ਤਾਜਾ ਖ਼ਬਰਾਂ


ਭਾਗੀਰਥ ਸਿੰਘ ਮੀਨਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਸੰਭਾਲਿਆ ਅਹੁਦਾ
. . .  27 minutes ago
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)- ਭਾਗੀਰਥ ਸਿੰਘ ਮੀਨਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਆਪਣੀ ਪਹਿਲੀ ਪ੍ਰੈਸ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ....
ਪਾਕਿਸਤਾਨ ਬੰਬ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਹੋਈ 20
. . .  51 minutes ago
ਇਸਲਾਮਾਬਾਦ, 29 ਸਤੰਬਰ- ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਵਿਚ ਹੋਏ ਧਮਾਕੇ ’ਚ ਇਕ ਪੁਲਿਸ ਅਧਿਕਾਰੀ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਦੋਂ ਕਿ 40 ਤੋਂ ਵੱਧ ਲੋਕ ਜ਼ਖ਼ਮੀ ਹੋ...
ਆਂਗਣਵਾੜੀ ਵਰਕਰਾਂ ਨੇ ਮੁੱਖ ਮੰਤਰੀ ਦਾ ਕਾਫ਼ਲਾ ਘੇਰ ਕੇ ਕੀਤੀ ਨਾਅਰੇਬਾਜ਼ੀ
. . .  about 1 hour ago
ਸੰਗਰੂਰ, 29 ਸਤੰਬਰ (ਦਮਨਜੀਤ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਆਂਗਣਵਾੜੀ ਵਰਕਰਾਂ ਵਲੋਂ ਮੁੱਖ ਮੰਤਰੀ ਦੇ ਕਾਫ਼ਲੇ ਅੱਗੇ ਆ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਫ਼ਲਾ ਲੰਘਣ ਉਪਰੰਤ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ।
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਹਾਈ ਕਰੋਟ ਤੋਂ ਅਗਾਊਂ ਜ਼ਮਾਨਤ
. . .  about 1 hour ago
ਚੰਡੀਗੜ੍ਹ, 29 ਸਤੰਬਰ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸਿੰਘ ਸੈਣੀ ਅਤੇ ਚਾਰ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਅਦਾਲਤ ਨੇ....
ਸ੍ਰੀ ਮੁਕਤਸਰ ਸਾਹਿਬ ਵਿਖੇ ਵਕੀਲਾਂ ਦੀ ਹੜਤਾਲ ਖ਼ਤਮ-ਪੰਜਵੇਂ ਦਿਨ ਅੱਜ ਸ਼ੁਰੂ ਹੋਇਆ ਕੰਮ ਕਾਜ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵਕੀਲ ਅਤੇ ਪੁਲਿਸ ਵਿਵਾਦ ਕਾਰਨ 25 ਸਤੰਬਰ ਤੋਂ ਵਕੀਲਾਂ ਦੀ ਚੱਲ ਰਹੀ ਹੜਤਾਲ ਅੱਜ ਖ਼ਤਮ ਹੋ ਗਈ ਹੈ। ਚਾਰ ਦਿਨ ਦੀ ਹੜਤਾਲ ਮਗਰੋਂ ਅੱਜ ਪੰਜਵੇਂ ਦਿਨ ਆਮ...
ਕਿਸਾਨਾਂ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਖਹਿਰਾ ਨੂੰ ਕੀਤਾ ਗਿਆ ਗਿ੍ਫ਼ਤਾਰ- ਸੁਨੀਲ ਜਾਖੜ
. . .  about 2 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੱਲ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਦਾ ਸਮਾਂ ਬਹੁਤ ਕੁਝ ਬੋਲਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਰੇਲ ਪਟੜੀਆਂ ’ਤੇ ਬੈਠੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਨੇ 50,000 ਕਰੋੜ ਰੁਪਏ....
ਪਾਕਿਸਤਾਨ: ਬਲੋਚਿਸਤਾਨ ਵਿਚ ਧਮਾਕੇ ਦੌਰਾਨ 7 ਲੋਕਾਂ ਦੀ ਮੌਤ: ਜੀਓ ਨਿਊਜ਼
. . .  1 minute ago
ਇਸਲਾਮਾਬਾਦ, 29 ਸਤੰਬਰ- ਪਾਕਿਸਤਾਨ ਦੇ ਜੀਓ ਨਿਊਜ਼ ਦੀ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਮਸਤੁੰਗ ’ਚ ਅੱਜ ਇਕ ਮਸਜਿਦ ਨੇੜੇ ਹੋਏ ਧਮਾਕੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ...
ਆਮ ਆਦਮੀ ਪਾਰਟੀ ਭਾਰਤ ਗਠਜੋੜ ਨੂੰ ਸਮਰਪਿਤ- ਅਰਵਿੰਦ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 29 ਸਤੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੰਡੀਆ (ਭਾਰਤ) ਗਠਜੋੜ ਨੂੰ ਸਮਰਪਿਤ ਹੈ। ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਵਿਚ ਭਾਰਤ ਗਠਜੋੜ ਤੋਂ ਵੱਖ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਖ਼ਾਤਮੇ ਲਈ....
ਦਲ ਖ਼ਾਲਸਾ ਵਲੋਂ ਜਲਾਵਤਨ ਸਿੱਖ ਯੋਧਿਆਂ ਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ
. . .  about 2 hours ago
ਅੰਮ੍ਰਿਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਦਲ ਖ਼ਾਲਸਾ ਜਥੇਬੰਦੀ ਵਲੋਂ ਜਥੇਬੰਦੀ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਹਾਈ ਜੈਕਰ ਸਮੇਤ ਸਮੂਹ ਜਲਾਵਤਨ ਸਿੱਖ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਭਾਈ....
ਕਿਸਾਨਾਂ ਵਲੋਂ ਦੂਜੇ ਦਿਨ ਵੀ ਰੇਲਵੇ ਟਰੈਕ ਜਾਮ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- 16 ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਤਿੰਨ ਦਿਨ ਦੇ ਰੇਲ ਰੋਕੋ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵਲੋਂ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ....
ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਨਸ਼ਿਆਂ ਖ਼ਿਲਾਫ਼ ਵਿਸ਼ਾਲ ਧਰਨਾ
. . .  about 2 hours ago
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਨਸ਼ਿਆਂ ਨੂੰ ਰੋਕਣ ’ਚ ਨਾਕਾਮ ਰਹੀ ਮਾਨ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਰਾਜਾ ਵੜਿੰਗ, ਵਿਰੋਧੀ....
ਕਿਸਾਨਾਂ ਨੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਕੀਤਾ ਜਾਮ
. . .  about 2 hours ago
ਲਾਲੜੂ, 29 ਸਤੰਬਰ (ਰਾਜਬੀਰ ਸਿੰਘ)- ਹੜ੍ਹਾਂ ਨਾਲ ਫ਼ਸਲਾਂ, ਖ਼ੇਤਾਂ ਅਤੇ ਮਕਾਨਾਂ ਸਮੇਤ ਹੋਰ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਲੋਕਾਂ ਦੇ ਸਹਿਯੋਗ ਨਾਲ ਅੱਜ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਪਿੰਡ ਸਰਸੀਣੀ ਨੇੜੇ ਜਾਮ ਕਰ ਦਿੱਤਾ। ਕੌਮੀ ਮਾਰਗ....
ਵਿਜੀਲੈਂਸ ਵਲੋਂ ਜ਼ਿਲ੍ਹਾ ਮੈਨੇਜਰ 7 ਹਜ਼ਾਰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ
. . .  about 2 hours ago
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਵਿਜੀਲੈਂਸ ਬਿਉਰੋ ਦੀ ਟੀਮ ਵਲੋਂ ਅੱਜ ਨਗਰ ਨਿਗਮ ਬਠਿੰਡਾ ਵਿਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ....
ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਰੋਹ ਵਿਚ ਆਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ...
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ- ਤਰੁਣ ਚੁੱਘ
. . .  about 3 hours ago
ਨਵੀਂ ਦਿੱਲੀ, 29 ਸਤੰਬਰ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਅਤੇ ਗੰਭੀਰ ਬਣੀ ਹੋਈ ਹੈ। ਟਾਰਗੇਟ ਕਿਲਿੰਗ ਸ਼ਰੇਆਮ ਹੋ ਰਹੀ ਹੈ। ਉਨ੍ਹਾਂ ਕਿਹਾ....
ਸੁਖਪਾਲ ਸਿੰਘ ਖਹਿਰਾ ਸਿਆਸੀ ਹਿਫ਼ਾਜ਼ਤ ਲਈ ਕਾਂਗਰਸ ਵਿਚ ਹੋਏ ਸ਼ਾਮਿਲ- ‘ਆਪ’ ਸੰਸਦ ਮੈਂਬਰ
. . .  about 2 hours ago
ਨਵੀਂ ਦਿੱਲੀ, 29 ਸਤੰਬਰ- ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਵਲੋਂ ਨਸ਼ਿਆਂ ਦੇ ਇਕ ਮਾਮਲੇ ਵਿਚ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਕਿਹਾ ਕਿ ਸੁਖਪਾਲ ਸਿੰਘ ਖਹਿਰਾ....
ਤਾਮਿਲਨਾਡੂ: ਕਿਸਾਨ ਯੂਨੀਅਨ ਨੇ ਕਾਵੇਰੀ ਦਾ ਪਾਣੀ ਛੱਡਣ ਦੇ ਮੁੱਦੇ ’ਤੇ ਕੀਤਾ ਪ੍ਰਦਰਸ਼ਨ
. . .  about 4 hours ago
ਚੇੱਨਈ, 29 ਸਤੰਬਰ- ਤਾਮਿਲਨਾਡੂ ਦੇ ਤ੍ਰਿਚੀ ’ਚ ਕਿਸਾਨ ਯੂਨੀਅਨ ਨੇ ਕਾਵੇਰੀ ਨਦੀ ਦਾ ਪਾਣੀ ਛੱਡਣ ਦੇ ਮੁੱਦੇ ’ਤੇ ਕਾਵੇਰੀ ਦੇ ਪਾਣੀ ’ਚ ਖੜ੍ਹੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਤਾਮਿਲਨਾਡੂ ਲਈ ਕਾਵੇਰੀ ਦਾ.....
ਪ੍ਰਧਾਨ ਮੰਤਰੀ ਵਲੋਂ ਏਸ਼ਿਆਈ ਖੇਡਾਂ ਦੌਰਾਨ ਨਿਸ਼ਾਨੇਬਾਜ਼ੀ ਚ ਚਾਂਦੀ ਦਾ ਤਗਮਾ ਜਿੱਤਣ 'ਤੇ ਮਹਿਲਾ ਟੀਮ ਨੂੰ ਵਧਾਈ
. . .  about 4 hours ago
ਨਵੀਂ ਦਿੱਲੀ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ "ਏਸ਼ਿਆਈ ਖੇਡਾਂ ਵਿਚ ਨਿਸ਼ਾਨੇਬਾਜ਼ੀ ਵਿਚ ਇਕ ਹੋਰ ਤਗਮਾ! ਦਿਵਿਆ ਥਾਡੀਗੋਲ, ਈਸ਼ਾ ਸਿੰਘ ਅਤੇ ਪਲਕ ਨੂੰ 10 ਮੀਟਰ ਏਅਰ ਪਿਸਟਲ ਮਹਿਲਾ ਟੀਮ...
ਕਰਨਾਟਕ:ਸਿੱਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਕਾਵੇਰੀ ਜਲ ਵੰਡ ਮੁੱਦੇ 'ਤੇ ਕਰਨਗੇ ਮੀਟਿੰਗ
. . .  1 minute ago
ਬੈਂਗਲੁਰੂ, 29 ਸਤੰਬਰ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਅਤੇ ਸਿੰਚਾਈ ਮੰਤਰੀ ਡੀ.ਕੇ. ਸ਼ਿਵਕੁਮਾਰ ਅੱਜ ਕਾਵੇਰੀ ਜਲ ਵੰਡ ਮੁੱਦੇ 'ਤੇ ਮੀਟਿੰਗ...
ਪ੍ਰਧਾਨ ਮੰਤਰੀ ਮੋਦੀ ਵਲੋਂ ਗਾਂਧੀ ਜਯੰਤੀ ਤੋਂ ਪਹਿਲਾਂ ਸਵੱਛਤਾ ਮੁਹਿੰਮ ਚਲਾਉਣ ਦਾ ਸੱਦਾ
. . .  about 5 hours ago
ਨਵੀਂ ਦਿੱਲੀ, 29 ਸਤੰਬਰ - ਦੇਸ਼ ਭਰ ਦੇ ਲੋਕਾਂ ਨੂੰ 1 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਕੀਤੀ ਗਈ ਸਫ਼ਾਈ ਮੁਹਿੰਮ ਵਿਚ ਹਿੱਸਾ ਲੈਣ ਦਾ ਸੱਦਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ...
ਪੁਲਿਸ ਨੇ ਨਹੀਂ ਕਾਰਵਾਈ ਕਾਂਗਰਸ ਲੀਡਰਸ਼ਿਪ ਦੀ ਸੁਖਪਾਲ ਖਹਿਰਾ ਨਾਲ ਮੁਲਾਕਾਤ
. . .  about 4 hours ago
ਫ਼ਾਜ਼ਿਲਕਾ, 29 ਸਤੰਬਰ (ਪ੍ਰਦੀਪ ਕੁਮਾਰ )-ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕਰਨ ਲਈ ਪੁੱਜੀ ਕਾਂਗਰਸ ਦੀ ਲੀਡਰ ਸ਼ਿਪ ਨੂੰ ਬਿਨਾਂ ਮੁਲਾਕਾਤ ਕੀਤੇ ਵਾਪਸ ਪਰਤਣਾ ਪਿਆ। ਫ਼ਾਜ਼ਿਲਕਾ ਪੁਲਿਸ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਸੁਖਪਾਲ ਖਹਿਰਾ...
ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਵੀ ਜਾਰੀ
. . .  1 minute ago
ਅੰਮ੍ਰਿਤਸਰ, 29 ਸਤੰਬਰ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 'ਰੇਲ ਰੋਕੋ ਅੰਦੋਲਨ' ਅੱਜ ਵੀ ਜਾਰੀ ਰੱਖਿਆ। ਕਿਸਾਨਾਂ ਦੀਆਂ ਮੰਗਾਂ ਵਿਚ ਘੱਟੋ-ਘੱਟ ਸਮਰਥਨ ਮੁੱਲ ਲਈ ਕਮੇਟੀ, ਦਿੱਲੀ ਵਿਚ...
ਹਾਂਗਝੋਊ ਏਸ਼ੀਅਨ ਖੇਡਾਂ: 50 ਮੀਟਰ ਰਾਈਫਲ ਮੁਕਾਬਲੇ ਚ ਭਾਰਤ ਨੇ ਜਿੱਤਿਆ ਸੋਨ ਤਗਮਾ
. . .  about 6 hours ago
ਹਾਂਗਝੋਊ, 29 ਸਤੰਬਰ-ਐਸ਼ਵਰੀ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਲੇ ਅਤੇ ਅਖਿਲ ਸ਼ਿਓਰਨ ਨੇ ਹਾਂਗਝੋਊ ਏਸ਼ੀਅਨ ਖੇਡਾਂ ਦੇ 50 ਮੀਟਰ ਰਾਈਫਲ 3ਪੀ.ਐਸ ਪੁਰਸ਼ ਟੀਮ ਮੁਕਾਬਲੇ ਵਿਚ ਸੋਨ ਤਗਮਾ...
ਕਰਨਾਟਕ:ਬੰਦ' ਦੇ ਸੱਦੇ ਕਾਰਨ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ
. . .  about 6 hours ago
ਮਾਂਡਿਆ, 29 ਸਤੰਬਰ-ਕਾਵੇਰੀ ਜਲ ਮੁੱਦੇ ਨੂੰ ਲੈ ਕੇ ਅੱਜ ਕਈ ਕੰਨੜ ਪੱਖੀ ਸੰਗਠਨਾਂ ਵਲੋਂ 'ਬੰਦ' ਦੇ ਸੱਦੇ ਕਾਰਨ ਕਰਨਾਟਕ ਦੇ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ...
ਚੀਨੀ ਹੈਕਰਾਂ ਨੇ ਅਮਰੀਕੀ ਵਿਦੇਸ਼ ਵਿਭਾਗ ਦੀਆਂ 60,000 ਈਮੇਲਾਂ ਕੀਤੀਆਂ ਹੈਕ
. . .  about 6 hours ago
ਵਾਸ਼ਿੰਗਟਨ, ਡੀ.ਸੀ., 29 ਸਤੰਬਰ - ਇਕ ਸੈਨੇਟ ਸਟਾਫ ਦੇ ਹਵਾਲੇ ਨਾਲ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੀਨੀ ਹੈਕਰਾਂ ਨੇ ਕਈ ਅਮਰੀਕੀ ਸਰਕਾਰਾਂ 'ਤੇ ਸੇਧ ਲਗਾਈ ਹੈ ਅਤੇ ਇਸ ਸਾਲ ਮਈ ਵਿਚ ਵਿਦੇਸ਼ ਵਿਭਾਗ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 17 ਜੇਠ ਸੰਮਤ 555
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਤੁਹਾਡੇ ਖ਼ਤ

31-05-2023

 ਵਿਧਵਾ ਔਰਤਾਂ ਦੀ ਤਰਸਯੋਗ ਹਾਲਤ

ਵਿਧਵਾ ਔਰਤਾਂ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ ਹੈ। ਜਿਸ ਮੁਲਾਜ਼ਮ ਦੀ ਸਰਕਾਰੀ ਨੌਕਰੀ ਕਰਦੇ ਸਮੇਂ ਅਚਾਨਕ ਮੌਤ ਹੋ ਜਾਂਦੀ ਹੈ, ਪਿੱਛੇ ਬੱਚਿਆਂ ਤੇ ਉਸ ਦੀ ਵਿਧਵਾ ਔਰਤ ਦੀ ਸਾਰ ਨਾ ਹੀ ਮਹਿਕਮਾ ਲੈਂਦਾ ਹੈ ਨਾ ਹੀ ਸਰਕਾਰ। ਮੁਲਾਜ਼ਮ ਦੇ ਪਰਿਵਾਰ ਨੂੰ ਸਾਲਾਂ ਬੱਧੀ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਹਨ। ਇਕ ਵਿਧਵਾ ਔਰਤ ਜੋ ਅੰਮ੍ਰਿਤਸਰ ਤੋਂ ਹਨ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਸਾਲ ਤੋਂ ਚੱਕਰ ਮਾਰਦੀ ਫਿਰ ਰਹੀ ਹੈ। ਉਨ੍ਹਾਂ ਦੇ ਪਤੀ ਦੀ ਮੌਤ ਨੂੰ ਸਾਲ ਤੋਂ ਉੱਪਰ ਹੋ ਚੁੱਕਿਆ ਹੈ। ਪ੍ਰਾਵੀਡੈਂਟ ਫੰਡ ਲੈਣ ਲਈ ਗੇੜੇ ਮਾਰ ਰਹੀ ਹੈ, ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਦੇ ਬੱਚੇ ਛੋਟੇ ਹੋਣ ਕਾਰਨ ਕੋਈ ਕਮਾਉਣ ਵਾਲਾ ਵੀ ਨਹੀਂ ਹੈ। ਉਹ ਕਿਸ ਤਰ੍ਹਾਂ ਗੁਜ਼ਾਰਾ ਕਰੇ, ਸਕੂਲ ਵਾਲੇ ਵੀ ਫੀਸਾਂ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਹੋ ਜਿਹੀਆਂ ਹੋਰ ਵੀ ਬਹੁਤ ਜ਼ਿਆਦਾ ਵਿਧਵਾਵਾਂ ਮਹਿਲਾਵਾਂ ਹਨ, ਜੋ ਦਫ਼ਤਰਾਂ ਦੇ ਗੇੜਿਆਂ ਤੋਂ ਤੰਗ ਆ ਚੁੱਕੀਆਂ ਹਨ। ਸਰਕਾਰ ਤੇ ਦਫ਼ਤਰਾਂ ਵਿਚ ਕੰਮ ਕਰਨ ਵਾਲਿਆਂ ਅੱਗੇ ਬੇਨਤੀ ਹੈ ਕਿ ਇਨ੍ਹਾਂ ਵਿਧਵਾ ਔਰਤਾਂ ਦੀ ਹੋ ਰਹੀ ਖੱਜਲ-ਖੁਆਰੀ ਰੋਕੀ ਜਾਵੇ। ਕੱਲ੍ਹ ਨੂੰ ਤੁਹਾਡੇ ਪਰਿਵਾਰ ਵੀ ਹਨ। ਵਿਧਵਾ ਔਰਤਾਂ ਦੀ ਸਾਰ ਲਈ ਜਾਵੇ ਤੇ ਬਣਦਾ ਮਿਹਨਤਾਨਾ ਤੇ ਪੈਨਸ਼ਨ ਬਹਾਲ ਕੀਤੀ ਜਾਵੇ। ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੇ ਆਪਣਾ ਕੋਈ ਰੁਜ਼ਗਾਰ ਖੋਲ੍ਹ ਸਕਣ।

-ਦਵਿਦਰ ਕੌਰ ਖੁਸ਼ ਧਾਲੀਵਾਲ
ਖੋਜਕਰਤਾ, ਧੂਰਕੋਟ (ਮੋਗਾ)

ਗੁਣਾਂ ਦੇ ਧਾਰਨੀ ਕਿਵੇਂ ਬਣੀਏ?

ਹਰੇਕ ਸਮਝਦਾਰ ਵਿਅਕਤੀ ਇਹ ਗੱਲ ਜਾਣਦਾ ਹੈ ਕਿ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਗੁਣਾਂ ਦੀ ਲੋੜ ਹੈ। ਪਰ ਇਹ ਆਮ ਸ਼ਿਕਾਇਤ ਹੁੰਦੀ ਹੈ ਅਤੇ ਇਹ ਗੁਣ ਧਾਰਨ ਕਿਵੇਂ ਕਰੀਏ? ਆਪਣੇ ਦੋਸ਼ਾਂ ਨੂੰ ਦੂਰ ਕਿਵੇਂ ਕਰੀਏ? ਇਨ੍ਹਾਂ ਨੂੰ ਦੂਰ ਕਰਨ ਲਈ ਸਾਨੂੰ ਮਿੱਠਾ ਬੋਲਣਾ, ਮਿਲਵਰਤਣ ਠੀਕ ਹੋਣਾ, ਸਾਥੀਆਂ ਨਾਲ ਦੋਸਤੀ, ਸਭ ਨੂੰ ਨਾਲ ਲੈ ਕੇ ਚੱਲਣਾ, ਆਸ਼ਾਵਾਦੀ ਹੋਣਾ, ਅਨੇਕਾਂ ਗੁਣਾਂ ਬਾਰੇ ਸਾਰੇ ਲੋਕ ਜਾਣਦੇ ਹਨ ਤੇ ਕਿਹੜੇ ਲੋਕਾਂ ਵਿਚ ਇਨ੍ਹਾਂ ਗੁਣਾਂ ਦੀ ਘਾਟ ਹੁੰਦੀ ਹੈ। ਸਾਨੂੰ ਆਤਮ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸ ਨਾਲ ਸਾਨੂੰ ਉਪਰੋਕਤ ਗੁਣ ਧਾਰਨ ਦਾ ਮੌਕਾ ਮਿਲਦਾ ਹੈ।

ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ

ਪੰਛੀਆਂ ਲਈ ਪਾਣੀ

ਅੱਜ-ਕੱਲ੍ਹ ਸਾਰੇ ਭਾਰਤ 'ਚ ਗਰਮੀ ਦਾ ਕਹਿਰ ਪੂਰੇ ਜ਼ੋਰਾਂ 'ਤੇ ਹੈ। ਇਸ ਗਰਮੀ ਦੇ ਮੌਸਮ ਨੇ ਜਿੱਥੇ ਮਨੁੱਖੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਉਥੇ ਹੀ ਇਸ ਕਾਰਨ ਜੀਵ-ਜੰਤੂ, ਪਸ਼ੂ ਅਤੇ ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ। ਹਰੇਕ ਸਾਲ ਹੀ ਇਸ ਗਰਮੀ ਦੇ ਮੌਸਮ ਵਿਚ ਬਹੁਤ ਸਾਰੇ ਪੰਛੀ ਪਾਣੀ ਨਾ ਮਿਲਣ ਕਰਕੇ ਮਾਰੇ ਜਾਂਦੇ ਹਨ। ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹੁੰਦੇ ਹਨ, ਇਨ੍ਹਾਂ ਨਾਲ ਕੁਦਰਤ ਬਹੁਤ ਸੋਹਣੀ ਲੱਗਦੀ ਹੈ।
ਸੋ ਇਨ੍ਹਾਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ, ਬਨੇਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰੀਏ, ਤਾਂ ਜੋ ਇਹ ਬੇਜ਼ੁਬਾਨ ਪੰਛੀ ਆਪਣੀ ਪਿਆਸ ਬੁਝਾ ਸਕਣ। ਇਹ ਸਾਡੇ ਸਾਰਿਆਂ ਲਈ ਜਿੱਥੇ ਪੁੰਨ ਦਾ ਕੰਮ ਹੋਵੇਗਾ ਨਾਲ ਹੀ ਪੰਛੀਆਂ ਦੀਆਂ ਚਹਿ-ਚਹਾਉਂਦੀਆਂ ਆਵਾਜ਼ਾਂ ਨਾਲ ਸਾਡਾ ਆਲਾ-ਦੁਆਲਾ ਵੀ ਗੂੰਜਦਾ ਰਹੇਗਾ।

-ਸ਼ੰਕਰ, ਮੋਗਾ।

ਸਿੱਖਿਆ ਦਾ ਡਿੱਗਦਾ ਮਿਆਰ

ਪਿਛਲੇ ਕੁਝ ਕੁ ਸਾਲਾਂ ਤੋਂ ਉਚੇਰੀ ਸਿੱਖਿਆ ਦਾ ਮਿਆਰ ਜਿਸ ਤਰ੍ਹਾਂ ਡਿੱਗਦਾ ਜਾ ਰਿਹਾ ਹੈ ਉਸ ਤੋਂ ਸਾਫ਼ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਨੂੰ ਪੜ੍ਹਿਆ ਲਿਖਿਆ ਵਰਗ ਨਹੀਂ ਮਿਲੇਗਾ। ਪੰਜਾਬ ਵਿਚ ਹੁਣ ਤੱਕ ਕਿੰਨੇ ਕੁ ਆਈ.ਪੀ.ਐਸ. ਅਫ਼ਸਰ ਬਣੇ ਹਨ, ਕਿੰਨੇ ਕੁ ਖੋਜ ਖੇਤਰ ਵਿਚ ਗਏ ਹਨ, ਕਿੰਨਿਆਂ ਕੁ ਨੇ ਵਿਗਿਆਨ ਦੇ ਖੇਤਰ ਵਿਚ ਮੱਲਾਂ ਮਾਰੀਆਂ ਹਨ? ਇਸ ਦੇ ਅੰਕੜੇ ਵੀ ਸਾਨੂੰ ਨਿਰਾਸ਼ ਹੀ ਕਰਨਗੇ। ਰੁਜ਼ਗਾਰ ਦੀ ਦੌੜ ਵਿਚ ਲੱਗੇ ਨੌਜਵਾਨਾਂ ਦਾ ਆਈਲਟਸ ਕਰ ਵਿਦੇਸ਼ਾਂ ਵਿਚ ਜਾਣਾ ਇਹ ਸੂਬੇ ਲਈ ਕੋਈ ਚੰਗੇ ਸੰਕੇਤ ਨਹੀਂ। ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ 'ਤੇ ਜ਼ੋਰ ਦੇ ਰਹੀ ਸੂਬਾ ਸਰਕਾਰ ਨੂੰ ਕੀ ਕੋਈ ਇਲਮ ਹੈ ਕਿ ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਕੁ ਹੈ? ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਵਧਦੀ ਨਹੀਂ, ਸਗੋਂ ਘੱਟਦੀ ਹੀ ਜਾ ਰਹੀ ਹੈ। ਪੰਜਾਬ ਦੇ ਬਹੁਤ ਸਾਰੇ ਸਰਕਾਰੀ, ਏਡਿਡ ਤੇ ਬਹੁ ਤਕਨੀਕੀ ਕਾਲਜ ਬੰਦ ਹੋਣ ਦੀ ਕਗਾਰ 'ਤੇ ਖੜ੍ਹੇ ਹਨ। ਅਜੋਕੇ ਸਮੇਂ ਵਿਚ ਵਿਦਿਆਰਥੀਆਂ ਦਾ ਵਿਦੇਸ਼ਾਂ ਨੂੰ ਵਧੇਰੇ ਤਰਜੀਹ ਦੇਣਾ ਤੇ ਹਕੂਮਤ ਦਾ ਇਸ ਪੱਖ ਤੋਂ ਚੁੱਪ ਰਹਿਣਾ ਇਹ ਪੰਜਾਬ ਲਈ ਕੋਈ ਚੰਗਾ ਸੰਦੇਸ਼ ਨਹੀਂ। ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਇੰਨੇ ਕੁ ਜ਼ਿਆਦਾ ਮਾਨਸਿਕ ਤੌਰ 'ਤੇ ਅਪਾਹਿਜ ਹੋ ਜਾਵਾਂਗੇ ਕਿ ਸਾਡੀ ਟੇਕ ਸਿਰਫ ਹਕੂਮਤ ਦੁਆਰਾ ਦਿੱਤੀਆਂ ਜਾਂਦੀਆਂ ਮੁਫ਼ਤ ਸਹੂਲਤਾਂ 'ਤੇ ਰਹਿ ਜਾਵੇਗੀ ਤੇ ਕਦੇ ਵੀ ਅਸੀਂ ਆਤਮ ਨਿਰਭਰ ਨਹੀਂ ਹੋ ਪਾਵਾਂਗੇ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰੇ ਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰੇ।

-ਸੁਰਜੀਤ ਸਿੰਘ ਦਿਲਾ ਰਾਮ

29-05-2023

 ਕੁਦਰਤ ਦਾ ਅਨਮੋਲ ਤੋਹਫ਼ਾ ਪਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਨੁਸਾਰ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜਿਹੜੀਆਂ ਕਿ ਹੁਣ ਤਿੰਨੋਂ ਚੀਜ਼ਾਂ ਮਨੁੱਖੀ ਕਾਰਨਾਂ ਕਰਕੇ ਪ੍ਰਭਾਵਿਤ ਹੋ ਚੁੱਕੀਆਂ ਹਨ। 2012 ਵਿਚ ਉਤਰਾਖੰਡ ਵਿਚ ਹੜ੍ਹਾਂ ਦੀ ਮਾਰ ਨਾਲ ਕਿੰਨਿਆਂ ਲੋਕਾਂ ਦੀ ਜਾਨ ਚਲੀ ਗਈ। ਪਰਿਵਾਰ ਦੇ ਪਰਿਵਾਰ ਤਬਾਹ ਹੋ ਗਏ। ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਿਆ ਹੈ। ਅਸੀਂ ਆਮ ਦੇਖਦੇ ਹਾਂ ਕਿ ਬੱਸ ਸਟੈਂਡਾਂ, ਹੋਟਲਾਂ 'ਤੇ ਪਾਣੀ ਦੀ ਬੋਤਲ ਵੀ 20 ਰੁਪਏ ਵਿਚ ਵਿਕਦੀ ਹੈ, ਜਿਸ ਨੂੰ ਮਿਨਰਲ ਵਾਟਰ ਕਿਹਾ ਜਾਂਦਾ ਹੈ। ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਪਾਣੀ ਬੋਤਲਾਂ ਵਿਚ ਮਿਲਣ ਲੱਗ ਪਿਆ ਹੈ ਤੇ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ।
ਪਾਣੀ ਦਾ ਪੱਧਰ ਨੀਵਾਂ ਹੋਣ ਦੇ ਨਾਲ-ਨਾਲ ਪ੍ਰਦੂਸ਼ਿਤ ਵੀ ਹੋ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਹੁਣ ਤਾਂ ਪੰਜਾਬ ਦਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ ਹੈ। ਪਾਣੀ ਦੀ ਦੁਰਵਰਤੋਂ ਬਹੁਤ ਕਰ ਰਹੇ ਹਨ।
ਅਕਸਰ ਅਸੀਂ ਦੇਖਿਆ ਹੈ ਕਿ ਜੋ ਜਨਤਕ ਥਾਵਾਂ, ਬੱਸ ਸਟੈਂਡਾਂ 'ਤੇ ਟੂਟੀਆਂ ਲੱਗੀਆਂ ਹੁੰਦੀਆਂ ਹਨ, ਉਨ੍ਹਾਂ ਦੇ ਮੂੰਹ ਖੁੱਲ੍ਹੇ ਹਨ ਤੇ ਪਾਣੀ ਵਗ ਰਿਹਾ ਹੁੰਦਾ ਹੈ। ਘਰਾਂ ਵਿਚ ਅਕਸਰ ਅਸੀਂ ਗੱਡੀਆਂ ਧੋਣ ਲਈ ਅੰਨ੍ਹੇਵਾਹ ਪਾਣੀ ਦੀ ਵਰਤੋਂ ਕਰਦੇ ਹਾਂ। ਪਿੱਛੇ ਜਿਹੇ ਬਿਆਸ ਦਰਿਆ ਵਿਚ ਕਾਰਖਾਨਿਆਂ ਦਾ ਜ਼ਹਿਰੀਲਾ ਪਾਣੀ ਛੱਡਿਆ ਗਿਆ, ਜਿਸ ਕਾਰਨ ਹਜ਼ਾਰਾਂ ਦੀ ਤਾਦਾਦ ਵਿਚ ਮੱਛੀਆਂ ਮਰੀਅੰ। ਅਸੀਂ ਜੀਵ ਜੰਤੂਆਂ ਨੂੰ ਵੀ ਸੁੱਖ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ। ਕਿਸਾਨਾਂ ਨੂੰ ਝੋਨੇ ਦੀ ਜਗ੍ਹਾ ਮੱਕੀ ਦੀ ਫ਼ਸਲ ਲਗਾਉਣੀ ਚਾਹੀਦੀ ਹੈ। ਇਸ ਨਾਲ ਪਾਣੀ ਦਾ ਡੂੰਘਾ ਸੰਕਟ ਵੀ ਘਟੇਗਾ। ਵਿਗਿਆਨੀਆਂ ਅਨੁਸਾਰ ਧਰਤੀ ਹੇਠਲਾ ਪਾਣੀ ਦਾ ਸੰਕਟ ਇਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਹ ਸਮਾਂ ਰਹਿੰਦਿਆਂ ਵਿਚਾਰਿਆ ਨਾ ਗਿਆ ਤਾਂ ਪੰਜਾਬ ਜਲਦੀ ਹੀ ਰੇਗਿਸਤਾਨ ਬਣ ਜਾਵੇਗਾ।


-ਸੰਜੀਵ ਸਿੰਘ ਸੈਣੀ ਮੋਹਾਲੀ।


ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ
ਪੰਜਾਬ ਸਰਕਾਰ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਕੂਲਾਂ ਵਾਲੇ ਬੱਸਾਂ ਵਿਚ ਬੱਚੇ ਲੋੜੋਂ ਵੱਧ ਬਿਠਾ ਲੈਂਦੇ ਹਨ। ਕਈ ਵਾਰੀ ਤਾਂ ਬਾਰੀਆਂ ਦੇ ਨਾਲ ਲਮਕਦੇ ਹੁੰਦੇ ਹਨ। ਬੱਸ ਵਿਚ ਚੜ੍ਹਾਉਣ ਅਤੇ ਉਤਾਰਨ ਲਈ ਕਿਸੇ ਹੈਲਪਰ ਦਾ ਪ੍ਰਬੰਧ ਨਹੀਂ ਹੁੰਦਾ। ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਅੱਜਕਲ੍ਹ ਗਰਮੀ ਦੀ ਰੁੱਤ ਵਿਚ ਬੱਸ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸੋ, ਪ੍ਰਾਈਵੇਟ ਸਕੂਲ ਦੇ ਮਾਲਕਾਂ ਨੂੰ ਇਨ੍ਹਾਂ ਗੱਲਾਂ ਵੱਲ ਗੌਰ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚ ਸਕੀਏ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਸਰਕਾਰ ਦੀ ਵਧੀ ਜ਼ਿੰਮੇਵਾਰੀ
ਜਲੰਧਰ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਲਈ ਹੈ। ਹੁਣ ਭਗਵੰਤ ਮਾਨ ਦੇ ਸਿਰ ਜ਼ਿੰਮੇਵਾਰੀ ਬਹੁਤ ਹੈ। ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਮਸਲਿਆਂ ਵੱਲ ਤਵੱਜੋ ਦੇਣ ਦੀ ਲੋੜ ਹੈ। ਬੇਰੁਜ਼ਗਾਰੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਰਿਸ਼ਵਤ ਦਾ ਮੁੱਦਾ, ਮੰਤਰੀਆਂ ਦੀਆਂ ਕਾਲੀਆਂ ਕਰਤੂਤਾਂ, ਲੋਕਤੰਤਰ ਦੇ ਚੌਥੇ ਥੰਮ੍ਹ 'ਤੇ ਲਗਾਈਆਂ ਇਸ਼ਤਿਹਾਰਾਂ ਸੰਬੰਧੀ ਪਾਬੰਦੀਆਂ, ਪੰਜਾਬ 'ਚ ਵਿਗੜ ਗਈ ਅਮਨ-ਕਾਨੂੰਨ ਦੀ ਹਾਲਤ, ਜਬਰ ਜਨਾਹ ਦੇ ਵਧ ਰਹੇ ਕੇਸ, ਕਿਸਾਨਾਂ ਸੰਬੰਧੀ ਸਮੱਸਿਆਵਾਂ, ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਛੇਤੀ ਕਰਨਾ ਚਾਹੀਦਾ ਹੈ। ਨਹੀਂ ਤਾਂ ਵੋਟਰਾਂ ਨੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਨਤੀਜੇ ਵਿਖਾ ਦੇਣੇ ਹਨ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਗੱਡੀਆਂ ਹੌਲੀ ਚਲਾਓ
ਪਿਛਲੇ ਦਿਨੀਂ ਸੀਨੀਅਰ ਬੋਰਡ ਵਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਵਿਚ ਵਧੀਆ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਬਹੁਤ ਖੁਸ਼ ਹੁੰਦੇ ਹਨ। ਇਸ ਖੁਸ਼ੀ ਲਈ ਵਿਦਿਆਰਥੀ ਦੋਸਤਾਂ-ਮਿੱਤਰਾਂ ਨਾਲ ਇਕੱਠਿਆਂ ਹੋ ਕੇ ਪਾਰਟੀ ਕਰਨ ਜਾਂਦੇ ਹਨ। ਪਾਰਟੀ ਕਰਨ ਜਾਣ ਵੇਲੇ ਸਕੂਟਰ, ਮੋਟਰਸਾਈਕਲ ਜਾਂ ਕਾਰ ਨੂੰ ਬਹੁਤ ਤੇਜ਼ ਚਲਾਉਂਦੇ ਹਨ। ਮੰਡੀ ਅਹਿਮਦਗੜ੍ਹ ਅਤੇ ਮਾਲੇਰਕੋਟਲਾ ਲਾਗਲੇ ਪਿੰਡ ਦੇ 3 ਵਿਦਿਆਰਥੀਆਂ ਦੀ ਦੁਰਘਟਨਾ ਵਿਚ ਮੌਤ ਹੋਣ ਦਾ ਸਮਾਚਾਰ ਸੁਣ ਦੁੱਖ ਲੱਗਿਆ।
ਇਹ ਦੋਸਤ ਦਸਵੀਂ ਅਤੇ ਬਾਰ੍ਹਵੀਂ ਵਿਚੋਂ ਚੰਗੇ ਨੰਬਰ ਆਉਣ ਕਰਕੇ ਪਾਰਟੀ ਕਰਕੇ ਵਾਪਸ ਆ ਰਹੇ ਸਨ ਕਿ ਦੁਰਘਟਨਾ ਦੇ ਸ਼ਿਕਾਰ ਹੋ ਗਏ। ਮੇਰੀ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਗੱਡੀਆਂ ਨੂੰ ਧੀਮੀ ਗਤੀ 'ਤੇ ਚਲਾਉਣ।


-ਪਵਨ ਗੁਪਤਾ
ਮੰਡੀ ਅਹਿਮਦਗੜ੍ਹ।

26-05-2023

 ਕਿਉਂ ਨਹੀਂ ਰੁਕ ਰਹੀਆਂ ਬੇਅਦਬੀਆਂ
ਪੰਜਾਬ ਵਿਚ ਪਿਛਲੇ ਕਾਫੀ ਦਿਨਾਂ ਤੋਂ ਕੁਝ ਪਾਪੀ ਤੇ ਦੁਸ਼ਟ ਲੋਕ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਕੇ ਗੁਰੂ ਘਰਾਂ ਵਿਚ ਬੇਅਦਬੀਆਂ ਕਰ ਰਹੇ ਹਨ, ਜੋ ਸਾਡੇ ਸਾਰਿਆਂ ਲਈ ਬਹੁਤ ਮੰਦਭਾਗੀ ਗੱਲ ਹੈ। ਇਨ੍ਹਾਂ ਨਾਲ ਪੂਰੀ ਕੌਮ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਇਵੇਂ ਲਗਦਾ ਜਿਵੇਂ ਕੋਈ ਸੋਚੀ-ਸਮਝੀ ਚਾਲ ਹੋਵੇ। ਜਦੋਂ ਦੋਸ਼ੀ ਨੂੰ ਫੜ ਲਿਆ ਜਾਂਦਾ ਹੈ ਤਾਂ ਸਾਰੇ ਇਕੋ ਗੱਲ ਕਹਿੰਦੇ ਨੇ ਕਿ ਇਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਇਹ ਬਿਲਕੁਲ ਗ਼ਲਤ ਹੈ। ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਨ੍ਹਾਂ ਦੋਸ਼ੀਆਂ ਲਈ ਕੋਈ ਸਖ਼ਤ ਕਾਨੂੰਨ ਬਣਾਏ, ਜਿਸ ਵਿਚ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਵਿਵਸਥਾ ਹੋਵੇ। ਫਿਰ ਇਸ 'ਤੇ ਰੋਕ ਲੱਗ ਸਕਦੀ ਹੈ। ਦੋਸ਼ੀਆਂ ਨੂੰ ਪਤਾ ਹੁੰਦਾ ਹੈ ਸਜ਼ਾ ਬਹੁਤ ਘੱਟ ਹੈ। ਇਸ ਕਮਜ਼ੋਰੀ ਦਾ ਫਾਇਦਾ ਦੋਸ਼ੀ ਚਕਦੇ ਹਨ। ਇਕ ਗੱਲ ਨਹੀਂ ਸਮਝ ਨਹੀਂ ਆ ਰਹੀ ਕਿ ਮਾਨਸਿਕ ਬਿਮਾਰਾਂ ਨੂੰ ਇਕੱਲਾ ਗੁਰੂ ਘਰ ਹੀ ਨਜ਼ਰ ਕਿਉਂ ਆਉਂਦਾ ਹੈ। ਇਹ ਲੋਕ ਜਾਣ-ਬੁੱਝ ਕੇ ਇਨ੍ਹਾਂ ਘਟਨਾਵੰ ਨੂੰ ਅੰਜ਼ਾਮ ਦੇ ਰਹੇ ਹਨ। ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰ: 11, ਭਾਗੂ ਰੋਡ, ਬਠਿੰਡਾ।


ਮੁਫ਼ਤ ਨਹੀਂ, ਬਿਜਲੀ ਸਸਤੀ ਦਿੱਤੀ ਜਾਵੇ
ਪੰਜਾਬ ਪਹਿਲਾਂ ਹੀ ਕਰਜ਼ਾਈ ਹੈ ਤੇ ਸਰਕਾਰਾਂ ਵਲੋਂ ਮੁਫ਼ਤ ਸਹੂਲਤਾਂ ਦੇਣ ਨਾਲ ਪੰਜਾਬ ਦਾ ਕਰਜ਼ਾ ਹੋਰ ਵਧ ਗਿਆ ਹੈ। ਸਿਆਸਤਦਾਨਾਂ ਨੇ ਲੋਕਾਂ ਨੂੰ ਮੰਗਤਾ ਤੇ ਨਕਾਰਾ ਬਣਾ ਦਿੱਤਾ ਹੈ। ਬਿਜਲੀ ਦੇ ਬਿੱਲ ਵਧਣ ਨਾਲ ਉਨ੍ਹਾਂ ਲੋਕਾਂ 'ਤੇ ਅਸਰ ਪਵੇਗਾ ਜੋ ਬਿਜਲੀ ਦਾ ਬਿੱਲ ਦੇ ਰਹੇ ਹਨ। ਜਿਨ੍ਹਾਂ ਦਾ ਮੁਆਫ਼ ਹੈ ਉਨ੍ਹਾਂ ਦੇ ਬਿੱਲਾਂ ਦਾ ਬੋਝ ਵੀ ਬਿਜਲੀ ਦੇ ਬਿੱਲ ਦੇਣ ਵਾਲਿਆਂ 'ਤੇ ਪਵੇਗਾ। ਹੁਣ ਜ਼ਿਆਦਾ ਗਰਮੀ ਪੈਣ ਨਾਲ ਹਰ ਘਰ ਵਿਚ ਏ.ਸੀ. ਤੇ ਕੂਲਰ, ਪੱਖੇ ਚੱਲਣਗੇ, ਜਿਸ ਨਾਲ 300 ਯੂਨਿਟ ਤੋਂ ਵਧ ਹਰ ਘਰ ਦੀ ਬਿਜਲੀ ਦੀ ਖਪਤ ਹੋਵੇਗੀ। 300 ਯੂਨਿਟ ਤੋਂ ਵਧ ਬਿਜਲੀ ਬਲਣ ਨਾਲ ਉਨ੍ਹਾਂ ਨੂੰ ਵੀ ਬਿੱਲ ਆਵੇਗਾ ਅਤੇ ਬਿਜਲੀ ਦਰ ਵਧਣ ਨਾਲ ਹੋਰ ਵਾਧੂ ਬਿੱਲ ਆਵੇਗਾ। ਇਸ ਨਾਲ ਇਹ ਹੀ ਚੰਗਾ ਹੈ ਮੁਫਤ ਸਹੂਲਤਾਂ ਬੰਦ ਕਰਕੇ ਬਿਜਲੀ ਸਸਤੀ ਕੀਤੀ ਜਾਵੇ। ਇਸ ਨਾਲ ਸਰਕਾਰੀ ਖਜ਼ਾਨਾ ਭਰੇਗਾ ਤੇ ਪੰਜਾਬ ਦਾ ਕਰਜ਼ਾ ਵੀ ਲੱਥੇਗਾ। ਬਿਜਲੀ ਦੀ ਬਰਬਾਦੀ ਵੀ ਘਟੇਗੀ।


-ਗੁਰਮੀਤ ਸਿੰਘ ਵੇਰਕਾ
gsinghverka57@gmail.com


ਬਿਜਲੀ ਕੱਟ
ਪੰਜਾਬ ਵਿਚ ਇਕ ਗਰਮੀ ਅਤੇ ਦੂਜਾ ਕਈ-ਕਈ ਘੰਟੇ ਲਗਾਤਾਰ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਬਿਜਲੀ ਦੇ ਕੱਟਾਂ ਵਿਚ ਵੀ ਵਾਧਾ ਹੋ ਰਿਹਾ ਹੈ। ਜਿਸ ਕਰਕੇ ਸੂਬੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ। ਇਕ ਤਾਂ ਇਹ ਗਰਮੀ ਦਾ ਮਹੀਨਾ ਹੈ ਤੇ ਗਰਮੀ ਵੀ ਅੱਤ ਦੀ ਪੈ ਰਹੀ ਹੈ। ਕਈ ਵਾਰੀ ਤਾਂ ਬਿਜਲੀ ਮਿੰਟ ਬਾਅਦ ਜਾਂਦੀ ਤੇ ਮਿੰਟ ਬਾਅਦ ਆਉਂਦੀ ਹੈ, ਜਿਸ ਨਾਲ ਬਲਬ, ਟਿਊਬਾਂ, ਫਰਿੱਜ, ਟੀ.ਵੀ. ਤੇ ਏ.ਸੀ. ਆਦਿ ਖਰਾਬ ਹੋ ਜਾਂਦੇ ਹਨ ਹਰ ਰੋਜ਼ ਤਕਰੀਬਨ ਕਈ ਘਰਾਂ ਦਾ ਬੜਾ ਨੁਕਸਾਨ ਹੁੰਦਾ ਹੈ। ਸਾਰੇ ਦਿਨ ਵਿਚ ਬਿਜਲੀ ਮਸਾਂ ਦੋ ਜਾਂ ਤਿੰਨ ਘੰਟੇ ਹੀ ਰਹਿੰਦੀ ਹੈ ਅਤੇ ਬਾਕੀ ਸਾਰਾ ਦਿਨ ਗਰਮੀ ਵਿਚ ਹੀ ਕੱਟਣਾ ਪੈਂਦਾ ਹੈ। ਛੋਟੇ-ਛੋਟੇ ਬੱਚੇ ਗਰਮੀ ਕਾਰਨ ਰੋਂਦੇ-ਕੁਰਲਾਉਂਦੇ ਹਨ ਅਤੇ ਬਜ਼ੁਰਗਾਂ ਨੂੰ ਵੀ ਔਖਾ ਹੋਣਾ ਪੈਂਦਾ ਹੈ। ਸਰਕਾਰ ਨੂੰ ਬਿਜਲੀ ਸੰਕਟ 'ਤੇ ਨਿਜਾਤ ਪਾਉਣ ਲਈ ਜਲਦੀ ਤੋਂ ਜਲਦੀ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।


-ਲੈਕਚਰਾਰ ਗੌਰਵ ਮੁੰਜਾਲ, ਮੁਹਾਲੀ।


ਬੱਸਾਂ ਹੌਲੀ ਚਲਾਓ
ਜਗਰਾਉਂ ਨੇੜੇ ਬੀਤੇ ਦਿਨ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਬੱਸ ਅਤੇ ਪੰਜਾਬ ਸਰਕਾਰ ਦੀ ਸਰਕਾਰੀ ਬੱਸ ਵਿਚਾਲੇ ਹੋਈ ਟੱਕਰ ਵਿਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਬਹੁਤ ਮੰਦਭਾਗਾ ਹੈ। ਅਕਸਰ ਹੀ ਅਜਿਹੀਆਂ ਦੁਰਘਟਨਾਵਾਂ ਅਤੇ ਮੰਦਭਾਗੀਆਂ ਖ਼ਬਰਾਂ ਅਖ਼ਬਾਰਾਂ ਅਤੇ ਟੀ.ਵੀ. 'ਤੇ ਸੁਣਨ ਨੂੰ ਮਿਲਦੀਆਂ ਹਨ, ਜਿਥੋਂ ਤੱਕ ਮੇਰਾ ਮੰਨਣਾ ਹੈ, ਇਸ ਦਾ ਮੁੱਖ ਕਾਰਨ ਅੱਜ ਦੇ ਨੌਜਵਾਨ ਡਰਾਈਵਰਾਂ ਵਿਚ ਸਹਿਣਸ਼ੀਲਤਾ ਦੀ ਘਾਟ ਹੈ। ਸਵੇਰ ਵੇਲੇ ਬੱਚੇ ਲਿਆਉਣ ਸਮੇਂ ਅਤੇ ਸ਼ਾਮ ਨੂੰ ਸਕੂਲ ਵਿਚ ਛੁੱਟੀ ਤੋਂ ਬਾਅਦ ਇਹ ਨੌਜਵਾਨ ਡਰਾਈਵਰ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਸਕੂਲੀ ਬੱਸਾਂ ਨੂੰ ਬਹੁਤ ਤੇਜ਼ ਅਤੇ ਓਵਰ ਸਪੀਡ ਨਾਲ ਚਲਾਉਂਦੇ ਦੇਖੇ ਜਾਂਦੇ ਹਨ, ਜੋ ਕਿ ਹਾਦਸੇ ਦਾ ਮੁੱਖ ਕਾਰਨ ਹੈ। ਮੈਂ ਸਕੂਲ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਬੱਚਿਆਂ ਦੀ ਜ਼ਿੰਦਗੀ ਨੂੰ ਮੁੱਖ ਰੱਖਦੇ ਹੋਏ ਡਰਾਈਵਰਾਂ ਨੂੰ ਬੱਸ ਹੌਲੀ ਚਲਾਉਣ ਅਤੇ ਧਿਆਨ ਨਾਲ ਚਲਾਉਣ ਸੰਬੰਧੀ ਸਲਾਹ ਦਿੱਤੀ ਜਾਵੇ।


-ਪਵਨ ਗੁਪਤਾ, ਮੰਡੀ ਅਹਿਮਦਗੜ੍ਹ।


ਨੌਜਵਾਨਾਂ ਨੂੰ ਅਪੀਲ
ਦਿਨੋ-ਦਿਨ ਵਧਦੀ ਗਰਮੀ ਆਪਣਾ ਜਲਵਾ ਦਿਖਾ ਰਹੀ ਹੈ। ਜੇਠ ਤੇ ਹਾੜ੍ਹ ਖਾਸ ਕਰਕੇ ਦੋ ਮਹੀਨੇ ਅੱਤ ਦੀ ਗਰਮੀ ਦੇ ਮਹੀਨੇ ਹੁੰਦੇ ਹਨ। ਕਈ ਵਾਰੀ ਤਾਪਮਾਨ 45 ਡਿਗਰੀ ਤੋਂ ਵੀ ਵੱਧ ਜਾਂਦਾ ਹੈ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਆਪੋ-ਆਪਣੇ ਢੰਗ-ਤਰੀਕੇ ਵਰਤਦੇ ਹਨ। ਬੱਚੇ ਠੰਢੀਆਂ ਚੀਜ਼ਾਂ ਕੁਲਫੀਆਂ, ਆਈਸ ਕਰੀਮਾਂ ਖਾ ਕੇ ਤੇ ਸਿਆਣੇ ਬੰਦੇ ਬਾਹਰ ਦਰੱਖਤਾਂ ਦੇ ਥੱਲੇ ਬੈਠ ਕੇ ਦੁਪਹਿਰਾ ਕੱਟ ਲੈਂਦੇ ਹਨ। ਬਹੁਤੇ ਲੋਕ ਘਰੇ ਏ.ਸੀ., ਕੂਲਰ, ਪੱਖਿਆਂ ਨਾਲ ਵਗਦੀ ਲੂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਖਾਸ ਕਰਕੇ ਛੋਟੇ ਬੱਚਿਆਂ ਨੂੰ ਇਸ ਤੇਜ਼ ਧੁੱਪ ਤੋਂ ਬਚਾਅ ਕੇ ਰੱਖਣਾ ਪੈਂਦਾ ਹੈ। ਕੁਝ ਨੌਜਵਾਨ ਆਪਣੇ ਸਾਥੀਆਂ ਨਾਲ ਨੇੜੇ ਦੇ ਛੱਪੜਾਂ, ਸੂਇਆਂ ਅਤੇ ਨਹਿਰਾਂ ਆਦਿ 'ਤੇ ਜਾ ਕੇ ਦੁਪਹਿਰ ਵੇਲੇ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਂਦੇ ਹਨ। ਉਨ੍ਹਾਂ ਨੂੰ ਵੇਖ ਕੇ ਛੋਟੇ-ਛੋਟੇ ਮੁੰਡੇ ਵੀ ਨਹਾਉਣ ਲਈ ਉਨ੍ਹਾਂ ਨਾਲ ਜਾ ਵੜਦੇ ਹਨ। ਕਈ ਵਾਰੀ ਡੂੰਘੇ ਪਾਣੀ ਦਾ ਵਹਾਅ ਉਨ੍ਹਾਂ ਨੂੰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਹੈ। ਬਹੁਤੀਆਂ ਥਾਵਾਂ 'ਤੇ ਅਜਿਹੀਆਂ ਦੁਰਘਟਨਾਵਾਂ ਅਕਸਰ ਵਾਪਰ ਚੁੱਕੀਆਂ ਹਨ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

25-05-2023

 ਕੱਟੜਤਾ ਦਾ ਬੋਲਬਾਲਾ

ਭਾਰਤ ਵਿਚ ਹਰ ਪਾਸੇ ਕੱਟੜਤਾ ਦਾ ਬੋਲਬਾਲਾ ਹੈ। ਵਰਤਮਾਨ ਵਿਚ ਅਸੀਂ ਕੱਟੜਤਾ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਬਹੁਤ ਸਾਰੀਆਂ ਖ਼ਬਰਾਂ ਦਾ ਸ਼ਿਕਾਰ ਹਾਂ, ਜੋ ਕਿ ਸਾਡੇ ਜਮਹੂਰੀ ਤਾਣੇ-ਬਾਣੇ ਦੀ ਮੌਤ ਹੈ। ਸਿਆਸੀ ਪਾਰਟੀਆਂ ਧਰਮ ਦੀ ਰਾਜਨੀਤੀ ਨੂੰ ਆਪਣੇ ਸਿਖਰਾਂ 'ਤੇ ਚਲਾ ਰਹੀਆਂ ਹਨ। ਆਪਣੇ ਨਾਸਤਿਕ ਸਿਆਸੀ ਆਕਾਵਾਂ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੇ ਸਮਰਥਕ ਧਰਮਾਂ ਦੇ ਨਾਂਅ 'ਤੇ ਆਮ ਲੋਕਾਂ ਨੂੰ ਕੁੱਟਣਾ ਜਾਂ ਮਾਰਨਾ ਚਾਹੁੰਦੇ ਹਨ। ਇਹ ਸਭ ਕੁਝ ਦਰਸਾ ਰਿਹਾ ਹੈ ਕਿ ਉਹ ਆਪੋ-ਆਪਣੇ ਧਰਮਾਂ ਦੇ ਸੱਚੇ ਸ਼ਰਧਾਲੂ ਨਹੀਂ ਹਨ, ਸਗੋਂ ਇਸ ਦੀ ਆੜ ਵਿਚ ਆਪਣੇ ਸਵਾਰਥਾਂ ਦੀ ਪੂਰਤੀ ਲਈ ਯਤਨਸ਼ੀਲ ਹਨ। ਹਾਲ ਹੀ ਦੇ ਹਫ਼ਤਿਆਂ ਵਿਚ, ਨਿਊਜ਼ ਚੈਨਲਾਂ ਅਤੇ ਸੋਸ਼ਲ ਸਾਈਟਾਂ 'ਤੇ ਇਕ ਦੁਖਦਾਈ ਕਲਿਪ ਘੁੰਮ ਰਹੀ ਸੀ ਕਿ ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸਰਫ਼ ਨੂੰ ਤਿੰਨ ਵਿਅਕਤੀਆਂ ਨੇ ਕੈਮਰਿਆਂ ਦੇ ਸਾਹਮਣੇ ਅਤੇ ਪੁਲਿਸ ਸੁਰੱਖਿਆ ਵਿਚ ਹੀ ਬੰਦੂਕਾਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਮਾਮਲਾ ਉੱਥੇ ਹੀ ਨਹੀਂ ਰੁਕਿਆ, ਇਸ ਤੋਂ ਬਾਅਦ ਕੱਟੜਦਾ ਦੀ ਤਸਵੀਰ ਉਸ ਸਮੇਂ ਹੋਰ ਹਾਵੀ ਹੋ ਗਈ ਜਦੋਂ ਤਿੰਨੋਂ ਕਾਤਲਾਂ ਨੇ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾ ਕੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹ ਦੇਵੀ ਦੇਵਤਿਆਂ ਦਾ ਨਾਂਅ ਜਪ ਕੇ ਉਨ੍ਹਾਂ ਦੀ ਆਪਣੇ ਘਿਨਾਉਣੇ ਅਪਰਾਧ ਨੂੰ ਧਾਰਮਿਕ ਕਾਰਜਾਂ ਵਿਚ ਤਬਦੀਲ ਕਰਨ ਦੀ ਸਕੀਮ ਹੈ। ਇਹੀ ਪ੍ਰਵਿਰਤੀ ਦੂਜੇ ਧਰਮਾਂ ਵਿਚ ਵੀ ਪ੍ਰਚਲਿਤ ਹੈ ਅਤੇ ਇਕ ਧਰਮ ਦੇ ਕੱਟੜ ਵਿਸ਼ਵਾਸੀ ਲੋਕ ਆਪੋ-ਆਪਣੇ ਧਰਮਾਂ ਦੇ ਨਾਅਰੇ ਲਾ ਕੇ ਲੋਕਾਂ ਨੂੰ ਆਸਾਨੀ ਨਾਲ ਕਤਲ ਕਰ ਦਿੰਦੇ ਹਨ। ਹਾਲ ਹੀ ਪੰਜਾਬ ਵਿਚ ਵੀ ਕੁਝ ਘਟਨਾਵਾਂ ਵਾਪਰੀਆਂ ਹਨ। ਜੋ ਕਿ ਸੱਚਮੁੱਚ ਬਹੁਤ ਹੀ ਦਿਲ ਦਹਿਲਾ ਦੇਣ ਵਾਲੀਆਂ ਹਨ। ਯਕੀਨਨ ਅਜਿਹੀਆਂ ਘਟਨਾਵਾਂ ਸਾਡੇ ਖ਼ੂਬਸੂਰਤ ਜਮਹੂਰੀ ਤਾਣੇ-ਬਾਣੇ ਦਾ ਖ਼ੂਨ ਵਹਾਉਂਦੀਆਂ ਹਨ। ਸਾਡੇ ਨੌਜਵਾਨਾਂ ਨੂੰ ਅਜਿਹੀ ਅਖੌਤੀ ਧਾਰਮਿਕ ਕੱਟੜਤਾ ਤੋਂ ਦੂਰ ਰਹਿ ਕੇ ਆਪਣੀ, ਆਪਣੇ ਪਰਿਵਾਰਾਂ, ਆਪਣੇ ਭਵਿੱਖ ਅਤੇ ਆਪਣੇ ਸਮਾਜ ਦੀ ਖੁਸ਼ਹਾਲੀ ਬਾਰੇ ਸੋਚਣਾ ਚਾਹੀਦਾ ਹੈ, ਨਾ ਕਿ ਆਪਣੇ ਅਖੌਤੀ ਧਾਰਮਿਕ ਕੱਟੜ ਆਗੂਆਂ ਦੇ ਮੋਹਰੇ ਬਣ ਕੇ ਜੁਰਮ ਦੀ ਦੁਨੀਆ ਵਿਚ ਦਾਖ਼ਲ ਹੋਣ ਬਾਰੇ। ਆਮੀਨ।

-ਰਾਜਨ ਬੱਤਾ
ਨਾਭਾ।

ਬੁੱਧੀਜੀਵੀਆਂ ਨੂੰ ਰਿਹਾਅ ਕਰੋ

ਕੇਂਦਰੀ ਏਜੰਸੀ ਈ.ਡੀ. ਵਲੋਂ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਅਤੇ ਨਾਮਵਰ ਬੁੱਧੀਜੀਵੀ ਡਾ. ਨਵਸ਼ਰਨ ਨੂੰ ਬਿਨਾਂ ਕਿਸੇ ਠੋਸ ਸਬੂਤ ਜਾਂ ਦੋਸ਼ ਦੇ ਪੀ.ਐਮ.ਐਲ.ਏ. ਦੇ ਕਾਲੇ ਕਾਨੂੰਨ ਤਹਿਤ ਅੱਠ ਘੰਟੇ ਪੁੱਛ ਪੜਤਾਲ ਕਰਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਉਸ ਨੂੰ ਸੰਵਿਧਾਨ ਦੀ ਧਾਰਾ 19 ਅਤੇ 21 (ਵਿਚਾਰ ਪ੍ਰਗਟਾਵੇ ਅਤੇ ਨਿੱਜੀ ਆਜ਼ਾਦੀ ਦਾ ਹੱਕ) ਤਹਿਤ ਮਿਲੇ ਜਮਹੂਰੀ ਹੱਕ ਦੀ ਸ਼ਰੇਆਮ ਉਲੰਘਣਾ ਹੈ। ਕੇਂਦਰ ਸਰਕਾਰ ਉਨ੍ਹਾਂ ਨੂੰ ਹੋਰਨਾਂ ਬੁੱਧੀਜੀਵੀਆਂ ਵਾਂਗ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਵਿਚ ਸੁੱਟਣਾ ਚਾਹੁੰਦੀ ਹੈ। ਡਾ. ਨਵਸ਼ਰਨ ਨੇ ਆਪਣੇ ਪਿਤਾ ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਵਾਂਗ ਹਮੇਸ਼ਾ ਭਾਰਤੀ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕੀਤਾ ਹੈ। ਪੰਜਾਬ ਸਮੇਤ ਦੇਸ਼ ਭਰ ਦੀਆਂ ਤਮਾਮ ਲੋਕ ਪੱਖੀ ਜਮਹੂਰੀ ਜਨਤਕ ਜਥੇਬੰਦੀਆਂ ਕੇਂਦਰੀ ਏਜੰਸੀਆਂ ਵਲੋਂ ਡਾ. ਨਵਸ਼ਰਨ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਉਸ ਦੀ ਜ਼ਬਾਨਬੰਦੀ ਕਰਨ ਦੇ ਕੋਝੇ ਮਨਸੂਬਿਆਂ ਦੇ ਖ਼ਿਲਾਫ਼ ਉਸ ਦੀ ਹਮਾਇਤ ਵਿਚ ਮਜ਼ਬੂਤੀ ਨਾਲ ਆਣ ਖੜ੍ਹੀਆਂ ਹੋਈਆਂ ਹਨ। ਕੇਂਦਰ ਸਰਕਾਰ ਨੂੰ ਲੋਕ ਪੱਖੀ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਅਜਿਹੇ ਹੱਥਕੰਡੇ ਅਪਨਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪਿਛਲੇ ਪੰਜ ਸਾਲ ਤੋਂ ਬਿਨਾਂ ਕੋਈ ਸੁਣਵਾਈ ਦੇ ਝੂਠੇ ਕੇਸਾਂ ਹੇਠ ਜੇਲ੍ਹਾਂ ਵਿੱਚ ਨਜ਼ਰਬੰਦ ਸਾਰੇ ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨਾ ਚਾਹੀਦਾ ਹੈ।

-ਪਾਠਕ ਸੁਮੀਤ ਸਿੰਘ
ਮੋਹਨੀ ਪਾਰਕ, ਅੰਮ੍ਰਿਤਸਰ।

ਸਰਕਾਰੀ ਹੁਕਮ ਅਖਬਾਰਾਂ ਤੱਕ ਸੀਮਤ

ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਆਏ ਦਿਨ ਨਵੇਂ ਤੋਂ ਨਵੇਂ ਹੁਕਮ ਜਾਰੀ ਕਰਦੇ ਹਨ। ਦੇਸ਼ ਨੂੰ ਪਲਾਸਟਿਕ ਰਹਿਤ ਬਣਾਉਣ ਲਈ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਹੀ ਗੰਗਾ ਕਿਨਾਰੇ ਕੂੜਾ ਖਿਲਾਰ ਆਪ ਹੀ ਚੁੱਕ ਕੇ ਲੋਕਾਂ ਨੂੰ ਸਮਾਜ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕੇ ਆਓ ਰਲ-ਮਿਲ ਦੇਸ਼ ਨੂੰ ਸਵੱਛ ਭਾਰਤ ਬਣਾਈਏ। ਲੋਕਾਂ ਨੂੰ ਪਲਾਸਟਿਕ ਜਗ੍ਹਾ ਲਿਫਾਫੇ ਜਾਂ ਕੱਪੜੇ ਦੇ ਬਣੇ ਲਿਫਾਫੇ ਝੋਲੇ ਇਸਤੇਮਾਲ ਕਰਨ ਲਈ ਕਿਹਾ ਗਿਆ। ਲੋਕਾਂ ਨੇ ਸਿਰਫ ਹਫ਼ਤਾ ਕੁ ਹੀ ਇਸ ਹੁਕਮ ਨੂੰ ਸਮਝਿਆ। ਹਫ਼ਤੇ ਬਾਅਦ ਫਿਰ ਦੁਨੀਆ ਦਾ ਉਹੋ ਹਾਲ ਮੁੜ ਤੋਂ ਪਲਾਸਟਿਕ ਦੇ ਲਿਫਾਫੇ ਸ਼ੁਰੂ ਕਰ ਦਿੱਤੇ। ਦੁਕਾਨਾਂ 'ਤੇ ਛਾਪੇ ਮਾਰਨ ਦੀ ਬਜਾਏ ਵੱਡੀਆਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ, ਦੂਜੇ ਪਾਸੇ ਸੂਬਾ ਸਰਕਾਰ ਨੇ ਵੀ ਹੁਕਮ ਲਾਗੂ ਕੀਤਾ ਕਿ ਕਿਸਾਨ ਨਾੜ ਨੂੰ ਅੱਗ ਨਾ ਲਾਉਣ। ਪਿਛਲੇ ਦਿਨੀਂ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਵਿਚ ਕਣਕ ਦੇ ਨਾੜ ਨੂੰ ਲਗਾਈ ਅੱਗ ਕਰਕੇ ਪਿੰਡ ਦੀ ਪਾਰਕ ਸੜ ਕੇ ਸੁਆਹ ਹੋ ਗਈ, ਜਿਸ ਵਿਚ ਕੇਲਿਆਂ ਦੇ ਬੂਟੇ, ਤੋਂ ਇਲਾਵਾ ਹੋਰ ਬਹੁਤ ਸਾਰੇ ਹਰੇ ਭਰੇ ਬੂਟੇ ਸਨ। ਇਕ ਖਬਰ ਪੜ੍ਹਨ 'ਤੇ ਦੁੱਖ ਹੋਇਆ ਕਿ ਬਜ਼ੁਰਗ ਸੜਕ ਪਾਰ ਕਰਦਾ ਝੁਲਸ ਗਿਆ, ਕਿਉਂਕਿ ਨਾੜ ਨੂੰ ਅੱਗ ਲੱਗੀ ਸੀ। ਇੰਝ ਲੱਗਦਾ ਜਿਵੇਂ ਇਹ ਸਰਕਾਰੀ ਹੁਕਮ ਅਖ਼ਬਾਰਾਂ ਤੱਕ ਹੀ ਸੀਮਿਤ ਹਨ। ਲੋਕ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦੇ ਹਨ। ਅਜੇ ਵੀ ਸਮਾਂ ਹੈ ਕੁਦਰਤ ਨੂੰ ਹਰਿਆ-ਭਰਿਆ ਰੱਖਣ ਲਈ ਸਹਿਯੋਗ ਦਿਓ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਲਈ ਸਮਾਂ ਬਹੁਤ ਭਿਆਨਕ ਹੋਵੇਗਾ।

-ਨਵਨੀਤ ਸਿੰਘ
ਭੂੰਬਲੀ

24-05-2023

 ਪੰਛੀਆਂ ਲਈ ਪਾਣੀ ਦਾ ਪ੍ਰਬੰਧ
ਤਪਦੀ ਗਰਮੀ 'ਚ ਪਾਣੀ ਲਈ ਭਟਕਦੇ ਬੇਜ਼ੁਬਾਨ ਪਸ਼ੂਆਂ ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਿਆਂ ਨੂੰ ਕੈਮੀਕਲ ਵਾਲਾ ਨਾਲੀ ਦਾ ਗੰਦਾ ਪਾਣੀ ਪੀਣਾ ਪੈਂਦਾ ਹੈ। ਜੋ ਇਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ। ਗਰਮੀ ਵਿਚ ਪਾਣੀ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ। ਮਨੁੱਖ ਦੇ ਨਾਲ-ਨਾਲ ਸਾਰੇ ਪ੍ਰਾਣੀਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਗਰਮੀ ਦੇ ਮੌਸਮ ਵਿਚ ਅਕਸਰ ਪੰਛੀ ਅਸਮਾਨ ਵਿਚ ਦਿਨ ਭਰ ਚੱਕਰ ਲਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਥੋੜ੍ਹੇ ਜਿਹੇ ਪਾਣੀ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਵਿਸ਼ੇਸ਼ ਤੌਰ 'ਤੇ ਗਰਮੀ ਵਿਚ ਛੋਟੀ ਜਿਹੀ ਕੋਸ਼ਿਸ਼ ਕਰ ਕੇ ਉਨ੍ਹਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਕਰੀਏ। ਘਰਾਂ ਦੇ ਬਾਹਰ ਪਾਣੀ ਦੇ ਬਰਤਨ ਭਰ ਕੇ ਟੰਗੋ ਜਾਂ ਵੱਡੇ ਬਰਤਨਾਂ ਵਿਚ ਪਾਣੀ ਭਰ ਕੇ ਰੱਖੋ। ਛੱਤ 'ਤੇ ਵੀ ਪਾਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਗਰਮੀ ਵਿਚ ਪੰਛੀਆਂ ਲਈ ਭੋਜਨ ਦੀ ਵੀ ਕਮੀ ਰਹਿੰਦੀ ਹੈ। ਪੰਛੀਆਂ ਲਈ ਛੋਲੇ, ਚਾਵਲ, ਜਵਾਰ, ਕਣਕ ਆਦਿ ਦਾ ਪ੍ਰਬੰਧ ਵੀ ਛੱਤ 'ਤੇ ਕਰ ਸਕਦੇ ਹਾਂ। ਇਸ ਤਰ੍ਹਾਂ ਸਾਨੂੰ ਅਜਿਹੀ ਛੋਟੀ ਜਿਹੀ ਕੋਸ਼ਿਸ਼ ਕਰ ਕੇ ਬੇਜ਼ੁਬਾਨ ਪੰਛੀਆਂ ਲਈ ਪਾਣੀ ਤੇ ਭੋਜਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
-ਲੈਕਚਰਾਰ ਗੌਰਵ ਮੁੰਜਾਲ ਮੁਹਾਲੀ।

23-05-2023

 ਪਾਣੀ ਦੀ ਬਰਬਾਦੀ
ਭਾਵੇਂ ਸਮੇਂ-ਸਮੇਂ ਸਿਰ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਵਲੋਂ ਪਾਣੀ ਨੂੰ ਬਚਾਉਣ ਦੇ ਵੱਖ-ਵੱਖ ਢੰਗ-ਤਰੀਕੇ ਅਪਣਾਉਣ ਲਈ ਕਈ ਨਾਅਰੇ ਮਾਰੇ ਜਾਂਦੇ ਹਨ ਅਤੇ ਅਖ਼ਬਾਰਾਂ ਵਿਚ ਵੀ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਲੇਖ ਛਪਦੇ ਰਹਿੰਦੇ ਹਨ, ਪ੍ਰੰਤੂ ਪਾਣੀ ਦੀ ਬਰਬਾਦੀ ਨਿਰੰਤਰ ਜਾਰੀ ਹੈ। ਝੋਨੇ ਦੀ ਲਵਾਈ ਭਾਵੇਂ ਅਜੇ 10 ਜੂਨ ਨੂੰ ਹੋਣੀ ਹੈ ਪਰ ਜ਼ਮੀਨਾਂ ਠੰਢੀਆਂ ਕਰਨ ਦੇ ਨਾਂਅ 'ਤੇ ਹੁਣ ਤੋਂ ਹੀ ਕਈ ਪਿੰਡਾਂ ਵਿਚ ਮੁਫ਼ਤ ਦਿੱਤੀ ਗਈ ਬਿਜਲੀ ਦੀ ਸਹੂਲਤ ਦਾ ਅਨੰਦ ਮਾਣਦੀਆਂ ਮੱਛੀ ਮੋਟਰਾਂ ਅਣਮੁੱਲਾ ਪਾਣੀ ਬਾਹਰ ਕੱਢ ਕੇ ਖੇਤਾਂ ਨੂੰ ਨੱਕੋ-ਨੱਕ ਭਰ ਰਹੀਆਂ ਹਨ ਅਤੇ ਝੋਨਾ ਲੱਗਣ ਤੱਕ ਇਹ ਅਣਮੁੱਲਾ ਪਾਣੀ ਕਿੰਨਾ ਕੁ ਅਜਾਈਂ ਜਾਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਜਿਸ ਤਰ੍ਹਾਂ ਸਮੇਂ ਤੋਂ ਪਹਿਲਾਂ ਝੋਨਾ ਲਗਾਉਣ ਵਾਲਿਆਂ 'ਤੇ ਖੇਤੀਬਾੜੀ ਵਿਭਾਗ ਸ਼ਿਕੰਜਾ ਕੱਸਦਾ ਹੈ, ਇਸੇ ਹੀ ਤਰ੍ਹਾਂ ਸਮੇਂ ਤੋਂ ਪਹਿਲਾਂ ਪਾਣੀ ਵਿਅਰਥ ਵਰਤਣ 'ਤੇ ਵੀ ਕੋਈ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਹਨ ਜਾਂ ਕੋਈ ਨੀਤੀ ਬਣਾਉਣ ਦੀ ਲੋੜ ਹੈ। ਸ਼ਹਿਰਾਂ ਵਿਚ ਵੀ ਖਾਲੀ ਪਲਾਟਾਂ ਵਿਚ ਰਹਿ ਰਹੇ ਲੋਕ ਅਕਸਰ ਹੀ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਨ, ਜਿਸ ਨਾਲ ਵੀ ਦਿਨ-ਰਾਤ ਪਾਣੀ ਅਜਾਈਂ ਜਾਣ ਨਾਲ ਪਾਣੀ ਦੀ ਬਰਬਾਦੀ ਹੁੰਦੀ ਰਹਿੰਦੀ ਹੈ ਅਤੇ ਪਾਣੀ ਦੀ ਬੇਹਿਸਾਬ ਦੁਰਵਰਤੋਂ ਹੋ ਰਹੀ ਹੈ। ਨਗਰ ਨਿਗਮਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਉਥੇ ਹੀ ਹਰੇਕ ਨਾਗਰਿਕ ਨੂੰ ਵੀ ਆਪਣਾ ਫ਼ਰਜ਼ ਸਮਝਦੇ ਹੋਏ ਪਾਣੀ ਦੀ ਹੁੰਦੀ ਦੁਰਵਰਤੋਂ ਅਤੇ ਬਰਬਾਦੀ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, (ਜਲੰਧਰ)।

22-05-2023

 ਨੌਸਰਬਾਜ਼ਾਂ ਤੋਂ ਬਚੋ
ਹਰ ਰੋਜ਼ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਦਾ ਹੈ ਕਿ ਲੋਕ ਠੱਗੀ-ਠੋਰੀ ਅਤੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਏ.ਟੀ.ਐਮ. ਬਦਲ ਕੇ ਕਈ ਨੌਸਰਬਾਜ਼ ਰੋਜ਼ਾਨਾ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਗਾ ਰਹੇ ਹਨ। ਬਹੁਤ ਸਾਰੇ ਲੋਕ ਲਾਟਰੀ ਦੇ ਵਾਰ-ਵਾਰ ਆ ਰਹੇ ਸੰਦੇਸ਼ਾਂ ਦੇ ਕਾਰਨ ਹੀ ਠੱਗਾਂ ਦੇ ਟੋਲਿਆਂ ਦੀ ਗ੍ਰਿਫ਼ਤ 'ਚ ਆ ਰਹੇ ਹਨ। ਜਾਅਲੀ ਵੀਜ਼ੇ ਲਾ ਕੇ ਸਾਧਾਰਨ ਜਨਤਾ ਆਪਣੀ ਦੌਲਤ ਗੁਆਉਣ ਦੇ ਨਾਲ-ਨਾਲ ਮਨ ਦਾ ਸਕੂਨ ਵੀ ਗੁਆ ਰਹੀ ਹੈ। ਲੁਟੇਰੇ ਰਾਹ ਚਲਦੇ ਲੋਕਾਂ ਖਾਸ ਕਰਕੇ ਔਰਤਾਂ ਦੀਆਂ ਚੇਨਾਂ, ਪਰਸ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਜਾਂਦੇ ਹਨ। ਫਿਰ ਰਿਪੋਰਟ ਲਿਖਵਾਉਣ 'ਚ ਬੇਹੱਦ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਲਈ ਇਨ੍ਹਾਂ ਘਟਨਾਵਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ। ਇਕੱਲੇ ਸੁਨਸਾਨ ਜਗ੍ਹਾ 'ਤੇ ਨਾ ਜਾਓ। ਅਣਜਾਣ ਵਿਅਕਤੀ 'ਤੇ ਵਿਸ਼ਵਾਸ ਕਦੇ ਵੀ ਨਾ ਕਰੋ। ਉਲਟ ਹਾਲਾਤ 'ਚ ਜਲਦੀ ਕੋਈ ਵੀ ਕੰਮ ਨਾ ਕਰੋ ਅਤੇ ਨਾ ਹੀ ਕਿਸੇ ਤੋਂ ਕੰਮ ਕਰਵਾਉਣ ਦੀ ਕੋਸ਼ਿਸ਼ ਕਰੋ। ਏ.ਟੀ.ਐਮ. ਮਸ਼ੀਨ 'ਚ ਜਾ ਪੈਸੇ ਨਾ ਨਿਕਲਣ ਤਾਂ ਇੰਤਜ਼ਾਰ ਕਰੋ ਜਾਂ ਬੈਂਕ ਪ੍ਰਬੰਧਕਾਂ ਨਾਲ ਗੱਲਬਾਤ ਕਰੋ। ਆਪਣਾ ਏ.ਟੀ.ਐਮ. ਕਾਰਡ ਕਿਸੇ ਅਜਨਬੀ ਦੇ ਹੱਥ 'ਚ ਨਾ ਦਿਓ। ਵਿਦੇਸ਼ ਇਕ ਨੰਬਰ ਭਾਵ ਸਹੀ ਕਾਗਜ਼ਾਤ ਨਾਲ ਹੀ ਜਾਓ। ਆਪਣਾ ਬਚਾਅ ਖੁਦ ਕਰੋ। ਧੋਖੇਬਾਜ਼ ਤਾਂ ਤੁਹਾਨੂੰ ਲੱਭਦੇ ਫਿਰਦੇ ਹਨ, ਉਨ੍ਹਾਂ ਦੇ ਸ਼ਿਕੰਜੇ 'ਚ ਨਾ ਆਓ।


-ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।


ਮਾਤਾ-ਪਿਤਾ ਜ਼ਿੰਮੇਵਾਰੀ ਨਿਭਾਉਣ
ਬੱਚਾ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਉਸ ਨੂੰ ਜਿਹੋ ਜਿਹੀ ਬਨਾਵਟ ਅਸੀਂ ਦੇਣਾ ਚਾਹੀਏ, ਦੇ ਸਕਦੇ ਹਾਂ। ਮਾਂ ਦੇ ਪੇਟ ਵਿਚ ਨੌ ਮਹੀਨੇ ਰਹਿਣ ਤੋਂ ਬਾਅਦ ਉਸ ਦੀ ਦੂਜੀ ਪਛਾਣ ਪਿਤਾ, ਫਿਰ ਭੈਣ- ਭਰਾਵਾਂ ਅਤੇ ਸਕੇ-ਸੰਬੰਧੀਆਂ ਨਾਲ ਹੁੰਦੀ ਹੈ। ਬੱਚਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ, ਸਮਾਜ ਵਿਚ ਵਿਚਰਨਾ ਸ਼ੁਰੂ ਕਰਦਾ ਹੈ। ਇਹ ਮਾਤਾ-ਪਿਤਾ ਦਾ ਪਹਿਲਾ ਫ਼ਰਜ਼ ਹੈ ਕਿ ਉਸ ਨੂੰ ਸਹੀ ਅਤੇ ਗ਼ਲਤ ਦਾ ਪਹਿਲਾ ਪਾਠ ਪੜ੍ਹਾਇਆ ਜਾਵੇ। ਘਰ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ ਜਦਕਿ ਮਾਤਾ-ਪਿਤਾ ਬੱਚੇ ਦੇ ਪਹਿਲੇ ਅਧਿਆਪਕਾਂ ਵਿਚ ਸ਼ਾਮਿਲ ਹੁੰਦੇ ਹਨ। ਬਾਹਰ ਵਿਚਰਨ ਸਮੇਂ ਬੱਚਾ ਕਿਹੋ ਜਿਹੀ ਸੰਗਤ ਵਿਚ ਉੱਠਦਾ-ਬੈਠਦਾ ਹੈ, ਉਸ ਦੁਆਰਾ ਕੀਤੇ ਜਾਂਦੇ ਕੰਮਾਂ ਵਿਚ ਕਿੰਨੀ ਸੱਚਾਈ ਅਤੇ ਝੂਠ ਹੁੰਦਾ ਹੈ, ਇਸ ਦਾ ਧਿਆਨ ਮਾਂ-ਬਾਪ ਨੂੰ ਹੀ ਰੱਖਣਾ ਪਵੇਗਾ। ਸੱਚਾਈ, ਇਮਾਨਦਾਰੀ, ਵੱਡਿਆਂ ਦਾ ਸਤਿਕਾਰ ਕਰਨਾ, ਔਰਤਾਂ ਦਾ ਸਤਿਕਾਰ ਅਤੇ ਸਨਮਾਨ, ਪੜ੍ਹਾਈ ਲਈ ਪ੍ਰੇਰਿਤ ਕਰਨਾ, ਪ੍ਰਭੂ ਭਗਤੀ ਵੱਲ ਲਗਾਉਣਾ, ਸਮਾਜ ਅਤੇ ਦੇਸ਼ ਦੀ ਸੇਵਾ ਦੇ ਨਾਲ-ਨਾਲ ਵਾਤਾਵਰਨ ਦੀ ਸਾਂਭ-ਸੰਭਾਲ ਲਈ ਜਾਣਕਾਰੀ ਵੀ ਦੇਣੀ ਚਾਹੀਦੀ ਹੈ। ਅਜੋਕੇ ਸਮੇਂ ਵਿਚ ਜਦੋਂ ਵੱਡਿਆਂ ਪ੍ਰਤੀ ਬੱਚਿਆਂ ਦਾ ਸਤਿਕਾਰ ਘਟ ਰਿਹਾ ਹੈ ਤਾਂ ਇਸ ਵਿਚ ਦੋਸ਼ੀ ਮਾਪੇ ਹੀ ਹਨ ਕਿਉਂਕਿ ਮਾਪਿਆਂ ਨੇ ਨੈਤਿਕ ਸਿੱਖਿਆ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਦੋਂ ਨੈਤਿਕ ਸਿੱਖਿਆ ਦੇਣ ਦਾ ਸਮਾਂ ਸੀ ਉਦੋਂ ਬੱਚਿਆਂ ਦੇ ਹੱਥ ਵਿਚ ਮੋਬਾਈਲ ਫ਼ੋਨ ਫੜਾ ਦਿੱਤੇ। ਇਨ੍ਹਾਂ ਮੋਬਾਈਲ ਫ਼ੋਨਾਂ ਨੇ ਉਨ੍ਹਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਤੇ ਉਹ ਕੇਵਲ ਇੰਸਟਾਗ੍ਰਾਮ 'ਤੇ ਫ਼ੋਟੋ ਪਾਉਣ ਤੇ ਲਾਈਕ ਬਟੋਰਨ ਤੱਕ ਸੀਮਤ ਰਹਿ ਗਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬੱਚਾ ਮਾਪਿਆਂ ਦੇ ਕਹਿਣੇ ਵਿਚੋਂ ਬਾਹਰ ਹੋ ਗਿਆ। ਬਚਪਨ ਵਿਚ ਬੱਚੇ ਦੀਆਂ ਜਿਹੋ ਜਿਹੀਆਂ ਆਦਤਾਂ ਬਣ ਜਾਣਗੀਆਂ, ਤਮਾਮ ਉਮਰ ਉਹ ਉਸੇ ਰਾਹ 'ਤੇ ਚੱਲੇਗਾ। ਪੰਜਾਬ ਦੇ ਮਸ਼ਹੂਰ ਕਵੀ ਵਾਰਿਸ ਸ਼ਾਹ ਦੀਆਂ ਸਤਰਾਂ ਨੇ, 'ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਚਾਹੇ ਕੱਟੀਏ ਪੋਰੀਆਂ ਪੋਰੀਆਂ ਜੀ'। ਬੱਚੇ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਨਾ ਹੈ, ਕਿਹੋ ਜਿਹੀ ਸ਼ਖ਼ਸੀਅਤ ਦਾ ਉਹ ਨਿਰਮਾਣ ਕਰਨਾ ਚਾਹੁੰਦੇ ਹਨ ਇਹ ਮਾਤਾ-ਪਿਤਾ ਨੂੰ ਹੀ ਸੋਚਣਾ ਪਵੇਗਾ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ : ਚੱਕ ਅਤਰ ਸਿੰਘ ਵਾਲਾ (ਬਠਿੰਡਾ)


ਸੜਕਾਂ ਦੀ ਤਰਸਯੋਗ ਹਾਲਤ
ਸਥਾਨਕ ਕਸਬਾ ਮੰਡੀ ਅਹਿਮਦਗੜ੍ਹ ਦੀਆਂ ਸੜਕਾਂ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਸੜਕਾਂ ਦੀ ਹਾਲਤ ਅਤੇ ਦੁਰਦਸ਼ਾ ਅਜਿਹੀ ਹੈ ਕਿ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ, ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ, ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ ਨਾਲ ਹੀ ਪੈਟਰੋਲ ਦੀ ਖਪਤ ਦੁੱਗਣੀ ਹੋ ਜਾਂਦੀ ਹੈ।
ਸਥਾਨਕ ਗਊਸ਼ਾਲਾ ਰੋਡ, ਗਾਂਧੀ ਚੌਕ ਸਬਜ਼ੀ ਮੰਡੀ ਖੇਤਰ ਤੋਂ ਲੈ ਕੇ ਸ਼ਮਸ਼ਾਨਘਾਟ ਨੂੰ ਜਾਣ ਵਾਲੀਆਂ ਸੜਕਾਂ ਕਈ ਥਾਵਾਂ 'ਤੇ ਡੂੰਘੇ ਟੋਇਆਂ ਵਿਚ ਤਬਦੀਲ ਹੋ ਗਈਆਂ ਹਨ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਖਸਤਾਹਾਲ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਸ਼ਹਿਰ ਵਿਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਕੇ ਲੋਕਾਂ ਨੂੰ ਬੇਲੋੜੇ ਪੈਟਰੋਲ ਅਤੇ ਡੀਜ਼ਲ ਦਾ ਖਰਚਾ ਘਟਾ ਕੇ ਆਰਥਿਕ ਤੌਰ 'ਤੇ ਬਚਾਇਆ ਜਾਵੇ।


-ਪਵਨ ਗੁਪਤਾ
ਸਮਾਜਿਕ ਕਾਰਜਕਰਤਾ, ਅਹਿਮਦਗੜ੍ਹ।


ਔਰਤਾਂ ਦਾ ਸਨਮਾਨ ਕਰੋ
ਔਰਤ ਘਰ ਦੀ ਨੀਂਹ ਹੈ, ਜੋ ਘਰ-ਪਰਿਵਾਰ ਨੂੰ ਜੋੜ ਕੇ ਰੱਖਦੀ ਹੈ। ਔਰਤ ਨਿਰਸਵਾਰਥ 365 ਦਿਨ ਬਿਨਾਂ ਕਿਸੇ ਤਨਖ਼ਾਹ ਦੇ ਪਰਿਵਾਰ ਦੀ ਸੇਵਾ ਵਿਚ ਹਾਜ਼ਰ ਰਹਿੰਦੀ ਹੈ, ਇਸੇ ਲਈ ਉਸ ਨੂੰ ਘਰ ਦੀ ਸੁਆਣੀ ਕਿਹਾ ਜਾਂਦਾ ਹੈ। ਇਕ ਸੂਝਵਾਨ ਔਰਤ ਰਿਸ਼ਤਿਆਂ ਨੂੰ ਪਿਆਰ ਦੀ ਮਾਲਾ ਵਿਚ ਪਰੋ ਕੇ ਰੱਖਦੀ ਹੈ, ਜੇਕਰ ਮਾਲਾ ਵਿਚੋਂ ਇਕ ਵੀ ਮੋਤੀ ਵੱਖ ਹੋ ਜਾਵੇ ਤਾਂ ਔਰਤ ਆਪਣੀ ਕਲਾ ਸਦਕਾ ਉਸ ਨੂੰ ਫਿਰ ਜੋੜ ਸਕਦੀ ਹੈ। ਔਰਤ ਤੋਂ ਬਗੈਰ ਅਸੀਂ ਸਮਾਜ ਦੀ ਹੋਂਦ ਦੀ ਕਲਪਨਾ ਨਹੀਂ ਕਰ ਸਕਦੇ। ਔਰਤ ਸਰਵਸ਼ਕਤੀਮਾਨ ਹੈ, ਜਿਸ ਨੇ ਰਾਜੇ-ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਔਰਤ ਨੂੰ ਕਮਜ਼ੋਰ ਸਮਝਣ ਵਾਲਿਆਂ ਨੂੰ ਮੇਰਾ ਸਵਾਲ ਹੈ ਕਿ ਜਿਸ ਔਰਤ ਦੀ ਗਰਭ ਤੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਭਗਤ ਸਿੰਘ ਵਰਗੇ ਸੂਰਮਿਆਂ ਨੇ ਜਨਮ ਲਿਆ ਆਖ਼ਰ ਉਹ ਔਰਤ ਕਮਜ਼ੋਰ ਕਿਵੇਂ ਹੋ ਸਕਦੀ ਹੈ। ਅਜੋਕੀ ਔਰਤ ਕੇਵਲ ਹਾਰ-ਸ਼ਿੰਗਾਰ ਕਰਨਾ ਹੀ ਨਹੀਂ ਜਾਣਦੀ ਬਲਕਿ ਆਪਣੇ ਹੱਕਾਂ ਲਈ ਡਟ ਕੇ ਮੈਦਾਨ ਵਿਚ ਲੜਨਾ ਵੀ ਜਾਣਦੀ ਹੈ। ਇਕ ਔਰਤ ਨੂੰ ਦੂਜੀ ਔਰਤ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਸਮਾਜ ਦੀਆਂ ਔਰਤਾਂ ਵੈਰ-ਵਿਰੋਧ, ਈਰਖਾ ਨੂੰ ਤਿਆਗ ਕੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ ਜੇਕਰ ਇਕ-ਜੁਟ ਅਤੇ ਸਵੈ-ਨਿਰਭਰ ਹੋ ਜਾਣ ਤਾਂ ਨਾਰੀ ਸ਼ਕਤੀਕਰਨ ਦੀ ਬਿਹਤਰ ਮਿਸਾਲ ਪੈਦਾ ਕਰ ਸਕਦੀਆਂ ਹਨ।
ਸੋ, ਲੋੜ ਹੈ ਸਮਾਜ ਨੂੰ ਔਰਤਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ। ਜੋ ਲੋਕ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਸਕਦੇ, ਘੱਟੋ-ਘੱਟ ਉਨ੍ਹਾਂ ਨੂੰ ਇੱਜ਼ਤ-ਮਾਨ ਤਾਂ ਦੇ ਹੀ ਸਕਦੇ ਹਨ। ਸਮਾਜ ਵਿਚ ਔਰਤ ਦਾ ਰੁਤਬਾ ਤਦ ਹੀ ਉੱਚਾ ਹੋਵੇਗਾ ਜਦ ਉਸਦੇ ਪਰਿਵਾਰਕ ਮੈਂਬਰ ਉਸਦੀ ਇੱਜ਼ਤ ਕਰਨਗੇ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨਗੇ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

19-05-2023

 ਨੈਤਿਕ ਸਿੱਖਿਆ ਤੇ ਸਮਾਜਿਕ ਵਿਵਹਾਰ
ਅੱਜ 21ਵੀਂ ਸਦੀ ਦੇ ਦੌਰ ਵਿਚ ਅਸੀਂ ਬੇਹੱਦ ਵਿਗਿਆਨਕ ਤਰੱਕੀ ਕਰ ਕੇ ਵਿਕਾਸ ਦੀਆਂ ਮੰਜ਼ਿਲਾਂ ਨੂੰ ਛੂਹ ਰਹੇ ਹਾਂ। ਵਿਗਿਆਨਕ ਵਰਤਾਰੇ ਨੇ ਮਨੁੱਖ ਨੂੰ ਪਦਾਰਥਵਾਦੀ ਯੁੱਗ ਵੱਲ ਧੱਕ ਦਿੱਤਾ ਹੈ। ਹਰ ਮਨੁੱਖ ਅੱਜ ਪੈਸੇ ਦੀ ਭਾਸ਼ਾ ਬੋਲਦਾ ਹੈ। ਉਹ ਸਦਾਚਾਰਕ ਕਦਰਾਂ-ਕੀਮਤਾਂ ਨੂੰ ਭੁੱਲ ਗਿਆ ਹੈ। ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ ਵਿਵਹਾਰ ਅਤੇ ਵਧੀਆ ਜ਼ਿੰਦਗੀ ਜਿਊਣ ਦਾ ਸਲੀਕਾ ਸਭ ਕੁਝ ਵਿਗਿਆਨਕ ਯੁੱਗ ਦੀ ਭੇਟ ਚੜ੍ਹ ਗਿਆ ਹੈ। ਵੱਡੀਆਂ-ਵੱਡੀਆਂ ਕੋਠੀਆਂ ਤੇ ਮਹਿੰਗੀਆਂ ਕਾਰਾਂ ਪ੍ਰਾਪਤ ਕਰਨ ਦੀ ਦੌੜ ਵਿਚ ਇਨਸਾਨੀ ਜੀਵਨ ਮਧੋਲਿਆ ਜਾ ਰਿਹਾ ਹੈ। ਅਸੀਂ ਆਪਣੀ ਵਿਰਾਸਤ ਤੇ ਸੱਭਿਆਚਾਰ ਭੁੱਲਦੇ ਜਾ ਰਹੇ ਹਾਂ। ਅਜੋਕੇ ਜੁਆਕ ਪਿਆਰ, ਮੁਹੱਬਤ ਅਤੇ ਆਪਣੇ ਤੋਂ ਵੱਡੀ ਉਮਰ ਦੇ ਇਨਸਾਨ ਦਾ ਸਤਿਕਾਰ ਭੁੱਲ ਗਏ ਹਨ। ਅੱਜ ਮਲਟੀ-ਮੀਡੀਆ ਨੌਜਵਾਨਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕੋਈ ਸਮਾਂ ਸੀ, ਜਦੋਂ ਵਿਦਿਆਰਥੀ ਆਪਣੇ ਗੁਰੂ ਅਰਥਾਤ ਅਧਿਆਪਕ ਨੂੰ ਦੇਖ ਕੇ ਸਤਿਕਾਰ ਵਜੋਂ ਆਪਣਾ ਸੀਸ ਝੁਕਾ ਦਿੰਦੇ ਸਨ, ਉਸ ਦਾ ਬੇਹੱਦ ਸਤਿਕਾਰ ਕਰਦੇ ਸਨ। ਪਰ ਅੱਜ ਦੇ ਵਿਦਿਆਰਥੀ ਅਧਿਆਪਕ ਨੂੰ ਟਿੱਚ ਜਾਣਦੇ ਹਨ, ਉਹ ਪੜ੍ਹਦੇ ਘੱਟ ਹਨ ਪਰ ਲੜਦੇ ਜ਼ਿਆਦਾ ਹਨ। ਅੱਜ ਸਮੇਂ ਦੀ ਲੋੜ ਹੈ ਕਿ ਸਕੂਲਾਂ-ਕਾਲਜਾਂ ਦੇ ਪਾਠਕ੍ਰਮ ਰੌਚਕ ਅਤੇ ਸਰਬਪੱਖੀ ਵਿਕਾਸ ਵਾਲੇ ਬਣਾਏ ਜਾਣ, ਨੈਤਿਕ ਸਿੱਖਿਆ ਅਤੇ ਸਮਾਜਿਕ ਵਿਵਹਾਰ ਸਕੂਲ ਪਾਠਕ੍ਰਮ ਦਾ ਹਿੱਸਾ ਬਣੇ। ਕੇਵਲ ਕਿਤਾਬਾਂ ਰਟਣ ਨਾਲ ਗੱਲ ਨਹੀਂ ਬਣਨੀ, ਵਿਦਿਆਰਥੀਆਂ ਨੂੰ ਖੋਜ ਭਰਪੂਰ ਗਿਆਨ ਦੀ ਲੋੜ ਹੈ। ਪੰਜਾਬੀ ਰਿਸ਼ਤਿਆਂ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਮਾਜਿਕ ਵਿਵਹਾਰ ਸੰਬੰਧੀ ਵਿਸ਼ਲੇਸ਼ਣ ਕਰਨਾ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਅਸਲ ਅਤੇ ਸਦਾਚਾਰਕ ਜੀਵਨ ਦੇ ਅਰਥ ਬੱਚਿਆਂ ਨੂੰ ਸਮਝਾਏ ਜਾਣ। ਆਪਣੇ ਤੋਂ ਵੱਡੀ ਉਮਰ ਦੇ ਮਨੁੱਖ ਅਤੇ ਅਧਿਆਪਕ ਦਾ ਸਤਿਕਾਰ ਉਨ੍ਹਾਂ ਦੀ ਸੋਚ ਦਾ ਇਕ ਹਿੱਸਾ ਹੋਵੇ। ਅੱਜ ਦੇ ਵਿਦਿਆਰਥੀ ਹੀ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਵਾਰਸ ਬਣਨਗੇ।


-ਕੇ.ਐਸ. ਅਮਰ
ਪਿੰਡ ਤੇ ਡਾਕ. ਕੋਟਲੀ ਖ਼ਾਸ, ਮੁਕੇਰੀਆਂ (ਹੁਸ਼ਿਆਰਪੁਰ)


ਅਵਾਰਾ ਕੁੱਤਿਆਂ ਦੀ ਭਰਮਾਰ
ਅੱਜਕਲ੍ਹ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਥਾਂ ਵੱਡੀ ਗਿਣਤੀ 'ਚ ਅਵਾਰਾ ਕੁੱਤੇ ਘੁੰਮਦੇ ਦਿਖਾਈ ਦਿੰਦੇ ਹਨ। ਬਹੁਤ ਬੱਚਿਆਂ ਦੀ ਤਾਂ ਮੌਕੇ 'ਤੇ ਹੀ ਮੌਤ ਵੀ ਹੋ ਜਾਂਦੀ ਹੈ। ਕੁੱਤਿਆਂ ਦੇ ਕੱਟਣ ਨਾਲ ਭਿਆਨਕ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਹਰ ਗਲੀ 'ਚ ਇੱਕ ਨਹੀਂ, ਦੋ ਨਹੀਂ, ਕੁੱਤਿਆਂ ਦਾ ਝੁੰਡ ਹੀ ਮਿਲ ਜਾਵੇਗਾ। ਨਗਰ ਕੌਂਸਲ ਕਮੇਟੀ ਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਂਦੇ-ਜਾਂਦੇ ਲੋਕ ਗਲੀਆਂ ਵਿਚੋਂ ਬਿਨਾਂ ਡਰ ਲੰਘ ਸਕਣ। ਸਵੇਰ ਵੇਲੇ ਗੁਰਦੁਆਰਾ ਸਾਹਿਬ ਜਾਂ ਸੈਰ ਕਰਨ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਜੋ ਕੁੱਤਿਆਂ ਵਲੋਂ ਬਿਮਾਰੀਆਂ ਨੂੰ ਫੈਲਾਇਆ ਜਾ ਰਿਹਾ ਹੈ, ਉਨ੍ਹਾਂ ਬਿਮਾਰੀਆਂ ਤੋਂ ਬਚ ਸਕਣ। ਜਿਸ ਤਰ੍ਹਾਂ ਗਊਸ਼ਾਲਾ ਬਣਾਈਆਂ ਗਈਆਂ ਹਨ, ਉਸੇ ਤਰ੍ਹਾਂ ਹੀ ਕੁੱਤਿਆਂ ਨੂੰ ਵੀ ਰਹਿਣ ਲਈ ਜਗ੍ਹਾ ਮਿਲ ਸਕੇ। ਅਵਾਰਾ ਕੁੱਤੇ ਕਿਸੇ ਲਈ ਖ਼ਤਰਾ ਨਾ ਬਣਨ। ਅਵਾਰਾ ਕੁੱਤਿਆਂ ਨੂੰ ਜਗ੍ਹਾ-ਜਗ੍ਹਾ ਰੋਟੀ ਨਾ ਪਾਈ ਜਾਵੇ। ਅਨਾਜ ਦੀ ਵੀ ਬੇਅਦਬੀ ਹੁੰਦੀ ਹੈ। ਨਗਰ ਕੌਂਸਲ ਮਹਿਕਮੇ ਨੂੰ ਇਸ ਮੁਸੀਬਤ ਦਾ ਹੱਲ ਲੱਭਣਾ ਚਾਹੀਦਾ ਹੈ। ਤਾਂ ਜੋ ਆਮ ਜਨਤਾ ਦਾ ਕੁੱਤਿਆਂ ਤੋਂ ਡਰ ਦੂਰ ਹੋ ਜਾਵੇ।


-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਖੋਜਕਰਤਾ, ਧੂਰਕੋਟ (ਮੋਗਾ)


ਚਿੰਤਾਜਨਕ ਘਟਨਾਵਾਂ
ਵਿਦੇਸ਼ਾਂ 'ਚ ਵਸਦੇ ਪੰਜਾਬੀ ਮੁੰਡੇ-ਕੁੜੀਆਂ ਦੇ ਕਤਲਾਂ ਅਤੇ ਕੈਨੇਡਾ 'ਚ ਹਿੰਸਾ ਅਤੇ ਕ੍ਰਮਵਾਰ ਪੰਜਾਬੀ ਭਾਰਤੀ ਵਿਦਿਆਰਥੀਆਂ ਦੀਆਂ ਹੋ ਰਹੀਆਂ ਕਤਲ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਮਾਂ-ਪਿਉ ਸਾਰਾ ਕੁੱਝ ਗਹਿਣਾ ਗੱਟਾ ਵੇਚ ਕੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ। ਜੋ ਇਨ੍ਹਾਂ ਘਟਨਾਵਾਂ ਨਾਲ ਮਾਪੇ ਸੋਗ ਦੇ ਵਿਚ ਹਨ ਤੇ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਖਾਈ ਜਾ ਰਹੀ ਹੈ। ਪੰਜਾਬੀਆਂ ਦਾ ਕੈਨੇਡਾ ਦੀ ਤਰੱਕੀ ਲਈ ਬੜਾ ਵੱਡਾ ਯੋਗਦਾਨ ਹੈ। ਕੈਨੇਡਾ ਸਰਕਾਰ ਨੂੰ ਖ਼ਾਸ ਕਰ ਪੰਜਾਬੀ ਜੋ ਐਨ.ਆਰ.ਆਈ. ਸਰਕਾਰ ਵਿਚ ਭਾਈਵਾਲ ਹਨ, ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਇਸ ਦੇ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਮੋਦੀ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਸੰਪਰਕ ਕਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਦਬਾਅ ਪਾਉਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟਰੇਸ਼ਨ


ਪੈਸਾ ਹੀ ਸਭ ਕੁਝ ਨਹੀਂ
ਬਿਨਾਂ ਸ਼ੱਕ ਜ਼ਿੰਦਗੀ ਪੈਸੇ ਤੋਂ ਬਿਨਾਂ ਅਧੂਰੀ ਹੈ ਪਰ ਪੈਸਾ ਸਾਡੀ ਜ਼ਿੰਦਗੀ ਲਈ ਸਭ ਕੁਝ ਨਹੀਂ ਹੈ। ਇਹ ਵੀ ਜ਼ਿੰਦਗੀ ਦਾ ਕੌੜਾ ਸੱਚ ਹੈ, ਪਰ ਪਤਾ ਨਹੀਂ ਕਿਉਂ ਇਨਸਾਨ ਕੁਝ ਸਿੱਕਿਆਂ ਦੇ ਲਈ ਪਾਗ਼ਲ ਹੁੰਦਾ ਜਾ ਰਿਹਾ ਹੈ? ਧਨ-ਦੌਲਤ ਕਮਾਉਣ ਦੀ ਦੌੜ ਲੱਗੀ ਹੋਈ ਹੈ। ਪਹਿਲਾਂ ਵਪਾਰੀ ਆਪਣੇ ਗਾਹਕਾਂ ਤੋਂ 10 ਫ਼ੀਸਦੀ ਮੁਨਾਫ਼ਾ ਕਮਾਉਂਦੇ ਸਨ ਅਤੇ ਉਹ ਇਸ ਨੂੰ ਆਪਣੀ ਇਮਾਨਦਾਰੀ ਦੀ ਕਮਾਈ ਕਹਿੰਦੇ ਸਨ ਅਤੇ ਹੁਣ ਮੁਨਾਫ਼ਾ ਕਮਾਉਣ ਦੀ ਕਿਸੇ ਲਈ ਕੋਈ ਸੀਮਾ ਨਹੀਂ ਹੈ। ਜੇਕਰ ਇਹ ਕਿਹਾ ਜਾਵੇ ਕਿ ਜੇਕਰ ਕੋਈ ਆਪਣੇ ਮਾਲ 'ਤੇ ਵੀ 100 ਫ਼ੀਸਦੀ ਕਮਾਈ ਕਰ ਰਿਹਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੈਸੇ ਦੇ ਲਾਲਚ ਕਾਰਨ ਰਿਸ਼ਤਿਆਂ ਵਿਚ ਤਰੇੜ ਆ ਰਹੀ ਹੈ। ਲੋਕ ਆਪਣੀਆਂ ਜ਼ਮੀਰਾਂ ਨੂੰ ਗਿਰਵੀ ਰੱਖ ਰਹੇ ਹਨ। ਬੱਚੇ ਜਾਇਦਾਦ ਹੜੱਪਣ ਲਈ ਆਪਣੇ ਮਾਤਾ-ਪਿਤਾ, ਦਾਦੀ-ਦਾਦਾ, ਭੈਣ-ਭਰਾ ਆਦਿ ਦਾ ਕਤਲ ਕਰ ਰਹੇ ਹਨ। ਪੈਸੇ ਦੇ ਲਾਲਚੀ ਕੁਝ ਮੁਲਾਜ਼ਮ ਆਪਣੇ ਦੇਸ਼ ਦੇ ਗੁਪਤ ਦਸਤਾਵੇਜ਼ ਦੁਸ਼ਮਣ ਦੇਸ਼ਾਂ ਨੂੰ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਥੋੜ੍ਹੇ ਜਿਹੇ ਪੈਸਿਆਂ ਦੀ ਖ਼ਾਤਰ ਪਤਾ ਨਹੀਂ ਦੇਸ਼ ਵਿਚ ਰੋਜ਼ਾਨਾ ਕਿੰਨੇ ਜੁਰਮ ਹੋ ਰਹੇ ਹਨ। ਇਕ ਵਿਅਕਤੀ ਪੈਸੇ ਲਈ ਕਿੰਨੀ ਹੋਰ ਥੱਲੇ ਡਿਗੇਗਾ? ਇਹ ਤਾਂ ਸਮਾਂ ਹੀ ਦੱਸੇਗਾ।


-ਵਰਿੰਦਰ ਸ਼ਰਮਾ ਵਾਤਸਾਯਾਨ
ਧਰਮਕੋਟ (ਮੋਗਾ)

18-05-2023

 ਪਹਿਲਵਾਨਾਂ ਦੀ ਗੱਲ ਸੁਣੇ ਸਰਕਾਰ

ਸਾਡੇ ਦੇਸ਼ ਦੇ ਪਹਿਲਵਾਨਾਂ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਇਹ ਕੋਈ ਆਮ ਪਹਿਲਵਾਨ ਨਹੀਂ। ਇਨ੍ਹਾਂ ਪਹਿਲਵਾਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਬਹੁਤ ਵੱਡੇ-ਵੱਡੇ ਪੁਰਸਕਾਰ ਜਿੱਤ ਕੇ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਸਾਨੂੰ ਸਾਰਿਆਂ ਨੂੰ ਸਾਡੇ ਇਨ੍ਹਾਂ ਹੋਣਹਾਰ ਪਹਿਲਵਾਨਾਂ 'ਤੇ ਬਹੁਤ ਜ਼ਿਆਦਾ ਮਾਣ ਹੈ। ਇਹ ਪਹਿਲਵਾਨ ਆਪਣੀ ਕੋਈ ਗੱਲ ਅਤੇ ਆਪਣੇ ਨਾਲ ਹੋ ਰਹੀਆਂ ਕੁਝ ਵਧੀਕੀਆਂ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੁੰਦੇ ਸਨ। ਇਹ ਗੱਲ ਸਿਰੇ ਨਾ ਲੱਗਣ ਕਰਕੇ ਅਤੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਦਾ ਦੇਖ ਕੇ ਉਨ੍ਹਾਂ ਨੇ ਇਹ ਧਰਨਾ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਦਿੱਲੀ ਦੇ ਜੰਤਰ-ਮੰਤਰ 'ਤੇ ਲਗਾਇਆ ਹੋਇਆ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਸ਼ਰਮ ਅਤੇ ਨਿਰਾਸ਼ਾ ਵਾਲੀ ਗੱਲ ਹੈ। ਸਾਡੀ ਕੇਂਦਰ ਸਰਕਾਰ ਜਾਂ ਦਿੱਲੀ ਸਰਕਾਰ ਜਿਨ੍ਹਾਂ ਤੱਕ ਵੀ ਇਨ੍ਹਾਂ ਪਹਿਲਵਾਨਾਂ ਦੀ ਮੰਗਾਂ ਹਨ ਉਨ੍ਹਾਂ ਦਾ ਜਲਦੀ ਤੋਂ ਜਲਦੀ ਇਨ੍ਹਾਂ ਦੀ ਗੱਲ ਸੁਣ ਕੇ ਹੱਲ ਕੱਢ ਦੇਣਾ ਚਾਹੀਦਾ ਹੈ। ਇਨ੍ਹਾਂ ਪਹਿਲਵਾਨਾਂ ਦੀ ਗੱਲ ਨਾ ਸੁਣੀ ਜਾਣ ਕਰਕੇ ਅਤੇ ਇਨ੍ਹਾਂ ਵਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਆਮ ਲੋਕਾਂ ਕੋਲ ਬਹੁਤ ਮਾੜਾ ਸੁਨੇਹਾ ਜਾ ਰਿਹਾ ਹੈ ਕਿਉਂਕਿ ਕੁਝ ਲੀਡਰਾਂ ਵਲੋਂ ਇਸ ਨੂੰ ਰਾਜਨੀਤਕ ਰੰਗਤ ਦਿੱਤੀ ਜਾ ਰਹੀ ਹੈ। ਉਹ ਬਹੁਤ ਗਲਤ ਹੈ। ਸਾਡੀ ਸਾਰਿਆਂ ਦੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਦੇਸ਼ ਦੇ ਮਹਾਨ ੱਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਪਹਿਲਵਾਨਾਂ ਦੀ ਗੱਲ ਸੁਣ ਕੇ ਤੁਰੰਤ ਹੱਲ ਕੱਢਿਆ ਜਾਵੇ। ਇਨ੍ਹਾਂ ਪਹਿਲਵਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ

ਪੰਜਾਬੀ ਭਾਸ਼ਾ ਭਾਰਤ ਦੇ ਰਾਜ ਪੰਜਾਬ ਦੀ ਮੂਲ ਭਾਸ਼ਾ ਹੈ। ਪੰਜਾਬੀ ਭਾਸ਼ਾ ਇਕ ਅਜਿਹੀ ਭਾਸ਼ਾ ਹੈ ਜਿਹੜੀ ਸਾਨੂੰ ਵਿਰਸੇ ਵਿਚ ਹਰ ਇਕ ਨੂੰ ਆਪਣੀ ਮਾਂ ਕੋਲੋਂ ਮਿਲੀ ਹੁੰਦੀ ਹੈ, ਜਿਸ ਨੂੰ ਅਸੀਂ ਆਪਣੀ ਮਾਂ ਬੋਲੀ ਜਾਂ ਮਾਤ ਭਾਸ਼ਾ ਦੇ ਨਾਂਅ ਨਾਲ ਵੀ ਪੁਕਾਰਦੇ ਹਾਂ। ਬਚਪਨ ਤੋਂ ਲੈ ਕੇ ਹੀ ਇਨਸਾਨ ਨੂੰ ਮਾਂ ਬੋਲੀ ਨਾਲ ਜੋੜਿਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿਚ ਮਾਤਾ-ਪਿਤਾ ਬੱਚੇ ਦੇ ਬਚਪਨ ਤੋਂ ਹੀ ਉਸ ਨਾਲ ਪੰਜਾਬੀ ਦੀ ਬਜਾਏ ਹੋਰ ਭਾਸ਼ਾਵਾਂ ਵਿਚ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਨ। ਕੀ ਇਹ ਸਹੀ ਹੈ? ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਕੋਈ ਸਮਾਂ ਹੁੰਦਾ ਸੀ ਜਦੋਂ ਸਾਨੂੰ ਪੰਜਾਬੀ ਬੋਲੀ ਬੋਲਣ 'ਤੇ ਫਖ਼ਰ ਮਹਿਸੂਸ ਹੁੰਦਾ ਸੀ ਪਰੰਤੂ ਅਜੋਕੇ ਸਮੇਂ ਵਿਚ ਲੋਕ ਪੰਜਾਬੀ ਬੋਲਣ ਤੇ ਸ਼ਰਮ ਮਹਿਸੂਸ ਕਰਦੇ ਹਨ। ਅੱਜ ਕੱਲ ਦੀ ਪੀੜ੍ਹੀ ਪੰਜਾਬੀ ਨੂੰ ਤਰਜੀਹ ਦੇਣ ਦੀ ਬਜਾਏ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਪਿੱਛੇ ਦੌੜ ਰਹੀ ਹੈ। ਹੋਰ ਭਾਸ਼ਾਵਾਂ ਸਿੱਖਣਾ ਮਾੜੀ ਗੱਲ ਨਹੀਂ ਲੇਕਿਨ ਆਪਣੀ ਮਾਤ ਭਾਸ਼ਾ ਤੋਂ ਮੁਨਕਰ ਹੋ ਜਾਣਾ ਬਹੁਤ ਗ਼ਲਤ ਗੱਲ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਵੇਗਾ। ਲੋੜ ਹੈ ਅਜੋਕੀ ਪੀੜੀ ਨੂੰ ਪੰਜਾਬੀ ਮਾਂ-ਬੋਲੀ ਦੀ ਮਹਾਨਤਾ ਦੱਸਣ ਅਤੇ ਇਸ ਦੀ ਅਮੀਰੀ ਤੋਂ ਜਾਣੂ ਕਰਵਾਉਣ ਦੀ ਕਿਉਂਕਿ ਮਾਂ ਬੋਲੀ ਹੀ ਇਕ ਕੌਮ ਦੇ ਵਿਰਸੇ ਨੂੰ ਦਰਸਾਉਂਦੀ ਹੈ।

-ਹਰਪ੍ਰੀਤ ਕੌਰ
ਪਿੰਡ-ਨਿੰਮ ਵਾਲਾ ਮੌੜ (ਬਰਨਾਲਾ)

ਪੰਛੀਆਂ ਲਈ ਰੱਖੋ ਪਾਣੀ

ਗਰਮੀ ਦਾ ਮੌਸਮ ਆਉਂਦੇ ਹੀ ਨਾਲਿਆਂ, ਛੱਪੜਾਂ ਆਦਿ ਵਿਚੋਂ ਪਾਣੀ ਸੁੱਕਣ ਲਗਦਾ ਹੈ, ਜਿਸ ਕਾਰਨ ਨਿੱਕੇ-ਨਿੱਕੇ ਪੰਛੀ ਬੜੇ ਬੇਹਾਲ ਹੋ ਜਾਂਦੇ ਹਨ ਕਿਉਂਕਿ ਰੁੱਤ ਬਦਲਦੇ ਹੀ ਕਈ ਪ੍ਰਵਾਸੀ ਪੰਛੀ ਵੀ ਸਾਡੇ ਇੱਥੇ ਉੱਡ ਕੇ ਪਹੁੰਚ ਜਾਂਦੇ ਹਨ ਅਤੇ ਪਾਣੀ ਲੱਭਣ ਲਈ ਬੜਾ ਸੰਘਰਸ਼ ਕਰਨਾ ਪੈਂਦਾ ਹੈ, ਆਪਣੀ ਇਕ ਛੋਟੀ ਜਿਹੀ ਪਹਿਲ ਕਿੰਨੇ ਨਿੱਕੇ ਜੀਵਾਂ ਦੀ ਪਿਆਸ ਬੁਝਾ ਸਕਦੀ ਹੈ। ਇਸ ਲਈ ਆਪਣੇ ਘਰ ਦੀਆਂ ਛੱਤਾਂ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿਚ ਪਾਣੀ ਜ਼ਰੂਰ ਰੱਖੋ ਅਤੇ ਇਹ ਵੀ ਧਿਆਨ ਰੱਖੋ ਕਿ ਭਾਂਡਾ ਖੁੱਲ੍ਹੇ ਮੂੰਹ ਵਾਲਾ ਹੋਵੇ ਜਿਸ ਨਾਲ ਨਿੱਕੇ ਅਤੇ ਵੱਡੇ ਪੰਛੀ ਦੋਵੇਂ ਹੀ ਆਰਾਮ ਨਾਲ ਪਾਣੀ ਪੀ ਸਕਣ ਅਤੇ ਇਸ ਪਾਣੀ ਨੂੰ ਹਰ ਇਕ-ਦੋ ਦਿਨ ਬਾਅਦ ਬਦਲਣਾ ਵੀ ਚਾਹੀਦਾ ਹੈ ਕਿਉਂਕਿ ਧੂਲ ਮਿੱਟੀ ਤੂੜੀ ਆਦਿ ਦੇ ਬਰੀਕ ਕਣ ਇਸ 'ਚ ਪੈ ਜਾਂਦੇ ਹਨ ਉਹ ਪੰਛੀਆਂ ਦੇ ਗਲੇ ਵਿਚ ਨਾ ਫਸਣ। ਇਸ ਲਈ ਇਹ ਜ਼ਰੂਰ ਧਿਆਨ ਰੱਖੋ ਕਿ ਪਾਣੀ ਸਾਫ਼ ਅਤੇ ਪੀਣ ਯੋਗ ਹੋਵੇ ਕਿਉਂਕਿ ਪੰਛੀ ਕੁਦਰਤ ਦੇ ਆਲੇ-ਦੁਆਲੇ ਵਸਣ ਵਾਲੇ ਸਭ ਤੋਂ ਪਿਆਰੇ ਜੀਵ ਹੁੰਦੇ ਹਨ ਅਤੇ ਹੁਣ ਕਾਂ ਅਤੇ ਚਿੜੀਆਂ ਵਰਗੇ ਕਈ ਪੰਛੀ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਇਸ ਲਈ ਘਰਾਂ ਦੇ ਵਿਚ ਜਿੱਥੇ ਵੀ ਪੰਛੀ ਆ ਕੇ ਬੈਠਦੇ ਹੋਣ ਉਸ ਥਾਂ ਪਾਣੀ ਰੱਖੋ ਅਤੇ ਉਨ੍ਹਾਂ ਦੇ ਖਾਣ ਲਈ ਕੁਝ ਅਨਾਜ ਵੀ ਰੱਖੋ ਤਾਂ ਜੋ ਸਾਡੇ ਇਹ ਅਲੋਪ ਹੁੰਦੇ ਜਾਂਦੇ ਪਿਆਰੇ ਪੰਛੀ ਮੁੜ ਤੋਂ ਸਾਡੇ ਘਰ ਫੇਰਾ ਪਾਉਣ ਅਤੇ ਆਪਣੀ ਮਿੱਠੀ ਚਹਿਕ ਨਾਲ ਵਾਤਾਵਰਨ ਵਿਚ ਸੰਗੀਤ ਘੋਲਣ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ

ਮਨੀਪੁਰ ਮਸਲੇ ਦਾ ਨਿਕਲੇ ਸ਼ਾਂਤੀਪੂਰਨ ਹੱਲ

10 ਮਈ ਦੇ 'ਅਜੀਤ' ਦੀ ਸੰਪਾਦਕੀ 'ਮਨੀਪੁਰ ਵਿਚ ਵਿਗੜਦੇ ਹਾਲਾਤ' ਵਿਚ ਬਰਜਿੰਦਰ ਸਿੰਘ ਹਮਦਰਦ ਨੇ ਮਨੀਪੁਰ ਦੇ ਮੌਜੂਦਾ ਮਸਲੇ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਇਸਦੇ ਸ਼ਾਂਤੀਪੂਰਨ ਹੱਲ ਕੱਢਣ ਨੂੰ ਵਿਸ਼ੇਸ਼ ਤਰਜੀਹ ਦੇਣ ਦੀ ਗੱਲ ਕੀਤੀ ਹੈ। ਇਹ ਸੰਪਾਦਕੀ ਬਹੁਤ ਹੀ ਗਿਆਨ ਭਰਪੂਰ ਅਤੇ ਜਾਣਕਾਰੀ ਵਿਚ ਵਾਧਾ ਕਰਨ ਵਾਲੀ ਹੈ। ਮਣੀਆਂ ਦੀ ਧਰਤੀ ਕਿਹਾ ਜਾਂਦਾ ਮਨੀਪੁਰ ਇਸ ਸਮੇਂ ਹਿੰਸਾ ਦੀ ਅੱਗ 'ਚ ਸੁਲਗਦਾ ਜਾ ਰਿਹਾ ਹੈ। ਹਰੇ ਭਰੇ ਜੰਗਲਾਂ ਅਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਧਰਤੀ ਮਨੀਪੁਰ ਦੇ ਮੌਜੂਦਾ ਮਸਲੇ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਕੱਢਿਆ ਜਾਣਾ ਚਾਹੀਦਾ ਹੈ। ਮਨੀਪੁਰ 'ਚ ਰਹਿੰਦੇ ਨਾਗਾ, ਕੂਕੀ ਅਤੇ ਮੈਤੇਈ ਕਬੀਲਿਆਂ ਦੇ ਲੋਕਾਂ ਨੂੰ ਆਪਸ ਵਿਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ। ਇਸ ਲਈ ਮੌਜੂਦਾ ਸਮੇਂ 'ਚ ਅਸ਼ਾਂਤ ਮਨੀਪੁਰ ਨੂੰ ਸ਼ਾਂਤ ਕਰਨ ਲਈ ਜ਼ਰੂਰੀ ਉਪਰਾਲੇ ਕਰਨੇ ਚਾਹੀਦੇ ਹਨ। ਮਨੀਪੁਰ ਮਸਲੇ ਦਾ ਹੱਲ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨਾਲ ਸਾਰੀਆਂ ਧਿਰਾਂ ਸਹਿਮਤ ਹੋਣ ਅਤੇ ਕਿਸੇ ਵੀ ਧਿਰ ਨਾਲ ਧੱਕਾ ਨਾ ਹੋਵੇ। ਉੱਤਰ ਪੂਰਬੀ ਭਾਰਤ ਦੇ ਸੂਬਿਆਂ ਦੀ ਸਰਹੱਦ ਚੀਨ ਨਾਲ ਲਗਦੀ ਹੋਣ ਕਰਕੇ ਚੀਨ ਹਮੇਸ਼ਾ ਇਸ ਖਿੱਤੇ ਵਿਚ ਅਸ਼ਾਂਤੀ ਫੈਲਾਉਣ ਦਾ ਯਤਨ ਕਰਦਾ ਰਹਿੰਦਾ ਹੈ, ਇਸ ਲਈ ਭਾਰਤ ਦੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਚੀਨ ਦੀਆਂ ਗੁਪਤ ਚਾਲਾਂ ਤੋਂ ਸੁਚੇਤ ਹੋ ਕੇ ਮਨੀਪੁਰ ਮਸਲੇ ਨੂੰ ਹਲ ਕਰਨਾ ਚਾਹੀਦਾ ਹੈ।

-ਜਗਮੋਹਨ ਸਿੰਘ ਲੱਕੀ
ਸਾਹਮਣੇ ਪੰਜਾਬੀ ਯੂਨੀਵਰਸਿਟੀ, ਵਿੱਦਿਆ ਨਗਰ, ਪਟਿਆਲਾ।

17-05-2023

 ਮੰਦਭਾਗਾ ਫ਼ੈਸਲਾ
ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਚੋਂ ਬੀ.ਐਸ.ਸੀ. ਖੇਤੀਬਾੜੀ ਕੋਰਸ ਦੇ ਬੰਦ ਹੋਣ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਇਕ ਪਾਸੇ ਜਿਥੇ ਸਰਕਾਰ ਕਿਸਾਨਾਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਕਹਿ ਰਹੀ ਹੋਵੇ, ਕਿਸਾਨਾਂ ਨੂੰ ਵਿਗਿਆਨਕ ਤਰੀਕਿਆਂ ਰਾਹੀਂ ਜੈਵਿਕ ਖੇਤੀ ਨੂੰ ਤਰਜੀਹ ਦੇ ਰਹੀ ਹੋਵੇ ਉਸ ਸਮੇਂ ਖੇਤੀਬਾੜੀ ਕਾਲਜ ਦਾ ਬੰਦ ਹੋਣਾ ਬਹੁਤ ਮੰਦਭਾਗਾ ਹੈ।
ਬ੍ਰਿਜਿੰਦਰਾ ਕਾਲਜ ਪਿਛਲੇ ਪੰਜਾਹ ਤੋਂ ਜ਼ਿਆਦਾ ਸਾਲਾਂ ਤੋਂ ਘੱਟ ਫ਼ੀਸ ਹੋਣ ਕਰਕੇ ਮਾਲਵੇ ਅਤੇ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੋਣ ਕਰਕੇ ਖੇਤੀਬਾੜੀ ਦੀ ਪੜ੍ਹਾਈ ਕਰਵਾਉਣ ਵਿਚ ਮੋਹਰੀ ਸੀ। ਇਹ ਸਾਡੇ ਸਿੱਖਿਆ ਸਿਸਟਮ ਦਾ ਦੁਖਾਂਤ ਹੈ ਕਿ ਸਰਕਾਰੀ ਕਾਲਜ ਤਾਂ ਸਟਾਫ਼ ਦੀ ਕਮੀ ਅਤੇ ਕਰਜ਼ ਦੀ ਮਾਰ ਝੱਲਦਿਆਂ ਬੰਦ ਹੋ ਰਹੇ ਹਨ, ਜਦ ਕਿ ਸਰਕਾਰ ਵਲੋਂ ਸਕੂਲਾਂ, ਕਾਲਜਾਂ ਵਿਚ ਵਿਦੇਸ਼ ਭੇਜਣ ਲਈ ਆਈਲੈਟਸ ਕੋਚਿੰਗ ਮੁਫ਼ਤ ਦਿੱਤੀ ਜਾ ਰਹੀ ਹੈ। ਦੇਸ਼ ਵਿਚੋਂ ਬੇਰੁਜ਼ਗਾਰੀ ਨੂੰ ਘੱਟ ਕਰਨ ਲਈ ਖੇਤੀਬਾੜੀ, ਖੇਤੀਬਾੜੀ ਅਧਾਰਿਤ ਉਦਯੋਗ ਅਤੇ ਸਹਾਇਕ ਧੰਦੇ ਮੁੱਖ ਭੂਮਿਕਾ ਨਿਭਾਅ ਸਕਦੇ ਹਨ।
ਸਰਕਾਰ ਨੂੰ ਇਸ ਮਸਲੇ ਵੱਲ ਜਲਦ ਤੋਂ ਜਲਦ ਧਿਆਨ ਦਿੰਦੇ ਹੋਏ ਹੱਲ ਤਲਾਸ਼ਣੇ ਚਾਹੀਦੇ ਹਨ, ਤਾਂ ਜੋ ਖੇਤੀਬਾੜੀ ਜੋ ਕਿ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਦੀ ਹੋਂਦ ਕਾਇਮ ਰਹਿ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਅਤਰ ਸਿੰਘ ਵਾਲਾ (ਬਠਿੰਡਾ)


ਸਰਕਾਰ ਧਿਆਨ ਦੇਵੇ
ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਸ਼ਹਿਰ ਦੀ ਦਾਣਾ ਮੰਡੀ ਨੀਵੀਂ ਹੋਣ ਕਰਕੇ ਮੀਂਹ ਦਾ ਪਾਣੀ ਭਰ ਜਾਂਦਾ ਹੈ ਤੇ ਫ਼ਸਲ ਵੀ ਖ਼ਰਾਬ ਹੁੰਦੀ ਹੈ ਤੇ ਕਿਸਾਨਾਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਇਸ ਨੂੰ ਉੱਚੀ ਕਰਨਾ ਚਾਹੀਦਾ ਹੈ ਤੇ ਇਸ ਦੇ ਆਸ-ਪਾਸ ਦੀਆਂ ਸੜਕਾਂ ਵੀ ਟੁੱਟੀਆਂ ਹਨ, ਸੋ ਉਸ ਦੀ ਵੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਉਣੀ ਚਾਹੀਦੀ ਹੈ।


-ਨਵਰੂਪ ਸਿੰਘ
ਭੁਲੱਥ


ਪਹਿਲਵਾਨਾਂ ਦਾ ਧਰਨਾ
ਜੰਤਰ ਮੰਤਰ ਦਿੱਲੀ ਵਿਖੇ ਜਿਨਸੀ ਸ਼ੋਸ਼ਣ ਦੇ ਖਿਲਾਫ਼ ਇਨਸਾਫ਼ ਲੈਣ ਲਈ ਚੱਲ ਰਿਹਾ ਪਹਿਲਵਾਨਾਂ ਦਾ ਧਰਨਾ ਸਾਡੇ ਦੇਸ਼ ਵਿਚ ਔਰਤਾਂ ਵਿਰੁੱਧ ਦਿਨੋ-ਦਿਨ ਵਧ ਰਹੀ ਜੰਗਲੀ ਮਾਨਸਿਕਤਾ ਦਾ ਸਬੂਤ ਹੈ ਪਰ ਸ਼ਾਇਦ ਸਾਡੀਆਂ ਔਰਤ ਵਿਰੋਧੀ ਅਤੇ ਲੋਕ ਵਿਰੋਧੀ ਭ੍ਰਿਸ਼ਟ ਹਕੂਮਤਾਂ, ਮੰਤਰੀਆਂ, ਸਿਆਸਤਦਾਨਾਂ, ਪੁਲਿਸ ਅਧਿਕਾਰੀਆਂ, ਸਿਆਸੀ ਪਾਰਟੀਆਂ ਅਤੇ ਖਾਸ ਕਰਕੇ ਗੋਦੀ ਮੀਡੀਏ ਦੀ ਜ਼ਮੀਰ ਇਸ ਹੱਦ ਤਕ ਮਰ ਚੁੱਕੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਖ਼ਿਲਾਫ਼ ਪੋਕਸੋ ਐਕਟ ਹੇਠ ਐਫ਼.ਆਈ. ਆਰ. ਦਰਜ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਨਾ ਸਿਰਫ਼ ਟਾਲਾ ਵੱਟਿਆ ਜਾ ਰਿਹਾ ਹੈ, ਬਲਕਿ ਉਸ ਨੂੰ ਬਚਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।
ਭਾਰਤ ਦੀਆਂ ਉਲੰਪਿਕ ਤਗਮਾ ਜੇਤੂ ਪ੍ਰਸਿੱਧ ਖਿਡਾਰਨਾਂ ਨੇ ਬ੍ਰਿਜਭੂਸ਼ਨ ਸ਼ਰਨ ਸਿੰਘ ਵਲੋਂ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਇਨਸਾਫ਼ ਲੈਣ ਲਈ ਪਿਛਲੇ ਚਾਰ ਮਹੀਨੇ ਤੋਂ ਚੀਕ-ਚੀਕ ਕੇ ਮੰਤਰੀਆਂ ਅਤੇ ਸਰਕਾਰਾਂ ਤਕ ਆਵਾਜ਼ ਬੁਲੰਦ ਕੀਤੀ ਹੈ ਪਰ ਕੇਂਦਰ ਸਰਕਾਰ ਤੱਕ ਇਨ੍ਹਾਂ ਦੀ ਆਵਾਜ਼ ਨਹੀਂ ਪਹੁੰਚ ਸਕੀ। ਦੇਸ਼ ਦੇ ਪ੍ਰਧਾਨ ਮੰਤਰੀ ਆਪਣੀਆਂ ਚੋਣ ਰੈਲੀਆਂ ਵਿਚ ''ਬੇਟੀ ਬਚਾਓ ਅਤੇ ਬੇਟੀ ਪੜ੍ਹਾਓ'' ਦਾ ਨਾਅਰਾ ਲਾਉਣ ਅਤੇ ਆਪਣੇ ''ਮਨ ਕੀ ਬਾਤ'' ਕਰਨੀ ਕਦੇ ਨਹੀਂ ਭੁੱਲਦੇ ਪਰ ਉਨ੍ਹਾਂ ਦੀ ਪਾਰਟੀ ਦੇ ਇਕ ਸੰਸਦ ਮੈਂਬਰ ਉੱਤੇ ਖਿਡਾਰਨਾਂ ਨਾਲ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੇਸ਼ ਦੀਆਂ ਬੇਟੀਆਂ ਦੇ ਹੱਕ ਵਿਚ ਹਾਲੇ ਤਕ ਦੋ ਸ਼ਬਦ ਨਹੀਂ ਕਹੇ, ਇਨਸਾਫ਼ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸ਼ਾਇਦ ਉਹ ਕਿਸਾਨ ਅੰਦੋਲਨ ਵਾਂਗ ਖਿਡਾਰੀਆਂ ਦਾ ਵੀ ਸਬਰ, ਜੋਸ਼ ਅਤੇ ਸੰਘਰਸ਼ ਪਰਖਣਾ ਚਾਹੁੰਦੇ ਹਨ। ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਪਹਿਲਵਾਨਾਂ ਦੀ ਗੱਲ ਪਹਿਲ ਦੇ ਆਧਾਰ 'ਤੇ ਸੁਣੇ ਅਤੇ ਕੁਸ਼ਤੀ ਐਸੋਸੀਏਸ਼ਨ ਪ੍ਰਧਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।


-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

15-05-2023

 ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਲੋੜ
ਨੌਜਵਾਨ ਅਵਸਥਾ ਅਜਿਹੀ ਅਵਸਥਾ ਹੁੰਦੀ ਹੈ, ਜਿਸ ਵਿਚ ਹੋਸ਼ ਨਾਲੋਂ ਜੋਸ਼ ਦਾ ਜਾਨੂੰਨ ਜ਼ਿਆਦਾ ਹੁੰਦਾ ਹੈ। ਇਸ ਅਵਸਥਾ ਵਿਚ ਬਾਕੀ ਉਮਰ ਦੇ ਪੜਾਵਾਂ ਨਾਲੋਂ ਕੁਝ ਕਰਨ ਦੀ ਭਾਵਨਾ ਵਧੇਰੇ ਪ੍ਰਬਲ ਹੁੰਦੀ ਹੈ। ਜ਼ਰੂਰਤ ਇਹ ਹੁੰਦੀ ਹੈ ਕਿ ਇਸ ਜਵਾਨੀ ਦੇ ਜੋਸ਼ ਦੀ ਸੁਚਾਰੂ ਅਤੇ ਸੁਹਿਰਦ ਵਰਤੋਂ ਹੋਵੇ ਤਾਂ ਸਮਾਜ ਅਤੇ ਨੌਜਵਾਨ ਵਰਗ ਦੋਵਾਂ ਦਾ ਹੀ ਕਲਿਆਣ ਹੋਵੇ। ਲੋੜ ਹੈ ਕਿ ਨੌਜਵਾਨਾਂ ਨੂੰ ਸਾਕਾਰਾਤਮਿਕ ਸੋਚ ਵੱਲ ਮੋੜ ਕੇ ਉਨ੍ਹਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ ਜਾ ਸਕੇ। ਇਤਿਹਾਸਕ ਹਵਾਲਿਆਂ ਤੋਂ ਮਿਲੀਆਂ ਉਦਾਹਰਨਾਂ ਵਿਚੋਂ ਅਤੇ ਦਿਨੋ-ਦਿਨ ਹੋ ਰਹੀ ਬੇਮਿਸਾਲ ਤਰੱਕੀ ਤੋਂ ਇਹ ਗੱਲ ਤਾਂ ਸਾਬਤ ਹੋ ਰਹੀ ਹੈ ਕਿ ਯੋਗ, ਮਿਹਨਤੀ, ਸਿਰੜੀ ਅਤੇ ਸਿਦਕੀ ਨੌਜਵਾਨਾਂ ਨੇ ਹਰ ਖੇਤਰ ਵਿਚ ਆਪਣੀ ਲਗਨ ਅਤੇ ਹੌਸਲੇ ਨਾਲ ਸਮਾਜਿਕ ਤਰੱਕੀ ਵਿਚ ਯੋਗਦਾਨ ਪਾਇਆ ਹੈ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਵਿਕਾਸ ਦੇ ਨਾਲ-ਨਾਲ ਵਿਨਾਸ਼ ਦਾ ਸਫ਼ਰ ਵੀ ਨਾਲ-ਨਾਲ ਚੱਲ ਰਿਹਾ ਹੈ। ਅਨੈਤਿਕਤਾ, ਖ਼ੂਨ-ਖਰਾਬਾ, ਗੈਂਗਵਾਰ, ਲੜਾਈ, ਝਗੜੇ ਸਾਡੇ ਸਾਹਮਣੇ ਵਿਨਾਸ਼ ਦਾ ਆਲਮ ਸਿਰਜੀ ਬੈਠੇ ਨੇ। ਜਿਹੜੀ ਨੌਜਵਾਨੀ ਵਿਨਾਸ਼ ਦੇ ਰਾਹਾਂ ਦੀ ਪਾਂਧੀ ਬਣ ਰਹੀ ਹੈ ਕਿ ਅਸੀਂ ਉਸ ਨੂੰ ਕੁਰਾਹੇ ਪੈਣ ਤੋਂ ਬਚਾ ਕੇ ਸੁਚੱਜੇ ਰਾਹ ਨਹੀਂ ਪਾ ਸਕਦੇ? ਕੌਣ ਇਸ ਕੁਰਾਹੇ ਪਏ ਵਰਗ ਦਾ ਸਹੀ ਮਾਰਗ ਦਰਸ਼ਕ ਹੋਵੇਗਾ? ਕੀ ਸਾਡਾ ਸਮਾਜ ਸਾਡੇ ਨੌਜਵਾਨਾਂ ਲਈ ਅਸੁਰੱਖਿਅਤ ਹੋ ਗਿਆ ਹੈ? ਕੌਣ ਸਿਰਜ ਰਿਹਾ ਹੈ ਇਹ ਅਣਸੁਖਾਵਾਂ ਵਾਤਾਵਰਨ? ਜੇਕਰ ਅਸੀਂ ਨਰੋਏ ਤੇ ਸਿਹਤਮੰਦ ਸਮਾਜ ਦੀ ਆਸ ਰੱਖਦੇ ਹਾਂ ਤਾਂ ਸਾਨੂੰ ਨੌਜਵਾਨ ਵਰਗ ਨੂੰ ਸੰਭਾਲਣਾ ਹੋਵੇਗਾ। ਨੌਜਵਾਨਾਂ ਨੂੰ ਭੈੜੀਆਂ ਅਲਾਮਤਾਂ ਤੋਂ ਬਚਾ ਕੇ ਸਿੱਖਿਅਤ ਕਰਨ ਦੀ ਲੋੜ ਹੈ। ਇਸ ਲਈ ਮਾਪਿਆਂ, ਅਧਿਆਪਕਾਂ, ਬੁੱਧੀਜੀਵੀਆਂ, ਜ਼ਿੰਮੇਵਾਰ ਲੀਡਰਾਂ ਅਤੇ ਸਰਕਾਰ ਨੂੰ ਰਲ-ਮਿਲ ਕੇ ਯਤਨ ਕਰਨੇ ਚਾਹੀਦੇ ਹਨ, ਜੇਕਰ ਇਸ ਲੜੀ ਵਿਚਲੀ ਇਕ ਵੀ ਕੜੀ ਕਮਜ਼ੋਰ ਹੋਈ ਤਾਂ ਮਿਸ਼ਨ ਅਸਫਲ ਰਹੇਗਾ।


-ਬੀਰਪਾਲ ਕੌਰ
birpalsehaj@gmail.com


ਪੰਜਾਬ ਕਦੋਂ ਹੋਵੇਗਾ ਨਸ਼ਾਮੁਕਤ
ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਪਰ ਸਰਕਾਰਾਂ ਨਸ਼ੇ ਰੋਕਣ 'ਚ ਅਸਫਲ ਸਾਬਤ ਹੋ ਰਹੀਆਂ ਹਨ। ਹਾਲਾਤ ਇਹ ਹਨ ਕਿ ਅੱਜ ਕੋਈ ਵੀ ਪਿੰਡ ਅਜਿਹਾ ਨਹੀਂ ਬਚਿਆ ਜਿਥੇ ਨਸ਼ਿਆਂ ਕਾਰਨ ਕਿਸੇ ਦੀ ਮੌਤ ਨਾ ਹੋਈ ਹੋਵੇ। ਜਦੋਂਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਰਾਜ ਭਾਗ 'ਤੇ ਬੈਠ ਕੇ ਨਸ਼ਿਆਂ ਦੀ ਇਸ ਵੱਡੀ ਸਮੱਸਿਆ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਜਦਕਿ ਸਿਹਤ ਵਿਭਾਗ ਮੁਤਾਬਿਕ ਪੰਜਾਬ 'ਚ ਇਸ ਸਮੇਂ 528 ਟਰੀਟਮੈਂਟ ਸੈਂਟਰ (ਓਟ ਕਲੀਨਿਕ) ਅਤੇ 36 ਸਰਕਾਰੀ ਤੇ 185 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ 19 ਸਰਕਾਰੀ ਅਤੇ 74 ਨਿੱਜੀ ਖੇਤਰ ਦੇ ਮੁੜ ਵਸੇਬਾ ਸੈਂਟਰਾਂ ਦੇ ਬਾਵਜੂਦ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਜਦਕਿ ਸਰਕਾਰੀ ਦਾਅਵਿਆਂ ਮੁਤਾਬਿਕ ਰਾਜ ਅੰਦਰ 10 ਲੱਖ ਵਿਅਕਤੀ, ਨਸ਼ਿਆਂ ਦੇ ਆਦੀ ਹਨ, ਜਿਨ੍ਹਾਂ ਵਿਚੋਂ 2.62 ਲੱਖ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਵਾ ਰਹੇ ਹਨ ਜਦਕਿ 6.12 ਲੱਖ ਨਿੱਜੀ ਹਸਪਤਾਲਾਂ ਤੋਂ ਇਸ ਸਮੇਂ ਇਲਾਜ ਕਰਵਾ ਰਹੇ ਹਨ। ਇਸ ਦੇ ਬਾਵਜੂਦ ਵੀ ਸਰਕਾਰ ਨਸ਼ਾ ਰੋਕਣ ਵਿਚ ਹਾਲੇ ਕਾਮਯਾਬ ਹੁੰਦੀ ਨਹੀਂ ਦਿਸ ਰਹੀ। ਜਦਕਿ ਇਲਾਜ ਉਪਰੰਤ ਵੀ ਜ਼ਿਆਦਾਤਰ ਮਰੀਜ਼ ਮੁੜ ਨਸ਼ੇ ਦੇ ਰਾਹ ਪੈ ਜਾਂਦੇ ਹਨ। ਜਿਥੇ ਇਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਹਰ ਉਹ ਹੀਲਾ ਅਪਣਾਉਣ ਦੀ ਲੋੜ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਸਿਰਫ਼ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਸਗੋਂ ਜ਼ਮੀਨੀ ਪੱਧਰ 'ਤੇ ਵੀ ਇਸ ਦੇ ਨਤੀਜੇ ਆਉਣੇ ਚਾਹੀਦੇ ਹਨ।


-ਕਸ਼ਮੀਰ ਸਿੰਘ ਸੰਧੂ
ਭੈਣੀ ਬਾਂਗਰ, ਕਾਦੀਆਂ।


ਦੋਗਲਾਪਨ ਕਿਉਂ?
ਭਾਰਤ ਵਿਚ ਅਕਸਰ ਅਜਿਹਾ ਹੁੰਦਾ ਹੈ ਕਿ ਜਿਹੜੇ ਸੋਨ ਤਗਮਾ ਜੇਤੂ ਖਿਡਾਰੀ ਹੁੰਦੇ ਜਾਂ ਤਾਂ ਉਹ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੇ ਜਾਂ ਫਿਰ ਦਿਹਾੜੀਆਂ ਲਗਾਉਣ ਲਈ ਮਜਬੂਰ ਹੁੰਦੇ। ਅਜਿਹਾ ਹੀ ਕੁਝ ਕੇਂਦਰ ਸਰਕਾਰ ਦੇਸ਼ ਦੀਆਂ ਧੀਆਂ ਨਾਲ ਕਰ ਰਹੀ ਹੈ। ਇਕ ਪਾਸੇ ਸਰਕਾਰ ਨੇ 2024 ਵਿਚ ਨਾਰੀ ਸ਼ਕਤੀ ਦੀ ਤਾਕਤ ਗਣਤੰਤਰ ਦਿਵਸ 'ਤੇ ਪਰੇਡ ਵਿਚ ਦਿਖੇਗੀ, ਬੋਲ ਰਹੀ ਹੈ ਤੇ ਜਿਹੜੀਆਂ ਪਹਿਲਵਾਨ ਧੀਆਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਦੇ ਖਿਲਾਫ਼ ਧਰਨੇ 'ਤੇ ਹਨ, ਉਹ ਕਿਉਂ ਨਹੀਂ ਨਜ਼ਰ ਆ ਰਹੀਆਂ। ਜੇਕਰ ਉਹ ਦੋਸ਼ੀ ਹਨ ਤਾਂ ਉਸ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ> ਗੱਲਾਂ ਅਸੀਂ ਨਾਰੀ ਸ਼ਕਤੀ ਦੀਆਂ ਕਰ ਰਹੇ। ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਅੰਦਰ ਕੋਈ ਵੀ ਆਪਣੀ ਔਲਾਦ ਨੂੰ ਖਿਡਾਰੀ ਨਹੀਂ ਬਣਨ ਦੇਵੇਗਾ, ਜੋ ਸੜਕਾਂ ਉਤੇ ਰੁਲਣ ਲਈ ਮਜਬੂਰ ਹੋਵੇ। ਜੇਕਰ ਇਸ ਤਰ੍ਹਾਂ ਧੀਆਂ ਨਾਲ ਦੋਗਲਾਪਨ ਹੁੰਦਾ ਰਿਹਾ ਤਾਂ ਸਮਾਜ ਲਈ ਵੱਡਾ ਕਲੰਕ ਹੈ।


-ਨਵਨੀਤ ਸਿੰਘ ਭੁੰਬਲੀ

12-05-2023

 ਬਲਬੀਰ ਸਿੰਘ ਸੀਨੀਅਰ ਦੇ ਚਿੱਤਰ ਬਾਰੇ
ਸ਼੍ਰੋਮਣੀ ਗੁ.ਪ੍ਰ. ਕਮੇਟੀ ਦੇ ਪ੍ਰਧਾਨ ਨੂੰ ਖੁੱਲ੍ਹਾ ਪੱਤਰ
ਸਤਿਕਾਰਯੋਗ ਪ੍ਰਧਾਨ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫਤਿਹ!!
ਸਨਿਮਰ ਬੇਨਤੀ ਹੈ ਕਿ 25 ਮਈ 2020 ਨੂੰ ਜਦੋਂ ਓਲੰਪਿਕ ਖੇਡਾਂ ਦੇ ਆਦਰਸ਼ਕ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਅਕਾਲ ਚਲਾਣਾ ਹੋਇਆ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅਖ਼ਬਾਰਾਂ 'ਚ ਬਿਆਨ ਦਿੱਤਾ ਸੀ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ (ਦੀ ਤਸਵੀਰ) ਕੇਂਦਰੀ ਸਿੱਖ ਅਜਾਇਬ ਘਰ 'ਚ ਸਸ਼ੋਭਿਤ ਕੀਤਾ ਜਾਵੇਗਾ। ਬਲਬੀਰ ਸਿੰਘ ਨੇ ਹਾਕੀ ਦੀ ਖੇਡ ਦੇ ਨਾਲ-ਨਾਲ ਵਿਸ਼ਵ ਭਰ 'ਚ ਸਿੱਖੀ ਸਰੂਪ ਦੀ ਪ੍ਰਦਰਸ਼ਨੀ ਕਰ ਕੇ ਸਿੱਖੀ ਦੀ ਸੇਵਾ ਕੀਤੀ ਹੈ। ਇਸ ਚਿੱਤਰ ਨਾਲ ਸਿੱਖ ਨੌਜੁਆਨਾਂ ਨੂੰ ਸਾਬਤ ਸਰੂਪ ਰਹਿਣ ਤੇ ਖੇਡਣ ਦੀ ਪ੍ਰੇਰਨਾ ਮਿਲੇਗੀ। ਬਲਬੀਰ ਸਿੰਘ ਦੀ ਸਪੁੱਤਰੀ ਬੀਬੀ ਸੁਸ਼ਬੀਰ ਕੌਰ ਵਲੋਂ ਲੋੜੀਂਦਾ ਚਿੱਤਰ ਸ਼੍ਰੋਮਣੀ ਕਮੇਟੀ ਨੂੰ ਪਹੁੰਚਾਇਆ ਹੋਇਐ ਪਰ ਉਹ ਅਜੇ ਤਕ ਅਜਾਇਬ ਘਰ ਵਿਚ ਸਸ਼ੋਭਿਤ ਨਹੀਂ ਕੀਤਾ ਗਿਆ ਜਦ ਕਿ ਲੌਂਗੋਵਾਲ ਜੀ ਦੇ ਬਿਆਨ ਤੋਂ ਬਾਅਦ ਦਰਜਨ ਤੋਂ ਵੱਧ ਵਿਅਕਤੀਆਂ ਦੇ ਚਿੱਤਰ ਸਸ਼ੋਭਿਤ ਕੀਤੇ ਜਾ ਚੁੱਕੇ ਹਨ। ਪਰ ਚਿੱਠੀ ਪੱਤਰ ਕਰਨ ਦੇ ਬਾਵਜੂਦ ਬਲਬੀਰ ਸਿੰਘ ਦਾ ਚਿੱਤਰ ਹਾਲੇ ਤਕ ਵੀ ਨਹੀਂ ਲਗਾਇਆ ਗਿਆ। 25 ਮਈ 2023 ਨੂੰ ਬਲਬੀਰ ਸਿੰਘ ਦੀ ਤੀਜੀ ਬਰਸੀ ਹੈ। ਉਦੋਂ ਚਿੱਤਰ ਸਸ਼ੋਭਿਤ ਕਰ ਦਿੱਤਾ ਜਾਵੇ ਤਾਂ ਸਮੁੱਚਾ ਖੇਡ ਜਗਤ ਆਪ ਜੀ ਦਾ ਧੰਨਵਾਦੀ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣਾ ਫਰਜ਼ ਸਮਝਦਿਆਂ ਮੁਹਾਲੀ ਵਾਲੇ ਸਟੇਡੀਅਮ ਦਾ ਨਾਂਅ 'ਬਲਬੀਰ ਸਿੰਘ ਸੀਨੀਅਰ ਸਟੇਡੀਅਮ' ਰੱਖ ਦਿੱਤਾ ਹੈ ਅਤੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਲਈ 'ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ' ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਪੱਤਰ ਨਾਲ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਅਖ਼ਬਾਰੀ ਬਿਆਨ, ਬੀਬੀ ਸੁਸ਼ਬੀਰ ਕੌਰ ਦੇ ਪ੍ਰਧਾਨ ਜੀ ਨੂੰ ਪੱਤਰ ਤੇ ਆਪ ਜੀ ਦੇ ਪੱਤਰ ਦੀਆਂ ਫੋਟੋ ਕਾਪੀਆਂ ਵੀ ਭੇਜੀਆਂ ਜਾ ਰਹੀਆਂ ਹਨ। ਬਲਬੀਰ ਸਿੰਘ ਬਾਰੇ ਵੀ ਸੰਖੇਪ ਜਾਣਕਾਰੀ ਹਾਜ਼ਰ ਹੈ। ਆਖੋ ਤਾਂ ਮੇਰੇ ਵੱਲੋਂ ਲਿਖੀ ਬਲਬੀਰ ਸਿੰਘ ਦੀ ਜੀਵਨੀ 'ਗੋਲਡਨ ਗੋਲ' ਵੀ ਭੇਜ ਦੇਵਾਂਗਾ।


-ਆਪ ਜੀ ਦਾ ਸ਼ੁਭਚਿੰਤਕ
ਪ੍ਰਿੰ. ਸਰਵਣ ਸਿੰਘ,
ਕੈਨੇਡਾ


ਪ੍ਰੀਖਿਆ ਦੀ ਘੜੀ
ਸਿਆਣੇ ਕਹਿੰਦੇ ਹਨ ਕਿ ਇਨਸਾਨ ਨੂੰ ਉਸ ਦੇ ਕੀਤੇ ਚੰਗੇ-ਮਾੜੇ ਕੰਮਾਂ ਦਾ ਫ਼ਲ ਜ਼ਰੂਰ ਮਿਲਦਾ ਹੈ। ਇਸੇ ਤਰ੍ਹਾਂ ਸਰਕਾਰ ਵਲੋਂ ਕੀਤੇ ਕੰਮਾਂ ਦਾ ਫ਼ਲ ਆਮ ਲੋਕਾਂ ਵਲੋਂ ਵੋਟ ਦੇ ਅਧਿਕਾਰ ਰਾਹੀਂ ਦਿੱਤਾ ਜਾਂਦਾ ਹੈ। ਪੰਜਾਬ ਦੀਆਂ ਸਭ ਸਿਆਸੀ ਧਿਰਾਂ ਲਈ ਜਲੰਧਰ ਦੀ ਜ਼ਿਮਨੀ ਚੋਣ ਪਰਖ਼ ਦੀ ਘੜੀ ਸਿੱਧ ਹੋਵੇਗੀ। ਲੋਕ ਦੱਸਣਗੇ ਕਿ ਉਹ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਗਏ ਕੰਮਾਂ ਤੋਂ ਕਿੰਨੇ ਕੁ ਸੰਤੁਸ਼ਟ ਹਨ। ਇਨ੍ਹਾਂ ਚੋਣਾਂ 'ਚ ਲੋਕਾਂ ਦਾ ਧਿਆਨ ਹੁਕਮਰਾਨ ਪਾਰਟੀ ਵੱਲ ਵਧੇਰੇ ਹੋਵੇਗਾ। ਉਸ ਲਈ ਇਹ ਸੀਟ ਜਿੱਤਣੀ ਵੱਡੀ ਚੁਣੌਤੀ ਹੋਵੇਗੀ। ਕਿਉਂਕਿ ਇਸ ਤੋਂ ਪਹਿਲਾਂ ਪਾਰਟੀ ਸੰਗਰੂਰ ਦੀ ਲੋਕ ਸਭਾ ਸੀਟ ਹਾਰ ਚੁੱਕੀ ਹੈ। ਇਸ ਕਰਕੇ ਇਹ ਚੋਣਾਂ 'ਆਪ' ਪਾਰਟੀ ਲਈ ਹੋਰ ਵੀ ਵੱਡੀ ਚੁਣੌਤੀ ਹੋਣਗੀਆਂ। ਇਸ ਦੇ ਨਾਲ ਹੀ ਆਪ ਵਲੋਂ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦਿਆਂ ਦੇ ਜਵਾਬ ਲੋਕ ਆਪ ਪਾਰਟੀ ਤੋਂ ਇਸ ਚੋਣ ਪ੍ਰਚਾਰ ਦੌਰਾਨ ਮੰਗਣਗੇ ਕਿ ਸਾਡੇ ਨਾਲ ਪਹਿਲਾਂ ਕੀਤੇ ਗਏ ਵਾਅਦਿਆਂ ਦੀ ਕਾਰਵਾਈ ਕਿੱਥੋਂ ਤਕ ਪਹੁੰਚੀ ਹੈ ਤੇ ਇਹ ਵਾਅਦੇ ਕਦੋਂ ਤੱਕ ਪੂਰੇ ਹੋਣਗੇ। ਆਮ ਵੋਟਰਾਂ ਨੂੰ ਵੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਕ ਵਧੀਆ ਨੇਤਾ ਚੁਣਨ ਲਈ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ, ਬਹੁਤ ਵਾਰ ਬਹੁਤ ਸਾਰੇ ਵੋਟਰਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਹੀ ਨਹੀਂ ਕੀਤਾ ਜਾਂਦਾ। ਇਸ ਲਈ ਸਮੂਹ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਉਮੀਦਵਾਰ ਨੂੰ ਵੋਟ ਜ਼ਰੂਰ ਕਰਨ ਤਾਂ ਜੋ ਸਹੀ ਉਮੀਦਵਾਰ ਦੀ ਜਿੱਤ ਅਤੇ ਤੁਹਾਡੇ ਇਲਾਕੇ ਦਾ ਵਿਕਾਸ ਹੋ ਸਕੇ।
-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।
ਖ਼ਤਰਨਾਕ ਹਾਰਨ ਪ੍ਰਦੂਸ਼ਣ
ਵਾਹਨਾਂ ਦੇ ਹਾਰਨਾਂ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਜੋ ਪਰੇਸ਼ਾਨੀ ਹੋ ਰਹੀ ਹੈ ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਨਾਲ ਬਿਮਾਰ ਬਜ਼ੁਰਗਾਂ ਦੀ ਸਿਹਤ 'ਤੇ ਅਸਰ ਪੈਂਦਾ ਹੈ। ਛੋਟੇ-ਛੋਟੇ ਬੱਚਿਆਂ ਦੇ ਹੱਥ ਬਿਨਾਂ ਲਾਇਸੈਂਸ ਤੋਂ ਮੋਟਰਸਾਈਕਲ ਤੇ ਕਾਰਾਂ ਦੇ ਸਟੇਰਿੰਗ ਫੜਾਏ ਹੋਏ ਹਨ। ਉਨ੍ਹਾਂ ਦੀ ਆਪਣੀ ਖ਼ੁਦ ਦੀ ਜਾਨ ਨੂੰ ਖ਼ਤਰਾ ਤਾਂ ਹੈ ਹੀ ਜੋ ਬੱਚੇ ਗਲੀ-ਗੁਆਂਢ ਖੇਡ ਰਹੇ ਹੁੰਦੇ ਹਨ। ਉਨ੍ਹਾਂ ਨੂੰ ਇਨ੍ਹਾਂ ਤੋਂ ਵੱਧ ਖ਼ਤਰਾ ਹੈ। ਹਰੇਕ ਮੋੜ ਤੇ ਇਨ੍ਹਾਂ ਦੇ ਲਾਇਸੈਂਸ ਚੈੱਕ ਹੋਣੇ ਚਾਹੀਦੇ ਹਨ। ਤਾਂ ਜੋ ਹੋ ਰਹੀਆਂ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ। ਪਟਾਕੇ ਪਾਉਣ ਵਾਲੇ ਤੇ ਬਹੁਤ ਜ਼ਿਆਦਾ ਆਵਾਜ਼ ਵਾਲੇ ਹਾਰਨਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਬੱਚਿਆਂ ਦੀ ਗ਼ਲਤੀ ਤੋਂ ਪਹਿਲਾਂ ਉਨ੍ਹਾਂ ਦੇ ਮਾਪੇ ਜ਼ਿਆਦਾ ਕਸੂਰਵਾਰ ਹਨ।


-ਦਵਿੰਦਰ ਕੌਰ ਖੁਸ਼ ਧਾਲੀਵਾਲ,
ਖੋਜਕਰਤਾ।

11-05-2023

 ਚੌਕੀਦਾਰ ਦੀ ਅਸਾਮੀ ਬਹੁਤ ਜ਼ਰੂਰੀ

1 ਮਈ ਦੇ ਅੰਕ ਵਿਚ ਚੌਕੀਦਾਰ ਦੀ ਅਸਾਮੀ ਨਾ ਹੋਣ ਕਾਰਨ 'ਪ੍ਰਾਇਮਰੀ ਸਕੂਲਾਂ ਵਿਚ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਰੱਬ ਆਸਰੇ' ਸਿਰਲੇਖ ਹੇਠ ਖਬਰ ਪੜ੍ਹ ਕੇ ਲੱਗਿਆ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਚੌਂਕੀਦਾਰ ਨਾ ਹੋਣ ਕਰਕੇ ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਲੱਖਾਂ ਰੁਪਏ ਦਾ ਸਾਮਾਨ ਹੁੰਦਾ ਹੈ, ਨਾਲ ਹੀ ਮਿਡ-ਡੇ-ਮੀਲ ਦਾ ਰਾਸ਼ਨ ਵੀ ਹੁੰਦਾ ਹੈ। ਜੋ ਅਧਿਆਪਕਾਂ ਦੁਆਰਾ ਕਈ ਸਾਲਾਂ ਵਿਚ ਜਮ੍ਹਾਂ ਕੀਤਾ ਹੁੰਦਾ ਹੈ ਪਰ ਚੋਰ ਇਕ ਰਾਤ ਵਿਚ ਹੀ ਸਭ ਕੁਝ ਸਫ਼ਾਇਆ ਕਰ ਜਾਂਦੇ ਹਨ। ਚੋਰੀ ਹੋਣ ਤੋਂ ਬਾਅਦ ਅਧਿਆਪਕਾਂ ਨੂੰ ਥਾਣਿਆਂ-ਕਚਹਿਰੀਆਂ ਵਿਚ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸਾਲ ਪਹਿਲਾਂ ਆਪ ਸਰਕਾਰ ਬਣੀ ਸੀ ਤਾਂ ਸਰਕਾਰ ਦਾ ਬਿਆਨ ਆਇਆ ਸੀ ਕਿ ਪ੍ਰਾਇਮਰੀ ਸਕੂਲਾਂ ਵਿਚ ਨਰੇਗਾ ਸਕੀਮ ਵਿਚੋਂ ਸਫ਼ਾਈ ਸੇਵਕ ਅਤੇ ਚੌਂਕੀਦਾਰ ਰੱਖੇ ਜਾਣਗੇ। ਪਰ ਇਸ ਬਿਆਨ ਨੂੰ ਅੱਜ ਤੱਕ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ। ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਤਾਂ ਕਿ ਆਉਣ ਵਾਲੇ ਸਮੇਂ ਵਿਚ ਸਕੂਲਾਂ ਵਿਚ ਹੋਣ ਵਾਲੀਆਂ ਚੋਰੀ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸਪਸ ਝਬੇਲਵਾਲੀ, (ਮੁਕਤਸਰ ਸਾਹਿਬ)

ਮਹਿੰਗੀ ਹੁੰਦੀ ਰਸੋਈ

ਪਿਛਲੇ ਦਿਨੀਂ ਵਪਾਰਕ ਵਰਤੋਂ ਵਾਲੇ ਗੈਸ ਸਿਲੰਡਰਾਂ ਵਿਚ ਕਟੌਤੀ ਕੀਤੀ ਗਈ ਪਰ ਉਸ ਦਾ ਆਮ ਵਿਅਕਤੀਆਂ ਨੂੰ ਕੋਈ ਫਾਇਦਾ ਪਹੁੰਚਣ ਵਾਲਾ ਨਹੀਂ, ਕਿਉਂਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਲੰਮੇ ਸਮੇਂ ਤੋਂ ਸਥਿਰ ਹਨ, ਜਦਕਿ ਲੋੜ ਮਜ਼ਦੂਰ ਦਿਵਸ 'ਤੇ ਉਨ੍ਹਾਂ ਦੀਆਂ ਕੀਮਤਾਂ ਨੂੰ ਘਟਾ ਕੇ ਮਜ਼ਦੂਰ ਵਰਗ ਲਈ ਤੋਹਫ਼ਾ ਹੋਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਦੁੱਧ ਦੀਆਂ ਕੀਮਤਾਂ ਤੋਂ ਬਣਨ ਵਾਲੇ ਪਦਾਰਥਾਂ ਦਾ ਮਹਿੰਗਾ ਹੋਣਾ ਵੀ ਸੁਭਾਵਿਕ ਹੈ ਪਰ ਮਹਿੰਗਾਈ ਦਰ ਦਾ ਲਗਾਤਾਰ ਵਧਣਾ ਸੁਭਾਵਿਕ ਨਹੀਂ, ਸਗੋਂ ਕਾਰਪੋਰੇਟ ਨੂੰ ਹੱਲਾਸ਼ੇਰੀ ਦੇਣਾ ਅਤੇ ਆਮ ਵਰਗ ਨੂੰ ਨਿਚੋੜਨ ਦਾ ਰਸਤਾ ਹੈ। ਸਰਕਾਰ ਦੀਆਂ ਬਹੁਤੀਆਂ ਨੀਤੀਆਂ ਕਾਰਪੋਰੇਟ ਪੱਖੀ ਹੀ ਰਹੀਆਂ ਹਨ। ਆਮ ਵਿਅਕਤੀ ਹਰ ਰੋਜ਼ ਹੱਡ-ਭੰਨਵੀਂ ਮਿਹਨਤ ਰਕਦਾ ਹੈ ਪਰ ਵਧ ਰਹੀ ਮਹਿੰਗਾਈ ਅਤੇ ਕਾਰਪੋਰੇਟ ਪੱਖੀ ਫ਼ੈਸਲਿਆਂ ਨੇ ਰਸੋਈ 'ਤੇ ਮਾਰ ਪਾਈ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਮ ਵਿਅਕਤੀ ਦੋ ਵਕਤ ਦੀ ਰੋਟੀ ਤੋਂ ਵੀ ਵਾਂਝਾ ਹੋ ਗਿਆ ਹੈ। 'ਸਬ ਕਾ ਸਾਥ ਸਬ ਕਾ ਵਿਕਾਸ' ਦਾ ਨਾਅਰਾ ਮਿੱਟੀ ਵਿਚ ਮਿਲਦਾ ਦਿਖਾਈ ਦੇ ਰਿਹਾ ਹੈ। ਸਵਸਥ ਭਾਰਤ ਦਾ ਸੁਫਨਾ ਧੁੰਦਲਾ ਦਿਖਾਈ ਦੇ ਰਿਹਾ ਹੈ। ਸਰਕਾਰ ਨੂੰ ਮਹਿੰਗਾਈ ਨੂੰ ਲਗਾਮ ਲਗਾਉਣ ਲਈ ਆਪਣੀਆਂ ਨੀਤੀਆਂ 'ਤੇ ਮੁੜ ਚਰਚਾ ਕਰਨੀ ਚਾਹੀਦੀ ਹੈ ਅਤੇ ਜਲਦ ਤੋਂ ਜਲਦ ਇਸ ਦੇ ਲੋਕ ਪੱਖੀ ਹੱਲ ਤਲਾਸ਼ਨੇ ਚਾਹੀਦੇ ਹਨ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਸਰਕਾਰ ਦੀ ਨੀਅਤ ਵਿਚ ਖੋਟ

ਭਾਈ ਰਾਜੋਆਣਾ ਦੀ ਸਜ਼ਾ ਦੇ ਸੰਬੰਧ ਵਿਚ ਗੱਲ ਤਾਂ ਬਹੁਤ ਵਾਰ ਚੱਲੀ ਹੈ। ਭਾਈ ਰਾਜੋਆਣਾ ਵਲੋਂ 2013 ਵਿਚ ਰਹਿਮ ਦੀ ਅਪੀਲ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਰਹਿਮ ਦੀ ਅਪੀਲ 'ਤੇ ਵਿਚਾਰ ਕਰਕੇ ਛੇਤੀ ਫੈਸਲਾ ਕਰਨ ਲਈ ਕਿਹਾ ਪਰ ਕੇਂਦਰ ਸਰਕਾਰ ਨੇ ਇਕ ਫੈਸਲਾ ਕਰਨ ਲਈ ਦਸ ਸਾਲ ਤਾਂ ਲੰਘਾ ਦਿੱਤੇ ਅਜੇ ਹੋਰ ਪਤਾ ਨਹੀਂ ਕਿੰਨੇ ਸਾਲ ਚਾਹੀਦੇ ਹਨ। ਉਧਰ ਹੋਰ ਦੂਜੇ ਘੋਰ ਅਪਰਾਧੀ ਜਦੋਂ ਜੀਅ ਕਰਦਾ ਹੈ ਪੈਰੋਲ 'ਤੇ ਬਾਹਰ ਹੁੰਦੇ ਹਨ। ਕੀ ਭਾਈ ਰਾਜੋਆਣਾ ਦੇ ਕੇਸ ਵਿਚ ਸਰਕਾਰ ਚੁੱਪ ਕਰਕੇ ਸੁਪਰੀਮ ਕੋਰਟ ਦੀ ਬੇਕਦਰੀ ਨਹੀਂ ਕਰ ਰਹੀ?

-ਭੁਪਿੰਦਰ ਸਿੰਘ ਬੱਸਣ

ਖੁੱਲ੍ਹ ਗਏ ਨਸ਼ਾ ਤਸਕਰੀ ਦੇ ਸੀਲਬੰਦ ਲਿਫਾਫ਼ੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਨਸ਼ਾ ਤਸਕਰੀ ਨਾਲ ਸੰਬੰਧਿਤ ਚਾਰ ਸੀਲਬੰਦ ਲਿਫ਼ਾਫ਼ਿਆਂ ਵਿਚੋਂ ਤਿੰਨ ਲਿਫਾਫੇ ਹਾਈ ਕੋਰਟ ਨੇ ਖੋਲ੍ਹੇ ਹਨ, ਜੋ ਕਿ ਭਗਵੰਤ ਮਾਨ ਕੋਲ ਪੁੱਜ ਗਏ ਹਨ। ਨਸ਼ਾ ਤਸਕਰਾਂ, ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਮਜ਼ਬੂਤ ਗੱਠਜੋੜ 'ਤੇ ਕਾਰਵਾਈ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਗੱਠਜੋੜ ਦੇ ਕਾਲੇ ਧੰਦੇ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਖੜ੍ਹਾ ਕਰ ਦਿੱਤਾ ਸੀ। ਨਸ਼ਿਆਂ ਕਰਕੇ ਪੰਜਾਬ ਆਰਥਿਕ, ਸਮਾਜਿਕ, ਮਾਨਸਿਕ ਅਤੇ ਬੌਧਿਕ ਕੰਗਾਲੀ ਦਾ ਸ਼ਿਕਾਰ ਹੋਇਆ ਹੈ। ਲੋਕਾਂ ਦੇ ਘਰਾਂ ਅੰਦਰ ਵਿਛੇ ਸੱਥਰਾਂ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਰੋਟੀਆਂ ਹੀ ਸੇਕਦੇ ਰਹੇ। ਪਰ ਗੁਰਪ੍ਰੀਤ ਸਿੱਧੂ ਵਰਗੇ ਇਮਾਨਦਾਰ ਅਫ਼ਸਰਾਂ ਦੀ ਮਿਹਨਤ ਸਦਕਾ ਨਸ਼ਾ ਤਸਕਰੀ ਦੇ ਸੀਲਬੰਦ ਚਾਰ ਲਿਫਾਫਿਆਂ ਵਿਚੋਂ ਤਿੰਨ ਲਿਫਾਫੇ ਖੁੱਲ੍ਹ ਚੁੱਕੇ ਹਨ, ਜਿਸ ਵਿਚ ਵੱਡੇ ਸਿਆਸੀ ਮਗਰਮੱਛਾਂ, ਅਫ਼ਸਰਾਂ ਅਤੇ ਨਸ਼ਾ ਤਸਕਰਾਂ ਦੇ ਨਾਂਅ ਹਨ। ਲੋਕਾਂ ਨੂੰ ਇਨਸਾਫ਼ ਦੇਣ ਦਾ ਨਾਅਰਾ ਲਾ ਕੇ ਬਣੀ ਭਗਵੰਤ ਮਾਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਖੁੱਲ੍ਹੇ ਸੀਲਬੰਦ ਲਿਫਾਫਿਆਂ ਵਿਚ ਆਏ ਨਾਵਾਂ ਨੂੰ ਜਨਤਕ ਤੌਰ 'ਤੇ ਨਸ਼ਰ ਕਰਕੇ ਅਤੇ ਉਨ੍ਹਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਇੰਜ. ਰਛਪਾਲ ਸਿੰਘ ਚਨੂੰਵਾਲ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

10-05-2023

 ਪ੍ਰਦੂਸ਼ਣ ਕੰਟਰੋਲ ਵਿਭਾਗ ਸਖ਼ਤ ਹੋਵੇ
3 ਮਈ ਨੂੰ 'ਅਜੀਤ' 'ਚ ਪ੍ਰਕਾਸ਼ਿਤ ਸੰਪਾਦਕੀ ਲੇਖ ਲੁਧਿਆਣਾ ਦੀ ਭਿਆਨਕ ਤ੍ਰਾਸਦੀ ਪੜ੍ਹਿਆ। ਇਸ ਵਿਚ ਲੁਧਿਆਣੇ 'ਚ ਜ਼ਹਿਰੀਲੀ ਗੈਸ ਨਾਲ 11 ਲੋਕਾਂ ਦੀ ਮੌਤ ਹੋ ਜਾਣ ਬਾਰੇ ਦੱਸਿਆ ਗਿਆ ਹੈ ਕਿ ਸੀਵਰੇਜ 'ਚ ਨਿਕਲੀ ਹਾਈਡ੍ਰੋਜਨ ਸਲਫਾਈਡ ਗੈਸ ਕਾਰਨ 4 ਔਰਤਾਂ ਤੇ 3 ਬੱਚਿਆਂ ਦੀ ਮੌਤ ਹੋ ਗਈ। ਇਹ ਸਾਰੇ ਜਣੇ ਯੂ.ਪੀ., ਬਿਹਾਰ ਵਾਸੀ ਸਨ। ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹੀਆਂ ਹਨ। ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਘਟਨਾ ਹੋਣ ਤੋਂ ਬਾਅਦ ਮੁਆਵਜ਼ੇ, ਮਜਿਸਟਰੇਟ ਜਾਂਚ, ਪਰਚੇ ਦਰਜ ਕਰ ਗੋਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ। ਬਾਹਰਲੇ ਮੁਲਕਾਂ ਵਾਂਗ ਪਹਿਲਾ ਕੋਈ ਪ੍ਰਭਾਵਸ਼ਾਲੀ ਯੋਜਨਾ ਤਿਆਰ ਨਹੀਂ ਕੀਤੀ ਜਾਂਦੀ। ਜੋ ਫੈਕਟਰੀਆਂ ਪ੍ਰਦੂਸ਼ਣ ਫੈਲਾ ਰਹੀਆਂ ਹਨ। ਕੀ ਪ੍ਰਦੂਸ਼ਣ ਕੰਟਰੋਲ ਮਹਿਕਮੇ ਨੂੰ ਪਤਾ ਨਹੀਂ ਸੀ। ਇਸ 'ਤੇ ਸਰਕਾਰ ਨੂੰ ਡੂੰਘਾਈ ਨਾਲ ਵਿਗਿਆਨਕ ਤਰੀਕੇ ਨਾਲ ਸਬੂਤ ਇਕੱਠੇ ਕਰ ਅਜ਼ਾਦਾਨਾ ਤੌਰ 'ਤੇ ਤਫ਼ਤੀਸ਼ ਕਰਾ ਜੋ ਵੀ ਲੋਕ ਭਾਵੇਂ ਉਹ ਪ੍ਰਦੂਸ਼ਣ ਕੰਟਰੋਲ ਮਹਿਕਮੇ ਦੇ ਕਰਮਚਾਰੀ ਹੋਣ ਜਾਂ ਫੈਕਟਰੀਆਂ ਦੇ ਮਾਲਕ ਜਾਂ ਹੋਰ ਕੋਈ ਵੱਡੇ ਲੋਕ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ।


ਗਿਆਨਵਾਨ ਲੇਖ
ਅਜੀਤ ਵਿਚ ਬੀਤੇ ਦਿਨ ਲੇਖਕ ਸੁਰਿੰਦਰ ਕੋਛੜ ਦਾ ਲਿਖਿਆ ਲੇਖ 'ਦਿਲਾਂ ਨੂੰ ਕੰਬਾਅ ਦੇਣ ਵਾਲਾ ਸੀ ਅੰਮ੍ਰਿਤਸਰ ਦੇ ਕੂਚਾ ਕੌੜਿਆਂ ਦਾ ਸਾਕਾ' ਪੜ੍ਹਿਆ। ਮੇਰੇ ਸਮੇਤ ਅਨੇਕਾਂ ਪਾਠਕਾਂ ਦੇ ਇਸ ਲੇਖ ਦੇ ਪੜਨ ਨਾਲ ਗਿਆਨ ਵਿਚ ਵਾਧਾ ਹੋਇਆ। ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਦੇ ਸੰਬੰਧ ਵਿਚ ਆਪਾਂ ਸਾਰੇ ਹੀ ਜਾਣਦੇ ਹਾਂ ਪਰੰਤੂ ਕੂਚਾ ਕੌੜਿਆਂ ਦਾ ਸਾਕਾ ਪੜ੍ਹ ਕੇ ਇਹ ਪਤਾ ਲੱਗਾ ਕਿ ਕਿਸ ਤਰ੍ਹਾਂ ਲੋਕਾਂ ਨੂੰ ਢਿੱਡ ਦੇ ਭਾਰ ਰੀਂਗ ਕੇ ਇਸ ਗਲੀ ਵਿਚੋਂ ਨਿਕਲਣਾ ਪਿਆ। ਇਹ ਸਜ਼ਾ ਪੂਰੇ ਇਕ ਹਫ਼ਤੇ ਤੱਕ ਭਾਵ 20 ਅਪ੍ਰੈਲ ਤੋਂ 27 ਅਪ੍ਰੈਲ 1919 ਤੱਕ ਜਾਰੀ ਰਹੀ। ਸੁਰਿੰਦਰ ਕੋਛੜ ਤੇ ਸਾਰੇ 'ਅਜੀਤ' ਅਦਾਰੇ ਦਾ ਧੰਨਵਾਦ।


-ਜੋਗਿੰਦਰ ਸਿੰਘ ਲੋਹਾਮ ਵਾਰਡ 29, ਮੋਗਾ।


ਨੇਤਾ ਜੀ ਵਫ਼ਾਦਾਰੀ ਸਿੱਖੋ
ਅੱਜ-ਕਲ੍ਹ ਸਾਡੇ ਕੁਝ ਲੀਡਰਾਂ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਆਪਣੀ ਪਾਰਟੀ ਪੀੜਤ ਨਹੀਂ। ਇਹ ਸਵਾਰਥੀ ਲੋਕ ਸਾਰੀਆਂ ਪਾਰਟੀਆਂ ਵਿਚ ਮੌਜੂਦ ਹਨ। ਅਜਿਹੇ ਲੋਕ ਨਾ ਪਾਰਟੀ ਅਤੇ ਨਾ ਲੋਕਾਂ ਦੇ ਕਦੀ ਵੀ ਵਫ਼ਾਦਾਰ ਨਹੀਂ ਹੋ ਸਕਦੇ। ਇਹ ਲੋਕ ਸਿਰਫ ਆਪਣਾ ਸਵਾਰਥ ਅਤੇ ਨਿੱਜੀ ਫਾਇਦਾ ਸੋਚਦੇ ਹਨ। ਇਹ ਪਾਰਟੀ ੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਮਾਰਦੇ ਹਨ। ਜਦੋਂ ਇਹ ਲੋਕ ਇਕ ਪਾਰਟੀ ਵਿਚੋਂ ਦੂਜੀ ਪਾਰਟੀ ਵਿਚ ਆਪਣੇ ਨਿੱਜੀ ਫਾਇਦੇ ਲਈ ਸ਼ਾਮਿਲ ਹੋ ਜਾਂਦੇ ਹਨ। ਅੱਜ ਕੱਲ ਤਾਂ ਲਗਦਾ ਹੈ ਜਿਵੇਂ ਇਨ੍ਹਾਂ ਲੋਕਾਂ ਦਾ ਹੜ੍ਹ ਜਿਹਾ ਆ ਗਿਆ ਹੋਵੇ। ਇਹ ਲੋਕ ਇਹ ਨਹੀਂ ਸੋਚਦੇ ਕਿ ਹਰ ਪਾਰਟੀ ਤੇ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਹਨ। ਜੇ ਚੰਗੇ ਸਮੇਂ ਵਿਚ ਪਾਰਟੀ ਦੇ ਅਹੁਦਿਆਂ 'ਤੇ ਰਹਿ ਕੇ ਆਨੰਦ ਮਾਣਿਆ ਹੈ। ਫਿਰ ਮਾੜੇ ਸਮੇਂ ਵਿਚ ਪਾਰਟੀ ਨਾਲ ਗਦਾਰੀ ਕਿਉਂ ਕਰਦੇ ਹੋ? ਉਸ ਪਾਰਟੀ ਦਾ ਔਖੇ ਵਕਤ ਸਾਥ ਦਿਉ। ਇਨ੍ਹਾਂ ਵਿਚ ਕੁਝ ਲੋਕ ਤਾਂ ਆਪਣੇ ਕੀਤੇ ਮਾੜੇ ਕੰਮਾਂ ਕਰਕੇ ਡਰਦੇ ਇਧਰ-ਉਧਰ ਭੱਜ ਰਹੇ ਹਨ। ਅਜਿਹੇ ਲੋਕਾਂ ਦੇ ਖਿਲਾਫ ਕੋਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ। ਜੋ ਇਸ ਕਾਨੂੰਨ ਦੀ ਉਲੰਘਣਾ ਕਰੇ ਉਸ ਨੂੰ ਸਖ਼ਤ ਸਜ਼ਾ ਮਿਲੇ। ਇਨ੍ਹਾਂ ਲੋਕਾਂ ਕਰਕੇ ਪਾਰਟੀ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੁੰਦੀ ਹੈ ਜਦੋਂ ਸਵਾਰਥੀ ਲੋਕ ਅਜਿਹੀ ਹਰਕਤ ਕਰਦੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਦਲਬਦਲੂ ਲੋਕਾਂ ਨੂੰ ਵੋਟਾਂ ਵੇਲੇ ਸਬਕ ਜ਼ਰੂਰ ਸਿਖਾਉਣ ਤਾਂ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ। ਸੱਚੇ-ਸੁੱਚੇ ਅਤੇ ਸਹੀ ਬੰਦਿਆਂ ਨੂੰ ਮਾਣ ਸਨਮਾਨ ਦਿੱਤਾ ਜਾਵੇ। ਪਾਰਟੀ ਬਦਲੂ ਲੋਕਾਂ ਦਾ ਬਿਲਕੁਲ ਸਾਥ ਨਾ ਦਿੱਤਾ ਜਾਵੇ। ਵੈਸੇ ਇਸ ਦਲਬਦਲੂ ਬਿਮਾਰੀ ਤੋਂ ਕੋਈ ਵੀ ਪਾਰਟੀ ਬਚ ਨਹੀਂ ਸਕੀ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਗਲੀ ਨੰਬਰ-11, ਬਠਿੰਡਾ।


ਦਲਬਦਲੀ ਦਾ ਮਾੜਾ ਰੁਝਾਨ
ਸਿਆਸਤਦਾਨ ਅੱਜ ਕਿਸ ਪਾਰਟੀ 'ਚ ਤੇ ਕੱਲ੍ਹ ਨੂੰ ਕਿਹੜੀ ਪਾਰਟੀ 'ਚ ਤੇ ਪਰਸੋਂ ਨੂੰ ਕਿਸ ਪਾਰਟੀ 'ਚ ਚਲੇ ਜਾਣ, ਉਨ੍ਹਾਂ ਨੂੰ ਖ਼ੁਦ ਵੀ ਨਹੀਂ ਪਤਾ ਹੁੰਦਾ। ਅਸਲ 'ਚ ਅੱਜ ਕੱਲ੍ਹ ਦੀ ਸਵਾਰਥੀ ਰਾਜਨੀਤੀ ਨੇ ਰਾਜਨੀਤੀ ਦੀਆਂ ਕਦਰਾਂ ਕੀਮਤਾਂ ਨੂੰ ਇਸ ਤਰ੍ਹਾਂ ਬੁਰਾ ਪ੍ਰਭਾਵਿਤ ਕੀਤਾ ਕਿ ਲੋਕਾਂ ਦੀਆਂ ਨਜ਼ਰਾਂ 'ਚ ਰਾਜਨੀਤੀ ਚਲਾਕ ਬੰਦਿਆਂ ਦਾ ਖੇਲ ਬਣ ਕੇ ਰਹਿ ਗਈ। ਰਾਜਨੀਤਕ ਨੇਤਾਵਾਂ ਦੀ ਭਰੋਸੇਯੋਗਤਾ ਆਮ ਲੋਕਾਂ 'ਚ ਬਿਲਕੁਲ ਖ਼ਤਮ ਹੋ ਚੁੱਕੀ ਹੈ। ਕਈ ਨੇਤਾ ਤਾਂ ਸਵੇਰੇ ਆਪਣੀ ਪਾਰਟੀ ਦੇ ਪ੍ਰਧਾਨ ਸਾਹਿਬ ਨਾਲ ਹੁੰਦੇ ਹਨ ਤੇ ਪ੍ਰਧਾਨ ਸਾਹਿਬ ਨੂੰ ਸ਼ਾਮ ਨੂੰ ਪਤਾ ਲੱਗਦਾ ਕਿ ਉਹ ਬੰਦਾ ਵਿਰੋਧੀ ਪਾਰਟੀ 'ਚ ਸ਼ਾਮਿਲ ਹੋ ਗਿਆ। ਕਈ ਤਾਂ ਹਫ਼ਤੇ ਵਿਚ ਹੀ ਨਵੀਂ ਪਾਰਟੀ ਤੋਂ ਮੋਹ ਭੰਗ ਕਰਕੇ ਪੁਰਾਣੀ ਪਾਰਟੀ 'ਚ ਵਾਪਸ ਆ ਜਾਂਦੇ ਹਨ। ਇਸ ਤਰ੍ਹਾਂ ਨਾਲ ਅਜਿਹੇ ਮੌਕਾਪ੍ਰਸਤ ਨੇਤਾ ਆਪਣਾ ਰੁਤਬਾ ਵੀ ਪਾਰਟੀ 'ਚ ਛੋਟਾ ਕਰ ਲੈਂਦੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਮੌਕਾਪ੍ਰਸਤਾਂ ਦੀ ਪਹਿਚਾਣ ਕਰਕੇ ਇਨ੍ਹਾਂ ਨੂੰ ਲੀਡਰ ਬਣਨ ਹੀ ਨਾ ਦੇਵੋ।


-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ (ਲੁਧਿਆਣਾ)

09-05-2023

 ਰੇਡੀਓ ਯੁੱਗ ਅਤੇ ਮੋਬਾਈਲ
ਕੋਈ ਸਮਾਂ ਹੁੰਦਾ ਸੀ ਜਦੋਂ ਰੇਡੀਓ ਦੀ ਪੂਰੀ ਚੜ੍ਹਾਈ ਹੁੰਦੀ ਸੀ। 80ਵੇਂ ਅਤੇ 90ਵੇਂ ਦਹਾਕੇ ਵਿਚ ਅਸੀਂ ਵੀ ਬਹੁਤ ਰੇਡੀਓ ਸੁਣਦੇ ਰਹੇ ਹਾਂ। ਗਰਮੀਆਂ ਵਿਚ ਜਦ ਕੋਠੇ 'ਤੇ ਸੌਣ ਸਮੇਂ ਅਤੇ ਸਰਦੀਆਂ ਵਿਚ ਰਜਾਈ ਵਿਚ ਸੌਣ ਸਮੇਂ ਰੇਡੀਓ ਸਾਡੇ ਨਾਲ ਹੀ ਸੌਂਦਾ ਅਤੇ ਸਵੇਰੇ ਜਾਗਦਾ ਹੁੰਦਾ ਸੀ। ਉਦੋਂ ਫ਼ਿਲਮੀ ਗਾਣਿਆਂ ਵਿਚ ਬੜਾ ਰਸ ਹੁੰਦਾ ਸੀ। ਗਾਣਿਆਂ ਨੂੰ ਸੁਣਦਿਆਂ ਇਨ੍ਹਾਂ ਦੇ ਗਾਇਕਾਂ, ਲਿਖਣ ਵਾਲੇ ਅਤੇ ਸੰਗੀਤ ਦੇਣ ਵਾਲਿਆਂ ਦੇ ਨਾਂਅ ਜ਼ਬਾਨੀ ਯਾਦ ਹੋ ਜਾਂਦੇ ਸਨ। ਜਦ ਮੋਬਾਈਲ ਆਇਆ ਤਾਂ ਇਹ ਦੈਂਤ ਵਾਂਗੂ ਘੜੀ, ਅਲਾਰਮ, ਡੈੱਕ, ਟੇਪ ਰਿਕਾਰਡ, ਸਭ ਨੂੰ ਨਿਗਲ ਗਿਆ ਪਰ ਬੜੀ ਹੈਰਾਨੀ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਕੁਝ ਲੋਕ ਰੇਡੀਓ ਨਾਲ ਜੁੜੇ ਹੋਏ ਹਨ। ਮੈਂ ਵੀ ਉਨ੍ਹਾਂ ਵਿਚੋਂ ਇਕ ਹਾਂ। ਬੜਾ ਅਚੰਭਾ ਹੁੰਦਾ ਹੈ ਜਦੋਂ ਅੱਜ ਵੀ ਕੁਝ ਲੋਕ ਆਪਣੀ ਪਸੰਦ ਦੇ ਗਾਣੇ ਸੁਣਨ ਲਈ ਰੇਡੀਓ ਨੂੰ ਚਿੱਠੀਆਂ ਲਿਖਦੇ ਹਨ ਜਾਂ ਫਰਮਾਇਸ਼ੀ ਗਾਣੇ ਸੁਣਨ ਲਈ ਫੋਨ ਕਰਦੇ ਹਨ। ਭਾਵੇਂ ਦੁਨੀਆ ਕਿੰਨੀ ਅੱਗੇ ਨਿਕਲ ਗਈ ਹੈ ਤੇ ਹੁਣ ਯੂ-ਟਿਊਬ 'ਤੇ 3 ਸਕਿੰਟਾਂ 'ਚ ਅਸੀਂ ਆਪਣੀ ਪਸੰਦ ਦਾ ਗਾਣਾ ਸਮੇਤ ਵੀਡੀਓ ਸੁਣ ਕੇ ਵੇਖ ਸਕਦੇ ਹਾਂ। ਪਰ ਇਹ ਕੁਝ ਕੁ ਲੋਕ ਕਿਵੇਂ ਆਪਣੀ ਪਸੰਦ ਦੇ ਗਾਣੇ ਨੂੰ ਸੁਣਨ ਲਈ ਉਤਸੁਕ ਰਹਿੰਦੇ ਹਨ, ਧੰਨ ਨੇ ਇਹ ਲੋਕ।


-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸ.ਪ.ਸ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।


ਮੁਫ਼ਤ ਅਤੇ ਤੁਰੰਤ ਸੇਵਾ
ਜ਼ਿੰਦਗੀ ਬਚਾਉਣ ਲਈ ਜੇ ਮੁਫ਼ਤ ਅਤੇ ਤੁਰੰਤ ਸੇਵਾ ਮਿਲ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਕਰਮ ਨਹੀਂ ਹੋ ਸਕਦਾ। ਸਾਡੇ ਆਲੇ-ਦੁਆਲੇ ਦੇਖਿਆ ਜਾਂਦਾ ਹੈ ਕਿਸੇ ਮੁਸੀਬਤ ਜਾਂ ਦੁਰਘਟਨਾ ਵੇਲੇ ਹਸਪਤਾਲ ਦਾ ਚੱਕਰਵਿਊ ਹਰ ਪੱਖ ਨੂੰ ਗ੍ਰਹਿਣ ਲਾ ਦਿੰਦਾ ਹੈ। ਮੈਡੀਕਲ ਮਾਫੀਏ ਅਤੇ ਬਹੁਤੇ ਨਿੱਜੀ ਹਸਪਤਾਲਾਂ ਨੇ ਅਜਿਹੇ ਸੇਵਾ ਨੂੰ ਸੇਵਾ ਨਹੀਂ ਸਮਝਿਆ। ਸਿੱਖਿਆ ਅਤੇ ਸਿਹਤ ਮੁਫ਼ਤ ਦੇਣ ਦਾ ਹੱਕ ਵੀ ਪ੍ਰਚਾਰਿਆ ਜਾਂਦਾ ਹੈ। ਪਰ ਅਜੇ ਵੀ ਅਸੀਂ ਇਸ ਤੋਂ ਦੂਰ ਹਾਂ। ਹਾਦਸਾਗ੍ਰਸਤ ਜਾਂ ਮਹਾਂਮਾਰੀਆਂ ਲੋਕਾਂ ਬਿਨਾਂ ਪੈਸੇ ਅਤੇ ਸਹੂਲਤਾਂ ਰੁਲਣਾ ਪੈਂਦਾ ਹੈ। ਸਰਕਾਰ ਨੂੰ ਐਮਰਜੈਂਸੀ ਮੈਡੀਕਲ ਸਹੂਲਤਾਂ ਲਈ ਬੇਹੱਦ ਸਖ਼ਤ ਨਿਯਮਾਂਵਲੀ ਘੜਨ ਦੀ ਲੋੜ ਹੈ। ਇਸ ਨਾਲ ਲੁੱਟ ਘਟੇਗੀ ਜ਼ਿੰਮੇਵਾਰੀ ਅਤੇ ਸੇਵਾ ਦਾ ਅਹਿਸਾਸ ਹੋਵੇਗਾ। ਹੁਣੇ-ਹੁਣੇ ਰਾਜਸਥਾਨ ਸਰਕਾਰ ਨੇ ਐਮਰਜੈਂਸੀ ਇਲਾਜ ਨੂੰ ਜ਼ਰੂਰੀ ਠਹਿਰਾਉਣ ਲਈ ਇਕ ਬਿੱਲ ਪਾਸ ਕੀਤਾ ਹੈ। ਇਹ ਫ਼ੈਸਲਾ ਸਵਾਗਤਯੋਗ ਹੈ। ਇਸੇ ਤਰਜ਼ 'ਤੇ ਕੋਰੋਨਾ ਮਹਾਂਮਾਰੀ ਦੇ ਸਬਕ ਅਤੇ ਰੋਜ਼ਾਨਾ ਹਾਦਸਿਆਂ ਨਾਲ ਹੁੰਦੀ ਦੁਰਦਸ਼ਾ ਤੋਂ ਸਿੱਖ ਕੇ ਪੰਜਾਬ ਵੀ ਐਮਰਜੈਂਸੀ ਸਿਹਤ ਸੇਵਾਵਾਂ ਲਈ ਮੁਫ਼ਤ ਅਤੇ ਤੁਰੰਤ ਨੀਤੀਬੱਧ ਸੇਵਾ ਮੰਗਦਾ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ


ਫਾਟਕ ਲੱਗਣ ਸਮੇਂ ਰੱਖੋ ਸਬਰ
ਸਾਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਕਾਜ ਲਈ ਅਕਸਰ ਹੀ ਘਰੋਂ ਬਾਹਰ ਜਾਣਾ ਪੈਂਦਾ ਹੈ। ਪ੍ਰੰਤੂ ਕਈ ਥਾਵਾਂ 'ਤੇ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਕਿਤੇ ਰੇਲਵੇ ਫਾਟਕ ਬੰਦ ਹੋਵੇ ਤਾਂ ਬਹੁਤੇ ਲੋਕ ਕੁਝ ਮਿੰਟ ਤੱਕ ਵੀ ਆਪਣਾ ਸਬਰ ਨਹੀਂ ਰੱਖਦੇ। ਬਹੁਤੇ ਲੋਕ ਆਪਣੇ ਵਾਹਨ ਫਾਟਕ ਦੇ ਥੱਲੋਂ ਦੀ ਲੰਘਾਉਣ ਲੱਗ ਜਾਂਦੇ ਹਨ। ਬਹੁਤੇ ਲੋਕ ਰੇਲਵੇ ਲਾਈਨ ਉਪਰੋਂ ਹੀ ਮੋਟਰਸਾਈਕਲ ਆਦਿ ਲੰਘਾਉਣ ਲੱਗ ਜਾਂਦੇ ਹਨ। ਕਈ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਪਾਸੇ ਤੋਂ ਹਟ ਕੇ ਸਾਹਮਣੇ ਤੋਂ ਆਉਣ ਵਾਲਿਆਂ ਦੇ ਅੱਗੇ ਹੋ ਕੇ ਰੁਕ ਜਾਂਦੇ ਹਨ। ਸਾਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਰੇਲਵੇ ਲਾਈਨ ਤੋਂ ਲੰਘਣ ਦਾ ਸਭ ਤੋਂ ਪਹਿਲਾ ਅਧਿਕਾਰ ਰੇਲ ਗੱਡੀ ਦਾ ਹੀ ਹੁੰਦਾ ਹੈ। ਫਾਟਕ ਲੱਗਣ ਸਮੇਂ ਸਾਨੂੰ ਕੁਝ ਮਿੰਟ ਜ਼ਰੂਰ ਸਬਰ ਰੱਖਣਾ ਚਾਹੀਦਾ ਹੈ, ਤਾਂ ਜੋ ਸਾਰੇ ਜਲਦੀ ਤੇ ਆਸਾਨੀ ਨਾਲ ਫਾਟਕ ਖੁੱਲ੍ਹਣ ਉਪਰੰਤ ਆਪਣੀ ਸਾਈਡ ਤੋਂ ਨਿਕਲ ਸਕਣ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।


ਹੋਸਟਲਾਂ 'ਚ ਨਸ਼ਿਆਂ ਦਾ ਰੁਝਾਨ
ਮੰਦਭਾਗੀ ਗੱਲ ਹੈ ਕਿ ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਦਾ ਦਿਨ ਦਿਹਾੜੇ ਕੈਂਪਸ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ ਅਤੇ ਹੁਣ ਨਸ਼ਾ ਵੀ ਚਿੱਟੇ ਦੇ ਰੂਪ ਵਿਚ ਮੁੰਡਿਆਂ ਦੇ ਹੋਸਟਲ ਤੱਕ ਪੁੱਜ ਗਿਆ ਹੈ। ਸਾਡੇ ਦੇਸ਼ ਦਾ ਭਵਿੱਖ ਹੀ ਬਰਬਾਦੀ ਦੇ ਰਾਹ 'ਤੇ ਤੁਰ ਪਿਆ ਹੈ। ਜਿਨ੍ਹਾਂ ਨੌਜਵਾਨਾਂ ਦੀ ਜ਼ਿੰਮੇਵਾਰੀ ਦੇਸ਼ ਦਾ ਨਾਂਅ ਰੁਸ਼ਨਾਉਣ ਦੀ ਹੈ, ਉਹ ਅੰਨ੍ਹੇਵਾਹ ਇਸ ਕਾਲੇ ਤੇ ਜ਼ਹਿਰੀਲੇ ਖੂਹ ਵੱਲ ਖਿੱਚਦੇ ਚਲੇ ਜਾ ਰਹੇ ਹਨ। ਵਿੱਦਿਅਕ ਸੰਸਥਾ ਜੋ ਇਕ ਵਿਅਕਤੀ ਦੇ ਸਮਾਜ ਵਿਚ ਵਿਚਰਨ, ਚੰਗੀ ਸ਼ਖ਼ਸੀਅਤ ਘੜਨ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਅਜਿਹੀਆਂ ਥਾਵਾਂ 'ਤੇ ਨਸ਼ਿਆਂ ਦੀ ਮੌਜੂਦਗੀ ਤੇ ਕਤਲ ਦੀਆਂ ਵਾਰਦਾਤਾਂ ਕਿਸੇ ਭੈੜੇ ਤੇ ਖੌਫ਼ਨਾਕ ਭਵਿੱਖ ਵੱਲ ਇਸ਼ਾਰਾ ਕਰਦੀਆਂ ਹਨ। ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦਾ ਅਜਿਹੇ ਰਾਹ ਅਪਣਾਉਣਾ ਸਾਡੇ ਸਮਾਜ ਦੇ ਵਿਕਾਸ ਲਈ ਖੱਡੇ ਖੋਦਣ ਵਰਗਾ ਹੈ। ਯੂਨੀਵਰਸਿਟੀ ਪ੍ਰਸ਼ਾਸਨ, ਸਰਕਾਰ ਅਤੇ ਮਾਪਿਆਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਮੁੱਦੇ 'ਤੇ ਗੰਭੀਰ ਕਾਰਵਾਈ ਕਰਨਗੇ।


-ਸਿਮਰਦੀਪ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਸਾਡੇ ਦਲ-ਬਦਲ ਨੇਤਾ
ਪਿਛਲੇ ਸਮੇਂ 'ਚ ਢੇਰ ਸਾਰੇ ਨੇਤਾਵਾਂ ਨੇ ਅਨੇਕਾਂ ਦਲ-ਬਦਲੀਆਂ ਕੀਤੀਆਂ ਹਨ। ਜਿਨ੍ਹਾਂ ਵਿਚ ਮੁੱਖ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ, ਕਾਂਗਰਸ ਤੋਂ ਭਾਜਪਾ 'ਚ ਗਏ ਹਨ। ਬਲਵੀਰ ਸਿੰਘ ਸਿੱਧੂ, ਹਰਜੋਤ ਕਮਲ, ਰਾਜ ਕੁਮਾਰ ਵੇਰਕਾ, ਸੁਨੀਲ ਕੁਮਾਰ ਜਾਖੜ ਆਦਿ ਨੇਤਾਵਾਂ ਨੇ ਕਾਂਗਰਸ ਛੱਡ ਕੇ ਭਾਜਪਾ 'ਚ ਜਾ ਕੇ ਦਲ ਬਦਲੀ ਕੀਤੀ ਹੈ। ਗੁਰਪ੍ਰੀਤ ਸਿੰਘ ਕਾਂਗੜ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਅਤੇ ਹੁਣ ਭਾਜਪਾ ਜੁਆਇਨ ਕੀਤੀ ਹੈ। ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਤੋਂ ਕਾਂਗਰਸ, ਨਵਜੋਤ ਸਿੰਘ ਸਿੱਧੂ ਭਾਜਪਾ ਤੋਂ ਕਾਂਗਰਸ, ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਤੋਂ ਆਮ ਆਦਮੀ ਪਾਰਟੀ, ਚਰਨਜੀਤ ਸਿੰਘ ਅਟਵਾਲ, ਇੰਦਰ ਇਕਬਾਲ ਸਿੰਘ ਅਟਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ, ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ 'ਚ ਚਲੇ ਗਏ ਹਨ। ਅਜਿਹੇ ਹੋਰ ਵੀ ਅਨੇਕਾਂ ਨੇਤਾਵਾਂ ਨੇ ਦਲ-ਬਦਲੀ ਕੀਤੀ ਹੈ। ਅਜਿਹੇ ਨੇਤਾਵਾਂ ਦੀ ਕਾਰਗੁਜ਼ਾਰੀ ਘੋਖਿਆਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਨੇਤਾ ਲੋਕ ਹਿਤ ਵਿਚ ਨਹੀਂ, ਬਲਕਿ ਆਪਣੇ ਨਿੱਜੀ ਹਿੱਤ ਵਿਚ ਹੀ ਦਲ-ਬਦਲਦੇ ਹਨ। ਇਨ੍ਹਾਂ ਨੇਤਾਵਾਂ ਨੂੰ ਆਪਣੀ ਕਾਰਗੁਜ਼ਾਰੀ ਦੀ ਜਾਂਚ ਦਾ ਡਰ ਹੁੰਦਾ ਹੈ। ਵੱਖ-ਵੱਖ ਦਲਾਂ 'ਚ ਰਹਿ ਕੇ ਸੱਤਾ ਦਾ ਆਨੰਦ ਮਾਣਦੇ ਹੋਏ ਮੋਕਾਪ੍ਰਸਤੀ ਕਰਦੇ ਹਨ। ਇਨ੍ਹਾਂ ਸੰਬੰਧੀ ਜਿਥੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ, ਉਥੇ ਇਨ੍ਹਾਂ ਸੰਬੰਧੀ ਸਖ਼ਤ ਕਾਨੂੰਨ ਬਣਨਾ ਵੀ ਸਮੇਂ ਦੀ ਜ਼ਰੂਰਤ ਹੈ।


-ਇੰਜ. ਰਛਪਾਲ ਸਿੰਘ ਚੰਵਾੜਾ
ਡੀ.ਐਸ.ਪੀ. ਵਾਲੀ ਗਲੀ, ਮੋਗਾ।

05-05-2023

 ਧਰਤੀ ਹੇਠਲਾ ਪਾਣੀ
ਜਿਉਂ ਹੀ ਸੜਕਾਂ ਤੇ ਪੁਲ ਆਦਿ ਬਣਨ ਨਾਲ ਰੁੱਖਾਂ ਦੀ ਬੇਸ਼ੁਮਾਰ ਕਟਾਈ ਹੋਈ ਹੈ ਅਤੇ ਜੰਗਲਾਂ ਹੇਠ ਰਕਬਾ ਘਟਿਆ ਹੈ, ਜਿਸ ਦੇ ਫਲਸਰੂਪ ਬਾਰਿਸ਼ਾਂ ਵੀ ਸੂਬੇ ਵਿਚ ਘਟ ਗਈਆਂ ਹਨ ਅਤੇ ਇਸ ਦੇ ਨਾਲ ਹੀ ਝੋਨੇ ਦੇ ਸੀਜ਼ਨ ਵਿਚ ਨਿਰੰਤਰ ਚਲਦੇ ਸਬਮਰਸੀਬਲ ਪੰਪਾਂ, ਫੈਕਟਰੀਆਂ ਆਦਿ ਵਿਚ ਵਰਤੇ ਜਾਂਦੇ ਪਾਣੀ, ਘਰੇਲੂ ਖਪਤ ਲਈ ਕਈ ਪਿੰਡਾਂ ਵਿਚ ਜਿਥੇ ਪਾਣੀ ਦੀ ਸਪਲਾਈ ਅਜੇ ਨਹੀਂ ਹੋਈ, ਧੜਾਧੜ ਲਗਦੇ ਸਬਮਰਸੀਬਲ ਪੰਪਾਂ ਆਦਿ ਨਾਲ ਧਰਤੀ ਹੇਠਲਾ ਪਾਣੀ ਘਟਣ ਦੇ ਨਾਲ-ਨਾਲ ਦਰਿਆਵਾਂ, ਨਦੀਆਂ, ਨਾਲਿਆਂ, ਡਰੇਨਾਂ ਦਾ ਗੰਧਲਾ ਪਾਣੀ ਪ੍ਰਦੂਸ਼ਿਤ ਹੋਣ ਨਾਲ ਵਾਤਾਵਰਨ ਵਿਚ ਤਬਦੀਲੀ ਹੋਈ ਹੈ, ਜੋ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਇਸ ਅਹਿਮ ਤੇ ਸੰਵੇਦਨਸ਼ੀਲ ਵਿਸ਼ੇ 'ਤੇ ਬਿਨਾਂ ਕਿਸੇ ਦੇਰੀ ਦੇ ਵਿਚਾਰ ਚਰਚਾ ਕਰਨੀ ਅਤੇ ਸੁਧਾਰ ਲਈ ਲੋੜੀਂਦੀਆਂ ਠੋਸ ਨੀਤੀਆਂ ਬਣਾਉਣੀਆਂ ਤੇ ਅਪਣਾਉਣੀਆਂ ਬੇਹੱਦ ਜ਼ਰੂਰੀ ਹਨ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਦੀ ਲੋੜ ਹੈ।
ਕੁਦਰਤੀ ਸੋਮੇ ਤੇ ਚਿੰਤਨ ਲਾਜ਼ਮੀ ਹੈ, ਧਰਤੀ ਹੇਠਲਾ ਪਾਣੀ, ਵਾਤਾਵਰਨ ਤਬਦੀਲੀ ਤੇ ਪ੍ਰਦੂਸ਼ਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹਰੇਕ ਵਿਅਕਤੀ ਦੀ ਵਿਸ਼ਵ ਵਿਆਪੀ ਜ਼ਿੰਮੇਵਾਰੀ ਬਣਦੀ ਹੈ, ਤਾਂ ਜੋ ਆਉਣ ਵਾਲੀਆਂ ਨਸਲਾਂ ਧਰਤੀ ਹੇਠਲੇ ਪਾਣੀ ਦਾ ਅਨੰਦ ਮਾਣ ਸਕਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਭ ਤੋਂ ਜ਼ਰੂਰੀ ਪਾਣੀ
ਜੇ ਕੋਈ ਪੁੱਛੇ ਕਿ ਦੁਨੀਆ 'ਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਅਸੀਂ ਕਈ ਚੀਜ਼ਾਂ ਦੀ ਗਿਣਤੀ ਕਰਾਂਗੇ ਪਰ ਸਭ ਤੋਂ ਵੱਡੀ ਲੋੜ ਪਾਣੀ ਦੀ ਹੈ। ਜਦੋਂ ਸਾਨੂੰ ਪਿਆਸ ਲੱਗਦੀ ਹੈ, ਅਸੀਂ ਸਾਰੇ ਟੂਟੀ ਵੱਲ ਭੱਜਦੇ ਹਾਂ। ਕੜਾਕੇ ਦੀ ਗਰਮੀ ਵਿਚ ਹਰ ਕੋਈ ਪਾਣੀ ਪੀਣ ਲੱਗ ਜਾਂਦਾ ਹੈ। ਅਸੀਂ ਪਾਣੀ ਪੀ ਕੇ ਪਿਆਸ ਬਝਾਉਂਦੇ ਹਾਂ। ਮਾਰੂਥਲ ਵਿਚ ਲੋਕਾਂ ਨੂੰ ਪਾਣੀ ਲੈਣ ਲਈ ਕਈ ਮੀਲ ਪੈਦਲ ਤੁਰਨਾ ਪੈਂਦਾ ਹੈ। ਪਾਣੀ ਦੀ ਅਣਹੋਂਦ ਕਾਰਨ ਕੋਈ ਵੀ ਜੀਵ ਜਿਊਂਦਾ ਨਹੀਂ ਰਹਿ ਸਕਦਾ। ਇਸੇ ਕਰਕੇ ਪਾਣੀ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਅਸੀਂ ਆਪਣੀ ਪਿਆਸ ਬੁਝਾ ਲੈਂਦੇ ਹਾਂ ਪਰ ਜਾਨਵਰ ਅਤੇ ਪੰਛੀ ਬੋਲ ਨਹੀਂ ਸਕਦੇ। ਇਸ ਲਈ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਮਿੱਟੀ ਦੇ ਬਰਤਨ, ਕਟੋਰੇ ਰੱਖੀਏ ਤਾਂ ਜੋ ਪਿਆਸੇ ਪੰਛੀਆਂ ਨੂੰ ਆਸਾਨੀ ਨਾਲ ਪਾਣੀ ਮਿਲ ਸਕੇ। ਪਾਣੀ ਦੀ ਘਾਟ ਕਾਰਨ ਕੋਈ ਵੀ ਪਿਆਸਾ ਨਹੀਂ ਮਰਨਾ ਚਾਹੀਦਾ। ਵੈਸੇ ਵੀ ਪਿਆਸੇ ਨੂੰ ਪਾਣੀ ਪਿਲਾਉਣਾ ਪੁੰਨ ਦਾ ਕੰਮ ਹੈ।


-ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।


ਨੰਬਰ ਇਕ ਭਾਰਤ
ਸੰਯੁਕਤ ਰਾਸ਼ਟਰ ਦੇ ਨਵੇਂ ਅੰਕੜਿਆਂ ਮੁਤਾਬਿਕ ਭਾਰਤ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸ਼ਾਇਦ ਇਸ ਪ੍ਰਾਪਤੀ ਤੋਂ ਜ਼ਿਆਦਾ ਭਾਰਤੀ ਬਹੁਤੇ ਖੁਸ਼ ਨਹੀਂ ਹੋਣਗੇ ਕਿਉਂਕਿ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਆਬਾਦੀ ਭਾਰਤ ਵਾਸੀਆਂ ਲਈ ਚੰਗੀ ਗੱਲ ਦਾ ਸੰਕੇਤ ਨਹੀਂ ਹੈ। ਜਿਵੇਂ-ਜਿਵੇਂ ਹੀ ਦੇਸ਼ ਅੰਦਰ ਆਬਾਦੀ ਵਧੇਗੀ, ਬੇਰੁਜ਼ਗਾਰੀ ਅਤੇ ਭੁੱਖਮਰੀ 'ਚ ਵਾਧਾ ਹੋਵੇਗਾ। ਇਸ ਲਈ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਵੋਟਾਂ ਦੀ ਰਾਜਨੀਤੀ ਛੱਡ ਕੇ ਵਧ ਰਹੀ ਆਬਾਦੀ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਬੇਰੁਜ਼ਗਾਰੀ ਦੇ ਸਤਾਏ ਲੱਖਾਂ ਪਰਿਵਾਰ ਪਹਿਲਾਂ ਹੀ ਭਾਰਤ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿਚ ਰਹਿਣ ਲਈ ਮਜਬੂਰ ਹੋਈ ਬੈਠੇ ਹਨ। ਦੁਨੀਆ ਦੇ ਜਿੰਨੇ ਵੀ ਅਮੀਰ ਦੇਸ਼ ਹਨ, ਉਨ੍ਹਾਂ ਦੀ ਆਬਾਦੀ ਵੱਲ ਝਾਤ ਮਾਰੀ ਜਾਵੇ ਤਾਂ ਭਾਰਤ ਦੇ ਮੁਕਾਬਲੇ ਉਨ੍ਹਾਂ ਦੀ ਗਿਣਤੀ ਕਈ ਗੁਣ ਘੱਟ ਹੈ।
ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ, ਸਿੱਖਿਆ, ਖੇਡਾਂ ਆਦਿ ਦੇ ਮੁਕਾਬਲੇ ਵਿਚ ਭਾਰਤ ਨੂੰ ਨੰਬਰ ਇਕ 'ਤੇ ਲੈ ਕੇ ਆਉਣ ਲਈ ਦਿਨ-ਰਾਤ ਮਿਹਨਤ ਕਰਨ ਤਾਂ ਜੋ ਭਾਰਤ ਵਾਸੀ ਖੁਸ਼ੀ ਮਹਿਸੂਸ ਕਰਦਿਆਂ ਹੋਇਆਂ ਦੱਸਣ ਕਿ ਕਿਵੇਂ ਅਸੀਂ ਦੁਨੀਆ ਦੀ ਬਰਾਬਦੀ ਕਰਦੇ ਹੋਏ ਨੰਬਰ ਕਿ ਤੱਕ ਪਹੁੰਚੇ ਹਾਂ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

04-05-2023

 ਵਧਦੀ ਆਬਾਦੀ ਚਿੰਤਾ ਦਾ ਵਿਸ਼ਾ

ਆਬਾਦੀ ਦੇ ਲਿਹਾਜ਼ ਨਾਲ ਭਾਰਤ ਹੁਣ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਨੰਬਰ ਇਕ ਦੇਸ਼ ਬਣ ਗਿਆ ਹੈ। ਇਹ ਕੋਈ ਜਸ਼ਨ ਮਨਾਉਣ ਜਾਂ ਮਾਣ ਦੀ ਗੱਲ ਨਹੀਂ ਹੈ, ਸਗੋਂ ਇਸ ਗੰਭੀਰ ਮਾਮਲੇ 'ਤੇ ਚਿੰਤਨ ਕਰਨਾ ਲਾਜ਼ਮੀ ਹੈ। ਇਸ ਸਮੇਂ ਸਰਕਾਰ ਨੂੰ ਜਲਦੀ ਹੀ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਹਿਮਤੀ ਬਣਾ ਕੇ ਵਧਦੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਰਣਨੀਤੀ ਬਣਾਉਣੀ ਚਾਹੀਦੀ ਹੈ।
ਵਧਦੀ ਆਬਾਦੀ ਕਾਰਨ ਚਾਰੇ ਪਾਸੇ ਭੀੜ ਹੈ। ਇਹੀ ਕਾਰਨ ਹੈ ਕਿ ਸਾਡੇ ਦੇਸ਼ ਵਿਚ ਪੜ੍ਹੇ-ਲਿਖੇ/ਅਨਪੜ੍ਹ ਨੌਜਵਾਨਾਂ ਦੀ ਫ਼ੌਜ ਖੜ੍ਹੀ ਹੈ। ਮਹਿੰਗਾਈ ਵਧਦੀ ਜਾ ਰਹੀ ਹੈ। ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਹੀ ਇਲਾਜ ਤੋਂ ਵਾਂਝੇ ਹਨ। ਦੇਸ਼ ਵਿਚ ਅਨਾਜ ਦੀ ਬੇਹੱਦ ਕਮੀ ਹੈ। ਇਹ ਵੀ ਵੱਡੀ ਚੁਣੌਤੀ ਬਣ ਗਈ ਹੈ। ਵਧਦੀ ਆਬਾਦੀ ਦਾ ਬੋਝ ਝੱਲਣਾ ਬਹੁਤ ਔਖਾ ਹੈ।
ਇਨਸਾਨ ਦੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ ਅਤੇ ਮਕਾਨ ਨੂੰ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਸ ਲਈ, ਇਸ ਸਮੱਸਿਆ ਦੇ ਹੱਲ ਲਈ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਤੌਰ 'ਤੇ ਆਬਾਦੀ ਨੂੰ ਕੰਟਰੋਲ ਕਰਨ ਲਈ ਸਾਰਥਕ ਯਤਨ ਕਰਨੇ ਚਾਹੀਦੇ ਹਨ। ਇਸ 'ਚ ਹੀ ਸਾਡਾ ਅਤੇ ਸਮੁੱਚੇ ਭਾਰਤ ਦਾ ਭਲਾ ਹੈ।

-ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)

ਪੰਛੀਆਂ ਨੂੰ ਦਾਣੇ ਪਾਓ ਤੇ ਪਾਣੀ ਰੱਖੋ

ਕਈ ਸਾਲ ਪਹਿਲਾਂ ਕਾਨੇ, ਸਿਰਕੀਆਂ, ਛਤੀਰਾਂ ਤੇ ਬਾਲਿਆਂ ਆਦਿ ਦੀਆਂ ਛੱਤਾਂ ਵਾਲੇ ਕੱਚੇ ਘਰ ਹੁੰਦੇ ਸਨ ਅਤੇ ਉਨ੍ਹਾਂ ਵਿਚ ਚਿੜੀਆਂ ਨੇ ਅਕਸਰ ਹੀ ਆਲ੍ਹਣੇ ਪਾਏ ਹੁੰਦੇ ਸਨ ਅਤੇ ਉਨ੍ਹਾਂ ਵਿਚ ਚਿੜੀਆਂ ਆਂਡੇ ਦਿੰਦੀਆਂ ਤੇ ਉਨ੍ਹਾਂ ਦੀ ਨਸਲ ਵਿਚ ਨਿਰੰਤਰ ਵਾਧਾ ਹੁੰਦਾ ਰਹਿੰਦਾ ਸੀ ਅਤੇ ਉਹ ਡਾਰਾਂ ਦੀਆਂ ਡਾਰਾਂ ਉੱਡਦੀਆਂ ਨਜ਼ਰ ਆਉਂਦੀਆਂ ਸਨ।
ਕਿਸਾਨ ਵੀ ਸਵੇਰ ਵੇਲੇ ਚਿੜੀ ਚੂਕਦੀ ਨਾਲ ਉਠ ਕੇ ਆਪਣੇ ਕੰਮਾਂ-ਕਾਰਾਂ ਨੂੰ ਜਾਂਦੇ ਸਨ। ਜਿਉਂ ਹੀ ਰੁਖਾਂ ਦੀ ਬੇਸ਼ਮਾਰ ਕਟਾਈ ਹੋਈ, ਜੰਗਲਾਂ ਦਾ ਰਕਬਾ ਘਟਿਆ, ਕੱਚੇ ਘਰਾਂ ਦੀ ਜਗ੍ਹਾ ਪੱਕੇ ਘਰ ਬਣ ਗਏ, ਥਾਂ-ਥਾਂ ਤਾਂ ਉੱਚੇ-ਉੱਚੇ ਟਾਵਰ ਲੱਗ ਗਏ ਹਨ, ਚਿੜੀ ਦੀ ਨਸਲ ਲਗਭਗ ਖ਼ਤਮ ਹੋਣ ਕਿਨਾਰੇ ਹੈ। ਹੁਣ ਖ਼ਾਸ ਕਰਕੇ ਸ਼ਹਿਰਾਂ ਵਿਚ ਸਵੇਰੇ ਸ਼ਾਮ ਘਰਾਂ ਦੀਆਂ ਛੱਤਾਂ 'ਤੇ ਕਬੂਤਰ, ਗਟਾਰਾਂ, ਤੋਤੇ ਕਾਂ ਆਦਿ ਪੰਛੀ ਆ ਕੇ ਬੈਠਦੇ ਹਨ ਅਤੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਸੋ ਸਾਰਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਣੇ ਘਰਾਂ ਦੀਆਂ ਛੱਤਾਂ 'ਤੇ ਪੰਛੀਆਂ ਦੇ ਖਾਣ ਲਈ ਦਾਣੇ ਪਾਓ ਅਤੇ ਪੀਣ ਲਈ ਪਾਣੀ ਰੱਖੋ ਤਾਂ ਜੋ ਰਹਿ ਗਏ ਪੰਛੀਆਂ ਦੀ ਹੋਂਦ ਬਚ ਸਕੇ ਅਤੇ ਅਸੀਂ ਪੰਛੀਆਂ ਦੀ ਸੰਗੀਤਕ ਅਵਾਜ਼ ਦਾ ਅਨੰਦ ਲੈ ਸਕੀਏ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ

ਬਿਜਲੀ ਦੀ ਬੱਚਤ

ਗਰਮੀਆਂ ਸ਼ੁਰੂ ਹੁੰਦੇ ਹੀ ਬਿਜਲੀ ਦੀ ਖਪਤ ਵਧ ਜਾਂਦੀ ਹੈ। ਗਰਮੀਆਂ ਵਿਚ ਬਿਜਲੀ ਦੀ ਘਾਟ ਪੂਰੀ ਕਰਨ ਲਈ ਇਸ ਦੀ ਬੱਚਤ ਕਰਨੀ ਬਹੁਤ ਜ਼ਰੂਰੀ ਹੈ। ਸਿਆਣਪ ਨਾਲ ਅਸੀਂ ਬਿਜਲੀ ਦੀ ਬੱਚਤ ਕਰ ਸਕਦੇ ਹਾਂ। ਸਾਨੂੰ ਬਿਜਲੀ ਦੀ ਆਮ ਵਰਤੋਂ ਕਰਦੇ ਸਮੇਂ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।
ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ ਓਨੀ ਦੇਰ ਹੀ ਕਰਨੀ ਚਾਹੀਦੀ ਹੈ, ਜਿੰਨੀ ਦੇਰ ਉਨ੍ਹਾਂ ਦੀ ਜ਼ਰੂਰਤ ਹੋਵੇ। ਕਈ ਵਾਰ ਘਰ ਵਿਚ ਅਸੀਂ ਇਕ ਕਮਰੇ ਵਿਚ ਬੈਠੇ ਹੁੰਦੇ ਹਾਂ ਪਰ ਬੱਤੀਆਂ ਸਾਰੇ ਕਮਰਿਆਂ ਵਿਚ ਜਗ ਰਹੀਆਂ ਹੁੰਦੀਆਂ ਹਨ। ਸਾਨੂੰ ਬਲਬ ਜਾਂ ਟਿਊਬਾਂ ਦਾ ਇਸਤੇਮਾਲ ਸੰਜਮ ਨਾਲ ਕਰਨਾ ਚਾਹੀਦਾ ਹੈ। ਜਿਸ ਕਮਰੇ ਵਿਚ ਵਿਦਿਆਰਥੀ ਬੈਠੇ ਹੋਣ ਉਸ ਕਮਰੇ ਦੀ ਹੀ ਲਾਈਟ ਜਗਾਉਣੀ ਚਾਹੀਦੀ ਹੈ।
ਇਸ ਤਰ੍ਹਾਂ ਕਰਨ ਨਾਲ ਅਸੀਂ ਬੇਲੋੜੀ ਬਿਜਲੀ ਨੂੰ ਜ਼ਾਇਆ ਹੋਣ ਤੋਂ ਬਚਾ ਸਕਦੇ ਹਾਂ। ਜੇ ਅਸੀਂ ਸਾਰੇ ਇਸ ਤਰ੍ਹਾਂ ਕਰਨ ਦੀ ਆਦਤ ਬਣਾ ਲਈਏ ਤਾਂ ਬਿਜਲੀ ਦੀ ਕਾਫੀ ਹੱਦ ਤਕ ਬੱਚਤ ਕਰ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਗਰਮੀਆਂ ਵਿਚ ਕੂਲਰ, ਏਅਰ ਕੰਡੀਸ਼ਨਰ ਤੇ ਸਰਦੀਆਂ ਵਿਚ ਗੀਜ਼ਰ ਦੀ ਵਰਤੋਂ ਘੱਟ ਕਰੀਏ।
ਵੱਧ ਤੋਂ ਵੱਧ ਕੁਦਰਤੀ ਬਿਜਲੀ ਦੀ ਵਰਤੋਂ ਕਰੋ। ਬਿਜਲੀ ਦੀ ਬੱਚਤ ਹਰ ਵਿਅਕਤੀ ਦੇ ਉੱਦਮ ਨਾਲ ਹੀ ਸੰਭਵ ਹੈ। ਘਰ ਵਿਚ ਹੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਜਿਸ ਤਰ੍ਹਾਂ ਅਸੀਂ ਆਪਣੀ ਮਹੀਨੇ ਦੀ ਕਮਾਈ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਰਚ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਬਿਜਲੀ ਦਾ ਖ਼ਰਚ ਵੀ ਯੋਜਨਾਬੱਧ ਤਰੀਕੇ ਨਾਲ ਕਰਨਾ ਚਾਹੀਦਾ ਹੈ।

-ਲੈਕਚਰਾਰ ਗੌਰਵ ਮੁੰਜਾਲ
ਮੁਹਾਲੀ

03-05-2023

 ਹੰਕਾਰ ਦਾ ਤਿਆਗ
ਅਕਸਰ ਕਿਹਾ ਵੀ ਜਾਂਦਾ ਹੈ 'ਹੰਕਾਰਿਆ ਸੋ ਮਾਰਿਆ'। ਹਰ ਇਨਸਾਨ ਵਿਚ ਗੁਣ ਤੇ ਔਗੁਣ ਹੁੰਦੇ ਹਨ। ਹੰਕਾਰ ਸਭ ਤੋਂ ਖ਼ਤਰਨਾਕ ਹੁੰਦਾ ਹੈ। ਕਿਸੇ ਨੂੰ ਧਨ ਦੌਲਤ, ਮਹਿਲ ਮਾੜੀਆਂ, ਚਤੁਰਾਈ, ਸੁੰਦਰਤਾ, ਵਿੱਦਿਆ, ਪੜ੍ਹਾਈ-ਲਿਖਾਈ, ਕਾਰਾਂ ਆਦਿ ਦਾ ਘੁਮੰਡ ਹੋ ਜਾਂਦਾ ਹੈ। ਜਿਸ ਇਨਸਾਨ ਵਿਚ ਹੰਕਾਰ ਹੁੰਦਾ ਹੈ ਉਹ ਚੰਗੇ ਲੋਕਾਂ ਨਾਲ ਖੋਰ ਪਿੱਟਦਾ ਹੈ। ਜੋ ਮਾੜੇ ਲੋਕ ਹੁੰਦੇ ਹਨ, ਉਨ੍ਹਾਂ ਨਾਲ ਦੋਸਤੀ ਕਰਦਾ ਹੈ। ਹੰਕਾਰੀ ਇਨਸਾਨ ਆਪਣੇ ਤੋਂ ਨੀਵੇਂ ਲੋਕਾਂ ਨੂੰ ਬਿਲਕੁਲ ਵੀ ਟਿੱਚ ਨਹੀਂ ਜਾਣਦਾ। ਇਨ੍ਹਾਂ ਨਾਲ ਨਫ਼ਰਤ ਕਰਦਾ ਹੈ। ਜਦੋਂ ਹੰਕਾਰੀ ਇਨਸਾਨ ਆਪਣੇ ਤੋਂ ਉੱਚੇ ਵਾਲੇ ਨੂੰ ਦੇਖਦਾ ਹੈ ਤਾਂ ਉਸ ਦੇ ਅੰਦਰ ਨਫ਼ਰਤ, ਈਰਖਾ ਜਿਹੇ ਨਕਾਰਾਤਮਕ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ।
ਚੜ੍ਹਦੇ ਛਿਪਦੇ ਪਰਛਾਵਾਂ ਹੁੰਦੇ ਹਨ। ਅਕਸਰ ਕਿਹਾ ਜਾਂਦਾ ਹੈ ਇਥੋਂ ਧਰਤੀ 'ਤੇ ਕੋਈ ਸਦਾ ਰਹਿਣ ਵਾਲਾ ਨਹੀਂ ਹੈ। ਠੀਕ ਇਸੇ ਤਰ੍ਹਾਂ ਲੋਕਾਂ ਨੂੰ ਪੈਸੇ ਦਾ ਬਹੁਤ ਜ਼ਿਆਦਾ ਘੁਮੰਡ ਹੁੰਦਾ ਹੈ। ਜ਼ਿਆਦਾ ਪੈਸਾ ਹੋਣ ਕਾਰਨ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨੀ ਛੱਡ ਦਿੰਦਾ ਹੈ। ਸਾਰਿਆਂ ਨੂੰ ਹੀ ਪਤਾ ਹੈ ਰਾਵਣ ਬਹੁਤ ਗਿਆਨਵਾਨ ਸੀ। ਉਸ ਵਰਗਾ ਕੋਈ ਵੀ ਤਾਕਤਵਰ ਯੋਧਾ ਨਹੀਂ ਸੀ। ਰਾਵਣ ਦਾ ਹੰਕਾਰ ਹੀ ਉਸ ਨੂੰ ਲੈ ਡੁੱਬਿਆ। ਰਾਵਣ ਦਾ ਹੰਕਾਰ ਖ਼ਤਮ ਕਰਨ ਲਈ ਭਗਵਾਨ ਸ੍ਰੀ ਰਾਮ ਨੇ ਉਸ ਦਾ ਖ਼ਾਤਮਾ ਕੀਤਾ। ਅਕਸਰ ਕਿਹਾ ਜਾਂਦਾ ਹੈ ਕਿ ਫ਼ਲ ਹਮੇਸ਼ਾ ਨੀਵਿਆਂ ਰੁੱਖਾਂ ਨੂੰ ਲਗਦੇ ਹਨ। ਹਮੇਸ਼ਾਂ ਹੰਕਾਰ ਲੰਮਾ ਸਮਾਂ ਨਹੀਂ ਚਲਦਾ। ਸਮਾਜ ਵਿਚ ਵਿਚਰਦੇ ਹੋੇ ਸਭ ਦੀ ਇੱਜ਼ਤ ਕਰੋ। ਕਦੇ ਵੀ ਕਿਸੇ ਨੂੰ ਉੱਚਾ, ਮੰਦਾ ਨਾ ਬੋਲੋ। ਅਕਸਰ ਸੋਚਿਆ ਜਾਵੇ ਤਾਂ ਹੰਕਾਰ ਨਾਲ ਮਿਲਦਾ ਤਾਂ ਕੁਝ ਨਹੀਂ ਪਰ ਪੱਲੇ ਕੁਝ ਵੀ ਨਹੀਂ ਰਹਿੰਦਾ।


-ਸੰਜੀਵ ਸਿੰਘ ਸੈਣੀ
ਮੁਹਾਲੀ


ਨੌਜਵਾਨ ਪੀੜ੍ਹੀ ਤੇ ਬੇਰੁਜ਼ਗਾਰੀ
ਅਜੋਕੇ ਸਮੇਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਮਾਜ ਦਾ ਅਹਿਮ ਅੰਗ ਨੌਜਵਾਨ ਵਰਗ ਚੰਗੀ ਪੜ੍ਹਾਈ ਕਰਕੇ ਡਿਪਲੋਮੇ ਡਿਗਰੀਆਂ ਕਰਨ ਉਪਰੰਤ ਢੁਕਵੇਂ ਰੁਜ਼ਗਾਰ ਦੀ ਅਣਹੋਂਦ ਕਰਕੇ ਵਿਹਲਾ ਅਤੇ ਬੇਕਾਰ ਫਿਰ ਰਿਹਾ ਹੈ। ਯੋਗਤਾ ਅਨੁਸਾਰ ਨੌਕਰੀ ਜਾਂ ਰੁਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਪੀੜ੍ਹੀ ਅੰਦਰ ਹੀਣ-ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਰਾਹੋਂ-ਕੁਰਾਹੇ ਪੈਣ ਤੋਂ ਇਲਾਵਾ ਨਸ਼ਿਆਂ ਵਰਗੀ ਬੁਰਾਈ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਜੁਰਮ (ਕਰਾਈਮ) ਦੀ ਦੁਨੀਆ ਵਿਚ ਦਾਖਲ ਹੋ ਕੇ ਆਪਣਾ ਭਵਿੱਖ ਖਰਾਬ ਕਰ ਬਹਿੰਦੀ ਹੈ। ਬਹੁਤ ਸਾਰੇ ਜੁਰਮਾਂ ਪਿੱਛੇ ਹੋਰਨਾਂ ਤੋਂ ਇਲਾਵਾ ਬੇਰੁਜ਼ਗਾਰੀ ਵੀ ਇਕ ਪ੍ਰਮੁਖ ਕਾਰਨ ਹੈ।
ਜੇ ਦੇਸ਼ ਦੀ ਕਰੀਮ (ਮੈਰਿਟ ਵਾਲੇ ਨੌਜਵਾਨ) ਵਿਦੇਸ਼ਾਂ ਵਲ ਤੇਜ਼ੀ ਨਾਲ ਰੁੱਖ ਕਰ ਰਹੀ ਹੈ ਤਾਂ ਇਸ ਪਿੱਛੇ ਵੀ ਬੇਰੁਜ਼ਗਾਰੀ ਹੀ ਇਕ ਵੱਡਾ ਕਾਰਨ ਹੈ। ਬਿਨਾਂ ਸ਼ੱਕ ਨੌਜਵਾਨ ਵਰਗ ਸਮਾਜ ਅਤੇ ਦੇਸ਼ ਦਾ ਵਡਮੁੱਲਾ ਸਰਮਾਇਆ ਹੈ, ਭਵਿੱਖ ਵਿਚ ਇਸ ਵਰਗ ਨੇ ਹੀ ਸਮਾਜ ਅਤੇ ਦੇਸ਼ ਦੀ ਅਗਵਾਈ ਕਰਨੀ ਹੈ, ਅਰਥਾਤ ਸਮਾਜ ਅਤੇ ਦੇਸ਼ ਦਾ ਭਵਿੱਖ ਨੌਜਵਾਨ ਵਰਗ ਉੱਪਰ ਹੀ ਨਿਰਭਰ ਕਰਦਾ ਹੈ।
ਇਸ ਲਈ ਲੋੜ ਹੈ, ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਇਸ ਸੰਬੰਧੀ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਤਾਕਿ ਇਸ ਵਰਗ ਨੂੰ ਜੁਰਮ ਦੀ ਦੁਨੀਆ ਵੱਲ ਜਾਣ ਤੋਂ ਅਤੇ ਨਸ਼ਿਆਂ ਦੇ ਸ਼ਿਕਾਰ ਹੋਣ ਤੋਂ ਰੋਕਿਆ ਜਾ ਸਕੇ। ਅਜਿਹਾ ਕਰਕੇ ਹੀ ਅਸੀਂ ਸਮਾਜ ਅਤੇ ਦੇਸ਼ ਦਾ ਭਵਿੱਖ ਉੱਜਵਲ ਬਣਾ ਸਕਦੇ ਹਾਂ ਅਤੇ ਇਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਲ ਕਦਮ ਵਧਾ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।


ਵਿਤਕਰਾ ਕਿਉਂ
ਪੰਜਾਬ ਦੇ ਪ੍ਰਾਈਵੇਟ ਸੈਕਟਰਾਂ 'ਚੋਂ ਸੇਵਾ ਮੁਕਤ ਹੋਏ ਕਰਮਚਾਰੀ ਈ.ਪੀ.ਐਫ.ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਵਲੋਂ ਅੱਠ ਸੌ, ਹਜ਼ਾਰ ਪੰਦਰਾਂ ਸੌ, ਦੋ-ਤਿੰਨ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਲੈ ਰਹੇ ਹਨ। ਸੁਪਰੀਮ ਕੋਰਟ ਨੇ 2016 ਵਿਚ ਇਨ੍ਹਾਂ ਸਭ ਪ੍ਰਾਈਵੇਟ ਕਰਮਚਾਰੀਆਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰਨ ਲਈ ਕਿਹਾ ਸੀ। ਪਰ ਸੁਪਰੀਮ ਕੋਰਟ ਨੇ 4 ਨਵੰਬਰ, 2022 ਦੇ ਇਕ ਫ਼ੈਸਲੇ ਅਨੁਸਾਰ 1 ਸਤੰਬਰ 2014 ਤੋਂ ਪਹਿਲਾਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀਆਂ ਪੈਨਸ਼ਨਾਂ ਨਾ ਵਧਣ ਬਾਰੇ ਕਹਿ ਦਿੱਤਾ ਹੈ। ਜੋ ਕਰਮਚਾਰੀ 1 ਸਤੰਬਰ, 2014 ਤੋਂ ਬਾਅਦ ਸੇਵਾਮੁਕਤ ਹੋਏ ਹਨ, ਉਹ ਆਪਣੀਆਂ ਕਈ ਗੁਣਾਂ ਵਧਣ ਵਾਲੀਆਂ ਪੈਨਸ਼ਨਾਂ ਲਈ ਆਨ ਲਾਈਨ ਅਪਲਾਈ 3 ਮਈ, 2023 ਤੱਕ ਕਰ ਸਕਦੇ ਹਨ। ਇਹ ਕਰਮਚਾਰੀ ਵੀ 1 ਸਤੰਬਰ 2014 ਤੋਂ ਪਹਿਲਾਂ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਵਾਂਗ ਅੱਠ ਸੌ, ਹਜ਼ਾਰ, ਪੰਦਰਾ ਸੌ, ਦੋ-ਤਿੰਨ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨਾਂ ਲੈ ਰਹੇ ਹਨ। ਇਸ ਫੈਸਲੇ ਵਿਚ ਇਕੋ ਤਰ੍ਹਾਂ ਦੇ ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਵਿਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ?


-ਪ੍ਰੋ. ਗੁਰਮੀਤ ਸਿੰਘ ਸਰਾਂ
ਮੁਕੇਰੀਆਂ।


ਨਸ਼ਿਆਂ ਦਾ ਨਾ ਰੁਕਣਾ ਗੰਭੀਰ ਮੁੱਦਾ
ਪੰਜਾਬ 'ਚ ਹਰ ਚੋਣ ਕੁਝ ਦਹਾਕਿਆਂ ਤੋਂ ਨਸ਼ਿਆਂ ਦੇ ਮੁੱਦੇ 'ਤੇ ਲੜੀ ਜਾ ਰਹੀ ਹੈ। ਇਨ੍ਹਾਂ ਨਸ਼ਿਆਂ ਵਿਚ ਵੱਡੇ-ਵੱਡੇ ਅਫ਼ਸਰ ਅਤੇ ਲੀਡਰ ਸ਼ਾਮਿਲ ਹੁੰਦੇ ਰਹੇ ਹਨ। ਪਿਛਲੀਆਂ ਸਰਕਾਰਾਂ ਦੁਆਰਾ ਨਸ਼ਿਆਂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਇਸ ਸਰਕਾਰ ਵਿਚ ਕਾਨੂੰਨ ਦਾ ਸਾਹਮਣਾ ਕਰਨਾ ਪੈਣਾ। ਪਰ ਇਸ ਸਰਕਾਰ ਵਿਚ ਵੀ ਨਸ਼ਿਆਂ ਪ੍ਰਤੀ ਕੋਈ ਖ਼ਾਸ ਸਖ਼ਤੀ ਨਹੀਂ ਦਿਖਾਈ ਦਿੰਦੀ। ਨਸ਼ੇ ਹੁਣ ਬਹੁਤ ਥਾਵਾਂ 'ਤੇ ਮੈਡੀਕਲ ਦੀਆਂ ਦੁਕਾਨਾਂ 'ਤੇ ਵਿਕ ਰਹੇ ਹਨ। ਕੁਝ ਦਿਨ ਪਹਿਲਾਂ ਮਾਨਸਾ ਵਿਖੇ ਮੈਡੀਕਲ ਦੀਆਂ ਦੁਕਾਨਾਂ 'ਤੇ ਇਕ ਵਿਅਕਤੀ ਵਲੋਂ ਨਸ਼ੇ ਵਿਕਣ ਦੀਆਂ ਵੀਡੀਓਜ਼ ਵੀ ਪਾਈਆਂ ਗਈਆਂ ਹਨ। ਉਹ ਵੇਚਣ ਵਾਲੇ ਵਿਅਕਤੀ ਸ਼ਰ੍ਹੇਆਮ ਕਹਿ ਰਹੇ ਸਨ ਅਸੀਂ ਵੇਚਾਂਗੇ ਅਸੀਂ ਉੱਪਰ ਤੱਕ ਪੈਸਾ ਦਿੰਦੇ ਹਾਂ।
ਦੱਸਿਆ ਜਾਂਦਾ ਹੈ ਕਿ ਇਹ ਨਸ਼ਾ ਸਕੂਲਾਂ ਵਾਲੇ ਜੁਆਕ ਵੀ ਲੈ ਕੇ ਜਾਂਦੇ ਹਨ। ਇਥੋਂ ਤੱਕ ਹੀ ਨਹੀਂ ਬਹੁਤ ਸਾਰੀਆਂ ਥਾਵਾਂ 'ਤੇ ਸ਼ਹਿਰਾਂ ਵਿਚ ਕੁਝ ਬਸਤੀਆਂ ਵਿਚ ਵੀ ਨਸ਼ਾ ਵਿਕ ਰਿਹਾ ਹੈ। ਸਰਕਾਰ ਅਤੇ ਉਸ ਦੇ ਵਿਧਾਇਕ ਚੁੱਪ ਕਿਉਂ ਹਨ? ਕੋਈ ਆਮ ਅਮਲੀ ਨਸ਼ੇ ਸਮੇਤ ਫੜਿਆ ਜਾਵੇ ਛੇਤੀ-ਛੇਤੀ ਜ਼ਮਾਨਤ ਨਹੀਂ ਹੁੰਦੀ ਪਰ ਮੈਡੀਕਲਾਂ 'ਤੇ ਨਸ਼ਾ ਵੇਚਣ ਵਾਲੇ ਜਾਂ ਖਤਰਨਾਕ ਨਸ਼ਾ ਵੇਚਣ ਵਾਲੇ ਜਲਦੀ ਛੁੱਟ ਜਾਂਦੇ ਹਨ। ਕਿਉਂ ਨਹੀਂ ਮੌਜੂਦਾ ਸਰਕਾਰ ਇਸ ਪਾਸੇ ਦੇਖਦੀ। ਸਰਕਾਰ ਜਾਗਰੂਕਤਾ ਕੈਂਪ ਲਾਵੇ, ਸਰਕਾਰੀ ਨਸ਼ਾ ਛੁਡਾਊ ਕੇਂਦਰ ਖੋਲ੍ਹੇ, ਪੁਲਿਸ ਦੀ ਜ਼ਿੰਮੇਵਾਰੀ ਤੈਅ ਕਰੇ, ਨਸ਼ੇ ਛੱਡ ਚੁੱਕੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਜਾਂ ਹੋਰ ਰੁਜ਼ਗਾਰ, ਸਵੈ-ਰੁਜ਼ਗਾਰ ਦਾ ਪ੍ਰਬੰਧ ਕਰੇ।


-ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ।


ਸ. ਬਾਦਲ ਸਦਾ ਅਮਰ ਰਹਿਣਗੇ
ਉੱਘੇ ਸਿਆਸੀ ਆਗੂ, ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਭਾਵੇਂ ਕੋਈ ਛੋਟਾ ਹੋਵੇ ਜਾਂ ਵੱਡਾ, ਬਜ਼ੁਰਗ ਹੋਵੇ ਜਾਂ ਬੱਚਾ ਪ੍ਰਕਾਸ਼ ਸਿੰਘ ਬਾਦਲ ਨੂੰ ਕੌਣ ਨਹੀਂ ਜਾਣਦਾ? ਬਾਬਾ ਬੋਹੜ ਦਾ ਜ਼ਿਕਰ ਸਭਨਾਂ ਦੀ ਜੁਬਾਨ 'ਤੇ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਦੀ ਸ਼ੁਰੂਆਤ 1947 ਈਸਵੀ ਵਿਚ ਆਪਣੇ ਪਿੰਡ ਬਾਦਲ ਤੋਂ ਸਰਪੰਚ ਦੇ ਅਹੁਦੇ ਵਜੋਂ ਕੀਤੀ ਅਤੇ ਲੰਬਾ ਸਮਾਂ ਸਿਆਸਤ ਵਿਚ ਗੁਜ਼ਾਰਿਆ। ਪੰਜਾਬ ਦੇ ਸਭ ਤੋਂ ਛੋਟੀ ਉਮਰ ਵਿਚ ਮੁੱਖ ਮੰਤੀਰ ਦਾ ਅਹੁਦਾ ਸੰਭਾਲਣ ਵਾਲੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਰਹੇ ਹਨ।
ਪੰਜ ਵਾਰੀ ਮੁੱਖ ਮੰਤਰੀ ਬਣ ਕੇ ਬਾਬਾ ਬੋਹੜ ਨੇ ਪੰਜਾਬ ਦੀ ਨੁਹਾਰਬਦਲ ਦਿੱਤੀ। ਅੰਮ੍ਰਿਤਸਰ ਦੀ ਨਵੀਂ ਬਦਲੀ ਤਸਵੀਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹੈ। ਸਮਾਜਿਕ, ਆਰਥਿਕ, ਧਾਰਮਿਕ, ਸਿੱਖਿਅਕ ਹਰ ਖੇਤਰ ਵਿਚ ਬਾਬਾ ਬੋਹੜ ਦਾ ਵਡਮੁੱਲਾ ਯੋਗਦਾਨ ਹੈ। ਲੜਕੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਵਿਚ ਵੀ ਬਾਦਲ ਸਰਕਾਰ ਦਾ ਅਹਿਮ ਯੋਗਦਾਨ ਰਿਹਾ ਹੈ।
ਭਾਵੇਂ ਕੋਈ ਸਿਆਸੀ ਹੋਵੇ ਜਾਂ ਦਿਹਾੜੀਦਾਰ, ਅਮੀਰ ਹੋਵੇ ਜਾਂ ਗ਼ਰੀਬ ਆਖ਼ਰ ਸਭ ਨੇ ਇਕ ਦਿਨ ਇਸ ਜਗਤ ਨੂੰ ਤਿਆਗ ਕੇ ਚਲੇ ਜਾਣਾ ਹੈ। ਇਸ ਜਗਤ ਵਿਚ ਜੇਕਰ ਕੁਝ ਅਮਰ ਰਹੇਗਾ ਤਾਂ ਉਹ ਇਨਸਾਨੀਅਤ ਦੀ ਭਾਵਨਾ ਅਤੇ ਸਮਾਜ ਵਿਚ ਕਮਾਇਆ ਹੋਇਆ ਚੰਗਾ ਨਾਂਅ। ਸ. ਪ੍ਰਕਾਸ਼ ਸਿੰਘ ਬਾਦਲ ਸਰੀਰਕ ਪੱਖੋਂ ਭਾਵੇਂ ਨਾਸ਼ਵਾਨ ਹੋ ਚੁੱਕੇ ਹਨ ਪਰ ਉਨ੍ਹਾਂ ਦੁਆਰਾ ਕੀਤੇ ਗਏ ਲੋਕ ਭਲਾਈ ਦੇ ਕੰਮ ਸਦਾ ਅਮਰ ਰਹਿਣਗੇ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

02-05-2023

 ਆਵਾਜਾਈ ਨਿਯਮਾਂ ਦੀ ਪਾਲਣਾ

ਅੱਜ ਕੱਲ ਸੜਕਾਂ 'ਤੇ ਆਮ ਤੌਰ 'ਤੇ ਦੇਖਦੇ ਹਾਂ ਕਿ ਕਾਰਾਂ-ਗੱਡੀਆਂ, ਮੋਟਰਸਾਈਕਲ ਚਲਾਉਣ ਵਾਲੇ ਡਰਾਈਵਿੰਗ ਵੇਲੇ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਆਪਣਾ ਅਤੇ ਹੋਰ ਸੜਕ 'ਤੇ ਚੱਲਣ ਵਾਲਿਆਂ ਦਾ ਨੁਕਸਾਨ ਕਰਦੇ ਹਨ। ਮੋਬਾਈਲ ਫੋਨ, ਸ਼ਰਾਬ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ, ਕਿਰਪਾ ਕਰਕੇ ਸਰਕਾਰ ਨੂੰ ਵੀ ਉਸ ਵੱਲ ਗੌਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਵੀ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਮੁਕਤਸਰ ਸਾਹਿਬ।

'ਥੈਂਕ ਯੂ ਸਰਦਾਰ ਜੀ'

ਸੋਲਾਂ ਅਪ੍ਰੈਲ 'ਅਜੀਤ' ਦੇ ਮੈਗਜ਼ੀਨ ਸੈਕਸ਼ਨ ਵਿਚ ਛਪੀ ਸ. ਜੋਗਿੰਦਰ ਸਿੰਘ ਤੂਰ ਦੀ ਕਹਾਣੀ 'ਥੈਂਕ ਯੂ ਸਰਦਾਰ ਜੀ' ਪੜ੍ਹ ਕੇ ਇਉਂ ਲੱਗਿਆ ਜਿਉਂ ਸਿੱਖਾਂ ਵਿਰੁੱਧ 1984 ਦੇ ਦੰਗੇ ਵੀ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਇਕ ਬੇ-ਬੱਸ ਅਤੇ ਦੁਖੀ ਵਿਅਕਤੀ ਪੂਰੀ ਤਰ੍ਹਾਂ ਭਰੀ ਚੱਲਦੀ ਰੇਲਗੱਡੀ ਵਿਚ ਇਕ ਸਿੱਖੀ ਪਹਿਰਾਵੇ ਵਾਲੇ ਵਿਅਕਤੀ ਕੋਲ ਆ ਕੇ ਆਪਣੀ ਸਮੱਸਿਆ ਦਾ ਹੱਲ ਢੂੰਡਦਾ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਗ਼ੈਰ-ਸਿੱਖ ਲੋਕਾਂ ਦਾ ਅੱਜ ਵੀ ਵਿਸ਼ਵਾਸ ਹੈ ਕਿ ਸਿੱਖ ਦੂਜੇ ਦੀ ਮਦਦ ਕਰਨ ਲਈ ਹਰ ਵੇਲੇ ਤੱਤਪਰ ਰਹਿੰਦੇ ਹਨ ਅਤੇ ਆਪਣਾ ਨਫ਼ਾ ਨੁਕਸਾਨ ਨਹੀਂ ਦੇਖਦੇ।
ਕਹਾਣੀ ਦਾ ਮੁੱਖ ਪਾਤਰ ਲੇਖਕ ਖ਼ੁਦ ਹੀ ਹੈ ਅਤੇ ਉਸ ਵਿਅਕਤੀ ਦੇਖ ਕੇ ਹੈਰਾਨ ਹੁੰਦਾ ਹੈ ਕਿ ਉਹ ਵਿਅਕਤੀ ਸਵਾਰੀਆਂ ਨਾਲ ਭਰੀ ਗੱਡੀ ਛੱਡ ਕੇ ਉਸ ਕੋਲ ਹੀ ਕਿਉਂ ਆਇਆ ਅਤੇ ਇਸ ਦਾ ਜਵਾਬ ਹੀ ਆਪ ਹੀ ਦੇ ਦਿੰਦਾ ਹੈ ਕਿ ਸ਼ਾਇਦ ਇਸ ਦੇ ਮਨ ਵਿਚ ਸਿੱਖਾਂ ਪ੍ਰਤੀ ਬਣਿਆ ਸਤਿਕਾਰ ਅਜੇ ਵੀ ਕਾਇਮ ਹੈ। ਲੇਖਕ ਉਸ ਵਿਅਕਤੀ ਦੀ ਮਦਦ ਉਪਰੰਤ ਉਸ ਦੇ ਸ਼ਬਦਾਂ 'ਥੈਂਕ ਯੂ ਸਰਦਾਰ ਜੀ' ਨਾਲ ਖ਼ੁਸ਼ ਹੋ ਜਾਂਦਾ ਹੈ। ਪਰ ਪਾਠਕਾਂ ਦੇ ਮਨਾਂ ਵਿਚ ਲੇਖਕ ਦਾ ਸਤਿਕਾਰ ਹੋਰ ਵੀ ਵਧ ਜਾਂਦਾ ਹੈ। ਮੇਰਾ ਵੀ ਲੇਖਕ ਨੂੰ ਸਲਾਮ।

-ਤਰਲੋਕ ਸਿੰਘ ਚੌਹਾਨ

28-04-2023

 ਤੂੜੀ ਦਾ ਭਾਅ
ਬੇਮੌਸਮੀ ਬਰਸਾਤ ਕਾਰਨ ਜਿੱਥੇ ਕਣਕ ਦੀਆਂ ਬੱਲੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਕਣਕ ਦੀ ਨਾੜ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਪਿਛਲੇ ਸਮੇਂ ਨਾਲੋਂ ਤੂੜੀ ਵੀ ਘੱਟ ਨਿਕਲਣ ਦਾ ਖਦਸ਼ਾ ਹੈ। ਜਿਸ ਕਾਰਨ ਤੂੜੀ ਦੇ ਭਾਅ ਪਿਛਲੇ ਸਾਲ ਨਾਲੋਂ ਕਿਤੇ ਜ਼ਿਆਦਾ ਵਧਦੇ ਦਿਖਾਈ ਦੇ ਰਹੇ ਹਨ। ਪਿਛਲੇ ਸਾਲ ਤੂੜੀ ਦੀ ਇੱਕ ਟਰਾਲੀ ਦਾ ਭਾਅ 3500 ਤੋਂ ਵਧ ਕੇ 4000 ਤੱਕ ਰਿਹਾ ਤੇ ਵਰਤਮਾਨ ਸਮੇਂ ਤੂੜੀ ਦੀ ਟਰਾਲੀ ਦਾ ਭਾਅ 5000 ਤੋਂ 6000 ਰੁਪਏ ਤੱਕ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਖ਼ਰੀਦ ਪਸ਼ੂ ਪਾਲਕਾਂ ਲਈ ਮੁਸ਼ਕਿਲ ਬਣਦੀ ਜਾ ਰਹੀ ਹੈ। ਪੰਜਾਬ ਅੰਦਰ ਬਹੁ-ਗਿਣਤੀ ਬੇਜ਼ਮੀਨੇ ਅਤੇ ਮਜ਼ਦੂਰੀ ਕਰਦੇ ਆਮ ਲੋਕ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਦੁੱਧ ਵੇਚ ਕੇ ਕਰਦੇ ਹਨ, ਉਨ੍ਹਾਂ ਲਈ ਮਹਿੰਗੇ ਭਾਅ ਦੀ ਤੂੜੀ ਖਰੀਦਣੀ ਬਹੁਤ ਮੁਸ਼ਕਲ ਹੈ। ਅਕਸਰ ਆਮ ਵਰਗ 'ਤੇ ਪੈਂਦੀ ਮਾਰ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਨਜ਼ਰ-ਅੰਦਾਜ਼ ਕਰਦੀਆਂ ਰਹਿੰਦੀਆਂ ਹਨ। ਜਦੋਂ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗ਼ਰੀਬ ਲੋਕਾਂ ਦੀ ਸਾਰ ਲਵੇ ਤਾਂ ਜੋ ਉਹ ਵੀ ਚੰਗਾ ਜੀਵਨ ਬਸਰ ਕਰ ਸਕਣ। ਆਮ ਆਦਮੀ ਪਾਰਟੀ ਤੋਂ ਆਮ ਲੋਕਾਂ ਦੀਆਂ ਉਮੀਦਾਂ ਦੀ ਪੂਰਤੀ ਦੀਆਂ ਆਸਾਂ ਅੱਜ ਵੀ ਉਡੀਕ ਵਿਚ ਹਨ। ਹੁਣ ਦੇਖਣਾ ਹੋਵੇਗਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਈ ਤੂੜੀ ਉਨ੍ਹਾਂ ਦੀ ਪਹੁੰਚ ਬਣਦੀ ਹੈ ਜਾਂ ਸਿਰਦਰਦੀ।


-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਾਲੇਰਕੋਟਲਾ)


ਲੁੱਟ ਦਾ ਨਵਾਂ ਢੰਗ
ਅੱਜ-ਕੱਲ੍ਹ ਡਰਾਅ ਪਾਉਣ ਦਾ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਹੈ। ਇਹ ਕੰਮ ਤਕਰੀਬਨ ਵੱਡੇ-ਵੱਡੇ ਸ਼ਹਿਰਾਂ ਅਤੇ ਸਾਰੀਆਂ ਮੰਡੀਆਂ ਵਿਚ ਧੜੱਲੇ ਨਾਲ ਚੱਲ ਰਿਹਾ ਹੈ। ਇਹ ਲੋਕ ਸਰਕਾਰ ਜਾਂ ਹੋਰ ਕਿਸੇ ਪ੍ਰਸ਼ਾਸਨ ਅਧਿਕਾਰੀ ਤੋਂ ਵੀ ਇਜਾਜ਼ਤ ਨਹੀਂ ਲੈਂਦੇ। ਇਸ ਵਿਚ ਕੁਝ ਲੋਕ ਇਕੱਠੇ ਹੋ ਕੇ ਆਪਣੇ ਹੀ ਢੰਗ ਨਾਲ ਆਪਣੀਆਂ ਸ਼ਰਤਾਂ ਦੇ ਹਿਸਾਬ ਨਾਲ ਆਪਣੀਆਂ ਹੀ ਪਰਚੀਆਂ ਛਪਵਾ ਕੇ ਡਰਾਅ ਕੱਢਦੇ ਹਨ। ਇਹ ਲੋਕ ਆਪਣੀ ਮਸ਼ਹੂਰੀ ਲਈ ਵੱਡੇ-ਵੱਡੇ ਪੋਸਟਰ ਬਣਾਉਂਦੇ ਹਨ। ਉਸ ਵਿਚ ਕਾਫੀ ਇਨਾਮ ਲਿਖ ਕੇ ਉਨ੍ਹਾਂ ਦੀਆਂ ਤਸਵੀਰਾਂ ਛਪਵਾ ਦਿੰਦੇ ਹਨ, ਜਿਨ੍ਹਾਂ ਵਿਚ ਟਰੈਕਟਰ, ਥਾਰ, ਬੁਲਟ ਮੋਟਰਸਾਈਕਲ ਅਤੇ ਹੋਰ ਕਾਫੀ ਵੱਡੇ-ਵੱਡੇ ਇਨਾਮ ਰੱਖ ਦਿੰਦੇ ਹਨ। ਇਹ ਆਨਲਾਈਨ ਵੀ ਲੋਕਾਂ ਨੂੰ ਕੂਪਨ ਵੇਚਦੇ ਹਨ। ਇਹ ਲੋਕ ਟਿਕਟ ਜਾਂ ਕੂਪਨ ਦਾ ਰੇਟ ਤਿੰਨ ਹਜ਼ਾਰ ਤੋਂ ਪੰਜ ਹਜ਼ਾਰ ਤੱਕ ਰੱਖ ਦਿੰਦੇ ਹਨ। ਭੋਲੇ-ਭਾਲੇ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਇਹ ਜੋ ਡਰਾਅ ਕੱਢਣ ਦੀ ਤਰੀਕ ਲੋਕਾਂ ਨੂੰ ਦਿੰਦੇ ਹਨ। ਜਦੋਂ ਲੋਕ ਡਰਾਅ ਕੱਢਣ ਵਾਲੀ ਤਰੀਕ ਨੂੰ ਡਰਾਅ ਵਾਲੀ ਜਗ੍ਹਾ 'ਤੇ ਪੁੱਜਦੇ ਹਨ। ਇਹ ਕਹਿ ਦਿੰਦੇ ਹਨ ਕਿ ਡਰਾਅ ਤਾਂ ਕੱਲ੍ਹ ਹੀ ਨਿਕਲ ਗਿਆ। ਜਦੋਂ ਲੋਕ ਪੁੱਛਦੇ ਹਨ ਕਿ ਕੂਪਨ 'ਤੇ ਤਾਂ ਅੱਜ ਦੀ ਤਰੀਕ ਪਈ ਹੈ। ਫਿਰ ਇਹ ਲੋਕਾਂ ਨੂੰ ਬਹਾਨਾ ਮਾਰ ਦਿੰਦੇ ਹਨ ਕਿ ਵਟਸਐਪ ਗਰੁੱਪ ਵਿਚ ਪਾ ਦਿੱਤਾ ਸੀ। ਇਹ ਲੋਕ ਡਰਾਅ ਆਪਣੇ ਖ਼ਾਸ-ਖ਼ਾਸ ਬੰਦਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕੱਢ ਦਿੰਦੇ ਹਨ। ਇਹ ਲੋਕ ਡਰਾਅ ਦੇ ਨਾਂਅ 'ਤੇ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਦੀ ਲੁੱਟ ਕਰਕੇ, ਲੋਕਾਂ ਨਾਲ ਧੋਖਾ ਕਰ ਰਹੇ ਹਨ। ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਬਿਨਾਂ ਇਜਾਜ਼ਤ ਇਹ ਕੰਮ ਕਰਨ ਤੋਂ ਰੋਕਿਆ ਜਾਵੇ। ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਗਲੀ ਨੰਬਰ-11, ਬਠਿੰਡਾ।

26-04-2023

 ਬਾਲ ਮਜ਼ਦੂਰੀ

ਜਿਵੇਂ ਕਿ ਅਸੀਂ ਸਾਰੇ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਬਾਲ ਮਜ਼ਦੂਰੀ ਇਕ ਕਾਨੂੰਨੀ ਅਪਰਾਧ ਹੈ. ਇਸ 'ਤੇ ਰੋਕ ਲਗਾਉਣਾ ਅਤਿਅੰਤ ਜ਼ਰੂਰੀ ਹੈ। ਛੋਟੇ ਬੱਚੇ ਪੜ੍ਹਨ ਤੇ ਖੇਡਣ-ਕੁੱਦਣ ਦੀ ਉਮਰ 'ਚ ਦੁਕਾਨਾਂ, ਘਰਾਂ, ਭੱਠਿਆਂ, ਕਾਰਖਾਨਿਆਂ ਅਤੇ ਹੋਟਲਾਂ ਆਦਿ ਕਈ ਸਥਾਨਾਂ 'ਤੇ ਕੰਮ ਕਰਦੇ ਵੇਖੇ ਜਾ ਸਕਦੇ ਹਨ। ਬਿਨਾਂ ਸ਼ੱਕ, ਬੱਚੇ ਕਿਸੇ ਮਜਬੂਰੀਵੱਸ ਇਨ੍ਹਾਂ ਥਾਂਵਾਂ 'ਤੇ ਕੰਮ ਕਰ ਰਹੇ ਹੁੰਦੇ ਹਨ ਪਰ ਪ੍ਰਸ਼ਾਸਨ ਨੂੰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਲਈ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ 'ਤੇ ਫੌਰੀ ਰੋਕ ਲਗਾਈ ਜਾਵੇ। ਇਹ ਬੱਚੇ ਦੇਸ਼ ਦਾ ਭਵਿੱਖ ਹਨ। ਜੇਕਰ ਇਸ ਗੱਲ ਵੱਲ ਧਿਆਨ ਨਾਂ ਦਿੱਤਾ ਗਿਆ ਤਾਂ ਇਨ੍ਹਾਂ ਬੱਚਿਆਂ ਦਾ ਮਾਸੂਮ ਜਿਹਾ ਬਚਪਨ ਕਿਤੇ ਰੁਲ ਜਾਵੇਗਾ। ਬੱਚਿਆਂ ਦੀ ਪੜ੍ਹਾਈ ਦਾ ਸਮੁਚਿਤ ਪ੍ਰਬੰਧ ਕੀਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ।

ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)

ਆਵਾਜਾਈ ਨਿਯਮਾਂ ਦੀ ਪਾਲਣਾ

ਅੱਜ ਕੱਲ ਸੜਕਾਂ 'ਤੇ ਆਮ ਤੌਰ 'ਤੇ ਦੇਖਦੇ ਹਾਂ ਕਿ ਕਾਰਾਂ-ਗੱਡੀਆਂ, ਮੋਟਰਸਾਈਕਲ ਚਲਾਉਣ ਵਾਲੇ ਡਰਾਈਵਿੰਗ ਵੇਲੇ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਆਪਣਾ ਅਤੇ ਹੋਰ ਸੜਕ 'ਤੇ ਚੱਲਣ ਵਾਲਿਆਂ ਦਾ ਨੁਕਸਾਨ ਕਰਦੇ ਹਨ। ਮੋਬਾਈਲ ਫੋਨ, ਸ਼ਰਾਬ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ, ਕਿਰਪਾ ਕਰਕੇ ਸਰਕਾਰ ਨੂੰ ਵੀ ਉਸ ਵੱਲ ਗੌਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਵੀ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਮੁਕਤਸਰ ਸਾਹਿਬ।

25-04-2023

 ਪਾਣੀ ਸੰਭਾਲਣ ਦੀ ਲੋੜ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਪਰ ਹੁਣ ਸਾਫ਼ ਪਾਣੀ ਦੀ ਘਾਟ ਕਰਕੇ ਅਤੇ ਧਰਤੀ ਹੇਠਲਾ ਪਾਣੀ ਬਹੁਤ ਡੂੰਘੇ ਚਲੇ ਜਾਣ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਧਰਤੀ ਹੇਠਲੇ ਪਾਣੀ ਨੂੰ ਇੰਨਾ ਜ਼ਿਆਦਾ ਵਰਤਿਆ ਗਿਆ ਕਿ ਜਿਹੜਾ ਪਾਣੀ ਕਦੇ ਫੁੱਟ ਥੱਲੇ ਮਿਲਦਾ ਸੀ ਅੱਜ 150 ਫੁੱਟ ਹੇਠਾਂ ਜਾ ਚੁੱਕਾ ਹੈ। ਅਸੀਂ ਧਰਤੀ ਹੇਠਲੇ ਪਾਣੀ ਨੂੰ ਕੈਮੀਕਲ ਅਤੇ ਕੀਟਨਾਸ਼ਕ ਦਵਾਈਆਂ ਨਾਲ ਦੂਸ਼ਿਤ ਵੀ ਕੀਤਾ ਹੈ। ਇਹ ਪਾਣੀ ਪੀ ਕੇ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਕੈਂਸਰ ਵਰਗੇ ਮਾਰੂ ਰੋਗ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਅਸੀਂ ਹੁਣ ਵੀ ਪਾਣੀ ਦੀ ਸੰਭਾਲ ਅਤੇ ਇਸ ਦੀ ਸ਼ੁੱਧਤਾ ਲਈ ਕੋਈ ਯਤਨ ਨਹੀਂ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਮਾਰੂਥਲ ਬਣ ਜਾਵੇਗਾ। ਸਾਡੀ ਸਭ ਦੀ ਇਹ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਣੀ ਦੀ ਸੰਭਾਲ ਅਤੇ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ, ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਲਈ ਪਾਣੀ ਬਚਾਅ ਸਕਦੇ ਹਾਂ। ਸਰਕਾਰ ਨੂੰ ਵੀ ਪਾਣੀ ਦੀ ਸੰਭਾਲ ਲਈ ਵੱਡੀ ਪੱਧਰ 'ਤੇ ਜਾਗਰੂਕਤਾ ਅਤੇ ਸਖ਼ਤੀ ਕਰਨੀ ਚਾਹੀਦੀ ਹੈ। ਬਰਸਾਤ ਦੇ ਪਾਣੀ ਨੂੰ ਧਰਤੀ ਵਿਚ ਲੈ ਜਾਣ ਵਾਲੇ ਸਿਸਟਮ ਪ੍ਰਤੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਜਾਗਰੂਕ ਹੋ ਕੇ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਪਾਣੀ ਬਚਾਅ ਸਕਦੇ ਹਾਂ।

-ਲੈਕਚਰਾਰ ਆਰਤੀ ਸਚਦੇਵਾ
ਡਾਇਟ ਫ਼ਿਰੋਜ਼ਪੁਰ।

ਆਬਾਦੀ ਵਿਚ ਵਾਧਾ

ਬੀਤੇ ਦਿਨੀਂ 142 ਕਰੋੜ, 86 ਲੱਖ ਦੀ ਗਿਣਤੀ ਨਾਲ ਭਾਰਤ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਇਹ ਕੋਈ ਜ਼ਿਆਦਾ ਖ਼ੁਸ਼ੀ ਦੀ ਗੱਲ ਨਹੀਂ। ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਪਹਿਲਾਂ ਹੀ ਆਮ ਵਿਅਕਤੀਆਂ ਦਾ ਦੀਵਾਲਾ ਕੱਢਿਆ ਹੋਇਆ ਹੈ। ਕਹਾਵਤ ਹੈ ਕਿ ਇਕ ਤਾਂ ਕਾਣੀ ਦੂਜਾ ਕਣ ਪੈ ਗਿਆ। ਕੋਰੋਨਾ, ਨੋਟਬੰਦੀ ਵਰਗੇ ਹਾਲਾਤਾਂ ਨੇ ਲੋਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ। ਭੁੱਖਮਰੀ ਦੇ ਪੇਸ਼ ਆ ਰਹੇ ਅੰਕੜਿਆਂ ਵਿਚ ਭਾਰਤ ਦੀ ਹਾਲਤ ਚੰਗੀ ਨਹੀਂ। ਗੁਆਂਢੀ ਦੇਸ਼ਾਂ ਨਾਲੋਂ ਵੀ ਇਹ ਦਿਨੋਂ-ਦਿਨ ਪਛੜ ਰਿਹਾ ਹੈ। ਨੌਜਵਾਨ ਪ੍ਰਵਾਸ ਕਰਦੇ ਹੋਏ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਬ੍ਰੇਨ ਡਰੇਨ ਰੁਕ ਨਹੀਂ ਰਿਹਾ। ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੋਈ ਪਈ ਹੈ। ਭ੍ਰਿਸ਼ਟਾਚਾਰ ਅਤੇ ਨਸ਼ੇ ਰੁਕਣ ਦਾ ਨਾਂਅ ਨਹੀਂ ਲੈ ਰਹੇ, ਪ੍ਰਸ਼ਾਸਨ ਦੇ ਵੀ ਹੱਥ ਖੜ੍ਹੇ ਹੋ ਗਏ ਹਨ। ਨਾਜਾਇਜ਼ ਮਾਈਨਿੰਗ 'ਤੇ ਰੋਕ ਵੀ ਖ਼ਬਰਾਂ ਤੱਕ ਸਿਮਟ ਕੇ ਰਹਿ ਗਈ ਹੈ। ਅਜਿਹੇ ਸਮੇਂ ਜਦੋਂ ਦੇਸ਼ ਬਹੁ-ਪੱਖੀ ਸੰਕਟਾਂ ਵਿਚ ਘਿਰਿਆ ਹੋਇਆ ਹੈ। ਆਬਾਦੀ ਦਾ ਹੋਰ ਵਧਣਾ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਚੀਨ ਵਰਗੇ ਦੇਸ਼ਾਂ ਨੇ ਆਬਾਦੀ 'ਤੇ ਕੰਟਰੋਲ ਕੀਤਾ ਪਰ ਅਸੀਂ ਅਣਗੌਲਿਆ ਕਰਕੇ ਛੱਡਿਆ, ਜਿਸ ਦੇ ਭਵਿੱਖ ਵਿਚ ਗੰਭੀਰ ਸਿੱਟੇ ਨਿਕਲਣਗੇ। ਲੋੜ ਆਬਾਦੀ ਨੂੰ ਰੋਕਣ ਲਈ ਲੋੜੀਂਦੀ ਨੀਤੀ ਅਖ਼ਤਿਆਰ ਕਰਕੇ ਲਾਗੂ ਕਰਨ ਦੀ ਹੈ ਤਾਂ ਜੋ ਵਾਤਾਵਰਨ ਅਤੇ ਭੋਜਨ 'ਤੇ ਪੈ ਰਹੇ ਬੋਝ ਨੂੰ ਘਟਾਇਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਸਾਕਾਰਾਤਮਕ ਸੋਚ ਅਪਣਾਓ

ਉਸਾਰੂ ਸੋਚ ਹਰੇਕ ਵਿਅਕਤੀ ਦੇ ਜੀਵਨ 'ਚ ਇਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਸਾਡੀ ਸੋਚ ਦੇ ਦੋ ਮੁੱਖ ਪਹਿਲੂ ਹਨ ਨਕਾਰਾਤਮਕ ਅਤੇ ਸਾਕਾਰਾਤਮਕ। ਨਕਾਰਾਤਮਿਕ ਸੋਚ ਵਾਲਾ ਵਿਅਕਤੀ ਹਮੇਸ਼ਾ ਕੰਜੂਸ, ਤੰਗਦਿਲ ਅਤੇ ਪਿਛਾਂਹਖਿਚੂ ਵਿਚਾਰਾਂ ਵਾਲਾ ਹੁੰਦਾ ਹੈ। ਆਪਣੇ ਜੀਵਨ ਦੇ ਹਰੇਕ ਖੇਤਰ 'ਚ ਉਹ ਪਿੱਛੇ ਹੀ ਰਹਿ ਜਾਂਦਾ ਹੈ। ਆਪਣੀ ਨਕਾਰਾਤਮਕ ਸੋਚ ਕਾਰਨ ਨਾ ਤਾਂ ਉਹ ਖ਼ੁਦ ਅੱਗੇ ਵੱਧ ਸਕਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਅੱਗੇ ਵਧਦਾ ਦੇਖ ਸਕਦਾ ਹੈ ਪਰ ਠੀਕ ਇਸ ਦੇ ਉਲਟ ਸਾਕਾਰਾਤਮਕ ਸੋਚ ਵਾਲਾ ਇਨਸਾਨ ਉੱਨਤੀ ਦੇ ਸਿਖ਼ਰ 'ਤੇ ਪਹੁੰਚ ਜਾਂਦਾ ਹੈ। ਉਹ ਹੌਂਸਲੇ ਨਾਲ ਪੂਰੀ ਤਰ੍ਹਾਂ ਭਰਿਆ ਹੁੰਦਾ ਹੈ। ਉਹ ਆਪਣੇ ਰਾਹ 'ਚ ਆਈ ਵੱਡੀ ਤੋਂ ਵੱਡੀ ਔਕੜ ਦਾ ਡਟ ਕੇ ਮੁਕਾਬਲਾ ਕਰਦਾ ਹੈ। ਭੀੜ 'ਚ ਵੀ ਉਸ ਦੀ ਵੱਖਰੀ ਪਛਾਣ ਹੁੰਦੀ ਹੈ। ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਉਸਾਰੂ ਸੋਚ ਹਾਰ ਨੂੰ ਜਿੱਤ 'ਚ ਅਤੇ ਨਿਰਾਸ਼ਾ ਨੂੰ ਆਸ਼ਾ 'ਚ ਬਦਲ ਦਿੰਦੀ ਹੈ।ਸਾਕਾਰਾਤਮਕ ਸੋਚ ਰੱਖਣ ਵਾਲਾ ਵਿਅਕਤੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦਾ ਹੈ। ਇਸ ਲਈ ਲੋੜ ਹੈ ਜੀਵਨ 'ਚ ਸਹੀ ਉਸਾਰੂ ਅਤੇ ਸਾਕਾਰਾਤਮਕ ਸੋਚ ਅਪਣਾਉਣ ਦੀ।

-ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)

ਐਸ.ਸੀ. ਧਰਮਸ਼ਾਲਾ ਵਲ ਧਿਆਨ ਦੇਵੇ ਸਰਕਾਰ

ਪੰਜਾਬ ਅੰਦਰ ਐਸ.ਸੀ. ਸਮਾਜ ਲਈ ਬਣਾਈਆਂ ਗਈਆਂ ਧਰਮਸ਼ਾਲਾਵਾਂ ਵਿਚੋਂ ਬਹੁ-ਗਿਣਤੀ ਧਰਮਸ਼ਾਲਾ ਦੀ ਹਾਲਤ ਤਰਸੋਯਗ ਬਣਦੀ ਜਾ ਰਹੀ ਹੈ, ਜਿਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਐਸ.ਸੀ. ਸਮਾਜ ਕੋਲ ਆਪਣੇ ਘਰਾਂ ਅੰਦਰ ਸੀਮਤ ਏਰੀਆ ਹੋਣ ਕਾਰਨ ਉਹ ਆਪਣੇ ਧਾਰਮਿਕ, ਸਮਾਜਿਕ ਕੰਮਾਂ ਲਈ ਇਸ ਦੀ ਵਰਤੋਂ ਕਰਦੇ ਹਨ, ਪਰੰਤੂ ਕਈ ਜਗ੍ਹਾ ਇਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਗ੍ਰਾਂਟ ਜਾਰੀ ਕਰਕੇ ਲੋਕਾਂ ਲਈ ਰਾਹਤ ਪ੍ਰਦਾਨ ਕਰਨ, ਤਾਂ ਜੋ ਲੋਕ ਆਪਣੇ ਦੁੱਖ-ਸੁੱਖ ਸਮੇਂ ਇਸ ਦੀ ਵਰਤੋਂ ਕਰਕੇ ਆਪਣਾ ਚੰਗਾ ਜੀਵਨ ਬਸਰ ਕਰਨ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਾਲੋਰਕੋਟਲਾ)

ਲੁੱਟ ਦਾ ਨਵਾਂ ਢੰਗ

ਅੱਜ-ਕੱਲ੍ਹ ਡਰਾਅ ਪਾਉਣ ਦਾ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਹੈ। ਇਹ ਕੰਮ ਤਕਰੀਬਨ ਵੱਡੇ-ਵੱਡੇ ਸ਼ਹਿਰਾਂ ਅਤੇ ਸਾਰੀਆਂ ਮੰਡੀਆਂ ਵਿਚ ਧੜੱਲੇ ਨਾਲ ਚੱਲ ਰਿਹਾ ਹੈ। ਇਹ ਲੋਕ ਸਰਕਾਰ ਜਾਂ ਹੋਰ ਕਿਸੇ ਪ੍ਰਸ਼ਾਸਨ ਅਧਿਕਾਰੀ ਤੋਂ ਵੀ ਇਜਾਜ਼ਤ ਨਹੀਂ ਲੈਂਦੇ। ਇਸ ਵਿਚ ਕੁਝ ਲੋਕ ਇਕੱਠੇ ਹੋ ਕੇ ਆਪਣੇ ਹੀ ਢੰਗ ਨਾਲ ਆਪਣੀਆਂ ਸ਼ਰਤਾਂ ਦੇ ਹਿਸਾਬ ਨਾਲ ਆਪਣੀਆਂ ਹੀ ਪਰਚੀਆਂ ਛਪਵਾ ਕੇ ਡਰਾਅ ਕੱਢਦੇ ਹਨ। ਇਹ ਲੋਕ ਆਪਣੀ ਮਸ਼ਹੂਰੀ ਲਈ ਵੱਡੇ-ਵੱਡੇ ਪੋਸਟਰ ਬਣਾਉਂਦੇ ਹਨ। ਉਸ ਵਿਚ ਕਾਫੀ ਇਨਾਮ ਲਿਖ ਕੇ ਉਨ੍ਹਾਂ ਦੀਆਂ ਤਸਵੀਰਾਂ ਛਪਵਾ ਦਿੰਦੇ ਹਨ, ਜਿਨ੍ਹਾਂ ਵਿਚ ਟਰੈਕਟਰ, ਥਾਰ, ਬੁਲਟ ਮੋਟਰਸਾਈਕਲ ਅਤੇ ਹੋਰ ਕਾਫੀ ਵੱਡੇ-ਵੱਡੇ ਇਨਾਮ ਰੱਖ ਦਿੰਦੇ ਹਨ। ਇਹ ਆਨਲਾਈਨ ਵੀ ਲੋਕਾਂ ਨੂੰ ਕੂਪਨ ਵੇਚਦੇ ਹਨ। ਇਹ ਲੋਕ ਟਿਕਟ ਜਾਂ ਕੂਪਨ ਦਾ ਰੇਟ ਤਿੰਨ ਹਜ਼ਾਰ ਤੋਂ ਪੰਜ ਹਜ਼ਾਰ ਤੱਕ ਰੱਖ ਦਿੰਦੇ ਹਨ। ਭੋਲੇ-ਭਾਲੇ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਇਹ ਜੋ ਡਰਾਅ ਕੱਢਣ ਦੀ ਤਰੀਕ ਲੋਕਾਂ ਨੂੰ ਦਿੰਦੇ ਹਨ। ਜਦੋਂ ਲੋਕ ਡਰਾਅ ਕੱਢਣ ਵਾਲੀ ਤਰੀਕ ਨੂੰ ਡਰਾਅ ਵਾਲੀ ਜਗ੍ਹਾ 'ਤੇ ਪੁੱਜਦੇ ਹਨ। ਇਹ ਕਹਿ ਦਿੰਦੇ ਹਨ ਕਿ ਡਰਾਅ ਤਾਂ ਕੱਲ੍ਹ ਹੀ ਨਿਕਲ ਗਿਆ। ਜਦੋਂ ਲੋਕ ਪੁੱਛਦੇ ਹਨ ਕਿ ਕੂਪਨ 'ਤੇ ਤਾਂ ਅੱਜ ਦੀ ਤਰੀਕ ਪਈ ਹੈ। ਫਿਰ ਇਹ ਲੋਕਾਂ ਨੂੰ ਬਹਾਨਾ ਮਾਰ ਦਿੰਦੇ ਹਨ ਕਿ ਵਟਸਐਪ ਗਰੁੱਪ ਵਿਚ ਪਾ ਦਿੱਤਾ ਸੀ। ਇਹ ਲੋਕ ਡਰਾਅ ਆਪਣੇ ਖ਼ਾਸ-ਖ਼ਾਸ ਬੰਦਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕੱਢ ਦਿੰਦੇ ਹਨ। ਇਹ ਲੋਕ ਡਰਾਅ ਦੇ ਨਾਂਅ 'ਤੇ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਦੀ ਲੁੱਟ ਕਰਕੇ, ਲੋਕਾਂ ਨਾਲ ਧੋਖਾ ਕਰ ਰਹੇ ਹਨ। ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਬਿਨਾਂ ਇਜਾਜ਼ਤ ਇਹ ਕੰਮ ਕਰਨ ਤੋਂ ਰੋਕਿਆ ਜਾਵੇ। ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਗਲੀ ਨੰਬਰ-11, ਬਠਿੰਡਾ।

24-04-2023

 ਨੌਜਵਾਨਾਂ ਦਾ ਪਰਵਾਸ
5 ਅਪ੍ਰੈਲ ਦੇ ਅੰਕ ਦੇ ਸੰਪਾਦਕੀ ਪੰਨੇ 'ਤੇ ਬੱਬੂ ਤੀਰ ਦਾ ਲੇਖ 'ਕੀ ਨੌਜਵਾਨਾਂ ਤੋਂ ਬਿਨਾਂ ਪੰਜਾਬ ਖ਼ੁਸ਼ਹਾਲ ਹੋ ਸਕੇਗਾ?' ਪੰਜਾਬ ਦੇ ਸਿਆਸਤਦਾਨਾਂ ਅਤੇ ਹਾਕਮ ਧਿਰ ਤੋਂ ਲਗਾਤਾਰ ਵਿਦੇਸ਼ਾਂ ਵਲ ਭੱਜ ਰਹੀ ਪੰਜਾਬ ਦੀ ਨੌਜਵਾਨੀ ਦੇ ਪਰਵਾਸ ਨੂੰ ਰੋਕਣ ਲਈ ਸਾਰਥਕ ਹੱਲ ਲੱਭਣ ਦੀ ਮੰਗ ਕਰਦਾ ਹੈ। ਲੇਖਿਕਾ ਦੀ ਇਹ ਗੱਲ ਪੰਜਾਬ ਦੇ ਸਿਆਸਤਦਾਨਾਂ ਅਤੇ ਹਾਕਮ ਧਿਰ ਨੂੰ ਗੰਭੀਰਤਾ ਨਾਲ ਸੋਚਣ ਦੀ ਤਾਕੀਦ ਕਰਦੀ ਹੈ ਕਿ ਵੱਡੀ ਪੱਧਰ 'ਤੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਪਰਵਾਸ ਕਾਰਨ ਆਖਰ ਪੰਜਾਬ ਦੀ ਭਵਿੱਖ 'ਚ ਕੀ ਤਸਵੀਰ ਹੋਵੇਗੀ? ਜਿਵੇਂ ਨੌਜਵਾਨ ਰੁਜ਼ਗਾਰ ਦੀ ਭਾਲ 'ਚ ਲਗਾਤਾਰ ਵਿਦੇਸ਼ ਜਾ ਰਹੇ ਹਨ, ਉਸ ਨੂੰ ਦੇਖਦਿਆਂ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਲਈ ਸੂਬੇ 'ਚ ਰੁਜ਼ਗਾਰ ਦੇ ਵਧੇਰੇ ਵਸੀਲੇ ਪੈਦਾ ਕਰਨ ਅਤੇ ਪੰਜਾਬ 'ਚ ਖੇਤੀ ਆਧਾਰਿਤ ਉਦਯੋਗਾਂ ਦੀ ਸਥਾਪਤੀ ਦੀ ਲੋੜ ਹੈ। ਇਸ ਉੱਦਮ ਲਈ ਸਿਆਸਤਦਾਨਾਂ ਦਾ ਇਮਾਨਦਾਰ ਅਤੇ ਮਸਲੇ ਦੇ ਹੱਲ ਲਈ ਗੰਭੀਰ ਹੋਣਾ ਜ਼ਰੂਰੀ ਹੈ ਅਤੇ ਪਰਵਾਸ ਨੂੰ ਰੋਕਣ ਲਈ ਨਿਰ੍ਹੇ-ਪੁਰੇ ਅਖ਼ਬਾਰੀ ਬਿਆਨਾਂ ਦੀ ਨਹੀਂ, ਸਗੋਂ ਸਾਰਥਿਕ ਹੱਲ ਲਈ ਲੰਮੇ ਸਮੇਂ ਲਈ ਰੁਜ਼ਗਾਰ ਦਬਾਊ ਯੋਜਨਾਵਾਂ ਬਣਾਉਣ ਦੀ ਲੋੜ ਹੈ। ਨਹੀਂ ਤਾਂ ਭਵਿੱਖ 'ਚ ਅਜਿਹਾ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ 'ਚ ਤੇ ਬਿਰਧ ਇਥੇ ਰੁਲਣ ਲਈ ਮਜਬੂਰ ਹੋਣਗੇ ਅਤੇ ਪੰਜਾਬ 'ਚ ਪ੍ਰਵਾਸੀ ਮਜ਼ਦੂਰਾਂ ਦੀ ਭਰਮਾਰ ਹੋਣ ਕਾਰਨ ਪੰਜਾਬ ਦਾ ਸਮੁੱਚਾ ਸੱਭਿਆਚਾਰ ਹੀ ਬਦਲਿਆ ਨਜ਼ਰ ਆਵੇਗਾ।


-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)


ਵਿਦੇਸ਼ ਜਾਣ ਦਾ ਰੁਝਾਨ
ਬੀਤੇ ਕੁਝ ਸਮੇਂ ਤੋਂ ਇਹ ਗੱਲ ਆਮ ਦੇਖਣ/ਸੁਣਨ ਵਿਚ ਆਉਂਦੀ ਹੈ ਕਿ ਪਹਿਲਾਂ ਤਾਂ ਪੰਜਾਬੀਆਂ ਵਲੋਂ ਵਿਦੇਸ਼ਾਂ ਵਿਚ ਜਾ ਕੇ ਸਖ਼ਤ ਮਿਹਨਤ ਕਰਕੇ ਕਮਾਇਆ ਪੈਸਾ ਪੰਜਾਬ ਭੇਜਿਆ ਜਾਂਦਾ ਸੀ ਅਤੇ ਖੁਦ ਵੀ ਵਾਪਸ ਆਪਣੇ ਘਰਾਂ ਨੂੰ ਪਰਤਿਆ ਜਾਂਦਾ ਸੀ, ਪਰ ਹੁਣ ਪੰਜਾਬ ਵਿਚ ਬੇਰੁਜ਼ਗਾਰੀ ਅਤੇ ਸਿਸਟਮ ਵਿਚ ਆਈ ਖਰਾਬੀ ਕਾਰਨ ਪੰਜਾਬੀਆਂ ਅਤੇ ਖ਼ਾਸ ਕਰਕੇ ਨੌਜਵਾਨ ਵਰਗ ਦਾ ਵੱਡਾ ਹਿੱਸਾ ਵਿਦੇਸ਼ਾਂ ਵਿਚ ਪੜ੍ਹਾਈ/ਕਮਾਈ ਕਰਨ ਵਾਸਤੇ ਤਾਂ ਜਾ ਰਿਹਾ ਹੈ, ਪਰ ਨਾ ਤਾਂ ਉਹ ਕਮਾਈ/ਪੜ੍ਹਾਈ ਕਰਕੇ ਵਾਪਸ ਪੰਜਾਬ ਆ ਰਿਹਾ ਹੈ ਅਤੇ ਨਾ ਹੀ ਕਮਾਇਆ ਪੈਸਾ ਪੰਜਾਬ ਭੇਜਣ ਲਈ ਤਿਆਰ ਹੈ। ਅਰਥਾਤ ਪਹਿਲਾਂ ਪੈਸਾ ਵਿਦੇਸ਼ਾਂ ਵਿਚੋਂ ਪੰਜਾਬ ਆਉਂਦਾ ਸੀ ਅਤੇ ਹੁਣ ਪੰਜਾਬ ਦਾ ਪੈਸਾ (ਕਰੋੜਾਂ ਰੁਪਏ) ਵਿਦੇਸ਼ਾਂ ਵਿਚ ਬੱਚਿਆਂ ਦੀ ਪੜ੍ਹਾਈ ਬਾਬਤ ਜਾ ਰਿਹਾ ਹੈ, ਜਿਸ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ ਅਤੇ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਏਨਾ ਹੀ ਨਹੀਂ, ਪਹਿਲਾਂ ਪੰਜਾਬੀਆਂ ਵਲੋਂ ਵਿਦੇਸ਼ਾਂ ਦੀ ਕਮਾਈ ਨਾਲ ਪੰਜਾਬ ਵਿਚ ਜ਼ਮੀਨਾਂ/ਜਾਇਦਾਦਾਂ ਖਰੀਦੀਆਂ ਜਾਂਦੀਆਂ ਸਨ, ਪਰ ਹੁਣ ਵਿਦੇਸ਼ਾਂ ਵਿਚ ਗਏ ਨੌਜਵਾਨ ਉੱਥੇ ਪੱਕੇ ਤੌਰ 'ਤੇ ਵੱਸ ਰਹੇ ਹਨ ਅਤੇ ਆਪਣੀਆਂ ਪੰਜਾਬ ਵਿਚਲੀਆਂ ਜ਼ਮੀਨਾਂ/ਜਾਇਦਾਦਾਂ ਵੇਚ ਕੇ, ਆਪਣੇ ਮਾਪਿਆਂ ਨੂੰ ਵੀ ਆਪਣੇ ਪਾਸ ਲਿਜਾ ਰਹੇ ਹਨ। ਬਿਨਾਂ ਸ਼ੱਕ ਇਹ ਇਕ ਚਿੰਤਾ ਦਾ ਵਿਸ਼ਾ ਹੈ। ਜੇਕਰ ਪੰਜਾਬ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਢੁਕਵਾਂ ਰੁਜ਼ਗਾਰ (ਯੋਗਤਾ ਮੁਤਾਬਕ) ਅਤੇ ਸਾਜ਼ਗਾਰ ਮਾਹੌਲ ਪ੍ਰਦਾਨ ਕਰੇ ਤਾਂ ਵਿਦੇਸ਼ਾਂ ਵਿਚ ਨੌਜਵਾਨ ਵਰਗ ਦੇ ਜਾਣ ਦਾ ਰੁਝਾਨ ਰੁਕ/ਬੰਦ ਹੋ ਸਕਦਾ ਹੈ ਅਤੇ ਪੰਜਾਬ ਦਾ ਪੈਸਾ ਪੰਜਾਬ ਵਿਚ ਲੱਗ ਸਕਦਾ ਹੈ। ਸਿੱਟੇ ਵਜੋਂ ਪੰਜਾਬ ਦੀ ਸਰਬਪੱਖੀ ਤਰੱਕੀ ਅਤੇ ਵਿਕਾਸ ਦਾ ਰਾਹ ਖੁੱਲ੍ਹ ਸਕਦਾ ਹੈ। ਕੀ ਪੰਜਾਬ ਸਰਕਾਰ ਇਸ ਦਿਸ਼ਾ ਵੱਲ ਕੋਈ ਕਦਮ ਉਠਾਏਗੀ? ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।


ਕੁਦਰਤ, ਕਿਸਾਨ ਤੇ ਕਣਕ
ਜਿਉਂ ਹੀ ਅਪ੍ਰੈਲ ਦਾ ਮਹੀਨਾ ਚੜ੍ਹਿਆ ਹੈ ਅਤੇ ਕਿਸਾਨਾਂ ਦੀ ਕਣਕ ਪੱਕਣ ਦੇ ਨੇੜੇ ਆਈ ਹੈ, ਕਈ ਥਾਈਂ ਪੱਕ ਵੀ ਗਈ ਹੋਵੇਗੀ, ਤਿਉਂ ਹੀ ਕੁਦਰਤ ਵੀ ਕਿਸਾਨ 'ਤੇ ਕਹਿਰਵਾਨ ਹੋਈ ਹੈ। ਭਾਵੇਂ ਕਿ ਪਹਿਲਾਂ ਹੀ ਪਏ ਮੀਂਹ ਨੇ ਕਿਸਾਨਾਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕੀਤਾ ਸੀ ਪਰ ਹੁਣ ਫਿਰ ਬੇਮੌਸਮੀ ਬਾਰਿਸ਼, ਹਨੇੜੀ, ਗੜੇਮਾਰੀ ਨੇ ਕਣਕ ਦੀ ਫ਼ਸਲ ਦੀ ਰਹਿੰਦੀ-ਖੂੰਹਦੀ ਕਸਰ ਵੀ ਕੱਢ ਦਿੱਤੀ ਹੈ ਅਤੇ ਕਿਸਾਨਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਭਾਵੇਂ ਸਰਕਾਰ ਨੇ ਪਹਿਲਾਂ ਵੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੋਇਆ ਹੈ, ਪ੍ਰੰਤੂ ਹੁਣ ਫਿਰ ਸਰਕਾਰ ਨੂੰ ਜਿਥੇ-ਜਿਥੇ ਵੀ ਬਾਰਿਸ਼ ਅਤੇ ਗੜੇਮਾਰੀ ਹੋਈ ਹੈ, ਕਿਸਾਨਾਂ ਨੂੰ ਜੰਗੀ ਪੱਧਰ 'ਤੇ ਜ਼ਮੀਨੀ ਪੱਧਰ 'ਤੇ ਗਿਰਦਾਵਰੀ ਤੁਰੰਤ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਦੇ ਖਰਚੇ ਦੀ ਕੁਝ ਤੇ ਭਰਪਾਈ ਹੋ ਸਕੇ ਤਾਂ ਕਿਸਾਨਾਂ ਦਾ ਕੁਝ ਦਰਦ ਘੱਟ ਕੀਤਾ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਵੋਟ ਪਾਉਣ ਜ਼ਰੂਰ ਜਾਓ
ਲੋਕ ਸਭਾ ਖੇਤਰ ਜਲੰਧਰ ਵਿਚ ਸਾਬਕਾ ਮੈਂਬਰ ਸੰਸਦ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਉਪ ਚੋਣਾਂ ਦਾ ਮਾਹੌਲ ਬਣਿਆ ਹੈ। ਜਦੋਂ ਕਿ ਇਹ ਚੋਣ ਜਿੱਤਣ ਵਾਲਾ ਸਿਰਫ਼ ਸਾਲ ਕੁ ਸੰਸਦ ਮੈਂਬਰ ਰਹੇਗਾ ਪਰ ਫਿਰ ਵੀ ਇਹ ਚੋਣ ਸਾਰੀਆਂ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਹੈ। ਜਿਥੇ ਹਰ ਪਾਰਟੀ ਲੋਕਾਂ ਦੇ ਕੰਮ ਵਧ ਚੜ੍ਹ ਕੇ ਕਰਨ ਦਾ ਵਾਅਦਾ ਕਰ ਰਹੀ ਹੈ ਉਥੇ ਹਰ ਪਾਰਟੀ ਦੇ ਨੇਤਾਵਾਂ ਵਲੋਂ ਲੋਕਾਂ ਨਾਲ ਘਰੋਂ-ਘਰੀਂ ਜਾ ਕੇ ਸੰਪਰਕ ਸਾਧਿਆ ਜਾ ਰਿਹਾ ਹੈ। ਕਈ ਇਲਾਕਿਆਂ ਵਿਚ ਵੱਡੇ ਨੇਤਾਵਾਂ ਵਲੋਂ ਜਲਸੇ ਅਤੇ ਜਨਸਭਾਵਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਅੱਗੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਭਾਰਤ ਇਕ ਲੋਕਤੰਤਰ ਦੇਸ਼ ਹੈ। ਇਥੇ ਹਰ ਬਾਲਗ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ। ਇਹ ਅਧਿਕਾਰ ਕਿਸੇ ਪਾਰਟੀ ਵਲੋਂ ਸਾਨੂੰ ਨਹੀਂ ਦਿੱਤਾ ਗਿਆ, ਬਲਕਿ ਸਾਡੇ ਸੰਵਿਧਾਨ ਵਲੋਂ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ ਤਾਂ ਕਿ ਲੋਕਤੰਤਰ ਕਾਇਮ ਰਹਿ ਸਕੇ।


-ਅਸ਼ੀਸ਼ ਸ਼ਰਮਾ
ਜਲੰਧਰ

21-04-2023

 ਵਿਗੜਦਾ ਜਾ ਰਿਹਾ ਮੌਸਮੀ ਚੱਕਰ
ਸਾਲ ਦਰ ਸਾਲ ਤਾਪਮਾਨ 'ਚ ਹੋ ਰਿਹਾ ਨਿਰੰਤਰ ਵਾਧਾ ਤੇ ਅਸੰਤੁਲਿਤ ਹੁੰਦਾ ਜਾਂਦਾ ਮੌਸਮ ਆਉਣ ਵੇਲੇ ਸਮੇਂ ਲਈ ਖ਼ਤਰੇ ਦੀ ਘੰਟੀ ਹੈ। ਲਗਾਤਾਰ ਹੋ ਰਹੀ ਦਰੱਖਤਾਂ ਦੀ ਕਟਾਈ ਤੇ ਵੱਧ ਰਹੀਆਂ ਫੈਕਟਰੀਆਂ ਦਾ ਧੂੰਆਂ, ਆਵਾਜਾਈ ਦੇ ਸਾਧਨ ਕੁਦਰਤ ਨੂੰ ਗੰਧਲਾ ਕਰਨ 'ਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਇਸ ਦੇ ਸਿੱਟੇ ਆਉਣ ਵਾਲੀਆਂ ਨਸਲਾਂ ਤੇ ਫ਼ਸਲਾਂ ਨੂੰ ਭੁਗਤਣੇ ਪੈਣਗੇ। ਮੌਸਮ ਦੇ ਵਿਗਾੜ ਨੂੰ ਰੋਕਣ ਲਈ ਜਿੱਥੇ ਵਧ ਰਹੇ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ ਦੀ ਜ਼ਰੂਰਤ ਹੈ, ਉਥੇ ਹੀ ਵੱਧ ਤੋਂ ਵੱਧ ਬੂਟੇ ਲਗਾ ਕੇ ਦਰੱਖ਼ਤਾਂ ਹੇਠ ਰਕਬੇ ਨੂੰ ਵਧਾਉਣਾ ਚਾਹੀਦਾ ਹੈ। ਬੂਟੇ ਲਗਾਉਣ ਲਈ ਪੂਰੀ ਤਰ੍ਹਾਂ ਢੁਕਵਾਂ ਸਮਾਂ ਆਉਣ ਵਾਲਾ ਹੈ। ਆਓ, ਮਿਲ ਕੇ ਖਾਲੀ ਸ਼ਾਮਲਾਤ ਜ਼ਮੀਨਾਂ, ਸੂਏ ਕੱਸੀਆਂ, ਸੜਕਾਂ ਦੇ ਆਸੇ-ਪਾਸੇ ਜਿੱਥੇ ਵੀ ਜਗ੍ਹਾ ਮਿਲੇ ਉੱਥੇ ਵਧ ਤੋਂ ਵਧ ਬੂਟੇ ਲਗਾ ਕੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਅਦਾ ਕਰੀਏ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਸੀਲ ਸਮਰਾਲਾ (ਲੁਧਿਆਣਾ)

ਮਾਂ ਬੋਲੀ ਦਾ ਸਤਿਕਾਰ
ਸਾਡੀ ਮਾਂ ਬੋਲੀ ਪੰਜਾਬੀ ਗੁਰੂਆਂ, ਪੀਰਾਂ, ਅਵਤਾਰਾਂ ਅਤੇ ਪੈਗ਼ੰਬਰਾਂ ਦੀ ਬੋਲੀ ਹੈ। ਇਹ ਬਹੁਤ ਹੀ ਪਿਆਰੀ, ਮਿੱਠੀ, ਨਿੱਘੀ, ਦਿਲ ਨੂੰ ਸਕੂਨ ਦੇਣ ਵਾਲੀ ਭਾਸ਼ਾ ਹੈ। ਇਸ ਨੂੰ ਬੋਲਣ, ਲਿਖਣ ਤੇ ਪੜ੍ਹਨ ਲੱਗਿਆਂ ਮਾਣ ਮਹਿਸੂਸ ਹੁੰਦਾ ਹੈ। ਪੰਜਾਬੀ ਬੋਲੀ ਤੋਂ ਬਿਨਾਂ ਪੰਜਾਬੀਆਂ ਦੀ ਕੋਈ ਹੋਂਦ ਨਹੀਂ ਹੈ। ਪਰ ਬਹੁਤ ਸਾਰੇ ਪੜ੍ਹੇ ਲਿਖੇ ਪੰਜਾਬੀ ਲੋਕ ਇਸ ਨੂੰ ਬੋਲਣ ਵੇਲੇ ਵੀ ਬੇਇੱਜ਼ਤੀ ਮਹਿਸੂਸ ਕਰਦੇ ਹਨ ਅਤੇ ਅੰਗਰੇਜ਼ੀ ਨੂੰ ਮਾਨਤਾ ਦਿੰਦੇ ਹਨ। ਅਜਿਹੇ ਲੋਕ ਆਪਣੇ ਬੱਚਿਆਂ ਨੂੰ ਮਾਡਰਨ ਬਣਾਉਣ ਦੀ ਹੋੜ ਹੇਠ ਉਨ੍ਹਾਂ ਨਾਲ ਵੀ ਅੰਗਰੇਜ਼ੀ ਵਿਚ ਹੀ ਗੱਲਬਾਤ ਕਰਨ ਨੂੰ ਤਰਜੀਹ ਦਿੰਦੇ ਹਨ। ਮੰਨਿਆ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ ਪਰ ਬਾਕੀ ਭਾਸ਼ਾਵਾਂ ਨਾਲੋਂ ਵੱਧ ਜ਼ਰੂਰੀ ਆਪਣੀ ਮਾਤ ਭਾਸ਼ਾ ਹੁੰਦੀ ਹੈ। ਕੋਈ ਵੀ ਵਿਅਕਤੀ ਜਿੰਨੀ ਜਲਦੀ ਆਪਣੀ ਮਾਤ ਭਾਸ਼ਾ ਵਿਚ ਸਿੱਖ ਸਕਦਾ ਹੈ ਉਹ ਹੋਰ ਕਿਸੇ ਭਾਸ਼ਾ ਵਿਚ ਓਨੀ ਜਲਦੀ ਨਹੀਂ ਸਿੱਖ ਸਕਦਾ। ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਮਾਤ ਭਾਸ਼ਾ ਵਿਚ ਹੀ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਆਪਣੀ ਮਾਂ ਬੋਲੀ ਨੂੰ ਬੋਲਣ ਲੱਗਿਆਂ ਸ਼ਰਮ ਕਰਨ ਦੀ ਬਜਾਏ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਹਰਪ੍ਰੀਤ ਸਿੰਘ ਸਿਹੋੜਾ
ਪਿੰਡ-ਡਾਕ. ਸਿਹੋੜਾ, ਤਹਿਸੀਲ-ਪਾਇਲ (ਲੁਧਿਆਣਾ)

ਪੁੱਟਪਾਥਾਂ ਤੋਂ ਕਬਜ਼ੇ ਹਟਾਓ
ਸ਼ਹਿਰਾਂ ਵਿਚ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬਹੁਤੇ ਦੁਕਾਨਦਾਰ ਇਕ-ਦੂਜੇ ਤੋਂ ਅੱਗੇ ਹੋ-ਹੋ ਕੇ ਆਪਣੀਆਂ ਦੁਕਾਨਾਂ ਦੇ ਮਸ਼ਹੂਰੀ ਵਾਲੇ ਬੋਰਡ ਦੁਕਾਨਾਂ ਅੱਗੇ ਫੁਟਪਾਥਾਂ 'ਤੇ ਰੱਖ ਦਿੰਦੇ ਹਨ, ਬਹੁਤੇ ਦੁਕਾਨਦਾਰ ਤਾਂ ਅਜਿਹੇ ਵੀ ਹਨ, ਜੋ ਉਤੋਂ ਤਾਂ ਬੜੇ ਧਰਮੀ ਕਿਸਮ ਦੇ ਹੁੰਦੇ ਹਨ ਪਰ ਆਪਣੀ ਦੁਕਾਨ ਦਾ ਸਾਮਾਨ ਸ਼ਰੇਆਮ ਫੁੱਟਪਾਥਾਂ ਤੇ ਰੱਖ ਕੇ ਲੰਘਣ ਵਾਲੇ ਰਾਹਗੀਰਾਂ ਲਈ ਵੱਡੀ ਮੁਸੀਬਤ ਖੜ੍ਹੀ ਕਰਦੇ ਹਨ। ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮਨੁੱਖਤਾ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਨੈਤਿਕਤਾ ਦੇ ਆਧਾਰ 'ਤੇ ਫੁੱਟਪਾਥਾਂ ਨੂੰ ਖ਼ਾਲੀ ਰੱਖਣਾ ਚਾਹੀਦਾ ਹੈ, ਸਰਕਾਰ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਸਖ਼ਤੀ ਵਰਤਣੀ ਚਾਹੀਦੀ ਹੈ।

-ਬਲਜੀਤ ਸਿੰਘ ਕੁਲਾਰ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)

ਸਫ਼ਾਈ ਦਾ ਰੱਖੋ ਖ਼ਾਸ ਧਿਆਨ
ਕਸਬਿਆਂ ਅਤੇ ਸ਼ਹਿਰਾਂ ਵਿਚ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬਹੁਤੀ ਥਾਈਂ ਸੀਵਰੇਜ ਸਿਸਟਮ ਅਕਸਰ ਹੀ ਠੱਪ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ/ਗਲੀਆਂ ਵਿਚ ਫੈਲ ਜਾਂਦਾ ਹੈ, ਜਿਸ ਕਰਕੇ ਗੰਭੀਰ ਬਿਮਾਰੀਆਂ ਲੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਮੱਛਰ ਅਲੱਗ ਤੋਂ ਪ੍ਰੇਸ਼ਾਨ ਕਰਦਾ ਹੈ। ਲੰਘਣ ਸਮੇਂ ਵੀ ਕਾਫੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੀਵਰੇਜ ਦਾ ਬੰਦ ਹੋਣਾ ਜ਼ਿਆਦਾਤਰ ਪਾਲੀਥੀਨ ਦੇ ਲਿਫ਼ਾਫ਼ੇ ਸੀਵਰੇਜ ਵਿਚ ਸੁੱਟਣ ਕਰਕੇ ਹੀ ਹੁੰਦਾ ਹੈ। ਸੋ, ਸਾਨੂੰ ਸਭ ਨੂੰ ਸੀਵਰੇਜ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਦੇ ਹੋਏ, ਸੀਵਰੇਜ ਵਿਚ ਲਿਫ਼ਾਫ਼ੇ ਅਤੇ ਹੋਰ ਪਲਾਸਟਿਕ ਆਦਿ ਬਿਲਕੁਲ ਵੀ ਨਹੀਂ ਸੁੱਟਣੇ ਚਾਹੀਦੇ। ਕਿਉਂਕਿ ਇਸ ਤਰ੍ਹਾਂ ਕਰਨ ਕਰਕੇ ਸਫ਼ਾਈ ਮੁਲਾਜ਼ਮਾਂ ਨੂੰ ਵੀ ਦਿੱਕਤ ਪੇਸ਼ ਆਉਂਦੀ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ, ਬਠਿੰਡਾ।

ਫ਼ੋਨ ਦੀ ਬੇਲੋੜੀ ਵਰਤੋਂ
ਟੈਲੀਫੋਨ ਦੀ ਮਨੁੱਖੀ ਜੀਵਨ ਵਿਚ ਬਹੁਤ ਮਹੱਤਤਾ ਹੈ, ਜਦੋਂ ਦਾ ਅਸੀਂ ਫੋਨ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ, ਸਾਡੇ ਕੰਮ ਬਹੁਤ ਸੁਖਾਲੇ ਹੋ ਗਏ ਨੇ ਅਤੇ ਸਮੇਂ ਦੀ ਵੀ ਬਹੁਤ ਬੱਚਤ ਹੋਣ ਲੱਗ ਗਈ ਹੈ। ਵਿਗਿਆਨ ਮਨੁੱਖਤਾ ਲਈ ਵਰਦਾਨ ਸਾਬਿਤ ਹੋਇਆ ਹੈ। ਪਰ ਜਿੱਥੇ ਵਿਗਿਆਨ ਦੇ ਅਵਿਸ਼ਕਾਰਾਂ ਨੇ ਸੰਸਾਰ ਨੂੰ ਮਾਲਾਮਾਲ ਕੀਤਾ ਹੈ, ਉਥੇ ਹੀ ਇਨ੍ਹਾਂ ਨਾਲ ਹੋਣ ਵਾਲੇ ਗਲਤ ਪ੍ਰਭਾਵਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਟੈਲੀਫੋਨ ਤੋਂ ਬਾਅਦ ਮੋਬਾਈਲ ਸਾਡੇ ਲਈ ਇਕ ਅਜਿਹਾ ਸਾਧਨ ਹੈ, ਜੋ ਸਾਨੂੰ ਇੰਟਰਨੈੱਟ ਨਾਲ ਜੋੜ ਕੇ ਰੱਖਦਾ ਹੈ, ਜਿਸ ਰਾਹੀਂ ਅਸੀਂ ਘਰ ਬੈਠੇ ਦੀਨ-ਦੁਨੀਆ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਪਰ, ਅੱਜ-ਕੱਲ੍ਹ ਇਹ ਘਰੇਲੂ ਕਲੇਸ਼ ਦਾ ਮੁੱਖ ਕਾਰਨ ਵੀ ਬਣਿਆ ਹੋਇਆ ਹੈ। ਲਗਭਗ ਅਜਿਹਾ ਕੋਈ ਪਰਿਵਾਰ ਨਹੀਂ ਹੋਣਾ, ਜਿਸ ਦੇ ਘਰ ਆਪਸੀ ਤੂੰ-ਤੂੰ, ਮੈਂ-ਮੈਂ ਨਾ ਹੁੰਦੀ ਹੋਵੇ ਅਤੇ ਥੋੜੇ ਸਮੇਂ ਬਾਅਦ ਹੀ ਸੁਲਾ ਅਤੇ ਰਾਜ਼ੀ-ਬਾਜ਼ੀ ਹੋ ਜਾਂਦੀ ਹੈ। ਜਿਵੇਂ ਸਿਆਣੇ ਕਹਿੰਦੇ ਨੇ ਅਖੇ 'ਜਿਸ ਘਰ ਦੋ ਭਾਂਡੇ ਹੋਣਗੇ, ਉੱਥੇ ਹੀ ਖੜਕਣਗੇ, ਇਕੱਲਾ ਭਾਂਡਾ ਥੋੜ੍ਹੀ ਖੜਕੂ' ਠੀਸ ਉਸੇ ਤਰ੍ਹਾਂ ਹੀ ਭਰੇ ਪਰਿਵਾਰ 'ਚ ਛੋਟੇ-ਮੋਟੇ ਮਸਲੇ ਆਉਂਦੇ ਅਤੇ ਹੱਲ ਹੁੰਦੇ ਰਹਿੰਦੇ ਨੇ। ਪਰਿਵਾਰ ਦੇ ਇਨ੍ਹਾਂ ਛੋਟੇ ਮਸਲਿਆਂ ਨੂੰ ਸਾਡਾ ਫੋਨ ਕਈ ਵਾਰੀ ਬਹੁਤ ਹੀ ਘਾਤਕ ਰੂਪ ਦੇ ਦਿੰਦਾ ਹੈ। ਜਦੋਂ ਅਸੀਂ ਗੁੱਸੇ 'ਚ ਆਪਣੇ ਪਰਿਵਾਰ ਦੀ ਪਲ-ਪਲ ਦੀ ਹਰ ਗੱਲ ਹੋਰਾਂ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਮਸਲੇ ਛੋਟੇ ਤੋਂ ਵੱਡੇ ਹੋ ਜਾਂਦੇ ਨੇ ਤੇ ਕਈ ਵਾਰੀ ਬਹੁਤ ਹੀ ਘਾਤਕ ਸਿੱਧ ਹੁੰਦੇ ਹਨ। ਇਸ ਲਈ ਸਾਨੂੰ ਫੋਨ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ।

-ਕੇਵਲ ਸਿੰਘ ਕਾਲਝਰਾਣੀ
ਪਿੰਡ ਕਾਲਝਰਾਣੀ, ਬਠਿੰਡਾ।?

 

 

20-04-2023

 ਲੇਖ ਦਾ ਜਵਾਬ
ਲੇਖਕ ਅਭੈ ਕੁਮਾਰ ਦੂਬੇ ਨੇ ਆਪਣੇ ਲੇਖ 'ਪੰਜਾਬ ਦੇ ਤਾਜ਼ਾ ਘਟਨਾਕ੍ਰਮ ਨਾਲ ਕਿਸਾਨੀ ਅੰਦੋਲਨ ਦੌਰਾਨ ਬਣੀ ਸਾਂਝ ਕਮਜ਼ੋਰ ਹੋਈ' ਵਿਚ ਖ਼ਾਲਿਸਤਾਨ ਦਾ ਵਿਰੋਧ ਕਰਨ ਦੇ ਬਹਾਨੇ ਪੰਜਾਬ ਵਿਚ ਵੱਸਦੀ ਮੁੱਖ ਕੌਮ ਸਿੱਖਾਂ ਦੇ ਖ਼ਿਲਾਫ਼ ਕਹਾਣੀ ਪਾਈ ਹੈ। ਚੰਗਾ ਹੁੰਦਾ ਲੇਖਕ ਪੰਜਾਬ ਨਾਲ ਹੋਏ ਧੱਕਿਆਂ ਦਾ ਬਿਰਤਾਂਤ ਲਿਖਦਾ। ਲੇਖਕ ਨੂੰ ਖ਼ਾਲਿਸਤਾਨ ਦੀ ਲਹਿਰ ਤਾਂ ਚੁੱਭਦੀ ਹੈ ਪਰ ਦੇਸ਼ ਵਿਚ ਚੱਲ ਰਹੀ ਹਿੰਦੂ ਰਾਸ਼ਟਰ ਦੀ ਮੁਹਿੰਮ ਲੇਖਕ ਨੂੰ ਪ੍ਰੇਸ਼ਾਨ ਨਹੀਂ ਕਰਦੀ। ਖ਼ਾਲਿਸਤਾਨ ਦੀ ਮੰਗ ਕਿਉਂ ਉੱਠੀ। 1947 ਤੋਂ ਬਾਅਦ ਕੇਂਦਰ ਦੀਆਂ ਸਰਕਾਰਾਂ ਨੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਨਾਲ ਪੰਜਾਬ ਨਾਲ ਕਈ ਧੱਕੇ ਕੀਤੇ ਹਨ। ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖਣੇ, ਸੂਬੇ ਦੇ ਪਾਣੀਆਂ ਦੀ ਅੰਨ੍ਹੀ ਲੁੱਟ, ਪੰਜਾਬ ਦੇ ਸੰਘਾਤਮਕ ਢਾਂਚੇ ਨੂੰ ਪ੍ਰਵਾਨ ਨਾ ਕਰਨਾ, ਪੰਜਾਬ ਦੀ ਧਰਤੀ 'ਤੇ ਵਸਾਇਆ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ ਅਜਿਹੇ ਪੱਖਪਾਤੀ ਕਦਮ ਹਨ, ਜਿਨ੍ਹਾਂ ਨੇ ਖ਼ਾਲਿਸਤਾਨ ਦੀ ਮੰਗ ਨੂੰ ਹਵਾ ਦਿੱਤੀ। ਭਾਈ ਅੰਮ੍ਰਿਤਪਾਲ ਸਿੰਘ ਦਾ ਏਨਾ ਵੱਡਾ ਮਸਲਾ ਨਹੀਂ ਸੀ, ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਅਲਪ ਬੁੱਧੀ ਨੇ ਬਣਾ ਦਿੱਤਾ ਹੈ। ਕੀ ਲੇਖਕ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਪ੍ਰੈੱਸ ਅਤੇ ਆਮ ਲੋਕਾਂ ਦੀ ਦਬਾਈ ਜਾ ਰਹੀ ਆਵਾਜ਼ ਤੋਂ ਬੇਖ਼ਬਰ ਹੈ। ਲੇਖਕ ਨੇ ਸਰਕਾਰੀ ਅੱਤਵਾਦ ਦਾ ਜ਼ਿਕਰ ਈ ਨਹੀਂ ਕੀਤਾ। ਅੱਜ ਦੇ ਹਾਲਾਤ ਇਹ ਮੰਗ ਕਰਦੇ ਹਨ ਕਿ ਹਰ ਗੱਲ ਵਿਚ ਪਾਕਿਸਤਾਨ ਨੂੰ ਘੜੀਸਣ ਦੀ ਲੋੜ ਨਹੀਂ, ਸਗੋਂ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ। ਇਸ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ।


-ਸਾਹਿਬ ਸਿੰਘ
ਐਡਵੋਕੇਟ ਸਮਾਣਾ (ਪਟਿਆਲਾ)


ਆਟਾ ਦਾਲ ਸਕੀਮ ਦੀ ਕਾਣੀ ਵੰਡ
ਕੋਈ ਘਰ ਨਾ ਸੌਵੇਂ ਭੁੱਖਾ ਦੇ ਵਚਨਾਂ ਸਿੱਧ ਕਰਨ ਲਈ ਆਟਾ-ਦਾਲ ਸਕੀਮ ਸ਼ੁਰੂ ਕੀਤੀ ਗਈ, ਜਿਸ ਤਹਿਤ ਬਹੁਤ ਹੀ ਵਾਜਿਬ ਦਰਾਂ 'ਤੇ ਕਣਕ, ਦਾਲ ਅਤੇ ਹੋਰ ਵਸਤਾਂ ਦੀ ਵੰਡ ਕੀਤੀ ਜਾਂਦੀ ਰਹੀ ਹੈ। ਕੋਰੋਨਾ ਕਾਲ ਵਿਚ ਇਸ ਸਕੀਮ ਅਧੀਨ ਹੀ ਕੇਂਦਰ ਸਰਕਾਰ ਦੁਆਰਾ ਅੰਨ ਯੋਜਨਾ ਦੀ ਸ਼ੁਰੂਆਤ ਕਰਨਾ ਬੇਸਹਾਰਾ ਲੋਕਾਂ ਲਈ ਵਰਦਾਨ ਸਿੱਧ ਹੋਈ। ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨੀਲੇ ਕਾਰਡ ਧਾਰਕਾਂ ਦਾ ਕੱਟੇ ਜਾਣਾ, ਡੀਪੂ ਹੋਲਡਰਾਂ ਦੇ ਨੁਮਾਇੰਦਿਆਂ ਦਾ ਸਕਾਰਪਿਉ ਵਰਗੀਆਂ ਗੱਡੀਆਂ ਵਿਚ ਕਣਕ ਲੈ ਕੇ ਜਾਣਾ ਆਟਾ-ਦਾਲ ਸਕੀਮ ਦੀ ਹੋ ਰਹੀ ਕਾਣੀ ਵੰਡ ਦੀ ਦਸ਼ਾ ਨੂੰ ਉਜਾਗਰ ਕਰਦੀ ਹੈ। ਗ਼ਰੀਬ ਪਰਿਵਾਰ ਜਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਇਹ ਸਕੀਮ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਪਰ ਸਰਕਾਰ ਦੇ ਕੰਮ ਕਾਜ ਨੂੰ ਭਾਂਪਦਿਆਂ ਲੱਗਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਤਾਂ ਰਾਜ ਚਾਹੇ ਗ਼ੁਲਾਮੀ ਦਾ ਸੀ ਪਰ ਸਾਰੇ ਲੋਕ ਰੋਟੀ ਇੱਕ ਹੀ ਖਾਂਦੇ ਸਨ ਪਰ ਇਹ ਕਿਹੋ ਜਿਹਾ ਲੋਕਤੰਤਰ ਹੈ। ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦੀ ਸਰਕਾਰ ਕਿੱਧਰ ਗਈ। ਲੋਕ ਤਾਂ ਧਰਨਿਆਂ ਵਿਚ ਬੈਠੇ ਹਨ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਇਹ ਲੋਕਤੰਤਰ ਤੇ ਜਮਹੂਰੀਅਤ ਦੀ ਬੀਨ ਵਜਾਉਣ ਵਾਲੀ ਸਰਕਾਰ ਕਿੱਥੇ ਹੈ? ਕੋਈ ਥਹੁ ਟਿਕਾਣਾ ਮਿਲੇ ਤਾਂ ਜ਼ਰੂਰ ਦੱਸਣਾ ਜੀ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਬਠਿੰਡਾ।


ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ
4 ਅਪ੍ਰੈਲ ਦੇ ਸੰਪਾਦਕੀ ਪੰਨੇ 'ਤੇ ਅਭੈ ਕੁਮਾਰ ਦੂਬੇ ਨੇ ਆਪਣੇ ਲੇਖ 'ਪੰਜਾਬ ਦੇ ਤਾਜ਼ਾ ਘਟਨਾਕ੍ਰਮ ਨਾਲ ਕਿਸਾਨੀ ਅੰਦੋਲਨ ਦੌਰਾਨ ਬਣੀ ਸਾਂਝ ਕਮਜ਼ੋਰ ਹੋਈ' ਰਾਹੀਂ ਪੰਜਾਬ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਕਾਰਨ ਬਣੇ ਤਾਜ਼ਾ ਮਾਹੌਲ ਦਾ ਵਿਸ਼ਲੇਸ਼ਣ ਕਰਦਿਆਂ ਇਸ਼ ਦੇ ਪੰਜਾਬ ਦੀ ਸਿਆਸਤ 'ਤੇ ਪੈਣ ਵਾਲੇ ਪ੍ਰਭਾਵ ਨੂੰ ਚਿਤਰਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ 'ਚ ਦਿੱਲੀ ਦੀਆਂ ਬਰੂਹਾਂ 'ਤੇ ਸਾਲ ਭਰ ਚੱਲੇ ਕਿਸਾਨੀ ਸੰਘਰਸ਼ ਨੇ ਦੇਸ਼ ਭਰ ਅੰਦਰ ਏਕਤਾ ਵਾਲਾ ਮਾਹੌਲ ਸਿਰਜਣ ਦਾ ਕੰਮ ਕੀਤਾ। ਪਰ ਹੁਣ ਦੇ ਤਾਜ਼ਾ ਘਟਨਾਕ੍ਰਮ ਅਨੁਸਾਰ ਏਕਤਾ ਵਾਲਾ ਬਣਿਆ ਮਾਹੌਲ ਟੁੱਟਦਾ ਨਜ਼ਰ ਆ ਰਿਹਾ ਹੈ। ਫੇਰ ਕੀ ਪੰਜਾਬ ਅੰਦਰ ਖੌਫ਼ ਵਾਲਾ ਅਜਿਹਾ ਮਾਹੌਲ ਸਿਰਜਣ 'ਚ ਕੇਂਦਰੀ ਏਜੰਸੀਆਂ ਦਾ ਹੱਥ ਨਹੀਂ ਹੋ ਸਕਦਾ? ਕਿਉਂਕਿ ਕਿਸਾਨ ਅੰਦੋਲਨ ਦੀ ਬਦੌਲਤ ਦੇਸ਼ ਭਰ 'ਚ ਬਣੇ ਏਕਤਾ ਵਾਲੇ ਮਾਹੌਲ ਤੋਂ ਕੇਂਦਰੀ ਭਾਜਪਾ ਹਕੂਮਤ ਨੂੰ ਭਵਿੱਖ ਵਿਚ ਆਪਣੀ ਕੁਰਸੀ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਸੀ।
ਕੇਂਦਰ ਦੀ ਇਸ ਸਾਜਿਸ਼ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮੋਹਰਾ ਬਣਦੀ ਨਜ਼ਰ ਆ ਰਹੀ ਹੈ ਅਤੇ ਇਸ ਸਾਜਿਸ਼ ਤਹਿਤ ਕੱਟੜਵਾਦੀ ਕੇਂਦਰੀ ਹਾਕਮ ਦੁਨੀਆ ਪੱਧਰ 'ਤੇ ਇਕ ਵਾਰ ਫੇਰ ਸਿੱਖਾਂ ਨੂੰ ਖ਼ਾਲਿਸਤਾਨੀ ਤੇ ਵੱਖਵਾਦੀ ਬਣਾ ਕੇ ਬਦਨਾਮ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ 'ਚ ਬਹੁ ਗਿਣਤੀ ਹਿੰਦੂ ਭਾਈਚਾਰੇ ਵਾਲਾ ਆਪਣਾ ਵੋਟ ਬੈਂਕ ਪੱਕਾ ਕਰਨ ਦੀ ਚਾਲ ਚੱਲਣ ਵਿਚ ਕਾਮਯਾਬ ਹੋਏ ਦਿਖਾਈ ਦੇ ਰਹੇ ਹਨ। ਪਰ ਪੰਜਾਬ ਦੇ ਲੋਕਾਂ ਨੂੰ ਹਾਕਮਾਂ ਦੀਆਂ ਅਜਿਹੀਆਂ ਚਾਲਾਂ ਪ੍ਰਤੀ ਸੁਚੇਤ ਹੁੰਦਿਆਂ ਆਪਸੀ ਏਕਤਾ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਲੋੜ ਹੈ।


-ਮਨੋਹਰ ਸਿੰਘ ਸੱਗੂ,
ਧੂਰੀ (ਸੰਗਰੂਰ)


ਲਾਲਚ ਛੱਡਣ ਦੀ ਲੋੜ
ਪਿਛਲੇ ਵਰ੍ਹੇ ਕੁਦਰਤ ਦੀ ਮਾਰ ਕਾਰਨ ਸਾਡੇ ਕਿਸਾਨ ਵੀਰਾਂ ਦੀ ਨਰਮੇ ਦੀ ਫ਼ਸਲ ਬਰਬਾਦ ਹੋ ਗਈ ਸੀ ਅਤੇ ਇਸ ਵਾਰ ਕਣਕ ਦੀ ਫ਼ਸਲ 'ਤੇ ਗੜੇਮਾਰੀ ਨੇ ਅਤਿ ਦਾ ਕਹਿਰ ਢਾਹਿਆ ਹੈ। ਸਰਕਾਰ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪਟਵਾਰੀ ਅਤੇ ਖੇਤੀਬਾੜੀ ਮਾਹਿਰ ਕਣਕ ਦੇ ਖ਼ਰਾਬੇ ਦੀ ਗਿਰਦਾਵਰੀ ਕਰ ਰਹੇ ਹਨ। ਜੇਕਰ ਗੱਲ ਨਰਮੇ ਦੇ ਮੁਆਵਜ਼ੇ ਦੀ ਕੀਤੀ ਜਾਵੇ, ਜਿਸ ਵਿਚ ਮਜ਼ਦੂਰਾਂ ਨੂੰ ਵੀ ਚੁਣਾਈ ਦੀ ਲੇਬਰ ਦੇਣ ਦਾ ਐਲਾਨ ਕੀਤਾ ਹੋਇਆ ਸੀ। ਹੋਇਆ ਕੀ ਜਿਨ੍ਹਾਂ ਇਲਾਕਿਆਂ ਵਿਚ ਜਥੇਬੰਦੀਆਂ ਦਾ ਜ਼ਿਆਦਾ ਪ੍ਰਭਾਵ ਸੀ ਉਨ੍ਹਾਂ ਨੇ ਚੰਗੇ ਭਲੇ ਨਰਮੇ ਨੂੰ ਵੀ ਖ਼ਰਾਬ ਲਿਖਾ ਕੇ ਮੁਆਵਜ਼ਾ ਪ੍ਰਾਪਤ ਕਰ ਲਿਆ ਅਤੇ ਜਿਨ੍ਹਾਂ ਦੀ ਪੂਰੀ ਫ਼ਸਲ ਮਾਰੀ ਗਈ ਉਹ ਇਸ ਸਹੂਲਤ ਤੋਂ ਵਾਂਝੇ ਦੇਖੇ ਗਏ। ਜਿਨ੍ਹਾਂ ਦੀ ਫ਼ਸਲ ਵੀ ਖ਼ਰਾਬ ਹੋ ਗਈ ਤੇ ਠੇਕਾ ਵੀ ਸਿਰ ਪੈ ਗਿਆ ਉਹ ਦੱਸੋ ਕੀ ਕਰੇ।
ਸਰਕਾਰ ਦੇ ਅੰਕੜੇ ਤਾਂ ਬੋਲ ਰਹੇ ਨੇ ਕਿ ਲੋੜਵੰਦਾਂ ਤੱਕ ਮੁਆਵਜ਼ਾ ਪਹੁੰਚ ਗਿਆ ਹੈ। ਇਹੀ ਹਾਲ ਕਿਤੇ ਹੁਣ ਕਣਕ ਦੇ ਖ਼ਰਾਬੇ ਦਾ ਨਾ ਹੋਵੇ, ਲੋੜਵੰਦ ਮਾਰਿਆ ਜਾਂਦਾ ਤੇ ਬਿਨਾਂ ਖ਼ਰਾਬੇ ਵਾਲਾ ਜਾਂ ਫਿਰ ਥੋੜ੍ਹੇ ਬਹੁਤੇ ਖ਼ਰਾਬੇ ਵਾਲਾ ਪੂਰਾ ਮੁਆਵਜ਼ਾ ਵੀ ਲੈ ਜਾਂਦਾ ਤੇ ਫ਼ਸਲ ਵੀ ਪੂਰੀ ਹੋ ਜਾਂਦੀ ਹੈ। ਇੱਥੇ ਸਾਨੂੰ ਲਾਲਚ ਛੱਡ ਸਬਰ ਸੰਤੋਖ ਅਪਣਾਉਣ ਦੀ ਲੋੜ ਹੈ, ਤਾਂ ਕਿ ਜਿਹੜੇ ਇਸ ਮੁਆਵਜ਼ੇ ਦੇ ਹੱਕਦਾਰ ਹਨ ਉਨ੍ਹਾਂ ਨੂੰ ਹੀ ਇਹ ਸਹਾਇਤਾ ਮਿਲ ਸਕੇ।


-ਕੇਵਲ ਸਿੰਘ ਕਾਲਝਰਾਣੀ
ਬਠਿੰਡਾ।


ਸ਼ੋਰ ਪ੍ਰਦੂਸ਼ਣ
ਅੱਜਕੱਲ੍ਹ ਉੱਚੀ ਆਵਾਜ਼ ਵਿਚ ਵੱਜਦੇ ਸਪੀਕਰ ਅਤੇ ਡੀਜੇ ਨੇ ਬਿਮਾਰ ਲੋਕਾਂ, ਕਮਜ਼ੋਰ ਦਿਲ ਵਾਲੇ ਵਿਅਕਤੀਆਂ ਅਤੇ ਪੜ੍ਹਾਈ ਕਰਦੇ ਵਿਦਿਆਰਥੀਆਂ ਦਾ ਜਿਊਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਪਿੰਡਾਂ ਦੀਆਂ ਗਲੀਆਂ ਵਿਚ ਵੀ ਫੇਰੀ ਵਾਲੇ ਬਿਨਾਂ ਕਿਸੇ ਡਰ ਦੇ ਉੱਚੀ ਆਵਾਜ਼ ਵਿਚ ਸਪੀਕਰ ਲਗਾ ਕੇ ਹੋਕੇ ਦਿੰਦੇ ਰਹਿੰਦੇ ਹਨ। ਬੱਸਾਂ, ਗੱਡੀਆਂ ਦੇ ਵੱਜਦੇ ਪ੍ਰੈਸ਼ਰ ਹਾਰਨ ਵੀ ਮਨਾਹੀ ਦੇ ਬਾਵਜੂਦ ਸ਼ਰੇਆਮ ਵੱਜਣਾ ਸਰਕਾਰ ਦੀ ਵੱਡੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਸ਼ੋਰ ਪ੍ਰਦੂਸ਼ਣ 'ਤੇ ਸਖ਼ਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ।


-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)


ਕੋਰੋਨਾ ਦੀ ਚਿਤਾਵਨੀ
ਕੇਂਦਰੀ ਸਿਹਤ ਮੰਤਰੀ ਦੁਆਰਾ ਕੋਰੋਨਾ ਦੇ ਸਬ ਵੈਰੀਐਂਟ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਸਿਹਤ ਕਰਮਚਾਰੀਆਂ ਅਤੇ ਲੋਕਾਂ ਨੂੰ ਜਾਗਰੂਕ ਹੁੰਦੇ ਹੋਏ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਅਤੇ ਇਹ ਅਜੇ ਤੱਕ ਪੂਰੀ ਤਰ੍ਹਾਂ ਸਰਗਰਮ ਹੈ। ਕੋਰੋਨਾ ਤੋਂ ਬਚਾਅ ਲਈ ਮੁਢਲੀਆਂ ਸਾਵਧਾਨੀਆਂ ਵਿਚ ਵਾਰ-ਵਾਰ ਹੱਥ ਧੋਣੇ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਅਤੇ ਵੈਕਸੀਨ ਲਗਵਾਉਣਾ ਸ਼ਾਮਿਲ ਹੈ। ਇਸ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਅਤੇ ਸਾਵਧਾਨੀਆਂ ਹੀ ਇੱਕੋ-ਇੱਕ ਰਾਹ ਹਨ, ਜਿਸ ਦੁਆਰਾ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਚੱਕ ਅਤਰ ਸਿੰਘ ਵਾਲਾ, ਬਠਿੰਡਾ


ਦਲ ਬਦਲੀ
ਪੰਜਾਬ ਵਿਚ ਲਗਾਤਾਰ ਨੇਤਾ ਲੋਕ ਆਪਣੇ ਨਿੱਜੀ ਸਵਾਰਥ ਲਈ ਧੜਾਧੜ ਦਲ ਬਦਲੀ ਕਰ ਰਹੇ ਹਨ। ਇਸ ਨਾਲ ਉਹ ਵੋਟਰ, ਜਿਨ੍ਹਾਂ ਨੇ ਉਨ੍ਹਾਂ ਨੂੰ ਜਿਤਾਇਆ ਹੁੰਦਾ ਹੈ, ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਵੋਟਰਾਂ 'ਤੇ ਮਾੜਾ ਅਸਰ ਪੈਂਦਾ ਹੈ।
ਇਸ ਸੰਬੰਧੀ ਵੋਟਰਾਂ ਨੂੰ ਵੀ ਚਾਹੀਦਾ ਹੈ ਕਿ ਜੋ ਦਲ ਬਦਲੀ ਕਰਦਾ ਹੈ ਉਸ ਨੂੰ ਵੋਟ ਨਾ ਪਾਉਣ ਤੇ ਉਸ ਨੂੰ ਸਬਕ ਸਿਖਾਉਣ, ਤਾਂ ਜੋ ਉਹ ਫਿਰ ਦਲ ਬਦਲੀ ਦੀ ਹਿੰਮਤ ਨਾ ਕਰ ਸਕੇ। ਦਲ ਬਦਲੂ ਦੀ ਮੈਂਬਰਸ਼ਿਪ ਭੰਗ ਕਰ ਉਸ ਦੀ ਚੋਣ ਲੜਨ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਕੇਂਦਰ ਦੀ ਸਰਕਾਰ ਨੂੰ ਦਲ ਬਦਲੀ ਸੰਬੰਧੀ ਸੰਸਦ ਵਿਚ ਕਾਨੂੰਨ ਪਾਸ ਕਰ ਕੇ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ
ਸੇਵਾ ਮੁਕਤ ਇੰਸਪੈਕਟਰ, ਪੁਲਿਸ।

19-04-2023

 ਪੰਜਾਬ ਦੇ ਤਾਜ਼ਾ ਘਟਨਾਕ੍ਰਮ
'ਅਜੀਤ' ਵਿਚ 4 ਅਪ੍ਰੈਲ ਨੂੰ 'ਅਭੈ ਕੁਮਾਰ ਦੂਬੇ' ਦਾ ਲੇਖ 'ਪੰਜਾਬ ਦੇ ਤਾਜ਼ਾ ਘਟਨਾਕ੍ਰਮ ਨਾਲ ਕਿਸਾਨੀ ਅੰਦੋਲਨ ਦੌਰਾਨ ਬਣੀ ਸਾਂਝ ਕਮਜ਼ੋਰ ਹੋਈ' ਪੜ੍ਹਿਆ, ਲੇਖ ਵਿਚ ਲੇਖਕ ਨੇ ਸੱਚੀਆਂ ਪਰ ਕੌੜੀਆਂ ਗੱਲਾਂ ਕਰਦਿਆਂ ਪੰਜਾਬ ਦੀ ਹੋਣੀ ਦੇ ਬਿਰਤਾਂਤਨੂੰ ਬਾਖ਼ੂਬੀ ਚਿੱਤਰਿਆ ਹੈ। ਇਹ ਬਿਲਕੁਲ ਸੱਚ ਹੈ ਕਿ ਦੇਸ਼ ਉੱਤੇ ਜਦੋਂ ਵੀ ਕੋਈ ਭੀੜ ਬਣੀ ਤਾਂ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਅਗਵਾਈ ਕੀਤੀ ਜਿਸ ਨਾਲ ਦੁਨੀਆ ਭਰ ਵਿਚ ਪੰਜਾਬ ਦਾ ਹਮੇਸ਼ਾ ਸਿਰ ਉੱਚਾ ਹੋਇਆ। ਪਰ ਜਦੋਂ ਪੰਜਾਬ ਆਪਣੇ ਜਾਇਜ਼ ਹੱਕ ਦੇਸ਼ ਕੋਲੋਂ ਮੰਗਦਾ ਹੈ ਤਾਂ ਦਿੱਲੀ ਦਰਬਾਰ ਹਮੇਸ਼ਾ ਹੀ ਦਮਨਕਾਰੀ ਨੀਤੀ ਅਪਣਾ ਕੇ ਇਸ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਕੜੀ ਤਹਿਤ ਪਿਛਲੇ ਸਮੇਂ ਚੱਲੇ ਵੱਡੇ ਕਿਸਾਨੀ ਅੰਦੋਲਨ ਨਾਲ ਪੰਜਾਬ ਦੀ ਧਾਂਕ ਪੂਰੀ ਦੁਨੀਆ ਵਿਚ ਪਈ। ਇਹ ਧਾਂਕ ਦਿੱਲੀ ਦਰਬਾਰ ਨੂੰ ਲਗਾਤਾਰ ਰੜਕ ਰਹੀ ਹੈ। ਗਿਣੀ-ਮਿੱਥੀ ਯੋਜਨਾ ਤਹਿਤ ਪੰਜਾਬ ਨੂੰ ਦੱਬਣ ਲਈ ਇੱਥੇ ਖਾਲਿਸਤਾਨ ਦਾ ਹਊਆ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸੇ ਕੜੀ ਤਹਿਤ ਪਿਛਲੇ ਕੁਝ ਮਹੀਨਿਆਂ ਤੋਂ 'ਵਾਰਿਸ ਪੰਜਾਬ ਦੇ' ਨਾਂਅ ਦੀ ਜਥੇਬੰਦੀ ਦੁਆਰਾ ਖ਼ਾਲਿਸਤਾਨ ਦੀ ਵੱਡੀ ਲਹਿਰ ਅੰਮ੍ਰਿਤਪਾਲ ਦੁਆਰਾ ਖੜ੍ਹੀ ਕਰ ਦਿੱਤੀ ਗਈ। ਇਸ ਲਹਿਰ ਦੇ ਖੜ੍ਹੇ ਹੋਣ ਨਾਲ ਪੰਜਾਬ ਦੇ ਸਿੱਖ, ਹਿੰਦੂ ਅਤੇ ਦਲਿਤ ਪਹਿਲਾਂ ਵਾਂਗ ਭਰੋਸੇ ਦੇ ਨਾਲ ਰਾਜਨੀਤਿਕ ਏਕਤਾ ਨਹੀਂ ਕਰ ਸਕਣਗੇ। ਇਸ ਦੇ ਪ੍ਰਭਾਵ ਕਾਰਨ ਕਿਸਾਨ ਅੰਦੋਲਨ ਪੰਜਾਬ ਦੇ ਬਾਹਰ ਕੁਝ ਹੱਦ ਤੱਕ ਵੀ ਕਮਜ਼ੋਰ ਹੋਇਆ ਹੈ। ਚੰਗਾ ਹੁੰਦਾ ਜੇਕਰ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਲਹਿਰ ਚਲਾਉਣ ਦੀ ਬਜਾਏ ਅਨੰਦਪੁਰ ਸਾਹਿਬ ਦੇ ਮਤੇ ਵਿਚ ਮੰਗੀਆਂ ਗਈਆਂ 18 ਮੰਗਾਂ ਦੀ ਪੂਰਤੀ ਲਈ ਲਹਿਰ ਚਲਾਉਂਦਾ, ਜਿਸ ਵਿਚ ਪੰਜਾਬ ਵਿਚ ਵਸਣ ਵਾਲੇ ਹਰ ਪੰਜਾਬੀ ਦੇ ਹੱਕ-ਹਕੂਕ ਦੀ ਗੱਲ ਹੁੰਦੀ ਕਿਉਂਕਿ ਪੰਜਾਬ ਅਤੇ ਦੇਸ਼-ਵਿਦੇਸ਼ ਵਿਚ ਵਸਣ ਵਾਲੇ ਸਮੁੱਚੇ ਪੰਜਾਬੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਚ ਬਣਦੇ ਹੱਕ-ਹਕੂਕ ਮਿਲਣ ਤਾਂ ਉਨ੍ਹਾਂ ਨੂੰ ਫਿਰ ਕਿਸੇ ਵੱਖਰੇ ਖ਼ਾਲਿਸਤਾਨ ਦੀ ਲੋੜ ਹੀ ਨਹੀਂ। ਪਰ ਅਫ਼ਸੋਸ ਪੰਜਾਬ ਵਿਚ ਖ਼ਾਲਿਸਤਾਨ ਲਹਿਰ ਦੀ ਵਾਪਸੀ ਤਾਂ ਨਹੀਂ ਹੋ ਸਕੀ, ਪਰ ਰਾਜਨੀਤਿਕ ਸ਼ਕਤੀਆਂ ਜਨਤਾ ਨੂੰ ਵੰਡਣ 'ਚੋਂ ਜ਼ਰੂਰ ਕਾਮਯਾਬ ਹੋ ਗਈਆਂ ਹਨ।


-ਮਾ. ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿ: ਪੱਟੀ (ਤਰਨਤਾਰਨ)


ਜੀਵੇ ਕਿਸਾਨ ਜੀਵੇ ਜਹਾਨ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਖੇਤੀਬਾੜੀ ਨੂੰ ਕਰਨ ਵਾਲਾ ਕਿਸਾਨ ਹੈ। ਕਿਸਾਨ ਦਾ ਜੀਵਨ ਮਿਹਨਤ ਅਤੇ ਕਠਿਨਾਈਆਂ ਨਾਲ ਭਰਿਆ ਹੁੰਦਾ ਹੈ। ਚੰਗੀ ਫ਼ਸਲ ਦੀ ਪੈਦਾਵਾਰ ਲਈ ਕਿਸਾਨ ਨੂੰ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਕੋਈ ਨੁਕਸਾਨ ਨਾ ਹੋਵੇ। ਇਸੇ ਕਰਕੇ ਉਹ ਦਿਨ-ਰਾਤ ਆਪਣੀ ਫ਼ਸਲ ਦੀ ਦੇਖਭਾਲ ਕਰਦਾ ਹੈ। ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਭਾਰਤ ਦੀ ਅਰਥ-ਵਿਵਸਥਾ ਕਿਸਾਨਾਂ 'ਤੇ ਹੀ ਨਿਰਭਰ ਕਰਦੀ ਹੈ। ਸਾਡੇ ਦੇਸ਼ ਦੇ ਕਿਸਾਨਾਂ ਦੀ ਮਿਹਨਤ ਸਦਕਾ ਹੀ ਅਸੀਂ ਕਣਕ, ਚੌਲਾਂ, ਦਾਲਾਂ ਦੇ ਉਤਪਾਦਨ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਾਂ।
ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਖੇਤੀਬਾੜੀ ਨੂੰ ਪਹਿਲ ਦਿੱਤੀ ਜਾਂਦੀ ਹੈ। ਕਿਸਾਨ ਆਪਣੀ ਮਿਹਨਤ ਨਾਲ ਫ਼ਸਲਾਂ ਪੈਦਾ ਕਰਕੇ ਸਭ ਦਾ ਪੇਟ ਪਾਲਦਾ ਹੈ। ਭਾਰਤ ਦਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰਦਾ ਆਇਆ ਹੈ। ਕੋਈ ਨਾ ਕੋਈ ਡਰ ਕਿਸਾਨਾਂ ਦੇ ਸਿਰ 'ਤੇ ਮੰਡਰਾਉਂਦਾ ਹੀ ਰਿਹਾ ਹੈ। ਕਦੇ ਜ਼ਮੀਨਾਂ ਖੋਹੇ ਜਾਣ ਦਾ ਡਰ, ਕਦੇ ਕਰਜ਼ੇ ਦੇ ਡਰ ਕਾਰਨ ਖ਼ੁਦਕੁਸ਼ੀਆਂ ਅਤੇ ਕਦੇ ਕੁਦਰਤ ਦੀ ਮਾਰ ਦਾ ਡਰ। ਅੱਜ ਕਿਸਾਨ ਕੁਦਰਤ ਦੀ ਮਾਰ ਦੇ ਡਰ ਦੇ ਸਾਏ ਹੇਠ ਜਿਊ ਰਿਹਾ ਹੈ। ਅੱਜ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਫ਼ਸਲ 'ਤੇ ਕੁਦਰਤ ਦਾ ਕਹਿਰ ਮੰਡਰਾ ਰਿਹਾ ਹੈ। ਵਿਸਾਖੀ ਤੱਕ ਕਿਸਾਨ ਕਣਕ ਦੀ ਵਾਢੀ ਕਰਕੇ ਮੰਡੀਆਂ ਵਿਚ ਕਣਕ ਵੇਚ ਵੱਟ ਦਿੰਦੇ ਸਨ। ਪਰ ਇਸ ਵਾਰ ਵਿਸਾਖੀ ਤੱਕ ਖੇਤਾਂ ਵਿਚ ਕਣਕ ਵੱਢਣ ਲਈ ਮਸ਼ੀਨਾਂ ਤਾਂ ਕੀ ਕਣਕ ਨੂੰ ਦਾਤੀ ਵੀ ਨਹੀਂ ਲੱਗਣੀ। ਕਣਕ ਦੀ ਬਹੁਤ ਫ਼ਸਲ ਤਾਂ ਤਬਾਹ ਹੋ ਚੁੱਕੀ ਹੈ। ਜੇਕਰ ਹਾਲੇ ਵੀ ਕੁਦਰਤ ਦਾ ਕਹਿਰ ਟਲ ਜਾਵੇ ਤਾਂ ਕੁਝ ਨਾ ਕੁਝ ਫ਼ਸਲ ਕਿਸਾਨਾਂ ਦੇ ਪੱਲੇ ਪੈ ਸਕਦੀ ਹੈ। ਇਨ੍ਹਾਂ ਫ਼ਸਲਾਂ ਸਦਕਾ ਹੀ ਕਿਸਾਨ ਪੈਦਾ ਹੋਇਆ ਹੈ, ਕਿਸਾਨਾਂ ਅਤੇ ਫਸਲਾਂ ਦੋਵਾਂ ਦੀ ਸਾਂਝ ਬੜੀ ਅਨੋਖੀ ਅਤੇ ਨਿਆਰੀ ਹੈ। ਜੇਕਰ ਕਿਸਾਨ ਜਿਊਂਦਾ ਹੈ ਤਾਂ ਹੀ ਇਹ ਜਹਾਨ ਜਿਊਂਦਾ ਹੈ। ਰੱਬਾ ਮਿਹਰ ਕਰੀਂ, ਇਨ੍ਹਾਂ ਫ਼ਸਲਾਂ, ਕਿਸਾਨਾਂ ਤੇ ਜਹਾਨ ਨੂੰ ਜਿਊਂਦਾ ਰੱਖੀਂ।


-ਕਮਲਜੀਤ ਕੌਰ ਗੁੰਮਟੀ, ਬਰਨਾਲਾ।


ਭਵਿੱਖ ਦੀ ਚਿੰਤਾ
ਬੱਬੂ ਤੀਰ ਦੀ ਰਚਨਾ 'ਕੀ ਨੌਜਵਾਨਾਂ ਤੋਂ ਬਿਨਾਂ ਪੰਜਾਬ ਖ਼ੁਸ਼ਹਾਲ ਹੋ ਸਕੇਗਾ?' ਵਿਚ ਪੰਜਾਬ ਦੇ ਭਵਿੱਖ ਦੀ ਚਿੰਤਾ ਨੂੰ ਜਤਾਇਆ ਗਿਆ ਹੈ। ਜੇਕਰ ਪੰਜਾਬੀ ਵਿਦੇਸ਼ਾਂ ਨੂੰ ਚਲੇ ਗਏ ਤਾਂ ਪੰਜਾਬ ਦੀ ਖ਼ੁਸ਼ਹਾਲੀ ਵੀ ਉਨ੍ਹਾਂ ਦੇ ਨਾਲ ਹੀ ਚਲੀ ਜਾਵੇਗੀ। ਲੋਕਾਂ ਨੂੰ ਬੇਰੁਜ਼ਗਾਰੀ, ਨੌਕਰੀਆਂ ਅਤੇ ਪੰਜਾਬ ਦੇ ਹਾਲਾਤ ਨੂੰ ਦੇਖ ਕੇ ਡਰਨਾ ਨਹੀਂ ਚਾਹੀਦਾ ਸਗੋਂ ਇਕਜੁਟ ਹੋ ਕੇ ਹੱਲ ਲੱਭਣਾ ਚਾਹੀਦਾ ਹੈ ਕਿਉਂਕਿ ਕਿਸੇ ਸਮੱਸਿਆ ਦਾ ਹੱਲ ਭੱਜਣ ਨਾਲ ਨਹੀਂ ਹੁੰਦਾ।


-ਨਵਜੀਤ ਕੌਰ
ਸੁਲਤਾਨਪੁਰ (ਬਧਰਾਵਾਂ), ਮਾਲੇਰਕੋਟਲਾ।

18-04-2023

 ਮਨ ਦੀ ਮਹਿਮਾ
ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਜਿਸ ਤਰ੍ਹਾਂ ਮਨ ਵਿਚ ਤੁਸੀਂ ਸੋਚਦੇ ਹੋ ਉਸ ਤਰ੍ਹਾਂ ਦੇ ਹੀ ਤੁਹਾਡੇ ਕੰਮ, ਉਸ ਤਰ੍ਹਾਂ ਦਾ ਹੀ ਚਰਿੱਤਰ ਅਤੇ ਉਸ ਤਰ੍ਹਾਂ ਦੇ ਹੀ ਨਤੀਜੇ ਮਿਲਦੇ ਹਨ। ਮਨ ਚੰਚਲ ਹੈ ਜੋ ਕਦੇ ਵੀ ਸਥਿਰ ਨਹੀਂ ਰਹਿੰਦਾ, ਇਹ ਭਟਕਦਾ ਰਹਿੰਦਾ ਹੈ ਅਤੇ ਜਿੰਨਾ ਇਹ ਭਟਕਦਾ ਹੈ ਓਨਾ ਹੀ ਆਪਣੇ ਟੀਚੇ ਤੋਂ ਦੂਰ ਹੁੰਦਾ ਜਾਂਦਾ ਹੈ। ਮਨ ਦੀ ਅਸਥਿਰਤਾ ਕਈ ਪ੍ਰਕਾਰ ਦੇ ਵਿਕਾਰਾਂ ਨੂੰ ਜਨਮ ਦਿੰਦੀ ਹੈ, ਜਿਸ ਕਰਕੇ ਸਾਡੇ ਵੱਲੋਂ ਕੀਤੇ ਜਾਂਦੇ ਕਾਰਜ ਘੱਟ ਸਫ਼ਲ ਹੁੰਦੇ ਹਨ। ਮਨ ਵਿਚ ਚੱਲ ਰਹੇ ਵਿਕਾਰ ਅਸਫ਼ਲਤਾ ਦਾ ਮੁੱਖ ਕਾਰਨ ਹਨ। ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਮਨ ਦੀ ਟੀਚੇ ਪ੍ਰਤੀ ਇਕਾਗਰਤਾ ਬਹੁਤ ਜ਼ਰੂਰੀ ਹੈ। ਸਫਲਤਾ ਅਤੇ ਅਸਫਲਤਾ ਦੋਵੇਂ ਹੀ ਜ਼ਿੰਦਗੀ ਦਾ ਹਿੱਸਾ ਹਨ। ਅਸਫ਼ਲਤਾ ਦੇ ਸਮੇਂ ਮਨ ਦੇ ਟੁੱਟਣ ਨਾਲ ਭਵਿੱਖ ਦੀ ਟੀਚੇ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਯੋਜਨਾਬੰਦੀ ਵੀ ਪ੍ਰਭਾਵਿਤ ਹੁੰਦੀ ਹੈ। ਲੋੜ ਹੈ ਅਸਫ਼ਲਤਾ ਤੋਂ ਸਿੱਖਣ ਦੀ ਅਤੇ ਮਨ ਦੀ ਇਕਾਗਰਤਾ ਨਾਲ ਨਿਰੰਤਰ ਆਪਣੇ ਟੀਚੇ ਪ੍ਰਤੀ ਅੱਗੇ ਵਧਣ ਦੀ, ਤਾਂ ਜੋ ਸਮੇਂ ਸਿਰ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕੇ।


ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਚੱਕ ਅਤਰ ਸਿੰਘ ਵਾਲਾ (ਬਠਿੰਡਾ)


ਮੋਬਾਈਲ ਬਨਾਮ ਸੰਵਾਦ
ਮਾਨਵ ਜੀਵਨ ਦੇ ਅਜੋਕੇ ਦੌਰ ਵਿਚ ਮੋਬਾਈਲ ਨੇ ਆਪਣੀ ਅਜਿਹੀ ਥਾਂ ਬਣਾ ਲਈ ਹੈ ਕਿ ਇਸ ਤੋਂ ਬਿਨਾਂ ਜਿਊਣਾ ਉਸ ਲਈ ਬਹੁਤ ਮੁਸ਼ਕਿਲ ਹੈ। ਹਰ ਵਿਅਕਤੀ ਦਾ ਮੋਬਾਈਲ ਉਸ ਦਾ ਅਜਿਹਾ ਸਾਥੀ ਬਣ ਚੁੱਕਿਆ ਹੈ ਕਿ ਉਸ ਤੋਂ ਬਿਨਾਂ ਉਸ ਦਾ ਗੁਜ਼ਾਰਾ ਨਹੀਂ। ਇਕ ਸਮਾਂ ਸੀ, ਜਦੋਂ ਘਰਾਂ ਤੋਂ ਲੈ ਕੇ ਬਾਹਰੀ ਸਮਾਜਿਕ ਜੀਵਨ ਵਿਚ ਅਕਸਰ ਲੋਕਾਂ ਦਾ ਆਪਸੀ ਸੰਵਾਦ ਹੋਣਾ ਸੁਭਾਵਿਕ ਹੁੰਦਾ ਸੀ। ਪ੍ਰੰਤੂ ਅੱਜਕਲ੍ਹ ਮੋਬਾਈਲ ਦੇ ਪ੍ਰਭਾਵ ਹੇਠ ਸੰਵਾਦ ਦਿਨ-ਬ-ਦਿਨ ਘਟਦਾ ਜਾ ਰਿਹਾ ਹੈ, ਜਿਸ ਕਾਰਨ ਨਵੀਂ ਪੀੜ੍ਹੀ ਅੰਦਰ ਸਮਾਜਿਕ ਜੀਵਨ ਦੀ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ।
ਘਰਾਂ ਅੰਦਰ ਇਕੱਠੇ ਬੈਠ ਕੇ ਆਪਸੀ ਸੰਵਾਦ ਤੋਂ ਪੈਦਾ ਹੋਏ ਪਿਆਰ ਅਤੇ ਸਤਿਕਾਰ ਦੀ ਭਾਵਨਾ ਮੋਬਾਈਲ ਦੇ ਪਰਛਾਵੇਂ ਹੇਠ ਛੁਪੀ ਨਜ਼ਰ ਆਉਂਦੀ ਹੈ। ਸੱਭਿਆਚਾਰਕ ਉੱਨਤੀ, ਸਾਹਿਤ ਪ੍ਰਤੀ ਪ੍ਰੇਮ, ਵਿਰਸੇ ਦੇ ਉਥਾਨ ਲਈ ਸਾਡੇ ਸਮਾਜ ਅੰਦਰ ਸੰਵਾਦ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਮਾਪਿਆਂ ਨੂੰ ਅਤੇ ਮਾਪਿਆਂ ਨੂੰ ਸਮਝਣ ਲਈ ਬੱਚਿਆਂ ਨੂੰ ਮੋਬਾਈਲ ਦੀ ਦੁਨੀਆ ਤੋਂ ਬਾਹਰ ਆ ਕੇ ਆਪਸੀ ਸੰਵਾਦ ਵੱਲ ਧਿਆਨ ਦੇਣਾ ਪਵੇਗਾ, ਜਿਸ ਨਾਲ ਅਸੀਂ ਮਨੁੱਖੀ ਕਦਰਾਂ-ਕੀਮਤਾਂ ਤੋਂ ਜਾਣੂ ਹੋ ਸਕੀਏ।


-ਰਵਿੰਦਰ ਸਿੰਘ 'ਰੇਸ਼ਮ'
ਨੱਥੂਮਾਜਰਾ (ਮਾਲੇਰਕੋਟਲਾ)


ਭਾਈਚਾਰਕ ਸਾਂਝ
ਸਮਾਜ ਦੇ ਸਾਰੇ ਵਰਗਾਂ (ਚਾਹੇ ਕਿਸੇ ਵੀ ਜਾਤ ਜਾਂ ਧਰਮ ਨਾਲ ਸੰਬੰਧਿਤ ਹੋਵੇ) ਵਲੋਂ ਸਾਰੇ ਤਿਉਹਾਰ, ਭਾਵੇਂ ਉਹ ਹੋਲੀ ਹੋਵੇ, ਦੀਵਾਲੀ, ਰਮਜ਼ਾਨ ਜਾਂ ਕੋਈ ਹੋਰ ਤਿਉਹਾਰ ਹੋਵੇ, ਇਕਮੁੱਠਤਾ ਅਤੇ ਸਦਭਾਵਨਾ ਨਾਲ ਮਨਾਉਣਾ ਹੀ ਸਮੁੱਚੀ ਭਾਰਤੀਯਤਾ ਦੀ ਪਰਿਭਾਸ਼ਾ ਹੈ। ਅਜਿਹੇ ਧਾਰਮਿਕ ਸਮਾਗਮਾਂ 'ਤੇ ਸਮਾਜ ਦੇ ਕਿਸੇ ਤਬਕੇ ਵਲੋਂ ਕੱਢੀਆਂ ਜਾਂਦੀਆਂ ਧਾਰਮਿਕ ਸ਼ੋਭਾ ਯਾਤਰਾਵਾਂ ਨੂੰ ਸਮਾਜ ਦੇ ਬਾਕੀ ਸਾਰੇ ਵਰਗਾਂ ਵਲੋਂ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਅਜਿਹੇ 'ਚ ਪਿਛਲੇ ਦਿਨੀਂ ਸ੍ਰੀ ਰਾਮ ਨੌਮੀ ਦੇ ਸਮਾਗਮਾਂ ਦੌਰਾਨ ਬਿਹਾਰ ਅਤੇ ਪੱਛਮੀ ਬੰਗਾਲ 'ਚ ਕੁਝ ਥਾਵਾਂ 'ਤੇ ਹੋਈ ਹਿੰਸਾ ਨਿੰਦਣਯੋਗ ਹੈ। ਇਸ ਤੋਂ ਵੀ ਮੰਦਭਾਗੀ ਅਤੇ ਅਫ਼ਸੋਸਨਾਕ ਗੱਲ ਇਹ ਹੈ ਕਿ ਹਿੰਸਾ ਦੀ ਪ੍ਰਤੀਕਿਰਿਆ ਵਿਚ ਕੁਝ ਸਿਆਸੀ ਨੇਤਾਵਾਂ ਦੇ ਗ਼ੈਰ ਜ਼ਿੰਮੇਵਾਰਾਨਾ ਅਤੇ ਬੇਤੁਕੇ ਬਿਆਨ ਹੋਰ ਵੀ ਮੰਦਭਾਗੀ ਅਤੇ ਅਫ਼ਸੋਸਜਨਕ ਹਨ। ਪਰ ਇਨ੍ਹਾਂ ਸੁਆਰਥੀ ਆਗੂਆਂ ਦੇ ਅਜਿਹੇ ਨਫ਼ਰਤ ਭਰੇ ਭਾਸ਼ਨਾਂ ਤੋਂ ਲੋਕਾਂ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ। ਸਗੋਂ, ਸਾਨੂੰ ਸਾਰੇ ਤਿਉਹਾਰਾਂ ਦੌਰਾਨ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਚਾਹੀਦਾ ਹੈ, ਜੋ ਸਾਰੇ ਦੇਸ਼ ਵਾਸੀਆਂ ਅਤੇ ਦੇਸ਼ ਦੇ ਹਿਤ ਵਿਚ ਹੋਵੇਗਾ ਅਤੇ ਸਾਡੇ ਦੇਸ਼ ਦੇ ਉੱਚ ਸਨਮਾਨ ਨੂੰ ਬਣਾਈ ਰੱਖਣ ਵਿਚ ਮਦਦਗਾਰ ਹੋਵੇਗਾ।


-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

17-04-2023

 ਧਰਤੀ ਹੇਠਲੇ ਬਲਦ
ਕੁਲਵੰਤ ਸਿੰਘ ਵਿਰਕ ਦੀ ਕਹਾਣੀ ਪੜ੍ਹੀ ਸੀ-'ਧਰਤੀ ਹੇਠਲਾ ਬਲਦ' ਜਿਹੜਾ ਜੰਗ ਵਿਚ ਸ਼ਹੀਦ ਹੋਏ ਆਪਣੇ ਪੁੱਤ ਦੀ ਸ਼ਹੀਦੀ ਉਸ ਦੇ ਛੁੱਟੀ ਆਏ ਹੋਏ ਦੋਸਤ ਤੋਂ ਇਸ ਲਈ ਲੁਕਾ ਲੈਂਦਾ ਹੈ ਕਿ ਉਸ ਦੇ ਦੋਸਤ ਦੀ ਛੱਟੀ ਵਿਚ ਕੋਈ ਵਿਘਨ ਨਾ ਪਵੇ ਕਿਉਂਕਿ ਹਰ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਮੈਂ ਜਦੋਂ ਵੀ ਦਸਵੀਂ ਜਮਾਤ ਵਿਚ ਇਹ ਪਾਠ ਪੜ੍ਹਾਉਂਦੀ ਹਾਂ ਤਾਂ ਬੱਚੇ ਅਕਸਰ ਪੁੱਛ ਲੈਂਦੇ ਨੇ।
ਇਹ ਕਿਵੇਂ ਹੋ ਸਕਦਾ ਕਿ ਕੋਈ ਆਪਣਾ ਇੰਨਾ ਵੱਡਾ ਦੁੱਖ ਛਿਪਾ ਕੇ ਆਏ ਮਹਿਮਾਨ ਦੀ ਸੇਵਾ ਵਿਚ ਲੱਗ ਜਾਵੇ ਤਾਂ ਮੈਂ ਅਕਸਰ ਉਨ੍ਹਾਂ ਨੂੰ ਕਿਸਾਨਾਂ ਦੀ ਉਦਾਹਰਨ ਦਿੰਦੀ ਹਾਂ ਜਿਨ੍ਹਾਂ ਦੀਆਂ ਹਰ ਸਾਲ ਕਦੇ ਸੋਕੇ ਤੇ ਕਦੇ ਡੋਬੇ ਵਿਚ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਪਰ ਫਿਰ ਉਹ ਅਗਲੇ ਸਾਲ ਲਈ ਉਸੇ ਧਰਤੀ ਵਿਚ ਦੁਬਾਰਾ ਆਸਾਂ ਦੇ ਬੀਜ, ਬੀਜ ਛੱਡਦੇ ਨੇ ਪਰ ਹਿੰਮਤ ਨਹੀਂ ਹਾਰਦੇ।
ਸਾਡੇ ਛੋਟੇ ਭੈਣ ਜੀ ਡਾ. ਗੁਰਪ੍ਰੀਤ ਕੌਰ ਐਗਰੀਕਲਚਰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਨੇ। ਉਹ ਉਨ੍ਹਾਂ ਦੇ ਧੀਰਜ ਦੀ ਮਿਸਾਲ ਦਿੰਦੇ ਹੋਏ ਦੱਸਦੇ ਸਨ ਕਿ ਇਕ ਕਿਸਾਨ ਦੀਆਂ 10-15 ਮੱਝਾਂ ਕਿਸੇ ਬਿਮਾਰੀ ਦੀ ਲਪੇਟ ਵਿਚ ਆ ਕੇ ਇਕ ਤੋਂ ਬਾਅਦ ਇਕ ਸਾਰੀਆਂ ਮਰ ਗਈਆਂ। ਦੀਦੀ ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਅਫ਼ਸੋਸ ਕਰਨ ਗਈ ਤਾਂ ਅੱਗੇ ਕਹਿੰਦੇ 'ਪੁੱਤਰਾ, ਇਹ ਸਭ ਤਾਂ ਚੱਲਦਾ ਹੀ ਰਹਿੰਦਾ, ਤੂੰ ਪਹਿਲਾਂ ਪਰਸ਼ਾਦਾ ਛਕ, ਆਪਾਂ ਫਿਰ ਗੱਲਾਂ ਕਰਾਂਗੇ।'
ਇਸ ਵਾਰ ਰੱਬ ਨੇ ਬੱਦਲ ਬਣ ਕੇ ਇਨ੍ਹਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ, ਜਿਸ ਕਾਰਨ ਕਾਫ਼ੀ ਹੱਦ ਤੱਕ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਹੈ। ਆਓ, ਆਪਾਂ ਸਾਰੇ ਉਸ ਪਰਮਪਿਤਾ ਪਰਮਾਤਮਾ ਅੱਗੇ ਇਨ੍ਹਾਂ ਧਰਤੀ ਹੇਠਲੇ ਬਲਦਾਂ ਦੀ ਚੰਗੇ ਭਵਿੱਖ ਦੀ ਅਰਦਾਸ ਕਰੀਏ।
ਪਰਮਾਤਮਾ ਇਨ੍ਹਾਂ ਅੰਨਦਾਤਿਆਂ ਦੀ ਵੀ ਸਾਰ ਲਵੇ। ਇਨ੍ਹਾਂ ਦੇ ਬਣਦੇ ਹੱਕਾਂ ਤੋਂ ਨਾ ਵਾਂਝਿਆ ਕਰ ਮਾਲਕਾ। ਸਾਨੂੰ ਅੰਨ ਪਹੁੰਚਾਉਣ ਵਾਲੇ ਜੇ ਆਪ ਭੁੱਖੇ ਸੌਂਦੇ ਰਹੇ ਤਾਂ ਇਸ ਦਾ ਸੰਤਾਪ ਭੋਗਣਾ ਸਾਰੀ ਸ੍ਰਿਸ਼ਟੀ ਨੂੰ ਭੋਗਣਾ ਪੈਣਾ।


-ਅਮਰਦੀਪ ਕੌਰ ਲੱਕੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX