਵਿਚ ਲੇਖਕ ਦਾ ਗਿਆਨ ਵਿਸ਼ਾਲ ਹੈ। 'ਸੈਣੀ' ਨੇ ਆਪਣੇ ਇਸ ਖੋਜ ਕਾਰਜ ਨੂੰ ਕੇਵਲ 120 ਪੰਨਿਆਂ ਵਿਚ, 15 ਕਾਂਡ ਬਣਾ ਕੇ, ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੈ। ਪੁਰਾਤਨ ਸਮੇਂ ਹਰਸ਼-ਵਰਧਨ ਦੇ ਰਾਜ-ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਤੱਕ ਅਤੇ ਉਸ ਤੋਂ ਬਾਅਦ ਆਧੁਨਿਕ ਸਮੇਂ ਤੱਕ ਕਿਸਾਨਾਂ ਦੇ ਹੋ ਰਹੇ ਸੋਸ਼ਣ ਅਤੇ ਸੰਘਰਸ਼ ਦਾ ਇਤਿਹਾਸ ਪ੍ਰਾਪਤੀਆਂ-ਅਪ੍ਰਾਪਤੀਆਂ ਸਮੇਤ ਉਲੀਕਿਆ ਹੈ। ਅੰਗਰੇਜ਼ ਤਾਨਾਸ਼ਾਹ ਹੁਕਮਰਾਨ ਸਨ। ਵਿਖਾਵਾ ਕਿਸਾਨਾਂ ਦੇ ਹਿਤ ਵਿਚ ਕਰਦੇ ਸਨ ਪਰ ਕਾਨੂੰਨਾਂ ਦੀਆਂ ਵਧੀਕੀਆਂ ਨਾਲ ਕਿਸਾਨਾਂ ਦੀ ਲੁੱਟ ਕਰਦੇ ਸਨ। ਕਾਂਗਰਸ ਵੀ ਟੈਕਸ ਲਾਉਂਦੀ ਰਹੀ, ਸੰਘਰਸ਼ ਹੋਣ 'ਤੇ ਵਾਪਸ ਵੀ ਲੈਂਦੀ ਰਹੀ। ਲੇਖਕ ਨੇ ਦੇਸ਼ ਬੰਧੂ ਸਰ ਛੋਟੂ ਰਾਮ ਦੇ ਕਿਸਾਨਾਂ ਹਿਤ ਪਾਏ ਯੋਗਦਾਨ ਨੂੰ ਸਲਾਹਿਆ ਹੈ। ਲਿੰਕ ਰੋਡਾਂ ਲਈ ਲਛਮਣ ਸਿੰਘ ਗਿੱਲ ਦੀ ਪ੍ਰਸੰਸਾ ਕੀਤੀ ਹੈ। ਕਿਸਾਨ ਹਮੇਸ਼ਾ ਸਾਰੀਆਂ ਫ਼ਸਲਾਂ ਲਈ ਐਮ. ਐਸ. ਪੀ. ਮੰਗਦੇ ਰਹੇ। 1964 ਵਿਚ ਬਣੇ ਖਾਧ ਤੇ ਖੁਰਾਕ ਮੰਤਰੀ ਸ੍ਰੀ ਸੀ. ਸੁਬਰਾਮਨੀਅਮ ਨੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਪਾਸੋਂ 1965 ਵਿਚ 'ਖੇਤੀ ਮੁੱਲ ਕਮਿਸ਼ਨ' ਬਣਾ ਕੇ ਘੱਟੋ-ਘੱਟ ਖ਼ਰੀਦ ਮੁੱਲ ਕਮਿਸ਼ਨ ਬਣਵਾਇਆ। ਪਰ ਕਿਸਾਨਾਂ ਨੂੰ ਅਜੋਕੇ ਸਮੇਂ ਮਿਲਿਆ ਕੀ? ਖੇਤੀ ਸੰਬੰਧੀ ਕਾਲੇ ਤਿੰਨ ਕਾਨੂੰਨ ਜੋ ਸਿੱਧੇ ਤੌਰ 'ਤੇ 'ਕਾਰਪੋਰੇਟਾਂ' ਨੂੰ ਲਾਭ ਪਹੁੰਚਾਉਣ ਦੇ ਮਨੋਰਥ ਹਿਤ ਬਣਾਏ ਗਏ। ਆਰਡੀਨੈਂਸਾਂ ਉਪਰੰਤ, ਬਿਨਾਂ ਬਹਿਸ ਦੇ, ਰੌਲੇ ਰੱਪੇ ਵਿਚ ਸੰਸਦ ਪਾਸੋਂ ਜ਼ਬਾਨੀ ਕਲਾਮੀ ਬਿੱਲ ਪਾਸ ਕਰਵਾ ਕੇ ਤਿੰਨੇ ਕਾਨੂੰਨ ਬਣਾਏ ਗਏ। ਪ੍ਰਚਾਰ ਅਨੁਸਾਰ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ। 'ਆਜ਼ਾਦ ਭਾਰਤ ਵਿਚ ਸ਼ਾਇਦ ਹੀ ਕੋਈ ਅਜਿਹਾ ਕਾਨੂੰਨ ਬਣਿਆ ਹੋਵੇ, ਜਿਹੜਾ ਰਾਸ਼ਟਰਪਤੀ ਵਲੋਂ ਇਕ ਦਿਨ ਵਿਚ ਹੀ ਪਾਸ ਕਰ ਦਿੱਤਾ ਗਿਆ ਹੋਵੇ।' ਪੰ. 41
ਅਜਿਹਾ ਕਾਨੂੰਨ ਪਾਸ ਕਰਨ ਦਾ ਸਿੱਧਾ ਲਾਭ 'ਕਾਰਪੋਰੇਟਾਂ' ਨੂੰ ਮਿਲਦਾ ਹੈ। ਲੇਖਕ ਅਨੁਸਾਰ ਇਸ ਦਾ ਲਾਭ 'ਅਡਾਨੀ-ਅੰਬਾਨੀ' ਵਰਗਿਆਂ ਨੂੰ ਹੋਣਾ ਹੈ। ਵਿਸ਼ਵ ਪੱਧਰ 'ਤੇ ਵੀ ਅਜਿਹੇ ਕਾਨੂੰਨ ਧਨਾਡਾਂ (ਬਿਲ ਗੇਟਸ, ਮਾਈਕ੍ਰੋਸਾਫਟ, ਐਪਲ, ਐਮਾਜ਼ੋਨ ਆਦਿ) ਨੂੰ ਲਾਭ ਪਹੁੰਚਾਉਣ ਹਿਤ ਬਣਾਏ ਜਾਂਦੇ ਹਨ। ਭਾਰਤ ਵਿਚ ਤਿੰਨਾਂ ਕਾਨੂੰਨਾਂ ਖਿਲਾਫ਼ ਉੱਠੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਅਨੇਕਾਂ ਹੱਥਕੰਡੇ ਵਰਤੇ ਗਏ ਪਰ ਸਰਕਾਰ ਆਪਣੇ ਮਨੋਰਥ ਵਿਚ ਅਸਫ਼ਲ ਰਹੀ। ਲੇਖਕ ਨੇ ਪੁਸਤਕ ਵਿਚ ਆਰਡੀਨੈਂਸ ਅਤੇ ਕਾਨੂੰਨਾਂ ਦੀ ਪੂਰੀ ਵਿਆਖਿਆ ਕੀਤੀ ਹੈ। ਲੇਖਕ ਨੇ ਪੁਰਾਣੇ ਸਮੇਂ ਤੋਂ ਲੈ ਕੇ ਉੱਤਰ-ਆਧੁਨਿਕ ਕਾਲ ਤੱਕ, ਸੰਬੰਧਿਤ ਘਟਨਾਵਾਂ, ਮਿਤੀਆਂ, ਸਥਾਨਾਂ ਸਮੇਤ ਪੂਰਾ ਵਿਵਰਣ ਪੇਸ਼ ਕੀਤਾ ਹੈ। ਭਾਰਤੀ ਸਾਹਿਤਕਾਰਾਂ, ਨਾਟਕਕਾਰਾਂ, ਗਾਇਕਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ। ਵਿਦੇਸ਼ੀ ਸਮਰਥਨ ਦਾ ਪੂਰਾ ਜ਼ਿਕਰ ਕੀਤਾ ਹੈ। ਪੁਸਤਕ ਪਹਿਲਾਂ ਪ੍ਰਕਾਸ਼ਿਤ ਹੋਣ ਕਾਰਨ ਭਾਰਤ ਸਰਕਾਰ ਵਲੋਂ ਤਿੰਨੇ ਐਕਟ ਰੱਦ ਹੋਣ ਦੀ ਪ੍ਰਕਿਰਿਆ ਦਾ ਜ਼ਿਕਰ ਹੋਣੋਂ ਰਹਿ ਗਿਆ ਹੈ। ਇਹ ਕਿਤਾਬ ਖੇਤੀ ਕਾਨੂੰਨਾਂ ਵਿਰੁੱਧ ਉੱਭਰੇ ਇਨਕਲਾਬ ਵਿਚ ਜਾਨਾਂ ਗਵਾਉਣ ਵਾਲਿਆਂ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਜਾਣਕਾਰੀ ਭਰਪੂਰ ਹੈ।

-ਡਾ. ਡੀ.ਸੀ. ਵਾਤਿਸ਼
ਈ-ਮੇਲ : vatish.dharamchand@gmail.com

ਇਜ਼ਾਡੋਰਾ ਡੰਕਨ
ਮੇਰੀ ਜੀਵਨ-ਕਹਾਣੀ
ਅਨੁ: ਡਾ. ਸਵਾਮੀ ਸਰਬਜੀਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 395 ਰੁਪਏ, ਸਫ਼ੇ : 280
ਸੰਪਰਕ : 98884-01328

ਪੁਸਤਕ 'ਮੇਰੀ ਜੀਵਨ ਕਹਾਣੀ' ਇਜ਼ਾਡੋਰਾ ਡੰਕਨ (ਇਕ ਅਮਰੀਕੀ ਨ੍ਰਿਤਕੀ) ਦੀ ਸਵੈ-ਜੀਵਨੀ ਹੈ ਅਤੇ ਡਾ. ਸਵਾਮੀ ਸਰਬਜੀਤ ਦੁਆਰਾ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਹੈ। ਅੰਗਰੇਜ਼ੀ ਵਿਚ ਇਹ ਸਵੈ-ਜੀਵਨੀ ਉਸ ਨ੍ਰਿਤਕੀ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਗਈ ਸੀ ਜੋ ਉਸ ਦੇ ਕਾਲਪਨਿਕ ਅਤੇ ਨਾਰੀਵਾਦੀ ਜੀਵਨ ਦੀ ਬੇਬਾਕ ਅਤੇ ਮਨੋਰੰਜਨ ਭਰਪੂਰ ਕਹਾਣੀ ਹੈ। ਆਪਣੇ ਜੀਵਨ ਵਿਚ ਉਸ ਮਹਾਨ ਨ੍ਰਿਤਕੀ ਨੇ ਜ਼ਿੰਦਗੀ ਦੇ ਨਾਲ-ਨਾਲ ਨ੍ਰਿਤ (ਡਾਂਸ) ਨੂੰ ਵੀ ਨਵੀਂ ਪਰਿਭਾਸ਼ਾ ਪ੍ਰਦਾਨ ਕੀਤੀ ਸੀ। ਉਹ ਦਰਅਸਲ ਇਕ ਬਾਗ਼ੀ ਕਲਾਕਾਰਾ ਸੀ ਜਿਸ ਨੇ ਸਮਾਜ ਦੇ ਨਿਯਮਾਂ ਨੂੰ ਸ਼ਰ੍ਹੇਆਮ ਚੁਣੌਤੀ ਦਿੱਤੀ ਸੀ। ਇਸ ਪੁਸਤਕ ਵਿਚ ਉਸ ਨੇ ਸਵੈ-ਪ੍ਰਸੰਸਾ ਜਾਂ ਸਵੈ-ਗੁਣਗਾਣ ਕਰਨ ਦੀ ਬਜਾਇ ਸੱਚਾਈ ਪੇਸ਼ ਕੀਤੀ ਹੈ ਅਤੇ ਆਪਣੇ ਔਗੁਣਾਂ ਅਤੇ ਅਸਫ਼ਲਤਾਵਾਂ ਨੂੰ ਵੀ ਉਸੇ ਤਾਣ ਵਿਚ ਲਿਖਿਆ ਹੈ। ਉਹ ਬੇਬਾਕ ਢੰਗ ਨਾਲ ਆਪਣੇ ਜੀਵਨ ਦੀ ਹਰ ਘਟਨਾ ਨੂੰ ਪੇਸ਼ ਕਰਦੀ ਹੈ। ਉਸ ਦੇ ਨਿੱਜੀ ਜੀਵਨ, ਉਸ ਦੇ ਪਿਆਰ ਸੰਬੰਧਾਂ, ਤਿੰਨ ਵੱਖ-ਵੱਖ ਪਤੀਆਂ ਅਤੇ ਉਸ ਦੇ ਤਿੰਨ ਬੱਚਿਆਂ ਦੀ ਕਹਾਣੀ ਇਸ ਪੁਸਤਕ ਵਿਚ ਖ਼ੂਬਸੂਰਤੀ ਨਾਲ ਚਿੱਤਰਤ ਹੋਈ ਹੈ। ਬਚਪਨ ਤੋਂ ਉਸ ਦੇ ਸੰਗੀਤ ਅਤੇ ਕਵਿਤਾ ਨਾਲ ਪਿਆਰ ਅਤੇ ਨਾਲ ਉਸ ਦੀ ਡਾਂਸ ਪ੍ਰਤੀ ਲਗਨ ਇਸ ਸਵੈ-ਜੀਵਨੀ ਵਿਚ ਕਲਮਬੱਧ ਕੀਤੀ ਗਈ ਹੈ। ਭਾਵੇਂ ਉਸ ਨੇ ਕਦੀ ਵੀ ਨ੍ਰਿਤ ਦੀ ਕੋਈ ਬਾਕਾਇਦਾ ਸਿਖਲਾਈ ਨਹੀਂ ਲਈ ਸੀ, ਉਸ ਵਲੋਂ ਸਿੱਖੀਆਂ ਮੁਦਰਾਵਾਂ, ਸਟੈਪਸ, ਥੀਮ ਅਤੇ ਇਥੋਂ ਤੱਕ ਕਿ ਡਾਂਸ ਦੌਰਾਨ ਪਹਿਨਣ ਵਾਲੇ ਕੱਪੜੇ ਲਈ ਵੀ ਇਜ਼ਾਡੋਰ ਆਪਣੇ ਨਿੱਜ ਦੀ ਸੋਚ ਅਤੇ ਕਲਾ 'ਤੇ ਨਿਰਭਰ ਕਰਦੀ ਸੀ। ਉਸ ਦਾ ਸੁਪਨਾ ਆਪਣਾ ਡਾਂਸ ਸਕੂਲ ਬਣਾਉਣ ਦਾ ਸੀ ਜੋ ਕਦੀ ਪੂਰਾ ਨਾ ਹੋ ਸਕਿਆ। ਵੱਡੇ-ਵੱਡੇ ਵਿਅਕਤੀਆਂ ਨਾਲ ਉਸ ਦੇ ਮੇਲ ਅਤੇ ਕਲਾਤਮਕ ਸੰਬੰਧਾਂ ਨੂੰ ਵੀ ਲੇਖਿਕਾ ਨੇ ਪੂਰਨ ਸੱਚਾਈ ਨਾਲ ਬਿਆਨ ਕੀਤਾ ਹੈ। ਇਸ ਰਚਨਾ ਦੀ ਉਤਮਤਾ ਇਸ ਅਨੁਵਾਦ ਕਾਰਜ ਨਾਲ ਹੋਰ ਜ਼ਿਆਦਾ ਉਭਰ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਡਾ. ਸਵਾਮੀ ਸਰਬਜੀਤ ਦੁਆਰਾ ਇਹ ਕਾਰਜ ਕਲਾਤਮਕ ਢੰਗ ਨਾਲ ਕੀਤਾ ਗਿਆ ਹੈ। ਇਸ ਢੰਗ ਨਾਲ ਇਹ ਅਨੁਵਾਦਤ ਸਵੈ-ਜੀਵਨੀ ਸਾਹਿਤ ਦੇ ਖੇਤਰ ਵਿਚ ਇਕ ਮਹੱਤਵਪੂਰਨ ਰਚਨਾ ਸਾਬਤ ਹੁੰਦੀ ਹੈ।

-ਡਾ. ਸੰਦੀਪ ਰਾਣਾ,
ਮੋਬਾਈਲ : 98728-87551

ਗੀਤਾਂਜਲੀ ਹਰੀਵ੍ਰਿਜੇਸ਼
(ਭਾਈ ਕਾਨ੍ਹ ਸਿੰਘ ਨਾਭਾ ਦੀਆਂ ਚੋਣਵੀਆਂ ਕਵਿਤਾਵਾਂ)
ਸੰਪਾਦਕ : ਡਾ. ਰਵਿੰਦਰ ਕੌਰ ਰਵੀ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ: 250 ਰੁਪਏ, ਸਫ਼ੇ : 121
ਸੰਪਰਕ : 84378-22296

ਭਾਈ ਕਾਨ੍ਹ ਸਿੰਘ ਨਾਭਾ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਕਲਨ, ਸੰਪਾਦਨ ਤੇ ਭਾਵ-ਅਰਥ ਦੇ ਕੇ ਪੰਜਾਬੀ ਸਾਹਿਤ ਵਿਚ ਪ੍ਰਸੰਸਾਯੋਗ ਕਾਰਜ ਕੀਤਾ ਹੈ। ਇਹ ਕਿਤਾਬ ਸੰਪਾਦਨ ਅਨੁਸਾਰ ਪੰਜਾਬੀ ਦੀ ਪਹਿਲੀ ਕਵਿੱਤਰੀ ਬੀਬੀ ਹਰਨਾਮ ਜੋ ਭਾਈ ਕਾਨ੍ਹ ਸਿੰਘ ਨਾਭਾ ਦੀ ਨੂੰਹ ਅਤੇ ਪੰਜਾਬੀ ਅਦਬ ਨੂੰ ਸਮਰਪਣ ਕੀਤੀ ਗਈ ਹੈ। ਨਾਭਾ ਜੀ ਦੀਆਂ ਦੁਰਲੱਭ ਰਚਨਾਵਾਂ ਨੂੰ ਸਾਂਭਣ ਲਈ ਰਵੀ ਦਾ ਚੰਗਾ ਤੇ ਮਿਹਨਤ ਭਰਪੂਰ ਉਪਰਾਲਾ ਹੈ। ਗੀਤਾਂਜਲੀ ਹਰੀਵ੍ਰਿਜੇਸ਼ ਵਿਚ ਕੋਈ 59 ਦੇ ਕਰੀਬ ਰਚਨਾਵਾਂ ਭਾਈ ਕਾਨ੍ਹ ਸਿੰਘ ਦੀਆਂ ਹਨ ਇਹ ਵੱਡਮੁਲਾ ਸੰਗ੍ਰਹਿ ਹੈ। ਜੋ ਉਨ੍ਹਾਂ ਦੇ ਸਮਕਾਲੀ ਅਖ਼ਬਾਰਾਂ, ਰਸਾਲਿਆਂ ਵਿਚ ਪ੍ਰਕਾਸ਼ਿਤ ਹੋਈਆਂ, ਉਨ੍ਹਾਂ ਨੂੰ ਲੱਭ ਕੇ ਪੁਸਤਕ ਰੂਪ ਵਿਚ ਸੰਭਾਲ ਲਿਆ ਗਿਆ ਹੈ। ਇਹ ਕਾਵਿਤਾਵਾਂ ਭਾਈ ਸਾਹਿਬ ਦੇ ਸ਼ੁਰੂਆਤੀ ਸਾਹਿਤਕ ਸਫਰ ਦੀਆਂ ਮੰਨੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਪਠਨ ਪਾਠ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਇਹ ਵੀ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ। ਵੱਖ-ਵੱਖ ਵਿਸ਼ਿਆਂ ਨਾਲ ਕਵਿਤਾਵਾਂ ਨੂੰ ਪੜ੍ਹ ਕੇ ਮਨ ਨੂੰ ਧਰਵਾਸ ਮਿਲਦੀ ਹੈ ਅਤੇ ਨਾਲ ਹੀ ਸਿੱਖ ਧਰਮ ਵਿਚਲੇ ਦੈਵੀ ਅਤੇ ਭਾਈਚਾਰਕ ਗੁਣਾਂ ਬਾਰੇ ਜਾਣਕਾਰੀ ਮਿਲਦੀ ਹੈ। ਨਿਰਸੰਦੇਹ, ਪੰਜਾਬੀ ਸਾਹਿਤ ਦੇ ਖੋਜਕਾਰਾਂ ਲਈ ਇਹ ਕਿਤਾਬ ਕਾਫ਼ੀ ਦਿਲਚਸਪੀ ਦਾ ਕੇਂਦਰ ਬਿੰਦੂ ਬਣੇਗੀ। ਜ਼ਿਆਦਾਤਰ ਪਾਠਕ ਭਾਈ ਸਾਹਿਬ ਵਲੋਂ ਰਚੇ ਵਡਮੁੱਲੇ ਬੇਸ਼ਕੀਮਤੀ ਗ੍ਰੰਥ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਕਰਕੇ ਜਾਣਦੇ ਹਨ। ਭਾਈ ਸਾਹਿਬ ਨੇ ਪਹਿਲਾਂ ਹਿੰਦੀ ਕਵਿਤਾਤਾਂ ਦੀ ਰਚਨਾ ਵੀ ਕੀਤੀ। ਡਾ. ਰਵਿੰਦਰ ਕੌਰ ਰਵੀ ਵਲੋਂ ਸਮਰਪਿਤ ਭਾਵਨਾ ਨਾਲ ਇਹ ਕਾਰਜ ਕੀਤਾ ਗਿਆ ਹੈ। ਉਨ੍ਹਾਂ ਦੀ ਕਵਿਤਾ 'ਧੁਨੀ ਬਾਬੇ ਕੇ ਰਬਾਬ ਕੀ'-
ਹਾਹਾ ਹੂਹੂ ਤੁੰਬਰੂ ਕੀ ਵੀਣਾ ਕੋ ਨਾ ਆਵੈ ਰਸ,
ਤਰਜ ਨ ਭਾਵੇ ਦੇਵ ਮੁਨਿ ਮਿਜਰਾਬ ਕੀ।
ਆਤਮ ਸਰੂਰ ਵਿਖੇ ਮਨ ਮਖ਼ਮੂਰ ਰਹੈ,
ਤ੍ਰਿਖਾ ਮਿਟ ਗਈ ਮੇਰੀ ਭੰਗ ਅੋ ਸ਼ਰਾਬ ਕੀ।
ਨਿਜਾਨੰਦ ਮਿਂਹ ਰਹੰ ਪੂਰਣ ਤ੍ਰਿਪਤ ਹੋਯੋ
ਭੂਖ ਨ ਰਹੀ ਹੈ ਮਧੁਰਾਨ ਔ ਕਬਾਬ ਕੀ।
ਤੂੰ ਹੀ ਨਿਰੰਕਾਰ ਏਕ ਤੂੰ ਹੀ ਨਿਰੰਕਾਰ ਯਹ,
ਜਬ ਸੇ ਸੁਨੀ ਮੈਂ ਧੁਨੀ ਬਾਬੇ ਕੇ ਰਬਾਬ ਕੀ।
ਭਾਵ ਅਰਥ ਹੁਣ ਦੁਨਿਆਵੀ ਰੰਗ ਤਮਾਸ਼ੇ ਹਾਹਾ ਹੂੰ-ਹੂੰ ਵਾਲਾ ਸੰਗੀਤ ਮੇਰੇ ਮਨ ਨੂੰ ਨਹੀਂ ਭਾਉਂਦਾ, ਦੁਨਿਆਵੀ ਸੰਗੀਤ ਦੀਆਂ ਧੁੰਨਾਂ ਤਰਜਾਂ ਮਨ ਨੂੰ ਚੰਗੀਆਂ ਨਹੀਂ ਲਗਦੀਆਂ। ਸੱਚੀ ਬਾਣੀ ਦੇ ਪ੍ਰਕਾਸ਼ ਨਾਲ ਆਤਮਾ ਪ੍ਰਸੰਨ ਅਤੇ ਮਨ ਸ਼ਾਂਤ ਹੋਇਆ ਹੈ ਬਾਬੇ ਨਾਨਕ ਦੀ ਰਬਾਬ ਦੀ ਧੁਨੀ 'ਚ ਮੈਨੂੰ ਤੂੰ ਹੀ ਨਿਰੰਕਾਰ ਏਕ ਤੂੰ ਹੀ ਨਿਰੰਕਾਰ ਹੀ ਸੁਣਾਈ ਦਿੰਦਾ ਹੈ। ਇਸ ਤਰ੍ਹਾਂ ਪਹਿਲਾਂ ਕਵਿਤਾ ਦੇ ਕੇ ਫਿਰ ਉਸ ਦੇ ਭਾਵ-ਅਰਥ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਸੰਪਾਦਕਾ ਵਧਾਈ ਦੀ ਪਾਤਰ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਸੁਖਨ ਸਵੇਰ
ਲੇਖਕ : ਢਾਡੀ ਕੁਲਜੀਤ ਸਿੰਘ ਦਿਲਬਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ 104
ਸੰਪਰਕ : 98147-32198

ਢਾਡੀ ਕੁਲਜੀਤ ਸਿੰਘ ਦਿਲਬਰ ਨੂੰ ਪੰਜਾਬ ਦੇ ਸ਼੍ਰੋਮਣੀ ਢਾਡੀ ਭਾਈ ਦਇਆ ਸਿੰਘ ਦਿਲਬਰ ਦੇ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ, ਜਿਸ ਨੇ ਦੇਸ਼-ਵਿਦੇਸ਼ ਵਿਚ ਪੰਜਾਬੀ ਵਾਰ ਗਾਇਕੀ ਵਿਚ ਚੰਗਾ ਨਾਮਣਾ ਖੱਟਿਆ ਹੈ। ਆਪਣੇ ਪਿਤਾ ਦੇ ਜੀਵਨ ਅਤੇ ਢਾਡੀ ਕਲਾ ਬਾਰੇ ਪ੍ਰਕਾਸ਼ਿਤ ਪੁਸਤਕ 'ਮੇਰੀ ਲਸੂੜੀ' ਪਾਠਕਾਂ ਵਲੋਂ ਬਹੁਤ ਪਸੰਦ ਕੀਤੀ ਜਾ ਚੁੱਕੀ ਹੈ। 'ਸੁਖਨ ਸਵੇਰ' ਲੇਖਕ ਦਾ ਨਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿਚਲੀਆਂ ਕਹਾਣੀਆਂ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਨੂੰ ਨਰੋਈ ਸੇਧ ਦੇਣ ਦਾ ਕੰਮ ਕਰਦੀਆਂ ਹਨ। ਕਹਾਣੀ ਦੀ ਭਾਸ਼ਾ ਸ਼ੈਲੀ ਐਸੀ ਰੌਚਕ ਹੈ ਕਿ ਪੜ੍ਹਦਿਆਂ ਪੜ੍ਹਦਿਆਂ ਪਾਠਕ ਕਹਾਣੀ ਦੇ ਨਾਲ-ਨਾਲ ਤੁਰਿਆ ਜਾਂਦਾ ਹੈ, ਮਹਿਸੂਸ ਕਰਦਾ ਹੈ। ਕਹਾਣੀ 'ਰਾਣੀ ਹਾਰ' ਦਾਜ ਦੀ ਸਮੱਸਿਆ ਬਾਰੇ ਵਧੀਆ ਵਿਅੰਗ ਹੈ। 'ਮੌਤ ਦਾ ਡਰ' ਕਹਾਣੀ ਵਿਚ ਲੇਖਕ ਨੇ ਦੱਸਿਆ ਹੈ ਕਿ ਗ਼ੈਰ ਮਨੁੱਖੀ ਕਾਰੇ ਕਰਨ ਵਾਲਾ ਮਨੁੱਖ ਭਾਵੇਂ ਜਿੰਨੇ ਮਰਜ਼ੀ ਪੂਜਾ ਪਾਠ ਕਰ ਲਏ, ਬੀਤੇ ਕਰਮਾਂ ਦਾ ਲੇਖਾ ਉਸ ਨੂੰ ਏਸੇ ਜਨਮ ਵਿਚ ਹੀ ਦੇਣਾ ਪੈਂਦਾ ਹੈ। 'ਗ੍ਰੀਨ ਕਾਰਡ' ਅਤੇ 'ਮੰਗਤੀ' ਵਰਗੀਆਂ ਕਹਾਣੀਆਂ ਪ੍ਰਵਾਸ ਅਨੁਭਵ ਅਤੇ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਪ੍ਰਭਾਵਸ਼ਾਲੀ ਢੰਗ ਨਾਲ ਕਰਦੀਆਂ ਹਨ। ਇਸੇ ਤਰ੍ਹਾਂ ਪੁਸਤਕ ਵਿਚਲੀਆਂ ਬਾਕੀ ਕਹਾਣੀਆਂ ਵੀ ਪਾਠਕ ਵਰਗ ਨੂੰ ਸਮਾਜਿਕ ਸਮੱਸਿਆਵਾਂ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਉਮੀਦ ਹੈ ਸਾਹਿਤ ਜਗਤ ਵਿਚ ਇਸ ਪੁਸਤਕ ਨੂੰ ਜ਼ਰੂਰ ਪਸੰਦ ਕੀਤਾ ਜਾਵੇਗਾ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਅੱਥਰੇ ਵੇਗ
ਲੇਖਕ : ਖੋਜੀ ਕਾਫ਼ਿਰ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ: 200 ਰੁਪਏ, ਸਫ਼ੇ : 104
ਸੰਪਰਕ : 99150-48005

ਖੋਜੀ ਕਾਫ਼ਿਰ ਲੋਕ-ਮਨਾਂ ਨਾਲ ਇਕਸੁਰ ਹੋ ਕੇ ਲਿਖਣ ਵਾਲੇ ਵਿਲੱਖਣ ਕਵੀ ਹਨ। ਉਨ੍ਹਾਂ ਦਾ ਧਿਆਨ ਗੌਰਵਮਈ ਇਤਿਹਾਸਕ ਕਾਰਨਾਮਿਆਂ ਦੀ ਬਜਾਇ ਵਰਤਮਾਨ ਦੀਆਂ ਦਰਪੇਸ਼ ਪ੍ਰਸਥਿਤੀਆਂ 'ਤੇ ਕੇਂਦਰਿਤ ਹੈ। ਉਹ ਮਹਿਸੂਸ ਕਰਦੇ ਹਨ ਕਿ ਅਸੀਂ ਆਪਣੇ ਮਾਣਮੱਤੇ ਕਿਰਦਾਰ ਅਤੇ ਰਵਾਇਤਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਅਜਿਹੇ ਹਾਲਾਤ ਵਿਚ ਸਮਾਜ ਦਾ ਸਭ ਤੋਂ ਸਿਆਣਾ ਵਰਗ ਸਮਝੇ ਜਾਂਦੇ ਲੇਖਕਾਂ ਨੂੰ ਵੀ ਹਕੂਮਤਾਂ ਦੇ ਕਸੀਦੇ ਪੜ੍ਹਦਿਆਂ ਦੇਖ ਕੇ ਉਹ ਬੇਬਾਕ ਹੋ ਕੇ ਕਹਿੰਦੇ ਹਨ:
'ਆਲਿਮ' ਦੇਸ ਪੰਜਾਬ ਦੇ,
ਗਏ ਰਵਾਇਤਾਂ ਭੁੱਲ।
ਕਰ ਕੇ ਲਿਖਤਾਂ ਪੁੱਠੀਆਂ,
ਸਰਕਾਰੋਂ ਪਾਵਣ ਮੁੱਲ।
ਉਨ੍ਹਾਂ ਦਾ ਮੁੱਲਾਂਕਣ ਕੇਵਲ ਪੰਜਾਬੀ ਜਾਂ ਭਾਰਤੀ ਖੇਤਰ ਤੱਕ ਹੀ ਸੀਮਤ ਨਹੀਂ ਰਹਿੰਦਾ, ਬਲਕਿ ਸਰਹੱਦ ਉਰਲੇ ਪਾਸੇ ਵੀ ਅਤੇ ਪਰਲੇ ਪਾਸੇ ਵੀ, ਪੂਰੇ ਵਿਸ਼ਵ ਭਰ ਵਿਚ ਹੀ ਉਹ ਆਮ ਆਦਮੀ ਦੀ ਤਰਸਯੋਗ ਜ਼ਿੰਦਗੀ ਨੂੰ ਬੜੀ ਗੰਭੀਰਤਾ ਅਤੇ ਸੰਜੀਦਗੀ ਨਾਲ ਲੈਂਦੇ ਹਨ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਅਜੋਕੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਰਤਾਰਿਆਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ, ਸਮਝਣ ਅਤੇ ਪੜਚੋਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ:
ਦੋਹੀਂ ਪਾਸੀਂ ਅਜ਼ਗਰ ਨੇਤਾ,
ਬਿਦ-ਬਿਦ ਪਰਜਾ ਖਾਏ।
ਵਹਿਸ਼ਤ ਐਸਾ ਤਾਂਡਵ ਨੱਚੇ,
ਅਰਸ਼ੀਂ ਬੈਠਾ ਰੱਬ ਸ਼ਰਮਾਏ।
'ਅੱਥਰੇ ਵੇਗ' ਤੋਂ ਪਹਿਲਾਂ ਖੋਜੀ ਕਾਫ਼ਿਰ ਦੀ ਕਲਮ ਤੋਂ ਛੇ ਕਾਵਿ-ਸੰਗ੍ਰਹਿ, ਦਸ ਕਹਾਣੀ-ਸੰਗ੍ਰਹਿ, ਦੋ ਇਕਾਂਗੀ-ਸੰਗ੍ਰਹਿ, ਦੋ ਨਾਵਲ, ਇਕ ਕਿੱਸਾ ਕਾਵਿ, ਛੇ ਨਾਟਕ, ਇਕ ਜੀਵਨੀ, ਇਕ ਸੰਪਾਦਿਤ ਪੁਸਤਕ, ਚਾਰ ਵਾਰਤਕ ਅਤੇ ਦੋ ਇਤਿਹਾਸ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਖੋਜੀ ਕਾਫ਼ਿਰ ਪਰੰਪਰਾਵਾਦੀ ਪਾਠ ਪੜ੍ਹਾਉਣ ਦੀ ਜਗ੍ਹਾ ਤਰਕਸੰਗਤ ਢੰਗ ਨਾਲ ਯਥਾਰਥ ਪੇਸ਼ ਕਰਨ ਦੇ ਧਾਰਨੀ ਹਨ। ਉਨ੍ਹਾਂ ਦੇ ਸ਼ਬਦਾਂ ਵਿਚ ਸਾਦਗੀ ਵੀ ਹੈ, ਸੁਹਿਰਦਤਾ ਵੀ ਅਤੇ ਸਪੱਸ਼ਟਤਾ ਵੀ। ਉਮੀਦ ਹੈ ਕਿ ਉਹ ਅੱਗੇ ਤੋਂ ਵੀ ਅਜਿਹੀਆਂ ਵਡਮੁੱਲੀਆਂ ਲਿਖਤਾਂ ਪਾਠਕਾਂ ਦੀ ਝੋਲੀ ਪਾਉਂਦੇ ਰਹਿਣਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਇਕ ਮੋਰਚਾ ਇਹ ਵੀ
ਸੰਪਾਦਕ: ਡਾ. ਸਤਿੰਦਰ ਕੌਰ ਕਾਹਲੋਂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ:250 ਰੁਪਏ, ਸਫ਼ੇ : 136
ਸੰਪਰਕ : 98721-12008

ਹੱਕੀ ਮੰਗਾਂ ਖਾਤਰ ਦਿੱਲੀ ਦੀਆਂ ਬਰੂਹਾਂ ਉੱਤੇ ਲੱਗਾ ਇਤਿਹਾਸਕ ਕਿਸਾਨ ਮੋਰਚਾ ਭਾਵੇਂ ਸਰਕਾਰ ਵਲੋਂ ਕਾਲੇ ਕਾਨੂੰਨ ਵਾਪਸੀ ਦੇ ਐਲਾਨਨਾਮੇ ਨਾਲ ਫ਼ਤਹਿ /ਸਮਾਪਤ ਜ਼ਰੂਰ ਹੋ ਚੁੱਕਾ ਹੈ ਅਤੇ ਹੋਏ ਇਕਰਾਰਨਾਮੇ /ਸਮਝੌਤੇ ਦੀ ਆਸ ਮੁਤਾਬਿਕ ਇਸ ਦੇ ਸਾਰਥਕ ਨਤੀਜੇ ਵੀ ਪੂਰੇ ਨਹੀਂ ਆਏ ਪਰ ਇਹ ਘੋਲ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਤੇ ਕੁਝ ਨਵੇਂ ਸਵਾਲ ਛੱਡਦਾ ਹੋਇਆ ਲੋਕਾਂ ਦੇ ਮਨਾਂ ਵਿਚ ਇਕ ਗੂੜ੍ਹੀ ਛਾਪ ਜ਼ਰੂਰ ਛੱਡ ਗਿਆ ਹੈ ਅਤੇ ਇਸ ਸੰਗਰਾਮ ਦੇ ਘਟਨਾਕ੍ਰਮ ਕਥਾ ਕਹਾਣੀਆਂ ਦੇ ਰੂਪ ਸਾਹਮਣੇ ਆ ਰਹੇ ਹਨ। ਸਟੇਟ ਐਵਾਰਡੀ ਅਧਿਆਪਕਾ ਡਾ. ਸਤਿੰਦਰ ਕੌਰ ਕਾਹਲੋਂ ਨੇ ਬਹੁਤ ਸ਼ਿੱਦਤ ਨਾਲ ਕੁਝ ਕਥਾ ਕਹਾਣੀਆਂ ਦੀ ਭਾਵਪੂਰਤ ਸੰਪਾਦਨਾ ਕਰਕੇ ਪੁਸਤਕ 'ਇਕ ਮੋਰਚਾ ਇਹ ਵੀ' ਪੰਜਾਬੀ ਸਾਹਿਤ ਜਗਤ ਦੇ ਝੋਲੀ ਵਿਚ ਪਾਈ ਹੈ।
ਮਿੰਨੀ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਡਾ. ਸਤਿੰਦਰ ਕੌਰ ਕਾਹਲੋਂ, ਮਨਜੀਤ ਕੌਰ ਅੰਬਾਲਵੀ, ਮਨਜੀਤ ਕੌਰ ਲੁਧਿਆਣਵੀ, ਡਾ. ਬਲਦੇਵ ਸਿੰਘ ਖਹਿਰਾ, ਕੈਲਾਸ਼ ਠਾਕੁਰ, ਪਰਮਜੀਤ ਕੌਰ ਸ਼ੇਖੂਪੁਰ, ਅੰਜੂ ਵੀ. ਰਤੀ, ਅਬੀਜੀਤ ਅਬੋਹਰ, ਮਾ. ਦੇਵ ਰਾਜ ਖੁੰਡਾ, ਕੁਲਵਿੰਦਰ ਕੌਰ ਕੋਮਲ, ਮਨਜੀਤ ਕੌਰ ਸੇਖੋਂ, ਪ੍ਰਭਜੋਤ ਕੌਰ, ਮਨਦੀਪ ਰਿੰਪੀ, ਸ਼ਹਿਬਾਜ਼ ਖ਼ਾਨ, ਮੁਨੱਜਾ ਇਰਸ਼ਾਦ, ਰਾਜਵੰਤ ਕੌਰ ਬਾਜਵਾ, ਰਾਜਦੇਵ ਕੌਰ ਸਿੱਧੂ, ਡਾ. ਸ਼ਿਆਮ ਸੁੰਦਰ ਦੀਪਤੀ, ਕਰਮਜੀਤ ਸਿੰਘ ਨਡਾਲਾ, ਸੁਰਿੰਦਰ ਦੀਪ, ਕੁਲਵਿੰਦਰ ਕੌਸ਼ਲ, ਹਰਭਜਨ ਸਿੰਘ ਖੇਮਕਰਨੀ, ਗੁਰਪ੍ਰੀਤ ਕੌਰ, ਡਾ. ਨਾਇਬ ਸਿੰਘ ਮੰਡੇਰ, ਮੀਨਾ ਨਵੀਨ, ਸੀਮਾ ਵਰਮਾ, ਬਲਰਾਜ ਕੋਹਾੜ, ਰਿਪਨਜੋਤ ਕੌਰ ਸੋਨੀ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੈਲੇ, ਅਰਵਿੰਦ ਕੌਰ ਸੋਹੀ, ਦੀਪ ਰੱਤੀ, ਨੇਚਰਦੀਪ ਕਾਹਲੋਂ, ਅਮਨਦੀਪ ਕੌਰ, ਜਸਵੰਤ ਗਿੱਲ, ਕੰਵਲਜੀਤ ਸਿੰਘ ਦਰਦ ਅਤੇ ਵਰਗਿਸ ਸਲਾਮਤ (ਲੇਖਕਾਂ) ਨੇ ਆਪਣੀ ਬੁੱਧੀ ਬਿਬੇਕ ਨਾਲ ਲਿਖਤਾਂ ਰਾਹੀਂ ਵੱਡਮੁੱਲਾ ਯੋਗਦਾਨ ਪਾਇਆ ਹੈ।
ਬੇਸ਼ੱਕ ਇਸ ਪੁਸਤਕ ਵਿਚਲੀਆਂ ਕਹਾਣੀਆਂ ਬਹੁਤ ਸੰਖੇਪ ਵਿਚ ਹਨ ਪਰ ਕੁੱਜੇ ਵਿਚ ਸਮੁੰਦਰ ਵਾਂਗੂੰ ਬੜਾ ਕੁਝ ਨਵਾਂ ਪੜ੍ਹ/ ਸਿਖਾ ਜਾਂਦੀਆਂ ਹਨ। ਭਾਈਚਾਰਕ ਸਾਂਝ, ਸਾਂਝੇ ਲੰਗਰ, ਗਿਆਨ ਲੰਗਰ (ਸਾਂਝੀ ਸੱਥ, ਜੰਗੀ ਕਿਤਾਬ ਘਰ, ਸਾਂਝਾ ਵਿਹੜਾ), ਪਰਉਪਾਕਰਤਾ, ਲੋੜਵੰਦਾਂ ਦੀ ਮਦਦ, ਸੁਚੇਤ ਰਹਿਣਾ, ਸਿਆਸੀ ਲੂੰਬੜ ਚਾਲਾਂ ਨੂੰ ਸਮਝਣਾ, ਮਾੜੇ ਬੋਲ ਕੁਬੋਲ ਦੇ ਵਿਸ਼ੇਸ਼ਣਾਂ ਨੂੰ ਦਰਕਿਨਾਰ ਕਰਦਿਆਂ ਉਚੇ ਕਿਰਦਾਰ 'ਤੇ ਪਹਿਰਾ ਦੇਣ, ਸਗੋਂ ਤੰਗੀਆਂ ਤੁਰਸ਼ੀਆਂ ਨੂੰ ਝਲਦਿਆਂ ਜਰਵਾਣਿਆਂ ਨਾਲ ਲੋਹਾ ਲੈਣਾ, ਏਕੇ ਵਿਚ ਬਰਕਤ, ਹੱਕਾਂ ਲਈ ਜੂਝਣਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ 'ਤੇ ਯਕੀਨ ਬਣਾਈ ਰੱਖਣਾ ਆਦਿ ਦੇ ਸਾਰਥਿਕ ਸੰਦੇਸ਼ ਦੇਣ ਵਾਲੀਆਂ ਕਥਾ ਕਹਾਣੀਆਂ ਦੇ ਲੇਖਕਾਂ/ਲੇਖਿਕਾਵਾਂ ਅਤੇ ਸੰਪਾਦਕਾ ਡਾ. ਸਤਿੰਦਰ ਕੌਰ ਕਾਹਲੋਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਹ ਸਿੱਧ ਕਰਨ ਦਾ ਪੂਰਾ ਯਤਨ ਕੀਤਾ ਹੈ ਕਿ ਕਿਸਾਨ ਮੋਰਚਾ ਸਿਰਫ ਕਿਸਾਨਾਂ ਦਾ ਨਹੀਂ ਸੀ ਸਗੋਂ ਇਹ ਘੋਲ/ਮਹਾਂਘੋਲ ਕਿਰਤ ਅਤੇ ਵੰਡ ਛਕਣ ਵਾਲੇ ਸਭ ਉਨ੍ਹਾਂ ਲੋਕਾਂ ਦਾ ਸੀ, ਜੋ ਹੱਕ ਹਕੂਕ ਤੇ ਅਣਖ ਲਈ ਅੜ ਵੀ ਤੇ ਲੜ ਵੀ ਸਕਦੇ ਨੇ ਪਰ ਪਿਆਰ ਅੱਗੇ ਝੁਕਣਾ ਵੀ ਜਾਣਦੇ ਨੇ। ਭਾਵਪੂਰਤ ਤਸਵੀਰਾਂ ਵਾਲੇ ਸਰਵਰਕ ਤੇ ਉਚਪਾਏ ਦੇ ਖ਼ਿਆਲਾਤ ਵਾਲੀ ਪੁਸਤਕ 'ਇਕ ਮੋਰਚਾ ਇਹ ਵੀ' ਸਵਾਗਤਯੋਗ ਪੁਸਤਕ ਹੈ, ਜੋ ਪਾਠਕਾਂ ਨੂੰ ਇਕ ਨਰੋਈ ਸੇਧ ਦੇਣ ਦੀ ਸਮਰੱਥ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵਟਸਐਪ : 98764-74858

ਅਮੋਲਕ ਹੀਰਾ
ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ
ਸੰਪਾਦਕ : ਸੁਰਿੰਦਰ ਸਿੰਘ ਤੇਜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ 400
ਸੰਪਰਕ : 94638-36591

ਅਮੋਲਕ ਸਿੰਘ ਜੰਮੂ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਉੱਘਾ ਨਾਂਅ ਹੈ ਜੋ ਖ਼ੁਦ ਆਪ ਪੱਤਰਕਾਰੀ ਦੇ ਵੱਖ-ਵੱਖ ਅਦਾਰਿਆਂ ਨਾਲ ਜੁੜ ਕੇ ਸਿਰੜੀ ਪੱਤਰਕਾਰੀ ਕਰਦਾ ਰਿਹਾ ਤੇ ਫਿਰ 'ਪੰਜਾਬ ਟਾਈਮਜ਼' ਦਾ ਸੰਪਾਦਕ ਵੀ ਬਣਿਆ। ਹਥਲੀ ਪੁਸਤਕ 'ਅਮੋਲਕ ਹੀਰਾ' ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ ਉਸ ਦੇ ਜੀਵਨ-ਸੰਘਰਸ਼ ਅਤੇ ਪੱਤਰਕਾਰੀ ਨੂੰ ਦਿੱਤੇ ਯੋਗਦਾਨ ਬਾਰੇ ਵਿਸਥਾਰਪੂਰਵਕ ਰੂਪ ਵਿਚ ਪੇਸ਼ ਕਰਦੀ ਵਿਸ਼ੇਸ਼ ਅਤੇ ਵੱਡਆਕਾਰੀ ਪੁਸਤਕ ਹੈ ਜੋ ਅਮੋਲਕ ਸਿੰਘ ਦੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਜਾਣ ਦੇ ਬਾਅਦ ਉਸ ਦੀ ਪਤਨੀ ਜਸਪ੍ਰੀਤ ਕੌਰ ਅਤੇ ਸੰਪਾਦਕ ਸੁਰਿੰਦਰ ਸਿੰਘ ਤੇਜ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸੁਰਿੰਦਰ ਸਿੰਘ 'ਤੇਜ' ਖ਼ੁਦ ਆਪ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਪੁਸਤਕ ਵਿਚ ਅਮੋਲਕ ਸਿੰਘ ਜੰਮੂ ਦੀਆਂ 'ਪੰਜਾਬ ਟਾਈਮਜ਼' ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੋਈਆਂ ਲਿਖਤਾਂ ਦੇ ਨਮੂਨਿਆਂ ਤੋਂ ਇਲਾਵਾ ਅਮੋਲਕ ਸਿੰਘ ਜੰਮੂ ਦੇ ਸਨੇਹੀਆਂ ਅਤੇ ਦੋਸਤਾਂ-ਮਿੱਤਰਾਂ ਵਲੋਂ ਉਸ ਦੀ ਮਿਹਨਤ, ਪੱਤਰਕਾਰੀ ਨੂੰ ਦੇਣ ਅਤੇ ਸ਼ਖ਼ਸੀਅਤ ਬਾਰੇ ਵੱਖ-ਵੱਖ ਵਿਚਾਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚ ਇਨ੍ਹਾਂ ਲੇਖਕਾਂ ਨੇ ਅਮੋਲਕ ਸਿੰਘ ਜੰਮੂ ਨਾਲ ਜੁੜੀਆਂ ਆਪਣੀਆਂ ਭਾਵੁਕ ਸਾਂਝਾ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਹੈ। ਇਨ੍ਹਾਂ ਲੇਖਾਂ ਵਿਚ ਕੁਝ ਇਕ ਲੇਖ ਤਾਂ ਉਸ ਦੇ ਪੱਤਰਕਾਰੀ ਖੇਤਰ ਨਾਲ ਜੁੜੇ ਅਨੁਭਵਾਂ ਬਾਰੇ ਹੀ ਲਿਖੇ ਗਏ ਹਨ। ਇਸ ਪੁਸਤਕ ਵਿਚ ਭਾਵੇਂ ਅਮੋਲਕ ਸਿੰਘ ਜੰਮੂ ਦੀ ਸ਼ਖ਼ਸੀਅਤ ਬਾਰੇ ਵਿਸ਼ੇਸ਼ ਰੂਪ ਵਿਚ ਚਰਚਾ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਸ਼ਿਕਾਗੋ ਦੀ ਧਰਤੀ ਤੋਂ ਉਸ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਅਖ਼ਬਾਰ 'ਪੰਜਾਬ ਟਾਈਮਜ਼' ਵਿਚ ਵੱਖ-ਵੱਖ ਲੇਖਕਾਂ ਦੁਆਰਾ ਸਮੇਂ-ਸਮੇਂ ਲਿਖੇ ਜਾਂਦੇ ਮਿਆਰੀ ਲੇਖਾਂ ਦੇ ਨਮੂਨੇ ਵੀ ਪੇਸ਼ ਕੀਤੇ ਗਏ ਹਨ। ਇਨ੍ਹਾਂ ਲੇਖਕਾਂ ਵਿਚ ਜਸਵੰਤ ਸਿੰਘ ਕੰਵਲ, ਸਿਰਦਾਰ ਕਪੂਰ ਸਿੰਘ, ਗੁਰਦਿਆਲ ਬੱਲ, ਬਲਬੀਰ ਸਿੰਘ ਕੰਵਲ, ਪ੍ਰਿੰ. ਸਰਵਣ ਸਿੰਘ, ਡਾ. ਜਸਬੀਰ ਸਿੰਘ ਆਹਲੂਵਾਲੀਆ, ਗੁਰਬਚਨ, ਗੁਰਭਗਤ ਸਿੰਘ, ਹਰਪਾਲ ਸਿੰਘ ਪੰਨੂ, ਸੁਤਿੰਦਰ ਸਿੰਘ ਨੂਰ ਦੇ ਨਾਂਅ ਵਰਣਨਯੋਗ ਹਨ। ਪੁਸਤਕ ਪੜ੍ਹਣਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

31-12-2022

 ਨਾਰੀ : ਸਮਾਜ ਸੰਸਕ੍ਰਿਤਕ ਪਰਿਪੇਖ ਅਤੇ
ਪੰਜਾਬੀ ਸਾਹਿਤ
(ਭਰੂਣ ਹੱਤਿਆ ਦੇ ਵਿਸ਼ੇਸ਼ ਪ੍ਰਸੰਗ ਵਿਚ)
ਲੇਖਿਕਾ : ਡਾ. ਪਰਮਜੀਤ ਕੌਰ ਸਿੱਧੂ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ 295 ਰੁਪਏ, ਸਫ਼ੇ : 143
ਸੰਪਰਕ : 0172-5027427

ਇਸ ਪੁਸਤਕ ਵਿਚ ਕੰਨਿਆ ਭਰੂਣ ਹੱਤਿਆ ਦੀ ਸਮੱਸਿਆ ਉਠਾਈ ਗਈ ਹੈ। ਭਾਰਤ ਅਤੇ ਚੀਨ ਦੇ ਮਾਪਿਆਂ ਵਲੋਂ ਪਿਛਲੇ ਪੰਜਾਹ ਸਾਲਾਂ ਵਿਚ ਪੰਜਾਹ ਕਰੋੜ ਕੁੜੀਆਂ ਮਾਰੀਆਂ ਜਾ ਚੁੱਕੀਆਂ ਹਨ। ਹਰ ਸਾਲ ਭਾਰਤ ਵਿਚ ਸਾਢੇ ਦਸ ਲੱਖ ਕੁੜੀਆਂ ਨੂੰ ਗਰਭ ਵਿਚ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ 20,000 ਔਰਤਾਂ ਹਰ ਸਾਲ ਗਰਭ ਗਿਰਾਉਣ ਦੌਰਾਨ ਮਰ ਜਾਂਦੀਆਂ ਹਨ। ਪੰਜਾਬੀਆਂ ਵਿਚ ਮਾਦਾ ਭਰੂਣ ਹੱਤਿਆ ਸਭ ਤੋਂ ਵੱਧ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਇਸੇ ਧਰਤੀ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਉਚਾਰਿਆ ਸੀ
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਅੰਦਾਜ਼ੇ ਅਨੁਸਾਰ ਹੁਣ ਤੱਕ ਮਾਦਾ ਭਰੂਣ ਹੱਤਿਆ ਕਾਰਨ ਮਜ਼ਲੂਮ ਕੁੜੀਆਂ ਦਾ ਢਾਈ ਲੱਖ ਲੀਟਰ ਖ਼ੂਨ ਵਹਿ ਚੁੱਕਿਆ ਹੈ। ਇਸ ਤਰ੍ਹਾਂ ਗੁਰੂਆਂ, ਪੀਰਾਂ ਤੋਂ ਵਰੋਸਾਈ ਪੰਜਾਬ ਦੀ ਪਵਿੱਤਰ ਧਰਤੀ ਦਾ ਕਣ-ਕਣ ਬਦਨਸੀਬ ਮਜ਼ਲੂਮਾਂ ਦੇ ਲਹੂ ਨਾਲ ਸਿੰਜਿਆ ਗਿਆ ਹੈ। ਭਾਰਤ ਵਿਚ ਪ੍ਰਤੀ ਹਜ਼ਾਰ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 933 ਹੈ। ਲੇਖਿਕਾ ਨੇ ਇਸ ਗੰਭੀਰ ਸਮੱਸਿਆ ਪ੍ਰਤੀ ਸਾਡੀ ਜ਼ਮੀਰ ਨੂੰ ਟੁੰਬਿਆ ਹੈ ਅਤੇ ਚੇਤਨਾ ਨੂੰ ਹਲੂਣਿਆ ਹੈ। ਇਸ ਪੁਸਤਕ ਵਿਚ ਭਰੂਣ ਹੱਤਿਆ ਦੀ ਸਥਿਤੀ, ਸਮੱਸਿਆਵਾਂ, ਸਮਾਜ ਵਿਚ ਨਾਰੀ ਦੀ ਹਾਲਤ, ਸੰਸਕ੍ਰਿਤਕ ਅਤੇ ਇਤਿਹਾਸਕ ਪੱਖ ਤੋਂ ਪੰਜਾਬੀ ਅਤੇ ਭਾਰਤੀ ਸਮਾਜ ਵਿਚ ਔਰਤਾਂ ਪ੍ਰਤੀ ਵਰਤਾਰੇ ਅਤੇ ਪੰਜਾਬੀ ਸਾਹਿਤ ਵਿਚ ਭਰੂਣ ਹੱਤਿਆ ਦੇ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ। ਇਹ ਸਾਰਾ ਕਾਰਜ ਬਹੁਤ ਖੋਜ ਭਰਪੂਰ ਹੈ। ਅੰਤ ਵਿਚ ਕੁਝ ਕਵਿਤਾਵਾਂ ਅਤੇ ਨਾਟਕਾਂ ਰਾਹੀਂ ਇਸ ਮੁੱਦੇ ਪ੍ਰਤੀ ਸੰਵੇਦਨਾ ਜਗਾਈ ਗਈ ਹੈ
ਧੀਆਂ ਜਿਊਣ ਜੋਗੀਆਂ ਨਹੀਂ ਹੁੰਦੀਆਂ, ਮਰ ਜਾਣੀਆਂ ਹੁੰਦੀਆਂ ਨੇ
ਧੀਆਂ ਕੁਝ ਵੀ ਨਹੀਂ ਹੁੰਦੀਆਂ,
ਬੱਸ ਧਿਰਾਂ ਹੁੰਦੀਆਂ ਨੇ।
ਦੋਹਾਂ ਘਰਾਣਿਆਂ ਨੂੰ ਜੋੜਨ ਲਈ,
ਵੀਰਾਂ ਦੀਆਂ ਬਾਹਾਂ ਪੱਕੀਆਂ ਕਰਨ ਲਈ
ਧੀਆਂ ਤਾਂ ਬੱਸ ਧਿਰਾਂ ਹੁੰਦੀਆਂ ਨੇ।
ਇਸ ਸ਼ਲਾਘਾਯੋਗ ਮਹੱਤਵਪੂਰਨ ਪੁਸਤਕ ਦਾ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਅਨੰਦੁ ਭਇਆ...
ਲੇਖਕ : ਬੀਬਾ ਬਲਵੰਤ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 600 ਰੁਪਏ, ਸਫ਼ੇ : 544
ਸੰਪਰਕ : 98552-94356

ਬੀਬਾ ਬਲਵੰਤ ਪੰਜਾਬੀ ਕਵਿਤਾ ਦਾ ਜਾਣਿਆ-ਪਛਾਣਿਆ ਨਾਂਅ ਹੈ। ਜੋ ਰੰਗਾਂ, ਲਕੀਰਾਂ ਅਤੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟਾਉਣ ਦੀ ਅਦਭੁਤ ਕਲਾ ਦਾ ਸਵਾਮੀ ਹੈ। ਉਹ ਆਪਣੀ ਕਲਾ ਨਾਲ ਰੰਗਾਂ-ਰੇਖਾਵਾਂ ਨੂੰ ਬੋਲਣ ਲਾ ਸਕਦਾ ਹੈ ਅਤੇ ਸ਼ਬਦਾਂ ਨਾਲ ਮਨਮੋਹਣੇ ਚਿੱਤਰ ਉਲੀਕ ਸਕਦਾ ਹੈ। ਉਸ ਦੀ ਇਹ 'ਅਨੰਦ ਭਇਆ' ਕਿਤਾਬ 1980 ਤੋਂ 2020 ਤੱਕ ਲਿਖੀਆਂ ਉਸ ਦੀਆਂ ਗ਼ਜ਼ਲਾਂ, ਕਵਿਤਾਵਾਂ, ਨਜ਼ਮਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ ਜੋ ਉਸ ਦੀਆਂ ਸੱਤ ਕਿਤਾਬਾਂ ਵਿਚ ਅਤੇ ਕੁਝ ਹੋਰ ਅਖ਼ਬਾਰਾਂ, ਰਸਾਲਿਆਂ ਵਿਚ ਛਪ ਚੁੱਕੇ ਹਨ। ਦਹਾਕੇ ਵਿਚ ਫੈਲੀ ਹੋਈ ਕਾਵਿ ਸਮੱਗਰੀ ਨੂੰ ਇਕੋ ਜਿਲਦ ਵਿਚ ਪਰੋ ਕੇ ਉਸ ਨੇ ਪੰਜਾਬੀ ਕਾਵਿ ਪਾਠਕਾਂ, ਸਮੀਖਿਅਕਾਂ ਅਤੇ ਖੋਜਾਰਥੀਆਂ ਲਈ ਇਹ ਸੋਖ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਉਸ ਦੀਆਂ ਵੱਖ-ਵੱਖ ਕਿਤਾਬਾਂ ਲੱਭਣੀਆਂ ਨਾ ਪੈਣ। ਸਮੁੱਚੀਆਂ ਲਿਖਤਾਂ ਨੂੰ ਇਕੋ ਥਾਂ ਪੜ੍ਹਨ ਨਾਲ ਕਵੀ ਦਾ ਇਕ ਬੱਝਵਾਂ ਪ੍ਰਭਾਵ ਵੀ ਉਜਾਗਰ ਹੁੰਦਾ ਹੈ ਅਤੇ ਵੱਖ-ਵੱਖ ਸਮਿਆਂ, ਸਾਹਿਤਕ ਲਹਿਰਾਂ ਨਾਲ ਜੂਝਦਾ ਕਵੀ ਕਿਹੋ ਜਿਹੀ ਕਾਵਿਕ ਮਾਨਸਿਕਤਾ ਹੰਢਾਉਂਦਾ ਹੈ, ਇਸ ਬਾਰੇ ਸਮੀਖਿਅਕ ਸਮਝ ਬਣਾਉਣੀ ਵੀ ਸਰਲ ਹੋ ਜਾਂਦੀ ਹੈ। ਇਸ ਕਰਕੇ ਇਹ ਕਾਰਜ ਬੇਹੱਦ ਮੁੱਲਵਾਨ ਪ੍ਰਤੀਤ ਹੁੰਦਾ ਹੈ। 'ਤੇਰੇ ਨਾਲ ਗੁਜ਼ਾਰੇ ਵਕਤ ਦੇ ਓਸ ਟੁਕੜ ਨੂੰ, ਜੋ ਅੱਜ ਵੀ ਮੇਰੇ ਸਾਹ ਨਾਲ ਸਾਹ ਲੈ ਰਿਹਾ ਹੈ' ਦੇ ਸਮਰਪਣੀ ਸ਼ਬਦਾਂ ਨਾਲ ਸ਼ੁਰੂ ਹੁੰਦੀ ਇਸ ਪੁਸਤਕ ਦਾ ਪਹਿਲਾ ਹੀ ਸ਼ਿਅਰ, ਜੋ 'ਤੇਰੀਆਂ ਗੱਲਾਂ ਤੇਰੇ ਨਾਂਅ' ਪੁਸਤਕ ਦਾ ਅੰਗ ਹੈ, ਬੀਬਾ ਬਲਵੰਤ ਦੀ ਸਮੁੱਚੀ ਕਾਵਿ ਯਾਤਰਾ ਦੇ ਪ੍ਰਤੀਕ ਵਾਂਗ ਸਥਾਪਤ ਹੁੰਦਾ ਦਿਸਦਾ ਹੈ।
-ਤੇਰਾ ਇਕ ਇਕ ਨਕਸ਼
ਉੱਭਰ ਕੇ ਆਇਆ ਹੈ।
ਜਦ ਵੀ ਖਾਲੀ ਕੈਨਵਸ 'ਤੇ
ਰੰਗ ਲਾਇਆ ਹੈ।
ਰੰਗਾਂ ਨੂੰ ਸ਼ਬਦਾਂ ਵਾਂਗ ਅਤੇ ਸ਼ਬਦਾਂ ਨੂੰ ਰੰਗਾਂ ਵਾਂਗ ਵਰਤਣਾ ਬੀਬਾ ਦਾ ਸਹਿਜ ਹੈ। ਕਵਿਤਾ ਵਿਚੋਂ ਆਪਣੇ ਆਪ ਨੂੰ ਤਲਾਸ਼ਣਾ ਅਤੇ ਆਪਣੇ-ਆਪ ਵਿਚ ਕਵਿਤਾ ਨੂੰ ਤਲਾਸ਼ਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ ਅਤੇ ਫੇਰ ਇਸ ਨਿਰਾਕਾਰ ਤਲਾਸ਼ ਨੂੰ ਅਕਾਰਾਂ ਵਿਚ ਸਮੂਰਤ ਕਰਕੇ ਵੀ ਬਹੁਤ ਕੁਝ ਅਜਿਹਾ ਅਮੂਰਤ ਅਹਿਸਾਸ ਲਈ ਛੱਡ ਦੇਣਾ ਬੀਬਾ ਦੀ ਕਾਵਿਕਾਰੀ ਦੀ ਵਿਲੱਖਣਤਾ ਹੈ।
-ਕੌਣ ਤੂੰ ਬੀਬਾ,
ਕਿਸ ਨਗਰੀ ਦਾ ਵਾਸੀ ਹੈਂ?
ਹੁਣ ਤਾਂ ਮੈਨੂੰ ਪੁੱਛਦਾ ਮੇਰਾ ਸਾਇਆ ਹੈ।
-ਇਹ ਥੋੜ੍ਹੇ ਰੰਗ, ਕੁਝ ਅੱਖਰ,
ਤੇ ਕੁਝ ਈਮਾਨ ਦੇ ਰਿਸ਼ਤੇ
ਮੇਰੀ ਤਾਂ ਉਮਰ ਭਰ ਦੀ ਦੋਸਤੋ,
ਏਹੋ ਕਮਾਈ ਹੈ।
-ਚਿਹਰੇ ਉਦਾਸ ਉੱਭਰੇ,
ਕੈਨਵਸ ਬੜਾ ਹੀ ਰੋਈ
ਰੰਗਾਂ ਦੀ ਗੁਫ਼ਤਗੂ ਜਦੋਂ,
ਰੰਗਾਂ ਦੇ ਨਾਲ ਹੋਈ।
ਉਹ ਭਾਵੇਂ ਗ਼ਜ਼ਲ ਲਿਖ ਰਿਹਾ ਹੋਵੇ, ਗੀਤ ਲਿਖ ਰਿਹਾ ਹੋਵੇ ਜਾਂ ਕਵਿਤਾ ਲਿਖ ਰਿਹਾ ਹੈ। ਉਸ ਦੇ ਆਲੇ-ਦੁਆਲੇ ਇਕ ਦਰਦ ਅਤੇ ਅਨੰਦ ਦਾ ਘੇਰਾ ਪਸਰਿਆ ਰਹਿੰਦਾ ਹੈ। ਉਸ ਦੀ ਕਵਿਤਾ ਵਿਚ ਸਮੁੰਦਰ ਹੈ, ਬਰਫ਼ ਹੈ, ਬਿਰਖ ਹਨ, ਪਰਿੰਦੇ ਹਨ, ਪਿੰਜਰੇ ਹਨ, ਹੰਝੂ ਹਨ, ਦੁੱਖ ਹਨ, ਸੁੱਖ ਹਨ, ਅੱਗ ਹੈ, ਰਾਖ ਹੈ, ਖ਼ੁਸ਼ਬੂ ਹੈ, ਪੌਣ ਹੈ, ਤਨਹਾਈ ਹੈ, ਖਲਾਅ ਹੈ, ਚੰਦ, ਸੂਰਜ, ਤਾਰੇ, ਬੱਦਲ, ਸਤਰੰਗੀਆਂ ਪੀਂਘਾਂ, ਜੰਗਲ, ਰੇਤਾ, ਪਰਬੱਤ, ਨਾਲੇ-ਨਦੀਆਂ... ਉਹ ਸਭ ਕੁਝ ਜਿਸ ਨਾਲ ਕਵਿਤਾ ਉਪਜਦੀ ਹੈ, ਅਹਿਸਾਸ ਜਾਗਦੇ ਹਨ, ਬਹਾਰਾਂ ਤੇ ਪਤਝੜਾਂ ਉਜਾਗਰ ਹੁੰਦੀਆਂ ਹਨ। ਇਹ ਸਭ ਕੁਝ ਕਿਹੜੇ ਕਾਵਿ-ਰੂਪ ਵਿਚ ਢਲ ਕੇ ਕਾਗ਼ਜ਼ਾਂ ਤੱਕ ਪਹੁੰਚਦਾ ਹੈ ਇਸ ਦੀ ਬੀਬਾ ਨੂੰ ਕੋਈ ਪਰਵਾਹ ਨਹੀਂ ਹੈ-
ਪਹਿਲਾਂ ਉਸ ਨੇ
ਅੱਖਾਂ ਵਿਚ ਹੰਝੂ ਭਰੇ
ਤੇ ਫਿਰ ਮੁਸਕਰਾ ਕੇ ਕਿਹਾ
ਕੋਈ ਵੀ ਮੁਹੱਬਤ
ਬਿਨਾਂ ਹੰਝੂ
ਬਿਨਾਂ ਮੁਸਕਰਾਹਟ ਤੋਂ
ਅਧੂਰੀ ਹੈ
ਇਹ ਦਰਦ ਦੇ ਆਨੰਦ
ਨਾਲ ਹੀ ਪੂਰੀ ਹੈ। (ਪੰਨਾ-281)
ਕਵਿਤਾ ਨਾਲ ਆਪਣੀ ਮੁਹੱਬਤ ਨੂੰ ਦਰਦ ਅਤੇ ਆਨੰਦ ਨਾਲ ਪ੍ਰਵਾਨ ਚੜ੍ਹਾਉਣ ਵਾਲਾ ਬੀਬਾ ਬਲਵੰਤ ਪੰਜਾਬੀ ਕਵਿਤਾ ਦਾ ਵਡਮੁੱਲਾ ਹਾਸਿਲ ਹੈ। ਬਕੌਲ ਡਾਕਟਰ ਵਨੀਤਾ-'ਉਸ ਦੀ ਕਵਿਤਾ ਦੀ ਬਿੰਬ ਵਿਧੀ ਉਸ ਦੀ ਵਿਲੱਖਣਤਾ ਹੈ' ਅਤੇ ਬਾਕੌਲ ਡਾ. ਮੋਹਣਜੀਤ-'ਅਜਿਹੀ ਕਵਿਤਾ ਸਮਕਾਲੀ ਪੰਜਾਬੀ ਕਵਿਤਾ ਦੇ ਪੰਨਿਆਂ 'ਤੇ ਕਿਤੇ ਕਿਤੇ ਹੀ ਵੇਖਣ ਨੂੰ ਦਰਕਾਰ ਹੈ। ਬੀਬਾ ਬਲਵੰਤ ਦੀ ਕਵਿਤਾ ਨੂੰ ਇਕ ਥਾਂ ਛਾਪ ਕੇ ਰਵੀ ਸਾਹਿਤ ਪ੍ਰਕਾਸ਼ਨ ਨੇ ਮਹੱਤਵਪੂਰਨ ਕਾਰਜ ਕੀਤਾ ਹੈ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਸਾਹਿਤ ਸੰਜੀਵਨੀ
ਲੇਖਕ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98551-23499

ਜੰਗ ਬਹਾਦੁਰ ਗੋਇਲ ਇਕ ਪਰਿਚਿਤ ਲੇਖਕ ਹੈ। ਉਹਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਕੁੱਲ 19 ਪੁਸਤਕਾਂ (ਕ੍ਰਮਵਾਰ 6, 11 ਅਤੇ 2) ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚ ਬਹੁਤੀਆਂ ਉਹਨੇ ਆਪ ਅਨੁਵਾਦ ਕੀਤੀਆਂ ਹਨ। ਉਹਦੀ ਇਕ ਕਿਤਾਬ 'ਮੁਹੱਬਤਨਾਮਾ' ਦਾ ਉਰਦੂ ਅਨੁਵਾਦ ਡਾ. ਰੇਣੂ ਬਹਿਲ ਵਲੋਂ ਕੀਤਾ ਗਿਆ ਹੈ। ਦਰਅਸਲ ਗੋਇਲ 'ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ' (ਪੰਜ ਭਾਗ) ਲਿਖ ਕੇ ਚਰਚਾ ਵਿਚ ਆਇਆ ਹੈ।
ਵਿਚਾਰ ਅਧੀਨ ਪੁਸਤਕ ਦੇ ਛੇ ਭਾਗ ਹਨ। ਲੇਖਕ ਨੇ ਇਸ ਪੁਸਤਕ ਦੇ ਹੋਂਦ ਵਿਚ ਆਉਣ ਬਾਰੇ ਅਤੇ ਸੁਰਜੀਤ ਪਾਤਰ ਨੇ ਇਹਦਾ ਮੁੱਖਬੰਦ ਲਿਖਿਆ ਹੈ। ਇਹ ਕਿਤਾਬ ਪੜ੍ਹਦਿਆਂ ਮੈਨੂੰ ਚਾਰਲਸ ਡਿਕਨਜ਼ ਦੀ ਇਹ ਗੱਲ ਸ਼ਿਦਤ ਨਾਲ ਯਾਦ ਆਈ ਕਿ 'ਜੋ ਆਦਮੀ ਪੜ੍ਹਨਾ ਜਾਣਦੇ ਹੋਏ ਵੀ ਕਿਤਾਬਾਂ ਨਹੀਂ ਪੜ੍ਹਦਾ, ਉਹਦੇ ਤੇ ਅਨਪੜ੍ਹ ਵਿਚ ਉੱਕਾ ਹੀ ਫ਼ਰਕ ਨਹੀਂ ਹੈ।' ਗੋਇਲ ਦੀ ਇਸ ਕਿਤਾਬ ਦਾ ਪਹਿਲਾ ਭਾਗ 'ਪੁਸਤਕਾਂ : ਮੇਰੀ ਜ਼ਿੰਦਗੀ ਵਿਚ' ਲੇਖਕ ਦੀ ਸਾਹਿਤਕ ਸਵੈਜੀਵਨੀ ਦਾ ਕਾਂਡ ਕਿਹਾ ਜਾ ਸਕਦਾ ਹੈ। ਇਸੇ ਕਾਂਡ ਵਿਚ ਉਹ ਲਿਖਦਾ ਹੈ, 'ਹੁਣ ਤੱਕ ਸਾਹਿਤ ਦੀ ਛਤਰੀ ਨੇ ਮੈਨੂੰ ਜ਼ਿੰਦਗੀ ਦੀ ਕਰੜੀ ਧੁੱਪ ਅਤੇ ਬਾਰਿਸ਼ ਤੋਂ ਹਮੇਸ਼ਾ ਬਚਾਈ ਰੱਖਿਆ। ਕਿਤਾਬਾਂ ਮੇਰੀਆਂ ਸੁਰੱਖਿਅਤ ਪਨਾਹਗਾਰ ਬਣ ਚੁੱਕੀਆਂ ਸਨ। ਉਨ੍ਹਾਂ ਕਰਕੇ ਮੈਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਸੀ ਹੁੰਦੀ। ਮੇਰੀ ਨੀਅਤ ਵਿਚ ਅਜੀਬ ਕਿਸਮ ਦਾ ਰੱਜ ਸਮੋ ਗਿਆ ਸੀ, ਪਰ ਕਿਤਾਬਾਂ ਬਾਰੇ ਮੇਰੀ ਭੁੱਖ ਕਦੇ ਵੀ ਸ਼ਾਂਤ ਨਹੀਂ ਹੋਈ।' (ਪੰਨਾ 20)
ਪਹਿਲੇ ਕਾਂਡ ਤੋਂ ਸਾਨੂੰ ਲੇਖਕ ਦੀ ਜ਼ਿੰਦਗੀ ਦੇ ਵਿਭਿੰਨ ਪੜਾਵਾਂ ਦਾ ਬਹੁਤ ਨੇੜਿਓਂ ਪਤਾ ਲਗਦਾ ਹੈ। ਇਕ ਇਤਿਹਾਸਕ ਕਸਬੇ (ਜੈਤੋ) ਵਿਚ 23 ਮਾਰਚ 1946 ਨੂੰ ਜਨਮਿਆ ਇਹ ਲੇਖਕ ਅੱਜ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਵਜੋਂ ਚੰਡੀਗੜ੍ਹ ਰਹਿ ਰਿਹਾ ਹੈ। ਵਿਰਸੇ 'ਚੋਂ ਮਿਲੀ ਪੜ੍ਹਨ ਦੀ ਆਦਤ ਨੂੰ ਉਹਨੇ ਪੱਲੇ ਬੰਨ੍ਹ ਲਿਆ ਅਤੇ ਪੜ੍ਹਨ ਦੇ ਨਾਲ-ਨਾਲ ਲਿਖਣਾ ਜਾਰੀ ਰੱਖਿਆ। ਕਿਸੇ ਸਮੇਂ ਡੂੰਘੇ ਤਣਾਅ ਵਿਚ ਆਉਣ ਤੇ ਉਹਨੂੰ ਧਰਮਵੀਰ ਭਾਰਤੀ ਦੀ ਕਵਿਤਾ ਨੇ ਜ਼ਿੰਦਗੀ ਦਾ ਠੁੰਮਣਾ ਦਿੱਤਾ ਸੀ। ਪ੍ਰੀ-ਮੈਡੀਕਲ ਕਰਨ ਪਿੱਛੋਂ ਉਹਨੇ ਆਰਟਸ ਵਿਚ ਬੀ.ਏ. ਕੀਤੀ। ਭਾਸ਼ਣ ਪ੍ਰਤਿਯੋਗਤਾਵਾਂ ਵਿਚ ਨਾਮਣਾ ਖੱਟਿਆ। ਲੁਧਿਆਣੇ ਤੋਂ ਅੰਗਰੇਜ਼ੀ ਦੀ ਐਮ.ਏ. ਕਰਕੇ ਕਾਲਜ ਅਧਿਆਪਕ ਲੱਗਾ ਤੇ ਫਿਰ ਪੀ.ਸੀ.ਐਸ. ਪਾਸ ਕਰਕੇ ਐਸ.ਡੀ.ਐਮ., ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਤੇ ਆਈ.ਏ.ਐੱਸ. ਅਧਿਕਾਰੀ ਵਜੋਂ ਸੇਵਾਮੁਕਤ ਹੋਇਆ। ਇਸ ਦੌਰਾਨ ਵਾਪਰੀਆਂ ਅਣਕਿਆਸੀਆਂ ਘਟਨਾਵਾਂ, ਤਣਾਵਾਂ ਤੇ ਸਮੱਸਿਆਵਾਂ 'ਚੋਂ ਉਹਨੂੰ ਕਿਤਾਬਾਂ ਨੇ ਹੀ ਪਾਰ ਲਾਇਆ। ਪੁਸਤਕ ਦੇ ਹੋਰ ਕਾਂਡਾਂ ਵਿਚ ਬਿਬਲਿਓਥੈਰੇਪੀ (ਪੁਸਤਕ ਚਿਕਿਤਸਾ), ਸਾਹਿਤ ਅਧਿਐਨ ਦੇ ਚਿਕਿਤਸਕ ਪ੍ਰਭਾਵ, ਲੇਖਨ ਥੈਰੇਪੀ, ਲਿਟਰੇਰੀ ਕਲਿਨਿਕ, ਸਾਹਿਤ : ਸਮਾਜ ਦਾ ਸਰਜਨ ਸ਼ਾਮਲ ਹਨ। ਵਾਕਈ ਸਾਹਿਤ ਸੰਜੀਵਨੀ ਉਹ ਬੂਟੀ ਹੈ, ਜਿਸ ਦੀ ਵਰਤੋਂ ਨਾਲ ਘੋਰ ਦੁਖੀ ਮਨੁੱਖ ਜੀਵਨ ਜੀਣ ਲੱਗ ਪੈਂਦਾ ਹੈ। ਸਾਹਿਤ ਵਿਚ ਅਜਿਹੀਆਂ ਕਿਤਾਬਾਂ ਤਣਾਓਗ੍ਰਸਤ ਬੰਦੇ ਨੂੰ ਪ੍ਰੇਰਨਾ, ਉਤਸ਼ਾਹ ਤੇ ਊਰਜਾ ਪ੍ਰਦਾਨ ਕਰਨ ਦੀ ਬੇਮਿਸਾਲ ਸਮਰੱਥਾ ਰੱਖਦੀਆਂ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਦਲਿਤ ਤੇ ਦਲਿਤ ਚੇਤਨਾ ਵਿਭਿੰਨ ਸਰੋਕਾਰ
ਲੇਖਿਕਾ : ਡਾ. ਮੋਨਿਕਾ ਸਾਹਨੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98761-72594

ਹਥਲੀ ਪੁਸਤਕ ਦਲਿਤ ਚੇਤਨਾ ਅਤੇ ਇਸ ਦੇ ਵਿਭਿੰਨ ਦੁਖਦ, ਸੁਖਦ ਸਰੋਕਾਰਾਂ ਦੇ ਵਿਸ਼ਲੇਸ਼ਣ ਦਾ ਪ੍ਰਗਟਾਵਾ ਹੈ। ਲੇਖਿਕਾ ਨੇ ਬੜੀ ਗੰਭੀਰਤਾ ਤਹਿਤ, ਸੰਭਵ ਹੈ, ਅਨੁਭਵ ਕੀਤਾ ਹੈ ਅਤੇ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਕਾਰਾਂ ਵਿਚ ਉਕਤ ਦੀਆਂ ਪਰਿਸਥਿਤੀਆਂ ਨੂੰ ਵੀ ਪਛਾਣਿਆ ਹੈ। ਦਲਿਤ ਲੋਕਾਂ ਦੇ ਜੀਵਨ ਚਿਤਰਣ ਅਤੇ ਉਨ੍ਹਾਂ ਦੀਆਂ ਵਿਭਿੰਨ ਜੀਵਨ ਪੱਧਤੀਆਂ ਵਿਚ ਮਹਾਨ ਸਮਾਜ ਸੁਧਾਰਕਾਂ ਦੇ ਦਿੱਤੇ ਯੋਗਦਾਨ ਨੂੰ ਪੇਸ਼ ਕੀਤਾ ਹੈ। 'ਦਲਿਤ ਮਨੁੱਖੀ ਅੰਦੋਲਨ' ਲੋਕਾਈ ਵਿਚ ਬੜਾ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਦੇ ਅਲੰਬਰਦਾਰਾਂ ਵਲੋਂ ਵੀ, ਉਨ੍ਹਾਂ ਦੁਆਰਾ ਨਿਭਾਈਆਂ ਘਾਲਣਾਵਾਂ ਦਾ ਵੀ ਉਲੇਖ ਹੈ। ਅਜਿਹਾ ਵਿਵਰਣ ਦਿੰਦਿਆਂ ਮੋਨਿਕਾ ਸਾਹਨੀ ਨੇ ਉੱਘੇ ਚਿੰਤਕਾਂ, ਵਿਸ਼ਵ ਵਿਆਪੀ ਪੱਧਰ ਉੱਤੇ ਅੱਪੜੇ ਵਿਦਵਾਨਾਂ ਦੇ ਹਵਾਲੇ ਵੀ ਦਿੱਤੇ ਹਨ। ਸਪੱਸ਼ਟੀਕਰਨ ਵਜੋਂ ਟਿੱਪਣੀਆਂ ਵੀ ਦਿੱਤੀਆਂ ਹਨ ਅਤੇ ਬਹੁਤ ਸਾਰੇ ਸਰੋਕਾਰਾਂ ਦਾ ਨਿਰੂਪਣ ਵੀ ਪੁਸਤਕ ਵਿਚ ਅੰਕਿਤ ਹੈ, ਪਰੰਤੂ ਇਸ ਤੋਂ ਵੀ ਅਗਾਂਹ ਭਾਰਤੀ ਸਮਾਜ ਵਿਚ ਨਾਰੀ ਦੀ ਜੋ ਸਥਿਤੀ ਹੈ, ਉਸ ਦਾ ਵੀ ਇਤਿਹਾਸਕ, ਮਿਥਿਹਾਸਕ ਅਤੇ ਵਰਤਮਾਨ ਕਾਲ-ਖੰਡ ਵਿਚ ਦਸ਼ਾ-ਦਿਸ਼ਾ ਦਾ ਪ੍ਰਗਟਾਵਾ ਕੀਤਾ ਹੈ। ਪੁਸਤਕ ਦਾ ਛੇਵਾਂ ਕਾਂਡ 'ਪੰਜਾਬੀ ਨਾਟਕ ਵਿਚ ਦਲਿਤ ਪਾਤਰ' ਸਿਰਲੇਖ ਹੇਠ ਅੰਕਿਤ ਹੈ। ਭਾਰਤੀ ਨਾਰੀ ਦੀ ਸਮਾਜ ਵਿਚ ਸਥਿਤੀ ਬੜੇ ਵੱਡੇ ਪ੍ਰਸ਼ਨ ਉਭਾਰਦੀ ਹੈ, ਲੇਖਿਕਾ ਨੇ ਇਸ ਨੂੰ ਪਛਾਣਨ ਦੀ ਪ੍ਰਵਿਰਤੀ ਦ੍ਰਿੜ੍ਹਾਈ ਹੈ ਅਤੇ ਵਿਸ਼ੇਸ਼ਤਰ ਪੰਜਾਬੀ ਨਾਟਕ ਵਿਚ ਚਿਤਰਤ ਅਵਸਥਾ ਦਾ ਜੋ ਨਿਰੂਪਣ ਕੀਤਾ ਹੈ, ਉਸ ਦੀ ਪਛਾਣ ਸਲਾਹੁਣਯੋਗ ਹੈ। ਪੁਸਤਕ ਲੇਖਿਕਾ ਦੇ ਨਿਰਣੇ ਬੜੇ ਸਪੱਸ਼ਟ ਹਨ। ਪੁਸਤਕ ਦੇ ਅੰਤ ਵਿਚ ਦਿੱਤੇ ਗਏ ਸਹਾਇਕ ਪੁਸਤਕਾਂ ਦੇ ਹਵਾਲੇ, ਸਰੋਤ ਪੁਸਤਕਾਂ ਦੇ ਹਵਾਲੇ ਅਤੇ ਨਿੱਜੀ ਸੋਚ-ਦ੍ਰਿਸ਼ਟੀ ਦੇ ਅੰਤਰਗਤ ਗ੍ਰਹਿਣ ਕੀਤੀ ਗਈ ਜਾਣਕਾਰੀ ਪ੍ਰਸ਼ੰਸਾਯੋਗ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਦਾਸਤਾਨਿ-ਸਿੱਖ ਸਲਤਨਤ
ਲੇਖਕ : ਢਾਡੀ ਤਰਲੋਚਨ ਸਿੰਘ ਭਮੱਦੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 98147-32198

ਢਾਡੀ ਤਰਲੋਚਨ ਸਿੰਘ ਪੰਥਕ ਸਟੇਜਾਂ ਉੱਪਰ ਸਿੱਖ-ਇਤਿਹਾਸ ਦੀ ਪੇਸ਼ਕਾਰੀ ਕਰਦਾ ਆ ਰਿਹਾ ਹੈ ਅਤੇ ਇਸ ਕਲਾ ਵਿਚ ਉਸ ਦਾ ਨਾਂਅ ਕਾਫ਼ੀ ਪ੍ਰਸਿੱਧ ਹੈ। ਸਿੱਖ-ਇਤਿਹਾਸ ਸੂਰਮਗਤੀ ਦੇ ਬਿਰਤਾਂਤਾਂ ਨਾਲ ਭਰਪੂਰ ਹੈ। ਹਥਲੀ ਪੋਥੀ ਵਿਚ ਢਾਡੀ ਭਮੱਦੀ ਨੇ 1708 ਈ: ਤੋਂ ਲੈ ਕੇ ਭਾਈ ਮਨੀ ਸਿੰਘ ਦੀ ਸ਼ਹੀਦੀ (1737) ਤੱਕ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕੀਤਾ ਹੈ। ਇਸ ਪੋਥੀ ਦੀ ਸਮੁੱਚੀ ਸਮੱਗਰੀ ਕਵਿਤਾ ਅਤੇ ਵਾਰਤਕ, ਦੋਹਾਂ ਰੂਪਾਕਾਰਾਂ ਵਿਚ ਸਿਰਜੀ ਗਈ ਹੈ। ਢਾਡੀ ਕਾਵਿ ਪਰੰਪਰਾ ਵਿਚ ਗਿਆਨੀ ਸੋਹਣ ਸਿੰਘ ਸੀਤਲ ਅਤੇ ਗਿਆਨੀ ਨਿਰੰਜਨ ਸਿੰਘ ਨਰਗਿਸ ਸ਼੍ਰੋਮਣੀ ਗਾਇਕ-ਲੇਖਕ ਸਨ। ਗਿਆਨੀ ਤਰਲੋਚਨ ਸਿੰਘ ਭਮੱਦੀ ਵੀ ਉਕਤ ਕਵੀਆਂ ਨਾਲ ਬਰ ਮੇਚਦਾ ਹੈ। ਉਸ ਦੀ ਕੋਸ਼ਿਸ਼ ਰਹੀ ਹੈ ਕਿ ਉਸ ਦੇ ਲਿਖੇ ਪ੍ਰਸੰਗਾਂ ਵਿਚ ਕੋਈ ਇਤਿਹਾਸਕ ਉਕਾਈ ਨਾ ਹੋਵੇ। ਇਸ ਮੰਤਵ ਲਈ ਉਸ ਨੇ ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਸੰਗਤ ਸਿੰਘ ਅਤੇ ਡਾ. ਸੁਖਦਿਆਲ ਸਿੰਘ ਦੀਆਂ ਇਤਿਹਾਸਕ ਲਿਖਤਾਂ ਦਾ ਸਹਾਰਾ ਲਿਆ ਹੈ। ਵਾਰਾਂ ਅਤੇ ਛੰਦਾਂ ਵਿਚ ਪੇਸ਼ ਕਾਵਿ ਰੂਪਾਂ ਦੇ ਨਾਲ-ਨਾਲ ਉਸ ਨੇ ਇਤਿਹਾਸ (ਕੁਮੈਂਟਰੀ) ਵਿਚ ਵੀ ਬੀਰ ਰਸ, ਕਰੁਣਾ ਰਸ ਅਤੇ ਰੌਦਰ ਰਸ ਦੀ ਨਿਸ਼ਪੱਤੀ ਕੀਤੀ ਹੈ, ਜਿਸ ਨਾਲ ਸਮੁੱਚੇ ਵੇਰਵੇ ਸਾਹਿਤਕ ਗੁਣਾਂ-ਲੱਛਣਾਂ ਨਾਲ ਮਾਲਾਮਾਲ ਹੋ ਗਏ ਹਨ। ਚੱਪੜਚਿੜੀ ਦੇ ਮੈਦਾਨ ਵਿਚ ਸੂਬੇਦਾਰ ਸਰਹਿੰਦ ਵਜ਼ੀਰ ਖਾਨ ਦੀਆਂ ਫ਼ੌਜਾਂ ਨਾਲ, ਬਾਬਾ ਬੰਦਾ ਸਿੰਘ ਬਹਾਦਰ ਦੇ ਜੋਸ਼ ਅਤੇ ਜਨੂੰਨ ਨੂੰ ਬਿਆਨ ਕਰਦਾ ਹੋਇਆ ਢਾਡੀ ਭਮੱਦੀ ਲਿਖਦਾ ਹੈ :
ਸਿੰਘਾਂ ਵਿਚ ਮੈਦਾਨ ਦੇ
ਤਰਥੱਲ ਮਚਾਇਆ,
ਜਿਊਂਦਾ ਕੋਈ ਨ ਛੱਡਿਆ
ਜੋ ਮੂਹਰੇ ਆਇਆ,
ਖਾਨਾਂ ਦੀ ਰੱਤ-ਮਿੱਝ ਦਾ ਹੈ
ਖਾਲ ਵਗਾਇਆ,
ਤੱਕ ਕੇ ਖਾਨ ਵਜ਼ੀਰ ਹੈ
ਡਾਢਾ ਘਬਰਾਇਆ,
ਅੱਜ 'ਭਮੱਦੀ' ਖਾਲਸਾ
ਕਰ ਦਿਊ ਸਫਾਇਆ। (ਪੰਨਾ 37)
ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇਹ ਬਿਰਤਾਂਤ ਗਿਆਨੀ ਜੀ ਦੀ ਕਾਵਿ-ਪ੍ਰਤਿਭਾ ਵੱਲ ਸੰਕੇਤ ਕਰਦਾ ਹੈ। ਇਹ ਸਾਰੀ ਪੋਥੀ ਪੰਜਾਬੀ ਪਿਆਰਿਆਂ ਲਈ ਪੜ੍ਹਨ ਅਤੇ ਮਾਣਨਯੋਗ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

24-12-2022

 ਰਾਧਿਕਾ
ਲੇਖਕ : ਹਰਦੀਪ ਗਰੇਵਾਲ
ਅਨੁ: ਡਾ. ਸਾਧੂ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 239
ਸੰਪਰਕ : 95011-45039

ਵਿਚਾਰਾਧੀਨ ਨਾਵਲ ਅਗਾਂਹਵਧੂ ਖੱਬੀ ਸੁਧਾਰਵਾਦੀ ਜਥੇਬੰਦੀ ਦੇ ਕਾਰਜਾਂ ਦੇ ਪਿਛੋਕੜ ਵਿਚੋਂ ਹੋਂਦ ਗ੍ਰਹਿਣ ਕਰਦਾ ਹੈ। ਇਸ ਨਾਵਲ ਵਿਚ ਗਤੀਸ਼ੀਲ ਅਨੇਕਾਂ ਪਾਤਰ ਜਥੇਬੰਦੀ ਦੇ ਕੁਲਵਕਤੀ ਕਾਰਕੁਨ ਹਨ, ਜੋ ਸਮੇਂ-ਸਮੇਂ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਹਨ। ਨਿਰਸੰਦੇਹ ਇਸ ਜਥੇਬੰਦੀ ਦਾ ਮਨੋਰਥ ਸਮਾਜ ਵਿਚ ਪਰਿਵਰਤਨ ਲਿਆਉਣਾ ਹੈ। ਪਰ ਇਸ ਨਾਵਲ ਦਾ ਨਾਇਕ (ਅਜੈ) ਅਤੇ ਨਾਇਕਾ ਰਾਧਿਕਾ ਆਪਣੇ ਜੀਵਨ ਵਿਚ ਵਜੂਦੀਅਤ/ਅਸਤਿਤ ਵੀ ਸੋਚ ਵਾਲੇ ਵਿਖਾਈ ਦਿੰਦੇ ਹਨ। ਇਸ ਦ੍ਰਿਸ਼ਟੀ ਤੋਂ ਪਹਿਲਾ ਨੁਕਤਾ ਇਹ ਨੋਟ ਕਰਨਾ ਬਣਦਾ ਹੈ ਕਿ ਉਹ ਦੋਵੇਂ ਆਪਣੀ ਵਜੂਦੀਅਤ ਸੋਚ ਕਾਰਨ, ਬਿਨਾਂ ਕਿਸੇ ਬਾਹਰੀ ਦਬਾਅ ਦੇ (ਦੋਵਾਂ ਪਿਤਾਵਾਂ ਦੀ ਆਗਿਆ ਬਗ਼ੈਰ), ਪਤੀ/ਪਤਨੀ ਵਜੋਂ ਆਪਣੀ ਸੁਤੰਤਰ ਚੋਣ ਕਰਦੇ ਹਨ ਜਾਂ ਪਾਲ ਸਾਰਤਰ ਅਨੁਸਾਰ ਜੇ ਚੋਣ ਆਪਣੀ ਹੈ ਤਾਂ ਜ਼ਿੰਮੇਵਾਰੀ ਵੀ ਆਪਣੀ ਹੈ ਅਤੇ ਇਸ ਚੋਣ ਤੋਂ ਜੋ ਵੀ ਨਤੀਜੇ ਸਾਹਮਣੇ ਆਉਣਗੇ ਉਹ ਹਰ ਹੀਲੇ (ਚੰਗੇ ਜਾਂ ਮਾੜੇ) ਭੁਗਤਣੇ ਪੈਣਗੇ, ਕੋਈ ਬਹਾਨਾ ਨਹੀਂ ਚਲ ਸਕਦਾ। ਸਾਰਤਰ ਦੇ ਸ਼ਬਦ ਹਨ : 'ਨੋਅ ਇਕਸਕਯੂਜ਼।' ਅਜੈ ਅਤੇ ਰਾਧਿਕਾ ਦੀ ਸ਼ਾਦੀ ਨਿਰੋਲ ਜਜ਼ਬਾਤੀ ਫ਼ੈਸਲਾ ਹੈ। ਨਾਵਲ ਦੇ ਪੰਨੇ ਥਾਂ-ਥਾਂ ਬੋਲਦੇ ਹਨ ਕਿ ਉਹ ਦੋਵੇਂ ਨਿੱਕੇ ਮੋਟੇ ਘਰੇਲੂ ਕੰਮਾਂ ਵਿਚ ਇਕ-ਦੂਜੇ ਦੀ ਅਧੀਨਗੀ ਤੋਂ ਮੁਨਕਰ ਹਨ। ਦੋਵੇਂ ਆਪੋ-ਆਪਣੇ ਸਟੈਂਡ 'ਤੇ ਅੜੇ ਰਹਿੰਦੇ ਹਨ। ਕੋਈ ਵੀ ਦੋਵਾਂ 'ਚੋਂ ਇਕ-ਦੂਜੇ ਦੀ ਮੰਨਣ ਵਾਲਾ ਜੀ-ਹਜ਼ੂਰੀਆ (ਯੈੱਸ-ਮੈਨ) ਨਹੀਂ। ਇਹੋ ਇਸ ਨਾਵਲ ਦਾ 'ਕੇਂਦਰੀ ਸੂਤਰ' (ਗਲਪੀ-ਕੋਡ) ਹੈ। ਇਸ ਗਲਪੀ-ਕੋਡ ਵਿਚੋਂ ਲਗਭਗ ਸਾਰੀ ਪ੍ਰਕਿਰਿਆ ਪਤਾ ਕੇ/ਉਪ-ਕਥਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਨਾਇਕ/ਨਾਇਕਾ ਦਾ ਵਿਆਹ ਆਪਣੀ ਹੀ ਕਿਸਮ ਦੇ ਅਗਾਂਹਵਧੂ 'ਅਹਿਦਨਾਮੇ' (ਪੰ. 111-113) ਅਨੁਸਾਰ ਹੁੰਦਾ ਹੈ। ਭਾਰਤੀ ਸੰਵਿਧਾਨ ਦੀ ਤਰ੍ਹਾਂ ਵਿਆਹ ਦੀਆਂ 'ਕਸਮਾਂ' ਖਾਧੀਆਂ ਜਾਂਦੀਆਂ ਹਨ, ਜੋ ਵਾਸਤਵਿਕ ਜੀਵਨ ਵਿਚ ਝੂਠੀਆਂ ਹੋ ਨਿਬੜਦੀਆਂ ਹਨ। ਬੱਚਾ ਪੈਦਾ ਕਰਨ ਲਈ ਰਾਧਿਕਾ ਅਸਹਿਮਤ ਹੈ ਪਰ ਅਜੈ ਆਪਣੀ ਜ਼ਿੱਦ ਪੁਗਾਉਂਦਾ ਹੈ। ਬੱਚਾ ਜੰਮਣ ਬਾਅਦ ਰਾਧਿਕਾ ਤਣਾਅ ਵਿਚ ਚਲੀ ਜਾਂਦੀ ਹੈ। ਨਸ਼ਿਆਂ ਵਿਚ ਪੈ ਜਾਂਦੀ ਹੈ। ਸਰਿੰਜਾਂ ਦਾ ਸਹਾਰਾ ਲੈਂਦੀ ਹੈ। ਅਜੈ ਸਮਝਦਾ ਹੈ ਕਿ ਇਸ ਸਥਿਤੀ ਦਾ ਬੱਚੇ (ਅੰਮ੍ਰਿਤ) 'ਤੇ ਮਾੜਾ ਪ੍ਰਭਾਵ ਪਵੇਗਾ। ਉਹ ਬੱਚੇ ਨੂੰ ਲੈ ਕੇ ਆਪਣੇ ਨਗਰ ਚਲਿਆ ਜਾਂਦਾ ਹੈ। ਉੱਥੇ ਸਕੂਲ ਵਿਚ ਦਾਖ਼ਲ ਕਰਵਾ ਦਿੰਦਾ ਹੈ। ਰਾਧਿਕਾ ਪੂਰਾ ਇਲਾਜ ਕਰਵਾ ਕੇ, ਨਸ਼ਾ-ਮੁਕਤ ਹੋ ਕੇ, ਜਥੇਬੰਦੀ ਦੇ ਮੈਂਬਰਾਂ ਦੀ ਸਲਾਹ ਮੰਨ ਕੇ 'ਅੰਬੇਡਕਰ' ਬਸਤੀ, ਦਿੱਲੀ ਚਲੀ ਜਾਂਦੀ ਹੈ। ਝੌਂਪੜੀ ਦੀ 'ਸ਼ੀਲਾ' ਉਸ ਨੂੰ ਹੱਲਾਸ਼ੇਰੀ ਦਿੰਦੀ ਹੈ। ਰਾਧਿਕਾ ਆਪਣੇ ਬੱਚੇ 'ਅੰਮ੍ਰਿਤ' ਦੀ ਯਾਦ ਵਿਚ ਤੜਪਦੀ ਰਹਿੰਦੀ ਹੈ। ਇਕ ਦਿਨ ਨਾਇਕ ਦੇ ਨਗਰ ਜਾ ਕੇ ਸਕੂਲੋਂ ਬੱਚੇ ਨੂੰ ਚੁੱਕ ਲਿਆਉਂਦੀ ਹੈ। ਖ਼ਤ ਰਾਹੀਂ ਪੁਲਿਸ ਨੂੰ, ਸਾਰੇ ਸਬੂਤਾਂ ਸਮੇਤ, ਸੂਚਿਤ ਕਰ ਦਿੰਦੀ ਹੈ। ਜਥੇਬੰਦੀ ਦੇ ਮੈਂਬਰ 'ਸ਼ਮੇਰ' ਅਤੇ ਉਸ ਦੀ ਪਤਨੀ 'ਸਮਰਥ' ਉਸ ਨੂੰ ਸਲਾਹ ਦਿੰਦੇ ਹਨ ਕਿ ਇਕ ਵਾਰੀ ਅਜੈ ਨੂੰ ਮਿਲ ਕੇ ਸੁਲਾਹ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇ। ਉਹ ਅਜੈ ਨਾਲ ਸਮਝੌਤਾ ਕਰਨ ਲਈ ਚਲੀ ਜਾਂਦੀ ਹੈ। ਅਜੈ ਉਸ ਨੂੰ ਟੁੱਟ ਕੇ ਪੈ ਜਾਂਦਾ ਹੈ, ਕੁੱਟਣ ਦੀ ਕੋਸ਼ਿਸ਼ ਕਰਦਾ ਹੈ। ਰਾਧਿਕਾ ਪਿਸਤੌਲ ਚਲਾ ਦਿੰਦੀ ਹੈ ਪਰ ਅਜੈ ਬਚ ਕੇ ਦੌੜ ਜਾਂਦਾ ਹੈ। ਨਾਵਲ ਦੇ ਅੰਤ 'ਤੇ ਪ੍ਰਿੰਸੀਪਲ ਰਾਧਿਕਾ ਨੂੰ ਯੋਗਤਾ (ਐਮ.ਏ. ਸਾਈਕਾਲੋਜੀ) ਅਨੁਸਾਰ ਕਾਲਜ ਲਈ ਨਿਯੁਕਤੀ ਪੱਤਰ ਸੌਂਪ ਦਿੰਦਾ ਹੈ। ਇਉਂ ਨਾਵਲ ਦਾ ਅੰਤ ਸੁਖਾਂਤ ਹੋ ਨਿਬੜਦਾ ਹੈ। ਪਿਛੋਂ ਅਜੈ ਦਾ ਕੀ ਬਣਿਆ ਨਾਵਲ ਖੁੱਲ੍ਹਾ ਪਾਠ (ਓਪਨ ਟੈਕਸਟ) ਸਿਰਜ ਕੇ ਬੰਦ ਹੋ ਜਾਂਦਾ ਹੈ। ਨਾਵਲ ਦੀਆਂ ਘਟਨਾਵਾਂ ਅਨੇਕਾਂ ਥਾਵਾਂ 'ਤੇ ਵਾਪਰਦੀਆਂ ਹਨ। ਪਾਤਰ ਵੀ ਅਨੇਕ ਹਨ। ਇਸ ਨਾਵਲ ਦੀਆਂ ਬਿਰਤਾਂਤਕ ਜੁਗਤਾਂ ਵੱਖਰੇ ਖੋਜ ਪੱਤਰ ਦੀ ਮੰਗ ਕਰਦੀਆਂ ਹਨ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatishdharamchand@gmail.com

ਜ਼ਿੰਦਗੀ ਪਰਤ ਆਈ
ਨਾਵਲਕਾਰ : ਮਨਦੀਪ ਰਿੰਪੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 178
ਸੰਪਰਕ : 98143-85918

ਇਸ ਨਾਵਲ ਦੀ ਮੁੱਖ ਪਾਤਰ ਮੁਸਕਾਨ ਨਾਂਅ ਦੀ ਕੁੜੀ ਹੈ। ਉਹ ਆਪਣੇ ਭੈਣ-ਭਰਾਵਾਂ ਦੀ ਪਾਲਣਾ ਲਈ ਆਪਣਾ ਵਿਆਹ ਨਹੀਂ ਕਰਵਾਉਂਦੀ। ਉਹ ਕੰਮਾਂ ਵਿਚ ਏਨੀ ਰੁੱਝੀ ਰਹਿੰਦੀ ਹੈ ਕਿ ਆਪਣੇ ਵਿਆਹ ਬਾਰੇ ਸੋਚਣ ਦਾ ਕਦੇ ਸਮਾਂ ਹੀ ਨਹੀਂ ਮਿਲਦਾ। ਸਰਕਾਰੀ ਅਧਿਆਪਕਾ ਦੇ ਤੌਰ 'ਤੇ ਉਹ ਆਪਣੇ ਵਿਦਿਆਰਥੀਆਂ ਵਿਚ ਹੀ ਖ਼ਚਤ ਹੋਈ ਰਹਿੰਦੀ ਹੈ। ਫਿਰ ਉਮਰ ਦੇ ਵਧਣ ਨਾਲ ਅਤੇ ਇਕੱਲੇਪਨ ਦੇ ਅਹਿਸਾਸ ਨਾਲ ਉਸ ਦੇ ਅੰਦਰ ਵਿਆਹ ਕਰਵਾਉਣ ਦੀ ਇੱਛਾ ਉੱਠਦੀ ਹੈ। ਅਜੀਬ ਗੱਲ ਹੁੰਦੀ ਹੈ ਕਿ ਜਿਨ੍ਹਾਂ ਆਪਣਿਆਂ ਲਈ ਉਹ ਤਿਲ-ਤਿਲ ਕਰਕੇ ਮਰਦੀ ਰਹੀ, ਉਹੀ ਅੱਜ ਬਿਗ਼ਾਨੇ ਹੋ ਜਾਂਦੇ ਹਨ। ਉਹ ਸਾਰੇ ਇਸ ਗੱਲ 'ਤੇ ਇਤਰਾਜ਼ ਕਰਦੇ ਹਨ ਕਿ ਹੁਣ ਉਹ ਇਸ ਉਮਰ ਵਿਚ ਵਿਆਹ ਕਰਾ ਕੇ ਉਨ੍ਹਾਂ ਦੇ ਸਿਰਾਂ ਵਿਚ ਖੇਹ ਪਾਏਗੀ। ਜਿਨ੍ਹਾਂ ਲਈ ਉਸ ਨੇ ਆਪਣੀ ਜ਼ਿੰਦਗੀ ਦੇ ਏਨੇ ਵਰ੍ਹੇ ਗਾਲ੍ਹ ਦਿੱਤੇ, ਉਹ ਉਸ ਨੂੰ ਬਰਦਾਸ਼ਤ ਨਹੀਂ ਕਰਦੇ। ਜਿਨ੍ਹਾਂ ਨੂੰ ਉਹ ਆਪਣਾ ਸਮਝਦੀ ਰਹੀ, ਉਹੀ ਉਸ ਨੂੰ ਅਣਗੌਲਿਆ ਕਰਕੇ ਆਪਣੀ ਸੁਖਮਈ ਜ਼ਿੰਦਗੀ ਗੁਜ਼ਾਰ ਰਹੇ ਹਨ ਤੇ ਮੁਸਕਾਨ ਦਾ ਪਰਛਾਵਾਂ ਵੀ ਆਪਣੇ ਉੱਪਰ ਪੈਣ ਦੇਣਾ ਨਹੀਂ ਚਾਹੁੰਦੇ। ਮੁਸਕਾਨ ਨੇ ਸਾਰੀ ਉਮਰ ਆਪਣੀ ਰੀਝ ਦਾ ਗਲਾ ਦਬਾਈ ਰੱਖਿਆ ਪਰ ਬਿਗ਼ਾਨੇਪਨ ਦੇ ਅਹਿਸਾਸ ਨੇ ਉਸ ਨੂੰ ਬਹੁਤ ਨਿਰਾਸ਼ ਕਰ ਦਿੱਤਾ। ਉਸ ਦੇ ਰਿਸ਼ਤੇਦਾਰ ਅਤੇ ਸਾਕ-ਸੰਬੰਧੀ ਉਸ ਨੂੰ ਉਦਾਸ ਕਰ ਦਿੰਦੇ ਹਨ। ਉਸ ਦੇ ਸੁਪਨੇ ਟੁੱਟ ਚੁੱਕੇ ਹਨ ਅਤੇ ਉਹ ਆਪਣੇ-ਆਪ ਵਿਚ ਗੁੰਮ ਹੋ ਜਾਂਦੀ ਹੈ। ਸਾਡੇ ਅੰਦਰ ਪਰਮਾਤਮਾ ਨੇ ਅਥਾਹ ਤਾਕਤ ਰੱਖੀ ਹੋਈ ਹੈ। ਸੰਕਟਾਂ ਨੂੰ ਪਾਰ ਕਰਕੇ ਕਈ ਵਾਰੀ ਸਾਡੀ ਅੰਤਰ-ਆਤਮਾ ਬਿਜਲੀ ਵਰਗੀ ਲਿਸ਼ਕ ਮਾਰਦੀ ਹੈ ਅਤੇ ਅਸੀਂ ਹੋਰ ਦੇ ਹੋਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਮੁਸਕਾਨ ਦੀ ਜ਼ਿੰਦਗੀ ਵਿਚ ਵੀ ਕੋਈ ਰੰਗੀਨੀ, ਕੋਈ ਹੁਲਾਰਾ, ਕੋਈ ਉਤਸ਼ਾਹ ਆਉਂਦਾ ਹੈ। ਉਹ ਦੁਨੀਆ ਦੇ ਖੋਖਲੇ, ਸਵਾਰਥੀ ਅਤੇ ਲਾਲਚੀ ਰਿਸ਼ਤਿਆਂ ਦੀ ਪ੍ਰਵਾਹ ਕਰਨਾ ਛੱਡ ਦਿੰਦੀ ਹੈ ਅਤੇ ਵਿਆਹ ਕਰਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਨਾਵਲ ਇਕ ਭਾਵੁਕ ਸੱਚਾਈ ਦੁਆਲੇ ਘੁੰਮਦਾ ਹੈ।

-ਡਾ. ਸਰਬਜੀਤ ਸਿੰਘ ਸੰਧਾਵਾਲੀਆ

ਤੇਰੇ ਇਸ਼ਕ ਨਚਾਇਆ
ਨਾਟਕਕਾਰ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫੇ : 71
ਸੰਪਰਕ : 80546-10060

ਕਥਾਕਾਰ ਅਤੇ ਨਾਟਕਕਾਰ ਬਲਵਿੰਦਰ ਗਰੇਵਾਲ ਵਲੋਂ ਲਿਖੇ ਇਕਾਂਗੀ ਸੰਗ੍ਰਹਿ 'ਤੇਰੇ ਇਸ਼ਕ ਨਚਾਇਆ' ਵਿਚ 6 ਇਕਾਂਗੀ ਸ਼ਾਮਿਲ ਕੀਤੇ ਗਏ ਹਨ। ਪਹਿਲਾ ਇਕਾਂਗੀ 'ਤੇਰੇ ਇਸ਼ਕ ਨਚਾਇਆ' ਵਿਚੋਂ ਤਿੰਨ ਪਾਤਰ ਹਨ। ਮੁੰਡਾ, ਚਰਨਾ, ਗੁੱਡੀ ਤੇ ਨਿੱਕੇ ਬੱਚੇ। ਇਸ ਦਾ ਥੀਮ ਹੈ ਪੇਂਡੂ, ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਬੱਚਿਆਂ ਦੀਆਂ ਮਾਨਸਿਕ ਤੇ ਸਮਾਜਿਕ ਸਮੱਸਿਆਵਾਂ। ਇਕਾਂਗੀ ਵਿਚ ਇਨ੍ਹਾਂ ਪਾਤਰਾਂ ਨੂੰ ਮਿਲਦਾ ਹੈ। ਟੋਹਦਾਂ, ਘੋਖਦਾ ਹੈ, ਪਰ ਨਿਰਾਸ਼ ਹੋ ਜਾਂਦਾ ਹੈ, ਫਿਰ ਆਪਣੀ ਭੈਣ ਦੀ ਸਲਾਹ 'ਤੇ ਇਸ ਘਟਨਾ ਦੇ ਆਧਾਰ 'ਤੇ ਇਕਾਂਗੀ ਦੀ ਸਿਰਜਣਾ ਕਰ ਦਿੰਦਾ ਹੈ। ਦੂਸਰਾ ਇਕਾਂਗੀ 'ਹੀਰ-ਵ-ਰਾਂਝਣਾ' ਪੰਜਾਬੀ ਲੋਕਗਾਥਾ 'ਤੇ ਆਧਾਰਿਤ ਹੈ ਅਤੇ ਇਸ ਨੂੰ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਇਕਾਂਗੀ ਦੇ ਤਿੰਨ ਪਾਤਰ ਗੱਭਰੂ, ਕੁੜੀ ਅਤੇ ਸੁੰਦਰ ਹਨ। ਰਾਹ ਭਟਕਿਆ ਸੁੰਦਰ ਇਕ ਜੰਗਲ ਵਿਚ ਜਾਂਦਾ ਹੈ। ਉਥੇ ਕੁੜੀ ਅਤੇ ਗੱਭਰੂ ਨਾਲ ਹੀਰ-ਰਾਂਝੇ ਦੀ ਜੀਵਨ ਗਾਥਾ 'ਤੇ ਚਰਚਾ ਕਰਦਾ ਹੈ। ਅੰਤ ਵਿਚ ਕੁੜੀ ਤੇ ਗੱਭੂਰ ਆਪਣੇ-ਆਪ ਨੂੰ ਹੀ ਹੀਰ ਤੇ ਰਾਂਝਾ ਦੱਸ ਕੇ ਗੱਭਰੂ ਨੂੰ ਹੈਰਾਨ ਕਰ ਦਿੰਦਾ ਹੈ। ਪੁਸਤਕ ਵਿਚਲੇ ਤੀਸਰਾ ਇਕਾਂਗੀ 'ਮੋਹਨ ਪ੍ਰੀਤੀ' ਇਕ ਵਿਕਲਾਂਗ ਅਤੇ ਬਦਸੂਰਤ ਬੱਚੇ ਦੇ ਜੀਵਨ 'ਤੇ ਆਧਾਰਿਤ ਹੈ। ਜੋ ਛੜਾ ਹੋ ਕੇ ਆਪਣੇ ਵਿਆਹ ਦੀਆਂ ਕਲਪਨਾਵਾਂ ਵਿਚ ਗੁਆਚਿਆ ਰਹਿੰਦਾ ਹੈ। ਲੇਖਕ ਅਜਿਹੇ ਪਾਤਰ ਦੇ ਮਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਫਰੋਲਦਾ ਹੈ। ਚੌਥਾ ਇਕਾਂਗੀ 'ਡੋਗਰ' ਇਕ ਰਾਜਨੀਤਕ ਵਿਅੰਗ ਹੈ। ਇਸ ਵਿਚ ਇਕ ਮਸਤ ਰਾਹੀਂ ਸਿਆਸਤ ਦੀ ਚੋਣ 'ਤੇ ਤਿੱਖਾ ਕਟਾਖਸ਼ ਕੀਤਾ ਗਿਆ ਹੈ। ਵਿਅੰਗ ਵਿਧਾ ਦਾ ਸਟੀਕ ਇਸਤੇਮਾਲ ਕੀਤਾ ਗਿਆ ਹੈ ਅਤੇ ਐਫ ਪਾਤਰਾਂ ਰਾਹੀਂ ਸੰਪੰਨ ਹੁੰਦਾ ਹੈ। ਪੰਜਵਾਂ ਇਕਾਂਗੀ ਹੈ 'ਨੀ ਮੈਂ ਕੈਨੂੰ ਆਖਾਂ' ਵਿਚ ਗੁੱਡੀ, ਬੀਰਾ, ਸੁਖਜੀਤ ਅਤੇ ਕਿਰਨ ਪਾਤਰਾਂ ਰਾਹੀਂ ਔਰਤਾਂ ਦੇ ਉਸ ਦੁਖਾਂਤ ਨੂੰ ਚਿਤਰਿਆ ਗਿਆ, ਜਿਸ ਵਿਚ ਉਹ ਆਪਣੇ ਹਾਵ-ਪ੍ਰਭਾਵ ਦੀ ਚਾਹਤ ਵਿਚ, ਸਮਾਜ ਦੀ ਪਿਛਾਂਹ ਖਿਚੂ ਸੋਚ ਕਾਰਨ ਪਹਾੜ ਜੇਡੀ ਜੂਨ ਆਪਣੀ ਰੀਝਾਂ ਦੇ ਸਿਵੇ ਵਿਚ ਸਾੜ ਦਿੰਦੀਆਂ ਹਨ। ਆਖਰੀ ਨਾਟਕ 'ਸ਼ਾਂਤੀ ਨਿਕੇਤਨ' ਪੇਂਡੂ ਕਿਰਤੀ ਕਿਸਾਨਾਂ, ਮਜ਼ਦੂਰਾਂ ਦੇ ਬੱਚਿਆਂ, ਅਣਗੌਲੇ ਥੁੜਾਂ ਮਾਰੇ ਬਚਪਨ ਦੀ ਝਾਕੀ ਪੇਸ਼ ਕਰਦਾ ਹੈ। ਇਨ੍ਹਾਂ ਇਕਾਂਗੀਆਂ ਰਾਹੀਂ ਲੇਖਕ ਨੇ ਸਰਲ, ਸਹਿਜ ਪਰ ਵਿਅੰਗਮਈ ਸ਼ੈਲੀ ਵਿਚ ਇਨਸਾਨੀ ਰਿਸ਼ਤਿਆਂ, ਜ਼ਿਮੀਂਦਾਰਾਂ, ਕਿਸਾਨ, ਮਜ਼ਦੂਰ, ਔਰਤਾਂ ਤੇ ਬੱਚਿਆਂ ਦਾ ਮਨੋ-ਵਿਸ਼ਲੇਸ਼ਣ ਕੀਤਾ ਹੈ ਅਤੇ ਇਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਸੰਵਾਦ ਰੌਚਕ ਹਨ। ਭਾਸ਼ਾ ਲੋਕ ਮੁਹਾਵਰੇ ਵਾਲੀ ਹੈ। ਪਾਤਰਾਂ ਦੇ ਨਾਂਅ, ਦ੍ਰਿਸ਼ ਚਿਤਰਣ ਅਤੇ ਉਨ੍ਹਾਂ ਦਾ ਮੂੰਹ-ਮੁਹਾਂਦਰਾ ਸੂਝਬੂਝ ਨਾਲ ਘੜਿਆ ਹੈ। ਇਹ ਇਕਾਂਗੀ ਅਸਾਨੀ ਨਾਲ ਸਟੇਜ 'ਤੇ ਮੰਚਿਤ ਕੀਤੇ ਜਾ ਸਕਦੇ ਹਨ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-ed}f਼

ਧਰਤੀ-ਮਾਂ ਬੀਮਾਰ ਹੈ ਅਤੇ ਹੋਰ ਨਾਟਕ
ਨਾਟਕਕਾਰ : ਡਾ. ਡੀ.ਪੀ. ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 0172-5027427

ਬਾਲਾਂ ਲਈ ਇਹ ਨਾਟਕ-ਪੁਸਤਕ ਰਚ ਕੇ ਲੇਖਕ ਅਤੇ ਨਾਟਕਕਾਰ ਡਾ. ਡੀ.ਪੀ. ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਸਾਹਿਤ ਨਾਲ ਆਪਣੇ ਅੰਦਰ ਵਸਦਾ ਰੂਹਾਨੀ ਪਿਆਰ ਅਤੇ ਲਗਾਓ ਪ੍ਰਗਟਾਇਆ ਹੈ। ਭੌਤਿਕ ਵਿਗਿਆਨ ਦੇ ਮੰਨੇ-ਪ੍ਰਮੰਨੇ ਅਧਿਆਪਕ ਅਤੇ ਖੋਜੀ ਹੋਣ ਦੇ ਬਾਵਜੂਦ ਬਾਲ-ਸਾਹਿਤ ਰਚਣ ਦਾ ਇਸ ਕਦਰ ਚਾਓ ਹੋਣਾ ਸਿੱਧ ਕਰਦਾ ਹੈ ਕਿ ਉਹ ਪੰਜਾਬ ਦੇ ਬੱਚਿਆਂ ਦੇ ਭਵਿੱਖ ਪ੍ਰਤੀ ਸੁਚੇਤ ਅਤੇ ਫ਼ਿਕਰਮੰਦ ਹਨ। ਪੁਸਤਕ ਵਿਚਲੇ ਬਾਲ-ਨਾਟਕ ਸਮੇਤ 'ਸਿਰਨਾਵਾਂ' ਨਾਟਕ ਦੇ ਪਾਠਕ ਨੂੰ ਤਿੱਖੀ ਸੁਰ ਵਿਚ ਧਰਤੀ ਦੇ, ਇਸ ਦੇ ਵਾਤਾਵਰਨ, ਪਾਣੀ ਦੇ ਪਲੀਤ ਹੋਣ, ਹਵਾ-ਪ੍ਰਦੂਸ਼ਣ ਬਾਰੇ ਸੁਚੇਤ ਕਰਦੇ ਹੋਏ ਇਨ੍ਹਾਂ ਨੂੰ ਸੁਧਾਰਨ ਲਈ ਪ੍ਰੇਰਿਤ ਕਰਦੇ ਹਨ। ਸਿਰਨਾਵਾਂ ਨਾਟਕ 'ਧਰਤੀ ਮਾਂ ਬਿਮਾਰ ਹੈ ਅਤੇ ਹੋਰ ਨਾਟਕ', 'ਉਦਾਸ ਬੱਤਖਾਂ', 'ਕਾਲਾ ਬੱਦਲ-ਤਿੱਖੀਆਂ ਕਿੱਲਾਂ', 'ਕਚਰਾ ਘਟਾਓ-ਪ੍ਰਦੂਸ਼ਣ ਭਜਾਓ', ਬਿਜੜਾ, ਲੱਕੜਹਾਰਾ ਅਤੇ ਜੰਗਲ, ਸਤਰੰਗੀ ਸਮੇਤ ਕੁੱਲ ਗਿਆਰਾਂ ਨਾਟਕ ਧਰਤੀ ਅਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪ੍ਰੇਰਿਤ ਕਰਦੇ ਹਨ। ਆਖਰੀ ਨਾਟਕ 'ਪੰਜਾਬੀ ਮਾਂ ਬੋਲੀ ਉਦਾਸ ਹੈ' ਰਾਹੀਂ ਨਾਟਕਕਾਰ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਅਤੇ ਸ਼ਰਧਾ ਜਤਾਈ ਹੈ। ਸਾਰੇ ਨਾਟਕ ਤਕਨੀਕੀ ਪੱਖੋਂ ਸਾਬਤ-ਸੂਰਤ ਹਨ। ਬੱਚਿਆਂ ਵਿਚ ਚਾਅ ਜਗਾਉਂਦੇ ਹਨ। ਰੰਗ-ਮੰਚ ਦੀਆਂ ਲੋੜਾਂ ਸੌਖਿਆਂ ਪੂਰਨ ਕਰਦੇ ਹਨ। ਬੱਚਿਆਂ ਦੀ ਮਾਨਸਿਕਤਾ ਦੇ ਮੇਚ ਦੇ ਹਨ। ਨਾਟਕਕਾਰ ਇਸ ਨੇਕ ਕਾਰਜ ਲਈ ਵਡਿਆਈ ਅਤੇ ਵਧਾਈ ਦੇ ਹੱਕਦਾਰ ਹਨ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-hand

ਘੇਰੇ ਤੋਂ ਬਾਹਰ
ਲੇਖਕ : ਮਦਨ ਵੀਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 96
ਸੰਪਰਕ : 94176-83769

ਮਦਨ ਵੀਰਾ ਮਾਂ-ਬੋਲੀ ਪੰਜਾਬੀ ਦੇ ਜੁਝਾਰੂ ਸਪੂਤ ਹਨ। ਉਨ੍ਹਾਂ ਦੀ ਕਵਿਤਾ ਅਜੋਕੇ ਬਹੁਤੇ ਕਵੀਆਂ ਵਾਂਗ ਮਹਿਜ ਕਲਾਤਮਿਕ ਉਡਾਰੀਆਂ ਦਾ ਭਰਮ ਸਿਰਜਣ ਦੀ ਬਜਾਇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਿਆਨ ਕਰਦੀ ਹੈ। ਪੁਸਤਕ ਦੇ ਆਰੰਭ ਵਿਚ ਲਿਖਿਆ 'ਸਿਰਜਣਾ ਦੇ ਸਫ਼ਰ ਦਾ ਮੁੱਢ' ਸਪੱਸ਼ਟ ਕਰ ਦਿੰਦਾ ਹੈ ਕਿ ਆਮ ਆਦਮੀ ਦਾ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਭਰਿਆ ਜੀਵਨ ਉਨ੍ਹਾਂ ਲਈ ਕੋਈ ਸੁਣੀ-ਸੁਣਾਈ ਗੱਲ ਨਹੀਂ, ਬਲਕਿ ਹੱਡੀਂ ਹੰਢਾਇਆ ਦਰਦ ਹੈ:
ਪੁੱਤ ਦਾ ਪੈਰ
ਪੈਡਲ ਛੂਹ ਰਿਹਾ ਹੈ
ਇੱਕ ਬੱਚਾ ਹੌਲੀ-ਹੌਲੀ
ਸਹਿਜੇ ਸਹਿਜੇ
ਬਾਪ ਦਾ ਖਟਾਰਾ ਰਿਕਸ਼ਾ ਧੂਹ ਰਿਹਾ ਹੈ
ਸਮਾਜਿਕ ਵਿਤਕਰੇਬਾਜ਼ੀ ਅਤੇ ਅਸਾਵੀਂ ਵੰਡ ਦਾ ਵਰਤਾਰਾ ਉਨ੍ਹਾਂ ਦੀ ਕਵਿਤਾ ਦੇ ਕੇਂਦਰ ਵਿਚ ਝਲਕਦਾ ਦਿਖਾਈ ਦਿੰਦਾ ਹੈ। ਅਜੋਕੇ ਗਲੇ-ਸੜੇ, ਭ੍ਰਿਸ਼ਟਤੰਤਰ ਦੀ ਜਗ੍ਹਾ, ਬਰਾਬਰੀ ਦੇ ਮਨੁੱਖੀ ਅਧਿਕਾਰਾਂ ਵਾਲੇ ਸਮਾਜ ਦੀ ਉਸਾਰੀ ਹੀ ਉਨ੍ਹਾਂ ਦੀ ਕਵਿਤਾ ਦਾ ਮੁੱਖ ਮੰਤਵ ਹੈ। ਘੜੰਮ ਚੌਧਰੀਆਂ ਦੀ ਰਖੈਲ ਬਣ ਕੇ ਅਪੰਗ ਹੋਇਆ ਇਕ ਨੂਰ ਤੋਂ ਸਮੁੱਚੇ ਵਿਸ਼ਵ ਦੀ ਉਤਪਤੀ ਦਾ ਹੋਕਾ ਦੇਣ ਵਾਲਾ ਧਾਰਮਿਕ ਤਾਣਾ-ਬਾਣਾ ਵੀ ਉਨ੍ਹਾਂ ਦੀ ਬਾਜ਼-ਅੱਖ ਤੋਂ ਲੁਕਿਆ ਨਹੀਂ ਰਹਿੰਦਾ:
ਪਿੰਡ ਦਾ ਮੱਥਾ ਠਣਕਿਆ ਹੈ
ਸਰਘੀ ਵੇਲੇ
ਬਾਣੀ ਪੜ੍ਹਨ ਵਾਲਾ ਭਾਈ
'ਵਿਹੜੇ' ਦੇ ਬਾਈਕਾਟ ਦਾ
ਫਤਵਾ ਪੜ੍ਹ ਰਿਹਾ ਹੈ
ਹਥਲੇ ਕਾਵਿ-ਸੰਗ੍ਰਹਿ 'ਘੇਰੇ ਤੋਂ ਬਾਹਰ' ਤੋਂ ਪਹਿਲਾਂ ਮਦਨ ਵੀਰਾ ਦੀ ਕਲਮ ਤੋਂ ਪੰਜ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਸੰਪਾਦਨ, ਅਨੁਵਾਦ ਅਤੇ ਬਾਲ-ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਬੜਾ ਮਹੱਤਵਪੂਰਨ ਅਤੇ ਜ਼ਿਕਰਯੋਗ ਯੋਗਦਾਨ ਪਾਇਆ ਹੈ। ਵਰਤਮਾਨ ਦੇ ਹਰ ਭਖਦੇ ਮਸਲੇ ਨੂੰ ਉਨ੍ਹਾਂ ਨੇ ਬਹੁਤ ਹੀ ਸਫ਼ਲ ਅਤੇ ਸੁਚੱਜੇ ਢੰਗ ਨਾਲ ਛੋਹਿਆ ਹੈ। ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਬੇਬਾਕ ਲਹਿਜਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਸਾਮਰਾਜਵਾਦੀ ਕਰੂਪਤਾ ਨੂੰ ਬੇਨਕਾਬ ਕਰਦੇ ਉਨ੍ਹਾਂ ਦੇ ਇਸ ਬੇਹੱਦ ਸੁਚੱਜੇ ਉਪਰਾਲੇ ਦਾ ਭਰਪੂਰ ਸਮਰਥਨ ਕਰਨਾ ਬਣਦਾ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

ਸੁਪਨਿਆਂ ਦੀ ਉਡਾਣ
ਲੇਖਿਕਾ : ਸੁਖਵਿੰਦਰ ਕੌਰ ਸਿੱਧੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫੇ : 111
ਸੰਪਰਕ : 94654-34177

ਲੇਖਿਕਾ ਸੁਖਵਿੰਦਰ ਕੌਰ ਸਿੱਧੂ ਦਾ ਇਹ ਪਹਿਲਾ ਨਾਵਲ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ 9 ਪੁਸਤਕਾਂ ਲਿਖੀਆਂ ਹਨ। ਇਹ ਨਾਵਲ ਬਾਲ ਨਾਵਲ ਹੈ ਜੋ ਕਿ ਬੱਚਿਆਂ ਦੇ ਮਾਨਸਿਕ ਪੱਧਰ 'ਤੇ ਵੇਖਦੇ ਹੋਏ ਲਿਖਿਆ ਗਿਆ ਹੈ। ਲੇਖਿਕਾ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਇਹ ਹੈ ਤਾਂ ਹਿਸਾਬ ਦੀ ਅਧਿਆਪਕਾ ਪ੍ਰੰਤੂ ਸਾਹਿਤ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਇਸ ਵਿਚ ਚੰਗੇ ਲੇਖਕ ਦੇ ਸਾਰੇ ਗੁਣ ਹਨ, ਜੋ ਹੋਣੇ ਚਾਹੀਦੇ ਹਨ। ਨਾਵਲ ਹਰ ਪੱਖ ਤੋਂ ਜਾਣਕਾਰੀ ਭਰਪੂਰ ਹੈ ਅਤੇ ਪਾਤਰ ਉਸਾਰੀ ਵੀ ਬੜੀ ਸੋਚ-ਸਮਝ ਕੇ ਕੀਤੀ ਗਈ ਹੈ। ਲੇਖਕ ਨੇ ਕਿਤੇ ਵੀ ਆਪਣੀ ਕਲਮ ਨੂੰ ਡੋਲਣ ਨਹੀਂ ਦਿੱਤਾ ਅਤੇ ਸ਼ਬਦਾਵਲੀ 'ਤੇ ਪੂਰੀ ਤਰ੍ਹਾਂ ਕੰਟਰੋਲ ਹੈ। ਪਾਤਰ ਆਪਣੀ ਹੱਦ ਵਿਚ ਰਹਿ ਕੇ ਆਪੋ-ਆਪਣਾ ਰੋਲ ਅਦਾ ਕਰਦੇ ਹਨ। ਨਾਵਲ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਲੇਖਿਕਾ ਦੇ ਦਿਲ ਵਿਚ ਆਉਣ ਵਾਲੀ ਪੀੜ੍ਹੀ ਪ੍ਰਤੀ ਇਕ ਚੀਸ ਜਿਹੀ ਉਠਦੀ ਹੈ ਅਤੇ ਉਸ ਦੀ ਇੱਛਾ ਹੈ ਕਿ ਇਸ ਪੀੜ੍ਹੀ ਨੂੰ ਚੰਗੀ ਸੇਧ ਦਿੱਤੀ ਜਾਵੇ। ਨਾਵਲ ਵਿਚ ਜੋ ਮੁਹਾਵਰੇ ਵਰਤੇ ਗਏ ਹਨ ਉਹ ਸਥਿਤੀ ਦੇ ਅਨੁਸਾਰ ਢੁਕਦੇ ਹਨ ਅਤੇ ਜਚਦੇ ਵੀ ਹਨ। ਲੇਖਿਕਾ ਕੋਲ ਗਿਆਨ ਦਾ ਖਜ਼ਾਨਾ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਸਭ ਨੂੰ ਵੰਡ ਰਹੀ ਹੈ। ਇਸ ਦੀ ਲੇਖਣੀ 'ਚੋਂ ਬਜ਼ੁਰਗੀ ਦਾ ਅਹਿਸਾਸ ਹੁੰਦਾ ਹੈ ਪ੍ਰੰਤੂ ਲੇਖਿਕਾ ਦੇ ਵਿਚਾਰ ਬਜ਼ੁਰਗਾਂ ਜਿਹੇ ਸੇਧ ਦੇਣ ਵਾਲੇ ਹਨ। ਅਜੇ ਉਸ ਨੇ ਬਜ਼ੁਰਗੀ ਵਿਚ ਪੈਰ ਨਹੀਂ ਰੱਖਿਆ। ਲੇਖਿਕਾ ਦਾ ਬਚਪਨ ਪਿੰਡ ਵਿਚ ਬੀਤਿਆ, ਜਿਸ ਕਰਕੇ ਇਸ ਨਾਵਲ ਦੇ ਵਿਚ ਇਸ ਦੀ ਸਾਫ ਝਲਕ ਦਿਖਾਈ ਦਿੰਦੀ ਹੈ। ਇਸ ਨਾਵਲ ਦੇ 11 ਕਾਂਡ ਹਨ, ਜਿਨ੍ਹਾਂ ਨੂੰ ਬੜੀ ਹੀ ਸੂਝ-ਬੂਝ ਨਾਲ ਤਰਤੀਬ ਵਾਰ ਕੀਤਾ ਹੋਇਆ ਹੈ। ਇਸੇ ਨਾਵਲ ਵਿਚ ਲੇਖਿਕਾ ਨੇ ਬੱਚੇ ਦੀਆਂ ਕਈ ਸਟੇਜਾਂ ਨੂੰ ਬੜੇ ਹੀ ਢੰਗ ਨਾਲ ਪੇਸ਼ ਕਰਕੇ ਪੜ੍ਹਨ ਵਾਲਿਆਂ ਲਈ ਦਿਲਚਸਪੀ ਵੀ ਬਣਾਈ ਹੈ। ਨਾਵਲ ਪੜ੍ਹਨ ਸਮੇਂ ਇਸ ਨੂੰ ਲਗਾਤਾਰ ਪੜ੍ਹਨ ਦਾ ਦਿਲ ਕਰਦਾ ਹੈ। ਸਾਰੇ ਹੀ ਕਾਂਡਾਂ ਵਿਚ ਰੌਚਿਕਤਾ ਹੈ ਜੋ ਸੂਝਵਾਨ, ਅਗਾਂਹਵਧੂ ਲੇਖਕ ਦੇ ਵਿਸ਼ੇਸ਼ ਗੁਣ ਹੁੰਦਾ ਹੈ। ਇਸ ਨਾਵਲ ਨੂੰ ਪੜ੍ਹ ਕੇ ਬੱਚਿਆਂ ਨੂੰ ਕਾਫ਼ੀ ਗਿਆਨ ਮਿਲੇਗਾ। ਲੇਖਿਕਾ ਅਜਿਹੇ ਨਾਵਲ ਲਿਖਣ ਪ੍ਰਤੀ ਵਧਾਈ ਦੀ ਪਾਤਰ ਹੈ। ਗਾਗਰ ਵਿਚ ਸਾਗਰ ਬੰਦ ਕਰਕੇ ਚੰਗੀ ਪੇਸ਼ਕਾਰੀ ਕੀਤੀ ਹੈ।

-ਬਲਵਿੰਦਰ ਸਿੰਘ ਸੋਢੀ
ਮੋਬਾਈਲ : 092105-88990.

18-12-2022

 ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਅਤੇ ਗ਼ਜ਼ਲਗੋ
ਸੰਪਾਦਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94633-31554

ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰਾਂ ਦੀਆਂ ਹਰਮਨਪਿਆਰੀਆਂ ਗ਼ਜ਼ਲਾਂ ਦਾ ਇਹ ਸੰਗ੍ਰਹਿ ਉਰਦੂ ਗ਼ਜ਼ਲਕਾਰੀ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਉਰਦੂ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਪਾਠਕਾਂ ਅਤੇ ਸਰੋਤਿਆਂ ਦੇ ਮਨਾਂ ਵਿਚ ਵਸੀ ਸ਼ਾਇਰੀ ਦਾ ਇਹ ਕਿਤਾਬੀ ਰੂਪ ਬੇਹੱਦ ਮੁੱਲਵਾਨ ਹੈ। ਫ਼ੈਜ਼ ਅਹਿਮਦ ਫ਼ੈਜ਼, ਅਹਿਮਦ ਨਦੀਮ ਕਾਸਮੀ, ਅਹਿਮਦ ਫ਼ਰਾਜ਼, ਪਰਵੀਨ ਸ਼ਾਕਿਰ, ਇਬਨੇ ਇੰਸਾਂ ਅਤੇ ਮਨੀਰ ਨਿਆਜ਼ੀ ਵਰਗੇ 36 ਸ਼ਾਇਰਾਂ ਦੀਆਂ ਉਰਦੂ ਗ਼ਜ਼ਲਾਂ ਨੂੰ ਇਕ ਜਿਲਦ ਵਿਚ ਇਕੱਠੇ ਕਰਕੇ ਅਤੇ ਗੁਰਮੁਖੀ ਲਿੱਪੀ ਵਿਚ ਲਿਪੀਅੰਤਰ ਕਰਕੇ ਰਾਮ ਸਰੂਪ ਸ਼ਰਮਾ ਨੇ ਦੋਹਾਂ ਦੇਸ਼ਾਂ ਵਿਚ ਵਸਦੇ ਪਾਠਕਾਂ ਸਰੋਤਿਆਂ ਲਈ ਇਹ ਇਕ ਵਡਮੁੱਲੀ ਸੌਗ਼ਾਤ ਤਿਆਰ ਕੀਤੀ ਹੈ। ਇਸ ਨੂੰ ਪੜ੍ਹਦਿਆਂ ਪਾਠਕ ਆਪਣੇ ਮਨ ਵਿਚ ਸਾਲਾਂ-ਸਾਲਾਂ ਤੋਂ ਵਸਦੇ ਉਨ੍ਹਾਂ ਸ਼ਿਅਰਾਂ ਦੇ ਰੂਬਰੂ ਹੁੰਦੇ ਹਨ ਜਿਹੜੇ ਉਨ੍ਹਾਂ ਨੂੰ ਅਜਬ ਸਕੂਨ ਦਿੰਦੇ ਹਨ
ਦੁਨੀਆ ਨੇ ਤੇਰੀ ਯਾਦ ਸੇ ਬੇਗ਼ਾਨਾ ਕਰ ਦੀਆ
ਤੁਝਸੇ ਭੀ ਦਿਲਫਰੇਬ ਹੈਂ ਗ਼ਮ ਰੋਜ਼ਗਾਰ ਕੇ।
-ਫ਼ੈਜ਼ ਅਹਿਮਦ ਫ਼ੈਜ਼
ਕਲ੍ਹ ਚੌਦਵੀਂ ਕੀ ਰਾਤ ਥੀ,
ਸ਼ਬ ਭਰ ਰਹਾ ਚਰਚਾ ਤੇਰਾ
ਕੁਛ ਨੇ ਕਹਾ ਯੇ ਚਾਂਦ ਹੈ,
ਕੁਛ ਨੇ ਕਹਾ ਚਿਹਰਾ ਤੇਰਾ -ਇਬਨੇ ਇੰਸਾਂ
ਰੰਜਿਸ਼ ਹੀ ਸਹੀ,
ਦਿਲ ਹੀ ਦੁਖਾਨੇ ਕੇ ਲੀਏ ਆ
ਆ ਫਿਰ ਸੇ ਮੁਝੇ,
ਛੋੜ ਕੇ ਜਾਨੇ ਕੀ ਲੀਏ ਆ -ਅਹਿਮਦ ਫ਼ਰਾਜ਼
ਆਦਤ ਸੀ ਬਨਾ ਲੀ ਹੈ,
ਤੁਮਨੇ ਤੋ 'ਮੁਨੀਰ' ਅਪਨੀ
ਜਿਸ ਸ਼ਹਿਰ ਮੇ ਭੀ ਰਹਿਨਾ,
ਉਕਤਾਏ ਹੂਏ ਰਹਿਨਾ -ਮੁਨੀਰ ਨਿਆਜ਼ੀ
ਚਾਂਦੀ ਜੈਸਾ ਰੰਗ ਹੈ ਤੇਰਾ ਸੋਨੇ ਜੈਸੇ ਵਾਲ
ਏਕ ਤੂ ਹੀ ਧਨਵਾਨ ਹੈ ਗੋਰੀ, ਬਾਕੀ ਸਭ ਕੰਗਾਲ।
-ਕਤੀਲ ਸ਼ਿਫ਼ਾਈ
ਸਮੇਂ-ਸਥਾਨ ਤੋਂ ਆਰ-ਪਾਰ ਫੈਲੀ ਹੋਈ ਇਹ ਸ਼ਾਇਰੀ ਲੋਕ ਮਨਾਂ ਦਾ ਵਡਮੁੱਲਾ ਸਰਮਾਇਆ ਹੈ, ਪਿਛਲੀ ਪੂਰੀ ਸਦੀ ਦੇ ਚਿਤਰਪੱਟ ਉੱਤੇ ਚਮਕਦੇ ਇਹ ਸ਼ਾਇਰੀ ਦੇ ਸਿਤਾਰੇ ਆਪਣੀ ਸ਼ਾਇਰੀ ਨਾਲ ਭਾਸ਼ਾਵਾਂ ਦੀਆਂ ਸੀਮਾਵਾਂ ਉਲੰਘ ਕੇ ਮਾਨਵੀ ਸੁਹਜ ਸੁਆਦ ਨੂੰ ਹੋਰ ਅਮੀਰੀ ਬਖ਼ਸ਼ਦੇ ਰਹੇ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਉਹ ਗ਼ਜ਼ਲਾਂ ਸ਼ਾਮਿਲ ਹਨ ਜਿਹੜੀਆਂ ਭਾਰਤੀ ਹਿੰਦੀ ਫ਼ਿਲਮਾਂ ਵਿਚ ਗਾਈਆਂ ਅਤੇ ਫ਼ਿਲਮਾਈਆਂ ਜਾ ਚੁੱਕੀਆਂ ਹਨ ਅਤੇ ਸਿਨੇਮਾ ਦਰਸ਼ਕਾਂ ਦੀ ਜ਼ੁਬਾਨ ਉੱਤੇ ਅਕਸਰ ਹਾਜ਼ਰ ਰਹਿੰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਇਕ ਵਾਰ ਫੇਰ ਇਹ ਸੰਕਲਪ ਪੁਖ਼ਤਾ ਹੋ ਜਾਂਦਾ ਹੈ ਕਿ ਭਾਸ਼ਾ ਦਾ ਸੰਬੰਧ ਧਰਮ ਨਾਲ ਨਹੀਂ ਲੋਕਾਂ ਨਾਲ ਹੁੰਦਾ ਹੈ। ਇਲਾਕੇ ਅਤੇ ਸੱਭਿਆਚਾਰ ਨਾਲ ਹੀ ਹੁੰਦਾ ਹੈ। ਇਹ ਸਾਰੇ ਪਾਕਿਸਤਾਨੀ ਸ਼ਾਇਰ ਭਾਰਤੀਆਂ ਲਈ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਕੋਈ ਓਪਰੇ ਨਹੀਂ ਹਨ। ਉਨ੍ਹਾਂ ਦੀ ਸ਼ਾਇਰੀ ਸਮੁੱਚੇ ਮਾਨਵੀ ਸਰੋਕਾਰਾਂ ਦੀ ਸ਼ਾਇਰੀ ਹੈ। ਇਨ੍ਹਾਂ ਸ਼ਾਇਰਾਂ ਵਿਚੋਂ ਹਫ਼ੀਜ਼ ਹੁਸ਼ਿਆਰਪੁਰੀ, ਨਾਸਿਰ ਕਾਜ਼ਮੀ, ਇਫ਼ਤਕਾਰ ਅਹਿਮਦ, ਮੁਸਤਫ਼ਾ ਜ਼ੈਦੀ, ਫ਼ਾਤਿਮਾ ਹਸਨ, ਸਈਅਦ ਅਹਿਮਦ ਅਖ਼ਤਰ ਦੀ ਸ਼ਾਇਰੀ ਵੀ ਧਿਆਨ ਖਿੱਚਦੀ ਹੈ।
ਅਭੀ ਤਾਰੋਂ ਸੇ ਖੇਲੋ
ਚਾਂਦਨੀ ਸੇ ਦਿਲ ਬਹਿਲਾਓ
ਮਿਲੇਗੀ ਉਸਕੇ ਚਿਹਰੇ ਕੀ
ਸਹਰ ਅਹਿਸਤਾ ਅਹਿਸਤਾ -ਮੁਸਤਫ਼ਾ ਜ਼ੈਦੀ
ਤਰਕਭਾਰਤੀ ਅਤੇ ਰਾਮ ਸਰੂਪ ਸ਼ਰਮਾ ਵਲੋਂ ਕੀਤੇ ਗਏ ਇਸ ਉੱਦਮ ਨੂੰ ਸਲਾਮ ਅਤੇ ਖ਼ੂਬਸੂਰਤ ਸ਼ਾਇਰੀ ਦੇ ਇਸ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।
c c c

ਪਿੱਪਲ ਪੱਤੀਆਂ
ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98726-31199

ਗੁਰਭਜਨ ਗਿੱਲ ਪੰਜਾਬੀ ਕਵਿਤਾ ਦੇ ਉਨ੍ਹਾਂ ਸਿਤੰਭਾਂ ਵਿਚੋਂ ਹੈ, ਜਿਨ੍ਹਾਂ ਉੱਪਰ ਪੰਜਾਬੀ ਕਵਿਤਾ ਦਾ ਵਰਤਮਾਨ ਮੇਲ੍ਹ ਰਿਹਾ ਹੈ। ਕਵਿਤਾ ਦੇ ਵਿਭਿੰਨ ਰੂਪਾਂ ਦੀ ਮੁਹਾਰਤ ਵਾਲਾ ਇਹ ਕਵੀ-ਗ਼ਜ਼ਲਕਾਰ ਵੀ ਹੈ, ਗੀਤਕਾਰ ਵੀ ਅਤੇ ਰੁਬਾਈ ਲੇਖਕ ਵੀ। ਰਵਾਇਤੀ ਅਤੇ ਆਧੁਨਿਕ ਕਾਵਿ ਰੂਪਾਂ ਉੱਤੇ ਇਕੋ ਜਿਹੀ ਪਕੜ ਰੱਖਣ ਵਾਲਾ, ਇਹ ਕਵੀ ਪੰਜਾਬੀ ਵਿਚ ਲਿਖੀ ਜਾ ਰਹੀ ਹਰਮਨਪਿਆਰੀ ਕਵਿਤਾ ਦਾ ਸਭ ਤੋਂ ਵੱਧ ਚਰਚਿਤ ਨਾਂਅ ਹੈ।
'ਪਿੱਪਲ ਪੱਤੀਆਂ' ਉਸ ਦੇ ਗੀਤਾਂ ਦਾ ਸੰਗ੍ਰਹਿ ਹੈ। ਇਹ ਗੀਤ ਉਸ ਨੇ ਸਾਲਾਂ-ਸਾਲਾਂ ਦੀ ਮਿਹਨਤ ਨਾਲ ਲਿਖੇ ਹਨ ਅਤੇ ਇਨ੍ਹਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਸੁਰਬੱਧ ਕੀਤਾ ਹੈ। ਪੰਜਾਬੀ ਜਨਜੀਵਨ, ਪੰਜਾਬੀ ਲੋਕਧਾਰਾ, ਪੰਜਾਬੀ ਭਾਸ਼ਾ ਅਤੇ ਪੰਜਾਬੀ ਹੋਂਦ ਨੂੰ ਵੰਗਾਰਨ ਵਾਲੀਆਂ ਵੱਖ-ਵੱਖ ਪ੍ਰਸਥਿਤੀਆਂ ਨੂੰ ਗੀਤ-ਬੱਧ ਕਰਨਾ ਅਤੇ ਪੰਜਾਬੀਅਤ ਦੇ ਉੱਜਲੇ ਭਵਿੱਖ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਇਸ ਕਵੀ ਦਾ ਉਦੇਸ਼ ਪ੍ਰਤੀਤ ਹੁੰਦਾ ਹੈ।
ਤੂੰ ਦਸਤਾਰ ਪੰਜਾਬ ਦੀ ਵੀਰਾ
ਪੈਰ ਨਹੀਂ ਗੁਰਗਾਬੀ ਦਾ।
ਅੰਗਰੇਜ਼ੀ ਦੇ ਪਿੱਛੇ ਲੱਗ ਕੇ
ਕਰ ਨਾ ਘਾਣ ਪੰਜਾਬੀ ਦਾ -ਪੰਨਾ-17.
ਇਸ ਗੀਤ ਤੋਂ ਸ਼ੁਰੂ ਹੁੰਦੀ, ਇਹ ਪੁਸਤਕ ਪੰਜਾਬੀਅਤ ਦੇ ਵੱਖ-ਵੱਖ ਰੰਗਾਂ ਨੂੰ, ਸ਼ਬਦਾਂ ਦੀ ਰੰਗੋਲੀ ਨਾਲ ਸਜਾਉਂਦੀ ਹੋਈ, ਆਪਣੇ ਸਿਖ਼ਰ ਉੱਤੇ ਪਹੁੰਚ ਕੇ ਜਦੋਂ ਪੰਜ ਸਦੀਆਂ ਪਿੱਛੇ ਪਰਤ ਕੇ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ ਲੰਮੀ ਰਚਨਾ ਦੀ ਸਿਰਜਣਾ ਕਰਦੀ ਹੈ, ਤਾਂ ਇਕ ਅਦਭੁਤ ਨਜ਼ਾਰਾ ਸਾਕਾਰ ਹੁੰਦਾ ਹੈ।
ਪੰਜ ਸਦੀਆਂ ਪਰਤ ਕੇ
ਨਾਨਕ ਪਿਆਰਾ ਵੇਖਿਆ
ਕਿਰਤ ਦਾ ਕਰਤਾਰਪੁਰ
ਵੱਖਰਾ ਨਜ਼ਾਰਾ ਵੇਖਿਆ। -ਪੰਨਾ 110.
ਇਸ ਪੁਸਤਕ ਦੇ ਹੋਰ ਗੀਤਾਂ ਵਿਚ 'ਕਲੀ ਕਿਸਾਨ ਦੀ', 'ਤੋੜ ਦਿਓ ਜ਼ੰਜੀਰਾਂ', 'ਪੀਲੀ ਪੀਲੀ ਚੁੰਨੀ ਉੱਤੇ, ਪੁੱਤਰੋ ਪੰਜਾਬ ਦਿਓ, ਅਸਾਂ ਜੋਗੀ ਬਣ ਜਾਣਾ, ਪੁੱਤ ਪੰਜ ਦਰਿਆਵਾਂ ਦੇ, ਚਾਰੇ ਪਾਸੇ ਕਿੱਕਰਾਂ, ਧੀਆਂ ਦੀਆਂ ਲੋਹੜੀਆਂ, ਹੁਣ ਹੋਰ ਨਹੀਂ ਤਸੀਹੇ ਸਹਿਣੇ, ਤੋੜ ਕੇ ਮੁਹੱਬਤਾਂ ਨੂੰ, ਦੁੱਲ੍ਹਿਆ ਤੂੰ ਅਣਖਾਂ ਜਗਾ ਆਦਿ ਉਹ ਗੀਤ ਸ਼ਾਮਿਲ ਹਨ, ਜਿਨ੍ਹਾਂ ਵਿਚ ਪੰਜਾਬੀਅਤ ਦੇ ਦੁੱਖਾਂ-ਦਰਦਾਂ ਨੂੰ ਅੱਖਰ-ਅੱਖਰ ਚਿਣਿਆ ਹੋਇਆ ਹੈ। ਪੰਜਾਬ ਦੇ ਦਰਿਆਵਾਂ ਵਾਂਗ ਕਲ-ਕਲ ਕਰਦੀਆਂ ਇਨ੍ਹਾਂ ਗੀਤਾਂ ਦੀਆਂ ਤਰਜ਼ਾਂ, ਸੁਰਾਂ ਦੀ ਛੋਹ ਮੰਗਦੀਆਂ ਹਨ। ਪੰਜਾਬ ਦੇ ਸੰਕਟੀ ਦੌਰ ਵੇਲੇ ਦਾ ਲਿਖਿਆ ਹੋਇਆ, ਗੁਰਭਜਨ ਦਾ ਗੀਤ, ਇਸ ਕਿਤਾਬ ਦਾ ਇਕ ਹੋਰ ਵਡਮੁੱਲਾ ਹਾਸਲ ਹੈ। ਇਸ ਵਿਚ ਉਹ ਜੋ ਵੇਦਨਾ ਪ੍ਰਗਟ ਕਰਦਾ ਹੈ, ਉਹ ਉਸ ਸਮੇਂ ਦੀ ਸੱਚੀ ਦਸਤਾਵੇਜ਼ ਹੈ
ਹਟ ਹਾਕਮਾ, ਤੇ ਤੂੰ ਵੀ ਟਲ, ਸ਼ੇਰ ਬੱਲਿਆ
ਓ ਚਿੱਟਾ ਕੱਪੜਾ, ਬਾਜ਼ਾਰ ਵਿਚੋਂ ਮੁੱਕ ਚੱਲਿਆ

ਟੁੱਟੀ ਕਲਮ ਦਵਾਤ, ਲੀਰੋ ਲੀਰ ਹੈ ਕਿਤਾਬ
ਹੇਕਾਂ ਗ਼ਲਿਆਂ 'ਚ ਰੋਣ, ਕਾਹਨੂੰ ਟੁੱਟ ਗਈ ਰਬਾਬ
ਸਾਡੇ ਪੁੱਤਰਾਂ ਨੂੰ ਅਜੇ ਵੀ ਨਾ ਲੱਗਿਆ ਹਿਸਾਬ
ਖਾਵੇ ਸਾਡਾ ਹੀ ਕਲੇਜਾ, ਕੀਹਨੇ ਦੈਂਤ ਘੱਲਿਆ
ਓ ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ
-ਪੰਨਾ-96
ਸਾਹਿਤਕ-ਸੱਭਿਆਚਾਰਕ ਗੀਤਕਾਰੀ ਦੇ ਅਜਿਹੇ ਝਲਕਾਰੇ ਪੰਜਾਬੀ ਸਾਹਿਤ ਵਿਚ ਬਹੁਤ ਵਿਰਲੇ ਹਨ। ਗਾਇਕੀ ਅਤੇ ਗੀਤਕਾਰੀ ਦੇ ਵਿਗੜੇ ਮਾਹੌਲ ਵਿਚ, ਇਸ ਤਰ੍ਹਾਂ ਦੀ ਕਿਤਾਬ ਦਾ ਆਉਣਾ, ਪੰਜਾਬੀ ਸਮਾਜ ਲਈ ਚੰਗਾ ਸ਼ਗਨ ਹੈ। ਅਜਿਹੀ ਪੁਸਤਕ ਦਾ ਭਰਪੂਰ ਸਵਾਗਤ ਹੈ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

 

ਅਛੂਤ, ਕਮੀਣ ਤੇ ਅਦਨਾ ਇਨਸਾਨ
ਸੰਪਾਦਕ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਸਮਾਣਾ
ਮੁੱਲ : 450 ਰੁਪਏ, ਸਫ਼ੇ :352
ਸੰਪਰਕ : 94170-64350

ਹਥਲੀ ਪੁਸਤਕ ਵਿਚ ਤੀਹ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਸਾਰੀਆਂ ਕਹਾਣੀਆਂ ਦਲਿਤ ਚਿੰਤਨਧਾਰਾ ਦੇ ਚਿੰਤਨ ਨੂੰ ਇਤਿਹਾਸਕ ਵਿਕਾਸ ਦੇ ਅੰਤਰਗਤ ਆਏ ਪੜਾਵਾਂ ਦਾ ਬੋਧ ਕਰਵਾਉਂਦੀਆਂ ਹਨ। ਇਨ੍ਹਾਂ ਕਹਾਣੀਆਂ ਤੋਂ ਪ੍ਰਗਟ ਹੁੰਦਾ ਹੈ ਕਿ 'ਦਲਿਤ', 'ਦਲਿਤ ਵਰਗ ਸੰਬੰਧੀ ਸਾਹਿਤ' ਅਤੇ 'ਦਲਿਤ ਵਰਗ ਚੇਤਨਾ' ਤਿੰਨੇ ਸੰਕਲਪ ਧਿਆਨ ਗੋਚਰੇ ਰੱਖ ਕੇ ਇਹ ਕਹਾਣੀਆਂ ਲਿਖੀਆਂ ਗਈਆਂ, ਇਨ੍ਹਾਂ ਬੇਸ਼ੁਮਾਰ ਲਿਖੀਆਂ ਜਾ ਚੁੱਕੀਆਂ ਕਹਾਣੀਆਂ ਵਿਚੋਂ ਚੋਣ ਕਰਨਾ ਸੰਪਾਦਕ ਦੀ ਲਗਨ ਅਤੇ ਖੂਬ ਮਿਹਨਤ ਦਾ ਸਿੱਟਾ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਕਹਾਣੀ ਸੰਗ੍ਰਹਿ ਭਗਵੰਤ ਰਸੂਲਪੁਰੀ ਪ੍ਰਕਾਸ਼ਿਤ ਕਰਵਾ ਚੁੱਕਾ ਹੈ, ਜਿਸ ਵਿਚ ਸ਼ਾਮਿਲ ਕਹਾਣੀਆਂ ਹੋਰ ਹਨ। 'ਰੇਸ਼ਮੀ ਕੀੜਾ', 'ਅਛੂਤ ਲੀੜਾ', 'ਕਮੀਣ', 'ਆਖਿਰ', 'ਅਨੁਸ਼ਠਾਨ' ਤੋਂ ਇਲਾਵਾ ਹੋਰ ਕਹਾਣੀਆਂ ਵੀ ਦਲਿਤ ਵਰਗ ਚੇਤਨਾ ਦੇ ਉਥਾਨ ਦਾ ਪ੍ਰਗਟਾਵਾ ਹਨ। ਇਸ ਤੋਂ ਅੱਗੇ ਮਾਨ, ਅਤਰਜੀਤ ਅਤੇ ਕਿਰਪਾਲ ਕਜ਼ਾਕ ਦੀਆਂ ਪੁਸਤਕ ਵਿਚ ਅੰਕਿਤ ਕਹਾਣੀਆਂ ਜ਼ਰੀਏ ਦਲਿਤ ਵਰਗ ਦੀ ਸਮਾਜਿਕ ਅਤੇ ਆਰਥਿਕ ਦਸ਼ਾ ਦਾ ਨਿਰੂਪਣ ਜਿਸ ਤਰ੍ਹਾਂ ਕੀਤਾ ਹੈ , ਉਹ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਕਹਾਣੀਆਂ ਵਿਚਲੇ ਦਲਿਤ ਵਰਗੀ ਪਾਤਰ ਬੇਬਾਕ ਹੋ ਕੇ ਵਿਤਕਰਿਆਂ ਸਾਹਮਣੇ ਡਟ ਕੇ ਖਲੋ ਜਾਣ ਦੀ ਜੁਰੱਅਤ ਕਰਨ ਲੱਗ ਪੈਂਦੇ ਹਨ, ਝੱਫਾਂ ਵੀ ਲੈਂਦੇ ਹਨ, ਜਿੱਤਦੇ-ਹਾਰਦੇ ਵੀ ਹਨ ਪਰ ਦਿੜ੍ਹਤਾ ਦਾ ਪੱਲਾ ਫੜਨ ਲਈ ਕਹਾਣੀਕਾਰਾਂ ਨੇ ਉਨ੍ਹਾਂ ਵਿਚ ਦਮ ਭਰ ਦਿੱਤਾ ਹੈ। ਇਸੇ ਤਰ੍ਹਾਂ 'ਛੱਪੜ' , 'ਸੁੱਕੀਆਂ ਕੁੰਨਾਂ', 'ਹੱਡਾ ਰੋੜੀ ਅਤੇ ਰੇਹੜੀ', 'ਲਾਂਬੂ', 'ਚੀਸ' ਅਜਿਹੀਆਂ ਰਚਨਾਵਾਂ ਹਨ, ਜਿਹੜੀਆਂ ਪਹਿਲੇ ਦੂਜੇ ਪੜਾਅ ਦੇ ਕਹਾਣੀਕਾਰਾਂ ਤੋਂ ਵਿਧਾ-ਵਿਧਾਨ ਅਤੇ ਤਰਕ ਸੰਗਤ ਜੁਗਤਾਂ ਸਦਕਾ ਭਿੰਨ ਹਨ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਹਰੇਕ ਪ੍ਰਕਾਰ ਦੇ ਸਮਾਜਿਕ, ਆਰਥਿਕ, ਨੈਤਿਕ, ਮਾਨਸਿਕ ਅਤੇ ਵਿਅਕਤੀਗਤ ਸ਼ੋਸ਼ਣ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਨਾਲ ਦੀ ਨਾਲ ਦਲਿਤ ਵਰਗ ਨੂੰ ਆਪਣਾ ਉੱਤਮ ਮਾਰਗ ਆਪ ਨਿਰਧਾਰਿਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

 

ਲਿਫ਼ਾਫ਼ਾ
ਨਾਵਲਕਾਰ : ਇੰਜੀ: ਡੀ.ਐਮ. ਸਿੰਘ
ਪ੍ਰਕਾਸ਼ਕ : ਸੰਗਮ ਪ੍ਰਕਾਸ਼ਨ, ਸਮਾਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 98155-09390

ਕਵੀ, ਕਥਾਕਾਰ : ਨਾਟਕਕਾਰ ਅਤੇ ਨਾਵਲਕਾਰ ਇੰਜੀ: ਡੀ. ਐਮ. ਸਿੰਘ ਦਾ ਪਲੇਠਾ ਨਾਵਲ ਹੈ 'ਲਿਫ਼ਾਫ਼ਾ'। ਇਸ ਵੱਡਅਕਾਰੀ ਰਚਨਾ ਦਾ ਮੂਲ ਵਿਸ਼ਾ ਡਾਕਟਰੀ ਕਿੱਤੇ ਵਿਚ ਕਾਰਪੋਰੇਟੀ ਕਲਚਰ ਕਰਕੇ ਆਏ ਬੇਹੱਦ ਨਿਘਾਰ, ਹਮਦਰਦੀ, ਤਰਸ, ਦਇਆ ਦੇ ਮਨਫ਼ੀ ਹੋ ਜਾਣ ਦੀ ਝਿੰਜੋੜਣ ਵਾਲੀ ਗਾਥਾ ਹੈ। ਬੇਸ਼ੱਕ ਲਗਭਗ ਹਰੇਕ ਕਿੱਤੇ ਵਿਚ ਇਹ ਨਿਘਾਰ ਜੜ੍ਹਾਂ ਜਮਾ ਚੁੱਕਾ ਹੈ ਪਰ ਅਧਿਆਪਕੀ, ਨਿਆਪਾਲਿਕਾ ਅਤੇ ਡਾਕਟਰੀ ਕਿੱਤੇ ਵਿਚ ਇਸ ਨੂੰ ਸਮਾਜ ਪਰਵਾਨ ਨਹੀਂ ਕਰਦਾ। ਅਧਿਆਪਕ ਗੁਰੂ, ਨਿਆਂ ਕਰਨਾ ਤੇ ਡਾਕਟਰ ਤਾਂ ਰੱਬ ਦਾ ਦੂਜਾ ਰੂਪ ਮੰਨੇ ਜਾਂਦੇ ਹਨ। ਨਾਵਲ ਵਿਚ ਲੇਖਕ ਨੇ ਡਾਕਟਰ ਵਿਕਟਰ ਸਰੂਪ ਪੱਟੀ ਦੇ ਰੂਪ ਵਿਚ ਇਕ ਮਿਸਾਲੀ ਕਿਰਦਾਰ ਦੀ ਰਚਨਾ ਕਰਕੇ ਉਸ ਦੀ ਸੱਚੀ-ਸੁੱਚੀ ਸੂਖ਼ਮੀਅਤ ਰਾਹੀਂ ਸਮੁੱਚੇ ਡਾਕਟਰੀ ਜਗਤ ਅਤੇ ਸਮਾਜ ਨੂੰ ਸਾਰਥਕ ਸੁਨੇਹਾ ਦਿੱਤਾ ਹੈ। ਨਾਲ ਹੀ ਅਜੋਕੇ ਕਾਰਪੋਰੇਟੀ ਸੱਭਿਆਚਾਰ ਵਿਚ ਡਾ. ਵਿਕਟਰ ਜਿਹੇ ਹੋਰ ਮਿਸਾਲੀ ਡਾਕਟਰ ਇਸ ਮਾਹੌਲ ਤੋਂ ਬਚੇ ਰਹਿਣ ਦੀ ਉਮੀਦ ਵੀ ਕੀਤੀ ਹੈ ਕਿ ਉਹ ਇਹ ਕਲਚਰ ਇਨ੍ਹਾਂ ਡਾਕਟਰਾਂ 'ਤੇ ਅਜਿਹਾ ਸ਼ਿਕੰਜਾ ਨਾ ਕਸ ਦੇਵੇ ਕਿ ਡਾ. ਵਿਕਟਰ ਜਿਹੇ ਲੋਕਾਂ ਦਾ ਦਮ ਘੁਟਣ ਲੱਗ ਪਏ। ਨਾਵਲ ਦਾ ਕਥਾਨਕ ਭਾਰਤ-ਪਾਕਿ ਵੰਡ ਦੀ ਅਣਮਨੁੱਖੀ ਤਰਾਸਦੀ ਹੰਡਾ ਕੇ, ਉੱਜੜ-ਪੁੱਜੜ ਕੇ ਪੰਜਾਬ (ਭਾਰਤ) ਪੁੱਜੇ ਪ੍ਰੀਤਮ ਸਿੰਘ ਗੁੱਜਰਖਾਨੀ ਦੇ ਪਰਿਵਾਰ ਦੇ ਇਰਦ-ਗਿਰਦ ਬੁਣਿਆ ਗਿਆ ਹੈ। ਨਾਵਲ ਵਿਚ ਨਾਇਕ ਰੇਸ਼ਮ ਸਿੰਘ ਦਾ ਜੰਗ ਦੇ ਮੈਦਾਨ 'ਚੋਂ, ਬਜ਼ੁਰਗਾਂ ਦੀ ਦੋਸਤੀ ਦੀ ਬਦੌਲਤ ਮੌਤ ਦੇ ਮੂੰਹੋਂ ਨਿਕਲ ਕੇ ਆਪਣੇ ਮੁਲਕ ਪਰਤਣਾ ਦੋਸਤੀ ਦੇ ਅਸਲ ਅਰਥਾਂ ਨੂੰ ਬਿਹਤਰੀਨ ਢੰਗ ਨਾਲ ਉਜਾਗਰ ਕਰਦਾ ਹੈ। ਨਾਵਲ ਵਿਚ ਪੰਨਾ ਲਾਲ ਹਕੀਮ ਅਤੇ ਸਰਪੰਚ ਲੱਖਾ ਸਿੰਘ ਜਿਹੇ ਨੈਗੇਟਿਵ ਪਾਤਰ ਵੀ ਹਨ, ਜਿਹੜੇ ਵਿਸ਼ਵਾਸਘਾਤੀ ਹੋ ਕੇ ਅਜੋਕੇ ਭ੍ਰਿਸ਼ਟ ਤੇ ਬੇਈਮਾਨ ਵਰਤਾਰੇ ਦੀ ਭੈੜੀ ਤਸਵੀਰ ਪੇਸ਼ ਕਰਦੇ ਹਨ। 'ਲਿਫ਼ਾਫ਼ਾ' ਸਿਰਲੇਖ ਨਾਵਲ ਵਿਚ ਇਕ ਪ੍ਰਤੀਕ ਵਜੋਂ ਉੱਭਰਦਾ ਹੈ। ਲੇਖਕ ਨੇ ਨਾਵਲ ਵਿਚ ਪੇਂਡੂ ਰਹਿਤਲ-ਬਹਿਤਲ, ਲੋਕ ਬੋਲੀ, ਲੋਕ ਮੁਹਾਂਦਰੇ ਤੇ ਭਾਈਚਾਰੇ ਨੂੰ ਬਹੁਤ ਹੀ ਸੰਜੀਦਗੀ ਤੇ ਕੁਸ਼ਲਤਾ ਨਾਲ ਚਿਤਰਿਆ ਹੈ। ਪਾਤਰਾਂ ਦੀ ਚਰਿੱਤਰ ਉਸਾਰੀ ਅਤੇ ਵਾਤਾਵਰਨ ਦਾ ਚਿਤਰਣ, ਸਮੇਂ ਸਥਾਨ ਮੁਤਾਬਕ ਢੁਕਵਾਂ ਹੈ। ਹਕੀਮ ਪੰਨਾ ਲਾਲ ਅਤੇ ਸਰਪੰਚ ਲੱਖਾ ਸਿੰਘ ਦੇ ਵਲ ਫਰੇਫ ਤੇ ਫ਼ਿਤਰਦੀ ਜਹਿਨੀਅਤ ਵੀ ਸਪੱਸ਼ਟ ਉੱਭਰ ਕੇ ਸਾਹਮਣੇ ਆਉਂਦੀ ਹੈ। ਹੈੱਡਮਾਸਟਰ ਦੀ ਪਹਿਲ, ਡੀ.ਈ.ਓ. ਨੀਲਮ ਸ਼ਰਮਾ ਦੀ ਅਗਵਾਈ ਵਿਚ ਰੇਸ਼ਮ ਤੇ ਰਸ਼ਮੀ ਦਾ ਇਕ ਹੋ ਜਾਣਾ ਨਾਵਲ ਦਾ ਸੁਖਾਂਤ ਹੋ ਨਿਬੜਦਾ ਹੈ। ਨਾਵਲਕਾਰ ਨੇ ਮੂਲ ਕਹਾਣੀ ਦੇ ਨਾਲ-ਨਾਲ ਕਈ ਹੋਰ ਪਾਤਰਾਂ ਰਾਹੀਂ ਛੋਟੀਆਂ-ਵੱਡੀਆਂ ਘਟਨਾਵਾਂ ਜੋੜ ਕੇ, ਸਪੋਰਟਿੰਗ ਸਟੋਰੀਜ ਰਾਹੀਂ ਨਾਵਲ ਦੇ ਕਥਾਨਕ ਨੂੰ ਸੰਘਣਾ ਅਤੇ ਬਹੁ-ਅਰਥੀ, ਘੱਟ ਦਿਸ਼ਾਵੀ ਅਤੇ ਬਹੁਉਦੇਸ਼ੀ ਬਣਾਉਣ ਦਾ ਉਪਰਾਲਾ ਕੀਤਾ ਹੈ। ਨਾਵਲ 'ਲਿਫ਼ਾਫ਼ਾ' ਅਜੋਕੇ ਸਮਾਜਿਕ ਤੇ ਆਰਥਕ ਨਿਜ਼ਾਮ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

 

ਸਿਆੜਾਂ ਦੀ ਕਰਵਟ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 186
ਸੰਪਰਕ: 95309-44345

ਵਿਚਾਰ ਅਧੀਨ ਨਾਵਲ ਕੋਰੋਨਾ ਦੇ ਦੌਰ ਤੋਂ ਲੈ ਕੇ ਕਿਸਾਨੀ ਸੰਘਰਸ਼ ਤੱਕ, ਤਿੰਨ ਕਾਨੂੰਨਾਂ ਦੇ ਵਿਰੋਧ ਵਿਚ ਵਿੱਢੇ ਮੋਰਚੇ 'ਚ ਸ਼ਾਮਿਲ ਲੋਕਾਂ ਦੀ ਹਿੰਮਤ ਅਤੇ ਜਜ਼ਬੇ ਦੀ ਤਰਜਮਾਨੀ ਕਰਦਾ ਹੈ। ਇਸ ਵਿਚ ਧੱਕੇ ਨਾਲ ਲੱਗੀ ਤਾਲਾਬੰਦੀ, ਮਹਾਂਮਾਰੀ ਦੇ ਇਕ-ਦੂਜੇ ਤੋਂ ਫੈਲਣ ਦਾ ਡਰ ਹੈ, ਲੋਕ ਘਰਾਂ ਅੰਦਰ ਕੈਦ ਹਨ ਦਾ ਜ਼ਿਕਰ ਹੈ। ਪੁਲਿਸ ਵਲੋਂ ਸਪੀਕਰ ਲਾ ਕੇ ਮਾਸਕ ਪਾਉਣ, ਸੈਨੇਟਾਈਜ਼ਰ ਵਰਤਣ, ਵਾਰ-ਵਾਰ ਹੱਥ ਧੋਣ ਦੀ ਮੁਨਿਆਦੀ ਦਾ ਜ਼ਿਕਰ ਹੈ। ਬਾਹਰੀ ਦਾਖ਼ਲੇ ਨੂੰ ਰੋਕਣ ਲਈ ਪਿੰਡ-ਪਿੰਡ ਨਾਕੇ ਲੱਗੇ ਹੋਣ ਦਾ ਜ਼ਿਕਰ ਹੈ। ਗ਼ਰੀਬਾਂ, ਮਜ਼ਦੂਰਾਂ ਨੂੰ ਰਾਸ਼ਨ ਹੋਣ ਦਾ ਜ਼ਿਕਰ ਹੈ। ਮੀਡੀਆ ਵਲੋਂ ਸਰਕਾਰ ਦਾ ਗੁਣ-ਗਾਣ ਕਰਨ, ਕੰਮ-ਕਾਰ ਚੌਪਟ ਹੋਣ ਦਾ ਜ਼ਿਕਰ ਹੈ ਤੇ ਇਹ ਵੀ ਕਿ ਜੋ ਵੀ ਮਰਦਾ ਸੀ, ਕੋਰੋਨਾ ਦੇ ਖਾਤੇ ਵਿਚ ਪੈ ਜਾਂਦਾ। ਪਰਵਾਸੀ ਮਜ਼ਦੂਰ ਘਰਾਂ ਨੂੰ ਪੈਦਲ ਤੁਰ ਪਏ। ਕਿਤੇ ਕੋਈ ਵੈਕਸੀਨ ਉਪਲਬੱਧ ਨਹੀਂ, ਥਾਲੀਆਂ ਵੱਜ ਰਹੀਆਂ ਨੇ, ਮੋਮਬੱਤੀਆਂ ਜਗਾ ਕੇ ਲੋਕ ਕੋਰੋਨਾ ਨੂੰ ਭਜਾ ਰਹੇ ਹਨ। ਮਨਿੰਦਰ ਦਾ ਨਰਸਿੰਗ ਪਿੱਛੋਂ ਆਈਲੈਟਸ ਕਰਕੇ ਬਾਹਰ ਜਾਣ ਦਾ ਕੰਮ ਕੋਰੋਨਾ ਨੇ ਠੱਪ ਕਰ ਦਿੱਤਾ। ਪੰਜਾਬ ਤੇ ਪੰਜਾਬੀਆਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਬਾਖ਼ੂਬੀ ਕੀਤਾ ਗਿਆ ਹੈ। ਉਨ੍ਹਾਂ ਦੇ ਜੀਵਨ 'ਤੇ ਇਸ ਵਰਤਾਰੇ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਮੈਂ ਮਹਿਸੂਸ ਕੀਤਾ ਕਿ ਕਈ ਥਾਵਾਂ 'ਤੇ ਨਿਜ਼ਾਮ ਬਾਰੇ ਸਿੱਧੀਆਂ ਤੇ ਸਪਾਟ ਟਿੱਪਣੀਆਂ ਵੀ ਦੇਖਣ ਵਿਚ ਆਈਆਂ ਹਨ, ਇਨ੍ਹਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਾਹਿਤਕ ਪਰਤ ਚੜ੍ਹਾਉਣ ਦੀ ਥਾਂ ਕਈ ਵਾਰੀ ਸਥਿਤੀ ਦਾ ਹੂ-ਬ-ਹੂ ਸ਼ਾਬਦਿਕ ਫੋਟੋਗ੍ਰਾਫ ਵੀ ਕੀਤਾ ਗਿਆ ਹੈ। ਮੋਰਚੇ ਵਾਲੀ ਥਾਂ ਦੇ ਹਾਲਾਤ ਬਾਰੇ ਲੇਖਕ ਨੇ ਦੇਖਿਆ ਕਿ ਸਟੇਜ 'ਤੇ ਮੋਰਚੇ ਦੇ ਆਗੂਆਂ ਦੀਆਂ ਤਕਰੀਰਾਂ ਹੁੰਦੀਆਂ। ਗੀਤ-ਸੰਗੀਤ ਤੇ ਨਾਟਕ ਖੇਡੇ ਜਾਂਦੇ। ਸਭ ਨੇ ਕੋਈ ਨਾ ਕੋਈ ਡਿਊਟੀ ਸੰਭਾਲੀ ਹੋਈ ਹੈ। ਹਰੇਕ ਬਜ਼ੁਰਗ, ਅਧਖੜ, ਗੱਭਰੂ, ਔਰਤਾਂ ਤੇ ਬੱਚੇ ਊਰਜਾ ਨਾਲ ਭਰੇ ਪਏ ਹਨ। ਹਾਲੀਮੀ ਭਰਿਆ ਵਤੀਰਾ ਹਰ ਥਾਂ ਦੇਖਣ ਨੂੰ ਮਿਲਿਆ। ਹਰਿਆਣੇ ਤੋਂ ਸਬਜ਼ੀਆਂ, ਦੁੱਧ ਦੇ ਟੈਂਪੂ ਭਰ ਕੇ ਆਏ। ਮੋਰਚੇ ਵਿਚ ਲੋਕ ਵਿਦੇਸ਼ਾਂ ਤੋਂ ਵੀ ਆਏ ਹੋਏ ਸਨ। ਨੌਕਰੀਆਂ ਤੋਂ ਛੁੱਟੀਆਂ ਲੈ ਕੇ ਵੀ। ਉਨ੍ਹਾਂ ਨੂੰ ਕਾਰਪੋਰੇਟਾਂ ਹੱਥ ਜ਼ਮੀਨ ਚਲੇ ਜਾਣ ਨਾਲ ਪਿੰਡਾਂ ਦੀ ਹੋਣੀ ਅਮਰੀਕਾ, ਕੈਨੇਡਾ ਵਿਚ ਆਦਿ-ਵਾਸੀਆਂ ਦੀਆਂ ਕੰਡਿਆਲੀਆਂ ਤਾਰਾਂ ਵਿਚ ਘਿਰੀਆਂ ਬਸਤੀਆਂ ਵਾਂਗ ਬਣ ਜਾਣ ਦਾ ਡਰ ਹੈ। ਬਿਮਾਰ ਬੰਦਿਆਂ ਲਈ ਦਵਾ-ਦਾਰੂ ਦਾ ਵੀ ਪ੍ਰਬੰਧ ਹੈ। ਮੋਰਚੇ ਸੰਬੰਧੀ ਗੀਤ ਗਾਏ ਜਾਂਦੇ ਹਨ, ਮੋਰਚੇ ਦਾ ਸਪਤਾਹਿਕ ਅਖ਼ਬਾਰ ਵੀ ਨਿਕਲਦਾ ਹੈ। ਕਈ ਵਿਅਕਤੀਆਂ ਦੀ ਮੌਤ ਵੀ ਹੋਈ। ਮਨਿੰਦਰ ਕੈਨੇਡਾ ਵਿਚ ਮਿਲੇ ਦਾਖਲੇ ਨੂੰ ਛੱਡ ਕੇ ਆਪਣੇ ਲੋਕਾਂ ਲਈ ਕੰਮ ਕਰਨ ਦਾ ਮਨ ਬਣਾ ਬੈਠੀ ਹੈ। ਉਸ ਦਾ ਇਹ ਫ਼ੈਸਲਾ ਅੱਗੇ ਚੱਲ ਕੇ ਵਕਤ ਦੀ ਕਸਵੱਟੀ 'ਤੇ ਪਰਖਿਆ ਜਾਣਾ ਹੈ। ਇਹ ਨਾਵਲ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਖੇਤੀ ਕਾਨੂੰਨਾਂ ਦੇ ਆਮ ਕਿਸਾਨੀ 'ਤੇ ਪੈਣ ਵਾਲੇ ਦੁਰਪ੍ਰਭਾਵਾਂ ਨੂੰ, ਕਾਰਪੋਰੇਟਾ ਦੀ ਮਾੜੀ ਨੀਅਤ ਅਤੇ ਸੱਤਾ ਦੇ ਕਾਰਪੋਰੇਟਾਂ ਨਾਲ ਮਿਲੇ ਹੋਣ ਦਾ ਕਿੱਸਾ ਵਿਸਥਾਰ ਨਾਲ ਦ੍ਰਿਸ਼ਟੀਗੋਚਰ ਕਰਦਾ ਹੈ। ਇਹ ਪੁਸਤਕ ਕੋਰੋਨਾ ਕਾਲ ਦੌਰਾਨ ਕਿਸਾਨਾਂ ਦਾ ਆਪਣੀ ਜ਼ਮੀਨ ਬਚਾਉਣ ਲਈ ਕੀਤੇ ਸੰਘਰਸ਼ ਅਤੇ ਕਾਰਪੋਰੇਟਾਂ ਦਾ ਸੱਤਾ ਨਾਲ ਮਿਲ ਕੇ ਕਿਸਾਨਾਂ ਦੀ ਜ਼ਮੀਨ ਨੂੰ ਹਥਿਆਉਣ ਦਾ ਕੱਚਾ ਚਿੱਠਾ ਲੋਕਾਂ ਦੇ ਰੂ-ਬ-ਰੂ ਕਰਦੀ ਹੈ। ਇਸ ਨਾਵਲ ਵਿਚ ਕੋਰੋਨਾ ਦੇ ਦੌਰ ਤੋਂ ਕਿਸਾਨੀ ਮੋਰਚੇ ਤੱਕ ਬਹੁਗਿਣਤੀ ਸਮਾਜਿਕ, ਰਾਜਸੀ, ਜਥੇਬੰਦਕ ਮਸਲਿਆਂ ਨੂੰ ਛੂਹਣ ਦਾ ਯਤਨ ਕੀਤਾ ਗਿਆ ਹੈ। ਲੇਖਕ ਦੀ ਸਪੱਸ਼ਟ ਪਹੁੰਚ ਪਾਠਕਾਂ ਨੂੰ ਸਮਝ ਆਉਂਦੀ ਹੈ। ਕੁੱਲ ਮਿਲਾ ਕੇ ਇਹ ਪੁਸਤਕ ਲਾਹੇਵੰਦ ਜਾਣਕਾਰੀ ਉਪਲਬੱਧ ਕਰਾਉਂਦੀ ਹੈ।

-ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686

ਦੁਨੀਆ ਤੋਂ ਅਣਡਿੱਠੇ ਅੱਥਰੂ ਅਤੇ ਹੋਰ ਕਹਾਣੀਆਂ
ਲੇਖਕ: ਅੰਤੋਨ ਪਾਵਲੋਵਿਚ ਚੈਖ਼ਵ
ਸੰਪਾਦਕ: ਡਾ. ਸਰਬਜੀਤ ਸਿੰਘ
ਅਨੁਵਾਦਕ: ਡਾ. ਮਧੂ ਸ਼ਰਮਾ
ਮੁੱਲ : 200 ਰੁਪਏ, ਸਫੇ :124
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਸਮਾਣਾ
ਸੰਪਰਕ : 98884-01328.

ਡਾ. ਸਰਬਜੀਤ ਸਿੰਘ ਦੁਆਰਾ ਸੰਪਾਦਿਤ ਪੁਸਤਕ 'ਦੁਨੀਆ ਤੋਂ ਅਣਡਿੱਠੇ ਅੱਥਰੂ' ਪ੍ਰਸਿੱਧ ਰੂਸੀ ਸਾਹਿਤਕਾਰ ਅੰਤੋਨ ਪਾਵਲੋਵਿਚ ਚੈਖ਼ਵ ਦੀਆਂ ਉਨ੍ਹਾਂ ਪ੍ਰਸਿੱਧ ਕਹਾਣੀਆਂ 'ਤੇ ਆਧਾਰਿਤ ਹੈ ਜਿਨ੍ਹਾਂ ਦਾ ਡਾ. ਮਧੂ ਸ਼ਰਮਾ ਦੁਆਰਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ ਕੁਲ 16 ਕਹਾਣੀਆਂ ਹਨ। ਪ੍ਰੋ. ਸੁਲੱਖਣ ਮੀਤ ਦੁਆਰਾ ਲਿਖੇ ਮੁਖਬੰਧ ਤੋਂ ਬਾਅਦ ਡਾ. ਸਰਬਜੀਤ ਸਿੰਘ ਨੇ ਆਪਣੀ ਸੰਪਾਦਕੀ 'ਪਲੇਠਾ ਕਦਮ' ਸਿਰਲੇਖ ਹੇਠ ਸ਼ਾਮਲ ਕੀਤੀ ਹੈ ਜਿਸ ਵਿਚ ਸੰਪਾਦਕ ਨੇ ਇਨ੍ਹਾਂ ਕਹਾਣੀਆਂ ਅਤੇ ਅਨੁਵਾਦ ਕਾਰਜ ਬਾਰੇ ਆਪਣੇ ਵਿਚਾਰ ਦਿੱਤੇ ਹਨ। ਡਾ. ਮਧੂ ਸ਼ਰਮਾ ਦੁਆਰਾ ਭੂਮਿਕਾ ਰੂਪ ਵਿਚ ਲੇਖ 'ਚੈਖ਼ਵ-ਮੇਰੀਆਂ ਨਜ਼ਰਾਂ ਵਿਚ' ਲਿਖਿਆ ਗਿਆ ਹੈ ਜਿਸ ਵਿਚ ਉਹ ਪਾਠਕਾਂ ਨਾਲ ਇਸ ਰੂਸੀ ਕਹਾਣੀਕਾਰ ਅਤੇ ਉਸ ਦੀ ਕਹਾਣੀਆਂ ਨਾਲ਼ ਜਾਣ-ਪਛਾਣ ਕਰਾਉਂਦੀ ਹੈ। ਉਹ ਚੈਖ਼ਵ ਦੀ ਛੋਟੀ ਕਹਾਣੀਆਂ ਲਿਖਣ ਦੀ ਮੁਹਾਰਤ ਬਾਰੇ ਗੱਲ ਕਰਦੀ ਹੈ ਅਤੇ ਚੈਖ਼ਵ ਨੂੰ ਇਕ ਯਥਾਰਥਕ ਕਹਾਣੀਕਾਰ ਵਜੋਂ ਸਥਾਪਤ ਕਰਦੀ ਹੈ। ਇਸ ਲੇਖ ਤੋਂ ਬਾਅਦ ਡਾ. ਮਧੂ ਸ਼ਰਮਾ ਵਲੋਂ ਅੰਗਰੇਜ਼ੀ ਅਨੁਵਾਦ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਰੂਸੀ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। 'ਸੰਤਾਪ' ਇਕ ਮਨੋਵਿਗਿਆਨਕ ਭਾਵੁਕ ਕਹਾਣੀ ਹੈ ਜਿਸ ਵਿਚ ਇਕ ਪਿਤਾ ਆਪਣੇ ਪੁੱਤਰ ਦੀ ਅਚਨਚੇਤ ਮੌਤ ਬਾਰੇ ਕਿਸੇ ਨਾਲ ਗੱਲ ਕਰਕੇ ਆਪਣਾ ਮਨ ਹਲਕਾ ਕਰਨਾ ਚਾਹੁੰਦਾ ਹੈ ਪਰ ਇਸ ਪਦਾਰਥਵਾਦੀ ਸੰਸਾਰ ਵਿਚ ਕਿਸੇ ਕੋਲ ਇੰਨੀ ਵਿਹਲ ਨਹੀਂ ਕਿ ਉਸ ਦੀ ਗੱਲ ਸੁਣੀ ਜਾਵੇ। ਅੰਤ ਵਿਚ ਉਹ ਇਕ ਘੋੜੀ ਨਾਲ਼ ਗੱਲਾਂ ਕਰ ਰੋਂਦਾ ਹੈ ਤੇ ਮਨ ਹਲਕਾ ਕਰਦਾ ਹੈ। 'ਬੇਸਮਝ' ਇਕ ਸ਼ਾਨਦਾਰ ਕਹਾਣੀ ਹੈ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਸਿੱਖਿਆ ਦਿੰਦੀ ਹੈ। 'ਜਗੀਰ ਦੀ ਮਾਲਕਣ' ਇਕ ਲੰਬੀ ਕਹਾਣੀ ਹੈ ਜੋ ਗ਼ਰੀਬ ਲੋਕਾਂ ਦੇ ਹੋ ਰਹੇ ਸ਼ੋਸ਼ਣ ਨੂੰ ਚਿਤਰਤ ਕਰਦੀ ਹੈ। 'ਸ਼ੈਤਾਨ ਬੱਚਾ' ਇਕ ਛੋਟੇ ਬੱਚੇ ਦੁਆਰਾ ਤੋਹਫ਼ੇ ਲੈਣ ਲਈ ਖੇਡੀ ਜਾ ਰਹੀ ਰਾਜਨੀਤੀ ਦੀ ਕਹਾਣੀ ਹੈ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਦੁਨੀਆ ਤੋਂ ਅਣਡਿੱਠੇ ਅੱਥਰੂ' ਵੀ ਇਕ ਖ਼ੂਬਸੂਰਤ ਪਰਿਵਾਰਕ ਕਹਾਣੀ ਹੈ। ਇਸ ਤਰ੍ਹਾਂ ਇਸ ਸੰਗ੍ਰਹਿ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੇ ਨਾਲ ਨੈਤਿਕ ਗੁਣਾਂ ਅਤੇ ਯਥਾਰਥਕ ਵੇਰਵਿਆਂ ਦੀਆਂ ਗੱਲਾਂ ਵੀ ਕਰਦੀਆਂ ਹਨ। ਡਾ. ਮਧੂ ਸ਼ਰਮਾ ਦੁਆਰਾ ਅਨੁਵਾਦ ਕਾਰਜ ਵੀ ਨਿੱਠ ਕੇ ਕੀਤਾ ਗਿਆ ਹੈ ਅਤੇ ਇਸ ਕਾਰਜ ਕਾਰਨ ਹੀ ਰੂਸੀ ਸਾਹਿਤ ਦੀਆਂ ਉੱਤਮ ਰਚਨਾਵਾਂ ਪੰਜਾਬੀ ਸਾਹਿਤ ਤੱਕ ਪੁੱਜੀਆਂ ਹਨ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

 

ਅੰਮ੍ਰਿਤ ਬੂੰਦਾਂ
ਲੇਖਿਕਾ : ਅੰਮ੍ਰਿਤਪਾਲ ਕੌਰ ਖ਼ਾਲਸਾ
ਪ੍ਰਕਾਸ਼ਕ : ਵਾਈਟ ਕ੍ਰਾਸ ਪ੍ਰਿੰਟਿਰਜ਼, ਜਲੰਧਰ।
ਮੁੱਲ: 300 ਰੁਪਏ, ਸਫੇ : 183
ਸੰਪਰਕ : 99888-83250

ਗੁਰਮਤਿ ਸਿਧਾਂਤਾਂ ਪ੍ਰਤੀ ਸੁਹਿਰਦ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਲੇਖਿਕਾ ਦੀ ਇਹ ਦੂਸਰੀ ਪੁਸਤਕ ਹੈ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸੰਸਾਰ ਵਿਆਪੀ ਹੈ। ਹਥਲੀ ਪੁਸਤਕ ਨੂੰ ਲੇਖਿਕਾ ਨੇ ਅੱਠ ਭਾਗਾਂ ਵਿਚ ਵੰਡਿਆ ਹੈ, ਪਹਿਲੇ ਭਾਗ ਵਿਚ 'ਗੁਰਮਤਿ ਦੇ ਸੰਕਲਪ' ਵਿਸ਼ੇ ਅਧੀਨ 9 ਲੇਖ ਸ਼ਾਮਿਲ ਕੀਤੇ ਹਨ। ਦੂਜੇ ਭਾਗ ਵਿਚ 'ਨਾਮ ਦੀ ਮਹਾਨਤਾ' ਅਧੀਨ ਨੌਂ ਰਚਨਾਵਾਂ ਵਿਚ ਵੀ ਗਹਿਰ ਗੰਭੀਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ 'ਕਿਰਤ ਦਾ ਸਨਮਾਨ' ਸੰਬੰਧੀ ਸਫ਼ਲ ਪਹੁੰਚ ਅਪਣਾਈ ਗਈ ਹੈ। ਪੁਸਤਕ ਚੌਥੇ ਹਿੱਸੇ ਵਿਚ 'ਪਰਮਾਤਮਾ-ਗੁਣੀ ਨਿਧਾਨ' ਵਿਚ ਵੀ ਨੌਂ ਵੱਖ-ਵੱਖ ਵਿਸ਼ਿਆਂ ਨੂੰ ਗੁਰਬਾਣੀ ਦੀਆਂ ਤੁਕਾਂ ਨੂੰ ਅਧਾਰ ਬਣਾ ਕੇ ਅਕਾਲ ਪੁਰਖ ਦੇ ਗੁਣਾਂ ਦਾ ਗੁਣਗਾਨ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਗਿਆ ਹੈ। ਪੰਜਵੇਂ ਭਾਗ ਵਿਚ 'ਅਰਦਾਸ ਬੇਨਤੀ' ਨਾਲ ਸੰਬੰਧਿਤ ਤਿੰਨ ਲੇਖ ਸ਼ਾਮਿਲ ਕੀਤੇ ਗਏ ਹਨ। ਛੇਵੇਂ ਭਾਗ ਵਿਚ ਮਨੁੱਖੀ ਮਨ ਨੂੰ ਗੁਰਬਾਣੀ ਦੇ ਸੰਦਰਭ ਵਿਚ ਚਾਰ ਲੇਖਾਂ ਵਿਚ ਵਿਚਾਰਾਂ ਨੂੰ ਗੁਰਮਤਿ ਦੇ ਪ੍ਰੀਪੇਖ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪੁਸਤਕ ਦੇ ਸੱਤਵੇਂ ਹਿੱਸੇ ਵਿਚ 'ਸਾਧ ਸੰਗਤਿ ਦੀ ਮਹਾਨਤਾ' ਨੂੰ ਤਿੰਨ ਲੇਖਾਂ ਵਿਚ ਗੁਰਬਾਣੀ ਦੀ ਰੌਸ਼ਨੀ ਵਿਚ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਅਖੀਰ ਵਿਚ 'ਕੇਸਾਂ ਦੀ ਮਹਾਨਤਾ' ਦਾ ਜ਼ਿਕਰ ਸੰਖੇਪ ਤੇ ਭਾਵਪੂਰਕ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦੇ ਸਿਰਲੇਖ 'ਅੰਮ੍ਰਿਤ' ਨੂੰ ਗੁਰਬਾਣੀ ਅਨੁਸਾਰ ਵੱਖ-ਵੱਖ ਅਰਥਾਂ ਵਿਚ ਪੇਸ਼ ਕੀਤਾ ਗਿਆ ਹੈ। ਅਸਲ ਵਿਚ ਇਹ ਬਹੁ-ਅਰਥੀ ਸ਼ਬਦ ਹੈ। ਕਿਤੇ ਇਹ ਵਿਸ਼ਾਲ ਬ੍ਰਹਿਮੰਡੀ ਚੇਤਨਾ, ਕਿਤੇ ਇਹ ਦੁੱਖ-ਨਿਵਾਰਨ, ਕਿਤੇ ਦਲੇਰੀ ਤੇ ਸੂਰਬੀਰਤਾ ਦਾ ਲਖਾਇਕ, ਕਿਤੇ ਸੁਰਤ ਤੇ ਸ਼ਬਦ ਦਾ ਸੁਮੇਲ ਵੀ ਕਰ ਰਿਹਾ ਹੈ। ਸੁਹਿਰਦ ਲੇਖਿਕਾ ਨੇ ਸਮੁੱਚੀਆਂ ਰਚਨਾਵਾਂ ਨੂੰ ਗੁਰਬਾਣੀ ਦੇ ਚਾਨਣ ਵਿਚ ਅੰਤਰ-ਪ੍ਰੇਰਨਾਵਾਂ ਦੀ ਰੌਸ਼ਨੀ ਵਿਚ ਉਸਾਰਨ ਦਾ ਯਤਨ ਕੀਤਾ ਹੈ। ਮਨੁੱਖੀ ਸ਼ਖ਼ਸੀਅਤ ਦੀ ਉਸਾਰੀ ਅਤੇ ਆਦਰਸ਼ ਦੀ ਪੂਰਤੀ ਲਈ ਸਾਡੀ ਜੀਵਨ ਯਾਤਰਾ ਦੌਰਾਨ ਗੁਰਬਾਣੀ ਸ਼ਬਦ ਸਾਨੂੰ ਅੰਦਰਲੇ ਅਤੇ ਬਾਹਰਲੇ ਖਤਰਿਆਂ ਅਤੇ ਦੁਸ਼ਵਾਰੀਆਂ ਪ੍ਰਤੀ ਚੇਤਨਾ ਬਖਸ਼ਿਸ ਕਰਦਾ ਹੈ। ਲੇਖਿਕਾ ਨੇ ਪੁਸਤਕ ਦੀ ਆਰੰਭਤਾ ਗੁਰਬਾਣੀ ਵਿਚ ਅੰਮ੍ਰਿਤ ਨਾਮ ਦੀ ਮਹੱਤਤਾ, ਗੁਰਸਿੱਖ, ਗੁਰਮੁੱਖ ਬ੍ਰਹਮ ਗਿਆਨੀ, ਸੁਹਾਗਣ ਦੇ ਸੰਕਲਪ ਦੀ ਵਿਆਖਿਆ ਲਈ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਕਿਰਤ ਦਾ ਸਨਮਾਨ, ਵੰਡ ਛਕਣਾ, ਪਰਉਪਕਾਰੀ ਸੁਭਾਅ, ਅਰਦਾਸ ਦੀ ਸਾਰਥਿਕਤਾ, ਸਾਧ ਸੰਗਤ ਦੀ ਮਹਾਨਤਾ ਆਦਿ ਸਾਰੇ ਕਾਂਡ ਇਕ-ਦੂਜੇ ਦੇ ਪੂਰਕ ਅਤੇ ਅੰਮ੍ਰਿਤ ਬੂੰਦਾਂ ਨਾਲ ਇਕ-ਮਿਕਤਾ ਪ੍ਰਾਪਤ ਕਰ ਚੁੱਕੇ ਜਾਪਦੇ ਹਨ। ਪੁਸਤਕ ਗੁਰਮਤਿ ਦੇ ਖੋਜਾਰਥੀਆਂ, ਵਿਚਾਰਵਾਨਾਂ, ਸਿਖਿਆਰਥੀਆਂ ਲਈ ਉਪਯੋਗੀ ਸਿੱਧ ਹੋਵੇਗੀ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040.

ਦੀਵਾਨ-ਏ-ਕਾਦਰੀ
ਕਲਾਮ : ਹਜ਼ਰਤ ਖ਼ਵਾਜਾ ਗ਼ੁਲਾਮ ਮੁਹੀਉਦੀਨ ਕਾਦਰੀ
ਸੰਪਾਦਨ : ਡਾ. ਹਰਕੰਵਲ ਕੋਰਪਾਲ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 300 ਰੁਪਏ, ਸਫੇ : 256
ਸੰਪਰਕ : 98766-68999

ਹਜ਼ਰਤ ਖ਼ਵਾਜ਼ਾ ਗੁਲਾਮ ਮੁਹੀਉਦੀਨ ਕਾਦਰੀ ਦਾ ਜਨਮ 1805 ਈ. ਵਿਚ ਜ਼ਿਲ੍ਹਾ ਲਾਹੌਰ ਦੇ ਇਕ ਪਿੰਡ ਚੱਕ ਨੰਬਰ 122 (ਤਹਿਸੀਲ ਲਾਇਲਪੁਰ) ਵਿਚ ਹੋਇਆ ਸੀ। ਬਾਅਦ ਵਿਚ ਆਪ ਜਲੰਧਰ ਸ਼ਹਿਰ ਦੀ ਬਸਤੀ ਸ਼ੇਖਾ ਵਿਚ ਆ ਵਸੇ। ਆਪ ਨੇ ਬਟਾਲੇ ਦੇ ਵਸਨੀਕ ਹਜ਼ਰਤ ਨੂਰ ਅਹਿਮਦ ਸ਼ਾਹ ਕਾਦਰੀ ਨੂੰ ਆਪਣਾ ਮੁਰਸ਼ਿਦ ਧਾਰਨ ਕਰ ਲਿਆ। ਆਪ ਦੀ ਵਫ਼ਾਤ ਦਾ ਸਮਾਂ 1861 ਈ. ਦੱਸਿਆ ਜਾਂਦਾ ਹੈ। ਡਾ. ਕੋਰਪਾਲ ਦੇ ਕਥਨ ਅਨੁਸਾਰ ਦੇਸ਼ ਵੰਡ ਤੋਂ ਪਹਿਲਾਂ ਆਪ ਦੀ ਯਾਦ ਵਿਚ ਜਲੰਧਰ ਵਿਖੇ ਇਕ ਉਰਸ ਮਨਾਇਆ ਜਾਂਦਾ ਸੀ ਪਰ ਬਾਅਦ ਵਿਚ ਇਹ ਰਵਾਇਤ ਖ਼ਤਮ ਹੋ ਗਈ। ਡਾ. ਹਰਕੰਵਲ ਕੋਰਪਾਲ ਨੇ ਪਹਿਲੀ ਵਾਰ ਆਪ ਦਾ ਕਲਾਮ ਮਹਿਰੌਲੀ ਵਿਚ ਸਥਿਤ ਇਕ ਦਰਗਾਹ ਵਿਚ ਸੂਫੀ ਕੱਵਾਲਾਂ ਤੋਂ ਸੁਣਿਆ ਸੀ। ਉਸੇ ਸ਼ਾਮ ਉਸ ਨੇ ਦਿੱਲੀ ਦੇ ਉਰਦੂ ਬਾਜ਼ਾਰ ਦੀਆਂ ਦੁਕਾਨਾਂ ਤੋਂ ਇਹ ਕਲਾਮ ਲੱਭਣਾ ਸ਼ੁਰੂ ਕਰ ਦਿੱਤਾ। ਉਥੋਂ ਤਾਂ ਇਹ ਨਾ ਮਿਲਿਆ ਪ੍ਰੰਤੂ ਅੰਮ੍ਰਿਤਸਰ ਆਏ ਇਕ ਸੂਫੀ ਕੱਵਾਲ ਅਸਗਰ ਅਲੀ ਨੇ ਇਹ ਕਲਾਮ ਦੀ ਇਕ ਕਾਪੀ ਸੰਪਾਦਕ ਨੂੰ ਮੁਹੱਈਆ ਕਰਵਾ ਦਿੱਤੀ। ਉਸ ਨੂੰ ਲਿੱਪੀਅੰਤਰ ਕਰ ਕੇ ਬੜੇ ਸੁੰਦਰ ਢੰਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਟੈਕਸਟ ਵਿਚ ਉਰਦੂ ਦੀਆਂ 152 ਗ਼ਜ਼ਲਾਂ, ਫਾਰਸੀ ਦੀਆਂ 18 ਗ਼ਜ਼ਲਾਂ (ਅਨੁਵਾਦ ਸਹਿਤ), ਕੁਝ ਰੁਬਾਈਆਂ, ਇਕ ਪੰਜਾਬੀ ਬਾਰਾਂਮਾਹ, ਸੀਹਰਫੀਆਂ, ਨਅਤ ਸ਼ਰੀਫ ਅਤੇ ਸਜਰਾ-ਏ-ਤੱਯਬਾ (ਫਾਰਸੀ) ਸੰਗ੍ਰਹਿਤ ਹਨ। ਡਾ. ਕੋਰਪਾਲ ਨੇ ਹਜ਼ਰਤ ਕਾਦਰੀ ਦੇ ਕਲਾਮ ਨੂੰ ਬੜੀ ਸਿਦਕਦਿਲੀ ਅਤੇ ਅਕੀਦਤ ਨਾਲ ਲਿਪੀਅੰਤਰ ਅਤੇ ਸੰਪਾਦਿਤ ਕੀਤਾ ਹੈ। ਕਲਾਮ ਦੀ ਪੱਧਰ ਹਜ਼ਰਤ ਸ਼ਾਹ ਹੁਸੈਨ ਅਤੇ ਬਾਬਾ ਬੁੱਲ੍ਹੇਸ਼ਾਹ ਜਿੰਨੀ ਬੁਲੰਦ ਤਾਂ ਨਹੀਂ ਪਰ ਵਹਿਦਤ ਦੀ ਲੋਰ ਅਤੇ ਤਰੰਗ ਜ਼ਰੂਰ ਨਜ਼ਰ ਆ ਜਾਂਦੀ ਹੈ। ਡਾ. ਕੋਰਪਾਲ ਦੇ ਅਸ਼ਕੇ, ਜਿਸ ਨੇ ਸੂਫੀ ਸੋਚ ਨਾਲ ਵਫ਼ਾ ਨਿਭਾਈ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 

ਸੁਪਨੇ ਉਲੀਕਦੀ ਹਵਾ
ਲੇਖਕ : ਹਰਬੰਸ ਮਾਲਵਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ: 200 ਰੁਪਏ, ਸਫ਼ੇ : 112
ਸੰਪਰਕ: 94172-66355

ਹਰਬੰਸ ਮਾਲਵਾ ਪੰਜਾਬੀ ਦੇ ਹਰਮਨ-ਪਿਆਰੇ ਗੀਤਕਾਰ ਹਨ। ਹਥਲੇ ਗੀਤ-ਸੰਗ੍ਰਹਿ 'ਸੁਪਨੇ ਉਲੀਕਦੀ ਹਵਾ' ਤੋਂ ਪਹਿਲਾਂ ਉਨ੍ਹਾਂ ਦਾ ਇਕ ਗੀਤ-ਸੰਗ੍ਰਹਿ 'ਫੇਰ ਕਹਾਂਗਾ' ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਉਨ੍ਹਾਂ ਦੇ ਸੁਭਾਅ ਮੁਤਾਬਿਕ ਉਨ੍ਹਾਂ ਦੀ ਕਵਿਤਾ ਵੀ ਨਿਰਮਲ, ਨਿਰਛਲ ਅਤੇ ਸਹਿਜ ਹੈ। ਤਸੱਲੀ ਵਾਲੀ ਗੱਲ ਹੈ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਅਤੇ ਨਿਆਸਰਿਆਂ ਦਾ ਆਸਰਾ ਬਣਨਾ ਹੀ, ਉਨ੍ਹਾਂ ਦੀ ਲੇਖਣੀ ਦਾ ਮੁੱਖ ਮਨੋਰਥ ਦਿਖਾਈ ਦਿੰਦਾ ਹੈ:
ਸੁਣ ਮੇਰੀਏ ਕਲਮੇ ਨੀ! ਅਣਬੋਲੇ ਦਾ ਬੋਲ ਬਣੀਂ।
ਜੋ ਝੇਲ ਵਿਹੂਣਾ ਹੈ, ਤੂੰ ਉਸ ਦੀ ਝੋਲ ਬਣੀਂ।
ਸਦੀਆਂ ਤੋਂ ਸਾਨੂੰ ਇਹੋ ਸਿਖਾਇਆ ਜਾਂਦਾ ਰਿਹਾ ਹੈ ਕਿ ਮਨੁੱਖ ਨੂੰ ਆਪਣੇ ਪਰਿਵਾਰ ਵਿਚ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ, ਜਿਵੇਂ ਪਾਣੀ ਵਿਚ ਕਮਲ ਦਾ ਫੁੱਲ ਰਹਿੰਦਾ ਹੈ। ਮੇਰੇ ਖ਼ਿਆਲ ਵਿਚ ਮਨੁੱਖ ਦੀ ਬੇਚੈਨੀ ਦੀ ਸਾਰੀ ਸਮੱਸਿਆ ਅਜਿਹੇ ਉਪਦੇਸ਼ਾਂ ਕਾਰਨ ਹੀ ਪੈਦਾ ਹੋਈ ਹੈ, ਕਿਉਂਕਿ ਭੂਤ ਦੇ ਪਛਤਾਵੇ ਅਤੇ ਭਵਿੱਖ ਦੇ ਡਰ ਸਾਡੇ ਵਰਤਮਾਨ ਨੂੰ ਵੀ ਤਬਾਹ ਕਰ ਦਿੰਦੇ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਇਕੋ-ਇਕ ਰਸਤਾ ਆਪਣੇ ਆਪ ਨੂੰ ਅੱਜ ਵਿਚ ਜਿਊਣ ਦੀ ਆਦਤ ਪਾਉਣਾ ਹੈ:
ਕਦੇ ਬੇਆਸ ਨਾ ਹੋਣਾ, / ਕਦੇ ਧਰਵਾਸ ਨਾ ਖੋਣਾ।
ਕਿ ਘਰ ਵਿਚ ਰਹਿੰਦਿਆਂ ਹੋਇਆਂ, / ਮਨਾਂ! ਬਣਵਾਸ ਨਾ ਢੋਣਾ।
ਹਰਬੰਸ ਮਾਲਵਾ ਦੀ ਗੀਤਕਾਰੀ ਸਮੇਂ ਦੀ ਨਬਜ਼ ਨੂੰ ਪਛਾਣਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੇ ਗੀਤਾਂ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜਿਨ੍ਹਾਂ ਦਾ ਹੋਣਾ ਕਿਸੇ ਉੱਤਮ ਗੀਤਕਾਰੀ ਲਈ ਲਾਜ਼ਮੀ ਸਮਝਿਆ ਜਾਂਦਾ ਹੈ। ਵਿਚਾਰਧਾਰਕ ਪੱਖ ਦੇ ਨਾਲ-ਨਾਲ ਰੂਪਕ ਪੱਖ ਦੀ ਵੀ ਦਾਦ ਦੇਣੀ ਬਣਦੀ ਹੈ। ਉਨ੍ਹਾਂ ਕੋਲ ਗੀਤਕਾਰੀ ਦੇ ਨਵੇਂ-ਨਰੋਏ ਬਿੰਬ ਅਤੇ ਪ੍ਰਤੀਕ ਨਿਭਾਉਣ ਦਾ ਬੇਮਿਸਾਲ ਹੁਨਰ ਵੀ ਹੈ। ਉਨ੍ਹਾਂ ਦੀ ਇਸ ਖ਼ੂਬਸੂਰਤ ਪੁਸਤਕ ਦਾ ਪਾਠ ਕਰਦਿਆਂ ਸੱਚਮੁੱਚ ਹੀ ਬੜਾ ਆਨੰਦ ਅਤੇ ਮਾਣ ਮਹਿਸੂਸ ਹੁੰਦਾ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

ਮੋਰ ਅਤੇ ਤਿਤਲੀਆਂ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 93165-44777

ਇਹ ਕਹਾਣੀ ਸੰਗ੍ਰਹਿ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਇਸ ਅਖ਼ਬਾਰ ਦੇ ਪਾਠਕਾਂ ਨੂੰ ਸਮਰਪਿਤ ਹੈ। ਇਸ ਵਿਚ ਲੇਖਕ ਨੇ 46 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀਆਂ ਦੀ ਅਜੋਕੀ ਜਟਿਲਤਾ ਦੇ ਉਲਟ ਇਹ ਕਥਾਵਾਂ ਸਿੱਧੀਆਂ ਅਤੇ ਸਰਲਤਾ ਸਹਿਤ ਆਪਣਾ ਬਿਰਤਾਂਤਕ ਉਦੇਸ਼ ਪੂਰਾ ਕਰਕੇ ਸਮਾਪਤ ਹੁੰਦੀਆਂ ਹਨ। ਕਹਾਣੀਆਂ ਦੇ ਵਿਸ਼ੇ ਆਮ ਜੀਵਨ 'ਚੋਂ ਲਏ ਗਏ ਹਨ। ਲੇਖਕ ਦੀਆਂ ਯਾਦਾਂ ਹੀ ਕਹਾਣੀਆਂ ਹਨ। ਜੀਵਨ ਦੀਆਂ ਚੋਣਵੀਆਂ ਘਟਨਾਵਾਂ ਵਿਚੋਂ ਹੀ ਆਪਣਾ ਰੂਪ ਅਖ਼ਤਿਆਰ ਕਰਦੀਆਂ ਹਨ। ਅਕਸਰ ਹੀ 'ਯਾਦ ਤਲ' ਅਤੇ 'ਸਿਰਜਣ-ਪਲ' ਵਿਚਕਾਰ ਸੰਯੋਗ ਵੇਖਿਆ ਜਾ ਸਕਦਾ ਹੈ। ਮਾਨਵੀ ਸਰੋਕਾਰਾਂ ਦਾ ਅਜੀਬ ਕਿਸਮ ਦਾ ਤਾਣਾ-ਬਾਣਾ ਗਲਪ ਦਾ ਰੂਪ ਧਾਰਨ ਕਰ ਜਾਂਦਾ ਹੈ। ਜ਼ਿਆਦਾਤਰ ਕਥਾਵਾਂ ਪਾਤਰਾਂ ਨਾਲ ਜਾਣ-ਪਛਾਣ ਤੋਂ ਆਰੰਭ ਹੋ ਕੇ ਵਿਕਾਸ ਕਰਦੀਆਂ ਹਨ। ਪਾਠਕ ਪੂਰੀ ਕਹਾਣੀ ਪੜ੍ਹੇ ਬਿਨਾਂ ਛੱਡ ਨਹੀਂ ਸਕਦਾ। ਅਖੀਰ ਤੇ ਚਿੰਤਨ ਵਿਚ ਪੈ ਜਾਂਦਾ ਹੈ ਜੀਵਨ ਵਿਚ ਇਉਂ ਵੀ ਤਾਂ ਹੋ ਜਾਂਦਾ ਹੈ। ਆਪ-ਬੀਤੀਆਂ, ਅੱਖੀਂ ਦੇਖੀਆਂ, ਜੱਗ ਬੀਤੀਆਂ ਹੀ ਕਹਾਣੀਆਂ ਨੂੰ ਸਮੱਗਰੀ ਪ੍ਰਦਾਨ ਕਰਦੀਆਂ ਹਨ। ਪਰਿਵਾਰਕ ਸਾਂਝਾਂ ਵਿਚ ਆਉਂਦੇ ਉਤਰਾਅ-ਚੜ੍ਹਾਅ ਨੋਟ ਕੀਤੇ ਜਾ ਸਕਦੇ ਹਨ। ਪਿਆਰ ਕਹਾਣੀਆਂ ਵਿਚ ਵਫ਼ਾ ਵੀ ਹੈ, ਧੋਖੇ ਵੀ ਹਨ। ਝੱਟ ਮੰਗਣੀ ਪਟ ਵਿਆਹ ਵੀ ਹਨ। ਵੱਡੇ ਘਰ ਦੀ ਲੜਕੀ ਦੀ ਛੋਟੇ ਘਰ ਵਿਚ ਸ਼ਾਦੀ ਹੋ ਸਕਦੀ ਹੈ। ਬੱਚੇ ਪਾਲਕ ਪਿਤਾ ਨਾਲ, ਅਸਲੀ ਬਾਪ ਨਾਲੋਂ, ਵੱਧ ਪਿਆਰ ਕਰ ਸਕਦੇ ਹਨ। ਪਿਆਰ ਰਾਜਨੀਤੀ ਦਾ ਸ਼ਿਕਾਰ ਵੀ ਹੋ ਸਕਦਾ ਹੈ। ਨਾਇਕ/ਨਾਇਕਾ ਦੀਆਂ ਮੁਲਾਕਾਤਾਂ ਅਕਸਰ ਰੈਸਟੋਰੈਂਟਾਂ ਵਿਚ ਕਰਵਾਈਆਂ ਜਾਂਦੀਆਂ ਹਨ। ਪਰਿਵਾਰ ਦੇ ਖਰਚੇ ਆਮ ਕਰਕੇ ਕੰਮ ਕਰਦੇ ਲੋਕ ਦੁਬਈ ਤੋਂ ਭੇਜਦੇ ਵੇਖੇ ਜਾ ਸਕਦੇ ਹਨ। ਇਕ-ਦੂਜੇ ਦੀ ਪਤਨੀ ਨਾਲ 'ਕਰਾਸ ਪਿਆਰ' ਵੀ ਹੋ ਜਾਂਦਾ ਹੈ। ਪਾਤਰਾਂ ਦੇ ਮੁਹਾਂਦਰੇ ਅਤੇ ਸੁਭਾਅ ਚਿੱਤਰੇ ਗਏ ਹਨ। ਕੁੱਲ ਮਿਲਾ ਕੇ 'ਪਿਆਰ' ਹੀ ਕਹਾਣੀਆਂ ਦਾ ਗਲਪ-ਪੈਰਾਡਾਇਸ ਹੈ। ਉਦੇਸ਼ ਕਾਰਨ ਕਈ ਕਹਾਣੀਆਂ ਦੇ ਪਲਟ ਕੰਟਰਾਈਵਡ ਹਨ। ਅੰਗਰੇਜ਼ੀ ਵਾਕਾਂ ਦਾ ਪ੍ਰਯੋਗ ਵੀ ਮਿਲਦਾ ਹੈ। ਪੁਸਤਕ ਦਾ ਸਿਰਲੇਖ ਬੜਾ ਪ੍ਰਭਾਵਸ਼ਾਲੀ ਹੈ। 'ਮੋਰ' ਮੁੰਡਿਆਂ ਅਤੇ 'ਤਿਤਲੀਆਂ' ਕੁੜੀਆਂ ਲਈ ਵਰਤੇ ਮੈਟਾਫਰ ਹਨ। ਸੰਪੇਖਤਾ ਕਹਾਣੀਆਂ ਦਾ ਮੁੱਖ ਗੁਣ ਹੈ।

-ਡਾ. ਧਰਮਚੰਦ ਵਾਤਿਸ਼
ਸੰਪਰਕ : vatishdharamchand@gmail.com

ਅੱਗ 'ਚ ਸੜਦੇ ਫੁੱਲ
ਲੇਖਕ : ਗੁਰਮੇਲ ਬੀਰੋਕੇ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 225 ਰੁਪਏ, ਸਫ਼ੇ 111
ਸੰਪਰਕ : 011-26802488

ਇਸ ਕਹਾਣੀ-ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਹਨ। ਕਹਾਣੀਕਾਰ ਗੁਰਮੇਲ ਬੀਰੋਕੇ ਨੇ ਇਨ੍ਹਾਂ ਕਹਾਣੀਆਂ ਵਿਚ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬਿਆਂ ਨੂੰ ਵਿਗਿਆਨਕ, ਮਨੋਵਿਗਿਆਨਕ, ਸਮਾਜਿਕ ਦ੍ਰਿਸ਼ਟੀਕੋਣ ਰਾਹੀਂ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਕਲਾਤਮਿਕ ਪੁੱਠ ਚੜ੍ਹਾ ਕੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ ਕਿ ਉਸ ਦੇ ਮਨ ਅਤੇ ਦਿਮਾਗ਼ ਵਿਚ ਸਾਹਿਤ ਦੀ ਚਿਣਗ ਸੁਲਗ ਰਹੀ ਹੈ। ਭਾਰਤ ਦੇ ਜੰਮਪਲ ਕੈਨੇਡਾ ਵਿਚ ਸਥਾਈ ਤੌਰ 'ਤੇ ਵਸਦੇ ਇਸ ਲੇਖਕ ਨੇ ਬਾਤਾਂ ਸੜਕ ਦੀਆਂ ਤੋਂ ਆਪਣਾ ਲਿਖਣ ਦਾ ਸਫ਼ਰ ਸ਼ੁਰੂ ਕਰਕੇ ਸਾਹਿਤ ਦੇ ਖੇਤਰ ਵਿਚ ਕੈਨੇਡੀਅਨ ਲੇਖਕ ਵਜੋਂ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਉਹ ਕਹਾਣੀ ਵਿਧਾ ਨਾਲ ਜੁੜ ਕੇ ਨਵੀਆਂ ਪੈੜਾਂ ਸਿਰਜਦਾ ਮਹਿਸੂਸ ਹੁੰਦਾ ਹੈ। ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਵਿਸ਼ੇਸ਼ਣਾਂ ਨਾਲ ਰੰਗੇ ਜਾ ਰਹੇ ਭਾਰਤੀ ਲੋਕਾਂ ਦੇ ਰਿਸ਼ਤਿਆਂ ਵਿਚ ਪੈਦਾ ਹੋ ਰਹੀਆਂ ਦੁਸ਼ਵਾਰੀਆਂ ਅਤੇ ਪੇਚੀਦਗੀਆਂ ਨੂੰ ਆਪਣੀਆਂ ਕਹਾਣੀਆਂ ਵਿਚ ਕੇਂਦਰਿਤ ਕਰਕੇ ਚੁੱਕੇ ਨੁਕਤਿਆਂ ਅਤੇ ਮੁੱਦਿਆਂ ਨੂੰ ਪੜ੍ਹ ਕੇ ਲੇਖਕ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਧਰਤੀ ਨਾਲ ਜੁੜਿਆ ਹੋਇਆ ਲੇਖਕ ਹੈ। ਇਨ੍ਹਾਂ ਕਹਾਣੀਆਂ ਦੇ ਅੰਗ-ਸੰਗ ਹੁੰਦਿਆਂ ਪਾਤਰਾਂ ਦੀ ਮਾਨਸਿਕਤਾ ਅਤੇ ਚਰਿਤਰਤਾ ਨੂੰ ਵਾਚਦਿਆਂ ਪਾਠਕ ਇਹ ਅਨੁਭਵ ਕਰਦੇ ਹਨ ਕਿ ਉਹ ਪਾਤਰ ਉਨ੍ਹਾਂ ਦੀ ਜ਼ਿੰਦਗੀ ਨਾਲ ਹੀ ਮੇਲ ਖਾਂਦੇ ਹਨ। ਆਲ੍ਹਣੇ ਵਾਲਾ ਸੱਪ ਕਹਾਣੀ ਵਿਚ ਕੈਨੇਡਾ ਵਿਚ ਪੱਕੇ ਹੋਣ ਲਈ ਲਵਦੀਪ ਵਰਗੀਆਂ ਬਾਲੜੀਆਂ ਵਲੋਂ ਵੇਲੇ ਜਾ ਰਹੇ ਵੇਲਣ, ਨੌਕਰੀ ਦਾ ਪੱਤਰ ਪ੍ਰਾਪਤ ਕਰਨ ਲਈ ਹਵਸ ਦਾ ਸ਼ਿਕਾਰ ਹੋਣਾ, ਬੇਮੇਲ ਵਿਆਹ ਦੇ ਰਿਸਦੇ ਜ਼ਖ਼ਮ ਅਤੇ ਹਰਚਰਨ ਵਰਗੇ ਨੌਜਵਾਨਾਂ ਨਾਲ ਹੋ ਰਹੇ ਧੋਖੇ ਦਾ ਜ਼ਿਕਰ ਕਰਕੇ ਲੇਖਕ ਨੇ ਮੌਜੂਦਾ ਸਮੇਂ ਦੀ ਸਚਾਈ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਬਿਆਨਿਆ ਹੈ। ਇਸ ਕਹਾਣੀ-ਸੰਗ੍ਰਹਿ ਦੀ ਦੂਜੀ ਰਚਨਾ ਬਰਫ਼ੀਲੇ ਡਾਲਰਾਂ ਦੀ ਭਾਨ ਵਿਚ ਪੰਛੀਆਂ, ਜਾਨਵਰਾਂ, ਭੁੱਖ, ਗ਼ਰੀਬੀ ਪੌਦਿਆਂ, ਹਵਾ, ਵਾਤਾਵਰਨ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਰਾਜਨੀਤਕ, ਸਮਾਜਿਕ, ਧਾਰਮਿਕ ਕਾਰਨਾਂ ਕਰਕੇ ਪ੍ਰਵਾਸੀ ਹੋ ਕੇ ਪਿੰਡੇ 'ਤੇ ਹੰਢਾ ਰਹੇ ਸੰਤਾਪ ਨੂੰ ਉਜਾਗਰ ਕਰਨ ਵਿਚ ਲੇਖਕ ਸਫਲ ਰਿਹਾ ਹੈ। ਅਗਲੀ ਕਹਾਣੀ 'ਛਾਲਾ ਫਿੱਸ ਗਿਆ', ਵਿਚ ਕੈਨੇਡਾ ਵਿਚ ਵਸਦੇ ਪਰਿਵਾਰਾਂ ਦੀ ਅੰਦੂਰਨੀ ਹਾਲਤ, ਉਨ੍ਹਾਂ ਦੇ ਝਗੜੇ ਬਿਖੇੜੇ, ਔਰਤਾਂ-ਮਰਦਾਂ ਦੀ ਇਕ-ਦੂਜੇ ਪ੍ਰਤੀ ਬੇਵਫਾਈ ਅਤੇ ਤਿੜਕਦੇ ਥਿੜਕਦੇ ਰਿਸ਼ਤਿਆਂ ਨੂੰ ਵਾਚ ਕੇ ਪਾਠਕ ਪ੍ਰਵਾਸੀ ਲੋਕਾਂ ਦੀ ਜ਼ਿੰਦਗੀ ਬਾਰੇ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਲੇਖਕ ਗੁਰਮੇਲ ਬੀਰੋਕੇ ਨੇ ਆਪਣੀਆਂ ਬਾਕੀ ਕਹਾਣੀਆਂ ਵਿਚ ਵੀ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਅਤੇ ਭਾਵੁਕ ਮੁੱਦਿਆਂ ਨੂੰ ਛੂਹਿਆ ਹੈ। ਕਹਾਣੀਆਂ ਦੀ ਸਰਲ ਭਾਸ਼ਾ, ਸੰਵਾਦ, ਪਾਤਰਾਂ ਦੇ ਚਰਿੱਤਰ ਅਨੁਸਾਰ ਸ਼ਬਦਾਂ ਦੀ ਚੋਣ ਇਸ ਤੱਥ ਨੂੰ ਉਜਾਗਰ ਕਰਦੇ ਹਨ ਕਿ ਕਹਾਣੀਕਾਰ ਨੂੰ ਕਹਾਣੀ ਕਲਾ ਦੀ ਡੂੰਘਾਈ ਦੀ ਸਮਝ ਹੈ ਪਰ ਇਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਹੈ ਕਿ ਕਹਾਣੀਆਂ ਵਿਚ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜੌਬ, ਸਕਿਉਰਟੀ, ਸ਼ਰਟ, ਓਪਨ, ਆਈ.ਡੀ.ਕਾਰਡ ਵਰਕ ਪਰਮਿਟ, ਬੌਸ, ਲੈਟਰ, ਹਸਬੈਂਡ ਅਤੇ ਨੈਟ ਵਰਕ, ਹਿੰਦੀ ਭਾਸ਼ਾ ਦੇ ਸ਼ਬਦ ਦੇਨਾ, ਸ਼ਾਦੀ, ਕੁਛ ਅਤੇ ਹੋਨਾ ਕਹਾਣੀ ਕਾਰ ਉੱਤੇ ਪ੍ਰਵਾਸ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਸਿੱਖਾਂ ਤੇ ਮੁਸਲਮਾਨਾਂ ਦੀਆਂ ਰੂਹਾਨੀ ਸਾਂਝਾ
ਲੇਖਕ : ਗੁਰਬਖ਼ਸ਼ ਸਿੰਘ ਸੈਣੀ
ਪ੍ਰਕਾਸ਼ਕ : ਲੇਖਕ ਆਪ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 098880-24143

ਗੁਰੂ ਸਾਹਿਬ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਸਨ। ਉਨ੍ਹਾਂ ਨੇ ਸਰਬ ਸਾਂਝੀਵਾਲਤਾ, ਸਰਬੱਤ ਦਾ ਭਲਾ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਭਾਈਚਾਰਕ ਸਾਂਝ ਅਤੇ ਮੁਹੱਬਤ ਦਾ ਸੰਦੇਸ਼ ਦਿੱਤਾ। ਸਿੱਖ ਫਲਸਫ਼ੇ ਵਿਚ ਨਫ਼ਰਤ, ਫੁੱਟ ਅਤੇ ਕੁੜੱਤਣ ਲਈ ਕੋਈ ਥਾਂ ਨਹੀਂ ਹੈ। ਅੱਜ ਇਨਸਾਨੀਅਤ ਧਰਮਾਂ, ਕੌਮਾਂ, ਜਾਤਾਂ ਅਤੇ ਵੈਰ ਵਿਰੋਧ ਦੇ ਬਟਵਾਰੇ ਹੱਥੋਂ ਪੀੜਤ ਹੈ। ਸਮੇਂ ਦੀ ਨਬਜ਼ ਨੂੰ ਸਮਝਦੇ ਹੋਏ ਸੂਝਵਾਨ ਲਿਖਾਰੀ ਨੇ 37 ਲੇਖਾਂ ਵਿਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖਾਂ ਮੁਸਲਮਾਨਾਂ ਦੀਆਂ ਰੂਹਾਨੀ ਸਾਂਝਾਂ ਨੂੰ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ। ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ, ਮਨੁੱਖੀ ਕਦਰਾਂ-ਕੀਮਤਾਂ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਅਤੇ ਇਕੋ ਨੂਰ ਤੋਂ ਉਪਜੇ ਸਾਰੇ ਜੀਵਾਂ ਪ੍ਰਤੀ ਪ੍ਰੇਮਮਈ ਸੰਦੇਸ਼ ਤੋਂ ਬਹੁਤ ਸਾਰੇ ਮੁਸਲਮਾਨ ਪੀਰ ਫ਼ਕੀਰ ਵੀ ਪ੍ਰਭਾਵਿਤ ਹੋਏ। ਭਾਈ ਮਰਦਾਨਾ ਜੀ ਤਾਂ ਸਾਰੀ ਉਮਰ ਪਹਿਲੇ ਪਾਤਿਸ਼ਾਹ ਜੀ ਨਾਲ ਰਹੇ ਅਤੇ ਭਾਈ ਦੀ ਪਦਵੀ ਪ੍ਰਾਪਤ ਕੀਤੀ। ਦਾਈ ਦੌਲਤਾਂ ਨੂੰ ਪਾਤਿਸ਼ਾਹ ਜੀ ਦਾ ਪਹਿਲਾ ਦੀਦਾਰ ਪ੍ਰਾਪਤ ਹੋਇਆ, ਰਾਇ ਬੁਲਾਰ ਖ਼ਾਨ ਭੱਟੀ ਨੇ ਆਪ ਜੀ ਨੂੰ ਇਲਾਹੀ ਪ੍ਰਕਾਸ਼ ਜਾਣਿਆ ਅਤੇ ਸਾਈਂ ਬੁੱਢਣ ਸ਼ਾਹ ਨੇ ਅੱਲਾ ਦਾ ਨੂਰ ਪਛਾਣਿਆ। ਸਾਰੇ ਗੁਰੂ ਸਾਹਿਬਾਨ ਮੁਗ਼ਲ ਰਾਜ ਦੇ ਸਮਕਾਲੀ ਸਨ। ਇਕ ਪਾਸੇ ਜ਼ਾਲਮ ਕੱਟੜ ਹਾਕਮਾਂ ਨੇ ਕਹਿਰ ਦੇ ਜ਼ੁਲਮ ਢਾਹੇ ਪਰ ਦੂਜੇ ਪਾਸੇ ਅਨੇਕਾਂ ਮੁਸਲਮਾਨ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਕੇ ਸੇਵਾਵਾਂ ਨਿਭਾਉਂਦੇ ਰਹੇ। ਇਸ ਪੁਸਤਕ ਵਿਚ ਇਹੋ ਜਿਹੇ ਸੱਚੇ-ਸੁੱਚੇ ਮੁਸਲਿਮ ਕਿਰਦਾਰਾਂ ਦੀ ਜਾਣ-ਪਛਾਣ ਕਰਵਾਈ ਗਈ ਹੈ, ਜਿਨ੍ਹਾਂ ਨੇ ਸਿੱਖੀ ਆਦਰਸ਼ਾਂ ਦਾ ਮਹਾਨ ਸਤਿਕਾਰ ਹੀ ਨਹੀਂ ਕੀਤਾ, ਕੁਰਬਾਨੀਆਂ ਵੀ ਦਿੱਤੀਆਂ ਹਨ। ਲੇਖਕ ਨੇ ਭਾਈ ਮਰਦਾਨਾ ਜੀ, ਮਾਈ ਦੌਲਤਾਂ, ਰਾਇ ਬੁਲਾਰ, ਦੌਲਤ ਖਾਂ ਲੋਧੀ, ਸਾਈਂ ਮੀਆਂ ਮੀਰ, ਭਾਈ ਸੱਤਾ ਅਤੇ ਬਲਵੰਡ, ਪੀਰ ਬੁੱਧੂਸ਼ਾਹ, ਬੀਬੀ ਮੁਮਤਾਜ਼, ਗਨੀ ਖਾਂ, ਨਬੀ ਖਾਂ, ਰਬਾਬੀ ਚੂਹੜ, ਪੀਰ ਦਸਤਗੀਰ, ਬਹਿਲੋਲ, ਹਮੀਦ, ਬਾਬਰ, ਸਾਈਂ ਬੁੱਢਣ ਸ਼ਾਹ, ਹਮਾਯੂੰ, ਅਕਬਰ, ਬਹਾਦਰਸ਼ਾਹ, ਬੀਬੀ ਕੌਲਾਂ, ਪੀਰ ਭੀਖਣ ਸ਼ਾਹ, ਪੀਰ ਦਰਗਾਹੀ ਸ਼ਾਹ, ਢਾਡੀ ਅਬਦੁੱਲਾ ਅਤੇ ਨੱਥਾ, ਰਬਾਬੀ ਬਾਬਕ, ਨਵਾਬ ਸ਼ਾਇਸਤਾ ਖਾਂ, ਪੀਰ ਆਰਫ਼ ਦੀਨ, ਜਰਨੈਲ ਸੈਦ ਬੇਗ, ਸੈਦ ਖਾਂ, ਦਾਰਾ ਸ਼ਿਕੋਹ, ਰਾਇ ਰੱਖਾ, ਨੂਰ-ਮਾਹੀ, ਸ਼ੇਰ ਮੁਹੰਮਦ ਖਾਂ ਨਵਾਬ, ਕਾਜ਼ੀ ਪੀਰ ਮੁਹੰਮਦ ਜਿਹੀਆਂ ਸ਼ਖ਼ਸੀਅਤਾਂ ਦੇ ਸੰਖੇਪ ਜੀਵਨ ਬਿਰਤਾਂਤ ਦੇ ਕੇ ਸਿੱਖ ਮੁਸਲਮਾਨਾਂ ਦੀ ਦੋਸਤੀ ਦੀ ਮਹਿਕ ਉਜਾਗਰ ਕੀਤੀ ਹੈ। ਇਹ ਪੁਸਤਕ ਅਤਿਅੰਤ ਮਹੱਤਵਪੂਰਨ, ਪੜ੍ਹਨਯੋਗ ਅਤੇ ਵਿਚਾਰਨਯੋਗ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

 


ਵਿਰਸੇ ਦੀਆਂ ਆਸਾਂ
ਲੇਖਕ : ਚਾਰਲਸ ਡਿਕਨਜ਼
ਅਨੁਵਾਦਕ : ਬੀ.ਐਸ. ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 108
ਸੰਪਰਕ : 94638-36591

ਚਾਰਲਸ ਡਿਕਨਜ਼ ਵਿਕਟੋਰੀਅਨ ਕਾਲ ਦਾ ਪ੍ਰਸਿੱਧ ਨਾਵਲਕਾਰ ਹੈ। ਉਸ ਦੀਆਂ ਸ਼ਾਹਕਾਰ ਰਚਨਾਵਾਂ ਜੀਵਨ ਨੂੰ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ। ਨਾਵਲ 'ਵਿਰਸੇ ਦੀਆਂ ਆਸਾਂ', 'ਗਰੇਟ ਐਕਸਪੇਕਟੇਸ਼ਨਜ਼' ਦਾ ਪੰਜਾਬੀ ਅਨੁਵਾਦਕ ਬੀ. ਐਸ. ਧਾਲੀਵਾਲ ਹੈ। ਅਨੁਵਾਦਕ ਦੁਆਰਾ ਕੀਤਾ ਪੰਜਾਬੀ ਅਨੁਵਾਦ ਪਾਠਕਾਂ ਨੂੰ ਨਾਵਲ ਨਾਲ ਜੋੜੀ ਰੱਖਦਾ ਹੈ। ਮਨੁੱਖੀ ਮਾਨਸਿਕਤਾ ਦੇ ਵਿਭਿੰਨ ਪੱਖਾਂ ਨੂੰ ਕਲਾਤਮਕ ਛੋਹਾਂ ਦੇ ਕੇ ਰੂਪਮਾਨ ਕੀਤਾ ਹੈ। ਸਮਾਜਿਕ, ਆਰਥਿਕ, ਰਾਜ

17-12-2022

ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
ਲੇਖਕ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ ਨਾਭਾ
ਮੁੱਲ : 400 ਰੁਪਏ, ਸਫ਼ੇ 192
ਸੰਪਰਕ : 95010-73600


ਹਥਲਾ ਨਾਵਲ 'ਸ਼ੁਭ ਕਰਮਨ ਤੇ ਕਬਹੂੰ ਨ ਟਰੋਂ' ਲੇਖਿਕਾ ਦਾ ਚੌਥਾ ਨਾਵਲ ਹੈ। ਇਸ ਨਾਵਲ ਦੇ 24 ਕਾਂਡ ਹਨ, ਲੇਖਿਕਾ ਨੇ ਸਮਾਜ ਵਿਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਦੀ ਸਮਾਜਿਕ ਅਧੋਗਤੀ ਵਾਲੀ ਤਰਾਸਦੀ ਨੂੰ ਕਲਮਬੰਦ ਕਰਦੀ ਹੈ। ਲੇਖਿਕਾ ਨੇ ਨਾਵਲ ਵਿਚ ਕਿਧਰੇ ਵੀ ਲੱਚਰਤਾ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ, ਸਗੋਂ ਸਾਰਾ ਨਾਵਲ ਹਰਵੀਰ ਤੇ ਕਿਰਨ ਮੁੱਖ ਪਾਤਰਾਂ ਦੁਆਲੇ ਕੇਂਦਰ ਬਿੰਦੂ ਹੈ। ਬਹੁਤ ਸਾਰੇ ਰਿਸ਼ਤੇ ਅਗਨਭੇਟ ਹੁੰਦੇ ਹਨ ਪਰ ਨਾਵਲ ਵਿਚਲੀ ਕਲਾਤਮਿਕ ਸ਼ੈਲੀ ਪਾਠਕ ਨੂੰ ਸਹਿਜੇ ਹੀ ਸ਼ੁਰੂ ਤੋਂ ਅਖੀਰ ਤੱਕ ਲੈ ਜਾਂਦੀ ਹੈ ਨਾਵਲ ਦੀ ਸਾਰਥਿਕਤਾ ਇਹ ਵੀ ਹੈ ਕਿ ਲੇਖਿਕਾ ਨਾਵਲ ਵਿਧੀ ਦੀ ਗਿਆਤਾ ਹੈ। ਭਾਵਕਤਾ ਸਹਿਜਤਾ ਦੋਵੇਂ ਨਾਲ-ਨਾਲ ਤੁਰਦੇ ਹਨ। ਲੇਖਿਕਾ ਪਾਤਰ ਰਚਨਾ ਅਤੇ ਕਹਾਣੀ ਮੁਤਾਬਕ ਪਾਤਰ ਉਸਾਰੀ ਬਾਖੂਬੀ ਨਿਭਾਉਂਦੀ ਹੈ ਇਹੀ ਕਾਰਨ ਹੈ ਕਿ ਉਹ ਸਫਲ ਨਾਵਲਕਾਰਾਂ ਵਿਚ ਆ ਖੜ੍ਹਦੀ ਹੈ। ਨਾਵਲ ਦਾ ਮੁੱਖ ਮਕਸਦ ਭ੍ਰਿਸ਼ਟਾਚਾਰੀ ਸਮਾਜ ਨੂੰ ਸਹੀ ਸੇਧ ਦੇਣਾ ਹੈ ਅਤੇ ਸਮਾਜਿਕ ਬੁਰਾਈਆਂ ਦਾ ਖੰਡਨ ਕਰਨਾ ਹੈ। ਪਾਠਕ ਸਾਰਾ ਨਾਵਲ ਇਕੋ ਬੈਠਕ ਵਿਚ ਪੜ੍ਹਨ ਲਈ ਇਕਸੁਰਤਾ/ਲਗਨ ਦਾ ਰੂਪ ਧਾਰਨ ਕਰਦੀ ਹੈ। ਨਾਵਲ ਵਿਚ ਪਾਠਕਾਂ ਦੀ ਊਰਜਾ ਬਣਾਈ ਰੱਖਣ ਵਿਚ ਲੇਖਿਕਾ ਸਫਲ ਹੋ ਜਾਂਦੀ ਹੈ। ਪਾਠਕ ਏਸੇ ਸਮਾਜ ਦੀ ਪੈਦਾਵਾਰ ਹਨ ਤੇ ਸਮਾਜ ਅੰਦਰ ਕਿਰਨ ਤੇ ਹਰਵੀਰ ਕਿਸੇ ਨਾ ਕਿਸੇ ਮੋੜ 'ਤੇ ਆਹਮੋ ਸਾਹਮਣੇ ਆ ਮਿਲਦੇ ਹਨ। ਹਰਵੀਰ ਤੇ ਕਿਰਨ ਦਾ ਪਿਆਰ ਵੀ ਸਮਾਜਿਕ ਬੰਧਨਾਂ ਤੇ ਪ੍ਰੰਪਰਿਕ ਰਵਾਇਤਾਂ ਦਾ ਸਤਿਕਾਰਤ ਤਰੀਕੇ ਨਾਲ ਪਾਲਣ ਕਰਦਾ ਹੈ। ਲੇਖਿਕਾ ਪਾਠਕ ਦੀ ਉਂਗਲੀ ਫੜ ਕੇ ਸਾਰੇ ਨਾਵਲ ਦੀ ਫਹਿਸਤ ਪੜ੍ਹਾ ਦਿੰਦੀ ਹੈ। ਨਾਵਲ ਵਿਚ ਸਿੱਖੀ ਵਾਲੇ ਪਰਿਵਾਰਾਂ ਦੇ ਪਾਤਰ ਆਪੋ-ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹਨ। ਲੇਖਿਕਾ ਨੇ ਪਹਿਲਾਂ ਫਰਿਸ਼ਤੇ, ਡਾਰੋਂ ਵਿਛੜੀ ਕੂੰਜ, ਮੱਸਿਆ ਤੇ ਪੁੰਨਿਆ ਤੇ ਹੁਣ ਸ਼ੁਭ ਕਰਮਨ ਤੇ ਕਬਹੂੰ ਨ ਟਰੋ, ਨਾਵਲ ਲਿਖੇ ਤੇ ਸਾਹਿਤ ਖੇਤਰ ਦੀ ਝੋਲੀ ਪਾਏ ਹਨ। ਉਸ ਦੇ ਚਾਰ ਕਾਵਿ ਸੰਗ੍ਰਹਿ ਤੇ ਇਕ ਕਹਾਣੀ ਸੰਗ੍ਰਹਿ 'ਲਹੂ ਰੰਗੀ ਮਹਿੰਦੀ' ਪ੍ਰਕਾਸ਼ਤ ਹੋ ਚੁੱਕੇ ਹਨ। ਵਰਣਿਤ ਨਾਵਲ ਪੜ੍ਹਨਯੋਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਪਗੜੀ ਸੰਭਾਲ ਲਹਿਰ ਤੋਂ ਸੰਯੁਕਤ ਕਿਸਾਨ ਮੋਰਚੇ ਤੱਕ
ਲੇਖਕ : ਰੌਣਕੀ ਰਾਮ
ਅਨੁਵਾਦ : ਪੀ. ਐੱਸ. ਭੋਗਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 294 ਰੁਪਏ, ਸਫ਼ੇ : 174
ਸੰਪਰਕ : 98786-82160

ਪ੍ਰੋ. ਰੌਣਕੀ ਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸ਼ਹੀਦ ਭਗਤ ਸਿੰਘ ਚੇਅਰ ਦੇ ਮੁਖੀ ਹਨ। ਉਨ੍ਹਾਂ ਦੇ ਬਹੁਤ ਸਾਰੇ ਖੋਜ-ਪੱਤਰ ਅਤੇ ਕਿਤਾਬਾਂ ਪੰਜਾਬ ਅਤੇ ਪੰਜਾਬ ਮਸਲਿਆਂ ਬਾਰੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਰੀਵਿਊ ਅਧੀਨ ਪੁਸਤਕ ਪੰਜਾਬ ਕਿਸਾਨ ਘੋਲ ਦੇ ਸੌ-ਸਾਲਾ ਇਤਿਹਾਸ ਨਾਲ ਸੰਬੰਧਿਤ ਹੈ, ਜੋ ਪਗੜੀ ਸੰਭਾਲ ਲਹਿਰ ਤੋਂ ਸ਼ੁਰੂ ਹੋ ਕੇ ਸੰਯੁਕਤ ਕਿਸਾਨ ਮੋਰਚੇ ਤੱਕ ਨੂੰ ਆਪਣੇ ਕਲਾਵੇ ਵਿਚ ਸਮੇਟਦੀ ਹੈ। ਕਿਤਾਬ ਦੇ ਆਰੰਭ ਵਿਚ ਪ੍ਰੇਮ ਕੁਮਾਰ ਚੁੰਬਰ (ਮੁਢਲੇ ਸ਼ਬਦ) ਅਮਰਜੀਤ ਚੰਦਨ (ਮੁੱਖਬੰਧ) ਪ੍ਰੋ. ਰੌਣਕੀ ਰਾਮ (ਮੇਰੇ ਵਲੋਂ) ਦੇ ਸੰਖੇਪ ਵਿਚਾਰ ਅਤੇ ਭੂਮਿਕਾ ਪ੍ਰਕਾਸ਼ਿਤ ਹਨ। ਮੁੱਖ ਤੌਰ 'ਤੇ ਕਿਤਾਬ ਦੇ ਛੇ ਅਧਿਆਇ (ਪੰਨੇ 25 ਤੋਂ 120) ਹਨ। ਫਿਰ ਪੰਜ ਅਪੈਂਡਿਕਸ (121 ਤੋਂ 157 ਤੱਕ) ਅਤੇ ਅੰਤ ਵਿਚ ਹਵਾਲੇ ਤੇ ਟਿੱਪਣੀਆਂ (158 ਤੋਂ 173 ਤੱਕ)। ਅਸਲ ਵਿਚ ਇਹ ਕਿਤਾਬ ਪ੍ਰੋ. ਰੌਣਕੀ ਰਾਮ ਦੇ ਇਕ ਖੋਜ-ਪੱਤਰ, ਜੋ ਜਰਨਲ ਆਫ਼ ਸਿੱਖ ਐਂਡ ਪੰਜਾਬ ਸਟੱਡੀਜ਼, ਨਿਊਯਾਰਕ ਵਿਚ ਪ੍ਰਕਾਸ਼ਿਤ ਹੋਇਆ ਸੀ, ਦਾ ਹੀ ਵਿਸਤ੍ਰਿਤ ਰੂਪ ਹੈ, ਜਿਸ ਲਈ ਅਮਰਜੀਤ ਚੰਦਨ ਨੇ ਲੇਖਕ ਨੂੰ ਉਤਸ਼ਾਹਿਤ ਕੀਤਾ। ਪ੍ਰੋ. ਰੌਣਕੀ ਰਾਮ ਨੇ ਇਹ ਕਿਤਾਬ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੀ ਸੀ, ਜਿਸ ਦਾ ਪੰਜਾਬੀ ਅਨੁਵਾਦ ਪ੍ਰੋ. ਪਰਮਿੰਦਰ ਸਿੰਘ ਭੋਗਲ ਨੇ ਕੀਤਾ ਹੈ। ਜਿਵੇਂ ਕਿ ਕਿਤਾਬ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਕਿਸਾਨ ਅੰਦੋਲਨ ਦੇ ਸੌ-ਸਾਲਾ ਸੰਘਰਸ਼ ਨਾਲ ਸੰਬੰਧਿਤ ਹੈ, ਜੋ 1907 ਵਿਚ ਸ਼ੁਰੂ ਹੋਇਆ ਸੀ ਤੇ 11 ਸਤੰਬਰ, 2021 ਨੂੰ ਜੇਤੂ ਦੇ ਰੂਪ ਵਿਚ ਸੰਪੂਰਨ ਹੋਇਆ ਸੀ। ਕਿਤਾਬ ਵਿਚ ਪ੍ਰੋ. ਰੌਣਕੀ ਰਾਮ ਨੇ ਪੰਜਾਬ ਦੇ ਲੰਮੇ ਸ਼ਾਂਤਮਈ ਕਿਸਾਨ ਮੋਰਚੇ ਦਾ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਵਿਵਰਣ ਦਿੱਤਾ ਹੈ।
ਪੱਗੜੀ ਸੰਭਾਲ ਅੰਦੋਲਨ ਦਾ ਪੱਥ ਪ੍ਰਦਰਸ਼ਕ ਅਜੀਤ ਸਿੰਘ ਸੀ, ਜਿਸ ਦਾ ਸ਼ੀਰਸ਼ਕ ਗੀਤ 'ਪਗੜੀ ਸੰਭਾਲ ਓ ਜੱਟਾ' ਬਾਂਕੇ ਦਿਆਲ ਨੇ ਲਿਖਿਆ ਸੀ। ਪੁਸਤਕ ਨੂੰ ਹੋਰ ਵਧੇਰੇ ਗ੍ਰਹਿਣਯੋਗ ਬਣਾਉਣ ਲਈ ਅਮਰਜੀਤ ਚੰਦਨ ਵਲੋਂ ਇਕੱਠੀਆਂ ਕੀਤੀਆਂ ਬਹੁਤ ਸਾਰੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਅੰਦਰਵਾਰ ਪ੍ਰਕਾਸ਼ਿਤ ਹਨ। ਇਸ ਕਿਤਾਬ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਮਰਹੂਮ ਤੇਜਾ ਸਿੰਘ ਸੁਤੰਤਰ (1901-1973), ਜਿਸ ਨੇ ਪੈਪਸੂ ਮੁਜ਼ਾਰਾ ਲਹਿਰ ਦੀ ਅਗਵਾਈ ਕੀਤੀ ਸੀ, ਦਾ ਅਸਲੀ ਨਾਂਅ ਸਮੁੰਦ ਸਿੰਘ ਸੀ। ਓਹਦਾ ਰਾਜਨੀਤਕ ਸਫਰ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਇਆ ਸੀ। ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੇਜਾ ਵਿਚ ਸਥਿਤ ਗੁਰਦੁਆਰਾ ਤੇਜਾ ਵੀਲ੍ਹਾ ਨੂੰ ਧੋਖੇਬਾਜ਼ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ। ਇਥੋਂ ਹੀ ਓਹਦਾ ਨਾਂਅ 'ਤੇਜਾ' ਪੈ ਗਿਆ ਅਤੇ ਉਹਦੇ ਜਥੇ 'ਸੁਤੰਤਰ ਜਥਾ' ਤੋਂ ਉਹਦੇ ਨਾਂਅ ਨਾਲ 'ਸੁਤੰਤਰ' ਜੁੜ ਗਿਆ। ਪੰਜਾਬ, ਭਾਰਤ ਤੇ ਵਿਸ਼ਵ ਵਿਆਪੀ ਖੇਤੀਬਾੜੀ ਤਬਦੀਲੀਆਂ, ਸਮਾਜਿਕ ਅੰਦੋਲਨਾਂ ਵਿਚ ਦਿਲਚਸਪੀ ਰੱਖਣ ਵਾਲੇ ਜਗਿਆਸੂਆਂ ਲਈ ਇਹ ਕਿਤਾਬ ਵਡਮੁੱਲੀ ਸਮੱਗਰੀ ਪ੍ਰਦਾਨ ਕਰਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਕੱਚੀਆਂ-ਪੱਕੀਆਂ
ਲੇਖਕ : ਨਿਰੰਜਨ ਸ਼ਰਮਾ ਸੇਖਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ ਬਰਨਾਲਾ
ਮੁੱਲ : 150 ਰੁਪਏ, ਸਫੇ : 80
ਸੰਪਰਕ : 98760-86563

ਨਿਰੰਜਨ ਸ਼ਰਮਾ ਸੇਖਾ ਜਿਊਂਦੇ ਹਾਸ-ਵਿਅੰਗ ਲੇਖਕਾਂ ਵਿਚੋਂ ਹੁਣ ਸਭ ਤੋਂ ਵਡੇਰੀ ਉਮਰ ਦਾ ਵਿਅੰਗਕਾਰ ਹੈ। ਉਸ ਨੇ ਸਾਰੀ ਉਮਰ ਪੰਜਾਬੀ ਹਾਸ-ਵਿਅੰਗ ਦੇ ਲੇਖੇ ਲਾਈ ਹੈ। 'ਕੱਚ ਦੇ ਟੁਕੜੇ' ਤੋਂ ਸ਼ੁਰੂ ਕਰਕੇ ਉਸ ਨੇ ਮੁੜ ਪਿਛੇ ਮੁੜ ਕੇ ਨਹੀਂ ਦੇਖਿਆ। ਕਿਸੇ ਹੋਰ ਵੰਨਗੀ ਵੱਲ ਮੂੰਹ ਨਹੀਂ ਕੀਤਾ। ਕੇਵਲ ਤੇ ਕੇਵਲ ਹਾਸ ਵਿਅੰਗ ਨੂੰ ਹੀ ਸਮਰਪਿਤ ਰਿਹਾ।
ਇਸ ਪੱਕੀ ਉਮਰ 'ਚ ਵੀ ਉਹ ਹਾਸ-ਵਿਅੰਗ ਲਿਖਣ ਲਈ ਤਤਪਰ ਅਤੇ ਯਤਨਸ਼ੀਲ ਹੈ। ਹਾਲ ਦੀ ਘੜੀ 'ਕੱਚੀਆਂ ਪੱਕੀਆਂ' ਉਸ ਦਾ ਹੁਣੇ ਪ੍ਰਕਾਸ਼ਿਤ ਹੋਇਆ ਹਾਸ-ਵਿਅੰਗ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਵੰਨ-ਸੁਵੰਨੇ ਗਿਆਰਾਂ ਲੇਖ ਸ਼ਾਮਿਲ ਕੀਤੇ ਹਨ।
ਸੇਖਾ ਆਪਣੇ ਲੇਖਾਂ ਨੂੰ ਕਥਾ-ਰਸ ਦੀ ਗੁੜ੍ਹਤੀ ਦਿੰਦਾ ਹੋਇਆ ਵਿਅੰਗ ਵੱਲ ਰੁਚਿਤ ਹੁੰਦਾ ਹੈ। ਕਹਾਣੀ 'ਚੋਂ ਹੀ ਕਟਾਖਸ਼ ਕਰਦਾ ਹੋਇਆ ਵਿਅੰਗ ਦੇ ਆਖਰੀ ਡੰਗ ਤੱਕ ਪੁੱਜਦਾ ਹੈ। ਉਸ ਦੇ ਵਾਰਤਾਲਾਪਾਂ 'ਚੋਂ ਵੀ ਹਾਸ-ਵਿਅੰਗ ਫੁਲਝੜੀ ਵਾਂਗ ਝੜਦਾ ਪ੍ਰਤੀਤ ਹੁੰਦਾ ਹੈ। ਇਕ-ਇਕ ਲੇਖ 'ਚ ਉਹ ਕਈ-ਕਈ ਥਾਈਂ ਚੋਟ ਕਰਦਾ