ਤਾਜਾ ਖ਼ਬਰਾਂ


ਆਈ.ਪੀ.ਐਲ. 2024 - ਰਾਜਸਥਾਨ ਨੇ ਦਿੱਲੀ ਨੂੰ ਜਿੱਤਣ ਲਈ ਦਿੱਤਾ 186 ਦੌੜਾਂ ਦਾ ਟੀਚਾ
. . .  23 minutes ago
ਜੈਪੁਰ, 28 ਮਾਰਚ - ਆਈ.ਪੀ.ਐਲ. 2024 ਦੇ 9ਵੇਂ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 185 ਦੌੜਾਂ ਬਣਾਈਆਂ...
ਅਗਨੀਵੀਰ ਯੋਜਨਾ ਚ ਬਦਲਾਅ ਨੂੰ ਲੈ ਕੇ ਰੱਖਿਆ ਮੰਤਰੀ ਦਾ ਬਿਆਨ ਦਰਸਾਉਂਦਾ ਹੈ ਕਿ ਪਹਿਲਕਦਮੀ ਰਹੀ ਅਸਫਲ - ਖੜਗੇ
. . .  57 minutes ago
ਨਵੀਂ ਦਿੱਲੀ, 28 ਮਾਰਚ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੱਖਿਆ ਮੰਤਰੀ ਦਾ ਬਿਆਨ ਕਿ ਅਗਨੀਵੀਰ ਯੋਜਨਾ ਵਿਚ ਬਦਲਾਅ ਦੀ ਲੋੜ ਹੈ, ਇਹ ਦਰਸਾਉਂਦਾ ਹੈ ਕਿ...
ਭਾਰਤ ਅਗਲੇ ਪੰਜ ਸਾਲਾਂ ਚ ਚੋਟੀ ਦੇ ਪੰਜ ਸੈਮੀਕੰਡਕਟਰ ਉਤਪਾਦਕਾਂ ਦੀ ਲੀਗ ਵਿਚ ਦਾਖ਼ਲ ਹੋਣ ਲਈ ਤਿਆਰ - ਅਸ਼ਵਿਨੀ ਵੈਸ਼ਨਵ
. . .  about 1 hour ago
ਨਵੀਂ ਦਿੱਲੀ, 28 ਮਾਰਚ - ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਅਗਲੇ ਪੰਜ ਸਾਲਾਂ ਵਿਚ ਚੋਟੀ ਦੇ ਪੰਜ ਸੈਮੀਕੰਡਕਟਰ ਉਤਪਾਦਕਾਂ ਦੀ ਲੀਗ ਵਿਚ ਦਾਖ਼ਲ ਹੋਣ ਲਈ ਤਿਆਰ...
ਜਥੇਦਾਰ ਭੁਪਿੰਦਰ ਸਿੰਘ ਅਸੰਧ ਸਰਬਸੰਮਤੀ ਨਾਲ ਦੁਬਾਰਾ ਚੁਣੇ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  about 1 hour ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿਚ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਦੁਬਾਰਾ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੂੰ ਪ੍ਰਧਾਨ...
ਆਈ.ਪੀ.ਐਲ. 2024 : ਦਿੱਲੀ ਕੈਪੀਟਲਸ ਵਲੋਂ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਜੈਪੁਰ, 28 ਮਾਰਚ - ਆਈ.ਪੀ.ਐਲ. 2024 'ਚ ਦਿੱਲੀ ਕੈਪੀਟਲਸ ਦੇ ਕਪਤਾਨ ਨੇ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਮਹਾਰਾਸ਼ਟਰ : ਸ਼ਿਵ ਸੈਨਾ ਵਲੋਂ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  about 1 hour ago
ਮੁੰਬਈ, 28 ਮਾਰਚ - ਸ਼ਿਵ ਸੈਨਾ ਨੇ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ...
10 ਆਈ.ਏ.ਐੱਸ. ਅਫ਼ਸਰਾਂ ਨੂੰ ਦਿੱਤਾ ਗਿਆ ਵਾਧੂ ਚਾਰਜ
. . .  about 2 hours ago
ਚੰਡੀਗੜ੍ਹ, 28 ਮਾਰਚ - ਪੰਜਾਬ ਦੇ ਰਾਜਪਾਲ ਵਲੋਂ ਜਾਰੀ ਪੱਤਰ ਅਨੁਸਾਰ 10 ਆਈ.ਏ.ਐੱਸ. ਅਫ਼ਸਰਾਂ ਨੂੰ ਉਨ੍ਹਾਂ ਦੀਆਂਮੌਜੂਦਾ ਅਸਾਈਨਮੈਂਟਾਂ ਤੋਂ ਇਲਾਵਾ, ਵਾਧੂ ਚਾਰਜ ਦਿੱਤਾ ਗਿਆ...
ਨਹੀਂ ਜਾ ਸਕੇ ਆਪਣੇ ਵਤਨ, ਰਿਹਾਅ ਹੋਏ 2 ਪਾਕਿਸਤਾਨੀ ਨਾਬਾਲਗ
. . .  about 2 hours ago
ਅਟਾਰੀ, 28 ਮਾਰਚ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਭਾਰਤ ਵਲੋਂ ਰਿਹਾਅ ਹੋ ਕੇ ਆਪਣੇ ਵਤਨ ਜਾਣ ਲਈ ਭਾਰਤੀ ਸਰਹੱਦ 'ਤੇ ਪੁੱਜੇ 2 ਪਾਕਿਸਤਾਨੀ ਨਾਬਾਲਗ ਆਪਣੇ ਵਤਨ ਨਹੀਂ ਜਾ ਸਕੇ। ਪਾਕਿਸਤਾਨ ਨਾਬਾਲਗ ਜੋ ਅਗਸਤ 2022 ਵਿਚ ਖੇਮਕਰਨ ਤਰਨਤਾਰਨ...
ਕਪੂਰਥਲਾ : ਜ਼ਿਲ੍ਹੇ ਵਿਚ 8 ਗਰੁੱਪਾਂ ਦੇ 252 ਠੇਕੇ 293.68 ਕਰੋੜ ਚ ਡਰਾਅ ਰਾਹੀਂ ਕੀਤੇ ਅਲਾਟ
. . .  about 3 hours ago
ਕਪੂਰਥਲਾ, 28 ਮਾਰਚ (ਅਮਰਜੀਤ ਕੋਮਲ) - ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 2024-25 ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਦੇ 8 ਗਰੁੱਪਾਂ ਦੇ 252 ਠੇਕੇ 293.68 ਕਰੋੜ ਵਿਚ ਡਰਾਅ...
ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 28 ਮਾਰਚ - ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਭੇਜ ਦਿੱਤਾ...
ਰਾਜਸਥਾਨ : ਸਾਬਕਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਐਨ.ਡੀ.ਪੀ.ਐਸ. ਕੇਸ ਵਿਚ 20 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ
. . .  22 minutes ago
ਪਾਲਨਪੁਰ, (ਰਾਜਸਥਾਨ), 28 ਮਾਰਚ - ਪਾਲਨਪੁਰ ਦੀ ਦੂਜੀ ਵਧੀਕ ਸੈਸ਼ਨ ਅਦਾਲਤ ਨੇ 1996 ਦੇ ਪਾਲਨਪੁਰ ਦੇ ਐਨ.ਡੀ.ਪੀ.ਐਸ. ਕੇਸ ਵਿਚ ਸਾਬਕਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ...
ਸੀਤਾ ਰਾਮ ਮੀਨਾ ਨੂੰ ਨਾਈਜਰ ਗਣਰਾਜ ਚ ਭਾਰਤ ਦਾ ਅਗਲਾ ਰਾਜਦੂਤ ਕੀਤਾ ਗਿਆ ਨਿਯੁਕਤ
. . .  about 3 hours ago
ਨਵੀਂ ਦਿੱਲੀ, 28 ਮਾਰਚ - ਵਿਦੇਸ਼ ਮੰਤਰਾਲੇ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੀਤਾ ਰਾਮ ਮੀਨਾ, ਵਰਤਮਾਨ ਵਿਚ ਮੰਤਰਾਲੇ ਵਿਚ ਡਾਇਰੈਕਟਰ, ਨੂੰ ਨਾਈਜਰ ਗਣਰਾਜ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ...
ਦਿੱਲੀ ਦੇ ਉਪ ਰਾਜਪਾਲ ਨੇ ਕੰਗਨਾ ਰਣੌਤ ਦੇ ਖ਼ਿਲਾਫ਼ ਪੋਸਟ ਦੀ ਦਿੱਲੀ ਪੁਲਿਸ ਕਮਿਸ਼ਨਰ ਤੋਂ ਮੰਗੀ ਵਿਸਤ੍ਰਿਤ ਜਾਂਚ ਰਿਪੋਰਟ
. . .  about 3 hours ago
ਨਵੀਂ ਦਿੱਲੀ, 28 ਮਾਰਚ - ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਦੁਆਰਾ ਕੰਗਨਾ ਰਣੌਤ ਦੇ ਖ਼ਿਲਾਫ਼ ਕੀਤੀ ਅਪਮਾਨਜਨਕ ਪੋਸਟ ਦੀ ਦਿੱਲੀ ਪੁਲਿਸ ਕਮਿਸ਼ਨਰ ਤੋਂ ਵਿਸਤ੍ਰਿਤ ਜਾਂਚ ਰਿਪੋਰਟ ਮੰਗੀ ਹੈ। ਭਾਜਪਾ ਨੇਤਾ...
ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਮੁੜ ਕਾਂਗਰਸ ’ਚ ਸ਼ਾਮਿਲ
. . .  about 3 hours ago
ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ) - ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਬੀਰਮੀ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਮੁੜ ਕਾਂਗਰਸ ਦਾ ਪੱਲਾ ਫੜ੍ਹਿਆ ਹੈ। ਦੋਵੇਂ ਆਗੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ...
ਜਾਂਚ ਏਜੰਸੀ ਆਪਣਾ ਕੰਮ ਕਰ ਰਹੀ ਹੈ - ਕੇਜਰੀਵਾਲ ਦੇ ਈ.ਡੀ. ਰਿਮਾਂਡ 'ਤੇ ਭਾਜਪਾ ਦਿੱਲੀ ਦੇ ਪ੍ਰਧਾਨ ਵਰਿੰਦਰ ਸਚਦੇਵਾ
. . .  about 4 hours ago
ਨਵੀਂ ਦਿੱਲੀ, 28 ਮਾਰਚ - ਜਿਵੇਂ ਕਿ ਦਿੱਲੀ ਦੀ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਈਡੀ ਰਿਮਾਂਡ ਨੂੰ 1 ਅਪ੍ਰੈਲ ਤੱਕ ਵਧਾ ਦਿੱਤਾ ਹੈ, ਭਾਜਪਾ ਦਿੱਲੀ ਦੇ ਪ੍ਰਧਾਨ ਵਰਿੰਦਰ ਸਚਦੇਵਾ...
ਅਸੀਂ ਭਾਜਪਾ-ਐਨ.ਡੀ.ਏ. ਨਾਲ ਸਰਕਾਰ ਨਹੀਂ ਬਣਾ ਸਕਦੇ - ਏ.ਆਈ.ਯੂ.ਡੀ.ਐਫ. ਮੁਖੀ ਬਦਰੂਦੀਨ ਅਜਮਲ
. . .  about 4 hours ago
ਗੁਹਾਟੀ, 28 ਮਾਰਚ - ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ (ਏ.ਆਈ.ਯੂ.ਡੀ.ਐਫ.) ਦੇ ਮੁਖੀ ਬਦਰੂਦੀਨ ਅਜਮਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ...
ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
. . .  about 3 hours ago
ਨਵੀਂ ਦਿੱਲੀ, 28 ਮਾਰਚ - ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦਿੱਲੀ ਦੇ ਰਾਜਘਾਟ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ...
ਮੁੰਬਈ : ਦਿੱਗਜ ਬਾਲੀਵੁੱਡ ਅਦਾਕਾਰ ਗੋਵਿੰਦਾ ਸ਼ਿਵ ਸੈਨਾ ਚ ਸ਼ਾਮਿਲ
. . .  about 4 hours ago
ਮੁੰਬਈ, 28 ਮਾਰਚ - ਦਿੱਗਜ ਬਾਲੀਵੁੱਡ ਅਦਾਕਾਰ ਗੋਵਿੰਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿਚ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਗਏ...
ਨਾਨਕਮੱਤਾ ਗੁਰਦੁਆਰਾ ਡੇਰਾ ਪ੍ਰਮੁੱਖ ਹੱਤਿਆਕਾਂਡ 'ਚ ਸ਼ਾਮਿਲ ਦੋ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ - ਡੀ.ਜੀ.ਪੀ. ਉੱਤਰਾਖੰਡ
. . .  about 4 hours ago
ਦੇਹਰਾਦੂਨ, 28 ਮਾਰਚ - ਨਾਨਕਮੱਤਾ ਗੁਰਦੁਆਰਾ ਡੇਰਾ ਪ੍ਰਮੁੱਖ ਤਰਸੇਮ ਸਿੰਘ ਦੀ ਹੱਤਿਆ ਦੇ ਮਾਮਲੇ 'ਤੇ ਉੱਤਰਾਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਭਿਨਵ ਕੁਮਾਰ ਦਾ ਕਹਿਣਾ ਹੈ, ''ਇਸ ਘਟਨਾ 'ਚ ਸ਼ਾਮਿਲ...
ਜ਼ਹਿਰੀਲੀ ਸ਼ਰਾਬ ਨਾਲ ਨਹੀ, ਸਰਕਾਰੀ ਜ਼ਹਿਰ ਨਾਲ ਮਰੇ ਹਨ ਗਰੀਬ ਵਿਅਕਤੀ - ਚੰਨੀ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 28 ਮਾਰਚ (ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਰਵਿਦਾਸਪੁਰਾ ਟਿੱਬੀ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ...
ਤੇਲੰਗਾਨਾ : ਸੰਸਦ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੰਦੀ ਸੰਜੇ ਕੁਮਾਰ ਅਤੇ 9 ਹੋਰਾਂ ਵਿਰੁੱਧ ਮਾਮਲਾ ਦਰਜ
. . .  about 5 hours ago
ਹੈਦਰਾਬਾਦ, 28 ਮਾਰਚ - ਤੇਲੰਗਾਨਾ ਦੇ ਕਰੀਮਨਗਰ ਦੇ ਸੰਸਦ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੰਦੀ ਸੰਜੇ ਕੁਮਾਰ ਅਤੇ 9 ਹੋਰਾਂ ਵਿਰੁੱਧ ਪੁਲਿਸ ਨੂੰ ਡਿਊਟੀ ਨਿਭਾਉਣ ਤੋਂ ਰੋਕਣ ਅਤੇ ਚੇਂਗੀਚੇਰਲਾ...
ਅਮਰੀਕੀ ਡਿਪਲੋਮੈਟ ਵਲੋਂ ਹਾਲ ਹੀ ਵਿਚ ਕੀਤੀ ਗਈ ਟਿੱਪਣੀ ਗੈਰਵਾਜਬ - ਵਿਦੇਸ਼ ਮੰਤਰਾਲਾ
. . .  about 5 hours ago
ਨਵੀਂ ਦਿੱਲੀ, 28 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ 'ਤੇ ਟਿੱਪਣੀਆਂ 'ਤੇ ਭਾਰਤ ਵਲੋਂ ਅਮਰੀਕੀ ਡਿਪਲੋਮੈਟ ਨੂੰ ਤਲਬ ਕਰਨ 'ਤੇ, ਵਿਦੇਸ਼ ਮੰਤਰਾਲੇ...
ਕੇਜਰੀਵਾਲ ਨੂੰ ਨੈਤਿਕ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ - ਭਾਜਪਾ ਆਗੂ ਗੌਰਵ ਭਾਟੀਆ
. . .  about 5 hours ago
ਨਵੀਂ ਦਿੱਲੀ, 28 ਮਾਰਚ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਗੌਰਵ ਭਾਟੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ...
ਆਈ.ਪੀ.ਐਲ. 2024 'ਚ ਅੱਜ ਦਿੱਲੀ ਦਾ ਮੁਕਾਬਲਾ ਰਾਜਸਥਾਨ ਨਾਲ
. . .  about 2 hours ago
ਜੈਪੁਰ, 28 ਮਾਰਚ - ਆਈ.ਪੀ.ਐਲ. 2024 'ਚ ਅੱਜ ਦਿੱਲੀ ਕੈਪੀਟਲਸ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਜੈਪੁਰ ਵਿਖੇ ਇਹ ਮੈਚ ਸ਼ਾਮ 7.30 ਵਜੇ ਖੇਡਿਆ...
ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਈ.ਡੀ. ਰਿਮਾਂਡ
. . .  about 5 hours ago
ਨਵੀਂ ਦਿੱਲੀ, 28 ਮਾਰਚ - ਆਬਕਾਰੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਦਾ ਈ.ਡੀ. ਰਿਮਾਂਡ 1 ਅਪ੍ਰੈਲ ਤੱਕ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਜੇਠ ਸੰਮਤ 555
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਕਿਤਾਬਾਂ

21-05-2023

 ਜ਼ਿੰਦਗੀ ਦੇ ਸਬਕ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 94179-49079


ਅਮਰਜੀਤ ਬਰਾੜ 2003 ਤੋਂ ਲੇਖਨ ਦੇ ਖੇਤਰ ਵਿਚ ਹੈ। ਉਹ ਹੁਣ ਤੱਕ 9 ਕਿਤਾਬਾਂ ਪੰਜਾਬੀ ਵਿਚ ਅਤੇ 1 ਹਿੰਦੀ ਵਿਚ ਲਿਖ ਚੁੱਕਾ ਹੈ। ਉਸ ਦੀਆਂ ਪੁਸਤਕਾਂ ਦੇ ਸਿਰਲੇਖ ਜੀਵਨ ਨੂੰ ਆਦਰਸ਼ਕ ਅਤੇ ਚੰਗੇਰਾ ਬਣਾਉਣ ਵੱਲ ਰੁਚਿਤ ਹਨ, ਜਿਵੇਂ ਸ਼ਖ਼ਸੀਅਤ ਜ਼ਿੰਦਗੀ ਦੀ ਦੌਲਤ, ਆਦਰਸ਼ ਜ਼ਿੰਦਗੀ ਖੋਜ, ਜ਼ਿੰਦਗੀ ਦਾ ਤੀਜਾ ਨੇਤਰ, ਕਵਿਤਾ ਵਰਗੀ ਜ਼ਿੰਦਗੀ, ਜ਼ਿੰਦਗੀ ਦਾ ਸਿਰਨਾਵਾਂ ਅਤੇ ਹੁਣ ਇਹ ਵਿਚਾਰ ਅਧੀਨ 10ਵੀਂ ਪੰਜਾਬੀ ਪੁਸਤਕ - ਜ਼ਿੰਦਗੀ ਦੇ ਸਬਕ। ਉਸ ਦੀਆਂ ਲਿਖਤਾਂ ਅਕਸਰ 'ਅਜੀਤ' ਦੇ ਪੰਨਿਆਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ।
ਜ਼ਿੰਦਗੀ ਦੇ ਸਬਕ, ਜਿਸ ਨੂੰ ਲੇਖਕ ਨੇ ਅੰਗਰੇਜ਼ੀ ਵਿਚ 'A Path to Happiness and Success ਦਾ ਨਾਂਅ ਦਿੱਤਾ ਹੈ, ਵਿਚ ਛੋਟੇ-ਛੋਟੇ 48 ਲੇਖ ਹਨ, ਜੋ ਜ਼ਿਆਦਾ ਕਰਕੇ 3-3 ਪੰਨਿਆਂ ਤੱਕ ਸੀਮਿਤ ਹਨ। ਇਨ੍ਹਾਂ ਲੇਖਾਂ ਵਿਚ ਸਾਡੀ ਆਮ ਜ਼ਿੰਦਗੀ ਦੇ ਨਿੱਕੇ-ਨਿੱਕੇ ਸੁਹਜ ਸੁਖਨ ਵਿਚਾਰ ਹਨ। ਇਹ ਵਿਚਾਰ ਜੀਵਨ ਨੂੰ ਸਲੀਕੇਦਾਰ ਬਣਾਉਣ ਵਿਚ ਸਹਾਈ ਹੋ ਸਕਦੇ ਹਨ। ਅਜਿਹੀਆਂ ਪੁਸਤਕਾਂ ਅੰਗਰੇਜ਼ੀ ਵਿਚ ਤਾਂ ਆਮ ਮਿਲ ਜਾਂਦੀਆਂ ਹਨ ਪਰ ਪੰਜਾਬੀ ਵਿਚ ਕੁਝ ਕੁ ਲੇਖਕਾਂ (ਡਾ. ਟੀ. ਆਰ. ਸ਼ਰਮਾ, ਡਾ. ਨਰਿੰਦਰ ਸਿੰਘ ਕਪੂਰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਦਿ) ਨੇ ਹੀ ਆਦਰਸ਼ਕ ਜੀਵਨ ਵਾਲੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ। ਅਮਰਜੀਤ ਬਰਾੜ ਦੀ ਇਸ ਪੁਸਤਕ ਵਿਚਲੇ ਲੇਖਾਂ ਦੇ ਸਿਰਲੇਖਾਂ ਤੋਂ ਹੀ ਇਨ੍ਹਾਂ ਵਿਚਲੀ ਤਾਸੀਰ ਦੀ ਜਾਣਕਾਰੀ ਮਿਲਦੀ ਹੈ। ਜਿਵੇਂ ਸਾਦਗੀ, ਸਬਕ, ਸਮਝ, ਸਿਰਜਣਾ, ਸੰਗਤ, ਪਿਆਰ, ਗੁਆਂਢੀ, ਕਿਰਦਾਰ, ਖ਼ੂਬਸੂਰਤੀ, ਮੁਆਫ਼ੀ, ਸ਼ਖ਼ਸੀਅਤ, ਜ਼ਿੱਦੀ, ਸਸਕਾਰ, ਵਤੀਰਾ, ਰਸਤੇ, ਸਫ਼ਲਤਾ, ਗੁੱਸਾ ਆਦਿ। ਪੁਸਤਕ ਵਿਚਲੇ ਕੁਝ ਅਨਮੋਲ ਵਿਚਾਰ :
* ਜੋ ਚੰਗਾ ਲੱਗੇ ਉਹਨੂੰ ਸੇਵ ਕਰੋ, ਜੋ ਖ਼ੁਸ਼ੀ ਦੇਵੇ ਉਹਨੂੰ ਫ਼ਾਰਵਰਡ ਕਰੋ ਅਤੇ ਜੋ ਚੰਗਾ ਨਾ ਲੱਗੇ ਉਹਨੂੰ ਡਿਲੀਟ ਕਰੋ। (17)
* ਕੋਸ਼ਿਸ਼ ਇਕੱਲਿਆਂ ਹੀ ਕਰਨੀ ਪੈਂਦੀ ਹੈ। (169)
* ਲਗਾਤਾਰ ਅਭਿਆਸ ਅਤੇ ਯਤਨਾਂ ਵਿਚੋਂ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। (190)
* ਸਲੀਕੇ ਨਾਲ ਗੱਲਬਾਤ ਕਰਨਾ ਕਿਸੇ ਵੀ ਵਿਅਕਤੀ ਦਾ ਸਭ ਤੋਂ ਖ਼ੂਬਸੂਰਤ ਗਹਿਣਾ ਹੈ। (194)
* ਬਿਨਾਂ ਮਨੋਰਥ ਤੋਂ ਜ਼ਿੰਦਗੀ ਬਿਨਾਂ ਪਤਾ ਲਿਖੀ ਚਿੱਠੀ ਵਾਂਗ ਹੈ, ਜੋ ਕਿਤੇ ਨਹੀਂ ਪਹੁੰਚਦੀ। (204)
ਇਸ ਤਰ੍ਹਾਂ ਦੀਆਂ ਹੋਰ ਵੀ ਸੇਧਮਈ ਉਕਤੀਆਂ ਨਾਲ ਭਰੀ ਪਈ ਹੈ ਇਹ ਕਿਤਾਬ, ਜਿਨ੍ਹਾਂ ਨੂੰ ਸਿਰਫ਼ ਪੜ੍ਹਨਾ ਹੀ ਕਾਫ਼ੀ ਨਹੀਂ, ਅਮਲ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਅਮਰਜੀਤ ਬਰਾੜ ਨੂੰ ਅਜਿਹੀ ਗਿਆਨਮਈ ਕਿਤਾਬ ਲਿਖਣ ਲਈ ਮੁਬਾਰਕ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਟਰਾਲੀ ਯੁੱਗ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 95309-44345


ਬਲਬੀਰ ਪਰਵਾਨਾ ਦਾ ਨਾਵਲ 'ਟਰਾਲੀ ਯੁੱਗ' ਕੋਰੋਨਾ ਸੰਕਟ ਤੇ ਕਿਸਾਨ ਅੰਦੋਲਨ ਦਾ ਬਿਰਤਾਂਤ ਹੈ। 'ਸਿਆੜਾਂ ਦੀ ਕਰਵਟ' ਦਾ ਅਗਲਾ ਭਾਗ 'ਟਰਾਲੀ ਯੁੱਗ' ਹੈ। ਪਾਤਰ, ਘਟਨਾਵਾਂ, ਸਮਾਜਕ ਸਿਸਟਮ ਦੋਵਾਂ ਨਾਵਲਾਂ ਦੇ ਪਾਠ ਵਿਚ ਸਾਂਝੇ ਹਨ। ਕੋਰੋਨਾ ਸੰਕਟ ਦੌਰਾਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨੀ ਅੰਦੋਲਨ ਨੇ ਸਰਕਾਰੀ ਸਿਸਟਮ ਨੂੰ ਵੰਗਾਰਿਆ। ਇਸ ਸ਼ਾਂਤਮਈ ਅੰਦੋਲਨ ਨੇ 'ਸਮਾਜਿਕ ਏਕਤਾ' ਕਾਇਮ ਕੀਤੀ, ਜਿਸ ਨਾਲ ਕੌਮਾਂਤਰੀ ਪੱਧਰ 'ਤੇ ਪਛਾਣ ਬਣੀ। ਅੰਦੋਲਨ ਨੇ ਖੇਤੀ ਕਾਨੂੰਨਾਂ ਤੱਕ ਸੀਮਤ ਨਾ ਰਹਿ ਕੇ ਸਾਮਰਾਜਵਾਦੀ ਉਪਭੋਗਤਾਵਾਦੀਆਂ ਵਿਰੁੱਧ ਸਾਂਝੀਵਾਲਤਾ ਦੀ ਲਹਿਰ ਪੈਦਾ ਕੀਤੀ। ਨਾਵਲੀ ਬਿਰਤਾਂਤ ਵਿਚ ਕਿਸਾਨ, ਮਜ਼ਦੂਰ, ਦਲਿਤ, ਘੱਟ ਗਿਣਤੀਆਂ ਅਤੇ ਹਾਸੀਆਗਤ ਧਿਰਾਂ ਨੂੰ ਇਕ ਮੰਚ ਪ੍ਰਦਾਨ ਕੀਤਾ ਜਿਥੇ ਖੁੱਲ੍ਹ ਕੇ ਵਿਚਾਰ-ਚਰਚਾ ਹੋਈ। ਨਾਵਲ ਦੇ ਪਾਤਰ ਪਾਲ ਤੇ ਸੁਖਜੀਤ ਨੇ ਆਮ ਪਾਰਟੀ ਨਾਲ ਜੁੜ ਕੇ ਪ੍ਰਚਾਰ ਕੀਤਾ। ਨਾਵਲ ਵਿਧਾਨ ਸਭਾ ਚੋਣਾਂ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ। ਇਸ ਸਮੇਂ ਕਿਸਾਨ ਜਥੇਬੰਦੀਆਂ ਆਪੋ-ਆਪਣਾ ਰਾਗ ਅਲਾਪ ਰਹੀਆਂ ਸਨ। ਪ੍ਰੋ. ਰਵਿੰਦਰ ਦੀ ਦੂਰ-ਦ੍ਰਿਸ਼ਟੀ ਸੱਤਾ ਪ੍ਰਾਪਤੀ ਦੀ ਭੁੱਖ ਵਾਲੇ ਲੋਕਾਂ ਬਾਰੇ ਜਾਣਦੀ ਸੀ।
ਪਰਵਾਨਾ ਉਸ ਸਮੇਂ ਚੱਲ ਰਹੀ ਰਾਜਨੀਤੀ ਦੀ ਖੇਡ ਨੂੰ ਸਮਝਦਾ ਸੀ। ਪਾਤਰ ਦਲੀਪ, ਮਨਿੰਦਰ, ਪੰਮੀ, ਮੀਤ, ਹਰਮਨ ਸਮਾਜਕ ਤਾਣੇ-ਬਾਣੇ ਦੀਆਂ ਗੁੰਝਲਾਂ ਬਾਰੇ ਜਾਣਕਾਰੀ ਰੱਖਦੇ ਹਨ। ਮਨਿੰਦਰ ਤਤਪਰ ਰੂਪ ਵਿਚ ਸੰਘਰਸ਼ਸ਼ੀਲ ਰਸਤਾ ਅਖ਼ਤਿਆਰ ਕਰਦੀ ਹੈ। ਜੇਕਰ ਦਲੀਪ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਕਾਰਪੋਰੇਟਾਂ ਦੀਆਂ ਨਿਆਮਤਾਂ ਦਾ ਡੰਗਿਆ ਹੋਇਆ ਸੀ ਪਰ ਕਿਸਾਨੀ ਅੰਦੋਲਨ ਨੇ ਦਲੀਪ ਸਿੰਘ ਵਰਗੇ ਕਈ ਪਰਿਵਾਰਾਂ ਨੂੰ ਪਛਾਣ ਦਿੱਤੀ, ਜਿਸ ਨਾਲ ਬਰਾਬਰੀ ਦਾ ਅਹਿਸਾਸ ਕਾਇਮ ਹੋਇਆ। ਮਸ਼ੀਨਰੀ ਦੀ ਵਧ ਰਹੀ ਵਰਤੋਂ ਨੇ ਕਿਸਾਨਾਂ ਉੱਤੇ ਬੁਰਾ ਪ੍ਰਭਾਵ ਪਾਇਆ। ਨਾਵਲੀ ਬਿਰਤਾਂਤ ਵਿਚ ਸਪੱਸ਼ਟ ਹੁੰਦਾ ਹੈ ਕਿ ਕਿਸਾਨੀ ਅੰਦੋਲਨ ਨੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਸੋਚਣ ਤੇ ਸਮਝਣ ਦਾ ਪਲੇਟਫਾਰਮ ਦਿੱਤਾ ਅਤੇ ਸਰਕਾਰਾਂ ਤੋਂ ਪ੍ਰਸ਼ਨ ਪੁੱਛਣ ਦਾ ਹੌਸਲਾ ਬਖ਼ਸ਼ਿਆ। ਦਲੀਲ ਤੇ ਤੱਥਾਂ ਆਧਾਰਿਤ ਗੱਲ ਕਰਨ ਦਾ ਵਾਤਾਵਰਨ ਪੈਦਾ ਹੋਇਆ। ਇਹੋ ਕਾਰਨ ਹੈ ਕਿ ਦਲੀਪ ਸਿੰਘ ਦਾ ਪਰਿਵਾਰ 'ਮਾਡਲ ਪਰਿਵਾਰ' ਦੇ ਰੂਪ ਵਿਚ ਉੱਭਰਦਾ ਹੈ।
'ਟਰਾਲੀ ਯੁੱਗ' ਵਿਚ ਵਰਤਮਾਨ ਵਰਤਾਰਿਆਂ ਬਾਰੇ ਜਾਣਕਾਰੀ ਦੇ ਕੇ ਪਾਠਕ ਦੇ ਗਿਆਨ ਵਿਚ ਵਾਧਾ ਕੀਤਾ ਹੈ। ਮੰਡੀਕਰਨ ਦੇ ਦੌਰ ਵਿਚ ਆਰਥਿਕ ਹੀਣਤਾ ਨਾਲ ਜੂਝਦੇ ਲੋਕਾਂ ਦੀ ਸਮਾਜਿਕ ਸਿਸਟਮ ਵਿਚ ਘੱਟ ਰਹੇ ਰੁਤਬੇ ਦੀ ਤਸਵੀਰ ਉੱਭਰਦੀ ਹੈ। ਮਨਿੰਦਰ ਦੀ ਤਨਖ਼ਾਹ ਨਾਲ 'ਮੀਤ ਤੇ ਜੱਗੀ' ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਇਸ ਕਾਰਨ ਤੇਜੋ, ਮਨਿੰਦਰ ਦਾ ਵਿਆਹ ਕਰਨ ਵਿਚ ਦੇਰੀ ਕਰ ਰਹੀ ਹੈ, ਭਾਵੇਂ ਕਿ ਉਸ ਦੀ ਮਾਨਸਿਕਤਾ ਵਿਚ ਧੀ ਦੀ ਕਮਾਈ ਖਾਣ ਦਾ ਪਾਪ ਵੀ ਸਿਰ ਚੁੱਕਦਾ ਹੈ ਪਰ ਸਮਾਜਿਕ ਲੋੜਾਂ ਦੇ ਸਾਹਮਣੇ ਆਦਰਸ਼ਮਈ ਗੱਲਾਂ ਖੀਣ ਹੋ ਜਾਂਦੀਆਂ ਹਨ। ਕਿਸਾਨੀ ਅੰਦੋਲਨ ਨੇ ਸਕਾਰਾਤਮਕ ਦ੍ਰਿਸ਼ਟੀ ਨੇ ਆਮ ਲੋਕਾਈ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਕੇ ਪੁਲਿਸ ਤੰਤਰ ਦੀ ਦਹਿਸ਼ਤ ਦਾ ਖ਼ਾਤਮਾ ਕਰ ਦਿੱਤਾ। ਇਥੋਂ ਤੱਕ ਕਿ ਵੋਟਾਂ ਮੰਗਣ ਆਉਣ ਵਾਲੇ ਨੇਤਾਵਾਂ ਤੋਂ ਸਵਾਲ ਪੁੱਛਣ ਦੀ ਕ੍ਰਾਂਤੀਕਾਰੀ ਸੋਚ ਕਾਇਮ ਹੋਈ। ਪਰਵਾਨਾ ਨੇ ਆਰਥਿਕ ਵਿਸ਼ਵੀਕਰਨ ਦੀ ਉਪਭੋਗਤਾ, ਪੰਜਾਬ ਦੀ ਖੰਡਤ ਸੰਵੇਦਨਾ ਅਤੇ ਕਮਿਊਨਿਸਟ ਧਿਰਾਂ ਦੇ ਬਹੁਪਸਾਰੀ ਸੰਕਟਾਂ ਨੂੰ ਬਿਰਤਾਂਤ ਦਾ ਹਿੱਸਾ ਬਣਾਇਆ ਹੈ। ਪਾਤਰਾਂ ਦੇ ਵਿਵਹਾਰ ਰਾਹੀਂ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ, ਘਰ ਦੀ ਸਥਿਤੀ, ਸਮਾਜਿਕ ਸਿਸਟਮ ਵਿਚ ਮਨੁੱਖੀ ਹੋਣੀ ਨੂੰ ਉਜਾਗਰ ਕੀਤਾ ਹੈ। ਸਰਮਾਏਦਾਰੀ ਨੇ ਕਾਰਪੋਰੇਟ ਵਿਕਾਸ ਮਾਡਲ ਰਾਹੀਂ ਖੇਤੀ ਨੂੰ ਸੰਕਟਗ੍ਰਸਤ ਕੀਤਾ ਅਤੇ ਖੇਤ ਤੇ ਖੇਤੀ ਨੂੰ ਆਪਣੇ ਅਧੀਨ ਕਰਨ ਲਈ ਸਰਕਾਰਾਂ ਨਾਲ ਮਿਲ ਕੇ ਨੀਤੀਆਂ ਤਿਆਰ ਕੀਤੀਆਂ। ਕਿਸਾਨੀ ਅੰਦੋਲਨ, ਕੋਰੋਨਾ ਸੰਕਟ, ਦਲਿਤ ਸੰਵੇਦਨਾ, ਨਾਰੀ ਚੇਤਨਾ, ਟਰੇਡ ਯੂਨੀਅਨਾਂ ਦੇ ਸੰਘਰਸ਼ ਆਦਿ ਬਿਰਤਾਂਤ ਪ੍ਰਮੁੱਖਤਾ ਵਜੋਂ ਦ੍ਰਿਸ਼ਟੀਗੋਚਰ ਹੁੰਦੇ ਹਨ। ਕਿਸਾਨੀ ਅੰਦੋਲਨ ਤੇ ਕੋਰੋਨਾ ਸੰਕਟ ਨਾਲ ਸੰਬੰਧਿਤ ਪਰਮਜੀਤ ਜੱਜ ਦਾ 'ਕੋਰੋਨਾ ਤੇ ਕਿਸਾਨ' ਪਰਵਾਨਾ ਦਾ 'ਟਰਾਲੀ ਯੁੱਗ' ਧਰਮ ਸਿੰਘ ਕੰਮੇਆਣਾ ਦਾ '378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ' ਆਦਿ ਪ੍ਰਮੁੱਖ ਨਾਵਲ ਹਨ। ਪਾਠਕ ਵਰਗ ਲਈ ਪੜ੍ਹਣਯੋਗ ਨਾਵਲ ਹਨ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810


ਭਾਰਤੀ ਸੰਗੀਤ ਦੇ ਸੰਗੀਤਾਚਾਰੀਆ
ਲੇਖਕ : ਪ੍ਰੋ. ਜਗਪਿੰਦਰਪਾਲ ਸਿੰਘ
ਪ੍ਰਕਾਸ਼ਕ : ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਪਬਲੀਕੇਸ਼ਨ ਬਿਊਰੋ
ਮੁੱਲ : 190 ਰੁਪਏ, ਸਫ਼ੇ : 97
ਸੰਪਰਕ : 99881-19876


ਸੰਗੀਤ ਇਕ ਐਸਾ ਅਨਹਦ ਨਾਦ ਹੈ, ਜਿਸ ਦੀ ਹਰ ਸੁਰ ਵਿਚ ਪਰਮਾਤਮਾ ਦਾ ਨਿਵਾਸ ਹੈ। ਤਾਨਸੈਨ, ਬੈਜੂਬਾਵਰਾ ਆਦਿ ਮਹਾਨ ਸੰਗੀਤਕਾਰ ਜਦੋਂ ਸੰਗੀਤਕ ਲਹਿਰਾਂ ਵਿਚ ਲੀਨ ਹੋ ਕੇ ਰਾਗ ਅਲਾਪਦੇ ਸਨ ਤਾਂ ਉਸ ਸਮੇਂ ਸਰੋਤੇ ਪਰਮ ਅਨੰਦ ਮਾਣਦੇ ਹੋਏ ਮਾਨੋ ਪਰਮਾਤਮਾ ਨਾਲ ਇਕਮਿਕ ਹੋ ਜਾਂਦੇ ਸਨ। ਤਾਨਸੈਨ, ਪੰਡਿਤ ਵਿਸ਼ਣੂ ਨਾਰਾਇਣ ਭਾਤ ਖੰਡੇ, ਅਬਦੁਲ ਕਰੀਮ ਖਾਂ ਸਾਹਿਬ, ਪੰਡਿਤ ਦਲੀਪ ਚੰਦਰ ਵੇਦੀ, ਪੰਡਿਤ ਕੁਮਾਰ ਗੰਧਰਵ, ਪੰਡਿਤ ਵਿਸ਼ਣੂ ਦਿਗੰਬਰ ਪਲੁਸਕਰ, ਸਰਦਾਰ ਸੋਹਨ ਸਿੰਘ, ਪੰਡਿਤ ਓਮਕਾਰ ਨਾਥ ਠਾਕੁਰ, ਉਸਤਾਦ ਬੜੇ ਗ਼ੁਲਾਮ ਅਲੀ ਖਾਂ, ਉਸਤਾਦ ਅਮੀਰ ਖਾਂ, ਪੰਡਿਤ ਭੀਮ ਸੈਨ ਜੋਸ਼ੀ, ਕਿਸ਼ੋਰੀ ਆਮੈਨਕਰ, ਉਸਤਾਦ ਰਾਸ਼ੀਦ ਖਾਂ, ਪੰਡਿਤ ਅਜੈ ਚੱਕਰਬਰਤੀ, ਗੰਗੂਬਾਈ ਹੰਗਲ, ਪੰਡਿਤ ਜਸਰਾਜ, ਕ੍ਰਿਸ਼ਨ ਰਾਓ ਸ਼ੰਕਰ ਪੰਡਿਤ, ਪੰਡਿਤ ਵਿਨਾਇਕ ਰਾਓ ਪਟਵਰਧਨ, ਸਵਾਮੀ ਹਰੀਦਾਸ ਤੇ ਪੰਡਿਤ ਗੁਜਰ ਰਾਮ ਆਦਿ ਉੱਚ-ਕੋਟੀ ਦੇ ਸੰਗੀਤਕਾਰਾਂ ਦੁਆਰਾ ਲਾਸਾਨੀ ਸੰਗੀਤਕ ਪਰਪਾਟੀਆਂ ਚਲਾਈਆਂ ਗਈਆਂ। ਪ੍ਰੋ. ਜਗਪਿੰਦਰਪਾਲ ਸਿੰਘ ਨੇ ਉਪਰੋਕਤ ਸੰਗੀਤ ਸ਼ਾਸਤਰੀਆਂ ਬਾਰੇ ਇਸ ਪੁਸਤਕ ਵਿਚ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ਸ਼ਾਸਤਰੀ ਸੰਗੀਤਕਾਰਾਂ ਦੀ ਭਾਰਤੀ ਸੰਗੀਤ ਨੂੰ ਬਹੁਤ ਵੱਡੀ ਦੇਣ ਬਾਰੇ ਵੀ ਚਾਨਣ ਪਾਇਆ ਹੈ, ਜਿਸ ਤੋਂ ਭਾਰਤੀ ਸੰਗੀਤ ਦੇ ਮਹਾਨ ਵਿਰਸੇ ਦਾ ਗਿਆਨ ਹੁੰਦਾ ਹੈ। ਸੰਗੀਤਕਾਰਾਂ ਦੀਆਂ ਜੀਵਨੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ, ਜੋ ਪੁਸਤਕ ਨੂੰ ਹੋਰ ਵੀ ਦਿਲਖਿੱਚਵੀਂ ਬਣਾਉਂਦੀਆਂ ਹਨ। ਸੰਗੀਤ ਵਿਦਿਆਰਥੀਆਂ ਦੇ ਸਿਲੇਬਸ ਅਨੁਸਾਰ ਲਿਖੀ ਇਹ ਪੁਸਤਕ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਲਈ ਜਾਣਕਾਰੀ ਭਰਪੂਰ ਰਚਨਾ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241


ਰਿਸ਼ਤਿਆਂ ਦਾ ਨਿੱਘ
ਲੇਖਿਕਾ : ਪੁਨੀਤ ਗੁਪਤਾ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 97791-17238


ਨੌਜਵਾਨ ਲੇਖਿਕਾ ਪੁਨੀਤ ਗੁਪਤਾ ਆਪਣੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ 'ਰਿਸ਼ਤਿਆਂ ਦਾ ਨਿੱਘ' ਦੀਆਂ 56 ਮਿੰਨੀ ਕਹਾਣੀਆਂ ਰਾਹੀਂ ਪਾਠਕ ਦੀ ਕਚਹਿਰੀ ਵਿਚ ਹਾਜ਼ਿਰ ਹੋਈ ਹੈ। ਬਦਲਦੇ ਸਮਾਜਿਕ ਯਥਾਰਥ ਨਾਲ-ਨਾਲ ਵਿਸ਼ਾ-ਵਸਤੂ ਵੀ ਆਪਣੀ ਢੁਕਵੀਂ ਸਾਹਿਤਕ ਵਿਧਾ ਆਪ ਤਲਾਸ਼ ਲੈਂਦੀ ਹੈ। ਅਸੀਂ ਵਿਰਾਟ ਤੋਂ ਸੂਖਮ ਵੱਲ ਜਾ ਰਹੇ ਹਾਂ, ਇਸ ਲਈ ਸਮਾਜ ਦੇ ਹਰੇਕ ਸੂਖ਼ਮ ਵਰਤਾਰੇ ਨੂੰ ਪੇਸ਼ ਕਰਨ ਲਈ ਮਨੁੱਖ ਦੀ ਛਿਣ ਭੇਗਰੀ ਸੋਚ ਨੂੰ ਪ੍ਰਦਰਸ਼ਿਤ ਕਰਨ ਲਈ ਮਿੰਨੀ ਕਹਾਣੀ ਹੋਂਦ ਵਿਚ ਆਈ ਅਤੇ ਇਕ ਢੁਕਵੀਂ ਵਿਧਾ ਵਜੋਂ ਮਕਬੂਲ ਹੋਈ ਹੈ। ਪੁਨੀਤ ਗੁਪਤਾ ਵੀ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਰਾਹੀਂ ਨਾ ਸਿਰਫ਼ ਅਜੋਕੇ ਯਥਾਰਥ ਸਗੋਂ ਤੇਜ਼ੀ ਨਾਲ ਬਦਲ ਰਹੇ ਮਨੁੱਖੀ ਸਰੋਕਾਰਾਂ ਦੀਆਂ ਸੂਖ਼ਮ ਤੰਦਾਂ ਦੀ ਨਿਸ਼ਾਨਦੇਹੀ ਕਰਦੀ ਹੈ, ਸਗੋਂ ਉਸ ਨੂੰ ਚੰਦ ਕੁ ਸਤਰਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਤੁਤ ਕਰਨ ਦਾ ਉਪਰਾਲਾ ਵੀ ਕਰਦੀ ਹੈ। ਮਿੰਨੀ ਕਹਾਣੀ ਨੂੰ ਮਹਿਜ ਇਕ ਕਥਨ, ਲਤੀਫ਼ੇ ਜਾਂ ਉਪਦੇਸ਼ਾਤਮਕ ਨਸੀਹਤ ਤੋਂ ਬਚਾਉਣਾ ਮਿੰਨੀ ਕਹਾਣੀ ਲੇਖਕ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਵਿਚ ਪੁਨੀਤ ਗੁਪਤਾ ਸਫ਼ਲ ਰਹੀ ਹੈ। ਲੇਖਿਕਾ ਦੇ ਸੰਵੇਦਨਸ਼ੀਲ ਮਨ ਅਤੇ ਘੋਖਵੀਂ-ਪਾਰਖੂ ਨਜ਼ਰ ਨੇ ਸਮਾਜ ਵਿਚਲੀਆਂ ਵਿਸੰਗਤੀਆਂ, ਵਿਡੰਬਨਾਵਾਂ, ਵਿਦਰੂਪਤਾਵਾਂ ਤੇ ਵਿਭਿੰਨਤਾਵਾਂ ਨੂੰ ਮਹਿਸੂਸ ਕਰਕੇ ਸ਼ਬਦਾਂ ਰਾਹੀਂ ਉਸ ਦਾ ਬੋਧ ਕਰਾਉਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਮਿੰਨੀ ਕਹਾਣੀਆਂ ਨੂੰ ਪੜ੍ਹਨ ਉਪਰੰਤ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਕਿ ਨਵੀਂ ਨਰੋਈ ਪੀੜ੍ਹੀ ਵੀ ਸਵਾਰਥੀ ਰਿਸ਼ਤਿਆਂ ਵਿਚਲੀਆਂ ਤਰੇੜਾਂ, ਵਿਦੇਸ਼ਾਂ ਵੱਲ ਰੁਝਾਨ ਤੇ ਉਡਾਨ, ਤੇਜ਼ੀ ਨਾਲ ਬਦਲ ਰਿਹਾ ਰਹਿਣ-ਸਹਿਣ, ਖਾਣ-ਪੀਣ, ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ, ਮਾਂ-ਪਿਓ, ਬਜ਼ੁਰਗਾਂ ਤੋਂ ਵਧਦੀ ਵਿਥ, ਨਿੱਕੀ ਉਮਰੇ ਤਣਾਅ, ਉਨੀਂਦਰਾਪਣ, ਡਿਪਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ, ਨੈਤਿਕਤਾ ਵਿਚ ਨਿਘਾਰ, ਘਟਦੀ ਭਾਈਚਾਰਕ ਸਾਂਝ, ਔਰਤ ਦੇ ਅਸਤਿਤਵ ਅਤੇ ਪਰਿਵਾਰਕ ਰਿਸ਼ਤਿਆਂ ਦਾ ਉਲਝਦਾ ਜਾਂਦਾ ਤਾਣਾ ਪੇਟਾ ਆਦਿ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਹੀ ਹੈ ਤਾਹੀਓਂ ਉਪਰੋਕਤ ਸਮਾਜਿਕ ਵਰਤਾਰੇ ਪੁਨੀਤ ਗੁਪਤਾ ਦੀਆਂ ਮਿੰਨੀ ਕਹਾਣੀਆਂ ਦੇ ਵਿਸ਼ੇ ਬਣੇ ਹਨ। ਇਨ੍ਹਾਂ ਵਿਚ ਵਿਸ਼ਿਮਾਂ ਦੇ ਨਾਲ-ਨਾਲ ਲੇਖਿਕਾ ਦੀ ਭਾਸ਼ਾਸ਼ੈਲੀ ਦਾ ਨਰੋਆਪਣ ਵੀ ਝਲਕਦਾ ਹੈ। ਤੰਜ਼, ਕਟਾਖ਼ਸ਼, ਵਿਅੰਗ ਦੀ ਢੁੱਕਵੀਂ ਵਰਤੋਂ ਕਰਦਿਆਂ ਮੁਹਾਵਰੇਦਾਰ ਤੇ ਅਖਾਣਾ ਜੁਗਤ ਭਾਸ਼ਾ ਦੀ ਵਰਤੋਂ, ਇਤਿਹਾਸ-ਮਿਥਿਹਾਸ ਦਾ ਸੁਮੇਲ ਰੌਚਕਤਾ ਪੈਦਾ ਕਰਦਾ ਹੈ। ਉਂਝ ਤਾਂ ਸੰਗ੍ਰਹਿ ਦੀ ਹਰੇਕ ਮਿੰਨੀ ਕਹਾਣੀ ਇਸ ਵਿਧਾ ਦੇ ਸ਼ਿਲਪ ਦੇ ਦਾਇਰੇ ਵਿਚ ਰਹਿ ਕੇ ਸਕਾਰਾਤਮਕ ਸੁਨੇਹਾ ਦੇਣ ਵਿਚ ਸਫ਼ਲ ਹੈ। ਫਿਰ ਵੀ ਨਿੱਕੇ-ਨਿੱਕੇ ਸਿਰਲੇਖਾਂ ਪਰ ਵੱਡੇ ਦ੍ਰਿਸ਼ਟਾਂਤ ਪੇਸ਼ ਕਰਦੀਆਂ ਨਿੱਘ, ਟਰੈਂਡ, ਸੱਪ, ਫ਼ਰਕ, ਭੇਡਾਂ, ਰੁੰਗਾ, ਅਣਖ, ਥੱਪੜ, ਮਾਹੌਲ, ਬੇਬਸੀ ਆਦਿ ਇਸ ਸੰਗ੍ਰਹਿ ਦੀਆਂ ਹਾਸਿਲ ਮਿੰਨੀ ਕਹਾਣੀਆਂ ਮੰਨੀਆਂ ਜਾ ਸਕਦੀਆਂ ਹਨ।


-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਯਾਦਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 094196-36562


'ਯਾਦਾਂ' ਪੁਸਤਕ ਬਲਵਿੰਦਰ ਸਿੰਘ ਜੰਮੂ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਮਨ ਮੰਦਿਰ ਕਾਵਿ-ਸੰਗ੍ਰਹਿ 2016 ਵਿਚ ਛਪਿਆ ਸੀ। ਯਾਦਾਂ ਪੁਸਤਕ ਬਾਰੇ ਮਾਸਟਰ ਆਤਮਾ ਸਿੰਘ ਚਿੱਟੀ ਨੇ ਭੂਮਿਕਾ ਵਿਚ ਲਿਖਿਆ ਹੈ ਕਿ ਬਲਵਿੰਦਰ ਸਿੰਘ ਜੰਮੂ ਦੀ ਹਰੇਕ ਕਵਿਤਾ ਵਿਚੋਂ ਉਨ੍ਹਾਂ ਦੀ ਦਾਨਿਸ਼ਮੰਦੀ, ਪ੍ਰੇਮ ਭਿੱਜੀ ਰੂਹ, ਆਸ਼ਾਵਾਦੀ ਸੋਚ, ਸਾਦਗੀ ਤੇ ਪ੍ਰਤਿਭਾ ਦੇ ਝਲਕਾਰੇ ਸਾਫ਼ ਨਜ਼ਰੀਂ ਪੈਂਦੇ ਹਨ। ਕਵੀ ਬਲਵਿੰਦਰ ਸਿੰਘ ਨੇ ਇਹ ਕਾਵਿ ਪੁਸਤਕ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕੀਤੀ ਹੈ। ਵਿਸ਼ੇ ਦੀ ਵੰਨ-ਸੁਵੰਨਤਾ ਕਵੀ ਦੀ ਕਾਵਿ ਸਮਰੱਥਾ ਅਤੇ ਸਮਾਜਿਕ ਸੋਝੀ ਦਾ ਪ੍ਰਗਟਾਵਾ ਕਰਦੀ ਹੈ। ਕਵੀ ਜਿਥੇ ਬੀਤੇ ਸੱਭਿਆਚਾਰ ਦੇ ਸਮੇਂ ਨਾਲ ਆਏ ਸਮਾਜਿਕ ਬਦਲਾਅ ਦੀ ਗੱਲ ਕਰਦਾ ਹੈ, ਉਥੇ ਆਪਣੇ ਮਨ ਦੇ ਭਾਵ ਵੀ ਪ੍ਰਗਟਾਅ ਜਾਂਦਾ ਹੈ :-
ਚੇਤੇ ਆਉਂਦੀਆਂ ਕੱਲ੍ਹ ਦੀਆਂ ਗੱਲਾਂ,
ਸੀਨੇ ਵੱਜਦੀਆਂ ਡਾਹਢੀਆਂ ਸੱਲਾਂ
ਲੋਕੀਂ ਚੰਗੇ ਸਮਾਂ ਮਨ ਭਾਉਂਦਾ ਸੀ, ਮੇਰਾ ਵੀ ਇਕ ਘਰ ਹੁੰਦਾ ਸੀ।
ਕਵੀ ਨੇ ਲੋਕ ਗੀਤਾਂ ਵਰਗੇ ਨਿਰਛਲ ਸਾਦੇ ਭਾਵਾਂ ਨਾਲ ਆਪਣੀ ਕਾਵਿ-ਰਚਨਾ ਭਰਪੂਰ ਕੀਤੀ ਹੈ। ਰੁਮਾਂਟਿਕ ਭਾਵ ਪਿਆਰੇ ਸੱਜਣਾਂ ਦੀ ਆਮਦ ਬਾਰੇ ਉਸ ਦੀ ਭਾਵਪੂਰਤ ਰਚਨਾ :
ਰੁੱਤ ਫਿਰੀ ਸੱਜਣ ਆਇਆ,
ਖੁਸ਼ੀਆਂ ਦੇ ਫੁੱਲ ਖਿੜ ਗਏ
ਚੰਨ ਤਾਰਿਆਂ ਢੋਲ ਵਜਾਇਆ,
ਮਹਿਫ਼ਲਾਂ 'ਚ ਕਿੱਸੇ ਛਿੜ ਗਏ
ਰੱਬ ਕੋਲੋਂ ਡਰ ਬੰਦਿਆ, ਹਨੇਰੀ ਰਾਤ, ਚੇਤਿਆਂ 'ਚ ਵਸੀਆਂ ਯਾਦਾਂ, ਦਿਲ ਦੇ ਅਰਮਾਨ, ਝੂਠੀਆਂ ਪ੍ਰੀਤਾਂ, ਸਾਨੂੰ ਨਾ ਕਰ ਖੁਆਰ, ਆ ਮਿੱਤਰਾ ਆ ਮੁੜ ਚੱਲੀਏ, ਧੰਨਵਾਦ ਪੱਤਰ, ਕਦੀ ਹੱਸਦੇ ਸੀ ਇਕੱਠੇ-ਇਕੱਠੇ, ਨਾਨਕ ਦਾ ਵਰ ਮਿਲਿਆ, ਛੁਪ ਗਿਆ ਸੂਰਜ ਆਦਿ ਪ੍ਰਭਾਵਸ਼ਾਲੀ ਰਚਨਾਵਾਂ ਹਨ।
ਕਵੀ ਨੇ ਛੰਦਬਧ ਕਵਿਤਾਵਾਂ ਰਾਹੀਂ ਆਪਣੇ ਮਨੋਭਾਵ ਪ੍ਰਗਟ ਕੀਤੇ ਹਨ। ਉਹ ਸਿੱਖ ਇਤਿਹਾਸ ਅਤੇ ਗੌਰਵ ਪ੍ਰਤੀ ਸ਼ਰਧਾ ਅਤੇ ਪ੍ਰੇਮ ਦਾ ਰਵੱਈਆ ਰੱਖਦਾ ਹੈ। ਅਮੀਰ ਵਿਰਸੇ ਨੂੰ ਸੰਭਾਲਣ ਅਤੇ ਕਿਸਾਨਾਂ ਦੀ ਦੇਸ਼ ਨੂੰ ਦੇਣ ਪ੍ਰਤੀ ਉਹ ਸੁਚੇਤ ਹੈ। ਉਹ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਵਿਸ਼ਿਆਂ ਬਾਰੇ ਵੀ ਪਾਠਕਾਂ ਨੂੰ ਚੇਤਨ ਕਰਵਾਉਂਦਾ ਹੈ:
ਸਮੇਂ ਤੋਂ ਹਰਦਮ ਡਰ ਬੰਦਿਆ,
ਸਮੇਂ ਦੀਆਂ ਰਮਜ਼ਾਂ ਪੜ੍ਹ ਬੰਦਿਆ
ਹਰੀ ਦਾ ਭੈਅ ਦਿਲਾਂ ਧਰ ਬੰਦਿਆ
ਕਿਸਾਨਾਂ ਵਲੋਂ ਸਰਕਾਰ ਨੂੰ ਬੇਨਤੀ ਵੀ ਉਹ ਆਪਣੀ ਕਾਵਿ-ਰਚਨਾ ਰਾਹੀਂ ਕਰਦਾ ਹੈ। 'ਸਰਕਾਰੇ ਤੈਨੂੰ ਲਾਜ ਨਾ ਆਈ, ਸਾਨੂੰ ਨਾ ਕਰ ਹੋਰ ਖੁਆਰ' ਕਵਿਤਾਵਾਂ ਇਸ ਸੰਦਰਭ ਵਿਚ ਵੇਖੀਆਂ ਜਾ ਸਕਦੀਆਂ ਹਨ।
ਮਾਏ ਮੈਨੂੰ ਰੱਖ ਲੈ ਦਿਨ ਚਾਰ ਹੋਰ
ਹਾਲੇ ਮੈਂ ਬਾਲ ਵਰੇਸੀ ਨਾ ਛੇਤੀ ਟੋਰ
ਰਚਨਾ ਵੀ ਧੀ ਦੇ ਭਾਵਾਂ ਦਾ ਸੁੰਦਰ ਪ੍ਰਗਟਾਵਾ ਹੈ। ਕਵੀ ਨੇ ਜਿਥੇ ਕੇਂਦਰੀ ਪੰਜਾਬੀ ਬੋਲੀ ਰਾਹੀਂ ਆਪਣੀਆਂ ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਹੈ, ਉਥੇ ਨਾਲ ਹੀ ਪੋਠੋਹਾਰੀ (ਪਹਾੜੀ) ਬੋਲੀ ਵਿਚ ਵੀ ਕੁਝ ਕਾਵਿ-ਰਚਨਾ ਕਰਕੇ ਆਪਣੀ ਕਾਵਿ ਸਮਰੱਥਾ ਦਾ ਪ੍ਰਗਟਾਵਾ ਕੀਤਾ ਹੈ-
ਗੱਲੇਂ ਨਾ ਪਹਾੜ ਬਨਾਣੇ ਦੀ,
ਕੁਨ ਏਸੀ ਮਾਏ,
ਝੂਠੀਆਂ ਪ੍ਰੀਤਾਂ, ਵੇਲਾ ਪੁਰਾਣਾ,
ਪੈਸੇ ਨੀ ਅੱਜ ਦੌੜ ਲੱਗੀ ਨੀ,
ਪਾਪੀ ਪਾਪ ਕਮਾਣੇ ਦੇ,
ਕੁੱਦੇ ਨੀ ਸੈਰ, ਜੁਲ ਕੁਦਰੈ ਦੂਰ
ਆਦਿ ਕਾਵਿ-ਰਚਨਾਵਾਂ ਜਿਥੇ ਪੋਠੋਹਾਰੀ ਬੋਲੀ ਨਾਲ ਪਾਠਕਾਂ ਦੀ ਵਾਕਫ਼ੀਅਤ ਕਰਵਾਉਂਦੀਆਂ ਹਨ, ਉਥੇ ਨਾਲ ਹੀ ਪੋਠੋਹਾਰੀ ਸੱਭਿਆਚਾਰ ਦੀਆਂ ਝਲਕਾਂ ਵੀ ਦਰਸਾਉਂਦੀਆਂ ਹਨ। ਮਾਂ ਧੀ ਦੇ ਸੰਵਾਦ ਰਾਹੀਂ ਮਾਂ-ਧੀ ਦੇ ਗੂੜ੍ਹੇ ਨਾਤੇ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਕਵੀ ਬਲਵਿੰਦਰ ਸਿੰਘ ਜੰਮੂ ਇਸ ਕਾਵਿ ਪੁਸਤਕ ਲਈ ਵਧਾਈ ਦਾ ਹੱਕਦਾਰ ਹੈ।


-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਜਲੰਧਰ।


ਛੋਟੇ ਆਦਮੀ ਦੀ ਵੱਡੀ ਕਹਾਣੀ
ਲੇਖਕ : ਡਾ. ਰਾਹੀ ਮਾਸੂਮ ਰਜ਼ਾ
ਪ੍ਰਕਾਸ਼ਕ : ਰਾਵੇਲ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 104
ਸੰਪਰਕ : 94634-44678


ਸਤੰਬਰ, 1965 ਵਿਚ ਪਾਕਿਸਤਾਨ ਨਾਲ ਲੱਗੀ ਜੰਗ ਵਿਚ ਅਦੁੱਤੀ ਅਤੇ ਲਾਸਾਨੀ ਬਹਾਦਰੀ ਦਿਖਾ ਕੇ ਪਰਮਵੀਰ ਚੱਕਰ ਵਿਜੇਤਾ ਹੌਲਦਾਰ ਅਬਦੁੱਲ ਹਮੀਦ ਇਹ ਜੀਵਨੀ ਪ੍ਰਸਿੱਧ ਹਿੰਦੀ ਉਰਦੂ ਲੇਖਕ ਤੇ 'ਮਹਾਂਭਾਰਤ' ਸੀਰੀਅਲ ਦੇ ਸੰਵਾਦ ਰਚੇਤਾ ਡਾ. ਰਾਹੀ ਮਾਸੂਮ ਰਜ਼ਾ ਨੇ ਲਿਖੀ ਹੈ। ਹੌਲਦਾਰ ਅਬਦੁੱਲ ਹਮੀਦ ਨੇ ਅਮਰੀਕਨ ਪੈਟਨ ਟੈਂਕਾਂ ਨੂੰ ਤਬਾਹ ਕਰਦੇ ਇਹ ਸ਼ਹਾਦਤ ਪਾਈ ਸੀ। ਇਸ ਨਾਇਕ ਦੀ ਸ਼ਹਾਦਤ ਤੋਂ ਇਕ ਮਹੀਨਾ ਬਾਅਦ ਹੀ ਕੇਂਦਰ ਦੇ ਰੱਖਿਆ ਵਿਭਾਗ ਨੇ ਅਬਦੁਲ ਹਮੀਦ ਦੀ ਯਾਦ ਨੂੰ ਅਮਰ ਰੱਖਣ ਲਈ ਇਹ ਪੁਸਤਕ ਪ੍ਰਸਿੱਧ ਲੇਖਕ ਤੋਂ ਲਿਖਵਾਈ ਹੈ। ਡਾ. ਰਾਹੀ ਮਾਸੂਮ ਰਜ਼ਾ ਨੇ ਆਪਣੇ ਖਸੂਸੀ ਅੰਦਾਜ਼ ਵਿਚ ਸ਼ਹੀਦ ਦੇ ਪਿੰਡ ਅਤੇ ਜ਼ਿਲ੍ਹੇ ਦਾ ਦੌਰਾ ਕਰਕੇ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ ਕਰਕੇ, ਆਲੇ-ਦੁਆਲੇ ਦੇ ਦ੍ਰਿਸ਼ਾਂ, ਦਰੱਖਤਾਂ, ਨਦੀਆਂ ਨਾਲਿਆਂ ਦੇ ਵੇਰਵੇ ਅਤੇ ਮਾਹੌਲ ਨੂੰ ਪਰਖ ਪੜਚੋਲ ਕੇ ਸ਼ਹੀਦ ਦੇ ਵਿਅਕਤੀਤਵ ਦਾ ਨਿਰਮਾਣ ਕੀਤਾ ਹੈ। ਉਸ ਵਲੋਂ ਲਿਖੀ ਇਸ ਭਾਵੁਕ ਅਤੇ ਕਾਵਿਕ ਤਹਿਰੀਰ ਸ਼ਹੀਦ ਦੇ ਜੀਵਨ ਦਾ ਸਹੀ ਮੁਲਾਂਕਣ ਕਰਦੀ ਹੈ। ਬਹੁਤਾ ਪੜ੍ਹਿਆ ਲਿਖਿਆ ਭਾਵੇਂ ਹਮੀਦ ਨਹੀਂ ਸੀ, ਪਰ ਉਸ ਕੋਲ ਦੇਸ਼ ਲਈ ਕੁਰਬਾਨ ਹੋਣ ਦਾ ਜਜ਼ਬਾ ਸੀ, ਲੜ, ਮਰਨ ਦੀ ਅਕਾਂਖਿਆ ਸੀ। ਉਹ ਫ਼ੌਜ 'ਚ ਭਰਤੀ ਹੋ ਕੇ, ਦੇਸ਼ ਦੇ ਕੰਮ ਆਉਣਾ ਚਾਹੁੰਦਾ ਸੀ। ਉਸ ਦੇ ਚਾਰ ਬੇਟੇ, ਇਕ ਬੇਟੀ, ਪਤਨੀ ਅਤੇ ਮਾਪੇ ਉਸ ਦੇ ਕਾਰਨਾਮਿਆਂ 'ਤੇ ਫ਼ਖ਼ਰ ਕਰਦੇ ਸਨ। ਇਕ ਸਾਧਾਰਨ ਮੁਸਲਮਾਨ ਦਰਜੀ ਦਾ ਪੁੱਤ ਹੋ ਕੇ ਉਸ ਨੇ ਉਹ ਕਾਰਨਾਮਾ ਕਰ ਵਿਖਾਇਆ, ਜੋ ਕਿਸੇ ਹਾਰੀ-ਸਾਰੀ ਦੇ ਵੱਸ ਦਾ ਨਹੀਂ ਸੀ। ਲਾਠੀ ਚਲਾਉਣ ਦਾ ਮਾਹਰ, ਕੁਸ਼ਤੀ ਅਤੇ ਭਲਵਾਨੀ ਕਰਦਾ-ਕਰਦਾ ਉਹ ਫ਼ੌਜ 'ਚ ਭਰਤੀ ਹੋਇਆ ਅਤੇ ਉਥੇ ਉਹ ਬਹਾਦਰੀ ਦਿਖਾਈ, ਜਿਸ ਨੇ ਭਾਰਤ ਮਾਂ ਅਤੇ ਦੇਸ਼ ਵਾਸੀਆਂ ਦਾ ਫ਼ਖ਼ਰ ਨਾਲ ਸਿਰ ਉੱਚਾ ਕਰ ਦਿੱਤਾ।
ਲੇਖਕ ਨੇ ਇਸ ਪੁਸਤਕ ਰਾਹੀਂ ਉਨ੍ਹਾਂ ਅੰਧ ਰਾਸ਼ਟਰਵਾਦੀਆਂ ਦੀਆਂ ਨੀਤਾਂ ਅਤੇ ਊਝਾਂ ਦਾ ਵੀ ਠੋਕਵਾਂ ਜਵਾਬ ਦੇਣ ਦਾ ਯਤਨ ਕੀਤਾ ਹੈ। ਉਸ ਦੀ ਸ਼ਹਾਦਤ ਦੇ ਮਹੀਨੇ ਬਾਅਦ ਹੀ ਹਿੰਦੂ ਰਾਸ਼ਟਰਵਾਦੀਆਂ ਨੇ ਐਲਾਨ ਕੀਤਾ ਸੀ ਕਿ ਮੁਸਲਮਾਨ ਚੋਰ ਹਨ ਅਤੇ ਦੇਸ਼ ਵਿਰੋਧੀ ਕਾਰੇ ਕਰਦੇ ਹਨ। ਅਬਦੁੱਲ ਹਮੀਦ ਦੀ ਸ਼ਹਾਦਤ ਨੇ ਉਨ੍ਹਾਂ ਦੀ ਇਸ ਊਝ ਦਾ ਆਪਣੇ ਲਹੂ ਦੀ ਕੁਰਬਾਨੀ ਨਾਲ ਭਰਵਾਂ ਅਤੇ ਠੋਕਵਾਂ ਜਵਾਬ ਦਿੱਤਾ ਸੀ। ਉਸ ਨੇ ਉਹ ਕਾਰਨਾਮਾ ਕਰ ਦਿਖਾਇਆ ਸੀ, ਜੋ ਕਿਸੇ ਹਿੰਦੂ ਫ਼ੌਜੀ ਤੋਂ ਨਹੀਂ ਹੋਇਆ ਸੀ। ਉਹ ਭਾਰਤ ਮਾਂ ਦਾ ਅਸਲੀ ਸਪੂਤ ਸੀ, ਜਿਸ ਨੇ ਆਪਣੀ ਕੁਰਬਾਨੀ ਨਾਲ ਮਾਂ ਭਾਰਤੀ ਦਾ ਸਿਰ ਉੱਚਾ ਕੀਤਾ। ਉਹ ਮੁਸਲਮਾਨ ਨਹੀਂ ਸੀ, ਹਿੰਦੁਸਤਾਨੀ ਸੀ, ਸੱਚਾ ਹਿੰਦੁਸਤਾਨੀ। ਡਾ. ਰਾਹੀ ਮਾਸੂਮ ਰਜ਼ਾ ਨੇ ਅਜਿਹੇ ਲੋਕਾਂ ਨੂੰ ਲੱਖ-ਲੱਖ ਲਾਹਣਤ ਪਾਈ, ਜੋ ਅਜਿਹੇ ਸੂਰਬੀਰਾਂ 'ਤੇ ਵੀ ਟੀਕਾ-ਟਿੱਪਣੀ ਕਰਕੇ ਆਪਣੀ ਅਕਲ ਦਾ ਦਿਵਾਲਾ ਕੱਢਦੇ ਹਨ।
ਡਾ. ਕੁਲਵਿੰਦਰ ਸਿੰਘ ਸਰਾਂ ਨੇ ਬੜੀ ਮਿਹਨਤ ਅਤੇ ਮੁਸਤੈਦੀ ਨਾਲ ਇਸ ਪੁਸਤਕ ਦਾ ਅਨੁਵਾਦ ਕਰਦਿਆਂ ਇਸ ਦੇ ਮੁਹਾਵਰੇ ਨੂੰ ਸਹੀ ਢੰਗ ਨਾਲ ਕੈਚ ਕੀਤਾ ਹੈ। ਅਨੁਵਾਦ ਬਹੁਤ ਸਾਰਥਿਕ ਅਤੇ ਵਧੀਆ ਹੈ।


-ਕੇ. ਐਲ. ਗਰਗ
ਮੋਬਾਈਲ : 94635-37050

20-05-2023

 ਭੱਟਾਂ ਦੇ ਸਵੱਈਏ
(ਭੱਟਾਂ ਦੇ ਸਵੱਈਆਂ ਦਾ ਭਾਵ-ਅਰਥੀ ਕਾਵਿ ਟੀਕਾ)
ਲੇਖਕ : ਗਿਆਨੀ ਕੇਵਲ ਸਿੰਘ ਨਿਰਦੋਸ਼ (ਕੈਨੇਡਾ)
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 98157-39855

ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪੰਜ ਗੁਰੂ ਸਾਹਿਬਾਨ ਦੀ ਸਿਫ਼ਤ-ਸਲਾਹ ਵਿਚ ਗਿਆਰਾਂ ਭੱਟ ਸਾਹਿਬਾਨ ਦੇ ਪਾਵਨ ਸਵੱਈਆਂ ਦੀ ਪਾਵਨ ਬਾਣੀ ਦੀ ਕਾਵਿ-ਵਿਆਖਿਆ ਨੂੰ ਭਾਵ-ਅਰਥਾਂ ਦੇ ਨੁਕਤਾ-ਨਿਗਾਹ ਤੋਂ ਵਿਚਾਰਦਿਆਂ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਲੇਖਕ ਨੇ ਬਹੁਤ ਸਾਰੀਆਂ ਪੁਸਤਕਾਂ ਵੱਖ-ਵੱਖ ਵਿਧਾਵਾਂ ਵਿਚ ਪਾਠਕਾਂ ਦੇ ਸਨਮੁੱਖ ਕੀਤੀਆਂ ਹਨ। ਇਤਿਹਾਸਕ ਤੱਥਾਂ ਮੁਤਾਬਿਕ ਜਦੋਂ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਜੋਤੀ ਜੋਤਿ ਸਮਾਏ ਸਨ ਅਤੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ, ਉਸ ਸਮੇਂ ਇਹ ਗਿਆਰਾਂ ਭੱਟ ਸਾਹਿਬਾਨ ਜੋ ਵਿਦਵਾਨ ਬ੍ਰਾਹਮਣ ਸਨ, ਭੱਟ ਨਲਸਹਾਰ ਦੀ ਅਗਵਾਈ ਵਿਚ ਆਤਮਿਕ ਸ਼ਾਂਤੀ ਲਈ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਹੁੰਦੇ ਹੋਏ ਅਤੇ ਉਸ ਸਮੇਂ 'ਚ ਅਧਿਆਤਮਿਕ ਆਗੂਆਂ ਨੂੰ ਮਿਲਣ ਉਪਰੰਤ ਆਤਮਿਕ ਕਲਿਆਣ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਹਿੱਤ ਪੰਜਾਬ ਪਹੁੰਚੇ। ਇਨ੍ਹਾਂ ਭੱਟਾਂ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਉਸ ਸਮੇਂ ਦੇ ਗੁਰਸਿੱਖਾਂ ਦੀ ਜੀਵਨਸ਼ੈਲੀ ਨੂੰ ਜਦੋਂ ਨੇੜਿਓਂ ਤੱਕਿਆ ਤਾਂ ਉਹ ਸਿੱਖ ਧਰਮ ਦੇ ਆਦਰਸ਼ਿਕ ਜੀਵਨ ਫਲਸਫ਼ੇ ਅਤਿਅੰਤ ਪ੍ਰਭਾਵਿਤ ਹੋਏ। ਇਨ੍ਹਾਂ ਭੱਟਾਂ ਨੇ 123 ਸਵੱਈਏ ਗੁਰੂ ਸਾਹਿਬਾਨ ਦੀ ਉਪਮਾ ਵਿਚ ਉਚਾਰਨ ਕੀਤੇ।
ਲੇਖਕ ਨੇ ਇਨ੍ਹਾਂ ਸਾਰੇ ਸਵੱਈਆਂ ਦੇ ਭਾਵ-ਅਰਥਾਂ ਨੂੰ ਵਿਚਾਰਦਿਆਂ ਸੁਖੈਨ ਸ਼ੈਲੀ ਵਿਚ ਕਾਵਿ-ਰੂਪ ਟੀਕਾ ਕਰਕੇ ਗੁਰੂ ਸਾਹਿਬਾਨ ਦੇ ਮਨੁੱਖਤਾ ਦੇ ਕਲਿਆਣ ਲਈ ਭੱਟ ਸਾਹਿਬਾਨ ਵਲੋਂ ਕੀਤੀ ਸਖ਼ਤ-ਘਾਲਣਾ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਕਵੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਭੱਟ ਕੱਲ੍ਹ ਦੇ ਉਚਾਰਨ ਕੀਤੇ ਛੇਵੇਂ ਸਵੱਈਏ ਦੇ ਕਾਵਿ-ਰੂਪ ਦੀ ਇਕ ਵੰਨਗੀ ਹੈ-
ਰਾਜਾ ਜੋਗੀ ਸਤਿਗੁਰ ਨਾਨਕ, ਹਿਰਦੇ ਪ੍ਰਭੂ ਵਸਾਇਆ।
ਜੇਸ ਨਾਮ ਨੇ ਸ੍ਰਿਸ਼ਟੀ ਤਾਰੀ, ਚਿੱਤ ਉਸ ਵਿਚ ਗੁਰਾਂ ਲਾਇਆ।
ਪੁੱਤ ਬ੍ਰਹਮਾ ਦੇ, ਜਨਕ ਆਦਿ ਕਈ, ਜੁਗਾਂ ਜੁਗੰਤਰ ਜਪਦੇ।
ਪਾਤਾਲਪੁਰੀ ਵਿਚ ਜੈ ਜੈ ਹੋਵੇ, ਕਲ ਭੱਟ ਨੇ ਫੁਰਮਾਇਆ।
ਵੰਨਗੀ ਵਜੋਂ ਭੱਟ ਬਲ ਦਾ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ ਉਚਾਰਨ ਪੰਜਵੇਂ ਸਵੱਈਏ ਦਾ ਕਾਵਿ-ਰੂਪ ਵੀ ਵਿਚਾਰਨਯੋਗ ਹੈ।
ਜਿਸ ਸਤਿਗੁਰ ਦਾ ਸਿਮਰਨ,
ਅੱਖੀਆਂ ਦਾ ਅੰਧੇਰ ਮਿਟਾਵੇ।
ਹਰ ਦਿਨ ਹਰ ਦਮ ਯਾਦ 'ਚ ਜੁੜਿਆ,
ਰੂਹ ਸਰਸ਼ਾਰ ਹੋ ਜਾਵੇ।
ਜੀਅ ਦੀ ਤਪਤ ਮਿਟਾਕੇ ਨੌ ਨਿਧਿ,
ਰਿਧਿ ਸਿਧਿ ਸਭ ਵਸ ਆਵੇ।
ਸੰਗਤ ਦੇ ਸੰਗ ਰਲ ਕੇ ਜਿਹੜਾ,
ਕੀਰਤ ਪ੍ਰਭੁ ਦੀ ਗਾਵੇ।
ਧੰਨ ਗੁਰ ਰਾਮਦਾਸ ਦੇ ਚਰਨੀ,
ਲਗ ਜੋ ਉਮਰ ਬਿਤਾਵੇ।
ਧੰਨਤਾ ਦੇ ਉਪ ਯੋਗ ਪ੍ਰਾਣੀ,
ਬਲ ਭੱਟ ਆਖ ਸੁਣਾਵੇ।
ਸਮੁੱਚੇ ਰੂਪ ਵਿਚ ਭੱਟ ਸਾਹਿਬਾਨ ਦੇ ਇਨ੍ਹਾਂ ਸਵੱਈਆਂ ਦਾ ਕਾਵਿ-ਟੀਕਾ ਕਰਕੇ ਲੇਖਕ ਨੇ ਸਵੱਈਆਂ ਦੇ ਭਾਵ-ਅਰਥਾਂ ਨੂੰ ਜਾਨਣ ਲਈ, ਗੁਰਮਤਿ ਦੇ ਗਹਿਰ-ਗੰਭੀਰ ਪਾਠਕਾਂ ਦੀ ਹਿਰਦੇ ਦੀ ਵੇਦਨਾ ਨੂੰ ਸਮਝਣ ਲਈ ਸਫ਼ਲ ਉਪਰਾਲਾ ਕੀਤਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਧਰਤੀ ਦੇ ਜਾਏ
ਨਾਵਲਕਾਰ : ਡਾ. ਕੰਵਰ ਜਸਮਿੰਦਰ ਪਾਲ ਸਿੰਘ
ਪ੍ਰਕਾਸ਼ਕ : ਓਏਸਿਸ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 256
ਸੰਪਰਕ : 85448-01652

ਇਹ ਨਾਵਲ ਕਿਸਾਨੀ ਸੰਘਰਸ਼ ਦੀ ਦਿਲ ਟੁੰਬਵੀਂ ਕਹਾਣੀ ਪੇਸ਼ ਕਰਦਾ ਹੈ। ਇਸ ਵਿਚ ਕਿਰਸਾਨੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਕਿਰਤ, ਸਿਦਕ, ਮਜਬੂਰੀਆਂ ਅਤੇ ਜੱਦੋਜਹਿਦ ਨੂੰ ਬਹੁਤ ਭਾਵਪੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਲੋਟੂ ਜਮਾਤ ਕਾਰਜਸ਼ੀਲ ਹੈ, ਉਨ੍ਹਾਂ ਕਿਸਾਨਾਂ ਦੇ ਬੱਚੇ ਆਪਣੇ ਦੇਸ਼ ਅਤੇ ਵਿਦੇਸ਼ਾਂ ਵਿਚ ਵਕੀਲ, ਜੱਜ, ਡਾਕਟਰ, ਇੰਜੀਨੀਅਰ, ਪਾਇਲਟ ਅਤੇ ਬਹਾਦਰ ਫ਼ੌਜੀ ਹਨ। ਪੰਜਾਬੀ ਕਿਸਾਨ ਸਾਰੀ ਉਮਰ ਮਿਹਨਤ, ਇਨਸਾਨੀਅਤ ਅਤੇ ਦਸਾਂ ਨਹੁੰਆਂ ਦੀ ਕਮਾਈ ਵਿਚ ਜੁਟਿਆ ਰਹਿੰਦਾ ਹੈ। ਬਦਲੇ ਵਿਚ ਉਸ ਨੂੰ ਭ੍ਰਿਸ਼ਟਾਚਾਰ, ਲੁੱਟ, ਜ਼ੁਲਮ ਅਤੇ ਧੋਖੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਹਤਾਸ਼ ਹੋਏ ਅਨੇਕਾਂ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਅਤੇ ਭੁੱਖ ਹੜਤਾਲਾਂ, ਧਰਨਿਆਂ, ਸੰਘਰਸ਼ਾਂ ਵਿਚ ਜਾਨਾਂ ਕੁਰਬਾਨ ਕੀਤੀਆਂ। ਸਰਕਾਰਾਂ ਅਤੇ ਕਾਰਪੋਰੇਟ ਦੇ ਮਾਫ਼ੀਏ ਵਿਰੁੱਧ ਹੌਸਲੇ ਨਾਲ ਲੜਦਿਆਂ ਅਨੇਕਾਂ ਹੀ ਕੀਮਤੀ ਜ਼ਿੰਦਗੀਆਂ ਬਰਬਾਦ ਹੋ ਗਈਆਂ। ਸ਼ਾਹੂਕਾਰਾਂ, ਆੜ੍ਹਤੀਆਂ ਅਤੇ ਬੈਂਕਾਂ ਦੇ ਚੁੰਗਲ ਵਿਚ ਫਸੇ ਭੋਲੇ ਕਿਸਾਨ ਬੜਾ ਸੰਕਟਮਈ ਜੀਵਨ ਜੀਅ ਰਹੇ ਹਨ। ਇਕ ਪਾਸੇ ਭ੍ਰਿਸ਼ਟ ਸਰਕਾਰੀ ਤੰਤਰ ਅਤੇ ਦੂਜੇ ਪਾਸੇ ਸ਼ਰੀਕਦਾਰੀ, ਰਿਸ਼ਤੇਦਾਰੀ ਦੇ ਵੰਡ-ਵੰਡਾਰੇ, ਸਾੜੇ, ਮੁਕਾਬਲੇ ਅਤੇ ਮੁਕੱਦਮਿਆਂ ਨਾਲ ਜੂਝਦਾ ਕਿਸਾਨ ਖੱਜਲ-ਖੁਆਰ ਹੁੰਦਾ ਰਹਿੰਦਾ ਹੈ, ਜਿਥੇ ਨਾਵਲਕਾਰ ਨੇ ਕਿਸਾਨ ਦੀ ਦੁਖਾਂਤਕ ਹੋਣੀ ਨੂੰ ਬਿਆਨ ਕੀਤਾ ਹੈ, ਉਥੋਂ ਹੀ ਉੱਚੀਆਂ ਕੁਰਸੀਆਂ ਤੇ ਬੈਠੇ ਬੇਗ਼ੈਰਤ ਲੋਕਾਂ ਦੀਆਂ ਧਾਂਦਲੀਆਂ, ਘੁਟਾਲਿਆਂ ਅਤੇ ਰਿਸ਼ਵਤਖੋਰੀ ਦਾ ਪਰਦਾਫਾਸ਼ ਕੀਤਾ ਹੈ। ਲੇਖਕ ਨੇ ਲੋਕਾਂ ਨੂੰ ਏਕੇ, ਸੰਘਰਸ਼ ਸਾਂਝੀ ਖੇਤੀ, ਆਧੁਨਿਕ ਖੇਤੀ ਅਤੇ ਨਸ਼ਾਖੋਰੀ ਤੋਂ ਬਚਣ ਦਾ ਸੰਦੇਸ਼ ਦਿੱਤਾ ਹੈ। ਕਿਸਾਨਾਂ ਨੇ ਜਾਗਰੂਕ ਹੋ ਕੇ ਤਿੱਖੇ ਅੰਦੋਲਨ ਰਾਹੀਂ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਖ਼ਤਮ ਕਰਵਾਇਆ ਅਤੇ ਜੇਤੂ ਹੋ ਕੇ ਪਰਤੇ ਪਰ ਉਨ੍ਹਾਂ ਨੂੰ ਬਹੁਤ ਵੱਡੀਆਂ ਕੀਮਤਾਂ ਤਾਰਨੀਆਂ ਪਈਆਂ। ਨੌਜਵਾਨਾਂ ਵਲੋਂ ਜ਼ਾਬਤੇ ਵਿਚ ਰਹਿਣਾ ਅਤੇ ਔਰਤਾਂ ਵਲੋਂ ਸੰਘਰਸ਼ ਦੀ ਅਗਵਾਈ ਅਤੇ ਸ਼ਮੂਲੀਅਤ ਕਰਨਾ ਇਸ ਮੋਰਚੇ ਦੀ ਵਿਸ਼ੇਸ਼ਤਾ ਸੀ। ਸਮੁੱਚੇ ਤੌਰ 'ਤੇ ਠੇਠ ਮਲਵਈ ਬੋਲੀ ਵਿਚ ਲਿਖਿਆ ਇਹ ਨਾਵਲ ਬਹੁਤ ਹੀ ਸ਼ਲਾਘਾਯੋਗ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

 


ਬਿਰਤਾਂਤਿਕ ਗਲਪ ਅਤੇ ਗਲਪ ਆਲੋਚਨਾ
ਲੇਖਕ : ਡਾ. ਧਰਮਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 140
ਸੰਪਰਕ : 94647-88054

ਹਥਲੀ ਪੁਸਤਕ ਪੰਜਾਬੀ ਵਿਧਾ ਅਤੇ ਪੰਜਾਬੀ ਨਾਵਲ ਵਿਧਾ ਦੇ ਗਹਿਨ ਅਧਿਐਨ ਦਾ ਪ੍ਰਤਿਫ਼ਲ ਹੈ। ਮੁੱਖ ਰੂਪ ਵਿਚ ਲੇਖਕ ਨੇ ਭਾਵੇਂ ਇਸ ਦੇ ਤਿੰਨ ਭਾਗ ਬਣਾਏ ਹਨ, ਪ੍ਰੰਤੂ ਇਨ੍ਹਾਂ ਭਾਗਾਂ ਤੋਂ ਪਹਿਲਾਂ ਪੰਜਾਬੀ ਬਿਰਤਾਂਤਿਕ ਗਲਪ ਦੇ ਇਤਿਹਾਸ ਅਤੇ ਇਸ ਦੇ ਸਿਧਾਂਤਿਕ ਸਰੂਪ ਤਾਰਕਿਕ ਜੁਗਤ ਨਾਲ ਵਿਅਕਤ ਕੀਤਾ ਹੈ। ਲੇਖਕ ਦਾ ਮੰਨਣਾ ਹੈ ਕਿ ਗਲਪ ਰਚਨਾ ਸਰੰਚਨਾ ਭਾਵੇਂ ਅੰਗਰੇਜ਼ੀ ਤੋਂ ਪ੍ਰਭਾਵਿਤ ਰਹੀ ਪਰ ਇਸ ਦੀਆਂ ਜੜ੍ਹਾਂ ਲੋਕਧਾਰਾ-ਪਰੰਪਰਾ ਵਿਚ ਹਨ। ਪੁਸਤਕ ਦੇ 'ਓ' ਭਾਗ 'ਚ ਪੰਜਾਬੀ ਦੇ ਸਿਰਮੌਰ ਅਤੇ ਵਿਲੱਖਣ ਕਹਾਣੀਕਾਰਾਂ ਦੀਆਂ ਚੋਣਵੀਆਂ ਕਹਾਣੀਆਂ ਦੇ ਬਿਰਤਾਂਤ ਨੂੰ ਨਿਕਟਵਰਤੀ ਦ੍ਰਿਸ਼ਟੀ ਤੋਂ ਵਾਚਿਆ ਹੈ। ਅਨੇਮਨ ਸਿੰਘ ਦੀ ਕਹਾਣੀ 'ਗਲੀ ਨੰਬਰ ਕੋਈ ਨਹੀਂ' ਨੂੰ ਬੰਦੇ ਦੀ ਅਪੂਰਨਤਾ ਦਾ ਬਿਰਤਾਂਤ ਕਿਹਾ ਹੈ, ਜਦ ਕਿ ਸੁਖਵੰਤ ਕੌਰ ਮਾਨ ਦੀ ਕਹਾਣੀ 'ਮੱਕੜੀਆਂ' ਦਾ ਵਸਤੂ ਅਤੇ ਵਿਵੇਕ ਪਛਾਣ ਕੇ ਮਹੱਤਵਪੂਰਨ ਸਿੱਟੇ ਕੱਢੇ ਹਨ। ਇਸੇ ਤਰ੍ਹਾਂ ਕੁਲਵੰਤ ਗਿੱਲ ਦੀ 'ਗਲੋ ਗੋਲ ਘੁੰਮਦਿਆਂ,' ਸਰੂਪ ਸਿਆਲਵੀ ਦੀ 'ਸੂਤ ਪੁੱਤਰ : ਕਰਨ', ਗੁਰਸੇਵਕ ਸਿੰਘ ਪ੍ਰੀਤ ਦੀ 'ਅਗਨਕਥਾ ਜਾਰੀ ਹੈ', ਗੁਰਮੀਤ ਕੜਿਆਲਵੀ ਦੀ 'ਸਾਰੰਗੀ ਦੀ ਮੌਤ', ਹਰਜਿੰਦਰ ਸਿੰਘ ਸੂਰੇਵਾਲੀਆ ਦੀ 'ਬੀਬੋ' ਦਾ ਵਿਭਿੰਨ ਸਿਰਲੇਖਾਂ ਤਹਿਤ ਜ਼ਿਕਰ ਅਤੇ ਫ਼ਿਕਰ ਪੇਸ਼ ਕੀਤਾ ਹੈ। ਪੁਸਤਕ ਦੇ 'ਅ' ਭਾਗ ਵਿਚ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦਾ 'ਪਵਿੱਤਰ ਪਾਪੀ - ਮਿੱਤਰਸੈਨ ਗੀਤ ਦਾ 'ਕਟਹਿਰਾ' ਤੇ ਕੌਰਵ ਸਭਾ, ਰੂਸੀ ਲੇਖਕ ਦੰਗੇਜ਼ ਆਇਤਮਾਤੋਵ' ਦਾ 'ਪਹਿਲਾ ਅਧਿਆਪਕ' ਨਾਵਲਾਂ ਦੇ ਵਸਤੂ, ਸੰਵੇਦਨਾਵਾਂ ਅਤੇ ਰਚਨਾਤਮਕ ਜੁਗਤਾਂ ਦਾ ਵਿਸ਼ਲੇਸ਼ਣ ਹੈ। ਪੁਸਤਕ ਦੇ ਤੀਜੇ ਭਾਗ ਵਿਚ ਪ੍ਰਸਿੱਧ ਗਲਪ-ਆਲੋਚਕਾਂ ਦੀ ਸਮਝ ਦ੍ਰਿਸ਼ਟੀ ਦੀ ਉਲੇਖ ਕੀਤਾ ਹੈ। ਇਹ ਵਿਦਵਾਨਾਂ ਵਿਚ ਡਾ. ਟੀ. ਆਰ. ਵਿਨੋਦ, ਡਾ. ਸੁਹਿੰਦਰ ਕੁਮਾਰ ਦਵੇਸ਼ਵਰ ਅਤੇ ਜੋਗਿੰਦਰ ਸਿੰਘ ਰਾਹੀ ਦੀਆਂ ਗਲਪ ਆਲੋਚਨਾ ਦ੍ਰਿਸ਼ਟੀ ਪ੍ਰਗਟ ਹੈ। ਡਾ. ਵਿਨੋਦ ਦੀ ਦ੍ਰਿਸ਼ਟੀ-ਸਮਾਜਿਕ-ਸੱਭਿਆਚਾਰਕ ਪਹੁੰਚ ਦੀ ਧਾਰਕ ਹੈ, ਡਾ. ਜੋਗਿੰਦਰ ਸਿੰਘ ਰਾਹੀ ਨਵ-ਮਾਰਕਸਵਾਦ ਸੋਚ ਦਾ ਪ੍ਰਤੀਪਾਦਨ ਕਰਦਾ ਹੈ, ਇਸੇ ਤਰ੍ਹਾਂ ਡਾ. ਸੁਹਿੰਦਰ ਕੁਮਾਰ ਦਵੇਸ਼ਵਰ ਸਮਾਜਿਕ ਯਥਾਰਥ ਦੇ ਨਾਲ-ਨਾਲ ਮਾਨਵ ਦੀਆਂ ਅੰਦਰੂਨੀ ਅਤੇ ਬਾਹਰੀ ਪ੍ਰਵਿਰਤੀਆਂ ਨੂੰ ਪਛਾਣ ਵਾਲਾ ਚਿੰਤਕ ਦਰਸਾਇਆ ਗਿਆ ਹੈ। ਡਾ. ਧਰਮਿੰਦਰ ਸਿੰਘ ਨੇ ਦੀਰਘ ਅਧਿਐਨ ਉਪਰੰਤ ਬੜੇ ਗੰਭੀਰ ਸਿੱਟੇ ਅਤੇ ਸਥਾਪਨਾਵਾਂ ਪ੍ਰਗਟਾਈਆਂ ਹਨ। ਆਮ ਆਲੋਚਕਾਂ ਵਾਂਗ ਭਾਸ਼ਾ ਗੁੰਝਲਦਾਰ ਨਹੀਂ ਸਗੋਂ ਸਰਲ ਅਤੇ ਸਪੱਸ਼ਟ ਹੈ। ਨਿਰਸੰਦੇਹ ਇਹ ਪੁਸਤਕ ਗਲਪ ਦੀਆਂ ਵਿਧਾਵਾਂ ਦੇ ਖੋਜੀਆਂ, ਖੋਜ-ਪਰਚੇ ਲਿਖਣ ਵਾਲਿਆਂ ਅਤੇ ਆਮ ਗਲਪ ਪਾਠਕਾਂ ਲਈ ਸੇਧ ਪ੍ਰਦਾਨ ਕਰਦੀ ਪ੍ਰਤੀਤ ਹੋਈ ਹੈ।
-ਡਾ. ਜਗੀਰ ਸਿੰਘ ਨੂਰ

ਮੋਬਾਈਲ : 98142-09732

ਸ਼ਬਦਾਂ ਦੇ ਸੂਰਜ
ਕਵੀ : ਸੁਰਿੰਦਰ ਮਕਸੂਦਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 99887-10234

ਮਕਸੂਦਾਂ (ਜਲੰਧਰ) ਦਾ ਰਹਿਣ ਵਾਲਾ ਸੁਰਿੰਦਰ ਮਕਸੂਦਪੁਰੀ ਇਕ ਬਹੁਵਿਧਾਈ ਅਤੇ ਜਨਵਾਦੀ ਲੇਖਕ ਹੈ। 'ਸ਼ਬਦਾਂ ਦੇ ਸੂਰਜ' ਉਸ ਦੇ ਭਾਵਜਗਤ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਦਸਵੀਂ ਪੁਸਤਕ ਹੈ ਅਤੇ ਪਿਛਲੇ ਚਾਰ ਦਹਾਕਿਆਂ (1984-2023) ਤੋਂ ਆਧੁਨਿਕ ਕਵਿਤਾ ਦੇ ਨਾਲ-ਨਾਲ ਉਹ ਮਿੰਨੀ ਕਹਾਣੀ, ਬਾਲ ਸਾਹਿਤ ਅਤੇ ਸੱਭਿਆਚਾਰਕ ਸਰਵੇਖਣ ਵੀ ਲਿਖਦਾ ਆਇਆ ਹੈ। ਉਹ ਆਪਣੀ ਹਰ ਰਚਨਾ ਬੜੇ ਸਹਿਜ-ਭਾਵ ਨਾਲ ਨਿੱਠ ਕੇ ਲਿਖਦਾ ਹੈ। ਹਥਲੀ ਪੁਸਤਕ ਵਿਚ ਸੰਕਲਿਤ ਕਾਵਿ-ਸਮੱਗਰੀ ਬਾਰੇ ਡਾ. ਮੋਹਨਜੀਤ, ਚੇਤਨ ਸਿੰਘ (ਭਾ.ਵਿ. ਪੰਜਾਬ) ਅਤੇ ਡਾ. ਭੀਮ ਇੰਦਰ ਸਿੰਘ ਦੇ ਵਿਚਾਰ ਵੀ ਦਿੱਤੇ ਗਏ ਹਨ, ਜੋ ਇਸ ਦੇ ਮੁੱਲ ਅਤੇ ਮਹੱਤਵ ਵਿਚ ਨਿੱਗਰ ਵਾਧਾ ਕਰਦੇ ਹਨ। ਇਸ ਸੰਗ੍ਰਹਿ ਦਾ ਆਰੰਭ ਮੰਗਲਾਚਰਣ ਵਜੋਂ ਲਿਖੀਆਂ ਦੋ ਕਵਿਤਾਵਾਂ (ਸ਼ਬਦਾਂ ਦੇ ਸੂਰਜ ਅਤੇ ਅਰਜੋਈ) ਨਾਲ ਹੁੰਦਾ ਹੈ। ਕਵੀ ਇਨ੍ਹਾਂ ਕਵਿਤਾਵਾਂ ਵਿਚ ਜਨਜੀਵਨ ਦੀ ਖ਼ੁਸ਼ਹਾਲੀ ਦੀ ਕਾਮਨਾ ਕਰਨ ਦੇ ਨਾਲ-ਨਾਲ ਪ੍ਰਭੂ ਪਾਸੋਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਵਰਗੇ ਵਡਪ੍ਰਤਾਪੀ ਅਤੇ ਕਲਿਆਣਕਾਰੀ ਅਵਤਾਰ ਭੇਜਣ ਦਾ ਨਿਵੇਦਨ ਵੀ ਕਰਦਾ ਹੈ। ਉਹ ਧਰਮ ਅਤੇ ਇਤਿਹਾਸ ਨੂੰ ਮਨੁੱਖੀ ਜਗਤ ਦੇ ਅਤਿ ਮਹੱਤਵਪੂਰਨ ਪ੍ਰਵਚਨ ਮੰਨਦਾ ਹੈ। ਕੁਝ ਕਵਿਤਾਵਾਂ ਦੀ ਸੁਰ ਉਪਦੇਸ਼ਾਤਮਕ/ਪ੍ਰੇਰਣਾਦਾਇਕ (ਪੈਡਾਗਾਗਿਕ) ਵੀ ਹੈ। ਪਰ ਇਹ ਲੱਛਣ ਪੰਜਾਬੀ ਕਾਵਿ ਲਈ ਓਪਰੇ ਨਹੀਂ ਹਨ। ਸਾਡੀ ਬਹੁਤੀ ਕਵਿਤਾ ਦਾ ਸਰੂਪ ਅਤੇ ਮਿਜ਼ਾਜ ਇਸੇ ਪ੍ਰਕਾਰ ਹੈ। ਉਸ ਦੀ ਇਕ ਕਾਵਿ-ਟੁਕੜੀ ਦੇਖੋ : ਪਾ ਦਿਓ ਐ ਕਵੀ! ਕਵਿਤਾ ਨੂੰ ਕੂਕਣ ਦੀ ਆਦਤ, ਲਾ ਦਿਓ ਐ ਕਵੀਓ ਸ਼ਬਦਾਂ ਦੀ ਨਦੀ ਨੂੰ ਸ਼ੂਕਣ ਦੀ ਆਦਤ! ਤਾਂ ਕਿ ਸੁੱਤੇ ਹੋਏ ਪਾਠਕਾਂ ਨੂੰ ਪੈ ਜਾਏ ਪੜ੍ਹਨ ਸੁਣਨ ਦੀ ਆਦਤ! (ਪੰਨਾ 42) ਕਵੀ ਦਾ ਅਨੁਭਵ ਗਲੋਬਲ ਅਤੇ ਵਿਸ਼ਵਾਰਥੀ ਹੈ। ਉਹ ਆਪਣੇ ਦੇਸ਼ਵਾਸੀਆਂ ਨੂੰ ਸ਼ੁਭ-ਕਰਮਨ ਦਾ ਸੰਦੇਸ਼ ਦਿੰਦਾ ਹੈ। ਪਿਤਾ ਦਾ ਸੱਚ, ਪਿਆਰ ਦਾ ਪੈਗ਼ਾਮ, ਮੈਂ ਮਾਂ ਤੇ ਕਵਿਤਾ, ਸਨੋਅਫਾਲ ਤੇ ਚਿੜੀਆਂ, ਕਿਸਾਨ ਸੰਘਰਸ਼, ਪੰਜਾਬੀਅਤ ਦੇ ਰੰਗ ਆਦਿਕ ਕਵਿਤਾਵਾਂ ਕਵੀ ਦੇ ਅਨੁਭਵ ਦੀ ਪ੍ਰਤੀਨਿਧਤਾ ਕਰਦੀਆਂ ਹਨ। ਸਾਦਗੀ, ਸਹਿਜ ਅਤੇ ਸੰਵੇਦਨਾ ਇਨ੍ਹਾਂ ਕਵਿਤਾਵਾਂ ਦੇ ਗਹਿਣੇ ਹਨ। ਕਵੀ, ਕਵਿਤਾ ਕਹਿਣ ਲਈ ਕੋਈ ਉਚੇਚ ਨਹੀਂ ਕਰਦਾ। ਉਸ ਦਾ ਹਰ ਬੋਲ, ਹਰ ਅੰਦਾਜ਼ ਕਵਿਤਾ ਹੋ ਨਿੱਬੜਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਦੁਨੀ ਵਜਾਈ ਵਜਦੀ
ਲੇਖਕ : ਇੰਦਰ ਸਿੰਘ ਮਾਨ
ਪ੍ਰਕਾਸ਼ਕ : ਪੰਜਾਬੀ ਸਾਹਿਤ ਕੇਂਦਰ ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 94172-79351

'ਦੁਨੀ ਵਜਾਈ ਵਜਦੀ' (ਕਾਵਿ-ਸੰਗ੍ਰਹਿ) ਇੰਦਰ ਸਿੰਘ ਮਾਨ ਦਾ ਪੰਜਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਜਾਗਦੇ ਅੱਖਰ', 'ਅਕਸਰ ਮੈਂ ਸੋਚਦਾ ਹਾਂ', 'ਸੱਚ ਦੇ ਆਰ-ਪਾਰ' ਅਤੇ 'ਸਖੀਹੁ ਸਹੇਲੜੀਹੂ' ਕਾਵਿ-ਸੰਗ੍ਰਹਿ ਪੰਜਾਬੀ ਕਾਵਿ-ਜਗਤ ਦਾ ਸ਼ਿੰਗਾਰ ਬਣ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੀ ਮਾਤਾ ਸ੍ਰੀਮਤੀ ਗੁਰਦੀਪ ਕੌਰ, ਪਿਤਾ ਸ. ਮਲਾਗਰ ਸਿੰਘ ਅਤੇ ਪੋਤਰੇ ਅੰਗਦ ਮਾਨ ਦੇ ਨਾਂਅ ਸਮਰਪਿਤ ਕਰਦਿਆਂ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਅਤੀਤ, ਵਰਤਮਾਨ ਅਤੇ ਭਵਿੱਖ ਦਾ ਆਪਸ ਵਿਚ ਗਹਿਰਾ ਅਤੇ ਅਨਿੱਖੜਵਾਂ ਰਿਸ਼ਤਾ ਹੁੰਦਾ ਸੀ, ਹੈ ਅਤੇ ਅਗਾਂਹ ਵੀ ਰਹੇਗਾ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਪੰਜਾਬ' ਤੋਂ ਲੈ ਕੇ 'ਦੋਸਤੋ' ਤੱਕ 64 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਇੰਦਰ ਸਿੰਘ ਮਾਨ ਦੀ ਸ਼ਾਇਰੀ ਬਾਰੇ ਡਾ. ਗੁਰਮੀਤ ਕੱਲਰ ਮਾਜਰੀ ਨੇ ਕਿਹਾ ਹੈ, 'ਮਾਨ ਜੀਵਨ ਦੇ ਅਤਿ ਮਹੱਤਵਪੂਰਨ ਪਹਿਲੂਆਂ ਨੂੰ ਆਪਣੇ ਕਾਵਿ ਅਨੁਭਵ ਰਾਹੀਂ ਬਹੁਤ ਹੀ ਸਹਿਜ ਢੰਗ ਨਾਲ ਪ੍ਰਗਟ ਕਰਨ ਦੀ ਸਮਰੱਥਾ ਰੱਖਣ ਵਾਲਾ ਸ਼ਾਇਰ ਹੈ।' ਇਸ ਕਥਨ ਦੇ ਅਨੁਸਾਰ ਮਾਨ ਦੀ ਸ਼ਾਇਰੀ ਪਦਾਰਥਕ ਸੋਚ ਰੱਖਣ ਵਾਲੇ ਸੰਸਾਰ ਵਿਚ ਖਪਤਕਾਰੀ ਦੀ ਲਾਲਸਾ ਅਧੀਨ ਉਪਜੇ ਸਮਾਜਿਕ ਵਰਤਾਰਿਆਂ : ਸੰਵੇਦਨਸ਼ੀਲਤਾ, ਕਿਸੇ ਆਪਣੇ ਜਾਂ ਪਰਾਏ ਦੇ ਦੁੱਖ 'ਚ ਸ਼ਰੀਕ ਹੋਣ ਦੀ ਰੁਚੀ ਜਾਂ ਚਾਅ, ਭਰੱਪਣ ਦੁੱਖ ਜਾਂ ਸੁੱਖ ਵਿਚ ਮਾਨਵੀ ਫ਼ਰਜ਼ ਸਮਝਦਿਆਂ ਕਿਸੇ ਦੇ ਨਾਲ ਖੜ੍ਹਨ ਦੀ ਪ੍ਰਵਿਰਤੀ ਆਮ ਮਨੁੱਖਤਾ ਦੀ ਫ਼ਿਤਰਤ 'ਚੋਂ ਲਗਭਗ ਖ਼ਤਮ ਹੁੰਦੀ ਜਾ ਰਹੀ ਹੈ। ਇਹੀ ਸਭ ਤੋਂ ਵੱਡਾ ਮਾਨਵੀ ਦੁਖਾਂਤ ਹੈ, ਜਿੱਥੇ ਅਜੋਕਾ ਮਨੁੱਖ ਭੀੜ 'ਚ ਘਿਰਿਆ ਹੋਇਆ ਵੀ ਇਕੱਲਾ, ਨਿਮਾਣਾ, ਨਿਤਾਣਾ, ਬੇ-ਆਸਰਾ ਅਤੇ ਮਾਯੂਸੀ ਦੇ ਆਲਮ 'ਚ ਘਿਰਿਆ ਹੋਇਆ ਹੈ। ਸਮਾਜਿਕ ਸਰੋਕਾਰਾਂ 'ਚ ਕੁਦਰਤ ਨਾਲ ਬੇ-ਲੋੜਾ ਛੇੜ-ਛਾੜ, ਵਾਤਾਵਰਨ ਵਿਗਾੜ, ਪਾਣੀ ਤੇ ਰੁੱਖਾਂ ਦੀ ਘਾਟ ਦੇ ਨਾਲ ਪਦਾਰਥਕ ਹਵਸ ਅਧੀਨ ਮਨੁੱਖ ਮੁਨਾਫ਼ੇ ਦੀ ਦੌੜ ਦੌੜਦਾ ਹੋਇਆ ਰਿਸ਼ਤਿਆਂ ਵਿਚ ਹੁੰਦੀ ਟੁੱਟ-ਭੱਜ ਨੂੰ ਨਜ਼ਰ-ਅੰਦਾਜ਼ ਕਰਕੇ, ਕਾਲਪਨਿਕ ਸੁਨਹਿਰੇ ਸੁਪਨਿਆਂ ਦੇ ਸੰਸਾਰ ਦੀ ਸਿਰਜਣਾ ਕਰਦਿਆਂ ਕਰਾਮਾਤੀ, ਚਕਾਚੌਂਧ ਵਾਲੇ ਦ੍ਰਿਸ਼ਾਂ ਦੀ ਸੰਕਲਪਨਾ ਪੇਸ਼ ਕਰ ਰਿਹਾ ਹੈ, ਜੋ ਆਲਮੀ ਮੰਡੀ ਦੇ ਅਨੁਕੂਲ ਹੈ। ਰਾਜਨੀਤਕ ਵਿਵਸਥਾ ਵਲੋਂ ਪੇਸ਼ ਕੀਤੇ ਜਾਂਦੇ ਦਾਅਵਿਆਂ ਅਤੇ ਵਾਅਦਿਆਂ ਦਾ ਹੁਣ ਕੋਈ ਮੁੱਲ ਨਹੀਂ ਰਿਹਾ। ਪੰਜਾਬ ਕਵਿਤਾ ਦੇ ਇਹ ਬੋਲ ਸਮੇਂ ਦੇ ਸੱਚ ਨੂੰ ਬਿਆਨ ਕਰਦੇ ਹਨ, ਕਿਉਂਕਿ ਗੁਰੂਆਂ ਨੇ ਕਿਰਤ ਨੂੰ ਵਡਿਆਇਆ ਸੀ, ਪਰ ਹੁਣ ਵਿਹਲੇ ਬਹਿ ਕੇ ਖਾਣਾ ਸ਼ੁਗਲ ਬਣ ਗਿਆ ਹੈ :
ਸਬਸਿਡੀਆਂ ਦਾ ਖਾਣਾ ਪੀਣਾ
ਆਦਤ ਬਣਦਾ ਜਾਂਦਾ ਹੈ
ਗੁੱਸਾ ਗਿਲਾ ਕਾਹਦਾ ਹੈ ਕਰਨਾ
ਵੱਧ ਗਈ ਭੁੱਖ ਪਿਆਸ 'ਤੇ
ਵਿਅੰਗਾਤਮਕ ਸੁਰ ਵਾਲੀ ਭਾਸ਼ਾ ਦੀ ਵਰਤੋਂ ਕਰਦਿਆਂ ਕਵੀ ਨੇ ਹਰ ਮਸਲੇ 'ਤੇ ਗੁੱਝੀਆਂ ਟਕੋਰਾਂ ਮਾਰੀਆਂ ਹਨ, ਜੋ ਕਾਵਿ-ਪਾਠਕਾਂ ਨੂੰ ਕਾਵਿ-ਪਾਤਰਾਂ ਦੀ ਮਨੋ-ਸਥਿਤੀ ਨਾਲ ਜੋੜਦੀਆਂ ਹਨ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਬਣਦਾ ਮਾਣ-ਤਾਣ ਦੇਣਗੇ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਗ਼ੁਲਾਮੀ ਦੀ ਦਾਸਤਾਨ
ਲੇਖਕ : ਪਰਮਜੀਤ ਢੀਂਗਰਾ
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 94173-58120

ਪਰਮਜੀਤ ਢੀਂਗਰਾ ਸਾਹਿਤਕ ਹਲਕਿਆਂ ਵਿਚ ਨਿਰੰਤਰਤਾ ਨਾਲ ਪੜ੍ਹਨ-ਲਿਖਣ ਵਾਲੀ ਸ਼ਖ਼ਸੀਅਤ ਹੈ। ਉਸ ਦੀਆਂ ਲਿਖੀਆਂ ਸਾਹਿਤਕ ਰਚਨਾਵਾਂ ਜਿੱਥੇ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦੀਆਂ ਹਨ, ਉਥੇ ਉੱਚ-ਅਕਾਦਮਿਕ ਹਲਕਿਆਂ ਵਿਚ ਵੀ ਉਸ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ ਹੈ। 'ਗ਼ੁਲਾਮੀ ਦੀ ਦਾਸਤਾਨ' ਪਰਮਜੀਤ ਢੀਂਗਰਾ ਦੀ ਨਵੀਂ ਵਾਰਤਕ ਪੁਸਤਕ ਹੈ, ਜੋ ਸਾਡਾ ਸੰਸਾਰ ਸਾਹਿਤ ਨਾਲ ਵਾਹ-ਵਾਸਤਾ ਕਾਇਮ ਕਰਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਜਿੱਥੇ ਸਿਆਹਫਾਮ ਗ਼ੁਲਾਮ ਲੋਕਾਂ ਦੀ ਜ਼ਿੰਦਗੀ ਦਾ ਚਿਤਰਨ ਕਰਨ ਵਾਲੀਆਂ ਰਚਨਾਵਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ, ਉਥੇ ਇਨ੍ਹਾਂ ਰਚਨਾਵਾਂ ਦੇ ਲੇਖਕਾਂ/ਲੇਖਿਕਾਵਾਂ ਦੇ ਖ਼ੁਦ ਗ਼ੁਲਾਮ ਜ਼ਿੰਦਗੀ ਦੇ ਭੋਗੀ ਹੋਣ ਬਾਰੇ ਵੀ ਵਿਸਤ੍ਰਿਤ ਵੇਰਵੇ ਦਰਜ ਕੀਤੇ ਗਏ। ਇਨ੍ਹਾਂ ਸਿਆਹਫਾਮ ਲੋਕਾਂ ਉੱਤੇ ਅਧਿਕਾਰੀ ਦੇਸ਼ਾਂ ਭਾਵੇਂ ਉਹ ਅਮਰੀਕੀ ਹੋਣ ਜਾਂ ਯੂਰਪੀ, ਉਨ੍ਹਾਂ ਲੋਕਾਂ ਦੁਆਰਾ ਕੀਤੇ ਜ਼ੁਲਮ ਦੀਆਂ ਦਾਸਤਾਨਾਂ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਨਾਲ ਪਸ਼ੂਆਂ ਤੋਂ ਬਦਤਰ ਵਿਹਾਰ ਕੀਤਾ ਜਾਂਦਾ ਸੀ। ਇਨ੍ਹਾਂ ਦੀ ਬੋਲੀ, ਡੀਲ ਡੌਲ ਅਤੇ ਸਰੀਰਕ ਦਿੱਖ ਪੱਖ ਨੂੰ ਆਧਾਰ ਬਣਾ ਕੇ ਲਗਾਈ ਜਾਂਦੀ ਸੀ। ਤਕਰੀਬਨ ਹਰੇਕ ਰਚਨਾ ਜੋ ਪੁਸਤਕ ਵਿਚ ਸ਼ਾਮਿਲ ਹੈ, ਉਸ ਵਿਚ ਇਸ ਗ਼ੁਲਾਮ ਪ੍ਰਥਾ ਦੇ ਕਰੁਣਾਮਈ ਦ੍ਰਿਸ਼ ਵੇਖਣ ਨੂੰ ਮਿਲ ਜਾਂਦੇ ਹਨ। ਇਸ ਪੁਸਤਕ ਵਿਚ ਲੇਖਕ ਨੇ ਐਲਿਸ ਨਾਂਅ ਦੀ ਸਿਆਹਫਾਮ ਔਰਤ ਦੀ ਜ਼ਿੰਦਗੀ ਵਿਚ ਗ਼ੁਲਾਮੀ ਵਾਲੇ ਸੱਭਿਆਚਾਰ ਵਿਚਰਦਿਆਂ ਹੋਇਆਂ ਵੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਦੇ ਅਹਿਸਾਸਾਂ ਨੂੰ ਭੂਮਿਕਾ ਵਜੋਂ ਪੇਸ਼ ਕੀਤਾ ਹੈ, ਜਿਸ ਨੂੰ ਸਮੌਖਿਕ ਰੂਪ ਬਹੁਤ ਸਾਰੀਆਂ ਘਟਨਾਵਾਂ ਯਾਦ ਸਨ। ਇਸ ਤੋਂ ਇਲਾਵਾ ਪੁਸਤਕ ਵਿਚ ਵਿਲੀਅਮ ਵੈਲਿਸ ਬਰਾਊਨ ਦੇ ਨਾਵਲ 'ਕਲੋਟੇਲ', ਹੈਰੀਅਟ ਬਚੀਰ ਸਟੋਅ ਦੀ ਰਚਨਾ 'ਅੰਕਲ ਟਾਮ ਦਾ ਕੈਬਿਨ' ਨਿਗੂਮੀ ਵਾ ਥਿਓਂਗੋਂ 'ਦ ਵਿਜਾਰਡ ਆਫ਼ ਕਰੋਅ', ਮਰਿਆਮਾ ਬਾ ਦੀ ਰਚਨਾ 'ਸੋ ਲਾਂਗ ਏ ਲੈਟਰ', ਹੈਰੀਅਟ ਲਿੰਗ ਜੈਕੋਬਸ ਦੀ ਰਚਨਾ ਇੰਸੀਡੈਂਟ ਇਨ ਦ ਲਾਈਫ਼ ਆਫ਼ ਏ ਸਲੇਵ ਗਰਲ' ਮਾਇਆ ਏਂਜਲੂ ਦੀ ਸਵੈ-ਜੀਵਨੀ ਦੇ ਅੰਸ਼ ਮੈਟੀ ਜੈਕਸਨ ਦੀ 'ਗ਼ੁਲਾਮ ਗਾਥਾ' ਐਲਿਸ ਵਾਕਰ ਦਾ ਨਾਵਲ 'ਕਲਰ ਪਰਪਲ' ਤੋਂ ਇਲਾਵਾ ਸੋਜੋਰਨਰ ਟਰੁੱਥ ਅਤੇ ਹੈਰੀਵੇਟ ਟਥਮੈਨ ਦੇ ਗ਼ੁਲਾਮ ਪ੍ਰਥਾ ਬਾਰੇ ਤਜਰਬੇ ਦਰਜ ਕਰਨ ਤੋਂ ਇਲਾਵਾ ਓਇਡਾ ਸੈਬੇਸਿਚਿਅਨ ਦੇ ਨਾਵਲ 'ਵਰਡ ਬਾਏ ਹਾਰਟ' ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਲੇਖਕ ਪਹਿਲਾਂ ਹਰੇਕ ਲੇਖਕ ਦੇ ਜੀਵਨ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਦੇ ਫਿਰ ਬਾਅਦ ਵਿਚ ਉਸ ਦੀ ਕਿਸੇ ਰਚਨਾ ਜਾਂ ਜੀਵਨ ਤਜਰਬੇ ਬਾਰੇ ਸਾਰ ਰੂਪ ਵਿਚ ਚਰਚਾ ਕਰਦਾ ਹੈ। ਸੰਸਾਰ ਸਾਹਿਤ ਵਿਚ ਗ਼ੁਲਾਮ ਪ੍ਰਥਾ ਬਾਰੇ ਪ੍ਰਤੀਕਰਮ ਬਾਰੇ ਇਹ ਵਿਸ਼ੇਸ਼ ਪੁਸਤਕ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

14-05-2023

ਵਲਵਲੇ ਅਤੇ ਤਰਕਸੰਗਤ ਸੋਚ
ਲੇਖਕ : ਪ੍ਰੋ. (ਡਾ.) ਟੀ.ਆਰ. ਸ਼ਰਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 174
ਸੰਪਰਕ :0175-2216336


ਸ਼੍ਰੋਮਣੀ ਲੇਖਕ ਡਾ. ਟੀ.ਆਰ. ਸ਼ਰਮਾ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ਼ ਨਹੀਂ। ਉਹ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਮੁਖੀ ਅਤੇ ਡੀਨ ਫੈਕਲਟੀ ਆਫ਼ ਐਜੂਕੇਸ਼ਨ (ਸੇਵਾਮੁਕਤ) ਹਨ। ਉਹ ਅਨੇਕਾਂ ਉੱਚ-ਕੋਟੀ ਦੇ ਅਦਾਰਿਆਂ ਤੋਂ ਸਨਮਾਨਿਤ ਹੋ ਚੁੱਕੇ ਹਨ। ਉਹ ਉੱਘੇ ਵਾਰਤਕ/ਨਿਬੰਧ ਲੇਖਕ ਹਨ। ਉਨ੍ਹਾਂ ਨੇ ਇਹ ਪੁਸਤਕ ਆਪਣੀਆਂ ਵਿਖਿਆਤ ਧੀਆਂ ਨੂੰ ਸਮਰਪਿਤ ਕੀਤੀ ਹੈ। ਹਥਲੀ ਪੁਸਤਕ ਦਾ ਇਹ ਤੀਸਰਾ ਸੰਸਕਰਣ ਹੈ। ਇਸ ਵਿਚ ਵੱਖ-ਵੱਖ ਸਮਿਆਂ 'ਤੇ ਲਿਖੇ ਗਏ ਲਗਭਗ 67 ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਾਰੇ ਨਿਬੰਧਾਂ ਦੇ ਵਿਸ਼ੇ ਉਪਦੇਸ਼ਾਤਮਕ, ਪ੍ਰੇਰਣਾਦਾਇਕ ਅਤੇ ਚਿੰਤਨਸ਼ੀਲ ਹਨ। ਅਜੋਕੀ ਸਿੱਖਿਆ ਪ੍ਰਣਾਲੀ ਦੇ ਵਿਭਿੰਨ ਪਹਿਲੂਆਂ ਬਾਰੇ ਲਗਭਗ 10 ਨਿਬੰਧ ਹਨ। ਬਾਕੀ ਸਾਰੇ ਨਿਬੰਧਾਂ ਦੇ ਵਿਸ਼ੇ, ਲੇਖਕ ਦੇ ਅਨੁਭਵ 'ਤੇ ਆਧਾਰਿਤ, ਮਾਨਵੀ ਜੀਵਨ ਦੇ ਵਿਹਾਰਕ ਸਰੋਕਾਰਾਂ ਨਾਲ ਲਬਰੇਜ਼ ਹਨ। ਲੇਖਕ ਦੇ ਅਧਿਐਨ ਦਾ ਦਾਇਰਾ ਬੜਾ ਵਿਸ਼ਾਲ ਹੈ। ਗਿਆਨ ਵਿਸ਼ਵਕੋਸ਼ੀ ਹੈ। ਵਿਸ਼ੇ ਪੁਰਾਤਨ ਪ੍ਰੰਪਰਾਵਾਂ ਵੇਦਾਂ, ਉਪ-ਨਿਸ਼ਦਾਂ, ਗੀਤਾ, ਰਾਮਾਇਣ ਤੋਂ ਲੈ ਕੇ ਆਧੁਨਿਕਤਾ ਨੂੰ ਪਾਰ ਕਰਦੇ ਹੋਏ ਉੱਤਰ-ਆਧੁਨਿਕਤਾ ਦੀਆਂ ਹੱਦਾਂ ਛੋਹ ਜਾਂਦੇ ਹਨ। ਅਨੇਕਾਂ ਨਿਬੰਧ (ਭਾਰਤੀ ਅਤੇ ਵਿਦੇਸ਼ੀ) ਧਾਰਮਿਕ, ਆਰਥਿਕ, ਰਾਜਨੀਤਕ, ਸਮਾਜਿਕ, ਵਿਗਿਆਨਕ, ਮਨੋਵਿਗਿਆਨਕ ਵਿਦਵਾਨਾਂ ਦੇ ਵਿਚਾਰਾਂ ਦਾ ਸ਼ਿੰਗਾਰ ਬਣੇ ਹੋਏ ਹਨ। ਜੀਵਨ ਵਿਚ ਜੋ ਹੋ ਰਿਹਾ ਹੈ ਅਤੇ ਜੋ ਹੋਣਾ ਚਾਹੀਦਾ ਹੈ, ਵਿਚਕਾਰ ਤਣਾਓ ਹੈ। ਇਸੇ ਲਈ ਕਿਹਾ ਜਾ ਸਕਦਾ ਹੈ ਕਿ ਨਿਬੰਧਾਂ ਦਾ ਵਾਰਤਕ ਪੈਰਾਡਾਇਗ 'ਅਸੰਤੁਸ਼ਟਤਾ' ਹੈ। 'ਉਦੋਂ' ਅਤੇ 'ਹੁਣ' ਵਿਚਕਾਰ ਵੀ ਤਣਾਓ ਨੋਟ ਕੀਤਾ ਜਾ ਸਕਦਾ ਹੈ, ਲੇਖਕ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ 'ਅੰਕੜੇ' ਅਤੇ ਉਦਾਹਰਣਾਂ ਦੇ ਕੇ ਨਿਬੰਧਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦਾ ਹੈ। ਪ੍ਰਾਪਤ ਯਥਾਰਥ ਦੀ ਪ੍ਰਸਤੁਤੀ ਕਰ ਕੇ, ਮੁਕਤੀ-ਜੁਗਤ ਸੰਵਾਦ ਰਚਾ ਕੇ, ਇੱਛਿਤ ਯਥਾਰਥ ਪ੍ਰਾਪਤ ਕਰਨ ਦੀ ਜੁਗਤ ਅਪਣਾਈ ਗਈ ਹੈ। ਕਿਸੇ ਵੀ ਵਿਸ਼ੇ ਦੇ ਨਕਾਰਾਤਮਿਕ ਅਤੇ ਸਾਕਾਰਾਤਮਿਕ ਦੋਵਾਂ ਪਹਿਲੂਆਂ ਦਾ ਵਿਸ਼ਲੇਸ਼ਣ ਬੜੀ ਨਿਡਰਤਾ ਨਾਲ ਕੀਤਾ ਗਿਆ ਹੈ, ਭਾਵੇਂ ਕਿਸੇ ਦੇ ਗਿੱਟੇ ਲੱਗੇ-ਭਾਵੇਂ ਗੋਡੇ। ਮਾਤ-ਭਾਸ਼ਾ ਪੰਜਾਬੀ ਦੀ ਅਜੋਕੀ ਦਸ਼ਾ ਬਾਰੇ ਨਾ ਕੇਵਲ ਪੰਜਾਬ ਸਗੋਂ ਵਿਸ਼ਵ ਦੇ ਕਈ ਦੇਸ਼ਾਂ ਦੀ ਸਥਿਤੀ ਨੂੰ ਰੂਪਮਾਨ ਕੀਤਾ ਗਿਆ ਹੈ। ਅਧਿਆਪਨ ਕਿੱਤੇ ਦੇ ਆਂਗਣ ਦੀਆਂ ਵਿਭਿੰਨ ਸਮੱਸਿਆਵਾਂ 'ਤੇ ਰੌਸ਼ਨੀ ਪਾਈ ਗਈ ਹੈ। ਵਾਰਤਕ ਵਿਚ ਮਿੰਨੀ ਕਹਾਣੀਆਂ ਦੀ ਪੇਸ਼ਕਾਰੀ ਨਾਲ ਰੌਚਿਕਤਾ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ ਹੈ। 'ਰਾਈਟ ਏ ਸਟੋਰੀ ਵਿਦ ਦੀ ਮੌਰਲ' ਦੀ ਜੁਗਤ ਅਪਣਾਈ ਗਈ ਹੈ। ਨਿਬੰਧਾਂ ਦੇ ਅਖ਼ੀਰ ਵਿਚ ਲੇਖਕ ਸਮੱਸਿਆਵਾਂ ਨਾਲ ਦੋ-ਚਾਰ ਹੁੰਦਿਆਂ ਹੋਇਆਂ, ਧਿਆਨ ਦੀ ਮੰਗ ਕਰ ਕੇ, ਬੰਦ-ਪਾਠ ਸਿਰਜਣ ਵਿਚ ਸਫ਼ਲ ਹੋ ਜਾਂਦਾ ਹੈ। ਜੀਵਨ ਦੇ ਬੋਝਲ ਵਿਸ਼ਿਆਂ ਨੂੰ ਸੌਖੀ ਭਾਸ਼ਾ ਵਿਚ ਕਿਵੇਂ ਪੇਸ਼ ਕਰਨਾ ਹੈ, ਅਜਿਹੀ ਭਾਸ਼ਾ-ਸ਼ੈਲੀ ਕੋਈ ਡਾ. ਸ਼ਰਮਾ ਤੋਂ ਸਿੱਖੇ। ਡਾ. ਜਨਮੀਤ ਸਿੰਘ ਪ੍ਰਿੰਸੀਪਲ ਨੇ ਡਾ. ਸ਼ਰਮਾ ਨੂੰ ਆਸਥਾਵਾਨ ਆਸਤ, ਯਥਾਰਥਕ ਸੁਪਨਸਾਜ਼, ਆਸ਼ਾਵਾਦੀ ਸੋਚਵਾਨ, ਸੂਝਵਾਨ ਸਿੱਖਿਆ ਸ਼ਾਸਤਰੀ, ਰੌਸ਼ਨ ਦਿਮਾਗ਼ ਸਮਾਜ ਸ਼ਾਸਤਰੀ ਕਹਿ ਕੇ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਹੈ। ਕਿਤਾਬ ਸੱਚਮੁੱਚ ਹੀ ਗਿਆਨਮੀ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਭਾਰਤੀ ਸੱਭਿਅਤਾ ਅਤੇ ਇਸ ਦੀਆਂ ਧਾਰਮਿਕ ਪਰੰਪਰਾਵਾਂ
ਲੇਖਕ : ਪ੍ਰੋ. ਜਗਬੀਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 98715-98125


ਪਿਛਲੇ ਇਕ-ਦੋ ਦਹਾਕਿਆਂ ਤੋਂ ਭਾਰਤੀ ਇਤਿਹਾਸ ਅਤੇ ਸੱਭਿਅਤਾ ਦੇ ਪੁਨਰ-ਲੇਖਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਇਹ ਕੰਮ ਹੋਣਾ ਵੀ ਚਾਹੀਦਾ ਸੀ। ਬਸਤੀਵਾਦੀ ਅਤੇ ਮਾਰਕਸਵਾਦੀ ਚਿੰਤਕਾਂ ਨੇ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅਪ੍ਰਾਸੰਗਿਕ ਅਤੇ ਪ੍ਰਤੀਗਾਮੀ ਸਿੱਧ ਕਰਨ ਲਈ ਬਹੁਤ ਜ਼ਬਰਦਸਤ ਪ੍ਰਹਾਰ ਕੀਤੇ ਸਨ। ਅੰਗਰੇਜ਼ਾਂ ਅਤੇ ਉਨ੍ਹਾਂ ਦੇ ਪਿਛਲੱਗ ਇਤਿਹਾਸਕਾਰਾਂ ਦੀ ਅਜਿਹੀ ਨੀਤੀ ਤਾਂ ਸਮਝ ਵਿਚ ਆ ਜਾਂਦੀ ਸੀ ਕਿਉਂਕਿ ਅੰਗਰੇਜ਼ ਲਿਖਾਰੀਆਂ ਦਾ ਮੂਲ ਮੰਤਵ ਭਾਰਤੀ ਸੱਭਿਆਚਾਰ ਨੂੰ ਪਛੜਿਆ ਸਿੱਧ ਕਰ ਕੇ ਭਾਰਤ ਉੱਪਰ ਆਪਣੇ ਸਾਮਰਾਜ ਨੂੰ ਨਿਆਇਉਚਿਤ ਸਿੱਧ ਕਰਨਾ ਸੀ ਪ੍ਰੰਤੂ ਮਾਰਕਸਵਾਦੀ ਚਿੰਤਕਾਂ ਨੇ ਪਤਾ ਨਹੀਂ ਕੀ ਸੋਚ ਕੇ ਭਾਰਤੀ ਸੱਭਿਆਚਾਰ ਉੱਪਰ ਨਕਾਰਾਤਮਕ ਹਮਲੇ ਕੀਤੇ ਸਨ।
ਇਹ ਬੜੇ ਸੰਤੋਸ਼ ਦੀ ਗੱਲ ਹੈ ਕਿ ਹੁਣ ਭਾਰਤੀ ਇਤਿਹਾਸਕਾਰ ਅਤੇ ਚਿੰਤਕ ਬਸਤੀਵਾਦੀ ਅਤੇ ਮਾਰਕਸਵਾਦੀ ਪੂਰਵਾਗ੍ਰਹਿਆਂ ਨੂੰ ਤਿਆਗ ਕੇ ਭਾਰਤ ਬਾਰੇ ਇਕ ਸੰਤੁਲਿਤ ਪਹੁੰਚ ਅਪਣਾ ਰਹੇ ਹਨ। ਸਾਡਾ ਸ਼ੀਰਸ ਵਿਦਵਾਨ ਡਾ. ਜਗਬੀਰ ਸਿੰਘ ਇਸ ਪਹੁੰਚ-ਵਿਧੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਆਪਣੀ ਪਹੁੰਚ-ਵਿਧੀ ਦੀ ਪਛਾਣ ਦਿੰਦਾ ਹੋਇਆ ਉਹ ਲਿਖਦਾ ਹੈ ਕਿ ਉਸ ਦਾ ਮੁੱਖ ਉਦੇਸ਼ ਬਸਤੀਵਾਦੀ ਮਾਨਸਿਕਤਾ ਨੂੰ ਨਕਾਰ ਕੇ ਭਾਰਤੀ ਸੱਭਿਅਤਾ ਦਾ ਨਿਕਟ ਅਧਿਐਨ ਕਰਨਾ ਅਤੇ ਇਸ ਦੀਆਂ ਗਿਆਨਮੂਲਕ ਪਰੰਪਰਾਵਾਂ ਦੇ ਹਕੀਕੀ ਗੌਰਵ ਨੂੰ ਉਜਾਗਰ ਕਰਨਾ ਹੈ। (ਪੰਨਾ 11)
ਲੇਖਕ ਨੇ ਆਪਣੀ ਇਸ ਪੁਸਤਕ ਦੇ ਛੇ ਅਧਿਆਇ ਬਣਾਏ ਹਨ : 1. ਭਾਰਤੀ ਸੱਭਿਆਚਾਰ ਦਾ ਉਦਭਵ, 2. ਇਸ ਦੀਆਂ ਵਿਸ਼ੇਸ਼ਤਾਵਾਂ, 3. ਸਨਾਤਨ ਧਰਮ, 4. ਜੈਨ ਧਰਮ, 5. ਬੁੱਧ ਧਰਮ ਅਤੇ 6. ਸਿੱਖ ਧਰਮ। ਲੇਖਕ ਨੇ ਭਾਰਤ ਵਿਚ ਪੈਦਾ ਹੋਏ ਵਿਭਿੰਨ ਧਰਮਾਂ ਅਤੇ ਉਨ੍ਹਾਂ ਦੁਆਰਾ ਉਤਪਤ ਸੱਭਿਆਚਾਰ ਬਾਰੇ ਬੜੇ ਅਧਿਕਾਰ ਨਾਲ ਲਿਖਿਆ ਹੈ ਅਤੇ ਸਿੱਧ ਕਰ ਦਿੱਤਾ ਕਿ ਰਾਸ਼ਟਰਵਾਦ ਕੋਈ ਮਿਹਣਾ ਨਹੀਂ ਬਸ਼ਰਤੇ ਇਹ ਸੌੜਾ ਨਾ ਹੋਵੇ। ਪਰ ਲਗਦੇ ਹੱਥ ਜੇ ਕੁਝ ਗੱਲਾਂ ਇਸਲਾਮ ਬਾਰੇ ਵੀ ਹੋ ਜਾਂਦੀਆਂ ਤਾਂ ਹੋਰ ਚੰਗਾ ਹੁੰਦਾ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਅਗਰਬੱਤੀ
ਗ਼ਜ਼ਲਕਾਰ : ਜਸਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ-180 ਰੁਪਏ, ਸਫ਼ੇ : 80
ਸੰਪਰਕ : 94178-62466


ਪੰਜਾਬੀ ਤੇ ਅਰਧ ਪੰਜਾਬੀ ਜ਼ਬਾਨ ਵਿਚ ਕਈ ਸਦੀਆਂ ਤੋਂ ਗ਼ਜ਼ਲ ਅਛੋਪਲੇ ਜਿਹੇ ਸਾਹ ਲੈਂਦੀ ਰਹੀ ਹੈ, ਪਰ ਇਸ ਦੀ ਉੱਘੜਵੀਂ ਪਹਿਚਾਣ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਬਣਦੀ ਹੈ। ਵੰਡ ਸਮੇਂ ਤੋਂ ਸੱਤਰਵੇਂ ਤਕ ਇਹ ਵਿਰੋਧ ਹੋਣ ਦੇ ਬਾਵਜੂਦ ਕਰਵਟਾਂ ਲੈਂਦੀ ਹੈ ਤੇ ਇਸ ਤੋਂ ਬਾਅਦ ਇਸ ਦੇ ਨੈਣ-ਨਕਸ਼ ਹੋਰ ਗੂੜ੍ਹੇ ਬਣਦੇ ਹਨ ਤੇ ਹੋਰ ਪਛੜ ਕੇ ਇਹ ਸ਼ਿੰਗਾਰ ਕਰਨਾ ਵੀ ਸਿੱਖ ਲੈਂਦੀ ਹੈ। ਕੁਝ ਨਾਂਅ ਅਜਿਹੇ ਸਾਹਮਣੇ ਆਉਂਦੇ ਹਨ ਜੋ ਇਸ ਦੇ ਵਸਤਰਾਂ ਤੇ ਅਭੂਸ਼ਣਾਂ ਵਿਚ ਨਵੇਂ ਰੰਗ ਭਰਦੇ ਹਨ ਤੇ ਅਜਿਹੇ ਰੰਗ ਭਰਨ ਵਾਲਿਆਂ 'ਚੋਂ ਜਸਵਿੰਦਰ ਸਭ ਦਾ ਧਿਆਨ ਖਿੱਚਦਾ ਹੈ ਤੇ ਉਹ ਸ਼ਬਦ ਲਿਖਦਾ ਨਹੀਂ ਨਚਾਉਂਦਾ ਪ੍ਰਤੀਤ ਹੁੰਦਾ ਹੈ। ਪੁਰਾਣੀ ਗ਼ਜ਼ਲ ਤੇ ਗ਼ਜ਼ਲਕਾਰ ਆਪਣੀ ਥਾਂ ਠੀਕ ਸਨ ਉਸ ਵੇਲੇ ਓਹੋ ਜਿਹਾ ਹੀ ਲਿਖਿਆ ਜਾ ਸਕਦਾ ਸੀ ਪਰ ਵਕਤ ਬਦਲਣ ਨਾਲ ਹਰ ਸ਼ੈਅ ਵਿਚ ਪਰਿਵਰਤਨ ਹੁੰਦਾ ਹੈ ਤੇ ਪੰਜਾਬੀ ਗ਼ਜ਼ਲ ਵੀ ਬਦਲੀ। ਇਸ ਬਦਲਾਓ ਵਿਚ ਜਸਵਿੰਦਰ ਦੀ 'ਅਗਰਬੱਤੀ' ਦੀ ਖ਼ੁਸ਼ਬੂ ਚਰਚਾ ਵਿਚ ਰਹੀ। ਹੁਣ ਇਸ ਦਾ ਚੌਥਾ ਸੰਸਕਰਣ ਸਾਹਮਣੇ ਆਇਆ ਹੈ। 'ਅਗਰਬੱਤੀ' ਦੀਆਂ ਤਮਾਮ ਗ਼ਜ਼ਲਾਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਲਾਲਚ ਨਾ ਕਰਕੇ ਗ਼ਜ਼ਲਾਂ ਦੇ ਓਹੀ ਸ਼ਿਅਰ ਰੱਖੇ ਹਨ, ਜਿਨ੍ਹਾਂ ਵਿਚ ਸਮਰੱਥਾ ਹੈ। 'ਅਗਰਬੱਤੀ' ਦੀ ਵੱਡੀ ਖ਼ੂਬੀ ਇਹ ਵੀ ਹੈ ਕਿ ਗ਼ਜ਼ਲਕਾਰ ਨੇ ਇਸ ਵਿਚ ਕਿਸੇ ਕੋਲੋਂ ਤਾਰੀਫ਼ੀ ਮੁੱਖ ਬੰਦ ਲਿਖਵਾਉਣ ਦੀ ਪਰੰਪਰਾ ਨੂੰ ਤੋੜਿਆ ਹੈ। ਜਸਵਿੰਦਰ ਦਾ ਸਵੈ-ਕਥਨ ਪਾਠਕ ਨੂੰ ਪੁਸਤਕ ਨਾਲ ਹੋਰ ਸ਼ਿੱਦਤ ਨਾਲ ਜੋੜਦਾ ਹੈ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਮੁੱਚੀ ਸ੍ਰਿਸ਼ਟੀ ਦੁਆਲੇ ਸਫ਼ਰ ਕਰਦੇ ਹੋਏ ਆਪਣੇ ਹੀ ਲਹਿਜ਼ੇ ਵਿਚ ਵਾਰਤਾਲਾਪ ਕਰਦੇ ਹਨ। ਉਸ ਨੇ ਬਿਲਕੁਲ ਸੱਜਰੇ ਬਿੰਬ ਸਿਰਜੇ ਹਨ ਤੇ ਅਛੂਤੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਜਸਵਿੰਦਰ ਦੀ ਆਪਣੀ ਸ਼ੈਲੀ ਹੈ ਤੇ ਉਹ ਸ਼ਬਦਾਂ ਦੀ ਤਰਤੀਬ ਬਾਰੇ ਕਾਫ਼ੀ ਸੁਚੇਤ ਦਿਖਾਈ ਦਿੰਦਾ ਹੈ। ਉਸ ਦੇ ਕੁਝ ਸ਼ਿਅਰਾਂ ਦੀ ਤਹਿ ਤਕ ਜਾਣ ਲਈ ਸ਼ਾਇਦ ਕੁਝ ਪਾਠਕਾਂ ਨੂੰ ਮਸ਼ਕ ਕਰਨੀ ਪਏ। ਸਰਲਤਾ ਗ਼ਜ਼ਲ ਦੀ ਜਾਨ ਹੁੰਦੀ ਹੈ ਤੇ ਗ਼ਜ਼ਲਕਾਰ ਨੇ ਵਧੇਰੇ ਕਰਕੇ ਇਸ ਨੂੰ ਕਾਇਮ ਰੱਖਿਆ ਹੈ। ਉਹ ਕਹਿੰਦਾ ਹੈ ਕਿ ਉਹ ਜੋ ਦੇਹੀ ਨਾਲ ਨਹੀਂ ਸੜਦੇ ਹਸ਼ਰ ਤਕ ਬਲਦੇ ਵੀ ਨੇ ਅਜਿਹੇ ਜ਼ਖ਼ਮਾਂ ਦੀ ਸ਼ਨਾਖਤ ਲਈ ਲਿਖਦਾ ਹੈ। ਕਈ ਵਾਰ ਉਹ ਖ਼ੁਦ ਨੂੰ ਪ੍ਰਸ਼ਨ ਕਰਦਾ ਹੋਇਆ ਚੇਤਨ ਤੇ ਅਵਚੇਤਨ ਦੇ ਵਿਚਕਾਰ ਖਲੋਂਦਾ ਹੈ ਤੇ ਫਿਰ ਉਹ ਅੱਧਾ ਹਾੜ੍ਹ ਤੇ ਅੱਧਾ ਸਾਉਣ ਬਣਦਾ ਹੈ। ਜ਼ਿੰਦਗੀ ਦੀਆਂ ਘੁੰਮਣ-ਘੇਰੀਆਂ 'ਚੋਂ ਹੀ ਉਸ ਦੇ ਸ਼ਿਅਰ ਉਦੇ ਹੁੰਦੇ ਹਨ। ਇਸ ਪੁਸਤਕ ਦਾ ਚੌਥਾ ਸੰਸਕਰਣ ਛਪਣਾ ਇਹ ਦੱਸਦਾ ਹੈ ਕਿ ਪੰਜਾਬੀ ਵਿਚ ਪਾਠਕਾਂ ਦੀ ਕਮੀ ਨੂੰ ਕੁਝ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਚੌਥਾ ਸੰਸਕਰਣ ਪਾਠਕਾਂ ਵਲੋਂ ਜਸਵਿੰਦਰ ਦੀ ਗ਼ਜ਼ਲਕਾਰੀ ਦੀ ਪ੍ਰਵਾਨਗੀ ਤੇ ਤਸਦੀਕ ਵੀ ਹੈ।
c c c


ਖ਼ਾਬਾਂ ਦੀ ਖ਼ੁਸ਼ਬੂ
ਗ਼ਜ਼ਲਕਾਰ : ਕਿੰਦਾ ਸੰਮੀਪੁਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ-60453-77235


'ਖ਼ਾਬਾਂ ਦੀ ਖ਼ੁਸ਼ਬੂ' ਦੀ ਕਿਸੇ ਨੁੱਕਰ 'ਚੋਂ ਸ਼ਾਇਰ ਬਾਰੇ ਕੋਈ ਜਾਣਕਾਰੀ ਨਹੀਂ, ਮਿਲਦੀ। ਕਿਸੇ ਦਾ ਤਾਰੀਫ਼ੀ ਲੇਖ ਜ਼ਰੂਰੀ ਨਹੀਂ ਪਰ ਮੇਰੀ ਜਾਚੇ ਪੁਸਤਕ ਦੇ ਰਚਣਹਾਰੇ ਨੂੰ ਇਕ-ਦੋ ਤੁਆਰਫ਼ੀ ਸਫ਼ੇ ਜ਼ਰੂਰ ਲਿਖਣੇ ਚਾਹੀਦੇ ਹਨ। ਪੁਸਤਕ ਨੂੰ ਵਾਚਦਿਆਂ ਮਹਿਸੂਸ ਹੋਇਆ ਹੈ ਕਿ ਸ਼ਾਇਰ ਦਾ ਪੰਜਾਬੀ ਸਾਹਿਤ ਦੀ ਸੱਥ ਵਿਚ ਬਿਲਕੁਲ ਨਵਾਂ ਪ੍ਰਵੇਸ਼ ਹੈ ਤੇ ਉਸ ਨੇ ਲਿਖਣ ਲਈ ਗ਼ਜ਼ਲ ਵਿਧਾ ਨੂੰ ਚੁਣਿਆ ਹੈ। ਕਿੰਦਾ ਸੰਮੀਪੁਰ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਰੋਮਾਂਸ ਨਾਲ ਸੰਬੰਧਿਤ ਹਨ। ਉਸ ਮੁਤਾਬਿਕ ਹਵਾ ਤੇ ਖ਼ਾਕ ਦਾ ਰਿਸ਼ਤਾ ਬੜਾ ਗੂੜ੍ਹਾ ਹੈ ਪਰ ਪਤਾ ਨਹੀਂ ਕਿਉਂ ਕੋਈ ਇਨ੍ਹਾਂ 'ਚੋਂ ਇਕ ਨੂੰ ਕਤਲ ਕਰਨ ਦਾ ਇਰਾਦਾ ਧਾਰ ਕੇ ਆ ਗਿਆ ਹੈ। ਕਾਨੂੰਨ ਵਿਵਸਥਾ ਬਾਰੇ ਉਹ ਆਖਦਾ ਹੈ ਕਿ ਅੱਜ ਦੀ ਸੱਭਿਅਤਾ ਦਾ ਵੱਡਾ ਹਿੱਸਾ ਅਦਾਲਤਾਂ ਵਿਚ ਖੱਜਲ ਖ਼ੁਆਰ ਹੋ ਰਿਹਾ ਹੈ ਤੇ ਬੱਚਿਆਂ ਦੇ ਅਨਪੜ੍ਹ ਰਹਿਣ ਪਿੱਛੇ ਇਹ ਵੀ ਇਕ ਕਾਰਨ ਹੈ। ਕਿੰਦਾ ਦਾ ਇਕ ਸ਼ਿਅਰ ਦੇਖੋ ਉਹ ਆਖਦਾ ਹੈ ਮੇਰਾ ਕੱਦ ਛੇ ਫੁੱਟ ਹੋ ਕੇ ਵੀ ਤੇਰੇ ਤੋਂ ਮਧਰਾ ਹੈ ਕਿਉਂਕਿ ਤੂੰ ਹੀਲ ਕਾਰਨ ਆਪਣੇ ਆਪ ਨੂੰ ਮੈਥੋਂ ਉੱਚਾ ਕਰ ਲੈਂਦਾ ਏਂ। ਅਜਿਹੀ ਸਿੱਧੀ ਸ਼ਬਦਾਬਲੀ ਗ਼ਜ਼ਲ ਸਹਿਨ ਨਹੀਂ ਕਰਦੀ। ਕਿਤੇ-ਕਿਤੇ ਗ਼ਜ਼ਲਕਾਰ ਪਤੇ ਦੀ ਗੱਲ ਕਰਦਾ ਵੀ ਮਹਿਸੂਸ ਹੁੰਦਾ ਹੈ ਜਦੋਂ ਉਹ ਅਹਿਸਾਸ ਤੋਂ ਬਿਨਾਂ ਗ਼ਜ਼ਲ ਦੀ ਸਿਰਜਣਾ ਨੂੰ ਬੇਅਰਥ ਕਹਿੰਦਾ ਹੈ। ਉਸ ਦਾ ਮੰਨਣਾ ਹੈ ਮਜ਼੍ਹਬ ਨੂੰ ਮਜ਼੍ਹਬ ਹੀ ਰਹਿਣ ਦੇਣਾ ਚਾਹੀਦਾ ਹੈ, ਇਸ ਨੂੰ ਖੰਡੇ ਤੇ ਤ੍ਰਿਸ਼ੂਲਾਂ ਵਿਚ ਕੈਦ ਨਹੀਂ ਕਰਨਾ ਚਾਹੀਦਾ। ਉਹ ਰਾਹ ਦਾ ਰੋੜਾ ਬਣਨ ਵਾਲਿਆਂ ਦੀ ਨਿੰਦਾ ਕਰਦਾ ਹੈ ਤੇ ਸੱਚ 'ਤੇ ਖੜ੍ਹਨ ਦੀ ਗੁਜ਼ਾਰਿਸ਼ ਕਰਦਾ ਹੈ। ਇਸ ਪੁਸਤਕ ਵਿਚ ਸ਼ਾਇਰ ਦੀ ਇਕ ਕਵਿਤਾ ਤੇ ਰੁਬਾਈਨੁਮਾ ਕੁਝ ਰਚਨਾਵਾਂ ਵੀ ਸ਼ਾਮਿਲ ਹਨ। ਕਿੰਦਾ ਨਵਾਂ ਹਸਤਾਖ਼ਰ ਹੈ, ਇਸ ਲਈ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਣੀ ਚਾਹੀਦੀ ਹੈ, ਪਰ ਉਸ ਨੂੰ ਗ਼ਜ਼ਲ ਦੇ ਮੁਢਲੇ ਅਸੂਲਾਂ ਦਾ ਅਧਿਐਨ ਕਰ ਲੈਣਾ ਚਾਹੀਦਾ ਹੈ ਜਾਂ ਕਿਸੇ ਕੋਲੋਂ ਪੁੱਛ ਲੈਣੇ ਚਾਹੀਦੇ ਹਨ। ਸਹੀ ਕਾਫ਼ੀਏ ਗ਼ਜ਼ਲ ਦੀ ਜਿੰਦ-ਜਾਨ ਹੁੰਦੇ ਹਨ ਪਰ ਇਸ ਪੁਸਤਕ ਦੀਆਂ ਗ਼ਜ਼ਲਾਂ ਵਿਚ ਬੇਸ਼ੁਮਾਰ ਕਾਫ਼ੀਏ ਹੀ ਗ਼ਲਤ ਵਰਤੇ ਗਏ ਹਨ। ਕਿੰਦਾ ਨੂੰ ਜੀ ਆਇਆਂ, ਪਰ ਲਿਖਣ ਦੇ ਨਾਲ-ਨਾਲ ਉਸ ਨੂੰ ਗ਼ਜ਼ਲ ਸੰਬੰਧੀ ਜਾਣਕਾਰੀ ਦਰਕਾਰ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਸੂਲਾਂ
ਕਹਾਣੀਕਾਰਾ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 95011-45039


ਕਹਾਣੀ-ਸੰਗ੍ਰਹਿ ਵਿਚ 16 ਲੰਮੀਆਂ ਕਹਾਣੀਆਂ ਹਨ। ਸਮਾਜਿਕ ਮਸਲਿਆਂ ਨੂੰ ਕਹਾਣੀਕਾਰਾ ਨੇ ਸੂਲਾਂ ਕਿਹਾ ਹੈ। ਇਹ ਸੂਲਾਂ ਬਹੁਭਾਂਤੀ ਤੇ ਤਿੱਖੀਆਂ ਹਨ। ਮਨੁੱਖ ਦੀ ਵਿਗੜੀ ਮਾਨਸਿਕਤਾ ਦੀ ਗਵਾਹੀ ਹਨ। ਕਹਾਣੀਆਂ ਦੇ ਬਿਰਤਾਂਤ ਆਪ ਮੁਹਾਰੇ ਹਨ। ਚੇਤਨ ਬੰਦੇ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਕਹਾਣੀਆਂ ਵਿਚ ਔਰਤ ਦੀ ਤ੍ਰਾਸਦੀ, ਅਮੀਰੀ-ਗ਼ਰੀਬੀ ਪਾੜਾ, ਆਰਥਿਕ ਮਸਲੇ, ਸਾਂਝੇ ਪਰਿਵਾਰਕ ਮਸਲੇ, ਪਰਵਾਸ ਦੀ ਲਾਲਸਾ, ਵਿਦੇਸ਼ ਜਾ ਕੇ ਵੀ ਧੋਖੇਬਾਜ਼ੀਆਂ, ਪੈਰ-ਪੈਰ 'ਤੇ ਸ਼ੋਸ਼ਣ, ਵਿਦੇਸ਼ਾਂ ਦੇ ਨਸਲੀ ਵਿਤਕਰੇ ਮਰਦ ਵਲੋਂ ਔਰਤਾਂ ਉੱਪਰ ਤਸ਼ਦਦ, ਰਿਸ਼ਤਿਆਂ ਦੀ ਤਿੜਕਨ, ਮਨੁੱਖੀ ਮਾਨਸਿਕਤਾ ਦੀ ਟੁੱਟ-ਭਜ ਆਦਿ ਪ੍ਰਮੁੱਖ ਵਿਸ਼ੇ ਹਨ। ਵਿਸ਼ਿਆਂ ਦਾ ਨਿਭਾਅ ਜ਼ਿਆਦਾ ਕਰਕੇ ਬਿਰਤਾਂਤਕ ਹੈ। ਕਹਾਣੀ ਪਾਤਰ ਸੰਵਾਦ ਨਾਲ ਉਸਰਦੀ ਹੈ। ਕੁਝ ਕਹਾਣੀਆਂ ਦੇ ਪਾਤਰ ਵਿਦੇਸ਼ੀ ਹਨ। ਜਦੋਂ ਪਾਤਰ ਵਿਦੇਸ਼ ਤੋਂ ਪਿੰਡ ਦਾ ਗੇੜਾ ਮਾਰਦੇ ਹਨ ਤਾਂ ਪਿੰਡ ਦੀਆਂ ਯਾਦਾਂ ਭਾਈਚਾਰਕ ਸਾਂਝਾ ਨੂੰ ਮਹਿਸੂਸ ਕਰਦੇ ਹਨ। ਮਾਂ-ਬੋਲੀ ਪੰਜਾਬੀ ਦੀ ਚਿੰਤਾਮਈ ਸਥਿਤੀ ਨੂੰ ਭਾਸ਼ਾਈ ਸੂਲਾਂ ਦੇ ਰੂਪ ਵਿਚ ਕਹਾਣੀਕਾਰਾ ਮਹਿਸੂਸ ਕਰਦੀ ਹੈ। ਕਹਾਣੀਆਂ ਵਿਚ ਸੱਭਿਆਚਾਰਕ ਵਿਗਾੜ ਦੀਆ ਸੂਲਾਂ ਹਨ। ਦਸ ਪੰਨਿਆ ਦੀ ਕਹਾਣੀ 'ਕਮਜਾਤ' ਵਿਚ ਜਾਤ-ਪਾਤ ਦਾ ਮਸਲਾ ਹੈ। ਇਸ ਕਹਾਣੀ ਵਿਚ ਇਕ ਪਾਤਰ ਦੇ ਬੋਲ ਹਨ '-ਅਸਲ 'ਚ ਬੰਦੇ ਦੀ ਜਾਤ-ਜੂਤ ਕੋਈ ਬਾਹਰਲੀ ਸ਼ੇਅ ਨ੍ਹੀਂ ਹੁੰਦੀ ਇਹ ਤਾਂ ਅੰਦਰ ਦੀ ਕੋਈ ਸ਼ੈਅ ਹੁੰਦੀ ਜਿਹੜੀ ਬੰਦੇ ਨੂੰ ਕੰਮੀ ਕਮੀਣ ਜਾਂ ਫੰਨੇ ਖਾਂ ਬਣਾ ਦਿੰਦੀ ਆ...' (ਪੰਨਾ 36. ਅਮਰੀਕਾ ਵਿਚ ਨਸਲੀ ਵਿਤਕਰੇ ਦੀ ਦਾਸਤਾਨ ਹੈ। (ਕਹਾਣੀ ਵਿਤਕਰਾ)' 'ਮੈਂ ਨਾਨੀ ਨਹੀ' ਕਹਾਣੀ 'ਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦ੍ਰਿਸ਼ ਹੈ। ਤੁਰਦੀ-ਤੁਰਦੀ ਗੱਲ ਔਰਤ ਦੀ ਨਿੱਜੀ ਆਜ਼ਾਦੀ ਤਕ ਪਹੁੰਚ ਜਾਂਦੀ ਹੈ।
ਕਹਾਣੀ 'ਲਾਲਾ ਲਾਲਾ ਹੋਗੀ' ਵਿਚ ਕਹਾਣੀਕਾਰਾ ਨੇ ਦੋ ਵਡੇ ਸਾਹਿਤਕਾਰਾਂ ਦੇ ਨਿੱਜੀ ਰਿਸ਼ਤਿਆਂ ਦਾ ਹਵਾਲੇ ਨਾਲ ਗੱਲ ਕੀਤੀ ਹੈ। ਕਹਾਣੀ 'ਚ ਔਰਤ-ਮਰਦ ਦੇ ਰਿਸ਼ਤੇ ਦੇ ਕਈ ਰੂਪ ਹਨ। ਸੰਗ੍ਰਹਿ ਦੀਆਂ ਕਹਾਣੀਆਂ ਮੈਨੀਫੈਸਟੋ ਮੁਜ਼ਾਹਰਾ, ਅੰਦੋਲਨ ਵਿਚ ਕਿਸਾਨੀ ਮਸਲੇ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਚਲੇ ਕਿਸਾਨ ਅੰਦੋਲਨ ਬਾਰੇ ਪਾਤਰੀ ਸੰਵਾਦ ਹਨ।
'ਕਹਾਣੀ ਪੰਜਾਬ', ਪੰਜਾਬ ਦਾ ਖੂਨੀ ਇਤਿਹਾਸ ਹੈ ਜੋ ਸੰਨ ਚੁਰਾਸੀ ਵਿਚ ਵਾਪਰਿਆ। ਸੁਲਗਦੇ ਪੰਜਾਬ (1978-1992) ਦਾ ਜ਼ਿਕਰ ਇਸ ਕਹਾਣੀ ਵਿਚ ਹੈ। ਕੋਰੋਨਾ ਸਮਾਂ ਬਹੁਤ ਭਿਆਨਕ ਸਮਾਂ ਸੀ। ਇਕ ਕਹਾਣੀ 'ਕੋਰੋਨਾ ਜੱਫੀ' ਸੰਖੇਪ ਰੂਪ ਵਿਚ ਇਸ ਵਿਸ਼ੇ 'ਤੇ ਹੈ। ਕਹਾਣੀਕਾਰਾ ਦੇ ਇਸ ਸੰਗ੍ਰਹਿ ਵਿਚ ਦੇਸ਼-ਵਿਦੇਸ਼ ਦੇ ਪੰਜਾਬੀ ਜੀਵਨ ਦੀ ਦਿਲਚਸਪ ਪੇਸ਼ਕਾਰੀ ਹੈ। 10 ਸਾਹਿਤਕ ਪੁਸਤਕਾਂ ਦੀ ਰਚੇਤਾ ਗੁਰਚਰਨ ਕੌਰ ਥਿੰਦ (ਕੈਨੇਡਾ) ਦਾ ਇਹ ਨਵਾਂ ਕਹਾਣੀ-ਸੰਗ੍ਰਹਿ ਪੰਜਾਬੀ ਕਹਾਣੀ ਦਾ ਘੇਰਾ ਵਿਸ਼ਾਲ ਕਰਦਾ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਅੱਖਰੀ ਨੂਰ

ਲੇਖਕ : ਹਰਮਨਜੋਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ 116
ਸੰਪਰਕ : 90413-81011


ਅਸਲੋਂ ਹੀ ਉੱਭਰਦਾ ਸ਼ਾਇਰ ਹਰਮਨਜੋਤ ਸਿੰਘ ਆਪਣੀ ਪਲੇਠੀ ਕਾਵਿ-ਕਿਤਾਬ 'ਅੱਖਰੀ ਨੂਰ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ, ਸ਼ਾਇਰ ਨੇ ਅਜੇ ਸ਼ਾਇਰੀ ਦੇ ਸਕੂਲ ਵਿਚ ਦਾਖਲਾ ਲਿਆ ਹੀ ਹੈ ਤੇ ਨਵੇਂ ਵਿਦਿਆਰਥੀਆਂ ਨੂੰ ਪੂਰਨਿਆਂ 'ਤੇ ਭੁਲਾਵੇਂ ਅੱਖਰਾਂ ਵਿਚੋਂ ਗੁਜ਼ਰ ਕੇ ਸ਼ਬਦ ਦਾ ਲੜ ਫੜਨਾ ਪੈਂਦਾ ਹੈ ਤੇ ਸਿਖਾਂਦਰੂ ਪ੍ਰਯਤਨ ਵਿਚੋਂ ਲੰਘ ਕੇ ਅੱਖਰੀ ਨੂਰ ਦੀ ਕੁਠਾਲੀ ਵਿਚ ਪੈ ਕੇ ਹੀ ਚੌਵੀ ਕੈਰੇਟ ਦਾ ਸ਼ੁੱਧ ਸੋਨਾ ਬਣਨਾ ਪੈਂਦਾ ਹੈ। ਨੂਰ ਕੋਈ ਵੀ ਹੋਵੇ, ਸੂਰਤ ਸੀਰਤ ਜਾਂ ਅਧਿਆਤਮਿਕ ਨੂਰ ਤੇ ਅਜਿਹੇ ਨੂਰ ਦੇ ਦਰਸ਼ ਦੀਦਾਰੇ ਸਈ ਅੱਖਰਾਂ ਦੇ ਨੂਰ ਦੀ ਪੌੜੀ ਤਾਂ ਚੜ੍ਹਨਾ ਹੀ ਪੈਂਦਾ ਹੈ। ਅੱਖਰਾਂ ਦੇ ਨੂਰ ਦੀ ਪੌੜੀ ਦਾ ਪਹਿਲਾ ਡੰਡਾ ਵਿੱਦਿਆ ਹੈ। ਵਿੱਦਿਆ ਸ਼ੇਰਨੀ ਦੇ ਦੁੱਧ ਵਰਗੀ ਹੁੰਦੀ ਹੈ, ਜਿਸ ਨੂੰ ਪੀ ਕੇ ਕਿਸੇ ਵੀ ਖੇਤਰ ਵਿਚ ਦਹਾੜ ਮਾਰੀ ਜਾ ਸਕਦੀ ਹੈ। ਪਰ ਇਥੇ ਦਹਾੜ ਕਿਤੇ ਹੋਰ ਨਹੀਂ ਮਾਰਨੀ, ਦਹਾੜ ਤਾਂ ਤੇ ਮਾਰਨੀ ਹੈ ਜਿਸ ਨੂੰ ਇਸ਼ਕ ਕਹਿੰਦੇ ਹਨ। ਇਸ਼ਕ ਮਜਾਜੀ ਦੀ ਤਰੰਗਤ ਤੋਂ ਬਾਅਦ ਇਸ਼ਕ ਹਕੀਕੀ ਦਾ ਅਗਲਾ ਪੜਾਅ ਆਉਂਦਾ ਹੈ ਤੇ ਇਸ ਪੜਾਅ 'ਤੇ ਪਹੁੰਚਣ ਲਈ ਹਰਮਨਜੋਤ ਉਸ ਤਰੱਦਦ ਵਿਚੋਂ ਗੁਜ਼ਰਨ ਦੀ ਦੱਸ ਪਾਉਂਦਾ ਹੈ, ਜਿਸ ਨੂੰ ਉਰਦੂ ਦਾ ਸ਼ਾਇਰ 'ਯੇ ਇਸ਼ਕ ਨਹੀਂ ਆਸਾਂ, ਏਕ ਆਗ ਕਾ ਦਰਿਆ ਹੈ, ਔਰ ਡੂਬ ਕੇ ਜਾਨਾ ਹੈ।' ਅਤੇ ਮਿਰਜ਼ਾ ਗਾਲਿਬ ਕਹਿੰਦਾ ਹੈ, 'ਯੇਹ ਵੋਹ ਆਤਿਸ਼ ਹੈ ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬੁਝੇ।' ਹਰਮਨਜੋਤ ਅਨੁਸਾਰ ਇਸ ਤਰੰਗਤੀ ਮੁਹੱਬਤ ਨੂੰ ਪਾਉਣ ਵਾਲੇ ਵੱਖ-ਵੱਖ ਸ਼ੇਡਜ਼, ਰੋਸੇ, ਮੇਹਣੇ, ਵਿਛੋੜੇ ਤੇ ਮੰਨਣ ਮਨਾਉਣ ਤੋਂ ਬਾਅਦ ਵਸਲ ਦੇ ਬਲੌਰੀ ਪਲਾਂ ਲਈ ਅਰਦਾਸਾਂ ਜੋਦੜੀਆਂ ਲਈ ਮਨ ਦੇ ਸੂਰਜਮੁਖੀ ਖਿਲਾਉਣ ਲਈ ਅਣਕਿਆਸੇ ਜ਼ੋਖਮ ਵੀ ਉਠਾਉਣੇ ਪੈਂਦੇ ਹਨ। ਸ਼ਾਇਰ ਦੀਆਂ ਦੋ ਮਾਵਾਂ ਹਨ। ਇਕ ਮਾਂ ਹੈ ਪੰਜਾਬੀ ਮਾਂ ਬੋਲੀ ਤੇ ਦੂਜੀ ਹੈ ਪ੍ਰਸਤੂਤੀ ਪੀੜਾਂ ਸਹਿ ਕੇ ਦੁਨੀਆ ਦਿਖਾਉਣ ਵਾਲੀ ਮਾਂ। ਸ਼ਾਇਰ ਗੁਰਮੁੱਖੀ ਅੱਖਰਾਂ ਦੇ ਪੈਂਤੀ ਅੱਖਰਾਂ ਦੀ ਵਰਨਮਾਲਾ ਨਾਲ ਤਰੰਗਤੀ ਮੁਹੱਬਤ ਦੀ ਆਰਤੀ ਉਤਾਰਦਾ ਹੈ ਤੇ ਅੱਖਰ ਉਹ ਸਵੈਟਰ ਹਨ ਜਿਨ੍ਹਾਂ ਨੂੰ ਬੁਣ ਕੇ ਤੇ ਪਹਿਨ ਕੇ ਰੂਹ ਦਾ ਨਿੱਘ ਮਾਣਿਆ ਜਾ ਸਕਦਾ ਹੈ। ਸ਼ਾਇਰ ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦਿਆਂ ਉਨ੍ਹਾਂ ਵਾਰਿਸਾਂ ਦੇ ਬਖੀਏ ਉਧੇੜਦਾ ਹੈ ਜੋ ਆਪਣੇ ਪਿਤਾ ਦੀ ਜਾਇਦਾਦ 'ਤੇ ਤਾਂ ਅੱਖ ਰੱਖਦੇ ਹਨ ਪਰ ਉਨ੍ਹਾਂ ਦੀ ਜਿਊਂਦੇ-ਜੀਅ ਸਾਂਭ ਸੰਭਾਲ ਨਹੀਂ ਕਰਦੇ ਤੇ ਜਿਊਂਦੇ ਲਾਵਾਰਿਸ ਲਾਸ਼ ਬਣ ਜਾਂਦੇ ਹਨ ਤੇ ਬਹੁਤ ਸਾਰੇ ਬਜ਼ਰੁਗ ਬਿਰਧ ਆਸ਼ਰਮਾਂ ਵਿਚ ਦਿਨ ਕਟੀ ਕਰਦੇ ਹਨ। ਸ਼ਾਇਰ ਨੂੰ ਸੱਭਿਆਚਾਰਕ ਹੇਰਵਾ ਬਹੁਤ ਤੰਗ ਕਰਦਾ ਹੈ ਤੇ ਫੈਸ਼ਨ ਦੀ ਹਨੇਰੀ ਵਿਚ ਨੰਗੇਜ਼ਵਾਦ ਨਾਲ ਆਪਣੇ-ਆਪ ਨੂੰ ਆਧੁਨਿਕਤਾ ਦੇ ਹਾਣੀ ਹੋਣਾ ਨਿਰਾ-ਪੁਰਾ ਦੰਭ ਹੈ। ਸ਼ਾਇਰ ਦੀ ਸ਼ਾਇਰੀ ਦੇ ਬੀਜ ਅਜੇ ਪੁੰਗਰਨ ਹੀ ਲੱਗੇ ਹਨ ਤੇ ਹਰਿਆ-ਭਰਿਆ ਬੂਟਾ ਤੇ ਅਣਛਾਵਾਂ ਰੁੱਖ ਬਣਨ ਲਈ ਉਸ ਨੂੰ ਸਮਕਾਲੀ ਸ਼ਾਇਰੀ ਦੇ ਗੰਭੀਰ ਅਧਿਐਨ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਆਪਣਾ ਕਾਵਿਕ ਰੰਗ ਦਿਖਾਉਣ ਦੇ ਯੋਗ ਹੋ ਜਾਵੇ। ਇਸ ਘਭਰੇਟ ਸ਼ਾਇਰ ਦੀ ਪਲੇਠੀ ਕਿਰਤ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।


-ਭਗਵਾਨ ਢਿੱਲੋਂ
ਮੋਬਾਈਲ : 98143-78254


ਬਿਜ਼ਨਸਮੈਨ ਦੀ ਸਫ਼ਲਤਾ ਲਈ 7 ਨੁਕਤੇ
ਲੇਖਕ : ਮਨਦੀਪ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 01679-233244


ਅਜੋਕਾ ਯੁੱਗ ਮੰਤਰ ਯੁੱਗ ਨਹੀਂ, ਬਲਕਿ ਯੰਤਰ-ਯੁੱਗ ਹੈ। ਜੀਵਨ ਸ਼ੈਲੀ ਬਦਲ ਗਈ ਹੈ। ਬਿਜਲੀ ਦੀ ਖੋਜ ਨੇ ਜ਼ਿੰਦਗੀ ਨੂੰ ਆਰਾਮ-ਦੇਹ ਬਣਾ ਦਿੱਤਾ ਹੈ। ਟੈਲੀਫੋਨ ਹੋਵੇ, ਉਸ ਨੇ ਸੰਸਾਰ ਨੂੰ ਇਕ-ਦੂਜੇ ਦੇ ਨੇੜੇ ਲਿਆ ਰੱਖਿਆ ਹੈ। ਇਹ ਪੁਸਤਕ ਜ਼ਿੰਦਗੀ ਲਈ ਚੁਣੇ ਧੰਦੇ ਨੂੰ ਸਫਲ ਬਣਾਉਣ ਲਈ ਬਹੁਤ ਸਹਾਇਕ ਸਾਬਤ ਹੋ ਸਕਦੀ ਹੈ। ਪੁਸਤਕ ਅਨੁਸਾਰ 7 ਨੁਕਤੇ ਇਸ ਪ੍ਰਕਾਰ ਹਨ : (1) ਸਪੱਸ਼ਟ ਸੋਚੋ, (2) ਸਾਕਾਰਾਤਮਿਕ ਸੋਚ, (3) ਆਪਣੀ ਪ੍ਰਬਲ ਇੱਛਾ ਬਾਰੇ ਸੋਚੋ, (4) ਗਾਹਕ ਦੀ ਪ੍ਰਬਲ ਇੱਛਾ ਬਾਰੇ ਸੋਚੋ, (5) ਆਪਣੇ ਵਿਜ਼ਨ ਬਾਰੇ ਸੋਚੋ, (6) ਵੱਡਾ ਸੋਚੋ, (7) ਆਪਣੇ ਟੀਚੇ ਲਿਖੋ, (8) ਆਪਣੇ ਟੀਚਿਆਂ ਦੀ ਵਿਉਂਤਬੰਦੀ ਕਰੋ, (9) ਟੂ ਡੂ ਲਿਸਟ, (10) ਕੰਪਨੀ ਦੀ ਪ੍ਰਕਿਰਿਆ ਬਾਰੇ ਸੋਚੋ ਆਦਿ ਤੋਂ ਇਲਾਵਾ, ਸਿੱਖਣਾ, ਅਮਲ ਕਰਨਾ, ਸੁਧਾਰ ਕਰਨ ਵੱਲ ਖਿਆਲ ਕਰਨਾ, ਲਾਭ ਉਠਾਉਣ ਦੀਆਂ ਵਿਧੀਆਂ ਤਲਾਸ਼ਣੀਆਂ ਅਤੇ ਤਿਆਰ ਕੀਤੇ ਮਾਲ ਦੀ ਵਿਕਰੀ ਅਤੇ ਖ਼ਰਚ ਕੀਤੇ ਆਮਦਨ ਦੇ ਪੈਸੇ ਦੇ ਆਉਣ ਜਾਣ ਦੀਆਂ ਕਿਰਿਆਤਮਕ ਵਿਧੀਆਂ ਦੀਆਂ ਯੋਜਨਾਵਾਂ ਅਤਿ ਜ਼ਰੂਰੀ ਹੈ। ਇਨ੍ਹਾਂ ਯੋਜਨਾਵਾਂ ਉੱਪਰ ਅਮਲ ਅਤਿ ਜ਼ਰੂਰੀ ਹੈ। ਇਨ੍ਹਾਂ ਯੋਜਨਾਵਾਂ ਉੱਪਰ ਅਮਲ ਤਾਂ ਹੋ ਸਕਦਾ ਹੈ, ਜਿਵੇਂ ਅਸੀਂ ਸੋਚਦੇ ਹਾਂ, ਜੇ ਉਵੇਂ ਇਨ੍ਹਾਂ ਉੱਪਰ ਅਮਲ ਕੀਤਾ ਜਾਵੇ। ਸੋਚੋ, ਜਿਸ ਦੇ ਅਮਲ ਕਰਨ ਦੀ ਤੁਹਾਡੇ ਅੰਦਰ ਸਮਰੱਥਾ ਹੋਵੇ। ਜੇਕਰ ਅਸਫਲਤਾ ਪ੍ਰਾਪਤ ਹੋਵੇ, ਹੌਸਲਾ ਨਾ ਹਾਰੋ, ਮੁਲਾਂਕਣ ਕਰੋ ਤੇ ਮੁੜ ਆਪਣੀਆਂ ਕਮਜ਼ੋਰੀਆਂ ਦਾ ਮੁੱਲਾਂਕਣ ਕਰ ਕੇ ਆਪਣੇ ਅੰਦਰ ਸੁਧਾਰ ਕਰੋ। ਇਸ ਲਈ ਸਪੱਸ਼ਟ ਸੋਚ ਦੀ ਲੋੜ ਹੈ। ਲੇਖਕ ਨੇ ਵੱਖ-ਵੱਖ ਕਥਨਾਂ, ਕਹਾਣੀਆਂ ਸੁਣਾ ਕੇ ਵਾਰ-ਵਾਰ ਸੋਚਣ ਅਤੇ ਅਮਲ ਕਰਨ ਦੀ ਉਸਾਰੂ ਪ੍ਰੇਰਨਾ ਦਿੱਤੀ ਹੈ। ਹਰ ਵਿਅਕਤੀ ਗ਼ਲਤੀਆਂ ਕਰਦਾ ਹੈ। ਕੀਤੀਆਂ ਗ਼ਲਤੀਆਂ ਤੋਂ ਸਿੱਖਣਾ, ਨਵਾਂ ਸੋਚਣਾ, ਕਿਰਿਆਤਮਕ ਹੋਣਾ ਬਹੁਤ ਜ਼ਰੂਰੀ ਹੈ। ਮਨਦੀਪ ਬਰਾੜ ਦੀਆਂ ਇਹ ਪ੍ਰੇਰਨਾਵਾਂ ਤਾਂ ਹੀ ਸਫ਼ਲ ਰੂਪ ਧਾਰਨ ਕਰ ਸਕਦੀਆਂ ਹਨ, ਜੇ ਇਨ੍ਹਾਂ ਉੱਪਰ ਅਮਲ ਹੋਵੇਗਾ। ਅਮਲ ਕਰਨ ਦਾ ਉਤਸ਼ਾਹ ਹੋਵੇ, ਗ਼ਲਤੀਆਂ ਤੋਂ ਸਿੱਖਣ ਲਈ ਆਤਮ-ਵਿਸ਼ਵਾਸ ਹੋਵੇ। ਅਜਿਹੀਆਂ ਹਾਂ-ਵਾਚਕ ਸਿੱਖਿਆਵਾਂ ਨੂੰ ਅਮਲ ਦੀ ਪ੍ਰਕਿਰਿਆ ਵਿਚ ਤਾਂ ਹੀ ਲਿਆ ਸਕਦੇ ਹਾਂ, ਜੇ ਸਾਡੇ ਅੰਦਰ ਆਤਮ-ਵਿਸ਼ਵਾਸ ਹੋਵੇਗਾ।


-ਡਾ. ਅਮਰ ਕੋਮਲ
ਮੋਬਾਈਲ : 84378-73565


ਸੱਚੀ-ਮੁੱਚੀ, ਐਵੇਂ-ਮੁੱਚੀ
ਲੇਖਕ : ਡਾ.ਹਰਜੀਤ ਸਿੰਘ
ਚਿੱਤਰਕਾਰ : ਜੁਗਰਾਜ ਸਿੰਘ
ਪ੍ਰਕਾਸ਼ਕ: ਯੂਨੀਸਟਾਰ ਬੁਕਸ, ਮੋਹਾਲੀ
ਮੁੱਲ : 330 ਰੁਪਏ, ਸਫ਼ੇ : 164
ਸੰਪਰਕ : 0172-5027427


ਪੰਜਾਬੀ ਵਿਚ ਬਾਲ-ਨਾਵਲ ਦੇ ਖੇਤਰ ਵਿਚ ਅਜੇ ਕਾਫ਼ੀ ਰਚਨਾਤਮਿਕਤਾ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਬਾਲ-ਨਾਵਲ ਦੱਸਵੀਂ-ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਪਾਠ-ਕ੍ਰਮ 'ਚ ਲਾਇਆ ਜਾਂਦਾ ਹੈ। ਮਿਆਰੀ ਪੰਜਾਬੀ ਬਾਲ-ਨਾਵਲ ਅਜੇ ਆਪਣੀ ਸਥਾਪਤੀ ਕਾਇਮ ਨਹੀਂ ਕਰ ਸਕਿਆ। ਇਸ ਲਈ ਬਾਲ-ਨਾਵਲ ਦੀ ਸਿਰਜਣਾ ਲਈ ਪੰਜਾਬੀ ਲੇਖਕਾਂ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਇਸ ਖਾਮੀ ਨੂੰ ਪੂਰਿਆਂ ਕਰਨ ਲਈ ਐਨੀਮੇਸ਼ਨ ਫ਼ਿਲਮਾਂ ਦੇ ਮਾਹਿਰ, ਟੀ.ਵੀ. ਨਿਰਮਾਤਾ-ਨਿਰਦੇਸ਼ਕ ਤੇ ਉੱਘੇ ਲੇਖਕ ਡਾ. ਹਰਜੀਤ ਸਿੰਘ ਨੇ ਬਾਲ-ਨਾਵਲ 'ਸੱਚੀ-ਮੁੱਚੀ, ਐਵੇਂ-ਮੁੱਚੀ' ਅਜੋਕੇ ਸਮੇਂ ਨੂੰ ਸਮਝਦਿਆਂ, ਯਥਾਰਥ ਅਤੇ ਕੁਦਰਤ ਦੀਆਂ ਅਦਭੁੱਤ ਰਮਜ਼ਾਂ ਨੂੰ ਜਾਣਨ ਦਾ ਇਕ ਨਿਵੇਕਲਾ ਪ੍ਰਯੋਜਨ ਕੀਤਾ ਹੈ। ਇਹ ਰਚਨਾ ਪੰਜਾਬੀ ਟ੍ਰਿਬਿਊਨ 'ਚ ਲੜੀਵਾਰ ਛਪਦੀ ਰਹੀ ਹੈ ਪ੍ਰੰਤੂ ਮੂਲ-ਰੂਪ ਇਸ ਨੂੰ ਨਾਵਲ ਦੇ ਰੂਪ ਵਿਚ ਪੜ੍ਹਨਾ ਇਕ ਵੱਖਰੀ ਪੜ੍ਹਤ ਮਾਣਨ ਵਾਲੀ ਗੱਲ ਹੈ। ਪਰਾਏ ਉਪਗ੍ਰਹਿ ਕੋਬੂ ਤੋਂ ਆਏ ਇਕ ਨਿੱਕੇ ਜਿਹੇ ਰੋਬੋਟ 'ਗੋਗੋ ਰੋਬੋ' ਬਾਰੇ ਬੜੀ ਰੌਚਿਕ ਕਹਾਣੀ ਰਾਹੀਂ ਬਾਲ-ਪਾਠਕਾਂ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਲਾਦੀਨ ਦੇ ਲੈਂਪ, ਪਰੀਆਂ, ਦੇਵੀ-ਦੇਵਤਿਆਂ ਅਤੇ ਦੈਂਤਾਂ ਬਾਰੇ ਪੰਜਾਬੀ ਦਾ ਲੋਕ-ਸਾਹਿਤ ਭਰਿਆ ਪਿਆ ਹੈ ਪ੍ਰੰਤੂ ਅੱਜ ਦੇ ਬੱਚਿਆਂ ਨੂੰ ਸਮਕਾਲੀ ਵਰਤਾਰੇ ਨਾਲ ਜੋੜ ਕੇ ਲਿਖਣ ਲਈ ਡਾ. ਹਰਜੀਤ ਸਿੰਘ ਨੇ ਪਹਿਲ-ਕਦਮੀ ਕੀਤੀ ਹੈ। ਗੋਗੋ ਰੋਬੋ ਸਾਡੀ ਧਰਤੀ 'ਤੇ ਉਤਰਦਾ ਹੈ ਤੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਧਰਤੀ ਗ੍ਰਹਿ 'ਤੇ ਰਹਿ ਰਹੇ ਜੀਵ-ਜੰਤੂਆਂ ਨੂੰ ਆਪਣੀਆਂ ਨੀਲੀਆਂ ਮਨ-ਤਰੰਗਾਂ ਨਾਲ ਆਕਰਸ਼ਿਤ ਕਰਕੇ ਇਕ ਦੋਸਤੀ ਸਿਰਜਦਾ ਹੈ। ਧਰਤੀ ਦੇ ਮਨੁੱਖ ਬਾਰੇ ਜ਼ੁਲਮ ਤੇ ਅਧੀਨ ਕਰਨ ਦੇ ਸੰਕਲਪਾਂ ਨੂੰ ਦੂਰ ਕਰਦਾ ਹੈ ਤਾਂ ਜੋ ਬ੍ਰਹਿਮੰਡ ਵਿਚ ਸੁਖਾਵਾਂ ਸੰਤੁਲਨ ਬਣਿਆ ਰਹੇ। ਪ੍ਰਮਾਣੂ-ਸ਼ਕਤੀਆਂ ਦੇ ਮਾਰੂ ਪ੍ਰਭਾਵ ਤੋਂ ਬਚਿਆ ਜਾ ਸਕੇ। ਗੋਗੋ ਰੋਬੋ ਦਾ ਮੇਲ ਜੁਗਨੂੰ, ਖੋਤੇ, ਤਿਤਲੀ, ਭੂੰਡ, ਬਾਂਦਰ, ਉੱਲੂ, ਕੂੰਜ, ਭੋਲੂ (ਰਿੱਛ), ਕੱਛੂ ਆਦਿ ਨਾਲ ਹੁੰਦਾ ਹੈ। ਇਨ੍ਹਾਂ ਨਾਲ ਕੀਤਾ ਸੰਵਾਦ ਬਹੁਤ ਰੌਚਿਕ ਤੇ ਜਾਣਕਾਰੀ ਭਰਪੂਰ ਹੈ। ਗੋਗੋ ਰੋਬੋ ਕਹਿੰਦਾ ਹੈ ਕਿ ਮੇਰਾ ਮਿਸ਼ਨ ਜਾਣਕਾਰੀ ਲੈਣਾ ਅਤੇ ਮਦਦ ਕਰਨਾ ਹੈ ਜੋ ਨਾਵਲ ਦੀ ਕਹਾਣੀ ਦੇ ਅੰਤ ਤੀਕ ਪੂਰਾ ਉਤਰਦਾ ਹੈ। ਇਸ ਨਾਵਲ ਵਿਚ ਬੇਸਹਾਰੇ ਬਾਲ ਆਲੋਕ ਨੂੰ ਮੁੱਖ ਪਾਤਰ ਵਜੋਂ ਪੇਸ਼ ਕਰਕੇ, ਉਸ ਨੂੰ ਜੀਵਨ ਵਿਚ ਮਿਹਨਤ ਤੇ ਕੋਸ਼ਿਸ਼ ਕਰਨ ਦੀ ਭਾਵਨਾ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਔਕੜਾਂ, ਮੁਸੀਬਤਾਂ ਅਤੇ ਅਣਕਿਆਸੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੇ ਯੋਗ ਚਿਤਰਿਆ ਗਿਆ ਹੈ। ਉਸ ਨੂੰ ਉੱਦਮੀ ਬਣਾਉਣ ਲਈ ਪ੍ਰੋ. ਸਾਗਰ ਆਪਣੇ ਬੱਚੇ ਵਾਂਗ ਸਾਂਭਦਾ ਹੈ। ਡਾ. ਬਲਜੀਤ ਕੌਰ ਦੇ ਵਿਚਾਰ ਅਨੁਸਾਰ ('ਸੱਚੀ-ਮੁੱਚੀ, ਐਵੇਂ-ਮੁੱਚੀ' ਪੜ੍ਹਦਿਆਂ) ਇਕਵੀਂ ਸਦੀ ਦੇ ਤੀਜੇ ਦਹਾਕੇ ਵਿਚ ਰਚਿਆ ਗਿਆ ਇਹ ਨਾਵਲ ਇਸ ਵਿਗਿਆਨ-ਤਕਨਾਲੋਜੀ ਦੇ ਅਤਿਅੰਤ ਤੇਜ਼ ਵਿਕਾਸ ਦੇ ਦੌਰ ਦੇ ਜੰਮਪਲ ਬੱਚਿਆਂ ਦੀ ਨਿਵੇਕਲੀ ਸੰਵੇਦਨਾ ਦੀ ਖ਼ੂਬਸੂਰਤ ਪੇਸ਼ਕਾਰੀ ਹੈ। ਮਨੁੱਖੀ ਕਿਰਦਾਰਾਂ ਆਲੋਕ ਡਾ. ਸਾਗਰ ਪਰਿਵਾਰ ਗੋਮਤੀ ਅੰਮਾਂ, ਬੁੱਢਾ ਬਾਬਾ, ਡਾ. ਅਨੰਦ ਆਦਿ ਦੇ ਵਿਚਾਰਾਂ ਤੇ ਕਾਰਜਾਂ ਨਾਲ ਅਪਣੱਤ ਭਰੀ ਸਾਂਝ ਪੈਦਾ ਹੁੰਦੀ ਹੈ। ਨਾਵਲ ਦੀ ਗੋਦ ਵਿਚ ਸੂਰਜ, ਚੰਨ, ਤਾਰੇ, ਬੱਦਲ, ਝੀਲਾਂ, ਨਦੀਆਂ, ਪਹਾੜ, ਗੁਫ਼ਾਵਾਂ, ਬਿਰਖ, ਬੂਟੇ, ਕਿਰਮ-ਕੀਟ, ਜੀਅ-ਜਨੌਰ ਆਦਿ ਆਪਣੀ-ਆਪਣੀ ਭੂਮਿਕਾ ਨਿਭਾਉਂਦੇ ਹਨ। ਲੇਖਕ ਨੇ ਪ੍ਰਕਿਰਤੀ ਚਿਤਰਨ, ਭੂਮੀ-ਦ੍ਰਿਸ਼ ਅਤੇ ਅਸਮਾਨੀ ਨਜ਼ਾਰਿਆਂ ਨੂੰ ਆਪਣੀ ਕਲਪਣਾ ਸ਼ੈਲੀ ਨਾਲ ਬਹੁਤ ਸੁੰਦਰਤਾ ਪ੍ਰਦਾਨ ਕੀਤੀ ਹੈ। ਨਾਵਲ ਦੀ ਕਹਾਣੀ ਅੱਗੇ-ਅੱਗੇ ਬਹੁਤ ਹੀ ਅਲੌਕਿਕ ਤੇ ਰਹੱਸਮਈ ਢੰਗ ਨਾਲ ਬੁਣੀ ਗਈ ਹੈ। ਸੌ ਸਾਲ ਬਾਅਦ ਖਿੜਨ ਵਾਲੇ ਫੁੱਲਾਂ ਦੀ ਵਾਦੀ ਵੇਖਣ ਦੀ ਤੀਬਰਤਾ ਅਤੇ ਗੁਫ਼ਾਵਾਂ ਦੇ ਅੰਦਰਲੇ ਡਰੌਣੇ-ਦ੍ਰਿਸ਼ ਚਿਤਰਨ ਵਿਚ ਲੇਖਕ ਨੇ ਜੋ ਵਿਉਂਤ ਕਲਪਿਤ ਕੀਤੀ, ਉਹ ਹੈਰਾਨ ਕਰਨ ਵਾਲੀ ਹੈ। ਸਭ ਤੋਂ ਵੱਡੀ ਖਿੱਚ ਆਲੋਕ ਨੂੰ ਮਿਲੀ ਪੁਰਾਤਨ ਪਵਿੱਤਰ ਗ੍ਰੰਥ-ਪੁਸਤਕ ਹੈ ਜਿਸ ਰਾਹੀਂ ਹਰ ਘਟਨਾ ਨਾਲ ਸੰਬੰਧ ਜੋੜ ਕੇ, ਅੱਖਰ, ਅੰਕ, ਆਕਾਰ, ਤੱਤ, ਤਰੰਗ, ਗਿਆਨ, ਭੰਡਾਰ ਦਾ ਸੰਦੇਸ਼ ਦਿੱਤਾ ਗਿਆ ਹੈ। ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਅਜੋਕੇ ਸਮੇਂ ਦੇ ਬੱਚਿਆਂ ਦੀ ਮਾਨਸਿਕਤਾ ਅਤੇ ਕਲਪਨਾ ਸ਼ਕਤੀ ਨੂੰ ਪ੍ਰਯੋਗਸ਼ੀਲਤਾ ਦੀ ਪੁੱਠ ਚਾੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਧਰਤੀ 'ਤੇ ਵਸਦੇ ਅਦਭੁਤ ਜੀਵਾਂ ਦੀ ਹੋਂਦ ਨੂੰ ਇਕ-ਦੂਜੇ ਲਈ ਮਦਦਗਾਰ ਬਣਨ ਦੀ ਸਹਾਨਭੂਤੀ ਪੇਸ਼ ਕਰਨਾ ਇਸ ਨਾਵਲ ਦੇ ਉਦੇਸ਼ ਨੂੰ ਚਾਰ-ਚੰਨ ਲਾਉਂਦੀ ਹੈ। ਅੰਗਰੇਜ਼ੀ ਸਾਹਿਤ ਵਿਚ ਡੈਨਮਾਰਕ ਦੇ ਪਿੰਡ ਉਦੇਸ਼ ਦੇ ਜੰਮਪਲ ਉੱਘੇ ਲੇਖਕ ਹਾਂਸ ਐਂਡਰਸਨ ਨੇ ਬੱਚਿਆਂ ਲਈ ਲਗਭਗ 158 ਪਰੀ ਕਹਾਣੀਆਂ ਨੂੰ ਅਲੌਕਿਕ ਕਲਪਨਾ ਸ਼ੈਲੀ ਨਾਲ ਪੇਸ਼ ਕਰਕੇ ਪ੍ਰਸਿੱਧੀ ਖੱਟੀ। ਇਹ ਨਾਵਲ ਵੀ ਕੁਝ ਅਜਿਹੀ ਵਿਧੀ 'ਤੇ ਆਧਾਰਿਤ ਲਿਖ ਕੇ ਡਾ. ਹਰਜੀਤ ਸਿੰਘ ਨੇ ਪੰਜਾਬੀ ਬਾਲ-ਨਾਵਲ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਨਾਵਲ ਦੀ ਕਹਾਣੀ ਨੂੰ ਚਿੱਤਰਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਵੀ ਨਿਆਰੀ ਹੈ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਉੱਤਰ-ਪਾਠ ਸਮੀਖਿਆ

ਲੇਖਕ : ਡਾ. ਨਰਿੰਦਰਪਾਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 098963-19944


ਇਹ ਇਕ ਆਲੋਚਨਾਤਮਕ ਪੁਸਤਕ ਹੈ, ਜਿਸ ਵਿਚ ਲੇਖਕਾਂ, ਕਵੀਆਂ ਅਤੇ ਚਿੰਤਕ ਦੀਆਂ ਸਾਹਿਤਕ ਕਿਰਤਾਂ ਨਾਲ ਜਾਣ-ਪਛਾਣ ਕਰਵਾਈ ਗਈ ਹੈ ਜਿਵੇਂ ਕੈਨੇਡਾ ਦੀ ਪੰਜਾਬੀ ਕਵਿਤਾ, ਜਗਤਾਰਜੀਤ ਦੀ ਕਵਿਤਾ, ਗੁਰਦਿਆਲ ਸਿੰਘ ਦਾ 'ਆਹਣ' ਨਾਵਲ, ਗੁਰਮੀਤ ਪਨਾਗ ਦਾ ਕਹਾਣੀ ਸੰਗ੍ਰਹਿ 'ਮੁਰਗਾਬੀਆਂ', ਸੰਤ ਸਿੰਘ ਸੇਖੋਂ ਦਾ ਨਾਵਲੀ ਸੰਸਾਰ, ਡਾ. ਧਰਮਪਾਲ ਸਿੰਗਲ ਦੀ ਡਾਇਰੀ ਦੇ ਕੁਝ ਪੰਨੇ ਆਦਿ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਗੁਰੂ ਦਾ ਸੰਕਲਪ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦਾ ਬਹੁਪਾਸਾਰੀ ਅਧਿਐਨ ਅਤੇ ਸਿੱਖ ਧਰਮ ਦਾ ਗਲੋਬਲੀ ਪ੍ਰਸੰਗ ਨਾਮਕ ਵਿਸ਼ਿਆਂ ਉੱਤੇ ਵੀ ਝਾਤ ਪੁਆਈ ਗਈ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਸਿਰਜਣਸ਼ੀਲਤਾ, ਪੰਜਾਬੀ ਸੱਭਿਅਤਾ, ਸੰਸਕ੍ਰਿਤੀ ਅਤੇ ਪੰਜਾਬੀ ਭਾਸ਼ਾ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਲੇਖਕ ਇਸ ਪ੍ਰਤੀ ਚਿੰਤਾ ਅਤੇ ਚੇਤਨਾ ਜਗਾਉਂਦਾ ਹੈ। ਕੰਪਿਊਟਰ, ਇੰਟਰਨੈੱਟ ਅਤੇ ਵਿਗਿਆਪਨ ਵੀ ਪੰਜਾਬੀ ਭਾਸ਼ਾ ਦਾ ਮਿਲਗੋਭਾ ਕਰਕੇ ਇਸ ਵਿਚ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਵਰਤ ਰਹੇ ਹਨ। ਜਦੋਂ ਪੰਜਾਬੀ ਭਾਸ਼ਾ ਮੰਡੀ ਦੀ ਭਾਸ਼ਾ ਬਣਦੀ ਹੈ, ਤਾਂ ਇਸ ਵਿਚ ਹਿੰਦੀ ਅਤੇ ਅੰਗਰੇਜ਼ੀ ਦੀ ਮਿਲਾਵਟ ਹੁੰਦੀ ਹੈ। ਇਹ ਪੁਸਤਕ ਜਿਥੇ ਸਾਹਿਤ ਨਾਲ ਸੰਵਾਦ ਰਚਾਉਂਦੀ ਹੈ, ਉਥੇ ਹੀ ਪੰਜਾਬੀ ਭਾਸ਼ਾ ਦੇ ਵਿਗੜ ਰਹੇ ਸਰੂਪ ਬਾਰੇ ਵੀ ਜਾਗਰੂਕ ਕਰਦੀ ਹੈ। ਸੱਭਿਆਚਾਰਕ ਸੰਕਟ, ਉਦਰੇਵਾਂ, ਬੇਗਾਨਗੀ ਅਤੇ ਹੇਰਵੇ ਨਾਲ ਭਰੀ ਪਰਵਾਸੀ ਕਵਿਤਾ ਸਾਡੇ ਅੰਦਰ ਵੇਦਨਾ ਭਰਦੀ ਹੈ-
ਦਰ ਵਿਚ ਵੀ, ਦੀਵਾਰ 'ਚ ਗੰਢਾਂ
ਮੰਦਰ, ਗੁਰੂ-ਦਵਾਰ 'ਚ ਗੰਢਾਂ
ਸਿਸਟਮ ਉਲਝੇ, ਉਲਝੀ ਨੀਤੀ
ਵਾਦ 'ਚ ਵੀ ਵਿਚਾਰ 'ਚ ਗੰਢਾਂ
ਹਰ ਪ੍ਰਾਣੀ ਗੰਢਾਂ ਦਾ ਗੁੰਬਦ
ਉਲਝ ਗਿਆ, ਸੰਸਾਰ 'ਚ ਗੰਢਾਂ।
ਇਸ ਪੁਸਤਕ ਰਾਹੀਂ ਬਿਜਲਈ ਪੁਸਤਕ ਦੀ ਜੁਗਤ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਗਿਆਨਵਰਧਕ ਪੁਸਤਕ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਇਕਤਰਫ਼ਾ
ਲੇਖਕ : ਰਿਸ਼ਮ ਰਾਗ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ: 300 ਰੁਪਏ, ਸਫ਼ੇ : 80
ਸੰਪਰਕ : 97799-68816


ਬੇਸ਼ੱਕ ਰਿਸ਼ਮ ਰਾਗ ਸਿੰਘ ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਇਕ ਨਵਾਂ ਨਾਂਅ ਹਨ ਪਰ ਉਨ੍ਹਾਂ ਦੇ ਕਾਵਿ-ਰਸ ਨਾਲ ਭਰਪੂਰ ਨਿਵੇਕਲੇ ਗੀਤਾਂ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਉਨ੍ਹਾਂ ਦੇ ਅੰਦਰ ਇਕ ਬਹੁਤ ਹੀ ਪ੍ਰੌੜ੍ਹ ਅਤੇ ਪ੍ਰਪੱਕ ਗੀਤਕਾਰ ਸਮਾਇਆ ਪ੍ਰਤੀਤ ਹੁੰਦਾ ਹੈ। ਆਪਣੇ ਇਸ ਪਲੇਠੇ ਗੀਤ-ਸੰਗ੍ਰਹਿ 'ਇਕਤਰਫ਼ਾ' ਵਿਚ ਉਹ ਜਿਸ ਖ਼ੂਬਸੂਰਤੀ ਨਾਲ ਮਾਨਵੀ ਰਿਸ਼ਤਿਆਂ ਵਿਚੋਂ ਮਨਫ਼ੀ ਹੋ ਰਹੀ ਧੜਕਣ ਦਾ ਜ਼ਿਕਰ ਛੇੜਦੇ ਹਨ, ਉਹ ਸੱਚਮੁੱਚ ਹੀ ਆਪਣੇ-ਆਪ ਵਿਚ ਇਕ ਮਿਸਾਲ ਹੈ:
ਰੂਹਾਂ ਦੇ ਸੇਕ ਨਾ ਮਹਿਸੂਸ ਕਰੇਂ,
ਜਿਸਮਾਂ ਦੀ ਅੱਗ ਨੂੰ ਸੇਕਦਾ ਰਹਿਨੈ।
ਰੱਬੀ ਇਸ਼ਕ ਦੀ ਨਾ ਬੰਦਗੀ ਕਰੇਂ,
ਮੰਦਰਾਂ-ਮਸੀਤਾਂ 'ਚ ਮੱਥੇ ਟੇਕਦਾ ਰਹਿਨੈ।
ਰਿਸ਼ਮ ਰਾਗ ਸਿੰਘ ਦਾ ਮੰਨਣਾ ਹੈ ਕਿ ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ ਅਤੇ ਪ੍ਰਸਥਿਤੀਆਂ ਹੀ ਸਾਨੂੰ ਕਿਸੇ ਦਾ ਮਿੱਤਰ ਅਤੇ ਦੁਸ਼ਮਣ ਬਣਾ ਦਿੰਦੀਆਂ ਹਨ। ਇਨ੍ਹਾਂ ਪ੍ਰਸਥਿਤੀਆਂ ਦੇ ਬਦਲਦਿਆਂ ਹੀ ਪਤਾ ਨਹੀਂ ਲੱਗਦਾ ਕਿ ਕਦੋਂ ਕੋਈ ਜਾਨ ਤੋਂ ਪਿਆਰਾ ਹੀ ਜਾਨ ਦਾ ਵੈਰੀ ਦਿਖਾਈ ਦੇਣ ਲੱਗ ਜਾਵੇ। ਮਨ-ਮਸਤਕ ਦੇ ਅਜਿਹੇ ਸੂਖਮ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਣਾ ਵੀ ਇਨ੍ਹਾਂ ਦੀ ਵਿਲੱਖਣ ਗੀਤਕਾਰੀ ਦੇ ਹੀ ਹਿੱਸੇ ਆਇਆ ਹੈ:
ਮੇਰੇ ਪਿਆਰ ਦੇ ਮਿੱਠੇ ਬੋਲ ਵੇ,
ਤੈਨੂੰ ਕਰਦੇ ਨੇ ਹੁਣ ਬੋਰ ਵੇ।
ਮੇਰੀ ਝਾਂਜਰੀ ਦੀ ਆਵਾਜ਼ ਵੀ,
ਤੈਨੂੰ ਲੱਗਦੀ ਏ ਹੁਣ ਸ਼ੋਰ ਵੇ।
ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਰਿਸ਼ਮ ਰਾਗ ਸਿੰਘ ਨੇ ਵੀ ਉਸ ਪਰਿਵਾਰ ਵਿਚ ਹੀ ਜਨਮ ਲਿਆ ਹੈ, ਜਿਸ ਵਿਚ ਜਨਮ ਲੈ ਕੇ ਈਸ਼ਰ ਸਿੰਘ ਦਰਦ, ਸੰਤੋਖ ਸਿੰਘ ਧੀਰ, ਰਿਪੁਦਮਨ ਸਿੰਘ ਰੂਪ, ਸੰਜੀਵਨ ਸਿੰਘ, ਰੰਜੀਵਨ ਸਿੰਘ, ਨਵਰੀਤ, ਨਵਤੇਜ ਅਤੇ ਰਿਤੂ ਰਾਜ ਜਿਹੇ ਸਮਰੱਥ ਲੇਖਕਾਂ ਨੇ ਨਵੇਂ ਦਿਸਹੱਦਿਆਂ ਦੀ ਸਿਰਜਣਾ ਕੀਤੀ ਹੈ। ਕਿਸੇ ਸਿਆਣੇ ਮਿਸਤਰੀ ਵਾਂਗ ਉਨ੍ਹਾਂ ਨੇ ਇਕ-ਇਕ ਸ਼ਬਦ ਬੜੀ ਸੂਝ-ਬੂਝ ਅਤੇ ਸਿਆਣਪ ਨਾਲ ਚਿਣਿਆ ਹੈ। ਤਸੱਲੀ ਵਾਲੀ ਗੱਲ ਹੈ ਕਿ ਪਾਠਕ ਉਨ੍ਹਾਂ ਦੀ ਇਸ ਖ਼ੂਬਸੂਰਤ ਪੁਸਤਕ ਨੂੰ ਵਾਰ-ਵਾਰ ਪੜ੍ਹੇ ਬਿਨਾਂ ਨਹੀਂ ਰਹਿ ਸਕਣਗੇ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਨਿਕੜਿਆਂ ਦੇ ਗੀਤ

ਲੇਖਕ : ਮੁਖਤਾਰ ਗਿੱਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 32.
ਸੰਪਰਕ : 98140-82217


ਮੁਖਤਾਰ ਗਿੱਲ ਬਹੁ-ਵਿਧਾਵੀ ਲੇਖਕ ਹਨ। ਉਹ ਇਸ ਬਾਲ ਪੁਸਤਕ ਤੋਂ ਪਹਿਲਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ 10 ਦੇ ਕਰੀਬ ਪੁਸਤਕਾਂ ਪਾ ਚੁੱਕੇ ਹਨ ਜਿਨ੍ਹਾਂ ਵਿਚ ਜ਼ਿਆਦਾ ਕਹਾਣੀਆਂ ਦੀਆਂ ਹਨ। ਹੁਣ ਉਨ੍ਹਾਂ ਨੇ ਇਸ ਬਾਲ ਪੁਸਤਕ 'ਨਿਕੜਿਆਂ ਦੇ ਗੀਤ' ਰਾਹੀਂ ਪੰਜਾਬੀ ਬਾਲ ਸਾਹਿਤ ਵਿਚ ਦੁਬਾਰਾ ਫੇਰ ਹਾਜ਼ਰੀ ਲਗਵਾਈ ਹੈ। ਉਸ ਨੇ ਵੱਡਿਆਂ ਦੇ ਸਾਹਿਤਕਾਰ ਹੁੰਦਿਆਂ ਇਹ ਮਹਿਸੂਸ ਕੀਤਾ ਹੈ ਕਿ ਛੋਟੇ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜ ਕੇ ਬਚਪਨ ਵਿਚ ਹੀ ਵੱਧ ਤੋਂ ਵੱਧ ਚੰਗੇ ਗੁਣ ਬਾਲਾਂ ਵਿਚ ਭਰੇ ਜਾ ਸਕਦੇ ਹਨ ਉਹ ਬਾਲਾਂ ਦੀ ਮਾਨਸਿਕਤਾ ਨੂੰ ਬੜੀ ਬਾਰੀਕੀ ਨਾਲ ਸਮਝਦੇ ਹਨ। ਇਸ ਬਾਲ ਪੁਸਤਕ ਵਿਚ 28 ਬਾਲ ਕਵਿਤਾਵਾਂ ਹਨ ਜੋ ਕਿ ਢੁਕਵੀਆਂ ਤਸਵੀਰਾਂ ਨਾਲ ਬਹੁਤ ਹੀ ਰੌਚਕ ਅਤੇ ਦਿਲਚਸਪ ਬਣ ਗਈਆਂ ਹਨ। ਭਾਸ਼ਾ ਬਾਲਾਂ ਦੇ ਹਾਣ ਦੀ ਸਰਲ ਠੇਠ ਬਹੁਤ ਹੀ ਸੋਖੀ ਵਰਤੀ ਗਈ ਹੈ। ਤੁਹਾਨੂੰ ਪਤਾ ਹੀ ਹੈ ਕਿ ਬੱਚੇ ਪਤੰਗ ਨੂੰ ਕਿੰਨਾ ਪਸੰਦ ਕਰਦੇ ਹਨ ਇਨ੍ਹਾਂ ਨੇ 'ਪਤੰਗ' ਬਾਰੇ ਬੜੀ ਪਿਆਰੀ ਕਵਿਤਾ ਲਿਖੀ ਹੈ:-
ਪਤੰਗ
ਨੀਲੀ ਪੀਲੀ ਲਾਲ ਪਤੰਗ।
ਅੰਬਰੀਂ ਉਡਦੀ ਕਮਾਲ ਪਤੰਗ।
ਡੋਰ ਖਿੱਚਾਂ ਤਾਂ ਉਪਰ ਜਾਵੇ।
ਅੰਬਰਸਰ ਬਣਾਈ ਜਮਾਲ ਪਤੰਗ।
ਜਾਮਨੀ ਪਤੰਗ ਚੜ੍ਹਦੀ ਆਵੇ।
ਨੀਲੀ ਨਾਲ ਪੇਚਾ ਲਾਵੇ।
ਏਸ ਤਰ੍ਹਾਂ ਬਾਲ ਤਿਤਲੀ ਨੂੰ ਬਹੁਤ ਪਿਆਰ ਕਰਦੇ ਹਨ 'ਤਿਤਲੀ' ਤੇ ਇਨ੍ਹਾਂ ਨੇ ਬੜੀ ਪਿਆਰੀ ਕਵਿਤਾ ਲਿਖੀ ਹੈ:-
ਤਿਤਲੀ ਰਾਣੀ
ਤਿੱਤਲੀ ਰਾਣੀ ਬੜੀ ਪਿਆਰੀ।
ਫੁੱਲਾਂ 'ਤੇ ਖੇਡੇ ਵਿਚ ਕਿਆਰੀ।
ਫੁੱਲਾਂ ਉਪਰ ਗੁਣ ਗਣਾਉਂਦੀ।
ਕਲੀਆਂ ਨੂੰ ਉਹ ਗੀਤ ਸੁਣਾਉਂਦੀ।
ਫੁੱਲਾਂ 'ਚ ਮਹਿਕੇ ਝੂੰਮੇ ਗਾਵੇ।
ਬਾਲਾਂ ਨੂੰ ਇਹ ਖੂਬ ਭਰਮਾਵੇ।
ਏਸੇ ਤਰ੍ਹਾਂ ਰੁੱਖਾਂ ਅਤੇ ਪਾਣੀ ਬਾਰੇ ਬੜੀ ਪਿਆਰੀ ਕਵਿਤਾ ਲਿਖੀ ਹੈ ਇਸ ਵਿਚ ਜਿੱਥੇ ਰੁੱਖਾਂ ਦੀ ਮਹਾਨਤਾ ਦੱਸੀ ਹੈ ਉੱਥੇ ਪਾਣੀ ਦੀ ਸੰਭਾਲ ਦਾ ਵੀ ਸੁਨੇਹਾ ਬਹੁਤ ਵਧੀਆ ਢੰਗ ਨਾਲ ਦਿੱਤਾ ਹੈ ਜਿਵੇਂ:-
ਰੁੱਖ ਪਾਣੀ
ਰੁੱਖ ਪਾਣੀ ਨਾ ਗਵਾਈਂ ਵੀਰਾ।
ਵਾਤਾਵਰਣ ਬਚਾਈਂ ਵੀਰਾ।
ਪੰਖ ਪੰਖੇਰੂਆਂ ਨੂੰ ਪਾਣੀ ਦਾਣਾ।
ਪੰਛੀਆਂ ਲਈ ਆਲ੍ਹਣਾ ਪਾਣਾ।
ਇਸੇ ਤਰ੍ਹਾਂ ਹੀ ਸਾਰੀਆਂ ਰਚਨਾਵਾਂ ਬੱਚਿਆਂ ਨੂੰ ਜਿੱਥੇ ਪੜ੍ਹ ਕੇ ਅਨੰਦ ਆਵੇਗਾ ਉੱਥੇ ਹਰ ਰਚਨਾ ਹੀ ਬਾਲਾਂ ਨੂੰ ਨਵਾਂ ਸੰਦੇਸ਼ ਵੀ ਦੇਵੇਗੀ। ਮੈਂ ਮੁਖਤਾਰ ਗਿੱਲ ਨੂੰ ਜਿੱਥੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਬਾਲ ਪੁਸਤਕ ਪਾਉਣ 'ਤੇ ਮੁਬਾਰਕਬਾਦ ਦਿੰਦਾ ਹਾਂ ਉਥੇ ਬਾਲਾਂ ਨੂੰ ਇਸ ਪਿਆਰੀ ਅਤੇ ਨਿਆਰੀ ਪੁਸਤਕ ਨੂੰ ਪੜ੍ਹਨ ਦੀ ਵੀ ਸਲਾਹ ਦਿੰਦਾ ਹਾਂ।


-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896


ਸਰਾਏ ਅਮਾਨਤ ਖਾਂ
ਲੇਖਕ : ਮਨਮੋਹਨ ਸਿੰਘ ਬਾਸਰਕੇ
ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ
ਸਫ਼ੇ : 92


ਪਿੰਡ ਜਾਂ ਸਥਾਨਕ ਇਤਿਹਾਸ ਨੂੰ ਕਲਮਬੱਧ ਕਰਨ ਦੀ ਸਰਕਾਰਾਂ ਅਤੇ ਸੰਬੰਧਿਤ ਸੰਸਥਾਵਾਂ ਨੇ ਭਾਵੇਂ ਅਹਿਮੀਅਤ ਨਹੀਂ ਸਮਝੀ ਪਰ ਵਿਅਕਤੀਗਤ ਪੱਧਰ 'ਤੇ ਪਿੰਡਾਂ ਦੇ ਪਿਛੋਕੜ ਜਾਂ ਸਮਕਾਲੀ ਗਾਥਾ ਨੂੰ ਦਸਤਾਵੇਜ਼ ਕਰਨ ਦੀਆਂ ਸੁਹਿਰਦ ਕੋਸ਼ਿਸ਼ਾਂ ਹੋ ਰਹੀਆਂ ਹਨ। ਫਿਰ ਵੀ, ਸੀਮਤ ਹੱਦ ਤੀਕ ਭਾਸ਼ਾ ਵਿਭਾਗ ਪੰਜਾਬ, ਕਦੇ-ਕਦੇ ਪਿੰਡ/ਨਗਰਾਂ ਦਾ ਭਾਸ਼ਾਈ ਤੇ ਸੱਭਿਆਚਾਰਕ ਸਰਵੇਖਣ ਕਰਵਾ ਕੇ ਸਥਾਨਕ ਇਤਿਹਾਸ ਸਾਂਭਣ ਦੀ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਸਾਲੀਂ ਇਸ ਨੇ 28 ਤੋਂ ਵੱਧ ਪੁਸਤਕਾਂ ਜਾਂ ਕਿਤਾਬਚੇ ਛਪਵਾਏ ਸਨ, ਹੱਥਲਾ ਕਿਤਾਬਚਾ ਸ. ਮਨਮੋਹਨ ਸਿੰਘ ਬਾਸਰਕੇ ਨੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਮਸ਼ਹੂਰ ਪਿੰਡ ਸਰਾਏ ਅਮਾਨਤ ਖਾਂ ਦੇ ਅਤੀਤ, ਵਰਤਮਾਨ ਨੂੰ ਆਲੇ-ਦੁਆਲੇ ਅਤੇ ਸੱਭਿਆਚਾਰ ਆਦਿ ਸਮੇਤ 35 ਕਾਂਡਾਂ ਵਿਚ ਕਲਮਬੱਧ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੱਸਦੀ ਹੈ, 'ਸਰਾਏ ਅਮਾਨਤ ਖ਼ਾਂ, ਇਕ ਤਵਾਰੀਖੀ ਗਿਰਾਂ ਹੈ, ਜਿਸ ਦਾ ਪਿੜ ਮੁਗ਼ਲ ਹਕੂਮਤ ਦੇ ਆਹਲਾ ਅਧਿਕਾਰੀ ਅਬਦੁਲ ਹੱਕ, ਜਿਸ ਨੂੰ ਅਮਾਨਤ ਖ਼ਾਂ ਦਾ ਖਿਤਾਬ ਮਿਲਿਆ ਹੋਇਆ ਸੀ, ਨੇ 17ਵੀਂ ਸਦੀ ਦੇ ਚੌਥੇ ਦਹਾਕੇ 'ਚ ਬੰਨ੍ਹਿਆ ਸੀ। ਦਰ-ਹਕੀਕਤ, ਮੁਗ਼ਲ ਕਾਲ ਸਮੇਂ ਲਾਹੌਰ ਅਤੇ ਗੋਇੰਦਵਾਲ ਵਿਚਕਾਰ ਜਿਨ੍ਹਾਂ ਚਾਰ ਸ਼ਾਹੀ ਸਰਾਵਾਂ, ਫਤਿਆਬਾਦ, ਨੋਰੰਗਾਬਾਦ, ਨੂਰਦੀ ਅਤੇ ਸਰਾਏ ਅਮਾਨਤ ਖ਼ਾਂ ਦਾ ਨਿਰਮਾਣ ਕੀਤਾ ਗਿਆ ਸੀ, ਵਿਚੋਂ ਇਹ ਦਾਨਿਸ਼ਵਰ ਅਮਾਨਤ ਖ਼ਾਂ ਵਲੋਂ ਜਾਂ ਉਸ ਦੇ ਨਾਂਅ 'ਤੇ ਉਸਾਰੀ ਗਈ ਸੀ। ਸਮਾਂ ਪਾ ਕੇ ਜਿਹੜੀ ਇਲਾਕੇ ਦਾ ਤਵਾਰੀਖੀ ਪਿੰਡ ਬਣੀ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਈਰਾਨੀ ਮੂਲ ਦਾ ਇਹ ਸ਼ਖ਼ਸ ਪ੍ਰਸਿੱਧ ਮੁਗ਼ਲ ਹਕੂਮਤ ਦਾ ਆਹਲਾ ਸੁਲੇਖਕਾਰ ਵੀ ਸੀ, ਜਿਸ ਦੇ ਹੱਥੋਂ ਹੀ ਤਾਜ ਮਹੱਲ 'ਤੇ ਕੁਰਾਨ ਦੀਆਂ ਆਇਤਾਂ ਲਿਖਵਾਈਆਂ/ਉਕਰਾਈਆਂ ਗਈਆਂ ਸਨ ਅਤੇ ਇਸੇ ਮਹਾਂ-ਸੁਖੱਸ਼ਤ ਲਿਖਾਈ ਕਾਰਨ ਹੀ ਉਸ ਨੂੰ 'ਅਮਾਨਤ ਖ਼ਾਂ' ਦਾ ਖਿਤਾਬ ਮਿਲਿਆ ਸੀ।'
ਹੋਰ ਵੀ 'ਬੜਾ ਕੁਝ' ਹੈ ਇਸ ਪੁਸਤਕ ਵਿਚ, ਜਿਸ ਵਿਚੋਂ ਇਸ ਨਗਰ ਬਾਰੇ ਹੋਰ ਪੁਖਤਾ ਲਿਖਣ, ਲਿਖਿਆ ਜਾਣਾ ਚਾਹੀਦਾ ਹੈ, ਦਾ ਕੁਝ ਆਧਾਰ ਮੁਹੱਈਆ ਕਰੇਗਾ। ਪਰ, ਹਾਲ ਦੀ ਘੜੀ ਮੈਂ ਇਸ ਨੂੰ ਪੜ੍ਹਨ ਦੀ ਗੁਜ਼ਾਰਿਸ਼ ਕਰਨ ਦੇ ਬਾਵਜੂਦ ਵੀ ਨਾ ਚਾਹੁੰਦਿਆਂ ਵੀ ਇਹ ਕਹਿਣ ਤੋਂ ਨਹੀਂ ਰੁਕ ਸਕਦਾ, 'ਤੂੜੀ ਬਹੁਤੀ ਦਾਣੇ ਘੱਟ।' ਹਾਂ, ਵਿਭਾਗ ਖ਼ਾਸ ਕਰ ਲੇਖਕ ਨੂੰ ਸਲਾਮ ਕਰਨੀ ਤਾਂ ਬਣਦੀ ਹੀ ਹੈ ਕਿਉਂਕਿ, ਪਿੰਡਾਂ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ, ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ, ਅਧਖੜ ਨੂੰ ਤੰਗੀਆਂ-ਝੋਰਿਆਂ ਨੇ ਝੰਬ ਛੱਡਿਆ ਹੈ ਅਤੇ ਨਵੀਂ ਪੌਂਦ ਨੂੰ ਟੈਲੀ-ਕਲਚਰ ਨੇ ਅੰਦਰੀਂ ਵਾੜ ਦਿੱਤਾ ਹੈ। ਸੱਥਾਂ ਤਾਂ ਕਦੋਂ ਦੀਆਂ ਖ਼ਤਮ ਹੋ ਰਹੀਆਂ ਹਨ, ਜਿਥੇ ਚੁੰਝ-ਚਰਚਾ ਚਲਦੀ ਸੀ। ਸਿੱਟੇ ਵਜੋਂ ਪਿੰਡਾਂ ਦਾ ਮੌਖਿਕ ਅਤੇ ਸੱਭਿਆਚਾਰਕ ਇਤਿਹਾਸ ਵੀ ਗੁੰਮ ਹੋ ਜਾਣਾ ਹੈ। ਵੇਲਾ ਹੈ ਕਿ ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ।


-ਵਿਜੈ ਬੰਬੇਲੀ
ਮੋਬਾਈਲ : 94634-39075

13-05-2023

 ਸਿੱਖ ਸੰਘਰਸ਼
(ਛੋਟਾ ਘੱਲੂਘਾਰਾ ਤੋਂ ਮਿਸਲ ਰਾਜ ਤੱਕ)
ਲੇਖਕ : ਰਾਮ ਸਿੰਘ ਬੀਹਲਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ ਬਰਨਾਲਾ
ਮੁੱਲ : 400 ਰੁਪਏ, ਸਫ਼ੇ : 304
ਸੰਪਰਕ : 94651-96959

ਲੇਖਕ ਨੇ 17ਵੀਂ 18ਵੀਂ ਸਦੀ ਦੇ ਇਤਿਹਾਸ ਨੂੰ ਪੜ੍ਹ ਸੁਣ ਕੇ ਕਲਮਬੰਦ ਕੀਤਾ ਹੈ। ਉਸ ਦੀ ਘਾਲਣਾ ਵੱਡੀ ਹੈ। ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਸਮੇਂ ਪੰਜਾਬ ਅੰਦਰ ਵਾਪਰੀਆਂ ਅਹਿਮ ਘਟਨਾਵਾਂ ਨੂੰ ਇਤਿਹਾਸ ਦੇ ਪਰਿਪੇਖ ਵਿਚ ਇਸ ਪੁਸਤਕ ਅੰਦਰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਘੱਲੂਘਾਰੇ ਸਮੇਂ ਆਸ-ਪਾਸ ਦੇ ਪਿੰਡ ਜੋ ਇਸ ਦੌਰ ਦੌਰਾਨ ਪ੍ਰਭਾਵਿਤ ਹੋਏ ਅਤੇ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਅਤੇ ਉਨ੍ਹਾਂ ਦੀ ਬਹਾਦਰੀ ਦੇ ਕਾਰਨਾਮੇ ਬਾਖੂਬੀ ਅੰਕਿਤ ਕੀਤੇ ਹਨ।
ਪੁਸਤਕ ਵਿਚ ਗੁ: ਸ਼ਹੀਦ ਗੰਜ ਵੱਡਾ ਘੱਲੂਘਾਰਾ, ਗੁ: ਸ਼ਹੀਦ ਸੁਧਾ ਸਿੰਘ 19 ਸ਼ਹੀਦ ਸਿੰਘਾਂ ਦੀ ਯਾਦਗਾਰ, ਗੁ: ਅੰਗੀਠਾ ਸਾਹਿਬ ਪਿੰਡ ਕੁਠਾਲਾ ਮਲੇਰਕੋਟਲਾ, ਗੁ: ਸਿੱਧਸਰ ਸਾਹਿਬ ਕਾਲਾ ਮਾਲਾ ਪਿੰਡ ਛਾਪਾ ਬਰਨਾਲਾ, ਗੁ: ਵੱਡਾ ਘੱਲੂਘਾਰਾ ਪਿੰਡ ਕੁਤਬਾ ਬਰਨਾਲਾ, ਸ਼ਹੀਦੀ ਢਾਬ ਕੁਤਬਾ, ਗੁ: ਸ਼ਹੀਦ ਬਾਬਾ ਸੂਰਤੀਆਂ ਸਿੰਘ ਪਿੰਡ ਕਾਲਸਾਂ ਲੁਧਿਆਣਾ, ਗੁ:ਸਾਹਿਬ ਪਿੰਡ ਗਹਿਲ, ਗੁ: ਭਗਤੂਆਣਾ ਸਾਹਿਬ ਪਿੰਡ ਗਹਿਲ, ਗੁ: ਭੋਗੀਆਣਾ ਸਾਹਿਬ ਪਿੰਡ ਹਠੂਰ, ਗੁ: ਮਲੋ ਸ਼ਹੀਦ ਪਿੰਡ ਹਿੰਮਤਪੁਰਾ ਮੋਗਾ, ਗੁ: ਸ਼ਹੀਦ ਬਾਬਾ ਖੇਮ ਸਿੰਘ ਪਿੰਡ ਹਿੰਮਤਪੁਰਾ, ਗੁ: ਠੀਕਰੀਵਾਲਾ ਬਰਨਾਲਾ, ਗੁ: ਸ਼ਹੀਦ ਸਿੰਘਾਂ ਪੱਤੀ ਰੋਡ ਬਰਨਾਲਾ, ਗੁ: ਮੁਸ਼ਕੀਆਣਾ ਮੁੱਲਾਂਪੁਰ ਲੁਧਿਆਣਾ, ਪੁਰਾਤਨ ਕਿਲ੍ਹਾ ਬਰਨਾਲਾ ਦੀਆਂ ਰੰਗਦਾਰ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਸਾਰੀਆਂ ਯਾਦਗਾਰਾਂ ਘੱਲੂਘਾਰੇ ਸਮੇਂ ਸ਼ਹੀਦ ਹੋਏ ਸਿੰਘਾਂ ਦੀਆਂ ਹਨ। ਲੇਖਕ ਨੇ ਘਲੂਘਾਰਿਆਂ ਵਿਚ ਸ਼ਹੀਦ ਹੋਏ ਸਿੰਘਾਂ ਦੇ ਵੇਰਵੇ ਪੜ੍ਹ ਖੋਜ ਕਰਕੇ ਦਰਜ ਕਰਨ ਦਾ ਸ਼ਾਨਦਾਰ ਉਪਰਾਲਾ ਕੀਤਾ ਹੈ। ਹੱਥਲੀ ਕਿਤਾਬ ਨੂੰ ਲੇਖਕ ਨੇ 33 ਸਿਰਲੇਖਾਂ ਵਿਚ ਵੰਡ ਕੇ ਛੋਟੇ ਵੱਡੇ ਘੱਲੂਘਾਰੇ ਅਤੇ ਹੋਰ ਸਾਕਿਆਂ ਨੂੰ ਵੀ ਕਲਮਬੰਦ ਕੀਤਾ ਹੈ।
ਛੋਟਾ ਘੱਲੂਘਾਰਾ ਵਾਪਰਨਾ ਤੇ ਕਾਰਨ, ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਹਾਲਾਤ, ਮੀਰ ਮੰਨੂੰ ਦੇ ਸਿੰਘਾਂ ਉੱਤੇ ਜ਼ੁਲਮ ਅਤੇ ਸਿੰਘਾਂ ਵਲੋਂ ਘਾਲਣਾ, ਦੀਵਾਨ ਕੌੜਾ ਮੱਲ ਦੀ ਮੌਤ ਤੋਂ ਬਾਅਦ ਮੀਰ ਮੰਨੂੰ ਦਾ ਸਿੰਘਾਂ ਦਾ ਵੈਰੀ ਹੋਣਾ, ਮੀਰ ਮੰਨੂੰ ਦੀ ਮੌਤ, ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਦੇ ਹਾਲਾਤ, ਦਿੱਲੀ ਦੀ ਅੰਨ੍ਹੀ ਲੁੱਟ ਮਚਾਉਣ ਤੋਂ ਬਾਅਦ, ਤੈਮੂਰ ਸ਼ਾਹ ਪੰਜਾਬ ਦਾ ਸੂਬਾ ਤੇ ਜਹਾਨ ਖਾਨ ਫੌਜਦਾਰ ਬਣਿਆ, ਜਹਾਨ ਖਾਨ ਦੇ ਸਿੰਘਾਂ ਉੱਤੇ ਜ਼ੁਲਮ, ਤੈਮੂਰ ਸ਼ਾਹ ਤੇ ਜਹਾਨ ਖਾਂ ਵਲੋਂ ਅਦੀਨਾ ਬੇਗ ਨੂੰ ਚਿੱਠੀ ਲਿਖਣੀ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਹਾਨ ਖਾਂ ਦਾ ਹਮਲਾ, ਸਿੰਘਾਂ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਰਕਾਂ ਪਾਸੋਂ ਆਜ਼ਾਦ ਕਰਾਉਣਾ ਅਤੇ ਬਾਬਾ ਦੀਪ ਸਿੰਘ ਦੀ ਸ਼ਹੀਦੀ, ਸਿੰਘਾਂ ਦਾ ਅਦੀਨਾ ਬੇਗ ਨਾਲ ਸਮਝੌਤਾ ਅਤੇ ਫ਼ਾਇਦੇ, ਮਰਹੱਟਿਆਂ ਦੀ ਪੰਜਾਬ ਉੱਤੇ ਜਿੱਤ, ਅਦੀਨਾ ਬੇਗ ਨੇ ਸੂਬਾ ਪੰਜਾਬ ਬਣਨ ਤੋਂ ਬਾਅਦ ਸਿੰਘਾਂ ਨਾਲ ਵੈਰ ਕਮਾਉਣਾ, ਦਿੱਲੀ ਹੁਕਮਰਾਨਾਂ ਦੇ ਉੱਚ ਅਧਿਕਾਰੀਆਂ ਦੀ ਫੁੱਟ ਤੇ ਵਿਦੇਸ਼ੀ ਹਾਕਮਾਂ ਨੂੰ ਰਾਜ ਕਰਨ ਲਈ ਸੱਦਾ ਦੇਣਾ, ਨੂਰਦੀਨ ਵਲੋਂ ਸਿੰਘਾਂ ਉੱਤੇ ਹਮਲਾ ਅਤੇ ਨੂਰਦੀਨ ਦਾ ਦੌੜਨਾ, ਸੂਬੇ ਉਬੇਦ ਖਾਂ ਨੂੰ ਸਿੰਘਾਂ ਵਲੋਂ ਹਰਾਉਣਾ, ਸਿੰਘਾਂ ਵਲੋਂ ਚੁਗਲਾਂ ਉੱਤੇ ਹਮਲੇ, ਵੱਡਾ ਘੱਲੂਘਾਰਾ, ਅਬਦਾਲੀ ਵਲੋਂ ਬਰਨਾਲੇ ਉੱਤੇ ਹਮਲਾ ਕਰਨਾ, ਸਿੰਘਾਂ ਵਲੋਂ ਠੀਕ ਹੋਣ ਉਪਰੰਤ ਫਿਰ ਇਕੱਤਰ ਹੋਣਾ, ਅਬਦਾਲੀ ਵਲੋਂ ਆਪਣੀਆਂ ਗਸ਼ਤੀ ਫੌਜਾਂ ਮਾਝੇ ਵਿਚ ਭੇਜਣਾ ਤੇ ਸਿੰਘਾਂ ਦੀ ਯੁੱਧ ਨੀਤੀ, ਸਿੰਘਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ, 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਪੁਰਾਤਨ ਹੱਥ ਲਿਖਤ ਬੀੜ ਜੋ ਕੁਠਾਲੇ ਪ੍ਰਕਾਸ਼ ਹੈ। ਉਹ ਕਿਸ ਤਰ੍ਹਾਂ ਕੁਠਾਲੇ ਪਹੁੰਚਾਏ ਗਏ। ਗੁਰਦੁਆਰਾ ਕਾਲਾ ਮੱਲਾ ਸਾਹਿਬ ਜੀ ਦੇ ਸਥਾਨਾਂ ਬਾਰੇ ਜਾਣਕਾਰੀ, ਪਿੰਡ ਸਹਿਜੜਾ ਦੇ ਸ਼ਹੀਦ, ਪਿੰਡ ਗਹਿਲ ਬਾਰੇ ਜਾਣਕਾਰੀ, ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਯਾਦਗਾਰ ਦੀ ਸ਼ੁਰੂਆਤ, ਗੁਰਦੁਆਰਾ ਮਲ੍ਹੋ ਸ਼ਹੀਦ ਭਾਈ ਬਖਸ਼ੀਸ਼ ਸਿੰਘ ਸੰਧੂ, ਜ਼ਖ਼ਮੀ ਸਿੰਘਾਂ ਦੇ ਇਲਾਜ ਪ੍ਰਤੀ ਵਿਚਾਰਾਂ ਅਤੇ ਕੁਝ ਪਿੰਡ ਠੀਕਰੀਵਾਲਾ ਬਾਰੇ, ਸ਼ਹੀਦੀ ਸਥਾਨ 'ਗੁਰਦੁਆਰਾ ਸਾਹਿਬ ਸ਼ਹੀਦ ਬਾਬੇ' ਪੱਤੀ ਰੋਡ ਬਰਨਾਲਾ ਅਤੇ ਪੰਜਾਬ ਅੰਦਰ ਗਠਿਤ ਹੋਈਆਂ ਸਿੱਖ ਮਿਸਲਾਂ ਆਦਿ ਬਾਰੇ ਜਾਣਕਾਰੀ ਹੈ। ਲੇਖਕ ਨੇ ਸਿੱਖ ਸੰਘਰਸ਼ ਤੇ ਘੱਲੂਘਾਰਿਆਂ ਬਾਰੇ ਵਿਦਵਾਨਾਂ ਦੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੈ। ਕੁਝ ਕਿਤਾਬਾਂ ਦੇ ਹਵਾਲੇ ਵੀ ਇਸ ਪੁਸਤਕ ਦਾ ਅੰਗ ਹਨ। ਲੇਖਕ ਨੇ ਇਨ੍ਹਾਂ ਜੰਗਾਂ ਯੁੱਧਾਂ ਦਾ ਵਰਨਣ ਕਰਦਿਆਂ ਪਿੰਡ ਬੀਹਲਾ ਨੂੰ ਵੀ ਇਤਿਹਾਸ ਦਾ ਇਕ ਨਿਵੇਕਲਾ ਤੇ ਯਾਦਗਾਰੀ ਸਥਾਨ ਸਥਾਪਤ ਕੀਤਾ ਹੈ ਉਹ ਵਧਾਈ ਦਾ ਪਾਤਰ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਹਜ਼ਰਤ ਅਲੀ (ਰਜ਼ੀ)
(ਜੀਵਨ ਅਤੇ ਸਿੱਖਿਆ)
ਜੀਵਨੀਕਾਰ : ਨੂਰ ਮੁਹੰਮਦ ਨੂਰ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 190
ਸੰਪਰਕ : 98555-51359

ਹਜ਼ਰਤ ਮੁਹੰਮਦ (ਸਲੈਲਹਿ.) ਸਾਹਿਬ ਦੀ ਵਫ਼ਾਤ ਉਪਰੰਤ ਜਿਨ੍ਹਾਂ ਚਾਰ ਖ਼ਲੀਫ਼ਿਆਂ (ਯਾਰਾਂ) ਨੇ ਇਸਲਾਮ ਨੂੰ ਪੱਕੇ ਪੈਰਾਂ ਉੱਪਰ ਸਥਾਪਿਤ ਕੀਤਾ, ਉਨ੍ਹਾਂ ਵਿਚੋਂ ਹਜ਼ਰਤ ਅਲੀ ਚੌਥੇ ਨੰਬਰ 'ਤੇ ਨਿਯੁਕਤ ਹੋਏ ਖ਼ਲੀਫ਼ਾ ਸਨ। ਉਨ੍ਹਾਂ ਤੋਂ ਪਹਿਲਾਂ ਹਜ਼ਰਤ ਅਬੂਬਕਰ, ਹਜ਼ਰਤ ਉਮਰ ਅਤੇ ਹਜ਼ਰਤ ਉਸਮਾਨ ਨੇ ਖ਼ਿਲਾਫ਼ਤ ਕੀਤੀ ਸੀ। ਇਸਲਾਮ ਵਿਚ ਹਜ਼ਰਤ ਅਲੀ ਦਾ ਬੇਹੱਦ ਸਤਿਕਾਰ ਹੈ। ਸੈਂਕੜੇ ਕਵਾਲੀਆਂ ਅਤੇ ਨਜ਼ਮਾਂ (ਮਰਸੀਏ ਆਦਿ) ਉਨ੍ਹਾਂ ਦੀ ਸ਼ਾਨ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ।
ਹਜ਼ਰਤ ਅਲੀ ਦੇ ਮਾਤਾ-ਪਿਤਾ ਦੀ ਵਫ਼ਾਤ ਉਨ੍ਹਾਂ ਦੇ ਬਚਪਨ ਵਿਚ ਹੀ ਹੋ ਗਈ ਸੀ। ਕੁਝ ਸਮਾਂ ਉਨ੍ਹਾਂ ਦੀ ਪਾਲਣਾ ਪੋਸਣਾ ਹਜ਼ਰਤ ਅਬੂ ਤਾਲਿਬ ਨੇ ਕੀਤੀ ਪਰ ਬਾਅਦ ਵਿਚ ਉਨ੍ਹਾਂ ਦੀ ਪਰਵਰਿਸ਼ ਦਾ ਜ਼ਿੰਮਾ ਹਜ਼ਰਤ ਮੁਹੰਮਦ (ਸੈਲਲਹਿ.) ਨੇ ਖ਼ੁਦ ਲੈ ਲਿਆ ਸੀ। ਆਪ ਨਬੀ ਸਾਹਿਬ ਤੋਂ 30 ਕੁ ਵਰ੍ਹੇ ਛੋਟੇ ਸਨ ਅਤੇ ਇਸਲਾਮ ਵਿਚ ਆਉਣ ਸਮੇਂ ਉਨ੍ਹਾਂ ਦੀ ਉਮਰ ਬਹੁਤ ਛੋਟੀ ਸੀ। ਆਪ ਦਾ ਨਿਕਾਹ ਹਜ਼ਰਤ ਮੁਹੰਮਦ ਦੀ ਬੇਟੀ ਹਜ਼ਰਤ ਫ਼ਾਤਿਮਾ ਨਾਲ ਹੋਇਆ। ਇਸਲਾਮਿਕ ਸਾਹਿਤ ਵਿਚ ਹਜ਼ਰਤ ਅਲੀ ਦੇ ਨਾਲ-ਨਾਲ ਹਜ਼ਰਤ ਫ਼ਾਤਿਮਾ ਅਤੇ ਇਨ੍ਹਾਂ ਦੋਹਾਂ ਦੇ ਬੇਟਿਆਂ ਦਾ ਜ਼ਿਕਰ ਅਨੇਕ ਵਾਰ ਆਇਆ ਹੈ ਅਤੇ ਇਸ ਸਾਹਿਤ ਵਿਚ ਦੁਖਾਂਤ ਦੀ ਪਰੰਪਰਾ ਵੀ ਇਸੇ ਪਰਿਵਾਰ ਦੀਆਂ ਕੁਰਬਾਨੀਆਂ ਤੋਂ ਸ਼ੁਰੂ ਹੋਈ।
ਨੂਰ ਮੁਹੰਮਦ ਇਕ ਮਿਸ਼ਨਰੀ ਅਤੇ ਸਾਦਿਕ ਲੇਖਕ ਹੈ। ਇਸਲਾਮ ਬਾਰੇ ਉਸ ਨੇ ਬੜੇ ਸਟੀਕ ਢੰਗ ਨਾਲ ਜਾਣਕਾਰੀ ਮੁਹੱਈਆ ਕਰਵਾਈ ਹੈ। ਹਥਲੀ ਪੋਥੀ ਵਿਚ ਹਜ਼ਰਤ ਅਲੀ ਦੇ ਮਜ਼੍ਹਬੀ ਅਤੇ ਜੁਝਾਰੂ ਜੀਵਨ-ਬਿਰਤਾਂਤ ਦੇ ਨਾਲ-ਨਾਲ ਉਨ੍ਹਾਂ ਦੀਆਂ ਇਸਲਾਮਿਕ ਸਿੱਖਿਆਵਾਂ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਚੋਣਵੇਂ ਇਤਿਹਾਸਕ ਲੇਖ
ਲੇਖਕ : ਪ੍ਰਮਿੰਦਰ ਸਿੰਘ ਪ੍ਰਵਾਨਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 320 ਰੁਪਏ,ਸਫ਼ੇ : 186
ਸੰਪਰਕ : 94638-36591

ਪ੍ਰਮਿੰਦਰ ਸਿੰਘ ਪ੍ਰਵਾਨਾ ਪਿਛਲੇ 28 ਸਾਲਾਂ (2004) ਤੋਂ ਅਮਰੀਕਾ ਰਹਿ ਰਿਹਾ ਹੈ। ਪੰਜਾਬ ਰਹਿੰਦਿਆਂ ਉਹ ਕੇਂਦਰੀ ਸਰਕਾਰ ਦੇ ਮਹਿਕਮੇ ਵਿਚ ਸੇਵਾ ਨਿਭਾਉਂਦਾ ਰਿਹਾ ਹੈ। ਉਸ ਦੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿ, ਇਕ ਸੰਪਾਦਿਤ ਪੁਸਤਕ, ਦੋ ਵਾਰਤਕ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਅਮਰੀਕਾ ਵਿਚ ਉਹ ਸਾਹਿਤਕ, ਸਮਾਜਿਕ, ਸੱਭਿਆਚਾਰਕ, ਭਾਈਚਾਰਕ ਤੇ ਧਾਰਮਿਕ ਸਰਗਮੀਆਂ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।
ਸਮੀਖਿਆ ਅਧੀਨ ਕਿਤਾਬ ਵਿਚ 36 ਲੇਖ ਸੰਕਲਿਤ ਹਨ, ਜੋ ਵਧੇਰੇ ਕਰਕੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਹਨ। ਇਨ੍ਹਾਂ ਵਿਚ ਕੁਝ ਸਿੱਖ ਧਰਮ ਦੇ ਮੋਰਚਿਆਂ/ ਘੱਲੂਘਾਰਿਆਂ/ ਜੰਗਾਂ/ ਸਾਕਿਆਂ ਬਾਰੇ ਕੁਝ ਸਿੱਖ ਦੇਸ਼ ਭਗਤਾਂ/ਧਾਰਮਿਕ ਸ਼ਖ਼ਸੀਅਤਾਂ ਬਾਰੇ ਅਤੇ ਕੁਝ ਵਿਸ਼ੇਸ਼ ਦਿਨਾਂ/ਲਹਿਰਾਂ ਨਾਲ ਵਾਬਸਤਾ ਹਨ। ਲੇਖਾਂ ਵਿਚ ਆਪਣੇ ਵਿਚਾਰਾਂ ਦੀ ਪੁਸ਼ਟੀ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਅਤੇ ਭਾਵ ਅਰਥ ਵੀ ਦਿੱਤੇ ਹਨ। ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਵਾਲੇ ਲੇਖਾਂ ਵਿਚ ਜੇਕਰ ਅੱਲਾ ਯਾਰ ਖਾਂ ਜੋਗੀ ਦੇ ਫ਼ਾਰਸੀ ਕਾਵਿ 'ਸ਼ਹੀਦਾਨਿ-ਵਫ਼ਾ' ਅਤੇ 'ਗੰਜਿ-ਸ਼ਹੀਦਾਂ' 'ਚੋਂ ਸੰਬੰਧਿਤ ਪੰਕਤੀਆਂ ਦੇ ਦਿੱਤੀਆਂ ਜਾਂਦੀਆਂ ਤਾਂ ਹੋਰ ਵੀ ਚੰਗੇਰਾ ਹੋਣਾ ਸੀ। ਇਨ੍ਹਾਂ ਲੇਖਾਂ ਵਿਚ ਗੁਰੂ ਗੋਬਿੰਦ ਸਿੰਘ ਰਚਿਤ 'ਜ਼ਫ਼ਰਨਾਮਾ' ਦਾ ਹਵਾਲਾ ਵੀ ਲਾਹੇਵੰਦ ਹੋ ਸਕਦਾ ਸੀ। ਇਸ ਕਿਤਾਬ ਦੇ ਸਾਰੇ ਹੀ ਲੇਖ ਭਾਵੇਂ ਪਹਿਲਾਂ ਵੀ ਪੰਜਾਬੀ ਪਾਠਕਾਂ ਵਲੋਂ ਪੜ੍ਹੇ/ਸੁਣੇ ਜਾ ਚੁੱਕੇ ਹਨ ਤੇ ਲੇਖਕ ਨੇ ਕੋਈ ਨਵੀਂ/ ਖੋਜ ਭਰਪੂਰ ਚਰਚਾ ਤੋਂ ਗੁਰੇਜ਼ ਕੀਤਾ ਹੈ ਤਾਂ ਵੀ ਇਨ੍ਹਾਂ ਧਾਰਮਿਕ ਲੇਖਾਂ ਨੂੰ ਇਕ ਥਾਂ ਇਕੱਠੇ ਕਰਕੇ ਲੇਖਕ ਨੇ ਸਲਾਹੁਣ-ਯੋਗ ਕੰਮ ਕੀਤਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਡਾ. ਏ.ਪੀ .ਜੇ. ਅਬਦੁਲ ਕਲਾਮ
ਲੇਖਿਕਾ : ਮਨਜੀਤ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 01679-233244

ਪ੍ਰਿੰਸੀਪਲ ਮਨਜੀਤ ਕੌਰ ਦੀ ਲਿਖੀ ਹਥਲੀ ਤੇ ਸਨ 2023 ਵਿਚ ਪ੍ਰਕਾਸ਼ਿਤ ਪੁਸਤਕ ਡਾ. ਏ. ਪੀ. ਜੇ. ਅਬਦੁਲ ਕਲਾਮ ਬੱਚਿਆਂ ਲਈ ਪ੍ਰੇਰਨਾਦਾਇਕ ਪੁਸਤਕ ਹੈ। ਛੇ ਖੰਡਾਂ ਵਿਚ ਵੰਡੀ ਬੱਚਿਆਂ ਲਈ ਲਿਖੀ ਗਈ ਇਸ ਪੁਸਤਕ ਵਿਚ ਡਾ. ਅਬਦੁਲ ਕਲਾਮ ਦੀ ਸ਼ਖ਼ਸੀਅਤ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਲੇਖਿਕਾ ਸਿੱਖਿਆ ਦੇ ਖੇਤਰ ਨਾਲ ਜੁੜੀ ਹੋਣ ਕਾਰਨ ਉਹ ਇਸ ਗੱਲ ਨੂੰ ਸਮਝਦੀ ਹੈ ਕਿ ਆਪਣੀ ਮਾਤ ਭਾਸ਼ਾ ਵਿਚ ਲਿਖੀ ਪੁਸਤਕ ਦੇ ਮਾਧਿਅਮ ਰਾਹੀਂ ਬੱਚੇ ਸ੍ਰੀ ਅਬਦੁਲ ਕਲਾਮ ਜਿਹੀ ਮਹਾਨ ਸ਼ਖ਼ਸੀਅਤ ਦੀਆਂ ਉਪਲਬੱਧੀਆਂ ਨੂੰ ਪੜ੍ਹ ਕੇ ਕਿੰਨਾ ਕੁਝ ਸਿੱਖ ਕੇ ਉਨ੍ਹਾਂ ਵਾਂਗ ਮਹਾਨ ਬਣ ਸਕਦੇ ਹਨ। ਇਸ ਪੁਸਤਕ ਦੀ ਵਿਲੱਖਣ ਗੱਲ ਇਹ ਵੀ ਹੈ ਕਿ ਲੇਖਿਕਾ ਨੇ ਪੁਸਤਕ ਦੀ ਕਥਾ-ਵਸਤੂ ਨੂੰ ਬੱਚਿਆਂ ਦੇ ਪੱਧਰ ਤੱਕ ਆ ਕੇ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਉਨ੍ਹਾਂ ਲਈ ਲਾਹੇਵੰਦ ਹੋਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖਿਆ ਹੈ। ਉਸ ਨੇ ਸ੍ਰੀ ਕਲਾਮ ਦੇ ਜੀਵਨ ਦੀਆਂ ਘਟਨਾਵਾਂ ਦਾ ਵਰਨਣ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਏਨੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਕਿ ਉਨ੍ਹਾਂ ਨੂੰ ਪੜ੍ਹਨ ਲਈ ਬੱਚਿਆਂ ਦੇ ਮਨਾਂ ਵਿਚ ਪ੍ਰੇਰਨਾ ਅਤੇ ਉਤਸ਼ਾਹ ਪੈਦਾ ਹੋਵੇ। ਇਸ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਲੇਖਿਕਾ ਨੇ ਸ੍ਰੀ ਕਲਾਮ ਦੇ ਜੀਵਨ ਦੇ ਹਰ ਪੱਖ ਨੂੰ ਖ਼ੁਦ ਅਧਿਐਨ ਕਰਕੇ ਬਹੁਤ ਹੀ ਘੋਖ਼ ਕੇ ਲਿਖਿਆ ਹੈ। ਆਪਣੇ ਨਾਂਅ ਨਾਲ ਆਪਣੇ ਪੜਦਾਦੇ, ਦਾਦੇ ਤੇ ਪਿਤਾ ਦਾ ਨਾਂਅ ਜੋੜਨਾ ਬੱਚਿਆਂ ਲਈ ਵਡਮੁੱਲੀ ਜਾਣਕਾਰੀ ਅਤੇ ਪ੍ਰੇਰਨਾਦਾਇਕ ਤੱਥ ਹੈ। ਲੇਖਿਕਾ ਨੇ ਸ੍ਰੀ ਕਲਾਮ ਦੀ ਜ਼ਿੰਦਗੀ ਦੇ ਹਰ ਪੱਖ ਪਰਿਵਾਰ ਦੀਆਂ ਆਰਥਿਕ ਔਕੜਾਂ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਮਹਾਨ ਵਿਗਿਆਨਕ, ਉੱਘੇ ਲੇਖਕ ਬਣਨਾ, ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣਾ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਨਾਂਅ ਕਮਾਉਣਾ ਬੱਚਿਆਂ ਅੰਦਰ ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ। ਲੇਖਿਕਾ ਨੇ ਸ੍ਰੀ ਕਲਾਮ ਦੇ ਬਚਪਨ, ਉਨ੍ਹਾਂ ਦੀ ਪੜ੍ਹਾਈ, ਉਨ੍ਹਾਂ ਦੇ ਦ੍ਰਿੜ੍ਹ ਅਕੀਦੇ, ਉਨ੍ਹਾਂ ਦੇ ਅੰਮੀ ਅੱਬਾ ਪ੍ਰਤੀ ਲਗਾਓ, ਉਨ੍ਹਾਂ ਦੇ ਮਨ ਵਿਚ ਆਪਣੇ ਅਧਿਆਪਕਾਂ ਪ੍ਰਤੀ ਸਨਮਾਨ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਨੂੰ ਮਿਲੇ ਮਾਣ ਸਨਮਾਨਾਂ ਦਾ ਵਰਨਣ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਹੈ। ਉਨ੍ਹਾਂ ਦੇ ਖੋਜ ਕਾਰਜਾਂ ਦਾ, 'ਮਿਜ਼ਾਈਲ ਮੈਨ' ਕਹਾਉਣ ਦਾ ਅਤੇ ਉਨ੍ਹਾਂ ਦੇ ਬੱਚਿਆਂ ਪ੍ਰਤੀ ਪਿਆਰ ਦਾ ਵੀ ਲੇਖਿਕਾ ਨੇ ਬੜੇ ਨਿਵੇਕਲੇ ਢੰਗ ਨਾਲ ਜ਼ਿਕਰ ਕੀਤਾ ਹੈ। ਬੱਚਿਆਂ ਨੂੰ ਇਹ ਦੱਸਣਾ ਕਿ ਸੁਪਨੇ ਕਿਹੋ ਜਿਹੇ ਹੋਣੇ ਚਾਹੀਦੇ ਹਨ ਬੱਚਿਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ। ਪੁਸਤਕ ਦੀ ਭਾਸ਼ਾ, ਛੋਟੇ-ਛੋਟੇ ਵਾਕਾਂ ਅਤੇ ਲਿਖਣ ਦੇ ਲਹਿਜ਼ੇ ਨੇ ਪੁਸਤਕ ਨੂੰ ਮਿਆਰੀ ਬਣਾਇਆ ਹੈ। ਇਹ ਪੁਸਤਕ ਹਰ ਸਕੂਲ ਦੀ ਹਰ ਲਾਇਬ੍ਰੇਰੀ ਵਿਚ ਹੋਣੀ ਚਾਹੀਦੀ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਸੂਝ ਸਿਆਣਪਾਂ
(ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ)
ਲੇਖਕ ਮਹਿੰਦਰ ਸਿੰਘ ਵਾਲੀਆ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਪੰਨੇ : 135
ਸੰਪਰਕ : 01679-233244

ਪੁਸਤਕ 'ਸੂਝ ਸਿਆਣਪਾਂ' ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖਿਆਂ 'ਤੇ ਆਧਾਰਿਤ ਹੈ। ਸਾਡਾ ਅਜੋਕਾ ਸਮਾਜ ਆਧੁਨਿਕਤਾ ਦੀ ਦੌੜ ਵਿਚ ਕੁਦਰਤ ਤੋਂ ਦੂਰ ਹੋ ਰਿਹਾ ਹੈ। ਨਾਲ ਹੀ ਨਵੀਂ ਪੀੜ੍ਹੀ ਉਨ੍ਹਾਂ ਘਰੇਲੂ ਟੋਟਕਿਆਂ ਤੋਂ ਅਣਜਾਣ ਹੈ ਜੋ ਰਵਾਇਤੀ ਘਰਾਂ ਵਿਚ ਘਰ ਦੀਆਂ ਸੁਆਣੀਆਂ ਦੁਆਰਾ ਵਰਤੇ ਜਾਂਦੇ ਸਨ। ਅੱਜ ਦੇ ਸਮੇਂ ਵਿਚ ਦਵਾਈ ਉਦਯੋਗ ਤੇ ਸਰੀਰਕ ਫਿਟਨੈੱਸ ਉਦਯੋਗ ਆਮ ਲੋਕਾਂ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕਤਾ ਉੱਤੇ ਵੀ ਹਾਵੀ ਹੋ ਚੁੱਕਾ ਹੈ। ਅਜਿਹੇ ਸਮੇਂ ਮਹਿੰਦਰ ਸਿੰਘ ਵਾਲੀਆ ਦੁਆਰਾ ਅਜਿਹੀ ਪੁਸਤਕ ਦੀ ਰਚਨਾ ਸ਼ਲਾਘਾਯੋਗ ਕਦਮ ਹੈ। ਇਸ ਪੁਸਤਕ ਵਿਚ ਉਸ ਨੇ ਬਿਮਾਰੀਆਂ ਦੇ ਇਲਾਜ ਲਈ ਪ੍ਰਚਲਿਤ ਰਵਾਇਤੀ ਕੁਦਰਤੀ ਨੁਸਖਿਆਂ ਨੂੰ ਇਕੱਠਾ ਕੀਤਾ ਹੈ। ਇਸ ਮੰਤਵ ਲਈ 44 ਪਾਠਾਂ ਵਿਚ ਵੰਡੀ ਇਸ ਪੁਸਤਕ ਵਿਚ ਰਸੋਈ ਘਰ ਦੀਆਂ ਤੇ ਘਰੇਲੂ ਵਸਤਾਂ ਨਾਲ ਜੁਗਾੜ ਦੱਸੇ ਗਏ ਹਨ। ਸੰਗ੍ਰਹਿ-ਕਰਤਾ ਨੇ ਰਸੋਈ ਦੀਆਂ ਵਸਤਾਂ ਜਿਵੇਂ ਕਿ ਨਮਕ, ਕੋਲਡ ਡਰਿੰਕਸ, ਟੀ ਬੈਗਸ, ਸੰਗਤਰੇ ਦੇ ਛਿਲਕੇ, ਕੇਲੇ ਦੇ ਛਿਲਕੇ, ਸਿਰਕਾ, ਬੇਕਿੰਗ ਪਾਊਡਰ, ਆਂਡਿਆਂ ਦੇ ਛਿਲਕੇ ਤੇ ਫਟਕੜੀ ਆਦਿ ਦੇ ਜੁਗਾੜਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਐਲੂਮੀਨੀਅਮ ਫੋਇਲ, ਚਾਕ, ਅਲਕੋਹਲ, ਅਮੋਨੀਆ, ਰੀਸਾਈਕਲਿੰਗ ਬਿਨ ਅਤੇ ਸਪੰਜ ਵਰਗੀਆਂ ਘਰੇਲੂ ਵਸਤਾਂ ਦੀ ਵਰਤੋਂ ਅਤੇ ਇਨ੍ਹਾਂ ਦੇ ਵੱਖਰੇ ਗੁਣਾਂ ਬਾਰੇ ਵੀ ਦੱਸਿਆ ਹੈ। ਇਹ ਨੁਸਖੇ ਸੰਗ੍ਰਹਿ-ਕਰਤਾ ਦੇ ਨਿੱਜੀ ਤਜਰਬਿਆਂ 'ਤੇ ਆਧਾਰਿਤ ਹਨ ਜੋ ਉਸ ਨੇ ਆਪਣੇ 90 ਸਾਲ ਦੇ ਜੀਵਨ ਕਾਲ ਵਿਚ ਇਕੱਠੇ ਕੀਤੇ ਹਨ। ਇਸ ਪੁਸਤਕ ਦਾ ਮੁੱਖ ਮੰਤਵ ਆਧੁਨਿਕ ਬਣ ਰਹੇ ਅਜੋਕੇ ਮਨੁੱਖ ਨੂੰ ਵਾਪਸ ਕੁਦਰਤ ਵੱਲ ਲਿਆਉਣਾ ਹੈ। ਮਹਿੰਦਰ ਸਿੰਘ ਵਾਲੀਆ ਕੈਨੇਡਾ ਦਾ ਵਸਨੀਕ ਹੈ ਜਿਸ ਕਾਰਨ ਉਸ ਦੀ ਭਾਸ਼ਾ ਵੀ ਕੈਨੇਡੀਅਨ ਅੰਗਰੇਜ਼ੀ ਤੋਂ ਪ੍ਰਭਾਵਿਤ ਹੈ ਅਤੇ ਉਸ ਨੇ ਉਥੇ ਬਾਹਰਲੇ ਦੇਸ਼ ਵਿਚ ਪ੍ਰਚਲਿਤ ਵਸਤਾਂ ਦੀ ਗੱਲ ਵੀ ਕੀਤੀ ਹੈ। ਇਸ ਢੰਗ ਨਾਲ ਉਸ ਨੇ ਪੰਜਾਬੀ ਸੱਭਿਆਚਾਰ ਦੇ ਅਣਮੋਲ ਖ਼ਜ਼ਾਨੇ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ ਅਤੇ ਇਨ੍ਹਾਂ ਨੁਸਖ਼ਿਆਂ ਨੂੰ ਇਕ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾ ਕੇ ਸਮੁੱਚੇ ਪੰਜਾਬੀ ਲੋਕਾਂ ਨੂੰ ਇਕ ਤੋਹਫ਼ਾ ਦਿੱਤਾ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਮੁਹੱਬਤ ਦਾ ਮਸੀਹਾ : ਮੰਟੋ
(ਮੰਟੋ ਦੀਆਂ ਚੋਣਵੀਆਂ ਲਿਖਤਾਂ)
ਸੰਪਾਦਨਾ ਤੇ ਅਨੁਵਾਦ : ਪ੍ਰੋ. ਬਲਦੀਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 264
ਸੰਪਰਕ : 01628-262853

ਇਸ ਪੁਸਤਕ ਵਿਚ ਮੰਟੋ ਦੀ ਕਲਾਤਮਿਕ ਬਿਰਤੀ, ਜੀਵਨ ਤਜਰਬੇ, ਦੁੱਖ-ਸੁਖ, ਪ੍ਰਸਿੱਧੀ ਦੀ ਸਿਖ਼ਰ ਤੇ ਪਤਨ ਦੀ ਤ੍ਰਾਸਦੀ, ਮਹਿਫ਼ਲਾਂ ਦਾ ਰੂਹੇ-ਰਵਾਂ, ਕਲਮ ਦਾ ਧਨੀ, ਬੇਰੁਜ਼ਗਾਰੀ ਦਾ ਸੰਤਾਪ, ਸ਼ਰਾਬ ਕਾਰਨ ਸਰੀਰਕ ਤੇ ਮਾਨਸਿਕ ਸਮੱਸਿਆਵਾਂ, ਪੈਸੇ ਲਈ ਲਿਖਣਾ, ਬੰਬਈ ਤੋਂ ਲਾਹੌਰ ਜਾਣਾ, ਦੁਸ਼ਵਾਰੀਆਂ, ਆਪਣਿਆਂ ਦਾ ਦੂਰੀ ਸਥਾਪਿਤ ਕਰਨਾ, ਸੰਘਰਸ਼ਮਈ ਸ਼ਖ਼ਸੀਅਤ, ਬੇਬਾਕ ਤਬੀਅਤ, ਲਿਖਤ ਨਾਲ ਸਮਝੌਤਾ ਨਾ ਕਰਨਾ ਆਦਿ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ।
ਸਆਦਤ ਹਸਨ ਮੰਟੋ ਨੇ ਸਮਾਜਿਕ, ਆਰਥਿਕ, ਰਾਜਨੀਤਕ ਤੇ ਧਾਰਮਿਕਤਾ ਵਿਚ ਆਏ ਨਿਘਾਰ ਨੂੰ ਉਜਾਗਰ ਕੀਤਾ ਹੈ। ਉਸ ਨੇ ਘ੍ਰਿਣਤ ਤੇ ਦੁਰਕਾਰੇ-ਤ੍ਰਿਸਕਾਰੇ ਵੇਸਵਾਵਾਂ, ਦਲਾਲ, ਜੂਏਬਾਜ਼ ਤੇ ਗੁੰਡਿਆਂ ਵਿਚੋਂ 'ਇਨਸਾਨੀਅਤ' ਨੂੰ ਪ੍ਰਗਟ ਕੀਤਾ ਹੈ। ਮੰਮੀ, ਬਾਬੂ ਗੋਪੀਨਾਥ, ਈਸ਼ਰ ਸਿੰਘ, ਸ਼ਾਰਦਾ, ਮੌਜ਼ੇਲ, ਮੱਮਦ ਭਾਈ, ਬਾਸਤ ਪਾਤਰ ਹੱਕ-ਸੱਚ 'ਤੇ ਪਹਿਰਾ ਦਿੰਦੇ ਹਨ। ਮੋਪਾਸਾ ਦੀਆਂ ਕਹਾਣੀਆਂ ਵਿਚ ਪਾਪ, ਬਦੀ, ਗੰਦਗੀ, ਦੁਰਾਚਾਰੀ ਹੈ ਪਰ ਇਨਸਾਨੀਅਤ ਫਿਰ ਵੀ ਖ਼ੂਬਸੂਰਤ ਹੈ। ਭਾਵੇਂ ਮੰਟੋ ਹਿੰਦੋਸਤਾਨ ਤੋਂ ਪਾਕਿਸਤਾਨ, ਬੰਬਈ ਤੋਂ ਲਾਹੌਰ ਜ਼ਰੂਰ ਚਲਾ ਗਿਆ ਪਰ ਉਹ ਦੋਹਾਂ ਦੇਸ਼ਾਂ ਦੇ ਮਹਾਨਗਰਾਂ ਵਿਚ ਆਪਣੇ ਖੰਭ ਫੜਫੜਾਉਂਦਾ ਰਿਹਾ।
ਮੰਟੋ ਨੂੰ ਉਰਦੂ ਅਫ਼ਸਾਨਾ ਨਿਗਾਰੀ ਦਾ ਬੇਤਾਜ ਬਾਦਸ਼ਾਹ ਮੰਨਿਆ ਜਾਂਦਾ ਹੈ। ਉਹ ਗੋਰਕੀ, ਚੈਖਵ, ਮੋਪਾਸਾ, ਵਿਕਟਰ ਹਿਊਗੋ, ਆਸਕਰ ਵਾਇਲਤ, ਬਲਜ਼ਾਕ, ਪੁਸ਼ਕਿਨ ਤੇ ਗੋਗੋਲ ਦੇ ਬਰਾਬਰ ਰੁਤਬਾ ਰੱਖਦਾ ਹੈ। ਮੰਟੋ, ਅਲੀ ਸਰਦਾਰ ਜਾਫ਼ਰੀ, ਮਜ਼ਾਜ, ਅਨਸਾਰੀ ਤੇ ਅਖ਼ਤਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੇਖ ਲਿਖੇ। ਮੰਟੋ ਨੇ ਕ੍ਰਿਸ਼ਨ ਚੰਦਰ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ, ਉਪੇਂਦਰ, ਹਰਿੰਦਰ ਨਾਥ, ਨੂਨ ਨੀਸ ਰਾਸ਼ਿਦ ਦਾ ਸਾਥ ਮਾਣਿਆ। ਬੰਬਈ ਦੀਆਂ ਫ਼ਿਲਮ ਕੰਪਨੀਆਂ ਵਿਚ ਬਤੌਰ ਕਹਾਣੀ, ਡਾਇਲਾਗ, ਸਕ੍ਰਿਪਟ ਲੇਖਕ ਵਜੋਂ ਸੇਵਾ ਨਿਭਾਈ, ਦਿੱਲੀ ਰੇਡੀਓ ਦੀ ਨੌਕਰੀ ਦੌਰਾਨ 100 ਤੋਂ ਵੱਧ ਰੇਡੀਓ ਨਾਟਕ ਲਿਖੇ।
ਪ੍ਰੋ. ਬਲਦੀਪ ਸਿੰਘ ਨੇ ਮੰਟੋ ਦੀਆਂ ਲਿਖਤਾਂ ਨੂੰ ਸ਼ਾਬਦਿਕ ਅਨੁਵਾਦ ਦੀ ਥਾਂ ਪੰਜਾਬੀ ਭਾਸ਼ਾ ਤੇ ਮੁਹਾਵਰੇ ਵਿਚ ਢਾਲਣ ਦਾ ਸੁਹਿਰਦ ਯਤਨ ਕੀਤਾ ਹੈ। ਪਾਠਕਾਂ ਲਈ ਪੁਸਤਕ ਵਿਚਾਰਨਯੋਗ ਹੈ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

07-05-2023

 ਅਨੰਦ ਬਾਣੀ ਦਰਸ਼ਨ
ਲੇਖਕ : ਡਾ. ਸਵਿੰਦਰ ਸਿੰਘ ਉੱਪਲ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 550 ਰੁਪਏ, ਸਫ਼ੇ : 256
ਸੰਪਰਕ : 093112-21881

ਡਾ. ਸਵਿੰਦਰ ਸਿੰਘ ਉੱਪਲ ਦਾ ਇਸ ਕਿਤਾਬ ਵਿਚ ਹਲਫ਼ੀਆ ਬਿਆਨ ਦਰਜ ਹੈ ਕਿ ਇਹ ਉਨ੍ਹਾਂ ਦੀ ਆਖ਼ਰੀ ਰਚਨਾ ਹੈ। ਉਸ ਦੇ 14 ਕਹਾਣੀ ਸੰਗ੍ਰਹਿ, ਪੰਜ ਨਾਵਲ, 9 ਆਲੋਚਨਾ ਅਤੇ ਧਾਰਮਿਕ ਸਾਹਿਤ ਦੀਆਂ 7 ਪੁਸਤਕਾਂ ਛਪ ਚੁਕੀਆਂ ਹਨ। ਹਥਲੀ ਪੁਸਤਕ ਅਨੰਦ ਬਾਣੀ ਦਰਸ਼ਨ ਨੂੰ ਉਨ੍ਹਾਂ ਛੇ ਲੇਖਾਂ ਵਿਚ ਵੰਡਿਆ ਹੈ। ਅਨੰਦ ਬਾਣੀ ਦਰਸ਼ਨ, ਸਭ ਤੇ ਵੱਡਾ ਸਤਿਗੁਰ ਨਾਨਕ, ਸ੍ਰਿਸ਼ਟੀ ਰਚਨਾ, ਬਾਰਾਂਮਾਹ-ਗੁਰੂ ਨਾਨਕ ਦੇਵ, ਬਾਰਾਂਮਾਹ-ਗੁਰੂ ਅਰਜਨ ਦੇਵ, ਲਾਵਾਂ ਪਿੱਛੇ ਲੁਕਿਆ ਰਾਜ਼। ਕਿਤਾਬ ਦੇ ਅੰਤ ਵਿਚ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਚਿੱਤਰ ਹੈ।
'ਅਨੰਦ ਸਾਹਿਬ' ਬਾਣੀ ਤੀਸਰੇ ਗੁਰੂ ਅਮਰਦਾਸ ਜੀ ਦੀ ਸ਼ਾਹਕਾਰ ਰਚਨਾ ਹੈ, ਜੋ ਰਾਗ ਰਾਮਕਲੀ ਵਿਚ 40 ਪਉੜੀਆਂ ਰਾਹੀਂ ਉਸਰੀ ਸੁੰਦਰ ਵਿਆਖਿਆਤਮਕ ਸ਼ੈਲੀ ਦੇ ਰੂਪ ਵਿਚ ਹੈ। ਨਿਤਨੇਮ ਦੇ ਰੂਪ ਵਿਚ ਸਿੱਖ ਸੱਭਿਆਚਾਰ ਵਿਚ ਇਸ ਅਮਰ ਬਾਣੀ ਨੂੰ ਪੜ੍ਹਿਆ-ਉਚਾਰਿਆ ਜਾਂਦਾ ਹੈ। ਹਰ ਖੁਸ਼ੀ-ਗ਼ਮੀ ਤੇ ਹੋਰਨਾਂ ਮੌਕਿਆਂ ਉੱਪਰ ਇਸ ਪਵਿੱਤਰ ਬਾਣੀ ਦਾ ਬੜੀ ਆਸਥਾ ਨਾਲ ਪਾਠ ਕੀਤਾ ਜਾਂਦਾ ਹੈ। ਇਸ ਪਾਵਨ ਰਚਨਾ ਦੀ ਮੂਲ ਸੁਰ ਮਨੁੱਖੀ ਮਨ ਨੂੰ ਸੰਬੋਧਿਤ ਹੈ ਤੇ ਇਸ ਦਾ ਸਮੁੱਚਾ ਸੰਚਾਰ ਵੀ ਮਨ ਦੀਆਂ ਵਿਭਿੰਨ ਪਰਤਾਂ ਦਾ ਮਨੋਵਿਸ਼ਲੇਸ਼ਣ ਹੈ ਇਸ ਕਰਕੇ ਬਾਣੀ ਦਾ ਉਚਾਰ ਵੀ ਮਨ ਦੇ ਮਨੋਵਿਗਿਆਨਕ ਪ੍ਰਸੰਗਾਂ ਨਾਲ ਹੀ ਅੰਤਰ-ਸੰਬੰਧਿਤ ਹੈ। ਇਸ ਬਾਣੀ ਦੀ ਮੂਲ ਸੰਰਚਨਾ ਪ੍ਰਭੂ ਮਿਲਾਪ, ਪ੍ਰਤੀਤੀ ਤੇ ਅੰਤਰ ਅਨੁਭਵ ਨਾਲ ਜੁੜੀ ਹੋਈ ਹੈ।
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੁ ਤ ਪਾਇਆ ਸਹਜ ਸੇਤੀ
ਮਨਿ ਵਜੀਆ ਵਾਧਾਈਆ॥
''ਪਾਵਨ ਬਾਣੀ ਦੀਆਂ ਇਹ ਸਤਰਾਂ ਮਨੁੱਖੀ ਸਰੀਰ, ਮਨ ਤੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਿਕ ਅਨੰਦ ਬਖ਼ਸ਼ ਕੇ ਅੰਤਰੀਵੀ ਅਨੁਭਵ ਦਾ ਅਹਿਸਾਸ ਕਰਾਉਂਦੀਆਂ ਹਨ। ਗੁਰੂ ਸਾਹਿਬਾਨਾਂ ਨੇ ਲੋਕਾਂ ਵਿਚ ਵਿਚਰ ਕੇ ਤੇ ਸੰਵਾਦ ਰਚਾ ਕੇ, ਆਪਣੇ ਸਮੇਂ ਦੇ ਲੋਕਾਂ ਦੀਆਂ ਪਰਿਸਥਿਤੀਆਂ ਨੂੰ ਡੂੰਘਿਆਈ ਨਾਲ ਵਾਚਿਆ। ਵਿਭਿੰਨ ਪਰਿਸਥਿਤੀਆਂ ਵਿਚ ਵਿਚਰ ਰਹੇ ਜ਼ਾਲਮਾਂ, ਅਤਿਆਚਾਰੀਆਂ, ਗ਼ਰੀਬ ਤੇ ਦੀਨ ਦੁਖੀ ਲੋਕਾਂ ਦੀ ਮਾਨਸਿਕਤਾ ਦਾ ਬਹੁਪਰਤੀ ਅਧਿਐਨ ਕੀਤਾ। ਇਸ ਮਾਨਸਿਕਤਾ ਨੂੰ ਮਨੋਵਿਗਿਆਨਕ ਪੱਧਰ 'ਤੇ ਬਾਣੀ ਵਿਚ ਪੇਸ਼ ਕੀਤਾ ਤੇ ਲੋਕ ਮਨ ਨੂੰ ਮਨੋਵਿਗਿਆਨਕ ਸੂਝ ਰਾਹੀਂ ਅਧਿਆਤਮ ਨਾਲ ਜੋੜਿਆ।'' (ਡਾ. ਸੁਰਿੰਦਰ ਸਿੰਘ)
''ਗੁਰਬਾਣੀ ਵਿਚ ਮਨੁੱਖੀ ਹੋਂਦ ਦੇ ਸੰਕਲਪ ਲਈ ਵਿਆਖਿਆ, 'ਆਦਰਸ਼ ਮਨੁੱਖ' ਦੇ ਪਰਿਪੇਖ ਵਿਚ ਕੀਤੀ ਮਿਲਦੀ ਹੈ। ਇਸ ਤਰ੍ਹਾਂ ਦੀ ਮਨੁੱਖੀ ਹੋਂਦ ਨੂੰ ਗੁਰਬਾਣੀ ਵਿਚ ਪੰਚ, ਸੰਤ, ਭਗਤ, ਸਚਿਆਰ, ਗੁਰਮੁੱਖ, ਜੀਵਨ-ਮੁਕਤ ਤੇ ਬ੍ਰਹਮ-ਗਿਆਨੀ ਦੇ ਆਦਰਸ਼ ਰੂਪ ਵਜੋਂ ਵਿਸਥਾਰਿਆ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਗੁਰਬਾਣੀ ਨੇ ਪੂਰਵ-ਭਾਰਤੀ ਦਾਰਸ਼ਨਿਕ ਪਰੰਪਰਾ ਨੂੰ ਆਪਣੀ ਇਸ ਵਿਆਖਿਆ ਦਾ ਆਧਾਰ ਬਣਾ ਕੇ ਮਨੁੱਖੀ ਜੀਵਨ ਵਿਚ ਨਵੀਂ ਅਧਿਆਤਮਕ ਜੀਵਨ-ਸ਼ੈਲੀ ਦਾ ਨਿਰਮਾਣ ਕੀਤਾ ਹੈ।'' (ਡਾ.ਜਤਿੰਦਰ ਪਾਲ ਕੌਰ) ਪੁਸਤਕ ਵਿਚ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਬੜੀ ਸੂਝ ਸਿਆਣਪ ਨਾਲ ਕੀਤੀ ਹੈ ਸ਼ਬਦਾਂ/ਸਲੋਕਾਂ ਦੇ ਭਾਵ ਅਰਥ ਪਾਠਕ ਨੂੰ ਸੋਝੀ ਪ੍ਰਦਾਨ ਕਰਦੇ ਹਨ ਜੋ ਤਸਕੀਨ ਜਨਕ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 


ਨਵੇਂ ਮਨੁੱਖ ਦੀ ਸਿਰਜਣਾ ਦਾ ਸਾਹਿਤ
ਦਲਿਤ ਸਾਹਿਤ
ਲੇਖਕ : ਡਾ. ਐਸ. ਐਲ. ਵਿਰਦੀ
ਪ੍ਰਕਾਸ਼ਕ : ਲੇਖਕ ਖ਼ੁਦ, ਚਾਚੋਕੀ ਚੌਕ, ਫਗਵਾੜਾ
ਮੁੱਲ : 600 ਰੁਪਏ, ਸਫ਼ੇ : 608
ਸੰਪਰਕ : 98145-17499


ਅਜੋਕੇ ਸੰਦਰਭ ਵਿਚ ਕਿਸੇ ਵੀ ਗੰਭੀਰ ਪੰਜਾਬੀ ਪਾਠਕ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਐਡਵੋਕੇਟ ਡਾ. ਸੰਤੋਖ ਲਾਲ ਵਿਰਦੀ ਦੁਆਰਾ ਰਚੇ ਜਾ ਰਹੇ ਗਿਆਨ ਸਾਹਿਤ ਦੇ ਮੂਲ ਸਰੋਕਾਰ ਕੀ ਹਨ। ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਉਹ ਦਲਿਤ ਵਰਗ ਦੇ ਉਥਾਨ ਅਤੇ ਸਮਾਜਿਕ ਬਰਾਬਰੀ ਨੂੰ ਪੁਨਰ-ਸਥਾਪਿਤ ਕਰਨ ਦੇ ਪੁਰਸ਼ਾਰਥ ਵਿਚ ਲੱਗਾ ਹੋਇਆ ਹੈ। ਉਸ ਦੀਆਂ ਬਹੁਤੀਆਂ ਪੁਸਤਕਾਂ ਬਾਬਾ ਸਾਹਿਬ ਅੰਬੇਡਕਰ, ਪੈਰੀਅਰ ਰਾਮਾਸਵਾਮੀ, ਜੋਤੀ ਰਾਓ ਫੂਲੇ, ਸਾਵਿਤਰੀ ਬਾਈ ਫੂਲੇ ਦੀਆਂ ਅੰਤਰ-ਦ੍ਰਿਸ਼ਟੀਆਂ ਦੀ ਵਿਆਖਿਆ ਨਾਲ ਸੰਬੰਧਿਤ ਹਨ। ਉਸ ਨੇ ਜਾਤ-ਪਾਤ ਮੁਕਤ ਸਮਾਜ ਦੀ ਸਿਰਜਣਾ ਹਿਤ ਇਕ ਯੁੱਧ ਛੇੜ ਰੱਖਿਆ ਹੈ ਅਤੇ ਇਨਸ਼ਾ ਅੱਲਾ! ਉਸ ਦੇ ਯਤਨ ਕਾਮਯਾਬ ਹੋਣਗੇ।
ਦਲਿਤ ਸਾਹਿਤ ਇਕ ਵੱਡਾਕਾਰੀ ਗ੍ਰੰਥ ਹੈ, ਜਿਸ ਵਿਚ ਦਲਿਤ ਸਾਹਿਤ ਦੇ ਵਿਚਾਰਧਾਰਾਈ ਆਧਾਰਾਂ ਦੇ ਨਾਲ-ਨਾਲ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਅਤੇ ਪ੍ਰਵਿਰਤੀ ਵਿਚ ਰੂਪਮਾਨ ਹੋਣ ਵਾਲੇ ਦਲਿਤ ਸਰੋਕਾਰਾਂ ਦਾ ਵਰਗੀਕਰਨ ਅਤੇ ਵਿਸ਼ਲੇਸ਼ਣ ਹੋਇਆ ਹੈ। ਆਧੁਨਿਕ ਪੰਜਾਬੀ ਸਾਹਿਤ ਦੇ ਮੁਢਲੇ ਦੌਰ ਵਿਚ ਸ. ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਅਤੇ ਪ੍ਰੋ. ਸੁਜਾਨ ਸਿੰਘ ਨੇ ਸੁਧਾਰਵਾਦੀ ਦ੍ਰਿਸ਼ਟੀਕੋਣ ਨਾਲ ਦਲਿਤ ਵਰਗ ਦਾ ਚਿਤਰਣ ਕੀਤਾ ਸੀ ਪਰੰਤੂ ਹੁਣ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਪੰਜਾਬੀ ਲੇਖਕ ਕ੍ਰਾਂਤੀਕਾਰੀ ਸੁਰ ਅਪਣਾ ਰਹੇ ਹਨ, ਜੋ ਇਕ ਸ਼ੁਭ ਸ਼ਗਨ ਹੈ। ਕ੍ਰਾਂਤੀ ਦੁਆਰਾ ਹੀ ਦਲਿਤਾਂ ਦੀ ਹੋਣੀ ਨੂੰ ਬਦਲਿਆ ਜਾ ਸਕਦਾ ਹੈ।
ਜਾਤੀਵਾਦ ਅਤੇ ਊਚ-ਨੀਚ ਪੰਜਾਬੀ ਸੱਭਿਆਚਾਰ ਅਤੇ ਸਮਾਜ ਦੇ ਮੱਥੇ ਉੱਪਰ ਲੱਗਾ ਹੋਇਆ ਇਕ ਅਜਿਹਾ ਕਲੰਕ ਹੈ, ਜਿਹੜਾ ਜਿੰਨੀ ਛੇਤੀ ਮਿਟ ਜਾਵੇ, ਭਾਰਤ ਦਾ ਓਨਾ ਹੀ ਭਲਾ ਹੋਵੇਗਾ। ਇਸ ਕਲੰਕ ਨੂੰ ਮੇਟਣ ਲਈ ਡਾ. ਵਿਰਦੀ ਇਕ ਸਮਰਪਿਤ ਚਿੰਤਕ ਵਜੋਂ ਕੰਮ ਕਰ ਰਿਹਾ ਹੈ। ਸਾਡੇ ਲੇਖਕਾਂ ਨੂੰ ਦਲਿਤਾਂ ਨੂੰ ਪ੍ਰਤਾੜਿਤ ਅਤੇ ਮਜ਼ਲੂਮਾਂ ਵਾਂਗ ਪੇਸ਼ ਕਰਨ ਦੇ ਨਾਲ-ਨਾਲ ਇਕ ਸ਼ਾਨਾਂਮੱਤੇ ਯੋਧੇ ਵਾਂਗ ਪੇਸ਼ ਕਰਨਾ ਚਾਹੀਦਾ ਹੈ। ਨੈਰੇਟਿਵ ਨੂੰ ਬਦਲ ਦੇਵੋ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 


ਦੋ ਬੋਲ

ਸ਼ਾਇਰ : ਗੁਰਵਿੰਦਰ ਸਿੰਘ ਬਾਜਵਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 01679-233244


ਗੁਰਵਿੰਦਰ ਸਿੰਘ ਬਾਜਵਾ ਪੰਜਾਬੀ ਦਾ ਅਸਲੋਂ ਨਵਾਂ ਸ਼ਾਇਰ ਹੈ ਤੇ 'ਦੋ ਬੋਲ' ਉਸ ਦੀ ਪਹਿਲੀ ਕਾਵਿ ਪੁਸਤਕ ਹੈ। ਸ਼ਾਇਰ ਵਲੋਂ ਲਿਖੇ ਮੁੱਖ ਬੰਧ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਪੁਸਤਕ ਉਸ ਨੇ ਸਿਰਫ਼ ਲਿਖਣ ਲਈ ਹੀ ਲਿਖੀ ਹੈ। ਲਿਖਣ ਲਈ ਲਿਖੀ ਪੁਸਤਕ ਦੀ ਨਿਰਖ ਪਰਖ ਵੱਡੀ ਸਮੱਸਿਆ ਹੁੰਦੀ ਹੈ। 'ਦੋ ਬੋਲ' ਦੀਆਂ ਕਵਿਤਾਵਾਂ ਦੋ ਸਤਰਾਂ ਤੋਂ ਦੋ ਸਫ਼ਿਆਂ ਤੱਕ ਹਨ। ਇਨ੍ਹਾਂ ਨੂੰ ਕਵਿਤਾ ਦੀ ਕਿਸ ਸ਼੍ਰੇਣੀ ਵਿਚ ਰੱਖਿਆ ਜਾਵੇ, ਇਹ ਵੀ ਇਕ ਪ੍ਰਸ਼ਨ ਹੈ। ਖ਼ੈਰ, ਸ਼ਾਇਰ ਨਿਊਜ਼ੀਲੈਂਡ ਵਿਚ ਪਰਵਾਸ 'ਤੇ ਹੈ, ਇਸ ਲਈ ਵਿਦੇਸ਼ ਵਿਚ ਪੰਜਾਬੀ ਬੋਲੀ ਤੇ ਪੰਜਾਬੀ ਰਹਿਤਲ ਨੂੰ ਯਾਦ ਰੱਖਣ ਲਈ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਣੀ ਚਾਹੀਦੀ ਹੈ। ਆਪਣੀਆਂ ਕਵਿਤਾਵਾਂ ਵਿਚ ਸ਼ਾਇਰ ਨੇ ਕਿਤੇ-ਕਿਤੇ ਵਧੀਆ ਸਤਰਾਂ ਲਿਖੀਆਂ ਹਨ, ਇਕ ਤਿੰਨ ਸਤਰੀ ਕਵਿਤਾ ਵਿਚ ਸ਼ਾਇਰ ਕਹਿੰਦਾ ਹੈ ਜੋ ਲੋਕ ਇਖ਼ਲਾਕ ਤੋਂ ਡਿਗ ਜਾਂਦੇ ਹਨ ਉਹ ਤੁਹਾਨੂੰ ਆਪਣੇ ਵਿਚ ਸ਼ਾਮਿਲ ਤਾਂ ਕਰ ਸਕਦੇ ਹਨ ਪਰ ਇਲਮ ਨਹੀਂ ਸਿਖਾ ਸਕਦੇ। ਸਫ਼ਾ ਅਠੱਤੀ 'ਤੇ ਗੁਰਵਿੰਦਰ ਦੀਆਂ ਕਾਵਿ ਸਤਰਾਂ ਇਸ ਪੁਸਤਕ ਦਾ ਹਾਸਿਲ ਹਨ ਉਹ ਲਿਖਦਾ ਹੈ 'ਮੈਂ ਢੀਠ ਸੀ, ਹੁਜਰੇ ਵਿਚ ਬੈਠਾ ਸੀ, ਉਸ ਨੂੰ ਪਾਉਣ ਲਈ। ਕਿਸਮਤ ਰੇਤ 'ਤੇ ਲਿਖੀ ਸੀ, ਲਹਿਰਾਂ ਦੁਸ਼ਮਣ ਬਣ ਗਈਆਂ, ਇਸ਼ਕ ਨੂੰ ਮਿਟਾਉਣ ਲਈ।' ਸ਼ਾਇਰ ਨੇ ਕਿਤੇ-ਕਿਤੇ ਨਵੇਂ ਤੇ ਆਪ ਘੜੇ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਹੈ। ਇਕ ਗੀਤ ਨੂੰ ਜਗ੍ਹਾ ਦਿੱਤੀ ਗਈ ਹੈ ਤੇ ਕੁਝ ਪੰਨਿਆਂ 'ਤੇ ਚਲੰਤ ਭਾਵ ਵਾਲੀਆਂ ਰਚਨਾਵਾਂ ਵੀ ਛਪੀਆਂ ਮਿਲਦੀਆਂ ਹਨ। 'ਦੋ ਬੋਲ' ਸ਼ਾਇਰ ਦਾ ਪਹਿਲਾ ਯਤਨ ਹੈ ਤੇ ਪੱਕੇ ਪੈਰੀਂ ਹੋਣ ਲਈ ਉਸ ਨੂੰ ਦਿਸ਼ਾ ਦੀ ਚੋਣ ਕਰਨੀ ਪਏਗੀ ਤੇ ਅਜੋਕੇ ਪੰਜਾਬੀ ਕਾਵਿ ਦਾ ਨਿੱਠ ਕੇ ਅਧਿਐਨ ਕਰਨਾ ਪਏਗਾ। ਰਚਨਾਵਾਂ ਦੀ ਵਿਧਾਵੀ ਬਣਤਰ ਨੂੰ ਜਾਣਨਾ ਹੋਵੇਗਾ ਤੇ ਰੂਪਕ ਤੱਤਾਂ ਦੀ ਪਹਿਰੇਦਾਰੀ ਕਰਨੀ ਹੋਵੇਗੀ। ਸ਼ਾਇਰ ਦਾ ਮੰਨਣਾ ਹੈ ਕਿ ਉਸ ਨੇ ਪੰਜਾਬੀ ਦੇਰ ਬਾਅਦ ਸਿੱਖੀ ਹੈ, ਸ਼ਾਇਦ ਇਸੇ ਕਾਰਨ ਇਸ ਪੁਸਤਕ ਵਿਚ ਪਰੂਫ਼ ਦੀਆਂ ਗ਼ਲਤੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਆਸ ਹੈ ਸ਼ਾਇਰ ਦੀ ਅਗਲੀ ਪੁਸਤਕ ਹੋਰ ਸੁਚੇਤ ਹੋ ਕੇ ਲਿਖੀ ਮਿਲੇਗੀ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

 

ਭਾਈ ਗੁਰਦਾਸ ਦੀਆਂ ਵਾਰਾਂ ਦਾ ਕਾਵਿ-ਸ਼ਾਸਤਰ
ਲੇਖਕ : ਡਾ. ਗੁਰਪਿਆਰ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 94642-95075

ਭਾਈ ਗੁਰਦਾਸ ਗੁਰਮਤਿ ਕਾਵਿ-ਧਾਮ ਦੇ ਪਹਿਲੇ ਪ੍ਰਾਬੀਨ ਵਿਆਖਿਆਕਾਰ ਹੋਏ ਹਨ। ਆਪ ਜੀ ਦੀ ਅਜਿਹੀ ਦੇਣ ਨੇ ਲੋਕਾਈ ਨੂੰ ਬਾਣੀ-ਬੱਧ ਦਾ ਅਗੰਮੀ ਅਤੇ ਸਦੀਵੀ ਗਿਆਨ ਪ੍ਰਦਾਨ ਕੀਤਾ। ਹਥਲੀ ਪੁਸਤਕ ਇਸੇ ਧਾਰਾ ਦਾ ਵਿਚਾਰਧਾਰਿਕ ਪੱਧਰ ਅਤੇ ਕਾਵਿ-ਸ਼ਾਸਤਰੀ ਮਿਆਰ ਸੰਕਲਪਾਂ ਦਾ ਨਿਰੂਪਣ ਹੈ। ਡਾ. ਸਿੱਧੂ ਨੇ ਪੁਸਤਕ ਨੂੰ ਬੜੇ ਵਿਧੀਵਤ ਰੂਪ 'ਚ ਪੇਸ਼ ਕੀਤਾ ਹੈ। ਪੁਸਤਕ ਦੇ ਚਾਰ ਕਾਂਡ ਹਨ। ਇਨ੍ਹਾਂ ਤੋਂ ਪਹਿਲਾਂ ਉਸ ਦੇ ਪ੍ਰਾਅਧਿਆਪਕ ਡਾ. ਇਕਬਾਲ ਸਿੰਘ ਸੰਧੂ ਨੇ ਕੁਝ ਸ਼ਬਦ ਲਿਖੇ ਹਨ। ਉਸ ਅਨੁਸਾਰ ਡਾ. ਗੁਰਪਿਆਰ ਸਿੰਘ ਭਾਈ ਗੁਰਦਾਸ ਜੀ ਦੀਆਂ ਰਚਿਤ ਵਾਰਾਂ ਦਾ ਗਹਿਨ ਅਧਿਐਨ ਪੇਸ਼ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਇਹ ਸੱਚ ਵੀ ਹੈ, ਕਿਉਂ ਜੋ ਇਸ ਲੇਖਕ ਨੇ ਮੱਧਕਾਲੀ ਪੰਜਾਬੀ ਕਾਵਿ ਦਾ ਕਾਵਿ-ਸ਼ਾਸਤਰ ਦਾ ਅਧਿਐਨ ਬੜੇ ਭਾਵ-ਪੂਰਨ ਸ਼ਬਦਾਂ ਰਾਹੀਂ ਪ੍ਰਗਟਾਇਆ ਹੈ ਅਤੇ ਇਸ ਦੇ ਵਿਭਿੰਨ ਸਰੋਕਾਰਾਂ ਨੂੰ ਰੂਪਾਕਾਰ ਦੀ ਦ੍ਰਿਸ਼ਟੀ ਤੋਂ ਵੀ ਬਿਆਨਿਆ ਹੈ।
ਭਾਈ ਗੁਰਦਾਸ ਜੀ ਰਚਿਤ ਵਾਰਾਂ ਮੂਲ ਸਰੋਕਾਰਾਂ ਨੂੰ ਦਰਸਾਉਣ ਤੋਂ ਪਹਿਲਾਂ ਲੇਖਕ ਦੀ ਨਿਰਣਾਤਮਕ ਗੱਲ ਹੈ ਕਿ ਮੱਧਕਾਲੀ ਸਾਹਿਤ ਭਾਵੇਂ ਉਹ ਅਧਿਆਤਮਕ ਸਾਹਿਤ ਸੀ ਜਾਂ ਲੌਕਿਕ ਕਾਵਿ ਉਸ ਦੀ ਸੁਰ ਸੱਤਾ ਵਿਰੋਧੀ ਅਤੇ ਲੋਕ-ਪੱਖੀ ਰਹੀ ਹੈ। ਲੇਖਕ ਭਾਈ ਗੁਰਦਾਸ ਜੀ ਦੇ ਕਾਵਿ ਵਿਚੋਂ ਪ੍ਰਗਟ ਹੁੰਦੇ ਵਿਸ਼ਿਆਂ ਨੂੰ ਬਹੁ-ਪੱਖੀ ਅਤੇ ਅਨੇਕ ਭਾਂਤੀ ਦਰਸਾਉਂਦਾ ਹੈ, ਕਿਉਂਕਿ ਇਨ੍ਹਾਂ ਵਿਚ ਧਾਰਮਿਕ, ਨੈਤਿਕ, ਸਮਾਜਿਕ, ਇਤਿਹਾਸ, ਮਿਥਿਹਾਸਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਉਲੇਖ ਹਵਾਲਿਆਂ ਸਮੇਤ ਅੰਕਿਤ ਹੈ। ਇਨ੍ਹਾਂ ਵਿਚੋਂ ਝਲਕਦੀ ਗੁਰੂ-ਸਾਹਿਬਾਨਾਂ ਦੀ ਵਿੜੱਟਣ ਅਤੇ ਹੋਰ ਨਾਇਕ-ਨਾਇਕਾਵਾਂ ਦੀ ਵਿਵਹਾਰਕ ਜੀਵਨ-ਸ਼ੈਲੀ ਦਾ ਭਾਵਪੂਰਨ ਬੋਧ ਹੋ ਜਾਂਦਾ ਹੈ। ਲੇਖਕ ਨੇ 'ਕਾਵਿ-ਚਿੰਤਨ' ਦੇ ਸੰਦਰਭ ਨੂੰ ਸਪੱਸ਼ਟ ਕਰਦਿਆਂ ਵੀ ਕਈ ਮੌਲਿਕ ਸਥਾਪਨਾਵਾਂ ਦਾ ਵਾਧਾ ਪ੍ਰਗਟ ਕੀਤਾ ਹੈ।
ਭਾਈ ਗੁਰਦਾਸ ਰਚਿਤ ਕਾਵਿ ਵਿਚੋਂ ਕਾਵਿ ਸਿਰਜਣ-ਸਮਰੱਥਾ ਦਾ ਸ਼ਿਲਪ ਵਿਧਾਨ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਸੁਹਜ ਸਿਰਜਣ ਸਿਧਾਂਤ ਵੀ ਵਿਲੱਖਣ ਹੈ। ਇਨ੍ਹਾਂ ਸੰਕਲਪਾਂ ਨੂੰ ਡਾ. ਸਿੱਧੂ ਨੇ ਚੌਥੇ ਕਾਂਡ ਵਿਚ ਪ੍ਰਗਟ ਕੀਤਾ ਹੈ। ਲੇਖਕ ਨੇ ਇਨ੍ਹਾਂ ਵਾਰਾਂ ਨੂੰ ਕੇਵਲ ਅਧਿਆਤਮਕ ਵਾਰਾਂ ਤੱਕ ਸੀਮਤ ਨਹੀਂ ਜਾਣਿਆ ਸਗੋਂ ਕਿਹਾ ਹੈ ਕਿ ਇਹ ਕਾਵਿ ਮਨੁੱਖ ਲਈ ਨੈਤਿਕ ਪ੍ਰੇਰਨਾ, ਇਨ੍ਹਾਂ ਨੂੰ ਅਧਿਆਤਮਕ ਰਹੱਸਵਾਦ ਤੋਂ ਵੱਖ ਕਰ ਦਿੰਦੀ ਹੈ। ਅਧਿਆਤਮਕ ਪ੍ਰਸੰਗ ਛੂਹਣ ਦੇ ਬਾਵਜੂਦ ਇਨ੍ਹਾਂ ਦਾ ਸੁਰ, ਬੀਰ ਰਸ ਵਾਲਾ ਹੈ, ਜਿਸ ਦੀ ਪਿੱਠ ਭੂਮੀ ਵਿਚ ਪਰੰਪਰਾ, ਇਤਿਹਾਸ, ਮਿਥਿਹਾਸ, ਲੋਕ-ਸਾਹਿਤ ਅਤੇ ਅਨੁਭਵ ਦੀ ਚੇਤਨਾ ਕਾਰਜਸ਼ੀਲ ਹੈ। ਇਸ ਦਾ ਭਾਵ ਅਸੀਂ ਇਹ ਲੈ ਸਕਦੇ ਹਾਂ ਕਿ ਪੁਸਤਕ ਨਵੀਂ ਵਿਚਾਰ-ਦ੍ਰਿਸ਼ਟੀ ਦੇ ਨੁਕਤੇ ਵੀ ਉਭਾਰਦੀ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

 

ਰੇਤ 'ਤੇ ਪੈੜਾਂ
ਲੇਖਕ : ਭੁਪਿੰਦਰ ਸਿੰਘ ਰੈਨਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 105
ਸੰਪਰਕ : 099060-27601

ਭੁਪਿੰਦਰ ਸਿੰਘ ਰੈਨਾ ਦਾ ਨਾਂਅ ਨਾਵਲੀ-ਜਗਤ 'ਚ ਮਕਬੂਲ ਹੈ। ਉਸ ਨੇ ਹੁਣ ਤੱਕ 'ਸੱਧਰਾਂ ਦੀ ਡੋਲੀ', 'ਧੁਆਂਖੀ ਧੁੱਪ' (1975, 2021), 'ਬੇਨਾਮ ਰਿਸ਼ਤੇ' (2020), 'ਅੱਧੇ ਅਧੂਰੇ' (2020), 'ਇਕ ਹੋਰ ਲੂਣਾ' (2020), 'ਨਦੀ ਅਤੇ ਨਾਰੀ' (2020) ਅਤੇ 'ਪਾਪ ਦੀ ਪੰਡ' (2022) ਆਦਿ ਨਾਵਲ ਪ੍ਰਕਾਸ਼ਿਤ ਕਰਵਾਏ ਹਨ। ਇਸ ਤੋਂ ਇਲਾਵਾ 'ਸਵੇਰ ਹੋਣ ਤੱਕ' ਅਤੇ 'ਨਿਰਧਨ ਕੋ ਪਾਲੈ' ਨਾਟਕ ਵੀ ਲਿਖੇ ਹਨ। 'ਰੇਤ 'ਤੇ ਪੈੜਾਂ', ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 'ਰੇਤ 'ਤੇ ਪੈੜਾਂ' ਤੋਂ ਲੈ ਕੇ 'ਰੇਤ 'ਤੇ ਪੈੜਾਂ' ਤੱਕ 78 ਕਵਿਤਾਵਾਂ ਸੰਗ੍ਰਹਿਤ ਕੀਤੀਆਂ ਹਨ। ਇਨ੍ਹਾਂ ਵਿਚੋਂ ਵੀ 'ਇੰਤਜ਼ਾਰ', 'ਐਤਬਾਰ', 'ਜੀਵਨ ਕਾ ਸਤਯ', 'ਬਸੰਤ', 'ਕੱਚੀ ਮਿੱਟੀ' ਅਤੇ 'ਡਲ ਝੀਲ' ਕਵਿਤਾਵਾਂ ਹਿੰਦੀ ਭਾਸ਼ਾ ਦੀਆਂ ਹਨ, ਪ੍ਰੰਤੂ ਗੁਰਮੁਖੀ ਲਿੱਪੀ 'ਚ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤਾ ਹੈ। 'ਸ਼ਬਦ ਅਰਮਾਨਾਂ ਦੇ' ਕਵਿਤਾ ਤਾਰਾ ਅਤੇ ਸ਼ਬਦਾਂ ਦੀ ਸੁਚੱਜੀ ਮਿਲਨਤਾ ਦੇ ਸੰਯੋਗ ਨਾਲ ਉਪਜੀ ਮਨ ਦੀ ਅਵਸਥਾ, ਬਿਹਬਲਤਾ, ਅਨੁਭਵਤਾ ਨੂੰ ਪ੍ਰਗਟਾਉਣ ਦਾ ਸਹੀ ਮਾਧਿਅਮ ਹੋਣ ਕਰਕੇ ਮਨੁੱਖੀ ਮਨ 'ਚ ਪਨਪਦੀ ਸੋਚ ਦਾ ਵਿਸਤਾਰ ਹੈ ਜੋ ਉਮੀਦਾਂ ਦਾ ਸੰਸਾਰ ਸਿਰਜਣ ਵਿਚ ਸਹਾਇਕ ਹੁੰਦੇ ਹਨ। ਇਸੇ ਲਈ ਕਵੀ ਦੀਆਂ ਹੇਠਲੀਆਂ ਸਤਰਾਂ ਇਸ ਕਵਿ-ਸੰਗ੍ਰਹਿ ਨੂੰ ਕਾਵਿ-ਪਾਠਕ ਲਈ ਮਾਰਗ-ਦਰਸ਼ਕ ਹੋ ਸਕਦੀਆਂ ਹਨ :
'ਫੈਲ ਜਾਂਦੇ ਹਨ ਕਾਗਜ਼ ਦੀ ਪਰਾਰ ਉੱਤੇ / ਉਮੀਦਾਂ ਦੇ ਬੱਦਲ ਬਣ ਕੇ / ਜੁੜ ਜਾਂਦੇ ਹਨ ਸ਼ਾਇਰ ਦੀ ਸੋਚ ਵਿਚ / ਅਰਮਾਨਾਂ ਦੀ ਗ਼ਜ਼ਲ ਬਣ ਕੇ।'
'ਵੇਦਨਾ' ਕਵਿਤਾ ਕਵੀ ਦੇ ਭਾਵਾਂ ਨੂੰ ਹੋਰ ਵਿਸਤਾਰ ਦਿੰਦੀ ਹੈ :
'ਮਨ ਦੀ ਪੀੜ ਟਿੱਪ-ਟਿੱਪ ਕਰਕੇ / ਟਪਕਦੀ ਰਹੀ।/ ਅਹਿਸਾਸਾਂ ਦੀ ਨਦੀ ਬਣ ਕੇ/ਪੱਥਰਾਂ ਵਿਚ ਵਗਦੀ ਰਹੀ।/ਆਸਾਂ ਦੇ ਕਿਨਾਰੇ ਤੋੜ/ ਸਾਗਰ ਵਿਚ ਸਾਗਰ ਹੋ ਗਈ। /... ਇਹ ਪੀੜਾ ਟਿੱਪ-ਟਿੱਪ ਕਰਦੀ ਹੈ/ ਤੇ ਕਰਦੀ ਰਹੇਗੀ।/ ਵੇਦਨਾ ਦੀ ਨਦੀ ਵਗਦੀ ਹੈ / ਤੇ ਵਗਦੀ ਰਹੇਗੀ।'
'ਨਿ-ਸ਼ਬਦ' ਕਵਿਤਾ ਭਾਵਾਂ ਅਤੇ ਸ਼ਬਦਾਂ ਦੇ ਸੰਯੋਗ ਦੀ ਸਾਰਥਕਤਾ ਵੱਲ ਵਧੇਰੇ ਧਿਆਨ ਦੁਆਉਂਦੀ ਹੈ ਕਿ ਮਨੁੱਖੀ ਮਨ ਦੇ ਅਹਿਸਾਸਾਂ ਦੇ ਸ਼ਬਦ ਫੁੱਲਾਂ ਦੀਆਂ ਪੱਤੀਆਂ ਦੇ ਬਿਖਰਨ ਵਾਂਗ ਹੀ ਬਿਖਰਦੇ ਰਹੇ। ਮਨੁੱਖ ਦੀਆਂ ਦੁਨਿਆਵੀਂ ਅਤੇ ਪਾਰਲੌਕਿਕ ਚਿੰਤਾਵਾਂ : ਲੁੱਭਦੇ ਮਨ ਦੀ ਪੀੜਾ, ਵਿਲਕਦੇ ਨੈਣਾਂ ਦਾ ਨੀਰ, ਚੁੱਪ-ਚੁਪੀਤੇ ਵਗਦੇ ਹੰਝੂ, ਮਨ ਦੀ ਉਪਰਾਮਤਾ, ਰੂਹ ਦਾ ਖੇੜਾ/ਰੂਹ ਦੀ ਨਿਰਾਸਤਾ, ਆਤਮਾ ਲਈ ਧਰਵਾਸ ਭਾਲਦੇ ਸ਼ਬਦ, ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਥਾਂ-ਪੁਰ ਥਾਂ ਕਾਵਿ-ਪਾਠਕ ਦੀ ਨਜ਼ਰੀਂ ਪੈਣਗੇ, ਚਿੰਤਾ ਤੋਂ ਚਿੰਤਨ ਦੇ ਸਫ਼ਰ 'ਤੇ ਵੀ ਤੋਰਨਗੇ। ਦਰਅਸਲ ਇਸ ਕਾਵਿ-ਸੰਗ੍ਰਹਿ ਦਾ ਇਹੀ ਹਾਸਲ ਹੈ ਕਿ ਇਹ ਸ਼ਬਦ ਅਹਿਸਾਸਾਂ ਨੂੰ ਜਗਾਉਂਦੇ ਹਨ, ਪਾਠਕ ਨੂੰ ਜਾਗਰੂਕਤਾ ਦੇ ਸਫ਼ਰ 'ਤੇ ਤੋਰਦੇ ਹਨ। ਇਸ ਲਈ ਸੰਸਕਾਰ, ਸ਼ਬਦ, ਲਫ਼ਜ਼, ਰੇਤ, ਪੈੜਾਂ, ਕੱਲਰ, ਚਾਨਣ, ਸਵਾਰਥ, ਕੰਡੇ, ਚਿੰਤਾ, ਚਿੰਤਨ, ਰਿਸ਼ਤੇ, ਧਰਤੀ, ਦੇਹ, ਜ਼ਖ਼ਮ, ਅਰਮਾਨ ਅਤੇ ਹੋਰ ਅਨੇਕਾਂ ਸ਼ਬਦ ਮਨ ਦੀ ਅੰਦਰੂਨੀ ਛੋਹ ਨਾਲ ਜੁੜੇ ਭਾਵਾਂ ਦੀ ਥਾਂ-ਪੁਰ-ਥਾਂ ਅਭਿ-ਵਿਅਕਤੀ ਕਰਦੇ ਹਨ। ਮੈਂ ਇਨ੍ਹਾਂ ਕਵਿਤਾਵਾਂ ਨੂੰ ਮਨੁੱਖੀ ਵੇਦਨਾਵਾਂ, ਸੰਵੇਦਨਾਵਾਂ ਨਾਲ ਜੁੜੇ ਹੋਣ ਦਾ ਅਹਿਸਾਸ ਕਰਦਾ ਹਾਂ। ਇਸੇ ਲਈ 'ਰੇਤ 'ਤੇ ਪੈੜਾਂ' ਕਾਵਿ-ਸੰਗ੍ਰਹਿ ਨੂੰ ਖ਼ੁਸ਼-ਆਮਦੀਦ ਕਹਿੰਦਿਆਂ ਪ੍ਰਸੰਨਤਾ ਮਹਿਸੂਸ ਕਰਦਾ ਹਾਂ।?

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

 

ਸ਼ਾਹ ਸਵਾਰ
ਲੇਖਕ : ਜਸਵੀਰ ਸਿੰਘ ਸ਼ੀਰੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 250 ਰੁਪਏ, ਸਫ਼ੇ : 127
ਸੰਪਰਕ : 0172-5027427

ਜਸਵੀਰ ਸਿੰਘ ਸ਼ੀਰੀ ਦਾ ਨਾਵਲ 'ਸ਼ਾਹ ਸਵਾਰ' ਪੰਜਾਬ ਦੀ ਜਵਾਨੀ ਦੀ ਲੀਹੋਂ ਉਤਰ ਕੇ ਦਿਸ਼ਾਹੀਣ ਹੋਣ ਦੀ ਦਾਸਤਾਨ ਹੈ, ਜਿਸ ਵਿਚ ਪੰਜਾਬ ਦਾ ਸਮਾਜਿਕ, ਆਰਥਿਕ, ਸਿਆਸੀ ਪਰੀ ਦ੍ਰਿਸ਼ ਉੱਘੜਦਾ ਹੈ। ਨਾਵਲ ਦਾ ਕਥਾਨਕ 'ਵੀਰਦੀਪ' ਪਾਤਰ ਦੀ ਉਸਾਰੀ ਨਾਲ ਆਰੰਭ ਹੁੰਦਾ ਹੈ। ਪਿਤਾ 'ਹੁਕਮੇ' ਦੀ ਬੇਵਕਤੀ ਮੌਤ, ਮਾਤਾ ਨਸੀਬੋ ਵਲੋਂ ਸਮਾਜਿਕ ਦਬਾਅ ਹੇਠ ਦੂਸਰਾ ਵਿਆਹ ਕਰਾਉਣਾ, ਬਾਲ ਵੀਰਦੀਪ ਨੂੰ ਨਵਜੋਤ ਤੇ ਕਰਮ ਸਿੰਘ ਦਾ ਮੁਤਬੰਨਾ ਬਣਾਉਣਾ, ਵੀਰ ਦੀਪ ਦਾ ਫੁਟਬਾਲਰ ਬਣ ਕੇ ਨੈਸ਼ਨਲ ਤੱਕ ਪੁੱਜਣਾ, ਪੰਜਾਬ ਨਾਲ ਵਿਤਕਰੇ ਦੀ ਹਾਲਤ ਵਿਚ ਵੀਰਦੀਪ, ਦਿਲਬਾਗ ਤੇ ਬਘੇਲ ਸਿੰਘ ਵਰਗੇ ਹੋਣਹਾਰ ਖਿਡਾਰੀਆਂ ਦੀ ਦੌੜ ਨਾ ਹੋਣਾ। ਦਿਲਬਾਗ ਦੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਉਸ ਦੇ ਹਵਾਲੇ ਕਰ ਕੇ ਜਰਮਨ ਵੱਲ ਜਾਣਾ। ਬਚਪਨ ਤੋਂ ਹਥਿਆਰਾਂ ਵੱਲ ਝੁਕਾਅ ਅਤੇ ਮਾਹੌਲ ਕਰਕੇ ਅਪਰਾਧੀ ਬਣਨਾ। ਗੈਂਗਸਟਰਾਂ ਵਿਚ ਸ਼ੁਮਾਰ ਹੋਣਾ, ਕਾਲਜ ਦੀ ਸਹਿਪਾਠਣ ਸਿਮਰਨ ਦਾ ਉਸ ਵੱਲ ਝੁਕਾਅ ਹੋਣਾ। ਦਿਲਬਾਗ ਵਲੋਂ ਸੁਨਿਆਰੇ ਦੀ ਦੁਕਾਨ ਲੁੱਟਣਾ, ਬੈਂਕ ਡਕੈਤੀ ਅਤੇ ਯੂ.ਪੀ. ਵਿਚ ਮੰਤਰੀ ਦੇ ਪੁੱਤਰ ਨੂੰ ਗੱਡੀ ਹੇਠ ਦਰੜ ਕੇ, ਕਿਸਾਨਾਂ ਦੀ ਮੌਤ ਦਾ ਬਦਲਾ ਲੈਣਾ, ਫਿਰ ਲਿਬਰੇਸ਼ਨ ਫੋਰਸ ਆਫ਼ ਈਸਟਰਨ ਪੰਜਾਬ' ਸਥਾਪਿਤ ਕਰਨਾ ਤੇ ਅੰਤ ਵਿਚ ਪੁਲਿਸ ਹੱਥੋਂ ਮਾਰੇ ਜਾਣਾ।
ਲੇਖਕ ਨੇ ਕਥਾਨਕ ਨੂੰ ਨਸ਼ਿਆਂ ਦੀ ਸਮੱਸਿਆ ਨਾਲ ਜੋੜਿਆ ਹੈ, ਦਫ਼ਤਰੀ ਭ੍ਰਿਸ਼ਟਾਚਾਰ ਦੀ ਝਲਕ ਵੀ ਵਿਖਾਈ ਹੈ। ਉੱਥੇ ਕਿਸਾਨ ਅੰਦੋਲਨ ਦੀ ਆੜ ਵਿਚ ਸਰਗਰਮ ਵੱਖਵਾਦੀ ਧਿਰਾਂ, ਕਮਿਊਨਿਸਟਾਂ ਦੀ ਭੂਮਿਕਾ, 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣਾ, ਯੂ.ਪੀ. ਵਿਖੇ ਹੋਏ ਕਿਸਾਨਾਂ ਦੇ ਕਤਲ ਕਾਂਡ ਅਤੇ ਪੰਜਾਬ ਵਿਚ ਭਟਕੀ ਹੋਈ ਜਵਾਨੀ ਦਾ ਲੁੱਟਾ ਖੋਹਾਂ, ਡਕੈਤੀਆਂ ਅਤੇ ਕਤਲਾਂ ਵਿਚ ਸ਼ਾਮਿਲ ਹੋ ਕੇ ਸਿਆਸੀ ਆਗੂਆਂ ਦੀ ਸ਼ਹਿ ਪ੍ਰਾਪਤ ਕਰਨ ਵੱਲ ਵੀ ਸਪੱਸ਼ਟ ਸੰਕੇਤ ਕੀਤੇ ਹਨ। ਅਜਿਹੀ ਨੌਜਵਾਨੀ ਦਾ ਖਾੜਕੂ ਲਹਿਰ ਨਾਲ ਜੁੜ ਜਾਣਾ। ਮਗਰੋਂ ਉਨ੍ਹਾਂ ਦੇ ਮਾਪਿਆਂ-ਰਿਸ਼ਤੇਦਾਰਾਂ ਦੀ ਖਿੱਚ ਧੂਹ ਦਾ ਵਰਣਨ ਕੀਤਾ ਗਿਆ ਹੈ। ਵੀਰਦੀਪ ਦਾ ਬਚਪਨ, ਸਕੂਲੋਂ ਫੁੱਟਬਾਲ ਚੋਰੀ ਕਰ ਕੇ ਲਿਆਉਣਾ, ਪਿਤਾ ਵਲੋਂ ਸਕੂਲ ਮੁਖੀ ਤੋਂ ਮੁਆਫ਼ੀ ਮੰਗਣ 'ਤੇ, ਉਸ ਦਾ ਹੌਸਲਾ-ਅਫ਼ਜ਼ਾਊ ਵਤੀਰਾ ਹਾਂ-ਪੱਖੀ ਪੱਖ ਹਨ। ਹੁਕਮੇ ਦਾ ਖੇਤਾਂ 'ਚ ਬਿਜਲੀ ਦੀਆਂ ਤਾਰਾਂ ਦੇ ਕਰੰਟ ਨਾਲ ਅਨਿਆਈ ਮੌਤ ਮਰਨਾ ਕਿਸਾਨਾਂ ਦੀ ਵਿਥਿਆ ਨੂੰ ਮਾਰਮਿਕਤਾ ਨਾਲ ਬਿਆਨ ਕਰਦਾ ਹੈ। ਵੀਰਦੀਪ ਦਾ ਹਰਜੋਤ ਨਾਲ ਵਿਆਹ ਅਤੇ ਸਿਮਰਨ ਵਲੋਂ ਦਿਲਬਾਗ ਨੂੰ ਭਟਕੇ ਹੋਏ ਰਸਤੇ ਤੋਂ ਮੋੜਨ ਦੀਆਂ ਅਸਫਲ ਕੋਸ਼ਿਸ਼ਾਂ 'ਗੈਂਗਸਟਰਵਾਦ' ਦੇ ਕਰੂਰ ਯਥਾਰਥ ਨੂੰ ਚਿੱਤਰਦੀਆਂ ਹਨ। ਨਾਵਲ ਵਿਚ ਦਿਲਬਾਗ ਪਾਤਰ ਦੇ ਪ੍ਰਵੇਸ਼ ਮਗਰੋਂ ਕਥਾਨਕ ਦਿਲਬਾਗ ਤੇ ਕਿਸਾਨੀ ਅੰਦੋਲਨ ਦੇ ਗਿਰਦ ਹੀ ਘੁੰਮਦਾ ਹੈ। ਸਰਲ ਤੇ ਸਹਿਜ ਭਾਸ਼ਾ ਸ਼ੈਲੀ ਵਿਚ ਲਿਖਿਆ ਨਾਵਲ ਦਿਲਬਾਗ ਅਤੇ ਵੀਰਦੀਪ ਜਿਹੇ ਨੌਜਵਾਨਾਂ ਨੂੰ 'ਸ਼ਾਹ ਸਵਾਰ' ਸਾਬਤ ਕਰਨ ਦੀ ਸਾਹਿਤਕ ਕੋਸ਼ਿਸ਼ ਕਰਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

 

 

 

 

 

 

 

06-05-2023

 ਵਿਹਾਰ ਤੇ ਵਰਤਾਰਾ
ਲੇਖਕ : ਡਾ. ਸਰਬਦੀਪ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98155-74144

ਇਹ ਇਕ ਆਲੋਚਨਾਤਮ ਪੁਸਤਕ ਹੈ, ਜਿਸ ਵਿਚ ਕੁਝ ਗੰਭੀਰ ਮੁੱਦੇ ਉਠਾਏ ਗਏ ਹਨ। ਦਲਿਤ ਚੇਤਨਾ, ਚਿੰਤਨ ਅਤੇ ਕਾਵਿ, ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਭਵਿੱਖ, ਭਾਰਤੀ ਪ੍ਰਸੰਗ ਵਿਚ ਪੰਜਾਬੀਅਤ ਦੀ ਪਛਾਣ ਅਤੇ ਭਵਿੱਖ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪੰਜਾਬੀਅਤ ਦਾ ਸੰਕਲਪ ਆਦਿ ਮਹੱਤਵਪੂਰਨ ਵਿਸ਼ੇ ਹਨ। ਇਸ ਤੋਂ ਇਲਾਵਾ ਸੰਤ ਸਿੰਘ ਸੇਖੋਂ ਦਾ ਸਾਹਿਤ ਸਿਧਾਂਤ, ਡਾ. ਅਤਰ ਸਿੰਘ ਦੇ ਬੌਧਿਕ ਪ੍ਰਵਚਨ, ਡਾ. ਰਵੀ ਆਲੋਚਨਾ ਦਾ ਸੰਵਾਦ ਅਤੇ ਡਾ. ਸਤਿੰਦਰ ਸਿੰਘ ਨੂਰ ਦੀ ਆਲੋਚਨਾ ਦ੍ਰਿਸ਼ਟੀ 'ਤੇ ਵੀ ਝਾਤ ਪੁਆਈ ਗਈ ਹੈ। ਲੇਖਕ ਨੇ ਅਜੋਕੇ ਸਮਿਆਂ ਦੇ ਤਿੱਖੇ ਵਰਤਾਰਿਆਂ ਪ੍ਰਤੀ ਸੁਚੇਤ ਕਰਦਿਆਂ ਅਲੋਪ ਹੋ ਰਹੇ ਸੱਭਿਆਚਾਰ, ਕਲਾਵਾਂ, ਵਿਰਸੇ ਅਤੇ ਵਾਤਾਵਰਨ ਪ੍ਰਤੀ ਚਿੰਤਾ ਦਰਸਾਈ ਹੈ। ਸਮੁੰਦਰੀ ਹੜ੍ਹ, ਗਲੋਬਲ ਵਾਰਮਿੰਗ, ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿਗਣਾ, ਜੰਗਲਾਂ ਦੀ ਕਟਾਈ, ਗਲੇਸ਼ੀਅਰਾਂ ਦਾ ਪਿਘਲਣਾ, ਕੁਦਰਤੀ ਸਰੋਤਾਂ ਦੀ ਦੁਰਵਰਤੋਂ, ਸਰਮਾਏਦਾਰੀ, ਜ਼ਬਰ, ਫ਼ਿਰਕਾਪ੍ਰਸਤੀ, ਨਿੱਜੀਕਰਨ, ਨਿਗਮੀਕਰਨ ਅਤੇ ਮਨੁੱਖੀ ਦਮਨ ਸਾਰੀ ਦੁਨੀਆ ਵਿਚ ਤਬਾਹੀ ਮਚਾ ਰਹੇ ਹਨ। ਸਮਾਜਿਕ ਅਤੇ ਆਰਥਿਕ ਅਸਥਿਰਤਾ ਪੈਦਾ ਹੋ ਰਹੀ ਹੈ। ਧਰਮ ਅਤੇ ਜਾਤਾਂ ਦੇ ਨਾਂਅ 'ਤੇ ਨਫ਼ਰਤ ਫੈਲਾਈ ਜਾ ਰਹੀ ਹੈ। ਦੁੱਧ ਦੇ ਸਤਲੁਜ ਸੁੱਕ ਗਏ ਹਨ। ਹਰੇ ਇਨਕਲਾਬ ਨੇ ਲੋਕਾਂ ਦੇ ਡੰਗਰ ਅੰਦਰ ਬੰਨ੍ਹਾ ਦਿੱਤੇ ਹਨ। ਉਹ ਮੁੱਲ ਦਾ ਚਾਰਾ ਪਾਉਂਦੇ ਅਤੇ ਦੁੱਧ ਵੇਚਦੇ ਹਨ। ਪੰਜਾਬੀ ਭਾਸ਼ਾ ਦਾ ਵਰਤਮਾਨ ਸੰਕਟਗ੍ਰਸਤ ਹੈ। ਪੰਜਾਬੀਅਤ ਦਾ ਮਾਨਵਵਾਦੀ ਸਰੂਪ ਸਿਰਜਣ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੀਜ ਰੂਪ ਹੈ। ਇਉਂ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਦੀ ਵਿਚਾਰ ਕਰਨ ਵਾਲੀ ਇਹ ਪੁਸਤਕ ਲਾਹੇਵੰਦ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਪ੍ਰੀਤੀ
ਲੇਖਕ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 151
ਸੰਪਰਕ : 98767-68960

'ਰੂਪ' ਨੇ ਇਹ ਨਾਵਲ ਆਪਣੀ ਹੋਣਹਾਰ ਅਤੇ ਦਲੇਰ ਪੋਤਰੀ ਨੂੰ ਸਮਰਪਿਤ ਕੀਤਾ ਹੈ। ਲੇਖਕ ਦਾ ਇਹ ਕਹਿਣਾ ਵਿਚਾਰ ਦੀ ਮੰਗ ਕਰਦਾ ਹੈ 'ਕਿਸੇ ਪਾਤਰ ਦਾ ਸੁਭਾਅ ਜਾਂ ਮੁਹਾਂਦਰਾ ਜੇ ਕਿਸੇ ਵਿਅਕਤੀ ਵਿਸ਼ੇਸ਼ ਨਾਲ (ਇਤਿਹਾਸਕ ਪਾਤਰਾਂ ਤੋਂ ਬਿਨਾਂ) ਮਿਲਦਾ ਹੋਵੇ ਤਾਂ ਇਹ ਸਬੱਬੀ ਗੱਲ ਹੀ ਹੋਵੇਗੀ।' ਪੰਨਾ-9. ਕੇਵਲ ਕੁਝ ਪੰਕਤੀਆਂ ਧਿਆਨ ਦੀ ਮੰਗ ਕਰਦੀਆਂ ਹਨ। 'ਇਕ ਜਣੀ ਕਹਿੰਦੀ 'ਦੇਖੋ (ਪ੍ਰੀਤੀ) ਉਂਗਲੀ ਕਿਵੇਂ ਖੜ੍ਹੀ ਕਰਦੀ ਹੈ, ਜਿਵੇਂ ਲਾਟ ਸਾਹਿਬ ਹੋਵੇ।' ਮੈਡਮ ਬੋਲੀ, 'ਇਹਦਾ ਦਾਦਾ ਵੀ ਇਸੇ ਤਰ੍ਹਾਂ ਉਂਗਲੀ ਖੜ੍ਹੀ ਕਰਦਾ ਸੀ। ਇਹ ਖੜ੍ਹੀ ਉਂਗਲ ਇਨ੍ਹਾਂ ਦੇ ਖਾਨਦਾਨ ਦੀ ਨਿਸ਼ਾਨੀ ਹੈ... ਜਦੋਂ ਇਹ ਉਂਗਲੀ ਖੜ੍ਹੀ ਕਰਕੇ ਕੋਈ ਚੈਲੰਜ ਕਰ ਦੇਣ ਤਾਂ ਇਹ ਉਹ ਕੰਮ ਕਰਕੇ ਹੀ ਹਟਦੇ ਹਨ...।' ਪੰਨਾ-100. ਨਿਰਸੰਦੇਹ ਇਹ ਬਿਰਤਾਂਤ ਸੰਤੋਖ ਸਿੰਘ ਧੀਰ ਦੇ ਪਰਿਵਾਰ ਨਾਲ ਸੰਬੰਧਿਤ ਹੈ। ਅਮਰੀਕਾ ਦਾ ਨਵ-ਆਲੋਚਕ ਆਰ.ਪੀ. ਬਲੈਕਸ਼ਰ ਆਪਣੀ ਰਚਨਾ 'ਲੈਂਗੁਏਜ਼ ਐਜ ਜੈਸਟਰ' ਵਿਚ ਲਿਖਦਾ ਹੈ ਮਾਨਵੀ ਸੰਕੇਤ/ਹਰਕਤ ਵੀ ਬੜਾ ਕੁਝ ਕਹਿ ਜਾਂਦੀ ਹੈ। ਇਸ ਨਾਵਲ ਦੀ ਨਾਇਕਾ ਪ੍ਰੀਤੀ (ਪ੍ਰੀਤ ਇੰਦਰ ਕੌਰ) ਹੈ। ਪ੍ਰੀਤ ਆਪਣੇ ਦਾਦੇ ਵਾਂਗ ਦਲੇਰ ਹੈ। ਉਸ ਨੂੰ ਇਹ ਗੁੜ੍ਹਤੀ ਵਿਰਸੇ ਵਿਚ ਮਿਲੀ ਹੈ। ਇਹ ਨਾਵਲ ਸਵੈ-ਜੀਵਨਾਤਮਕ ਪ੍ਰਤੀਤ ਹੁੰਦਾ ਹੈ। ਕਥਾਨਕ ਅਨੁਸਾਰ ਪ੍ਰੀਤੀ ਨੂੰ ਘਰੋਂ 200 ਕਿਲੋਮੀਟਰ ਦੂਰੀ 'ਤੇ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਵਿਚ ਲਾਅ ਦੇ ਪੰਜ ਸਾਲਾ ਕੋਰਸ ਵਿਚ ਦਾਖ਼ਲਾ ਮਿਲ ਜਾਂਦਾ ਹੈ। ਪ੍ਰੀਤੀ ਗ਼ਲਤ ਗੱਲ ਨੂੰ ਸਹਿਣ ਨਹੀਂ ਕਰ ਸਕਦੀ। ਪਹਿਲੇ ਸਾਲ ਹੀ ਉਸ ਦਾ ਝਗੜਾ ਡੀ.ਐਸ.ਪੀ. ਦੇ ਹੰਕਾਰੀ ਲੜਕੇ ਹੋਣ ਕਾਰਨ 'ਭੀਰੇ' ਨਾਲ ਹੋ ਜਾਂਦਾ ਹੈ, ਜੋ ਕੈਂਪਸ ਦਾ ਪ੍ਰਧਾਨ ਕਹਾਉਂਦਾ ਹੈ। ਉਹ ਗੈਂਗਸਟਰ ਹੈ। ਝਗੜਾਲੂ ਹੋਣ ਕਾਰਨ ਹੀ ਸ਼ਾਇਦ ਉਸ ਦਾ ਦੂਜੇ ਟੋਲੇ ਵਲੋਂ ਕਤਲ ਕਰ ਦਿੱਤਾ ਜਾਂਦਾ ਹੈ। ਉਸ ਦੇ ਕਤਲ 'ਤੇ ਪ੍ਰੀਤੀ ਦੀ ਮਾਨਵੀ ਹਮਦਰਦੀ ਨੋਟ ਕੀਤੀ ਜਾ ਸਕਦੀ ਹੈ। ਕੈਂਪਸ ਦਾ ਸਮੁੱਚਾ ਵਾਤਾਵਰਨ ਸੰਤੋਸ਼ਜਨਕ ਨਹੀਂ। ਪ੍ਰੀਤੀ ਕਾਲਜ ਦੇ ਵਿਦਿਆਰਥੀਆਂ ਦਾ ਏਕਾ ਕਰਕੇ 'ਪ੍ਰੀਫ਼ੈਕਟ' ਚੁਣੀ ਜਾਂਦੀ ਹੈ। ਕਾਲਜ ਸੁਧਾਰ ਲਈ ਮੰਗਾਂ ਡਾਇਰੈਕਟਰ ਅੱਗੇ ਰੱਖਦੀ ਹੈ। ਜਦ ਕਾਲਜ ਪੱਧਰ 'ਤੇ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਤਾਂ ਉਹ ਧਰਨਿਆਂ ਦਾ ਆਯੋਜਨ ਵੀ ਕਰਦੀ ਹੈ ਅਤੇ ਵਾਈਸ ਚਾਂਸਲਰ ਅਤੇ ਚੇਅਰਮੈਨ ਸਟੇਟ ਵੋਮੈਨ ਕਮਿਸ਼ਨ ਨੂੰ ਵੀ ਮੈਮੋਰੰਡਮ ਭੇਜਦੀ ਹੈ। ਏ.ਬੀ.ਵੀ.ਪੀ. ਅਤੇ ਐਸ.ਓ.ਆਈ. ਯੂਨੀਅਨਾਂ ਦੇ ਨੇਤਾ ਉਸ ਦਾ ਵਿਰੋਧ ਕਰਦੇ ਹਨ। ਇਕ ਪ੍ਰੋਫ਼ੈਸਰ ਜੋ ਆਰ. ਐਸ. ਐਸ. ਨਾਲ ਸੰਬੰਧਿਤ ਹੈ ਉਹ ਵੀ ਮੰਗਾਂ ਪੂਰੀਆਂ ਕਰਨ ਵਿਚ ਅੜਿੱਕਾ ਲਾਉਂਦਾ ਹੈ। ਸੰਘਰਸ਼ ਜਾਰੀ ਹੈ, ਕਿਉਂਕਿ ਪ੍ਰੀਤੀ ਨੇ ਇਨਕਲਾਬੀ ਸਾਹਿਤ ਪੜ੍ਹਿਆ ਹੋਇਆ ਹੈ। ਵਾਈਸ ਚਾਂਸਲਰ ਅਤੇ ਵੋਮੈਨ ਕਮਿਸ਼ਨ ਦੀ ਦਖ਼ਲ-ਅੰਦਾਜ਼ੀ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਹਨੇ। ਲੜਕੀਆਂ ਨੂੰ ਵੀ ਮੁੰਡਿਆਂ ਵਾਂਗ ਘੁੰਮਣ-ਫਿਰਨ ਦੀ ਆਗਿਆ ਮਿਲ ਜਾਂਦੀ ਹੈ। ਪ੍ਰੀਤੀ ਦਾ ਉਦੇਸ਼ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕਰਵਾਉਣਾ ਹੈ। ਕਿਸੇ ਪ੍ਰਤੀ ਉਸ ਨੂੰ ਨਿੱਜੀ ਗਿਲਾ-ਸ਼ਿਕਵਾ ਨਹੀਂ। ਪੰਜ ਸਾਲ ਬਾਅਦ ਜਦੋਂ ਉਹ ਕਾਲਜ ਛੱਡਦੀ ਹੈ, ਵਿਰੋਧੀ ਵੀ ਉਸ ਦੀ ਨੇਤਾਗਿਰੀ ਅਤੇ ਦਲੇਰੀ ਦੀ ਵਡਿਆਈ ਕਰਦੇ ਹਨ। 'ਕੈਂਪਸ ਦਾ ਸਾਰਾ ਹੀ ਸਟਾਫ਼ ਪ੍ਰੀਤੀ ਨੂੰ ਇੰਝ ਵਿਦਾ ਕਰ ਰਿਹਾ ਸੀ ਜਿਵੇਂ ਘਰ ਵਿਚੋਂ ਧੀ ਦੀ ਡੋਲੀ ਤੋਰੀਦੀ ਹੈ।' ਪੰਨਾ-151. ਨਾਵਲ ਲਕੀਰੀ ਬਿਰਤਾਂਤ ਅਨੁਸਾਰ ਸਿਰਜਿਆ ਗਿਆ ਹੈ। ਬਿਰਤਾਂਤਕ ਰਫ਼ਤਾਰ ਤੇਜ਼ ਹੈ। ਖੱਬੀ ਪੱਖੀ ਵਿਚਾਰਧਾਰਾ ਦੀ ਜਿੱਤ ਵਿਖਾਈ ਗਈ ਹੈ। ਨਾਵਲਕਾਰ ਆਪਣੇ ਮਨੋਰਥ ਵਿਚ ਸਫ਼ਲ ਹੈ।

-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com

ਨਗਾਰਾ
ਲੇਖਕ : ਗੁਰਨਾਮ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 94638-36591

ਪ੍ਰਬੁੱਧ ਸ਼ਾਇਰ ਗੁਰਨਾਮ ਢਿੱਲੋਂ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਜੋ ਹਥਲੀ ਕਾਵਿ-ਕਿਤਾਬ 'ਨਗਾਰਾ' ਤੋਂ ਪਹਿਲਾਂ 12 ਕਾਵਿ-ਸੰਗ੍ਰਹਿਆਂ, ਇਕ ਸਵੈ-ਜੀਵਨੀ ਮੂਲਕ ਦੀ ਵਾਰਤਕ ਕਿਤਾਬ ਅਤੇ ਇਕ ਆਲੋਚਨਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਾਵਿ-ਸਿਧਾਂਤਕ ਪਰਿਪੇਖ' ਨਾਲ ਪੰਜਾਬੀ ਅਦਬ ਦੇ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਾਫ਼ੀ ਅਰਸੇ ਤੋਂ ਸੱਤ ਸਮੁੰਦਰ ਪਾਰ ਜਾ ਕੇ ਇੰਗਲੈਂਡ ਦੀ ਧਰਤੀ 'ਤੇ ਅਦਬ ਦੀ ਧੂਣੀ ਧੁਖਾਈ ਬੈਠਾ ਹੈ। ਵੱਖ-ਵੱਖ ਨਸਲਾਂ, ਕੌਮੀਅਤਾਂ ਅਤੇ ਧਰਮਾਂ ਦੇ ਲੋਕ ਰੋਜ਼ੀ-ਰੋਟੀ ਲਈ ਪਰਵਾਸ ਹੰਢਾਅ ਰਹੇ ਹਨ ਤੇ ਅਜਿਹੇ ਖਿੱਤੇ ਵਿਚ ਵਿਚਰਨ ਕਾਰਨ ਉਹ ਗਲੋਬਲ ਚੇਤਨਾ ਨਾਲ ਤਾਂ ਲੈਸ ਹੀ ਹੈ ਪਰ ਆਪਣੀ ਜੰਮਣ ਭੋਇੰ ਦੇ ਅਮਾਨਵੀ ਵਰਤਾਰਿਆਂ ਅਤੇ ਫ਼ਿਕਰਾਂ ਤੋਂ ਵੀ ਅਣਭਿੱਜ ਨਹੀਂ ਰਹਿੰਦਾ। ਕਿਤਾਬ ਦਾ ਨਾਂਅ 'ਨਗਾਰਾ' ਹੀ ਇਸ ਪੁਸਤਕ ਵਿਚਲੇ ਤੱਥ ਵੱਖ ਦੀ ਤੰਦ ਸੂਤਰ ਅਸਾਡੇ ਹੱਥ ਫੜਾ ਦਿੰਦਾ ਹੈ। ਨਗਾਰਾ ਉਸ ਵਕਤ ਵਜਾਇਆ ਜਾਂਦਾ ਹੈ। ਜਦੋਂ ਰਣ ਤੱਤੇ ਵਿਚ ਜੂਝਣ ਲਈ ਦੁਸ਼ਮਣ ਦੀਆਂ ਫ਼ੌਜਾਂ ਨੂੰ ਵੰਗਾਰਨਾ ਹੁੰਦਾ ਹੈ। ਪਰ ਇੱਥੇ ਤਾਂ ਰਣਤੱਤੇ ਵਿਚ ਦਿੱਲੀ ਦਰਬਾਰ ਦੇ ਭਗਵੇਂ ਬ੍ਰਿਗੇਡ ਦੀਆਂ ਫ਼ੌਜਾਂ ਨੂੰ ਵੰਗਾਰਨਾ ਪੈ ਰਿਹਾ ਹੈ ਤੇ ਦਿੱਲੀ ਦੇ ਤਖ਼ਤ 'ਤੇ ਬੈਠਾ ਸਿਪਾਹਸਲਾਰ ਜੋ ਆਪਣੇ ਆਪ ਨੂੰ ਰੁਸਤਮ-ਏ-ਹਿੰਦ ਦੀ ਗੁਰਜ ਕਹਿੰਦਾ ਹੈ, ਨੂੰ ਆਪਣੀ ਨਜ਼ਮ 'ਚੈਲਿੰਜ' ਵਿਚ ਜੁਮਲੇਬਾਜ਼ ਨੂੰ ਚੌਰਾਹੇ ਵਿਚ ਨੰਗਿਆਂ ਕਰਕੇ ਕਲਮ ਦੀ ਤਲਵਾਰ ਨਾਲ ਵੰਗਾਰ ਰਿਹਾ ਹੈ। ਸ਼ਾਇਰ ਨਾਗਪੁਰੀ ਸੰਤਰੇ ਦੇ ਮੈਟਾਫਰ ਨਾਲ ਇਨ੍ਹਾਂ ਦੇ ਪਾਜ ਉਧੇੜਦਾ ਹੈ ਜੋ ਰਾਸ਼ਟਰੀ ਸਵੈਯਮ ਸੇਵਕ ਸੰਘ ਦੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਹਰ ਜਰਬਾ ਵਰਤ ਕੇ ਅੱਛੇ ਦਿਨ ਲਿਆਉਣ ਲਈ ਭਰਾਂਤੀਆਂ ਦਾ ਭਰਮ ਫੈਲਾ ਰਿਹਾ ਹੈ ਪਰ ਜੰਗ ਅਜੇ ਮੁੱਕੀ ਨਹੀਂ ਹੈ ਤੇ ਜਨਤਾ ਅੱਜ ਨਹੀਂ ਤਾਂ ਕੱਲ੍ਹ ਹਰ ਹਾਲਤ ਵਿਚ ਜਿੱਤ ਦੇ ਪਰਚਮ ਲਹਿਰਾਏਗੀ। ਸ਼ਾਇਰ ਉਨ੍ਹਾਂ ਸ਼ਾਇਰਾਂ ਨੂੰ ਵੀ ਵੰਗਾਰਦਾ ਹੈ ਜੋ ਬੰਦ ਕਮਰਿਆਂ ਵਿਚ ਬੈਠ ਕੇ ਲੱਛੇਦਾਰ ਸ਼ਬਦਾਵਲੀ ਨਾਲ ਕਲਮ ਦਾ ਜਬਰ-ਜਨਾਹ ਕਰਦੇ ਹਨ ਪਰ ਹੁਣ ਸ਼ਬਦਾਂ ਨਾਲ ਖੇਡਣ ਦੀ ਥਾਂ ਸ਼ਬਦਾਂ ਅਤੇ ਅਰਥਾਂ ਦਾ ਫ਼ਰਕ ਮਿਟਾਉਣਾ ਪੈਂਦਾ ਹੈ। ਸ਼ਾਇਰ ਮਿਥਿਹਾਸ ਵਿਚ ਪਈ ਰਾਵਣ ਦੀ ਮਿੱਥ ਦਾ ਪੁਨਰ ਉਥਾਨ ਕਰਦਿਆਂ ਕਹਿੰਦਾ ਹੈ ਕਿ ਰਾਵਣ ਨੇ ਸੀਤਾ ਨੂੰ ਆਪਣੇ ਮਹਿਲਾਂ ਅਤੇ ਅਸ਼ੋਕ ਵਾਟਿਕਾ ਵਿਚ ਪੂਰੇ ਰਾਜਸੀ ਸਤਿਕਾਰ ਨਾਲ ਰੱਖਿਆ, ਜਿੱਥੇ ਉਸ ਦੀ ਟਹਿਲ ਸੇਵਾ ਲਈ ਦਾਸੀਆਂ ਦੀ ਫ਼ੌਜ ਹਮੇਸ਼ਾ ਤਤਪਰ ਰਹਿੰਦੀ ਸੀ ਪਰ ਦੂਜੇ ਪਾਸੇ ਉਸ ਦਾ ਹੀ ਪਤੀ ਰਾਮ ਉਸ ਦੀ ਅਗਨ-ਪ੍ਰੀਖਿਆ ਲੈਂਦਾ ਹੈ, ਸ਼ਾਇਰ ਭਗਤ ਸਿੰਘ ਦੇ ਨਿੰਦਕਾਂ ਦੇ ਵੀ ਬਖੀਏ ਉਧੇੜਦਾ ਹੈ ਜੋ ਇਕ ਸੂਰਜ ਨੂੰ ਟਟਹਿਣਾ ਦਿਖਾ ਕੇ ਆਪਣੀ ਅਬੌਧਿਕਤਾ ਆਪ ਹੀ ਜ਼ਾਹਿਰ ਕਰ ਰਹੇ ਹਨ। ਇਸ ਤਰ੍ਹਾਂ ਉਹ ਸਿਮਰਨਜੀਤ ਮਾਨ 'ਤੇ ਕਟਾਕਸ਼ ਦੇ ਨਸ਼ਤਰ ਚਲਾਉਂਦਾ ਹੈ। ਪਰ ਕੀ ਕਰੀਏ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਅਜੇ ਤੱਕ ਨਹੀਂ ਆਇਆ, ਜਿੱਥੇ ਗੋਰਿਆਂ ਦੀ ਥਾਂ ਕਾਲੇ ਅੰਗਰੇਜ਼ ਉਨ੍ਹਾਂ ਦੀ ਤੌਰ ਤਰੀਕਿਆਂ ਨਾਲ ਰਾਜ ਕਰ ਰਹੇ ਹਨ। ਉਹ ਕਿਸਾਨ ਅੰਦੋਲਨ ਦੌਰਾਨ ਫ਼ਿਲਮੀ ਅਦਾਕਾਰਾਂ ਕੰਗਨਾ ਰਣੌਤ ਦੀ ਥਾਂ ਪਿੰਡ ਦੀ ਕੁੜੀ ਨੂੰ ਸੂਰਤ ਤੇ ਸੀਰਤ ਦਾ ਮੁਜੱਸਮਾ ਗਰਦਾਨਦਾ ਹੈ। ਉਹ ਸ਼੍ਰੋਮਣੀ ਕਮੇਟੀ 'ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੇ ਆਪਣੀ ਤਫ਼ਤੀਸ਼ੀ ਬਿਆਨ ਦਾਗਦਾ ਹੈ ਤੇ ਬੇਬਾਕੀ ਨਾਲ ਕਹਿੰਦਾ ਹੈ, 'ਚੋਰ ਨਹੀਂ ਇਹ ਕਾਬਲੋਂ ਧਾਏ, ਨਾ ਮੱਸੇ ਰੰਗੜ ਦੇ ਜਾਏ, ਨਾ ਹੀ ਦਿੱਲੀਓਂ ਚੜ੍ਹ ਕੇ ਆਏ, ਘਰ ਦੇ ਹੀ ਸਨ ਨਹੀਂ ਪਰਾਏ।' ਉਹ ਵੱਖ-ਵੱਖ ਖਾਨਿਆਂ ਵਿਚ ਵੰਡੇ ਕਾਮਰੇਡਾਂ 'ਤੇ ਵੀ ਲਾਹਨਤਾਂ ਦੀ ਵਾਛੜ ਮਾਰਦਾ ਹੈ। ਕਿਤਾਬ ਦੇ ਅਖੀਰ ਵਿਚ ਮਨੁੱਖੀ ਫ਼ਿਕਰਾਂ ਨਾਲ ਦਸਤਪੰਜਾ ਲੈਂਦੀਆਂ ਬੋਲੀਆਂ ਸ਼ਾਇਰ ਦੀ ਸ਼ਾਇਰੀ, ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਦਾ ਸਿਖਰ ਹੋ ਨਿਬਦੀਆਂ ਹਨ। ਨਗਾਰੇ 'ਤੇ ਚੋਟ ਮਾਰ ਕੇ ਅਗਾਊਂ ਜਾਗਰੂਕ ਕਰਨ ਵਾਲੀ ਬੌਧਿਕ ਮੁਹਾਵਰੇ ਦੀ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਮਿਲਾਂਗੇ ਜ਼ਰੂਰ
ਲੇਖਕ : ਪ੍ਰੀਤ ਕੰਵਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 144
ਸੰਪਰਕ: 01679-241744

ਉੱਭਰਦੇ ਕਵੀ ਪ੍ਰੀਤ ਕੰਵਲ ਦਾ ਕਾਵਿ-ਸੰਗ੍ਰਹਿ 'ਮਿਲਾਂਗੇ ਜ਼ਰੂਰ' ਉਨ੍ਹਾਂ ਸਾਰਿਆਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਪਿਆਰ ਤੋਂ ਸੱਖਣੇ ਹੋ ਕੇ ਵੀ ਆਪਣੇ ਅੰਦਰੋਂ ਆਪਣੇ ਜਜ਼ਬਾਤ ਨੂੰ ਮਨਫ਼ੀ ਨਹੀਂ ਹੋਣ ਦਿੱਤਾ। ਨਿਰਸੰਦੇਹ ਜਜ਼ਬਾਤ ਹੀ ਤਾਂ ਸਾਨੂੰ ਇਹ ਸੂਝ-ਬੂਝ ਦਿੰਦੇ ਹਨ ਕਿ ਅਸਲ ਵਿਚ ਜਿਊਣ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਤੇ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਹੈ, ਉਸ ਤੋਂ ਬਿਨਾਂ ਤਾਂ ਅਸੀਂ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਊਣੇ ਮਹਿਸੂਸ ਕਰਦੇ ਹਾਂ:
ਜੋ ਚਾਹੀਦਾ ਜ਼ਿੰਦਗੀ ਵਿਚ ਉਹ ਊਣਾ,
ਜੋ ਨਹੀਂ ਚਾਹੀਦਾ ਸਾਡੇ ਕੋਲ ਉਹ ਦੂਣਾ!
ਖ਼ੁਸ਼ੀਆਂ ਖੇਡਣ ਹਰ ਗਲੀ ਮੁਹੱਲੇ,
ਇਹਨਾਂ ਸਾਡੀ ਸਰਦਲ ਕਿੱਥੇ ਛੂਹਣਾ!
ਜਿਨ੍ਹਾਂ ਨੇ ਮਿਲਣਾ ਹੁੰਦਾ ਹੈ, ਉਹ ਤਾਂ ਹਰ ਹਾਲਤ ਵਿਚ ਮਿਲ ਕੇ ਹੀ ਰਹਿੰਦੇ ਹਨ। ਜ਼ਮਾਨੇ ਵਲੋਂ ਖੜ੍ਹੀਆਂ ਕੀਤੀਆਂ ਗਈਆਂ ਜਾਤਾਂ-ਪਾਤਾਂ ਦੇ ਵਖਰੇਵਿਆਂ ਦੀਆਂ ਵਲਗਣਾਂ ਵਕਤੀ ਤੌਰ 'ਤੇ ਤਾਂ ਭਾਵੇਂ ਰੁਕਾਵਟ ਬਣ ਸਕਦੀਆਂ ਹੋਣ, ਪਰ ਉਨ੍ਹਾਂ ਦੇ ਬੁਲੰਦ ਇਰਾਦਿਆਂ ਨੂੰ ਕਦੇ ਵੀ ਢਹਿ-ਢੇਰੀ ਨਹੀਂ ਕਰ ਸਕਦੀਆਂ। ਜ਼ਿੰਦਗੀ ਅਤੇ ਮੌਤ ਦੇ ਅਰਥ ਤਾਂ ਭਾਵੇਂ ਹਰ ਕਿਸੇ ਦੇ ਆਪਣੇ-ਆਪਣੇ ਹੋ ਸਕਦੇ ਹਨ, ਪਰ ਜ਼ਿੰਦਗੀ ਜਿਊਣ ਦਾ ਚੱਜ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ:
ਅਗਲੇ ਜਨਮ 'ਚ ਆਵੀਂ ਮੇਰਾ ਯਾਰ ਤੂੰ ਬਣ ਕੇ,
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮ ਕੇ।
ਅੱਜ ਦਾ ਮਨੁੱਖ ਏਨਾ ਸਵਾਰਥੀ ਅਤੇ ਮੌਕਾਪ੍ਰਸਤ ਹੋ ਚੁੱਕਿਆ ਹੈ ਕਿ ਕਿਸੇ ਦਾ ਬਣ ਜਾਣਾ, ਕਿਸੇ ਨੂੰ ਆਪਣਾ ਬਣਾ ਲੈਣਾ ਜਾਂ ਕਿਸੇ ਦੀ ਯਾਦ ਵਿਚ ਤੜਫ਼ਣਾ ਤਾਂ ਹੁਣ ਕੇਵਲ ਪਾਗਲਪਣ ਹੀ ਸਮਝਿਆ ਜਾ ਰਿਹਾ ਹੈ। ਅਸੀਂ ਅਜਿਹਾ ਕੋਈ ਵੀ ਕੰਮ ਕਰਨਾ ਮੂਰਖਤਾ ਸਮਝਦੇ ਹਾਂ, ਜਿਸ ਵਿਚ ਸਾਡਾ ਆਪਣਾ ਕੋਈ ਫ਼ਾਇਦਾ ਨਾ ਹੋਵੇ। ਅਜਿਹੇ 'ਵਰਤੋਂ ਅਤੇ ਸੁੱਟੋ' ਦੇ ਬਾਜ਼ਾਰੂ ਦੌਰ ਵਿਚ ਪ੍ਰੀਤ ਕੰਵਲ ਵਲੋਂ ਮਾਨਵੀ ਅਹਿਸਾਸਾਂ ਦੀ ਬਾਤ ਪਾਉਣਾ ਸੱਚਮੁੱਚ ਹੀ ਮਹੱਤਵਪੂਰਨ ਅਤੇ ਕਲਿਆਣਕਾਰੀ ਕਾਰਜ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

30-04-2023

 ਮੇਰੇ ਹਿੱਸੇ ਦਾ ਲਾਹੌਰ
ਲੇਖਕ : ਹਰਕੀਰਤ ਸਿੰਘ ਸੰਧਰ
ਪ੍ਰਕਾਸ਼ਕ : ਸੰਧਰ ਪਬਲਿਸ਼ਰਜ਼, ਸਿਡਨੀ (ਆਸਟ੍ਰੇਲੀਆ)
ਸਫ਼ੇ : 96
ਸੰਪਰਕ : hs@sandhar.com.au


ਲੇਖਕ ਪੁਸਤਕ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਸਮੇਂ ਪੁਸਤਕ ਦਾ ਸਿਰਲੇਖ ਹੀ ਉਸ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ। ਇਹ ਸਚਿੱਤਰ ਰੰਗਦਾਰ ਆਰਟ ਪੇਪਰ ਉੱਪਰ ਛਪੀ ਕਿਤਾਬ ਇਤਿਹਾਸਕ ਦਸਤਾਵੇਜ਼ ਹੈ। ਲੇਖਕ ਦੇ ਮਨ ਵਿਚ ਲਹਿੰਦਾ ਪੰਜਾਬ (ਪਾਕਿਸਤਾਨ) ਤੱਕਣ ਦੀ ਰੀਝ ਸੀ, ਜਦੋਂ ਉਹ ਲਾਹੌਰ ਨੂੰ ਵੇਖਦਾ ਹੈ, ਉਹ ਅੰਤਰ-ਆਤਮਾ ਤੋਂ ਝੰਜੋੜਿਆ ਗਿਆ, ਅਸੀਂ ਕਿੰਨਾ ਕੁਝ ਵਿਸਾਰ ਦਿੱਤਾ। ਲੇਖਕ ਅਨੁਸਾਰ ਇਹ ਸਫ਼ਰੀ ਡਾਇਰੀ ਲਹਿੰਦਾ ਪੰਜਾਬ ਵੇਖਣ ਵਾਲੇ ਲੋਕਾਂ ਲਈ ਟਰੈਵਲ ਡਾਇਰੀ ਵਜੋਂ ਕੰਮ ਕਰੇਗੀ। ਪੁਸਤਕ 1947 ਦੀ ਵੰਡ ਵੇਲੇ ਦੇ ਉਨ੍ਹਾਂ ਗੁੰਮਨਾਮ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਹੈ, ਉਹ ਰੂਹਾਂ ਜੋ 75 ਸਾਲ ਪਹਿਲਾਂ ਆਪਣਿਆਂ ਤੋਂ ਵਿਛੜੇ ਸਨੇਹੀਆਂ ਲਈ ਵਿਲਕ ਰਹੀਆਂ ਹਨ। ਨਵੀਂ ਪੀੜ੍ਹੀ ਆਪਣਿਆਂ ਪੁਰਖਿਆਂ ਦੀ ਜਨਮ ਭੂਮੀ ਨੂੰ ਤੱਕਣ ਤੇ ਚੁੰਮਣ ਦੀ ਹੂਕ ਮਨ ਦੀ ਬੁੱਕਲ ਵਿਚ ਲਈ ਬੈਠੀ ਠੰਢੇ ਹਉਕੇ ਭਰ ਰਹੀ ਹੈ। ਪੁਸਤਕ ਦੇ ਆਰੰਭ ਵਿਚ ਇਕ ਭਾਵਪੂਰਤ ਕਵਿਤਾ 'ਬਾਬੇ ਨਾਨਕ ਦੇ ਪੈਰਾਂ ਵਿਚ' ਸ਼ਾਮਿਲ ਕੀਤੀ ਗਈ ਹੈ। ਇਸ ਦੇ ਨਾਲ ਹੀ ਬਗ਼ਦਾਦ ਦੇ ਮਿਊਜ਼ੀਅਮ ਵਿਚੋਂ ਲਈ ਗੁਰੂ ਬਾਬਾ ਜੀ ਦੀ ਮੁਸਲਮਾਨ ਕਲਾਕਾਰ ਵਲੋਂ 1520-30 ਦੇ ਸਮੇਂ ਦੌਰਾਨ ਲਈ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਤੋਂ ਅੱਗੇ ਚਲ ਕੇ ਲੇਖਕ ਦਾ ਆਸਟ੍ਰੇਲੀਆ ਤੋਂ ਲਾਹੌਰ ਜਾਣ ਦਾ ਸਬੱਬ, ਨਾਲ ਹੀ ਵਿਚਾਰਾਂ ਦੀ ਲੜੀ ਵਿਚ ਰੰਗਦਾਰ ਤਸਵੀਰਾਂ ਰਾਹੀਂ ਵੱਖ-ਵੱਖ ਲੇਖ ਮੇਰੇ ਹਿੱਸੇ ਦਾ ਲਾਹੌਰ, ਲਾਹੌਰਨਾਮਾ ਅਤੇ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਵਰਣਨ ਕੀਤਾ ਹੈ। ਇਨ੍ਹਾਂ ਗੁਰਦੁਆਰਿਆਂ ਦੇ ਸੰਖੇਪ ਵਿਚ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾ ਸਾਹਿਬ, ਰੋੜੀ ਸਾਹਿਬ, ਭਾਈ ਲਾਲੋ ਦੀ ਖੂਹੀ, ਚੱਕੀ ਸਾਹਿਬ, ਸੱਚਾ ਸੌਦਾ, ਗੁ: ਬਾਬੇ ਦੀ ਬੇਰ, ਕਿਆਰਾ ਸਾਹਿਬ, ਤੰਬੂ ਸਾਹਿਬ, ਸ੍ਰੀ ਮਾਲ ਜੀ ਸਾਹਿਬ, ਨਿਹੰਗ ਛਾਉਣੀ-ਬੁੱਢਾ ਦਲ, ਗੁ: ਪੱਟੀ ਸਾਹਿਬ, ਬਾਲ ਲੀਲ੍ਹਾ ਸਾਹਿਬ, ਗੁ: ਪੰਜਵੀਂ ਤੇ ਛੇਵੀਂ ਪਾਤਸ਼ਾਹੀ, ਡੇਹਰਾ ਸਾਹਿਬ, ਗੁ: ਸ਼ਹੀਦ ਗੰਜ ਸਾਹਿਬ, ਜਨਮ ਅਸਥਾਨ ਗੁਰੂ ਰਾਮ ਦਾਸ ਜੀ, ਗੁ: ਛੇਵੀਂ ਪਾਤਸ਼ਾਹੀ, ਗੁ: ਬੀਬੀ ਨਾਨਕੀ, ਗੁ: ਭਾਈ ਤਾਰੂ ਸਿੰਘ ਸ਼ਹੀਦ, ਇਸ ਤੋਂ ਪਿੱਛੋਂ ਅਣਗੌਲੇ ਦੋ ਸੌ ਦੇ ਲਗਭਗ ਗੁਰਦੁਆਰਾ ਸਾਹਿਬਾਨ ਦਾ ਵੇਰਵਾ ਜੋ ਸਾਰੇ ਪਾਕਿਸਤਾਨ ਵਿਚ ਸੁਸ਼ੋਭਿਤ ਸਨ। ਇਸ ਤੋਂ ਬਾਅਦ ਇਤਿਹਾਸਕ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਥਾਵਾਂ ਵਿਚ 'ਸਿਆਲਾ ਦੀ ਹੀਰ ਦੇ ਪਿੰਡ ਵਿਚ', ਪੰਜਾਬ ਯੂਨੀਵਰਸਿਟੀ ਲਾਹੌਰ ਦੀ ਫੇਰੀ, ਅਨਾਰਕਲੀ ਬਾਜ਼ਾਰ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਜਦੋਂ ਵਾਰਿਸ ਸ਼ਾਹ ਦੀ ਜਨਮ ਭੋਇੰ ਨੂੰ ਸਿਜਦਾ ਕੀਤਾ, ਝੰਗ ਯੂਨੀਵਰਸਿਟੀ, ਸਾਈਂ ਮੀਆਂ ਮੀਰ ਦੇ ਪਰਿਵਾਰ ਨਾਲ ਮਿਲਣੀ, ਸ਼ਹੀਦ ਭਗਤ ਸਿੰਘ ਚੌਕ, ਰਾਇਬੁਲਾਰ ਭੱਟੀ ਦੇ ਪਰਿਵਾਰ ਨਾਲ ਮੁਲਾਕਾਤ, ਨੂਰਜਹਾਂ, ਛੱਜੂ ਦਾ ਚੁਬਾਰਾ, ਲਾਹੌਰ ਦਾ ਕਿਲ੍ਹਾ, 75 ਦਾ ਨੋਟ ਤੇ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਯਾਦਾਂ, ਕੋਈ ਸਾਡੀ ਵੀ ਸਾਰ ਲਓ, ਲਿਫ਼ਾਫ਼ੇ ਚੁੱਕਣ ਵਾਲਾ ਬਾਬਾ, ਆਪਣਿਆਂ ਦੀ ਚਾਹ, ਜਦ ਹੁਸ਼ਿਆਰਪੁਰੀਆਂ ਦੀਆਂ ਪਈਆਂ ਜੱਫੀਆਂ, 39 ਸਾਲ ਬਾਅਦ ਮਿਲੇ ਭੈਣ ਭਰਾ, ਸ਼ੇਰ-ਏ-ਪੰਜਾਬੀ ਦੀ ਆਖਰੀ ਨਿਸ਼ਾਨੀ ਬੰਬਾ, ਅਲਾਮਾ ਮੁਹੰਮਦ ਇਕਬਾਲ, ਵੰਡ ਦਾ ਦਰਦ ਜਿਨ੍ਹਾਂ ਪਿੰਡੇ ਹੰਡਾਇਆ, ਸਆਦਤ ਹਸਨ ਮੰਟੋ, ਲਾਲ ਖੂਹ, ਬਾਬਾ ਗੁਰੂ ਨਾਨਕ ਯੂਨੀਵਰਸਿਟੀ, ਦੁੱਲਾ ਭੱਟੀ, ਪੂਰਨ ਦਾ ਖੂਹ, ਵਾਹਗਾ ਬਾਰਡਰ, ਗੰਡਾ ਸਿੰਘ ਬਾਰਡਰ, ਸਰ ਗੰਗਾ ਰਾਮ, ਵੰਡ ਦੀ ਵਿਛੜੀ ਬਲਵੀਰ ਕੌਰ, ਕੁਝ ਦਰਵੇਸ਼ ਮਿੱਤਰ, ਵਾਈਸ ਚਾਂਸਲਰ ਡਾ. ਨਬੀਲ ਰਹਿਮਾਨ, ਮਸੂਦ ਅਲੀ, ਅਫਜ਼ਲ ਸਾਹਿਰ, ਰਾਇ ਬਿਲਾਲ ਅਕਰਮ ਭੱਟੀ, ਪੰਜਾਬ ਦਾ ਪੁੱਤ ਸੱਬਰ ਹਾਸ਼ਮੀ, ਨਾਸਿਰ ਢਿੱਲੋਂ, ਇਫਤਖਾਰ ਵੜੈਚ ਕਾਲਰਵੀ, ਇਫਤਾਕਾਰ ਠਾਕੁਰ, ਦਰਬਾਰ ਮਿਰਜ਼ਾ ਸਾਹਿਬ, ਬਾਬਾ ਬੁੱਲ੍ਹੇਸ਼ਾਹ ਦੇ ਕਲਾਵੇ ਵਿਚ ਦਿਨ ਚੜ੍ਹਿਆ, ਵਸਲਾਂ ਦੀ ਤਾਂਘ, ਦੱਰਾ-ਏ-ਖੈਬਰ, ਤਕਸ਼ਲਾ ਯੂਨੀਵਰਸਿਟੀ, ਮੇਰਾ ਪੰਜਾਬ (ਕਵਿਤਾ) ਦੇ ਸਫ਼ਰ ਦੇ ਅਨੁਭਵ ਨੂੰ ਕਲਮ ਦੀ ਛੋਹ ਨਾਲ ਸ਼ਬਦਾਂ ਨਾਲ ਸ਼ਿੰਗਾਰਨ ਦਾ ਸ਼ਲਾਘਾਯੋਗ ਉੱਤਮ ਹੈ। ਪੁਸਤਕ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਵਲੋਂ ਸਰਹੱਦਾਂ ਦੀਆਂ ਵੱਟਾਂ-ਵੰਨਿਆਂ ਤੋੜਨ ਲਈ ਪੰਜਾਬੀਆਂ ਦੀ ਅੰਤਰ-ਆਤਮਾ ਦੀ ਹੂਕ ਨੂੰ ਬਿਆਨ ਕਰ ਰਹੀ ਹੈ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਗੁਰਮਤਿ, ਮਨੁੱਖੀ ਹੋਂਦ ਅਤੇ ਮਨੋਵਿਗਿਆਨ
ਲੇਖਕ : ਡਾ. ਸੁਰਿੰਦਰ ਸਿੰਘ,
ਡਾ. ਜਤਿੰਦਰ ਪਾਲ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 182
ਸੰਪਰਕ : 094160-73122


ਹਥਲੀ ਪੁਸਤਕ ਵੱਖ-ਵੱਖ ਸਮੇਂ 'ਤੇ ਲਿਖੇ ਖੋਜ ਨਿਬੰਧਾਂ ਦਾ ਸੰਗ੍ਰਹਿ ਹੈ। ਪੱਛਮੀ ਤਰਜ਼ 'ਤੇ ਸਿੱਖ ਧਰਮ ਸ਼ਾਸਤਰ ਦਾ ਅਧਿਐਨ ਕਰਨ ਦੀ ਰੁਚੀ ਡਾ. ਸ਼ੇਰ ਸਿੰਘ ਨੇ ਪੰਜਾਬੀਆਂ ਵਿਚ ਪੈਦਾ ਕੀਤੀ, ਸਰਦੂਲ ਸਿੰਘ ਕਵੀਸ਼ਰ ਨੇ ਅੱਗੇ ਤੋਰੀ ਅਤੇ ਸਿਰਦਾਰ ਕਪੂਰ ਸਿੰਘ ਨੇ ਸਿਖ਼ਰ 'ਤੇ ਪਹੁੰਚਾਈ। ਲੇਖਕ ਡਾ. ਸੁਰਿੰਦਰ ਸਿੰਘ ਅਤੇ ਡਾ. ਜਤਿੰਦਰਪਾਲ ਕੌਰ ਦਾ ਮਾਰਗ ਉਹੀ ਹੈ। ਗੁਰਮਤਿ ਸਾਡੀ ਵਡਮੁੱਲੀ ਵਿਰਾਸਤ ਹੈ, ਜੋ ਆਪਣੀ ਸਿਧਾਂਤਿਕ ਤੇ ਵਿਵਹਾਰਿਕ ਪ੍ਰਕਿਰਤੀ ਕਰਕੇ ਵਿਲੱਖਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦਾ ਮਹਾਨ ਗ੍ਰੰਥ ਦੁਨੀਆ ਦੇ ਧਰਮਾਂ ਵਿਚ ਆਪਣੀ ਕਾਵਿ-ਸੰਰਚਨਾ ਕਰਕੇ ਵਿਸ਼ੇਸ਼ ਸਥਾਨ ਰੱਖਦਾ ਹੈ। ਗੁਰੂ ਸਾਹਿਬਾਨਾਂ, ਸੰਤਾਂ, ਭਗਤਾਂ ਤੇ ਸੂਫ਼ੀ ਫ਼ਕੀਰਾਂ ਨੇ ਆਪਣੇ ਅਧਿਆਤਮਿਕ ਰੱਬੀ ਅਨੁਭਵ ਨੂੰ ਸ਼ਬਦ-ਸੰਵਾਦ ਰਾਹੀਂ ਰੂਪਮਾਨ ਕੀਤਾ। ਇਸ ਦੀ ਬੁਣਤੀ ਤੇ ਬਣਤਰ ਦੋਹਰੀ ਪ੍ਰਕਿਰਤੀ ਦੀ ਹੋਣ ਕਰਕੇ ਸ਼ੁੱਧ ਉਚਾਰਨ, ਅਰਥ-ਬੋਧ ਤੇ ਦਰਸ਼ਨ ਪੱਧਰ 'ਤੇ ਡੂੰਘੇ ਚਿੰਤਨ ਦੀ ਮੰਗ ਕਰਦੀ ਹੈ। ਇਸ ਦੇ ਸਿਧਾਂਤ ਮਨੁੱਖ ਨੂੰ ਮਾਨਵਵਾਦੀ-ਵਿਸ਼ਵ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ, ਜੋ ਮਨੁੱਖੀ ਜੀਵ ਦੇ ਅੰਤਮ ਲਕਸ਼ ਨੂੰ ਨਵੇਂ ਅਰਥਾਂ ਵਿਚ ਪੁਨਰ ਪਰਿਭਾਸ਼ਿਤ ਕਰਦੇ ਹਨ। ਪੁਸਤਕ ਵਿਚ ਗਿਆਰਾਂ ਖੋਜ ਪੱਤਰਾਂ ਨੂੰ ਸ਼ਾਮਿਲ ਕੀਤਾ ਗਿਆ ਜਿਵੇਂ ਮਨੋਵਿਗਿਆਨ ਅਤੇ ਧਰਮ, ਧਰਮ ਅਤੇ ਲੋਕ ਧਰਮ, ਮਨੁੱਖੀ ਹੋਂਦ ਪ੍ਰਕਿਰਤੀ, ਧਰਮ ਅਤੇ ਸੱਭਿਆਚਾਰ, ਗੁਰੂ ਨਾਨਕ ਬਾਣੀ ਵਿਚ ਸਮਾਜਿਕ ਅਨੁਸ਼ਠਾਨ, ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ ਸਾਹਿਬ' ਦਾ ਮਨੋਵਿਗਿਆਨਕ ਅਧਿਐਨ, ਗੁਰੂ ਅਰਜਨ ਦੇਵ ਜੀ ਦੀ ਬਾਣੀ 'ਵਾਰ ਮਾਰੂ ਡੱਖਣੇ' ਦਾ ਵਿਸ਼ੇਗਤ ਅਧਿਐਨ, ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਵੈਰਾਗ ਦਾ ਸਿਧਾਂਤ, ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਸਿਮਰਨ ਸਿਧਾਂਤ, ਗੁਰਬਾਣੀ ਵਿਚ ਸੇਵਾ ਦਾ ਸੰਕਲਪ, ਗੁਰੂ ਗ੍ਰੰਥ ਸਾਹਿਬ ਵਿਚ ਦੇਹ ਦਾ ਸਿਧਾਂਤ, ਸਿੱਖ ਸਭਿਆਚਾਰ ਦਾ ਇਤਿਹਾਸਕ ਪ੍ਰਸੰਗ ਹੈ। ਇਹ ਖੋਜ ਪੱਤਰ ਗੁਰਮਤਿ ਖੇਤਰ ਨਾਲ ਜੁੜੇ ਸਿਧਾਂਤ, ਸਰੋਕਾਰ ਅਤੇ ਅਧਿਆਤਮਿਕ ਦਰਸ਼ਨ ਨਾਲ ਸੰਬੰਧਿਤ ਹਨ, ਜੋ ਮਨੁੱਖੀ ਹੋਂਦ, ਧਰਮ, ਸਭਿਆਚਾਰ ਦੀਆਂ ਵਿਭਿੰਨ ਪਰਤਾਂ ਨੂੰ ਮਨੋਵਿਗਿਆਨਕ ਵਿਧੀ ਰਾਹੀਂ ਰੂਪਮਾਨ ਕਰਦੇ ਹਨ। ਲੇਖਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹਰੇਕ ਵਿਸ਼ੇ ਨੂੰ ਗੁਰਮਤਿ ਤੇ ਹੋਰਨਾਂ ਧਰਮਾਂ ਨਾਲ ਤੁਲਮਾਤਮਿਕ ਢੰਗ ਰਾਹੀਂ ਵਿਸਥਾਰਿਆ ਜਾਵੇ। ਮਨੋਵਿਗਿਆਨ ਸਮੁੱਚੇ ਮਾਨਸਿਕ ਜੀਵਨ ਦਾ ਵਿਗਿਆਨ ਹੈ, ਜਿਸ ਦਾ ਪ੍ਰਮੱਖ ਉਦੇਸ਼ ਮਨੁੱਖੀ-ਪ੍ਰਕਿਰਤੀ ਦੀਆਂ ਵਿਭਿੰਨ ਪਰਤਾਂ ਬਾਰੇ ਗਿਆਨ ਪ੍ਰਦਾਨ ਕਰਨਾ ਹੈ। ਸਾਧਾਰਨ ਸ਼ਬਦਾਂ ਵਿਚ, ਮਨ ਦੇ ਅਧਿਐਨ ਦੀ ਵਿਗਿਆਨਕ ਵਿਧੀ ਮਨੋਵਿਗਿਆਨ ਹੈ। ਧਰਮ ਦੇ ਪ੍ਰਭਾਵ ਅਧੀਨ ਸਰੀਰ ਅਤੇ ਮਨ ਨੂੰ ਅਲੱਗ ਅਲੱਗ ਤੇ ਸੁਤੰਤਰ ਇਕਾਈਆਂ ਮੰਨਿਆ ਜਾਂਦਾ ਰਿਹਾ ਹੈ, ਪਰ ਆਧੁਨਿਕ ਮਨੋਵਿਗਿਆਨ ਨੇ ਇਹ ਅਭਿਧਾਰਣਾ ਬਦਲ ਦਿੱਤੀ ਹੈ, ਜਿਸ ਅਨੁਸਾਰ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਨੂੰ ਮਾਨਸਿਕ ਕਿਰਿਆਵਾਂ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ।
ਲੇਖਕ ਅੰਕਿਤ ਕਰਦੇ ਹਨ ਕਿ ਧਰਮ ਜਾਂ Re&}{}on ਸ਼ਬਦ ਦੀ ਉਤਪਤੀ ਲੈਟਿਨ ਭਾਸ਼ਾ ਦੇ ਸ਼ਬਦ re&}{are ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਕਿਸੇ ਵਸਤੂ ਨੂੰ ਬੰਨ੍ਹਣ ਭਾਵ ਮਰਯਾਦਾ ਤੋਂ ਲਿਆ ਜਾਂਦਾ ਹੈ। ਵਿਅਕਤੀ ਜਾਂ ਸਮਾਜ ਨੂੰ ਕਿਸੇ ਕਾਲਪਨਿਕ ਅਲੌਕਿਕ ਸੱਤਾ ਦੇ ਵਿਸ਼ਵਾਸ ਵਿਚ ਬੰਨ੍ਹਦੀ ਹੈ। ਇਸ ਧਰਤੀ 'ਤੇ ਮਨੁੱਖੀ ਜੀਵ ਦੀ ਹੋਂਦ ਸੰਸਾਰ ਵਿਚ ਦੇਹ, ਮਨ ਅਤੇ ਆਤਮਾ ਦੇ ਵਚਿੱਤਰ ਸਮੁੱਚ ਨਾਲ ਵਿਵੇਕਸ਼ੀਲ ਹਸਤੀ ਬਣ ਕੇ ਕਾਰਜਸ਼ੀਲ ਹੈ। ਮੂਲ ਰੂਪ ਵਿਚ ਮਨੁੱਖ ਪ੍ਰਕਿਰਤੀ ਦਾ ਜੀਵ ਹੈ। ਆਦਿ-ਮਨੁੱਖ ਤੇ ਪ੍ਰਕਿਰਤੀ ਦੇ ਆਦਿਕਾਲੀਨ ਸੰਬੰਧਾਂ ਰਾਹੀਂ ਜਾਣ ਸਕਦੇ ਹਾਂ। ਮਨੁੱਖੀ ਹੋਂਦ ਨਾਲ ਜੁੜੇ ਮਹੱਤਵਪੂਰਨ ਸਰੋਕਾਰਾਂ ਦੀਆਂ ਧਾਰਮਿਕ, ਮਿਥਿਹਾਸਕ, ਦਾਰਸ਼ਨਿਕ, ਸਮਾਜਿਕ, ਮਨੋਵਿਗਿਆਨਿਕ, ਭੌਤਿਕ, ਵਿਗਿਆਨਿਕ, ਮਾਨਵ ਵਿਗਿਆਨਿਕ ਤੇ ਲੋਕਧਾਰਾਈ ਧਾਰਾਨਾਵਾਂ ਹੋਂਦ ਵਿਚ ਆਈਆਂ। ਧਰਮ ਅਤੇ ਵਿਗਿਆਨ ਦੇ ਖੋਜਕਾਰੀਆਂ ਪੁਸਤਕ ਵਿਚਾਲੇ ਸਾਰੇ ਨਿਬੰਧ ਪੜ੍ਹਨਯੋਗ ਹਨ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਗੁਲਾਬ ਕੋਈ ਨਾ...

ਗ਼ਜ਼ਲਕਾਰ : ਸੁਲੱਖਣ ਸਿੰਘ ਮੈਹਮੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 94638-36591


ਹਥਲੀ ਪੁਸਤਕ ਕੈਨੇਡਾ ਵਸਦੇ ਪੰਜਾਬੀ ਸ਼ਾਇਰ ਸੁਲੱਖਣ ਸਿੰਘ ਮੈਹਮੀ ਦੀ ਪ੍ਰਥਮ ਸਾਹਿਤਕ ਦੇਣ ਹੈ। ਇਸ ਪੁਸਤਕ ਵਿਚ ਕੁੱਲ 91 ਕੁ ਗ਼ਜ਼ਲਾਂ ਹਨ। ਬਕੌਲ ਸ਼ਾਇਰ ਉਹ ਡਾ. ਸਾਧੂ ਸਿੰਘ ਹਮਦਰਦ ਦੀ ਗ਼ਜ਼ਲ ਫੁਲਵਾੜੀ ਤੋਂ ਮੁਤਾਸਰ ਹੋ ਕੇ ਗ਼ਜ਼ਲ ਵੱਲ ਪ੍ਰੇਰਿਤ ਹੋਇਆ। ਲੰਮਾ ਸਮਾਂ ਸ਼ਾਇਰ ਗ਼ਜ਼ਲਾਂ ਲਿਖਦਾ ਅਤੇ ਕਦੀ ਅਖ਼ਬਾਰਾਂ ਰਸਾਲਿਆਂ ਵਿਚ ਛਪਦਾ ਰਿਹਾ। ਫੇਰ ਉਹ ਕੈਨੇਡਾ ਵਿਚ ਪਰਵਾਸ ਕਰ ਗਿਆ। ਜਾਬਾਂ ਦਾ ਕਾਰਜ ਵੀ ਕਰਦਾ ਰਿਹਾ ਅਤੇ ਗ਼ਜ਼ਲਾਂ ਵੀ ਰਚਦਾ ਰਿਹਾ। ਕਾਫ਼ੀ ਲੰਮੇ ਸਮੇਂ ਬਾਅਦ ਅੱਜ ਉਸ ਨੇ ਇਹ ਗ਼ਜ਼ਲਾਂ ਇਕੱਤਰ ਕਰਕੇ 'ਗੁਲਾਬ ਕੋਈ ਨਾ' ਨਾਂਅ ਦਾ ਗ਼ਜ਼ਲ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਇਆ ਹੈ। ਇਨ੍ਹਾਂ ਪਰਵਾਸ ਵੱਸਦੇ ਸ਼ਾਇਰਾਂ ਦਾ ਇਹ ਵੱਡਾ ਗੁਣ ਹੈ ਕਿ ਇਹ ਆਪਣਾ ਰੁਜ਼ਗਾਰ ਕਰਦੇ ਨਿਭਾਉਂਦੇ ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰ ਰਹੇ ਹਨ।
ਪੰਜਾਬੀ ਗ਼ਜ਼ਲ ਦੀ ਹਰਮਨ ਪਿਆਰਤਾ ਅਤੇ ਇਸ ਦੀ ਲੰਮੀ ਉਮਰ ਦਾ ਰਾਜ ਇਹ ਹੈ ਕਿ ਇਸ ਨੂੰ ਸਿਰਜਣ ਵਾਲੇ ਨਵੇਂ-ਨਵੇਂ ਸ਼ਾਇਰ ਇਸ ਨਾਲ ਜੁੜਦੇ ਆ ਰਹੇ ਹਨ। ਹਰ ਵਰਗ ਅਤੇ ਵੱਖ-ਵੱਖ ਅਹਿਸਾਸਾਂ ਵਾਲੇ ਸ਼ਾਇਰ ਇਸ ਨੂੰ ਆਪਣਾ ਤਾਜ਼ਾ ਲਹੂ ਦੇ ਕੇ ਇਸ ਨੂੰ ਜੁਆਨ ਰੱਖ ਰਹੇ ਹਨ। 'ਗੁਲਾਬ ਕੋਈ ਨਾ' ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਦੇ ਰੰਗ ਇਕ ਗੁਲਦਸਤੇ ਵਾਂਗ ਹਨ। ਹਰ ਵਿਸ਼ਾ ਸ਼ਾਇਰ ਨੇ ਬੜੇ ਸਲੀਕੇ ਨਾਲ ਨਿਭਾਇਆ ਹੈ। ਕੁਝ ਸ਼ਿਅਰ ਪਾਠਕਾਂ ਦੀ ਨਜ਼ਰ ਹਨ:
-ਠੰਢੀਆਂ ਸਿਰ ਤੇ ਛਾਵਾਂ ਹੁੰਦੀਆਂ,
ਨਾਲ ਜਿਨ੍ਹਾਂ ਦੇ ਮਾਵਾਂ ਹੁੰਦੀਆਂ।
-ਹੁੰਦਾ ਸੀ ਵਿਸ਼ਵਾਸ ਜਿਨ੍ਹਾਂ 'ਤੇ,
ਓਹੀ ਰਿਸ਼ਵਤਖੋਰ ਹੋ ਗਏ।
-ਕਾਕ ਹੋ ਜਾਣਾ ਇਹ ਪਿੰਜਰ ਵੀ,
ਰੂਹ ਨੂੰ ਪਹਿਲਾਂ ਧੋ ਲੈਣਾ ਸੀ।
ਪਰਵਾਸ ਵਿਚ ਰਹਿ ਕੇ ਸ਼ਾਇਰ ਆਪਣੇ ਦੇਸ਼ ਦੀਆਂ ਪੁਰਾਣੀਆਂ ਯਾਦਾਂ ਨੂੰ ਭੁੱਲਿਆ ਨਹੀਂ ਹੈ। ਇਹੀ ਵਤਨ ਹੁਬ ਹੈ ਜੋ ਆਮ ਬੰਦੇ ਨੂੰ ਸ਼ਾਇਰ ਬਣਾ ਦਿੰਦੀ ਹੈ:
ਮੈਨੂੰ ਯਾਦ ਹੈ ਅੱਜ ਵੀ ਤੇਰਾ
ਰੁੱਸ ਰੁੱਸ ਕੇ ਬਹਿਣਾ,
ਘੂਰੀ ਵੱਟਣਾ ਤੇ ਸਮਝਾਉਣਾ
ਅਜੇ ਵੀ ਭੁੱਲਿਆ ਨਹੀਂ ਤੇਰਾ।
-ਨਹੀਂ ਲਭਦੇ ਯਾਰ ਪੁਰਾਣੇ ਉਹ,
ਪਲ ਚੇਤੇ ਕੱਠੇ ਮਾਣੇ ਉਹ।
ਗ਼ਜ਼ਲਕਾਰ ਮੈਹਮੀ ਆਪਣੇ ਨਾਂਅ ਨਾਲ ਉਪਨਾਮ 'ਹਕੀਰ' ਵੀ ਲਾਉਂਦਾ ਹੈ।
ਹੱਕਾਂ ਖਾਤਿਰ ਡਟਣਾ ਪੈਂਦਾ
'ਹਕੀਰ' ਨਹੀਂ ਜੀ ਹਜ਼ੂਰੀ ਚੰਗੀ।
'ਮੈਹਮੀ ਹਕੀਰ' ਦੀਆਂ ਗ਼ਜ਼ਲਾਂ ਆਮ ਜਨਜੀਵਨ ਦਾ ਪਰੌਤਅ ਹਨ। ਮੁਹੱਬਤ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਉਹ ਤਰਜੀਹ ਨਾਲ ਪੇਸ਼ ਕਰਦਾ ਹੈ।


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਅਮਰਜੀਤ ਕੌਂਕੇ
ਚੋਣਵੀਂ ਕਵਿਤਾ

ਸੰਪਾਦਿਤ : ਕੰਵਲਜੀਤ ਕੌਰ ਬੈਨੀਪਾਲ
ਪ੍ਰਕਾਸ਼ਕ : ਭਾਸ਼ਾ ਵਿਭਾਗ ਪੰਜਾਬ
ਮੁੱਲ : 49 ਰੁਪਏ, ਸਫ਼ੇ : 120
ਸੰਪਰਕ : 98142-31698


ਅਮਰਜੀਤ ਕੌਂਕੇ ਦੀ ਕਵਿਤਾ ਬਾਰੇ ਇਹ ਪੁਸਤਕ ਭਾਸ਼ਾ ਵਿਭਾਗ ਦੀ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ ਬੈਨੀਪਾਲ ਵਲੋਂ ਸੰਪਾਦਿਤ ਕੀਤੀ ਗਈ ਹੈ। ਕੌਂਕੇ ਕਿਸੇ ਰਸਮੀ ਜਾਣ ਪਛਾਣ ਦਾ ਮੁਹਤਾਜ ਨਹੀਂ। ਉਸ ਦੇ 7 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 35 ਤੋਂ ਵੱਧ ਪੁਸਤਕਾਂ ਦਾ ਅਨੁਵਾਦ ਕਰ ਚੁੱਕਾ ਹੈ। ਹੈਰਾਨੀ ਦੀ ਗੱਲ ਕਿ ਸੰਪਾਦਕਾਂ ਵਲੋਂ ਚੁਣੀਆਂ ਗਈਆਂ ਸਾਰੀਆਂ ਦੀਆਂ ਸਾਰੀਆਂ ਕਵਿਤਾਵਾਂ ਉੱਤਮ ਪੁਰਖੀ ਸ਼ੈਲੀ ਵਿਚ ਪ੍ਰਸਤੁਤ ਕੀਤੀਆਂ ਗਈਆਂ ਹਨ। ਇਸੇ ਕਾਰਨ ਇਨ੍ਹਾਂ ਕਵਿਤਾਵਾਂ ਵਿਚ ਆਤਮ ਨਿਰੀਖਣ, ਆਤਮ ਸੰਵਾਦ, ਆਤਮ ਵਿਸ਼ਵਾਸ, ਆਤਮ ਸਨਮਾਨ ਵਿਅਕਤ ਹੋਇਆ ਪ੍ਰਤੀਤ ਹੁੰਦਾ ਹੈ। ਉਸ ਦੀ ਸਾਰੀ ਕਾਵਿ-ਸਿਰਜਣਾ ਦਾ ਉਦੇਸ਼ ਹੈ :
ਮੈਂ ਕਵਿਤਾ ਲਿਖਦਾ ਹਾਂ/ਕਿ ਧਰਤੀ ਦਾ/ ਕੁਝ ਕੁ ਕਰਜ਼ ਮੋੜ ਸਕਾਂ। ਪੰ. 101.
ਆਪਣੀਆਂ ਸਿਰਜੀਆਂ ਕਵਿਤਾਵਾਂ ਬਾਰੇ ਉਹ ਸਪੱਸ਼ਟ ਕਹਿੰਦਾ ਹੈ :
ਜੇ ਇਹ ਸਾਧਾਰਨ ਆਦਮੀ ਦੇ/ ਕਿਸੇ ਕੰਮ ਦੀਆਂ ਨਹੀਂ/ ਤਾਂ ਇਨ੍ਹਾਂ ਨੂੰ ਲਾਇਬ੍ਰੇਰੀਆਂ 'ਚ ਸਾਂਭ ਕੇ/ ਕੀ ਕਰਨਾ। ਪੰ. 120.
ਕੇਵਲ ਸਾਧਾਰਨ ਆਦਮੀਆਂ ਲਈ ਹੀ ਨਹੀਂ ਉਹ ਤਾਂ ਕੱਚ ਦੇ ਮਰਤਬਾਨ ਵਿਚ ਬੰਦ ਮੱਛੀਆਂ ਨਾਲ ਵੀ ਹਮਦਰਦੀ ਪ੍ਰਗਟ ਕਰਦਾ ਹੈ। ਉਸ ਦੀ ਸੱਚ 'ਤੇ ਹਮੇਸ਼ਾ ਕਵਿਤਾ ਭਾਰੂ ਰਹਿੰਦੀ ਹੈ ਭਾਵੇਂ ਉਹ ਕਿਤੇ ਵੀ ਵਿਚਰ ਰਿਹਾ ਹੋਵੇ। ਇਥੋਂ ਤੱਕ ਕਿ ਬੱਸ ਵਿਚ ਸਫ਼ਰ ਕਰਦਿਆਂ ਕਵਿਤਾ ਦੀ ਢੂੰਡ ਵਿਚ ਰਹਿੰਦਾ ਹੈ। ਕਿਹਾ ਜਾ ਸਕਦਾ ਹੈ ਕਿ ਕੌਂਕੇ ਕਵਿਤਾ ਹੈ ਅਤੇ ਕਵਿਤਾ ਕੌਂਕੇ ਹੈ। ਉਸ ਦੀਆਂ ਕਵਿਤਾਵਾਂ ਵਿਚ ਬਾਲਪਨ ਦੀ ਮਾਸੂਮੀਅਤ ਹੈ। ਵਿਰਾਸਤ ਵਿਚ ਉਸ ਨੂੰ ਸ਼ਬਦਾਂ ਦੀ ਗੁੜ੍ਹਤੀ ਤੋਂ ਇਲਾਵਾ ਕੁਝ ਪ੍ਰਾਪਤ ਨਹੀਂ ਹੋਇਆ। ਨਜ਼ਮਾਂ ਉਸ ਦੀ ਉਦਾਸੀ ਦੂਰ ਕਰਦੀਆਂ ਹਨ। ਉਸ ਦਾ ਕਾਵਿਕ ਮਨ ਅਤੀਤ ਸਮੇਂ ਅਤੇ ਸਿਰਜਣ ਸਮੇਂ ਦਰਮਿਆਨ ਕੰਪਨ ਵਿਚ ਵਿਖਾਈ ਦਿੰਦਾ ਪ੍ਰਤੀਤ ਹੁੰਦਾ ਹੈ। ਕਵਿਤਾਵਾਂ ਦੇ ਚੁਣੇ ਹੋਏ ਸਿਰਲੇਖ ਉਸ ਦੀਆਂ ਕਵਿਤਾਵਾਂ ਦੀ ਉਂਗਲ ਫੜ ਕੇ ਸਾਰੀਆਂ ਕਵਿਤਾਵਾਂ ਵਿਚ ਛਾ ਜਾਂਦੇ ਹਨ। ਕਵਿਤਾ ਉਸ ਵਿਚ ਦਿਲ ਦੀ ਦਹਿਲੀਜ਼ ਟੱਪ ਕੇ ਪ੍ਰਵੇਸ਼ ਕਰ ਜਾਂਦੀ ਹੈ। ਉਹ ਕਵਿਤਾ ਅਤੇ ਸ਼ਬਦ ਦੀ ਪ੍ਰਵਿਰਤੀ ਨੂੰ ਵਿਭਿੰਨ ਪਰਿਪੇਖਾਂ ਵਿਚ ਪੇਸ਼ ਕਰਦਾ ਵੇਖਿਆ ਜਾ ਸਕਦਾ ਹੈ। ਉਸ ਦੀ ਕਵਿਤਾ ਅਨੇਕਾਂ ਵਾਰ ਅਪ੍ਰਤਿਬਿੰਬਤ ਚੇਤਨਾ ਨਾਲ ਆਰੰਭ ਹੋ ਕੇ, ਇੱਧਰ-ਉੱਧਰ ਕਰਵਟ ਲੈ ਕੇ ਪ੍ਰਤਿਬਿੰਬਤ ਚੇਤਨਾ 'ਤੇ ਅੱਪੜ ਜਾਂਦੀ ਹੈ। ਅਨੇਕਾਂ ਕਵਿਤਾਵਾਂ ਵਿਚ ਪੂਰੇ ਦੇ ਪੂਰੇ ਵਾਕ ਕਵਿਤਾਵਾਂ ਨੂੰ ਪੈਡਲ ਮਾਰਦੇ ਵੇਖੇ ਜਾ ਸਕਦੇ ਹਨ। ਮਸਲਨ : ਏਨਾ ਹੈ ਮੇਰੇ ਅੰਦਰ ਪਿਆਰ, ਇਉਂ ਰੱਖ ਲੈ ਤੂੰ ਆਪਣੇ ਕੋਲ ਆਦਿ. 'ਗੁਆਚਾ ਲੌਂਗ ਅਤੇ ਬਿੰਦੀ' ਨਿੱਕੇ ਨਿੱਕੇ ਮੌਟਿਫ਼ ਹਨ ਪਰ ਕਵਿਤਾ ਵਿਚ ਵਿਸਤਾਰ ਲੈ ਜਾਂਦੇ ਹਨ। ਉਹ ਬਚਪਨ ਵਿਚ ਭੁੱਖੇ ਰੁਲਦੇ ਬੱਚਿਆਂ ਨੂੰ ਵੇਖ ਕੇ ਉਨ੍ਹਾਂ ਦੀ ਦਸ਼ਾ ਰੂਪਮਾਨ ਕਰਦਾ ਹੈ। ਵੱਡੇ-ਵੱਡੇ ਮੈਰਿਜ ਪੈਲੇਸਾਂ ਵਿਚ ਨਿੱਕੇ-ਨਿੱਕੇ ਬਾਲ ਸੇਵਾ ਕਰਦੇ ਵੇਖਦਾ ਹੈ। ਉਸ ਦੇ ਕਾਵਿ ਵਿਚ ਅਮੀਰ ਕਾਲੋਨੀਆਂ ਪਥਰਾਟਾਂ ਵਿਚ ਬਦਲਦੀਆਂ ਵੇਖੀਆਂ ਜਾ ਸਕਦੀਆਂ ਹਨ। ਕਵਿਤਾਵਾਂ ਵਿਚ ਬਾਇਨਰੀ ਅਪੋਜ਼ੀਸ਼ਨ,/ਤਨਾਫ਼ੀ ਵੇਖੀ ਜਾ ਸਕਦੀ ਹੈ। ਮਸਲਨ : ਕੈਦ/ਮੁਕਤੀ; ਸੰਜਮ/ਭੋਗ; ਮਹਾਂਕਾਵਿ/ਕਵਿਤਾ; ਕੈਕਟਸ/ਸੂਰਜਮੁਖੀ ਆਦਿ। ਵਿਭਿੰਨ ਪ੍ਰਕਾਰ ਦੀ ਬਿੰਬਾਵਲੀ ਹਾਜ਼ਰ ਹੈ। 'ਪਤਾ ਨਹੀਂ ਲੱਗਿਆ' ਕਵਿਤਾ ਵਿਚ 'ਲਵ ਐਟ ਫਸਟ ਸਾਈਟ' ਦਾ ਦ੍ਰਿਸ਼ ਹੈ। ਕਵਿਤਾਵਾਂ ਵਿਚ ਮਾਨੋਲਾਗ ਵਿਸ਼ੇਸ਼ ਸਥਾਨ ਰੱਖਦੇ ਹਨ। 'ਪਰ' ਯੋਜਕ ਕਵਿਤਾਵਾਂ ਨੂੰ ਨਵਾਂ ਮੋੜ ਦੇ ਜਾਂਦਾ ਹੈ। ਕੁੱਲ ਮਿਲਾ ਕੇ ਕਵੀ ਰੁਮਾਂਟਿਕ-ਯਥਾਰਥਵਾਦੀ ਪ੍ਰਤੀਤ ਹੁੰਦਾ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਜਦੋਂ ਅਸੀਂ ਟੀ.ਵੀ. ਬਣੇ
ਲੇਖਕ : ਅਵਤਾਰ ਸਿੰਘ ਤੂਫ਼ਾਨ
ਪ੍ਰਕਾਸ਼ਕ : ਪੀ.ਕੇ. ਪਬੀਕੇਸ਼ਨਜ਼, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98725-87100


ਹਥਲੀ ਪੁਸਤਕ ਨੂੰ ਉਨ੍ਹਾਂ ਦੇ ਬੇਟੇ ਪ੍ਰਭਕਿਰਨ ਸਿੰਘ ਨੇ ਸੰਪਾਦਿਤ ਕਰ ਕੇ ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਹੈ। ਇਹ ਤਾਂ ਇਵੇਂ ਹੈ ਜਿਵੇਂ ਕੋਈ ਆਪਣੇ ਬਜ਼ੁਰਗਾਂ ਦਾ ਵਿਰਸਾ ਸੰਭਾਲ ਰਿਹਾ ਹੋਵੇ।
ਇਸ ਪੁਸਤਕ ਵਿਚ 17 ਵਾਰਤਕ ਲੇਖ ਅਤੇ ਤਿੰਨ ਹਾਸ-ਰਸੀ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅਵਤਾਰ ਸਿੰਘ ਤੂਫ਼ਾਨ ਆਪਣੇ ਲੇਖਾਂ ਵਿਚ ਖ਼ੁਦ ਹੀ ਪਾਤਰ ਹਨ ਤੇ ਆਪਣੇ 'ਤੇ ਹੀ ਹੱਸਣ ਦਾ ਯਤਨ ਕਰਦਾ ਹੈ। ਆਪਣੇ ਆਪ 'ਤੇ ਹੱਸਣਾ ਸਭ ਤੋਂ ਔਖਾ ਕਾਰਜ ਹੈ। ਇਸੇ ਸਥਿਤੀ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਇਨ੍ਹਾਂ ਲੇਖਾਂ ਦੀ ਰੀਤ ਤੇ ਵਿਧੀ ਹੈ। ਨੱਕ ਥੋੜ੍ਹਾ ਜਿਹਾ ਲੰਮਾ ਹੋਵੇ ਤਾਂ ਉਸ ਨੂੰ ਥੋੜ੍ਹਾ ਹੋਰ ਲੰਮਾ ਦਿਖਾ ਕੇ, ਪੇਸ਼ ਕਰ ਕੇ, ਹਾਸਾ ਪੈਦਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦਾ ਸੁਭਾਅ ਕਾਰਟੂਨਾਂ ਨਾਲ ਮਿਲਦਾ-ਜੁਲਦਾ ਹੈ। ਦੇਖੋ ਜੇ ਚਿਹਰੇ ਦੀ ਹਰ ਚੀਜ਼ ਵੱਡੀ ਤੇ ਲੰਮੀ ਕਰ ਦਿੱਤੀ ਜਾਵੇ ਤਾਂ ਚਿਹਰਾ ਕਾਰਟੂਨ ਜਿਹਾ ਬਣ ਜਾਂਦਾ ਹੈ ਤੇ ਮੱਲੋ-ਮੱਲੀ ਹੱਸਣ ਨੂੰ ਜੀਅ ਕਰਦਾ ਹੈ। ਬਹੁਤੇ ਲੇਖ ਸਥਿਤੀ ਪ੍ਰਧਾਨ ਹਨ। ਸਥਿਤੀਆਂ ਦੀਆਂ ਵਿਸੰਗਤੀਆਂ ਹਾਸਾ ਪੈਦਾ ਕਰਦੀਆਂ ਹਨ। 'ਜਦੋਂ ਅਸੀਂ ਉਲੱਥਾਕਾਰ ਬਣੇ', 'ਗੁਆਂਢੀਆਂ ਦਾ ਪਰਨਾਲਾ', 'ਡੈਡੀ ਦਾ ਜਨਮ ਦਿਨ', 'ਜਦੋਂ ਅਸੀਂ ਟੀ.ਵੀ. ਬਣੇ', 'ਮਾਤਮੀ ਕਾਰਡ' ਤੇ 'ਮਠਿਆਈ', 'ਵੋਟ ਨੇ 420' ਆਦਿ ਸਥਿਤੀ ਵਿਅੰਗ ਹਨ ਜੋ ਸਥਿਤੀ ਦੇ ਉਲਟ ਰੂਪ ਧਾਰਨ ਕਰਦੇ ਹੀ ਹਾਸਾ ਪੈਦਾ ਕਰਦੇ ਹਨ। ਕਈ ਵਾਰ ਸਥਿਤੀ ਅੰਗਰੇਜ਼ੀ ਸ਼ਬਦ '6arce' ਜਿਹੀ ਹੋ ਜਾਂਦੀ ਹੈ। ਜਦੋਂ ਅਸੀਂ ਸੋਚਦੇ ਕੁਝ ਹਾਂ, ਹੋ ਕੁਝ ਹੋਰ ਜਾਂਦਾ ਹੈ। 'ਅਸੀਂ ਵੀ ਪ੍ਰਿੰਟਿੰਗ ਪ੍ਰੈੱਸ ਖੋਲ੍ਹੀ', 'ਮਾਈ ਦਾ ਸਵਾਗਤ', 'ਸਟੇਜ ਸਕੱਤਰੀ ਵੀ ਇਕ ਮੁਸੀਬਤ ਹੈ', 'ਅਸੀਂ ਪੈਦਲ ਹਸਪਤਾਲ ਗਏ', ਅਜਿਹੀਆਂ ਸਥਿਤੀਆਂ ਪੇਸ਼ ਕਰਨ ਵਾਲੇ ਲੇਖ ਹਨ ਇਹ ਮੱਲੋ-ਮੱਲੀ ਹਾਸਾ ਛਿੜ ਪੈਂਦਾ ਹੈ। 'ਆਪਸੀ ਗੱਲਾਂ', ਪਤੀ-ਪਤਨੀ ਦੇ ਆਪਸੀ ਮਸ਼ਗੂਲੇ ਪੇਸ਼ ਕਰਦੇ ਹਨ। ਕਵਿਤਾਵਾਂ 'ਖ਼ਾਨਦਾਨੀ ਹਕੀਮ', 'ਡੋਲੀ ਅੱਗੇ ਮੇਰੀ ਮੰਗ', ਕਾਫ਼ੀਏ ਰਦੀਫ਼ਾ 'ਤੇ ਪੂਰੀਆਂ ਉਤਰਦੀਆਂ ਹਨ। ਕੁੱਲ ਮਿਲਾ ਕੇ ਇਹ ਪੁਸਤਕ ਚੰਗਾ ਹਾਸਾ ਠੱਠਾ ਕਰ ਲੈਂਦੀ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਤੇਜਵੰਤ ਸਿੰਘ ਗਿੱਲ : ਖੋਜਕਾਰ ਤੇ ਪਰਖਕਾਰ

ਸੰਪਾਦਕ : ਡਾ. ਜਤਿੰਦਰ ਸਿੰਘ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 400 ਰੁਪਏ, ਸਫ਼ੇ : 207
ਸੰਪਰਕ : 011-26802488


ਡਾ. ਜਤਿੰਦਰ ਸਿੰਘ ਵਲੋਂ ਸੰਪਾਦਿਤ ਇਹ ਕਿਤਾਬ ਪੰਜਾਬੀ-ਅੰਗਰੇਜ਼ੀ ਦੇ ਸਿੱਕੇਵੰਦ ਆਲੋਚਕ ਡਾ. ਤੇਜਵੰਤ ਸਿੰਘ ਗਿੱਲ ਬਾਰੇ ਕੁਝ ਲੇਖਕਾਂ ਦੇ ਆਲੋਚਨਾਤਮਿਕ ਵਿਚਾਰਾਂ, ਮੁਲਾਕਾਤਾਂ ਦਾ ਸੰਗ੍ਰਹਿ ਹੈ। ਤੇਜਵੰਤ ਸਿੰਘ ਗਿੱਲ ਸੰਤ ਸਿੰਘ ਸੇਖੋਂ ਦਾ ਭਾਣਜਾ ਹੈ। ਗਿੱਲ ਉੱਤੇ ਸੇਖੋਂ ਦੀ ਵਿਚਾਰਧਾਰਾ ਦਾ ਕਾਫ਼ੀ ਪ੍ਰਭਾਵ ਹੈ। ਇਸੇ ਲਈ ਉਹ ਪ੍ਰੋ. ਕਿਸ਼ਨ ਸਿੰਘ ਅਤੇ ਸੇਖੋਂ ਦੀ ਮਾਰਕਸਵਾਦੀ ਦ੍ਰਿਸ਼ਟੀ ਵਿਚੋਂ ਪ੍ਰੋ. ਸੇਖੋਂ ਦੀ ਦ੍ਰਿਸ਼ਟੀ ਦਾ ਕਾਇਲ ਹੈ। 1938 ਵਿਚ ਜਨਮੇ ਡਾ. ਗਿੱਲ ਨੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਅੰਗਰੇਜ਼ੀ ਵਿਸ਼ੇ ਵਿਚ ਐਮ.ਏ. ਕੀਤੀ ਤੇ ਇੱਥੇ ਹੀ ਉਸ ਨੇ ਕਰੀਬ 15 ਵਰ੍ਹੇ ਅਧਿਆਪਨ ਕੀਤਾ। 1974 ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਯੇਟਸ ਤੇ ਈਲੀਅਟ ਦੇ ਕਾਵਿ-ਨਾਟਕਾਂ ਦਾ ਤੁਲਨਾਤਮਿਕ ਅਧਿਐਨ ਵਿਸ਼ੇ 'ਤੇ ਪੀ.ਐਚ.ਡੀ. ਕੀਤੀ। ਉਹ ਗ.ਨ.ਦ.ਯ. ਅੰਮ੍ਰਿਤਸਰ ਵਿਖੇ ਅੰਗਰੇਜ਼ੀ ਵਿਭਾਗ 'ਚ ਪ੍ਰੋਫ਼ੈਸਰ ਰਿਹਾ, ਸ਼ਿਮਲੇ ਦੇ ਆਈ.ਆਈ.ਏ. ਸਟੱਡੀਜ਼ ਵਿਚ ਫ਼ੈਲੋ ਰਿਹਾ। 37 ਵਰ੍ਹਿਆਂ ਦੀ ਪ੍ਰੋਫ਼ੈਸਰੀ ਸਮੇਤ ਉਸ ਨੇ ਪੱਤਰ-ਪੱਤ੍ਰਿਕਾਵਾਂ ਦੀ ਸੰਪਾਦਨਾ ਵੀ ਕੀਤੀ। ਪੰਜਾਬੀ ਤੇ ਅੰਗਰੇਜ਼ੀ ਦੀਆਂ 14+5 ਮੌਲਿਕ ਕਿਤਾਬਾਂ ਤੋਂ ਬਿਨਾਂ ਪੰਜਾਬੀ ਤੋਂ ਅੰਗਰੇਜ਼ੀ ਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ 10 ਕਿਤਾਬਾਂ ਦੇ ਅਨੁਵਾਦ ਵੀ ਕੀਤੇ। ਸੰਤ ਸਿੰਘ ਸੇਖੋਂ ਬਾਰੇ ਐਨ.ਬੀ.ਟੀ. ਲਈ ਦੋ ਕਿਤਾਬਾਂ ਦਾ ਸੰਪਾਦਨ ਕੀਤਾ। 3 ਕਿਤਾਬਾਂ ਵਿਦੇਸ਼ 'ਚ ਛਪੀਆਂ। ਮੌਜੂਦਾ ਪ੍ਰਾਜੈਕਟਾਂ ਵਿਚ ਸੰਤ ਸਿੰਘ ਸੇਖੋਂ ਬਾਰੇ ਦੋ ਕਿਤਾਬਾਂ ਅਤੇ ਪੰਜਾਬੀ ਲਿਟਰੇਚਰ ਬਾਰੇ ਦੋ ਕਿਤਾਬਾਂ ਸ਼ਾਮਿਲ ਹਨ। ਉਸ ਨੂੰ ਦੇਸ਼ ਵਿਦੇਸ਼ ਦੇ 6 ਵੱਡੇ ਪੁਰਸਕਾਰ ਮਿਲ ਚੁੱਕੇ ਹਨ। 'ਪਾਸ਼ ਵਲੋਂ ਖ਼ਤ' ਨੂੰ ਪੁਸਤਕ ਦੀ ਭੂਮਿਕਾ ਵਜੋਂ ਸ਼ਾਮਿਲ ਕੀਤਾ ਗਿਆ ਹੈ। ਫਿਰ ਸੰਪਾਦਕ ਨੇ ਸੰਕਲਿਤ ਨਿਬੰਧਾਂ ਬਾਰੇ ਸਪੱਸ਼ਟ ਕੀਤਾ ਹੈ। ਇਸ ਕਿਤਾਬ ਵਿਚ ਤੇਜਵੰਤ ਸਿੰਘ ਗਿੱਲ ਦਾ ਸੱਭਿਆਚਾਰਕ ਬੋਧ, ਆਲੋਚਨਾਤਮਿਕ ਪ੍ਰਤਿਭਾ, ਚਿੰਤਨ ਸਰੋਕਾਰ, ਸਮੀਖਿਆ ਚਿੰਤਨ, ਸਿਧਾਂਤਕ ਆਲੋਚਨਾ, ਗਲਪੀ ਨਜ਼ਰੀਆ ਆਦਿ ਸੰਬੰਧੀ ਲੇਖਾਂ ਤੋਂ ਇਲਾਵਾ 4 ਮੁਲਾਕਾਤਾਂ ਵੀ ਸ਼ਾਮਿਲ ਹਨ। ਡਾ. ਗਿੱਲ ਦੀਆਂ ਕੁਝ ਪੁਸਤਕਾਂ ਬਾਰੇ ਲੇਖ ਵੀ ਸ਼ਾਮਿਲ ਹਨ। ਅੰਤ ਵਿਚ ਉਸ ਦੀ ਪਤਨੀ ਡਾ. ਮਨਜੀਤਪਾਲ ਕੌਰ ਵਲੋਂ ਪਤੀ ਬਾਰੇ ਸੰਖਿਪਤ ਵੇਰਵਾ ਅਤੇ ਡਾ. ਗਿੱਲ ਦਾ ਜੀਵਨ ਵੇਰਵਾ ਦਿੱਤਾ ਗਿਆ ਹੈ।
ਸੰਪਾਦਕ ਡਾ. ਜਤਿੰਦਰ ਸਿੰਘ ਨੇ ਡਾ. ਗਿੱਲ ਬਾਰੇ ਲਿਖੇ ਨਿਬੰਧਾਂ/ਮੁਲਾਕਾਤਾਂ ਨੂੰ ਇਕ ਥਾਂ ਇਕੱਠਿਆਂ ਕਰ ਕੇ ਬੜਾ ਪ੍ਰਸੰਸਾਯੋਗ ਕੰਮ ਕੀਤਾ ਹੈ, ਜਿਸ ਤੋਂ ਆਉਣ ਵਾਲੀ ਪੀੜ੍ਹੀ ਨੂੰ ਹੋਰ ਚੰਗੇਰਾ ਕਰਨ ਲਈ ਦਿਸ਼ਾ-ਨਿਰਦੇਸ਼ ਅਤੇ ਮਾਰਗ-ਦਰਸ਼ਨ ਮਿਲ ਸਕਦਾ ਹੈ। ਪੁਸਤਕ ਦਾ ਸਰਵਰਕ ਡਾ. ਤੇਜਵੰਤ ਦੇ ਪੋਤੇ ਅਰਨਵ ਗਿੱਲ ਦਾ ਬਣਾਇਆ ਹੈ। ਇਹ ਕਿਤਾਬ ਡਾ. ਤੇਜਵੰਤ ਗਿੱਲ ਦੀ ਆਲੋਚਨਾ ਦ੍ਰਿਸ਼ਟੀ ਨੂੰ ਪੈਨੀ ਨਜ਼ਰ ਨਾਲ ਅਵਲੋਕਿਤ ਕਰਦੀ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਮੁਆਫ਼ ਕਰਨਾ ਸਾਹਿਬ

ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-73236


'ਮੁਆਫ਼ ਕਰਨਾ ਸਾਹਿਬ' ਕਹਾਣੀ-ਸੰਗ੍ਰਹਿ ਸੰਪਾਦਕ ਤਰਲੋਚਨ ਸਿੰਘ ਦਾ ਵੀਹਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਦਸ ਕਹਾਣੀਆਂ ਦੀ ਸੰਪਾਦਨਾ ਕੀਤੀ ਹੈ। ਪਹਿਲੀ ਕਹਾਣੀ 'ਮਿੱਟੀ ਨਾ ਫਰੋਲ ਜੋਗੀਆ' ਗੁਰਸ਼ਰਨ ਸਿੰਘ ਕੁਮਾਰ ਦੀ ਕਹਾਣੀ ਹੈ, ਜਿਸ ਵਿਚ ਔਰਤ ਦੇ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ 'ਅਧੂਰੇ ਚਾਅ' ਜਗਤਾਰ ਸਿੰਘ ਭੁੱਲਰ ਦੀ ਕਹਾਣੀ ਹੈ, ਜੋ ਕਿ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕਰਦੀ ਹੈ, ਜਿਸ ਵਿਚ ਮਾਂ-ਧੀ ਦੇ ਰਿਸ਼ਤੇ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ ਜਿਵੇਂ:
'ਧੀਆਂ ਹੋ ਚੱਲੀਆਂ ਪਰਦੇਸਣਾਂ,
ਆਹ ਲੈ ਮਾਏਂ ਸਾਂਭ ਕੁੰਜੀਆਂ'
ਅਗਲੀ ਕਹਾਣੀ 'ਅਰਸ਼ ਤੋਂ ਫਰਸ਼' ਗੁਰਮੀਤ ਸਿੰਘ ਸਿੰਗਲ ਦੀ ਹੈ, ਜਿਸ ਵਿਚ ਸਮਾਜਿਕ ਯਥਾਰਥ ਹੀ ਝਲਕਦਾ ਹੈ। ਕਹਾਣੀ ਵਿਚ ਦੱਸਿਆ ਗਿਆ ਹੈ ਕਿ ਔਰਤਾਂ ਨੂੰ ਦਫ਼ਤਰਾਂ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਪ੍ਰਕਾਰ ਹੀ 'ਅਧੂਰੀ ਔਰਤ' ਮਨਮੋਹਨ ਕੌਰ, 'ਇਕ ਸ਼ਿੱਟ ਚਾਨਣ ਦੀ' ਸੁਰਿੰਦਰ ਸਿੰਘ ਰਾਇ ਦੀ ਕਹਾਣੀ ਹੈ, ਜਿਨ੍ਹਾਂ ਵਿਚ ਮਨੁੱਖੀ ਮਾਨਸਿਕਤਾ ਦੀਆਂ ਪਰਤਾਂ ਨੂੰ ਉਭਾਰਿਆ ਗਿਆ ਹੈ। ਵੱਖ-ਵੱਖ ਕਹਾਣੀਆਂ ਵਿਚ ਸਮਾਜਿਕ, ਆਰਥਿਕ ਯਥਾਰਥ ਦੀ ਸਿਰਜਣਾ ਕਰਨਾ ਹੀ ਹਰੇਕ ਲੇਖਕ ਦਾ ਹਾਸਿਲ ਹੁੰਦਾ ਹੈ। ਇਹ ਵੀ ਅਜਿਹੀਆਂ ਕਹਾਣੀਆਂ ਹੀ ਹਨ, ਜਿਨ੍ਹਾਂ ਵਿਚ ਨਵੀਂ ਚੇਤਨਾ ਨੂੰ ਉਭਾਰ ਕੇ ਅਜੋਕੇ ਮਨੁੱਖ ਦੀ ਮਾਨਸਿਕਤਾ ਦਾ ਬਿਰਤਾਂਤ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਤਰਲੋਚਨ ਸਿੰਘ ਦੁਆਰਾ ਸੰਪਾਦਿਤ ਕੀਤੀਆਂ ਗਈਆਂ ਸਾਰੀਆਂ ਕਹਾਣੀਆਂ ਹੀ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਚੋਣ ਲੇਖਕ ਪ੍ਰਕਾਸ਼ਕ ਹੋਣ ਦੇ ਨਾਤੇ ਆਪਣੇ ਅਨੁਭਵ ਦੁਆਰਾ ਬਹੁਤ ਹੀ ਸੂਝ-ਬੂਝ ਅਤੇ ਆਪਣੀ ਵਿਚਾਰਧਾਰਾ ਦੇ ਅਨੁਸਾਰ ਕਰਦਾ ਹੈ ਅਤੇ ਫਿਰ ਹੀ ਕਹਾਣੀਆਂ ਪਾਠਕਾਂ ਦੇ ਸਨਮੁੱਖ ਕਰਦਾ ਹੈ, ਜੋ ਪਾਠਕਾਂ ਨੂੰ ਜ਼ਿੰਦਗੀ ਜਿਊਣ ਲਈ ਉਤਸ਼ਾਹਿਤ ਕਰਦੀਆਂ ਕਹਾਣੀਆਂ ਹੁੰਦੀਆਂ ਹਨ। ਸੰਪਾਦਕ ਪ੍ਰਕਾਸ਼ਕ ਹੋਣ ਕਰਕੇ ਕਾਫ਼ੀ ਕਿਤਾਬਾਂ ਪੜ੍ਹਦਾ ਹੈ, ਜਿਸ ਕਰਕੇ ਹੀ ਉਸ ਨੇ ਆਪਣੇ ਨਿੱਜੀ ਅਨੁਭਵ ਦੀਆਂ ਕਹਾਣੀਆਂ ਨੂੰ ਇਕ ਥਾਂ ਇਕੱਤਰ ਕੀਤਾ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਲੋਕ ਹਾਇਕੂ

ਲੇਖਕ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 56
ਸੰਪਰਕ : 98148-14791


ਹਾਇਕੂ ਜਾਪਾਨ ਦੀ ਕਾਵਿ-ਵਿਧਾ ਹੈ। ਅੱਜਕਲ੍ਹ ਇਹ ਵਿਧਾ ਵਿਸ਼ਵ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਆਪਣੀ ਖ਼ੁਸ਼ਬੋਈ ਫ਼ੈਲਾ ਰਹੀ ਹੈ। ਕਸ਼ਮੀਰੀ ਲਾਲ ਚਾਵਲਾ ਨੇ ਹਥਲੇ ਹਾਇਕੂ-ਸੰਗ੍ਰਹਿ 'ਲੋਕ ਹਾਇਕੂ' ਵਿਚ ਪੰਜ ਸੌ ਸਤਾਈ ਹਾਇਕੂ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ ਵਰਤਮਾਨ ਦੇ ਲਗਭਗ ਹਰ ਭਖਦੇ ਮਸਲੇ ਨੂੰ ਬੜੇ ਹੀ ਸਫ਼ਲ ਅਤੇ ਸੁਚੱਜੇ ਢੰਗ ਨਾਲ ਛੋਹਿਆ ਗਿਆ ਹੈ। ਇਹ ਵੀ ਕਸ਼ਮੀਰੀ ਲਾਲ ਚਾਵਲਾ ਦੀ ਕਲਮਕਾਰੀ ਦਾ ਹੀ ਹਾਸਲ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਅਰਬ ਵਿਚੋਂ ਆਈ ਗ਼ਜ਼ਲ ਵਾਂਗ, ਜਾਪਾਨ ਵਿਚੋਂ ਆਏ ਹਾਇਕੂ ਨੂੰ ਵੀ ਨਿਰੋਲ ਪੰਜਾਬੀ ਰੰਗ ਵਿਚ ਰੰਗ ਕੇ ਪੂਰੀ ਤਰ੍ਹਾਂ ਪੰਜਾਬੀ ਬਣਾ ਲਿਆ ਹੈ। ਉਨ੍ਹਾਂ ਦਾ ਹਾਇਕੂ ਹੁਣ ਕੋਈ ਰਵਾਇਤੀ ਹਾਇਕੂ ਵੀ ਨਹੀਂ ਰਿਹਾ, ਬਲਕਿ ਹੋਰਨਾਂ ਕਾਵਿ-ਵਿਧਾਵਾਂ ਤੋਂ ਵੀ ਦੋ ਕਦਮ ਅੱਗੇ ਹੋ ਕੇ ਲੋਕ-ਹਿਤਾਂ ਲਈ ਜੂਝਦਾ ਦਿਖਾਈ ਦੇ ਰਿਹਾ ਹੈ। ਚਾਵਲਾ ਜੀ ਦੇ ਇਸ ਬੇਹੱਦ ਸ਼ਲਾਘਾਯੋਗ ਅਤੇ ਖ਼ੂਬਸੂਰਤ ਕਾਰਜ ਦਾ ਭਰਪੂਰ ਸਮਰਥਨ ਕਰਦਾ ਹੋਇਆ ਮੈਂ ਨਮੂਨੇ ਵਜੋਂ ਉਨ੍ਹਾਂ ਦੀ ਪੁਸਤਕ ਵਿਚੋਂ ਕੁਝ ਹਾਇਕੂ ਪਾਠਕਾਂ ਦੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ:
ਰੋਕੇ ਨਾ ਰੁਕੇ / ਅੰਦਰਲਾ ਰਾਵਣ / ਮਰ ਕੇ ਜ਼ਿੰਦਾ

ਲੋਕ ਫ਼ੈਸਲੇ
ਲੋਕਾਂ ਨੇ ਕਰ ਲੈਣੇ
ਲੋਕ ਜੱਜ ਨੇ


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਵਿਗਿਆਨ ਦੀ ਆਰਸੀ

ਲੇਖਕ : ਡਾ. ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 312
ਸੰਪਰਕ : 011-23280657


ਇਸ ਪੁਸਤਕ ਵਿਚ ਵਿਦਵਾਨ ਲੇਖਕ ਨੇ 51 ਲੋਕਪ੍ਰਿਯ ਨਿਬੰਧ ਸ਼ਾਮਿਲ ਕੀਤੇ ਹਨ ਜੋ ਵਿਗਿਆਨੀਆਂ ਦੀਆਂ ਅਦਭੁੱਤ ਖੋਜਾਂ 'ਤੇ ਆਧਾਰਿਤ ਹਨ। ਅੱਜ ਅਸੀਂ ਅਨੇਕਾਂ ਵਿਗਿਆਨਕ ਸਹੂਲਤਾਂ ਮਾਣ ਰਹੇ ਹਾਂ, ਜਿਨ੍ਹਾਂ ਦਾ ਸਿਹਰਾ ਅਣਥੱਕ ਸਿਰੜੀਆਂ, ਖੋਜੀਆਂ ਅਤੇ ਵਿਗਿਆਨੀਆਂ ਦੇ ਸਿਰ ਹੈ। ਜਾਦੂਮਈ ਪ੍ਰਤਿਭਾ ਵਾਲੇ ਇਨ੍ਹਾਂ ਖੋਜੀਆਂ ਵਿਚੋਂ ਕਈਆਂ ਨੂੰ ਨੋਬਲ ਇਨਾਮ ਮਿਲਿਆ। ਲੇਖਕ ਨੇ ਇਨ੍ਹਾਂ ਵਿਗਿਆਨੀਆਂ ਦੇ ਬਚਪਨ, ਜੀਵਨ ਅਤੇ ਸੰਘਰਸ਼ ਬਾਬਤ ਬਹੁਤ ਦਿਲਚਸਪ ਢੰਗ ਨਾਲ ਲਿਖਿਆ ਹੈ। ਤਕਨਾਲੋਜੀ, ਪੁਲਾੜ, ਭੂ-ਵਿਗਿਆਨ, ਜੀਵ-ਵਿਗਿਆਨ, ਭੌਤਿਕ-ਵਿਗਿਆਨ, ਕੰਪਿਊਟਰ, ਰਸਾਇਣ ਵਿਗਿਆਨ, ਹਿਸਾਬ ਆਦਿ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੂਹਣ ਵਾਲੇ ਕੁਝ ਵਿਗਿਆਨੀਆਂ 'ਤੇ ਝਾਤ ਪੁਆਈ ਗਈ ਹੈ, ਜਿਵੇਂ ਐਟਮ ਦੀ ਨਾਭੀ ਦੀ ਖੋਜ ਕਰਨ ਵਾਲਾ ਰਦਰਫੋਰਡ, ਵਚਿੱਤਰ ਵਿਗਿਆਨੀ ਸਟੀਫ਼ਨ ਹਾਕਿੰਗ, ਰੁਚੀ ਰਾਮ ਸਾਹਨੀ, ਰਾਮਾਨੁਜਨ, ਟੈਸਲਾ, ਸਤਿੰਦਰ ਸਿੱਕਾ, ਪਾਰਕਰ ਪਰੋਬ, ਲੀਓ ਜ਼ਿਲਾਰਡ, ਐਲੋਨ ਮਸਕ, ਆਈਨਸਟਾਈਨ ਆਦਿ। ਇਸ ਤੋਂ ਇਲਾਵਾ ਮੰਗਲ ਉੱਤੇ ਮਨੁੱਖੀ ਬਸਤੀ, ਗੌਡ ਪਾਰਟੀਕਲ, ਡਾਰਕ ਮੈਟਰ, ਅੰਤਰਰਾਸ਼ਟਰੀ ਸਪੇਸ ਸਟੇਸ਼ਨ, ਰਹੱਸਮਈ ਚੰਨ ਦੀ ਕਹਾਣੀ ਰੋਬੋਟ, ਬਲੈਕ ਹੋਲ ਅਤੇ ਨਵੀਆਂ ਧਰਤੀਆਂ ਦੀ ਖੋਜ ਬਾਬਤ ਬਹੁਤ ਹੀ ਰੌਚਕ ਜਾਣਕਾਰੀ ਦਿੱਤੀ ਗਈ ਹੈ। ਠੇਠ ਪੰਜਾਬੀ ਵਿਚ ਲਿਖੇ ਇਹ ਖ਼ੂਬਸੂਰਤ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਹਨ। ਇਨ੍ਹਾਂ ਵਿਚ ਖ਼ੁਸ਼ਕੀ ਨਹੀਂ ਸਗੋਂ ਰਸਮਈ ਝਰਨਾਟਾਂ ਹਨ। ਇਸ ਬੇਹੱਦ ਲਾਭਕਾਰੀ, ਗਿਆਨ ਭਰਪੂਰ ਪੁਸਤਕ ਦਾ ਦਿਲੀ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਅਣਗੌਲੇ ਲੋਕ
ਲੇਖਕ : ਇੰਜ. ਗੁਰਬਖ਼ਸ਼ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 85286-06565


'ਅਣਗੌਲੇ ਲੋਕ' (ਕਾਵਿ ਸੰਗ੍ਰਹਿ) ਲੇਖਕ ਦਾ ਪਲੇਠਾ ਕਾਵਿਕ ਯਤਨ ਹੈ, ਜਿਸ ਵਿਚ ਉਸ ਨੇ 'ਅਣਗੌਲੇ ਲੋਕ' ਤੋਂ ਲੈ ਕੇ 'ਸਿੱਖਿਆ' ਤੱਕ ਦੀਆਂ 84 ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਇਹ ਕਾਵਿ-ਪੁਸਤਕ ਵਿਚ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਵਿਤਕਰਿਆਂ ਭਰੇ ਭਾਰਤੀ ਸਮਾਜ ਵਿਚ ਇਕ ਵਰਗ ਨੂੰ ਇਸ ਕਦਰ ਦਬਾ ਕੇ ਰੱਖਿਆ ਸੀ ਕਿ ਉਹ ਆਪਣੇ ਮਾਨਵੀ ਹੱਕਾਂ ਦੀ ਫ਼ਰਿਆਦ ਨਾ ਧਾਰਮਿਕ ਤੌਰ 'ਤੇ ਅਤੇ ਨਾ ਹੀ ਰਾਜਿਆਂ ਵਲੋਂ ਸਿਰਜੀ ਗਈ ਨਿਆਂਇਕ ਪ੍ਰਕਿਰਿਆ ਰਾਹੀਂ ਕਿਤੇ ਕਰ ਸਕਦੇ ਸਨ। ਇਥੇ ਉਹ ਵਡੇਰੇ ਧੰਨਤਾ ਦੇ ਪਾਤਰ ਹਨ ਜੋ ਅਜਿਹੀ ਅਣ-ਮਨੁੱਖੀ ਵਤੀਰੇ ਦੀ ਮਾਰ ਨੂੰ ਸ਼ਿੱਦਤਾਂ ਨਾਲ ਝੱਲਦਿਆਂ ਇਸ ਅੜਿਆਈ ਸਮਾਜ ਵਿਚ ਆਪਣੀਆਂ ਪੀੜ੍ਹੀਆਂ ਨੂੰ ਪੀੜ੍ਹੀ-ਦਰ-ਪੀੜ੍ਹੀ ਜੀਵੰਤ ਰੱਖਦੇ ਹੋਏ ਅੱਗੇ ਵਧਦੇ ਰਹੇ। ਡਾ. ਅੰਬੇਡਕਰ ਦੀ ਜ਼ਹੀਨ-ਬੁੱਧੀ ਸਦਕਾ ਪ੍ਰਾਪਤ ਸਿੱਖਿਆ ਰਾਹੀਂ ਅਣਗੌਲੇ ਲੋਕਾਂ ਦੀ ਦਾਸਤਾਨ ਨੂੰ ਬਦਲਣ ਦੀ ਵਕਾਲਤ ਨੇ ਸਮੇਂ ਦੇ ਹੇਰ-ਫੇਰ ਨੂੰ ਬਦਲਦਿਆਂ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਤਬਦੀਲੀ ਨੂੰ ਭਾਂਪਦਿਆਂ ਪ੍ਰਚਲਿਤ ਮੰਨੂਵਾਦੀ ਵਿਵਸਥਾ ਨੂੰ ਬਦਲਣ ਦਾ ਵਸੀਲਾ ਸੰਵਿਧਾਨਕ ਹੱਕਾਂ ਰਾਹੀਂ ਪ੍ਰਾਪਤ ਕਰਨ ਦੀ ਚੇਤਨਤਾ ਪੈਦਾ ਕੀਤੀ। 'ਸੁਪਨਿਆਂ ਦਾ ਪਾਂਧੀ' ਕਵਿਤਾ ਪੜ੍ਹਦਿਆਂ ਜੋ ਆਸ਼ਾਵਾਦੀ ਉਦਗਾਰ ਪਾਠਕ ਦੇ ਮਨ 'ਚ ਉਪਜਦੇ ਹਨ, ਉਹੀ ਤਬਦੀਲੀ ਦੇ ਸੰਕੇਤ ਹਨ। ਸੁਪਨਿਆਂ ਦੀ ਸਿਰਜਣਾ ਨੂੰ ਤਾਮੀਰ ਤੱਕ ਦੀ ਵਿਵਸਥਾ ਤੱਕ ਪਹੁੰਚਾਉਣਾ ਹੀ ਸੱਚਾ ਸਿਦਕ ਅਤੇ ਅਮਲ ਹੈ : 'ਸੁਪਨਿਆਂ ਨੂੰ ਸੁਪਨੇ, / ਕਦੇ ਨਾ ਜਾਣਿਓਂ। / ਤਪਸ਼ਾਂ ਹੇਠੋਂ ਲੰਘ ਕੇ / ਛਾਵਾਂ ਠੰਢੀਆਂ ਮਾਣਿਓ/ ਆਪਾਂ ਤਾਂ ਪਾਂਧੀ ਦੂਰ ਦੇ/ਵਾਟਾਂ ਸਿਦਕ ਦੇ ਨਾਲ, / ਆਪਾਂ ਮੁਕਾਉਣੀਆਂ ਨੇ। / ਜ਼ਰਾ ਲੈਣ ਦਿਓ, / ਸਮੇਂ ਨੂੰ ਸਾਰ ਸਾਡੀ। / ਅਸਾਂ, /ਦੂਰ ਉਡਾਰੀਆਂ ਲਾਉਣੀਆਂ ਨੇ।' ਇਸ ਪ੍ਰਕਾਰ ਦੇ ਭਾਵਾਂ ਨੂੰ 'ਪਛਾਣ', 'ਲੋਕ', 'ਮਨ ਕੀ ਬਾਤ', 'ਮੱਤਦਾਨ', 'ਸਾਡੇ ਵਿਹੜੇ', 'ਮੱਤਦਾਨ', 'ਬਾਪੂ ਦੇ ਨਾਂਅ', 'ਨਿਆਂ', 'ਕਿਤਾਬਾਂ ਅਤੇ ਰਾਤਾਂ', 'ਵਿੱਦਿਆ', 'ਰਮਾਇਣ', 'ਮਹਾਂਭਾਰਤ', 'ਕਾਣੀ ਵੰਡ', 'ਉਦਾਸੀ ਜੀ ਨੂੰ ਸ਼ਰਧਾਂਜਲੀ', 'ਆਪਣੇ ਲੋਕ', 'ਜੁਮਲਾ' ਆਦਿ ਕਵਿਤਾਵਾਂ ਵਿਚ ਸਹਿਜ ਭਾਅ ਹੀ ਮਹਿਸੂਸਿਆ ਜਾ ਸਕਦਾ ਹੈ। ਖੁੱਲ੍ਹੀ ਨਜ਼ਮ ਅਤੇ ਤੁਕਬੰਦੀ ਰਾਹੀਂ ਕਈ ਥਾਈਂ ਕਵੀ ਬੇਸ਼ੱਕ ਵਿਚਾਰਧਾਰਕ ਪ੍ਰਤੀਬੱਧਤਾ ਨਾਲ ਜੁੜੀਆਂ ਧਾਰਨਾਵਾਂ ਨੂੰ ਕਾਵਿ-ਪਾਠਕਾਂ ਤੱਕ ਪਹੁੰਚਾਉਣ ਲਈ ਦਵੰਦਾਤਮਕ ਵਿਵਸਥਾ ਨਾਲ ਨਜਿੱਠਦਿਆਂ ਸਹੀ ਨਿਰਣੇ ਦੇਣ ਵਿਚ ਕਈ ਥਾਈਂ ਟਪਲੇ ਖਾ ਜਾਂਦਾ ਹੈ ਪ੍ਰੰਤੂ ਉਸ ਦੀ ਅਣਗੌਲੇ ਲੋਕਾਂ ਪ੍ਰਤੀ ਪ੍ਰਗਟਾਈ ਸੁਹਿਰਦਤਾ ਇਨ੍ਹਾਂ ਖ਼ਾਮੀਆਂ ਨੂੰ ਜ਼ਰੂਰ ਹੀ ਕਾਵਿਕ-ਪਾਤਰ ਦੀ ਮਨੋ-ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਢੱਕ ਲੈਂਦੀ ਹੈ। 'ਅਣਗੌਲੇ ਲੋਕ' ਕਾਵਿ-ਸੰਗ੍ਰਹਿ ਦਾ ਸਿਰਲੇਖ ਅਤੇ ਸਰਵਰਕ ਹੀ ਦਲਿਤ ਵਰਗ ਦੀ ਦੁਖਦਾਈ ਦਾਸਤਾਨ ਨੂੰ ਪੇਸ਼ ਕਰਨ 'ਚ ਸਮਰੱਥ ਹੈ। ਸ਼ੇਰਗਿੱਲ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096


ਮੈਂ ਪੰਜਾਬੀ ਤੇ ਹੋਰ ਕਵਿਤਾਵਾਂ

ਕਵੀ : ਸੀਤਲ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 140 ਰੁਪਏ, ਸਫ਼ੇ : 112
ਸੰਪਰਕ : 98158-10630


ਸਾਹਿਤ ਅਤੇ ਸਮਾਜ ਦਾ ਰਿਸ਼ਤਾ ਕਦੀਮੀ ਰਿਸ਼ਤਾ ਹੈ। ਜੋ ਕੁਝ ਸਮਾਜ ਵਿਚ ਵਾਪਰਦਾ ਹੈ ਸਾਹਿਤਕਾਰ ਆਪਣੀ ਵਿਸ਼ੇਸ਼ ਨਜ਼ਰ ਨਾਲ ਦੇਖ ਕੇ ਆਪਣੀ ਕਲਪਨਾ ਦੀ ਪੁੱਠ ਚਾੜ੍ਹ ਕੇ ਉਸ ਨੂੰ ਪਾਠਕਾਂ ਦੇ ਸਨਮੁੱਖ ਕਰਦਾ ਹੈ। ਇਹ ਸਭ ਕੁਝ ਦੇਖਣ ਲਈ ਇਨਸਾਨੀ ਮਨ ਦਾ ਸੰਵੇਦਨਸ਼ੀਲ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਸੰਵੇਦਨਸ਼ੀਲ ਮਨ ਕੇਵਲ ਦੇਖਦਾ ਹੀ ਨਹੀਂ ਸਗੋਂ ਮਹਿਸੂਸਦਾ ਵੀ ਹੈ। ਕਵੀ ਸੀਤਲ ਦੀ ਕਾਵਿ-ਪੁਸਤਕ 'ਮੈਂ ਪੰਜਾਬੀ ਤੇ ਹੋਰ ਕਵਿਤਾਵਾਂ' ਕਵੀ ਦੀ ਕਿਸੇ ਵੀ ਜੀਵਨ ਵਰਤਾਰੇ ਨੂੰ ਦੇਖਣ ਪਰਖਣ ਦੀ ਸੰਵੇਦਨਸ਼ੀਲਤਾ ਦੀ ਹੀ ਲਿਖਾਇਕ ਹੈ। ਕਵੀ ਨੇ ਇਸ ਪੁਸਤਕ ਵਿਚ ਜਿਥੇ ਮਾਂ-ਬੋਲੀ ਪੰਜਾਬੀ ਨੂੰ ਸਿਜਦਾ ਕਰਦਿਆਂ ਇਸ ਦੇ ਗੁਣਾਂ ਦਾ ਗੁਣਗਾਨ ਕੀਤਾ ਹੈ, ਉਥੇ ਅਜੋਕੀ ਜ਼ਿੰਦਗੀ ਨੂੰ ਦਰਪੇਸ਼ ਚੁਣੌਤੀਆਂ ਅਤੇ ਹਾਕਮ ਧਿਰ ਵਲੋਂ ਲੋਟੂ ਸ਼੍ਰੇਣੀ ਨਾਲ ਮਿਲ ਕੇ ਕੀਤੀ ਜਾਂਦੀ ਲੁੱਟ-ਖਸੁੱਟ ਬਾਰੇ ਵੀ ਕਾਵਿ-ਪ੍ਰਤੀਕਰਮ ਪੇਸ਼ ਕੀਤਾ ਹੈ। ਕਵੀ ਨੇ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ ਪਹਿਲਾ ਭਾਗ ਜਿਸ ਨੂੰ ਉਸ ਨੇ ਸਿਰਲੇਖ 'ਮੈਂ ਪੰਜਾਬੀ' ਤਹਿਤ ਪੇਸ਼ ਕੀਤਾ ਹੈ, ਵਿਚ ਪੰਜਾਬੀ ਮਾਂ-ਬੋਲੀ ਦੇ ਸੋਹਲੇ ਗਾਉਣ ਦੇ ਨਾਲ-ਨਾਲ ਪ੍ਰਗਤੀਵਾਦੀ ਵਿਚਾਰਧਾਰਾ ਤਹਿਤ ਸਮਾਜਿਕ ਵੰਡ ਦਾ ਜ਼ਿਕਰ ਕਰਦਿਆਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਹੋਕਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਬਾਰੇ ਵੀ ਜ਼ਿਕਰ ਕਰਦਿਆਂ ਵਿਆਪਕ ਰੂਪ ਵਿਚ ਕਾਵਿਕ-ਜ਼ਿਕਰ ਕੀਤਾ ਹੈ। ਪਰ ਕਵੀ ਪੰਜਾਬੀਆਂ ਨੂੰ ਸੁਚੇਤ ਰਹਿਣ ਬਾਰੇ ਜਾਗਰੂਕ ਕਰਦਿਆਂ ਆਪਣੀ ਸਾਂਝ ਨੂੰ ਬਣਾਈ ਰੱਖਣ ਦੀ ਤਾਕੀਦ ਕਰਦਾ ਹੈ ਕਿਉਂਕਿ ਫੁੱਟ ਦਾ ਸ਼ਿਕਾਰ ਹੋ ਕੇ ਪੰਜਾਬੀ ਬੜਾ ਕੁਝ ਗੁਆ ਚੁੱਕੇ ਹਨ:
ਹੋਰ ਕੀ ਗੁਆਓਗੇ ਪੰਜਾਬੀਓ,
ਸਭ ਕੁਝ ਲਿਆ ਹੈ ਗੁਆ,
ਪੁਰਖਿਆਂ ਦਾ ਖੱਟਿਆਂ ਵੀ,
ਨਾ ਤੁਹਾਡੇ ਕੋਲੋਂ ਸਾਂਭਿਆ ਗਿਆ।
ਦੂਜੇ ਭਾਗਾ 'ਰੌਸ਼ਨੀਆਂ ਨੂੰ ਸਲਾਮ' ਤਹਿਤ ਗੁਰੂ ਸਾਹਿਬਾਨ ਅਤੇ ਲੋਕ ਨਾਇਕਾਂ ਦੀ ਉਸਤਤੀ ਵਾਲੀਆਂ ਕਵਿਤਾਵਾਂ ਪੇਸ਼ ਹੋਈਆਂ ਹਨ। ਤੀਜੇ ਭਾਗ 'ਬੁਲੰਦੀਆਂ' ਵਿਚ ਜਿਥੇ ਅਖ਼ੌਤੀ ਆਧੁਨਿਕਤਾ ਦੀ ਗੱਲ ਕੀਤੀ ਗਈ ਹੈ, ਉਥੇ ਨਵੀਂ ਪੀੜ੍ਹੀ ਬਾਰੇ ਜ਼ਿਕਰ ਕੀਤਾ ਗਿਆ ਹੈ। ਪੁਸਤਕ ਦੇ ਸ਼ੁਰੂ ਵਿਚ ਦੋ ਲੰਮੀਆਂ ਕਵਿਤਾਵਾਂ ਗੰਭੀਰ ਕਾਵਿ-ਸੁਰ ਅਤੇ ਚਿੰਤਨੀ ਸੁਭਾਅ ਵਾਲੀਆਂ ਪੇਸ਼ ਹੋਈਆਂ ਹਨ। ਜ਼ਿਆਦਾਤਰ ਕਵਿਤਾਵਾਂ ਗੀਤਕ ਰੂਪ ਵਿਚ ਹਨ ਛੰਦਬੱਧ ਹਨ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਮੇਰੀਆਂ ਕਵਿਤਾਵਾਂ
ਸ਼ਾਇਰਾ : ਬਲਜਿੰਦਰ ਕੌਰ
ਪ੍ਰਕਾਸ਼ਕ : ਮਾਲਵਾ ਰਿਸਰਚ ਸੈਂਟਰ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 96
ਸੰਪਰਕ : 94615-93763


ਪੰਜਾਬੀ ਸਾਹਿਤ ਖ਼ਾਸ ਤੌਰ 'ਤੇ ਪੰਜਾਬੀ ਕਾਵਿ ਖ਼ੇਤਰ ਵਿਚ ਕਿਸੇ ਵੇਲੇ ਔਰਤਾਂ ਦੀ ਸ਼ਮੂਲੀਅਤ ਨਾਮਾਤਰ ਸੀ ਪਰ ਅਜੋਕੇ ਦੌਰ ਵਿਚ ਅਜਿਹਾ ਕੁਝ ਨਹੀਂ ਹੈ, ਸਗੋਂ ਨਿਤ ਦਿਨ ਨਵਾਂ ਪ੍ਰਵੇਸ਼ ਦੇਖਣ ਨੂੰ ਮਿਲਦਾ ਹੈ। ਇਸ ਨਵੇਂ ਪੂਰ ਵਿਚ ਕਵਿੱਤਰੀ ਬਲਜਿੰਦਰ ਕੌਰ ਵੀ ਸ਼ਾਮਿਲ ਹੈ ਤੇ 'ਮੇਰੀਆਂ ਕਵਿਤਾਵਾਂ' ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਸ਼ਾਮਿਲ ਕੀਤੀਆਂ ਗਈਆਂ ਰਚਨਾਵਾਂ ਨੀਮ ਛੰਦਾ ਬੰਦੀ ਵਿਚ ਹਨ। ਇਸ ਪੁਸਤਕ ਦੀ ਪਹਿਲੀ ਕਵਿਤਾ 'ਨਵਾਂ ਸਾਲ' ਹੈ ਜਿਸ ਵਿਚ ਸ਼ਾਇਰਾ ਨਵੇਂ ਭਾਵ ਬੋਧ ਨਾਲ ਪੇਸ਼ ਹੋਈ ਹੈ ਤੇ ਉਸ ਅਨੁਸਾਰ ਦੁਨੀਆ ਆਖਦੀ ਹੈ ਨਵਾਂ ਸਾਲ ਚੜ੍ਹ ਗਿਆ ਹੈ ਪਰ ਓਹੀ ਚੰਦ, ਓਹੀ ਤਾਰੇ, ਓਹੀ ਸੂਰਜ ਤੇ ਸਮੁੱਚੀ ਕਾਇਨਾਤ ਪਹਿਲਾਂ ਵਾਂਗ ਹੀ ਹੈ। ਉਹ ਭੁੱਖਿਆਂ ਲਈ ਦਾਣੇ ਤੇ ਪਿਆਸਿਆਂ ਲਈ ਪਾਣੀ ਦੀ ਆਸ ਕਰਦੀ ਹੈ। ਸ਼ਾਇਰਾ ਰਾਜਸਥਾਨ ਵਿਚ ਰਹਿੰਦੀ ਹੈ ਤੇ ਸਿਰਜਣਾ ਪੰਜਾਬੀ ਵਿਚ ਕਰਦੀ ਹੈ ਇਸ ਲਈ ਉਸ ਦਾ ਪੇਕਿਆਂ ਦੀ ਬੋਲੀ ਪ੍ਰਤੀ ਮੋਹ ਦਾਦ ਦੇ ਕਾਬਲ ਹੈ। ਉਹ 'ਪੰਜਾਬ' ਕਵਿਤਾ ਵਿਚ ਪੰਜਾਬ ਨੂੰ ਯਾਦ ਕਰਦੀ ਹੈ, ਇਸ ਦੀ ਆਬੋ ਹਵਾ ਨੂੰ ਮਾਣਨ ਲਈ ਉਸ ਦਾ ਦਿਲ ਅਜੇ ਵੀ ਤਾਂਘਦਾ ਤੇ ਵਿਲਕਦਾ ਹੈ। ਉਸ ਨੇ ਆਪਣੀਆਂ ਕਵਿਤਾਵਾਂ ਵਿਚ ਕੁਝ ਧਾਰਮਿਕ ਵਿਸ਼ੇ ਵੀ ਲਏ ਹਨ ਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਘਟਨਾਵਾਂ ਨੂੰ ਆਦਰ ਸਹਿਤ ਯਾਦ ਕੀਤਾ ਹੈ। 'ਫ਼ਾਸਲਾ' ਸ਼ਾਇਰਾ ਦੀ ਕੋਰੋਨਾ ਕਾਲ ਦੇ ਸਭ ਤੋਂ ਵੱਧ ਪ੍ਰਭਾਵਿਤ ਦਿਨਾਂ ਨਾਲ ਸੰਬੰਧਿਤ ਕਵਿਤਾ ਹੈ ਜਿਸ ਵਿਚ ਉਸ ਨੇ ਭਿੰਨ ਭੇਦਾਂ ਨੂੰ ਸਦਾ ਲਈ ਤਿਆਗਣ ਦਾ ਹੋਕਾ ਦਿੱਤਾ ਹੈ। ਬਲਜਿੰਦਰ ਕਿਸਾਨ ਅੰਦੋਲਨ ਤੋਂ ਵੀ ਪ੍ਰਭਾਵਿਤ ਹੈ ਤੇ ਉਸ ਦੀ ਕਲਮ ਸੰਘਰਸ਼ੀ ਧਿਰ ਨਾਲ ਖੜ੍ਹੀ ਹੈ। ਉਹ ਸਰਕਾਰ ਨੂੰ ਕੋਸਦੀ ਹੈ ਤੇ ਹਕੂਮਤ ਨੂੰ ਦੁਨੀਆ ਦਾ ਢਿੱਡ ਭਰਨ ਵਾਲੇ ਦੀ ਆਪਣੀ ਭੁੱਖ ਤੋਂ ਜਾਣੂੰ ਕਰਵਾਉਂਦੀ ਹੈ। 'ਰੰਗ ਦੁਨੀਆ ਦੇ' ਵੱਡੀ ਕੈਨਵਸ ਵਾਲੀ ਕਵਿਤਾ ਹੈ ਜਿਸ ਵਿਚ ਉਸ ਨੇ ਮਨੁੱਖੀ ਕਿਰਦਾਰਾਂ ਦੀ ਸ਼ਨਾਖ਼ਤ ਕੀਤੀ ਹੈ ਤੇ ਸੱਚ ਝੂਠ ਦੇ ਵਿਚਕਾਰਲੀ ਲਕੀਰ ਨੂੰ ਗੂੜ੍ਹਾ ਕੀਤਾ ਹੈ। 'ਮੇਰੀਆਂ ਕਵਿਤਾਵਾਂ' ਵਿਚਲੀਆਂ ਕਵਿਤਾਵਾਂ ਹੋਰ ਬਿਹਤਰ ਹੋ ਸਕਦੀਆਂ ਸਨ, ਕਿਉਂਕਿ ਇਹ ਪੁਸਤਕ ਸ਼ਾਇਰਾ ਦੀ ਸ਼ੁਰੂਆਤ ਹੈ ਇਸ ਲਈ ਭਵਿੱਖ ਵਿਚ ਹੋਰ ਬਿਹਤਰੀ ਦੀ ਮੈਨੂੰ ਉਮੀਦ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002

 

29-04-2023

 ਇਤਿਹਾਸ ਬੋਲਦਾ ਹੈ
ਲੇਖਕ : ਗੁਰਨਾਮ ਸਿੰਘ ਪ੍ਰਭਾਤ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 149
ਸੰਪਰਕ : 98881-25305

ਸਿੱਖ ਧਰਮ ਅਤੇ ਇਤਿਹਾਸ ਨਾਲ ਜੁੜੀਆਂ ਚਾਰ ਪੁਸਤਕਾਂ ਦੇ ਪ੍ਰਬੁੱਧ, ਗਿਆਨਵਾਨ ਅਤੇ ਅਨੁਭਵੀ ਲੇਖਕ ਗੁਰਨਾਮ ਸਿੰਘ ਪ੍ਰਭਾਤ ਦੀ ਸੰਨ 2022 ਵਿਚ ਰਚਿਤ ਹਥਲੀ ਪੁਸਤਕ 'ਇਤਿਹਾਸ ਬੋਲਦਾ ਹੈ' ਵਿਚ ਲੇਖਕ ਨੇ ਸਿੱਖ ਇਤਿਹਾਸ ਨੂੰ ਬਹੁਤ ਬਰੀਕੀ ਨਾਲ ਘੋਖਿਆ ਹੈ। ਚਾਰ ਨਾਟਕਾਂ ਦੇ ਇਸ ਸੰਗ੍ਰਹਿ ਵਿਚ ਪੰਜਾਬ ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਨੂੰ ਵਿਸ਼ਾ-ਵਸਤੂ ਬਣਾਇਆ ਗਿਆ ਹੈ। ਇਸ ਗਿਆਨ-ਵਧਾਊ ਪੁਸਤਕ ਵਿਚ ਦੇਵੀ-ਦੇਵਤਿਆਂ, ਗੁਰੂ ਪੀਰਾਂ ਤੇ ਵਿਦਵਾਨਾਂ ਦੀ ਵਰਸੋਈ ਪੰਜਾਬ ਦੀ ਧਰਤ 'ਤੇ ਘਟੀਆਂ ਘਟਨਾਵਾਂ ਦੇ ਯਥਾਰਥ ਨੂੰ ਲੇਖਕ ਨੇ ਪੈਨੀ ਨਜ਼ਰ ਨਾਲ ਪੁਣ ਛਾਣ ਕੇ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ। ਲੇਖਕ ਸਿੱਖ ਧਰਮ ਦੇ ਇਤਿਹਾਸ ਨਾਲ ਜੁੜੇ ਤੱਥਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਬੜੇ ਨਰੋਏ ਢੰਗ ਨਾਲ ਪੇਸ਼ ਕਰਨ ਵਿਚ ਸਫਲ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਇਸ ਦਾ ਇਹ ਪੱਖ ਸਾਡੇ ਸਾਹਮਣੇ ਉੱਭਰ ਕੇ ਆਇਆ ਹੈ ਕਿ ਇਤਿਹਾਸ ਦੇ ਅਣਗੌਲੇ ਪਾਤਰਾਂ ਨੂੰ ਲੇਖਕ ਨੇ ਆਪਣੇ ਇਸ ਨਾਟਕ ਸੰਗ੍ਰਹਿ ਦਾ ਕੇਂਦਰ ਬਿੰਦੂ ਬਣਾ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰਕੇ ਉਨ੍ਹਾਂ ਦੇ ਗਿਆਨ ਦਾ ਘੇਰਾ ਵਿਸ਼ਾਲ ਕੀਤਾ ਹੈ। ਲੇਖਕ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਨਵਤਾਵਾਦੀ ਆਦਰਸ਼ਾਂ ਨੂੰ ਲੋਕਾਈ ਅੱਗੇ ਬਹੁਤ ਹੀ ਅਰਬੀ ਨਜ਼ਰੀਏ ਨਾਲ ਪੇਸ਼ ਕੀਤਾ ਹੈ। ਇਸ ਨਾਟਕ ਸੰਗ੍ਰਹਿ ਵਿਚ ਮਨੁੱਖ ਨੂੰ ਅਸਿੱਧੇ ਤੌਰ 'ਤੇ ਧਰਮ ਅਤੇ ਜਾਤ-ਪਾਤ ਦੀ ਕੱਟੜਤਾ ਤੋਂ ਵੀ ਦੂਰ ਰਹਿੰਦੇ ਹੋਏ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਪਵਿੱਤਰ ਸਿਧਾਂਤ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਨਾਟਕ ਸੰਗ੍ਰਹਿ ਦੀ ਵਿਲੱਖਣਤਾ ਇਹ ਵੀ ਹੈ ਕਿ ਇਨ੍ਹਾਂ ਨਾਟਕਾਂ ਦੇ ਮੁੱਖ ਪਾਤਰ ਔਰਤਾਂ ਹੀ ਹਨ। ਉਨ੍ਹਾਂ ਔਰਤਾਂ ਦੀ ਜ਼ਿੰਦਗੀ ਦੇ ਸੰਤਾਪ ਦਾ ਜ਼ਿਕਰ ਉਨ੍ਹਾਂ ਤੋਂ ਹੀ ਬਿਆਨ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਗੁਰੂ ਸਹਿਬਾਨ ਪ੍ਰਤੀ ਸ਼ਰਧਾ ਹੈ। ਪਹਿਲੇ ਨਾਟਕ ਜੇਬੁਨਿਸ਼ਾ ਦੀ ਕਥਾਵਸਤੂ ਇਤਿਹਾਸ ਦੇ ਯਥਾਰਥ ਬਾਰੇ ਹੈ। ਇਹ ਇਕ ਸਚਾਈ ਹੈ ਕਿ ਔਰੰਗਜ਼ੇਬ ਦੀ ਭੈਣ ਜਹਾਂਆਰਾ ਤੇ ਉਸ ਦੀ ਦੀ ਧੀ ਜੇਬੂਨਿਸ਼ਾ ਦੀ ਸਿੱਖ ਧਰਮ ਪ੍ਰਤੀ ਅਥਾਹ ਸ਼ਰਧਾ ਸੀ। ਇਸ ਦੇ ਦੂਜੇ ਨਾਟਕ ਹਰੀਆਂ ਭਰੀਆਂ ਵਿਚ ਦੋ ਸਕੀਆਂ ਭੈਣਾਂ ਦੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਜਬਾਰ ਖਾਂ ਵਰਗੇ ਮੁਗ਼ਲ ਹਾਕਮ ਦੇ ਜਬਰ ਜੁਲਮ ਅਤੇ ਗੁਰੂ ਗੋਬਿੰਦ ਸਿੰਘ ਪ੍ਰਤੀ ਆਮ ਲੋਕਾਂ ਦੀ ਸ਼ਰਧਾ ਨੂੰ ਬਿਆਨਿਆ ਗਿਆ ਹੈ। ਤੀਜੇ ਨਾਟਕ ਵਿਚ ਅਣਗੌਲੇ ਉਸ ਮੁਸਲਿਮ ਔਰਤ ਮੁਮਤਾਜ ਦੇ ਕਿਰਦਾਰ ਦਾ ਜ਼ਿਕਰ ਹੈ ਜੋ ਗੁਰੂ ਜੀ ਪ੍ਰਤੀ ਸ਼ਰਧਾ ਰੱਖਦੀ ਹੈ। ਚੌਥਾ ਨਾਟਕ ਮੱਸੇ ਰੰਘੜ ਦੇ ਜ਼ਾਲਮਾਨਾ ਕਿਰਦਾਰ ਦਾ ਜ਼ਿਕਰ ਕਰਦਾ ਹੈ। ਨਾਟਕ ਸੰਗ੍ਰਿਹ ਨੂੰ ਪੜ੍ਹਨ ਤੋਂ ਇਸ ਸਿੱਟੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਲੇਖਕ ਸਿੱਖ ਇਤਿਹਾਸ ਦਾ ਡੂੰਘਾਈ ਨਾਲ ਅਧਿਐਨ ਕਰਦਾ ਹੈ ਤੇ ਉਸ ਦੀ ਪੰਜਾਬੀ ਭਾਸ਼ਾ ਉੱਤੇ ਮਜ਼ਬੂਤ ਪਕੜ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਓਲੀਵਰ ਟਵਿਸਟ
ਲੇਖਕ : ਚਾਰਲਸ ਡਿਕਨਜ਼
ਸੰਪਾਦਕ ਤੇ ਅਨੁਵਾਦਕ : ਬੀ.ਐਸ. ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ:100
ਸੰਪਰਕ : 94638-36591

ਸੰਸਾਰ ਪ੍ਰਸਿੱਧ ਅੰਗਰੇਜ਼ੀ ਲੇਖਕ ਚਾਰਲਸ ਡਿਕਨਜ਼ ਨੇ ਬੱਚਿਆਂ ਲਈ ਨਾਵਲ 'ਓਲੀਵਰ ਟਵਿਸਟ' 1838 ਈ. ਵਿਚ ਲਿਖਿਆ ਜਦੋਂ ਯਥਾਰਥ ਨੂੰ ਪੇਸ਼ ਕਰਨ ਦਾ ਸਾਹਿਤ ਵਿਚ ਦੌਰ ਨਹੀਂ ਸੀ ਪਰੰਤੂ ਚਾਰਲਸ ਡਿਕਨਜ਼ ਸਮਾਜ ਦੀ ਅਸਲ ਤਸਵੀਰ ਪੇਸ਼ ਕਰਨੀ ਚਾਹੁੰਦਾ ਸੀ ਤਾਂ ਜੋ ਪਾਠਕਾਂ ਨੂੰ ਚਕਾਚੌਂਧ ਕਰ ਸਕੇ। ਚਾਰਲਸ ਡਿਕਨਜ਼ ਇਕ ਗ਼ਰੀਬ ਪਰਿਵਾਰ ਵਿਚ (1812-1870) ਪੈਦਾ ਹੋਇਆ, ਉਸ ਨੂੰ ਜੀਵਨ ਵਿਚ ਬਹੁਤ ਸੰਘਰਸ਼ ਕਰਨਾ ਪਿਆ ਪਰੰਤੂ ਗ਼ਰੀਬੀ ਤੋਂ ਖਹਿੜਾ ਨਾ ਛੁਡਵਾ ਸਕਿਆ। ਮਸ਼ਹੂਰੀ ਤਾਂ ਮਿਲੀ ਤੇ ਇੰਗਲੈਂਡ ਦੇ ਸਭ ਤੋਂ ਮਹਾਨ ਨਾਵਲਕਾਰਾਂ ਵਿਚ ਗਿਣਿਆ ਵੀ ਜਾਂਦਾ ਰਿਹਾ। ਜੀਵਨੀ ਮੂਲ ਦਾ ਇਹ ਨਾਵਲ ਸੰਸਾਰ ਪ੍ਰਸਿੱਧੀ ਹਾਸਲ ਕਰ ਗਿਆ।
ਅਸਲ ਵਿਚ 'ਓਲੀਵਰ ਟਵਿਸਟ' ਉਸ ਨੇ ਵਿਸ਼ੇਸ਼ ਤੌਰ 'ਤੇ ਬੱਚਿਆਂ ਲਈ ਲਿਖਿਆ ਤਾਂ ਜੋ ਦਸ ਸਾਲ ਦੇ ਭੁੱਖੇ ਤੇ ਯਤੀਮ ਬੱਚੇ ਦੇ ਦਰ-ਦਰ ਰੁਲਣ ਦੀ ਕਹਾਣੀ ਸਾਂਝੀ ਕੀਤੀ ਜਾ ਸਕੇ। ਇੰਗਲੈਂਡ ਦੇ ਸਮਾਜਿਕ ਵਰਤਾਰੇ ਵਿਚ ਇਕ ਬੇਸਹਾਰੇ ਬੱਚੇ ਨੂੰ ਕੋਈ ਸਾਂਭਣ ਵਾਲਾ ਨਹੀਂ ਮਿਲਦਾ। ਠੱਗ, ਚੋਰ ਤੇ ਕਾਤਲ ਬੰਦੇ ਹੀ ਮਿਲਦੇ ਹਨ। ਅਨਾਥ-ਆਸ਼ਰਮ 'ਚ ਹੁੰਦੀ ਦੁਰਦਸ਼ਾ ਤੇ ਲੋਭੀ ਬੰਦਿਆਂ ਦੇ ਗਰੁੱਪ 'ਚੋਂ ਵਾਰ-ਵਾਰ 'ਓਲੀਵਰ ਟਵਿਸਟ' ਕਿਵੇਂ ਬਚਦਾ ਹੈ ਤੇ ਉਸ ਨੂੰ ਝੂਠੇ ਕੇਸ ਵਿਚ ਦੋਸ਼ੀ ਬਣਨਾ ਪੈਂਦਾ ਹੈ। ਅਖ਼ੀਰ ਮਿਸਟਰ ਬਰਾਊਨਲੋਅ ਉਸ ਨੂੰ ਆਪਣੇ ਪੁੱਤਰ ਵਜੋਂ ਗੋਦ ਲੈਂਦਾ ਹੈ। ਉਸ ਨੂੰ ਅੱਧੀ ਜਾਇਦਾਦ ਵੀ ਦੁਆ ਦਿੰਦਾ ਹੈ। ਉਸ ਨੂੰ ਗਿਆਨ ਦਿੰਦਾ ਹੈ ਤਾਂ ਜੋ ਉਹ ਆਪਣੇ ਪਿਛੋਕੜ ਨੂੰ ਭੁੱਲ ਕੇ ਖ਼ੁਸ਼ੀ ਭਰੀ ਜ਼ਿੰਦਗੀ ਬਤੀਤ ਕਰ ਸਕੇ। ਇਸ ਨਾਵਲ ਰਾਹੀਂ ਪੰਜਾਬੀ ਪਾਠਕਾਂ ਨੂੰ ਇੰਗਲੈਂਡ ਦੇ ਕਾਇਦੇ ਕਾਨੂੰਨ, ਕਚਹਿਰੀਆਂ ਅਤੇ ਪੁਲਿਸ ਵਿਭਾਗ ਦੇ ਵਰਤਾਰੇ ਬਾਰੇ ਵੀ ਜਾਣਕਾਰੀ ਮਿਲਦੀ ਹੈ। ਢੁਕਵੇਂ ਚਿੱਤਰ ਮੁੱਖ ਪਾਤਰ ਬਾਰੇ ਚੰਗੀ ਜਾਣਕਾਰੀ ਦੇਣ ਵਿਚ ਸਹਾਈ ਹੁੰਦੇ ਹਨ। ਤਸੀਹੇ ਝੱਲਦਾ ਓਲੀਵਰ ਟਵਿਸਟ ਕਿਵੇਂ ਬਚਦਾ ਹੈ, ਇਹ ਇਸ ਨਾਵਲ ਤੋਂ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ। ਇੰਗਲੈਂਡ ਵਿਚ ਉਨ੍ਹਾਂ ਦਿਨਾਂ ਵਿਚ ਚੋਰੀ, ਠੱਗੀ ਤੇ ਕਤਲ ਕਿਵੇਂ ਹੁੰਦੇ ਸਨ, ਉਨ੍ਹਾਂ ਪ੍ਰਸਥਿਤੀਆਂ ਦਾ ਵੇਰਵਾ ਬੜਾ ਹੀ ਕੰਬਾਊ ਹੈ। ਦਾਰੂਖ਼ਾਨਿਆਂ ਦੇ ਦ੍ਰਿਸ਼ ਬੰਦੇ ਦੀ ਫ਼ਿਤਰਤ ਨੂੰ ਪੇਸ਼ ਕਰਦੇ ਹਨ। ਅਨੁਵਾਦਕ ਨੇ ਬੜੀ ਮਿਹਨਤ ਕਰ ਕੇ ਇਸ ਨਾਵਲ ਨੂੰ ਪਾਠਕਾਂ ਤੱਕ ਪਹੁੰਚਾਇਆ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਡਮਰੂ ਭੰਬੀਰੀਆਂ
ਲੇਖਕ : ਰਜਿੰਦਰ ਸਿੰਘ ਰਾਜਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 120 ਰੁਪਏ, ਸਫ਼ੇ : 32
ਸੰਪਰਕ : 98761-84954

ਉੱਘੇ ਬਾਲ ਕਵੀ ਰਜਿੰਦਰ ਸਿੰਘ ਰਾਜਨ ਦੀ ਕਿਤਾਬ 'ਡਮਰੂ ਭੰਬੀਰੀਆਂ' ਉਸ ਦੀ ਤੀਜੀ ਬਾਲ ਕਵਿਤਾਵਾਂ ਅਤੇ ਗੀਤਾਂ ਦੀ ਕਿਤਾਬ ਹੈ। 'ਡਮਰੂ ਭੰਬੀਰੀਆਂ' ਇਕ ਦਿਲ ਟੁੰਬਣ ਵਾਲੀ ਕਿਤਾਬ ਹੈ। ਕੁਝ ਕਵਿਤਾਵਾਂ ਜਿਵੇਂ ਹੱਥ ਕੁਤਾੜੀ ਪੈਰ ਕੁਤਾੜੀ, ਚੱਲ ਜਮੂਰੇ ਅਤੇ ਬੀਬਾ ਬਾਲਕ ਉਹ ਅਖਵਾਉਂਦਾ, ਵਿਚ ਆ ਰਿਹਾ ਦੁਹਰਾਅ ਬੱਚਿਆਂ ਲਈ ਮੂੰਹ ਜ਼ੁਬਾਨੀ ਯਾਦ ਕਰਨ ਲਈ ਸਹਾਇਕ ਸਿੱਧ ਹੁੰਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ-ਪੜ੍ਹਦਿਆਂ ਲੇਖਕ ਦੇ ਇਕ ਹੁਨਰਮੰਦ ਅਧਿਆਪਕ ਦੀ ਹੂ-ਬੂ-ਹੂ ਝਲਕ ਨਜ਼ਰ ਆਉਣ ਲੱਗ ਜਾਂਦੀ ਹੈ। ਇਸ ਕਿਤਾਬ ਵਿਚਲੀਆਂ ਕਵਿਤਾਵਾਂ ਬੱਚਿਆਂ ਦੇ ਮਨਪ੍ਰਚਾਵੇ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਨ। ਸਭ ਰਚਨਾਵਾਂ ਬੱਚਿਆਂ ਦਾ ਮਨੋਰੰਜਨ ਕਰਕੇ ਅਤੇ ਨਸੀਹਤਾਂ ਵੀ ਦਿੰਦੀਆਂ ਹਨ। ਲੇਖਕ ਦੀਆਂ ਜ਼ਿਆਦਾਤਰ ਰਚਨਾਵਾਂ ਪਸ਼ੂਆਂ ਅਤੇ ਪੰਛੀਆਂ ਬਾਰੇ ਹਨ ਜਿਵੇਂ ਕਿ ਕਾਂ, ਕਬੂਤਰ, ਘੁੱਗੀ, ਕੋਇਲ, ਬਾਂਦਰ ਅਤੇ ਚੂਹਾ ਆਦਿ। ਇਹ ਪੰਛੀ ਬੱਚਿਆਂ ਦੇ ਮਨ ਲੁਭਾਉਣੇ ਪੰਛੀ ਹਨ ਅਤੇ ਉਨ੍ਹਾਂ ਦੀ ਕਲਪਨਾ ਵਿਚ ਨਾਇਕ ਬਣ ਕੇ ਉੱਭਰਦੇ ਹਨ। ਸ਼ਾਇਦ ਇਸੇ ਕਰਕੇ ਲੇਖਕ ਨੇ ਇਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਦਾ ਸ਼ਿੰਗਾਰ ਬਣਾਇਆ ਹੈ। ਕਵਿਤਾ 'ਏਕੇ ਵਿਚ ਬਰਕਤ' ਬੱਚਿਆਂ ਨੂੰ ਵਾਤਾਵਰਨ ਨਾਲ ਜੋੜਦੀ ਨਜ਼ਰ ਆਉਂਦੀ ਹੈ। ਸਾਰੀਆਂ ਕਵਿਤਾਵਾਂ ਅਤੇ ਗੀਤ ਬੱਚਿਆਂ ਅੰਦਰ ਉਤਸੁਕਤਾ ਪੈਦਾ ਕਰਦੀਆਂ ਹਨ। ਮੈਂ ਖ਼ੁਦ ਗੀਤਕਾਰੀ ਦੇ ਖੇਤਰ ਵਿਚ ਵਿਚਰਿਆ ਹਾਂ, ਇਸ ਲਈ ਮੈਂ ਰਾਜਨ ਦੇ ਬਾਲ ਗੀਤਾਂ ਦੀ ਬਹੁਤ ਤਾਰੀਫ਼ ਕਰਦਾ ਹਾਂ। ਗੀਤਕਾਰੀ ਉਹ ਵੀ ਬਾਲ ਗੀਤ ਲਿਖਣੇ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਕਿਤਾਬ ਵਿਚ ਬੱਚਿਆਂ ਦੇ ਗਾਉਣ ਲਈ ਡਮਰੂ ਭੰਬੀਰੀਆਂ, ਆਟੇ ਦੀ ਚਿੜੀ, ਚਿੜੀ ਉੱਡ ਕਾਂ ਉੱਡ, ਰੱਖੀ ਐ ਪਤੰਗ, ਦਾਦੀ ਮੇਰੀ ਅਤੇ ਛੋਟੇ ਬੱਚੇ ਆਦਿ ਗੀਤ ਹਨ। ਇਕ ਨਮੂਨਾ :
-ਸਕੂਲ ਸਰਕਾਰੀ ਮਨ ਲਾ ਕੇ ਪੜ੍ਹੀਦਾ,
ਵਰਦੀ ਪੂਰੀ 'ਚ ਲਾਇਨ ਮੂਹਰੇ ਖੜੀਦਾ,
ਜਾਂ ਚੜੀਏ ਸਟੇਜ ਜਨ ਗਣ ਗਾਉਣ ਨੂੰ।
ਰੱਖੀ ਐ ਪਤੰਗ ਅੰਬਰੀਂ ਉਡਾਉਣ ਨੂੰ।
'ਟੋਨੀ ਅਤੇ ਜੀਤਾ' ਸ਼ਹਿਰੀ ਅਤੇ ਪੇਂਡੂ ਬੱਚਿਆਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੀ ਤਸਵੀਰ ਪੇਸ਼ ਕਰਦਾ ਬੜਾ ਪਿਆਰਾ ਬਾਲ ਦੋਗਾਣਾ ਕਿਤਾਬ ਦੇ ਅਖੀਰ ਵਿਚ ਹੈ। ਜਿਹੜਾ ਪੜ੍ਹਦੇ-ਪੜ੍ਹਦੇ ਪਾਠਕ ਨੂੰ ਮੂੰਹ ਵਿਚ ਗੁਣਗੁਣਾਉਣ ਲਗਾ ਦਿੰਦਾ ਹੈ। ਰਾਜਨ ਨੇ ਬਾਲ ਕਾਵਿਕਾਰੀ ਦੇ ਖੇਤਰ ਵਿਚ ਬੜਾ ਲੰਮਾ ਸਮਾਂ ਤੈਅ ਕਰਨਾ ਹੈ ਅਤੇ ਬਹੁਤ ਬੁਲੰਦੀਆਂ ਛੂਹਣੀਆਂ ਹਨ। ਇਹ ਮੇਰਾ ਨਿੱਜੀ ਤਜਰਬਾ ਦੱਸ ਰਿਹਾ ਹੈ ਕਿ ਰਜਿੰਦਰ ਸਿੰਘ ਰਾਜਨ ਬਾਲ ਲੇਖਕ ਦੇ ਤੌਰ 'ਤੇ ਆਉਣ ਵਾਲੇ ਕੱਲ੍ਹ ਦਾ ਨਾਮਵਰ ਲੇਖਕ ਕਹਾਵੇਗਾ। ਫਿਲਹਾਲ 'ਡਮਰੂ ਭੰਬੀਰੀਆਂ' ਦੀਆਂ ਮੁਬਾਰਕਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਕਾਕੋਰੀ ਕਾਂਡ ਦੇ ਸ਼ਹੀਦ
ਠਾਕੁਰ ਰੋਸ਼ਨ ਸਿੰਘ
ਲੇਖਕ : ਸੁਧੀਰ ਵਿਦਿਆਰਥੀ
ਅਨੁਵਾਦਕ : ਬਲਵੀਰ ਲੌਂਗੋਵਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 98153-17028

ਲੇਖਕ ਸੁਧੀਰ ਵਿਦਿਆਰਥੀ ਨੇ ਇਸ ਪੁਸਤਕ ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸ਼ਾਹਜਹਾਂਪੁਰ ਦੇ ਪਿੰਡ ਨਵਾਦਾ ਦੇ ਜੰਮਪਲ ਭਾਰਤ ਦੇ ਜਾਂਬਾਜ਼ ਸ਼ਹੀਦ ਠਾਕੁਰ ਰੋਸ਼ਨ ਸਿੰਘ ਦੀ ਕੁਰਬਾਨੀ ਸੰਬੰਧੀ ਇਤਿਹਾਸਕ ਤੱਥ ਭਰਪੂਰ ਵੇਰਵੇ ਦਰਜ ਕੀਤੇ ਹਨ। ਉਕਤ ਪਿੰਡ 'ਚ ਠਾਕੁਰ ਰੋਸ਼ਨ ਸਿੰਘ ਦਾ ਪਿਤਾ ਜੰਗੀ ਸਿੰਘ ਅਤੇ ਮਾਤਾ ਕੋਸ਼ਲਿਆ ਦੇ ਘਰ ਜਨਮ ਹੋਇਆ। ਉਸ ਦਾ ਪਿਛੋਕੜ ਸਾਮੰਤਵਾਦੀ ਠਾਕੁਰ ਪਰਿਵਾਰ ਵਾਲਾ ਸੀ। ਮਹਾਤਮਾ ਗਾਂਧੀ ਦੇ ਨਾਮਿਲਵਰਤਣ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕੁੱਦੇ ਸਨ।
ਜਦੋਂ ਨਾਮਿਲਵਰਤਣ ਅੰਦੋਲਨ ਪ੍ਰਭਾਵਹੀਣ ਹੋ ਗਿਆ, ਉਹ ਹਿੰਦੋਸਤਾਨ ਪਰਜਾਤੰਤਰ ਸੰਘ ਦੇ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ ਅਸ਼ਫਾਕ ਉੱਲਾ, ਰਾਜੇਂਦਰ ਨਾਥ ਲਹਿੜੀ ਨਾਲ ਜੁੜ ਗਏ। ਇਨ੍ਹਾਂ ਕ੍ਰਾਂਤੀਕਾਰੀਆਂ ਨੇ ਆਪਣੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਰੇਲ ਗੱਡੀ ਵਿਚੋਂ ਸਰਕਾਰੀ ਧਨ ਲੁੱਟ ਕੇ 9 ਅਗਸਤ, 1925 ਈ: ਦੀ ਰਾਤ ਨੂੰ ਕਾਕੋਰੀ ਕਾਂਡ ਨੂੰ ਅੰਜਾਮ ਦਿੱਤਾ ਸੀ। ਠਾਕੁਰ ਰੋਸ਼ਨ ਸਿੰਘ ਨੇ ਸਿੱਧੇ ਤੌਰ 'ਤੇ ਇਸ ਕਾਂਡ ਨੂੰ ਅੰਜਾਮ ਦੇਣ ਹਿੱਤ ਭਾਗ ਨਹੀਂ ਸੀ ਲਿਆ। ਕੇਵਲ ਕ੍ਰਾਂਤੀਕਾਰੀਆਂ ਨਾਲ ਜੁੜੇ ਹੋਣ ਕਰਕੇ ਅੰਗਰੇਜ਼ ਜੱਜ ਨੇ ਝੂਠੀਆਂ ਗਵਾਹੀਆਂ ਤੇ ਧੱਕੇ ਨਾਲ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ, ਜਿਸ ਕਰਕੇ ਉਨ੍ਹਾਂ ਨੂੰ 19 ਦਸੰਬਰ, 1927 ਨੂੰ ਅਲਾਹਾਬਾਦ ਜੇਲ੍ਹ ਵਿਚ ਫ਼ਾਂਸੀ ਦੇ ਦਿੱਤੀ ਗਈ ਸੀ। ਸ਼ਹੀਦੀ ਸਮੇਂ ਠਾਕੁਰ ਰੌਸ਼ਨ ਸਿੰਘ ਦੀ ਜ਼ਿੰਦਾਦਿਲੀ ਅਤੇ ਚੜ੍ਹਦੀ ਕਲਾ ਇਕ ਮਿਸਾਲ ਬਣ ਗਈ। ਲੇਖਕ ਸੁਧੀਰ ਵਿਦਿਆਰਥੀ ਨੇ ਇਹ ਜੀਵਨ ਰਚ ਕੇ ਸੱਚੇ-ਸੁੱਚੇ ਸ਼ਹੀਦ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਤਿਕੋਨ
ਜਗਰੂਪ ਸਿੰਘ ਦਾਤੇਵਾਸ ਦੀਆਂ ਸਾਰੀਆਂ ਕਹਾਣੀਆਂ
ਲੇਖਕ : ਦਰਸ਼ਨ ਸਿੰਘ ਗੋਪਾਲਪੁਰੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 195 ਰੁਪਏ, ਸਫ਼ੇ : 136
ਸੰਪਰਕ : 92177-31965

ਜਗਰੂਪ ਸਿੰਘ ਦਾਤੇਵਾਸ ਦੀਆਂ ਸਾਰੀਆਂ ਕਹਾਣੀਆਂ ਨੂੰ ਦਰਸ਼ਨ ਸਿੰਘ ਗੋਪਾਲਪੁਰੀ ਦੁਆਰਾ 'ਤਿਕੋਨ' ਸਿਰਲੇਖ ਅਧੀਨ ਸੰਪਾਦਿਤ ਕੀਤਾ ਗਿਆ ਹੈ। ਕਹਾਣੀਕਾਰ ਦੇ ਇਸ ਜਹਾਨ ਨੂੰ ਛੱਡ ਜਾਣ ਤੋਂ ਪਹਿਲਾਂ ਇਹ ਕਹਾਣੀਆਂ ਵੱਖ-ਵੱਖ ਮੈਗਜ਼ੀਨਾਂ ਵਿਚ ਛਪਦੀਆਂ ਰਹੀਆਂ ਹਨ ਅਤੇ ਬਹੁਤ ਮਕਬੂਲ ਹੁੰਦੀਆਂ ਰਹੀਆਂ ਸਨ। ਬਾਅਦ ਵਿਚ ਇਨ੍ਹਾਂ ਕਹਾਣੀਆਂ ਨੂੰ ਸੰਪਾਦਤ ਕਰ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤਾ ਗਿਆ। ਇਸ ਕਹਾਣੀ-ਸੰਗ੍ਰਹਿ ਵਿਚ 10 ਕਹਾਣੀਆਂ ਹਨ, ਜੋ ਉਸ ਦੇ ਜੀਵਨ ਅਨੁਭਵਾਂ ਅਤੇ ਸੋਚ ਦੀ ਤਰਜੁਮਾਨੀ ਕਰਦੀਆਂ ਹਨ। ਇਸ ਅਨੁਭਵ ਕਾਰਨ ਹੀ ਕਥਾਨਕ ਦੇ ਨਾਲ-ਨਾਲ ਸਿਰਜਣ ਪ੍ਰਕਿਰਿਆ 'ਤੇ ਵੀ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਮਾਲਵੇ ਇਲਾਕੇ ਦੇ ਪਿੰਡਾਂ ਵਿਚਲੇ ਅਨੁਭਵਾਂ ਨੂੰ ਬਿਰਤਾਂਤਕ ਦ੍ਰਿਸ਼ਾਂ ਅਤੇ ਪ੍ਰਤੀਕਾਂ ਵਿਚ ਪਰੋ ਕੇ ਕਹਾਣੀਕਾਰ ਸੁਯੋਗਤਾ ਨਾਲ ਕਹਾਣੀਆਂ ਦਾ ਰੂਪ ਦਿੰਦਾ ਹੈ। ਇਨ੍ਹਾਂ ਪਾਤਰਾਂ ਦੀ ਘਾੜਤ ਸਮੇਂ ਕਹਾਣੀਕਾਰ ਨੇ ਮਨੋਵਿਗਿਆਨਕ ਢੰਗ ਨਾਲ ਹਰ ਪਰਿਸਥਿਤੀ ਦਾ ਮੁਲਾਂਕਣ ਕੀਤਾ ਹੈ ਅਤੇ ਹਰ ਤਰ੍ਹਾਂ ਦੀਆਂ ਸੂਰਤੇਹਾਲ ਨੂੰ ਖ਼ੂਬਸੂਰਤੀ ਨਾਲ ਚਿਤਰਤ ਕੀਤਾ ਹੈ। ਇਹ ਵੀ ਸੱਚ ਹੈ ਕਿ ਇਨ੍ਹਾਂ ਕਹਾਣੀਆਂ ਵਿਚ ਜਦੋਂ ਵੀ ਕਹਾਣੀਕਾਰ ਦੁਆਰਾ ਇਨ੍ਹਾਂ ਕਹਾਣੀਆਂ ਵਿਚ ਔਰਤ ਪਾਤਰ ਘੜੇ ਗਏ ਹਨ ਤੇ ਉਹ ਨਾਰੀਵਾਦ ਸੋਚ ਅਧੀਨ ਸਮਾਜ ਦੀ ਆਵਾਜ਼ ਬਣ ਕੇ ਕਹਾਣੀਆਂ ਦੇ ਬਿਰਤਾਂਤ ਨੂੰ ਆਪਣੇ ਹੱਕ ਵਿਚ ਮੋੜਨ ਦੇ ਯੋਗ ਹਨ। 'ਅੰਟੀ ਨੇ ਠੀਕ ਕਿਹਾ ਸੀ' ਤੇ 'ਚੱਲ ਬਰਨਾਲੇ ਚੱਲੀਏ' ਅਜਿਹੇ ਹੀ ਇਸਤਰੀ ਪਾਤਰਾਂ ਨੂੰ ਸਥਾਪਤ ਕਰਦੀਆਂ ਕਹਾਣੀਆਂ ਹਨ। 'ਤਾਇਆ ਪੰਜਾਬ ਸਿੰਘ' ਵਿਚ ਲੇਖਕ ਨੇ ਯਥਾਰਥਕ ਢੰਗ ਨਾਲ ਪੰਜਾਬ ਦੇ ਹਾਲਾਤਾਂ ਨੂੰ ਮਾਨਵੀਕ੍ਰਿਤ ਕੀਤਾ ਹੈ ਅਤੇ ਇਸੇ ਲੜੀ ਅਧੀਨ ਕਹਾਣੀ 'ਵਾਪਸੀ' ਵਿਚ ਵੀ ਪੰਜਾਬ ਦੁਆਰਾ ਹੰਢਾਏ ਸੰਤਾਪਾਂ ਨੂੰ ਚਿਤਰਤ ਕੀਤਾ ਹੈ। ਸਮਾਜਿਕ ਤੇ ਆਰਥਿਕ ਹਾਲਾਤਾਂ ਦੇ ਪ੍ਰਭਾਵ ਅਧੀਨ ਉਸਰੇ ਬਿਰਤਾਂਤਾਂ ਵਿਚ ਘੜੇ ਦਲਿਤ ਪਾਤਰ ਵੀ ਇਸ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੇ ਹਨ। ਇਨ੍ਹਾਂ ਬਣਤਰਾਂ ਦੇ ਸਹਾਰੇ ਹੀ ਇਨ੍ਹਾਂ ਕਹਾਣੀਆਂ ਵਿਚ ਪੇਂਡੂ ਸਮਾਜ ਦੀ ਹਰ ਮੁਸੀਬਤ, ਹਰ ਸੰਤਾਪ ਪੇਸ਼ ਹੋਇਆ ਹੈ। ਮਨਬਚਨੀ, ਵਾਰਤਾਲਾਪੀ ਅਤੇ ਪਿਛਲਝਾਤ ਸ਼ੈਲੀਆਂ ਦੀ ਵਰਤੋਂ ਅਤੇ ਸਰਲ, ਸਾਦੀ ਅਤੇ ਸੰਜਮ ਭਰੀ ਭਾਸ਼ਾ ਦੀ ਵਰਤੋਂ ਕਹਾਣੀਕਾਰ ਦੀ ਉੱਤਮ ਕਲਾਕਾਰੀ ਦਾ ਨਮੂਨਾ ਬਣਦੀਆਂ ਹਨ ਅਤੇ ਇਸ ਮਹਾਨ ਕਹਾਣੀਕਾਰ ਨੂੰ ਹਮੇਸ਼ਾ ਲਈ ਸਾਹਿਤ ਜਗਤ ਵਿਚ ਅਮਰ ਕਰ ਜਾਂਦੀਆਂ ਹਨ।

-ਡਾ. ਸੰਦੀਪ ਰਾਣਾ,
ਮੋਬਾਈਲ : 98728-87551

ਜ਼ਿੰਦਗੀ ਦੇ ਰਾਹ ਦਸੇਰੇ
ਲੇਖਕ : ਨਰਿੰਦਰ ਸਿੰਘ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 360
ਸੰਪਰਕ : 98146-62260

ਵਾਰਤਕਕਾਰ ਨਰਿੰਦਰ ਸਿੰਘ ਤੀਸਰੀ ਪੁਸਤਕ 'ਜ਼ਿੰਦਗੀ ਦੇ ਰਾਹ ਦਸੇਰੇ' ਵੱਡਅਕਾਰੀ ਪੁਸਤਕ ਵਿਚਲੇ 56 ਨਿਬੰਧਾਂ ਰਾਹੀਂ ਪੰਜਾਬੀ ਪਾਠਕਾਂ ਦੇ ਰੂਬਰੂ ਹੋਇਆ ਹੈ। ਸਮਕਾਲ ਦੀਆਂ ਪਰਿਸਥਿਤੀਆਂ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋ ਕੇ ਲੇਖਕ ਵਲੋਂ ਇਨ੍ਹਾਂ ਨਿਬੰਧਾਂ ਦੀ ਸਿਰਜਣਾ ਕੀਤੀ ਗਈ ਹੈ। ਲੇਖਕ ਦੀ ਘੋਖਵੀਂ ਨਜ਼ਰ, ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਅਤੇ ਮਨੁੱਖੀ ਵਰਤਾਰੇ ਨੂੰ ਪਰਖਦੀ ਹੈ, ਵਿਸ਼ਲੇਸ਼ਿਤ ਕਰਦੀ ਹੈ, ਉਸ ਦੇ ਮੂਲ ਕਾਰਨਾਂ ਨੂੰ ਲੱਭਦੀ ਹੈ। ਉਸ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਦੀ ਹੈ ਅਤੇ ਹੱਲ ਵੱਲ ਵੀ ਇਸ਼ਾਰਾ ਕਰਦੀ ਹੈ। ਪਾਠਕਾਂ ਨੂੰ ਜਾਗਰੂਕ ਕਰਦੀ ਹੈ। ਇਕ ਨਿਰੋਏ, ਸਵੱਛ ਅਤੇ ਸਾਫ਼-ਸੁਥਰੇ ਤਰੱਕੀ ਪਸੰਦ ਸਮਾਜ ਦੀ ਸਿਰਜਣਾ ਲਈ ਪ੍ਰੇਰਿਦੀ ਹੈ। ਇਨ੍ਹਾਂ ਨਿਬੰਧਾਂ ਵਿਚ ਲੇਖਕ ਨੇ ਮੁੱਖ ਤੌਰ 'ਤੇ ਆਜ਼ਾਦੀ ਮਗਰੋਂ ਸਿਰਫ਼ ਪੰਜਾਬ ਨੂੰ ਹੀ ਨਹੀਂ, ਸਗੋਂ ਸਮੁੱਚੇ ਮੁਲਕ ਤੋਂ ਵੀ ਪਾਰ ਜਾ ਕੇ ਕੁੱਲ ਆਲਮੀ ਪੱਧਰ 'ਤੇ ਦਰਪੇਸ਼ ਸਮੱਸਿਆਵਾਂ ਦੀ ਨਾ ਸਿਰਫ਼ ਨਿਸ਼ਾਨਦੇਹੀ ਕੀਤੀ ਹੈ, ਸਗੋਂ ਉਨ੍ਹਾਂ ਦੀ ਤਰਤੀਬਵਾਰ, ਅੰਕੜਿਆਂ ਸਹਿਤ, ਪੜਾਅ-ਦਰ-ਪੜਾਅ ਪੇਸ਼ਕਾਰੀ ਵੀ ਕੀਤੀ ਹੈ। ਸਿੱਖਿਆ ਜਗਤ ਵਿਚਲਾ ਨਿਘਾਰ, ਦਿਨ-ਬ-ਦਿਨ ਅਜਗਰ ਵਾਂਗ ਮੂੰਹ ਖੋਲ੍ਹਦੀ ਮਹਿੰਗਾਈ, ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ੇ, ਲੁੱਟ-ਖੋਹ, ਕਤਲੋਗ਼ਾਰਤ, ਬਜ਼ੁਰਗਾਂ ਦੀ ਬੇਹੁਰਮਤੀ, ਵਾਤਾਵਰਨ ਵਿਚਲੇ ਹਵਾ, ਪਾਣੀ, ਜੰਗਲ, ਧਰਤੀ ਦਾ ਵਧ ਰਿਹਾ ਪ੍ਰਦੂਸ਼ਣ, ਪੈਸੇ ਲਈ ਅੰਨ੍ਹੀ ਦੌੜ, ਪਦਾਰਥਵਾਦੀ ਸੋਚ ਕਰਕੇ ਟੁੱਟ ਰਹੇ ਰਿਸ਼ਤੇ, ਸਾਂਝੇ ਪਰਿਵਾਰਾਂ ਦੀ ਅਣਹੋਂਦ, ਅਮੀਰ-ਗ਼ਰੀਬ ਵਿਚਲਾ ਨਿਰੰਤਰ ਵਧਦਾ ਪਾੜਾ, ਨਵੀਂ ਪੀੜ੍ਹੀ ਦੀ ਵਿਦੇਸ਼ਾਂ ਵੱਲ ਦੌੜ, ਮਗਰੋਂ ਮਾਪਿਆਂ ਦਾ ਇਕੱਲਤਾ ਭਰਿਆ ਤਰਾਸਦਿਕ ਜੀਵਨ, ਲੜਕੇ-ਲੜਕੀ ਪ੍ਰਤੀ ਅਸੰਤੁਲਿਤ ਸੋਚ, ਕਰਜ਼ਿਆਂ ਦੇ ਮਾਰੇ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ, ਆਪਣੀਆਂ ਪੁਸਤਕਾਂ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾਂਦੀ ਅਜੋਕੀ ਪੀੜ੍ਹੀ, ਸੜਕਾਂ 'ਤੇ ਲਾਵਾਰਿਸ ਪਸ਼ੂਆਂ ਕਰਕੇ ਹੁੰਦੇ ਹਾਦਸੇ, ਜੀਵਨ-ਜਾਚ ਦੀ ਕਮੀ, ਜ਼ਿੰਦਗੀ ਦੇ ਸੰਘਰਸ਼ ਤੋਂ ਪਾਸਾ ਵੱਟਦਾ ਮਨੁੱਖ, ਔਰਤ ਦੇ ਅਸਤੀਤਵ ਨੂੰ ਖ਼ਤਰਾ, ਮਾਵਾਂ-ਧੀਆਂ ਦੀ ਮਹੱਤਤਾ, ਸੁੰਗੜਦਾ ਉਸਾਰੂ ਮਾਹੌਲ, ਬੱਚਿਆਂ ਦਾ ਮੋਬਾਈਲ, ਇੰਟਰਨੈੱਟ ਅਤੇ ਡਰੱਗਜ਼ ਵੱਲ ਰੁਝਾਨ, ਸਿਹਤ ਪ੍ਰਤੀ ਬੇਮੁਕਤਾ, ਰਿਸ਼ਤਿਆਂ ਦੀ ਤਿੜਕਣ-ਅਨੁਸ਼ਾਸਨ ਦੀ ਘਾਟ, ਪਲਾਸਟਿਕ, ਪੋਲੀਥੀਨ ਦੇ ਨੁਕਸਾਨ ਆਦਿ ਦੀ ਗੱਲ ਕੀ ਲੇਖਕ ਨੇ ਆਮ ਮਨੁੱਖ ਦੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਅਜਿਹਾ ਪੱਖ ਤੇ ਸਰੋਕਾਰ ਹੋਵੇਗਾ, ਜਿਹੜਾ ਉਸ ਦੀ ਕਲਮ ਤੋਂ ਅਣਛੋਹਿਆ ਰਹਿ ਗਿਆ ਹੋਵੇਗਾ, ਜਿਸ ਨੂੰ ਆਪਣੇ ਨਿਬੰਧਾਂ ਦਾ ਵਿਸ਼ਾ ਨਹੀਂ ਬਣਾਇਆ ਹੈ। ਲੇਖਕ ਦੀ ਭਾਸ਼ਾ 'ਤੇ ਪੁਖ਼ਤਾ ਪਕੜ ਹੈ। ਢੁਕਵੇਂ ਮੁਹਾਵਰੇ ਤੇ ਅਖ਼ਾਣਾਂ ਦੀ ਵਰਤੋਂ, ਸਰਲਤਾ, ਸਹਿਜਤਾ ਅਤੇ ਸਪੱਸ਼ਟਤਾ ਇਨ੍ਹਾਂ ਨਿਬੰਧਾਂ ਨੂੰ ਪੜ੍ਹਨ ਤੇ ਸਮਝਣਯੋਗ ਬਣਾਉਂਦੀ ਹੈ। ਪੁਸਤਕ 'ਜ਼ਿੰਦਗੀ ਦੀ ਰਾਹ ਦਸੇਰੇ' ਸੱਚਮੁੱਚ ਆਪਣੇ ਸਿਰਲੇਖ ਮੁਤਾਬਿਕ ਸਾਰਥਕ ਸੰਦੇਸ਼ ਦੇਣ ਦੇ ਸਮਰੱਥ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

23-04-2023

ਪ੍ਰਗਟ ਭਏ ਗੁਰੂ ਤੇਗ਼ ਬਹਾਦਰ
ਲੇਖਕ : ਭੁਪਿੰਦਰ ਸਿੰਘ
ਪ੍ਰਕਾਸ਼ਕ : ਗੁ: ਰਾਮਪੁਰ ਖੇੜਾ ਹੁਸ਼ਿਆਰਪੁਰ
ਸਫ਼ੇ : 440
ਸੰਪਰਕ : 98767-60334


ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਹੀ ਲਾਸਾਨੀ ਤੇ ਪਰਉਪਕਾਰੀ ਹੈ। ਉਨ੍ਹਾਂ ਇੰਤਹਾ ਦੀਆਂ ਐਸੀਆਂ ਪੈੜਾਂ ਸਿਰਜੀਆਂ ਜੋ ਨਾ ਕੋਈ ਪਹਿਲਾਂ ਸਿਰਜ ਸਕਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਅਜਿਹਾ ਸੰਭਵ ਹੈ। ਦੁਨੀਆ ਭਰ ਦੇ ਇਤਿਹਾਸ ਵਿਚ ਧੀਰਜ ਦੀ ਇੰਤਹਾ, ਹੁਕਮ ਮੰਨਣ ਦੀ ਇੰਤਹਾ, ਤਪ ਦੀ ਇੰਤਹਾ, ਕੁਰਬਾਨੀ ਦੀ ਇੰਤਹਾ। ਖ਼ੁਦਗਰਜ਼ੀ ਕਾਲ ਵਿਚ ਪਰਹਿਤ, ਪਰਪੱਤ, ਪਰਧਰਮ ਨੂੰ ਬਚਾਉਣ ਹਿਤ ਕੁਰਬਾਨੀ ਦੀ ਇੰਤਹਾ ਕਰਦਿਆਂ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਇਤਿਹਾਸ ਨੂੰ ਇਕ ਨਵਾਂ ਨਿਵੇਕਲਾ ਮੋੜ ਦਿੱਤਾ। ਇਹ ਕਿਤਾਬ ਨੌਵੇਂ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਭਾਈ ਮਤੀਦਾਸ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਦੀ ਸਾਚੀ ਪ੍ਰੀਤਿ ਨੂੰ ਸਮਰਪਿਤ ਕੀਤੀ ਗਈ ਹੈ। ਹਥਲੀ ਪੁਸਤਕ ਵਿਚ ਲੇਖਕ ਨੇ 436 ਸਫ਼ਿਆਂ ਵਿਚ 216 ਦੇ ਲਗਭਗ ਉਪ ਸਿਰਲੇਖਾਂ ਹੇਠ ਪਰਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤੇ ਸਮਾਜਿਕ, ਧਾਰਮਿਕ, ਰਾਜਨੀਤਕ ਸਰੋਕਾਰਾਂ ਨੂੰ ਅੰਕਿਤ ਕੀਤਾ ਹੈ। ਨੌਵੇਂ ਪਾਤਿਸ਼ਾਹ ਨੇ ਆਪਣੇ ਜੀਵਨ ਕਾਲ ਵਿਚ ਜਿੱਥੇ ਤਿਆਗ ਵੈਰਾਗ, ਸੰਜਮ, ਸਹਿਜ ਟਿਕਾਓ, ਧੀਰਜ ਅਤੇ ਸੱਚ ਦੀਆਂ ਸਿਖਰਾਂ ਨੂੰ ਛੂਹਿਆ ਹੈ ਉਥੇ
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ॥
ਇਸ ਕਿਤਾਬ ਦਾ ਮੁੱਖਬੰਦ ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਨੇ ਬਹੁਤ ਖ਼ੂਬਸੂਰਤ ਲਿਖਿਆ ਹੈ। ਉਨ੍ਹਾਂ ਵਲੋਂ ਗੁਰਮਤਿ ਇਤਿਹਾਸ ਦੀਆਂ ਖੋਜ ਭਰਪੂਰ ਸਿਧਾਂਤਕ ਪੁਸਤਕਾਂ ਨੂੰ ਛਾਪ ਕੇ ਸ਼ਬਦ ਦੀ ਪ੍ਰਸ਼ਾਦਿ ਵਜੋਂ ਸੇਵਾ ਕੀਤੀ ਜਾ ਰਹੀ ਹੈ। ਇਸ ਪਰਉਪਕਾਰੀ ਕਾਰਜ ਦੀ ਸਹੀ ਦਿਸ਼ਾ ਤੇ ਸਹੀ ਅਰਥਾਂ ਵਿਚ ਸੇਵਾ ਹੈ। ਲੇਖਕ ਨੇ ਸੰਖੇਪ ਤੇ ਭਾਵਪੂਰਤ ਵਿਧੀ ਅਪਨਾਉਂਦਿਆਂ ਸਾਖੀ ਸਾਹਿਤ ਦਰਪਨ ਸਾਧ ਭਾਸ਼ਾ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਬਿਰਤਾਂਤਕ ਸਾਖੀਆਂ ਇਤਿਹਾਸਕ ਅਤੇ ਧਾਰਮਿਕ ਪ੍ਰਤੀਬਿੰਬ ਸਿਰਜਦੀਆਂ ਹਨ। ਲੇਖਕ ਨੇ ਬੜੀ ਸੂਝ ਵਰਤਦਿਆਂ ਇਤਿਹਾਸ ਦੀਆਂ ਘਟਨਾਵਾਂ ਦੀਆਂ ਤਰੀਖਾਂ ਦਾ ਜ਼ਿਕਰ ਬਹੁਤ ਘੱਟ ਕੇਵਲ ਲੋੜ ਅਨੁਸਾਰ ਹੀ ਕੀਤਾ ਹੈ। ਗੁਰੂ ਜੀ ਦੇ ਪਾਵਨ ਸ਼ਬਦਾਂ/ਸਲੋਕਾਂ ਦਾ ਆਸਰਾ ਹੀ ਲਿਆ ਹੈ ਅਤੇ ਗੁਰਉਪਦੇਸ਼ ਨੂੰ ਦ੍ਰਿੜ੍ਹ ਕਰਾਉਣ ਦਾ ਯਤਨ ਜੁਟਾਇਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਨੂੰ ਦ੍ਰਿਸ਼ਟਾਂਤ ਸਾਹਿਤ ਪੇਸ਼ ਕੀਤਾ ਹੈ। ਗੁਰੂ ਸਾਹਿਬ ਦੇ ਸਲੋਕਾਂ ਤੇ ਜੀਵਨ ਨੂੰ ਭਲੀ-ਭਾਂਤ ਪਾਠਕਾਂ ਲਈ ਸਹਿਜਮਈ ਚਿਤਰਿਆ ਹੈ। ਪ੍ਰਚਾਰਕ ਜਨਾਂ ਨੂੰ ਇਸ ਪੁਸਤਕ ਨੂੰ ਵਾਚਣ ਲਈ ਸੁਨੇਹਾ ਦਿੰਦਾ ਹਾਂ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਡਾ. ਭੀਮ ਰਾਵ ਰਾਮ ਜੀ ਅੰਬੇਡਕਰ ਜੀਵਨ ਦੇ ਕੁਝ ਆਖ਼ਰੀ ਸਾਲ
ਲੇਖਕ : ਨਾਨਕ ਚੰਦ ਰੱਤੂ
ਅਨੁਵਾਦਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 308
ਸੰਪਰਕ : 99588-31357


'ਡਾ. ਭੀਮ ਰਾਵ ਰਾਮ ਜੀ ਅੰਬੇਡਕਰ : ਜੀਵਨ ਦੇ ਕੁਝ ਆਖ਼ਰੀ ਸਾਲ' ਪੁਸਤਕ ਦੇ ਕੁੱਲ 28 ਅਧਿਆਇ ਹਨ ਅਤੇ ਇਨ੍ਹਾਂ 28 ਅਧਿਆਵਾਂ ਵਿਚ ਭਾਰਤੀ ਸੰਵਿਧਾਨ ਦੇ ਕਰਤਾ, ਡਾ. ਭੀਮ ਰਾਵ ਦੇ ਜੀਵਨ ਦੀਆਂ ਸਰਗਰਮੀਆਂ, ਪ੍ਰਾਪਤੀਆਂ ਅਤੇ ਅੰਤਿਮ ਸਮੇਂ ਦੇ ਹਾਲਾਤ ਦਰਜ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਸੰਵਿਧਾਨ ਸਭਾ ਵਿਚ ਜਾਂ ਹਿੰਦੂ ਸਮਾਜ ਦੇ ਸੁਧਾਰ ਸੰਬੰਧੀ ਕੀਤੇ ਕਾਰਜਾਂ ਦਾ ਜ਼ਿਕਰ ਹੈ। ਇਸੇ ਕਾਲ ਵਿਚ ਡਾ. ਭੀਮ ਜੀ ਰਾਵ ਵਲੋਂ ਨਿਰਮਾਣਿਆਂ ਭਾਰਤੀ-ਸੰਵਿਧਾਨ ਜਦ, ਸੰਵਿਧਾਨ ਸਭਾ ਵਲੋਂ ਪ੍ਰਵਾਣਿਤ ਕਰ ਲਿਆ, ਇਹ ਆਪ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਆਪ ਦੇ ਇਹ ਕਾਰਜ ਅਜਿਹੇ ਸਨ, ਜਿਨ੍ਹਾਂ ਨੂੰ ਅਸੀਂ ਆਪ ਨੂੰ, ਹਮੇਸ਼ਾ ਲਈ ਸੰਵਿਧਾਨ ਦੇ ਨਿਰਮਾਤਾ ਕਹਿਣ, ਹੋਣ ਅਤੇ ਸਮਝਣ ਦਾ ਮਾਣ ਪ੍ਰਾਪਤ ਕਰਦੇ ਰਹਾਂਗੇ।
ਆਪ ਦੀ ਵਿਦਵਤਾ, ਪ੍ਰਤਿਭਾ ਅਤੇ ਯੋਗਤਾ ਦਾ ਕੋਈ ਮੁੱਲ ਅਦਾ ਨਹੀਂ ਸੀ ਕਰ ਸਕਦਾ, ਫਿਰ ਵੀ ਆਪ ਦੇਸ਼ ਸਮਾਜ ਅਤੇ ਅਨੁਸੂਚਿਤ ਜਾਤੀ ਵਰਗ ਲਈ, ਆਪਣੇ ਸੰਵਿਧਾਨ ਨਿਰਮਾਣ ਕਰ ਗਏ, ਲੋਕਾਂ, ਸਮਾਜ-ਸੇਵੀਆਂ ਅਤੇ ਅਨੁਸੂਚਿਤ ਜਾਤੀ-ਸੰਘ ਦਾ ਨਿਰਮਾਣ ਕਰ ਕੇ, 1952 ਈ. ਵਿਚ, ਪਹਿਲੀਆਂ ਆਮ ਚੋਣਾਂ ਵਿਚ ਭਾਗ ਲੈਣ ਲਈ ਅਨੁਸੂਚਿਤ ਜਾਤੀ ਸੰਘ ਦਾ ਨਿਰਮਾਣ ਕੀਤਾ। ਡਾ. ਅੰਬੇਡਕਰ ਨੇ ਭਾਰਤ-ਪ੍ਰਚਾਰ ਕੀਤਾ, ਆਪ ਉੱਤਰੀ ਬੰਬਈ ਦੀ ਰਾਖਵੀਂ ਸੀਟ ਤੋਂ ਚੋਣ ਹਾਰ ਗਏ। 1954 ਵਿਚ ਲੋਕ ਸਭਾ ਦੀ ਚੋਣ ਲਈ ਆਪ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸਰਗਰਮੀਆਂ ਤੋਂ ਸਾਫ਼ ਸਪੱਸ਼ਟ ਹੁੰਦਾ ਹੈ ਕਿ ਆਪ ਹਿੰਮਤ ਹਾਰਨ ਵਾਲੀ ਸ਼ਖ਼ਸੀਅਤ ਨਹੀਂ ਸਨ। ਅਸੂਲਾਂ ਦੇ ਪਰਪੱਕ ਨੇਤਾ ਸਨ।
1951 ਤੋਂ ਪਿਛੋਂ ਆਪ ਦੀਆਂ ਸਰਗਰਮੀਆਂ ਨਿਰੰਤਰ ਜਾਰੀ ਹੀ ਰਹਿੰਦੀਆਂ ਸਨ। ਆਪ ਨੇ ਪੰਜਾਬ ਦਾ ਦੌਰਾ ਕੀਤਾ। ਆਪ ਦੀ ਯੋਗਤਾ, ਪ੍ਰਤਿਭਾ ਅਤੇ ਲੋਕ ਸੇਵਾ, ਉਦੇਸ਼ਾਂ ਸਦਕੇ, ਆਪ ਨੂੰ ਕੋਲੰਬੀਆ ਯੂਨੀਵਰਸਿਟੀ ਵਲੋਂ 'ਡਾਕਟਰ ਆਫ਼ ਲਾਅ' ਦੀ 'ਮਾਨਦ ਉਪਾਧੀ' ਭੇਟ ਕੀਤੀ ਗਈ। ਇਹ ਉਪਰੋਕਤ ਵਸਤੂ ਵੇਰਵੇ, ਆਪ ਦੇ ਜੀਵਨ ਦੇ ਮੁੱਖ ਉਦੇਸ਼ ਦੀਆਂ ਪ੍ਰਾਪਤੀਆਂ ਦਾ ਮੁੱਖ ਹਿੱਸਾ ਹਨ।
ਆਪ ਦੀ ਇੱਛਾ ਸੀ ਕਿ ਉਨ੍ਹਾਂ ਦੀਆਂ ਪੁਸਤਕਾਂ, ਉਨ੍ਹਾਂ ਦੇ ਜੀਵਨ ਕਾਲ ਵਿਚ ਪ੍ਰਕਾਸ਼ਿਤ ਹੋ ਜਾਣ। ਫਿਰ ਵੀ ਆਪ ਦੇ ਆਖ਼ਰੀ ਦੋ ਭਾਸ਼ਨ ਅਤੇ ਬੁੱਧ ਧਰਮ ਧਾਰਨ ਕਰਨ ਦੀ ਇੱਛਾ, ਆਪਣੇ ਜੀਵਨ ਦੇ ਟੀਚੇ ਹਾਸਿਲ ਕਰ ਕੇ, ਆਪ ਨੇ ਕਾਠਮੰਡੂ ਦੀ ਯਾਤਰਾ, ਬਨਾਰਸ ਯਾਤਰਾ, ਬੋਧ ਕਲਾ, ਵੀਥਿਕਾ ਦੀਆਂ ਯਾਤਰਾਵਾਂ ਕੀਤੀਆਂ। ਇਸ ਮਹਾਨ ਅਛੂਤ ਦਾ ਦਿਹਾਂਤ 5 ਦਸੰਬਰ 1956 ਈ: ਨੂੰ ਜਦ ਹੋਇਆ ਤੇ ਦੇਸ਼, ਸੰਸਾਰ ਨੇ ਸੁਣਿਆ ਤਾਂ ਸਾਰੇ ਸੰਸਾਰ ਦੇ ਆਲੇ-ਦੁਆਲੇ ਸ਼ੋਕ ਦੀ ਲਹਿਰ ਛਾ ਗਈ ਸੀ। ਇਹ ਪੁਸਤਕ ਮੂਲ ਰੂਪ ਵਿਚ ਸ੍ਰੀ ਨਾਨਕ ਚੰਦ ਰੱਤੂ ਨੇ ਲਿਖੀ ਹੈ, ਜਿਸ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਡਾ. ਬਲਦੇਵ ਸਿੰਘ ਬੱਦਨ ਹੋਰਾਂ ਕੀਤਾ ਹੈ।
ਇਸ ਪੁਸਤਕ ਦੀ ਸਮੱਗਰੀ, ਮੂਲ ਪੰਜਾਬੀ ਭਾਸ਼ਾ ਦੀ ਸਾਰਥਕ ਭਾਸ਼ਾ ਵਿਚ ਪ੍ਰਕਾਸ਼ਤ ਹੋਈ ਪੁਸਤਕ ਹੀ ਜਾਪਦੀ ਹੈ। ਅਜਿਹਾ ਸਾਰਥਕ ਸੁੰਦਰ, ਬਾਮਕਸਦ ਅਨੁਵਾਦ ਕਰਨਾ ਅਤਿ ਮੁਸ਼ਕਿਲ ਹੁੰਦਾ ਹੈ। ਅਨੁਵਾਦਕ ਵਧਾਈ ਦਾ ਹੱਕਦਾਰ ਹੈ, ਇਸ ਲਈ ਵੀ ਕਿ ਇਸ ਪੁਸਤਕ ਦੀ ਚੋਣ, ਪੰਜਾਬੀ ਪਾਠਕਾਂ ਲਈ ਗਿਆਨਵਰਧਕ ਹੈ।


-ਡਾ. ਅਮਰ ਕੋਮਲ
ਮੋਬਾਈਲ : 84378-73565


ਕਿੱਸਾਕਾਰ ਵੈਦ ਇੰਦਰ ਸਿੰਘ

ਲੇਖਿਕਾ : ਡਾ. ਖੁਸ਼ਨਸੀਬ ਗੁਰਬਖ਼ਸ਼ੀਸ਼ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 093162-70721


ਲੋਕ ਕਵੀ ਵੈਦ ਇੰਦਰ ਸਿੰਘ ਨੇ 'ਸੂਪਨਖਾ ਨੀਲਾ ਤੇ ਜਾਨਕੀ ਹਰਨ ਪ੍ਰਸੰਗ' ਅਤੇ 'ਸੋਹਣੀ ਮਹੀਂਵਾਲ' ਦੇ ਕਿੱਸੇ ਲਿਖੇ ਸਨ। ਉਸ ਨੇ 'ਨਲ ਦਮਯੰਤੀ' ਦਾ ਕਿੱਸਾ ਅਤੇ ਕਈ ਫੁੱਟਕਲ ਵਿਸ਼ਿਆਂ 'ਤੇ ਵੀ ਕਵੀਸ਼ਰੀ ਲਿਖੀ ਅਤੇ ਗਾਈ ਸੀ। ਇਸ ਪੁਸਤਕ ਵਿਚ ਲੇਖਿਕਾ ਨੇ ਵੈਦ ਇੰਦਰ ਸਿੰਘ ਦੇ ਜੀਵਨ ਅਤੇ ਲਿਖਤਾਂ ਦੀ ਜਾਣਕਾਰੀ ਦਿੰਦਿਆਂ 'ਇਸ਼ਕ ਝਨਾਂ ਦਾ' ਅਤੇ 'ਪ੍ਰਸੰਗ ਜਾਨਕੀ ਹਰਨ' ਦੇ ਆਧਾਰ 'ਤੇ ਅਧਿਐਨ ਪੇਸ਼ ਕੀਤਾ ਹੈ। ਪੁਸਤਕ ਦੇ ਪੰਜ ਅਧਿਆਇਆਂ ਵਿਚੋਂ ਪਹਿਲੇ ਅਧਿਆਏ ਵਿਚ ਕਵੀ ਦੇ ਜੀਵਨ ਬਿਰਤਾਂਤ, ਦੂਜੇ ਅਧਿਆਏ ਵਿਚ ਕਿੱਸਾ ਸੂਪਨਖਾ ਤੇ ਜਾਨਕੀ ਹਰਨ, ਤੀਜੇ ਅਧਿਆਏ ਵਿਚ ਸੋਹਣੀ ਮਹੀਂਵਾਲ ਦੇ 'ਇਸ਼ਕ ਝਨਾਂ' ਦਾ ਕਿੱਸਾ, ਚੌਥੇ ਕਾਂਡ ਵਿਚ ਕਿੱਸੇ ਦੀ ਕਾਵਿ ਕਲਾ ਅਤੇ ਪੰਜਵੇਂ ਕਾਂਡ ਵਿਚ ਕਿੱਸਾ ਸਾਹਿਤ ਵਿਚ ਇਸ਼ਕ ਝਨਾਂ ਦੇ ਸਥਾਨ ਦਾ ਵੇਰਵਾ ਦਿੱਤਾ ਗਿਆ ਹੈ। ਆਓ ਕੁਝ ਝਲਕਾਂ ਮਾਣਦੇ ਹਾਂ :
ਰਾਵਣ ਸੁਣਾਵੇ ਰਾਮਚੰਦ ਰਾਣੀ ਨੂੰ
ਮੇਰੇ ਮੂਹਰੇ ਦੇਵਤੇ ਭਰਨ ਪਾਣੀ ਨੂੰ।
-ਸੂਫ਼ਨਖਾ ਕੋ ਆਖਦੇ ਦਸਰਥ ਜੀ ਕੇ ਲਾਲ।
ਜੇ ਸ਼ਾਦੀ ਕੀ ਲੋੜ ਹੈ ਕਰ ਲੈ ਲਛਮਣ ਨਾਲ।
-ਨਦੀ ਦੇ ਕਿਨਾਰੇ ਖੜ੍ਹੀ ਸਾਰੰਗ, ਸਾਰੰਗ ਫੜੀ
ਸਾਰੰਗ ਚਲਤ ਨੈਣੋ, ਸਾਰੰਗ ਜਿਉਂ ਬਰਸਦਾ।
ਪਿੱਛੇ ਮੁੜ ਜਾਵੇ ਤਾਂ ਪ੍ਰੇਮ ਨੂੰ ਕਲੰਕ ਲੱਗੇ
ਸਿਰ ਧਰ ਤਲੀ, ਮਿਲੇ ਮਾਲਕ ਅਰਸ਼ ਦਾ।
ਵੈਦ ਜੀ ਦੇ ਜੀਵਨ ਅਤੇ ਕਲਾ 'ਤੇ ਝਾਤ ਪੁਆਉਂਦੀ ਇਸ ਪੁਸਤਕ ਦਾ ਹਾਰਦਿਕ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਮੈਂ ਮੁਨਕਰ ਹਾਂ

ਲੇਖਕ : ਡਾ. ਜਸਬੀਰ ਕੇਸਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 124
ਸੰਪਰਕ : 95010-01396


ਡਾ. ਜਸਬੀਰ ਕੇਸਰ ਦਾ ਸਾਹਿਤ ਅਤੇ ਆਲੋਚਨਾਤਮਿਕ ਖੇਤਰ ਵਿਚ ਵਿਸ਼ੇਸ਼ ਸਥਾਨ ਹੈ। ਆਲੋਚਨਾਤਮਿਕ ਖੇਤਰ ਦਾ ਮਾਹਰ ਹੋਣ ਕਰਕੇ ਸਾਹਿਤਕ ਕਿਰਤਾਂ ਵਿਚ ਆਲੋਚਨਾਤਮਿਕ ਦ੍ਰਿਸ਼ਟੀ ਸੁਤੇ ਸਿੱਧ ਹੀ ਆ ਗਈ ਹੈ। ਕੇਸਰ ਦੇ ਲੇਖ ਸੰਗ੍ਰਹਿ 'ਮੈਂ ਮੁਨਕਰ ਹਾਂ' ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਅਧੀਨ 7 ਲੇਖ ਨਾਨਕ ਸ਼ਾਇਰ ਏਵ ਕਹਤੁ ਹੈ, ਪੰਜਾਬੀ ਕਵਿਤਾ ਵਿਚ ਕਿਸਾਨੀ, ਪੰਜਾਬੀ ਕਵਿਤਾ ਵਿਚ ਦੇਹਾਤੀ ਔਰਤ, ਮਸਲਾ ਆਜ਼ਾਦ ਔਰਤ ਦਾ ਕਿ ਆਜ਼ਾਦ ਮਨੁੱਖ ਦਾ, ਡਾ. ਅਤਰ ਸਿੰਘ ਦੀ ਕਵਿਤਾ, ਮੈਂ ਮੁਨਕਰ ਹਾਂ ਲਾਲ ਸਿੰਘ ਦਿਲ, ਜਦੋਂ ਸੰਤੋਖ ਸਿੰਘ ਧੀਰ ਮੇਰੇ ਨਾਲ ਨਾਰਾਜ਼ ਹੋਏ। ਦੂਜੇ ਭਾਗ ਅਧੀਨ 12 ਲੇਖ ਇਤਿਹਾਸ ਦਾ ਪਹੀਆ ਪਿਛਲਖੁਰੀ, ਆਪਾਂ ਵੋਟਾਂ ਗਿਣੀਏ, ਪੰਛੀ ਉੱਤਰ ਆਏ, ਹਮ ਦੇਖੇਂਗੇ, ਮੁੜ ਆ ਲਾਮਾਂ ਤੋਂ, ਚੰਦਰਾ ਗੁਆਂਢ ਬੁਰਾ, ਕੋਈ ਚਾਰਾ ਕਰੋ, ਖ਼ੁਦਕੁਸ਼ੀਆਂ ਦੀ ਫ਼ਸਲ ਦਾ ਬਿਰਤਾਂਤ, ਹੰਸੁ ਨ ਕ੍ਰੋਧਾ ਖਾਇ, ਗਲਿੱਚ ਅਗੇਨ, ਜਦੋਂ ਘਰ ਜੰਮ ਪਈ ਧੀ ਵੇ, ਪਾਨੀ ਰੇ ਪਾਨੀ ਆਦਿ ਹਨ। ਇਨ੍ਹਾਂ ਲੇਖਾਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਸਰੋਕਾਰਾਂ ਅਧੀਨ ਮਨੁੱਖੀ ਹਯਾਤੀ ਨੂੰ ਰੂਪਮਾਨ ਕੀਤਾ ਹੈ। ਪੁਸਤਕ ਦਾ ਸਿਰਲੇਖ 'ਮੈਂ ਮੁਨਕਰ ਹਾਂ' ਵਿਚ ਲਾਲ ਸਿੰਘ ਦਿਲ ਦੀ ਤ੍ਰਾਸਦਿਕ ਜੀਵਨ ਹਯਾਤੀ ਦਾ ਜ਼ਿਕਰ ਕੀਤਾ ਹੈ। ਧੀਮੀ ਸੁਰ ਦੀ ਕਵਿਤਾ ਵਿਚ ਅਨੁਭਵ, ਚਿੰਤਨ ਤੇ ਦਾਰਸ਼ਨਿਕਤਾ ਉਪਜਦੀ ਹੈ। ਲੇਖ 'ਨਾਨਕ ਸਾਇਰ ਏਵ ਕਹਤੁ ਹੈ' ਵਿਚ ਬਾਬੇ ਨਾਨਕ ਦਾ ਕੁਦਰਤ ਪ੍ਰਤੀ ਅਥਾਹ ਪ੍ਰੇਮ ਤੇ ਸਾਮਰਾਜਵਾਦੀ ਤਖ਼ਤ ਵਿਰੁੱਧ ਕ੍ਰਾਂਤੀਕਾਰੀ ਨਾਦ ਵੱਜਦਾ ਹੈ। ਵਰਤਮਾਨ ਪ੍ਰਸਥਿਤੀਆਂ ਵਿਚ 'ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ' ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ। ਲੇਖ 'ਇਤਿਹਾਸ ਦਾ ਪਹੀਆ ਪਿਛਲਖੁਰੀ' ਵਿਚ 1942 ਦੇ ਇਤਿਹਾਸ ਦੀ ਤੱਥਕ ਜਾਣਕਾਰੀ ਉੱਤੇ ਮੋਦੀ ਦੀ ਜਨਤਾ ਵਿਰੋਧੀ ਕਾਰਜ-ਪ੍ਰਣਾਲੀ ਦਾ ਬੇਬਾਕੀ ਨਾਲ ਵਿਰੋਧ ਕੀਤਾ ਹੈ। ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨਾਂ ਵਿਚ ਔਰਤਾਂ ਦੀ ਸ਼ਮੂਲੀਅਤ ਗਵਾਹ ਹੈ ਕਿ ਲੋਕਾਈ ਅੰਦਰ ਭੈਅ ਦੀ ਥਾਂ ਰੋਹ ਭਰਿਆ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਹਿਟਲਰ ਨੇ ਪੂਰਾ ਤਾਣ ਲਾ ਲਿਆ ਯਹੂਦੀਆਂ ਨੂੰ ਖ਼ਤਮ ਕਰਨ ਵਾਸਤੇ, ਕੀ ਯਹੂਦੀ ਮੁੱਕ ਗਏ?' ਤਾਨਾਸ਼ਾਹੀ ਸਰਕਾਰਾਂ ਨੂੰ ਵੰਗਾਰਦਾ ਹੈ। ਲੇਖ 'ਹੰਸ ਨਾ ਕੋਧ੍ਰਾ ਖਾਇ' ਵਿਚ ਸ਼ੂਗਰ, ਹਾਈਪਰਟੈਨਸ਼ਨ, ਹਾਈ ਕੁਲੈਸਟ੍ਰੋਲ, ਉਨੀਂਦਰਾ, ਡਿਪਰੈਸ਼ਨ, ਮੋਟਾਪਾ ਆਦਿ ਬਿਮਾਰੀਆਂ ਦੇ ਭਰਮ ਜਾਲ ਵਿਚ ਪਾ ਕੇ ਵਸਤੂਆਂ ਦੀ ਵੇਚਣ ਪ੍ਰਕਿਰਿਆ ਵਿਚੋਂ ਮੁਨਾਫ਼ਾ ਲਿਆ ਜਾਂਦਾ ਹੈ ਜਦ ਕਿ ਸਾਡੇ ਵਡੇਰਿਆਂ ਦੀ ਸਿਆਣਪ ਤੇ ਸਾਦਾ ਆਹਾਰ ਨੇ ਮਨੁੱਖਤਾ ਨੂੰ ਸਿਹਤਯਾਬ ਰੱਖਿਆ। ਡਾ. ਜਸਬੀਰ ਕੇਸਰ ਦੀ ਪੁਸਤਕ 'ਮੈਂ ਮੁਨਕਰ ਹਾਂ' ਰਾਹੀਂ ਵਰਤਮਾਨ ਵਿਚ ਵਾਪਰ ਰਹੇ ਵਰਤਾਰਿਆਂ ਨੂੰ ਸਮਝਿਆ ਜਾ ਸਕਦਾ ਹੈ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810


ਮਾਸੂਮ ਮੁਹੱਬਤਾਂ
ਲੇਖਕ : ਰਣਜੀਤ ਸਿੰਘ ਕੰਵਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 92564-29220


ਸਾਹਿਤ ਦੇ ਬਾਬਾ ਬੋਹੜ ਰਣਜੀਤ ਸਿੰਘ ਕੰਵਲ ਦੀ ਪ੍ਰਕਾਸ਼ਿਤ 39 ਬਾਲ ਕਵਿਤਾਵਾਂ, ਕਹਾਣੀਆਂ ਅਤੇ ਰੁਬਾਈਆਂ ਦੇ ਸੰਗ੍ਰਹਿ ਦੀ ਹਥਲੀ ਪੁਸਤਕ ਬਾਲ ਮਨਾਂ ਦੀ ਕਿਆਰੀ ਵਿਚ ਨਵੀਂ ਸੋਚ ਦੇ ਫੁੱਲ ਉਗਾਉਂਦੀ ਜਾਪਦੀ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਇਹ ਅਨੁਭਵ ਹੁੰਦਾ ਹੈ ਕਿ ਲੇਖਕ ਨੇ ਇਸ ਦੀ ਰਚਨਾ ਬੱਚਿਆਂ ਨੂੰ ਸਮਰਪਿਤ ਹੋ ਕੇ ਕੀਤੀ ਹੈ ਕਿਉਂਕਿ ਬੱਚੇ ਦੇਸ਼ ਅਤੇ ਕੌਮ ਦੇ ਨਿਰਮਾਤਾ, ਸਰਮਾਇਆ ਅਤੇ ਭਵਿੱਖ ਹਨ। ਦੇਸ਼, ਕੌਮ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਤੋਂ ਵੱਡੀਆਂ ਆਸਾਂ ਹੁੰਦੀਆਂ ਹਨ। ਲੇਖਕ ਚਾਹੁੰਦਾ ਹੈ ਕਿ ਇਸ ਪੁਸਤਕ ਦੀਆਂ ਰਚਨਾਵਾਂ ਬੱਚਿਆਂ ਲਈ ਰਾਹ ਦਸੇਰੀਆਂ ਸਿੱਧ ਹੋਣ ਅਤੇ ਉਹ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਵਿਸ਼ਾ ਪੱਖ ਤੋਂ ਇਸ ਪੁਸਤਕ ਦੀਆਂ ਰਚਨਾਵਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਇਕੋ ਪੁਸਤਕ ਵਿਚ ਅੱਡ-ਅੱਡ ਵਿਧਾ ਦੀਆਂ ਰਚਨਾਵਾਂ ਹੋਣਾ ਇਕ ਨਵੇਂ ਸੰਗ੍ਰਹਿ ਦੀ ਹੋਂਦ ਦਾ ਅਨੁਭਵ ਕਰਵਾਉਂਦਾ ਹੈ। ਇਸ ਨਮੂਨੇ ਦੀ ਪੁਸਤਕ ਦੀਆਂ ਰਚਨਾਵਾਂ ਲੇਖਕ ਦੇ ਲੰਬੇ ਜੀਵਨ, ਤਜਰਬੇ, ਅਥਾਹ, ਗਹਿਰੇ ਅਤੇ ਹੱਡੀਂ ਹੰਢਾਏ ਅਨੁਭਵ ਨੂੰ ਜ਼ਾਹਿਰ ਕਰਦੀਆਂ ਹਨ। ਇਸ ਦੀਆਂ ਕਹਾਣੀਆਂ ਦਿਲਚਸਪ ਤੇ ਭਾਵ ਪੂਰਨ ਹਨ। ਰਚਨਾਵਾਂ ਦੀ ਸ਼ਬਦਾਵਲੀ ਵਿਚ ਰੁੱਖਾਪਨ ਅਕੇਵਾਂ ਮਹਿਸੂਸ ਨਹੀਂ ਹੁੰਦਾ। ਲੇਖਕ ਬਾਲ ਮਨਾਂ ਦੀ ਇਬਾਰਤ ਪੜ੍ਹਨ ਦੀ ਕਲਾ ਵਿਚ ਮਾਹਿਰ ਵਿਖਾਈ ਦਿੰਦਾ ਹੈ। ਨਿੱਕੀਆਂ ਕਰੂੰਬਲਾਂ ਲਈ ਇਹ ਪੁਸਤਕ ਪ੍ਰੇਰਨਾ ਸਰੋਤ ਹੈ। ਇਹ ਦਾ ਸੰਗ੍ਰਹਿ ਹੌਲੀਆਂ ਫੁੱਲ ਕਵਿਤਾਵਾਂ ਦਾ ਗੁਲਦਸਤਾ ਵੀ ਹੈ। ਇਹ ਰਚਨਾਵਾਂ ਕਿਸ਼ੋਰ ਅਵਸਥਾ ਦੇ ਪਾਠਕਾਂ ਲਈ ਸਿੱਖਿਆ ਭਰਪੂਰ ਅਤੇ ਲਾਹੇਵੰਦ ਵੀ ਜਾਪਦੀਆਂ ਹਨ। ਇਸ ਪੁਸਤਕ ਦਾ ਅਧਿਐਨ ਕਰਨ ਨਾਲ ਬੱਚੇ ਜੀਵਨ ਜਾਚ, ਅੱਗੇ ਵਧਣ ਦੀ ਸਿੱਖਿਆ ਵੀ ਹਾਸਲ ਕਰਨਗੇ। ਪੁਸਤਕ ਦੀਆਂ ਰਚਨਾਵਾਂ ਦੇ ਛੋਟੇ ਵਾਕ, ਰਚਨਾਵਾਂ ਦੇ ਅਨੁਸਾਰ ਸ਼ਬਦਾਂ ਦੀ ਚੋਣ ਅਤੇ ਰੋਜ਼ਾਨਾ ਪੇਂਡੂ ਅਤੇ ਪੰਜਾਬੀ ਜੀਵਨ ਦੇ ਨੇੜੇ ਢੁਕਦੇ ਵਿਸ਼ੇ ਪੁਸਤਕ ਦੇ ਮਿਆਰ ਨੂੰ ਉੱਚਾ ਚੁੱਕਦੇ ਨਜ਼ਰ ਆਉਂਦੇ ਹਨ। ਇਸ ਪੁਸਤਕ ਦੀਆਂ ਰਚਨਾਵਾਂ ਹਰੀ ਕ੍ਰਾਂਤੀ, ਗੁਰੂ ਗੋਬਿੰਦ ਸਿੰਘ, ਇਹ ਕਹੀ ਰੁੱਤ, ਮਮਤਾ ਦਾ ਕਮਾਲ, ਜੰਗਲ ਦਾ ਰਾਜਾ ਬਾਂਦਰ, ਛੁੱਟੀਆਂ, ਪੰਛੀ, ਵਰਖਾ ਅਤੇ ਉੱਜਡ ਬੜੀਆਂ ਸੋਹਣੀਆਂ, ਗਿਆਨ ਵਧਾਊ ਅਤੇ ਬਾਲ ਮਨਾਂ ਵਿਚ ਆਪਣੀ ਥਾਂ ਬਣਾਉਣ ਵਾਲੀਆਂ ਹਨ। ਆਪਣੀਆਂ ਰਚਨਾਵਾਂ ਦੇ ਵਿਸ਼ਿਆਂ ਨੂੰ ਸਾਹਿਤਕ ਰੂਪ ਵਿਚ ਢਾਲ ਕੇ ਪੁਸਤਕ ਰੂਪ ਵਿਚ ਪੇਸ਼ ਕਰਨ ਦਾ ਇਹ ਉਪਰਾਲਾ ਸਲਾਹੁਣ ਯੋਗ ਹੈ। ਮਾਂ-ਬੋਲੀ ਪੰਜਾਬੀ ਦੇ ਸਾਹਿਤ ਖ਼ਜ਼ਾਨੇ ਵਿਚ ਸ਼ਾਮਿਲ ਇਸ ਨਵੀਂ ਪੁਸਤਕ ਨੂੰ ਹਰ ਲਾਇਬ੍ਰੇਰੀ ਵਿਚ ਰੱਖਣਾ ਬਣਦਾ ਹੈ।


-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਮੇਰੀ ਕਹਾਣੀ ਦਾ ਕਮਜ਼ੋਰ ਲੇਖਕ

ਕਹਾਣੀਕਾਰ : ਅਮਰੀਕ ਸਿੰਘ ਚੀਮਾ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 134
ਸੰਪਰਕ : 98158-39026


ਅਮਰੀਕ ਸਿੰਘ ਚੀਮਾ ਦੇ ਕਹਾਣੀ-ਸੰਗ੍ਰਹਿ 'ਮੇਰੀ ਕਹਾਣੀ ਦਾ ਕਮਜ਼ੋਰ ਲੇਖਕ' ਦਾ ਅਧਿਐਨ ਕਰਦਿਆਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ ਕਿ ਅਸੀਂ ਜਿਹੜੇ ਸਮਾਜ ਵਿਚ ਰਹਿ ਰਹੇ ਹਾਂ, ਉਥੇ ਵਰਤ ਰਹੇ ਵਰਤਾਰੇ ਬਹੁਤ ਹੀ ਘਾਤਕ ਰੂਪ ਵਿਚ ਸਮਾਜਿਕ ਕਦਰਾਂ-ਕੀਮਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਲੇਖਕ ਕੋਲ ਵੀ ਉਹ ਹਿੰਮਤ ਅਤੇ ਹੌਸਲਾ ਨਹੀਂ ਕਿ ਉਹ ਸਮਾਜਿਕ, ਧਾਰਮਿਕ, ਰਾਜਨੀਤਕ ਤੌਰ 'ਤੇ ਫੈਲੇ ਹੋਏ ਭ੍ਰਿਸ਼ਟਤੰਤਰ ਦੇ ਖਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕਰ ਸਕੇ। ਜਿੱਥੇ ਉਹ ਆਪਣੀਆਂ ਕਹਾਣੀਆਂ 'ਮੇਰੀ ਕਹਾਣੀ ਦਾ ਕਮਜ਼ੋਰ ਲੇਖਕ', 'ਮੇਲਾ', 'ਰੇਤ ਦਾ ਗੱਡਾ' ਵਿਚ ਸਮਾਜ ਵਿਚ ਫੈਲੇ ਕੁਹਜ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਗ਼ਰੀਬ ਦੀ ਸਰਕਾਰ ਦੁਆਰਾ ਵੀ ਬਾਂਹ ਨਾ ਫੜੇ ਜਾਣ ਦੀ ਨਿਸ਼ਾਨਦੇਹੀ ਕਰਦਾ ਹੈ, ਉਥੇ 'ਹਨੇਰੇ ਦੀ ਕਹਾਣੀ' ਵਿਚ ਪੁਲਸੀਆ ਜਬਰ ਦਾ ਜ਼ਿਕਰ ਵੀ ਬਿਰਤਾਂਤਕ ਰੂਪ ਵਿਚ ਬਾਖ਼ੂਬੀ ਛੇੜਦਾ ਹੈ। ਉਸ ਦੀ ਕਹਾਣੀ ਜਿਥੇ 'ਅਣਜੰਮੀ ਧੀ' ਦੀ ਆਵਾਜ਼ ਬਣਦੀ ਹੈ, ਉਥੇ 'ਜੇ ਏਦਾਂ ਹੋ ਗਿਆ ਵਰਗੀ' ਕਹਾਣੀ ਧੀਆਂ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਵੱਲ ਵੀ ਇਸ਼ਾਰਾ ਕਰਦੀ ਹੈ। ਉਸ ਦੀਆਂ ਕਹਾਣੀਆਂ 'ਜੰਗ' ਅਤੇ 'ਰਾਖ਼ਸ਼ ਫਿਰ ਜਨਮਿਆਂ' ਦੇਸ਼-ਵੰਡ ਦੇ ਦੁਖਾਂਤ ਬਾਰੇ ਕਰੁਣਾਮਈ ਜ਼ਿਕਰ ਕਰਦੀਆਂ ਕਹਾਣੀਆਂ ਹਨ ਪਰ ਨਾਲ ਹੀ ਉਹ 'ਹਨੇਰੇ ਦੀ ਕਹਾਣੀ' ਕਹਾਣੀ ਵਿਚ ਜਿਥੇ ਪੁਲਸੀਆ ਜਬਰ ਬਾਰੇ ਜ਼ਿਕਰ ਕਰਦਾ ਹੈ, ਉਥੇ 'ਅਧਰੰਗੇ ਲੋਕ' ਕਹਾਣੀ ਵਿਚ ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਪੁਲਿਸ ਅਫ਼ਸਰਾਂ ਬਾਰੇ ਵੀ ਆਪਣੀ ਪ੍ਰਤੀਕਿਰਿਆ ਪੇਸ਼ ਕਰਦਾ ਹੈ ਜੋ ਭ੍ਰਿਸ਼ਟਤੰਤਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹਨ। ਅਮਰੀਕ ਸਿੰਘ ਦੀਆਂ ਕਹਾਣੀਆਂ ਵਿਚ ਜਿਥੇ ਸਰਬਪੱਖੀ ਭ੍ਰਿਸ਼ਟ ਵਰਤਾਰੇ ਦਾ ਜ਼ਿਕਰ ਆਇਆ ਹੈ, ਉਥੇ 'ਦੀਨਾ ਨਾਥ ਕੰਮ ਵਾਲਾ ਭਈਆ' ਵਰਗੀ ਕਹਾਣੀ ਇਮਾਨਦਾਰੀ ਦੀ ਮਿਸਾਲ ਵੀ ਬਣਦੀ ਹੈ। ਇਸੇ ਤਰ੍ਹਾਂ 'ਅਰਦਾਸ' ਕਹਾਣੀ ਵੀ ਜਾਗਰੂਕ ਹੋ ਰਹੇ ਲੋਕਾਂ ਦੀ ਨਿਸ਼ਾਨਦੇਹੀ ਕਰਦੀ ਹੈ। ਅਮਰੀਕ ਸਿੰਘ ਦੀਆਂ ਕਹਾਣੀਆਂ ਵਿਚਲੀ ਸੰਵਾਦੀ ਸ਼ੈਲੀ ਪਾਠਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਜਿਥੇ ਉਹ ਕਦੇ ਪਾਤਰਾਂ ਦੇ ਆਪਸੀ ਸੰਵਾਦ ਰਚਾਉਂਦਾ ਕਹਾਣੀ ਦੀ ਰਚਨਾ ਕਰਦਾ ਹੈ ਅਤੇ ਪਾਠਕ ਨਾਲ ਸੰਵਾਦੀ ਸ਼ੈਲੀ ਵਿਚ ਬਿਰਤਾਂਤ ਨੂੰ ਗਤੀਸ਼ੀਲ ਕਰਦਾ ਹੈ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

22-04-2023

ਮੇਰੀ ਧਰਤੀ ਮੇਰਾ ਅੰਬਰ
ਸੰਪਾਦਕ : ਪ੍ਰੋ. ਬਲਵੀਰ ਕੌਰ ਰੀਹਲ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 800 ਰੁਪਏ, ਸਫ਼ੇ :466
ਸੰਪਰਕ : 94643-30803

ਖ਼ੁਦ ਕਹਾਣੀਕਾਰ ਹੋਣ ਕਾਰਨ ਪ੍ਰੋ. ਬਲਵੀਰ ਕੌਰ ਰੀਹਲ ਨੇ ਪੂਰਬ ਅਤੇ ਪੱਛਮ ਦੀਆਂ ਨਾਰੀ ਕਹਾਣੀਕਾਰਾਂ ਦੀਆਂ 39 ਕਹਾਣੀਆਂ ਚੁਣ ਕੇ ਪੰਜਾਬੀ ਕਹਾਣੀ ਦੇ ਇਸ ਵਡ-ਆਕਾਰੀ ਸੰਗ੍ਰਹਿ ਦਾ ਸੰਪਾਦਨ ਕਰਨ ਦਾ ਵਡਮੁੱਲਾ ਕਾਰਜ ਬੜੀ ਮਿਹਨਤ ਅਤੇ ਤਨਦੇਹੀ ਨਾਲ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਕਹਾਣੀਆਂ ਦੀ ਫੇਬੁਲਾ ਅਤੇ ਕਥਾਨਕ ਵੱਖ-ਵੱਖ ਕਿਸਮ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਮਾਨਸਿਕ ਹਾਲਾਤ ਵਿਚੋਂ ਆਪਣੀ ਹੋਂਦ ਗ੍ਰਹਿਣ ਕਰਦੇ ਹਨ। ਵਿਭਿੰਨ ਕਹਾਣੀਕਾਰਾਂ ਨੇ ਜਿਸ ਫੇਂਕਟੀਸਿਟੀ (ਤਥਾਤਮਿਕਤਾ) ਵਿਚ ਆਪੋ-ਆਪਣੇ ਪਾਤਰਾਂ ਦੀ ਪੇਸ਼ਕਾਰੀ ਕੀਤੀ ਹੈ, ਉਸ ਦਾ ਵੱਖ-ਵੱਖ ਹੋਣਾ ਵੀ ਸੁਭਾਵਿਕ ਹੈ। ਇਨ੍ਹਾਂ ਕਹਾਣੀਆਂ ਦੀ ਚੋਣ ਕਰਨ ਸਮੇਂ ਸੰਪਾਦਕਾ ਨੇ ਆਪਣੀ ਗਾਲਪਨਿਕ ਸੂਝ-ਬੂਝ ਅਨੁਸਾਰ ਵਿਸ਼ਾ-ਵਸਤੂ, ਬਿਰਤਾਂਤਕ ਵਿਧੀ ਅਤੇ ਰਚਨਾ-ਨਜ਼ਰੀਆ ਦੇ ਤ੍ਰੈਪੱਖੀ ਸੁਮੇਲ ਨੂੰ ਅਧਾਰ ਬਣਾਇਆ ਪ੍ਰਤੀਤ ਹੁੰਦਾ ਹੈ। ਇਨ੍ਹਾਂ ਕਹਾਣੀਆਂ ਦਾ ਗਹਿਨ ਅਧਿਐਨ ਕਰਦਿਆਂ ਉਨ੍ਹਾਂ ਕੇਂਦਰੀ ਸੂਤਰਾਂ/ਵਿਸ਼ਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੁਆਲੇ ਇਹ ਕਥਾਵਾਂ ਵਾਸਤਵਿਕ ਰੂਪ ਵਿਚ ਪਰਕਰਮਾ ਕਰਦੀਆਂ ਹਨ। ਮਸਲਨ : ਤੀਲਾ ਤੀਲਾ ਜੋੜ ਕੇ ਘਰ ਬੰਨ੍ਹਣਾ, ਬਾਲ ਮਜ਼ਦੂਰੀ, ਜਾਗੀਰਦਾਰੀ-ਘਟੀਆ ਸੋਚ, ਬਿਰਧ-ਆਸ਼ਰਮ ਦਾ ਜੀਵਨ, ਯੁੱਧਾਂ ਦੇ ਭਿਆਨਕ ਨਤੀਜੇ, ਕੁਰਾਹੇ ਪਏ ਯੁਵਕ, ਇਤਿਹਾਸਕ ਕਤਲੋਗਾਰਤ, ਵਿਦਿਆਰਥੀਆਂ ਨਾਲ ਅਪਣੱਤ, ਡਾਲਰ ਸੰਗ੍ਰਹਿ ਦਾ ਰੁਝੇਵਾਂ, ਰੁੱਸੇ ਹੋਏ ਪਤੀ-ਪਤਨੀ ਹੋਣ ਦੇ ਬਾਵਜੂਦ ਪਤੀ ਵਲੋਂ ਪਤਨੀ ਨੂੰ ਕਿਡਨੀ ਡੋਨੇਟ ਕਰਕੇ ਬਚਾਉਣ ਦਾ ਮਾਨਵੀ ਗੁਣ, ਜੀਵਨ-ਸਾਥੀ ਦੇ ਦਿਹਾਂਤ ਕਾਰਨ ਭਾਰੀ ਸਦਮਾ, ਵਿਦੇਸ਼ ਜਾਣ ਦੀ ਲਲ੍ਹਕ, ਮਰਦਾਂ ਪ੍ਰਤੀ ਤ੍ਰਾਸ, ਅਸਲੀ ਬਾਪ ਦੀ ਢੂੰਡ ਤੋਂ ਬਿਨਾਂ ਇਸਤਰੀ ਜਾਤੀ ਨਾਲ ਵਾਪਰਦੇ ਦੁਖਾਂਤ ਜਿਵੇਂ ਇਕੱਲਤਾ ਹੰਢਾਉਣਾ, ਖੰਡਿਤ ਜੀਵਨ, ਸੈਕਸ ਅਤ੍ਰਿਪਤੀ ਦਾ ਦੁਖਾਂਤ, ਗਲਨੈੜ ਸ਼ਾਦੀਆਂ, ਨਾਟਕੀ-ਰੋਲ ਦਾ ਦੁਖਾਂਤ, ਨਸ਼ਿਆਂ ਕਾਰਨ ਦੁਖਾਂਤ, ਮੋਬਾਈਲ ਫੋਨਾਂ ਕਾਰਨ ਆਪਸੀ ਦੂਰੀ, ਵਿਰੋਧੀ ਲਿੰਗ ਵਰਗਾ ਵਿਖਾਵਾ (ਪਹਿਰਾਵਾ), ਮਾਂ-ਧੀ ਦਾ ਰਿਸ਼ਤਾ, ਪਿਉ-ਧੀ ਦਾ ਰਿਸ਼ਤਾ, ਖ਼ੂਨੀ ਰਿਸ਼ਤਿਆਂ ਵਿਚ ਵਿਤਕਰੇ, ਅਧੂਰੇ ਤੇ ਪੂਰੇ ਖ਼ੁਆਬ, ਦਿਖਾਵਾ ਹੋਰ ਅਸਲੀਅਤ ਹੋਰ, ਕਿੰਨਰਾਂ ਦਾ ਦੁਖਾਂਤ, ਫ਼ੌਜੀ ਪਤਨੀ ਦੀ ਮਾਨਸਿਕਤਾ, ਦੁਖੀ ਮਾਨਸਿਕਤਾ ਨਾਲ ਸ਼ਮਸ਼ਾਨਘਾਟ ਵਿਚ ਪਨਾਹ, ਆਪਣੀ ਮਿੱਟੀ ਦਾ ਮੋਹ ਆਦਿ।
ਇਹ ਕਹਾਣੀ ਸੰਗ੍ਰਹਿ ਆਧੁਨਿਕ/ਉੱਤਰ-ਆਧੁਨਿਕ ਸਿਤਰੀ ਸਮੱਸਿਆਵਾਂ ਦੀ ਜਟਿਲ ਪੇਸ਼ਕਾਰੀ ਦਾ ਦਸਤਾਵੇਜ਼ ਹੋ ਨਿਬੜਿਆ ਹੈ। ਕਿਸੇ ਵੀ ਖੋਜਾਰਥੀ ਦੀ ਖੋਜ ਦਾ ਆਧਾਰ ਬਣ ਸਕਣ ਦੀਆਂ ਸੰਭਾਵਨਾਵਾਂ ਰੱਖਦਾ ਹੈ।

-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com

 

 

 


ਸਰਦਲਾਂ
ਲੇਖਕ : ਬਿਕਰਮ ਸੋਹੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98723-32052

ਬਿਕਰਮ ਸੋਹੀ ਪੇਸ਼ੇ ਵਜੋਂ ਡਾਕਟਰ ਹੁੰਦਾ ਹੋਇਆ ਵੀ ਮਨੁੱਖ ਦੇ ਧੁਰ ਅੰਦਰ ਬੈਠੇ ਕਵੀ ਨਾਲ ਇਕਸੁਰਤਾ ਬਣਾਈ ਬੈਠਾ ਹੈ। ਇਸੇ ਲਈ ਉਸ ਦਾ ਤੀਸਰਾ ਕਾਵਿ-ਸੰਗ੍ਰਹਿ 'ਸਰਦਲਾਂ' ਇਸ ਦੀ ਖ਼ੁਦ ਗਵਾਹੀ ਭਰ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਚਾਂਦਨੀ ਚੌਕ' ਤੋਂ ਲੈ ਕੇ 'ਤਲਵਾਰ ਰੁੱਤੇ' ਤੱਕ ਦੀਆਂ 60 ਕਵਿਤਾਵਾਂ 'ਚ ਧਰਤੀ 'ਤੇ ਵੱਸਦੇ ਸਾਹ ਲੈਂਦੇ ਹਰ ਪ੍ਰਾਣੀ ਦੀਆਂ ਦੁਸ਼ਵਾਰੀਆਂ, ਇਨ੍ਹਾਂ ਦੁਸ਼ਵਾਰੀਆਂ ਨੂੰ ਉਤਪੰਨ ਕਰਨ ਵਾਲੇ ਕਾਰਕਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਦੀਆਂ ਜਾਪਦੀਆਂ ਹਨ। ਆਦਿ-ਜੁਗਾਦਿ ਤੋਂ 'ਸੱਤਾ' ਨਾਲ ਜੁੜੀ ਧਿਰ 'ਤਾਨਸ਼ਾਹੀ ਨਜ਼ਾਮ' ਜਾਂ 'ਲੋਕਤੰਤਰੀ-ਨਜ਼ਾਮ' ਦੇ ਨਾਂਅ ਥੱਲੇ ਆਪਣੇ ਹੀ 'ਸੱਚ' 'ਤੇ ਪਹਿਰਾ ਦਿੰਦੀ ਹੋਈ, ਪੀੜਤ ਧਿਰ ਨੂੰ ਦੋਸ਼ੀ ਗਰਦਾਨਦੀ ਆ ਰਹੀ ਹੈ। ਮੱਧ-ਯੁੱਗ ਦੇ ਸਮੇਂ ਜਰਵਾਣਿਆਂ ਦੀ ਤਲਵਾਰ ਦਾ ਮੁਕਾਬਲਾ ਇਥੋਂ ਗ਼ੈਰਤਮੰਦ, ਸਿਰਲੱਥ ਯੋਧੇ ਕਰਦੇ ਆਏ ਹਨ, ਉਥੇ ਅਜੋਕੇ ਸਮੇਂ 'ਚ ਬੇਸ਼ੱਕ ਉਹ ਕੁਦਰਤੀ ਕਰੋਪੀ ਦਾ ਕਹਿਰ ਕਰੋਨਾ ਹੋਵੇ ਜਾਂ ਫਿਰ ਦਿੱਲੀ ਦੀਆਂ ਬਰੂਹਾਂ 'ਤੇ ਲੱਗਾ ਹੋਇਆ ਕਿਰਤੀ-ਕਿਸਾਨ ਮੋਰਚਾ ਹੋਵੇ, ਇਹ ਸਾਰੀਆਂ ਮੂਲ ਔਕੜਾਂ ਤੋਂ ਸੱਤਾ-ਧਿਰ ਤੋਂ ਨਜ਼ਾਤ ਪ੍ਰਾਪਤ ਕਰਨ ਦਾ ਸਮੂਹਕ ਹੀਲਾ-ਵਸੀਲਾ ਹੈ। ਪੰਜਾਬ ਦੀ ਧਰਤੀ 'ਰਾਜ-ਸੱਤਾ' ਦੇ ਖ਼ਿਲਾਫ਼ ਨਾਬਰੀ ਸੁਰ ਦਾ ਝੰਡਾ-ਬਰਦਾਰ ਰਹੀ ਹੈ। 'ਦੋ ਬੇੜੀਆਂ 'ਚ', 'ਮੈਂ ਅੱਗ ਦੀ ਸਿਆਹੀ', 'ਕੱਚ ਦੀਆਂ ਕਹਾਣੀਆਂ', 'ਫੁੱਲਾਂ ਦੇ ਸਰਨਾਵੇਂ ਵਾਲਾ', 'ਲਹੂ ਦੀ ਧਾਰ', 'ਹੱਡਾਂ ਦੀ ਰੁੱਤ', 'ਬੰਨਾ ਫ਼ਕੀਰ', 'ਫ਼ਾਸਲਾ', 'ਸਰਦਲ ਖ਼ਾਮੋਸ਼ ਨੇ', 'ਚੋਣ ਨਿਸ਼ਾਨ', 'ਚਿੱਟਾ ਤੇਜ਼ਾਬ' ਆਦਿ ਸੰਕੇਤਕ ਕਵਿਤਾਵਾਂ ਉਕਤ ਵਰਣਿਤ ਧਾਰਨਾਵਾਂ ਨੂੰ ਪੁਸ਼ਟ ਕਰਦੀਆਂ ਹਨ। 'ਤਲਵਾਰ ਰੁੱਤੇ' ਸਰੀਰਕ ਅਤੇ ਮਾਨਸਿਕ ਦਵੰਦ-ਯੁੱਧ ਦਾ ਸਿਖਰ ਕਹੀ ਜਾ ਸਕਦੀ ਹੈ ਜੋ ਅੱਜ ਦੇ ਵਾਪਰਦੇ ਵਰਤਾਰਿਆਂ ਪ੍ਰਤੀ ਸ਼ਬਦ ਅਤੇ ਤਲਵਾਰ ਦੇ ਸੁਮੇਲ ਰਾਹੀਂ ਸੰਕੇਤ ਹੈ :
ਤੇਰੀ ਲੋਅ ਦਾ ਸਿਰਨਾਵਾਂ
ਤੇਰੇ ਅੰਦਰ ਹੀ ਹੈ
ਕਿਸੇ ਤਾਰੇ ਨੂੰ ਢੂੰਡ
ਕੋਈ ਸੂਰਜ ਹੀ ਬਾਲ ਦੇ
'ਸੂਰਜ ਦੀ ਤਲਾਸ਼' ਦੇ 'ਸਰਦਲਾਂ' 'ਤੇ ਦੀਵੇ ਬਾਲਦੇ ਇਸ ਕਾਵਿ-ਸੰਗ੍ਰਹਿ 'ਸਰਦਲਾਂ ਨੂੰ ਖੁਸ਼ ਆਮਦੀਦ ਕਹਿੰਦਾ ਹਾਂ। ਪਾਠਕ ਵੀ ਇਸ ਦਾ ਸੁਹਿਰਦ ਹੁੰਗਾਰਾ ਭਰਨਗੇ। ਇਹੀ ਉਮੀਦ ਕਰਦਾ ਹਾਂ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096

 


ਖ਼ਾਬਾਂ ਦੀ ਬਦਲੋਟੀ
ਲੇਖਕ : ਧਰਮਿੰਦਰ ਸ਼ਾਹਿਦ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ: 80
ਸੰਪਰਕ : 99144-00151

ਧਰਮਿੰਦਰ ਸ਼ਾਹਿਦ ਦਾ ਨਾਂਅ ਗ਼ਜ਼ਲ ਦੇ ਉਨ੍ਹਾਂ ਕੁਝ ਕੁ ਗਿਣੇ-ਚੁਣੇ ਗ਼ਜ਼ਲਕਾਰਾਂ ਵਿਚ ਸ਼ਾਮਿਲ ਹੈ, ਜਿਨ੍ਹਾਂ ਨੇ ਗ਼ਜ਼ਲ ਨੂੰ ਲਿਖਿਆ ਹੀ ਨਹੀਂ, ਬਲਕਿ ਜੀਵਿਆ ਵੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਮਨੁੱਖ ਕਿਸੇ ਹੋਰ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ, ਉਹ ਖ਼ੁਦ ਵੀ ਕਦੇ ਦੁਖੀ ਨਹੀਂ ਰਹਿ ਸਕਦਾ। ਜਦੋਂ ਤੱਕ ਅਸੀਂ ਨਿੱਜ ਲਈ ਜਿਊਣ ਦੀ ਬਜਾਏ ਸਰਬੱਤ ਦੇ ਭਲੇ ਲਈ ਯਤਨਸ਼ੀਲ ਨਹੀਂ ਹੁੰਦੇ, ਉਦੋਂ ਤੱਕ ਦੁਨੀਆ ਦੀ ਕੋਈ ਵੀ ਖ਼ੁਸ਼ੀ ਸਾਨੂੰ ਸੰਤੁਸ਼ਟ ਨਹੀਂ ਕਰ ਸਕਦੀ:
ਨੇਕੀ, ਉਲਫ਼ਤ, ਸੱਚ, ਅਕੀਦਤ ਮਨਫ਼ੀ ਹੈ।
ਤਾਹੀਓਂ ਹਰ ਚਿਹਰੇ ਤੋਂ ਰੰਗਤ ਮਨਫ਼ੀ ਹੈ।
ਧਰਮਿੰਦਰ ਸ਼ਾਹਿਦ ਦੀ ਫ਼ਿਕਰਮੰਦੀ ਬਿਲਕੁਲ ਜਾਇਜ਼ ਹੈ ਕਿ ਅਜੋਕੇ ਮਨੁੱਖ ਦੀ ਭੁੱਖ, ਲਾਲਸਾ ਅਤੇ ਖ਼ੁਦਗਰਜ਼ੀ ਨੇ ਉਸ ਨੂੰ ਆਪਣੇ-ਆਪ ਦਾ ਹੀ ਦੁਸ਼ਮਣ ਬਣਾ ਦਿੱਤਾ ਹੈ। ਅਸੀਂ ਗੁਰੂ ਬਾਬੇ ਦੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੇ ਕਲਿਆਣਕਾਰੀ ਹੋਕੇ ਦੀ ਵੀ ਪਰਵਾਹ ਨਾ ਕਰਦਿਆਂ ਪਾਣੀ ਵੀ ਪੀਣ ਦੇ ਯੋਗ ਨਹੀਂ ਰਹਿਣ ਦਿੱਤਾ, ਹਵਾ ਨੂੰ ਵੀ ਏਨੀ ਪ੍ਰਦੂਸ਼ਿਤ ਕਰ ਲਿਆ ਕਿ ਸਾਹ ਲੈਣਾ ਮੁਸ਼ਕਿਲ ਹੋ ਗਿਆ ਅਤੇ ਸਾਡੀ ਜ਼ਮੀਨ ਵਿਚੋਂ ਪੈਦਾ ਹੋਣ ਵਾਲਾ ਅਨਾਜ ਵੀ ਜ਼ਹਿਰ ਬਣ ਗਿਆ:
ਖ਼ੌਰੇ ਕੀ ਕੁਝ ਘੁਲਿਆ ਵਿਚ ਹਵਾਵਾਂ ਦੇ,
ਪੰਛੀ ਵੀ ਪਰਵਾਜ਼ ਭਰਨ ਤੋਂ ਡਰਦਾ ਹੈ।
ਹਥਲੇ ਗ਼ਜ਼ਲ-ਸੰਗ੍ਰਹਿ 'ਖ਼ਾਬਾਂ ਦੀ ਬਦਲੋਟੀ' ਤੋਂ ਪਹਿਲਾਂ ਉਨ੍ਹਾਂ ਦੇ ਚਾਰ ਪੰਜਾਬੀ ਗ਼ਜ਼ਲ-ਸੰਗ੍ਰਹਿ, ਇਕ ਹਿੰਦੀ ਗ਼ਜ਼ਲ-ਸੰਗ੍ਰਹਿ, ਇਕ ਉਰਦੂ ਗ਼ਜ਼ਲ-ਸੰਗ੍ਰਹਿ, ਦੋ ਬਾਲ ਗੀਤ-ਸੰਗ੍ਰਹਿ ਅਤੇ ਇਕ ਅਨੁਵਾਦਿਤ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਸਨ। ਉਨ੍ਹਾਂ ਦੀ ਸ਼ਿਅਰਕਾਰੀ ਦੀ ਵਿਲੱਖਣਤਾ ਹੈ ਕਿ ਉਹ ਸਿਰਫ਼ ਦਿਖਾਏ ਜਾ ਰਹੇ ਸੱਚ ਨੂੰ ਹੀ ਨਹੀਂ, ਬਲਕਿ ਅਣਦਿਸਦੇ ਯਥਾਰਥ ਦਾ ਬਿਰਤਾਂਤ ਸਿਰਜਣ ਦੀ ਵੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕੋਲੋਂ ਅਜਿਹੀ ਹੋਰ ਨਰੋਈ ਸਿਰਜਣਾ ਦੀ ਉਮੀਦ ਰੱਖਦਾ ਹੋਇਆ ਮੈਂ ਉਨ੍ਹਾਂ ਦੇ ਇਸ ਸੁਚੱਜੇ ਯਤਨ ਨੂੰ ਖ਼ੁਸ਼ਆਮਦੀਦ ਕਹਿੰਦਾ ਹਾਂ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

 

 

ਸਦਾ ਚੜ੍ਹਦੀ ਕਲਾ
(ਸਫਲਤਾ ਦੇ ਅੰਗ-ਸੰਗ)
ਲੇਖਕ : ਬ੍ਰਿਜ ਭੂਸ਼ਣ ਗੋਇਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 86
ਸੰਪਰਕ : 98147-32198

'ਸਦਾ ਚੜ੍ਹਦੀ ਕਲਾ' ਪੁਸਤਕ ਬ੍ਰਿਜ ਭੂਸ਼ਣ ਗੋਇਲ ਦੀ ਕਿਤਾਬ ਹੈ, ਜਿਸ ਵਿਚ ਉਸ ਨੇ ਵੱਖ-ਵੱਖ ਲੇਖਕਾਂ ਦੀਆਂ ਖੋਜਾਂ ਅਤੇ ਲਿਖਤਾਂ ਨੂੰ ਸ਼ਾਮਿਲ ਕੀਤਾ ਹੈ। ਪੁਸਤਕ ਬੜੀ ਹੀ ਖ਼ੂਬਸੂਰਤ ਹੈ, ਜਿਸ ਵਿਚ ਰੰਗਦਾਰ ਤਸਵੀਰਾਂ ਵੀ ਹਨ। ਸਭ ਤੋਂ ਪਹਿਲਾਂ ਲੇਖਕ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਵਾਲੀ ਤਸਵੀਰ ਪੇਸ਼ ਕਰ ਕੇ ਉਨ੍ਹਾਂ ਦੀ ਪਵਿੱਤਰ ਬਾਣੀ ਨੂੰ ਚੜ੍ਹਦੀ ਕਲਾ ਦੀ ਕਲਾ ਕਿਹਾ ਹੈ।
ਸਵਾਮੀ ਵਿਵੇਕਾਨੰਦ ਦੇ ਵਿਚਾਰ ਜਿਵੇਂ 'ਸਭ ਤੋਂ ਵੱਡਾ ਧਰਮ ਆਪਣੇ ਸੁਭਾਅ ਪ੍ਰਤੀ ਸੱਚਾ ਹੋਣਾ ਹੈ। ਆਪਣੇ ਆਪ ਵਿਚ ਵਿਸ਼ਵਾਸ਼ ਰੱਖੋ' ਹੈ। ਅੱਗੇ ਏ.ਪੀ.ਜੇ. ਅਬਦੁਲ ਕਲਾਮ ਦੀਆਂ ਕਹੀਆਂ ਗੱਲਾਂ ਹਨ, ਜਿਵੇਂ 'ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਵਾਂਗ ਤਪੋ' ਬਹੁਤ ਮਹੱਤਵਪੂਰਨ ਹਨ। ਅਗਲੇ ਵਿਚਾਰ ਲੇਖਕ ਸੁੰਦਰ ਪਿਚਾਈ ਦੇ ਹਨ, ਜੋ ਕਹਿੰਦੇ ਹਨ ਕਿ 'ਜ਼ਿੰਦਗੀ ਵਿਚ ਪ੍ਰਤੀਕਿਰਿਆ ਨਾ ਕਰੋ, ਹਮੇਸ਼ਾ ਜਵਾਬ ਦਿਉ'। 'ਆਪਣੀ ਅਸਫਲਤਾ ਨੂੰ ਸਨਮਾਨ ਵਾਲੇ ਬੈਜ ਦੇ ਵਜੋਂ ਪਹਿਨੋ'। ਅਗਲੇ ਵਿਚਾਰ ਥਾਮਸ ਐਡੀਸਨ ਦੇ ਹਨ ਜੋ ਅਮਰੀਕੀ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਖੋਜੀ ਹਨ। ਉਹ ਵੀ ਹਮੇਸ਼ਾ ਚੜ੍ਹਦੀ-ਕਲਾ ਵਿਚ ਰਿਹਾ ਸੀ ਜਿਸ ਨੇ ਰੇਲਾਂ ਵਿਚ ਸਨੈਕਸ ਅਤੇ ਅਖ਼ਬਾਰ ਵੇਚੇ ਪਰ ਫਿਰ ਵੀ 1093 ਪੇਟੈਂਟ ਲਏ ਹਨ। ਉਹ ਕਹਿੰਦਾ ਹੈ ਕਿ 'ਮੈਂ ਉਥੋਂ ਸ਼ੁਰੂ ਕਰਦਾ ਹਾਂ ਜਿੱਥੋਂ ਆਖ਼ਰੀ ਆਦਮੀ ਇਕ ਵਾਰ ਫਿਰ ਕੋਸ਼ਿਸ਼ ਕਰਨਾ ਛੱਡ ਦਿੰਦਾ ਹੈ'। ਇਸੇ ਤਰ੍ਹਾਂ ਹੀ ਕੈਲਾਸ਼ ਸੱਤਿਆਰਥੀ ਦੇ ਵਿਚਾਰ ਵੀ ਮਹੱਤਵਪੂਰਨ ਹਨ। ਚਾਣਕਯ ਕਹਿੰਦਾ ਹੈ ਕਿ 'ਆਲਸੀ ਦਾ ਕੋਈ ਵਰਤਮਾਨ ਅਤੇ ਭਵਿੱਖ ਨਹੀਂ ਹੁੰਦਾ'।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਵਿਦਵਾਨਾਂ ਦੇ ਵਿਚਾਰ ਬਹੁਤ ਮਹੱਤਤਾ ਰੱਖਦੇ ਹਨ ਜਿਨ੍ਹਾਂ ਤੋਂ ਸਾਨੂੰ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਮਿਲਦੀ ਹੈ। ਲੇਖਕ ਨੇ ਵੱਖ-ਵੱਖ ਸਥਾਪਿਤ ਵਿਦਵਾਨਾਂ ਦੀਆਂ ਕੁਟੇਸ਼ਨਾਂ ਲੈ ਕੇ ਪਾਠਕਾਂ ਨੂੰ ਸੇਧ ਦੇ ਕੇ ਪ੍ਰੇਰਨਾ ਦਾ ਸਰੋਤ ਬਣਾਇਆ ਹੈ ਤਾਂ ਕਿ ਉਹ ਆਪਣੇ-ਆਪ ਨੂੰ ਸਾਕਾਰਾਤਮਿਕ ਰੱਖ ਸਕਣ। ਇਹ ਪੁਸਤਕ ਪਾਠਕਾਂ ਲਈ ਬਹੁਤ ਹੀ ਲਾਹੇਵੰਦ ਹੋਵੇਗੀ। ਲੇਖਕ ਨੂੰ ਮੁਬਾਰਕਬਾਦ।

-ਡਾ. ਗੁਰਬਿੰਦਰ ਕੌਰ ਬਰਾੜ
ਮੋ: 09855395161

 

 

 

ਦਾਸਤਾਨ-ਏ-ਹਿਜ਼ਰਤ
ਲੇਖਕ : ਦਲਜੀਤ ਸ਼ਾਹਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 93
ਸੰਪਰਕ : 98152-98459

ਪੁਸਤਕ ਵਿਚ ਵੰਨ-ਸੁਵੰਨੀਆਂ ਛੋਟੀਆਂ-ਵੱਡੀਆਂ 28 ਵਾਰਤਕ ਰਚਨਾਵਾਂ ਹਨ। ਰਚਨਾਵਾਂ ਨੂੰ ਲੇਖਕ ਨੇ ਕਹਾਣੀਆਂ ਕਿਹਾ ਹੈ ਪਰ ਇਹ ਅਸਲ ਵਿਚ ਜ਼ਿੰਦਗੀ ਦੀਆਂ ਕੁਝ ਹੁਸੀਨ ਯਾਦਾਂ ਹਨ। ਆਪਣੇ ਪਿੰਡ ਦੇ ਕੁਝ ਪਾਤਰ ਹਨ, ਜਿਨ੍ਹਾਂ ਨਾਲ ਲੇਖਕ ਦੀ ਕਿਸੇ ਵੇਲੇ ਯਾਦਗਾਰੀ ਸਾਂਝ ਰਹੀ ਹੈ। ਸੰਗ੍ਰਹਿ ਵਿਚ ਇਹ ਰਚਨਾਵਾਂ ਰੇਖਾ ਚਿੱਤਰਾਂ ਦਾ ਦਰਜਾ/ ਕਹਾਣੀਨੁਮਾ ਰਚਨਾਵਾਂ ਬਣ ਕੇ ਉਭਰਦੀਆਂ ਹਨ। ਰਚਨਾਵਾਂ ਦਾ ਆਕਾਰ ਮਿੰਨੀ ਕਹਾਣੀ ਵਰਗਾ ਹੈ। ਕੁਝ ਰਚਨਾਵਾਂ ਨਿੱਕੀ ਕਹਾਣੀ ਦਾ ਦਰਜਾ ਪ੍ਰਾਪਤ ਕਰਦੀਆਂ ਹਨ। ਟਾਈਟਲ 'ਤੇ ਦੇਸ਼ ਵੰਡ ਦੀ ਝਲਕ ਹੈ। ਕੈਨੇਡਾ ਜਾਣ ਦਾ ਸਬੱਬ ਕਿਵੇਂ ਬਣਿਆ ਹੈ ਲੇਖਕ ਯਾਦ 'ਹਿਜਰਤ ਅਸਹਿ ਦਰਦ' ਵਿਚ ਲਿਖਦਾ ਹੈ। ਸ਼ਖ਼ਸੀ ਬੰਦਿਆਂ ਵਿਚ ਪਿੰਡ ਦਾ ਪੀਤੂ ਸਿੰਗਰ ਹੈ, ਜਿਸ ਦੀ ਯਾਦ ਲੇਖਕ ਨੂੰ ਕਿਸੇ ਵਿਆਹ ਵਿਚ ਕਲਾਕਾਰ ਸੱਦਣ ਵੇਲੇ ਆਉਂਦੀ ਹੈ। ਉਸ ਨਾਲ ਲੇਖਕ ਦੀ ਪੁਰਾਣੀ ਯਾਦ ਹੈ। ਗੱਲਬਾਤ ਵਿਚ ਲੇਖਕ ਪੁੱਛਦਾ ਹੈ-'ਤੂੰ ਗਾਣੇ ਲਿਖਦਾ ਵੀ ਏਂ ਗਾਉਂਦਾਂ ਵੀ ਏਂ ਕੋਈ ਕੈਸਟ ਨਹੀ ਕੱਢੀ?' ਮਸੋਸਿਆ ਜਿਹਾ ਉਹ ਕਹਿੰਦਾ ਹੈ-'ਚਾਚਾ ਕੈਸਟ ਤਾਂ ਕਦੋਂ ਦੀ ਦੀ ਕੱਢ ਲੈਣੀ ਸੀ ਪਰ ਸਾਲਾ ਆੜ੍ਹਤੀ ਮੋਕ ਮਾਰ ਗਿਆ।' ਇਸ ਤਰ੍ਹਾਂ ਦੇ ਸਾਧਾਰਨ ਪਰ ਦਿਲਚਸਪ ਸੰਵਾਦ ਰਚਨਾਵਾਂ ਬਿਕਰ ਅਮਲੀ, ਮੋਗੇ ਵਾਲਾ ਸਾਧ, ਗਮਦੂਰ ਸਿਉਂ ਉਰਫ ਘੁਦਾ, ਬਿਸ਼ਨਾ ਗੱਪੀ ਵਿਚ ਪੜ੍ਹੇ ਜਾ ਸਕਦੇ ਹਨ। ਕੋਈ ਥਾਣੇ ਵਿਚ ਰੰਗ ਵਿਖਾਉਂਦਾ ਹੈ। ਤਿੜਕਦੇ ਵਿਸ਼ਵਾਸ ਦੀ ਸੀਤੋ ਵਿਚਾਰੀ ਬੇੜੀ ਦੇ ਮਲਾਹ ਤੋਂ ਡਰਦੀ ਹੈ। ਹਿਜਰਤ ਅਸਹਿ ਦਰਦ ਵਿਚ ਦੇਸ਼ ਵੰਡ ਦਾ ਦਰਦ ਹੈ। ਗੱਲ ਭਾਵੇਂ 1975-76 ਦੀ ਹੈ ਪਰ ਯਾਦ ਸੰਨ ਸੰਤਾਲੀ ਦੀ ਹੈ। ਪੁਰਾਣੇ ਬਜ਼ੁਰਗ ਹੁਣ ਵੀ ਆਪਣਾ ਮੁਸੀਬਤ ਭਰਿਆ ਵੇਲਾ ਯਾਦ ਕਰਦੇ ਹਨ। ਜਦੋਂ ਉਹ ਉੱਜੜ ਕੇ ਇਧਰ ਆਏ ਸਨ । ਪੁਸਤਕ ਦਾ ਸਿਰਲੇਖ ਵੀ ਹਿਜਰਤ ਅਧਾਰਤ ਹੈ। ਇਹ ਵਿਛੋੜਾ ਲੇਖਕ ਨੂੰ ਕੈਨੇਡਾ ਜਾਣ ਵੇਲੇ ਵੀ ਮਹਿਸੂਸ ਹੁੰਦਾ ਹੈ। ਰਚਨਾ 'ਮੋਗੇ ਵਾਲਾ ਸਾਧ' ਵਿਚ ਪਖੰਡੀ ਤੇ ਚਾਲਬਾਜ਼ ਬੰਦੇ ਦਾ ਜ਼ਿਕਰ ਹੈ। ਪਰ ਲੇਖਕ ਅਸਲੀ ਤੇ ਨਕਲੀ ਸਾਧ ਦਾ ਅੰਤਰ ਸਪੱਸ਼ਟ ਕਰਦਾ ਹੈ। ਰਚਨਾ 'ਵਿਅੰਗ' ਵਿਚ ਛਿੰਦਾ ਭਿੰਦਾ ਰੇਡੀਓ ਸਟੇਸ਼ਨ 'ਤੇ ਜਾ ਕੇ ਪੰਜਾਬੀ ਰੰਗ ਵਿਖਾਉਂਦੇ ਹਨ । 'ਚੰਡੀਗੜ੍ਹ ਦੀ ਫੇਰੀ' ਵਿਚ ਹਾਸ ਵਿਅੰਗ ਲੇਖਕ ਗੁਰਨਾਮ ਸਿੰਘ ਤੀਰ ਦਾ ਜ਼ਿਕਰ ਹੈ। 'ਬੱਸ ਦੇ ਸਫਰ' ਵਿਚ ਲੇਖਕ ਰਾਵੀ ਸੰਧੂ ਨਾਲ ਗੱਲਬਾਤ ਕਰਦਾ ਹੈ। ਰਾਵੀ ਸੰਧੂ ਖੋਜ ਪੱਤਰ ਲਿਖਣ ਦੇ ਸੰਬੰਧ ਵਿਚ ਕਿਤਾਬਾਂ ਦੀ ਤਲਾਸ਼ ਵਿਚ ਹੈ। ਰਚਨਾ ਮੁਫ਼ਤਖੋਰ, ਪੰਚਾਇਤੀ ਚੋਣਾਂ, ਇਬਾਦਤ, ਅਣਕਹੇ ਰਿਸ਼ਤੇ, ਪਿੰਡ ਦੀਆਂ ਗਲੀਆਂ ਦੀ ਮੁੰਦਰੀ, ਟਰੈਵਲ ਏਜੰਟ, ਪੰਜਾਬ / ਕੈਨੇਡਾ ਸੁਹਜਮਈ ਰਚਨਾਵਾਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

 

 


ਭਾਰਤੀ ਕਾਵਿ-ਸਿਧਾਂਤ : ਅਲੰਕਾਰ

ਲੇਖਕ : ਡਾ. ਗੁਰਪ੍ਰੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ :180
ਸੰਪਰਕ : 78438-45000

ਭਾਰਤੀ ਕਾਵਿ-ਸ਼ਾਸਤਰੀਆਂ ਵਿਭਿੰਨ ਸੰਪਰਦਾਵਾਂ ਹਨ। ਰਸ ਅਤੇ ਅਲੰਕਾਰ ਇਨ੍ਹਾਂ 'ਚੋਂ ਸ੍ਰੇਸ਼ਟ ਰੂਪ 'ਚ ਪ੍ਰਵਾਨਿਤ ਹਨ। ਹਥਲੀ ਪੁਸਤਕ 'ਅਲੰਕਾਰ' ਸੰਪਰਦਾਇ ਦਾ ਖੋਜ-ਪੱਤਰ ਅਧਿਐਨ ਪੇਸ਼ ਕਰਦੀ ਹੈ। ਭਾਰਤੀ ਕਾਵਿ-ਸ਼ਾਸਤਰੀ ਸਿਧਾਂਤਾਂ ਬਾਰੇ ਬਹੁਤ ਘੱਟ ਖੋਜ ਹੋਈ ਹੈ। ਪੰਜਾਬੀ ਵਿਚ ਤਾਂ ਆਲੋਚਨਾ, ਅਧਿਐਨ ਪੱਧਤੀਆਂ ਦਾ ਮੁਹਾਂਦਰਾ ਹੀ ਬਦਲ ਚੁੱਕਾ ਹੈ। ਇਸ ਵਿਦਵਾਨ ਖੋਜੀ ਨੇ ਪੰਜਾਬੀ ਤੋਂ ਇਲਾਵਾ ਹਿੰਦੀ-ਸੰਸਕ੍ਰਿਤ ਦੀਆਂ ਅਨੇਕਾਂ ਪੁਸਤਕਾਂ ਪੜ੍ਹ ਕੇ 'ਅਲੰਕਾਰ' ਦੇ ਅਰਥਾਂ ਨੂੰ ਕਾਵਿ-ਸ਼ਾਸਤਰ ਆਚਾਰੀਆਂ ਦੇ ਹਵਾਲਿਆਂ ਨਾਲ ਤਾਂ ਪਛਾਣਿਆ ਹੀ ਹੈ, ਨਾਲ ਦੀ ਨਾਲ ਇਸ ਸੰਕਲਪ ਦੇ ਸੁਭਾਅ, ਵਿਸ਼ੇਸ਼ਤਾਵਾਂ ਅਤੇ ਇਸ ਦੀ ਇਤਿਹਾਸਕ ਪਿੱਠਭੂਮੀ ਦਾ ਬੋਧ ਵੀ ਤਰਕਸੰਗਤ ਜੁਗਤ ਜ਼ਰੀਏ ਪ੍ਰਗਟਾਇਆ ਹੈ। ਇਸ ਵਿਦਵਾਨ ਦਾ ਮੰਨਣਾ ਹੈ ਕਿ ਅਲੰਕਾਰ ਕੇਵਲ ਭਾਸ਼ਾ ਦੀ ਸਜਾਵਟ ਲਈ ਹੀ ਨਹੀਂ, ਸਗੋਂ ਭਾਵ ਅਭਿਵਿਅਕਤੀ ਦੇ ਪ੍ਰਗਟਾਵੇ ਲਈ ਵੀ ਵਿਸ਼ੇਸ਼ ਦਰਜਾ ਰੱਖਦੇ ਹਨ। ਦੂਜੀ ਸਦੀ 'ਚ ਹੋਏ ਭਰਤਮੁਨੀ ਜੀ ਤੋਂ ਲੈ ਕੇ ਅਗਲੇਰੇ ਆਚਾਰੀਆਂ ਦੁਆਰਾ ਨਿਰਧਾਰਿਤ ਸਥਾਪਨਾਵਾਂ ਨੂੰ ਇਸ ਵਿਦਵਾਨ ਨੇ ਖ਼ੂਬ ਘੋਖਿਆ ਹੈ। ਇਸ ਘੋਖ ਦੁਆਰਾ ਹੀ ਕਾਵਿ-ਅਲੰਕਾਰ ਦੀ ਵਰਗ ਵੰਡ ਜਿਸ ਵਿਚ ਸੈਂਕੜੇ ਅਲੰਕਾਰਾਂ ਦੇ ਨਾਂਅ ਦਰਸਾਏ ਹਨ ਅਤੇ ਇਨ੍ਹਾਂ ਦੇ ਆਧਾਰ ਸਰੋਤਾਂ ਬਾਬਤ ਜਾਣਕਾਰੀ ਦਿੱਤੀ ਹੈ। ਇਹ ਵਾਚਣਯੋਗ ਹੈ। ਇਸ ਉਪਰੰਤ ਅਲੰਕਾਰ ਦੀ ਪ੍ਰਕਿਰਤੀ, ਪ੍ਰਵਿਰਤੀ, ਇਸ ਦਾ ਵਿਕਾਸ ਅਤੇ ਵਿਸ਼ਲੇਸ਼ਣ ਪ੍ਰਗਟਾਇਆ ਹੈ। ਅਲੰਕਾਰ ਮਹਿਜ਼ ਕਾਵਿ-ਸ਼ਾਸਤਰੀ ਸਿਧਾਂਤ ਤੱਕ ਹੀ ਸੀਮਤ ਨਹੀਂ ਦਰਸਾਇਆ, ਸਗੋਂ ਇਸ ਸੰਕਲਪ ਦੇ ਪਿਛੋਕੜ, ਵਰਤਮਾਨ ਅਤੇ ਸਦੀਵੀ ਮਨੋਵਿਗਿਆਨਤਾ ਕੀ ਹੈ? ਇਸ ਦੀ ਨਰੂਪਣ ਹੈ। ਅਜੋਕੇ ਯੁੱਗ ਚੇਤਨਾ ਦੇ ਸਮਕਾਲ ਵਿਚ 'ਅਲੰਕਾਰ' ਦੀ ਭੂਮਿਕਾ ਕੋਈ ਘੱਟ ਨਹੀਂ ਹੈ ਕਿਉਂ ਜੋ ਸਮਕਾਲ ਵਿਚ 'ਅਲੰਕਾਰ' ਦੀ ਭੂਮਿਕਾ ਕੋਈ ਘੱਟ ਨਹੀਂ ਹੈ ਕਿਉਂ ਜੋ ਸਮਕਾਲ ਵਿਚ ਵੀ ਉਹੋ ਕਵਿਤਾ ਮਕਬੂਲ ਹੋ ਰਹੀ ਹੈ, ਜਿਥੇ ਅਲੰਕਾਰਾਂ ਦੀ ਵਰਤੋਂ ਹੈ, ਕਾਵਿ-ਪ੍ਰਵਿਰਤੀ ਭਾਵੇਂ ਕੋਈ ਹੋਵੇ। ਅਚਾਰੀਆ ਭਾਮਹ, ਦੰਡੀ, ਉਦਭੱਟ, ਵਾਮਨ, ਰੁਦਰਦ, ਕੁੰਤਕ, ਰਾਜਾ ਭੋਜ, ਮੰਮਟ, ਰੁੱਯਕ ਚੋਭਾਕਰਮਿਤ੍ਰ, ਜੈਦੇਵ, ਵਿਸ਼ਵਨਾਥ ਕਵੀ ਰਾਜ, ਅੱਪੈਦੀਕਸੁਤ, ਜਗਨਨਾਥ ਆਦਿ ਦੇ ਸੰਕਲਪਾਂ ਨੂੰ ਬੜੀ ਸਰਲ ਭਾਸ਼ਾ ਵਿਚ ਵਿਅਕਤ ਕੀਤਾ ਗਿਆ ਹੈ। ਲੇਖਕ ਦਾ ਮੰਨਣਾ ਹੈ ਕਿ ਅਲੰਕਾਰ ਕਵਿਤਾ ਵਿਚ ਚਮਤਕਾਰੀ ਪ੍ਰਭਾਵ ਸਿਰਜ ਕੇ ਅਰਥਾਵਲੀ ਨੂੰ ਸਮਝਣ ਅਤੇ ਖ਼ੂਬ ਮਾਨਣ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਚੰਗੀ ਕਵਿਤਾ ਦੀ ਕਾਵਿ-ਆਤਮਾ ਅਲੰਕਾਰ ਵਿਚ ਹੀ ਨਿਹਿਤ ਹੁੰਦੀ ਹੈ। 'ਅਲੰਕਾਰ' ਦੇ ਸਰਬਪੱਖੀ ਵਿਸ਼ਲੇਸ਼ਣ ਨੂੰ ਵਾਕਿਆ ਪੇਸ਼ ਕਰਦੀ ਇਹ ਪੁਸਤਕ ਸੱਚਮੁੱਚ ਪੰਜਾਬੀ ਕਾਵਿ-ਸ਼ਾਸਤਰੀ ਅਧਿਐਨ ਕਰਨ ਇਕ ਤੋਹਫ਼ਾ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

 

 

 

 

16-04-2023

 ਪੀਲੂ ਦਾ ਮਿਰਜ਼ਾ - ਸਾਹਿਬਾਂ ਤੇ ਹੋਰ ਰਚਨਾ
ਲੇਖਕ : ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ
ਪ੍ਰਕਾਸ਼ਕ : ਯੂਨੀਸਟਾਰ ਪਬਲੀਕੇਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98148-51500


ਮਿਰਜ਼ਾ-ਸਾਹਿਬਾਂ ਦੀ ਗਾਥਾ ਨੂੰ ਲਿਖਣ ਵਾਲਾ ਪੀਲੂ ਪਹਿਲਾ ਮਕਬੂਲ ਸ਼ਾਇਰ ਹੈ। ਮੱਧ-ਕਾਲੀਨ ਕਿੱਸਾ ਸਿਰਜਣਾ ਵਿਚ ਉਸ ਦਾ ਮੁਕਾਬਲਾ ਕਰਦੇ-ਕਰਦੇ ਸ਼ਾਇਰ ਪਰ੍ਹਾਂ ਕੰਧਾਂ ਨਾਲ ਲੱਗ ਖਲੋਂਦੇ ਸਨ। ਦੋ ਵਿਦਵਾਨ ਖੋਜੀਆਂ ਦੀ ਇਹ ਪੁਸਤਕ ਪੀਲੂ ਦੀ ਮਹਾਨਤਾ ਨੂੰ ਦਰਸਾਉਂਦੀ ਹੋਈ ਹੋਰ ਵੀ ਕਈ ਮੌਲਿਕ ਵਿਚਾਰਾਂ ਦਾ ਬੋਧ ਕਰਵਾਉਂਦੀ ਹੈ। ਦੋਵਾਂ ਲੇਖਕਾਂ ਨੇ ਪੀਲੂ-ਸ਼ਾਇਰ ਦੀ ਸਮਾਜਿਕ, ਮਾਨਸਿਕਤਾ ਨੂੰ ਉਸ ਕਾਲ-ਖੰਡ ਦੀ ਪ੍ਰਸੰਗਤਾ ਵਿਚ ਵੀ ਜਾਣਿਆ ਹੈ। ਇਹ ਪੜਚੋਲਕ ਕੇਵਲ ਪੀਲੂ ਦੇ ਕਿੱਸੇ ਦੀ ਸੰਰਚਨਾਤਮਕ ਵਿਧੀ-ਵਿਧਾਨ ਤੱਕ ਸੀਮਤ ਨਹੀਂ ਰਹੇ, ਸਗੋਂ ਪੀਲੂ ਤੋਂ ਬਾਅਦ ਹੋਏ ਇਸੇ ਕਿੱਸੇ ਨੂੰ ਲਿਖਣ ਵਾਲੇ ਹਾਫਿਜ਼ ਬਰਖੁਰਦਾਰ, ਕਿਸ਼ਨ ਦਾਸ, ਮੀਆਂ ਮੁਹੰਮਦ ਦੀਨ ਕਾਦਰੀ, ਮੀਆਂ ਮੁਹੰਮਦ ਬਖਸ਼, ਮੁਹੰਮਦ ਬੂਟਾ, ਮੀਆਂ ਮੁਹੰਮਦ, ਭਗਵਾਨ ਸਿੰਘ, ਗੁਰਮੁਖ ਸਿੰਘ ਬੇਦੀ ਚਮਕ, ਸਰਜੂ ਨਿਰਮਲਾ ਆਦਿ ਕਈਆਂ ਨਾਲੋਂ ਉਸ ਦੀ ਵਿਲੱਖਣਤਾ ਤਾਂ ਦਰਸਾਈ ਪਰ ਇਸ ਦੇ ਨਾਲ ਲੇਖਕਾਂ ਨੇ ਜਿਹੜੇ ਹੋਰ ਗ੍ਰੰਥਾਂ ਵਿਚੋਂ ਮਿਲਦੇ ਹਵਾਲੇ ਜਿਵੇਂ 'ਦਸਮ ਗ੍ਰੰਥ' ਵਿਚੋਂ ਮਿਲਦਾ ਹਵਾਲਾ ਦੇ ਪੀਲੂ ਸ਼ਾਇਰ ਦੀ ਕਾਵਿਕ ਪ੍ਰਤਿਭਾ, ਭਾਵੇਂ ਇਹ ਬਿਰਤਾਂਤਿਕ ਰਹੀ, ਜਲਿਆਂ/ਅਖਾੜਿਆਂ ਵਿਚ ਸ਼ਾਨੋ-ਸ਼ੌਕਤ ਨਾਲ ਗਾਈ ਜਾਂਦੀ ਰਹੀ, ਦਾ ਉਲੇਖ ਡੂੰਘੀ ਖੋਜ-ਦ੍ਰਿਸ਼ਟੀ ਤੋਂ ਕੀਤਾ ਹੈ। ਕਿੱਸਾ ਕਲਾ ਬਾਬਤ ਵਿਚਾਰ ਪ੍ਰਗਟਾਉਂਦਿਆਂ ਹੋਇਆਂ ਪ੍ਰਮੁੱਖ ਮਾਤਰਾ, ਬਿਰਤਾਂਤ ਕਲਾ, ਵਾਰਤਾਲਾਪ, ਅਲੰਕਾਰ ਯੋਜਨਾ ਦੇ ਅੰਤਰਗਤ ਵਿਭਿੰਨ ਵਰਤੇ ਅਲੰਕਾਰਾਂ ਦੀਆਂ ਕਿਸਮਾਂ, ਰਸ ਵਿਧਾਨ ਦੇ ਸਰੂਪ ਵਿਚ ਸ਼ਿੰਗਾਰ, ਕਰੁਣਾ, ਹਾਸਰਸ ਦਾ ਵੀ ਵਿਖਿਆਨ ਹੈ ਅਤੇ ਪੀਲੂ ਦੀ ਭਾਸ਼ਾ-ਸਮੱਰਥਾ ਦਾ ਵੀ ਉਲੇਖ ਹੈ। ਮਿਰਜ਼ਾ ਦੁਆਰਾ ਅਤੇ ਉਸ ਦੇ ਵਿਰੋਧੀਆਂ ਦੁਆਰਾ ਹੁੰਦੇ ਰਹੇ ਹਮਲਿਆਂ ਦਾ ਜ਼ਿਕਰ, ਸਾਹਿਬਾਂ ਦਾ ਨਿਭਾਇਆ ਕਿਰਦਾਰ, ਸਾਹਿਬਾਂ ਦੇ ਭਰਾ ਸ਼ਮੀਰ ਤੇ ਹੋਰ ਹਮਲਾਵਰਾਂ ਦਾ ਜ਼ਿਕਰ ਵੀ ਇਨ੍ਹਾਂ ਦੋਹਾਂ ਲੇਖਕਾਂ ਨੇ ਖ਼ੂਬ ਪਛਾਣਿਆ ਹੈ। ਪੁਸਤਕ ਦਾ ਮਹੱਤਵਪੂਰਨ ਭਾਗ ਇਹ ਵੀ ਹੈ ਕਿ ਇਸ ਵਿਚ ਪੀਲੂ ਦੇ ਵੈਰਾਗਮਈ ਸਲੋਕ ਵੀ ਅੰਕਿਤ ਹਨ। ਇਕ ਸਲੋਕ ਪੇਸ਼ ਹੈ :
ਕਲਜੁੱਗ ਪਹਿਰਾ ਆਇਆ, ਸਭ ਭਲ ਲਗੀ ਭਾਉ।
ਕੂੜ ਤੁਲੇ ਪੰਜ ਸੇਰੀਈਏ, ਸੱਚ ਮਾਸਾ ਇਕ ਕਵਾਉ
ਨੇਕੀਆਂ ਲੱਭਣ ਭਾਲੀਆਂ, ਬਦੀਆਂ ਦੇ ਦਰਿਆਉ,
ਪੀਲੂ ਤੇਰਾ ਮੰਗਤਾ, ਤੂੰ ਸਾਹਿਬੁ ਗੁਨੀਆਉ।
ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਨੇ 'ਮਿਰਜ਼ਾ-ਸਾਹਿਬਾਂ' ਦਾ ਜੋ ਮੂਲ ਪਾਠ ਦਿੱਤਾ ਹੈ, ਇਹ ਵੀ ਬੜੀ ਖੋਜ-ਘਾਲਣਾ ਦਾ ਸਿੱਟਾ ਹੈ। ਕਿਉਂ ਜੋ ਇਸ ਕਿੱਸੇ ਵਿਚ ਬਹੁਤ ਸਾਰੀਆਂ ਰੁਝੇਵੇਂ ਵਾਲੀਆਂ ਗੱਲਾਂ ਵੀ ਚਿਰਕਾਲ ਤੋਂ ਸੁਣੀਆਂ ਜਾਂਦੀਆਂ ਆ ਰਹੀਆਂ ਹਨ। ਪੁਸਤਕ ਦੀ ਪ੍ਰਸੰਸਾ ਹੋਣੀ ਚਾਹੀਦੀ ਹੈ।


-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732


ਸਾਕਾ ਸ੍ਰੀ ਨਨਕਾਣਾ ਸਾਹਿਬ (ਸਮਕਾਲੀ ਅਖਬਾਰਾਂ ਦੀ ਜ਼ੁਬਾਨੀ)
ਲੇਖਕ : ਡਾ. ਗੁਰਤੇਜ ਸਿੰਘ ਠੀਕਰੀਵਾਲਾ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 350 ਰੁਪਏ, ਪੰਨੇ : 286
ਸੰਪਰਕ : 94638-61316


ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਅਤੇ ਸ਼ਹੀਦੀ ਪੁਰਬਾਂ ਤੋਂ ਬਾਅਦ ਸਾਕਿਆਂ ਦੀਆਂ ਸ਼ਤਾਬਦੀਆਂ ਨੂੰ ਸਿੱਖ ਪੰਥ ਵਿਚ ਵਿਸ਼ੇਸ਼ ਇਤਿਹਾਸਕ ਸਥਾਨ ਪ੍ਰਾਪਤ ਹੈ। ਗੁਰੂ ਜੋਤਿ ਤੇ ਜੁਗਤਿ ਤੋਂ ਪ੍ਰੇਰਨਾ ਲੈ ਕੇ ਪੰਥ ਨੇ ਮਹਾਨ ਸਾਕਿਆਂ ਦਾ ਇਤਿਹਾਸ ਸਿਰਜਿਆ ਹੈ। ਗੁਰੂ ਪਦਵੀ ਗੁਰ ਸਥਾਨ ਜਾਂ ਗੁਰੂ ਗ੍ਰੰਥ-ਪੰਥ ਨਾਲ ਜੁੜੀ ਜਦੋੋਂ ਕੋਈ ਕੌਮੀ ਆਫ਼ਤ ਆਉਂਦੀ ਹੈ ਉਸ ਦੀ ਨਵਿਰਤੀ ਲਈ ਸ਼ਾਂਤਮਈ ਅਤੇ ਜੁਝਾਰੂ ਦੋਹਾਂ ਢੰਗਾਂ ਨਾਲ ਖ਼ਾਲਸਾ ਸੀਸ ਤਲੀ 'ਤੇ ਟਿਕਾ ਕੇ ਤੁਰਦਾ ਹੈ। ਇਸ ਮਰਨ ਦੇ ਰੂਹਾਨੀ ਚਾਅ ਵਿਚੋਂ ਹੁੰਦੀਆਂ ਸ਼ਹਾਦਤਾਂ ਦਾ ਅਸਲ 'ਸਾਕਾ' ਅਖਵਾਉਂਦਾ ਹੈ। 20 ਫਰਵਰੀ, 1921 ਦਾ ਸਾਕਾ ਸ੍ਰੀ ਨਨਕਾਣਾ ਸਾਹਿਬ ਇਸੇ ਅਮਲ ਦੀ ਇਤਿਹਾਸਕ ਮਿਸਾਲ ਹੈ।
ਲੇਖਕ ਨੇ ਕਿਤਾਬ ਦੇ 286 ਪੰਨਿਆਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਦੇ ਪਹਿਲੇ ਅਧਿਆਏ ਵਿਚ 19 ਤੋਂ 52 ਪੰਨਿਆਂ ਵਿਚ 7 ਉਪ ਸਿਰਲੇਖਾਂ ਹੇਠ ਢੁਕਵੀਂ ਜਾਣਕਾਰੀ ਹੈ। ਸ੍ਰੀ ਨਨਕਾਣਾ ਸਾਹਿਬ ਦਾ ਪਿਛੋਕੜ ਅਤੇ ਜਾਣ-ਪਛਾਣ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ, ਗੁਰਦੁਆਰਿਆਂ ਤੇ ਪ੍ਰਬੰਧਕਾਂ ਦੇ ਨਾਂਅ, ਸ੍ਰੀ ਨਨਕਾਣਾ ਸਾਹਿਬ ਦਾ ਸਰੋਵਰ, ਇਤਿਹਾਸਕ ਯਾਦਗਾਰਾਂ, ਅਸਟੇਟ ਅਤੇ ਮਹੰਤ ਨਰੈਣ ਦਾਸ। ਦੂਜੇ ਅਧਿਆਏ ਵਿਚ 55 ਤੋਂ 110 ਪੰਨਿਆਂ ਵਿਚ 15 ਉਪ ਸਿਰਲੇਖ ਵਰਤੇ ਗਏ ਹਨ ਸਾਕੇ ਦੇ ਜ਼ਿੰਮੇਵਾਰ 'ਤੇ ਕਾਰਨ, ਭਾਈ ਲਛਮਣ ਸਿੰਘ ਦਾ ਜਥਾ ਕਿਸ ਇਰਾਦੇ ਨਾਲ ਗਿਆ ਸੀ। ਖੂਨੀ ਸਾਕੇ ਦਾ ਬਿਰਤਾਂਤ, ਪ੍ਰਬੰਧ, ਸ਼ਹੀਦਾਂ ਦਾ ਸਸਕਾਰ, ਗਿਣਤੀ ਅਤੇ ਵੇਰਵਾ, ਸ਼ਹੀਦੀ ਫੰਡ ਅਤੇ ਦੀਵਾਨ ਵਿਚ ਪਾਸ ਹੋਏ ਗੁਰਮਤੇ ਅਕਾਲੀਆਂ/ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼, ਸਾਕੇ ਦਾ ਪੰਥ ਅਤੇ ਰਾਜਨੀਤੀ ਤੇ ਪ੍ਰਭਾਵ, ਮਹਾਤਮਾ ਗਾਂਧੀ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ, ਸਿੱਖ ਮਤਾਵਾਂ ਦਾ ਹੌਸਲਾ, ਕਰਤਾਰ ਸਿੰਘ ਬੇਦੀ ਦੀ ਭੂਮਿਕਾ ਅਤੇ ਪੰਥ ਤੋਂ ਮੁਆਫ਼ੀ, ਸਾਕੇ ਦੀ ਪੜਤਾਲ ਦੇ ਗ਼ੈਰ ਸਰਕਾਰੀ ਯਤਨ, ਸਾਕੇ ਦੇ ਅਦਾਲਤੀ ਮੁਕੱਦਮੇ। ਦੂਜੇ ਭਾਗ ਦੇ ਤੀਜੇ ਅਧਿਆਏ ਵਿਚ ਪੰਨਾ 115 ਤੋਂ 203 ਪੰਨਿਆਂ ਤੀਕ ਮਹੰਤ ਨਰੈਣ ਦਾਸ ਸਮੇਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ, ਗਵਾਹੀਆਂ, ਕਾਰਵਾਈ, ਅਦਾਲਤ ਦਾ ਫ਼ੈਸਲਾ ਤਰੀਕਾਂ ਅਨੁਸਾਰ ਅੰਕਿਤ ਹੈ। ਚੌਥੇ ਅਧਿਆਏ ਵਿਚ 212 ਤੋਂ 245 ਪੰਨਿਆਂ ਵਿਚ ਸੈਸ਼ਨ ਕੋਰਟ ਵਿਚ ਮੁਕੱਦਮੇ ਦੀ ਕਾਰਵਾਈ ਅਤੇ ਫ਼ੈਸਲਾ, ਗਵਾਹਾਂ ਦੇ ਬਿਆਨ ਦਰਜ ਹਨ। ਪੰਜਵੇਂ ਅਧਿਆਏ ਵਿਚ 251 ਤੋਂ 286 ਪੰਨਿਆਂ ਵਿਚ ਮਹੰਤ ਵਲੋਂ ਰਹਿਮ ਦੀ ਅਪੀਲ ਅਤੇ ਹਾਈ ਕੋਰਟ ਦਾ ਫ਼ੈਸਲਾ ਨਕਲਾਂ ਸਮੇਤ ਦਰਜ ਕੀਤਾ ਗਿਆ ਹੈ।
ਸ੍ਰੀ ਨਨਕਾਣਾ ਸਾਹਿਬ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਪ੍ਰਕਾਸ਼ ਭੂਮੀ ਹੈ। ਗੁਰਦੁਆਰਾ ਸੁਧਾਰ ਲਹਿਰ ਤਹਿਤ ਸ੍ਰੀ ਨਨਕਾਣਾ ਸਾਹਿਬ ਪੁੱਜੇ 150 ਗੁਰਸਿੱਖ ਅਕਾਲੀਆਂ ਦੇ ਜਥੇ ਨੂੰ ਮਹੰਤ ਦੀ ਜੁੰਡਲੀ ਨੇ ਬੜੀ ਕਰੂਰਤਾ ਨਾਲ ਸ਼ਹੀਦ ਕਰਕੇ 20 ਫਰਵਰੀ 1921 ਨੂੰ ਇਹ ਸਾਕਾ ਵਰਤਾਇਆ। ਇਹ ਖੋਜ ਰਚਨਾ ''ਸਾਕਾ ਸ੍ਰੀ ਨਨਕਾਣਾ ਸਾਹਿਬ'' ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਸਮੁੱਚੇ ਵਾਕਿਆਤ ਦਾ ਬਿਉਰਾ ਵੀ ਪੇਸ਼ ਕਰਦੀ ਹੈ। ਇਸ ਸਾਕੇ ਦੇ ਪੰਥ ਅਤੇ ਰਾਜਨੀਤੀ 'ਤੇ ਪਏ ਪ੍ਰਭਾਵ, ਜ਼ਿੰਮੇਵਾਰ ਵਿਅਕਤੀਆਂ ਦੀ ਭੂਮਿਕਾ, ਮੁਕੱਦਮੇ ਦੀ ਕਾਰਵਾਈ ਅਤੇ ਅਦਾਲਤੀ ਫ਼ੈਸਲਿਆਂ ਬਾਰੇ ਤੱਥ ਮੂਲਕ ਜਾਣਕਾਰੀ ਵੀ ਮੁਹੱਈਆ ਕਰਦੀ ਹੈ। ਸਮਕਾਲੀ ਅਖ਼ਬਾਰਾਂ ਦੇ ਅਧਾਰ 'ਤੇ ਤਿਆਰ ਕੀਤੀ ਗਈ ਇਹ ਪੁਸਤਕ ਇਸ ਸਾਕੇ ਦਾ ਸੰਤੁਲਿਤ ਤੇ ਭਰੋਸੇਯੋਗ ਬਿਰਤਾਂਤ ਹੈ ਅਤੇ ਕਈ ਨਵੇਂ ਪੱਖਾਂ ਦੀ ਪੇਸ਼ਕਦਮੀ ਵੀ ਕਰਦੀ ਹੈ, ਜੋ ਪਹਿਲਾਂ ਕਿਤੇ ਸਾਹਮਣੇ ਨਹੀਂ ਆਏ। ਮੈਂ ਇਹ ਪੁਸਤਕ ਪਾਠਕਾਂ ਨੂੰ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਗੁਰੂ ਨਾਨਕ ਦੇਵ - ਸਰੂਪ ਅਤੇ ਸਿਧਾਂਤ

ਲੇਖਿਕਾ : ਡਾ. ਬਲਵਿੰਦਰਜੀਤ ਕੌਰ ਭੱਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 97797-13354


ਹਥਲੀ ਪੁਸਤਕ ਵਿਚ ਲੇਖਿਕਾ ਵਲੋਂ ਵੱਖ-ਵੱਖ ਖੋਜ ਪੱਤਰਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਰੂਪ ਤੇ ਸਿਧਾਂਤ ਬਾਰੇ ਵਿਚਾਰਾਂ ਨੂੰ ਇਕ ਗੁਲਦਸਤੇ ਵਾਂਗ ਪੇਸ਼ ਕੀਤਾ ਹੈ। ਗੁਰੂ ਸਾਹਿਬ ਦਾ ਸੁਨੇਹਾ ਕੇਵਲ ਪੰਜਾਬ ਜਾਂ ਇਸ ਦੇਸ਼ ਤੱਕ ਸੀਮਤ ਨਹੀਂ ਸਗੋਂ ਵਿਸ਼ਵ-ਵਿਆਪੀ ਹੈ। ਉਹ ਸਮੁੱਚੀ ਮਾਨਵਤਾ ਨੂੰ ਜੀਵਨ-ਜਾਚ ਦਾ ਸੰਦੇਸ਼ ਦੇਣ ਵਾਲੇ ਸਮੁੱਚੀ ਲੁਕਾਈ ਦੇ ਪੈਗੰਬਰ ਸਨ। ਗੁਰੂ ਸਾਹਿਬ ਨੇ ਆਪਣੇ ਜੀਵਨ ਸਫ਼ਰ ਦੌਰਾਨ ਹਰ ਇਨਸਾਨ ਨੂੰ ਦੇਸ਼, ਧਰਮ, ਜਾਤ-ਪਾਤ ਦੀ ਸੌੜੀ ਸੋਚ ਨੂੰ ਛੱਡ ਕੇ ਹਰ ਬਸ਼ਰ ਨੂੰ ਇਕ ਬੁੱਕਲ ਵਿਚ ਲੈ ਕੇ ਆਤਮਿਕ ਤੌਰ 'ਤੇ ਮਜ਼ਬੂਤ ਹੋਣ ਦੇ ਨਾਲ-ਨਾਲ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਇਸ ਪੁਸਤਕ ਨੂੰ ਲੇਖਿਕਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਹੈ। ਲੇਖਿਕਾ ਵਲੋਂ ਸ਼ਾਮਿਲ ਵਿਸ਼ੇ ਗੁਰੂ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਸਮੇਂ ਵੱਖ-ਵੱਖ ਸੰਸਥਾਵਾਂ ਵਲੋਂ ਸਮੇਂ-ਸਮੇਂ ਕਰਵਾਏ ਧਾਰਮਿਕ ਸਮਾਗਮਾਂ, ਸੈਮੀਨਾਰਾਂ, ਕਾਨਫ਼ਰੰਸਾਂ ਵਜੋਂ ਪੇਸ਼ ਕੀਤੇ ਖੋਜ ਪੱਤਰ ਹਨ। ਇਨ੍ਹਾਂ ਪੇਸ਼ ਕੀਤੇ ਖੋਜ-ਪੱਤਰਾਂ ਵਿਚ ਗੁਰੂ ਸਾਹਿਬ ਨਾਲ ਸੰਬੰਧਿਤ ਜਨਮ-ਸਾਖੀਆਂ, ਉਦਾਸੀਆਂ ਦੇ ਸਫ਼ਰ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਇਲਾਵਾ ਧੁਰ ਕੀ ਬਾਣੀ ਵਿਚੋਂ ਗੁਰੂ ਸਾਹਿਬ ਦਾ ਜੀਵਨ ਫ਼ਲਸਫ਼ੇ ਲੈ ਕੇ ਖੋਜ ਪੱਤਰਾਂ ਦੇ ਵਿਸ਼ੇ ਲਏ ਗਏ ਹਨ। ਇਨ੍ਹਾਂ ਖੋਜ ਪੱਤਰਾਂ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ, ਗੁਰੂ ਨਾਨਕ ਬਾਣੀ ਇਕ ਸੱਭਿਆਚਾਰਕ ਇਨਕਲਾਬ, ਗੁਰੂ ਨਾਨਕ ਬਾਣੀ ਦਾ ਸੰਦੇਸ਼=ਵਰਤਮਾਨ ਪ੍ਰਸੰਗਿਕਤਾ, ਗੁਰੂ ਨਾਨਕ ਦੇਵ ਜੀ ਦਾ ਅੰਤਰ-ਧਰਮ ਸੰਵਾਦ, ਜਨਮ ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦਾ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਨਾਲ ਸੰਵਾਦ, ਪੁਰਾਤਨ ਜਨਮ ਸਾਖੀ ਵਿਚ ਪੇਸ਼ ਗੁਰੂ ਨਾਨਕ ਦਾ ਬਿੰਬ, ਗੁਰੂ ਨਾਨਕ ਬਾਣੀ ਦਾ ਨੈਤਿਕ ਸੰਦੇਸ਼, ਗੁਰੂ ਗ੍ਰੰਥ ਸਾਹਿਬ ਵਿਚ ਨੈਤਿਕਤਾ ਦਾ ਸੰਕਲਪ-ਸਿਧਾਂਤਕ ਪੱਖ, ਗੁਰੂ ਨਾਨਕ ਬਾਣੀ ਦਾ ਸਮੁੱਚੀ ਮਾਨਵਤਾ ਨੂੰ ਸੰਦੇਸ਼ ਗੁਰੂ ਨਾਨਕ ਬਾਣੀ ਦੀ ਭਾਰਤੀ ਸਮਾਜ ਨੂੰ ਦੇਣ ਸ਼ਾਮਿਲ ਕੀਤੇ ਗਏ ਹਨ। ਹਰ ਖੋਜ-ਪੱਤਰ ਨੂੰ ਵਾਚਣ ਤੋਂ ਪਿੱਛੋਂ ਲੇਖਿਕਾ ਵਲੋਂ ਕੀਤੀ ਸਖ਼ਤ ਘਾਲਣਾ ਦੀ ਪ੍ਰਸੰਸਾ ਕਰਨੀ ਬਣਦੀ ਹੈ। ਪੁਸਤਕ ਦੀ ਅੰਤਿਕਾ ਵਿਚ ਹਵਾਲਾ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਉੱਘੇ ਵਿਦਵਾਨ ਲੇਖਕ ਡਾ. ਰਤਨ ਸਿੰਘ ਜੱਗੀ ਵਲੋਂ ਲਿਖੇ 'ਦੋ ਸ਼ਬਦ' ਲੇਖਿਕਾ ਲਈ ਪ੍ਰੇਰਨਾ ਦੇ ਸਰੋਤ ਹਨ। ਗੁਰਮਤਿ ਦੇ ਵਿਦਵਾਨਾਂ ਲਈ ਇਹ ਸਾਰੇ ਖੋਜ-ਪੱਤਰ ਉੱਤਮ ਖੋਜ-ਸਮੱਗਰੀ ਵੀ ਹੈ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਮੇਰਾ ਲੰਡਨ ਸਫ਼ਰਨਾਮਾ

ਲੇਖਕ : ਪਰਵੀਨ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 60
ਸੰਪਰਕ : 77078-82366


ਪਰਵੀਨ ਸੰਧੂ ਮੂਲ ਰੂਪ ਵਿਚ ਨਾਟ-ਕਰਮੀ ਹੈ। ਉਸ ਨੇ ਆਪਣੀ ਮਾਂ ਦੇ ਜੀਵਨ 'ਤੇ ਇਕ ਕਿਤਾਬ 'ਮਾਂ ਦਾ ਪੁਨਰ ਜਨਮ' ਲਿਖੀ ਜਿਸ ਦਾ ਪਾਠਕਾਂ ਵਲੋਂ ਖ਼ੂਬ ਹੁੰਗਾਰਾ ਮਿਲਿਆ। ਇਸੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ, ਉਸ ਨੇ 'ਮੇਰਾ ਲੰਡਨ ਸਫ਼ਰਨਾਮਾ' ਕਿਤਾਬ ਲਿਖ ਮਾਰੀ, ਜਿਸ ਨੂੰ ਪਾਠਕਾਂ ਨੇ ਬਹੁਤ ਚਾਅ ਨਾਲ ਪੜ੍ਹਿਆ ਹੈ। ਲੰਡਨ ਜਾਣ ਦਾ ਸਬੱਬ ਬਣਾਇਆ ਉਸ ਦੇ ਨਾਟ-ਕਰਮੀ ਮਿੱਤਰ ਟੋਨੀ ਨੇ। ਉਸ ਨੇ ਇਕ ਨਾਟ ਵਰਕਸ਼ਾਪ ਵਿਚ ਭਾਗ ਲੈਣ ਲਈ ਉਸ ਨੂੰ ਇੰਗਲੈਂਡ ਆਉਣ ਦਾ ਸੱਦਾ-ਪੱਤਰ ਭੇਜਿਆ ਤੇ ਇਸੇ ਬਹਾਨੇ ਇੰਗਲੈਂਡ ਰਹਿੰਦੀ ਸੰਧੂ ਦੀ ਭੈਣ ਦੇ ਪਰਿਵਾਰ ਨਾਲ ਵੀ ਭਾਵੁਕ ਅਤੇ ਗੂੜ੍ਹੀਆਂ ਮਿਲਣੀਆਂ ਹੋ ਗਈਆਂ। ਆਲੇ-ਦੁਆਲੇ ਘੁੰਮਣ, ਖਾਣ-ਪੀਣ, ਥਾਵਾਂ ਅਤੇ ਦ੍ਰਿਸ਼ਾਂ ਨੂੰ ਮਾਣਦਿਆਂ ਪਰਵੀਨ ਸੰਧੂ ਨੇ ਆਪਣੇ ਜੀਜੇ ਤੋਂ ਇੰਗਲੈਂਡ ਦੇ ਜੀਵਨ ਅਤੇ ਲੋਕਾਂ ਬਾਰੇ ਵੀ ਕਈ ਗਿਆਨਵਰਧਕ ਗੱਲਾਂ ਸੁਣੀਆਂ, ਸਿੱਖੀਆਂ।
ਇਸ ਦੌਰਾਨ ਉਸ ਦੀ ਮਿਲਣੀ ਇਕ ਅੰਗਰੇਜ਼ ਡਾਇਰੈਕਟਰ ਡੈਨੀਅਲ ਰੋਬਸਾ ਨਾਲ ਹੋ ਗਈ ਜਿਸ ਨੇ ਉਸ ਦੀ ਦਿੱਖ, ਸੁਹੱਪਣ ਅਤੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ , ਉਸ ਨੂੰ ਉਥੇ ਹੀ ਆਪਣੀ ਕਿਸੇ ਲਘੂ ਫ਼ਿਲਮ ਵਿਚ ਕੰਮ ਦੇ ਦਿੱਤਾ, ਜਿਸ ਨੂੰ ਉਥੋਂ ਪੰਜਾਂ ਦਿਨਾਂ ਵਿਚ ਹਜ਼ਾਰ ਪੌਂਡ ਦਾ ਸੇਵਾ-ਫ਼ਲ ਮਿਲਿਆ। ਇਹ ਉਸ ਦੀ ਆਪਣੇ-ਆਪ ਵਿਚ ਇਕ ਮਾਣਮੱਤੀ ਪ੍ਰਾਪਤੀ ਸੀ ਤੇ ਨਾਲ ਹੀ ਉਸ ਨੂੰ ਕਿਸੇ ਫ਼ਿਲਮ ਵਿਚ ਕੰਮ ਕਰਨ ਦਾ ਇਕਰਾਰਨਾਮਾ (ਕਾਂਟਰੈਕਟ) ਵੀ ਮਿਲ ਗਿਆ।
'ਦੇਸੀ ਰੇਡੀਓ ਸਾਊਥਾਲ' ਦੇ ਪ੍ਰਬੰਧਕ ਬਿੱਟੂ ਖੰਘੂਰੀਏ ਅਤੇ ਬਰਮਿੰਘਮ ਦੇ ਇਕ ਰੇਡੀਓ ਨੂੰ ਦਿੱਤੇ ਇੰਟਰਵਿਊ 'ਚ ਉਸ ਤੋਂ ਦੱਸ ਹੋ ਗਿਆ ਹੈ ਕਿ ਉਸ ਨੇ ਬੈਂਕਾਕ ਦੇ ਜਿਥੇ ਸਿਆਣੇ ਬਜ਼ੁਰਗ ਤੋਂ ਰੀੜ੍ਹ ਦੀ ਹੱਡੀ ਦੇ ਮਣਕੇ ਸੂਤ ਕਰਨੇ, ਸਰਵਾਈਕਲ ਤੇ ਹੋਰ ਹੱਡੀਆਂ ਦਾ ਇਲਾਜ ਕਰਨਾ ਸਿੱਖ ਲਿਆ ਹੋਇਆ ਹੈ ਤੇ ਉਸ ਨੇ ਇਸ ਨੂੰ ਕਿੱਤੇ ਵਜੋਂ ਅਪਣਾਇਆ ਹੋਇਆ ਹੈ ਤਾਂ ਰੇਡੀਓ ਮੁਲਾਕਾਤਾਂ ਤੋਂ ਬਾਅਦ, ਮਰੀਜ਼ਾਂ ਦੇ ਆਉਣ ਦੀ ਭਰਮਾਰ ਹੋ ਗਈ ਤੇ ਉਹ 'ਗੜਵੀ ਵਾਲਾ ਬਾਬਾ' ਦੇ ਨਾਂਅ ਨਾਲ ਬਰਤਾਨੀਆ ਵਿਚ ਮਸ਼ਹੂਰ ਹੋ ਗਿਆ। ਉਸ ਨੇ ਉਨ੍ਹਾਂ ਮਰੀਜ਼ਾਂ ਦਾ ਬਣਦਾ-ਸਰਦਾ ਇਲਾਜ ਵੀ ਕੀਤਾ। ਭੈਣ, ਜੀਜੇ ਅਤੇ ਆਪਣੇ ਭਾਣਜੇ-ਭਾਣਜੀ ਨਾਲ ਉਸ ਦੀਆਂ ਭਾਵੁਕ ਮਿਲਣੀਆਂ ਪੰਜਾਬੀ ਲੋਕਾਂ ਦੇ ਪਰਿਵਾਰ-ਪ੍ਰੇਮ ਦੀਆਂ ਸੱਭਿਆਚਾਰਕ ਪਛਾਣਾਂ ਵੱਲ ਸੰਕੇਤ ਕਰਦੀਆਂ ਹਨ। ਭੈਣ-ਭਰਾ ਦਾ ਪਿਆਰ ਸਾਡੇ ਸੱਭਿਆਚਾਰ ਦੀ ਨਿਵੇਕਲੀ ਪਛਾਣ ਹੈ, ਜਿਸ 'ਤੇ ਅਨੇਕਾਂ ਲੋਕ-ਬੋਲੀਆਂ ਬਣੀਆਂ ਹੋਈਆਂ ਹਨ। ਆਪਣੀ ਥੋੜ੍ਹ-ਚਿਰੀ ਯਾਤਰਾ ਮੁਕੰਮਲ ਕਰਕੇ ਪਰਵੀਨ ਸੰਧੂ ਵਾਪਿਸ ਪੰਜਾਬ ਪਰਤ ਆਇਆ, ਜਿਸ ਪ੍ਰਤੀ ਉਸ ਦੇ ਮਨ 'ਚ ਅਥਾਹ ਪਿਆਰ ਤੇ ਖਿੱਚ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਭਾਰਤ ਦਾ ਪਹਿਲਾ ਉਲੰਪਿਕ ਚੈਂਪੀਅਨ ਅਥਲੀਟ
ਗੋਲਡਨ ਬੁਆਏ ਨੀਰਜ ਚੋਪੜਾ

ਲੇਖਕ : ਨਵਦੀਪ ਸਿੰਘ ਗਿੱਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਮੁਹਾਲੀ
ਮੁੱਲ : 200 ਰੁਪਏ, ਸਫ਼ੇ : 72
ਸੰਪਰਕ : 97800-36216


ਪੁਸਤਕ 'ਭਾਰਤ ਦਾ ਪਹਿਲਾ ਉਲੰਪਿਕ ਚੈਂਪੀਅਨ ਅਥਲੀਟ ਗੋਲਡਨ ਬੁਆਏ ਨੀਰਜ ਚੋਪੜਾ' ਪ੍ਰਸਿੱਧ ਖੇਡ ਲੇਖਕ ਨਵਦੀਪ ਸਿੰਘ ਗਿੱਲ ਵਲੋਂ ਲਿਖੀ ਗਈ ਹੈ ਜਿਸ ਵਿਚ ਨੀਰਜ ਚੋਪੜਾ ਦੇ ਬਚਪਨ ਤੋਂ ਲੈ ਕੇ ਉਸ ਦੇ ਵਰਤਮਾਨ ਦੌਰ ਤੱਕ ਦੀ ਸੰਘਰਸ਼-ਯਾਤਰਾ ਦਾ ਵਰਣਨ ਹੈ। ਬਾਲ ਪਾਠਕ ਪੁਸਤਕ ਦੇ ਪਹਿਲੇ ਬਾਬ 'ਜਾਣ-ਪਛਾਣ' ਤੋਂ ਲੈ ਕੇ 'ਦਿਲ ਤੇ ਸੁਭਾਅ ਦਾ ਵੀ ਰਾਜਾ ਨੀਰਜ' ਤੱਕ ਇਸ ਗੋਲਡਨ ਬੁਆਏ ਦੇ ਜੀਵਨ ਬਾਰੇ ਹੋਰ ਤਫ਼ਸੀਲ ਨਾਲ ਜਾਣਨ ਲਈ ਜਿਗਿਆਸੂ ਬਣੇ ਰਹਿੰਦੇ ਹਨ। ਹਰਿਆਣਾ ਦੇ ਇਤਿਹਾਸਕ ਕਸਬੇ ਪਾਣੀਪਤ ਨੇੜਲੇ ਪਿੰਡ ਖੰਡਰਾ ਵਿਖੇ ਸਾਧਾਰਨ ਕਿਸਾਨ ਪਰਿਵਾਰ ਵਿਚ ਜੰਮੇ ਪਲੇ ਖਿਡਾਰੀ ਨੀਰਜ ਦੀ ਜ਼ਿੰਦਗੀ ਨੂੰ ਲੇਖਕ ਨੇ ਕੁੱਲ 23 ਖੰਡਾਂ ਵਿਚ ਚਿਤਰਿਆ ਹੈ। ਇਸ ਪੁਸਤਕ ਵਿਚ ਚੋਪੜਾ ਦੇ ਜਨਮ, ਬਚਪਨ ਤੇ ਸਾਂਝੇ ਪਰਿਵਾਰ ਸੰਬੰਧੀ ਵਾਕਫ਼ੀਅਤ ਕਰਵਾਈ ਗਈ ਹੈ ਉਥੇ ਉਸ ਵਲੋਂ ਜੈਵਲਿਨ ਥਰੋਅ ਨੂੰ ਕਰੀਅਰ ਵਜੋਂ ਚੁਣਨ, ਵਿਸ਼ਵ ਰਿਕਾਰਡ ਨਾਲ ਜੂਨੀਅਰ ਵਿਸ਼ਵ ਚੈਂਪੀਅਨ ਤੋਂ ਲੈ ਕੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਨ ਦੇ ਅਤਿ ਸੰਘਰਸ਼ਮਈ ਦੌਰ ਨੂੰ ਵੀ ਸੁੰਦਰ ਸਿਲਸਿਲੇ ਵਿਚ ਪ੍ਰੋਇਆ ਗਿਆ ਹੈ। ਇਸ ਪੁਸਤਕ ਦਾ ਅਧਿਐਨ ਕਰਦਿਆਂ ਬਾਲ ਪਾਠਕ ਨੂੰ ਇਹ ਵੀ ਆਭਾਸ ਹੁੰਦਾ ਹੈ ਕਿ ਨੀਰਜ ਚੋਪੜਾ ਨੇ ਕਿਸ ਪ੍ਰਕਾਰ ਟੋਕੀਓ ਉਲੰਪਿਕਸ ਦੀ ਸੁਨਹਿਰੀ ਪ੍ਰਾਪਤੀ ਕੀਤੀ ਅਤੇ ਅਥਲੈਟਿਕਸ ਵਿਚ ਭਾਰਤ ਦਾ ਪਹਿਲਾ ਉਲੰਪਿਕ ਤਗਮਾ ਪ੍ਰਾਪਤ ਕੀਤਾ। ਚੋਪੜਾ ਦੇ ਤੀਜੇ ਗ਼ੈਰ-ਯੂਰੋਪੀਅਨ ਉਲੰਪਿਕ ਚੈਂਪੀਅਨ ਜੈਵਲਿਨ ਥਰੋਅ, ਟੋਕੀਓ ਵਿਖੇ ਭਾਰਤ ਦਾ ਸਰਵੋਤਮ ਪ੍ਰਦਰਸ਼ਨ, ਸਾਲ ਦਰ ਸਾਲ ਵਧਦੇ ਕਦਮ ਅਤੇ ਉਸ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਵਿਦੇਸ਼ੀ ਕੋਚਾਂ ਦੇ ਯੋਗਦਾਨ ਆਦਿ ਖੰਡਾਂ ਵਿਚ ਵੀ ਲੇਖਕ ਨੇ ਦਿਲਚਸਪ ਤੱਥ ਪੇਸ਼ ਕੀਤੇ ਹਨ। ਕੁੱਲ ਮਿਲਾ ਕੇ ਇਹ ਪੁਸਤਕ ਨੀਰਜ ਚੋਪੜਾ ਦੀ ਖੇਡ-ਪ੍ਰਤਿਬੱਧਤਾ, ਲਗਨ, ਮਿਹਨਤ ਅਤੇ ਸੰਘਰਸ਼ ਦਾ ਦਰਪਣ ਹੈ। ਇਸ ਕੌਮਾਂਤਰੀ ਖਿਡਾਰੀ ਦੇ ਬਚਪਨ, ਰਿਸ਼ਤੇਦਾਰਾਂ ਅਤੇ ਕੋਚਾਂ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਕੌਮੀ ਅਤੇ ਕੌਮਾਂਤਰੀ ਪੁਰਸਕਾਰ ਲੈਣ ਸੰਬੰਧੀ ਛਪੇ ਰੰਗਦਾਰ ਚਿੱਤਰ ਪੁਸਤਕ ਦੀ ਦਿੱਖ ਅਤੇ ਮਹੱਤਵ ਵਿਚ ਸਾਰਥਿਕ ਵਾਧਾ ਕਰਦੇ ਹਨ। ਇਹ ਪੜ੍ਹਨਯੋਗ ਅਤੇ ਸਾਂਭਣਯੋਗ ਪੁਸਤਕ ਕੇਵਲ ਬਾਲਾਂ ਲਈ ਹੀ ਨਹੀਂ ਸਗੋਂ ਵਡੇਰੀ ਉਮਰ ਦੇ ਪਾਠਕ ਵਰਗ ਵਿਚ ਵੀ ਪ੍ਰੇਰਣਾ ਜਗਾਉਂਦੀ ਹੈ।


-ਡਾ. ਦਰਸ਼ਨ ਸਿੰਘ ਆਸ਼ਟ'
ਮੋਬਾਈਲ : 98144-23703


ਲਫ਼ਜ਼ਾਂ ਦਾ ਵਿਹੜਾ
ਸ਼ਾਇਰ : ਸਰਦਾਰ ਪੰਛੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ-250 ਰੁਪਏ, ਸਫ਼ੇ-112
ਸੰਪਰਕ : 94170-91668


ਸਰਦਾਰ ਪੰਛੀ ਉਰਦੂ ਤੇ ਪੰਜਾਬੀ ਦਾ ਉਸਤਾਦ ਗ਼ਜ਼ਲਕਾਰ ਹੈ ਜਿਸ ਨੇ ਨਿਰੰਤਰ ਤੇ ਉੱਚਪਾਏ ਦਾ ਲਿਖਿਆ ਹੈ। ਹੁਣ ਤੱਕ ਉਸ ਦੀਆਂ ਗ਼ਜ਼ਲਾਂ ਤੇ ਹੋਰ ਵੱਖ-ਵੱਖ ਸਿਨਫ਼ਾਂ 'ਤੇ ਤਕਰੀਬਨ ਤਿੰਨ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ। 'ਲਫ਼ਜ਼ਾਂ ਦਾ ਵਿਹੜਾ' ਪੰਛੀ ਦੀ ਤਾਜ਼ਾਤਰੀਨ ਪੁਸਤਕ ਹੈ ਜਿਸ ਵਿਚ ਗ਼ਜ਼ਲਾਂ ਦੇ ਨਾਲ-ਨਾਲ ਨਜ਼ਮਾਂ ਵੀ ਛਪੀਆਂ ਮਿਲਦੀਆਂ ਹਨ। 'ਲਫ਼ਜ਼ਾਂ ਦਾ ਵਿਹੜਾ' ਵਿਚ ਹਾਸਰਸ ਰਚਨਾਵਾਂ, ਗੀਤ ਤੇ ਬਾਲ ਗੀਤ ਵੀ ਸ਼ਾਮਿਲ ਕੀਤੇ ਗਏ ਹਨ। ਸਰਦਾਰ ਪੰਛੀ ਉਨ੍ਹਾਂ ਸ਼ਾਇਰਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਕਾਰਨ ਪੰਜਾਬੀ ਗ਼ਜ਼ਲ ਦੀ ਪਰਵਾਜ਼ ਬੁਲੰਦ ਹੋ ਸਕੀ ਹੈ। ਇਸ ਪੁਸਤਕ ਦੇ ਸ਼ੁਰੂਆਤੀ ਦੋ ਪੰਨਿਆਂ 'ਤੇ ਧੀਆਂ ਭੈਣਾਂ ਨੂੰ ਸ਼ਿਅਰੀ ਅਸੀਸਾਂ ਦਿੱਤੀਆਂ ਗਈਆਂ ਹਨ ਅਤੇ ਤੀਸਰੀ ਰਚਨਾ ਗ਼ਜ਼ਲ ਹੈ ਜੋ ਗ਼ਜ਼ਲ ਵਿਧਾ ਦੀ ਉਸਤਤ ਵਿਚ ਹੈ। ਸ਼ਾਇਰ ਅਨੁਸਾਰ ਗ਼ਜ਼ਲ ਦੇਵੀ ਹੈ ਇਸੇ ਲਈ ਉਹ ਮਹਿਕਦੇ ਲਫ਼ਜ਼ਾਂ ਦੀ ਮਾਲ਼ਾ ਉਸ ਦੇ ਗਲ਼ ਪਾ ਰਿਹਾ ਹੈ। ਉਹ ਸਿਰਜਣਾ ਨੂੰ ਸਰਸਵਤੀ ਮਾਂ ਦੀ ਕ੍ਰਿਪਾ ਕਹਿੰਦਾ ਹੈ ਤੇ ਬੜੇ ਅਦਬ ਨਾਲ ਆਪਣਾ ਸਿਰ ਝੁਕਾਉਂਦਾ ਹੈ। ਇਹ ਗ਼ਜ਼ਲ ਉੱਚੇ ਮੁਕਾਮ 'ਤੇ ਪਹੁੰਚ ਕੇ ਵੀ ਨੀਵਾਂ ਰਹਿਣ ਦਾ ਸੰਦੇਸ਼ ਦਿੰਦੀ ਹੈ ਜਿਸ ਨੂੰ ਪੰਜਾਬੀ ਦੇ ਬਹੁਤੇ ਸ਼ਾਇਰਾਂ ਨੇ ਵਿਸਾਰ ਦਿੱਤਾ ਹੈ। ਦੂਸਰੀ ਗ਼ਜ਼ਲ ਜ਼ਿੰਦਗੀ ਰਦੀਫ਼ ਨਾਲ ਜ਼ਿੰਦਗੀ ਨੂੰ ਹੀ ਸਮਰਪਤ ਹੈ। ਸ਼ਾਇਰ ਆਖਦਾ ਹੈ ਮੈਂ ਤੇ ਮੇਰੀ ਜ਼ਿੰਦਗੀ ਅਜਿਹਾ ਉੱਜੜਿਆ ਨਗਰ ਹਾਂ ਜਿਸ ਦੇ ਮੁੜ ਵਸ ਜਾਣ ਦੀ ਕੋਈ ਉਮੀਦ ਨਹੀਂ ਹੈ। 'ਦਿਲ ਦੇ ਖੂਹ ਦਾ ਪਾਣੀ ਮੁੱਕਦਾ ਜਾਂਦਾ ਹੈ, ਤਾਹੀਓਂ ਪਿਆਰ ਦਾ ਬੂਟਾ ਸੁੱਕਦਾ ਜਾਂਦਾ ਹੈ।' ਇਸ ਪੁਸਤਕ ਦੀ ਹਾਸਿਲ ਗ਼ਜ਼ਲ ਹੈ। ਪੰਛੀ ਉਰਦੂ ਤੋਂ ਪੰਜਾਬੀ ਵੱਲ ਪਰਤਿਆ ਗ਼ਜ਼ਲਕਾਰ ਹੈ ਜੋ ਅਰੂਜ਼ੀ ਬੰਦਿਸ਼ਾਂ ਦਾ ਜਾਣਕਾਰ ਹੈ, ਇਸੇ ਕਰਕੇ ਉਸ ਨੂੰ ਗ਼ਜ਼ਲ ਦੀਆਂ ਮੀਨਾਕਾਰੀਆਂ ਕਰਨੀਆਂ ਆਉਂਦੀਆਂ ਹਨ। ਇਹ ਮੀਨਾਕਾਰੀਆਂ ਹਰ ਗ਼ਜ਼ਲ ਤੇ ਨਜ਼ਮ ਵਿਚ ਦੇਖੀਆਂ ਜਾ ਸਕਦੀਆਂ ਹਨ। ਇਸ ਪੁਸਤਕ ਵਿਚ ਕੁਝ ਹਲਕੀਆਂ ਫੁਲਕੀਆਂ ਰਚਨਾਵਾਂ ਨਾ ਵੀ ਛਾਪੀਆਂ ਜਾਂਦੀਆਂ ਤਾਂ ਚੰਗਾ ਹੁੰਦਾ, ਸ਼ਾਇਦ ਸ਼ਾਇਰ ਨੇ ਉਨ੍ਹਾਂ ਨੂੰ ਇਸ ਪੁਸਤਕ ਵਿਚ ਸਾਂਭ ਲੈਣ ਦਾ ਲਾਲਚ ਕੀਤਾ ਹੈ। ਗ਼ਜ਼ਲ ਭਾਗ ਤੋਂ ਨਵੇਂ ਗ਼ਜ਼ਲਕਾਰਾਂ ਨੂੰ ਅਗਵਾਈ ਵੀ ਮਿਲ ਸਕਦੀ ਹੈ ਤੇ ਆਮ ਪਾਠਕ ਇਸ ਦਾ ਲੁਤਫ਼ ਵੀ ਲੈ ਸਕਦੇ ਹਨ। 'ਲਫ਼ਜ਼ਾਂ ਦਾ ਵਿਹੜਾ' ਰੰਗੀਨ ਵੀ ਹੈ ਤੇ ਖ਼ੁਸ਼ਬੂਦਾਰ ਵੀ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਅਲਾਦੀਨ ਦਾ ਚਿਰਾਗ਼

ਲੇਖਕ : ਬ. ਸ. ਡਡਵਿੰਡੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 94174-76027


ਹੱਥਲੀ ਪੁਸਤਕ 'ਅਲਾਦੀਨ ਦਾ ਚਿਰਾਗ਼ ' ਨਾਮਵਰ ਲੇਖਕ ਬ. ਸ. ਡਡਵਿੰਡੀ ਦਾ ਬਾਲ ਨਾਵਲ ਹੈ। ਲੇਖਕ ਨੇ ਅਫ਼ਗਾਨਿਸਤਾਨ ਦੇਸ਼ ਦੇ ਇਕ ਗ਼ਰੀਬ ਵਿਅਕਤੀ ਅਲਾਦੀਨ ਦੇ ਦੁਆਲੇ ਇਸ ਬਾਲ ਨਾਵਲ ਦੇ ਕਥਾਨਕ ਨੂੰ ਬੁਣਿਆ ਹੈ ਜੋ ਕਿ ਕ੍ਰਿਸ਼ਮਈ ਚਿਰਾਗ਼ ਨੂੰ ਪ੍ਰਾਪਤ ਕਰਕੇ ਥੋੜ੍ਹੇ ਸਮੇਂ 'ਚ ਹੀ ਬਹੁਤ ਅਮੀਰ ਵਿਅਕਤੀ ਬਣ ਜਾਂਦਾ ਹੈ ਅਤੇ ਉਸ ਦੀ ਸ਼ਾਦੀ ਰਾਜਕੁਮਾਰੀ ਨੂਰਮਹਿਲ ਨਾਲ ਹੋ ਜਾਂਦੀ ਹੈ। ਇਹ ਜਾਦੂਮਈ ਚਿਰਾਗ਼ ਕਈ ਪੁਆੜਿਆਂ ਦੀ ਜੜ੍ਹ ਸਾਬਤ ਹੁੰਦਾ ਹੈ। ਜਦ ਇਹ ਚਿਰਾਗ਼ ਅਲਾਦੀਨ ਕੋਲੋਂ ਕੋਈ ਚੋਰੀ ਕਰ ਲੈਂਦਾ ਹੈ ਤਾਂ ਉਸ ਦੇ ਬੁਰੇ ਦਿਨ ਸ਼ੁਰੂ ਹੋ ਜਾਂਦੇ ਹਨ। ਅੰਤ 'ਚ ਅਲਾਦੀਨ ਅਤੇ ਰਾਜਕੁਮਾਰੀ ਨੂਰਮਹਿਲ ਦੋਵੇਂ ਪਤਾਲਪੁਰੀ 'ਚ ਬੰਦੀ ਬਣਾ ਲਏ ਜਾਂਦੇ ਹਨ ਅਤੇ ਜਾਦੂਗਰ ਟਾਮੋਸ ਉਨ੍ਹਾਂ ਦੀ ਕੁੱਟਮਾਰ ਕਰਦਾ ਹੈ ਅਤੇ ਦੋਵਾਂ ਨੂੰ ਪੱਥਰ ਦੀਆਂ ਮੂਰਤੀਆਂ ਬਣਾ ਦਿੰਦਾ ਹੈ। ਇਸ ਬਾਲ ਨਾਵਲ 'ਚ ਬੱਚਿਆਂ ਨੂੰ ਸਾਰਥਕ ਸਿੱਖਿਆ ਦਿੱਤੀ ਗਈ ਹੈ ਕਿ ਹੱਦੋਂ ਵੱਧ ਲਾਲਚ ਅਤੇ ਲਾਲਸਾ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸਾਬਤ ਹੁੰਦੇ ਹਨ। ਇਸ ਬਾਲ ਨਾਵਲ ਦੇ ਪਾਤਰਾਂ ਦੀ ਚਰਿੱਤਰ ਉਸਾਰੀ ਅਤੇ ਵਾਤਾਵਰਨ ਦਾ ਚਿਤਰਨ ਸਮੇਂ ਸਥਾਨ ਅਨੁਸਾਰ ਢੁੱਕਵਾਂ ਹੈ ਅਤੇ ਪਾਠਕਾਂ ਨੂੰ ਨਾਲੋ-ਨਾਲ ਤੋਰਦਾ ਹੈ। ਸਰਲ ਭਾਸ਼ਾ 'ਚ ਹੋਣ ਕਰਕੇ ਇਹ ਬਾਲ ਨਾਵਲ ਹੋਰ ਵੀ ਸੁਆਦਲਾ ਮਹਿਸੂਸ ਹੁੰਦਾ ਹੈ। ਇਸ ਪੁਸਤਕ ਦੇ ਅੰਤ 'ਚ ਇਕ ਲੰਮੀ ਬਾਲ ਕਹਾਣੀ 'ਰਾਜਾ ਖੁਸਰੋ ਸ਼ਾਹ' ਵੀ ਸ਼ਾਮਿਲ ਕੀਤੀ ਗਈ ਹੈ ਜੋ ਕਿ ਈਰਾਨ ਦੇਸ਼ ਦੇ ਰਾਜਾ ਖੁਸਰੋ ਸ਼ਾਹ ਦੇ ਇਰਦ-ਗਿਰਦ ਘੁੰਮਦੀ ਹੈ, ਜਿਸ ਨੂੰ ਮੁਲਕ ਦੀ ਪਰਜਾ ਬੇਹੱਦ ਪਿਆਰ ਕਰਦੀ ਹੈ ਪਰੰਤੂ ਰਾਜਾ ਇਕ ਚੁਗਲੀ ਤੇ ਅਸਰ ਕਰਕੇ ਗੁੱਸੇ 'ਚ ਆਪਣੀ ਰਾਣੀ ਨੂੰ ਮਹਿਲ ਅੰਦਰ ਹੀ ਕੈਦ ਕਰ ਦਿੰਦਾ ਹੈ। ਅੰਤ 'ਚ ਉਸ ਦੇ ਵਿਛੜੇ ਹੋਏ ਬੱਚੇ ਵੱਡੇ ਹੋ ਕੇ ਕਿਵੇਂ ਆਪਣੇ ਪਿਤਾ ਰਾਜਾ ਖੁਸਰੋ ਸ਼ਾਹ ਨੂੰ ਮਿਲਦੇ ਹਨ ਅਤੇ ਆਪਣੀ ਮਾਤਾ ਨੂੰ ਛੁਡਾ ਕੇ ਕਿਵੇਂ ਸਾਰਾ ਪਰਿਵਾਰ ਆਪਸ ਵਿਚ ਰਲ ਮਿਲ ਕੇ ਰਾਜ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲਗਦਾ ਹੈ, ਇਸ ਕਹਾਣੀ 'ਚ ਸਾਰਾ ਬਿਰਤਾਂਤ ਵਿਸਥਾਰਪੂਰਵਕ ਵਰਨਣ ਕੀਤਾ ਗਿਆ ਹੈ। ਇਹ ਪੁਸਤਕ ਬਾਲ ਪਾਠਕਾਂ ਦੀ ਰੂਹ ਦੇ ਹਾਣ ਦੀ ਹੋਣ ਕਰਕੇ ਬਾਲ ਸਾਹਿਤ 'ਚ ਇਸ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625


ਮੇਰੀਆਂ ਮੁਲਾਕਾਤਾਂ :
ਮੇਰੀ ਕਲਮ ਮੇਰੀ ਅਮੀਰੀ, ਫ਼ਕੀਰੀ ਤੇ ਆਲਮਗੀਰੀ

ਲੇਖਕ : ਅਸ਼ੋਕ ਚਰਨ 'ਆਲਮਗੀਰ'
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 262
ਸੰਪਰਕ : 79730-67524


ਅਸ਼ੋਕ ਚਰਨ 'ਆਲਮਗੀਰ' ਦਾ ਪੰਜਾਬੀ ਸਾਹਿਤਕ ਖੇਤਰ ਵਿਚ ਵਿਸ਼ੇਸ਼ ਸਥਾਨ ਹੈ। ਹਥਲੀ ਪੁਸਤਕ 'ਮੇਰੀਆਂ ਮੁਲਾਕਾਤਾਂ : ਮੇਰੀ ਕਲਮ-ਮੇਰੀ ਅਮੀਰੀ, ਫ਼ਕੀਰੀ ਤੇ ਆਲਮਗੀਰੀ' ਸਵੈ-ਜੀਵਨੀ ਹੈ, ਜਿਸ ਵਿਚ ਉਸ ਨੇ ਆਪਣੀਆਂ ਯਾਤਰਾਵਾਂ, ਯਾਦਾਂ ਤੇ ਜੀਵਨ ਤਜਰਬਿਆਂ ਦੀ ਗਾਥਾ ਨੂੰ ਤੱਥਕ ਜਾਣਕਾਰੀ ਦੁਆਰਾ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਇਸ ਵਾਰਤਕ ਪੁਸਤਕ ਵਿਚਲੀਆਂ ਯਾਦਾਂ ਨੂੰ 15 ਸਿਰਲੇਖਾਂ ਵਿਚ ਵੰਡਿਆ ਗਿਆ ਹੈ। ਇਹ ਪ੍ਰਮੁੱਖ ਸਿਰਲੇਖ ਸੁਪਨਿਆਂ ਦੇ ਮਗਰ-ਮਗਰ, ਆਖ ਦਮੋਦਰ ਅੱਖੀਂ ਡਿੱਠਾ, ਜਿਸ ਹਥੁ ਜੋਰੁ ਕਰ ਵੇਖੇ ਸੋਇ, ਗਹਿਰੀ ਵਿਦਿਅਕ ਯਾਤਰਾ, ਇਤਿਹਾਸ ਦਾ ਜਨਮਦਾਤਾ, ਖੈਬਰ ਦੱਰਰਾ ਤੇ ਬਮਿਆਲ ਦੇ ਆਰ ਪਾਰ, ਬਹੁਰੰਗਾ ਹੈ ਦੇਸ਼ : ਅਫ਼ਗਾਨਿਸਤਾਨ, ਆਦਸਾਨੀ ਸ਼ੇਖ ਫ਼ਰੀਦ, ਵਿਚਾਰ ਜੋ ਲਹਿਰਾਂ ਬਣੇ, ਢਊਆ ਪੈਸਾ ਨਿਖੱਟੂ ਪੁੱਤ ਕਿਤੇ ਕਦੇ ਕਦਾਈਂ, ਸ਼ੰਕਰਪੁਰੇ ਤੋਂ ਗੜ੍ਹਸ਼ੰਕਰ, ਆਪਣੇ ਆਪਣੇ ਕੀਰਤੀਮਾਨ, ਜੀਵਨ ਦੇ ਕੁਝ ਅਨਿਸਚਿਤ ਅਧਿਆਏ, ਆਲੂ ਤੇ ਆਲੂ ਬੁਖ਼ਾਰੇ ਦਾ ਅੰਤਰ, ਅੱਗ ਦੇ ਸੇਕ ਤੋਂ ਬੱਚਦਿਆਂ ਆਦਿ ਹਨ।
ਆਲਮਗੀਰ ਨੇ ਆਪਣੀ ਸਵੈ-ਜੀਵਨੀ ਨੂੰ ਕਲਾਤਮਕ ਪੱਖਾਂ ਰਾਹੀਂ ਬਿਰਤਾਂਤ ਉਸਾਰਿਆ ਹੈ। ਉਸ ਨੇ ਵਿਦਵਾਨ ਚਿੰਤਕਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਪ੍ਰਮੁੱਖ ਹੋਮਰ, ਲਾਰਡ ਬਾਇਰਨ, ਟਾਮਸ ਕਾਰਲਾਈਲ, ਨੈਪੋਲੀਅਨ ਬੋਨਾਪਾਰਟ, ਵਾਲਪੋਲ, ਲਾਬਰੂ, ਪੀਟਰੋ ਬੈਬੋਂ, ਲੁਡੋਵੀਕੋ, ਚਿੱਤਰਕਾਰ ਟਿਟੀਅਨ, ਸੰਗੀਤਕਾਰ ਬਾਰਟੋਲੋਮੀਓ, ਸੇਵੋਨਾਰੋਲਾ, ਆਗਸਟ ਕੌਮਟੇ, ਸਕਾਟਿਸ ਇਤਿਹਾਸਕਾਰ ਡੇਵਿਡ ਹੀਊਮ, ਯੂਨਾਨੀ ਵਿਗਿਆਨੀ ਆਰਕਿਮੀਡੀਜ਼, ਦਾਰਸ਼ਨਿਕ ਸਿਸਰੋ, ਸੀਨੈਕਾ, ਗਿੱਬਨ, ਪਾਸਤਰਨਕ, ਗੁੰਟਰ ਗਰਾਸ, ਗੈਬ੍ਰਾਈਲ ਗਾਰਸੀਆ ਮਾਰਖੇਜ਼, ਕਿੰਗ ਜਾਹਨ, ਗੈਰੀ ਬਾਲਤੀ, ਬੁੱਤਕਾਰ ਰਾਫ਼ੇਲ, ਪਲੈਟੋ, ਐਬੀਲਾਰਡ, ਪਾਈਥਾਗੋਰਸ ਆਦਿ ਹਨ। ਆਲਮਗੀਰ ਨੇ ਵਿਦਵਾਨ ਚਿੰਤਕਾਂ ਦੀ ਵਿਚਾਰਧਾਰਾ ਤੇ ਕਾਰਜ-ਪ੍ਰਣਾਲੀ ਬਾਰੇ ਗਹਿਣ ਅਧਿਐਨ ਕੀਤਾ ਹੈ। ਪ੍ਰਭਾਵਦਾਇਕ ਵਿਚਾਰਾਂ ਕਾਰਨ ਵਾਰਤਕ ਕਲਾਤਮਕ ਗੁਣਾਂ ਦੀ ਧਾਰਨੀ ਬਣ ਜਾਂਦੀ ਹੈ। ਇਤਿਹਾਸ ਬਾਰੇ ਕਾਰਲਾਈਨ ਦੀ ਟਿੱਪਣੀ 'ਸਾਰਾ ਇਤਿਹਾਸ ਹੀ ਅਫ਼ਵਾਹਾਂ ਦਾ ਅਰਕ ਹੈ' ਆਲਮਗੀਰ ਦੀ ਕਲਮ ਪੂਰੇ ਗਲੋਬ ਨੂੰ ਦ੍ਰਿਸ਼ਟੀਗੋਚਰ ਕਰਕੇ ਸ਼ਬਦ ਚਿੱਤਰ ਉਲਕਦੀ ਹੈ। ਦੁਨੀਆ ਵਿਚ 6912 ਬੋਲੀਆਂ ਸਨ, ਜਿਨ੍ਹਾਂ ਵਿਚੋਂ 580 ਮਰਨ ਕਿਨਾਰੇ ਹਨ। 'ਕੇਨੀ ਦੇ ਚਲਦੇ ਫਿਰਦੇ ਊਠ ਪਿਆਰੇ ਲਗਦੇ ਨੇ ਜੋ ਪਿੰਡੇ 'ਤੇ ਪੰਜ-ਪੰਜ ਸੌ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਢੋਈ ਜਾ ਰਹੇ ਹਨ।'
ਆਲਮਗੀਰ ਦੀ ਲੇਖਣੀ ਦਾ ਪ੍ਰਮੁੱਖ ਗੁਣ ਪਾਠਕ ਨੂੰ ਸਨਮੁੱਖ ਰੱਖ ਕੇ ਲਿਖਣਾ ਹੈ। ਉਸ ਦੀ ਵਾਰਤਕ ਸ਼ੈਲੀ ਦੇ ਕਲਾਤਮਕ ਗੁਣ ਸ਼ੈਲੀ ਅਲੱਗ, ਨਾਟਕ ਨੂੰ ਕਵਿਤਾ ਰੂਪ ਦੇਣਾ, ਨਾਵਲ ਕਵਿਤਾ ਵਿਚ ਪੇਸ਼ ਕਰਨਾ, ਨਾਵਲਕਾਰ ਦੇ ਤੌਰ 'ਤੇ ਅਤਿਅੰਤ ਗੁੰਝਲਦਾਰ, ਵਿਰੋਧਾਭਾਸ਼ੀ ਅਨੁਭਵਾਂ ਨੂੰ ਬਿਰਤਾਂਤ ਦਾ ਆਧਾਰ ਬਣਾਉਂਦਾ ਹੈ। ਨਾਵਲ 'ਆਦਮਨਾਮਾ' ਵਿਚ ਤਿੰਨ ਲੇਖਕਾਂ ਦੀਆਂ ਆਚਰਣਕ ਕਮਜ਼ੋਰੀਆਂ ਨੂੰ ਬੇਨਕਾਬ ਕਰਦਾ ਹੈ। ਪਾਈਥਾਗੋਰਸ ਨੇ ਗਿਆਨ ਵਿਗਿਆਨ ਦੇ ਖੋਜੀਆਂ ਨੂੰ ਫਿਲਾਸਫ਼ਰ ਤੇ ਗਿਆਨ ਵਿਗਿਆਨ ਦੀ ਕਮਾਈ ਨੂੰ ਫਿਲਾਸਫ਼ੀ ਦਾ ਨਾਂਅ ਦਿੱਤਾ ਸੀ। ਧਰਮ ਦੇ ਨਾਂਅ ਉੱਤੇ ਲੜੇ ਯੁੱਧਾਂ ਵਿਚ ਬਲਾਤਕਾਰੀਆਂ ਦੀ ਖੁੱਲ੍ਹ ਨੂੰ ਵੀ ਨਸ਼ਰ ਕੀਤਾ ਹੈ। ਕਿੰਗ ਜਾਹਨ ਨੇ 1215 ਵਿਚ ਚਾਰਟਰ 'ਤੇ ਦਸਤਖ਼ਤ ਕੀਤੇ ਜਿਸ ਨੂੰ ਮੈਗਨਾਕਾਰਟਾ ਦਾ ਨਾਂਅ ਦਿੱਤਾ ਗਿਆ ਸੀ। ਆਲਮਗੀਰ ਨੇ ਨੋਬਲ ਪੁਰਸਕਾਰ ਜੇਤੂ ਲੇਖਕਾਂ ਦੀ ਸਚਾਈ ਨੂੰ ਵੀ ਬਿਆਨ ਕੀਤਾ ਹੈ। ਪੁਸਤਕ ਸਾਹਿਤ ਪ੍ਰੇਮੀਆਂ ਦੇ ਸੁਹਜ-ਸਵਾਦ, ਚਿੰਤਨ-ਚੇਤਨਾ ਤੇ ਇਤਿਹਾਸ ਪ੍ਰਤੀ ਜਾਨਣ ਦੀ ਲਾਲਸਾ ਨੂੰ ਤ੍ਰਿਪਤ ਕਰੇਗੀ।


-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810


ਡੂੰਘੇ ਦਰਦ ਦਰਿਆਵਾਂ ਦੇ

ਕਵੀ : ਡਾ. ਮੇਹਰ ਮਾਣਕ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 90411-13193


ਡਾ. ਮੇਹਰ ਮਾਣਕ ਦੀ ਇਹ ਚੌਥੀ ਕਾਵਿ-ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਹਨੇਰੇ ਤੋਂ ਪਰਛਾਵੇਂ', 'ਲਾਵਾ ਮੇਰੇ ਅੰਦਰ' ਅਤੇ 'ਸਿਦਕ ਸਲਾਮਤ' ਕਾਵਿ ਪੁਸਤਕਾਂ ਛਪਵਾ ਚੁੱਕਾ ਹੈ। ਧਰਮ ਕੰਮਿਆਣਾ ਅਨੁਸਾਰ 'ਡਾ. ਮੇਹਰ ਮਾਣਕ ਪੰਜਾਬੀ ਦਾ ਜਾਣਿਆ-ਪਛਾਣਿਆ ਕਵੀ ਹੈ। ਉਹ ਤੇ ਉਸ ਦੀ ਕਵਿਤਾ ਦੋਵੇਂ ਹੀ ਮਿੱਟੀ ਨਾਲ ਜੁੜੇ ਹੋਏ ਹਨ। ਲੋਕ ਘੋਲਾਂ 'ਚੋਂ ਉੱਭਰਿਆ ਇਹ ਕਵੀ ਲੋਕਾਂ ਦੀ ਗੱਲ ਕਰਦਾ ਹੈ। ਲੋਕਾਂ ਦੇ ਮੇਚ ਅਤੇ ਸਮਝ ਦੀ ਗੱਲ ਕਰਦਾ ਹੈ। ਇਸੇ ਲਈ ਉਹ ਸੰਚਾਰ ਵਿਚ ਗੁੰਝਲਾਂ ਦਾ ਭਾਗੀਦਾਰ ਨਹੀਂ।
ਕਵੀ ਮਾਣਕ ਆਪਣੇ ਸਮੇਂ ਵਿਚਲੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਵਰਤਾਰਿਆਂ ਨੂੰ ਸਹਿਜ ਨਾਲ ਪੇਸ਼ ਕਰਨ ਵਿਚ ਮਾਹਿਰ ਹੈ। ਉਸ ਦੀਆਂ ਬਹੁਤ ਸਾਰੀਆਂ ਕਾਵਿ ਰਚਨਾਵਾਂ ਗ਼ਜ਼ਲਾਂ ਹਨ ਅਤੇ ਇਨ੍ਹਾਂ ਦਾ ਛੰਦ ਬਹਿਰ ਅਤੇ ਕਾਫ਼ੀਏ ਸ਼ਗੁਫਤਾ ਫੁੱਲਾਂ ਜਿਹੇ ਹਨ। ਉਹ ਸਿੱਧੀ ਜਿਹੀ ਗੱਲ ਨਹੀਂ ਕਰਦਾ ਹਰ ਸ਼ਿਅਰ ਉਸ ਦੇ ਭਾਵਾਂ ਦਾ ਸੰਚਾਰ ਸਲੀਕੇ ਨਾਲ ਤੇ ਗ਼ਜ਼ਲੀਅਤ ਵਿਚ ਕਰਦਾ ਹੈ। ਉਸ ਦੀ ਬੋਲੀ ਮੁਹਾਵਰੇਦਾਰ ਅਤੇ ਲੋਕਾਂ ਦੀ ਆਪਣੀ-ਆਪਣੀ ਹੈ। ਉਹ ਭਾਵਪੂਰਤ ਸ਼ਿਅਰਾਂ ਦੀ ਘਾੜਤ ਦਾ ਸ਼ਾਇਰ ਹੈ :
-ਇਸ ਦੁਨੀਆ ਤੋਂ ਕਾਹਤੋਂ ਡਰੀਏ
ਰਿਝ ਰਿਝ ਕੇ ਕਿਉਂ ਪਲ ਪਲ ਮਰੀਏ
ਡਰਦਿਆਂ ਤਾਈਂ ਡਰਾਉਂਦੀ ਦੁਨੀਆ
ਸਿਰ ਤਕੜਿਆਂ ਅੱਗੇ ਝੁਕਾਉਂਦੀ ਦੁਨੀਆ
ਸੋਚਾਂ ਸੋਚਦਿਆਂ ਜ਼ਿੰਦਗੀ ਲੰਘੀ
ਇਨ੍ਹਾਂ ਸੋਚਾਂ ਨੇ ਕਰਤੀ ਕੰਘੀ
ਹਰ ਖ਼ਾਹਿਸ਼ ਤਾਂ ਗਈ ਹੈ ਡੰਗੀ...
ਕਵੀ ਮੇਹਰ ਦੀਆਂ ਕਵਿਤਾਵਾਂ ਭਾਵੇਂ ਛੰਦ ਰਹਿਤ ਹਨ ਪਰ ਪੜ੍ਹਦਿਆਂ ਇਹ ਕਵਿਤਾਵਾਂ ਲਹਿਰਾਂ ਵਾਂਗ ਤੁਰਦੀਆਂ ਨਜ਼ਰ ਆਉਂਦੀਆਂ ਹਨ :
-ਚੰਦਰੀਆਂ ਹਵਾਵਾਂ ਲੈ ਗਈਆਂ
ਉਡਾ ਤੇਰੇ ਸਿਰਨਾਵੇਂ
ਦੱਸ ਖਾਂ ਤੈਨੂੰ ਭਾਲੀਏ
ਜਾ ਕਿਹੜੀ ਥਾਵੇਂ?
ਜਗ ਤੋਂ ਉਹਲਾ ਕਰਦਿਆਂ
ਸਾਰੀ ਉਮਰ ਗੁਜ਼ਾਰੀ
ਕਿਹੜਾ ਅਜਿਹਾ ਜੁਰਮ ਸੀ
ਸਜ਼ਾ ਭੁਗਤੀ ਭਾਰੀ
ਸੁਰਜੀਤ ਪਾਤਰ ਨੇ ਮੇਹਰ ਮਾਣਕ ਦੀ ਕਾਵਿਕਾਰੀ ਦੀ ਸਿਫ਼ਤ ਕੀਤੀ ਹੈ। ਉਸ ਨੂੰ ਪਾਤਰ ਭਾਵੀ ਸਮਰਿੱਧ ਕਵੀ ਆਖਦਾ ਹੈ।


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਪੰਜਾਬੀ ਸਾਹਿਤ ਵਿਚ ਮਿੱਥ ਦਾ ਵਿਸਥਾਪਨ

ਲੇਖਿਕਾ : ਡਾ. ਮੋਨਿਕਾ ਸਾਹਨੀ
ਪ੍ਰਕਾਸ਼ਨ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98761-72594


ਮਿੱਥ ਦੇ ਅਰਥ, ਪੌਰਾਣਿਕ, ਕਿੱਸਾ, ਕਥਾ, ਕਾਲਪਨਿਕ ਤੇ ਗਲਪ ਆਦਿ ਹਨ। ਪੁਸਤਕ 'ਪੰਜਾਬੀ ਸਾਹਿਤ ਵਿਚ ਮਿੱਥ ਦਾ ਵਿਸਥਾਪਨ' ਜ਼ਾਹਰ ਹੈ, ਅਜਿਹੀ ਪੁਸਤਕ ਹੈ, ਜਿਸ ਵਿਚ ਖੋਜਾਰਥਨ ਨੇ ਪੰਜਾਬੀ ਸਾਹਿਤ ਦੀ ਨਾਟ ਵਿਧਾ ਵਿਚੋਂ ਕੁਝ ਨਾਟਕਕਾਰਾਂ ਦੇ ਨਾਟਕ ਚੁਣ ਕੇ, ਉਨ੍ਹਾਂ ਵਿਚੋਂ ਸਥਾਪਿਤ ਮਿੱਥਾਂ ਨਾਲ ਸੰਬੰਧਿਤ ਵਸਤੂ ਵੇਰਵਿਆਂ ਦਾ ਮੁੱਲਾਂਕਣ ਕਰਨਾ ਹੈ। ਇਸੇ ਦ੍ਰਿਸ਼ਟੀ ਤੋਂ ਉਸ ਨੇ ਪੁਸਤਕ ਦੇ ਪੰਜ ਅਧਿਆਇ ਬਣਾ ਕੇ, ਆਪਣੇ ਖੋਜ-ਨਿਬੰਧ ਦਾ ਮੁਲਾਂਕਣ ਸੰਪੰਨ ਕੀਤਾ ਹੈ। ਪਹਿਲਾ ਅਧਿਆਇ : ਮਿੱਥ ਪਰਿਭਾਸ਼ਾ (2) ਦੂਜਾ ਅਧਿਆਇ : ਪੰਜਾਬੀ ਸਾਹਿਤ ਵਿਚ ਮਿੱਥ ਦਾ ਪੁਨਰ ਵਿਸਥਾਪਨ, (3) ਤੀਜਾ ਅਧਿਆਇ : ਲੋਕ ਸਾਹਿਤ ਵਿਚ ਮਿੱਥ, (4) ਪੰਜਾਬੀ ਨਾਟਕ ਵਿਚ ਮਿੱਥ ਦਾ ਪੁਨਰ ਸਿਰਜਣ (5) ਮਿੱਥ ਦੀਆਂ ਵਿਸ਼ੇਸ਼ਤਾਵਾਂ, (6) ਪੁਸਤਕ ਸੂਚੀ।
ਖੋਜਾਰਤਣ ਲੇਖਿਕਾ ਮਿੱਥ ਦੇ ਸੰਕਲਪ ਅੰਦਰ, ਇਤਿਹਾਸ ਦਾ ਅਜਿਹਾ ਪ੍ਰਤੀਬਿੰਬ ਅਨੁਭਵ ਕਰਦੀ ਹੈ, ਜਿਸ ਨਾਲ ਹਰ ਕੋਈ ਵਿਅਕਤੀ ਪੁਰਾਤਨ ਇਤਿਹਾਸ ਮਿਥਿਹਾਸ, ਸੱਭਿਆਚਾਰ ਦੇ ਹਰ ਪ੍ਰਕਾਰ ਦੇ ਦਰਸ਼ਨ ਕਰ ਸਕੇ। ਪੁਰਾਤਨ ਕਾਲ ਵਿਚ ਦ੍ਰਿਸ਼ਟ-ਅਦ੍ਰਿਸ਼ਟ ਦੇਵੀ-ਦੇਵਤੇ, ਪੂਜ-ਮੂਰਤੀਆਂ ਪਿੱਛੇ ਸੰਕਲਪੀ ਸ਼ਕਤੀਆਂ, ਲੋਕ-ਸ਼ਰਧਾ ਵਿਸ਼ਵਾਸ ਵਿਚ ਅਦ੍ਰਿਸ਼ ਸ਼ਕਤੀ, ਸਮਰਿਧੀ ਦੇ ਕਰਤਾ ਧਰਤਾ, ਉਨ੍ਹਾਂ ਦੇ ਚਿੰਨ੍ਹ ਰੂਪੀ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ ਮਾਤਾ ਰਾਣੀ, ਗੁੱਗਾ ਪੀਰ, ਵੱਡਿਆਂ-ਵਡੇਰਿਆਂ ਦੀਆਂ ਮਟੀਆਂ... ਜਿਨ੍ਹਾਂ ਨੂੰ ਪੂਜਣ, ਸਤਿਕਾਰਨ ਅਤੇ ਮੰਨਣ ਦੀਆਂ ਲੋਕ ਪਰੰਪਰਾਵਾਂ ਹਨ। ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਪੁਸਤਕ ਦੇ ਪੰਜ ਅਧਿਆਇ ਨਿਰਮਾਣੇ ਹਨ। ਪਹਿਲੇ ਅਧਿਆਇ ਵਿਚ ਮਿੱਥ : ਪਰਿਭਾਸ਼ਾ, ਸਿਧਾਂਤ ਹੋਰ ਵਸਤੂ ਵੇਰਵੇ, ਦੂਜੇ ਅਧਿਆਇ ਵਿਚ ਪੰਜਾਬੀ ਸਾਹਿਤ ਵਿਚ ਮਿੱਥ ਦਾ ਪੁਨਰ ਵਿਸਥਾਪਣ। ਤੀਜੇ ਅਧਿਆਇ ਵਿਚ ਲੋਕ ਸਾਹਿਤ ਵਿਚ ਮਿੱਥ। ਚੌਥੇ ਅਧਿਆਇ ਅਨੁਸਾਰ ਪੰਜਾਬੀ ਨਾਟਕ ਵਿਚ ਪੁਨਰ ਸਿਰਜਣ, ਪੰਜਵੇਂ ਅਧਿਆਇ ਵਿਚ ਮਿੱਥ ਦੀਆਂ ਵਿਸ਼ੇਸ਼ਤਾਵਾਂ। ਅੰਤ ਵਿਚ ਪੁਸਤਕ ਸੂਚੀ ਦਿੱਤੀ ਗਈ ਹੈ।
ਵਰਤਮਾਨ ਪੰਜਾਬੀ ਨਾਟਕਕਾਰਾਂ ਵਿਚੋਂ ਸੰਤ ਸਿੰਘ ਸੇਖੋਂ, ਅਜਮੇਰ ਔਲਖ, ਕਪੂਰ ਸਿੰਘ ਘੁੰਮਣ, ਚਰਨ ਦਾਸ ਸਿੱਧੂ, ਸਵਰਾਜਬੀਰ ਦੇ ਨਾਟਕਾਂ ਵਿਚ ਮਿੱਥ ਸਿਰਜਣ ਦੇ ਪੈਂਤੜੇ ਅਤੇ ਹੋਰ ਤੱਤਾਂ ਦਾ ਮੁਲਾਂਕਣ ਕੀਤਾ ਹੈ। ਅੰਤ ਵਿਚ ਪੁਸਤਕ ਸੂਚੀ ਹੈ।


-ਡਾ. ਅਮਰ ਕੋਮਲ
ਮੋਬਾਈਲ : 84378-73565


ਗੱਲਾਂ ਕਰਦੇ ਅੱਖਰ
ਲੇਖਕ : ਸੁਖਚਰਨ ਸੱਦੇਵਾਲੀਆ
ਪ੍ਰਕਾਸ਼ਕ :ਗੁੱਡਵਿਲ ਪਬਲੀਕੇਸ਼ਨ, ਮਾਨਸਾ
ਮੁੱਲ : 170 ਰੁਪਏ, ਸਫ਼ੇ : 118
ਸੰਪਰਕ : 94642-94453


ਸੁਖਚਰਨ ਸੱਦੇਵਾਲੀਆ ਨੇ ਪੱਕੇ ਪੈਰੀਂ ਕਾਵਿ-ਸਾਹਿਤ 'ਚ ਪੈਰ ਧਰਿਆ ਹੈ। ਇਸ ਤੋਂ ਪਹਿਲਾਂ ਚਾਰ ਪੁਸਤਕਾਂ ਕਾਵਿ-ਸਾਹਿਤ ਦੇ ਵਿਹੜੇ 'ਚ ਆਪਣੀ ਖ਼ੁਸ਼ਬੂ ਬਿਖੇਰ ਰਹੀਆਂ ਹਨ। ਦਰਸ਼ਨ ਸਿੰਘ ਭੰਮੇ ਹੁਰਾਂ ਮੁੱਖ ਬੰਦ ਵਿਚ ਸੁਖਚਰਨ ਦੇ ਸਾਹਿਤਕ ਸਫ਼ਰ ਬਾਰੇ ਇੰਜ ਬਿਆਨ ਕੀਤਾ ਹੈ, 'ਸੋਹਣੀ ਅਤੇ ਘੜਾ' ਫਿਰ 'ਲੂਣਾ' ਤੇ 'ਪੂਰਨ' ਲਿਖੀ, 'ਮਾਡਰਨ ਦੁਨੀਆ' ਤੇ 'ਖਾਲਸੇ ਦੀ ਸ਼ਾਨ' ਹੈ। ਪੰਜਾਬੀ ਦੀ ਵਰਣਮਾਲਾ ਦੇ 35 ਅੱਖਰਾਂ 'ਤੇ ਰਚੀ ਹੋਈ ਕਾਵਿ-ਰਚਨਾ ਬਾ-ਕਮਾਲ ਦੀ ਹੈ। ਇਸ ਪੁਸਤਕ ਦੀ ਇਕ ਹੋਰ ਖੂਬੀ ਜੋ ਸੱਦੇਵਾਲੀਆ ਦੇ ਹਿੱਸੇ ਆਈ ਹੈ, ਉਹ ਇਹ ਹੈ ਕਿ ਇਸ ਕਾਵਿ-ਸੰਗ੍ਰਹਿ ਨੂੰ ਇਕ ਸਿਰੇ ਤੋਂ ਪੜ੍ਹਨ ਲੱਗ ਜਾਓ ਤਾਂ ਪਾਠਕ ਰਤਾ ਜਿੰਨਾ ਵੀ ਨਹੀਂ ਉੱਭਦਾ। ਪੂਰੀ ਪੁਸਤਕ ਪੜ੍ਹ ਕੇ ਹੀ ਹਟਦਾ ਹੈ। ਪੁਸਤਕ ਦੀ ਹਰ ਲਾਈਨ ਕੋਈ ਨਾ ਕੋਈ ਸਿੱਖਿਆਦਾਇਕ ਸੁਨੇਹਾ ਦੇ ਜਾਂਦੀ ਹੈ, ਜਿਸ ਤਰ੍ਹਾਂ 'ਲੱਲਾ ਲਾਲੀਆਂ ਮੂੰਹ ਤੋਂ ਗਾਇਬ ਹੋਈਆਂ, ਮੁੱਕ ਗਿਆ ਜਵਾਨੀ ਦੇ ਖੇਲ ਮੀਆਂ। ਇਸੇ ਤਰ੍ਹਾਂ 'ਰਾਰਾ ਰੋਕੇ ਨਾ ਸਮੇਂ ਸਿਰ ਪੁੱਤ ਧੀਆਂ, ਵੱਡੇ ਹੋ ਕੇ ਨਾ ਆਗਿਆਕਾਰ ਬਣਦੇ। ੜਾੜਾ-ਖਾਲੀ ਕਿਤਾਬ ਪਰ ਹੋਈ ਪੂਰੀ ਸੁਖੀ ਵਸੇ ਇਹ ਮੇਰਾ ਪੰਜਾਬ ਸ਼ਾਲਾ। ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਕਾਵਿ-ਸੰਗ੍ਰਹਿ ਹਰ ਵਰਗ ਦੇ ਪਾਠਕ ਲਈ ਰਾਹ ਦਸੇਰਾ ਹੋਏਗਾ।
c c c


ਹਾਂ! ਮੈਂ ਲਾਲਚੀ ਹਾਂ
ਲੇਖਿਕਾ : ਮਨਦੀਪ ਰਿੰਪੀ

ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98143-85918


ਮਨਦੀਪ ਰਿੰਪੀ ਸਾਹਿਤ ਸਿਰਜਣਾ ਨਾਲ ਜੁੜੀ ਹੋਈ ਸਮਰੱਥ ਕਹਾਣੀਕਾਰਾ ਹੈ। ਉਸਾਰੂ ਸੋਚ ਹੋਣ ਕਰਕੇ ਉਸ ਨੂੰ ਆਪਣੀਆਂ ਵੱਖੋ-ਵੱਖ ਲਿਖਤਾਂ ਕਰਕੇ ਤਮਾਮ ਮਾਣ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਸ ਨੇ ਕਾਵਿ-ਸੰਗ੍ਰਹਿ ਕਹਾਣੀ-ਸੰਗ੍ਰਹਿ ਨਾਵਲ ਤੇ ਬਾਲ ਕਹਾਣੀਆਂ ਆਦਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਪੱਕੇ ਪੈਰੀਂ ਇਸ ਖੇਤਰ 'ਚ ਆਈ ਲੇਖਿਕਾ ਹੈ। ਹਥਲੀ ਪੁਸਤਕ 'ਹਾਂ ਮੈਂ ਲਾਲਚੀ ਹਾਂ' ਕਹਾਣੀ-ਸੰਗ੍ਰਹਿ ਜ਼ਿਕਰ ਅਧੀਨ ਹੈ। ਇਸ ਪੁਸਤਕ ਵਿਚ 12 ਕਹਾਣੀਆਂ ਦਾ ਗੁਲਦਸਤਾ ਪੇਸ਼ ਕੀਤਾ ਹੈ। ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਪੜ੍ਹਨ ਨੂੰ ਸਵਾਦਲੀਆਂ ਲਗਦੀਆਂ ਹਨ ਅਤੇ ਸਮਾਜ ਲਈ ਕੋਈ ਸੁਨੇਹਾ ਵੀ ਦਿੰਦੀਆਂ ਹਨ। ਕਹਾਣੀ 'ਫ਼ਰਕ ਤਾਂ ਪੈਂਦਾ ਹੈ' ਵਿਚ ਗ਼ਰੀਬ ਬਾਪ ਦੀ ਹੋਣਹਾਰ ਤੇ ਪੜ੍ਹਾਈ 'ਚ ਹੁਸ਼ਿਆਰ ਲੜਕੀ ਰਜੀਆ ਜਿਸ ਨੂੰ ਮਜਬੂਰਨ ਸਕੂਲ 'ਚੋਂ ਹਟਾਉਣ ਲਈ ਸੋਚਿਆ ਜਾਂਦਾ ਹੈ ਪਰ ਰਵੀਨਾ ਮੈਡਮ ਦਾ ਰਜੀਆ ਨਾਲ ਡੂੰਘਾ ਲਗਾਓ ਦਰਸਾਉਂਦਾ ਹੈ ਕਿ ਉਸ ਦਾ ਪਿਤਾ ਮੁੜ ਤੋਂ ਰਜੀਆ ਨੂੰ ਪੜ੍ਹਾਉਣ ਲਈ ਰਾਜੀ ਹੋ ਜਾਂਦਾ ਹੈ। ਇਸੇ ਤਰ੍ਹਾਂ 'ਹਾਂ ਮੈਂ ਲਾਲਚੀ ਹਾਂ' ਕਹਾਣੀ ਵਿਚ ਆਮ ਜ਼ਿੰਦਗੀ ਨਾਲ ਜੁੜੇ ਹੋਏ ਸਮਾਜਿਕ ਵਿਸ਼ੇ ਦੀ ਬਾਤ ਪਾਉਂਦਿਆਂ ਕਹਾਣੀ ਸਮਾਜ ਦਾ ਸ਼ੀਸ਼ਾ ਬਣਨ ਦੀ ਸਮਰੱਥਾ ਰੱਖਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਲਾਹੇਵੰਦ ਹੋਵੇਗੀ।


-ਡੀ. ਆਰ. ਬੰਦਨਾ
ਮੋਬਾਈਲ : 94173-89003


ਰੇਸ਼ਮੀ ਗੰਢਾਂ
ਲੇਖਕ : ਆਤਮਜ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ: 76961-86468


ਡਾ. ਅਮਿਤੋਜ ਸਿੰਘ ਆਤਮਜ ਨੇ ਆਪਣੇ ਇਸ ਸੱਜਰੇ ਕਾਵਿ-ਸੰਗ੍ਰਹਿ 'ਰੇਸ਼ਮੀ ਗੰਢਾਂ' ਨੂੰ ਸੱਤ ਖ਼ੂਬਸੂਰਤ ਭਾਗਾਂ ਵਿਚ ਵੰਡ ਕੇ ਹੋਰ ਵੀ ਦਿਲਚਸਪ ਅਤੇ ਰੌਚਿਕ ਬਣਾ ਦਿੱਤਾ ਹੈ। ਕਹਿਣ ਨੂੰ ਤਾਂ ਭਾਵੇਂ ਇਹ ਉਨ੍ਹਾਂ ਦੀ ਪਹਿਲੀ ਪ੍ਰਕਾਸ਼ਿਤ ਪੁਸਤਕ ਹੈ, ਪਰ ਜਿਸ ਗੰਭੀਰਤਾ, ਸਹਿਜਤਾ ਅਤੇ ਸੰਜੀਦਗੀ ਨਾਲ ਉਹ ਵਰਤਮਾਨ ਦੇ ਹਰ ਵਰਤਾਰੇ ਦਾ ਮੁਲਾਂਕਣ ਕਰਦੇ ਹਨ, ਉਹ ਸੱਚਮੁੱਚ ਹੀ ਉਨ੍ਹਾਂ ਦੀ ਵਡਮੁੱਲੀ ਅਤੇ ਨਰੋਈ ਕਲਮਕਾਰੀ ਦਾ ਪ੍ਰਤੱਖ ਪ੍ਰਮਾਣ ਬਣ ਜਾਂਦਾ ਹੈ:
ਅੱਖਰਾਂ ਦਾ ਸੋਕਾ, ਬੰਜਰ ਖ਼ਿਆਲ,
ਠਰਦੇ ਹਾੜ ਉਡੀਕਣ ਤੱਤੇ ਸਿਆਲ।
ਡਾ. ਆਤਮਜ ਦੀ ਧਾਰਨਾ ਹੈ ਕਿ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਅਲਾਮਤਾਂ ਵਿਚੋਂ ਬਹੁਤੀਆਂ ਤਾਂ ਮਨੁੱਖ ਨੇ ਖ਼ੁਦ ਹੀ ਸਹੇੜੀਆਂ ਹਨ। ਵਿਗਿਆਨਕ ਖੋਜਾਂ ਦੇ ਨਾਂਅ 'ਤੇ ਕੁਦਰਤ ਨਾਲ ਕੀਤੀ ਜਾ ਰਹੀ ਛੇੜ-ਛਾੜ ਨਾਲ ਅਸੀਂ ਕੋਈ ਥੋੜ੍ਹਾ-ਮੋਟਾ ਫ਼ਾਇਦਾ ਭਾਵੇਂ ਕਰ ਲਿਆ ਹੋਵੇ, ਪਰ ਬਹੁਤਾ ਤਾਂ ਨੁਕਸਾਨ ਹੀ ਪੱਲੇ ਪਿਆ ਹੈ। ਮਨੁੱਖੀ ਹੋਂਦ ਲਈ ਭਿਆਨਕ ਖ਼ਤਰਾ ਬਣੇ ਹੜ੍ਹਾਂ, ਭੂਚਾਲਾਂ, ਸੋਕਿਆਂ, ਸੁਨਾਮੀਆਂ ਅਤੇ ਮਹਾਂਮਾਰੀਆਂ ਦਾ ਵੱਡਾ ਕਾਰਨ ਅਸੀਂ ਖ਼ੁਦ ਹੀ ਤਾਂ ਬਣੇ ਹੋਏ ਹਾਂ:
ਹੁਣ ਲੋਥਾਂ ਤੋਂ ਲਾਓ ਅੰਦਾਜ਼ਾ ਕਿ
ਕਿੰਨੇ ਕੁ ਰੁੱਖ ਵੱਢਣੇ ਨੇ,
ਜਾਂ ਵਿਗਿਆਨਕ ਆਵਿਸ਼ਕਾਰ ਨਾਲ,
ਅਸਤ ਤੰਦੂਰ 'ਚੋਂ ਕੱਢਣੇ ਨੇ।
ਡਾ. ਅਮਿਤੋਜ ਸਿੰਘ ਆਤਮਜ ਪੇਸ਼ੇ ਵਜੋਂ ਅੱਖਾਂ ਦੇ ਮਾਹਿਰ ਡਾਕਟਰ ਹਨ। ਅੱਖਾਂ ਦੀਆਂ ਬਿਮਾਰੀਆਂ ਅਤੇ ਵਿਗਾੜਾਂ ਦਾ ਇਲਾਜ ਕਰਦਿਆਂ, ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਉਨ੍ਹਾਂ ਨੇ ਮਨੁੱਖ ਦੀ ਤੀਜੀ ਅੱਖ ਖੋਲ੍ਹਣ ਦਾ ਸੁਚੱਜਾ ਉਪਰਾਲਾ ਵੀ ਕੀਤਾ ਹੈ, ਜੋ ਬੇਹੱਦ ਮਹੱਤਵਪੂਰਨ ਅਤੇ ਸ਼ਲਾਘਾਯੋਗ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਉਨ੍ਹਾਂ ਦੇ ਸ਼ਬਦਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ ਅਤੇ ਹਰ ਮਸਲੇ 'ਤੇ ਉਹ ਤੰਗੀਆਂ-ਤੁਰਸ਼ੀਆਂ ਜਾਂ ਦੁਸ਼ਵਾਰੀਆਂ ਨਾਲ ਜੂਝ ਰਹੇ ਆਮ ਆਦਮੀ ਨਾਲ ਵਿਚ ਖੜ੍ਹੇ ਦਿਖਾਈ ਦਿੰਦੇ ਹਨ। ਉਮੀਦ ਹੈ ਕਿ ਸਾਹਿਤ ਦੇ ਪਾਰਖੂ ਇਸ ਅਨਮੋਲ ਪੁਸਤਕ ਨੂੰ ਜ਼ਰੂਰ ਮੱਥੇ ਨਾਲ ਲਗਾਉਣਗੇ।


-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

15-04-2023

 ਸਾਹਿਬ-ਏ-ਕਮਾਲ
ਗੁਰੂ ਗੋਬਿੰਦ ਸਿੰਘ
ਲੇਖਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-72236

ਵੀਹ ਪੁਸਤਕਾਂ ਦੇ ਲੇਖਕ ਤਰਲੋਚਨ ਸਿੰਘ ਦੀ ਇਹ ਨਵੀਨ ਰਚਨਾ ਹੈ। ਇਸ ਪੁਸਤਕ ਵਿਚ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ। ਪੁਸਤਕ ਦੇ ਪਹਿਲੇ 96 ਸਫ਼ਿਆਂ ਵਿਚ ਲੇਖਕ ਨੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਅੰਤਿਮ ਸਮੇਂ ਤੱਕ ਦੇ ਹਾਲਾਤ ਦਾ ਵਰਣਨ ਬੜੀ ਸਰਲ ਭਾਸ਼ਾ ਵਿਚ ਕੀਤਾ ਹੈ। ਪੁਸਤਕ ਦੇ ਇਸ ਭਾਗ ਨੂੰ ਹੇਠ ਲਿਖੇ 24 ਸਿਰਲੇਖਾਂ ਵਿਚ ਵੰਡਿਆ ਗਿਆ ਹੈ : ਆਗਮਨ ਤੇ ਬਚਪਨ, ਬਾਲ ਗੋਬਿੰਦ ਦਾ ਪਟਨੇ ਤੋਂ ਅਨੰਦਪੁਰ ਸਾਹਿਬ ਆਉਣਾ, ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ, ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ, ਮਾਤਾ ਜੀਤੋ ਨਾਲ ਵਿਆਹ, ਗੁਰੂ ਜੀ ਦੇ ਰੋਜ਼ ਦੇ ਕੰਮ, ਮਾਤਾ ਸੁੰਦਰੀ ਜੀ ਨਾਲ ਸ਼ਾਦੀ, ਭੀਮ ਚੰਦ ਦਾ ਵਿਰੋਧ ਕਰਨਾ, ਗੁਰੂ ਜੀ ਦਾ ਨਾਹਨ ਜਾਣਾ, ਗੁਰੂ ਜੀ ਦਾ ਪਾਉਂਟਾ ਸਾਹਿਬ ਵਿਚ ਰਹਿਣਾ, ਭੰਗਾਣੀ ਦਾ ਯੁੱਧ, ਅਨੰਦਪੁਰ ਦੀ ਵਾਪਸੀ, ਨਦੌਣ ਦਾ ਯੁੱਧ ਤੇ ਹੋਰ ਜੰਗਾਂ, ਖ਼ਾਲਸਾ ਪੰਥ ਦੀ ਸਾਜਨਾ, ਅਨੰਦਪੁਰ ਦੀਆਂ ਲੜਾਈਆਂ, ਕੁਝ ਹੋਰ ਲੜਾਈਆਂ ਤੇ ਘਟਨਾਵਾਂ, ਭਾਈ ਘਨ੍ਹਈਆ, ਮਾਤਾ ਸਾਹਿਬ ਦੇਵਾਂ ਜੀ ਨਾਲ ਵਿਆਹ, ਅਨੰਦਪੁਰ ਦੀ ਆਖ਼ਰੀ ਲੜਾਈ ਤੇ ਅਨੰਦਪੁਰ ਛੱਡਣਾ, ਚਮਕੌਰ ਦੀ ਗੜ੍ਹੀ ਵਿਚ ਯੁੱਧ, ਮਾਛੀਵਾੜੇ ਦੀ ਜੂਹ ਤੋਂ ਤਲਵੰਡੀ ਸਾਬੋ ਤੱਕ ਦਾ ਸਫ਼ਰ, ਗੁਰੂ ਜੀ ਦੀਨੇ ਕਾਂਗੜ ਵਿਖੇ, ਦਮਦਮੇ ਵਿਚ ਵਿਸ਼ਰਾਮ, ਤਲਵੰਡੀ ਸਾਬੋ ਤੋਂ ਨੰਦੇੜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ (ਸੰਖੇਪ ਜੀਵਨੀ)। ਪੁਸਤਕ ਦੇ ਮਗਰ ਦੇ ਸਫ਼ਿਆਂ ਵਿਚ ਲੇਖਕ ਨੇ ਪਹਿਲਾਂ ਵੱਡੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ) ਤੇ ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ) ਦੀ ਸੂਰਬੀਰਤਾ ਅਤੇ ਕੁਰਬਾਨੀਆਂ ਉੱਪਰ ਸਵਿਸਥਾਰ ਪ੍ਰਕਾਸ਼ ਪਾਇਆ ਹੈ। ਛਪਾਈ ਅਤੇ ਗੈੱਟਅਪ ਪੱਖੋਂ ਵੀ ਇਹ ਇਕ ਸੁੰਦਰ ਪੁਸਤਕ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

5 ਪਰਵਾਸੀ ਕਹਾਣੀਕਾਰ
ਸੰਪਾਦਕ : ਅਵਤਾਰ ਐੱਸ. ਸੰਘਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 212
ਸੰਪਰਕ : 94631-70369

ਅਵਤਾਰ ਐੱਸ. ਸੰਘਾ ਪਿਛਲੇ 22 ਸਾਲਾਂ ਤੋਂ ਸਿਡਨੀ (ਆਸਟ੍ਰੇਲੀਆ) ਵਿਚ ਹੈ। ਇੱਧਰ ਪੰਜਾਬ ਵਿਚ ਉਸ ਨੇ ਡੀ.ਏ.ਵੀ. ਕਾਲਜ ਚੰਡੀਗੜ੍ਹ ਅਤੇ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਅੰਗਰੇਜ਼ੀ ਲੈਕਚਰਾਰ ਵਜੋਂ ਕਰੀਬ 25 ਸਾਲ ਸੇਵਾ ਕੀਤੀ। ਪੀ.ਐੱਚ.ਡੀ. ਵੀ ਕੀਤੀ। ਸਿਡਨੀ ਦੇ ਕਾਲਜਾਂ ਵਿਚ ਅੰਗਰੇਜ਼ੀ ਅਤੇ ਇਤਿਹਾਸ ਪੜ੍ਹਾਇਆ। ਉਹਦੀਆਂ ਪੰਜ ਪੁਸਤਕਾਂ (ਕਹਾਣੀਆਂ ਤੇ ਨਾਵਲ) ਪੰਜਾਬੀ ਵਿਚ ਅਤੇ ਇਕ (ਕਹਾਣੀ-ਸੰਗ੍ਰਹਿ) ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ। ਅੱਜਕਲ੍ਹ ਉਹ 'ਪੰਜਾਬ ਹੈਰਲਡ' ਅਖ਼ਬਾਰ ਦੀ ਸੰਪਾਦਨਾ ਕਰ ਰਿਹਾ ਹੈ। ਸਮੀਖਿਆ ਅਧੀਨ ਪੁਸਤਕ ਵਿਚ ਆਸਟ੍ਰੇਲੀਆ (ਜਸਬੀਰ ਸਿੰਘ ਆਹਲੂਵਾਲੀਆ, ਅਵਤਾਰ ਐੱਸ. ਸੰਘਾ) ਅਤੇ ਯੂ.ਕੇ. (ਨਿਰਮਲ ਸਿੰਘ ਕੰਧਾਲਵੀ, ਬਲਵੰਤ ਸਿੰਘ ਗਿੱਲ, ਜਸਵਿੰਦਰ ਸਿੰਘ ਰੱਤੀਆਂ) ਦੇ ਕੁੱਲ ਪੰਜ ਕਹਾਣੀਕਾਰਾਂ ਦੀਆਂ 27 ਕਹਾਣੀਆਂ ਸ਼ਾਮਿਲ ਹਨ। ਮੁੱਖ ਬੰਦ ਵਿਚ ਸੰਪਾਦਕ ਨੇ ਪੰਜਾਬੀ ਭਾਸ਼ਾ ਅਤੇ ਅਨੁਵਾਦ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਪਰੰਤ ਹਰ ਲੇਖਕ ਦੀਆਂ ਕਹਾਣੀਆਂ ਤੋਂ ਪਹਿਲਾਂ ਉਸ ਦਾ ਸਵੈਕਥਨ ਸ਼ਾਮਿਲ ਕੀਤਾ ਹੈ ਤੇ ਨਾਲ ਹੀ ਉਸ ਦੀ ਤਸਵੀਰ ਵੀ।
ਸਾਰੀਆਂ ਹੀ ਕਹਾਣੀਆਂ ਪਰਵਾਸ ਦੇ ਦੁੱਖਾਂ, ਸਮੱਸਿਆਵਾਂ, ਨਸਲਵਾਦ, ਪੜ੍ਹਾਈ ਤੇ ਕੰਮਾਂ ਵਿਚ ਫਸੇ ਨੌਜਵਾਨਾਂ, ਔਰਤ-ਮਰਦ ਸੰਬੰਧਾਂ, ਮਾਨਵੀ ਰਿਸ਼ਤਿਆਂ, ਘਰੇਲੂ ਸੰਕਟਾਂ, ਪੰਜਾਬ ਦੀਆਂ ਸਮਾਜਿਕ-ਰਾਜਨੀਤਕ ਸਮੱਸਿਆਵਾਂ, ਵਿਦੇਸ਼ੀ ਤੇ ਭਾਰਤੀ ਜੀਵਨ-ਸ਼ੈਲੀ, ਭੂਹੇਰਵਾ, ਪੀੜ੍ਹੀ-ਪਾੜਾ, ਸੱਭਿਆਚਾਰਕ ਸੰਕਟ ਨਾਲ ਓਤਪੋਤ ਹਨ। ਯਥਾਰਥਕ ਸ਼ੈਲੀ ਦੀਆਂ ਇਹ ਕਹਾਣੀਆਂ ਕਹਾਣੀਕਾਰਾਂ ਦੀ ਜ਼ਿੰਦਗੀ ਨਾਲ ਨਿੱਜੀ ਤੌਰ 'ਤੇ ਸੰਬੰਧਿਤ ਹਨ। ਇਸੇ ਲਈ ਵਧੇਰੇ ਕਹਾਣੀਆਂ ਉੱਤਮ ਪੁਰਖ ਵਿਚ ਸਿਰਜੀਆਂ ਗਈਆਂ ਹਨ। ਕਹਾਣੀਕਾਰਾਂ ਨੇ ਮਾਨਵੀ ਹੋਂਦ ਤੇ ਹੋਣੀ ਨਾਲ ਜੁੜੇ ਪ੍ਰਸ਼ਨਾਂ ਨੂੰ ਸੁਲਝਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਪਰ ਇਕ ਕਮੀ ਵੀ ਰੜਕਦੀ ਹੈ ਕਿ ਕੋਈ ਨਾਰੀ-ਲੇਖਿਕਾ ਇਸ ਸੰਗ੍ਰਹਿ ਵਿਚ ਸ਼ਾਮਿਲ ਨਹੀਂ ਹੋ ਸਕੀ। ਡਾ. ਸੰਘਾ ਨੇ ਇਨ੍ਹਾਂ ਕਹਾਣੀਕਾਰਾਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਮਣਕਾ ਮਣਕਾ
ਗ਼ਜ਼ਲਕਾਰਾ : ਅਮਰਜੀਤ ਕੌਰ ਨਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 96
ਸੰਪਰਕ : 98550-16918

'ਮਣਕਾ ਮਣਕਾ' ਗ਼ਜ਼ਲ ਸੰਗ੍ਰਹਿ ਪੁਰ ਅਹਿਸਾਸ ਤੇ ਸੰਵੇਦਨਸ਼ੀਲ ਗ਼ਜ਼ਲਕਾਰਾ ਅਮਰਜੀਤ ਕੌਰ ਨਾਜ਼ ਦੀ 20ਵੀਂ ਸਾਹਿਤਕ ਪੁਸਤਕ ਹੈ। ਇਨ੍ਹਾਂ ਵਿਚੋਂ ਉਸ ਦੇ ਤਿੰਨ ਗ਼ਜ਼ਲ ਸੰਗ੍ਰਹਿ ਹਨ : 'ਹਨ੍ਹੇਰਿਆਂ ਨੂੰ ਅਲਵਿਦਾ', 'ਕਿਰਨਾਂ ਦਾ ਕਾਫ਼ਿਲਾ' ਅਤੇ 'ਹਵਾਵਾਂ ਦੇ ਨਾਂਅ' ਨਾਲ ਨਾਜ਼ ਪੰਜਾਬੀ ਦੇ ਚੁਨਿੰਦਾ ਗ਼ਜ਼ਲਕਾਰਾਂ ਵਿਚ ਸ਼ੁਮਾਰ ਹੋ ਚੁੱਕੀ ਹੈ। ਨਾਜ਼ ਉਨ੍ਹਾਂ ਨਾਰੀ ਗ਼ਜ਼ਲਕਾਰਾਂ 'ਚੋਂ ਉੱਭਰਦੇ ਨਾਂਅ ਵਾਲੀ ਸ਼ਾਇਰਾ ਹੈ, ਜਿਨ੍ਹਾਂ ਨੇ ਨਾਰੀ ਮਨ ਦੀਆਂ ਗੁੰਝਲਾਂ ਅਤੇ ਮਨੋਕਾਮਨਾਵਾਂ ਨੂੰ ਸ਼ਿਅਰਾਂ ਵਿਚ ਢਾਲਿਆ ਹੈ। ਲੁਧਿਆਣੇ ਵਸਦੀ ਸ਼ਾਇਰਾ ਦੇ ਸ਼ਿਅਰ ਪਾਕ-ਪਵਿੱਤਰ ਅਤੇ ਲੱਜਤਾ ਵਾਲੇ ਹਨ। ਉਸ ਨੇ ਸਰਦਾਰ ਪੰਛੀ ਤੋਂ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਸਿੱਖਿਆ ਲਈ। ਏਸੇ ਲਈ ਉਸ ਦੇ ਸ਼ਿਅਰਾਂ ਵਿਚ ਭਾਵ ਅਤੇ ਲੈਅ ਬਰਾਬਰ ਬਰਾਬਰ ਤੁਰਦੇ ਹਨ ਅਤੇ ਪਾਠਕ ਦੇ ਮਨ ਮਸਤਕ ਉੱਤੇ ਗਹਿਰਾ ਅਸਰ ਪਾਉਂਦੇ ਹਨ। ਉਸ ਦੇ ਸ਼ਿਅਰ ਸਿੱਖਿਆਦਾਇਕ ਹੁੰਦੇ ਹਨ। ਜ਼ਿੰਦਗੀ ਵਿਚ ਸਿੱਧੇ ਰਸਤਿਆਂ ਦੀ ਉਹ ਕਾਮਨਾ ਵੀ ਕਰਦੀ ਹੈ ਅਤੇ ਨਿਸ਼ਾਨਦੇਹੀ ਵੀ। ਉਸ ਦੇ ਕੁਝ ਪਿਆਰੇ ਸ਼ਿਅਰ :
-ਇਕ ਮੁੱਠੀ ਚੁੱਕ ਲਉ ਤਾਂ ਦੂਜੀ ਹੈ ਤਿਆਰ ਹੁੰਦੀ।
ਪੀੜਾਂ ਵੀ ਸਹੇਲੀਆਂ, ਪਿਆਰੀਆਂ ਨੇ ਹੁੰਦੀਆਂ।
-ਨਾਜ ਵੀ ਬੋਲੇਗੀ ਉਚਲਾਂ ਦੀ ਹੀ ਬੋਲੀ,
ਜਿਹੜੀ ਬੋਲੀ ਗ਼ਮ ਦੇ ਮਾਰੇ ਬੋਲਣਗੇ।
ਨਾਜ਼ ਦੇ ਸ਼ਿਅਰਾਂ ਵਿਚ ਨਾਰੀ ਭਾਵਨਾ ਦੀ ਸਿਖਰ ਹੈ। ਉਹ ਨਾਰੀ ਮਨ ਦੀਆਂ ਪਰਤਾਂ ਇਕਸਾਰ ਪੇਸ਼ਕਾਰੀ ਸਹਿਜ ਨਾਲ ਕਰਦੀ ਹੈ :
ਚੁੰਨੀ ਮੇਰੀ ਦੇ ਸਿਤਾਰੇ ਮੋਹ ਲੈਣ ਓਸ ਨੂੰ,
ਲਗਦੀ ਪਿਆਰੀ ਉਹਦੀ ਪੱਗ ਜੋ ਕਮਾਲ ਦੀ।
ਉਸ ਦਾ ਸ਼ਿਅਰ ਪੜ੍ਹੋ ਤੇ ਜਾਚੋ ਕਿ ਉਸ ਦੇ ਸ਼ਿਅਰ ਕਿਵੇਂ ਕਮਾਲ ਕਰਦੇ ਹਨ :
ਸਿਰ ਝੁਕਾਂਦੀ ਪਾਠਕੋ ਮੈਂ ਇਸ ਲਈ ਹਾਂ
ਤੁਸੀਂ ਦੀਵੇ ਆਰਤੀ ਦੇ ਥਾਲ ਦੇ ਹੋ।
ਅਮਰਜੀਤ ਕੌਰ ਨਾਜ਼ ਦੀ ਇਹ ਚੌਥੀ ਗ਼ਜ਼ਲ ਪੁਸਤਕ ਹੈ। ਪਹਿਲੀਆਂ ਪੁਸਤਕਾਂ ਵੀ ਮੇਰੀ ਨਜ਼ਰ ਰਾਹੀਂ ਲੰਘੀਆਂ ਹਨ। ਉਸ ਦੀ ਸ਼ਾਇਰੀ ਸਮੇਂ ਨਾਲ ਨਿੱਖਰਦੀ ਹੀ ਗਈ ਹੈ। ਛੰਦ, ਬਹਿਰ, ਕਾਫ਼ੀਏ, ਰਦੀਫ ਤੇ ਹੋਰ ਗ਼ਜ਼ਲ ਤਕਨੀਕ ਦੀਆਂ ਸਿਫ਼ਤਾਂ ਬਹੁਤ ਵਾਜਬ ਹਨ। ਪੁਸਤਕ ਨੂੰ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

 

ਯੋਧਾ
ਲੇਖਕ : ਮਨਮੋਹਨ ਸਿੰਘ ਵਿਰਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 98141-59430

ਨਾਵਲ 'ਯੋਧਾ' ਰਾਹੀਂ ਹਰ ਪੰਜਾਬੀ ਦੇ ਸਾਹਮਣੇ 1984 ਤੋਂ 1992-93 ਦੇ ਦਰਦਨਾਕ ਦ੍ਰਿਸ਼ ਆ ਜਾਂਦੇ ਹਨ। ਇਹ ਪੰਜਾਬ ਦੇ 12 ਸਾਲਾਂ ਦੇ ਦੁਖਾਂਤ ਦੀ ਤਸਵੀਰ ਪੇਸ਼ ਕਰਦਾ ਹੋਇਆ ਇਕ ਵਾਰ ਸੋਚਣ ਲਈ ਮਜਬੂਰ ਕਰਦਾ ਹੈ ਅਤੇ ਦਿਲ ਕੰਬਾਊ ਘਟਨਾਵਾਂ ਫਿਰ ਤੋਂ ਯਾਦ ਆ ਜਾਂਦੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਹਰ ਪੰਜਾਬੀ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ। ਲੇਖਕ ਮਨਮੋਹਨ ਸਿੰਘ ਵਿਰਕ ਦੁਆਰਾ ਰਚਿਆ ਨਾਵਲ ਤਰਨ ਤਾਰਨ ਜ਼ਿਲ੍ਹੇ ਵਿਚ ਖਾੜਕੂਵਾਦ ਸਮੇਂ ਵਾਪਰੀਆਂ ਘਟਨਾਵਾਂ ਦਾ ਬਿਆਨ ਆਪਣੀ ਰਚਨਾ ਵਿਚ ਕਰਦਾ ਹੈ। 'ਯੋਧਾ' ਰਾਹੀਂ ਇਨ੍ਹਾਂ 12 ਸਾਲਾਂ ਵਿਚ ਪੰਜਾਬ ਦੇ ਮਾਸੂਮ/ਬੇਕਸੂਰ ਨੌਜਵਾਨਾਂ ਨਾਲ ਹੁੰਦੀ ਬੇਇਨਸਾਫ਼ੀ ਦਾ ਬਿਆਨ ਕੀਤਾ ਹੋਇਆ ਮਿਲਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਅਤੇ ਹਾਕਮਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਨੌਜਵਾਨ ਆਪਣੇ ਆਸਾਵਾਦੀ ਜੀਵਨ ਨੂੰ ਸਹੀ ਰਾਹ 'ਤੇ ਲੈ ਕੇ ਜਾਣ ਲਈ ਸੰਘਰਸ਼ ਕਰਦਾ ਹੋਇਆ ਸਿਸਟਮ ਦੀ ਭੇਟ ਚੜ੍ਹ ਜਾਂਦਾ ਹੈ।
ਨਾਵਲ ਦਾ ਨਾਇਕ ਇੰਦਰਜੀਤ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਹੈ, ਜੋ ਕਿ ਆਪਣਾ ਜੀਵਨ ਬਹੁਤ ਹੀ ਸਧਾਰਨ ਸ਼ੈਲੀ ਨਾਲ ਬਤੀਤ ਕਰਦਾ ਹੋਇਆ ਪਿੰਡ ਆਤਮਵਾਲ (ਤਰਨ ਤਾਰਨ) ਦੇ ਨਾਲ ਲਗਦੇ ਗੁਰਦੁਆਰੇ ਦੀ ਸੇਵਾ ਕਰਦਾ ਹੈ। ਗੁਰਦੁਆਰੇ ਦੇ ਬਾਬਾ ਇੰਦਰਜੀਤ ਨੂੰ ਆਪਣੇ ਪੁੱਤਰ ਵਾਂਗ ਪਿਆਰ ਕਰਦੇ ਹਨ ਅਤੇ ਇੰਦਰਜੀਤ ਵੀ ਬਾਬਾ ਜੀ ਦੇ ਹਰ ਕੰਮ ਨੂੰ ਆਪਣੇ ਤਨ-ਮਨ ਨਾਲ ਕਰਦਾ ਹੈ। ਕਿਸੇ ਕਾਰਨ ਬਾਬਾ ਜੀ ਨੂੰ ਅਮਰੀਕਾ ਜਾਣਾ ਪੈਂਦਾ ਹੈ ਅਤੇ ਬਾਬਾ ਜੀ ਗੁਰਦੁਆਰੇ ਦੀ ਦੇਖਭਾਲ ਅਤੇ ਗੁਰਦੁਆਰੇ ਦੀ ਜ਼ਮੀਨ ਦੀ ਸਾਂਭ-ਸੰਭਾਲ ਲਈ ਇੰਦਰਜੀਤ ਅਤੇ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਲਗਾ ਕੇ ਚਲੇ ਜਾਂਦੇ ਹਨ ਪਰ ਪਿੰਡ ਦਾ ਸਰਪੰਚ ਇਲਾਕੇ ਦੇ ਡੀ.ਐਸ.ਪੀ. ਬਰਾੜ ਨਾਲ ਮਿਲ ਕੇ ਬੜੀ ਚਲਾਕੀ ਨਾਲ ਗੁਰਦੁਆਰੇ ਦੀ ਜ਼ਮੀਨ ਦਾ ਸੌਦਾ ਕਰ ਦਿੰਦੇ ਹਨ। ਡੀ.ਐਸ.ਪੀ. ਬਰਾੜ ਉਸ ਸਮੇਂ ਵਿਚ ਚਲ ਰਹੇ ਤਸ਼ੱਦਦ ਦੇ ਸਿਸਟਮ ਵੱਲ ਆਪਣਾ ਧਿਆਨ ਖਿੱਚਦੇ ਹਨ ਅਤੇ ਨਾਵਲ ਦਾ ਨਾਇਕ ਇੰਦਰਜੀਤ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਇਕ ਵਾਰ ਫਿਰ ਡੀ.ਐਸ.ਪੀ. ਬਰਾੜ ਦੇ ਝੂਠੇ ਮੁਕਾਬਲੇ ਦਾ ਸ਼ਿਕਾਰ ਹੋ ਕੇ ਆਪਣੀ ਮਾਂ ਰੂਪੀ ਜ਼ਮੀਨ ਦੀ ਖ਼ਾਤਿਰ ਜਾਨ ਗੁਆ ਬੈਠਦਾ ਹੈ। ਪੰਜਾਬੀ ਸਾਹਿਤ ਵਿਚ ਪੰਜਾਬ ਦੇ ਕਾਲੇ ਦੌਰ ਨਾਲ ਸੰਬੰਧਿਤ ਹੋਰ ਰਚਨਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ, ਪ੍ਰੰਤੂ ਲੇਖਕ ਦੁਆਰਾ ਰਚੇ ਇਸ ਨਾਵਲ ਰਾਹੀਂ ਯਥਾਰਥਕ ਪੇਸ਼ਕਾਰੀ ਬਾਕਮਾਲ ਹੈ। ਪੰਜਾਬੀਆਂ ਦੁਆਰਾ ਹੰਢਾਇਆ ਸੰਤਾਪ ਪਾਠਕਾਂ ਸਾਹਮਣੇ ਪ੍ਰਤੱਖ ਆ ਜਾਂਦਾ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਸੇਧ ਨਿਸ਼ਾਨੇ
ਲੇਖਿਕਾ : ਅੰਜੂ ਵ ਰੱਤੀ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ
ਮੁੱਲ : 145, ਸਫ਼ੇ : 32
ਸੰਪਰਕ : 70093-64776

ਲੇਖਿਕਾ ਅੰਜੂ ਵ ਰੱਤੀ ਬਹੁਤ ਹੀ ਅਨੁਭਵੀ ਲੇਖਿਕਾ ਹੈ। ਇਸ ਪੁਸਤਕ ਵਿਚ ਵੀ ਉਸ ਨੇ ਬਾਲਾਂ ਦੇ ਜੀਵਨ ਨਾਲ ਸੰਬੰਧਿਤ 26 ਬਾਲ ਰਚਨਾਵਾਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਲਿਖੀਆਂ ਹਨ। ਅਧਿਆਪਕਾ ਹੋਣ ਕਰਕੇ ਬਾਲਾਂ ਨਾਲ ਵਾਹ-ਵਾਸਤਾ ਸਾਰਾ ਦਿਨ ਪੈਂਦਾ ਰਹਿੰਦਾ ਹੈ, ਬੱਚੇ ਦੇ ਸੁਰਤ ਸੰਭਾਲਣ ਤੋਂ ਲੈ ਕੇ ਸਕੂਲ ਜਾਣ ਤੱਕ ਅਤੇ ਸਕੂਲੋਂ ਵਾਪਸ ਘਰ ਪਰਤਣ ਤੱਕ ਕੋਈ ਵੀ ਵਿਸ਼ਾ ਅਜਿਹਾ ਨਹੀਂ, ਜਿਸ ਬਾਰੇ ਇਨ੍ਹਾਂ ਨੇ ਕਵਿਤਾ ਨਾ ਲਿਖੀ ਹੋਵੇ। ਮੋਟਾ ਚੂਹਾ, ਮਾਣੋ, ਸਫ਼ਾਈ ਦੀ ਸਿਖਲਾਈ, ਆਓ ਰਲ ਕੇ ਕਰੀਏ ਯੋਗ, ਸਰਦੀ ਆਈ, ਮੇਰਾ ਟੌਮੀ, ਵੱਡੀ ਦੀਦੀ, ਮੇਰਾ ਸਰਕਾਰੀ ਸਕੂਲ ਹੈ ਪਿਆਰਾ, ਵਰਖਾ ਤੇ ਪੰਛੀ ਆਦਿ। ਸਾਰੀਆਂ ਰਚਨਾਵਾਂ ਜਿਥੇ ਬਹੁਤ ਹੀ ਪਿਆਰੀਆਂ ਅਤੇ ਦਿਲਚਸਪ ਹਨ, ਉਥੇ ਬਾਲਾਂ ਨੂੰ ਚੰਗੇ ਬੱਚੇ ਬਣਨ ਦੀ ਸਿੱਖਿਆ ਵੀ ਦਿੰਦੀਆਂ ਹਨ। ਜਿਵੇਂ 'ਮਾਣੋ' ਕਵਿਤਾ ਘਰਾਂ ਵਿਚ ਆਮ ਵੇਖੀ ਜਾਣ ਵਾਲੀ ਮਾਣੋ ਬਿੱਲੀ ਬਾਰੇ ਹੈ, ਜਿਸ ਨੂੰ ਬੱਚੇ ਬਹੁਤ ਪਿਆਰ ਕਰਦੇ ਹਨ। ਮਾਣੋ ਬਾਰੇ ਬੜੀ ਸੁੰਦਰ ਕਵਿਤਾ ਲਿਖੀ ਹੈ:-
ਸਾਡੇ ਘਰ ਇਕ ਆਵੇ ਮਾਣੋ,
ਰੌਣਕ ਖੂਬ ਲਿਆਵੇ ਮਾਣੋ।
ਮਿਆਊਂ-ਮਿਆਊਂ ਕਰ ਰੌਲਾ ਪਾਵੇ,
ਦੁੱਧ ਪੀਵੇ ਤੇ ਰੋਟੀ ਖਾਵੇ।
ਚੂਹਿਆਂ ਨੂੰ ਵਿਖਾਵੇ ਤਾਰੇ,
ਮਾਣੋ ਤੋਂ ਡਰ ਭੱਜ ਜਾਣ ਸਾਰੇ।
ਕੁਝ ਰਵਾਇਤੀ ਵਿਸ਼ਿਆਂ ਦੇ ਨਾਲ-ਨਾਲ ਅੰਜੂ ਨੇ ਕੁਝ ਨਵੇਂ ਵਿਸ਼ੇ ਵੀ ਲਏ ਹਨ ਜਿਵੇਂ 'ਯੋਗ' ਬਾਰੇ ਬੜੀ ਪਿਆਰੀ ਕਵਿਤਾ ਲਿਖੀ ਹੈ :
ਆਓ ਰਲ ਕੇ ਕਰੀਏ ਯੋਗ,
ਦੂਰ ਰਹੇ ਤਨ ਮਨ ਤੋਂ ਰੋਗ।
ਅਰਥ ਯੋਗ ਦਾ ਹੁੰਦਾ ਜੋੜ,
ਤੰਦਰੁਸਤੀ ਵੱਲ ਦਿੰਦਾ ਮੋੜ।
ਅਜੋਕੇ ਯੁੱਗ ਵਿਚ ਸਫ਼ਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਅਤੇ ਲੋੜ ਹੈ। ਇਸ ਵਿਸ਼ੇ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਲੇਖਿਕਾ ਨੇ ਸਫ਼ਾਈ ਦੇ ਵਿਸ਼ੇ ਉੱਪਰ ਬੜੀ ਸ਼ਾਨਦਾਰ ਕਵਿਤਾ ਲਿਖੀ ਹੈ, ਜੋ ਨਮੂਨੇ ਵਜੋਂ ਹਾਜ਼ਰ ਹੈ:-
ਆਓ ਚੁੰਨੂ ਆਓ ਮੁੰਨੂ,
ਗੱਲ ਪਤੇ ਦੀ ਸੁਣ ਲਓ ਭਾਈ।
ਆਪਣੇ ਆਸੇ ਪਾਸੇ ਆਪਾਂ,
ਸਭ ਨੇ ਰੱਖਣੀ ਹੈ ਸਫ਼ਾਈ।
ਗਲੀ ਮੁਹੱਲੇ ਦਾ ਵੀ ਆਪਾਂ,
ਵਾਤਾਵਰਨ ਬਚਾਉਣਾ ਹੈ,
ਸਾਫ ਸੁਥਰਾ ਸਵੱਛ ਆਪਣਾ,
ਸਾਰਾ ਨਗਰ ਬਣਾਉਣਾ ਹੈ।
ਏਸੇ ਤਰ੍ਹਾਂ ਸਕੂਲ ਦੇ ਵਿਚ ਵੀ,
ਆਪਾਂ ਰੱਖਣੀ ਹੈ ਸਫ਼ਾਈ।
ਸਭ ਸਿਆਣੇ ਕਹਿੰਦੇ ਬੱਚਿਓ,
ਸਫ਼ਾਈ ਵਿਚ ਹੈ ਖੁਦਾਈ।
ਕੁੱਲ ਮਿਲਾ ਕੇ ਲੇਖਿਕਾ ਨੇ ਬਾਲਾਂ ਲਈ ਸੁੰਦਰ ਲਿਖਤਾਂ ਲਿਖ ਕੇ ਜਿੱਥੇ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ, ਉਥੇ ਸੁਭਾਵਿਕ ਹੀ ਸਾਰੀਆਂ ਰਚਨਾਵਾਂ ਬਾਲਾਂ ਨੂੰ ਹੋਰ ਸਿਆਣੇ ਚੰਗੇ ਬੱਚੇ ਬਣਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਚੰਗੇ ਬੱਚਿਆਂ ਨੇ ਹੀ ਸਿਆਣੇ ਨਾਗਰਿਕ ਬਣ ਕੇ ਕੱਲ੍ਹ ਨੂੰ ਦੇਸ਼ ਸੰਭਾਲਣਾ ਹੁੰਦਾ ਹੈ। ਸਮੂਹ ਬਾਲਾਂ ਦੇ ਨਾਲ-ਨਾਲ ਬਾਲ ਸਾਹਿਤ ਪਾਠਕਾਂ ਨੂੰ ਵੀ ਇਹ ਪਿਆਰੀ ਅਤੇ ਨਿਆਰੀ ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ ਅਤੇ ਲੇਖਿਕਾ ਅੰਜੂ ਵ ਰੱਤੀ ਨੂੰ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਉਣ 'ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਤ੍ਰਿਵੇਣੀ
ਸ਼ਾਇਰ : ਮਹਿੰਦਰਪਾਲ ਸਿੰਘ ਪਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 112
ਸੰਪਰਕ : 98152-98459

ਕੈਨੇਡਾ ਦਾ ਸ਼ਹਿਰ ਸਰੀ ਸਾਹਿਤਕਾਰਾਂ ਦਾ ਗੜ੍ਹ ਹੈ ਤੇ 'ਤ੍ਰਿਵੇਣੀ' ਪੁਸਤਕ ਦਾ ਰਚੇਤਾ ਮਹਿੰਦਰਪਾਲ ਸਿੰਘ ਪਾਲ ਵੀ ਇਸੇ ਸ਼ਹਿਰ ਦਾ ਵਸਨੀਕ ਹੈ। ਇਹ ਉਸ ਦੀ ਪੰਜਵੀਂ ਪੁਸਤਕ ਹੈ, ਜਿਸ ਵਿਚ ਕਵਿਤਾ ਦੀ ਕਰੀਬ ਹਰ ਵੰਨਗੀ ਸੰਮਿਲਤ ਹੈ। 'ਤ੍ਰਿਵੇਣੀ' ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ, ਪਹਿਲੇ ਵੱਡੇ ਹਿੱਸੇ ਵਿਚ ਗ਼ਜ਼ਲਾਂ ਤੇ ਦੂਸਰੇ ਵਿਚ ਕਵਿਤਾਵਾਂ ਹਨ। ਪਾਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਆਮ ਫ਼ਹਿਮ ਜ਼ੁਬਾਨ ਵਿਚ ਹਨ ਤੇ ਪਾਠਕ ਨੂੰ ਉਨ੍ਹਾਂ ਦੇ ਅੰਤਰੀਵ ਤੱਕ ਪਹੁੰਚਣ ਲਈ ਤਰੱਦਦ ਨਹੀਂ ਕਰਨਾ ਪੈਂਦਾ। ਵਿਸ਼ਿਆਂ ਦੇ ਪੱਖ ਤੋਂ ਇਹ ਮਨੁੱਖੀ ਜੀਵਨ ਦੀਆਂ ਬਾਰੀਕ ਪਰਤਾਂ ਤੱਕ ਪਹੁੰਚ ਰੱਖਦੇ ਹਨ ਤੇ ਇਨ੍ਹਾਂ ਵਿਚ ਮਨੁੱਖੀ ਮਨ ਦੀਆਂ ਗੁੰਝਲਾਂ ਦਾ ਸਰਲ ਭਾਸ਼ਾ ਵਿਚ ਅਨੁਵਾਦ ਹੈ। ਆਪਣੇ ਸ਼ਿਅਰਾਂ ਵਿਚ ਪਾਲ ਮੁਸਕਰਾਉਣ ਲਈ ਬਹਾਨਾ ਲੱਭਦਾ ਹੈ ਤੇ ਇਸ ਲਈ ਉਹ ਆਪਣੇ ਪਿਆਰੇ ਦਾ ਧੰਨਵਾਦੀ ਹੈ। ਉਹ ਆਕਾਸ਼ ਵਿਚ ਉੱਡਣ ਦਾ ਤੇ ਦੁਨੀਆ ਨੂੰ ਹੈਰਾਨ ਕਰਨ ਦਾ ਹੋਕਾ ਦਿੰਦਾ ਹੈ। ਉਹ ਮੁਸਾਫ਼ਿਰਾਂ ਨੂੰ ਚਲਦੇ ਰਹਿਣ ਲਈ ਪ੍ਰੇਰਦਾ ਹੈ ਤੇ ਸੁਨਹਿਰੀ ਕਿਰਨ ਦੇ ਮਿਲਣ ਦੀ ਆਸ ਪ੍ਰਗਟਾਉਂਦਾ ਹੈ। ਉਸ ਨੂੰ ਆਸ ਹੈ ਸੱਚ ਦੀ ਜਿੱਤ ਹੋਵੇਗੀ ਤੇ ਹਨ੍ਹੇਰ ਦੇ ਬੱਦਲ ਛਟਣਗੇ। ਪਾਲ ਦੀ ਸ਼ਾਇਰੀ ਦਾ ਉੱਤਮ ਗੁਣ ਉਸ ਦਾ ਆਸ਼ਾਵਾਦੀ ਹੋਣਾ ਤੇ ਦੱਬੇ ਕੁਚਲੇ ਲੋਕਾਂ ਦਾ ਰਾਹ ਦਸੇਰਾ ਬਣਨਾ ਹੈ। ਉਹ ਲੋਕਾਂ ਨੂੰ ਜੂਝਣ ਤੇ ਦਿਸ਼ਾ ਵੱਲ ਇਸ਼ਾਰਾ ਕਰਕੇ ਇਕ ਸ਼ਾਇਰ ਵਜੋਂ ਆਪਣੇ ਸੱਚੇ-ਸੁੱਚੇ ਕਰਤਵ ਦੀ ਪਾਲਣਾ ਕਰਦਾ ਪ੍ਰਤੀਤ ਹੁੰਦਾ ਹੈ। ਕਵਿਤਾਵਾਂ ਵਾਲੇ ਭਾਗ ਵਿਚ ਵਿਚ ਉਸ ਦੀਆਂ ਵੱਖ-ਵੱਖ ਸਮਿਆਂ 'ਤੇ ਲਿਖੀਆਂ ਖੁੱਲ੍ਹੀਆਂ ਨਜ਼ਮਾਂ, ਫੁਟਕਲ ਕਵਿਤਾਵਾਂ ਤੇ ਰੁਬਾਈਆਂ ਛਪੀਆਂ ਮਿਲਦੀਆਂ ਹਨ। ਪਾਲ ਦੀ ਸ਼ਾਇਰੀ ਵਿਚ ਊਰਜਾ ਹੈ ਪਰ ਮੈਂ ਇਹ ਨਹੀਂ ਸਮਝ ਸਕਿਆ ਕਿ ਕਈ ਥਾਂ ਉਸ ਦੇ ਕਾਫ਼ੀਏ ਬੇਮੇਲ ਕਿਸ ਤਰ੍ਹਾਂ ਹੋਏ ਹਨ, ਇਸ ਨੂੰ ਗ਼ਜ਼ਲ ਵਿਚ ਗੰਭੀਰਤਾ ਵਜੋਂ ਲਿਆ ਜਾਂਦਾ ਹੈ। ਉਂਝ ਵਿਦੇਸ਼ ਵਿਚ ਰਹਿ ਕੇ ਪੰਜਾਬੀ ਤੇ ਪੰਜਾਬੀ ਸਾਹਿਤ ਲਈ ਮਹਿੰਦਰਪਾਲ ਸਿੰਘ ਪਾਲ ਦੇ ਕੀਤੇ ਕਾਰਜ ਦੀ ਸਰਾਹਨਾ ਹੋਣੀ ਚਾਹੀਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX