ਤਾਜਾ ਖ਼ਬਰਾਂ


ਗੰਨਾ ਕਾਸ਼ਤਕਾਰਾਂ ਲਈ ਮੋਦੀ ਸਰਕਾਰ ਦੀ ਵੱਡੀ ਸੌਗਾਤ!
. . .  8 minutes ago
ਨਵੀਂ ਦਿੱਲੀ, 22 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਨਾ ਖਰੀਦ ਦੀ ਕੀਮਤ ’ਚ ਇਤਿਹਾਸਕ ਵਾਧੇ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਮਿਲੀ ਮਨਜ਼ੂਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਕੇਂਦਰ...
ਨੌਜਵਾਨ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਜੀ.ਟੀ. ਰੋਡ ਕੀਤਾ ਗਿਆ ਜਾਮ
. . .  29 minutes ago
ਢਿਲਵਾਂ, 22 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕਿਸਾਨ ਜਥੇਬੰਦੀਆਂ ਵਲੋਂ ਢਿਲਵਾਂ (ਕਪੂਰਥਲਾ) ਵਿਖੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ...
ਡੱਲੇਵਾਲ ਦਾ ਹਾਲ ਜਾਨਣ ਰਾਜਿੰਦਰਾ ਹਸਪਤਾਲ ਪਹੁੰਚੇ ਸਰਵਣ ਸਿੰਘ ਪੰਧੇਰ ਅਤੇ ਸੁਰਜੀਤ ਸਿੰਘ ਫੂਲ
. . .  35 minutes ago
ਪਟਿਆਲਾ, 22 ਫਰਵਰੀ (ਦਮਨਜੀਤ ਸਿੰਘ)- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਬੀਤੀ ਰਾਤ ਤੋਂ ਦਾਖ਼ਲ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਜਾਨਣ ਲਈ ਸਰਵਣ ਸਿੰਘ ਪੰਧੇਰ ਅਤੇ ਸੁਰਜੀਤ ਸਿੰਘ ਫੂਲ ਸਮੇਤ ਹੋਰ ਕਿਸਾਨ ਆਗੂ ਰਾਜਿੰਦਰਾ ਹਸਪਤਾਲ ਪਹੁੰਚੇ ਹਨ।
ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਤੇ ਉਚਿਤ ਮੁਆਵਜਾ ਪਰਿਵਾਰ ਨੂੰ ਮਿਲੇ
. . .  44 minutes ago
ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਲੰਘੇ ਦਿਨੀਂ ਖਨੌਰੀ ਪੰਜਾਬ ਹਰਿਆਣਾ ਸਰਹੱਦ ’ਤੇ ਆਰੰਭ ਹੋਏ ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ...
ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਵਜੋਂ ਸੁਨਾਮ ਦੇ ਵਕੀਲਾਂ ਵਲੋਂ ਹੜਤਾਲ
. . .  51 minutes ago
ਸੁਨਾਮ ਊਧਮ ਸਿੰਘ ਵਾਲਾ, 22 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)- ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ‘ਦਿੱਲੀ ਕੂਚ’ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਵਜੋਂ ਅੱਜ ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ...
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਨੇ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਕੀਤਾ ਦੌਰਾ
. . .  about 1 hour ago
ਗੁਰੂ ਹਰਸਹਾਏ, 22 ਫਰਵਰੀ (ਕਪਿਲ ਕੰਧਾਰੀ)-ਅੱਜ ਮਾਨਯੋਗ ਮਿਸਟਰ ਜਸਟਿਸ ਜੱਸ ਗੁਰਪ੍ਰੀਤ ਸਿੰਘ ਪੁਰੀ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ ਕੀਤਾ...
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ
. . .  about 1 hour ago
ਤਪਾ ਮੰਡੀ, 22 ਫਰਵਰੀ(ਪ੍ਰਵੀਨ ਗਰਗ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਕੇ ਜਾਮ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ...
ਤਪਾ ਮੰਡੀ: ਕਿਸਾਨ ਯੂਨੀਅਨ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਗਈ ਨਾਅਰੇਬਾਜ਼ੀ
. . .  about 1 hour ago
ਤਪਾ ਮੰਡੀ, 22 ਫਰਵਰੀ (ਵਿਜੇ ਸ਼ਰਮਾ)-ਬੀਤੇ ਕੱਲ੍ਹ ਖਨੌਰੀ ਬਾਰਡਰ ’ਤੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਬਲੋਂ ਦਾ ਸ਼ੁਭ ਕਰਨ ਸਿੰਘ ਜਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਉਸ ਦੇ ਰੋਸ ਵਜੋਂ ਭਾਰਤੀ...
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਕੀਤਾ ਗਿਆ ਜਾਮ
. . .  about 1 hour ago
ਲੁਧਿਆਣਾ, 22 ਫਰਵਰੀ (ਰੂਪੇਸ਼ ਕੁਮਾਰ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਜਲੰਧਰ ਵਲੋਂ ਲੁਧਿਆਣਾ ਤੇ ਫਿਲੌਰ ਦੇ ਵਿਚਾਲੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ...
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਸਨਮੁਖ ਇਕੱਤਰਤਾ
. . .  about 1 hour ago
ਅੰਮ੍ਰਿਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਡਿਬਰੂਗੜ੍ਹ ਜੇਲ ’ਚੋਂ ਸਿੱਖ ਨਜ਼ਰਬੰਦਾਂ ਨੂੰ ਪੰਜਾਬ...
ਪੰਜਾਬ ਸਰਕਾਰ ਦੇ ਵਿਰੋਧ ’ਚ ਫਿਰੋਜਪੁਰ ਕੈਂਟ ਵਿਖੇ ਵਪਾਰੀਆਂ ਵਲੋਂ ਬਾਜ਼ਾਰ ਬੰਦ
. . .  about 1 hour ago
ਫਿਰੋਜ਼ਪੁਰ, 22 ਫਰਵਰੀ (ਰਾਕੇਸ਼ ਚਾਵਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਵਿਚ ਆਏ ਕੈਂਟ ਦੇ ਵਪਾਰੀਆਂ ਵਲੋਂ ਅੱਜ ਬਾਜ਼ਾਰ...
ਮੁੱਖ ਮੰਤਰੀ ਕੋਲੋਂ ਨਹੀਂ ਸੰਭਲ ਰਿਹਾ ਇਹ ਗੰਭੀਰ ਮਸਲਾ: ਪ੍ਰੇਮ ਸਿੰਘ ਚੰਦੂ ਮਾਜਰਾ
. . .  about 2 hours ago
ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਕੋਲੋਂ ਜੇ ਹਾਲਾਤ ਨਹੀਂ ਸੰਭਲ ਰਹੇ ਤਾਂ ਉਨ੍ਹਾਂ ਨੂੰ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ...
ਰਾਮਾਂ ਮੰਡੀ ਦੇ ਮਜ਼ਦੂਰ ਤੋਂ ਹਰਿਆਣੇ ਚ ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 8000 ਰੁਪਏ
. . .  about 2 hours ago
ਰਾਮਾਂ ਮੰਡੀ, 22 ਫਰਵਰੀ (ਤਰਸੇਮ ਸਿੰਗਲਾ) - ਅੱਜ ਸਵੇਰੇ ਰਾਮਾਂ ਮੰਡੀ ਦੇ ਇਕ ਪ੍ਰਵਾਸੀ ਮਜ਼ਦੂਰ ਤੋਂ ਹਰਿਆਣਾ ਸੂਬੇ ਦੀ ਮੰਡੀ ਕਾਲਿਆਂਵਾਲੀ ਵਿਖੇ ਤਖਤਮੱਲ ਰੋਡ ਤੇ ਇਕ ਮੋਟਰਸਾਈਕਲ 'ਤੇ ਸਵਾਰ...
ਕਿਸਾਨਾਂ ਨੇ 'ਦਿੱਲੀ ਚਲੋ' ਮਾਰਚ ਦੋ ਦਿਨਾਂ ਲਈ ਰੋਕਿਆ
. . .  about 2 hours ago
ਸ਼ੰਭੂ ਬਾਰਡਰ (ਹਰਿਆਣਾ), 22 ਫਰਵਰੀ - ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਚੱਲ...
ਪੱਛਮੀ ਬੰਗਾਲ : ਡੀ.ਜੀ.ਪੀ. ਵਲੋਂ ਸੰਦੇਸ਼ਖਾਲੀ ਹਿੰਸਾ ਦੇ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ
. . .  about 3 hours ago
ਕੋਲਕਾਤਾ, 22 ਫਰਵਰੀ - ਸੰਦੇਸ਼ਖਲੀ ਦਾ ਦੌਰਾ ਕਰਨ ਤੋਂ ਬਾਅਦ ਪੱਛਮੀ ਬੰਗਾਲ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਰਾਜੀਵ ਕੁਮਾਰ ਕੋਲਕਾਤਾ ਪਰਤ ਆਏ ਅਤੇ ਕਿਹਾ ਕਿ ਕਾਨੂੰਨ ਨੂੰ ਹੱਥ ਵਿਚ...
ਮੌਜੂਦਾ ਮੁੱਖ ਮੰਤਰੀ ਦੇ ਜੇਲ੍ਹ ਵਿਚ ਹੋਣ ਦੀ ਇਹ ਪਹਿਲੀ ਘਟਨਾ ਨਹੀਂ ਹੈ - ਕਪਿਲ ਸਿੱਬਲ ਨੂੰ ਝਾਰਖੰਡ ਭਾਜਪਾ ਦੇ ਪ੍ਰਧਾਨ ਬਾਬੂਲਾਲ ਮਰਾਂਡੀ
. . .  about 3 hours ago
ਰਾਂਚੀ, 22 ਫਰਵਰੀ - ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਅਤੇ ਨੇਤਾਵਾਂ ਨੂੰ ਜਵਾਬਦੇਹ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 1975 ਵਿਚ...
ਖਨੌਰੀ ਚ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਦੀ ਮੌਤ ‘ਤੇ ਜਥੇਦਾਰ ਦਾ ਵੱਡਾ ਬਿਆਨ
. . .  about 3 hours ago
ਅੰਮ੍ਰਿਤਸਰ, 22 ਫਰਵਰੀ (ਜਸਵੰਤ ਸਿੰਘ ਜੱਸ) -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਕੋਲ ਕਿਸਾਨਾਂ ਉੱਤੇ ਪੁਲਿਸ ਦੁਆਰਾ ਚਲਾਈਆਂ...
ਭਾਰਤ, ਅਮਰੀਕਾ ਵਲੋਂ ਸਿਖਰ ਸੰਮੇਲਨ ਚ ਓਪਨ ਇੰਡੋ-ਪੈਸੀਫਿਕ ਨੂੰ ਵਧਾਉਣ ਬਾਰੇ ਚਰਚਾ
. . .  about 3 hours ago
ਨਵੀਂ ਦਿੱਲੀ, 22 ਫਰਵਰੀ -ਰੱਖਿਆ ਮੰਤਰਾਲੇ ਅਤੇ ਅਮਰੀਕੀ ਰੱਖਿਆ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਵਿਚ ਦੂਜੇ ਭਾਰਤ-ਅਮਰੀਕਾ ਰੱਖਿਆ ਪ੍ਰਵੇਗ ਈਕੋਸਿਸਟਮ ਸੰਮੇਲਨ ਵਿਚ ਹਿੱਸਾ ਲਿਆ ਅਤੇ ਇਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ...
ਯੂਕਰੇਨ : ਰਾਸ਼ਟਰਪਤੀ ਜ਼ੇਲੇਂਸਕੀ ਵਲੋਂ ਪੋਲਿਸ਼ ਨੇਤਾਵਾਂ ਨੂੰ ਕਿਸਾਨਾਂ ਦੇ ਵਿਰੋਧ ਨੂੰ ਹੱਲ ਕਰਨ ਲਈ ਸੱਦਾ
. . .  about 4 hours ago
ਕੀਵ (ਯੂਕਰੇਨ), 22 ਫਰਵਰੀ -ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੋਲਿਸ਼ ਨੇਤਾਵਾਂ ਨੂੰ ਯੂਕਰੇਨੀ ਭੋਜਨ ਦੀ ਦਰਾਮਦ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੋਲਿਸ਼ ਕਿਸਾਨਾਂ ਦੁਆਰਾ...
ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ 'ਚ ਰੱਖਣਗੇ 22,850 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ
. . .  about 4 hours ago
ਨਵੀਂ ਦਿੱਲੀ, 22 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਮਿਲਕ ਫੈੱਡ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਸ਼ਾਮਿਲ ਹੋਣਗੇ, 22,850 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ...
ਅਮਰੀਕਾ: ਜਾਪਾਨੀ ਯਾਕੂਜ਼ਾ ਨੇਤਾ 'ਤੇ ਮਿਆਂਮਾਰ ਤੋਂ ਪ੍ਰਮਾਣੂ ਸਮੱਗਰੀ ਦੀ ਤਸਕਰੀ ਕਰਨ ਦਾ ਦੋਸ਼
. . .  about 4 hours ago
ਵਾਸ਼ਿੰਗਟਨ, 22 ਫਰਵਰੀ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਾਪਾਨੀ ਸੰਗਠਿਤ ਅਪਰਾਧ ਸਿੰਡੀਕੇਟ ਯਾਕੂਜ਼ਾ ਦੇ ਇਕ ਨੇਤਾ, ਜਿਸ ਦੀ ਪਛਾਣ ਤਾਕੇਸ਼ੀ ਏਬੀਸਾਵਾ ਵਜੋਂ ਹੋਈ ਹੈ, ਉੱਤੇ ਅਮਰੀਕੀ...
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ 'ਤੇ ਸੱਦੀ ਸਰਬ ਪਾਰਟੀ ਮੀਟਿੰਗ
. . .  about 5 hours ago
ਨਵੀਂ ਦਿੱਲੀ, 22 ਫਰਵਰੀ - ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਪਾਣੀ ਦੇ ਵਧੇ ਹੋਏ ਬਿੱਲਾਂ ਬਾਰੇ ਯਕਮੁਸ਼ਤ ਨਿਪਟਾਰਾ ਯੋਜਨਾ ਬਾਰੇ ਵਿਚਾਰ...
⭐ਮਾਣਕ-ਮੋਤੀ ⭐
. . .  about 5 hours ago
⭐ਮਾਣਕ-ਮੋਤੀ ⭐
ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨ ਨੇਤਾਵਾਂ ਵਿਚ ਮੀਟਿੰਗ
. . .  about 1 hour ago
ਸ਼ੰਭੂ (ਹਰਿਆਣਾ), 21 ਫਰਵਰੀ (ਦਮਨਜੀਤ ਸਿੰਘ)- ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕਿਸਾਨ ਨੇਤਾ ਜਗਦੀਸ਼ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੂੰ ਸ਼ੰਭੂ ਚੌਂਕੀ ਵਿਖੇ ਮੀਟਿੰਗ....
ਸੜਕ ਹਾਦਸੇ ਵਿਚ 10ਵੀਂ ਦਾ ਪੇਪਰ ਦੇ ਕੇ ਆ ਰਹੇ ਇਕ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 21 ਫਰਵਰੀ (ਅਮਨਜੋਤ ਸਿੰਘ ਵਾਲੀਆ)-ਫੱਤੂਢੀਂਗਾ ਰੋਡ 'ਤੇ ਪਿੰਡ ਖੀਰਾਂਵਾਲੀ ਨਜ਼ਦੀਕ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਸੜਕ 'ਤੇ ਡਿੱਗ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 16 ਅੱਸੂ ਸੰਮਤ 555
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਕਿਤਾਬਾਂ

01-10-2023

ਵਿਦਾਅ ਹੋਇਆ ਕਿਸ ਰੁੱਤੇ!
ਲੇਖਕ : ਅਵਤਾਰ ਟੱਲੇਵਾਲੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 93562-30990

ਅਵਤਾਰ ਟੱਲੇਵਾਲੀਆ ਬਰਨਾਲੇ ਲਾਗਲੇ ਪ੍ਰਸਿੱਧ ਪਿੰਡ ਟੱਲੇਵਾਲ ਦਾ ਜੰਮਪਲ ਸੀ। ਬਚਪਨ ਤੋਂ ਹੀ ਉਸ ਵਿਚ ਕਾਵਿ-ਪ੍ਰਤਿਭਾ ਦਾ ਜਲੌਅ ਸੀ। ਸ਼ਿਵ ਕੁਮਾਰ ਬਟਾਲਵੀ ਦਾ ਉਹ ਕਵੀ ਸਾਥੀ ਤੇ ਸ਼ਿਵ ਕਈ ਵਾਰ ਉਸ ਕੋਲ ਟੱਲੇਵਾਲ ਜਾ ਕੇ ਹਫ਼ਤਾ ਭਰ ਰਹਿ ਕੇ ਆਉਂਦਾ ਹੈ। ਉਹ ਸਕੂਲ ਸਮੇਂ ਤੋਂ ਹੀ ਕਵਿਤਾ, ਗ਼ਜ਼ਲ, ਗੀਤ ਲਿਖਦਾ ਵੀ ਸੀ ਅਤੇ ਗਾਉਂਦਾ ਵੀ ਸੀ। ਅਵਤਾਰ ਨੇ 30 ਸਾਲ ਦੀ ਨਿੱਕੀ ਜਿਹੀ ਜ਼ਿੰਦਗੀ ਵਿਚ ਹੀ ਕਵਿਤਾ ਤੇ ਹੋਰ ਵਿਧਾਵਾਂ ਦੇ ਰਚਨ ਕਰਕੇ ਸਥਾਪਤੀ ਪ੍ਰਾਪਤੀ ਕੀਤੀ ਸੀ। ਉਹ ਦਰਜਨਾਂ ਮੈਗਜ਼ੀਨਾਂ ਅਤੇ ਨਵਾਂ ਜ਼ਮਾਨਾ ਸਮੇਤ ਅਗਾਂਹਵਧੂ ਅਖ਼ਬਾਰਾਂ ਵਿਚ ਕਵਿਤਾਵਾਂ ਨਾਲ ਛਪਦਾ ਸੀ। ਅਵਤਾਰ ਦੀ ਜੀਵਨਸ਼ੈਲੀ ਮਿਲਣਸਾਰਤਾ ਅਤੇ ਹਸੂੰ ਹਸੂੰ ਕਰਦੇ ਚਿਹਰੇ ਕਰਕੇ ਉਸ ਦੇ ਮਿੱਤਰ ਤੇ ਪਿੰਡ ਵਾਲੇ ਉਸ ਨੂੰ ਹੁਣ ਤੱਕ ਵੀ ਆਪਣੇ ਆਸ-ਪਾਸ ਸਮਝਦੇ ਹਨ। ਐਸਾ ਹੋਣਹਾਰ ਤੇ ਵਿਲੱਖਣ ਕਵੀ ਕੇਵਲ 30 ਸਾਲ ਦੀ ਭਰ ਜਵਾਨੀ ਵਿਚ ਅਚਾਨਕ ਮੌਤ ਦੇ ਮੂੰਹ ਵਿਚ ਜਾ ਪਿਆ। ਕਹਿੰਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣਾ ਪ੍ਰਸਿੱਧ ਗੀਤ : 'ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ' ਅਵਤਾਰ ਟੱਲੇਵਾਲੀਏ ਦੇ ਪਿੰਡ ਭੱਠੀ ਤੋਂ ਦਾਣੇ ਭੁਣਾਉਣ ਗਿਆਂ ਚਿਤਵਿਆ ਤੇ ਘਰ ਆ ਕੇ ਚਿੱਤਰਿਆ ਸੀ। ਟੱਲੇਵਾਲ ਪਿੰਡ ਦੇ ਲੋਕਾਂ ਅਤੇ ਮਿੱਤਰਾਂ ਨੂੰ ਪਿੰਡ ਟੱਲੇਵਾਲ ਵਿਖੇ ਅਵਤਾਰ ਟੱਲੇਵਾਲੀਏ ਦੇ ਨਾਂਅ 'ਤੇ ਲਾਇਬ੍ਰੇਰੀ ਸਥਾਪਿਤ ਕੀਤੀ ਹੋਈ ਹੈ। ਅਵਤਾਰ 1971 ਵਿਚ ਆਪਣੇ ਮਿੱਤਰਾਂ ਪਿਆਰਿਆਂ ਤੇ ਘਰ ਪਰਿਵਾਰ ਨੂੰ ਛੱਡ ਗਿਆ। ਹਥਲੀ ਪੁਸਤਕ ਉਸ ਦੇ ਗਰਾਈਂ ਮਿੱਤਰ ਜੋ ਕਿ ਹੁਣ ਕੈਨੇਡਾ ਜਾ ਵਸਿਆ, ਨੇ ਆਪਣੇ ਪਿਆਰੇ ਮਿੱਤਰ ਨੂੰ ਸ਼ਰਧਾਂਜਲੀ ਵਜੋਂ ਪ੍ਰਕਾਸ਼ਿਤ ਕਰਵਾਈ ਹੈ। ਓਮ ਪ੍ਰਕਾਸ਼ ਗਾਸੋ, ਅਜਾਇਬ ਟੱਲੇਵਾਲੀਆ, ਗੁਰਚਰਨ ਟੱਲੇਵਾਲੀਆ, ਗੁਰਬਚਨ ਸਿੰਘ ਭੁੱਲਰ, ਜਰਨੈਲ ਸਿੰਘ ਸਨੇਚਾ, ਦਰਸ਼ਨ ਨੱਤ ਅਤੇ ਭੋਲਾ ਸਿੰਘ ਸੰਘੇੜਾ ਆਦਿ ਵੱਡੇ ਸਾਹਿਤਕਾਰਾਂ ਨੇ ਅਵਤਾਰ ਸੰਬੰਧੀ ਬੜੀਆਂ ਦਿਲਟੁੰਬਵੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਟੱਲੇਵਾਲੀਆ ਨੇ ਕਹਾਣੀ, ਕਵਿਤਾ, ਗ਼ਜ਼ਲ ਅਤੇ ਹੋਰ ਵੀ ਵਿਧਾਵਾਂ ਵਿਚ ਪੂਰੇ ਪਿਆਰ, ਆਕਾਰ ਅਤੇ ਸ਼ਾਹਕਾਰ ਸਥਿਤੀ ਵਿਚ ਸਿਰਜਣਾ ਕੀਤੀ ਪਰ ਜਿਵੇਂ ਹੁੰਦਾ ਹੈ ਕਿ ਉਸ ਦੀ ਸਿਰਜਣਾਤਮਿਕਤਾ ਦੀ ਵੀਨਤਾ ਨੇ ਪੁਸਤਕ ਛਾਪਣ ਵੱਲ ਧਿਆਨ ਹੀ ਨਾ ਜਾਣ ਦਿੱਤਾ। ਪਰ ਸੰਪਾਦਕ ਅਜਾਇਬ ਨੇ ਟੱਲੇਵਾਲੀਆ ਦੀਆਂ 50-60 ਸਾਲ ਪੁਰਾਣੀਆਂ ਰਚਨਾਵਾਂ ਲੱਭ ਕੇ ਉਨ੍ਹਾਂ ਨੂੰ ਇਕ ਪੁਸਤਕ ਦਾ ਰੂਪ ਦਿੱਤਾ। ਇਹ ਪੁਸਤਕ ਕਿਸੇ ਮੁੱਦੇ 'ਤੇ ਅਣਪੁਸਤਕ ਸਾਹਿਤਕਾਰ ਨੂੰ ਇਕ ਬਹੁਤ ਵੱਡੀ ਸਾਹਿਤਕ ਸਲਾਮੀ ਹੈ। ਪੁਸਤਕ ਵਿਚ ਯੋਗ ਸੰਪਾਦਕ ਨੇ ਅਵਤਾਰ ਦੀਆਂ ਜਿੰਨੀਆਂ ਕੁ ਸਾਹਿਤਕ ਸਿਰਜਣਾਵਾਂ ਲੱਭੀਆਂ, ਨੂੰ ਯੋਗਤਾ ਨਾਲ ਇਸ ਪੁਸਤਕ ਵਿਚ ਸਾਂਭ ਦਿੱਤਾ। ਜੇਕਰ ਅਵਤਾਰ ਟੱਲੇਵਾਲੀਆ ਕੋਲ ਕੁਝ ਹੋਰ ਸਮਾਂ ਹੁੰਦਾ ਤਾਂ ਉਹ ਪੰਜਾਬੀ ਦਾ ਵੱਡਾ ਸਮਾਲੋਚਕ ਅਤੇ ਵੱਡਾ ਕਵੀ/ਗ਼ਜ਼ਲਗੋ ਹੁੰਦਾ। ਪੇਸ਼ ਹਨ ਉਸ ਦੇ ਕੁਝ ਸ਼ਿਅਰ:
-ਸਤ ਸਮੁੰਦਰੋਂ ਸੱਜਣ ਆਏ ਵੰਡਦੇ ਫਿਰਨ ਸੁਗਾਤਾਂ
ਸਾਨੂੰ ਉਮਰ ਦੀ ਦਰਦ ਦੇ ਗਏ, ਇਕੋ ਇਕ ਸੁਗਾਤ
-ਸੁਤ ਉਨੀਂਦੇ ਸੁਪਨੇ ਆਵਣ ਕਿ ਮਿਲ ਮਿਲ ਕਰੀਏ ਗੱਲਾਂ
ਨੈਣ ਖੁੱਲ੍ਹਿਆ ਨਜ਼ਰ ਨਾ ਆਵਣ ਕੈਸੀ ਲੁਕਣ ਮੀਚਾਕੀ...

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਡਾ. ਅੰਬੇਡਕਰ ਦੀ ਸੰਘਰਸ਼ ਗਾਥਾ
ਲੇਖਕ : ਗਗਨ ਫੂਲ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 135 ਰੁਪਏ, ਸਫ਼ੇ : 59
ਸੰਪਰਕ : 75289-03512

ਇਸ ਗੱਲ 'ਚ ਅਟੱਲ ਸਚਾਈ ਹੈ ਕਿ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਉਹ ਇਕ ਮਹਾਨ ਸ਼ਖ਼ਸੀਅਤ ਹੋਏ ਹਨ, ਜਿਨ੍ਹਾਂ ਬਾਰੇ ਲਿਖਣਾ ਏਨਾ ਅਸਾਨ ਨਹੀਂ। ਉਨ੍ਹਾਂ ਦਾ ਸਾਰਾ ਜੀਵਨ ਹੀ ਸੰਘਰਸ਼ ਨਾਲ ਭਰਿਆ ਪਿਆ ਹੈ। 22-23 ਸਾਲਾਂ ਦੇ ਨੌਜਵਾਨ ਲੇਖਕ ਗਗਨ ਫੂਲ ਨੇ ਜੋ ਉਨ੍ਹਾਂ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਰੀਫ਼ ਯੋਗ ਹੈ। ਇਸ ਲਈ ਹਥਲੀ ਪੁਸਤਕ ਬਾਰੇ ਪੜਚੋਲ ਕਰਨ ਤੋਂ ਪਹਿਲਾਂ ਇਸ ਛੋਟੀ ਉਮਰ ਦੇ ਵੱਡੇ ਲੇਖਕ ਨੂੰ ਇਹ ਪੁਸਤਕ ਲਿਖਣ 'ਤੇ ਮੁਬਾਰਕਵਾਦ ਦਿੰਦੇ ਹਾਂ। ਬਾਬਾ ਸਾਹਿਬ ਬਾਰੇ ਅੱਜ ਤੱਕ ਬਹੁਤ ਜ਼ਿਆਦਾ ਲਿਖਿਆ ਜਾ ਰਿਹਾ ਹੈ। ਉਨ੍ਹਾਂ ਦੇ ਜੀਵਨ ਤੇ ਸੰਘਰਸ਼ ਬਾਰੇ ਛਪ ਚੁੱਕੇ ਅਨੇਕਾਂ ਖੰਡ ਨਿੱਠ ਕੇ ਪੜ੍ਹਨ ਦੀ ਜ਼ਰੂਰਤ ਹੈ।... ਜਿਸ ਤਰ੍ਹਾਂ ਬ੍ਰਾਹਮਣ ਮਾਸਟਰ ਵਲੋਂ ਉਨ੍ਹਾਂ ਨੂੰ ਚਿੜਾਉਣਾ ਤੇ ਅਪਮਾਨਿਤ ਕਰਨਾ ਇਸ ਦੇ ਬਦਲੇ 'ਚ ਬਾਬਾ ਸਾਹਿਬ ਵਲੋਂ ਤਿੱਖਾ ਪ੍ਰਤੀਕਰਮ ਕਰਨਾ ਛੋਟੀ ਗੱਲ ਨਹੀਂ ਹੈ। ਦਲਿਤ ਸਮਾਜ ਦੀ ਬਿਹਤਰੀ ਲਈ ਸਾਰੀ ਉਮਰ ਸੰਘਰਸ਼ ਕੀਤਾ। 1919 'ਚ ਮੂਕਨਾਇਕ ਪੰਦਰਾਂ ਰੋਜ਼ਾ ਅਖ਼ਬਾਰ ਕੱਢਣ ਨਾਲ ਦਲਿਤ ਸਮਾਜ ਦੀਆਂ ਦੁਸ਼ਵਾਰੀਆਂ ਨੂੰ ਉਜਾਗਰ ਕਰਨਾ। ਔਰਤਾਂ ਦੇ ਅਧਿਕਾਰਾਂ ਨੂੰ ਦਿਵਾਉਣਾ, ਹਰ ਇਕ ਲਈ ਸਸਤੀ ਸਿੱਖਿਆ, ਜਣੇਪੇ ਦੌਰਾਨ ਉਨ੍ਹਾਂ ਨੂੰ ਛੁੱਟੀ ਦਾ ਅਧਿਕਾਰ ਦਿਵਾਉਣਾ। ਬਾਬਾ ਸਾਹਿਬ ਬਾਰੇ ਸਫ਼ਾ 47 ਤੋਂ 59 ਤੱਕ ਸੰਖੇਪ ਜਾਣਕਾਰੀ ਦੇ ਕੇ ਲੇਖਕ ਨੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦਾ ਵਧੀਆ ਉਪਰਾਲਾ ਕੀਤਾ। ਸਫ਼ਾ 42 ਤੋਂ 46 ਤੱਕ ਸੁੱਖਪਾਲ ਸਿੰਘ ਵਲੋਂ ਕਾਵਿਕ ਰਚਨਾਵਾਂ ਪੇਸ਼ ਕਰਨੀਆਂ ਪੁਸਤਕ 'ਚ ਨਵਾਂ ਰੰਗ ਭਰਦੀਆਂ ਹਨ। ਲੇਖਕ ਦਾ ਪਹਿਲਾ ਉਪਰਾਲਾ ਕਾਬਲੇ ਤਾਰੀਫ਼ ਕਿਹਾ ਜਾ ਸਕਦਾ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਨਾਰੀਵਾਦ : ਵਿਭਿੰਨ ਪਰਿਪੇਖ
ਸੰਪਾਦਕ : ਡਾ. ਨੀਲਮ ਸ਼ਰਮਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ ਜਲੰਧਰ
ਮੁੱਲ : 400 ਰੁਪਏ, ਸਫ਼ੇ : 367
ਸੰਪਰਕ : 98144-72782

ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਲੋਂ 8 ਮਾਰਚ, 2022 ਨੂੰ ਅੰਤਰ-ਰਾਸ਼ਟਰੀ ਔਰਤ ਦਿਵਸ ਸਮੇਂ ਨਾਰੀਵਾਦ ਸੈਮੀਨਾਰ ਕਰਵਾਇਆ ਗਿਆ ਸੀ। ਇਸ ਸਮੇਂ ਪੰਜਾਬੀ ਵਿਚ 38, ਹਿੰਦੀ ਵਿਚ 4 ਅਤੇ ਅੰਗਰੇਜ਼ੀ ਵਿਚ 14 ਖੋਜ ਪੱਤਰ ਪੇਸ਼ ਕੀਤੇ ਗਏ। ਇਨ੍ਹਾਂ ਸਾਰੇ ਖੋਜ-ਪੱਤਰਾਂ ਦਾ ਸੰਪਾਦਨ ਪੰਜਾਬੀ ਵਿਭਾਗ ਦੇ ਤਿੰਨ ਅਸਿਸਟੈਂਟ ਪ੍ਰੋਫ਼ੈਸਰਾਂ ਦੇ ਸਹਿਯੋਗ ਨਾਲ ਕੀਤਾ ਗਿਆ। ਆਧੁਨਿਕ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ (ਕਵਿਤਾਵਾਂ, ਕਹਾਣੀ, ਨਾਵਲ, ਨਾਟਕ, ਸਵੈ-ਜੀਵਨੀ ਆਦਿ) ਨੂੰ ਗ੍ਰਹਿਣ ਵਸਤ ਵਜੋਂ ਲੈ ਕੇ ਇਨ੍ਹਾਂ ਦਾ ਨਾਰੀਵਾਦੀ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਗਿਆ। ਵਿਸ਼ੇਸ਼ ਕਰ ਕੇ ਪੰਜਾਬੀ ਦੀਆਂ ਸਾਰੀਆਂ ਵਿਧਾਵਾਂ 'ਤੇ ਫੋਕਸ ਕੀਤਾ ਗਿਆ। ਮਾਨਵ ਪ੍ਰਧਾਨ/ਪਿਤਰੀ ਪ੍ਰਧਾਨ ਸਮਾਜ ਵਿਚ ਔਰਤਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਨਿਸ਼ਾਨਦੇਹੀ ਕੀਤੀ ਗਈ। ਜਿਵੇਂ ਬਾਲ ਵਿਆਹ, ਬੇਮੇਲ ਵਿਆਹ, ਲੜਕੀ ਦੀ ਸਲਾਹ ਬਿਨਾਂ ਵਰ ਦੀ ਚੋਣ, ਬਲਾਤਕਾਰ, ਦਹੇਜ, ਭਰੂਣ ਹੱਤਿਆ, ਪਤੀ ਦੀ ਨਪੁੰਸਕਤਾ, ਪਤੀ ਦੇ ਹੋਰਨਾਂ ਔਰਤਾਂ ਨਾਲ ਸੰਬੰਧ, ਮਰਦ ਦੀ ਅਣਹੋਂਦ, ਘਰੇਲੂ ਹਿੰਸਾ, ਤਲਾਕ, ਵਿਧਵਾ ਜੀਵਨ, ਨੌਕਰੀ ਪੇਸ਼ਾ ਔਰਤਾਂ ਦੀ ਸਮੱਸਿਆ, ਸੌਂਕਣ ਦਾ ਦੁਖਾਂਤ, ਸੱਸ ਦੀ ਚੌਧਰ, ਔਰਤ ਦੀ ਵੈਰਨ ਔਰਤ ਇਤਿਆਦਿ। ਔਰਤ ਕੇਵਲ ਭੋਗਣ ਦੀ ਵਸਤੂ ਬਣ ਕੇ ਰਹਿ ਜਾਂਦੀ ਹੈ। ਉਹ ਅੱਧ-ਵਿਚਾਲੇ ਲਟਕ ਜਾਂਦੀ ਹੈ। ਨਾ ਪਰੰਪਰਾ ਨੂੰ ਛੱਡ ਸਕਦੀ ਹੈ, ਨਾ ਆਧੁਨਿਕ ਬਣ ਸਕਦੀ ਹੈ। ਕੁੜੀਆਂ ਜੰਮਣ ਵਾਲੀ ਮਾਂ ਦੀ ਕਦਰ ਨਹੀਂ ਹੁੰਦੀ। ਕਈ ਥਾਵੇਂ ਪਸ਼ੂਆਂ ਵਾਂਗ ਵੇਚੀਆਂ ਜਾਂਦੀਆਂ ਹਨ। ਦਲਿਤ ਔਰਤਾਂ ਦੀ ਜੂਨ ਹੀ ਭੈੜੀ ਹੋ ਜਾਂਦੀ ਹੈ। ਇੰਜ ਔਰਤ ਨੂੰ ਹਾਸ਼ੀਏ 'ਤੇ ਰਹਿਣਾ ਪੈਂਦਾ ਹੈ। ਪਰ ਕੁਝ ਖੋਜ-ਪੱਤਰਾਂ ਵਿਚ ਸਿੱਖਿਆ ਦੇ ਪ੍ਰਚਾਰ ਨਾਲ ਸਥਿਤੀ ਬਦਲਦੀ ਵਿਖਾਈ ਗਈ ਹੈ। ਔਰਤ ਰਚਨਾਵਾਂ ਵਿਚ ਵਿਦਰੋਹੀ ਸੁਰ ਵੀ ਅਲਾਪਦੀ ਹੈ। ਆਸ਼ਾਵਾਦੀ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ ਕਿ ਔਰਤਾਂ ਚਾਰਦੀਵਾਰੀ ਦੀ ਕੈਦ ਨੂੰ ਪਸੰਦ ਨਹੀਂ ਕਰਦੀਆਂ। ਔਰਤਾਂ ਪੁਲਿਸ ਅਤੇ ਫ਼ੌਜ ਵਿਚ ਭਰਤੀ ਹੋ ਰਹੀਆਂ ਹਨ। ਦਫ਼ਤਰਾਂ ਵਿਚ ਕੰਮ ਕਰ ਰਹੀਆਂ ਹਨ। ਆਪਣੇ ਪੱਧਰ 'ਤੇ ਖੇਤੀ ਅਤੇ ਹੋਰ ਮਰਦਾਂ ਵਰਗੇ ਕੰਮ ਕਰ ਰਹੀਆਂ ਹਨ। ਮਰਦਾਂ ਵਾਂਗ ਇਸਤਰੀ ਲੇਖਿਕਾਵਾਂ ਸਾਹਿਤਕਾਰ ਬਣ ਰਹੀਆਂ ਹਨ। ਸੰਵਿਧਾਨ ਉਨ੍ਹਾਂ ਦੀ ਰਾਖੀ ਕਰ ਰਿਹਾ ਹੈ। ਉਂਝ ਅਜੇ ਵੀ ਬਚਪਨ ਵਿਚ ਪਿਤਾ, ਜਵਾਨੀ ਵਿਚ ਪਤੀ ਅਤੇ ਬੁਢਾਪੇ ਵਿਚ ਪੁੱਤਰ ਔਰਤ ਦੀ ਰਾਖੀ ਕਰਦਾ ਹੈ। ਦਰਅਸਲ ਨਾਰੀ ਚਿੰਤਨ ਦਾ ਮੁੱਢ ਪੱਛਮ ਵਿਚ ਬੱਝਦਾ ਹੈ। ਇਸ ਦੇ ਪਿਛੋਕੜ ਵਿਚ 1782 ਵਿਚ ਛਪੀ 'ਮੈਰੀ ਵੋਲਸਟੋਨਕਰਾਫ਼ਟ' ਦੀ ਪੁਸਤਕ 'ਏ ਵਿੰਡੀਕੇਸ਼ਨ ਆਫ਼ ਦ ਰਾਈਟਸ ਆਫ਼ ਵੂਮਨ' ਕਾਰਜਸ਼ੀਲ ਰਹੀ ਹੈ।
1929 ਵਿਚ ਵਰਜੀਨੀਆ ਵੁਲਫ਼ ਦੀ ਪੁਸਤਕ 'ਏ ਰੂਮ ਆਫ਼ ਵਨਜ਼ ਓਨ' ਇਸਤਰੀ ਨਾਲ ਹੋ ਰਹੇ ਦੁਰਵਿਵਹਾਰ ਦੀ ਚਰਚਾ ਕਰਦੀ ਹੈ। ਇਲੈਨ ਸ਼ੋਵਾਲਟਰ ਨੇ ਨਾਰੀਵਾਦੀ ਆਲੋਚਨਾ ਲਈ 'ਜੀਨੋ ਕ੍ਰਿਟੀਸਿਜ਼ਮ' ਦੀ ਟਰਮ ਘੜੀ। 'ਸਿਮੋਨ ਦ ਬੁਆਵਰ' ਨੇ 1949 ਵਿਚ 'ਦ ਸੈਕਿੰਡ ਸੈਕਸ' ਪੁਸਤਕ ਲਿਖੀ ਜਿਸ ਦਾ ਨਾਰੀਵਾਦੀ ਆਲੋਚਕ ਨੇ ਸਭ ਤੋਂ ਵੱਧ ਪ੍ਰਭਾਵ ਕਬੂਲਿਆ। ਉਹ ਲਿਖਦੀ ਹੈ 'ਵਨ ਇਜ਼ ਨੌਟ ਬੌਰਨ ਬੱਟ ਰਾਦਰ ਬੀਕਮਜ਼ ਏ ਵੂਮਨ... ਇਟ ਇਜ਼ ਦ ਸਿਵਲਾਈਜ਼ੇਸ਼ਨ ਐਜ਼ ਏ ਹੋਅਲ ਦੈਟ ਪਰੋਡਿਊਸਜ਼ ਦਿਸ ਕਰੀਏਚਰ।' ਔਰਤ ਦੀ ਅਧੀਨਗੀ ਵਾਲਾ ਸਥਾਨ ਸੋਸ਼ਲ ਕੰਨਸਟਰੱਟ ਦੀ ਦੇਣ ਹੈ। ਵਿਦੇਸ਼ਾਂ ਵਿਚ ਸ਼ਾਦੀ ਕਰਵਾਉਣ ਵਾਲੀਆਂ ਲੜਕੀਆਂ ਦੀਆਂ ਸਮੱਸਿਆਵਾਂ ਵੀ ਹਨ, ਜਿਨ੍ਹਾਂ ਦਾ ਹੱਲ ਜ਼ਰੂਰੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ 'ਨਾਰੀਵਾਦ : ਵਿਭਿੰਨ ਪਰਿਪੇਖ' ਪੁਸਤਕ ਨਵੇਂ ਖੋਜੀਆਂ ਲਈ ਮੁੱਲਵਾਨ ਦਸਤਾਵੇਜ਼ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਨਦੀ ਤੇ ਨਾਰੀ
ਨਾਵਲਕਾਰ : ਭੁਪਿੰਦਰ ਸਿੰਘ ਰੈਣਾ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 099060-27601

ਇਹ ਇਕ ਆਦਰਸ਼ਵਾਦੀ ਨਾਵਲ ਹੈ ਜੋ ਭਾਰਤ ਵੰਡ ਤੋਂ ਪਹਿਲਾਂ ਅਤੇ ਮਗਰੋਂ ਕਸ਼ਮੀਰ ਖਿੱਤੇ ਦੇ ਦੁਖਾਂਤ ਦਾ ਵਰਨਣ ਕਰਦਾ ਹੈ। ਨਾਵਲਕਾਰ ਅਨੁਸਾਰ ਨਦੀ ਨਾਰੀ ਦੀ ਤਰ੍ਹਾਂ ਹੁੰਦੀ ਹੈ, ਜੋ ਸੁਖ ਦਿੰਦੀ ਹੈ, ਜੀਵਨ ਦਿੰਦੀ ਹੈ ਅਤੇ ਜਿਉਣ ਲਈ ਸਭ ਕੁਝ ਦਿੰਦੀ ਹੈ। ਨਾਰੀ ਆਪਣਾ ਸਭ ਕੁਝ ਮਰਦ ਨੂੰ ਸੌਂਪ ਦਿੰਦੀ ਹੈ, ਉਸ ਦੇ ਵਾਰਸ ਪੈਦਾ ਕਰਦੀ ਹੈ। ਉਸ ਦੀ ਹੋਂਦ ਨੂੰ ਵਜੂਦ ਦਿੰਦੀ ਹੈ। ਪਰ ਜਦੋਂ ਉਸ ਦੀ ਇੱਜ਼ਤ ਨਾਲ ਖਿਲਵਾੜ ਹੁੰਦਾ ਹੈ ਤਾਂ ਉਹ ਚੰਡੀ ਬਣ ਜਾਂਦੀ ਹੈ। ਨਾਵਲ ਦੀ ਮੁੱਖ ਪਾਤਰ ਪਾਰੋ ਦਾ ਸਾਰਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਉਸ ਦਾ ਜਨਮ ਬਾਰਾਮੂਲੇ ਇਲਾਕੇ ਦੇ ਇਕ ਪਿੰਡ ਵਿਚ ਹੁੰਦਾ ਹੈ। ਬਚਪਨ ਵਿਚ ਹੀ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਅਤੇ ਘਰੇਲੂ ਜ਼ਿੰਮੇਵਾਰੀਆਂ ਦਾ ਬੋਝ ਪਾਰੋ 'ਤੇ ਆ ਜਾਂਦਾ ਹੈ। ਉਸ ਦਾ ਵਿਆਹ ਹੋਣ ਉਪਰੰਤ ਉਸ ਦੇ ਇਕ ਮੁੰਡਾ ਪੈਦਾ ਹੁੰਦਾ ਹੈ। ਕੁਝ ਸਮੇਂ ਬਾਅਦ ਉਸ ਦਾ ਪਤੀ ਗੁਜ਼ਰ ਜਾਂਦਾ ਹੈ। ਪਾਰੋ ਨੂੰ ਹਸਪਤਾਲ ਵਿਚ ਦਾਈ ਦੀ ਨੌਕਰੀ ਮਿਲ ਜਾਂਦੀ ਹੈ। ਉਸ ਦੇ ਪਿਤਾ ਦੀ ਵੀ ਮੌਤ ਹੋ ਜਾਂਦੀ ਹੈ। ਪਾਰੋ ਆਪਣੇ ਛੋਟੇ ਭਰਾ ਨੂੰ ਖੇਤੀਬਾੜੀ ਦੇ ਕੰਮਾਂ ਵਿਚ ਲਾ ਕੇ ਉਸ ਦਾ ਵਿਆਹ ਕਰ ਦਿੰਦੀ ਹੈ। ਸੰਨ 1947 ਵਿਚ ਦੇਸ਼ ਵੰਡ ਕਾਰਨ ਕਸ਼ਮੀਰ ਵੀ ਵੰਡਿਆ ਜਾਂਦਾ ਹੈ। ਕਬਾਇਲੀ ਧਾੜਵੀ ਇਧਰਲੇ ਕਸ਼ਮੀਰ ਉੱਤੇ ਹਮਲਾ ਕਰ ਕੇ ਹਿੰਦੂ ਸਿੱਖਾਂ ਦਾ ਕਤਲੇਆਮ ਅਤੇ ਔਰਤਾਂ ਦੀ ਬੇਪਤੀ ਕਰਦੇ ਹਨ। ਪਾਰੋ ਦਾ ਭਰਾ ਕਬਾਇਲੀਆਂ ਤੋਂ ਡਰ ਕੇ ਆਪਣੀ ਪਤਨੀ ਅਤੇ ਧੀ ਦਾ ਆਪ ਹੀ ਕਤਲ ਕਰ ਦਿੰਦਾ ਹੈ। ਪਾਰੋ ਵਿਧਵਾ ਹੋਣ ਦੇ ਬਾਵਜੂਦ ਆਪਣੇ ਪੁੱਤਰ ਅਤੇ ਆਪਣੇ ਭਰਾ ਦਾ ਸਹਾਰਾ ਬਣਦੀ ਹੈ। ਉਹ ਆਪਣੇ ਭਰਾ ਨੂੰ ਆਪਣਾ ਇਕ ਗੁਰਦਾ ਦੇ ਕੇ ਜੀਵਨ ਦਾਨ ਦਿੰਦੀ ਹੈ। ਨਾਵਲ ਵਿਚ ਕਸ਼ਮੀਰ ਖਿੱਤੇ ਦਾ ਦ੍ਰਿਸ਼ ਚਿੱਤਰਨ, ਸੱਭਿਆਚਾਰ, ਵਿਆਹ-ਸ਼ਾਦੀ ਦੇ ਰਸਮੋ-ਰਿਵਾਜਾਂ ਅਤੇ ਭਾਈਚਾਰਕ ਸਾਂਝ ਦਾ ਖ਼ੂਬਸੂਰਤ ਵਰਨਣ ਕੀਤਾ ਗਿਆ ਹੈ। ਇਹ ਨਾਵਲ ਪੜ੍ਹਨਯੋਗ ਅਤੇ ਵਿਚਾਰਯੋਗ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਕਵਿਤਾ ਵਰਗੀਆਂ ਧੀਆਂ
ਲੇਖਕ : ਪ੍ਰੋ.ਕੁਲਵੰਤ ਸਿੰਘ ਔਜਲਾ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 84377-88856

ਉੱਘੇ ਕਵੀ ਅਤੇ ਨਿਬੰਧਕਾਰ ਪ੍ਰੋ.ਕੁਲਵੰਤ ਸਿੰਘ ਔਜਲਾ ਦੇ ਨਿਬੰਧਾਂ ਦੀ ਨਵਪ੍ਰਕਾਸ਼ਿਤ ਪੁਸਤਕ 'ਕਵਿਤਾ ਵਰਗੀਆਂ ਧੀਆਂ' ਵਿਚਲੇ 33 ਨਿਬੰਧਾਂ ਦਾ ਪਾਠ ਕਰਨ ਮਗਰੋਂ ਪਤਾ ਲਗਦਾ ਹੈ ਕਿ ਪ੍ਰੋ. ਔਜਲਾ ਨੂੰ ਜਿੰਨਾ ਅਬੂਰ ਕਵਿਤਾ 'ਤੇ ਹਾਸਿਲ ਹੈ ਓਨਾ ਹੀ ਵਾਰਤਕ 'ਤੇ ਵੀ ਹੈ। ਮੂਲ ਤੌਰ 'ਤੇ ਕਵੀ ਹੋਣ ਕਰਕੇ ਇਨ੍ਹਾਂ ਨਿਬੰਧਾਂ ਦੀ ਸ਼ੈਲੀ ਵਿਚ ਕਾਵਿਕਤਾ ਹੈ। ਤਾਰਕਿਕਤਾ ਹੈ। ਵਾਸਤਵਿਕਤਾ ਹੈ। ਸੂਖ਼ਮਤਾ ਹੈ। ਸੰਵੇਦਨਸ਼ੀਲਤਾ ਹੈ। ਦਾਰਸ਼ਨਿਕਤਾ ਹੈ। ਗੰਭੀਰਤਾ ਹੈ। ਵਿਗਿਆਨਕਤਾ ਹੈ। ਨਜ਼ਰੀਏ ਦੀ ਭਿੰਨਤਾ ਹੈ। ਵਿਸ਼ਲੇਸ਼ਣਾਤਮਕਤਾ ਹੈ। ਇਨ੍ਹਾਂ ਨਿਬੰਧਾਂ ਨੂੰ ਪੜ੍ਹਦਿਆਂ ਇਕੋ ਸਮੇਂ ਕਵਿਤਾ, ਕਥਾ, ਸੰਸਮਰਣ, ਸਫ਼ਰਨਾਮਾ ਅਤੇ ਰੇਖਾ-ਚਿੱਤਰਾਂ ਜਿਹੀ ਰੌਚਕਤਾ ਅਤੇ ਲੈਆਤਮਕਤਾ ਨਾਲ ਸਰਾਬੋਰ ਹੋਇਆ ਪਾਠਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੂ-ਬਰੂ ਹੁੰਦਾ ਹੈ। ਨਾਲ ਹੀ ਪੰਜਾਬ 'ਚੋਂ ਉਠ ਕੇ ਪਰਵਾਸੀ ਹੋਈ ਪੰਜਾਬ ਦੀ ਹਾਈਬ੍ਰਿਡ ਕਲਚਰ ਵਿਚ ਵਿਚਰਨ ਲਗਦਾ ਹੈ। ਲੇਖਕ ਆਪਣਾ ਸੰਦੇਸ਼ ਦੇਣ ਲਈ ਆਪਣੇ ਹੀ ਰਿਸ਼ਤੇਦਾਰਾਂ, ਦੋਸਤਾਂ, ਸੱਜਣਾ-ਸਨੇਹੀਆਂ ਨੂੰ ਪਾਤਰ ਵਜੋਂ ਪੇਸ਼ ਕਰਕੇ ਸਕਾਰਾਤਮਕ ਪ੍ਰਭਾਵ ਦਿੰਦਾ ਹੈ। ਸਮਕਾਲ ਦੇ ਕਰੂਰ ਯਥਾਰਥ ਦਾ ਵਰਨਣ ਕਰਦਿਆਂ ਲੇਖਕ ਬੇਬਾਕ ਤੇ ਬੇਦਰਦ ਢੰਗ ਨਾਲ ਹਾਲਾਤ ਦਾ ਪੋਸਟਮਾਰਟਮ ਕਰਦਾ ਹੈ। ਸਮੱਸਿਆਵਾਂ ਦੀਆਂ ਡੂੰਘੀਆਂ ਪਰਤਾਂ ਫਰੋਲਦਾ ਹੈ। ਪਾਠਕਾਂ ਨੂੰ ਆਈਨਾ ਵਿਖਾਲਦੇ ਹੋਏ ਉਨ੍ਹਾਂ ਲੋਕਾਂ ਦੇ ਚਿਹਰਿਆਂ ਤੋਂ ਵੀ ਨਕਾਬ ਨੋਚ ਕੇ ਉਨ੍ਹਾਂ ਨੂੰ ਬੇਨਕਾਬ ਕਰਦਾ ਹੈ ਜਿਹੜੇ ਲੋਕ ਅਜਿਹੇ ਨਿਘਰੇ ਹੋਏ ਹਾਲਾਤ ਲਈ ਜ਼ਿੰਮੇਵਾਰ ਹਨ। ਇਹ ਨਿਬੰਧ ਵੰਨ-ਸੁਵੰਨੇ ਵਿਸ਼ਿਆਂ ਨਾਲ ਸਾਖਸ਼ਾਤਕਾਰ ਕਰਾਉਂਦੇ ਹਨ। ਸਾਡੇ ਸਮਾਜ ਵਿਚ ਧੀਆਂ ਦੀ ਹੋਂਦ, ਮਾਂ ਦਾ ਕਨਸੈਪਟ, ਪਤਨੀ ਦੀ ਭੂਮਿਕਾ, ਰਿਸ਼ਤਿਆਂ ਦੀ ਮਹਤੱਤਾ, ਪਰਵਾਸ ਦੀ ਪੀੜ, ਆਪਣੇ ਮੁਲਕ ਤੇ ਪਰਿਵਾਰ ਲਈ ਹੇਰਵਾ, ਨਵੀਂ ਪੀੜ੍ਹੀ ਦੀ ਵਿਦੇਸ਼ਾਂ ਵੱਲ ਦੌੜ, ਡਿਜਿਲਟਾਈਜੇਸ਼ਨ ਦੇ ਯੁੱਗ ਵਿਚ, ਮੋਬਾਈਲ ਇੰਟਰਨੈਟ ਦੇ ਮਕੜਜਾਲ ਵਿਚ ਫਸਿਆ ਮਨੁੱਖ, ਬਜ਼ੁਰਗਾਂ ਪ੍ਰਤੀ ਉਪਰਾਮਤਾ, ਪੁਸਤਕਾਂ ਦੀ ਲੋੜ ਉੱਤੇ ਪੁਸਤਕ ਸੱਭਿਆਚਾਰ ਦੀ ਉਪਯੋਗਤਾ, ਭੌਤਿਕਤਾ ਦੇ ਪ੍ਰਦਰਸ਼ਨ ਦੀ ਦੌੜ, ਕਰਜ਼ਿਆਂ ਹੇਠ ਦੱਬੇ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ, ਦਹਿਸ਼ਤ ਅਤੇ ਖ਼ੌਫਜ਼ਦਾ ਮਾਹੌਲ ਤੋਂ ਮੁਕਤੀ ਦੀ ਆਸ, ਸੱਤਾ ਦੀ ਆਪਹੁਦਰਾਸ਼ਾਹੀ, ਸਿਮਰਤੀਆਂ ਸੰਗ ਸੰਵਾਦ, ਹੰਕਾਰਿਆ ਹੋਇਆ ਵਰਤਮਾਨ, ਗੁਆਚਦਾ ਜਾਂਦਾ ਵਿਰਸਾ ਜਿਹੇ ਭਖਦੇ ਮਸਲਿਆਂ ਵੱਲ ਧਿਆਨ ਖਿੱਚਿਆ ਗਿਆ ਹੈ। ਇਹ ਸਾਰੇ ਨਿਬੰਧ ਲੇਖਕ ਦੇ ਆਪਣੇ ਅਨੁਭਵਾਂ, ਗਿਆਨ ਤੇ ਤਰਕ ਦੀ ਉਪਜ ਹਨ। ਲੇਖਕ ਦੀ ਭਾਸ਼ਾ ਸ਼ੈਲੀ ਅਨੂਠੀ ਹੈ। ਢੁਕਵੇਂ ਸ਼ਬਦਾਂ ਦੀ ਚੋਣ, ਮੁਹਾਵਰੇਦਾਰ ਲਹਿਜ਼ਾ, ਥਾਂ-ਥਾਂ 'ਤੇ ਕਾਵਿ ਟੂਕਾਂ ਨੇ ਕਾਵਿਕਤਾ ਪੈਦਾ ਕੀਤੀ ਹੈ। 'ਕਵਿਤਾ ਵਰਗੀਆ ਧੀਆਂ' ਪੜ੍ਹਨ ਉਪਰੰਤ ਪਾਠਕ ਡੂੰਘੇ ਗਿਆਨ, ਮਹਤੱਵਪੂਰਨ ਸੂਚਨਾਵਾਂ, ਸਮਾਜਿਕ ਸਰੋਕਾਰਾਂ, ਅੰਦਰਲੇ-ਬਾਹਰਲੇ ਸੰਸਾਰ ਦੀਆਂ ਰਮਜ਼ਾਂ, ਨਾਲ ਸਰਸ਼ਾਰ ਹੋਣਗੇ ਅਤੇ ਸਵੈ-ਸੰਵਾਦ ਦੀ ਅਵਸਥਾ ਵਿਚ ਆਉਣ ਲਈ ਪ੍ਰੇਰਿਤ ਹੋਣਗੇ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਸੁਲਘਦੇ ਸਮਿਆਂ ਦਾ ਸੱਚ
ਸੰਪਾਦਕ : ਡਾ. ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 800 ਰੁਪਏ, ਸਫ਼ੇ : 540
ਸੰਪਰਕ : 98728-35835

ਪੰਜਾਬੀ ਸਾਹਿਤ ਦਾ ਬਲਦੇਵ ਸਿੰਘ ਧਾਲੀਵਾਲ ਸਥਾਪਤ ਹਸਤਾਖ਼ਰ ਹੈ। ਉਸ ਦੀਆਂ ਹੁਣ ਤੱਕ ਪੰਤਾਲੀ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਇਕ ਕਾਵਿ-ਸੰਗ੍ਰਹਿ, ਦੋ ਕਹਾਣੀ-ਸੰਗ੍ਰਹਿ, ਚਾਰ ਸਫ਼ਰਨਾਮੇ, ਇਕ ਵਾਰਤਕ, ਅਠਾਰਾਂ ਆਲੋਚਨਾ ਦੀਆਂ ਅਤੇ ਵੀਹ ਸੰਪਾਦਤ ਪੁਸਤਕਾਂ ਸ਼ਾਮਿਲ ਹਨ। ਕੋਰੋਨਾ ਸੰਕਟ ਅਤੇ ਕਿਸਾਨੀ ਸੰਘਰਸ਼ ਦੇ ਦੌਰ ਵਿਚ ਸਾਲ 2021 ਦੇ ਬਿਹਤਰੀਨ ਪੰਜਾਬੀ ਸਾਹਿਤ ਨੂੰ ਉਸ ਨੇ ਸੰਪਾਦਨ ਕਰਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਹ ਕਿਤਾਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵੱਡੇ ਸੁਪਨੇ ਲੈਣ ਵਾਲੇ ਦਾਰਸ਼ਨਿਕ ਲੋਕ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕੀਤੀ ਗਈ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਸਾਲ 2021 ਦਾ ਵਰ੍ਹਾ ਪੰਜਾਬ, ਭਾਰਤ ਲਈ ਹੀ ਨਹੀਂ ਬਲਕਿ ਸਮੁੱਚੀ ਲੋਕਾਈ ਦੇ ਚੇਤਿਆਂ ਵਿਚ ਉੱਕਰ ਜਾਣ ਵਾਲਾ ਸਾਲ ਮੰਨਿਆ ਜਾ ਚੁੱਕਾ ਹੈ। ਵਿਸ਼ਵ ਵਿਚ ਕੋਰੋਨਾ ਦੇ ਸੰਕਟ ਅਤੇ ਭਾਰਤ ਵਿਚ ਕਿਸਾਨੀ ਦੇ ਲਾਮਿਸਾਲ ਅੰਦੋਲਨ ਕਰਕੇ ਇਸ ਵਰ੍ਹੇ ਦੀ ਇਤਿਹਾਸਕ ਮਹੱਤਤਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਸ ਦੌਰ-ਵਿਸ਼ੇਸ਼ ਦੀ ਸੰਵੇਦਨਾ ਦੀਆਂ ਡੂੰਘੀਆਂ ਰਮਜ਼ਾਂ ਇਸ ਵਰ੍ਹੇ ਦੀ ਸਾਹਿਤ-ਸਿਰਜਣਾ ਰਾਹੀਂ ਉਜਾਗਰ ਹੁੰਦੀਆਂ ਹਨ। ਇਸ ਦੌਰ ਦੇ ਇਤਿਹਾਸਕ ਮਹੱਤਵ ਵਾਲੇ ਬਿਹਤਰੀਨ ਸਾਹਿਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਸੰਭਾਲਣ ਦੀ ਦਿਸ਼ਾ ਵੱਲ ਹਥਲੀ ਪੁਸਤਕ ਪਹਿਲਾ ਤੇ ਬਿਹਤਰੀਨ ਕਦਮ ਹੈ।
ਇਹ ਇਕ ਵੱਖਰੇ ਅੰਦਾਜ਼ ਦੀ ਪੁਸਤਕ ਹੈ। ਪੰਜਾਬੀ ਕਲਾਵਾਂ ਦੀਆਂ ਬਿਹਤਰੀਨ ਕਿਰਤਾਂ ਨੂੰ ਸੰਗ੍ਰਹਿ ਕਰਕੇ ਪੰਜਾਬੀ ਕਲਾ-ਪ੍ਰੇਮੀਆਂ ਅੱਗੇ ਪਰੋਸਿਆ ਗਿਆ ਹੈ ਤਾਂ ਜੋ ਉਹ ਪੰਜਾਬੀ ਦੀਆਂ ਸਰਬੋਤਮ ਰਚਨਾਵਾਂ ਨੂੰ ਬਿਨਾਂ ਬਹੁਤੇ ਤਰੱਦਦ ਤੋਂ ਇਕੋ ਜਗ੍ਹਾ 'ਤੇ ਪ੍ਰਾਪਤ ਕਰ ਸਕਣ, ਸਭ ਸੀਮਾਵਾਂ ਦੇ ਬਾਵਜੂਦ ਇਹ ਇਕ ਨਵਾਂ, ਨਿਵੇਕਲਾ ਅਤੇ ਅਹਿ ਫ਼ਖ਼ਰ ਕਰਨ ਵਾਲਾ ਤਜਰਬਾ ਹੈ। ਸਾਲ-ਵਿਸ਼ੇਸ਼ ਦਾ ਸਮੁੱਚੇ ਪੰਜਾਬੀ ਸਾਹਿਤ ਸੰਬੰਧੀ ਅਜਿਹਾ ਵੱਡਾ ਇਤਿਹਾਸਕ ਮਹੱਤਤਾ ਵਾਲਾ ਕਾਰਜ ਹੈ। ਸੰਪਾਦਕ ਵਧਾਈ ਦਾ ਪਾਤਰ ਹੈ।
ਸੁਘੜ ਸੰਪਾਦਕ ਨੇ ਹਥਲੀ ਕਿਤਾਬ ਨੂੰ ਛੇ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਚੋਣਵੀ ਪੰਜਾਬੀ ਕਹਾਣੀ ਬਾਰੇ ਬਲਦੇਵ ਧਾਲੀਵਾਲ ਨੇ ਪੰਜਾਬੀ ਕਹਾਣੀ ਸਰਵੇਖਣ ਅਤੇ ਮੁਲਾਂਕਣ ਕੀਤਾ ਹੈ। ਚੋਟੀ ਦੇ ਨਾਮਵਰ ਕਹਾਣੀਕਾਰਾਂ ਦੀਆਂ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਇਸ ਤਰ੍ਹਾਂ ਹੀ ਜਗਦੀਸ਼ ਰਾਏ ਕੁਲਰੀਆਂ ਨੇ ਚੋਣਵੀਂ ਪੰਜਾਬੀ ਮਿੰਨੀ ਕਹਾਣੀ ਸਰਵੇਖਣ ਤੇ ਮੁਲਾਂਕਣ ਕੀਤਾ ਹੈ, ਜਿਸ ਵਿਚ ਪੰਦਰਾਂ ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਦੂਜੇ ਭਾਗ ਵਿਚ ਪੰਜਾਬੀ ਕਵਿਤਾ ਅਤੇ ਪੰਜਾਬੀ ਰਿਕਾਰਡ ਗੀਤ ਗੀਤਕਾਰੀ ਤੇ ਕ੍ਰਮਵਾਰ ਅਰਵਿੰਦਰ ਕੌਰ ਕਾਕੜਾ ਅਤੇ ਸਿਮਰਨਜੀਤ ਸਿੰਘ ਨੇ ਸਰਵੇਖਣ ਤੇ ਮੁਲਾਂਕਣ ਕੀਤਾ ਹੈ, ਜਿਸ ਵਿਚ ਦਸ ਦੇ ਕਰੀਬ ਨਾਮਵਰ ਗੀਤਕਾਰਾਂ ਦੀਆਂ ਰਚਨਾਵਾਂ ਸ਼ਾਮਿਲ ਹਨ, ਜਿਸ ਵਿਚ ਸਰਤਾਜ, ਕੰਵਰ ਗਰੇਵਾਲ ਤੇ ਹੋਰ ਸਿਰਕੱਢ ਗੀਤਕਾਰ ਸ਼ਾਮਿਲ ਹਨ। ਚੋਣਵੀਂ ਪੰਜਾਬੀ ਕਵਿਤਾ ਵਿਚ ਅਮਰਜੀਤ ਚੰਦਨ ਤੋਂ ਲੈ ਕੇ ਨਵਤੇਜ ਭਾਰਤੀ ਤੀਕ 35 ਕਵੀਆਂ ਦੀਆਂ ਕਵਿਤਾਵਾਂ ਹਨ ਫਿਰ ਚੋਣਵੀ ਪੰਜਾਬੀ ਗ਼ਜ਼ਲਾਂ ਦੇ ਖੇਤਰ ਵਿਚ 21 ਗ਼ਜ਼ਲਗੋ ਸ਼ਾਮਿਲ ਹਨ। ਭਾਗ ਤੀਜੇ ਵਿਚ ਰਾਜਿੰਦਰਪਾਲ ਸਿੰਘ ਨੇ ਵਾਰਤਕ ਲਿਖਤਾਂ ਦਾ ਸਰਵੇਖਣ ਤੇ ਮੁਲਾਂਕਣ ਹਾਜ਼ਰ ਕੀਤਾ ਹੈ, ਜਿਸ ਵਿਚ ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਜ਼ਫ਼ਰ, ਸੁਰਜੀਤ ਪਾਤਰ, ਨਰਿੰਦਰ ਸਿੰਘ ਕਪੂਰ, ਹਰਪਾਲ ਸਿੰਘ ਪੰਨੂੰ, ਨਿੰਦਰ ਘੁਗਿਆਣਵੀ, ਗੁਰਬਚਨ ਸਿੰਘ ਭੁੱਲਰ, ਸਤੀਸ਼ ਕੁਮਾਰ ਵਰਮਾ ਵਰਗੇ 19 ਉੱਚ ਪਾਏ ਵਾਲੇ ਲੇਖਕਾਂ ਦੀ ਵਾਰਤਕ ਪਾਠਕਾਂ ਗੋਚਰ ਹੈ। ਚੌਥੇ ਭਾਗ ਵਿਚ ਨਾਟਕ ਸਰਵੇਖਣ ਹੈ, ਜਿਸ ਵਿਚ ਕਿਸਾਨੀ ਸੰਘਰਸ਼ ਵਿਚ ਰੰਗਮੰਚ ਕੇਵਲ ਧਾਲੀਵਾਲ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਰਿਹਾ। 2021 ਦਾ ਪੰਜਾਬੀ ਰੰਗਮੰਚ ਹਰਪ੍ਰੀਤ ਸਿੰਘ ਨੇ ਬਾਖੂਬੀ ਅੰਕਿਤ ਕੀਤਾ ਹੈ। ਪੰਜਵੇਂ ਭਾਗ ਵਿਚ ਨਾਵਲ ਵਿਧਾ ਹੈ ਇਸ 'ਤੇ ਜੇ.ਬੀ. ਸਿੰਘ ਸੇਖੋਂ ਅਤੇ ਅਖੀਰਲਾ ਛੇਵੇਂ ਭਾਗ ਵਿਚ ਸਿਨੇਮਾ ਤੇ ਪੰਜਾਬੀ ਫਿਲਮਾਂ ਦਾ ਸਰਵੇਖਣ ਸ੍ਰੀ ਇਕਬਾਲ ਸਿੰਘ ਚਾਨਾ ਨੇ ਕੀਤਾ ਹੈ। ਇਹ ਕਿਤਾਬ ਪੰਜਾਬੀ ਸਾਹਿਤ ਦੇ ਜਾਣਕਾਰਾਂ, ਪਾਠਕਾਂ, ਲੇਖਕਾਂ, ਵਿਦਿਆਰਥੀਆਂ, ਖੋਜਾਰਥੀਆਂ ਲਈ ਇਕ ਤੋਹਫ਼ਾ ਹੈ। ਮੈਂ ਇਸ ਕਿਤਾਬ ਨੂੰ ਜੀ ਆਇਆਂ ਕਹਿੰਦਾ ਹਾਂ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬਿਰਧ ਅੱਖਾਂ ਦਾ ਸਫ਼ਰ
ਲੇਖਕ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ (ਜਲੰਧਰ)
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98152-56266

ਇਸ ਪੁਸਤਕ ਵਿਚ ਸ਼ਾਮਿਲ ਕੁੱਲ 54 ਰਚਨਾਵਾਂ ਨੂੰ ਲੇਖਕ ਨੇ ਲੇਖਾਂ ਦਾ ਨਾਂਅ ਦਿੱਤਾ ਹੈ। ਜਿਨ੍ਹਾਂ ਵਿਚ ਉਸ ਨੇ ਆਪਣੇ ਅਛੂਤੇ-ਮੌਲਿਕ ਜਜ਼ਬਾਤਾਂ ਨੂੰ ਨਿੱਠ ਕੇ ਬਿਆਨਿਆ ਹੈ। ਮੁੱਢ ਵਿਚ ਦਰਜ ਕੁਝ ਰਚਨਾਵਾਂ ਕਥਾ-ਸ਼ੈਲੀ 'ਚ ਲਿਖੀਆਂ ਗਈਆਂ ਹਨ। ਪੁਸਤਕ ਦੇ ਅੰਤ ਵਿਚ ਦਰਜ ਰਚਨਾਵਾਂ ਵਾਰਤਕ ਸ਼ੈਲੀ 'ਚ ਰਚੀਆਂ ਮਿਸਾਲੀ ਰਚਨਾਵਾਂ ਹਨ। ਉਸ ਨੇ ਪੁਸਤਕ ਦੀਆਂ ਕੁੱਲ 54 ਰਚਨਾਵਾਂ ਨੂੰ ਕਥਾ ਅਤੇ ਵਾਰਤਕ ਸ਼ੈਲੀ ਦੇ ਸੁਮੇਲ ਨਾਲ ਰਚਿਆ ਹੈ। ਲੇਖਕ ਸਤਿਨਾਮ ਔਜਲਾ ਨੇ ਪੁਸਤਕ ਵਿਚ ਦਰਜ ਲੇਖਾਂ ਅਤੇ ਕਹਾਣੀਆਂ ਵਿਚ ਕਦੀ ਤਿਰਛੀ, ਕਦੀ ਸਿੱਧੀ, ਕਦੀ ਤਿੱਖੀ ਨਜ਼ਰ ਨਾਲ ਤੱਕੇ-ਹੰਡਾਏ ਮਿੱਠੇ-ਖੱਟੇ, ਕੌੜੇ-ਕੋਹਝੇ ਸੱਚ ਨੂੰ ਸਾਦੀ ਸਰਲ ਪੰਜਾਬੀ ਵਿਚ ਪੇਸ਼ ਕੀਤਾ ਹੈ। ਪੰਜਾਬੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਉਸ ਦੀਆਂ ਪਿਆਰ ਭਾਵਨਾਵਾਂ ਆਪ ਮੁਹਾਰੇ ਉੱਛਲਦੀਆਂ ਤੱਕੀਆਂ ਜਾ ਸਕਦੀਆਂ ਹਨ। ਬਦਲੇ ਹਾਲਾਤ ਅਤੇ ਆਧੁਨਿਕਤਾ ਦੀ ਹਨੇਰੀ ਵਿਚ ਉੱਡਦੇ ਖੁਰਦੇ ਪੰਜਾਬੀ ਦੇ ਸੱਭਿਆਚਾਰਕ ਰੰਗ ਉਸ ਦੀ ਆਤਮਾ ਨੂੰ ਦੁਖੀ ਕਰਦੇ ਹਨ। ਉਹ ਆਪਣੇ ਇਨ੍ਹਾਂ ਲੇਖਾਂ, ਕਹਾਣੀਆਂ ਵਿਚ ਮਹਾਨ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਵਾਂਗ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੀ ਜਾਪਦੀ ਹੈ। ਆਧੁਨਿਕਤਾ ਦੀ ਹਨੇਰੀ ਵਿਚ ਵਹਿ ਰਹੇ ਧੀਆਂ-ਪੁੱਤ ਆਪਣੇ ਬਜ਼ੁਰਗ ਮਾਪਿਆਂ ਨਾਲ ਜੋ ਸਲੂਕ ਕਰ ਰਹੇ ਹਨ, ਉਹ ਉਸ ਦੇ ਕਾਲਜੇ ਹੌਲ ਪਾ ਰਿਹਾ ਜਾਪਦਾ ਹੈ। ਮਾਮੇ ਦਾ ਵਿਆਹ, ਜਿੰਦਰਾ, ਗਰਾਜ ਵਿਚ ਗਾਰਬੇਜ, ਜੜ੍ਹਾਂ ਵਰਗੀਆਂ ਰਚਨਾਵਾਂ ਇਸੇ ਸੱਚ ਦਾ ਸਬੂਤ ਹਨ। ਬਿਰਧ ਅੱਖਾਂ ਦਾ ਸਫ਼ਰ ਰਚਨਾ ਮਾਂ ਦੇ ਸਤਿਕਾਰ ਅਤੇ ਉਸ ਦੀ ਮਹਾਨਤਾ ਦੱਸਦੀ ਹੈ। ਜਿਸ ਦੀਆਂ ਅੱਖਾਂ ਲੈ ਕੇ ਉਸ ਨੇ ਦੁਨੀਆ ਨੂੰ ਤੱਕਦਿਆਂ ਇਹ ਰਚਨਾਵਾਂ ਸਿਰਜੀਆਂ ਹਨ। ਐ ਪੰਜਾਬ ਨਾਲੇ ਯਾਦ ਕਰਾਂ ਨਾਲੇ ਰੋਵਾਂ, ਨਸ਼ਾ ਸਾਡੀ ਜਵਾਨੀ ਨਿਗਲ ਜਾਵੇਗਾ, ਕਿਉਂ ਬਣ ਰਿਹਾ ਮਨ ਬੰਜਰ ਪੰਜਾਬ, ਧਨੀ ਰਾਮ ਚਾਤ੍ਰਿਕ ਦਾ ਚਿੰਤਨ ਵਰਗੇ ਲੇਖ ਪੰਜਾਬ ਨਾਲ ਉਸ ਦੀ ਸੱਚੀ-ਸੁੱਚੀ ਮੁਹੱਬਤ ਸਿੱਧ ਕਰਦੇ ਹਨ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਬਾਰੇ ਲੇਖ 'ਬੇਕਸਾਂ ਦਾ ਯਾਰ' ਉਸ ਦੀ ਸਾਹਿਤ ਰਚਨਾ ਦੇ ਅਤਿ-ਉੱਤਮ ਹੋਣ ਦੀ ਵੱਡੀ ਮਿਸਾਲ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਆਪਣੇ-ਆਪ ਬਾਰੇ ਆਪਣੀ ਸੋਚ ਬਦਲੋ ਅਤੇ ਮਨ ਚਾਹਿਆ ਜੀਵਨ
ਪ੍ਰਾਪਤ ਕਰੋ

ਲੇਖਕ : ਇੰਜੀ: ਗੁਰਚਰਨਜੀਤ ਸਿੰਘ
ਪ੍ਰਕਾਸ਼ਕ: ਗੋਰਕੀ ਪਬਲੀਕੇਸ਼ਨਜ਼ ਲੁਧਿਆਣਾ
ਮੁੱਲ : 280 ਰੁਪਏ, ਸਫ਼ੇ : 154
ਸੰਪਰਕ : 73800-65065

ਸਾਹਿਤ ਦੇ ਖੇਤਰ 'ਚ ਚਰਚਿਤ ਹਸਤਾਖ਼ਰ ਇੰਜੀ: ਗੁਰਚਰਨਜੀਤ ਸਿੰਘ ਦੀ ਲਿਖੀ ਮਿਆਰੀ ਪੁਸਤਕ ਕੁੱਲ ਸੱਤ ਭਾਗਾਂ 'ਚ ਵੰਡੀ ਹੋਈ ਹੈ। ਸੰਨ 2023 'ਚ ਪ੍ਰਕਾਸ਼ਿਤ ਇਸ ਪ੍ਰੇਰਨਾਦਾਇਕ ਪੁਸਤਕ ਨੂੰ ਆਰਟਿਸਟ ਦਲਜੀਤ ਕੌਰ ਅਤੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਲੇਖਕ ਨੂੰ ਜ਼ਿੰਦਗੀ ਜਿਊਣ ਦੇ ਗੁਰ ਦੱਸੇ ਹਨ। ਮਨੁੱਖੀ ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਜ਼ਿਕਰ ਕਰਕੇ ਲੇਖਕ ਨਿਵੇਕਲੇ ਢੰਗ-ਤਰੀਕੇ ਦੱਸ ਕੇ ਮਨੁੱਖ ਨੂੰ ਉਸ ਦੀ ਸਫ਼ਲਤਾ ਦੀ ਜ਼ਮੀਨ ਤਿਆਰ ਕਰਨ ਲਈ ਪ੍ਰੇਰਿਤ ਕਰਦਾ ਨਜ਼ਰ ਆ ਰਿਹਾ ਹੈ। ਪੁਸਤਕ 'ਚ ਜ਼ਿੰਦਗੀ ਜਿਊਣ ਦੇ ਹੁਨਰ, ਸਲੀਕੇ ਅਤੇ ਤਰੀਕੇ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਲੇਖਕ ਪਾਠਕਾਂ ਨਾਲ ਆਪਣੀ ਜ਼ਿੰਦਗੀ ਦਾ ਇਹ ਅਨੁਭਵ ਸਾਂਝਾ ਕਰ ਰਿਹਾ ਹੈ ਕਿ ਮਨੁੱਖ ਆਪਣਾ ਆਤਮ ਮੰਥਨ ਕਰਕੇ ਆਪਣੀਆਂ ਅੰਦਰੂਨੀ ਤਾਕਤਾਂ ਨੂੰ ਆਪਣੀ ਸਫ਼ਲਤਾ ਲਈ ਪ੍ਰਯੋਗ ਕਰ ਸਕਦਾ ਹੈ। ਪੁਸਤਕ ਦਾ ਨਿਵੇਕਲਾ ਪੱਖ ਇਹ ਵੀ ਹੈ ਕਿ ਪੁਸਤਕ ਦੇ ਸ਼ੁਰੂ ਵਿਚ ਹੀ ਪੁਸਤਕਾਂ ਪੜ੍ਹਨ ਦੇ ਲਾਭਾਂ ਦਾ ਤਫ਼ਸੀਲ ਨਾਲ ਬਿਆਨ ਕਰਦਾ ਲੇਖਕ ਦੱਸਦਾ ਹੈ ਕਿ ਪੁਸਤਕਾਂ ਗਿਆਨ ਵਧਾਉਣ, ਪ੍ਰੇਰਨਾ ਦੇਣ, ਮਾਨਸਿਕ ਕੱਦ ਨੂੰ ਉੱਚਾ ਕਰਨ ਤੇ ਕਾਮਯਾਬੀ ਦੇ ਰਾਹ ਨੂੰ ਸੌਖਾ ਬਣਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਜ਼ਿੰਦਗੀ ਦੇ ਅੱਡ ਰਾਹ 'ਤੇ ਚੱਲਣ ਲਈ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਪੁਸਤਕਾਂ ਸਵੈ-ਅਨੁਭਵ ਅਤੇ ਤਜਰਬੇ ਦਾ ਖ਼ਜ਼ਾਨਾ ਹਨ। ਇਸ ਪੁਸਤਕ ਦੀ ਵਿਸ਼ਾ ਵਸਤੂ ਨੂੰ ਸੱਤ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ 'ਚ ਕਾਮਯਾਬੀ ਦੇ ਭੇਦਾਂ, ਅਣਗੌਲੇ ਤੱਥਾਂ ਤੇ ਮਨੁੱਖ ਦੀਆਂ ਅਸੀਮਤ ਸ਼ਕਤੀਆਂ ਦਾ ਜ਼ਿਕਰ, ਅਸਫ਼ਲਤਾ ਦਾ ਕਾਰਨ ਆਪਣੇ ਅੰਦਰ ਛੁਪੇ ਹੁਨਰ ਅਤੇ ਗੁਣਾਂ ਨੂੰ ਨਾ ਪਹਿਚਾਣ ਸਕਣ, ਸ਼ਖ਼ਸੀਅਤ ਨੂੰ ਸਵੀਕਾਰ ਕਰਨ ਤੇ ਕਮਜ਼ੋਰ ਹੋਣ ਤੋਂ ਬਚਣ ਦਾ ਜ਼ਿਕਰ ਕੀਤਾ ਗਿਆ ਹੈ। ਦੂਜੇ ਭਾਗ ਵਿਚ ਤੁਹਾਡੀ ਪਹਿਚਾਣ ਅਧੀਨ, ਤੁਹਾਡੀ ਅੱਜ ਦੀ ਜ਼ਿੰਦਗੀ, ਦਿਮਾਗ਼ ਮਨ ਤੇ ਆਦਤਾਂ, ਆਪਣੀਆਂ ਆਦਤਾਂ ਦੀ ਨਿਸ਼ਾਨਦੇਹੀ ਤੇ ਆਪਣੇ-ਆਪ ਨਾਲ ਗੱਲਾਂ ਕਰਨ, ਸੁਭਾਅ ਦੇ ਜ਼ਿੱਦੀ ਤੇ ਕਾਮਯਾਬੀ ਹਾਸਲ ਕਰਨ ਵਾਲੇ ਲੋਕਾਂ ਦੇ ਸੁਪਨੇ ਸਧਾਰਨ ਨਹੀਂ ਹੁੰਦੇ, ਦੀ ਚਰਚਾ ਕੀਤੀ ਗਈ ਹੈ। ਤੀਜੇ ਭਾਗ ਵਿਚ ਤੁਹਾਡੀਆਂ ਮੂਲ ਕੁਦਰਤੀ ਸ਼ਕਤੀਆਂ ਅਧੀਨ ਕੁਦਰਤ ਤੇ ਬੀਜ ਸਿਧਾਂਤ, ਬੱਚਿਆਂ ਤੋਂ ਸਿੱਖੋ ਜਿਹੇ ਸੰਕਲਪਾਂ ਨੂੰ ਚਿਤਰਿਆ ਗਿਆ ਹੈ। ਚੌਥੇ ਭਾਗ 'ਚ ਕਾਮਯਾਬੀ ਪ੍ਰਤੀ ਨਜ਼ਰੀਆ ਅਤੇ ਅਫ਼ਵਾਹਾਂ ਜਿਹੇ ਮੁੱਦਿਆਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਭਾਗ ਵਿਚ ਮਨਚਾਹੀ ਕਾਮਯਾਬੀ ਹਾਸਲ ਕਰਨ ਲਈ ਆਪਣੇ ਵਿਚਾਰਾਂ ਨੂੰ ਬਦਲਣ ਦੇ ਢੰਗ ਅਤੇ ਸੁਪਨੇ ਸੱਚ ਕਰਨ ਦੇ ਰਸਤੇ ਬਾਰੇ ਵਿਚਾਰ ਕੀਤਾ ਗਿਆ ਹੈ। ਉਮਰ ਦੇ ਕਿਸੇ ਵੀ ਦੌਰ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਛੇਵੇਂ ਭਾਗ 'ਚ ਕਾਮਯਾਬੀ ਲਈ ਉਦਾਸੀ ਤੋਂ ਬਾਹਰ ਆਉਣ ਲਈ ਢੁਕਵੇਂ ਸੁਝਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਸੱਤਵੇਂ ਭਾਗ ਵਿਚ ਕੁਝ ਮਹੱਤਵਪੂਰਨ ਗੱਲਾਂ ਦੀ ਬਾਤ ਪਾਉਂਦਿਆਂ ਲੋੜੀਂਦੀਆਂ ਚੰਗੀਆਂ ਆਦਤਾਂ ਬਣਾਉਣ ਤੇ ਸਦਾ ਚੜ੍ਹਦੀ ਕਲਾ 'ਚ ਰਹਿਣ ਦੀ ਹਾਮੀ ਭਰੀ ਗਈ ਹੈ। ਚੁਣੇ ਗਏ ਵਿਸ਼ਿਆਂ ਦੀ ਪੇਸ਼ਕਾਰੀ, ਸ਼ਬਦਾਂ ਦੀ ਚੋਣ, ਭਾਸ਼ਾ ਉੱਤੇ ਪਕੜ ਅਤੇ ਪਾਠਕਾਂ ਤੱਕ ਆਪਣੀ ਸੰਵੇਦਨਾ ਨੂੰ ਪਹੁੰਚਾਉਣ ਦਾ ਤਰੀਕਾ ਤੇ ਸਲੀਕਾ ਤੇ ਲੇਖਕ ਨੂੰ ਸਾਹਿਤ ਦੇ ਖੇਤਰ 'ਚ ਮਹਤੱਵਪੂਰਨ ਸਥਾਨ ਪ੍ਰਦਾਨ ਕਰਦਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਇਕ ਪੱਤਰ ਹਰਿਆਵਲਾ
ਲੇਖਕ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 60471-02332

ਹਥਲੇ ਕਾਵਿ-ਸੰਗ੍ਰਹਿ 'ਇਕ ਪੱਤਰ ਹਰਿਆਵਲਾ' 'ਚ ਲੇਖਕ ਸਤਿਨਾਮ ਔਜਲਾ ਦੀਆਂ 72 ਕਾਵਿ ਰਚਨਾਵਾਂ ਸ਼ਾਮਿਲ ਹਨ। ਲੇਖਕ ਨੇ ਇਨ੍ਹਾਂ ਕਵਿਤਾਵਾਂ 'ਚ ਸਮਾਜਿਕ, ਆਰਥਿਕ, ਸਿਆਸੀ ਅਤੇ ਧਾਰਮਿਕ ਵਰਤਾਰਿਆਂ ਨੂੰ ਆਪਣੇ ਨਿੱਜੀ ਅਨੁਭਵਾਂ 'ਚੋਂ ਚੁਣ ਕੇ ਇਕ ਤਰਤੀਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਵੀ ਮਨੁੱਖ ਨੂੰ ਇੱਛਾਵਾਂ ਦੀ ਕੈਦ 'ਚੋਂ ਨਿਕਲਣ ਦੀ ਨਸੀਹਤ ਦਿੰਦਾ, ਸਮੇਂ ਦਾ ਹਾਕਮਾਂ ਖਿਲਾਫ਼ ਜੂਝਣ ਦਾ ਜ਼ਜਬਾ ਪ੍ਰਗਟਾਉਂਦਾ, ਭ੍ਰਿਸ਼ਟ ਨਿਜ਼ਾਮ ਨੂੰ ਬਦਲਣ ਦਾ ਸੰਕਲਪ ਕਰਦਾ ਜਾਪਦਾ ਹੈ। ਕੁਦਰਤ ਨਾਲ ਖਿਲਵਾੜ, ਵਾਤਾਵਰਨ ਪ੍ਰਦੂਸ਼ਣ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦੀ ਹੈ :
ਸੁਣ ਵੇ ਆਰੇ ਵਾਲਿਆ, ਵੇ ਕੁਹਾੜੀ ਵਾਲਿਆ
ਨਾ ਵੱਢੀਂ, ਨਾ ਵੱਢੀ ਮੈਨੂੰ
ਮੈਂ ਨਾ ਤੇਰਾ ਕੁਝ ਗਵਾਇਆ,
ਤੂੰ ਕਾਹਤੋਂ ਵੱਢਣ ਮੈਨੂੰ ਆਇਆ।
(ਪੰਨਾ : 25)
ਲੇਖਕ ਕਰਮ ਕਾਂਡ ਨੂੰ ਫਜ਼ੂਲ ਦੱਸਦਾ ਮਨੁੱਖਤਾ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦਾ ਹੈ। ਅਜੋਕੇ ਭ੍ਰਿਸ਼ਟ ਨਿਜ਼ਾਮ ਅਤੇ ਦੇਸ਼ ਦੇ ਹਾਕਮਾਂ ਖਿਲਾਫ਼ ਸਖ਼ਤ ਵਿਦਰੋਹ ਉਸ ਦੀਆਂ ਕਵਿਤਾਵਾਂ 'ਚ ਉਬਾਲੇ ਮਾਰਦਾ ਜਾਪਦਾ ਹੈ :
ਕਾਲੇ ਹਾਸ਼ੀਏ 'ਚ ਰਾਜਾ ਦਾ ਹਵਾ ਮਹਿਲ ਹੈ
ਜਿਸਦੇ ਜੁਮਲਿਆਂ ਦੇ ਕਿੰਗਰੇ ਹਨ।
ਰਾਜਾ ਧਰਮਾਂ ਦੇ ਜਜ਼ਬਾਤ ਭੜਕਾਉਂਦਾ ਹੈ।
ਸੱਤਾ ਪ੍ਰਾਪਤੀ ਲਈ ਨਸ਼ਲਕੁਸ਼ੀ ਕਰਦਾ ਹੈ।
(ਪੰਨਾ : 67)
ਕਵੀ ਨੂੰ ਗਿਲ੍ਹਾ ਹੈ ਕਿ ਮਨੁੱਖ ਕੁਦਰਤ ਦੀਆਂ ਨਿਹਮਤਾਂ ਦੀ ਦੁਰਵਰਤੋਂ ਕਰਕੇ, ਕੁਦਰਤ ਪ੍ਰਤੀ ਅਕ੍ਰਿਤਘਣ ਹੋ ਰਿਹਾ ਹੈ। ਉਹ ਆਪਣੇ ਅਖ਼ਲਾਕ ਨੂੰ ਬੁਲੰਦ ਰੱਖਣ ਅਤੇ ਮਨੁੱਖ 'ਚੋਂ ਮਨੁੱਖਤਾ ਮਨਫ਼ੀ ਨਾ ਹੋਣ ਦੀ ਦੁਹਾਈ ਦਿੰਦਾ ਹੈ। ਲੇਖਕ ਅਨੁਸਾਰ ਆਧੁਨਿਕ ਯੁੱਗ 'ਚ ਭਾਵੇਂ ਭਾਰਤ ਵਿਸ਼ਵ ਗੁਰੂ ਬਣਨ ਦੇ ਸੁਪਨੇ ਦੇਖ ਰਿਹਾ ਹੈ ਪਰ ਸਿਆਸੀ ਪ੍ਰਦੂਸ਼ਣ ਕਰਕੇ ਭ੍ਰਿਸ਼ਟਾਚਾਰ ਦੇ ਚਿਹਰੇ 'ਤੇ ਦਿਨ ਪਤੀ ਦਿਨ ਨਿਖ਼ਾਰ ਆ ਰਿਹਾ ਹੈ। ਇਸ ਸੰਗ੍ਰਹਿ 'ਚ ਜ਼ਿਆਦਾਤਾਰ ਖੁੱਲ੍ਹੀਆਂ ਕਵਿਤਾਵਾਂ ਹਨ ਅਤੇ ਕੁਝ ਲੈਅਬੱਧ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਸਮੁੱਚੀਆਂ ਕਵਿਤਾਵਾਂ 'ਚ ਸਾਰਥਿਕ ਸੁਨੇਹਾ ਹੈ। ਇਸ ਕਾਵਿ ਸੰਗ੍ਰਹਿ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਬੰਨ੍ਰਿ ਉਠਾਈ ਪੋਟਲੀ
ਮੂਲ ਲੇਖਕ : ਪ੍ਰਿਤਪਾਲ ਸਿੰਘ ਬੇਤਾਬ
ਅਨੁਵਾਦਕ : ਹਰਜੀਤ ਸਿੰਘ ਉੱਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 284
ਸੰਪਰਕ : 094191-29886

ਸਵੈ-ਜੀਵਨੀ ਲਿਖਣਾ ਬੜਾ ਔਖਾ ਕਾਰਜ ਹੈ। ਸਵੈ-ਜੀਵਨੀ ਆਪਣੇ-ਆਪ ਨੂੰ ਹੀ ਇਕ ਵਿੱਥ 'ਤੇ ਰੱਖ ਕੇ ਦੇਖਣਾ ਹੈ। ਦੇਖਣਾ ਵੀ ਸਾਧਾਰਨ ਨਜ਼ਰ ਨਾਲ ਨਹੀਂ ਬਲਕਿ ਆਪਣੀ ਪੜਚੋਲ ਆਪ ਕਰਨਾ ਹੈ ਤੇ ਇਹ ਪੜਚੋਲ ਵੀ ਇਮਾਨਦਾਰਾਨਾ ਹੋਣੀ ਚਾਹੀਦੀ ਹੈ। ਜੇਕਰ ਕੋਈ ਲੇਖਕ ਆਪਣੇ ਗੁਣਾਂ ਦਾ ਗੁਣਗਾਣ ਕਰਦਾ ਹੈ ਤੇ ਔਗੁਣਾਂ ਤੋਂ ਪਾਸਾ ਵੱਟਦਾ ਹੈ ਤਾਂ ਇਹੋ ਜਿਹੀ ਸਵੈ-ਜੀਵਨੀ ਪਾਠਕ ਨੂੰ ਪ੍ਰਭਾਵਿਤ ਨਹੀਂ ਕਰਦੀ ਕਿਉਂਕਿ ਜ਼ਿੰਦਗੀ ਕਦੇ ਵੀ ਸਾਵੀਂ-ਪੱਧਰੀ ਨਹੀਂ ਰਹਿੰਦੀ। 'ਬੰਨ੍ਹਿ ਉਠਾਈ ਪੋਟਲੀ' ਪ੍ਰਿਤਪਾਲ ਸਿੰਘ ਬੇਤਾਬ ਜੋ ਕਿ ਉਰਦੂ ਸ਼ਾਇਰੀ ਵਿਚ ਆਪਣਾ ਮਹੱਤਵਪੂਰਨ ਮੁਕਾਮ ਰੱਖਦੇ ਹਨ ਤੇ ਆਈ.ਏ.ਐਸ. ਅਧਿਕਾਰੀ ਸੇਵਾ ਮੁਕਤ ਹੋਏ ਹਨ, ਦੀ ਲਿਖੀ ਅਤੇ ਹਰਜੀਤ ਸਿੰਘ ਉੱਪਲ ਦੁਆਰਾ ਉਰਦੂ ਤੋਂ ਪੰਜਾਬੀ ਵਿਚ ਅਨੁਵਾਦ ਕੀਤੀ ਸਵੈ-ਜੀਵਨੀ ਹੈ। ਉਰਦੂ ਵਿਚ ਇਸ ਦਾ ਸਿਰਲੇਖ 'ਮੇਰੇ ਹਿੱਸੇ ਦੀ ਦੁਨੀਆ' ਹੈ। ਇਸ ਸਵੈ-ਜੀਵਨੀ ਵਿਚ ਲੇਖਕ ਨੇ ਜਿਥੇ ਆਪਣੇ ਜੀਵਨ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ ਉਥੇ ਦੇਸ਼ ਵੰਡ ਤੋਂ ਗੱਲ ਸ਼ੁਰੂ ਕਰ ਕੇ 'ਪੁੰਛ' ਜੋ ਜੰਮੂ-ਕਸ਼ਮੀਰ ਦਾ ਇਕ ਇਲਾਕਾ ਹੈ, ਉਸ ਨਾਲ ਜੁੜੀਆਂ ਬਹੁਤ ਹੀ ਖ਼ੂਬਸੂਰਤ ਯਾਦਾਂ ਦਾ ਜ਼ਿਕਰ ਕੀਤਾ ਹੈ। ਫ਼ਿਰੋਜ਼ਪੁਰ ਛਾਉਣੀ ਦੇ ਵੇਰਵੇ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਰੌਚਿਕ ਜਾਣਕਾਰੀ ਲੇਖਕ ਨੇ ਉਪਲਬਧ ਕਰਵਾਈ ਹੈ। ਆਪਣੀ ਨੌਕਰੀ ਦੌਰਾਨ ਵੱਖ-ਵੱਖ ਅਹੁਦਿਆਂ ਉੱਤੇ ਕਾਰਜ ਕਰਨ ਅਤੇ ਵੱਖ-ਵੱਖ ਸਮਿਆਂ ਦੌਰਾਨ ਆਪਣੀ ਸ਼ਾਇਰੀ ਨੂੰ ਮਿਲੇ ਹੁਲਾਰਿਆਂ ਅਤੇ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਣ ਬਾਰੇ ਵੀ ਭਾਵਪੂਰਤ ਜਾਣਕਾਰੀ ਇਸ ਸਵੈ-ਜੀਵਨੀ ਵਿਚ ਦਰਜ ਹੈ। ਸਾਹਿਤ ਸਭਾਵਾਂ ਨਾਲ ਮੇਲ-ਜੋਲ ਅਤੇ ਉਰਦੂ ਸ਼ਾਇਰੀ ਵਿਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਸ਼ਾਇਰਾਂ ਅਤੇ ਦੋਸਤਾਂ ਬਾਰੇ ਵੀ ਭਰਪੂਰ ਅਤੇ ਰੌਚਿਕ ਜਾਣਕਾਰੀ ਸਵੈ-ਜੀਵਨੀ ਵਿਚ ਦਰਜ ਹੈ। ਉਰਦੂ ਦੇ ਸ਼ੇਅਰ ਵੀ ਬਹੁਤੀ ਥਾਈਂ ਸਥਿਤੀ ਨੂੰ ਪੇਸ਼ ਕਰਨ ਹਿਤ ਇਸ ਸਵੈ-ਜੀਵਨੀ ਵਿਚ ਦਰਜ ਹਨ। ਅਨੁਵਾਦਕ ਦੀ ਮਿਹਨਤ ਵੀ ਇਸ ਸਵੈ-ਜੀਵਨੀ ਵਿਚੋਂ ਬਾਖ਼ੂਬੀ ਝਲਕਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਪੰਜਾਬ ਦੀ ਸ਼ਾਨ ਪੁਰਾਤਨ ਹਵੇਲੀਆਂ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 98764-52223

ਹਵੇਲੀ ਅਰਬੀ ਭਾਸ਼ਾ ਦਾ ਸ਼ਬਦ ਹੈ, ਉਹ ਮਕਾਨ (ਜਿਸ ਦੀ ਸੁਰੱਖਿਆ ਲਈ) ਜੋ ਚਾਰੇ ਪਾਸੇ ਕੰਧਾਂ ਨਾਲ ਘਿਰਿਆ ਹੋਇਆ ਹੋਵੇ। ਖਾਨਦਾਨੀ ਅਮੀਰ ਲੋਕ, ਜਗੀਰਦਾਰ ਤੇ ਨਾਮਵਰ ਪਰਿਵਾਰ ਸਰਹੰਦੀ ਇੱਟਾਂ ਤੇ ਚੂਨੇ ਨਾਲ ਸੁੰਦਰ ਦਿੱਖ ਵਾਲੀਆਂ ਮਜ਼ਬੂਤ ਹਵੇਲੀਆਂ ਬਣਾ ਕੇ ਆਪਣੇ ਰੁਤਬੇ ਅਨੁਸਾਰ ਰਹਿੰਦੇ ਹੁੰਦੇ ਸਨ। ਇਮਾਰਤਸ਼ਾਲੀ ਦੇ ਹੁਨਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੀ ਕਸ਼ੀਦਕਾਰੀ ਵੇਖਣਯੋਗ ਹੁੰਦੀ ਸੀ। ਪ੍ਰਿੰ. ਗੋਸਲ ਨੇ ਇਨ੍ਹਾਂ ਪੁਰਾਤਨ ਹਵੇਲੀਆਂ ਦੀ ਇਤਿਹਾਸਕ ਮਹੱਤਤਾ ਨੂੰ ਸਮਝਦੇ ਹੋਏ 'ਪੰਜਾਬ ਦੀ ਸ਼ਾਨ ਪੁਰਾਤਨ ਹਵੇਲੀਆਂ' ਪੁਸਤਕ ਬਹੁਤ ਮਿਹਨਤ ਨਾਲ ਖੋਜ ਕਰ ਕੇ ਲਿਖੀ ਹੈ। ਇਸ ਤੋਂ ਪਹਿਲਾਂ ਪ੍ਰਿੰ. ਗੋਸਲ ਨੇ ਬਹੁ-ਗਿਣਤੀ ਬਾਲ-ਸਾਹਿਤ ਪੁਸਤਕਾਂ ਅਤੇ ਦੋ ਦਰਜਨ ਦੇ ਕਰੀਬ ਵਾਰਤਕ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਪੰਜਾਬ ਦੇ ਪੁਰਾਤਨ ਵਿਰਸੇ-ਵਿਰਾਸਤ ਨਾਲ ਸੰਬੰਧਿਤ ਇਮਾਰਤਾਂ, ਕਿਲ੍ਹਿਆਂ ਤੇ ਹੋਰ ਸੰਸਥਾਨਾਂ ਬਾਰੇ ਖੋਜ ਤੇ ਸੰਭਾਲਣ ਦਾ ਮੁੱਖ ਕਾਰਜ, ਪੰਜਾਬ ਦੇ ਸੱਭਿਆਚਾਰ ਤੇ ਪੁਰਾਤੱਤਵ ਵਿਭਾਗ ਦਾ ਹੈ ਪਰੰਤੂ ਪ੍ਰਿੰਸ: ਗੋਸਲ ਨੇ ਇਹ ਨਿਆਰਾ ਕਾਰਜ ਕਰ ਵਿਖਾਇਆ ਹੈ। 1947 ਦੀ ਵੰਡ ਦੇ ਦੁਖਾਂਤ ਤੇ ਸੰਤਾਪ ਦੇ ਮਾਰੂ ਨਤੀਜੇ ਕਾਰਨ ਪਾਕਿਸਤਾਨ 'ਚ ਰਹੀਆਂ ਹਵੇਲੀਆਂ ਦਾ ਜ਼ਿਕਰ ਮਨ ਨੂੰ ਝੰਜੋੜਨ ਵਾਲਾ ਹੈ। ਮਿਸਾਲ ਵਜੋਂ ਲਾਲ ਹਵੇਲੀ ਰਾਵਲਪਿੰਡੀ (ਪਾਕਿਸਤਾਨ) ਤੇ ਪਿਸ਼ਾਵਰ ਸਥਿਤ ਕਪੂਰ ਹਵੇਲੀ ਜਿਸ ਦਾ ਸੰਬੰਧ ਫ਼ਿਲਮ ਜਗਤ ਦੇ ਕਲਾਕਾਰ ਰਿਸ਼ੀ ਕਪੂਰ ਦੇ ਦਾਦਾ ਪ੍ਰਿਥਵੀ ਰਾਜ ਕਪੂਰ ਪਿਤਾ ਅਰਥਾਤ ਰਿਸ਼ੀ ਕਪੂਰ ਦੇ ਪੜਦਾਦਾ ਸ੍ਰੀ ਬਸ਼ੇਸ਼ਵਰਨਾਥ ਕਪੂਰ ਨਾਲ ਦੱਸਿਆ ਜਾਂਦਾ ਹੈ। ਸਲੀਮ ਹਵੇਲੀ ਬਸੀ ਪਠਾਣਾਂ ਅਤੇ ਟੋਡਰ ਮੱਲ ਦੀ ਜਹਾਜ਼ ਹਵੇਲੀ ਬਹੁਤ ਚਰਚਿਤ ਰਹੀਆਂ ਜਿਨ੍ਹਾਂ ਦੀਆਂ ਇੱਟਾਂ 'ਚੋਂ ਇਤਿਹਾਸ ਪੜ੍ਹਿਆ ਜਾ ਸਕਦਾ ਹੈ। ਪਿੰਡ ਬਹਿਰਾਮ ਦੀ ਹਵੇਲੀ ਇਮਾਰਤਸਾਜ਼ੀ ਦੀ ਅਤਿ ਸੁੰਦਰ ਕਾਰੀਗਰੀ ਦਾ ਕ੍ਰਿਸ਼ਮਾ ਹੈ। ਪੁਆਧ ਖੇਤਰ 'ਚ ਪੱਕੀ-ਰੁੜਕੀ ਜ਼ੈਲਦਾਰਾਂ ਦੀ ਹਵੇਲੀ ਇਸ ਕਰਕੇ ਵੀ ਮਸ਼ਹੂਰ ਹੈ ਕਿ ਇਥੇ ਹੀਰ-ਰਾਂਝੇ ਫ਼ਿਲਮ ਦੀ ਸ਼ੂਟਿੰਗ ਨਸੀਬ ਹੋਈ। ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਦੇ ਇਤਿਹਾਸ ਨਾਲ ਸੰਬੰਧਿਤ ਪਠਾਣ ਨਿਹੰਗ ਖਾਨ ਦੀ ਹਵੇਲੀ ਪਿੰਡ ਕੋਟਲਾ ਨਿਹੰਗ ਹੈ। ਪੰਜਾਬ ਦੇ ਪਿੰਡਾਂ ਦੇ ਇਤਿਹਾਸ ਤੇ ਸੱਭਿਆਚਾਰ ਦੀ ਬਾਤ ਪਾਉਂਦੀਆਂ ਹਵੇਲੀਆਂ ਪਿੰਡ ਖਮਾਣੋ, ਪਿੰਡ ਬਰਨਾਲਾ, ਪਿੰਡ ਮੂਸਾ (ਸਿੱਧੂ ਮੂਸੇਵਾਲਾ ਹਵੇਲੀ), ਬਸੀ ਪਠਾਣਾ, ਪਿੰਡ ਗੋਸਲਾਂ (ਲੇਕਪ ਦੇ ਪਿੰਡ), ਮਨੈਲਾ, ਨਾਰਲੀ, ਧਮੋਟ, ਬਠਿੰਡਾ ਨਹਿਰੀ ਕੋਠੀ, ਉੱਭਾਵਾਲ, ਵਡਾਲਾ ਸੰਧੂਆਂ, ਗੁਜਰਵਾਲ (ਲੁਧਿਆਣਾ), ਗੜ੍ਹੀ ਚਮਕੌਰ ਗਰੀਬੂ ਦੀ ਹਵੇਲੀ, ਮਹਿਤਪੁਰ, ਬਹਿਰਾਮਪੁਰ ਬੇਟ ਤੇ ਹਵੇਲੀਆਂ ਦੀ ਧਰਤ-ਪੱਟੀ ਸਰਹਿੰਦ ਤੋਂ ਚਮਕੌਰ ਸਾਹਿਬ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਭਰਪੂਰ ਹਨ। ਲੇਖਕ ਨੇ ਜਿਸ ਮਿਹਨਤ ਨਾਲ ਹਵੇਲੀਆਂ ਦੇ ਪਿਛੋਕੜ 'ਚ ਲੁਕੇ ਇਤਿਹਾਸ ਨੂੰ ਪੁਨਰ-ਸੁਰਜੀਤ ਕੀਤਾ ਹੈ, ਉਸ ਲਈ ਪ੍ਰਿੰ. ਗੋਸਲ ਦੇ ਕਾਰਜ ਦੀ ਸ਼ਲਾਘਾ ਕਰਨੀ ਬਣਦੀ ਹੈ। ਲੇਖਕ ਤੇ ਪ੍ਰਕਾਸ਼ਕ ਇਸ ਸੁੰਦਰ-ਸਜੀਲੀ ਪੁਸਤਕ ਲਈ ਵਧਾਈ ਦੇ ਹੱਕਦਾਰ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਜ਼ਿੰਦਗੀ ਦੇ ਬਦਲਦੇ ਰੰਗ
ਲੇਖਕ : ਕੇਵਲਜੀਤ ਸਿੰਘ ਕੰਵਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 172
ਮੋਬਾਈਲ : 98775-66190

ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਨੇ 81 ਕਵਿਤਾਵਾਂ ਲਿਖੀਆਂ ਅਤੇ ਨਾਲ ਹੀ ਕੁਝ ਸ਼ੇਅਰ ਲਿਖ ਕੇ ਪੁਸਤਕ ਵਿਚ ਇਕ ਹੋਰ ਰੰਗ ਭਰ ਦਿੱਤਾ ਹੈ। ਇਸ ਤੋਂ ਪਹਿਲਾਂ ਲੇਖਕ ਨੇ ਹਿੰਦੀ ਦੀ ਪੁਸਤਕ 'ਸਫ਼ਰ ਜ਼ਿੰਦਗੀ ਕਾ' ਕਵਿਤਾ ਦੀ ਕਿਤਾਬ ਲਿਖੀ ਸੀ। ਲੇਖਕ ਨੇ ਆਪਣੇ ਜ਼ਿੰਦਗੀ ਦੇ ਸਫ਼ਰ ਵਿਚ ਕਈ ਥਾਂ ਨੌਕਰੀ ਕੀਤੀ ਅਤੇ ਅਖੀਰ ਪ੍ਰਿੰਸੀਪਲ ਦੇ ਅਹੁਦੇ 'ਤੇ ਪੁੱਜਿਆ। ਲੇਖਕ ਦੇ ਵਿਚ ਲਿਖਣ ਦੀ ਇੱਛਾ ਉਨ੍ਹਾਂ ਦੇ ਦਿਲ ਵਿਚ ਦੱਬੀ ਪਈ ਸੀ ਅਤੇ ਇਨ੍ਹਾਂ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ ਇਹ ਕਿਤਾਬ ਲਿਖੀ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਸਾਡੇ ਦਿਲ ਵਿਚ ਕਈ ਤਰ੍ਹਾਂ ਦੇ ਵਲਵਲੇ ਹੁੰਦੇ ਹਨ ਅਤੇ ਉਹ ਕਈ ਵਾਰ ਅੰਦਰ ਹੀ ਦੱਬੇ ਰਹਿ ਜਾਂਦੇ ਹਨ, ਪਰੰਤੂ ਕੁਝ ਲੋਕ ਇਨ੍ਹਾਂ ਵਲਵਲਿਆਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਕੇ ਕਿਤਾਬ ਦਾ ਰੂਪ ਦੇ ਦਿੰਦੇ ਹਨ। ਇਨ੍ਹਾਂ ਵਿਚੋਂ ਹੀ ਲੇਖਕ ਕੇਵਲਜੀਤ ਸਿੰਘ ਕੰਵਲ ਕਿਹਾ ਜਾ ਸਕਦਾ ਹੈ। ਲੇਖਕ ਦਾ ਕੋਮਲ ਹਿਰਦਾ ਹੋਣ ਕਰਕੇ ਹਰ ਪ੍ਰਸਥਿਤੀ ਨੂੰ ਵਿਚਾਰਦਾ, ਮਹਿਸੂਸ ਕਰਦਾ ਰਿਹਾ ਅਤੇ ਉਹੀ ਖਿਆਲਾਂ ਨੂੰ ਕਿਤਾਬ ਦਾ ਰੂਪ ਦੇ ਦਿੱਤਾ, ਜੋ ਕਿ ਬਹੁਤ ਵੱਡੀ ਗੱਲ ਹੈ। ਕਿਤਾਬ ਵਿਚੋਂ ਲੇਖਕ ਦਾ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਵੀ ਝਲਕਦਾ ਹੈ। ਕਿਤਾਬਾਂ ਵਿਚਲੀਆਂ ਮਨੁੱਖਤਾ, ਕਦੀ ਚਾਨਣ ਕਦੇ ਹਨੇਰਾ, ਖੰਡਰ ਬੋਲਦੇ ਨੇ, ਗੁਜ਼ਰੇ ਵਕਤ ਦਾ, ਧੂੰਏ ਦੀ ਲਕੀਰ, ਆਖ਼ਰੀ ਰਿਸ਼ਤਾ, ਪਿਤਾ, ਆਪਣੀ ਹਸਤੀ, ਆਦਮਖੋਰ ਮਾਨਵ ਝੰਡੇ, ਇਕੱਲਾਪਣ ਬਜ਼ੁਰਗ ਮਾਂ-ਬਾਪ ਦਾ, ਆਪਣਿਆਂ ਦਾ ਸਾਥ, ਸਾਡੇ ਜ਼ਮਾਨੇ ਦੇ ਤੱਕ, ਕਵਿਤਾਵਾਂ ਦਿਲ ਨੂੰ ਟੁੰਬਦੀਆਂ ਹਨ। ਕਵਿਤਾਵਾਂ ਦੇ ਵਿਚ ਵੱਖ-ਵੱਖ ਵਿਸ਼ਿਆਂ 'ਤੇ ਲੇਖਕ ਨੇ ਹੱਥ ਅਜ਼ਮਾਇਆ ਹੈ, ਜਿਨ੍ਹਾਂ ਦੇ ਵਿਚੋਂ ਉਨ੍ਹਾਂ ਦਾ ਨਿੱਜੀ ਤਜਰਬਾ ਵੀ ਝਲਕਦਾ ਵਿਖਾਈ ਦੇ ਰਿਹਾ ਹੈ। ਕਵਿਤਾਵਾਂ ਦੇ ਵਿਚ ਕਿਤੇ-ਕਿਤੇ ਕਚਿਆਈ ਦੀ ਝਲਕ ਨਜ਼ਰ ਆਉਂਦੀ ਹੈ, ਜੋ ਕਿ ਜ਼ਿਆਦਾ ਨਹੀਂ ਚੁੱਭਦੀ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990

30-09-2023

ਅੱਖੀਂ ਡਿੱਠੇ ਪਲਾਂ ਦੀ ਗਾਥਾ
ਲੇਖਕ : ਮਨਮੋਹਨ ਸਿੰਘ ਢਿੱਲੋਂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 83603-81597

ਇਸ ਪੁਸਤਕ ਦੇ ਲੇਖਕ ਇਕ ਸਫ਼ਲ ਪੱਤਰਕਾਰ ਹਨ। ਸੁਹਿਰਦ ਪੱਤਰਕਾਰ ਵਜੋਂ ਉਨ੍ਹਾਂ ਸਖ਼ਤ ਘਾਲਣਾ ਘਾਲੀ ਹੈ। ਇਸ ਤੋਂ ਇਲਾਵਾ ਉਹ ਤਿੰਨ ਕਿਤਾਬਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕੇ ਹਨ। ਇਸ ਪੁਸਤਕ ਵਿਚ ਛਪੀਆਂ ਰਚਨਾਵਾਂ/ਲੇਖ ਉਨ੍ਹਾਂ ਵਿਰਸੇ ਵਿਚ ਮਿਲੇ ਗੁਣਾਂ ਦਾ ਸਦ-ਉਪਯੋਗ ਕਰਦਿਆਂ ਉਨ੍ਹਾਂ ਘਟਨਾਵਾਂ ਨੂੰ ਪੇਸ਼ ਕਰਨ ਦਾ ਵਧੀਆ ਉਪਰਾਲਾ ਕੀਤਾ ਹੈ। ਆਪਣੀ ਪੱਤਰਕਾਰੀ ਦੇ ਸਫ਼ਰ ਵਿਚ ਉਨ੍ਹਾਂ ਵਲੋਂ 'ਪੰਜਾਬੀ ਟ੍ਰਿਬਿਊਨ' ਵਿਚ ਛਪੀਆਂ ਘਟਨਾਵਾਂ ਦਾ ਇਕ ਦਸਤਾਵੇਜ਼ ਹੈ, ਜਿਸ ਨੂੰ ਕਿਤਾਬੀ ਰੂਪ ਵਿਚ ਭਵਿੱਖ ਵਿਚ ਸਾਡੀ ਵਾਰਿਸ ਪੀੜ੍ਹੀ ਦੇ ਨੌਜਵਾਨਾਂ, ਜੋ ਇਤਿਹਾਸ, ਸਿੱਖ-ਇਤਿਹਾਸ ਦੇ ਖੋਜਾਰਥੀ ਤੇ ਵਿਦਿਆਰਥੀ ਅਤੇ ਪਾਠਕਾਂ ਦੇ ਰੂਬਰੂ ਕੀਤਾ ਹੈ। ਇਹ ਦਸਤਾਵੇਜ਼ ਕੌੜੇ-ਮਿੱਠੇ ਅਨੁਭਵਾਂ ਤੇ ਤਜਰਬਿਆਂ ਦਾ ਸੁਮੇਲ ਹੈ। ਲੇਖਕ ਮੁਤਾਬਿਕ ਮੇਰੇ ਜੀਵਨ ਦੌਰਾਨ ਅਨੇਕਾਂ ਇਤਿਹਾਸਕ ਤੇ ਯਾਦਗਾਰੀ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ ਮੈਂ ਨੇੜਿਓਂ ਤੱਕਿਆ ਅਤੇ ਕਲਮ ਦੀ ਛੋਹ ਨਾਲ ਕਾਗ਼ਜ਼ਾਂ 'ਤੇ ਉਤਾਰਿਆ ਤੇ ਸੰਭਾਲਿਆ। ਇਸ ਪੁਸਤਕ ਵਿਚ ਛਪੀਆਂ ਵਿਸ਼ੇਸ਼ ਘਟਨਾਵਾਂ ਵਿਚ ਸਿੱਖ ਧਾਰਮਿਕ ਮੁਖੀਆਂ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ, ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ, ਖ਼ਾਲਸਾ ਮਾਰਚ, ਵਿਸ਼ਵ ਸਿੱਖ ਸੰਮੇਲਨ ਦੀ ਰਿਪੋਰਟ, ਧਰਮ ਤੇ ਰਾਜਨੀਤੀ ਦੇ ਸੁਮੇਲ ਦੀ ਬਰਕਾਰਤਾ, ਗੁਰਧਾਮਾਂ ਦੀ ਮਰਯਾਦਾ, ਸਿੱਖ ਵਿਸ਼ਵ ਕੌਂਸਲ ਦੀ ਸਥਾਪਤੀ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣ ਦਾ ਸੱਦਾ, ਸਰਬੱਤ ਖ਼ਾਲਸਾ ਦੀ ਕਾਰਵਾਈ, ਸਰਬੱਤ ਖ਼ਾਲਸਾ ਵਲੋਂ ਖ਼ਾਲਿਸਤਾਨ ਦਾ ਸਮਰਥਨ, ਨਵ-ਨਿਯੁਕਤ ਜਥੇਦਾਰਾਂ 'ਚੋਂ ਇਕ ਸਾਬਕਾ ਐਮ. ਪੀ. ਤੇ ਇਕ ਸਜ਼ਾਯਾਫ਼ਤਾ, ਸਰਬੱਤ ਖ਼ਾਲਸਾ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਨੁਮਾਇੰਦੇ, ਸਰਬੱਤ ਖ਼ਾਲਸਾ 'ਤੇ ਪ੍ਰਤੀਕਰਮ, ਪੰਥਕ ਅਸੈਂਬਲੀ ਵਿਚ ਬਾਦਲ ਪਰਿਵਾਰ 'ਤੇ ਹਮਲੇ, ਅੰਮ੍ਰਿਤਸਰ ਵਿਚ ਰੋਸ ਮਾਰਚ ਦਾ ਨਾਕਾਮ ਯਤਨ, ਸੰਤ ਭਿੰਡਰਾਂਵਾਲੇ ਦੀ ਲਾਸ਼ ਦੀ ਪਛਾਣ, ਘੱਲੂਘਾਰਾ ਦਿਵਸ ਦੀ ਰਿਪੋਰਟ, ਸੰਤ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਮੰਨਿਆ, ਪ੍ਰਕਾਸ਼ ਦਿਵਸ 'ਤੇ ਸੋਨੇ ਚਾਂਦੀ ਦੇ ਸਿੱਕੇ, ਪ੍ਰਧਾਨ ਮੰਤਰੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼-ਵਿਸ਼ਵਵਿਆਪੀ, ਵੀ.ਪੀ. ਸਿੰਘ ਵਲੋਂ ਪਿੰਡਾਂ ਦੀ ਪਦਯਾਤਰਾ ਦਾ ਐਲਾਨ, ਵਾਜਪਾਈ ਵਲੋਂ ਨੀਲਾ ਤਾਰਾ ਮੰਦਭਾਗਾ ਕਰਾਰ, ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਜਥੇ ਭੇਜਣ ਦੀ ਪਾਬੰਦੀ ਹਟਾਈ, ਪੰਜਾਬੀ ਜ਼ਬਾਨ ਭਾਰਤ-ਪਾਕਿ ਮਸਲਿਆਂ ਦਾ ਹੱਲ, ਗਿਆਨੀ ਮਸਕੀਨ ਜੀ ਨੂੰ ਭਾਈ ਗੁਰਦਾਸ ਪੁਰਸਕਾਰ, ਫੈੱਡਰੇਸ਼ਨ ਤੇ ਖ਼ਾਲਸਾ ਪੰਚਾਇਤ ਵਿਚ ਲੜਾਈ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ. ਬਾਦਲ ਨੂੰ ਫ਼ਖ਼ਰ-ਏ-ਕੌਮ, ਸੁਖਬੀਰ ਸਿੰਘ ਬਾਦਲ ਬਣੇ ਅਕਾਲੀ ਦਲ ਦੇ ਪ੍ਰਧਾਨ, ਹਿੰਦ-ਪਾਕਿ ਦੋਸਤੀ ਦੇ ਜਸ਼ਨ ਆਦਿ ਮਹੱਤਵਪੂਰਨ ਖ਼ਬਰਾਂ, ਫੀਚਰ, ਲੇਖ ਆਦਿ ਸ਼ਾਮਿਲ ਕੀਤੇ ਗਏ ਹਨ। ਅਖ਼ਬਾਰ ਦੇ ਸੰਪਾਦਕ ਵਲੋਂ ਸਮੇਂ-ਸਮੇਂ ਲਿਖਵਾਏ ਮਜ਼ਮੂਨਾਂ ਤੋਂ ਨਵੇਂ ਉੱਭਰ ਰਹੇ ਪੱਤਰਕਾਰ ਵੀ ਸੇਧ ਲੈ ਸਕਦੇ ਹਨ। ਇਸ ਪੱਤਰਕਾਰ ਵਲੋਂ ਅਜਿਹਾ ਉਪਰਾਲਾ ਅਤੇ ਉੱਦਮ ਕਿਤਾਬੀ ਰੂਪ ਪਾਠਕਾਂ ਨੂੰ ਮਿਲਣਾ, ਸਾਂਭਣਯੋਗ ਖ਼ਜ਼ਾਨਾ ਹੋ ਨਿੱਬੜੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਬਹਾਦਰ ਰਜਬ ਅਲੀ
ਸੰਪਾਦਕ : ਸੁਖਵਿੰਦਰ ਸਿੰਘ ਸੁਤੰਤਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 275 ਰੁਪਏ, ਸਫ਼ੇ : 264
ਸੰਪਰਕ : 79861-66956

ਬਾਬੂ ਰਜਬ ਅਲੀ ਪੰਜਾਬੀ ਸਾਹਿਤ ਦੀ ਕਵੀਸ਼ਰੀ-ਪਰੰਪਰਾ ਦਾ ਇਕ ਮੋਹਤਬਰ ਕਵੀ ਸੀ, ਜਿਸ ਨੇ ਪੰਜਾਬੀ ਵਿਚ ਅਨੇਕ ਪ੍ਰਸੰਗਾਂ, ਕਿੱਸਿਆਂ, ਲੋਕਪ੍ਰਿਆ-ਬਿਰਤਾਂਤਾਂ ਅਤੇ ਇਤਿਹਾਸਕ-ਮਿਥਿਹਾਸਕ ਕਹਾਣੀਆਂ ਨੂੰ ਕਾਵਿਬੱਧ ਕੀਤਾ। ਉਹ ਮਾਲਵਾ ਖੇਤਰ ਦੇ ਫ਼ਰੀਦਕੋਟ-ਮੋਗਾ ਖੇਤਰ ਵਿਚ ਪੈਂਦੇ ਇਕ ਪਿੰਡ ਸਾਹੋਕੇ ਵਿਚ ਜੰਮਿਆ-ਪਲਿਆ। ਇਹ ਪਿੰਡ ਪਹਿਲਾਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦਾ ਸੀ। ਪੰਜਾਬ ਦੇ ਪ੍ਰਸਿੱਧ ਕਵੀ ਡਾ. ਆਤਮ ਹਮਰਾਹੀ ਨੇ ਜਦੋਂ ਪੀ.ਐੱਚ.ਡੀ. ਦੀ ਪ੍ਰਾਪਤੀ ਲਈ ਆਪਣਾ ਸ਼ੋਧ-ਪ੍ਰਬੰਧ ਲਿਖਣਾ ਸੀ ਤਾਂ ਉਸ ਨੂੰ ਰਜਬ ਅਲੀ ਦੀ ਮਹਿਮਾ ਬਾਰੇ ਜਾਣਕਾਰੀ ਹੋਈ ਸੀ। ਰਜਬ ਅਲੀ ਦੀ ਕਵੀਸ਼ਰੀ ਨੂੰ ਸਾਹਿਤਕ ਮਾਣ-ਸਨਮਾਨ ਦਿਵਾਉਣ ਅਤੇ ਮਹਿਮਾਮੰਡਿਤ ਕਰਨ ਵਿਚ ਵੱਡਾ ਯੋਗਦਾਨ ਮਰਹੂਮ ਆਤਮ ਹਮਰਾਹੀ ਦਾ ਹੀ ਰਿਹਾ ਹੈ। ਬਾਅਦ ਵਿਚ ਡਾ. ਰੁਲੀਆ ਸਿੰਘ ਅਤੇ ਸੁਖਵਿੰਦਰ ਸਿੰਘ ਸੁਤੰਤਰ ਨੇ ਵੀ ਇਸ ਸੇਵਾ ਵਿਚ ਕਾਫ਼ੀ ਯੋਗਦਾਨ ਪਾਇਆ।
ਹਥਲੀ ਪੁਸਤਕ ਵਿਚ ਰਜਬ ਅਲੀ ਸਾਹਿਬ ਦੀਆਂ ਪੰਜ ਰਚਨਾਵਾਂ ਸੰਗ੍ਰਹਿਤ ਹਨ : '. ਕਬਿੱਤ ਤੇ ਬੈਂਤ, 2. ਊਖਾ-ਅਨੁਰੁੱਧ, 3. ਕਿੱਸਾ ਸੁੱਚਾ ਸਿੰਘ ਸੂਰਮਾ, 4. ਕਿੱਸਾ ਦਹੂਦ ਬਾਦਸ਼ਾਹ ਅਤੇ 5. ਕਿੱਸਾ ਹਰਪੂਲ ਸਿੰਘ ਸੂਰਮਾ। ਪੰਜਾਬੀ ਕਵੀਸ਼ਰੀ, ਛੰਦ ਪ੍ਰਧਾਨ ਕਾਵਿ-ਪਰੰਪਰਾ ਹੈ। ਬਾਬੂ ਰਜਬ ਅਲੀ ਦੀ ਮਹਿਮਾ ਦਾ ਇਕ ਕਾਰਨ ਉਸ ਦੀ ਛੰਦ-ਪ੍ਰਬੀਨ ਅਤੇ ਨਵੇਂ-ਨਵੇਂ ਛੰਦ ਈਜਾਦ ਕਰਨ ਦੀ ਕਾਬਲੀਅਤ ਵੀ ਸੀ। ਉਸ ਦਾ ਰਚਨਾ-ਸੰਚਾਰ, ਪੰਜਾਬੀ ਸੱਭਿਆਚਾਰ ਦਾ ਇਕ ਮਹਾਨ ਕੋਸ਼ ਹੈ। ਉਹ ਪੰਜਾਬ, ਵਿਸ਼ੇਸ਼ ਕਰ ਮਾਲਵਾ ਖੇਤਰ ਦੇ ਲੋਕਾਂ ਅਤੇ ਉਨ੍ਹਾਂ ਦੇ ਚਰਿੱਤਰ ਬਾਰੇ ਬੜੀ ਡੂੰਘੀ ਅਤੇ ਨਿੱਗਰ ਵਾਕਫ਼ੀ ਰੱਖਦਾ ਸੀ। ਉਸ ਦੁਆਰਾ ਲਿਖੇ ਅਨੇਕ ਬੰਦ, ਅਖੌਤਾਂ ਦਾ ਰੂਪ ਧਾਰਨ ਕਰ ਗਏ ਹਨ। ਦੇਖੋ :
ਫੁੱਲ ਨੀ ਗੁਲਾਬ ਜੈਸਾ,
ਹੌਸਲਾ ਸ਼ਰਾਬ ਜੈਸਾ
ਚਾਨਣ ਮਹਤਾਬ ਜੈਸਾ,
ਹੁੰਦਾ ਮਨਮੋਹਣਾ ਨ੍ਹੀ।
ਹੁਨਰ ਬੰਗਾਲ ਜੈਸਾ,
ਰੂਪ ਝੰਗ ਸਿਆਲ ਜੈਸਾ
ਕੂੜਾ ਮਹੀਵਾਲ ਜੈਸਾ,
ਜਣੇਂ-ਖਣੇ ਢੋਣਾ ਨ੍ਹੀ।
ਬਾਬੂ ਰਜਬ ਅਲੀ 1947 ਦੀ ਦੇਸ਼ ਵੰਡ ਸਮੇਂ ਪਾਕਿਸਤਾਨ ਵਿਚ ਹਿਜਰਤ ਕਰ ਗਿਆ ਸੀ ਪਰ ਉਹ ਰਹਿੰਦੀ ਸਾਰੀ ਉਮਰ ਆਪਣੀ ਜਨਮ ਦੇ ਵਿਛੋੜੇ ਵਿਚ ਵਿਲਕਦਾ ਰਿਹਾ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਅੰਤਰੰਗ
ਨਿਬੰਧਕਾਰ : ਹਰਜੀਤ ਅਟਵਾਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ 216
ਸੰਪਰਕ : 011-23280657

ਹਰਜੀਤ ਅਟਵਾਲ ਇਕ ਚਰਚਿਤ ਤੇ ਪਰਿਚਿਤ ਪਰਵਾਸੀ ਲੇਖਕ ਹੈ। ਉਸ ਨੇ ਹੁਣ ਤੱਕ 14 ਨਾਵਲ, 9 ਕਹਾਣੀ ਸੰਗ੍ਰਹਿ, 1 ਸਫ਼ਰਨਾਮਾ, 2 ਨਿਬੰਧ ਸੰਗ੍ਰਹਿ, 1 ਜੀਵਨੀ, 1 ਕਾਵਿ ਸੰਗ੍ਰਹਿ ਅਤੇ 3 ਸੰਪਾਦਿਤ ਪੁਸਤਕਾਂ ਦੀ ਰਚਨਾ ਕੀਤੀ ਹੈ। ਉਸ ਦੀਆਂ ਪੁਸਤਕਾਂ ਹਿੰਦੀ, ਮਰਾਠੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਕੁੱਲ 40 ਲੇਖ ਹਨ ਜੋ ਵਧੇਰੇ ਕਰਕੇ ਲੰਡਨ ਨਾਲ ਸੰਬੰਧਿਤ ਹਨ - ਬਰਾਈਟਨ ਬੀਚ, ਹਾਈਡ ਪਾਰਕ ਦਾ ਸਪੀਕਰਜ਼ ਕਾਰਨਰ, ਸਟਰੈਟਫੋਰਡ, ਲੇਡੀ ਗੌਡਿਵਾ, ਲੰਡਨ ਦੇ ਜਿਪਸੀ, ਲੰਡਨ-ਆਈ, ਟਾਵਰ ਬ੍ਰਿਜ, ਚਿਜ਼ਲਹਰਸਟ ਗੁਫ਼ਾਵਾਂ, ਯੂਕੇ ਵਿਚ ਸੱਪ, ਸਾਊਥਾਲ ਦਾ ਬ੍ਰਾਡਵੇਅ, ਐਡਨਬਰਾ ਦਾ ਬੁੱਤ-ਵਿਧਾਨ, ਸੁਏਜ਼ ਨਹਿਰ, ਬਰਾਈਟਨ ਛਤਰੀ, ਬੌਕਸ ਹਿੱਲ, ਯੂ.ਕੇ. ਦਾ ਨਹਿਰੀ ਤਾਣਾ-ਬਾਣਾ, ਇੰਗਲਿਸ਼ ਚੈਨਲ, ਚੈਡਰ ਗੋਰਜ, ਬਰਤਾਨੀਆ ਵਿਚ ਪਹਿਲਾ ਭਾਰਤੀ ਪਰਵਾਸੀ, ਲੰਡਨ ਦਾ ਮਰਨਾ ਮਹਿੰਗਾ ਆਦਿ। ਕੁਝ ਲੇਖ ਆਮ ਜਾਣਕਾਰੀ ਵਾਲੇ ਹਨ - ਆਤਿਸ਼ਬਾਜ਼ੀ, ਸਵਾਸਤਿਕ, ਉਲੰਪਿਕ ਖੇਡਾਂ, ਗ੍ਰੈਫ਼ਿਟੀ, ਈ-ਸਕੂਟਰ, ਪੈੱਟ ਪਾਲਣਾ, ਪੈਪਾਰਾਜ਼ੀ, ਹੋਰਡਿੰਗ, ਵਰਲਡ ਵਿਸਕੀ ਡੇ, ਮਹਾਰਾਜਾ ਦਲੀਪ ਸਿੰਘ, ਤਾਂਤਰਿਕਤਾ, ਫ਼ਿਦਾ ਹੁਸੈਨ, ਮਾਸਟਰ ਬੈੱਡਰੂਮ, ਧਰੁੱਵੀ ਰੌਸ਼ਨੀਆਂ, ਇਸ਼ਨਾਨ ਘਰ ਆਦਿ। ਪਰਵਾਸ ਬਾਰੇ ਵੀ ਦੋ ਲੇਖ ਹਨ - ਡਾਇਸਪੋਰਾ ਨੂੰ ਸਮਝਦਿਆਂ ਅਤੇ ਪੀੜ੍ਹੀ ਪਾੜਾ। ਇਸ ਕਿਤਾਬ 'ਚੋਂ ਕੁਝ ਵਰਣਨਯੋਗ ਉਕਤੀਆਂ :
* 'ਕੈਨੇਡਾ ਵਿਚ ਮਰਨ ਉਪਰੰਤ ਫ਼ਿਊਨਰਲ ਉੱਪਰ ਕਿੰਨਾ ਕੁ ਖਰਚਾ ਆਉਂਦਾ ਹੈ?'
'ਅੱਠ ਦਸ ਹਜ਼ਾਰ ਡਾਲਰ ਦੇ ਕਰੀਬ।'
'ਏਨੇ ਵਿਚ ਤਾਂ ਇੰਡੀਆ ਵਿਚ ਭਾਵੇਂ ਸਾਰਾ ਪਿੰਡ ਫੂਕ ਲਓ।'
* ਜਿੱਥੇ ਪਹਿਲਾ ਪਰਵਾਸੀ ਪੰਜਾਬੀ ਮਹਾਰਾਜਾ ਦਲੀਪ ਸਿੰਘ ਹੈ ਉੱਥੇ ਸ਼ੇਖ ਦੀਨ ਮੁਹੰਮਦ ਪਹਿਲਾ ਭਾਰਤੀ ਪਰਵਾਸੀ ਹੈ।
* ਦੁਨੀਆ ਵਿਚ ਸਭ ਤੋਂ ਵੱਡਾ ਭਾਰਤੀ ਡਾਇਸਪੋਰਾ ਹੈ। ਇਸ ਵੇਲੇ ਲਗਭਗ ਦੋ ਕਰੋੜ ਭਾਰਤੀ ਵਿਦੇਸ਼ਾਂ ਵਿਚ ਵਸਦੇ ਹਨ, ਭਾਵ ਕਿ ਇਕ ਮੁਲਕ ਜਿੰਨੀ ਆਬਾਦੀ। ਕਿਤਾਬ ਵਿਚਲੇ ਇਕ ਲੇਖ ਵਿਚ ਹਰਜੀਤ ਅਟਵਾਲ ਨੇ ਆਪਣੇ ਨਾਵਲ 'ਸਾਜਰੇ ਦੀ ਚੋਗ' ਦਾ ਜ਼ਿਕਰ ਤਾਂ ਕੀਤਾ ਹੈ, ਪਰ ਇਹਦਾ ਵੇਰਵਾ ਉਹਦੇ ਪ੍ਰਕਾਸ਼ਿਤ ਨਾਵਲਾਂ ਦੀ ਸੂਚੀ ਵਿਚ ਦਰਜ ਨਹੀਂ ਹੈ। ਪਤਾ ਨਹੀਂ ਕਿਉਂ? ਬਹਿਰਹਾਲ, 'ਅੰਤਰੰਗ' ਵਿਚ ਹਰਜੀਤ ਨੇ ਬਹੁਤ ਛੋਟੇ ਤੇ ਜਾਣਕਾਰੀ ਭਰਪੂਰ ਲੇਖ ਦਿਲਚਸਪ ਸ਼ੈਲੀ ਵਿਚ ਲਿਖੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਨਵੀਨਤਮ ਗਿਆਨ ਮਿਲਦਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

80 ਦਿਨਾਂ ਵਿੱਚ
ਦੁਨੀਆ ਦੀ ਸੈਰ
ਮੂਲ ਲੇਖਕ : ਜ਼ੂਲ ਵਿਆਨ
ਅਨੁਵਾਦ ਅਤੇ ਸੰਪਾਦਨ : ਸੋਮਾ ਸਬਲੋਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98146-93992

'80 ਦਿਨਾਂ ਵਿਚ ਦੁਨੀਆ ਦੀ ਸੈਰ' ਦੇ ਮੂਲ ਲੇਖਕ ਜੂਨ ਵਿਆਨ ਹਨ ਅਤੇ ਇਸ ਪੁਸਤਕ ਦਾ ਅਨੁਵਾਦ ਤੇ ਸੰਪਾਦਨ ਸੋਮਾ ਸਬਲੋਕ ਨੇ ਕੀਤਾ ਹੈ। ਇਸ ਨੂੰ ਸੰਸਾਰ ਪ੍ਰਸਿੱਧ ਨਾਵਲ ਵੀ ਕਿਹਾ ਹੈ। ਇਸ ਪੁਸਤਕ ਦੇ 12 ਭਾਗ ਬਣਾਏ ਗਏ ਹਨ, ਜਿਨ੍ਹਾਂ ਵਿਚ ਵੱਖੋ-ਵੱਖਰੀਆਂ ਗੱਲਾਂ ਤੇ ਸਫ਼ਰ ਦਾ ਜ਼ਿਕਰ ਲੇਖਕ ਨੇ ਵਿਸਥਾਰ ਦੇ ਨਾਲ ਕਰਕੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋਮਾ ਸਬਲੋਕ ਨੇ ਇਸ ਨਾਵਲ ਦਾ ਤਰਜਮਾ ਕਰਕੇ ਪਾਠਕਾਂ ਤੀਕ ਇਸ ਨੂੰ ਪੁੱਜਦਾ ਕੀਤਾ ਹੈ ਅਤੇ ਇਹ ਉਪਰਾਲਾ ਸ਼ਲਾਘਾਯੋਗ ਹੈ ਕਿ ਇਕ ਨਵੇਂ ਵਿਸ਼ੇ 'ਤੇ ਬੱਚਿਆਂ ਤੋਂ ਇਲਾਵਾ ਨੌਜਵਾਨਾਂ ਤੇ ਹੋਰਾਂ ਨੂੰ ਇਕ ਨਵੀਂ ਜਾਣਕਾਰੀ ਮਿਲੀ ਹੈ, ਜਿਸ ਨੂੰ ਹਰ ਵਰਗ ਦੇ ਲੋਕਾਂ ਨੂੰ ਪੜ੍ਹਨ ਦੀ ਜ਼ਰੂਰਤ ਹੈ। ਸੋਮਾ ਸਬਲੋਕ ਨੇ 5 ਪੁਸਤਕਾਂ ਦਾ ਅਨੁਵਾਦ ਕਰਕੇ ਪਾਠਕਾਂ ਦੀ ਝੋਲੀ ਵਿਚ ਪਾਈਆਂ ਹਨ। ਪੁਸਤਕ ਵਿਚ ਪਹਿਲੇ ਭਾਗ ਵਿਚ ਸੰਨ 1872 ਦੀ ਗੱਲ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਲੰਡਨ ਦੇ ਰਿਫਾਰਮ ਕਲੱਬ ਦੇ ਇਕ ਮੈਂਬਰ ਮਿਸਟਰ ਫਾਸ ਬਾਰੇ ਜਾਣਕਾਰੀ ਦਿੱਤੀ ਹੈ। ਭਾਗ ਦੋ ਵਿਚ ਮਿਸਟਰ ਫਾਸ ਅਤੇ ਮਿਸਟਰ ਰਾਲਫ਼ ਦੀਆਂ ਆਪਸੀ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਹੀ ਹੋਰਨਾਂ ਭਾਗਾਂ ਵਿਚ ਵੱਖ-ਵੱਖ ਹੋਰਨਾਂ ਦੇ ਨਾਲ ਕੀਤੀਆਂ ਮੁਲਾਕਾਤਾਂ ਦਾ ਜ਼ਿਕਰ ਵੀ ਲੇਖਕ ਨੇ ਬਾਖ਼ੂਬੀ ਕੀਤਾ ਹੈ। ਨਾਵਲ ਨੂੰ ਜੇਕਰ ਇਕ ਵਾਰ ਪੜ੍ਹਨਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਸ ਨੂੰ ਅੱਧ ਵਿਚਕਾਰ ਛੱਡਣ ਨੂੰ ਦਿਲ ਨਹੀਂ ਕਰਦਾ। ਬਲਕਿ ਉਤਸੁਕਤਾ ਬਣੀ ਰਹਿੰਦੀ ਹੈ, ਜਿਵੇਂ ਕਿ ਇਕ ਫਿਲਮ ਨੂੰ ਵੇਖਦੇ ਹੋਏ ਦਿਲ ਵਿਚ ਪ੍ਰਸ਼ਨ ਅੱਗੇ ਕੀ, ਉੱਠਦਾ ਹੈ, ਉਸੇ ਹੀ ਤਰ੍ਹਾਂ ਦੇ ਵਿਚ ਇਕ ਨਾਵਲ ਦੇ ਵਿਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਿਲਚਸਪੀ ਬਣੀ ਰਹਿੰਦੀ ਹੈ। ਸੋ ਲੇਖਕ ਅਤੇ ਅਨੁਵਾਦ ਤੇ ਸੰਪਾਦਨ ਕਰਨ ਵਾਲੀ ਸੋਮਾ ਸਬਲੋਕ ਦਾ ਯਤਨ ਸ਼ਲਾਘਾਯੋਗ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਧਨ ਨੂੰ ਆਕਰਸ਼ਿਤ ਕਿਵੇਂ ਕਰੀਏ
ਲੇਖਕ : ਡਾ. ਜੋਸੇਫ਼ ਮਰਫ਼ੀ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 84277-12890

'ਧਨ ਨੂੰ ਕਿਵੇਂ ਆਕਰਸ਼ਿਤ ਕਰੀਏ' ਡਾ. ਜੋਸੇਫ਼ ਮਰਫ਼ੀ ਦੀ ਪੁਸਤਕ 'ਹਾਓ ਟੂ ਐਟਰੈਕਟ ਮਨੀ' ਦਾ ਅਨੂ ਸ਼ਰਮਾ ਅਤੇ ਡਾ. ਰੇਨੂ ਬਾਲਾ ਸਿੰਗਲਾ ਦੁਆਰਾ ਕੀਤਾ ਪੰਜਾਬੀ ਅਨੁਵਾਦ ਹੈ।
ਡਾ. ਮਰਫ਼ੀ ਆਇਰਲੈਂਡ ਦੇ ਰਹਿਣ ਵਾਲੇ ਸਨ ਜੋ ਬਾਅਦ ਵਿਚ ਪ੍ਰਵਾਸ ਕਰਕੇ ਅਮਰੀਕਾ ਪਹੁੰਚ ਗਏ। ਇਹੋ ਜਿਹੀਆਂ ਪੁਸਤਕਾਂ ਪੂੰਜੀਵਾਦੀ ਨਜ਼ਰੀਏ ਨਾਲ ਲਿਖੀਆਂ ਗਈਆਂ ਹੁੰਦੀਆਂ ਹਨ ਤੇ ਨਾਲ ਹੀ ਇਨ੍ਹਾਂ ਨੂੰ ਇਸਾਈ ਧਰਮ ਦੇ ਨਜ਼ਰੀਏ ਤੋਂ ਪਰਿਪੁਟ ਕੀਤਾ ਗਿਆ ਹੁੰਦਾ ਹੈ। ਇਨ੍ਹਾਂ ਦੇ ਟਾਈਟਲ ਹੀ ਏਨੇ ਦਿਲਖਿੱਚਵੇਂ ਹੁੰਦੇ ਹਨ ਕਿ ਪਾਠਕ ਮੱਲੋ-ਮੱਲੀ ਇਨ੍ਹਾਂ ਵੱਲ ਖਿੱਚਿਆ ਜਾਂਦਾ ਹੈ ਤੇ ਇਨ੍ਹਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਚਾਹਵਾਨ ਹੁੰਦਾ ਹੈ।
ਹਥਲੀ ਪੁਸਤਕ ਦਾ ਆਕਾਰ ਇਕ ਪੈਂਫਲਿਟ ਜਿੰਨਾ ਹੈ ਜਿਸ ਰਾਹੀਂ ਲੇਖਕ ਵਲੋਂ ਅਮੀਰ ਬਣਨ ਦੇ ਢੰਗ ਦਰਸਾਏ ਗਏ ਹੁੰਦੇ ਹਨ। ਉਸ ਦਾ ਕਹਿਣਾ ਹੈ ਕਿ ਅਮੀਰ ਬਣਨਾ, ਖ਼ੁਸ਼ਹਾਲ ਹੋਣਾ ਅਤੇ ਸਫ਼ਲ ਜੀਵਨ ਜਿਊਣਾ ਹਰੇਕ ਮਨੁੱਖ ਦਾ ਅਧਿਕਾਰ ਹੁੰਦਾ ਹੈ। ਅਮੀਰੀ ਦਾ ਰਾਹ ਮਨੁੱਖ ਦੇ ਮਨ ਰਾਹੀਂ ਹੋ ਕੇ ਲੰਘਦਾ ਹੈ। ਪਹਿਲਾਂ ਉਹ ਮਨ ਵਿਚ ਧਾਰੇ ਕਿ ਉਸ ਨੇ ਧਨੀ ਬਣਨਾ ਹੈ। ਸੁਫ਼ਨੇ ਦੇਖੇ ਅਤੇ ਉਨ੍ਹਾਂ ਨੂੰ ਵਾਰ-ਵਾਰ ਮਨ ਵਿਚ ਦੁਹਰਾਏ, ਕੁਦਰਤ ਤੇ ਪਰਮਾਤਮਾ ਵੀ ਉਸ ਦੇ ਇਸ ਯਤਨ ਵਿਚ ਹਾਂ-ਨਾਲ-ਹਾਂ ਮਿਲਾਉਂਦੇ ਹਨ ਤੇ ਮਨੁੱਖ ਅਮੀਰ ਬਣ ਜਾਂਦਾ ਹੈ। ਉਹ ਇਸਾਈ ਧਰਮ ਅਨੁਸਾਰ ਈਰਖਾ, ਦਵੇਸ਼, ਘ੍ਰਿਣਾ ਤੋਂ ਪਰ੍ਹੇ ਰਹੇ ਅਤੇ ਦੂਸਰਿਆਂ ਦੀ ਤਰੱਕੀ ਤੋਂ ਸੜੇ ਨਾ। ਸਰਵਹਿੱਤ ਲਈ ਸੋਚੇ ਤਾਂ ਦੁਨੀਆ ਦੀ ਕੋਈ ਤਾਕਤ ਉਸ ਨੂੰ ਅਮੀਰ ਬਣਨੋਂ ਨਹੀਂ ਰੋਕ ਸਕਦੀ। ਲੇਖਕ ਸਫ਼ਲ ਹੋਏ ਅਨੇਕਾਂ ਬੰਦਿਆਂ ਦੀਆਂ ਮਿਸਾਲਾਂ ਪੇਸ਼ ਕਰਕੇ ਆਪਣੀ ਗੱਲ ਵੀ ਵਜ਼ਨਦਾਰ ਬਣਾਉਣ ਦਾ ਯਤਨ ਕਰਦਾ ਹੈ। ਪੁਸਤਕ ਦਿਲਚਸਪ ਹੈ। ਅਨੁਵਾਦ ਵਧੀਆ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਸੁੱਚੇ ਮੋਤੀ
ਲੇਖਕ : ਬਾਲਾ ਮੰਗੂਵਾਲੀਆ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 82640-41645

'ਮਨ ਦਾ ਵਿਚਾਰ' ਪੁਸਤਕ ਦਾ ਲੇਖਕ ਆਪਣੇ ਕਾਵਿ-ਸੰਗ੍ਰਹਿ 'ਸੁੱਚੇ-ਮੋਤੀ' ਦੇ ਪ੍ਰਕਾਸ਼ਨ ਨੂੰ ਲੈ ਕੇ ਆਪਣੇ ਪਾਠਕਾਂ ਦੇ ਸਨਮੁੱਖ ਹੈ। ਇਸ ਵਿਚ ਉਸ ਦੀਆਂ ਛੋਟੀਆਂ-ਵੱਡੀਆਂ ਲਗਭਗ 13 ਦਰਜਨ ਕਵਿਤਾਵਾਂ ਹਨ। ਲੇਖਕ-ਕਵੀ, ਭਾਵੇਂ ਸਕਾਟਲੈਂਡ ਦਾ ਪਰਵਾਸੀ ਪੰਜਾਬੀ ਹੈ, ਪਰ ਪੰਜਾਬ, ਪੰਜਾਬੀ (ਸਾਹਿਤ), ਪੰਜਾਬੀਅਤ ਉਸ ਦੀ ਬੁੱਕਲ ਦੇ ਯਾਰ ਹਨ। ਜਦ ਕੋਈ ਨਵੀਂ ਕਾਵਿ ਰਚਨਾ ਕਰਦਾ ਹੈ, ਉਹ ਉਸੇ ਸਮੇਂ ਟੈਲੀਫੋਨ ਰਾਹੀਂ, ਆਪਣੇ ਪੰਜਾਬ ਦੇ ਪਿੰਡ ਬੈਠੇ ਯਾਰਾਂ-ਦੋਸਤਾਂ ਨੂੰ ਸੁਣਾ ਦਿੰਦਾ ਹੈ। ਬਾਲਾ ਮੰਗੂ ਵਾਲੀਆ ਦਾ ਕਾਵਿ, ਨਾ ਸੁਧਾਰਵਾਦੀ ਹੈ, ਨਾ ਪ੍ਰਗਤੀਵਾਦੀ, ਰੁਮਾਂਸਵਾਦੀ, ਨਾ ਪ੍ਰਯੋਗਵਾਦੀ, ਬਲਕਿ ਉਸ ਦੇ ਕਾਵਿ ਦੇ ਅੰਦਰ, ਮਾਨਵੀ ਦੁੱਖ-ਦਰਦ, ਵੇਦਨਾ-ਸੰਵੇਦਨਾ, ਹਾਲਾਤਿ-ਹਾਜ਼ਰਾ ਦਾ ਚਿਤਰਨ, ਪਿਆਰ, ਦੁੱਖ, ਦਰਦ, ਮਮਤਾ, ਸੰਯੋਗ-ਵਿਯੋਗ, ਰਾਜਨੀਤੀ, ਇਸ਼ਕ, ਹੁਸਨ, ਦਿਲ, ਮੇਲਾ ਹੂਕ, ਦਵਾ ਤੇ ਦੂਆ, ਹੱਕ-ਹਕੂਕ ਇਸ਼ਕ ਜਾਂ ਹੱਕ, ਹਾਰ ਪਰਿਵਾਰ, ਦਰਦ-ਪਿਆਰ, ਫਰੇਬੀ ਰਿਸ਼ਤੇ, ਮੇਲਾ, ਨੇਤਾ, ਹਾਰ-ਜਿੱਤ, ਕਸਤੂਰੀ, ਮਸ਼ਨੂਕ-ਮੁਹੱਬਤ ਆਦਿ ਨਾਂਅ ਦੀਆਂ ਛੋਟੀਆਂ-ਵੱਡੀਆਂ ਕਵਿਤਾਵਾਂ ਹਨ, ਜਿਥੇ ਉਸ ਦੇ ਕਾਵਿ ਵਿਚ ਅਰਸ਼ ਦੀਆਂ ਬਾਤਾਂ ਹਨ, ਉਥੇ ਫਰਸ਼ ਦੇ ਹਾਲਾਤ ਦਾ ਕਾਵਿ ਚਿਤਰਨ ਹੈ। ਉਸ ਦੀ ਕਵਿਤਾ ਦੀ ਭਾਸ਼ਾ ਸਾਧਾਰਨ, ਅਲੰਕਾਰਿਤ, ਪ੍ਰਤੀਕਾਤਮ ਹੈ। ਇਸ ਦੇ ਕਾਵਿ ਦੇ ਕੁਝ ਨਮੂਨੇ, ਭਾਵੇਂ ਪਰੰਪਰਾਗਤ ਹਨ, ਪਰ ਕਾਵਿ ਹੁਲਾਰੇ ਦੇ ਜਾਂਦੇ ਹਨ, ਜਿਵੇ :
'ਵਾਹ ਓ ਮੇਰਿਆ ਨਾਨਕਾ,
ਕੀ ਤੇਰਾ ਅਫ਼ਸਾਨਾ
ਏਕਤਾ ਦਾ ਦੁਨੀਆ ਨੂੰ,
ਤੁਸੀਂ ਵੰਡਿਆ ਖਜ਼ਾਨਾ
ਇਕ ਪਾਸੇ ਸੀ ਭਾਈ ਬਾਲਾ,
ਦੂਜੇ ਪਾਸੇ ਮਰਦਾਨਾ
ਹੁਣ, ਭਾਈ ਭਾਈ ਮਾਰੇ,
ਪਾ ਪਾਪ ਦਾ ਦਸਤਾਨਾ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਧੇਰੇ ਕਵੀ ਦਰਬਾਰਾਂ ਲਈ ਲਿਖੀਆਂ ਸਰੋਤਾ-ਮੁਖੀ ਕਵਿਤਾਵਾਂ ਹਨ, ਜੋ ਪਾਠਕਾਂ ਦੀ ਚੇਤਨਾ ਨੂੰ ਹਲੂਣਾ ਦਿੰਦੀਆਂ ਹਨ। ਪੰਜਾਬੀ-ਕਾਵਿ ਦੇ ਨਵੇਂ ਪੁਰਾਣੇ ਪਾਠਕਾਂ ਲਈ ਇਸ ਪੁਸਤਕ ਦਾ ਕਾਵਿ-ਪਾਠ, ਗੁਣਕਾਰੀ ਅਤੇ ਸਿੱਖਿਆਦਾਇਕ ਹੋਵੇਗਾ।

-ਡਾ. ਅਮਰ ਕੋਮਲ
ਮੋਬਾਈਲ : 88376-84173

24-09-2023

 ਜੁਰਮ ਕੀ ਹੈ?
ਲੇਖਕ : ਬੀ. ਅਨੁਰਾਧਾ
ਅਨੁਵਾਦ : ਬੂਟਾ ਸਿੰਘ ਮਹਿਮੂਦਪੁਰ
ਪ੍ਰਕਾਸ਼ਕ : ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94634-74342

ਹਥਲੀ ਪੁਸਤਕ ਹੈਦਰਾਬਾਦ ਦੀ ਵਸਨੀਕ ਅਤੇ ਔਰਤ ਦੇ ਹੱਕਾਂ ਲਈ ਕੰਮ ਕਰਨ ਵਾਲੀ ਕਾਰਕੁੰਨ ਬੀ. ਅਨੁਰਾਧਾ ਵਲੋਂ ਜੇਲ੍ਹ ਵਿਚ ਰਹਿ ਕੇ ਲਿਖੀਆਂ 18 ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬੂਟਾ ਸਿੰਘ ਮਹਿਮੂਦਪੁਰ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਨਾਰੀ ਮੁਕਤੀ ਸੰਘ ਦੀ ਕਾਰਕੁੰਨ ਬੀ. ਅਨੁਰਾਧਾ ਨੇ ਔਰਤਾਂ ਦੇ ਹੱਕਾਂ ਵਿਚ ਕੰਮ ਕਰਨ ਲਈ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਫੁੱਲ ਟਾਈਮ ਨਾਰੀ ਮੁਕਤੀ ਅੰਦੋਲਨ ਦੀ ਕਾਰਕੁੰਨ ਬਣ ਗਈ। 2009 ਵਿਚ ਉਸ ਨੂੰ ਜੇਲ੍ਹ ਜਾਣਾ ਪਿਆ। ਉੱਥੇ ਰਹਿੰਦਿਆਂ ਉਸ ਨੇ ਬਹੁਤ ਸਾਰੀਆਂ ਕੈਦੀ ਔਰਤਾਂ ਦੀ ਹੱਡਬੀਤੀ ਸੁਣੀ ਤੇ ਉਨ੍ਹਾਂ ਦੀ ਹਾਲਤ ਨੂੰ ਕਹਾਣੀਆਂ ਰਾਹੀਂ ਉਜਾਗਰ ਕਰਨਾ ਸ਼ੂਰੂ ਕਰ ਦਿੱਤਾ। ਉਸ ਦੀਆਂ ਲਿਖੀਆਂ ਇਹ ਕਹਾਣੀਆਂ ਬੰਗਾਲੀ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਆਦਿ ਭਾਸ਼ਾਵਾਂ ਵਿਚ ਅਨੁਵਾਦਤ ਹੋ ਕੇ ਬਹੁਤ ਸਾਰੇ ਪ੍ਰਗਤੀਸ਼ੀਲ ਅਤੇ ਇਨਕਲਾਬੀ ਨਾਰੀਵਾਦੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਈਆਂ ਹਨ। ਔਰਤਾਂ ਦੀ ਜੇਲ੍ਹ ਦੀ ਦੁਨੀਆ ਦੀ ਦਾਸਤਾਨ ਦਾ ਬਿਰਤਾਂਤ ਸਿਰਜਦੀ ਇਹ ਪੁਸਤਕ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਜੇਲ੍ਹ ਯਾਤਰਾ ਦੌਰਾਨ ਹੀ ਬੀ. ਅਨੁਰਾਧਾ ਨਾਲ ਇਨ੍ਹਾਂ ਕਿਸਮਤ ਦੀਆਂ ਮਾਰੀਆਂ ਔਰਤਾਂ ਨੇ ਆਪਣੇ ਦੁੱਖ ਤੇ ਤਜਰਬੇ ਸਾਂਝੇ ਕੀਤੇ ਤੇ ਲੇਖਿਕਾ ਨੇ ਇਨ੍ਹਾਂ ਨੂੰ ਕਲਮਬੰਦ ਕਰਨ ਦਾ ਫ਼ੈਸਲਾ ਕੀਤਾ। ਫਿਰ ਰਸਾਲਿਆਂ ਵਿਚ ਛਪਦਿਆਂ ਸਾਰ ਹੀ ਇਨ੍ਹਾਂ ਕਹਾਣੀਆਂ ਨੇ ਬੁੱਧੀਜੀਵੀ ਅਤੇ ਸਧਾਰਨ ਪਾਠਕਾਂ ਨੂੰ ਹਲੂਣ ਕੇ ਰੱਖ ਦਿੱਤਾ। ਦਰਅਸਲ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਅਨਪੜ੍ਹ ਜਾਂ ਘੱਟ ਪੜ੍ਹੀਆਂ-ਲਿਖੀਆਂ ਔਰਤਾਂ ਜਿਹੜੀਆਂ ਸਮਾਜਿਕ ਕਾਇਦੇ ਕਨੂੰਨ ਪ੍ਰਤੀ ਜਾਗਰੂਕ ਨਹੀਂ ਹੁੰਦੀਆਂ। ਭਾਵੁਕਤਾ, ਅਣਭੋਲਪੁਣੇ ਜਾਂ ਦੂਸਰਿਆਂ ਦੇ ਬਹਿਕਾਵੇ ਤੇ ਉਕਸਾਵੇ ਵਿਚ ਆ ਕੇ ਕੁਝ ਅਜਿਹਾ ਕਰ ਬੈਠਦੀਆਂ ਹਨ, ਜਿਸ ਨੂੰ ਸਾਡਾ ਸੱਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕੰਮ ਕਰਕੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਹਨ। ਉਹ ਜੇਲ੍ਹ ਦੀ ਅਣਮਨੁੱਖੀ ਤੇ ਬੇਰਹਿਮ ਦੁਨੀਆ ਵਿਚ ਪੁੱਜ ਜਾਂਦੀਆਂ ਹਨ, ਕਈ ਵਾਰੀ ਉਨ੍ਹਾਂ ਦੇ ਮਗਰ ਉਨ੍ਹਾਂ ਦੀ ਕੋਈ ਪੈਰਵੀ ਕਰਨ ਵਾਲਾ ਵੀ ਨਹੀਂ ਹੁੰਦਾ ਤੇ ਉਹ ਉਮਰ ਭਰ ਰਾਜ ਦੇ ਰਹਿਮੋ-ਕਰਮ ਤੇ ਰਿਹਾਈ ਦੀ ਉਡੀਕ ਕਰਦੀਆਂ ਹਨ, ਜਦੋਂ ਕਿ ਬਾਹਰਲੇ ਸੰਸਾਰ ਵਿਚ ਉਨ੍ਹਾਂ ਦੀ ਵੁਕਤ ਨਾਂਹ ਦੇ ਬਰਾਬਰ ਰਹਿ ਜਾਂਦੀ ਹੈ। ਕਿਸੇ ਨੂੰ ਉਨ੍ਹਾਂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਹੁੰਦਾ। ਇਹ ਕਹਾਣੀਆਂ ਆਪਣਿਆਂ ਤੇ ਸਮਾਜ ਵਿਚਲੇ ਦਰਿੰਦਿਆਂ ਵਲੋਂ ਸਤਾਈਆਂ ਔਰਤਾਂ ਅਤੇ ਬੱਚਿਆਂ ਦੀਆਂ ਤਰਾਸਦਕ, ਦਿਲ ਵਲੂੰਧਰ ਦੇਣ ਵਾਲੀਆਂ ਕਹਾਣੀਆਂ ਹਨ, ਜਿਹੜੇ ਅਗਿਆਨਤਾਵੱਸ ਅਪਰਾਧ ਦੀ ਦੁਨੀਆ ਵਿਚ ਧਕੇਲੇ ਗਏ ਜਾਂ ਫਿਰ ਉਹ ਆਪਣੇ ਖ਼ਿਲਾਫ਼ ਖਿੱਚੀਆਂ ਗਈਆਂ ਵਰਜਣਾਵਾਂ ਦੀਆਂ ਲਛਮਣ ਰੇਖਾਵਾਂ ਟੱਪਣ ਅਤੇ ਆਪਣੇ ਖ਼ਿਲਾਫ਼ ਘੜੇ ਮੌਖਿਕ-ਲਿਖਤ ਜਾਲਮ ਨਿਯਮਾਂ ਦਾ ਵਿਰੋਧ ਕਰਨ ਦਾ ਜੁਰਮ ਕਰ ਬੈਠਦੀਆਂ ਹਨ। ਸੰਗ੍ਰਹਿ ਦੀ ਲਾਠੀ ਬੁਢੀਆਂ, ਜੁਰਮ ਅਤੇ ਸਜ਼ਾ, ਪਾਰੋ ਦੇ ਬੱਚੇ, ਏਕ ਚਾਦਰ ਮੈਲੀ ਸੀ, ਅਸਲੀ ਜੇਲ੍ਹ, ਮੁੰਨੀ ਬਦਨਾਮ ਹੁਈ, ਜਿੱਥੇ ਖਾਣਾ ਬਣਾਉਣਾ ਜੁਰਮ ਹੈ ਆਦਿ ਅਜਿਹੀਆਂ ਹੀ ਕਹਾਣੀਆਂ ਹਨ ਜਿਹੜੀਆਂ ਨਾ ਸਿਰਫ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ, ਸਗੋਂ ਇਨ੍ਹਾਂ ਕਹਾਣੀਆਂ ਦੇ ਪਾਤਰ ਪਾਠਕ ਦਾ ਜਲਦੀ ਨਾਲ ਖਹਿੜਾ ਨਹੀਂ ਛੱਡਦੇ ਤੇ ਹਰ ਸਮੇਂ ਉਸ ਦੀਆਂ ਸੋਚਾਂ ਦੇ ਅੰਗ-ਸੰਗ ਬਣੇ ਰਹਿੰਦੇ ਹਨ। ਜੇਲ੍ਹ ਦੀਆਂ ਕੰਧਾਂ ਦੇ ਉਸ ਪਾਰਲੇ ਸੰਸਾਰ ਦੇ ਨਿੱਕੇ-ਨਿੱਕੇ ਵੇਰਵੇ ਕਿਹੜੇ ਜੇਲ੍ਹ ਅੰਦਰ ਹਢਾਏ ਤਜਰਬਿਆਂ ਤੋਂ ਬਗੈਰ ਲਿਖੇ ਹੀ ਨਹੀਂ ਜਾ ਸਕਦੇ ਉਹ ਇਸ ਪੁਸਤਕ ਵਿਚ ਦਰਜ ਹਨ। ਚਾਂਦਨੀ ਨਾਂਅ ਦੀ ਅਜਿਹੀ ਬੱਚੀ ਜਿਸ ਨੂੰ ਹੋਲੀ ਦੀ ਰਾਤ ਹੀ ਚੰਨ ਵੇਖਣਾ ਨਸੀਬ ਹੁੰਦਾ ਹੈ ਜਾਂ ਫਿਰ ਪਾਰੋ ਦੀ ਕਹਾਣੀ ਦੀ ਪਾਰੋ ਜਿਸ ਦੀਆਂ ਧੀਆਂ ਜੇਲ੍ਹ 'ਚੋਂ ਬਾਹਰ ਹਨ ਅਤੇ ਉਸ ਦੇ ਬਿੱਲੇ ਜੇਲ੍ਹ ਦੇ ਅੰਦਰ, ਉਨ੍ਹਾਂ ਦੀ ਤੜਪਣ ਦਿਲਾਂ ਨੂੰ ਵਲੂੰਧਰ ਦਿੰਦੀ ਹੈ। ਇਸ ਪੁਸਤਕ ਦੀਆਂ ਕਹਾਣੀਆਂ ਇਕ ਅਜਿਹੀ ਦੁਨੀਆ ਨਾਲ ਸਾਨੂੰ ਰੂ-ਬਰੂ ਕਰਾਉਂਦੀਆਂ ਹਨ, ਜਿਸ ਬਾਰੇ ਆਮ ਤੌਰ 'ਤੇ ਅਸੀਂ ਅਨਜਾਣ ਹੁੰਦੇ ਹਾਂ। ਅਨੁਵਾਦ ਕਰਦਿਆਂ ਅਨੁਵਾਦਕ ਨੇ ਕਹਾਣੀਆਂ ਨਾਲ ਨਿਆਂ ਕੀਤਾ ਹੈ। ਆਮ ਔਰਤਾਂ ਲਈ ਇਨ੍ਹਾਂ ਕਹਾਣੀਆਂ ਨੂੰ ਪੜ੍ਹਣਾ ਲਾਜ਼ਮੀ ਲਗਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਪਿੰਡ ਸੇਲਬਰਾਹ
ਦੀ ਇਤਿਹਾਸਕ ਗਾਥਾ
ਲੇਖਕ : ਹਰਚਰਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 350, ਸਫ਼ੇ : 201
ਸੰਪਰਕ : 98146-13178

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੁੰਦੀ ਹੈ ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਇਤਿਹਾਸ ਪੁਸਤਕਾਂ, ਮਾਲ-ਦਸਤਾਵੇਜ਼ਾਂ ਅਤੇ ਗਜ਼ਟੀਅਰਾਂ ਵਿਚ ਕਿਸੇ-ਕਿਸੇ ਪਿੰਡ-ਨਗਰ ਜਾਂ ਸਥਾਨਕ ਇਤਿਹਾਸ ਦੇ ਇਸ਼ਾਰੇ ਮਿਲਦੇ ਹਨ, ਪਰ ਉਹ ਵੀ ਬੱਝਵੇਂ ਰੂਪ ਵਿਚ ਨਹੀਂ। ਅਕਸਰ ਹੀ ਪੀੜ੍ਹੀ-ਦਰ-ਪੀੜ੍ਹੀ, ਬਜ਼ੁਰਗਾਂ ਅਤੇ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ, ਕੋਈ ਟਾਂਵਾ-ਟੱਲਾ ਹੀ ਡੰਗੋਰੀ ਲਈ ਖੜ੍ਹਾ ਹੈ। ਸੱਥਾਂ ਤਾਂ ਕਦੋਂ ਦੀਆਂ ਖ਼ਤਮ ਹੋ ਗਈਆਂ ਹਨ, ਜਿਥੇ ਚੁੰਝ-ਚਰਚਾ ਚਲਦੀ ਸੀ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਹੋ ਚੱਲਿਆ ਹੈ। ਬੇਹੱਦ ਮੁਸ਼ੱਕਤ ਅਤੇ ਤਰੱਦਦ ਕੀਤਾ ਗਿਆ ਹੈ, ਤੱਥ ਅਤੇ ਅੰਕੜਾ-ਯੁਕਤ ਇਸ ਪੁਸਤਕ ਹਿੱਤ ਜਿਸ ਵਿਚ, ਪਿੰਡ ਕਦ ਵਸਿਆ, ਕਿਸ ਵਸਾਇਆ, ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀ ਮੋੜ੍ਹੀ ਗੱਡਣ ਪਹਿਲਾਂ ਦੀਆਂ ਉੱਘੜਵੀਆਂ ਗੱਲਾਂ। ਪਹਿਲ-ਪਲੱਕੜੇ ਨਾਮਵਰ ਕਰਮਯੋਗੀ, ਪ੍ਰਚੀਨ ਰਹਿਤਲ-ਵਹਿਤਲ, ਜੀਵਨ- ਵਸਰ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸ਼ਖ਼ਸੀਅਤਾ, ਬੰਸਾਵਲੀਆਂ ਅਤੇ ਖੇਤ-ਖਲਿਆਣ, ਖੂਹ-ਟੋਬਿਆਂ ਤੇ ਸਥਾਨਾਂ-ਅਸਥਾਨਾਂ ਦੀਆਂ ਵਿਸ਼ੇਸ਼ ਗੱਲਾਂ ਅਤੇ ਵਿਅਕਤੀਗਤ ਰੇਖਾ ਚਿੱਤਰਾਂ ਸਮੇਤ ਪਿੰਡ ਸੇਲਬਰਾਹ ਵਿਚੋਂ ਨਿਕਲੇ-ਉੱਗਮੇ ਪਿੰਡਾਂ ਬੰਬੀਹਾ ਭਾਈਕਾ, ਚੱਕ ਭਾਈਕਾ ਅਤੇ ਬਣਵਾਲਾ ਦੀ ਗਾਥਾ ਹੈ। ਤਰਕ, ਇਤਿਹਾਸ ਅਤੇ ਤੱਥ ਅਧਾਰਿਤ ਇਸ ਪੁਸਤਕ ਨੂੰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਵਾਰਸਾਂ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਂਭ ਲੈਣੀ ਚਾਹੀਦੀ ਹੈ। ਪਿਛੋਕੜ ਅਤੇ ਜ਼ਮੀਨ ਦੀ ਬਾਤ ਪਾਉਂਦੀਆਂ ਇਹ ਗਾਥਾਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਰਕੇ ਵੀ ਪੜ੍ਹਨੀਆਂ-ਸੁਣਨੀਆਂ ਚਾਹੀਦੀਆਂ ਹਨ, ਕਿਉਂਕਿ ਇਹ ਉਨ੍ਹਾਂ ਦੀ ਜੜ੍ਹ ਦੀ ਗੱਲ ਕਰਦੀਆਂ ਹਨ। ਹਾਂ ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਖੋਜਆਰਥੀਆਂ ਨੂੰ ਇਹ ਪੁਸਤਕ ਵੀ ਵਾਚ ਲੈਣੀ ਚਾਹੀਦੀ ਹੈ।

-ਵਿਜੇ ਬੰਬੇਲੀ
ਮੋਬਾਈਲ : 94634 39075

ਧੁੰਦ 'ਚ ਲੋਅ
ਲੇਖਕ : ਚਰਨਜੀਤ ਸਿੰਘ 'ਕਤਰਾ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98769-31529

ਲੇਖਕ ਚਰਨਜੀਤ ਸਿੰਘ 'ਕਤਰਾ' ਨੇ ਪਹਿਲਾਂ ਵੀ ਤਿੰਨ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ। ਹਥਲੀ ਪੁਸਤਕ ਕਹਾਣੀ ਸੰਗ੍ਰਹਿ ਦੇ ਰੂਪ ਵਿਚ 'ਧੁੰਦ 'ਚ ਲੋਅ' ਜ਼ਿਕਰ ਅਧੀਨ ਹੈ। ਇਸ ਪੁਸਤਕ ਵਿਚ ਕੁੱਲ 15 ਕਹਾਣੀਆਂ ਹਨ। ਇਨ੍ਹਾਂ 'ਚੋਂ ਤਿੰਨ ਕਹਾਣੀਆਂ 'ਧੁੰਦ 'ਚ ਲੋਅ', 'ਸੌਕਣ' ਤੇ 'ਪਾਗਲ ਮਰਦ ਦੀ ਤਲਾਸ਼' ਲੇਖਕ ਦੇ ਸਵ: ਭਰਾ ਹਰਪਾਲ ਸਿੰਘ ਭੋਲੀ ਦੀਆਂ ਹਨ ਜਿਸ ਨਾਲ ਲੇਖਕ ਨੇ ਆਪਣੇ ਭਰਾ ਦੀ ਯਾਦ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਹਾਣੀ 'ਧੁੰਦ 'ਚ ਲੋਅ' ਦੀ ਛਿੰਦੋ ਨਾਂਅ ਦੀ ਪਾਤਰ, ਜੋ ਇਕ ਨੌਜਵਾਨ ਨੂੰ ਪਿਆਰ ਕਰਦੀ ਹੈ ਪਰ ਸਮਾਜ 'ਚ ਪਤਾ ਲੱਗਣ 'ਤੇ ਪਿਆਰ ਤੋਂ ਮੁੱਖ ਮੋੜ ਕੇ ਮੌਤ ਨੂੰ ਗਲੇ ਲਾਉਣ ਬਾਰੇ ਸੋਚਦੀ ਹੈ। ਪਰ ਮਾਂ-ਪਿਉ ਦੀ ਇੱਜ਼ਤ ਦਾ ਖਿਆਲ ਰੱਖਦੀ ਹੋਈ ਪਿਆਰ ਨੂੰ ਨਕਾਰ ਕੇ ਸਮਾਜ ਵਿਚ ਰਹਿ ਕੇ ਜ਼ਿੰਦਗੀ ਬਸਰ ਕਰਦੀ ਹੈ। ਇਸੇ ਤਰ੍ਹਾਂ 'ਸੌਂਕਣ' ਕਹਾਣੀ ਵਿਚ ਔਰਤ, ਜਿਸ ਦੇ ਕਾਫ਼ੀ ਦੇਰ ਤੋਂ ਬੱਚਾ ਨਹੀਂ ਹੁੰਦਾ, ਉਸ ਦੇ ਅੰਤਰੀਵ ਭਾਵਾਂ ਨੂੰ ਲੇਖਕ ਨੇ ਬੜੇ ਸੁਹਜਮਈ ਤਰੀਕੇ ਨਾਲ ਵਰਣਨ ਕੀਤਾ ਹੈ। 'ਪਾਗਲ ਮਰਦ ਦੀ ਤਲਾਸ਼' ਵਿਚ ਰਸਤਾ ਭਟਕ ਚੁੱਕੀ ਰੰਜਨਾ ਨੂੰ ਅਖੀਰ 'ਤੇ ਸੱਟ ਵੱਜਦੀ ਹੈ ਤਾਂ ਉਹ ਆਪਣੇ ਸਹਿਪਾਠੀ ਪਾਗਲ ਮਰਦ ਜਾਣੀ ਕਪਿਲ ਨੂੰ ਲੱਭਣ ਤੁਰ ਪੈਂਦੀ ਹੈ। 'ਮਜ਼ਬੂਰ' 12 ਸਫ਼ਿਆਂ ਦੀ ਲੰਮੀ ਕਹਾਣੀ ਹੈ, ਜਿਸ ਵਿਚ ਦੋ ਸਕੀਆਂ ਭੈਣਾਂ ਦਾ ਰਿਸ਼ਤਾ ਇਕੋ ਸਹੁਰੇ ਘਰ ਹੋ ਜਾਂਦਾ ਹੈ। ਛੋਟੀ ਦਾ ਮੁਕਲਾਵਾ ਬਾਅਦ 'ਚ ਜਾਣਾ ਹੈ। ਉਸ ਦੇ ਘਰ ਵਾਲਾ ਨਸ਼ੇ ਦਾ ਆਦੀ ਹੈ। ਉਸ ਦਾ ਪਿਤਾ ਨਾ ਚਾਹੁੰਦਾ ਹੋਇਆ ਵੀ ਇਹ ਰਿਸ਼ਤਾ ਨਹੀਂ ਛੁਡਵਾ ਸਕਦਾ। 'ਦੱਬੀ ਹੋਈ ਚੀਸ' ਵਿਚ ਕਿਸਾਨੀ ਸਮੱਸਿਆਵਾਂ ਨੂੰ ਉਘਾੜਦੀ ਕਹਾਣੀ ਹੈ, ਇਸੇ ਤਰ੍ਹਾਂ 'ਗੁਨਾਹ ਦੀ ਹਕੀਕਤ' ਗ਼ਰੀਬੀ ਅੰਨਪੜ੍ਹਤਾ ਤੇ ਬਿਮਾਰੀ ਦੇ ਜਾਲ 'ਚ ਫ਼ਸੇ ਆਦਮੀ ਦੀ ਤਰਸਯੋਗ ਕਹਾਣੀ ਹੈ। 'ਵਕਤ ਦੀ ਪੰਜਾਬੀ, ਅੱਜ ਦਾ ਸੱਚ, ਧੂੜ 'ਚ ਦੱਬੀਆਂ ਕੁਰਬਾਨੀਆਂ' ਆਦਿ ਸਾਰੀਆਂ ਕਹਾਣੀਆਂ ਪੜ੍ਹਨਯੋਗ ਹਨ। ਇਸ ਕਹਾਣੀ ਸੰਗ੍ਰਹਿ ਲਈ ਚਰਨਜੀਤ ਸਿੰਘ ਕਤਰਾ ਵਧਾਈ ਦਾ ਹੱਕਦਾਰ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਲੱਭ ਲਏ ਲਾਲ ਗੁਆਚੇ
ਲੇਖਕ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 200 ਰੁਪਏ ਪੰਨੇ 102
ਸੰਪਰਕ : 97791-23262

ਨਵੀਂ ਪੀੜ੍ਹੀ ਦੇ ਕੁਝ ਸੰਭਾਵਨਾਵਾਂ ਭਰਪੂਰ ਬਾਲ ਨਾਵਲਕਾਰਾਂ ਵਿਚੋਂ ਅਜ਼ੀਜ਼ ਸਰੋਏ ਇਕ ਹੈ। ਉਸ ਦਾ ਨਵ-ਪ੍ਰਕਾਸ਼ਿਤ ਬਾਲ ਨਾਵਲ 'ਲੱਭ ਲਏ ਲਾਲ ਗੁਆਚੇ' ਦਾ ਕਥਾਨਕ ਇਕ ਅਜਿਹੇ ਊਰਜਾਵਾਨ, ਕੁਸ਼ਲ ਪ੍ਰਬੰਧਕ, ਪ੍ਰੇਰਣਾ ਜਗਾਉਣ ਵਾਲੇ ਅਧਿਆਪਕ ਪ੍ਰਤੀਕ ਸਿੰਘ ਦੁਆਲੇ ਘੁੰਮਦਾ ਹੈ, ਜੋ ਇਕ ਆਦਰਸ਼ ਅਧਿਆਪਕ ਦਾ ਮਾਡਲ ਸਿਰਜਦਾ ਹੈ। ਇਹ ਮਿਕਨਾਤੀਸੀ ਖਿੱਚ ਵਾਲਾ ਮੁੱਖ ਪਾਤਰ ਸਕੂਲ ਦੀ ਬੇਜਾਨ ਅਵਸਥਾ ਨੂੰ ਮੁੜ ਜੀਵੰਤ ਕਰਕੇ ਵਿਦਿਅਕ-ਸਿਸਟਮ ਪ੍ਰਤੀ ਆਕਰਸ਼ਣ ਪੈਦਾ ਕਰਦਾ ਹੈ। ਪ੍ਰਤੀਕ ਸਿੰਘ ਦਾ ਜਿਸ ਜਿਸ ਸਕੂਲ ਵਿਚ ਵੀ ਤਬਾਦਲਾ ਹੁੰਦਾ ਹੈ, ਉਹ ਉਥੋਂ ਦੀ ਕਾਇਆ ਕਲਪ ਕਰਨ ਵਿਚ ਤਾਣ ਲਗਾ ਦਿੰਦਾ ਹੈ। ਉਹ ਆਪਣੇ ਹੀ ਸਟਾਫ ਦੇ ਕੁਝ ਇਕ ਕੰਮਚੋਰ ਅਤੇ ਆਪਣਾ ਮੌਜੂ ਉਡਾਉਣ ਵਾਲੇ ਸਹਿਕਰਮੀਆਂ ਨਾਲ ਜ਼ਾਬਤੇ ਵਿਚ ਰਹਿੰਦਾ ਹੈ ਅਤੇ ਮੁਖ਼ਾਲਫਤ ਪ੍ਰਸਥਿਤੀਆਂ ਨਾਲ ਦਲੀਲਮਈ ਢੰਗ ਟੱਕਰ ਲੈਂਦਾ ਹੈ। ਇਕ ਅਡਿੱਗ ਅਤੇ ਮਜ਼ਬੂਤ ਚੱਟਾਨ ਦਾ ਪ੍ਰਤੀਕ ਬਣਨ ਵਾਲਾ ਨਾਇਕ ਪ੍ਰਤੀਕ ਸਿੰਘ ਵਿਦਿਆਰਥੀਆਂ ਨੂੰ ਆਪਣੀ ਅਸਲ ਧਰੋਹਰ ਸਮਝਦਾ ਹੋਇਆ ਮੰਜ਼ਿਲ ਵੱਲ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਉਹ ਸਕੂਲ ਦੇ ਪ੍ਰਤਿਭਾਸ਼ਾਲੀ ਜਾਂ ਸ਼ਰਾਰਤੀ ਕਿਸਮ ਦੇ ਵਿਦਿਆਰਥੀਆਂ ਅੰਦਰ ਛੁਪੇ ਹੋਏ ਹੁਨਰ ਅਤੇ ਸਿਰਜਣਾਤਮਕ ਗੁਣਾਂ ਦੀ ਪਛਾਣ ਕਰਕੇ ਉਨ੍ਹਾਂ ਲਈ ਸਾਰਥਿਕ ਅਤੇ ਸੁਨਹਿਰੀ ਅਵਸਰ ਪੈਦਾ ਕਰਦਾ ਹੈ। ਪ੍ਰਤੀਕ ਸਿੰਘ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਬੰਟੀ ਵਰਗੇ ਸ਼ਰਾਰਤੀ ਵਿਦਿਆਰਥੀ ਅਨੁਸ਼ਾਸਨਪਸੰਦੀ ਦੇ ਦਾਇਰੇ ਵਿਚ ਆ ਕੇ ਮਿਹਨਤੀ ਅਤੇ ਲਗਨਸ਼ੀਲ ਬਣਦੇ ਹਨ। ਉਹ ਗ਼ੁਰਬਤ ਨਾਲ ਜੂਝਦੇ ਪਰਿਵਾਰ ਦੀਆਂ ਬੀਰਾਂ ਵਰਗੀਆਂ ਮਾਸੂਮ ਵਿਦਿਆਰਥਣਾਂ ਦੀ ਯਥਾਯੋਗ ਮਦਦ ਕਰਕੇ ਸੁੱਕ ਰਹੀਆਂ ਕਰੂੰਬਲਾਂ ਨੂੰ ਹਰਿਆਵਲ ਅਤੇ ਤਾਜ਼ਗੀ ਪ੍ਰਦਾਨ ਕਰਦਾ ਹੈ। ਉਸ ਦੇ ਪੜ੍ਹਾਏ ਤੇ ਜਗਾਏ ਵਿਦਿਆਰਥੀ ਦੀਵੇ ਤੋਂ ਮਸ਼ਾਲਾਂ ਬਣ ਕੇ ਵਿਦਿਅਕ-ਮੁਕਾਬਲਿਆਂ ਵਿਚ ਸਕੂਲ ਦਾ ਨਾਂਅ ਚਮਕਾਉਂਦੇ ਹਨ। ਇਸ ਪ੍ਰਕਾਰ ਇਕ ਤੋਂ ਦੂਜੇ ਸਕੂਲ ਵਿਚ ਜਾ ਕੇ ਉਹ ਵਿਦਿਆਰਥੀ ਵਰਗ ਵਿਚ ਵਿਕਾਸ-ਲੜੀ ਜਾਰੀ ਰੱਖਦਾ ਹੈ। ਇਸ ਬਾਲ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਾਵਿ ਟੂਕਾਂ ਅਤੇ ਉਦਾਹਰਣਾਂ ਦੀ ਯਥਾਯੋਗ ਦਿਲਚਸਪ ਵਰਤੋਂ ਕੀਤੀ ਗਈ ਹੈ।
ਇਸ ਨਾਵਲ ਵਿਚੋਂ ਦਾਰਸ਼ਨਿਕ ਕਿਸਮ ਦੀ ਸੂਝ ਬੂਝ ਅਤੇ ਸਿਆਣਪਾਂ ਪ੍ਰਗਟ ਹੁੰਦੀਆਂ ਹਨ ਜਿਵੇਂ ਪਰਿਵਾਰ ਦੀ ਤਾਕਤ ਮੈਂ ਵਿਚ ਨਹੀਂ, ਅਸੀਂ ਵਿਚ ਹੁੰਦੀ ਹੈ। ਹਾਲਾਤ ਅੱਗੇ ਬੇਵੱਸ ਨਹੀਂ ਹੋਣਾ ਹੁੰਦਾ, ਸਗੋਂ ਹਾਲਾਤ ਨੂੰ ਬਦਲਣਾ ਹੁੰਦਾ ਹੈ। ਪਾਤਰਾਂ ਦੇ ਢੁਕਵੇਂ ਸੰਵਾਦ ਨਾਵਲ ਦੇ ਬਿਰਤਾਂਤ ਨੂੰ ਸਹਿਜਤਾ ਨਾਲ ਅੱਗੇ ਤੋਰਦੇ ਹਨ। ਇਹ ਬਾਲ ਨਾਵਲ ਮਿੱਟੀ ਵਿਚ ਗੁਆਚੇ ਲਾਲਾਂ ਦੀ ਤਲਾਸ਼ ਕਰਕੇ ਉਨ੍ਹਾਂ ਦੀ ਗੁਣਵੱਤਾ ਨੂੰ ਸਮਾਜ ਸਾਹਮਣੇ ਲਿਆਉਂਦਾ ਹੈ ਅਤੇ ਵਿਦਿਆਰਥੀਆਂ ਲਈ ਇਕ ਮਿਆਰੀ, ਦਿਲਚਸਪ ਅਤੇ ਪ੍ਰੇਰਨਾ ਦਾ ਸੋਮਾ ਸਿੱਧ ਹੁੰਦਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703

ਕਾਲੇ ਅੱਖਰ ਸਫ਼ੈਦ ਪੰਨੇ
ਲੇਖਕ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ ਲਾਂਬੜਾ, ਜਲੰਧਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98152-56266


'ਕਾਲੇ ਅੱਖਰ ਸਫ਼ੈਦ ਪੰਨੇ' ਹਥਲੀ ਪੁਸਤਕ ਕੈਨੇਡਾ ਵਸਦੇ ਪੰਜਾਬੀ ਲੇਖਕ ਸਤਿਨਾਮ ਔਜਲਾ ਦਾ ਕਾਵਿ ਸੰਗ੍ਰਹਿ ਹੈ। ਲੇਖਕ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਅਜੋਕੇ ਦੌਰ ਸਮੇਂ ਜ਼ਿੰਦਗੀ 'ਚ ਦਿਨੋਂ-ਦਿਨ ਵਧ ਰਹੀ ਉਪਰਾਮਤਾ, ਮਾਨਸਿਕ ਤਣਾਅ, ਸਿਆਸੀ ਪ੍ਰਦੂਸ਼ਣ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦੇ ਜਾਪਦੇ ਹਨ। ਲੇਖਕ ਧਰਤੀ, ਹਵਾ, ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਰੁੱਖਾਂ ਦਾ ਕਤਲੇਆਮ ਬੰਦ ਕਰਨ ਦੀ ਦੁਹਾਈ ਦਿੰਦਾ ਲਿਖਦਾ ਹੈ :
ਖ਼ੂਬਸੂਰਤ ਖ਼ਿਜ਼ਾ ਰੁੱਤ ਦਾ
ਆਖਰੀ ਪਹਿਰ ਹੈ।
ਜੰਗਲ ਕੁਦਰਤ ਦਾ
ਖ਼ੂਬਸੂਰਤ ਸ਼ਹਿਰ ਹੈ।
ਕਿਉਂ ਕਰ ਰਿਹਾਂ ਪਲੀਤ ਪੌਣ,
ਪਾਣੀ 'ਤੇ ਧਰਤ
ਨਾ ਕਰ ਰੱਬ ਦਾ ਵਾਸਤਾ
ਇਹ ਡਾਢਾ ਕਹਿਰ ਹੈ।
(ਪੰਨਾ : 19)
ਕਿਰਤੀ ਕਿਸਾਨ ਦੀ ਬਦ ਤੋਂ ਬਦਤਰ ਹੋ ਰਹੀ ਹਾਲਤ, ਖੁਦਕੁਸ਼ੀਆਂ ਦਾ ਵਧ ਰਿਹਾ ਵਰਤਾਰਾ ਉਸ ਦਾ ਹਿਰਦਾ ਵਲੂੰਧਰਦਾ ਹੈ। ਬੇਰੁਜ਼ਗਾਰੀ ਦੀ ਸਮੱਸਿਆ, ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਤੋਂ ਲੇਖਕ ਡਾਹਢਾ ਚਿੰਤਾਵਾਨ ਜਾਪਦਾ ਹੈ । 'ਐਹ ਪੰਜਾਬ' ਕਵਿਤਾ 'ਚ ਕਵੀ ਪੰਜਾਬ ਦੇ ਅੰਦਰਲੇ ਦਰਦ ਨੂੰ ਬਿਆਨਦਾ ਲਿਖਦਾ ਹੈ :
ਦੇਖੋ ਪੰਜਾਬ ਕਿਉਂ
ਅੱਖਾਂ ਭਰ ਕੇ ਰੋ ਰਿਹਾ ਹੈ।
ਸ਼ਾਇਦ ਇਹਨੂੰ ਕੁਝ ਹੋ ਗਿਆ ਹੈ।
ਪੜ੍ਹ ਕੇ ਬੋਰੋਜ਼ਗਾਰ
ਚੌਰਾਹੇ 'ਚ ਭੀਖ ਮੰਗਦਾ
ਦੇਸ਼ ਦਾ ਹਾਕਮ ਅੱਖਾਂ ਤੋਂ
ਅੰਨ੍ਹਾ ਹੋ ਗਿਆ ਹੈ।
(ਪੰਨਾ : 41)
ਸਮਾਜਿਕ ਰਿਸ਼ਤਿਆਂ 'ਚ ਪੈ ਰਹੀਆਂ ਤ੍ਰੇੜਾਂ , ਇਨਸਾਫ਼ ਦੀ ਉਡੀਕ 'ਚ ਮੁਰਦਾ ਬਣੇ ਮਨੁੱਖ ਦਾ ਦਰਦ ਉਸ ਦੀਆਂ ਕਵਿਤਾਵਾਂ 'ਚੋਂ ਸਾਫ਼ ਝਲਕਦਾ ਹੈ। ਹੱਥਲੇ ਕਾਵਿ ਸੰਗ੍ਰਿਹ 'ਕਾਲੇ ਅੱਖਰ ਸਫ਼ੈਦ ਪੰਨੇ' ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਟਾਪੂ ਨਹੀਂ ਹਾਂ ਮੈਂ
ਲੇਖਕ : ਖ਼ਵਾਜ਼ਾ ਅਹਿਮਦ ਅੱਬਾਸ
ਪੰਜਾਬੀ ਅਨੁਵਾਦ : ਡਾ. ਨਰੇਸ਼
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 617
ਸੰਪਰਕ : 011-26802488

'ਟਾਪੂ ਨਹੀਂ ਹਾਂ ਮੈਂ' ਖ਼ਵਾਜ਼ਾ ਅਹਿਮ ਅੱਬਾਸ ਦੀ ਆਤਮ-ਕਥਾ ਹੈ, ਜਿਸ ਨੂੰ ਉਸ ਨੇ ਪਹਿਲੀ ਵਾਰ ਉਰਦੂ ਭਾਸ਼ਾ ਵਿਚ ਆਪ ਲਿਖਿਆ, ਇਸ ਦਾ ਅਨੁਵਾਦ ਡਾ. ਨਰੇਸ਼ ਨੇ ਆਪਣੀ ਮਾਤ-ਭਾਸ਼ਾ ਪੰਜਾਬ ਵਿਚ ਕੀਤਾ ਹੈ। 617 ਸਫ਼ਿਆਂ ਦੀ ਇਸ ਪੁਸਤਕ ਨੂੰ ਥੋੜ੍ਹੇ ਸ਼ਬਦਾਂ ਵਿਚ ਸਮੀਖਿਆ ਕਰਕੇ ਪੰਜਾਬੀ ਪਾਠਕਾਂ ਨਾਲ ਜਾਣ-ਪਛਾਣ ਕਰਵਾਉਣੀ ਬੇਇਨਸਾਫ਼ੀ ਹੈ। ਭਾਰਤੀ ਅਦਬ ਦੀ ਦੁਨੀਆ ਵਿਚ ਖ਼ਵਾਜ਼ਾ ਅਹਿਮਦ ਅੱਬਾਸ ਦਾ ਚਰਚਿਤ ਨਾਂਅ ਹੈ। 'ਟਾਪੂ ਨਹੀਂ ਹਾਂ ਮੈਂ' ਡੂੰਘੇ ਮਹੱਤਵਪੂਰਨ ਅਰਥਾਂ ਦਾ ਇਹ ਜੁਮਲਾ ਬਹੁਤ ਡੂੰਘੇ ਅਤੇ ਮਹੱਤਵਪੂਰਨ ਸ਼ਬਦਾਂ ਦਾ ਸੂਚਕ ਫਿਕਰਾ ਹੈ ਕਿ 'ਕੋਈ ਇਨਸਾਨ, ਟਾਪੂ ਨਹੀਂ ਬਣਨਾ ਚਾਹੁੰਦਾ। ਟਾਪੂ ਇਕੱਲਤਾ ਸੁੰਞੇਪਨ ਅਤੇ ਨਿਰਲੇਪਤਾ ਦਾ ਪ੍ਰਤੀਕ ਸ਼ਬਦ ਹੈ। ਜਨਾਬ ਖ਼ਵਾਜ਼ਾ ਅਹਿਮਦ ਵਿਸ਼ਾਲ ਖਿਆਲਾਂ ਦਾ ਪ੍ਰਗਤੀਵਾਦੀ, ਵਿਗਿਆਨਕ ਵਿਚਾਰਧਾਰਾ ਦਾ ਸਵੈ ਨੂੰ ਉਸਾਰਨ ਵਾਲਾ, ਬੁੱਧੀਜੀਵੀ ਨੇਤਾ ਬਣ ਕੇ, ਪ੍ਰਸਿੱਧ ਲੇਖਕ ਅਖਵਾਇਆ ਹੈ।
ਪੁਸਤਕ ਦੇ ਤੀਜੇ ਸਫ਼ੇ ਉੱਪਰ ਜੋਨ ਡਾਨ ਦੇ ਅੰਗਰੇਜ਼ੀ ਸ਼ਬਦ ਲਿਖੇ ਹਨ, ਜਿਸ ਦੇ ਅਨੁਵਾਦਕ ਵਲੋਂ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ : 'ਆਪਣੀ ਥਾਂ 'ਤੇ ਕੋਈ ਇਨਸਾਨ ਟਾਪੂ ਨਹੀਂ ਹੁੰਦਾ, ਹਰ ਵਿਅਕਤੀ ਮਹਾਂਦੀਪ ਦਾ ਅੰਸ਼ ਹੁੰਦਾ ਹੈ। ਕਿਸੇ ਇਕ ਬੰਦੇ ਦੀ ਮੌਤ 'ਤੇ ਮੈਂ ਵਿਚਲਿਤ ਨਹੀਂ ਹੁੰਦਾ, ਕਿਉਂਕਿ ਮਾਨਵਤਾ ਦੇ ਸਿਲਸਿਲੇ ਨਾਲ ਜੁੜਿਆ ਹੋਇਆ ਹਾਂ। ਇਸ ਲਈ ਕਦੀ ਇਹ ਪਤਾ ਕਰਨ ਦੀ ਖੇਚਲ ਨਾ ਕਰੋ ਕਿ ਮੌਤ ਦੀ ਘੰਟੀ, ਕਿਸ ਦੇ ਲਈ ਵੱਜੀ ਹੈ। ਇਹ ਤੁਹਾਡੇ ਲਈ ਵੱਜ ਰਹੀ ਹੈ।' ਤੱਤਕਰੇ ਦੇ 49 ਅਧਿਆਇ ਹਨ। ਹਰ ਅਧਿਆਇ ਇਤਿਹਾਸ ਹੈ। ਖ਼ਵਾਜ਼ਾ ਸਾਹਿਬ ਦੇ ਜੀਵਨ-ਸਫ਼ਰ ਦੇ ਹਰ ਕਦਮ ਦਰ ਕਦਮ ਦੀ ਦਾਸਤਾਨ ਹੈ।
ਖ਼ਵਾਜ਼ਾ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਦੇ ਕਈ ਰੂਪ ਸਨ, ਜਾਗਦੇ ਇਨਸਾਨ ਸਨ। ਪ੍ਰਗਤੀਵਾਦੀ ਵਿਚਾਰਾਂ ਦੇ ਨੇਤਾ ਸਨ। ਕਮਿਊਨਿਸਟ ਵਿਚਾਰਾਂ ਦੇ ਸਰਗਰਮ ਪਾਰਟੀ ਕਾਮੇ ਸਨ। ਫਿਰ ਵੀ ਆਜ਼ਾਦ ਖ਼ਿਆਲੀਏ ਸਨ। ਦੇਸ਼ ਵੰਡ ਦੇ ਨਹਿਰੂ ਦੇ ਫ਼ੈਸਲੇ ਦੇ ਵਿਰੋਧੀ ਸਨ। ਉਨ੍ਹਾਂ ਲਈ ਦੇਸ਼ ਵੰਡ ਦਾ ਦੁਖਾਂਤ, ਮਾਨਵਤਾ ਲਈ ਸਭ ਤੋਂ ਵੱਡਾ ਦੁਖਾਂਤ ਹੈ। ਖ਼ਵਾਜ਼ਾ ਅਹਿਮਦ ਦੀ ਦ੍ਰਿਸ਼ਟੀ ਵਿਚ, ਦੇਸ਼ ਵੰਡ ਸਮੇਂ ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਹੀ ਦੋ ਅਜਿਹੇ ਨੇਤਾ ਸਨ, ਜਿਨ੍ਹਾਂ ਨੇ ਆਪ ਆਪਣੀ ਹਾਜ਼ਰੀ ਵਿਚ ਦੰਗੇ ਰੋਕਣ ਦੇ ਯਤਨ ਕੀਤੇ ਸਨ। ਇਹ ਪੁਸਤਕ ਕੇਵਲ ਆਤਮਕਥਾ ਨਹੀਂ, ਦੇਸ਼ ਦੇ ਇਤਿਹਾਸ ਦੇ ਕੌੜੇ ਸਫ਼ਿਆਂ ਦੀ ਕੌੜੀ ਹਕੀਕਕਤ ਹੈ। ਉਸ ਸਮੇਂ ਕਮਿਊਨਿਸਟ ਪਾਰਟੀਆਂ ਦੀ ਸਰਗਰਮੀਆਂ ਦਾ ਹਾਲ ਹੈ। ਆਪ ਦੀ ਰੂਸ ਫੇਰੀ ਦੀਆਂ ਦਿਲਚਸਪ ਗੱਲਾਂ ਹਨ। ਅਨੇਕਾਂ ਗੁੱਝੀਆਂ ਗੱਲਾਂ ਦੇ ਖ਼ਲਾਸੇ ਹਨ, ਨਵੀਆਂ ਵਾਕਫ਼ੀਅਤਾਂ ਹਨ। ਆਪ ਬੀਤੇ ਦੇ ਦਿਲਚਸਪ ਕਿੱਸੇ ਹਨ, ਲੰਮੇ ਇਸ਼ਕ ਦੀ ਦਾਸਤਾਨ ਹੈ।
ਉਸ ਨੇ ਆਪਣੇ-ਆਪ ਨੂੰ ਲੁਕੋ ਕੇ ਨਹੀਂ ਰੱਖਿਆ, ਜੋ ਹੈ, ਜਿਹੋ ਜਿਹਾ ਉਹ ਹੈ, ਲਿਖ ਦਿੱਤਾ ਹੈ। ਜੋ ਜੀਵਨ ਵਿਚ ਵਾਪਰਿਆ ਹੋਇਆ, ਲਿਖ ਦਿੱਤਾ ਹੈ। ਇਸ ਪੁਸਤਕ ਦੇ ਅਨੁਵਾਦਕ ਜਨਾਬ ਡਾ. ਨਰੇਸ਼, ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਨਾਮਵਰ ਸਾਹਿਤਕਾਰ ਹਨ। ਐਡੇ ਵੱਡੇ ਕੰਮ ਨੂੰ ਹੱਥ ਪਾਉਣਾ ਬਹਾਦਰੀ ਹੈ। ਡਾ. ਨਰੇਸ਼ ਹੀ ਅਜਿਹਾ ਵੱਡਾ ਅਨੁਵਾਦ ਕਰ ਸਕਦੇ ਹਨ।

-ਡਾ. ਅਮਰ ਕੋਮਲ
ਮੋਬਾਈਲ : 84378-73565

 

23-09-2023

 ਦੈਰੀਦੀਅਨ ਵਿਖੰਡਨ ਤੇ ਭਾਰਤੀ ਗਿਆਨ ਸ਼ਾਸਤਰ
ਲੇਖਕ : ਮਨਮੋਹਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 082829-48811

ਮਨਮੋਹਨ ਹਮੇਸ਼ਾ ਗਿਆਨ ਦੇ ਨਵੇਂ ਸੋਮਿਆਂ ਵਿਚ ਜੁਟਿਆ ਰਹਿੰਦਾ ਹੈ। ਹਥਲੀ ਪੁਸਤਕ ਵਿਚ ਉਸ ਨੇ ਦੈਰੀਦੀਅਨ ਵਿਖੰਡਨ ਅਤੇ ਭਾਰਤੀ ਗਿਆਨ ਸ਼ਾਸਤਰੀਆਂ ਦੇ ਵਿਚਾਰਾਂ ਦੀਆਂ ਸਮਾਨਤਾਵਾਂ ਅਤੇ ਭਿੰਨਤਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਕਿਤਾਬ ਦਾ ਗਹਿਨ ਅਧਿਐਨ ਕਰਦਿਆਂ ਹੈਰਾਨੀ ਹੁੰਦੀ ਹੈ ਕਿ ਏਨੇ ਕਾਲੰਤਰ ਨਾਲ ਵਿਖੰਡਨ ਸੰਬੰਧੀ ਭਾਰਤੀ ਗਿਆਨ ਸ਼ਾਸਤਰੀਆਂ ਅਤੇ ਦੈਰੀਦਾ ਦੇ ਵਿਚਾਰਾਂ ਵਿਚ ਏਨੀਆਂ ਸਮਾਨਤਾਵਾਂ ਕਿਵੇਂ ਆ ਗਈਆਂ। ਮਨਮੋਹਨ ਨੇ ਇਸ ਕਿਤਾਬ ਦੇ 8 ਕਾਂਡ ਬਣਾਏ ਹਨ। ਪਹਿਲੇ ਦੋ ਕਾਂਡਾਂ ਵਿਚ (ਵਿਖੰਡਨਵਾਦ : ਇਕ ਪਰਿਪੇਖ : ਦੈਰੀਦੀਅਨ ਵਿਖੰਡਨ : ਸਿਧਾਂਤਕਤਾ) ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ। ਤੀਜੇ ਕਾਂਡ ਵਿਚ ਮੁੱਖ ਬੋਧੀ, ਵੇਦਾਂਤਕ, ਮੀਮਾਂਸਕ, ਲੋਕਾਇਤ ਅਤੇ ਨਿਆਇ ਪਰੰਪਰਾਵਾਂ ਵਿਚੋਂ ਵਿਖੰਡਨ ਸੰਬੰਧੀ ਵਿਸ਼ੇਸ਼ ਗੱਲਾਂ ਨੋਟ ਕੀਤੀਆਂ ਗਈਆਂ ਹਨ। ਚੌਥੇ ਤੋਂ ਅੱਠਵੇਂ ਕਾਂਡ ਤੱਕ ਕ੍ਰਮਵਾਰ ਭਰਥਰੀ ਹਰੀ ਦਾ 'ਸਫੋਟ' ਸਿਧਾਂਤ, ਰਤਨਕੀਰਤੀ-ਧਰਮਕੀਰਤੀ ਦਾ 'ਅਪੋਹ' ਵਰਤਾਰਾ, ਨਾਗਰਜੁਨ : ਸ਼ੂਨਯ ਦਾ ਪਰਿਪੇਖ, ਸ਼ੰਕਰ : ਅਸਲ ਦੀ ਅਨੁਭੂਤੀ, ਔਰੋਬਿੰਦੋ : ਧੁਨੀ-ਜ਼ਹਿਰ ਜਾਂ ਔਸ਼ਧੀ ਆਦਿ ਪਰੰਪਰਾਵਾਂ ਦੀ ਦੈਰੀਦਾ ਦੇ ਵਿਖੰਡਨ ਨਾਲ ਸਾਂਝ ਦਰਸਾਈ ਗਈ ਹੈ। ਯੂਰਪ ਵਿਚ ਦਰਸ਼ਨ ਆਰੰਭ ਤੋਂ ਹੀ ਬ੍ਰਹਮਪਰਕ (ਲੋਗੋਸੈਂਟਰਿਕ) ਰਿਹਾ ਹੈ। ਸੁਕਰਾਤ ਅਤੇ ਪਲੈਟੋ ਨੇ 'ਬ੍ਰਹਮ' ਦਾ ਵਿਚਾਰ ਦਿੱਤਾ। ਮੂਲ ਸਤਾ ਇਉਂ ਬਿਆਨ ਕੀਤੀ ਜਾਂਦੀ ਰਹੀ ਜਿਵੇਂ ਈਸ਼ਵਰ ਕੋਈ ਬੰਦਾ ਹੋਵੇ। ਸ਼ਰਧਾ ਨਾਲ ਰੂਪਾਮਕ ਭਾਸ਼ਾ ਦਾ ਪ੍ਰਯੋਗ ਹੁੰਦਾ ਰਹਿੰਦਾ। ਭਾਰਤੀ ਸ਼ਾਸਤਰੀਆਂ ਵਿਚ ਬੁੱਧ, ਮਹਾਂਵੀਰ, ਲੋਕਾਇਤ, ਚਾਰਵਾਕ ਆਦਿ ਅਜਿਹੇ ਵਿਚਾਰਕ/ਚਿੰਤਕ ਹੋਏ ਹਨ, ਜੋ ਧਰਮ ਗ੍ਰੰਥਾਂ ਨੂੰ ਚੁਣੌਤੀ ਦਿੰਦੇ ਹਨ। ਦੈਰੀਦਾ ਵੀ ਪੱਛਮ ਦੀ ਬ੍ਰਹਮਪਰਕੇ ਦਾ ਵਿਖੰਡਨ ਕਰਦਾ ਹੈ। ਸੋ, ਫਿਸਟ ਵੀ ਬ੍ਰਹਮ ਜਾਂ ਈਸ਼ਵਰ ਨਹੀਂ ਮੰਨਦਾ ਬਲਕਿ ਸੰਸਾਰ ਨੂੰ ਪੰਚਭੂਤੀ ਮੰਨਦਾ ਹੈ। ਯੱਕ ਦੈਰੀਦਾ ਨੇ 1964 ਵਿਚ ਹੌਪਕਿੰਨ ਯੂਨੀਵਰਸਿਟੀ ਅਮਰੀਕਾ ਵਿਖੇ 'ਸਟਰੱਕਚਰ ਸਾਈਨ ਐਂਡ ਪਲੇਅ ਇਨ ਦੀ ਡਿਸਕੋਰਸ ਆਫ਼ ਹਿਊਮਨ ਸਾਇੰਸ' ਵਿਸ਼ੇ 'ਤੇ ਅਜਿਹਾ ਭਾਸ਼ਨ ਦਿੱਤਾ ਕਿ ਅਕਾਦਮਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ ਜਿਸ ਦੇ ਨਤੀਜੇ ਵਜੋਂ ਸਾਰੀ ਸਝ ਨੂੰ ਮੁੜ ਕੇ ਵਿਚਾਰਨ ਦੀ ਲੋੜ ਮਹਿਸੂਸ ਕੀਤੀ ਗਈ। ਦੈਰੀਦਾ ਦੀਆਂ ਤਿੰਨ ਕਿਤਾਬਾਂ 'ਔਫ ਗਰੈਮਾਟਾਲੋਜੀ, ਰਾਈਟਿੰਗ ਐਂਡ ਡਿਫਰੈਂਸ, ਸਪੀਚ ਐਂਡ ਫੈਨੋਮੈਨਾ' ਦੇ ਪ੍ਰਕਾਸ਼ਨ ਨਾਲ ਵਿਖੰਡਨਾਵਾਦ ਦਾ ਸਿਧਾਂਤ ਪੂਰੀ ਤਰ੍ਹਾਂ ਸਥਾਪਿਤ ਹੋ ਗਿਆ। ਦੈਰੀਦਾ ਦੇ ਬਹੁਤੇ ਵਿਚਾਰਾਂ 'ਤੇ ਨੀਤਸ਼ੇ, ਹੈਡੇਗਰ, ਫਰਾਇਡ, ਸੌਸਿਊਰ ਦਾ ਪ੍ਰਭਾਵ ਵਿਖਾਈ ਦਿੰਦਾ ਹੈ। ਵਿਰੋਧੀ ਜੁੱਟਾਂ ਵਿਚੋਂ 'ਹਾਸ਼ੀਏ' ਨੂੰ ਕੇਂਦਰ 'ਚ ਲਿਆਂਦਾ ਜਾ ਸਕਦਾ ਹੈ। ਹਾਜ਼ਰ ਤੇ ਗ਼ੈਰ-ਹਾਜ਼ਰ ਵੀ ਇਕ ਖੇਡ ਹੈ। ਕਦੇ ਵੀ ਕੁਝ ਹਾਜ਼ਰ ਨਹੀਂ ਹੁੰਦਾ, ਸੁਰਾਗ (ਟਰੇਸ) ਦਰ ਸੁਰਾਗ ਮਿਲਦੇ ਹਨ। ਦੈਰੀਦਾ ਦਾ ਵਿਚਾਰ ਹੈ ਕਿ ਭਾਸ਼ਾ ਵਸਤਾਂ ਨੂੰ ਉਨ੍ਹਾਂ ਦੀ ਅਸਲ ਸਮੁੱਚਤਾ ਵਿਚ ਨਹੀਂ ਥਾਪਦੀ। ਇਹੋ ਹੀ ਡਿਫਰੈਂਸ ਦੀ ਪੱਧਰ ਹੈ। ਏਸੇ ਨੂੰ ਯੱਕ ਦੈਰੀਦਾ 'ਡਿਫਰਾਂਸ' ਕਹਿੰਦਾ ਹੈ। ਖੋਜੀ ਵਿਦਵਾਨ ਵਜੋਂ ਮਨਮੋਹਨ ਦਾ ਮਹੱਤਵ ਇਸ ਮਿਹਨਤ ਵਿਚ ਨਿਹਿਤ ਹੈ ਕਿ ਉਸ ਨੇ 'ਡਿਫਰਾਂਸ' ਦੀਆਂ ਉਦਾਹਰਨਾਂ ਭਰਥਹੀ ਹਰੀ ਦੇ ਸਫੋਟ, ਰਤਨਕੀਰਤੀ-ਧਰਮਕੀਰਤੀ ਦੇ 'ਅਪੋਹ' ਸਿਧਾਂਤ, ਨਾਗਰਜੁਨ ਦੇ 'ਸ਼ੂਨਯ', ਸ਼ੰਕਰ ਦੇ 'ਪਹਿਚਾਣ' ਸਿਧਾਂਤ ਵਿਚੋਂ ਨੋਟ ਕਰ ਵਿਖਾਈਆਂ ਹਨ। ਦੈਰੀਦਾ ਦੀ ਟਰੇਸ ਅਤੇ ਔਰੋਬਿੰਦੋ ਦੀ ਬਹੁਚਿੰਨ੍ਹਾਤਮਕਤਾ (ਬੀਜ ਧੁਨੀਆਂ) ਦੀ ਸਮਝ ਵੱਲ ਸੰਕੇਤ ਕਰ ਦਿੱਤਾ ਹੈ। ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਐ। ਇਸ ਪੁਸਤਕ ਦਾ ਡੂੰਘਾ ਅਧਿਐਨ ਕਰ ਕੇ ਹੀ ਯੱਕ ਦੈਰੀਦਾ ਦੇ ਵਿਖੰਡਨਵਾਦ (ਡੀਕੰਸਟੱਕਸ਼ਨ) ਅਤੇ ਭਾਰਤੀ ਗਿਆਨ ਸ਼ਾਸਤਰੀਆਂ ਦੀਆਂ ਸਮਾਨਤਾਵਾਂ/ਅਸਮਾਨਤਾਵਾਂ ਦੀ ਸਮਝ ਪੱਲੇ ਪੈ ਸਕਦੀ ਹੈ।

-ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

ਪੰਜਾਬੀ ਸੱਭਿਆਚਾਰ ਦੀ ਸ਼ਾਨ
ਵਿਰਾਸਤੀ ਦਰਵਾਜ਼ੇ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 99
ਸੰਪਰਕ : 98764-52223

ਪ੍ਰਿੰ: ਬਹਾਦਰ ਸਿੰਘ ਗੋਸਲ ਦੀ ਹਥਲੀ 24ਵੀਂ ਪੁਸਤਕ ਹੈ। ਲੇਖਕ ਦੀਆਂ ਅੱਧੇ ਸੈਂਕੜੇ ਤੋਂ ਵੱਧ ਬਾਲ-ਸਾਹਿਤ ਪੁਸਤਕਾਂ (ਕਿਤਾਬੜੀਆਂ) ਵੀ ਛਪ ਚੁੱਕੀਆਂ ਹਨ। 'ਪੰਜਾਬੀ ਸੱਭਿਆਚਾਰ ਦੀ ਸ਼ਾਨ ਵਿਰਾਸਤੀ ਦਰਵਾਜ਼ੇ' ਨਾਂਅ ਤੋਂ ਹੀ ਸਪੱਸ਼ਟ ਹੈ ਕਿ ਪਿੰਡਾਂ ਦੇ ਪ੍ਰਮੁੱਖ ਦਰਵਾਜ਼ੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਇਮਾਰਤਸਾਜ਼ੀ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਹਨ। ਪੁਸਤਕ ਦੇ ਤਤਕਰੇ ਵਾਂਗ ਪਿੰਡ ਦਾ ਦਰਵਾਜ਼ਾ ਇਕ ਦਰਪਣ ਦਾ ਕੰਮ ਕਰਦਾ ਹੈ। ਦਰਵਾਜ਼ਾ ਪਿੰਡ ਦਾ ਖਿੱਚ ਕੇਂਦਰ ਹੈ ਜਿਥੇ ਪਿੰਡ ਦੇ ਦਿਲ ਦੀ ਹਰ ਧੜਕਣ ਸਾਹ ਲੈਂਦੀ ਹੈ। ਭਾਈਚਾਰਕ ਸਾਂਝ ਵਧਾਉਣ ਵਿਚ ਹਰ ਤਰ੍ਹਾਂ ਦੇ ਸਮਾਗਮ, ਜਸ਼ਨ ਤੇ ਇਕੱਠ ਕਰਨ ਲਈ ਮੌਕਾ-ਮੇਲ ਜੁੜਦੇ ਹਨ। ਇਮਾਰਤਸਾਜ਼ੀ ਦੇ ਹੁਨਰ ਦੀ ਪ੍ਰਦਰਸ਼ਨੀ ਦਰਵਾਜ਼ਿਆਂ ਤੋਂ ਮਾਣੀ ਜਾ ਸਕਦੀ ਹੈ। ਅਜਿਹੀ ਖੋਜ ਰਾਹੀਂ ਪ੍ਰਿੰ: ਗੋਸਲ ਨੇ ਵੱਖ-ਵੱਖ ਥਾਵਾਂ 'ਤੇ ਬਣੇ ਦਰਵਾਜ਼ਿਆਂ ਨੂੰ ਅੱਖੀਂ ਵੇਖ ਕੇ ਜਾਣਕਾਰੀ ਉਪਲਬਧ ਕੀਤੀ ਹੈ। 'ਆਪਣੀ ਪੁਰਾਣੀ ਸ਼ਾਨ ਤੇ ਵਿਰਾਸਤੀ ਸੰਭਾਲ ਲਈ ਤਰਸ ਰਿਹਾ ਰਾਹੋਂ ਦਾ ਦਿੱਲੀ ਦਰਵਾਜ਼ਾ ਸੋਲ੍ਹਵੀਂ ਸਦੀ 'ਚ ਰਾਹੋਂ ਉੱਨਤ ਤੇ ਪ੍ਰਸਿੱਧ ਵਿਉਪਾਰਕ ਕੇਂਦਰ ਰਿਹਾ, ਜਿਸ ਰਾਹੀਂ ਦਿੱਲੀ ਤੱਕ ਵਪਾਰ ਹੁੰਦਾ ਸੀ। ਮੁਸਲਮਾਨ ਕਾਰੀਗਰ ਰੇਸ਼ਮੀ ਕੱਪੜੇ, ਗੋਟਾ, ਕਿਨਾਰੀ ਤੇ ਕਈ ਹੋਰ ਕੰਮਾਂ ਕਰਕੇ ਜਾਣੇ ਜਾਂਦੇ ਸਨ। ਪਿੰਡ ਬਰਨਾਲਾ ਦਾ ਸਜਾਵਟੀ ਸੁੰਦਰ ਵਿਰਾਸਤੀ ਦਰਵਾਜ਼ਾ, ਪਿੰਡ ਮਾਨੂੰਪੁਰ ਖੇੜੇ ਦਾ ਦਰਵਾਜ਼ਾ, ਪੁਰਾਤਨ ਦਿੱਖ ਵਾਲਾ ਢੀਂਡਸਾ (ਲੁਧਿਆਣਾ) ਦਾ ਦਰਵਾਜ਼ਾ, ਪਿੰਡ ਉੱਭਾਵਾਲ ਦਰਵਾਜ਼ਾ, ਪਿੰਡ ਧਮੋਟ ਦਾ ਵਿਲੱਖਣ ਦਰਵਾਜ਼ਾ, ਲਸਾੜਾ ਦਾ ਅਜੋਕਾ ਵਧੀਆ ਦਰਵਾਜ਼ਾ, ਪਿੰਡ ਘੁਡਾਣੀ ਦੇ ਛੇ ਦਰਵਾਜ਼ੇ, ਲੇਖਕ ਦੇ ਪਿੰਡ ਗੋਸਲਾਂ ਦਾ ਅਧਿਆਤਮਕ-ਸੂਰਬੀਰਤਾ ਦਾ ਦਰਵਾਜ਼ਾ, ਪਿੰਡ ਕੈਂਡ ਦਾ ਦਰਵਾਜ਼ਾ, ਮਨੈਲੀ ਦਾ ਦਰਵਾਜ਼ਾ, 12 ਦਰਵਾਜ਼ਿਆਂ ਵਾਲਾ ਉਟਾਲਾਂ ਪਿੰਡ, ਨਵੀਨਤਾ ਵਾਲਾ ਪਿੰਡ ਬੀਬੀ ਦਾ ਦਰਵਾਜ਼ਾ, ਪਿੰਡ ਚੜ੍ਹੀ ਤੇ ਖਾਨਪੁਰ ਦਾ ਅਲੋਪ ਹੋ ਰਿਹਾ ਦਰਵਾਜ਼ਾ, ਦੋ ਜੌੜੇ ਪਿੰਡਾਂ ਦੇ ਪੁਰਾਤਨੀ ਦਰਵਾਜ਼ੇ ਆਦਿ ਬਹੁਤ ਰੌਚਿਕ ਤੱਥ ਸਮੋਈ ਬੈਠੇ ਹਨ। ਜ਼ਿਕਰਯੋਗ ਹੈ ਕਿ ਪ੍ਰਿੰ: ਗੋਸਲ ਨੇ ਦਰਵਾਜ਼ਿਆਂ ਦੇ ਮਾਧਿਅਮ ਰਾਹੀਂ ਉਨ੍ਹਾਂ ਪਿੰਡਾਂ ਦੀ ਸਮੁੱਚੀ ਹੋਂਦ ਬਾਰੇ ਵੀ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਣ ਵਜੋਂ ਸੰਗਰੂਰ ਦਾ ਪਿੰਡ ਬਡਰੁੱਖਾਂ, ਸਿੱਖ ਇਤਿਹਾਸ ਦਾ ਮਹੱਤਵਪੂਰਨ ਪਿੰਡ ਹੈ, ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸਨ। ਦਰਵਾਜ਼ਿਆਂ ਦੀਆਂ ਸੁੰਦਰ ਤਸਵੀਰਾਂ ਬੜੀਆਂ ਹੀ ਆਕਰਸ਼ਿਕ ਹਨ। ਕੁਝ ਤਸਵੀਰਾਂ ਕਾਲੀਆਂ-ਚਿੱਟੀਆਂ ਹਨ। ਹੋਰ ਵੀ ਚੰਗਾ ਹੁੰਦਾ ਜੇਕਰ ਇਕ ਖ਼ਾਸ ਤਰਤੀਬ ਵਿਚ ਦਰਵਾਜ਼ਿਆਂ ਬਾਰੇ ਕਲਾਤਮਿਕ ਢੰਗ ਨਾਲ ਜਾਣਕਾਰੀ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ। ਪੁਸਤਕ ਦਾ ਸਰਵਰਕ ਤੇ ਨਾਂਅ ਖਿੱਚ ਪਾਊ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਡਾ. ਤੇਜਵੰਤ ਮਾਨ ਦੀ ਆਲੋਚਨਾ
ਸੰਪਾਦਕ : ਡਾ. ਗੁਰਜੀਤ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 158
ਸੰਪਰਕ : 94633-43898

ਬਹੁਪੱਖੀ ਸਾਹਿਤਕਾਰ ਡਾ. ਤੇਜਵੰਤ ਮਾਨ ਦੀਆਂ ਲਿਖੀਆਂ 60 ਪੁਸਤਕਾਂ ਵਿਚ ਖੋਜ, ਆਲੋਚਨਾ, ਸਾਹਿਤ, ਸੰਪਾਦਨ, ਪੱਤਰ ਕਲਾ, ਨਿਬੰਧ, ਡਾਇਰੀ, ਕਹਾਣੀਆਂ, ਜੀਵਨੀਆਂ ਅਤੇ ਕਾਵਿ-ਰਚਨਾਵਾਂ ਸ਼ਾਮਿਲ ਹਨ। ਦਰਸ਼ਨ, ਚਿੰਤਨ, ਚੇਤਨਾ ਅਤੇ ਵਿਗਿਆਨਕ ਨਜ਼ਰੀਏ ਨਾਲ ਓਤਪੋਤ ਇਹ ਰਚਨਾਵਾਂ ਸਾਡੇ ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਦੀ ਸ਼ਾਨ ਹਨ। ਉਸ ਨੇ ਮੌਲਿਕ, ਨਵੀਨ ਅਤੇ ਵਿਗਿਆਨਕ ਧਾਰਨਾਵਾਂ ਰਾਹੀਂ ਪੰਜਾਬੀ ਸਾਹਿਤ ਆਲੋਚਨਾ ਨੂੰ ਇਕ ਨਵਾਂ ਰੂਪ ਦਿੱਤਾ ਹੈ। ਪੁਸਤਕ ਵਿਚ ਡਾ. ਤੇਜਵੰਤ ਮਾਨ ਦੀ ਆਲੋਚਨਾ ਬਾਰੇ ਦਿੱਤੇ ਗਏ ਵੱਖੋ-ਵੱਖ ਵਿਦਵਾਨਾਂ ਦੇ ਵਿਚਾਰ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਡਾ. ਮਾਨ ਦਾ ਇਕ ਮਹੱਤਵਪੂਰਨ ਨਿਬੰਧ 'ਸਮਾਜਿਕ ਚੇਤਨਾ ਅਤੇ ਲੇਖਕ ਦਾ ਕਰਤੱਵ' ਵੀ ਸ਼ਾਮਿਲ ਕੀਤਾ ਗਿਆ ਹੈ। ਡਾ. ਮਾਨ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਆਲੋਚਨਾ ਦਾ ਸੱਚਾ-ਸੁੱਚਾ ਪਹਿਰੇਦਾਰ ਹੈ। ਉਸ ਨੇ ਲੋਕ-ਪੱਖੀ ਸਾਹਿਤ ਨੂੰ ਇਕ ਲਹਿਰ ਬਣਾ ਦਿੱਤਾ ਹੈ। ਉਸ ਦੇ ਲੇਖਾਂ ਵਿਚ ਕਾਵਿ-ਟੂਕਾਂ ਵੀ ਸ਼ਾਮਿਲ ਹੁੰਦੀਆਂ ਹਨ। ਉਸ ਨੇ ਪੰਜਾਬੀ ਭਾਸ਼ਾ, ਪੰਜਾਬੀਅਤ ਅਤੇ ਪੰਜਾਬੀ ਸਾਹਿਤ ਵਿਰੁੱਧ ਹੋ ਰਹੀਆਂ ਸਾਜਿਸ਼ਾਂ ਨੂੰ ਅਸਫ਼ਲ ਕਰਨ ਲਈ ਪੂਰੀ ਵਾਹ ਲਾਈ ਹੈ। ਉਸ ਨੇ ਉਸਾਰੂ ਅਤੇ ਨਿਰਪੱਖ ਆਲੋਚਨਾ ਕੀਤੀ ਹੈ। ਉਸ ਦੀਆਂ ਲਿਖਤਾਂ ਪਾਠਕਾਂ ਵਿਚ ਜਾਗ੍ਰਿਤੀ ਪੈਦਾ ਕਰਦੀਆਂ ਹਨ। ਉਸ ਨੇ ਚਿੱਠੀ ਪੱਤਰ ਦਾ ਘੇਰਾ ਵੀ ਵਿਸ਼ਾਲ ਕੀਤਾ ਹੈ। ਉਸ ਦੀ ਦ੍ਰਿੜ੍ਹਤਾ, ਲਗਨ, ਮਿਹਨਤ ਨਾਲ ਲਿਖੀਆਂ ਕਿਰਤਾਂ ਪੰਜਾਬੀ ਸਾਹਿਤ ਦਾ ਅਨਮੋਲ ਦਸਤਾਵੇਜ਼ ਬਣ ਗਈਆਂ ਹਨ। ਚਿੰਤਨ ਦੀਆਂ ਬਾਰੀਕੀਆਂ, ਗਿਆਨ, ਸੁਹਿਰਦਤਾ, ਵਿਦਵਤਾ ਅਤੇ ਸਾਹਿਤ ਪ੍ਰਤੀ ਪ੍ਰਤੀਬੱਧਤਾ ਡਾ. ਮਾਨ ਦੀਆਂ ਰਚਨਾਵਾਂ ਵਿਚ ਵਿਦਮਾਨ ਹਨ। ਆਮ ਤੌਰ 'ਤੇ ਆਲੋਚਨਾ ਦੀਆਂ ਪੁਸਤਕਾਂ ਬੌਧਿਕ ਹੋਣ ਕਰਕੇ ਰਸ ਤੋਂ ਸੱਖਣੀਆਂ ਹੁੰਦੀਆਂ ਹਨ ਪਰ ਡਾ. ਮਾਨ ਦੀਆਂ ਰਚਨਾਵਾਂ ਵਿਚ ਸ਼ਬਦ ਰਸ, ਸਪੱਸ਼ਟਤਾ, ਦਲੀਲ, ਬੇਬਾਕੀ ਅਤੇ ਇਮਾਨਦਾਰੀ ਦੀ ਖ਼ੁਸ਼ਬੂ ਹੈ. ਇਹ ਪੁਸਤਕ ਇਕ ਸਾਂਭਣਯੋਗ ਦਸਤਾਵੇਜ਼ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਲਾਹ-ਪਾਹ
ਕਹਾਣੀਕਾਰ : ਕੰਵਲਜੀਤ ਕੌਰ ਜੁਨੇਜਾ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 94
ਸੰਪਰਕ : 098120-32868

ਪੰਜਾਬੀ ਗਲਪ ਸਾਹਿਤ ਦੀ ਵੰਨਗੀ ਮਿੰਨੀ ਕਹਾਣੀਆਂ ਦੇ ਇਸ ਸੰਗ੍ਰਹਿ ਦੀ ਕਹਾਣੀਕਾਰਾ ਨੇ ਇਸ ਪੁਸਤਕ ਵਿਚ ਕੁੱਲ 135 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਦੀ ਰਚਨਾ ਕਰਦਿਆਂ ਉਸ ਨੇ ਪ੍ਰਮੁੱਖ ਤੌਰ 'ਤੇ ਨਾਟਕੀ ਸ਼ੈਲੀ ਦੀ ਵਰਤੋਂ ਕੀਤੀ ਹੈ। ਮਿੰਨੀ ਕਹਾਣੀ ਦਾ ਇਹ ਸੁਭਾਅ ਹੈ ਕਿ ਉਹ ਇਕ ਨੁਕਤਾ ਸਮਝਾਉਂਦੀ ਹੋਈ ਪਾਠਕ ਨੂੰ ਇਕ ਅਚੰਭਿਤ ਕਰਨ ਵਾਲਾ ਝਟਕਾ ਦੇ ਜਾਂਦੀ ਹੈ। ਕੰਵਲਜੀਤ ਕੌਰ ਜੁਨੇਜਾ ਦੀ ਕਹਾਣੀ 'ਲਾਹ-ਪਾਹ', 'ਸਰਪ੍ਰਾਈਜ਼ ਗਿਫ਼ਟ', 'ਸਮਾਜ ਸੇਵੀ', 'ਅੱਜ ਦਾ ਸੱਚ' ਆਦਿ ਅਨੇਕਾਂ ਕਹਾਣੀਆਂ ਪਾਠਕ ਨੂੰ ਹੈਰਾਨੀ ਦੇ ਝਟਕੇ ਦੇਣ ਦੇ ਸਮਰੱਥ ਹਨ।
ਜੁਨੇਜਾ ਨੇ ਆਪਣੀਆਂ ਕਹਾਣੀਆਂ ਵਿਚ ਸਮਾਜ ਦੇ ਲੁਕੇ ਹੋਏ ਕੋਹਝੇ ਸੱਚ ਨੂੰ ਉਜਾਗਰ ਕੀਤਾ ਹੈ। ਸਮਾਜਿਕ ਅਤੇ ਖੂਨ ਦੇ ਰਿਸ਼ਤਿਆਂ 'ਚ ਮੁੱਕਦੀ ਜਾ ਰਹੀ ਦਿਲੀ ਹਮਦਰਦੀ ਤੇ ਪਿਆਰ ਦੀ ਸਪੱਸ਼ਟ ਸ਼ਬਦਾਂ ਵਿਚ ਬਾਤ ਪਾਈ ਹੈ। ਪੁਸਤਕ ਦੇ ਮੁੱਖ ਬੰਦ ਵਿਚ ਪ੍ਰੋ. ਸ਼ਾਮ ਲਾਲ ਕੌਸ਼ਲ ਰੋਹਤਕ ਲਿਖਦੇ ਹਨ ਕਿ 'ਕਹਾਣੀਕਾਰਾ ਨੇ ਜ਼ਿੰਦਗੀ ਦੀਆਂ ਔਕੜਾਂ ਅਤੇ ਸੰਵੇਦਨਾਵਾਂ ਨੂੰ ਆਪਣੀਆਂ ਕਹਾਣੀਆਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਹ ਮਿੰਨੀ ਕਹਾਣੀ ਸੰਗ੍ਰਹਿ ਪਾਠਕ 'ਤੇ ਤਿੱਖਾ ਤੇ ਬੱਝਵਾਂ ਅਸਰ ਪਾਉਂਦਾ ਹੈ।' ਕਹਾਣੀ ਤੋਂ ਇਲਾਵਾ ਕਵਿਤਾਵਾਂ, ਲੇਖ ਆਦਿ ਸਾਹਿਤ ਵੰਨਗੀਆਂ ਦੀਆਂ ਪੁਸਤਕਾਂ ਲਿਖਣ ਵਾਲੀ ਕਹਾਣੀਕਾਰਾ ਕੰਵਲਜੀਤ ਜੁਨੇਜਾ ਦਾ ਭਰਵਾਂ ਸਵਾਗਤ ਹੋਣਾ ਤਾਂ ਬਣਦਾ ਹੀ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਮਾਤਾ ਰਮਾਬਾਈ ਅੰਬੇਡਕਰ
ਲੇਖਕ : ਰਾਜੇਸ਼ ਭਬਿਆਣਾ
ਪ੍ਰਕਾਸ਼ਕ : ਬਹੁਜਨ ਸਾਹਿਤ ਸੰਸਥਾ (ਪੰਜਾਬ)
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 62399-56927

'ਮਾਤਾ ਰਮਾਬਾਈ ਅੰਬੇਡਕਰ' ਪੁਸਤਕ ਰਾਹੀਂ ਲੇਖਕ ਰਾਜੇਸ਼ ਭਬਿਆਣਾ ਨੇ ਇਕ ਅਦੁੱਤੀ ਸ਼ਖ਼ਸੀਅਤ ਨੂੰ ਪਾਠਕਾਂ ਦੇ ਰੂਬਰੂ ਕਰਵਾਉਣ ਦਾ ਯਤਨ ਕੀਤਾ ਹੈ, ਜਿਸ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਧਰਮ ਪਤਨੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਰਾਮਾ (ਰਮਾਬਾਈ) ਦੀ ਜੀਵਨੀ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਕ ਸੁੱਘੜ ਸਿਆਣੀ ਔਰਤ ਦਾ ਘਰ ਪਰਿਵਾਰ ਚਲਾਉਣ ਵਿਚ ਇਕ ਉੱਘਾ ਯੋਗਦਾਨ ਹੁੰਦਾ ਹੈ, ਜਿਸ ਨੂੰ ਰਮਾਬਾਈ ਨੇ ਬਾਖੂਬੀ ਨਾਲ ਨਿਭਾਉਂਦਿਆਂ ਆਪਣੇ ਪਤੀ ਦੇ ਸਮਾਜ ਭਲਾਈ ਦੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਵੀ ਦਿੱਤਾ। ਘਰ-ਬਾਹਰ ਚਲਾਉਣ ਲਈ ਸਖ਼ਤ ਮਿਹਨਤ ਕਰਦਿਆਂ ਸਮਾਂ ਮਿਲਣ 'ਤੇ ਪਤੀ ਦੇਵ ਤੋਂ ਪੜ੍ਹਨ ਦਾ ਸ਼ੌਕ ਵੀ ਪੂਰਾ ਕਰਦੀ ਰਹੀ। ਉਨ੍ਹਾਂ ਆਪਣੀ ਪੁਸਤਕ 'ਥਾਟਸ ਆਪ ਪਾਕਿਸਤਾਨ' ਵਿਚ ਆਪਣੀ ਪਤਨੀ ਦੀ ਪ੍ਰਸੰਸਾ ਵਜੋਂ ਇਹ ਸ਼ਬਦ ਦਰਜ ਕੀਤੇ ਹਨ : 'ਮੈਂ ਇਹ ਪੁਸਤਕ ਰਾਮੂ ਨੂੰ ਉਸ ਦੀ ਚੰਗਿਆਈ, ਮਨ ਦੀ ਨੇਕੀ, ਸਦਾਚਾਰੀ ਦੀ ਪਵਿੱਤਰਤਾ ਅਤੇ ਮੇਰੇ ਮਨ ਨਾਲ ਦੁੱਖ ਕੱਟਣ ਵਿਚ ਥੁੜ੍ਹ ਅਤੇ ਪ੍ਰੇਸ਼ਾਨੀ ਦੇ ਦਿਨਾਂ ਵਿਚ ਜਦੋਂ ਕਿ ਸਾਡਾ ਕੋਈ ਮਦਦਗਾਰ ਨਹੀਂ ਸੀ ਅੱਤ ਦੀ ਸਹਿਣਸ਼ੀਲਤਾ ਅਤੇ ਰਜ਼ਾਮੰਦੀ ਵਿਖਾਉਣ ਦੀ ਪ੍ਰਸੰਸਾ ਵਜੋਂ ਭੇਟ ਕਰਦਾ ਹਾਂ।'
ਆਪਣੀ ਪਿਆਰੀ ਪਤਨੀ ਦੀ ਹੋਈ ਬੇਵਕਤੀ ਮੌਤ ਦਾ ਦਿਲੀ ਦੁੱਖ ਮਨਾਉਂਦਿਆਂ ਬਾਬਾ ਸਾਹਿਬ ਨੇ ਸੰਨਿਆਸੀ ਰੂਪ ਵੀ ਧਾਰਨ ਕਰ ਲਿਆ ਸੀ। ਇਸ ਤਰ੍ਹਾਂ ਬਾਬਾ ਸਾਹਿਬ ਤੇ ਉਨ੍ਹਾਂ ਦੀ ਪਤਨੀ ਰਮਾਬਾਈ ਦੇ ਸੰਘਰਸ਼ਮਈ ਜੀਵਨ ਦੇ ਹੋਰ ਬਹੁਤ ਸਾਰੇ ਅਣਛੋਹੇ ਕਿੱਸੇ ਇਸ ਪੁਸਤਕ ਵਿਚ ਵਾਰਤਕ ਤੇ ਕਵਿਤਾ ਦੇ ਰੂਪ ਵਿਚ ਪੜ੍ਹਨ ਨੂੰ ਮਿਲਦੇ ਹਨ। ਸੰਘਰਸ਼ਮਈ ਜੀਵਨ ਬਾਰੇ ਇੰਝ ਦਰਜ ਹੈ : 'ਕੀਮਤ ਚੁਕਾਏ ਬਿਨਾਂ ਪਰਿਵਰਤਨ ਸੰਭਵ ਨਹੀਂ।' ਆਦਿ ਮੁੱਲਵਾਨ ਵਿਚਾਰਾਂ ਵਾਲੀ ਇਹ ਪੁਸਤਕ 'ਮਾਤਾ ਰਮਾਬਾਈ ਅੰਬੇਡਕਰ' ਉਸ ਹਰ ਸ਼ਖ਼ਸ ਨੂੰ ਪੜ੍ਹਨੀ ਚਾਹੀਦੀ ਹੈ, ਜੋ ਇਕ ਸੋਹਣਾ ਸਮਾਜ ਸਿਰਜਣ ਦੀ ਤਮੰਨਾ ਰੱਖਦਾ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

ਸੌ ਸਾਖੀ
(ਪੋਥੀ ਵਿਚੋਂ ਭਵਿੱਖਤ ਸਾਖੀਆਂ ਦਾ ਸੰਗ੍ਰਹਿ ਅਤੇ ਕਰਨੀਨਾਮਾ)
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ ਜਲੰਧਰ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 98729-91780

ਹਥਲੀ ਪੁਸਤਕ ਵਿਚ ਦੁਰਲੱਭ ਧਾਰਮਿਕ ਲਿਖਤਾਂ ਤੋਂ ਪ੍ਰਾਪਤ ਕੁਝ ਸਾਖੀਆਂ ਅੰਕਿਤ ਕੀਤੀਆਂ ਗਈਆਂ ਹਨ। ਫਿਰ ਇਸ ਦੇ ਲਿਖੇ ਜਾਣ ਸੰਬੰਧੀ ਪ੍ਰਸਤਾਵਨਾ ਅੰਕਿਤ ਕੀਤੀ ਗਈ ਹੈ। ਕੁਝ ਕੁ ਪ੍ਰਸੰਗਾਂ ਵਿਚ ਗੁਰੂ ਜੀ ਦੇ ਚਮਤਕਾਰਾਂ ਅਤੇ ਕਰਾਮਾਤਾਂ ਦਾ ਚਿਤ੍ਰਣ ਹੈ। ਚੌਫਿਰਨੀ ਛੰਦ ਵਿਚ ਭਵਿੱਖਤ 2004 ਤੋਂ 2031 ਬਿਕਰਮੀ ਤੱਕ ਦਾ ਹਾਲ ਕਾਵਿ ਰੂਪੀ ਅੰਕਿਤ ਕੀਤਾ ਹੈ। ਜਿਵੇਂ:
ਸੁਣਲੋ ਭਵਿੱਖਤ ਦਾ ਬਿਆਨ ਵੀਰਨੋਂ,
ਲਿਖਗੇ ਨੇ ਜਿਵੇਂ ਵਿਦਵਾਨ ਵੀਰਨੋਂ।
ਸ਼ੈਰ ਦੇ ਲਫ਼ਜ ਝੂਠ ਨਾ ਅਲੌਣਗੇ,
ਐਹੋ ਜੇਹੇ ਸਮੇਂ ਦੇਸ਼ ਵਿਚ ਔਣਗੇ।
ਕਥਾ ਸ਼ੁਰੂ ਹੁੰਦੀ ਦੋ ਹਜ਼ਾਰ ਚਾਰ ਤੋਂ,
ਫਗਣ ਦੀ ਪਾਪਾਂ ਭਰੀ ਰਫ਼ਤਾਰ ਤੋਂ।
ਲਿਖਿਆ ਸੀ ਲੋਕ ਖੂਨ ਵਿਚ ਨੌਣਗੇ,
ਐਹੋ ਜੇਹੇ ਸਮੇਂ ਦੇਸ਼ ਵਿਚ ਔਣਗੇ।
ਦੋ ਹਜ਼ਾਰ ਪੰਜ ਦੀ ਵੀ ਭੈੜੀ ਚਾਲ ਹੈ,
ਔਣ ਭਾਰੀ ਹੜ੍ਹ ਰੋਗ ਤੇ ਭੁਚਾਲ ਹੈ।
ਲੀਡਰ ਹੈਰਾਨ ਹੋ ਕੇ ਘਬਰੋਣਗੇ,
ਐਹੋ ਜੇਹੇ ਸਮੇਂ ਦੇਸ਼ ਵਿਚ ਆਉਣਗੇਂ।
ਉਪਰੰਤ ਸਿੱਖ ਗੁਰੂਆਂ ਦਾ ਮੰਗਲ ਹੈ ਅਤੇ 13ਵੀਂ ਸਾਖੀ ਤੋਂ ਸਾਖੀਆਂ ਦਾ ਆਰੰਭ ਹੁੰਦਾ ਹੈ। ਇਨ੍ਹਾਂ ਸਾਖੀਆਂ ਦੀ ਸ਼ੈਲੀ ਉਪਦੇਸ਼ਾਤਮਿਕ ਅਤੇ ਬਿਰਤਾਂਤਿਕ ਹੈ, ਪਰ ਇਸ ਵਿਚ ਕਿਸੇ ਸੋਹਜ, ਸਾਹਿਤਿਕਤਾ ਜਾਂ ਕਲਾਤਮਕਤਾ ਦਾ ਕੋਈ ਗੁਣ ਨਹੀਂ ਮਿਲਦਾ। ਇਸ ਵਿਚਲੀ ਕਵਿਤਾ ਨਿਰੀ ਤੁਕਬੰਦੀ ਹੈ। ਕਈਆਂ ਸਾਖੀਆਂ ਵਿਚ ਗੱਲਾਂ ਬੁਝਾਰਤਾਂ ਵਾਂਗ ਕਹੀਆਂ ਗਈਆਂ ਹਨ। ਇਸ ਦੀ ਭਾਸ਼ਾ ਵਿਚ ਸੁਹਜ ਅਤੇ ਭਾਵ-ਪ੍ਰਸੰਗ ਅਨੁਕੂਲਤਾ ਵਾਲੀ ਮਾਰਮਿਕਤਾ ਨਹੀਂ ਹੈ। ਸਾਹਿਤਿਕ ਗੁਣਾਂ ਤੋਂ ਇਹ ਰਚਨਾ ਲਗਭਗ ਵੰਚਿਤ ਹੈ। ਇਨ੍ਹਾਂ ਸਾਖੀਆਂ ਦਾ ਆਕਾਰ-ਪ੍ਰਕਾਰ ਵੀ ਇਕ ਸਮਾਨ ਨਹੀਂ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਇਨ੍ਹਾਂ ਸਾਖੀਆਂ ਦਾ ਵਿਧਾਨ ਕਿਸੇ ਵਿਸ਼ੇਸ਼ ਵਿਵਸਥਾ ਜਾਂ ਯੋਜਨਾ ਨੂੰ ਅਪਣਾ ਕੇ ਨਹੀਂ ਕੀਤਾ ਗਿਆ। ਨਾਵਾਂ, ਥਾਵਾਂ ਦਾ ਵਰਣਨ ਹੈ, ਜਿਸ ਪੱਖੋਂ ਇਹ ਕਿਤਾਬ ਇਤਿਹਾਸਕ ਧਾਰਮਿਕ ਜਾਣਕਾਰੀ ਮੁਹੱਈਆ ਕਰਦੀ ਹੈ। ਜਿਵੇਂ :-
ਦੁਆਬ, ਸਤਲੁਦਰ ਕੇ ਪਾਰਾ,
ਮਾਲਵਾ ਜੀਤ ਜੰਗਲ ਪਗ ਧਾਰਾ।
ਸਾਖੀ 13ਵੀਂ, 15ਵੀਂ, 24ਵੀਂ, 31ਵੀਂ, 51ਵੀਂ, 58ਵੀਂ, 59ਵੀਂ, 60ਵੀਂ, 65ਵੀਂ, 70ਵੀਂ, 71ਵੀਂ, 82ਵੀਂ, 86ਵੀਂ, 99ਵੀਂ, ਸਾਖੀ ਭਾਵ 14 ਸਾਖੀਆਂ ਦਾ ਵਰਨਣ ਹੈ। ਅਖੀਰ ਤੇ ਕਰਨੀਨਾਮਾ ਰਚਨਾ ਸ਼ਾਮਿਲ ਕੀਤੀ ਹੈ। ਜਿਸ ਵਿਚ ਨਾਨਕ ਸਾਹਿਬ ਦੀ ਰੁਕਨਦੀਨ ਨਾਲ ਵਾਰਤਾਲਾਪ ਹੈ, ਜਿਸ ਵਿਚ ਭਵਿੱਖਤ ਬਚਨ ਕਰਦੇ ਹੋਏ ਜ਼ਿਕਰ ਹੈ-ਦੱਸਵਾਂ ਜਾਮਾ-
ਪਹਿਰ ਕਰ ਬੈਠੂੰ ਪਰ ਕਰਤਾਰ।
ਔਰਗਜ਼ੇਬ ਪਾਤਸ਼ਾਹ ਸਿਉਂ ਜੁਧ ਕਰੂੰ ਬਹੁ ਬਾਰ॥2॥
ਤੇ ਅਖੀਰ ਵਿਚ ਗੁਰੂ ਪ੍ਰਤਾਪ ਸੂਰਜ ਰੁਤ ਪੰਜਵੀਂ ਸੋਲਵਾਂ ਅੰਸ਼ ਦੇ ਕੁਝ ਅੰਸ਼ਾਂ ਦਾ ਜ਼ਿਕਰ ਕੀਤਾ ਹੈ। ਕਿਤਾਬ ਵਿਚ ਸਾਰੀਆਂ ਸਾਖੀਆਂ ਵਿਚ ਛੰਦ ਦੋਹਰਾ, ਸਵੈਯਾ, ਚੌਪਈ ਕੁੰਡਲੀਆਂ ਚੌਫਿਰਨੀ ਛੰਦ ਦੀ ਵਰਤੋਂ ਕੀਤੀ ਗਈ ਹੈ। ਪਰ ਪ੍ਰਕਾਸ਼ਕ ਵਲੋਂ ਰਚਨਾ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਕਿ ਕਿਸ ਗ੍ਰੰਥ ਵਿਚੋਂ ਇਹ ਕਾਵਿ ਸਾਖੀ ਹੈ ਇਸ ਦਾ ਕਰਤਾ ਕੌਣ ਹੈ ਅਤੇ ਨਾ ਹੀ ਰਚਨ ਕਾਲ ਬਾਰੇ ਸਪੱਸ਼ਟ ਕੀਤਾ ਗਿਆ ਹੈ। ਸੰਗ੍ਰਹਿ ਕਰਤਾ ਜਾਂ ਲੇਖਕ ਦਾ ਨਾਂਅ ਵੀ ਨਹੀਂ ਹੈ। ਕਿਤਾਬ ਪੜ੍ਹ ਕੇ ਦੁਬਿਧਾ ਵਿਚ ਰਹਿੰਦਾ ਹੈ। ਪੁਰਾਤਨ ਇਤਿਹਾਸ ਅਤੇ ਗੁਰਇਤਿਹਾਸ ਦੇ ਜਾਣਕਾਰਾਂ ਲਈ ਕੁਝ ਕੁ ਪੁਸਤਕਾਂ ਸਹਾਈ ਹੁੰਦੀਆਂ ਹਨ, ਜਿਸ ਵਿਚ ਧਾਰਮਿਕ ਇਤਿਹਾਸਕ ਪੁਰਾਤਨਤਾ ਦੀ ਕਿਰਨ ਮੱਧਮ ਜਿਹੀ ਦਿਸਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 

17-09-2023

 ਸੰਬਾਦ
(ਗਿਆਨੀ ਦਿੱਤ ਸਿੰਘ ਜੀ ਅਤੇ ਸਾਧੂ ਦਯਾ ਨੰਦ)
ਲੇਖਕ : ਪ੍ਰਿੰ: ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 98729-91780


ਲੇਖਕ ਨੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਅਤੇ ਗੁਰਮਤਿ ਦੇ ਮਾਰਤੰਡ ਗਿਆਨੀ ਦਿੱਤ ਸਿੰਘ ਵਲੋਂ ਉਸ ਸਮੇਂ ਹੋਏ ਸਾਧੂ ਦਯਾ ਨੰਦ ਨਾਲ ਹੋਏ 'ਸੰਬਾਦ' ਨੂੰ ਪੁਸਤਕ ਰੂਪ ਵਿਚ ਪੇਸ਼ ਕੀਤਾ ਹੈ। ਇਸ ਸੰਖੇਪ ਅਤੇ ਭਾਵਪੂਰਤ ਵਿਚਾਰ-ਵਟਾਂਦਰੇ ਨੂੰ ਲੇਖਕ ਵਲੋਂ ਕੀਤੇ ਉੱਦਮ ਅਤੇ ਸਫਲ ਯਤਨ ਨੂੰ ਪ੍ਰਕਾਸ਼ਕ ਵਲੋਂ ਦੂਜੇ ਐਡੀਸ਼ਨ ਵਜੋਂ ਮੁੜ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਸ ਤੋਂ ਪਹਿਲਾਂ ਵੀ ਲੇਖਕ ਨੇ ਵੱਡੀ ਗਿਣਤੀ ਵਿਚ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਸਿੱਖ ਕੌਮ ਦੇ ਸਫਲ ਬੁਲਾਰੇ ਤੇ ਚਿੰਤਕ ਗਿਆਨੀ ਦਿੱਤ ਸਿੰਘ ਨੇ ਉੱਨ੍ਹੀਵੀਂ ਸਦੀ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਗੁਰਮਤਿ ਦੀ ਨਿਵੇਕਲੀ ਜੀਵਨ-ਜਾਚ ਨੂੰ ਸੰਸਾਰ ਦੇ ਦੂਜੇ ਧਰਮਾਂ ਦੇ ਮੰਚ ਤੋਂ ਸਫਲਤਾ ਨਾਲ ਪੇਸ਼ ਕੀਤਾ। ਇਹ ਸਾਰਾ ਯਤਨ ਪਾਵਨ ਗੁਰਬਾਣੀ ਦੀ ਸਰਬਵਿਆਪੀ ਰੌਸ਼ਨੀ ਵਿਚ ਕੀਤਾ। ਗਿਆਨੀ ਜੀ ਦਾ ਜੀਵਨਕਾਲ ਭਾਵੇਂ ਬਹੁਤਾ ਵੱਡਾ ਨਹੀਂ। ਉਨ੍ਹਾਂ ਦੀ ਦੁਨਿਆਵੀ ਫੇਰੀ ਭਾਵੇਂ 50 ਕੁ ਸਾਲਾਂ ਦੀ ਹੀ ਸੀ ਪਰ ਜਿਹੜੇ ਕਾਰਜ ਉਨ੍ਹਾਂ ਕੀਤੇ, ਉਨ੍ਹਾਂ ਦਾ ਜ਼ਿਕਰ ਹਮੇਸ਼ਾ-ਹਮੇਸ਼ਾ ਲਈ ਹੁੰਦਾ ਰਹੇਗਾ। ਸਿੱਖ ਰਾਜ ਦੇ ਜਾਣ ਤੋਂ ਪਿੱਛੋਂ ਸਿੱਖਾਂ ਦੀ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਸੀ। ਗਿਆਨੀ ਦਿੱਤ ਸਿੰਘ ਤੇ ਹੋਰ ਸਮਕਾਲੀ ਵਿਦਵਾਨਾਂ ਦੇ ਉਪਰਾਲੇ ਨਾਲ ਸਿੰਘ ਸਭਾ ਲਹਿਰ ਦਾ ਮੁੱਢ ਬੱਝਾ। ਉਸ ਸਮੇਂ ਸਾਡੇ ਸਾਰੇ ਰਸਮ-ਰਿਵਾਜ ਵੀ ਹਿੰਦੂ ਸੋਚ ਦੇ ਭੇਟ ਚੜ੍ਹ ਚੁੱਕੇ ਸਨ। ਅਖੌਤੀ ਜਾਤ-ਪਾਤ, ਛੂਤ-ਭਿੱਟ ਵੀ ਉਸ ਕਾਲ ਵਿਚ ਆਪਣੇ ਸਿਖ਼ਰਾਂ 'ਤੇ ਸੀ। ਗਿਆਨੀ ਦਿੱਤ ਸਿੰਘ ਵਲੋਂ ਲਗਭਗ ਸਾਢੇ ਚਾਰ ਦਰਜਨ ਪੁਸਤਕਾਂ ਤੇ ਟ੍ਰੈਕਟ ਸਿੱਖ ਧਰਮ ਦੀ ਜਾਗ੍ਰਿਤੀ ਨੂੰ ਪ੍ਰਗਟ ਕਰਨ ਲਈ ਪਾਠਕਾਂ ਦੀ ਝੋਲੀ ਪਾਏ। 1875 ਈ: ਵਿਚ ਆਰੀਆ ਸਮਾਜ ਦੀ ਸਥਾਪਨਾ ਹੋਈ। 1877 ਈ: ਵਿਚ ਸੁਆਮੀ ਦਯਾਨੰਦ ਨਾਲ ਹੋਏ 'ਸੰਬਾਦ' ਸ਼ਾਸਤਰਾਰਥ ਵਿਚ ਗਿਆਨੀ ਦਿੱਤ ਸਿੰਘ ਤੋਂ ਸੁਆਮੀ ਦਯਾ ਨੰਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ 1883 ਈ: ਵਿਚ ਸੁਆਮੀ ਦਯਾ ਨੰਦ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਤਾਂ ਆਰੀਆ ਸਮਾਜ ਦੇ ਮੰਚ ਤੋਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਸਮਾਜਿਕ ਤੇ ਧਾਰਮਿਕ ਸਮੱਸਿਆ ਦਾ ਸਮਾਧਾਨ ਕਰਦੇ ਰਹੇ। ਗਿਆਨੀ ਦੇ ਪ੍ਰਸ਼ਨਾਂ ਵਿਚ ਸੰਸਾਰ ਦਾ ਕਰਤਾ ਕੌਣ ਹੈ? ਵਰਗੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਵਿਚ ਸੁਆਮੀ ਜੀ ਕਈ ਵਾਰ ਗੁੱਸੇ ਵਿਚ ਆ ਜਾਂਦੇ ਸਨ। ਇਕ ਵਾਰ ਤਾਂ ਇਹ ਵੀ ਆਖ ਦਿੱਤਾ ਤੁਸੀਂ ਜਿੱਤ ਗਏ, ਸੁਆਮੀ ਜੀ ਹਾਰ ਗਏ। ਇਸ ਸਮੁੱਚੀ ਪੁਸਤਕ ਵਿਚ ਗਿਆਨੀ ਜੀ ਵਲੋਂ ਸਮੇਂ-ਸਮੇਂ ਹੋਏ 'ਸੰਬਾਦ' ਵਿਚ ਗੁਰਬਾਣੀ ਦੇ ਚਾਨਣ ਵਿਚ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ ਤੇ ਸੁਆਮੀ ਦਯਾ ਨੰਦ ਵੇਦ ਮੰਤਰਾਂ ਵਿਚੋਂ ਪ੍ਰਮਾਣ ਦਿੰਦੇ, ਅੰਤ ਗਿਆਨੀ ਜੀ ਵਲੋਂ ਕੀਤੇ ਵਿਚਾਰਾਂ ਨੂੰ ਹਾਜ਼ਰ ਵਿਦਵਾਨਾਂ ਵਲੋਂ ਪ੍ਰਵਾਨ ਕੀਤਾ ਗਿਆ। ਅਧਿਆਤਮ ਸਿੱਖਿਆ ਦੇ ਪੰਜਾਬੀਆਂ ਵਲੋਂ ਇਸ ਪੁਸਤਕ ਨੂੰ ਵਾਚ ਕੇ ਗਹਿਰ-ਗੰਭੀਰ ਪ੍ਰਸ਼ਨਾਂ ਦੇ ਜੁਆਬਾਂ ਪ੍ਰਤੀ ਸਪੱਸ਼ਟ ਰਾਏ ਮਿਲ ਸਕਦੀ ਹੈ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਗੁਰੂ ਨਾਨਕ ਬਾਣੀ ਵਿਚ ਨਾਰੀ ਰੂਪਕ
ਲੇਖਕ : ਡਾ. ਰਾਜਵੀਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 95019-59192


ਗੁਰੂ ਨਾਨਕ ਬਾਣੀ ਦਾ ਖੇਤਰ ਬਹੁਤ ਵਿਸਤ੍ਰਿਤ ਹੈ। ਇਸ ਵਿਚਲੇ ਵਿਭਿੰਨ ਵਿਸ਼ਿਆਂ ਨੂੰ ਲੇਖਕਾਂ ਤੇ ਖੋਜਕਾਰਾਂ ਵਲੋਂ ਸਮੇਂ-ਸਮੇਂ 'ਤੇ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਡਾ. ਰਾਜਵੀਰ ਕੌਰ ਇਸ ਕਿਤਾਬ ਤੋਂ ਪਹਿਲਾਂ ਵੀ ਆਲੋਚਨਾ ਦੇ ਖੇਤਰ ਵਿਚ ਆਪਣੀਆਂ ਤਿੰਨ ਕਿਤਾਬਾਂ ('ਪੰਜਾਬੀ ਨਾਵਲ ਦੇ ਅਜੋਕੇ ਸਰੋਕਾਰ', 'ਔਰਤ ਦੀ ਸੰਵੇਦਨਸ਼ੀਲਤਾ ਨੂੰ ਟੁੰਬਦਾ', 'ਨਾਰੀ ਸੰਵੇਦਨਾ : ਬਦਲਦੇ ਸੰਦਰਭ') ਰਾਹੀਂ ਦਸਤਕ ਦੇ ਚੁੱਕੀ ਹੈ। ਰੀਵਿਊ ਅਧੀਨ ਪੁਸਤਕ ਨੂੰ ਉਸ ਨੇ ਚਾਰ ਅਧਿਆਇਆਂ ਵਿਚ ਵੰਡ ਕੇ ਮੁਲਾਂਕਣ ਕੀਤਾ ਹੈ। ਪਹਿਲੇ ਦੇ ਅੰਤਰਗਤ ਰੂਪਕ ਦਾ ਸਿਧਾਂਤਕ ਪਰਿਪੇਖ (ਸਰੂਪ ਤੇ ਪਰਿਭਾਸ਼ਾ, ਨਾਰੀਵਾਦੀ ਪਰਿਪੇਖ, ਸਾਹਿਤਕ ਪਰਿਪੇਖ), ਦੂਜੇ ਵਿਚ ਮਿਥਿਹਾਸ ਅਤੇ ਨਾਨਕ ਬਾਣੀ ਵਿਚ ਪੇਸ਼ ਨਾਰੀ ਮੁਖੀ ਰੂਪਕਾਂ ਦੀ ਪ੍ਰਤੀਕਾਤਮਕ ਅਭਿਵਿਅਕਤੀ (ਭਾਰਤੀ ਇਤਿਹਾਸ ਵਿਚ ਨਾਰੀ ਦੀ ਸਥਿਤੀ, ਭਾਰਤੀ ਮਿਥਿਹਾਸ ਵਿਚ ਨਾਰੀ ਦੇ ਵਿਭਿੰਨ ਰੂਪ, ਸਿੱਖ ਇਤਿਹਾਸ ਵਿਚ ਪੇਸ਼ ਨਾਰੀ ਦਾ ਰੂਪ ਤੇ ਪ੍ਰਤੀਕਾਤਮਕਤਾ), ਤੀਜੇ ਵਿਚ ਗੁਰੂ ਨਾਨਕ ਬਾਣੀ ਵਿਚ ਨਾਰੀ ਮੁਖੀ ਰੂਪਕਾਂ ਦੀ ਸਿਰਜਣਾਤਮਿਕ ਤੇ ਵਿਭਿੰਨ ਸੰਦਰਭ (ਨਾਨਕ ਬਾਣੀ ਵਿਚ ਨਾਰੀ ਮੁਖੀ ਰੂਪਕਾਂ ਦੀ ਸਿਰਜਣਕਾਰੀ, ਮਾਨਵੀ ਰਿਸ਼ਤਿਆਂ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ, ਸਮਾਜਿਕ ਰਿਸ਼ਤਿਆਂ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ, ਪ੍ਰਕਿਰਤੀ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ, ਮਿਥਿਹਾਸ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ) ਅਤੇ ਚੌਥੇ ਵਿਚ ਗੁਰੂ ਨਾਨਕ ਬਾਣੀ ਵਿਚ ਨਾਰੀ ਮੁਖੀ ਰੂਪਕਾਂ ਦੀ ਕਾਵਿ ਸੰਚਾਰ ਯੋਜਨਾ (ਸੰਚਾਰ ਤੇ ਵਿਚਾਰਧਾਰਾ, ਕਾਵਿ ਭਾਸ਼ਾ ਦੀ ਸਿਰਜਣਾ) ਨੂੰ ਪ੍ਰਮੁੱਖਤਾ ਨਾਲ ਆਂਕਿਆ ਹੈ। ਇਸ ਤਰ੍ਹਾਂ ਲੇਖਿਕਾ ਨੇ ਗੁਰੂ ਨਾਨਕ ਬਾਣੀ ਵਿਚ ਪ੍ਰਸਤੁਤ ਹੁੰਦੇ ਵੱਖ-ਵੱਖ ਰੂਪਾਂ ਰਾਹੀਂ ਨਾਰੀ ਦੇ ਰੂਪਕ ਨੂੰ ਸਮਝਣ ਸਮਝਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਹ ਕਿਤਾਬ ਉਸ ਦੇ ਪੀ.ਐਚ.ਡੀ. ਦੇ ਖੋਜ ਪ੍ਰਬੰਧ ਦਾ ਸੋਧਿਆ ਰੂਪ ਹੈ, ਜਿਸ ਨੂੰ ਹਵਾਲੇ, ਟਿੱਪਣੀਆਂ ਤੇ ਪੁਸਤਕ ਸੂਚੀ ਸਹਿਤ ਪ੍ਰਸਤੁਤ ਕੀਤਾ ਗਿਆ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਸ਼ੇਅਰ ਮਾਰਕੀਟ
ਵਿਚੋਂ ਪੈਸੇ ਕਮਾਉਣ ਦੇ ਢੰਗ
ਲੇਖਕ : ਰਿਚਰਡ ਡੀ. ਵਾਈਕਾਫ਼
ਅਨੁਵਾਦਕ : ਸਵਰਨ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 01679233244


ਇਹ ਪੁਸਤਕ ਅਮਰੀਕੀ ਲੇਖਕ ਰਿਚਰਡ ਡੀ. ਵਾਈਕਾਫ਼ ਦੀ ਪੁਸਤਕ 8ow "o "How To Trade And Invest In Stocus And Bonds" ਦਾ ਸਵਰਨ ਵਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਲੇਖਕ ਅਮਰੀਕਨ ਸਟਾਕ ਮਾਰਕੀਟ ਨਿਵੇਸ਼ਕ ਅਤੇ 'ਵਾਲ ਸਟਰੀਟ' ਦੇ ਰਸਾਲੇ ਦਾ ਸੰਪਾਦਕ ਸੀ। ਉਹ 'ਸਟਾਕ ਮਾਰਕੀਟ' ਦਾ ਵੀ ਸੰਪਾਦਕ ਸੀ। ਲੋਕ ਰਾਤੋ-ਰਾਤ ਅਮੀਰ ਬਣਨਾ ਲੋਚਦੇ ਹਨ। ਇਸੇ ਲਈ ਉਹ ਸਟਾਕ ਐਕਸਚੇਂਜ, ਬਾਂਡਾਂ, ਸਕਿਉਰਟੀਆਂ ਆਦਿ ਵਿਚ ਅੰਨ੍ਹੇਵਾਹ ਨਿਵੇਸ਼ ਕਰਦੇ ਹਨ। ਬਹੁਤੇ ਲੋਕਾਂ ਨੂੰ ਇਸ ਧੰਦੇ ਦਾ ਕੋਈ ਗਿਆਨ ਨਹੀਂ ਹੁੰਦਾ। ਉਹ ਨਿਰੋਲ ਤੁੱਕੇਬਾਜ਼ ਹੁੰਦੇ ਹਨ। ਕਈਆਂ ਦਾ ਤੀਰ-ਤੁੱਕਾ ਲੱਗ ਵੀ ਜਾਂਦਾ ਹੈ। ਉਨ੍ਹਾਂ ਨੂੰ ਅਚਾਨਕ ਅਮੀਰ ਬਣਿਆ ਦੇਖਦੇ ਦੂਸਰੇ ਲੋਕਾਂ ਨੂੰ ਹੁਲਾਰਾ ਮਿਲਦਾ ਹੈ ਤੇ ਉਹ 'ਬਾਲਟੀਬਾਜ਼ਾਂ' ਦੇ ਚੁੰਗਲ ਵਿਚ ਫਸ ਕੇ ਆਪਣੀ ਉਮਰ ਭਰ ਦੀ ਕਮਾਈ ਡੋਬ ਕੇ, ਤਾ-ਜ਼ਿੰਦਗੀ ਕੱਖੋਂ ਹੌਲੇ ਹੋਏ ਰਹਿੰਦੇ ਹਨ। ਵਾਈਕਾਫ਼ ਨੇ ਪਹਿਲਾਂ ਖ਼ੁਦ ਸਟਾਕਾਂ 'ਚ ਨਿਵੇਸ਼ਕਾਰੀ ਦਾ ਅਨੁਭਵ ਪ੍ਰਾਪਤ ਕੀਤਾ ਤੇ ਫਿਰ ਆਪਣੇ ਰਸਾਲੇ ਰਾਹੀਂ ਹੋਰਨਾਂ ਨਿਵੇਸ਼ਾਂ ਨੂੰ ਲਾਭ ਕਮਾਉਣ ਦੇ ਗੁਰ ਅਤੇ ਢੰਗ ਤਰੀਕੇ ਦੱਸੇ। ਉਸ ਦਾ ਮਕਸਦ ਅਨਾੜੀ ਨਿਵੇਸ਼ਕਾਰਾਂ ਨੂੰ ਬਚਾਉਣਾ ਸੀ। ਨਿਵੇਸ਼ ਬਾਰੇ ਦੱਸਦਿਆਂ ਵਾਈਕਾਫ਼ ਆਖਦਾ ਹੈ ਕਿ ਪਹਿਲਾਂ ਸ਼ੇਅਰ ਅਤੇ ਸਟਾਕ ਦਾ ਰੁਝਾਨ ਪਤਾ ਹੋਣਾ ਚਾਹੀਦਾ ਹੈ। ਫਿਰ ਜ਼ੋਖ਼ਮਾਂ ਨੂੰ ਸੀਮਤ ਕਰਨ ਦਾ ਕੰਮ ਹੁੰਦਾ ਹੈ। ਉਸ ਅਨੁਸਾਰ ਪਹਿਲਾਂ ਤੋਂ ਅਨੁਮਾਨ ਮੁਨਾਫ਼ੇ ਜ਼ੋਖ਼ਮ ਵਿਚ ਪਾਈ ਰਕਮ ਨਾਲੋਂ ਘੱਟੋ-ਘੱਟ ਤਿੰਨ ਜਾਂ ਚਾਰ ਗੁਣੇ ਹੋਣੇ ਚਾਹੀਦੇ ਹਨ। ਵਿਅਕਤੀ ਨੂੰ ਮੰਡੀ ਵਿਚ ਖੁੱਲ੍ਹ ਕੇ ਵਪਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਵਪਾਰ ਸਰਗਰਮ ਸਟਾਕਾਂ ਵਿਚ ਹੋਣਾ ਚਾਹੀਦਾ ਹੈ। ਵਪਾਰ ਨੂੰ ਲਗਾਤਾਰ ਚਲਦੇ ਰੱਖਣਾ ਚਾਹੀਦਾ ਹੈ। ਵਾਈਕਾਫ਼ ਦਾ ਕਹਿਣਾ ਹੈ ਕਿ ਨਿਵੇਸ਼ ਕਰਦਿਆਂ ਮੁੱਖ ਗੱਲ ਸਮਝਦਾਰੀ ਦੀ ਹੁੰਦੀ ਹੈ। ਪਹਿਲਾਂ ਸਟਾਕ ਅਤੇ ਸ਼ੇਅਰ ਬਾਰੇ ਪੂਰੀ-ਪੂਰੀ ਜਾਣਕਾਰੀ ਹਾਸਲ ਕਰੋ ਤੇ ਫਿਰ ਸੋਚ-ਵਿਚਾਰ ਕੇ ਨਿਵੇਸ਼ ਕਰੋ ਤਦ ਹੀ ਚੰਗੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਨਿਵੇਸ਼ਕਾਰ ਇਸ ਪੁਸਤਕ ਦਾ ਚੰਗਾ ਲਾਹਾ ਲੈ ਸਕਦੇ ਹਨ। ਭਾਸ਼ਾ ਸਰਲ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਛਿਣ ਕੁ ਦਾ ਵਿੰਗ
ਲੇਖਕ : ਡਾ. ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 107
ਸੰਪਰਕ : 98151-72073


ਡਾ. ਸਰਬਜੀਤ ਕੌਰ ਸੋਹਲ ਬਹੁ-ਵਿਧਾਈ ਲੇਖਿਕਾ ਹੈ। ਉਹ ਕਵਿਤਾ, ਆਲੋਚਨਾ, ਕਹਾਣੀਆਂ ਲਿਖਦੀ ਅਤੇ ਅਨੁਵਾਦ ਦੀ ਦੁਨੀਆ 'ਚ ਵੀ ਗਹਿਰੀ ਤਾਰੀ ਲਾਉਂਦੀ ਮੁਸੱਲਸਲ ਸਾਹਿਤ ਸਿਰਜਣਾ 'ਚ ਜੁਟੀ ਰਹਿੰਦੀ ਹੈ। 'ਛਿਣ ਕੁ ਦਾ ਵਿੰਗ' ਉਸ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਸਫ਼ਰ-ਦਰ-ਸਫ਼ਰ' (2010), 'ਐਵੇਂ ਕਿਵੇਂ' (2011), 'ਗੁੰਨ੍ਹੀ ਮਿੱਟੀ' (2013), 'ਕਾਵਿ ਕੁਣਕਾ' (2015), 'ਮੁਹੱਬਤ ਗਿਰੀ' (2016), 'ਐਨੀਮੇਟਿਡ ਰਿਸ਼ਤੇ' (2018) ਅਤੇ 'ਕਿਣਕਾ ਕਿਣਕਾ ਹਿੱਸਾ' (2022) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ ਸੰਗ੍ਰਹਿ ਦੇ ਸਮਰਪਣ 'ਚ ਆਏ ਰਜਿੰਦਰ ਸੋਹਲ, ਆਲਮ, ਏਕਮ ਅਤੇ ਅਮਨਪ੍ਰੀਤ, ਸੰਸਾਰਕ ਰਿਸ਼ਤਿਆਂ ਦੇ ਵਿਭਿੰਨ ਪਾਸਾਰਾਂ, ਰੋਕਾਂ-ਟੋਕਾਂ ਅਤੇ ਸੰਭਾਵਨਾਵਾਂ ਵੱਲ ਵਿਅੰਗਾਤਮਕ ਲਹਿਜ਼ੇ 'ਚ ਇਸ ਸੰਗ੍ਰਹਿ ਵਿਚਲੀਆਂ 'ਅੱਜਕਲ੍ਹ ਕੁੜੀਆਂ' ਤੋਂ ਲੈ ਕੇ 'ਜੀਣ ਦੀ ਭੱਲ' ਤੱਕ ਦੀਆਂ 63 ਕਵਿਤਾਰਾਂ 'ਚ ਫੈਲਦੇ ਅਤੇ ਸੁੰਘੜਦੇ ਹਨ। ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦਿਆਂ ਪਾਠਕ ਆਪਣੇ-ਆਪ ਨੂੰ ਤੀਹਰੇ ਸੰਵਾਦ 'ਚ ਘਿਰਿਆ ਮਹਿਸੂਸ ਕਰੇਗਾ। ਇਹ ਸੰਵਾਦ ਪੂੰਜੀਵਾਦੀ ਵਿਵਸਥਾ ਦੇ ਅੰਤਰਗਤ ਵਿਚਰਦੇ ਮਨੁੱਖ ਦਾ ਦੁਖਾਂਤ ਹੀ ਅਨੁਭਵ ਕੀਤਾ ਜਾ ਸਕਦਾ ਹੈ। ਇਹ ਸੰਵਾਦ 'ਸਵੈ' ਨਾਲ ਅੰਦਰੂਨੀ ਅਤੇ ਬਾਹਰੀ ਹੈ। ਦੂਸਰਾ ਸੰਵਾਦ 'ਮੈਂ' ਅਤੇ 'ਤੂੰ' ਦਾ ਹੈ। ਤੀਸਰਾ ਸੰਵਾਦ ਵਿਚ-ਵਿਚਾਲੇ ਕਿਧਰੇ 'ਉਹ' ਨਾਲ ਵੀ ਹੈ, ਜੋ ਅਤੀਤ ਦੀ ਪਰਛਾਈਂ ਬਣਿਆ ਨਾਲ-ਨਾਲ ਫਿਰਦਾ। ਵਿਚਰਦਾ ਧੱਕੇ ਨਾਲ ਜ਼ਿਹਨ 'ਚ ਆ ਧਮਕਦਾ ਹੈ। ਇਹ ਵਰਤਾਰਾ ਦੁਵੱਲੇ ਮਾਨਵੀ ਸੰਬੰਧਾਂ ਦੀ ਥਾਵੇਂ ਬਹੁ-ਪਰਤੀ ਸੰਬੰਧਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਬਿਰਤਾਂਤਕ ਪਲ ਪਾਲ ਪਾਠਕ 'ਅਤੀਤ ਦੀ ਸੁਗੰਧੀਆਂ', 'ਮੁਹੱਬਤ', 'ਇਹ ਔਰਤਾਂ', 'ਉਜੜ ਜਾਓ', 'ਅਬਨੋਰਮਲ ਕੁੜੀ', 'ਰਾਤ', 'ਭਾਲ', 'ਚਾਹਤ', 'ਸਹਿਜ ਜਿਉਣ', 'ਜਗਦੇ ਬੁਝਦੇ ਅਸੀਂ', 'ਤਾਮ ਝਾਮ ਪਿਆਰ', 'ਮੈਂ ਸੌਣ ਜਾ ਰਹੀ ਹਾਂ', 'ਮੇਰੇ ਮਰਨ ਉਪਰੰਤ' ਆਦਿ ਕਵਿਤਾਵਾਂ 'ਚ ਸਹਿਜੇ ਹੀ ਅਨੁਭਵ ਕਰ ਸਕਦਾ ਹੈ। ਕੁਝ ਸਤਰਾਂ ਹਾਜ਼ਰ ਹਨ :
ਦਫ਼ਨ ਕਰ ਦੇਣੀਆਂ
ਮੇਰੀਆਂ ਯਾਦਾਂ
ਪਰ ਵੰਡ ਦੇਣੀਆਂ
ਮੇਰੀਆਂ ਕਿਤਾਬਾਂ
ਕਿ ਕਿਤਾਬਾਂ ਦੇ
ਕੋਈ ਘਰ ਨਹੀਂ ਹੁੰਦੇ
(ਪੰਨਾ : 83)
ਡਾ. ਸਰਬਜੀਤ ਕੌਰ ਸੋਹਲ ਦੀ ਕਾਵਿ-ਭਾਸ਼ਾ, ਕਾਵਿ-ਬਿੰਬਾਵਾਲੀ ਸਧਾਰਨ ਸੂਝ ਦੀ ਥਾਵੇਂ ਵਿਅੰਗ ਦੀ ਟੇਡ ਰਾਹੀਂ 'ਸਵੈ' ਨੂੰ ਪਰਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਅੰਗਰੇਜ਼ੀ ਭਾਸ਼ਾ ਦੀ ਸ਼ਬਦਾਂ ਵਰਤੋਂ ਕਰਿਔਨ ਭਾਸ਼ਾ ਦਾ ਭਰਮ ਸਿਰਜਦੀ ਹੈ। ਡਾ. ਸਾਹਿਬ ਨੂੰ ਮੁਬਾਰਕ! ਪਾਠਕਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਇਸ ਕਾਵਿ-ਸੰਗ੍ਰਹਿ ਨੂੰ ਆਪਣਾ ਭਰਪੂਰ ਸਮਰਥਨ ਦੇੇਣਗੇ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਪੁੰਨਿਆਂ
ਲੇਖਕ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 88
ਸੰਪਰਕ : sukhwinderamrit@gmail.com


ਗ਼ਜ਼ਲ ਕੇਵਲ ਵਿਚਾਰਾਂ ਦਾ ਆਦਾਨ-ਪ੍ਰਦਾਨ ਹੀ ਨਹੀਂ ਹੁੰਦੀ, ਇਹ ਤਾਂ ਅਰਥਾਂ ਦਾ ਗੁੰਝਲਦਾਰ ਪੈਟਰਨ ਹੁੰਦੀ ਹੈ। ਇਸ ਲਈ ਇਸ ਵਿਧਾ ਦਾ ਗੁੰਝਲਦਾਰ ਪੈਟਰਨ ਸਲਾਹਿਆ ਅਤੇ ਮੁਲਾਂਕਣ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਗ਼ਜ਼ਲ ਅਭਿਧਾ ਅਤੇ ਲਕਸ਼ਣਾ/ਵਿਅੰਜਨਾਂ ਅਰਥਾਂ ਦਾ ਸੁਮੇਲ ਹੁੰਦੀ ਹੈ। ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾਂ ਨੂੰ ਵੀ ਡੂੰਘਾਈ ਨਾਲ ਸਮਝਣਾ ਬਣਦਾ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਕਵਿੱਤਰੀ ਨੇ ਜ਼ਿੰਦਗੀ ਦੇ ਰਹੱਸ ਨੂੰ ਬੜੀ ਗਹਿਰਾਈ ਨਾਲ ਸਮਝਣ ਦਾ ਉਪਰਾਲਾ ਕੀਤਾ ਹੈ। ਉਹ ਪੰਜਾਂ ਤੱਤਾਂ (ਹਵਾ, ਮਿੱਟੀ (ਧਰਤੀ, ਮੇਦਨੀ), ਆਕਾਸ਼, ਅੱਗ, ਪਾਣੀ) ਆਦਿ ਦੀ ਬਿੰਬਾਵਲੀ ਦੁਆਰਾ ਵੱਖ-ਵੱਖ ਸ਼ਿਅਰਾਂ ਵਿਚ ਪ੍ਰਯੋਗ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਦਾ ਕੇਂਦਰੀ ਸੂਤਰ ਹੀ ਇਹੋ ਹੈ। ਉਹ ਲਿਖਦੀ ਹੈ:
ਅਗਨੀ, ਆਕਾਸ਼, ਮਿੱਟੀ, ਪਾਣੀ, ਹਵਾ ਹੋ ਜਾਣਾ
ਦੁਨੀਆ 'ਚ ਸਭ ਨੇ ਮਿਲਣਾ ਮਿਲ ਕੇ ਜੁਦਾ ਹੋ ਜਾਣਾ
ਮਿਟ ਜਾਣੇ ਅੰਤ ਇਕ ਦਿਨ ਸਭ ਹਰਫ਼ ਰਿਸ਼ਤਿਆਂ ਦੇ
ਇਸ ਜ਼ਿੰਦਗੀ ਨੇ ਮੁੜ ਕੇ ਕੋਰਾ ਸਫਾ ਹੋ ਜਾਣਾ।
ਉਸੇ ਹੀ ਸਰ 'ਚ ਮੁੜ ਕੇ ਰਲ ਜਾਣੀਆਂ ਇਹ ਬੂੰਦਾਂ
ਮਿਟ ਜਾਣੀ ਹੋਂਦ ਸਭ ਦੀ ਸਭ ਨੇ ਖ਼ੁਦਾ ਹੋ ਜਾਣਾ।
(ਪੰਨਾ : 85)
ਇਨ੍ਹਾਂ ਗ਼ਜ਼ਲਾਂ ਦਾ ਗਹਿਨ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਕੁਝ (ਟਾਵੀਆਂ-ਟਾਵੀਆਂ) ਗ਼ਜ਼ਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਗ਼ਜ਼ਲਾਂ ਵਿਚ ਉਪਰੋਕਤ ਪੰਜ ਤੱਤਾਂ ਦੀਆਂ ਚੋਣਵੀਂ (ਸ਼ਿਅਰਾਂ ਦੀ ਲੋੜ ਅਨੁਸਾਰ) ਬਿੰਬਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਸ਼ਾਇਰੀ ਨੂੰ ਕਵਿੱਤਰੀ ਇਬਾਦਤ ਮੰਨਦੀ ਹੈ। ਇਸੇ ਲਈ ਕਿਹਾ ਜਾ ਸਕਦਾ ਕਿ ਪੰਜਾਬੀ ਸ਼ਾਇਰੀ ਵਿਚ ਸੁਖਵਿੰਦਰ ਦਾ ਰੰਗ ਗੂੜ੍ਹਾ ਅਤੇ ਵਿਲੱਖਣ ਹੈ। ਕਿਧਰੇ-ਕਿਧਰੇ ਉਹ ਪੰਜ ਤੱਤਾਂ ਵਿਚੋਂ ਚੋਣਵੇਂ ਮਨਪਸੰਦ ਤੱਤਾਂ ਦਾ ਮਾਨਵੀਕਰਨ ਵੀ ਕਰ ਜਾਂਦੀ ਹੈ। ਆਮ ਤੌਰ 'ਤੇ ਉਸ ਦੇ ਸ਼ਿਅਰ ਮੈਂ ਵਲੋਂ ਤੂੰ ਨੂੰ ਸੰਬੋਧਨ ਹਨ। ਇਸ ਲਈ ਇਨ੍ਹਾਂ 'ਚ ਸ਼ੈਲੀ ਉੱਤਮ ਪੁਰਖ ਵਲੋਂ ਮੱਧਮ ਪੁਰਖ ਨੂੰ ਜ਼ਿਆਦਾਤਰ ਸੰਬੋਧਨ ਹੈ। 'ਮੁਹੱਬਤ ਦਾ ਜਜ਼ਬਾ' ਸੁਖਵਿੰਦਰ ਦੀ ਗ਼ਜ਼ਲ ਕਲਾ 'ਕਾਵਿ-ਪੈਰਾਡਾਇਮ' ਹੈ। ਉਸ ਦੀਆਂ ਗ਼ਜ਼ਲਾਂ ਵਿਚ 'ਰੇਤਾ' ਜ਼ਿਆਦਾ ਉਡਦਾ ਹੈ। ਸ਼ਾਇਦ ਇਹ 'ਰੇਤਾ' ਟੀ.ਐਸ. ਇਲੀਅਟ ਦੀ ਕਵਿਤਾ 'ਵੇਸਟ ਲੈਂਡ' ਦਾ ਮੈਟਾਫੁਰ ਹੋ ਸਕਦਾ ਹੈ। ਪੰਜ ਤੱਤਾਂ ਤੋਂ ਬਿਨਾਂ ਸੂਰਜ, ਚੰਨ, ਸਿਤਾਰੇ, ਸਵੇਰ, ਸ਼ਾਮ ਆਦਿ ਬਿੰਬਾਵਲੀ ਵੀ ਉਪਲਬਧ ਹੈ। ਉਸ ਦੀਆਂ ਗ਼ਜ਼ਲਾਂ ਦੇ ਬਲਦੇ ਬੋਲਾਂ ਵਿਚੋਂ ਸੇਕ ਮਾਰਦਾ ਹੈ ਪਰ ਉਸ ਦੇ ਮੱਥੇ ਦੀ ਜੋਤ ਚਾਨਣ ਕਰਦੀ ਹੈ। ਉਹ ਅੰਗਿਆਰੇ ਚੁੱਕ ਕੇ ਜ਼ਿੰਦਗੀ ਦਾ ਭਾਰ ਵੰਡਾਉਂਦੀ ਹੈ। ਉਸ ਦੇ ਕਹਿਣਾ ਹੈ ਕਿ ਜੇ ਦੀਵੇ ਬੁਝਦੇ ਨੇ, ਜ਼ਰੂਰੀ ਨਹੀਂ ਹਵਾ ਹੀ ਬੁਝਾਉਂਦੀ ਹੋਵੇ। ਇਸ ਗ਼ਜ਼ਲ ਸੰਗ੍ਰਹਿ ਵਿਚ ਉਹ ਜੀਵਨ ਦੇ ਦੁੱਖਾਂ-ਸੁੱਖਾਂ ਨਾਲ ਸੰਬੰਧ ਜੋੜਦੀ ਹੋਈ ਮਾਨਵ ਦੀ ਜਟਿਲ ਜ਼ਿੰਦਗੀ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਸਮਝਣ ਦਾ ਉਪਰਾਲਾ ਕਰਦੀ ਹੈ। ਇਤਿਹਾਸ, ਮਿਥਿਹਾਸ ਦਾ ਪ੍ਰਯੋਗ ਵੀ ਕਰਦੀ ਹੈ।
ਉਸ ਨੂੰ ਛੰਦਾਂ ਅਤੇ ਬਹਿਰਾਂ 'ਤੇ ਅਬੂਰ ਹਾਸਲ ਹੈ। ਗੱਲ ਕੀ ਸੁਖਵਿੰਦਰ ਦਾ ਸੰਪੂਰਨ ਅਸਤਿੱਤਵ ਉਸ ਦੀ ਸ਼ਾਇਰੀ ਨਾਲ ਇਕਮਿਕ ਹੈ।
ਤਾਰੇ ਵਿਛਣੇ ਸੀ ਤੇਰੇ ਕਦਮਾਂ ਵਿਚ,
ਚੰਨ ਪੁੰਨਿਆ ਦਾ ਨਾਲ ਹੋਣਾ ਸੀ।
ਮੇਰੀ ਹਸਤੀ ਦੇ ਤੰਗ ਦਾਮਨ ਤੋਂ,
ਪਰ ਨਾ ਚਾਨਣ ਸੰਭਾਲ ਹੋਣਾ ਸੀ।
(ਪੰਨਾ : 48)
ਸੁਖਵਿੰਦਰ ਦੀ ਕੋਈ ਵੀ ਗ਼ਜ਼ਲ ਲੈ ਲਵੋ, ਉਸ ਦਾ ਹਰ ਸ਼ਿਅਰ ਸੋਚਣ ਲਈ ਮਜਬੂਰ ਕਰਦਾ ਹੈ। ਸੁਰਜੀਤ ਪਾਤਰ ਨੇ ਸੁਖਵਿੰਦਰ ਦੀ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ।


-ਡਾ. ਧਰਮ ਚੰਦ ਵਾਤਿਸ਼
vatishdharamchand@gmail.com


ਅਭਿਨੰਦਨ ਗ੍ਰੰਥ
(ਅਕਾਲੀ ਫੂਲਾ ਸਿੰਘ ਸ਼ਹੀਦ)
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਬੁੱਢਾ ਦਲ, ਪੰਜਵਾਂ ਤਖ਼ਤ ਨਿਹੰਗ ਸਿੰਘਾਂ, ਪੰਜਾਬ
ਮੁੱਲ : 550 ਰੁਪਏ, ਸਫ਼ੇ 484
ਸੰਪਰਕ : 98148-98750


ਸ. ਦਿਲਜੀਤ ਸਿੰਘ ਬੇਦੀ ਦੀ ਪਰਿਪੱਕ ਸੰਪਾਦਨ-ਦ੍ਰਿਸ਼ਟੀ ਅਧੀਨ ਪ੍ਰਕਾਸ਼ਿਤ ਹੋਇਆ ਇਹ ਅਭਿਨੰਦਨ ਪੁਸਤਕ ਲੇਖਣ ਅਤੇ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਇਕ ਅਨਮੋਲ ਰਚਨਾ ਹੈ। ਪੁਸਤਕ ਦਾ ਢੁਕਵਾਂ ਸਾਈਜ਼, ਕਾਗ਼ਜ਼, ਛਪਾਈ, ਸਜਾਵਟ ਤੇ ਇਲਸਟ੍ਰੇਸ਼ਨ, ਸਮੱਗਰੀ ਦੀ ਚੋਣ ਅਤੇ ਲੇਖਕਾਂ ਦੀ ਰਚਨਾ-ਸਮਰੱਥਾ ਆਦਿਕ ਸਭ ਪਹਿਲੂਆਂ ਵੱਲ ਉਚੇਰੀ ਤਵੱਜੋ ਦੇ ਕੇ ਸ. ਬੇਦੀ ਨੇ ਇਸ ਗ੍ਰੰਥ ਨੂੰ ਇਕ ਸਾਂਭਣਯੋਗ ਸੌਗਾਤ ਬਣਾ ਦਿੱਤਾ ਹੈ। ਆਰੰਭ ਵਿਚ ਸਿੱਖ ਧਰਮ ਦੀਆਂ 14 ਪ੍ਰਮੁੱਖ ਸ਼ਖ਼ਸੀਅਤਾਂ (ਵਰਤਮਾਨ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਤੋਂ ਡਾ. ਬਲਵੀਰ ਸਿੰਘ ਪ੍ਰਧਾਨ ਗੁਰਦੁਆਰਾ ਝੀਰਾ ਸਾਹਿਬ ਬਿਦਰ ਤੱਕ) ਦੇ ਸ਼ੁੱਭ ਸੰਦੇਸ਼ ਅੰਕਿਤ ਹੋਏ ਹਨ। ਉਪਰੰਤ ਸੰਪਾਦਕੀ ਤੋਂ ਬਾਅਦ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਬਾਬਾ ਫੂਲਾ ਸਿੰਘ ਸ਼ਹੀਦ ਦੇ ਜੀਵਨ ਅਤੇ ਕੀਰਤੀ ਬਾਰੇ 42 ਲੇਖ ਹਨ ਅਤੇ ਅੰਤਿਮ ਭਾਗ ਵਿਚ ਨਿਹੰਗ ਸਿੰਘਾਂ ਦੇ ਪਿਛੋਕੜ, ਵਰਤਮਾਨ ਅਤੇ ਬੋਲਿਆਂ ਬਾਰੇ ਅੱਠ ਲੇਖ ਸੰਗ੍ਰਹਿਤ ਹਨ।
ਸ੍ਰੀ ਗੋਬਿੰਦ ਸਿੰਘ ਜੀ ਨੇ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕਰਨ ਸਮੇਂ ਬਾਬਾ ਬਿਨੋਟ ਸਿੰਘ ਨੂੰ ਆਪਣਾ ਨਿਸ਼ਾਨ ਅਤੇ ਨਗਾਰਾ ਦੇ ਕੇ ਬੁੱਢਾ ਦਲ ਦਾ ਪਹਿਲਾ ਜਥੇਦਾਰ ਥਾਪਿਆ ਸੀ। ਮਹਾਰਾਜਾ ਰਣਜੀਤ ਦਾ ਸੂਰਬੀਰ ਜਰਨੈਲ ਅਕਾਲੀ ਫੂਲਾ ਸਿੰਘ ਇਸ ਵਚਿੱਤਰ ਅਕਾਲੀ ਦਲ ਦਾ ਛੇਵਾਂ ਜਰਨੈਲ ਸੀ ਅਤੇ ਵਰਤਮਾਨ ਸਮੇਂ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਅਕਾਲੀ, ਬੁੱਢਾ ਦਲ ਦੇ 14ਵੇਂ ਮੁਖੀ ਹਨ। ਬੁੱਢਾ ਦਲ ਦਾ ਹੈੱਡ-ਕੁਆਰਟਰ ਦਮਦਮਾ ਸਾਹਿਬ ਵਿਖੇ ਹੈ ਪਰ ਉਂਝ ਇਹ 'ਚਲਦਾ ਵਹੀਰ' ਹੈ। ਇਹ ਪੂਰੇ ਵਿਸ਼ਵ ਨੂੰ ਆਪਣਾ ਘਰ ਸਮਝਦਾ ਹੈ। ਇਸ ਪੁਸਤਕ ਦੇ ਲੇਖਕ, ਪੰਜਾਬ ਦੇ ਜਾਣੇ-ਪਛਾਣੇ ਅਤੇ ਪ੍ਰਮਾਣਿਕ ਇਤਿਹਾਸਕਾਰ ਹਨ। ਉਨ੍ਹਾਂ ਨੇ ਅਕਾਲੀ ਫੂਲਾ ਸਿੰਘ ਦੇ ਹਵਾਲੇ ਨਾਲ ਬੁੱਢੇ ਦਲ ਦੀ ਪ੍ਰਮਾਣਿਕਤਾ ਅਤੇ ਪ੍ਰਾਸੰਗਿਕਤਾ ਬਾਰੇ ਬੜੀ ਵਚਨਬੱਧਤਾ ਨਾਲ ਲਿਖਿਆ ਹੈ। ਸਰਦਾਰ ਬੇਦੀ ਨੇ ਇਕ ਇਤਿਹਾਸਕਾਰ ਦੀ ਜ਼ਿੰਮੇਵਾਰੀ ਅਤੇ ਸੰਪਾਦਕ ਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ ਹੈ। ਸਮੂਹ ਪੰਜਾਬੀਆਂ ਲਈ ਇਹ ਪੁਸਤਕ ਇਕ ਅਨਮੋਲ ਤੋਹਫ਼ਾ ਹੈ। ਮੈਂ ਉਨ੍ਹਾਂ ਦੀ ਮਿਹਨਤ ਅਤੇ ਨਿਸ਼ਠਾ ਦੀ ਪ੍ਰਸੰਸਾ ਕਰਦਾ ਹਾਂ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਜ਼ਿੰਦਗੀ : ਜ਼ਿੰਦਾਦਿਲੀ
ਲੇਖਿਕਾ : ਕਮਲਜੀਤ ਕੌਰ ਬਾਂਗਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98146-00562


29 ਨਿਬੰਧਾਂ ਦੀ ਸੰਨ 2022 'ਚ ਪ੍ਰਕਾਸ਼ਿਤ ਹੋਈ ਇਸ ਪੁਸਤਕ ਨੂੰ ਲੇਖਿਕਾ ਨੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤਾ ਹੈ, ਜੋ ਉਸ ਦੇ ਆਦਰਸ਼ ਰਹੇ ਹਨ, ਜਿਨ੍ਹਾਂ ਤੋਂ ਉਹ ਪ੍ਰੇਰਨਾ ਤੇ ਅਗਵਾਈ ਲੈ ਕੇ ਅੱਗੇ ਵਧੀ ਹੈ। ਲੇਖਿਕਾ ਨੇ ਖ਼ੁਦ ਆਪਣੇ ਸਿਰੜ ਅਤੇ ਅਕੀਦੇ ਦੀ ਮਿਸਾਲ ਪੇਸ਼ ਕਰਕੇ ਆਪਣੀਆਂ ਲਿਖਤਾਂ ਦੇ ਮਾਧਿਅਮ ਰਾਹੀਂ ਔਰਤਾਂ ਨੂੰ ਆਪਣੀ ਹੋਂਦ ਦਾ ਝੰਡਾ ਬੁਲੰਦ ਕਰਨ ਦੀ ਚਰਚਾ ਛੇੜੀ ਹੈ। ਉਸ ਦੇ ਨਿਬੰਧਾਂ 'ਚ ਡੂੰਘਾਈ, ਸੰਵੇਦਨਸ਼ੀਲਤਾ, ਸਮਾਜਿਕ ਵਿਵਸਥਾ ਉੱਤੇ ਵਿਅੰਗ ਤੇ ਟਕੋਰਾਂ ਕੀਤੀਆਂ ਹਨ। ਪੁਸਤਕ ਦਾ ਸਿਰਲੇਖ ਹੀ ਪਾਠਕਾਂ 'ਚ ਊਰਜਾ, ਉਤਸ਼ਾਹ ਤੇ ਪ੍ਰੇਰਨਾ ਦਾ ਜਜ਼ਬਾ ਪੈਦਾ ਕਰਦਾ ਹੈ। ਲੇਖਿਕਾ ਦੀਆਂ ਰਚਨਾਵਾਂ ਬਰਸਾਤੀ ਨਦੀ ਨਾਲਿਆਂ ਵਾਂਗ ਨਹੀਂ, ਸਗੋਂ ਪਹਾੜਾਂ ਦੀ ਛਾਤੀ ਨੂੰ ਚੀਰਦੇ ਹੋਏ ਫੁੱਟਦੇ ਸਦੀਵੀਂ ਝਰਨਿਆਂ ਦੀ ਤਰ੍ਹਾਂ ਹਨ, ਜੋ ਕਿ ਸੁੱਕਦੇ ਤੇ ਮੁੱਕਦੇ ਨਹੀਂ ਹਨ। ਪੁਸਤਕ ਦੇ ਨਿਬੰਧ ਪਾਠਕਾਂ ਦੇ ਮਨਾਂ 'ਚ ਹੌਂਸਲਾ ਉਤਸ਼ਾਹ ਅਤੇ ਔਕੜਾਂ ਨਾਲ ਲੜਣ ਦਾ ਅਕੀਦਾ ਪੈਦਾ ਕਰਨ ਦੇ ਨਾਲ-ਨਾਲ ਨਿਰਾਸ਼ਾ 'ਚੋਂ ਨਿਕਲ ਕੇ ਆਸ ਉਮੀਦ ਨਾਲ ਜ਼ਿੰਦਗੀ ਜਿਊਣ ਦਾ ਹੋਕਾ ਦਿੰਦੇ ਹਨ। ਲੇਖਿਕਾ ਦੀਆਂ ਸਾਹਿਤਕ ਖ਼ੂਬੀਆਂ ਦਾ ਇਕ ਪੱਖ ਇਹ ਵੀ ਹੈ ਕਿ ਮੌਲਿਕ ਲਿਖਤਾਂ ਲਿਖਣ ਦੇ ਨਾਲ-ਨਾਲ ਉਹ ਆਲੋਚਨਾ, ਸੰਪਾਦਨਾ ਅਤੇ ਖੋਜ ਵਰਗੇ ਅਹਿਮ ਸਾਹਿਤਕ ਕਾਰਜਾਂ ਦੇ ਖੇਤਰ ਵਿਚ ਵੀ ਕਲਮ ਚਲਾਉਣ ਦੀ ਸਮਰੱਥਾ ਰੱਖਦੀ ਹੈ। ਉਹ ਆਪਣੇ ਨਿਬੰਧਾਂ ਰਾਹੀਂ ਪਾਠਕਾਂ ਨੂੰ ਜਿੱਥੇ ਗਿਆਨ ਵਿਗਿਆਨ ਦਾ ਖਜ਼ਾਨਾ ਮੁਹੱਈਆ ਕਰਵਾਉਂਦੀ ਹੈ ਉਥੇ ਉਹ ਆਪਣੇ ਬਾਗ਼ੀ ਸੁਰਾਂ ਰਾਹੀਂ ਉਨ੍ਹਾਂ ਨੂੰ ਹਾਕਮਾਂ ਦੀ ਆਪਹੁਦਰਾਸ਼ਾਹੀ ਤੇ ਉਨ੍ਹਾਂ ਦੇ ਜ਼ੁਲਮਾਂ ਦੇ ਵਿਰੁੱਧ ਲੜਨ ਤੇ ਖੜ੍ਹਾ ਹੋਣ ਦਾ ਹੋਕਾ ਦੇ ਰਹੀ ਹੈ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਲੇਖਿਕਾ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਸ ਦਾ ਹਰ ਨਿਬੰਧ ਜਿਥੇ ਜ਼ਮੀਨੀ ਹਕੀਕਤ ਦੀ ਬਾਤ ਪਾਉਂਦਾ ਹੈ, ਉੱਥੇ ਹਰ ਸ਼ਬਦ ਪ੍ਰੇਰਨਾਮਈ ਸੁਨੇਹੇ ਸਾਂਭੀ ਬੈਠਾ ਹੈ। ਭਾਵੇਂ ਲੇਖਿਕਾ ਦੇ ਨਿਬੰਧਾਂ ਦੀ ਇਹ ਪਹਿਲੀ ਪੁਸਤਕ ਹੈ ਪਰ ਨਿਬੰਧਾਂ ਦੀ ਪੇਸ਼ਕਾਰੀ, ਵਿਸ਼ਿਆਂ ਦੀ ਚੋਣ, ਉਸ ਨੂੰ ਪੇਸ਼ ਕਰਨ ਦੀ ਕਲਾ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਨਾਮੀ ਨਿਬੰਧਕਾਰਾਂ ਦੀ ਕਤਾਰ 'ਚ ਨਜ਼ਰ ਆਵੇਗੀ। ਉਹ ਬਹੁਤ ਹੀ ਸੌਖੇ ਸ਼ਬਦਾਂ 'ਚ ਬਹੁਤ ਹੀ ਗੰਭੀਰ ਮੁੱਦਿਆਂ 'ਤੇ ਗੱਲ ਕਰਦੀ ਵਿਖਾਈ ਦਿੰਦੀ ਹੈ।
ਇਸ ਪੁਸਤਕ ਦੇ ਪਹਿਲੇ ਨਿਬੰਧ ਵਿਚ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਵਿਚ ਜ਼ਿੰਦਗੀ ਦੀ ਸੱਚਾਈ ਨੂੰ ਬੜੀ ਬਾਰੀਕੀ ਨਾਲ ਉਕਰਿਆ ਗਿਆ ਹੈ। ਲੇਖਿਕਾ ਨੇ ਮੌਜੂਦਾ ਸਮੇਂ 'ਚ ਗ਼ਰੀਬ ਵਰਗ ਦੇ ਲੋਕਾਂ ਦੀ ਨਿਰਾਸ਼ਾ ਭਰੀ ਜ਼ਿੰਦਗੀ ਬਾਰੇ ਚਿੰਤਾ ਤੇ ਚਿੰਤਨ ਕਰਦਿਆਂ ਆਪਣਾ ਮਸ਼ਵਰਾ ਪੇਸ਼ ਕੀਤਾ ਕਿ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਲਈ ਪ੍ਰੇਰਨਾ ਕਿਵੇਂ ਦਿੱਤੀ ਜਾਵੇ। ਇਸ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੋਇਆ ਹੈ ਕਿ ਲੇਖਿਕਾ ਹਰ ਰਚਨਾ ਵਿਚ ਇਕ ਉਸਾਰੂ ਸੇਧ ਦੇਣ ਵਿਚ ਸਫਲ ਰਹੀ ਹੈ।


-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਕੋਸੇ ਬੋਲਾਂ ਦੀ ਟਕੋਰ
ਕਵੀ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਮਹਿਤਾ ਚੌਕ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-64132


ਹਥਲੀ ਪੁਸਤਕ ਗ਼ਜ਼ਲਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ। 128 ਸਫ਼ਿਆਂ ਵਿਚ ਪਹਿਲੇ ਹਿੱਸੇ ਵਿਚ 84 ਗ਼ਜ਼ਲਾਂ ਹਨ ਅਤੇ ਪਿਛਲੇ ਹਿੱਸੇ ਵਿਚ 15 ਗੀਤ ਹਨ। ਸ਼ਾਇਰ ਰਘਬੀਰ ਸਿੰਘ ਸੋਹਲ ਜਾਣਿਆ-ਪਛਾਣਿਆ ਚਿਹਰਾ ਹੈ। ਜਿੰਨਾ ਸਰਲ ਅਤੇ ਸਹਿਜ ਉਹ ਆਪ ਹੈ, ਓਨੀਆਂ ਹੀ ਉਸ ਦੀਆਂ ਕਾਵਿ ਰਚਨਾਵਾਂ ਹੁੰਦੀਆਂ ਹਨ। ਸਮਾਂ ਬੜਾ ਬੇਕਿਰਕ ਹੈ ਕਿ ਉਹ ਰਘਬੀਰ ਸਿੰਘ ਕੋਲੋਂ ਉਸ ਦੀ ਪਤਨੀ ਸ੍ਰੀਮਤੀ ਇੰਦਰਜੀਤ ਕੌਰ ਨੂੰ ਖੋਹ ਕੇ ਲੈ ਗਿਆ। ਸੋਹਲ ਉਦਾਸ ਤਾਂ ਬਹੁਤ ਹੋਇਆ, ਪ੍ਰੰਤੂ ਉਸ ਨੇ ਆਪਣੀ ਉਦਾਸੀ ਨੂੰ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਢਾਲ ਕੇ ਨਾਮਣਾ ਖੱਟਿਆ। ਉਹ ਸਾਦਗੀ ਨਾਲ ਤੇ ਸਰਲ ਭਾਸ਼ਾ ਨਾਲ ਪਾਠਕਾਂ ਦੇ ਸਨਮੁੱਖ ਹੁੰਦਾ ਹੈ ਤੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਡੰਬਨਾਵਾਂ ਨੂੰ ਮੁਖ਼ਾਤਬ ਹੁੰਦਾ ਹੈ। ਭਾਵੇਂ ਸੋਹਲ ਆਪਣੀ ਪਤਨੀ ਦੇ ਦੁੱਖ ਵਿਚ ਕਾਫ਼ੀ ਦੁਖੀ ਵੀ ਰਿਹਾ ਪਰ ਫੇਰ ਉਸ ਨੇ ਉਸ ਦੀ ਯਾਦ ਦੀ ਦਰਦ ਆਪਣੇ ਸ਼ਿਅਰਾਂ ਵਿਚ ਢਾਲਣੀ ਅਰੰਭੀ :
ਖਾਲੀ ਹੋ ਗਈਆਂ ਸਭ ਗਲੀਆਂ
ਸਭ ਖੁਸ਼ੀਆਂ ਸੀ ਤੇਰੇ ਨਾਲ
ਅਚਨਚੇਤ ਤੇਰਾ ਰੁਖਸਤ ਹੋਣਾ,
ਸੁੰਨਾ ਹੋ ਗਿਆ ਸ਼ਹਿਰ ਭਮਬੋਰ
ਪਰ ਇਸ ਦੁੱਖ ਨੂੰ ਭੁੱਲ ਕੇ ਤੇ ਜ਼ਰਾ ਪਾਸੇ ਕਰਕੇ ਉਸ ਨੇ ਸਮਾਜ ਵਿਚ ਪਏ ਵਿਗਾੜਾਂ ਨੂੰ ਵੀ ਸ਼ਬਦਾਂ ਦਾ ਜਾਮਾ ਪਹਿਨਾਇਆ :
-ਮਸਤਕ ਭਾਂਬੜ ਗਿਆਨ ਦਾ ਜਦ ਹੋ ਜਾਏ ਪ੍ਰਚੰਡ
ਦੰਭ ਅਧਰਮ ਕੁਫਰ ਦਾ, ਚਲਦਾ ਨਹੀਂ ਪਖੰਡ
-ਮੁੜ੍ਹਕੇ ਨਾਲ ਮਿੱਟੀ ਗੁੰਨ੍ਹ ਕੇ, ਰਤ ਨਾਲ ਸਿੰਜੇ ਖੇਤ
ਜਿੰਦੜੀ ਕਿਸਾਨ ਦੀ ਜਾਊਗੀ, ਮੁਫ਼ਤੋ ਮੁਫ਼ਤੀ ਹੰਢ
-ਮਜ਼੍ਹਬੀ ਜਨੂੰਨ ਨਾ ਕੱਢ ਦਏ ਕੰਨਾਂ ਵਿਚ ਦੀ ਧੂੰਅ
ਫਿਰ ਕਿਉਂ ਨਾ ਚੇਤੇ ਆਊਗੀ ਸੰਨ ਸੰਤਾਲੀ ਦੀ ਵੰਡ
ਉਹ ਆਪਣੀਆਂ ਕਾਵਿ ਰਚਨਾਵਾਂ ਨੂੰ ਹੋਰ ਸੁੰਦਰ ਤੇ ਸਹਿਜਤਾ ਵਿਚ ਢਾਲਣ ਦੇ ਆਹਰ ਵਿਚ ਹੈ :
-ਚੰਗੀ ਗ਼ਜ਼ਲ ਲਿਖਣ ਦੀ ਕੋਸ਼ਿਸ਼,
ਸੋਹਲ ਨਿਰੰਤਰ ਜਾਰੀ ਹੈ
ਸ਼ਾਇਰ ਦੇ ਨਾਲ ਇਸ਼ਕ ਦਾ ਬੂਟਾ ਹੌਲੀ ਹੌਲੀ ਪਰ ਫੁੱਲੇਗਾ
-ਕਰ ਅਕਲ ਨਾਲ ਸੋਹਲ ਵਿਅੰਗਬਾਜ਼ੀ
ਕਿਤੇ ਤੇਰੀ ਵੀ ਅੱਜ ਨਾ ਭੰਡ ਪੈ ਜਾਏ।
ਸੋਹਲ ਦੇ ਗੀਤ ਬਹੁਤ ਮਾਰਮਿਕਤਾ ਭਰਪੂਰ ਤੇ ਦਿਲ ਨੂੰ ਟੁੰਬਣ ਵਾਲੇ ਹਨ। ਉਹ ਨੌਜਵਾਨਾਂ ਨੂੰ ਕਾਵਿਕ ਮੱਤ ਦਿੰਦਾ ਹੈ :
ਦੇਸ਼ ਮੇਰੇ ਦੇ ਗੱਭਰੂ ਮੁੰਡਿਓ
ਕਿਤੇ ਨਸ਼ਿਆਂ 'ਤੇ ਲਗ ਜਾਇਓ ਨਾ
ਤੁਸੀਂ ਨਸ਼ਿਆਂ ਦੇ ਆਦੀ ਹੋ ਕੇ
ਜਿੰਦ ਅਜਾਬ 'ਚ ਪਾ ਦਿਓ ਨਾ
ਸੋਹਲ ਵਿਚਾਰਾਂ-ਵਿਸ਼ਿਆਂ ਪੱਖੋਂ ਵੀ ਅਤੇ ਰੂਪਕ-ਤਕਨੀਕ ਪੱਖੋਂ ਪੂਰਾ ਸੂਰਾ ਹੈ। ਸਮੇਂ ਨਾਲ ਉਹ ਗ਼ਜ਼ਲਾਂ ਤੇ ਗੀਤਾਂ ਦੀ ਬਣਤਰ ਵਿਚ ਉਸਤਾਦੀ ਰੰਗ ਪ੍ਰਾਪਤ ਕਰ ਗਿਆ ਹੈ। ਉਸ ਦੇ ਹਰ ਸ਼ਿਅਰ ਤੇ ਹਰ ਗੀਤ ਵਿਚ ਸਿੱਖਿਆਦਾਇਕ ਮੁਹਾਵਰਾ ਹੈ। ਮੈਂ ਇਸ ਸਾਦਗੀ ਭਰਪੂਰ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਹਥਲੀ ਪੁਸਤਕ ਨੂੰ ਜੀ ਆਇਆਂ ਕਹਿਣ ਵਿਚ ਖੁਸ਼ੀ ਪ੍ਰਤੀਤਦਾ ਹਾਂ।


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਅਸਫਲ ਸਕੂਲ
ਲੇਖਕ : ਜਾਨ ਹੋਲਟ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250, ਸਫ਼ੇ : 183
ਸੰਪਰਕ : 98153-17028


'ਅਸਫਲ ਸਕੂਲ' ਵਿਦੇਸ਼ੀ ਲੇਖਕ ਜਾਨ ਹੋਲਟ ਦੀ ਸਿੱਖਿਆ ਪ੍ਰਬੰਧ 'ਤੇ ਲਿਖੀ ਗਈ ਪੁਸਤਕ ਦਾ ਬਲਬੀਰ ਲੌਂਗੋਵਾਲ ਵਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਇਸ ਵਿਚ ਜਾਨ ਹੋਲਟ ਵਲੋਂ ਸਮੇਂ-ਸਮੇਂ 'ਤੇ ਸਕੂਲੀ ਸਿੱਖਿਆ ਨੂੰ ਲੈ ਕੇ ਲਿਖੇ ਗਏ ਛੋਟੇ-ਵੱਡੇ ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਨ ਹੋਲਟ ਮੰਨਿਆ-ਪ੍ਰਮੰਨਿਆ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ ਬਾਲ ਮਨੋਵਿਗਿਆਨ ਦਾ ਵੀ ਮਾਹਿਰ ਲੇਖਕ ਹੈ। ਸਤਾਰਾਂ ਅਧਿਆਇ ਵਿਚ ਵੰਡੀ ਗਈ ਇਸ ਪੁਸਤਕ ਵਿਚ ਅਸਲੀ ਸਿੱਖਿਆ ਦੇ ਅਰਥ, ਸਕੂਲ ਬੱਚਿਆਂ ਲਈ ਖ਼ਰਾਬ ਜਗ੍ਹਾ ਹੈ ਸਕੂਲ, ਨੰਬਰਾਂ ਦੀ ਚੂਹਾ ਦੌੜ, ਅਧਿਆਪਕਾਂ ਦੀ ਬੌਲਣ ਦੀ ਪ੍ਰਵਿਰਤੀ, ਪ੍ਰੀਖਿਆ ਦਾ ਭੈਅ, ਸਿੱਖਿਆ ਦੇ ਰਵਾਇਤੀ ਅਰਥ ਅਤੇ ਨਿਯਮਾਂ ਦਾ ਪਛੜੇਵਾਂ, ਬੱਚਿਆਂ ਵਿਚ ਪੜ੍ਹਣ ਪ੍ਰਤੀ ਨਫ਼ਰਤ ਪੈਦਾ ਕਰਨਾ, ਸਕੂਲਾਂ ਦਾ ਪ੍ਰਬੰਧ ਅਤੇ ਕੁਪ੍ਰਬੰਧ, ਅਸੰਭਵ ਪੜ੍ਹਾਈ ਨੂੰ ਪੜ੍ਹਾਉਣਾ, ਭਵਿੱਖ ਲਈ ਸਿੱਖਿਆ, ਬਲੈਕਬੋਰਡ ਦੀ ਗੜਬੜ, ਜੇਲ੍ਹ ਵਿਚ ਬੱਚੇ, ਗੰਭੀਰ ਸਮੱਸਿਆ ਦਾ ਮਜਾਕੀਆ ਸੱਚ, ਭਾਸ਼ਣ, ਪੱਤਰ ਉੱਤੇ ਹਵਾਲਾ ਕਿਤਾਬਾਂ ਰਾਹੀਂ ਲੇਖਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਉਦੋਂ ਹੀ ਸਭ ਤੋਂ ਚੰਗਾ ਸਿੱਖਦੇ ਹਨ ਜਦ ਉਹ ਖ਼ੁਦ ਕਿਸੇ ਚੀਜ਼ ਨੂੰ ਸਿੱਖਣਾ ਚਾਹੁੰਦੇ ਹਨ। ਉਹ ਕਿਸੇ ਦੇ ਕਹਿਣ 'ਤੇ ਨਹੀਂ ਸਗੋਂ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਸਿੱਖਦੇ ਹਨ। ਲੇਖਕ ਨੂੰ ਸਿੱਖਣ ਦੀ ਪ੍ਰਕ੍ਰਿਆ ਦੌਰਾਨ ਟੈਸਟਾਂ, ਪ੍ਰੀਖਿਆਵਾਂ ਤੇ ਅੰਕਾਂ ਦੀ ਕੋਈ ਲਾਹੇਵੰਦ ਭੂਮਿਕਾ ਵਿਖਾਈ ਨਹੀਂ ਦਿੰਦੀ। ਉਹ ਇਨ੍ਹਾਂ ਸਭ ਨੂੰ ਸਿੱਖਣ ਦੀ ਪ੍ਰਕਿਰਿਆ ਵਿਚ ਰੁਕਾਵਟ ਮੰਨਦਾ ਹੈ। ਲੇਖਕ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਬੱਚਿਆਂ ਨੂੰ ਬਿਲਕੁਲ ਵੀ ਨਾ ਪੜ੍ਹਾਇਆ ਜਾਵੇ, ਉਹ ਆਪ ਹੀ ਬਿਹਤਰ ਰੂਪ ਵਿਚ ਸੁਹਜਤਾ ਨਾਲ ਪੜ੍ਹਣਾ ਸਿੱਖ ਜਾਣਗੇ। ਸਾਨੂੰ ਸਕੂਲਾਂ ਵਿਚ ਲਗਾਤਾਰ ਉਨ੍ਹਾਂ ਲੋਕਾਂ ਨੂੰ ਬੁਲਾਉਣਾ ਚਾਹੀਦਾ ਹੈ ਜਿਹੜੇ ਅਧਿਆਪਕ ਨਾ ਹੋਣ। ਸਿਰਫ ਬੱਚਿਆਂ ਦੀ ਸਿੱਖਿਆ ਦੀ ਚਿੰਤਾ ਕਰਨ ਵਾਲੇ ਲੋਕਾਂ ਨਾਲ ਬੱਚਿਆਂ ਦਾ ਕੋਈ ਭਲਾ ਨਹੀਂ ਹੋਣ ਵਾਲਾ। ਬੱਚਿਆਂ ਨੂੰ ਆਪਣਾ ਗਿਆਨ ਵਧਾਉਣ ਲਈ ਸਕੂਲੋਂ ਬਾਹਰਲੇ ਸਾਧਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਲੇਖਕ ਅਨੁਸਾਰ ਅਸੀਂ ਸਿੱਖਿਆ ਰਾਹੀਂ ਉਨ੍ਹਾਂ ਦੇ ਵਿਕਾਸ ਵਿਚ ਇਕ ਵੱਡਾ ਰੋੜਾ ਖੜ੍ਹਾ ਕੀਤਾ ਹੋਇਆ ਹੈ। ਸਾਨੂੰ ਹਰੇਕ ਬੱਚੇ ਅਤੇ ਉਸ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਲਾਹੇਵੰਦ ਸਮਾਜਿਕ ਕਾਰਜ ਦੇ ਰਾਹ ਵਿਚਲੀਆਂ ਸਾਰੀਆਂ ਰੋਕਾਂ ਨੂੰ ਹਟਾ ਦੇਣਾ ਚਾਹੀਦਾ ਹੈ। ਅਸੀਂ ਜੋ ਵੀ ਕਹਿੰਦੇ ਹਾਂ, ਉਸ ਰਾਹੀਂ ਅਸੀਂ ਸਿੱਖਣ ਅਤੇ ਜਿਊਣ ਨੂੰ ਵੱਖ ਕਰ ਦਿੰਦੇ ਹਾਂ। ਜਦੋਂ ਕਿ ਸਾਨੂੰ ਉਨ੍ਹਾਂ ਨੂੰ ਜੋੜਣ ਦਾ ਯਤਨ ਕਰਨਾ ਚਾਹੀਦਾ ਹੈ। ਬਿਨਾਂ ਸ਼ੱਕ ਜਾਨ ਹੋਲਟ ਨੇ ਅਸਫ਼ਲ ਸਕੂਲ ਰਾਹੀਂ ਸਕੂਲਾਂ ਦੇ ਵਾਤਾਵਰਨ 'ਤੇ ਬਹੁਤ ਹੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਇਨ੍ਹਾਂ 'ਤੇ ਓਨੀ ਹੀ ਗੰਭੀਰ ਤੇ ਵਿਸਥਾਰਤ ਚਰਚਾ ਹੋਣੀ ਵੀ ਲਾਜ਼ਮੀ ਹੈ, ਅਸੀਂ ਬੱਚੇ ਤੇ ਅਨੁਸ਼ਾਸਨ ਅਤੇ ਨੈਤਿਕਤਾ ਦੇ ਨਾਂਅ 'ਤੇ ਏਨਾ ਕੁਝ ਨਹੀਂ ਥੋਪ ਸਕਦੇ ਜਿਹੜਾ ਉਸ ਦੀ ਅਗਲੇਰੀ ਜ਼ਿੰਦਗੀ ਲਈ ਸਮੱਸਿਆ ਖੜ੍ਹੀ ਕਰ ਦੇਵੇ। ਇਹ ਹੋ ਵੀ ਰਿਹਾ ਹੈ। ਸਾਡੇ ਸਕੂਲਾਂ ਵਿਚ ਬੱਚਿਆਂ ਦੇ ਮਨਾਂ 'ਚ ਜਿਹੜੇ ਆਦਰਸ਼ ਤੁੰਨੇ ਜਾ ਰਹੇ ਹਨ, ਜਿਹੜੀਆਂ ਮਨੁੱਖੀ ਕਦਰਾਂ-ਕੀਮਤਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ, ਜਦੋਂ ਉਹ ਵਿਦਿਆਰਥੀ ਸਕੂਲੀ ਤੇ ਕਾਲਜੀ ਜ਼ਿੰਦਗੀ ਤੋਂ ਬਾਹਰ ਆਉਂਦਾ ਹੈ, ਉਸ ਨੂੰ ਪਹਿਲੋਂ ਪੜ੍ਹਿਆ-ਸੁਣਿਆ-ਸਿੱਖਿਆ ਰਟਿਆ ਕੁਝ ਵੀ ਤਾਂ ਨਜ਼ਰ ਨਹੀਂ ਆਉਂਦਾ। ਉਹ ਕੁੰਠਿਤ ਹੁੰਦਾ ਹੈ ਤੇ ਫਿਰ ਆਪਣੇ-ਆਪ ਨੂੰ ਉਸ ਮਾਹੌਲ ਅਤੇ ਕਦਰਾਂ-ਕੀਮਤਾ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਲੇਖਕ ਦੇ ਉਪਰੋਕਤ ਵਿਚਾਰ ਭਾਰਤ ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਤੇ ਰਹਿਤਲ-ਬਹਿਤਲ ਲਈ ਕਿੰਨੇ ਲਾਹੇਵੰਦ ਸਾਬਿਤ ਹੋਣਗੇ, ਇਹ ਤਾਂ ਵਿਦਵਾਨ ਪਾਠਕ ਹੀ ਤੈਅ ਕਰ ਸਕਣਗੇ। ਇਹ ਪੁਸਤਕ ਸਿੱਖਿਆ ਪ੍ਰਬੰਧ ਬਾਰੇ ਸੋਚਣ ਲਈ ਮਜਬੂਰ ਜ਼ਰੂਰ ਕਰਦੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਚੁੱਪ ਦਾ ਮਰਮ ਪਛਾਣੀਏ
ਲੇਖਕ : ਮਲਵਿੰਦਰ
ਪ੍ਰਕਾਸ਼ਕ : ਕੈਫੇ ਵਰਲਡ ਜਲੰਧਰ
ਮੁੱਲ : 220 ਰੁਪਏ, ਸਫ਼ੇ : 135
ਸੰਪਰਕ : 97795-91344


ਮਲਵਿੰਦਰ ਸੰਵੇਦਨਸ਼ੀਲ ਤੇ ਜ਼ਹੀਨ ਸ਼ਾਇਰ ਹੈ, ਜਿਸ ਦੀ ਕਾਵਿ-ਕਲਾ ਨੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਲਵਿੰਦਰ ਨੇ ਅੱਠ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ ਹਨ। ਉਸ ਦੀ ਪਲੇਠੀ ਵਾਰਤਕ ਪੁਸਤਕ 'ਚੁੱਪ ਦਾ ਮਰਮ ਪਛਾਣੀਏ' ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ। ਸਵੈ ਤੇ ਸਮਾਜ ਦੇ ਸਰੋਕਾਰ ਅਧੀਨ 23 ਲੇਖ ਅਤੇ ਪਰਵਾਸ ਦੇ ਸਰੋਕਾਰ ਅਧੀਨ 11 ਲੇਖ ਦਰਜ ਹਨ। ਇਸ ਵਾਰਤਕ ਪੁਸਤਕ ਵਿਚ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਸੱੱਭਿਆਚਾਰਕ, ਵਿਗਿਆਨਕ, ਇਤਿਹਾਸਕ, ਮਨੋ-ਵਿਗਿਆਨਕ ਸਰੋਕਾਰ ਦ੍ਰਿਸ਼ਟੀ-ਗੋਚਰ ਹੁੰਦੇ ਹਨ। ਮਲਵਿੰਦਰ ਦੇ ਜੀਵਨ ਤਜਰਬੇ ਤੇ ਵਿਚਾਰਧਾਰਾ ਲੇਖਾਂ ਵਿਚਲੀ ਵਿਚਾਰ ਜੁਗਤ ਤੋਂ ਉਜਾਗਰ ਹੁੰਦੇ ਹਨ। ਵਿਚਾਰ ਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਹੋਂਦ ਦਾ ਸਵਾਲ, ਸੁਚੱਜ, ਸਿੱਖਿਅਤ ਭਾਸ਼ਾ ਅਤੇ ਸਾਹਿਤ, ਸੰਜਮ ਅਤੇ ਸੁਹਜ, ਵੱਖਰੀ ਤਰ੍ਹਾਂ ਸੋਚਣ ਦੀ ਲੋੜ, ਭੀੜ, ਕਵੀ ਅਤੇ ਭਾਸ਼ਾ ਲੇਖਾਂ ਤੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਪੁਸਤਕ ਦੇ ਲੇਖ ਚੁੱਪ ਦੀਆਂ ਤਹਿਆਂ ਖੋਲ੍ਹਣ ਤੇ ਫਰੋਲਣ ਲਈ ਸ਼ਲਾਘਾਯੋਗ ਕਾਰਜ ਕਰਦੇ ਹਨ। ਲੇਖ 'ਸਿੱਖਿਆ ਭਾਸ਼ਾ ਅਤੇ ਸਾਹਿਤ' ਵਿਚਲੀ ਸਟੀਕ ਟਿੱਪਣੀਆਂ 'ਕਿਤਾਬਾਂ ਪਿਆਰ ਕਰਨਾ ਸਿਖਾਉਂਦੀਆਂ ਹਨ। ਇਹ ਕੁਕਨਸ ਵਾਂਗ ਆਪਣੀ ਰਾਖ ਵਿਚੋਂ ਮੁੜ ਜਨਮ ਲੈਣ ਦਾ ਵਲ ਦੱਸਦੀਆਂ ਹਨ...।'
ਲੇਖ 'ਨਾਗ ਦੇ ਸਾਏ ਦਾ ਨਾਗਵਲ' ਵਿਚ ਵਾਰਤਾਕਾਰ ਵਜੋਂ ਵਹਿਮ-ਭਰਮ ਦਾ ਵਿਰੋਧ ਕਰਦੇ ਹੋਏ ਤਰਕਸ਼ੀਲ ਸੁਸਾਇਟੀ ਦੇ ਮੁਖੀ ਨੂੰ ਸਕੂਲ ਵਿਚ ਸੱਦ ਕੇ ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਆਪਨਾਉਣ ਵੱਲ ਮੋੜਿਆ ਗਿਆ। ਤੱਥਕ ਦ੍ਰਿਸ਼ਟੀਕੋਣ ਮਨੁੱਖ ਲਈ ਬਹੁਤ ਜ਼ਰੂਰੀ ਹੈ। ਲੇਖ ਕਵਿਤਾ ਤੇ ਸਵੈ-ਸੰਵਾਦ, ਵੱਖਰੀ ਤਰ੍ਹਾਂ ਸੋਚਣ ਦੀ ਲੋੜ, ਭੀੜ, ਹੋਂਦ ਦਾ ਸਵਾਲ ਵਿਚ ਜੀਵਨ ਹਯਾਤੀ ਦੇ ਨਿਸ਼ਾਨੇ, ਮੰਤਵ, ਸੰਜਮਤਾ, ਨਿਰਮਲਤਾ ਤੇ ਨਿਰਮਾਣਤਾ, ਚਰਿੱਤਰ ਉਸਾਰੀ ਦੀ ਜੁਗਤ, ਵਿਵਹਾਰਕਤਾ ਦਾ ਪ੍ਰਵਚਨ, ਸੁਹਜ-ਸਵਾਦ ਆਦਿ ਉੱਤੇ ਕੇਂਦਰਿਤ ਕੀਤਾ ਗਿਆ ਹੈ, ਜਿਸ ਸਦਕਾ ਮਨੁੱਖ ਦੇ ਨਵੀਨ ਦ੍ਰਿਸ਼ਟੀਕੋਣ ਦੀ ਉਸਾਰੀ ਹੁੰਦੀ ਹੈ। ਲੇਖ 'ਕਵੀ ਤੇ ਭਾਸ਼ਾ' ਵਿਚ ਭਾਸ਼ਾ ਦੇ ਡਿਜੀਟਲ ਰੂਪ ਉੱਤੇ ਕੇਂਦਰਿਤ ਕੀਤਾ ਹੈ ਤਾਂ ਜੋ ਵਰਤਮਾਨ ਪ੍ਰਸਥਿਤੀਆਂ ਵਿਚ ਭਾਸ਼ਾ ਦੇ ਸੰਚਾਰ ਲਈ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
ਮਲਵਿੰਦਰ ਦਾ ਲੇਖ 'ਕਿਛੁ ਸੁਣੀਐ ਕਿਛੁ ਕਹੀਐ' ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਉੱਪਰ ਕੇੇਂਦਰਿਤ ਹੈ। ਗੁਰੂ ਸਾਹਿਬ ਦੇ ਸਿਧਾਂਤ ਤੋਂ ਪ੍ਰੇਰਨਾ ਲਈ ਹੈ। ਵਿਚਾਰਾਂ ਦਾ ਆਦਾਨ-ਪ੍ਰਦਾਨ ਜੀਵਨ ਹਯਾਤੀ ਲਈ ਨਵੀਨ ਰਾਹ ਖੋਲ੍ਹਦਾ ਹੈ। ਲੇਖ 'ਹੋਂਦ ਦਾ ਸਵਾਲ' ਵਿਚ ਸਵੈ-ਪਹਿਚਾਣ, ਸਵੈ-ਹੋਂਦ ਤੇ ਸਵੈ-ਮਾਣ ਉੱਪਰ ਫੋਕਸ ਕੀਤਾ ਗਿਆ ਹੈ। ਮਲਵਿੰਦਰ ਦੇ ਲੇਖਾਂ ਦੀ ਕਲਾਤਮਕਤਾ ਇਹ ਹੈ ਕਿ ਉਸ ਦੀ ਵਾਕ ਬਣਤਰ ਚੁਸਤ, ਮੁਹਾਵਰੇਦਾਰ, ਸੰਜਮਤਾ, ਸਾਦਗੀ, ਸਪੱਸ਼ਟਤਾ ਤੇ ਰਹੱਸਮਈ ਅਨੁਭਵ ਵਾਲੀ ਹੈ। ਲੇਖਾਂ ਵਿਚਲੇ ਵਿਚਾਰ ਪੁਖ਼ਤਗੀ ਦੇ ਲਖਾਇਕ ਹਨ। ਮਲਵਿੰਦਰ ਦੇ ਲੇਖ ਸੰਗ੍ਰਹਿ 'ਚੁੱਪ ਦਾ ਮਰਮ ਪਛਾਣੀਏ' ਨੂੰ ਚਿੰਤਕ ਤੇ ਪਾਠਕ ਜ਼ਰੂਰ ਵਾਚਣਗੇ।


-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810


ਆਖ਼ਰੀ ਮੁਸਕਾਨ
ਕਹਾਣੀਕਾਰ : ਪਰਸ਼ੋਤਮ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 94172-01704


ਪਰਸ਼ੋਤਮ ਧਾਲੀਵਾਲ ਦਾ ਕਹਾਣੀ ਸੰਗ੍ਰਹਿ 'ਆਖ਼ਰੀ ਮੁਸਕਾਨ' ਨੂੰ ਪੜ੍ਹਦਿਆਂ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਇਹ ਕਹਾਣੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ ਪਰ ਨਾਲ ਦੀ ਨਾਲ ਮਨੁੱਖੀ ਮਾਨਸਿਕਤਾ ਦੀ ਤਹਿ ਥੱਲੇ ਛੁਪੀ ਲਾਲਚੀ ਬਿਰਤੀ ਨੂੰ ਵੀ ਪੇਸ਼ ਕਰਦੀਆਂ ਹਨ। ਜਿਵੇਂ ਇਸ ਸੰਗ੍ਰਹਿ ਵਿਚਲੀ ਪਹਿਲੀ ਕਹਾਣੀ 'ਆਖ਼ਰੀ ਮੁਸਕਾਨ' ਵਿਚ ਹੀ ਸੜਕ ਕਿਨਾਰੇ ਡਿੱਗੇ ਵਿਅਕਤੀ ਦੀ ਕਹਾਣੀ ਅਤੇ ਵਸੀਅਤ ਵਿਚ ਸੋਨੇ ਦੀ ਖਾਣ ਦਾ ਵੇਰਵਾ ਸ਼ਹਿਰ ਦੇ ਲੋਕਾਂ ਦਾ ਰਵੱਈਆ ਹੀ ਬਦਲ ਕੇ ਰੱਖ ਦਿੰਦਾ ਹੈ। ਇਸੇ ਤਰ੍ਹਾਂ ਕਲਾਕਾਰੀ ਨੂੰ ਜੇਕਰ ਸਹੀ ਦਿਸ਼ਾ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗਾ ਹੋ ਨਿੱਬੜਦੀ ਹੈ, ਜੋ ਸੰਗ੍ਰਹਿ ਵਿਚਲੀ ਕਹਾਣੀ 'ਦੋ ਅਜਨਬੀ' ਵਿਚੋਂ ਪੇਸ਼ ਕੀਤਾ ਗਿਆ ਹੈ। ਇਥੇ ਵੀ ਮਾਨਵੀ ਧਰਾਤਲ ਪਾਤਰਾਂ ਦੇ ਰਵੱਈਏ ਤੋਂ ਉਜਾਗਰ ਹੋ ਜਾਂਦਾ ਹੈ। ਇਸ ਕਹਾਣੀ-ਸੰਗ੍ਰਹਿ ਵਿਚਲੀ ਕਹਾਣੀ, ਜਿਥੇ ਦਾਰਸ਼ਨਿਕ 'ਸੁਕਰਾਤ' ਦੀ ਸੰਵਾਦੀ ਸੁਰ ਵੱਲ ਇਸ਼ਾਰਾ ਕਰਦੀ ਕਹਾਣੀ ਹੈ, ਉਥੇ 'ਕਿਸਮਤ ਦਾ ਖੇਲ' ਕਹਾਣੀ ਆਪਸੀ ਸਾਂਝ ਨੂੰ ਅਤੇ ਮੇਲ ਵਿਛੋੜੇ ਦੀ ਸਥਿਤੀ ਨੂੰ ਪੇਸ਼ ਕਰਦੀ ਹੈ। 'ਜੱਜ ਸਾਹਿਬ ਦਾ ਆਖ਼ਰੀ ਫ਼ੈਸਲਾ' ਜਿਥੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਪੇਸ਼ ਕਰਦੀ ਕਹਾਣੀ ਹੈ, ਉਥੇ 'ਅੰਤ ਬੁਰੇ ਦਾ ਬੁਰਾ' ਵਾਲੀ ਕਹਾਵਤ ਨੂੰ ਸਿੱਧ ਕਰਦੀ ਹੈ। 'ਕੇਸੂ ਦੇ ਫੁੱਲ' ਕਹਾਣੀ ਮੁਹੱਬਤੀ ਪਲਾਂ ਦੀ ਦਾਸਤਾਨ ਅਤੇ ਇਨਸਾਨੀ ਜਜ਼ਬੇ ਨੂੰ ਪੇਸ਼ ਕਰਦੀ ਕਹਾਣੀ ਹੈ। 'ਵਕਤ ਦੇ ਗ਼ੁਲਾਮ' ਕਹਾਣੀ ਵੀ ਇਸੇ ਹੀ ਤਰਜ਼ ਦੀ ਕਹਾਣੀ ਹੈ ਜਿਥੇ ਵਫ਼ਾ ਅਤੇ ਬੇਵਫ਼ਾਈ ਬਰਾਬਰ ਨਿਭਦੀਆਂ ਜਾਪਦੀਆਂ ਹਨ। 'ਬਾਜ਼ੀ' ਕਹਾਣੀ ਵੀ ਇਸ ਕਹਾਣੀ-ਸੰਗ੍ਰਹਿ ਵਿਚ ਵੱਖਰੇ ਬਿਰਤਾਂਤ ਨੂੰ ਸਿਰਜਦੀ ਹੈ ਜਿੱਥੇ ਅਨੈਤਿਕ ਰਿਸ਼ਤਿਆਂ ਦੀ ਸਥਿਤੀ ਪੇਸ਼ ਹੋਈ ਹੈ। 'ਬਲੀ ਦਾ ਬੱਕਰਾ' ਕਹਾਣੀ ਵਿਚ ਜਿਥੇ ਸਧਾਰਨ ਲੋਕਾਂ ਦੇ ਵਹਿਮਾਂ-ਭਰਮਾਂ ਨੂੰ ਦਰਸਾਇਆ ਗਿਆ, ਉਥੇ ਜਾਨਵਰਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਣ ਵਾਲੇ ਮਨੁੱਖ ਸੰਤੂ ਦੀ ਮਾੜੀ ਹਾਲਤ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। 'ਬਾਜ਼ ਦਾ ਹੰਝੂ' ਕਹਾਣੀ ਕੋਮਲ ਕਲਾਵਾਂ ਅਤੇ ਮਨੁੱਖੀ ਜੀਵਨ ਵਿਚ ਇਸ ਦੀ ਅਹਿਮੀਅਤ ਦਾ ਜ਼ਿਕਰ ਛੇੜਦਿਆਂ ਕੁਦਰਤ ਨਾਲ ਇਨ੍ਹਾਂ ਦੇ ਸੁਮੇਲ ਬਾਰੇ ਬਿਰਤਾਂਤ ਸਿਰਜਿਆ ਹੈ। 'ਲਕੀਰਾਂ ਦੀ ਜੰਗ' ਕਹਾਣੀ ਵਿਚ ਮਜ਼੍ਹਬੀ ਕੱਟੜਤਾ, ਇਨਸਾਨੀ ਕਦਰਾਂ-ਕੀਮਤਾਂ ਨੂੰ ਕਿਵੇਂ ਤਹਿਸ-ਨਹਿਸ ਕਰਦੀ ਹੈ, ਦੇ ਬਿਰਤਾਂਤ ਨੂੰ ਪੇਸ਼ ਕਰਦੀ ਕਹਾਣੀ ਹੈ। ਇਨ੍ਹਾਂ ਕਹਾਣੀਆਂ ਵਿਚ ਕੁਦਰਤੀ ਦ੍ਰਿਸ਼ ਦੇ ਬਿਰਤਾਂਤ ਵੀ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਆਈਨਾ ਇੰਝ ਬੋਲਿਆ

ਲੇਖਕ : ਰਾਮ ਪ੍ਰਕਾਸ਼ 'ਟੋਨੀ'
ਪ੍ਰਕਾਸ਼ਕ : ਜੋਗਿੰਦਰ ਰਾਮ ਦੁਸਾਂਝ ਪਰਿਵਾਰਕ ਯਾਦਾਂ, ਭਲਾਈ ਟਰੱਸਟ, ਦੁਸਾਂਝ ਕਲਾਂ, ਜਲੰਧਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 76963-97246


ਹਥਲਾ ਕਾਵਿ-ਸੰਗ੍ਰਹਿ 'ਆਈਨਾ ਇੰਝ ਬੋਲਿਆ' ਰਾਮ ਪ੍ਰਕਾਸ਼ 'ਟੋਨੀ' ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੁਸਤਕ 'ਆਉਣਾ ਕਿਰਤੀ ਦਾ ਰਾਜ' ਪ੍ਰਕਾਸ਼ਿਤ ਹੋ ਚੁੱਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਖੌਤੀ ਆਜ਼ਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਆਮ ਆਦਮੀ ਦੀ ਨਰਕੋਂ ਭੈੜੀ ਹਾਲਤ ਵਿਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਬਲਕਿ ਇਸ ਨਾਲ ਮੁੱਠੀ ਭਰ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀ ਖੁੱਲ੍ਹ ਜ਼ਰੂਰ ਮਿਲ ਗਈ ਹੈ:
ਕਿਰਤੀ ਦੇ ਵਿਹੜੇ ਵੀ ਫੇਰੀ ਪਾਈਂ ਨੀ ਆਜ਼ਾਦੀਏ।
ਖ਼ੁਸ਼ੀ ਖੇੜੇ ਨਿਆਮਤਾਂ ਲਿਆਈਂ ਨੀ ਆਜ਼ਾਦੀਏ।
ਲੇਖਕ ਦਾ ਲਿਖਣਾ ਹੀ ਮਹੱਤਵਪੂਰਨ ਨਹੀਂ ਹੁੰਦਾ ਬਲਕਿ ਮਹੱਤਵਪੂਰਨ ਤਾਂ ਇਹ ਹੁੰਦਾ ਹੈ ਕਿ ਉਸ ਨੇ ਲਿਖਣਾ ਕੀ ਹੈ। ਭਾਵੇਂ ਬਹੁਤ ਥੋੜ੍ਹੀ ਗਿਣਤੀ ਵਿਚ ਹੀ ਕਿਉਂ ਨਾ ਹੋਣ ਪਰ ਅਜਿਹੇ ਲੇਖਕ ਹਮੇਸ਼ਾ ਹੀ ਰਹੇ ਹਨ, ਜਿਹੜੇ ਸਰਕਾਰੀ ਮਾਨ-ਸਨਮਾਨ ਲਈ ਲਾਲਾਂ ਸੁੱਟਣ ਦੀ ਬਜਾਏ ਹੱਕ-ਸੱਚ ਦੀ ਆਵਾਜ਼ ਬਣਨ ਨੂੰ ਤਰਜੀਹ ਦਿੰਦੇ ਹਨ। ਰਾਮ ਪ੍ਰਕਾਸ਼ ਟੋਨੀ ਕਹਿੰਦੇ ਹਨ ਕਿ ਲੋਕ-ਸਰੋਕਾਰਾਂ ਨੂੰ ਪ੍ਰਣਾਈ ਅਜਿਹੀ ਕਲਿਆਣਕਾਰੀ ਕਵਿਤਾ ਹੀ ਖ਼ੂਬਸੂਰਤ ਹੁੰਦੀ ਹੈ:
ਮੈਂ ਨਹੀਂ ਡਰਾਂਗਾ, ਮੈਂ ਤਾਂ ਲੋਕੋ ਬਗ਼ਾਵਤ ਕਰਾਂਗਾ।
ਨਾ ਡਾਂਗਾਂ, ਨਾ ਤਲਵਾਰਾਂ, ਨਾ ਗੋਲੀਆਂ ਤੋਂ ਡਰਾਂਗਾ।
ਪੁਸਤਕ ਵਿਚ ਸ਼ਾਮਿਲ ਰਾਮ ਪ੍ਰਕਾਸ਼ 'ਟੋਨੀ' ਦੇ ਗੀਤਾਂ ਅਤੇ ਕਵਿਤਾਵਾਂ ਵਿਚ ਆਪਣੇ ਦੇਸ਼ ਦੀ ਮਿੱਟੀ ਦਾ ਮੋਹ ਵੀ ਹੈ ਅਤੇ ਪ੍ਰਦੇਸਾਂ ਵਿਚ ਰੁਲਦੀ ਜਵਾਨੀ ਦਾ ਦਰਦ ਵੀ। ਉਹ ਕਿਰਤੀ ਕਿਸਾਨ ਦੇ ਏਕਤਾ ਦੀ ਗੱਲ ਵੀ ਕਰਦੇ ਹਨ ਅਤੇ ਬਜ਼ੁਰਗਾਂ ਵਲੋਂ ਨਿਰਧਾਰਿਤ ਕੀਤੀ ਬੇਗਮਪੁਰੇ ਦੀ ਉਸਾਰੀ ਦੀ ਵੀ। ਜੀਵਨ ਦੇ ਹਰੇਕ ਪੱਖ ਨੂੰ ਉਨ੍ਹਾਂ ਨੇ ਬੜੀ ਸਹਿਜਤਾ ਅਤੇ ਗੰਭੀਰਤਾ ਨਾਲ ਛੋਹਣ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਵਿਚਾਰਧਾਰਕ ਪੱਖ ਦੇ ਨਾਲ-ਨਾਲ ਉਨ੍ਹਾਂ ਦੀ ਕਵਿਤਾ ਦਾ ਰੂਪਕ ਪੱਖ ਵੀ ਤਸੱਲੀਬਖ਼ਸ਼ ਹੈ। ਉਮੀਦ ਹੈ ਕਿ ਪਾਠਕ ਇਸ ਪੁਸਤਕ ਦਾ ਪੁਰਜ਼ੋਰ ਸਵਾਗਤ ਕਰਨਗੇ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

16-09-23

ਚੀ ਤੇ ਫੀਦਲ
ਲੇਖਕ : ਏਸੀ ਕਾਰਗਿਲ
ਅਨੁਵਾਦਕ : ਗੁਰਬਚਨ ਸਿੰਘ ਬਰਾੜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫ਼ੇ :79
ਸੰਪਰਕ : 99151-29747

ਸੰਨ 2023 'ਚ ਪ੍ਰਕਾਸ਼ਿਤ ਅੰਗਰੇਜ਼ੀ ਭਾਸ਼ਾ 'ਚ ਲਿਖੀ ਲੇਖਕ ਏਸੀ ਕਾਰਗਿਲ ਦੀ ਪੁਸਤਕ 'ਚੀ ਤੇ ਫੀਦਲ' ਦਾ ਅਨੁਵਾਦ ਗੁਰਬਚਨ ਸਿੰਘ ਬਰਾੜ ਵਲੋਂ ਕੀਤਾ ਗਿਆ ਹੈ। ਕਮਿਊਨਿਸਟ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਬਾਤ ਪਾਉਂਦਾ 16 ਅੰਕਾਂ 'ਚ ਵੰਡਿਆ ਇਹ ਨਾਟਕ ਪੜ੍ਹਨਯੋਗ ਤੇ ਪ੍ਰੇਰਨਾ ਯੁਕਤ ਹੈ। ਇਸ ਪੁਸਤਕ ਦੇ ਅਨੁਵਾਦ ਕਰਨ ਲਈ ਪ੍ਰੇਰਿਤ ਹੋਣ ਪਿੱਛੇ ਅਨੁਵਾਦਕ ਲੇਖਕ ਦੇ ਇਮਾਨਦਾਰ, ਸੁਹਿਰਦ, ਆਦਰਸ਼ ਅਤੇ ਪ੍ਰਤਿਬੱਧ ਅਧਿਆਪਕ ਹੋਣ ਦੇ ਨਾਲ-ਨਾਲ ਜਥੇਬੰਦਕ ਵਿਚਾਰਧਾਰਾ ਦੇ ਨਾਲ ਪ੍ਰਤੀਬੱਧਤਾ ਨਾਲ ਜੁੜੇ ਹੋਣ ਦੀ ਭਾਵਨਾ ਹੈ। ਉਹ ਆਪਣੇ ਅਧਿਆਪਨ ਸਫ਼ਰ 'ਚ ਖੱਬੇ-ਪੱਖੀ ਵਿਚਾਰਧਾਰਾ ਵਾਲੀ ਅਧਿਆਪਕ ਜਥੇਬੰਦੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਿਹਾ ਹੈ। ਖੱਬੇ-ਪੱਖੀ ਵਿਚਾਰਧਾਰਾ ਦਾ ਹੋਣ ਦੇ ਨਾਲ ਨਾਲ ਉਸ ਨੇ ਕੈਨੇਡਾ 'ਚ ਆ ਕੇ ਵੀ ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਦੇ ਧਨੀ ਇਸ ਅਨੁਵਾਦਕ ਲੇਖਕ ਦਾ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਘੇਰਾ ਲੰਬਾ ਚੌੜਾ ਹੈ। ਅਨੁਵਾਦਕ ਲੇਖਕ ਨੂੰ ਕਿਊਬਾ ਦੇ ਇਨਕਲਾਬ ਨੂੰ ਸਫਲ ਬਣਾਉਣ ਲਈ ਫ਼ੀਦਲ, ਕਾਮਤੋਰ, ਚੀ, ਗੁਊਲ ਗਵੇਰਾ, ਹਿਲਡਾ ਗੜੀਆ, ਕਮੀਲੋ ਅਤੇ ਸ਼ੈਲੀਆ ਵਲੋਂ ਨਿਭਾਈ ਭੂਮਿਕਾ ਨੇ ਕਾਫੀ ਪ੍ਰਭਾਵਿਤ ਕੀਤਾ।
ਅਮਰੀਕੀ ਸਾਮਰਾਜ ਤੇ ਉਸ ਦੀ ਖੁਫ਼ੀਆ ਏਜੰਸੀ ਸੀ.ਆਈ.ਏ. ਨੇ ਕਿਊਬਨ ਇਨਕਲਾਬ ਨੂੰ ਕੁਚਲਣ ਦੇ ਸਿਰਤੋੜ ਯਤਨ ਕੀਤੇ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਕਿਊਬਾ 'ਚ ਕੋਈ ਤਬਦੀਲੀ ਆਵੇ ਪਰ ਕਿਊਬਾ ਦੇ ਕ੍ਰਾਂਤੀਕਾਰੀ ਯੋਧਿਆਂ ਨੇ ਅਮਰੀਕਾ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ। ਅੱਜ ਵੀ ਅਮਰੀਕਾ ਤੇ ਪੱਛਮੀ ਦੇਸ਼ ਕਿਊਬਾ 'ਚ ਆਉਣ ਵਾਲੀ ਤਬਦੀਲੀ ਨੂੰ ਰੋਕਣ ਲਈ ਉਸ ਦੀ ਘੇਰਾਬੰਦੀ ਕਰੀ ਬੈਠੇ ਹਨ। ਇਕ ਛੋਟੇ ਜਿਹੇ ਦੇਸ਼ ਕਿਊਬਾ ਦਾ ਅਮਰੀਕਾ ਸਾਮਰਾਜ ਨਾਲ ਟੱਕਰ ਲੈਣਾ ਅਤੇ ਉਸ ਅੱਗੇ ਨਾ ਝੁਕਣਾ ਦੁਨੀਆ ਦੇ ਬਾਕੀ ਮੁਲਕਾਂ ਲਈ ਇਤਿਹਾਸਕ ਮਿਸਾਲ ਹੈ। ਗੁਰਬਚਨ ਸਿੰਘ ਬਰਾੜ ਵਲੋਂ ਏਸੀ ਕਾਰਗਿਲ ਦਾ ਪੜ੍ਹਨਯੋਗ ਨਾਟਕ (ਨਾਵਲ ਵਰਗਾ ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦਿਤ ਪੂਰਾ ਨਾਟਕ), ਆਪਣੇ-ਆਪ ਵਿਚ ਇਕ ਇਤਿਹਾਸਿਕ ਦਸਤਾਵੇਜ਼ ਹੈ। ਭਾਵੇਂ ਇਹ ਨਾਟਕ ਮੰਚ ਉੱਤੇ ਖੇਡਣ ਦੇ ਚੌਖਟੇ 'ਚ ਫਿੱਟ ਨਹੀਂ ਹੁੰਦਾ ਪਰ ਕਿਊਬਾ ਦੇ ਇਨਕਲਾਬ ਬਾਰੇ ਮਹਤੱਵਪੂਰਨ ਪੱਖਾਂ ਨੂੰ ਪੇਸ਼ ਕਰਨ ਪੱਖੋਂ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਕਿਊਬਨ ਇਨਕਲਾਬੀ ਯੋਧਿਆਂ ਦੀ ਸੋਚ ਦ੍ਰਿਸ਼ਟੀ ਵਿਚਾਰਧਾਰਾ ਬਾਰੇ ਯਥਾਰਥ ਜਾਣਕਾਰੀ ਪ੍ਰਾਪਤ ਹੋਣਾ ਨਾਟਕ ਦਾ ਵਿਲੱਖਣ ਪੱਖ ਹੈ। ਇਨਕਲਾਬੀ ਯੋਧਿਆਂ ਦੀ ਜ਼ਿੰਦਗੀ ਦੇ ਅਨੇਕਾਂ ਪੱਖਾਂ ਉੱਤੇ ਰੌਸ਼ਨੀ ਬਿਖੇਰਦਾ ਇਹ ਨਾਟਕ ਸਾਹਿਤਕ ਵੀ ਹੈ ਤੇ ਇਤਿਹਾਸਕ ਵੀ। ਇਸ ਨਾਟਕ ਦੇ ਪਾਤਰ ਚੀ ਅਤੇ ਫ਼ੀਦਲ ਕਾਲਪਨਿਕ ਘੱਟ, ਇਤਿਹਾਸਕ ਜ਼ਿਆਦਾ ਹਨ। ਦੁਨੀਆ ਦੇ ਦੂਜੇ ਦੇਸ਼ਾਂ ਲਈ ਚੇਤਨਤਾ ਦੀ ਰੌਸ਼ਨੀ ਜਗਾਉਂਦੇ ਇਹੋ ਜਿਹੇ ਹੋਰ ਨਾਟਕਾਂ ਦਾ ਵੀ ਅਨੁਵਾਦ ਹੋਣਾ ਚਾਹੀਦਾ ਹੈ। ਕਿਸੇ ਵੀ ਰਚਨਾ ਦਾ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਸੌਖਾ ਕੰਮ ਨਹੀਂ ਹੁੰਦਾ ਪਰ ਇਸ ਅਨੁਵਾਦਿਤ ਨਾਟਕ ਨੂੰ ਪੜ੍ਹਦਿਆਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਅਨੁਵਾਦਿਤ ਲੇਖਕ ਦੀ ਦੋਹਾਂ ਭਾਸ਼ਾਵਾਂ ਉੱਤੇ ਪੂਰੀ ਪਕੜ ਹੈ। ਉਸ ਨੇ ਘਟਨਾਵਾਂ ਅਤੇ ਪਾਤਰਾਂ ਦੇ ਚਰਿੱਤਰ ਦਾ ਚਿਤਰਣ ਕਰਦਿਆਂ ਢੁਕਵੇਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਅਨੁਵਾਦਿਤ ਲੇਖਕ ਆਪਣੇ ਉਦੇਸ਼ ਦੀ ਪੂਰਤੀ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਗਗਨ ਗੋਲਡੀ
ਲੇਖਕ : ਪੂਰਨ ਚੰਦ ਜੋਸ਼ੀ (ਡਾ.)
ਪ੍ਰਕਾਸ਼ਕ : ਖ਼ੁਦ ਲੇਖਕ
ਸਫ਼ੇ : 136, ਮੁੱਲ : 250 ਰੁਪਏ
ਸੰਪਰਕ : 98141-47405

ਡਾ. ਪੂਰਨ ਚੰਦ ਜੋਸ਼ੀ ਦੀ ਹਥਲੀ ਰੀਵਿਊ ਅਧੀਨ ਪੁਸਤਕ 13ਵੀਂ ਹੈ। ਤੇਰਾਂ ਡੰਡੇ ਚੜ੍ਹ ਕੇ ਬੰਦਾ ਮਕਾਨ (ਕੋਠੇ) 'ਤੇ ਚੜ੍ਹ ਜਾਂਦਾ ਹੈ। ਇੰਜ ਹੀ ਡਾ. ਜੋਸ਼ੀ ਦੀ ਸਾਹਿਤਕ ਸਿਰਜਣਾ ਵੱਖੋ-ਵੱਖ ਸਾਹਿਤ-ਵਿਧਾਵਾਂ ਵਿਚ ਗੌਲਣਯੋਗ ਹੈ। ਡਾ. ਜੋਸੀ ਗੂੜ-ਗਿਆਨ ਦਾ ਮਾਲਕ ਹੈ, ਜਿਸ ਨੇ ਉੱਚ ਪ੍ਰੀਖਿਆਵਾਂ ਪਾਸ ਕਰਕੇ ਪੀ.ਸੀ.ਐਸ. ਦੀ ਉਪਾਧੀ ਹਾਸਲ ਕੀਤੀ ਅਤੇ ਪੰਜਾਬ ਸਰਕਾਰ ਦੇ ਸਹਿਕਾਰੀ ਵਿਭਾਗ 'ਚੋਂ ਡਿਪਟੀ ਰਜਿਸਟਰਾਰ ਸੇਵਾ ਮੁਕਤ ਹੋਇਆ। ਉਹ ਹੱਸਦੇ-ਨੱਚਦੇ ਗਾਉਂਦੇ ਪੰਜਾਬ ਦਾ ਮੁਦਈ ਹੈ, ਇਸੇ ਕਰਕੇ ਹਥਲੀ ਪੁਸਤਕ ਗਿੱਧਾ, ਬੋਲੀਆਂ ਤੇ ਟੱਪਿਆਂ ਦੇ ਛੱਜ ਨਾਲ ਭਰੀ ਹੋਈ ਹੈ। ਸਮਾਜ ਦੇ ਹਰ ਵਿਸ਼ੇ ਨਾਲ ਸੰਬੰਧਿਤ ਰਚਨਾਵਾਂ ਬੋਲੀ ਪਾਉਂਦੀਆਂ ਹਨ। ਤੂੜੀ ਦੀ ਪੰਡ 'ਚੋਂ ਸ਼ਬਦਾਂ ਦੇ ਦਾਣੇ ਪਾਠਕਾਂ ਨੇ ਆਪਣੀ ਪਸੰਦ ਅਨੁਸਾਰ ਚੁਗਣੇ ਹਨ। ਅਜੋਕੇ ਸਮਾਜਿਕ ਵਰਤਾਰੇ ਦੇ ਹੋ ਰਹੇ ਪਲੀਤ ਬਿੰਬ ਬਾਰੇ ਉਸ ਦੀ ਫ਼ਿਕਰਮੰਦੀ ਸਲਾਹੁਣਯੋਗ ਹੈ। ਬੋਲੀਆਂ ਤੇ ਟੱਪਿਆਂ 'ਚ ਕਟਾਖਸ਼, ਵਿਅੰਗ ਤੇ ਚੋਭ ਵੀ ਹੈ ਤੇ ਬੇਬਾਕੀ ਵੀ। ਸਮੇਂ ਦੀ ਰਾਜਸੀ ਸੱਤਾ ਵੱਲ ਸਿੱਧੀ ਉਂਗਲ ਉਠਾਈ ਗਈ ਹੈ ਅਤੇ ਪੰਜਾਬੀਆਂ ਨੂੰ ਆਪਣੀ ਗ਼ੈਰਤ ਸਾਂਭਣ ਲਈ ਸੁਚੇਤ ਵੀ ਕੀਤਾ ਗਿਆ ਹੈ। ਪੰਜਾਬੀ ਲੋਕ ਸਾਹਿਤ ਵਿਚ ਬੋਲੀਆਂ ਤੇ ਟੱਪਿਆਂ ਦੀ ਲੋਕਪ੍ਰਿਅਤਾ ਮੁਢਲੇ ਸਮਿਆਂ ਤੋਂ ਹੀ ਲੋਕ ਹਿਰਦਿਆਂ ਵਿਚ ਵਸੀ ਹੋਈ ਹੈ। ਇਹ ਵੰਨਗੀਆਂ ਦਿਲਾਂ ਨੂੰ ਧੂਹ ਪਾਉਂਦੀਆਂ ਹਨ। ਸੱਭਿਆਚਾਰ ਦੇ ਪਛਾਣ-ਚਿੰਨ੍ਹ ਭਾਸ਼ਾ ਦਾ ਖ਼ਜ਼ਾਨਾ ਹੁੰਦੇ ਹਨ। ਇਸ ਪੱਖੋਂ ਲੇਖਕ ਨੇ ਬਹੁਤ ਮਿਹਨਤ ਕਰਕੇ ਆਪਣੀ ਦਿੱਬ-ਦ੍ਰਿਸ਼ਟੀ ਰਾਹੀਂ ਆਪਣੀ ਗੱਲ ਕਹਿਣ ਦਾ ਜ਼ੇਰਾ ਕੀਤਾ ਹੈ, ਵੇਖੋ:
ਗਿੱਧਾ, ਬੋਲੀਆਂ, ਟੱਪੇ ਭੰਗੜਾ ਇਹ ਗਹਿਣੇ
ਪੂਰੀ ਦੁਨੀਆ ਦੇ ਵਿਚ ਪਾਉਣੀਆਂ ਨੇ
ਛਣਕਾਰਾਂ ਪੂਰੇ ਪੰਜਾਬ ਦੀਆਂ
ਵਿਦੇਸ਼ਾਂ ਵਿਚ ਸੁਣਾਉਣੀਆਂ ਨੇ।
ਡਾ. ਭਗਵੰਤ ਸਿੰਘ ਦੇ ਵਿਚਾਰ ਅਨੁਸਾਰ ਡਾ. ਜੋਸ਼ੀ ਨੇ ਇਨ੍ਹਾਂ ਬੋਲੀਆਂ ਤੇ ਟੱਪਿਆਂ ਰਾਹੀਂ ਪੰਜਾਬੀ ਭਾਸ਼ਾ, ਸੱਭਿਆਚਾਰ, ਚੱਜ-ਆਚਾਰ, ਰਸਮ-ਰਿਵਾਜ, ਤਿੱਥ-ਤਿਉਹਾਰਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਪੰਜਾਬ ਦੇ ਸਮੁੱਚੇ ਜਨ-ਜੀਵਨ ਨੂੰ ਵੀ ਹੰਘਾਲਿਆ ਹੈ। ਕਿਤੇ-ਕਿਤੇ ਕਾਵਿਕ ਪੱਖੋਂ ਵੰਨਗੀ ਰੂਪਾਂ ਨੂੰ ਹੋਰ ਮਾਂਜਣ ਦੀ ਲੋੜ ਮਹਿਸੂਸ ਜ਼ਰੂਰ ਹੁੰਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਮੋਹ ਦੀਆਂ ਰਿਓੜੀਆਂ
ਲੇਖਿਕਾ : ਉਮਾ ਕਮਲ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 195 ਰੁਪਏ, ਸਫ਼ੇ : 32
ਸੰਪਰਕ : 94655-73989

ਬਾਲ ਸਾਹਿਤ ਵਿਚ ਕਾਰਜਸ਼ੀਲ ਉਮਾ ਕਮਲ ਦਾ ਨਵਾਂ ਬਾਲ ਕਾਵਿ ਸੰਗ੍ਰਹਿ 'ਮੋਹ ਦੀਆਂ ਰਿਓੜੀਆਂ' ਬਾਲ ਹੱਥਾਂ ਵਿਚ ਆਇਆ ਹੈ, ਜਿਸ ਦੀਆਂ ਕਵਿਤਾਵਾਂ ਵਿਚ ਗਿਆਨ-ਵਿਗਿਆਨ ਸੰਬੰਧੀ ਪਸਾਰਿਆਂ ਅਤੇ ਸੋਚਣੀ ਦੀ ਚਾਸ਼ਨੀ ਘੁਲੀ ਹੋਈ ਹੈ। ਇਹ ਕਵਿਤਾਵਾਂ ਬੱਚਿਆਂ ਨੂੰ ਭੂਤ-ਪ੍ਰੇਤਾਂ, ਜਿੰਨਾਂ-ਰਾਖ਼ਸ਼ਸ਼ਾਂ ਵਰਗੇ ਪ੍ਰਾਸਰੀਰਕ ਪਾਤਰਾਂ ਦੇ ਤਲਿਸਮੀ ਜਾਲ ਜਾਂ ਚਮਤਕਾਰਾਂ ਦੇ ਤਾਣੇ-ਬਾਣੇ ਵਿਚ ਨਹੀਂ ਉਲਝਾਉਂਦੀਆਂ ਸਗੋਂ ਅੰਧਵਿਸ਼ਵਾਸ ਅਤੇ ਵਹਿਮ ਭਰਮ ਦੇ ਹਨੇਰੇ ਨੂੰ ਛੰਡਦੀਆਂ ਹੋਈਆਂ ਦਲੀਲਮਈ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਵਾਤਾਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਮਾ ਕਮਲ ਦੀ ਇਕ ਕਵਿਤਾ 'ਵਾਤਾਵਰਨ ਬਚਾਈਏ' ਦੀਆਂ ਕੁਝ ਸਤਰਾਂ ਹਨ :
ਚਾਹੁੰਦੇ ਜੋ ਉਪਜਾਊ ਭੂਮੀ
ਦੇਸੀ ਰੂੜੀ ਪਾ ਲਈਏ।
ਰਸਾਇਣ ਖਾਦਾਂ ਨੂੰ ਨਾ ਵਰਤ ਕੇ
ਆਰਗੈਨਿਕ ਫ਼ਸਲ ਉਗਾ ਲਈਏ।
ਜੇਕਰ ਧੂੰਆਂ ਛੱਡਦੇ ਵਾਹਨ
ਸਮੇਂ ਸਮੇਂ ਸਰਵਿਸ ਕਰਵਾਈਏ।
ਰੁੱਖਾਂ ਨਾਲ ਸਜਾ ਕੇ ਧਰਤੀ
ਪਿਆਰਾ ਵਾਤਾਵਰਣ ਬਚਾਈਏ। (ਸਫ਼ਾ 21)
ਲੇਖਿਕਾ ਨੇ 'ਤਾਰੇ, 'ਪੰਛੀ', 'ਮੇਰਾ ਸਾਈਕਲ', 'ਪ੍ਰਦੂਸ਼ਣ ਰਹਿਤ ਦੀਵਾਲੀ', 'ਪੌਸ਼ਟਿਕ ਆਹਾਰ', 'ਆਓ ਇਕ ਇਕ ਰੁੱਖ ਲਗਾਈਏ', 'ਵੋਟ ਬੜੀ ਅਨਮੋਲ', 'ਸੜਕ ਸੁਰੱਖਿਆ ਨਿਯਮ' ਅਤੇ 'ਫਾਰਮੂਲੇ' ਆਦਿ ਕਵਿਤਾਵਾਂ ਵਿਚ ਵੀ ਬਾਲ ਚੇਤਨਾ ਵਿਚ ਇਜ਼ਾਫ਼ਾ ਕੀਤਾ ਹੈ। 'ਚੂਹੇ ਦਾ ਵਿਆਹ', 'ਦਾੜ੍ਹ ਦਾ ਦਰਦ' ਅਤੇ 'ਸੰਗਤ ਦਾ ਰੰਗ' ਕਾਵਿ-ਕਹਾਣੀਆਂ ਹਾਸਰਸੀ ਵਾਤਾਵਰਣ ਦੀ ਸਿਰਜਣਾ ਕਰਦੀਆਂ ਹਨ। ਚਿੱਤਰਕਾਰ ਸੁਖਮਨ ਸਿੰਘ ਵਲੋਂ ਸਿਰਜਿਆ ਰੰਗਦਾਰ ਟਾਈਟਲ ਬਾਲ ਮਨਾਂ ਨੂੰ ਖਿੱਚਦਾ ਹੈ। ਰੰਗਦਾਰ ਚਿੱਤਰਾਂ ਨਾਲ ਸ਼ਿੰਗਾਰੀ ਅਤੇ ਸੁੰਦਰ ਕਾਗਜ਼ 'ਤੇ ਛਪੀ ਇਹ ਪੁਸਤਕ ਬਾਲ ਪਾਠਕਾਂ ਲਈ ਇਕ ਸੁੰਦਰ ਤੋਹਫ਼ਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਬਸਪਾ ਦਾ ਰੋਪੜ ਮੋਰਚਾ-1987
ਲੇਖਕ : ਜਗਦੀਸ਼ ਸਿੰਘ ਹਵੇਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 118
ਸੰਪਰਕ : 79863-19189

ਇਤਿਹਾਸ ਗਵਾਹ ਹੈ ਕਿ ਲੋਕ-ਸੰਘਰਸ਼ ਹਮੇਸ਼ਾ ਹੀ ਚਲਦੇ ਰਹਿੰਦੇ ਹਨ। ਲੋਕ ਆਪਣੇ ਹੱਕਾਂ ਲਈ ਹਮੇਸ਼ਾ ਹੀ ਜੂਝਦੇ ਰਹਿੰਦੇ ਹਨ ਅਤੇ ਇਨ੍ਹਾਂ ਸੰਘਰਸ਼ਾਂ ਤੋਂ ਹੀ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੋਕ-ਸੰਘਰਸ਼ ਲਈ ਚਲਦੀਆਂ ਲਹਿਰਾਂ ਦਾ ਅੰਗ ਬਣਦੀਆਂ ਰਹਿੰਦੀਆਂ ਹਨ। ਜਗਦੀਸ਼ ਸਿੰਘ ਹਵੇਲੀ ਦੀ ਪੁਸਤਕ 'ਬਸਪਾ ਦਾ ਰੋਪੜ ਮੋਰਚਾ-1987' ਵੀ ਇਸੇ ਤਰ੍ਹਾਂ ਹੀ ਗਾਥਾ ਨੂੰ ਬਿਆਨ ਕਰਦੀ ਪੁਸਤਕ ਹੈ। ਇਹ ਮੋਰਚਾ ਬਸਪਾ ਵਲੋਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਲਗਾਇਆ ਗਿਆ ਸੀ। ਮੋਰਚੇ ਦਾ ਮਕਸਦ ਬੇਜ਼ਮੀਨੇ ਮਜ਼ਦੂਰਾਂ ਦੁਆਰਾ ਸਰਕਾਰ ਕੋਲੋਂ ਕਰਜ਼ੇ ਮੁਆਫ਼ ਕਰਵਾਉਣ ਲਈ ਮੋਰਚਾ ਪੂਰੇ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਪੁਸਤਕ ਵਿਚ ਮੋਰਚੇ ਵਿਚ ਹਿੱਸਾ ਲੈਣ ਵਾਲੇ ਵਰਕਰਾਂ 'ਤੇ ਸਰਕਾਰ ਵਲੋਂ ਸਖ਼ਤੀ ਵੀ ਵਰਤੀ ਗਈ ਪਰ ਇਹ ਮੋਰਚਾ ਬਸਪਾ ਦੇ ਕੌਮੀ ਪ੍ਰਧਾਨ ਕਾਂਸ਼ੀ ਰਾਮ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ 3 ਮਈ, 1987 ਨੂੰ ਸ਼ੁਰੂ ਕਰਕੇ ਆਪਣੇ ਪੱਧਰ 'ਤੇ ਭੁੱਖ, ਪਿਆਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਮੋਰਚੇ ਦੀ ਸਫਲਤਾ ਲਈ ਯਤਨ ਕੀਤੇ। ਪੁਸਤਕ ਵਿਚ ਬਸਪਾ ਦੇ ਹੋਰ ਵੀ ਬਹੁਤ ਸਾਰੇ ਆਗੂਆਂ ਦੇ ਨਾਂਅ ਦਿੱਤੇ ਗਏ ਹਨ, ਜਿਨ੍ਹਾਂ ਨੇ ਇਸ ਮੋਰਚੇ ਵਿਚ ਹਿੱਸਾ ਪਾਇਆ। ਵੱਖ-ਵੱਖ ਸਮਿਆਂ 'ਤੇ ਬਸਪਾ ਆਗੂਆਂ ਦੀਆਂ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਦਾ ਵੀ ਜ਼ਿਕਰ ਇਸ ਪੁਸਤਕ ਵਿਚ ਦਰਜ ਹੈ। ਇਸ ਪੁਸਤਕ ਵਿਚ ਜਿਥੇ ਮੋਰਚੇ ਦੀਆਂ ਰੰਗਦਾਰ ਤਸਵੀਰਾਂ ਮੋਰਚੇ ਬਾਰੇ ਭਾਵਪੂਰਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਉਥੇ ਮੋਰਚੇ ਨੂੰ ਚਲਾਉਣ ਲਈ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਗ੍ਰਿਫ਼ਤਾਰੀਆਂ ਦੇਣ ਵਾਲੇ ਵਰਕਰਾਂ ਦੇ ਨਾਂਅ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੋਰਚੇ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੇ ਆਗੂਆਂ ਦੀਆਂ ਰੰਗਦਾਰ ਤਸਵੀਰਾਂ ਵੀ ਪੁਸਤਕ ਦੀ ਸ਼ਾਨ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਤ੍ਰਿਪਤ ਭੱਟੀ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ
ਸੰਪਾਦਕ : ਡਾ ਹਰਪ੍ਰੀਤ ਸਿੰਘ ਰਾਣਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98885-53162

ਪੰਜਾਬੀ ਮਿੰਨੀ ਕਹਾਣੀ ਨੂੰ ਵੱਖਰੀ ਵਿਧਾ ਦੇ ਤੌਰ 'ਤੇ ਸਥਾਪਿਤ ਕਰਨ ਵਾਲੇ ਸਾਹਿਤਕਾਰਾਂ ਵਿਚ ਤ੍ਰਿਪਤ ਭੱਟੀ ਦਾ ਨਾਂਅ ਸ਼ੁਮਾਰ ਹੈ। ਤ੍ਰਿਪਤ ਭੱਟੀ ਬਹੁਪੱਖੀ ਕਲਮਕਾਰ ਹੈ। ਵੱਖ-ਵੱਖ ਵਿਧਾਵਾਂ ਵਿਚ ਉਸ ਦੇ 3 ਕਾਵਿ-ਸੰਗ੍ਰਹਿ, 3 ਕਹਾਣੀ ਪੁਸਤਕਾਂ, 5 ਵਾਰਤਕ ਕਿਤਾਬਾਂ, 9 ਕਿਤਾਬਾਂ ਦੇ ਅਨੁਵਾਦ ਤੇ 10 ਮਿੰਨੀ ਕਹਾਣੀ-ਸੰਗ੍ਰਹਿ ਹਨ। ਸਿੱਖਿਆ ਵਿਭਾਂਗ ਤੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਉਹ ਅਮਰੀਕਾ ਚਲਾ ਗਿਆ। ਯੂ. ਐਸ. ਏ. ਵਿਚ ਲੰਮੇ ਸਮੇਂ ਤੋਂ ਰਹਿਣ ਕਰਕੇ ਉਸ ਨੂੰ ਅਮਰੀਕੀ ਸੱਭਿਆਚਾਰ ਦੀ ਚੰਗੀ ਜਾਣਕਾਰੀ ਹੈ। ਇਸ ਲਈ ਤ੍ਰਿਪਤ ਭੱਟੀ ਦੀ ਮਿੰਨੀ ਕਹਾਣੀ ਵਿਚ ਇਧਰਲੇ ਤੇ ਉਧਰਲੇ (ਪੱਛਮੀ ਸਮਾਜ) ਦੇ ਦੀਦਾਰ ਹੁੰਦੇ ਹਨ। ਤ੍ਰਿਪਤ ਭੱਟੀ ਮਿੰਨੀ ਕਹਾਣੀ ਦਾ ਉਸਤਾਦ ਹੈ। ਉਸ ਨੂੰ ਪਤਾ ਹੈ ਕਿ ਮਿੰਨੀ ਕਹਾਣੀ ਦਾ ਆਕਾਰ ਸੰਖੇਪ ਹੈ। ਸਰਲਤਾ ਮਿੰਨੀ ਕਹਾਣੀ ਦਾ ਗਹਿਣਾ ਹੈ। ਮਿੰਨੀ ਕਹਾਣੀ ਦਾ ਅੰਤ ਪੜ੍ਹ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਪਾਤਰ ਵੀ ਜ਼ਿਆਦਾ ਨਹੀਂ ਹੁੰਦੇ ਨਾ ਹੀ ਘਟਨਾਵਾਂ ਦੀ ਬਹੁਲਤਾ ਹੁੰਦੀ ਹੈ। ਇਸ ਕਿਸਮ ਦੇ ਸਾਰੇ ਗੁਣ ਤ੍ਰਿਪਤ ਭੱਟੀ ਦੀਆਂ 131 ਚੋਣਵੀਆਂ ਕਹਾਣੀਆਂ ਦੀ ਇਸ ਪੁਸਤਕ ਵਿਚ ਮਿਲਦੇ ਹਨ। ਸੰਪਾਦਕ ਡਾ. ਰਾਣਾ ਨੇ ਚਾਰ ਸਫ਼ਿਆਂ 'ਤੇ ਲੇਖਕ ਤ੍ਰਿਪਤ ਭੱਟੀ ਦੀ ਮਿੰਨੀ ਕਹਾਣੀ ਕਲਾ ਬਾਰੇ ਵਿਸਥਾਰ ਵਿਚ ਲਿਖਿਆ ਹੈ। ਤ੍ਰਿਪਤ ਭੱਟੀ ਦਾ ਪਹਿਲਾ ਮਿੰਨੀ ਕਹਾਣੀ ਸੰਗ੍ਰਹਿ 1995 ਵਿਚ ਛਪਦਾ ਹੈ। ਦੂਸਰਾ 1997 ਵਿਚ ਤੇ ਤੀਸਰਾ ਮਿੰਨੀ ਕਹਾਣੀ-ਸੰਗ੍ਰਹਿ 2000 ਵਿਚ ਅਮਰੀਕਾ ਰਹਿੰਦੇ ਛਪਿਆ। ਇਸ ਤਰ੍ਹਾਂ ਤ੍ਰਿਪਤ ਭੱਟੀ ਪਹਿਲਾ ਪਰਵਾਸੀ ਕਲਮਕਾਰ ਦਾ ਮੌਲਿਕ ਮਿੰਨੀ ਕਹਾਣੀਕਾਰ ਹੈ। ਸੰਪਾਦਿਤ ਮਿੰਨੀ ਕਹਾਣੀ ਪੁਸਤਕ 'ਗੁਆਚੇ ਦਿਨਾਂ ਦੀ ਭਾਲ' ਸੰਪਾ. ਗੁਰਦੀਪ ਸਿੰਘ ਪੁਰੀ 1992 ਵਿਚ ਛਪ ਚੁੱਕੀ ਸੀ। ਇਨ੍ਹਾਂ ਕਹਾਣੀਆਂ ਦੇ ਸਿਰਲੇਖ ਵਧੇਰੇ ਇਕ ਸ਼ਬਦੀ ਹਨ। ਹਿੰਦੂ, ਸਿੱਖ, ਚਿੱਠੀ, ਜਵਾਈ, ਪਹਿਚਾਣ ਇਨਾਮ, ਭਾਲ, ਮਾਪੇ, ਭਵਿੱਖ ਕਦਮ, ਸਲਾਮਤੀ, ਸਲੂਟ, ਭੁੱਖ, ਸਕੂਨ, ਫਾਇਰ, ਟੀਚਰ, ਪਟਾ, ਵਿਡੰਬਨਾ ਆਦਿ। ਸੰਗ੍ਰਹਿ ਵਿਚ 35 ਰਚਨਾਵਾਂ ਦੇ ਸਿਰਲੇਖ ਦੋ, ਤਿੰਨ ਜਾਂ ਚਾਰ ਸ਼ਬਦੀ ਹਨ। ਕਿਸੇ ਸਿਰਲੇਖ ਵਿਚ ਦੁਹਰਾਉ ਨਹੀਂ ਹੈ। ਵਿਸ਼ੇ ਬਹੁਭਾਂਤੀ ਹਨ। ਪਤੀ-ਪਤਨੀ ਰਿਸ਼ਤਾ, ਮਸ਼ੀਨੀ ਜ਼ਿੰਦਗੀ, ਕਾਹਲ, ਬਜ਼ੁਰਗਾਂ ਦਾ ਜੀਵਨ, ਵਿਧਵਾ ਔਰਤ ਦਾ ਸੰਤਾਪ, ਪੰਜਾਬੀ ਮਾਪਿਆਂ ਦੀਆਂ ਸੱਭਿਆਚਾਰਕ ਉਲਝਣਾਂ, ਵਿਗਿਆਨਕ ਸੋਚ, ਮਨੁੱਖੀ ਮਨੋਵਿਗਿਆਨ, ਪੂਰਬੀ ਤੇ ਪੱਛਮੀ ਪੰਜਾਬ ਦੀ ਸਾਂਝ ਆਦਿ ਮਹੱਤਵਪੂਰਨ ਵਿਸ਼ੇ ਹਨ। ਰਚਨਾ 'ਇਹ ਅਮਰੀਕਾ ਹੈ' ਵਿਚ ਪਾਤਰ ਨਕਲੀ ਵਿਆਹ ਲਈ ਮੁੰਡੇ ਦਾ ਬਾਪ ਬਣਦਾ ਹੈ ਕਿਉਂਕਿ ਅਸਲ ਬਾਪ ਇਧਰ ਹੈ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160

ਕਿਰਤ
ਕਵੀ : ਅਮਨ ਜੱਖਲਾਂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 94782-26980

ਹਥਲੀ ਕਾਵਿ-ਪੁਸਤਕ ਵਿਚ 100 ਦੇ ਕਰੀਬ ਕਵਿਤਾਵਾਂ ਹਨ। ਪਰ ਪੁਸਤਕ ਦੇ ਅਖੀਰ ਵਿਚ ਅਮਨ ਜੱਖਲ ਨੇ ਕੁਝ ਨੀਤੀ ਲੇਖ ਵੀ ਦਿੱਤੇ ਹਨ, ਜਿਨ੍ਹਾਂ ਦੀ ਗਿਣਤੀ 10 ਹੈ। ਕਵੀ ਦੀ ਇਸ ਪੁਸਤਕ ਤੋਂ ਪਹਿਲਾਂ 'ਇਨਸਾਨੀਅਤ' ਨਾਂਅ ਦਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਜੱਖਲਾਂ ਦੀਆਂ ਕਵਿਤਾਵਾਂ ਦੀ ਮਨੋਬਿਰਤੀ ਅਤੇ ਪੇਸ਼ਕਾਰੀ ਆਮ ਕਰਕੇ ਕਿਰਤੀਆਂ ਅਤੇ ਕਿਰਤ ਸੱਭਿਆਚਰਕ ਦੇ ਦੁਆਲੇ ਘੁੰਮਦੀ ਹੈ। ਕਵੀ ਕੋਲ ਧਰਮ-ਮਜ਼ਹਬ, ਸਮਾਜ, ਰਾਜਨੀਤੀ ਅਤੇ ਸੱਭਿਆਚਾਰਕ ਅਹਿਸਾਸ ਹਨ, ਜਿਨ੍ਹਾਂ ਨੂੰ ਉਸ ਨੇ ਸਹਿਜ ਸ਼ਬਦਾਂ ਵਿਚ ਕਾਵਿ ਰੂਪ ਵਿਚ ਪ੍ਰਗਟਾਇਆ ਹੈ। ਉਹ 'ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ' ਵਰਗੀ ਸਰਬ-ਸਾਂਝ ਦਾ ਪੈਰੋਕਾਰ ਹੈ।
'ਹਿੰਦੂ ਮੁਸਲਿਮ, ਸਿੱਖ ਇਸਾਈ, ਬੋਧੀ, ਜੈਨੀ, ਜਹੂਦੀ, ਰਾਧਾ ਸੁਆਮੀ, ਪ੍ਰੇਮੀ ਨਿਰੰਕਾਰੀ, ਆਸਤਿਕ, ਨਾਸਤਿਕ, ਸਭ ਮੇਰੇ ਆਪਣੇ ਹਨ, ਤੇਰਾ ਮੇਰਾ ਤੋਲਣ ਵਾਲੇ, ਨੀਚ ਹਨ...।
ਕਵੀ ਮਹਾਤਮਾ ਬੁੱਧ ਨੂੰ ਬੜੀ ਸਾਦਗੀ ਨਾਲ ਪੇਸ਼ ਕਰਦਿਆਂ ਕਹਿੰਦਾ ਹੈ, 'ਬੁੱਧ, ਨਰਕਾਂ ਤੋਂ ਡਰਨ ਵਾਲੇ, ਕਦੇ ਨਹੀਂ ਹੁੰਦੇ ਅਤੇ ਨਾ ਹੀ, ਸੁਰਗਾਂ ਦੇ ਲਾਲਚੀ, ਉਹ ਹਵਾ ਦੇ ਬੁੱਲ੍ਹੇ ਨਹੀਂ ਹੁੰਦੇ, ਬਸ ਆਏ ਤੇ ਗਏ...।'
ਬਕੌਲ ਅਮਨ ਜੱਖਲਾਂ : 'ਕਿਰਤ' ਸਿਜਦਾ ਹੈ, ਉਨ੍ਹਾਂ ਯੋਧਿਆਂ ਦੇ ਚਰਨਾਂ ਵਿਚ ਜਿਨ੍ਹਾਂ ਦੇ ਹੱਥਾਂ ਨੇ ਸੂਈ ਤੋਂ ਲੈ ਕੇ ਜਹਾਜ਼ ਬਣਾਏ। ਕਵੀ ਜੱਖਲਾਂ ਨੇ ਕਿਰਤ ਨੂੰ ਸਲਾਮੀ ਦਿੱਤੀ ਹੈ। ਕਿਰਤੀਆਂ ਦੀ ਕਾਵਿ-ਵਡਿਆਈ ਕੀਤੀ ਹੈ। ਜੋ ਲੁਟੇਰੇ ਕਿਰਤੀ ਦੇ ਹੱਕ ਮਾਰਦੇ ਹਨ, ਉਨ੍ਹਾਂ ਨੂੰ ਲਲਕਾਰਿਆ ਹੈ। ਉਸ ਦੀਆਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵਿਚ ਵੱਡੇ ਅਰਥ ਨਜ਼ਰੀਂ ਪੈਂਦੇ ਨੇ:
'ਬੋਲਿਆਂ ਦੀ ਮੰਡੀ ਵਿਚ, ਗੂੰਗਿਆਂ ਨੇ ਹੋਕਾ ਦਿੱਤਾ, ਕਹਿੰਦੇ ਅਸੀਂ ਅੰਨ੍ਹਿਆਂ ਨੂੰ ਰੱਬ ਦਿਖਲਾਵਾਂਗੇ, ਗੀਤਾਂ ਦੇ ਵਿਚ ਪੁਰਜੇ ਆਖੋ ਹੋਰਾਂ ਨੂੰ, ਢਿੱਡੋਂ ਜੰਮੀਆਂ ਲਾਹਨਤਾਂ ਤੈਨੂੰ ਪਾਉਣਗੀਆਂ।'
ਕਵੀ ਜੱਖਲ ਲਿਖਦਾ ਹੈ ਇਨ੍ਹਾਂ ਨੇ ਕੁੱਤਿਆਂ ਦਾ ਜੂਠਾ ਨਹੀਂ ਖਾਧਾ, ਇਹ ਇਸ ਕਰਕੇ ਭੌਂਕਦੇ ਹਨ, ਕਿਉਂਕਿ ਭੇਡਾਂ ਚੁੱਪ ਹਨ, ਕੁੱਤੇ ਰਾਹ ਜਾਂਦੀਆਂ, ਬੱਕਰੀਆਂ ਨੂੰ ਨਹੀਂ ਫੜਦੇ, ਬੱਕਰੀਆਂ ਖੁਦ ਚੱਲ ਕੇ ਆਉਂਦੀਆਂ, ਹਲਾਲ ਹੋਣ ਲਈ...।
ਕਵੀ ਨੇ ਟੱਪੇ ਬੜੇ ਭਾਵਪੂਰਤ ਲਿਖੇ ਹਨ ਜਿਵੇਂ: 'ਕੋਈ ਕਰਕੇ ਵਪਾਰ ਗਿਆ, ਰੌਲਾ ਪਾ ਕੇ ਰੋਟੀ ਦਾਲ ਦਾ, ਸਾਨੂੰ ਭੁੱਖਿਆਂ ਮਾਰ ਗਿਆ', 'ਅੱਖ ਖੁੱਲ੍ਹੀ ਤਾਂ ਪਤਾ ਲੱਗਿਆ, ਪੱਥਰ ਸੀ ਆਇਆ ਮਹਿਲ 'ਚੋਂ, ਸਾਡੀ ਕੁੱਲੀ ਉਤੇ ਠਾਹ ਵੱਜਿਆ', 'ਇਕੋ ਰੰਗ ਵਿਚ ਕੇਸ਼ ਰੰਗਣਾ, ਜਿਹੜਾ ਕਰੂ ਗੱਲ ਹੱਕਾਂ ਦੀ, ਟੋਟੇ ਕਰਕੇ ਚੁਰਾਹੇ ਟੰਗਣਾ...।'
ਕਵੀ ਜੱਖਲਾਂ ਦੀਆਂ ਸਾਰੀਆਂ ਕਵਿਤਾਵਾਂ ਕਿਰਤੀਆਂ ਦੀ ਸੁਰਤ ਅੱਖ ਨੂੰ ਖੋਲ੍ਹਦੀਆਂ ਹਨ ਅਤੇ ਲੋਟੂਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ।
ਪੁਸਤਕ ਦੇ ਅਖੀਰ ਵਿਚ ਜੱਖਲਾਂ ਨੇ ਕੁਝ ਮਿੰਨੀ ਲੇਖ ਦਿੱਤੇ ਹਨ ਜੋ ਕਿ ਮਹੱਤਵਪੂਰਨ ਮੁੱਦਿਆਂ ਨੂੰ ਸੰਵੇਦਨਾ ਸਹਿਤ ਪੇਸ਼ ਕਰਨ ਵਿਚ ਸਫਲ ਕੋਸ਼ਿਸ਼ ਹੈ। ਪੁਸਤਕ ਨੂੰ ਜੀ ਆਇਆਂ ਹੈ।'

-ਸੁਲੱਖਣ ਸਰਹੱਦੀ
ਮੋਬਾਈਲ : 94174-84337.

10-09-23

ਰੰਗ ਆਪੋ ਆਪਣੇ
ਲੇਖਕ : ਸਤਨਾਮ ਸਿੰਘ ਢਾਅ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 550 ਰੁਪਏ, ਸਫ਼ੇ : 394
ਸੰਪਰਕ : 94638-36591

ਸਤਨਾਮ ਸਿੰਘ ਢਾਅ ਦੀਆਂ ਮੁਲਾਕਾਤਾਂ ਦੀ ਇਹ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਮੁਲਾਕਾਤਾਂ ਦੀਆਂ ਦੋ ਪੁਸਤਕਾਂ (ਡੂੰਘੇ ਵਹਿਣਾਂ ਦੇ ਭੇਦ ਭਾਗ ਪਹਿਲਾ ਅਤੇ ਦੂਜਾ) ਪੰਜਾਬੀ ਪਾਠਕਾਂ ਨੂੰ ਦੇ ਚੁੱਕਾ ਹੈ। ਉਨ੍ਹਾਂ ਪੁਸਤਕਾਂ ਨੂੰ ਬੇਹੱਦ ਹੁੰਗਾਰਾ ਮਿਲਿਆ ਹੈ। ਇਸੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਤੀਜੀ ਪੁਸਤਕ (ਰੰਗ ਆਪੋ-ਆਪਣੇ) ਮਾਂ ਬੋਲੀ ਦੀ ਝੋਲੀ ਪਾਈ ਹੈ। ਇਸ ਕਿਤਾਬ ਵਿਚ 10 ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਵਾਈ ਗਈ ਹੈ, ਜਿਨ੍ਹਾਂ ਵਿਚੋਂ 4 ਸਵਰਗ ਸਿਧਾਰ ਗਏ ਹਨ। ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਵਿਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ, ਲੋਕ ਕਵੀ ਸੰਤੋਖ ਸਿੰਘ ਸੰਤੋਖ, ਡਾ. ਇਕਬਾਲ ਸਿੰਘ ਪੰਨੂੰ-ਮਨੁੱਖੀ ਕਦਰਾਂ-ਕੀਮਤਾਂ ਦਾ ਝੰਡਾ ਬਰਦਾਰ, ਜੀਵ ਵਿਗਿਆਨੀ ਡਾ. ਪੁਸ਼ਪਿੰਦਰ ਜੈਰੂਪ ਸ਼ਾਮਿਲ ਹਨ। ਪਾਠਕਾਂ ਨੂੰ ਅਜਿਹੀ ਹਦਾਇਤ ਕੀਤੀ ਗਈ ਕਿ ਇਨ੍ਹਾਂ ਨੂੰ ਪੜ੍ਹਨ ਸਮੇਂ 'ਹੈ' ਦੀ ਥਾਂ 'ਸੀ' ਸਮਝਿਆ ਜਾਵੇ। ਇਹ ਇੰਟਰਵਿਊਆਂ ਉਨ੍ਹਾਂ ਦੇ ਜੀਵਤ ਸਮੇਂ ਕੀਤੀਆਂ ਗਈਆਂ ਸਨ। ਜੀਵਤ ਸ਼ਖ਼ਸੀਅਤਾਂ ਵਿਚ ਜੁਗਿੰਦਰ ਅਮਰ (ਕਵਿਤਾ ਦਾ ਇੰਜੀਨੀਅਰ), ਡਾ. ਪ੍ਰੀਤਮ ਸਿੰਘ ਕੈਂਬੋ (ਖੋਜ-ਸਮੀਖਿਆਕਾਰ), ਗੁਰਨਾਮ ਢਿੱਲੋਂ (ਕ੍ਰਾਂਤੀਕਾਰੀ ਕਵੀ), ਜਰਨੈਲ ਸਿੰਘ (ਵਿਸ਼ਵੀਕਰਨ ਸਰੋਕਾਰਾਂ ਦਾ ਕਹਾਣੀਕਾਰ), ਸੂਫ਼ੀ ਅਮਰਜੀਤ (ਯੂਨੀਅਨਿਸਟ), ਜਤਿੰਦਰ ਪੰਨੂੰ (ਬੇਬਾਕ ਪੱਤਰਕਾਰ) ਸ਼ਾਮਿਲ ਹਨ। ਮੁਲਾਕਾਤਾਂ ਨੂੰ ਸੰਪਾਦਿਤ ਕਰਦਿਆਂ ਵਿਅਕਤੀਆਂ ਨੂੰ ਉਮਰ ਅਨੁਸਾਰ ਤਰਤੀਬ ਦਿੱਤੀ ਗਈ ਹੈ। ਹਰ ਸ਼ਖ਼ਸੀਅਤ ਦੀ ਪਹਿਲਾਂ ਤਸਵੀਰ ਲਾਈ ਗਈ ਹੈ। ਫਿਰ ਉਸ ਦੀ ਲਿਖਤ ਦਾ ਨਮੂਨਾ ਛਾਪਿਆ ਗਿਆ ਹੈ। ਫਿਰ ਉਸ ਦਾ 'ਬਾਇਓਡਾਟਾ' ਦਿੱਤਾ ਗਿਆ ਹੈ। ਫਿਰ ਇੰਟਰਵਿਊਕਾਰ ਆਪਣੇ ਵਲੋਂ ਉਸ ਦੇ ਜਨਮ ਸਥਾਨ, ਪਰਿਵਾਰਕ ਪਿਛੋਕੜ, ਪ੍ਰਾਪਤ ਵਿੱਦਿਆ, ਉਸ ਉੱਪਰ ਪਏ ਪ੍ਰਭਾਵਾਂ ਦੀ ਜਾਣਕਾਰੀ ਆਪਣੇ ਸ਼ਬਦਾਂ ਵਿਚ ਦਿੰਦਾ ਹੈ। ਇਉਂ ਪਾਠਕਾਂ ਨੂੰ ਮੁਲਾਕਾਤਾਂ ਪੜ੍ਹਨ ਲਈ ਉਤੇਜਿਤ ਕਰਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਦਵਾਨ ਢਾਅ ਉਨ੍ਹਾਂ ਸ਼ਖ਼ਸੀਅਤਾਂ ਦੀ ਦੇਣ ਅਤੇ ਰਚਨਾਵਾਂ ਆਦਿ ਦਾ ਪਹਿਲਾਂ ਹੀ ਅਧਿਐਨ ਕਰ ਚੁੱਕਾ ਹੈ। ਅਜਿਹੇ ਪੂਰਵ ਅਧਿਐਨ/ਜਾਣਕਾਰੀ ਦੁਆਰਾ ਪ੍ਰਸ਼ਨ-ਕਰਤਾ ਨੂੰ ਸਵਾਲ ਕਰਨ ਦੀ ਸੁਵਿਧਾ ਪ੍ਰਾਪਤ ਹੋਣੀ ਸੁਭਾਵਿਕ ਹੈ। ਸ਼ਖ਼ਸੀਅਤਾਂ ਦੇ ਉੱਤਰਾਂ 'ਚੋਂ ਸਹਿਜੇ ਹੀ ਹੋਰ ਪ੍ਰਸ਼ਨ ਪੈਦਾ ਹੁੰਦੇ ਵੇਖੇ ਜਾ ਸਕਦੇ ਹਨ। ਪਰ ਖ਼ੂਬੀ ਇਹ ਹੈ ਕਿ ਜਦੋਂ ਪ੍ਰਸਤੁਤ ਸ਼ਖ਼ਸੀਅਤ ਆਪਣੇ ਲੰਮੇ ਉੱਤਰ ਦੇ ਰਹੀ ਹੁੰਦੀ ਹੈ। ਉਸ ਸਮੇਂ ਇੰਟਰਵਿਊਕਾਰ ਵਿਚਕਾਰੋਂ ਨਹੀਂ ਟੋਕਦਾ। ਇੰਟਰਵਿਊਕਾਰ ਨੂੰ ਸੰਬੰਧਿਤ ਸ਼ਖ਼ਸੀਅਤ ਪਾਸੋਂ ਖੁੱਲ੍ਹਾ ਸਮਾਂ ਲੈਣ ਦਾ ਹੁਨਰ ਹਾਸਿਲ ਹੈ। ਜਦੋਂ ਲਗਭਗ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾ ਚੁੱਕੇ ਹੁੰਦੇ ਹਨ ਤਾਂ ਲੇਖਕ ਲਗਭਗ ਹਰ ਮੁਲਾਕਾਤ ਦੇ ਅੰਤ ਵਿਚ ਇੰਜ ਕਹਿੰਦਾ ਹੈ 'ਕੋਈ ਗੱਲ ਜੋ ਮੈਂ ਪੁੱਛ ਨਾ ਸਕਿਆ ਹੋਵਾਂ ਤੇ ਤੁਸੀਂ ਦੱਸਣੀ ਜ਼ਰੂਰੀ ਸਮਝਦੇ ਹੋਵੋਂ?' ਇੰਝ ਮਿੱਠ ਪਿਆਰ ਨਾਲ ਧੰਨਵਾਦਾਂ ਦੇ ਵਟਾਂਦਰੇ ਨਾਲ ਹਰ ਮੁਲਾਕਾਤ ਬੰਦ ਹੋ ਜਾਂਦੀ ਹੈ। ਇਸ ਪੁਸਤਕ ਦੇ ਅਧਿਐਨ ਤੋਂ ਇੰਝ ਜਾਪਦਾ ਹੈ, ਜਿਵੇਂ ਸਤਨਾਮ ਢਾਅ ਦਾ ਅਧਿਐਨ ਵਿਸ਼ਾਲ ਹੈ। ਉਸ ਨੂੰ ਮਨੋਵਿਗਿਆਨ ਦਾ ਭਰਪੂਰ ਗਿਆਨ ਹੈ।
ਇਸੇ ਗਿਆਨ ਦੁਆਰਾ ਪਾਠਕਾਂ ਦੇ ਸਨਮੁਖ ਸੰਬੰਧਿਤ ਸ਼ਖ਼ਸੀਅਤ ਦੇ 'ਬੰਦੇ ਅੰਦਰ ਬੈਠੇ ਬੰਦੇ' ਨੂੰ ਪੇਸ਼ ਕਰ ਜਾਂਦਾ ਹੈ। ਇਨ੍ਹਾਂ ਇੰਟਰਵਿਊਆਂ ਦੇ ਅਧਿਐਨ ਨਾਲ ਪਾਠਕਾਂ ਨੂੰ ਸਰਬਪੱਖੀ ਗਿਆਨ ਹੋਣਾ ਸੁਭਾਵਿਕ ਹੈ। ਕਈ ਅਜਿਹੀਆਂ ਗੱਲਾਂ ਦਾ ਪਤਾ ਲਗਦਾ ਹੈ ਜਿਨ੍ਹਾਂ ਬਾਰੇ ਹੋਰ ਕਿਸੇ ਸਾਧਨ ਤੋਂ ਜਾਣਕਾਰੀ ਪ੍ਰਾਪਤ ਹੋਣੀ ਅਸੰਭਵ ਜਾਪਦੀ ਹੈ। ਨਿਰੀਖਕ ਅਤੇ ਨਿਰੀਖਿਅਤ ਮੈਂ+ਤੂੰ ਸੰਬੰਧਾਂ ਵਿਚ ਵਿਚਰਦੇ ਵੇਖੇ ਜਾ ਸਕਦੇ ਹਨ। ਸਤਨਾਮ ਢਾਅ ਦੀਆਂ ਅਜਿਹੀਆਂ ਮੁਲਾਕਾਤਾਂ ਨਾਲ ਸਾਹਿਤ ਵਿਚ 'ਮੁਲਾਕਾਤ' ਵੱਖਰੀ ਵਿਧਾ ਵਜੋਂ ਪੱਕੇ ਤੌਰ 'ਤੇ ਸਥਾਪਿਤ ਹੋਣ ਦੀ ਸੰਭਾਵਨਾ ਹੈ। ਕੋਈ ਵੀ ਸੂਝਵਾਨ ਲੇਖਕ ਇਨ੍ਹਾਂ ਮੁਲਾਕਾਤਾਂ ਦੇ ਆਧਾਰ 'ਤੇ ਸੰਬੰਧਿਤ ਸ਼ਖ਼ਸੀਅਤ ਦੀ ਜੀਵਨੀ/ਸ਼ਬਦ ਚਿੱਤਰ/ਰੇਖਾ ਚਿੱਤਰ ਉਲੀਕਣ ਦੇ ਸਮਰੱਥ ਹੋ ਸਕਦਾ ਹੈ। ਇਹ ਮੁਲਾਕਾਤਾਂ ਕਰਨ ਵਾਸਤੇ ਆਹਮੋ-ਸਾਹਮਣੇ, ਈਮੇਲ, ਸਕਾਈਪ ਅਤੇ ਮੋਬਾਈਲ ਫੋਨ ਵਰਗੀਆਂ ਅਨੇਕਾਂ ਸੁਵਿਧਾਵਾਂ ਤੋਂ ਲਾਭ ਉਠਾਇਆ ਗਿਆ ਹੈ। ਪੁਸਤਕ ਦੀ ਪ੍ਰਸ਼ਨਾਵਲੀ ਬੜੀ ਭਾਵਪੂਰਤ ਹੈ। ਸੰਵਾਦ-ਜੁਗਤ ਪ੍ਰਸੰਸਾਯੋਗ ਹੈ। ਕਿਤਾਬ ਪੜ੍ਹਨਯੋਗ ਅਤੇ ਸੰਭਾਲਣਯੋਗ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਤੇਰੀ ਚਾਹਤ
ਕਵਿੱਤਰੀ : ਰਮਿੰਦਰ ਰੰਮੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 395 ਰੁਪਏ, ਸਫ਼ੇ : 176
ਸੰਪਰਕ : 011-23280657

ਹਥਲੀ ਕਾਵਿ-ਪੁਸਤਕ ਦੇ ਕੁੱਲ 176 ਸਫ਼ਿਆਂ ਵਿਚ 73 ਵਾਰਤਕ ਕਵਿਤਾਵਾਂ ਹਨ। ਰੰਮੀ ਇਕ ਨਵੀਂ ਕਵਿੱਤਰੀ ਹੈ ਅਤੇ ਕੈਨੇਡਾ ਵਿਚ ਵਸਦੀ ਹੈ। ਭਾਵੇਂ ਕਿ ਉਸ ਨੇ ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਵੀ 'ਕਿਸ ਨੂੰ ਆਖਾਂ' ਨਾਂਅ ਦਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਹੈ। ਪ੍ਰੋ. ਰਵੇਲ ਸਿੰਘ ਅਨੁਸਾਰ ਰਮਿੰਦਰ ਰੰਮੀ ਦੀ ਕਲਮ ਨੇ ਅਜੇ ਪੁਖਤਗੀ ਤਕ ਪੁੱਜਣਾ ਹੈ ਪਰ ਕਾਵਿ ਉਡਾਰੀ ਲਈ ਯਤਨਸ਼ੀਲ ਹੋਣ ਕਾਰਨ ਚੰਗੀਆਂ ਸੰਭਾਵਨਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ...
ਰਮਿੰਦਰ ਪੁਰ ਅਹਿਸਾਸ ਅਤੇ ਸੰਵੇਦਨਸ਼ੀਲ ਕਵਿੱਤਰੀ ਹੈ। ਉਸ ਨੇ ਆਪਣੇ ਆਸ-ਪਾਸ ਫੈਲੇ ਹਰ ਦ੍ਰਿਸ਼, ਘਟਨਾਵਾਂ ਅਤੇ ਬੇਚੈਨੀ ਨੂੰ ਸ਼ਬਦਾਂ ਵਿਚ ਢਾਲਣ ਦਾ ਯਤਨ ਕੀਤਾ ਹੈ। ਨਾਰੀ ਮਨ ਦੀ ਪੇਸ਼ਕਾਰੀ ਵਿਚ ਰੰਮੀ ਬਹੁਤ ਡੂੰਘੇ ਅਹਿਸਾਸ ਪ੍ਰਗਟਾਉਂਦੀ ਹੈ। ਉਸ ਦੀਆਂ ਕਾਵਿ ਉਡਾਰੀਆਂ ਐਨੀਆਂ ਉੱਚੀਆਂ ਹੁੰਦੀਆਂ ਹਨ ਕਿ ਉਸ ਦੇ ਖੰਭ (ਸ਼ਬਦ) ਉਸ ਦਾ ਸਾਥ ਨਹੀਂ ਦਿੰਦੇ। ਉਸ ਦੀ ਕਵਿਤਾ ਧਰਤ ਦੇ ਜ਼ੱਰੇ-ਜ਼ੱਰੇ ਨਾਲ ਮੋਹ ਪਾਲਦੀ ਹੈ। ਉਸ ਦੀ ਕਵਿਤਾ ਵਿਚ ਲੈਂਡ ਸਕੇਪ ਨਦੀਆਂ, ਬੇਲਿਆਂ, ਪਾਰਕਾਂ, ਆਸ਼ਕਾਂ ਤੇ ਸੂਰਮਿਆਂ ਦੇ ਚਿਹਨ ਨਜ਼ਰ ਆਉਂਦੇ ਹਨ। ਕੈਨੇਡਾ ਵਿਚ ਉਸ ਨੇ ਕਈ ਸਾਹਿਤਕ ਮਿਲਣੀਆਂ ਵੀ ਕਰਵਾਈਆਂ ਹਨ ਜਿਨ੍ਹਾਂ ਵਿਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ਼ਾਮਿਲ ਹੁੰਦੇ ਰਹੇ ਹਨ।
ਹਥਲੀ ਪੁਸਤਕ ਵਿਚ ਰੰਮੀ ਦੀਆਂ ਬਹੁਤੀਆਂ ਕਵਿਤਾਵਾਂ ਪ੍ਰੇਮ ਪਿਆਰ ਦੀਆਂ ਭਾਵੁਕ ਯਾਦਾਂ ਤੇ ਹੁਬਕੀਆਂ ਹਨ। ਔਰਤ ਜੋ ਆਖ ਨਹੀਂ ਸਕਦੀ, ਬੋਲ ਨਹੀਂ ਸਕਦੀ, ਰੰਮੀ ਨੇ ਉਨ੍ਹਾਂ ਨੂੰ ਸ਼ਬਦਾਂ ਦੀ ਆਵਾਜ਼ ਦਿੱਤੀ ਹੈ :
- ਤੇਰੀ ਚਾਹਤ ਦਾ ਕੈਸਾ ਅਵੱਲੜਾ ਰੋਗ ਹੈ ਲੱਗਾ
ਰਾਤਾਂ ਨੂੰ ਤ੍ਰਬਕ ਕੇ ਉੱਠ ਬਹਿੰਦੀ ਹਾਂ...
- 'ਮੁਹੱਬਤ ਅਹਿਸਾਸ ਦਾ ਨਾਮ ਹੈ
ਬਿਨਾਂ ਦੇਖੇ ਮਿਲੇ
ਕਦੀ ਵੀ ਕਿਸੇ ਉਮਰ ਵਿਚ ਹੋ ਜਾਂਦੀ ਹੈ'
-'ਜ਼ਿੰਦਗੀ ਵਿਚ ਕੁਝ ਲੋਕ / ਅਜਿਹੇ ਵੀ ਹੁੰਦੇ ਨੇ/ ਜਿਨ੍ਹਾਂ ਨੂੰ ਪਹਿਲੀ ਵੇਰ ਮਿਲਣ ਤੇ ਇਵੇਂ ਲਗਦਾ ਹੈ/ ਜਿਵੇਂ ਮੁੱਦਤਾਂ ਤੋਂ / ਇਕ ਦੂਜੇ ਦੇ / ਜਾਣੂੰ ਹੋਈਏ...।'
-'ਤੈਨੂੰ ਪਤੈ/ ਸ਼ਾਇਦ ਨਹੀਂ / ਜਦ ਤੂੰ ਮੇਰੇ ਨਾਲ / ਗੱਲ ਨਹੀਂ ਕਰਦਾ / ਮੈਸਿਜ ਰਿਪਲਾਈ ਨਹੀਂ ਕਰਦਾ/ ਮੇਰੀ ਜਾਨ ਨਿਕਲ ਜਾਂਦੀ ਹੈ'
-'ਚੁਪ ਦਾ ਜ਼ਹਿਰ/ ਚੰਗਾ ਨਹੀਂ ਹੁੰਦਾ / ਇਹ ਰਿਸ਼ਤਿਆਂ ਨੂੰ/ ਅੰਦਰੋਂ ਅੰਦਰੀ/' ਘੁਣ ਵਾਂਗ ਖਾ ਜਾਂਦਾ ਹੈ..
-'ਉਸ ਦਾ ਤੇਜ਼ ਜਲੌਅ ਦੇਖ/ ਅੱਖਾਂ ਮੁੰਦ ਗਈਆਂ/ ਨੂੰ ਰੁਸ਼ਨਾਅ ਗਿਆ/ਅੱਧਮੋਈ ਨੂੰ ਨਵਜੀਵਨ/ ਮਿਲ ਗਿਆ...'
ਪ੍ਰੇਮ ਪਿਆਰ ਅਤੇ ਆਤਮ ਪ੍ਰਗਟਾਅ ਤੋਂ ਬਿਨਾਂ ਵੀ ਉਸ ਦੀਆਂ ਵਧੀਆ ਕਵਿਤਾਵਾਂ ਹਨ। ਜਿਵੇਂ ਮੇਰੇ ਗੁਰਦੇਵ, ਪਿੰਜਰੇ ਦਾ ਪੰਛੀ, ਸੁਲਤਾਨਾ ਦਾ ਵਿਹੜਾ, ਜੀਣਾ ਸਿੱਖ ਲਿਆ ਆਦਿ ਦਿਨਾਂ ਬ੍ਰਿਤਾਂ ਵਿਚ ਗੁੰਨ੍ਹੀਆਂ ਅਤੇ ਔਰਤ ਮਨ ਦੀ ਬੇਬਾਕ ਹੂਕਮੱਤੀਆਂ ਕਵਿਤਾਵਾਂ ਵਿਚ ਨਾਗ ਦੇ ਮਨ ਦੇ ਅਹਿਸਾਸ ਤੇ ਇਲਤਜ਼ਾਵਾਂ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਸ੍ਰੀਮਦ ਭਗਵਦ ਗੀਤਾ
ਅਨੁ: ਤੇ ਵਿਆ: ਹਰਪਾਲ ਸਿੰਘ ਪੰਨੂ
ਲੇਖਕ : ਡਾ. ਦੀਪ ਸ਼ਿਖਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 318
ਸੰਪਰਕ : 94642-51454

ਗੀਤਾ, ਭਗਵਾਨ ਦੀ ਉਸਤਤਿ ਵਿਚ ਲਿਖਿਆ ਗਿਆ ਇਕ ਅਜਿਹਾ ਗੀਤ ਹੈ, ਜਿਸ ਨੂੰ ਸਾਰੇ ਵੇਦਾਂ ਅਤੇ ਉਪਨਿਸ਼ਦਾਂ ਦਾ ਸਾਰ-ਤੱਤ ਮੰਨਿਆ ਜਾਂਦਾ ਹੈ। ਇਸ ਪਾਵਨ-ਗੀਤ ਨੂੰ ਸ਼੍ਰਵਣ, ਮਨਨ ਅਤੇ ਪਠਨ ਦੁਆਰਾ ਮਨ ਵਿਚ ਧਾਰਨ ਕਰ ਲੈਣ ਦਾ ਉਪਦੇਸ਼ ਹੈ। ਇਸ ਮਹਾਨ ਗ੍ਰੰਥ ਦੇ ਅਠਾਰ੍ਹਾਂ ਅਧਿਆਇ ਹਨ ਅਤੇ ਇਹ ਅਧਿਆਇ ਮਹਾਂਭਾਰਤ ਦੇ 18-ਦਿਵਸੀ ਯੁੱਧ ਦੇ ਦਿਨਾਂ ਵਿਚ ਮਾਨਵਤਾ ਦੇ ਸਾਰਥੀ ਸ੍ਰੀ ਕ੍ਰਿਸ਼ਨ ਜੀ ਦੇ ਮੁਖਾਰਬਿੰਦ ਵਿਚੋਂ ਉਚਰਿਤ ਹੋਏ ਸਨ। ਇਸ ਮਹਾਨ ਗ੍ਰੰਥ ਦਾ ਪੰਜਾਬੀ ਅਨੁਵਾਦ ਅਤੇ ਸਰਲ ਵਿਆਖਿਆ ਪੰਜਾਬ ਦੇ ਦੋ ਪ੍ਰਸਿੱਧ ਆਚਾਰੀਆਂ ਪ੍ਰੋ. ਪੰਨੂ ਅਤੇ ਡਾ. ਦੀਪ ਸ਼ਿਖਾ ਨੇ ਸਮਰਪਿਤ ਭਾਵਨਾ ਨਾਲ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਦਸਮ ਗ੍ਰੰਥ ਵਿਚ ਭਾਰਤ ਦੇ ਕੁਝ ਹੋਰ ਪੌਰਾਣਿਕ ਗ੍ਰੰਥਾਂ ਦੇ ਨਾਲ-ਨਾਲ 'ਗੋਵਿੰਦ ਗੀਤਾ' ਦੀ ਟੈਕਸਟ ਵੀ ਅੰਕਿਤ ਹੈ। ਵਿਦਵਾਨ ਲੇਖਕਾਂ ਨੇ ਇਸ ਟੈਕਸਟ ਨੂੰ ਵੀ 'ਭਗਵਦ ਗੀਤਾ' ਦੀ ਮੂਲ ਟੈਕਸਟ ਦੇ ਨਾਲ ਹੀ ਜੋੜ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਯੁੱਧ-ਕ੍ਰੀੜਾ ਨੂੰ ਮਨੁੱਖ ਮਾਤਰ ਦਾ ਇਕ ਪਰਮ ਕਰਤੱਵ ਮੰਨਦੇ ਸਨ, ਕਿਉਂਕਿ ਇਕ ਯੋਧਾ-ਪੁਰਸ਼ ਹੀ ਵਰਨਣ ਜਾਂ ਲੇਖਣ ਦਾ ਹੱਕਦਾਰ ਹੁੰਦਾ ਹੈ। ਜੋ ਯੁੱਧ ਨਹੀਂ ਕਰਦਾ, ਉਹ ਬੇਹੱਦ ਬਦਨਸੀਬ ਹੁੰਦਾ ਹੈ। ਯੁੱਧ ਹੀ ਇਨਸਾਨੀ ਜੀਵਨ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਦਾ ਹੈ। ਯੁੱਧ ਦੇ ਮੈਦਾਨ ਵਿਚ ਜਦੋਂ ਕੁੰਤੀਪੁੱਤਰ ਅਰਜੁਨ ਪ੍ਰਸ਼ਨ ਕਰਦਾ ਹੈ ਕਿ ਜੇ ਮੇਰੇ ਸੰਗੀ, ਸਾਥੀ ਅਤੇ ਰਿਸ਼ਤੇਦਾਰ ਹੀ ਇਸ ਜੰਗ ਵਿਚ ਮਾਰੇ ਜਾਣਗੇ ਤਾਂ ਅਜਿਹਾ ਯੁੱਧ ਮੇਰੇ ਲਈ ਨਿਸ਼ਫ਼ਲ ਹੋਵੇਗਾ। ਕ੍ਰਿਸ਼ਨ ਜੀ ਕਹਿੰਦੇ ਹਨ ਕਿ ਬੰਦੇ ਦਾ ਕਰਮ ਯੁੱਧ ਕਰਨਾ ਹੈ। ਕਿਸੇ ਫਲ ਦੀ ਆਸ਼ਾ ਵਿਚ ਯੁੱਧ ਨਹੀਂ ਕੀਤਾ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਨੁੱਖਤਾ ਦੇ ਇਸ ਲਕਸ਼ ਨੂੰ ਵਾਰ-ਵਾਰ ਦ੍ਰਿੜ੍ਹ ਕਰਵਾਇਆ ਸੀ। ਪੰਨੂ ਸਾਹਿਬ ਅਤੇ ਬੀਬਾ ਦੀਪ ਸ਼ਿਖਾ ਨੇ ਭਾਰਤੀ ਸੱਭਿਆਚਾਰ ਦੀ ਇਸ ਅਨਮੋਲ ਵਿਰਾਸਤ ਨੂੰ ਪੰਜਾਬੀ ਵਿਚ ਉਲਥਾ ਕੇ ਇਕ ਬੇਹੱਤ ਸ਼ੁਭ ਕਾਰਜ ਨੂੰ ਸਰੰਜਾਮ ਦਿੱਤਾ ਹੈ। ਪ੍ਰਕਾਸ਼ਕਾਂ ਵਲੋਂ ਇਸ ਪੁਸਤਕ ਦੇ ਆਕਾਰ-ਪ੍ਰਕਾਰ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਹਾਇਕੂ ਪਰਵਾਜ਼
ਲੇਖਕ : ਡਾ. ਸੁਰਿੰਦਰ ਕੰਬੋਜ਼
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 94654-13100

ਸ਼ਾਇਰ ਡਾ. ਸੁਰਿੰਦਰ ਕੰਬੋਜ਼ ਆਪਣੀ ਹਾਇਕੂ ਕਾਵਿ-ਕਿਤਾਬ 'ਹਾਇਕੂ ਪਰਵਾਜ਼' ਰਾਹੀਂ ਪੰਜਾਬੀ ਅਦਬ ਦੇ ਰੂਬਰੂ ਹੋ ਰਿਹਾ ਹੈ। ਹਾਇਕੂ ਜਾਪਾਨੀ ਸ਼ਾਇਰੀ ਦੀ ਤਿੰਨ ਸਤਰੀ ਕਾਵਿ-ਸਿਨਫ਼ ਹੈ। ਪਹਿਲਾਂ-ਪਹਿਲਾਂ ਜਾਪਾਨ ਵਸਦੇ ਪੰਜਾਬੀ ਸ਼ਾਇਰ ਪਰਮਿੰਦਰ ਸੋਢੀ ਨੇ ਜਾਪਾਨੀ ਹਾਇਕੂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਦਾ ਇਸ ਕਾਵਿ ਸਿਨਫ਼ ਨਾਲ ਰਾਬਤਾ ਕਾਇਮ ਕੀਤਾ ਸੀ। ਇਤਫਾਕ ਇਹ ਹੈ ਕਿ ਤਿੰਨ ਸਤਰੀ ਕਾਵਿ ਸਿਨਫ਼ 'ਟੱਪਾ' ਪਹਿਲਾਂ ਹੀ ਪੰਜਾਬੀ ਵਿਚ ਮੌਜੂਦ ਹੈ, ਜਿਸ ਨਾਲ ਨਾਮਵਰ ਗਾਇਕਾਂ ਨੇ ਸਾਜ਼ ਤੇ ਆਵਾਜ਼ ਰਾਹੀਂ ਸਰੋਤਿਆਂ ਨੂੰ ਕੀਲਿਆ ਹੈ। ਮੁਕਤਸਰ ਇਕ ਤਰ੍ਹਾਂ ਨਾਲ ਹਾਇਕੂ ਦੀ ਨਰਸਰੀ ਹੈ ਤੇ ਇਹ ਨਰਸਰੀ ਹੁਣ ਇਕ ਵੱਡਾ ਬਾਗ਼ ਬਣ ਚੁੱਕੀ ਹੈ। ਇਸ ਸਿਨਫ਼ ਲਈ ਜਨਾਬ ਕਸ਼ਮੀਰੀ ਲਾਲ ਚਾਵਲਾ ਸਿਰੜ ਤੇ ਜਨੂੰਨ ਨਾਲ ਇਸ ਨੂੰ ਪ੍ਰਚਾਰਨ ਤੇ ਕਾਵਿਤਾਉਣ ਲਈ ਇਕ ਮਸੀਹੀ ਵਰਕਰ ਵਾਂਗ ਕੰਮ ਕਰ ਰਹੇ ਹਨ। ਇਸ ਪੁਸਤਕ ਦੇ ਮੁੱਖ ਬੰਦ ਵਿਚ ਕਸ਼ਮੀਰੀ ਲਾਲ ਚਾਵਲਾ ਨੇ ਗਿਆਰਾਂ ਸਫ਼ਿਆਂ ਵਿਚ ਹਾਇਕੂ ਬਾਰੇ ਵਿਸਤਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਇਕੂ ਪਹਿਲਾਂ-ਪਹਿਲਾਂ ਭਾਰਤ ਵਿਚ 1951 ਦੌਰਾਨ ਭਾਰਤੀ ਸ਼ਾਇਰੀ ਵਿਚ ਪ੍ਰਵੇਸ਼ ਹੁੰਦਾ ਹੈ ਤੇ 1997-98 ਵਿਚ ਪੰਜਾਬੀ ਸ਼ਾਇਰਾਂ ਨੇ ਇਸ ਨੂੰ ਅਪਣਾ ਲਿਆ। ਜਨਾਬ ਕਸ਼ਮੀਰੀ ਲਾਲ ਚਾਵਲਾ ਦਾ ਇਹ ਮੁੱਖ ਬੰਦ ਖੋਜਾਰਥੀਆਂ ਲਈ ਬੜਾ ਹੀ ਲਾਹੇਵੰਦ ਸਾਬਤ ਹੋਵੇਗਾ। ਡਾ. ਸੁਰਿੰਦਰ ਕੰਬੋਜ਼ ਡਾਕਟਰੀ ਪੇਸ਼ੇ ਨਾਲ ਸੰਬੰਧ ਰੱਖਦੇ ਹਨ ਤੇ ਹੁਣ ਸ਼ਬਦ ਪੈਥੀ ਰਾਹੀਂ ਮਨੁੱਖੀ ਗ੍ਰੰਥੀਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੀ ਸ਼ਾਇਰੀ ਵੱਖ-ਵੱਖ ਰੰਗਾਂ ਦਾ ਕੋਲਾਜ਼ ਹੈ ਜੋ ਵਿਭਿੰਨ ਸਰੋਕਾਰਾਂ ਤੇ ਫ਼ਿਕਰਾਂ ਨਾਲ ਦਸਤਪੰਜਾ ਲੈਂਦੀ ਹੈ। ਸ਼ਾਇਰ ਕਿਸੇ ਵਿਚਾਰਧਾਰਾ ਨਾਲ ਬੱਝਿਆ ਹੋਇਆ ਨਹੀਂ। ਉਸ ਦੀ ਵਿਚਾਰਧਾਰਾ ਤਾਂ ਸੁਹਿਰਦਤਾ ਹੈ ਤੇ ਉਨ੍ਹਾਂ ਦੀ ਇਹ ਸੁਹਿਰਦਤਾ 72 ਪੰਨਿਆਂ ਤੱਕ ਫੈਲੀ ਹੋਈ ਹੈ। ਸ਼ਾਇਰ ਪ੍ਰਕਿਰਤੀ ਦਾ ਤਾਂ ਸ਼ੈਦਾਈ ਹੈ ਹੀ ਤੇ ਨਾਲ ਹੀ ਨਾਲ ਨੇਤਾਵਾਂ ਦੀ ਨੀਤੀ ਤੇ ਨੀਯਤ ਦੇ ਵੀ ਬਖੀਏ ਉਧੇੜਦਾ ਹੈ ਜੋ ਵੋਟਾਂ ਮੰਗਣ ਵੇਲੇ ਤਾਂ ਬੜੇ ਮੀਸਣੇ ਬਣ ਕੇ ਪਾਲਤੂ ਨਿਮਰਤਾ ਨਾਲ ਵੋਟਰਾਂ ਦੇ ਬਗਲਗੀਰ ਹੁੰਦੇ ਹਨ ਤੇ ਚੋਣ ਜਿੱਤਣ ਤੋਂ ਬਾਅਦ ਕਦੇ ਨਜ਼ਰ ਨਹੀਂ ਆਉਂਦੇ ਤੇ ਸਮਾਜਿਕ ਮੁੱਦਿਆਂ ਵੱਲ ਤਾਂ ਪਿੱਠ ਕਰਕੇ ਆਪਣੇ ਏ.ਸੀ. ਕਮਰਿਆਂ ਵਿਚ ਬੈਠੇ ਰਹਿੰਦੇ ਹਨ। ਉਹ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਆਪਣਾ ਕਾਵਿ-ਧਰਮ ਨਿਭਾਅ ਰਹੇ ਹਨ। ਵਿਕਾਊ ਡਿਗਰੀਆਂ ਰਾਹੀਂ ਵਿੱਦਿਆ ਦੇ ਖੇਤਰ ਵਿਚ ਆਏ ਨਿਘਾਰ ਨੂੰ ਵੀ ਉਹ ਚੌਰਾਹੇ ਵਿਚ ਨੰਗਿਆਂ ਕਰਦੇ ਹਨ ਤੇ ਭਾਰਤੀ ਸੰਵਿਧਾਨ ਨੂੰ ਲੱਗੀ ਸਿਓਂਕ ਬਾਰੇ ਵੀ ਫ਼ਿਕਰਮੰਦੀ ਕਰਦੇ ਹਨ। ਉਹ ਪੰਜਾਬ ਤੇ ਪੰਜਾਬੀਅਤ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦੇ ਹਨ ਤੇ ਪੰਜਾਬ ਦੇ ਪੰਜ ਦਰਿਆ ਸ਼ਾਇਰ ਦੇ ਦਿਲ ਦੀ ਧੜਕਣ ਬਣੇ ਰਹਿੰਦੇ ਹਨ। ਇਸ ਖ਼ੂਬਸੂਰਤ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254.

ਨੀਨਾ ਜਿਉਂਦੀ ਹੈ
ਲੇਖਕ : ਓਮ ਪ੍ਰਕਾਸ਼ ਸਰੋਏ
ਪ੍ਰਕਾਸ਼ਨ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 171
ਸੰਪਰਕ : 94178-66097

ਇਹ ਨਾਵਲ ਜੀਵਨ ਦੀ ਸੱਚੀ ਘਟਨਾ ਉੱਪਰ ਆਧਾਰਿਤ ਹੈ। ਓਮ ਪ੍ਰਕਾਸ਼ ਸਰੋਏ ਦੁਆਰਾ ਮਨ ਤੇ ਦਿਲ ਅੰਦਰ ਨੀਨਾ ਪ੍ਰਤੀ ਵਗਦੇ ਮੁਹੱਬਤ ਦੇ ਦਰਿਆ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਕੀਤਾ ਯਤਨ ਹੈ। ਅੰਤਰਜਾਤੀ ਪ੍ਰੇਮ ਵਿਆਹ ਕਾਰਨ ਅਨੇਕ ਸਮੱਸਿਆਵਾਂ ਤੇ ਤਾਅਨੇ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ। ਸਰੋਏ ਬੇਬਾਕੀ ਨਾਲ ਕਹਿੰਦਾ ਹੈ, 'ਰਿਸ਼ਤੇਦਾਰ ਭਾਵੇਂ ਮੇਰੇ ਕੁਣਬੇ ਦੇ ਸਨ ਜਾਂ ਨੀਨਾ ਦੇ ਕੁਣਬੇ ਦੇ, ਹਮੇਸ਼ਾ ਸਾਡੇ ਪ੍ਰੇਮ ਵਿਆਹ ਦੇ ਟੁੱਟਣ ਦੀ ਉਡੀਕ ਕਰਦੇ ਰਹੇ।' ਇਸ ਨਾਵਲ ਦੇ 23 ਕਾਂਡ ਹਨ, ਜਿਨ੍ਹਾਂ ਦੀ ਸਿਰਜਣਾ ਦਾ ਆਧਾਰ ਵਿਛੋੜਾ, ਦੁਖਾਂਤ, ਉਦਾਸੀ, ਸੱਖਣਾਪਣ, ਵੀਰਾਨ ਹੋਣਾ, ਟੁੱਟਣਾ, ਤੜਫਣਾ, ਰੋਣਾ-ਕੁਰਲਾਉਣਾ ਆਦਿ ਸਨ। ਗੁਰਮੀਤ ਕੜਿਆਲਵੀ ਦਾ ਵਿਚਾਰ, 'ਇਹ ਰਚਨਾ ਅੱਧ ਤੱਕ ਤਾਂ ਕਿਸੇ ਰੁਮਾਂਟਿਕ ਨਾਵਲ ਵਾਂਗ ਪਾਠਕ ਨੂੰ ਧੂੰਹਦੀ ਹੋਈ ਰੁਮਾਂਸ ਨਾਲ ਭਰੀ ਰੱਖਦੀ ਹੈ।' ਨਾਵਲ 'ਨੀਨਾ ਜਿਊਂਦੀ ਹੈ' ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਪ੍ਰਸਥਿਤੀਆਂ ਦੇ ਵਿਰੋਧ ਵਜੋਂ ਪਿਆਰ-ਵਿਆਹ ਲਈ ਕਿਵੇਂ ਲਗਾਤਾਰ ਸੰਘਰਸ਼ ਕਰਦਾ ਹੈ, ਦਾ ਬਿਰਤਾਂਤ ਸਿਰਜਿਆ ਗਿਆ ਹੈ। ਨੀਨਾ ਤੇ ਸਰੋਏ ਇਸ ਅਗਨ ਕੁੰਡ ਵਿਚੋਂ ਲੰਘ ਕੇ 'ਕੁੰਦਨ' ਬਣਦੇ ਹਨ। ਭਾਵੇਂ ਕਿ ਨਾਵਲ ਓਮ ਪ੍ਰਕਾਸ਼ ਦੇ ਪਿਆਰ, ਅਨੁਭਵ, ਵਲਵਲੇ, ਜਜ਼ਬਾਤਾਂ ਤੇ ਮਨੋਭਾਵਾਂ ਦਾ ਪ੍ਰਗਟਾਵਾ ਹੈ ਪਰ ਇਸ ਦੇ ਬਿਰਤਾਂਤ ਵਿਚੋਂ ਸਮਾਜਿਕ ਸਿਸਟਮ ਦਾ ਕਰੂਰ ਸੱਚ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਨਾਵਲ ਅਮਾਨਵੀ ਪਿਰਤਾਂ ਵਿਰੁੱਧ ਕ੍ਰਾਂਤੀਕਾਰੀ ਆਵਾਜ਼ ਬੁਲੰਦ ਕਰਦਾ ਹੈ।
ਨਾਵਲ ਦਾ ਵੱਡਾ ਹਿੱਸਾ ਦੋ ਮਹੀਨਿਆਂ ਵਿਚ ਸੰਪੂਰਨ ਹੋਇਆ ਪਰ ਆਖ਼ਰੀ ਕਾਂਡ ਡੇਢ ਸਾਲ ਵਿਚ ਪੂਰਾ ਹੋਇਆ, ਕਿਉਂਕਿ ਨੀਨਾ ਦੀ ਕੈਂਸਰ ਦੀ ਬਿਮਾਰੀ ਦਾ ਸੰਤਾਪ ਭੋਗਦਿਆਂ ਦੀਆਂ ਘਟਨਾਵਾਂ ਲਿਖਣਾ ਅਸਹਿ ਪੀੜ ਨੂੰ ਦੁਬਾਰਾ ਸਹਿਣ ਕਰਨਾ ਸੀ। ਉਸ ਨੇ ਰਚਨਾ ਨੂੰ ਸੰਪੂਰਨ ਕਰਨ ਲਈ ਬੁੱਧਮਤਿ ਤੇ ਗੁਰਮਤਿ ਦੇ ਫਲਸਫ਼ੇ ਦਾ ਗਹਿਣ ਅਧਿਐਨ ਕੀਤਾ। ਉਸ ਨੇ ਅਨੁਭਵ ਕੀਤਾ ਕਿ ਨੀਨਾ ਦਾ ਸਰੀਰਕ ਤੌਰ 'ਤੇ ਸਦਾ ਲਈ ਅਲੱਗ ਹੋ ਜਾਣਾ ਕੁਦਰਤ ਦਾ ਨਾ ਟਾਲਿਆ ਜਾਣ ਵਾਲਾ ਵਰਤਾਰਾ ਹੈ। ਸਰੋਏ ਕਹਿੰਦਾ ਹੈ, 'ਜਿਸ ਨੂੰ ਕਹਾਣੀ ਦਾ ਅੰਤ ਖ਼ੁਸ਼ੀ ਵਾਲਾ ਤੇ ਸੁਖਾਵਾਂ ਚਾਹੀਦਾ ਸੀ, ਉਹ ਮੈਨੂੰ ਅੰਤ ਦੁੱਖਾਂ ਦੇ ਸਮੁੰਦਰ ਵਿਚ ਹੀ ਧੱਕਾ ਦੇ ਗਈ।' ਨਾਵਲ ਵਿਚ ਫ਼ਜ਼ਲ ਸ਼ਾਹ ਦੀਆਂ ਕਾਵਿ-ਸਤਰਾਂ, ਭਗਤ ਕਬੀਰ ਜੀ ਦੇ ਸਲੋਕ, ਭਗਤ ਪੀਪਾ ਜੀ ਦੇ ਸਲੋਕ ਵੀ ਦਰਜ ਕੀਤੇ ਹਨ।
ਸੁਚੱਜੀ ਸ਼ਬਦ ਜੜਤ, ਖ਼ੂਬਸੂਰਤ ਵਾਕ ਬਣਤਰ, ਉੱਤਮਪੁਰਖੀ ਸ਼ੈਲੀ, ਮੁਹਾਵਰੇਦਾਰ ਠੇਠ ਪੰਜਾਬੀ ਬੋਲੀ 'ਚ ਲਿਖੀ ਪ੍ਰੀਤ ਕਹਾਣੀ ਹੈ। ਨਾਵਲੀ ਬਿਰਤਾਂਤ 'ਜਦੋਂ ਇਹ ਪਤਾ ਹੋਵੇ ਕਿ ਜਿਸ ਨੂੰ ਤੁਸੀਂ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹੋ, ਉਹ ਤੁਹਾਡੇ ਕੋਲ ਕੁਝ ਪਲਾਂ ਦੀ ਮਹਿਮਾਨ ਹੈ, ਕੋਈ ਇਨਸਾਨ ਕਿਵੇਂ ਟੁੱਟਦਾ, ਭੁਰਦਾ, ਖੁਰਦਾ, ਰੋਂਦਾ, ਪਿਘਲਦਾ, ਵਹਿੰਦਾ ਹੈ।' ਸ਼ੈਲੀ ਵਿਚ ਰਵਾਨਗੀ ਹੈ, ਘਟਨਾਵਾਂ ਕਾਲਪਨਿਕ ਨਹੀਂ ਯਥਾਰਥਕ ਰੰਗਣ ਵਾਲੀਆਂ ਹਨ। ਪਾਤਰ ਹੱਡ-ਮਾਸ ਦੇ ਸੰਜੀਵ ਮਨੁੱਖ ਹਨ, ਹਰ ਕਾਂਡ ਇਕ ਕੜੀ ਹੈ ਜੋ ਜੀਵਨ ਦੀਆਂ ਤੰਦਾਂ ਜੋੜਦਾ ਹੈ। ਨਾਵਲੀ ਬਿਰਤਾਂਤ ਸਵੈ-ਚਿਤਰਨ ਦੀ ਤਰਜ਼ਮਾਨੀ ਕਰਦਾ ਹੈ। ਨੌਜਵਾਨ ਵਰਗ ਲਈ ਵਾਚਣਯੋਗ ਰਚਨਾ ਹੈ ਤਾਂ ਜੋ ਨੌਜਵਾਨਾਂ ਦਾ ਮਾਰਗ ਦਰਸ਼ਨ ਹੋ ਸਕੇ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਮਹਾਂ ਮਾਨਵ ਕਿਵੇਂ ਬਣੀਏ
ਲੇਖਕ : ਸੰਤੋਖ ਸਿੰਘ ਗੁਰਾਇਆ (ਟੌਂਗ)
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 89689-74502

ਹਥਲੀ ਪੁਸਤਕ ਵਿਚ ਲੇਖਕ ਵਲੋਂ ਸੁਰਤੀ ਦੇ ਸਫ਼ਰ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੇਖਕ ਵਲੋਂ ਸੱਤ ਪੁਸਤਕਾਂ ਸਮੇਂ-ਸਮੇਂ ਪਾਠਕਾਂ ਦੇ ਸਨਮੁੱਖ ਭੇਟ ਕੀਤੀਆਂ ਜਾ ਚੁੱਕੀਆਂ ਹਨ। ਲੇਖਕ ਵਲੋਂ ਚੁਣੇ ਗਏ ਵਿਸ਼ੇ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨਾ ਕੋਈ ਸੁਖੈਨ ਕਾਰਜ ਨਹੀਂ। ਸਿੱਖ ਧਰਮ ਨਵੀਨ ਤੇ ਨਿਵੇਕਲੀ ਵਿਚਾਰਧਾਰਾ ਨੂੰ ਸੰਸਾਰ ਦੇ ਮੰਚ 'ਤੇ ਪੇਸ਼ ਕਰਦਾ ਹੈ। ਮਨੁੱਖ ਨੇ ਕਰਮ-ਕਾਂਡਾਂ ਵੱਲ ਪਿੱਠ ਕਰਕੇ ਆਪਣੇ ਅੰਦਰ ਚੰਗੇ ਗੁਣਾਂ ਦਾ ਸੰਚਾਰ ਕਰਨਾ ਹੈ। ਅਸੀਂ ਵੇਖਦੇ ਹਾਂ, ਮਨੁੱਖ ਸਾਰੀ ਉਮਰ ਬਾਹਰ ਮੁਖੀ ਜੀਵਨ ਬਸਰ ਕਰਦਾ ਹੈ, ਉਹ ਆਪ ਸਹੇੜੇ ਦੁੱਖਾਂ ਤੇ ਕਸ਼ਟਾਂ ਨਾਲ ਜੂਝਦਾ ਰਹਿੰਦਾ ਹੈ। ਪਰ ਇਸ ਪੁਸਤਕ ਦੇ ਲੇਖਕ ਮੁਤਾਬਿਕ ਮਨੁੱਖੀ ਸੁਰਤ ਦਾ ਪੈਂਡਾ ਸੁਚੇਤ ਮਨ ਤੋਂ ਅਚੇਤ ਮਨ ਵੱਲ ਜਾਣ ਦਾ ਸਫ਼ਰ ਹੈ। ਪਰ ਇਸ ਸਫ਼ਰ ਵਿਚ ਹੰਕਾਰ ਰੂਪੀ ਟੋਏ ਟਿੱਬੇ ਅਤੇ ਚਤੁਰਾਈ ਦੀਆਂ ਵੱਡੀਆਂ ਰੁਕਾਵਟਾਂ ਹਨ। ਇਨ੍ਹਾਂ ਰੁਕਾਟਵਾਂ ਤੇ ਰੋਕਾਂ ਵਿਚੋਂ ਸੁਰਤ ਪਾਰ ਨਹੀਂ ਹੋ ਸਕਦੀ। ਆਪਣੀ ਹਯਾਤੀ ਦੌਰਾਨ ਪਦਾਰਥਕ ਸੁੱਖਾਂ ਨੂੰ ਇਕੱਠਿਆਂ ਕਰਦਿਆਂ ਹੀ ਜੀਵਨ ਸਫ਼ਰ ਬੀਤ ਜਾਂਦਾ ਹੈ। ਗਿਆਨ ਦੀ ਤਾਂ ਕੋਈ ਸੀਮਾ ਨਹੀਂ। ਮਨਮਤਿ ਤੋਂ ਗੁਰਮਤਿ ਵੱਲ ਤੁਰਨ ਦਾ ਨਾਂਅ ਹੀ ਸੁਰਤ ਦਾ ਪੈਂਡਾ ਹੈ।
ਲੇਖਕ ਵਲੋਂ ਪੁਸਤਕ ਵਿਚ ਸ਼ਾਮਿਲ ਸਾਰੇ ਲੇਖ ਗੁਰਮਤਿ ਦੀ ਰੌਸ਼ਨੀ ਵਿਚ ਸਾਨੂੰ ਅਗਵਾਈ ਦੇ ਰਹੇ ਹਨ। ਇਨ੍ਹਾਂ ਲੇਖਾਂ ਵਿਚ 'ਮੂਲ ਮੰਤਰ ਦੀ ਵਿਆਖਿਆ', 'ਮਨਮੁੱਖ ਤੋਂ ਗੁਰਮੁੱਖ ਕਿਵੇਂ ਬਣੀਏ', 'ਰੱਬ ਆਪਣੇ ਨਿਯਮਾਂ ਵਿਚ ਚਲਦਾ ਹੈ', 'ਅਸੀਂ ਚੜ੍ਹਦੀ ਕਲਾ ਵਿਚ ਕਿਵੇਂ ਰਹਿਣਾ ਹੈ', 'ਅੱਜ ਸਿੱਖ ਕੌਮ ਦੀ ਧਾਰਮਿਕ ਸਥਿਤੀ ਕੀ ਹੈ?', 'ਸਾਡੀ ਸਮੁੱਚੀ ਜ਼ਿੰਦਗੀ ਢਹਿੰਦੀ ਕਲਾ ਵਾਲੀ ਕਿਉਂ ਹੈ?', 'ਮੇਰੇ ਅੰਦਰ ਮੇਰਾ ਰੱਬ ਨੀਂ', 'ਰੱਬ ਦਰਸ਼ਨ ਕਰਨ ਦੀ ਨਹੀਂ ਮਹਿਸੂਸ ਕਰਨ ਵਾਲੀ ਸ਼ਕਤੀ ਹੈ', 'ਮਨੁੱਖ ਦੀ ਸੁਰਤ ਹੀ ਮਨੁੱਖ ਦੀ ਸਭ ਤੋਂ ਵੱਡੀ ਜਾਇਦਾਦ ਹੈ', 'ਮੇਰੇ ਸਮੁੱਚੇ ਵਿਚਾਰ ਮੇਰਾ ਦਾਰੋਮਦਾਰ ਹਨ', 'ਜੇ ਰੱਬ ਮਿਲ ਪਵੇ ਤਾਂ, ਰੱਬ ਕੋਲੋਂ ਕੰਮ ਕਿਵੇਂ ਲੈਣਾ ਹੈ', 'ਜੀਊਂਦੇ ਜੀਅ ਦਾ ਸਵਰਗ', 'ਜੀਊਂਦੇ ਜੀਅ ਮੁਕਤ ਹੋ ਜਾਣਾ ਕੀ ਹੈ', 'ਪੁੰਨੀ ਪਾਪੀ ਆਖਣ ਨਾਇ', 'ਮਨੁੱਖ ਨਿਰਭਉ ਕਿਵੇਂ ਹੋਵੇ', 'ਅਸੀਂ ਰੱਬ ਕੋਲੋਂ ਮੰਗਣਾ ਕੀ ਹੈ', 'ਅਸੀਂ ਮੂੰਹੋਂ ਵਾਹ ਕਹਿਣ ਦੇ ਯੋਗ ਕਦੋਂ ਹੋਵਾਂਗੇ', 'ਸੁਰਤੀ ਦਾ ਸਫ਼ਰ', 'ਕੋਈ ਬੰਦਾ ਦੁਖੀ, ਕੋਈ ਬੰਦਾ ਸੁਖੀ ਕਿਉਂ ਹੈ', 'ਸਾਡੀ ਜ਼ਿੰਦਗੀ ਅਨੰਦਮਈ ਕਿਵੇਂ ਹੋ ਸਕਦੀ ਹੈ', 'ਮਨੁੱਖ ਅਤੇ ਰੱਬ ਦਾ ਸੰਬੰਧ', 'ਧਰਮ ਅਤੇ ਰੱਬ ਦਾ ਸੰਬੰਧ', 'ਜੋ ਮੇਰੇ ਵਿਚਾਰ ਸੋ ਮੇਰਾ ਸੰਸਾਰ', 'ਜ਼ਿਹਨ ਦੇ ਜੰਗਲ ਤੋਂ ਉਸ ਪਾਰ (ਕਵਿਤਾ)' ਵਿਸ਼ੇ ਮਨੁੱਖ ਮਾਤਰ ਨੂੰ ਅਗਵਾਈ ਦਿੰਦੇ ਹਨ।
ਪੁਸਤਕ ਵਿਚ ਸ਼ਾਮਿਲ ਉਪਰੋਕਤ ਸਾਰੇ ਵਿਸ਼ਿਆਂ ਨੂੰ ਵਾਚਦਿਆਂ ਗਹਿਰ ਗੰਭੀਰ ਪਾਠਕ ਅੰਦਰ ਦੇ ਖੇੜੇ ਅਤੇ ਪ੍ਰੇਮ ਭਾਵਨਾਵਾਂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਰਿਹਾ ਹੁੰਦਾ ਹੈ। ਇਹ ਜੀਵਨ ਸਫ਼ਰ ਹੀ ਮਨੁੱਖ ਦਾ ਮਹਾਂ-ਮਾਨਵ ਬਣਨ ਦੀ ਯਾਤਰਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

03-09-23

ਸ਼ਹੀਦਾਨਿ ਵਫ਼ਾ ਅਤੇ ਗੰਜਿ ਸ਼ਹੀਦਾਂ
ਲੇਖਕ : ਅੱਲ੍ਹਾ ਯਾਰ ਖ਼ਾਂ ਜੋਗੀ
ਅਨੁਵਾਦਕ : ਕਿਰਪਾਲ ਸਿੰਘ 'ਦਰਦੀ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98140-74901

ਅੱਲ੍ਹਾ ਯਾਰ ਖਾਂ ਜੋਗੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੋ ਲੰਮੀਆਂ ਨਜ਼ਮਾਂ 'ਸ਼ਹੀਦਾਨਿ ਵਫ਼ਾ' ਅਤੇ 'ਗੰਜਿ ਸ਼ਹੀਦਾਂ' ਲਿਖੀਆਂ ਹਨ, ਜਿਨ੍ਹਾਂ ਵਿਚ ਫ਼ਾਰਸੀ, ਅਰਬੀ ਅਤੇ ਹਿੰਦੀ ਦੇ ਰਲਵੇਂ-ਮਿਲਵੇਂ ਸ਼ਬਦ ਵਰਤੇ ਗਏ ਹਨ ਅਤੇ ਲਿੱਪੀ ਸ਼ਾਹਮੁਖੀ ਹੈ। ਅਨੁਵਾਦਕ ਨੇ ਨਾਮਵਰ ਸ਼ਾਇਰ ਮਿਰਜ਼ਾ ਗ਼ਾਲਿਬ, ਅਲਤਾਫ ਹੁਸੈਨ ਹਾਲੀ, ਅਕਬਰ ਅਲ੍ਹਾਬਾਦੀ, ਲੱਭੂ ਰਾਮ ਜੋਸ਼ ਮਲਸਿਆਨੀ, ਸਾਹਿਰ ਲੁਧਿਆਣਵੀ, ਚਕਬਸਤ ਅਤੇ ਹੋਰ ਉਰਦੂ ਸ਼ਾਇਰਾਂ ਦੀਆਂ ਕ੍ਰਿਤਾਂ ਨੂੰ ਪੜ੍ਹਿਆ ਹੈ, ਅੱਲ੍ਹਾ ਯਾਰ ਖਾਂ ਜੋਗੀ ਦੀਆਂ ਨਜ਼ਮਾਂ ਜੋ ਮਰਸੀਆ ਦੇ ਰੂਪ ਵਿਚ ਹਨ, ਨੂੰ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਅਤੇ ਅਨੁਵਾਦ ਸ. ਕਿਰਪਾਲ ਸਿੰਘ ਦਰਦੀ ਨੇ ਕੀਤਾ ਹੈ।
ਮੂਲ ਪਾਠ ਤੋਂ ਪਹਿਲਾਂ ਅਨੁਵਾਦਕ ਸ. ਕਿਰਪਾਲ ਸਿੰਘ ਦਰਦੀ ਨੇ ਉਸ ਵੇਲੇ ਦੇ ਹਾਲਾਤ ਦਾ ਸੰਖੇਪ ਵੇਰਵਾ ਵੀ ਦਿੱਤਾ ਹੈ ਤਾਂ ਕਿ ਪਾਠਕ ਜਨ ਇਹ ਜਾਣ ਸਕਣ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਨੰਦਪੁਰ ਛੱਡਣਾ ਪਿਆ ਅਤੇ ਸਾਹਿਬਜ਼ਾਦੇ ਸ਼ਹੀਦ ਹੋਏ। ਸਰਹਿੰਦ ਦਾ ਸੰਖੇਪ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਨੂੰ ਫ਼ਤਿਹ ਕਰਨ ਦਾ ਵਰਣਨ ਵੀ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸੁਪਤਨੀਆਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦਿੱਲੀ ਕਿਉਂ ਗਈਆਂ ਜਦਕਿ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਵੱਲ ਮਾਲਵੇ 'ਚ ਚਲੇ ਗਏ ਸਨ ਅਤੇ ਮੁਗਲ ਫੌਜਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਉਨ੍ਹਾਂ ਦਾ ਦਿੱਲੀ ਮੌਤ ਦੇ ਮੂੰਹ ਵਿਚ ਜਾਣ ਦੇ ਕਾਰਨਾਂ ਬਾਰੇ ਵੀ ਲਿਖਿਆ ਗਿਆ ਹੈ।
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ
ਸਿੱਖੀ ਕੀ ਨੀਂਵ ਹਮ ਹੈ ਸਰੋਂ ਪਰ ਉਠਾ ਚਲੇ
ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ
ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੌਮ ਪਾਏਗੀ।
ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।
 
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੱਚੇ ਜਹਾ ਖ਼ੁਦਾ ਕੇ ਲੀਏ।
ਗੁਰੂ ਗੋਬਿੰਦ ਕੇ ਲਖ਼ਤਿ-ਜਿਗਰ ਅਜੀਤੋ ਜੁਝਾਰ
ਫ਼ਲਕ ਪਿ ਇਕ ਯਹਾਂ ਦੋ ਚਾਂਦ ਹੈਂ ਜ਼ਿਬਾ ਕੇ ਲੀਏ।
ਸਤਿਗੁਰ ਕੇ ਲਾਲ ਬੋਲੇ 'ਨ ਛੂਨਾ ਹਮਾਰੇ ਹਾਥ
ਗੜਨੇ ਹਮ ਆਜ ਜ਼ਿੰਦਾ ਚਲੇਂਗੇ ਖੁਸ਼ੀ ਕੇ ਸਾਥ।
ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹੁ ਨੌਨਿਹਾਲ
ਕਹਤੇ ਹੁਏ ਜ਼ੁਬਾਂ ਸੇ ਬੜ੍ਹੇ 'ਸਤਿ ਸ੍ਰੀ ਅਕਾਲ।'
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 27 ਦਸੰਬਰ 1704 ਈ: ਨੂੰ ਹੋਈ। ਇਸ ਤੋਂ ਪਿਛੋਂ ਸਿੱਖ ਪੰਥ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ ਫ਼ਤਿਹ ਕੀਤਾ ਅਤੇ ਸਿੱਖ ਸੈਨਾਵਾਂ 24 ਮਈ 1710 ਈ: ਨੂੰ ਸਰਹਿੰਦ ਵਿਚ ਦਾਖ਼ਿਲ ਹੋਈਆਂ ਅਤੇ ਸਰਹਿੰਦ ਨੂੰ ਤਬਾਹ ਕਰਕੇ ਪੰਜਾਬ ਵਿਚ ਪਹਿਲਾ ਸਿੱਖ ਰਾਜ ਸਥਾਪਤ ਕੀਤਾ। ਇਹ ਸਿੱਖ ਰਾਜ ਭਾਵੇਂ ਬਹੁਤ ਘੱਟ ਸਮਾਂ ਸਥਾਪਤ ਰਿਹਾ ਅਤੇ ਬੰਦਾ ਬਹਾਦਰ ਨੂੰ 10 ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਇਹ ਰਾਜ ਸਿੱਖ ਮਨਾਂ 'ਤੇ ਅਮਿਟ ਛਾਪ ਛੱਡ ਗਿਆ। ਇਸ ਤੋਂ ਪਿਛੋਂ 1753 ਤੱਕ ਦਾ ਸਮਾਂ ਸਿੱਖਾਂ ਲਈ ਬੜਾ ਹੀ ਨਾਜ਼ੁਕ ਸਮਾਂ ਸੀ। ਲਾਹੌਰ ਦੇ ਗਵਰਨਰਾਂ ਨੇ ਸਿੱਖਾਂ 'ਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ। ਕਦੀ ਈਰਾਨੀ ਹੁਕਮਰਾਨ ਨਾਦਰ ਸ਼ਾਹ ਅਤੇ ਕਦੇ ਅਫ਼ਗਾਨੀ ਹੁਕਮਰਾਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ-ਨਾਲ ਮੁਗਲਾਂ ਦੇ ਜ਼ੁਲਮ ਵੀ ਸਹਿਣੇ ਪਏ। ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਂ ਕੋਲੋਂ 1761 ਵਿਚ ਸਰਹਿੰਦ ਫ਼ਤਿਹ ਕਰਕੇ ਆਪਣਾ ਗਵਰਨਰ ਜੈਨ ਖਾਂ ਨੂੰ ਮੁਕੱਰਰ ਕੀਤਾ। ਸੰਨ 1761 ਵਿਚ ਖ਼ਾਲਸਾ ਪੰਥ ਨੇ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਨੂੰ ਦੁਬਾਰਾ ਫ਼ਤਿਹ ਕੀਤਾ ਅਤੇ ਪੰਜਾਬ ਦੇ ਇਕ ਵੱਡੇ ਖੇਤਰ ਨੂੰ ਅਫ਼ਗ਼ਾਨਿਸਤਾਨ ਦੀ ਪ੍ਰਭੁਤਾ ਤੋਂ ਸੁਤੰਤਰ ਕਰਾ ਕੇ, ਸਰਹਿੰਦ ਨੂੰ ਖੂਬ ਤਬਾਹ ਤੇ ਬਰਬਾਦ ਕੀਤਾ ਅਤੇ ਸਿੱਖ ਰਾਜ ਦੁਬਾਰਾ ਸਥਾਪਤ ਕਰ ਲਿਆ। ਘਟਨਾਵਾਂ ਨੂੰ ਮੁਖ਼ਤਸਰ ਤੌਰ 'ਤੇ ਲਿਖਿਆ ਹੈ।
ਅੱਲ੍ਹਾ ਯਾਰ ਖਾਂ ਜੋਗੀ 'ਗੰਜਿ ਸ਼ਹੀਦਾਂ' (33) ਵਿਚ ਲਿਖਦੇ ਹਨ 'ਬਰਕਤ ਨੇ ਮਿਰੀ ਫਤਹ ਥਾਂ ਆਸਾਮ ਕਰਾਯਾ'। ਉਸ ਦੇ ਇਸ ਇਸ਼ਾਰੇ ਬਾਰੇ ਵੀ ਲਿਖਿਆ ਗਿਆ ਹੈ ਕਿ ਕਿਵੇਂ ਗੁਰੂ ਤੇਗ਼ ਬਹਾਦਰ ਜੀ ਨੇ ਰਾਜਾ ਰਾਮ ਸਿੰਘ ਅੰਬੇਰ (ਜੈਪੁਰ) ਜਿਹੜਾ ਔਰੰਗਜ਼ੇਬ ਵਲੋਂ ਥਾਪਿਆ ਆਸਾਮ ਦਾ ਗਵਰਨਰ ਸੀ, ਦੀ ਆਸਾਮ ਫ਼ਤਿਹ ਕਰਨ ਵਿਚ ਸਹਾਇਤਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਪੂਤ ਰਾਜਿਆਂ ਨੂੰ ਜੋ ਆਪਸ ਵਿਚ ਲੜਦੇ-ਭਿੜਦੇ ਰਹਿੰਦੇ ਸਨ ਸੁਲਾਹ ਵੀ ਕਰਵਾਣੀ ਚਾਹੀ ਅਤੇ ਰਿਵਾਲਸਰ (ਹਿਮਾਚਲ) ਵਿਚ ਇਕ ਸੰਮੇਲਨ ਬੁਲਾ ਕੇ ਇਨ੍ਹਾਂ ਵਿਚ ਕੌਮੀਵਾਦ (Nationalism)) ਦੀ ਭਾਵਨਾ ਕਾਇਮ ਲਈ ਆਯੋਜਿਤ ਕੀਤਾ, ਇਸ ਬਾਰੇ ਵੀ ਥੋੜ੍ਹਾ ਬਹੁਤ ਜ਼ਿਕਰ ਕੀਤਾ ਗਿਆ ਹੈ।
ਕਿਤਾਬ ਵਿਚ ਸੰਪਾਦਕ ਵਲੋਂ ਲਿਖੀ ਆਦਿਕਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹਾਲਤ, ਗੁਰੂ ਜੀ ਦਾ ਪਾਉਂਟੇ ਜਾਣਾ, ਗੁਰੂ ਸਾਹਿਬ ਫਿਰ ਅਨੰਦਪੁਰ ਵਿਚ, ਨਦੌਣ ਦੀ ਜੰਗ, ਖਾਨਜ਼ਾਦਾ ਦੀ ਮੁਹਿੰਮ, ਹੁਸੈਨ ਖਾਂ ਦੀ ਅਨੰਦਪੁਰ ਤੇ ਚੜ੍ਹਾਈ (1695 ਈ.), ਸ਼ਹਿਜ਼ਾਦਾ ਮੁਅਜ਼ਮ ਦਾ ਆਉਣਾ, ਖ਼ਾਲਸੇ ਦੀ ਸਿਰਜਣਾ, ਰਿਵਾਲਸਰ ਵਿਖੇ ਪਹਾੜੀ ਰਾਜਿਆਂ ਦੇ ਮਨਾਂ ਵਿਚ ਆਜ਼ਾਦੀ ਦੀ ਚਿਣਗ ਬਾਲਣੀ ਚਾਹੀ, ਗੁਰੂ ਜੀ ਇਕ ਅਨੁਭਵੀ ਨੇਤਾ ਸਨ, ਖ਼ਾਲਸਾ ਸਿਰਜਣਾ ਤੋਂ ਚਮਕੌਰ ਤੱਕ, ਗੁਰੂ ਜੀ ਦਾ ਨਿਰਮੋਹ ਜਾਣਾ, ਗੁਰੂ ਜੀ ਬਸੌਲੀ ਵਿਖੇ, ਗੁਰੂ ਜੀ ਫਿਰ ਅਨੰਦਪੁਰ ਵਿਚ, ਦੁਸ਼ਮਨ ਸੈਨਾ ਦੀ ਅਨੰਦਪੁਰ ਤੇ ਆਖਰੀ ਚੜ੍ਹਾਈ, ਗੁਰੂ ਸਾਹਿਬ ਚਮਕੌਰ ਵਿਖੇ, ਸਰਹਿੰਦ ਦਾ ਪੁਰਾਣਾ ਇਤਿਹਾਸ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ, ਬੰਦਾ ਬਹਾਦਰ ਨਾਲ ਗੁਰੂ ਜੀ ਦੀ ਮਿਲਣੀ, ਬੰਦਾ ਬਹਾਦਰ ਦੀ ਸਰਹਿੰਦ 'ਤੇ ਚੜ੍ਹਾਈ, ਸਰਹਿੰਦ ਨੂੰ ਫਿਰ ਫ਼ਤਹਿ ਕਰਨਾ, ਮਾਤਾ ਸੁੰਦਰੀ ਤੇ ਸਾਹਿਬ ਕੌਰ ਦਿੱਲੀ ਕਿਉਂ ਗਈਆਂ?, ਅੱਲ੍ਹਾ ਯਾਰ ਖਾਂ ਜੋਗੀ, ਗੰਜਿ ਸ਼ਹੀਦਾਂ (ਮੂਲ ਪਾਠ ਤੇ ਅਰਥ), ਸ਼ਹੀਦਾਨਿ-ਵਫ਼ਾ (ਮੂਲ ਪਾਠ ਤੇ ਅਰਥ), ਹਾਲਾਤਿ ਚਮਕੌਰ ਅਤੇ ਪੁਸਤਕ ਸੂਚੀ (Bibliography ) ਅੰਕਿਤ ਹੈ।
ਸ਼ਹੀਦਾਨਿ ਵਫ਼ਾ ਦੇ 110 ਬੰਦ ਅਤੇ ਗੰਜਿ ਸ਼ਹੀਦਾਂ ਕਵਿਤਾ ਦੇ 117 ਬੰਦ ਹਨ ਕੁੱਲ 227 ਬੰਦਾਂ ਵਾਲੀ ਇਹ ਅੱਲਾ ਯਾਰ ਖਾਂ ਜੋਗੀ ਦੀਆਂ ਦੋ ਰਚਨਾਵਾਂ ਇਕ ਅਨੂਠਾ, ਮਰਸੀਆ ਹਨ ਜੋ ਸਦਾ ਸਿੱਖ ਇਤਿਹਾਸ ਵਿਚ ਕਾਇਮ ਰਹੇਗਾ। ਉਮੀਦ ਹੈ ਅੱਲ੍ਹਾ ਯਾਰ ਖਾਂ ਜੋਗੀ ਦੀ ਕ੍ਰਿਤ 'ਸ਼ਹੀਦਾਨਿ ਵਫ਼ਾ' ਅਤੇ 'ਗੰਜਿ ਸ਼ਹੀਦਾਂ' ਦਾ ਅਨੁਵਾਦ ਸ. ਕਿਰਪਾਲ ਸਿੰਘ ਦਰਦੀ ਵਲੋਂ ਕੀਤਾ ਗਿਆ ਹੈ, ਨੂੰ ਪਾਠਕ ਪਸੰਦ ਕਰਨਗੇ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਗੁਰਮਤਿ ਦੀ ਨਿਰੋਗ ਜੀਵਨਧਾਰਾ
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਨਾ ਪ੍ਰਕਾਸ਼ਨ, ਅੰਮ੍ਰਿਤਸਰ
ਸਫ਼ੇ : 176
ਸੰਪਰਕ : 99881-76886

ਲੇਖਿਕਾ ਵਲੋਂ ਹਥਲੀ ਪੁਸਤਕ ਗੁਰਮਤਿ ਦੇ ਚਾਨਣ ਵਿਚ ਅੱਜ ਤੱਕ ਜੋ ਉਨ੍ਹਾਂ ਜੀਵਿਆ, ਮਾਣਿਆ ਤੇ ਹੰਢਾਇਆ ਹੈ, ਇਸ ਦਾ ਪ੍ਰਗਟਾਵਾ ਇਨ੍ਹਾਂ ਲੇਖਾਂ ਵਿਚ ਕਰਨ ਦਾ ਸਫ਼ਲ ਉਪਰਾਲਾ ਹੈ। ਇਸ ਤੋਂ ਪਹਿਲਾਂ ਵੀ ਲੇਖਿਕਾ ਨੇ ਵੱਖ-ਵੱਖ ਵਿਧਾਵਾਂ ਵਿਚ ਪੰਜ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਅਸਲ ਵਿਚ ਇਹ ਕਿਤਾਬ ਗੁਰਮਤਿ ਦੇ ਸਿਰਜਣਾਤਮਿਕ ਸਾਹਿਤ ਨਾਲ ਸੰਬੰਧਿਤ ਹੈ। ਗੁਰਮਤਿ ਨੇ ਮਨੁੱਖਤਾ ਨੂੰ ਅਜਿਹੀ ਰੌਸ਼ਨੀ ਦਿੱਤੀ ਹੈ, ਜਿਸ ਦੇ ਚਾਨਣ ਵਿਚ ਧਰਮ ਦੇ ਖੇਤਰ ਵਿਚੋਂ ਦੰਭ, ਪਾਖੰਡ ਤੇ ਕਰਮਕਾਂਡ ਦੇ ਨਦੀਨ ਨੂੰ ਮਾਰਨ ਦਾ ਇਕ ਸਰਬ ਸਾਂਝਾ ਸੁਨੇਹਾ ਮਿਲਦਾ ਹੈ। ਮਨੁੱਖੀ ਜੀਵਨ ਨੂੰ ਕਿਵੇਂ ਹੋਰ ਵਧੇਰੇ ਚੰਗਾ ਬਣਾ ਕੇ ਗੁਣਾਂ ਦਾ ਸੰਚਾਰ ਕਰਨਾ ਹੈ। ਗੁਰਮਤਿ ਦੇ ਉੱਚ ਆਦਰਸ਼ਾਂ ਨਾਲ ਓਤ-ਪੋਤ ਸ਼ਾਮਿਲ ਸਾਰੇ ਲੇਖ ਵਾਚਣਯੋਗ ਹਨ। ਲੇਖਿਕਾ ਦੀ ਵਿਦਵਤਾ ਦੀ ਝਲਕ ਇਸ ਵਿਚ ਸ਼ਾਮਿਲ ਵੱਖ-ਵੱਖ ਵਿਸ਼ਿਆਂ ਉੱਪਰ ਕੀਤੀ ਗਹਿਰ ਗੰਭੀਰ ਵਿਚਾਰ ਤੋਂ ਪੈਂਦੀ ਹੈ। ਉਸ ਨੇ ਗੁਰਮਤਿ ਸਿਧਾਂਤਾਂ 'ਤੇ ਆਧਾਰਿਤ ਸਮਾਜ ਦੀ ਸੇਵਾ, ਮਨੁੱਖੀ ਜੀਵਨ ਜਾਚ ਤੇ ਜੀਵਨ ਵਿਚਾਰਧਾਰਾ ਨੂੰ ਵਿਕਾਰਾਂ ਤੋਂ ਕਿਵੇਂ ਨਜ਼ਾਤ ਦਿਵਾਉਣੀ ਹੈ, ਦੇ ਆਦਰਸ਼ ਨੂੰ ਸਾਹਮਣੇ ਰੱਖਿਆ ਹੈ। ਕਿਤਾਬ ਵਿਚ ਸ਼ਾਮਿਲ 15 ਲੇਖਾਂ ਵਿਚੋਂ ਸੱਤ ਲੇਖ ਸ੍ਰੀ ਸੁਖਮਨੀ ਸਾਹਿਬ ਜੀ ਵਿਚ ਆਏ ਵੱਖ-ਵੱਖ ਵਿਚਾਰ ਜਿਵੇਂ ਸੁੱਖ ਦਾ ਸੰਕਲਪ, ਪ੍ਰਭੂ ਸਿਮਰਨ, ਬੰਦਗੀ ਅਤੇ ਸਤਿਗੁਰੂ ਦੀ ਉਸਤਤਿ ਦੇ ਉਦੇਸ਼ ਨੂੰ ਲੈ ਕੇ ਪਾਠਕਾਂ ਦੇ ਰੂ-ਬਰੂ ਕੀਤੇ ਹਨ। ਇਕ ਲੇਖ ਸੁਖਮਨੀ ਸਾਹਿਬ ਅਤੇ ਜਪੁਜੀ ਦੀ ਵਿਆਖਿਆ ਸ਼ੈਲੀ ਦਾ ਵਿਸਥਾਰ ਕੀਤਾ ਹੈ।
ਪੁਸਤਕ ਵਿਚ ਸ਼ਾਮਿਲ ਪਹਿਲਾ ਲੇਖ 'ਸ੍ਰੀ ਗੁਰੂ ਤੰਗ ਬਹਾਦਰ ਜੀ : ਰੁਹਾਨੀ ਮਸੀਹਾ', 'ਗੁਰੂ ਸਾਹਿਬ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ, ਜਿਸ ਵਿਚੋਂ ਨੌਵੇਂ ਪਾਤਿਸ਼ਾਹ ਦਾ ਜੀਵਨ ਉਦੇਸ਼ ਨਿਰਸੁਆਰਥ ਜੀਵਨ ਜਾਚ, ਤਿਆਗ, ਨਿਰਭਉ, ਨਿਰਵੈਰ, ਪ੍ਰਭੂ-ਪ੍ਰਾਪਤੀ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਅੱਗੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਮਹੱਤਤਾ, ਸਿੱਖ ਅਤੇ ਸਿੱਖੀ, ਸਮਾਜਿਕ ਪੁਨਰਨਿਰਮਾਣ ਅਤੇ ਕਲਿਆਣ-ਹਿੱਤ ਗੁਰਬਾਣੀ ਸਿਧਾਂਤ, ਸਵਾਲਾਂ-ਜਵਾਬਾਂ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ' ਨੂੰ ਸੁਖੈਨ ਸ਼ਬਦਾਂ ਵਿਚ ਵਰਣਨ ਕੀਤਾ ਹੈ। 'ਸਿਮਰਨ ਦੀ ਮਹਾਨਤਾ', ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿਚ 'ਸਤਿਗੁਰੂ ਦੀ ਮਹਿਮਾ', 'ਸੁਖਮਨੀ ਵਿਚ ਸੁੱਖ ਦਾ ਸੰਕਲਪ', 'ਵਿਆਖਿਆ ਸ਼ੈਲੀ ਵਿਚ ਗੁਰੂ ਨਾਨਕ ਸਾਹਿਬ ਦੀ ਪਾਵਨ ਰਚਨਾ' ਜਪੁਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ 'ਸੁਖਮਨੀ' ਦੇ ਅੰਤਰਗਿਆਨ ਤੇ ਵਿਚਾਰ-ਚਰਚਾ ਕੀਤੀ ਗਈ ਹੈ। ਅਗਲੇ ਲੇਖ ਵਿਚ 'ਸੁਖਮਨੀ ਸਾਹਿਬ ਦੇ ਅਰਥ ਅਤੇ ਨਾਂਅ-ਸੰਸਕਾਰ', 'ਸੁਖਮਨੀ ਵਿਚ ਅਧਿਆਤਮਕਤਵਾਦ', 'ਸੁਖਮਨੀ ਵਿਚ ਨਾਮ ਦੀ ਮਹਿਮਾ', 'ਸੁਖਮਨੀ ਇਕ ਸਰੋਦੀ ਕਾਵਿ', 'ਨਿਰੋਗ ਜੀਵਨ ਹੀ ਵਰਦਾਨ' ਲੇਖ ਵਿਚ ਸੁਖੀ ਜੀਵਨ ਜਿਊਣ ਅਤੇ ਅਰੋਗ ਰਹਿਣ ਲਈ ਦੇਸੀ ਵਸਤੂਆਂ ਦੇ ਨੁਸਖੇ ਅਪਣਾਉਣ ਲਈ ਸੁਝਾਅ ਦਿੱਤੇ ਗਏ ਹਨ। ਸਮੁੱਚੇ ਰੂਪ ਵਿਚ ਵਿਦਵਾਨ ਲੇਖਿਕਾ ਵਲੋਂ ਸਖ਼ਤ ਘਾਲਣਾ ਘਾਲ ਕੇ ਗੁਰਮਤਿ ਦੇ ਆਸ਼ੇ ਮੁਤਾਬਿਕ, ਗੁਰਬਾਣੀ ਦੀਆਂ ਪਾਵਨ ਤੁਕਾਂ ਪ੍ਰਮਾਣ ਵਜੋਂ ਵਰਤੀਆਂ ਹਨ। ਗੁਰਮਤਿ ਦੇ ਵਿਦਿਆਰਥੀਆਂ, ਖੋਜੀਆਂ ਤੇ ਪ੍ਰਚਾਰਕਾਂ ਲਈ ਇਹ ਉੱਦਮ ਲਾਹੇਵੰਦ ਰਹੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਕਿਣਕਾ ਕਿਣਕਾ ਹਿੰਸਾ
ਲੇਖਿਕਾ : ਡਾ. ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 295 ਰੁਪਏ, ਸਫ਼ੇ : 112
ਸੰਪਰਕ : 98151-72073

'ਕਿਣਕਾ ਕਿਣਕਾ ਹਿੰਸਾ' ਕਾਵਿ-ਸੰਗ੍ਰਹਿ ਡਾ. ਸਰਬਜੀਤ ਕੌਰ ਸੋਹਲ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਸਫ਼ਰ ਦਰ ਸਫ਼ਰ (2010), 'ਐਵੇਂ ਕਿਵੇਂ' (2011), 'ਗੁੰਨ੍ਹੀ ਮਿੱਟੀ' (2013), 'ਕਾਵਿ-ਕੁਣਕਾ' (2015), 'ਮੁਹੱਬਤਗਿਰੀ' (2016), 'ਐਨੀਮੇਟਿਡ ਰਿਸ਼ਤੇ' (2018) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਪੰਜਾਬੀ ਕਾਵਿ-ਪਾਠਕਾਂ ਦੇ ਦਰਾਂ 'ਤੇ ਦਸਤਕ ਦੇ ਚੁੱਕੇ ਹਨ। ਉਹ ਸਰਬਾਂਗੀ ਲੇਖਿਕਾ ਹੈ। ਕਵਿਤਾ ਦੇ ਨਾਲ-ਨਾਲ ਉਹ ਕਹਾਣੀ, ਆਲੋਚਨਾ, ਅਨੁਵਾਦ ਅਤੇ ਸੰਪਾਦਨਾ ਦਾ ਸਾਹਿਤਕ ਫ਼ਰਜ਼ ਵੀ ਨਿਭਾਉਂਦੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਸੰਘਰਸ਼ੀ ਯੋਧਿਆਂ ਦੇ ਨਾਂਅ ਸਮਰਪਿਤ ਕਰਦਿਆਂ ਹਾਕਮ ਧਿਰ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਸ ਦੀ ਹਮਦਰਦੀ ਅਤੇ ਸਹਿਯੋਗ ਜ਼ਿੰਦਗੀ ਨੂੰ ਧੜਕਾਉਂਦੀਆਂ ਧਿਰਾਂ ਦੇ ਨਾਲ ਹੈ। ਇਸੇ ਲਈ ਕਾਵਿ-ਪਾਠਕ ਜਦੋਂ ਉਸ ਦੇ ਇਸ ਕਾਵਿ-ਸੰਗ੍ਰਹਿ ਦੀਆਂ 'ਧਰਤੀ ਪੁੱਤਰ ਦੀ ਤਾਸੀਰ' ਤੋਂ ਲੈ ਕੇ 'ਜੀਵਨ ਰਹੱਸ' ਤੱਕ ਦੀਆਂ 56 ਕਵਿਤਾਵਾਂ ਦਾ ਪਾਠ, ਚਿੰਤਾ ਅਤੇ ਚਿੰਤਨ ਦੀਆਂ ਪ੍ਰਕਿਰਿਆਵਾਂ ਵਿਚੋਂ ਲੰਘੇਗਾ ਤਾਂ ਉਹ ਸਹਿਜ ਭਾਅ ਹੀ 'ਕੇਂਦਰ' ਦੀ ਫਾਸ਼ੀਵਾਦੀ ਸੋਚ ਦੇ ਖ਼ਿਲਾਫ਼ ਵਿੱਢੇ ਸੰਘਰਸ਼, ਘੋਲ, ਯੁੱਧ ਦਾ ਹਿੱਸਾ ਸਮਝੇਗਾ। ਬੇਸ਼ੱਕ! ਮੁੱਢ ਕਦੀਮ ਤੋਂ ਪੰਜਾਬ ਦਾ ਹਿੰਦੁਸਤਾਨ ਨਾਲ 'ਨਾਬਰੀ' ਦਾ ਰਿਸ਼ਤਾ ਰਿਹਾ ਹੈ, ਪ੍ਰੰਤੂ ਇਸ ਦੇ ਭਾਰਤ-ਵਰਸ਼ ਬਣਨ ਉਪਰੰਤ ਹੀ ਪੰਜਾਬ ਦੇ ਅਣਖੀਲੇ ਸੁਭਾਅ ਕਾਰਨ 'ਕੇਂਦਰ' ਦੀ ਸੱਤਾ ਦੀ ਵਾਗ ਡੋਰ ਸੰਭਾਲੀ ਹਾਕਮਾਂ ਦੀ ਜੁੰਡਲੀ ਨੂੰ ਪੰਜਾਬ ਅੰਦਰ ਪਨਪਦੀ ਆਜ਼ਾਦਾਨਾ ਤਬੀਅਤ ਪਸੰਦ ਨਹੀਂ ਆਈ। ਹਰ ਤਰ੍ਹਾਂ ਦੇ ਹੱਥ-ਕੰਡੇ ਅਪਣਾ ਕੇ ਆਪਣੀ ਧੌਂਸ ਦਾ ਦਾਬਾ ਪੰਜਾਬੀਆਂ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੰਜਾਬੀਆਂ ਨੇ ਹਰ ਸਮੇਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਸਾਂਝੀਵਾਲਤਾ ਦਾ ਸੰਦੇਸ਼ ਇਸੇ ਧਰਤੀ ਤੋਂ ਤੁਰਿਆ ਤੇ ਫਿਰ ਸਾਰੀ ਦੁਨੀਆ 'ਚ ਫੈਲ ਗਿਆ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਅਸਲ ਗਣਤੰਤਰ', 'ਨਾਨਕ ਵੇਲਾ', 'ਲੋਹ ਪੁਰਸ਼', 'ਗਿਰਵੀ ਮਨੁੱਖ', 'ਆ ਵੇਖ ਓ ਬਾਬਾ ਨਾਨਕਾ', 'ਵਿਕਾਊ ਆਸਥਾ', 'ਸੀਸ ਦਾ ਸਵਾਲ', 'ਕਿਣਕਾ ਕਿਣਕਾ ਹਿੰਸਾ', 'ਮੌਤ', 'ਪੰਜਾਬ ਸਿਆਂ', 'ਮੈਂ ਪੰਜਾਬ ਬੋਲਦਾਂ', 'ਪਰਿਵਰਤਨ' ਅਤੇ ਹੋਰ ਕਵਿਤਾਵਾਂ ਉਕਤ ਵਰਣਿਤ ਵਿਚਾਰਾਂ ਨੂੰ ਪੁਸ਼ਟ ਕਰਦੀਆਂ ਹਨ। 'ਜਿਉਣ ਦੀ ਜਾਚ ਸਾਨੂੰ ਸ਼ਹੀਦੀਆਂ ਦਾ ਵਲ/ਟਿਕੇ ਨਾ ਮੂਹਰੇ ਸਾਡੇ ਕਦੇ ਵੀ ਜਾਬਰ। ਹਿਟਲਰ ਦਾ ਅੰਤ ਕਰ, ਮੁੜਨਗੇ ਧੀਆਂ ਪੁੱਤ/ਲਾਉਣਗੇ ਜੈਕਾਰੇ, ਮਨਾਉਣਗੇ ਜਸ਼ਨ', 'ਨਾਨਕ ਵੇਲਾ ਕਵਿਤਾ' 'ਚ ਆਈਆਂ ਸਤਰਾਂ : 'ਜਾਬਰ, ਜਰਵਾਣੇ ਦੇ ਜ਼ੁਲਮ ਨੂੰ/ਚਿੰਤਨ, ਚੇਤਨਾ, ਹਿੰਮਤ, ਧੀਰਜ/ਮਾਤ ਦੇ ਰਿਹਾ' ਬਹੁਤ ਕੁਝ ਬਿਆਨ ਕਰ ਜਾਂਦੀਆਂ ਹਨ। ਅੰਤ ਵਿਚ ਲੇਖਿਕਾ ਵਲੋਂ ਵਰਤੀ ਗਈ ਕਾਵਿਕ-ਭਾਸ਼ਾ, ਬਿੰਬੀਵਲੀ ਵੀ ਕਾਵਿ-ਪਾਠਕ ਨੂੰ ਜਿਥੇ ਪ੍ਰਭਾਵਿਤ ਕਰਦੀ ਹੈ, ਉਥੇ ਉਸ ਦੇ ਹਿਰਦੇ 'ਚ ਹੁਲਾਸ-ਉਮਾਹ ਦੀਆਂ ਚਿਣਗਾਂ ਵੀ ਪੈਦਾ ਕਰਦੀ ਹੈ।

-ਸੰਧੂ ਵਰਿਆਣਵੀ
ਮੋਬਾਈਲ : 98786-14096

ਬੰਦਗੀ
ਸ਼ਾਇਰ : ਗੁਰਸ਼ਰਨ ਸਿੰਘ ਅਜੀਬ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 750 ਰੁਪਏ, ਸਫ਼ੇ : 274
ਸੰਪਰਕ : 94638-36591

ਗੁਰਸ਼ਰਨ ਸਿੰਘ ਅਜੀਬ ਇਕ ਬੇਹੱਦ ਸੰਵੇਦਨਸ਼ੀਲ ਅਤੇ ਭਾਵੁਕ ਸ਼ਖ਼ਸ ਹੈ। ਅਜੋਕੇ ਪੂੰਜੀਵਾਦੀ ਦੌਰ ਵਿਚ ਉਸ ਵਰਗੇ ਵਿਅਕਤੀ ਬਹੁਤ ਘੱਟ ਮਿਲਦੇ ਹਨ। ਉਹ ਗ਼ਜ਼ਲ ਕਾਵਿ-ਰੂਪ ਨੂੰ ਪ੍ਰਣਾਇਆ ਹੋਇਆ ਹੈ। ਦਿਨ-ਰਾਤ ਇਸ ਸਿਨਫ਼ ਦੀ ਸਿਰਜਣਾ ਵਿਚ ਲੀਨ ਰਹਿੰਦਾ ਹੈ। ਉਹ ਇਸ ਕਾਵਿ-ਰੂਪ ਨੂੰ ਸਿਖ਼ਰ 'ਤੇ ਪਹੁੰਚਾਉਣ ਲਈ ਜਾਨ ਤੋੜ ਕੇ ਮਿਹਨਤ ਕਰ ਰਿਹਾ ਹੈ। ਗ਼ਜ਼ਲ ਉਸ ਦੇ ਅਨੁਭਵ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਮਾਧਿਅਮ ਮਾਤਰ ਨਹੀਂ ਹੈ, ਬਲਕਿ ਇਸ ਦੀ ਸਿਰਜਣਾ ਹੀ ਉਸ ਦਾ ਲਕਸ਼ ਹੈ। ਇਸੇ ਕਾਰਨ ਉਹ 'ਅਜੀਬ' ਹੈ। ਆਪਣਾ ਇਹ ਤਖੱਲਸ ਉਸ ਨੇ ਖ਼ੁਦ ਹੀ ਰੱਖਿਆ ਜਾਪਦਾ ਹੈ। ਕੁਦਰਤ ਵਲੋਂ ਹਰ ਬੱਚਾ ਅਜੀਬ ਹੀ ਜਨਮਦਾ ਹੈ ਪਰ ਅਸੀਂ ਸਮਾਜ-ਪਰਿਵਾਰ ਵਾਲੇ ਉਸ ਨੂੰ ਅਜੀਬ ਰਹਿਣ ਨਹੀਂ ਦਿੰਦੇ। ਇਕ-ਦੂਜੇ ਵਰਗਾ ਮਾਮੂਲੀ ਬਣਾ ਕੇ ਹੀ ਦਮ ਲੈਂਦੇ ਹਾਂ।
ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਇਸ ਕਾਵਿ-ਰੂਪ ਦੇ ਮੰਤਵ ਅਤੇ ਸੌਂਦਰਯ ਦੀ ਸਿਫ਼ਤ ਸਾਲਾਹ ਕਰਦੀਆਂ ਹਨ। ਕਵੀ ਲਿਖਦਾ ਹੈ:
ਹੁੰਦੀ ਸੀ ਜੋ ਪਰਾਈ ਅਪਣੀ ਬਣਾ ਲਈ ਏ
ਸੁੰਦਰ ਸਿਨਫ਼ ਗ਼ਜ਼ਲ ਦੀ ਸੀਨੇ ਲਗਾ ਲਈ ਏ
ਜੀਣਾ ਗ਼ਜ਼ਲ ਦੇ ਬਾਝੋਂ ਸੱਚਮੁੱਚ ਮੁਹਾਲ ਹੈ ਸੀ
ਤਾਂ ਹੀ ਬਣਾ ਕੇ ਤਸਬੀ ਮੈਂ ਗਲ 'ਚ ਪਾ ਲਈ ਏ।
ਕਵੀ ਦੀਆਂ ਗ਼ਜ਼ਲਾਂ ਵਿਚ ਉਸ ਦਾ ਸਮਕਾਲ ਝਾਤੀਆਂ ਮਾਰਦਾ ਹੈ। ਉਹ ਆਪਣੀਆਂ ਗ਼ਜ਼ਲਾਂ ਰਾਹੀਂ ਪਰਿਵਰਤਨ ਦਾ ਸੁਨੇਹਾ ਦਿੰਦਾ ਹੈ। ਪਰਿਵਰਤਨ ਤੋਂ ਬਿਨਾਂ ਜੀਵਨ ਜੜ੍ਹ ਹੋ ਜਾਂਦਾ ਹੈ। ਉਸ ਨੂੰ ਇਨਸਾਨੀ ਸੁੰਦਰਤਾ ਵਿਚੋਂ ਰੱਬੀ ਨੂਰ ਨਜ਼ਰ ਆਉਂਦਾ ਹੈ। ਸੌਂਦਰਯ ਉਸ ਨੂੰ ਪਾਜ਼ੀਟਿਵ ਕਦਰਾਂ-ਕੀਮਤਾਂ ਪ੍ਰਦਾਨ ਕਰਦਾ ਹੈ। ਉਹ ਵਿੱਛੜ ਗਏ ਸੱਜਣਾਂ ਦੇ ਵਿਗੋਚੇ ਨੂੰ ਵੀ ਪਿੱਠ ਨਹੀਂ ਦਿੰਦਾ ਸਗੋਂ ਇਸ ਨੂੰ ਆਪਣੇ ਸੀਨੇ ਨਾਲ ਲਾਈ ਰੱਖਦਾ ਹੈ। ਉਹ ਸੁਰ ਅਤੇ ਤਾਲ ਨੂੰ ਇਨਸਾਨੀ ਜੀਵਨ ਦੀ ਕਸੌਟੀ ਮੰਨਦਾ ਹੈ ਕਿਉਂਕਿ ਜਿਹੜਾ ਸ਼ਖ਼ਸ ਸੁਰ-ਤਾਲ ਤੋਂ ਖੁੰਝ ਗਿਆ, ਉਹ ਸਮਝੋ ਆਪਣੇ ਜੀਵਨ ਦੀ ਲੈਅ ਅਤੇ ਮਰਯਾਦਾ ਤੋਂ ਬੇਸੁਰਾ-ਬੇਤਾਲਾ ਹੋ ਗਿਆ। ਚੰਗੇ ਖਿਆਲ ਚੰਗੇ ਲਿਬਾਸ ਵਿਚ ਹੀ ਫੱਬਦੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਡੂੰਘੀਆਂ ਸੋਚਾਂ ਦੀ ਫੁਲਕਾਰੀ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 120 ਰੁਪਏ, ਸਫ਼ੇ : 87
ਸੰਪਰਕ : 94179-49079

ਮਾਂ ਬੋਲੀ ਪੰਜਾਬੀ ਦੇ ਸਾਹਿਤ ਨੂੰ ਸਮਰਪਿਤ ਤੇ ਪ੍ਰਸਿੱਧ ਲੇਖਕ ਅਮਰਜੀਤ ਸਿੰਘ ਬਰਾੜ ਦੀ ਨਿਰੰਤਰ ਸਾਹਿਤ ਸਾਧਨਾ ਦੀ ਪ੍ਰਤੀਕ 2023 'ਚ ਪ੍ਰਕਾਸ਼ਿਤ ਪਲੇਠੀ ਨਿਬੰਧਾਂ ਦੀ ਪੁਸਤਕ 'ਡੂੰਘੀਆਂ ਸੋਚਾਂ ਦੀ ਫੁਲਕਾਰੀ' ਵਿਚ ਕੁੱਲ 24 ਨਿਬੰਧ ਹਨ। ਇਸ ਪੁਸਤਕ ਤੋਂ ਪਹਿਲਾਂ ਲੇਖਕ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਨਿਬੰਧਾਂ ਦੀ ਪੁਸਤਕ 'ਜ਼ਿੰਦਗੀ ਦੇ ਸਬਕ' ਅਰਪਿਤ ਕਰਕੇ ਮਾਂ ਬੋਲੀ ਪੰਜਾਬੀ ਦੀ ਫੁਲਵਾੜੀ ਮਹਿਕਾਅ ਚੁੱਕਾ ਹੈ। 'ਡੂੰਘੀਆਂ ਸੋਚਾਂ ਦੀ ਫੁਲਕਾਰੀ' ਸਿਰਲੇਖ ਅਧੀਨ ਛਪੀ ਪੁਸਤਕ ਨੂੰ ਲੇਖਕ ਨੇ ਆਪਣੇ ਪਿਆਰੇ ਮਿੱਤਰਾਂ ਨੂੰ ਸਮਰਪਿਤ ਕੀਤਾ ਹੈ ਇਸ ਪੁਸਤਕ ਦੇ ਨਿਬੰਧਾਂ ਵਿਚੋਂ ਇਕ ਨਿਬੰਧ 'ਡੂੰਘੀਆਂ ਸੋਚਾਂ ਦੀ ਫੁਲਕਾਰੀ' ਦੇ ਨਾਂਅ ਦੇ ਆਧਾਰ 'ਤੇ ਹੀ ਇਸ ਪੁਸਤਕ ਦਾ ਸਿਰਲੇਖ ਰੱਖਿਆ ਗਿਆ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਮਨ 'ਚ ਇਹ ਵਿਚਾਰ ਉਪਜਦਾ ਹੈ ਕਿ ਇਸ ਪੁਸਤਕ ਦਾ ਹਰ ਨਿਬੰਧ ਲੇਖਕ ਦੀ ਜ਼ਿੰਦਗੀ ਦੇ ਡੂੰਘੇ ਤਜਰਬਿਆਂ, ਅਨੁਭਵਾਂ ਤੇ ਅਮਲਾਂ ਦੀ ਪੈਦਾਇਸ਼ ਹੈ। ਉਹ ਆਪਣੀ ਜ਼ਿੰਦਗੀ 'ਚ ਵਾਪਰੀਆਂ ਘਟਨਾਵਾਂ ਤੇ ਹੰਢਾਏ ਅਨੁਭਵਾਂ ਦੇ ਮਾਧਿਅਮ ਰਾਹੀਂ ਆਪਣੇ ਪਾਠਕਾਂ ਅਤੇ ਸਮਾਜ ਦੇ ਲੋਕਾਂ ਨੂੰ ਜ਼ਿੰਦਗੀ ਜਿਊਣ ਦੇ ਗੁਰ ਤੇ ਢੰਗ ਸਮਝਾਉਣਾ ਚਾਹੁੰਦਾ ਹੈ। ਲੇਖਕ ਛੋਟੇ-ਛੋਟੇ ਵਾਕਾਂ ਅਤੇ ਦਿਲਚਸਪ ਸ਼ਬਦਾਵਲੀ ਨਾਲ ਵੱਡੇ ਸੁਨੇਹੇ ਦੇਣ ਦੇ ਯਤਨ ਕਰ ਰਿਹਾ ਹੈ। ਡੂੰਘੀਆਂ ਸੋਚਾਂ ਦੀ ਫੁਲਕਾਰੀ ਨਿਬੰਧ ਦੇ ਵਾਕਾਂ 'ਝੂਠੀ ਤੇ ਬਨਾਵਟੀ ਮੁਸਕਰਾਹਟ ਦੀ ਉਮਰ ਲੰਬੀ ਨਹੀਂ ਹੁੰਦੀ, ਧੋਖਾ ਲੰਬੇ ਸਮੇਂ ਦਾ ਮੁਨਾਫ਼ਾ ਨਹੀਂ ਹੁੰਦਾ, ਰਿਸ਼ਵਤ ਥੋੜ੍ਹੇ ਸਮੇਂ ਦੀ ਤਸੱਲੀ ਹੈ ਅਤੇ ਸੂਰਾਂ ਨਾਲ ਦੋਸਤੀ ਕਰਕੇ ਤੁਸੀਂ ਆਪਣੇ ਕੱਪੜਿਆਂ ਨੂੰ ਮੈਲਾ ਹੋਣ ਤੋਂ ਨਹੀਂ ਬਚਾਅ ਸਕਦੇ' 'ਚ ਝੂਠੇ ਹਾਸੇ, ਧੋਖੇ, ਰਿਸ਼ਵਤ ਅਤੇ ਸੂਰਾਂ ਨਾਲ ਦੋਸਤੀ ਨੂੰ ਲੇਖਕ ਜ਼ਿੰਦਗੀ ਲਈ ਭੈੜੇ ਵਰਤਾਰੇ ਦੱਸ ਕੇ ਡੂੰਘੇ ਵਿਅੰਗ ਕੱਸ ਕੇ ਪਾਠਕਾਂ ਦਾ ਰਾਹ ਦਸੇਰਾ ਬਣ ਰਿਹਾ ਹੈ। ਇਸ ਪੁਸਤਕ ਦੇ ਨਿਬੰਧ 'ਕੰਮ ਖੁਦ ਮੂੰਹੋਂ ਬੋਲਦਾ' ਦੇ ਵਾਕਾਂ 'ਜਦੋਂ ਤੁਹਾਡੇ ਕੰਮ ਤੇ ਤੁਹਾਡੇ ਦੁਆਰਾ ਬੋਲੇ ਸ਼ਬਦ ਮੇਲ ਨਹੀਂ ਖਾਂਦੇ ਤਾਂ ਉਸ ਸਮੇਂ ਨਾ ਕੇਵਲ ਤੁਹਾਡੇ ਸ਼ਬਦਾਂ ਦੀ ਕੀਮਤ ਘਟਦੀ ਹੈ ਸਗੋਂ ਉਸ ਸਮੇਂ ਆਪਣੇ ਭਰੋਸੇ ਦੀ ਕੀਮਤ ਨੂੰ ਨੀਵਾਂ ਕਰਦੇ ਹੋ ਤੇ ਤੁਹਾਡੀ ਸ਼ਖ਼ਸੀਅਤ ਬਾਰੇ ਹੋਰਾਂ ਨੂੰ ਦੱਸ ਕੇ ਜੇਕਰ ਦੂਜਿਆਂ ਨੂੰ ਮਾਣ ਅਤੇ ਖ਼ੁਸ਼ੀ ਹੁੰਦੀ ਹੈ ਤਾਂ ਤੁਸੀਂ ਸਮਝੋ ਸਫਲ ਹੋ', ਵਿਚ ਲੇਖਕ ਜਿਥੇ ਸਮਾਜ ਦੇ ਲੋਕਾਂ ਨਾਲ ਮਿਹਨਤੀ ਹੋਣ ਦੇ ਵਿਚਾਰਾਂ ਦੀ ਸਾਂਝ ਪਾ ਰਿਹਾ ਹੈ ਉੱਥੇ ਗੱਲੀਂ-ਬਾਤੀਂ ਬੜੇ ਕਹਾਉਣ ਦੇ ਔਗੁਣ ਦੇ ਸ਼ਿਕਾਰ ਹੋਣ ਤੋਂ ਵਰਜ ਵੀ ਰਿਹਾ ਹੈ ਇਸ ਪੁਸਤਕ ਦੇ ਇਕ ਹੋਰ ਨਿਬੰਧ ਕੱਦ ਅਤੇ ਕਿਰਦਾਰ ਦੇ ਵਾਕਾਂ 'ਕੱਦ ਮਿਣਤੀ ਵਿਚ ਹੁੰਦਾ ਹੈ ਤੇ ਕਿਰਦਾਰ ਗਿਣਤੀ ਵਿਚ ਕਈ ਮਿਣਤੀਆਂ ਵਿਚ ਤਾਂ ਹੁੰਦੇ ਹਨ ਪਰ ਉਹ ਕਿਸੇ ਗਿਣਤੀ ਵਿਚ ਨਹੀਂ ਹੁੰਦੇ। ਕੱਦ ਕੁਦਰਤ ਦਾ ਤੋਹਫ਼ਾ ਹੈ ਪਰ ਕਿਰਦਾਰ ਬਣਾਉਣ ਤੇ ਸਿਰਜਣ ਲਈ ਘਾਲਣਾ ਘਾਲਣੀ ਪੈਂਦੀ ਹੈ ਤੇ ਕੱਦ ਤਾਕਤ ਹੈ ਅਤੇ ਕਿਰਦਾਰ ਪ੍ਰਭਾਵ', ਵਿਚ ਕੱਦ ਤੇ ਕਿਰਦਾਰ 'ਚ ਫ਼ਰਕ ਦਰਸਾਉਂਦਾ ਹੋਇਆ ਇਹ ਸਮਝਾਉਣ ਦਾ ਯਤਨ ਕਰ ਰਿਹਾ ਹੈ ਕਿ ਕੱਦ ਦੀ ਆਪਣੀ ਹੀ ਅਹਿਮੀਅਤ ਹੈ ਅਤੇ ਕਿਰਦਾਰ ਦੀ ਆਪਣੀ। ਕੱਦ ਕੇਵਲ ਤਾਕਤ ਦਾ ਸੂਚਕ ਹੈ, ਚੰਗੇ ਕਿਰਦਾਰ ਨਾਲ ਦੂਜਿਆਂ ਦੇ ਮਨਾਂ ਉੱਤੇ ਰਾਜ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇਸ ਪੁਸਤਕ ਦੇ ਦੂਜੇ ਨਿਬੰਧ ਵੀ ਮਨੁੱਖੀ ਜੀਵਨ 'ਚ ਸੁਧਾਰ ਲਿਆ ਕੇ ਨਿੱਗਰ ਸਮਾਜ ਦੀ ਉਸਾਰੀ ਦਾ ਆਧਾਰ ਬਣਦੇ ਨਜ਼ਰ ਆਉਂਦੇ ਹਨ। ਪੁਸਤਕ ਦੇ ਸਮੂਹ ਲੇਖਾਂ ਦੀ ਭਾਸ਼ਾ, ਸ਼ੈਲੀ ਅਤੇ ਪੇਸ਼ਕਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਆਪਣੇ ਉਦੇਸ਼ ਵਿਚ ਸਫਲ ਰਿਹਾ ਹੈ ਤੇ ਉਸ ਦੀ ਨਿਬੰਧ ਲਿਖਣ ਦੀ ਕਲਾ ਵਿਚ ਪੂਰੀ ਮੁਹਾਰਤ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਨਿਵੇਕਲੀ ਗੀਤਕਾਰੀ ਦਾ ਸ਼ਹਿਨਸ਼ਾਹ :
ਦੇਵ ਥਰੀਕਿਆਂ ਵਾਲਾ
ਲੇਖਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 98552-28224

ਗੁਲਜ਼ਾਰ ਸਿੰਘ ਸ਼ੌਂਕੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦਾ ਮੀਤ ਪ੍ਰਧਾਨ ਹੈ। ਉਹ ਵਿਰਸੇ ਨੂੰ ਸਜੀਵ ਰੱਖਣ ਵਾਲਾ ਲੇਖਕ ਹੈ। ਉਹਨੇ ਹੁਣ ਤੱਕ 21 ਮੌਲਿਕ ਅਤੇ 36 ਸੰਪਾਦਿਤ ਪੁਸਤਕਾਂ ਦੀ ਰਚਨਾ ਕੀਤੀ ਹੈ। ਸ਼ੌਂਕੀ ਨੇ ਮੁੱਖ ਤੌਰ 'ਤੇ ਵਾਰ, ਓਪੇਰਾ, ਕਵਿਤਾ, ਇਤਿਹਾਸ, ਜੀਵਨੀ ਆਦਿ ਸਾਹਿਤ- ਵਿਧਾਵਾਂ ਵਿਚ ਲਿਖਿਆ ਹੈ। ਵਿਚਾਰ ਅਧੀਨ ਪੁਸਤਕ ਵਿਚ ਉਸ ਨੇ ਸਾਡੇ ਸਮਿਆਂ ਦੇ ਚਰਚਿਤ ਗੀਤਕਾਰ ਦੇਵ ਥਰੀਕਿਆਂ ਵਾਲਾ (ਹਰਦੇਵ ਸਿੰਘ/ ਹਰਦੇਵ ਦਿਲਗੀਰ ; 1939-2022) ਦੀ ਜੀਵਨੀ ਦੇ ਨਾਲ ਨਾਲ ਮੁਲਾਕਾਤ, ਕਾਵਿ ਚਿੱਤਰ, ਯਾਦਾਂ ਤੇ ਕੁਝ ਵਿਦਵਾਨਾਂ ਦੇ ਵਿਚਾਰ ਸ਼ਾਮਿਲ ਕੀਤੇ ਹਨ। ਪੁਸਤਕ ਦੇ ਆਰੰਭ ਵਿਚ ਡਾ. ਤੇਜਵੰਤ ਮਾਨ ਅਤੇ ਪਵਨ ਹਰਚੰਦਪੁਰੀ ਵਲੋਂ ਮੁੱਖ ਸ਼ਬਦ ਲਿਖੇ ਗਏ ਹਨ। ਦੇਵ ਥਰੀਕਿਆਂ ਵਾਲਾ ਨੇ ਜੇ.ਬੀ.ਟੀ. ਕਰਕੇ 1960 ਤੋਂ 1997 ਤੱਕ ਕਰੀਬ 37 ਸਾਲ ਸਕੂਲ-ਅਧਿਆਪਕ ਵਜੋਂ ਸੇਵਾ ਨਿਭਾਈ। ਉਸ ਨੇ ਪਹਿਲੀ ਰਚਨਾ ਵਜੋਂ ਚੁਟਕਲੇ, ਬਾਲ ਸਾਹਿਤ ਕਹਾਣੀਆਂ ਦੀ ਰਚਨਾ ਕੀਤੀ, ਡੇਢ ਦਰਜਨ ਤੋਂ ਵੱਧ ਫ਼ਿਲਮਾਂ ਲਈ ਗੀਤ ਲਿਖੇ, ਉਸ ਦੇ ਗੀਤਾਂ ਨੂੰ ਕਰਮਜੀਤ ਧੂਰੀ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਜਿਹੇ ਮਕਬੂਲ ਗਾਇਕਾਂ ਨੇ ਆਵਾਜ਼ ਦਿੱਤੀ। ਦੇਵ ਨੂੰ ਲਿਖਣ ਦੀ ਪ੍ਰੇਰਨਾ ਪ੍ਰਸਿੱਧ ਗਲਪਕਾਰ ਹਰੀ ਸਿੰਘ ਦਿਲਬਰ ਤੋਂ ਮਿਲੀ, ਜੋ ਉਹਨੂੰ ਲਲਤੋਂ ਦੇ ਸਕੂਲ ਵਿਚ ਪੜ੍ਹਾਇਆ ਕਰਦੇ ਸਨ। ਸਕੂਲ ਪੜ੍ਹਦਿਆਂ ਹੀ ਉਹ ਗੀਤਕਾਰੀ ਵੱਲ ਰੁਚਿਤ ਹੋ ਗਿਆ ਸੀ ਤੇ ਉਸ ਨੇ ਪ੍ਰੇਮ ਕੁਮਾਰ ਸ਼ਰਮਾ ਲਈ ਸਭ ਤੋਂ ਪਹਿਲਾਂ ਚੁਣੌਤੀ ਵਜੋਂ 5 ਗੀਤ ਲਿਖੇ ਤੇ ਇਹ ਸਾਰੇ ਹੀ ਹਿੱਟ ਹੋਏ। ਉਸ ਦੇ ਜੀਵਨ ਵਿਚ ਗੁਰਦੇਵ ਸਿੰਘ ਮਾਨ, ਯਮਲਾ ਜੱਟ, ਨਰਿੰਦਰ ਬੀਬਾ, ਸਵਰਨ ਲਤਾ ਦੀ ਵੱਡੀ ਭੂਮਿਕਾ ਰਹੀ। ਉਸ ਦੇ ਲਿਖੇ ਗੀਤਾਂ ਨੂੰ ਕਰੀਬ 65-70 ਸਿਰਮੌਰ ਗਾਇਕਾਂ ਨੇ ਆਵਾਜ਼ ਦਿੱਤੀ। ਲੇਖਕ ਵਲੋਂ ਦੇਵ ਨਾਲ ਕੀਤੀ ਲੰਮੀ ਮੁਲਾਕਾਤ (25-57 ਪੰਨੇ) ਦੇਵ ਦੀ ਜ਼ਿੰਦਗੀ ਅਤੇ ਸਾਹਿਤ ਬਾਰੇ ਮਹੱਤਵਪੂਰਨ ਤੱਥਾਂ ਨੂੰ ਸਾਹਮਣੇ ਲਿਆਉਂਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਕਸਕ
ਲੇਖਕ : ਡਾ. ਧਰਮਪਾਲ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 98761-56964

ਪ੍ਰਿੰ. (ਡਾ.) ਸਾਹਿਲ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਬਹੁ-ਭਾਸ਼ਾਈ ਅਤੇ ਬਹੁ-ਵਿਧਾਵੀ ਲੇਖਕ ਹੈ। ਉਸ ਦਾ ਵਿਚਾਰਾਧੀਨ ਨਾਵਲ 'ਕਸਕ' ਭਾਰਤ-ਪਾਕਿ ਵੰਡ ਦੀਆਂ ਹਿਰਦੇਵੇਧਕ ਘਟਨਾਵਾਂ ਦਾ ਬਿਰਤਾਂਤ ਹੈ। ਉਸ ਨੇ ਇਨ੍ਹਾਂ ਘਟਨਾਵਾਂ ਨੂੰ ਇਕੱਤਰ ਕਰਨ ਲਈ, ਲਗਭਗ ਨੱਬੇ ਸਾਲ ਤੋਂ ਉੱਪਰ ਜਿਊਂਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਬੜੀ ਮੁਸ਼ਕਿਲ ਨਾਲ ਫ਼ੀਲਡ ਵਰਕ, ਖੋਜੀਆਂ ਵਾਂਗ ਕੀਤਾ ਹੈ। ਕਿਸੇ ਬੁੱਢੇ ਨੂੰ ਸੁਣਦਾ ਨਹੀਂ ਸੀ, ਕਿਸੇ ਨੂੰ ਦਿਸਦਾ ਨਹੀਂ ਸੀ, ਕਿਸੇ ਦੀ ਜ਼ਬਾਨ ਕੰਬਦੀ ਸੀ, ਕੋਈ ਬਿਆਨ ਕਰਨ ਸਮੇਂ ਹੰਝੂ ਵਹਾਉਂਦਾ ਸੀ। ਲੇਖਕ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਇਕ ਪਾਤਰ 'ਪ੍ਰੋ. ਨੰਦਾ' 'ਸਪੋਕਸਮੈਨ' ਸਿਰਜ ਲਿਆ। ਪ੍ਰੋ. ਨੰਦਾ ਸਾਰੇ ਨਾਵਲ ਵਿਚ ਲੇਖਕ ਦੇ ਵਿਚਾਰਾਂ ਦੀ ਹੀ ਤਰਜਮਾਨੀ ਕਰਦਾ ਹੈ। ਪ੍ਰੋ. ਨੰਦਾ ਕਈ ਕਾਂਡਾਂ ਵਿਚ 47 ਦੀਆਂ ਘਟਨਾਵਾਂ ਬਾਰੇ ਆਪਣੇ ਪੋਤੇ ਨੂੰ ਦੁਖਦਾਈ ਘਟਨਾਵਾਂ ਸੁਣਾਉਂਦਾ ਲੰਮੇ-ਲੰਮੇ ਹਉਕੇ ਭਰਦਾ ਹੈ। ਦਰਅਸਲ ਉਹ ਅਸਿੱਧੇ ਤੌਰ 'ਤੇ ਦੂਜੀ, ਤੀਜੀ ਨਵੀਂ ਪੀੜ੍ਹੀ ਨੂੰ ਜਾਗਰੂਕਤਾ ਪ੍ਰਦਾਨ ਕਰਦਾ ਹੈ ਤਾਂ ਕਿ ਅੱਗੋਂ ਲਈ ਅਜਿਹੀਆਂ ਘਟਨਾਵਾਂ ਨਾ ਵਾਪਰਨ। ਪੱਤਰ/ਖ਼ਤ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ। ਇਸੇ ਮਨੋਰਥ ਲਈ ਪ੍ਰੋ. ਨੰਦਾ ਕਾਲਜ ਵਿਚ ਭਾਸ਼ਨ ਵੀ ਕਰਦਾ ਹੈ।
ਕਾਲਜ ਦੇ ਕੁਝ ਵਿਦਿਆਰਥੀਆਂ ਨਾਲ ਮਿਲਣੀ ਸਮੇਂ ਉਨ੍ਹਾਂ ਦੀਆਂ ਸ਼ੰਕਾਵਾਂ ਵਿਸਥਾਰ ਸਹਿਤ ਨਵ੍ਰਿਤ ਕਰਦਾ ਹੈ। ਵਿਦਿਆਰਥੀ ਪ੍ਰੋ. ਨੰਦਾ ਨੂੰ ਅਜਿਹੇ ਪ੍ਰਸ਼ਨ ਕਰਦੇ ਹਨ। ਜਿਵੇਂ : ਕੀ ਭਾਰਤ ਦੀ ਵੰਡ ਜ਼ਰੂਰੀ ਸੀ? 'ਵੰਦੇ ਮਾਤਰਮ' ਰਾਸ਼ਟਰ ਗੀਤ ਦੀ ਥਾਂ 'ਜਨ ਗਣ ਮਨ' ਦੀ ਲੋੜ ਕਿਉਂ ਪੈ ਗਈ? ਤਿਰੰਗੇ ਨੇ ਸਾਡੇ ਕੌਮੀ ਝੰਡੇ ਦਾ ਸਥਾਨ ਕਿਵੇਂ ਲਿਆ? ਕੀ ਭਾਰਤ-ਪਾਕਿ ਦਾ ਪੁਨਰ-ਮਿਲਣ ਸੰਭਵ ਹੈ? ਇਵੇਂ ਵਿਦਿਆਰਥੀਆਂ ਅੱਗੇ ਆਜ਼ਾਦੀ ਸੰਘਰਸ਼ ਵਿਚ ਨਰਮ ਦਲੀਆਂ ਅਤੇ ਗਰਮ ਦਲੀਆਂ ਦੇ ਯੋਗਦਾਨ ਦੀ ਚਰਚਾ ਕੀਤੀ ਗਈ। ਵੰਡ ਦਾ ਅਸਲ ਕਾਰਨ ਨੇਤਾਵਾਂ ਦੀ 'ਸੱਤਾ ਦੀ ਲਾਲਸਾ' ਹੀ ਸੀ।
ਪਰ ਇਸ ਨਾਵਲ ਦੀ ਮੁੱਖ ਨਾਇਕਾ 'ਬੀਬੀ ਮੁਹੰਮਦ' ਹੈ। ਉਸ ਦੇ ਪਤੀ ਸ਼ਿਕੋਹ ਮਲਿਕ ਨੂੰ ਜਨੂੰਨੀ ਧਾਰਮਿਕ ਦਰਿੰਦਿਆਂ ਨੇ ਆਪਣੇ ਵਲੋਂ ਮਾਰ ਹੀ ਦਿੱਤਾ ਸੀ। ਹਾਲਾਤ ਦੇ ਥਪੇੜੇ ਸਹਿੰਦਿਆਂ ਆਪਣੀ ਇੱਜ਼ਤ ਲੁਟਾਉਂਦਿਆਂ ਉਸ ਦੇ ਜੀਵਨ 'ਚ ਅਜਿਹਾ ਮੋੜ ਆਇਆ ਕਿ ਉਹ ਅੰਮ੍ਰਿਤ ਛਕ ਕੇ ਬੀਬੀ ਮੁਹੰਮਦ ਤੋਂ ਮਨਜੀਤ ਕੌਰ ਬਣ ਕੇ, ਨਵਾਂ ਵਿਆਹ ਕਰਵਾ ਕੇ ਇੰਗਲੈਂਡ ਚਲੀ ਗਈ ਅਤੇ ਨਵੇਂ ਪਤੀ ਤੋਂ ਪੂਰਨ ਸੁੱਖ ਅਤੇ ਸਤਿਕਾਰ ਪ੍ਰਾਪਤ ਕੀਤਾ। ਪ੍ਰੋ. ਨੰਦਾ ਦਾ ਮੁੱਖ ਉਦੇਸ਼ ਬੀਬੀ ਮੁਹੰਮਦ ਉਰਫ਼ ਮਨਜੀਤ ਕੌਰ ਦਾ ਜਿਊਂਦੇ ਸ਼ਿਕੋਹ ਮਲਿਕ ਨਾਲ ਪੁਨਰ-ਮਿਲਣ ਕਰਵਾਉਣਾ ਹੈ। ਇਸ ਮਨੋਰਥ ਲਈ ਨਾਵਲਕਾਰ ਨੇ 'ਪ੍ਰਾਪਤ ਯਥਾਰਥ' ਨਾਲ, ਮੁਕਤੀ-ਜੁਗਤ ਸਥਿਤੀ ਬਣਾ ਕੇ, ਭਾਰਤ-ਪਾਕਿ ਸੰਬੰਧਾਂ ਨੂੰ ਸਮਰਪਿਤ ਇਕ ਸੱਭਿਆਚਾਰਕ ਸਮਾਗਮ ਪੰਜਾਬ ਦੇ ਉਸੇ ਪਿੰਡ ਵਿਚ ਆਯੋਜਿਤ ਕਰ ਕੇ, ਅਜਿਹੇ ਅਜਨਬੀਕਰਨ ਦੀ ਸਥਿਤੀ ਪੈਦਾ ਕਰ ਦਿੱਤੀ ਜਿਸ ਵਿਚ 'ਇੱਛਿਤ ਯਥਾਰਥ' ਦੀ ਪ੍ਰਾਪਤੀ ਸੰਭਵ ਹੋ ਗਈ। ਬੀਬੀ ਮੁਹੰਮਦ ਅਤੇ ਸ਼ਿਕੋਹ ਮਲਿਕ ਦਾ ਪੁਨਰ-ਮਿਲਾਪ ਹੋ ਗਿਆ। ਟੀਚੇ ਦੀ ਪ੍ਰਾਪਤੀ ਕਾਰਨ ਨਾਵਲ ਦਾ ਕਥਾਨਕ 'ਕੰਟਰਾਈਵਡ' ਹੈ। ਨਾਵਲ ਵਿਚ ਦਰਦਨਾਕ ਘਟਨਾਵਾਂ ਦੇ ਚਿੱਤਰ ਪੇਸ਼ ਕਰ ਕੇ ਦੁਖਦਾਇਕ ਘਟਨਾਵਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਗਈ ਹੈ। ਲੋੜ ਅਨੁਸਾਰ ਕਾਵਿਕ ਟੁਕੜੀਆਂ ਵੀ ਦਿੱਤੀਆਂ ਗਈਆਂ ਹਨ। ਇੰਜ ਇਹ ਨਾਵਲ ਭਾਰਤ-ਪਾਕਿ ਵੰਡ ਬਾਰੇ, ਨਵੀਂ ਪੀੜ੍ਹੀ ਨੂੰ ਜਾਗਰੂਕਤਾ ਪ੍ਰਦਾਨ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜਿਆ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਔਰਤ ਮੇਰੇ ਅੰਦਰ
ਅਨੁਵਾਦ : ਅਮਰਜੀਤ ਕੌਂਕੇ
ਮੂਲ ਲੇਖਕ : ਪਵਨ ਕਰਣ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 170 ਰੁਪਏ, ਸਫ਼ੇ : 111
ਸੰਪਰਕ : 98142-31698

ਸ਼ਾਇਰ ਪਵਨ ਕਰਣ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ 1964 ਨੂੰ ਜਨਮਿਆ ਪ੍ਰਬੁੱਧ ਹਿੰਦੀ ਦਾ ਸ਼ਾਇਰ ਹੈ, ਜਿਸ ਦੀ ਕਾਵਿ-ਕਿਤਾਬ 'ਇਸਤਰੀ ਮੇਰੇ ਭੀਤਰ' ਦਾ ਪੰਜਾਬੀ ਅਨੁਵਾਦ ਅਮਰਜੀਤ ਕੌਂਕੇ ਜੋ 1964 ਵਿਚ ਪਿੰਡ ਕੌਂਕੇ ਜ਼ਿਲ੍ਹਾ ਲੁਧਿਆਣਾ ਵਿਚ ਜਨਮਿਆ ਬੌਧਿਕ ਮੁਹਾਵਰੇ ਦਾ ਪ੍ਰਸਿੱਧ ਸ਼ਾਇਰ ਹੈ, ਨੇ ਇਸ ਕਿਤਾਬ ਨੂੰ 'ਔਰਤ ਮੇਰੇ ਅੰਦਰ' ਨਾਂਅ ਹੇਠ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਸ਼ਾਇਰ ਅਮਰਜੀਤ ਕੌਂਕੇ ਹਿੰਦੀ ਅਤੇ ਪੰਜਾਬੀ ਵਿਚ ਇਕ ਪੁਲ ਦਾ ਕੰਮ ਕਰ ਰਿਹਾ ਹੈ, ਜਿਸ ਨੇ ਪਹਿਲਾਂ ਵੀ ਨਾਮਵਰ ਹਿੰਦੀ ਸ਼ਾਇਰਾਂ ਡਾ. ਕੇਦਾਰ ਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਊਸ਼ਾ ਯਾਦਵ, ਬਲਭੱਦਰ ਠਾਕਰ, ਮਣੀ ਮੋਹਨ, ਆਤਮ ਰੰਜਨ, ਡਾ. ਹੰਸਾ ਦੀਪ ਜਿਹੇ ਨਾਮਵਰ ਲੇਖਕਾਂ ਨੂੰ ਪੰਜਾਬੀ ਵਿਚ ਅਨੁਵਾਦਿਆ ਹੈ। ਅਨੁਵਾਦਕ ਦੀ ਖ਼ੂਬੀ ਇਹ ਹੈ ਕਿ ਕਿਤੇ ਵੀ ਝਉਲਾ ਨਹੀਂ ਪੈਂਦਾ ਕਿ ਇਹ ਅਨੁਵਾਦਕ ਰਚਨਾ ਹੈ, ਇਸ ਦੇ ਐਨ ਉਲਟ ਮੌਲਿਕ ਰਚਨਾ ਲੱਗਦੀ ਹੈ। ਹਥਲੀ ਪੁਸਤਕ ਵਿਚ ਸ਼ਾਇਰ ਪਵਨ ਕਰਣ ਨੇ ਔਰਤ ਦੀਆਂ ਅੰਦਰਲੀਆਂ ਕੁੰਦਰਾਂ ਨੂੰ ਬੌਧਿਕ ਪ੍ਰਿਜ਼ਮ ਨਾਲ ਜਿਸ ਤਰ੍ਹਾਂ ਸਕੈਨਿੰਗ ਕੀਤੀ ਹੈ, ਉਹ ਕਾਵਿ-ਚਿੰਤਨ ਦਾ ਸਿਖਰ ਹੋ ਨਿਬੜਦੀ ਹੈ। ਔਰਤ ਪਿੱਤਰਤ ਸੱਤਾ ਅਤੇ ਪਰੰਪਰਕ ਮੰਗਲ ਸੂਤਰੀ ਕੈਦ ਤੋਂ ਛੁਟਕਾਰਾ ਪਾਉਣ ਲਈ ਛਟਪਟਾਉਂਦੀ ਨਜ਼ਰ ਆਉਂਦੀ ਹੈ। ਕਾਵਿ-ਪ੍ਰਵਚਨ ਦੀ ਥਾਹ ਪਾਉਣ ਲਈ ਨਿਤਸ਼ੇ ਦਾ ਇਹ ਕਥਨ 'ਬੌਨੀਆਂ ਮਰਯਾਦਾਵਾਂ ਪਲੇਗ ਤੋਂ ਵੀ ਜ਼ਿਆਦਾ ਘਾਤਕ ਹੁੰਦੀਆਂ ਹਨ ਤੇ ਅਜਿਹੀਆਂ ਵਰਜਣਾਵਾਂ ਦੀ ਰਾਮਕਾਰ ਉਲੰਘ ਕੇ ਹੀ ਜੀਵਨ ਜਿਊਣ ਜੋਗਾ ਹੋ ਜਾਂਦਾ ਹੈ। ਸ਼ਾਇਰ ਇਕ ਪਿਤਾ ਨੂੰ ਆਪਣੀ ਜਵਾਨ ਹੋ ਰਹੀ ਪੁੱਤਰੀ ਨੂੰ ਪਿਆਰਦਾ ਤੇ ਨਿਹਾਰਦਾ ਹੈ ਤੇ ਇਹ ਵੀ ਸੋਚਦਾ ਹੈ ਕਿ ਉਸ ਦੀ ਪੁੱਤਰੀ ਤਾਂ ਇਕ ਵਗਦੀ ਨਦੀ ਹੈ ਜੋ ਮਿਥ ਕੇ ਕੰਢੇ ਨਹੀਂ ਬਣਾਉਂਦੀ। ਇਸੇ ਤਰ੍ਹਾਂ ਇਕ ਭਰਾ ਆਪਣੀ ਭੈਣ ਦੇ ਪ੍ਰੇਮ ਨੂੰ ਪਰੰਪਰਕ ਤਾੜਨਾਵਾਂ ਵੀ ਕਰਦਾ ਹੈ ਤੇ ਆਪਣੀ ਭੈਣ ਦੀ ਤਰੰਗਤੀ ਮੁਹੱਬਤ ਅੱਗੇ ਰੋੜਾ ਨਹੀਂ ਬਣਦਾ। ਇਸੇ ਤਰ੍ਹਾਂ ਇਕ ਜਵਾਨ ਬੇਟੀ ਆਪਣੀ ਅਧੇੜ ਉਮਰ ਦੀ ਵਿਧਵਾ ਮਾਂ ਦੀ ਪ੍ਰੇਮ ਕ੍ਰੀੜਾ ਨੂੰ ਚੋਰੀ-ਚੋਰੀ ਦੇਖਦੀ ਤੇ ਮਹਿਸੂਸਦੀ ਹੈ ਤੇ ਜਵਾਨ ਬੇਟੀ ਤ੍ਰੇਹ ਤੇ ਦੇਹ ਦੇ ਵੇਗ ਨੂੰ ਸਲਾਮ ਕਰਦਿਆਂ ਮਾਂ ਨੂੰ ਦੇਖ ਕੇ ਨਿੰਮ੍ਹਾ-ਨਿੰਮ੍ਹਾ ਮੁਸਕਰਾਉਂਦੀ ਹੈ, ਜਿਵੇਂ ਮਾਈ ਹੱਵਾ ਤੇ ਬਾਬਾ ਆਦਮ ਨੂੰ ਵਰਜਿਤ ਫਲ ਚਖਣ ਤੇ ਬਹਿਸ਼ਤ ਤੋਂ ਧਰਤੀ 'ਤੇ ਪਟਕਾ ਮਾਰਿਆ ਸੀ ਤੇ ਹੁਣ ਧਰਤੀ ਤੇ ਅੱਜ ਦੀ ਮਾਈ ਹੱਵਾ ਉਸ ਵਰਜਿਤ ਫਲ ਨੂੰ ਚਖਣ ਲਈ ਉਤਾਵਲੀ ਨਜ਼ਰ ਆਉਂਦੀ ਹੈ ਅਤੇ ਇੱਛਾਵਾਂ ਦੀਆਂ ਤਿਤਲੀਆਂ ਨੂੰ ਫੜਨ ਲਈ ਉੱਡੀ ਫਿਰਦੀ ਹੈ। ਡਾ. ਅਮਰਜੀਤ ਕੌਂਕੇ ਦੇ ਸਿਰੜ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਚਾਣੱਕ ਅੰਨ੍ਹੇ ਹਨ
ਲੇਖਕ : ਅਜਾਇਬ ਕਮਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98725-09890

ਅਜਾਇਬ ਕਮਲ ਹਥਲੇ ਕਾਵਿ-ਨਾਟਕ 'ਚਾਣੱਕ ਅੰਨ੍ਹੇ ਹਨ' ਤੋਂ ਪਹਿਲਾਂ 11 ਕਾਵਿ-ਨਾਟਕਾਂ ਸਮੇਤ ਵੱਖ-ਵੱਖ ਵਿਧਾਵਾਂ ਵਿਚ ਅੱਧਾ ਸੈਂਕੜਾ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਹਨ। ਇਸ ਨਵੀਂ ਕਿਸਮ ਦੀ ਕਥਾ-ਰਹਿਤ ਕਾਵਿ-ਨਾਟਕ ਵਿਧਾ 'ਤੇ ਵੀ ਉਨ੍ਹਾਂ ਦੀ ਬੜੀ ਮਜ਼ਬੂਤ ਪਕੜ ਹੈ। ਇਸ ਕਾਵਿ-ਨਾਟਕ ਨੂੰ ਉਨ੍ਹਾਂ ਨੇ ਪੰਜ ਖ਼ੂਬਸੂਰਤ ਹਿੱਸਿਆਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਚਾਰ-ਚੁਫੇਰੇ ਪਸਰੀ ਭੁੱਖ, ਲੁੱਟ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਹਾਹਾਕਾਰ, ਬੇਸਬਰੀ ਅਤੇ ਬੇਚੈਨੀ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਮੇਂ ਦਾ ਚੱਕਰ ਅਜਿਹਾ ਉਲਟਾ ਘੁੰਮ ਰਿਹਾ ਹੈ ਕਿ ਜਿਹੜੇ ਕਿਸੇ ਵੇਲੇ ਨਾਇਕ ਹੁੰਦੇ ਸਨ, ਉਹ ਖ਼ਲਨਾਇਕ ਬਣੇ ਦਿਖਾਈ ਦਿੰਦੇ ਹਨ ਅਤੇ ਜਿਹੜੇ ਖ਼ਲਨਾਇਕ ਸਮਝੇ ਜਾਂਦੇ ਸਨ, ਉਨ੍ਹਾਂ ਨੂੰ ਨਾਇਕ ਮੰਨ ਲਿਆ ਗਿਆ ਹੈ। ਜ਼ਿੰਦਗੀ ਦੇ ਅਰਥ ਹਰ ਕਿਸੇ ਲਈ ਵੱਖਰੇ-ਵੱਖਰੇ ਹਨ ਅਤੇ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਨ ਨੂੰ ਤਰਜੀਹ ਦੇ ਰਿਹਾ ਹੈ। ਆਪਣੇ ਸੁੱਖ-ਆਰਾਮ ਦਾ ਸਾਮਾਨ ਇਕੱਠਾ ਕਰਦਿਆਂ-ਕਰਦਿਆਂ ਮਨੁੱਖ ਖ਼ੁਦ ਮਸ਼ੀਨ ਬਣ ਕੇ ਰਹਿ ਗਿਆ ਹੈ:
ਮਨੁੱਖ ਨੇ ਐਟਮ ਸਿਧਾਅ ਲਿਆ
ਅੜ੍ਹਬ ਅੱਥਰੇ ਘੋੜਿਆਂ 'ਤੇ ਕਾਠੀ ਪਾ ਲਈ
ਇਹ ਆਪਣੇ ਮੋਢਿਆਂ 'ਤੇ ਉੱਗੇ ਖੰਭਾਂ ਨਾਲ
ਉਪ-ਗ੍ਰਹਿਆਂ ਤੱਕ ਉਡਾਰੀ ਲਾ ਸਕਦਾ ਹੈ
ਬੌਧਿਕ ਚਮਤਕਾਰ ਨਾਲ
ਡੂੰਘੇ ਸਮੁੰਦਰਾਂ ਦੀ ਤਹਿ 'ਤੇ ਤਰ ਸਕਦਾ
ਤਲ 'ਤੇ ਤਾਰੀ ਲਾ ਸਕਦਾ ਹੈ
ਪਰ ਸਭ ਕੁੱਝ ਹੁੰਦਿਆਂ ਹੋਇਆਂ ਵੀ
ਇਸ ਕੋਲ ਕੁੱਝ ਵੀ ਨਹੀਂ...
'ਚਾਣੱਕ ਅੰਨ੍ਹੇ ਹਨ' ਵਿਚ ਪਿੱਠਭੂਮੀ ਵਿਚੋਂ ਪ੍ਰਤੀਧੁਨੀਆਂ ਦੀ ਨਵੀਂ ਨਾਟਕੀ ਤਕਨੀਕ ਨਾਲ ਅਜਾਇਬ ਕਮਲ ਨੇ ਇਕ ਬੇਹੱਦ ਸਫ਼ਲ ਅਤੇ ਸੁਚੱਜਾ ਪ੍ਰਯੋਗ ਕੀਤਾ ਹੈ। ਇਹ ਪੰਜਾਬੀ ਦੇ ਪਰੰਪਰਾਵਾਦੀ ਨਾਟਕਾਂ ਨਾਲੋਂ ਬਿਲਕੁਲ ਹੀ ਵੱਖਰੀ ਬਣਤਰ ਵਾਲਾ ਕਾਵਿ-ਨਾਟਕ ਹੈ। ਬੇਸ਼ੱਕ ਕਾਵਿ-ਨਾਟਕ ਦਾ ਸੁਭਾਅ, ਨਿਭਾਅ ਅਤੇ ਪ੍ਰਗਟਾਅ ਵਿਧਾਨ ਵੀ ਵੱਖਰਾ ਹੈ ਪਰ ਤਸੱਲੀ ਵਾਲੀ ਗੱਲ ਹੈ ਕਿ ਸ਼ੈਲੀ ਅਤੇ ਸ਼ਬਦਾਵਲੀ ਦੀ ਸਰਲਤਾ ਅਤੇ ਸਹਿਜਤਾ ਕਾਰਨ ਇਹ ਕਿਸੇ ਤਰ੍ਹਾਂ ਵੀ ਓਪਰਾ ਦਿਖਾਈ ਨਹੀਂ ਦਿੰਦਾ। ਕੁੱਝ ਨਵਾਂ ਪੜ੍ਹਨ ਵਾਲੇ ਪਾਠਕਾਂ ਲਈ ਇਹ ਪੁਸਤਕ ਸੱਚਮੁੱਚ ਹੀ ਇਕ ਮੀਲ ਪੱਥਰ ਸਾਬਤ ਹੋਵੇਗੀ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਪੰਜਾਬੀ ਨਾਵਲ ਵਿਚ ਆਂਚਲਿਕਤਾ
ਲੇਖਿਕਾ : ਡਾ. ਸੁਖਬੀਰ ਕੌਰ ਮਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98882-48711

ਹੱਥਲੀ ਪੁਸਤਕ ਪੰਜਾਬੀ ਗਲਪ ਦੇ ਸੁਪ੍ਰਸਿੱਧ ਰੂਪਾਕਾਰ 'ਨਾਵਲ' ਦਾ ਦਿਸ਼ਾ-ਸੰਪੰਨ ਅਥਵਾ ਦ੍ਰਿਸ਼ਟੀ-ਮੂਲਕ ਅਧਿਐਨ ਪਰੰਪਰਾਗਤ ਅਤੇ ਵਿਸ਼ੇਸ਼ਤਰ ਗੁਰਦਿਆਲ ਸਿੰਘ ਦੇ ਨਾਵਲਾਂ ਵਿਚਲੇ ਆਂਚਲਿਕ ਸੰਦਰਭ-ਪ੍ਰਗਟਾਵਿਆਂ ਦੇ ਸਰੂਪ ਨੂੰ ਪ੍ਰਗਟ ਕਰਦੀ ਹੈ। ਵਿਦਵਾਨ ਲੇਖਿਕਾ ਨੇ ਪੁਸਤਕ ਨੂੰ ਮੁਕੰਮਲ ਰੂਪ ਪ੍ਰਦਾਨ ਕਰਨ ਹਿਤ ਇਸ ਦੇ ਪੰਜ ਕਾਂਡ ਬਣਾਏ ਹਨ। ਡਾ. ਜਸਵਿੰਦਰ ਸਿੰਘ ਦੁਆਰਾ ਲਿਖੀ ਪੁਸਤਕ ਦੀ ਭੂਮਿਕਾ ਅਤੇ ਲੇਖਿਕਾ ਦੇ ਆਰੰਭਲੇ ਸ਼ਬਦਾਂ ਵਿਚੋਂ ਵੀ ਇਸ ਪੁਸਤਕ ਦਾ ਭਾਵ-ਬੋਧ ਪ੍ਰਗਟ ਹੋ ਜਾਂਦਾ ਹੈ। ਪੁਸਤਕ ਦੇ ਆਰੰਭ ਵਿਚ ਡਾ. ਜੋਗਿੰਦਰ ਸਿੰਘ ਰਾਹੀ ਅਤੇ ਡਾ. ਜਸਵਿੰਦਰ ਸਿੰਘ ਦੇ ਵਿਚਾਰਾਂ ਨੂੰ 'ਪਰਿਚੈ' ਅਤੇ ਭੂਮਿਕਾ ਵਜੋਂ ਪੇਸ਼ ਕਰਨ ਤੋਂ ਬਾਅਦ ਪੁਸਤਕ ਦੇ 'ਨਾਵਲ ਅਤੇ ਆਂਚਲਿਕਤਾ' ਦੇ ਸੰਕਲਪਾਂ ਨੂੰ ਸਿਰਜਿਆ ਹੈ, ਜਿਸ ਵਿਚ ਨਾਵਲ ਦੀਆਂ ਗਲਪੀ ਜੁਗਤਾਂ ਵਿਚ ਆਂਚਲਿਕਤਾ ਦੇ ਸਿਧਾਂਤਕ ਸਰੂਪ ਦਾ ਪ੍ਰਗਟਾਵਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਕੋਈ ਨਾਵਲ-ਰਚਨਾਹਾਰ ਆਪਣੇ ਇਰਦ-ਗਿਰਦ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕਤਾ ਨੂੰ ਨਹੀਂ ਵਿਸਾਰ ਸਕਦਾ। 'ਪੰਜਾਬੀ ਨਾਵਲ ਦੀ ਪਰੰਪਰਾ' ਅਤੇ 'ਆਂਚਲਿਕਤਾ' ਦੇ ਅੰਤਰਗਤ ਲੇਖਿਕਾ ਨੇ ਦੀਰਘ ਖੋਜ ਦ੍ਰਿਸ਼ਟੀ-ਮੂਲਕ ਪੱਧਤੀ ਤੇ ਕਾਰਜਸ਼ੀਲ ਹੁੰਦਿਆਂ ਭਾਈ ਵੀਰ ਸਿੰਘ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੁਰਿੰਦਰ ਸਿੰਘ ਨਰੂਲਾ, ਸੋਹਣ ਸਿੰਘ ਸੀਤਲ, ਰਾਮ ਸਰੂਪ ਅਣਖੀ, ਮੋਹਨ ਕਾਹਲੋਂ, ਸੰਤ ਸਿੰਘ ਸੇਖੋਂ ਅਤੇ ਦਲੀਪ ਕੌਰ ਟਿਵਾਣਾ ਦੇ ਬਹੁਤ ਸਾਰੇ ਨਾਵਲਾਂ ਵਿਚੋਂ ਪ੍ਰਗਟ ਹੁੰਦੀ ਆਂਚਲਿਕਤਾ ਨੂੰ ਪਛਾਣਿਆ ਹੈ।
ਪੁਸਤਕ ਦਾ ਹੋਰ ਜ਼ਿਕਰਯੋਗ ਅਤੇ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਡਾ. ਸੁਖਬੀਰ ਕੌਰ ਮਾਹਲ ਨੇ ਮਾਲਵਾ ਖੇਤਰ ਦੇ ਉੱਘੇ ਅਤੇ ਨਾਵਲ-ਜਗਤ ਦੀ ਸਿਰਜਣਾ ਕਰਨ ਵਿਚ ਆਂਚਲਿਕਤਾ ਦੀ ਚਿੱਤਰਣ-ਸ਼ੈਲੀ ਨੂੰ ਉਭਾਰਨ ਦੇ ਮਹਾਨ ਗਲਪਕਾਰ ਗੁਰਦਿਆਲ ਸਿੰਘ ਦੇ ਨਾਵਲਾਂ 'ਮੜ੍ਹੀ ਦਾ ਦੀਵਾ', 'ਅਣਹੋਏ', 'ਅੱਧ ਚਾਨਣੀ ਰਾਤ', 'ਆਥਣ ਉੱਗਣ', 'ਅੰਨ੍ਹੇ ਘੋੜੇ ਦਾ ਦਾਨ', 'ਪਰਸਾ', 'ਆਹਣ', 'ਰੇਤੇ ਦੀ ਇਕ ਮੁੱਠੀ' ਅਤੇ 'ਪਹੁ ਫੁਟਾਲੇ ਤੋਂ ਪਹਿਲਾਂ' ਆਦਿ ਨਾਵਲਾਂ ਦਾ ਉਕਤ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਬੜੀ ਡੂੰਘੀ ਖੋਜ ਨਾਲ ਕੀਤਾ ਗਿਆ ਹੈ ਅਤੇ ਉਘੇ ਵਿਦਵਾਨਾਂ ਦੇ ਹਵਾਲਿਆਂ ਸਹਿਤ ਇਸ ਖੋਜ ਕਰਤਾ ਨੇ ਆਪਣੇ ਵਿਚਾਰਾਂ ਨੂੰ ਸਾਰਥਕ ਰੂਪ ਪ੍ਰਦਾਨ ਕੀਤਾ ਹੈ। ਉਸ ਅਨੁਸਾਰ ਪੰਜਾਬੀ ਨਾਵਲ ਜਗਤ ਵਿਚ ਗੁਰਦਿਆਲ ਸਿੰਘ ਨੇ ਵਿਲੱਖਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਪ੍ਰਗਟਾਇਆ ਹੈ, ਜੋ ਕਿ ਪਹਿਲੇ ਨਾਵਲਕਾਰਾਂ ਦੀਆਂ ਰਚਨਾਵਾਂ ਵਿਚ ਸੰਕੇਤ ਮਾਤਰ ਸਨ ਜਾਂ ਸਹਿਜ ਸੁਭਾਵਿਕ ਜਾਂ ਸਾਧਾਰਨ ਦ੍ਰਿਸ਼ਟੀ-ਮੂਲਕ ਸਨ। ਲੇਖਿਕਾ ਨੇ ਪਛਾਣਿਆ ਹੈ ਕਿ ਬਿਸ਼ਨਾ, ਜਗਸੀਰ ਆਦਿ ਪਾਤਰ ਦੁਰਲੱਭ ਪਾਤਰ ਮੰਨੇ ਜਾਂਦੇ ਹੋਏ ਵੀ ਅਜੋਕੇ ਸਮਾਜ ਦੇ ਚਿਰਜੀਵ ਪਾਤਰ ਹਨ। ਸਮਾਜਿਕ ਅਧੋਗਤੀਆਂ ਦੇ ਸ਼ਿਕਾਰ ਜਾਂ ਗ਼ਰੀਬੀ ਦੀ ਦਲਦਲ 'ਚ ਜੀਵਨ ਬਸਰ ਕਰ ਰਹੇ ਸਾਰੇ ਨਾਵਲਾਂ ਦੇ ਮੁੱਖ ਪਾਤਰ ਪੰਜਾਬੀਅਤ ਦੀ ਪਛਾਣ ਦੇ ਚਿੰਨ੍ਹ ਨੂੰ ਉਭਾਰਦੇ ਪ੍ਰਤੀਤ ਹੁੰਦੇ ਹਨ। ਦਿਸ਼ਾ-ਮੂਲਕ ਦ੍ਰਿਸ਼ਟੀ ਤੋਂ ਲਿਖੀ ਇਹ ਪੁਸਤਕ ਸੱਚਮੁੱਚ ਨਵੇਂ ਖੋਜਾਰਥੀਆਂ ਲਈ ਸੇਧ ਮੂਲਕ ਸਾਬਤ ਹੋ ਸਕਦੀ ਹੈ ਕਿਉਂ ਜੋ ਇਸ ਦਾ ਸੰਬੰਧ ਕੇਵਲ ਗੁਰਦਿਆਲ ਸਿੰਘ ਦੇ ਨਾਵਲਾਂ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ ਸਗੋਂ ਪੰਜਾਬੀ ਨਾਵਲ ਵਿਚ ਅਗਲੇਰੀਆਂ ਸੀਮਾਵਾਂ ਸੰਭਾਵਨਾਵਾਂ ਦਾ ਵੀ ਉਲੇਖ ਕੀਤਾ ਗਿਆ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਰੋੜਾਂ ਤੋਂ ਕਰੋੜਾਂ ਤੱਕ ਦਾ ਸਫ਼ਰ
ਲੇਖਕ : ਚੰਨਾ ਆਲਮਗੀਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 224
ਸੰਪਰਕ : 98140-87063

'ਰੋੜਾਂ ਤੋਂ ਕਰੋੜਾਂ ਤੱਕ ਦਾ ਸਫ਼ਰ' ਸਟਾਰ ਕਬੱਡੀ ਖਿਡਾਰੀ, ਭੰਗੜਾ ਕਲਾਕਾਰ ਅਤੇ ਪਹਿਲਵਾਨ ਚਰਨਜੀਤ ਸਿੰਘ ਕੁਲਾਰ ਉਰਫ਼ ਚੰਨਾ ਆਲਮਗੀਰ ਦੀ ਸਵੈ-ਜੀਵਨੀ ਹੈ ਜੋ ਉਸ ਨੇ ਅਮਰੀਕਨ ਜੇਲ੍ਹ ਵਿਚ ਬਹਿ ਕੇ ਲਿਖੀ ਹੈ। ਇਹ ਕੈਦ ਵੀ ਉਸ ਨੂੰ ਕਿਸੇ ਸਮਗਲਿੰਗ, ਗ਼ੈਰ-ਕਾਨੂੰਨੀ ਦਾਖ਼ਲੇ ਜਾਂ ਕਿਸੇ ਮਾੜੇ ਕਾਰਜ ਬਦਲੇ ਨਹੀਂ ਹੋਈ ਸੀ ਸਗੋਂ ਕਿਸੇ ਦੀ ਔਖੇ ਵੇਲੇ ਕੀਤੀ ਮਦਦ ਕਾਰਨ ਹੋਈ ਸੀ ਜੋ ਅਮਰੀਕਨ ਕਾਨੂੰਨ ਅਨੁਸਾਰ ਜਾਇਜ਼ ਨਹੀਂ ਮੰਨੀ ਗਈ ਸੀ। ਇਹ ਉਸ ਦੀ ਸਵੈ-ਜੀਵਨੀ ਦੀ ਤੀਸਰੀ ਐਡੀਸ਼ਨ ਹੈ ਜਿਸ ਤੋਂ ਇਸ ਪੁਸਤਕ ਦੀ ਹਰਮਨਪਿਆਰਤਾ, ਪ੍ਰਸਿੱਧੀ ਅਤੇ ਰੌਚਿਕਤਾ ਦਾ ਪਤਾ ਚਲਦਾ ਹੈ।
ਲੇਖਕ ਨੇ ਬਚਪਨ ਵਿਚ ਅਤੇ ਜਵਾਨੀ ਵਿਚ ਗ਼ਰੀਬੀ ਹੱਥੋਂ ਬਹੁਤ ਕਸ਼ਟ ਸਹੇ। ਗ਼ਰੀਬੀ ਉਸ ਦੇ ਰਾਹ 'ਚ ਥਾਂ-ਪੁਰ-ਥਾਂ ਅੜਚਨਾਂ ਅਤੇ ਅੜਿੱਕੇ ਡਾਹੁੰਦੀ ਰਹੀ ਪਰ ਉਸ ਦੇ ਜਜ਼ਬੇ, ਮਿਹਨਤ, ਸਿਰੜ ਅਤੇ ਨੇਕਨੀਤੀ ਸਾਹਮਣੇ ਇਹ ਸਭ ਹਵਾ ਵਿਚ ਉੱਡਦੇ ਰਹੇ। ਉਸ ਦੀ ਸਾਫ਼ਗੋਈ ਕਾਰਨ ਉਸ ਨੂੰ ਅਮਰੀਕ ਭਲਵਾਨ ਜਿਹੇ ਹਮਦਰਦ ਮਿਲੇ, ਅਨੇਕਾਂ ਦੋਸਤ ਮਿਲੇ ਜਿਨ੍ਹਾਂ ਨੇ ਔਖੇ ਵੇਲੇ ਉਸ ਦੀ ਬਾਂਹ ਫੜੀ ਤੇ ਉਸ ਦਾ ਵੀ ਸਿਦਕ ਦੇਖੋ ਕਿ ਉਹ ਉਨ੍ਹਾਂ ਦੇ ਕੀਤੇ ਨੂੰ ਕਦੀ ਭੁੱਲਿਆ ਨਹੀਂ। ਅੰਤਾਂ ਦੀ ਗ਼ਰੀਬੀ ਕੱਟਣ ਵਾਲਾ ਇਹ ਨੌਜਵਾਨ ਅੱਜ ਅਮਰੀਕਾ ਦਾ ਵੱਡਾ ਬਿਲਡਰ ਹੈ ਤੇ ਕਰੋੜਾਂ ਵਿਚ ਖੇਡਦਾ ਹੈ। ਵੱਡੇ-ਵੱਡੇ ਲੋਕ ਉਸ ਕੋਲ ਮਿਲਣ ਆਉਂਦੇ ਹਨ। ਉਹ ਹਰ ਕੰਮ ਨਿੱਠ ਕੇ ਕਰਦਾ ਹੈ। ਪ੍ਰੇਮ ਜਾਂ ਇਸ਼ਕ ਕੀਤਾ ਤਾਂ ਵੀ ਧੰਨ-ਧੰਨ ਕਰਵਾ ਦਿੱਤੀ ਤੇ ਸਫ਼ਲਤਾ ਪ੍ਰਾਪਤ ਕਰਕੇ ਮਨਦੀਪ ਜਿਹੀ ਜੀਵਨ-ਸਾਥਣ ਹਾਸਲ ਕੀਤੀ। ਕਬੱਡੀ ਨੂੰ ਆਪਣੀ ਦੂਸਰੀ ਮਾਂ ਸਮਝਦਿਆਂ ਤੇ ਇਸ ਖੇਡ ਨੂੰ ਪ੍ਰਮੋਟ ਕਰਨ ਲਈ ਲੱਖ-ਲੱਖ ਡਾਲਰ ਦੇ ਇਨਾਮ ਦਿੱਤੇ।
ਉਸ ਦੀ ਇਸ ਸਵੈ-ਜੀਵਨੀ ਤੋ

02-09-23

 ਮਾਣਮੱਤੀ ਮਹਾਰਾਣੀ
ਜਿੰਦ ਕੌਰ
ਲੇਖਕ : ਕਰਤਾਰ ਸਿੰਘ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 124
ਸੰਪਰਕ : 95011-45039

ਹਰਚੰਦ ਸਿੰਘ ਬਾਗੜੀ ਅਨੁਸਾਰ ਕਰਤਾਰ ਸਿੰਘ ਸੰਘਾ ਇਕ ਬਹੁਪੱਖੀ ਲੇਖਕ ਹੈ। ਉਸ ਅਨੁਸਾਰ ਉਸ ਨੇ ਇਤਿਹਾਸ ਨੂੰ ਬੜੀ ਨੀਝ ਨਾਲ ਪੜ੍ਹਿਆ ਅਤੇ ਸੂਝ ਅਨੁਸਾਰ ਇਤਿਹਾਸ ਦੀ ਪੁਨਰ ਸਿਰਜਣਾ ਕਰਦਿਆਂ ਪੰਜਾਬ ਦੇ ਇਤਿਹਾਸ (ਖ਼ਾਸ ਕਰ ਸਿੱਖ ਇਤਿਹਾਸ) ਦੇ ਕੁਝ ਪੰਨਿਆਂ ਤੋਂ ਗਰਦ ਲਾਹੁਣ ਦਾ ਬਹੁ-ਮੁੱਲਾ ਕਾਰਜ ਕੀਤਾ ਹੈ। ਇਸ ਕਰਕੇ ਉਸ ਨੇ ਆਪਣੀ ਪੁਸਤਕ ਦਾ ਨਾਂਅ 'ਮਾਣ-ਮੱਤੀ ਮਹਾਰਾਣੀ ਜਿੰਦ ਕੌਰ' ਰੱਖਿਆ ਹੈ। ਇਹ ਪੁਸਤਕ ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਣ ਕਰਦਿਆਂ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਹ ਖਿੱਤਾ ਕਿਸੇ ਇਕ ਧਰਮ, ਮਜ਼ਹਬ, ਸੰਪਰਦਾਇ ਜਾਂ ਫ਼ਿਰਕੇ ਨਾਲ ਸੰਬੰਧਿਤ ਨਹੀਂ ਹੈ, ਸਗੋਂ ਇਹ ਮਾਨਵ ਜਾਤੀ ਲਈ ਗੁਰਬਾਣੀ ਅਤੇ ਪੀਰਾਂ, ਫ਼ਕੀਰਾਂ ਦੀ ਵਰੋਸਾਈ ਧਰਤੀ ਹੈ ਜੋ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਇਸ ਪੁਸਤਕ ਵਿਚ ਵਾਰਤਕ ਅਤੇ ਕਵਿਤਾ ਰਾਹੀਂ ਜਿਥੇ ਮਹਾਰਾਣੀ ਜਿੰਦ ਕੌਰ ਦੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਨੂੰ ਉਘਾੜਿਆ ਹੈ, ਉੱਥੇ ਉਹ ਸਿੱਖ ਰਾਜ ਦੀ ਸਥਾਪਨਾ ਤੋਂ ਪਹਿਲਾਂ ਗੁਰੂਆਂ, ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵਿਚਾਰ ਪ੍ਰਗਟਾਏ ਗਏ ਹਨ। 'ਸਿੱਖ ਰਾਜ ਦੇ ਪਦਚਿੰਨ੍ਹ ਘਟਨਾਵਾਂ' ਲੇਖ ਵਿਚ ਕੰਵਰ ਦਲੀਪ ਸਿੰਘ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਘਟਨਾਵਾਂ ਦਾ ਤਾਰੀਖ-ਵਾਰ ਵੇਰਵਾ ਦਿੱਤਾ ਗਿਆ ਹੈ।
ਇਸ ਦੇ ਨਾਲ ਅਗਲੇ ਨਿਬੰਧ 'ਕੰਵਰ ਦਲੀਪ ਸਿੰਘ ਦਾ ਪਰਿਵਾਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਉਸ ਦੇ ਤਿੰਨ ਪੁੱਤਰ ਅਤੇ ਤਿੰਨ ਪੁੱਤਰੀਆਂ ਸਨ। ਜੇਕਰ ਉਸ ਦੇ ਪਰਿਵਾਰ ਨੂੰ ਸੁਨਮੁੱਖ ਰੱਖਦਿਆਂ 'ਜਬਰੀ ਪਰਵਾਸ' ਦੇ ਪ੍ਰਸੰਗ ਨੂੰ ਵਿਚਾਰੀਏ ਜਾਂ ਅਜੋਕੇ 'ਜਬਰੀ ਪਰਵਾਸ' ਨੂੰ ਸਨਮੁੱਖ ਰੱਖੀਏ ਤਾਂ ਦੋਵਾਂ ਵਰਤਾਰਿਆਂ ਵਿਚ ਕੋਈ ਫ਼ਰਕ ਨਹੀਂ। ਇਸ ਅਮਲ ਰਾਹੀਂ ਤੀਜੀ ਪੀੜ੍ਹੀ 'ਚ ਜਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲੋਂ ਭੋਗ ਪੈਂਦਾ ਨਜ਼ਰੀਂ ਪਵੇਗਾ। ਕਵਿਤਾ ਅਤੇ ਵਾਰਤਕ ਵਿਚ ਮਹਾਰਾਣੀ ਜਿੰਦਾਂ ਭਿਆਨਕ ਹੋਣੀ ਦਾ ਬਿਰਤਾਂਤ ਸਿਰਜਿਆ ਗਿਆ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਵਕਤ ਦੇ ਗੱਦਾਰ ਬਿਰਤੀ ਦੇ ਮਾਲਕ ਲੋਕਾਂ ਵਲੋਂ ਕਿਸ ਤਰ੍ਹਾਂ ਦਾ ਭੰਬਲ-ਭੂਸਾ ਪਾਇਆ ਗਿਆ ਹੈ। ਇਸ ਦੇ ਨਾਲ ਹੀ 'ਔਰਤ ਦੇ ਵੈਣਾਂ' ਨੂੰ ਆਧਾਰ ਬਣਾ ਕੇ ਉਸ ਨੂੰ ਅੰਗਰੇਜ਼ਾਂ ਨਾਲ ਮਿਲੀ ਹੋਈ ਹੋਣ ਦਾ ਖ਼ਿਤਾਬ ਦੇ ਕੇ ਬਦਨਾਮ ਕੀਤਾ ਗਿਆ। ਜਿਸ ਦਾ ਸ਼ਿਕਾਰ ਸ਼ਾਹ ਮੁਰੀਦ ਕਵੀ ਵੀ ਹੋ ਜਾਂਦਾ ਹੈ। ਕਰਤਾਰ ਸਿੰਘ ਸੰਘਾ ਨੇ 'ਵਾਰ' ਅਤੇ 'ਜੰਗ-ਨਾਮਾ' ਕਾਵਿ ਵਿਧਾ ਦੀਆਂ ਸਮਾਨਤਾਵਾਂ ਅਤੇ ਵਖਰੇਵਿਆਂ ਨੂੰ ਵੀ 'ਕਿੱਸਾ, ਵਾਰ ਜਾਂ ਜੰਗਨਾਮਾ' ਨਿਬੰਧ ਵਿਚ ਸਪੱਸ਼ਟ ਕੀਤਾ ਹੈ। ਇਸ ਪੁਸਤਕ ਵਿਚ ਮਹਾਰਾਣੀ ਜਿੰਦ ਕੌਰ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਸ਼ੇਰ ਸਿੰਘ, ਬੰਦਾ ਸਿੰਘ ਬਹਾਦਰ, ਮਹਾਰਾਜਾ ਦਲੀਪ ਸਿੰਘ ਆਦਿ ਚਿੱਤਰਾਂ ਦੇ ਨਾਲ-ਨਾਲ ਉਸ ਸਮੇਂ ਦੇ ਨਕਸ਼ੇ ਵੀ ਹਨ। ਠੁੱਕਦਾਰ ਮੁਹਾਵਰਿਆਂ ਸੰਗ, ਸਰਲ ਠੇਡ ਅਤੇ ਸਮਝ ਆਉਣ ਵਾਲੀ ਸ਼ਬਦਾਵਲੀ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੇ ਦ੍ਰਿਸ਼ਟਾਤਾਂ ਨੂੰ ਇਸ ਪੁਸਤਕ ਵਿਚ ਵਾਰਤਕ ਅਤੇ ਕਵਿਤਾ ਰਾਹੀਂ ਪੇਸ਼ ਕਰਦਿਆਂ ਤਰਕ, ਦਲੀਲ ਨਾਲ ਆਪਣੇ ਕਹੇ ਕਥਨਾਂ ਨੂੰ ਉਸ ਵਲੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। 'ਕਿੱਸਾ ਸ਼ਾਹ ਮੁਹੰਮਦ' ਕਵਿਤਾ ਵਿਚ ਸ਼ਾਹ ਮੁਹੰਮਦ ਦਾ ਪ੍ਰਸੰਗ ਲੈ ਕੇ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਹਾਰਾਣੀ ਜਿੰਦਾਂ ਪੰਜਾਬ ਦੀ ਅਣਖ ਸੀ ਅਤੇ ਉਹ ਦੇਸ਼ ਪੰਜਾਬ ਦੀ ਅਣਖ ਲਈ ਮਰ-ਮੋਈ : 'ਉਹ ਤਾਂ ਦੇਸ਼ ਪੰਜਾਬ ਖ਼ਾਤਰ ਕੁਰਬਾਨ ਹੋਈ। ਗੱਲ ਦੱਸੀ ਹੈ ਜੋ ਦੱਸਣ ਵਾਲੀ।' ਉਮੀਦ ਕਰਦਾ ਹਾਂ ਕਿ ਪੰਜਾਬ ਦੇ ਇਤਿਹਾਸ ਅਤੇ ਕਵਿਤਾ ਨਾਲ ਮੋਹ ਰੱਖਣ ਵਾਲੇ ਪਾਠਕ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਭਰਪੂਰ ਸਮਰਥਨ ਅਤੇ ਸਹਿਯੋਗ ਦੇਣਗੇ।

-ਪ੍ਰੋ. ਸੰਧੂ ਵਰਿਆਣਵੀ
ਮੋਬਾਈਲ : 98786-14096

ਚੂਹੀ ਨੂੰ ਬੁਖ਼ਾਰ ਚੜ੍ਹਿਆ
ਲੇਖਿਕਾ : ਮਨਦੀਪ ਰਿੰਪੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸੰਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 29
ਸੰਪਰਕ : 0181-2459220

ਵੱਖੋ-ਵੱਖ ਪ੍ਰਕਾਸ਼ਕਾਂ ਨੇ ਪੰਜਾਬੀ ਬਾਲ ਸਾਹਿਤ ਦੀ ਮਹੱਤਤਾ ਨੂੰ ਸਮਝਦਿਆਂ, ਸੁੰਦਰ ਸਜੀਲੀਆਂ ਰੰਗਦਾਰ ਗਲੇਜ਼ਡ ਪੇਪਰ 'ਤੇ ਬਾਲ ਸਾਹਿਤ ਨੂੰ ਛਾਪਣਾ ਸ਼ੁਰੂ ਕੀਤਾ ਹੈ। ਇਹ ਉੱਦਮ ਸ਼ਲਾਘਾਯੋਗ ਹੈ। ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਇਸ ਵੇਲੇ ਹੋਰ ਵੀ ਜ਼ਰੂਰੀ ਹੋ ਗਿਆ ਹੈ। ਹਜ਼ੂਰੀਆ ਐਂਡ ਸੰਨਜ਼ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੈ। 'ਕਿੱਟੀ ਦੀ ਖੀਰ' ਬਾਲ ਕਹਾਣੀਆਂ ਤੋਂ ਬਾਅਦ ਲੇਖਿਕਾ ਮਨਦੀਪ ਰਿੰਪੀ ਦੀ ਬਾਲ-ਕਵਿਤਾਵਾਂ ਦੀ ਦੂਜੀ ਪੁਸਤਕ 'ਚੂਹੀ ਨੂੰ ਬੁਖਾਰ ਚੜ੍ਹਿਆ' ਬੱਚਿਆਂ ਨੂੰ ਆਪਣੇ ਵੱਲ ਖਿੱਚਣ ਲਈ ਹਾਕ ਮਾਰਦੀ ਹੈ। ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਾਂਝ ਪਾਉਂਦੀਆਂ 20 ਕਵਿਤਾਵਾਂ ਹਨ, ਜਿਨ੍ਹਾਂ ਨੂੰ ਰੰਗਦਾਰ ਚਿੱਤਰਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਲੇਖਿਕਾ ਅਧਿਆਪਕਾਂ ਦੇ ਕਿੱਤੇ ਨਾਲ ਸੰਬੰਧਿਤ ਹੋਣ ਕਾਰਨ, ਬੱਚਿਆਂ ਦੀਆਂ ਰੁਚੀਆਂ ਤੋਂ ਭਲੀ-ਭਾਂਤ ਜਾਣੂ ਹੈ। ਉਸ ਨੂੰ ਬਾਲ-ਮਨੋਵਿਗਿਆਨ ਦੀ ਸੋਝੀ ਹੈ। ਉਸ ਨੂੰ ਬਾਲ ਸਾਹਿਤ ਦੀ ਮਹੱਤਤਾ ਤੇ ਉਦੇਸ਼ਾਂ ਬਾਰੇ ਵੀ ਜਾਣਕਾਰੀ ਹੈ, ਇਸੇ ਕਰਕੇ ਇਹ ਕਵਿਤਾਵਾਂ ਭਾਰੂ ਨਹੀਂ। ਬੱਚਿਆਂ ਨੂੰ ਉਪਦੇਸ਼ ਦੇਣ ਨਾਲੋਂ ਚੰਗੀ ਤੇ ਉਸਾਰੂ ਦੇਣ ਪ੍ਰਦਾਨ ਕਰਨ ਵਾਲੀਆਂ ਕਵਿਤਾਵਾਂ ਹਨ। ਵਿਅੰਗ ਤੇ ਹਾਸਾ ਪੈਦਾ ਕਰਨ ਵਾਲੀਆਂ ਹਨ। ਨਿੱਕੀਆਂ-ਨਿੱਕੀਆਂ ਘਟਨਾਵਾਂ ਨੂੰ ਕਾਵਿਕਤਾ 'ਚ ਬੰਨ੍ਹਣ ਦੀ ਕੋਸ਼ਿਸ਼ ਮਨ ਨੂੰ ਭਾਉਂਦੀ ਹੈ। ਸਾਡੇ ਆਲੇ-ਦੁਆਲੇ 'ਚ ਵਾਪਰ ਰਹੀਆਂ ਸਮੱਸਿਆਵਾਂ ਨੂੰ ਪੰਛੀਆਂ, ਜਾਨਵਰਾਂ ਤੇ ਜੀਵਾਂ ਰਾਹੀਂ ਸਮਝਾਉਣ ਦਾ ਪ੍ਰਯੋਗ ਸ਼ਲਾਘਾਯੋਗ ਹੈ ਜਿਵੇਂ 'ਕਿੱਧਰ ਦਿੱਤੀਆਂ ਚਿੜੀਆਂ ਤੋਰ', 'ਸਮਾਂ ਕੀਮਤੀ' ਅਤੇ 'ਮਿਹਨਤ ਅਜਾਈਂ ਨਾ ਜਾਵੇ' ਕਵਿਤਾਵਾਂ। ਪਰਿਵਾਰਕ ਰਿਸ਼ਤਿਆਂ ਦੇ ਸਤਿਕਾਰ ਨੂੰ ਪ੍ਰਗਟ ਕਰਦੀਆਂ ਕਵਿਤਾਵਾਂ 'ਵੀਰਾ ਮੇਰਾ', 'ਮੇਰੀ ਭੂਆ' ਤੇ 'ਹੈਲੋ ਹੈਲੋ'। 'ਤੋਤੇ ਅਤੇ ਮੋਰ ਦੀ ਲੜਾਈ ਹੋ ਗਈ', 'ਇਕ ਦਿਨ ਚੂਹੀ ਨੂੰ ਬੁਖ਼ਾਰ ਚੜ੍ਹਿਆ', 'ਚੂਹਿਆਂ ਨੇ ਰੇਲ ਹੈ ਬਣਾਈ' ਅਤੇ 'ਕੀੜੀਆਂ ਤੋਂ ਅੱਜ ਆਪਾਂ ਲੈਣੀ ਸਿਖਲਾਈ' ਬੱਚਿਆਂ ਨੂੰ ਮੋਂਹਦੀਆਂ ਹਨ ਅਤੇ ਸਿੱਖਿਅਕ ਵੀ ਕਰਦੀਆਂ ਹਨ। ਲੇਖਿਕਾ ਨੂੰ ਇਸ ਸਾਹਿਤ ਵਿਧਾ 'ਚ ਜੁਟੇ ਰਹਿਣਾ ਚਾਹੀਦਾ ਅਤੇ ਕਾਵਿ-ਲੈਅ ਨੂੰ ਸਰੋਦੀ ਬਣਾਉਣ ਲਈ ਹੋਰ ਧਿਆਨ ਦੇਣ ਦੀ ਲੋੜ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਹਿੰਮਤ ਨਾ ਹਾਰੋ
ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ (ਮਾਨਸਾ)
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 99151-29747

ਸਵੇਟ ਮਾਰਡਨ ਦੁਆਰਾ ਲਿਖੀ ਪੁਸਤਕ 'ਹਿੰਮਤ ਨਾ ਹਾਰੋ' ਨੂੰ ਪ੍ਰਕਾਸ਼ਕ ਨੇ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਪਾਠਕਾਂ ਲਈ ਪੇਸ਼ ਕੀਤਾ ਹੈ ਤਾਂ ਕਿ ਉਹ ਇਸ ਨੂੰ ਪੜ੍ਹ ਕੇ ਜੀਵਨ ਵਿਚ ਸਫ਼ਲ ਮਨੁੱਖ ਬਣ ਸਕਣ। 'ਹਿੰਮਤ ਨਾ ਹਾਰੋ' ਨੂੰ ਇਕ ਪ੍ਰਤੀਕ ਵਜੋਂ ਵਰਤ ਕੇ ਸਫ਼ਲਤਾ ਦੇ ਤੌਰ-ਤਰੀਕੇ ਦੱਸੇ ਗਏ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਮਾਜ ਵਿਚ ਰਹਿੰਦਾ ਮਨੁੱਖ ਸਫ਼ਲ, ਕਾਮਯਾਬ ਅਤੇ ਸੁਖੀ ਮਨੁੱਖ ਬਣ ਸਕੇ।
ਲੇਖਕ ਅਨੁਸਾਰ ਸਫ਼ਲ ਹੋਣ ਲਈ ਮਨੁੱਖ ਨੂੰ ਆਪਣੇ ਅਤੀਤ ਅਤੇ ਭਵਿੱਖ ਦੀ ਚਿੰਤਾ ਨਾ ਕਰਕੇ ਆਪਣੇ ਵਰਤਮਾਨ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ। ਸੁਖਾਵਾਂ ਅਤੇ ਸਫ਼ਲਤਾ ਭਰਿਆ ਵਰਤਮਾਨ ਹੀ ਚੰਗੇ ਭਵਿੱਖ ਦਾ ਜਾਮਨ ਹੁੰਦਾ ਹੈ। ਸਫ਼ਲਤਾ ਲਈ ਆਤਮ-ਵਿਸ਼ਵਾਸ ਦੀ ਅਤਿਅੰਤ ਲੋੜ ਹੁੰਦੀ ਹੈ। ਸਫ਼ਲਤਾ ਲਈ ਜ਼ਰੂਰੀ ਨਹੀਂ ਕਿ ਮਨੁੱਖ ਹਮੇਸ਼ਾ ਸਿਰ ਧੁਨ ਕੇ ਆਪਣੇ ਕੰਮ 'ਚ ਦਿਨ-ਰਾਤ ਜੁਟਿਆ ਰਹੇ। ਥੋੜ੍ਹਾ-ਥੋੜ੍ਹਾ ਵਕਤੀ ਆਰਾਮ ਵੀ ਕੰਮ ਲਈ ਨਵੀਂ ਊਰਜਾ ਨੂੰ ਜਨਮ ਦਿੰਦਾ ਹੈ। ਮੁਸ਼ਕਿਲਾਂ ਦੀ ਪਰਵਾਹ ਨਾ ਕਰੋ ਅਤੇ ਪ੍ਰੇਸ਼ਾਨੀਆਂ ਦਾ ਤਿਆਗ ਕਰੋ। ਸਵੈ-ਭਰੋਸਾ ਅਜਿਹੀ ਸ਼ਕਤੀ ਹੁੰਦੀ ਹੈ ਜੋ ਮਨੁੱਖ ਨੂੰ ਸਫ਼ਲਤਮ ਵਿਅਕਤੀ ਬਣਾ ਸਕਦੀ ਹੈ। ਨਿਰਾਸ਼ਾ ਤੋਂ ਹਮੇਸ਼ਾ ਪਰ੍ਹੇ ਰਹਿਣਾ ਚਾਹੀਦਾ ਹੈ। ਹਿੰਮਤ ਕਦੀ ਨਹੀਂ ਹਾਰਨੀ ਚਾਹੀਦੀ। ਹਮੇਸ਼ਾ ਪ੍ਰਸੰਨਚਿਤ ਰਹਿਣਾ ਚਾਹੀਦਾ ਹੈ। ਗੁੱਸੇ ਤੋਂ ਸੰਕੋਚ ਕਰੋ ਅਤੇ ਆਪਣੀ ਸ਼ਕਤੀ ਦੀ ਪਛਾਣ ਖ਼ੁਦ ਕਰੋ। ਸੰਕਲਪ ਅਤੇ ਸਾਹਸ ਵੀ ਮਨੁੱਖ ਨੂੰ ਸਫ਼ਲ ਬਣਾਉਂਦੇ ਹਨ।
ਇਨ੍ਹਾਂ ਵਿਚਾਰਾਂ ਅਤੇ ਕਾਰਜਾਂ ਨੂੰ ਅਪਣਾਉਣ 'ਤੇ ਮਨੁੱਖ ਸੌ ਫ਼ੀਸਦੀ ਹੀ ਨਹੀਂ ਬਲਕਿ ਦੋ ਸੌ ਫ਼ੀਸਦੀ ਨਿਪੁੰਨ ਅਤੇ ਕਾਮਯਾਬ ਹੋ ਸਕਦਾ ਹੈ। ਆਪਣੀ ਗੱਲ ਦੀ ਪੁਸ਼ਟੀ ਲਈ ਉਹ ਇਸ ਪੁਸਤਕ ਵਿਚ ਅਨੇਕਾਂ ਵੱਡੇ, ਪ੍ਰਸਿੱਧ ਅਤੇ ਮਹਾਨ ਵਿਅਕਤੀਆਂ ਦੇ ਵਿਚਾਰਾਂ ਦੀਆਂ ਟੂਕਾਂ ਵਰਸਾਉਂਦਾ ਹੈ, ਇਨ੍ਹਾਂ 'ਤੇ ਚੱਲ ਕੇ ਹੀ ਉਹ ਪ੍ਰਸਿੱਧ ਅਤੇ ਸਫ਼ਲ ਵਿਅਕਤੀ ਬਣ ਸਕੇ। ਇਹ ਪੁਸਤਕ ਸਫ਼ਲਤਾ ਲਈ ਨਵੇਂ ਰਾਹ ਦਰਸਾਉਂਦੀ ਹੈ।

-ਕੇ.ਐਲ. ਗਰਗ
ਮੋਬਾਈਲ : 94635-37050

ਵਿਵਸਥਾ ਪਰਿਵਰਤਨ
ਲੇਖਕ : ਧਰਮ ਪਾਲ ਪੈਂਥਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 84370-44212

ਹਥਲੇ ਕਾਵਿ-ਸੰਗ੍ਰਹਿ 'ਵਿਵਸਥਾ ਪਰਿਵਰਤਨ' ਦੇ ਲੇਖਕ ਧਰਮ ਪਾਲ ਪੈਂਥਰ ਮਹਾਤਮਾ ਬੁੱਧ, ਗੁਰੂ ਰਵਿਦਾਸ, ਗੁਰੂ ਨਾਨਕ ਅਤੇ ਡਾ. ਅੰਬੇਡਕਰ ਦੀ ਬ੍ਰਹਿਮੰਡੀ ਵਿਚਾਰਧਾਰਾ ਦੇ ਧਾਰਨੀ ਹਨ। ਉਹ ਕੇਵਲ ਕਵੀ ਅਖਵਾਉਣ ਦੀ ਲਾਲਸਾ ਕਾਰਨ ਕਵਿਤਾ ਨਹੀਂ ਲਿਖਦੇ ਬਲਕਿ ਕਵਿਤਾ ਉਨ੍ਹਾਂ ਲਈ ਜ਼ਿੰਦਗੀ ਦੀ ਜੰਗ ਵਿਚ ਹਥਿਆਰ ਦੀ ਭੂਮਿਕਾ ਨਿਭਾਉਂਦੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਲੋਕਾਂ ਨੂੰ ਧਰਮ ਦੇ ਨਾਂਅ 'ਤੇ ਇਕ ਦੂਜੇ ਦੇ ਵੈਰੀ ਬਣਾ ਕੇ ਦਿਸ਼ਾਹੀਣ ਕਰ ਦਿੱਤਾ ਗਿਆ ਹੈ:
ਲੱਗਦਾ ਅੱਜਕਲ੍ਹ ਲੋਕ
ਆਪਣੇ ਮਸਲੇ ਭੁੱਲ ਗਏ ਨੇ,
ਹਿੰਦੂ, ਮੋਮਨ, ਗਾਂ 'ਤੇ
ਮਸਲਾ ਅੜਿਆ ਲਗਦਾ ਏ।
ਜਨਮ ਆਧਾਰਿਤ ਰਾਖਵੇਂਕਰਨ ਨੇ ਵੀ ਦਲਿਤ ਸਮਾਜ ਦਾ ਕੁਝ ਨਹੀਂ ਸੰਵਾਰਿਆ ਬਲਕਿ ਇਸ ਨੀਤੀ ਨਾਲ ਦਲਿਤ ਸਮਾਜ ਵਿਚ ਇਕ ਅਜਿਹਾ ਵਰਗ ਜ਼ਰੂਰ ਪੈਦਾ ਹੋ ਗਿਆ ਹੈ, ਜੋ ਰਾਖਵੇਂਕਰਨ ਦਾ ਭਰਪੂਰ ਫ਼ਾਇਦਾ ਉਠਾ ਕੇ ਖ਼ੂਬ ਮਾਲੋਮਾਲ ਹੋ ਰਿਹਾ ਹੈ ਪਰ ਸਮਾਜ ਦੇ ਸੱਚਮੁੱਚ ਦੱਬੇ-ਕੁਚਲੇ ਲੋਕ ਅਜੇ ਵੀ ਪਸ਼ੂਆਂ ਤੋਂ ਭੈੜੀ ਜੂਨ ਹੰਢਾ ਰਹੇ ਹਨ। ਧਰਮ ਪਾਲ ਪੈਂਥਰ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਈਮਾਨਦਾਰੀ ਨਾਲ ਲੋਕ ਹਿਤੈਸ਼ੀ ਨੀਤੀਆਂ ਘੜਨ 'ਤੇ ਜ਼ੋਰ ਦਿੰਦੇ ਹਨ:
ਜਨਮ ਆਧਾਰਿਤ ਰਾਖਵਾਂਕਰਨ ਬੰਦ ਕਰਨ ਦੀ ਜ਼ਰੂਰਤ ਹੈ,
ਲੋਕ ਹਿੱਤੂ ਨੀਤੀਆਂ
ਘੜਨ ਦੀ ਜ਼ਰੂਰਤ ਹੈ।
ਰੋਟੀ-ਬੇਟੀ ਦੀ ਸਾਂਝ
ਪਾਉਣ ਦੀ ਜ਼ਰੂਰਤ ਹੈ,
ਬੇਗ਼ਮਪੁਰਾ ਵਸਾਉਣ ਦੀ
ਜ਼ਰੂਰਤ ਹੈ।
ਧਰਮ ਪਾਲ ਪੈਂਥਰ ਸਮਝਦੇ ਹਨ ਕਿ ਦੇਸ਼ ਦੀ ਅਖੌਤੀ ਆਜ਼ਾਦੀ ਨਾਲ ਕੇਵਲ ਸੱਤ੍ਹਾ ਪਰਿਵਰਤਨ ਹੀ ਹੋਇਆ ਹੈ, ਜਿਸ ਨਾਲ ਦੇਸ਼ ਦੇ ਰਾਜਭਾਗ ਦੀ ਡੋਰ ਮੁੱਠੀ ਭਰ ਲੋਕਾਂ ਦੇ ਹੱਥ ਵਿਚ ਆ ਗਈ ਹੈ। ਉਨ੍ਹਾਂ ਮੁਤਾਬਿਕ ਜਦੋਂ ਤੱਕ ਸਹੀ ਅਰਥਾਂ ਵਿਚ ਵਿਵਸਥਾ ਪਰਿਵਰਤਨ ਨਹੀਂ ਹੁੰਦਾ, ਉਦੋਂ ਤੱਕ ਦੇਸ਼ ਦੇ ਸਮੂਹ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਨਹੀਂ ਮਿਲ ਸਕਦਾ। ਇਸ ਮਕਸਦ ਲਈ ਉਹ ਲੋਕਾਂ ਨੂੰ ਪੜ੍ਹਨ, ਜੁੜਨ ਅਤੇ ਸੰਘਰਸ਼ ਕਰਨ ਦਾ ਰਸਤਾ ਅਖ਼ਤਿਆਰ ਕਰਨ ਦਾ ਹੋਕਾ ਦਿੰਦੇ ਹਨ। ਦਲਿਤ ਜੱਦੋ-ਜਹਿਦ ਨੂੰ ਸਮਝਣ ਲਈ ਇਹ ਪੁਸਤਕ ਬੜੀ ਲਾਹੇਵੰਦ ਸਾਬਤ ਹੋ ਸਕਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

27-08-23

 ਸਮਾਜ ਕੁਦਰਤ ਤੇ ਵਿਗਿਆਨ
ਲੇਖਕ : ਮਲਕੀਤ ਸਿੰਘ ਬਰਮੀ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ,
ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 95015-94604

ਮਲਕੀਤ ਸਿੰਘ ਬਰਮੀ ਮੂਲ ਤੌਰ 'ਤੇ ਅਨੁਵਾਦਕ ਹੈ। ਉਸ ਨੇ ਪੀਪਲਜ਼ ਸਾਇੰਸ ਨੈੱਟਵਰਕ ਅਤੇ ਕੇਰਲਾ ਦੀ ਸੰਸਥਾ ਤੋਂ ਗ੍ਰਹਿਣ ਕੀਤੇ ਵਿਚਾਰਾਂ ਨੂੰ ਆਧਾਰ ਬਣਾ ਕੇ '' ਸਮਾਜ ਕੁਦਰਤ ਅਤੇ ਵਿਗਿਆਨ'' ਨਾਂਅ ਦੀ ਪੁਸਤਕ ਦੀ ਰਚਨਾ ਕੀਤੀ ਹੈ। ਲੇਖ ਮੁਤਾਬਿਕ ਇਸ ਕਿਤਾਬ ਦਾ ਖਰੜਾ ਤਾਂ ਤੀਹ ਕੁ ਵਰ੍ਹੇ ਪਹਿਲਾਂ ਤਿਆਰ ਕਰ ਲਿਆ ਸੀ, ਪਰ ਛਪਾਈ ਕਾਫ਼ੀ ਦੇਰ ਨਾਲ ਹੋਣ ਕਰਕੇ ਪਾਠਕਾਂ ਦੇ ਹੱਥ ਵਿਚ ਹੁਣ ਪੁੱਜੀ ਹੈ। ਜਿਵੇਂ ਕਿ ਪੁਸਤਕ ਦੇ ਸਿਰਲੇਖ, ''ਸਮਾਜ, ਕੁਦਰਤ ਤੇ ਵਿਗਿਆਨ'' ਤੋਂ ਹੀ ਅਨੁਮਾਨ ਹੋ ਜਾਂਦਾ ਹੈ ਕਿ ਪੁਸਤਕ ਵਿਚਲੇ ਵੀਹ ਲੇਖਾਂ ਦਾ ਵਿਸ਼ਾ ਵਸਤੂ ਗਿਆਨ- ਵਿਗਿਆਨ ਨਾਲ ਸੰਬੰਧਤ ਹੈ। ਲੇਖਕ ਨੇ ਕਿਸੇ ਪਾਠਕ੍ਰਮ ਦੀ ਪੁਸਤਕ ਵਾਂਗ ਸਿਲਸਿਲੇਵਾਰ ਬ੍ਰਹਿਮੰਡ ਤੋਂ ਸ਼ੂਰੂ ਕਰਕੇ ਖਗੋਲ ਦੇ ਵਿਸਥਾਰ ਅਤੇ ਪਸਾਰ ਦੀ ਗੱਲ ਕੀਤੀ ਹੈ। ਪਦਾਰਥਾਂ ਦਾ ਅਵਸਥਾ ਪਰਿਵਰਤਨ, ਉਨ੍ਹਾਂ ਦੇ ਨਿਯਮ ਅਤੇ ਇਸ ਵਰਤਾਰੇ ਦੇ ਜੀਵਨ ਵਿਚ ਲਾਭ, ਵਿਸ਼ਾਲ ਬ੍ਰਹਿਮੰਡ ਵਿਚ ਸੂਖਮ ਜੀਵਾਂ ਦਾ ਨਿੱਕਾ ਜਿਹਾ ਸੰਸਾਰ, ਮਾਦੇ ਅਤੇ ਥਾਂ ਦਾ ਸੰਬੰਧ, ਬ੍ਰਹਿਮੰਡ ਦੇ ਲਘੂ ਤੋਂ ਲਘੂ ਆਕਾਰ ਅਣੂ, ਪਰਮਾਣੂ, ਇਲੈਕਟ੍ਰਾਨ, ਪ੍ਰੋਟ੍ਰਾਨ, ਨਿਉਟ੍ਰਾਨ ਆਦਿ ਦਾ ਸਪੱਸ਼ਟੀਕਰਨ, ਸਮੇਂ ਦੀ ਗਿਣਤੀ-ਮਿਣਤੀ, ਇਸ ਨਾਲ ਧਰਤੀ, ਸੂਰਜ, ਗ੍ਰਹਿਆਂ ਆਦਿ ਦੀ ਗਤੀ ਰਿਸ਼ਤਾ, ਸਾਡੇ ਆਲੇ-ਦੁਆਲੇ ਨਿਰੰਤਰ ਹੋ ਰਹੇ ਬਦਲਾਅ, ਵੀ ਲੱਖ ਵਰ੍ਹੇ ਪਹਿਲੋਂ ਇਸ ਧਰਤੀ 'ਤੇ ਆਏ ਜੀਵਨ ਅਤੇ ਲਗਭਗ ਦਸ ਵਰ੍ਹੇ ਪਹਿਲੋਂ ਮਨੁੱਖੀ ਹੋਂਦ, ਜੀਵ ਅਤੇ ਮਨੁੱਖੀ ਵਿਕਾਸ ਦੀ ਸੰਖੇਪ ਕਹਾਣੀ, ਬ੍ਰਹਿਮੰਡ ਵਿਚ ਸੂਖਮ ਇਕ ਸੈੱਲੀ ਜੀਵ ਤੋਂ ਬਹੁ ਸੈੱਲੀ, ਫਿਰ ਜਲਚਰ, ਜਲਥਲਚਰ, ਰੀੰਘਣ ਵਾਲੇ, ਉੱਡਣ ਵਾਲੇ ਤੇ ਧਰਤੀ 'ਤੇ ਵਿਚਰਨ ਵਾਲੇ ਬਾਂਦਰ ਤੋਂ ਮਨੁੱਖ ਦੀ ਵਿਕਾਸ ਗਾਥਾ, ਸਾਡੇ ਮਹਾਂ ਬਜ਼ੁਰਗਾਂ ਦਾ ਰਹਿਣ-ਸਹਿਣ, ਖਾਣ-ਪਾਣ, ਧਰਤੀ 'ਤੇ ਖੇਤੀ ਦਾ ਆਰੰਭ, ਖੇਤੀ ਦੇ ਨਾਲ-ਨਾਲ ਕੁਦਰਤੀ ਸੰਸਾਧਨਾਂ ਦੀ ਦੁਰਵਰਤੋਂ ਤੇ ਲੁੱਟ-ਖੋਹ ਦੇ ਬੁਰੇ ਸਿੱਟੇ, ਮਨੁੱਖੀ ਬੇਨਿਯਮੀਆਂ ਅਤੇ ਬੇਕਾਇਦਗੀਆਂ, ਕੁਦਰਤ ਨਾਲ ਖਿਲਵਾੜ, ਕਬੀਲਿਆਂ ਤੋਂ ਬਸਤੀਆਂ ਦਾ ਜਨਮ, ਕੁਦਰਤੀ ਸੋਮਿਆਂ 'ਤੇ ਕਬਜ਼ਾਵਾਦੀ ਨੀਤੀ, ਰਾਜੇ-ਪ੍ਰਜਾ ਦਾ ਚਲਣ, ਸਰਮਾਏਦਾਰ ਤੇ ਗ਼ੁਲਾਮਦਾਰੀ, ਪੂੰਜੀਵਾਦੀ ਪ੍ਰਬੰਧ ਦਾ ਵਿਕਾਸ, ਧਰਤੀ ਦਾ ਲੋਕਾਂ ਤੇ ਜੋਕਾਂ ਵਿਚ ਵੰਡੇ ਜਾਣਾ, ਅਮੀਰ ਤੇ ਗ਼ਰੀਬ ਜਮਾਤ ਦਾ ਜਨਮ, ਸਰਮਾਏਦਾਰਾਂ ਤੇ ਮੁਨਾਫ਼ੇਖੋਰਾਂ ਦੀ ਚੜ੍ਹਤ, ਗ਼ਰੀਬੀ ਦੇ ਨਾਲ-ਨਾਲ ਅਨਪੜ੍ਹਤਾ, ਅੰਧਵਿਸ਼ਵਾਸ, ਪਖੰਡ, ਧਾਰਮਿਕ ਸ਼ੋਸ਼ਣ, ਸਮਾਜਵਾਦ ਦਾ ਫਲਸਫ਼ਾ, ਅਮੀਰ-ਗ਼ਰੀਬ ਦੀ ਬਰਾਬਰਤਾ ਵਾਲੇ ਸਮਾਜ ਦਾ ਸੁਪਨਾ, ਮਨੁੱਖੀ ਜੀਵਨ ਵਿਚ ਵਿਗਿਆਨ ਦਾ ਮਹੱਤਵ ਆਦਿ ਵਿਸ਼ਿਆ ਨੂੰ ਲਘੂ ਲੇਖਾਂ ਵਿਚ ਸਮੇਟਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਅਨੁਸਾਰ ਦੇਸ਼ ਵਿਚੋਂ ਬੇਰੁਜ਼ਗਾਰੀ, ਗ਼ਰੀਬੀ, ਸਮਾਜ ਭਲਾਈ ਅਤੇ ਸਮਾਜਿਕ ਇਨਕਲਾਬ ਵਿਗਿਆਨ ਰਾਹੀਂ ਹੀ ਸੰਭਵ ਹੈ। ਬੇਸ਼ੱਕ ਲੇਖਕ ਨੇ ਇਸ ਕਿਤਾਬ ਦੀ ਰਚਨਾ ਨਵਸਾਖ਼ਰਾਂ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਹੋਵੇਗੀ, ਪਰ ਇਸ ਵਿਚਲਾ ਗਿਆਨ-ਵਿਗਿਆਨ ਹਰ ਉਮਰ, ਹਰ ਵਰਗ ਦੇ ਆਦਮੀ ਅੰਦਰ ਵਿਗਿਆਨਿਕ ਸੋਚ ਪੈਦਾ ਕਰਨ ਵਾਲਾ ਹੈ। ਪੁਸਤਕ ਇਕਦਮ ਸਰਲ ਪੰਜਾਬੀ ਵਿਚ ਕਿੱਸਾਗੋਈ ਸ਼ੈਲੀ ਵਿਚ ਰੌਚਕ ਢੰਗ ਨਾਲ ਲਿਖੀ ਗਈ ਹੈ। ਵਿਗਿਆਨ ਦੀਆਂ ਗੂੜ੍ਹ ਤੇ ਪੇਚੀਦਾ ਨੁਕਤਿਆਂ ਨੂੰ ਬਹੁਤ ਆਸਾਨ ਉਦਾਹਰਨਾਂ ਦੇ ਕੇ ਸਰਲ ਤੇ ਸਹਿਜ ਢੰਗ ਨਾਲ ਸਪੱਸ਼ਟ ਕੀਤਾ ਗਿਆ ਹੈ ਜਿਸ ਨੂੰ ਹਰੇਕ ਪਾਠਕ ਆਸਾਨੀ ਨਾਲ ਸਮਝ ਸਕਦਾ ਹੈ। ਤੀਹ ਸਾਲ ਪਹਿਲਾਂ ਲਿਖੀ ਇਸ ਪੁਸਤਕ ਦੀ ਪ੍ਰਸੰਗਕਿਤਾ ਅੱਜ ਵੀ ਓਨੀ ਹੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 9876156964

ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 98764-52223

ਪੰਜਾਬੀ ਬਾਲ ਸਾਹਿਤ ਦੀ ਨਿਰੰਤਰ ਰਚਨਾ ਕਰ ਰਹੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਨਵੀਆਂ ਛਪੀਆਂ ਬਾਲ ਪੁਸਤਕਾਂ ਮੇਰੇ ਸਨਮੁੱਖ ਹਨ, ਜਿਨ੍ਹਾਂ ਵਿਚ ਉਸ ਨੇ ਮੌਜੂਦਾ ਸਮਾਜ ਨਾਲ ਜੁੜੇ ਵੰਨ-ਸੁਵੰਨੇ ਵਿਸ਼ਆਂ ਨੂੰ ਦੋ ਅਲੱਗ-ਅਲੱਗ ਵਿਧਾਵਾਂ ਵਿਚ ਰੂਪਮਾਨ ਕੀਤਾ ਹੈ। ਪ੍ਰਿੰ. ਗੋਸਲ ਦੀ ਪ੍ਰਥਮ ਬਾਲ ਪੁਸਤਕ 'ਮਾਂ ਦੇ ਰੂਪ' ਹੈ ਜਿਸ ਵਿਚ ਕੁੱਲ 25 ਕਵਿਤਾਵਾਂ ਸ਼ਾਮਿਲ ਹਨ। ਜੇ 'ਲਾਲ ਫੁੱਲਾਂ ਦਾ ਰੁੱਖ', 'ਰੁੱਖ, ਮਨੁੱਖ ਅਤੇ ਸੁੱਖ', 'ਪਾਣੀ ਦਾ ਮੁੱਲ', 'ਹਰ ਮਨੁੱਖ ਲਾਵੇ ਰੁੱਖ', 'ਬੋਹੜ ਦਾ ਰੁੱਖ', 'ਬਰਸਾਤੀ ਮੀਂਹ' ਅਤੇ 'ਇਕ ਬੂਟਾ ਅੰਬੀ ਦਾ' ਕਵਿਤਾਵਾਂ ਪ੍ਰਕਿਰਤਕ ਮਾਹੌਲ ਦਾ ਚਿਤ੍ਰਣ ਪ੍ਰਸਤੁਤ ਕਰਦੀਆਂ ਹਨ ਤਾਂ ਦੂਜੇ ਪਾਸੇ 'ਦੇਸ਼ ਪੰਜਾਬ' ਅਤੇ 'ਮਾਲ੍ਹਪੂੜਿਆਂ ਦਾ ਜੱਗ' ਕਵਿਤਾਵਾਂ ਵਿਚੋਂ ਸੱਭਿਆਚਾਰਕ ਮਹਿਕ ਆਉਂਦੀ ਅਨੁਭਵ ਹੁੰਦੀ ਹੈ। 'ਹਿਰਨ ਦਾ ਬੱਚਾ', 'ਕੋਇਲ ਦਾ ਘੁਮੰਡ', 'ਘੁੱਗੀ ਦੀ ਪੁਕਾਰ', 'ਮੋਰ ਦੇ ਖੰਭ', 'ਟਟਹਿਰੀ ਦਾ ਸ਼ੋਰ' ਤੇ 'ਚਲਾਕ ਤਿੱਤਲੀ' ਵੰਨ-ਸੁਵੰਨੇ ਜੀਵ-ਜੰਤੂਆਂ ਦੇ ਬਹੁਪੱਖੀ ਵਿਵਹਾਰ ਨੂੰ ਦਿਲਚਸਪ ਢੰਗ ਨਾਲ ਪ੍ਰਸਤੁਤ ਕਰਦੀਆਂ ਹਨ। ਪ੍ਰਿੰ. ਗੋਸਲ ਦੀ ਦੂਜੀ ਪੁਸਤਕ 'ਅੰਗੂਰ ਨਾ ਖੱਟੇ, ਨਾ ਮਿੱਠੇ' ਵਿਚਲੀਆਂ ਨੌਂ ਕਹਾਣੀਆਂ ਬਾਲ ਪਾਠਕਾਂ ਨੂੰ ਲੁਕੇ-ਛੁਪੇ ਰੂਪ ਵਿਚ ਉਪਦੇਸ਼ ਪ੍ਰਦਾਨ ਕਰਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਮਾਰਗ ਦਰਸ਼ਨ ਕਰਦੀਆਂ ਹਨ। 'ਅੰਗੂਰ ਨਾ ਖੱਟੇ, ਨਾ ਮਿੱਠੇ' ਕਹਾਣੀ ਆਜ਼ਾਦੀ ਦੇ ਕੁਦਰਤੀ ਅਧਿਕਾਰ ਦੀ ਗੱਲ ਕਰਦੀ ਹੈ। 'ਬਾਦਸ਼ਾਹ ਦੇ ਤਿੰਨ ਸੁਆਲ' ਕਹਾਣੀ ਬੁੱਧੀ ਦੀ ਪ੍ਰੀਖਿਆ' ਨਾਲ ਸੰਬੰਧਤ ਹੈ ਜੋ ਹੰਕਾਰ ਦੀ ਭਾਵਨਾ ਦਾ ਤਿਆਗ ਕਰਕੇ ਜਨ-ਹਿਤ ਵਿਚ ਸੇਵਾ ਕਰਨ ਦੀ ਪ੍ਰੇਰਨਾ ਦਿੰਦੀ ਹੈ। 'ਬੇਜ਼ੁਬਾਨ ਨੂੰ ਮਾਰ' ਕਹਾਣੀ ਬੇਜ਼ੁਬਾਨ ਜੀਵਾਂ ਨਾਲ ਸਨੇਹ-ਭਾਵਨਾ ਉਤਪੰਨ ਕਰਦੀ ਹੈ। ਇਸੇ ਪ੍ਰਕਾਰ 'ਗੁਰੂ ਕ੍ਰਿਸ਼ਮਾ', 'ਗਿਆਨ ਰਾਹੀਂ ਰਾਹ' ਅਤੇ 'ਰੱਬ ਦਾ ਚੇਲਾ' ਕਹਾਣੀਆਂ ਵੀ ਬਾਲ ਪਾਠਕਾਂ ਨੂੰ ਨਿੱਗਰ ਸੁਨੇਹੇ ਪ੍ਰਦਾਨ ਕਰਕੇ ਸਮੇਂ ਦਾ ਹਾਣੀ ਬਣਨ ਲਈ ਜਜ਼ਬਾ ਪੈਦਾ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਥਾ-ਰਸ ਪ੍ਰਧਾਨ ਹੈ ਅਤੇ ਮੁਹਾਵਰਿਆਂ ਤੇ ਅਖਾਣਾਂ ਵਾਲੀ ਠੁੱਕ-ਭਰੀ ਸ਼ਬਦਾਵਲੀ ਦਾ ਸੁੰਦਰ ਇਸਤੇਮਾਲ ਕੀਤਾ ਗਿਆ ਹੈ। ਇਹ ਦੋਵੇਂ ਪੜ੍ਹਨਯੋਗ ਪੁਸਤਕਾਂ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨੇ ਛਾਪੀਆਂ ਹਨ। ਦੋਵਾਂ ਦੀ ਕੀਮਤ 100 ਰੁਪਏ, ਪੁਸਤਕ ਦੇ ਪੰਨੇ 32-32 ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਹੁਨਰ ਬਨਾਮ ਹਿਕਮਤ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 232
ਸੰਪਰਕ : 94635-61123

ਓਮ ਪ੍ਰਕਾਸ਼ ਗਾਸੋ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਕਾਰਜਸ਼ੀਲ ਇਕ ਸਨਮਾਨਿਤ ਲੇਖਕ ਹੈ। ਉਹ ਹੁਣ ਤੱਕ 29 ਨਾਵਲ, 18 ਸੰਸਕ੍ਰਿਤੀ ਤੇ ਸੱਭਿਆਚਾਰ, 3 ਬਾਲ ਸਾਹਿਤ, 2 ਆਲੋਚਨਾ, 2 ਕਾਵਿ-ਸੰਗ੍ਰਹਿ, 2 ਸਵੈਜੀਵਨੀ, 4 ਹਿੰਦੀ ਕਿਤਾਬਾਂ ਦੀ ਰਚਨਾ ਸਮੇਤ ਲਗਭਗ 85 ਪੁਸਤਕਾਂ ਲਿਖ ਚੁੱਕਾ ਹੈ। ਵਿਚਾਰ ਅਧੀਨ ਪੁਸਤਕ ਨੂੰ ਉਸ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ, ਜਿਸ ਨੂੰ ਉਸ ਨੇ ਪਹਿਲਾ ਤੀਰ, ਦੂਜਾ ਤੀਰ ਅਤੇ ਤੀਜਾ ਤੀਰ ਦਾ ਨਾਂਅ ਦਿੱਤਾ ਹੈ। ਆਰੰਭ ਵਿਚ ਡਾ.ਕਰਮਜੀਤ ਸਿੰਘ ਧਾਲੀਵਾਲ, ਡਾ.ਰਵਿੰਦਰ ਗਾਸੋ, ਡਾ. ਸੁਦਰਸ਼ਨ ਗਾਸੋ ਅਤੇ ਖ਼ੁਦ ਲੇਖਕ ਵਲੋਂ ਕਿਤਾਬ ਬਾਰੇ ਵਿਭਿੰਨ ਵਿਚਾਰ ਪੇਸ਼ ਹੋਏ ਹਨ। ਪਹਿਲੇ ਭਾਗ ਵਿਚ 19 ਸਿਰਲੇਖਾਂ ਹੇਠ ਪੰਜਾਬ, ਪੰਜਾਬੀ, ਪੰਜਾਬੀਅਤ, ਰੁੱਖਾਂ ਅਤੇ ਸਿਆਸਤ ਨੂੰ ਵਿਚਾਰਿਆ ਗਿਆ ਹੈ; ਦੂਜੇ ਭਾਗ ਦੇ 13 ਸਿਰਲੇਖਾਂ ਵਿਚ ਸੰਵੇਦਨਾ, ਸੂਖਮਤਾ, ਆਦਮੀ, ਇਤਿਹਾਸ ਦੇ ਨਾਲ-ਨਾਲ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ, ਕੈਬਨਿਟ ਮੰਤਰੀ ਸਮੇਤ ਆਪਣੀ ਨੂੰਹ ਸੁਮਨ ਗਾਸੋ ਦੀ ਸਾਹਿਤ ਪ੍ਰਤੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਗਿਆ ਹੈ; ਜਦਕਿ ਤੀਜੇ ਭਾਗ ਦੇ 3 ਸਿਰਲੇਖਾਂ ਅਧੀਨ ਲੇਖਕ ਦੇ ਦੋ ਨਾਵਲਾਂ- 'ਮੌਤ ਦਰ ਮੌਤ' ਅਤੇ 'ਮਿੱਟੀ ਦਾ ਮੁੱਲ' ਦਾ ਨਾਟਕੀ ਰੂਪ ਪ੍ਰਕਾਸ਼ਿਤ ਹੈ। ਪੁਸਤਕ ਦੇ ਆਖਰੀ 8 ਪੰਨਿਆਂ 'ਤੇ 20 ਰੰਗੀਨ ਤਸਵੀਰਾਂ ਰਾਹੀਂ ਲੇਖਕ ਨੇ ਮੁੱਖ ਮੰਤਰੀ ਅਤੇ ਹੋਰਾਂ ਨਾਲ ਆਪਣੀ ਹਾਜ਼ਰੀ ਦਰਸਾਈ ਹੈ। ਕਿਤਾਬ ਵਿਚ ਡਾ. ਸੁਦਰਸ਼ਨ ਗਾਸੋ ਅਤੇ ਨਿੰਦਰ ਘੁਗਿਆਣਵੀ ਦੀ ਵੀ ਇਕ ਇਕ ਲਿਖਤ ਹੈ, ਜਿਨ੍ਹਾਂ ਵਿਚ ਭਗਵੰਤ ਮਾਨ ਅਤੇ ਮੀਤ ਹੇਅਰ ਦੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਨੂੰ ਚਿਤਰਿਆ ਗਿਆ ਹੈ। ਓਮ ਪ੍ਰਕਾਸ਼ ਗਾਸੋ ਲੇਖਨ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਵੀ ਲਾਉਂਦਾ ਹੈ। ਗਾਸੋ ਨੇ ਪੰਜਾਬ ਦੇ ਧੁਆਂਖੇ ਮਾਹੌਲ 'ਤੇ ਚਿੰਤਾ ਪ੍ਰਗਟਾਈ ਹੈ ਤੇ ਇਸ ਲਈ ਠੋਸ ਹੱਲ ਵੀ ਸੁਝਾਏ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਫੇਰ ਮਿਲਾਂਗੇ
ਲੇਖਕ : ਚਰਨਜੀਤ ਰਾਹੀ
ਪ੍ਰਕਾਸ਼ਕ : ਆਰਸੀ ਪਬਲੀਸ਼ਰਜ਼ ਨਵੀਂ ਦਿੱਲੀ
ਮੁੱਲ : 325 ਰੁਪਏ, ਸਫ਼ੇ : 168
ਸੰਪਰਕ :011-23280657

ਸਾਹਿਤ ਜਗਤ ਦੇ ਪ੍ਰਮੁੱਖ ਹਸਤਾਖ਼ਰ ਡਾਕਟਰ ਰਵੇਲ ਸਿੰਘ ਦੀ ਰਹਿਨੁਮਾਈ ਵਿਚ ਸਨ 2021 'ਚ ਪ੍ਰਕਾਸ਼ਿਤ ਚਰਨਜੀਤ ਸਿੰਘ ਰਾਹੀ ਦਾ ਲਿਖਿਆ ਹੋਇਆ ਇਹ ਕਹਾਣੀ-ਸੰਗ੍ਰਹਿ 'ਫੇਰ ਮਿਲਾਂਗੇ' ਸਾਰੇ ਪਰਿਵਾਰਕ ਮੈਂਬਰਾਂ ਅਤੇ ਇਸ ਨੂੰ ਨੇਪਰੇ ਚਾੜ੍ਹਣ ਵਾਲੇ ਸੁਹਿਰਦ ਸੱਜਣਾ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕੁੱਲ 9 ਕਹਾਣੀਆਂ ਨੂੰ ਪੜ੍ਹ ਕੇ ਪਾਠਕ ਮਨੁੱਖੀ ਵੇਦਨਾ ਅਤੇ ਸੰਵੇਦਨਾ ਦੇ ਵਹਿਣ ਵਿਚ ਬਹਿ ਜਾਂਦੇ ਜਾਪਦੇ ਹਨ। ਲੇਖਕ ਦੀ ਜ਼ਿੰਦਗੀ ਦੇ ਯਥਾਰਥ ਨੂੰ ਬਿਆਨ ਕਰਦੀਆਂ ਘਟਨਾਵਾਂ ਦੀ ਪੇਸ਼ਕਾਰੀ ਨੇ ਕਹਾਣੀਆਂ ਨੂੰ ਸਹਿਜ ਰੂਪ ਪ੍ਰਦਾਨ ਕਰ ਦਿੱਤਾ ਹੈ। ਯਥਾਰਥ ਅਤੇ ਕਲਪਨਾ ਦੇ ਸੁਮੇਲ ਨੇ ਕਹਾਣੀਆਂ ਵਿਚ ਗਹਿਨਤਾ ਤੇ ਗੰਭੀਰਤਾ ਨੂੰ ਉਜਾਗਰ ਕਰ ਦਿੱਤਾ ਹੈ। ਮਾਨਵੀ ਕਦਰਾਂ ਕੀਮਤਾਂ ਨੂੰ ਉਜਾਗਰ ਕਰਦੀਆਂ ਇਹ ਕਹਾਣੀਆਂ ਪਰੰਪਰਾ ਅਤੇ ਆਧੁਨਿਕਤਾ ਦੀ ਪੈਦਾਇਸ਼ ਨਜ਼ਰ ਆਉਂਦੀਆਂ ਹਨ। ਸਮਾਜਿਕ ਬੰਧਨਾਂ ਤੋਂ ਮੁਕਤੀ ਦੀ ਬਾਤ ਪਾਉਂਦੀਆਂ ਇਹ ਕਹਾਣੀਆਂ ਪਾਠਕ ਵਰਗ ਨੂੰ ਪਰੰਪਰਾ ਨੂੰ ਤਿਆਗਣ ਦਾ ਸੁਨੇਹਾ ਦੇ ਰਹੀਆਂ ਹਨ। ਅਮੀਰ ਤੇ ਗ਼ਰੀਬ ਵਰਗ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਪਾਠਕਾਂ ਨੂੰ ਇੰਜ ਜਾਪਦਾ ਹੈ ਕਿ ਜਿਵੇਂ ਲੇਖਕ ਉਨ੍ਹਾਂ ਦੀ ਜ਼ਿੰਦਗੀ ਦੀ ਗੱਲ ਕਰ ਰਿਹਾ ਹੈ। ਉੱਤਰ ਆਧੁਨਿਕ ਯੁੱਗ ਦੀਆਂ ਦੁਸ਼ਵਾਰੀਆਂ, ਪ੍ਰਾਪਤੀਆਂ, ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਸਭ ਕੁਝ ਮੌਜੂਦ ਹੁੰਦਿਆਂ ਵੀ ਬਹੁਤ ਕੁਝ ਪਾਉਣ ਦੀ ਲਾਲਸਾ ਅਤੇ ਖੁਰ ਗਏ ਸੁਪਨਿਆਂ ਦੇ ਖੰਡਰਾਂ ਤੋਂ ਬਿਨਾਂ ਹੋਰ ਬਹੁਤ ਕੁਝ ਕਹਿ ਰਹੀਆਂ ਹਨ ਇਹ ਕਹਾਣੀਆਂ। ਆਪਣੀ ਜੰਮਣ ਭੋਂਇ ਤੋਂ ਦੂਰ ਰਹਿੰਦਿਆਂ ਵੀ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੀ ਬੋਲਚਾਲ 'ਚ ਪੁਆਦ ਦੀ ਬੋਲੀ ਅਤੇ ਸੰਸਕ੍ਰਿਤੀ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਆਪਣੀ ਜੰਮਣ ਭੋਂਇ ਨੂੰ ਅਜੇ ਭੁੱਲ ਨਹੀਂ ਸਕਿਆ। ਆਪਣੇ ਪਹਿਲੇ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਨੂੰ ਮਿਆਰੀ ਸਾਹਿਤਕ ਪੱਧਰ ਪ੍ਰਦਾਨ ਕਰਕੇ ਲੇਖਕ ਆਪਣੇ ਆਪ ਨੂੰ ਨਾਮਵਰ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਕਰਨ ਦੀ ਤਿਆਰੀ ਕਰ ਰਿਹਾ ਹੈ। ਕਹਾਣੀਆਂ ਨੂੰ ਪੜ੍ਹਦਿਆਂ ਆਪ ਮੁਹਾਰੇ ਮਨ 'ਚ ਇਹ ਵਿਚਾਰ ਉਪਜਦਾ ਹੈ ਕਿ ਕਹਾਣੀਆਂ ਦਾ ਵਾਤਾਵਰਣ ਲੇਖਕ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫ਼ਰ 'ਚੋਂ ਉਪਜਿਆ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਭਾਵੇਂ ਲੇਖਕ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੇ ਜਾਪਦੇ ਹਨ ਪਰ ਉਹ ਸਮਾਜ ਦਾ ਹੀ ਇਕ ਹਿੱਸਾ ਲੱਗਦੇ ਹਨ। ਮੁਖਤਿਆਰ ਅਤੇ ਸੀਰੀ ਸਾਡੇ ਮਜ਼ਦੂਰ ਵਰਗ ਦੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੇ ਹਨ ਤੇ ਸਾਡੇ ਸਮਾਜ 'ਚ ਤਿਲ-ਤਿਲ ਕਰਕੇ ਵੰਡੇ ਹੋਏ ਹਨ। ਗੁੱਡਾ, ਮੈਲੀ ਅੱਖ ਅਤੇ ਪਰਵਾਜ਼ ਕਹਾਣੀਆਂ ਭਾਵੇਂ ਲੇਖਕ ਦੇ ਨਿੱਜੀ ਜ਼ਿੰਦਗੀ ਦੀ ਉਪਜ ਹਨ ਪਰ ਇਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਇਵੇਂ ਅਨੁਭਵ ਹੁੰਦਾ ਹੈ ਕਿ ਸਾਡੇ ਸਮਾਜ ਦੀ ਹੀ ਗੱਲ ਕਰ ਰਹੀਆਂ ਹਨ। ਲੇਖਕ ਕਹਾਣੀਆਂ ਦੇ ਪਾਤਰਾਂ ਦੇ ਚਰਿੱਤਰ ਨੂੰ ਉਨ੍ਹਾਂ ਦੀ ਬੋਲੀ ਦੇ ਮਾਧਿਅਮ ਰਾਹੀਂ ਪੇਸ਼ ਕਰਨ ਤੇ ਮਾਨਵੀ ਰਿਸ਼ਤਿਆਂ ਵਿਚਲੇ ਅਜੋਕੇ ਸੱਚ ਨੂੰ ਉਜਾਗਰ ਕਰਨ 'ਚ ਸਫ਼ਲ ਰਿਹਾ ਹੈ। ਕਹਾਣੀਆਂ ਦੇ ਪਾਤਰ ਲੇਖਕ ਦੇ ਹੱਥ ਦੀ ਕਠਪੁਤਲੀ ਨਹੀਂ ਸਗੋਂ ਉਹ ਆਪਣੇ ਕਿਰਦਾਰ ਦਾ ਆਜ਼ਾਦੀ ਨਾਲ ਮੁਜ਼ਾਹਰਾ ਕਰਦੇ ਜਾਪਦੇ ਹਨ। ਕਹਾਣੀਆਂ ਵਿਚ ਹਿੰਦੀ ਅਤੇ ਉਰਦੂ ਦੇ ਸ਼ਬਦ ਵੀ ਆਏ ਹਨ। ਕਿਤੇ-ਕਿਤੇ ਗ਼ਲਤੀਆਂ ਵੀ ਵੇਖਣ ਨੂੰ ਮਿਲਦੀਆਂ ਹਨ ਪਰ ਫੇਰ ਵੀ ਪਾਤਰਾਂ ਦੇ ਉਨ੍ਹਾਂ ਦੀ ਬੋਲੀ ਵਿਚ ਸੰਵਾਦ, ਪੇਸ਼ਕਾਰੀ, ਸ਼ੈਲੀ ਅਤੇ ਪਰਿਵਾਰਾਂ ਅਤੇ ਸਮਾਜ ਦੇ ਭਖਦੇ ਮਸਲਿਆਂ ਨੂੰ ਚੁੱਕਣਾ ਇਹ ਸਾਰੇ ਤੱਥ ਕਹਾਣੀਕਾਰ ਦੀ ਕਹਾਣੀ ਲਿਖਣ ਦੀ ਕਲਾ ਵਿਚ ਮੁਹਾਰਤ ਰੱਖਣ ਦਾ ਸਬੂਤ ਹਨ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਮੁਆਫ਼ ਕਰਨਾ ਸਾਹਿਬ
ਸਮਕਾਲੀ ਸਮਾਜ ਦਾ ਯਥਾਰਥ
ਸੰਪਾਦਕ : ਰਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ : 98721-03209

ਹਥਲੀ ਪੁਸਤਕ ਪਬਲਿਸ਼ਰ ਤਰਲੋਚਨ ਸਿੰਘ ਦੁਆਰਾ ਪ੍ਰਸਿੱਧ ਚੋਣਵੀਆਂ ਦਸ ਕਹਾਣੀਆਂ ਨੂੰ ਉਸ ਨੇ 'ਮੁਆਫ਼ ਕਰਨਾ ਸਾਹਿਬ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਸੀ, ਦਾ ਵੱਖ-ਵੱਖ ਵੀਹ ਵਿਦਵਾਨ ਲੇਖਕਾਂ/ਲੇਖਿਕਾਵਾਂ ਵਲੋਂ ਆਲੋਚਨਾਤਮਕ ਅਧਿਐਨ ਪੇਸ਼ ਕਰਦੀ ਹੈ। ਸੰਪਾਦਕ ਰਮਨਦੀਪ ਕੌਰ ਨੇ ਬੜੀ ਮਿਹਨਤ ਨਾਲ ਇਸ ਪੁਸਤਕ ਵਿਚ ਅੰਕਿਤ ਪੁਸਤਕ ਦੇ ਸਮੁੱਚੇ ਰੂਪ-ਸਰੂਪ ਬਾਰੇ ਅਤੇ ਇਕੱਲੀ-ਇਕੱਲੀ ਕਹਾਣੀ ਬਾਰੇ ਵਿਦਵਾਨਾਂ ਤੱਕ ਪਹੁੰਚ ਕਰਕੇ ਖੋਜ ਪਰਚੇ ਲਿਖਵਾਏ, ਜਿਨ੍ਹਾਂ ਦਾ ਸਾਰ ਤੱਤ ਅਜੋਕੇ ਮਨੁੱਖੀ ਜੀਵਨ ਨਿਰਬਾਹ ਦੀ ਸ਼ੈਲੀ ਵਿਚ ਘਰੇਲੂ, ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਮਨੋਵਿਗਿਆਨਕ ਤੌਰ 'ਤੇ ਘੁਟਣ ਅਤੇ ਸਹਿਕ ਦਾ ਭਾਵ-ਬੋਧ ਉਭਰਦਾ ਪ੍ਰਤੀਤ ਹੁੰਦਾ ਹੈ ਅਤੇ ਨਾਲ ਦੀ ਨਾਲ ਪਰਵਾਸ ਵਿਚਲੀ ਜੀਵਨ ਸ਼ੈਲੀ ਉੱਤੇ ਵੀ ਝਾਤ ਪੁਆਈ ਗਈ ਹੈ। ਕਹਾਣੀ 'ਅਧੂਰਾ ਚਾਅ', 'ਇਕ ਛਿੱਟ ਚਾਣਨ ਦੀ', 'ਮਿੱਟੀ ਨਾ ਫਰੋਲ ਜੋਗੀਆ', 'ਮੁਆਫ਼ ਕਰਨਾ ਸਾਹਿਬ', 'ਪਹਿਰੇਦਾਰ ਪਹਿਰੇ', 'ਅਧੂਰੀ ਔਰਤ', 'ਹਾਰ ਜਿਹੀ ਜਿੱਤ', 'ਪੇਕਾ ਘਰ', 'ਅਰਸ਼ ਤੋਂ ਫਰਸ਼', 'ਤਾਈ ਆਸੋ' ਆਦਿ ਕਹਾਣੀਆਂ ਦਾ ਵਿਦਵਾਨ ਲੇਖਿਕਾਵਾਂ ਵਲੋਂ ਨਿਕਟਵਰਤੀ ਗੰਭੀਰ ਵਿਸ਼ਲੇਸ਼ਣ ਕਹਾਣੀਆਂ ਵਿਚੋਂ ਉਦਾਹਰਨਾਂ ਦੇ ਕੇ ਵੀ ਅਤੇ ਵੱਖ-ਵੱਖ ਵਿਦਵਾਨਾਂ ਵਲੋਂ ਕਹਾਣੀ ਸਿਧਾਂਤ, ਪ੍ਰਕਿਰਤੀ ਅਤੇ ਪ੍ਰਕਾਰਜ ਸੰਬੰਧੀ ਕਥਨਾਂ ਨੂੰ ਵੀ ਆਪੋ-ਆਪਣੇ ਖੋਜ ਲੇਖਾਂ ਜ਼ਰੀਏ ਪੇਸ਼ ਕੀਤਾ ਹੈ।
ਪੁਸਤਕ ਵਿਚਲੇ ਹੋਰ ਮਹੱਤਵਪੂਰਨ ਉਹ ਖੋਜ ਲੇਖ ਵੀ ਹਨ, ਜਿਨ੍ਹਾਂ ਵਿਚ ਪਰਵਾਸ ਕਬੂਲਦੀ ਚੇਤਨਾ ਅਤੇ ਪਰਵਾਸ ਵਿਚਲੇ ਪੰਜਾਬ ਦੇ ਸਮਾਜ ਦੀ ਵਿਵਸਥਾ ਨੂੰ ਵੀ ਦਰਸਾਇਆ ਗਿਆ ਹੈ ਅਤੇ 'ਮੁਆਫ਼ ਕਰਨਾ ਸਾਹਿਬ' ਕਹਾਣੀ-ਸੰਗ੍ਰਹਿ ਦੇ ਸਮੁੱਚੇ ਸਰੂਪ ਨੂੰ ਪ੍ਰਗਟਾਉਂਦਿਆਂ ਹੋਇਆਂ ਔਰਤ ਦੀ ਸਥਿਤੀ ਨੂੰ ਤਰਾਸਦਿਕ ਸਮਝਦਿਆਂ ਹੋਇਆਂ ਸਮੁੱਚੇ ਰੂਪ ਵਿਚ ਵਿਚਾਰ ਪ੍ਰਗਟ ਕੀਤੇ ਹਨ। ਇਹ ਖੋਜ ਲੇਖ ਭਾਵੇਂ ਸੰਖੇਪ ਹਨ ਪਰ ਭਾਵ-ਪੂਰਤ ਅਤੇ ਦਿਸ਼ਾ-ਮੂਲਕ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਕੋਸੀ ਕੋਸੀ ਧੁੱਪ
ਲੇਖਕ : ਬਿੰਦਰ ਸਿੰਘ ਖੁੱਡੀਕਲਾਂ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼ ਰਾਮਪੁਰ (ਲੁਧਿਆਣਾ )
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98786-05965

ਬਿੰਦਰ ਸਿੰਘ ਖੁੱਡੀਕਲਾਂ ਲਗਾਤਾਰ ਅਖ਼ਬਾਰਾਂ ਵਿਚ ਲਿਖ ਰਿਹਾ ਹੈ। ਉਸ ਦੀ ਇਹ ਪਹਿਲੀ ਕਿਤਾਬ ਮਿੰਨੀ ਕਹਾਣੀਆਂ ਦੀ ਛਪ ਕੇ ਆਈ ਹੈ। ਅੱਖਰ ਨਾਲ ਜੋੜਨ ਵਾਲੇ ਅਕਾਲ ਪੁਰਖ ਤੇ ਮਾਤਾ-ਪਿਤਾ ਨੂੰ ਸਮਰਪਿਤ ਪੁਸਤਕ ਵਿਚ 74 ਮਿੰਨੀ ਕਹਾਣੀਆਂ ਹਨ। ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਪੁਸਤਕ ਦੀਆਂ ਰਚਨਾਵਾਂ ਨੂੰ ਕਰੂਰ ਯਥਾਰਥ ਵਿਚੋਂ ਉਪਜੀਆਂ ਕਹਾਣੀਆਂ ਕਿਹਾ ਹੈ। ਕਹਾਣੀਆਂ ਵਿਚ ਸਮਾਜ ਦਾ ਸ਼ੀਸ਼ਾ ਹੈ। ਲੇਖਕ ਆਪਣੇ ਆਲੇ-ਦੁਆਲ਼ੇ ਦੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖਦਾ ਹੈ। ਲੇਖਕ ਕੋਲ ਮਿੰਨੀ ਕਹਾਣੀ ਲਿਖਣ ਦੀ ਜੁਗਤ ਹੈ। ਜਿਸ ਵਿਚ ਸੰਖੇਪਤਾ, ਸਮਾਜਿਕ ਵਿਸ਼ਾ, ਪਾਤਰੀ ਸੰਵਾਦ, ਸਮੇਂ ਦਾ ਸੱਚ, ਬਿਰਤਾਂਤ, ਵਿਅੰਗਮਈ ਤਨਜ਼ ਆਦਿ ਹਨ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਹਾਣੀਆਂ ਅੰਦਰਲੀ ਹਕੀਕਤ (ਸੱਚ) ਦੀ ਨਿਸ਼ਾਨਦੇਹੀ ਕੀਤੀ ਹੈ। ਕਥਾਕਾਰ ਜਗਦੀਸ਼ ਰਾਏ ਕੁਲਰੀਆਂ ਨੇ ਲੇਖਕ ਵਲੋਂ ਰਚਨਾਵਾਂ ਵਿਚ ਦਬੇ-ਕੁਚਲੇ ਤੇ ਨਪੀੜੇ ਲੋਕਾਂ ਨਾਲ ਖੜ੍ਹੇ ਹੋਣ ਦੀ ਪ੍ਰਸੰਸਾ ਕੀਤੀ ਹੈ। ਇਹ ਸਾਹਿਤਕਾਰ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ। ਲੇਖਕ ਨੇ ਆਪਣੀ ਕਾਲਜ ਸਿੱਖਿਆ ਦੌਰਾਨ ਇਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ ਹੈ। ਜਿਸ ਤੋਂ ਪਿਛੋਂ ਉਹ ਲਿਖਣ ਦੇ ਰਾਹ ਪਿਆ। ਪੁਸਤਕ ਦੇ ਸਿਰਲੇਖ ਵਾਲੀ ਕੋਈ ਰਚਨਾ ਨਹੀ ਹੈ। ਇਹ ਨਵੀਂ ਜੁਗਤ ਹੈ। ਸਾਰੀਆਂ ਰਚਨਾਵਾਂ ਦਾ ਨਿੱਘ ਪਾਠਕ ਲਈ ਸਿਆਲ ਦੀ ਕੋਸੀ-ਕੋਸੀ ਧੁੱਪ ਵਾਲਾ ਹੈ। ਕਹਾਣੀਆਂ ਦੇ ਪਾਤਰ ਆਪਸੀ ਸੰਵਾਦ ਵਿਚ ਕੁਝ ਅੱਟਲ ਸਚਾਈਆਂ ਵੇਖੋ - ਇਨਸਾਨੀ ਸਰੀਰ ਨੇ ਇਕ ਦਿਨ ਨਾਸ਼ ਹੋ ਜਾਣਾ ਹੈ। (ਉਪਦੇਸ਼)....
ਬੱਚੇ ਸਿੱਖਦੇ ਨਹੀ ਨਕਲ ਕਰਦੇ ਹਨ (ਗੁਨਾਹ)...ਵੀਰੇ ਮੈਂ ਉਸ ਨੂੰ ਸੱਚਾ ਪਿਆਰ ਕਰਦੀ ਹਾਂ (ਸਹੀ ਅਰਥ)...ਚੋਣਾਂ ਲੜ ਕੇ ਲੀਡਰ ਬਣਨ ਤੋਂ ਉੱਤਮ ਬਿਜ਼ਨਿਸ ਕੋਈ ਨਹੀਂ (ਕਹਾਣੀ ਬਿਜ਼ਨੈਸ)
ਕਿਸਾਨੀ ਪਿਛੋਕੜ ਹੋਣ ਕਰਕੇ ਲੇਖਕ ਕਹਾਣੀਆਂ ਵਿਚ ਕਿਸਾਨੀ ਮਸਲਿਆਂ ਬਾਰੇ ਕਲਮ ਚਲਾਉਂਦਾ ਹੈ। ਬੇਰੁਜ਼ਗਾਰ, ਗ਼ਰੀਬੀ, ਕਿਸਾਨ ਅੰਦੋਲਨ, ਕੋਰੋਨਾ ਪੀੜਤਾਂ ਦਾ ਦੁਖਾਂਤ, ਫ਼ੌਜੀ ਜੀਵਨ, ਬਿਹਾਰ, ਯੂਪੀ ਦੇ ਲੋਕਾਂ ਦਾ ਰੋਟੀ-ਰੋਜ਼ੀ ਲਈ ਪੰਜਾਬ ਆਉਣਾ, ਅਨਪੜ੍ਹਤਾ, ਗ਼ੈਰ ਵਿੱਦਿਅਕ ਕੰਮ, ਜਾਤੀ ਵੰਡ, ਮਨੁੱਖੀ ਹੈਂਕੜ, ਪਤੀ-ਪਤਨੀ ਤਕਰਾਰ, ਮੋਹ-ਮਮਤਾ, ਕੁਦਰਤੀ ਕਹਿਰ, ਸਿਆਸੀ ਕਿਰਦਾਰ, ਦੋਹਰੇ ਮਾਪਦੰਡ ਕਹਾਣੀਆਂ ਦੇ ਪ੍ਰਮੁੱਖ ਵਿਸ਼ੇ ਹਨ। ਕਹਾਣੀਆ ਭਲਾ ਬੰਦਾ, ਮਰਦਾਨਗੀ, ਸਵਾਲ(ਪੰਨਾ 46, 79) ਮੁੱਖ ਮਹਿਮਾਨ , ਅਸਲੀ ਮੰਗ, ਫ਼ੈਸਲਾ, ਹਨੇਰਾ, ਮਜ਼ਦੂਰ ਦਿਵਸ, ਅਧਿਕਾਰ, ਕੌੜਾ ਸੱਚ, ਸਵਰਗ, ਹੜਤਾਲ, ਸਰਕਾਰੀ ਛੁੱਟੀ, ਵੱਡਾ ਪੁੰਨ, ਹੰਗਾਮਾ, ਵਤਨ, ਸਰਬਸੰਮਤੀ, ਪਸੀਨਾ, ਕਿਸਮਤ, ਯੋਗ ਦਿਵਸ ਆਦਿ ਅਰਥ-ਭਰਪੂਰ ਰਚਨਾਵਾਂ ਹਨ। ਸ਼ਬਦ 'ਅਸਲੀ' ਦੀ ਵਰਤੋਂ ਪੰਜ ਕਹਾਣੀਆਂ ਵਿਚ ਹੈ। (ਪੰਨੇ 55, 62, 80, 93, 94) ਅਜਿਹਾ ਦੁਹਰਾਉ ਕਹਾਣੀ ਦੇ ਕਲਾ ਪੱਖ ਨੂੰ ਕਮਜ਼ੋਰ ਕਰਦਾ ਹੈ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160

26-08-23

 22ਵੀਂ ਸਦੀ
ਲੇਖਕ : ਰਾਹੁਲ ਸਾਂਕਰਾਤਿਆਇਨ
ਅਨੁਵਾਦਕ : ਡਾ. ਸੁਮੀਤ ਸ਼ੰਮੀ
ਪ੍ਰਕਾਸ਼ਕ : ਰੈੱਡ ਕਲਿਪ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 94636-28811

ਕਿਤਾਬਾਂ ਤਾਂ ਪਾਠਕ ਰੋਜ਼ ਹੀ ਪੜ੍ਹਦੇ ਨੇ ਪਰ ਹਥਲੀ ਕਿਤਾਬ ਲੇਖਕ ਦੀ ਗਾਲਪਨਿਕ ਰਚਨਾ ਉਸ ਦੀ ਦੂਰ-ਦ੍ਰਿਸ਼ਟੀ ਦਾ ਪ੍ਰਮਾਣ ਹੈ। ਇਹ ਰਚਨਾ 1924 ਵਿਚ ਲਿਖੀ ਗਈ ਸੀ। ਇਕ ਸਦੀ ਬੀਤ ਚੁੱਕੀ ਹੈ। ਇਸ ਨਾਵਲ ਵਿਚ ਪ੍ਰਸਤੁਤ ਘਟਨਾਵਾਂ ਇਸ ਗੱਲ ਦੀ ਸਾਖੀ ਭਰਦੀਆਂ ਹਨ ਕਿ 2124 ਤੱਕ ਸੰਸਾਰ ਸੱਚਮੁੱਚ ਹੀ ਅਜਿਹਾ ਰੂਪ ਧਾਰਨ ਕਰ ਲਵੇਗਾ। ਇਸ ਨਾਵਲ ਦੀ ਵਿਸ਼ਾ-ਵਸਤੂ ਇਉਂ ਪੂਰਵ-ਸੰਕੇਤ ਕਰਦੀ ਹੈ ਕਿ ਗੁਰੂ ਰਵਿਦਾਸ ਜੀ ਦਾ 'ਬੇਗਮਪੁਰਾ' ਅਗਲੀ ਸਦੀ ਤੱਕ ਹੋਂਦ ਵਿਚ ਆਉਣ ਵਾਲਾ ਹੈ। ਇਹ ਰਚਨਾ ਸਚੇਤ ਜਾਂ ਅਚੇਤ ਟਾਮਸ ਮੂਰ ਦਾ ਇਕ ਖਿਆਲੀ ਟਾਪੂ (ਯੂਟੋਪੀਆ), ਜਿਸ ਵਿਚ ਸਮਾਜ ਦਾ ਪ੍ਰਬੰਧ ਆਦਰਸ਼ਪੂਰਨ ਸੀ, ਤੋਂ ਪ੍ਰਭਾਵਿਤ ਜਾਪਦੀ ਹੈ। ਲੇਖਕ ਨੇ ਘਟਨਾਵਾਂ ਨੂੰ ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਇਸ ਪ੍ਰਕਾਰ ਵਿਉਂਤਿਆ ਹੈ ਕਿ 22ਵੀਂ ਸਦੀ ਦਾ ਮਸ਼ੀਨੀ ਯੁੱਗ ਸੱਚਮੁੱਚ ਹੀ ਹੋਂਦ ਵਿਚ ਆ ਜਾਵੇਗਾ। ਅਜਿਹੇ ਸੰਸਾਰ ਵਿਚ ਊਚ-ਨੀਚ, ਜਾਤ-ਪਾਤ ਦੀ ਸੋਚ ਖ਼ਤਮ ਹੋ ਜਾਵੇਗੀ। ਭਾਈਚਾਰਕ ਸਦਭਾਵਨਾ ਪੈਰ ਪਸਾਰ ਜਾਵੇਗੀ। ਸਭ ਕੰਮ ਮਸ਼ੀਨਾਂ ਕਰਨਗੀਆਂ। ਮਨੁੱਖ ਦੀ ਤਾਂ ਕੇਵਲ ਨਿਗਰਾਨੀ ਹੋਵੇਗੀ। ਇਸ ਨਾਵਲ ਦਾ ਨਾਇਕ ਪ੍ਰੋਫ਼ੈਸਰ ਵਿਸ਼ਵ ਬੰਧੂ, ਆਪਣੀ ਗੁਫ਼ਾ ਵਿਚ ਸੁੱਤਾ ਪਿਆ ਜਦੋਂ ਜਾਗ ਕੇ ਉੱਠ ਬਹਿੰਦਾ ਹੈ ਤਾਂ ਵੇਖ ਕੇ ਹੈਰਾਨ ਹੋ ਕੇ ਕਹਿੰਦਾ ਹੈ 'ਓ ਹੋ ਐਨੀ ਤਬਦੀਲੀ', ਇਨ੍ਹਾਂ ਸ਼ਬਦਾਂ ਨਾਲ ਹੀ ਨਾਵਲ ਦਾ ਆਰੰਭ ਹੁੰਦਾ ਹੈ। ਬਾਕੀ ਸਾਰਾ ਨਾਵਲ 'ਐਨੀ ਤਬਦੀਲੀ' ਦਾ ਹੀ ਬਿਰਤਾਂਤ ਹੈ। ਨਾਵਲਕਾਰ ਨੇ ਇਸ ਰਚਨਾ ਨੂੰ 16 ਕਾਂਡਾਂ ਵਿਚ ਵੰਡਿਆ ਹੈ। ਇਸ ਬਿਰਤਾਂਤ ਵਿਚ ਤਬਦੀਲੀ ਦੀ ਅੱਖੀਂ ਦੇਖੀ ਯਾਤਰਾ ਸਹਾਇਕ ਹੋ ਨਿਬੜਦੀ ਹੈ। ਇਹ ਯਾਤਰਾ ਤਿੱਬਤ, ਨਿਪਾਲ ਤੋਂ ਹੁੰਦੀ ਹੋਈ, ਰੇਲ ਗੱਡੀ ਦੇ ਸਫ਼ਰ ਰਾਹੀਂ ਨਾਲੰਦਾ ਯੂਨੀਵਰਸਿਟੀ ਤੱਕ ਅਪੜਦੀ ਹੈ। ਜੇਹੋਜਾ ਇਲਾਕਾ ਜਾਂ ਕਹੋ ਪਿੰਡ ਜੇਹੋਜਾ ਉਤਪਾਦਨ ਕਰਦਾ ਹੈ, ਉਸ ਨੂੰ ਉਹੋ ਹੀ ਨਾਂਅ ਦੇ ਦਿੱਤਾ ਜਾਂਦਾ ਹੈ। ਜਿਵੇਂ : ਸੇਬ ਪੈਦਾ ਕਰਨ ਵਾਲਾ ਪਿੰਡ ਸੇਬਗ੍ਰਾਮ, ਬੇਰ-ਗ੍ਰਾਮ, ਦਾਲ-ਗ੍ਰਾਮ, ਤੇਲ-ਗ੍ਰਾਮ ਆਦਿ। ਪਸ਼ੂਆਂ 'ਤੇ ਆਧਾਰਿਤ ਗਊ-ਗ੍ਰਾਮ, ਭੈਂਸ-ਗ੍ਰਾਮ ਆਦਿ। ਜਿਥੇ ਕਾਗ਼ਜ਼ ਬਣਦਾ ਹੈ, ਕਾਗ਼ਜ਼-ਗ੍ਰਾਮ। ਜਿਥੇ ਕੱਪੜੇ ਸਿਉਂਤੇ ਜਾਂਦੇ ਹਨ, ਉਹ ਦਰਜ਼ੀ ਗ੍ਰਾਮ। ਜਿਥੇ ਝੋਨੇ ਦੇ ਖੇਤ ਨੇ-ਸ਼ਾਲੀਗ੍ਰਾਮ। ਖਾਣੇ ਦੇ ਸਮੇਂ ਸਾਇਰਨ ਵੱਜਦਾ ਹੈ। ਬਚਪਨ ਵਿਚ ਬੱਚਿਆਂ ਨੂੰ ਪਲੇਅ-ਵੇਅ ਵਿਧੀ ਰਾਹੀਂ ਪੜ੍ਹਾਇਆ ਜਾਂਦਾ ਹੈ। ਸਭ ਕਲਾਸਾਂ ਲਈ ਯੋਗ ਅਧਿਆਪਕ ਹਨ। ਲੇਖਕ ਯਾਤਰਾ ਕਰਦਿਆਂ ਡਾਇਰੀ ਲਿਖਦਾ ਜਾਂਦਾ ਹੈ। ਅਨੇਕਾਂ ਪਾਤਰ ਸਿਰਜੇ ਗਏ ਹਨ ਪਰ ਵਿਸ਼ਵਾਮਿੱਤਰ ਲੇਖਕ ਦਾ ਪੂਰੇ ਸਫ਼ਰ ਵਿਚ ਗਾਈਡ ਦਾ ਰੋਲ ਨਿਭਾਉਂਦਾ ਹੈ। ਸਾਸ਼ਨ ਦੇ ਵਿਭਾਗ ਵੰਡੇ ਗਏ ਹਨ। ਸਮੁੰਦਰਾਂ ਵਿਚ ਵੀ ਸੁਰੰਗਾਂ ਬਣਾ ਕੇ ਰੇਲ-ਪਟੜੀਆਂ ਵਿਛਾਈਆਂ ਗਈਆਂ ਹਨ। ਭਾਰਤ ਦਾ ਸਾਰੇ ਸੰਸਾਰ ਨਾਲ ਸੰਬੰਧ ਜੋੜਿਆ ਗਿਆ ਹੈ। ਸਚੇਤ ਜਾਂ ਅਚੇਤ ਸਮੁੱਚੇ ਸੰਸਾਰ ਦੀ 'ਵਨ-ਵਰਲਡ ਐਂਡ ਵਨ ਗੌਰਮਿੰਟ' ਦੀ ਕਲਪਨਾ ਕੀਤੀ ਗਈ ਹੈ। ਵਾਰ-ਵਾਰ ਕਿਹਾ ਗਿਆ ਹੈ 'ਅਜੇ ਅਸੀਂ ਇਹ ਗੱਲਾਂ ਕਰ ਰਹੇ ਸੀ...।' ਕਿ ਇਉਂ ਹੋ ਗਿਆ। ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਪੁਸਤਕ ਪੜ੍ਹ ਕੇ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਧਾਗੇ ਅਮਨ ਅਮਾਨ ਜੀ
ਲੇਖਕ : ਜਸਬੀਰ ਢੰਡ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 240 ਰੁਪਏ, ਸਫ਼ੇ : 160
ਸੰਪਰਕ : 94172-87399

ਜਸਬੀਰ ਢੰਡ ਬਿਰਤਾਂਤ ਕਲਾ ਵਿਚ ਸਿੱਧਹਸਤ ਕਹਾਣੀਕਾਰ ਹੈ। ਹਥਲੇ ਸੰਗ੍ਰਹਿ ਵਿਚ ਉਸ ਦੇ ਲਗਭਗ 50 ਮਿਡਲਜ਼ ਸੰਗ੍ਰਹਿਤ ਹੋਏ ਹਨ, ਜੋ ਸਮੇਂ-ਸਮੇਂ ਪੰਜਾਬੀ ਟ੍ਰਿਬਿਊਨ ਅਤੇ ਕੁਝ ਹੋਰ ਸਮਾਚਾਰ-ਪੱਤਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਹ ਮਿਡਲਜ਼ਡ ਉਸ ਦੇ ਨਿੱਜੀ ਜੀਵਨ ਉੱਪਰ ਝਾਤ ਪੁਆਉਂਦੇ ਹਨ ਅਤੇ ਦੱਸਦੇ ਹਨ ਕਿ ਲੇਖਕ ਬਣਨ ਵਾਸਤੇ ਬੰਦੇ ਨੂੰ ਬਹੁਤ ਸਾਰੀਆਂ ਆਰਥਿਕ ਅਤੇ ਸੱਭਿਆਚਾਰਕ ਥੁੜਾਂ-ਘਾਟਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਲੇਖਕ ਬਣਨਾ ਕੋਈ ਸੌਖਾ ਕੰਮ ਨਹੀਂ ਹੈ। ਪਹਿਲਾਂ ਤਾਂ ਵਿਵਸਥਾ ਦੀ ਬੇਰਹਿਮੀ ਹੱਥੋਂ ਜ਼ਖ਼ਮੀ ਹੋਣਾ ਪੈਂਦਾ ਹੈ ਅਤੇ ਫਿਰ ਇਸ ਦਾ ਮੂੰਹ ਚਿੜਾਉਣ ਲਈ ਆਪਣੇ ਜ਼ਖ਼ਮ ਵਿਖਾਉਣੇ ਵੀ ਪੈਂਦੇ ਹਨ। ਢੰਡ ਸਾਹਿਬ ਹੋਰਾਂ ਆਪਣੀਆਂ ਤੰਗੀਆਂ-ਤੁਰਸ਼ੀਆਂ ਭਰੇ ਜੀਵਨ ਨੂੰ ਛਿਪਾਇਆ ਨਹੀਂ ਹੈ, ਬਲਕਿ ਭਰੀ ਬਜ਼ਮ ਵਿਚ ਬੇਨਕਾਬ ਕਰ ਦਿਖਾਇਆ ਹੈ। ਹਾਂ, ਵਿਵਸਥਾ ਦੇ ਵਿਰੁੱਧ ਲੜਨ ਦਾ ਇਹ ਵੀ ਇਕ ਢੰਗ-ਤਰੀਕਾ ਹੋ ਸਕਦਾ ਹੈ। ਇਸ ਪੁਸਤਕ ਵਿਚੋਂ ਪਤਾ ਚਲਦਾ ਹੈ ਕਿ ਲੇਖਕ ਦਾ ਪਿਤਾ ਅਤੇ ਉਨ੍ਹਾਂ ਦਾ ਸੰਯੁਕਤ ਪਰਿਵਾਰ ਛੋਟੇ ਦੁਕਾਨਦਾਰ ਹੁੰਦੇ ਸਨ। ਛੋਟੇ ਕਿਸਾਨਾਂ ਵਾਂਗ ਛੋਟੇ ਦੁਕਾਨਦਾਰਾਂ ਦਾ ਦਰਦ ਵੀ ਜਾਣਨ-ਸਮਝਣ ਦੀ ਲੋੜ ਪੈਂਦੀ ਹੈ। ਮੋਗੇ ਦੇ ਮੇਨ ਬਾਜ਼ਾਰ ਵਿਚ ਡਾ. ਮਥਰਾ ਦਾਸ ਦੀ ਦੁਕਾਨ ਤੋਂ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਦੀਆਂ ਦੋ ਦੁਕਾਨਾਂ ਹੁੰਦੀਆਂ ਸਨ, ਜਿਨ੍ਹਾਂ ਵਿਚੋਂ ਘਰ ਦੀ ਵਰਤੋਂ ਦੀਆਂ ਫੁਟਕਲ ਚੀਜ਼ਾਂ ਮਿਲ ਜਾਂਦੀਆਂ ਸਨ। ਲੇਖਕ ਆਪਣੇ ਪਰਿਵਾਰ ਵਿਚ ਸਭ ਤੋਂ ਵੱਡਾ ਲੜਕਾ ਹੁੰਦਾ ਸੀ, ਜਿਸ ਕਾਰਨ ਘਰ ਦੀ ਕਬੀਲਦਾਰੀ ਚਲਾਉਣ ਲਈ ਉਸ ਨੂੰ ਵੀ ਆਪਣੇ ਪਿਤਾ ਵਾਂਗ ਬਹੁਤ ਪਿਸਣਾ ਪਿਆ। ਪਰ ਕਿਵੇਂ ਨਾ ਕਿਵੇਂ ਉਹ ਜੇ.ਬੀ. ਟੀ. ਪਾਸ ਕਰ ਕੇ ਅਧਿਆਪਕ ਬਣ ਗਿਆ। ਅੱਗੋਂ ਉਸ ਨੂੰ ਆਪਣੇ ਵਰਗੀ ਹੀ ਇਕ ਹੱਠੀ ਅਤੇ ਕਰਮਸ਼ੀਲ ਪਤਨੀ ਬਣ ਗਈ, ਜਿਸ ਕਾਰਨ ਉਸ ਦੇ ਦਿਨ ਫਿਰ ਗਏ ਅਤੇ ਉਸ ਦਾ ਜੀਵਨ ਕਾਫ਼ੀ ਸਹਿਲ-ਸਹਿਜ ਹੋ ਗਿਆ। ਲੇਖਕ ਦੱਸਦਾ ਹੈ ਕਿ ਬਹੁਤੀ ਵਾਰ ਕਿਸੇ ਘਰ ਵਿਚ ਪੈਦਾ ਹੋਣ ਵਾਲੇ ਬਹੁਤੇ ਬੱਚੇ ਵੀ ਘਰ ਦੀ ਸੁਖ-ਸ਼ਾਂਤੀ ਖੋਹ ਲੈਂਦੇ ਹਨ। ਇਸ ਪੁਸਤਕ ਵਿਚ 'ਬਲੈਕ ਹਿਊਮਰ' ਦੀ ਬਹੁਤ ਕਾਰਗਰ ਵਰਤੋਂ ਕੀਤੀ ਗਈ ਹੈ। ਲੇਖਕ ਨੇ ਇਹ ਪੁਸਤਕ ਬੜੀ ਦਲੇਰੀ ਨਾਲ ਲਿਖੀ ਹੈ। ਹਰ ਲੇਖਕ ਨੂੰ ਜਸਬੀਰ ਢੰਡ ਵਾਂਗ ਦਲੇਰ ਹੋਣਾ ਚਾਹੀਦਾ ਹੈ ਤਾਂ ਹੀ ਵਿਵਸਥਾ ਨਾਲ ਟੱਕਰ ਲਈ ਜਾ ਸਕੇਗੀ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪੁਲ ਕੰਜਰੀ
ਲੇਖਕ : ਨਿਰਮਲ ਅਰਪਨ
ਪ੍ਰਕਾਸ਼ਕ : ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 104
ਸੰਪਰਕ : 95019-44119

ਨਿਰਮਲ ਅਰਪਨ ਨਿਰੰਤਰਤਾ ਨਾਲ ਸਾਹਿਤ ਰਚਨਾ ਨਾਲ ਜੁੜਿਆ ਹੋਇਆ ਸਾਹਿਤਕਾਰ ਹੈ। ਉਸ ਨੂੰ ਉਸ ਦੀ ਸਾਹਿਤ ਰਚਨਾ ਦੀ ਗੌਲਣਯੋਗ ਤਸਦੀਕ ਕਰਦੇ ਹੋਏ ਵੱਖ-ਵੱਖ ਸੰਸਥਾਵਾਂ ਵਲੋਂ ਮਾਨ-ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ। 'ਪੁਲ ਕੰਜਰੀ' ਨਿਰਮਲ ਅਰਪਨ ਦੁਆਰਾ ਰਚੀ ਗਲਪੀ ਰਚਨਾ ਹੈ। ਕਿਸੇ ਇਤਿਹਾਸਕ ਕਥਾ ਨੂੰ ਸਾਹਿਤ ਵਿਚ ਢਾਲ ਕੇ ਸਿਰਜਣਾ ਦਾ ਆਧਾਰ ਬਣਾਉਣਾ ਕੋਈ ਸੁਖਾਲਾ ਕਾਰਜ ਨਹੀਂ ਹੈ ਪਰ ਨਿਰਮਲ ਅਰਪਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਇਸ ਪ੍ਰੇਮ ਕਥਾ ਨੂੰ ਬੜੀ ਹੀ ਸੰਜੀਦਗੀ ਨਾਲ ਬਿਰਤਾਂਤਕ ਚੌਖਟੇ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਦਰਬਾਰ 'ਤੇ ਕਬਜ਼ਾ ਕਰਦਾ ਹੈ ਤਾਂ ਉਸ ਸਮੇਂ ਮੋਰਾਂ ਦੀ ਖ਼ੂਬਸੂਰਤੀ ਪ੍ਰਤੀ ਆਕਰਸ਼ਿਤ ਹੁੰਦਾ ਹੈ ਅਤੇ ਫਿਰ ਉਸ ਨੂੰ ਪਾਉਣ ਲਈ ਯਤਨਸ਼ੀਲ ਵੀ ਹੁੰਦਾ ਹੈ। ਭਾਵੇਂ ਕਿ ਨਾਵਲ ਵਿਚ ਇਸੇ ਹੀ ਕਥਾ ਨੂੰ ਆਧਾਰ ਬਣਾਇਆ ਗਿਆ ਹੈ ਪਰ ਨਾਲ ਦੀ ਨਾਲ ਇਸ ਰਚਨਾ ਵਿਚ ਇਤਿਹਾਸ ਮਿਥਿਹਾਸ ਵਿਚੋਂ ਬਹੁਤ ਸਾਰੇ ਹਵਾਲੇ ਵੀ ਪੇਸ਼ ਕੀਤੇ ਗਏ ਹਨ ਜਿਥੇ ਸੱਤਾਧਾਰੀ ਰਾਜਿਆਂ ਵਲੋਂ ਰਚਾਈਆਂ ਪ੍ਰੇਮ ਲੀਲ੍ਹਾਵਾਂ ਦਾ ਜ਼ਿਕਰ ਹੋਇਆ, ਉਥੇ ਮਹਾਰਾਜੇ ਦੀ ਜਾਂਬਾਜ਼ੀ, ਦਰਿਆਦਿਲੀ ਆਦਿ ਬਾਰੇ ਵੀ ਬਿਰਤਾਂਤਕ ਪ੍ਰਸੰਗ ਛੋਹਿਆ ਗਿਆ ਹੈ। ਪਿੰਡ ਗਰਜਪੁਰੇ ਦੀ ਮੋਰਾਂ ਦੇ ਹਵਾਲੇ ਨਾਲ ਨ੍ਰਿਤ ਬਾਰੇ ਵੀ ਗਾਲਪਨਿਕ ਵੇਰਵੇ ਇਸ ਰਚਨਾ ਵਿਚ ਸ਼ਾਮਿਲ ਹਨ। ਇਸ ਰਚਨਾ ਨੂੰ ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਲੇਖਕ ਕਥਾ ਦੇ ਨਾਲ-ਨਾਲ ਵਿਸ਼ਲੇਸ਼ਣੀ ਦ੍ਰਿਸ਼ਟੀ ਨਾਲ ਦ੍ਰਿਸ਼ਾਵਲੀ ਨੂੰ ਦੇਖ ਕੇ ਪੇਸ਼ਕਾਰੀ ਕਰ ਰਿਹਾ ਹੋਵੇ। ਕਾਵਿ-ਪੰਕਤੀਆਂ ਅਤੇ ਉਰਦੂ ਫਾਰਸੀ ਭਾਸ਼ਾ ਇਸ ਰਚਨਾ ਨੂੰ ਹੋਰ ਵੀ ਗੂੜ੍ਹਾ ਅਤੇ ਮਾਣਯੋਗ ਬਣਾਉਂਦੀ। ਰਚਨਾਕਾਰ ਵਲੋਂ ਵਿਸ਼ੇਸ਼ ਰੂਪ ਵਿਚ ਕਿਸੇ ਸਥਿਤੀ ਨੂੰ ਪ੍ਰਗਟ ਕਰਨ ਲਈ ਵਰਤੀਆਂ ਸੂਝ ਸਿਆਣਪ ਵਾਲੀਆਂ ਟੂਕਾਂ ਅਤੇ ਨਾਟਕੀ ਵਾਤਾਵਰਨ ਵੀ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ। ਆਮ ਨਾਵਲੀ ਬਿਰਤਾਂਤ ਨਾਲੋਂ ਹਟ ਕੇ ਲਿਖੀ ਇਹ ਗਲਪੀ ਰਚਨਾ ਪ੍ਰਭਾਵਿਤ ਕਰਨਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

 

 

 

 

ਅਮੀਰੀ ਦਾ ਰਹੱਸ
ਲੇਖਕ : ਵੈਲੇਸ ਡੇਲੋਸ ਵੇਟਲਸ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 84277-12890

ਇਹ ਪੁਸਤਕ 'ਦ ਸਾਇੰਸ ਆਫ਼ ਗੈਟਿੰਗ ਰਿਚ' ਲਿਖਤ ਵੈਲੇਸ ਤੇਲੋਸ ਵੇਟਲਸ ਦਾ ਜਯੋਤੀ ਸ਼ਰਮਾ ਵਲੋਂ ਪੰਜਾਬੀ ਅਨੁਵਾਦ ਅਤੇ ਡਾ. ਰੇਨੂ ਬਾਲਾ ਸਿੰਗਲਾ ਦੁਆਰਾ ਸੰਪਾਦਨ ਕੀਤਾ ਗਿਆ ਹੈ। ਇਸ ਨੂੰ ਪ੍ਰਕਾਸ਼ਕ ਆਪਣੇ ਸਮੇਂ ਦੀ ਅਮਰੀਕਾ ਦੀ ਬੈੱਸਟ ਸੈਲਰ ਪੁਸਤਕ ਗਰਦਾਨਦਾ ਹੈ। ਇਸ ਪੁਸਤਕ ਦਾ ਨਾਂਅ ਹੀ ਖਿੱਚ ਪਾਉਣ ਵਾਲਾ ਹੈ। ਦੁਨੀਆ ਦਾ ਕਿਹੜਾ ਮਰਦ ਜਾਂ ਔਰਤ ਅਮੀਰ ਬਣਨਾ ਨਹੀਂ ਲੋਚਦਾ। ਲੇਖਕ ਨੇ ਆਪਣੀ ਮਿਹਨਤ, ਬੇਬਾਕ ਅਤੇ ਦ੍ਰਿੜ੍ਹਤਾ ਨਾਲ ਇਕ ਨਵੇਂ ਫਲਸਫੇ ਨੂੰ ਜਨਮ ਦਿੱਤਾ ਹੈ, ਜੋ ਪੁਰਾਣੀਆਂ ਸਾਰੀਆਂ ਟੇਕਾਂ, ਸੋਚਾਂ ਅਤੇ ਦ੍ਰਿਸ਼ਟਾਂਤਾਂ ਨੂੰ ਰੱਦ ਕਰਕੇ ਸੋਚਣ ਦੇ ਨਵੇਂ ਰਾਹ ਖੋਲ੍ਹਦਾ ਹੈ। ਲੇਖਕ ਪ੍ਰਭੂ 'ਤੇ ਤਾਂ ਭਰੋਸਾ ਕਰਦਾ ਹੀ ਹੈ ਪਰ ਆਪਣੀ ਇੱਛਾ, ਸ਼ਕਤੀ ਅਤੇ ਦ੍ਰਿੜ੍ਹ ਇਰਾਦਿਆਂ 'ਤੇ ਵੱਧ ਭਰੋਸਾ ਕਰਦਾ ਹੈ। ਇਸ ਪੁਸਤਕ ਵਿਚ ਉਹ ਅਨੇਕਾਂ ਅਜਿਹੇ ਗੁਰ ਦੱਸਦਾ ਹੈ, ਜਿਨ੍ਹਾਂ 'ਤੇ ਚੱਲ ਕੇ ਮਨੁੱਖ ਸਫਲਤਾ ਅਤੇ ਤਰੱਕੀ ਦੀਆਂ ਬੁਲੰਦੀਆਂ ਛੂਹ ਸਕਦਾ ਹੈ। ਸੁਪਨੇ ਬੀਜਣਾ, ਉਨ੍ਹਾਂ ਦੀ ਪੂਰਤੀ ਲਈ ਤਤਪਰ ਰਹਿਣਾ, ਸਾਕਾਰਾਤਮਿਕ ਸੋਚ ਹੀ ਤੁਹਾਨੂੰ ਸਫਲਤਾ ਦੇ ਬੁੱਤ ਤੱਕ ਲੈ ਜਾ ਸਕਦੀ ਹੈ। ਪੁਸਤਕ ਵੱਡੇ ਅਤੇ ਸਫਲ ਲੋਕਾਂ ਵਜੋਂ ਦਿੱਤੇ ਉੱਚ ਵਿਚਾਰਾਂ ਦੀਆਂ ਟੂਕਾਂ ਨਾਲ ਭਰਪੂਰ ਹੈ। ਲੇਖਕ ਵੀ ਅਜਿਹੇ ਵਾਕ ਘੜਦਾ ਹੈ ਜੋ ਟੂਕਾਂ ਵਾਂਗ ਗੰਭੀਰ ਤੇ ਸੱਚ ਦੇ ਨੇੜੇ-ਤੇੜੇ ਪਹੁੰਚਦੇ ਪ੍ਰਤੀਤ ਹੁੰਦੇ ਹਨ। ਉਹ ਕਈ ਨਾਂਹ-ਪੱਖੀ ਵਤੀਰਿਆਂ ਅਤੇ ਕਿਰਿਆਵਾਂ ਅਤੇ ਸੋਚਾਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਗ਼ਰੀਬਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਪਹਿਲਾਂ ਖ਼ੁਦ ਅਮੀਰ ਬਣੋ ਤੇ ਫਿਰ ਗ਼ਰੀਬਾਂ ਦੇ ਅਮੀਰ ਬਣਨ ਵਿਚ ਮਦਦ ਕਰੋ। ਅਨੁਵਾਦ ਬਹੁਤ ਸਰਲ ਅਤੇ ਸੁਖਾਵਾਂ ਹੈ। ਪੁਸਤਕ ਪੜ੍ਹਨਯੋਗ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਬੀਜ ਤੋਂ ਬੂਟਾ
ਕਵਿੱਤਰੀ : ਜਤਿੰਦਰਪਾਲ ਕੌਰ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ
ਮੁੱਲ : 300 ਰੁਪਏ, ਸਫ਼ੇ : 108
ਸੰਪਰਕ : 82848-33286

ਪੰਜਾਬੀ ਸਾਹਿਤ ਦੀ ਪਲੇਠੀ ਵੰਨਗੀ ਕਵਿਤਾ ਨੂੰ ਪ੍ਰਨਾਈ ਕਵਿੱਤਰੀ ਨੇ ਇਹ ਤੀਜਾ ਕਾਵਿ-ਸੰਗ੍ਰਹਿ ਪਾਠਕਾਂ ਦੀ ਨਜ਼ਰ ਕੀਤਾ ਹੈ, ਜਿਸ ਦੇ ਵਿਚ ਉਸ ਨੇ ਛੇ ਦਰਜਨ ਦੇ ਕਰੀਬ ਕਵਿਤਾਵਾਂ ਤੇ ਨਜ਼ਮਾਂ ਦਰਜ ਕੀਤੀਆਂ ਹਨ। ਜਿਨ੍ਹਾਂ ਦਾ ਪਾਠ ਕਰਦਿਆਂ ਅਹਿਸਾਸ ਹੁੰਦਾ ਹੈ ਕਿ ਕਵਿੱਤਰੀ ਜਤਿੰਦਰਪਾਲ ਕੌਰ ਬੇਹੱਦ ਅਨੁਭਵੀ ਅਤੇ ਗਹਿਰੀ ਸੋਚ ਵਾਲੀ ਕਵਿੱਤਰੀ ਹੈ। ਕਾਵਿ-ਖਿਆਲ ਉਸ ਦੀ ਸ਼ਿੱਦਤ ਭਰੀ ਸੋਚ 'ਚੋਂ ਇਉਂ ਉਪਜਦੇ ਹਨ ਜਿਵੇਂ ਕੋਈ ਅਛੋਪਲੇ ਹੀ ਆਪਣੇ ਦਿਲ ਦੀ ਗੱਲ ਹੱਸ ਕੇ, ਰੋ ਕੇ, ਗੁੱਸੇ ਵਿਚ, ਤਨਜ਼ ਨਾਲ ਜਾਂ ਦੁੱਖ ਵਿਚ ਬਿਆਨ ਰਿਹਾ ਹੋਵੇ। ਉਹ ਖ਼ੁਦ ਵੀ ਇਸ ਪੁਸਤਕ ਦੇ ਮੁੱਢ ਵਿਚ 'ਦੋ ਸ਼ਬਦ ਮੇਰੇ ਵਲੋਂ' ਸਿਰਲੇਖ ਹੇਠ ਲਿਖਦੀ ਹੈ, 'ਉਹ ਹਾਲਾਤਾਂ ਅਤੇ ਸਮਿਆਂ ਦੇ ਕੁਰੱਖ਼ਤ ਰਵੱਈਏ ਦੀ ਕੁੱਖ ਵਿਚੋਂ ਜਨਮੇ ਜਜ਼ਬਿਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਪਾਠਕਾਂ ਦੇ ਰੂ-ਬਰੂ ਕਰ ਰਹੀ ਹੈ।' ਇਸੇ ਤਰ੍ਹਾਂ ਮੁੱਖਬੰਦ 'ਸਵਾਗਤ ਹੈ' ਵਿਚ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਉਸ ਦੀਆਂ ਕਾਵਿ-ਰਚਨਾਵਾਂ ਨੂੰ ਸਮਾਜ ਦੀਆਂ ਅਨੇਕਾਂ ਕੁੜੱਤਣਾਂ, ਜ਼ਹਿਰਾਂ ਨੂੰ ਪੀਣ ਦੇ ਸਮਰੱਥ ਕਿਹਾ ਹੈ। ਕਵਿੱਤਰੀ ਦਾ ਕਾਵਿ-ਤਖੱਈਅਲ ਅਜ਼ਬ ਹੈ, ਗ਼ਜ਼ਬ ਹੈ। ਉਸ ਦੀਆਂ ਕਵਿਤਾਵਾਂ 'ਚ ਵਰਤੇ ਬਿੰਬ ਸ਼ੀਸ਼ੇ ਵਾਂਗ ਚਮਕਦੇ ਹੋਏ ਪਾਠਕ ਨੂੰ ਭਾਵਾਂ ਦੀ ਨਦੀ ਵਿਚ ਵਹਾ ਤੁਰਦੇ ਹਨ। ਅਜੋਕੀ ਕਵਿਤਾ ਵਿਚ ਉਸ ਦਾ ਸਮਕਾਲੀਆਂ ਨੂੰ ਭਰਵਾਂ ਸਵਾਗਤ ਕਰਨਾ ਚਾਹੀਦਾ ਹੈ। ਇਹ ਉਸ ਦਾ ਹੱਕ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

 


ਜਾ ਕਉ ਭਏ ਕ੍ਰਿਪਾਲ ਪ੍ਰਭ
ਲੇਖਿਕਾ : ਸੁਖਦੇਵ ਕੌਰ ਚਮਕ
ਪ੍ਰਕਾਸ਼ਕ : ਨਿਸ਼ਕਾਮ ਸੇਵਾ ਸੁਸਾਇਟੀ, ਦਸੂਹਾ
ਮੁੱਲ : 280 ਰੁਪਏ, ਸਫ਼ੇ : 140
ਸੰਪਰਕ : 94640-65934

ਹਥਲੀ ਕਿਤਾਬ ਦੀ ਲੇਖਿਕਾ ਦ੍ਰਿੜ੍ਹ ਇਰਾਦੇ ਵਾਲੀ ਸਿਦਕੀ ਲੇਖਿਕਾ ਹੈ, ਜਿਸ ਨੇ ਹੁਣ ਤੱਕ ਇਕ ਦਰਜਨ ਪੁਸਤਕਾਂ ਕਵਿਤਾ ਅਤੇ ਵਾਰਤਕ ਵਿਧਾਵਾ ਵਿਚ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਸਿੱਖ ਧਰਮ ਪ੍ਰਤੀ ਸ਼ਰਧਾ ਤੇ ਸਤਿਕਾਰ ਉਸ ਦੇ ਹਿਰਦੇ ਵਿਚ ਸਮੋਇਆ ਹੋਇਆ ਹੈ। ਉਸ ਨੇ ਗੁਰਮਤਿ ਸਿਧਾਂਤਾਂ ਨੂੰ ਭਲੀ-ਭਾਂਤ ਸਮਝਿਆ ਹੈ। ਇਹ ਪੁਸਤਕ ਪਾਠਕਾਂ ਨੂੰ ਪੇਸ਼ ਕਰਨ ਦਾ ਕਾਰਨ ਉਸ ਕੌਮ ਦੇ ਮਹਾਨ ਜਰਨੈਲ, ਯੋਧੇ ਅਤੇ ਮਹਾਰਾਜੇ ਵਜੋਂ ਸਤਿਕਾਰੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨ ਗਾਥਾ ਨੂੰ ਪੇਸ਼ ਕਰਨਾ ਹੈ, ਲੇਖਿਕਾ ਉਸ ਲਾਸਾਨੀ ਯੋਧੇ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਉਸ ਦੇ ਜੀਵਨ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਦੀਆਂ ਝਲਕਾਂ ਨੂੰ ਪੇਸ਼ ਕਰਦਿਆਂ ਆਪਣੇ-ਆਪ ਨੂੰ ਸੁਰਖਰੂ ਮਹਿਸੂਸ ਕਰ ਰਹੀ ਹੈ। ਇਹ ਵਰ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ, ਜੋ ਥਾਂ-ਪੁਰ-ਥਾਂ ਅਨਿਨ ਸ਼ਰਧਾ ਤੇ ਪ੍ਰੇਮ ਨਾਲ ਮਨਾਈ ਗਈ ਹੈ। ਲੇਖਿਕਾ ਨੇ ਸਵਾਲਾਂ-ਜਵਾਬਾਂ ਦੇ ਰੂਪ ਵਿਚ ਪਾਠਕਾਂ ਦੀ ਸਹੂਲਤ ਲਈ ਇਕ ਨਵੀਂ ਵਿਧਾ ਦੁਆਰਾ ਘਟਨਾਵਾਂ ਦੀ ਸਫਲ ਉਸਾਰੀ ਕੀਤੀ ਹੈ।
ਲੇਖਿਕਾ ਨੇ ਦੇਸ਼ ਭਰ ਵਿਚ ਕਾਰਜਸ਼ੀਲ ਉੱਘੀਆਂ ਰਾਮਗੜ੍ਹੀਆ ਐਸੋਸੀਏਸ਼ਨਾਂ, ਫਾਊਂਡੇਸ਼ਨਾਂ, ਇਕਾਈਆਂ, ਸੁਸਾਇਟੀਆਂ ਤੋਂ ਇਲਾਵਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਪਿਤਾ-ਪੁਰਖੀ ਕਿੱਤੇ, ਵੱਖ-ਵੱਖ ਥਾਵਾਂ 'ਤੇ ਸਥਾਪਿਤ ਯਾਦਗਾਰਾਂ, ਬੁੰਗਿਆਂ, ਉਸ ਮਹਾਨ ਯੋਧੇ ਦੀ ਸੂਰਮਗਤੀ ਦੌਰਾਨ ਸ਼ਸਤਰ ਚਲਾਉਣ ਦੀ ਕਲਾ, ਯੁੱਧ ਕਲਾ ਦੀਆਂ ਉੱਤਮ ਤੇ ਲਾਸਾਨੀ ਮਿਸਾਲਾਂ, ਤੀਰਅੰਦਾਜ਼ੀ, ਘੋੜ ਸਵਾਰੀ, ਨੇਜ਼ਾਬਾਜ਼ੀ, ਤਲਵਾਰ ਦੇ ਜੌਹਰ ਵਿਖਾਉਣ ਸਮੇਂ ਵਰਤੀ ਫ਼ੁਰਤੀ ਅਤੇ ਸਵੈ-ਵਿਸ਼ਵਾਸ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਨੂੰ ਸਫਲਤਾ ਨਾਲ ਚਿੱਤਰਿਆ ਹੈ। ਇਸ ਤੋਂ ਇਲਾਵਾ ਬਾਬਾ ਵਿਸ਼ਵਕਰਮਾ, ਭਾਈ ਲਾਲੋ ਜੀ ਅਤੇ ਰਾਮਗੜ੍ਹੀਏ ਕਾਰੀਗਰਾਂ ਦੇ ਸ਼ਿਲਪਕਲਾ ਵਿਚ ਨਿਪੁੰਨ ਹੋਣ ਦਾ ਵਰਨਣ ਵੀ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਮੌਜੂਦਾ ਸਮੇਂ ਦੌਰਾਨ ਤੇ ਬੀਤੇ ਸਮੇਂ ਦੀ ਗੱਲ ਕਰਦਿਆਂ ਸਿੱਖਾਂ ਦੀ ਵਰਗ-ਵੰਡ ਦੇ ਦੁਖਾਂਤ ਨੂੰ ਵੀ ਪੇਸ਼ ਕੀਤਾ ਹੈ। ਸਭ ਤੋਂ ਲਾਸਾਨੀ ਮਿਸਾਲ ਸ. ਜੱਸਾ ਸਿੰਘ ਰਾਮਗੜ੍ਹੀਆ ਵਲੋਂ ਸਿੱਖਾਂ ਦੀ ਖੇਰੂੰ-ਖੇਰੂੰ ਹੋਈ ਤਾਕਤ ਨੂੰ ਇਕੱਠਿਆਂ ਕਰਕੇ ਸਿੱਖਾਂ ਦੀ ਮਰ-ਮਿਟਣ ਦੀ ਸਮਰੱਥਾ ਵਿਚ ਨਵੀਂ ਸ਼ਕਤੀ ਦਾ ਸੰਚਾਰ ਕਰਨਾ, ਦਿੱਲੀ ਤੱਕ ਖ਼ਾਲਸਾਈ ਝੰਡੇ ਝੁਲਾ ਕੇ ਆਪਣੀ ਹਕੂਮਤ ਸਥਾਪਿਤ ਕਰਨ ਦੀ ਹੈ। ਅਜਿਹੇ ਜਜ਼ਬੇ ਨੇ ਪੰਜਾਬ ਉੱਪਰ ਵਾਰ-ਵਾਰ ਹਮਲਾਵਰ ਬਣ ਕੇ ਆਉਣ ਵਾਲੇ ਜਰਵਾਣਿਆਂ ਦੇ ਹੰਕਾਰ ਨੂੰ ਤੋੜ ਕੇ ਸਿੱਖਾਂ ਨੂੰ ਯਥਾਯੋਗ ਅਗਵਾਈ ਦਿੱਤੀ। ਲੇਖਿਕਾ ਨੇ ਇਸ ਛੋਟੇ ਆਕਾਰ ਦੀ ਪੁਸਤਕ ਵਿਚ ਰਾਮਗੜ੍ਹੀਆ ਵਲੋਂ ਸਥਾਪਿਤ ਸਮਾਜਿਕ, ਵਿੱਦਿਅਕ ਅਤੇ ਸਿਹਤ ਲਈ ਸਥਾਪਿਤ ਸੰਸਥਾਵਾਂ ਦਾ ਜ਼ਿਕਰ ਵੀ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਮੂਲ ਰੂਪ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਅਦੁੱਤੀ, ਲਾਸਾਨੀ, ਧਰਮੀ ਤੇ ਸੂਰਬੀਰ ਯੋਧੇ ਵਜੋਂ ਪੇਸ਼ ਕਰਕੇ ਚਿਰਸਥਾਈ ਕਾਰਜ ਕੀਤਾ ਹੈ। ਪਾਠਕਾਂ ਲਈ ਇਹ ਪੁਸਤਕ ਲਾਹੇਵੰਦ ਹੋਵੇਗੀ, ਜੇਕਰ ਸਾਡੀ ਨਵੀਂ ਪੀੜ੍ਹੀ ਵੀ ਇਸ ਨੂੰ ਵਾਚਣ ਦਾ ਉੱਦਮ ਕਰੇਗੀ, ਫਿਰ ਲੇਖਿਕਾ ਦਾ ਇਹ ਉਪਰਾਲਾ ਸਫਲ ਹੋਵੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

20-08-23

 ਸਿੱਖ ਸਿਧਾਂਤ ਤੇ ਅਰਦਾਸੇ ਦੇ ਪਹਿਰੇਦਾਰ
ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ
ਮੂਲ ਲੇਖਕ : ਡਾ. ਐਚ.ਬੀ. ਸਿੰਘ
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ, ਚੱਕਰਵਰਤੀ, ਪੰਜਾਬ, ਭਾਰਤ, ਵਿਸ਼ਵ
ਮੁੱਲ : 350 ਰੁਪਏ, ਸਫ਼ੇ : 175
ਸੰਪਰਕ : 98148-98570

ਪੁਸਤਕ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਅਜਿਹੇ ਸੁਹਿਰਦ ਲੇਖਕ ਹਨ, ਜਿਨ੍ਹਾਂ ਹੁਣ ਤੱਕ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਪੰਥ ਦੀ ਚੜ੍ਹਦੀ ਕਲਾ ਲਈ ਹਰ ਸਾਹ ਨਿਵੇਕਲੀ ਤੇ ਵਿਗਿਆਨਕ ਸੋਚ ਦੇ ਧਾਰਨੀ ਹੋਣ ਕਰਕੇ ਉਨ੍ਹਾਂ ਆਪਣੇ ਫ਼ਰਜ਼ਾਂ ਦੀ ਪੂਰਤੀ ਲਈ ਜਥੇਦਾਰ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੇ ਮਿਲੇ ਆਦੇਸ਼ ਮੁਤਾਬਿਕ ਡਾ. ਐਚ. ਬੀ. ਸਿੰਘ ਦੀ ਖੋਜ ਭਰਪੂਰ ਇਸ ਪੁਸਤਕ ਨੂੰ ਪੇਸ਼ ਕੀਤਾ ਹੈ। ਸਿੱਖ ਇਤਿਹਾਸ ਦੇ ਅਹਿਮ ਪੰਨਿਆਂ ਵਿਚ ਜਥੇਦਾਰ ਅਕਾਲੀ, ਬਾਬਾ ਫੂਲਾ ਸਿੰਘ ਨੇ ਜਿਹੜੀ ਅਗਵਾਈ ਕੌਮ ਨੂੰ ਆਪਣੇ ਜੀਵਨ ਕਾਲ ਵਿਚ ਦਿੱਤੀ ਉਸ ਦਾ ਵਰਣਨ ਭਾਵਪੂਰਤ ਸ਼ਬਦਾਂ ਵਿਚ ਕੀਤਾ ਗਿਆ ਹੈ। ਕੌਮ ਦੇ ਸਿਦਕੀ ਯੋਧਿਆਂ ਵਿਚ ਇਸ ਮਹਾਨ ਜਰਨੈਲ ਅਤੇ ਜਥੇਦਾਰ ਦੀ ਸੇਵਾ ਅਦੁੱਤੀ ਹੈ, ਇਸ ਸਿਦਕੀ ਸਿੱਖ ਦੀ ਜੀਵਨ ਗਾਥਾ ਨੂੰ ਦੋ ਸੌ ਸਾਲਾ ਸ਼ਹੀਦੀ ਸ਼ਤਾਬਦੀ ਸਮੇਂ ਪ੍ਰਕਾਸ਼ਿਤ ਕਰਨਾ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜੇਗੀ। ਪੁਸਤਕ ਦਾ ਹਰ ਇਕ ਪੰਨਾ ਅਕਾਲੀ ਵਲੋਂ ਸਿੱਖ ਧਰਮ,ਸਿੱਖ ਪੰਥ, ਦੇਸ਼ ਪੰਜਾਬ ਅਤੇ ਦੇਸ਼-ਦੁਨੀਆ ਵਿਚ ਹਰ ਸਿੱਖ ਨੂੰ ਪ੍ਰੇਰਨਾ ਦੇ ਰਿਹਾ ਹੈ। ਉਨ੍ਹਾਂ ਦਾ ਸਮੁੱਚਾ ਜੀਵਨ ਸਿਦਕ, ਦ੍ਰਿੜ੍ਹਤਾ, ਹੌਸਲੇ ਅਤੇ ਆਦਰਸ਼ ਲਈ ਮਰ-ਮਿਟਣ ਵਾਲੇ 'ਆਦਰਸ਼ ਗੁਰਸਿੱਖ' ਦਾ ਹੈ। ਉਨ੍ਹਾਂ ਦਾ ਸਮੁੱਚਾ ਜੀਵਨ ਵਰਤਾਰਾ ਗੁਰਬਾਣੀ ਜਾਂਚ ਤੇ ਨਿਤਨੇਮੀ ਸ੍ਰਿਸ਼ਟਾਚਾਰ ਦੀ ਉੱਤਮ ਮਿਸਾਲ ਹੈ। ਲੇਖਕ ਮੁਤਾਬਿਕ ਅਕਾਲੀ ਨੇ ਪੰਥ ਅਕਾਲੀ ਬੁੱਢਾ ਦਲ, ਖ਼ਾਲਸਾ ਪੰਥ ਦੇ ਬਤੌਰ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਦੌਰਾਨ ਸਵੈ-ਹਿਤਾਂ ਤੋਂ ਉੱਪਰ ਉੱਠ ਕੇ ਜਿਸ ਨਿਸ਼ਕਾਮਨਾ ਨਾਲ ਗੁਰਧਾਮਾਂ ਦੀ ਸੇਵਾ-ਸੰਭਾਲ, ਗੁਰੂ ਦੇ ਲੰਗਰਾਂ ਅਤੇ ਖ਼ਾਲਸਾ ਰਾਜ ਦੀਆਂ ਹੱਦਾਂ ਨੂੰ ਵਧਾਉਣ ਲਈ ਸਖ਼ਤ ਘਾਲਣਾ ਘਾਲੀ, ਨਾਲ ਹੀ ਆਪਣੀ ਅਥਾਹ ਕੁਰਬਾਨੀ ਨਾਲ ਹਮਲਾਵਰਾਂ, ਲੁਟੇਰਿਆਂ ਅਤੇ ਧਾੜਵੀਆਂ ਨੂੰ ਥੰਮ੍ਹ ਕੇ, ਸਿੱਖ ਪੰਥ ਦੀ ਸ਼ਾਨੋ-ਸ਼ੌਕਤ ਸਹਿਤ ਖ਼ਾਲਸਾ ਰਾਜ ਦੀ ਸਥਾਪਨਾ ਵਿਚ ਮਹਾਨ ਯੋਗਦਾਨ ਪਾਇਆ ਦਾ ਜ਼ਿਕਰ ਕੀਤਾ ਹੈ। ਇਸ ਪੁਸਤਕ ਦੀ ਇਹ ਵਿਸ਼ੇਸ਼ਤਾ ਹੈ ਕਿ ਲੇਖਕ ਨੇ ਕਈ ਅਣਗੌਲੀਆਂ ਘਟਨਾਵਾਂ, ਅਣਛੂਹੇ ਵਿਸ਼ਿਆਂ ਨੂੰ ਵੀ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਪੁਸਤਕ ਦੇ ਪਹਿਲੇ 135 ਸਫ਼ਿਆਂ ਵਿਚ ਇਸ ਅਦੁੱਤੀ ਸ਼ਹੀਦ ਦੀ ਕੁਰਬਾਨੀ ਅਤੇ ਪੰਥ ਦੀ ਸੇਵਾ ਦਾ ਵਰਨਣ ਦੇ ਨਾਲ-ਨਾਲ ਅਕਾਲੀ ਜੀ ਨਾਲ ਸੰਬੰਧਿਤ ਯਾਦਗਾਰਾਂ ਦੀਆਂ ਰੰਗਦਾਰ ਤਸਵੀਰਾਂ ਵਿਚ ਬੁਰਜ ਸਿੰਘ ਸਾਹਿਬ ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਬਾਬਾ ਨੈਣਾ ਸਿੰਘ ਦਾ ਅੰਗੀਠਾ ਤੇ ਖੂਹ, ਸਮਾਧ ਅਕਾਲੀ ਫੂਲਾ ਸਿੰਘ ਤੇ ਸ਼ਹੀਦੀ ਯਾਦਗਾਰ ਲੁੰਡਾ ਦਰਿਆ ਦੇ ਕਿਨਾਰੇ (ਨੇੜੇ ਨੌਸ਼ਹਿਰਾ ਛਾਉਣੀ ਪਾਕਿਸਤਾਨ) ਗੁ: ਸ਼ਹੀਦ ਅਕਾਲੀ ਫੂਲਾ ਸਿੰਘ ਪਟਿਆਲਾ, ਗੁ: ਅਕਾਲੀ ਬਾਬਾ ਫੂਲਾ ਸਿੰਘ ਅਜਨੋਹਾ, ਗੁ: ਅਕਾਲੀ ਫੂਲਾ ਸਿੰਘ ਰਜਿੰਦਰ ਨਗਰ ਦਿੱਲੀ, ਗੁ: ਜਨਮ ਅਸਥਾਨ ਦੇਹਲਾ ਸ਼ੀਹਾਂ (ਸੰਗਰੂਰ), ਅਕਾਲੀ ਦੇ ਸ਼ਸਤਰ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਥ ਅਕਾਲੀ ਬੁੱਢਾ ਦਲ ਦੇ ਹੁਣ ਤੱਕ ਰਹਿ ਚੁੱਕੇ ਸਾਰੇ ਜਥੇਦਾਰਾਂ ਦੀਆਂ ਅਤੇ ਮੌਜੂਦਾ ਜਥੇਦਾਰ ਸਾਹਿਬ ਦੀਆਂ ਰੰਗਦਾਰ ਤਸਵੀਰਾਂ ਤੋਂ ਇਲਾਵਾ ਪੰਥ ਅਕਾਲੀ ਬੁੱਢਾ ਦਲ ਮੁੱਖ ਦਫ਼ਤਰ ਅਤੇ ਛਾਉਣੀ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਤਵਸੀਰ ਵੀ ਸੁਸ਼ੋਭਿਤ ਹੈ।
ਪੁਸਤਕ ਦੇ ਅੰਤਿਮ ਭਾਗ ਵਿਚ ਕੁਝ ਕੁ ਪੰਨਿਆਂ ਵਿਚ ਵਿਦਵਾਨ ਲੇਖਾਂ ਦੀਆਂ ਲਿਖਤਾਂ ਨੂੰ ਵੀ ਪੇਸ਼ ਕੀਤਾ ਹੈ, ਜਿਨ੍ਹਾਂ ਵਿਚ 'ਅਰਦਾਸ ਦਾ ਮਹੱਤਵ ਅਤੇ ਬਾਬਾ ਫੂਲਾ ਸਿੰਘ ਅਕਾਲੀ' ਲੇਖਕ ਪਾਂਧੀ ਨਨਕਾਣਵੀ, ਪ੍ਰੋ. ਨਿਰਮਲ ਸਿੰਘ ਰੰਧਾਵਾ ਦਾ ਲੇਖ ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ, ਡਾ. ਜਸਬੀਰ ਸਿੰਘ ਸਰਨਾ ਦਾ ਖੋਜ ਭਰਪੂਰ ਲੇਖਕ 'ਸਿੱਖ ਦੇ ਰੂਬੇ-ਤਾਬਾਂ ਅਕਾਲੀ ਫੂਲਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸਿੱਖ ਚਿੰਤਕ ਕ੍ਰਿਪਾਲ ਸਿੰਘ ਬਡੂੰਗਰ' ਰਚਨਾ 'ਸੂਰਬੀਰ ਬਚਨ ਕੇ ਬਲੀ ਅਕਾਲੀ ਫੂਲਾ ਸਿੰਘ ਜੀ ਵੀ ਸ਼ਾਮਿਲ ਹਨ'। ਸੰਪਾਦਕ ਨੇ ਬੜੀ ਅਹਿਮ ਜ਼ਿੰਮੇਵਾਰੀ ਨਾਲ ਅਕਾਲੀ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਮੌਕੇ ਪੁਸਤਕ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰ ਕੇ ਚਿਰਸਥਾਈ ਕਾਰਜ ਕੀਤਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਵਰੋਲ਼ੇ ਦੀ ਜੂਨ
ਲੇਖਕ : ਰਾਜਵੰਤ ਰਾਜ
ਪ੍ਰਕਾਸ਼ਕ : ਗ਼ਜ਼ਲ ਮੰਚ ਸਰੀ (ਕੈਨੇਡਾ)
ਮੁੱਲ : 250 ਰੁਪਏ, ਸਫ਼ੇ : 278
ਸੰਪਰਕ : 94174-15062



ਸਾਹਿਤ ਦੀਆਂ ਵਿਧਾਵਾਂ ਕਹਾਣੀ ਅਤੇ ਨਾਵਲ ਦੇ ਖੇਤਰ ਵਿਚ ਜਾਣੇ ਪਹਿਚਾਣੇ ਲੇਖਕ ਅਤੇ ਸੰਵੇਦਨਸ਼ੀਲ ਸ਼ਾਇਰ ਰਾਜਵੰਤ ਰਾਜ ਦੇ ਸੰਨ 2023 'ਚ 36 ਭਾਗਾਂ ਵਿਚ ਪ੍ਰਕਾਸ਼ਿਤ ਹਥਲੇ ਨਾਵਲ 'ਵਰੋਲੇ ਦੀ ਜੂਨ' ਨੇ ਉਸ ਨੂੰ ਪ੍ਰਮੁੱਖ ਨਾਵਲਕਾਰਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਉਸ ਦੇ ਨਾਵਲ ਦੀ ਕਥਾਵਸਤੂ 'ਚ ਕਲਪਨਾ ਨਹੀਂ ਸਗੋਂ ਉਹ ਧਰਤੀ ਤੇ ਜ਼ਿੰਦਗੀ ਜਿਊਂਦੇ ਨਾਵਲ ਦੇ ਪਾਤਰਾਂ ਦੇ ਪ੍ਰਵਾਸੀ ਜੀਵਨ ਦੀਆਂ ਆਪਣੀ ਕਲਾ ਦੀਆਂ ਬਰੀਕੀਆਂ ਨਾਲ ਪਰਤਾਂ ਖੋਲ੍ਹਦਾ ਨਜ਼ਰ ਆਉਂਦਾ ਹੈ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਹਿਲੇ ਨਾਵਲ 'ਪਿਉਂਦ' ਵਿਚ ਗੁੰਦਵੇਂ ਪਲਾਟ ਤੇ ਦਿਲ ਨੂੰ ਟੁੰਬਣ ਵਾਲੀ ਵਾਰਤਾ ਸ਼ੈਲੀ ਦੇ ਮਾਧਿਅਮ ਰਾਹੀਂ ਪਰਵਾਸ ਦੇ ਯਥਾਰਥ ਦੇ ਕੌੜੇ ਸੱਚ ਨੂੰ ਜਿਸ ਢੰਗ ਨਾਲ ਬਿਆਨ ਕੀਤਾ ਉਸ ਨੇ ਉਸ ਦੇ ਪਾਠਕਾਂ ਦੇ ਮਨਾਂ ਨੂੰ ਟੁੰਬ ਲਿਆ। ਇਹੋ ਜਿਹੀ ਕਲਾ ਵਿਰਲੇ ਲੇਖਕਾਂ ਕੋਲ ਹੀ ਹੁੰਦੀ ਹੈ। ਵਰੋਲੇ ਦੀ ਜੂਨ ਨਾਵਲ ਦੀ ਵਿਸ਼ਾ ਵਸਤੂ ਨੂੰ ਉਸ ਨੇ ਹੋਰ ਵੀ ਗੰਭੀਰਤਾ ਤੇ ਵਿਸਥਾਰ ਨਾਲ ਬਿਆਨ ਕੀਤਾ ਹੈ। ਲੇਖਕ ਨੇ ਇਕੋ ਵੇਲੇ ਕਈ ਮੁੱਦਿਆਂ ਨਸ਼ਿਆਂ ਦੇ ਕੋਹੜ, ਪਰਵਾਸ ਦੇ ਸੰਤਾਪ, ਵਿਦੇਸ਼ 'ਚ ਵਸਦੇ ਲੋਕਾਂ ਦੇ ਮਨਾਂ ਵਿਚ ਪਿੰਡ ਦੀਆਂ ਯਾਦਾਂ, ਪਰਵਾਸ ਦੇ ਪ੍ਰਭਾਵ 'ਚ ਬੱਚਿਆਂ ਦੇ ਅੰਗਰੇਜ਼ੀ ਵਿਚ ਨਾਂਅ, ਕੈਨੇਡਾ ਵਿਚ ਵਸਦੇ ਲੋਕਾਂ ਦੇ ਰਹਿਣ-ਸਹਿਣ, ਬੱਚਿਆਂ ਦੀ ਪੜ੍ਹਾਈ ਉਨ੍ਹਾਂ ਦੀ ਮਾਨਸਿਕਤਾ, ਜਹਾਜ਼ਾਂ ਵਿਚ ਸਫ਼ਰ ਕਰਦੇ ਯਾਤਰੀਆਂ ਦੇ ਵਿਵਹਾਰ ਅਤੇ ਜ਼ਮੀਨਾਂ ਵੇਚ ਕੇ ਬਾਹਰ ਆਉਣ ਦੇ ਵਧ ਰਹੇ ਰੁਝਾਨ ਨੂੰ ਚੁੱਕ ਕੇ ਆਪਣੇ ਵਿਲੱਖਣ ਹੁਨਰ ਦਾ ਪ੍ਰਗਟਾ ਵੀ ਕੀਤਾ ਹੈ। ਨਾਵਲ ਵਿਚ ਬੰਦੇ ਦੇ ਵਹਿਮ, ਸਵਾਰਥੀ ਰੰਗਾਂ ਦੀ ਚਕਾਚੋਧ ਦੇ ਵਰੋਲਿਆਂ 'ਚ ਟਿਮਟਮਾਉਂਦੀ ਨੇਕੀ ਦੀ ਨਿਗੂਣੀ ਲਿਸ਼ਕ ਵੀ ਹੈ। ਲੇਖਕ ਨੇ ਬਹੁਤ ਹੀ ਡੂੰਘਾਈ ਵਿਚ ਜਾ ਕੇ ਮੂਲ ਕਥਾ ਤੇ ਉਪਕਥਾਵਾਂ ਦਾ ਤਾਣਾ-ਬਾਣਾ ਬੁਣ ਕੇ ਇਕ ਹੰਢੇ ਹੋਏ ਲੇਖਕ ਦਾ ਸਬੂਤ ਦਿੱਤਾ ਹੈ। 'ਵਰੋਲੇ ਦੀ ਜੂਨ' ਦੀ ਮੁੱਖ ਕਿਰਦਾਰ 'ਕੰਜ਼ਿਉਮਰ ਕਲਚਰ' ਦੇ ਮੰਤਰ ਵਰਤੋ ਅਤੇ ਸੁੱਟੋ ਨੂੰ ਮਾਨਵੀ ਰਿਸ਼ਤਿਆਂ ਉੱਤੇ ਬੇਸ਼ਰਮੀ ਨਾਲ ਲਾਗੂ ਕਰਦੀ ਹੈ। ਅਜਿਹੀ ਹਾਲਤ ਵਿਚ ਪੀੜਤ ਧਿਰ ਦੇ ਸੰਤਾਪ ਦਾ ਕੀ ਅਰਥ ਰਹਿ ਜਾਂਦਾ ਹੈ। ਨਾਵਲ ਦੇ ਪਾਤਰ ਦੀਪਾ, ਸੇਵਾ ਸਿੰਘ ਉਸ ਦੀ ਕੁੜੀ, ਗੇਲਾ, ਕਰਨੈਲ ਸਿੰਘ, ਗੋਪਾਲ ਸਿੰਘ, ਸਵਰਨ ਕੌਰ, ਕੁਲਵੀਰ ਸਿੰਘ, ਰੀਟਾ, ਕਿਰਨ ਤੇ ਅਮਰਜੀਤ ਕੌਰ ਸਾਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਲਗਦੇ ਹਨ। ਨਾਵਲ ਦੀ ਕਥਾ ਬੇਰੋਕ ਵਗਦੇ ਪਾਣੀ ਵਾਂਗ ਵਕਤ ਦੇ ਟੋਏ ਟਿੱਬਿਆਂ ਵਿਚ ਵਹਿੰਦੀ ਜਾ ਰਹੀ ਹੈ। ਨਾਵਲ ਵਿਚ ਚੈਪਟਰ, ਡੈਡੀ, ਪਲੀਜ਼, ਟੂ, ਹੈਲਪ, ਚੈਕ ਇਨ, ਪੈਗ, ਮੁਸ਼ਕਿਲ, ਝਪਕਦੇ, ਮੁਸਕਰਾ, ਗੁਹਾਰ, ਮੁਖ਼ਾਤਬ, ਗੋਰ, ਹਮਸਫ਼ਰ ਅੰਗਰੇਜ਼ੀ, ਹਿੰਦੀ ਅਤੇ ਉਰਦੂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਕਿਤੇ-ਕਿਤੇ ਗ਼ਲਤੀਆਂ ਵੀ ਨਜ਼ਰ ਆਉਂਦੀਆਂ ਹਨ। ਸ਼ਬਦਾਂ ਦੇ ਜੋੜੇ ਹਾਕਲ-ਬਾਕਲ, ਗਉ-ਗਤਵੇ, ਅੱਗਾ-ਤੱਗਾ, ਧੱਕੇ-ਧੋੜੇ ਅਤੇ ਆਮ ਪੇਂਡੂ ਸ਼ਬਦਾਂ ਦੀ ਵਰਤੋਂ ਨੇ ਨਾਵਲ 'ਚ ਸਵਾਦਲਾਪਨ ਪੈਦਾ ਕਰ ਦਿੱਤਾ ਹੈ। ਨਾਵਲ ਦੇ ਪਾਤਰਾਂ ਦੀ ਆਪਸੀ ਵਾਰਤਾਲਾਪ ਰਾਹੀਂ ਵਿਸ਼ਾ ਵਸਤੂ ਅੱਗੇ ਵਧਦੀ ਹੈ। ਪਾਠਕ ਭਵਿੱਖ ਵਿਚ ਵੀ ਅਜਿਹੇ ਨਾਵਲ ਦੀ ਆਸ ਰੱਖਣਗੇ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਸੰਘਰਸ਼ ਕੀ ਵੇਲਾ
ਲੇਖਕ : ਸੁੱਚਾ ਸਿੰਘ ਮਸਤਾਨਾ (ਅਧਰੇੜਾ)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 94631-07886


ਸ਼ਾਇਰ ਸੁੱਚਾ ਸਿੰਘ ਮਸਤਾਨਾ (ਅਧਰੇੜਾ) ਆਪਣੀ ਹਥਲੀ ਕਾਵਿ-ਪੁਸਤਕ 'ਸੰਘਰਸ਼ ਕੀ ਵੇਲਾ' ਤੋਂ ਪਹਿਲਾਂ ਵੀ ਅੱਠ ਕਾਵਿ-ਸੰਗ੍ਰਹਿ 'ਤੰਦ ਪਿਆਰਾਂ ਦੀ', 'ਕੁੜੀ ਪੰਜਾਬ ਦੀ', 'ਆਜ਼ਾਦੀ ਤੇ ਗ਼ੁਲਾਮੀ', 'ਝੱਖੜ ਵੇਲਾ', 'ਰਕਸ਼ਾ ਬੰਧਨ', 'ਮੂੰਹ ਆਈ ਬਾਤ', 'ਸ਼ਬਦਾਂ ਦੀ ਸਰਮਾਨ' ਅਤੇ 'ਨਿੰਮ ਦੇ ਪਤਾਸੇ' ਰਾਹੀਂ ਪੰਜਾਬੀ ਅਦਬ ਦੇ ਰੂਬਰੂ ਹੋ ਚੁੱਕਿਆ ਹੈ। ਸ਼ਾਇਰ ਇਸ ਵੇਲੇ 87 ਸਾਲਾਂ ਦਾ ਹੋ ਗਿਆ ਹੈ ਤੇ ਉਮਰ ਦੀਆਂ ਤਿਰਕਾਲਾਂ ਵੇਲੇ ਵੀ ਤਰੰਗਤੀ ਜੁਆਨੀ ਨੂੰ ਯਾਦ ਕਰਦਿਆਂ ਅੱਖਰਾਂ ਦੀ ਧੂਣੀ ਧੁਖਾਈ ਬੈਠਾ ਹੈ। ਉਹ ਆਪਣੀ ਪਤਨੀ ਸਵਰਗੀ ਕਰਨੈਲ ਕੌਰ ਨੂੰ ਯਾਦ ਕਰਦਿਆਂ ਉਸ ਨਾਲ ਕੀਤੇ ਉਮਰ ਦੇ ਪੰਧ ਦੇ ਵੱਖ-ਵੱਖ ਸ਼ੇਡਜ਼ ਦਿਖਾ ਕੇ ਉਸ ਦੀਆਂ ਯਾਦਾਂ ਸੰਗ ਜਿਊਣ ਦੀ ਜੁਗਤ ਅਪਣਾ ਰਿਹਾ ਹੈ। ਗੱਡੇ ਦਾ ਇਕ ਪਹੀਆ ਟੁੱਟ ਜਾਵੇ ਤਾਂ ਗੱਡਾ ਢੀਚਕ ਮਾਰਨ ਲੱਗ ਜਾਂਦਾ ਹੈ ਪਰ ਇਹ ਜ਼ਿੰਦਗੀ ਦਾ ਸੱਚ ਹੈ ਕਿ ਨਾ ਕੋਈ ਨਾਲ ਜੰਮਿਆ ਤੇ ਨਾ ਕੋਈ ਨਾਲ ਮਰਦਾ ਹੈ। ਉਹ ਭਾਵੇਂ ਆਪਣਾ ਪਿੰਡ ਅਧਰੇੜਾ ਛੱਡ ਕੇ ਕੁਰਾਲੀ ਆ ਵਸਿਆ ਹੈ ਪਰ ਪਿੰਡ ਦੀਆਂ ਗਲੀਆਂ ਤੇ ਸੱਥਾਂ ਨੂੰ ਯਾਦ ਕਰਕੇ ਹੁਣ ਵੀ ਭਾਵੁਕ ਹੋ ਜਾਂਦਾ ਹੈ। ਸ਼ਾਇਰ ਵਿਭਿੰਨ ਮਾਨਵੀ ਸਰੋਕਾਰਾਂ ਤੇ ਫ਼ਿਕਰਾਂ ਨੂੰ ਆਪਣੀ ਕਲਮ ਦੇ ਕਲੇਵੇ ਵਿਚ ਲੈਂਦਿਆਂ ਗੋਰੇ ਅੰਗਰੇਜ਼ ਚਲੇ ਜਾਣ ਤੋਂ ਬਾਅਦ ਕਾਲੇ ਅੰਗਰੇਜ਼ਾਂ ਵਲੋਂ ਉਹੀ ਹੱਥ-ਕੰਡੇ ਅਪਣਾਉਣ ਨਾਲ ਉਹ ਸਮਝਦਾ ਹੈ ਕਿ ਅਸਾਡੇ ਸੁਪਨਿਆਂ ਦੀ ਆਜ਼ਾਦੀ ਅਜੇ ਨਹੀਂ ਆਈ। ਉਹ ਕਾਲੇ ਅੰਗਰੇਜ਼ਾਂ ਵਲੋਂ ਅਤਿ ਨਿੰਦਣਯੋਗ ਅੰਧ-ਵਿਸ਼ਵਾਸੀ ਪ੍ਰਵਚਨਾਂ ਨਾਲ ਜਨਤਾ ਵਿਚ ਆਪਣਾ ਵੋਟ ਬੈਂਕ ਪੱਕਿਆਂ ਕਰਨ ਦੀਆਂ ਸਾਜ਼ਿਸ਼ਾਂ ਦੇ ਬਾਖ਼ੂਬੀ ਬਖੀਏ ਉਧੇੜਦਾ ਹੈ। ਉਹ ਦੱਸਦਾ ਹੈ ਕਿ ਕਿਵੇਂ ਭਗਵੇਂ ਬ੍ਰਿਗੇਡ ਦੀ ਦਿੱਲੀ ਦੇ ਤਖ਼ਤ 'ਤੇ ਬੈਠੀ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਾਰਪੋਰੇਟ ਸੈਕਟਰ ਦੇ ਰਿਮੋਰਟ ਕੰਟਰੋਲ ਨਾਲ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਤੇ ਘਸਿਆਰੇ ਬਣਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਪਰ ਕਿਸਾਨ ਸੰਘਰਸ਼ੀ ਜਿੱਤ ਦੇ ਪਰਚਮ ਲਹਿਰਾਉਂਦੇ ਆਪਣੇ ਘਰਾਂ ਨੂੰ ਪਰਤਣਗੇ ਤੇ ਸ਼ਾਇਰ ਦੀ ਭਵਿੱਖਬਾਣੀ ਨਾਲ ਉਹ ਪਰਤ ਵੀ ਆਏ ਹਨ। ਉਹ ਕਹਿੰਦਾ ਹੈ ਕਿ ਕਿਸਾਨ ਹੁਣ ਚੌਕੰਨੇ ਹੋ ਗਏ ਹਨ ਤੇ ਵਕਤ ਦੀ ਸਰਕਾਰ ਨੂੰ ਕਿਵੇਂ ਘੇਰਨਾ ਹੈ, ਲਈ ਹਰੇਕ ਦਸਤਪੰਜਾ ਲੜਾਉਣ ਦੇ ਸੰਘਰਸ਼ਸ਼ੀਲ ਰਾਹ ਅਪਣਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਸ਼ਾਇਰ ਸਮਕਾਲੀ ਸ਼ਾਇਰਮੰਦ ਗੰਭੀਰ ਅਧਿਐਨ ਕਰ ਕੇ ਬਿਹਤਰ ਕਲਾਤਮਿਕ ਤੇ ਸੁਹਜਆਤਮਿਕ ਸ਼ਾਇਰੀ ਦਾ ਸ਼ਬਦ ਸਾਧਕ ਜ਼ਰੂਰ ਬਣ ਜਾਏਗਾ, ਇਸ ਦਾ ਮੈਨੂੰ ਕੋਈ ਸੰਦੇਹ ਨਹੀਂ ਤੇ ਪੂਰਨ ਵਿਸ਼ਵਾਸ ਹੈ। ਸ਼ਾਇਰ ਦੀ ਇਸ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।

-ਭਗਵਾਨ ਸਿੰਘ ਢਿੱਲੋਂ
ਮੋਬਾਈਲ : 098143-78254

 

ਤਿਲਫੁੱਲ-1
ਲੇਖਕ : ਹਰਪਾਲ ਸਿੰਘ ਪੰਨੂੰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 94642-51454

ਪਿਛਲੇ ਡੇਢ-ਦੋ ਦਹਾਕਿਆਂ ਵਿਚ ਪ੍ਰੋ. ਹਰਪਾਲ ਸਿੰਘ ਪੰਨੂੰ ਖੋਜ ਅਤੇ ਵਿਆਖਿਆ ਦੇ ਖੇਤਰ ਵਿਚ ਇਕ ਸ਼੍ਰੋਮਣੀ ਹਸਤੀ ਬਣ ਕੇ ਉੱਭਰਿਆ ਹੈ। ਉਹ ਵਿਸ਼ਵ ਸਾਹਿਤ ਅਤੇ ਵਿਸ਼ਵ ਧਰਮ ਦੋਹਾਂ ਖੇਤਰਾਂ ਨਾਲ ਜੁੜਿਆ ਰਿਹਾ ਹੈ। ਇਸ ਕਾਰਨ ਉਹ ਜਾਣਦਾ ਹੈ ਕਿ ਸਾਹਿਤ ਅਤੇ ਧਰਮ ਦੇ ਅਨੁਸ਼ਾਸਨਾਂ ਨੂੰ ਕਿਵੇਂ ਪੜ੍ਹਨਾ ਚਾਹੀਦਾ ਹੈ। ਉਸ ਅਨੁਸਾਰ ਕਾਵਿ-ਸ਼ਾਸਤਰ ਦੇ ਸਾਧਾਰਣ ਨੇਮਾਂ ਨੂੰ ਧਰਮ-ਸ਼ਾਸਤਰ ਦੀਆਂ ਟੈਕਸਟਾਂ ਉੱਪਰ ਇਨ-ਬਿਨ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਕਾਵਿ (ਕਵਿਤਾ ਅਤੇ ਵਾਰਤਕ ਦੋਵੇਂ) ਦੇ ਆਮ ਪੈਮਾਨੇ ਵੀ ਹਰ ਇਕ ਸਾਹਿਤਕ ਕਿਰਤ ਨਾਲ ਇਨਸਾਫ਼ ਨਹੀਂ ਕਰ ਸਕਦੇ। ਇਕ ਸੱਚੇ ਸਿੱਖ ਜਗਿਆਸੂ ਵਾਂਗ ਉਹ ਵਿਭਿੰਨਤਾ, ਵਿਵਿਧਤਾ ਅਤੇ ਵੰਨ-ਸੁਵੰਨਤਾ ਦੇ ਪੱਖ ਵਿਚ ਨਿੱਤਰਣ ਵਾਲਾ ਵਿਦਵਾਨ ਹੈ ਅਤੇ ਅਜੋਕੇ ਦੌਰ ਵਿਚ ਉਸ ਵਰਗੇ ਲੇਖਕਾਂ ਅਤੇ ਚਿੰਤਕਾਂ ਦੀ ਹੀ ਜ਼ਰੂਰਤ ਹੈ। ਹੁਣ ਪੁਰਾਣੀ ਕਿਸਮ ਦੇ ਸੋਚਣ-ਵਿਚਾਰਣ ਢੰਗ ਪ੍ਰਾਸੰਗਿਕ ਨਹੀਂ ਰਹੇ। ਸਾਹਿਤ ਦੀਆਂ ਵਿਭਿੰਨ ਵੰਨਗੀਆਂ ਵਿਚ ਪ੍ਰਚਲਿਤ ਚੇਤਨਾ ਪ੍ਰਵਾਹ ਧਾਰਾ ਵਾਂਗ ਉਸ ਨੇ ਆਲੋਚਨਾ ਅਤੇ ਵਿਆਖਿਆ ਦੇ ਖੇਤਰ ਵਿਚ ਵੀ ਇਸ ਤਕਨੀਕ ਦਾ ਬਾਖ਼ੂਬੀ ਪ੍ਰਯੋਗ ਕੀਤਾ ਹੈ। ਉਹ ਲਕੀਰੀ ਬਿਰਤਾਂਤ ਨਹੀਂ ਸਿਰਜਦਾ। ਉਸ ਦੇ ਬਿਰਤਾਂਤ ਵਲਦਾਰ ਰੂਪਾਂ ਵਿਚ ਆਕਾਰਵੰਤ ਹੁੰਦੇ ਹਨ। ਇਸ ਪ੍ਰਕਾਰ ਲਕੀਰੀ ਵਿਧੀ ਵਾਲੇ ਬਿਰਤਾਂਤ ਪੜ੍ਹਨ ਵਿਚ ਅਭਿਅਸਤ ਪਾਠਕਾਂ ਲਈ ਉਸ ਤੱਕ ਪਹੁੰਚਣਾ ਕਾਫ਼ੀ ਕਠਿਨ ਹੋ ਜਾਂਦਾ ਹੈ ਪਰ ਅਜਿਹੀ ਕੋਸ਼ਿਸ਼ ਅਸੰਭਵ ਨਹੀਂ ਹੈ। ਇਸ ਪੁਸਤਕ ਵਿਚ ਗੁਰਬਾਣੀ, ਭਗਤ ਬਾਣੀ, ਦਸਮ ਗ੍ਰੰਥ, ਸਿੱਖ ਇਤਿਹਾਸ, ਸਾਖੀ ਪਰੰਪਰਾ, ਬੁੱਧ ਮਤਿ, ਉਪਨਿਸ਼ਦਾਂ ਅਤੇ ਪੌਰਾਣਿਕ ਗ੍ਰੰਥਾਂ ਬਾਰੇ ਕੀਤੀਆਂ ਗਈਆਂ ਉਸ ਦੀਆਂ ਟਿੱਪਣੀਆਂ ਲੀਕ ਤੋਂ ਹਟ ਕੇ ਹਨ। ਉਹ ਇਨ੍ਹਾਂ ਸਰੋਤਾਂ ਦੀ ਪ੍ਰਮਾਣਿਕਤਾ ਅਤੇ ਪ੍ਰਸੰਗਿਕਤਾ ਬਾਰੇ ਨਵੇਂ ਢੰਗ ਨਾਲ ਸੋਚਦਾ ਹੈ। ਮੈਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਕਿ ਉਸ ਨੇ ਸਾਡੀ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣਾਂ ਨੂੰ ਕੁਝ ਨਵੇਂ ਪਸਾਰਾਂ ਅਤੇ ਮੁੱਦਿਆਂ ਨਾਲ ਜੋੜਿਆ ਹੈ। ਉਸ ਦੀ ਹਰ ਪੁਸਤਕ ਪੰਜਾਬੀ ਪਾਠਕਾਂ ਲਈ ਇਕ ਨਵੀਂ ਉਪਲਬਧੀ ਸਿੱਧ ਹੁੰਦੀ ਹੈ।

 

 


ਭੰਗੀ ਮਿਸਲ ਦਾ ਇਤਿਹਾਸ
ਲੇਖਕ : ਰਮਨਦੀਪ ਸਿੰਘ ਧਾਰਨੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 56
ਸੰਪਰਕ : 88723-23012


ਦੁਨੀਆ ਵਿਚ ਸੱਤਾ ਦੇ ਕੇਂਦਰ ਬਦਲਦੇ ਰਹਿੰਦੇ ਹਨ। ਯੂਨਾਨੀ ਅਤੇ ਰੋਮਨ ਸਾਮਰਾਜਾਂ ਦੇ ਪਤਨ ਉਪਰੰਤ ਇਸਾਈ ਧਰਮ ਦੇ ਉਭਾਰ ਨਾਲ ਨਵੀਆਂ ਸਲਤਨਤਾਂ ਪੈਦਾ ਹੋਈਆਂ। ਬਹੁਤੀ ਵਾਰ ਸਲਤਨਤਾਂ ਬਾਹਰੀ ਸ਼ਕਤੀਆਂ ਦੇ ਦਬਾਵਾਂ ਦੀ ਬਜਾਏ ਆਪਣੇ ਅੰਦਰੂਨੀ ਦਬਾਵਾਂ ਦੀ ਵਜ੍ਹਾ ਨਾਲ ਹੀ ਟੁੱਟ-ਭੱਜ ਜਾਂਦੀਆਂ ਹਨ। ਭਾਰਤ ਵਿਚ ਵੀ ਕਈ ਵਾਰ ਇਸੇ ਤਰ੍ਹਾਂ ਵਾਪਰਿਆ। ਅਠਾਰ੍ਹਵੀਂ ਸਦੀ ਵਿਚ ਪਹੁੰਚ ਕੇ ਮੁਗ਼ਲ ਸਲਤਨਤ ਪੂਰੀ ਤਰ੍ਹਾਂ ਨਾਲ ਜਰਜਰਿਤ ਹੋ ਗਈ ਸੀ। ਇਸ ਦੇ ਖ਼ਾਤਮੇ ਲਈ ਇਕੋ ਸੱਟ ਕਾਫ਼ੀ ਸੀ ਅਤੇ ਉੱਤਰੀ ਭਾਰਤ ਵਿਚ ਇਹ ਸੱਟ ਖ਼ਾਲਸੇ ਨੇ ਮਾਰੀ, ਜਿਸ ਦੀ ਵਜ੍ਹਾ ਨਾਲ ਸੰਯੁਕਤ ਪੰਜਾਬ ਵਿਚ ਖ਼ਾਲਸਈ ਰਾਜ ਦੀ ਸਥਾਪਨਾ ਹੋ ਗਈ। ਸ. ਰਮਨਦੀਪ ਸਿੰਘ ਧਾਰਨੀ ਨੇ ਆਪਣੀ ਇਸ ਪੁਸਤਕ ਵਿਚ ਭੰਗੀ ਮਿਸਲ ਦੀ ਸਥਾਪਨਾ ਦੇ ਹਵਾਲੇ ਨਾਲ ਇਸ ਬਿਰਤਾਂਤ ਉੱਪਰ ਰੌਸ਼ਨੀ ਪਾਈ ਹੈ। ਇਸ ਪੁਸਤਕ ਵਿਚ ਸਿੱਖ ਸੱਤਾ ਦੇ ਉਭਾਰ ਨੂੰ ਭੰਗੀ ਮਿਸਲ ਦੇ ਗਠਨ ਦੁਆਰਾ ਪੇਸ਼ ਕੀਤਾ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਕੁਝ ਸਮਾਂ ਸਿੰਘਾਂ ਉੱਪਰ ਬਹੁਤ ਦਮਨ-ਚੱਕਰ ਚੱਲਿਆ ਪਰ ਛੇਤੀ ਹੀ ਸਿੰਘ ਕਾਫ਼ੀ ਸ਼ਕਤੀਸ਼ਾਲੀ ਹੋ ਗਏ, ਜਿਸ ਤੋਂ ਘਬਰਾ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਸਿੰਘਾਂ ਨਾਲ ਦੋਸਤੀ ਕਰ ਲਈ ਅਤੇ ਉਨ੍ਹਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ। ਇਹ ਨਵਾਬੀ ਸ. ਕਪੂਰ ਸਿੰਘ ਨੂੰ ਮਿਲ ਗਈ। ਕਪੂਰ ਸਿੰਘ ਨੇ ਤਰਨਾ ਦਲ ਨੂੰ ਪੰਜ ਜਥਿਆਂ ਵਿਚ ਵੰਡ ਦਿੱਤਾ। 1745 ਈ: ਵਿਚ ਜਥਿਆਂ ਦੀ ਗਿਣਤੀ 30 ਕਰ ਦਿੱਤੀ ਗਈ, ਜਿਨ੍ਹਾਂ ਵਿਚ ਮਜ਼੍ਹਬੀ ਸਿੰਘਾਂ ਦੇ 4 ਜਥੇ ਵੀ ਸਨ। ਭੰਗੀ ਮਿਸਲ ਦਾ ਮੋਢੀ ਸ. ਛੱਜਾ ਸਿੰਘ ਬਣਿਆ। ਉਸ ਤੋਂ ਪਿੱਛੋਂ ਹਰੀ ਸਿੰਘ ਭੰਗੀ ਸਰਦਾਰ ਬਣਿਆ। ਭੰਗੀ ਮਿਸਲ ਅਤੇ ਚਾਰ ਹੋਰ ਮਿਸਲਾਂ ਤਰਨਾਂ ਦਲ ਵਿਚ ਸ਼ਾਮਿਲ ਕੀਤੀਆਂ ਗਈਆਂ। ਇਸ ਪੁਸਤਕ ਵਿਚ ਭੰਗੀ ਮਿਸਲ ਦੇ ਸਰਦਾਰਾਂ ਅਤੇ ਇਸ ਦੇ ਰਾਜ ਖੇਤਰ ਬਾਰੇ ਬੜੀ ਪ੍ਰਮਾਣਿਕ ਜਾਣਕਾਰੀ ਦਿੱਤੀ ਗਈ ਹੈ। ਮਾਈਕਰੋ-ਇਤਿਹਾਸਕਾਰੀ ਦੇ ਪ੍ਰਸੰਗ ਵਿਚ ਇਹ ਇਕ ਮੁੱਲਵਾਨ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 

ਨਾਟਕ ਤੋਂ ਬਾਹਰਲਾ ਸੂਤਰਧਾਰ
ਸੰਪਾਦਕ : ਪ੍ਰੋ. ਅਤੈ ਸਿੰਘ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 300
ਸੰਪਰਕ : 98883-24402


ਇਹ ਪੁਸਤਕ ਆਧੁਨਿਕ ਪੰਜਾਬੀ ਕਾਵਿ ਦੇ ਉੱਘੇ ਸਿਰਜਕਾਂ ਵਿਚੋਂ ਇਕ ਵਰਿਆਮ ਦੇ ਛੇ ਕਾਵਿ-ਸੰਗ੍ਰਹਿਾਂ ਵਿਚੋਂ ਚੋਣਵੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ਹੈ। ਜਿਨ੍ਹਾਂ ਕਾਵਿ-ਸੰਗ੍ਰਹਿਆਂ ਵਿਚੋਂ ਇਹ ਕਵਿਤਾਵਾਂ ਲਈਆਂ ਗਈਆਂ ਹਨ, ਉਨ੍ਹਾਂ ਵਿਚ ਪਹਿਲਾ-'ਸ਼ੀਸ਼ੇ ਦੀ ਕੰਧ', ਦੂਜਾ 'ਸੱਪਾਂ ਦੇ ਰੰਗ', ਤੀਜਾ 'ਸੜਕ ਵਰਗਾ ਮਨੁੱਖ', ਚੌਥਾ 'ਆਪਣੇ ਰੁੱਖ ਜਿਹੀ ਛਾਂ', ਪੰਜਵਾਂ 'ਬਦਨਾਮ ਮੌਸਮਾਂ ਦੀ ਭੂਮਿਕਾ' ਅਤੇ ਛੇਵਾਂ 'ਅਰਥ ਵਿਅਰਥ' ਹੈ। ਵਰਿਆਮ ਅਸਰ ਦਾ ਇਹ ਕਾਵਿ ਸਿਰਜਣਾ ਪੁਸਤਕ ਰੂਪ ਦੇਣ ਦਾ ਸਮਾਂ-ਸਾਲ 1964 ਈਸਵੀ ਤੋਂ 2009 ਤੱਕ ਹੈ। ਪ੍ਰੋ. ਅਤੈ ਸਿੰਘ ਦੀ ਸੰਪਾਦਨ ਕਲਾ ਦੀ ਇਹ ਖੂਬੀ ਰਹੀ ਹੈ ਕਿ ਉਸ ਨੇ ਇਨ੍ਹਾਂ ਵੱਖ-ਵੱਖ ਸਮਿਆਂ 'ਚ ਪ੍ਰਕਾਸ਼ਿਤ ਕਾਵਿ-ਸੰਗ੍ਰਹਿਆਂ ਦੀ ਭੂਮਿਕਾ ਵਜੋਂ ਜਾਂ ਸੰਗ੍ਰਹਿਆਂ ਦੀ ਜਾਣ-ਪਛਾਣ ਕਰਾਉਣ ਵਾਲੇ ਚਿੰਤਕਾਂ ਜਿਨ੍ਹਾਂ 'ਚ ਜਗਤਾਰ, ਪ੍ਰੋ. ਨਰਿੰਜਨ ਤਸਨੀਮ, ਸ. ਸ. ਮੀਸ਼ਾ, ਦਵਿੰਦਰ ਸਤਿਆਰਥੀ, ਕੁਲਬੀਰ ਸਿੰਘ ਕਾਂਗ, ਹਰਿਭਜਨ ਸਿੰਘ, ਜਸਬੀਰ ਸਿੰਘ ਆਹਲੂਵਾਲੀਆ, ਹਰਨਾਮ ਸਿੰਘ ਅਤੇ ਅਜਾਇਬ ਕਮਲ ਹਨ, ਦੇ ਆਲੋਚਨਾਤਮਿਕ ਨਿਬੰਧ ਵੀ ਉਵੇਂ ਦੇ ਉਵੇਂ ਅੰਕਿਤ ਕੀਤੇ ਗਏ ਹਨ ਜੋ ਪੁਸਤਕ ਦੀ ਆਭਾ ਦੀ ਪਛਾਣ ਹਨ।
ਵਰਿਆਮ ਅਸਰ ਦੀ ਕਵਿਤਾ ਯੁੱਗ ਚਿੰਤਨ ਦੀ ਕਾਵਿਧਾਰਾ ਦੀ ਪ੍ਰਤੀਨਿਧਤਾ ਕਰਦੀ ਹੈ, ਇਸ ਵਿਚ ਸਹਿਜ ਵੀ ਹੈ, ਕਾਵਿ-ਰੱਸਕਤਾ ਵੀ ਹੈ, ਲਰਜ਼ ਵੀ ਹੈ, ਹੇਕ ਵੀ ਹੈ ਅਤੇ ਮਾਨਵ ਹਿਤੈਸ਼ੀ ਹੂਕ ਵੀ ਹੈ। ਵਰਿਆਮ ਅਸਰ ਕਾਵਿ ਵਿਚ ਇਕ ਅਜਿਹਾ ਸ਼ਾਬਦਿਕ ਸੰਚਾਰ ਹੈ, ਜਿਸ ਤੋਂ ਸਾਧਾਰਨ ਪਾਠਕ ਹੀ ਨਹੀਂ, ਗੰਭੀਰ ਪਾਠਕ ਵੀ ਅਜਿਹਾ ਭਾਵ-ਗ੍ਰਹਿਣ ਕਰ ਜਾਂਦਾ ਹੈ, ਜਿਸ ਜ਼ਰੀਏ ਉਹ ਘਰ, ਸਮਾਜ, ਦੇਸ਼, ਕੌਮ ਅਤੇ ਲੋਕਾਈ ਲਈ ਸ਼ੁੱਭ ਸਿਰਜਣਾ ਦਾ ਧਾਰਮਿਕ ਹੋਣ ਦਾ ਪੈਗ਼ਾਮ ਲੈ ਲੈਂਦਾ ਹੈ। ਕੁਝ ਕਾਵਿ-ਟੂਕਾ ਵਿਚਾਰਨਯੋਗ ਹਨ। ਜਿਵੇਂ :-
(ੳ) ਹੁਣ ਦਰਵਾਜ਼ਾ ਖੜਕਣ 'ਤੇ ਹੀ ਭਰ ਜਾਵਾਂ,
ਰੱਖਦਾ ਕਦੇ ਮੈਂ ਬੂਹਾ ਖੁੱਲ੍ਹਾ ਸਾਂ ਘਰ ਦਾ।
(ਅ) ਸਭ ਤੋਂ ਵੱਡਾ ਦੁਸ਼ਮਣ, ਡਰ ਹੈ ਅੰਦਰ ਦਾ
ਜਿਸ ਤੋਂ ਜੇਕਰ ਡਰੀਏ, ਜੀਂਦੇ ਮਰੀਏ ਯਾਰ।
(ੲ) ਜਾਗਦੇ ਐਵੇਂ ਨਹੀਂ ਰਾਤਾਂ ਨੂੰ ਦੀਵੇ,
ਜਾਗਿਆਂ ਹੀ ਦੂਰ ਹੁੰਦੇ ਨੇ ਹਨੇਰੇ।
ਇਹੋ ਜਿਹੀ ਕਾਵਿ-ਪੁਸਤਕ ਨੂੰ ਪ੍ਰੋ. ਅਤੈ ਸਿੰਘ ਨੇ ਸੰਪਾਦਿਤ ਕਰਕੇ ਆਧੁਨਿਕ ਪੰਜਾਬੀ ਕਾਵਿ-ਜਗਤ ਵਿਚ ਇਸ ਕਵੀ ਨੂੰ ਜਿਵੇਂ ਨਿਰੂਪਤ ਕੀਤਾ ਹੈ, ਉਹ ਪ੍ਰਸੰਸਾਯੋਗ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732


ਮੱਧਮ-ਮੱਧਮ
ਲੇਖਿਕਾ : ਜਸਲੀਨ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 124
ਸੰਪਰਕ : drjasleenkaur4@gmail.com


ਜਸਲੀਨ ਕੌਰ ਪੰਜਾਬੀ ਕਾਵਿ-ਸੰਸਾਰ ਵਿਚ ਆਪਣਾ ਜ਼ਿਕਰਯੋਗ ਮੁਕਾਮ ਰੱਖਦੇ ਹਨ। ਬੇਸ਼ੱਕ ਉਨ੍ਹਾਂ ਨੇ ਲਗਭਗ ਡੇਢ ਦਹਾਕਾ ਪਹਿਲਾਂ ਹੀ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਪ੍ਰੌੜ੍ਹਤਾ ਉਨ੍ਹਾਂ ਦੀ ਮਾਨਵੀ ਮਨੋਵਿਗਿਆਨ ਬਾਰੇ ਸੂਖ਼ਮ ਸੂਝ-ਬੂਝ ਦੀ ਸ਼ਾਹਦੀ ਭਰਦੀ ਹੈ। ਆਪਣੀ ਪਲੇਠੀ ਪੁਸਤਕ 'ਮੰਥਨ' ਅਤੇ ਦੂਜੀ ਪੁਸਤਕ 'ਮਨ ਦੀ ਓਜ਼ੋਨ' ਵਿਚ ਆਪਣੇ ਆਪ ਨਾਲ ਸੰਵਾਦ ਰਚਾਉਣ ਤੋਂ ਬਾਅਦ ਉਨ੍ਹਾਂ ਨੇ ਬੜੀ ਛੇਤੀ ਆਪਣੇ ਆਤਮ ਮੰਥਨ ਤੋਂ ਅੱਗੇ ਦਾ ਸਫ਼ਰ ਤੈਅ ਕੀਤਾ। ਹੱਥਲੀ ਪੁਸਤਕ 'ਮੱਧਮ-ਮੱਧਮ' ਵਿਚ ਮੀਰਾ-ਅਹੱਲਿਆ, ਅਪਵਿੱਤਰ, ਗੂੜ੍ਹੀ ਲਿਪਸਟਿਕ 'ਚ ਛੁਪਾ, ਜਨਮ ਅਸ਼ਟਮੀ, ਫੁੱਟਪਾਥ 'ਤੇ ਜ਼ਿੰਦਗੀ, ਆਜ਼ਾਦੀ ਅਤੇ ਮਰਦ ਭੁੱਖਾ ਭੇੜੀਆ ਨਹੀਂ ਹੁੰਦਾ' ਆਦਿ ਕਵਿਤਾਵਾਂ ਵਿਚ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਸਵਾਲ ਖੜ੍ਹੇ ਕੀਤੇ ਹਨ ਅਤੇ ਖ਼ੁਦ ਉਨ੍ਹਾਂ ਸਵਾਲਾਂ ਵਿਚਲੀ ਵੰਗਾਰ ਦਾ ਸਾਹਮਣਾ ਕਰਦੇ ਦਿਖਾਈ ਦਿੰਦੇ ਹਨ:
ਤੋਰ ਤਾਂ ਆਪਣੇ ਆਪ ਬਦਲ ਜਾਂਦੀ ਹੈ
ਜਦ ਉਹ ਤੇਰਾਂ ਵਰ੍ਹਿਆਂ ਦੀ ਕੰਜਕ ਨਾ ਰਹਿ
ਅਪਵਿੱਤਰ ਬਣ ਜਾਂਦੀ ਹੈ
ਸ੍ਰਿਸ਼ਟੀ ਦੀ ਸਿਰਜਣਾ ਦਾ ਆਧਾਰ
ਰਕਤ ਬੂੰਦ
ਅਪਵਿੱਤਰ ਕਿਵੇਂ ਹੋ ਗਈ
ਇਹੀ ਪ੍ਰਸ਼ਨ
ਬਹੁਤ ਰੜਕਦਾ ਹੈ ਮੈਨੂੰ।
ਭਾਰਤੀ ਮਿੱਥ ਨੂੰ ਇਕ ਨਵੇਂ ਦ੍ਰਿਸ਼ਕੋਣ ਤੋਂ ਨਵੇਂ ਅਰਥ ਦੇਣੇ ਵੀ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਉਨ੍ਹਾਂ ਨੇ ਨਾਰੀ ਮਨ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਦਿਆਂ ਉਲਝੇ ਹੋਏ ਸਮਾਜਿਕ ਰਿਸ਼ਤਿਆਂ ਰਾਹੀਂ ਪ੍ਰਭਾਵਸ਼ਾਲੀ ਕਵਿਤਾ ਦੀ ਮਹੱਤਵਪੂਰਨ ਸਿਰਜਣਾ ਕੀਤੀ ਹੈ। ਉਨ੍ਹਾਂ ਦੀਆਂ ਕਵਿਤਾਵਾਂ ਔਰਤ-ਮਰਦ ਦੇ ਇਕ-ਦੂਜੇ ਦੇ ਪੂਰਕ ਹੋਣ ਦੇ ਕੁਦਰਤੀ ਪਰਿਪੇਖ ਦੇ ਵਿਰੋਧ ਵਿਚ ਖੜ੍ਹਨ ਦੀ ਬਜਾਇ ਨਾਰੀ ਚੇਤਨਾ ਦੇ ਜਜ਼ਬੇ ਨਾਲ ਲਿਬਰੇਜ਼ ਦਿਖਾਈ ਦਿੰਦੀਆਂ ਹਨ। ਕਿਤੇ ਵੀ ਉਨ੍ਹਾਂ ਦੀ ਕਵਿਤਾ ਉਲਾਰ ਬਿਰਤੀ ਦਾ ਸ਼ਿਕਾਰ ਨਹੀਂ ਹੁੰਦੀ ਬਲਕਿ ਹਰ ਹਾਲਤ ਵਿਚ ਆਪਣਾ ਸੰਤੁਲਿਨ ਬਣਾਈ ਰੱਖਦੀ ਹੈ। ਅਜੋਕੀ ਬਹੁਤੀ ਨਾਰੀਵਾਦੀ ਕਵਿਤਾ ਤੋਂ ਸੱਚਮੁੱਚ ਹੀ ਵਿਲੱਖਣ ਇਸ ਖ਼ੂਬਸੂਰਤ ਉਪਰਾਲੇ ਦਾ ਸੁਹਿਰਦ ਪੰਜਾਬੀ ਪਾਠਕ ਜ਼ਰੂਰ ਸਮਰਥਨ ਕਰਨਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

 

ਤੂੰ ਅਤੇ ਪਿਕਾਸੋ
ਲੇਖਕ : ਹਰੀ ਸਿੰਘ ਤਾਤਲਾ
ਪ੍ਰਕਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 80
ਸੰਪਰਕ : 97157-23893


'ਤੂੰ ਅਤੇ ਪਿਕਾਸੋ' ਕਾਵਿ-ਸੰਗ੍ਰਹਿ ਸੰਵੇਦਨਸ਼ੀਲ ਕਵੀ ਹਰੀ ਸਿੰਘ ਤਾਤਲਾ ਦਾ ਪੰਜਾਬੀ ਮਾਂ-ਬੋਲੀ ਵਿਚ ਪੰਜਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਚੁੱਪ ਦੇ ਹੰਝੂ' (2003), 'ਦਰਦਾਂ ਦੀ ਲੋਅ' (2007), 'ਪੌਣ ਨਾਲ ਵਗਦਿਆਂ' (2014) ਅਤੇ 'ਦਰਵਾਜ਼ਾ ਖੁੱਲ੍ਹਾ ਹੈ' (2016) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਂਝ ਉਸ ਨੇ ਅੰਗਰੇਜ਼ੀ ਭਾਸ਼ਾ 'ਚ W}nds ਕਾਵਿ-ਸੰਗ੍ਰਹਿ ਵੀ ਛਪਵਾਇਆ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਇਕ ਗੁਆਚੀ ਰੂਹ ਨੂੰ ਸਮਰਪਿਤ ਕੀਤਾ ਹੈ। ਇਸ ਸਮਰਪਣ ਦਾ ਕੇਂਦਰੀ ਧੁਰਾ ਉਸ ਗੁਆਚੀ ਰੂਹ ਦੀ ਤਾਲਾਸ਼ 'ਚ ਲਿਖੀਆਂ ਕਵਿਤਾਵਾਂ ਵੀ ਹੋ ਸਕਦਾ ਹੈ। ਸਿਰਲੇਖ 'ਤੂੰ ਤੇ ਪਿਕਾਸੋ' ਪਿਕਾਸੋ ਚਿੱਤਰਕਾਰ ਦੀ 'ਮੋਨੋਲਿਜ਼ਾ' ਪੇਂਟਿੰਗ 'ਚ ਮੁਸਕਰਾਹਟ ਦੀ ਤਲਾਸ਼ ਹੀ ਹੈ। ਹੋ ਸਕਦਾ ਹੈ ਕਿ ਹਰੀ ਸਿੰਘ 'ਤਾਤਲਾ' ਉਸੇ ਮੁਸਕਰਾਹਟ, ਮੁਹੱਬਤ, ਮੋਹ ਦੀ ਤਲਾਸ਼ ਮਾਨਵੀ ਰਿਸ਼ਤਿਆਂ ਵਿਚੋਂ 'ਲੱਭਣ' ਦੇ ਰਾਹ ਪਿਆ ਮਾਨਵਤਾ ਦੀ ਤਲਾਸ਼ 'ਚ ਨਿਕਲਿਆ ਹੋਇਆ ਹੋਵੇ। ਸ਼ਾਇਦ! ਕਾਵਿ-ਪਾਠਕ ਅਜਿਹਾ ਮਹਿਸੂਸ ਕਰੇ। ਇਨ੍ਹਾਂ ਕਵਿਤਾਵਾਂ ਵਿਚ ਸਬਰ, ਸੰਤੋਖ ਅਤੇ ਸ਼ਹਿਨਸ਼ੀਲਤਾ ਦੀ ਅਣਹੋਂਦ ਦੇ ਨਾਲ-ਨਾਲ ਆਪਣੇ ਆਪ ਨਾਲ ਅਤੇ ਦੂਸਰਿਆਂ ਨਾਲ ਵੀ ਗੁਫ਼ਤਗੂ ਕਿਧਰੇ ਵੀ ਨਜ਼ਰੀਂ ਨਹੀਂ ਪੈਂਦੀ। ਸੰਵਾਦ ਦੀ ਅਣਹੋਂਦ ਜਿਥੇ ਸ਼ੰਕਿਆਂ ਨੂੰ ਜਨਮਦੀ, ਪਾਲਦੀ-ਪੋਸਦੀ, ਜਵਾਨ ਕਰਦੀ ਹੈ, ਉਥੇ ਕੁੜੱਤਣ, ਰੋਹ, ਵਿਦਰੋਹ, ਈਰਖਾ, ਸਾੜਾ ਵੀ ਪੈਦਾ ਕਰਦੀ ਹੈ। ਇਹੀ ਮਾਨਵੀ ਦੁਖਾਂਤ ਹੈ ਕਿ ਮਨੋਮਨੀਂ ਪਈਆਂ ਤ੍ਰੇੜਾਂ (ਵਿੱਥਾਂ) ਨੂੰ ਜਿਥੇ ਇਹ ਕਵਿਤਾਵਾਂ ਆਪਣਾ 'ਕੇਂਦਰੀ ਪੈਟਰਨ' ਸਿਰਜਦੀਆਂ ਹਨ, ਉਥੇ ਮਨੁੱਖ ਅੰਦਰ ਸਵੈ-ਭਰੋਸੇ, ਸਵੈ-ਪ੍ਰਗਟਾਵੇ 'ਤੇ ਵੀ ਪ੍ਰਸ਼ਨ ਲਗਾਉਂਦੀਆਂ ਹਨ। ਇਹੀ ਕਾਰਨ ਹੈ ਕਿ ਫਿਰ ਮਨੁੱਖ ਖਲਾਅ 'ਚ ਭਟਕਦਾ ਹੀਣਦਾ/ਉਤਮਤਾ ਦੇ ਸੰਸਾਰ ਵਿਚ ਵਿਸ਼ੈਲੀਆਂ ਸੂਲਾਂ ਸੰਗ ਬਿਨਾਂ ਖੰਭਾਂ ਦੇ ਪਰਵਾਜ਼ ਭਰਨ ਦੀ ਅਕਾਰਥ ਕੋਸ਼ਿਸ਼ ਕਰਦਾ ਹੈ। ਉਪਰੋਕਤ ਵਰਣਿਤ ਵਰਤਾਰਿਆਂ ਨੂੰ ਕਾਵਿ-ਪਾਠਕਾਂ 'ਵਿਸਪਾਤ ਹੋਣਾ' ਤੋਂ ਲੈ ਕੇ ਕਿ 'ਕਵਿਤਾ ਦੇ ਜਨਮ' ਤੱਕ ਦੀਆਂ 62 ਕਵਿਤਾਵਾਂ ਅਤੇ 2 ਗ਼ਜ਼ਲਾਂ ਵਿਚ ਸਹਿਜੇ ਹੀ ਮਹਿਸੂਸ ਕਰੇਗਾ। ਉਸ ਦਾ ਇਹ ਸ਼ਿਅਰ 'ਜੰਗਲ ਹੈ, ਧੁੱਪ ਹੈ, ਬਰਸਾਤ ਹੈ,/ਇਹ ਚੁਫ਼ੇਰਾ ਫਿਰ ਕਿਉਂ ਨਾ-ਸਾਜ਼ ਹੈ...' ਕਾਬਲ-ਏ-ਗੌਰ ਹੈ। 'ਰਾਤ ਭਰ', 'ਜੀਵਨ ਧਾਰਾ 1-2', 'ਚੁਗਿਰਦਾ', 'ਉਵੇਂ ਦਾ ਉਵੇਂ', 'ਬਰਸਾਤ ਵਿਚ', 'ਭਵ ਸਾਗਰ' ਆਦਿ ਕਵਿਤਾਵਾਂ ਫ਼ਲਸਫ਼ੇ ਨਾਲ ਥਾਂ-ਵਾਸਤਾ ਹਨ ਜਦੋਂ ਕਿ 'ਤੌਕ' ਕਵਿਤਾ ਮਾਨਵੀ ਦੁਸ਼ਵਾਰੀਆਂ ਦਾ ਸੰਕੇਤ ਦਿੰਦੀਆਂ ਹਨ। ਅਹਿਸਾਸਾਂ ਸੰਗ ਪਰਨਾਈ ਸ਼ਬਦਾਂਵਾਲੀ, ਬਿੰਬਾਵਲੀ, ਪ੍ਰਤੀਕ ਕਵਿਤਾਵਾਂ 'ਚ ਸੰਜੀਦਗੀ, ਸੰਵੇਦਨਸ਼ੀਲਤਾ ਦੇ ਭਾਵਾਂ ਨੂੰ ਉਜਾਗਰ ਕਰਦੇ ਹਨ। ਇਨ੍ਹਾਂ ਸਤਰਾਂ ਨਾਲ 'ਮੁਨਾਸਬ ਨਹੀਂ/ਕਿ ਪੱਥਰ ਜਿਹਾ ਹੋਵਾਂ/ਬੇ-ਅਸਰ ਹੋਵਾਂ ਮੈਂ/ਕੁਦਰਤ ਦੇ ਵਰਤਾਰਿਆਂ ਤੋਂ ....।' ਆਪਣੇ ਭਾਵਾਂ ਨੂੰ ਬਿਰਾਮ ਦਿੰਦਾ ਹਾਂ। ਕਵੀ ਨੂੰ ਬਹੁਤ-ਬਹੁਤ ਮੁਬਾਰਕ!

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

 

ਕੈਨੇਡੀਅਨ ਪਾਸਪੋਰਟ
ਲੇਖਕ : ਜੱਗੀ ਬਰਾੜ ਸਮਾਲਸਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 260
ਸੰਪਰਕ : 95011-45039


ਪੁਸਤਕ ਉਸੇ ਦਾ ਮਹੱਤਵ ਹੁੰਦਾ ਹੈ ਜਿਹੜੀ ਸਮੇਂ ਸਿਰ ਆਵੇ। ਚੇਤਨਾ ਪ੍ਰਕਾਸ਼ਨ ਨੂੰ ਇਸ ਗੱਲ ਦਾ ਸਿਹਰਾ ਮਿਲਣਾ ਸੁਭਾਵਿਕ ਹੈ ਕਿ ਉਸ ਨੇ ਇਹ ਪੁਸਤਕ ਅਜਿਹੇ ਸਮੇਂ ਪ੍ਰਕਾਸ਼ਿਤ ਕੀਤੀ ਹੈ ਜਦੋਂ ਪੰਜਾਬ ਦੇ ਵਿਦਿਆਰਥੀ 12ਵੀਂ ਤੋਂ ਬਾਅਦ ਕੈਨੇਡਾ ਜਾਣ ਲਈ ਉਤਾਵਲੇ ਹਨ। ਇਹ ਗੱਲ ਪੂਰੇ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਇਹ ਕਿਤਾਬ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਇਸ ਦੀ ਲੇਖਕ ਨੂੰ ਦੋ-ਢਾਈ ਦਹਾਕਿਆਂ ਤੱਕ ਉਥੇ ਰਹਿਣ ਦਾ ਅਨੁਭਵ ਪ੍ਰਾਪਤ ਹੈ। ਇਸ ਪੁਸਤਕ ਵਿਚ ਲਗਭਗ 40 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਲੇਖਕਾਂ ਨੇ ਆਪਣੇ ਜੀਵਨ ਦੀਆਂ ਯਾਦਾਂ ਦਾ ਗਲਪੀਕਰਨ ਕੀਤਾ ਹੈ। ਇਨ੍ਹਾਂ ਕਹਾਣੀਆਂ ਦੇ 'ਕੇਂਦਰੀ ਸੂਤਰ' ਜਿਨ੍ਹਾਂ ਦੁਆਲੇ ਇਹ ਕਹਾਣੀਆਂ ਪਰਿਕਰਮਾ ਕਰਦੀਆਂ ਹਨ, ਰਤਾ ਕੁ ਮਿਹਨਤ ਨਾਲ ਪਛਾਣੇ ਜਾ ਸਕਦੇ ਹਨ। ਜਿਵੇਂ : ਪੰਜਾਬੀ ਭਰਾਵਾਂ ਵਲੋਂ ਕੈਨੇਡਾ ਰਹਿੰਦੇ ਵੀਰ ਦੀ ਲੁੱਟ, ਮਾਂ ਵਲੋਂ 'ਗੇਅ' ਪੁੱਤਰ ਦਾ ਦੁੱਖ, ਕੈਨੇਡਾ ਦੇ ਲੋਕ ਕੁੱਤਿਆਂ ਨੂੰ ਘਰ ਦੇ ਜੀਅ ਵਾਂਗ ਸਮਝਦੇ ਹਨ, ਅਪਾਹਜ ਦਾ ਜੀਵਨ, ਕੈਨੇਡਾ ਦਾ ਇਤਿਹਾਸ, ਨਾਇਕ ਦਾ ਪੰਜਾਬੋਂ ਆ ਕੇ ਕੀਰਤਨੀਏ ਵਜੋਂ ਅਸਤਿਤਵ ਦਾ ਵਿਕਾਸ, ਫਿਉਨਰਲ ਦੀ ਡਿਊਟੀ ਨਿਭਾਉਂਦੀ ਲੜਕੀ ਦੀ ਮਾਨਸਿਕਤਾ, ਲਾਲਚ ਅਤੇ ਸਵੈਮਾਨ ਵਿਚਕਾਰ ਤਣਾਓ, ਲੇਖਕਾਂ ਦੀ ਲਿਖੀ ਕਿਤਾਬ 'ਮੇਰਾ ਪਿੰਡ ਸਮਾਲਸਰ' - ਐਲਿਕਸ ਹੋਲੀ ਦੇ ਨਾਵਲ 'ਰੂਟਸ' ਦਾ ਪ੍ਰਭਾਵ, (ਪਰਿਵਾਰ ਜੈਨਰੇਸ਼ਨ ਟੂ ਜੈਨਰੇਸ਼ਨ ਟਰੈਵਲ ਕਰਦਾ ਰਹਿੰਦਾ ਹੈ) ਪੰਨਾ 82, ਕੈਨੇਡਾ ਬਾਰੇ ਭੂਗੋਲਿਕ ਜਾਣਕਾਰੀ (ਇਸ ਦੇ ਦਸ ਪ੍ਰਾਂਤ, ਤਿੰਨ ਮਹਾਂਸਾਗਰ - ਐਟਲਾਂਟਿਕ, ਪ੍ਰਸ਼ਾਂਤ, ਆਰਕਟਿਕ ਮਹਾਂਸਾਗਰ, ਦੁਨੀਆ ਦਾ ਸਭ ਤੋਂ ਵੱਡਾ ਦੇਸ਼ - ਖੇਤਰਫਲ 9984170 ਵਰਗ ਮੀਟਰ, ਅਮਰੀਕਾ ਨਾਲ ਇਸ ਦੀ ਦੱਖਣੀ-ਪੱਛਮੀ ਸਰਹੱਦ 8890 ਕਿੱਲੋਮੀਟਰ, ਰਾਜਧਾਨੀ 'ਔਟਾਵਾ' ਆਦਿ ਆਦਿ।), ਪਹਿਲੋਂ ਪਹਿਲ ਰੈੱਡ ਇੰਡੀਅਨ ਨਾਲ ਦੁਰਵਿਹਾਰ, ਨਾਇਕਾ ਲਈ ਛੋਟੀ ਮੌਮ ਆਦਰਸ਼ ਦਾ ਰੂਪ, ਲੋਕਯਾਨ ਵਹਿਮ-ਸ਼ਾਮ ਵੇਲੇ ਦੇਹਲੀ 'ਤੇ ਬੈਠਣਾ ਅਪਸ਼ਗਨ, ਫੇਸਬੁੱਕ 'ਤੇ ਬੱਚੇ ਦੇਖ ਕੇ ਉਦਰੇਵਾ ਦੂਰ, ਜੀਵਤ ਨਾਇਕ ਅਤੇ ਮ੍ਰਿਤਕ ਨਾਇਕਾ ਦਾ ਇਕੋ ਫਲਾਈਟ ਵਿਚ ਪੰਜਾਬ ਪੁੱਜਣਾ, ਕਾਸ਼! ਕੁਦੇਸਣ ਆਪਣੇ ਬਾਪ ਨੂੰ ਮਿਲ ਸਕਦੀ। ਅਪਾਹਜ ਨਾਇਕਾ - ਮਾਂ ਵਲੋਂ ਬੱਚੀ ਦੇ ਹੱਥ ਨੂੰ ਆਪਣਾ ਹੱਥ ਸਮਝਣਾ - ਹਿਰਦੇਵੇਧਕ, ਬੋਤਲ ਦਾ ਜ਼ਹਿਰ ਵਾਲਾ ਦੁੱਧ ਧੀ ਦੀ ਥਾਂ ਪੁੱਤ ਨੂੰ ਮਾਰ ਗਿਆ, ਧੀ ਵਲੋਂ ਗੂੰਗੀ ਮਾਂ ਦੀ ਗੂੰਗੇ ਜਵਾਈ ਨਾਲ ਸ਼ਾਦੀ, ਖੁੱਲਾ ਦਰ - ਖੁੱਲ੍ਹੇ ਸੁਭਾਅ ਦਾ ਪ੍ਰਤੀਕ, ਨਸ਼ਈ ਬੰਦੇ ਬੱਚੇ ਪੈਦਾ ਕਰਨ ਦੀ ਸ਼ਕਤੀ ਨਹੀਂ ਰੱਖਦੇ, ਧੀਆਂ ਵਲੋਂ ਬਾਪ ਦੀ ਫਿਉਨਰਲ ਡਿਊਟੀ (ਅੰਤਿਮ ਰਸਮਾਂ) ਨਿਭਾਈ ਗਈ, ਪੈਸੇ ਅਤੇ ਜਾਇਦਾਦ ਦਾ ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ, ਇਕ-ਤਰਫ਼ੇ ਪਿਆਰ ਦਾ ਦੁੱਖਾਂਤ, ਸੁੱਚੀ ਕੁੱਖ ਬਨਾਮ ਦੂਸ਼ਿਤ ਕੁੱਖ, ਆਵਾਜ਼ ਦੀ ਦੁਨੀਆ ਬਨਾਮ ਚਿਹਰੇ ਦੀ ਦੁਨੀਆ, ਅੰਤਰਜਾਤੀ ਵਿਆਹ-ਜੱਟ\ਖਤਰੈਣ, ਜਾਇਦਾਦ ਪਿੱਛੇ-ਪਤੀ/ਪਤਨੀ ਸੰਬੰਧ ਵਿਗੜਨੇ, ਮਾਪਿਆਂ ਨੂੰ ਜਿਊਂਦੇ ਜੀਅ ਆਪਣੇ ਧੀਆਂ/ਪੁੱਤਾਂ ਨੂੰ ਕਬੀਲਦਾਰੀ ਸੰਭਾਲਣ ਦਾ ਮੌਕਾ ਦੇਣਾ ਚਾਹੀਦੈ, ਬਾਪੂ ਦੀ ਸੌੜੀ ਸੋਚ ਦਾ ਪ੍ਰਭਾਵ, ਤਿੰਨ ਵਾਰੀ ਵਿਧਵਾ ਹੋਈ ਨਾਇਕਾ ਨੇ ਤਿੰਨ ਗੋਤ ਬਦਲੇ, 23 ਜੂਨ 1985 ਨੂੰ ਏਅਰ ਇੰਡੀਆ ਦੀ ਦੁਰਘਟਨਾ, 'ਗੋਲਡਨ ਰੀਟ੍ਰੀਵ' ਨਸਲ ਦੇ ਕੁੱਤੇ ਦੀ ਮਨਬਚਨੀ, ਪ੍ਰਕਿਰਤੀ ਨਾਲ ਬੰਦੇ ਦਾ ਸੁਮੇਲ, ਭਿੰਨ-ਭਿੰਨ ਪਾਤਰਾਂ ਦੁਆਰਾ ਕੈਨੇਡਾ ਦੀਆਂ ਸਮੱਸਿਆਵਾਂ, ਯੋਗਤਾ ਅਨੁਸਾਰ ਇੰਟਰਕਾਸਟ ਮੈਰਿਜ, ਕੈਨੇਡਾ ਹੈਲਥ ਸਿਸਟਮ ਦੀ ਦਾਸਤਾਂ, ਕੋਰੋਨਾ ਕਾਲ ਦੀ ਕਹਾਣੀ, ਅਨੇਕਾਂ ਕਿਸਮਾਂ ਦੇ ਦਾਨ-ਅੰਗ ਦਾਨ ਵਿਸ਼ੇਸ਼, 'ਸਪਰਿੰਗਡੇਲ ਸੱਥ ਬਰੈਂਪਟਨ' ਵਿਚ ਕੋਰੋਨੇ ਦੇ ਦਿਨਾਂ 'ਚ ਬਹੁਪੱਖੀ, ਬਹੁਦਿਸ਼ਾਵੀ ਵਾਰਤਾਲਾਪ। ਬੇਸ਼ੱਕ ਸ਼ੰਕਾ ਕਾਇਮ ਰਹਿੰਦੀ ਹੈ। ਕਹਾਣੀਆਂ ਦੇ ਸਿਰਲੇਖ ਵੀ ਪੂਰਵ-ਸੰਕੇਤ ਕਰ ਜਾਂਦੇ ਹਨ। ਇਹ ਕਹਾਣੀਆਂ ਉੱਤਰ-ਆਧੁਨਿਕ ਵਿਸ਼ਿਆਂ ਨੂੰ ਰੂਪਮਾਨ ਕਰਦੀਆਂ ਹਨ। ਜੱਗੀ ਸਮਾਲਸਰ (ਲੇਖਕਾ) ਉਨ੍ਹਾਂ ਸਥਿਤੀਆਂ ਨੂੰ ਆਰੰਭ ਵਿਚ ਸਪੱਸ਼ਟ ਕਰ ਦਿੰਦੀ ਹੈ ਜਿਨ੍ਹਾਂ ਸਥਿਤੀਆਂ ਵਿਚ ਉਸ ਦੀਆਂ ਕਥਾਵਾਂ ਨੇ ਫੈਲਣਾ ਹੁੰਦਾ ਹੈ। ਦ੍ਰਿਸ਼ ਚਿਤਰਨ ਅਤੇ ਪਾਤਰਾਂ ਦੇ ਮੁਹਾਂਦਰੇ ਸਜੀਵ ਹਨ। ਕੈਨੇਡਾ ਵਿਚ ਉਲਝੇ/ਸੁਲਝੇ ਸਮਾਜਿਕ ਤਾਣੇ-ਬਾਣੇ ਦੀਆਂ ਕਹਾਣੀਆਂ ਹਨ। ਇਸ ਦੀਆਂ ਬਿਰਤਾਂਤਕ ਜੁਗਤਾਂ ਵੱਖਰੇ ਪੇਪਰ ਦੀ ਉਡੀਕ ਵਿਚ ਹਨ। ਕੈਨੇਡਾ ਵਿਚ ਨਵ-ਪ੍ਰਵੇਸ਼ ਕਰਨ ਵਾਲਿਆਂ ਲਈ ਇਹ ਪੁਸਤਕ ਜਾਗਰੂਕਤਾ ਪ੍ਰਦਾਨ ਕਰਨ ਵਾਲਾ ਦਸਤਾਵੇਜ਼ ਹੋ ਨਿਬੜੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

 

ਹਾਇਕੂ ਕੋਰੋਨਾ
ਕਵੀ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 96462-69049


'ਹਾਇਕੂ ਕੋਰੋਨਾ' ਸ੍ਰੀ ਕਸ਼ਮੀਰੀ ਲਾਲ ਚਾਵਲਾ ਦਾ ਹਾਇਕੂ ਸੰਗ੍ਰਹਿ ਹੈ। ਇਸ ਪੁਸਤਕ ਦੇ 88 ਸਫ਼ਿਆਂ ਵਿਚੋਂ ਚਾਵਲਾ ਵਲੋਂ 42 ਸਫ਼ੇ ਹਾਇਕੂ ਕਾਵਿ ਵਿਧਾ ਬਾਰੇ ਕੁਝ ਲੇਖ ਸ਼ਾਮਿਲ ਕੀਤੇ ਗਏ ਹਨ। ਬਾਕੀਦੇ 46 ਸਫ਼ਿਆਂ ਵਿਚ ਹਾਇਕੂ ਦਿੱਤੇ ਗਏ ਹਨ। ਚਾਵਲਾ ਨੇ ਹਾਇਕੂ ਦਾ ਇਤਿਹਾਸ, ਰੂਪਕ ਪੱਖ ਅਤੇ ਭਵਿੱਖ ਬਾਰੇ ਆਪਣੀ ਰਾਇ ਦਰਜ ਕੀਤੀ ਹੈ। ਹਾਇਕੂ ਜਾਪਾਨੀ ਕਾਵਿ ਰੂਪ ਹੈ, ਜਿਸ ਵਿਚ 5-7-5 ਅੱਖਰ ਹੁੰਦੇ ਹਨ। ਪਰ ਇਸ ਵਿਚ ਕੋਈ ਵੀ ਅੰਤਿਕਾ ਜਾਂ ਮਧਿਕਾ ਨਹੀਂ ਹੁੰਦਾ। ਕਿਸੇ ਸਤਰ ਵਿਚ ਕਾਫ਼ੀਆਂ ਵੀ ਨਹੀਂ ਹੁੰਦਾ। ਹਾਇਕੂ ਲਿਖਣ ਵਾਲਿਆਂ ਵਿਚ ਹੁਣ ਬਹੁਤ ਸਾਰੇ ਪੰਜਾਬੀ ਕਵੀ ਵੀ ਮੈਦਾਨ ਵਿਚ ਹਨ। ਪੰਜਾਬੀ ਭਾਸ਼ਾ ਵਿਚ ਜਿਵੇਂ ਹੋਰ ਬਹੁਤ ਸਾਰੇ ਵਿਦੇਸ਼ੀ ਭਾਸ਼ਕ ਕਾਵਿ ਵਿਧਾਈ ਸਰੂਪ ਹਨ। ਏਸੇ ਤਰ੍ਹਾਂ ਹੀ ਹਾਇਕੂ ਵੀ ਲੋਕ ਲਿਖ ਰਹੇ ਹਨ। ਪੁਸਤਕ ਦੇ ਆਰੰਭ ਵਿਚ ਇਕ ਹਿੰਦੀ ਹਾਇਕੂ ਪੁਸਤਕ 'ਅਤ੍ਰਿਪਤ ਲੋਕ' ਦੀ ਭੂਮਿਕਾ ਦਿੱਤੀ ਗਈ ਹੈ। ਇਸ ਲੇਖ ਰਾਹੀਂ ਹਾਇਕੂ ਦੇ ਇਤਿਹਾਸ ਬਾਰੇ ਪਤਾ ਲਗਦਾ ਹੈ।
ਹਾਇਕੂ ਬਾਰੇ ਪੁਸਤਕ ਦੇ ਆਰੰਭ ਵਿਚ ਦਰਜ ਹੈ ਕਿ ਇਹ ਜਾਪਾਨੀ ਕਾਵਿ ਵਿਧਾ ਹੈ। ਜਾਪਾਨ ਵਿਚ ਹਾਇਕੂ 5-7-5 ਧਵਨੀ ਘਟਕ ਜਾਂ ਵਰਣ ਦਾ ਮਾਤਰ 17 ਅੱਖਰੀ ਛੰਦ ਹੈ। ਇਹ ਤਿੰਨ ਪੰਕਤੀਆਂ ਵਿਚ ਪਰਿਪੂਰਨ ਹੁੰਦਾ ਹੈ। ਇਹ ਤਿੰਨੇ ਸਤਰਾਂ ਅਤੁਕਾਂਤਕ ਹੁੰਦੀਆਂ ਹਨ। ਹਾਇਕੂ ਬਾਰੇ ਲਿਖਿਆ ਗਿਆ ਹੈ ਕਿ ਇਸ ਦਾ ਜਨਮ ਜਾਪਾਨ ਵਿਚ ਪੰਦ੍ਹਰਵੀਂ ਸਦੀ ਦੇ ਉਤਰਾਰਥ ਅਤੇ ਸੋਲ੍ਹਵੀਂ ਸਦੀ ਦੇ ਮੱਧ ਵਿਚ ਤਾਂਕਾ ਲਘੂ ਗੀਤ ਦੇ ਪੂਰਵ ਤੋਂ ਹੋਇਆ ਹੈ। ਇਸ ਦੇ ਜਨਮਦਾਤਾ ਜਾਪਾਨੀ ਕਵੀ ਸੌਗਾਨ (1465-1553) ਅਤੇ ਵੀ ਮੋਰੇ ਤਾਂ ਕੇ (1472-1549) ਈਸਵੀ ਮੰਨੇ ਜਾਂਦੇ ਹਨ। ਇਹ ਅਤੁਕਾਂਤਕ ਤਿੰਨ ਪੰਕਤੀਆਂ ਕਿਸੇ ਖਿਆਲ ਨੂੰ ਪੂਰਾ ਕਰਦੀਆਂ ਹਨ। ਇਹ ਵੀ ਦਰਜ ਕੀਤਾ ਗਿਆ ਹੈ ਕਿ ਭਾਰਤ ਵਿਚ ਹਾਇਕੂ ਰਾਬਿੰਦਰ ਨਾਥ ਟੈਗੋਰ ਲੈ ਕੇ ਆਏ। ਟੈਗੋਰ ਨੇ 1919 ਵਿਚ ਆਪਣੇ ਗ੍ਰੰਥ 'ਜਾਪਾਨੀ ਯਾਤਰੀ' ਵਿਚ ਹਾਇਕੂ ਦੀ ਚਰਚਾ ਕਰਦੇ ਹੋਏ ਸਤਾਰ੍ਹਵੀਂ ਸਦੀ ਦੇ ਜਾਪਾਨੀ ਕਵੀ ਮਾਤੋਸ਼ਓ ਬਾਸ਼ੋ ਦੇ ਪ੍ਰਸਿੱਧ ਹਾਇਕੂਆਂ ਨੂੰ ਬੰਗਲਾ ਵਿਚ ਅਨੁਵਾਦ ਕੀਤਾ ਸੀ। ਹਿੰਦੀ ਵਿਚ ਇਸ ਦੀ ਆਮਦ 1959 ਈ: ਮੰਨੀ ਗਈ ਹੈ।
ਕਵੀ ਕਸ਼ਮੀਰੀ ਨਾਲ ਚਾਵਲਾ ਨੇ ਹਥਲੀ ਪੁਸਤਕ ਵਿਚ 700 ਤੋਂ ਵੀ ਵਧੇਰੇ ਹਾਇਕੂ ਸ਼ਾਮਿਲ ਕੀਤੇ ਹਨ। ਇਹ ਹਾਇਕੂ ਜ਼ਿਆਦਾ ਤਰ੍ਹ ਸੰਸਾਰ ਮਹਾਂਮਾਰੀ ਕੋਰੋਨਾ ਦੇ ਇਰਦ-ਗਿਰਦ ਘੁੰਮਦੇ ਹਨ। ਇਨ੍ਹਾਂ ਦਾ ਨਮੂਨਾ ਵੇਖੋ :
'ਜਦ ਤੋਂ ਸ਼ੁਰੂ/ਮਾਨਵ ਦਾ ਜਨਮ/ਬਿਮਾਰੀ ਆਵੇ'
-'ਹੁਣ ਆਈ ਹੈ/ਕੋਰੋਨਾ ਮਹਾਂਮਾਰੀ/ਸਮੇਂ ਦਾ ਰੋਗ'
-'ਯਾਤਰੀ ਆਏ/ਡਾਕਟਰ ਦੇਖਦੇ/ਸਭ ਯਾਤਰੀ'
-'ਮੇਰੇ ਉੱਤੇ ਹੈ/ਜੋ ਗੁਰੂਆਂ ਦੀ ਕ੍ਰਿਪਾ/
ਸਾਂਝੀ ਸੇਵਾ ਹੈ।'.... ਆਦਿ
ਇਨ੍ਹਾਂ ਹਾਇਕੂਆਂ ਨੂੰ ਕਵਿਤਾ ਆਖਣਾ ਜ਼ਿਆਦਤੀ ਹੈ। ਇਹ ਪੰਜਾਬੀ ਵਿਚ ਇਕ ਵਾਰਤਕ ਦੀ 17 ਅੱਖਰਾਂ ਦੀ ਉੱਗੜ ਦੁੱਗੜ ਤੇ ਕਾਫ਼ੀਆ ਰਹਿਤ ਸਤਰ ਹੈ ਜਿਸ ਨੂੰ ਤੋੜ ਕੇ ਤਿੰਨ ਸਤਰਾਂ ਵਿਚ ਲਿਖਿਆ ਗਿਆ ਹੈ। ਪੰਜਾਬੀ ਵਿਚ ਇਨ੍ਹਾਂ ਹਾਇਕੂਆਂ ਦਾ ਉਕਤ ਹਾਇਕੂ ਲੇਖਕ ਲਗਦਾ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337


ਸਰਾਪਿਆ ਭੋਜਨ
ਨਾਵਲਕਾਰ : ਪ੍ਰਿੰ: ਸ਼ਾਮ ਸੁੰਦਰ ਕਾਲੜਾ
ਪ੍ਰਕਾਸ਼ਕ : ਗੁੱਡਵਿਲ ਪਬਲੀਕੇਸ਼ਨਜ਼ ਮਾਨਸਾ
ਮੁੱਲ : 230 ਰੁਪਏ, ਸਫ਼ੇ : 144
ਸੰਪਰਕ : 94633-50706


'ਸਰਾਪਿਆ ਭੋਜਨ' ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦਾ ਨਵਾਂ ਨਾਵਲ ਹੈ। ਇਸ ਨਾਵਲ ਦੀ ਸਾਰਥਕਤਾ ਇਸ ਪੱਖੋਂ ਹੈ ਕਿ ਅਜੋਕੇ ਸਮਾਜ ਵਿਚ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਸਾਡੀ ਭੱਜ-ਦੌੜ ਵਾਲੀ ਜ਼ਿੰਦਗੀ ਦੀ ਭੇਟ ਚੜ੍ਹ ਰਹੇ ਹਨ ਅਤੇ ਨੈਤਿਕਤਾ ਸਮਾਜ ਵਿਚੋਂ ਦੂਰ ਹੁੰਦੀ ਜਾ ਰਹੀ ਹੈ। ਮਾਂ-ਪਿਉ ਆਪਣੇ ਬੱਚਿਆਂ ਨੂੰ ਬੜੀਆਂ ਰੀਝਾਂ ਅਤੇ ਉਮੰਗਾਂ ਨਾਲ ਪਾਲਦੇ ਪੋਸਦੇ ਹਨ ਪਰ ਧੀਆਂ ਪੁੱਤਰਾਂ ਦਾ ਮਾਪਿਆਂ ਵਲੋਂ ਅਵੇਸਲਾਪਣ ਜਿਥੇ ਉਨ੍ਹਾਂ ਲਈ ਦੁਖਾਂਤ ਦਾ ਕਾਰਨ ਬਣਦਾ ਹੈ ਉਥੇ ਪਰਿਵਾਰਕ ਅਤੇ ਸਮਾਜਿਕ ਜ਼ਿੰਦਗੀ ਲਈ ਵੀ ਘਾਤਕ ਵਰਤਾਰਾ ਬਣਦਾ ਜਾ ਰਿਹਾ ਹੈ। ਨਾਵਲੀ ਬਿਰਤਾਂਤ ਬੇਸ਼ੱਕ ਪੇਂਡੂ ਰਹਿਤਲ ਵਿਚੋਂ ਤੋਰ ਗ੍ਰਹਿਣ ਕਰਦਾ ਹੈ ਅਤੇ ਸਰੈਣੇ ਅਤੇ ਰਾਣੋ ਜੋ ਪਤੀ-ਪਤਨੀ ਦੇ ਰੂਪ ਵਿਚ ਜੀਵਨ ਨਿਰਬਾਹ ਕਰ ਰਹੇ ਹਨ ਦੀ ਜ਼ਿੰਦਗੀ ਨੂੰ ਪੇਸ਼ ਕਰਦਾ ਹੈ ਪਰ ਨਾਵਲੀ ਅੰਤ ਸ਼ਹਿਰੀ ਜੀਵਨ ਵਿਚ ਵਿਚਰਦਿਆਂ ਰਿਸ਼ਤਿਆਂ ਵਿਚ ਆ ਰਹੇ ਨਿਘਾਰ ਅਤੇ ਨਿੱਜ ਦੀ ਪ੍ਰਧਾਨਤਾ 'ਤੇ ਸਮਾਪਤ ਹੁੰਦਾ ਹੈ। ਨਾਵਲ ਵਿਚ ਪਹਿਲਾਂ ਸਰੈਣੇ ਦੀ ਮਿਹਨਤ ਭਰੀ ਜ਼ਿੰਦਗੀ ਦਾ ਬਿਰਤਾਂਤ ਹੈ ਅਤੇ ਉਸ ਦੇ ਦੋ ਪੁੱਤਰਾਂ ਫ਼ਤਹਿ ਅਤੇ ਨਿੱਕੇ ਦੀ ਮਿਹਨਤ ਬਾਰੇ ਕਥਾ ਚੱਲਦੀ ਹੈ ਪਰ ਬਾਅਦ ਵਿਚ ਕਹਾਣੀ ਵਿਚ ਪਿੱਛਲਝਾਤ ਦੀ ਜੁਗਤ ਦੁਆਰਾ ਨਾਵਲਕਾਰ ਨੇ ਉਨ੍ਹਾਂ (ਸੁਰੈਣੇ ਤੇ ਰਾਣੋ ਦੀ) ਦੀ ਧੀ ਅਮਰਜੀਤ (ਅੱਕੋ) ਦੇ ਜੀਵਨ ਬਿਰਤਾਂਤ ਨੂੰ ਅਗਰ ਭੂਮੀ ਵਿਚ ਲਿਆਂਦਾ ਹੈ। ਇਕ ਨਾਵਲੀ ਤੰਦ ਸਰੈਣੇ ਅਤੇ ਕਰਨੈਲ ਦੀ ਦੋਸਤੀ ਦੀ ਵੀ ਨਾਵਲ ਵਿਚ ਪੇਸ਼ ਹੁੰਦੀ ਹੈ ਜਿਸ ਦੇ ਟੈਂਪੂ 'ਤੇ ਜਾਂਦਿਆਂ ਸਰੈਣੇ ਦੇ ਸੱਟ ਲੱਗਦੀ ਹੈ। ਸਰੈਣੇ ਤੇ ਰਾਣੋ ਦੇ ਦੋਵੇਂ ਪੁੱਤਰ ਤੇ ਧੀ ਸਿਆਣਪ ਨਾਲ ਆਪਣੀ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਦੇ ਹਨ। ਅੱਕੋ ਦੇ ਪਤੀ ਇਕਬਾਲ ਦੀ ਮੌਤ ਅੱਕੋ ਲਾਡਾਂ ਪਿਆਰਾਂ ਨਾਲ ਪਾਲੇ ਪੁੱਤਰ ਸਾਧੂ ਸਿੰਘ ਦਾ ਮਾਂ ਵਲੋਂ ਮੂੰਹ ਮੋੜਨਾ ਨਾਵਲ ਵਿਚ ਦੁਖਾਂਤ ਸਥਿਤੀ ਪੇਸ਼ ਕਰਦਾ ਹੈ। ਪੜ੍ਹ ਲਿਖ ਕੇ ਕਾਲਜ ਵਿਚ ਲੈਕਚਰਾਰ ਲੱਗਾ ਇਹ ਪੁੱਤਰ ਮਾਂ ਦੇ ਮੋਹ ਨੂੰ ਅਣਗੌਲਿਆਂ ਕਰਕੇ ਆਪਣੀ ਪਤਨੀ ਨੂੰ ਖ਼ੁਸ਼ ਰੱਖਦਾ ਹੈ ਪਰ ਮਾਂ ਦੇ ਮਰਨ 'ਤੇ ਲੋਕ ਦਿਖਾਵੇ ਲਈ ਵੱਡੇ ਖਾਣੇ ਦਾ ਪ੍ਰਬੰਧ ਕਰਦਾ ਹੈ ਜਿਸ ਨੂੰ ਨਾਵਲਕਾਰ ਸਰਾਪਿਆ ਭੋਜਨ ਕਹਿੰਦਾ ਹੈ। ਪਿੰਡ ਦੀ ਸੱਥ, ਤਕੜੇ ਲੋਕਾਂ ਦਾ ਰਵੱਈਆ ਅਤੇ ਮਿਹਨਤੀ ਵਿਅਕਤੀਆਂ ਵਿਸ਼ੇਸ਼ ਕਰਕੇ ਨਿੱਕਾ ਸਿੰਘ ਦੁਆਰਾ ਪਿੰਡ ਦੀ ਨੁਹਾਰ ਬਦਲਣਾ ਵੀ ਨਾਵਲ ਦੇ ਵਿਸ਼ਾਗਤ ਪਹਿਲੂ ਬਣਦੇ ਹਨ। ਨਾਵਲੀ ਕਥਾ ਰੌਚਿਕ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

20-08-23

 ਕਾਟੋ ਮਾਸੀ
ਲੇਖਿਕਾ : ਰੇਣੂ ਕੌਸ਼ਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 24
ਸੰਪਰਕ : 98768-77607

ਸਟੇਟ ਐਵਾਰਡੀ ਅਧਿਆਪਕਾ ਰੇਣੂ ਕੌਸ਼ਲ ਦੀ ਪਲੇਠੀ ਬਾਲ-ਪੁਸਤਕ 'ਕਾਟੋ ਮਾਸੀ' 'ਚ 9 ਬਾਲ ਕਹਾਣੀਆਂ ਸ਼ਾਮਿਲ ਹਨ। ਪੁਸਤਕ ਵਿਚ ਖੱਬੇ ਪੰਨੇ 'ਤੇ ਕਹਾਣੀ ਅਤੇ ਸੱਜੇ ਪੰਨੇ 'ਤੇ ਰੰਗਦਾਰ ਚਿੱਤਰ ਹਨ ਜੋ ਕਹਾਣੀ ਦੇ ਵਿਸ਼ੇ ਦੀ ਗੁਆਹੀ ਭਰਦੇ ਹਨ ਜੋ ਬੱਚਿਆਂ ਲਈ ਆਕਰਸ਼ਕ ਹਨ। 'ਕਾਟੋ ਮਾਸੀ' ਕਹਾਣੀ 'ਚ ਕਾਟੋ ਤੇ ਚਿੜੀ ਦੀ ਦੋਸਤੀ ਦੀ ਮਹੱਤਤਾ ਚਿੜੀ ਦੇ ਬੋਟਾਂ ਦੀ ਸਿਆਣਪ ਰਾਹੀਂ ਪੇਸ਼ ਕੀਤੀ ਗਈ ਹੈ। ਕਰ ਭਲਾ, ਹੋ ਭਲਾ ਦਾ ਸੰਦੇਸ਼ ਦਿੱਤਾ ਗਿਆ। 'ਖਿਆਲੂ ਖਰਗੋਸ਼' ਦੀ ਚਲਾਕੀ ਦਾ ਨਤੀਜਾ, ਉਸ ਨੂੰ ਆਜ਼ਾਦ ਰਹਿਣ ਦੀ ਸਿੱਖਿਆ ਦਿੰਦਾ ਹੈ, 'ਦਾਜ' ਕਹਾਣੀ ਦਾਜ ਦੀ ਲੋਭੀ ਰੀਤ ਨੂੰ ਭੰਡਦੀ ਹੈ ਤੇ ਬਿਨਾਂ ਦਾਜ ਮੌਕੇ ਦੀ ਖ਼ੁਸ਼ੀ ਸਾਂਝੀ ਕਰਦੀ। 'ਅੰਨ ਦਾ ਆਦਰ' ਕਹਾਣੀ ਆਪਣੇ ਵਿਸ਼ੇ ਨੂੰ ਕਈ ਚੁਣੌਤੀਆਂ ਕਾਰਨ ਪ੍ਰਸ਼ਨਾਂ ਦੇ ਘੇਰੇ 'ਚ ਆਉਂਦੀ, ਜਿਸ ਬਾਰੇ ਲੇਖਿਕਾ ਨੂੰ ਮੁੜ ਸੋਚਣ ਦੀ ਲੋੜ ਹੈ। 'ਗ਼ਲਤੀ ਦਾ ਅਹਿਸਾਸ' 'ਚ ਵੀ ਬਨਾਉਟੀ ਘਟਨਾ ਰਾਹੀਂ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੀਵਨ ਦੇ ਵਾਪਰਦੇ ਤੱਥਾਂ ਨੂੰ ਸਹਿਜਮੀ ਢੰਗ ਨਾਲ ਚਿਤਰਨ ਦੀ ਲੋੜ ਹੈ। 'ਚਿਨਚਿਨ ਦੇ ਨੱਖਰੇ' ਕਹਾਣੀ ਵੀ ਹੋਰ ਸੋਧ ਦੀ ਮੰਗ ਕਰਦੀ ਹੈ। ਚੰਗਾ ਹੋਵੇ, ਬੱਚਿਆਂ ਨੂੰ ਚੰਗੇ ਚੱਜ-ਆਚਾਰ ਵਾਲੇ ਪਾਤਰਾਂ ਰਾਹੀਂ ਨੈਤਿਕਤਾ ਦੀ ਪ੍ਰੇਰਨਾ ਦਿੱਤੀ ਜਾਵੇ। 'ਸੇਧ' 'ਚ ਵੀ ਝਗੜਾਲੂ ਨੂੰ ਚੰਗਾ ਬਣਨ ਦੀ ਨਸੀਹਤ ਕੀਤੀ ਗਈ ਹੈ। 'ਤੋਹਫ਼ਾ' ਕਹਾਣੀ ਦਾ ਵਿਸ਼ਾ ਚੰਗਾ ਲਇਆ ਗਿਆ ਪਰ ਅਚਨਚੇਤ ਸਾਈਕਲ ਤੋਹਫ਼ੇ ਵਜੋਂ ਕੀਰਤੀ ਨੂੰ ਦੇਣਾ ਅਸੁਭਾਵਿਕ ਹੈ, 'ਹੈਲਪ ਲਾਈਨ 1098' ਇਕ ਗੰਭੀਰ ਵਿਸ਼ੇ ਨਾਲ ਸੰਬੰਧਿਤ ਹੈ ਜਿਸ ਬਾਰੇ ਬਾਲ ਕਹਾਣੀ ਦੇ ਹੁਨਰ ਨੂੰ ਸਮਝਣ ਲਈ ਲੇਖਿਕਾ ਨੂੰ ਮਿਹਨਤ ਕਰਨ ਦੀ ਲੋੜ ਹੈ। ਪੁਸਤਕ ਦੀ ਦਿੱਖ ਤੇ ਚਿੱਤਰਕਾਰੀ ਸੁੰਦਰ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

19-08-23

 ਹੱਡੀਆਂ ਦੀ ਮੁੱਠ
ਲੇਖਕ : ਗੁਰਚਰਨ ਸਿੰਘ ਜ਼ਿਲੇਦਾਰ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 119
ਸੰਪਰਕ : 85588-50143

ਸ਼ਾਇਰ ਗੁਰਚਰਨ ਸਿੰਘ ਜ਼ਿਲੇਦਾਰ ਹਥਲੀ ਕਾਵਿ-ਕਿਤਾਬ 'ਹੱਡੀਆਂ ਦੀ ਮੁੱਠ' ਤੋਂ ਪਹਿਲਾਂ 'ਹੱਡ ਬੀਤੀਆਂ ਜੱਗ ਬੱਤੀਆਂ', 'ਹੋਕਾ', 'ਵਿਸਰਿਆ ਵਿਰਸਾ', 'ਸਮਾਜ ਇਕ ਸ਼ੀਸ਼ਾ', 'ਅੱਖੀਆਂ' (ਸਾਰੇ ਕਾਵਿ-ਸੰਗ੍ਰਹਿ) ਤੋਂ ਇਲਾਵਾ 'ਚਿੰਤਾ ਚਿਤਾ ਸਮਾਨ' (ਨਿਬੰਧ) ਤੋਂ ਦੋ ਜੀਵਨੀਆਂ 'ਸਿੱਖ ਇਤਿਹਾਸ ਦੇ ਯੋਧੇ' ਅਤੇ 'ਪੌਣਾਹਾਰੀ ਪਾਤਿਸ਼ਾਹ' ਨਾਲ ਪੰਜਾਬੀ ਅਦਬ ਨਾਲ ਪੀਡੀ ਪੱਕੀ ਸਾਂਝ ਪਾ ਚੁੱਕਿਆ ਹੈ। ਸ਼ਾਇਰ 'ਹੱਡੀਆਂ ਦੀ ਮੁੱਠ' ਬਣੀ ਮਾਂ ਜਿਨ੍ਹਾਂ ਦੇ ਪੁੱਤਰ ਉਸ ਦੀ ਸਾਂਭ-ਸੰਭਾਲ ਤੋਂ ਮੁਨਕਰ ਹੋ ਗਏ ਹਨ ਪਰ ਉਹ ਅਜੇ ਵੀ ਪੁੱਤਰਾਂ ਨੂੰ ਗਲਵੱਕੜੀ ਵਿਚ ਲੈਣ ਲਈ ਉਡੀਕ ਕਰ ਰਹੀ ਹੈ ਦਾ ਦਰਦ ਭਰਿਆ ਬਿਰਤਾਂਤ ਹੈ। ਕੁਰਾਨ ਆਖਦੀ ਹੈ ਕਿ ਮਾਂ ਦੇ ਪੈਰਾਂ ਹੇਠ ਜ਼ੰਨਤ ਹੁੰਦੀ ਹੈ ਤੇ ਮਾਤਾ-ਪਿਤਾ ਦੁਰਲੱਭ ਮੋਹ ਭਿੱਜੀ ਮਮਤਾ ਦੀ ਮੂਰਤ ਹੁੰਦੇ ਹਨ। ਸ਼ਾਇਰ ਸਮੇਂ ਦੀਆਂ ਸਰਕਾਰਾਂ ਦੀ ਨੀਤੀ ਤੇ ਨੀਅਤ ਦੇ ਵੀ ਬਖੀਏ ਉਧੇੜਦਾ ਹੈ ਕਿ ਉਹ ਕਿਵੇਂ ਅਸਲੀ ਮੁੱਦਿਆਂ ਤੋਂ ਪਰ੍ਹੇ ਹੋ ਕੇ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਅਤੀ ਨਿੰਦਣਯੋਗ ਹੱਥਕੰਡੇ ਤਾਂ ਅਪਣਾਉਂਦੇ ਹੀ ਹਨ ਤੇ ਉੱਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਵੀ ਖੇਡਦੇ ਹਨ। ਉਹ ਅਕਾਲੀਆਂ, ਕਾਂਗਰਸੀਆਂ ਤੇ ਝਾੜੂ ਵਾਲਿਆਂ ਦੇ ਪਰਦੇ ਤਾਂ ਫਰੋਲਦਾ ਹੀ ਹੈ ਤੇ ਨਾਲ ਹੀ ਭਗਵੇਂ ਬ੍ਰਿਗੇਡ ਦੀ ਦਿੱਲੀ ਦੇ ਤਖ਼ਤ 'ਤੇ ਬੈਠੀ ਸਰਕਾਰ ਦਾ ਭਾਂਡਾ ਵੀ ਚੌਰਾਹੇ 'ਚ ਭੰਨਦਾ ਹੈ। ਉਹ ਕੋਰੋਨਾ ਕਾਲ ਦੌਰਾਨ ਜਨਤਾ ਵਲੋਂ ਝੱਲੀਆਂ ਦੁਸ਼ਵਾਰੀਆਂ ਦਾ ਵੀ ਤਰਕ ਦੀ ਕਸਵੱਟੀ ਨਾਲ ਪੁਣ-ਛਾਣ ਕਰਦਾ ਹੈ। ਉਹ ਪੰਜਾਬ ਸਰਕਾਰ ਨੂੰ ਵੀ ਸੰਦੇਹ ਦੀ ਨਜ਼ਰ ਨਾਲ ਪੜਚੋਲਦਾ ਹੈ ਕਿ ਉਹ ਕਿਵੇਂ ਰੁਜ਼ਗਾਰ ਦੇਣ ਤੋਂ ਪਿੱਠ ਦਿਖਾ ਕੇ ਮੁਫ਼ਤਖੋਰੇ ਬਣਾਉਣ ਦੀ ਜੁਗਤ ਲੜਾ ਰਹੀ ਹੈ। ਉਹ ਨਿੱਤ-ਨਿੱਤ ਹੁੰਦੀਆਂ ਹੜਤਾਲਾਂ ਤੇ ਬੰਦ ਕਾਰਨ ਸੜਕਾਂ ਰੋਕੀਆਂ ਜਾਣ ਨੂੰ ਵੀ ਇਸ ਕਰਕੇ ਚੰਗਾ ਨਹੀਂ ਸਮਝਦਾ ਕਿ ਇਸ ਨਾਲ ਜਨਤਾ ਨੂੰ ਭਾਰੀ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਫਲਸਫ਼ੇ 'ਤੇ ਚੱਲਦਿਆਂ ਭਾਰਤੀ ਸੰਵਿਧਾਨ ਦੀ ਰਾਖੀ ਦਾ ਵੀ ਹੋਕਾ ਦਿੰਦਾ ਹੈ। ਉਹ ਕਿਸਾਨ ਅੰਦੋਲਨ ਸਮੇਂ ਦਿੱਲੀ ਨੂੰ ਘੇਰੀ ਬੈਠੇ ਵਿਸ਼ਾਲ ਜਨ ਸਮੂਹ ਨੂੰ ਵੀ ਦਾਦ ਦਿੰਦਾ ਹੈ, ਜਿਨ੍ਹਾਂ ਦੇ ਸੰਘਰਸ਼ ਕਾਰਨ ਕਿਸਾਨ ਜਿੱਤ ਦੇ ਪਰਚਮ ਲਹਿਰਾਉਂਦੇ ਘਰਾਂ ਨੂੰ ਪਰਤੇ ਹਨ। ਸ਼ਾਇਰ ਦਾ ਕਾਵਿ-ਚਿੰਤਨ ਉਸ ਸਮੇਂ ਝੋਲ ਮਾਰਦਾ ਨਜ਼ਰ ਆਉਂਦਾ ਹੈ ਜਦੋਂ ਉਹ ਭਈਆਂ ਦੀ ਤੂਤੀ ਬੋਲਣ 'ਤੇ ਵਿਹੜੇ ਵਾਲਿਆਂ ਨੂੰ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਢੋਲੇ ਦੀਆਂ ਲਾਉਂਦੇ ਦੇਖਣ ਦਾ ਭੁਲੇਖਾ ਪਾਉਂਦਾ ਹੈ। ਨਿਮਰਤਾ ਕਲਮ ਵਿਚ ਪ੍ਰੋ. ਮੋਹਨ ਸਿੰਘ ਦੀਆਂ ਕੁਝ, ਪ੍ਰੋ. ਮੋਹਨ ਸਿੰਘ ਦੀ ਨਜ਼ਮ ਦੀਆਂ ਕੁਝ ਸਤਰਾਂ ਦਾ ਪਰਛਾਵਾਂ ਪੈਂਦਾ ਹੈ। ਸ਼ਾਇਰ ਨੇ ਵਿਭਿੰਨ ਮਾਨਵੀ ਸਰੋਕਾਰਾਂ ਨੂੰ ਕਲਮ ਦੇ ਕਲਾਵੇ ਵਿਚ ਲਿਆ ਹੈ। ਕਿਤਾਬ ਵਿਚ ਪਾਈਆਂ ਬੋਲੀਆਂ ਦੀ ਸਿਫ਼ਤ ਕਰਨਾ ਤਾਂ ਬਣਦਾ ਹੀ ਹੈ ਤੇ ਇਕ ਬੋਲੀ ਦਾ ਨਮੂਨਾ ਹਾਜ਼ਰ ਹੈ :
'ਢੀਠਾਂ ਵਿਚੋਂ ਢੀਠ ਸੁਣੀਂਦਾ, ਢੀਠ ਸੁਣੀਂਦਾ ਮੋਦੀ
ਨਿਤ ਨਵੇਂ ਕਾਨੂੰਨ ਬਣਾਵੇ, ਇੱਜ਼ਤ ਰੋਲਣੀ ਥੋਡੀ
ਪਿੱਛਾ ਨਹੀਂ ਛੱਡਣਾ, ਛੱਡਾਂਗੇ ਲਗਾ ਕੇ ਗੋਡੀ।'

-ਭਗਵਾਨ ਢਿੱਲੋਂ
ਮੋਬਾਈਲ : 098143-78254

ਧਰਤੀ ਬੋਲ ਪਈ
ਲੇਖਕ : ਪ੍ਰਿੰ. ਹਰਬੰਸ ਸਿੰਘ 'ਘੇਈ' ਸਠਿਆਲਾ
ਪ੍ਰਕਾਸ਼ਕ : ਅਮਨਪ੍ਰੀਤ ਪ੍ਰਕਾਸ਼ਨ, ਲੁਧਿਆਣਾ
ਮੁੱਲ: 250 ਰੁਪਏ, ਸਫ਼ੇ : 136
ਸੰਪਰਕ: 94630-74645

ਅਸੀਂ ਦੇਖ ਰਹੇ ਹਾਂ ਕਿ ਕਿਤੇ ਬੱਦਲ ਫਟ ਰਹੇ ਹਨ, ਕਿਤੇ ਹੜ੍ਹ ਜਾਂ ਭੂਚਾਲ ਆ ਰਹੇ ਹਨ, ਕਿਤੇ ਪਹਾੜ ਖਿਸਕ ਰਹੇ ਹਨ ਅਤੇ ਕਿਤੇ ਇਮਾਰਤਾਂ ਵਿਚ ਤ੍ਰੇੜਾਂ ਆ ਰਹੀਆਂ ਹਨ। ਅਸੀਂ ਇਨ੍ਹਾਂ ਵਰਤਾਰਿਆਂ ਲਈ ਕੁਦਰਤ ਨੂੰ ਦੋਸ਼ੀ ਮੰਨ ਲੈਂਦੇ ਹਾਂ ਪਰ ਹਥਲੇ ਕਾਵਿ-ਸੰਗ੍ਰਹਿ 'ਧਰਤੀ ਬੋਲ ਪਈ' ਵਿਚ ਹਰਬੰਸ ਸਿੰਘ 'ਘੇਈ' ਸਠਿਆਲਾ ਬੜੇ ਬੇਬਾਕ ਢੰਗ ਨਾਲ ਕਹਿੰਦੇ ਹਨ ਕਿ ਇਨ੍ਹਾਂ ਸਾਰੀਆਂ ਆਫ਼ਤਾਂ ਲਈ ਕੁਦਰਤ ਨਹੀਂ ਬਲਕਿ ਸਾਡੀਆਂ ਆਪਣੀਆਂ ਕਰਤੂਤਾਂ ਹੀ ਜ਼ਿੰਮੇਵਾਰ ਹਨ:
ਮੇਰੇ ਉੱਤੇ ਅੱਗਾਂ ਲਾ ਕੇ
ਹਿੱਕ ਮੇਰੀ ਸਾੜੀ,
ਕੈਮੀਕਲ ਦਵਾਈਆਂ ਪਾ ਕੇ
ਮੇਰੀ ਸ਼ਕਲ ਵਿਗਾੜੀ।
ਕਰ ਪ੍ਰਦੂਸ਼ਿਤ ਹਵਾ ਤੇ ਪਾਣੀ,
ਬੰਦੇ ਕਹਿਰ ਕਮਾਇਆ,
ਓਜ਼ੋਨ ਦੀ ਪਰਤ ਨੂੰ ਵੀ ਹੁਣ,
ਖਤਰੇ ਦੇ ਵਿਚ ਪਾਇਆ।
ਅਜੋਕੇ ਵਿਸ਼ਵੀਕਰਨ ਦੀ ਪਦਾਰਥਵਾਦੀ ਦੌੜ ਵਿਚ ਮਨੁੱਖ ਜਿਊਣਾ ਵੀ ਭੁੱਲ ਗਿਆ ਹੈ। ਉਸ ਨੂੰ ਲੱਗਦਾ ਹੈ ਕਿ ਜੀਵਨ ਦਾ ਸੱਚਾ ਸੁੱਖ ਪਦਾਰਥਾਂ ਵਿਚ ਹੈ ਅਤੇ ਆਪਣੀ ਇਸੇ ਮ੍ਰਿਗ-ਤ੍ਰਿਸ਼ਨਾ ਅਧੀਨ ਉਹ ਆਪਣੇ ਸੁੱਖ-ਆਰਾਮ ਲਈ ਜ਼ਰੂਰੀ ਜਾਪਦੀਆਂ ਵਸਤੂਆਂ ਇਕੱਠੀਆਂ ਕਰਦਾ-ਕਰਦਾ ਖ਼ੁਦ ਵੀ ਇਕ ਵਸਤੂ ਬਣ ਕੇ ਰਹਿ ਗਿਆ ਹੈ। ਇਸ ਤੋਂ ਵੱਡਾ ਦੁਖਾਂਤ ਭਲਾਂ ਹੋਰ ਕੀ ਸਕਦਾ ਹੈ ਕਿ ਬੰਦਾ ਆਪਣੇ ਸਵਾਰਥ ਖਾਤਰ ਇਕ ਦੂਜੇ ਦਾ ਨੁਕਸਾਨ ਕਰਨ ਤੋਂ ਵੀ ਨਹੀਂ ਝਿਜਕਦਾ:
ਅੱਜ ਬੰਦੇ ਦਾ ਬੰਦਾ ਵੈਰੀ,
ਇਕ ਦੂਜੇ ਨੂੰ ਮਾਰ ਰਹੇ ਹਾਂ,
ਦੌਲਤ ਸ਼ੈਅ ਨਿਗੂਣੀ ਪਿੱਛੇ
ਚੁੱਕ ਪਾਪਾਂ ਦਾ ਭਾਰ ਰਹੇ ਹਾਂ।
ਇਸ ਕਾਵਿ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਗੀਤ-ਸੰਗ੍ਰਹਿ, ਦੋ ਕਹਾਣੀ-ਸੰਗ੍ਰਹਿ, ਇਕ ਕਾਵਿ-ਸੰਗ੍ਰਹਿ, ਜਨਮ ਸਾਖੀ ਭਗਤ ਨਾਮਦੇਵ ਜੀ, ਸ੍ਰੀ ਸੁਖਮਨੀ ਸਾਹਿਬ ਸਟੀਕ ਅਤੇ ਸਵੈ-ਜੀਵਨੀ ਦੇ ਦੋ ਭਾਗ ਪ੍ਰਕਾਸ਼ਿਤ ਹੋ ਚੁੱਕੇ ਹਨ। ਹਰਬੰਸ ਸਿੰਘ 'ਘੇਈ' ਸਠਿਆਲਾ ਸਮੁੱਚੀ ਮਾਨਵਤਾ ਦੇ ਹਮਦਰਦ ਕਵੀ ਹਨ। ਸਮਾਜਿਕ ਰਿਸ਼ਤਿਆਂ-ਨਾਤਿਆਂ ਵਿਚੋਂ ਮਨਫ਼ੀ ਹੋ ਰਹੀ ਅਪਣੱਤ, ਕੁਦਰਤੀ ਸੋਮਿਆਂ ਦੀ ਹੋ ਰਹੀ ਅੰਨ੍ਹੇਵਾਹ ਬਰਬਾਦੀ ਉਨ੍ਹਾਂ ਦੀ ਚਿੰਤਾ ਅਤੇ ਚਿੰਤਨ ਦੇ ਕੇਂਦਰ ਵਿਚ ਹਨ। ਤੋਲ-ਤੁਕਾਂਤ ਦੀ ਸੂਖਮ ਸਮਝ ਵੀ ਉਨ੍ਹਾਂ ਦੀ ਕਵਿਤਾ ਲਈ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਸਿੰਘ ਬਹਾਦਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਲੇਖਕ : ਜੇ.ਐਸ. ਬਿਲਖੂ ਜੇ.ਪੀ
ਪ੍ਰਕਾਸ਼ਕ : ਅਜ਼ਾਦ ਬੁੱਕ ਡਿੱਪੂ ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 231
ਸੰਪਰਕ : 94631-70369

ਹਥਲੀ ਪੁਸਤਕ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਪ੍ਰਾਪਤੀਆਂ ਵਿਅਕਤੀਗਤ ਚਰਿਤਰ ਬਾਰੇ ਲੇਖਕ ਨੇ ਆਪਣੀ ਸੋਝੀ ਤੇ ਖੋਜ ਰਾਹੀਂ ਦੂਰ ਕਾਰਨ ਦਾ ਬਖ਼ੂਬੀ ਯਤਨ ਕੀਤਾ ਹੈ। ਲੇਖਕ ਨੇ ਆਪਣੇ ਮਾਤਾ-ਪਿਤਾ ਨੂੰ ਸਮਰਪਣ ਕੀਤੀ ਹੈ। ਉਸ ਦਾ ਮੰਨਣਾ ਹੈ ਕਿ ਸਾਂਝੇ ਪ੍ਰਚਾਰਕ ਜਨ ਤੇ ਲਿਖਾਰੀ ਕਈ ਸੂਰਬੀਰ ਯੋਧਿਆਂ ਨੂੰ ਅਣਗੋਲਿਆਂ ਕਰੀ ਜਾਂਦੇ ਹਨ ਤੇ ਉਨ੍ਹਾਂ ਬਾਰੇ ਗ਼ਲਤ ਜਾਣਕਾਰੀ ਪ੍ਰਚਾਰੀ ਜਾ ਰਹੇ ਹਨ, ਯੋਧਿਆਂ ਨੂੰ ਬਣਦੀ ਮਹੱਤਤਾ ਨਹੀਂ ਦਿੱਤੀ ਜਾ ਰਹੀ। ਕਿਤਾਬ ਦੀ ਭੂਮਿਕਾ ਅਤੇ 7 ਤੋਂ 38 ਪੰਨੇ ਇਸ ਕਿਤਾਬ ਦੀ ਪ੍ਰਕਾਸ਼ਨਾ ਤੇ ਸ. ਬਿਲਖੂ ਦੇ ਕਾਰਜ ਤੇ ਵਡਿਆਈ ਨਾਲ ਜੁੜੇ ਹਨ 42 ਤੋਂ 222 ਪੰਨੇ ਵਿਚ ਪੰਦਰਾਂ ਲੇਖ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਕਾਲ, ਉਸ ਦੇ ਸੰਘਰਸ਼ ਤੇ ਕੌਮੀ ਅਗਵਾਈ ਬਾਰੇ ਵਿਸਥਾਰਤ ਜਾਣਕਾਰੀ ਵਾਲੇ ਹਨ। ਸਪੱਸ਼ਟੀਕਰਨ ਤੇ ਦੁਹਰਾਓ ਇਸ ਕਿਤਾਬ ਵਿਚ ਭਾਰੂ ਹਨ। ਲੇਖਕ ਨੇ ਦੋ ਕਿਸਮ ਦੇ ਵਿਦਵਾਨਾਂ, ਇਤਿਹਾਸਕਾਰਾਂ, ਲਿਖਾਰੀਆਂ ਦੇ ਸਰੋਤ ਵੀ ਦਰਜ ਕੀਤੇ ਹਨ ਜਿਨ੍ਹਾਂ ਨੇ ਇਸ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਨੂੰ ਸਕਾਰਾਤਮਿਕ ਤੇ ਨਕਾਰਤਮਿਕ ਤੌਰ 'ਤੇ ਪੇਸ਼ ਕੀਤਾ ਹੈ। ਲੇਖਕ ਦਾ ਮੰਨਣਾ ਹੈ ਕਿ ਜਾਤੀਵਾਦ ਦੇ ਕੋਹੜ ਹੇਠ ਲਿਖਾਰੀਆਂ ਨੇ ਇਸ ਜਾਂਬਾਜ਼ ਜੁਝਾਰੂ ਸ. ਜੱਸਾ ਸਿੰਘ ਰਾਮਗੜ੍ਹੀਆ ਨਾਲ ਇਨਸਾਫ਼ ਨਹੀਂ ਕੀਤਾ। ਬੇਇਨਸਾਫ਼ੀ ਭਾਰੂ ਰਹੀ ਹੈ। ਕੁਝ ਕੱਚ ਘਰੜ ਵਿਦਵਾਨਾਂ ਨੇ ਰਾਮਗੜ੍ਹੀਆ ਸਰਦਾਰ ਦੀਆਂ ਪ੍ਰਾਪਤੀਆਂ ਹੋਰਨਾਂ ਸਰਦਾਰਾਂ ਦੇ ਹਿੱਸੇ ਪਾ ਛੱਡੀਆਂ ਹਨ, ਲੇਖਕ ਨੇ ਪੁਰਜ਼ੋਰ ਮਿਹਨਤ ਤੇ ਖੋਜ ਕਰ ਕੇ ਜੱਸਾ ਸਿੰਘ ਰਾਮਗੜ੍ਹੀਆ ਦੇ ਚੰਗੇਰੇ ਕਾਰਜ ਤੇ ਮਾਣ ਮੱਤੀਆਂ ਪ੍ਰਾਪਤੀਆਂ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਪੁਸਤਕ ਦੇ ਅਖੀਰਲੇ ਭਾਗ ਵਿਚ ਕੁਝ ਕਵਿਤਾਵਾਂ ਕੁਝ ਤਸਵੀਰਾਂ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਰਜ ਕੀਤੀ ਹੈ। ਸ. ਬਿਲਖੂ ਦੀ ਮਿਹਨਤ ਤੇ ਸਮਰਪਿਤਾ ਨੂੰ ਜੀ ਆਇਆ ਕਹਿਣਾ ਚਾਹੀਦਾ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਮੇਰੀ ਕਲਮ ਦੀ ਮੈਰਾਥਨ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 143
ਸੰਪਰਕ : 94639-20920

ਪ੍ਰਿੰਸੀਪਲ ਸਰਵਣ ਸਿੰਘ ਉਸ ਸਿਰੜ ਦਾ ਨਾਂਅ ਹੈ ਜੋ ਲਗਾਤਾਰ ਤੁਰਦੇ ਰਹਿਣ ਅਤੇ ਸਿਰਜਦੇ ਰਹਿਣ ਵਿਚ ਵਿਸ਼ਵਾਸ ਰੱਖਦਾ ਹੈ। ਦਰਜਨਾਂ ਪੁਸਤਕਾਂ ਦਾ ਲੇਖਕ ਪੱਚੀ ਦੇ ਲਗਭਗ ਖੇਡ ਸੰਸਾਰ ਨਾਲ ਸੰਬੰਧਿਤ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ। ਉਹ ਉੱਚ ਅਕਾਦਮਿਕ ਖੇਤਰ ਨਾਲ ਜੁੜਿਆ ਹੋਇਆ ਖੇਡ ਲੇਖਕ, ਰਸੀਲਾ ਵਾਰਤਕਕਾਰ, ਬਹੁਤ ਵਧੀਆ ਬੁਲਾਰਾ ਅਤੇ ਇਨਸਾਨੀ ਜਜ਼ਬੇ ਨਾਲ ਭਰਪੂਰ ਸ਼ਖ਼ਸੀਅਤ ਦਾ ਮਾਲਕ ਹੈ। ਮੈਰਾਥਨ ਦੌੜ ਇਕ ਲੰਮੀ ਦੌੜ ਹੁੰਦੀ ਹੈ, ਜਿਸ ਲਈ ਚੁਸਤੀ ਫੁਰਤੀ ਦੇ ਨਾਲ-ਨਾਲ ਲੰਮੇ ਦਮ-ਖ਼ਮ ਦੀ ਲੋੜ ਵੀ ਹੁੰਦੀ ਹੈ। ਪ੍ਰਿੰਸੀਪਲ ਸਰਵਣ ਸਿੰਘ ਕਿਉਂਕਿ ਲੰਮੇ ਸਮੇਂ ਤੋਂ ਲਿਖ ਰਿਹਾ ਹੈ, ਇਸ ਕਰਕੇ ਹਥਲੀ ਪੁਸਤਕ ਦਾ ਨਾਂਅ ਵੀ ਉਸ ਨੇ 'ਮੇਰੀ ਕਲਮ ਦੀ ਮੈਰਾਥਨ' ਹੀ ਰੱਖਿਆ ਹੈ। ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਪੁਸਤਕ ਕਿਸੇ ਖੇਡ ਖੇਤਰ ਬਾਰੇ ਦਿਲਚਸਪ ਜਾਣਕਾਰੀ ਪ੍ਰਦਾਨ ਕਰਨ ਵਾਲੀ ਹੋਵੇਗੀ ਪਰ ਨਾਲ ਹੀ ਪੁਸਤਕ ਸਰਵਣ ਸਿੰਘ ਦੇ ਖੇਡ ਸਫ਼ਰ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਨਿੰਦਰ ਘੁਗਿਆਣਵੀ ਦੁਆਰਾ ਪੁਸਤਕ ਦੀ ਭੂਮਿਕਾ ਵਿਚ ਭਾਵਪੂਰਤ ਸ਼ਬਦਾਂ ਵਿਚ ਪ੍ਰਿੰਸੀਪਲ ਸਰਵਣ ਸਿੰਘ ਦੀ ਲੇਖਣੀ ਅਤੇ ਸ਼ਖ਼ਸੀਅਤ ਬਾਰੇ ਰੌਚਕਤਾ ਭਰਪੂਰ ਤੱਥ ਪੇਸ਼ ਕੀਤੇ ਹਨ। ਪੁਸਤਕ ਵਿਚ ਜਿਥੇ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਜ਼ਿੰਦਗੀ ਅਤੇ ਖੇਡਾਂ ਦੇ ਖੇਤਰ ਨਾਲ ਜੁੜਨ ਦੀ ਸਮਰਪਿਤ ਭਾਵਨਾ ਨਾਲ ਜੁੜਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਵੱਖ-ਵੱਖ ਖਿਡਾਰੀਆਂ ਨਾਲ ਹੋਏ ਮਿਲਾਪ ਦੇ ਨਾਲ-ਨਾਲ ਏਸ਼ਿਆਈ ਅਤੇ ਉਲੰਪਿਕ ਖੇਡਾਂ ਬਾਰੇ ਵੀ ਦਿਲਚਸਪ ਜਾਣਕਾਰੀ ਤੱਥ ਭਰਪੂਰ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕੀਤੀ ਹੈ। ਉਲੰਪਿਕ ਖੇਡਾਂ ਦੇ ਸਫ਼ਰ ਅਤੇ ਵੱਖ-ਵੱਖ ਦੇਸ਼ਾਂ ਵਿਚ ਕਰਵਾਏ ਜਾਣ ਅਤੇ ਖਿਡਾਰੀਆਂ ਦੁਆਰਾ ਮੱਲਾਂ ਮਾਰਕੇ ਆਪਣੇ ਦੇਸ਼ ਪਰਤਣ ਤੱਕ ਦਾ ਸਫ਼ਰ ਇਸ ਪੁਸਤਕ ਵਿਚ ਦਰਜ ਹੈ। ਭਾਰਤੀ ਹਾਕੀ ਦੀ ਚੜ੍ਹਤ ਅਤੇ ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਪਾਕਿਸਤਾਨੀ ਟੀਮ ਹੱਥੋਂ ਹੋਈ ਹਾਰ ਬਾਰੇ ਭਾਵਪੂਰਤ ਜਾਣਕਾਰੀ ਦਰਜ ਕਰਨ ਦੇ ਨਾਲ-ਨਾਲ ਪੰਜਾਬੀਆਂ ਦੀ ਖੇਡ ਖੇਤਰ ਵਿਚ ਚੜ੍ਹਤ ਬਾਰੇ ਲੇਖਕ ਨੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ। ਸਿਹਤਮੰਦ ਰਹਿਣ ਦੇ ਗੁਰ ਵੀ ਇਸ ਪੁਸਤਕ ਵਿਚ ਸੁਝਾਏ ਗਏ ਹਨ। ਇਹ ਪੁਸਤਕ ਰੌਚਿਕ ਅਤੇ ਦਿਲਚਸਪ ਹੈ ਜੋ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 09141-68611

ਭਾਰਤੀ ਜੀਵਨ ਦ੍ਰਿਸ਼ਟੀ
ਲੇਖਕ : ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ
ਅਨੁਵਾਦ : ਡਾ. ਪਰਮਜੀਤ ਕੌਰ ਸਿੱਧੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 189
ਸੰਪਰਕ : 0172-5027427

ਸਿੱਖਿਆ ਸ਼ਾਸਤਰੀ ਅਤੇ ਸਮਾਜ ਸ਼ਾਸਤਰੀ ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ ਹਰਿਆਣਾ ਰਾਜ ਉਚੇਰੀ ਸਿੱਖਿਆ ਪ੍ਰੀਸ਼ਦ ਦੇ ਚੇਅਰਮੈਨ ਹਨ। ਉਨ੍ਹਾਂ ਨੇ ਪੱਤਰਕਾਰੀ ਤੇ ਸੰਚਾਰ ਵਿਭਾਗ ਦੇ ਮੁਖੀ ਤੋਂ ਇਲਾਵਾ ਵਾਈਸ ਚਾਂਸਲਰ ਵਜੋਂ ਵੀ ਸੇਵਾ ਨਿਭਾਈ ਹੈ। ਵਿਚਾਰ ਅਧੀਨ ਪੁਸਤਕ ਵਿਚ ਭਾਰਤੀ ਅਧਿਆਤਮ ਅਤੇ ਨੈਤਿਕਤਾ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਇਸ ਪੁਸਤਕ ਵਿਚ ਵਿਭਿੰਨ ਸਮਿਆਂ ਉੱਤੇ, ਵੱਖ-ਵੱਖ ਵਿਸ਼ਿਆਂ ਬਾਰੇ ਲਿਖੇ ਕੁੱਲ 36 ਲੇਖ ਹਨ। ਇਹ ਕਿਤਾਬ ਜਾਤੀ ਪ੍ਰਥਾ, ਨਾਰੀ ਪੀੜਾ, ਭਰੂਣ ਹੱਤਿਆ, ਸਮਾਜ, ਸੱਭਿਆਚਾਰ, ਦਰਸ਼ਨ, ਧਰਮ, ਸੰਸਕ੍ਰਿਤੀ, ਯੋਗ ਆਦਿ ਵਿਸ਼ਿਆਂ ਬਾਰੇ ਨਿਵੇਕਲੇ ਵਿਚਾਰਾਂ ਨੂੰ ਪ੍ਰਸਤੁਤ ਕਰਦੀ ਹੈ। ਪੁਸਤਕ ਦੇ ਪਾਠਾਂ ਵਿਚੋਂ ਭਾਰਤੀ ਸੰਸਕ੍ਰਿਤੀ ਨੂੰ ਉਜਾਗਰ ਕਰਨ ਵਾਲੀਆਂ ਕੁਝ ਇਕ ਮਹੱਤਵਪੂਰਨ ਸ਼ਖ਼ਸੀਅਤਾਂ- ਸੁਆਮੀ ਵਿਵੇਕਾਨੰਦ, ਪੰ. ਦੀਨਦਿਆਲ ਉਪਾਧਿਆਏ, ਅਚਿਉਤਾਨੰਦ ਮਿਸ਼ਰ, ਦੀਨਾਨਾਥ ਬਤਰਾ, ਸ਼੍ਰੀਕਾਂਤ ਜੋਸ਼ੀ ਦੇ ਨਾਲ-ਨਾਲ ਸ੍ਰੀ ਰਾਮਚੰਦਰ ਜੀ ਅਤੇ ਨਾਰਦ ਬਾਰੇ ਵੀ ਵਿਲੱਖਣ ਤੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਇਸ ਕਿਤਾਬ ਦੀ ਪ੍ਰਾਸੰਗਿਕਤਾ ਇਸ ਗੱਲ ਵਿਚ ਵੀ ਹੈ ਕਿ ਵਧਦੇ ਪੱਛਮੀ ਪ੍ਰਭਾਵ ਸਦਕਾ ਸਾਡੀ ਯੁਵਾ ਪੀੜ੍ਹੀ, ਜੋ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਤੋਂ ਬੇਮੁਖ ਹੁੰਦੀ ਜਾ ਰਹੀ ਹੈ, ਨੂੰ ਨੈਤਿਕ ਮਾਨਤਾਵਾਂ ਅਤੇ ਭਾਰਤੀ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ! ਇਸ ਪੱਖ ਤੋਂ ਪ੍ਰੋ. ਕੁਠਿਆਲਾ ਅਤੇ ਅਨੁਵਾਦਕ ਡਾ. ਪਰਮਜੀਤ ਕੌਰ ਸਿੱਧੂ ਦੇ ਯਤਨ ਪ੍ਰਸੰਸਾਯੋਗ ਹਨ। ਪ੍ਰੋ. ਸੁਰਿੰਦਰ ਦਵੇਸ਼ਵਰ ਅਤੇ ਡਾ. ਕ੍ਰਿਸ਼ਨ ਆਰੀਆ ਵਲੋਂ ਲਿਖੀ ਭੂਮਿਕਾ ਅਤੇ ਮੁੱਖਬੰਧ ਤੋਂ ਵੀ ਨਵਾਂ ਗਿਆਨ ਅਤੇ ਰੌਸ਼ਨੀ ਪ੍ਰਾਪਤ ਹੁੰਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਸਿਫ਼ਤ ਤੇਰੀ ਕਲਮ ਮੇਰੀ
ਕਵੀ : ਸਤਿਨਾਮ ਸਿੰਘ ਕੋਮਲ
ਪ੍ਰਕਾਸ਼ਕ : ਕੋਮਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 82
ਸੰਪਰਕ : 98726-09921

ਹਥਲੀ ਪੁਸਤਕ 50 ਗ਼ਜ਼ਲਾਂ ਅਤੇ 33 ਗੀਤਾਂ ਦਾ ਸੰਗ੍ਰਹਿ ਹੈ। ਪਹਿਲੇ ਹਿੱਸੇ ਵਿਚ ਗ਼ਜ਼ਲਾਂ ਹਨ। ਕਵੀ ਸਤਿਨਾਮ ਸਿੰਘ ਕੋਮਲ ਦੀ ਆਤਮਾ ਧਾਰਮਿਕ ਰੰਗ ਵਿਚ ਰੰਗੀ ਹੋਈ ਹੈ। ਉਸ ਨੇ ਆਪਣੇ ਆਤਮਿਕ ਵਲਵਲਿਆਂ ਨੂੰ ਸ਼ਬਦਾਂ ਦਾ ਜਾਮਾ ਬਹੁਤ ਸਾਹਿਤਕ ਸਲੀਕੇ ਨਾਲ ਪਹਿਨਾਇਆ ਹੈ। ਉਹ ਜਗਤ ਦੇ ਸਾਰੇ ਪ੍ਰਾਣੀਆਂ ਨੂੰ ਸਿੱਧੇ ਰਸਤੇ ਉੱਤੇ ਤੁਰਨ ਦਾ ਸੱਦਾ ਦਿੰਦਾ ਹੈ। ਉਹ ਸਮਝਦਾ ਹੈ ਕਿ ਸੰਸਾਰ ਉੱਤੇ ਜਿੰਨੇ ਵੀ ਪੀਰ ਪੈਗੰਬਰ ਆਏ, ਉਹੇ ਬੰਦੇ ਨੂੰ ਮਨੁੱਖ ਬਣਾਉਣ ਲਈ ਆਏ। ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ ਨੇ 'ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ' ਦਾ ਨਾਅਰਾ ਦਿੱਤਾ। ਕਵੀ ਕੋਮਲ ਸਮਝਦਾ ਹੈ ਕਿ ਕਾਦਰ ਨੇ ਆਦਮੀ ਨੂੰ ਬਹੁਤ ਕੁਝ ਪ੍ਰਦਾਨ ਕੀਤਾ ਹੈ ਪਰ ਆਦਮੀ ਹੈ ਕਿ ਉਹ ਲਾਲਚ ਵਿਚ ਫਸਿਆ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਵੀ ਚੱਜ ਨਾਲ ਨਹੀਂ ਕਰ ਸਕਦਾ। ਗੁਰਮਤਿ ਨੂੰ ਕੋਮਲ ਸ਼ਾਹਰਾਹ ਸਮਝਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਵੀ ਪਿਆਰ ਮੁਹੱਬਤ ਅਤੇ ਸਰਬ ਕਲਿਆਣ ਦੇ ਸ਼ਿਅਰ ਹਨ। ਉਸ ਦੇ ਪੰਜ ਸ਼ਿਅਰ ਹਾਜ਼ਰ ਹਨ ਤਾਂ ਕਿ ਪਾਠਕ ਗ਼ਜ਼ਲ ਦੇ ਵਿਸ਼ਿਆਂ ਬਾਰੇ ਜਾਣ ਸਕਣ :
-ਤੇਰੀ ਸਰਦਲ ਤੇ ਸਿਰ ਮੇਰਾ ਸਲਾਮਤ ਜੇ ਰਹੇ ਝੁਕਿਆ
ਇਹ ਰਹਿਮਤ ਦਾ ਸਦਾ ਪਾਤਰ ਰਹੇ ਦਰ ਤੇ ਸਦਾ ਢੁਕਿਆ
-ਫਿਕਰ ਤੇਰੇ ਬੇਅਰਥੇ ਨੇ ਮਿਲੇ ਜੋ ਸ਼ੁਕਰ ਕਰਿਆ ਕਰ
ਰਹੇ ਭੁਖ ਨਾਮ ਦੀ ਕੋਮਲ ਤੇ ਖਾ ਰੱਜ ਕੇ ਦਿਨੇ ਰਾਤੀਂ
-ਮੰਗਤਾ ਤੇਰੇ ਦਰ ਦਾ ਸਾਈਆਂ/ਸਿਰ ਤੇਰੇ ਦਰ ਧਰਦਾ ਸਾਈਆਂ
ਬੜੀ ਗੁਲਾਮੀ ਕੋਮਲ ਕਰ ਲਈ/ਹੁਣ ਬਸ ਤੇਰਾ ਬਰਦਾ ਸਾਈਆਂ
-ਤੇਰੇ ਦਰ ਤੇ ਭਿਖਾਰੀ ਵੀ ਗਿਆ ਰੱਜ ਕੇ, ਜੋ ਲੈ ਆਸ ਆਇਆ ਹੈ
ਕਿਸੇ ਭੁੱਖ ਨੇ ਕਿਸੇ ਦੁੱਖ ਨੇ, ਨਾ ਭੁੱਲ ਕੇ ਵੀ ਸਤਾਇਆ ਹੈ
-ਸਬਰ ਤੇ ਸ਼ੁਕਰ ਵਿਚ ਜੀਣਾ ਜੇ ਆਉਂਦਾ ਹੈ ਤਾਂ ਸਿੱਖ ਬਣਦੈ
ਹੁਕਮ ਵਿਚ ਸਿਰ ਜੇ ਉਹ ਆਪਣਾ ਝੁਕਾਉਂਦਾ ਹੈ ਤਾਂ ਸਿੱਖ ਬਣਦੈ
ਭਾਈ ਵੀਰ ਸਿੰਘ ਨੇ ਵੀ ਧਾਰਮਿਕ ਗ਼ਜ਼ਲਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ ਸੀ। ਕੋਮਲ ਦੀਆਂ ਗ਼ਜ਼ਲਾਂ ਵੀ ਧਾਰਮਿਕ ਰੰਗ ਦੀਆਂ ਹਨ। ਕੋਮਲ ਦੇ 33 ਗੀਤ ਵੀ ਸੰਵੇਦਨਾ ਭਰਪੂਰ ਅਤੇ ਧਾਰਮਿਕ ਜਜ਼ਬਾਤ ਦੇ ਰੰਗ ਵਿਚ ਰੰਗੇ ਹੋਏ ਹਨ। ਉਸ ਦੇ ਗੀਤਾਂ ਦੇ ਸਿਰਲੇਖ ਵੀ ਇਹੀ ਗੱਲ ਦਰਸਾਉਂਦੇ ਹਨ ਜਿਵੇਂ ਨਾਨਕੀ ਦਾ ਵੀਰਾ, ਸਾਈਓਂ ਮੇਰੇ ਸੱਚੇ ਸਾਈਂ, ਭਾਈ ਮਰਦਾਨਾ, ਪਟਨੇ ਦੀਏ ਧਰਤੀਏ ਨੀ, ਸਰਸਾ ਦੇ ਪਾਣੀਆਂ ਨੇ ਆਦਿ। ਕੋਮਲ ਕਵੀ ਨੂੰ ਆਪਣੇ ਸੱਭਿਆਚਾਰ ਅਤੇ ਬਦਲ ਰਹੇ ਪਹਿਰਾਵੇ ਉੱਤੇ ਵੀ ਰੰਜ ਹੈ। ਉਹ ਦਸਤਾਰ ਦੀ ਕਦਰ ਬਾਰੇ ਕਹਿੰਦਾ ਹੈ :
'ਲਹੁਣ ਲੱਗੈਂ ਸਿਰੋਂ ਜੇ ਪੁੱਤਾ ਦਸਤਾਰ ਨੂੰ
ਇਕ ਵੇਰ ਚੇਤੇ ਕਰੀਂ ਅਜੀਤ ਤੇ ਜੁਝਾਰ ਨੂੰ
-ਪੁੱਤਾਂ ਸਿਰੋਂ ਪੱਗਾਂ ਧੀਆਂ ਸਿਰੋਂ ਲਾਹੀਆਂ ਚੁੰਨੀਆਂ...
ਕਵੀ ਕੋਮਲ ਦੀਆਂ ਗ਼ਜ਼ਲਾਂ ਦਾ ਰੂਪਕ ਪੱਖ ਸਲਾਹੁਣਯੋਗ ਹੈ। ਉਸ ਦੇ ਤੁਕਾਂਗ ਕਾਫ਼ੀਏ ਤੇ ਹੋਰ ਅੰਗ ਪਰਿਪੂਰਨ ਹਨ। ਇਸ ਪੁਸਤਕ ਦੇ ਗੀਤ ਵੀ ਗਾਏ ਜਾਣ ਵਾਲੇ ਅਤੇ ਸਿੱਖਿਆਦਾਇਕ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

13-08-23

 ਯੂਟਾ ਦੇ ਪ੍ਰਕਿਰਤਿਕ ਜਲਵੇ
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ ਪਲਾਹੀ, ਫਗਵਾੜਾ
ਮੁੱਲ : 350 ਰੁਪਏ, ਸਫ਼ੇ : 176
ਸੰਪਰਕ : 98158-02070

ਚਰਨਜੀਤ ਸਿੰਘ ਪੰਨੂ ਪਰਵਾਸੀ ਪੰਜਾਬੀ ਲੇਖਕ ਹੈ, ਜੋ ਅੱਜਕਲ੍ਹ ਸੇਨਹੋਜ਼ੇ ਵਿਖੇ ਰਹਿ ਰਿਹਾ ਹੈ। 1969 ਤੋਂ ਸ਼ੁਰੂ ਹੋਏ ਉਸ ਦੇ ਸਾਹਿਤਕ ਸਫ਼ਰ ਵਿਚ 5 ਕਾਵਿ ਸੰਗ੍ਰਹਿ, 8 ਕਹਾਣੀ ਸੰਗ੍ਰਹਿ, 1 ਨਾਵਲ, 8 ਸਫ਼ਰਨਾਮੇ, 1 ਡਾਇਰੀ, 1 ਇਕਾਂਗੀ ਸੰਗ੍ਰਹਿ ਸਮੇਤ ਇਕ ਹਿੰਦੀ ਦੀ ਕਿਤਾਬ ਵੀ ਸ਼ਾਮਿਲ ਹੈ। ਵਿਚਾਰ ਅਧੀਨ ਪੁਸਤਕ ਯੂ.ਐਸ.ਏ. ਦੇ ਪੱਛਮੀ ਭਾਗ ਵਿਚ ਸਥਿਤ ਰਾਜ ਯੂਟਾ ਦੀ ਯਾਤਰਾ ਬਾਰੇ ਹੈ। ਇਹ ਰਾਜ ਸਿੱਖਿਆ, ਸੂਚਨਾ, ਖੋਜ, ਸਰਕਾਰੀ ਸੇਵਾਵਾਂ ਅਤੇ ਖਾਣਾਂ ਦਾ ਕੇਂਦਰ ਹੈ ਅਤੇ ਮਨੋਰੰਜਨ ਲਈ ਪ੍ਰਮੁੱਖ ਯਾਤਰਾ ਸਥਾਨ ਹੈ। ਇਹ ਰਾਜ ਆਪਣੇ ਹੈਰਾਨੀਜਨਕ ਕੁਦਰਤੀ ਨਜ਼ਾਰਿਆਂ ਲਈ ਵੀ ਪ੍ਰਸਿੱਧ ਹੈ। ਇਸ ਰਾਜ ਨੂੰ ਸਕੀਇੰਗ ਲਈ ਵੀ ਜਾਣਿਆ ਜਾਂਦਾ ਹੈ। ਸਾਲਟ ਲੇਕ ਸਿਟੀ ਨੇੜੇ ਪਹਾੜਾਂ ਕੋਲ ਹਰ ਸਾਲ ਕਰੀਬ 500 ਇੰਚ ਬਰਫ਼ ਜਮ੍ਹਾਂ ਹੁੰਦੀ ਹੈ। ਲੇਖਕ ਨੇ ਇਸ ਸਫ਼ਰਨਾਮੇ ਦੇ 24 ਕਾਂਡ ਬਣਾਏ ਹਨ ਤੇ ਭੂਮਿਕਾ (ਬੰਦਾ ਹਾਜ਼ਰ ਹੈ) ਵਿਚ ਆਪਣੇ ਸਾਹਿਤਕ ਸਫ਼ਰ ਸਮੇਤ ਸਫ਼ਰਨਾਮਿਆਂ ਨਾਲ ਸੰਬੰਧਿਤ ਦਿਲਚਸਪ ਜਾਣਕਾਰੀ ਦਿੱਤੀ ਹੈ। 22 ਜੂਨ (ਫ਼ਾਦਰਜ਼ ਡੇਅ) ਦੇ ਦਿਨ ਲੇਖਕ ਦੇ 12 ਪਰਿਵਾਰਕ ਮੈਂਬਰਾਂ ਨੇ ਉਸ ਨੂੰ 12 ਦਿਨਾਂ ਲਈ ਯਾਤਰਾ 'ਤੇ ਜਾਣ ਲਈ 'ਸਰਪ੍ਰਾਈਜ਼' ਦਿੱਤਾ। ਇਹ ਸਫ਼ਰ ਵਧੇਰੇ ਕਰਕੇ ਕਿਰਾਏ ਦੀ ਵੈਨ 'ਤੇ ਕੀਤਾ ਗਿਆ। ਇਸ ਰੋਮਾਂਚਕ, ਅਦਭੁਤ ਤੇ ਪਿਆਰੇ ਸਫ਼ਰ ਦੌਰਾਨ ਲੇਖਕ ਨੇ ਪਰਿਵਾਰਕ ਮੈਂਬਰਾਂ ਨਾਲ ਲਾਸ ਵੇਗਾਸ, ਸਪਰਿੰਗਡੇਲ, ਗਰੈਂਡ ਕੈਨੀਅਨ, ਫੋਰ ਸਟੇਟ ਮਾਨੂਮੈਂਟ, ਬਰਾਈਸ ਕੈਨੀਅਨ, ਰੋਡਿਓ ਸਰਕਸ, ਪੇਜ ਕਲੈਰੀਅਨ ਹੋਟਲ, ਅਪਰ ਐਂਟੀਲੋਪ, ਲੋਅਰ ਐਂਟੀਲੋਪ, ਪਾਵੇਲ ਲੇਕ ਕਰੂਜ਼, ਨਵਾਹੋ ਟਰਾਈਬਲ ਪਾਰਕ, ਹੋਵਨਵੀਪ ਟਰਾਈਬਲ ਪਾਰਕ, ਨਿਊ ਮੈਕਸੀਕੋ, ਅਲਬੂਕਰਕੀ, ਏਲ ਰੈਂਚੋ ਡੀ ਲਾਸ ਗੋਲਨਡਰਿਨਾਸ, ਏਸਪਾਨੋਲਾ ਆਸ਼ਰਮ, ਯੈਲੋਸਟੋਨ ਨੈਸ਼ਨਲ ਪਾਰਕ ਆਦਿ ਵਿਭਿੰਨ ਥਾਵਾਂ ਦੀ ਯਾਤਰਾ ਕੀਤੀ। ਲੇਖਕ ਦਾ ਇਹ ਸਫ਼ਰ 22 ਜੂਨ ਤੋਂ 2 ਜੁਲਾਈ ਤੱਕ ਦਾ ਸੀ। ਇਹ ਸਫ਼ਰਨਾਮਾ ਪੜ੍ਹ ਕੇ ਪਾਠਕਾਂ ਨੂੰ ਯੂਟਾ ਅਤੇ ਆਸਪਾਸ ਦੀਆਂ ਵੱਖ-ਵੱਖ ਮਨੋਰੰਜਨ ਥਾਵਾਂ ਦੇ ਦਿਲਕਸ਼ ਦ੍ਰਿਸ਼ਾਂ ਦੀ ਭਰਪੂਰ ਜਾਣਕਾਰੀ ਮਿਲਦੀ ਹੈ। ਪੰਜਾਬੀ ਸਫ਼ਰਨਾਮਾ ਇਤਿਹਾਸ ਵਿਚ ਚਰਨਜੀਤ ਸਿੰਘ ਪੰਨੂ ਦੀ ਇਹ ਕਿਤਾਬ ਇਕ ਨਿੱਗਰ ਵਾਧਾ ਕਰੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

 


ਬਾਬੂ ਰਜਬ ਅਲੀ ਦੇ
ਸਿੱਖੀ ਪ੍ਰਸੰਗ
ਸੰਪਾਦਕ : ਸੁਖਵਿੰਦਰ ਸਿੰਘ ਸੁਤੰਤਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 220 ਰੁਪਏ, ਸਫ਼ੇ :192
ਸੰਪਰਕ : 79861-66956

ਬਾਬੂ ਰਜਬ ਅਲੀ ਬਹੁਤ ਸੱਚਾ-ਸੁੱਚਾ, ਗਹਿਰ-ਗੰਭੀਰ ਸਿਹਤਮੰਦ ਸੋਚਣੀ ਦਾ ਮਾਲਕ ਤੇ ਸਿਦਕਦਿਲੀ ਵਾਲਾ ਸ਼ਾਇਰ ਕਿੱਸਾਕਾਰ ਸੀ, ਜਿਸ ਨੇ ਬਹੁਤ ਹੀ ਖਰੇ-ਖੜਕਵੇਂ, ਢੁੱਕਵੇਂ, ਠੁੱਕਵੇਂ ਅਤੇ ਠੁੱਕਰਦਾਰ ਸ਼ਬਦਾਂ ਵਿਚ ਕਵਿਤਾ ਲਿਖ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੈਰਵਈ ਤੇ ਪ੍ਰਤੀਨਿਧਤਾ ਕੀਤੀ ਅਤੇ ਵੱਖ-ਵੱਖ ਧਰਮਾਂ ਦੇ ਇਤਿਹਾਸਕ ਮਿਥਹਾਸਕ, ਪ੍ਰਸੰਗ ਲਿਖੇ। ਇਹ ਕਿਤਾਬ ਸੁਤੰਤਰ ਨੇ ਸਿੱਖ ਪੰਥਕ ਸਟੇਜਾਂ ਦੇ ਬੁਲਾਰੇ ਅਤੇ ਢਾਡੀ ਕਲਾ ਦੇ ਗਹਿਰ-ਗੰਭੀਰ, ਗਿਆਨ-ਵਿਗਿਆਨ, ਇਤਿਹਾਸ-ਮਿਥਿਹਾਸ, ਭੂਗੋਲਿਕ ਭੌਤਿਕ, ਆਤਮਿਕ ਅਤੇ ਅਧਿਆਤਮਿਕ ਦੇ ਵਕਤਾ ਮਹਾਨ ਢਾਡੀ ਗਿਆਨੀ ਮੂਲਾ ਸਿੰਘ ਪਾਖਰਪੁਰੀ ਨੂੰ ਸਮਰਪਿਤ ਕੀਤੀ ਹੈ। ਬਾਬੂ ਰਜਬ ਅਲੀ ਦੇ ਸਿੱਖੀ ਪ੍ਰਸੰਗਾਂ ਬਾਰੇ ਨਾਮਵਰ ਢਾਡੀ ਤਰਲੋਚਨ ਸਿੰਘ ਭਮੱਦੀ ਸ਼ਬਦਾਂ ਦੇ ਮੋਤੀਆਂ ਨੂੰ ਸਾਂਭਣ ਦੇ ਉੱਦਮ ਪ੍ਰਤੀ ਸੁਤੰਤਰ (ਸੰਪਾਦਕ) ਉੱਪਰ ਅਸੀਸ ਰੂਪੀ ਸ਼ਬਦਾਂ ਦੀ ਵਰਖਾ ਕੀਤੀ ਹੈ। ਸੰਪਾਦਕ ਨੇ ਬਾਬੂ ਰਜਬ ਅਲੀ ਦੀ ਜੀਵਨੀ ਵੀ ਅੰਕਿਤ ਕੀਤੀ ਹੈ। ਸੰਪਾਦਕ ਨੇ ਕਿਤਾਬ ਨੂੰ ਪੰਜ ਪ੍ਰਸੰਗਾਂ ਵਿਚ ਵੰਡਿਆ ਹੈ। ਪਹਿਲਾਂ ਸਬਰ ਸਿਦਕ ਦੇ ਸੂਰਮੇ ਸੰਮਣ ਤੇ ਮੂਸਣ, ਦੂਜਾ ਭਾਈ ਬਿਧੀ ਦੀ ਬਹਾਦਰੀ, ਤੀਜਾ-ਜੰਗ ਗੁਰੂ ਹਰਿਗੋਬਿੰਦ ਸਾਹਿਬ, ਮਹਿਰਾਝ, ਚੌਥਾ-ਭੰਗਾਣੀ ਦਾ ਜੰਗ, ਪੰਜਵਾਂ-ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਅਤੇ ਅੰਤਿਕਾ ਕਬਿੱਤ ਤੇ ਬੈਂਤ ਸ਼ਾਮਿਲ ਹਨ। ਸੰਪਾਦਕ ਨੇ ਬਾਬੂ ਰਜਬ ਅਲੀ ਤੇ ਨਿੱਠ ਕੇ ਕੰਮ ਕੀਤਾ ਹੈ, ਉਸ ਦੀਆਂ ਹੋਰ ਪੁਸਤਕਾਂ ਜਿਵੇਂ ਰੰਗੀਲਾ ਰਜਬ ਅਲੀ, ਬਾਬੂ ਰਜਬ ਅਲੀ ਦੇ ਕਿੱਸੇ, ਦਸਮੇਸ਼ ਮਹਿਮਾ, ਜੋਸ਼ੀਲਾ ਰਜਬ ਅਲੀ, ਅਨੂਠਾ ਰਜਬ ਅਲੀ, ਅਨੋਖਾ ਰਜਬ ਅਲੀ, ਅਲਬੇਲਾ ਰਜਬ ਅਲੀ, ਬਹਾਦਰ ਰਜਬ ਅਲੀ ਹਨ।
ਬੀਤੇ ਹੋਏ ਸਮੇਂ ਨੂੰ ਵਰਤਮਾਨ ਸਮੇਂ ਨਾਲ ਜੋੜਨ ਦਾ ਉਪਰਾਲਾ ਕੋਈ ਵਿਰਲਾ ਮਨੁੱਖ ਹੀ ਕਰਦਾ ਹੈ। ਪੰਜਾਬੀ ਕਵਿਤਾ ਦਾ ਸਿਰਨਾਵਾਂ ਬਣੇ ਬਾਬੂ ਰਜਬ ਅਲੀ ਐਨੀ ਸੋਹਣੀ ਕਾਵਿ-ਰਚਨਾ ਕਰ ਗਏ, ਜਿਸ ਨੂੰ ਪੜ੍ਹਦਿਆਂ ਕਵਿਤਾ ਦੇ ਆਸ਼ਕ ਉਨ੍ਹਾਂ ਦੇ ਲਿਖੇ ਕਾਵਿ ਅੱਖਰਾਂ ਨੂੰ ਸਿਜਦਾ ਕਰਕੇ ਆਪਣੇ ਧਨਭਾਗ ਸਮਝਦੇ ਹਨ। ਬਾਬੂ ਰਜਬ ਅਲੀ ਵਰਗੇ ਸ਼ਾਇਰ ਰੋਜ਼-ਰੋਜ਼ ਨਹੀਂ ਜੰਮਦੇ ਪਰ ਜਦੋਂ ਜਨਮ ਲੈਂਦੇ ਹਨ ਤਾਂ ਆਪਣੀ ਕਾਵਿ-ਕਲਾ ਦੇ ਸਦਕੇ ਮੌਤੋਂ ਪਰ੍ਹੇ ਦਾ ਮੁਕਾਮ ਹਾਸਲ ਕਰ ਲੈਂਦੇ ਹਨ। ਉਸ ਨੇ ਆਪਣੀ ਕਵਿਤਾ ਵਿਚ ਡੂਢਾ ਛੰਦ, ਦੋਹਿਰਾ, ਮਨੋਹਰ ਭਵਾਨੀ, ਕਬਿਤ ਛੰਦ, ਤਰਜ਼, ਮਨੋਹ ਛੰਦ, ਬੈਂਤ ਛੰਦ, ਤਰਜ਼ ਦੋਤਾਰਾਂ, ਡੂਢੀ ਚਾਲ, ਲੋਕ ਚਾਲ, ਔੜਾ ਤਰਜ਼, ਛੰਦ ਕਮਾਣੀ ਤਰਜ਼, ਤਰਜ਼ ਗੱਡੀ, ਮੁਕੰਦ ਛੰਦ, ਵਾਜ ਤਰਜ਼ਕਲੀ, ਬਤਰਜ਼ ਹੀਰ, ਤੀਰੀ ਬੈਂਤ ਦੀ ਵਰਤੋਂ ਕੀਤੀ ਹੈ।
ਸਮੇਂ ਦੀ ਕੁੱਖੋਂ ਸੰਸਕ੍ਰਿਤੀ, ਸਾਹਿਤ ਤੇ ਸੱਭਿਆਚਾਰ ਦੀ ਸਿਰਜਣਾ ਲਈ ਸੂਝਵਾਨ ਸਾਹਿਤਕਾਰ, ਸ਼ਾਇਰ ਅਤੇ ਦਾਰਸ਼ਨਿਕ ਪੈਦਾ ਹੋਏ ਜੋ ਅਣਖ, ਆਨ, ਸ਼ਾਨ ਤੇ ਗ਼ੈਰਤ ਨਾਲ ਗੜੁੱਚ ਪੰਜਾਬੀ ਸੱਭਿਆਚਾਰ ਦੀ ਸੂਰਤ ਤੇ ਸੀਰਤ, ਰਹਿਣ-ਸਹਿਣ, ਡੀਲ-ਡੌਲ, ਹਿੰਮਤ-ਹੌਸਲੇ, ਦਇਆ-ਦਲੇਰੀ, ਮੋਹ-ਮੁਹੱਬਤ, ਪੀੜਾਂ-ਪਰੇਸ਼ਾਨੀਆਂ, ਬ੍ਰਿਹੋਂ-ਵਸਲ, ਮੁਸ਼ਕਿਲਾਂ- ਮੁਸੀਬਤਾਂ ਤੇ ਤੰਗੀਆਂ-ਤੁਰਸ਼ੀਆਂ ਦੀ ਸੱਭਿਆਚਾਰਕ ਤਸਵੀਰ ਸਮਾਜ ਦੇ ਬੂਹੇ ਤੇ ਟੰਗ ਜਾਂਦੇ ਹਨ, ਜੋ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦੀ ਹੈ। ਐਸੇ ਹੀ ਇਕ ਕਾਵਿ-ਦੇਵ, ਕਲਮ ਦੇ ਧਨੀ, ਉੱਚੇ-ਸੁੱਚੇ ਤੇ ਸਿਹਤਮੰਦ ਉੱਚ ਦੁਮਾਲੜਾ ਸ਼ਖ਼ਸੀਅਤ, ਬਾਬੂ ਰਜਬ ਅਲੀ ਖਾਨ ਜੀ ਦਾ ਜਨਮ ਪੰਜਾਬ ਦੇ ਹੁਣੇ ਜਿਹੇ ਨਵੇਂ ਬਣੇ ਜ਼ਿਲ੍ਹੇ ਮੋਗਾ ਦੇ ਪਿੰਡ ਸਾਹਕੋ ਵਿਖੇ ਮਾਤਾ ਜਿਊਣੀ ਦੀ ਕੁੱਖੋਂ, ਪਿਤਾ ਧਮਾਲੀ ਖਾਂ ਦੇ ਵਿਹੜੇ ਵਿਚ 10 ਅਗਸਤ 1894 ਈ: ਨੂੰ ਹੋਇਆ। ਪੰਜਾਬੀ ਕਵਿਤਾ ਦੇ ਰਚਨਾਕਾਰਾਂ ਦੀ ਦੁਨੀਆ ਵਿਚ ਬਾਬੂ ਰਜਬ ਅਲੀ ਹਰਦਿਲ ਅਜ਼ੀਜ਼ ਤੇ ਕਵਿਤਾ ਦਾ ਭਰ ਵਗਦਾ ਦਰਿਆ ਹੈ। ਉਸ ਦੀ ਕਵਿਤਾ ਵਿਚ ਸਮੁੰਦਰ ਜਿੰਨੀ ਗਹਿਰਾਈ ਵੀ ਹੈ ਤੇ ਸਮੁੰਦਰੀ ਛੱਲਾਂ ਵਰਗੀ ਆਪ ਮੁਹਾਰੀ ਮਸਤੀ ਵੀ ਹੈ। ਬਾਬੂ ਰਜਬ ਅਲੀ ਜੀ ਦੇ 'ਛੰਦ' ਸਰੋਤਿਆਂ ਤੇ ਪਾਠਕਾਂ ਨੂੰ ਇਕ ਅਨੂਠਾ ਤੇ ਨਾ ਦੱਸਿਆ ਜਾ ਸਕਣ ਵਾਲਾ ਅਨੰਦ ਬਖਸ਼ਦੇ ਹਨ। ਪਾਕਿਸਤਾਨ ਬਣਨ ਸਮੇਂ ਬਾਬੂ ਰਜਬ ਅਲੀ ਜੀ ਦੇ ਅਪਣੀ ਜਨਮ ਨਗਰੀ ਤੋਂ ਵਿਛੜਨ ਪਿੱਛੋਂ ਮੁੜ ਆਪਣੇ ਪਿੰਡ ਸਾਹੋਕੇ ਦੇ ਦਰਸ਼ਨਾਂ ਨੂੰ ਤਰਸਣ ਦੀ ਭਾਵਪੂਰਤ ਗਾਥਾ ਕਾਵਿ ਕਲਾ ਦੇ ਪਾਠਕ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀ ਹੈ। ਸੰਸਾਰ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਸਾਂਭ ਕੇ ਰੱਖਦਾ ਹੈ, ਜਿਨ੍ਹਾਂ ਨੇ ਸੰਸਾਰ ਤੋਂ ਲਿਆ ਘੱਟ ਹੁੰਦਾ ਹੈ ਅਤੇ ਸੰਸਾਰ ਨੂੰ ਦਿੱਤਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਦੀ ਯਾਦ ਦਾ ਮੀਲ ਪੱਥਰ ਐਨਾ ਉੱਚਾ ਹੁੰਦਾ ਹੈ ਕਿ ਪੂਰਾ ਸੰਸਾਰ ਉਸ ਉੱਤੇ ਲਿਖੀ ਇਬਾਰਤ ਨੂੰ ਅੱਡੀਆਂ ਚੁੱਕ ਕੇ ਤੇ ਆਪਣੀ ਪੱਗ ਨੂੰ ਥੰਮ੍ਹ ਕੇ ਪੜ੍ਹਦਾ ਹੈ। ਪੁਸਤਕ ਦਾ ਸੰਪਾਦਕ 'ਸੁਤੰਤਰ' ਮੁੱਢਲੇ ਰੂਪ ਵਿਚ ਕਵੀਸ਼ਰ ਵਜੋਂ ਪਰਵਾਨ ਚੜ੍ਹਿਆ ਹੈ ਪਰ ਅੱਜਕਲ੍ਹ ਨਾਮਵਰ ਤੇ ਸਥਾਪਿਤ ਢਾਡੀ ਜਥੇ ਦੇ ਮੁਖੀ ਪ੍ਰਚਾਰਕ ਵਜੋਂ ਹਰ ਨਜ਼ਰੇ ਪ੍ਰਵਾਨ ਹੈ। ਬਾਬੂ ਰਜਬ ਅਲੀ ਜੀ ਵਰਗੇ ਲਾਸਾਨੀ ਸ਼ਾਇਰਾਂ ਦੀ ਕਵਿਤਾ ਨੂੰ ਮੁੜ-ਮੁੜ ਛਾਪਣਾ ਸਮੇਂ ਦੀ ਲੋੜ ਹੈ। ਪੰਜਾਬੀ ਦੇ ਵੱਡਮੁੱਲੇ ਕਾਵਿ ਸਾਹਿਤ ਵਾਲੀ ਪੁਸਤਕ 'ਬਾਬੂ ਰਜਬ ਅਲੀ ਦੇ ਸਿੱਖੀ ਪ੍ਰਸੰਗ' ਦੀ ਸੰਪਾਦਨਾ ਸੁਖਵਿੰਦਰ ਸਿੰਘ ਸੁਤੰਤਰ ਦੇ ਸਾਹਿਤਕ ਕੱਦ ਨੂੰ ਹੋਰ ਵੱਡਾ ਕਰਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 

ਫੱਕੀ ਤਾਂ ਪੁੱਤ ਖਾਣੀ ਪਊ
ਲੇਖਕ : ਰਵਿੰਦਰ ਰੁਪਾਲ ਕੌਲਗੜ੍ਹ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 93162-88955

ਰਵਿੰਦਰ ਰੁਪਾਲ ਕੌਲਗੜ੍ਹ ਪੰਜਾਬੀ ਹਾਸ-ਵਿਅੰਗ ਖੇਤਰ 'ਚ ਆਇਆ ਨਵਾਂ ਰੰਗਰੂਟ ਹੈ, ਜਿਸ ਨੇ ਪ੍ਰਸਿੱਧ ਹਾਸ-ਵਿਅੰਗ ਲੇਖਕ ਸਵਰਗੀ ਪਿਆਰਾ ਸਿੰਘ ਦਾਤਾ ਦੀ ਸੰਗਤ 'ਚ ਰਹਿ ਕੇ ਹਾਸ-ਵਿਅੰਗ ਦੀ ਦੀਖਿਆ ਪ੍ਰਾਪਤ ਕੀਤੀ ਹੈ। 'ਫੱਕੀ ਤਾਂ ਪੁੱਤ ਖਾਣੀ ਪਊ' ਉਸ ਦੀ ਪਲੇਠੀ ਹਾਸ-ਰਸੀ ਰਚਨਾ ਹੈ (ਪੰਜਾਬੀ 'ਚ ਪ੍ਰਕਾਸ਼ਿਤ ਹੋਈਆਂ ਹਾਸ-ਵਿਅੰਗ ਪੁਸਤਕਾਂ 'ਚੋਂ ਸਭ ਤੋਂ ਛੋਟੀ (ਕੇਵਲ 48 ਪੰਨੇ)।
ਇਸ ਪੁਸਤਕ ਵਿਚ ਲੇਖਕ ਥਾਂ-ਪੁਰ-ਥਾਂ ਦਾਤਾ ਜੀ ਪ੍ਰਤੀ ਆਪਣੀ ਸ਼ਰਧਾ, ਨੇੜਤਾ ਅਤੇ ਮੁਹੱਬਤ ਪੇਸ਼ ਕਰਦਾ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਹਾਸ-ਵਿਅੰਗ ਕਲਾ ਨੂੰ ਮੁੜ-ਮੁੜ ਯਾਦ ਕਰਦਾ ਹੈ। ਇਸ ਦੀ ਗਵਾਹੀ ਲੇਖ 'ਪਿਆਰਾ ਸਿੰਘ ਦਾਤਾ ਮਿੱਤਰਾਂ ਦੀ ਨਜ਼ਰ ਵਿਚ' ਅਤੇ ਪੁਸਤਕ ਦੇ ਅੰਤ ਵਿਚ ਦਾਤਾ ਜੀ ਦੀਆਂ ਪੁਸਤਕਾਂ ਦਾ ਦਰਜ ਕੀਤਾ ਵੇਰਵਾ ਦਿੰਦਾ ਹੈ। ਦਾਤਾ ਜੀ ਦੀ ਸੰਗਤ 'ਚੋਂ ਉਪਜੇ 'ਜਦੋਂ ਦਾਤਾ ਜੀ ਨੂੰ ਸੁਰਮਾ ਵੇਚਣ ਵਾਲਾ ਸਮਝਿਆ ਗਿਆ' ਅਤੇ 'ਅਸੀਂ ਲੇਖਕ ਹੁੰਨੇ ਆਂ' ਵੀ ਇਸ ਦੀ ਸ਼ਾਹਦੀ ਭਰਦੇ ਹਨ।
ਲੇਖਕ ਹਾਲੇ ਆਕਿਆਸੀ ਦੌਰ 'ਚ ਹੈ, ਇਸ ਲਈ ਵਿਅੰਗ ਦੀ ਥਾਂ ਨਿਰੋਲ ਹਾਸ-ਰਸ 'ਤੇ ਹੀ ਟੇਕ ਰੱਖਦਾ ਹੈ। ਉਸ ਦੇ ਆਪਣੇ ਨਿੱਜੀ ਅਨੁਭਵ 'ਚੋਂ ਉਪਜੇ ਵੇਰਵੇ ਅਤੇ ਘਟਨਾਵਾਂ ਹੀ ਇਸ ਪੁਸਤਕ ਵਿਚਲੇ ਹਾਸ-ਰਸ ਲੇਖਾਂ ਦੇ ਸਰੋਤ ਬਣੇ ਹਨ। ਉਹ ਅਜਿਹੀਆਂ, ਸਥਿਤੀਆਂ ਦੀ ਚੋਣ ਕਰਦਾ ਹੈ ਜੋ ਮੱਠਾ ਠੁੱਲ੍ਹਾ ਹਾਸਾ ਪੇਸ਼ ਕਰਦੀਆਂ ਹੋਣ। 'ਗਰਮਾ ਗਰਮ ਸਮੋਸੇ ਅਤੇ ਬੇਬੇ ਜੀ' ਗੁੰਮ ਬਿਜਲੀ ਅਤੇ ਗਿੱਟੇ ਭੰਨ ਤਖ਼ਤੇ, ਫੱਕੀ ਤਾਂ ਪੁੱਤ ਖਾਣੀ ਪਊ, ਬਿਜਲੀ ਕਿਵੇਂ ਬਣਦੀ ਹੈ, ਜਦੋਂ ਲੈਚੀਆਂ ਨੇ ਕੋਈ ਅਸਰ ਨਾ ਕੀਤਾ' ਜਿਹੇ ਲੇਖ ਅੰਤਾਂ ਦਾ ਹਾਸਾ ਉਪਜਾਉਂਦੇ ਹਨ। 'ਹਵਨ ਕਰਵਾਉਣ ਨਾਲੋਂ, ਖੁਵਾਉਣਾ ਵੱਧ ਔਖੈ' ਲੇਖ ਅਜਿਹੀ ਸਥਿਤੀ 'ਚ ਹਾਸ-ਰਸ ਪੈਦਾ ਕਰਦਾ ਹੈ, ਇਹ ਲੇਖ ਹਾਸ-ਰਸ ਦਾ ਉੱਤਮ ਨਮੂਨਾ ਹੈ। ਅਭਿਆਨੀ ਲੇਖਕ ਤੋਂ ਏਦੂੰ ਵੱਧ ਦੀ ਉਮੀਦ ਵੀ ਨਹੀਂ ਕਰਨੀ ਚਾਹੀਦੀ।

-ਕੇ. ਐਲ. ਗਰਗ
ਮੋਬਾਈਲ : 94635-37050

 

ਖ਼ੁਆਬਾਂ ਦੀ ਕਾਨਸ
ਲੇਖਕ : ਡਾ: ਮਨਜੀਤ ਸਿੰਘ 'ਮਝੈਲ'
ਪ੍ਰਕਾਸ਼ਕ : ਸੰਜੋਗ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98144-07940

ਹਥਲੀ ਕਾਵਿ ਪੁਸਤਕ 'ਖ਼ੁਆਬਾਂ ਦੀ ਕਾਨਸ' ਲੇਖਕ ਡਾ: ਮਨਜੀਤ ਸਿੰਘ 'ਮਝੈਲ' ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਲੇਖਕ ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ ਪ੍ਰਤੀ ਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਤੋਂ ਡਾਹਢਾ ਚਿੰਤਾਵਾਨ ਜਾਪਦਾ ਹੈ। ਉਸ ਦੀਆਂ ਕਾਵਿ ਰਚਨਾਵਾਂ 'ਚ ਸਰਕਾਰਾਂ ਦੇ ਝੂਠੇ ਲਾਰਿਆਂ, ਵਾਅਦਿਆਂ ਖ਼ਿਲਾਫ਼ ਵਿਦਰੋਹ ਹੈ। ਕਵੀ ਸਿਆਸਤਦਾਨਾਂ ਵਲੋਂ ਲੋਕਾਂ ਨੂੰ ਮੁਫ਼ਤਖ਼ੋਰੇ ਬਣਾਉਣ ਦੀ ਬਜਾਏ ਰੁਜ਼ਗਾਰ, ਸਿਹਤ, ਸਿੱਖਿਆ ਦੇ ਠੋਸ ਪ੍ਰਬੰਧ ਕਰਨ ਦੀ ਦੁਹਾਈ ਦਿੰਦਾ ਜਾਪਦਾ ਹੈ। ਅਜੋਕੇ ਸਮਾਜ 'ਚ ਰੀਸੋ-ਰੀਸ ਫੋਕੇ ਵਿਖਾਵੇ ਕਾਰਨ ਮਨੁੱਖ ਦਾ ਕਰਜ਼ਈ ਹੋ ਜਾਣਾ ਉਸ ਦਾ ਹਿਰਦਾ ਵਲੂੰਧਰਦਾ ਹੈ ਅਤੇ ਕਵੀ 'ਪੱਗੜੀ ਸੰਭਾਲ ਜੱਟਾ' ਕਵਿਤਾ ਰਾਹੀਂ ਮਨੁੱਖਤਾ ਨੂੰ ਵਿਖਾਵੇ ਦੀ ਬਿਮਾਰੀ ਤੋਂ ਬਚਣ ਦੀ ਨਸੀਹਤ ਦਿੰਦਾ ਲਿਖਦਾ ਹੈ :
ਝੂਠੀ ਹੈਂਕੜ ਲਈ ਕਰਜ਼ੇ ਰੂਹ ਦਾ ਜ਼ੰਜਾਲ ਹੋਏ।
ਬਾਹਰੋਂ ਮੁੱਛ ਉੱਚੀ ਰੱਖੀ ਅੰਦਰੋਂ ਕੰਗਾਲ ਹੋਏ।
ਟਰੈਕਟਰ ਤੇ ਵੱਜੇ ਸਪੀਕਰ ਪੈਂਦੀ ਧਮਾਲ ਓਏ।
ਲੈਣੇਦਾਰ ਖਲੋਤੇ ਦਰ ਤੇ, ਕਰਦੇ ਤਕਰਾਰ ਓਏ।
ਜੀਵਨ ਦੀਆਂ ਜਾਚਾਂ ਭੁੱਲਿਆ, ਰੋਵੇਂ ਜ਼ਰਜਾਰ ਓਏ।
ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ। (ਪੰਨਾ : 70 )
ਹੱਕਾਂ ਖਾਤਰ ਅਵਾਜ਼ ਚੁੱਕਣ ਵਾਲਿਆਂ ਨੂੰ ਸਮੇਂ ਦੇ ਹਾਕਮਾਂ ਵਲੋਂ ਦੇਸ਼ ਦਾ ਦੁਸ਼ਮਣ ਕਰਾਰ ਦੇਣਾ ਲੇਖਕ ਨੂੰ ਡਾਹਢਾ ਰੜਕਦਾ ਹੈ। ਉਸ ਦੀ ਨਜ਼ਰ 'ਚ ਜਿਥੇ ਲੋਕ ਆਪਣੇ ਹੱਕਾਂ ਖ਼ਾਤਰ ਸੜਕਾਂ 'ਤੇ ਰੁਲਦੇ ਹੋਣ, ਉਸ ਨੂੰ ਕਦਾਚਿਤ ਲੋਕ ਰਾਜ ਨਹੀਂ ਆਖਿਆ ਜਾ ਸਕਦਾ। 'ਲੋਕ ਰਾਜ ਦੀ ਜੈ ਜੈਕਾਰ' ਕਵਿਤਾ 'ਚ ਲੇਖਕ ਅਜੋਕੇ ਰਾਜਨੀਤਕ ਵਰਤਾਰੇ 'ਤੇ ਗਹਿਰੀ ਚੋਟ ਕਰਦਾ ਹੈ :
ਚਿੱਟੇ ਬਿੱਲੇ ਖਾਣ ਮਲਾਈ।
ਲੱਸੀ ਤੇਰੇ ਹਿੱਸੇ ਆਈ।
ਚੋਰ ਤੇ ਕੁੱਤੀ ਰਲੇ ਨੇ ਸਾਰੇ।
ਦਗ਼ਾਬਾਜ਼ ਇਹ ਲੋਟੂ ਭਾਰੇ।
ਕੁਰਸੀ ਧਰਮ ਸ੍ਰੇਸ਼ਟ ਜਾਨਣ।
ਸੁੱਖ ਸਹੂਲਤਾਂ ਰੁਤਬੇ ਮਾਨਣ।
ਹਰ ਇਕ ਰੰਗ ਦੀ ਪੱਗੜੀ ਰੱਖਦੇ।
ਵੇਖ ਕੇ ਮੌਕਾ ਸਿਰ ਤੇ ਧਰਦੇ।
'ਮਝੈਲਾ' ਹੋਰ ਨਾ ਕਰ ਇਤਬਾਰ।
ਲੋਕ ਰਾਜ ਦੀ ਜੈ ਜੈਕਾਰ। (ਪੰਨਾ : 115)
ਉਸ ਦੀ ਸ਼ਾਇਰੀ ਸਮਾਜ ਦੇ ਦੁੱਖਾਂ-ਦਰਦਾਂ 'ਤੇ ਉਂਗਲ ਹੀ ਨਹੀਂ ਧਰਦੀ ਸਗੋਂ ਇਸ ਦਾ ਇਲਾਜ ਵੀ ਦੱਸਦੀ ਹੈ। ਕਵੀ ਦੇ ਮਨ ਦੀ ਕਾਨਸ ਤੇ ਪਏ ਖ਼ੁਆਬ ਬਿਮਾਰ ਸਮਾਜ ਨੂੰ ਤੰਦਰੁਸਤ ਵੇਖਣਾ ਲੋਚਦੇ ਹਨ। ਲੇਖਕ ਕੋਲ ਸ਼ਬਦਾਂ ਦਾ ਭੰਡਾਰ ਹੈ ਅਤੇ ਸ਼ਬਦਾਂ ਦੀ ਜੜ੍ਹਤ ਵੀ ਢੁਕਵੀਂ 'ਤੇ ਪ੍ਰਭਾਵਸ਼ਾਲੀ ਹੈ। ਕੁਝ ਰਚਨਾਵਾਂ 'ਚ ਕਾਵਿ ਵਿਅੰਗ ਅਤੇ ਹਾਸਰਸ ਦੇ ਝਲਕਾਰੇ ਵੀ ਪੈਂਦੇ ਹਨ। ਹਥਲੀ ਕਾਵਿ-ਪੁਸਤਕ ਪੜ੍ਹਣਯੋਗ ਵੀ ਹੈ ਅਤੇ ਸਾਂਭਣਯੋਗ ਵੀ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

 

 

ਮੈਨੂੰ ਸੈਕਲ ਵਾਲੀ ਬਹੂ ਨ੍ਹੀਂ ਚਾਹੀਦੀ...
ਲੇਖਕ : ਰਾਜਿੰਦਰ ਸਿੰਘ ਪੰਧੇਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 95011-45039

2020 ਵਿਚ ਲੇਖ-ਸੰਗ੍ਰਹਿ 'ਲੱਸੀ ਵਾਲੀ ਚਾਟੀ' ਤੋਂ ਬਾਅਦ ਲੇਖਕ ਰਾਜਿੰਦਰ ਸਿੰਘ ਪੰਧੇਰ ਦਾ ਦੂਸਰਾ ਲੇਖ-ਸੰਗ੍ਰਹਿ 'ਮੈਨੂੰ ਸੈਕਲ ਵਾਲੀ ਬਹੂ ਨ੍ਹੀਂ ਚਾਹੀਦੀ' ਪਾਠਕਾਂ ਦੇ ਸਨਮੁੱਖ ਹਾਜ਼ਰ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿਚ 'ਪਾਠਕ ਜਨ, ਮੇਰੀ ਪਹਿਲੀ ਕਿਤਾਬ ਪੜ੍ਹ ਕੇ, ਆਪੋ ਆਪਣੇ ਬਚਪਨ ਅਤੇ ਪਿੰਡ 'ਚ ਮਨ ਕਰਕੇ ਰਹਿਣ ਤੇ ਖੇਡਣ ਦਾ ਅਨੰਦ ਮਾਣ ਚੁੱਕੇ ਹਨ। ਪਾਠਕਾਂ ਅਤੇ ਮਿੱਤਰਾਂ ਵਲੋਂ ਹੌਸਲੇ ਅਤੇ ਖ਼ੁਸ਼ੀਆਂ ਵਾਲਾ ਹੁੰਗਾਰਾ ਮਿਲਣ 'ਤੇ, ਹੁਣ ਮੇਰੀ ਦੂਜੀ ਕਿਤਾਬ ਪਾਠਕਾਂ ਅੱਗੇ ਪੇਸ਼ ਹੋਣ ਜਾ ਰਹੀ ਹੈ।'
ਇਸ ਪੁਸਤਕ 'ਚ 43 ਲੇਖ ਸ਼ਾਮਿਲ ਕੀਤੇ ਗਏ ਹਨ ਜੋ ਪੰਧੇਰ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ 'ਤੇ ਆਧਾਰਿਤ ਹਨ। ਦਿਲਚਸਪ ਵਿਸ਼ਿਆਂ ਦੀ ਚੋਣ ਕਾਰਨ ਪਾਠਕ ਇਨ੍ਹਾਂ ਲੇਖਾਂ ਵਿਚੋਂ ਆਪਣੇ ਜੀਵਨ ਧੁਰੇ ਦੁਆਲੇ ਦੀਆਂ ਘਟਨਾਵਾਂ ਨੂੰ ਮਹਿਸੂਸ ਕਰੇਗਾ। ਹਰ ਲੇਖ ਵਿਚ ਅਖਾਣ, ਮੁਹਾਵਰੇ ਅਤੇ ਲੋਕ-ਸਿਆਣਪਾਂ ਨੂੰ ਸ਼ਾਮਿਲ ਕਰ ਕੇ ਲੇਖਕ ਨੇ ਆਪਣੀ ਗੱਲ ਨੂੰ ਹੋਰ ਪੁਖ਼ਤਗੀ ਬਖ਼ਸ਼ੀ ਹੈ। ਸਮਾਜ ਨੂੰ ਸੇਧ ਦੇਣ ਵਾਲੇ ਇਨ੍ਹਾਂ ਵਿਸ਼ਿਆਂ ਨੂੰ ਲੇਖਕ ਨੇ ਤਰਕਪੂਰਨ ਢੰਗ ਨਾਲ ਕਥਾ-ਅੰਸ਼ਾਂ ਨਾਲ ਸੰਤੁਲਿਤ ਕਰ ਲਿਖਿਆ ਹੈ ਕਿ ਪਾਠਕ ਲਈ ਵਿਧਾ ਰੂਪ ਦਾ ਨਿਰਣਾ ਕਰਨਾ ਸੌਖਾ ਕੰਮ ਨਹੀਂ ਰਹਿੰਦਾ। ਇਨ੍ਹਾਂ ਸਵੈ-ਜੀਵਨੀ ਪਰਕ ਰਚਨਾਵਾਂ ਨੂੰ ਲੇਖ-ਕਹਾਣੀਆਂ ਦਾ ਨਾਂਅ ਦੇਣਾ ਯੋਗ ਰਹੇਗਾ ਕਿਉਂਕਿ ਲੇਖਕ ਦੇ ਜੀਵਨ ਦੇ ਸੱਚੇ ਅਨੁਭਵ ਬੌਧਿਕਤਾ ਨਾਲ ਇਨ੍ਹਾਂ ਲੇਖਾਂ ਵਿਚ ਪੇਸ਼ ਕੀਤੇ ਗਏ ਹਨ। ਇਸ ਪੁਸਤਕ ਵਿਚ ਲੇਖਕ ਨੇ ਸਮਕਾਲੀ ਸਮਾਜ ਦੀ ਯਥਾਰਥਕ ਤਸਵੀਰ ਆਪਣੇ ਜੀਵਨ ਅਨੁਭਵਾਂ ਦੇ ਆਧਾਰ 'ਤੇ ਚਿਤਰਤ ਕੀਤੀ ਹੈ। ਉਸ ਸਮੇਂ ਦੀ ਸਿੱਖਿਆ-ਪ੍ਰਣਾਲੀ, ਰਾਜਨੀਤੀ, ਸਮਾਜਿਕ ਕਾਰ-ਵਿਹਾਰਾਂ ਬਾਰੇ ਭਰਪੂਰ ਜਾਣਕਾਰੀ ਦੇ ਨਾਲ ਹੀ ਲੇਖਕ ਦੀ ਉੱਚੀ ਸੋਚ ਦੇ ਦਰਸ਼ਨ ਵੀ ਇਹ ਪੁਸਤਕ ਕਰਵਾਉਂਦੀ ਹੈ ਅਤੇ ਸਭ ਤੋਂ ਉੱਪਰ ਇਨ੍ਹਾਂ ਲੇਖਾਂ ਦਾ ਸਭ ਤੋਂ ਵੱਡਾ ਆਕਰਸ਼ਣ ਇਨ੍ਹਾਂ ਦੇ ਸਿਰਲੇਖ ਹਨ, ਜਿਨ੍ਹਾਂ ਕਾਰਨ ਪਾਠਕ ਇਨ੍ਹਾਂ ਨੂੰ ਪੜ੍ਹਨ ਲਈ ਉਤਸੁਕ ਹੁੰਦਾ ਹੈ। 'ਸੰਡੇ ਪਾਪਾ' ਸਿਰਲੇਖ ਹੇਠ ਲਿਖੇ ਲੇਖ ਵਿਚੋਂ ਇਕ ਉਦਾਹਰਨ ਵੇਖੀ ਜਾ ਸਕਦੀ ਹੈ : 'ਇਹ ਵੀ ਕਿਹਾ ਜਾਂਦਾ ਹੈ ਕਿ ਉਸ ਕਮਾਈ ਦਾ ਕੀ ਲਾਭ, ਜਿਸ ਨਾਲ ਘਰ ਦੀ ਸ਼ਾਂਤੀ ਅਤੇ ਪ੍ਰੇਮ ਖ਼ਤਮ ਹੋ ਜਾਵੇ। ਉਸ ਸੋਨੇ ਦਾ ਕੀ ਲਾਭ, ਜੋ ਦੁੱਖ ਦੇਵੇ।'
'ਭੱਠ ਪਿਆ ਸੋਨਾ, ਜੋ ਕੰਨਾਂ ਨੂੰ ਖਾਵੇ।'
ਸੋ ਇਹ ਸੋਨਾ ਕਮਾਉਣ ਦੀ ਦੌੜ ਵਿਚ ਪਰਿਵਾਰਾਂ ਵਿਚ ਆਮ ਤੌਰ 'ਤੇ ਅਤੇ ਮਾਂ-ਬਾਪ ਤੇ ਬੱਚਿਆਂ ਵਿਚ ਖ਼ਾਸ ਤੌਰ 'ਤੇ ਤਾਲਮੇਲ (ਕਮਿਊਨੀਕੇਸ਼ਨ) ਘਟ ਰਿਹਾ ਹੈ, ਜਿਸ ਦੇ ਸਮਾਜਿਕ ਨਤੀਜੇ ਚੰਗੇ ਨਹੀਂ ਨਿਕਲ ਰਹੇ। ਕਹਿਣ ਨੂੰ ਤਾਂ ਆਪਾਂ ਸਾਰੇ ਕਹਿੰਦੇ ਹਾਂ ਕਿ ਮੈਂ ਆਪਦੇ ਬੱਚਿਆਂ ਲਈ ਹੀ ਸਭ ਕੁਝ ਕਮਾ ਰਿਹਾ ਹਾਂ ਅਤੇ ਜਦੋਂ ਬੱਚਿਆਂ ਨਾਲ ਗੱਲ ਕਰੋ ਕਿ ਤੇਰੇ ਪਿਤਾ ਦੀ ਕੀਤੀ ਕਮਾਈ ਨਾਲ ਤਾਂ ਤੈਨੂੰ ਮੌਜਾਂ ਲੱਗ ਜਾਣਗੀਆਂ, ਤਾਂ ਉਸ ਤੋਂ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ, 'ਆਈ ਡੂ ਨੌਟ ਕੇਅਰ, ਵ੍ਹੱਟ ਹੀ ਅਰਨਜ਼, ਆਈ ਹੈਵ ਮਾਈ ਓਨ ਵੇ' ਨਾਲ ਸਾਡੇ ਨਾਲ ਕਿਹੜਾ ਉਹ ਕਦੇ ਬੈਠ ਕੇ ਗੱਲ ਕਰਦਾ ਹੈ ਅਤੇ ਨਾ ਹੀ ਸਾਨੂੰ ਕਦੇ ਬਾਹਰ ਹੋਲੀਡੇ 'ਤੇ ਲੈ ਕੇ ਗਿਆ ਹੈ ... ਆਦਿ। ਉਮੀਦ ਹੈ ਕਿ ਇਸ ਪੁਸਤਕ ਨੂੰ ਵੀ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲੇਗਾ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

 

ਦਰਵੇਸ਼ਾਂ ਦੀ ਲੀਲਾ
ਸੰਪਾਦਕ : ਬਲੀਜੀਤ, ਸੁਰਿੰਦਰ ਭੂਸ਼ਨ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98155-50646

ਭੂਸ਼ਨ ਧਿਆਨਪੁਰੀ ਆਪਣੇ ਸਮੇਂ ਦਾ ਤਿੱਖਾ ਵਿਅੰਗਕਾਰ ਲੇਖਕ ਸੀ, ਜਿਸ ਦੀ ਮਹਿਫ਼ਲ 'ਚ ਬੈਠਿਆਂ ਬੰਦਾ ਹੱਸਣੋਂ ਤੇ ਖਿੜ-ਖਿੜਾਉਣੋਂ ਨਹੀਂ ਸੀ ਰਹਿੰਦਾ। 'ਇਕ ਮਸੀਹਾ ਹੋਰ', 'ਸਿਰਜਣਧਾਰਾ', 'ਜਾਂਦੀ-ਵਾਰ ਦਾ ਸੱਚ', 'ਮੇਰੀ ਕਿਤਾਬ' ਅਤੇ 'ਕਿਆ ਨੇੜੇ ਕਿਆ ਦੂਰ' ਉਸ ਦੀਆਂ ਚਰਚਿਤ ਪੁਸਤਕਾਂ ਹਨ। ਉਸ ਦੇ ਵਿਛੜਨ ਤੋਂ ਪਿੱਛੋਂ ਹਥਲੀ ਵਿਚਾਰ ਅਧੀਨ ਪੁਸਤਕ 'ਦਰਵੇਸ਼ਾਂ ਦੀ ਲੀਲਾ' 2023 'ਚ ਛਪੀ, ਜਿਸ ਨੂੰ ਪ੍ਰਕਾਸ਼ਿਤ ਕਰਾਉਣ ਦਾ ਬੀੜਾ, ਉਸ ਦੀ ਪਤਨੀ ਸੁਰਿੰਦਰ ਭੂਸ਼ਨ ਤੇ ਉਸ ਦੇ ਮੁਰੀਦ ਬਲੀਜੀਤ ਨੇ ਚੁੱਕਿਆ। ਇਸ ਪੁਸਤਕ ਬਾਰੇ ਭੂਸ਼ਨ ਦੇ ਲਿਖੇ ਹੋਏ ਸ਼ਬਦ ਇਸ ਰਚਨਾ ਦੇ ਤੱਥ ਹਨ : 'ਮੇਰੀ ਇਹ ਕਿਤਾਬ ਵੀ ਮੇਰੀ ਜੀਵਨੀ ਦੇ ਤਾਣੇ-ਪੇਟੇ 'ਚੋਂ ਨਿਕਲੀ ਹੈ। ਧਿਆਨਪੁਰ, ਚੰਡੀਗੜ੍ਹ ਤੇ ਰੋਪੜ ਰਹਿੰਦਿਆਂ ਜਿਹੋ ਜਿਹੇ ਮਾਹੌਲ ਅਤੇ ਕਿਰਦਾਰਾਂ ਨਾਲ ਵਾਹ ਪਿਆ, ਵਕਤ ਪਾ ਕੇ ਉਹ ਸ਼ਖ਼ਸੀਅਤ ਦਾ ਹਿੱਸਾ ਬਣ ਗਿਆ।' ਅਸਲ ਵਿਚ ਇਸ ਜੀਵਨੀ ਦੀ ਸਮੱਗਰੀ ਦਾ ਸੱਚੋ-ਸੱਚ ਇਹੀ ਹੈ। ਸੱਚ ਹਮੇਸ਼ਾ ਕੋਠੇ ਚੜ੍ਹ ਕੇ ਬੋਲਦਾ ਹੈ, ਭੂਸ਼ਨ ਬੰਦੇ ਨੂੰ ਤੋਲਦਾ ਹੈ, ਧਰਮ ਰਾਜ ਦੀ ਕਚਹਿਰੀ ਦੀ ਗੱਲ ਕਰਦਿਆਂ, ਉਹ ਬੰਦੇ ਦੇ ਅੰਦਰਲੇ ਬੰਦੇ ਨੂੰ ਹੰਘਾਲਦਾ ਹੈ। ਬੇਬਾਕੀ ਉਸ ਦੀ ਕਲਮ ਦੀ ਪਛਾਣ ਹੈ, ਕਾਵਿਕ-ਵਾਰਤਕ ਉਸ ਦੀ ਜਾਨ ਹੈ, ਉਹ ਆਪਣੇ ਪਿੰਡ ਦੇ ਅਲਬੇਲੇ, ਮਸਤ-ਮਲੰਗ, ਨਿਸ਼ੰਗ ਤੇ ਦਰਵੇਸ਼ਾਂ ਦੇ ਸ਼ਬਦ-ਚਿੱਤਰ ਪੇਸ਼ ਕਰਦਾ ਜੀਵਨ ਦੇ ਗੁੱਝੇ ਰਹੱਸਾਂ ਨੂੰ ਸਹਿਜ ਨਾਲ ਸਮਝਾਉਣ 'ਚ ਸਫਲ ਹੈ। 'ਰਿਖੀ ਦਾ ਵਿਆਹ', 'ਬਾਬਾ ਗਰੀਬੂ', 'ਬਾਬਾ ਬਸ ਬਾਕੀ', 'ਵੈਦ ਰੋਗੀਆਂ ਦਾ' ਤੇ 'ਬਾਊ ਸਫ਼ਾਈ ਵਾਲਾ' ਇਸੇ ਲੜੀ 'ਚ ਆਉਂਦੇ ਹਨ। ਚੰਡੀਗੜ੍ਹ ਦਫ਼ਤਰ 'ਚ ਕੰਮ ਕਰਦਿਆਂ, ਭੂਸ਼ਨ ਨੇ 'ਦਫ਼ਤਰ ਦਾ ਚਿਹਰਾ', 'ਧੂੰਆਂ', 'ਕੰਮ ਦਾ ਬੰਦਾ', 'ਸ਼ਾਹ ਕਾ ਮੁਸਾਹਿਬ', 'ਵੀਰਵਾਰ ਦਾ ਵਰਤ' ਤੇ 'ਹਸਰਤਾਂ ਦੇ ਮੇਲੇ' ਚਿੱਤਰ ਕੇ ਇਕ ਵੱਖਰੀ ਦੁਨੀਆ ਦੇ ਪਾਤਰਾਂ ਦੇ ਦਰਸ਼ਨ ਕਰਵਾਏ ਹਨ। ਲੇਖਕਾਂ ਨੂੰ ਆਪਣੀਆਂ ਰਚਨਾਵਾਂ ਦਾ ਮਿਆਰ ਸਥਾਪਿਤ ਰੱਖਣ ਲਈ ਗਿਆਨੀ ਗੁਰਦਿਤ ਸਿੰਘ ਦੀ ਕਲਾਸੀਕਲ ਪੁਸਤਕ 'ਮੇਰਾ ਪਿੰਡ' ਨੂੰ ਮਿਸਾਲ ਬਣਾ ਕੇ 'ਤੇਰਾ ਪਿੰਡ, ਮੇਰਾ ਪਿੰਡ' ਰਚਨਾ ਰਾਹੀਂ ਸਿਖ਼ਰ ਦੀਆਂ ਗੱਲਾਂ ਕੀਤੀਆਂ ਹਨ। ਇਸ ਪੁਸਤਕ 'ਚੋਂ ਜਿਥੇ ਭੂਸ਼ਨ ਦੀ ਸਾਹਿਤਕਾਰਤਾ ਅਤੇ ਵਿਅਕਤੀਤਵ ਪ੍ਰਤੱਖ ਜ਼ਾਮਨੀ ਭਰਦਾ ਹੈ, ਉਥੇ ਵਿਅੰਗਕਾਰ ਸੂਬਾ ਸਿੰਘ, ਬਿਰਹਾ ਤੂੰ ਸੁਲਤਾਨ ਸ਼ਾਇਰ-ਸ਼ਿਵ ਕੁਮਾਰ ਬਟਾਲਵੀ, ਰਾਜਸੀ ਨੇਤਾਵਾਂ ਜ਼ੈਲ ਸਿੰਘ, ਪਰਤਾਪ ਸਿੰਘ ਕੈਰੋਂ, ਲਛਮਣ ਸਿੰਘ ਗਿੱਲ ਅਤੇ ਕਈ ਉੱਘੇ ਹਿੰਦੀ-ਉਰਦੂ ਲੇਖਕਾਂ ਦੀ ਕਾਰਜ-ਸ਼ੈਲੀ ਬਾਰੇ ਵੀ ਸਟੀਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕੁਝ ਟਿੱਪਣੀਆਂ ਵੇਖੋ : ''ਜਦੋਂ ਬੰਦਾ ਉਤਲੀ ਹਵਾ 'ਚ ਪਹੁੰਚ ਜਾਏ ਤਾਂ ਉਹਦਾ ਰਿਸ਼ਤਾ ਧਰਤੀ ਨਾਲੋਂ ਟੁੱਟ ਜਾਂਦਾ ਹੈ।'' 'ਯਾਦਾਂ ਲਿਖਣ ਬਹਿਣਾ ਬੁਢਾਪੇ ਦੀ ਨਿਸ਼ਾਨੀ ਹੈ।' 'ਵੇਖਿਆ ਜਾਏ ਤਾਂ ਸਭ ਕੁਝ ਹੈ ਈ ਬੰਦੇ ਨਾਲ, ਬੰਦੇ ਕਰਕੇ, ਬੰਦੇ ਲਈ। ਬੰਦਾ ਨਹੀਂ ਤਾਂ ਕੁਝ ਵੀ ਨਹੀਂ।' ਖਰੀਆਂ-ਖਰੀਆਂ ਕਹਿਣ ਵਾਲਾ ਭੂਸ਼ਨ ਆਪਣੇ ਸਮੇਂ ਦੇ ਵਿਅੰਗ ਦਾ ਸ਼ਾਹ-ਸੁਆਰ ਸੀ। ਇਸ ਪੁਸਤਕ 'ਚੋਂ ਬੜਾ ਕੁਝ ਸਮਝਿਆ ਜਾ ਸਕਦਾ ਹੈ ਤੇ ਬੜਾ ਕੁਝ ਮਾਣਿਆ ਜਾ ਸਕਦਾ। ਇਥੇ 'ਭੂਸ਼ਨ ਦੀ ਵਿਅੰਗਕਾਰੀ' ਨਾਂਅ ਦੀ ਲਿਖੀ ਮੈਂ ਆਪਣੀ ਕਵਿਤਾ ਦੇ ਕੁਝ ਅੰਸ਼ ਰਾਹੀਂ ਸਾਂਝ ਪਾਉਂਦਾ ਹਾਂ :
ਨਾ ਟੈਗੋਰ ਤੇ ਨਾ ਸਤਿਆਰਥੀ
ਨਾ ਕੋਈ ਪੁੱਛਿਆ ਧਾਰੀ,
ਇਹ ਤਾਂ ਵਿਅੰਗਕਾਰ ਹੈ ਭੂਸ਼ਨ
ਕਹਿੰਦਾ ਸਾਡਾ ਮੋਹਨ ਭੰਡਾਰੀ।

--- --- --- ---
ਡੰਗ ਮਾਰ ਕੇ ਖੁੱਲਵੀਂ ਦਾੜ੍ਹੀ
ਜਦ ਮਾਰ ਠਹਾਕਾ ਹੱਸੇ
ਸਮਝ ਲਵੋ ਭੂਸ਼ਨ ਹੈ ਬੈਠਾ
ਤੀਰ ਵਿਅੰਗ ਦੇ ਕੱਸੇ।

--- --- --- ---
ਪੁਸਤਕ ਦਾ ਨਾਂਅ ਤੇ ਸਰਵਰਕ, ਪਾਠਕ ਨੂੰ ਪੜ੍ਹਨ ਲਈ ਖਿੱਚ ਪਾਉਂਦਾ।-ਮਨਮੋਹਨ ਸਿੰਘ ਦਾਊਂ

ਮੋਬਾਈਲ : 98151-23900

 

 

12-08-23

 ਪੰਜਾਬ ਡਾਇਰੀ-2022
ਲੇਖਕ : ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਪਲਾਹੀ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 98158-02070

ਸਾਡੇ ਪ੍ਰਗਤੀਸ਼ੀਲ ਲੇਖਕ ਅਤੇ ਕਾਲਮਨਵੀਸ ਸ. ਗੁਰਮੀਤ ਸਿੰਘ ਪਲਾਹੀ ਨੇ ਆਪਣੀ ਇਸ ਪੁਸਤਕ ਵਿਚ 'ਰੰਗੋਂ ਬੇਰੰਗ ਹੋਏ ਪੰਜਾਬ' ਦੀ ਤ੍ਰਾਸਦਕ ਸਥਿਤੀ ਬਾਰੇ ਲਿਖੇ 56 ਲੇਖਾਂ, ਦੁਆਰਾ ਹਾਜ਼ਰੀ ਲਗਵਾਈ ਹੈ। ਅੱਜ ਤੋਂ ਦੋ-ਢਾਈ ਦਹਾਕੇ ਪਹਿਲਾਂ ਜਦੋਂ ਸ. ਜਸਵੰਤ ਸਿੰਘ ਕੰਵਲ, ਉੱਜੜ ਰਹੇ ਪੰਜਾਬ ਨੂੰ ਬਚਾਉਣ ਬਾਰੇ ਭਾਵੁਕ ਅਪੀਲਾਂ ਕਰ ਰਿਹਾ ਸੀ ਤਾਂ ਸਾਡੇ ਵਰਗੇ ਬਹੁਤੇ ਲੋਕ ਇਸ ਪ੍ਰਕਿਰਿਆ ਨੂੰ 'ਰੂਪਾਂਤਰਣ' ਦਾ ਨਾਂਅ ਦੇ ਕੇ ਚੁੱਪ ਕਰ ਜਾਂਦੇ ਸਨ। ਉਸ ਵਕਤ ਇਸ ਸੱਚ ਬਾਰੇ ਸੋਝੀ ਨਹੀਂ ਸੀ ਕਿ ਰੂਪਾਂਤਰਣ ਦੇ ਨਾਂਅ ਹੇਠ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਦਾ ਜੋ ਘਿਣੌਣਾ ਨਾਚ ਨੱਚਿਆ ਜਾ ਰਿਹਾ ਹੈ, ਉਸ ਦਾ ਖਮਿਆਜ਼ਾ ਪੂਰੇ ਦੇਸ਼ ਨੂੰ ਹੀ ਨਹੀਂ ਬਲਕਿ ਪੂਰੇ ਵਿਸ਼ਵ ਨੂੰ ਭੁਗਤਣਾ ਪਏਗਾ ਕਿਉਂਕਿ ਅਜੋਕੇ ਪਰਿਪੇਖ ਵਿਚ ਕਿਸੇ ਖਿੱਤੇ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਇਨ੍ਹਾਂ ਲੇਖਾਂ ਵਿਚ ਸ. ਪਲਾਹੀ ਨੇ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕਾਰਕਾਂ ਬਾਰੇ ਵਿਸ਼ਲੇਸ਼ਣਾਤਮਕ ਨੋਟ ਦਿੱਤੇ ਹਨ ਅਤੇ ਨਾਲ ਹੀ ਕੁਝ ਸਮਾਧਾਨ ਵੀ ਸੁਝਾਏ ਹਨ। ਲੇਖਕ ਨੇ ਪੰਜਾਬ ਦੇ ਗੰਧਲੇ ਸਿਆਸੀ ਮਾਹੌਲ, ਪਿੰਡਾਂ ਦੇ ਮੰਦੜੇ ਹਾਲ, ਕੇਂਦਰ ਵਲੋਂ ਕੀਤੇ ਜਾ ਰਹੇ ਵਿਤਕਰਿਆਂ, ਨਿੱਜੀ ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਦੀ ਭਰਮਾਰ, ਬੇਰੁਜ਼ਗਾਰੀ, ਅੰਧਾਧੁੰਦ ਪਰਵਾਸ, ਤਕਨੀਕ ਪਛੜੇਪਨ, ਸਿਹਤ ਅਤੇ ਸਿੱਖਿਆ ਸੇਵਾਵਾਂ ਵਿਚ ਹੋਣ ਵਾਲੀ ਲੁੱਟ-ਖਸੁੱਟ ਅਤੇ ਸਮਾਜ ਵਿਚ ਹਰ ਤਰਫ਼ ਪਸਰੀ ਸਵਾਰਥ ਦੀ ਭਾਵਨਾ ਨੂੰ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਹ ਅੰਕੜਿਆਂ ਅਤੇ ਤੱਥਾਂ ਨਾਲ ਆਪਣੇ ਲੇਖਾਂ ਨੂੰ ਉਸਾਰਦਾ ਹੈ। ਉਸ ਦਾ ਥੀਸਿਜ਼ ਹੈ ਕਿ ਪੰਜਾਬ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਗਿਆ ਹੈ। ਬੇਰੁਜ਼ਗਾਰੀ ਦੀ ਦਰ 33.6 ਫ਼ੀਸਦੀ ਹੋ ਗਈ ਹੈ। ਦੇਸ਼ ਵਿਚ ਪੰਜਾਬ ਦੀ ਆਰਥਿਕ ਰੈਂਕਿੰਗ 19ਵੀਂ ਹੈ। ਛੇਤੀ ਹੀ ਕੁਝ ਉਪਾਅ ਲੱਭਣੇ ਪੈਣਗੇ। ਪੜ੍ਹਨਯੋਗ ਪੁਸਤਕ ਹੈ।

ਦਰਦ ਦਾ ਅਹਿਸਾਸ
ਲੇਖਕ : ਜਗਤਾਰ ਬੈਂਸ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ: 150 ਰੁਪਏ, ਸਫ਼ੇ: 80
ਸੰਪਰਕ : 81461-12311

ਕਵਿਤਾ ਲਿਖਣਾ ਜਗਤਾਰ ਬੈਂਸ ਦਾ ਸ਼ੌਕ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਦੇ ਮਨੋਰੰਜਨ ਲਈ ਹੀ ਲਿਖਦੇ ਹਨ ਬਲਕਿ ਉਨ੍ਹਾਂ ਦੇ ਲਿਖਣ ਦਾ ਇਕੋ ਇਕ ਮਕਸਦ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਨਾਲ ਜੂਝਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਬਰਾਬਰੀ ਵਾਲੇ ਲੁੱਟ-ਰਹਿਤ ਸਮਾਜ ਦੀ ਸਿਰਜਣਾ ਹੈ। ਅਜੋਕੇ ਵੋਟ-ਤੰਤਰ ਦੀ ਭ੍ਰਿਸ਼ਟ ਪ੍ਰਣਾਲੀ ਤੋਂ ਵੀ ਉਹ ਭਲੀ-ਭਾਂਤ ਜਾਣੂ ਹਨ, ਜਿਸ ਵਿਚ ਮਨਮਰਜ਼ੀ ਦੀ ਸਰਕਾਰ ਚੁਣ ਕੇ ਵੀ ਵੋਟਰ ਨੂੰ ਪਛਤਾਉਣਾ ਪੈਂਦਾ ਹੈ:
ਚਾਵਾਂ ਨਾਲ ਜਾਂਦੇ ਹਾਂ ਵੋਟਾਂ ਪਾਵਾਂਗੇ
ਨੌਕਰੀਆਂ ਮਿਲਣਗੀਆਂ, ਸੁਪਨੇ ਸਜਾਵਾਂਗੇ
ਲਾਰਿਆਂ 'ਚ ਲੰਘ ਗਏ ਨਾ ਆਈ ਚਿੱਠੀ ਕੋਈ ਆ।
ਅਸੀਂ ਕਦੋਂ ਸਮਝਾਂਗੇ ਸਾਡੇ ਨਾਲ ਠੱਗੀ ਹੋਈ ਆ।
ਜਗਤਾਰ ਬੈਂਸ ਦੀ ਧਾਰਨਾ ਹੈ ਕਿ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਇਸ ਦੀ ਕੋਈ ਜਾਤ ਹੁੰਦੀ ਹੈ ਪਰ ਆਪਣੀ ਹਕੂਮਤ ਦੀ ਸਲਾਮਤੀ ਲਈ ਉਹ ਬੜੀ ਬੇਸ਼ਰਮੀ ਨਾਲ ਇਨ੍ਹਾਂ ਦੋਵਾਂ ਨੂੰ ਹਥਿਆਰ ਵਜੋਂ ਵਰਤਦਾ ਹੈ। ਆਪਣੇ ਖ਼ਿਲਾਫ਼ ਉੱਠਣ ਵਾਲੀਆਂ ਆਵਾਜ਼ਾਂ ਨੂੰ ਉਹ ਦੇਸ਼-ਧਰੋਹੀ ਕਹਿ ਕੇ ਜੇਲ੍ਹਾਂ ਵਿਚ ਵੀ ਸੁੱਟਦਾ ਹੈ ਅਤੇ ਉਨ੍ਹਾਂ ਦੇ ਝੂਠੇ ਮੁਕਾਬਲੇ ਵੀ ਬਣਾਉਂਦਾ ਹੈ। ਬੇਸ਼ੱਕ ਹਾਕਮ ਦੀ ਸ਼ਕਲ ਤਾਂ ਬਦਲਦੀ ਰਹਿੰਦੀ ਹੈ ਪਰ ਉਸ ਦੀ ਸੋਚ ਕਦੇ ਵੀ ਨਹੀਂ ਬਦਲਦੀ:
ਫਿਰ ਔਰੰਗਜ਼ੇਬ ਤੇ ਅੰਗਰੇਜ਼ ਆਉਣਗੇ
ਹਿਟਲਰ ਦੇ ਭੇਸ ਵਿਚ ਰਾਜ ਚਲਾਉਣਗੇ
ਅਣਮਨੁੱਖੀ ਤਸੀਹਿਆਂ ਦਾ
ਫਿਰ ਤੋਂ ਆਗਾਜ਼ ਹੋਵੇਗਾ
ਮੈਂ ਸੋਚਿਆ ਹੀ ਨਹੀਂ ਸੀ ਕਦੇ।
ਇਸ ਪੁਸਤਕ ਤੋਂ ਪਹਿਲਾਂ ਜਗਤਾਰ ਬੈਂਸ ਦੇ ਤਿੰਨ ਕਹਾਣੀ-ਸੰਗ੍ਰਹਿ, ਦੋ ਮਿੰਨੀ ਕਹਾਣੀ-ਸੰਗ੍ਰਹਿ ਅਤੇ ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਦੀ ਸ਼ਬਦਾਵਲੀ ਬੜੀ ਸਰਲ, ਸਪੱਸ਼ਟ ਅਤੇ ਨਿਧੜਕ ਹੈ। ਆਪਣੀ ਗੱਲ ਕਹਿਣ ਲਈ ਉਹ ਕਿਸੇ ਕਿਸਮ ਦੀ ਸੰਕੇਤਕ ਲੁਕਣ-ਮੀਟੀ ਨਹੀਂ ਖੇਡਦੇ ਬਲਕਿ ਜੋ ਵੀ ਕਹਿੰਦੇ ਹਨ, ਹਿੱਕ ਥਾਪੜ ਕੇ ਕਹਿੰਦੇ ਹਨ। ਉਨ੍ਹਾਂ ਦੇ ਇਸ ਖ਼ੂਬਸੂਰਤ ਇਨਕਲਾਬੀ ਕਾਵਿ-ਸੰਗ੍ਰਹਿ 'ਦਰਦ ਦਾ ਅਹਿਸਾਸ' ਦਾ ਭਰਪੂਰ ਸਮਰਥਨ ਕਰਨਾ ਬਣਦਾ ਹੈ ਕਿਉਂਕਿ ਅਜਿਹੀ ਕਵਿਤਾ ਅਜੋਕੇ ਸਮੇਂ ਦੀ ਅਣਸਰਦੀ ਲੋੜ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਰਾਹਾਂ ਦੇ ਰੰਗ
ਲੇਖਕ : ਮਾਸਟਰ ਅਜੀਤ ਸਿੰਘ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਕੇਸ਼ਨਜ਼ ਦਿੱਲੀ
ਮੁੱਲ : 450 ਰੁਪਏ, ਸਫ਼ੇ : 197
ਸੰਪਰਕ : 81469-24936

ਕੁੱਲ 22 ਰਚਨਾਵਾਂ ਦੀ 2023 ਵਿਚ ਮਾਸਟਰ ਅਜੀਤ ਸਿੰਘ ਦੀ ਛਪੀ ਪਲੇਠੀ ਪੁਸਤਕ ਵਿਚ ਅੱਡ-ਅੱਡ ਵਿਧਾਵਾਂ ਨਾਲ ਸੰਬੰਧਿਤ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਲੇਖਕ ਦੇ ਲੰਬੇ ਜੀਵਨ ਦੇ ਵੱਖਰੇ-ਵੱਖਰੇ ਅਨੁਭਵਾਂ ਵਿਚੋਂ ਉੱਭਰ ਕੇ ਆਈਆਂ ਘਟਨਾਵਾਂ ਨੇ ਯਾਦਾਂ, ਲੇਖ, ਨਾਟਕ ਤੇ ਵਾਰਤਾਲਾਪ ਦੇ ਰੂਪ ਵਿਚ ਕਾਗ਼ਜ਼ ਉੱਤੇ ਸ਼ਬਦਾਂ ਦਾ ਰੂਪ ਲੈ ਲਿਆ। ਇਸ ਪੁਸਤਕ ਦੀਆਂ ਰਚਨਾਵਾਂ ਕਿਸੇ ਇਕ ਵਿਧਾ ਦੇ ਅਧੀਨ ਨਹੀਂ ਆਉਂਦੀਆਂ। ਇਨ੍ਹਾਂ ਰਚਨਾਵਾਂ ਨੂੰ ਵਾਚ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿਚੋਂ ਗਲਪਾਤਮਕ ਤੇ ਅਗਲਾਤਮਕ ਵਾਰਤਕ ਦੀ ਝਲਕ ਪੈਂਦੀ ਹੈ। ਸਾਹਿਤਕ ਅਧਿਐਨ ਦੇ ਆਧੁਨਿਕ ਮੁਹਾਵਰੇ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਰਾਹਾਂ ਦੇ ਰੰਗ ਸਿਰਲੇਖ ਅਧੀਨ ਇਹ ਪੁਸਤਕ ਗਲਪ ਅਤੇ ਵਾਰਤਕ ਦਾ ਸੁਮੇਲ ਹੈ। ਪੁਸਤਕ ਦੀਆਂ ਰਚਨਾਵਾਂ ਵਿਚ ਜ਼ਿੰਦਗੀ ਦੀ ਸੂਖਮਤਾ, ਸੰਵੇਦਨਾ ਅਤੇ ਭਾਵੁਕਤਾ ਮਹਿਸੂਸ ਹੁੰਦੀ ਹੈ। ਵੰਨ ਸੁਵੰਨ ਨਾਲ ਲਬਰੇਜ਼ ਇਨ੍ਹਾਂ ਰਚਨਾਵਾਂ ਨੂੰ ਵਿਕਲੋਤਰੀ ਵਾਰਤਕ ਵੀ ਕਿਹਾ ਜਾ ਸਕਦਾ ਹੈ। ਪੁਸਤਕ ਦੀਆਂ ਰਚਨਾਵਾਂ ਵਿਚੋਂ ਲੇਖਕ ਦਾ ਪ੍ਰਗਤੀਸ਼ੀਲ ਨਜ਼ਰੀਆ ਉਸ ਦੀ ਪ੍ਰਤੀਬੱਧਤਾ ਅਤੇ ਜ਼ਿੰਦਗੀ ਦਾ ਸੰਘਰਸ਼ ਵਿਖਾਈ ਦਿੰਦੇ ਹਨ। ਰਚਨਾਵਾਂ ਦੀਆਂ ਘਟਨਾਵਾਂ ਕਲਪਿਤ ਨਹੀਂ ਸਗੋਂ ਸੱਚੇ ਮੁੱਚੇ ਮਨੁੱਖਾਂ ਅਤੇ ਅਨੁਭਵਾਂ ਦੀ ਨਿਸ਼ਾਨਦੇਹੀ ਕਰਦੇ ਹਨ। ਰਚਨਾਵਾਂ ਦੀ ਰੂਪਗਤ ਨਾਲੋਂ ਭਾਗਵਤ ਪਹਿਚਾਣ ਵੱਧ ਹੈ। ਲੇਖਕ ਦੀ ਪੁਸਤਕ ਕੇਵਲ ਮਾਤਰ ਰਚਨਾਵਾਂ ਦੇ ਰੰਗ ਨਹੀਂ ਸਗੋਂ ਜ਼ਿੰਦਗੀ ਦੇ ਰਾਹਾਂ ਦੇ ਰੰਗਾਂ ਨੂੰ ਹੰਢਾਇਆ ਵੀ ਗਿਆ ਹੈ। ਇਸ ਪੁਸਤਕ ਦੀ ਇਕ ਰਚਨਾ ਸੇਵਕ ਪਰਿਵਾਰ ਦੀ ਯਾਦ ਭਾਵੇਂ ਵਿਸ਼ਾ-ਵਸਤੂ ਪੱਖੋਂ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਰਚਨਾ ਵਿਚ ਕੁਝ ਗ਼ਲਤੀਆਂ ਇਸ ਨੂੰ ਰਸਹੀਣ ਕਰਦੀਆਂ ਹਨ ਜਿਵੇਂ ਕਿ ਗ: ਪ੍ਰਾ: ਸਕੂਲ ਦੀ ਥਾਂ ਸਰਕਾਰੀ ਪ੍ਰਾਇਮਰੀ ਸਕੂਲ ਚਾਹੀਦਾ ਸੀ। ਭਗਚਾਨ ਚੰਦ ਦੀ ਥਾਂ ਭਗਵਾਨ ਚੰਦ, ਬੀ. ਪੀ. ਓ. ਦੀ ਥਾਂ ਬੀ. ਪੀ. ਈ. ਓ. ਚਾਹੀਦਾ ਸੀ। ਲੇਖ ਨੂਰਦੀਨ ਇਕ ਸੰਵੇਦਨਸ਼ੀਲ ਰਚਨਾ ਹੈ। 1947 ਦੀ ਵੰਡ ਨੂੰ ਲੈ ਕੇ ਇਕ ਛੋਟੇ ਬੱਚੇ ਲੱਛੂ ਦਾ ਆਪਣੇ ਦੋਸਤ ਨੂਰਦੀਨ ਦੇ ਕਤਲ ਨੂੰ ਵੇਖ ਕੇ ਚੀਖ ਮਾਰਨਾ ਪਾਠਕਾਂ ਨੂੰ ਭਾਵੁਕ ਕਰ ਦਿੰਦਾ ਹੈ ਪਰ ਮੰਜਰ ਸ਼ਬਦ ਨੂੰ ਦੋ ਵੇਰ ਅੱਡ-ਅੱਡ ਲਿਖਣਾ, ਬਾਹਾਂ ਸ਼ਬਦ ਨੂੰ ਬਾਹਾ ਲਿਖਣਾ ਅਤੇ ਪ੍ਰਸ਼ਨ ਚਿੰਨ੍ਹ ਕੌਮਿਆਂ ਦੀਆਂ ਗ਼ਲਤੀਆਂ ਪੁਸਤਕ ਦੇ ਪ੍ਰਭਾਵ ਨੂੰ ਪੇਤਲਾ ਕਰਦੀਆਂ ਹਨ। ਪੁਸਤਕ ਦੀ ਛਪਾਈ ਸਮੇਂ ਇਨ੍ਹਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ ਪਰ ਫੇਰ ਵੀ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਇਕ ਹੋਰ ਪੁਸਤਕ ਪਾ ਕੇ ਇਸ ਦੇ ਸਾਹਿਤਕ ਦਾਇਰੇ ਨੂੰ ਵਧਾਉਣ ਲਈ ਲੇਖਕ ਵਧਾਈ ਦਾ ਪਾਤਰ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਇਸਮਤ ਚੁਗ਼ਤਾਈ : ਚੋਣਵੀਆਂ ਕਹਾਣੀਆਂ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 98146-28027

ਇਸਮਤ ਚੁਗ਼ਤਾਈ (1915-1991) ਉੱਤਰ ਪ੍ਰਦੇਸ਼ ਦੇ ਬਦਾਯੂੰ ਨਗਰ ਵਿਚ ਜੰਮੀ-ਪਲੀ ਅਤੇ ਪ੍ਰਵਾਨ ਚੜ੍ਹੀ। ਕਿਸ਼ੋਰ ਅਵਸਥਾ ਵਿਚ ਹੀ ਉਸ ਨੇ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀਆਂ ਕੁਝ ਕਹਾਣੀਆਂ ਉਸ ਵਕਤ ਦੇ ਜਾਗੀਰਦਾਰੀ ਪ੍ਰਬੰਧ ਵਿਚ ਜਿਨਸੀ-ਸੰਬੰਧਾਂ ਦੇ ਬਾਰੇ ਵਿਚ ਵੀ ਹਨ : ਰਜ਼ਾਈ (ਲਿਹਾਫ਼), ਇਸ ਵੰਨਗੀ ਦੀ ਇਕ ਚਰਚਿਤ ਕਹਾਣੀ ਹੈ (ਪੰਨਾ 106)। ਭਾਰਤ ਦੇ ਪ੍ਰਸਿੱਧ ਫਿਲਮਸਾਜ਼ ਸ਼ਾਹਿਦ ਲਤੀਫ਼ ਨਾਲ ਉਸ ਦੀ ਸ਼ਾਦੀ ਹੋ ਗਈ ਸੀ ਅਤੇ ਫਿਰ ਆਖ਼ਰੀ ਸਾਹਾਂ ਤੱਕ ਉਹ ਮੁੰਬਈ ਹੀ ਰਹੀ। ਮੰਟੋ, ਬੇਦੀ, ਕ੍ਰਿਸ਼ਨ ਚੰਦਰ ਅਤੇ ਇਸਮਤ ਆਪਾ ਨੇ ਉਰਦੂ ਕਹਾਣੀ ਨੂੰ ਇਕ ਨਵੀਂ ਸ਼ਨਾਖ਼ਤ ਪ੍ਰਦਾਨ ਕੀਤੀ ਹੈ।
ਸ. ਕਰਮ ਸਿੰਘ ਜ਼ਖ਼ਮੀ ਨੇ ਬੜੀ ਮਿਹਨਤ ਨਾਲ ਇਸ ਸੰਗ੍ਰਹਿ ਵਿਚਲੀਆਂ 18 ਕਹਾਣੀਆਂ ਦਾ ਅਨੁਵਾਦ ਕੀਤਾ ਹੈ। ਇਹੋ ਜਿਹੇ ਅਨੁਵਾਦ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਪੰਜਾਬੀ ਕਹਾਣੀਕਾਰਾਂ ਅਤੇ ਪਾਠਕਾਂ ਦੀ ਸੂਝ-ਸਮਝ ਦੇ ਦਿਸਹੱਦੇ ਫੈਲਦੇ ਰਹਿਣ। ਉਹ ਹਰ ਕਹਾਣੀ ਦੇ ਲਿਖਣ-ਪੜ੍ਹਨ ਨੂੰ ਇਕ ਚੁਣੌਤੀ ਵਜੋਂ ਲੈਣ। ਪ੍ਰਮਾਣਿਕ ਅਭਿਵਿਅਕਤੀ ਬਹੁਤ ਸਾਰੇ ਪੂਰਵਾਗ੍ਰਹਿਆਂ ਅਤੇ ਹਠਧਰਮੀਆਂ ਨੂੰ ਤੋੜਦੀ ਹੈ।
ਆਪਣੀਆਂ ਕਹਾਣੀਆਂ ਵਿਚ ਇਸਮਤ ਆਪਾ ਮੁਸਲਿਮ ਸਮਾਜ ਅਤੇ ਸਭਿਆਚਾਰ ਦੀਆਂ ਕੁਝ ਅਜਿਹੀਆਂ ਝਾਕੀਆਂ ਪੇਸ਼ ਕਰਦੀ ਹੈ, ਜੋ ਭਾਰਤੀ ਜੀਵਨ ਦਾ ਇਕ ਨਵਾਂ ਕੈਨਵਸ ਸਾਹਮਣੇ ਲਿਆਉਂਦੀਆਂ ਹਨ। 'ਜੜ੍ਹਾਂ' ਇਕ ਬਹੁਤ ਹੀ ਮਾਰਮਿਕ ਕਹਾਣੀ ਹੈ, ਜਿਸ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦਾ ਸਟੀਕ ਵਰਣਨ ਹੋਇਆ ਹੈ। 'ਥੋੜ੍ਹੀ ਜਿਹੀ ਪਾਗ਼ਲ' ਦੀ ਗਲੀਨਾ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਵਲੋਂ ਛੁੱਟ ਗਈ ਅਧੂਰੀ ਜ਼ਿੰਦਗੀ ਜਿਉਂ ਕੇ, ਉਨ੍ਹਾਂ ਦੇ ਅਸਤਿਤਵ ਨੂੰ ਮੁਕੰਮਲ ਕਰਦੀ ਹੈ। ਸਾਡੇ ਦੇਸ਼ ਦੇ ਗ਼ਰੀਬ ਅਤੇ ਹਾਸ਼ੀਆਕ੍ਰਿਤ ਲੋਕਾਂ ਦਾ ਦੁਖਾਂਤ ਵੀ ਬੜੇ ਜ਼ਬਤ ਨਾਲ ਪੇਸ਼ ਹੋਇਆ ਹੈ। ਇਸਮਤ ਆਪਾ ਬੇਹੱਦ ਸੰਵੇਦਨਸ਼ੀਲ ਅਤੇ ਪ੍ਰਯੋਗਧਰਮੀ ਲੇਖਿਕਾ ਸੀ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 

ਗੱਲਾਂ ਸਾਹਿਤ ਦੀਆਂ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 160
ਸੰਪਰਕ : 080763-63058

ਗੁਰਬਚਨ ਸਿੰਘ ਭੁੱਲਰ ਸੱਤ ਦਹਾਕਿਆਂ ਤੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਕਾਰਜਸ਼ੀਲ ਇਕ ਦਾਨਿਸ਼ਵਰ ਲੇਖਕ ਹੈ। ਉਹਨੇ ਸਾਹਿਤ ਦੀ ਹਰ ਵਿਧਾ (ਨਾਟਕ ਨੂੰ ਛੱਡ ਕੇ) ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਹਥਲੀ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ 'ਤੇ 9 ਲੇਖ ਹਨ ਅਤੇ ਇਹ ਸਾਰੇ ਹੀ ਪੜ੍ਹਨਯੋਗ, ਮਾਣਨਯੋਗ ਤੇ ਸਲਾਹੁਣਯੋਗ ਹਨ। ਉਹਦੀ ਹਰ ਕਿਤਾਬ ਵਾਂਗ ਇਸ ਪੁਸਤਕ ਦੀ ਭੂਮਿਕਾ (ਮੁੱਖ ਸ਼ਬਦ, ਪੰਨੇ 9-14) ਵੀ ਜਾਣਕਾਰੀ ਭਰਪੂਰ ਹੈ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਉਹ ਹਰ ਗੱਲ ਨੂੰ ਇਤਿਹਾਸਕ ਨਜ਼ਰੀਏ ਤੋਂ ਵੇਖਦਾ ਹੋਇਆ ਉਸ 'ਤੇ ਸਾਹਿਤ ਦੀ ਪਾਣ ਚੜ੍ਹਾ ਕੇ ਪੇਸ਼ ਕਰਦਾ ਹੈ। ਇਸ ਪੱਖੋਂ ਕਿਤਾਬ ਦਾ ਮੁਢਲਾ ਲੇਖ (15-31) ਵੇਖਿਆ ਜਾ ਸਕਦਾ ਹੈ। ਭੁੱਲਰ ਦੀ ਇਸ ਗੱਲ ਨਾਲ ਮੈਂ ਸੌ ਫ਼ੀਸਦੀ ਸਹਿਮਤ ਹਾਂ ਕਿ ਭਾਸ਼ਾ ਤੇ ਸਾਹਿਤ ਦੇ ਬਹੁਤੇ ਅਧਿਆਪਕ ਅਤੇ ਖ਼ੁਦ ਲੇਖਕ ਵੀ ਚੰਗੇ ਪਾਠਕ ਨਹੀਂ ਹਨ। ਉਹਨੇ ਅੰਗਰੇਜ਼ੀ, ਹਿੰਦੀ ਆਦਿ ਦੇ ਪਾਠਕਾਂ ਬਾਰੇ ਸਪੱਸ਼ਟ ਕੀਤਾ ਹੈ ਕਿ ਗੰਭੀਰ ਸਾਹਿਤ ਦੇ ਪਾਠਕ ਵੱਡੀ ਗਿਣਤੀ ਵਿਚ ਨਹੀਂ ਹੁੰਦੇ ਅਤੇ ਵਿਕਣ ਵਾਲੀਆਂ ਕਿਤਾਬਾਂ ਆਮ ਤੌਰ 'ਤੇ ਮਨੋਰੰਜਕ, ਰੋਮਾਂਚਕ, ਕਾਮੁਕ ਆਦਿ ਕਿਸਮਾਂ ਦੀਆਂ ਹੁੰਦੀਆਂ ਹਨ। ਦਵਿੰਦਰ ਸਤਿਆਰਥੀ ਤੇ ਕਰਤਾਰ ਸਿੰਘ ਦੁੱਗਲ ਵਲੋਂ ਰਚੇ ਸਾਹਿਤ, ਉਨ੍ਹਾਂ ਦੇ ਘਰਾਂ ਵਿਚਲੀਆਂ ਲਾਇਬ੍ਰੇਰੀਆਂ ਦੀ ਦੁਰਦਸ਼ਾ ਦਾ ਮਾਰਮਿਕ ਵਰਣਨ ਵੀ ਭੁੱਲਰ ਨੇ ਕੀਤਾ ਹੈ (ਪੰਨੇ 32-45)। ਬਾਲ ਸਾਹਿਤ ਬਾਰੇ ਉਹਦੀ ਇਹ ਟਿੱਪਣੀ ਬਿਲਕੁਲ ਦਰੁਸਤ ਹੈ ਕਿ ਇਹਦਾ ਇਹ ਮਤਲਬ ਨਹੀਂ ਕਿ ਪੰਜਾਬੀ ਵਿਚ ਪਿਛਲੇ ਪੰਜ-ਛੇ ਸਾਲਾਂ ਵਿਚ ਇਨਾਮ ਦੀ ਹੱਕਦਾਰ ਕੋਈ ਪੁਸਤਕ ਨਹੀਂ ਛਪੀ, ਸਗੋਂ ਇਸ ਇਨਾਮ ਦੇ ਪੰਜਾਬੀ ਕਰਤਿਆਂ-ਧਰਤਿਆਂ ਦੀ ਆਪਣੀ ਜਾਣਕਾਰੀ ਉਸ ਬੁੱਧੀਹੀਣ ਵਰਗੀ ਹੈ ਜਿਸ ਨੇ ਆਪਣੀ ਛੋਟੀ ਲਾਸ ਪਾਣੀ ਤੋਂ ਉਰੇ ਰਹਿ ਗਈ ਹੋਣ ਕਾਰਨ ਖੂਹ ਨੂੰ ਹੀ ਖਾਲੀ ਐਲਾਨ ਦਿੱਤਾ ਸੀ। ਇਸ ਲੰਮੇ ਲੇਖ ਵਿਚ ਭੁੱਲਰ ਕੋਲੋਂ ਬਾਲ ਸਾਹਿਤ ਲੇਖਕਾਂ ਦੇ ਕਈ ਨਾਂਅ ਰਹਿ ਗਏ ਹਨ (ਪੰਨੇ 46-73)। ਹੋਰਨਾਂ ਪੜ੍ਹਨਯੋਗ ਲੇਖਾਂ ਵਿਚ ਇਕ ਬੇਹੱਦ ਦਿਲਚਸਪ ਤੇ ਅੱਖਾਂ ਖੋਲ੍ਹਣ ਵਾਲਾ ਆਖਰੀ ਲੇਖ ਹੈ, ਜਿਸ ਵਿਚ ਵਿਅਕਤੀ ਵਿਸ਼ੇਸ਼ ਵਲੋਂ ਦਿੱਤੇ ਗਏ ਇਨਾਮਾਂ ਦੀ ਚਰਚਾ ਵੀ ਹੈ; ਲੇਖਕ ਨੇ ਇਹਨੂੰ ਆਪਬੀਤੀ ਤੇ ਜੱਗਬੀਤੀ ਨਾਲ ਜੋੜ ਕੇ ਹੋਰ ਵੀ ਪ੍ਰਾਸੰਗਿਕ ਬਣਾ ਦਿੱਤਾ ਹੈ (ਪੰਨੇ 141-160)। ਇਉਂ ਕਿਤਾਬ ਦੇ ਸਾਰੇ ਹੀ ਲੇਖ ਜਾਣਕਾਰੀ ਭਰਪੂਰ ਤੇ ਦਿਲਚਸਪ ਹਨ। ਭੁੱਲਰ ਦੀਆਂ ਹੋਰਨਾਂ ਕਿਤਾਬਾਂ ਵਾਂਗ ਇਹ ਪੁਸਤਕ ਵੀ ਗਿਆਨ ਦੇ ਨਵੇਂ ਪਹਿਲੂਆਂ ਦੇ ਰੂਬਰੂ ਕਰਵਾਉਂਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਓਹਦੀਆਂ ਅੱਖਾਂ 'ਚ ਸੂਰਜ ਹੈ
ਲੇਖਕ : ਜਤਿੰਦਰ ਸਿੰਘ ਹਾਂਸ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 195, ਸਫ਼ੇ : 110
ਸੰਪਰਕ : 94633-52107

ਢਾਹਾਂ ਪੁਰਸਕਾਰ ਨਾਲ ਸਨਮਾਨਿਤ ਜਤਿੰਦਰ ਸਿੰਘ ਹਾਂਸ ਦਾ ਇਹ ਅੱਠਵਾਂ ਕਹਾਣੀ ਸੰਗ੍ਰਹਿ ਹੈ। ਇਸ ਵਿਚ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਕਹਾਣੀਆਂ ਦੀਆਂ ਫੇਬੁਲਾਵਾਂ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਹਨ। ਸਾਰੀਆਂ ਕਹਾਣੀਆਂ ਜਟਿਲ ਹਨ। ਹਾਂਸ ਜੀਵਨ ਦੀਆਂ ਅਣਗੌਲੀਆਂ ਸੂਖ਼ਮ ਘਟਨਾਵਾਂ 'ਚੋਂ ਨਿੱਕੇ-ਨਿੱਕੇ ਮੋਟਿਫ਼ ਚੁਣ ਕੇ, ਮਾਲਾ ਦੇ ਮਣਕਿਆਂ ਵਾਂਗੂੰ ਇਕੋ ਲੜੀ ਵਿਚ ਪ੍ਰੋਣ ਦਾ ਹੁਨਰ ਰੱਖਦਾ ਹੈ। ਕਹਾਣੀਆਂ ਦਾ ਆਰੰਭ ਅਚਨਚੇਤ ਹੁੰਦਾ ਹੈ। ਪ੍ਰਕਰੀਆਂ, ਪਤਾਕਿਆਂ ਨਾਲ ਪੈਂਡਾ ਤਹਿ ਕਰਦਾ ਹੈ। ਅਪ੍ਰਤਿਬਿੰਬਤ ਚੇਤਨਾ ਤੋਂ ਆਰੰਭ ਹੋ ਕੇ ਕਥਾਵਾਂ ਪ੍ਰਤੀਬਿੰਬਤ ਚੇਤਨਾ ਦੀ ਮੰਜ਼ਿਲ 'ਤੇ ਅਪੜਦੀਆਂ ਹਨ। ਸਾਰੀਆਂ ਕਹਾਣੀਆਂ ਖੁੱਲ੍ਹਾ ਪਾਠ (ਓਪਨ ਟੈਕਸਟ) ਸਿਰਜਦੀਆਂ ਹਨ ਅਤੇ ਪਾਠਕ ਨੂੰ ਅੱਗੋਂ ਕੀ ਹੋਇਆ ਦੇ ਪ੍ਰਸ਼ਨ ਚਿੰਨ (?) ਦੀ ਸੂਲੀ 'ਤੇ ਟੰਗ ਜਾਂਦੀਆਂ ਹਨ। ਉਸ ਦਾ ਗਲਪਨਿਕ ਵਿਵੇਕ ਇਤਨਾ ਸੂਝ ਭਰਿਆ ਅਤੇ ਤਿੱਖਾ ਹੈ ਕਿ ਉਹ ਸਮਾਜਿਕ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਕਥਾ ਪ੍ਰਵਾਹ ਵਹਿੰਦਾ ਵੇਖਿਆ ਜਾ ਸਕਦਾ ਹੈ। ਉਸ ਦੇ ਸਜੀਵ ਪਾਤਰ ਲੋਕਯਾਨਿਕ ਅੰਸ਼ਾਂ ਸਿਆਣਿਆਂ ਤੋਂ ਪੁੱਛਾਂ, ਟੂਣੇ-ਟਾਮਣਾਂ, ਓਹੜ-ਪੋਹੜ ਕਰਦਿਆਂ, ਮਾਤਾ ਆਈ ਵਾਂਗ ਸਿਰ ਘੁੰਮਾ ਕੇ ਖੇਡਣ ਆਦਿ ਤੋਂ ਲੈ ਕੇ ਆਧੁਨਿਕ ਸਰੋਕਾਰਾਂ ਨਾਲ ਸਾਂਝ ਰੱਖਦੇ ਹੋਏ, ਸਮਾਰਟ ਫੋਨਾਂ, ਵੀਡੀਓ, ਆਈਲੈੱਟਸ ਵਰਗੀਆਂ ਅਨੇਕਾਂ ਉਤਰ ਆਧੁਨਿਕ ਪ੍ਰਯੋਗਾਂ ਨਾਲ ਲਬਰੇਜ਼ ਹਨ। ਹਾਂਸ ਪਾਤਰਾਂ ਦੀਆਂ ਮਾਨਸਿਕ ਤੈਹਾਂ ਦੀ ਫਰੋਲਾ ਫਰਾਲੀ ਕਰਦਾ ਹੈ। ਕਦੀ-ਕਦੀ ਸੁਪਨ-ਤਕਨੀਕ ਦੀ ਵਰਤੋਂ ਵੀ ਕਰਦਾ ਹੈ। ਕਈ ਪਾਤਰ ਆਪਣੇ ਬੋਲਾਂ/ਹਰਕਤਾਂ ਤੋਂ ਆਪਣੀ ਪਛਾਣ ਬਣਾਉਂਦੇ ਹਨ। ਜਿਵੇਂ ਦੱਸੋ ਹੋਰ ਕੀ ਕਰਾਂ?-'ਰੇਸ਼ੇ' ਕਹਾਣੀ ਦਾ ਨਾਇਕ 'ਇੰਦਰ', 'ਕੀ ਸਲਾਹ ਹੈ ਫਿਰ' (ਗੰਦਲਾ) ਕਹਾਣੀ ਦਾ ਨਾਇਕ ਨਿਰਭੈ ਸਿੰਘ (ਡੈਡੀ), ਬੀਬੀ ਮੈਂ ਜਾ ਆਇਆ (ਉਂਗਲ 'ਚ ਚਾਬੀ ਘੁੰਮਾਉਂਦਾ), ਤਾਰੀ (ਔਸੀਆਂ ਕਹਾਣੀ ਦਾ ਨਾਇਕ), ਸਾਫ਼ੇ ਦਾ ਲੜ ਠੀਕ ਕਰਨਾ-ਪਰਮਜੀਤ 'ਬੰਦਾ ਮਰਦਾ ਕਿੱਥੇ ਹੁੰਦਾ' ਕਹਾਣੀ ਦਾ ਨਾਇਕ ਆਦਿ। ਅਨੇਕਾਂ ਮੈਟਾਫਰ ਨੋਟ ਕੀਤੇ ਜਾ ਸਕਦੇ ਨੇ ਜਿਵੇਂ 'ਰਿੱਛ, ਚਾਨਣੀ ਦੀਵਾਲੀ, ਊਠਾਂ ਦਾ ਬੁੱਲ, ਅਰਘ, ਬਲੀਡਿੰਗ ਹਰਟ, ਸਿਰ ਨਿਲ੍ਹਾਉਣਾ' ਆਦਿ। ਇਨ੍ਹਾਂ ਕਹਾਣੀਆਂ ਦੇ ਕੇਂਦਰੀ ਸੂਤਰ ਅਧਿਐਨ ਦੀ ਗਹਿਰਾਈ ਨਾਲ ਪਛਾਣੇ ਜਾ ਸਕਦੇ ਹਨ। ਜਿਵੇਂ ਹੱਥੀਂ ਪਾਲੇ ਪਸ਼ੂ ਨਾਲ ਮੋਹ (ਓਹਦੀਆਂ ਅੱਖਾਂ 'ਚ ਸੂਰਜ ਹੈ), ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਤੁਲਨਾ (ਖੰਨਾ ਖੰਨਾਈਆਂ), ਸਮਾਰਟ ਫੋਨ ਲਈ ਨਾਇਕਾ ਦੀ ਭਟਕਣ (ਸਮਾਰਟ), ਕਲਾ ਦੀ ਬੇਕਦਰੀ (ਬਲੀਡਿੰਗ ਹਰਟ), (ਨਾਇਕਾ ਦੀ 'ਗੇਅ' ਨਾਲ ਸ਼ਾਦੀ ਕਾਰਨ ਅਤ੍ਰਿਪਤੀ (ਅਰਘ), ਜ਼ਿੰਦਗੀ ਦੀ ਰੇਸ 'ਚ ਹਮੇਸ਼ਾ ਨਿਰਾਸ਼ਾ (ਰੇਸ), ਪ੍ਰੇਮਿਕਾ ਦੀ ਛੋਹ ਨਾਲ ਸਵਾਸ ਤਿਆਗਣਾ (ਗੰਦਲਾਂ), ਇਕੱਲਤਾ (ਆ ਜਾ, ਪਿਆਰ ਲੈ ਜਾ), ਮਰ ਚੁੱਕੇ ਪੁੱਤਰ ਦੀ ਉਡੀਕ (ਔਸੀਆਂ), ਅਫ਼ਸਰ ਦੀ ਮਾਂ ਦੀ ਭੈੜੀ ਹਾਲਤ ਦਾ ਵੀਡੀਓ ਵਾਇਰਲ ਹੋਣਾ (ਬੰਦਾ ਮਰਦਾ ਕਿੱਥੇ ਦੇਖ ਹੁੰਦਾ) ਇਤਿਆਦਿ। ਬਸ ਕਹਾਣੀਆਂ ਕਹਾਣੀਆਂ ਹੀ ਨੇ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਬੰਬੇ ਵਿਚ ਪੰਜਾਬ
ਕਵੀ : ਸੁਖਦੀਪ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 200
ਸੰਪਰਕ : 98691-75691

ਸੁਖਦੀਪ ਸਿੰਘ ਇਕ ਨਵਾਂ ਕਵੀ ਹੈ ਅਤੇ ਹਥਲੀ ਕਾਵਿ ਪੁਸਤਕ ਉਸ ਦੀ ਪਹਿਲੀ ਸਾਹਿਤਕ ਦੇਣ ਹੈ। ਪੁਸਤਕ ਦੇ 160 ਸਫ਼ਿਆਂ ਵਿਚ 60 ਮਾਸੂਮ ਕਵਿਤਾਵਾਂ ਬਿਰਾਜਮਾਨ ਹਨ। ਕਵੀ ਸੁਖਦੀਪ ਸਿੰਘ ਭਾਬਾ ਅਟਾਮਿਕ ਰਿਸਰਚ ਸੈਂਟਰ ਵਿਖੇ ਸੀਨੀਅਰ ਸਾਇੰਟਿਸਟ ਹੈ। ਕਵੀ ਦੇ ਦਿਲ ਵਿਚ ਜੋ ਪੰਜਾਬੀ ਮਾਂ-ਬੋਲੀ ਪ੍ਰਤੀ ਜਜ਼ਬਾਤ ਠਾਠਾਂ ਮਾਰਦੇ ਸਨ, ਉਨ੍ਹਾਂ ਨੂੰ ਉਸ ਨੇ ਸਹਿਜ ਸ਼ਬਦਾਂ ਵਿਚ ਕਵਿਤਾਵਾਂ ਦਾ ਸਰੂਪ ਦੇ ਦਿੱਤਾ ਹੈ। ਇਨ੍ਹਾਂ ਕਵਿਤਾਵਾਂ ਦਾ ਰੂਪ-ਸਰੂਪ ਪੰਜਾਬੀ ਦੀ ਚਲੰਤ ਕਵਿਤਾ ਨਾਲੋਂ ਵੱਖਰਾ ਅਤੇ ਇਕ ਦਰਿਆ ਦੀ ਅਲਬੇਲੀ ਤੋਰ ਵਰਗਾ ਹੈ। ਕਵੀ ਸਮਾਜ ਅਤੇ ਮਾਨਵਤਾ ਪ੍ਰਤੀ ਸੰਵੇਦਨਸ਼ੀਲ ਅਤੇ ਮਨੁੱਖੀ ਭਲਾਈ ਦਾ ਕਵੀ ਹੈ। ਇਨ੍ਹਾਂ ਕਵਿਤਾਵਾਂ ਵਿਚ ਪ੍ਰੋ. ਪੂਰਨ ਸਿੰਘ ਦੀ ਵਾਰਤਕ ਦੀ ਆਪਮੁਹਾਰਤਾ ਦਾ ਝਾਉਲਾ ਪੈਂਦਾ ਹੈ। ਕਈ ਕਵਿਤਾਵਾਂ ਵਿਚ ਆਪਣੇ ਆਪ ਵਿਚ ਹੀ ਛੰਦ ਪ੍ਰਗਟ ਹੋ ਗਿਆ ਹੈ। ਕਵੀ ਮਾਂ-ਬੋਲੀ ਪੰਜਾਬੀ ਦਾ ਪ੍ਰੇਮੀ ਤੇ ਸਪੂਤ ਹੈ। ਉਸ ਦੀਆਂ ਕਵਿਤਾਵਾਂ ਦੇ ਸਿਰਨਾਵੇਂ ਹੀ ਵਿਸ਼ਿਆਂ ਦਾ ਪਤਾ ਦਿੰਦੇ ਹਨ ਜਿਵੇਂ : ਨਿੱਕੀਆਂ ਜਿੰਦਾਂ, ਪੁਰਾਣੇ ਜ਼ਮਾਨੇ, ਜ਼ਿਲ੍ਹਾ ਸੰਗਰੂਰ, ਉਮੀਦ, ਈਦ, ਵਿਗਿਆਨਕ ਯੁੱਗ, ਸਵੇਰ ਵਾਲੀ ਰਾਹ, ਵਤਨ ਦੀ ਮਿੱਟੀ, ਦਸਤਾਰ, ਇਮਾਨਦਾਰੀ, ਇੱਜ਼ਤ, ਬਾਣ ਦਾ ਮੰਜਾ, ਜੱਟਾਂ ਦੀ ਕਾਹਦੀ ਦੀਵਾਲੀ, ਪਿਤਾ ਦੀ ਸਿਫ਼ਤ, ਪੁਲਵਾਮਾ ਦੀ ਸ਼ਹਾਦਤ, ਚੰਗਾ ਸਾਹਿਤ ਆਦਿ। ਕਵੀ ਦੀਆਂ ਕਵਿਤਾਵਾਂ ਵਿਚੋਂ ਨਿਰਛਲਤਾ ਝਲਕਦੀ ਹੈ :
-ਚੰਗਾ ਖਾਣਾ ਪੀਣਾ ਖਾਈਏ,
ਚੰਗੀ ਸਿਹਤ ਬਣਾਈਏ ਜੀ,
ਤਲੀਆਂ ਚੀਜ਼ਾਂ ਘੱਟ ਹੀ ਖਾਈਏ
ਫਰੂਟਾਂ 'ਤੇ ਜ਼ੋਰ ਵਧਾਈਏ ਜੀ
-ਰਸੋਈ ਦੀ ਚਾਰ ਦੀਵਾਰੀ 'ਚੋਂ
ਮੇਰੀ ਮਾਂ ਨੇ ਟੱਬਰ ਪਾਲਿਆ ਹੈ
-ਸਹਿਰ ਵਾਲੀਏ ਕੁੜੀਏ ਨੀ
ਅਸੀਂ ਘਰੇ ਸੰਤਰੇ ਖਾਈਏ
ਕਈ ਨਿੱਕੀਆਂ ਕਵਿਤਾਵਾਂ ਬਾਲਾਂ ਲਈ ਸਿੱਖਿਆਦਾਇਕ ਹਨ। ਉਹ ਕੁਦਰਤ ਪ੍ਰੇਮੀ ਹੈ ਅਤੇ ਕਹਿੰਦਾ ਹੈ : ਜੇ ਕੁਦਰਤ ਨੂੰ ਹੀ ਧਰਮ ਮੰਨੀਏ ਤਾਂ ਸਾਰੇ ਚਿਹਰੇ ਹੱਸਣਗੇ ਉਹ ਕਹਿੰਦਾ ਹੈ ਕਿ ਰਾਜਨੀਤਕ ਰੰਗਾਂ ਦੀ ਦੌੜ ਹੀ ਖ਼ਤਮ ਹੋ ਜਾਵੇਗੀ ਨਾ ਨੀਲਾ, ਨਾ ਪੀਲਾ ਅਤੇ ਨਾ ਕੇਸਰੀ ਜਾਂ ਚਿੱਟਾ ਰੰਗਾਂ ਦੀ ਦੌੜ ਖ਼ਤਮ ਹੋ ਜਾਵੇਗੀ। ਮੰਦਰ ਤੇ ਗੁਰਦੁਆਰਿਆਂ ਵਿਚ ਵੀ ਕੁਦਰਤ ਦੀ ਪੂਜਾ ਹੋਵੇਗੀ।
ਕਵੀ ਸੁਖਦੀਪ ਸਿੰਘ ਨੇ ਪੁਸਤਕ ਦੇ ਅਖੀਰਲੇ 40 ਸਫ਼ਿਆਂ ਵਿਚ ਛੋਟੀਆਂ-ਛੋਟੀਆਂ ਮਿੰਨੀ ਨਜ਼ਮਾਂ ਵੀ ਦਿੱਤੀਆਂ ਹਨ ਪਰ ਇਹ ਕਿਸੇ ਕਾਵਿ-ਅਨੁਸ਼ਾਸਨ ਵਿਚ ਨਹੀਂ ਹਨ। ਕੋਈ ਛੰਦ-ਬਹਿਰ ਜਾਂ ਕਾਫ਼ੀਆ ਰਦੀਫ਼ ਨਹੀਂ ਹੈ, ਫਿਰ ਵੀ ਜਜ਼ਬਾ ਜ਼ਰੂਰ ਹੈ, ਨਮੂਨਾ ਵੇਖੋ :
'ਮਾਸੂਮੀਅਤ ਤੋਂ ਕੁਰਬਾਨ ਹੋਇਆ ਜਾ ਸਕਦੈ'
'ਇਕ ਉਸ ਦੀ ਆਵਾਜ਼ ਦੀ ਧੁਨੀ ਹੈ/ਜੋ ਮੈਂ ਸੁਣਦਾ ਹਾਂ/ਬਾਕੀ ਸਭ ਰੌਲਾ ਹੈ।'
ਇਹ ਕਵਿਤਾ ਕਵੀ ਦੀ ਆਤਮ ਨਿਰੂਹਣ ਦੀ ਕਵਿਤਾ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

06-08-23

ਬੌਣਾ ਰੁੱਖ
ਮੂਲ ਲੇਖਕ : ਸ਼ੈਲੇਂਦਰ ਸਿੰਘ
ਅਨੁਵਾਦ : ਬਲਜੀਤ ਸਿੰਘ ਰੈਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ :152
ਸੰਪਰਕ : 094190-00412


ਮਨੁੱਖੀ ਹੋਂਦ ਦੇ ਘਿਣਾਉਣੇ ਪਲਾਂ ਵਿਚ ਜੀਵਨ ਜਿਊਣ ਵਾਲੇ ਲੋਕਾਂ ਦੀ ਦਾਸਤਾਨ ਨੂੰ ਪ੍ਰਗਟਾਉਂਦਾ ਇਹ ਨਾਵਲ ਸਮਾਜਿਕ, ਰਾਜਸੀ, ਆਰਥਿਕ ਅਤੇ ਨੈਤਿਕ ਵਰਤਾਰੇ ਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ, ਸਮੱਸਿਆਵਾਂ ਅਤੇ ਕਰੂਰ ਜੀਵਨ-ਸ਼ੈਲੀ ਦੇ ਚਿੱਤਰਪਟ ਨੂੰ ਪੇਸ਼ ਕਰਦਾ ਹੈ। ਕਿਉਂਕਿ ਭਾਰਤੀ ਵਸਨੀਕ ਅਜੇ ਵੀ ਹਰ ਪੱਖੋਂ ਖੁਸ਼ਹਾਲ ਨਹੀਂ ਹਨ, ਜੋ ਖੁਸ਼ਹਾਲ ਹਨ, ਉਨ੍ਹਾਂ ਦੀ ਸ਼੍ਰੇਣੀ ਵੱਖਰੀ ਹੈ। ਰੋਟੀ-ਰੋਜ਼ੀ ਦੇ ਸਾਧਨਾਂ ਦੀ ਪ੍ਰਾਪਤੀ ਲਈ ਤਰਸਣਾ, ਜੋ ਪ੍ਰਾਪਤ ਹੋ ਸਕੇ, ਉਹ ਵੀ ਘਰ ਨਾ ਪਹੁੰਚਣਾ, ਘਰ ਦੇ ਮੈਂਬਰ ਭਾਵੇਂ ਮਰਦ ਹੋਣ ਜਾਂ ਔਰਤਾਂ, ਬੱਚੇ-ਧੀਆਂ-ਪੁੱਤਰ, ਸਭ ਨੂੰ ਪਰ੍ਹੇ-ਪਰ੍ਹੇ ਰੱਖਣਾ। ਨਾਵਲ ਵਿਚੋਂ ਕੁਝ ਅਜਿਹੇ ਸਵਾਲ ਉੱਭਰਦੇ ਹਨ। ਨਾਵਲ ਦੇ ਪ੍ਰਮੁੱਖ ਪਾਤਰਾਂ-ਮਦਨ ਅਤੇ ਉਸ ਦੀ ਪਤਨੀ ਕਾਂਤਾ, ਮਦਨ ਦਾ ਪਿਤਾ ਸਰਦਾਰੀ, ਉਨ੍ਹਾਂ ਦੇ ਭਾਈਚਾਰਕ ਪਰਿਵਾਰ ਵਿਚੋਂ ਸ਼ੈਲੋਰਾਮ ਅਤੇ ਉਸ ਦਾ ਪੁੱਤਰ ਤਰਸੇਮ ਆਦਿ ਅਜਿਹੇ ਪਾਤਰ ਹਨ, ਜੋ ਪਿਤਾ-ਪੁਰਖੀ ਕੰਮ ਕਿ ਜ਼ੈਲਦਾਰਾਂ ਜਾਂ ਅਮੀਰ ਘਰਾਣਿਆਂ ਦੇ ਜਿਨ੍ਹਾਂ ਵਿਚੋਂ ਪ੍ਰਮੁੱਖ ਪਾਤਰ ਜ਼ੈਲਦਾਰ ਦਿਆ ਰਾਮ ਹੈ ਆਦਿ ਦੇ ਘਰਾਂ ਵਿਚ ਦੂਰ-ਦੁਰਾਡਿਓਂ ਨਦੀਆਂ-ਚਸ਼ਮਿਆਂ 'ਚੋਂ ਸ਼ੁੱਧ ਪਾਣੀ ਲਿਆ ਕੇ ਉਨ੍ਹਾਂ ਦੇ ਘਰਾਂ 'ਚ ਪਹੁੰਚਾਉਂਦੇ ਹਨ ਅਤੇ ਆਪਣੀ ਜ਼ਿੰਦਗੀ ਜ੍ਹਿੱਲਣ ਵਿਚ ਬਿਤਾਉਂਦੇ ਹੋਏ ਪ੍ਰਤੀਤ ਹੁੰਦੇ ਹਨ। ਇਨ੍ਹਾਂ ਤਰਾਸਦਿਕ ਸੰਵੇਦਨਾਵਾਂ ਨੂੰ ਨਾਵਲਕਾਰ ਨੇ ਤਹਿ-ਦਰ-ਤਹਿ ਬਾਰੀਕੀਆਂ ਤੋਂ ਪਛਾਣਿਆ ਹੈ ਅਤੇ ਇਸ ਤਰਾਸਦਿਕ ਜੀਵਨ-ਸ਼ੈਲੀ ਤੋਂ ਮੁਕਤੀ ਪਾਉਣ ਹਿਤ ਲੇਖਕ ਨੇ ਅਗਲੇਰੀ ਪੀੜ੍ਹੀ ਨੂੰ ਉਚੇਰੀ ਵਿੱਦਿਅਕ ਪ੍ਰਾਪਤੀ ਕਰਕੇ ਹਲ ਲੱਭਣ ਦਾ ਮਾਰਗ ਦਰਸ਼ਨ ਕੀਤਾ ਹੈ। ਜ਼ੈਲਦਾਰ ਦਿਆ ਰਾਮ ਨਹੀਂ ਚਾਹੁੰਦਾ ਕਿ ਸ਼ੈਲੋਰਾਮ ਦਾ ਮੁੰਡਾ ਤਰਸੇਮ ਜਾਂ ਮਦਨ ਦਾ ਮੁੰਡਾ ਕਮਲ ਚੰਗਾ ਪੜ੍ਹ-ਲਿਖ ਕੇ ਨੌਕਰੀਆਂ ਪ੍ਰਾਪਤ ਕਰ ਲੈਣ, ਸਗੋਂ ਉਹ ਸਰਦਾਰੀ ਅਤੇ ਮਦਨ ਵਾਂਗ ਪਿਤਾ-ਪੁਰਖੀ ਕੰਮ ਕਰਕੇ ਘਰਾਂ 'ਚ ਪਾਣੀ ਹੀ ਭਰਦੇ ਰਹਿਣ ਅਤੇ ਆਪਣੀ ਜ਼ਿੰਦਗੀ ਦੇ ਨਵੇਂ ਸਵੇਰਿਆਂ ਨੂੰ ਮਾਣ ਹੀ ਨਾ ਸਕਣ। ਅਜਿਹਾ ਵਿਸਤਰਿਤ ਬਿਰਤਾਂਤ ਪ੍ਰਗਟ ਕਰਦੇ ਹੋਏ ਲੇਖਕ ਨੇ ਬਹੁਤ ਸਾਰੇ ਸਥਾਨਕ ਸਥਾਨਾਂ ਤੇ ਗ਼ਰੀਬੀ ਵਿਚ ਝੁਲਸਦੇ ਹੋਏ ਪਾਤਰਾਂ ਦੀ ਜੀਵਨ-ਸ਼ੈਲੀ ਦਾ ਜ਼ਿਕਰ ਵੀ ਬਾਖ਼ੂਬੀ ਕੀਤਾ ਹੈ। ਮਦਨ ਦਾ ਲੜਕਾ ਕਮਲ ਇਕ ਗਮਲੇ ਵਿਚ ਉਗਾਏ ਗਏ ਪਿੱਪਲ ਦੇ ਬੂਟੇ ਵਾਂਗ ਬੌਣਾ ਬਣ ਕੇ ਨਹੀਂ ਰਹਿਣਾ ਚਾਹੁੰਦਾ ਸਗੋਂ ਵਿੱਦਿਆ ਦੀ ਜਾਗ੍ਰਿਤੀ ਸਦਕਾ ਆਪੇ ਦੇ ਬੌਣੇ ਰੁੱਖ ਨੂੰ ਗਮਲੇ ਤਕ ਨਾ ਸੀਮਤ ਕਰਕੇ ਧਰਤੀ ਦੀ ਰਹਿਤਲ ਵਿਚ ਆਪਣੀਆਂ ਜੜ੍ਹਾਂ ਪਸਾਰ ਕੇ ਵਿਸ਼ਾਲ ਰੁੱਖ ਬਣਨਾ ਚਾਹੁੰਦਾ ਹੈ। ਡੋਗਰੀ ਭਾਸ਼ਾ ਤੋਂ ਪੰਜਾਬੀ ਵਿਚ ਬਲਜੀਤ ਰੈਣਾ ਨੇ ਸਫ਼ਲ ਅਨੁਵਾਦ ਕੀਤਾ ਹੈ, ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

06-08-23

 

ਪੰਜਾਬੀ ਲੋਕ ਢਾਡੀ ਕਲਾ
ਲੇਖਕ : ਹਰਦਿਆਲ ਥੂਹੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 450 ਰੁਪਏ, ਸਫ਼ੇ : 304
ਸੰਪਰਕ : 84271-00341

ਕਿਸੇ ਵੀ ਕੌਮ ਦੀ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਉਸ ਦੀ ਮਜ਼ਬੂਤ ਸਥਾਨਕਤਾ ਨਾਲ ਜੁੜੀ ਹੁੰਦੀ ਹੈ। ਸਮੇਂ-ਸਮੇਂ ਪੈਂਦੇ ਚੰਗੇ-ਮੰਦੇ ਪ੍ਰਭਾਵ ਕੰਮਾਂ ਦੀ ਪਛਾਣ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸਾਡਾ ਵਰਤਮਾਨ ਅਤੇ ਭਵਿੱਖ ਪੂੰਜੀ ਤੇ ਮੰਡੀ ਦਾ ਅਨੁਸਾਰੀ ਬਣ ਚੁੱਕਿਆ ਹੈ। ਵਿਕਾਸ ਦੇ ਵੱਖ-ਵੱਖ ਪੜਾਵਾਂ ਵਿਚ ਅਸੀਂ ਆਪਣੀ ਖੰਡੇ ਦੀ ਧਾਰ 'ਤੇ ਨੱਚਣ ਵਾਲੀ ਵਿਰਾਸਤ ਨੂੰ ਨਾ ਤਾਂ ਆਧੁਨਿਕਤਾ ਨਾਲ ਇਕਸੁਰ ਕਰਕੇ ਕੁਝ ਨਵਾਂ ਸਿਰਜ ਸਕੇ ਹਾਂ ਤੇ ਨਾ ਹੀ ਪੰਜਾਬੀ ਲੋਕ ਕਲਾਵਾਂ ਦੇ ਉਸਾਰੂ ਪੱਖਾਂ ਦੀ ਉੱਚਿਤ ਦਸਤਾਵੇਜ਼ੀ ਕਰ ਸਕੇ ਹਾਂ।
ਲੇਖਕ ਨੇ ਹੱਥਲੀ ਕਿਤਾਬ ਨੂੰ ਛੇ ਭਾਗਾਂ ਵਿਚ ਵੰਡਿਆ, ਪਹਿਲੇ ਭਾਗ ਵਿਚ ਸੁਆਗਤ, ਧੰਨਵਾਦ, ਪਹਿਲੇ ਦੂਜੇ ਸੰਸਕਰਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪ੍ਰੀਤਮ ਸਿੰਘ ਰੁਪਾਲ, ਸਕੱਤਰ ਪੰਜਾਬ ਸੰਗੀਤ ਨਾਟਕ ਅਕਾਦਮੀ, ਸ੍ਰੀ ਰਾਜਪਾਲ ਸਿੰਘ ਸਕੱਤਰ ਪੰਜਾਬ ਆਰਟ ਕੌਸਲ, ਚੰਡੀਗੜ੍ਹ ਅਤੇ ਪ੍ਰੋ. ਬਲਦੇਵ ਸਿੰਘ ਬੁੱਟਰ ਹੁਰਾਂ ਨੇ ਲੇਖਕ ਨੂੰ ਥਾਪੜਾ ਦਿੱਤਾ ਹੈ। ਸੁਆਗਤ, ਧੰਨਵਾਦ, ਦੂਜੇ ਸੰਸਕਰਨ ਦੀ ਆਦਿਕਾ, ਪਹਿਲੇ ਸੰਸਕਰਨ ਦੀ ਭੂਮਿਕਾ, ਅੰਦਰਲੀ ਭੁੱਖ ਅੰਕਿਤ ਕੀਤਾ ਹੈ। ਦੂਜੇ ਭਾਗ ਵਿਚ ਪੰਜਾਬੀ ਲੋਕ ਢਾਡੀ ਕਲਾ : ਨਿਕਾਸ, ਪਰੰਪਰਾ ਤੇ ਪਰਿਵਰਤਨ ਵਿਚ ਪਿਛੋਕੜ, ਅਧਿਆਤਮਕ ਵਾਰਾਂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਯੋਗਦਾਨ, ਕਿੱਸਾ-ਕਾਵਿ ਵਿਚ ਢਾਡੀਆਂ ਦਾ ਜ਼ਿਕਰ, ਲੋਕ ਢਾਡੀ ਕਲਾ, ਸੂਫ਼ੀ ਢਾਡੀ ਗਲਤ ਨਾਮਕਰਨ, ਲੋਕ ਢਾਡੀ ਗਾਇਕੀ ਇਤਿਹਾਸਕ ਪੱਖ, ਔਰਤ ਢਾਡੀ ਗਾਇਕਾਵਾਂ, ਲੋਕ ਢਾਡੀ ਗਾਇਕੀ ਦੀ ਰਿਕਾਰਡਿੰਗ, ਲਾਊਡ ਸਪੀਕਰ ਦਾ ਮਹੱਤਵ, ਢਾਡੀ ਕਲਾ ਦਾ ਵਿਸ਼ਾ-ਵਸਤੂ, ਮੁੱਖ ਖੇਤਰ ਮਾਲਵਾ, ਮਲਵਈ ਲੋਕਾਂ ਦੀ ਆਸਥਾ, ਢਾਡੀ ਗਾਇਕੀ ਦੀ ਪੇਸ਼ਕਾਰੀ, ਲੋਕ ਢਾਡੀ ਕਲਾ ਦੇ ਰੂਪ, ਢਾਡੀ ਕਲਾ ਰੂਪ ਦੇ ਅੰਗ, ਢਾਡੀ ਗਾਇਕੀ ਦੀ ਅਖਾੜਾ ਪਰੰਪਰਾ, ਮੇਲਿਆਂ ਦੇ ਅਖਾੜੇ, ਸਾਂਈ ਵਾਲੇ ਅਖਾੜੇ, ਲੋਕ ਢਾਡੀਆਂ ਦਾ ਸਖ਼ਤ ਰਿਆਜ਼, ਲੋਕ ਢਾਡੀਆਂ ਦਾ ਪਹਿਰਾਵਾ, ਧਰਮ ਨਿਰਪੇਖ ਸੁਭਾਅ, ਲੋਕ ਢਾਡੀ ਕਲਾ ਤੇ ਪੰਥਕ ਢਾਡੀ ਕਲਾ ਅੰਤਰ-ਸੰਬੰਧ, ਸੰਖੇਪ ਵਿਚਾਰ, ਦੂਸਰੇ ਭਾਗ ਵਿਚ ਲੋਕ ਢਾਡੀ ਕਲਾ ਦਾ ਇਤਿਹਾਸਕ ਵਿਕਾਸ ਵਿਚ ਰਿਕਾਰਡ ਹੋਏ ਲੋਕ ਢਾਡੀ,ਮੇਹਰ ਸਿੰਘ, ਦੀਦਾਰ ਸਿੰਘ ਰਟੈਂਡਾ, ਨਿਰੰਜਨ ਸਿੰਘ ਜਮਸ਼ੇਰ, ਨਾਜ਼ਰ ਸਿੰਘ ਦੁਆਬੀਆ, ਭੂਰਾ ਸਿੰਘ ਚਿੱਟੀ, ਅਮਰ ਸਿੰਘ ਸ਼ੌਕੀ, ਮੋਹਣ ਸਿੰਘ ਡਰੋਲੀ, ਉਦੇ ਸਿੰਘ ਮੁੰਡੀਆਂ, ਦਲੀਪ ਸਿੰਘ ਸਮਰਾਏ, ਸੋਹਣ ਸਿੰਘ ਰੁੜਕਾ, ਮੱਸਾ ਸਿੰਘ ਮੌਜੀ, ਪਾਲ ਸਿੰਘ ਪੰਛੀ, ਮਲਕੀਤ ਸਿੰਘ ਪੰਧੇਰ, ਭਗਤ ਸਿੰਘ ਰੁੜਕਾ ਤੇ ਗੁਰਬਖ਼ਸ਼ ਸਿੰਘ ਬਿਲਗਾ, ਬਿੱਕਰ ਸਿੰਘ ਪ੍ਰਦੇਸੀ, ਗੰਗਾ ਸਿੰਘ, ਬਖਤਾਵਰ ਸਿੰਘ, ਚੈਨ ਸਿੰਘ ਤੇ ਸਤਨਾਮ ਸਿੰਘ, ਦਿਲਾਵਰ ਸਿੰਘ, ਨਛੱਤਰ ਸਿੰਘ ਕਲੇਰਾਂ, ਸੰਖੇਪ ਵਿਚਾਰ, ਤੀਸਰੇ ਭਾਗ ਵਿਚ ਕਾਲੇ ਤਵਿਆਂ ਵਿਚ ਰਿਕਾਰਡ ਨਾ ਹੋਏ ਪਰ ਆਮ ਲੋਕਾਂ ਵਿਚ ਪ੍ਰਚੱਲਤ ਰਹੇ ਲੋਕ ਢਾਡੀ, ਮੋਦਨ ਸਿੰਘ ਲੋਹਾ ਖੇੜਾ, ਕਾਂਸ਼ੀ ਰਾਮ ਡੇਹਲੋਂ, ਬਾਬਾ ਬੂਜਾ ਦੋਦੇ ਵਾਲਾ, ਵਧਾਵਾ ਮਰਾਸੀ ਢੱਡਿਆਂ ਵਾਲਾ, ਗੁਰਮਾਂ ਵਾਲੇ ਢਾਡੀ, ਖਿੱਦੂ ਮੋਚੀ ਗੁੰਮਟੀ ਵਾਲਾ, ਮੁਨਸ਼ੀ ਤੇ ਸੰਤਾ ਸ਼ੇਰੋਂ ਵਾਲੇ, ਈਦੂ ਖ਼ਾਨ ਲਲੋਢਾ, ਪਰਤਾਪ ਸਿੰਘ ਹਸਨਪੁਰੀਆ, ਗੁੱਜਰ ਸਿੰਘ ਰਾਈਆਂ ਭੈਣੀ, ਧਨੌਲੇ ਵਾਲੇ ਢਾਡੀ, ਜੰਗੀਰ ਸਿੰਘ ਮੂੰਗੋ, ਹਰੀ ਸਿੰਘ ਤਿਲੋਕੇ ਵਾਲਾ, ਡੋਗਰ ਛਪਾਰ ਵਾਲਾ, ਰਹਿਮਾ ਗੱਜੂਮਾਜਰੇ ਵਾਲਾ, ਮੁਨਸ਼ੀ ਰਾਮ ਜੱਖਲਾਂ ਵਾਲਾ, ਬੀਰੂ ਅਤੇ ਘੀਚਰ ਦਿਆਗੜ੍ਹੀਏ, ਜਲਾਲ ਖਾਂ ਤੇ ਕੀੜੇ ਖਾਂ ਤੇ ਸ਼ੌਕੀਨ, ਬਾਬੂ ਸਿੰਘ ਰੌਣੀ, ਕੇਸਰ ਸਿੰਘ ਚੱਠੇ, ਕਿਰਪਾ ਸਿੰਘ ਹਸਨਪੁਰੀਆ, ਮੱਘਰ ਸ਼ੇਖ ਬਰਨਾਲਾ, ਨਿਰੰਜਣ ਸਿੰਘ ਘਨੌਰ, ਵਲਾਇਤ ਖ਼ਾਨ ਗਸਲਾ, ਮੋਦਨ ਸਿੰਘ ਮਰਾਜ, ਭਗਵਾਨ ਸਿੰਘ ਪਾਇਲ, ਨਗੀਨਾ ਸਿੰਘ ਈਸੜੂ, ਪੂਰਨ ਸਿੰਘ ਫਿੱਡਿਆਂ ਵਾਲਾ, ਪੰਜ ਗਰਾਈਆਂ ਵਾਲੇ ਢਾਡੀ, ਪ੍ਰੀਤਮ ਸਿੰਘ ਉਟਾਲ, ਗੁਰਦੇਵ ਸਿੰਘ ਖਿਆਲਾ, ਜੁਗਰਾਜ ਸਿੰਘ ਦੋਦਾ, ਬਾਬੂ ਖਾਂ ਸ਼ੌਂਕੀ, ਜਾਗਰ ਸਿੰਘ ਭਮੱਦੀ, ਪੰਡਤ ਵਿਦਿਆ ਸਾਗਰ ਡੇਹਲੋਂ, ਬੰਤ ਸਿੰਘ ਮਧੀਰ, ਰੁਲਦੂ ਖ਼ਾਨ ਚੱਠਿਆਂ ਵਾਲਾ, ਸੁਦਾਗਰ ਸਿੰਘ ਗਾਲਬ ਕਲਾਂ, ਅਰਜਨ ਸਿੰਘ ਗੁਆਰਾ, ਰਾਜ ਮਾਨ ਦਿਆਗੜ੍ਹੀਆ, ਸ਼ਰੀਫ਼ ਈਦੂ ਲਲੌਢਾ, ਪੰਡਤ ਜਗਤ ਰਾਮ, ਗੁਰਮੇਲ ਪੰਧੇਰ ਅਜਨੌਦਾ, ਰਾਮ ਸਿੰਘ ਸਲਾਣਾ, ਰੰਗੀਆਂ ਵਾਲੇ ਸਾਜ਼ੀ, ਗੁਰਨਾਮ ਸਿੰਘ ਗੁਪਾਲਪੁਰ ਸਾਜ਼ੀ, ਚੰਦ ਸਿੰਘ ਬਨੇਰਾ ਸਾਜ਼ੀ, ਚੌਥੇ ਭਾਗ ਵਿਚ ਵਰਤਮਾਨ ਲੋਕ ਢਾਡੀ, ਦੇਸ ਰਾਜ ਲਚਕਾਣੀ, ਚਮਕੌਰ ਸਿੰਘ ਸੇਖੋਂ, ਗੁਰਦਿਆਲ ਸਿੰਘ ਲੱਡਾ, ਮੱਖਣ ਮਾਨ ਦਿਆਗੜ੍ਹ, ਨਵਜੋਤ ਸਿੰਘ ਮੰਡੇਰ (ਜਰਗ), ਨਾਜ਼ਰ ਪੰਧੇਰ ਅਜਨੌਦਾ, ਅਲਬਾਜ਼ ਖਾਂ ਗੋਸਲਾਂ।
ਪੰਜਵੇਂ ਭਾਗ ਵਿਚ ਲੋਕ ਢਾਡੀ ਰਚਨਾਵਾਂ ਦੇ ਪ੍ਰਮੁੱਖ ਰਚਨਾਕਾਰ, ਹਜ਼ੂਰਾ ਸਿੰਘ ਬੁਟਾਹਰੀ, ਕਰਮ ਸਿੰਘ ਟੂਸਿਆਂ ਵਾਲਾ, ਗੰਗਾ ਸਿੰਘ ਭੂੰਦੜ, ਬੰਸੀ ਰਾਮ ਨੌਹਰਾ, ਨੱਥਾ ਸਿੰਘ ਨਰੜੂ, ਦਿਲਾ ਰਾਮ ਭੂਦਨ, ਰਣ ਸਿੰਘ ਨਿਹਾਲੂਵਾਲਾ, ਸੰਖੇਪ ਵਿਚਾਰ ਚੋਣਵੀਆਂ ਰਚਨਾਵਾਂ, ਹੀਰ, ਮਿਰਜ਼ਾ, ਸੱਸੀ, ਪੂਰਨ, ਗੋਪੀ ਚੰਦ, ਕੌਲਾਂ, ਦੁੱਲਾ, ਜੈਮਲ ਫੱਤਾ-ਦਹੂਦ ਬਾਦਸ਼ਾਹ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਸ਼ਾਮਲ ਹੈ।
ਇਹ ਪੁਸਤਕ ਢਾਡੀਆਂ ਦੀ ਨਿੱਜੀ ਜ਼ਿੰਦਗੀ ਅਤੇ ਕਲਾ ਬਾਰੇ ਰੌਚਕ ਜਾਣਕਾਰੀ ਦਿੰਦੀ ਹੋਈ ਢਾਡੀ ਕਲਾ ਦੇ ਨਿਕਾਸ, ਵਿਕਾਸ, ਗਾਇਨ ਸ਼ੈਲੀਆਂ, ਸਿੱਖ ਗੁਰੂ ਸਾਹਿਬਾਨ ਅਤੇ ਪੰਜਾਬੀ ਰਿਆਸਤੀ ਰਾਜਿਆਂ ਦੇ ਦਰਬਾਰੀ ਢਾਡੀਆਂ, ਖੁੱਲ੍ਹੇ ਅਖਾੜਿਆਂ, ਢਾਡੀ ਗਾਇਕੀ ਦੀ ਰਿਕਾਰਡਿੰਗ ਦਾ ਇਤਿਹਾਸ, ਚੋਣਵਾਂ ਪਾਠ, ਦੁਰਲੱਭ ਤਸਵੀਰਾਂ ਅਤੇ ਪੰਜਾਬ ਦੀ ਨਾਬਰੀ ਵਾਲੀ ਸਥਾਨਕਤਾ ਨੂੰ ਪ੍ਰਗਟ ਕਰਦੀ ਉੱਚ ਮਿਆਰੀ ਹਵਾਲਾ ਖੋਜ ਪੁਸਤਕ ਹੈ, ਜਿਸ ਦੀ ਇਸ ਖੇਤਰ ਵਿਚ ਬਹੁਤ ਲੋੜ ਸੀ। ਤਕਨਲੋਜੀ ਦੇ ਵਿਕਸਤ ਸਾਧਨਾਂ ਨੇ ਸਾਡੇ ਮਨੋਰੰਜਨ ਅਤੇ ਵਿਹਲ ਨੂੰ ਵਰਤਣ ਦੇ ਸਾਰੇ ਤੌਰ ਤਰੀਕੇ ਬਦਲ ਦਿੱਤੇ ਹਨ। ਪਰ ਢਾਡੀਆਂ ਦੀ ਜਿਸ ਗਾਇਕੀ ਦਾ ਜ਼ਿਕਰ ਹਰਦਿਆਲ ਥੂਹੀ ਇਸ ਪੁਸਤਕ ਵਿਚ ਕਰ ਰਿਹਾ ਹੈ, ਉਹ ਪੰਜਾਬ ਦੇ ਸਦੀਵੀਂ ਸੱਭਿਆਚਾਰ ਦੀ ਬੜੀ ਹੀ ਰੌਚਕ ਤਸਵੀਰ ਪੇਸ਼ ਕਰਦੀ ਹੈ।
ਪਿਛਲੀ ਸਦੀ ਦੇ ਛੇਵੇਂ ਦਹਾਕੇ ਤੱਕ, ਪਿੰਡ-ਪਿੰਡ ਅਖਾੜੇ ਲਗਾ ਕੇ ਲੋਕਾਂ ਦੇ ਦਿਲਾਂ ਅਤੇ ਰੂਹ ਵਿਚ ਵਸਦੀਆਂ ਤਰਜ਼ਾਂ ਅਤੇ ਬੋਲਾਂ ਰਾਹੀਂ ਢੱਡ ਸਾਰੰਗੀ ਦੇ ਇਹ ਗਮੰਤਰੀ ਪੰਜਾਬੀ ਗਾਇਕੀ ਨੂੰ ਮਾਲਾਮਾਲ ਕਰਦੇ ਰਹੇ ਹਨ। ਪੰਜਾਬੀ ਲੋਕ ਨਾਇਕਾਂ ਬਾਰੇ ਗਾਉਂਦਿਆਂ ਇਹ ਗਾਇਕ ਪੰਜਾਬ ਦੇ ਜਨ ਮਾਨਸ ਲਈ ਪਿਆਰ, ਅਣਖ, ਬਹਾਦਰੀ, ਕੁਰਬਾਨੀ, ਦਿਆਲਤਾ, ਸੇਵਾ ਲਗਨ ਆਦਿ ਜਿਹੇ ਗੁਣਾਂ ਦੇ ਮਾਪਦੰਡ ਨਿਰਧਾਰਿਤ ਕਰਦੇ ਹਨ। ਆਸ਼ਕਾਂ ਸਾਦਕਾਂ ਦੇ ਕਿੱਸੇ ਗਾਉਂਦਿਆਂ ਇਹ ਆਪ ਵੀ ਲੋਕਾਂ ਦੇ ਦਿਲਾਂ ਵਿਚ ਉਤਰ ਜਾਂਦੇ ਅਤੇ ਸਮਾਜ ਵਿਚ ਲੋਕਾਂ ਦੇ ਨਾਇਕਾਂ ਵਜੋਂ ਵਿਚਰਦੇ ਹਨ। ਥੂਹੀ ਇਸ ਕਾਰਜ ਲਈ ਵਧਾਈ ਦਾ ਪਾਤਰ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 


ਬਲੈਕ ਹੋਲ
ਲੇਖਕ : ਗੁਰਪ੍ਰੀਤ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 220 ਰੁਪਏ, ਸਫ਼ੇ : 167
ਸੰਪਰਕ : 77172-45945

ਕਹਾਣੀਕਾਰ ਗੁਰਪ੍ਰੀਤ ਆਪਣਾ ਪਲੇਠਾ ਕਹਾਣੀ-ਸੰਗ੍ਰਹਿ ਲੈ ਕੇ ਪੰਜਾਬੀ ਦੇ ਪ੍ਰੌੜ੍ਹ ਕਹਾਣੀਕਾਰ ਦੀ ਪਾਲ ਵਿਚ ਆਣ ਖਲੋਤਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਪੰਜ ਲੰਬੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀਆਂ ਦੇ ਵਿਸ਼ੇ, ਬੋਲੀ ਦੀ ਤਾਜ਼ਗੀ, ਮਨੋਵਿਗਿਆਨਕ ਛੋਹਾਂ, ਪ੍ਰੌੜਤਾ ਅਤੇ ਗੰਭੀਰਤਾ ਕਾਰਨ ਇਹ ਕਿਸੇ ਤਰ੍ਹਾਂ ਵੀ ਕਹਾਣੀਕਾਰ ਦੀ ਪਲੇਠੀ ਪੁਸਤਕ ਨਹੀਂ ਜਾਪਦੀ। ਪਾਠ ਦੀ ਰੌਚਕਤਾ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱੱਖਦੀ ਹੈ। ਕਹਾਣੀ ਲੇਖਕ ਪਾਤਰਾਂ ਦੇ ਬਾਹਰੀ ਬਿਰਤਾਂਤ ਨਾਲੋਂ ਉਨ੍ਹਾਂ ਦੀ ਅੰਦਰਲੀ ਟੁੱਟ-ਭੱਜ ਅਤੇ ਸਾਈਕੀ ਬਿਆਨ ਕਰਨ ਵੱਲ ਜ਼ਿਆਦਾ ਰੁਚਿਤ ਹੈ। ਪਹਿਲੀ ਕਹਾਣੀ 'ਬਲੈਕ ਹੋਲ' ਡਾ. ਸੂਰਜ ਪ੍ਰਕਾਸ਼ ਵਲੋਂ ਮਨਬਚਨੀ ਦੁਆਰਾ ਆਪਣੇ ਅੰਦਰਲੇ ਬਾਹਰਲੇ ਸੰਤਾਪਾਂ, ਦੁੱਖਾਂ ਅਤੇ ਜਜ਼ਬਿਆਂ ਨੂੰ ਜ਼ਬਾਨ ਦਿੱਤੀ ਗਈ ਹੈ। ਸਿਸਟਮ ਕਿਵੇਂ ਇਕ ਜ਼ਹੀਨ ਇਨਸਾਨ ਨੂੰ ਆਪਣੇ ਜੀਵਨ ਤੋਂ ਭਟਕਾ ਕੇ ਹਿੰਸਾ ਦੱਲਾਗਿਰੀ ਜਿਹੇ ਕਾਰਜ ਕਰਦਿਆਂ ਡਰੱਗ ਲੈਣ ਲਈ ਮਜਬੂਰ ਕਰਦਾ ਹੈ। ਉਹ ਆਪਣੇ ਬਿਆਨ ਵਿਚ ਦੱਸਦਾ ਹੈ ਕਿ ਉਸ ਨੂੰ ਅਜਿਹੀ ਬਲੈਕ ਹੋਲ ਵਿਚ ਸੁੱਟ ਦਿੱਤਾ ਗਿਆ ਹੈ, ਜਿਸ 'ਚੋਂ ਸਾਬਤ ਸਬੂਤਾ ਬਾਹਰ ਆਉਣਾ ਉਸ ਦੇ ਵੱਸ 'ਚ ਨਹੀਂ ਰਿਹਾ। ਸਿਸਟਮ, ਪੁਲਿਸ ਤੰਤਰ ਅਤੇ ਸੱਤਾ ਉਸ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰਦੀ ਹੈ। 'ਵਿੱਦਿਆ ਵੀਚਾਰੀ... ਤਾਂ' ਕਹਾਣੀ ਬਾਲ ਮਨੋਵਿਗਿਆਨਕ ਨਹੀਂ, ਭੋਲਾ ਨਾਂਅ ਦੇ ਬਾਲਕ ਦੀਆਂ ਮਨ ਗ੍ਰੰਥੀਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਮਿੱਲ ਬੰਦ ਹੋ ਜਾਣ 'ਤੇ ਉਸ ਦਾ ਬਾਪ ਦਿਹਾੜੀਦਾਰ ਮਜ਼ਦੂਰ ਬਣ ਕੇ ਕਿਸੇ ਹੋਰ ਸ਼ਹਿਰ ਦਿਹਾੜੀ ਕਰਨ ਚਲਿਆ ਜਾਂਦਾ ਹੈ। ਦੂਸਰੇ ਬੱਚਿਆਂ ਦੇ ਤਾਹਨੇ-ਮਿਹਣੇ ਸੁਣ ਕੇ ਭੋਲਾ ਸਕੂਲ ਛੱਡ ਦੇਣ ਲਈ ਮਜਬੂਰ ਹੈ ਤੇ ਇਹ ਸੋਚ ਪਾਲਦਾ ਹੈ ਕਿ ਉਹ ਮਿਹਨਤ ਕਰਕੇ ਮਾਂ ਨੂੰ ਸਰਪੰਚ ਤੋਂ ਆਜ਼ਾਦੀ ਅਤੇ ਆਪਣੇ ਪਿਉ ਨੂੰ ਆਪਣੀ ਬੋਲੀ ਲਾਉਣ ਦੀ ਮਜਬੂਰੀ ਤੋਂ ਨਿਜ਼ਾਤ ਦਿਲਵਾਏਗਾ।
'ਇਕੱਲੀ ਮਿਆਨ ਮੈਂ ਕੀ ਕਰਨੀ ਸੀ' ਕਹਾਣੀ ਸਿੱਖ ਸਾਇਕੀ ਅਤੇ ਅੱਤਵਾਦ ਦੇ ਦਿਨਾਂ ਵਿਚ ਫੈਲੀ ਦਹਿਸ਼ਤ ਦੀ ਕਹਾਣੀ ਹੈ, ਜਿਥੇ ਲੋਕ ਆਪਣੀ ਜਾਨ ਬਚਾਉਣ ਖ਼ਾਤਰ ਸਿੱਖੀ ਬਾਣਾ ਧਾਰਨੋਂ ਵੀ ਸੰਕੋਚ ਨਹੀਂ ਸਨ ਕਰਦੇ। ਕਹਾਣੀ ਛੋਟੇ-ਛੋਟੇ ਉਪਬਿਰਤਾਂਤਾਂ ਰਾਹੀਂ ਲੋਕਾਂ ਦੀ ਮਾਨਸਿਕ ਹਾਲਤ ਦੀ ਪੁਣਛਾਣ ਕਰਨ 'ਚ ਕਾਮਯਾਬ ਰਹੀ ਹੈ। ਕਹਾਣੀ ਦੇ ਨਾਇਕ ਦਾ ਮੱਤ ਹੈ ਕਿ ਡਰ ਕਾਰਨ ਆਪਣਾ ਹੁਲੀਆ ਬਦਲਣਾ ਗ਼ਲਤ ਰੀਤ ਹੈ। ਮਨੁੱਖ ਜੋ ਹੈ ਉਸ ਨੂੰ ਭੈੈਅ ਵੇਲੇ ਵੀ ਉਹੋ ਬਣਿਆ ਰਹਿਣਾ ਚਾਹੀਦਾ ਹੈ। ਇਹੋ ਮਨੁੱਖ ਦੀ ਅਸਲ ਪਰਖ ਹੁੰਦੀ ਹੈ। ਕਹਾਣੀ 'ਉਥੇ ਮੇਰੇ ਬੰਨ੍ਹੇ ਹੋਏ ਹੱਥ ਖੋਲ੍ਹਣ ਵਾਲਾ ਕੋਈ ਨਹੀਂ ਸੀ' ਬਹੁਤ ਗੁੰਝਲਦਾਰ ਵਿਸ਼ੇ ਨੂੰ ਅੰਗੀਕਾਰ ਕਰਨ ਵਾਲੀ ਕਹਾਣੀ ਹੈ। ਇਸ ਦੇ ਦੋ ਪਾਤਰ ਅਨੁਪਮ ਅਤੇ ਮੀਰਾ ਵੱਖੋ-ਵੱਖਰੀ ਸੋਚ ਰੱਖਣ ਵਾਲੇ ਟੱਬਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਅਨੁਪਮ ਇਕ ਟੁੱਟੇ ਹੋਏ ਟੱਬਰ 'ਚੋਂ ਹੈ ਜਿਸ ਦੇ ਮਾਪੇ ਕੁੱਕੜਾਂ ਵਾਂਗ ਲੜਦੇ ਰਹਿੰਦੇ ਹਨ, ਜਿਸ ਤੋਂ ਦੁਖੀ ਹੋ ਕੇ ਅਨੁਪਮ ਘਰ ਛੱਡ ਜਾਂਦਾ ਹੈ। ਮੀਰਾ ਇਕ ਅਨੁਸ਼ਾਸਨਬੱਧ ਟੱਬਰ 'ਚੋਂ ਹੈ ਜੋ ਆਪਣੇ ਬਜ਼ੁਰਗ ਦੀ ਇਕ-ਇਕ ਗੱਲ 'ਤੇ ਫੁੱਲ ਚੜ੍ਹਾਉਂਦੇ ਹੋਏ ਉਸ ਨੂੰ ਫੁਰਮਾਨ ਵਾਂਗ ਮੰਨਦੇ ਹਨ। ਇਸੇ ਏਕੇ 'ਚੋਂ ਉਨ੍ਹਾਂ ਦੇ ਸਮੂਹ ਟੱਬਰ ਦੀ ਆਤਮ-ਹੱਤਿਆ ਦੀ ਤ੍ਰਾਸਦੀ ਪੈਦਾ ਹੁੰਦੀ ਹੈ ਤੇ ਅੱਡੋਫਾਟ ਹੋਏ ਅਨੁਪਮ ਦੇ ਟੱਬਰ ਦੇ ਲੋਕ ਦੁੱਖ ਵੇਲੇ ਆਪਸ ਵਿਚ ਜੁੜਦੇ ਪ੍ਰਤੀਤ ਹੁੰਦੇ ਹਨ। ਕਹਾਣੀ ਦਾ ਬਿਰਤਾਂਤ ਏਨਾ ਰੌਚਕ ਅਤੇ ਰੋਮਾਂਚਕ ਹੈ ਕਿ ਪਾਠਕ ਨੂੰ ਆਪਣੇ ਵੱਲ ਖਿੱਚੇ ਬਗ਼ੈਰ ਨਹੀਂ ਰਹਿ ਸਕਦਾ। ਅੰਗਰੇਜ਼ੀ ਮਿਸ਼ਰਤ ਪੰਜਾਬੀ ਦੀ ਅਜਿਹੀ ਫਲੇਵਰ ਘੱਟ ਹੀ ਪੰਜਾਬੀ ਕਹਾਣੀਆਂ ਵਿਚ ਦੇਖਣ ਨੂੰ ਮਿਲਦੀ ਹੈ। ਇਹ ਕਹਾਣੀਆਂ ਮਨੁੱਖ ਦੇ ਅੰਤਸ ਦਾ ਬਿਰਤਾਂਤ ਪੇਸ਼ ਕਰਨ ਵਾਲੀਆਂ ਗੰਭੀਰ ਮੁੱਦਿਆਂ ਵਾਲੀਆਂ ਕਹਾਣੀਆਂ ਹਨ।

-ਕੇ. ਐਲ. ਗਰਗ
ਮੋਬਾਈਲ : 94635-37050

 

ਸੂਰਜ ਦੇ ਸਾਰਥੀ
ਕਵੀ : ਜਸਪਾਲਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 128
ਸੰਪਰਕ : 94633-74012

ਜਸਪਾਲਜੀਤ ਜਿਥੇ ਪੰਜਾਬੀ ਆਲੋਚਨਾ 'ਚ ਉੱਘਾ ਨਾਂਅ ਹੈ, ਉਥੇ ਹੀ ਉਸ ਦਾ ਪੰਜਾਬੀ ਕਾਵਿ-ਜਗਤ 'ਚ ਪਹਿਚਾਨਣਯੋਗ ਨਾਂਅ ਹੈ। 'ਸੂਰਜ ਦੇ ਸਾਰਥੀ' ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਚੁੱਪ ਦੇ ਤਹਿਖ਼ਾਨਿਆਂ 'ਚੋਂ' (2007) ਅਤੇ 'ਮੌਸਮਾਂ ਦੀ ਬੇਰੁਖ਼ੀ' (2012) ਕਾਵਿ-ਸੰਗ੍ਰਹਿਆਂ ਰਾਹੀਂ ਪੰਜਾਬੀ ਕਾਵਿ-ਜਗਤ 'ਚ ਭਰਵੀਂ ਹਾਜ਼ਰੀ ਲੁਆ ਚੁੱਕਿਆ ਹੈ। ਪੰਜਾਬੀ ਆਲੋਚਨਾ 'ਚ ਉਸ ਦੀਆਂ 'ਪੰਜਾਬੀ ਕਵਿਤਾ ਤੇ ਨਾਰੀਵਾਦੀ ਚਿੰਤਨ' (2010), 'ਪੰਜਾਬੀ ਕਵਿਤਾ : ਸਰੋਕਾਰ ਤੇ ਸੰਵੇਦਨਾ' (2015) ਅਤੇ 'ਆਨੰਦ ਸਾਹਿਬ : ਚਿੰਤਨ ਤੇ ਵਿਆਖਿਆ' (2015) ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਕਾਵਿ-ਪੁਸਤਕ ਦਾ ਸਮਰਪਣ ਮਾਨਵੀ ਰਿਸ਼ਤਿਆਂ ਦੀ ਪਹਿਚਾਣ ਅਤੇ ਹੋਂਦ ਦਾ ਸੰਕੇਤ ਦਿੰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਹੇ! ਖ਼ੁਦਾ' ਤੋਂ ਲੈ ਕੇ ਖੁਰਦੇ ਕੰਢਿਆਂ ਦੀ ਵੇਦਨਾ' ਤੱਕ 70 ਨਜ਼ਮਾਂ ਨੂੰ ਸੰਕਲਿਤ ਕਰਦਿਆਂ ਕਵਿਤਾ ਨੂੰ ਮਨ ਦੇ ਮੌਜ-ਮੇਲੇ ਦੀ ਥਾਵੇਂ ਵਿਚਾਰਧਾਰਕ ਪੱਧਰ 'ਤੇ ਯਥਾਰਥਕ ਮਾਨਵੀ ਜੀਵਨ ਦੀਆਂ ਦੁਸ਼ਵਾਰੀਆਂ ਦਾ ਲੜ ਫੜ੍ਹਦਿਆਂ ਆਤਮਿਕ ਪੱਧਰ 'ਤੇ ਵਿਚਰਦਿਆਂ ਅੰਦਰੂਨੀ ਸੰਵਾਦ ਨੂੰ ਬਾਹਰ-ਮੁਖੀ ਪਾਸਾਰਾਂ ਨਾਲ ਇਕ-ਸੁਰ, ਲੈਅ-ਬੱਧ ਕਰਦਿਆਂ ਵਿਅੰਗ-ਵਿਧੀ ਦਾ ਪ੍ਰਯੋਗ ਕਰਦਿਆਂ ਮਾਨਸਿਕ-ਦਵੰਦ ਨੂੰ ਦਸ਼ਾ ਅਤੇ ਦਿਸ਼ਾ ਦੇਣ ਦਾ ਸਾਰਥਕ ਯਤਨ ਕੀਤਾ ਹੈ। ਕਵਿਤਾਵਾਂ ਦੇ ਸਿਰਲੇਖਾਂ 'ਚ ਵਰਤੇ ਗਏ ਸ਼ਬਦ : ਖ਼ੁਦਾ, ਅੱਖਰਾਂ ਦੀ ਖੇਤੀ, ਸੋਸ਼ਲ ਡਿਸਟੈਂਸ-1-2, ਭੈਅ, ਭਟਕਣਾ, ਵਰ/ਸਰਾਪ, ਰਾਵਣ/ਦੁਸਹਿਰਾ, ਪਿਆਰ, ਰੰਗਾਂ ਦੀ ਭਾਸ਼ਾ, ਮਾਵਾਂ-1-2, ਘਰਾਂ ਨੂੰ ਅਲਵਿਦਾ-1-3, ਸਵੈ-ਸਮਾਧੀ, ਰੋਹ, ਵਿਦਰੋਹ, ਸੱਤਾ ਦੇ ਦੁਸ਼ਾਲੇ, ਮੈਂ ਤੇ ਕਵਿਤਾ, ਉਦਾਸ ਵਰਕੇ, ਮਾਰਕਸ ਉਦਾਸ ਹੈ-1-2, ਰਾਮਜ਼ਾਦੇ/ਹਰਾਮਜ਼ਾਦੇ-1-2, ਅਧਿਆਪਕ ਦਿਵਸ, ਬੁੱਧ-1-2, ਸਿਆਸਤ-1-3, ਗੀਤਾਂ ਦਾ ਮਰਸੀਆ ਆਦਿ ਵਿਅੰਗਾਤਮਕ-ਸੁਰ ਦੀ ਆਭਾ ਨੂੰ ਹੀ ਪ੍ਰਕਾਸ਼-ਮਾਨ ਕਰਦੇ ਹਨ ਅਤੇ ਅਨੇਕਾਂ ਪ੍ਰਸ਼ਨਾਂ ਦੀ ਸਿਰਜਣਾ ਕਾਵਿ-ਪਾਠਕ ਦੇ ਮਨ-ਮਸਤਕ 'ਚ ਜਗਾਉਂਦੇ ਹਨ। ਇਸੇ ਲਈ ਡਾ. ਇਕਬਾਲ ਸਿੰਘ ਗੋਦਾਰਾ ਉਸ ਦੀ ਕਵਿਤਾ ਨੂੰ 'ਮੱਠਾਂ ਅਤੇ ਮਿੱਥਾਂ ਦੇ ਭੰਜਨ ਦਾ ਕਾਵਿ : 'ਸੂਰਜ ਦੇ ਸਾਰਥੀ' ਅਨੁਵਾਨ ਹੇਠ ਵਿਚਾਰਦੇ ਉਸ ਦੀ ਪੰਜਾਬੀ ਕਾਵਿ-ਜਗਤ ਵਿਚ ਉਸ ਦੀ ਪ੍ਰਵਾਨਗੀ ਦਾ ਆਧਾਰ ਉਸ ਦੀ ਕਾਵਿ-ਪ੍ਰਮਾਣਿਕਤਾ ਨੂੰ ਹੀ ਮੰਨਦੇ ਹਨ, ਜੋ ਦਰੁਸਤ ਨਿਰਣਾ ਹੈ। ਕਵਿਤਾ ਦੀ ਮਾਨਵੀ ਜੀਵਨ 'ਚ ਸਾਰਥਕਤਾ ਸਮਝਣ ਲਈ ਹੇਠ ਲਿਖੀਆਂ ਸਤਰਾਂ ਵਿਚਾਰਨਯੋਗ ਵੀ ਹਨ ਅਤੇ ਮਨੁੱਖੀ ਹੋਂਦ ਦਾ ਐਲਾਨ-ਨਾਮਾ ਵੀ :
ਕਵਿਤਾ ਮੇਰੇ ਜਿਉਂਦੇ ਹੋਣ / ਦਾ ਪ੍ਰਮਾਣ ਪੱਤਰ।
ਉਸ ਦੀ ਸ਼ਬਦ-ਚੋਣ, ਸ਼ਬਦ-ਬਣਤਰ ਅਤੇ ਤਰਤੀਬ ਪ੍ਰਚੱਲਿਤ ਅਰਥਾਂ ਦੀ ਥਾਵੇਂ ਮਨ-ਇੱਛਿਤ ਯਥਾਰਥ ਦੇ ਪ੍ਰਸੰਗ 'ਚ ਨਵੇਂ ਸੰਦਰਭ, ਪੈਂਤੜਿਆਂ ਦੀ ਦੱਸ ਵੀ ਪਾਉਂਦੀ ਹੈ। ਸ਼ਾਲਾ! ਚਾਨਣ ਦੇ ਸਾਰਥੀਆਂ ਦੀ ਲੰਮੀ ਕਤਾਰ ਇਹ ਕਿਤਾਬ ਸਿਰਜੇ। ਅਜਿਹੀ ਮੇਰੀ ਦਿਲੀ ਇੱਛਾ ਹੈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

 

 


ਜਿਊਂਦੀਆਂ ਰਹਿਣਗੀਆਂ ਕਲਮਾਂ
ਲੇਖਕ : ਸ਼ਮਸ਼ੇਰ ਸਿੰਘ ਸੋਹੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 98764-74671

ਸ਼ਮਸ਼ੇਰ ਸਿੰਘ ਸੋਹੀ ਇਕ ਯੁਵਾ ਪੰਜਾਬੀ ਲੇਖਕ ਹੈ, ਜੋ ਹੁਣ ਤੱਕ 7 ਕਿਤਾਬਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਹ ਸਾਰੀਆਂ ਕਿਤਾਬਾਂ ਪੰਜਾਬੀ ਸੰਸਕ੍ਰਿਤੀ, ਸੱਭਿਆਚਾਰ ਤੇ ਵਿੱਛੜ ਚੁੱਕੇ ਕਲਾਕਾਰਾਂ ਬਾਰੇ ਹਨ। ਹਥਲੀ ਪੁਸਤਕ ਪੰਜਾਬੀ ਦੇ ਪ੍ਰਸਿੱਧ ਗੀਤਕਾਰਾਂ ਬਾਰੇ ਹੈ, ਜੋ ਹੁਣ ਸੰਸਾਰ ਵਿਚ ਨਹੀਂ ਰਹੇ। ਇਸ ਕਿਤਾਬ ਵਿਚ ਕੁੱਲ 28 ਗੀਤਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਇਹ ਕਿਤਾਬ ਇਨ੍ਹਾਂ ਗੀਤਕਾਰਾਂ ਦੀ ਜ਼ਿੰਦਗੀ, ਪਰਿਵਾਰ ਤੇ ਉਨ੍ਹਾਂ ਨੂੰ ਮਿਲੇ ਇਨਾਮ-ਸਨਮਾਨ ਦਾ ਲੇਖਾ-ਜੋਖਾ ਪੇਸ਼ ਕਰਦੀ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਿਤਾਬ ਨਵੀਂ ਪੀੜ੍ਹੀ ਨੂੰ ਇਨ੍ਹਾਂ ਗੀਤਕਾਰਾਂ ਦੇ ਜੀਵਨ-ਸੰਘਰਸ਼ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਹੀ ਲਿਖੀ ਗਈ ਹੈ। ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਗਾ ਕੇ ਕਈ ਗਾਇਕ-ਗਾਇਕਾਵਾਂ ਤਾਂ ਰਾਤੋ-ਰਾਤ ਹਿੱਟ ਹੋ ਜਾਂਦੇ ਹਨ ਪਰ ਗੀਤਕਾਰਾਂ ਦੀ ਕੋਈ ਬਾਤ ਵੀ ਨਹੀਂ ਪੁੱਛਦਾ। ਹੋਰ ਤਾਂ ਹੋਰ, ਕਈ ਗਾਇਕ ਤੇ ਰਿਕਾਰਡ ਕੰਪਨੀਆਂ ਗੀਤਕਾਰਾਂ ਦੀ ਆਗਿਆ ਲੈਣੀ ਵੀ ਜ਼ਰੂਰੀ ਨਹੀਂ ਸਮਝਦੀਆਂ ਤੇ ਗੀਤਕਾਰ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਗੀਤ ਮਾਰਕਿਟ ਵਿਚ ਆ ਜਾਂਦਾ ਹੈ। ਸੋਹੀ ਨੇ ਇਸ ਪੁਸਤਕ ਵਿਚ ਗੁੰਮਨਾਮ, ਚਰਚਿਤ ਤੇ ਸੰਕਟਗ੍ਰਸਤ ਗੀਤਕਾਰਾਂ ਦੇ ਹਾਲਾਤ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਹਰ ਲੇਖ ਨਾਲ ਸੰਬੰਧਿਤ ਗੀਤਕਾਰ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਉਸ ਦੇ ਚਰਚਿਤ ਗੀਤਾਂ ਦੇ ਮੁਖੜੇ ਅੰਕਿਤ ਕੀਤੇ ਗਏ ਹਨ। ਪਰ ਇਸ ਗੱਲ ਦਾ ਪਤਾ ਨਹੀਂ ਲਗਦਾ ਕਿ ਇਨ੍ਹਾਂ ਲੇਖਾਂ ਦੀ ਵਿਉਂਤਬੰਦੀ ਦਾ ਕੀ ਪੈਮਾਨਾ ਹੈ? ਨਾ ਤਾਂ ਇਹ ਜਨਮ ਮਿਤੀ ਮੁਤਾਬਕ ਹਨ ਤੇ ਨਾ ਹੀ ਵਰਣਮਾਲਾ ਅਨੁਸਾਰ। ਪੁਸਤਕ ਦੇ ਮੁੱਖ ਪੰਨੇ 'ਤੇ ਗੀਤਕਾਰਾਂ ਦੀਆਂ 20 ਅਤੇ ਅੰਦਰਲੇ ਫਲੈਪਾਂ 'ਤੇ 8 (4+4) ਰੰਗੀਨ ਤਸਵੀਰਾਂ ਪ੍ਰਕਾਸ਼ਿਤ ਹਨ। ਲੇਖਕ ਨੇ ਇੱਛਾ ਪ੍ਰਗਟਾਈ ਹੈ ਕਿ ਕਿਤਾਬ ਦੀਆਂ ਕਮੀਆਂ ਬਾਰੇ ਉਹਨੂੰ ਜ਼ਰੂਰ ਦੱਸਿਆ ਜਾਵੇ। ਮੈਨੂੰ ਉਮੀਦ ਹੈ ਕਿ ਸ਼ਮਸ਼ੇਰ ਸਿੰਘ ਸੋਹੀ ਪੰਜਾਬੀ ਸਾਹਿਤ, ਸੱਭਿਆਚਾਰ ਤੇ ਸੰਸਕ੍ਰਿਤੀ ਨਾਲ ਸੰਬੰਧਿਤ ਆਪਣੇ ਕਾਰਜ ਜਾਰੀ ਰੱਖੇਗਾ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

 

 

ਮੈਂ ਮਿੱਟੀ ਨਹੀਂ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 221
ਸੰਪਰਕ : 98147-83069

ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ ਜਿਸ ਫੈਂਕਟੀਸਿਟੀ ਵਿਚ ਪਾਤਰਾਂ ਦਾ ਪ੍ਰਵੇਸ਼ ਕਰਵਾਇਆ ਗਿਆ ਹੈ, ਉਹ ਹੈ ਇਕ ਪ੍ਰਾਈਵੇਟ ਮੈਨੇਜਮੈਂਟ ਦੁਆਰਾ ਚਲਾਏ ਜਾ ਰਹੇ ਕਾਲਜ ਦਾ ਦ੍ਰਿਸ਼। ਨਾਵਲ ਦੀ ਫੇਬੁਲਾ ਕੇਵਲ ਏਨੀ ਹੈ। ਕਾਲਜ ਵਿਚ ਦੋ ਵਿਦਿਆਰਥੀ ਗੁੱਟ ਹਨ। ਇਕ ਜੇਤੂ ਪ੍ਰਧਾਨ ਦਾ ਤੇ ਦੂਜਾ ਚੋਣਾਂ ਵਿਚ ਹਾਰੇ ਹੋਏ ਪ੍ਰਧਾਨ ਦਾ। ਦੋਵੇਂ ਧਿਰਾਂ ਇਕ ਚੌਥਾ ਦਰਜਾ ਕਰਮਚਾਰੀ ਦੇ ਮੁੰਡੇ ਨੂੰ, ਜੋ ਮਿਹਨਤੀ ਹੈ ਅਤੇ ਹਮੇਸ਼ਾ ਪੜ੍ਹਾਈ ਵਿਚ ਟੌਪਰ ਰਹਿੰਦਾ ਹੈ, ਗ਼ਰੀਬੀ ਕਾਰਨ ਘ੍ਰਿਣਾ ਕਰਦੀਆਂ ਹਨ। ਨਾਇਕਾ ਉਸ ਗ਼ਰੀਬ ਮੁੰਡੇ ਦੀ ਯੋਗਤਾ ਨੂੰ ਪਛਾਣਦੀ ਹੈ ਅਤੇ ਉਸ ਦੇ ਨਜ਼ਦੀਕ ਰਹਿੰਦੀ ਹੈ। ਨਾਇਕ ਦੇ ਸੁਹੱਪਣ ਤੋਂ ਦੋਵੇਂ ਧਿਰਾਂ ਪ੍ਰਭਾਵਿਤ ਹਨ। ਯੂਨੀਅਨ ਦੀਆਂ ਚੋਣਾਂ 'ਚ ਹਾਰਿਆ ਹੋਇਆ ਪ੍ਰਧਾਨ ਕਹਿੰਦਾ, ਪਤਾ ਨਹੀਂ ਕਿਸ ਦੀ ਛਤਰੀ 'ਤੇ ਬੈਠੇਗੀ। ਬਸ ਏਨਾ ਕਹਿਣ ਦੀ ਦੇਰ, ਨਾਇਕਾ ਨੇ ਆਪਣੀ ਵਜੂਦੀਅਤ ਨੂੰ ਠੇਸ ਪੁੱਜੀ ਸੋਚ ਕੇ 'ਹਾਰੇ ਹੋਏ ਦੇ' ਥੱਪੜ ਜੜ੍ਹ ਦਿੱਤਾ। ਇਹੋ ਹੀ ਨਾਵਲ ਦਾ 'ਕੇਂਦਰੂ ਸੂਤਰ' ਹੈ। ਇਸੇ ਕਾਰਨ ਸਾਰੀਆਂ ਘਟਨਾਵਾਂ ਵਾਪਰੀਆਂ। ਪ੍ਰਧਾਨ ਇਕਪਾਸੜ ਪ੍ਰੀਤ ਵਿਖਾਉਂਦਾ ਹੋਇਆ ਨਾਇਕਾ ਨੂੰ ਵਿਆਹ ਦੀ ਪੇਸ਼ਕਸ਼ ਕਰਦਾ ਹੈ। ਨਾਇਕਾ ਤਾਂ ਕਿਸੇ ਮਿਲਟਰੀ ਅਫ਼ਸਰ ਦੀ ਚੋਣ ਕਰਨਾ ਚਾਹੁੰਦੀ ਹੈ। ਪ੍ਰਧਾਨ ਪੜ੍ਹਾਈ ਛੱਡ ਕੇ ਸ਼ਾਰਟ ਟਰਮ ਕਮਿਸ਼ਨ ਪ੍ਰਾਪਤੀ ਦਾ ਢੌਂਗ ਰਚਦਾ ਹੈ। ਨਾਇਕਾ ਯੂਨੀਵਰਸਿਟੀ ਫੈਸਟੀਵਲ ਵਿਚ ਭਾਗ ਲੈ ਕੇ ਮੁੜਦੀ ਹੈ, ਉਸ ਦਾ ਗੈਂਗ ਰੇਪ ਕਰਵਾ ਦਿੱਤਾ ਜਾਂਦਾ ਹੈ। ਅੱਧ ਮੋਈ ਕਰਕੇ ਸੜਕ 'ਤੇ ਸੁੱਟ ਦਿੱਤੀ ਜਾਂਦੀ ਹੈ। ਕੁਝ ਠੀਕ ਹੋਣ 'ਤੇ ਉਸ ਦੀ ਮਰਜ਼ੀ ਵਿਰੁੱਧ ਮੈਂਟਲੀ ਸਿੱਕ ਨਾਲ ਉਸ ਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ ਜੋ ਉਸ ਨੂੰ ਅਤਿਅੰਤ ਸਰੀਰਕ ਕਸ਼ਟ ਦਿੰਦਾ ਹੈ। ਫਲਸਰੂਪ ਤਲਾਕ ਹੋ ਜਾਂਦਾ ਹੈ। ਫਿਰ ਜੇਤੂ ਪ੍ਰਧਾਨ ਨਾਲ ਸ਼ਾਦੀ ਕਰ ਦਿੱਤੀ ਜਾਂਦੀ ਹੈ ਜੋ ਇਕ ਵਿਆਹ ਵਿਚ ਵਿਰੋਧੀ ਗੁੱਟ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਵਿਰੋਧੀ ਗੁੱਟ ਵਾਲਾ ਲੀਡਰ ਵੀ ਕੱਟਿਆ-ਵੱਢਿਆ ਜਾਂਦਾ ਹੈ। ਉਹ ਪਹਿਲਾਂ ਵੀ ਕਾਰ 'ਚੋਂ ਨਸ਼ਾ ਮਿਲਣ ਕਾਰਨ 15 ਮਹੀਨੇ ਦੀ ਸਜ਼ਾ ਭੁਗਤ ਚੁੱਕਾ ਸੀ। ਇੰਝ ਦੋਵਾਂ ਗੁੱਟਾਂ ਵਿਚ 'ਬਦਲਾ ਲਊ ਭਾਵਨਾ' ਨਾਲ ਨੁਕਸਾਨ ਹੁੰਦਾ ਹੈ। ਨਾਇਕਾ ਗੈਂਗ ਰੇਪ, ਤਲਾਕ, ਵਿਧਵਾ ਦੀਆਂ ਤਿੰਨੇ ਜੂਨਾਂ ਭੁਗਤਦੀ ਹੈ। ਪਰ 'ਤੀਨ ਲੋਕ ਸੇ ਮਥਰਾ ਨਿਆਰੀ' ਵਾਲਾ ਗ਼ਰੀਬ ਮੁੰਡਾ ਆਪਣੀ ਮਿਹਨਤ ਨਾਲ ਪੀ.ਸੀ.ਐਸ. ਕਰ ਕੇ ਐਸ.ਡੀ.ਐਮ. ਦੀ ਕੁਰਸੀ ਸੰਭਾਲ ਲੈਂਦਾ ਹੈ। ਨਾਇਕਾ ਉਸ ਐਸ. ਡੀ. ਐਮ. ਨੂੰ ਮਿਲ ਕੇ ਵਾਰਤਾਲਾਪ ਕਰ ਕੇ, ਮੁੜ ਆਪਣੀ 'ਹੋਂਦ' ਸਮਝਦੀ ਹੈ। ਮਿਹਨਤ ਕਰ ਕੇ ਆਪਣੇ ਅਸਤਿਤਵ ਨੂੰ ਬੁਲੰਦ ਕਰਨਾ ਲੋਚਦੀ ਹੈ। ਨਿਰਾਸ਼ਾ ਤਿਆਗ ਦਿੰਦੀ ਹੈ। ਉਸ ਦੇ ਮੁਖੜੇ 'ਤੇ 'ਗੁਲਾਬੀ ਭਾਅ' ਮਾਰਨ ਲੱਗ ਜਾਂਦੀ ਹੈ। ਇਸ ਫੇਬੁਲਾ ਨੂੰ ਕਥਾਨਕ 'ਚ ਬਦਲਣ ਲਈ ਦੋ ਵਿਰੋਧੀ ਟੋਲੇ (ਪ੍ਰਧਾਨ ਅਸ਼ੋਕ ਬਤਰਾ/ਗੋਪੀ, ਗੋਲਡੀ ਰੰਧਾਵਾ ਅਤੇ ਉਸ ਦੇ ਸਾਥੀ) ਸਿਰਜੇ ਜਾਂਦੇ ਹਨ। ਦੋਵਾਂ ਗੁੱਟਾਂ ਤੋਂ ਕਿਨਾਰਾ ਕਰਨ ਵਾਲਾ ਮਿਹਨਤੀ ਮੁੰਡਾ ਮੇਘਰਾਜ ਐਸ.ਡੀ.ਐਮ. ਬਣ ਜਾਂਦਾ ਹੈ। ਘਟਨਾਵਾਂ ਵਿਚ ਮੌਕਾ ਮੇਲ ਹੈ। ਬਾਰੰਬਾਰਤਾ ਵੀ ਬਿਰਤਾਂਤ ਦਾ ਭਾਗ ਬਣਦੀ ਹੈ। ਸਮਾਜ ਵਿਚ ਲੜਕੀਆਂ ਦੀ ਸਥਿਤੀ ਬਾਰੇ ਕੌੜਾ ਸੱਚ ਰੂਪਮਾਨ ਹੋਇਆ ਹੈ 'ਸਾਡੇ ਸਮਾਜ ਵਿਚ ਕਿਥੇ ਪੂਰੀ ਹੁੰਦੀ ਹੈ, ਕੁੜੀਆਂ ਦੀ ਇੱਛਾ? ਕਿੱਥੇ ਪੂਰੇ ਹੁੰਦੇ ਨੇ ਕੁੜੀਆਂ ਦੇ ਸੁਪਨੇ? ਸਮਾਜ ਕਦੋਂ ਕਰਨ ਦਿੰਦਾ ਮਨਮਰਜ਼ੀਆਂ? ਲੜਕੇ ਲਈ ਖੁੱਲ੍ਹਾਂ, ਲੜਕੀ ਲਈ ਬੰਦਸ਼ਾਂ।' ਪੰ. 178, ਸੱਚ ਹੈ ਲੜਕੀਆਂ ਨੂੰ ਤੀਹਰੀ ਗ਼ੁਲਾਮੀ ਭੁਗਤਣੀ ਪੈਂਦੀ ਹੈ, ਪਿਤਾ, ਪਤੀ ਤੇ ਪੁੱਤਰ ਦੀ। ਲੜਕੀ ਦਾ ਅਸਤਿਤਵ ਮਰਦਾਂ ਦੇ ਹੁਕਮ ਅਧੀਨ ਹੈ। ਜਦੋਂ ਚੋਣ ਹੀ ਆਪਣੀ ਨਹੀਂ, ਸਫਲਤਾ ਕੀ ਮਿਲਣੀ ਹੈ? ਨਾਵਲ ਕਾਲ-ਕ੍ਰਮ ਅਨੁਸਾਰ ਸਿਰਜਿਆ ਗਿਆ ਹੈ। ਘਟਨਾਵਾਂ/ਉਪ-ਘਟਨਾਵਾਂ, ਬਿਰਤਾਂਤਕ ਜੁਗਤਾਂ ਦੀ ਪਛਾਣ ਵੱਖ-ਵੱਖ ਖੋਜ-ਪੱਤਰ ਦੀ ਮੰਗ ਕਰਦੀਆਂ ਹਨ। 'ਮੈਂ ਮਿੱਟੀ ਨਹੀਂ' ਸਿਰਲੇਖ ਢੁਕਵਾਂ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

 

 

ਗੰਢਾਂ ਦੇ-ਦੇ ਮੇਲ ਸਦਾਇਆ
ਲੇਖਕ/ਸੰਪਾਦਕ : ਕਰਮਜੀਤ ਕੌਰ ਸੂਰੇਵਾਲੀਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 191
ਸੰਪਰਕ : 94174-53400

ਇਹ ਆਮ ਕਹਾਵਤ ਹੈ ਕਿ ਪੰਜਾਬੀ ਜੰਮਦੇ ਲੋਰੀਆਂ ਵਿਚ ਹਨ, ਜਵਾਨ ਘੋੜੀਆਂ ਵਿਚ ਹੁੰਦੇ ਤੇ ਮਰਦੇ ਅਲਾਹੁਣੀਆਂ ਵਿਚ ਹਨ ਭਾਵ ਪੰਜਾਬੀ ਸੱਭਿਆਚਾਰਕ ਗੀਤ ਪੰਜਾਬੀਆਂ ਦੇ ਸਾਰੀ ਜ਼ਿੰਦਗੀ ਹੀ ਅੰਗ-ਸੰਗ ਰਹਿੰਦੇ ਹਨ। ਇਨ੍ਹਾਂ ਗੀਤਾਂ ਦੀ ਸਾਂਝ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਪਾਲਦੀ ਹੈ। ਵੱਖ-ਵੱਖ ਵਿਦਵਾਨਾਂ ਨੇ ਪੰਜਾਬੀ ਲੋਕਧਾਰਾ ਦਾ ਅਧਿਐਨ ਕਰਦਿਆਂ ਇਨ੍ਹਾਂ ਲੋਕ-ਗੀਤਾਂ ਦਾ ਜੀਵਨ ਦੇ ਪ੍ਰਸੰਗ ਵਿਚ ਅਧਿਐਨ ਵੀ ਪੇਸ਼ ਕੀਤਾ ਹੈ। ਇਸੇ ਹੀ ਪ੍ਰਸੰਗ ਵਿਚ ਕਰਮਜੀਤ ਕੌਰ ਸੂਰੇਵਾਲੀਆ ਦੀ ਪੁਸਤਕ 'ਗੰਢਾਂ ਦੇ-ਦੇ ਮੇਲ ਸਦਾਇਆ' ਵਿਸ਼ੇਸ਼ ਮਹੱਤਵ ਦੀ ਧਾਰਨੀ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਵਿਆਹ ਦੇ ਲੋਕ-ਗੀਤਾਂ ਨੂੰ ਪੇਸ਼ ਕਰਨ ਸੁਚੱਜਾ ਉੱਦਮ ਕੀਤਾ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਉਹ ਪੂਰਾ ਵਿਆਹ ਆਪਣੀਆਂ ਅੱਖਾਂ ਨਾਲ ਹੀ ਦੇਖ ਰਿਹਾ ਹੋਵੇ ਕਿਉਂਕਿ ਲੇਖਿਕਾ ਨੇ 'ਰੋਕੇ'/'ਠਾਕੇ' ਤੋਂ ਲੈ ਕੇ 'ਕੋਠੀ ਝਾੜ' ਤੱਕ ਦੀਆਂ ਸਾਰੀਆਂ ਰਸਮਾਂ ਅਤੇ ਉਨ੍ਹਾਂ ਨਾਲ ਜੁੜੇ ਹੋਏ ਗੀਤ ਇਸ ਪੁਸਤਕ ਵਿਚ ਸੰਕਲਿਤ ਕੀਤੇ ਹਨ। ਪੁਸਤਕ ਦੀ ਖਾਸੀਅਤ ਇਹ ਹੈ ਕਿ ਲੇਖਿਕਾ ਨੇ ਵਿਆਹ ਦੀ ਰਸਮ ਦੇ ਕਿਸੇ ਵੀ ਗੀਤ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਰਸਮ ਬਾਰੇ ਭਾਵਪੂਰਤ ਜਾਣਕਾਰੀ ਪ੍ਰਸਤੁਤ ਕੀਤੀ ਹੈ ਜੋ ਪਾਠਕ ਲਈ ਇਸ ਪੱਖੋਂ ਵੀ ਲਾਹੇਵੰਦੀ ਹੈ ਕਿ ਵਿਆਹ ਦੀਆਂ ਰਸਮਾਂ ਵਿਚੋਂ ਸਾਡੀਆਂ ਬਹੁਤ ਸਾਰੀਆਂ ਪਰੰਪਰਕ ਰਸਮਾਂ ਅਲੋਪ ਹੀ ਹੋ ਗਈਆਂ ਹਨ। ਵਿਆਹ ਵਿਚ ਜਿਥੇ ਲੋਕ ਗੀਤ ਗਾਏ ਜਾਂਦੇ ਹਨ, ਉਥੇ 'ਸਿਹਰਾ' ਅਤੇ 'ਸਿੱਖਿਆ' ਪੜ੍ਹਨ ਦਾ ਵੀ ਰਿਵਾਜ ਸੀ ਜੋ ਅੱਜ ਲਗਭਗ ਖ਼ਤਮ ਹੀ ਚੁੱਕਾ ਹੈ ਪਰ ਲੇਖਿਕਾ ਨੇ ਇਸ ਦੀਆਂ ਵੰਨਗੀਆਂ ਵੀ ਆਪਣੀ ਪੁਸਤਕ ਵਿਚ ਪੇਸ਼ ਕੀਤੀਆਂ ਹਨ। ਪੁਸਤਕ ਵਿਆਹ ਦੇ ਗੀਤਾਂ ਬਾਰੇ ਸੰਖੇਪ ਰੂਪ ਵਿਚ ਵਿਸ਼ਲੇਸ਼ਣ ਵੀ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਜਿਥੇ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਹੈ ਉਥੇ ਲੋਕਧਾਰਾ ਦੇ ਖੇਤਰ ਨਾਲ ਜੁੜੇ ਵਿਦਿਆਰਥੀ ਖੋਜਾਰਥੀਆਂ ਲਈ ਵੀ ਲਾਹੇਵੰਦੀ ਸਾਬਤ ਹੋਵੇਗੀ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

 

 

ਖ਼ਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ
ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਜੀ
ਸੰਪਾਦਕ/ਲੇਖਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਪੰਜਾਬ, ਭਾਰਤ (ਵਿਸ਼ਵ)
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98148-98570

ਹਥਲੀ ਪੁਸਤਕ ਦੇ ਲੇਖਕ/ਸੰਪਾਦਕ ਨੇ ਗੁਰਮਤਿ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਸਖ਼ਤ ਘਾਲਣਾ ਘਾਲੀ ਹੈ। ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਖ਼ਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਮੁਖੀ ਜਥੇਦਾਰ ਸਥਾਪਿਤ ਕੀਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨਾਲ ਕਠਿਨ ਸਮੇਂ ਦੌਰਾਨ ਇਨ੍ਹਾਂ ਪੰਥ-ਕੌਮ ਦੀ ਅਗਵਾਈ ਕੀਤੀ। ਮੁਗਲ ਹਕੂਮਤ ਨੂੰ ਨੱਕ ਨਾਲ ਚਣੇ ਚਬਾਉਣ ਲਈ ਮਜਬੂਰ ਕਰਨ ਵਾਲੇ ਸੂਰਬੀਰ ਯੋਧੇ ਸਨ ਬਾਬਾ ਬਿਨੋਦ ਸਿੰਘ। ਲੇਖਕ ਮੁਤਾਬਿਕ ਬਾਬਾ ਬਿਨੋਦ ਸਿੰਘ ਦੇ ਜੀਵਨ ਨਾਲ ਪ੍ਰਕਾਸ਼ਿਤ ਸਾਹਿਤ ਸਮੱਗਰੀ ਬਹੁਤ ਘੱਟ ਮਿਲਦੀ ਹੈ। ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਦਸਤਾਵੇਜ਼ 'ਪ੍ਰਾਚੀਨ ਪੰਥ ਪ੍ਰਕਾਸ਼' ਰਚਿਤ ਗਿ. ਰਤਨ ਸਿੰਘ ਭੰਗੂ ਉੱਤੇ ਆਧਾਰਿਤ ਹੈ। 17ਵੀਂ ਤੇ 18ਵੀਂ ਸਦੀ ਦਾ ਇਹੋ ਗ੍ਰੰਥ ਸਾਡੇ ਇਤਿਹਾਸ ਦਾ ਮੁਢਲਾ ਸਰੋਤ ਹੈ। ਬਾਬਾ ਬਿਨੋਦ ਸਿੰਘ ਪੰਥ ਦੇ ਉਹ ਜਰਨੈਲ/ਜਥੇਦਾਰ ਹਨ, ਜਿਨ੍ਹਾਂ ਦਾ ਪਿਛੋਕੜ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਜੁੜਦਾ ਹੈ, ਜੋ ਦੂਸਰੇ ਪਾਤਿਸ਼ਾਹ ਦੀ ਅੰਸ਼ਵੰਸ਼ ਸਨ ਅਤੇ ਤ੍ਰੇਹਣ ਖੱਤਰੀ ਸਨ। ਲੇਖਕ ਮੁਤਾਬਿਕ ਬਾਬਾ ਜੀ ਨੇ ਸ਼ਸਤ੍ਰ ਤੇ ਸ਼ਾਸਤਰ ਵਿੱਦਿਆ ਦਸਮੇਸ਼ ਪਿਤਾ ਜੀ ਪਾਸ ਰਹਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਾਪਤ ਕੀਤੀ। ਖ਼ਾਲਸਾ ਸਾਜਨਾ ਦੇ ਸਮੇਂ ਬਾਬਾ ਬਿਨੋਦ ਸਿੰਘ ਨੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਇਤਿਹਾਸਕ ਤੱਥਾਂ ਮੁਤਾਬਿਕ ਬਾਬਾ ਬਿਨੋਦ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਸ੍ਰੀ ਅਬਚਲ ਨਗਰ ਨਾਂਦੇੜ ਤੋਂ ਪੰਜਾਬ ਵੱਲ ਪੰਜਾਂ ਸਿੰਘਾਂ ਵਿਚ ਜ਼ਿੰਮੇਦਾਰ ਵਜੋਂ ਭੇਜਿਆ। ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ, ਨਗਾਰਾ, ਨੀਲਾ ਨਿਸ਼ਾਨ ਸਾਹਿਬ ਅਤੇ 25 ਕੁ ਸਿੰਘਾਂ ਨੂੰ ਨਾਲ ਤੋਰਿਆ। ਪੰਜ ਪ੍ਰਮੁੱਖ ਸਿੰਘਾਂ ਵਿਚ ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਭਾਈ ਬਾਜ਼ ਸਿੰਘ, ਭਾਈ ਬਿਜੈ ਸਿੰਘ, ਭਾਈ ਰਾਮ ਸਿੰਘ ਸ਼ਾਮਿਲ ਸਨ।
ਗੁਰਮਤਿ ਦੇ ਸੁਹਿਰਦ ਲੇਖਕ ਦਿਲਜੀਤ ਸਿੰਘ ਬੇਦੀ ਨੇ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਦੀ ਜੀਵਨ ਗਾਥਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਚੱਪੜਚਿੜੀ ਦੇ ਮੈਦਾਨ ਵਿਚ ਸਰਹੰਦ ਦੇ ਹਾਕਮ ਵਜ਼ੀਰ ਖਾਂ ਨਾਲ ਹੋਈ ਸਰਹੰਦ ਫ਼ਤਹਿ ਦੇ ਯੁੱਧ ਸਮੇਂ ਦੇ ਦ੍ਰਿਸ਼ਾਂ ਨੂੰ ਪੇਸ਼ ਕਰਨ ਲਈ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਗਿਆਨੀ ਕ੍ਰਿਪਾਲ ਸਿੰਘ ਵਲੋਂ 'ਬਾਬਾ ਬਿਨੋਦ ਸਿੰਘ ਦਾ ਮੁਢਲਾ ਜੀਵਨ' ਅਤੇ ਦੂਸਰੇ ਭਾਗ ਵਿਚ ਦਿਲਜੀਤ ਸਿੰਘ ਬੇਦੀ/ਡਾ. ਅਮਰਜੀਤ ਕੌਰ ਵਲੋਂ 'ਖ਼ਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਦਾ ਜੀਵਨ ਅਤੇ ਸਿੱਖ ਸਰੋਕਾਰ' ਵਲੋਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਪੁਸਤਕ ਦੇ ਆਰੰਭ ਵਿਚ 'ਬੰਸਾਵਲੀਨਾਮਾ ਬਾਬਾ ਬਿਨੋਦ ਸਿੰਘ 'ਤ੍ਰੇਹਣ' ਖਡੂਰ ਸਾਹਿਬ ਵਾਲੇ ਪ੍ਰਕਾਸ਼ਿਤ ਕਰਕੇ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੋ ਪੁਸਤਕ ਦੇ ਪ੍ਰਕਾਸ਼ਕ ਵੀ ਹਨ, ਵਲੋਂ 'ਸੰਦੇਸ਼' ਦੇ ਰੂਪ ਵਿਚ ਦੋ ਸ਼ਬਦਾਂ ਵਿਚ ਪੁਸਤਕ ਦੇ ਸੰਪਾਦਕ/ਲੇਖਕ ਦੀ ਖੋਜ ਪੜਤਾਲ ਲਈ ਭਰਪੂਰ ਪ੍ਰਸੰਸਾ ਵੀ ਕੀਤੀ ਹੈ। ਸੰਪਾਦਕ/ਲੇਖਕ ਨੇ ਬਾਬਾ ਬਿਨੋਦ ਸਿੰਘ ਦੀ ਜੀਵਨ ਗਾਥਾ ਨੂੰ ਪੁਸਤਕ ਰੂਪ ਵਿਚ ਭੇਟ ਕਰਕੇ ਚਿਰਸਥਾਈ ਤੇ ਸਾਰਥਿਕ ਕਾਰਜ ਕੀਤਾ। ਨਿਕਟ ਭਵਿੱਖ ਪੰਥ ਅਕਾਲੀ ਬੁੱਢਾ ਦਲ ਦੇ ਸਾਹਿਤਕ ਭੰਡਾਰ ਵਿਚ ਬਹੁਮੁੱਲੇ ਦਸਤਾਵੇਜ਼ ਵਜੋਂ ਜਾਣਿਆ ਜਾਵੇਗਾ। ਇਤਿਹਾਸ ਦੇ ਵਿਦਿਆਰਥੀ ਵੀ ਇਸ ਤੋਂ ਲਾਹਾ ਪ੍ਰਾਪਤ ਕਰਨਗੇ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 


ਹਦੂਦ
ਲੇਖਕ : ਪ੍ਰਕਾਸ਼ ਰਾਮ 'ਖਾਮੋਸ਼'
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 94174-50794

ਸ਼ਾਇਰ ਪ੍ਰਕਾਸ਼ ਰਾਮ 'ਖਾਮੋਸ਼' ਹਥਲੀ ਕਾਵਿ-ਕਿਤਾਬ 'ਹਦੂਦ' ਤੋਂ ਪਹਿਲਾਂ ਵੀ ਸੱਤ ਕਾਵਿ-ਕਿਤਾਬਾਂ 'ਖਾਮੋਸ਼ ਲਹਿਰਾਂ', 'ਆਦਿ ਕੁਆਰੀ', 'ਅਕਸ', 'ਚੰਦਨ ਚਿਤਾ', 'ਸਿਕੰਦਰ', 'ਵਜੂਦ' ਤੇ ਹੁਣ ਸੱਤਵੀਂ ਕਿਤਾਬ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਆਪਣੇ ਸਵੈ-ਕਥਨ ਵਿਚ ਸਪੱਸ਼ਟ ਕਰਦਾ ਹੈ ਕਿ 'ਜੇ ਅੱਜ ਵਿਦੇਸ਼ੀ ਅਤੇ ਹਿੰਦੁਸਤਾਨੀ ਲੋਕਾਂ ਦੇ ਕੌਮੀ ਚਰਿੱਤਰ (©at}ona& 3haracter) ਨੂੰ ਦੇਖੀਏ, ਧਿਆਨ ਮਾਰੀਏ, ਸੋਚ ਵਿਚਾਰ ਅਤੇ ਅਧਿਐਨ ਕਰੀਏ ਤਾਂ ਭਾਰਤ ਵਿਚ ਵਸ ਰਹੇ ਸੌ ਪ੍ਰਤੀਸ਼ਤ ਵਿਚੋਂ ਨੱਬੇ ਪ੍ਰਤੀਸ਼ਤ ਲੋਕਾਂ ਨਾਲ ਘ੍ਰਿਣਾ ਹੋ ਜਾਏਗੀ ਕਿਉਂਕਿ ਉਨ੍ਹਾਂ ਦੀ ਅੰਤਰਆਤਮਾ ਨੂੰ ਸੱਚ, ਝੂਠ, ਇਮਾਨਦਾਰੀ, ਚੰਗੇ, ਮਾੜੇ, ਅਸਲ, ਨਕਲ ਅਤੇ ਨੇਕੀ, ਬਦੀ ਵਿਚ ਕੁਝ ਫ਼ਰਕ ਨਜ਼ਰ ਨਹੀਂ ਆਉਂਦਾ। ਕੀ ਉਨ੍ਹਾਂ ਦੀ ਅੰਤਰ-ਆਤਮਾ ਮਰ ਚੁੱਕੀ ਹੈ ਜਾਂ ਅੰਤਰ ਆਤਮਾ ਨੂੰ ਮੰਨਦੇ ਹੀ ਨਹੀਂ। ਇਸੇ ਸਵੈ-ਕਥਨ 'ਤੇ ਪਹਿਰਾ ਦਿੰਦਿਆਂ ਉਸ ਨੇ ਕਾਵਿ-ਕਿਤਾਬ ਦੇ 80 ਸਫ਼ਿਆਂ ਨੂੰ ਕਵਿਤਾਇਆ ਹੈ। ਉਹ ਆਪਣੇ ਕਾਵਿ-ਪ੍ਰਵਚਨ ਵਿਚ ਸਪੱਸ਼ਟ ਕਰਦਾ ਹੈ ਕਿ ਇਹ ਸਭ ਕੁਝ ਕੁਦਰਤੀ ਨਿਜ਼ਾਮ ਅਨੁਸਾਰ ਚਲਦਾ ਹੈ। ਉਹ ਇਤਿਹਾਸ ਮਿਥਿਹਾਸ ਅਤੇ ਪ੍ਰਚੱਲਿਤ ਸਾਖੀਆਂ ਵਿਚ ਪਏ ਸੱਚ ਦੀ ਕੁੰਡੀ ਖੋਲ੍ਹਦਿਆਂ ਖਲਕ ਤੇ ਖਾਲਕ ਨੂੰ ਇਕ ਦੂਜੇ ਵਿਚ ਅਭੇਦ ਹੋਇਆ ਮੰਨਦਾ ਹੈ। ਉਹ ਹੱਥੀਂ ਕਿਰਤ ਕਰਨ ਤੇ ਰੱਬ ਦੀ ਰਜ਼ਾ ਵਿਚ ਰਹਿਣ ਦੀ ਅਰਜੋਈ ਕਰਦਾ ਹੈ। ਕੋਰੋਨਾ ਕਾਲ ਦੀ ਮਹਾਂਮਾਰੀ ਦੌਰਾਨ ਜਨਤਾ ਵਲੋਂ ਝੇਲੀਆਂ ਦੁਸ਼ਵਾਰੀਆਂ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਡਰ ਤੇ ਦਹਿਸ਼ਤ ਦੇ ਮਾਹੌਲ ਆਪਸੀ ਰਿਸ਼ਤਿਆਂ ਵਿਚ ਏਨੀ ਤਰੇੜ ਆ ਗਈ ਸੀ ਕਿ ਆਪਣੇ ਪਿਆਰਿਆਂ ਦੀ ਮੌਤ 'ਤੇ ਅਗਨ ਭੇਟ ਕਰਨ ਤੋਂ ਵੀ ਕੰਨੀਂ ਕਤਰਾਉਣ ਲੱਗੇ। ਸ਼ਾਇਰ ਮਨੁੱਖੀ ਨਿਘਾਰ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਜ਼ਮੀਰ ਅਤੇ ਈਮਾਨ ਨੂੰ ਵੀ ਗਿਰਵੀ ਰੱਖ ਦਿੱਤਾ ਹੈ। ਸ਼ਾਇਰ ਆਖਦਾ ਹੈ ਕਿ ਬੰਦਾ ਵੱਖਰੋ-ਵੱਖਰੇ ਰੰਗਾਂ ਵਿਚ ਰੰਗਿਆ ਮਹਿਸੂਸ ਕਰ ਰਿਹਾ ਹੈ ਪਰ ਅਸਲ ਰੰਗ ਤਾਂ ਮਨ ਦੀ ਪਾਕੀਜ਼ਗੀ ਦਾ ਹੁੰਦਾ ਹੈ ਤੇ ਉਸ ਮਨ ਦੇ ਰੰਗ ਵਿਚ ਹੀ ਰੰਗੇ ਰਹਿਣਾ ਚਾਹੀਦਾ ਹੈ। ਸ਼ਾਇਰ ਇਤਿਹਾਸ ਮਿਥਿਹਾਸ ਸਾਖੀਆਂ ਤੇ ਮਿੱਥਾਂ ਨੂੰ ਜੇ ਤਰਕ ਦੀ ਕਸਵੱਟੀ 'ਤੇ ਪਰਖ ਕੇ ਲਿਖੇ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋ ਜਾਏਗਾ। ਸ਼ਾਇਰ ਨੂੰ ਚਾਹੀਦਾ ਹੈ ਕਿ ™arma "heor਼ ਨੂੰ ਤਰਕ ਦੀ ਸਾਣ 'ਤੇ ਚੜ੍ਹਾਏ ਤਾਂ ਕਿ ਨੇੜ ਭਵਿੱਖ ਵਿਚ ਬਿਹਤਰ ਕਲਾਤਮਿਕ ਤੇ ਸੁਹਜਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦਾ ਸ਼ਬਦ ਸਾਧਕ ਬਣ ਸਕੇ। ਸ਼ਾਇਰ ਦੀ ਇਸ ਕਾਵਿ-ਕਿਤਾਬ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254

 


ਖੁਸ਼ਬੂ ਜਾਤ ਨਾ ਜਾਣਦੀ
ਲੇਖਕ : ਜੋਗੇ ਭੰਗਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94659-52938

ਕਹਾਣੀ ਲਿਖਣ ਬਾਰੇ ਕਹਾਣੀਕਾਰ ਜੋਗੇ ਭੰਗਲ ਦੇ ਨਿੱਜੀ ਤਰਕ ਆਧਾਰਿਤ ਵਿਚਾਰ ਪੁਸਤਕ ਦੇ ਆਰੰਭ ਵਿਚ ਹਨ। ਧੁੰਦਲਾ ਹੋ ਰਿਹਾ ਸ਼ੀਸ਼ਾ ਤਹਿਤ ਕਹਾਣੀਕਾਰ ਨੇ ਸਪੱਸ਼ਟ ਲਿਖਿਆ ਹੈ ਕਿ ਉਹ ਕਿਸੇ ਵੀ ਸ਼ਖ਼ਸੀਅਤ ਵਲੋਂ ਪੁਸਤਕ ਦਾ ਮੁੱਖ ਬੰਧ ਲਿਖਾਉਣ ਦੇ ਹੱਕ ਵਿਚ ਨਹੀਂ ਹੈ। ਕਹਾਣੀਕਾਰ ਦੀ ਕਲਾ ਦਾ ਸਹੀ ਮੁਲਾਂਕਣ ਨਹੀਂ ਹੋ ਪਾਉਂਦਾ। ਪੁਸਤਕ ਛਪਣ ਦੇ ਪਿੱਛੋਂ ਕੋਈ ਵਿਦਵਾਨ ਲਿਖੇ ਸਵਾਗਤਯੋਗ ਹੈ। ਸੰਗ੍ਰਹਿ ਵਿਚ ਕਹਾਣੀਆਂ ਦੀ ਗਿਣਤੀ 12 ਹੈ। ਲੇਖਕ ਦੀਆਂ ਕਵਿਤਾ, ਕਹਾਣੀ, ਇਕਾਂਗੀ, ਕਾਵਿ-ਨਾਟਕ ਸਮੇਤ 8 ਕਿਤਾਬਾਂ ਛਪ ਚੁੱਕੀਆਂ ਹਨ। ਕਹਾਣੀਆਂ ਦੇ ਸਿਰਲੇਖ ਵਾਕਨੁਮਾ ਹਨ। ਛੋਟੇ ਸਿਰਲੇਖ ਨਹੀਂ ਹਨ। ਕਹਾਣੀ 'ਉਹ ਆਟੇ ਦੀ ਚਿੜੀ ਨਹੀਂ ਸੀ' ਦਾ ਸਿਰਲੇਖ ਕਾਵਿਕ ਹੈ। ਚਿੜੀ ਬਿੰਬ ਔਰਤ ਲਈ ਹੈ। ਮੁੰਡੇ-ਕੁੜੀਆਂ ਦੇ ਸੰਬੰਧਾਂ ਵਿਚ ਵਿਸਫੋਟਕ ਹਾਲਾਤ ਪੈਦਾ ਹੋ ਰਹੇ ਹਨ। ਪਹਿਲੀ ਕਹਾਣੀ ਵਿਚ ਮੈਂ ਪਾਤਰ ਰੇਲਵੇ ਪਲੇਟਫਾਰਮ 'ਤੇ ਬੈਠਾ ਕੁੜੀ ਨਾਲ ਗੱਲਾਂ ਕਰਦਾ ਹੈ ਜੋ ਆਪਣੀ ਲੋਰ ਵਿਚ ਫੋਨ 'ਤੇ ਅਸ਼ਲੀਲ ਫਿਲਮ ਵੇਖ ਰਹੀ ਹੈ । ਮੈਂ ਪਾਤਰ ਕੁੜੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਕੁੜੀ ਦੱਸਦੀ ਹੈ ਕਿ ਉਸੇ ਜੀਜੇ ਨੇ ਉਸ ਨਾਲ ਜਬਰ ਜਨਾਹ ਕੀਤਾ ਜਦੋਂ ਉਹ ਆਪਣੀ ਵੱਡੀ ਭੈਣ ਦਾ ਜਨੇਪਾ ਕਰਾਉਣ ਗਈ ਸੀ। ਸੰਵਾਦ ਹੈ --।
"ਵਿਆਹ ਕਰਾਉਂਦੀ ਮੇਰੀ ਜੁੱਤੀ ਅੰਕਲ! ਇਹਨਾਂ ਝੰਝਟਾਂ ਵਿਚ ਕਾਹਨੂੰ ਪੈਣਾ ।;" ਤੇ ਫਿਰ ਕੁੜੀ ਕਿਸੇ ਮੁੰਡੇ ਨਾਲ ਮੋਟਰਸਾਈਕਲ 'ਤੇ ਬੈਠ ਔਹ ਗਈ। (ਪੰਨਾ 16)।
'ਸੀਤਾ ਪਰਤ ਆਈ' ਵਿਚ ਕੁੜੀ ਦਾ ਵਿਆਹ ਮਾਪੇ ਉਸੇ ਮੁੰਡੇ ਨਾਲ ਕਰਦੇ ਹਨ ਜਿਸ ਨੇ ਕੁੜੀ ਨਾਲ ਜਬਰ ਜਨਾਹ ਕੀਤਾ ਸੀ। ਪਰ ਜਬਰ ਜਨਾਹ ਦੇ ਸੀਨ ਕੁੜੀ ਨੂੰ ਰਹਿ ਰਹਿ ਕੇ ਯਾਦ ਆਉਂਦੇ ਹਨ। ਘਰ ਨਹੀਂ ਵਸਦਾ। ਮੁੰਡਾ ਘਰ ਛੱਡ ਕੇ ਚਲਾ ਜਾਂਦਾ ਹੈ। ਕੁੜੀ ਸੀਤਾ ਘਰ ਪੇਕਿਆਂ ਦੇ ਆ ਜਾਂਦੀ ਹੈ --- ਕੁੜੀ ਦੇ ਬੋਲ ਹਨ-ਮੈਥੋਂ ਬਹੁਤ ਗ਼ਲਤੀ ਹੋ ਗਈ ਮੈਂ ਹੁਣ ਕਿਤੇ ਨਹੀਂ ਜਾਣਾ ਬੇਸ਼ੱਕ ਕਿਸੇ ਖੂਹ ਖਾਤੇ ਧੱਕਾ ਦੇ ਦਿਓ ਮੈਂ ਚੂੰਅ ਨਾ ਕਰੂੰ (ਪੰਨਾ 43). ਕਹਾਣੀ ਕੋਈ ਮੇਰੇ ਦਿਲ 'ਤੇ ਰਾਜ ਕਰੋ ਦੀ ਔਰਤ ਪਾਤਰ ਦੇ ਚਾਰ ਵਿਆਹ ਹੁੰਦੇ ਹਨ। ਮਾਪੇ ਜਿਵੇਂ ਕਿਵੇਂ ਕੁੜੀ ਦਾ ਘਰ ਬਣਾਉਣਾ ਚਾਹੁੰਦੇ ਹਨ। ਰਿਸ਼ਤੇਦਾਰ ਵੀ ਟਿਕਣ ਨਹੀਂ ਦਿੰਦੇ। ਇਧਰੋਂ -ਉਧਰੋਂ ਨਸ਼ਈ ਮੁੰਡਾ ਫੜ ਕੇ ਲਾਵਾਂ ਦਿੰਦੇ ਹਨ। ਇਕ ਮੁੰਡਾ ਤਾਂ ਲਾਵਾਂ ਵੇਲੇ ਹੀ ਡਿੱਗ ਪੈਂਦਾ ਹੈ । ਅਖੀਰ ਭਰੀ ਪੰਚਾਇਤ ਵਿਚ ਕੁੜੀ ਆਪਣੇ ਹਾਣੀ ਮੁੰਡੇ (ਗੰਭੀਰ) ਨਾਲ ਬੈਡ ਰੂਮ ਵਲ ਤੁਰ ਪੈਂਦੀ ਹੈ। (ਪੰਨਾ 54) 'ਮਜਨੂੰ ਅਜੇ ਵੀ ਜਿੰਦਾ ਹੈ, ਖੁਸ਼ਬੂ ਜਾਤ ਨਾ ਜਾਣਦੀ, ਸੈਂਚਰੀ ਜਿੱਤਣ ਤੋਂ ਬਾਅਦ ਇਕ ਦਫ਼ਤਰ ਦੀ ਮੌਤ' ਵੀ ਰੌਚਿਕ ਕਹਾਣੀਆਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160

 

ਕੈਥਰੀਨ
ਕਹਾਣੀਕਾਰ : ਮਾਸਟਰ ਨਗਿੰਦਰ ਸਿੰਘ ਰੰਗੂਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ :127
ਸੰਪਰਕ : 98155-55422

ਮਾਸਟਰ ਨਗਿੰਦਰ ਸਿੰਘ 'ਰੰਗੂਵਾਲ ਨੇ ਪਿੰਡ ਰੰਗੂਵਾਲ ਦਾ ਇਤਿਹਾਸ' ਵਾਰਤਕ ਅਤੇ ਕਹਾਣੀ ਸੰਗ੍ਰਹਿ 'ਤਾਰੋ' ਮਗਰੋਂ ਦੂਸਰਾ ਕਹਾਣੀ ਸੰਗ੍ਰਹਿ 'ਕੈਥਰੀਨ' ਪਾਠਕਾਂ ਦੇ ਹੱਥਾਂ 'ਚ ਪਹੁੰਚਾਇਆ ਹੈ। ਸੰਗ੍ਰਹਿ ਵਿਚ 12 ਕਹਾਣੀਆਂ ਦਰਜ ਹਨ। ਇਹ ਕਹਾਣੀਆਂ ਕਿੱਸਾਗੋਈ ਸ਼ੈਲੀ ਵਿਚ ਲਿਖੀਆਂ ਗਈਆਂ ਹਨ। ਇਨ੍ਹਾਂ ਨੂੰ ਪੜ੍ਹਦਿਆਂ ਲੋਕ ਕਥਾ ਕਹਿਣ/ਸੁਣਨ ਵਰਗਾ ਅਹਿਸਾਸ ਹੁੰਦਾ ਹੈ। ਲੇਖਕ ਨੇ ਕੈਥਰੀਨ, ਕਿੰਝ ਆਖਾਂ ਆ ਜਾ, ਮੂਸਾ ਭਜਿਆ ਮੌਤ ਤੋਂ, ਹਾਂ ਮੈਂ ਭੰਗਣ ਹਾਂ, ਮੋਹ ਦੀਆਂ ਤੰਦਾਂ, ਭਟਕੀ ਜਵਾਨੀ, ਜੱਟ ਗੰਨਾ ਨਹੀਂ ਦਿੰਦਾ ਪਰ, ਕਰਮਾਂ ਮਾਰੀ, ਆਰਤੀ ਗੁਆਚ ਗਈ, ਪਰ ਕਿਉਂ? ਪਿੰਕੀ ਤੇ ਬੁਢਾਪੇ ਦੀ ਤ੍ਰਾਸਦੀ ਆਦਿ ਵਿਚ ਕਿਸੇ ਚਸ਼ਮਦੀਦ ਵਾਂਗ ਘਟਨਾਵਾਂ ਦੀ ਬਿਰਤਾਂਤ ਸਿਰਜਿਆ ਗਿਆ ਹੈ। ਲੇਖਕ ਦਾ ਕਬੂਲਨਾਮਾ ਵੀ ਹੈ ਕਿ ਕਈ ਘਨਟਾਵਾਂ ਉਸ ਦੇ ਸਾਹਮਣੇ ਵਾਪਰੀਆਂ ਹਨ, ਜਿਨ੍ਹਾਂ 'ਤੇ ਇਹ ਕਹਾਣੀਆਂ ਆਧਾਰਿਤ ਹਨ। ਕਹਾਣੀਆਂ ਦੇ ਪਾਤਰ ਭੋਲੇ-ਭਾਲੇ ਤੇ ਆਦਰਸ਼ਵਾਦੀ ਹਨ। ਟਾਈਟਲ ਕਹਾਣੀ 'ਕੈਥਰੀਨ' ਦੀ ਮੁੱਖ ਪਾਤਰ 'ਕੈਥਰੀਨ' ਜੋ ਇਕ ਨਸ਼ੇੜੀ ਤੇ ਉਜੜੇ ਪਰਿਵਾਰ ਦੀ ਔਰਤ ਹੈ, ਜਿਸ ਨੂੰ ਮੈਂ ਪਾਤਰ ਮਦਦ ਦਰ ਮਦਦ ਦੇ ਕੇ ਪਹਿਲੋਂ ਰੈਸਟੋਰੈਂਟ, ਫਿਰ ਗੁਰੂ ਦੁਆਰਾ ਸਾਹਿਬ ਵਿਖੇ ਭੋਜਨ, ਕੰਮ ਤੇ ਸੁਰੱਖਿਆ ਦੀ ਵਿਵਸਥਾ ਕਰਦਾ ਹੈ, ਫਿਰ ਉਹ ਸਿੱਖ ਧਰਮ ਦੇ ਪ੍ਰਭਾਵ ਹੇਠ, ਨਸ਼ੇ ਆਦਿ ਤਿਆਗ ਕੇ, ਸਿੱਖ ਧਰਮ ਦੀਆਂ ਰਹੁ-ਰੀਤਾਂ ਸਿੱਖਦੀ ਹੈ। ਫਿਰ ਆਪਣੇ ਦੋਸਤ ਨਾਲ ਮਿਲ ਕੇ ਕੰਮ ਸਿਖਦੀ ਹੈ। ਦੋਵੇਂ ਆਪਣਾ ਕੰਮ-ਧੰਦਾ ਸਿੱਖ ਕੇ ਵਿਆਹ ਬੰਧਨ ਵਿਚ ਬੱਝ ਜਾਂਦੇ ਹਨ। ਇੰਝ ਉਹ ਜੀਵਨ ਸੁਧਾਰ ਮਗਰੋਂ ਵਧੀਆ ਜੀਵਨ ਗੁਜ਼ਾਰਨ ਲਗਦੀ ਹੈ। ਇੰਜ ਹੀ 'ਭਟਕੀ ਜਵਾਨੀ' ਕਹਾਣੀ ਦੀ ਪਾਤਰ 'ਰੋਜ਼ੀ' ਜੋ ਗ਼ਲਤ ਸੰਗਤ ਅਤੇ ਮਾਹੌਲ ਵਿਚ ਪੈ ਕੇ ਜੀਵਨ ਪੰਧ ਤੋਂ ਭਟਕ ਚੁੱਕੀ ਹੈ। ਇਸ ਕਹਾਣੀ ਦਾ 'ਮੈਂ' ਪਾਤਰ ਜੋ ਅਧਿਆਪਕ ਹੈ, ਉਹ ਖ਼ੁਦ ਤੇ ਹੋਰ ਰਿਸ਼ਤੇਦਾਰਾਂ ਦੀ ਮਦਦ ਲੈ ਕੇ ਇਕ ਨਾਟਕੀ ਯੋਜਨਾ ਹੇਠ ਰੋਜ਼ੀ ਦਾ ਬ੍ਰੇਨ ਵਾਸ਼ ਅਤੇ ਹਿਰਦਾ ਪਰਿਵਰਤਨ ਕਰਨ ਵਿਚ ਕਾਮਯਾਬ ਹੁੰਦਾ ਹੈ ਤੇ ਭਟਕੀ ਹੋਈ 'ਰੋਜ਼ੀ' ਮੁੜ ਸਹੀ ਰਸਤੇ 'ਤੇ ਆ ਕੇ ਪੜ੍ਹ ਲਿਖ ਕੇ ਅਧਿਆਪਕਾ ਬਣ ਜਾਂਦੀ ਹੈ। 'ਆਰਤੀ ਗੁਆਚ ਗਈ' ਕਹਾਣੀ ਵਿਚ ਸਿੱਧੜ ਜਿਹਾ ਨੌਜਵਾਨ ਰਾਮ ਕੁਮਾਰ ਆਪਣੀ ਪਤਨੀ ਨੂੰ ਪਹਿਲੀ ਵਾਰੀ ਰੇਲ ਰਾਹੀਂ ਆਪਣੇ ਸਹੁਰਾ ਘਰੋਂ ਲੈਣ ਜਾਂਦਾ ਹੈ, ਪਰ ਭੀੜ ਕਰਕੇ ਆਪ ਡੱਬੇ 'ਚ ਚੜ੍ਹ ਜਾਂਦਾ ਹੈ ਤੇ ਪਤਨੀ ਆਰਤੀ ਪਲੇਟਫਾਰਮ 'ਤੇ ਹੀ ਰਹਿ ਜਾਂਦੀ ਹੈ। ਲੇਖਕ ਨੇ ਇਹ ਰਹੱਸ ਵੀ ਰੌਚਕਤਾ ਭਰਪੂਰ ਬਿਰਤਾਂਤ ਰਾਹੀਂ ਖੋਲ੍ਹਿਆ ਹੈ। ਸਾਰੀਆਂ ਹੀ ਕਹਾਣੀਆਂ ਸਾਦਾ-ਸਰਲ ਭਾਸ਼ਾ, ਕਿੱਸਾ ਸ਼ੈਲੀ ਵਿਚ ਬੜੇ ਹੀ ਸਧਾਰਨ ਢੰਗ ਨਾਲ ਪੇਸ਼ ਕੀਤੀਆਂ ਗਈਆਂ ਹਨ। ਕਿਧਰੇ ਵੀ ਮਾਨਸਿਕ ਦਵੰਦ, ਪਾਤਰਾਂ ਦੇ ਮਨਾਂ ਦੀਆਂ ਤਹਿਆਂ ਫਰੋਲਣ ਦੀ ਜੁਗਤ ਦੀ ਵਰਤੋਂ ਨਹੀਂ ਕੀਤੀ ਗਈ ਹੈ। ਫਿਰ ਵੀ ਕਥਾ ਦੀ ਰਵਾਨਗੀ, ਰੌਚਕਤਾ ਅਤੇ ਰਹੱਸ ਕਹਾਣੀ ਵਿਚ ਦਿਲਚਸਪੀ ਪੈਦਾ ਕਰਦੇ ਹਨ।

-ਡਾ. ਧਰਮਪਾਲ ਸਾਹਿਲ
ਬਾਈਲ : 98761-56964
 

 ਬੌਣਾ ਰੁੱਖ
ਮੂਲ ਲੇਖਕ : ਸ਼ੈਲੇਂਦਰ ਸਿੰਘ
ਅਨੁਵਾਦ : ਬਲਜੀਤ ਸਿੰਘ ਰੈਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ :152
ਸੰਪਰਕ : 094190-00412

ਮਨੁੱਖੀ ਹੋਂਦ ਦੇ ਘਿਣਾਉਣੇ ਪਲਾਂ ਵਿਚ ਜੀਵਨ ਜਿਊਣ ਵਾਲੇ ਲੋਕਾਂ ਦੀ ਦਾਸਤਾਨ ਨੂੰ ਪ੍ਰਗਟਾਉਂਦਾ ਇਹ ਨਾਵਲ ਸਮਾਜਿਕ, ਰਾਜਸੀ, ਆਰਥਿਕ ਅਤੇ ਨੈਤਿਕ ਵਰਤਾਰੇ ਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ, ਸਮੱਸਿਆਵਾਂ ਅਤੇ ਕਰੂਰ ਜੀਵਨ-ਸ਼ੈਲੀ ਦੇ ਚਿੱਤਰਪਟ ਨੂੰ ਪੇਸ਼ ਕਰਦਾ ਹੈ। ਕਿਉਂਕਿ ਭਾਰਤੀ ਵਸਨੀਕ ਅਜੇ ਵੀ ਹ

30-7-23

 ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਮਹਾਂਕਾਵਿਕਾਰ : ਗੁਰਦਿਆਲ ਸਿੰਘ ਨਿਮਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 368
ਸੰਪਰਕ : 098122-33662


ਪੰਜਾਬੀ ਮਹਾਂਕਾਵਿ ਦੀ ਪਰੰਪਰਾ ਵਿਚ ਸ. ਗੁਰਦਿਆਲ ਸਿੰਘ ਨਿਮਰ ਨੇ ਆਪਣਾ ਵਿਸ਼ੇਸ਼ ਮੁਕਾਮ ਬਣਾ ਲਿਆ ਹੈ। ਇਸ ਕਾਰਨ ਵੀ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ-ਬਿਰਤਾਂਤ ਨੂੰ ਲੈ ਕੇ ਲਿਖਿਆ ਹਥਲਾ ਮਹਾਂਕਾਵਿ, ਉਸ ਦੀ ਛੇਵੀਂ ਰਚਨਾ ਹੈ। ਉਸ ਦੇ ਮਹਾਂਕਾਵਿ ਜਨਮ-ਸ਼ਤਾਬਦੀਆਂ ਦੇ ਸਿਮਰਨ ਦੀ ਇਕ-ਇਕ ਸੱਚੀ ਅਭਿਲਾਸ਼ਾ ਵਜੋਂ ਦੇਖੇ ਜਾਣੇ ਚਾਹੀਦੇ ਹਨ। ਇਹ ਕਵਿਤਾ ਦੇ ਮਾਧਿਅਮ ਦੁਆਰਾ ਲਿਖੇ ਗਏ ਯੁੱਗ-ਪੁਰਸ਼ਾਂ ਦੀ ਜੀਵਨ-ਲੀਲ੍ਹਾ ਦੇ ਇਤਿਹਾਸ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਦੇਣ ਦੇ ਮਨੋਰਥ ਨਾਲ ਲਿਖੇ ਗਏ ਹਨ। ਕਵੀ ਹਥਲੇ ਮਹਾਂਕਾਵਿ ਦੀ 'ਆਖਰੀ ਗੱਲ' ਵਿਚ ਲਿਖਦਾ ਹੈ :
ਆਓ ਖ਼ਾਲਸਾ ਜੀ ਪਾਵਨ ਸ਼ਤਾਬਦੀ ਨੂੰ
ਰਲ ਮਿਲ ਸੱਧਰਾਂ ਨਾਲ ਮਨਾ ਲਈਏ।
ਚਾਨਣ ਪਰਸ ਕੇ ਕੌਮ ਦੇ ਯੋਧਿਆਂ ਤੋਂ
ਜੀਵਨ ਆਪਣੇ ਅੱਜ ਰੁਸ਼ਨਾ ਲਈਏ। (ਪੰਨਾ 363)
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ (1723-1803) ਉਸ ਕਾਲ ਵਿਚ ਜੀਵਿਆ ਅਤੇ ਜੂਝਿਆ ਜਦੋਂ ਸਿੱਖ ਪੰਥ ਆਪਣੇ ਅਸਤਿਤਵ ਨੂੰ ਬਣਾਈ-ਬਚਾਈ ਰੱਖਣ ਵਾਸਤੇ ਇਤਿਹਾਸ ਦੇ ਇਕ ਬੜੇ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹਿੰਦੁਸਤਾਨ ਦੀ ਇਸਲਾਮੀ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਹਮਲਾਵਰ ਮਿਲ-ਜੁਲ ਕੇ ਪੰੰਜਾਬ ਵਿਚੋਂ ਸਿੱਖਾਂ ਦੀ ਹਸਤੀ ਨੂੰ ਮਿਟਾ ਦੇਣ ਲਈ ਆਖ਼ਰੀ ਵਾਹ ਲਾ ਰਹੇ ਸਨ। ਇਸ ਦੌਰ ਵਿਚ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਹਿੰਮਤ ਅਤੇ ਸੂਰਬੀਰਤਾ ਨਾਲ ਖ਼ਾਲਸਈ ਕੇਸਰੀ ਝੰਡਾ ਲਾਲ ਕਿਲ੍ਹੇ ਦੇ ਗੁੰਬਦਾਂ ਉੱਪਰ ਲਹਿਰਾ ਕੇ ਚੜ੍ਹਦੀ ਕਲਾ ਦਾ ਇਕ ਸ਼ੁੱਭ ਸੰਦੇਸ਼ ਦਿੱੱਤਾ ਸੀ। ਨਿਮਰ ਸਾਹਿਬ ਦੀ ਇਸ ਰਚਨਾ ਵਿਚ ਸ. ਜੱਸਾ ਸਿੰਘ ਦੇ ਸਮੁੱਚੇ ਇਤਿਹਾਸ ਅਤੇ ਕੀਰਤੀ-ਪਥ ਨੂੰ ਬੜੀ ਸੁੰਦਰ ਅਤੇ ਜਾਨਦਾਰ ਕਵਿਤਾ ਵਿਚ ਪਰੋ ਕੇ ਪੇਸ਼ ਕੀਤਾ ਹੈ। ਮਈ 2023 ਵਿਚ ਇਸ ਕਾਵਿ-ਨਾਇਕ ਦੀ ਤੀਸਰੀ ਜਨਮ-ਸ਼ਤਾਬਦੀ ਨੂੰ ਸਮਰਪਿਤ ਇਸ ਮਹਾਂਕਾਵਿ ਦੀ ਭਰਪੂਰ ਪ੍ਰਸੰਸਾ ਹੋਈ ਹੈ। ਪਰ ਸਾਡੇ ਵਿਚੋਂ ਸੱਤਾ ਦੇ ਭੁੱਖੇ, ਕੁਝ ਖ਼ੁਦਗਰਜ਼ ਲੋਕ ਇਤਿਹਾਸ ਨੂੰ ਵੀ ਜਾਤੀਗਤ-ਵਰਗਾਂ ਵਿਚ ਵੰਡਣ ਦੀ ਹਠਧਰਮੀ ਪਾਲੀ ਬੈਠੇ ਹਨ। ਉਨ੍ਹਾਂ ਦਾ ਕੀ ਇਲਾਜ ਬਣਾਈਏ? ਪੰਥਕ ਹਸਤੀਆਂ ਨੂੰ ਮਿਲ-ਜੁਲ ਕੇ ਵਿਚਾਰਨਾ ਹੋਵੇਗਾ। ਬਹਰਹਾਲ... ਨਿਮਰ ਸਾਹਿਬ ਦੀ ਸਾਧਨਾ ਬਾਕਮਾਲ ਹੈ। ਮੁਬਾਰਕਾਂ!

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 

 

 

ਇਕ ਹੋਰ ਪੁਲ ਸਰਾਤ
ਲੇਖਕ : ਬਲਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 166
ਸੰਪਰਕ : 95011-45039

ਬਲਦੇਵ ਸਿੰਘ ਗਰੇਵਾਲ ਇਕ ਅਨੁਭਵੀ ਪ੍ਰਵਾਸੀ ਨਾਵਲਕਾਰ ਹੈ। ਇਸ ਨਾਵਲ ਦਾ ਨਾਮਕਰਨ ਹੀ ਅਜਿਹਾ ਸ਼ਕਤੀਸ਼ਾਲੀ ਮੈਟਾਫਰ ਹੈ ਜੋ ਸਮੁੱਚੇ ਬਿਰਤਾਂਤ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਰਵਿਦਾਸ ਜੀ ਦੀ ਬਾਣੀ ਵਿਚ ਲਿਖਿਆ ਹੈ 'ਪੁਰ ਸਲਾਤ ਕਾ ਪੰਥੁ ਦੁਹੇਲਾ' ਅਤੇ ਫ਼ਰੀਦ ਜੀ ਦਾ ਸ਼ਲੋਕ ਹੈ 'ਵਾਲਹੁ ਨਿਕੀ ਪੁਰਸਲਾਤ' ਭਾਵ ਪੁਰਸਲਾਤ ਦਾ ਮਾਰਗ ਹੀ ਅਤਿਅੰਤ ਦੋਜ਼ਖ ਭਰਿਆ ਹੈ। ਪੰਜਾਬ ਦੇ ਜਵਾਨਾਂ ਵਿਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ। ਜਿਹੜੇ ਜਵਾਨ ਕਾਨੂੰਨ ਦਾ ਪਾਲਣ ਕਰਕੇ ਜਾਂਦੇ ਹਨ, ਉਹ ਸੁਭਾਗੇ ਹਨ ਪਰ ਜੋ ਗ਼ੈਰ-ਕਾਨੂੰਨੀ ਢੰਗ ਨਾਲ, ਕਾਹਲੀ ਵਿਚ, ਏਜੰਟਾਂ ਦੇ ਧੱਕੇ ਚੜ੍ਹ ਕੇ ਜਾਂਦੇ ਨੇ, ਉਨ੍ਹਾਂ ਲਈ ਸੱਚਮੁੱਚ ਹੀ ਇਉਂ ਬਾਹਰ ਜਾਣ ਦਾ ਪੈਂਡਾ 'ਪੁਲ ਸਰਾਤ' ਹੈ। ਏਜੰਟਾਂ ਦੇ ਅੱਗਿਓਂ ਅੱਗੇ 'ਡੌਂਕਰ' ਕਾਰਜਸ਼ੀਲ ਹੁੰਦੇ ਹਨ। ਕਦੇ ਅਜਿਹੇ ਜਵਾਨਾਂ ਨੂੰ ਹਨੇਰਿਆਂ ਜੰਗਲਾਂ ਵਿਚੀਂ ਗੁਜ਼ਰਨਾ ਪੈਂਦਾ ਹੈ। ਕਦੇ ਬਕਸਿਆਂ ਵਿਚ ਛੁਪਣਾ ਪੈਂਦਾ ਹੈ। ਕਦੇ ਕਿਸ਼ਤੀਆਂ ਵਿਚ ਜਾਣਾ ਹੈ। ਕਦੇ ਕੁੱਟਮਾਰ ਸਹਿਣੀ ਪੈਂਦੀ ਹੈ। ਕਦੇ ਭੁੱਖਣ-ਭਾਣੇ ਰਹਿਣਾ ਪੈਂਦਾ ਹੈ। ਕਦੇ ਫਾਕੇ ਕੱਟਣੇ ਪੈਂਦੇ ਨੇ। ਅਜਿਹੇ ਦੁਖੜੇ ਸਹਿੰਦਿਆਂ ਹੀ ਨਾਵਲ ਦਾ ਨਾਇਕ ਸੁਖਦੀਪ ਅਤੇ ਉਸ ਦੇ ਸਾਥੀ ਡੇਢ ਸਾਲ ਵਿਚ ਅਮਰੀਕਾ ਪੁੱਜਦੇ ਹਨ। ਇਸ ਨਾਵਲ ਦੀ ਨਾਇਕਾ ਅੰਮ੍ਰਿਤਾ ਨੂੰ ਸੁਖਦੀਪ ਨਾਲ ਪਿਆਰ ਹੈ। ਅੰਮ੍ਰਿਤਾ ਦਾ ਪਿਤਾ ਇਕ ਜ਼ਾਲਮ ਪੁਲਿਸ ਅਫ਼ਸਰ ਹੈ ਜੋ ਖਾੜਕੂਵਾਦ ਦੇ ਦਿਨਾਂ ਵਿਚ ਜਵਾਨਾਂ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਲਈ ਪ੍ਰਸਿੱਧ ਹੈ। ਸੁਖਦੀਪ ਦਾ ਜਮਾਤੀ ਮਿੱਤਰ ਨਵਨੀਤ ਉਸ ਨੂੰ ਇਨ੍ਹਾਂ ਸ਼ਬਦਾਂ ਨਾਲ ਡਰਾਉਂਦਾ ਹੈ ''ਸਾਡਾ ਦੋਸਤ ਦਾਤਾਪੁਰੀਆ ਸੁੱਖਾ, ਤੇਰੀ ਮੌਤ ਮਰ ਗਿਆ। ਤੇਰੇ ਭੁਲੇਖੇ ਪੁਲਿਸ ਨੇ ਉਸ ਨੂੰ ਚੁੱਕ ਕੇ ਮਾਰ ਦਿੱਤੈ। ਹੁਣ ਪੁਲਿਸ ਤੈਨੂੰ ਕਿਸੇ ਵੇਲੇ ਵੀ ਚੁੱਕ ਸਕਦੀ ਹੈ। ਭੱਜ ਜਾ ਸੁੱਖੇ। ਆਪਣੀ ਜਾਨ ਬਚਾ ਲੈ...।'' ਪੰਨਾ. 16. ਨਵਨੀਤ ਦੇ ਇਹੋ ਹੀ ਸ਼ਬਦ ਇਸ ਨਾਵਲ ਦਾ 'ਕੇਂਦਰੀ ਸੂਤਰ' ਹਨ। ਮੁਕਾਬਲੇ ਵਿਚ ਮਾਰੇ ਜਾਣ ਤੋਂ ਡਰ ਕੇ ਹੀ, ਕਾਹਲੀ ਨਾਲ ਸੁਖਦੀਪ ਅਮਰੀਕਾ ਵੱਲ ਚੱਲਿਆ ਹੈ। ਕਦੇ-ਕਦੇ ਉਹ ਸੋਚਦਾ ਹੈ ਜੇ ਅੰਮ੍ਰਿਤਾ ਨੂੰ 'ਮੇਰਾ ਪਿਆਰ ਕਬੂਲ ਨਹੀਂ ਸੀ ਤਾਂ ਨਾਂਹ ਕਰ ਦਿੰਦੀ... ਆਪਣੇ ਬਾਪ ਕੋਲ ਸ਼ਿਕਾਇਤ ਕਰਨ ਦੀ ਕੀ ਲੋੜ ਸੀ? ਉਸ ਦੀ ਸ਼ਿਕਾਇਤ ਨੇ ਹੀ ਮੇਰੀ ਤਕਦੀਰ ਪਲਟ ਦਿੱਤੀ।' 'ਪੰ. 60। ਨਾਵਲਕਾਰ ਨੇ ਅਨੇਕਾਂ ਅਜਿਹੇ ਪਾਤਰਾਂ ਦੀਆਂ ਹਿਰਦੇਵੇਦਕ ਕਥਾਵਾਂ ਉਨ੍ਹਾਂ ਦੇ ਮੂੰਹੋਂ ਅਖਵਾਈਆਂ ਜੋ ਗ਼ੈਰ-ਕਾਨੂੰਨੀ ਢੰਗ ਨਾਲ, ਏਜੰਟਾਂ ਦੇ ਜਾਲ 'ਚ ਫਸ ਕੇ ਘਰੋਂ ਬੇਘਰ ਹੋਣ ਲਈ ਬੇਵੱਸ ਹੋਏ। ਕਿਸੇ ਦੇ ਪਿਤਾ ਨੂੰ ਅਖੌਤੀ ਖਾੜਕੂਆਂ ਨੇ ਮਾਰ ਦਿੱਤਾ, ਭੈਣ ਦੀ ਬੇਪਤੀ ਕੀਤੀ। ਕਿਸੇ ਦਾ ਘਰ ਮਾਫ਼ੀਏ ਨੇ ਬਰਬਾਦ ਕੀਤਾ। ਕਿਸੇ ਜਵਾਨ ਦੇ ਹੱਥ ਹਥਿਆਰ ਫੜਾ ਕੇ, ਮੋਹਰਾ ਬਣਾ ਕੇ ਵੱਖ-ਵੱਖ ਘਰਾਂ ਵਿਚ ਡਾਕੇ ਮਰਵਾਏ। ਕਿਸੇ ਨੂੰ ਯੂ.ਪੀ.ਐਸ.ਸੀ. 'ਚੋਂ ਚੰਗੇ ਨੰਬਰਾਂ 'ਚ ਕਲੀਅਰ ਕਰਨ ਦੇ ਬਾਵਜੂਦ, ਰਾਖਵੇਂਕਰਨ ਨੇ ਮਾਰ ਪਹੁੰਚਾਈ। ਕਿਸੇ ਦੀ ਦੁਕਾਨਦਾਰੀ ਠੱਪ ਹੋ ਗਈ ਇਤਿਆਦਿ। ਅਮਰੀਕਾ 'ਚ ਰਹਿੰਦਿਆਂ ਹੋਇਆਂ ਕੋਲੰਬੀਆ ਦੀ ਲੜਕੀ ਅੰਤੋਨੀਆ ਨਾਲ ਨਾਇਕ ਦਾ ਪਿਆਰ ਹੋ ਗਿਆ, ਜਿਸ ਵਿਚੋਂ ਉਸ ਨੂੰ (ਨਾਇਕ ਨੂੰ) ਅੰਮ੍ਰਿਤਾ ਹੀ ਵਿਖਾਈ ਦਿੱਤੀ। ਸੁਖਦੀਪ ਉਸੇ ਦੀ ਸਹਿਮਤੀ ਨਾਲ ਮਾਪਿਆਂ ਨੂੰ ਮਿਲਣ ਪੰਜਾਬ ਆਉਣ ਦਾ ਖ਼ਤਰਾ ਮੁੱਲ ਲੈਂਦਾ ਹੈ ਪਰ ਜੁਗਤ ਨਾਲ ਕਠਮੰਡੂ ਵਿਖੇ ਇਕ ਮਹੀਨੇ ਦੀ ਰਿਹਾਇਸ਼ ਦਿਖਾਉਂਦਾ ਹੈ ਤਾਂ ਕਿ ਰਾਜਸੀ ਸ਼ਰਨ (ਐਸਲਮ) ਸਟੇਟਸ ਰੱਦ ਨਾ ਹੋ ਜਾਵੇ। ਉਹਦਾ ਮਨ ਕੀਤਾ ਕਿ ਜਾਨ ਦਾ ਫ਼ਿਕਰ ਕਰਨ ਵਾਲੇ ਮਿੱਤਰ ਨਵਨੀਤ ਨੂੰ ਮਿਲ ਕੇ ਆਵੇ। ਉਸ ਦਾ ਬੂਹਾ ਖੜਕਾਉਂਦਾ ਹੈ। ਅੰਦਰੋਂ ਅੰਮ੍ਰਿਤ ਬੂਹਾ ਖੋਲ੍ਹਦੀ ਹੈ। ਨਵਨੀਤ ਘਰ ਨਹੀਂ ਸੀ। ਅੰਮ੍ਰਿਤ ਸੁਖਦੀਪ ਨਾਲ ਪਹਿਲਾਂ ਵਾਲਾ ਪਿਆਰ ਵਿਖਾਉਂਦੀ ਹੈ। ਉਹ ਦੱਸਦੀ ਹੈ ਕਿ ਹੁਣ ਉਹ ਨਵਨੀਤ ਨਾਲ ਵਿਆਹੀ ਗਈ ਹੈ। ਨਵਨੀਤ ਨੂੰ ਉਸ ਦੇ ਪਿਤਾ ਨੇ ਵੱਡਾ ਪੁਲਿਸ ਅਫ਼ਸਰ ਬਣਾ ਦਿੱਤਾ ਹੈ। ਕਹਿਣ ਦੀ ਲੋੜ ਨਹੀਂ ਸੁਖਦੀਪ ਨੂੰ ਅੰਮ੍ਰਿਤਾ ਨਾਲ ਪਿਆਰ ਹੋਣ ਕਰ ਕੇ, ਨਵਨੀਤ ਨੇ ਮੌਤ ਦਾ ਡਰਾਵਾ ਦੇ ਕੇ, ਆਪਣੇ ਰਾਹ 'ਚੋਂ ਅੜਿੱਕਾ ਦੂਰ ਕੀਤਾ ਸੀ। ਨਵਨੀਤ ਦੀ ਬਦਨੀਤ ਹੀ ਸੁਖਦੀਪ ਲਈ ਸਾਰਾ ਦੁਖਾਂਤ (ਸਿਰਜਣ ਲਈ ਜ਼ਿੰਮੇਵਾਰ) ਹੈ। ਬਲਦੇਵ ਗਰੇਵਾਲ ਦਾ ਗਲਪਨਿਕ ਵਿਵੇਕ ਖੁੱਲ੍ਹਾ ਪਾਠ (ਓਪਨ ਟੈਕਸਟ) ਸਿਰਜਦਾ ਹੈ। ਇਸ ਨਾਵਲ ਦੀਆਂ ਬਿਰਤਾਂਤਕ ਜੁਗਤਾਂ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ :

vatish.dharamchand@gmail.com

 

ਪੌਣਾਹਾਰੀ ਪਾਤਿਸ਼ਾਹ
(ਜੀਵਨੀ ਸ੍ਰੀ ਗੁਰੂ ਨਾਨਕ ਦੇਵ ਜੀ)
ਲੇਖਕ : ਗੁਰਚਰਨ ਸਿੰਘ ਜ਼ਿਲ੍ਹੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 170 ਰੁਪਏ, ਸਫ਼ੇ : 103
ਸੰਪਰਕ : 85588-50143

ਪੰਜਾਬੀ ਜੀਵਨੀ-ਸਾਹਿਤ-ਵਿਧਾ ਦੇ ਮੋਕਲੇ ਵਿਹੜੇ ਦੇ ਬੂਹੇ 'ਤੇ ਦਸਤਕ ਦੇਣ ਵਾਲੀ ਇਹ ਮਾਣਮੱਤੀ ਪੁਸਤਕ ਵਿਸ਼ਵ ਦੇ ਮਹਾਨ ਅਤੇ ਸਰਬ ਸਾਂਝੇ ਗੁਰੂ ਤੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ-ਰੱਬੀ ਜੀਵਨ ਨੂੰ ਸਰਲ ਪੰਜਾਬੀ ਭਾਸ਼ਾ ਅਤੇ ਸਹਿਜ ਸੌਖੀ ਲਿਖਣ-ਸ਼ੈਲੀ ਵਿਚ ਪੇਸ਼ ਕਰਦੀ ਹੈ। ਲੇਖਕ ਗੁਰਚਰਨ ਸਿੰਘ ਜ਼ਿਲ੍ਹੇਦਾਰ ਨੇ ਪੁਸਤਕ ਦੇ ਅਗਾਜ਼ ਵਿਚ ਉਨ੍ਹਾਂ ਦੇ ਮੁੱਢਲੇ ਜੀਵਨ ਦਾ ਵੇਰਵਾ ਦਰਜ ਕੀਤਾ ਹੈ, ਜਿਸ ਵਿਚੋਂ ਗੁਰੂ ਸਾਹਿਬ ਦੇ ਰੱਬੀ ਗੁਣ ਪ੍ਰਗਟ ਹੋ ਕੇ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ। ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਗੁਰੂ ਸਾਹਿਬ ਦੁਆਰਾ ਕੁੱਲ ਲੋਕਾਈ ਨੂੰ ਤਾਰਨ ਹਿਤ ਦੁਨੀਆ ਦੀਆਂ ਚਾਰ ਦਿਸ਼ਾਵਾਂ ਦੀਆਂ ਕੀਤੀਆਂ ਉਦਾਸੀਆਂ (ਯਾਤਰਾਵਾਂ) ਦਾ ਵੇਰਵਾ ਪੇਸ਼ ਕਰਕੇ ਬੇਹੱਦ ਪ੍ਰਭਾਵਸ਼ਾਲੀ ਅਤੇ ਮਿਹਨਤ ਭਰੇ ਕਾਰਜ ਨੂੰ ਬਾਖੂਬੀ ਅੰਜਾਮ ਦਿੱਤਾ ਹੈ। ਹਰੇਕ ਉਦਾਸੀ ਵੇਲੇ ਲੋਕਾਂ ਨੂੰ ਕੁਕਰਮਾਂ ਤੋਂ ਰੋਕਣ ਲਈ ਅਤੇ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਹਿਤ ਗੁਰੂ ਸਾਹਿਬ ਨੇ ਧੁਰ ਦੀ ਬਾਣੀ ਦੇ ਸ਼ਬਦ ਉਚਾਰੇ ਸਨ। ਉਹ ਵੀ ਪੁਸਤਕ ਨੂੰ ਇਕ ਵੱਖ ਕੀਮਤ ਪ੍ਰਦਾਨ ਕਰਦੇ ਹਨ। ਪਾਠਕ ਹਰੇਕ ਸ਼ਬਦ ਦੇ ਪਰਿਪੇਖ ਵਿਚ ਛੁਪੀ ਸਾਖੀ ਜਾਂ ਘਟਨਾ ਪੜ੍ਹ ਕੇ ਅਨੰਦਿਤ ਹੁੰਦਾ ਹੈ ਅਤੇ ਗੁਰੂ ਸਾਹਿਬ ਵਲੋਂ ਬਖ਼ਸ਼ੀ ਸਿੱਖਿਆ ਨੂੰ ਆਪਣੀ ਆਤਮਾ ਵਿਚ ਧਾਰਨ ਕਰਨ ਦਾ ਪ੍ਰਣ ਲੈਂਦਾ ਹੈ। ਇਹ ਸਰਲ ਅਤੇ ਸੌਖੀ ਬੋਲੀ-ਸ਼ੈਲੀ ਵਿਚ ਲਿਖੀ ਪੁਸਤਕ 'ਪੌਣਾਹਾਰੀ ਪਾਤਿਸ਼ਾਹ' ਸਕੂਲਾਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨੀ ਲਾਜ਼ਮੀ ਹੈ, ਉਥੇ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਸਿਧਾਂਤ ਨੂੰ ਕਿਵੇਂ ਘੜਿਆ, ਕਿਵੇਂ ਵੱਡੀ ਤੇ ਕਰੜੀ ਘਾਲਣਾ ਘਾਲਦਿਆਂ ਉਨ੍ਹਾਂ ਦਾ ਪ੍ਰਚਾਰ ਕੀਤਾ ਬਾਰੇ ਵੀ ਵੱਡੀ ਜਾਣਕਾਰੀ ਇਸ ਪੁਸਤਕ ਦੀ ਸ਼ਾਨ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

 

 

ਜੀਵਨ ਜਾਚ ਅਤੇ ਮੌਤ ਦੀ ਫਿਲੋਸਫ਼ੀ ਦਾ ਅਧਿਐਨ
ਗੁਰਬਾਣੀ ਦੇ ਸਮਾਜਿਕ ਅਤੇ ਵਿਗਿਆਨਕ ਅਰਥ
ਲੇਖਕ : ਮਨਜੀਤ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 204
ਸੰਪਰਕ : 99144-33461

ਗੁਰਬਾਣੀ ਵਿਸ਼ਵ ਵਿਆਪੀ ਵਿਗਿਆਨਕ ਉਸਾਰੂ ਚੇਤਨਾ ਦਾ ਪ੍ਰਵਾਹ ਜਾਗ੍ਰਿਤ ਕਰਦੀ ਹੈ। ਇਹ ਚੇਤਨਾ ਮਨੁੱਖੀ ਮਨ ਦੇ ਚੇਤੰਨ ਹੀ ਨਹੀਂ ਸਗੋਂ ਵਿਸ਼ੇਸ਼ਤਰ ਅਵਚੇਤਨ ਵਿਚਲੇ ਅੰਤਰਕਰਨ ਦੇ ਸੰਦਰਭ ਦਾ ਵੀ ਚਿਤਰਣ ਕਰਦੀ ਹੈ ਅਤੇ ਮਨੁੱਖੀ ਜੀਵਾਂ ਨੂੰ ਅਜਿਹਾ ਜੀਵਨ ਜਾਚ ਵੱਲ ਪ੍ਰੇਰਿਤ ਕਰਦੀ ਹੈ ਜੋ ਮਾਨਵ ਦੇ ਅੰਦਰੂਨੀ ਅਤੇ ਬਹਿਰੂਨੀ ਪੱਖਾਂ ਨੂੰ ਉਤੇਜਿਤ ਕਰਕੇ ਇਕ ਭਲਾ ਪੁਰਖ ਬਣਾ ਦਿੰਦੀ ਹੈ। ਅਜਿਹਾ ਸੰਦੇਸ਼ ਹੀ ਹਥਲੀ ਪੁਸਤਕ ਵਿਚ ਲੇਖਕ ਨੇ 46 ਵੱਖ-ਵੱਖ ਵਿਸ਼ਿਆਂ 'ਤੇ ਲਿਖੇ ਖੋਜ-ਪੱਤਰਾਂ ਜ਼ਰੀਏ ਪਾਠਕਾਂ ਦੇ ਸਨਮੁੱਖ ਕੀਤਾ ਹੈ। ਲੇਖਕ ਮਨਜੀਤ ਸਿੰਘ ਨੂੰ ਜੀਵਨ ਦੀ ਡੂੰਘੀ ਜਾਣਕਾਰੀ ਹੈ ਅਤੇ ਗੁਰਮਤਿ ਧਾਰਾ ਨਾਲ ਜੁੜੇ ਹੋਣ ਸਦਕਾ ਸਮਾਜ-ਸੱਭਿਆਚਾਰ, ਧਾਰਮਿਕਤਾ, ਅਧਿਆਤਮਕਤਾ, ਦਰਸ਼ਨ ਅਤੇ ਹੋਰ ਵਿਗਿਆਨਕ ਪੱਖਾਂ ਬਾਰੇ ਗੰਭੀਰ ਸੋਝੀ ਹੈ, ਜੋ ਇਸ ਪੁਸਤਕ ਵਿਚ ਪ੍ਰਗਟ ਹੋਈ ਹੈ।
ਪੁਸਤਕ ਦੇ ਮਹੱਤਵਪੂਰਨ ਅਧਿਆਇ ਉਹ ਹਨ ਜਿਨ੍ਹਾਂ ਵਿਚ ਜੀਵਨ ਜਾਚ ਅਤੇ ਫਿਲਾਸਫ਼ੀ, ਧਾਰਮਿਕ ਗ੍ਰੰਥ ਅਤੇ ਮਾਨਵ ਰਮਜ਼ਾਂ, ਧਰਮ, ਆਦਮੀ ਅਤੇ ਰੱਬ, ਹੁਣ ਅਸੀਂ ਪੰਜਾਬੀ ਤਾਂ ਨਹੀਂ ਰਹੇ, ਆਯੁਰਵੈਦ ਦੀ ਉਤਪਤੀ ਅਤੇ ਮਹਾਨਤਾ, ਮਨੁੱਖੀ ਦਿਮਾਗ਼, ਪੀਲੀਆ ਅਤੇ ਉਸ ਦੇ ਕਾਰਨ ਆਦਿ ਨਿਬੰਧ ਦਾਰਸ਼ਨਿਕ ਪੱਖਾਂ ਨੂੰ ਗੰਭੀਰ ਦ੍ਰਿਸ਼ਟੀ ਤੋਂ ਪਾਠਕਾਂ ਦੇ ਸੁਨਮੁੱਖ ਕਰਦੇ ਹਨ।
ਲੇਖਕ ਕਿਉਂਕਿ ਅਭਿਆਸੀ ਹੈ, ਉਹ ਔਰਤ ਦੀ ਜੋ ਸਥਿਤੀ ਚਿਰਕਾਲ ਤੋਂ ਰਹੀ ਹੈ, ਉਸ ਨੂੰ ਉਹ ਗੁਰਮਤਿ ਕਾਵਿਧਾਰਾ ਦੇ ਅੰਤਰਗਤ ਸਮਝਦਿਆਂ ਹੋਇਆਂ ਨਵੀਨ ਮੈਰਿਜ ਵਿਵਸਥਾ, ਪਤੀ-ਪਤਨੀ ਦੇ ਸੰਬੰਧਾਂ ਵਿਚ ਵਖਰੇਵਾਂ, ਲੋਕ-ਪ੍ਰਲੋਕ ਦੇ ਨਾਲ ਸੰਬੰਧਿਤ ਲੇਖਾਂ ਵਿਚ ਵਿਅਕਤ ਕਰਦਾ ਹੈ।
ਪੁਸਤਕ ਦਾ ਵਿਸ਼ੇਸ਼ ਹਾਸਿਲ ਇਹ ਹੈ ਕਿ ਵੈਦ ਮਨਜੀਤ ਸਿੰਘ ਨੇ ਗੁਰਬਾਣੀ ਦੀਆਂ ਪਵਿੱਤਰ ਟੂਕਾਂ 'ਤੇ ਕੇਂਦਰਿਤ ਕਰਕੇ ਬਹੁਤ ਸਾਰੇ ਨਿਬੰਧ ਲਿਖੇ ਹਨ, ਜਿਨ੍ਹਾਂ 'ਚੋਂ 'ਸਚੁ ਨਾਉ ਵਡਿਆਈ ਵਿਚਾਰੁ', 'ਗਿਆਨੁ ਧਿਆਨੁ ਕਿਛੁ ਕਰਮੁ ਨੂ ਜਾਣਾ', 'ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ', 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ, 'ਕਰਤੂਤਿ ਪਸੂ ਕੀ ਮਾਨਸ ਜਾਤਿ', 'ਨਾਨਕ ਭਗਤਾ ਸਦਾ ਵਿਗਾਸੁ...', ਲਿਵ ਛੁੜਕੀ...', 'ਕਰ ਇਸਨਾਨੁ...' ਆਦਿ ਸੰਕਲਪਾਂ ਨੂੰ ਦਾਰਸ਼ਨਿਕ ਚਿੰਤਨ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ। ਬਹੁਤ ਸਾਰੇ ਸੰਕਲਪ ਹੋਰ ਵੀ ਹਨ, ਜਿਨ੍ਹਾਂ ਵਿਚੋਂ ਗੁਰੂ ਦੀ ਮਹਾਨਤਾ ਅਤੇ ਉਸ ਦੀ ਸਾਰਥਿਕਤਾ ਬਾਰੇ ਵੀ ਵਿਚਾਰ ਪ੍ਰਗਟ ਹਨ ਅਤੇ ਨਾਲ ਦੀ ਨਾਲ ਮਨੁੱਖੀ ਜੀਵ ਨੂੰ ਇਹ ਵੀ ਸਮਝਾਇਆ ਗਿਆ ਹੈ ਕਿ ਜੇ ਉਸ ਨੇ ਚਾਰ ਉੱਤਮ ਪਦਾਰਥ, ਧਰਮ, ਅਰਥ, ਕਾਮ ਅਤੇ ਮੋਖਿ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਧਨਾ-ਜੁਗਤ ਨਾਲ ਜੁੜ ਕੇ ਪ੍ਰਭੂ ਸਿਮਰਨ ਵਿਚ ਲੀਨ ਹੋਣਾ ਹੀ ਪਵੇਗਾ ਅਤੇ ਕੁਦਰਤੀ ਅਕਿਰਤੀ ਪ੍ਰਕਿਰਤੀ ਨੂੰ ਸਮਝ ਕੇ ਮਾਨਵਜਾਤੀ ਦੀ ਭਲਾਈ ਲਈ ਸ਼ੁੱਧ ਮਨ ਨਾਲ ਕਰਮਸ਼ੀਲਤਾ ਵਿਚ ਜੁਟਣਾ ਪਵੇਗਾ। ਲੇਖਕ ਦਾ ਮੂਲ ਨਿਸਚਾ ਜਿਥੇ ਗੁਰਮਤਿ ਦੇ ਸੰਕਲਪਾਂ ਨੂੰ ਦ੍ਰਿੜ੍ਹ ਕਰਾਉਣਾ ਹੈ, ਉਥੇ ਆਯੁਰਵੈਦਿਕ ਪੱਧਤੀ ਤੋਂ ਜਾਣੂ ਕਰਾਉਣ 'ਚ ਵੀ ਨਿਹਿਤ ਰਿਹਾ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਆਤਮਾ ਅਤੇ ਪਰਮਾਤਮਾ ਦੇ ਸੰਕਲਪ ਨੂੰ ਦ੍ਰਿੜ੍ਹ ਕਰਾਉਂਦੀ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

 

 

 


ਵੇਸਵਾ ਨਹੀਂ ਹਾਂ ਮੈਂ
ਲੇਖਿਕਾ : ਹਰਦੀਪ ਬਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 98
ਸੰਪਰਕ : 81465-90488

ਮਨ ਦੇ ਸਫ਼ੇ ਤੋਂ, ਕਾਵਿ ਸੰਗ੍ਰਹਿ ਤੇ 'ਨਾ ਨਰ ਨਾ ਨਾਰੀ' ਸੰਪਾਦਿਤ ਕਾਵਿ-ਸੰਗ੍ਰਹਿ ਤੋਂ ਬਾਅਦ ਸਨ 2023 ਵਿਚ ਪ੍ਰਕਾਸ਼ਿਤ 'ਵੇਸਵਾ ਨਹੀਂ ਹਾਂ ਮੈਂ', ਲੇਖਿਕਾ ਹਰਦੀਪ ਕੌਰ ਬਾਵਾ ਦਾ ਪਲੇਠਾ ਨਾਵਲ ਹੈ। ਲੇਖਿਕਾ ਦੀਆਂ ਪੁਸਤਕਾਂ ਦੇ ਵੱਖਰੇ ਅਤੇ ਨਿਵੇਕਲੇ ਵਿਸ਼ੇ ਇਹ ਦਰਸਾਉਂਦੇ ਹਨ ਕਿ ਉਹ ਬੇਧੜਕ ਹੋ ਕੇ ਲਿਖਣ ਵਾਲੀ ਲੇਖਿਕਾ ਹੋਣ ਵਜੋਂ ਸਾਹਿਤ ਦੇ ਖੇਤਰ ਵਿਚ ਨਵੀਆਂ ਲੀਹਾਂ ਤੇ ਪਰੰਪਰਾਵਾਂ ਪਾਉਣਾ ਚਾਹੁੰਦੀ ਹੈ। ਲੇਖਿਕਾ ਨੇ ਆਪਣਾ ਸਾਹਿਤਕ ਸਫ਼ਰ ਕਵਿਤਕਾਰੀ ਤੋਂ ਸ਼ੁਰੂ ਕੀਤਾ ਹੈ। ਉਸ ਦੀ ਕਵਿਤਾ ਦੀਆਂ ਕੁਝ ਸਤਰਾਂ ਦੀ ਵੰਨਗੀ ਔਰਤ ਦੀ ਮਜਬੂਰੀ ਨੂੰ ਬਿਆਨ ਕਰਦੀ ਹੈ
ਜਿਸਮਾਨੀ ਸਾਂਝ, ਹੱਦਾਂ ਟੱਪੇ
ਰੂਹਾਨੀ ਮੁਹੱਬਤ ਕਿੱਥੋਂ ਲੱਭੇ
ਬਿਰਹਾ ਦੇ ਬੂਹੇ 'ਤੇ ਆਣ ਪਿਆਸ ਬੁਝਾਉਂਦੇ
ਲੇਖਿਕਾ ਦੀ ਸਮਾਜ ਤੋਂ ਅੱਡ ਖੜ੍ਹੇ ਹੋਣ ਵਾਲੀ ਵਿਚਾਰਧਾਰਾ ਦਾ ਵਿਰੋਧ ਹੋਣ ਦੇ ਬਾਵਜੂਦ ਵੀ ਉਸ ਨੇ ਆਪਣੇ ਇਸ ਨਾਵਲ 'ਵੇਸਵਾ ਨਹੀਂ ਹਾਂ ਮੈਂ' ਨੂੰ ਸ਼ਬਦਾਂ ਦੇ ਰੂਪ ਵਿਚ ਰੂਪਮਾਨ ਕੀਤਾ। ਲੇਖਿਕਾ ਆਪਣੇ ਇਸ ਨਾਵਲ ਦੇ ਮਾਧਿਅਮ ਰਾਹੀਂ ਸਮਾਜ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਸਮਾਜ ਦੇ ਲੋਕ ਜਿਸ ਔਰਤ ਨੂੰ ਵੇਸਵਾ ਕਹਿਣ ਲੱਗ ਪੈਂਦੇ ਹਨ, ਉਹ ਵੇਸਵਾ ਖ਼ੁਦ ਨਹੀਂ ਬਣਦੀ ਸਗੋਂ ਉਸ ਨੂੰ ਉਸ ਰਾਹ ਉੱਤੇ ਚਲਾਉਣ ਵਾਲੇ ਸਮਾਜਿਕ ਤੇ ਆਰਥਿਕ ਹਾਲਾਤ ਹੀ ਹੁੰਦੇ ਹਨ। ਵੇਸਵਾਵਾਂ ਵੀ ਤਾਂ ਇਸੇ ਸਮਾਜ ਦਾ ਅੰਗ ਹੁੰਦੀਆਂ ਹਨ। ਵਿਲੱਖਣ ਵਿਸ਼ੇ ਨੂੰ ਲੈ ਕੇ ਪਾਠਕਾਂ ਦੇ ਰੂ-ਬਰੂ ਕੀਤਾ ਇਹ ਨਾਵਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਵੀਂ ਪੇਸ਼ਕਾਰੀ ਹੈ। ਇਸ ਨਾਵਲ ਵਿਚ ਘਰਾਂ ਵਿਚ ਕੰਮ ਕਰਨ ਵਾਲੀਆਂ ਆਰਥਿਕ ਦੁਸ਼ਵਾਰੀਆਂ ਦਾ ਸੰਤਾਪ ਭੁਗਤ ਰਹੀਆਂ, ਅਸਾਵੀਂ ਜ਼ਿੰਦਗੀ ਜਿਊਂਦੀਆਂ, ਵੇਸਵਾ ਬਿਰਤੀ ਲਈ ਮਜਬੂਰ ਹੋਣ ਵਾਲੀਆਂ ਔਰਤਾਂ ਦੇ ਦੁਖਾਂਤਾਂ ਨੂੰ ਲੇਖਿਕਾ ਪੇਸ਼ ਕਰਨ ਵਿਚ ਸਫ਼ਲ ਰਹੀ ਹੈ। ਲੇਖਿਕਾ ਦੀ ਨਾਵਲ ਵਿਚ ਬੇਬਾਕੀ ਹੁੰਦਿਆਂ ਵੀ ਕਿਤੇ ਵੀ ਬੇਲੋੜੇ ਬਿਰਤਾਂਤ ਦੀ ਵਰਤੋਂ ਨਹੀਂ ਕੀਤੀ ਗਈ, ਇਸੇ ਕਾਰਨ ਉਹ ਦੂਜੇ ਨਾਵਲਕਾਰਾਂ ਤੋਂ ਵੱਖ ਖੜ੍ਹੀ ਵਿਖਾਈ ਦਿੰਦੀ ਹੈ। ਨਿੱਕੀਆਂ-ਨਿੱਕੀਆਂ ਕਲਮ ਛੂਹਾਂ ਲਾ ਕੇ ਉਹ ਸੱਭਿਆਚਾਰਕ ਰੂੜੀਆਂ ਨੂੰ ਰੂਪਾਂਤਰਿਤ ਕਰਨਾ ਉਸ ਨੂੰ ਆਪਣੇ ਸਮਕਾਲੀਨ ਨਾਵਲਕਾਰਾਂ ਤੋਂ ਨਿਖੇੜਦਾ ਹੈ। ਲੇਖਿਕਾ ਵੇਸਵਾਵਾਂ ਦੇ ਪੱਖ ਵਿਚ ਖੜ੍ਹੇ ਹੋਣ ਦੇ ਨਾਲ-ਨਾਲ ਪੜ੍ਹਾਈ ਅਤੇ ਮਿਹਨਤ ਦੇ ਮਹੱਤਵ ਬਾਰੇ ਵੀ ਜਾਗਰੂਕ ਕਰਦੀ ਵਿਖਾਈ ਦਿੰਦੀ ਹੈ। ਨਾਵਲ ਦੇ ਪਾਤਰਾਂ ਸੁਰਮਨੀ, ਮੰਨਤ, ਅਕਾਸ਼, ਅਭਿਜੋਤ, ਸੰਗੀਤਾ, ਮੰਨਤ ਦੇ ਭਰਾ, ਪਿਤਾ, ਛਿੰਦੇ ਅਤੇ ਕਰਮੇ ਦੇ ਢੁੱਕਵੇਂ ਸ਼ਬਦਾਂ ਤੇ ਵਾਰਤਾਲਾਪਾਂ ਰਾਹੀਂ ਪਾਤਰਾਂ ਦੀ ਮਾਨਸਿਕਤਾ ਅਤੇ ਲੋੜੀਂਦੇ ਵਾਤਾਵਰਨ ਨੂੰ ਉਭਾਰਿਆ ਗਿਆ ਹੈ। ਲੇਖਿਕਾ ਆਪਣੇ ਨਿਰਧਾਰਿਤ ਉਦੇਸ਼ਾਂ ਦੀ ਪੂਰਤੀ ਵਿਚ ਸਫਲ ਰਹੀ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

 

 


ਇਕ ਸ਼ਹਿਰ ਦੀ ਚੁੱਪ
ਕਵੀ : ਡਾ. ਬਲਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ :144
ਸੰਪਰਕ : 98768-01309

ਡਾ. ਬਲਜੀਤ ਸਿੰਘ ਢਿੱਲੋਂ ਬੁਨਿਆਦੀ ਤੌਰ 'ਤੇ ਅੱਖਾਂ ਦੇ ਮਾਹਰ ਡਾਕਟਰ ਹਨ, ਉਹ ਕਹਾਣੀਆਂ ਲਿਖਦੇ ਹਨ, ਵਾਰਤਕਕਾਰ ਨੇ, 'ਇਕ ਸ਼ਹਿਰ ਦੀ ਚੁੱਪ' ਉਨ੍ਹਾਂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। 'ਨੀਮ ਪਿਆਜ਼ੀ ਰੁੱਤ', 'ਚੁੰਝ ਚਰਚਾ', 'ਅਰਜੁਨ ਦੀ ਅੱਖ' ਉਨ੍ਹਾਂ ਦੇ ਕਹਾਣੀ ਅਤੇ ਮਿੰਨੀ ਕਹਾਣੀ ਸੰਗ੍ਰਹਿ ਹਨ। ਅੱਖਾਂ ਦੀ ਸੰਭਾਲ ਦੇ ਸੰਬੰਧ ਵਿਚ ਉਨ੍ਹਾਂ 'ਅੱਖਾਂ ਦੀ ਚੰਗੇਰੀ ਦੇਖਭਾਲ', 'ਅੱਖਾਂ ਦੇ ਰੋਗ ਤੇ ਸੰਭਾਲ', 'ਅੱਖਾਂ ਦੀ ਸੰਭਾਲ', 'ਚਿੱਟਾ ਮੋਤੀਆ', 'ਕਾਲਾ ਮੋਤੀਆ', 'ਤੇਰਾ ਚਿਰਾਗ਼', 'ਮਨਫ਼ੀ ਹੋਏ ਪਲ' ਆਦਿ 'ਆਓ ਐਨਕਾਂ ਉਤਾਰੀਏ' ਵਾਰਤਕ ਪੁਸਤਕਾਂ ਹਨ। 'ਇਕ ਸ਼ਹਿਰ ਦੀ ਚੁੱਪ' ਕਾਵਿ-ਸੰਗ੍ਰਹਿ ਦਾ ਸਮਰਪਣ ਪੰਜਾਬ ਦੇ ਉਨ੍ਹਾਂ ਮਿਹਨਤਕਸ਼, ਕਿਰਤੀਆਂ, ਕਿਸਾਨਾਂ, ਮਜ਼ਦੂਰਾਂ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦੇ ਨਾਂਅ ਕਰਦਿਆਂ ਉਨ੍ਹਾਂ ਆਪਣੀ ਕਾਵਿ-ਯਾਤਰਾ ਦਾ ਸਪੱਸ਼ਟ ਸੰਦੇਸ਼ ਕਾਵਿ-ਪਾਠਕ ਤੱਕ ਪਹੁੰਚਾਇਆ ਹੈ ਕਿ ਪੰਜਾਬ ਨੂੰ ਹੁਣ ਤੱਕ ਇਨ੍ਹਾਂ ਲੋਕਾਂ ਦੇ ਸਿਦਕ, ਸਬਰ, ਕਿਰਤ, ਭਾਈਚਾਰਕ ਸਾਂਝ ਅਤੇ ਸਿਰੜਤਾ ਨੇ ਹੀ ਜ਼ਿੰਦਾ ਰੱਖਿਆ ਹੈ। 'ਗਾਥਾ ਪੰਜਾਬ', 'ਤ੍ਰਾਸਦੀ ਪੰਜਾਬ', 'ਮੇਰੀ ਹੋਂਦ' ਅਤੇ 'ਇਨਕਲਾਬ ਦਾ ਪੁੱਤ' ਬਿਰਤਾਂਤਕ ਕਵਿਤਾਵਾਂ ਦਾ ਪਾਸਾਰ ਲਗਭਗ 94 ਸਫ਼ਿਆਂ 'ਚ ਫੈਲਿਆ ਹੋਇਆ ਹੈ ਜੋ ਕਿ ਚਿੱਟੇ ਅੰਗਰੇਜ਼ਾਂ ਤੋਂ ਲੈ ਕੇ ਕਾਲੇ ਅੰਗਰੇਜ਼ਾਂ ਵਲੋਂ 'ਤਾਜ' ਦੀ ਸਲਾਮਤੀ ਹਿੱਤ ਕੀਤੀਆਂ ਸਾਜ਼ਿਸ਼ਾਂ ਨੂੰ ਬੇ-ਪਰਦ ਕਰਦਾ ਹੈ। ਇਨ੍ਹਾਂ 'ਚ ਇਤਿਹਾਸਕ, ਸਮਾਜਿਕ, ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਦੀ ਝਲਕ ਦੇਖੀ ਜਾ ਸਕਦੀ ਹੈ। 'ਇਨਕਲਾਬ ਦਾ ਪੁੱਤ' ਕਵਿਤਾ 'ਰੱਜ' ਵਿਰੁੱਧ ਭੁੱਖ ਦਵੰਦਾਤਮਕ ਬਿਰਤਾਂਤ ਸਿਰਜਦੀ ਲਗਾਤਾਰ 'ਤਾਜ' ਦੇ ਖ਼ਿਲਾਫ਼ ਵਿਦਰੋਹ ਦਾ ਪਰਚਮ ਲਹਿਰਾਉਂਦੀ ਪ੍ਰਤੀਤ ਹੁੰਦੀ ਹੈ ਅਤੇ ਇਹ ਸ. ਭਗਤ ਸਿੰਘ ਦੇ ਉਸ ਕਥਨ ਵੱਲ ਵੀ ਸੰਕੇਤ ਕਰਦੀ ਹੈ ਕਿ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ, ਸਾਡੀ ਜੰਗ ਜਾਰੀ ਰਹੇਗੀ। ਇਹ ਕੋਈ ਗੁਪਤ ਵਾਰਤਾ ਨਹੀਂ ਸਗੋਂ ਸਿੱਧੇ-ਸਿੱਧੇ 'ਤਾਜ' ਦੇ ਖ਼ਿਲਾਫ਼ ਵਿਦਰੋਹ ਦੀ ਚੁਣੌਤੀ ਹੈ :
ਮੈਂ ਇਨਕਲਾਬ ਨੂੰ ਕੋਈ ਵੀ ਨਾਮ
ਦੇ ਸਕਦਾ ਹਾਂ
ਕਿਉਂਕਿ ਮੈਂ ਹੁਣ, ਗੁਪਤ ਨਹੀਂ ਰਿਹਾ
ਮੈਂ ਤਾਂ ਇਨਕਲਾਬ ਦਾ ਪੁੱਤ ਹਾਂ।
ਅਤੇ ਇਨਕਲਾਬ ਦਾ ਪੁੱਤਰ ਹੀ ਰਹਾਂਗਾ।
ਇਸ ਕਾਵਿ-ਸੰਗ੍ਰਹਿ ਦੀਆਂ 'ਅਲਵਿਦਾ ਤੋਂ ਪਹਿਲਾਂ' ਤੋਂ ਲੈ ਕੇ 'ਮਹਾਂਸ਼ਕਤੀ' ਤੱਕ ਦੀਆਂ 11 ਕਵਿਤਾਵਾਂ ਵੀ ਭਰੂਣ ਹੱਤਿਆ, ਮੁਲਕ ਦੀ ਖ਼ੂਨੀ ਵੰਡ, ਗ਼ਰੀਬ-ਅਮੀਰ ਦੇ ਨਾ ਮਿਟਣ ਵਾਲੇ ਪਾੜੇ, ਬੰਦੇ ਨਾਲ ਹੁੰਦੀ ਅਜ਼ਲੀ ਬੇ-ਇਨਸਾਫ਼ੀ ਦੇ ਵੱਖ-ਵੱਖ ਖੇਤਰਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਨਾਲ ਸੇਧਿਤ ਨਿਸ਼ਾਨੇ ਦੀ ਸੰਕਲਪਨਾ ਦਾ ਸੰਕੇਤ ਦਿੰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚਲੇ ਪਾਤਰ, ਸ਼ਬਦਾਵਲੀ, ਬਿੰਬ, ਅਲੰਕਾਰ ਸੁਚੇਤ ਪੱਧਰ 'ਤੇ ਕਵੀ ਵਲੋਂ ਵਰਤੇ ਗਏ ਹਨ। ਇਸੇ ਲਈ ਉਹ ਆਪਣੀ ਕਵਿਤਾ ਨੂੰ ਵਾਰਤਕ-ਕਾਵਿ ਦਾ ਨਾਂਅ ਦਿੰਦਾ ਹੈ। ਗੰਭੀਰ ਚਿੰਤਨ ਵਾਲੀ ਸ਼ਾਇਰੀ ਨੂੰ ਖੁਸ਼-ਆਮਦੀਦ ਕਹਿੰਦਿਆਂ ਹਾਰਦਿਕ ਪ੍ਰਸੰਨਤਾ ਮਹਿਸੂਸ ਕਰਦਾ ਹਾਂ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

 

 

 

 

 

 

29-7-23

 ਕੁਇਨਜ਼ ਲੈਂਡ
ਕਹਾਣੀਕਾਰ : ਆਗ਼ਾਜ਼ਵੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94174-44202

ਪੰਜਾਬੀ ਕਹਾਣੀ ਦੇ ਨਵਾਂ ਤੇ ਪੁਖ਼ਤਾ ਹਸਤਾਖ਼ਰ ਅਗ਼ਾਜ਼ਵੀਰ ਦੇ ਪਲੇਠੇ ਕਹਾਣੀ-ਸੰਗ੍ਰਹਿ 'ਕੁਇਨਜ਼ ਲੈਂਡ' ਦੀਆਂ 10 ਕਹਾਣੀਆਂ ਨੂੰ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਹੋ ਜਾਂਦਾ ਹੈ ਕਿ ਪੰਜਾਬੀ ਕਹਾਣੀ ਦਾ ਭਵਿੱਖ ਮੋਕਲਾ ਤੇ ਸੁਨਹਿਰਾ ਹੈ। ਕਹਾਣੀਕਾਰ ਨੇ ਕਿਤਾਬਾਂ ਦੇ ਨਾਲ-ਨਾਲ ਸਮਾਜ ਨੂੰ ਵੀ ਬਹੁਤ ਹੀ ਡੂੰਘਿਆਈ ਨਾਲ ਪੜ੍ਹ ਤੇ ਘੋਖ ਕੇ ਅਤੇ ਕਹਾਣੀ ਦੇ 'ਕਥਨ' ਤੇ 'ਕਹਿਣ' ਦੋਵਾਂ ਨੂੰ ਸਮਝ ਕੇ ਇਨ੍ਹਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਲਗਭਗ ਸਾਰੀਆਂ ਕਹਾਣੀਆਂ ਹੀ ਉੱਤਮਪੁਰਖੀ ਸੰਬੋਧਨ ਨਾਲ ਆਰੰਭ ਹੁੰਦੀਆਂ ਹਨ। ਤੇਈਆਂ ਕਹਾਣੀ ਦਾ ਮੈਂ ਤੇ ਡੌਲੀ, ਕੁਇਨਜ਼ ਲੈਂਡ ਦੀ ਅਕੀਮਾ ਉਰਫ਼ ਰਾਣੀ, ਬਲਿਊ ਪ੍ਰਿੰਟ ਦੇ ਭੂਸ਼ਣ ਤੇ ਅੰਮ੍ਰਿਤ, ਲਾਜਵੰਤ ਦੀ ਬੂਟਾ ਦਾ ਕੁਲਦੀਪ ਕੰਡਕਟਰ, ਬੰਦ ਦਰਵਾਜ਼ਾ ਦੀ ਕਿਰਨਾ, ਹਥੇਲੀ ਤੇ ਰੱਖਿਆ ਸੂਰਜ ਦਾ ਇੰਦੋਰੀ ਤੇ ਧਵੰਤਰੀ, ਮੈਂ ਕੀ ਕਰਾਂ? ਦੀ ਰਾਜਵਿੰਦਰ ਉਰਫ਼ ਨੀਲਮ ਡਾਂਸਰ, ਮੁਕਦੱਸ ਖ਼ਾਸ ਦਾ ਮੈਂ ਤੇ ਜੰਗਬੀਰ, ਕਾਲੀ ਘੋੜੀ ਦਾ ਸਵਾਰ ਦੀ ਭਾਬੀ ਤੇ ਜੀਤਨ ਅਤੇ ਸੂਰਾ ਦੀ ਮੈਂ ਤੇ ਮਾਣਕ ਅਪੰਚ ਆਦਿ ਸਾਰੇ ਹੀ ਪਾਤਰ ਸਮਾਜ ਵਿਚਲੀਆਂ ਭਖਵੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਵਧੇਰੇ ਨਾਰੀ ਪਾਤਰ ਸਮਾਜ ਦੇ ਖਲਨਾਇਕਾਂ ਹੱਥੋਂ ਪੀੜਤ, ਸਮਾਜ ਦੀਆਂ ਦਮ ਘੋਟਣੀਆਂ ਰਹੁਰੀਤਾਂ, ਮਰਦ ਪ੍ਰਧਾਨ ਸਮਾਜ ਦੇ ਅਣਮਨੁੱਖੀ ਵਤੀਰੇ, ਪੁਰਸ਼ਾਂ ਦੇ ਜੰਗਲੀਪਨ ਦੇ ਸਤਾਏ ਹੋਏ ਹਨ। ਉਹ ਲਗਾਤਾਰ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਉਤਪੀੜਨ ਦੀ ਮਾਰ ਸਹਾਰਦੇ, ਵਾਰ-ਵਾਰ ਡਿਗਦੇ, ਉੱਠਦੇ, ਸੰਭਲਦੇ, ਆਸਰੇ ਦੀ ਓਟ ਲੱਭਦੇ, ਵਿਪਰੀਤ ਹਾਲਾਤ ਦੇ ਖ਼ਿਲਾਫ਼ ਹੰਭਲਾ ਮਾਰਦੇ, ਬਾਗੀ ਤੇਵਰ ਅਖ਼ਤਿਆਰ ਕਰਦੇ ਹਨ ਅਤੇ ਪਾਠਕਾਂ ਨੂੰ ਵੀ ਇਕ ਸਾਰਥਕ ਸੁਨੇਹਾ ਦੇ ਜਾਂਦੇ ਹਨ। ਇਨ੍ਹਾਂ ਕਹਾਣੀਆਂ ਦੀ ਇਕ ਹੋਰ ਮਜ਼ਬੂਤ ਪੱਖ ਹੈ ਕਹਾਣੀਕਾਰ ਦੀ ਕਹਿਣ ਸ਼ੈਲੀ। ਮੁਹਾਵਰੇਦਾਰ ਅਤੇ ਪ੍ਰਤੀਕਾਤਮਕ ਵਾਕ ਬਣਤਰ ਨਾ ਸਿਰਫ਼ ਕਹਾਣੀ ਦੀ ਰਵਾਨਗੀ ਵਿਚ ਵਾਧਾ ਕਰਦੀ ਹੈ, ਸਗੋਂ ਉਸ ਵਿਚ ਰੌਚਿਕਤਾ ਅਤੇ ਪਠਨੀਅਤਾ ਵਿਚ ਵਾਧਾ ਕਰਦੀ ਹੈ। ਵੰਨਗੀ ਵਜੋਂ ਕੁਝ ਵਾਕ-ਗ਼ਰੀਬਾਂ ਦੀਆਂ ਕੁੜੀਆਂ ਨੂੰ ਰੱਬ ਹੁਸਨ ਤੇ ਰੰਗ-ਰੂਪ ਦੇ ਕੇ ਸਭ ਤੋਂ ਵੱਡੀ ਸਜ਼ਾ ਦੇ ਦਿੰਦਾ ਹੈ। (ਸੂਰਾ) 'ਭਾਬੀ ਦੇ ਹੱਥ ਵਿਚ ਫੜਿਆ ਲਿਫ਼ਾਫ਼ਾ ਮੂਸੇਵਾਲਾ ਦੇ ਹੱਥ 'ਚ ਫੜੀ ਏ.ਕੇ. ਸੰਤਾਲੀ ਵਰਗਾ ਲੱਗਿਆ। (ਕਾਲੀ ਘੋੜੀ ਦਾ ਸਬਰ), ਪਤਝੜ ਦੇ ਪੱਤਿਆਂ ਵਾਂਗ ਨੋਟ ਮੇਰੇ ਸਿਰ ਤੋਂ ਡਿੱਗਦੇ ਹੀ ਜਾ ਰਹੇ ਸਨ (ਮੈਂ ਕੀ ਕਹਾਂ?), ਰੂਬੀ ਦੇ ਭਾਵੇਂ ਆਈਲੈੱਟਸ ਕਰ ਕੈਨੇਡਾ ਜਾਣ ਦੇ ਸੁਪਨੇ ਸਨ, ਪਰ ਪਿਆਰ ਉਡਾਰੀ ਜਹਾਜ਼ ਦੀ ਉਡਾਰੀ ਤੋਂ ਬਹੁਤ ਵੱਡੀ ਹੁੰਦੀ ਹੈ ਆਦਿ। ਕਹਾਣੀਕਾਰ ਪਾਸ ਨਾਰੀ ਪਾਤਰਾਂ ਦੀ ਮਾਨਸਿਕਤਾ ਨੂੰ ਪੜ੍ਹਨ ਤੇ ਚਿੱਤਰਣ ਦਾ ਹੁਨਰ ਹਾਸਿਲ ਹੈ। ਪਾਠਕ ਇਨ੍ਹਾਂ ਕਹਾਣੀਆਂ ਦਾ ਦਿਲੋਂ ਸਵਾਗਤ ਕਰਨਗੇ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

 

ਮੇਰੀਆਂ ਚੋਣਵੀਆਂ ਕਹਾਣੀਆਂ
ਲੇਖਿਕਾ : ਪ੍ਰੀਤਮਾ ਦੋਮੇਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 099881-52523

'ਮੇਰੀਆਂ ਚੋਣਵੀਆਂ ਕਹਾਣੀਆਂ' ਪ੍ਰੀਤਮਾ ਦੋਮੇਲ ਦਾ ਨੌਵਾਂ ਕਹਾਣੀ-ਸੰਗ੍ਰਹਿ ਹੈ। ਪੰਜਾਬੀ ਸਾਹਿਤ ਵਿਚ ਪ੍ਰੀਤਮਾ ਦੋਮੇਲ ਦਾ ਨਾਂਅ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ। ਉਸ ਦੀ ਕਲਮ ਨੇ 2004 ਤੋਂ ਲੈ ਕੇ 2021 ਤੱਕ ਅੱਠ ਕਹਾਣੀ-ਸੰਗ੍ਰਹਿ, ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਪ੍ਰੀਤਮਾ ਦੋਮੇਲ ਦੇ ਇਸ ਨਿਵੇਕਲੇ ਕਹਾਣੀ-ਸੰਗ੍ਰਹਿ ਵਿਚ ਕਹਾਣੀਆਂ ਪਾਠਕਾਂ ਨੂੰ ਸਮਕਾਲੀ ਸਮਾਜ ਨਾਲ ਤੋਰਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਦੀਆਂ ਕਹਾਣੀਆਂ 'ਅੱਧੋ-ਅੱਧ' ਅਤੇ 'ਸੂਲੀ 'ਤੇ ਲਟਕਣ ਤੋਂ ਬਾਅਦ' ਔਰਤ ਦੇ ਪਤੀ ਦੀ ਬੇਵਫ਼ਾਈ ਨੂੰ ਸਹਿਣ ਕਰਨ ਦੀ ਸਮਰੱਥਾ ਅਤੇ ਪਤੀ ਨੂੰ ਨਜ਼ਰ-ਅੰਦਾਜ਼ ਕਰਕੇ ਸਾਰਾ ਧਿਆਨ ਆਪਣੀ ਪਰਿਵਾਰਕ ਜ਼ਿੰਮੇਵਾਰੀ ਨੂੰ ਦਿੰਦੀ ਹੈ ਇਸ ਦੌਰਾਨ ਉਹ ਆਪਣਾ ਦੁੱਖ ਇਕ ਪਾਸੇ ਰੱਖਦੀ ਹੈ। ...ਬੱਸ ਮੇਮ ਸਾਹਿਬ, ਮੇਰੇ ਅੰਦਰਲੀ ਔਰਤ ਉਸੇ ਵੇਲੇ ਬਾਹਰ ਨਿਕਲ ਕੇ ਮੇਰੇ ਸਾਹਮਣੇ ਆ ਕੇ ਖੜ੍ਹੀ ਹੋ ਗਈ ਤੇ ਬੋਲੀਂਦੱਸ, ਹੁਣ ਇਸ ਬੇਵੱਸ ਪਰਿਵਾਰ ਲਈ ਤੇਰਾ ਕੀ ਫ਼ੈਸਲਾ ਹੈ? ਮੈਂ ਉਸੇ ਵੇਲੇ ਫ਼ੈਸਲਾ ਕਰ ਲਿਆ ਕਿ ਆਪਣੇ ਮਰਦ ਦੇ ਇਸ ਬੇਨਾਮੀ ਰਿਸ਼ਤੇ ਨੂੰ ਹੁਣ ਮੈਂ ਨਿਭਾਵਾਂਗੀ। ਇਸ ਕਹਾਣੀ ਸੰਗ੍ਰਹਿ ਦੀਆਂ 'ਖੇੜਿਆਂ ਦੀ ਸੈਰ', 'ਬਦਲਾ', 'ਘਰ ਦਾ ਮੋਹ' ਆਦਿ ਕਈ ਕਹਾਣੀਆਂ, ਅੱਜਕਲ੍ਹ ਦੀ ਔਲਾਦ ਨੂੰ ਮਾਂ-ਬਾਪ ਦੀ ਸੇਵਾ ਅਤੇ ਸਤਿਕਾਰ ਕਰਨ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕਰਦੀਆਂ ਹਨ। 'ਖੇੜਿਆਂ ਦੀ ਸੈਰ' ਕਹਾਣੀ ਵਿਚ ਲੇਖਿਕਾ ਨੇ ਗੱਲ ਪਾਠਕਾਂ ਸਾਹਮਣੇ ਇਸ ਤਰ੍ਹਾਂ ਰੱਖੀ ਹੈ..."ਜਿਊਣਾ ਹੈਰਾਨ ਹੋ ਗਿਆ -ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮੈਂ ਖੇੜਿਆਂ ਨੂੰ ਹਮੇਸ਼ਾ ਲਈ ਜਿਊਂਦਾ ਕਰ ਦਿੱਤਾ ਹੈ। ਕਿਸੇ ਨਿਵੇਕਲੀ ਥਾਂ 'ਤੇ ਦੀਵਾ ਬਾਲਣਾ ਕੋਈ ਮਾਇਨੇ ਨਹੀਂ ਰੱਖਦਾ। ਇਨ੍ਹਾਂ ਕਹਾਣੀਆਂ ਵਿਚ ਪ੍ਰੀਤਮਾ ਦੋਮੇਲ ਦੀ ਰੌਚਿਕ-ਸ਼ੈਲੀ ਦ੍ਰਿਸ਼ਮਾਨ ਹੁੰਦੀ ਹੈ। 'ਘਰ ਦਾ ਮੋਹ' ਵਿਚ ਕਹਾਣੀ ਜਗਤਾਰ ਦੇ ਅੰਦਰ ਰੋਸ਼ਨੀ ਦੀ ਜਿਵੇਂ ਲਕੀਰ ਜੇਹੀ ਫਿਰ ਗਈ। ''ਤੂੰ ਤਾਏ ਨੂੰ ਏਸ ਘਰ ਦੀ ਰਾਖੀ ਲਈ ਛੱਡ ਕੇ ਜਾ ਰਿਹਾ ਏਂ ਨਾ, ਉਹ ਘਰ ਜੋ ਆਪਾਂ ਸਾਰਿਆਂ ਨੇ ਮਿਲ ਕੇ ਬਣਾਇਆ ਸੀ, ਸ਼ਿੰਗਾਰਿਆ ਸੀ। ਤੂੰ ਉਸ ਦੀ ਚਿੰਤਾ ਛੱਡ ਹੁਣ। ਇਨ੍ਹਾਂ ਬਾਲੇ ਸ਼ਤੀਰੀਆਂ ਵਾਲੇ ਘਰਾਂ ਦੀਆਂ ਉਮਰਾਂ ਲੰਘ ਗਈਆਂ ਹਨ। ਖੰਡਰ ਹੁੰਦਾ ਹੋ ਜਾਣ ਦੇ ਪਰ ਤਾਏ ਨੂੰ ਖੰਡਰ ਹੋਣ ਤੋਂ ਬਚਾ ਲੈ, ਉਹ ਕੱਲ੍ਹਾ ਰਹਿ ਕੇ ਬਹੁਤੇ ਦਿਨ ਨਹੀਂ ਜੀਣ ਲੱਗਿਆ। ਏਸ ਉਮਰ ਵਿਚ ਕੱਲਿਆਂ ਰਹਿਣਾ ਸਭ ਤੋਂ ਵੱਡਾ ਸੰਤਾਪ ਹੈ।''
ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ 'ਉਡੀਕਾਂ', 'ਵੱਡੇ ਲੋਕ-ਛੋਟੇ ਲੋਕ', 'ਇਹ ਵੀ ਸੱਚ, ਉਹ ਵੀ ਸੱਚ' ਮਨੁੱਖੀ ਸਾਂਝਾਂ ਦੇ ਤਾਣੇ-ਬਾਣੇ ਨੂੰ ਪਾਠਕਾਂ ਦੇ ਸਾਹਮਣੇ ਚਿਤਰਦੀਆਂ ਹਨ। ਮਨੁੱਖ ਦੇ ਸਮਾਜਿਕ ਰਿਸ਼ਤੇ ਉਸ ਦੀ ਜੀਵਨ ਜਾਚ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਉਸ ਦੇ ਜੀਵਨ ਦਾ ਪ੍ਰਮੁੱਖ ਹਿੱਸਾ ਹਨ, ਜਿਸ ਨਾਲ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਹੁੰਦਾ ਹੈ। ਤਾਈ ਗਣੇਸ਼ੀ ਨੇ ਉਸ ਨੂੰ ਅਸੀਸ ਦਿੱਤੀ। ਜਲਦੀ-ਜਲਦੀ ਤਾਈ ਨੇ ਫੇਰ ਬਲਜੀਤ ਦਾ ਸਿਰ ਪਲੋਸਿਆ ਤੇ ਕਾਹਲੀ ਨਾਲ ਬੋਲੀ, ''ਲੈ ਸਾਊ, ਸਾਡੀ ਤਾਂ ਬੱਸ ਆ ਗਈ ਹੈ। ਤੂੰ ਆਰਾਮ ਨਾਲ ਠੰਢਾ ਪੀ ਲਵੀਂ। ਪੈਸੇ ਮੈਂ ਦੇ ਦਿੱਤੇ ਨੇ। ਤੂੰ ਨਾ ਦੇਵੀਂ। ਕਦੇ ਪਿੰਡ ਆਇਆ ਤਾਂ ਸਾਡੇ ਕੰਨੀ ਵੀ ਗੇੜਾ ਮਾਰ ਜਾਈਂ! ਅਸੀਂ ਤਾਂ ਹੁਣ ਕੰਧੀ 'ਤੇ ਰੁੱਖੜਾ ਹਾਂ।''
ਪ੍ਰੀਤਮਾ ਦੋਮੇਲ ਦੀਆਂ ਕਹਾਣੀਆਂ ਵਿਚਲੀਆਂ ਘਟਨਾਵਾਂ ਔਰਤ ਦੇ ਕਿਰਦਾਰ ਨੂੰ ਨਿੰਦਣ ਦੀ ਬਜਾਏ ਔਰਤ ਦੀ ਸਹਾਨਭੂਤੀ ਦੀ ਗਵਾਹੀ ਭਰਦੀਆਂ ਹਨ ਅਤੇ ਸਮਾਜ ਦੇ ਸੰਤੁਲਨ ਨੂੰ ਸਥਾਈ ਬਣਾਉਣ ਲਈ ਦਿਸ਼ਾ ਪ੍ਰਦਾਨ ਕਰਦੀਆਂ ਹਨ ਇਸ ਪੱਖੋਂ ਪ੍ਰੀਤਮਾ ਦੋਮੇਲ ਦੀ ਕਹਾਣੀ ਕਲਾ ਦੀ ਵਡਿਆਈ ਕਰਨੀ ਬਣਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਅਰਬ ਸੰਸਾਰ
(ਵਿਲੱਖਣਤਾ ਦਾ ਪ੍ਰਤੀਕ)
ਲੇਖਕ : ਭੁਪਿੰਦਰ ਸਿੰਘ ਚੌਕੀਮਾਨ

ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 176
ਸੰਪਰਕ : 99145-49724

ਬੀ.ਐਸ.ਐੱਫ਼. ਦਾ ਸਾਬਕਾ ਡਿਪਟੀ ਕਮਾਂਡੈਂਟ ਸ. ਭੁਪਿੰਦਰ ਸਿੰਘ ਚੌਕੀਮਾਨ ਇਕ ਜਗਿਆਸੂ ਵਿਅਕਤੀ ਹੈ। ਪਿਛਲੇ ਇਕ-ਡੇਢ ਦਹਾਕੇ ਵਿਚ ਮਨੁੱਖੀ ਜੀਵਨ ਦੇ ਵੱਖ-ਵੱਖ ਧਰਾਤਲਾਂ ਬਾਰੇ, ਉਸ ਨੇ 9-10 ਪੁਸਤਕਾਂ ਦੀ ਰਚਨਾ ਕੀਤੀ ਹੈ। ਉਹ ਆਪਣੇ ਆਲੇ-ਦੁਆਲੇ ਦੇ ਜੀਵਨ ਨਾਲ ਸੰਬੰਧਿਤ ਪ੍ਰਮੁੱਖ ਸਰੋਕਾਰਾਂ ਨੂੰ ਵਿਵੇਕ ਦੀ ਕਸਵੱਟੀ ਉੱਪਰ ਪਰਖ ਕੇ ਨਿਰਣੈ ਕਰਦਾ ਹੈ। ਉਹ ਕਿਸੇ ਪ੍ਰਕਾਰ ਦੇ ਵਹਿਮ-ਭਰਮ ਵਿਚ ਵਿਸ਼ਵਾਸ ਨਹੀਂ ਰੱਖਦਾ। ਉਸ ਦਾ ਵਿਚਾਰ ਹੈ ਕਿ ਭ੍ਰਮਣ, ਪੁਸਤਕਾਂ ਅਤੇ ਸੰਵਾਦ ਦੀ ਮਾਅਰਫ਼ਤ ਹੀ ਗਿਆਨ ਉਪਜਦਾ ਹੈ ਅਤੇ ਜਿਥੇ ਗਿਆਨ ਹੋਵੇ, ਉਥੇ ਵਹਿਮ, ਭਰਮ, ਸ਼ੰਕੇ ਅਤੇ ਡਰ-ਭਾਉ ਨਹੀਂ ਟਿਕਦੇ। ਹਥਲੀ ਪੁਸਤਕ ਵਿਚ ਉਸ ਨੇ ਅਰਬ ਸੰਸਾਰ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਸੰਸਾਰ 22 ਦੇਸ਼ਾਂ ਦੀ ਇਕ ਲੀਗ ਦੁਆਰਾ ਜਾਣਿਆ ਜਾਂਦਾ ਹੈ।
ਸੰਖੇਪ ਵਿਚ ਤਾਂ 'ਅਰਬ' ਜਾਂ 'ਅਰਬੀ' ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਅਰਬੀ ਭਾਸ਼ਾ ਬੋਲਦਾ ਹੋਵੇ, ਅਰਬੀ-ਸੰਸਾਰ ਦਾ ਵਾਸੀ ਹੋਵੇ ਅਤੇ ਅਰਬ ਲੋਕਾਂ ਦੇ ਸਾਂਝੇ ਵਿਸ਼ਵਾਸਾਂ ਨੂੰ ਮੰਨਦਾ ਹੋਵੇ। ਅਰਬ ਲੋਕ ਮੱਧਕਾਲ ਦੇ ਸਮੇਂ ਤੋਂ ਹੀ ਬਹੁਤ ਸਾਹਸੀ ਸਨ। ਉਹ ਪ੍ਰਵੀਣ 'ਨਾਵਿਕ' ਹੁੰਦੇ ਸਨ। ਉਨ੍ਹਾਂ ਦੇ ਜਹਾਜ਼ਰਾਨਾਂ ਨੇ ਵਪਾਰ ਦੀ ਮਨਸ਼ਾ ਨਾਲ ਪੂਰੇ ਸੰਸਾਰ ਨੂੰ ਗਾਹ ਮਾਰਿਆ ਸੀ। ਅਰਬ ਸੰਸਾਰ ਦੀ ਇਕ ਹੋਰ ਮਹੱਤਤਾ ਇਹ ਹੈ ਕਿ ਇਥੇ ਵਿਸ਼ਵ ਦੇ ਚਾਰ ਮਹਾਨ ਧਰਮਾਂ ਨੇ ਜਨਮ ਲਿਆ ਸੀ : ਪਾਰਸੀ, ਯਹੂਦੀ, ਈਸਾਈ ਅਤੇ ਇਸਲਾਮ। ਇਨ੍ਹਾਂ ਸਾਰੇ ਧਰਮਾਂ ਦੇ ਪੌਰਾਣਿਕ ਵਿਰਸੇ ਵਿਚ ਕਾਫ਼ੀ ਸਾਂਝ ਹੈ ਪਰ ਫਿਰ ਵੀ ਇਹ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਹਨ।
ਅਰਬ ਦੇ ਲੋਕ ਬਹੁਤ ਕਠਿਨ ਪਰਿਸਥਿਤੀਆਂ ਵਿਚੋਂ ਗੁਜ਼ਰ ਕੇ ਅੱਜ ਦੇ ਦੌਰ ਤੱਕ ਪਹੁੰਚੇ ਹਨ। ਅਰਬ ਦਾ ਇਕ ਅਰਥ ਰੇਗਿਸਤਾਨ ਵੀ ਹੈ। ਮੱਧਕਾਲ ਵਿਚ ਅਰਬ ਦੇਸ਼ਾਂ ਵਿਚ ਬਰਸਾਤ ਕਦੇ-ਕਦਾਈਂ ਹੀ ਹੁੰਦੀ ਸੀ। ਅਰਬ ਵਾਸੀਆਂ ਨੇ ਹੀ ਸਭ ਤੋਂ ਪਹਿਲਾਂ ਖੇਤੀਬਾੜੀ ਦੀ ਕਾਢ ਕੱਢੀ ਦੱਸੀ ਜਾਂਦੀ ਹੈ। ਲੇਖਕ ਨੇ ਅਰਬ ਦੇਸ਼ਾਂ ਦੇ ਸੱਭਿਆਚਾਰ, ਆਰਥਿਕ ਸਥਿਤੀਆਂ, ਨਿਆਇ ਤੇ ਕਾਨੂੰਨ, ਇਸਲਾਮਿਕ ਕੱਟੜਤਾ ਅਤੇ ਦਹਿਸ਼ਤਵਾਦ ਬਾਰੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਪੱਤਝੜ ਦੀ ਛਾਵੇਂ
ਲੇਖਕ : ਮਾਸਟਰ ਗੁਰਮੇਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 108
ਸੰਪਰਕ : 94175-10903

ਪੁਸਤਕ ਲੇਖਕ ਸਿੱਖਿਆ ਵਿਭਾਗ ਵਿਚ ਅਧਿਆਪਕ ਹੈ। ਅੰਗਹੀਣ ਹੋਣ ਦੇ ਬਾਵਜੂਦ ਹੌਸਲੇ ਤੇ ਦ੍ਰਿੜ੍ਹਤਾ ਵਾਲਾ ਹੈ। ਹਥਲੀ ਪੁਸਤਕ ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਸੰਗ੍ਰਹਿ ਵਿਚ 13 ਕਹਾਣੀਆਂ ਹਨ। ਸਾਹਿਤਕਾਰ ਰਾਜਵਿੰਦਰ ਸਿੰਘ ਰਾਜਾ ਨੇ ਕਹਾਣੀਕਾਰ ਬਾਰੇ ਸਟੀਕ ਵਿਚਾਰ ਲਿਖੇ ਹਨ। ਪੁਸਤਕ ਦੀਆਂ ਕਹਾਣੀਆਂ ਦੇ ਪਾਤਰ ਜ਼ਿੰਦਗੀ 'ਚ ਸੰਘਰਸ਼ ਕਰਦੇ ਹਨ। ਕਹਾਣੀ 'ਧਰਤੀ ਜਿੰਨਾ ਭਾਰ' ਦਾ ਫ਼ੌਜੀ ਪਾਤਰ ਲੇਖਕ ਦਾ ਸਤਿਕਾਰਤ ਪਿਤਾ ਹੈ। ਉਹ ਖ਼ੁਦ ਭਾਰਤੀ ਸੈਨਾ ਵਿਚ ਫ਼ੌਜੀ ਸੀ। ਇਮਾਨਦਾਰ ਸੀ। ਫੌਜੀ ਸ਼ਹੀਦ ਹੋ ਜਾਂਦਾ ਹੈ। ਉਸ ਦੀ ਪਤਨੀ ਫ਼ੌਜੀ ਛਾਉਣੀ ਜਾ ਕੇ ਪੁੱਛਦੀ ਹੈ ਕਿ ਮੇਰੇ ਪਤੀ ਨੇ ਕਿਸੇ ਦਾ ਕੋਈ ਪੈਸਾ ਟਕਾ ਤਾਂ ਨੀ ਸੀ ਦੇਣਾ। ਚਾਹ ਵਾਲਾ ਪੰਤਾਲੀ ਰੁਪਏ ਦਾ ਬਕਾਇਆ ਕੱਢ ਲਿਆਇਆ। ਅਸਲ ਵਿਚ ਪਤਨੀ ਨੂੰ ਸੁਪਨਾ ਆਇਆ ਸੀ।
ਫ਼ੌਜੀ ਜੀਵਨ ਬਾਰੇ ਇਕ ਹੋਰ ਕਹਾਣੀ ਹੈ 'ਸੂਰਾ ਸੋ ਪਹਿਚਾਨੀਐ'। ਕਹਾਣੀ ਵਿਚ ਫ਼ੌਜੀ ਬਾਪ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਫ਼ੌਜ ਵਿਚ ਸ਼ਹੀਦ ਹੋ ਜਾਂਦਾ ਹੈ। ਛੋਟਾ ਵੀ ਫ਼ੌਜ ਵਿਚ ਭਰਤੀ ਹੁੰਦਾ ਹੈ। ਬਾਪ ਵੀ ਫ਼ੌਜੀ ਸੀ। ਛੋਟੇ ਪੁੱਤਰ ਕੋਲ ਇਕ ਬੇਟਾ ਹੈ। ਬਾਪ-ਪੁੱਤਰ ਨੂੰ ਮਿਲਣ ਲਈ ਫ਼ੌਜੀ ਕੁਆਰਟਰ ਵਿਚ ਜਾਂਦਾ ਹੈ। ਪੋਤੇ ਨੂੰ ਨਾਲ ਲੈ ਕੇ ਮੇਲੇ ਜਾਂਦਾ ਹੈ। ਪੋਤਰਾ ਮੇਲੇ ਵਿਚ ਗੁਆਚ ਜਾਂਦਾ ਹੈ। ਮੇਜਰ ਸਾਹਿਬ ਦੇ ਹੱਥ ਲਗ ਜਾਂਦਾ ਹੈ। ਮੇਜਰ ਸੁਨੀਲ ਕੁਮਾਰ ਕਾਕੇ ਨੂੰ ਲੈ ਕੇ ਫ਼ੌਜੀ ਕੋਲ ਜਾਂਦਾ ਹੈ। ਮੇਜਰ ਫ਼ੌਜੀ ਨੂੰ ਸਲੂਟ ਮਾਰਦਾ ਹੈ ਤੇ ਪੋਤਰੇ ਨੂੰ ਵੀ ਫ਼ੌਜ ਵਿਚ ਭਰਤੀ ਕਰਨ ਦਾ ਸੰਕਲਪ ਲੈਂਦਾ ਹੈ।
ਸਿਰਲੇਖ ਵਾਲੀ ਕਹਾਣੀ ਵਿਚ ਗ਼ਰੀਬੀ ਦਾ ਜ਼ਿਕਰ ਹੈ। ਮਾੜੀ ਆਰਥਿਕਤਾ ਵਾਲਾ ਪਾਤਰ ਸੁੱਖਾ ਹੈ। ਉਸ ਦੀ ਮਾਂ ਦੇ ਬੋਲ ਕਾਲਜੇ ਧੂਹ ਪਾਉਂਦੇ ਹਨਂ''ਪੁੱਤ ਮਾਂ ਤਾਂ ਬੱਸ ਜਨਮ ਦੇਣ ਜੋਗੀ ਈ ਹੁੰਦੀ ਐ। ਕਰਮ ਤਾਂ ਮਾਲਕ ਈ ਲਿਖਦੈ। ਜੇ ਲਕੀਰਾਂ 'ਚ ਈ ਧੱਕੇ-ਧੌੜੇ ਲਿਖੇ ਹੋਣ ਤਾਂ ਬੰਦਾ ਕਰੇ ਵੀ ਤਾਂ ਕੀ ਕਰੇ।'' (ਪੰਨਾ 41)
ਕਹਾਣੀ 'ਡੁਲ੍ਹੇ ਬੇਰ' ਦਾ ਸ਼ਿੰਗਾਰਾ ਨੂੰਹ ਪੁੱਤ ਨਾਲ ਲੜ ਕੇ ਘਰੋਂ ਬਾਹਰ ਚਾਹ ਵਾਲੇ ਕੋਲ ਚਲਾ ਜਾਂਦਾ ਹੈ। ਸ਼ਿੰਗਾਰਾ ਚਾਹ ਵਾਲੇ ਤੋਂ ਪ੍ਰੇਰਿਤ ਹੋ ਕੇ ਘਰ ਵਾਪਸੀ ਕਰਦਾ ਹੈ। 'ਇਕ ਅਬਦਾਲੀ ਹੋਰ' ਵਿਚ ਸੂਖਮਤਾ ਹੈ। ਨਸ਼ਈ ਪੁੱਤਰ ਬਜ਼ਾਰੋਂ ਘਰ ਨੂੰ ਆਉਂਦੀ ਮਾਂ ਕੋਲੋਂ ਗਹਿਣਿਆਂ ਵਾਲਾ ਥੈਲਾ ਖੋਹ ਕੇ ਭੱਜ ਤੁਰਦਾ ਹੈ। ਸ਼ਿਕਾਇਤ ਕਰਨ 'ਤੇ ਪੁਲਿਸ ਘਰ ਆ ਕੇ ਨਸ਼ਈ ਪੁੱਤਰ ਨੂੰ ਦਬੋਚ ਲੈਂਦੀ ਹੈ। ਸੰਗ੍ਰਹਿ ਦੀਆਂ ਕਹਾਣੀਆਂ 'ਜੇਹਾ ਬੀਜੈ ਸੋ ਲੁਣੈ', 'ਪੱਥਰ ਪਿਘਲ ਗਿਆ', 'ਰੱਬ ਦਾ ਸ਼ਰੀਕ', 'ਲਿਖੀਆਂ ਲੇਖ ਦੀਆਂ', 'ਸਿਵਿਆਂ ਤੀਕਰ ਸਾਂਝ', 'ਰਬੀ ਰੂਹਾਂ ਉਚ ਪਾਏ ਦੀਆਂ' ਕਹਾਣੀਆਂ ਹਨ। ਪੁਸਤਕ ਦਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160

ਰੁਸ਼ਨਾਉਂਦਾ ਰਹੀਂ ਵੇ ਦੀਵਿਆ
ਲੇਖਕ : ਸੁਰਜੀਤ 'ਸੀਤ'
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 94639-10979


'ਰੁਸ਼ਨਾਉਂਦਾ ਰਹੀਂ ਵੇ ਦੀਵਿਆ' ਹਥਲੀ ਪੁਸਤਕ ਲੇਖਕ ਸੁਰਜੀਤ 'ਸੀਤ' ਦਾ ਪਲੇਠਾ ਗੀਤ-ਸੰਗ੍ਰਹਿ ਹੈ। ਇਸ ਸੰਗ੍ਰਹਿ 'ਚ ਉਸ ਦੀਆਂ 67 ਰਚਨਾਵਾਂ ਸ਼ਾਮਿਲ ਹਨ। ਲੇਖਕ ਭ੍ਰਿਸ਼ਟ ਨਿਜ਼ਾਮ ਖਿਲਾਫ਼ ਵਿਦਰੋਹੀ ਸੁਰ 'ਚ ਤਿੱਖੀ ਚੋਟ ਕਰਦਾ ਹੈ ਅਤੇ ਦੱਬੇ-ਕੁਚਲੇ ਲੋਕਾਂ ਦੀ ਹੂਕ ਬਣ ਕੇ ਉਨ੍ਹਾਂ ਦੇ ਭਲੇ ਦਿਨਾਂ ਲਈ ਆਸਵੰਦ ਜਾਪਦਾ ਹੈ। ਸਮੇਂ ਦੀਆਂ ਸਰਕਾਰਾਂ ਵਲੋਂ ਕਿਰਤੀ ਲੋਕਾਂ ਨਾਲ ਧੱਕੇਸ਼ਾਹੀਆਂ ਅਤੇ ਪੂੰਜਪਤੀਆਂ ਦਾ ਪੱਖ ਪੂਰਨਾ, ਗੁਰਬਤ ਦੀ ਘੁਲਾੜੀ 'ਚ ਆਮ ਲੋਕਾਂ ਦਾ ਨਪੀੜੇ ਜਾਣਾ, ਦੇਸ਼ ਦੇ ਅੰਨਦਾਤੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਜਿਣਸ ਦਾ ਮੰਡੀਆਂ 'ਚ ਰੁਲਨਾ ਉਸ ਨੂੰ ਬੇਚੈਨ ਕਰਦਾ ਹੈ। ਦਿੱਲੀ ਕਿਸਾਨ ਅੰਦੋਲਨ ਵਰਗੇ ਵਿਸ਼ਾਲ ਸੰਘਰਸ਼ ਨੂੰ ਸਿਜਦਾ ਕਰਦਾ ਅਤੇ ਦੇਸ਼ ਦੇ ਹਾਕਮਾਂ ਨੂੰ ਲਾਹਣਤਾਂ ਪਾਉਂਦਾ ਲੇਖਕ ਕਿਰਤੀ ਕਾਮਿਆਂ ਨੂੰ ਆਪਣੇ ਹੱਕਾਂ ਦੀ ਰਾਖੀ ਖ਼ੁਦ ਕਰਨ ਲਈ ਸੁਚੇਤ ਕਰਦਾ ਲਿਖਦਾ ਹੈ :
ਕਰਦੇ ਨੀ ਕੰਮ ਪਰ ਪਾਈ ਬੈਠੇ ਕੋਠੀਆਂ।
ਤੇਰੇ ਲਹੂ ਨਾਲ ਇਹ ਲਿੱਪੀਆਂ ਤੇ ਪੋਚੀਆਂ।
ਰੱਖੀ ਬੈਠੇ ਨੇ ਸਦਾ ਲਈ ਤੈਨੂੰ ਗਹਿਣੇ।
ਤੂੰ ਹੱਕ ਖੋਹਣੇ ਸਿੱਖ ਕਾਮਿਆਂ,
ਤੈਨੂੰ ਹੱਕ ਮੰਗਿਆਂ ਨਹੀਂ ਦੇਣੇ। (ਪੰਨਾ : 30)
ਇਨ੍ਹਾਂ ਰਚਨਾਵਾਂ 'ਚ ਬਾਲ ਮਜ਼ਦੂਰੀ ਦਾ ਦਰਦ, ਸਰਮਾਏਦਾਰੀ ਸਿਸਟਮ ਖ਼ਿਲਾਫ਼ ਵਿਦਰੋਹ, ਵਹਿਮਾਂ ਭਰਮਾਂ ਦੇ ਮਕੜਜਾਲ 'ਚ ਫਸ ਰਹੇ ਭੋਲੇ-ਭਾਲੇ ਲੋਕਾਂ ਦੀ ਪੀੜ ਸਮੋਈ ਹੋਈ ਹੈ। ਨੌਜਵਾਨ ਪੀੜ੍ਹੀ ਦਾ ਨਸ਼ਿਆਂ ਵੱਲ ਰੁਚਿਤ ਹੋਣਾ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦਾ ਹੈ :
ਸਾਇੰਸ ਨੇ ਕਰੀ ਤਰੱਕੀ ਜੇਬਾਂ 'ਤੇ ਡਾਕੇ ਪੈ ਗਏ।
ਕਾਮੇ ਦੀ ਗਈ ਦਿਹਾੜੀ, ਜੱਟ ਸ਼ਾਹਾਂ ਜੋਗੇ ਰਹਿ ਗਏ।
ਜੱਟ ਤੇ ਮਜ਼ਦੂਰ ਵਿਚਾਰਾ, ਵਿਲਕੇ ਉਧਾਰ ਲਈ।
ਕਮਲੀ ਹੋਈ ਫਿਰੇ ਜਵਾਨੀ, ਨਸ਼ਿਆਂ ਨੇ ਮਾਰ ਲਈ। (ਪੰਨਾ : 51 )
ਇਨ੍ਹਾਂ ਗੀਤਾਂ 'ਚ ਅਮਰ ਵੇਲ ਵਾਂਗ ਵਧ ਰਹੀ ਮਹਿੰਗਾਈ ਦੀ ਮਾਰ, ਬੇਰੁਜ਼ਗਾਰੀ ਦੀ ਚੀਸ, 1947 ਦੀ ਦੇਸ਼ ਵੰਡ ਦਾ ਦੁਖਾਂਤ, 1984 ਦੇ ਦਹਾਕੇ 'ਚ ਪੰਜਾਬ 'ਚ ਕਾਲੇ ਦੌਰ ਦਾ ਖੌਫਨਾਕ ਮੰਜ਼ਰ ਪ੍ਰਤੱਖ ਝਲਕਦਾ ਨਜ਼ਰੀਂ ਪੈਂਦਾ ਹੈ। ਲੇਖਕ ਗੀਤਾਂ ਰਾਹੀਂ ਮਨੁੱਖਤਾ ਨੂੰ ਅਮਨ-ਚੈਨ ਅਤੇ ਸਰਬਸਾਂਝੀਵਾਲਤਾ ਦਾ ਹੋਕਾ ਦਿੰਦਾ ਜਾਪਦਾ ਹੈ। ਉਹ ਸੱਚੀ-ਸੁੱਚੀ ਕਿਰਤ ਨੂੰ ਬਰਕਤ ਮੰਨਦਾ ਹੈ ਅਤੇ ਜਾਤਾਂ-ਪਾਤਾਂ, ਧਰਮਾਂ ਦੇ ਅਡੰਬਰਾਂ ਨੂੰ ਨਕਾਰਦਾ ਨਿਰੋਲ ਮਾਨਵਤਾ ਦਾ ਮੁਦੱਈ ਹੈ। ਲੇਖਕ ਸੁਰਜੀਤ 'ਸੀਤ' ਦੀਆਂ ਰਚਨਾਵਾਂ ਜਿੱਥੇ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਮਜ਼ਬੂਤ ਹਨ, ਉਥੇ ਕਾਵਿਕ ਰਵਾਨਗੀ ਇਨ੍ਹਾਂ ਰਚਨਾਵਾਂ ਨੂੰ ਹੋਰ ਸੁਹੱਪਣ ਬਖ਼ਸ਼ਦੀ ਹੈ। ਇਸ ਸ਼ਾਨਦਾਰ ਗੀਤ ਸੰਗ੍ਰਹਿ ਦਾ ਭਰਵਾਂ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਮੇਰੀ ਅੱਲ੍ਹੜ ਵਰੇਸ
ਲੇਖਕ : ਡਾ. ਉਜਾਗਰ ਸਿੰਘ ਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98141-33053

ਸ਼ਾਇਰ ਡਾ. ਉਜਾਗਰ ਸਿੰਘ ਮਾਨ ਆਪਣੀ ਹਥਲੀ ਕਾਵਿ-ਕਿਤਾਬ 'ਮੇਰੀ ਅੱਲ੍ਹੜ ਵਰੇਸ' ਤੋਂ ਪਹਿਲਾਂ ਹੀ ਆਪਣੀ ਪਲੇਠੀ ਕਾਵਿ ਕਿਤਾਬ 'ਜਟਕੀ ਕਵਿਤ' (ਬਾਲ ਵਰੇਸ) ਰਾਹੀਂ ਪੰਜਾਬੀ ਅਦਬ ਦੇ ਰੁ-ਬਰੂ ਹੋ ਚੁੱਕਿਆ ਹੈ। ਹਥਲੀ ਕਾਵਿ-ਕਿਤਾਬ ਜੋ ਆਤਮ ਕਥਾ ਮੂਲਕ ਕਿਤਾਬ ਹੈ, ਵਿਚ 1965 ਤੋਂ 1969 ਤੱਕ ਦੀਆਂ ਕਾਲਜ ਦੇ ਸਮੇਂ ਨਜ਼ਮਾਂ ਵਿਦਿਆਰਥੀ ਹੁੰਦਿਆਂ ਸ਼ੁਗਲ-ਸ਼ੁਗਲ ਵਿਚ ਲਿਖੀਆਂ ਹਨ। ਕਾਲਜ ਦੇ ਦਿਨ ਉਹ ਦਿਨ ਹੁੰਦੇ ਹਨ, ਜਦੋਂ ਵਿਦਿਆਰਥੀ ਬੇਫ਼ਿਕਰੀ ਦੇ ਆਲਮ ਵਿਚ ਕੀਤੀਆਂ ਮਨਮਾਨੀਆਂ ਅਤੇ ਖਰਮਸਤੀਆਂ ਬੇਮੁਹਾਰੇ ਕਰ ਲੈਂਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਮੁਹੱਬਤੀ ਤਰੰਗਾਂ ਦਾ ਵੇਗ ਪਹਾੜੀ ਨਦੀ ਵਰਗਾ ਹੁੰਦਾ ਹੈ। ਜਦੋਂ ਦਰਿਆ ਵਗਦਾ ਹੈ ਤਾਂ ਮਿਥ ਕੇ ਕੰਢੇ ਨਹੀਂ ਬਣਾਉਂਦਾ, ਉਸ ਦਾ ਕੰਮ ਤਾਂ ਵਹਿਣਾ ਹੀ ਹੁੰਦਾ ਹੈ। ਸ਼ਾਇਰਾ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਤਰੰਗਤ ਵਹਿਣ ਵਿਚ ਸ਼ਾਇਰਾ ਦਾ ਨੌਜਵਾਨ ਪੀੜ੍ਹੀ ਨੂੰ ਅਗਾਊਂ ਜਾਗਰੂਕ ਕਰਨਾ ਹੈ ਕਿ ਇਸ ਮੁਹੱਬਤੀ ਵਹਿਣ ਵਿਚ ਪਾਕੀਜ਼ਗੀ ਤੇ ਨਿਰਛਲਤਾ 'ਤੇ ਕੋਈ ਦਾਗ਼ ਨਾ ਲੱਗੇ ਨਹੀਂ ਤਾਂ ਮਾਈ ਹਵਾ ਤੇ ਬਾਬਾ ਆਦਮ ਵਾਂਗ ਵਰਜਿਤ ਫੁੱਲ ਚੱਖਣ ਦੀ ਸਜ਼ਾ ਲਈ ਦੋਹਾਂ ਨੂੰ ਸਵਰਗ ਵਿਚੋਂ ਧਰਤੀ 'ਤੇ ਸੁੱਟ ਦਿੱਤਾ ਗਿਆ ਸੀ। ਮੈਕਸਿਮ ਗੋਰਕੀ ਨੇ ਤਿੰਨ ਭਰਮਾਂ ਵਿਚ ਆਪਣੀ ਸਵੈ-ਜੀਵਨੀ ਲਿਖੀ ਹੈ ਤੇ ਇਕ ਭਾਗ ਹੈ 'ਮੇਰੇ ਵਿਸ਼ਵ ਵਿਦਿਆਲੇ' ਸੋ ਸ਼ਾਇਰ ਨੇ ਬਾਲ ਵਹੇਸ ਦੀਆਂ ਨਜ਼ਮਾਂ ਵੀ ਲਿਖ ਲਈਆਂ ਤੇ ਵਿਸ਼ਵ ਵਿਦਿਆਲੇ ਅਰਥਾਤ ਕਾਲਜ ਦੇ ਦਿਨਾਂ ਦੀਆਂ ਵੀ ਨਜ਼ਮਾਂ ਲਿਖ ਲਈਆਂ ਹਨ। ਹੁਣ ਉਮਰ ਦੀਆਂ ਤਿਰਕਾਲਾਂ ਵਿਚ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਉਮਰ ਭਰ ਦੀਆਂ ਹੰਢਾਈਆਂ ਤੰਗੀਆਂ-ਤੁਰਸ਼ੀਆਂ ਤੇ ਸੰਘਰਸ਼ਮਈ ਜੀਵਨ ਦੀਆਂ ਸਿਆਣਪਾਂ ਤੇ ਸਮਝਾਉਣੀਆਂ ਵਾਲੀਆਂ ਨਜ਼ਮਾਂ ਵੀ ਲਿਖ ਲੈਣੀਆਂ ਚਾਹੀਦੀਆਂ ਹਨ। ਸ਼ਾਇਰੀ ਕੋਈ ਸ਼ੁਗਲ ਵਿਚ ਲਿਖੀ ਤੁਕਬੰਦੀ ਨਹੀਂ ਹੁੰਦੀ ਉਹ ਤਾਂ ਜ਼ਿੰਦਗੀ ਨਾਲ ਖਹਿੰਦੀ ਮਾਨਵੀ ਫਿਕਰਾਂ ਨਾਲ ਦਸਤਪੰਜਾ ਲੈਂਦੀ ਦਿਲੋਂ ਨਿਕਲੀ ਆਵਾਜ਼ ਹੁੰਦੀ ਹੈ। ਸੋ ਸਮਕਾਲੀ ਸ਼ਾਇਰੀ ਦੇ ਅੰਗ-ਸੰਗ ਹੋਣ ਲਈ ਸਮਕਾਲੀ ਸ਼ਾਇਰੀ ਦੇ ਗੰਭੀਰ ਅਧਿਐਨ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਕਾਵਿ-ਸ਼ਿਲਪ ਅਤੇ ਕਾਵਿ-ਚਿੰਤਨ ਸਮੇਂ ਦੇ ਹਾਣ ਦਾ ਹੋ ਸਕੇ। ਇਸ ਕਿਤਾਬ ਦਾ ਮੁੱਖ ਬੰਦ ਐੱਫ਼.ਸੀ. ਆਈ. ਦੇ ਦੋ ਸੇਵਾਮੁਕਤ ਕਰਮਚਾਰੀਆਂ ਜਗਤਾਰ ਬੈਂਸ ਅਤੇ ਡਾ. ਭੁਪਿੰਦਰ ਸਿੰਘ ਬੇਦੀ ਨੇ ਲਿਖਿਆ ਹੈ। ਇਹ ਵੀ ਇਕ ਸੰਯੋਗ ਹੀ ਹੈ ਕਿ ਇਸ ਪੁਸਤਕ ਦਾ ਸਮੀਖਿਅਕ ਵੀ ਇਕ ਐੱਫ਼. ਸੀ. ਆਈ. ਦਾ ਸੇਵਾਮੁਕਤ ਕਰਮਚਾਰੀ ਹੈ। ਨੇੜ ਭਵਿੱਖ ਵਿਚ ਬਿਹਤਰ ਕਲਾਤਮਿਕ ਤੇ ਸੁਹਜਆਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

 

23-07-2023

 ਮੈਕਸਿਮ ਗੋਰਕੀ ਦੀਆਂ ਪ੍ਰਸਿੱਧ ਕਹਾਣੀਆਂ
ਅਨੁ: ਜੋਤੀ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 01679-233244


ਮੈਕਸਿਮ ਗੋਰਕੀ ਆਪਣੇ ਨਾਵਲ 'ਮਾਂ' ਨਾਲ ਵਿਸ਼ਵ ਪ੍ਰਸਿੱਧ ਹੈ। ਗੋਰਕੀ ਇਕ ਨਿਮਨ ਮੱਧ ਵਰਗ ਪਰਿਵਾਰ ਪੈਦਾ ਹੋਇਆ। ਬਚਪਨ ਵਿਚ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਰਿਹਾ। ਨਾਨੇ ਤੋਂ ਕੁੱਟ ਵੀ ਖਾਂਦਾ ਰਿਹਾ। ਨਾਨੀ ਤੋਂ ਪਿਆਰ ਵੀ ਮਿਲਿਆ ਅਤੇ ਬਾਤਾਂ ਵੀ ਸੁਣਦਾ ਰਿਹਾ। ਉਹ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ। ਸਾਰਾ ਜੀਵਨ ਹੀ ਉਸ ਦੀ ਪਾਠ-ਪੁਸਤਕ ਸੀ। ਉਸ ਨੇ ਉਹੀ ਕੁਝ ਲਿਖਿਆ ਜੋ ਉਸ ਨੇ ਅੱਖੀਂ ਦੇਖਿਆ ਅਤੇ ਆਪਣੇ ਪਿੰਡੇ 'ਤੇ ਹੰਢਾਇਆ। ਹਥਲੀ ਵਿਚਾਰਅਧੀਨ ਪੁਸਤਕ ਵਿਚ ਗੋਰਕੀ ਦੀਆਂ 10 ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਅਨੁਵਾਦ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਦਸ ਕਹਾਣੀਆਂ ਦੇ ਕੇਂਦਰੀ ਸੂਤਰ ਪਹਿਚਾਣੇ ਜਾ ਸਕਦੇ ਹਨ। ਜਿਵੇਂ : ਹਿੰਮਤ ਦਾ ਜਨੂੰਨ ਜੀਵਨ ਦਾ ਮੂਲ ਮੰਤਰ ਹੈ (ਬਾਜ਼ ਦਾ ਗੀਤ), ਔਰਤ/ਮਰਦ ਨੂੰ ਆਪਣੇ ਸਵੈ-ਮਾਨ ਨੂੰ ਬੁਲੰਦ ਰੱਖਣਾ ਚਾਹੀਦਾ ਹੈ (ਮਕਰ ਛਦਰਕ), ਵਿਰੋਧੀ ਹਾਲਤਾਂ ਨਾਲ ਟੱਕਰ (ਤੂਫ਼ਾਨ ਦਾ ਅਗਰਦੂਤ), ਇਸਤਰੀਆਂ 'ਤੇ ਜ਼ੁਲਮ (ਪੋਲ ਖੋਲ੍ਹ), ਔਰਤ ਦੁਆਰਾ ਮਨੁੱਖ ਦੀ ਪ੍ਰਸੰਸਾ ਅਤੇ ਦਿਲਾਸਾ (ਇਕ ਵਾਰ ਪੱਤਝੜ ਵਿਚ), ਪਾਠਕ-ਕਥਾਵਾਚਕ ਦਰਮਿਆਨ ਸਾਰਥਿਕ ਸਾਹਿਤ ਚਰਚਾ (ਇਕ ਪਾਠਕ), ਦਾਦੇ ਵਲੋਂ ਪੋਤੇ ਦੇ ਭਵਿੱਖ ਬਾਰੇ ਚਿੰਤਾ (ਦਾਦਾ ਅਰਖੀਪ ਤੇ ਲਿਓਨਕਾ), ਕਥਾਵਾਚਕ ਦਾ ਰਾਹਗੀਰ ਨਾਲ 4 ਮਹੀਨੇ ਦਾ ਦੁਖਾਂਤ ਭਰਿਆ ਸਮੁੰਦਰੀ ਸਫ਼ਰ (ਮੇਰਾ ਰਾਗਹੀਰ ਸਾਥੀ), ਕੰਮ ਦੀ ਭਾਲ ਵਿਚ ਸੰਕਟਮਈ ਸਮੁੰਦਰੀ ਸਫ਼ਰ (ਚੇਲਕਾਸ਼), ਬੁੱਢੀ ਦਾ ਮੁਟਿਆਰ ਅਵਸਥਾ ਤੋਂ ਬੁਢਾਪੇ ਤੱਕ ਦਾ ਬਿਰਤਾਂਤ (ਬੁੱਢੀ ਇਜ਼ਰ ਗਿਲ) ਆਦਿ।
ਇਸ ਸੰਗ੍ਰਹਿ ਦੀਆਂ ਅਨੇਕਾਂ ਕਹਾਣੀਆਂ ਦੀ ਤਥਾਤਮਿਕਤਾ ਸਮੁੰਦਰ ਹੈ। ਸਮੁੰਦਰ 'ਚ ਤੈਰਦੇ ਜਹਾਜ਼, ਕਿਸ਼ਤੀਆਂ, ਕਿਸ਼ਤੀਆਂ ਡੁੱਬਦੀਆਂ-ਤੈਰਦੀਆਂ, ਚੱਲ ਰਹੇ ਚੱਪੂ, ਘਾਟ, ਬੰਦਰਗਾਹਾਂ, ਕਾਲੇ ਬੱਦਲ, ਹਨੇਰੀਆਂ ਰਾਤਾਂ, ਲਹਿਰਾਂ ਦੀਆਂ ਭਿਆਨਕ ਆਵਾਜ਼ਾਂ, ਚੀਕਾਂ ਹੀ ਚੀਕਾਂ ਸੁਣਾਈ ਦਿੰਦੀਆਂ ਹਨ। ਲੇਖਕ ਪਹਿਲਾਂ ਅਜਿਹਾ ਪ੍ਰਕ੍ਰਿਤਕ ਵਾਤਾਵਰਨ ਸਿਰਜਦਾ ਹੈ, ਜਿਸ ਵਿਚ ਉਸ ਨਵੇਂ ਪਾਤਰਾਂ ਦੇ ਪੇਸ਼ਕਾਰੀ ਕਰਨੀ ਹੁੰਦੀ ਹੈ। ਨਕਸ਼ ਚਿਤਰਨ, ਦ੍ਰਿਸ਼ ਚਿਤਰਨ ਕਲਾਮਈ ਹੈ। ਲੇਖਕ (ਕਥਾਵਾਚਕ) ਦੀ 'ਮੈਂ' ਅਨੇਕਾਂ ਵਾਰ ਸਿੱਧੀ ਦਖਲ-ਅੰਦਾਜ਼ੀ ਕਰਦੀ ਹੈ। ਸੰਵਾਦ ਜੁਗਤ ਅਪਨਾਈ ਗਈ ਹੈ। ਲੇਖਕ ਘਟਨਾਵਾਂ 'ਚੋਂ 'ਸੂਖਮਤਾ' ਪਕੜ ਕੇ ਪੇਸ਼ਕਾਰੀ ਕਰ ਜਾਂਦਾ ਹੈ। ਜਿਵੇਂ : 'ਹਵਾ ਕਿਸ਼ਤੀ ਦੇ ਟੁੱਟੇ ਹੋਏ ਕਿਨਾਰੇ ਦੀ ਚੌੜੀ ਦਰਾਰ ਵਿਚੋਂ ਨਿਕਲਦੇ ਹੋਏ ਸੀਟੀ ਵਜਾ ਰਹੀ ਸੀ' ਪੰਨਾ 34. ਉਪਮੇਧ ਅਤੇ ਉਪਮਧ ਦਾ ਪ੍ਰਯੋਗ ਹੈ। ਕਈ ਕਹਾਣੀਆਂ ਆਪਣੇ ਵੱਡ-ਆਕਾਰ ਕਾਰਨ ਲਘੂ-ਉਪਨਿਆਸ ਦਾ ਰੂਪ ਧਾਰਨ ਕਰ ਗਈਆਂ ਹਨ। ਕਹਾਣੀਆਂ ਦੀ ਬੁੱਕਲ 'ਚ ਉੱਪ-ਕਹਾਣੀਆਂ ਉਪਲਬਧ ਹਨ। 'ਸਟੋਰੀ ਵਿਦ ਇਨ ਸਟੋਰੀ' ਦੀ ਤਕਨੀਕ ਦਾ ਪ੍ਰਯੋਗ ਮਿਲਦਾ ਹੈ। ਸਾਹਿਤ ਦੇ ਉਦੇਸ਼ ਬਾਰੇ ਲੇਖਕ ਸਪੱਸ਼ਟ ਹੈ, 'ਉਦੇਸ਼ ਹੈ ਖ਼ੁਦ ਆਪਣੇ-ਆਪ ਨੂੰ ਜਾਣਨ ਵਿਚ ਮਾਨਵ ਦੀ ਮਦਦ ਕਰਨਾ, ਉਸ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨਾ ਅਤੇ ਸੱਚ ਦਾ ਪਤਾ ਕਰਨ ਵਿਚ ਉਸ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ, ਲੋਕਾਂ ਵਿਚ ਜੋ ਚੰਗੀਆਂ ਚੀਜ਼ਾਂ ਹਨ ਉਨ੍ਹਾਂ ਦਾ ਉਦਘਾਟਨ ਕਰਨਾ ਅਤੇ ਬੁਰਾਈਆਂ ਨੂੰ ਜੜ੍ਹੋਂ ਪੁੱਟ ਸਿੱਟਣਾ, ਲੋਕਾਂ ਦੇ ਦਿਲਾਂ ਵਿਚ ਸ਼ਰਮ, ਗੁੱਸੇ ਅਤੇ ਹਿੰਮਤ ਪੈਦਾ ਕਰਨਾ, ਉੱਚੇ ਉਦੇਸ਼ਾਂ ਲਈ ਤਾਕਤ ਇਕੱਠੀ ਕਰਨ ਵਿਚ ਮਦਦ ਕਰਨਾ ਅਤੇ ਸੁੰਦਰਤਾ ਦੀ ਪਵਿੱਤਰ ਭਾਵਨਾ ਨਾਲ ਉਨ੍ਹਾਂ ਦੇ ਜੀਵਨ ਨੂੰ ਸ਼ੁੱਭ ਬਣਾਉਣਾ..। ਪੰਨਾ 43.
ਇੰਜ ਮੈਕਸਿਮ ਗੋਰਕੀ ਨੇ ਆਪਣੀਆਂ ਰਚਨਾਵਾਂ ਨਾਲ ਜਿਥੇ ਕ੍ਰਾਂਤੀਕਾਰੀ ਸਾਹਿਤ ਸਿਰਜਣ ਦੀ ਪ੍ਰੇਰਣਾ ਕੀਤੀ, ਉਥੇ ਵਿਸ਼ਵ ਸਾਹਿਤ ਨੂੰ ਅਨੋਖਾ 'ਟਰਨਿੰਗ ਪੁਆਇੰਟ' ਵੀ ਦਿੱਤਾ। ਅਨੁਵਾਦਿਕਾ ਪ੍ਰਸੰਸਾ ਦੀ ਅਧਿਕਾਰੀ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਦਾਸਤਾਨਿ-ਸਿੱਖ ਸਲਤਨਤ
(ਭਾਗ ਦੂਜਾ) (ਵਾਰਤਕ ਅਤੇ ਕਵਿਤਾ)
ਲੇਖਕ : ਗਿ. ਤਰਲੋਚਨ ਸਿੰਘ ਭਮੱਦੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 98147-00348


ਗਿਆਨੀ ਤਰਲੋਚਨ ਸਿੰਘ ਸਿੱਖ ਇਤਿਹਾਸ ਦਾ ਗਿਆਨਵਾਨ ਲੇਖਕ ਤੇ ਢਾਡੀ ਹੈ। ਭਾਈ ਕਾਹਨ ਸਿੰਘ ਨਾਭਾ, ਡਾ. ਗੰਡਾ ਸਿੰਘ, ਡਾ. ਸੰਗਤ ਸਿੰਘ ਅਤੇ ਗਿਆਨੀ ਸੋਹਨ ਸਿੰਘ ਸੀਤਲ ਆਦਿ ਸਿੱਖ ਇਤਿਹਾਸਕਾਰਾਂ ਦੀਆਂ ਪੁਸਤਕਾਂ ਦਾ ਅਧਿਐਨ ਕਰਨ ਉਪਰੰਤ ਉਸ ਨੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਇਸ ਪੁਸਤਕ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਉਸ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਇਸ ਦੂਸਰੇ ਭਾਗ ਦਾ ਆਰੰਭ ਇਸਲਾਮੀ ਜਰਨੈਲ ਸਮੁੰਦ ਖਾਂ ਦੇ, ਨਵਾਬ ਕਪੂਰ ਸਿੰਘ ਦੇ ਜਥੇ ਹੱਥੋਂ ਮਾਰੇ ਜਾਣ ਤੋਂ ਹੁੰਦਾ ਹੈ। ਇਸ ਤੋਂ ਅੱਗੇ ਪੰਜਾਬੀ ਸੂਰਬੀਰਾਂ ਦੀ ਗਾਥਾ ਹੇਠ ਲਿਖੇ ਵੇਰਵੇ ਅਨੁਸਾਰ ਚਲਦੀ ਹੈ :
ਜ਼ਕਰੀਆ ਖਾਨ ਦੇ ਹੁਕਮ ਨਾਲ ਹਕੀਕਤ ਰਾਏ ਨੂੰ ਸ਼ਹੀਦ ਕਰਨਾ, ਮੁਗ਼ਲ ਹਕੂਮਤ ਦੇ ਬਾਦਸ਼ਾਹਾਂ ਦੇ ਨਾਂਅ 'ਤੇ ਸਮਾਂ ਸਾਰਣੀ ਬਾਰੇ ਜਾਣਕਾਰੀ ਦੇਣੀ, ਨਾਦਰ ਸ਼ਾਹ ਵਲੋਂ ਦਿੱਲੀ ਵਿਚ ਕਤਲੇਆਮ ਕਰਨਾ ਤੇ ਲੁੱਟ ਦੇ ਕੀਮਤੀ ਸਾਮਾਨ ਵਿਚ ਕੋਹਿਨੂਰ ਹੀਰਾ ਵੀ ਲੁੱਟ ਕੇ ਲੈ ਜਾਣਾ, ਨਾਦਰ ਸ਼ਾਹ ਦਾ ਦਿੱਲੀਓਂ ਲਾਹੌਰ ਵੱਲ ਨੂੰ ਵਾਪਿਸ ਮੁੜਨਾ, ਰਾਹ ਵਿਚ ਸਿੰਘਾਂ ਨੇ ਉਸ ਦੇ ਸਿਪਾਹੀਆਂ ਨਾਲ ਲੜਨਾ, ਜ਼ਕਰੀਆ ਖਾਨ ਵਲੋਂ ਸਿੱਖਾਂ 'ਤੇ ਘੋਰ ਜ਼ੁਲਮ ਕਰਨੇ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੀ ਬਹਾਦਰੀ ਦਾ ਵਰਣਨ, ਸਿੰਘਾਂ ਨੇ ਪੰਜਾਬ ਵਿਚ ਕਿਲ੍ਹਾ ਡਲੇਵਾਲ ਬਣਾਇਆ, ਅਦੀਨਾ ਬੇਗ਼ ਦੀ ਧੋਖੇਬਾਜ਼ੀ, ਮੱਸਾ ਰੰਘੜ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ, ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਨੇਜ਼ੇ 'ਤੇ ਟੰਗਣਾ ਤੇ ਘੋੜਿਆਂ 'ਤੇ ਸਵਾਰ ਹੋ ਕੇ ਕੂਚ ਕਰ ਜਾਣਾ, ਭਾਈ ਤਾਰੂ ਸਿੰਘ ਵਲੋਂ ਕੇਸਾਂ ਸਵਾਸਾਂ ਨਾਲ ਸਿੱਖੀ ਸਿਦਕ ਨੂੰ ਨਿਭਾਉਣਾ, ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਚਰਖੜੀ 'ਤੇ ਚਾੜ੍ਹ ਕੇ ਤਸੀਹੇ ਦੇ ਕੇ ਸ਼ਹੀਦ ਕਰਨਾ, ਛੋਟੇ ਘੱਲੂਘਾਰੇ ਦਾ ਵਰਣਨ। ਉਪਰੋਕਤ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਲੇਖਕ ਨੇ ਵਾਰਤਕ ਤੇ ਕਵਿਤਾ ਰੂਪ ਵਿਚ ਲਿਖਿਆ ਹੈ। ਕਵਿਤਾ ਵਿਚ ਉਸ ਨੇ ਬੈਂਤ, ਕਲੀ, ਵਾਰ, ਕੋਰੜਾ ਆਦਿ ਛੰਦਾਂ ਤੇ ਕਾਵਿ ਰੂਪਾਂ ਦੀ ਵਰਤੋਂ ਕੀਤੀ ਹੈ। ਪੁਸਤਕ ਵਿਚਲੀਆਂ ਇਤਿਹਾਸਕ ਘਟਨਾਵਾਂ ਨੂੰ ਲੇਖਕ ਨੇ ਬੜੀ ਰੌਚਕ ਤੇ ਭਾਵਪੂਰਤ ਸ਼ੈਲੀ ਵਿਚ ਉਲੀਕਿਆ ਹੈ। ਵਾਰਤਕ ਤੇ ਕਵਿਤਾ ਦੋਵਾਂ ਵਿਚ ਵਿਸ਼ੇ ਦੇ ਅਨੁਕੂਲ ਹੀ ਬੀਰ ਰਸੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। 18ਵੀਂ ਸਦੀ ਦੇ ਮਹਾਨ ਸਿੱਖ ਸੂਰਬੀਰਾਂ ਬਾਰੇ ਨਵੀਂ ਪੀੜ੍ਹੀ ਨੂੰ ਬਹੁਤ ਘੱਟ ਗਿਆਨ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਨੂੰ ਉਸ ਸਮੇਂ ਦੇ ਸਿੰਘ ਸੂਰਮਿਆਂ ਦੀ ਸੂਰਬੀਰਤਾ, ਸਿਰੜ, ਸਿਦਕ, ਤਿਆਗ ਤੇ ਸੇਵਾ ਭਾਵ ਬਾਰੇ ਜਾਣਕਾਰੀ ਦੇ ਨਾਲ-ਨਾਲ ਪ੍ਰੇਰਨਾ ਵੀ ਮਿਲੇਗੀ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241


ਪੋਥੀ ਮੀਰਦਾਦ
ਅਨੁਵਾਦ : ਡਾ. ਅਮਨਦੀਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 98152-98459


ਮਿਖ਼ਾਈਲ ਨਈਮੀ (1889-1998) ਲਿਬਨਾਨ ਦਾ ਪ੍ਰਸਿੱਧ ਚਿੰਤਕ ਅਤੇ ਕਵੀ ਹੋਇਆ ਹੈ। 'ਦ ਬੁੱਕ ਆਵ ਮੀਆਂਦਾਦ' ਉਸ ਦੀ ਜਗਤ-ਪ੍ਰਸਿੱਧ ਰਚਨਾ ਹੈ। ਆਧੁਨਿਕ ਅਰਬੀ ਸਾਹਿਤ ਅਤੇ 20ਵੀਂ ਸਦੀ ਦੇ ਅਧਿਆਤਮਕ ਭਾਵਜਗਤ ਵਿਚ ਉਸ ਦੀ ਵਿਸ਼ੇਸ਼ ਪਛਾਣ ਹੈ। ਉਸ ਦਾ ਜਨਮ ਇਕ ਯੂਨਾਨੀ, ਰਵਾਇਤੀ-ਪਰਿਵਾਰ ਵਿਚ ਹੋਇਆ ਸੀ। ਉਸ ਨੇ ਨਜ਼ਰਥ ਅਤੇ ਪੋਲਟਾਵਾ ਤੋਂ ਆਪਣੀ ਰਸਮੀ ਸਿੱਖਿਆ ਪ੍ਰਾਪਤ ਕੀਤੀ ਅਤੇ 1911 ਈ. ਵਿਚ ਅਮਰੀਕਾ ਚਲਾ ਗਿਆ। ਉਥੇ ਉਸ ਨੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਕਾਨੂੰਨ ਅਤੇ ਸਮਾਜ ਵਿਗਿਆਨ ਵਿਚ ਡਿਗਰੀਆਂ ਹਾਸਲ ਕੀਤੀਆਂ। ਉਸ ਨੇ ਆਪਣਾ ਲੇਖਣ-ਕਾਰਜ 1919 ਵਿਚ ਸ਼ੁਰੂ ਕੀਤਾ। ਨਿਊਯਾਰਕ ਵਿਚ ਉਹ ਖ਼ਲੀਲ ਜਿਬਰਾਨ ਅਤੇ ਕੁਝ ਹੋਰ ਲੇਖਕਾਂ ਨੂੰ ਮਿਲਿਆ ਅਤੇ 'ਨਿਊਯਾਰਕ ਪੈੱਨ ਲੀਗ' ਸ਼ੁਰੂ ਕੀਤੀ। ਓਸ਼ੋ ਆਪਣੀਆਂ ਲਿਖਤਾਂ ਵਿਚ 'ਪੋਥੀ ਮੀਰਦਾਦ' ਦੀ ਕਾਫ਼ੀ ਪ੍ਰਸੰਸਾ ਕਰਦਾ ਹੈ।
ਡਾ. ਅਮਨਦੀਪ ਸਿੰਘ ਨੇ ਬਹੁਤ ਲਗਨ ਅਤੇ ਸਿਦਕ ਦੁਆਰਾ ਇਸ ਪੋਥੀ ਦਾ ਅਨੁਵਾਦ ਕੀਤਾ ਹੈ। ਪੋਥੀ ਦੀ ਸਮੱਗਰੀ 41 ਕਾਂਡਾਂ ਵਿਚ ਵੰਡੀ ਹੋਈ ਹੈ, ਜਿਥੇ ਮੀਰਦਾਦ ਆਪਣੀ ਮੌਲਿਕ ਅਤੇ ਵਿਲੱਖਣ ਸੂਝ ਨੂੰ ਰੂਪਮਾਨ ਕਰਦਾ ਹੈ। ਇਸ ਵਿਚ ਕੁਝ ਕਥਾਵਾਂ, ਆਤਮਬਚਨੀਆਂ ਅਤੇ ਸੰਵਾਦਮੁਖ ਰਚਨਾਵਾਂ ਸੰਗ੍ਰਹਿਤ ਹਨ। 'ਪੋਥੀ ਦਾ ਰਖਵਾਲਾ' ਖੰਡ ਵਿਚ ਮੀਰਦਾਦ ਦਾ ਸਵੈ-ਚਿੱਤਰ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਬੜੇ ਸੂਤਰਬੱਧ ਅਤੇ ਸਟੀਕ ਵਾਕਾਂ ਦੁਆਰਾ ਆਪਣੇ ਅਨੁਭਵ ਨੂੰ ਪ੍ਰਕਾਸ਼ਮਾਨ ਕਰਦਾ ਹੈ। ਦੇਖੋ :
* ਜੇਕਰ ਤੁਹਾਡਾ ਸੰਸਾਰ ਇਕ ਗੁੰਝਲਦਾਰ ਬੁਝਾਰਤ ਹੈ ਤਾਂ ਇਸ ਲਈ ਕਿ ਤੁਸੀਂ ਆਪ ਹੀ ਗੁੰਝਲਦਾਰ ਬੁਝਾਰਤ ਹੋ। (ਪੰ. 47)
* ਤੁਹਾਡਾ ਸੰਸਾਰ ਰੁਕਾਵਟਾਂ ਅਤੇ ਵਾੜਾਂ ਦਾ ਸੰਸਾਰ ਹੈ ਕਿਉਂਕਿ ਤੁਹਾਡੇ ਅੰਦਰਲੀ ਮੈਂ ਰੁਕਾਵਟਾਂ ਅਤੇ ਵਾੜਾਂ ਦੀ 'ਮੈਂ' ਹੈ। (ਪੰ. 52)
* ਸਿਰ, ਢਿੱਡ ਦਾ ਮਾਲਕ ਹੈ ਪਰ ਢਿੱਡ ਵੀ ਸਿਰ ਦਾ ਘੱਟ ਮਾਲਕ ਨਹੀਂ। (ਪੰ. 63)
* ਔਰਤ ਦਾ ਸਤਿਕਾਰ ਕਰੋ ਅਤੇ ਉਸ ਦੀ ਪਵਿੱਤਰਤਾ ਨੂੰ ਸਵੀਕਾਰ ਕਰੋ। (ਪੰ. 51)।
ਇਹ ਸਾਰੀ ਪੋਥੀ ਇਸੇ ਪ੍ਰਕਾਰ ਦੇ ਪ੍ਰੇਰਨਾ ਭਰਪੂਰ ਪ੍ਰਵਚਨਾਂ ਨਾਲ ਪਰਿਪੂਰਨ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਹੁਣ ਕੀ ਕਰੀਏ

ਨਾਵਲ : ਬਲਵਿੰਦਰ ਸਿੰਘ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 0161-2740738


ਭਾਵੇਂ ਲੇਖਕ ਵਲੋਂ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਇਸ ਨਾਵਲ ਦੀ ਕਹਾਣੀ 'ਸਵੈ-ਜੀਵਨੀ ਨਹੀਂ, ਪ੍ਰੰਤੂ ਸਵੈ-ਜੀਵਨੀ' ਨਾਵਲ ਦੀ ਕਥਾ ਹੋ ਸਕਦੀ ਹੈ। ਵਿਅਕਤੀ ਕਿੱਡੇ ਵੱਡੇ ਦਾਨਿਸ਼ਵਰ ਅਦਾਰੇ ਵਿਚ ਪੜ੍ਹ-ਲਿਖ ਕੇ, ਚੰਗੀ, ਉੱਚੀ ਨੌਕਰੀ ਪ੍ਰਾਪਤ ਕਰ ਕੇ, ਆਪਣੀ ਜੀਵਨ-ਗਾਥਾ ਦਾ ਆਰੰਭ, ਸਫਲਤਾਪੂਰਨ ਆਰੰਭ ਕਰਨ ਦਾ ਆਰੰਭ ਕਰ ਚੁੱਕਾ ਹੋਵੇ, ਪ੍ਰੰਤੂ ਜ਼ਿੰਦਗੀ ਜਿਊਣੀ, ਲੰਘਾਉਣੀ ਆਸਾਨ ਨਹੀਂ, ਬਲਕਿ ਗੁੰਝਲਦਾਰ ਹੈ। ਜਦੋਂ ਕੋਈ ਵਿਅਕਤੀ, ਅਨੇਕਾਂ ਸਮੱਸਿਆਵਾਂ ਸਦਕੇ ਵੀ ਆਪਣਾ ਮੁਢਲਾ ਜੀਵਨ ਉਸਾਰਨ-ਸੰਵਾਰਨ ਪਿੱਛੋਂ ਕਿੰਨਾ ਹੀ ਸਫਲ ਹੋ ਜਾਵੇ, ਪ੍ਰੰਤੂ ਆਪਣਾ ਜੀਵਨ ਭੋਗਦਿਆਂ, ਅਨੇਕਾਂ ਸਮੱਸਿਆਵਾਂ ਦੀਆਂ ਉਲਝਣਾਂ ਵਿਚ ਫਸ ਕੇ, ਉਹ ਆਪਣੇ-ਆਪ ਨੂੰ ਨਰਕ ਦਾ ਕੀੜਾ ਹੀ ਸਮਝਣ ਲਗਦਾ ਹੈ। ਨਾਵਲ 'ਹੁਣ ਕੀ ਕਰੀਏ' ਦੀ ਕਹਾਣੀ ਦਾ ਆਕਾਰ-ਪਾਸਾਰ ਇਸੇ ਦ੍ਰਿਸ਼ਟੀ-ਕਥਨ ਉੱਪਰ ਆਧਾਰਿਤ ਹੈ। ਇਸ ਨਾਵਲ ਦੀ ਕਹਾਣੀ ਸਵੈ-ਜੀਵਨੀ ਦੀ ਆਤਮ-ਕਥਾ ਹੈ। ਨਾਵਲ ਦੀ ਕਹਾਣੀ ਸੱਚਮੁੱਚ ਸਵੈ-ਜੀਵਨੀ, ਆਤਮ-ਕਥਾ ਉੱਪਰ ਆਧਾਰਿਤ ਹੈ। ਨਾਵਲ ਦਾ ਮੁੱਖ ਪਾਤਰ ਜਿੰਦਰ ਹੈ ਜੋ ਆਪਣੇ ਦੋਸਤ ਪਿਆਰੇ ਲਾਲ ਨੂੰ 12 ਕਿਸ਼ਤਾਂ (ਅਧਿਆਵਾਂ) ਵਿਚ ਨਾਵਲੀ-ਕਥਾ ਸੁਣਾ ਕੇ, ਨਾਵਲ ਦਾ ਅੰਤ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਜਿੰਦਰ, ਜੋ ਆਪਣੇ ਮਿੱਤਰ-ਪਿਆਰੇ ਲਾਲ ਨੂੰ ਪਾਰਕ ਵਿਚ ਬੈਠ ਕੇ ਆਪਣੀ ਆਤਮ-ਕਥਾ ਸੁਣਾਉਂਦਾ ਹੈ, ਜਿਸ ਦਾ ਸਾਰ ਤੱਤ ਇਹ ਹੈ ਕਿ ਉਹ ਪਾਕਿਸਤਾਨ ਦੀ ਵੰਡ ਕਾਰਨ ਰਿਫਿਊਜ਼ੀ ਬਣਨ ਪਿੱਛੋਂ ਆਪਣੇ ਪਿਤਾ ਜੋ ਪ੍ਰਾਇਮਰੀ ਅਧਿਆਪਕ ਸਨ, ਦੀ ਸਹਾਇਤਾ ਨਾਲ ਆਪਣੀ ਐਮ.ਬੀ.ਐਸ.ਡੀ.ਏ. ਤੱਕ ਦੀ ਪੜ੍ਹਾਈ ਸੰਪੂਰਨ ਕਰਨ ਪਿੱਛੋਂ ਸਿਰਮੌਰ ਦਰਜੇ ਦੀ ਆਪਣੀ ਨੌਕਰੀ ਤਾਂ ਪ੍ਰਾਪਤ ਕਰ ਲੈਂਦਾ ਹੈ, ਪ੍ਰੰਤੂ ਘਰੇਲੂ ਕਬੀਲਦਾਰੀਆਂ, ਰਿਸ਼ਤੇਦਾਰੀਆਂ ਦੀਆਂ ਸਮਾਜਿਕ ਆਰਥਿਕ, ਨੈਤਿਕ ਜ਼ਿੰਮੇਵਾਰੀਆਂ ਕਾਰਨ ਉਹ ਨਰਕ ਦਾ ਕੀੜਾ ਬਣ ਕੇ ਆਪਣੇ-ਆਪ ਨੂੰ ਨਰਕ ਦਾ ਕੀੜਾ ਹੀ ਸਮਝਣ ਲੱਗ ਜਾਂਦਾ ਹੈ ਅਤੇ ਦੁਖੀ ਹੋ ਕੇ ਕਹਿ ਦਿੰਦਾ ਹੈ ਕਿ ਹਾਏ ਰੱਬਾ! 'ਹੁਣ ਕੀ ਕਰੀਏ।' ਸੱਚਮੁੱਚ ਇਹ ਆਤਮ-ਕਥਾ ਦੀ ਨਾਵਲੀ ਕਹਾਣੀ, ਪਰ ਵਿਅਕਤੀ ਦੀ ਜ਼ਿੰਦਗੀਨਾਮਾ ਹੈ। ਜ਼ਿੰਦਗੀ ਸੰਬੰਧੀ ਮਹਾਤਮਾ ਬੁੱਧ ਜੋ ਕਹਿੰਦਾ ਹੈ, ਇਸ ਨਾਵਲ ਦੀ ਕਹਾਣੀ ਦਾ ਨਿਚੋੜ ਹੈ ਕਿ ਦੁਨੀਆ ਦੁੱਖਾਂ ਦਾ ਘਰ ਹੈ, ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਨਿਜਾਤ ਦੀ ਲੋੜ ਹੈ ਪਰ ਮੁਕਤੀ ਮਰ ਕੇ ਹੀ ਮਿਲਦੀ ਹੈ। 'ਹੁਣ ਕੀ ਕਰੀਏ?' ਦਾ ਉੱਤਰ ਨਾ ਆਤਮਿਕ, ਮਾਨਸਿਕ, ਨਾ ਹੀ ਆਰਥਿਕ ਖੇਤਰ ਹੈ। ਵੱਖ-ਵੱਖ ਧਰਮ ਦੀ ਮੁਕਤੀ-ਮਾਰਗ ਦੱਸਦੇ ਹਨ, ਪਰ ਬਿੱਲੀ ਦੇ ਗਲ ਟੱਲੀ ਕੌਣ ਪਾਵੇ?


-ਡਾ. ਅਮਰ ਕੋਮਲ
ਮੋਬਾਈਲ : 84378-73565


ਉਪਮਹਾਂਦੀਪੀ ਇਤਿਹਾਸ
(ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਸਾਹਿਤਕ ਪ੍ਰਤੀਬਿੰਬ)
ਲੇਖਿਕਾ : ਜਸਬੀਰ ਜੈਨ,
ਅਨੁਵਾਦਕ : ਸੁਖਜਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 352
ਸੰਪਰਕ : 99144-21400



ਇਹ ਕਿਤਾਬ ਲੇਖਕਾ ਜਸਬੀਰ ਜੈਨ ਦੀ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ 'ਸਬਕਾਂਟੀਨੈਂਟਲ ਹਿਸਟਰੀਜ਼' ਦਾ ਪੰਜਾਬੀ ਅਨੁਵਾਦ ਹੈ। ਜਸਬੀਰ ਜੈਨ ਨੇ ਆਪਣਾ ਪੂਰਾ ਜੀਵਨ ਯੂਨੀਵਰਸਿਟੀ ਅਧਿਆਪਨ ਅਤੇ ਖੋਜ ਨੂੰ ਸਮਰਪਿਤ ਕੀਤਾ ਹੈ। ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਅਧਿਆਪਨ ਦਾ ਕਾਰਜ ਸ਼ੁਰੂ ਕਰਕੇ ਉਸ ਨੇ ਵਿਸ਼ਵ ਦੀਆਂ ਨਾਮਵਰ ਸਿੰਘਾਪੁਰ ਅਤੇ ਯੂਰਪ ਦੀਆਂ ਯੂਨੀਵਰਸਿਟੀਆਂ ਆਦਿ ਵਿਚ ਖੋਜ ਕਾਰਜਾਂ ਅਤੇ ਅਕਾਦਮਿਕ ਪ੍ਰਾਜੈਕਟਾਂ 'ਤੇ ਕੰਮ ਕੀਤਾ ਹੈ। ਉਸ ਦੀਆਂ ਲਿਖਤਾਂ ਦੇ ਵਿਸ਼ੇ ਰਾਸ਼ਟਰਵਾਦ, ਔਰਤਾਂ ਦੇ ਹੱਕ, ਰਾਜਨੀਤਕ ਅਵਚੇਤਨਾ, ਪਰਵਾਸ, ਪਰਵਾਸ ਦੀਆਂ ਸਮੱਸਿਆਵਾਂ, ਵਿਦੇਸ਼ਾਂ ਵਿਚ ਪਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਸਥਿਤੀ, ਇਤਿਹਾਸ, ਵਿਰਾਸਤ, ਧਰਮ, ਸੱਭਿਆਚਾਰ ਅਤੇ ਇਤਿਹਾਸ ਲੇਖਨ ਕਲਾ ਦੇ ਬਦਲਦੇ ਸਰੂਪ ਆਦਿ ਹਨ।
ਹਥਲੀ ਕਿਤਾਬ ਨੂੰ ਲੇਖਿਕਾ ਵਲੋਂ ਪੰਜ ਭਾਗਾਂ ਵਿਚ ਅਤੇ ਉਨ੍ਹਾਂ ਨੂੰ ਅੱਗੇ 16 ਅਧਿਆਵਾਂ ਵਿਚ ਵੰਡਿਆ ਗਿਆ ਹੈ। ਆਧੁਨਿਕ ਭਾਰਤ ਅਤੇ ਵਿਸ਼ਵ ਪੱਧਰ 'ਤੇ 21ਵੀਂ ਸਦੀ ਦੌਰਾਨ ਆ ਰਹੀਆਂ ਤਬਦੀਲੀਆਂ ਕਾਰਨ ਸਮਾਜ ਅਤੇ ਇਤਿਹਾਸ 'ਤੇ ਪੈ ਰਹੇ ਪ੍ਰਭਾਵਾਂ ਨੂੰ ਤੱਥਾਂ, ਘਟਨਾਵਾਂ ਅਤੇ ਉੱਚ ਦਰਜੇ ਦੀਆਂ ਲਿਖਤਾਂ 'ਤੇ ਅਧਾਰਤ ਬੜੀ ਸਰਲ ਤੇ ਸ੍ਰੇਸ਼ਠ ਭਾਸ਼ਾ ਵਿਚ ਲਿਖਿਆ ਹੈ। ਕਿਤਾਬ ਦੇ ਪੰਜ ਭਾਗ ਕ੍ਰਮਵਾਰ ਰਾਸ਼ਟਰਵਾਦ ਦਾ ਅਣਚਾਹਿਆ ਉਭਾਰ; ਰਾਜਨੀਤਕ ਪਰਿਵਰਤਨ ਅਤੇ ਵਾਰਤਾਲਾਪ; ਸਾਂਝੇ ਇਤਿਹਾਸ : ਵੱਖਰੇ ਇਲਾਕੇ; ਹਿੰਸਾ ਅਤੇ ਇਸ ਦੀਆਂ ਨਿਰੰਤਰਤਾਵਾਂ; ਨਿਊਕਲੀਅਰ ਹਥਿਆਰ, ਵਿਕਾਸ ਅਤੇ ਵਾਤਾਵਰਨ ਆਦਿ ਹਨ। ਇਤਿਹਾਸ ਭੂਤਕਾਲ ਅਤੇ ਵਰਤਮਾਨ ਕਾਲ ਦਾ ਨਾ ਖ਼ਤਮ ਹੋਣ ਵਾਲਾ ਵਰਤਾਰਾ ਹੈ। ਇਤਿਹਾਸ ਅਤੇ ਸਾਹਿਤ ਦਾ ਡੂੰਘਾ ਰਿਸ਼ਤਾ ਹੈ। ਕਿਸੇ ਰਾਸ਼ਟਰ ਜਾਂ ਸਮਾਜ ਦੇ ਸੱਭਿਆਚਾਰਕ, ਸਮਾਜਿਕ ਅਤੇ ਵਿਰਾਸਤੀ ਇਤਿਹਾਸ ਨੂੰ ਜਾਨਣ ਲਈ ਸਾਨੂੰ ਸਾਹਿਤਕ ਸਰੋਤ ਅਤਿ ਮਹੱਤਵਪੂਰਨ ਸਹਾਇਤਾ ਦਿੰਦੇ ਹਨ।
ਦੱਖਣੀ ਏਸ਼ੀਆ ਦੇ ਵੱਖ-ਵੱਖ ਭਾਗਾਂ ਵਿਚ ਆਧੁਨਿਕ ਕਾਲ ਦੌਰਾਨ ਆ ਰਹੇ ਰਾਜਨੀਤਕ ਤੇ ਧਾਰਮਿਕ ਪਰਿਵਰਤਨਾਂ ਕਾਰਨ ਰਾਸ਼ਟਰਵਾਦ ਦੀ ਪਰਿਭਾਸ਼ਾ ਵੀ ਬਦਲੀ ਹੈ। ਭਾਰਤੀ ਆਜ਼ਾਦੀ ਸੰਗਰਾਮ ਦੇ ਮੁੱਢਲੇ ਪੜਾਅ ਦੌਰਾਨ ਟੀਪੂ ਸੁਲਤਾਨ, ਹੈਦਰ ਅਲੀ ਆਦਿ ਦੇ ਸੰਘਰਸ਼ ਤੋਂ ਲੈ ਕੇ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਗਏ ਸੱਤਿਆਗ੍ਰਹਿ ਆਦਿ ਦੇ ਯੋਗਦਾਨ ਅਤੇ ਪ੍ਰਭਾਵਾਂ ਨੂੰ ਵਿਸ਼ਾਲ ਤੇ ਦੇਸ਼ਾਂ-ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਪਈਆਂ ਦੁਰਲੱਭ ਰਿਪੋਰਟਾਂ ਅਤੇ ਲਿਖਤਾਂ 'ਤੇ ਆਧਾਰਿਤ ਇਤਿਹਾਸ ਨੂੰ ਭਾਵਪੂਰਤ ਸ਼ੈਲੀ ਵਿਚ ਜਸਬੀਰ ਜੈਨ ਵਲੋਂ ਲਿਖਿਆ ਗਿਆ ਹੈ।
ਇਤਿਹਾਸ ਜੋ ਰਾਜਿਆਂ-ਮਹਾਰਾਜਿਆਂ ਅਤੇ ਸਰਕਾਰਾਂ ਦੁਆਰਾ ਲਿਖਵਾਇਆ ਜਾਂਦਾ ਹੈ, ਉਹ ਪੂਰਨ ਇਤਿਹਾਸ ਨਹੀਂ ਹੁੰਦਾ, ਕਿਉਂਕਿ ਉਸ ਵਿਚ ਦੂਸਰੇ ਪਾਸੇ ਦੇ ਲੋਕਾਂ ਭਾਵ ਅਵਾਮ, ਗ਼ਰੀਬ, ਪਛੜੇ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਕਲਮਬੱਧ ਨਹੀਂ ਹੁੰਦੀ। ਇਸ ਲਈ ਇਤਿਹਾਸ ਲਿਖਣ ਲੱਗਿਆਂ ਦੋਵਾਂ ਪਾਸਿਆਂ ਦੀ ਸਮੀਖਿਆ ਕਰਨੀ ਜ਼ਰੂਰੀ ਹੁੰਦੀ ਹੈ। ਇਸ ਕਿਤਾਬ ਵਿਚ ਲੇਖਕਾ ਵਲੋਂ ਬੇਬਾਕੀ, ਨਿਡਰਤਾ, ਦਲੇਰੀ ਅਤੇ ਸੱਚ ਤੇ ਕੇਵਲ ਸੱਚ 'ਤੇ ਆਧਾਰਿਤ ਦੋਵਾਂ ਪਾਸਿਆਂ ਦੇ ਇਤਿਹਾਸ ਨੂੰ ਹੀ ਲਿਖਣ ਦੀ ਕਾਮਯਾਬ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬੀ ਭਾਸ਼ਾ ਵਿਚ ਪਾਠਕਾਂ ਨੂੰ ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਉਪ-ਮਹਾਂਦੀਪੀ ਇਤਿਹਾਸ ਨਾਲ ਸੰਬੰਧਿਤ ਅਤਿ ਮਹੱਤਵਪੂਰਨ ਘਟਨਾਵਾਂ ਬਾਰੇ ਜਾਣਕਾਰੀ ਉਪਲੱਬਧ ਕਰਵਾਉਣ ਲਈ ਸੁਖਜਿੰਦਰ ਵਲੋਂ ਬੜਾ ਸਰਲ ਅਤੇ ਮੂਲ ਲਿਖਤ ਦੀ ਭਾਵਨਾ ਨੂੰ ਸਮਝਦੇ ਹੋਏ ਸਫਲਤਾਪੂਰਵਕ ਅਨੁਵਾਦ ਕੀਤਾ ਗਿਆ ਹੈ। ਪੰਜਾਬੀ ਪਾਠਕਾਂ ਦੇ ਗਿਆਨ ਵਿਚ ਇਹ ਕਿਤਾਬ ਲਾਜ਼ਮੀ ਤੌਰ 'ਤੇ ਵਾਧਾ ਕਰੇਗੀ ਕਿਉਂਕਿ ਲੇਖਕਾ ਵਲੋਂ ਮੁੱਢਲੇ ਸਰੋਤਾਂ ਦੇ ਤੁਲਨਾਤਮਿਕ ਅਧਿਐਨ ਨੂੰ ਹੀ ਕਿਤਾਬ ਦਾ ਆਧਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸੁਖਜਿੰਦਰ ਵਲੋਂ ਅਨੁਵਾਦ ਲਈ ਕਿਤਾਬ ਦੀ ਚੋਣ ਅਤੇ ਵਧੀਆ ਤੇ ਸਾਰਥਿਕ ਅਨੁਵਾਦ ਕੀਤਾ ਗਿਆ ਹੈ।


-ਮੁਹੰਮਦ ਇਦਰੀਸ
ਮੋਬਾਈਲ : 98141-71786


ਮੋੜਵਾਂ ਤੋਹਫ਼ਾ
ਲੇਖਕ : ਇੰਦਰਜੀਤ ਭਲਿਆਣ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ :200 ਰੁਪਏ, ਸਫ਼ੇ : 122
ਸੰਪਰਕ : 98720-73035


ਆਧੁਨਿਕ ਵਾਰਤਕ ਵਿਧਾਵਾਂ ਪੱਛਮੀ ਸਾਹਿਤ ਦੀ ਦੇਣ ਹਨ, ਜਿਨ੍ਹਾਂ ਵਿਚੋਂ ਅਖ਼ਬਾਰੀ ਲੇਖ, ਰਿਪੋਰਟਿੰਗ ਅਤੇ ਮੁਲਾਕਾਤਾਂ ਤਾਂ ਭਾਰਤੀ ਸਾਹਿਤ ਪਰੰਪਰਾ ਵਿਚ ਬਿਲਕੁਲ ਨਵੇਂ ਹਨ। ਅਜੋਕੇ ਸਮੇਂ ਵਿਚ ਅਖ਼ਬਾਰਾਂ ਲਈ ਮਿਡਲ ਲਿਖਣਾ ਵੀ ਕਾਫ਼ੀ ਮਕਬੂਲ ਹੋ ਰਿਹਾ ਹੈ। ਮਿਡਲ ਸੰਪਾਦਕੀ ਪੰਨੇ 'ਤੇ ਵਿਚਕਾਰਲੀ ਸਟੋਰੀ ਹੁੰਦੀ ਹੈ। ਇਸ ਵਿਚ ਅਜਿਹੀ ਸਮੱਗਰੀ ਸ਼ਾਮਿਲ ਕੀਤੀ ਜਾਂਦੀ ਹੈ ਜੋ ਚੋਭ ਭਰੀ, ਹਲਕੀ-ਫੁਲਕੀ, ਸਿਖਿਆਦਾਇਕ ਅਤੇ ਸੰਜੀਦਾ ਹੋਵੇ। ਅੰਗਰੇਜ਼ ਕਾਲ ਵਿਚ ਵੀ ਅੰਗਰੇਜ਼ੀ ਦੇ ਕਈ ਭਾਰਤੀ ਅਖ਼ਬਾਰਾਂ ਵਿਚ ਇਹ ਰੁਝਾਨ ਰਿਹਾ ਹੈ। ਪੰਜਾਬੀ ਅਖ਼ਬਾਰਾਂ ਵਿਚ ਇਹ ਰੁਝਾਨ ਚੰਗੀ ਪਿਰਤ ਬਣ ਕੇ ਅੱਜ ਵੀ ਕਾਇਮ ਹੈ। ਹਥਲੀ ਪੁਸਤਕ ਮੋੜਵਾਂ ਤੋਹਫ਼ਾ ਇੰਦਰਜੀਤ ਭਲਿਆਣ ਦੁਆਰਾ ਵੱਖ-ਵੱਖ ਅਖ਼ਬਾਰਾਂ ਲਈ ਲਿਖੇ ਮਿਡਲ ਲੇਖਾਂ 'ਤੇ ਆਧਾਰਿਤ ਹੈ। ਕੁੱਲ 35 ਮਿਡਲ ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ ਜੋ ਸਮੇਂ-ਸਮੇਂ 'ਤੇ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਵਿਚ ਛਪ ਚੁੱਕੇ ਹਨ। ਇਨ੍ਹਾਂ ਲੇਖਾਂ ਦਾ ਅਧਿਐਨ ਕੀਤਿਆਂ ਇੰਦਰਜੀਤ ਭਲਿਆਣ ਦੀ ਸੁਚੱਜੀ ਲੇਖਣੀ ਦਾ ਗੁਣ ਸਾਹਮਣੇ ਆਉਂਦਾ ਹੈ। ਇਹੋ ਬੇਮਿਸਾਲ ਗੁਣ ਉਸ ਦਾ ਅਜੋਕੀ ਪੱਤਰਕਾਰੀ ਨਾਲ ਜੁੜੇ ਰਹਿਣ ਦਾ ਢੰਗ ਬਣਿਆ ਰਿਹਾ ਹੈ। ਇਸ ਘੱਟ ਮਕਬੂਲ ਵਿਧਾ ਲੇਖਣੀ ਦੀ ਮੁਹਾਰਤ ਦੀ ਗਵਾਹ ਉਸ ਦੁਆਰਾ ਕੀਤੇ ਵਿਸ਼ਿਆਂ ਦੀ ਚੋਣ ਬਣਦੀ ਹੈ। ਲੇਖਾਂ ਦੇ ਵਿਸ਼ਾ-ਵਸਤੂ ਨਿੱਤ ਦੇ ਪੰਜਾਬੀ ਜੀਵਨ ਦੇ ਵੱਖ-ਵੱਖ ਰੰਗ ਪੇਸ਼ ਕਰਦੇ ਹਨ। ਪੇਂਡੂ ਜਨ-ਜੀਵਨ ਦਾ ਆਪਣਾਪਨ, ਖੁਸ਼ਹਾਲੀ ਅਤੇ ਸ਼ਹਿਰੀ ਮੱਧਵਰਗੀ ਜੀਵਨ ਦੀਆਂ ਤੁਰਸ਼ੀਆਂ ਤੇ ਦੁਸ਼ਵਾਰੀਆਂ ਦੇ ਵੇਰਵੇ ਇਨ੍ਹਾਂ ਲੇਖਾਂ ਵਿਚ ਨਜ਼ਰ ਆਉਂਦੇ ਹਨ। ਲੇਖਕ ਦੇ ਆਪਣੇ ਸ਼ਬਦਾਂ ਵਿਚ ਉਸ ਨੇ ਖੇਤੀਬਾੜੀ ਦੀਆਂ ਪੁਰਾਤਨ ਵਿਧੀਆਂ, ਬਰਸਾਤਾਂ ਦੌਰਾਨ ਕੱਚੇ ਘਰਾਂ ਵਿਚ ਰਹਿਣ ਵਾਲਿਆਂ ਦੀ ਦਾਸਤਾਨ, ਜੰਗਲੀ ਪਸ਼ੂਆਂ ਰਾਹੀਂ ਖੇਤਾਂ ਦਾ ਉਜਾੜਾ, ਲੋਕਾਂ ਦਾ ਖੇਤੀ ਦੇ ਕੰਮ ਵਿਚ ਇਕ-ਦੂਜੇ ਦੀ ਸਹਾਇਤਾ ਕਰਨਾ, ਵਿਆਹ ਦੀਆਂ ਪੁਰਾਣੀਆਂ ਰਸਮਾਂ, ਲੋਕਾਂ ਦਾ ਸਸਤਾ ਮਨੋਰੰਜਨ ਅਤੇ ਸ਼ਰਾਬ ਪੀਣ ਦੀ ਮਾੜੀ ਆਦਤ ਆਦਿ ਵਿਸ਼ੇ ਖੁੱਲ੍ਹ ਕੇ ਉਜਾਗਰ ਕੀਤੇ ਹਨ। 'ਨਹੀਂ ਲਊਂਗਾ ਫਾਹਾ' ਵਿਚ ਉਸ ਨੇ ਕਿਸਾਨ ਖ਼ੁਦਕੁਸ਼ੀਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਮਿਡਲਾਂ ਵਿਚ ਆਏ ਸੰਸਥਾਵਾਂ ਵਰਗੇ ਪਾਤਰ ਮਿਸਤਰੀ ਰੱਖਾ ਸਿੰਘ, ਮਾਸਟਰ ਲਛਮਣ ਸਿੰਘ, ਚਰਨੂ ਚਾਚਾ, ਬੀਰ ਸੂੰ ਦਾ ਬੁੜ੍ਹਾ, ਬੀਕਾਨੇਰੀਆ ਬਾਬਾ ਆਦਿ ਵਿਚ ਉਹ ਸਦਾ ਤੋਂ ਖ਼ੁਦ ਰਹਿੰਦਾ ਰਿਹਾ ਹੈ। ਇਸ ਢੰਗ ਨਾਲ਼ ਇਹ ਸੰਗ੍ਰਹਿ 'ਮੋੜਵਾਂ ਤੋਹਫ਼ਾ' ਪੰਜਾਬੀ ਸਾਹਿਤ ਵਿਚ ਗੁਣਾਤਮਿਕ ਵਾਧਾ ਹੈ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਤੂੰ ਨਿਹਾਲਾ ਨਾ ਬਣੀਂ
ਲੇਖਕ : ਸਾਂਵਲ ਧਾਮੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 97818-43444


ਸਾਂਵਲ ਧਾਮੀ ਪੰਜਾਬੀ ਦਾ ਉਹ ਸਮਰੱਥ ਕਹਾਣੀਕਾਰ ਹੈ, ਜਿਸ ਨੇ ਨਾ ਸਿਰਫ ਪੰਜਾਬੀ ਰਹਿਤਲ ਅਤੇ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ, ਸਗੋਂ ਦੇਸ਼ ਵੰਡ ਦੇ ਨਾਲ ਜੁੜੇ ਜ਼ਖਮਾਂ ਦੇ ਦਰਦ ਆਪਣੀਆਂ ਕਹਾਣੀਆਂ ਵਿਚ ਪੇਸ਼ ਕਰਨ ਕਰਕੇ ਉਹ ਸਮਕਾਲੀ ਕਹਾਣੀਕਾਰਾਂ ਵਿਚ ਆਪਣੀ ਵੱਖਰੀ ਥਾਂ ਬਣਾਉਂਦਾ ਹੈ। ਉਪਰੋਕਤ ਕਹਾਣੀ ਸੰਗ੍ਰਹਿ ਦਾ ਤੀਸਰਾ ਐਡੀਸ਼ਨ ਛਪਣਾ ਇਸ ਗੱਲ ਦੀ ਗਵਾਹੀ ਭਰਦਾ ਹੈ। ਕਹਾਣੀ 'ਤੂੰ ਨਿਹਾਲਾ ਨਾ ਬਣੀਂ' ਅਜੋਕੇ ਯੁੱਗ ਵਿਚ ਰਿਸ਼ਤਿਆਂ ਦੀਆਂ ਬਦਲਦੀਆਂ ਸਮੀਕਰਨਾਂ ਅਤੇ ਉਨ੍ਹਾਂ ਵਿਚੋਂ ਖ਼ਤਮ ਹੋ ਰਹੇ ਨਿੱਘ ਅਤੇ ਸਾਂਝ ਦੀ ਥਾਂ ਲੈ ਰਹੇ ਸਵਾਰਥ ਦੀ ਚਰਚਾ ਕਰਦੀ ਜਾਪਦੀ ਹੈ। ਨਿਹਾਲੇ ਦੇ ਪਾਤਰ ਰਾਹੀਂ ਉਸਰਦੀ ਇਸ ਸਾਰੀ ਕਹਾਣੀ ਵਿਚ ਨਿਹਾਲਾ ਗ਼ੈਰਹਾਜ਼ਰ ਹੋ ਕਿ ਵੀ ਹਾਜ਼ਰ ਜਾਪਦਾ ਹੈ। ਫਲੈਸ਼ ਬੈਕ ਵਿਧੀ ਰਾਹੀਂ ਤੁਰਦੀ ਇਸ ਕਹਾਣੀ ਵਿਚ ਮੈਂ ਪਾਤਰ ਆਪਣੇ ਪਿਤਾ ਅਤੇ ਚਾਚੇ ਦੀ ਹੋਣੀ ਨੂੰ ਵੇਖਦਿਆਂ ਆਪਣੀ ਪਤਨੀ ਨੂੰ ਨਿਹਾਲੇ ਦੀ ਕਹਾਣੀ ਸੁਣਾਉਂਦਾ ਹੈ ਅਤੇ ਆਪ ਉਸ ਨਿਹਾਲੇ ਵਰਗਾ ਨਹੀਂ ਬਣਨਾ ਚਾਹੁੰਦਾ, ਜਿਸ ਨੇ ਆਪਣਿਆਂ ਦੇ ਚਾਅ, ਸੁਪਨੇ ਅਤੇ ਮੋਹ ਨੂੰ ਤਿਆਗ ਕੇ ਉਨ੍ਹਾਂ ਦੀ ਕਬਰ 'ਤੇ ਆਪਣਾ ਮਹੱਲ ਖੜ੍ਹਾ ਕੀਤਾ ਪਰ ਆਪਣੇ ਰਿਸ਼ਤਿਆਂ ਦੀ ਅਪਣੱਤ ਨੂੰ ਦੁਬਾਰਾ ਕਦੇ ਵੀ ਪਾ ਨਹੀਂ ਸਕਿਆ।
ਪੁਲ ਅਤੇ ਮਲੱਮ ਵੰਡ ਦੇ ਸਤਾਏ ਉਨ੍ਹਾਂ ਲੋਕਾਂ ਦੇ ਮਨਾਂ ਦੀ ਬਾਤ ਪਾਉਂਦੀਆਂ ਕਹਾਣੀਆ ਹਨ, ਜਿਨ੍ਹਾਂ ਨੂੰ ਵੰਡ ਨੇ ਅਣਹੋਇਆਂ ਵਿਚ ਸ਼ਾਮਿਲ ਕਰ ਦਿੱਤਾ ਹੈ ਫਿਰ ਉਹ ਚਾਹੇ ਮਲੱਮ ਦਾ ਫਜ਼ਲਾ ਹੋਵੇ ਜਾਂ ਵੰਡ ਦੇ ਉਸ ਦੁਖਾਂਤ ਨੂੰ ਅੱਖੀਂ ਦੇਖਣ ਅਤੇ ਉਸ ਦਾ ਹਿੱਸਾ ਰਹਿਣ ਵਾਲੇ ਪੁਲ ਕਹਾਣੀ ਦਾ ਪਾਤਰ ਬਾਬਾ। ਆਪਣੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਸਮੇਟੀ ਬੈਠਾ ਬਾਬਾ ਮੈਂ ਪਾਤਰ ਨੂੰ ਇਕ ਪੁਲ ਵਾਂਗ ਜਾਪਦਾ ਹੈ ਪਰ ਉਸ ਦੀ ਸੁਣਾਈ ਕਹਾਣੀ ਦੀ ਆਖਰੀ ਘਟਨਾ ਵਿਚ ਉਸ ਨੂੰ ਇੱਦਾਂ ਜਾਪਦਾ ਹੈ ਜਿਵੇਂ ਉਹ ਪੁਲ ਜ਼ਰਜ਼ਰਾ ਹੋ ਕੇ ਡਿੱਗ ਪਿਆ ਹੋਵੇ ਜਿਹੜਾ ਕਿ ਉਸ ਨੂੰ ਲੋਕਾਂ ਨੂੰ ਜੋੜਨ ਵਾਲਾ ਲਗਦਾ ਸੀ। ਕਹਾਣੀ 'ਗਾਈਡ' ਯੂਨੀਵਰਸਿਟੀ ਕਲਚਰ ਦੀਆਂ ਪਰਤਾਂ ਫਰੋਲਦੀ ਕਹਾਣੀ ਹੈ ਅਤੇ ਬਹੁਤੀ ਵਾਰ ਸਹੀ ਅਰਥਾਂ ਵਿਚੇ 'ਗਾਈਡ' ਹੋਣ ਦੇ ਭਰਮ ਨੂੰ ਤੋੜਦੀ ਹੈ। ਪੈਂਜ਼ੀ ਦੇ ਫੁੱਲ ਮੁਹੱਬਤ ਅਤੇ ਭਟਕਣਾ ਦੀ ਕਹਾਣੀ ਹੈ, ਜਿਸ ਵਿਚ ਨਾਇਕਾ ਮੁਹੱਬਤ ਦੇ ਸਾਹਵੇਂ ਭਟਕਣਾ ਨੂੰ ਚੁਣਦੀ ਹੈ ਅਤੇ ਸੱਚ ਦੇ ਸਾਹਮਣੇ ਆਉਣ 'ਤੇ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਕਹਾਣੀਆਂ ਵੀ ਆਪੋ-ਆਪਣੇ ਵਿਸ਼ਿਆਂ ਅਨੁਸਾਰ ਨਿਭਦੀਆਂ ਨਜ਼ਰ ਆਉਦੀਆਂ ਹਨ। ਪਾਤਰ ਉਸਾਰੀ ਅਤੇ ਭਾਸ਼ਾ ਪੱਖੋਂ ਕਹਾਣੀਆ ਕਮਾਲ ਦੀਆਂ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਉਨ੍ਹਾਂ ਵਿਚ ਪੂਰੀ ਤਰ੍ਹਾਂ ਖੁੱਭ ਜਾਂਦਾ ਹੈ।


-ਡਾ ਸੁਖਪਾਲ ਕੌਰ
ਮੋਬਾਈਲ : 83606-83823


ਮਨ ਦੀਆਂ ਪੀਂਘਾਂ
ਲੇਖਕ : ਗੁਰਦਾਸ ਸਿੰਘ 'ਦਾਸ'
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 089010-35426


ਸ਼ਾਇਰ ਗੁਰਦਾਸ ਸਿੰਘ 'ਦਾਸ' ਹਥਲੀ ਪੁਸਤਕ 'ਮਨ ਦੀਆਂ ਪੀਂਘਾਂ' ਦਾ ਜ਼ਿੰਦਗੀ ਨੂੰ ਤੂੰਬੇ ਨਾਲ ਤੁਲਨਾ ਕਰਦੀਆਂ ਦੋ ਪੁਸਤਕਾਂ 'ਤੂੰਬਾ ਜ਼ਿੰਦਗੀ ਦਾ-ਭਾਗ ਪਹਿਲਾ' ਤੇ 'ਤੂੰਬਾ ਜ਼ਿੰਦਗੀ ਦਾ-ਭਾਗ ਦੂਜਾ' ਤੋਂ ਇਲਾਵਾ 'ਮੁਝੇ ਪਿਆਰਾ ਲੱਗੇ ਹਰਿਆਨਾ (ਹਿੰਦੀ) ਨਾਲ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਉਮਰ ਦੀਆਂ ਤਿਰਕਾਲਾਂ ਵਿਚ ਪਹੁੰਚ ਕੇ ਜ਼ਿੰਦਗੀ ਦੀਆਂ ਤਲਖ਼ੀਆਂ ਤੇ ਰੰਗੀਨੀਆਂ ਦੇ ਪ੍ਰਿਜ਼ਮ ਵਿਚੋਂ ਲੰਘਾਅ ਕੇ ਜ਼ਿੰਦਗੀ ਦੇ ਰੰਗਾਂ ਨੂੰ ਨਿਹਾਰਦਾ, ਪਿਆਰਦਾ, ਵਿਸਥਾਰਦਾ ਤੇ ਕਵਿਤਾਉਂਦਾ ਹੈ। ਸ਼ਾਇਰੀ ਸਟੇਜੀ ਰੁਮਾਂਚਿਕਤ ਨੂੰ ਪਰਨਾਇਆ ਅਧਿਆਤਮ ਰਹਿਤਲ ਦਾ ਧਾਰਨੀ ਹੁੰਦਾ ਹੋਇਆ ਹੁਣ ਵੀ ਨਾਮ ਖੁਮਾਰੀ ਦੀ ਮੰਮਟੀ 'ਤੇ ਚੌਮੁਖੀਆ ਦੀਵਾ ਬਾਲ ਰਿਹਾ ਹੈ। ਸ਼ਾਇਰ ਦੀ ਖ਼ੂਬਸੂਰਤੀ ਇਹ ਹੈ ਕਿ ਸ਼ਾਇਰ ਨੇ ਇਸ ਪੁਸਤਕ ਨੂੰ ਆਪਣੀ ਸਵਰਗੀ ਪਤਨੀ ਪ੍ਰੀਤਮ ਕੌਰ ਦੇ ਨਾਂਅ ਸਮਰਪਣ ਕਰਕੇ ਜਦੋਂ ਸ਼ਾਇਰ ਜਿਊਂਦੇ ਜੀਅ ਉਸ ਨਾਲ ਜ਼ਿੰਦਗੀ ਮਾਣੀ ਹੈ ਹੁਣ ਉਸ ਦੀਆਂ ਯਾਦਾਂ ਸੰਗ੍ਰਹਿ ਕਰਕੇ ਸ਼ਬਦ ਸਾਧਕ ਬਣ ਕੇ ਇਕ ਅਣਲਿਖੀ ਕਵਿਤਾ ਜਿਹਾ ਅਹਿਸਾਸ ਕਰਾਉਂਦਾ ਹੈ। ਸ਼ਾਇਰ ਹੁਣ ਵੀ ਯੋਗਾ ਕਰਦਾ ਹੋਇਆ ਉਮਰ ਦੇ ਇਸ ਪੜਾਅ 'ਤੇ ਵੀ ਰਿਸ਼ਟ-ਪੁਸ਼ਟ ਨਜ਼ਰ ਆਉਂਦਾ ਹੈ ਤੇ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦਾ ਹੈ। ਸ਼ਾਇਰ ਆਕਾਸ਼ਵਾਣੀ ਰੋਹਤਕ ਦਾ ਪ੍ਰਮਾਣਿਕ ਸ਼ਾਇਰ ਤੇ ਸੰਗੀਤਕਾਰ ਹੈ। ਖ਼ੂਬਸੂਰਤ ਗੱਲ ਇਹ ਕਿ ਸ਼ਾਇਰ ਦੀ ਸਭ ਤੋਂ ਸੂਖ਼ਮ ਸਿਨਫ਼ ਗ਼ਜ਼ਲ ਨੂੰ ਵੀ ਉਹ ਤੂੰਬੀ 'ਤੇ ਗਾ ਲੈਂਦਾ ਹੈ। ਕਿਤਾਬ ਦਾ ਕਾਵਿ-ਪ੍ਰਵਚਨ ਕਿਤਾਬ ਦੇ ਨਾਂਅ ਤੋਂ ਹੀ ਅਸਾਡੇ ਹੱਥ ਆ ਜਾਂਦਾ ਹੈ, ਪੀਂਘਾਂ ਪਾਉਣਾ ਹੋਰ ਗੱਲ ਹੈ, ਪੀਂਘ ਝੂਟਣਾ ਹੋਰ ਗੱਲ ਤੇ ਜ਼ਿੰਦਗੀ ਦੀ ਪੀਂਘ ਦੇ ਹੁਲਾਰੇ ਲੈਣਾ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸ਼ਾਇਰ ਅਨੁਸਾਰ ਮਨ ਦੀ ਪੀਂਘ ਦਾ ਹੁਲਾਰਾ ਤਾਂ ਹੀ ਲਿਆ ਜਾ ਸਕਦਾ ਹੈ ਜੇ ਉਸ ਕੋਲ ਸਿਹਤ ਦਾ ਧਨ ਹੈ। ਦੂਸਰਾ ਧਨ ਦੋਸਤ ਤੇ ਤੀਸਰਾ ਧਨ ਆਗਿਆਕਾਰ ਔਲਾਦ ਹੁੰਦੀ ਹੈ। ਸ਼ਾਇਰ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ, ਰਿਸ਼ਤਿਆਂ ਦੀ ਵਿਗੜ ਰਹੀ ਲਿਆਕਤ, ਫੁਕਰੇ ਰਾਂਝਿਆਂ ਤੇ ਹੀਰਾਂ ਦੇ ਇਸ਼ਕ ਦੀ ਪਾਕਦਾਮਨੀ ਨੂੰ ਤਲਾਂਜਲੀ ਦੇ ਕੇ ਜੋ ਜਿਸਮ ਦੀ ਖੇਡ ਨੂੰ ਹੀ ਇਸ਼ਕ ਸਮਝ ਬੈਠੇ ਹਨ, ਉਪਰ ਵਿਅੰਗ ਦੇ ਨਸ਼ਤਰ ਚਲਾਉਂਦਾ ਹੈ। ਸ਼ਾਇਰ ਨੂੰ ਇਤਿਹਾਸ ਮਿਥਿਹਾਸ ਦੀ ਡੂੰਘੀ ਪਕੜ ਹੈ ਪਰ ਚੰਗਾ ਹੁੰਦਾ ਜੇ ਇਨ੍ਹਾਂ ਦਾ ਮੰਥਨ ਕਰ ਕੇ ਸਮਕਾਲੀ ਸ਼ਾਇਰੀ ਦੇ ਅੰਗ-ਸੰਗ ਹੁੰਦਾ। ਜੀਵਨ ਦੀਆਂ ਸਮਝਾਉਣੀਆਂ ਨੂੰ ਸਮਝਣ ਲਈ ਇਸ ਪੁਸਤਕ ਦਾ ਪਾਠ ਬਹੁਤ ਜ਼ਰੂਰੀ ਹੈ। ਲੁਧਿਆਣੇ ਦੀ ਪ੍ਰਬੁੱਧ ਅਦੀਬਾ ਡਾ. ਗੁਰਚਰਨ ਕੌਰ ਕੋਚਰ ਵਲੋਂ ਮੁੱਖ ਬੰਦ ਵਿਚ ਕੀਤੀ ਬੋਨਸੀ ਸਿਫ਼ਤ ਪੁਸਤਕ ਦੀ ਤੰਦ ਸੂਤਰ ਅਸਾਡੇ ਹੱਥ ਫੜਾ ਦਿੰਦੀ ਹੈ। ਸਮਕਾਲੀ ਸ਼ਾਇਰੀ ਦੇ ਅੰਗ-ਸੰਗ ਹੋਣ ਲਈ ਸ਼ਾਇਰ ਨੂੰ ਗਹਿਰ-ਗੰਭੀਰ ਚਿੰਤਨ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਤੇ ਸੁਹਜਾਤਮਿਕ ਪ੍ਰਗਟਾਵੇ ਦਾ ਸ਼ਬਦ ਸਾਧਕ ਬਣ ਸਕੇ।


-ਭਗਵਾਨ ਢਿੱਲੋਂ
ਮੋਬਾਈਲ : 098143-78254


ਸ਼ਬਦ ਸਿਰਜਨਹਾਰੇ-3
ਸੰਪਾਦਕ : ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਪਰਵਿੰਦਰ ਜੀਤ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ ਰਜਿ., ਫਗਵਾੜਾ
ਮੁੱਲ : 250 ਰੁਪਏ, ਸਫ਼ੇ : 188
ਸੰਪਰਕ : 98158-02070


ਸ਼ਬਦ ਸਿਰਜਣਹਾਰੇ-3 ਕਾਵਿ-ਪੁਸਤਕ 45 ਕਵੀਆਂ ਦੀਆਂ ਰਚਨਾਵਾਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ। ਮੁੱਖ ਸਲਾਹਕਾਰ ਗੁਰਮੀਤ ਸਿੰਘ ਪਲਾਹੀ ਦੇ ਦਿਸ਼ਾ-ਨਿਰਦੇਸ਼ ਹੇਠ ਇਸ ਪੁਸਤਕ ਦੇ ਸੰਪਾਦਕੀ ਮੰਡਲ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਇਹ ਕਾਵਿ-ਪੁਸਤਕ ਸੰਪੂਰਨ ਕੀਤੀ ਹੈ। ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਦੀ ਬੇਨਤੀ ਤੇ ਸ. ਮੋਤਾ ਸਿੰਘ ਸਰਾਏ ਜੋ ਕਿ ਯੂਰਪੀ ਸੱਥ ਵਾਲਸਲ ਯੂ.ਕੇ. ਦੇ ਪ੍ਰਧਾਨ ਹਨ, ਦੇ ਯਤਨਾਂ ਨਾਲ ਇਹ ਕਾਵਿ-ਸੰਗ੍ਰਹਿ ਸੰਪੂਰਨ ਹੋਇਆ ਹੈ।
ਇਸ ਕਾਵਿ-ਸੰਗ੍ਰਹਿ ਵਿਚ 45 ਕਵੀਆਂ ਦੀਆਂ ਤਿੰਨ-ਤਿੰਨ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਕੁਝ ਸਥਾਪਿਤ ਕਵੀ ਹਨ ਤੇ ਕੁਝ ਨਵੀਆਂ ਕਲਮਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਆਰਿਫ਼ ਗੋਬਿੰਦਪੁਰੀ, ਭਜਨ ਸਿੰਘ ਵਿਰਕ, ਗੁਰਮੀਤ ਸਿੰਘ ਪਲਾਹੀ, ਗੁਰਸ਼ਰਨ ਸਿੰਘ ਅਜੀਬ, ਸੋਹਣ ਸਹਿਜਲ, ਬਲਦੇਵ ਰਾਜ ਕੋਮਲ, ਲਾਲੀ ਕਰਤਾਰਪੁਰੀ, ਇੰਦਰਜੀਤ ਸਿੰਘ ਵਾਸੂ, ਮਨੋਜ ਫਗਵਾੜਵੀ, ਜਸਵਿੰਦਰ ਕੌਰ ਫਗਵਾੜਾ, ਰਵਿੰਦਰ ਚੋਟ, ਜਸਪਾਲ ਜ਼ੀਰਵੀ, ਸੀਤਲ ਰਾਮ ਬੰਗਾ, ਕਰਮਜੀਤ ਸਿੰਘ ਸੰਧੂ, ਚਰਨਜੀਤ ਸਿੰਘ ਪੰਨੂੰ, ਕਮਲ ਬੰਗਾ ਸੈਕਰਾਮੈਂਟੋ, ਸੁਬੇਗ ਸਿੰਘ ਹੰਝਰਾ, ਸ਼ਾਮ ਸਰਗੂੰਦੀ, ਉਰਮਲਜੀਤ ਸਿੰਘ ਵਾਲੀਆ, ਐਸ. ਐਲ. ਵਿਰਦੀ, ਸੁਰਜੀਤ ਸਿੰਘ ਬੁਲਾੜੀ ਕਲਾਂ, ਬਲਵੀਰ ਕੌਰ ਬੱਬੂ ਸੈਣੀ, ਸੋਢੀ ਸੱਤੋਵਾਲੀ, ਕਮਲੇਸ਼ ਸੰਧੂ, ਸੁਖਦੇਵ ਸਿੰਘ ਗੰਢਵਾਂ, ਲਸ਼ਕਰ ਢੰਡਵਾੜਵੀ, ਬਚਨ ਗੁੜ੍ਹਾ, ਰਵਿੰਦਰ ਸਿੰਘ ਰਾਏ, ਨਗੀਨਾ ਸਿੰਘ ਬਲੱਗਣ, ਦਰਸ਼ਨ ਸਿੰਘ ਨੰਦਰਾ, ਦਵਿੰਦਰ ਸਿੰਘ ਜੱਸਲ, ਅਮਨਦੀਪ ਸਿੰਘ ਨੌਰਾ, ਦਲਜੀਤ ਮੈਹਿਮੀ ਕਰਤਾਰਪੁਰ, ਸੁਖਦੇਵ ਸਿੰਘ ਸੁੱਖ, ਗੁਰਨਾਮ ਬਾਵਾ, ਨਰੰਜਣ ਸਿੰਘ ਪਰਵਾਨਾ, ਸੁਨੀਤਾ ਮੈਦਾਨ, ਮਨਦੀਪ ਮਹਿਰਮ, ਗੁਰਮੁੱਖ ਲੋਕ ਪ੍ਰੇਮੀ, ਨਵਕਿਰਨ, ਮੀਨੂੰ ਬਾਵਾ, ਸਿਕੰਦਰ, ਅਭਿਸ਼ੇਕ ਸੂਦ, ਸੁਖਦੇਵ ਭੱਟੀ ਫ਼ਿਰੋਜ਼ਪੁਰ, ਪਰਮਜੀਤ ਕੌਰ ਅੱਪਰਾ ਕਵੀਆਂ ਦੀਆਂ ਰਚਨਾਵਾਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ।
ਸਮੁੱਚੀਆਂ ਰਚਨਾਵਾਂ ਲੋਕ ਜੀਵਨ ਦੇ ਰੰਗਾਂ ਸਮੱਸਿਆਵਾਂ ਅਤੇ ਲੋਕ ਚੁਣੌਤੀਆਂ ਦਾ ਪ੍ਰਗਟਾਵਾ ਹਨ। ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਪਰ ਭਾਸ਼ਾ ਬੜੀ ਸਰਲ ਅਤੇ ਸਹਿਜ ਹੈ। ਵਾਤਾਵਰਨ ਸੰਭਾਲ, ਨਸ਼ੇ, ਬਜ਼ੁਰਗਾਂ ਦਾ ਘੱਟ ਰਿਹਾ ਸਤਿਕਾਰ, ਹੇਠਲੇ ਵਰਗ ਦਾ ਦੁਖਾਂਤ, ਕਿਰਤੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਆਦਿ ਵਿਸ਼ਿਆਂ ਦੇ ਨਾਲ-ਨਾਲ ਦੇਸ਼ ਪ੍ਰੇਮ, ਰੁਮਾਂਟਿਕ ਵਿਸ਼ੇ ਵੀ ਇਸ ਪੁਸਤਕ ਦਾ ਸ਼ਿੰਗਾਰ ਬਣੇ ਹਨ। ਗੁਰਮੀਤ ਪਲਾਹੀ ਦੀ ਰਚਨਾ 'ਵੇ ਤੂੰ ਰਾਜੇ ਦੇ ਖੇਤ ਨਾ ਜਾਈਂ ਵੇ' ਵਿਸ਼ੇਸ਼ ਧਿਆਨ ਮੰਗਦੀ ਹੈ। ਇੰਦਰਜੀਤ ਸਿੰਘ ਵਾਸੂ ਦੀ ਰਚਨਾ ਸੱਜਣਾਂ ਬਾਝੋਂ ਕਾਹਦਾ ਸਾਵਣ ਪ੍ਰਭਾਵਸ਼ਾਲੀ ਹੈ :-
ਸੱਜਣਾ ਬਾਝੋਂ ਦੁੱਖ ਹਜ਼ਾਰਾਂ
ਕੋਮਲ ਦਿਲ ਦੀਆਂ ਟੁੱਟਣ
ਬਾਗ਼ ਬਗੀਚੇ ਸੁੰਨੇ ਲੱਗਣ
ਭਾਵਣ ਨਾ ਗੁਲਜ਼ਾਰਾਂ
ਨਾਰੀ ਕਵੀਆਂ ਦੀਆਂ ਰਚਨਾਵਾਂ ਵਿਚ ਨਾਰੀ ਸੰਵੇਦਨਾ ਦੇ ਨਾਲ ਸਮਾਜਕ ਸਰੋਕਾਰ ਮਾਨਵੀ ਰਿਸ਼ਤਿਆਂ ਦੇ ਬਦਲਦੇ ਸਮੀਕਰਨ ਬੜੀ ਕੋਮਲਤਾ ਨਾਲ ਪੇਸ਼ ਹੋਏ ਹਨ। ਨਾਰੀ ਮਨ ਦੀ ਦ੍ਰਿੜ੍ਹਤਾ ਬਾਕਮਾਲ ਹੈ :
ਅਸੀਂ ਜੋ ਠਾਣ ਲੈਂਦੇ ਹਾਂ
ਸਦਾ ਕਰਕੇ ਵਿਖਾਉਂਦੇ ਹਾਂ
ਤੇ ਦੁੱਖਾਂ ਔਕੜਾਂ ਅੱਗੇ ਕਦੇ ਨਾ ਸਿਰ ਝੁਕਾਉਂਦੇ ਹਾਂ।
(ਜਸਵਿੰਦਰ ਕੌਰ ਫਗਵਾੜਾ)
ਸਮੁੱਚ ਤੌਰ 'ਤੇ ਇਹ ਪੁਸਤਕ ਪਾਠਕਾਂ ਦੇ ਪੜ੍ਹਨਯੋਗ ਅਤੇ ਵਿਦਵਾਨਾਂ ਦੇ ਵਿਚਾਰਨਯੋਗ ਕਾਵਿ ਪੁਸਤਕ ਹੈ। ਸੰਪਾਦਕੀ ਮੰਡਲ ਨੂੰ ਵਧਾਈ।


-ਪ੍ਰੋ. ਕੁਲਜੀਤ ਕੌਰ
ਐਮਚ.ਐਮ.ਵੀ., ਜਲੰਧਰ।


ਖੰਭ ਸਨੇਹਾ
ਲੇਖਕ : ਮੁਸ਼ਤਾਕ ਸੂਫ਼ੀ
ਪੇਸ਼ਕਸ਼ : ਰਵਿੰਦਰ ਸਹਿਰਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ ; 100
ਸੰਪਰਕ : 95011-45039


ਮੁਸ਼ਤਾਕ ਸੂਫ਼ੀ ਬੇਸ਼ੱਕ ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਰਿਹਾ ਹੈ। ਪ੍ਰੰਤੂ ਉਸ ਨੇ ਆਪਣੇ ਵਤਨ 'ਚ ਪਲਰੀ, ਵਿਗਸੀ ਮਾਂ-ਬੋਲੀ ਨੂੰ ਦਿਲੋਂ ਕਦੇ ਨਹੀਂ ਵਿਸਾਰਿਆ। ਉਸ ਨੇ ਜਿਥੇ ਸ਼ਾਇਰੀ 'ਤੇ ਆਪਣਾ ਹੱਥ ਅਜਮਾਇਆ ਹੈ, ਉਥੇ ਇਸ ਨੇ ਵਾਰਤਕ, ਆਲੋਚਕਨਾ, ਸੰਪਾਦਨਾ ਮੀਡੀਆ, ਮਿਊਜ਼ਿਕ-ਪ੍ਰੋਡਕਸ਼ਨ ਅਤੇ ਕਾਲਮ-ਨਵੀਸੀ ਵਿਚ ਬਣਦਾ ਯੋਗਦਾਨ ਪਾਇਆ ਹੈ। 'ਦਿਨ ਪਾਣੀ', 'ਤਾਅ', 'ਮਿੱਟੀ ਦਾ ਮਾਸ' ਅਤੇ 'ਹੇਠ ਵਗੇ ਦਰਿਆ' ਉਸ ਦੇ ਪ੍ਰਮੁੱਖ ਕਾਵਿ-ਸੰਗ੍ਰਹਿ ਹਨ। ਰਵਿੰਦਰ ਸਹਿਰਾਅ ਖ਼ੁਦ ਵਧੀਆ ਕਵੀ ਹੈ। ਇਸੇ ਲਈ ਉਸ ਨੇ ਮੁਸ਼ਤਾਕ ਸੂਫ਼ੀ ਹੋਰਾਂ ਦਾ ਇਹ 'ਖੰਭ-ਸਨੇਹਾ' ਕਾਵਿ-ਸੰਗ੍ਰਹਿ ਇਧਰਲੇ ਪੰਜਾਬੀਆਂ ਦੀ, ਓਧਰਲੇ ਪੰਜਾਬੀ ਕਵੀਆਂ ਦੀ ਸਾਂਝ ਹਿਤ ਪ੍ਰਕਾਸ਼ਿਤ ਕਰਵਾਇਆ ਹੈ। ਇਨ੍ਹਾਂ ਕਵਿਤਾਵਾਂ ਨੂੰ ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰ ਦੀ ਭੂਮਿਕਾ ਸੁਰਿੰਦਰ ਸੋਹਲ ਅਤੇ ਜਾਵੇਦ ਬੂਟਾ ਨੇ ਬਾ-ਖ਼ੂਬੀ ਨਿਭਾਈ ਹੈ। ਰਵਿੰਦਰ ਸਹਿਰਾਅ ਨੇ ਮੁਸ਼ਤਾਕ ਸੂਫ਼ੀ ਦੀਆਂ 'ਔਖੇ ਵਰ੍ਹਿਆਂ ਵਿਚ ਗੀਤ' ਤੋਂ ਲੈ ਕੇ 'ਕੱਲ੍ਹ ਦੀ ਭਲਕ' ਤੱਕ 39 ਕਵਿਤਾਵਾਂ ਨੂੰ ਇਸ ਕਾਵਿ-ਸੰਗ੍ਰਹਿ ਵਿਚ ਸੰਕਲਿਤ ਕੀਤਾ ਹੈ। 'ਸਾਡਾ ਤਾਂ ਕੁਝ ਵੀ ਵੰਡਿਆ ਨਹੀਂ' ਕਵਿਤਾ ਰਵਿੰਦਰ ਸਹਿਰਾਅ ਦੇ ਕਾਵਿ-ਸੰਗ੍ਰਹਿ 'ਰਿਸ਼ਤਾ' ਸ਼ਬਦ ਸਲੀਬਾਂ ਦਾ' ਵਿਚੋਂ ਲਈ ਗਈ ਹੈ। ਮੁਸ਼ਤਾਕ ਸੂਫ਼ੀ ਹੋਰਾਂ ਦੀ ਸ਼ਾਇਰੀ ਸੰਬੰਧੀ ਸੁਰਿੰਦਰ ਸੋਹਲ ਦੇ ਕਹੇ ਇਹ ਸ਼ਬਦ, 'ਖੰਭ ਸੁਨੇਹਾ' ਇਕ ਪਾਸੇ ਕਲਮੀ-ਖੰਭ ਦੇ ਅਕਸ ਚੇਤਿਆਂ 'ਚ ਉਘਾੜਦਾ ਜਿਥੇ ਹਰਫ਼, ਲਫ਼ਜ਼, ਚਿੰਤਨ ਨਾਲ ਜੋੜਦਾ ਹੈ, ਦੂਜੇ ਪਾਸੇ ਇਸ ਦੀ ਪਰਵਾਜ਼ ਪਾਠਕ-ਸੋਚ ਨੂੰ ਅਨੁਭਵ ਦੇ ਅਣਡਿੱਠੇ ਅਰਸ਼ਾਂ 'ਚ ਲੈ ਜਾਂਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਮੰਜ਼ਰ-ਕਸ਼ੀ ਬਾ-ਖ਼ੂਬੀ ਕੀਤੀ ਗਈ ਹੈ, ਉਹ ਭਾਵੇਂ ਆਤਮਿਕ ਮੰਡਲ ਦੀ ਹੋਵੇ ਜਾਂ ਫਿਰ ਬਾਹਰੀ-ਸੰਸਾਰ ਦੀ ਹੋਵੇ। ਇਹ ਸਤਰਾਂ ਦੇਖੋ :
ਸਾਡੀ ਪੱਕ ਦੀ ਡਾਰਾਂ ਗਾਲੀ
ਵੱਢ ਚੁਣਦੀ ਅੱਖ, ਮੁੱਠ ਖਾਲੀ
ਉਮਰਾਂ ਨੂੰ ਕੱਖ ਦਾ ਦਾਨ
ਕਿ ਚਿੜੀਆਂ ਉੱਡ ਗਈਆਂ
'ਤਾਰਿਆਂ ਦੀ ਲੋਅ' ਕਵਿਤਾ ਸਿਰਜਿਆ ਮੰਜ਼ਰ ਦੇਖੋ:
ਖ਼ਾਬ ਦੀ ਚਰੀ ਰੋਟੀ
ਭੁੱਖ ਦੀਆਂ ਚੰਗੇਰਾਂ ਵਿਚ
ਆਸ ਹੋ ਰਹੀ ਖੋਟੀ
ਤਾਰਿਆਂ ਦੀ ਲੋਅ ਛੋਟਾ
ਜੱਗ ਤੰਦੂਰ, ਭਾਅ ਮੱਠਾ
ਠੇਠ ਪੰਜਾਬੀ ਸ਼ਬਦਾਵਲੀ 'ਥਿਗੜੀ', 'ਤੰਦੂਰ', 'ਮਛਾਣੀ', 'ਢੀਂਗਰ', 'ਸੁੱਥਣ' ਦੀ ਵਰਤੋਂ ਕਾਵਿਕ ਭਾਸ਼ਾ ਨੂੰ ਵਧੇਰੇ ਰਸਮਈ ਅਤੇ ਵੇਗਮਈ ਤਰੰਗਾਂ ਪੈਦਾ ਕਰਦੀ ਹੈ। ਰਵਿੰਦਰ ਸਹਿਰਾਅ ਵਲੋਂ ਮੁਸ਼ਤਾਕ ਸੂਫ਼ੀ ਦਾ ਕਾਵਿ-ਸੰਗ੍ਰਹਿ 'ਖੰਭ-ਸੁਨੇਹਾ' ਏਧਰਲੇ ਪੰਜਾਬੀ ਕਾਵਿ-ਪਾਠਕ ਲਈ ਬਹੁ-ਮੁੱਲੀ ਸ਼ੋਹਰਤ ਹੈ। ਦੋਵਾਂ ਨੂੰ ਹੀ ਵਧਾਈ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਸੂਰਮੇ ਕਿ ਡਾਕੂ
ਲੇਖਕ : ਚਮਕੌਰ ਸਿੰਘ ਸੇਖੋਂ 'ਭੋਤਨਾ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98784-34738


ਪੰਜਾਬ ਇਤਿਹਾਸਕ ਸਮਿਆਂ ਤੋਂ ਹੀ ਜੰਗਾਂ-ਯੁੱਧਾਂ ਦਾ ਅਖਾੜਾ ਰਿਹਾ ਕਿਉਂਕਿ ਜਿੰਨੇ ਵੀ ਹਮਲਾਵਰ ਪੱਛਮ ਵਾਲੇ ਪਾਸਿਓਂ ਆਉਂਦੇ ਰਹੇ, ਉਹ ਪੰਜਾਬ ਵਿਚੋਂ ਦੀ ਗੁਜ਼ਰਦੇ ਹੋਏ ਹੀ ਭਾਰਤ ਦੇ ਬਾਕੀ ਹਿੱਸਿਆਂ ਦੀ ਲੁੱਟਮਾਰ ਕਰਦੇ ਹੋਏ ਫਿਰ ਇਥੋਂ ਦੀ ਹੀ ਵਾਪਸ ਪਰਤਦੇ ਰਹੇ। ਪੰਜਾਬ ਦੇ ਲੋਕ ਹਮੇਸ਼ਾ ਹੀ ਇਨ੍ਹਾਂ ਨਾਲ ਲੋਹਾ ਲੈਂਦੇ ਰਹੇ। ਉਨ੍ਹਾਂ ਹਮਲਾਵਰਾਂ ਦੀਆਂ ਹਕੂਮਤਾਂ ਕਾਇਮ ਹੋ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਉਨ੍ਹਾਂ ਨਾਲ ਹਮੇਸ਼ਾ ਹੀ ਜੂਝਦੇ ਰਹੇ। ਪੰਜਾਬ ਦੇ ਲੋਕ ਨਾਇਕ ਉਹੀ ਵਿਅਕਤੀ ਬਣੇ ਜੋ ਲੋਕਾਂ ਦੇ ਭਲੇ ਲਈ ਲੜਾਈ ਲੜਦੇ ਰਹੇ ਭਾਵੇਂ ਕਿ ਉਹ ਹਕੂਮਤ ਦੀ ਨਜ਼ਰ ਵਿਚ ਬਾਗ਼ੀ ਜਾਂ ਡਾਕੂ ਹੀ ਰਹੇ। ਮਿਸਾਲ ਵਜੋਂ ਜਿਊਣਾ ਮੌੜ, ਜੱਗਾ ਡਾਕੂ, ਸੁੱਚਾ ਸੂਰਮਾ, ਦੁੱਲਾ ਭੱਟੀ ਆਦਿ ਹਕੂਮਤ ਨਾਲ ਟੱਕਰ ਲੈਂਦੇ ਸੀ ਪਰ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਕਰਕੇ ਅਤੇ ਹਮਦਰਦੀ ਕਰਨ ਕਰਕੇ ਉਨ੍ਹਾਂ ਦੇ ਨਾਇਕ ਸਨ। 'ਸੂਰਮੇ ਕਿ ਡਾਕੂ' ਚਮਕੌਰ ਸਿੰਘ ਸੇਖੋਂ 'ਭੋਤਨਾ' ਦੀ ਅਜਿਹੀ ਹੀ ਪੁਸਤਕ ਹੈ, ਜਿਸ ਵਿਚ ਹਕੂਮਤ ਦੀਆਂ ਨਜ਼ਰਾਂ ਵਿਚ ਬਾਗ਼ੀ ਪਰ ਆਮ ਲੋਕਾਂ ਦੇ ਹਮਦਰਦ ਵਿਅਕਤੀਆਂ ਦੀ ਜੀਵਨ ਗਾਥਾ ਨੂੰ ਵਾਰਤਕ ਅਤੇ ਕਾਵਿ-ਰੰਗ ਵਿਚ ਪੇਸ਼ ਕੀਤਾ ਗਿਆ ਹੈ। ਕਿਉਂਕਿ ਚਮਕੌਰ ਸਿੰਘ 'ਭੋਤਨਾ' ਪਹਿਲਾਂ ਢਾਡੀ ਜਥੇ ਨਾਲ ਸਾਰੰਗੀ ਵਾਦਕ ਰਿਹਾ ਹੈ। ਇਸ ਕਰਕੇ ਇਹ ਪੁਸਤਕ ਉਸੇ ਹੀ ਸ਼ੈਲੀ ਵਿਚ ਲਿਖੀ ਗਈ ਹੈ। ਲੇਖਕ ਪਹਿਲਾਂ ਕਿਸੇ ਵੀ ਵਿਅਕਤੀ ਬਾਰੇ ਵਾਰਤਕ ਵਿਚ ਪ੍ਰਸੰਗ ਲਿਖਦਾ ਹੈ ਅਤੇ ਫਿਰ ਉਸੇ ਪ੍ਰਸੰਗ ਨੂੰ ਬਿਰਤਾਂਤਕ ਰੂਪ ਵਿਚ ਕਾਵਿਮਈ ਰੰਗ ਵਿਚ ਪੇਸ਼ ਕਰਕੇ ਸਰੋਤਿਆਂ ਨੂੰ ਸਟੇਜੀ ਕਵਿਤਾ ਵਾਲੇ ਰੰਗ ਦੇ ਰੂਬਰੂ ਕਰਦਾ ਹੈ। ਪੁਸਤਕ ਦੇ ਸ਼ੁਰੂ ਵਿਚ ਸਿੱਖ ਇਤਿਹਾਸ ਵਿਚੋਂ ਸਾਹਿਬਜ਼ਾਦਿਆਂ ਬਾਰੇ ਗੀਤਕ ਰਚਨਾਵਾਂ ਪੇਸ਼ ਕਰਦਿਆਂ ਸ਼੍ਰੋਮਣੀ ਭਗਤ ਬਾਬਾ ਫ਼ਰੀਦ ਜੀ ਬਾਰੇ ਇਕ ਰਚਨਾ ਪੇਸ਼ ਕੀਤੀ ਹੈ। ਬਾਅਦ ਵਿਚ ਕੁੰਡਾ ਸਿੰਘ ਗਾਜੀਆਣਾ, ਜੱਗਾ ਜੱਟ, ਕੇਸਰ ਸਿੰਘ ਹੰਢਿਆਲੇ ਵਾਲਾ ਦੀਆਂ ਬਿਰਤਾਂਤਕ ਰੂਪ ਵਿਚ ਕਾਵਿਮਈ ਜੀਵਨੀਆਂ ਪੇਸ਼ ਕੀਤੀਆਂ ਹਨ ਇਕ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਬਾਰੇ ਵੀ ਪੁਸਤਕ ਵਿਚ ਸ਼ਾਮਿਲ ਹੈ। ਇਸ ਤੋਂ ਇਲਾਵਾ ਵਾਤਾਵਰਨ ਦੀ ਸੰਭਾਲ ਅਤੇ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਅਪੀਲ ਕਰਦੀਆਂ ਕਵਿਤਾਵਾਂ ਵੀ ਪੁਸਤਕ ਵਿਚ ਸ਼ਾਮਿਲ ਹਨ।
c c c


ਸਕੂਲ ਅਤੇ ਖੇਡਾਂ
ਲੇਖਕ : ਮਨਦੀਪ ਸਿੰਘ ਸੁਨਾਮ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 58
ਸੰਪਰਕ : 94174-79449


ਖੇਡਾਂ ਮਨੁੱਖੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਖੇਡਣ ਵਾਲਾ ਵਿਅਕਤੀ ਜਿਥੇ ਸਰੀਰਕ ਤੌਰ 'ਤੇ ਸੁਡੌਲ ਅਤੇ ਬਲਵਾਨ ਹੁੰਦਾ ਹੈ, ਉਥੇ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਅਤੇ ਸੁਚੱਜੀ ਸੋਚ ਦਾ ਮਾਲਕ ਹੁੰਦਾ ਹੈ। ਅਜੋਕੇ ਭੱਜਦੌੜ ਵਾਲੇ ਅਤੇ ਤਕਨੀਕੀ ਵਿਕਾਸ ਵਾਲੇ ਯੁੱਗ ਵਿਚ ਖੇਡਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ, ਜਦੋਂ ਅਸੀਂ ਬਿਜਲਈ ਸਾਧਨਾਂ ਨਾਲ ਸਾਰਾ ਦਿਨ ਮੱਥਾ ਮਾਰਦੇ ਹਾਂ ਤਾਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਥਕਾਵਟ ਮਹਿਸੂਸ ਕਰਦੇ ਹਾਂ। ਜੇਕਰ ਇਸ ਤਰੱਕੀ ਦੇ ਯੁੱਗ ਵਿਚ ਸਾਡਾ ਵਾਹ ਵਾਸਤਾ ਖੇਡਾਂ ਨਾਲ ਪਿਆ ਹੋਵੇ ਤਾਂ ਥਕਾਵਟ ਪਲਾਂ ਵਿਚ ਹੀ ਦੂਰ ਹੋ ਜਾਂਦੀ ਹੈ। 'ਸਕੂਲ ਅਤੇ ਖੇਡਾਂ' ਮਨਦੀਪ ਸਿੰਘ ਸੁਨਾਮ ਦੀ ਅਜਿਹੀ ਹੀ ਪੁਸਤਕ ਹੈ, ਜਿਸ ਵਿਚ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਭੂਮਿਕਾ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ ਗਈ ਹੈ। ਸਕੂਲ ਵਿਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਜੇਕਰ ਖੇਡਾਂ ਵਿਚ ਵੀ ਭਾਗ ਲੈਂਦਾ ਹੈ ਤਾਂ ਜ਼ਿੰਦਗੀ ਵਿਚ ਕਾਮਯਾਬੀ ਉਸ ਦੇ ਕਦਮ ਚੁੰਮਦੀ ਹੈ। ਲੇਖਕ ਨੇ ਪੁਸਤਕ ਵਿਚ ਵਿਦਿਆਰਥੀਆਂ ਨੂੰ ਖੇਡਾਂ ਵਿਚ ਦਿਲਚਸਪੀ ਲੈਣ ਦੀ ਪ੍ਰੇਰਿਤ ਕਰਦੀ ਜਾਣਕਾਰੀ ਦੇਣ ਦੇ ਨਾਲ-ਨਾਲ ਜ਼ੋਨਲ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਸਤੁਤ ਕੀਤੀ। ਲੇਖਕ ਦਾ ਮੱਤ ਹੈ ਕਿ ਖੇਡਾਂ ਜਿਥੇ ਤੰਦਰੁਸਤੀ ਅਤੇ ਅਨੁਸ਼ਾਸਨ ਭਰੀ ਜ਼ਿੰਦਗੀ ਪ੍ਰਦਾਨ ਕਰਦੀਆਂ ਹਨ, ਉਥੇ ਖੇਡਾਂ ਮਨੁੱਖ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਲੇਖਕ ਨੇ ਆਪਣੀ ਪੁਸਤਕ ਵਿਚ ਮਿਲਖਾ ਸਿੰਘ, ਮੇਜਰ ਧਿਆਨ ਚੰਦ, ਅਭਿਨਵ ਬਿੰਦਰਾ, ਨੀਰਜ ਚੋਪੜਾ, ਐਮ. ਸੀ. ਮੈਰੀਕਾਮ ਦੀਆਂ ਸੰਖੇਪ ਜੀਵਨੀਆਂ, ਉਨ੍ਹਾਂ ਦੀਆਂ ਖੇਡ ਵਿਸ਼ੇਸ਼ ਖੇਤਰ ਵਿਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਰਾਸ਼ਟਰੀ ਖੇਡ ਪੁਰਸਕਾਰਾਂ ਬਾਰੇ ਵੀ ਦਿਲਚਸਪ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਪੁਸਤਕ ਦੇ ਅਖ਼ੀਰ ਵਿਚ ਖੇਡਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਕਾਵਿ-ਰਚਨਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਸੰਖੇਪ ਹੈ ਪਰ ਜਾਣਕਾਰੀ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲੀ ਕਹਾਵਤ ਨੂੰ ਪੂਰੀ ਤਰ੍ਹਾਂ ਸਿੱਧ ਕਰਦੀ ਹੈ। ਖੇਡਾਂ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਲੇਖਕ ਦਾ

17-07-2023

 ਕਲਜੁਗਿ ਰਥੁ ਅਗਨਿ ਕਾ
ਲੇਖਕ : ਹਰਦੇਵ ਸਿੰਘ ਕਲਸੀ
ਪ੍ਰਕਾਸ਼ਕ : ਸਪੀਕਰ ਮੀਡੀਆ ਹਾਊਸ, ਲੁਧਿਆਣਾ
ਮੁੱਲ : 251 ਰੁਪਏ, ਸਫ਼ੇ : 176
ਸੰਪਰਕ : 99144-91100

ਅੱਜ ਦੇ ਵਿਗਿਆਨਕ ਯੁੱਗ ਵਿਚ ਮਨੁੱਖ ਨੇ ਚੰਨ ਤਾਰਿਆਂ ਬਾਰੇ ਤਾਂ ਗਿਆਨ ਹਾਸਿਲ ਕਰ ਲਿਆ ਹੈ, ਪਰ ਗੁਰਬਾਣੀ ਦੇ ਮਹਾਂਵਾਕ 'ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥' ਅਨੁਸਾਰ ਉਸ ਨੇ ਆਪਣੇ ਅੰਦਰ ਝਾਤੀ ਮਾਰ ਕੇ ਆਪਣਾ ਮੂਲ ਪਛਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਹਰਮੁਖੀ ਤੌਰ 'ਤੇ ਗੁਰਬਾਣੀ ਦਾ ਪਾਠ ਕਰਦੇ ਹੋਏ ਵੀ ਬਹੁਤੇ ਲੋਕ ਕਰਮ-ਕਾਂਡਾਂ ਤੇ ਵਹਿਮਾਂ-ਭਰਮਾਂ ਵਿਚ ਫਸੇ ਹੋਏ ਹਨ। ਸਿੱਖ ਧਰਮ ਦੇ ਮਹਾਨ ਵਿਰਸੇ ਅਤੇ ਗੌਰਵਮਈ ਸਿੱਖ ਇਤਿਹਾਸ ਤੋਂ ਉਹ ਨਾਵਾਕਿਫ਼ ਹਨ। ਇਸ ਪੁਸਤਕ ਦੇ ਲੇਖਕ ਹਰਦੇਵ ਸਿੰਘ ਕਲਸੀ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਅਜਿਹੇ ਲੋਕਾਂ ਨੂੰ ਵਹਿਮਾਂ-ਭਰਮਾਂ 'ਚੋਂ ਕੱਢਣ ਦਾ ਉਪਰਾਲਾ ਕੀਤਾ ਹੈ। ਪੁਸਤਕ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਘੋਰ ਕਲਯੁੱਗ ਦੀ ਹਾਲਤ ਬਿਆਨ ਕੀਤੀ ਹੈ ਅਤੇ ਕਹਾਣੀ ਰੂਪ ਵਿਚ ਲਿਖੇ 22 ਸੰਖੇਪ ਲੇਖਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਨ੍ਹਾਂ ਕਹਾਣੀਨੁਮਾ ਲੇਖਾਂ ਨੂੰ ਨਿਵੇਕਲੇ ਢੰਗ ਦੁਆਰਾ ਪੇਸ਼ ਕੀਤਾ ਗਿਆ ਹੈ। ਗੁਰਮੁਖ ਸਿੰਘ ਦੇ ਕਾਲਪਨਿਕ ਨਾਂਅ ਹੇਠ ਲੇਖਕ ਹਰ ਕਹਾਣੀ ਵਿਚ ਮੁੱਖ ਪਾਤਰ ਵਜੋਂ ਵਿਚਰ ਕੇ ਗੁਰਮਤਿ ਬਾਰੇ ਪਾਠਕਾਂ ਨਾਲ ਵਿਚਾਰ ਸਾਂਝੇ ਕਰਦਾ ਹੈ। ਅਜਿਹੇ 22 ਸੰਖੇਪ ਲੇਖਾਂ ਰਾਹੀਂ ਲੇਖਕ ਕਲਯੁੱਗ ਦਾ ਵਰਤਾਰਾ ਪ੍ਰਸਤੁਤ ਕਰਦਾ ਹੈ। ਪਹਿਲੀ ਕਹਾਣੀ ਵਿਚ ਗੁਰਮੁਖ ਸਿੰਘ ਆਪਣੇ ਬਚਪਨ ਦੇ ਦੋਸਤ, ਜੋ ਘਰੋਗੀ ਕਲਾ-ਕਲੇਸ਼ ਤੋਂ ਦੁਖੀ ਹੋ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ, ਨੂੰ ਨਾਮ ਬਾਣੀ ਅਤੇ ਸਤਸੰਗਿ ਦੇ ਰਾਹ 'ਤੇ ਲੈ ਆਉਂਦਾ ਹੈ। ਦੂਜੀ ਕਹਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਬਾਰੇ ਸੇਧ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਥਾ-ਕੀਰਤਨ ਵੱਲ ਧਿਆਨ ਨਾ ਦੇ ਕੇ ਅਸੀਂ ਏਧਰ-ਉਧਰ ਵੇਖਦੇ ਤੇ ਆਪਸ ਵਿਚ ਹੌਲੀ-ਹੌਲੀ ਗੱਲਾਂ ਵੀ ਕਰੀ ਜਾਂਦੇ ਹਾਂ ਜਾਂ ਮੋਬਾਈਲ ਫੋਨ ਵਾਚਦੇ ਰਹਿੰਦੇ ਹਾਂ। ਬਾਣੀ ਦਾ ਸ਼ੁੱਧ-ਪਾਠ ਵੀ ਅਸੀਂ ਨਹੀਂ ਕਰਦੇ। ਅੱਜ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਪੂਰਨ ਮਰਿਆਦਾ ਨਾਲ ਕਰਨ ਦੀ ਲੋੜ ਹੈ। ਇਸ ਤੋਂ ਅਗਲੇ ਲੇਖਾਂ ਵਿਚ ਵੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ (ਕਿਵ ਕੂੜੇ ਤੁਟੈ ਪਾਲਿ) ਵਿਚ ਮਨੁੱਖ ਨੂੰ ਵਿਕਾਰਾਂ ਤੋਂ ਛੁਟਕਾਰਾ ਪਾਉਣ ਅਤੇ ਗੁਰਬਣੀ ਦੇ ਸੱਚੇ ਮਾਰਗ ਉੱਪਰ ਗੁਰਮਤਿ ਅਨੁਸਾਰ ਚੱਲਣ ਬਾਰੇ ਚਾਨਣਾ ਪਾਇਆ ਗਿਆ ਹੈ। ਹੇਠ ਲਿਖੇ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ : ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ, ਅਉਖਧੁ ਤੇਰੋ ਨਾਮੁ ਦਇਆਲ, ਨਾਮਰਤੇ ਸਦਾ ਸੁਖੁ ਹੋਈ ਆਦਿ ਬਿਨ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ, ਕਿਵ ਸਚਿਆਰਾ ਹੋਈਐ, ਸ਼ਬਦ ਦੀ ਵਿਆਖਿਆ ਅਤੇ ਟੀਕਾ, ਸਤ ਸੰਗਤਿ ਮਿਲੇ ਸੁ ਤਰਿਆ ਆਦਿ। ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਪੁਸਤਕ ਦੀ ਛਪਾਈ ਵਿਚ ਸ਼ਬਦ ਜੋੜਾਂ ਅਤੇ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਰਹਿ ਜਾਂਦੀਆਂ ਹਨ, ਜਿਹੜੀ ਕਿ ਆਮ ਗੱਲ ਹੈ। ਪ੍ਰੰਤੂ ਜੇਕਰ ਇਹ ਗ਼ਲਤੀਆਂ ਗੁਰਬਾਣੀ ਨਾਲ ਸੰਬੰਧਿਤ ਹੋਣ ਤਾਂ ਇਹ ਇਕ ਗੰਭੀਰ ਤਰੁਟੀ ਮੰਨੀ ਜਾਂਦੀ ਹੈ। ਉਪਰੋਕਤ ਪੁਸਤਕ ਵਿਚ ਅਜਿਹੀਆਂ ਬੇਸ਼ੁਮਾਰ ਗ਼ਲਤੀਆਂ ਰਹਿ ਗਈਆਂ ਹਨ, ਨਮੂਨੇ ਮਾਤਰ ਹੀ ਇਥੇ ਕੁਝ ਲਿਖੀਆਂ ਜਾ ਰਹੀਆਂ ਹਨ।
ਅਸ਼ੁੱਧ
-ਜਿਨ ਮਨੁ ਹੋਰ ਮੁਖਿ ਹੈਰਿ
-ਜਨਮ ਮਰਨ ਦੁਹੂੰ ਮਹਿ ਨਾਹੀ
-ਕਿਵ ਕੂੜੈ ਤੁਟਿ ਪਾਲਿ
ਸ਼ੁੱਧ
-ਜਿਨੁ ਮਨਿ ਹੋਰੁ ਮੁਖਿ ਹੋਰੁ
-ਜਨਮ ਮਰਣ ਦੁਹਹੂ ਮਹਿ ਨਾਹੀ
-ਕਿਵ ਕੂੜੈ ਤੁਟੈ ਪਾਲਿ

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

 

 


ਸਮਕਾਲੀ ਪੰਜਾਬੀ ਕਵਿਤਾ ਸੰਦਰਭ ਅਤੇ ਸਮੀਖਿਆ
ਮੁੱਖ ਸੰਪਾਦਕ : ਹਰਮੇਲ ਸਿੰਘ
ਸਹਿ-ਸੰਪ.: ਬਲਵਿੰਦਰ ਸਿੰਘ ਚਹਿਲ
ਪ੍ਰਕਾਸ਼ਕ : ਸਪਤਰਿਸ਼ੀ ਪਬੀਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 98762-25201

ਅਜੋਕੀ ਕਵਿਤਾ ਨੂੰ ਸਮਕਾਲੀਨ ਪ੍ਰਸਥਿਤੀਆਂ ਅਨੁਕੂਲ ਸਿਰਜਣਾ ਪੱਖੋਂ, ਨਿਭਾਅ ਪੱਖੋਂ ਅਤੇ ਇਸ ਦੇ ਪ੍ਰਭਾਵੀ ਅਰਥਾਂ ਨੂੰ ਸਮਝ ਕੇ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨਾਂ ਦੁਆਰਾ ਰਚਿਤ ਖੋਜ-ਲੇਖਾਂ ਦਾ ਨਿਰੂਪਣ ਇਹ ਪੁਸਤਕ ਹੈ। ਪੁਸਤਕ ਵਿਚ ਸੰਪਾਦਕੀ ਸਹਿਤ ਵੀਹ ਚੈਪਟਰਾਂ ਤਹਿਤ ਪੁਸਤਕ ਨੂੰ ਸੰਪੂਰਨ ਕੀਤਾ ਗਿਆ ਹੈ। ਇਨ੍ਹਾਂ ਖੋਜ-ਲੇਖਾਂ ਦੇ ਲੇਖਕ ਕੋਈ ਸਾਧਾਰਨ ਨਹੀਂ ਹਨ, ਸਗੋਂ ਵਿਸ਼ੇਸ਼ ਪ੍ਰਤਿਭਾ ਦੇ ਧਾਰਿਕ ਹਨ। ਡਾ. ਯੋਗਰਾਜ 'ਨਵ ਕਵਿਤਾ ਦੀ ਪੜ੍ਹਤ' ਦੇ ਅੰਤਰਗਤ ਸਮਕਾਲੀਨ ਕਵਿਤਾ ਦੀਆਂ ਬੁਨਿਆਦੀ ਅਤੇ ਸੰਭਾਵਨਾ-ਮੁਖੀ ਪਰਤਾਂ ਨੂੰ ਪਛਾਣ ਕਰਵਾਉਂਦਾ ਹੈ। ਡਾ. ਆਤਮ ਸਿੰਘ ਰੰਧਾਵਾ ਨੇ ਇੱਕਵੀਂ ਸਦੀ ਦੀ ਪੰਜਾਬੀ ਕਵਿਤਾ ਦੇ ਨੈਣ-ਨਕਸ਼ਾਂ ਨੂੰ ਵਿਸ਼ੈਗਤ ਅਤੇ ਰੂਪਾਗਤ ਪੱਖਾਂ ਤੋਂ ਪਛਾਣਿਆ ਹੈ। ਇਸੇ ਪ੍ਰਸੰਗ ਤਹਿਤ ਡਾ. ਮਨਮੋਹਨ ਨੇ ਜਗਤਾਰ ਦੀ ਕਵਿਤਾ ਦੇ ਸਰੋਕਾਰ ਅਤੇ ਵਿਲੱਖਣ ਭਾਵਾਂ ਦੀ ਕਾਵਿਕਾਰੀ ਲੇਖਾਂ ਵਿਚ ਆਪਣੇ ਭਾਵ-ਪੂਰਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਹਰਮੇਲ ਸਿੰਘ (ਮੁੱਖ ਸੰਪਾਦਕ) ਨੇ ਅੰਬਰੀਸ਼ ਕਾਵਿ ਵਿਚਲੇ ਮਨੁੱਖੀ ਅਤੇ ਕੁਦਰਤੀ ਸੰਬੰਧਾਂ ਦੀ ਅਤੇ 'ਬਿਨ ਰੁਖ ਰਿਜ਼ਕ ਨਾ ਰਾਸ' ਦਾ ਵਿਸ਼ਲੇਸ਼ਣ ਕੀਤਾ ਹੈ। ਇਸੇ ਪ੍ਰਸੰਗਤਾ ਵਿਚ ਡਾ. ਪ੍ਰਵੀਨ ਕੁਮਾਰ, ਡਾ. ਦਵਿੰਦਰ ਬੋਹਾ, ਬਲਵਿੰਦਰ ਸਿੰਘ ਚਹਿਲ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਆਧੁਨਿਕ ਸਮਕਾਲੀ ਕਵੀਆਂ ਦੇ ਕਾਵਿ-ਸੰਗ੍ਰਹਿਾਂ ਅਤੇ ਸਮਕਾਲੀ ਸਮੁੱਚੀ ਕਵਿਤਾ ਵਿਚੋਂ ਉੱਭਰਦੇ ਪਛਾਣ ਚਿੰਨ੍ਹਾਂ ਨੂੰ ਹਵਾਲਿਆਂ ਸਹਿਤ ਮਾਨਵੀ ਜੀਵਨ-ਸ਼ੈਲੀ ਨਾਲ ਜੋੜਦਿਆਂ ਹੋਇਆਂ ਇਸ ਦੇ ਦੁਖਦ ਅਤੇ ਲਘੂ ਮਾਨਵੀ ਸਰੋਕਾਰਾਂ ਦਾ ਜ਼ਿਕਰ ਬਾ-ਖ਼ੂਬੀ ਕੀਤਾ ਹੈ। ਇਸੇ ਤਰ੍ਹਾਂ ਹਰਿੰਦਰ ਸਿੰਘ, ਗੁਰਦੀਪ ਸਿੰਘ, ਦੀਪਕ ਧਲੇਵਾਂ ਅਤੇ ਅਰਵਿੰਦਰ ਕੌਰ ਕਾਕੜਾ ਨੇ ਆਪੋ-ਆਪਣੇ ਖੋਜ ਨਿਬੰਧਾਂ ਵਿਚ ਮਿੱਠੇ-ਕੁਸੈਲੇ ਅਤੇ ਠੰਢੇ ਪਾਣੀ ਦੇ ਦਵੰਦ, ਸੂਖ਼ਮ ਹਿੰਸਾ, ਮਾਨਵਤਾ ਦੀ ਮਿੱਥ ਅਤੇ ਸਮਕਾਲੀ ਪ੍ਰਸੰਗਾਂ ਤੋਂ ਇਲਾਵਾ ਅਤੀਤ ਦੇ ਰੁਮਾਂਸ ਨੂੰ ਤਾਂਘਦੀ ਕਵਿਤਾ ਅਤੇ ਮਾਨਵੀ ਅਨੁਭਵਾਂ ਦਾ ਸੰਵਾਦਵਾਦੀ ਚਿਤਰਨ ਡੂੰਘੀ, ਅਧਿਐਨ ਪੱਧਤੀ ਤੋਂ ਕੀਤਾ ਹੈ। ਉੱਘੇ ਚਿੰਤਕ ਡਾ. ਮੋਹਨ ਤਿਆਗੀ ਨੇ ਕੁਲਵਿੰਦਰ ਦੀ ਗ਼ਜ਼ਲਕਾਰੀ ਬਾਬਤ ਉਸ ਦੀ ਰਚਨਾ 'ਸ਼ਾਮ ਦੀ ਸਾਖ਼ ਤੇ' 'ਤੇ ਆਧਾਰਿਤ ਉਸ ਦੀ ਸਮੁੱਚੀ ਰਚਨਾਤਮਿਕ ਸਮਰੱਥਾ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਇਹ ਪੁਸਤਕ ਸਮਕਾਲ ਦੀ ਕਵਿਤਾ ਨੂੰ ਸਮਝਣ, ਸਮਝਾਉਣ ਅਤੇ ਅਧਿਐਨ ਖੇਤਰ ਦਾ ਮਾਧਿਅਮ ਬਣਾਉਣ ਲਈ ਬਹੁਤ ਸਾਰਥਕ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਹਰੀ ਸਿੰਘ ਨਲੂਆ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 120 ਰੁਪਏ, ਸਫ਼ੇ : 112
ਸੰਪਰਕ : 94178-55876

ਹਰੀ ਸਿੰਘ ਢੁੱਡੀਕੇ 2004 ਤੋਂ ਨਾਵਲ ਦੇ ਖੇਤਰ ਵਿਚ ਗਤੀਸ਼ੀਲ ਹੈ। ਉਹ ਹੁਣ ਤੱਕ 14 ਨਾਵਲ (ਜਿਨ੍ਹਾਂ ਵਿਚ 7 ਇਤਿਹਾਸਕ ਨਾਵਲ, 1 ਬਾਲ ਨਾਵਲ, 1 ਸਮਾਜਿਕ ਨਾਵਲ, 1 ਹੱਡ ਵਰਤੀ ਨਾਵਲ, 4 ਨਾਵਲ), 1 ਬਾਲ ਕਾਵਿ ਸੰਗ੍ਰਹਿ, 2 ਜੀਵਨੀ ਪੁਸਤਕਾਂ, 1 ਜੀਵਨ ਕਥਾ, 1 ਵਾਰਤਕ ਪੁਸਤਕ, 1 ਪਿੰਡ ਬਾਰੇ ਪੁਸਤਕ ਸਮੇਤ ਕੁੱਲ 20 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ।
ਹਰੀ ਸਿੰਘ ਨਲੂਆ ਗੁਜਰਾਂਵਾਲਾ ਦੇ ਗੁਰਦਿਆਲ ਸਿੰਘ (ਜੋ ਸ਼ੁਕਰਚੱਕੀਆ ਮਿਸਲ ਦਾ ਕੁਮੇਦਾਨ ਰਹਿ ਚੁੱਕਾ ਸੀ) ਅਤੇ ਧਰਮ ਕੌਰ ਦਾ ਬੇਟਾ ਸੀ। ਬਚਪਨ ਵਿਚ ਪਿਤਾ ਦੀ ਮੌਤ ਹੋ ਜਾਣ ਕਰਕੇ ਉਹਦੀ ਪੜ੍ਹਾਈ-ਲਿਖਾਈ ਨਾਨਕੇ ਘਰ ਹੋਈ, ਜਿੱਥੇ ਉਹਨੂੰ ਜਿਸਮਾਨੀ ਕਰਤਬ ਵਿਚ ਅਭਿਆਸ ਕਰਨ ਦਾ ਸ਼ੌਕ ਪੈ ਗਿਆ। ਉਹ 15 ਕੁ ਸਾਲ ਦੀ ਉਮਰ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸ਼ਾਮਿਲ ਹੋ ਗਿਆ ਸੀ ਤੇ ਇਸ ਤੋਂ ਪਹਿਲਾਂ ਉਹਨੇ ਮਹਾਰਾਜੇ ਦੇ ਸਾਹਮਣੇ ਘੋੜ ਸਵਾਰੀ ਅਤੇ ਤਲਵਾਰਬਾਜ਼ੀ ਵਿਚ ਜੌਹਰ ਵਿਖਾ ਕੇ ਮਹਾਰਾਜਾ ਤੋਂ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ।
ਇਕ ਵਾਰ ਉਹ ਮਹਾਰਾਜਾ ਨਾਲ ਸ਼ਿਕਾਰ 'ਤੇ ਗਿਆ ਤਾਂ ਨਿਹੱਥੇ ਹਰੀ ਸਿੰਘ ਨੇ ਇਕ ਖੂੰਖਾਰ ਸ਼ੇਰ ਨੂੰ ਭੁੰਜੇ ਸੁੱਟ ਕੇ ਤਲਵਾਰ ਨਾਲ ਮਾਰ ਮੁਕਾਇਆ ਸੀ। ਛੋਟੇ-ਛੋਟੇ 21 ਕਾਂਡਾਂ ਵਿਚ ਵਿਉਂਤਬੱਧ ਇਹ ਨਾਵਲ ਹਰੀ ਸਿੰਘ ਨਲੂਆ ਦੀ ਜਾਂਬਾਜ਼ੀ ਨੂੰ ਰੇਖਾਂਕਿਤ ਕਰਦਾ ਹੈ। ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰੋਧੀ ਨਵਾਬਾਂ ਨਾਲ ਹੋਈਆਂ ਲੜਾਈਆਂ ਅਤੇ ਇਨ੍ਹਾਂ ਵਿਚ ਨਲੂਆ ਦੀ ਬਹਾਦਰੀ ਦੇ ਸੋਹਲਿਆਂ ਦਾ ਗੁਣਗਾਨ ਕੀਤਾ ਗਿਆ ਹੈ। ਜਿੱਥੇ ਵੀ ਹਰੀ ਸਿੰਘ ਨੇ ਜੌਹਰ ਵਿਖਾਏ, ਮਹਾਰਾਜਾ ਨੇ ਖੁਸ਼ ਹੋ ਕੇ ਉਹਨੂੰ ਵੱਡੇ ਤੋਂ ਵੱਡਾ ਰੁਤਬਾ ਪ੍ਰਦਾਨ ਕੀਤਾ।
ਸਿੱਖ ਕਾਲ ਵਿਚ ਹਰੀ ਸਿੰਘ ਨਲੂਆ ਅਜਿਹਾ ਸੂਰਬੀਰ ਜਰਨੈਲ ਸੀ, ਜਿਸ ਨੇ ਪੰਜਾਬ ਦੀ ਆਨ, ਬਾਨ ਤੇ ਸ਼ਾਨ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ। ਅੱਜ ਤੱਕ ਪਠਾਣ ਔਰਤਾਂ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਹਰੀ ਸਿੰਘ ਦਾ ਡਰਾਵਾ ਦਿੰਦੀਆਂ ਹਨ-'ਚੁੱਪ ਸ਼ਾ ਬੱਚੇ, ਹਰੀਆ ਰਾਗਲੇ।' ਹਰੀ ਸਿੰਘ ਢੁੱਡੀਕੇ ਨੇ ਇਹ ਇਤਿਹਾਸਕ ਨਾਵਲ ਲਿਖ ਕੇ ਸਾਡੇ ਸ਼ਾਨਾਮੱਤੇ ਤੇ ਗੌਰਵਮਈ ਇਤਿਹਾਸ ਨਾਲ ਸਾਂਝ ਪੁਆਈ ਹੈ, ਜਿਸ ਲਈ ਲੇਖਕ ਮੁਬਾਰਕ ਦਾ ਹੱਕਦਾਰ ਹੈ।

-ਪ੍ਰੋ. ਨਵ ਸੰਗੀਤ ਸਿੰਘ
navsangeetsingh1957@gmail.com

 


ਥੇਹ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 110
ਸੰਪਰਕ : 94638-36591

ਪੰਜਾਬੀ ਸਾਹਿਤ ਵਿਚ ਜਸਬੀਰ ਭੁੱਲਰ ਦਾ ਉੱਘੜਵਾਂ ਨਾਂਅ ਹੈ। 'ਥੇਹ' ਉਸ ਦਾ ਸੱਜਰਾ 10ਵਾਂ ਨਾਵਲ ਹੈ। ਉਸ ਦੇ ਸੱਤ ਕਹਾਣੀ ਸੰਗ੍ਰਹਿ, ਇਕ ਕਾਵਿ-ਸੰਗ੍ਰਹਿ, ਮੁਲਾਕਾਤਾਂ ਦੀਆਂ ਤਿੰਨ ਪੁਸਤਕਾਂ, ਪੰਜ ਵਾਰਤਕ ਪੁਸਤਕਾਂ, ਦੋ ਸਵੈ-ਜੀਵਨੀ ਪੁਸਤਕਾਂ ਤੇ ਲਗਭਗ ਬਾਲ ਸਾਹਿਤ ਦੀਆਂ 13 ਪੁਸਤਕਾਂ ਛਪ ਚੁੱਕੀਆਂ ਹਨ। ਸੈਨਿਕ ਜੀਵਨ ਨਾਲ ਸੰਬੰਧਿਤ ਉਸ ਦੀਆਂ ਕਹਾਣੀਆਂ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ। ਉਹ ਨਿੱਠ ਕੇ ਲਿਖਣ ਵਾਲਾ ਉੱਚ-ਦੁਮਾਲੜਾ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ, ਸਾਹਿਤ ਅਕਾਦਮੀ ਦਿੱਲੀ ਤੇ ਕਈ ਹੋਰ ਨਾਮਵਰ ਅਦਾਰਿਆਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਬੋਚ-ਬੋਚ ਕੇ ਬੋਲਣ ਵਾਲਾ ਤੇ ਪੈਰ੍ਹਿਆਂ ਦੀ ਥਾਂ ਵਾਕਾਂ 'ਚ ਗੱਲ ਕਹਿਣ ਦੀ ਮੁਹਾਰਤ ਰੱਖਦਾ ਹੈ। ਹਥਲਾ ਨਾਵਲ 'ਥੇਹ' ਬਾਰੇ ਉਹ ਆਪ ਹੀ ਸਪੱਸ਼ਟ ਕਰਦਾ ਹੈ : ਇਹ ਨਾਵਲ ਕੁਝ ਹੋਰ ਜਿਹਾ, ਹੱਕ-ਹਕੂਕ ਦੇ ਬਾਗਾਂ ਅੰਦਰ, ਪੈਲਾਂ ਪਾਉਂਦੇ ਮੋਰ ਜਿਹਾ । ਇਸ ਨਾਵਲ ਦੀ ਸਾਰੀ ਕਥਾ ਮਨੋ-ਕਲਪਿਤ (6antas਼ Stor਼) ਹੈ ਜਿਹੜੀ ਅਮੀਰ ਕਲਪਨਾ 'ਤੇ ਆਧਾਰਿਤ ਡੂੰਘੇ ਅਨੁਭਵ ਦਾ ਪ੍ਰਗਟਾਵਾ ਹੈ। ਆਮ ਬੋਲ-ਚਾਲ 'ਚ ਥੇਹ ਖੰਡਰ ਹੋਈ ਨਗਰੀ (ਪਿੰਡ/ਸ਼ਹਿਰ) ਨੂੰ ਕਿਹਾ ਜਾਂਦਾ ਹੈ ਜਿੱਥੇ ਪਹਿਲਾਂ ਘਰ ਵਸਦੇ ਲੋਕਾਂ ਦਾ ਵਾਸਾ ਹੁੰਦਾ ਸੀ ਪਰੰਤੂ ਉਹ ਲੋਕ ਤੇ ਉਨ੍ਹਾਂ ਦਾ ਸੱਭਿਆਚਾਰ ਗੁਆਚ ਗਿਆ। ਉਹ ਲੋਕ ਜਿਊਂਦੇ ਵੀ ਮੋਇਆਂ ਵਰਗੇ ਬਣ ਕੇ ਰਹਿ ਗਏ। ਇਸ ਨਾਵਲ ਦੀ ਕਹਾਣੀ 1947 ਦੇ ਬੀਤੇ ਦੁਖਾਂਤ ਤੋਂ ਆਰੰਭ ਹੁੰਦੀ ਹੈ ਕਿਵੇਂ ਲੋਕਾਂ (ਹਿੰਦੂ, ਸਿੱਖ ਤੇ ਮੁਸਲਮਾਨ) ਦੇ ਜਨੂਨ ਨੇ ਕਤਲੋਗਾਰਤ ਕੀਤੀ ਤੇ ਲੋਕਾਈ ਇਕ ਥੇਹ ਦਾ ਪ੍ਰਤੀਕ ਬਣ ਗਈ। ਬਲਬੀਰ ਕੌਰ ਤੇ ਨਾਹਰ ਸਿੰਘ ਦੇ ਦੋ ਪੁੱਤਰ ਗੁਰੀ ਤੇ ਬੱਲੀ (ਵਿਦਿਆਰਥੀ) ਇਸ ਨਾਵਲ ਦੇ ਮੁੱਖ-ਪਾਤਰ ਹਨ ਜਿਹੜੇ ਥੇਹ ਹੋਏ ਪਿੰਡ ਦੀ ਭਾਲ ਵਿਚ ਧਰਤੀ ਤੋਂ ਥੱਲੇ ਵਸਦੇ ਮਨੋ-ਕਲਪਿਤ ਪਿੰਡ ਦੀ ਭਾਲ ਵਿਚ ਸੰਘਰਸ਼ ਕਰਦੇ ਹਨ। ਇਹ ਸਾਰਾ ਬਿਰਤਾਂਤ ਭੁੱਲਰ ਨੇ ਰੌਚਿਕ-ਸ਼ੈਲੀ-ਰਾਹੀਂ ਦ੍ਰਿਸ਼ਟਮਾਨ ਕੀਤਾ ਹੈ। ਦੋਵੇਂ ਬੱਚੇ ਜਗਿਆਸਾ ਰੱਖਦੇ ਹਨ ਤੇ ਭਾਲ ਜਾਰੀ ਰੱਖਦੇ ਹਨ। ਚਾਨਣ ਉਸੇ ਲਈ ਹੁੰਦਾ ਜੀਹਨੂੰ ਹਨੇਰੇ ਨਾਲ ਲੜਨਾ ਆਉਂਦਾ ਹੋਵੇ। ਇਸ ਕਥਨ ਅਨੁਸਾਰ ਬੱਲੀ ਤੇ ਗੁਰੀ ਆਪਣਾ ਸਫ਼ਰ ਜਾਰੀ ਰੱਖਦੇ ਹਨ। ਕੰਡਿਆਲੇ ਰਾਹ, ਸੁਰੰਗ, ਢੱਠੇ ਖੂਹ, ਸੱਪ-ਸਪੋਲੀਏ, ਚਮਗਿੱਦੜਾਂ ਤੇ ਕਈ ਹੋਰ ਡਰਾਉਣੇ ਜੀਵ ਬੱਲੀ ਤੇ ਗੁਰੀ ਨੂੰ ਡਰਾਉਂਦੇ ਹਨ ਪਰੰਤੂ ਉਨ੍ਹਾਂ, ਦੀ ਸਹਾਇਤਾ ਬਜ਼ੁਰਗ ਬਾਬਾ ਤੇ ਬੁੱਢੀ ਮਾਈ ਕਥਾ ਅਨੁਸਾਰ ਕਰਦੇ ਰਹਿੰਦੇ ਹਨ। ਜੋਸ਼ੀ ਖ਼ਰਗੋਸ਼ ਉਨ੍ਹਾਂ ਦੀ ਅਗਵਾਈ ਕਰਦਾ: 'ਜੇ ਪੈਰਾਂ ਹੇਠ ਰਾਹ ਨਾ ਹੋਵੇ ਤਾਂ ਵੀ ਤੁਰਨਾ ਧਰਮ ਹੈ। ਤੁਰਿਆਂ ਰਾਹ ਬਣ ਜਾਂਦਾ ਹੈ।' ਲੇਖਕ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦੀ ਗੱਲ ਕਰਦਾ-ਕਰਦਾ ਇਹ ਨਾਵਲ ਗੰਭੀਰ ਮਸਲਿਆਂ ਦੀ ਪੈਰਵੀ ਵੀ ਕਰਦਾ ਹੈ: 'ਰੋਟੀ ਦੀ ਭੁੱਖ ਲਈ, ਆਸ ਬੰਦੇ ਨੂੰ ਤੋਰੀ ਰੱਖਦੀ ਹੈ। ਇਸ ਆਸ ਨਾਲ ਤੁਰੇ ਜਾ ਰਹੇ ਹਾਂ ਕਿ ਉੱਥੇ ਰੋਟੀ ਮਿਲ ਜਾਊ।' ਜਿਸ ਨੂੰ ਰਾਜਸੀ ਸੱਤਾ ਮਿਲ ਜਾਵੇ (ਭਾਵੇਂ ਰਾਜਾ ਹੋਵੇ ਜਾਂ ਦੇਸ਼ ਦਾ ਮੁੱਖ ਨੇਤਾ) ਉਸ ਨੇ ਜ਼ੁਲਮ ਕਰਨਾ ਹੀ ਹੁੰਦਾ ਹੈ ਤੇ ਉਹ ਲੋਕਾਂ ਦਾ ਸ਼ੋਸ਼ਣ ਵੀ ਕਰਦਾ। ਉਨ੍ਹਾਂ ਨੂੰ ਹਰ ਹੀਲੇ ਗ਼ੁਲਾਮ ਬਣਾਉਂਦਾ, ਉਨ੍ਹਾਂ ਦੇ ਸੁਪਨਿਆਂ ਦਾ ਕਤਲ ਕਰਦਾ। ਇਸ ਵਰਤਾਰੇ ਨੂੰ ਲੇਖਕ ਨੇ ਕਲਾਤਮਿਕ ਵਿਧੀ ਰਾਹੀਂ ਸਮਕਾਲ ਦੀ ਗੱਲ ਵੀ ਕਹਿ ਦਿੱਤੀ ਹੈ: 'ਲੂੰਬੜੀ ਕਿਤਾਬਾਂ ਤੋਂ ਡਰ ਰਹੀ ਸੀ। ਰਾਜਾ ਵੀ ਕਿਤਾਬਾਂ ਤੋਂ ਡਰਦਾ ਹੈ। ਮੈਨੂੰ ਲਗਦਾ ਹੈ ਕਿਤਾਬਾਂ ਆਪਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਵਾ ਸਕਦੀਆਂ ਹਨ।' ਰਾਜੇ ਦੇ ਮਹੱਲਾਂ ਦਾ ਵਰਨਣ, ਰਾਜੇ ਦੇ ਮੰਤਰੀ-ਦਰਬਾਰੀ ਲੂੰਬੜ ਤੇ ਲੂੰਬੜੀਆਂ ਦੇ ਪ੍ਰਤੀਕਾਂ ਰਾਹੀਂ ਬਹੁਤ ਕੁਝ ਪਾਠਕ ਨੂੰ ਸਮਝਾ ਜਾਂਦੇ ਹਨ। ਬੁੱਢੀ ਮਾਈ ਦੇ ਪ੍ਰਵਚਨ ਗੁਰੀ ਤੇ ਬੱਲੀ ਨੂੰ ਸਮਝਾਉਂਦੇ ਹਨ: 'ਰਾਜਿਆਂ ਨੂੰ ਆਪਣੀ ਪਰਜਾ ਦੇ ਰਹਿਣ ਲਈ ਥੇਹ ਚਾਹੀਦੇ ਹੁੰਦੇ ਨੇ। ਉਨ੍ਹਾਂ ਦੀ ਸ਼ੈਤਾਨੀ-ਜਾਦੂਗਰੀ ਜਿਉਂਦਿਆਂ ਉੱਤੇ ਨਹੀਂ ਚਲਦੀ। ਉਨ੍ਹਾਂ ਮੋਇਆਂ ਉੱਤੇ ਚਲਦੀ ਜਿਹੜੇ ਜਿਉਂਦਿਆਂ ਵਾਂਗੂ ਦਿਸਦੇ ਹੋਣ।' ਇਸ ਸੰਕਲਪ ਨੂੰ ਹੋਰ ਸਪੱਸ਼ਟ ਕਰਨ ਵਾਲੇ ਬੋਲ: 'ਸਾਡਾ ਅੰਨ ਚੋਰੀ ਹੋ ਗਿਆ। ਸਾਡੀ ਮਿਹਨਤ ਚੋਰੀ ਹੋ ਗਈ। ਸਾਡੇ ਖੇਤ ਚੋਰੀ ਹੋ ਗਏ। ਬਾਤਾਂ ਚੋਰੀ ਹੋ ਗਈਆਂ। ਸਾਡੇ ਗੀਤ ਵੀ ਚੋਰੀ ਹੋ ਗਏ। ਮਾਰੋ ਰਲ ਕੇ ਉਸ ਚੋਰ ਨੂੰ, ਜਿਹੜਾ ਰਾਜਾ ਬਣ ਕੇ ਬਹਿ ਗਿਆ।' ਖੱਜਲ ਖ਼ੁਆਰ ਹੁੰਦੇ ਗੁਰੀ ਤੇ ਬੱਲੀ ਆਪਣੇ ਘਰ ਪਰਤਦੇ ਹਨ ਤੇ ਅੰਤ 'ਤੇ ਨਿਰਣਾ ਕਰਦੇ ਹਨ: ਜਿਹੜਾ ਹਨੇਰੇ ਨਾਲ ਲੜਨਾ ਜਾਣਦਾ ਹੋਵੇ, ਉਹਦੇ ਲਈ ਹਨੇਰਾ ਕਿਧਰੇ ਵੀ ਨਹੀਂ ਹੁੰਦਾ। ਜਸਬੀਰ ਭੁੱਲਰ ਨੇ ਦੱਸਿਆ ਹੈ ਕਿ ਇਹ ਨਾਵਲ ਵੱਖਰੀ ਜੁਗਤ ਵਾਲਾ ਬੱਚਿਆਂ ਲਈ ਵੀ ਹੈ ਅਤੇ ਪ੍ਰੋੜ-ਪਾਠਕਾਂ ਲਈ ਵੀ ਹੈ। ਮਨੋ-ਕਲਪਿਤ ਸ਼ੈਲੀ ਵਾਲਾ ਡਾ. ਹਰਜੀਤ ਸਿੰਘ ਦਾ ਬਾਲ-ਨਾਵਲ 'ਸੱਚੀ-ਮੁੱਚੀ, ਐਵੇਂ-ਮੁੱਚੀ' (2022) ਗੋਗੋ ਰੋਬੋ ਅਤੇ ਆਲੋਕ (ਬੱਚਾ) ਵੀ ਇਸ ਵਿਧੀ ਨਾਲ ਲਿਖਿਆ ਯਾਦ ਆਉਂਦਾ ਹੈ। 'ਥੇਹ' ਨਾਵਲ 'ਚ ਉੱਘੇ ਚਿੱਤਰਕਾਰ ਜਗਦੀਪ ਗਰਚਾ ਦੇ ਬਣਾਏ ਸਤਾਰਾਂ ਕਾਂਡਾਂ ਦੀ ਕਹਾਣੀ ਨੂੰ ਰੂਪਮਾਨ ਕਰਦੇ ਅਠਾਰਾਂ ਅਦਭੁੱਤ ਚਿੱਤਰ ਹਨ, ਜੋ ਸੱਚਮੁੱਚ ਥੇਹ ਦੀ ਮਿੱਟੀ ਵਿਚ ਗੁੰਨ੍ਹੇ ਹੋਏ ਲੱਗਦੇ ਹਨ। ਕਈ ਹੋਰ ਅਹਿਮ ਵਿਸ਼ਿਆਂ ਨੂੰ ਵੀ ਨਾਵਲ ਵਿਚ ਸੰਜੋਇਆ ਗਿਆ ਹੈ, ਜਿਨ੍ਹਾਂ ਨੂੰ ਪੜ੍ਹਿਆਂ ਹੀ ਪਤਾ ਲਗਦਾ ਹੈ। ਇਸ ਨਾਵਲ ਦੀ ਕਥਾ ਨੂੰ ਕਲਪਿਤ-ਦ੍ਰਿਸ਼ਾਂ ਰਾਹੀਂ ਅੱਗੇ-ਅੱਗੇ ਤੋਰਨ ਦਾ ਹੁਨਰ ਬਾ-ਕਮਾਲ ਹੈ ਤੇ ਲੋਕ-ਕਹਾਣੀਆਂ ਦੀਆਂ ਅਲੌਕਿਕ ਘਟਨਾਵਾਂ ਨੂੰ ਪੁਨਰ-ਸੁਰਜੀਤ ਕਰਨਾ, ਇਸ ਨਾਵਲ ਦੀ ਵਿਲੱਖਣਤਾ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਸਹਿਜਮਤੀਆਂ
ਲੇਖਕ : ਸਹਿਜਪ੍ਰੀਤ ਸਿੰਘ ਮਾਂਗਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 96391-00006

ਸ਼ਾਇਰ ਸਹਿਜਪ੍ਰੀਤ ਸਿੰਘ ਮਾਂਗਟ, ਹਥਲੀ ਕਾਵਿ-ਕਿਤਾਬ 'ਸਹਿਜਮਤੀਆਂ' ਤੋਂ ਪਹਿਲਾਂ ਦੋ ਕਾਵਿ-ਸੰਗ੍ਰਹਿ 'ਤਾਰਿਆਂ ਭਰਿਆ ਅੰਬਰ' ਅਤੇ 'ਮੇਰਾ ਯਕੀਨ ਕਰੀਂ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਹਥਲੀ ਕਿਤਾਬ ਨੇ ਪੰਜਾਬੀ ਪਾਠਕਾਂ ਦਾ ਇਸ ਕਦਰ ਧਿਆਨ ਖਿੱਚਿਆ ਕਿ 2020 ਤੋਂ ਬਾਅਦ 2023 ਵਿਚ ਇਸ ਦਾ ਦੂਜੀ ਐਡੀਸ਼ਨ ਛਾਪਣਾ ਪਿਆ। ਸ਼ਾਇਰ ਦੀ ਪੁਖਤਗੀ ਦਾ ਉਸ ਦੀ ਪਹਿਲੀ ਹੀ ਨਜ਼ਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ, ਜਿਥੇ ਉਹ ਅਰਦਾਸ ਕਰਦਿਆਂ ਸਭਨਾਂ ਲਈ ਰਿਜ਼ਕ ਅਤੇ ਲਹਿਜੇ ਵਿਚ ਪੁਖਤਗੀ ਦੀ ਦੁਆ ਕਰਦਾ ਹੈ। ਇਸ ਕਾਵਿ-ਕਿਤਾਬ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਿਤਾਬ ਦੇ ਨਾਂਅ 'ਸਹਿਜਮਤੀਆਂ' ਤੋਂ ਹੀ ਅਸਾਡੇ ਹੱਥ ਆ ਜਾਂਦੀ ਹੈ, ਜਦੋਂ ਉਹ ਅਸਹਿਜ ਹੋਣ ਤੋਂ ਸਹਿਜ ਹੋਣ ਦਾ ਸਫ਼ਰ ਤੈਅ ਕਰਦਾ ਹੈ। ਉਹ ਵਕਤ ਨਾਲ ਦਸਤਪੰਜਾ ਲੈਣ ਲਈ ਠਾਹ ਸੋਟਾ ਨਹੀਂ ਮਾਰਦਾ ਤੇ ਸਹਿਜਤਾ ਦਾ ਪੱਲਾ ਫੜੀ ਰੱਖਦਾ ਹੈ। ਉਹ ਦਿੱਲੀ ਦਰਬਾਰ ਦੇ ਭਗਵੇਂ ਬ੍ਰਿਗੇਡ ਦੇ ਸਿਪਾਹਾਸਲਾਰ ਵਲੋਂ ਸਿਰਜੇ ਆਪਣੀ ਹੀ ਕਿਸਮ ਦੇ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਆਮ ਸਿਰਜੇ ਮਾਪਦੰਡਾਂ ਦੇ ਬਖੀਏ ਉਧੇੜਦਾ ਕਹਿੰਦਾ ਹੈ ਕਿ ਤੇਰੇ 'ਮਨ ਕੀ ਬਾਤ' ਦੇ ਭਰਮਜਾਲ ਅਤੇ 'ਭਾਰਤ ਮਾਤਾ ਕੀ ਜੈ' ਤੇ 'ਬੰਦੇ ਮਾਤਰਮ' ਦੀ ਸਰਗਮ ਹੁਣ ਬੇਸੁਰੀ ਹੋਣ ਵਾਲੀ ਹੈ ਕਿਉਂਕਿ ਜਨਤਾ ਹੁਣ ਤੇਰੇ ਭਰਾਂਤੀਆਂ ਦੇ ਚੱਕਰਵਿਊ 'ਚੋਂ ਬਾਹਰ ਨਿਕਲਣ ਲਈ ਨਵੇਂ ਸੂਰਜ ਵਾਂਗ ਜੰਗਲ ਰਾਜ ਦੇ ਹਨੇਰੇ ਤੋਂ ਨਿਜਾਤ ਪਾਉਣ ਲਈ ਜਾਗਰੂਕ ਹੋ ਰਹੀ ਹੈ। ਉਹ ਕਲਮਕਾਰਾਂ ਦੀਆਂ ਮਰ ਰਹੀਆਂ ਜ਼ਮੀਰਾਂ ਦੇ ਵੀ ਹੁੱਝ ਮਾਰਦਾ ਹੈ ਜੋ ਚੰਦ ਅਸ਼ਰਫ਼ੀਆਂ ਦੀ ਖ਼ਾਤਰ ਸਰਕਾਰੀ ਵਜ਼ੀਫ਼ੇ ਤੇ ਮਾਣ ਸਨਮਾਨਾਂ ਲਈ ਠਾਕੀਆਂ ਜੀਭਾਂ ਵਾਲੇ ਬਣ ਗਏ ਹਨ। ਉਹ ਗੋਦੀ ਮੀਡੀਆ ਦੇ ਵੀ ਲਾਹਣਤਾਂ ਦੀ ਵਾਛੜ ਮਾਰਦਾ ਹੈ ਜੋ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਭੂਮਿਕਾ ਨਹੀਂ ਨਿਭਾਅ ਰਹੇ ਤੇ ਕਾਲੀਆਂ ਭੇਡਾਂ ਦੇ ਦੁਮਛੱਲਾ ਬਣ ਗਏ ਹਨ। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਖ਼ੁਦਕੁਸ਼ੀਆਂ ਤੇ ਸਲਫਾਸ ਦੀ ਫ਼ਸਲ ਉਗਣ ਕਾਰਨ ਜੋ ਸਿਵਿਆਂ ਦੇ ਭਾਂਬੜ ਦਾ ਧੂੰਆਂ ਰੰਗਲੇ ਪੰਜਾਬ ਨੂੰ ਬਦਰੰਗ ਕਰ ਰਿਹਾ ਉਸ ਨੂੰ ਠੱਲ੍ਹ ਪਾਉਣ ਲਈ ਆਪਣੇ ਕਾਵਿ-ਧਰਮ ਨਾਲ ਆਪਣਾ ਬਣਦਾ ਫਰਜ਼ ਨਿਭਾਅ ਰਿਹਾ ਹੈ। ਉਹ ਘੱਟ ਗਿਣਤੀਆਂ ਦੇ ਸ਼ੋਸ਼ਣ ਲਈ ਵੀ ਹਾਅ ਦਾ ਨਾਅਰਾ ਲਗਾਉਂਦਾ ਹੈ। ਇਸ ਜੰਗਲ ਰਾਜ ਵਿਚ ਦਰੋਪਤੀਆਂ ਦੇ ਹੋ ਰਹੇ ਚੀਰਹਰਨ ਸਮੇਂ, ਸਮੇਂ ਦੇ ਕੌਰਵਾਂ ਅੱਗੇ ਅੱਖਾਂ ਮੀਟੀ ਬੈਠੇ ਅੱਜ ਦੇ ਪਾਂਡਵਾਂ ਦੀ ਗ਼ੈਰਤ ਨੂੰ ਵੀ ਵੰਗਾਰਦਾ ਹੈ। ਉਹ ਮਿਥ ਦਾ ਪੁਨਰ ਸਿਰਜਣ ਕਰਦਿਆਂ ਰਾਵਣ ਨੂੰ ਬ੍ਰਹਮਗਿਆਨੀ ਦੀ ਸੰਗਿਆ ਦਿੰਦਾ ਹੈ ਤੇ ਬਦੀ 'ਤੇ ਨੇਕੀ ਦੀ ਜਿੱਤ ਲਈ ਹਰ ਸਾਲ ਕੀਤਾ ਅਡੰਬਰ ਦਰ ਅਸਲ ਆਪਣੇ ਗੁਨਾਹ ਛੁਪਾਉਣ ਦਾ ਹੀ ਹੀਲਾ ਵਸੀਲਾ ਹੈ। ਸ਼ਾਇਰੀ ਦਾ ਗਿਰਾਫ਼ ਉਤਾਂਹ ਹੀ ਚਲਿਆ ਜਾ ਰਿਹਾ ਹੈ ਤੇ ਕਿਤੇ ਵੀ ਝੋਲ ਨਹੀਂ ਮਾਰਦਾ। ਸ਼ਾਇਰੀ ਦੇ ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254

16-07-2023

 ਗੁਰੂ ਕੇ ਬਾਗ਼ ਵਿਚ ਗੋਰੇਸ਼ਾਹੀ ਤੂਫ਼ਾਨ
ਲੇਖਕ : ਗਿਆਨੀ ਨਿਰੰਜਨ ਸਿੰਘ 'ਸਰਲ'
ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 94170-49417

ਸੁਤੰਤਰਤਾ ਸੰਗਰਾਮ ਵਿਚ ਗੁਰੂ ਕਾ ਬਾਗ਼ ਦੇ ਮੋਰਚੇ ਦਾ ਵਿਲੱਖਣ ਅਤੇ ਉੱਚਾ ਸਥਾਨ ਹੈ। ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਜਦੋਂ ਅਜੇ ਅੰਗਰੇਜ਼ ਸਰਕਾਰ ਵਿਰੁੱਧ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਲਈ ਵਿਚਾਰ ਵਟਾਂਦਰਾ ਹੀ ਕਰ ਰਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਕਾ ਬਾਗ਼ ਦੇ ਮੋਰਚੇ ਦੌਰਾਨ ਇਸ ਨੂੰ ਅਮਲੀ ਰੂਪ ਵਿਚ ਅਪਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੋਰਚਾ ਤਿੰਨ ਮਹੀਨੇ ਜਾਰੀ ਰਿਹਾ। ਇਸ ਅਰਸੇ ਦੌਰਾਨ ਸਾਢੇ ਪੰਜ ਹਜ਼ਾਰ ਤੋਂ ਵੱਧ ਸਿੱਖਾਂ ਨੇ ਗ੍ਰਿਫ਼ਤਾਰੀ ਦਿੱਤੀ, ਜੋ ਆਪਣੇ ਆਪ ਵਿਚ ਬੇਮਿਸਾਲ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਸੱਤਿਆਗ੍ਰਹਿ ਲਈ ਰਵਾਨਾ ਹੋਣ ਵਾਲੇ ਜਥਿਆਂ ਨੇ ਬਿਨਾਂ ਸੀ ਕੀਤਿਆਂ ਪੁਲਿਸ ਦੇ ਜ਼ੁਲਮ ਨੂੰ ਸਹਿਣ ਕੀਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਖ਼ਿਲਾਫ਼ਤ ਪਾਰਟੀ ਨਾਲ ਸੰਬੰਧਿਤ ਕੌਮੀ ਆਗੂਆਂ ਦੇ ਪ੍ਰਤੀਨਿਧਾਂ ਨੇ ਅਕਾਲੀ ਲਹਿਰ ਦੇ ਪੱਖ ਵਿਚ ਆਵਾਜ਼ ਉਠਾਈ। ਸਮੁੱਚੀ ਅਕਾਲੀ ਲਹਿਰ ਵਿਚ ਇਹ ਮੋਰਚਾ ਲਹਿਰ ਦਾ ਸਿਖ਼ਰ ਹੋ ਨਿੱਬੜਿਆ। ਇਸ ਵਿਚਾਰ ਵਿਚੋਂ 'ਰੋਜ਼ਨਾਮਚਾ ਮੋਰਚਾ ਗੁਰੂ ਕਾ ਬਾਗ਼' ਪੁਸਤਕ ਤਿਆਰ ਹੋਈ।
ਗਿਆਨੀ ਨਿਰੰਜਨ ਸਿੰਘ 'ਸਰਲ' ਦੀ ਰਚਨਾ 'ਗੁਰੂ ਕੇ ਬਾਗ਼ ਵਿਚ ਗੋਰੇਸ਼ਾਹੀ ਤੂਫ਼ਾਨ' ਨੂੰ ਡਾ. ਗੁਰਦੇਵ ਸਿੰਘ ਸਿੱਧੂ ਨੇ ਸੰਪਾਦਕ ਕੀਤਾ ਹੈ। ਭਾਵੇਂ ਹਥਲੀ ਪੁਸਤਕ ਦਾ ਮੁੱਖ ਭਾਗ ਗਿਆਨੀ ਨਿਰੰਜਨ ਸਿੰਘ 'ਸਰਲ' ਦੀ ਰਚਨਾ 'ਗੁਰੂ ਕੇ ਬਾਗ਼ ਵਿਚ ਗੋਰੇਸ਼ਾਹੀ ਤੂਫ਼ਾਨ' ਹੀ ਹੈ। ਇਸ ਵਿਚ ਰਚਨਾਵਾਂ ਦੋ ਪ੍ਰਕਾਰ ਦੀਆਂ ਹਨ: ਪਹਿਲੀਆਂ ਪੈਂਫਲਿਟਾਂ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ ਰਚਨਾਵਾਂ ਅਤੇ ਦੂਜੀਆਂ ਫੁਟਕਲ ਕਵਿਤਾਵਾਂ ਜੋ ਸਮੇਂ-ਸਮੇਂ ਸਮਕਾਲੀ ਅਖ਼ਬਾਰਾਂ ਵਿਚ ਛਪੀਆਂ। ਇਨ੍ਹਾਂ ਨੂੰ ਵਿਭਿੰਨ ਸਰੋਤਾਂ ਤੋਂ ਇਕੱਤਰ ਕਰਕੇ ਇਸ ਸੰਗ੍ਰਹਿ ਵਿਚ ਸਥਾਨ ਦਿੱਤਾ ਗਿਆ ਹੈ। ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅਕਾਲੀ ਲਹਿਰ ਦੌਰਾਨ ਹੋਈ ਅਤੇ 1922 ਵਿਚ ਲੱਗਾ ਗੁਰੂ ਕੇ ਬਾਗ਼ ਦਾ ਮੋਰਚਾ ਇਸ ਲਹਿਰ ਦਾ ਅਹਿਮ ਪੜਾਅ ਸੀ।
ਅਕਾਲੀਆਂ ਦੇ ਸਾਮਰਾਜੀ ਅੰਗਰੇਜ਼ ਸਰਕਾਰ ਵਿਰੁੱਧ ਕੀਤੇ ਸੰਘਰਸ਼ ਬਾਰੇ ਦਸੰਬਰ 1922 ਵਿਚ ਪ੍ਰੋ: ਰੁਚੀ ਰਾਮ ਸਾਹਨੀ ਨੇ ਇਉਂ ਲਿਖਿਆ ਸੀ ਸਿੱਖਾਂ ਵਿਚ ਆਈ ਮਾਅਰਕੇ ਦੀ ਸੱਜਰੀ ਜਾਗ੍ਰਿਤੀ, ਆਪਣੇ ਇਤਿਹਾਸਕ ਧਰਮ ਅਸਥਾਨਾਂ ਦੇ ਸੁਧਾਰ ਅਤੇ ਮੁਕਤੀ ਲਈ ਉਨ੍ਹਾਂ ਦੇ ਸੰਘਰਸ਼, ਉਨ੍ਹਾਂ ਦੀਆਂ ਜਿੱਤਾਂ ਅਤੇ ਨਿਰਾਸ਼ਤਾਵਾਂ ਦੀ ਕਹਾਣੀ ਹਰ ਥਾਂ ਬੜੇ ਧਿਆਨ ਅਤੇ ਦਿਲਚਸਪੀ ਨਾਲ ਪੜ੍ਹੀ ਜਾਵੇਗੀ। ਵੀਹਵੀਂ ਸਦੀ ਦੇ ਮਹਾਂ-ਕਾਵਿ ਦੇ ਨਾਇਕ ਸਾਨੂੰ ਅਕਾਲੀ ਜਥਿਆਂ ਵਿਚ ਸ਼ਾਮਿਲ ਮੁੱਖ ਤੌਰ ਉੱਤੇ ਸਧਾਰਨ ਪੇਂਡੂ ਦਿਖਾਈ ਦਿੱਤੇ ਹਨ। ਇਹ ਸਾਰੀ ਗਾਥਾ ਸਚੁਮੱਚ ਹੀ ਸਾਡੀ ਸਿਮਰਤੀ ਵਿਚ ਓਨੇ ਹੀ ਪਿਆਰ, ਸਤਿਕਾਰ ਅਤੇ ਸ਼ਲਾਘਾ ਨਾਲ ਸੰਭਾਲਣਯੋਗ ਹੈ ਜਿਵੇਂ ਪੁਰਾਤਨ ਮਹਾਂ-ਕਾਵਿ ਸੰਭਾਲੇ ਗਏ ਹਨ। ਉਹ ਦਿਨ ਦੂਰ ਨਹੀਂ ਜਦੋਂ ਸ਼ਾਨਦਾਰ ਆਦਰਸ਼ਵਾਦ ਤੋਂ ਪ੍ਰੇਰਿਤ ਨਾਇਕਤਵ ਦੀ ਵਿੱਥਿਆ ਨੂੰ ਕੋਈ ਉਚ ਕੋਟੀ ਦਾ ਕਵੀ ਆਪਣੀ ਰਚਨਾ ਸਦਕਾ ਅਮਰ ਬਣਾ ਦੇਵੇਗਾ। ਸੰਪਾਦਕ ਖੋਜੀ ਬਿਰਤੀ ਦਾ ਮਾਲਕ ਹੈ, ਉਸ ਨੂੰ ਇਸ ਸੰਬੰਧੀ ਖੋਜ ਕਰਦਿਆਂ ਤਿੰਨ ਵੱਡੇ ਕਾਵਿ ਗ੍ਰੰਥ ਕ੍ਰਮਵਾਰ ਗਿਆਨੀ ਨਿਰੰਜਨ ਸਿੰਘ 'ਸਰਲ', ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਅਤੇ ਗਿਆਨੀ ਬਿਸ਼ਨ ਸਿੰਘ ਦੇ ਲਿਖੇ ਪ੍ਰਾਪਤ ਹੋਏ ਹਨ।
ਗਿਆਨੀ ਨਿਰੰਜਨ ਸਿੰਘ 'ਸਰਲ' ਨੇ ਸਰਗਰਮੀ ਨਾਲ ਮੋਰਚੇ ਵਿਚ ਭਾਗ ਲਿਆ ਸੀ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਸ੍ਰੀ ਦਰਬਾਰ ਸਾਹਿਬ ਸੀ ਅਤੇ ਗਿਆਨੀ ਬਿਸ਼ਨ ਸਿੰਘ ਖ਼ਾਲਸਾ ਸਕੂਲ ਅਧਿਆਪਕ ਸੀ। ਇਸ ਮੋਰਚੇ ਬਾਰੇ ਬਹੁਤ ਸਾਰੀ ਫੁਟਕਲ ਕਵਿਤਾ ਵੀ ਲਿਖੀ ਗਈ ਜੋ ਉਹਨੀਂ ਦਿਨੀਂ ਛਪਦੇ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣੀ। ਉਨ੍ਹੀਂ ਦਿਨੀਂ 'ਤੇਰਾ ਬਾਗ਼ ਹੋ ਰਿਹਾ ਵੈਰਾਨ ਬਾਬਾ' ਅਤੇ 'ਸਾਡਾ ਗੁਰੂ ਤੇ ਗੁਰੂ ਕਾ ਬਾਗ਼ ਸਾਡਾ' ਬੜੀ ਪ੍ਰਚੱਲਤ ਹੋਈ, ਕਵੀ ਦਰਬਾਰਾਂ ਵਿਚ ਅਕਸਰ ਹੀ ਅਜਿਹੀਆਂ ਲਿਖੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ ਸਨ। ਨਿਰਸੰਦੇਹ ਇਹ ਰਚਨਾਵਾਂ ਇਤਿਹਾਸਕ ਮਹੱਤਵ ਤਾਂ ਰੱਖਦੀਆਂ ਹਨ। ਹਥਲੀ ਪੁਸਤਕ ਸਾਹਿਤਕ ਪੱਖੋਂ ਵੀ ਬਹੁਮੁੱਲੀ ਅਤੇ ਪਾਠਕਾਂ ਲਈ ਲਾਹੇਵੰਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਸਰਕਾਰੀ ਛੁੱਟੀਆਂ
ਲੇਖਕ : ਰਾਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 89689-46129

ਲੇਖਕ ਲੰਮੇ ਸਮੇਂ ਤੋਂ ਲੇਖਣੀ ਦੇ ਲੜ ਲੱਗਾ ਇਕ ਅਹਿਮ ਹਸਤਾਖ਼ਰ ਹੈ। ਉਸ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਬਹੁਤ ਸਾਰੀਆਂ ਛਪਣ ਹਿਤ ਤਿਆਰ ਹਨ। ਲਗਭਗ ਸਾਰੇ ਹੀ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਕ ਪੈਸੇ ਲੈ ਕੇ ਛਾਪਦੇ ਹਨ। ਕਵਿਤਾ ਦੀ ਨਿਸਬਤ ਵਧੇਰੇ ਕਰਕੇ ਕਹਾਣੀ, ਨਾਵਲ ਦਾ ਖ਼ਾਸ ਸਕੋਪ ਹੁੰਦਾ ਹੈ। ਹਥਲੀ ਪੁਸਤਕ ਜਿਹੀਆਂ ਆਮ ਜਾਣਕਾਰੀ ਦੀਆਂ ਕਿਤਾਬਾਂ ਵਿਕਣ ਦੀ ਵੀ ਸੰਭਾਵਨਾ ਹੁੰਦੀ ਹੈ ਕਿਉਂਕਿ ਆਮ ਪਾਠਕ ਇਨ੍ਹਾਂ ਨੂੰ ਆਪਣੀ ਜਾਣਕਾਰੀ ਹਿਤ ਸਹਿਜਿਆਂ ਹੀ ਪੜ੍ਹ ਸਕਦਾ ਹੈ। ਇਸ ਕਿਤਾਬ ਵਿਚ ਮਹਾਂਪੁਰਖਾਂ ਤੇ ਤਿਉਹਾਰਾਂ ਸੰਬੰਧੀ ਕੁੱਲ 25 ਕੁ ਲੇਖ ਸ਼ਾਮਿਲ ਕੀਤੇ ਗਏ ਹਨ। ਲੇਖ ਨਿੱਕੇ ਤੇ ਸੰਖੇਪ ਹਨ, ਪਾਠਕ ਇਕ-ਇਕ ਕਰਕੇ ਪੂਰੀ ਕਿਤਾਬ ਬਿਨਾਂ ਕਿਸੇ ਔਕੜ ਜਾਂ ਰੁਕਾਵਟ ਦੇ ਪੜ੍ਹ ਸਕਦਾ ਹੈ।
ਪਹਿਲਾ ਲੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੈ। ਦੂਸਰਾ ਗਣਤੰਤਰ ਦਿਵਸ ਸੰਬੰਧੀ। ਭਗਤ ਰਵਿਦਾਸ ਜੀ, ਹੋਲੀ, ਹੋਲਾ-ਮਹੱਲਾ, ਵਿਸਾਖੀ, ਪਰਸੂ ਰਾਮ ਜੈਯੰਤੀ, ਦੁਸਹਿਰਾ, ਮਹਾਂਰਿਸ਼ੀ ਵਾਲਮੀਕਿ, ਵਿਸ਼ਵਕਰਮਾ ਦਿਵਸ, ਗੁਰੂ ਤੇਗ ਬਹਾਦਰ ਜੀ ਬਾਰੇ ਸਾਰੇ ਹੀ ਲੇਖ ਜਾਣਕਾਰੀ ਭਰਪੂਰ ਹਨ ਅਤੇ ਖ਼ਾਸ ਕਰਕੇ ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਲਈ ਬਹੁਤ ਲਾਹੇਵੰਦ ਹਨ। ਦਰਅਸਲ ਸਰਕਾਰੀ ਕੈਲੰਡਰਾਂ ਉੱਪਰ ਤਾਂ ਕੇਵਲ ਸਰਕਾਰੀ ਛੁੱਟੀਆਂ ਹੀ ਦਰਜ ਹੁੰਦੀਆਂ ਹਨ। ਤਿਉਹਾਰਾਂ ਤੇ ਮਹਾਂਪੁਰਖਾਂ ਦੀ ਅਹਿਮੀਅਤ ਬਾਰੇ ਤਾਂ ਇਸ ਪੁਸਤਕ ਦੇ ਲੇਖਾਂ ਵਿਚ ਹੀ ਦਰਜ ਕੀਤਾ ਮਿਲਦਾ ਹੈ। ਭਾਰਤੀ ਸੰਵਿਧਾਨ ਦਾ ਨਿਰਮਾਤਾ-ਡਾ. ਭੀਮ ਰਾਓ ਅੰਬੇਡਕਰ ਬਾਰੇ ਲੇਖ ਵਿਚ ਅੰਕਿਤ ਕਰਦਿਆਂ ਲੇਖਕ ਉਨ੍ਹਾਂ ਦਾ ਜਨਮ 14 ਅਪ੍ਰੈਲ, 1891 ਈਸਵੀ ਨੂੰ ਮਹੂ (ਮੱਧ ਪ੍ਰਦੇਸ਼) ਦੱਸਦਾ ਹੈ। ਇਵੇਂ ਹੀ ਲਗਭਗ ਸਾਰੇ ਤਿੱਥ ਤਿਉਹਾਰਾਂ ਤੇ ਹੋਰ ਮਹਾਂਪੁਰਸ਼ਾਂ ਬਾਰੇ ਲੇਖਕ ਜਵਾਬੀ ਢੰਗ ਨਾਲ ਆਪਣੀ ਗੱਲ ਤੱਥਾਂ 'ਤੇ ਆਧਾਰਿਤ ਕਰਦਾ ਹੈ। ਕੇਵਲ ਸਰਕਾਰੀ ਮੁਲਾਜ਼ਮ ਹੀ ਨਹੀਂ ਅਜਿਹੇ ਲੇਖ ਵਿਦਿਆਰਥੀਆਂ, ਸਿਖਿਆਰਥੀਆਂ ਲਈ ਵੀ ਕੰਮ ਦੀ ਸ਼ੈਅ ਹਨ। ਅਜਿਹੀਆਂ ਪੁਸਤਕਾਂ ਦਾ ਆਪਣਾ ਮਹੱਤਵ ਹੁੰਦਾ ਹੈ। ਸਿਰੜੀ ਲੇਖਕ ਰਾਬਿੰਦਰ ਸਿੰਘ ਰੱਬੀ ਤੋਂ ਭਵਿੱਖ ਵਿਚ ਹੋਰ ਵੀ ਇਵੇਂ ਦੀਆਂ ਸਾਰਥਕ ਪੁਸਤਕਾਂ ਦੀ ਉਮੀਦ ਰੱਖਣੀ ਕੁਥਾਂ ਨਹੀਂ ਹੋਵੇਗੀ।

-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

ਨੈਤਿਕ ਜੀਵਨ
ਲੇਖਕ : ਪ੍ਰਿੰ: ਰਾਮ ਕਿਸ਼ਨ ਪਵਾਰ
ਪ੍ਰਕਾਸ਼ਕ : ਬਸੰਤ-ਸੁਹੇਲ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 98785-60181

'ਨੈਤਿਕ ਜੀਵਨ' ਪ੍ਰਿੰਸੀਪਲ ਰਾਮ ਕਿਸ਼ਨ ਪਵਾਰ ਦਾ ਲੇਖ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ 19 ਲੇਖ ਲਿਖੇ ਹਨ। ਵਿਗਿਆਨ ਨੇ ਭਾਵੇਂ ਤਰੱਕੀ ਕਰ ਲਈ ਹੈ ਪਰ ਅਜੋਕੇ ਮਨੁੱਖ ਦੀ ਤ੍ਰਾਸਦੀ ਜੋ ਹੋ ਰਹੀ ਹੈ, ਉਸ ਦਾ ਬਿਆਨ ਹੀ ਇਸ ਪੁਸਤਕ ਦੇ ਸਮੁੱਚੇ ਪਾਠਾਂ ਵਿਚ ਕੀਤਾ ਗਿਆ ਹੈ ਕਿ ਕਿਵੇਂ ਮਨੁੱਖ ਆਪਣਿਆਂ ਨਾਲੋਂ ਟੁੱਟ ਰਿਹਾ ਹੈ। ਪਹਿਲਾ ਅਧਿਆਏ 'ਮਾਂ-ਬੋਲੀ ਦੀ ਮਹੱਤਤਾ' ਵਿਚ ਦੱਸਿਆ ਗਿਆ ਹੈ ਕਿ ਹਰ ਖੇਤਰ ਦੀ ਆਪਣੀ ਮਾਂ-ਬੋਲੀ ਹੁੰਦੀ ਹੈ ਜਿਸ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਅਗਲੇ ਲੇਖ 'ਮਨੁੱਖ ਅਤੇ ਧਰਮ' ਵਿਚ ਧਰਮ ਬਾਰੇ ਦੱਸਿਆ ਹੈ ਕਿ ਕੋਈ ਵੀ ਧਰਮ ਕੱਟੜ ਨਹੀਂ ਹੋਣਾ ਚਾਹੀਦਾ। ਧਰਮ ਮਨੁੱਖ ਲਈ ਹੁੰਦਾ ਹੈ ਪਰ ਇਸ ਨੂੰ ਨਿੱਜੀ ਜਾਇਦਾਦ ਨਹੀਂ ਸਮਝਣਾ ਚਾਹੀਦਾ । ਜਿਵੇਂ ਡਾ. ਇਕਬਾਲ ਕਹਿੰਦੇ ਹਨ ਕਿ:
'ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ'।
ਅਗਲੇ ਪਾਠ 'ਮਨੁੱਖੀ ਸ਼ਕਤੀ ਦਾ ਸਰੋਤ ਗਿਆਨ' ਵਿਚ ਦੱਸਿਆ ਗਿਆ ਹੈ ਕਿ ਅਜੋਕੇ ਜ਼ਮਾਨੇ ਵਿਚ ਗਿਆਨ ਦੀ ਬਹੁਤ ਮਹੱਤਤਾ ਹੈ। ਇਸੇ ਤਰ੍ਹਾਂ ਹੀ ਅਗਲੇ ਲੇਖਾਂ 'ਵਿਚਾਰਾਂ ਦੀ ਕ੍ਰਾਂਤੀ', 'ਕਿਤਾਬਾਂ', 'ਜ਼ਿੰਦਗੀ ਜਿਉਣਾ ਇਕ ਕਲਾ ਹੈ', 'ਸੁਹੱਪਣ', 'ਮਿੱਤਰਤਾ', 'ਘੜਾ', 'ਕੰਮ ਹੀ ਪੂਜਾ ਹੈ' ਅਤੇ 'ਮਨੁੱਖ ਦਾ ਜੀਵਨ ਸਫਰ' ਵਿਚ ਵੀ ਚੰਗੇ ਵਿਚਾਰਾਂ ਦੀ ਗੱਲ ਕੀਤੀ ਗਈ ਹੈ ਕਿ ਚੰਗੇ ਵਿਚਾਰ ਚਿੰਤਨ ਨਾਲ ਹੀ ਆਉਂਦੇ ਹਨ। ਲੇਖਕ ਨੇ ਸਮੁੱਚੇ ਨਿਬੰਧ ਲਿਖਣ ਤੋਂ ਪਹਿਲਾਂ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਵੀ ਦੱਸੇ ਹਨ ਜਿਵੇਂ ਬੇਕਨ ਲਿਖਦੇ ਹਨ: 'ਨਿਬੰਧ ਸੰਖੇਪ ਵਾਰਤਕ ਸਾਹਿਤ ਰਚਨਾ ਹੈ'। ਇਸੇ ਤਰ੍ਹਾਂ ਹੀ ਵਰਜੀਨੀਆ ਵੁਲਫ ਨੇ ਲਿਖਿਆ ਹੈ ਕਿ 'ਨਿਬੰਧ ਉਹ ਕਲਾਤਮਕ ਰਚਨਾ ਹੈ ਜੋ ਸਾਨੂੰ , ਪਾਠਕਾਂ ਨੂੰ ਆਪਣੇ ਅੰਦਰ ਵਲੇਟ ਲਵੇ, ਸਾਨੂੰ ਆਪਣੇ ਵਿਚਾਰ ਚੱਕਰਵਿਊ ਵਿਚ ਬੰਦ ਕਰ ਲਵੇ'। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਨੇ ਮਨੁੱਖ ਨੂੰ ਉਤਸ਼ਾਹਿਤ ਕਰਕੇ ਉਸ ਵਿਚ ਚੰਗੇ ਗੁਣਾਂ ਦੀ ਚੇਟਕ ਲਾ ਕੇ ਪ੍ਰੇਰਨਾ ਦਿੱਤੀ ਹੈ, ਜੋ ਨੈਤਿਕ ਕਦਰਾਂ-ਕੀਮਤਾਂ ਦੀ ਨਿਸ਼ਾਨਦੇਹੀ ਨੂੰ ਦਰਸਾਉਂਦਾ ਹੈ। ਲੇਖਕ ਨੂੰ ਮੁਬਾਰਕਬਾਦ!

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161

ਚਿੰਤਨ ਦੀ ਪਰਵਾਜ਼
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ
ਮੁੱਲ : 450 ਰੁਪਏ, ਸਫ਼ੇ : 188
ਸੰਪਰਕ : 011-45555610

'ਚਿੰਤਨ ਦੀ ਪਰਵਾਜ਼' ਰਵਿੰਦਰ ਰਵੀ ਦਾ 27ਵਾਂ ਕਾਵਿ ਸੰਗ੍ਰਹਿ ਹੈ। ਰਵਿੰਦਰ ਰਵੀ ਪੰਜਾਬ ਦਾ ਬਹੁਪੱਖੀ ਲੇਖਕ ਹੈ, ਜਿਨ੍ਹਾਂ ਨੇ ਕਾਵਿ ਨਾਟਕ ਵੀ ਲਿਖੇ। ਕਵੀ ਨੇ 1955 ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਪਹਿਲਾ ਕਾਵਿ-ਸੰਗ੍ਰਹਿ 'ਦਿਲ ਦਰਿਆ ਸਮੁੰਦਰੋਂ ਡੂੰਘੇ' 1961 ਵਿਚ ਛਪਿਆ। ਰਵਿੰਦਰ ਰਵੀ ਨੇ ਇਸ ਕਾਵਿ-ਸੰਗ੍ਰਹਿ ਦੇ ਆਰੰਭ ਵਿਚ ਚਿੰਤਨ ਦੀ ਪਰਵਾਜ਼ ਕਾਵਿ-ਸੰਗ੍ਰਹਿ ਬਾਰੇ ਸਵੈ-ਟਿੱਪਣੀ ਕਰਦਿਆਂ ਇਸ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ ਨੂੰ ਸੰਕਲਪ-ਕਾਵਿ ਦੀ ਸੰਗਿਆ ਦਿੱਤੀ ਹੈ। ਇਸ ਕਾਵਿ ਨੂੰ ਚਿੰਤਨ ਅਤੇ ਮੰਥਨ ਦੀ ਕਵਿਤਾ ਮੰਨਿਆ ਹੈ। ਕਵੀ ਨੇ ਸਫ਼ਾ 21 ਤੋਂ ਸਫ਼ਾ 127 ਤੱਕ ਖੁੱਲ੍ਹੀਆਂ ਲੰਮੀਆਂ ਕਵਿਤਾਵਾਂ ਲਿਖੀਆਂ ਹਨ। ਸਫ਼ਾ 74 'ਤੇ ਕੋਲ-ਕੋਲ ਸਫ਼ਰ ਰਚਨਾ ਤੋਲ ਤੁਕਾਂਤ ਭਰਪੂਰ ਵਰਤਮਾਨ ਸਮੇਂ ਦਾ ਸੱਚ ਹੈ :
ਰਸਤਿਆਂ ਦੀ ਧੂੜ ਦਾ, ਜੁੱਸੇ 'ਤੇ ਵੀ ਅਸਰ ਹੈ
ਕਿਰਨ ਹੈ ਹਰ ਛੁਹ ਵਿਚ, ਕਿਰਕਰਾ ਬਸ਼ਰ ਹੈ
ਬਹੁਤ ਸਾਰੀਆਂ ਰਚਨਾਵਾਂ ਸ਼ਬਦਾਂ ਦੇ ਸੰਕਲਪ ਅਤੇ ਵਰਤਾਰਿਆਂ ਦੀ ਵਿਆਖਿਆ ਹਨ। ਬੁਢਾਪਾ : ਖੜੋਤ ਹੋਇਆ ਸਮਾਂ, ਅੰਨ੍ਹਾ ਯੁੱਗ, ਫੇਸ ਟਾਈਮ ਪਰਵਾਰ, ਮਖੌਟਿਆਂ ਵਾਲੀ ਕੁੜੀ, ਖਲਾਈ ਵਰਤਮਾਨ ਤੇ ਪਟੜੀ ਤੋਂ ਲੱਥਾ ਭਵਿੱਖ, ਸੰਪੂਰਨਤਾ ਦੀ ਤਲਾਸ਼, ਕਿਵਾੜ ਬੰਦ ਕਰਕੇ, ਸਫ਼ਰ ਦਾ ਖਿਆਲ, ਰੂਪ ਅਰੂਪ, ਅਗਨੀ ਦੇ ਰੰਗ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਜਾਂਦੇ ਖਿਲਵਾੜ ਪ੍ਰਤੀ ਕਵੀ ਚਿੰਤਤ ਹੈ 'ਕੁਦਰਤ ਦਾ ਸ਼ਹਿਰੀਕਰਨ' ਵੇਖੋ :
ਵੇਖਦਾ ਹਾਂ : ਕੱਟੇ ਹੋਏ ਜੰਗਲ
ਪੰਛੀਆਂ ਦੇ ਘਰਾਂ ਦਾ ਉਜਾੜਾ
ਕੰਕਰੀਟ ਦੇ ਜੰਗਲ ਵਿਚ,
ਕੁਦਰਤ ਦਾ ਸ਼ਹਿਰੀਕਰਨ
ਮਸ਼ੀਨ ਬਣੀ ਜ਼ਿੰਦਗੀ।
ਮੰਡੀ ਕਲਚਰ, ਫੇਸ ਟਾਈਮ ਪਰਵਾਰ ਆਧੁਨਿਕ ਸੱਭਿਅਤਾ ਦੀ ਚਕਾਚੌਂਧ ਅਤੇ ਭਟਕਣਾ ਤੋਂ ਪ੍ਰਭਾਵਿਤ ਹੈ:-
ਪੀੜ੍ਹੀਆਂ, ਪਟੜਿਆਂ ਤੇ ਮੂੜ੍ਹਿਆਂ 'ਤੇ ਬੈਠਦੇ ਬੈਠਦੇ ਸੋਫ਼ਿਆਂ ਤੱਕ ਪਹੁੰਚ ਗਏ 'ਵਿਅਕਤੀਵਾਦ ਬਨਾਮ ਭੀੜ ਕਲਚਰ' ਪੰਜਾਬੀ ਸਾਹਿਤ ਦੇ ਪ੍ਰਸੰਗ ਵਿਚ ਰਚੀ ਵਿਅੰਗਾਤਮਕ ਤਰਕਪੂਰਨ ਕਾਵਿ ਰਚਨਾ ਹੈ। ਮਿੰਨੀ ਕਵਿਤਾਵਾਂ ਰਾਹੀਂ ਵੀ ਕਵੀ ਨੇ ਸਮੇਂ ਦੇ ਬਦਲਾਅ ਨਾਲ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਅਤੇ ਹੋਰ ਵਰਤਾਰਿਆਂ ਬਾਰੇ ਚਿੰਤਾ ਤੇ ਚਿੰਤਨ ਦਾ ਸੁਮੇਲ ਕਾਵਿ ਰਚਨਾ ਰਚੀ ਹੈ :
ਕੱਲਾ ਹੋ ਗਿਆ ਬੰਦਾ ਦੇਖੋ
ਰਿਸ਼ਤਿਆਂ ਨੂੰ ਦੇ ਦੇਸ਼ ਨਿਕਾਲਾ
ਘਰ ਦਾ ਹਰ ਦਰ ਅੰਦਰੋਂ ਬੰਦ ਹੈ
ਬਾਹਰ ਲੱਗਿਆ ਤਾਲਾ
ਲੋਕ ਰੰਗ 'ਮਾਹੀਆ' ਦੀ ਆਧੁਨਿਕ ਯੁੱਗ ਦੇ ਸੰਦਰਭ ਵਿਚ ਰਚਨਾ ਬਾਕਮਾਲ ਹੈ। ਕਵੀ ਨੇ ਸੱਭਿਅਤਾ ਦੇ ਬਦਲਾਓ ਨਾਲ ਪੈਦਾ ਹੋਈਆਂ ਸਮਾਜਿਕ ਚੁਣੌਤੀਆਂ ਪ੍ਰਤੀ ਫ਼ਿਕਰ ਜ਼ਾਹਿਰ ਕੀਤਾ ਹੈ :
ਚਿੜੀਆਂ ਤਾਂ ਉੱਡ ਗਈਆਂ, ਸਾਰੇ ਰੁੱਖ ਹੀ ਖਾਲੀ ਨੇ
ਸ਼ਹਿਰਾਂ ਨੇ ਪਿੰਡ ਖਾ ਲਏ, ਕੀ ਕੀਤਾ ਏ ਮਾਲੀ ਨੇ।
ਸਮੁੱਚੇ ਤੌਰ 'ਤੇ 'ਚਿੰਤਨ ਦੀ ਪਰਵਾਜ਼' ਸੰਵੇਦਨਾ ਅਤੇ ਤਰਕ ਦਾ ਖ਼ੂਬਸੂਰਤ ਸੁਮੇਲ ਹੈ। ਹਰ ਕਵਿਤਾ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਸਮਕਾਲੀ ਸਮਾਜਿਕ ਸੰਦਰਭ ਵਿਚ ਇਹ ਕਾਵਿ ਪੁਸਤਕ ਪਾਠਕਾਂ ਨਾਲ ਡੂੰਘਾ ਸੰਵਾਦ ਰਚਾਉਣ ਵਿਚ ਸਫਲ ਹੋਈ ਹੈ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।

ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਿਆਂ
ਸੰਪਾਦਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 260
ਸੰਪਰਕ : 0172-5027427

ਪੰਜਾਬੀ ਭਾਸ਼ਾ ਦੀ ਵਿਧਾ ਵਾਰਤਕ ਦੇ ਸਿਰਮੌਰ ਲੇਖਕ ਨਿੰਦਰ ਘੁਗਿਆਣਵੀ ਦੀ ਵਾਰਤਕ ਕਲਾ ਸੰਬੰਧੀ 36 ਲੇਖਾਂ ਦੀ ਪੰਜਾਬੀ ਭਾਸ਼ਾ ਦੇ ਸਥਾਪਿਤ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦੀ ਸੁਯੋਗ ਸੰਪਾਦਨਾ ਅਧੀਨ 2022 ਵਿਚ ਪ੍ਰਕਾਸ਼ਿਤ ਪੁਸਤਕ ਪੰਜਾਬੀ ਭਾਸ਼ਾ ਦੇ ਪੁੰਗਰਦੇ ਵਾਰਤਕ ਲੇਖਕਾਂ ਲਈ ਰਾਹ ਦਸੇਰੀ ਹੋਵੇਗੀ। ਸੰਪਾਦਕ ਨੇ ਨਿੰਦਰ ਦੀ ਵਾਰਤਕ ਕਲਾ ਨੂੰ ਵੱਖ-ਵੱਖ ਵਿਦਵਾਨ ਲੇਖਕਾਂ ਦੀ ਨਜ਼ਰ ਤੋਂ ਬਹੁਤ ਡੂੰਘਾਈ ਅਤੇ ਬਰੀਕੀ ਨਾਲ ਇਕ ਜੌਹਰੀ ਵਾਂਗ ਘੋਖਿਆ ਹੀ ਨਹੀਂ ਸਗੋਂ ਇਸ ਨੂੰ ਪੁਣ-ਛਾਣ ਕੇ ਪਾਠਕਾਂ ਤੇ ਲੇਖਕਾਂ ਅੱਗੇ ਇਸ ਸਚਾਈ ਨੂੰ ਉਜਾਗਰ ਕੀਤਾ ਹੈ ਕਿ ਵਾਰਤਕ ਲਿਖੀ ਕਿਵੇਂ ਜਾਂਦੀ ਹੈ? ਉਸ ਦੀ ਵਾਰਤਕ ਵਿਚ ਟਕੋਰਾਂ ਬੇਬਾਕੀ, ਵਿਅੰਗ, ਮਾਸੂਮੀਅਤ ਅਤੇ ਹਾਸੇ ਦੀਆਂ ਫੁਹਾਰਾਂ ਵੀ ਹਨ। ਉਸ ਵਿਚ ਕੁਝ ਨਹੀਂ ਵਿਚ ਬਹੁਤ ਕੁਝ ਭਰਨ ਦਾ ਗੁਣ ਹੈ। ਉਹ ਵਾਰਤਕ ਨੂੰ ਨਵੀਂ ਸਾਰਥਿਕਤਾ ਅਤੇ ਨਿਆਰਾਪਨ ਦੇਣ ਦੀ ਸਮਰੱਥਾ ਰੱਖਦਾ ਹੈ। ਉਸ ਦੀ ਵਾਰਤਕ ਉਸ ਦਾ ਜ਼ਿੰਦਗੀ ਜਿਊਣ ਦਾ ਲਹਿਜ਼ਾ, ਜ਼ਿੰਦਗੀ ਦੇ ਸਫਰ ਦੇ ਪੜਾਅ ਤੇ ਉਸ ਦੇ ਜਾਣਕਾਰਾਂ ਦੇ ਬਾਰੇ ਗੱਲ ਵੀ ਕਰਦੀ ਹੈ। ਵਾਰਤਕ ਦੇ ਖੇਤਰ ਵਿਚ ਉਸ ਦਾ ਵੱਡਾ ਕੱਦ ਭਵਿੱਖ ਵਿਚ ਉਸ ਦੇ ਵੱਡਾ ਲੇਖਕ ਹੋਣ ਦੀ ਹਾਮੀ ਭਰਦਾ ਹੈ। ਉਸ ਦੇ ਲਿਖਣ ਦੀ ਸ਼ੈਲੀ ਤੋਂ ਜਾਪਦਾ ਹੈ ਕਿ ਉਹ ਵਿਲੱਖਣ ਢੰਗ ਨਾਲ ਲਿਖਣ ਵਾਲਾ ਲੇਖਕ ਹੈ। ਉਸ ਦੇ ਲਿਖਣ ਦੇ ਢੰਗ ਵਿਚਲੀ ਸੁਭਾਵਿਕਤਾ, ਨਿੱਕੇ-ਨਿੱਕੇ ਸਰਲ ਵਾਕ ਤੇ ਵਾਰਤਾਲਾਪ ਪਾਠਕਾਂ ਦੇ ਮਨਾਂ ਨੂੰ ਟੁੰਬਦੇ ਹਨ। ਹਾਸ-ਵਿਅੰਗ ਲੇਖਕਾਂ ਵਿਚ ਉਸ ਦੀ ਵਿਸ਼ੇਸ਼ ਥਾਂ ਹੈ। ਪਾਠਕਾਂ ਨੂੰ ਉਹ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਹੁੰਦਾ ਲੱਗਦਾ ਹੈ। ਉਸ ਦੇ ਲੇਖਾਂ ਵਿਚਲੀਆਂ ਗੱਲਾਂ ਸਿੱਧ ਪੱਧਰੀਆਂ, ਮਨਾਂ ਨੂੰ ਝੰਜੋੜਨ ਵਾਲੀਆਂ ਅਤੇ ਅਰਥ ਭਰਪੂਰ ਹੁੰਦੀਆਂ ਹਨ। ਉਸ ਦੀ ਵਾਰਤਕ ਦੇ ਘਿਨਾਉਣੇ, ਬੋਮਾਰਦੇ ਤੇ ਕੋਝੇ ਮੁੱਦੇ ਰੂਹਾਂ ਨੂੰ ਕੰਬਾਅ ਦਿੰਦੇ ਹਨ। ਉਹ ਬੜੀ ਸਹਿਜਤਾ ਨਾਲ ਲਿਖਦਾ ਹੈ। ਉਹ ਮੁੱਦਿਆਂ ਦੀ ਸਚਾਈ ਨੂੰ ਢੁਕਵੀਂ ਅਤੇ ਅਦਬੀ ਭਾਸ਼ਾ ਵਿਚ ਬਿਆਨ ਕਰਦਾ ਹੈ। ਉਸ ਦੇ ਵਿਅੰਗ ਸਾਦੇ ਹੋਣ ਦੇ ਬਾਵਜੂਦ ਤਿੱਖੇ ਵੀ ਹੁੰਦੇ ਹਨ। ਉਹ ਨਿੱਕੀਆਂ ਵੱਡੀਆਂ ਗੱਲਾਂ ਦੇ ਮਾਧਿਅਮ ਰਾਹੀਂ ਬਹੁਤ ਕੁਝ ਕਹਿਣ ਦੀ ਕਲਾ ਦਾ ਪੂਰਾ ਗਿਆਨ ਰੱਖਦਾ ਹੈ। ਨਿੰਦਰ ਦੀਆਂ ਲਿਖਤਾਂ ਵਿਚਲਾ ਰਸ, ਪਾਠਕਾਂ ਦੇ ਦਿਲਾਂ ਨਾਲ ਸਾਂਝ ਪਾਉਣ ਦੀ ਸ਼ੈਲੀ, ਉਨ੍ਹਾਂ ਨੂੰ ਲਗਾਤਾਰ ਪੜ੍ਹਨ ਲਈ ਮਜਬੂਰ ਕਰ ਦਿੰਦੀ ਹੈ। ਉਹ ਗੱਲਾਂ ਵਿਚੋਂ ਗੱਲਾਂ ਕੱਢ ਕੇ ਲਿਖਣਾ ਜਾਣਦਾ ਹੈ। ਉਸ ਦੀਆਂ ਰਚਨਾਵਾਂ ਦੇ ਵਿਸ਼ੇ ਪਾਠਕਾਂ ਨੂੰ ਇੰਝ ਲੱਗਦੇ ਹਨ ਜਿਵੇਂ ਕਿ ਉਨ੍ਹਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਹੀ ਲਿਖੇ ਗਏ ਹੋਣ। ਉਹ ਉਨ੍ਹਾਂ ਨੂੰ ਸੋਚਾਂ ਵਿਚ ਪਾਉਣ ਵਾਲੀਆਂ ਵੀ ਹੁੰਦੀਆਂ ਹਨ। ਉਸ ਦੀਆਂ ਲਿਖਤਾਂ ਹਸਾਉਂਦੀਆਂ ਵੀ ਹਨ ਤੇ ਅੱਖਾਂ ਸਿਲ੍ਹੀਆਂ ਵੀ ਕਰਦੀਆਂ ਹਨ। ਬੇਚੈਨੀ ਅਤੇ ਪ੍ਰੇਸ਼ਾਨੀ ਵੀ ਪੈਦਾ ਕਰਦੀਆਂ ਹਨ। ਇਸ ਹਥਲੀ ਪੁਸਤਕ ਦਾ ਸੰਪਾਦਕ ਵਾਰਤਕ ਦੇ ਪ੍ਰਸਿੱਧ ਲੇਖਕ ਨਿੰਦਰ ਦੀ ਵਾਰਤਕ ਕਲਾ ਦੀ ਚਰਚਾ ਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਖੂਹ ਵਿਚ ਰੂਹ
ਨਾਵਲਕਾਰਾ : ਸਿੰਮੀ ਕੌਰ ਗੁਪਤਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 287
ਸੰਪਰਕ : 95011-45039

ਪੰਜਾਬੀ ਨਾਵਲਕਾਰੀ ਵਿਧਾ ਵਿਚ ਸਿੰਮੀ ਕੌਰ ਗੁਪਤਾ ਨੇ ਆਪਣੇ ਨਾਵਲ 'ਖੂਹ ਵਿਚ ਰੂਹ' ਰਾਹੀਂ ਪ੍ਰਵੇਸ਼ ਕੀਤਾ ਹੈ। ਇਹ ਨਾਵਲ ਓਪਰੀਆਂ ਰੂਹਾਂ, ਜਾਦੂ-ਟੂਣੇ ਤੇ ਪਰਾਭੌਤਿਕ ਰਹੱਸ ਰੁਮਾਂਚ 'ਤੇ ਆਧਾਰਿਤ ਹੈ। ਨਾਵਲਕਾਰਾ ਨੇ ਜਾਦੂ-ਟੂਣੇ, ਧਾਗੇ-ਤਵੀਤ, ਤੰਤਰ-ਮੰਤਰ 'ਤੇ ਵਿਸ਼ਵਾਸ ਕਰਨ ਵਾਲੀ ਖ਼ਲਨਾਇਕਾ ਤੇਜੋ ਵਲੋਂ ਵਿਛਾਏ ਜਾਲ ਤੋਂ ਮੁਕਤ ਹੋਣ ਲਈ ਛਟਪਟਾਉਂਦੇ ਅਗਮ, ਜਪਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਇਰਦ-ਗਿਰਦ ਨਾਵਲ ਦਾ ਕਥਾਨਕ ਦਾ ਤਾਣਾ-ਪੇਟਾ ਬੁਣਿਆ ਹੈ। ਨਾਵਲ ਦਾ ਆਰੰਭ ਹੀ ਬੜੇ ਤਲਿਸਮੀ ਅੰਦਾਜ਼ ਵਿਚ ਜਪਜੀ ਦੀ ਮਾਂ ਲਾਡੀ ਨੂੰ ਮਾਰ ਕੇ ਖੂਹ ਵਿਚ ਸੁੱਟਣ ਤੋਂ ਹੁੰਦਾ ਹੈ। ਖੂਹ ਵਿਚ ਕੁੱਦ ਲਾਡੀ ਦੀ ਰੂਹ ਆਪਣੀ ਬੇਟੀ ਜਪਜੀ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ਵੀ ਆਪਣੀ ਗ੍ਰਿਫ਼ਤ ਵਿਚ ਲੈ ਕੇ ਅਜਿਹਾ ਪ੍ਰਭਾਵ ਪਾਉਂਦੀ ਹੈ। ਤੇਜੋ ਵਲੋਂ ਵਰਤੇ ਗਏ ਜਾਦੂ ਟੂਣੇ ਕਰਕੇ ਪਾਤਰ ਅਜਿਹੇ ਰੋਗ ਦੇ ਸ਼ਿਕਾਰ ਹੁੰਦੇ ਹਨ, ਜਿਸ ਬਿਮਾਰੀ ਤੋਂ ਪੀੜਤ ਇਨ੍ਹਾਂ ਪਾਤਰਾਂ ਦਾ ਇਲਾਜ ਕਰਨ ਵਿਚ ਡਾਕਟਰ ਵੀ ਬੇਵੱਸ ਹੁੰਦੇ ਹਨ। ਸਾਰੇ ਟੈਸਟਾਂ ਅਤੇ ਡਾਕਟਰੀ ਤਕਨੀਕਾਂ ਵਰਤਣ ਦੇ ਬਾਵਜੂਦ ਇਹ ਬਿਮਾਰੀ ਮਾਹਰਾਂ ਦੀ ਸਮਝ ਨਹੀਂ ਆਉਂਦੀ। ਨਾਵਲ ਵਿਚ ਤੇਜੋ ਵਲੋਂ ਤਾਂਤਰਿਕ ਨੂੰ ਮਿਲ ਕੇ ਉਸ ਵਲੋਂ ਜਪਜੀ ਦਾ ਕੰਡਾ ਕੱਢ ਕੇ, ਉਸ ਦੀ ਜਾਇਦਾਦ 'ਤੇ ਕਬਜ਼ਾ ਕਰਨ ਲਈ ਵਰਤੇ ਜਾਂਦੇ ਹਥਕੰਡੇ ਜਾਰੀ ਰਹਿੰਦੇ ਹਨ। ਉਹ ਪੈਰ-ਪੈਰ 'ਤੇ ਆਪਣੀ ਸਾਜ਼ਿਸ਼ ਦਾ ਜਾਲ ਵਿਛਾਉਂਦੀ ਹੈ ਪਰ ਅੰਤ ਬੁਰੇ ਦਾ ਬੁਰਾ ਮੁਤਾਬਿਕ ਆਪ ਹੀ ਬੇਮੌਤ ਮਾਰੀ ਜਾਂਦੀ ਹੈ। ਜਿਥੇ ਤਾਂਤਰਿਕ ਆਪਣੇ ਖ਼ਤਰਨਾਕ ਢੰਗ-ਤਰੀਕੇ ਅਪਣਾਉਂਦਾ ਹੈ, ਉਥੇ ਕੋਈ ਸਾਧੂ ਰੂਪ ਬਦਲ-ਬਦਲ ਕੇ ਅਗਮ ਅਤੇ ਜਪਜੀ ਦੀ ਮਦਦ ਕਰਦਾ ਹੈ। ਤੇਜੋ ਵਲੋਂ ਤਾਂਤਰਿਕ ਵਲੋਂ ਸੁਝਾਏ ਵਾਰਾਂ ਤੋਂ ਬਚਾਉਂਦਾ ਹੈ। ਆਖ਼ਰ ਖੂਹ 'ਚੋਂ ਲਾਡੀ ਦੀ ਰੂਹ ਆਜ਼ਾਦ ਹੁੰਦੀ ਹੈ ਤੇ ਅਗਮ ਤੇ ਜਪਜੀ ਵਿਆਹ ਬੰਧਨ ਵਿਚ ਬੱਝ ਜਾਂਦੇ ਹਨ। ਨਾਵਲ ਦਾ ਸੁਖਾਂਤ ਹੁੰਦਾ ਹੈ। ਅਣਗਿਣਤ ਪਾਤਰਾਂ ਵਾਲੇ ਅਤੇ 286 ਸਫ਼ਿਆਂ ਵਿਚ ਫੈਲੇ ਇਸ ਨਾਵਲ ਦੀ ਗ਼ੈਰ-ਵਿਗਿਆਨਕ ਪਹੁੰਚ ਕਰਕੇ ਸਾਰਥਕਤਾ 'ਤੇ ਪ੍ਰਸ਼ਨ ਚਿੰਨ੍ਹ ਵੀ ਲੱਗਦਾ ਹੈ। ਬਿਨਾਂ ਸ਼ੱਕ ਭਾਰਤੀ ਸਮਾਜ ਵਿਚ ਇਸ ਵਿਗਿਆਨਕ ਯੁੱਗ ਵਿਚ ਅਜੇ ਵੀ ਬਹੁਤ ਵੱਡੀ ਗਿਣਤੀ ਵਿਚ ਅਨਪੜ੍ਹ ਹੀ ਨਹੀਂ ਸਿੱਖਿਅਤ ਲੋਕ ਵੀ ਇਸ ਤੰਤਰ-ਮੰਤਰ-ਜੰਤਰ, ਆਦਿ 'ਤੇ ਵਿਸ਼ਵਾਸ ਕਰਦੇ ਹਨ ਤੇ ਇਨ੍ਹਾਂ ਰਾਹੀਂ ਜ਼ਿੰਦਗੀ ਵਿਚ ਦੂਸਰੇ ਦਾ ਬੁਰਾ ਕਰਕੇ ਆਪਣਾ ਭਲਾ ਤੇ ਉੱਚੀਆਂ ਮੰਜ਼ਿਲਾਂ ਹਾਸਲ ਕਰਨੀਆਂ ਚਾਹੁੰਦੇ ਹਨ। ਨਾਵਲ ਇਸ ਦੀ ਅਪ੍ਰਤੱਖ ਤੌਰ 'ਤੇ ਨਿਖੇਧੀ ਤਾਂ ਕਰਦਾ ਹੈ, ਪਰ ਪਾਠਕਾਂ ਵਿਚ ਗ਼ੈਰ-ਵਿਗਿਆਨਕ ਪਹੁੰਚ ਦਾ ਪਸਾਰ ਕਰਦਾ ਪ੍ਰਤੀਤ ਹੁੰਦਾ ਹੈ। ਤਲਿਸਮੀ ਰਹੱਸ ਰੁਮਾਂਚ ਤੇ ਤੰਤਰ-ਮੰਤਰ 'ਤੇ ਵਿਸ਼ਵਾਸ ਕਰਨ ਵਾਲੇ ਪਾਠਕ ਇਸ ਨਾਵਲ ਨੂੰ ਪਸੰਦ ਕਰਨਗੇ। ਭਾਸ਼ਾ-ਸ਼ੈਲੀ ਸਰਲ, ਸਪੱਸ਼ਟ ਤੇ ਪਾਤਰਾਂ ਅਨੁਕੂਲ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

15-07-2023

 ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ
ਲੇਖਕ : ਮਿੰਦਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98154-48958


ਮਿੰਦਰ ਇਕ ਵਿਲੱਖਣ ਪੰਜਾਬੀ ਕਵੀ ਹੈ। ਮਨੁੱਖੀ ਭਾਵਨਾਵਾਂ ਵਿਚ ਮੇਲ੍ਹਦੀ ਕਵਿਤਾ ਨੂੰ ਸ਼ਬਦਾਂ ਦੇ ਮਗਰ ਮਗਰ ਤੋਰ ਲੈਣ ਦਾ ਜਾਦੂਗਰ। ਉਹ ਲਗਭਗ ਅੱਧੀ ਸਦੀ ਤੋਂ ਕਵਿਤਾ ਦੇ ਉਸ ਮਹਾਤਮ ਦੇ ਨਾਲ-ਨਾਲ ਤੁਰ ਰਿਹਾ ਹੈ, ਜਿਥੇ ਕੋਈ ਸ਼ੋਰ ਨਹੀਂ ਹੈ, ਕੋਈ ਨਾਅਰਾ ਨਹੀਂ ਹੈ, ਕੋਈ ਦਮਗਜਾ ਨਹੀਂ ਹੈ। ਇਹ ਦਸ਼ਾ ਅਤੇ ਦਿਸ਼ਾ ਆਪਣੇ-ਆਪ ਵਿਚ ਇਕ ਅਦੁੱਤੀ ਪ੍ਰਯੋਗ ਹੈ। ਕਾਵਿ-ਪ੍ਰਯੋਗਾਂ ਦੇ ਨਿਵੇਕਲੇ ਮਰਹਮ ਨੂੰ ਪ੍ਰਣਾਇਆ ਹੋਇਆ ਇਹ ਕਵੀ, ਬਹੁਤ ਲੰਮੀ ਚੁੱਪ ਤੋਂ ਬਾਅਦ, ਇਕ ਨਵੇਂ ਕਾਵਿ-ਪ੍ਰਯੋਗ ਨਾਲ ਫੇਰ ਹਾਜ਼ਰ ਹੋਇਆ ਹੈ। 'ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ' ਦਾ ਐਲਾਨ ਕਰਕੇ ਵੀ ਉਹ ਹਰ ਥਾਂ ਹਾਜ਼ਰ ਹੈ। ਕਵੀ ਮਨ ਦੇ ਅੰਦਰ ਹਰ ਵਕਤ ਮੌਜੂਦ ਕਵਿਤਾ ਵਾਂਗ। 'ਗਾਉਂਦਾ ਪੰਛੀ' ਤੋਂ ਸ਼ੁਰੂ ਹੁੰਦੀ ਇਹ ਕਵਿਤਾ... 'ਆਖਰੀ ਕਵਿਤਾ' ਤੱਕ ਪਹੁੰਚਦਿਆਂ ਕਵਿਤਾ ਦੀ ਨਿਰੰਤਰਤਾ ਨੂੰ ਬਿਆਨ ਕਰਦੀ ਹੈ। ਕਵੀ ਕਹਿੰਦਾ ਹੈ :
ਮੈਂ ਆਖਰੀ ਸਫ਼ੇ 'ਤੇ
ਲਿਖਣਾ ਚਾਹੁੰਦਾ ਹਾਂ ਉਹ ਅੱਖਰ
ਜੋ ਇਸ ਕਿਤਾਬ 'ਚ ਨਹੀਂ ਹੈ।
(ਸਫ਼ਾ : 120)
ਇਸ ਕਵਿਤਾ ਦਾ ਇਹ ਖੁੱਲ੍ਹਾ ਸਿਸਟਮ ਹੀ ਮਿੰਦਰ ਨੂੰ ਵਿਲੱਖਣ ਬਣਾਉਂਦਾ ਹੈ :
ਦਰਿਆ ਸੁੱਕ ਰਿਹਾ ਹੈ
ਹਾਈਵੇ ਵਗ ਰਿਹਾ ਹੈ
ਮਾਂ ਪਾਣੀ ਨੇ ਮਾਰੀ ਸੀ
ਤੇ ਪਿਤਾ ਪਹੀਏ ਨੇ
ਪਾਣੀ ਕੋਲ ਮਾਂ ਨੂੰ ਮਾਰਨ ਦਾ
ਕੋਈ ਸਬੂਤ ਨਹੀਂ
ਸੜਕ ਨੂੰ ਪਤਾ ਨਹੀਂ
ਕਿ ਮੇਰੇ ਪਿਓ ਨੇ ਉਸ ਦੇ ਅੰਦਰ
ਆਖ਼ਰੀ ਸਾਹ ਲਿਆ ਸੀ
ਕਿਸੇ ਨੂੰ ਕੁਝ ਵੀ ਨਹੀਂ ਪਤਾ
ਮਨੁੱਖ ਹੱਥ 'ਚ ਰੋਟੀ ਪਕੜੀ
ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ
(ਸਫ਼ਾ : 9)
ਇਸ ਕਵਿਤਾ ਨੂੰ ਪਤਾ ਹੈ ਕਿ 'ਹਰ ਵਸਤੂ ਦਾ ਟੁੱਟਣਾ ਘਰ ਦਾ ਟੁੱਟਣਾ ਨਹੀਂ ਹੁੰਦਾ'। ਇਸ ਕਵਿਤਾ ਦੇ ਕੇਂਦਰ ਵਿਚ ਰਾਤ ਹੈ, ਦ੍ਰਿਸ਼ ਹੈ, ਪਹਾੜ ਨੇ, ਮੈਦਾਨ ਨੇ, ਸੂਰਜ ਦੇ ਪਰ੍ਹੇ ਦਾ ਏਕਾਂਤ ਹੈ, ਡਰੀ ਹੋਈ ਰਾਤ ਹੈ, ...ਵਸਤਾਂ ਅਤੇ ਪ੍ਰਸਥਿਤੀਆਂ ਨਾਲ ਲਿਖੀ ਜਾ ਰਹੀ ਇਹ ਕਵਿਤਾ ਸ਼ਬਦਾਂ ਦੀ ਮੁਥਾਜ ਨਹੀਂ ਹੈ।
ਕਦੇ ਕਦੇ
ਹਨ੍ਹੇਰਾ ਮੈਥੋਂ ਬਾਹਰ ਨਿਕਲ ਜਾਂਦਾ ਹੈ
ਮੈਂ ਆਪਣੇ ਅੰਦਰ
ਵਾਪਸ ਪਰਤਣ ਲਈ
ਸਦੀਆਂ ਗੁਜ਼ਾਰ ਦਿੰਦਾ ਹਾਂ
ਹਵਾ ਦੇ ਪੈਰਾਂ 'ਚ
ਕਿਲ ਫਸੀ ਹੈ
ਤਿਤਲੀਆਂ ਦੇ ਮੋਢੇ ਉੱਪਰ ਪਹਾੜ ਹੈ-
(ਸਫ਼ਾ : 18)
ਕੋਮਲ ਕਾਵਿਕ ਅਹਿਸਾਸਾਂ ਵਿਚੀਂ ਗੁਜ਼ਰਦਾ ਪਾਠਕ ਇਸ ਕਿਤਾਬ ਦੀਆਂ 'ਇਹ ਤਾਂਗਾ ਕਿਸਦਾ ਹੈ', 'ਅਦਿੱਖ ਪੁਲ ਤੇ ਸੈਰ ਕਰਦਿਆਂ', 'ਰੌਸ਼ਨੀ ਟੁੱਟਦੀ ਨਹੀਂ', 'ਤੇਰੇ ਲਈ', 'ਪਹੀਆ', 'ਸੱਚ ਦਾ ਤਲਿਸਮ', 'ਕੀ ਗੱਡੀ ਆਵੇਗੀ' ਆਦਿ ਕਵਿਤਾਵਾਂ ਨੂੰ ਸਹਿਜ ਭਾਵ ਨਾਲ ਹੀ ਆਤਮਸਾਤ ਕਰਦਾ ਹੋਇਆ ਕਵਿਤਾ ਦੇ ਉਨ੍ਹਾਂ ਮੰਡਲਾਂ ਨਾਲ ਇਕਸੁਰ ਹੋ ਜਾਂਦਾ ਹੈ ਜਿਨ੍ਹਾਂ ਦੀ ਨਵੀਂ ਪੰਜਾਬੀ ਕਵਿਤਾ ਨੂੰ ਸਦਾ ਉਡੀਕ ਹੈ। ਸਫ਼ਾ 102 ਤੋਂ ਸਫ਼ਾ 119 ਤੱਕ ਫੈਲੀ ਹੋਈ (ਵਿ-(4) ਦ੍ਰਿਸ਼) ਲੰਮੀ ਕਵਿਤਾ ਜਿਸ ਵਿਚੋਂ ਇਸ ਕਿਤਾਬ ਦਾ ਸਿਰਲੇਖ ਵੀ ਉਪਜਦਾ ਹੈ, ਉਹ ਹਾਸਿਲ ਹੈ, ਜੋ ਵਿਚਾਰ ਨੂੰ ਬਿਰਤਾਂਤ ਬਣਾ ਕੇ ਭਾਵ-ਬੋਧ ਨੂੰ ਕਾਵਿ-ਬੋਧ ਤੱਕ ਵਿਸਥਾਰ ਦਿੰਦਾ ਹੈ।
ਮੈਂ ਅੱਖਾਂ ਦਾ ਕੀ ਕਰਾਂ?
ਕਿੱਥੇ ਰੱਖਾਂ?
ਇਹ ਦੋ ਸਵਾਲ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਲਈ ਬੁਨਿਆਦੀ ਸਵਾਲ ਵੀ ਹਨ ਅਤੇ ਕਵਿਤਾ ਦੇ ਆਦਿ ਬਿੰਦੂ ਵੀ। ਇਹ ਕਵਿਤਾ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਦੀ ਹੈ... 'ਜਦੋਂ ਮੈਂ ਨਦੀ ਪਾਰ ਕਰ ਰਿਹਾ ਹੋਵਾਂ, ਤਾਂ ਉਸ ਸਮੇਂ ਕਿਨਾਰੇ ਖੜ੍ਹੇ ਦਰੱਖਤ ਦੇ ਪਰਛਾਵੇਂ ਨੂੰ ਦੱਸਣਾ ਕਿ ਯਾਤਰੀ ਪਿਆਰ 'ਚ ਸੀ.. ਤੇ ਡੁੱਬ ਗਿਆ।'
ਬਹੁਤ ਦੇਰ ਬਾਅਦ ਆਈ ਅਜਿਹੀ ਕਿਤਾਬ ਦਾ ਸਵਾਗਤ ਹੈ। ਨਵੇਂ ਕਾਵਿ-ਬੋਧ ਦਾ ਅਜਿਹਾ ਝਲਕਾਰਾ ਨਵੀਂ ਪੰਜਾਬੀ ਕਵਿਤਾ ਲਈ ਸ਼ੁਭਸ਼ਗਨ ਹੈ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਮਹਾਂਭਾਰਤ ਤੋਂ ਵਿਸ਼ਵਯੁੱਧ ਤੱਕ
ਲੇਖਕ : ਹਰਪਾਲ ਸਿੰਘ ਪੰਨੂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 296
ਸੰਪਰਕ : 98147-32198

'ਮਹਾਂਭਾਰਤ ਤੋਂ ਵਿਸ਼ਵ ਯੁੱਧ ਤੱਕ' ਪ੍ਰਬੁੱਧ ਲੇਖਕ ਡਾ. ਹਰਪਾਲ ਸਿੰਘ ਪੰਨੂ ਦੁਆਰਾ ਲਿਖੀਆਂ 17 ਸਾਖੀਆਂ ਦਾ ਸੰਗ੍ਰਹਿ ਹੈ। ਉਹ ਇਨ੍ਹਾਂ ਲੇਖਾਂ ਨੂੰ 'ਸਾਖੀਆਂ' ਕਹਿਣਾ ਪਸੰਦ ਕਰਦਾ ਹੈ। ਕਾਰਨ ਉਸ ਨੇ ਜਿਨ੍ਹਾਂ ਵਿਅਕਤੀਆਂ ਜਾਂ ਵਰਤਾਰਿਆਂ ਬਾਰੇ ਲਿਖਿਆ ਹੈ, ਉਨ੍ਹਾਂ ਦਾ ਸਾਖੀ (ਸਾਕਸ਼ੀ) ਵੀ ਰਿਹਾ ਹੈ। ਅਧਿਐਨ ਕਰਨ ਦੌਰਾਨ ਉਸ ਦਾ ਕੇਵਲ ਦਿਮਾਗ਼ ਹੀ ਕੰਮ ਨਹੀਂ ਕਰਦਾ ਬਲਕਿ ਦਿਲ, ਭਾਵ ਅਤੇ ਸੰਵੇਦਨਾ ਆਦਿ ਸਾਰੇ ਪਹਿਲੂ ਮਿਲਜੁਲ ਕੇ ਕਿਸੇ ਟੈਕਸਟ ਰੂਪੀ ਵਿਅਕਤੀ ਜਾਂ ਵਰਤਾਰੇ ਨੂੰ ਉਠਾਉਂਦੇ ਹਨ। ਉਹ ਇਕ 'ਸਾਧ-ਪੁਰਖ' ਹੈ, ਜਿਸ ਨੇ ਆਪਣੇ-ਆਪ ਨੂੰ ਪੂਰਨ ਤੌਰ 'ਤੇ ਸਾਧ ਲਿਆ ਹੋਵੇ ਅਤੇ 'ਸਾਧ ਪੁਰਖ' ਹੀ ਇਸ ਕਿਸਮ ਦੇ ਸਾਹਿਤ ਦੀ ਰਚਨਾ ਕਰ ਸਕਦੇ ਹਨ। ਜ਼ਾਹਿਰ ਹੈ ਕਿ ਇਸ ਪੁਸਤਕ ਵਿਚ ਸੰਕਲਿਤ ਬਹੁਤੀਆਂ ਸਾਖੀਆਂ ਪੰਜਾਬ ਅਤੇ ਪੂਰੀ ਦੁਨੀਆ ਦੇ ਕਰਤਵ ਨਿਸ਼ਠ-ਕਰਮਪ੍ਰਾਇਣ ਵਿਅਕਤੀਆਂ ਦੇ ਬਾਰੇ ਵਿਚ ਹਨ। ਪੰਜਾਬ ਦੇ ਜਿਨ੍ਹਾਂ ਵਿਅਕਤੀਆਂ ਦੀ ਸ਼ਖ਼ਸੀਅਤ ਨੂੰ ਰੂਪਮਾਨ ਕੀਤਾ ਗਿਆ ਹੈ, ਉਨ੍ਹਾਂ ਵਿਚ ਪ੍ਰੋ. ਹਰਬੰਸ ਸਿੰਘ, ਪ੍ਰੋ. ਪਿਆਰਾ ਸਿੰਘ ਪਦਮਭੂਸ਼ਣ ਧਿਆਨਪੁਰੀ, ਭਾਈ ਰਾਮ ਸਿੰਘ, ਕੁਲਵੰਤ ਸਿੰਘ ਵਿਰਕ ਆਦਿ ਹਨ। ਭਾਰਤ ਵਿਚੋਂ ਦਰੋਪਦੀ, ਬੁੱਧ ਘੋਸ਼ ਅਤੇ ਸ੍ਰੀ ਅਰਬਿੰਦੋ।... ਐਜ਼ਰਾ ਪਾਊਂਡ, ਸੋਲਜ਼ੋਨਿਤਸਨ ਅਤੇ ਚੀਨੀ ਲੇਖਕ ਮੋ ਯਾਂ। 80 ਪੰਨਿਆਂ ਵਿਚ ਫੈਲਿਆ ਹੋਇਆ ਇਕ ਲੇਖ ਸੁਪਰਕਾਪ ਰਿਬੇਰੋ ਬਾਰੇ ਹੈ। ਪਹਿਲੇ ਵਿਸ਼ਵ ਯੁੱਧ ਦੀ ਦਸਤਾਂਗੋਈ, ਪੁਸਤਕ ਦਾ ਅੰਤਿਮ ਲੇਖ ਹੈ। ਆਪਣੇ ਵਿਸ਼ਿਆਂ ਨੂੰ ਰੂਪਮਾਨ ਕਰਨ ਲਈ ਲੇਖਕ ਵੱਥ ਦੇ ਨਾਲ-ਨਾਲ ਕੱਥ ਉੱਪਰ ਵੀ ਬਹੁਤ ਜ਼ੋਰ ਦਿੰਦਾ ਹੈ। ਕਦੇ ਉਹ ਅਨਯਪੁਰਖੀ ਬਿਰਤਾਂਤ ਨੂੰ ਅਪਨਾਉਂਦਾ ਹੈ, ਕਦੇ ਉੱਤਮ ਪੁਰਖੀ ਅਤੇ ਕਦੇ ਸੰਬਾਦੀ (ਡਾਇਆਲਾਜਿਕ)। ਉਹ ਵਿਸ਼ੇ ਦੀ ਮੰਗ ਅਤੇ ਤਕਾਜ਼ਿਆਂ ਮੂਜਬ ਬਿਰਤਾਂਤ-ਵਿਧੀਆਂ ਨੂੰ ਬਦਲਦਾ ਰਹਿੰਦਾ ਹੈ। ਫ਼ਕੀਰ ਤਾਂ ਬੇਸ਼ੱਕ ਉਹ ਹੈ ਪਰ 'ਲਕੀਰ ਦਾ ਫ਼ਕੀਰ' ਨਹੀਂ ਜੇ। ਉਸ ਨੂੰ ਪੜ੍ਹਨਾ ਖ਼ੁਦ ਦੇ ਹੋਰ ਨੇੜੇ ਹੋਣਾ ਹੈ, ਆਪਣੇ-ਆਪ ਨੂੰ ਸਮਝਣਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਮਨ ਦਾ ਮੌਸਮ
ਕਵਿੱਤਰੀ : ਅਰਤਿੰਦਰ ਸੰਧੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 80
ਸੰਪਰਕ : 98153-02081

ਅਰਤਿੰਦਰ ਸੰਧੂ ਨਿਰੰਤਰ ਕਾਵਿ-ਸਾਧਨਾ ਸੰਗ ਪ੍ਰਨਾਈ ਕਵਿੱਤਰੀ ਹੈ। 'ਮਨ ਦਾ ਮੌਸਮ' ਉਸ ਦਾ 15ਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਸਿਜਦੇ ਜੁਗਨੂੰਆਂ ਨੂੰ', 'ਸਪੰਦਨ', 'ਇਕ ਟੋਟਾ ਵਰੇਸ', ਏਕਮ ਦੀ ਫਾਂਕ', 'ਕਿਣ ਮਿਣ ਅੱਖਰ', 'ਸ਼ੀਸ਼ੇ ਦੀ ਜੂਨ', 'ਕਿਥੋਂ ਆਉਂਦੀ ਕਵਿਤਾ', 'ਕਦੇ ਕਦਾਈਂ', 'ਘਰ ਘਰ', 'ਆਪਣੇ ਤੋਂ ਆਪਣੇ ਤੱਕ', 'ਕਦੇ ਤਾਂ ਮਿਲ ਜ਼ਿੰਦਗੀ', 'ਵਿਚਲਾ ਮੌਸਮ', 'ਘਰ ਘਰ ਤੇ ਘਰ' ਅਤੇ 'ਮਿੱਟੀ ਦੀ ਗੌਰਵਗਾਥਾ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਮਨੁੱਖ ਵੀ ਪ੍ਰਕਿਰਤੀ ਦਾ ਅੰਸ਼ ਹੋਣ ਕਰਕੇ ਉਸ ਦੇ ਉੱਪਰ ਵੀ ਬਦਲਦੇ ਪ੍ਰਕ੍ਰਿਤਕ ਵਰਤਾਰਿਆਂ ਦਾ ਉਸ ਦੇ ਮਨ-ਮਸਤਕ ਵਿਚ ਪ੍ਰਭਾਵ ਪੈਣਾ ਲਾਜ਼ਮੀ ਦਸਤੂਰ ਮੰਨਿਆ ਜਾਂਦਾ ਹੈ।
ਬੇਸ਼ੱਕ ਮੁਢਲੇ ਰੂਪ ਵਿਚ ਗਰਮੀ-ਸਰਦੀ ਦੇ ਰੂਪ ਵਿਚ ਹੀ ਮੌਸਮਾਂ ਦੀ ਵਿਆਖਿਆ ਸੰਭਵ ਹੈ, ਪ੍ਰੰਤੂ ਇਸ ਨੂੰ ਚਾਰ ਰੁੱਤਾਂ ਜਾਂ ਛੇ ਰੁੱਤਾਂ ਅਨੁਸਾਰ ਵੀ ਸਮਝਿਆ ਅਤੇ ਸਮਝਾਇਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਮਨੁੱਖ ਦਾ ਮਨ ਵੀ ਮੁਢਲੇ ਰੂਪ ਵਿਚ ਸਮਾਜਿਕ ਵਰਤਾਰਿਆਂ 'ਚ ਵਿਚਰਦਾ ਦੁੱਖ ਅਤੇ ਸੁੱਖ ਦਾ ਹੀ ਅਹਿਸਾਸ ਕਰਦਾ ਹੈ ਜਾਂ ਇਹ ਕਰਵਾਉਂਦਾ ਹੈ। ਅਰਤਿੰਦਰ ਸੰਧੂ ਦੇ ਹਥਲੇ ਕਾਵਿ-ਸੰਗ੍ਰਹਿ ਵਿਚਲੀਆਂ 'ਸੋਚ ਦੀ ਡਾਚੀ ਤੂੰ ਸੁਣ' ਤੋਂ ਲੈ ਕੇ 'ਜੀਣ ਲਈ ਸੌਖਾ ਜਿਹਾ ਨੁਸਖਾ ਬਣ ਲਿਆ' ਤੱਕ ਦੀਆਂ 41 ਕਵਿਤਾਵਾਂ ਇਸ ਤਰ੍ਹਾਂ ਹੀ ਉਪਰੋਕਤ ਵਾਰਤਾ ਅਨੁਸਾਰ ਉਧੇੜ-ਬੁਣ ਦੀ ਪ੍ਰਕ੍ਰਿਤਕ ਅਵਸਥਾ ਥੀਂ ਗੁਜ਼ਰਦੀਆਂ ਮਨ ਦੇ ਮੌਸਮਾਂ ਦੀ ਗਾਥਾ ਦਾ ਬਿਰਤਾਂਤਕ ਸਿਰਜਦੀਆਂ ਹਨ। ਕਵਿੱਤਰੀ ਮਹਿਸੂਸ ਕਰਦੀ ਹੈ ਕਿ ਜ਼ਿੰਦਗੀ ਦੇ ਉਧਾਰੇ ਪਲਾਂ ਦੀ ਥਾਵੇਂ, ਮਨੁੱਖ ਆਪਣੀ ਜ਼ਿੰਦਗੀ ਦੀ ਬੁਣਤੀ ਦੇ ਧਾਗਿਆਂ ਨੂੰ ਆਪਣੀ ਹੀ ਇੱਛਾ ਅਨੁਸਾਰ ਬੁਣੇ। 'ਅੱਜਕਲ੍ਹ ਜ਼ਿੰਦਗੀ ਬੁਣਤੀ ਸਾਨੂੰ' ਦੀਆਂ ਹੇਠਲੀਆਂ ਸਤਰਾਂ ਵਧੇਰੇ ਵਿਚਾਰਨਯੋਗ ਹਨ:
ਬੀਜਾਂ 'ਚੋਂ ਹਰਿਆਲੀ ਉੱਗੇ
ਹਰ ਕੋਈ ਆਪਣਾ ਮਾਲੀ ਹੋਵੇ
ਪੁੰਗਰਨ ਪਲਰਨ ਸੁਪਨੇ ਸਾਰੇ
ਹੱਥ ਨਾ ਕੋਈ ਸਵਾਲੀ ਹੋਵੇ
ਜ਼ਿੰਦਗੀ ਆਪਣੀ ਹੋਂਦ ਜਤਾਵੇ
ਸਮਿਆਂ ਦੀ ਮਨਮਾਨੀ ਵਿਚ
ਇਸੇ ਤਰ੍ਹਾਂ ਹੀ 'ਮੇਰੇ ਖਿਆਲੋ ਸੁਰ ਚੁਣੋ', 'ਆ ਨਿਰਮੋਹੀਏ ਰੁੱਤੇ', 'ਆਈ ਹੀ ਸੈਂ ਜੋ ਜ਼ਿੰਦਗੀ', 'ਕੋਈ ਕੀ ਕਰੇ', 'ਸੁਪਨੇ ਪੁੱਛਿਆ', 'ਹਰ ਸ਼ਹਿਰ ਟਿਕਾਊ ਹੈ ਸੱਜਣਾ', 'ਜ਼ਿੰਦਗੀ ਤੂੰ ਆ', 'ਇਸ ਤਰ੍ਹਾਂ ਨਹੀਂ', 'ਪਰਦੇਸੀ ਹੋਏ ਬੱਚਿਓ', 'ਜਾਪਦਾ ਤਾਂ ਸੀ', 'ਹੁਣ ਤਾਂ ਸਿੱਖ ਤੁਰਨਾ' ਆਦਿ ਕਵਿਤਾਵਾਂ ਸੁਖੈਨ ਭਾਸ਼ਾ ਅਤੇ ਕਾਵਿਕ-ਅੰਦਾਜ਼ 'ਚ ਉਪਰੋਕਤ ਵਾਰਤਾ ਦੀ ਤਸਦੀਕ ਕਰਦੀਆਂ ਹਨ। ਜਿਵੇਂ ਮੌਸਮ ਪਲ-ਪਲ ਬਦਲਦਾ ਹੈ, ਉਵੇਂ ਹੀ ਮਨ ਦਾ ਮੌਸਮ ਵੀ ਬਦਲਦਾ ਜਾਂਦਾ ਹੈ। ਅਰਤਿੰਦਰ ਸੰਧੂ ਨੂੰ ਵਧਾਈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096

ਦਰਕਿਨਾਰ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 94635-61123

ਦਰਕਿਨਾਰ ਓਮ ਪ੍ਰਕਾਸ਼ ਗਾਸੋ ਦਾ 25ਵਾਂ ਨਾਵਲ ਅਤੇ 57ਵੀਂ ਪੁਸਤਕ ਹੈ। 90 ਸਾਲ ਦੇ ਇਸ ਬਹੁਵਿਧਾਵੀ ਸਾਹਿਤਕਾਰ ਦੁਆਰਾ ਲਿਖੇ ਨਾਵਲਾਂ ਦੀ ਲੰਮੀ ਕਤਾਰ ਵਿਚ ਇਸ ਸਾਲ ਚਾਰ ਨਾਵਲਾਂ ਦਾ ਵਾਧਾ ਹੋਇਆ ਹੈ, ਜਿਨ੍ਹਾਂ ਵਿਚੋਂ 'ਦਰਕਿਨਾਰ' ਪ੍ਰਮੁੱਖ ਹੈ। ਨਾਵਲਕਾਰ ਨੇ ਇਨ੍ਹਾਂ ਚਾਰ ਨਾਵਲਾਂ ਵਿਚ ਸੰਕੇਤਕ ਅਤੇ ਸੰਖੇਪਕ ਜੁਗਤਾਂ ਨਾਲ ਜਟਿਲ ਬਿਰਤਾਂਤ ਦੀ ਪੇਸ਼ਕਾਰੀ ਕੀਤੀ ਹੈ। ਆਂਚਲਿਕ ਨਾਵਲਾਂ ਦੀ ਗਿਣਤੀ ਵਿਚ ਸ਼ੁਮਾਰ ਇਨ੍ਹਾਂ ਕਿਰਤਾਂ 'ਚੋਂ ਮਰਦ ਪ੍ਰਧਾਨ ਸਮਾਜ ਦੀ ਹੋਣੀ ਭੋਗਣ ਵਾਲੀ ਔਰਤ ਦੀ ਗ਼ਲਤ ਫ਼ੈਸਲੇ ਨੂੰ ਉਲਟਾਉਣ ਵਾਲੀ ਤਬਦੀਲੀ ਦਿਸਦੀ ਹੈ।'ਦਰਕਿਨਾਰ' ਨਾਵਲ ਵੀ ਸੱਭਿਆਚਾਰਕ ਚੇਤਨਾ ਦਾ ਧਾਰਨੀ ਬਣ ਕੇ ਪੇਸ਼ ਹੋਇਆ ਹੈ। ਇਹ ਪੰਡਿਤ ਬ੍ਰਹਮਾ ਨੰਦ ਸ਼ਾਸਤਰੀ ਅਤੇ ਉਸ ਦੇ ਦੋ ਚੇਲਿਆਂ, ਜੱਟ ਤੇ ਸੀਰੀ ਦੀ ਕਹਾਣੀ ਹੈ, ਜਿਸ ਵਿਚ ਪੰਡਿਤ ਦੀ ਮਾਨਵਵਾਦੀ ਤੇ ਸਰਬ-ਸਾਂਝੀਵਾਲਤਾ ਵਾਲੀ ਸਮਝ ਨਾਲ ਜੱਟ ਕਵੀ ਤੇ ਸੀਰੀ ਕਵੀਸ਼ਰ ਬਣਦੇ ਹਨ। ਸੱਭਿਆਚਾਰਕ ਚੇਤਨਾ ਵਿਅਕਤੀ ਅੰਦਰ ਸਮਾਜ ਵਿਚ ਆ ਰਹੀ ਗਿਰਾਵਟ ਸੰਬੰਧੀ ਸੁਚੇਤ ਕਰਦੀ ਹੋਈ ਕਈ ਪ੍ਰਕਾਰ ਦੇ ਸਵਾਲਾਂ ਨੂੰ ਜਨਮ ਦਿੰਦੀ ਰਹਿੰਦੀ ਹੈ। ਪ੍ਰਦੂਸ਼ਿਤ ਭਾਸ਼ਾ ਸੋਚ, ਵਿਚਾਰ, ਰਹਿਣ-ਸਹਿਣ, ਖਾਣ-ਪੀਣ, ਧਰਮ, ਵਿੱਦਿਆ-ਪ੍ਰਣਾਲੀਆਂ ਅਤੇ ਧਰਮ ਸਮਝਣ ਲਈ ਸੱਭਿਆਚਾਰਕ ਚੇਤਨਾ ਦੀ ਲੋੜ ਹੁੰਦੀ ਹੈ ਕਿਉਂਕਿ ਚੇਤਨਾ ਉਸ ਅੰਦਰ ਅਜਿਹੇ ਗਿਆਨ ਨੂੰ ਪ੍ਰਕਾਸ਼ਿਤ ਕਰਦੀ ਹੈ, ਜਿਸ ਨਾਲ ਉਸ ਦੇ ਵਿਅਕਤੀਤਵ ਦਾ ਵਿਸਥਾਰ ਹੁੰਦਾ ਹੈ, ਨਾਵਲ 'ਦਰਕਿਨਾਰ' ਵਿਚ ਵੈਦ ਜੀ ਦੇ ਅੰਦਰ ਵੀ ਅਜਿਹੇ ਵਿਅਕਤੀਤਵ ਦਾ ਵਿਸਥਾਰ ਹੋਇਆ ਜੋ ਕਿ ਬਾਕੀ ਪਿੰਡ ਵਾਸੀਆਂ ਲਈ ਗਿਆਨ ਦਾ ਭੰਡਾਰ ਬਣ ਗਿਆ ਤੇ ਪਿੰਡ ਵਾਸੀ ਹਰ ਸਮੱਸਿਆ ਦੇ ਹੱਲ ਲਈ ਉਸ ਕੋਲ ਆਉਂਦੇ ਹਨ। ਨਾਵਲ 'ਦਰਕਿਨਾਰ' ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਮਹੱਤਤਾ ਦਾ ਵਰਣਨ ਕਰਦਾ ਹੋਇਆ ਸਮਾਜ ਵਿਚ ਇਸ ਦੀ ਸਥਿਤੀ ਦੀ ਪੇਸ਼ਕਾਰੀ ਕਰਦਾ ਨਜ਼ਰ ਆ ਰਿਹਾ ਹੈ। ਸੱਭਿਆਚਾਰ ਦੇ ਵੱਖ-ਵੱਖ ਰੂਪਾਂ ਦੀ ਪੇਸ਼ਕਾਰੀ ਨਾਵਲ ਵਿਚ ਕਰਦੇ ਹੋਏ ਨਾਵਲਕਾਰ ਦੀ ਪਾਠਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਸਫਲ ਹੋਈ ਹੈ। ਆਖ਼ਰੀ ਕਾਂਡਾਂ ਅੰਦਰ ਬਿਰਤਾਂਤ ਦਾ ਵਾਧੂ ਵਿਸਥਾਰ ਹੈ। ਨਾਵਲਕਾਰ ਵਲੋਂ ਭਾਸ਼ਾ ਦੀ ਵਰਤੋਂ ਹੁਨਰਮੰਦ ਢੰਗ ਨਾਲ ਕੀਤੀ ਹੈ ਅਤੇ ਚੋਣਵੀਂ ਤੇ ਸ਼ੁੱਧ ਸ਼ਬਦਾਵਲੀ ਦੀ ਬਿਹਤਰੀਨ ਵਾਕ-ਬਣਤਰ ਲਾਜਵਾਬ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਬੁਝ ਰਹੀ ਬੱਤੀ ਦਾ ਚਾਨਣ
ਨਾਵਲਕਾਰ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 94635-61123

ਓਮ ਪ੍ਰਕਾਸ਼ ਗਾਸੋ ਪੰਜਾਬੀ ਨਾਵਲ ਖੇਤਰ ਦਾ ਸਮਰੱਥਾਵਾਨ ਨਾਵਲਕਾਰ ਹੈ, ਜਿਸ ਨੇ ਪੰਜਾਬੀ ਨਾਵਲ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ। 'ਬੁਝ ਰਹੀ ਬੱਤੀ ਦਾ ਚਾਨਣ' ਓਮ ਪ੍ਰਕਾਸ਼ ਗਾਸੋ ਦੁਆਰਾ ਲਿਖਿਆ ਨਵਾਂ ਨਾਵਲ ਨਹੀਂ ਹੈ, ਪਰ ਵਿਚਾਰਧੀਨ ਨਾਵਲ ਨਵੇਂ ਐਡੀਸ਼ਨ ਦੇ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕੀਤਾ ਗਿਆ ਹੈ। ਇਸ ਨਾਵਲ ਦੀ ਮਕਬੂਲੀਅਤ ਪੰਜਾਬੀ ਪਾਠਕਾਂ ਵਿਚ ਇਸ ਕਰਕੇ ਵੀ ਹੈ ਕਿਉਂ 'ਪਰਛਾਵੇਂ' ਸੀਰੀਅਲ ਦੇ ਰੂਪ ਵਿਚ ਇਸ ਦਾ ਨਾਟਕੀ ਰੂਪਾਂਤਰਣ ਵੀ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੋ ਚੁੱਕਾ ਹੈ। 'ਬੁਝ ਰਹੀ ਬੱਤੀ ਦਾ ਚਾਨਣ' ਨਾਵਲ ਜਿਥੇ ਬਾਹਰੀ ਪ੍ਰਸਥਿਤੀਆਂ ਦੇ ਕਰੂਰ ਯਥਾਰਥ ਅਤੇ ਖੁਰਦੀਆਂ ਭੁਰਦੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਪੁਨਰ ਸੁਰਜੀਤ ਕਰਨ ਦਾ ਕਥਾ-ਬਿਰਤਾਂਤ ਪੇਸ਼ ਕਰਦਾ ਹੈ, ਉਥੇ ਮਨੁੱਖ ਦੇ ਆਂਤਰਿਕ-ਦਵੰਦ ਨੂੰ ਵੀ ਅਗਰ-ਭੂਮਿਤ ਕਰਦਾ ਹੈ, ਜਿਥੇ ਸਮਾਜਿਕ-ਰਿਸ਼ਤਿਆਂ ਨੂੰ ਤਿਲਾਂਜਲੀ ਦੇਣ ਤੋਂ ਬਾਅਦ ਵੀ ਇਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਸਕਦਾ। ਭਾਵੇਂ ਇਹ ਪ੍ਰਸਥਿਤੀਆਂ ਉਸ ਦੇ ਸਨਮੁਖ ਹੋਣ ਜਾਂ ਫਿਰ ਯਾਦਾਂ ਦੇ ਰੂਪ ਵਿਚ ਉਸ ਦੀ ਮਾਨਸਿਕਤਾ ਵਿਚ ਖੌਰੂ ਪਾ ਰਹੀਆਂ ਹੋਣ। 'ਬੁਲਾਰੇ' ਤੋਂ 'ਬੈਰਮ ਦਾਸ' ਦਾ ਭੇਸ ਬਣਾ ਲੈਣ ਨਾਲ ਵੀ ਮਾਨਸਿਕਤਾ ਬਦਲਦੀ ਨਹੀਂ ਅਤੇ ਨਾ ਹੀ ਭੀਖੂ ਤੋਂ ਭੀਖਮ ਦਾਸ ਬਣਨ ਨਾਲ ਜੀਵਨ ਯਥਾਰਥ ਤੋਂ ਭੱਜਿਆ ਜਾ ਸਕਦਾ ਹੈ। ਮਨੁੱਖੀ ਮਾਨਸਿਕਤਾ ਵਿਚ ਉਹ ਪ੍ਰਸਥਿਤੀਆਂ ਹਮੇਸ਼ਾ ਅਣਚੇਤਨੀ ਰੂਪ ਵਿਚ ਉਜਾਗਰ ਹੁੰਦੀਆਂ ਰਹਿੰਦੀਆਂ ਹਨ, ਜਿਹੜੀਆਂ ਕਦੇ ਉਸ ਨੇ ਭੋਗੀਆਂ ਹੁੰਦੀਆਂ ਹਨ। ਨਾਵਲੀ ਕਥਾ ਵਿਚ 'ਬੁਲਾਰੇ' ਦੀ ਪਰਿਵਾਰਕ ਜ਼ਿੰਦਗੀ ਉਸ ਦੀ ਭਰਜਾਈ ਦੇ ਸੰਤਾਨ ਨਾ ਹੋਣ, ਭਰਾ ਦਾ ਦੂਜਾ ਵਿਆਹ ਕਰਵਾਉਣ, ਪਿਓ ਤੇ ਮਾਂ ਦੀ ਹੈਂਕੜੀ ਬਿਰਤੀ, ਬੁਲਾਰੇ ਦਾ ਨੈਣੀ ਨਾਲ ਪਿਆਰ, ਬੁਲਾਰੇ ਦੀ ਭੈਣ ਕਾਕੀ ਦਾ 'ਕੰਗਣ' ਨਾਂਅ ਦੇ ਨੌਜਵਾਨ ਵੱਲ ਆਕਰਸ਼ਿਤ ਹੋਣਾ ਆਦਿ ਸਾਮਾਨੰਤਰ ਚਲਦੀਆਂ ਬਿਰਤਾਂਤਕ ਕਥਾਵਾਂ ਹਨ। ਨਾਵਲਕਾਰ ਕੋਲ ਕਿਉਂਕਿ ਜੀਵਨ ਯਥਾਰਥ ਦਾ ਪ੍ਰੌੜ੍ਹ ਅਨੁਭਵ ਹੈ, ਇਸ ਕਰਕੇ ਕਥਾ ਵਿਚ ਦਾਰਸ਼ਨਿਕ ਸ਼ੈਲੀ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਪਿਛਲਝਾਤ, ਨਾਟਕੀ ਵਰਨਣ ਪਾਠਕ ਨੂੰ ਨਾਵਲੀ ਕਥਾ ਨਾਲ ਜੋੜੀ ਰੱਖਦਾ ਹੈ। ਮਾਨਵੀ ਕਦਰਾਂ-ਕੀਮਤਾਂ ਫੈਲਾਉਂਦਾ ਅਤੇ ਸਮਾਜਿਕ ਪ੍ਰਬੰਧ ਵਿਚ ਫੈਲੇ ਆਤੰਕ ਅਤੇ ਇਸ ਹਨੇਰੇ ਦੇ ਖਿਲਾਫ਼ ਚਾਨਣ ਦਾ ਹੋਕਾ ਦਿੰਦਾ ਇਹ ਨਾਵਲ ਪੜ੍ਹਨਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਮਨ ਦੇ ਵਲਵਲੇ
ਲੇਖਕ : ਹਰਪ੍ਰੀਤ ਬਰਾੜ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94638-36591

ਪੁਸਤਕ 'ਮਨ ਦੇ ਵਲਵਲੇ' ਵਿਚ 40 ਕਹਾਣੀਆਂ ਹਨ, ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਹੀ ਜ਼ਾਹਿਰ ਹੈ ਕਿ ਲੇਖਿਕਾ ਨੇ ਆਪਣੀਆਂ ਕਹਾਣੀਆਂ ਦੇ ਵਿਚ ਆਪਣੇ ਮਨ ਦੇ ਵਲਵਲਿਆਂ ਨੂੰ ਕਾਗ਼ਜ਼ ਦੀ ਹਿੱਕ ਉਡੀਕ ਨੇ ਆਪਣੀ ਅੰਦਰਲੀ ਹੂਕ ਨੂੰ ਪਾਠਕਾਂ ਦੇ ਨਾਲ ਸਾਂਝਾ ਕਰਕੇ ਆਪਣੇ ਮਨ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਜਾਪਦੀ ਹੈ। ਹਰ ਕਹਾਣੀ ਵਿਚ ਇਕ ਵੱਖਰੀ ਜਿਹੀ ਉਤਸੁਕਤਾ ਹੈ ਜੋ ਹੋਰ ਪੜ੍ਹਨ ਲਈ ਪਾਠਕ ਨੂੰ ਪ੍ਰੇਰਦੀ ਹੈ। ਲੇਖਿਕਾ ਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਜਿਨ੍ਹਾਂ ਨੂੰ ਹਰ ਕਹਾਣੀ ਦੇ ਵਿਸ਼ੇ, ਪਾਤਰ ਦੇ ਸੁਭਾਅ, ਸਮੇਂ ਤੇ ਸਥਿਤੀ ਦੇ ਅਨੁਸਾਰ ਵਰਤ ਕੇ ਕਹਾਣੀਆਂ ਨੂੰ ਇਕ ਮਾਲਾ ਵਿਚ ਪਰੋ ਕੇ ਪੁਸਤਕ ਦਾ ਰੂਪ ਦਿੱਤਾ ਹੈ। ਹਰ ਕਹਾਣੀ ਦਾ ਮੁਹਾਂਦਰਾ ਵੱਖਰਾ ਹੈ ਅਤੇ ਲੇਖਿਕਾ ਨੇ ਆਪਣੀ ਲੇਖਣੀ ਅਨੁਸਾਰ ਬਣਾ ਕੇ ਵਧੀਆ ਉਪਰਾਲਾ ਕੀਤਾ ਹੈ। ਕਹਾਣੀਆਂ ਵਿਚਲੇ ਜੋ ਵਿਸ਼ੇ ਲਏ ਗਏ ਹਨ, ਉਹ ਸਾਡੀ ਆਮ ਜ਼ਿੰਦਗੀ ਵਿਚੋਂ ਲੈ ਕੇ ਵੱਖ-ਵੱਖ ਘਟਨਾਵਾਂ ਨੂੰ ਤਰਤੀਬਵਾਰ ਪੇਸ਼ ਕੀਤਾ ਹੈ। ਹਰ ਕਹਾਣੀ ਦਾ ਸਿਰਲੇਖ ਵੀ ਕਹਾਣੀ ਨਾਲ ਪੂਰਨ ਤੌਰ 'ਤੇ ਢੁਕਦਾ ਹੈ। ਲੇਖਿਕਾ ਭਾਵੇਂ ਨਿਊਜ਼ੀਲੈਂਡ ਰਹਿੰਦੀ ਹੈ ਪ੍ਰੰਤੂ ਉਸ ਨੇ ਆਪਣੀ ਮਾਂ-ਬੋਲੀ ਨੂੰ ਆਪਣੇ ਅੰਗ-ਸੰਗ ਰੱਖ ਕੇ ਆਪਣਾ ਅੰਦਰਲਾ ਮੋਹ ਪ੍ਰਗਟ ਕਰਦਿਆਂ ਹੋਰਨਾਂ ਲੇਖਕਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੇਖਿਕਾ ਨੂੰ ਲਿਖਣ ਦੀ ਪ੍ਰੇਰਨਾ ਉਸ ਦੇ ਪਿਤਾ ਤੋਂ ਲੱਗੀ, ਜਿਸ ਨੂੰ ਉਹ ਹੁਣ ਵੀ ਕਾਇਮ ਰੱਖ ਰਹੀ ਹੈ। ਲੇਖਿਕਾ ਹੋਰ ਅੱਗੋਂ ਆਪਣੀ ਪੰਜਾਬੀ ਮਾਂ ਬੋਲੀ ਵਿਚ ਲਿਖਣ ਦਾ ਭਰੋਸਾ ਦਿਵਾ ਰਹੀ ਹੈ ਜੋ ਕਿ ਇਕ ਚੰਗੀ ਗੱਲ ਹੈ। ਵੈਸੇ ਤਾਂ ਪੁਸਤਕ ਵਿਚਲੀਆਂ 40 ਕਹਾਣੀਆਂ ਹੀ ਚੰਗੀਆਂ ਹਨ ਪ੍ਰੰਤੂ ਮਾਂ, ਘਰ, ਉਹ ਤੇ ਮੈਂ, ਇਕ ਡਰ ਦੀ ਮੌਤ, ਰੂਹਾਂ ਵਾਲਾ ਪਿਆਰ, ਨਿਮਰਤ, ਡਰ ਤੇ ਹੁਣ ਚੰਦ ਸ਼ਬਦ ਮੇਰੇ ਪਿਆਰੇ ਸ਼ਹਿਰ ਦੇ ਨਾਂਅ, ਚੂੜਾ, ਨਰੜ, ਛੋਟੀ ਬੇਬੇ ਆਦਿ ਕਹਾਣੀਆਂ ਦਿਲ ਨੂੰ ਛੂਹਣ ਵਾਲੀਆਂ ਹਨ। ਇਸ ਪੁਸਤਕ ਤੋਂ ਪਹਿਲਾਂ ਲੇਖਿਕਾ ਦੀ ਇਕ ਪੁਸਤਕ ਸ਼ਰਾਰਤੀ ਬਾਂਦਰ ਛਪ ਚੁੱਕੀ ਹੈ। ਸਮੁੱਚੇ ਤੌਰ 'ਤੇ ਲੇਖਿਕਾ ਕਹਾਣੀ ਲਿਖਣ ਦੇ ਪ੍ਰਤੀ ਵਧਾਈ ਦੀ ਪਾਤਰ ਹੈ ਅਤੇ ਉਮੀਦ ਹੈ ਅੱਗੋਂ ਹੋਰ ਵੀ ਅਜਿਹਾ ਲਿਖਦੀ ਰਹੇਗੀ।

-ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋਬਾਈਲ : 092105-88990

09-07-2023

 ਪੁਲ ਤੇ ਪਾਣੀ
ਲੇਖਕ : ਸੁਰਿੰਦਰ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 115
ਸੰਪਰਕ : 99154-73505

ਸੁਰਿੰਦਰ ਗਿੱਲ ਦਾ ਇਹ ਦਸਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਸਫ਼ਰ ਤੇ ਸੂਰਜ' ਜਦੋਂ 1967 'ਚ ਛਪਿਆ ਤਾਂ ਇਸ ਸ਼ਾਇਰ ਦਾ ਗੀਤ 'ਛੱਟਾ ਚਾਨਣਾ ਦਾ ਦੇਈ ਜਾਣਾ ਹੋ' ਚਰਚਿਤ ਹੋਇਆ ਤੇ ਸੁਰਿੰਦਰ ਗਿੱਲ ਦੇ ਇਸ ਗੀਤ ਦੀ ਭਰਪੂਰ ਸ਼ਲਾਘਾ ਹੋਈ। ਹਥਲੀ ਪੁਸਤਕ ਵਿਚ ਭੂਮਿਕਾ ਵਜੋਂ ਲਿਖੀ ਲਿਖਤ 'ਮਿੱਤਰਾਂ ਦੀ ਲੂਣ ਦੀ ਡਲੀ' ਵਿਚ ਗਿੱਲ ਆਪਣੇ ਕਾਵਿ-ਸਫ਼ਰ ਅਤੇ ਆਪਣੀ ਮਾਨਸਿਕ-ਰੋਗੀ ਅਵਸਥਾ ਬਾਰੇ ਜਾਣਕਾਰੀ ਦਿੰਦਾ ਹੈ। 'ਪੁਲ ਤੇ ਪਾਣੀ' ਦੀਆਂ ਬਹੁਤੀਆਂ ਕਵਿਤਾਵਾਂ 2020 ਤੋਂ 2023 ਦੇ ਦੌਰਾਨ ਲਿਖੀਆਂ ਗਈਆਂ ਹਨ ਜੋ ਮੁਹਾਲੀ 'ਚ ਲਿਖੀਆਂ। ਕੁਝ ਆਸਟ੍ਰੇਲੀਆ ਦੀ ਫੇਰੀ ਨਾਲ ਸੰਬੰਧਿਤ ਹਨ। ਅਖ਼ੀਰਲੇ ਭਾਗ 'ਚ ਪੰਜ ਗ਼ਜ਼ਲਾਂ ਸ਼ਾਮਿਲ ਹਨ ਅਤੇ ਅੰਤਿਕਾ 'ਕਾਵਿ ਦਾ ਦਰਿਆ' 'ਚ ਕਵੀ ਲਿਖਦਾ ਹੈ : 'ਇਹ ਕਵਿਤਾਵਾਂ ਮੇਰੇ ਅਨੁਭਵ ਦੇ ਚਰਖੇ ਦੇ ਕੋਮਲ ਤੱਕਲੇ ਤੋਂ ਸੂਖਸ਼ਮ ਗਲੋਟਿਆਂ ਵਾਂਗ ਝੜੀਆਂ।' ਇਸ ਕਾਵਿ-ਪੁਸਤਕ 'ਚ ਗਿੱਲ ਨੇ ਆਪਣੀ ਜਵਾਨੀ ਦੇ ਰੁਮਾਂਟਿਕ ਪਲਾਂ ਅਤੇ ਮਹਿਬੂਬਾ ਨਾਲ ਹੰਢਾਏ ਦਿਨਾਂ ਨੂੰ ਬਹੁਤ ਉਦਰੇਵੇਂ ਨਾਲ ਯਾਦ ਕੀਤਾ ਹੈ :
'ਮੇਰੀ ਚੜ੍ਹਦੀ ਜਵਾਨੀ ਦੇ ਮਹਿੰਗੇ ਦਿਨਾਂ ਦਾ ਕਤਲ, ਕਿਸੇ ਨੇ ਵੀ ਸਾਥ ਨਾ ਦਿੱਤਾ। ਹੁਣ ਤਾਂ ਮੈਂ, ਉਨ੍ਹਾਂ ਕੁਰਖਤ ਦਿਨਾਂ ਨੂੰ ਭੁੱਲ ਜਾਣਾ ਹੀ ਸਿਆਣਪ ਸਮਝਦਾ ਹਾਂ।' ਇਹ ਵਿਗੋਚਾ ਅਤੇ ਪਛਤਾਵਾ ਬੰਦਾ ਕੀ ਕਰੇ, ਆਧੁਨਿਕਤਾ, ਗਿਲਾ, ਕਰਫਿਊ, ਮੋਹ ਮੰਤਰ, ਤੁਰਦੇ ਰਹੀਏ, ਤੇ 'ਅਨੰਦ' ਕਵਿਤਾਵਾਂ 'ਚ ਪੜ੍ਹਿਆ ਜਾ ਸਕਦਾ ਹੈ। ਕੁਝ ਕਵਿਤਾਵਾਂ ਕਟਾਖ਼ਸ਼ ਵਾਲੀਆਂ ਪ੍ਰਧਾਨ ਮੰਤਰੀ ਮੋਦੀ ਦੇ ਰਾਜਸੀ-ਵਿਵਹਾਰ ਵੱਲ ਉਂਗਲ ਕਰਦੀਆਂ। ਜਿਵੇਂ ਜੰਦਰਾ, ਮੱਸਾ ਰੰਗੜ, ਤੂੰ ਸਾਡਾ ਨਹੀਂ, ਪਰਾਲੀ ਦਾ ਧੂੰਆਂ ਅਤੇ ਮਨ ਕੀ ਬਾਤ ਆਦਿ। ਸਿੱਧੀ ਟਕੋਰ ਕਰਦਿਆਂ ਕਵੀ ਲਿਖਦਾ ਹੈ :
'ਮੋਦੀ ਦੇ ਪਲਿਉਂ ਕੀ ਜਾਂਦਾ, ਦਿੱਲੀ ਬੈਠਾ, ਭਾਂਤ-ਭਾਂਤ ਦੇ ਢੌਂਗ ਰਚਾਉਂਦਾ ਫੋਕੇ ਨਾਹਰਿਆਂ ਦੀਆਂ ਸ਼ੁਰਲੀਆਂ ਛੱਡੀ ਜਾਂਦਾ। ਆਓ ਮੋਦੀ ਦੇ ਫੋਕੇ ਬਿਆਨਾਂ ਦੀਆਂ ਪਾਥੀਆਂ ਪੱਥੀਏ।' ਸ੍ਰੀ ਗਿੱਲ ਦੇ ਸੁਭਾਅ ਵਾਂਗ ਕਈ ਕਵਿਤਾਵਾਂ ਟਿਚਰੀ ਰੰਗ ਵਾਲੀਆਂ ਵੀ ਹਨ। ਜਿਵੇਂ 'ਸਵੈਮਾਣ', 'ਸੰਭਵ' ਤੇ 'ਵਿਛੂ ਬੂਟੀ' ਆਦਿ। 'ਪੁਲ ਤੇ ਪਾਣੀ' ਪੁਸਤਕ ਦੇ ਨਾਮਕਰਨ ਵਾਲੀ ਕਵਿਤਾ ਬੜੀ ਹੀ ਸੰਕੇਤਕ ਤੇ ਮੁਹੱਬਤ 'ਤੇ ਵਿਅੰਗ ਕੱਸਣ ਵਾਲੀ ਅਰਥ ਭਰਪੂਰ ਹੈ। ਕੁਝ ਕਵਿਤਾਵਾਂ ਸ੍ਰੀ ਗਿੱਲ ਸਾਹਿਤ ਦਾ ਕਮਾਂਡਰ ਬਣ ਕੇ ਹੋਰਾਂ ਨੂੰ ਸੰਬੋਧਨ ਕਰ ਕੇ ਸੁਚੇਤ ਕਰਦਾ ਜਾਪਦਾ ਹੈ : 'ਪਿਆਰੇ ਮਿੱਤਰੋ! ਕਵੀਓ, ਲੇਖਕੋ, ਕਲਾਕਾਰੋ, ਕਾਮਿਓਂ, ਕਿਸਾਨੋ, ਕਿਰਤੀਓ, ਬੁੱਧੀਜੀਵੀਓ : ਨਿੱਤ ਨਵੇਂ ਸੂਰਜ, ਨਵੇਂ ਰਾਹੀਂ ਤੁਰੋ, ਨਿੱਤ ਨਵੇਂ ਗੀਤ, ਨਵੇਂ ਸਾਜ਼ ਸਿਰਜਦੇ ਰਹੋ।' ਕਿਸਾਨ ਅੰਦੋਲਨ ਦੀ ਸ਼ਕਤੀ ਨੂੰ ਮੁੱਖ ਰੱਖਦਿਆਂ, ਰਾਜ ਸੱਤਾ ਨੂੰ ਵੰਗਾਰਨ ਦੀ ਜੁਰੱਅਤ ਵਾਲੀਆਂ ਕਵਿਤਾਵਾਂ ਸਮਕਾਲੀ ਸਮਾਜਿਕ-ਸਰੋਕਾਰਾਂ ਦੀ ਤਰਜਮਾਨੀ ਕਰਦੀਆਂ ਜਦੋਂ ਸ੍ਰੀ ਗਿੱਲ ਪੂਰੇ ਜਲੌਅ 'ਚ ਹੁੰਦਾ ਤਾਂ ਉਸ ਨੂੰ ਸਮਾਜ ਨੂੰ ਉਜਵਲ ਕਰਨ ਦਾ ਕੜਵੱਲ ਤੰਗ ਕਰਨ ਲਗਦਾ ਤੇ ਉਹ ਬੋਲ ਉੱਠਦਾ : 'ਆਓ ਆਪਣੇ ਗੀਤ ਦਾ ਪ੍ਰਕਾਸ਼ ਕਰੀਏ, ਚੁਪਾਸੇ ਪਸਰੇ ਨ੍ਹੇਰਿਆਂ ਦਾ ਨਾਸ਼ ਕਰੀਏ।' 'ਹੁਣ ਤਾਂ ਮਿੱਤਰੋ! ਚਾਨਣ ਵੱਲ ਮੁੱਖ ਕਰੀਏ, ਸਵੈ ਪੜਚੋਲ 'ਤੇ ਚਿੰਤਨ ਕਰੀਏ, ਮੁੱਖ ਮੁੱਦੇ 'ਤੇ ਚਿੰਤਨ ਕਰੀਏ। ਆਓ, ਗੀਤ ਦੀ ਜੂਨ ਹੰਢਾਈਏ, ਗੀਤ ਗੀਤ ਹੋ ਜਾਈਏ।' ਇਹ ਕਹਿਣਾ ਉਚਿਤ ਹੋਵੇਗਾ ਕਿ ਇਸ ਪ੍ਰੌੜ ਉਮਰੇ ਸ੍ਰੀ ਸੁਰਿੰਦਰ ਗਿੱਲ ਨੇ ਆਪਣੇ ਜੀਵਨ ਦੇ ਅਨੁਭਵਾਂ ਨੂੰ ਇਕ ਵੱਖਰੀ ਸ਼ੈਲੀ ਰਾਹੀਂ ਬੇਬਾਕੀ ਨਾਲ ਪੇਸ਼ ਕਰਨ ਦਾ ਭਾਰ ਲਾਹਿਆ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਸਮਾਜਕ ਅਤੇ ਸਭਿਆਚਾਰਕ ਕ੍ਰਾਂਤੀ
ਲੇਖਕ : ਹਰਬੰਸ ਲਾਲ ਬੱਧਣ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 250 ਰੁਪਏ, ਸਫ਼ੇ : 102
ਸੰਪਰਕ : 86609-15632

ਹਰਬੰਸ ਲਾਲ ਬੱਧਣ ਨੇ ਅੰਬੇਡਕਰਵਾਦ ਦੇ ਪ੍ਰਚਾਰ-ਪ੍ਰਸਾਰ ਵਾਸਤੇ ਜੀਅ-ਜਾਨ ਨਾਲ ਕੰਮ ਕੀਤਾ ਹੈ। ਉਹ ਹੁਣ ਤੱਕ ਚਾਰ ਕਾਵਿ-ਸੰਗ੍ਰਹਿ, ਚਾਰ ਨਾਟਕ ਅਤੇ ਪੰਜ ਵਾਰਤਕ ਪੁਸਤਕਾਂ ਸਮੇਤ ਇਕ ਹਿੰਦੀ ਪੁਸਤਕ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਉਹਦੀਆਂ ਸੱਤ ਵਾਰਤਕ ਪੁਸਤਕਾਂ (ਹਿੰਦੀ ਸਮੇਤ) ਸਿੱਧੇ ਤੌਰ 'ਤੇ ਅੰਬੇਡਕਰ ਅਤੇ ਅੰਬੇਡਕਰ ਦੇ ਵਿਚਾਰਾਂ ਨਾਲ ਸੰਬੰਧਿਤ ਹਨ।
ਵਿਚਾਰਅਧੀਨ ਕਿਤਾਬ ਵਿਚ ਵੀ ਅੰਬੇਡਕਰ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਦੀ ਭੂਮਿਕਾ ਵਿਚ ਲੇਖਕ ਨੇ ਗਾਂਧੀ ਤੇ ਅੰਬੇਡਕਰ ਦੇ ਸਿਧਾਂਤਾਂ ਉੱਪਰ ਚਰਚਾ ਕਰਦਿਆਂ ਗਾਂਧੀ ਨੂੰ ਦਲਿਤ/ਅਛੂਤ ਵਿਰੋਧੀ ਸਿੱਧ ਕੀਤਾ ਹੈ। ਲੇਖਕ ਦੱਸਦਾ ਹੈ ਕਿ ਗਾਂਧੀ ਦਾ 20 ਸਤੰਬਰ, 1932 ਨੂੰ ਰੱਖਿਆ ਮਰਨ-ਵਰਤ ਅਸਲ ਵਿਚ ਹਿੰਦੂਆਂ ਤੇ ਅਛੂਤਾਂ ਵਿਚ ਨਾ ਖ਼ਤਮ ਹੋਣ ਵਾਲੀ ਨਫ਼ਰਤ ਅਤੇ ਦੁਸ਼ਮਣੀ ਦਾ ਕਾਰਨ ਬਣਿਆ।
ਗਾਂਧੀ ਦੇ ਅਜਿਹੇ ਵਿਚਾਰਾਂ ਕਰਕੇ ਹੀ ਅੰਬੇਡਕਰ ਨੇ 14 ਅਕਤੂਬਰ, 1956 ਨੂੰ ਧਰਮ ਪਰਿਵਰਤਨ ਕੀਤਾ। ਬੱਧਣ ਮੁਤਾਬਕ ਗਾਂਧੀ ਸਮਾਜਿਕ ਤੇ ਸੱਭਿਆਚਾਰਕ ਸੁਧਾਰਾਂ ਦਾ ਕੱਟੜ ਆਲੋਚਕ ਸੀ ਤੇ ਉਹ ਵਰਣ ਆਸ਼ਰਮ ਅਤੇ ਜਾਤੀ ਪ੍ਰਥਾ ਨੂੰ ਬਿਲਕੁਲ ਖ਼ਤਮ ਨਹੀਂ ਸੀ ਕਰਨਾ ਚਾਹੁੰਦਾ। ਕਿਤਾਬ ਦੇ ਵੱਖ-ਵੱਖ 7 ਕਾਂਡਾਂ ਵਿਚ ਪੂਰੇ ਹਵਾਲੇ ਅਤੇ ਟਿੱਪਣੀਆਂ ਸਹਿਤ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੋਇਆ ਹੈ। ਨਹਿਰੂ ਤੇ ਪਟੇਲ ਜਿਹੇ ਕਾਂਗਰਸੀਆਂ ਨੇ ਭਾਰਤ ਦਾ ਨਵਾਂ ਸੰਵਿਧਾਨ ਲਿਖਾਉਣ ਲਈ ਇਕ ਗੁਪਤ ਚਿੱਠੀ ਰਾਹੀਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਨੂੰ ਬੇਨਤੀ ਕੀਤੀ ਸੀ, ਕਿਉਂਕਿ ਇਹ ਕਾਂਗਰਸੀ ਨੇਤਾ ਖ਼ੁਦ ਸੰਵਿਧਾਨ ਲਿਖਣ ਦੇ ਸਮਰੱਥ ਨਹੀਂ ਸਨ। ਕਲੀਮੈਂਟ ਨੇ ਸਰ ਵਿਲੀਅਮ ਆਈਵਰ ਜੈਨਿਗਸ ਦਾ ਨਾਂਅ ਸੁਝਾਇਆ ਪਰ ਜੈਨਿਗਸ ਨੇ ਸੰਵਿਧਾਨ ਕਮੇਟੀ ਦਾ ਚੇਅਰਮੈਨ ਬਣਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿਉਂਕਿ ਉਸ ਮੁਤਾਬਕ ਪੂਰੇ ਸੰਸਾਰ ਵਿਚ ਅੰਬੇਡਕਰ ਤੋਂ ਵਧੀਆ ਕਾਨੂੰਨਦਾਨ ਤੇ ਵਿਦਵਾਨ ਹੋਰ ਕੋਈ ਹੈ ਹੀ ਨਹੀਂ ਸੀ। ਇਸ ਤਰ੍ਹਾਂ ਸਪੱਸ਼ਟ ਹੈ ਕਿ ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਗਾਂਧੀ ਦੇ ਕਹਿਣ 'ਤੇ ਨਹੀਂ ਸੀ ਕੀਤੀ ਤੇ ਨਾ ਹੀ ਗਾਂਧੀ ਨੇ ਅੰਬੇਡਕਰ ਨੂੰ ਸੰਵਿਧਾਨ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਸੱਚਮੁੱਚ ਇਹ ਕਿਤਾਬ ਗਾਂਧੀ/ ਕਾਂਗਰਸੀਆਂ ਦੇ ਅਛੂਤਾਂ/ਅੰਬੇਡਕਰ ਪ੍ਰਤੀ ਵਿਚਾਰਾਂ ਬਾਰੇ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਲਿਆਉਂਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਮੋਮਬੱਤੀਆਂ ਦਾ ਮੇਲਾ
ਲੇਖਕ : ਨਰਿੰਦਰ ਸਿੰਘ ਕਪੂਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 352
ਸੰਪਰਕ : 0172-5027427

ਡਾ. ਨਰਿੰਦਰ ਸਿੰਘ ਕਪੂਰ ਬਹੁਤ ਪੜ੍ਹਿਆ-ਲਿਖਿਆ ਲੇਖਕ ਹੈ, ਉਸ ਕੋਲ ਭਾਸ਼ਾਵਾਂ, ਸਮਾਜ-ਵਿਗਿਆਨ ਅਤੇ ਪੱਤਰਕਾਰਤਾ ਆਦਿ ਨਾਲ ਸੰਬੰਧਿਤ ਡਿਗਰੀਆਂ ਦੀ ਭਰਮਾਰ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਲਿਖਤਾਂ ਵਿਚ ਅਨੁਭਵ ਅਤੇ ਅਭਿਵਿਅਕਤੀ ਦੇ ਅਨੇਕ ਨਵੇਂ ਦਿਸਹੱਦੇ ਖੁਲ੍ਹਦੇ ਨਹੀਂ। ਉਹ ਸੋਚ ਦੀਆਂ ਸੀਮਾਵਾਂ ਨੂੰ ਨਿਰੰਤਰ ਵਿਸਤਾਰਦਾ ਰਹਿੰਦਾ ਹੈ।
ਉਹ ਇਹ ਵੀ ਜਾਣਦਾ ਹੈ ਕਿ ਜਿਸ ਪੁਸਤਕ ਦੀ ਪ੍ਰਾਪਤੀ ਲਈ ਪਾਠਕ ਖ਼ੁਦ ਕਿਸੇ ਬੁੱਕ-ਸਟੋਰ ਜਾਂ ਪਬਲਿਸ਼ਰ ਤੱਕ ਪਹੁੰਚ ਨਹੀਂ ਕਰਦਾ, ਉਹ ਬਹੁਤ ਘੱਟ ਪੜ੍ਹੀ ਜਾਂਦੀ ਹੈ। ਉਸ ਦਾ ਨਿਰਾਦਰ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਅਜਿਹੀਆਂ ਟੈਕਸਟਾਂ ਲਿਖਦਾ ਹੈ, ਜਿਨ੍ਹਾਂ ਦੀ ਮਾਰਕੀਟ ਵਿਚ ਮੰਗ ਹੋਵੇ। ਉਸ ਦੀਆਂ ਰਚਨਾਵਾਂ ਸਰਬੋਤਮ ਵਿਕਰੇਤਾ (ਬੈਸਟ-ਸੈਲਰਜ਼) ਦੀ ਸੂਚੀ ਵਿਚ ਆਉਂਦੀਆਂ ਹਨ, ਅਜੋਕੇ ਸੰਦਰਭ ਵਿਚ ਇਹ ਕੋਈ ਮਿਹਣੇ ਵਾਲੀ ਗੱਲ ਨਹੀਂ ਹੈ। ਇਸ ਪੁਸਤਕ ਦਾ ਹਰ ਪੈਰ੍ਹਾ ਇਕ ਜਾਂ ਦੋ ਵਾਕਾਂ ਤੱਕ ਸੀਮਤ ਹੈ। ਇਹ ਵਾਕ ਵਿਅੰਗ/ਰਮਜ਼ ਭਰਪੂਰ ਕਥਨ ਹਨ ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਅਚੰਭਿਤ ਹੋ ਜਾਂਦਾ ਹੈ, ਇਕ ਤਰੰਗ (ਥਰਿੱਲ) ਅਨੁਭਵ ਕਰਦਾ ਹੈ। ਸਾਹਿਤ ਵਿਚੋਂ 'ਥਰਿੱਲ' ਪ੍ਰਾਪਤ ਕਰਨ ਦੇ ਚਾਹਵਾਨ ਪਾਠਕਾਂ ਨੂੰ ਡਾ. ਕਪੂਰ ਦੀਆਂ ਪੁਸਤਕ ਲੜੀਆਂ ਬੇਹੱਦ ਪਸੰਦ ਆਉਂਦੀਆਂ ਹਨ।
ਇਨ੍ਹਾਂ ਲੇਖਾਂ ਵਿਚ ਆਧੁਨਿਕ ਜੀਵਨ ਨਾਲ ਸੰਬੰਧਿਤ ਬੇਸ਼ੁਮਾਰ ਸੰਕਲਪ ਵਿਕਲਪ ਰੂਪਮਾਨ ਹੁੰਦੇ ਹਨ। ਲੇਖਕ ਮਨੁੱਖੀ ਜੀਵਨ ਦੇ ਹਰ ਤੇਵਰ ਨੂੰ ਟੇਢੀ/ਤਿਰਛੀ ਨਜ਼ਰ ਨਾਲ ਦੇਖਦਾ ਹੈ। ਇਹ ਪੁਸਤਕ 'ਕਾਫ਼ੀ-ਟੇਬਲ-ਬੁੱਕ' ਵਾਂਗ ਜਿਥੋਂ ਮਰਜ਼ੀ ਅਤੇ ਜਿਵੇਂ ਮਰਜ਼ੀ ਪੜ੍ਹੀ ਜਾ ਸਕਦੀ ਹੈ। ਪਰ ਤੁਸੀਂ ਜਾਣਦੇ ਹੋ ਕਿ ਜੀਵਨ ਵਿਚ ਸਮੂਹਿਕ ਸੱਚ ਕੁਝ ਨਹੀਂ ਹੁੰਦਾ। ਇਹ ਕੁਟੇਸ਼ਨਾਂ ਵੀ ਸੱਚੀਆਂ ਹੋਣ ਦਾ ਦਾਅਵਾ ਨਹੀਂ ਕਰਦੀਆਂ। ਐਵੇਂ 'ਮਨ ਦੀ ਮੌਜ' ਦਾ ਨਿਰੂਪਣ ਕਰਦੀਆਂ ਹਨ। ਪਰ ਸੋਚ ਦੇ ਨਵੇਂ ਜ਼ਾਵੀਏ ਜ਼ਰੂਰ ਖੋਲ੍ਹਦੀਆਂ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਤੀਲਾ-ਤੀਲਾ ਧਾਗਾ-ਧਾਗਾ
ਕਵੀ : ਬਲਵਿੰਦਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲਧਿਆਣਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98155-14053

ਬਲਵਿੰਦਰ ਸੰਧੂ ਪੰਜਾਬੀ ਕਾਵਿ-ਜਗਤ 'ਚ ਜਾਣਿਆ-ਪਛਾਣਿਆ ਅਤੇ ਚਰਚਿਤ ਚਿਹਰਾ ਹੈ। 'ਤੀਲਾ-ਤੀਲਾ ਧਾਗਾ-ਧਾਗਾ' ਕਾਵਿ-ਸੰਗ੍ਰਹਿ ਉਸ ਦਾ ਛੇਵਾਂ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਤੀਲਾ-ਤੀਲਾ ਧਾਗਾ-ਧਾਗਾ' ਤੋਂ ਲੈ ਕੇ 'ਪ੍ਰਸੰਗ ਮਹਾਂ ਮੰਚ' ਤੱਕ 53 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਸ ਕਾਵਿ-ਸੰਗ੍ਰਹਿ ਦਾ ਸਮਰਪਣ ਵਧੇਰੇ ਵਿਚਾਰਨਯੋਗ ਹੈ : 'ਉਨ੍ਹਾਂ ਵਣਾਂ, ਛਿਣਾਂ, ਜਨਾਂ ਦੇ ਨਾਂਅ, ਜਿਨ੍ਹਾਂ ਨੇ, ਤੀਲਾ-ਤੀਲਾ, ਧਾਗਾ-ਧਾਗਾ ਅਰਪ ਕੇ ਇਨ੍ਹਾਂ ਕਵਿਤਾਵਾਂ ਦੀ ਬਣਤ ਬਣਾਈ।' ਇਸ ਦਾ ਭਾਵ ਹੈ ਕਿ ਕਵੀ ਪ੍ਰਾਕਿਰਤੀ ਅਤੇ ਮਨੁੱਖਾਂ ਦੀ ਸਾਂਝ ਦੀ ਬਾਤ ਛੂੰਹਦਾ ਹੈ, ਉਥੇ ਉਨ੍ਹਾਂ ਕਰਤਾਰੀ ਪਲਾਂ ਨੂੰ ਵੀ ਨਮਨ ਕਰਦਾ ਹੈ, ਜਿਹੜੇ ਪਲ, ਛਿਣ ਇਨ੍ਹਾਂ ਵੇਦਨਾਵਾਂ, ਸੰਵੇਦਨਾਵਾਂ ਨੂੰ ਕਵੀ ਮਹਿਸੂਸ ਕਰਦਾ ਹੈ ਤੇ ਫਿਰ ਸ਼ਬਦਾਂ ਰਾਹੀਂ ਵਿਅਕਤ ਕਰਨ ਦੀ ਸਮਰੱਥਾ ਅਨੁਸਾਰ ਚੇਸ਼ਟਾ ਕਰਦਾ ਹੈ। ਰੁੱਖਾਂ ਦੀ ਜੀਰਾਂਦ ਦਾ ਜ਼ਿਕਰ ਬਾਬਾ ਫ਼ਰੀਦ ਵੀ ਕਰਦਾ ਹੈ ਅਤੇ ਮਨੁੱਖ ਦੇ 'ਸਚਿਆਰ' ਹੋਣ ਦੀ ਬਾਤ 'ਗੁਰਬਾਣੀ' ਵੀ ਪਾਉਂਦੀ ਹੈ। ਬਲਵਿੰਦਰ ਸੰਧੂ ਖ਼ੁਦ ਇਹ ਮੰਨਦਾ ਹੈ ਕਿ ਹਰ ਰਚਨਾਕਾਰ ਅੰਦਰ ਉਸ ਦਾ ਆਪਣਾ ਇਕ ਪ੍ਰਿਜ਼ਮ ਹੁੰਦਾ ਹੈ। ਇਸ ਪ੍ਰਿਜ਼ਮ 'ਚੋਂ ਲੰਘ ਕੇ ਹੀ ਉਸ ਦੀ ਰਚਨਾ ਆਕਾਰ ਧਾਰਦੀ ਹੈ, ਜਿਸ ਵਿਚ ਉਸ ਦੇ ਲਹੂ, ਵਿਰਾਸਤ, ਗਿਆਨ, ਬੋਧ, ਸੋਹਜ, ਪ੍ਰਤਿਭਾ, ਪਰਤਾਪ ਆਦਿ ਰੰਗਾਂ ਦੇ ਦੀਦਾਰ ਹੁੰਦੇ। ਰੰਗਾਂ ਦਾ ਇਹ ਮਿਲਿਆ-ਜੁਲਿਆ ਜਲੌਅ ਹੀ ਉਸ ਦੀ ਸਿਰਜਣਾ ਦੀ ਸ਼ਨਾਖ਼ਤ ਸਿਰਜਦਾ ਹੈ। 'ਪ੍ਰਿਜ਼ਮ' ਬਹੁ-ਰੰਗਾਂ ਦੀ ਝਲਕ ਦਿਖਾਉਂਦਾ ਹੈ। ਇਸੇ ਪ੍ਰਕਾਰ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੇ ਪ੍ਰਿਜ਼ਮ ਰਾਹੀਂ ਕਾਵਿ-ਪਾਠਕ ਮਨੁੱਖੀ ਜੀਵਨ ਦੀ ਬਹੁ-ਰੰਗ ਝਲਕ ਦੇਖ ਸਕਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀ ਵਲੋਂ ਵਰਤੇ ਗਏ ਸ਼ਬਦ : ਤੀਲਾ-ਤੀਲਾ, ਧਾਗਾ-ਧਾਗਾ, ਬੀਅ, ਬਿਰਖ, ਮੌਲਿਕਤਾ, ਫੁੱਲ-ਪੱਤੀਆਂ, ਵਿਗੋਚਾ, ਸੋਕਾ, ਲੈਣ-ਦੇਣ, ਸਾਵਾਂ-ਸਾਵਾਂ, ਗੋਰਾ, ਕਾਲਾ, ਹੁਸਨ-ਹੁਨਰ, ਤਾਮੀਰ, ਸੋਸਾ, ਮਾਂ ਮਿੱਟੀਏ, ਜਮੂਰੇ, ਔਰਤ, ਭਾਵਨਾ, ਪ੍ਰਾਹੁਣੀ, ਮੁਹੱਬਤ, ਖ਼ਤ, ਖ਼ਤਾ ਆਦਿ ਮਨੁੱਖੀ ਜੀਵਨ ਦੇ ਅਨੇਕਾਂ ਰੰਗਾਂ ਦੀ ਸਾਰਥਕਤਾ, ਨਿਰਾਰਥਕਤਾ ਵੱਲ ਸੰਕੇਤ ਕਰਦੇ ਮਨੁੱਖੀ ਹੋਂਦ ਨੂੰ ਤਸਦੀਕ ਕਰਦੇ ਹਨ। 'ਮੁਹੱਬਤ' ਕਵਿਤਾ ਦੀਆਂ ਇਹ ਸਤਰਾਂ ਹਾਜ਼ਰ ਹਨ :
ਬਾਝੋਂ ਮੁਹੱਬਤ/ਮੰਦਰ ਵੀ ਮਰਘਟ
ਬਾਝੋਂ ਕਿ ਇਸ ਦੇ/ਮਸਾਣ ਹੈ ਮਸਜਿਦ
ਲੱਗਦਾ ਹੈ ਇਸ ਬਿਨ/ਕੁਝ ਨਾ ਮੁਮਕਿਨ
ਜਿਸ ਤੋਂ ਮੁਤਾਸਿਰ/ਕਣ-ਕਣ, ਛਿਣ-ਛਿਣ
ਬਲਵਿੰਦਰ ਸੰਧੂ ਦੇ ਇਸ ਕਾਵਿ-ਸੰਗ੍ਰਹਿ ਨੂੰ ਪਾਠਕਾਂ ਦੀ ਕਚਹਿਰੀ 'ਚ ਪੇਸ਼ ਕਰਦਿਆਂ ਹਾਰਦਿਕ ਪ੍ਰਸੰਨਤਾ ਮਹਿਸੂਸ ਕਰਦਾ ਹਾਂ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਆਪਣਾ ਭਰਪੂਰ ਸਮਰਥਨ ਦੇਣਗੇ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਹਰਫ਼ਾਂ ਦੇ ਅੰਗ ਸੰਗ
ਲੇਖਕ : ਗੁਰਜੀਤ ਕੌਰ ਅਜਨਾਲਾ
ਪ੍ਰਕਾਸ਼ਕ : ਗੁੱਡਵਿਲ ਪਬਲੀਕੇਸ਼ਨ, ਮਾਨਸਾ
ਮੁੱਲ : 180 ਰੁਪਏ, ਸਫ਼ੇ : 108
ਸੰਪਰਕ : 88720-20381

ਸੱਤ ਸਾਂਝੇ ਕਾਵਿ-ਸੰਗ੍ਰਹਿਆਂ ਦੀ ਤਸੱਲੀਬਖ਼ਸ਼ ਸੰਪਾਦਨਾ ਤੋਂ ਬਾਅਦ ਹਥਲੀ ਪੁਸਤਕ 'ਹਰਫ਼ਾਂ ਦੇ ਅੰਗ ਸੰਗ' ਗੁਰਜੀਤ ਕੌਰ ਅਜਨਾਲਾ ਦੀ ਪਲੇਠੀ ਮੌਲਿਕ ਪੁਸਤਕ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਵੱਖ-ਵੱਖ ਛੰਦਾਂ ਦੀਆਂ 39 ਖ਼ੂਬਸੂਰਤ ਵੰਨਗੀਆਂ ਅਤੇ 56 ਗੀਤ ਸ਼ਾਮਿਲ ਕੀਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਕਵੀ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਹਮੇਸ਼ਾ ਸੱਚ ਲਿਖਣ ਲਈ ਤਤਪਰ ਰਹਿੰਦਾ ਹੈ, ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਉਸ ਦੀ ਹਾਰ ਨਹੀਂ ਹੁੰਦੀ:
ਲਿਖਣਾ ਹੈ ਕਦੇ ਲਿਖੋ ਗੱਲ ਸੱਚ ਦੀ,
ਹੋਵੇ ਨਾ ਵੁੱਕਤ ਕੋਈ ਝੂਠੇ ਕੱਚ ਦੀ।
ਰੱਬ ਵੀ ਭਰੇਗਾ ਹਾਮੀ ਸੱਚੀ ਕਾਰ ਦੀ,
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।
ਗੁਰਜੀਤ ਕੌਰ ਅਜਨਾਲਾ 'ਪੇਕੇ ਹੁੰਦੇ ਮਾਵਾਂ ਨਾਲ' ਵਾਲੀ ਨਾਕਾਰਾਤਮਿਕ ਲੋਕ-ਧਾਰਨਾ ਨੂੰ ਵੀ ਰੱਦ ਕਰਦੇ ਹਨ ਅਤੇ ਇਹ ਉਮੀਦ ਰੱਖਦੇ ਹਨ ਕਿ ਬਾਪੂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਖਾਲੀ ਹੋਈ ਜਗ੍ਹਾ ਨੂੰ ਵੀਰ ਜ਼ਰੂਰ ਭਰਨਗੇ। ਮਾਪਿਆਂ ਤੋਂ ਬਾਅਦ ਰਿਸ਼ਤਿਆਂ ਵਿਚ ਹੋਣ ਵਾਲੀ ਟੁੱਟ-ਭੱਜ ਦਾ ਦੋਸ਼ ਉਹ ਕੇਵਲ ਭਰਾਵਾਂ ਜਾਂ ਭਰਜਾਈਆਂ ਦੇ ਸਿਰ ਮੜ੍ਹ ਕੇ ਆਪਣੇ ਆਪ ਨੂੰ ਸੁਰਖੁਰੂ ਕਰਨ ਲੈਣ ਦੇ ਰਵੱਈਏ ਨੂੰ ਉੱਕਾ ਹੀ ਜਾਇਜ਼ ਨਹੀਂ ਸਮਝਦੇ:
ਥਾਂ ਬਾਪੂ ਵਾਲੀ ਖਾਲੀ ਹੋਈ ਜੱਗ 'ਤੇ,
ਵੀਰਿਆਂ ਦੇ ਨਾਲ ਭਰਦੀ।
ਕਦੇ ਟੁੱਟ ਕੇ ਨਾ ਬਹਿਣ ਵੀਰੇ ਭੈਣਾਂ ਤੋਂ,
ਮੈਂ ਇਹੋ ਅਰਦਾਸ ਕਰਦੀ।
ਪੁਸਤਕ ਵਿਚ ਸ਼ਾਮਿਲ ਗੁਰੂ ਸਾਹਿਬਾਨ ਅਤੇ ਲਹੂ ਭਿੱਜੇ ਸਿੱਖ ਇਤਿਹਾਸ ਸੰਬੰਧੀ ਰਚਨਾਵਾਂ ਵੀ ਉਨ੍ਹਾਂ ਦੀ ਵਿਲੱਖਣ ਕਾਵਿ-ਪ੍ਰਤਿਭਾ ਦੀ ਸ਼ਾਹਦੀ ਭਰਦੀਆਂ ਹਨ। ਪਰਿਵਾਰਕ ਰਿਸ਼ਤਿਆਂ, ਲੋਕ-ਰੰਗ ਅਤੇ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਮਸਲਿਆਂ ਨੂੰ ਵੀ ਉਨ੍ਹਾਂ ਨੇ ਬੜੇ ਸਫ਼ਲ ਅਤੇ ਸੁਚੱਜੇ ਢੰਗ ਨਾਲ ਉਭਾਰਿਆ ਹੈ। ਉਨ੍ਹਾਂ ਦੀਆਂ ਲਿਖਤਾਂ ਅਕਸਰ ਹੀ ਸਾਹਿਤਕ ਪਰਚਿਆਂ ਅਤੇ ਰੋਜ਼ਾਨਾ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਉਮੀਦ ਕਰਨੀ ਬਣਦੀ ਹੈ ਕਿ ਪਾਠਕ ਗੁਰਜੀਤ ਕੌਰ ਅਜਨਾਲਾ ਦੀ ਇਸ ਪਿਆਰੀ ਅਤੇ ਮਿਆਰੀ ਪੁਸਤਕ ਦਾ ਜ਼ਰੂਰ ਸਮਰਥਨ ਕਰਨਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਪੰਜਾਬ : ਬੜ੍ਹਕ ਨਾ ਮੜਕ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 98147-34035

ਵਿਚਾਰਧੀਨ ਪੁਸਤਕ ਵਿਚ 44 ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹ ਸਾਰੇ ਆਰਟੀਕਲ ਵੱਖ-ਵੱਖ ਅਖ਼ਬਾਰਾਂ ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੋਏ ਪ੍ਰਤੀਤ ਹੁੰਦੇ ਹਨ। ਅੰਦਰੂਨੀ ਪ੍ਰਮਾਣਾਂ ਅਨੁਸਾਰ ਅਨੇਕਾਂ ਨਿਬੰਧਾਂ ਦੀ ਸਿਰਜਣਾ ਦਾ ਸਮਾਂ ਨਿਰਧਾਰਿਤ ਕੀਤਾ ਜਾ ਸਕਦਾ ਹੈ। ਸਾਰੇ ਨਿਬੰਧਾਂ ਵਿਚ ਪੰਜਾਬ ਦੇ ਸਮਕਾਲੀ ਮਸਲਿਆਂ ਦੀ ਪੇਸ਼ਕਾਰੀ ਹੋਈ ਹੈ। ਅਜਿਹੇ ਮਸਲਿਆਂ ਬਾਰੇ ਏਡਾ ਸੱਚ ਲਿਖ ਸਕਣਾ ਹਰ ਕਲਮ ਦੇ ਵੱਸ ਦੀ ਗੱਲ ਨਹੀਂ। ਅਜਿਹੇ ਵਿਚਾਰ ਪੜ੍ਹ ਕੇ ਪਾਠਕ ਦਾਦ ਵੀ ਦੇ ਸਕਦੇ ਹਨ, ਬੁੜ-ਬੁੜ ਵੀ ਕਰ ਸਕਦੇ ਹਨ ਪਰ ਲੇਖਕ ਹਰ ਕਿਸਮ ਦੀਆਂ ਟਿੱਪਣੀਆਂ ਪ੍ਰਤੀ ਸਹਿਣਸ਼ੀਲਤਾ ਦਾ ਜਿਗਰਾ ਰੱਖਦਾ ਹੈ। ਇਨ੍ਹਾਂ ਆਰਟੀਕਲਾਂ ਬਾਰੇ ਲੇਖਕ ਨੇ ਬੜੇ ਭਾਵਪੂਰਤ ਮੈਟਾਫ਼ਰ 'ਉਲੱਦਵੇਂ ਹਲ' ਦਾ ਪ੍ਰਯੋਗ ਕੀਤਾ ਹੈ। ਇਸ ਦਾ ਸਪੱਸ਼ਟ ਭਾਵ ਹੈ ਪੰਜਾਬ ਦੀ ਸਤਹੀ ਦਸ਼ਾ ਦਾ ਡੂੰਘਾ ਪਰਦਾਫਾਸ਼ ਕਰਨਾ। ਉਂਝ ਵੀ ਉੱਤਰ-ਆਧੁਨਿਕ ਪ੍ਰਸਥਿਤੀਆਂ ਕਾਰਨ 'ਹੇਠਲੀ ਉੱਪਰ ਆਈ ਪਈ ਹੈ'। ਇਨ੍ਹਾਂ ਨਿਬੰਧਾਂ ਦੇ ਕੇਂਦਰੀ ਸੂਤਰ 'ਅਸੰਤੁਸ਼ਟਤਾ', 'ਵਾਰਤਕ-ਪੈਰਾਡਾਇਮ' ਅਸੰਤੁਸ਼ਟਤਾ ਹੀ ਹੈ। ਜੋ ਹੋਣਾ ਚਾਹੀਦਾ ਹੈ ਅਤੇ ਜੋ ਹੋ ਰਿਹਾ ਹੈ, ਉਸ ਵਿਚ ਵਡੇਰਾ ਪਾੜਾ ਹੈ। ਸਰਕਾਰੀ ਦਾਅਵਿਆਂ ਅਤੇ ਵਾਅਦਿਆਂ ਵਿਚ ਚੋਖਾ ਅੰਤਰ ਹੈ। ਕਹਿਣੀ ਅਤੇ ਕਰਨੀ ਵਿਚ ਸੁਮੇਲ ਦੀ ਘਾਟ ਪ੍ਰਤੀਤ ਹੁੰਦੀ ਹੈ। ਨੈਤਿਕਤਾ ਨਿੱਘਰ ਰਹੀ ਹੈ, ਭ੍ਰਿਸ਼ਟਾਚਾਰ ਦਾ ਫੈਲਾਓ ਹੈ। ਜਨਤਾ ਵਿਚ ਘੋਰ ਉਦਾਸੀ ਹੈ। ਅਜਿਹਾ ਮਾਹੌਲ ਰਾਜਨੀਤਕ, ਸਿਹਤ ਅਤੇ ਵਿੱਦਿਅਕ ਸੰਸਥਾਵਾਂ ਵਿਚ ਵੇਖਿਆ ਜਾ ਸਕਦਾ ਹੈ। ਲੇਖਕ ਨੇ ਅਨੇਕਾਂ ਵਿਸ਼ਿਆਂ 'ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ : ਸਿਆਸਤ ਦਾ ਜੱਦੀ ਔਰਤਾਂ ਨੂੰ ਬਣਦਾ ਸਥਾਨ ਨਾ ਮਿਲਣਾ, ਮੁਹੱਲਾ ਕਲੀਨਿਕਾਂ ਦੀ ਸਮੱਸਿਆ, ਬਿਮਾਰ ਹਸਪਤਾਲ, ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲਾਂ ਦੀ ਤੁਲਨਾ, ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ ਦੀ ਤੁਲਨਾ, ਸਿਆਸਤ ਵਿਚ ਆਇਆ ਰਾਮ ਤੇ ਗਿਆ ਰਾਮ ਆਦਿ। ਅਜੋਕੇ ਸਮੇਂ ਤੱਕ ਦੇ 18 ਮੁੱਖ ਮੰਤਰੀਆਂ ਦੀਆਂ ਗਤੀਵਿਧੀਆਂ, ਕਾਰਜ-ਸ਼ੈਲੀ ਦੀ ਤੁਲਨਾ ਕੀਤੀ ਗਈ ਹੈ। ਪਰਤਾਪ ਸਿੰਘ ਕੈਰੋਂ ਨੂੰ ਕਾਫ਼ੀ ਸਲਾਹਿਆ ਗਿਆ ਹੈ। ਗੱਲ ਕੀ? ਕਿਸੇ ਵੀ ਸਮਕਾਲੀ ਵਿਸ਼ੇ ਨੂੰ ਸ਼ਾਇਦ ਹੀ ਅਣਗੌਲਿਆ ਕੀਤਾ ਗਿਆ ਹੋਵੇ। ਲੇਖਕ ਜਿਸ ਵਿਸ਼ੇ 'ਤੇ ਵੀ ਫੋਕਸੀਕ੍ਰਿਤ ਹੁੰਦਾ ਹੈ, ਉਸ ਦੇ ਜ਼ਰੇ-ਜ਼ਰੇ ਨੂੰ ਰੂਪਮਾਨ ਕਰ ਦਿੰਦਾ ਹੈ।
ਨਿਬੰਧਾਂ ਦੇ ਸਿਰਲੇਖ ਹੀ ਪਾਠਕਾਂ ਨੂੰ ਆਪਣੀ ਮੁਢਲੀ ਗੱਲ ਕਹਿ ਜਾਂਦੇ ਨੇ। ਵੱਖ-ਵੱਖ ਅਦਾਰਿਆਂ ਦੀਆਂ ਰਿਪੋਰਟਾਂ ਆਰਟੀਕਲਾਂ ਲਈ ਸਮੱਗਰੀ ਪ੍ਰਦਾਨ ਕਰਦੀਆਂ ਹਨ। ਲੇਖਕ ਅੰਕੜਿਆਂ ਅਤੇ ਉਦਾਹਰਨਾਂ ਸਹਿਤ ਆਪਣੇ ਵਿਚਾਰਾਂ ਨੂੰ ਪ੍ਰਮਾਣਿਕਤਾ ਬਖ਼ਸ਼ਦਾ ਹੈ। ਬਨਵੈਤ ਦੀ ਵਾਰਤਕ ਸ਼ੈਲੀ, ਸਰਲਤਾ, ਸਪੱਸ਼ਟਤਾ, ਰਵਾਨਗੀ ਭਰਪੂਰ ਹੈ। ਸ਼ੈਲੀ ਦੀ ਉਦਾਹਰਨ ਵੇਖੀ ਜਾ ਸਕਦੀ ਹੈ : 'ਬਜ਼ੁਰਗ ਦੇ ਹੱਥਾਂ ਵਿਚ ਭਾਵੇਂ ਜਾਨ ਘੱਟ ਹੁੰਦੀ ਹੈ ਪਰ ਇਹ ਹੱਥ ਜਿਸ ਨੂੰ ਦਿਲੋਂ ਆਸ਼ੀਰਵਾਦ ਦੇ ਦੇਣ, ਉਸ ਦੀ ਕਿਸਮਤ ਸਦਾ ਲਈ ਸੁਆਰ ਦਿੰਦੇ ਹਨ।' ਪੰਨਾ-37. ਲੇਖਕ ਨੇ 'ਸੱਚ ਕਹਿ ਦੇਈਏ' ਦੀ ਜੁਗਤ ਅਪਨਾਈ ਹੈ। ਉਸ ਨੇ ਆਪਣੀ ਗੱਲ ਕਹਿਣੀ ਹੀ ਕਹਿਣੀ ਹੈ, ਭਾਵੇਂ ਕਿਸੇ ਦੇ ਗਿੱਟੇ ਲੱਗੇ ਭਾਵੇਂ ਗੋਡੇ। ਲੇਖਕ ਵਿਭਿੰਨ ਪ੍ਰਸਿਥਤੀਆਂ 'ਚੋਂ ਪ੍ਰਾਪਤ-ਯਥਾਰਥ ਗ੍ਰਹਿਣ ਕਰਕੇ, ਮੁਕਤੀ-ਜੁਗਤ ਸੰਵਾਦ ਰਚਾ ਕੇ, ਇੱਛਿਤ-ਯਥਾਰਥ ਦੀ ਰੂਪ-ਰੇਖਾ ਉਲੀਕ ਕੇ ਸਮਾਧਾਨ ਲਈ ਪ੍ਰੇਰਿਤ ਕਰਦਾ ਹੈ। ਸੰਖੇਪ ਇਹ ਕਿ ਇਹ ਪੁਸਤਕ ਸਮਕਾਲੀ ਇਤਿਹਾਸਕ ਸਮੇਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਨਿਰਸੰਦੇਹ ਇਹ ਨਵ-ਖੋਜੀਆਂ ਲਈ ਲਾਹੇਵੰਦ ਹੋਣ ਦੀ ਸੰਭਾਵਨਾ ਰੱਖਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand.gmail.com

ਭਗਵੰਤ ਰਸੂਲਪੁਰੀ
ਕਥਾ ਸੰਵਾਦ
ਲੇਖਕ : ਡਾ.ਕੁਲਵਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 108
ਸੰਪਰਕ : 95012-45290

ਉਪਰੋਕਤ ਪੁਸਤਕ ਵਿਚ ਲੇਖਕ ਨੇ ਆਲੋਚਨਾਤਮਿਕ ਅਧਿਐਨ ਕਰਦਿਆਂ ਭਗਵੰਤ ਰਸੂਲਪੁਰੀ ਦੇ ਕਥਾ ਸੰਸਾਰ ਨੂੰ ਆਧਾਰ ਬਣਾਇਆ ਹੈ। ਭਗਵੰਤ ਰਸੂਲਪੁਰੀ ਦਲਿਤ ਸਾਹਿਤ ਦੇ ਖੇਤਰ ਵਿਚ ਇਕ ਸਥਾਪਿਤ ਨਾਂਅ ਹੈ ਜਿਹੜਾ ਆਪਣੀਆਂ ਕਹਾਣੀਆਂ ਦੇ ਵਿਸ਼ਿਆਂ ਰਾਹੀ ਦਲਿਤ ਚੇਤਨਾ ਅਤੇ ਦਲਿਤ ਸ਼ੋਸ਼ਿਤ ਵਰਗ ਦੀ ਆਵਾਜ਼ ਬਣਦਾ ਨਜ਼ਰ ਆਉਂਦਾ ਹੈ। ਉਸ ਦੀ ਨਾਬਰੀ ਸੁਰ ਉਸ ਨੂੰ ਸਮਕਾਲੀ ਕਹਾਣੀਕਾਰਾਂ ਨਾਲੋਂ ਵੱਖਰਾ ਕਰਦੀ ਹੈ। ਪੁਸਤਕ ਦੇ ਲੇਖਕ ਨੇ ਉਸ ਦੀਆਂ ਕਹਾਣੀਆਂ ਦਾ ਵੱਖੋ-ਵੱਖ ਪਹਿਲ਼ੂਆਂ ਤੋਂ ਅਧਿਐਨ ਕਰਦਿਆਂ ਉਨ੍ਹਾਂ ਨੂੰ ਪਰਤ-ਦਰ-ਪਰਤ ਪਾਠਕਾਂ ਸਾਹਵੇਂ ਪੇਸ਼ ਕੀਤਾ ਹੈ। ਵਿਸ਼ਾਗਤ ਪਹਿਲੂ ਦੇ ਅਧੀਨ ਲਈਆਂ ਕਹਾਣੀਆਂ ਵਿਚ ਉਹ ਕਹਾਣੀਕਾਰਾਂ ਦੁਆਰਾ ਲਏ ਗਏ ਵਿਸ਼ਿਆਂ ਅਤੇ ਉਨ੍ਹਾਂ ਦੇ ਨਿਭਾਅ ਦੀ ਚਰਚਾ ਕਰਦਾ ਹੈ, ਜਿਸ ਤਹਿਤ ਉਸ ਨੂੰ ਜਾਪਦਾ ਹੈ ਕਿ ਕਹਾਣੀਕਾਰ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਣ ਦੇ ਨਾਲ-ਨਾਲ ਸਮਾਜਿਕ ਰਾਜਨੀਤਕ ਢਾਂਚੇ 'ਤੇ ਵਿਅੰਗ ਕਰਦੇ ਵੀ ਨਜ਼ਰ ਆਉਂਦੇ ਹਨ। ਲੇਖਕ ਅਨੁਸਾਰ ਦਲਿਤ ਚੇਤਨਾ ਤਹਿਤ ਕਹਾਣੀਕਾਰ ਆਪਣੇ ਪਾਤਰਾਂ ਨੂੰ ਚੇਤੰਨ ਪਾਤਰਾਂ ਵਜੋਂ ਪੇਸ਼ ਕਰਨ ਵਿਚ ਮੋਹਰੀ ਰੂਪ ਵਿਚ ਸਾਹਮਣੇ ਆਉਂਦਾ ਹੈ ਜਿਸ ਕਾਰਨ ਉਸ ਦੇ ਪਾਤਰ ਆਪਣੀਆਂ ਪ੍ਰਸਥਿਤੀਆਂ ਨੂੰ ਬਦਲਣ ਲਈ ਸੰਘਰਸ਼ਸ਼ੀਲ ਹੁੰਦੇ ਹਨ ਅਤੇ ਇਹ ਚੇਤਨਾ ਸਮਾਜਿਕ ਹੀ ਨਹੀਂ ਸਗੋਂ ਧਾਰਮਿਕ ਅਤੇ ਰਾਜਨੀਤਕ ਵੀ ਹੈ ਜਿਸ ਕਾਰਨ ਹਾਸ਼ੀਆਗਤ ਧਿਰਾਂ ਆਪਣੇ ਹੱਕਾਂ ਲਈ ਹਰ ਮੁਹਾਜ਼ 'ਤੇ ਚੇਤੰਨ ਜਾਪਦੀਆਂ ਹਨ। ਇਸ ਦੇ ਨਾਲ ਹੀ ਦਲਿਤ ਔਰਤ ਦੀ ਸਥਿਤੀ, ਉਸ ਦੇ ਪਾਤਰਾਂ ਦੀ ਮਾਨਸਿਕਤਾ ਨੂੰ ਜਾਣਨ ਅਤੇ ਸਮਝਣ ਦੇ ਨਾਲ-ਨਾਲ ਔਰਤ ਮਰਦ ਸੰਬੰਧਾਂ ਨੂੰ ਵੀ ਆਲੋਚਨਾਤਮਿਕ ਅਧਿਐਨ ਵਿਚ ਸ਼ਾਮਿਲ ਕੀਤਾ ਗਿਆ ਹੈ। ਸੰਚਾਰ ਜੁਗਤਾਂ ਸੰਬੰਧੀ ਚਰਚਾ ਤਹਿਤ ਲੇਖਕ ਦਾ ਮੰਨਣਾ ਹੈ ਕਿ ਕਹਾਣੀਕਾਰ ਨਿਵੇਕਲੀਆਂ ਸੰਚਾਰ ਜੁਗਤਾਂ ਦੀ ਵਰਤੋਂ ਕਰਦਾ ਹੈ। ਉਹ ਆਪਣੇ ਪਾਤਰਾਂ ਦੇ ਮਾਨਸਿਕ ਸੰਸਾਰ ਨੂੰ ਸਮਝਦਿਆਂ ਉਸ ਨੂੰ ਆਪਣੀਆਂ ਕਹਾਣੀਆਂ ਵਿਚ ਨਿਭਾਉਂਦਿਆਂ ਦਲਿਤ ਚੇਤਨਾ ਨੂੰ ਉਭਾਰਨ ਲਈ ਬਾਖ਼ੂਬੀ ਇਨ੍ਹਾਂ ਦੀ ਵਰਤੋਂ ਕਰਦਾ ਹੈ ਫਿਰ ਚਾਹੇ ਉਹ ਬਿਆਨੀਆ ਸ਼ੈਲੀ ਹੋਵੇ ਜਾਂ ਉੱਤਮ ਪੁਰਖੀ ਬਿਰਤਾਂਤ। ਲੇਖਕ ਕਹਾਣੀਕਾਰ ਦੀ ਭਾਸ਼ਾ ਨੂੰ ਵਾਸਤਵਿਕਤਾ ਦੇ ਨੇੜੇ ਦੱਸਦਿਆਂ ਯਥਾਰਥਕ ਰੰਗਣ ਵਾਲੀ ਮੰਨਦਾ ਹੈ ਜੋ ਪਾਠਕ ਦੀ ਉਤਸੁਕਤਾ ਅਤੇ ਰੌਚਕਤਾ ਨੂੰ ਬਣਾਈ ਰੱਖਦੀ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਦਫ਼ਤਰ
ਲੇਖਕ : ਗੁਰਪ੍ਰੀਤ ਸਿੰਘ ਤੂਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 117
ਸੰਪਰਕ : 98158-00405

ਗੁਰਪ੍ਰੀਤ ਸਿੰਘ ਤੂਰ ਨੇ ਇਸ ਤੋਂ ਪਹਿਲਾਂ ਵੀ ਛੇ ਦੇ ਲਗਭਗ ਕਹਾਣੀ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਏ ਹਨ। ਹਥਲੀ ਪੁਸਤਕ ਉਨ੍ਹਾਂ ਦੀ 'ਦਫ਼ਤਰ' ਨਾਲ ਸੰਬੰਧਿਤ ਕਿਤਾਬ ਹੈ, ਜਿਸ ਨੂੰ ਕੁੱਲ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਸਰਕਾਰੀ ਨੌਕਰੀਆਂ ਦੇ ਬਜਟ, ਸਰਕਾਰੀ ਨੌਕਰੀਆਂ ਦੀ ਮਹੱਤਤਾ, ਵਜੂਦ, ਲੋਕ-ਵਰਤਾਓ, ਸੇਵਾ-ਭਾਵਨਾ, ਕੰਮ ਦੀ ਜਾਣਕਾਰੀ, ਦਫ਼ਤਰ ਦਾ ਸਮਾਂ, ਸਿਖਲਾਈ ਤੇ ਸਮੀਖਿਆ ਅਤੇ ਰਾਜਨੀਤਕ ਪ੍ਰਭਾਵ ਦੱਸੇ ਗਏ ਹਨ। ਦੂਜੇ ਭਾਗ ਵਿਚ ਦਫ਼ਤਰ ਦੀ ਝਲਕ ਜਿਵੇਂ ਪੰਜਾਬ ਜੰਗਲਾਤ ਸੇਵਾਵਾਂ ਇਮਤਿਹਾਨ 2018, ਪੰਜਾਬ ਨਾਇਬ ਤਹਿਸੀਲਦਾਰ ਇਮਤਿਹਾਨ 2020 ਅਤੇ ਪੰਜਾਬ ਸਿਵਲ ਸੇਵਾਵਾਂ ਇਮਤਿਹਾਨ 2020 ਦੀ ਜਾਣਕਾਰੀ ਵੀ ਦਿੱਤੀ ਗਈ ਹੈ ਅਤੇ ਤੀਜੇ ਭਾਗ ਵਿਚ ਦਫ਼ਤਰ ਦੇ ਕੰਮਾਂ-ਕਾਜਾਂ ਦੀ ਨਿਸ਼ਾਨਦੇਹੀ ਬੜੀ ਹੀ ਖ਼ੂਬਸੂਰਤੀ ਨਾਲ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਤੂਰ ਦਾ ਇਸ ਵਿਚ ਨਿੱਜੀ ਤਜਰਬਾ ਹੈ, ਜਿਸ ਵਿਚ ਲੇਖਕ ਨੇ ਜ਼ਮੀਨੀ ਪੱਧਰ 'ਤੇ ਯਥਾਰਥ ਦੀ ਪੇਸ਼ਕਾਰੀ ਕਰ ਕੇ ਅਜੋਕੇ ਸਮਾਜ ਦੇ ਰਾਜਸੀ ਪਹਿਲੂਆਂ ਨੂੰ ਬਾਖੂਬੀ ਉਭਾਰਿਆ ਹੈ ਤੇ ਜਿਸ ਵਿਚ ਸਮੇਂ ਦੇ ਸੱਚ ਦੀ ਪੇਸ਼ਕਾਰੀ ਵੀ ਕੀਤੀ ਹੈ ਕਿ ਦਫ਼ਤਰਾਂ ਵਿਚ ਸੱਚਮੁੱਚ ਕੀ ਵਾਪਰਦਾ ਹੈ ਜਿਵੇਂ ਕਿ ਮੁੱਢਲੀਆਂ ਲੋੜਾਂ ਤੋਂ ਬਾਅਦ ਮਨੁੱਖ ਦੀ ਵਿਸ਼ੇਸ਼ ਲੋੜ ਪਹਿਚਾਣ ਹੁੰਦੀ ਹੈ। ਸਮਾਜਿਕ ਪਹਿਚਾਣ ਬਣਾਉਣ ਲਈ ਕਈ ਪਰਿਵਾਰਾਂ ਦੀਆਂ ਪੀੜ੍ਹੀਆਂ ਲੰਘ ਜਾਂਦੀਆਂ ਹਨ। ਦਫ਼ਤਰ ਤੇ ਸਰਕਾਰੀ ਗੱਡੀ ਪਹਿਚਾਣ ਦੇ ਵਿਸ਼ੇਸ਼ ਸਰੋਤ ਹਨ। ਦਫ਼ਤਰ ਵਿਚ ਹੀ ਸਰਕਾਰੀ ਨੌਕਰੀਆਂ ਰਾਹੀਂ ਸਮਾਜਿਕ ਪਹਿਚਾਣ ਬਣਦੀ ਹੈ ਪਰ ਫਿਰ ਵੀ ਸਾਡੇ ਸਰਕਾਰੀ ਦਫ਼ਤਰਾਂ ਵਿਚ ਅਫ਼ਸਰਾਂ ਵਲੋਂ ਆਨਾ-ਕਾਨੀ ਅਤੇ ਈਰਖਾ ਕੀਤੀ ਜਾਂਦੀ ਹੈ, ਜਿਸ ਦੀ ਪੇਸ਼ਕਾਰੀ ਵੀ ਲੇਖਕ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਕੀਤੀ ਹੈ। ਸਮੁੱਚੇ ਰੂਪ ਵਿਚ ਕਹਿ ਸਕਦੇ ਹਾਂ ਕਿ ਗੁਰਪ੍ਰੀਤ ਸਿੰਘ ਤੂਰ ਨੇ ਕਾਫ਼ੀ ਸਮਾਂ ਨੌਕਰੀ ਕੀਤੀ ਹੈ, ਜੋ ਉਸ ਦਾ ਨਿੱਜੀ ਅਨੁਭਵ ਸੀ, 'ਦਫ਼ਤਰ' ਕਿਤਾਬ ਲਿਖ ਕੇ ਉਸ ਨੇ ਆਪਣੇ ਮਨ ਦੇ ਉਭਾਰ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਪੁਸਤਕ ਪੜ੍ਹਣਯੋਗ ਹੈ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

ਮੈਂ ਅਯਨਘੋਸ਼ ਨਹੀਂ
ਕਹਾਣੀਕਾਰ : ਸੁਖਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 99 ਰੁਪਏ, ਸਫ਼ੇ : 200
ਸੰਪਰਕ : 70097-60250

ਲੇਖਕ ਦੀਆਂ ਪਹਿਲਾਂ ਵੀ ਚਾਰ ਕੁ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕਹਾਣੀ ਸਮੇਤ ਇਕ ਕਵਿਤਾ ਦੀ ਤੇ ਇਕ ਸਵੈ-ਬਿਰਤਾਂਤ। ਕਿਤਾਬ ਦੀ ਪਹਿਲੀ ਕਹਾਣੀ ਹੈ ਸਿੰਗਲ ਮਾਲਟ ਸੁਰਖ ਨਹੀਂ ਹੁੰਦੀ। ਇਹ ਕਸ਼ਮੀਰ ਦੀ ਉਲਝੀ ਤਾਣੀ ਨੂੰ ਯਥਾਰਥਕ ਤੇ ਪ੍ਰਤੀਕਾਤਮਕ ਢੰਗ ਨਾਲ ਕਹਿਣ ਦਾ ਯਤਨ ਕਰਦੀ ਹੈ। ਇਕ ਪਾਸੇ ਏਜੰਸੀਆਂ ਹਨ, ਦੂਸਰੇ ਪਾਸੇ ਅੱਤਵਾਦੀ ਸੰਗਠਨ ਤੇ ਤੀਸਰੇ ਵਿਚ ਪਿਸਦਾ ਆਵਾਮ। ਪਾਤਰ ਹਨ ਪ੍ਰੋਫ਼ੈਸਰ ਸੁਰਜੀਤ, ਸੂਬੇਦਾਰ ਜੋਗਿੰਦਰ ਸਿੰਘ, ਨਲਿਨੀ ਗੌੜ...। ਆਮ ਮੁਸਲਮਾਨ, ਹਿੰਦੂ ਪੰਡਤ ਕੀ ਕਰਨ ਤੇ ਕਿੱਥੇ ਜਾਣ? ਇਹ ਸਵਾਲ ਵੀ ਇਕ ਤਰੀਕੇ ਉਘੜਦਾ ਹੈ, ਇਸ ਕਹਾਣੀ ਵਿਚ। ਕਹਾਣੀ ਦਾ ਟਾਈਟਲ ਵੀ ਸਿੰਬੋਲਿਕ ਹੈ ਜੋ ਅੰਤ 'ਤੇ ਜਾ ਕੇ ਆਪਣੇ ਵਿਸ਼ੇ ਦੀ ਪੂਰਤੀ ਵੀ ਕਰ ਜਾਂਦਾ ਹੈ। ...ਤੁਸੀਂ ਠੀਕ ਹੋ ਪ੍ਰੋਫ਼ੈਸਰ, ਇਸ ਵਿਚ ਪਤਾ ਨਹੀਂ ਕਿਸ-ਕਿਸ ਦਾ ਖ਼ੂਨ ਮਿਲਿਆ ਹੈ।
ਪਰ ਕਰਨਲ ਬਰਾੜ ਦੇ ਇਸ ਵਾਕ ਦੇ ਜਵਾਬ ਵਿਚ ਸੁਚੇਤ ਜਾਂ ਸਹਿਜ ਹੀ ਰਾਜਿੰਦਰ ਬੋਲ ਪਿਆ, ਪੈੱਗ ਦਿਸ ਪਿਆ ਤੈਨੂੰ, ਆਪਾਂ ਨਹੀਂ ਦਿਸੇ ਸਾਰੇ ਦੇ ਸਾਰੇ ਸੁਰਖ।
ਕਹਾਣੀ ਖਜੂਰਾਂ, ਮੌਨ ਦੀ ਬਾਬਾ ਦਾਰਾ, ਆਟੋ ਨੰਬਰ 420 ਕਹਾਣੀਆਂ ਵੀ ਆਪੋ-ਆਪਣੇ ਵਿਸ਼ਿਆਂ ਮੁਤਾਬਿਕ ਠੀਕ ਦਿਸ਼ਾ ਵੱਲ ਤੁਰਦੀਆਂ ਆਪਣਾ ਮੰਤਵ ਪੂਰਾ ਕਰ ਜਾਂਦੀਆਂ ਹਨ। ਕਹਾਣੀਕਾਰ ਦੀ ਸ਼ੈਲੀ ਕਹਾਣੀ ਨੂੰ ਥਿੜਕਣ ਨਹੀਂ ਦਿੰਦੀ। ਪਾਤਰ ਇਸੇ ਧਰਤੀ ਦੇ ਪ੍ਰਤੀਤ ਹੁੰਦੇ ਹਨ, ਪਰ ਇਸ ਦੇ ਬਾਵਜੂਦ ਕਥਾਕਾਰ ਦਾ ਆਪਣਾ ਇਕ ਖ਼ਾਸ ਸਟਾਈਲ ਹੁੰਦਾ ਹੈ ਜੋ ਆਮ ਪਾਠਕ ਨੂੰ ਵੀ ਖ਼ਾਸ ਬਣਾ ਜਾਂਦਾ ਹੈ। ਇਕ ਕਹਾਣੀ ਮੱਥੇ ਦਾ ਵੱਲ ਸਾਰੀਆਂ ਤੋਂ ਨਿੱਕੀ ਹੈ ਪਰ ਤਿੱਖੀ ਹੈ। ਕਹਾਣੀ ਦਾ ਅੰਤਲਾ ਵਾਕ ਸਾਰੀ ਕਹਾਣੀ ਦਾ ਸਾਰ ਜਾਪਦਾ ਹੈ... ਵਾਕਈ ਯਾਰ, ਕਾਮਰੇਡ ਐਕਸ ਨਹੀਂ ਹੁੰਦੇ।
ਟਾਈਟਲ ਕਹਾਣੀ ਵੀ ਪਾਠਕ ਨੂੰ ਆਪਣੇ ਬੰਨ੍ਹਣ ਵਿਚ ਕਾਮਯਾਬ ਰਹਿੰਦੀ ਹੈ। ਮਿੱਥਾਂ, ਪ੍ਰਤੀਕਾਂ ਤੇ ਹਕੀਕੀ ਬਿਰਤਾਂਤ ਸਿਰਜਦੀ ਇਹ ਕਹਾਣੀ ਇਸ ਸੰਗ੍ਰਹਿ ਦਾ ਹਾਸਲ ਕਹਿ ਸਕਦੇ ਹਾਂ। ਕਹਾਣੀ ਦਾ ਪਹਿਲਾ ਫਿਕਰਾ ਹੀ ਅਹਿਮ ਹੋ ਨਿਬੜਦਾ ਹੈ... ਡਾਕਟਰ ਸਾਹਿਬ ਬੰਦਾ ਕੋਈ ਮਹਾਨ ਨਹੀਂ ਹੁੰਦਾ, ਮਹਾਨ ਤਾਂ ਚੁਣੌਤੀਆਂ ਹੁੰਦੀਆਂ ਨੇ...। ...ਕਹਾਣੀਕਾਰ ਜ਼ਿਕਰ ਕਰਦਾ ਹੈ ਕਿ ਦ੍ਰੋਪਦੀ ਇਸਤਰੀਵਾਦ ਦਾ ਸਿਖ਼ਰ ਹੈ, ਗਹਿਰੀ ਤੇ ਵਿਸ਼ਾਲ ਚੂੰਕਿ ਉਹ ਆਪਣੇ ਪਤੀ ਵਿਚੋਂ ਪੰਜ ਗੁਣਾਂ ਦੀ ਭਾਲ ਕਰਨ ਵਿਚ ਸਫਲ ਹੁੰਦੀ ਹੈ, ਚਾਹੇ ਅਲੱਗ-ਅਲੱਗ ਮਰਦਾਂ ਦੇ ਰੂਪ ਵਿਚ ਹੀ ਸਹੀ। ਇਹ ਵਾਕ ਕਹਾਣੀ ਦੀ ਸਿਖਰ ਹੈ... ਮਤਲਬ ਇਹ ਕਿ ਜਿੰਨੇ ਲੋਕ ਵਿਆਹ 'ਤੇ ਆਏ ਸੀ, ਉਨ੍ਹਾਂ ਸਾਰਿਆਂ ਨੂੰ ਕੱਠੇ ਕਰੂੰ। ਓਵੇਂ ਪ੍ਰਕਾਸ਼ ਹੋਊ ਗੁਰੂ ਗ੍ਰੰਥ ਸਾਹਿਬ ਦਾ, ਗ੍ਰੰਥੀ ਨੂੰ ਕਹਿ ਕੇ ਕੱਲੀ ਕੱਲੀ ਲਾਂਵ ਉਧੇੜੂੰ...। ਕੱਲੀ ਕੱਲੀ ਸਮਝੀਂ...।
ਕੁੱਲ ਮਿਲਾ ਕੇ ਮੰਨਿਆ ਜਾ ਸਕਦਾ ਹੈ ਕਿ ਇਹ ਕਹਾਣੀ-ਸੰਗ੍ਰਹਿ ਸਾਰਿਆਂ ਨੂੰ ਹੀ ਪਸੰਦ ਆਵੇਗਾ ਕਿਉਂਕਿ ਇਸ ਉੱਪਰ ਪਿੱਛੇ ਜਿਹੇ ਭਾਰਤੀ ਸਾਹਿਤ ਅਕਾਦਮੀ ਨੇ ਵੀ ਮੋਹਰ ਲਗਾ ਦਿੱਤੀ ਸੀ। ਬੇਸ਼ੱਕ ਲੇਖਕ ਇਸ ਤੋਂ ਪਹਿਲਾਂ ਹੋਰ ਵੀ ਚੰਗੀਆਂ ਕਹਾਣੀਆਂ ਪੰਜਾਬੀ ਕਥਾ ਜਗਤ ਨੂੰ ਦੇ ਚੁੱਕਾ ਸੀ। ਇਨ੍ਹਾਂ ਅਰਥਾਂ ਵਿਚ ਹੀ ਪ੍ਰੋੜ੍ਹ ਕਹਾਣੀਕਾਰ ਸੁਖਜੀਤ ਦੀ ਇਸ ਕਥਾ ਕਿਤਾਬ ਦਾ ਸਵਾਗਤ ਕਰਦਿਆਂ ਉਸ ਤੋਂ ਹੋਰ ਵੀ ਉੱਚ ਪਾਏ ਦੀਆਂ ਕਹਾਣੀਆਂ ਦੀ ਉਮੀਦ ਰੱਖ ਸਕਦੇ ਹਾਂ।

-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

ਪੰਜਾਬ ਦੇ ਭਖਦੇ ਮਸਲੇ ਅਤੇ ਹੱਲ
ਲੇਖਕ : ਡਾ. ਅਮਨਪ੍ਰੀਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 96537-90000

'ਪੰਜਾਬ ਦੇ ਭਖਦੇ ਮਸਲੇ ਅਤੇ ਹੱਲ' ਡਾ. ਅਮਨਪ੍ਰੀਤ ਸਿੰਘ ਬਰਾੜ ਦੀ ਪੰਜਾਬ ਪ੍ਰਤੀ ਫ਼ਿਕਰਮੰਦੀ ਵਾਲੀ ਸੋਚ ਵਿਚੋਂ ਨਿਕਲੀ ਵਾਰਤਕ ਪੁਸਤਕ ਹੈ, ਜਿਸ ਵਿਚ ਲੇਖਕ ਨੇ ਪੰਜਾਬ ਦੀ ਰਾਜਨੀਤੀ, ਖੇਤੀਬਾੜੀ, ਵਿੱਦਿਆ ਅਤੇ ਅਰਥਚਾਰੇ ਵਿਚ ਆ ਰਹੇ ਸਰਬਪੱਖੀ ਨਿਘਾਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੇਖਕ ਨੇ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਉਪਰੋਕਤ ਵਿਸ਼ਿਆਂ ਦੀ ਕੇਵਲ ਪੇਸ਼ਕਾਰੀ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਕਾਰਨਾਂ ਨੂੰ ਵੀ ਪਾਠਕਾਂ ਦੇ ਰੂ-ਬਰੂ ਕਰਨ ਦਾ ਯਤਨ ਕੀਤਾ ਹੈ, ਜਿਨ੍ਹਾਂ ਕਰਕੇ ਇਹ ਨਿਘਾਰ ਆ ਰਿਹਾ ਹੈ। ਲੇਖਕ ਨੇ ਹਰੇਕ ਵਿਸ਼ੇ 'ਤੇ ਵਿਚਾਰ ਕਰਦਿਆਂ ਸਿਲਸਿਲੇਵਾਰ ਸਿਰਲੇਖਾਂ ਤਹਿਤ ਪਹਿਲਾਂ ਸੰਵਾਦ ਰਚਾਇਆ ਹੈ ਅਤੇ ਫਿਰ ਆਪਣੀ ਸੂਝ ਮੁਤਾਬਕ ਹੱਲ ਕੱਢਣ ਦਾ ਯਤਨ ਵੀ ਕੀਤਾ ਹੈ, ਤਾਂ ਕਿ ਪੰਜਾਬ ਦੀ ਨਿੱਘਰਦੀ ਅਤੇ ਵਿਗੜਦੀ ਹਾਲਤ ਨੂੰ ਮੁੜ ਲੀਹਾਂ 'ਤੇ ਲਿਆਂਦਾ ਜਾ ਸਕੇ। ਪੰਜਾਬ ਵਿਚ ਕੀ ਸਮੁੱਚੇ ਭਾਰਤ ਵਿਚ ਵੋਟ ਦੀ ਰਾਜਨੀਤੀ ਕਰਕੇ ਹੀ ਰਾਜਨੀਤਕ ਵਿਗਾੜ ਪੈਦਾ ਹੋਇਆ, ਕਿਉਂਕਿ ਰਾਜਨੀਤਕ ਪਾਰਟੀਆਂ ਕੋਲ ਲੀਡਰ ਦੀ ਥਾਂ ਬੌਸ ਅਤੇ ਬੁੱਧੀਜਵੀ ਵਰਗ ਦੀ ਕਮੀ ਦੇ ਨਾਲ-ਨਾਲ ਵੋਟਾਂ ਦੇ ਨੇੜੇ ਆ ਕੇ ਰਾਜਨੀਤਕ ਪਾਰਟੀਆਂ ਦਾ ਗਤੀਸ਼ੀਲ ਹੋਣਾ ਵੀ ਇਸ ਦਾ ਕਾਰਨ ਹੈ, ਕਿਉਂਕਿ ਹਰੇਕ ਪਾਰਟੀ ਆਪਣੇ-ਆਪ ਨੂੰ ਲੋਕ ਹਿਤੈਸ਼ੀ ਦੱਸਣ ਲਈ ਰੇਤ ਦੇ ਪਹਾੜ ਉਸਾਰ ਦਿੰਦੀ ਹੈ। ਲੇਖਕ ਨੇ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਦਾ ਅਕਸ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਸ ਦੀ ਵੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ। ਵਿੱਦਿਆ ਨੂੰ ਮਨੁੱਖ ਦੀ ਤੀਸਰੀ ਅੱਖ ਕਿਹਾ ਜਾਂਦਾ ਹੈ, ਇਸ ਬਾਰੇ ਵੀ ਲੇਖਕ ਨੇ ਵਿੱਦਿਆ ਦੇ ਖੇਤਰ ਨਾਲ ਸੰਬੰਧਿਤ ਬੋਰਡਾਂ ਅਤੇ ਹੋਰ ਸੰਸਥਾਵਾਂ ਦੀ ਭੂਮਿਕਾ 'ਤੇ ਤੱਥਾਂ ਸਹਿਤ ਪ੍ਰਸ਼ਨ ਚਿੰਨ੍ਹ ਲਾ ਕੇ ਸੰਵਾਦ ਛੇੜਿਆ ਹੈ। ਖੇਤੀਬਾੜੀ ਘਾਟੇ ਦਾ ਸੌਦਾ ਕਿਵੇਂ ਬਣੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਸਲਿਆਂ ਦਾ ਭਾਰਤੀ ਅਰਥਚਾਰੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ, ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਦਾ ਮਸਲਾ, ਪਾਣੀ ਦੇ ਪੱਧਰ ਦਾ ਨੀਵਾਂ ਹੋਣਾ ਅਤੇ ਹੋਰ ਵੀ ਬਹੁਤ ਸਾਰੇ ਮਸਲਿਆਂ ਬਾਰੇ ਲੇਖਕ ਨੇ ਫ਼ਿਕਰਮੰਦੀ ਦਾ ਇਜ਼ਹਾਰ ਕਰਦਿਆਂ ਆਪਣਾ ਮੱਤ ਪੇਸ਼ ਕੀਤਾ ਹੈ, ਤਾਂ ਲੋਕਾਂ ਵਿਚ ਜਾਗਰੂਕਤਾ ਆ ਸਕੇ ਤੇ ਉਹ ਆਪਣੀ ਹੋਂਦ ਬਚਾਉਣ ਲਈ ਤਤਪਰ ਹੋ ਸਕਣ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਰੂਹ ਦੀ ਪੀੜ
ਮਿੰਨੀ ਨਾਵਲ : ਠੋਕਰ
ਲੇਖਕ : ਢਾਡੀ ਕੁਲਜੀਤ ਸਿੰਘ ਦਿਲਬਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98141-67999

ਸਰਦਾਰ ਕੁਲਜੀਤ ਸਿੰਘ ਦਿਲਬਰ ਦੀ ਰਚਿਤ ਹਥਲੀ ਪੁਸਤਕ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪੇ ਲੇਖਾਂ ਦਾ ਸੰਗ੍ਰਹਿ ਹੈ। ਹਰ ਲੇਖ ਨੂੰ ਪੜ੍ਹਦਿਆਂ ਅਤੇ ਘੋਖਦਿਆਂ ਪਤਾ ਲਗਦਾ ਹੈ ਉਸ ਦੀ ਵਿਸ਼ੇ 'ਤੇ ਪਕੜ ਹੈ ਇਹੋ ਰਚਨਾ ਉਸ ਦੀ ਆਵਾਜ਼ ਬਣਦੀ ਹੈ। ਸਰੋਤਾ ਉਸ ਦਾ ਪ੍ਰਭਾਵ ਕਬੂਲੇ ਬਿਨਾਂ ਨਹੀਂ ਰਹਿ ਸਕਦਾ। ਜਦ ਉਹ ਸੰਗਤ ਦੇ ਅੱਗੇ ਇਤਿਹਾਸ ਨੂੰ ਦ੍ਰਿਸ਼ਟਮਾਣ ਕਰਦਾ ਹੈ ਤਾਂ ਇੰਝ ਲੱਗਦਾ ਹੈ ਕਿ ਅਸੀਂ ਇਤਿਹਾਸਕ ਘਟਨਾਵਾ ਨੂੰ ਪ੍ਰਤੱਖ ਦੇਖ ਰਹੇ ਹਾਂ।
ਸਟੇਜ ਦਾ ਵਕਤਾ ਅਤੇ ਰਚਨਾਵਾਂ ਦਾ ਰਚੇਤਾ ਹੋਣਾ ਕਿਸੇ ਵਿਰਲੇ ਨੂੰ ਗੁਰੂ ਦੀ ਬਖ਼ਸ਼ਿਸ਼ ਹੁੰਦੀ ਹੈ। ਇਨ੍ਹਾਂ ਲੇਖਾਂ ਦੇ ਸਿਰਲੇਖ ਪੜ੍ਹਦਿਆਂ ਹੀ ਵਿਸ਼ਾ ਵਸਤੂ ਸਪੱਸ਼ਟ ਹੋ ਜਾਂਦਾ ਹੈ। ਇਕ ਲੇਖ ਵਿਚ ਪ੍ਰਵਾਸ ਨਾਲ ਜੁੜੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਬਿਆਨ ਕਰਦਾ ਹੈ। ਜ਼ਿੰਦਗੀ ਦੀਆਂ ਕੌੜੀਆਂ-ਸੱਚੀਆਂ ਘਟਨਾਵਾਂ ਬੜੇ ਸਹਿਜ ਨਾਲ ਦਰਸ਼ਕਾਂ ਅੱਗੇ ਪਰੋਸ ਦਿੰਦਾ ਹੈ। ਤੇਈ ਦੇ ਕਰੀਬ ਲੇਖ ਹਥਲੀ ਪੁਸਤਕ ਵਿਚ ਸ਼ਾਮਿਲ ਹਨ। 'ਦੁੱਧ ਨਾਲ ਪਾਲਣ ਮਾਵਾਂ ਅੱਜ ਪਾਣੀ ਨੂੰ ਤਰਸਦੀਆਂ' ਵਾਲੇ ਲੇਖ ਵਿਚ ਪ੍ਰਵਾਸ ਨਾਲ ਜੁੜੀਆਂ ਤਲਖ ਹਕੀਕਤਾਂ ਦਾ ਵਰਨਣ ਦਿੰਦਾ ਲਿਖਦਾ ਹੈ ''ਬੇਟਾ ਸਾਨੂੰ ਇਸ ਨਰਕ ਵਿਚੋਂ ਕੱਢ ਲੈ, ਅਸੀਂ ਤਾਂ ਇਥੇ ਨਰਕ ਦੀ ਜ਼ਿੰਦਗੀ ਬਸਰ ਕਰ ਰਹੇ ਹਾਂ, ਅਸੀਂ ਨਹੀਂ ਰਹਿਣਾ ਇਸ ਮਿੱਠੀ ਜੇਲ੍ਹ ਵਿਚ, ਇਹ ਵਾਲਾ ਸੱਚ ਵਿਦੇਸ਼ਾਂ ਵਿਚ ਬਜ਼ੁਰਗ ਮਾਂ-ਪਿਉ ਦੀ ਤਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਕਰਕੇ ਇਹ ਸੁਭਾਵਿਕ ਹੈ ਉਸ ਦੇ ਲਿਖੇ ਬਹੁਤੇ ਲੇਖ ਸਿੱਖ ਇਤਿਹਾਸ ਅਤੇ ਢਾਡੀ ਕਲਾ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਜਿਤੁ ਜੰਮੈ ਰਾਜਾਨ ਦੀ ਝੋਲੀ ਪੈਣ ਵਾਲੇ ਢਾਡੀ', 'ਪੰਜਾਬੀ ਸੱਭਿਆਚਾਰ ਵਿਚ ਲੋਕ ਢਾਡੀ', 'ਢਾਡੀ ਕਲਾ ਦੀ ਸੰਗੀਤ ਨੂੰ ਦੇਣ', 'ਢਾਡੀ ਸੰਗੀਤ ਰੂਹ ਦੀ ਖੁਰਾਕ ਆਦਿ ਸਭ ਲੇਖ ਢਾਡੀ ਪਰੰਪਰਾ ਨੂੰ ਪ੍ਰਫੁੱਲਿਤ ਅਤੇ ਉਤਸ਼ਾਹਿਤ ਕਰਦੇ ਨਜ਼ਰ ਆਉਂਦੇ ਹਨ। ਢਾਡੀ ਕਲਾ ਉੱਘੇ ਸਾਹਿਤਕਾਰ ਬਾਬਾ ਬੋਹੜ ਢਾਡੀ ਸੋਹਣ ਸਿੰਘ ਸੀਤਲ ਅਤੇ ਢਾਡੀ ਦਇਆ ਸਿੰਘ ਦਿਲਬਰ ਹਨ। 'ਬੱਬਰ ਅਕਾਲੀ ਲਹਿਰ' ਅਤੇ 'ਮਹਾਰਾਜਾ ਰਣਜੀਤ ਸਿੰਘ' ਬਾਰੇ ਲੇਖ ਇਤਿਹਾਸਕ ਖੋਜ ਅਤੇ ਇਕ ਢਾਡੀ ਵਕਤਾ ਦੇ ਐਸੇ ਵਲਵਲੇ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਇੰਝ ਜਾਪਣ ਲੱਗ ਪੈਂਦਾ ਹੈ ਜਿਵੇਂ ਦਿਲਬਰ ਨੂੰ ਸਟੇਜ ਤੋਂ ਹੀ ਸੁਣ ਰਹੇ ਹੋਈਏ।
ਸਿੱਖ ਇਤਿਹਾਸ ਅੰਦਰ ਔਰਤ ਦਾ ਇਕ ਵਿਸ਼ੇਸ਼ ਸਥਾਨ ਹੈ। ਮਰਦ ਪ੍ਰਧਾਨ ਸਮਾਜ ਅੰਦਰ ਔਰਤਾਂ ਪ੍ਰਤੀ ਅਜੇ ਵੀ ਘਟੀਆ ਸੋਚ ਨੂੰ ਦਰਸਾਉਂਦਾ ਲੇਖ 'ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ' ਬਹੁਤ ਹੀ ਗੁੱਝੀ ਚੋਟ ਮਾਰਦਾ ਹੈ। 'ਅਲਾਹ ਖੈਰ ਕਰੇ ਪੰਜ ਪਾਣੀਆਂ ਦੀ' ਵਾਲੇ ਲੇਖ ਦਾ ਵੀ ਇਕ ਇਕ ਅੱਖਰ ਪੜ੍ਹਨ ਵਾਲਾ ਹੈ। ਪੰਜਾਬੀ ਸੱਭਿਆਚਾਰ ਦੀ ਇਕ ਵੰਨਗੀ 'ਔਰਤ ਦਾ ਸ਼ਿੰਗਾਰ ਨੇ ਵੰਗਾਂ' ਵਾਲੇ ਲੇਖ ਵਿਚ ਪੜ੍ਹਣ ਨੂੰ ਮਿਲਦੀ ਹੈ। 'ਹੁਸਨ ਦੇ ਨਾਲ ਕੀ ਖਬਰੇ ਵੈਰ ਤਕਦੀਰ ਦਾ' ਵਾਲਾ ਵਿਸ਼ਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। 'ਸਿੱਖੀ ਬੇਦਾਵਾ' ਵਾਲਾ ਲੇਖ ਸਿੱਖ ਹਿਰਦਿਆਂ ਨੂੰ ਟੁੰਬਦਾ ਧਰਮ ਅਤੇ ਵਿਰਸੇ ਨਾਲ ਪੀਡੀਆਂ ਗੰਢਾਂ ਪਾਉਣ ਦੀ ਪ੍ਰੇਰਨਾਦਾਇਕ ਸਰਦਾਰ ਹਰਭਜਨ ਸਿੰਘ ਹਾਮੀ ਬਾਰੇ ਲਿਖਿਆ ਲੇਖ ਚੰਗਾ ਹੈ। ਹਰੇਕ ਲੇਖ ਵਿਚ ਨਿਵੇਕਲੀ ਸੋਚ ਦਾ ਪ੍ਰਮਾਣ ਮਿਲਦਾ ਹੈ ਅਤੇ ਹਰ ਵਿਸ਼ਾ ਬਹੁਤ ਹੀ ਆਸਾਨੀ ਨਾਲ ਸਾਡੀ ਸੋਚ ਦਾ ਹਿੱਸਾ ਬਣ ਜਾਂਦਾ ਹੈ। ਧਰਮ ਦੀ ਦੁਨੀਆ ਅੰਦਰ ਵਿਚਰਦਿਆਂ ਸਮੇਂ ਦੀ ਗੱਲ ਬਾਖੂਬੀ ਕਹਿ ਜਾਣ ਵਿਚ ਉਸ ਦੀ ਮੁਹਾਰਤ ਹੈ। ਇਸ ਕਿਤਾਬ ਦੇ ਅਖੀਰਲੇ ਪੰਨਿਆਂ 'ਤੇ ਇਕ ਨਾਵਲੈੱਟ 'ਠੋਕਰ' ਨਾਂਅ ਦਾ ਚਾਰ ਕਾਡਾਂ ਵਿਚ ਛਾਪਿਆ ਹੈ। ਨਾਵਲੈਟ ਅੰਦਰ ਤਿਕੋਣੇ ਪਿਆਰ ਦਾ ਚਿਤਰਨ ਕਰਦਿਆਂ, ਅੱਜ ਵੀ ਸਮਾਜ ਅੰਦਰ ਸਾਡੇ ਆਲੇ-ਦੁਆਲੇ ਘਟਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਜਦੋਂ ਕਹਾਣੀ ਜਾਂ ਛੋਟੇ ਆਕਾਰ ਦੇ ਨਾਵਲਾਂ ਦੇ ਕਿਰਦਾਰ ਸਮਾਜ ਅੰਦਰ ਜਿਊਂਦੇ-ਜਾਗਦੇ ਲਗਦੇ ਹਨ ਤਾਂ ਹਰ ਰਚਨਾ ਆਪਣੇ ਆਪ ਹੀ ਪਾਠਕਾਂ ਦੀ ਪਹਿਲੀ ਪਸੰਦ ਬਣ ਜਾਂਦੀ ਹੈ। ਆਉਣ ਵਾਲੇ ਸਮੇਂ ਵਿਚ ਇਹ ਆਸ ਬੱਝਦੀ ਹੈ ਕਿ ਦਿਲਬਰ ਦੀ ਮਿਹਨਤ, ਲਗਨ ਅਤੇ ਹਾਂ-ਪੱਖੀ ਸੋਚ ਵਿਚੋਂ ਹੋਰ ਵੀ ਕੀਮਤੀ ਰਚਨਾਵਾਂ ਪਾਠਕਾਂ ਨੂੰ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਦੂਜਾ ਵਿਸ਼ਵ ਯੁੱਧ
(1939-1945)
ਲੇਖਕ : ਮੇਜਰ ਰਾਜਪਾਲ ਸਿੰਘ,
ਅਨੁਵਾਦਕ : ਡਾ. ਕੁਲਵਿੰਦਰ ਸਿੰਘ ਸਰਾਂ
ਪ੍ਰਕਾਸ਼ਕ : ਮਾਨ ਬੁੱਕ ਸਟੋਰ ਪਬਲੀਕੇਸ਼ਨ ਬਠਿੰਡਾ
ਮੁੱਲ : 400 ਰੁਪਏ, ਸਫ਼ੇ : 240
ਸੰਪਰਕ : 94634-44678

ਦੂਸਰੇ ਮਹਾਂ ਯੁੱਧ ਦਾ ਸਮਾਂ 1939-45 ਈਸਵੀ ਤੱਕ ਸੀ। ਇਸ ਦੇ ਬੁਨਿਆਦੀ ਕਾਰਨ ਵੀ ਪਹਿਲੇ ਮਹਾਂਯੁੱਧ ਵਾਂਗ ਬੜੇ ਗੁੰਝਲਦਾਰ ਸਨ। ਆਧੁਨਿਕ ਇਤਿਹਾਸ ਦੀ ਅਜੇ ਤੱਕ ਦੀ ਸਭ ਤੋਂ ਵਿਨਾਸ਼ਕਾਰੀ ਘਟਨਾ ਦੂਸਰੇ ਮਹਾਂਯੁਧ ਨੂੰ ਹੀ ਮੰਨਿਆ ਜਾਂਦਾ ਹੈ। ਆਧੁਨਿਕ ਵਿਸ਼ਵ ਦੀ ਸਮੁੱਚੀ ਰਾਜਨੀਤੀ, ਅੰਤਰਰਾਸ਼ਟਰੀ ਸੰਬੰਧ, ਸਮਾਜ, ਇਤਿਹਾਸ, ਸੱਭਿਆਚਾਰ, ਵਪਾਰ ਅਤੇ ਆਰਥਿਕਤਾ ਉੱਪਰ ਇਸ ਯੁੱਧ ਦੇ ਪ੍ਰਭਾਵ ਵੀ ਚਿਰ-ਸਥਾਈ ਰਹੇ ਹਨ। ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਇਸ ਦੇ ਕਾਰਨਾਂ, ਘਟਨਾਵਾਂ ਅਤੇ ਸਿੱਟਿਆਂ ਬਾਰੇ ਬੜੀਆਂ ਮਹੱਤਵਪੂਰਨ ਖੋਜਾਂ ਨਿਰੰਤਰ ਹੋ ਰਹੀਆਂ ਹਨ। ਅਜਿਹੀਆਂ ਖੋਜਾਂ ਅਤੇ ਕਿਤਾਬਾਂ ਦੀ ਲਗਾਤਾਰਤਾ ਵਿਚ ਹੀ ਮੇਜਰ ਰਾਜਪਾਲ ਸਿੰਘ ਦੁਆਰਾ ਲਿਖੀ ਗਈ ਹਿੰਦੀ ਭਾਸ਼ਾ ਵਿਚ ਇਹ ਕਿਤਾਬ ਦੂਸਰੇ ਮਹਾਂਯੁੱਧ ਬਾਰੇ ਇਤਿਹਾਸ ਲੇਖਣ ਕਲਾ ਦੀ ਦ੍ਰਿਸ਼ਟੀ ਤੋਂ ਖੋਜ ਭਰਪੂਰ ਇਤਿਹਾਸਕ ਸ੍ਰੋਤ ਹੈ। ਇਸ ਕਿਤਾਬ ਨੂੰ ਪੰਜਾਬੀ ਭਾਸ਼ਾ ਵਿਚ ਡਾ. ਕੁਲਵਿੰਦਰ ਸਿੰਘ ਸਰਾਂ ਵਲੋਂ ਅਨੁਵਾਦ ਕੀਤਾ ਗਿਆ ਹੈ। ਅਨੁਵਾਦਕ ਦੀਆਂ ਇਸ ਤੋਂ ਪਹਿਲਾਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਅੱਠ ਮੂਲ ਕਿਤਾਬਾਂ ਅਤੇ ਦਸ ਕਿਤਾਬਾਂ ਅਨੁਵਾਦ ਦੇ ਰੂਪ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਯੁੱਧ ਦੇ ਖ਼ਿਲਾਫ਼, ਅਮਨ ਤੇ ਭਾਈਚਾਰੇ ਦੇ ਜਜ਼ਬੇ ਦੇ ਨਾਂਅ ਨੂੰ ਸਮਰਪਿਤ ਇਸ ਕਿਤਾਬ ਦੀ ਵਿਸ਼ਾ ਸੂਚੀ 27 ਭਾਗਾਂ ਵਿਚ ਹੈ। ਇਹ ਭਾਗ ਯੁੱਧ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ, ਦੂਜਾ ਮਹਾਂਯੁੱਧ; ਸੁਲਗਦੇ ਕਾਰਨ; ਨਾਜ਼ੀਆਂ ਦਾ ਵਧਦਾ ਕੱਦ; ਮਹਾਂ ਯੁੱਧ ਦੀ ਤਿਆਰੀ; ਕੂਟਨੀਤਕ ਗੁੱਟਬੰਦੀਆਂ; ਦੂਜੇ ਵਿਸ਼ਵ ਯੁੱਧ ਦਾ ਨਗਾਰਾ, ਫਰਾਂਸ ਦਾ ਪਤਨ; ਬ੍ਰਿਟੇਨ ਨੂੰ ਜਰਮਨੀ ਦੀ ਧਮਕੀ; ਯੁੱਧ ਦਾ ਵਧਦਾ ਘੇਰਾ; ਰੂਸ ਤੇ ਜਰਮਨੀ ਦਾ ਹਮਲਾ; ਅਮਰੀਕੀ ਪ੍ਰਤੀਕਿਰਿਆ; ਅਮਰੀਕਾ ਤੇ ਜਾਪਾਨ ਦਾ ਹਮਲਾ; ਰੂਸ 'ਚ ਯੁੱਧ ਦਾ ਹਾਲ; ਯੁੱਧ ਦਾ ਨਵਾਂ ਮੋੜ; ਰੂਸ ਚ ਜਰਮਨੀ ਦੀ ਕਰਾਰੀ ਹਾਰ; ਮੁਸੋਲਿਨੀ ਦਾ ਪਤਨ; ਮਿੱਤਰ ਦੇਸ਼ਾਂ ਦੀ ਫ਼ਰਾਂਸ ਵਿਚ ਜੇਤੂ ਲਹਿਰ; ਹਿਟਲਰ ਦਾ ਪਤਨ; ਜਾਪਾਨ ਤੇ ਮਿੱਤਰ ਦੇਸ਼ਾਂ ਦੀ ਜਿੱਤ; ਯੁੱਧ ਦੀ ਤਬਾਹੀ ਤੇ ਸਿੱਟੇ; ਸ਼ਾਂਤੀ ਪ੍ਰਬੰਧ; ਮੁੱਖ ਸੰਧੀਆਂ; ਯੁੱਧ ਮਗਰੋਂ ਦਾ ਸ਼ਾਸਨ ਪ੍ਰਬੰਧ, ਯਹੂਦੀਆਂ ਦਾ ਦੁਸ਼ਮਣ ਹਿਟਲਰ; ਯੁੱਧ ਅਪਰਾਧੀਆਂ ਨੂੰ ਸਜ਼ਾ; ਸ਼ੀਤ ਯੁੱਧ ਤੇ ਯੂਰਪੀ ਆਰਥਿਕ ਸੰਕਟ; ਦੂਜੇ ਵਿਸ਼ਵ ਯੁੱਧ ਦੇ ਚਰਚਿਤ ਚਿਹਰੇ; ਬੋਲਦੀਆਂ ਤਸਵੀਰਾਂ ਆਦਿ ਹਨ। ਯੁੱਧ ਨਾਲ ਸੰਬੰਧਿਤ ਚਰਚਿਤ ਨੇਤਾਵਾਂ, ਸੈਨਿਕਾਂ, ਅਫ਼ਸਰਾਂ, ਘਟਨਾਵਾਂ, ਇਮਾਰਤਾਂ, ਸੈਨਿਕ ਅੱਡਿਆਂ, ਹਸਪਤਾਲਾਂ ਅਤੇ ਹੋਰ ਇਤਿਹਾਸਕ ਇਮਾਰਤਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਕਿਤਾਬ ਦੀ ਅੰਤਿਕਾ ਦੇ ਰੂਪ ਵਿਚ ਵੱਖ-ਵੱਖ ਸਿਰਲੇਖਾਂ ਅਧੀਨ ਦੂਜੇ ਵਿਸ਼ਵ ਯੁੱਧ ਦੌਰਾਨ ਜਾਨੀ ਨੁਕਸਾਨ; ਮੁੱਖ ਦੇਸ਼ਾਂ ਦੇ ਫ਼ੌਜੀਆਂ ਦੀ ਗਿਣਤੀ; ਦੂਜਾ ਵਿਸ਼ਵ ਯੁੱਧ ਵੇਰਵਾ; ਦੂਜੇ ਯੁੱਧ ਨਾਲ ਸੰਬੰਧਿਤ ਮੁੱਖ ਤੱਥ; ਕੁਝ ਰੌਚਕ ਤੱਥ ਅਤੇ ਦੂਜੇ ਵਿਸ਼ਵ ਯੁੱਧ 'ਚ ਭਾਰਤ ਦੀ ਭੂਮਿਕਾ ਆਦਿ ਹਨ। ਸੰਖੇਪ ਵਿਚ ਲੇਖਕ ਵਲੋਂ ਦੂਸਰੇ ਮਹਾਂਯੁੱਧ ਦੀਆਂ ਕਹਾਣੀਆਂ ਲਿਖਣ ਦੀ ਥਾਂ ਯੁੱਧ ਦੇ ਕਾਰਨਾਂ, ਘਟਨਾਵਾਂ ਅਤੇ ਜ਼ਿੰਮੇਵਾਰ ਪ੍ਰਸਥਿਤੀਆਂ ਤੇ ਨੇਤਾਵਾਂ ਬਾਰੇ ਤੱਥਾਂ '

07-07-2023

 ਪਰਾਏ ਪਰਾਂ ਦੀ ਪਰਵਾਜ਼
ਲੇਖਕ : ਨਿਰਮਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 103
ਸੰਪਰਕ : 097293-95527

ਸ਼ਾਇਰ ਨਿਰਮਲ ਸਿੰਘ ਬੌਧਿਕ ਮੁਹਾਵਰੇ ਦਾ ਬਹੁ-ਵਿਧਾਈ ਲੇਖਕ ਤਾਂ ਪ੍ਰਮੁੱਖ ਤੌਰ 'ਤੇ ਉਹ ਸ਼ਾਇਰੀ ਨਾਲ ਜਨੂੰਨ ਦੀ ਹੱਦ ਤੱਕ ਜੁੜਿਆ ਹੋਇਆ ਹੈ। ਸ਼ਾਇਰ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ਜੋ ਹਰਿਆਣਾ ਪ੍ਰਾਂਤ ਦੇ ਵੱਖ-ਵੱਖ ਕਾਲਜਾਂ ਵਿਚ ਪੰਜਾਬੀ ਪ੍ਰੋਫ਼ੈਸਰ ਦੇ ਤੌਰ 'ਤੇ ਸੇਵਾਵਾਂ ਤਾਂ ਪ੍ਰਦਾਨ ਕਰ ਹੀ ਚੁੱਕਾ ਹੈ ਤੇ ਹੁਣ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ (ਹਰਿਆਣਾ) ਵਿਖੇ ਬਤੌਰ ਐਸੋਸੀਏਟ ਪ੍ਰੋਫ਼ੈਸਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਿਹਾ ਹੈ। ਉਸ ਨੇ ਪੰਜਾਬੀ ਅਦਬ ਵਿਚ ਡਾਕਟਰੇਟ ਕੀਤੀ ਹੋਈ ਹੈ ਤੇ ਉਸ ਦੀ ਹਲੀਮੀ ਨੂੰ ਸਲਾਮ ਕਰਨਾ ਬਣਦਾ ਹੈ, ਜਿਸ ਨੇ ਫਿਰ ਵੀ ਆਪਣੇ ਨਾਂਅ ਦੇ ਅਗੇਤਰ (ਡਾ.) ਨਹੀਂ ਲਗਾਇਆ ਤੇ ਉਹ ਇਕ ਸ਼ਾਇਰ ਦੇ ਤੌਰ 'ਤੇ ਹੀ ਜਾਣਿਆ ਜਾਣਾ ਚਾਹੁੰਦਾ ਹੈ। ਪੁਸਤਕ ਦੇ 103 ਸਫ਼ੇ 'ਤੇ ਅੰਕਿਤ ਉਸ ਦੀਆਂ ਪ੍ਰਾਪਤੀਆਂ ਦੇਖ ਕੇ ਸੱਚੀਮੁੱਚੀਂ ਰਸ਼ਕ ਆਉਂਦਾ ਹੈ। ਸ਼ਾਇਰ ਹਥਲੀ ਕਾਵਿ-ਕਿਤਾਬ 'ਪਰਾਏ ਪਰਾਂ ਦੀ ਪਰਵਾਜ਼' ਤੋਂ ਪਹਿਲਾਂ ਵੀ ਤਿੰਨ ਅਦਬੀ ਕਿਤਾਬਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਆਪਣੀ ਨਜ਼ਮ 'ਪਰਾਏ ਪਰਾਂ ਦੀ ਪਰਵਾਜ਼' ਨਾਲ ਤਾੜਨਾ ਕਰਦਾ ਹੋਇਆ ਜਾਗਰੂਕਤਾ ਭਰੀ ਹੁੱਝ ਮਾਰਦਾ ਹੋਇਆ ਕਹਿੰਦਾ ਹੈ ਕਿ ਪਰਾਏ ਪਰਾਂ ਨਾਲ ਉਡਣਾ ਉਡਾਣ ਸ਼ਬਦ ਨੂੰ ਮੀਣਾ ਕਰਦਾ ਹੈ ਜੇ ਅੰਬਰੀ ਉਡਾਣ ਭਰਨੀ ਹੈ ਤਾਂ ਉਕਾਬ ਬਣਨਾ ਪਵੇਗਾ। ਸ਼ਾਇਰ ਚਿਹਨਕੀ ਭਾਸ਼ਾ ਰਾਹੀਂ ਕਾਵਿ-ਪ੍ਰਵਚਨ ਕਰਦਾ ਹੋਇਆ ਕਾਵਿਕ-ਧਰਮ ਨਿਭਾਉਂਦਾ ਹੋਇਆ ਸੱਤਿਅਮ ਸ਼ਿਵਮ ਸੁੰਦਰਮ ਦੀ ਲੱਜ ਪਾਲਦਾ ਨਜ਼ਰ ਆਉਂਦਾ ਹੈ। ਜਦੋਂ ਉਸ ਦੀ ਸ਼ਾਇਰੀ ਦੀ ਖ਼ੁਰਦਬੀਨੀ ਅੱਖ ਨਾਲ ਸਕੈਨਿੰਗ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਹ ਚਾਰੇ ਪਾਸੇ ਬੇਭਰੋਸਗੀ ਦੇ ਆਲਮ ਵਿਚ ਹੁਕਮ ਦਾ ਯੱਕਾ ਰੰਗ ਦੇ ਪੱਤਿਆਂ ਨੂੰ ਬਦਰੰਗ ਕਰਨ ਦੀ ਸਾਜਿਸ਼ ਕਰ ਰਿਹਾ ਹੈ ਤੇ ਇਸ ਤੋਂ ਨਿਜ਼ਾਤ ਪਾਉਣ ਲਈ ਵਕਤ ਦੀ ਕਲੰਦਰੀ ਛੱਡ ਕੇ ਵਕਤ ਦੀ ਸਿਕੰਦਰੀ ਦਾ ਪਾਂਧੀ ਬਣ ਕੇ ਅਖੰਡਿਤ ਸੂਰਜ ਵਾਂਗ ਮੱਘਣਾ ਪਏਗਾ ਤਾਂ ਹੀ ਅਸੀਂ ਮਜ਼੍ਹਬਾਂ ਦੇ ਪਾਲਤੂ ਜਿਹੇ ਚੱਕਰਵਿਊ ਤੋਂ ਬਾਹਰ ਨਿਕਲ ਸਕਾਂਗੇ, ਸ਼ਾਇਰ ਵਿਭਿੰਨ ਮਾਨਵੀ ਸਰੋਕਾਰਾਂ ਤੇ ਫ਼ਿਕਰਾਂ ਦੀ ਫ਼ਿਕਰਮੰਦੀ ਕਰਦਾ ਹੋਇਆ ਦੀਵੇ ਦੀ ਲੋਅ ਤੇ ਜੁਗਨੂੰਆਂ ਦੇ ਟਿਮਟਮਾਉਣ ਵਿਚ ਠਾਹਰ ਭਾਲਦਾ ਹੈ ਤੇ ਉਥੇ ਹੀ ਪਰਵਾਸ ਹੰਢਾਅ ਰਹੇ ਪੁੱਤਰ ਜੋ ਇਕ ਤਰ੍ਹਾਂ ਬੁੱਢਿਆਂ ਤੋਂ ਖਹਿੜਾ ਹੀ ਛੁਡਾਉਣਾ ਚਾਹੁੰਦੇ ਹਨ ਪਰ ਮਾਂ ਅਜੇ ਵੀ ਅਸੀਸਾਂ ਦੀ ਝੋਲੀ ਭਰੀ ਬੈਠੀ ਹੈ। ਸ਼ਾਇਰ ਇਹ ਵੀ ਤਾੜਨਾ ਕਰਦਾ ਹੈ ਕਿ ਨਿਰੇ-ਪੁਰੇ ਮੂਕ ਦਰਸ਼ਕ ਨਾ ਬਣੇ ਰਹੋ ਤੇ ਵਕਤ ਨਾਲ ਦਸਤਪੰਜਾ ਲੈਣ ਲਈ ਆਪਣੇ ਢੰਗ ਦੀ ਆਪ ਹੀ ਲਕੀਰ ਖਿੱਚੋ। ਸ਼ਾਇਰ ਸੱਭਿਆਚਾਰਕ ਪ੍ਰਦੂਸ਼ਣ ਤੇ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਦਾ ਹੇਰਵਾ ਵੀ ਕਰਦਾ ਹੈ ਤੇ ਆਪਣੀ ਧੌਣ ਉੱਤੇ ਟਿਕੇ ਸਿਰ ਨੂੰ ਸਿਰ ਹੋਣ ਦੀਆਂ ਸਮਝੌਤੀਆਂ ਵੀ ਦਿੰਦਾ ਹੈ। ਸ਼ਾਇਰ ਹਰਿਆਣੇ ਪ੍ਰਾਂਤ ਵਿਚ ਪਹਿਲਾਂ ਹੀ ਆਪਣੀ ਪਲੇਠੀ ਕਾਵਿ-ਕਿਤਾਬ 'ਲਹਿਰ ਸੁਨਾਮੀ' ਰਾਹੀਂ ਕਾਵਿਕ ਜਲੌਅ ਵਿਖਾ ਚੁੱਕਿਆ ਹੈ, ਜਿਸ ਨੂੰ ਹਰਿਆਣਾ ਸਾਹਿਤ ਅਕਾਦਮੀ 2011 ਦੀ ਸਰਵਸ੍ਰੇਸ਼ਠ ਕਾਵਿ-ਪੁਸਤਕ ਹੋਣ ਦਾ ਪ੍ਰਮਾਣ ਦੇ ਚੁੱਕੀ ਹੈ। ਸ਼ਾਇਰ ਤੋਂ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਟੂਣੇਹਾਰੀ ਰੁੱਤ ਦਾ ਜਾਦੂ
ਲੇਖਕ : ਅੰਮ੍ਰਿਤਪਾਲ ਸਿੰਘ ਸ਼ੈਦਾ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98552-32575

ਅੰਮ੍ਰਿਤਪਾਲ ਸਿੰਘ ਸ਼ੈਦਾ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵਿਚ ਸੇਵਾਵਾਂ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਨਿਰੰਤਰ ਜੁੜੇ ਰਹੇ ਹਨ। ਪੰਜਾਬੀ ਅਤੇ ਉਰਦੂ ਜ਼ੁਬਾਨ ਦੀ ਮੁਹਾਰਤ ਦੇ ਨਾਲ-ਨਾਲ ਸ਼ਾਇਰੀ ਦੀਆਂ ਕਲਾਤਮਿਕ ਬਾਰੀਕੀਆਂ ਦੀ ਵੀ ਉਨ੍ਹਾਂ ਨੂੰ ਡੂੰਘੀ ਸਮਝ ਹੈ। ਜ਼ਿੰਦਗੀ ਦੇ ਹਰ ਵਰਤਾਰੇ ਪ੍ਰਤੀ ਉਨ੍ਹਾਂ ਦੀ ਪਹੁੰਚ ਬੜੀ ਸਪੱਸ਼ਟ ਅਤੇ ਉਸਾਰੂ ਹੈ। ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਲਤਾੜੇ ਜਾ ਰਹੇ ਲੋਕਾਂ ਲਈ ਉਨ੍ਹਾਂ ਦੇ ਮਨ ਵਿਚ ਬੜੀ ਹਮਦਰਦੀ ਹੈ:
ਭਠਿਆਰਣ ਦੀ ਸਾਰੀ ਆਯੂ
ਦਾਣੇ ਭੁੱਜਦੇ ਬੀਤ ਗਈ,
ਇਸ ਦੇ ਭਾਗਾਂ ਦਾ ਦਰਵਾਜ਼ਾ
ਕਦ ਖੁੱਲ੍ਹੇਗਾ, ਦੇਖ ਰਿਹਾਂ।
ਸਾਡੇ ਸੱਭਿਆਚਾਰਕ ਜੀਵਨ ਉੱਤੇ ਵਿਸ਼ਵੀਕਰਨ ਦੇ ਪੈ ਰਹੇ ਮਾਰੂ ਪ੍ਰਭਾਵ ਵੀ ਉਨ੍ਹਾਂ ਦੀ ਬਾਜ਼ ਅੱਖ ਤੋਂ ਲੁਕੇ-ਛਿਪੇ ਨਹੀਂ ਹਨ। ਮਨੁੱਖੀ ਰਿਸ਼ਤਿਆਂ ਦਾ ਜਿਨਸਾਂ ਵਿਚ ਤਬਦੀਲ ਹੋਣਾ ਅਤੇ ਗੌਰਵਮਈ ਵਿਰਾਸਤ ਨਾਲੋਂ ਟੁੱਟ ਕੇ ਨਿਰਾਸ਼ਾ ਜਾਂ ਤਣਾਓ ਦੀ ਡੂੰਘੀ ਖਾਈ ਡਿੱਗਣਾ ਵਰਤਮਾਨ ਦੀ ਹੋਣੀ ਬਣਦੀ ਜਾ ਰਿਹਾ ਹੈ। ਮਨੁੱਖ ਵਲੋਂ ਆਪਣੀ ਪਦਾਰਥਕ ਹਵਸ ਦੀ ਪੂਰਤੀ ਲਈ ਕੁਦਰਤੀ ਵਸੀਲਿਆਂ ਨਾਲ ਕੀਤਾ ਜਾ ਰਿਹਾ ਖਿਲਵਾੜ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗੱਲ ਸਾਬਤ ਹੋਇਆ ਹੈ:
ਇਸ ਧਰਤੀ ਦੇ ਸੁਰਗ ਨੂੰ ਪਹਿਲਾਂ,
ਮਾਨਵ ਨੇ ਹੀ ਨਰਕ ਬਣਾਇਆ,
ਹੁਣ ਲੱਭਦਾ ਹੈ ਅਸਮਾਨਾਂ ਵਿਚ,
ਰਹਿਣ ਲਈ ਕੁਝ ਨਵੀਆਂ ਥਾਵਾਂ।
ਹੱਥਲੇ ਗ਼ਜ਼ਲ-ਸੰਗ੍ਰਹਿ 'ਟੂਣੇਹਾਰੀ ਰੁੱਤ ਦਾ ਜਾਦੂ' ਤੋਂ ਪਹਿਲਾਂ, ਇਕ ਸਾਂਝੇ ਕਾਵਿ-ਸੰਗ੍ਰਹਿ, ਇਕ ਸਾਂਝੇ ਗ਼ਜ਼ਲ-ਸੰਗ੍ਰਿਹ ਅਤੇ ਦੋ ਸਾਂਝੇ ਕਹਾਣੀ-ਸੰਗ੍ਰਹਿਆਂ ਦੀ ਸੰਪਾਦਨਾ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਸ਼ੈਦਾ ਦਾ ਇਕ ਗ਼ਜ਼ਲ-ਸੰਗ੍ਰਹਿ 'ਫ਼ਸਲ ਧੁੱਪਾਂ ਦੀ' ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਸਮਾਜਿਕ ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝੀਵਾਲਤਾ ਨੂੰ ਉਹ ਆਪਣੀ ਗ਼ਜ਼ਲਕਾਰੀ ਦੇ ਕੇਂਦਰ ਵਿਚ ਰੱਖ ਕੇ ਤੁਰਦੇ ਹਨ। ਸੁੰਦਰ ਸ਼ਬਦਾਵਲੀ, ਬਿੰਬ, ਪ੍ਰਤੀਕ, ਅਲੰਕਾਰ ਅਤੇ ਕਲਾਤਮਿਕ ਜੁਗਤਾਂ ਉਨ੍ਹਾਂ ਦੀ ਕਲਿਆਣਕਾਰੀ ਸ਼ਾਇਰੀ ਲਈ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰਦੀਆਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਾਠਕ ਉਨ੍ਹਾਂ ਦੇ ਇਸ ਖ਼ੂਬਸੂਰਤ ਅਤੇ ਸੁਚੱਜੇ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਖ਼ਾਲੀ ਆਲ੍ਹਣਾ
ਕਵੀ : ਸੰਨੀ ਧਾਲੀਵਾਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94635-40352

ਆਪਣੇ ਪਹਿਲੇ ਕਾਵਿ ਸੰਗ੍ਰਹਿ 'ਖ਼ਾਲੀ ਆਲ੍ਹਣਾ' ਤੋਂ ਪਹਿਲੋਂ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਕਵਿਤਾਵਾਂ ਰਾਹੀਂ ਵਿਸ਼ਾਲ ਪਾਠਕ ਵਰਗ ਵਿਚ ਆਪਣੀ ਪਛਾਣ ਬਣਾ ਚੁੱਕੇ ਸੰਨੀ ਧਾਲੀਵਾਲ ਦੀਆਂ ਕਾਵਿ-ਰਚਨਾਵਾਂ 'ਚੋਂ ਲੰਘਣਾ ਇਕ ਸੁਖ਼ਦ ਅਹਿਸਾਸ ਵਰਗਾ ਅਨੁਭਵ ਹੈ। ਪੰਜਾਬੀ ਵਿਚ ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ, ਪਰ ਉਸ ਵਿਚ ਕਵਿਤਾ ਟਾਵੀਂ-ਟਾਵੀਂ ਹੀ ਲੱਭਦੀ ਹੈ। ਲੇਕਿਨ 'ਖ਼ਾਲੀ ਆਲ੍ਹਣਾ' ਦੀਆਂ ਕਵਿਤਾਵਾਂ ਪੜ੍ਹ ਕੇ ਲਗਦਾ ਹੈ ਕਿ ਕਵਿਤਾ ਦਾ ਇਹ ਆਲ੍ਹਣਾ ਖਾਲੀ ਨਹੀਂ ਹੈ, ਸਗੋਂ ਹਰੇਕ ਕਵਿਤਾ ਵਿਚ ਕਵਿਤਾ ਅੰਸ਼ ਮੌਜੂਦ ਹੈ। ਕਵਿਤਾ ਵਿਚ 'ਕਥਨ' ਤੇ 'ਕਹਿਣ' ਦੋਹਾਂ ਦਾ ਬਹੁਤ ਮਹੱਤਵ ਹੁੰਦਾ ਹੈ। 'ਕਥਨ' ਲਈ ਕਵੀ ਪਾਸ ਪੰਜਾਬ ਤੇ ਵਿਦੇਸ਼ੀ ਸੰਸਕ੍ਰਿਤੀ-ਸੱਭਿਆਚਾਰ ਦਾ ਵਿਸ਼ਾਲ ਤੇ ਸੂਖ਼ਮ ਅਨੁਭਵ ਹੈ। ਇਸ 'ਕਥਨ' ਨੂੰ 'ਕਹਿਣ' ਦੇ ਨਿਵੇਕਲੇ ਅੰਦਾਜ਼ ਕਰਕੇ (ਸ਼ੈਲੀ) ਉਸ ਦੀ ਕਵਿਤਾ ਕਈ ਪਰਤਾਂ, ਪਸਾਰਾਂ ਤੇ ਸਰੋਕਾਰਾਂ ਨੂੰ ਛੂੰਹਦੀ ਪ੍ਰਤੀਤ ਹੁੰਦੀ ਹੈ। ਇਹ ਸਰਲਤਾ, ਸਪੱਸ਼ਟਤਾ, ਸੁਹਜਤਾ ਅਤੇ ਸੰਵੇਦਨਾ ਕਲਾਤਮਕ ਢੰਗ ਨਾਲ ਪੇਸ਼ ਹੁੰਦੀ ਹੈ। ਕਵੀ ਪਾਸ ਸਥਿਤੀ ਨੂੰ ਅਲੱਗ-ਅਲੱਗ ਕੋਣਾਂ ਤੋਂ ਵੇਖਦਿਆਂ, ਆਪਣੇ ਦ੍ਰਿਸ਼ਟੀਕੋਣਾਂ ਰਾਹੀਂ ਪਸਾਰ ਦੇਣ ਦੀ ਸੂਝ ਹੈ। ਤਿੱਖੇ ਵਿਅੰਗ ਰਾਹੀਂ ਹਾਲਾਤ 'ਤੇ ਕਟਾਖ਼ਸ਼ ਕਰਨਾ, ਪਾਠਕ ਦੇ ਮਰਮ ਨੂੰ ਛੂਹਣਾ ਕਵੀ ਦੀ ਵੱਖਰੀ ਪਛਾਣ ਬਣਾਉਂਦਾ ਹੈ। ਉਂਝ ਤਾਂ ਹਥਲੇ ਸੰਗ੍ਰਹਿ ਦੀ ਹਰੇਕ ਕਵਿਤਾ ਉਪਰੋਕਤ ਕਥਨ ਦੀ ਪੁਸ਼ਟੀ ਕਰਦੀ ਹੈ, ਫਿਰ ਵੀ 'ਖ਼ਾਲੀ ਆਲ੍ਹਣਾ', ਸ਼ੀਸ਼ਾ ਘੋਲਿਆ, ਮੈਨੂੰ ਨਹੀਂ ਚਾਹੀਦਾ, ਵੈਲਨਟਾਈਨ ਡੇ, ਤੂੰ ਮੈਨੂੰ ਪੁੱਛਦੀ ਹੈਂ, ਬੀਚ, ਪੰਜਾਬੀ ਅਤੇ ਅੰਗਰੇਜ਼ੀ ਕਵਿਤਾ, ਮੇਰੀ ਕਿਤਾਬ, ਤੁਸੀਂ ਸਾਰਾ ਕੁਝ ਲੈ ਜੋ ਆਦਿ ਨੂੰ ਵਾਰ-ਵਾਰ ਪੜ੍ਹਣ ਨੂੰ ਚਿੱਤ ਕਰਦਾ ਹੈ। ਪਰਵਾਸ, ਭਾਰਤੀ ਰਾਜਨੀਤੀ, ਕਿਸਾਨ-ਮਜ਼ਦੂਰ ਏਕਤਾ, ਦੇਸ਼ ਭਗਤਾਂ ਦੀ ਸ਼ਹੀਦੀ ਅਤੇ ਤੁਲਨਾਤਮਕ ਨੈਤਿਕਤਾ, ਦੁਹਰਾ ਵਿਅਕਤੀਤਵ ਆਦਿ ਵਿਸ਼ਿਆਂ ਨੂੰ ਸਰਲਤਾ, ਸਪੱਸ਼ਟਤਾ, ਸਹਿਜਤਾ, ਸੁਹਜਤਾ, ਸੰਜਮਤਾ ਅਤੇ ਸੰਕੇਤਕਤਾ ਨਾਲ ਪੇਸ਼ ਕੀਤਾ ਹੈ। ਸਾਡੇ ਆਚਾਰ-ਵਿਹਾਰ, ਕਦਰਾਂ-ਕੀਮਤਾਂ ਨੂੰ ਸਾਫ਼-ਸਾਫ਼ ਆਇਨਾ ਵਿਖਾਲਣ ਦੀ ਜ਼ੁਰੱਅਤ ਕੀਤੀ ਹੈ। ਇਨ੍ਹਾਂ ਕਵਿਤਾਵਾਂ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ, ਜਾਤ-ਪਾਤ ਦੇ ਨਸਲੀ ਵਿਤਕਰੇ ਤੋਂ ਪੀੜਤ ਨਹੀਂ ਹਨ। ਵਿਗਿਆਨਕ ਸੋਚ ਅਤੇ ਨਜ਼ਰੀਏ ਦੀ ਵਿਘਨਤਾ ਇਨ੍ਹਾਂ ਕਵਿਤਾਵਾਂ ਦੀ ਵਿਲੱਖਣਤਾ ਹੈ। 'ਸ਼ੀਸ਼ਾ ਘੋਲਿਆ', ਕਵਿਤਾ ਵਿਚ ਜਦੋਂ ਕਵੀ ਲਿਖਦਾ ਹੈ, 'ਸ਼ਰਮ ਕਰ/ਸ਼ਰਮ ਕਰ/ ਤੂੰ ਆਪਣੇ ਦੋਵੇਂ ਬੱਚੇ / ਵਧੀਆ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾ ਕੇ / ਆਈਲੈਟਸ ਕਰਾ ਕੇ/ਕੈਨੇਡਾ ਭੇਜ ਦਿੱਤੇ। ਲੋਕਾਂ ਦੇ ਬੱਚਿਆਂ ਨੂੰ ਡੰਡੇ ਨਾਲ/ਪੰਜਾਬੀ ਪੜ੍ਹਾਉਂਦਾ ਫਿਰਦਾ ਏ।' ਰਾਹੀਂ ਅਜੋਕੇ ਦੋਗਲੇ-ਅਖੌਤੀ ਮਾਂ-ਬੋਲੀ ਦੇ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰਦਾ ਹੈ। ਜਾਂ ਫਿਰ, 'ਜਦੋਂ ਮੈਂ ਦੱਸਿਆ ਕਿ/ਮੈਂ ਆਪਣੇ ਮੰਮੀ ਡੈਡੀ ਨਾਲ ਰਹਿਣਾ ਹਾਂ/ਉਹ ਬਹੁਤ ਹੱਸੀ ਬਹੁਤ ਹੀ ਹੱਸੀ/ ਕਹਿੰਦੀ / ਫਿਰ ਤਾਂ ਤੂੰ ਅਜੇ ਬੱਚਾ ਹੀ ਹੈਂ।' ਅਜਿਹੀ ਕਵਿਤਾ ਹਰੇਕ ਪੰਜਾਬੀ ਪਾਠਕ ਪੜ੍ਹਣਾ ਚਾਹੇਗਾ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਜਿਊਣ ਢੰਗ ਅਤੇ ਸਾਡਾ ਸਰੀਰ
(ਕੋਲੈਸਟ੍ਰੋਲ, ਮੋਟਾਪਾ, ਬੀ.ਪੀ., ਸ਼ੂਗਰ ਰੋਗ)
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪ੍ਰੇਰਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 50 ਰੁਪਏ, ਸਫ਼ੇ : 48
ਸੰਪਰਕ : 98158-08506

ਪੰਜਾਬੀ ਦੇ ਮੰਨੇ-ਪ੍ਰਮੰਨੇ ਵਾਰਤਕ ਲੇਖਕ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਤਾਬਚਾ ਰੂਪੀ ਇਹ ਨਿੱਕੀ ਜਿਹੀ ਪੁਸਤਕ ਰਚ ਕੇ ਜਿਥੇ ਪੰਜਾਬੀ-ਸਾਹਿਤ ਦੀ ਵਾਰਤਕ ਵਿਧਾ ਦੇ ਘੇਰੇ ਵਿਚ ਸਾਰਥਕ ਵਾਧਾ ਕੀਤਾ ਹੈ, ਉਥੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਖ਼ਾਮੋਸ਼ ਮੌਤ ਦਾ ਕਾਰਨ ਬਣਨ ਵਾਲੇ ਕੋਲੈਸਟਰੋਲ, ਮੋਟਾਪਾ, ਬੀ.ਪੀ. ਅਤੇ ਸ਼ੂਗਰ ਰੋਗ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ। ਇਨ੍ਹਾਂ ਬਿਮਾਰੀਆਂ ਦੇ ਕਾਰਨ ਇਲਾਜ ਅਤੇ ਬਚਣ ਹਿਤ ਸਾਵਧਾਨੀਆਂ ਤੋਂ ਬਾਖ਼ੂਬੀ ਜਾਣੂ ਕਰਵਾਇਆ ਹੈ।
ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਬਹੁਤ ਬਾਰੀਕੀ ਨਾਲ ਇਨ੍ਹਾਂ ਰੋਗਾਂ ਦੀਆਂ ਕਿਸਮਾਂ, ਕਾਰਨ, ਪਛਾਣ ਚਿੰਨ੍ਹ (ਲੱਛਣ), ਦਿਲ ਅਤੇ ਖ਼ੂਨ ਦੀਆਂ ਨਾੜਾਂ, ਖੂਨ ਦਾ ਦਬਾਅ (ਬੀ.ਪੀ.), ਖ਼ੂਨ ਦਾ ਵਧਣਾ ਅਤੇ ਖ਼ੂਨ ਦੇ ਵਾਧੇ ਦੇ ਜ਼ਿੰਮੇਵਾਰ ਪਹਿਲੂਆਂ ਬਾਰੇ ਪਹਿਲੇ ਭਾਗ ਵਿਚ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ ਵਿਚ ਜਿਊਣ ਢੰਗ ਸਿਰਲੇਖ ਇਨ੍ਹਾਂ ਬਿਮਾਰੀਆਂ ਲਈ ਜ਼ਿੰਮੇਵਾਰ ਮਨੁੱਖ ਦੀ ਜੀਵਨ ਸ਼ੈਲੀ, ਜ਼ਿੰਮੇਵਾਰ ਖ਼ੁਰਾਕੀ ਵਸਤੂਆਂ ਬਾਰੇ ਜਾਣਕਾਰੀ ਦਿੰਦਿਆਂ ਸਾਨੂੰ ਸਾਵਧਾਨ ਕੀਤਾ ਗਿਆ ਹੈ, ਨਾਲ ਹੀ ਕਸਰਤ ਦੇ ਫ਼ਾਇਦੇ ਅਤੇ ਖ਼ੁਰਾਕੀ ਵਸਤੂਆਂ ਤੋਂ ਮਿਲਣ ਵਾਲੀ ਕੈਲੋਰੀਜ਼ ਬਾਰੇ ਡਾਕਟਰੀ ਵਿਧੀ ਨਾਲ ਜਾਣਕਾਰੀ ਦਿੱਤੀ ਗਈ ਹੈ।
ਤੀਜੇ ਭਾਗ ਵਿਚ ਟੇਬਲ-ਵਿਧੀ ਦੁਆਰਾ ਆਦਮੀਆਂ ਅਤੇ ਔਰਤਾਂ ਲਈ ਲੋੜੀਂਦਾ ਭਾਰ, ਮੋਟਾਪੇ ਲਈ ਖ਼ੁਰਾਕ ਦੇ ਤੱਤਾਂ ਬਾਰੇ ਦੱਸਿਆ ਗਿਆ ਹੈ। ਲੇਖਕ ਨੇ ਬਤੌਰ ਡਾਕਟਰ ਆਪਣਾ ਅਨੁਭਵ ਅਤੇ ਗਿਆਨ ਲੋਕਾਂ ਦੇ ਭਲੇ ਹਿਤ ਇਸ ਪੁਸਤਕ ਵਿਚ ਦਰਜ ਕਰ ਕੇ ਸ਼ਲਾਘਾਯੋਗ ਉਦਮ ਕੀਤਾ। ਇਹ ਪੁਸਤਕ ਅੱਜ ਦੇ ਯੁੱਗ ਦੇ ਹਰੇਕ ਮਨੁੱਖ ਦੇ ਸਿਰਹਾਣੇ ਰੱਖੇ ਜਾਣ ਦੇ ਯੋਗ ਹੈ, ਜਿਸ ਨੂੰ ਸਵੇਰੇ ਉੱਠਦੇ ਸਾਰ ਪੜ੍ਹਿਆ ਜਾਵੇ ਅਤੇ ਡਾਕਟਰ ਸਾਹਿਬ ਦੇ ਅਨੁਭਵ ਤੋਂ ਲਾਭ ਉਠਾਉਂਦਿਆਂ ਇਨ੍ਹਾਂ ਮਾਰੂ ਰੋਗਾਂ ਤੋਂ ਕੀਮਤੀ ਜੀਵਨ ਬਚਾਉਣ ਦਾ ਉਪਰਾਲਾ ਕੀਤਾ ਜਾਵੇ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਮੀਰਾ ਦੀ ਬੰਸਰੀ
ਲੇਖਕ : ਕੁਲਜੀਤ ਮਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ : 308
ਸੰਪਰਕ : 94638-36591

ਕੈਨੇਡਾ ਵਾਸੀ ਲੇਖਕ ਦੀ ਇਹ ਪੁਸਤਕ ਨਾਵਲ ਰੂਪ ਵਿਚ ਹੈ । 'ਕਿੱਟੀ ਮਾਰਸ਼ਲ' ਨਾਵਲ ਲੇਖਕ ਦੀ ਇਸ ਤੋਂ ਪਹਿਲਾਂ ਛਪੀ ਪੁਸਤਕ ਹੈ। ਇਹ ਨਾਵਲ ਉਸੇ ਦੀ ਅਗਲੀ ਕੜੀ ਵਿਚ ਛਪਿਆ ਹੈ। ਇਸ ਤੋਂ ਇਲਾਵਾ ਲੇਖਕ ਦੇ ਤਿੰਨ ਕਹਾਣੀ-ਸੰਗ੍ਰਹਿ, ਇਕ ਨਿਬੰਧ ਪੁਸਤਕ ਅੰਗਰੇਜ਼ੀ ਵਿਚ ਕਹਾਣੀ ਸੰਗ੍ਰਹਿ ਤੇ ਹਾਸ ਵਿਅੰਗ ਸਮੇਤ ਦਸ ਕਿਤਾਬਾਂ ਛਪ ਚੁੱਕੀਆਂ ਹਨ। ਔਰਤ ਸੰਵੇਦਨਾ ਨੂੰ ਸਮਰਪਿਤ ਨਾਵਲ ਦੇ 23 ਭਾਗ (ਕਾਂਡ) ਹਨ । ਹਰੇਕ ਕਾਂਡ ਦਾ ਸਿਰਲੇਖ ਹੈ। ਦਰਜਨ ਦੇ ਕਰੀਬ ਔਰਤ ਪਾਤਰ ਹਨ ਜੋ ਵੱਖ-ਵੱਖ ਨਾਵਾਂ ਹੇਠ ਨਾਵਲ ਵਿਚ ਛਾਈਆਂ ਹੋਈਆਂ ਹਨ। ਨਾਵਲ ਦਾ ਸਿਰਲੇਖ ਵੀ ਇਕ ਔਰਤ ਮੀਰਾ ਦੇ ਨਾਂਅ 'ਤੇ ਹੈ, ਪਰ ਮੁੱਖ ਪਾਤਰ ਸੱਤੀ (ਸਤਿਬੀਰ) ਹੈ । ਨਾਵਲ ਵਿਚ ਇਹ ਪਾਤਰ ਕਿੱਟੀ ਨਾਂਅ ਨਾਲ ਵੀ ਦਰਜ ਹੈ। 'ਮੈਂ ਇਕ ਔਰਤ ਹਾਂ' ਸਿਰਲੇਖ ਤਹਿਤ ਔਰਤ ਆਪਣੀ ਗਾਥਾ ਭੂਮਿਕਾ ਵਿਚ ਦੱਸ ਰਹੀ ਹੈ । ਭੂਮਿਕਾ ਦਾ ਪਹਿਲਾ ਵਾਕ ਹੈ ---ਮੇਰੇ ਕਈ ਨਾਂਅ ਹਨ ਅੱਜ ਤੁਹਾਨੂੰ ਆਪਣੇ ਨਾਵਾਂ ਬਾਰੇ ਦੱਸਾਂ ਤਾਂ ਤੁਸੀਂ ਯਕੀਨ ਨਹੀਂ ਕਰਨਾ। ਸਪੱਸ਼ਟ ਹੈ ਕਿ ਵੱਖ-ਵੱਖ ਨਾਵਾਂ ਵਾਲੀਆਂ ਔਰਤਾਂ ਦੀ ਮਾਨਸਿਕਤਾ ਨਾਵਲ ਵਿਚ ਹੈ। ਪਹਿਲੇ ਕਾਂਡ ਵਿਚ ਕਿੱਟੀ ਜੇਲ੍ਹ ਵਿਚੋਂ ਬਾਹਰ ਆ ਕੇ ਮੀਰਾ ਨੂੰ ਮਿਲਦੀ ਹੈ। ਸਾਰੀ ਦਾਸਤਾਨ ਸਹਿਜੇ-ਸਹਿਜੇ ਖੁੱਲ੍ਹਦੀ ਜਾਂਦੀ ਹੈ। ਸੱਤੀ ਦੀ ਮਾਂ ਦਾ ਦੁਖਦਾਈ ਜੀਵਨ ਹੈ। ਵਿਦੇਸ਼ੀ ਸੱਭਿਆਚਾਰ ਦਾ ਗੂੜ੍ਹਾ ਰੰਗ ਨਾਵਲ ਵਿਚ ਖੁੱਲ੍ਹੇ ਲਿੰਗੀ ਸੰਬੰਧਾਂ ਦਾ ਜ਼ਿਕਰ ਹੈ। ਕਿੱਟੀ ਦੀ ਮਾਂ ਮਰਦ ਦੀ ਰਖੇਲ ਬਣ ਕੇ ਦਿਨ ਕੱਟਦੀ ਹੈ। ਔਰਤਾਂ ਦੀ ਜ਼ਿੰਦਗੀ ਵਿਚ ਮਰਦ ਕਾਮੀ ਤੇ ਹਵਸੀ ਬਣ ਕੇ ਆਉਂਦੇ ਹਨ। ਕਾਮ ਪੂਰਤੀ ਉਨ੍ਹਾਂ ਦਾ ਇਕੋ ਇਕ ਮਕਸਦ ਹੈ। ਬਿਨਾਂ ਵਿਆਹ ਕਰਨ ਦੇ ਮਰਦ-ਔਰਤ ਰਿਸ਼ਤੇ ਉਸਰਦੇ ਹਨ। ਮਰਦ ਪਾਤਰ ਵਿਆਹ ਦੇ ਲਾਰਿਆਂ ਵਿਚ ਦੋ-ਦੋ ਬੱਚਿਆਂ ਦਾ ਗਰਭਪਾਤ ਕਰਾ ਦਿੰਦੇ ਹਨ। ਜਬਰ ਜਨਾਹ ਦੇ ਕੇਸ ਕਈ ਹਨ। ਔਰਤ ਵਿਚਾਰੀ ਬਣ ਕੇ ਰਹਿ ਜਾਂਦੀ ਹੈ। ਲੇਖਕ ਦਾ ਮੰਤਵ ਔਰਤ ਨੂੰ ਮਰਦ ਦੀ ਕਠਪੁਤਲੀ ਬਣਾ ਕੇ ਪੇਸ਼ ਕਰਨਾ ਹੈ। ਔਰਤ ਭਾਵੇਂ ਕਿਸੇ ਨਾਂਅ ਦੀ ਹੋਵੇ। ਲੇਖਕ ਨੇ ਨਾਵਲ ਵਿਚ ਚਾਂਦਨੀ, ਮੀਰਾ, ਸਤਿਬੀਰ, ਚੰਚਲ, ਮੋਰਨੀ, ਆਂਟੀ, ਮਾਮੀ, ਬੇਵੀ, ਸਾਂਡਰਾ ਆਦਿ ਹਨ। ਨਾਵਲ ਵਿਚ ਪਤੀ-ਪਤਨੀ ਵਿਚ ਤਕਰਾਰ, ਅਦਾਲਤੀ ਕੇਸ, ਕਾਨੂੰਨੀ ਕਾਰਵਾਈ ਦੇ ਕਈ ਦ੍ਰਿਸ਼ ਹਨ। ਕਾਂਡ ਵੀ ਪਾਤਰਾਂ ਦੇ ਨਾਂਅ 'ਤੇ ਹਨ, ਜਿਵੇਂ ਚਾਂਦਨੀ ਦਾ ਸੁਨੇਹਾ, ਮੋਰਨੀ ਨਾਲ ਮੁਲਾਕਾਤ, ਬੇਵੀ ਦੀ ਖੜੋਤ, ਮਨੂੰ ਦੀ ਅਦਾਲਤੀ ਕਾਰਵਾਈ। ਔਰਤਾਂ ਆਪਣੇ 'ਤੇ ਹੁੰਦੇ ਮਰਦ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਜਨ ਸ਼ਕਤੀ ਸੰਸਥਾ ਬਣਾ ਕੇ ਔਰਤਾਂ ਦੇ ਮਸਲਿਆਂ ਬਾਰੇ ਸੈਮੀਨਾਰ ਕਰਦੀਆਂ ਹਨ। ਸੈਮੀਨਾਰਾਂ ਵਿਚ ਵੀ ਉਹ ਮਰਦਾਂ ਦਾ ਸਹਿਯੋਗ ਲੈਂਦੀਆਂ ਹਨ। ਪਰ ਔਰਤਾਂ ਨੂੰ ਓਸ ਲਈ ਵੱਡੀ ਕੀਮਤ ਦੇਣੀ ਪੈਂਦੀ ਹੈ। ਨਾਵਲ ਵਿਚ ਔਰਤ ਦਾ ਸੁਹੱਪਣ ਉਸ ਦਾ ਦੁਸ਼ਮਣ ਹੈ। ਨਾਵਲ ਵਿਚ ਏਸ਼ਿਆਈ ਔਰਤ ਦਾ ਦੁੱਖ ਪੱਛਮੀ ਦੇਸ਼ਾਂ ਨਾਲੋਂ ਵੱਖਰੀ ਕਿਸਮ ਦਾ ਹੈ। ਨਵੀਂ ਤਕਨੀਕ ਵਾਲੇ ਵੱਡਆਕਾਰੀ ਨਾਵਲ ਦਾ ਭਰਪੂਰ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਵੱਖਰੇ ਵੱਖਰੇ ਰੰਗ
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਹਜ਼ੂਰੀਆ ਬ੍ਰਦਰਜ਼, ਜਲੰਧਰ
ਸਫ਼ੇ : 100
ਸੰਪਰਕ : 98159-56341

ਅਮਰ ਕੌਰ ਬੇਦੀ ਦੀ ਇਹ ਪਲੇਠੀ ਪੁਸਤਕ ਹੈ, ਇਸ ਪੁਸਤਕ ਰਾਹੀਂ ਲੇਖਿਕਾ ਨੇ ਹੁਣ ਤੱਕ ਜੋ ਕੁਝ ਲਿਖਤਾਂ ਲਿਖੀਆਂ, ਸਾਂਭੀਆਂ ਸਨ, ਉਨ੍ਹਾਂ ਨੂੰ ਸੰਗ੍ਰਹਿ ਕਰ ਕੇ ਪੁਸਤਕ ਰੂਪ ਦੇ ਦਿੱਤਾ ਹੈ। ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਅਮਰ ਕੌਰ ਬੇਦੀ ਦੀਆਂ ਕਾਵਿ-ਰਚਨਾਵਾਂ ਦਾ ਹੈ, ਜੋ 62 ਸਫ਼ੇ ਤੱਕ ਫੈਲੀਆਂ ਹਨ। ਇਨ੍ਹਾਂ ਦਾ ਵਿਸ਼ਾ ਸਿੱਖ ਇਤਿਹਾਸ ਦੇ ਛੋਟੇ-ਵੱਡੇ ਵੇਰਵੇ, ਗੁਰੂ ਸਾਹਿਬਾਨਾਂ ਪ੍ਰਤੀ ਸ਼ਰਧਾ, ਸਿੱਖ ਧਰਮ ਵਿਚ ਕੁਰਬਾਨੀਆਂ ਵਿਸ਼ਿਆਂ ਨਾਲ ਸੰਬੰਧਿਤ ਹੈ। ਨਹੀਂ ਰੀਸਾਂ ਪਿਤਾ ਦਸਮੇਸ਼ ਦੀਆਂ, ਅਨੋਖੀ ਪਹਿਚਾਣ ਬਣਾਈ, ਕੁਰਬਾਨੀ ਦੀ ਲੀਹ ਪਾਈ, ਮਹਾਨ ਮਾਤਾ ਗੁਜਰੀ, ਸਿੱਖ ਧਰਮ ਦੀ ਸ਼ਾਨ, ਜਾਹਰਪੀਰ ਗੁਰੂ ਬਾਬਾ ਆਦਿ ਮੁੱਖ ਹਨ। ਕਵਿਤਰੀ ਨੇ ਜ਼ਿੰਦਗੀ ਦੇ ਨਿੱਕੇ ਜਿਹੇ ਅਨੁਭਵ ਤੇ ਸੰਕਲਪਾਂ ਦੀ ਕਾਵਿ ਵਿਆਖਿਆ ਵੀ ਕੀਤੀ ਹੈ। ਦੋਸਤੀ, ਨਾਗ਼ ਸ਼ਕਤੀ ਮਹਾਨ, ਮੇਰਾ ਸਕੂਲ, ਬਿਨਾਂ ਸੋਚੇ ਸਮਝੇ ਆਦਿ ਕਵਿਤਾਵਾਂ ਸਲਾਹੁਣਯੋਗ ਹਨ। ਆਧੁਨਿਕ ਯੁੱਗ ਵਿਚ ਧਰਮ ਪ੍ਰਤੀ ਕੁਝ ਲੋਕਾਂ ਦੇ ਵੱਧ ਰਹੇ ਦਿਖਾਵੇ ਅਤੇ ਪਾਖੰਡ ਤੋਂ ਕਵਿਤਰੀ ਦੁਖੀ ਹੈ, ਉਹ ਇਹ ਕੀ ਹੋ ਰਿਹਾ ਹੈ ਕਵਿਤਾ ਰਾਹੀਂ ਚੁਫ਼ੇਰੇ ਫੈਲੀ ਅਸ਼ਾਂਤੀ, ਅਸਥਿਰਤਾ ਤੋਂ ਪ੍ਰੇਸ਼ਾਨ ਨਜ਼ਰ ਆਉਂਦੀ ਹੈ। ਕਿਧਰੇ ਗਬਨ ਕਿਤੇ ਹੇਰਾਫੇਰੀ ਮਨੁੱਖੀ ਜੀਵਨ ਦੀ ਡਗਮਗਾ ਰਹੀ ਮੈਂ ਮੇਰੀ ਹੈਂਕੜ ਨਾਲ, ਗ਼ਰੀਬ ਮੱਧਵਰਗੀ ਜਨਤਾ ਦੀ ਕਿਸ਼ਤੀ ਡੁੱਬ ਰਹੀ। ਬਿਮਾਰੀ, ਕੋਰੋਨਾ ਦੇ ਕਾਰੇ ਰਾਹੀਂ ਕਵਿਤਰੀ ਨੇ ਕੋਰੋਨਾ ਕਾਲ ਸਮੇਂ ਲੋਕਾਂ ਅੰਦਰ ਫੈਲੀ ਦਹਿਸ਼ਤ ਦਾ ਵੀ ਪ੍ਰਗਟਾਵਾ ਕੀਤਾ ਹੈ। ਪ੍ਰਦੂਸ਼ਣ, ਨਕਲ ਰਹਿਤ ਪ੍ਰੀਖਿਆ, ਨਾਰੀ ਸ਼ਕਤੀ ਮਹਾਨ ਆਦਿ ਵਿਸ਼ਿਆਂ ਰਾਹੀਂ ਲੇਖਿਕਾ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਦ੍ਰਿੜ੍ਹ ਕੀਤਾ ਹੈ।
ਪੁਸਤਕ ਦੇ ਦੂਜੇ ਭਾਗ ਵਿਚ ਕਵਿੱਤਰੀ ਨੇ 'ਸੋਢੀ ਕੁਲਦੀਪ ਸਿੰਘ ਜੀ ਮੁਨਾਵਾਂ' ਦੁਆਰਾ ਰਚਿਤ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਸੰਬੰਧੀ ਕਾਵਿ ਰਚਨਾ ਕੀਤੀ ਹੈ। ਪੁਸਤਕ ਦੇ ਤੀਜੇ ਭਾਗ ਵਿਚ ਲੇਖਿਕਾ ਨੇ ਕੁਝ ਵਿਸ਼ਿਆਂ 'ਤੇ ਲਘੂ ਨਿਬੰਧ ਲਿਖੇ ਅਤੇ ਕਥਾਤਮਕ ਸ਼ੈਲੀ ਵਿਚ ਪ੍ਰੇਰਨਾਦਾਇਕ ਵਾਰਤਕ ਲਿਖੀ ਹੈ, ਜਿਸ ਦੇ ਵਿਸ਼ੇ ਹਨ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ, ਪੰਜਾਬੀ ਸੱਭਿਆਚਾਰ, ਪੰਜਾਬੀ ਮਾਤ ਭਾਸ਼ਾ ਅਤੇ ਵਾਤਾਵਰਨ ਬਾਰੇ, ਕੁਦਰਤ ਦੀ ਕਰੋਪੀ, ਕਿਸਾਨੀ ਖ਼ੁਦਕੁਸ਼ੀਆਂ, ਨਾਰੀ ਦਾ ਸਮਾਜ ਵਿਚ ਸਥਾਨ, ਬਜ਼ੁਰਗਾਂ ਦਾ ਘਟਦਾ ਸਤਿਕਾਰ, ਗ਼ਰੀਬੀ ਆਦਿ ਵਿਸ਼ਿਆਂ ਬਾਰੇ ਛੋਟੇ-ਛੋਟੇ ਵੇਰਵੇ ਸ਼ਾਮਿਲ ਹਨ। ਜਨ-ਸਧਾਰਨ ਭਾਸ਼ਾ ਵਿਚ ਲਿਖੀ ਇਹ ਪੁਸਤਕ ਜਿਥੇ ਸਮਾਜ ਦੀਆਂ ਸਮੱਸਿਆਵਾਂ ਵੱਲ ਪਾਠਕਾਂ ਦਾ ਧਿਆਨ ਦਿਵਾਉਂਦੀ ਹੈ, ਉਥੇ ਲੇਖਿਕਾ ਦੀ ਸੂਝ-ਬੂਝ ਅਤੇ ਸਮਾਜਿਕ ਸੰਵੇਦਨਾ ਦਾ ਪ੍ਰਮਾਣ ਹੈ। ਇਸ ਪੁਸਤਕ ਦਾ ਸੁਨੇਹਾ ਮਾਨਵਤਾ ਦੀ ਭਲਾਈ ਹੈ, ਜਿਸ ਵਿਚ ਲੇਖਿਕਾ ਸਫ਼ਲ ਰਹੀ ਹੈ। ਪੁਸਤਕ ਲਈ ਲੇਖਿਕਾ ਨੂੰ ਮੁਬਾਰਕਬਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।

02-07-2023

 ਸ੍ਰੀ ਗੁਰੁ ਤੀਰਥ ਸੰਗ੍ਰਹਿ
ਲੇਖਕ : ਪੰਡਿਤ ਤਾਰਾ ਸਿੰਘ ਨਰੋਤਮ
ਸੰਪਾਦਕ : ਡਾ. ਪਰਮਜੀਤ ਸਿੰਘ 'ਮਾਨਸਾ'
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ :450 ਰੁਪਏ, ਸਫ਼ੇ : 254
ਸੰਪਰਕ : 99883-51990

ਪੰਡਿਤ ਤਾਰਾ ਸਿੰਘ ਨਰੋਤਮ ਦੀ ਕ੍ਰਿਤ ਸ੍ਰੀ ਗੁਰੁ ਤੀਰਥ ਸੰਗ੍ਰਹਿ ਨੂੰ ਡਾ. ਪਰਮਜੀਤ ਸਿੰਘ ਮਾਨਸਾ ਨੇ ਸੰਪਾਦਨ ਕਰਕੇ ਆਪਣੀ ਵਿਦਵਤਾ ਦਾ ਚੰਗਾ ਪ੍ਰਗਟਾਵਾ ਕੀਤਾ ਹੈ। ਨਿਰਮਲਾ ਸੰਪਰਦਾ ਵਲੋਂ ਸਿੱਖੀ ਪ੍ਰਚਾਰ-ਪ੍ਰਸਾਰ ਲਈ ਪਾਏ ਯੋਗਦਾਨ ਨੂੰ ਹਥਲੀ ਪੁਸਤਕ ਵਿਚ ਸੰਪਾਦਕ ਨੇ ਵੱਖ-ਵੱਖ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਭੂਮਿਕਾ ਵਿਚ ਪੰਡਿਤ ਤਾਰਾ ਸਿੰਘ ਨਰੋਤਮ ਜੀਵਨ ਤੇ ਰਚਨਾ, ਸੰਖੇਪ ਜਾਣਕਾਰੀ ਅਤੇ ਇਕ ਅਧਿਐਨ ਸ਼ਾਮਿਲ ਕੀਤਾ ਹੈ। ਦੂਜੇ ਭਾਗ ਵਿਚ ਮੂਲ ਪਾਠ, ਵਿਚ ਸਥਾਨੋਂ ਕਾ ਵੇਰਵਾ, ਤੀਰਥ ਯਾਤਰਾ ਕਾ ਲਾਭ, ਪੁਸਤਕ ਕੇ ਸੰਕੇਤ, ਸੇਵਾ ਕਾ ਫਲ, ਗੁਰਦੁਆਰੇ ਬਣਨ ਦੇ ਕਾਰਨ, ਗੁਰ ਸਥਾਨਾਂ ਦੇ ਇਲਾਕੇ, ਦਸ ਗੁਰੂ ਸਾਹਿਬਾਨ ਅਤੇ ਹੇਮਕੁੰਟ ਸਪਤ ਸ੍ਰਿੰਗ ਪਰਬਤ ਦਾ ਨਕਸ਼ਾ ਅੰਕਿਤ ਕੀਤਾ ਹੈ। ਤੀਜੇ ਭਾਗ ਵਿਚ ਸਾਹਿਬਜ਼ਾਦਿਓਂ ਕੇ ਜਨਮ ਸਥਾਨਾਦਿ, ਚੌਥੇ ਭਾਗ ਵਿਚ ਸ੍ਰੀਮਤ ਮਹਲੋਂ ਕੇ ਜਨਮਥਾਨਾਦਿ ਪੇਸ਼ ਕੀਤੇ ਹਨ। ਪੰਜਵੇਂ ਭਾਗ ਵਿਚ ਨਾਮੀ ਸੇਵਕੋਂ ਕੇ ਜਨਮਥਾਨਾਦਿ। ਗੁਰੂ ਨਾਨਕ ਜੀ ਕੇ ਸਿੱਖ, ਬਾਲਾ ਜੀ, ਮਰਦਾਨਾ ਜੀ, ਬਾਬਾ ਬੁੱਢਾ ਜੀ ਅਤੇ ਗੁਰੂ ਅੰਗਦ ਜੀ, ਗੁਰੂ ਰਾਮਦਾਸ ਜੀ ਕੇ ਸੇਵਕ, ਭਾਈ ਹੰਦਾਲ ਜੀ, ਭਾਈ ਸਾਲੋ ਜੀ। ਏਵੇਂ ਹੀ ਗੁਰੂ ਅਰਜਨ ਦੇਵ ਜੀ ਕੇ ਪ੍ਰੇਮੀ, ਭਾਈ ਗੁਰਦਾਸ, ਭਾਈ ਬੰਨੋ, ਭਾਈ ਬਹਲੋ, ਭਾਈ ਭਗਤੂ, ਗੰਗਾ ਰਾਮ ਬ੍ਰਾਹਮਣ, ਭਾਈ ਬਿਧੀ ਚੰਦ ਅਤੇ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਸਾਹਿਬ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਨਾਮੀ ਸੇਵਕ, ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਰਾਮ ਕੌਰ, ਸੰਤ ਸਿੰਘ, ਚਾਲੀ ਮੁਕਤੇ, ਭਾਈ ਮਨੀ ਸਿੰਘ, ਮਾਨ ਸਿੰਘ ਭਾਈ ਨੰਦ ਲਾਲ, ਬੰਦਾ ਬੈਰਾਗੀ ਆਦਿ ਦਾ ਵੇਰਵਾ ਹੈ। ਛੇਵੇਂ ਭਾਗ ਵਿਚ ਗੁਰੂ ਜੀ ਕੇ ਬਸਤਰ, ਸ਼ਸਤਰ, ਮਾਲਾ, ਪੋਥੀ ਆਦਿ ਕਾ ਵੇਰਵਾ ਸ਼ਾਮਿਲ ਕੀਤਾ ਹੈ। ਸੱਤਵੇਂ ਭਾਗ ਵਿਚ ਮੁਗ਼ਲ ਬਾਦਸ਼ਾਹਾਂ, ਬਾਰਾਂ ਮਿਸਲਾਂ, ਗੁਰੁ ਤੀਰਥ ਯਾਤ੍ਰਾ ਕੀ ਬਿਧਿ, ਭਗਤਾਂ ਕੇ ਨਾਮ, ਅਬ ਕਛੁ ਅਪਨਾ ਬ੍ਰਿਤਾਂਤ ਲਿਖਤੇ ਹੈਂ, ਸ਼ਬਦਾਵਲੀ ਅਤੇ ਅੰਤਿਕਾ ਸ਼ਾਮਲ ਕੀਤੀ ਹੈ।
ਸਿੱਖ ਧਰਮ ਵਿਚ ਵੱਖ-ਵੱਖ ਸੰਪ੍ਰਦਾਵਾਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲੱਗੀਆਂ ਹੋਈਆਂ ਹਨ। ਸਿੱਖ ਧਰਮ ਵਿਚ ਨਿਰਮਲ ਸੰਪ੍ਰਦਾਇ ਨੂੰ ਵਿਦਵਾਨਾਂ ਅਤੇ ਸਾਹਿਤਕਾਰਾਂ ਦੀ ਸੰਪ੍ਰਦਾ ਵੀ ਕਹਿ ਲਿਆ ਜਾਂਦਾ ਹੈ। ਨਿਰਮਲ ਸੰਪ੍ਰਦਾ ਨੇ ਗੁਰਬਾਣੀ ਦੀ ਵਿਆਖਿਆ ਕਰ ਕੇ ਸਿੱਖ ਧਰਮ ਨਾਲ ਸੰਬੰਧਿਤ ਸਾਹਿਤ ਰਚ ਕੇ ਸਿੱਖ ਸਾਹਿਤ ਨੂੰ ਅਮੀਰ ਕੀਤਾ ਹੈ। ਨਿਰਮਲ ਭੇਖ ਵਿਚ ਪੰਡਿਤ ਤਾਰਾ ਸਿੰਘ ਨਰੋਤਮ ਇਕ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਹੋਏ ਹਨ। ਉਸ ਦਾ ਵਿਕਤੀਤਵ ਬੜਾ ਪ੍ਰਭਾਵਸ਼ਾਲੀ ਸੀ ਸਦਾ ਹੀ ਗੁਰਮਤਿ ਜਾਂ ਗੁਰਬਾਣੀ ਦੇ ਕਿਸੇ ਨਾ ਕਿਸੇ ਵਿਸ਼ੇ ਸਬੰਧੀ ਚਰਚਾ ਛੇੜੀ ਰਖਦੇ ਸਨ ਉਨ੍ਹਾਂ ਨੂੰ ਵੇਦਾਂਤ, ਪੁਰਾਣ, ਵਿਆਕਰਨ, ਕੋਸ਼ ਅਤੇ ਧਰਮ ਸ਼ਾਸਤਰ ਤੇ ਪੂਰੀ ਪਕੜ ਸੀ। ਉਸ ਦੀ ਕ੍ਰਿਤ ਸ੍ਰੀ ਗੁਰੂ ਤੀਰਥ ਸੰਗ੍ਰਹਿ ਇੱਕ ਮਹੱਤਵਪੂਰਨ ਰਚਨਾ ਹੈ, ਜੋ ਗੁਰਦੁਆਰਿਆਂ ਦਾ ਇਤਿਹਾਸ ਅਤੇ ਉਨ੍ਹਾਂ ਦੇ ਸਥਾਨ ਦੀ ਭੂਗੋਲਿਕ ਜਾਣਕਾਰੀ ਦੇਣ ਤੋਂ ਇਲਾਵਾ ਗੁਰਦੁਆਰਿਆਂ ਦੇ ਤਤਕਾਲੀ ਪ੍ਰਬੰਧਕਾਂ ਬਾਰੇ ਵੀ ਸੂਚਨਾ ਪ੍ਰਦਾਨ ਕਰਦੀ ਹੈ। ਕਰਤਾ ਨੇ ਇਸ ਰਚਨਾ ਵਿਚ 501 ਗੁਰਧਾਮਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚੋਂ 64 ਸ੍ਰੀ ਗੁਰੂ ਨਾਨਕ ਦੇਵ ਜੀ ਦੇ, 7 ਸ੍ਰੀ ਗੁਰੂ ਅੰਗਦ ਦੇਵ ਜੀ ਦੇ, 11 ਸ੍ਰੀ ਗੁਰੂ ਅਮਰਦਾਸ ਜੀ ਦੇ, 9 ਸ੍ਰੀ ਗੁਰੂ ਰਾਮਦਾਸ ਜੀ ਦੇ, 33 ਸ੍ਰੀ ਗੁਰੂ ਅਰਜਨ ਦੇਵ ਜੀ ਦੇ, 79 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ, 26 ਸ੍ਰੀ ਗੁਰੂ ਹਰਿਰਾਇ ਜੀ ਦੇ, 5 ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ, 100 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਤੇ 167 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰੇ ਹਨ। ਇਨ੍ਹਾਂ ਤੋਂ ਇਲਾਵਾ ਸਿੱਖ ਧਰਮ ਨਾਲ ਸੰਬੰਧਿਤ ਸਾਰੀਆਂ ਸੰਪ੍ਰਦਾਵਾਂ ਅਤੇ ਉਨ੍ਹਾਂ ਦੇ ਪੁਜਾਰੀਆਂ ਦਾ ਉਲੇਖ ਵੀ ਕੀਤਾ ਗਿਆ ਹੈ।
ਡੇਢ ਸਦੀ ਪਹਿਲਾਂ ਰਵਾਇਤੀ ਢੰਗ ਨਾਲ ਲਿਖੀ ਇਹ ਰਚਨਾ ਸਿੱਖ ਗੁਰਧਾਮਾਂ ਦਾ ਪਹਿਲਾ ਲਿਖਤ ਸਰੋਤ ਹੈ। ਆਪਣੇ ਸਮੇਂ ਦੇ ਗਿਆਨ-ਪ੍ਰਬੰਧ ਅਨੁਸਾਰ ਕਰਤਾ ਦੀ ਗੁਰਮਤਿ ਵਿਆਖਿਆ ਸਨਾਤਨੀ ਹੈ, ਪ੍ਰਵਾਨਣ ਯੋਗ ਨਹੀਂ ਹੈ। ਪਰੰਤੂ ਸਿੱਖ ਗੁਰਧਾਮਾਂ ਦੇ ਪ੍ਰਾਥਮਿਕ ਸਰੋਤ ਵਜੋਂ ਇਸ ਰਚਨਾ ਦਾ ਇਤਿਹਾਸਕ ਮਹੱਤਵ ਹੈ, ਇਸੇ ਕਰਕੇ ਇਸ ਦਾ ਪੁਨਰ- ਪ੍ਰਕਾਸ਼ਨ ਕੀਤਾ ਗਿਆ ਲਗਦਾ ਹੈ। ਡਾ. ਮਾਨਸਾ ਨੇ ਸ੍ਰੀ ਗੁਰੁ ਤੀਰਥ ਸੰਗ੍ਰਹਿ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਹੈ। ਇਸ ਦੇ ਮੂਲ ਪਾਠ ਦੀ ਵਿਅਖਿਆ ਕੀਤੀ ਹੈ। ਉਸ ਨੇ ਮਹੱਤਵਪੂਰਨ ਸ਼ਬਦਾਂ ਦੀ ਸ਼ਬਦਾ