ਤਾਜਾ ਖ਼ਬਰਾਂ


ਅਸ਼ਲੀਲ ਗਾਣੇ ਰੋਕਣ ’ਤੇ ਪਰਿਵਾਰ ’ਤੇ ਚੜ੍ਹਾਈ ਗੱਡੀ, ਔਰਤ ਦੀ ਮੌਤ
. . .  2 minutes ago
ਚੋਗਾਵਾਂ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕੁਹਾਲੀ ਵਿਖੇ ਕਾਰ ’ਚ ਅਸ਼ਲੀਲ ਗਾਣੇ ਰੋਕਣ ਨੂੰ ਲੈ...
ਮ੍ਰਿਤਕ ਮਾਸੂਮ ਬੱਚੀ ਦੀ ਲਾਸ਼ ਰੱਖ ਕੇ ਡੀ.ਐੱਸ.ਪੀ. ਦਾ ਘਿਰਾਓ
. . .  33 minutes ago
ਚੋਗਾਵਾਂ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਬੀਤੀ ਦਿਨੀਂ ਸਰਹੱਦੀ ਪਿੰਡ ਕੱਕੜ ਵਿਖੇ 11 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਮਾਰ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਨਾ ਕਰਨ ਤੇ...
ਆਟਾ ਦਾਲ ਦੀ ਸਹੂਲਤ ਬੰਦ ਕੀਤੇ ਜਾਣ ਖ਼ਿਲਾਫ਼ ਮਜ਼ਦੂਰਾਂ ਵਲੋਂ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
. . .  55 minutes ago
ਮਹਿਲ ਕਲਾਂ, 7 ਦਸੰਬਰ (ਅਵਤਾਰ ਸਿੰਘ ਅਣਖੀ)-ਸੂਬਾ ਸਰਕਾਰ, ਅਫਸਰਸ਼ਾਹੀ ਵਲੋਂ ਪੜਤਾਲ ਦੇ ਨਾਂਅ ਹੇਠ ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਕੇ ਆਟਾ ਦਾਲ ਸਹੂਲਤ ਬੰਦ...
ਨਵਜੋਤ ਸਿੰਘ ਸਿੱਧੂ ਦੇ ਘਰ ਵੱਜੀਆਂ ਵਿਆਹ ਦੀਆਂ ਸ਼ਹਿਨਾਈਆਂ, ਪੁੱਤ ਦਾ ਹੋਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ
. . .  about 1 hour ago
ਪਟਿਆਲਾ, 7 ਦਸੰਬਰ- ਨਵਜੋਤ ਸਿੰਘ ਸਿੱਧੂ ਦੇ ਸਪੁੱਤਰ ਕਰਨ ਸਿੱਧੂ ਦਾ ਅੱਜ ਇਨਾਇਤ ਰੰਧਾਵਾ ਨਾਲ ਹੋ ਗਿਆ ਹੈ। ਇਸ ਸੰਬੰਧੀ ਸਾਰੀਆਂ ਰਸਮਾਂ ਸਿੱਧੂ ਦੀ ਪਟਿਆਲਾ ਦੇ ਬਾਰਾਦਰੀ ਵਿਖੇ ਸਥਿਤ ਜੱਦੀ...
ਪਿੰਡ ਸਿੱਲ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਗੁਰਦੁਆਰਾ ਸਾਹਿਬ ਪੁੱਜੀਆਂ
. . .  about 1 hour ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਦੇ ਪਿੰਡ ਸਿੱਲ ਵਿਚ ਬੀਤੀ ਕੱਲ੍ਹ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਗੁਰਦੁਆਰਾ ਸਾਹਿਬ ’ਚ ਪਾਠ ਕਰਦੇ ਗ੍ਰੰਥੀ ਸਿੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਹੀ ਕੁੱਟਮਾਰ...
ਜਾਣੋ ਅੱਜ ਦੇ ਸੋਨੇ ਅਤੇ ਚਾਂਦੀ ਦੇ ਭਾਅ
. . .  about 2 hours ago
ਜਾਣੋ ਅੱਜ ਦੇ ਸੋਨੇ ਅਤੇ ਚਾਂਦੀ ਦੇ ਭਾਅ
ਬਿਕਰਮ ਸਿੰਘ ਮਜੀਠੀਆ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਕੀਤੀ ਅਪੀਲ
. . .  about 2 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਸ.ਬਿਕਰਮ ਸਿੰਘ ਮਜੀਠੀਆ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ...
ਹੈਦਰਾਬਾਦ: ਰੇਵੰਤ ਰੈੱਡੀ ਨੇ ਐੱਲ.ਬੀ. ਸਟੇਡੀਅਮ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 2 hours ago
ਹੈਦਰਾਬਾਦ, 7 ਦਸੰਬਰ-ਹੈਦਰਾਬਾਦ ’ਚ ਰੇਵੰਤ ਰੈੱਡੀ ਨੇ ਐੱਲ.ਬੀ. ਸਟੇਡੀਅਮ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਅੱਜ ਸਹੁੰ ਚੁੱਕੀ ਹੈ।
ਏਮਜ਼ ਦਿੱਲੀ ’ਚ ਨਿਮੋਨੀਆ ਦੇ ਕੇਸ ਦਾ ਚੀਨ ਨਾਲ ਕੋਈ ਸੰਬੰਧ ਨਹੀਂ: ਭਾਰਤ ਸਰਕਾਰ
. . .  about 3 hours ago
ਨਵੀਂ ਦਿੱਲੀ, 7 ਦਸੰਬਰ- ਭਾਰਤ ਸਰਕਾਰ ਨੇ ਏਮਜ਼ ਦਿੱਲੀ ਵਿਖੇ ਨਿਮੋਨੀਆ ਦੇ ਕੇਸ ਨੂੰ ਚੀਨ ’ਚ ਨਿਮੋਨੀਆ ਦੇ ਪ੍ਰਕੋਪ ਨਾਲ ਜੋੜਨ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਗੁੰਮਰਾਹਕੁੰਨ ਅਤੇ ਝੂਠਾ ਕਰਾਰ ਦਿੱਤਾ ਹੈ। ਭਾਰਤ ਸਰਕਾਰ ਨੇ ਇਕ...
ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀਆਂ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  about 4 hours ago
ਸ਼੍ਰੀਨਗਰ, 7 ਦਸੰਬਰ-ਰਾਸ਼ਟਰੀ ਜਾਂਚ ਏਜੰਸੀ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ’ਚ ਅੱਤਵਾਦੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ।
ਐਡਵੋਕੇਟ ਧਾਮੀ ਵਲੋਂ ਕੀਤੀ ਜਾ ਰਹੀ ਹੈ ਵੱਖ-ਵੱਖ ਫੈਡਰੇਸ਼ਨ ਆਗੂਆਂ ਨਾਲ ਇਕੱਤਰਤਾ
. . .  about 4 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਪੰਥਕ ਮਸਲਿਆਂ ਸੰਬੰਧੀ ਵਿਚਾਰਾਂ ਕਰਨ ਲਈ ਅੱਜ ਵੱਖ-ਵੱਖ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਆਗੂਆਂ ਨਾਲ ਇਕੱਤਰਤਾ ਕੀਤੀ...
ਅਨਾਜ ਮੰਡੀ ਸ਼ੇਰਪੁਰ ਵਿਖੇ ਮੰਡੀ ਦੇ ਮਜ਼ਦੂਰ ਟੈਂਕੀ ਤੇ ਚੜ੍ਹੇ
. . .  about 4 hours ago
ਸ਼ੇਰਪੁਰ, 7 ਦਸੰਬਰ (ਦਰਸ਼ਨ ਸਿੰਘ ਖੇੜੀ)-ਅਨਾਜ ਮੰਡੀ ਸ਼ੇਰਪੁਰ ਵਿਖੇ ਮੰਡੀ ਦੇ ਮਜ਼ਦੂਰ ਟੈਂਕੀ ਤੇ ਚੜ੍ਹੇ ਹਨ। ਜਾਣਕਾਰੀ ਮੁਤਾਬਿਕ ਮਾਮਲਾ ਲਿਫਟਿੰਗ ਨਾ ਹੋਣ ਦਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਫੂਡ ਸਪਲਾਈ...
ਰਾਮਾਂ ਮੰਡੀ ’ਚ ਚੋਰਾਂ ਦੇ ਹੌਂਸਲੇ ਬੁਲੰਦ, ਬੀਤੀ ਰਾਤ ਨੂੰ 5 ਦੁਕਾਨਾਂ ਦੇ ਟੁੱਟੇ ਤਾਲੇ
. . .  about 4 hours ago
ਰਾਮਾਂ ਮੰਡੀ, 7 ਦਸੰਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਵਿਚ ਚੌਰਾਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ, ਕਿ ਚੌਰਾਂ ਨੂੰ ਹੁਣ ਪੁਲਿਸ ਦਾ ਡਰ ਵੀ ਨਹੀਂ ਰਿਹਾ। ਰਾਮਾਂ ਮੰਡੀ ਦੇ ਮੇਨ ਬਾਜ਼ਾਰ ਅਤੇ ਹਸਪਤਾਲ ਬਾਜ਼ਾਰ ’ਚ...
ਅਮਿਤ ਸ਼ਾਹ ਦੇ ਪੀ.ਓ.ਕੇ. ਵਾਲੇ ਬਿਆਨ ’ਤੇ ਬੋਲੇ ਫਾਰੂਕ ਅਬਦੁੱਲਾ
. . .  about 5 hours ago
ਨਵੀਂ ਦਿੱਲੀ, 7 ਦਸੰਬਰ-ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੀ.ਓ.ਕੇ. ਵਾਲੇ ਬਿਆਨ ’ਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਸਵਾਲ ਇਹ ਹੈ ਕਿ ਪਹਿਲਾਂ ਚੋਣਾਂ ਹੋਣ। ਉਨ੍ਹਾਂ ਨੇ ਕਿਹਾ ਕਿ ਉਹ ਤਾਰੀਖਾਂ ਦੱਸਣਗੇ ਪਰ ਸੰਬੋਧਨ ਖ਼ਤਮ....
ਇਮਰਾਨ ਪ੍ਰਤਾਪਗੜ੍ਹੀ ਰੇਵੰਤ ਰੈੱਡੀ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਹੈਦਰਾਬਾਦ
. . .  about 5 hours ago
ਹੈਦਰਾਬਾਦ (ਤੇਲੰਗਾਨਾ), 7 ਦਸੰਬਰ- ​​ਕਾਂਗਰਸ ਨੇਤਾ ਇਮਰਾਨ ਪ੍ਰਤਾਪਗੜ੍ਹੀ ਮੁੱਖ ਮੰਤਰੀ ਅਹੁਦੇਦਾਰ ਰੇਵੰਤ ਰੈੱਡੀ ਦੇ ਸਹੁੰ ਚੁੱਕ ਸਮਾਗਮ ਲਈ ਹੈਦਰਾਬਾਦ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ ਰੇਵੰਤ ਰੈੱਡੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ...
ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ 2 ਸਕੇ ਭਰਾਵਾਂ ਸਮੇਤ 3 ਦੀ ਮੌਤ
. . .  about 5 hours ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਸਵੇਰ ਸਮੇਂ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇਥੇ ਸਵੇਰੇ ਕਰੀਬ 10 ਕੁ ਵਜੇ ਗੜ੍ਹਸ਼ੰਕਰ-ਚੰਡੀਗੜ੍ਹ ਰੋਡ ’ਤੇ ਪਿੰਡ ਪਨਾਮ ਲਾਗੇ ਇਕ ਰਾਜਧਾਨੀ ਕੰਪਨੀ ਦੀ ਪ੍ਰਾਈਵੇਟ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ 2 ਸਕੇ ਭਰਾਵਾਂ ਸਮੇਤ 3....
ਭਾਜਪਾ ਸੰਸਦੀ ਦਲ ਦੀ ਬੈਠਕ ਜਾਰੀ, ਪ੍ਰਧਾਨ ਮੰਤਰੀ ਸਮੇਤ ਕਈ ਆਗੂ ਮੌਜੂਦ
. . .  about 5 hours ago
ਨਵੀਂ ਦਿੱਲੀ, 7 ਦਸੰਬਰ- ਭਾਜਪਾ ਸੰਸਦੀ ਦਲ ਵਲੋਂ ਦਿੱਲੀ ਵਿਚ ਇਕ ਬੈਠਕ ਕੀਤੀ ਜਾ ਰਹੀ ਹੈ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਵੱਡੇ ਆਗੂ ਮੌਜਦੂ....
ਭਾਰਤ ਵਿਚ ਜਨਮੇ ਡਾ. ਸਮੀਰ ਸ਼ਾਹ ਹੋਣਗੇ ਬੀ.ਬੀ.ਸੀ. ਦੇ ਨਵੇਂ ਚੇਅਰਮੈਨ
. . .  about 6 hours ago
ਲੰਡਨ, 7 ਦਸੰਬਰ- 40 ਸਾਲਾਂ ਤੋਂ ਵੱਧ ਸਮੇਂ ਤੋਂ ਯੂ.ਕੇ. ਦੇ ਪ੍ਰਸਾਰਣ ਵਿਚ ਕੰਮ ਕਰਨ ਵਾਲੇ ਭਾਰਤ ਵਿਚ ਜਨਮੇ ਮੀਡੀਆ ਕਾਰਜਕਾਰੀ ਡਾ. ਸਮੀਰ ਸ਼ਾਹ ਨੂੰ ਬੀ.ਬੀ.ਸੀ. ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਲਈ ਯੂ.ਕੇ. ਸਰਕਾਰ ਦੇ ਪਸੰਦੀਦਾ ਉਮੀਦਵਾਰ ਵਜੋਂ ਘੋਸ਼ਿਤ ਕੀਤਾ ਗਿਆ ਹੈ। 71 ਸਾਲਾ ਸਮੀਰ.....
ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ
. . .  about 6 hours ago
ਭੰਗਾਲਾ, (ਹੁਸ਼ਿਆਰਪੁਰ) 7 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਕਸਬਾ ਮਹਿਸਾਬਪੁਰ ਨਜ਼ਦੀਕ ਪੈਟਰੋਲ ਪੰਪ ਵਿਖੇ ਟਰੈਕਟਰ ਸਵਾਰ ਵਿਅਕਤੀਆਂ ਦੀ ਬੱਸ ਨਾਲ ਟੱਕਰ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ....
ਤਾਮਿਲਨਾਡੂ: ਹੜ੍ਹ ਪ੍ਰਭਾਵਿਤ 700 ਤੋਂ ਵਧ ਲੋਕਾਂ ਨੂੰ ਭੇਜਿਆ ਗਿਆ ਸੁਰੱਖਿਅਤ ਥਾਂਵਾਂ ’ਤੇ- ਭਾਰਤੀ ਜਲ ਸੈਨਾ
. . .  about 6 hours ago
ਚੇਨੱਈ, 7 ਦਸੰਬਰ- ਭਾਰਤੀ ਜਲ ਸੈਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੜ੍ਹ ਪ੍ਰਭਾਵਿਤ ਤਾਮਿਲਨਾਡੂ ਵਿਚ 700 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੜ੍ਹ ਰਾਹਤ ਟੀਮਾਂ...
ਜੰਮੂ ਕਸ਼ਮੀਰ ਨਾਲ ਸੰਬੰਧਿਤ ਦੋ ਬਿੱਲ ਪਾਸ ਕਰਵਾਉਣ ਲਈ ਅੱਜ ਰਾਜ ਸਭਾ ਵਿਚ ਅਮਿਤ ਸ਼ਾਹ ਕਰਨਗੇ ਪੇਸ਼
. . .  1 minute ago
ਨਵੀਂ ਦਿੱਲੀ, 7 ਦਸੰਬਰ- ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਅਤੇ ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ, 2023 ਅਤੇ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 ਨੂੰ ਵਿਚਾਰ ਅਤੇ ਪਾਸ ਕਰਨ ਲਈ ਰਾਜ ਸਭਾ ਵਿਚ ਪੇਸ਼ ਕਰਨਗੇ। ਦੋਵੇਂ ਬਿੱਲ ਬੀਤੇ ਦਿਨ ਲੋਕ ਸਭਾ ਵਿਚ ਪਾਸ....
ਤੇਲੰਗਾਨਾ: ਰੇਵੰਤ ਰੈੱਡੀ ਅੱਜ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ
. . .  about 7 hours ago
ਹੈਦਰਾਬਾਦ, 7 ਦਸੰਬਰ- ਕਾਂਗਰਸ ਨੇਤਾ ਅਨੁਮੁਲਾ ਰੇਵੰਤ ਰੈੱਡੀ ਅੱਜ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਹੈਦਰਾਬਾਦ ਦੇ ਐਲ.ਬੀ. ਸਟੇਡੀਅਮ ਵਿਚ ਹੋਵੇਗਾ। ਤੇਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਮੁੱਖ ਮੰਤਰੀ ਵਜੋਂ ਰੇਵੰਤ ਰੈਡੀ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ....
ਹਥਿਆਰਾਂ ਸਮੇਤ ਦੋ ਅੱਤਵਾਦੀ ਗਿ੍ਫ਼ਤਾਰ
. . .  about 7 hours ago
ਸ੍ਰੀਨਗਰ, 7 ਦਸੰਬਰ- ਪੀ.ਆਰ.ਓ. ਰੱਖਿਆ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਬੁਢਲ ਖ਼ੇਤਰ ਵਿਚ ਪੀਰ ਪੰਜਾਲ ਰੇਂਜਾਂ ਦੇ ਦੱਖਣ ਵਿਚ ਭਾਰਤੀ ਫ਼ੌਜ ਅਤੇ ਜੇ.ਕੇ.ਪੀ. ਦੁਆਰਾ ਇਕ ਖ਼ੁਫ਼ੀਆ ਅਧਾਰਿਤ ਸੰਯੁਕਤ ਆਪ੍ਰੇਸ਼ਨ ਵਿਚ....
9 ਦਸੰਬਰ ਨੂੰ ਫਲੈਗਸ਼ਿਪ ਵਿੱਤੀ ਤਕਨਾਲੋਜੀ ਈਵੈਂਟ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 7 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਦਸੰਬਰ ਨੂੰ ਫਲੈਗਸ਼ਿਪ ਵਿੱਤੀ ਤਕਨਾਲੋਜੀ ਈਵੈਂਟ - ਇਨਫਿਨਿਟੀ ਫੋਰਮ 2.0 ਦੇ ਦੂਜੇ ਐਡੀਸ਼ਨ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਦੀ ਮੇਜ਼ਬਾਨੀ ਭਾਰਤ ਸਰਕਾਰ...
ਦਿੱਲੀ ਵਿਚ ਹਵਾ ਦੀ ਗੁਣਵੱਤਾ ਬੇਹੱਦ ਮਾੜੀ ਸ਼੍ਰੇਣੀ ਵਿਚ
. . .  about 8 hours ago
ਨਵੀਂ ਦਿੱਲੀ, 7 ਦਸੰਬਰ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਦੇ ਬਹੁਤੇ ਖ਼ੇਤਰਾਂ ਵਿਚ ਹਵਾ ਦੀ ਗੁਣਵੱਤਾ ‘ਬੇਹੱਦ ਮਾੜੀ’ ਸ਼੍ਰੇਣੀ ਵਿਚ ਦਰਜ ਕੀਤੀ ਗਈ ਹੈ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਮੱਘਰ ਸੰਮਤ 555
ਵਿਚਾਰ ਪ੍ਰਵਾਹ: ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਖ਼ੁਸ਼ੀ ਛੁਪੀ ਹੁੰਦੀ ਹੈ। -ਜਵਾਹਰ ਲਾਲ ਨਹਿਰੂ

ਤੁਹਾਡੇ ਖ਼ਤ

21-11-2023

ਪੰਜਾਬੀ ਮਾਂ ਬੋਲੀ ਤੇ ਬੱਚੇ

ਪਿਛਲੀ ਦਿਨੀਂ ਸੰਪਾਦਕੀ ਪੰਨੇ 'ਤੇ ਡਾ. ਹਰਸ਼ਿੰਦਰ ਕੌਰ ਦਾ ਲੇਖ 'ਪ੍ਰੋ. ਪ੍ਰੀਤਮ ਸਿੰਘ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ' ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਸੁਨੇਹਾ ਦਿੰਦਾ ਹੈ। ਜੇਕਰ ਬੱਚਿਆਂ ਅਤੇ ਅਧਿਆਪਕਾਂ ਵਿਚ ਇਹੋ ਜਿਹੀ ਸਾਂਝ ਬਣ ਜਾਵੇ ਕਿ ਅਧਿਆਪਕ ਬੱਚਿਆਂ ਨੂੰ ਸਿਰਫ਼ ਕਿਤਾਬਾਂ ਵਿਚਲਾ ਸਿਲੇਬਸ ਦੱਸ ਕੇ ਹੀ ਮਾਂ ਬੋਲੀ ਨੂੰ ਇਕ ਵਿਸ਼ੇ ਦੇ ਤੌਰ 'ਤੇ ਨਾ ਪੜ੍ਹਾਉਣ ਸਗੋਂ ਖੇਡ ਅਤੇ ਮਨੋਰੰਜਨ ਦੇ ਜ਼ਰੀਏ ਬੱਚਿਆਂ ਦੇ ਦਿਲਾਂ ਵਿਚ ਮਾਂ ਬੋਲੀ ਪ੍ਰਤੀ ਮੋਹ ਪੈਦਾ ਕਰਨ ਤੇ ਇਹ ਮੋਹ ਸਦੀਆਂ ਤੱਕ ਪੰਜਾਬੀਆਂ ਦੇ ਮਨਾਂ ਅੰਦਰ ਵਸਿਆ ਰਹੇ। ਪ੍ਰੋਫੈਸਰ ਪ੍ਰੀਤਮ ਸਿੰਘ ਜਿਹੇ ਬੁੱਧੀਜੀਵੀਆਂ ਦਾ ਮਾਂ ਬੋਲੀ ਨੂੰ ਬਚਾਉਣ ਦਾ ਉਪਰਾਲਾ ਹਮੇਸ਼ਾ ਹਕੀਕਤ ਰਹੇ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ

ਕਬੱਡੀ ਖਿਡਾਰੀਆਂ ਦੀ ਦਰਿੰਦਗੀ

ਬੀਤੇ ਦਿਨੀਂ ਬਰਨਾਲਾ ਵਿਖੇ ਕਬੱਡੀ ਖਿਡਾਰੀਆਂ ਦੇ ਚਿਕਨ ਦੇ ਦੁਕਾਨਦਾਰ ਨਾਲ ਹੋਏ ਝਗੜੇ ਨੂੰ ਹੱਲ ਕਰਨ ਲਈ ਗਏ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਜੋ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਸੀ, ਦਾ ਕਬੱਡੀ ਖਿਡਾਰੀਆਂ ਜਿਨ੍ਹਾਂ ਨੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੁੰਦਾ ਹੈ, ਦਾ ਕਤਲ ਕਰ ਦੇਣਾ ਘਿਨੌਣੀ ਦਰਿੰਦਗੀ ਦਾ ਸਬੂਤ ਦਿੱਤਾ ਹੈ।
ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਨਾਲ ਪੁਲਿਸ ਦਾ ਮਨੋਬਲ ਘਟੇਗਾ, ਅਪਰਾਧੀਆਂ ਨੂੰ ਸ਼ਹਿ ਮਿਲੇਗੀ। ਪ੍ਰਦੇਸ਼ ਵਿਚ ਅਪਰਾਧੀ ਇੰਨਾ ਬੇਖ਼ੌਫ਼ ਹਨ ਜੋ ਕਿ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਪੁਲਿਸ ਜਿਸ ਨੇ 'ਲਾਅ ਐਂਡ ਆਰਡਰ' ਕਾਇਮ ਕਰ ਲੋਕਾਂ ਦੀ ਹਿਫ਼ਾਜ਼ਤ ਕਰਨੀ ਹੁੰਦੀ ਹੈ ਉਹ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਸ ਕੋਲੋਂ ਇਨਸਾਫ਼ ਦੀ ਤਵੱਜੋ ਕਰਨਗੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਪਰਾਲੀ ਦਾ ਹੱਲ ਲੱਭਿਆ ਜਾਵੇ

ਕਿਸਾਨ ਜਦੋਂ ਝੋਨੇ ਦੀ ਫਸਲ ਵੱਢ ਕੇ ਕਣਕ ਦੀ ਬਿਜਾਈ ਕਰਨ ਲਈ ਖੇਤ ਤਿਆਰ ਕਰਦਾ ਹੈ ਤਾਂ ਝੋਨੇ ਦਾ ਨਾੜ ਅਤੇ ਬਾਕੀ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਖੇਤ ਤਿਆਰ ਕਰਦਾ ਰਿਹਾ ਹੈ। ਨਤੀਜਨ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਧੂਏਂ ਨਾਲ ਹੋਇਆ ਪ੍ਰਦੂਸ਼ਣ ਸਭ ਹੱਦਾਂ ਬੰਨ੍ਹੇ ਪਾਰ ਕਰ ਜਾਂਦਾ ਹੈ, ਭਾਵੇਂ ਕਿ ਕੁਝ ਹੱਦ ਤਕ ਇਸ ਪ੍ਰਦੂਸ਼ਣ ਲਈ ਸਾਡੀਆਂ ਮੋਟਰ ਗੱਡੀਆਂ ਅਤੇ ਫੈਕਟਰੀਆਂ ਵੀ ਜ਼ਿੰਮੇਵਾਰ ਰਹੀਆਂ ਹਨ, ਪਰ ਭਾਂਡਾ ਆਖ਼ਰ ਕਿਸਾਨਾਂ ਦੇ ਸਿਰ ਹੀ ਫੁੱਟਦਾ ਰਿਹਾ ਹੈ।
ਇਸ ਮਸਲੇ ਵਿਚ ਪੰਜਾਬ ਅਤੇ ਹਰਿਆਣਾ ਇਕ ਦੂਜੇ ਨੂੰ ਦੋਸ਼ੀ ਠਹਿਰਾਅ ਰਹੇ ਹਨ। ਸੁਪਰੀਮ ਕੋਰਟ ਨੇ ਵੀ ਸਾਡੀਆਂ ਸਰਕਾਰਾਂ ਨੂੰ ਝਾੜ ਪਾਈ ਹੈ ਅਤੇ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ ਕਿਉਂਕਿ ਗੁਆਂਢੀ ਰਾਜ ਦਿੱਲੀ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ. ਕਈ ਰਾਜਸੀ ਲੋਕ ਇਸ ਨੂੰ ਪਾਕਿਸਤਾਨ ਤੋਂ ਆਇਆ ਧੂੰਆਂ ਦੱਸ ਕੇ ਆਪਮੇ ਗਲੋਂ ਪੰਜਾਲੀ ਲਾਹੁਣ ਦੀ ਗੱਲ ਵੀ ਕਰ ਰਹੇ ਹਨ। ਪਰ ਸਾਨੂੰ ਆਪਣੇ ਫਰਜ਼ ਤੋਂ ਨਹੀਂ ਭੱਜਣਾ ਚਾਹੀਦਾ। ਹੁਣ ਕਿਸਾਨਾਂ ਨੂੰ ਪਰਾਲੀ ਫੂਕਣ ਨਾਲੋਂ ਕੋਈ ਹੋਰ ਬਦਲ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਮਸਲਾ ਹਮੇਸ਼ਾ-ਹਮੇਸ਼ਾਂ ਲਈ ਖ਼ਤਮ ਹੋ ਸਕੇ।

-ਲਖਵਿੰਦਰ ਸਿੰਘ ਧਨਾਨਸੂ
ਜ਼ਿਲ੍ਹਾ ਲੁਧਿਆਣਾ।

ਬੇਰੁਜ਼ਗਾਰੀ ਦੀ ਸਮੱਸਿਆ

ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਹੀ ਗੰਭੀਰ ਬਣੀ ਹੋਈ ਹੈ। ਨੌਕਰੀ ਨਾ ਮਿਲਣ ਕਰਕੇ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਅਤੇ ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੇ ਹਨ। ਪੜ੍ਹ ਲਿਖ ਕੇ ਨੌਜਵਾਨ ਇਕ ਆਦਰਯੋਗ ਨੌਕਰੀ ਮਿਲਣ ਦੀ ਉਮੀਦ ਕਰਦਾ ਹੈ ਪਰ ਜਦੋਂ ਉਹ ਸਰਕਾਰਾਂ ਤੋਂ ਨੌਕਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਹੀ ਮਿਲਦੀਆਂ ਹਨ ਜਾਂ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਕੁਝ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਲੈਂਦੇ ਹਨ। ਸਰਕਾਰਾਂ ਚੋਣਾਂ ਵੇਲੇ ਬਹੁਤ ਵੱਡੇ-ਵੱਡੇ ਵਾਅਦੇ ਨੌਕਰੀਆਂ ਦੇਣ ਲਈ ਕਰਦੀਆਂ ਹਨ। ਇਹ ਵਾਅਦੇ ਚੋਣਾਂ ਜਿੱਤਣ ਤੋਂ ਬਾਅਦ ਇਕ ਵਾਅਦਾ ਮਾਤਰ ਹੀ ਰਹਿ ਜਾਂਦਾ ਹੈ। ਜਿਸ ਦੇਸ਼ 'ਚ ਪੜ੍ਹ ਲਿਖ ਕੇ ਨੌਜਵਾਨ ਰੁਜ਼ਗਾਰ ਲਈ ਭਟਕਦੇ ਫਿਰਨ ਉਸ ਦੇਸ਼ ਦੇ ਭਵਿੱਖ 'ਤੇ ਸ਼ੰਕੇ ਉੱਠਣੇ ਲਾਜ਼ਮੀ ਹਨ। ਸਰਕਾਰ ਤੋਂ ਇਹ ਪੁੱਛਣਾ ਬਣਦਾ ਹੈ ਕਿ ਪੜ੍ਹੇ-ਲਿਖੇ ਭਾਰਤ ਦੇ ਨੌਜਵਾਨ ਦਰਮਿਆਨ ਬੇਰੁਜ਼ਗਾਰੀ ਦੀ ਦਰ ਐਨੀ ਉੱਚੀ ਕਿਉਂ ਬਣੀ ਹੋਈ ਹੈ? ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਰਕਾਰਾਂ ਦਾ ਕੰਮ ਅਤੇ ਜ਼ਿੰਮੇਦਾਰੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਸਮਰੱਥ ਬਣਾਏ ਬਗੈਰ ਕੋਈ ਵੀ ਦੇਸ਼ ਅਸਲ ਤਰੱਕੀ ਨਹੀਂ ਕਰ ਸਕਦਾ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਮੋਗਾ।

ਵਧਦੀਆਂ ਕੀਮਤਾਂ

ਸਮਾਜ ਵਿਚ ਜੀਊਂਦੇ ਰਹਿਣ ਲਈ ਮਨੁੱਖ ਨੂੰ ਨਿੱਤ ਦਿਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਿੱਤ ਦਿਨ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਲੋਕਾਂ ਦਾ ਜੀਊਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਗਰੀਬ ਵਰਗ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਤੇਜ਼ੀ ਨਾਲ ਅਤੇ ਬਹੁਤ ਹੀ ਜ਼ਿਆਦਾ ਵਧ ਰਹੇ ਹਨ। ਕਦੇ-ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਚੀਜ਼ਾਂ ਦੇ ਭਾਅ ਬੇਲਗਾਮ ਹੀ ਹੋ ਗਏ ਹਨ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਾ ਹੋਵੇ। ਬੇਲਗਾਮ ਹੋਈਆਂ ਕੀਮਤਾਂ ਦੀ ਪੀੜ ਘਟਾਉਣ ਲਈ ਵਪਾਰੀ ਲੋਕ ਕੋਰੋਨਾ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੰਦੇ ਹਨ। ਸਰਦੇ ਪੁੱਜਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਨਾਲ ਹੀ ਚੀਜ਼ਾਂ ਦੀ ਵਰਤੋਂ ਕਰਨ ਤਾਂ ਜੋ ਮਹਿੰਗਾਈ ਨੂੰ ਕਾਬੂ ਕਰਨ ਵਿਚ ਸਹਾਈ ਹੋ ਸਕੇ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਸਾਵਧਾਨੀ ਜ਼ਰੂਰੀ

ਸਰਦ ਰੁੱਤ ਸ਼ੁਰੂ ਹੋ ਗਈ ਹੈ। ਇਸ ਲਈ ਅੱਜਕਲ੍ਹ ਸਾਡੇ ਵਿਚੋਂ ਬਹੁਤ ਸਾਰੇ ਲੋਕ ਗਰਮ ਪਾਣੀ ਨਾਲ ਨਹਾਉਣ ਲੱਗ ਪਏ ਹਨ ਅਤੇ ਪਾਣੀ ਨੂੰ ਗਰਮ ਕਰਨ ਲਈ ਜ਼ਿਆਦਾਤਰ ਗੈਸ ਗੀਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਹਰ ਘਰ ਵਿਚ ਆਮ ਜਿਹੀ ਗੱਲ ਹੈ ਪਰ ਗੈਸ ਗੀਜ਼ਰ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਨਹੀਂ ਤਾਂ ਸਾਡੀ ਜਾਨ ਵੀ ਜਾ ਸਕਦੀ ਹੈ। ਗੈਸ ਗੀਜ਼ਰ ਨਿੱਤ ਦਿਨ ਮੌਤ ਦਾ ਕਾਰਨ ਬਣ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਬੰਦ ਬਾਥਰੂਮ 'ਚ ਗੈਸ ਲੀਕ ਹੋਣ ਕਾਰਨ ਆਕਸੀਜਨ ਦੀ ਕਮੀ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਲੋਕ ਬੇਹੋਸ਼ ਹੋ ਜਾਂਦੇ ਹਨ ਤੇ ਮਰ ਵੀ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗੈਸ ਗੀਜ਼ਰ ਅਤੇ ਸਿਲੰਡਰ ਦੀ ਫਿਟਿੰਗ ਬਾਥਰੂਮ ਤੋਂ ਬਾਹਰ ਕਰਵਾਉਣ ਅਤੇ ਜਦੋਂ ਤੱਕ ਪਾਣੀ ਦੀ ਬਾਲਟੀ ਪੂਰੀ ਤਰ੍ਹਾਂ ਭਰ ਨਾ ਜਾਵੇ ਉਦੋਂ ਤੱਕ ਨਹਾਉਣ ਲਈ ਬਾਥਰੂਮ ਵਿਚ ਨਾ ਜਾਣ।
ਇਸ ਤੋਂ ਇਲਾਵਾ ਇਕ ਹੋਰ ਵਿਸ਼ੇਸ਼ ਸਾਵਧਾਨੀ ਉਹ ਹੈ ਜਦੋਂ ਛੋਟੇ ਬੱਚੇ ਨਹਾਉਣ ਲਈ ਅੰਦਰ ਜਾਣ ਤਾਂ ਬਾਥਰੂਮ ਦੀ ਕੁੰਡੀ ਨਾ ਲਗਾਈ ਜਾਵੇ। ਇਸ ਨਾਲ ਹੰਗਾਮੀ ਹਾਲਤ ਨਾਲ ਜਲਦੀ ਨਜਿੱਠਿਆ ਜਾ ਸਕੇਗਾ। ਗ਼ੈਸ ਸਿਲੰਡਰ ਅਤੇ ਗੀਜ਼ਰ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਉਂਦੇ ਰਹੋ।
ਜਦੋਂ ਗੈਸ ਗੀਜ਼ਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਗੈਸ ਸਿਲੰਡਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਗੀਜ਼ਰ ਦੀ ਸਰਵਿਸ ਹਰ ਸਾਲ ਲਾਜ਼ਮੀ ਕਰਵਾਓ। ਇਸ ਸਭ ਨੂੰ ਨਜ਼ਰਅੰਦਾਜ਼ ਕਰਨਾ ਸਾਨੂੰ ਸਭ ਲਈ ਮਹਿੰਗਾ ਪੈ ਸਕਦਾ ਹੈ। ਇਸ ਲਈ, ਸਮੇਂ ਸਿਰ ਸੁਚੇਤ ਰਹੋ ਅਤੇ ਆਪਣੀ ਜਾਨ ਦੀ ਖੁੱਦ ਰੱਖਿਆ ਕਰੋ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

20-11-2023

 ਮੁਫ਼ਤ ਦੇ ਲਾਲਚ
ਪੰਜ ਸੂਬਿਆਂ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਅੱਗੇ ਲੋਕ ਸਭਾ ਚੋਣਾਂ ਵੀ ਜਲਦੀ ਆ ਰਹੀਆਂ ਹਨ। ਹਰ ਇਕ ਪਾਰਟੀ ਇਹ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਜਿਸ ਵਿਚ ਉਹ ਲੋਕਾਂ ਨੂੰ ਮੁਫ਼ਤ ਦੇ ਲਾਲਚ ਵਿਚ ਫਸਾ ਕੇ ਸੱਤਾ ਹਾਸਿਲ ਕਰਨਾ ਚਾਹੁੰਦੀਆਂ ਹਨ। ਇਹ ਮੁਫ਼ਤ ਸਕੀਮਾਂ ਸਾਨੂੰ ਆਲਸੀ, ਨਿਕੰਮੇ ਬਣਾਉਂਦੀਆਂ ਹਨ। ਮੁਫ਼ਤ ਦੀ ਲਾਲਸਾ ਵਾਲੇ ਲੋਕ ਭਿਖਾਰੀ ਤਾਂ ਬਣ ਸਕਦੇ ਹਨ। ਰਾਜੇ ਨਹੀਂ। ਇਸ ਮੁਫ਼ਤ ਖੋਰੀ ਕਾਰਨ ਸਾਡੇ ਲੋਕ ਹੱਡ ਭੰਨਵੀਂ ਮਿਹਨਤ ਕਰਨੋਂ ਹਟ ਗਏ ਹਨ। ਉਹ ਆਪਣੇ ਆਪ ਨੂੰ ਨਿਕੰਮੇ ਬਣਾ ਰਹੇ ਹਨ। ਲੀਡਰ ਇਸ ਲਈ ਖ਼ੁਸ਼ ਹਨ ਕਿ ਲੋਕ ਸਾਡੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ। ਉਹ ਰੁਜ਼ਗਾਰ ਨਹੀਂ ਮੰਗਦੇ, ਸਾਨੂੰ ਖਾਂਦਿਆਂ ਨੂੰ ਨਹੀਂ ਰੋਕਦੇ। ਸੋ, ਲੋਕਾਂ ਨੂੰ ਮੁਫ਼ਤਖ਼ੋਰੀ ਛੱਡ ਰੁਜ਼ਗਾਰ ਦੀ ਮੰਗ ਕਰਨੀ ਚਾਹੀਦੀ ਹੈ, ਤਾਂ ਕਿ ਉਹ ਕਿਸੇ ਦੇ ਗੁਲਾਮ ਨਹੀਂ ਅਣਖ਼ ਨਾਲ ਜਿਉਂ ਸਕਣ। ਸੋ, ਉਨਾ ਚਿਰ ਅਸੀਂ ਗੁਲਾਮ ਹੀ ਰਹਾਂਗੇ, ਜਿੰਨਾ ਚਿਰ ਅਸੀਂ ਮੁਫ਼ਤਖੋਰੀ ਨਹੀਂ ਛੱਡਦੇ।


-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, (ਮੋਗਾ)


ਮੰਦਭਾਗੀ ਘਟਨਾ
ਪਿਛਲੇ ਦਿਨੀਂ ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਵਲੋਂ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ. ਇਸ ਦਾ ਕਾਰਨ ਕੋਈ ਵੀ ਹੋਵੇ ਬਹੁਤ ਦੁੱਖਦਾਈ ਘਟਨਾ ਹੈ. ਜਿਸ ਪਰਿਵਾਰ ਦੀ ਨੌਜਵਾਨ ਬੇਟੀ ਅਤੇ ਵਹੁਟੀ ਚਲੀ ਗਈ ਹੈ। ਉਨ੍ਹਾਂ ਪਰਿਵਾਰਾਂ ਲਈ ਬਹੁਤ ਦੁੱਖਦਾਈ ਗੱਲ ਹੈ. ਇਸ ਦੁੱਖ ਦੀ ਘੜੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਗਿਆ ਮੈਂਬਰ ਤਾਂ ਵਾਪਸ ਨਹੀਂ ਲਿਆ ਸਕਦੇ। ਪਰਿਵਾਰ ਵਲੋਂ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਿਚ ਮਦਦ ਕਰਨੀ ਚਾਹੀਦੀ ਹੈ। ਦੋਸ਼ੀ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ। ਕਿੰਨਾ ਵੀ ਵੱਡਾ ਅਹੁਦਾ ਕਿਉਂ ਨਾ ਹੋਵੇ। ਉਸ ਭੈਣ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇ। ਕਈ ਵਾਰ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਤੁਰਦੀਆਂ ਬਣਦੀਆਂ ਹਨ। ਇਸ ਦੁੱਖਦਾਈ ਮੌਤ 'ਤੇ ਸਿਆਸਤ ਨਾ ਕੀਤੀ ਜਾਵੇ। ਪਰ ਇਸ ਦੁੱਖ ਦੀ ਘੜੀ ਵਿਚ ਸਾਡੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਬੇਨਤੀ ਹੈ ਕਿ ਪਹਿਲੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਫਿਰ ਪਤਾ ਲੱਗੇ ਇਸ ਭੈਣ ਦੇ ਪਰਿਵਾਰ ਨਾਲ ਤੁਹਾਡੀ ਸਿਆਸੀ ਪਾਰਟੀਆਂ ਦੀ ਕਿੰਨੀ ਹਮਦਰਦੀ ਹੈ। ਸਾਡੀ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਮੰਦਭਾਗੀ ਘਟਨਾ ਦੀ ਪੂਰੀ ਜਾਂਚ ਕਰ ਕੇ ਜੋ ਵੀ ਦੋਸ਼ੀ ਹੈ, ਜਿਸ ਵਜ੍ਹਾ ਕਰਕੇ ਇਸ ਭੈਣ ਨੂੰ ਮਰਨ ਲਈ ਮਜਬੂਰ ਹੋਣਾ ਪਿਆ ਹੈ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਫਿਰ ਤੋਂ ਹੋਰ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਪੰਜਾਬ ਤੇਰਾ ਕੌਣ ਬੇਲੀ?
ਜਦੋਂ ਅਸੀਂ ਪੰਜਾਬ ਉੱਤੇ ਆਜ਼ਾਦੀ ਤੋਂ ਬਾਅਦ ਰਾਜ ਕਰਨ ਵਾਲੀਆਂ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਬਾਰੇ ਸੋਚਦੇ ਹਾਂ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਅਤੇ ਇਸ ਤੋਂ ਵੱਧ ਨਿਰਾਸ਼ਾ ਇਹ ਸੋਚ ਕੇ ਹੁੰਦੀ ਹੈ ਕਿ ਹੁਣ ਅੱਗੇ ਕੀ ਹੋਵੇਗਾ? ਅਸਲ ਵਿਚ ਪੰਜਾਬ ਜਿੰਨਾ ਚਿਰ ਖ਼ੁਦ ਆਪਣੇ ਉੱਪਰ ਰਾਜ ਨਹੀਂ ਕਰਦਾ ਉਨੀ ਦੇਰ ਪੰਜਾਬ ਦਾ ਭਲਾ ਨਹੀਂ ਹੋ ਸਕਣਾ। ਪੰਜਾਬ ਨੂੰ ਰਿਮੋਟ ਨਾਲ ਕੰਟਰੋਲ ਕਰਨ ਵਾਲੀਆਂ ਧਿਰਾਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚੋਂ ਕੋਈ ਵੀ ਅਸਲ ਵਿਚ ਪੰਜਾਬ ਦਰਦੀ ਨਹੀਂ ਹਨ। ਇਸੇ ਕਾਰਨ ਪੰਜਾਬ ਦੇ ਅਸਲੀ ਮੁੱਦੇ ਠੰਢੇ ਬਸਤੇ ਵਿਚ ਪਏ ਹੋਏ ਹਨ ਅਤੇ ਗੱਲੀਂ ਬਾਤੀਂ ਕੋਈ ਇਸ ਨੂੰ ਕੈਲੀਫੋਰਨੀਆ ਅਤੇ ਕੋਈ ਰੰਗਲਾ ਪੰਜਾਬ ਬਣਾਉਣ ਦਾ ਝੂਠਾ ਜਿਹਾ ਲਾਰਾ ਲਾ ਕੇ ਇਥੋਂ ਦੇ ਬਸ਼ਿੰਦਿਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰਦਾ ਹੈ। ਇਥੋਂ ਦੇ ਲੋਕ ਅਜੇ ਤੱਕ ਇਕ ਨਾਇਕ ਦੀ ਤਲਾਸ਼ ਵਿਚ ਹਨ ਅਤੇ ਉਹ ਨਾਇਕ ਕਿਸ ਤਰ੍ਹਾਂ ਦਾ ਹੋਵੇ, ਇਹ ਫ਼ੈਸਲਾ ਵੀ ਨਹੀਂ ਕਰ ਪਾ ਰਹੇ, ਇਹੋ ਇਥੋਂ ਦਾ ਸੰਤਾਪ ਵੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੇ ਪ੍ਰਬੰਧ ਦਾ ਸੁਪਨਾ ਵੀ ਇਸੇ ਦਰਦ ਵਿਚੋਂ ਉਪਜਦਾ ਰਹਿੰਦਾ ਹੈ ਜੋ ਕਿਸੇ ਮਿਰਗ ਤ੍ਰਿਸ਼ਨਾ ਤੋਂ ਘੱਟ ਨਹੀਂ ਹੈ। ਸੰਨ 1849 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਹੋਏ ਵਿਤਕਰਿਆਂ ਦੀ ਦਾਸਤਾਨ ਬੜੀ ਲੰਮੀ ਅਤੇ ਦੁੱਖਦਾਇਕ ਹੈ ਜੋ ਇਸ ਲਿਖਤ ਵਿਚ ਪੂਰੀ ਨਹੀਂ ਹੋ ਸਕਦੀ। ਇਸ ਪਵਿੱਤਰ ਅਤੇ ਜਰਖੇਜ਼ ਧਰਤੀ ਦੇ ਰਿਸਦੇ ਜ਼ਖ਼ਮਾਂ ਨੂੰ ਬਿਆਨ ਕਰਨ ਲਈ ਕਾਫੀ ਸਮੇਂ ਅਤੇ ਹਿੰਮਤ ਦੀ ਲੋੜ ਹੈ। ਮੁੱਕਦੀ ਗੱਲ ਕਿ ਇਸ ਵਕਤ ਪੰਜਾਬ ਦੀ ਹਾਲਤ ਉਸ ਬੇਵੱਸ ਅਤੇ ਲਾਚਾਰ ਵਿਅਕਤੀ ਵਰਗੀ ਹੈ ਜੋ ਰੋਂਦਾ ਹੈ ਤਾਂ ਹੰਝੂ ਉਸ ਦੀਆਂ ਅੱਖਾਂ ਵਿਚੋਂ ਨਹੀਂ ਡਿਗਦੇ ਉਸ ਦੇ ਦਿਲ ਵਿਚੋਂ ਖ਼ੂਨ ਦੇ ਕਤਰੇ ਅੰਦਰੋਂ ਅੰਦਰ ਡਿਗ ਰਹੇ ਹੁੰਦੇ ਹਨ।


-ਬਲਜੀਤ ਪਾਲ ਸਿੰਘ

16-11-2023

 ਆਮ ਲੋਕਾਂ ਦੀ ਸੁਰੱਖਿਆ ਦਾ ਸਵਾਲ

ਵਧ ਰਹੀਆਂ ਅਪਰਾਧਿਕ ਸਰਗਰਮੀਆਂ ਦਾ ਕੀ ਸਰਕਾਰ ਕੋਲ ਕੋਈ ਹੱਲ ਨਹੀਂ ਹੈ? ਹਰ ਰੋਜ਼ ਪਤਾ ਨਹੀਂ ਕਿੰਨੀਆਂ ਖ਼ਬਰਾਂ ਮਾਰਨ-ਵੱਢਣ ਦੀਆਂ ਸੁਣਨ ਨੂੰ ਮਿਲ ਰਹੀਆਂ ਹਨ, ਬਹੁਤ ਹੀ ਘਾਤਕ ਹਨ। ਕੀ ਘਰਾਂ ਵਿਚ ਵੀ ਕੋਈ ਸੁਰੱਖਿਅਤ ਨਹੀਂ ਹੈ? ਸੜਕਾਂ 'ਤੇ ਸ਼ਰ੍ਹੇਆਮ ਕਤਲ ਕੀਤੇ ਜਾ ਰੇਹ ਹਨ। ਘਰਾਂ ਵਿਚ ਵੀ ਸ਼ਰ੍ਹੇਆਮ ਵੱਢ-ਟੁੱਕ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਸਿਰਫ਼ ਚੋਰੀਆਂ ਹੀ ਹੁੰਦੀਆਂ ਹਨ, ਹੁਣ ਤਾਂ ਬੰਦਿਆਂ ਨੂੰ ਵੀ ਜਾਨਵਰਾਂ ਵਾਂਗ ਮਾਰਿਆ ਜਾ ਰਿਹਾ ਹੈ। ਸਰਕਾਰ ਕੀ ਕਰ ਰਹੀ ਹੈ। ਪੰਜਾਬ ਦਾ ਮਾਹੌਲ ਦਿਨੋ-ਦਿਨ ਖਰਾਬ ਹੋ ਰਿਹਾ ਹੈ। ਸਰਕਾਰ ਲੋਕਾਂ ਦੀ ਸੁਰੱਖਿਆ ਲਈ ਬਣਾਈ ਜਾਂਦੀ ਹੈ। ਸਰਕਾਰ ਤਾਂ ਬਦਲਾਖੋਰੀ ਵਿਚ ਰੁੱਝੀ ਹੋਈ ਹੈ, ਲੋਕਾਂ ਦੀ ਸੁਰੱਖਿਆ ਕਿਥੇ ਹੈ, ਇਨਸਾਨਾਂ ਨੂੰ ਗਾਜਰ-ਮੂਲੀਆਂ ਵਾਂਗ ਵੱਢਿਆ ਜਾ ਰਿਹਾ ਹੈ। ਪੰਜਾਬ ਦਾ ਹਰ ਨਾਗਰਿਕ ਘਰਾਂ ਵਿਚ ਵੀ ਡਰ ਰਿਹਾ ਹੈ। ਪਤਾ ਨਹੀਂ ਕਦੋਂ ਕੋਈ ਮਾਰ ਜਾਵੇ। ਸਰਕਾਰ ਨੂੰ ਬੇਨਤੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਲੋਕਾਂ ਦੇ ਮਨਾਂ ਵਿਚੋਂ ਡਰ ਦੂਰ ਹੋਵੇ ਤੇ ਪੰਜਾਬ ਛੱਡਣ ਲਈ ਮਜਬੂਰ ਨਾ ਹੋਣ।

-ਦਵਿੰਦਰ ਕੌਰ ਖੁਸ਼ ਧਾਲੀਵਾਲ
ਖੋਜਕਰਤਾ।

ਡੇਂਗੂ ਦਾ ਕਹਿਰ

ਪਿਛਲੇ ਦਿਨਾਂ ਤੋਂ ਲਗਾਤਾਰ ਡੇਂਗੂ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਲੁਧਿਆਣਾ ਵਿਚ ਬੀਤੇ ਦਿਨ ਇਕੱਤੀ ਹੋਰ ਨਵੇਂ ਕੇਸ ਆਉਣ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 717 ਹੋ ਗਈ ਹੈ, ਇਹ ਤਾਂ ਕੇਵਲ ਲੁਧਿਆਣੇ ਜ਼ਿਲੇ ਦੀ ਗਿਣਤੀ ਹੈ, ਪੰਜਾਬ ਦੇ ਦੂਜੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਡੇਂਗੂ ਦਾ ਰੋਗ ਏਡੀਜ਼ ਮੱਛਰ ਕਰ ਕੇ ਫੈਲਦਾ ਹੈ ਜੋ ਕਿ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਵਿਚ ਹੀ ਜਨਮ ਲੈਂਦਾ ਹੈ ਅਤੇ ਵੱਧਦਾ-ਫੁੱਲਦਾ ਹੈ। ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ। ਹਰ ਹਫ਼ਤੇ ਗਮਲਿਆਂ ਅਤੇ ਕੂਲਰਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਡੇਂਗੂ ਦੇ ਸ਼ਿਕਾਰ ਹੋਣ 'ਤੇ ਨੇੜਲੇ ਸਿਹਤ ਕੇਂਦਰ ਤੋਂ ਹੀ ਸਲਾਹ ਲੈ ਕੇ ਦਵਾਈ ਲੈਣੀ ਚਾਹੀਦੀ ਹੈ। ਡੇਂਗੂ ਪ੍ਰਤੀ ਜਾਗਰੂਕ ਹੋ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ।

-ਰਜਵਿੰਦਰ ਪਾਲ ਸ਼ਰਮਾ

ਗਾਜ਼ਾ ਪੱਟੀ 'ਚ ਮਾਰੇ ਜਾ ਰਹੇ ਨਿਰਦੋਸ਼ ਬੱਚੇ

7 ਅਕਤੂਬਰ ਤੋਂ ਹੋ ਰਹੇ ਯੁੱਧ ਵਿਚ ਹਜ਼ਾਰਾਂ ਦੀ ਗਿਮਤੀ ਵਿਚ ਇਜ਼ਰਾਈਲ ਵਲੋਂ ਹਮਲੇ ਕਰ ਕੇ ਮਾਰੇ ਜਾ ਰਹੇ ਹਨ। ਬੱਚੇ ਔਰਤਾਂ ਅਤੇ ਨਿਰਦੋਸ਼ ਲੋਕਾਂ ਪ੍ਰਤੀ ਵਿਸ਼ਵ ਵਿਚ ਸਾਰੇ ਦੇਸ਼ਾਂ ਵਲੋਂ ਮੂਕ ਦਰਸ਼ਕ ਬਣ ਤਮਾਸ਼ਾ ਵੇਖਣਾ ਇਨਸਾਨੀਅਤ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਲੋਕ-ਚਿੰਤਨ ਮੰਚ ਇਸ ਦੀ ਘੋਰ ਨਿੰਦਾ ਕਰਦਾ ਹੈ। ਅਮਰੀਕਾ ਅਤੇ ਨਾਟੋ ਦੇਸ਼ਾਂ ਦੀ ਚੌਧਰ ਇਸ ਵੇਲੇ ਸਿਖ਼ਰਾਂ 'ਤੇ ਹੈ, ਕੋਈ ਵੀ ਦੇਸ਼ ਇਸ ਅਨਿਆਂ ਬਾਰੇ ਮੂੰਹ ਨਹੀਂ ਖੋਲ੍ਹ ਰਿਹਾ। ਯੂਨਾਇਟਿਡ ਨੇਸ਼ਨ ਵੀ ਇਸ ਨੂੰ ਅੱਤਵਾਦ ਵਿਰੋਧੀ ਕਾਰਵਾਈ ਕਹਿ ਕੇ ਸ਼ਹਿ ਦੇ ਰਹੀ ਹੈ। ਸਕੂਲਾਂ ਅਤੇ ਹਸਪਤਾਲਾਂ ਵਿਚ ਅੱਤਵਾਦ ਦੇ ਬਹਾਲੇ ਫਿਲਸਤੀਨੀ ਨਸਲ-ਕੁਸ਼ੀ ਕੀਤੀ ਜਾ ਰਹੀ ਹੈ। ਅੱਤਵਾਦ ਦੇ ਨਾਲ-ਨਾਲ ਜਿਹੜੇ ਨਿਰਦੋਸ਼, ਔਰਤਾਂ, ਬੱਚੇ ਮਾਰੇ ਜਾ ਰਹੇ ਹਨਉਨ੍ਹਾਂ ਦੀ ਮੌਤ ਲਈ ਇਜ਼ਰਾਈਲ ਅਤੇ ਸਹਿਯੋਗੀ ਦੇਸ਼ਾਂ ਨੂੰ ਦੋਸ਼ੀ ਮੰਨ ਕੇ ਯੂਨਾਈਟਿਡ ਨੇਸ਼ਨਜ਼ ਵਲੋਂ ਕਾਰਵਾਈ ਕਰਨੀ ਚਾਹੀਦੀ ਹੈ। ਕਿ ਕੀ ਕੋਈ ਤਾਕਤਵਰ ਮੁਲਕ ਕਮਜ਼ੋਰ ਮੁਲਕਾਂ 'ਤੇ ਇੰਜ ਜ਼ੁਲਮ ਢਾਹੁਣ ਦਾ ਹੱਕ ਰੱਖਦਾ ਹੈ? ਮੰਚ ਵਲੋਂ ਦੁਨੀਆ ਦੇ ਇਨਸਾਫ਼ ਪਸੰਦ ਦੇਸ਼ਾਂ ਨੂੰ ਅਪੀਲ ਹੈ ਕਿ ਇਸ ਜ਼ੁਲਮ ਨੂੰ ਤੁਰੰਤ ਰੋਕਿਆ ਜਾਵੇ।

-ਜਗਤਾਰ ਸਿੰਘ
ਪ੍ਰਧਾਨ, ਲੋਕ ਚਿੰਤਨ ਮੰਚ, ਪੰਜਾਬ, ਸੰਗਰੂਰ।

ਕਾਲਜ ਦੀ ਵਧੀਕੀ

ਮੇਰੀ ਬੇਟੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਬੁੱਲੋਵਾਲ ਸੌਖੜੀ ਸਾਲ 2022-23 ਅਧੀਨ ਐਂਟਰੇਸ ਟੈਸਟ ਪਾਸ ਕਰਨ ਉਪਰਾਂਤ ਦਾਖ਼ਲਾ ਮਿਲਿਆ ਸੀ ਪਰ ਬੜੇ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇਕ ਸਾਲ ਦੀ ਪੜ੍ਹਾਈ ਕਰਨ ਉਪਰੰਤ ਓ.ਸੀ.ਪੀ./ਘੱਟ ਨੰਬਰ ਆਉਣ ਕਾਰਨ ਕਾਲਜ ਵਲੋਂ 'ਡਰਾਪ ਆਊਟ' ਕਰ ਦਿੱਤਾ ਗਿਆ। ਅਸੀਂ ਵਾਈਸ ਚਾਂਸਲਰ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਵੀ ਸਾਡੀ ਬੇਨਤੀ ਨਹੀਂ ਸੁਣੀ। ਇਹ ਵੀ ਦੱਸ ਦੇਣਾ ਕਿ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ 8-10 ਹੋਰ ਬੱਚਿਆਂ ਨੂੰ ਵੀ ਕੱਢ ਦਿੱਤਾ ਗਿਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਬਾਬਤ ਜਾਂਚ ਕਰੇ ਅਤੇ ਸਾਨੂੰ ਇਨਸਾਫ਼ ਦਿਵਾਏ।

-ਲੇਖ ਰਾਜ
ਪਿੰਡ-ਮਝੌਟ, ਤਹਿ. ਬਲਾਚੌਰ, ਜ਼ਿਲਾ-ਸ.ਭ.ਸ. ਨਗਰ।

 

15-11-2023

 ਗ਼ੈਰ ਕਾਨੂੰਨੀ ਪ੍ਰਵਾਸ

ਬੀਤੇ ਦਿਨੀਂ 'ਅਜੀਤ ਅਖ਼ਬਾਰ' ਵਿ ਚਲੱਗੀ ਖ਼ਬਰ ਪੜ੍ਹੀ ਕਿ ਅਮਰੀਕਾ 'ਚ ਇਕ ਸਾਲ 'ਚ 97000 ਭਾਰਤੀ ਫੜੇ ਗਏ, ਜੋ ਗ਼ੈਰ-ਕਾਨੂੰਨੀ ਦਾਖਲ ਹੋਣ ਦੀ ਕੋਸ਼ਿਸ ਕਰ ਰਹੇ ਸਨ। ਗ਼ੈਰ ਕਾਨੂੰਨੀ ਟ੍ਰੈਵਲ ਏਜੰਟ ਭਾਰਤੀਆਂ ਕੋਲੋਂ ਮੋਟੀ ਰਕਮਾਂ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਪਾਰ ਕਰਵਾਉਂਦੇ ਹਨ ਤੇ ਇਹ ਕਿ ਅਮਰੀਕਾ ਵਿਚ ਝੂਠ ਬੋਲ ਰਾਜਨੀਤਕ ਸ਼ਰਨ ਲੈਂਦੇ ਹਨ। ਇਸ ਤਰ੍ਹਾਂ ਗ਼ੈਰ-ਕਾਨੂੰਨੀ, ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆਂ ਹਨ।
ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ। ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੋੜ ਲੱਗ ਗਈ ਹੈ। ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ ਦੇਖੀ ਵਸਣਾ ਚਾਹੁੰਦਾ ਹੈ ਜਦੋਂ ਕਿ ਪ੍ਰਵਾਸੀ ਬਿਹਾਰ, ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ। ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ। ਜਿਸ ਮਾਂ-ਪਿਉ ਨੂੰ ਬੁਢਾਪੇ ਵਿਚ ਬੱਚਿਆਂ ਦੀ ਲੋੜ ਹੈ। ਇਕੱਲੇ-ਇਕੱਲੇ ਮਾਂ-ਪਿਉ ਰੁਲ ਰਹੇ ਹਨ। ਜੇ ਬਾਹਰ ਪ੍ਰਵਾਸ ਦਾ ਇਹ ਹਾਲ ਰਿਹਾ, ਪ੍ਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ। ਪ੍ਰਵਾਸੀਆਂ ਦਾ ਰਾਜ ਹੋਵੇਗਾ। ਸਰਕਾਰ ਨੂੰ ਟ੍ਰੈਵਲ ਏਜੰਟਾਂ ਤੇ ਸਖ਼ਤ ਕਾਨੂੰਨ ਬਣਾ ਕੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਤੇ ਪੈਸਾ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਤਬਾਹੀ ਦਾ ਮੰਜ਼ਰ

ਅੱਜ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦਾ ਗੁਆਂਢੀ ਦੇਸ਼ਾਂ ਨਾਲ ਕਿਸੇ ਨਾ ਕਿਸੇ ਮੁੱਦੇ ਕਾਰਨ ਆਪਸੀ ਟਕਰਾਅ ਚੱਲ ਰਿਹਾ ਹੈ।
ਕਈ ਦੇਸ਼ਾਂ ਦਾ ਟਕਰਾਅ ਬੰਬਾਰੀ ਤੱਕ ਪਹੁੰਚਿਆ ਹੋਇਆ ਹੈ ਜੋ ਤਬਾਹੀ ਦੇ ਮੰਜਰ ਨੂੰ ਜਨਮ ਦੇ ਰਿਹਾ ਹੈ। ਵੱਡੀਆਂ-ਵੱਡੀਆਂ ਇਮਾਰਤਾਂ ਢਹਿ-ਢੇਰੀ ਹੁੰਦੀਆਂ ਦਿਸ ਰਹੀਆਂ ਹਨ। ਆਮ ਜਨਤਾ ਜਿਸ ਦਾ ਕੋਈ ਕਸੂਰ ਨਹੀਂ ਹੈ। ਮਰ ਰਹੀ ਹੈ।
ਆਖਿਰ ਅਜਿਹੀ ਮਾਰਧਾੜ ਕੱਦ ਤੱਕ ਚੱਲਦੀ ਰਹੇਗੀ? ਮਨੁੱਖਤਾ ਦੇ ਖ਼ੂਨ ਦੀ ਹੋਲੀ ਕਦ ਤੱਕ ਖੇਡੀ ਜਾਂਦੀ ਰਹੇਗੀ? ਹਰ ਸਮੱਸਿਆ ਦਾ ਹੱਲ ਗੱਲਬਾਤ ਦੀ ਮੇਜ਼ 'ਤੇ ਬੈਠ ਕੇ ਕੱਢਿਆ ਜਾ ਸਕਦਾ ਹੈ। ਸਭ ਕੁਝ ਗੁਆ ਕੇ ਹੋਸ਼ ਆਈ ਨੂੰ ਹੋਸ਼ ਨਹੀਂ ਕਿਹਾ ਜਾ ਸਕਦਾ।
ਇਕ ਪਾਸੇ ਤਾਂ ਦੁਨੀਆ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਦੇਸ਼ਾਂ 'ਚ ਜਾਰੀ ਯੁੱਧ ਵਿਸ਼ਵ ਸ਼ਾਂਤੀ ਲਈ ਖ਼ਤਰਾ ਵਧਾ ਰਹੇ ਹਨ। ਉਪਰੋਕਤ ਵਿਸ਼ੇ ਮੈਂ ਦੋ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ। ਉਹ ਕਹਿ ਰਹੇ ਸੀ ਕਿ ਪਹਿਲਾਂ ਹੀ ਦੋ ਵਿਸ਼ਵ ਯੁੱਧਾਂ ਨੇ ਦੁਨੀਆ ਦਾ ਵੱਡਾ ਨੁਕਸਾਨ ਕੀਤਾ ਹੈ। ਉਹ ਅੱਗੇ ਕਹਿ ਰਹੇ ਸੀ ਕਿ ਹੁਣ ਤੀਜੇ ਵਿਸ਼ਵ ਯੁੱਧ ਦੀ ਵੀ ਆਹਟ ਸੁਣਾਈ ਦੇਣ ਲੱਗੀ ਹੈ। ਰੱਬ ਭਲੀ ਕਰੇ।

-ਬੰਤ ਸਿੰਘ ਘੁਡਾਣੀ,
ਲੁਧਿਆਣਾ।

14-11-2023

 ਇਜ਼ਰਾਈਲ-ਹਮਾਸ ਜੰਗ ਤੇ ਭਾਰਤ

ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਇਜ਼ਰਾਈਲ-ਹਮਾਸ ਜੰਗਬੰਦੀ ਅਤੇ ਗਾਜ਼ਾ ਪੱਟੀ 'ਚ ਮਾਨਵੀ ਸਹਾਇਤਾ ਪਹੁੰਚਾਉਣ ਲਈ ਲਿਆਂਦੇ ਮਤੇ 'ਤੇ ਵੋਟਿੰਗ ਮੌਕੇ ਭਾਰਤ ਵਲੋਂ ਗ਼ੈਰਹਾਜ਼ਰ ਰਹਿਣ ਦੀ ਕਾਰਵਾਈ ਮੋਦੀ ਸਰਕਾਰ ਵਲੋਂ ਭਾਰਤ ਦੇ ਲੋਕਾਂ ਨੂੰ ਕੌਮਾਂਤਰੀ ਪੱਧਰ ਤੇ ਸ਼ਰਮਸਾਰ ਕਰਨ ਵਾਲੀ ਹੈ ਜਿਸ ਦਾ ਦੇਸ਼ ਵਿਦੇਸ਼ ਵਿਚ ਸਖ਼ਤ ਵਿਰੋਧ ਹੋਇਆ ਹੈ। ਵਿਸ਼ਵ ਗੁਰੂ ਬਣਨ ਦੀਆਂ ਡੀਂਗਾਂ ਮਾਰਨ ਵਾਲੀ ਮੋਦੀ ਸਰਕਾਰ ਦੀ ਅਜਿਹੀ ਗ਼ੈਰ ਮਨੁੱਖੀ ਅਤੇ ਫਾਸ਼ੀਵਾਦੀ ਨੀਤੀ ਕਈ ਦਹਾਕਿਆਂ ਪੁਰਾਣੀ ਗੁੱਟ ਨਿਰਲੇਪ ਨੀਤੀ ਦੇ ਬਿਲਕੁਲ ਉਲਟ ਹੈ। ਜਾਹਿਰ ਹੈ ਕਿ ਭਾਰਤ ਸਰਕਾਰ ਵਲੋਂ ਫ਼ਿਲਸਤੀਨੀ ਲੋਕਾਂ ਨੂੰ ਬੁਨਿਆਦੀ ਵਸਤਾਂ ਦੀ ਮਦਦ ਭੇਜਣੀ ਮੋਦੀ ਸਰਕਾਰ ਦਾ ਮਹਿਜ ਇਕ ਛਲਾਵਾ ਅਤੇ ਦੋਗਲੀ ਰਾਜਨੀਤੀ ਸੀ। ਇਜ਼ਰਾਈਲ ਵਲੋਂ ਪਿਛਲੇ ਤਿੰਨ ਹਫ਼ਤਿਆਂ ਤੋਂ ਫਿਲਸਤੀਨ ਦੇ ਲੱਖਾਂ ਬੇਗੁਨਾਹ ਅਤੇ ਨਿਹੱਥੇ ਲੋਕਾਂ, ਹਸਪਤਾਲਾਂ ਅਤੇ ਰਿਹਾਇਸ਼ੀ ਇਲਾਕਿਆਂ ਉਤੇ ਅੰਨ੍ਹੇਵਾਹ ਬੰਬਾਰੀ ਕਰ ਕੇ ਦਸ ਹਜ਼ਾਰ ਤੋਂ ਵੱਧ ਬੱਚਿਆਂ, ਔਰਤਾਂ, ਮਰੀਜ਼ਾਂ ਅਤੇ ਬਜ਼ੁਰਗਾਂ ਦੀ ਹੱਤਿਆ ਕੀਤੀ ਗਈ ਹੈ ਅਤੇ ਲੱਖਾਂ ਲੋਕ ਭੋਜਨ, ਪਾਣੀ, ਦਵਾਈਆਂ ਅਤੇ ਬਿਜਲੀ ਨੂੰ ਤਰਸ ਰਹੇ ਹਨ। ਇਜ਼ਰਾਈਲ ਵਲੋਂ ਫਿਲਸਤੀਨ ਦੇ ਲੱਖਾਂ ਲੋਕਾਂ ਅਤੇ ਉਨ੍ਹਾਂ ਦੇ ਜੱਦੀ ਇਲਾਕਿਆਂ 'ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਗੁਲਾਮ ਬਣਾ ਕੇ ਰੱਖਿਆ ਗਿਆ ਹੈ ਜਦਕਿ ਫਿਲਸਤੀਨ ਦੇ ਲੋਕ ਆਪਣੀ ਜ਼ਮੀਨ ਅਤੇ ਆਪਣੀ ਜਮਹੂਰੀ ਆਜ਼ਾਦੀ ਦੇ ਹੱਕ ਦੀ ਲੜਾਈ ਲੜ ਰਹੇ ਹਨ। ਇਸ ਲਈ ਸੰਯੁਕਤ ਰਾਸ਼ਟਰ ਵਿਚ 120 ਦੇਸ਼ਾਂ ਵਲੋਂ ਪਾਸ ਕੀਤੇ ਮਤੇ ਅਨੁਸਾਰ ਇਹ ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ ਜਦਕਿ ਇਜ਼ਰਾਈਲ ਸਰਕਾਰ ਜੰਗਬੰਦੀ ਕਰਨ ਤੋਂ ਸਪੱਸ਼ਟ ਇਨਕਾਰ ਕਰ ਰਹੀ ਹੈ।

-ਸੁਮੀਤ ਸਿੰਘ
ਅੰਮ੍ਰਿਤਸਰ।

ਵਧੀਆ ਲੇਖ

ਅੰਤਰ-ਰਾਸ਼ਟਰੀ ਬਾਲੜੀ ਦਿਵਸ 'ਤੇ 'ਅਜੀਤ' ਦੇ 11 ਅਕਤੂਬਰ ਦੇ ਅੰਕ ਵਿਚ ਸ੍ਰੀ ਲਲਿਤ ਗੁਪਤਾ ਦੁਆਰਾ ਲਿਖਿਆ ਲੇਖ ਸਭਨਾਂ ਲਈ ਇਕ ਜ਼ਰੂਰੀ ਸੁਨੇਹਾ ਹੈ। ਬੱਚੀਆਂ ਸਾਡੇ ਸਭਿਅਕ ਸਮਾਜ ਦਾ ਹਿੱਸਾ ਹਨ ਅਤੇ ਸਾਨੂੰ ਸਾਡੇ ਸਮਾਜ ਵਿਚ ਵਿਚਰਣ ਵਾਲੀਆਂ ਸਭ ਬੱਚੀਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਬੱਚੀਆਂ, ਜੋ ਕਿ ਭਵਿੱਖ ਦੀਆਂ ਮਾਤਾਵਾਂ ਹਨ, ਉਨ੍ਹਾਂ ਪ੍ਰਤੀ ਅਸੀਂ ਇਸ ਪ੍ਰਕਾਰ ਦਾ ਸਭਿਅਕ ਅਤੇ ਨੈਤਿਕ ਵਿਵਹਾਰ ਕਰਨਾ ਹੈ ਜਿਸ ਨਾਲ ਬੱਚੀਆਂ ਆਪਣੇ ਆਪ ਨੂੰ ਸਮਾਜ ਵਿਚ ਸੁਰੱਖਿਅਤ ਮਹਿਸੂਸ ਕਰ ਸਕਣ। ਜਿਵੇਂ ਕਿ ਇਸ ਵਾਰ 2023 ਦੇ ਅੰਤਰਰਾਸ਼ਟਰੀ ਬਾਲੜੀ ਦਿਵਸ ਦਾ ਨਾਅਰਾ ਹੈ 'ਡਿਜ਼ੀਟਲ ਜਨਰੇਸ਼ਨ, ਸਾਡੀ ਪੀੜ੍ਹੀ'। ਇਸ ਗ਼ਲ ਵਿਚ ਕੋਈ ਸ਼ੱਕ ਨਹੀਂ ਕਿ ਡਿਜ਼ੀਟਲ ਉਪਕਰਨਾਂ ਨਾਲ ਜੀਵਨ ਸੌਖਾ ਹੋਇਆ ਹੈ। ਸਭ ਪ੍ਰਕਾਰ ਦੀਆਂ ਡਿਜੀਟਲ ਪ੍ਰਣਾਲੀਆਂ ਸਾਡੀਆਂ ਬੱਚੀਆਂ, ਲੜਕੀਆਂ ਅਤੇ ਔਰਤਾਂ ਦੇ ਅਨੂਕੂਲ ਹਨ। ਉਨ੍ਹਾਂ ਨੇ ਡਿਜ਼ਿਟਲ ਪ੍ਰਣਾਲੀਆਂ ਨੂੰ ਬਾਖ਼ੂਬੀ ਅਪਣਾਇਆ ਹੈ। ਇਨ੍ਹਾਂ ਢੰਗ-ਤਰੀਕਿਆਂ ਨੂੰ ਵਰਤ ਕੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਵਧਿਆ ਹੈ, ਭੈਅ ਦੀ ਭਾਵਨਾ ਖ਼ਤਮ ਹੋਈ ਹੈ ਅਤੇ ਉਹ ਬਹੁਤ ਸਨਮਾਨ-ਪੂਰਬਕ ਜੀਵਨ ਜਿਉਣ ਦੇ ਕਾਬਿਲ ਬਣ ਗਈਆਂ ਹਨ। ਡਿਜੀਟਲ ਪ੍ਰਣਾਲੀਆਂ ਇੱਕ ਤਰ੍ਹਾਂ ਨਾਲ ਉਨ੍ਹਾਂ ਦੀਆਂ ਸਹੇਲੀਆਂ ਹੀ ਹਨ। ਇਨ੍ਹਾਂ ਡਿਜ਼ਿਟਲ ਪ੍ਰਣਾਲੀਆਂ ਸਦਕਾ ਹੁਣ ਮਰਦ ਪ੍ਰਧਾਨ ਸਮਾਜ ਉਨ੍ਹਾਂ ਉੱਪਰ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ। ਇਹ ਡਿਜ਼ੀਟਲ ਪ੍ਰਣਾਲੀਆਂ ਸਾਡੀਆਂ ਬੱਚੀਆਂ, ਲੜਕੀਆਂ ਅਤੇ ਔਰਤਾਂ ਨੂੰ ਸੁਤੰਤਰਤਾ ਦਾ ਅਹਿਸਾਸ ਕਰਵਾਉਂਦੀਆਂ ਹਨ।

-ਦਵਿੰਦਰ ਸਿੰਘ
ਪਿੰਡ ਅਕਬਰਪੁਰਾ, ਤਹਿ: ਅਹਿਮਦਗੜ੍ਹ, (ਮਲੇਰਕੋਟਲਾ)

10-11-2023

 ਪੰਜਾਬੀ ਪੂਰੀ ਤਰ੍ਹਾਂ ਲਾਗੂ ਕਰੋ

ਸਾਨੂੰ ਬਹੁਤ ਜ਼ਿਆਧਾ ਫਖ਼ਰ ਅਤੇ ਮਾਣ ਹੈ ਕਿ ਅਸੀਂ ਪੰਜਾਬੀ ਹਾਂ, ਸਾਡੀ ਮਾਂ ਬੋਲੀ ਪੰਜਾਬੀ ਹੈ। ਪੰਜਾਬ ਦੇ ਵਾਸੀ ਹਾਂ। ਪਰ ਜੋ ਇਸ ਵਕਤ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਸੋਚਣ ਵਾਲੀ ਅਤੇ ਮੰਦਭਾਗੀ ਗੱਲ ਹੈ। ਪਿਛਲੀ ਵਾਰ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਕਲਾਸ ਦਾ ਨਤੀਜਾ ਆਇਆ ਹੈ। ਉਸ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਸਭ ਤੋਂ ਘੱਟ ਨੰਬਰ ਪ੍ਰਤੀਸ਼ਤ ਪਾਸ ਪੰਜਾਬੀ ਵਿਸ਼ਾ ਰਿਹਾ ਹੈ। ਫੇਲ੍ਹ ਹੋਣ ਵਾਲੇ ਵੀ ਜ਼ਿਆਦਾ ਪੰਜਾਬੀ ਵਿਸ਼ੇ ਵਿਚੋਂ ਹੀ ਹਨ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਸਾਡੇ ਬੱਚੇ ਅਤੇ ਮਾਪੇ ਕਿਉਂ ਪੰਜਾਬੀ ਮਾਂ ਬੋਲੀ ਤੋਂ ਪਾਸਾ ਵੱਟ ਰਹੇ ਹਨ। ਬਹੁਤ ਜ਼ਿਆਦਾ ਸਾਹਿਤਕ ਸਭਾਵਾਂ ਅਤੇ ਹੋਰ ਬਹੁਤ ਜਥੇਬੰਦੀਆਂ ਪੰਜਾਬੀ ਮਾਂ ਬੋਲੀ ਨੂੰ ਹੋਰ ਵਧ ਪ੍ਰਫੁਲਿਤ ਕਰਨ ਵਿਚ ਲੱਗੀਆਂ ਹੋਈਆਂ ਹਨ। ਇਸ ਦੇ ਬਾਵਜੂਦ ਵੀ ਪੰਜਾਬੀ ਮਾਂ ਬੋਲੀ ਵਿਸ਼ੇ ਦੀ ਇਹ ਹਾਲਤ ਹੈ। ਪੰਜਾਬ ਸਰਕਾਰ ਨੇ ਹੁਕਮ ਕੀਤਾ ਸੀ ਕਿ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਅਦਾਰੇ, ਹੋਟਲ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਾਜ਼ਮੀ ਲਿਖੇ ਹੋਣੇ ਜ਼ਰੂਰੀ ਹਨ। ਕਈ ਵਾਰ ਸਰਕਾਰ ਨੇ ਸਮਾਂ ਵੀ ਦਿੱਤਾ ਕਿ ਇਸ ਤਰੀਕ ਤੱਕ ਹੋ ਜਾਣੇ ਚਾਹੀਦੇ ਹਨ। ਪਰ ਇਸ ਦੇ ਬਾਵਜੂਦ ਵੀ ਕਈ ਲੋਕਾਂ 'ਤੇ ਇਸ ਹੁਕਮ ਦਾ ਅਸਰ ਨਹੀਂ ਹੋਇਆ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਆਪਣੀ ਮਾਂ ਬੋਲੀ ਪੰਜਾਬ ਨੂੰ ਪ੍ਰਫੁਲਿਤ ਕਰਨ ਲਈ ਪੂਰਾ ਧਿਆਨ ਦੇਵੇ। ਲੋਕਾਂ ਨੂੰ ਪਿਆਰ ਨਾਲ ਅਤੇ ਜੋ ਪਿਆਰ ਦੀ ਭਾਸਾ ਨਹੀਂ ਸਮਝਦੇ ਉਨ੍ਹਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ। ਜੋ ਸਰਕਾਰ ਦਾ ਹੁਕਮ ਨਾ ਮੰਨਦੇ ਹੋਏ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕਰਦੇ ਹਨ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਚੰਗਾ ਨਸ਼ਾ, ਮਾੜਾ ਨਸ਼ਾ

ਨਸ਼ਾ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ। ਆਜ਼ਾਦੀ ਤੋਂ ਬਾਅਦ ਅਫ਼ੀਮ ਤੇ ਪੋਸਤ ਨੇ ਬਹੁਤ ਲੋਕਾਂ ਦੀਆਂ ਜ਼ਮੀਨਾਂ ਵਿਕਾ ਦਿੱਤੀਆਂ ਸੀ ਬੜੇ ਘਰ ਪੱਟ ਦਿੱਤੇ ਸੀ। ਬਹੁਤ ਸਾਰੇ ਅਮਲੀ ਛੜੇ ਹੀ ਰਹਿ ਗਏ ਸੀ ਤਾਂ ਹੀ ਸਰਕਾਰ ਨੂੰ ਅਫ਼ੀਮ ਸੰਬੰਧੀ ਕਾਨੂੰਨ ਰੱਦ ਕਰ ਕੇ ਨਵਾਂ ਕਾਨੂੰਨ ਬਣਾਉਣਾ ਪਿਆ ਸੀ। ਪੰਜਾਬੀ ਜੁਗਤਾਂ ਕਰਨ 'ਚ ਮਾਹਰ ਹੁੰਦੇ ਨੇ। ਨਸ਼ੇ ਨੂੰ ਮਾੜਾ, ਅੱਤ ਮਾੜਾ ਭਾਗਾ ਵਿਚ ਆਪਣੀ ਸਮਝ ਮੁਤਾਬਿਕ ਵੰਡ ਲਿਆ ਸੀ। ਅਸੀਂ ਅੱਤ ਮਾੜੇ ਵਿਚੋਂ ਮਾੜੇ ਚੁਣ ਰਹੇ ਹਾਂ। ਨਸ਼ੇ ਦਾ ਹੱਲ ਅਫ਼ੀਮ ਦੀ ਖੇਤੀ ਨਹੀਂ ਹੈ। ਜੇ ਖੇਤੀ ਸ਼ੁਰੂ ਹੋ ਗਈ ਉਸ ਦਾ ਅੰਜਾਮ ਕੀ ਹੋਊ। ਇਹ ਕੋਈ ਨਹੀਂ ਸੋਚਦਾ। ਚਿੱਟਾ (ਹੀਰੋਇਨ) ਵੀ ਤਾਂ ਅਫ਼ੀਮ ਵਿਚੋਂ ਤਿਆਰ ਹੁੰਦਾ ਹੈ, ਪੰਜਾਬੀ ਕੋਈ ਨਵੀਂ ਜੁਗਤ ਲਾ ਲੈਣਗੇ। ਉਦਾਹਰਨ ਸਾਡੇ ਕੋਲ ਸ਼ਰਾਬ ਦੀ ਹੈ। ਬਹੁਤ ਸਾਰੇ ਲੋਕ ਦੇਸੀ ਸ਼ਰਾਬ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਔਲੇ ਹਰਡ, ਬਹੇੜੇ ਜਿਹੀਆਂ ਜੜੀ ਬੂਟੀਆਂ ਪਾ ਕੇ ਤਿਆਰ ਕੀਤੀ ਸ਼ਰਾਬ ਨੂੰ ਚੰਗੀ ਸ਼ਰਾਬ ਦੀ ਪਰਿਭਾਸ਼ਾ 'ਚ ਲਿਆ ਦਿੱਤਾ। ਪਰ ਵੇਚਣ ਵਾਲੇ ਪੋਲੀਥੀਨ ਤੇ ਰਬੜ ਦੀਆਂ ਚੱਪਲਾਂ ਤੇ ਕਲੀ ਨਾਲ ਵੀ ਸ਼ਰਾਬ ਤਿਆਰ ਕਰ ਕੇ ਪਿਅਕੜਾਂ ਦੀ ਸਿਹਤ ਦਾ ਨੁਕਸਾਨ ਕਰ ਰਹੇ ਹਨ। ਨਸ਼ਾ ਭਾਵੇਂ ਸ਼ਰਾਬ, ਭੁੱਕੀ, ਭੰਗ ਜਾਂ ਕੋਈ ਹੋਰ ਹੋਵੇ ਮਾੜਾ ਹੀ ਹੁੰਦਾ ਹੈ, ਸਮਾਜ ਵਿਚ ਅਪਰਾਧਿਕ ਮਾਨਸਿਕਤਾ ਨਸ਼ਾ ਹੀ ਪੈਦਾ ਕਰਦਾ ਹੈ ਪਰ ਸਾਡੀ ਜੁਗਤ ਦੇਖੋ ਨਸ਼ੇ ਦੀ ਇਕ ਸ਼੍ਰੇਣੀ ਚੰਗਾ ਨਸ਼ਾ ਕਹਿਣ ਵਾਲਿਆਂ ਦੀ ਵੀ ਪੈਦਾ ਹੋ ਗਈ ਹੈ। ਚਿੱਟੇ ਵਾਲਾ ਚਿੱਟੇ ਨੂੰ ਅਫ਼ੀਮ ਦੀ ਮਾਂ ਕਹਿ ਕੇ ਵਡਿਆਉਂਦਾ ਹੈ, ਅਫ਼ੀਮ-ਭੱਕੀ ਖਾਣ ਵਾਲਾ ਇਨ੍ਹਾਂ ਨੂੰ ਮਾੜਾ ਨਹੀਂ ਕਹਿੰਦਾ ਸਗੋਂ ਫਾਇਦੇ ਗਿਣਾਉਣ ਲੱਗ ਜਾਂਦਾ ਹੈ. ਸ਼ਰਾਬ ਪੀਣ ਵਾਲਾ ਸ਼ਰਾਬ ਦੀ ਵਡਿਆਈ ਕਰਦਾ ਨਹੀਂ ਥੱਕਦਾ। ਅਸੀਂ ਤਾਂ ਗੀਤ-ਸੰਗੀਤ ਤੋਂ ਵੀ ਨਸ਼ੇ ਵਾਲੇ ਗੀਤਾਂ ਨਾਲ ਮਨੋਰੰਜਨ ਕਰਨ ਲੱਗ ਪਏ। ਜਦੋਂ ਨਸ਼ੇ ਦੀਆਂ ਸਿਫ਼ਤਾਂ ਹੋਣ ਲੱਗ ਪੈਣ 'ਤੇ ਨਸ਼ੇ ਨੂੰ ਸੱਭਿਆਚਾਰ ਵਿਚ ਸ਼ਾਮਿਲ ਕਰ ਲਿਆ ਜਾਵੇ ਤਾਂ ਫਿਰ ਨਤੀਜਾ ਉਹੀ ਹੋਣਾ ਹੁੰਦਾ, ਜੋ ਅੱਜ ਅਸੀਂ ਭੁਗਤ ਰਹੇ ਹਾਂ।

-ਸਤਪਾਲ ਸਿੰਘ ਦਿਉਲ,
ਐਡਵੋਕੇਟ

ਖ਼ੁਦ ਲਈ ਸਮਾਂ ਕੱਢੋ

ਵਰਤਮਾਨ ਸਮੇਂ ਅੰਦਰ ਮਨੁੱਖੀ ਜੀਵਨ ਵਿਚ ਰੁਝੇਵਿਆਂ ਭਰੀ ਜ਼ਿੰਦਗੀ ਅੰਦਰ ਮਨੁੱਖ ਆਪਣੇ ਆਪ ਨੂੰ ਸਮਾਂ ਨਹੀਂ ਦੇ ਰਿਹਾ। ਹਰ ਇਨਸਾਨ ਦੁਨਿਆਵੀ ਕੰਮ-ਕਾਜ 'ਚ ਸਮਾਂ ਗੁਜਾਰ ਕੇ ਆਪਣੇ ਲਈ ਕੀਮਤੀ ਸਮੇਂ ਦੀ ਕਦਰ ਭੁੱਲ ਜਾਂਦਾ ਹੈ। ਮਨੁੱਖ ਅੰਦ ਬਿਮਾਰੀਆਂ ਦੀ ਭਰਮਾਰ 'ਤੇ ਵਧ ਰਿਹਾ ਮਾਨਸਿਕ ਤਣਾਅ, ਆਪਣੇ ਆਪ ਨੂੰ ਸਮਾਂ ਨਾ ਦੇਣ ਦੀ ਹੀ ਉਪਜ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਤੰਦਰੁਸਤ ਤੇ ਅਰੋਗ ਹੋਵੇ ਤਾਂ ਸਾਨੂੰ ਆਪਣੇ ਲਈ ਸਮਾਂ ਦੇਣਾ ਪਵੇਗਾ। ਸਵੇਰ ਦੀ ਕਸਰਤ ਤੇ ਸਾਦਾ ਭੋਜਨ ਸਾਡੀ ਰੋਜ਼ਾਨਾ ਜੀਵਨ ਦੀ ਦੌੜ ਨੇ ਅੱਖੋਂ-ਪਰੋਖੇ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਬਾਹਰੀ ਭੋਜਨ ਅਤੇ ਅਰਾਮ ਦੀ ਲਤ ਨੇ ਮਨੁੱਖ ਦੀ ਉਮਰ ਨੂੰ ਜਿੱਥੇ ਘਟਾਇਆ ਹੈ ਉੱਥੇ ਹੀ ਬਿਮਾਰੀਆਂ ਨਾਲ ਭਰ ਦਿੱਤਾ ਹੈ। ਆਉ, ਆਪਣੇ ਆਪ ਲਈ ਸੋਚੀਏ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿਤੇ ਸਾਨੂੰ ਜੰਕ ਫੂਡ ਨੂੰ ਨਜ਼ਰ-ਅੰਦਾਜ਼ ਕਰਨਾ ਪਵੇਗਾ ਉੱਥੇ ਹੀ ਰੋਜ਼ਾਨਾ ਕਸਰਤ ਲਈ ਸਮਾਂ ਕੱਢ ਕੇ ਆਪਣੇ ਆਪ ਦੀ ਸੁਰੱਖਿਆ ਯਕੀਨੀ ਬਣਾਈਏ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਾਲੇਰਕੋਟਲਾ)

09-11-2023

 ਟੁੱਟ ਰਹੇ ਪਰਿਵਾਰਕ ਰਿਸ਼ਤੇ

ਸਾਡੇ ਸਮਾਜ ਵਿਚ ਅੱਜ-ਕੱਲ ਪਰਿਵਾਰਿਕ ਰਿਸ਼ਤਿਆ ਵਿਚ ਤਰੇੜਾਂ ਬਹੁਤ ਪੈ ਰਹੀਆਂ ਹਨ। ਚਾਹੇ ਰਿਸ਼ਤਾ ਉਹ ਬੱਚਿਆਂ, ਮਾਤਾ-ਪਿਤਾ ਜਾਂ ਭੈਣ-ਭਰਾ ਆਦਿ ਤੋਂ ਇਲਾਵਾ ਜ਼ਿੰਦਗੀ ਭਰ ਦਾ ਮੰਨਿਆ ਜਾਣ ਵਾਲਾ ਪਤੀ-ਪਤਨੀ ਦਾ ਰਿਸ਼ਤਾ ਹੋਵੇ ਇਨ੍ਹਾਂ ਸਾਰਿਆਂ ਰਿਸ਼ਤਿਆਂ ਵਿਚ ਪਹਿਲਾਂ ਵਾਲਾ ਪਿਆਰ ਹੁਣ ਨਜ਼ਰ ਨਹੀਂ ਆਉਂਦਾ, ਅੱਜ-ਕੱਲ ਦੇ ਤੇਜ਼-ਤਰਾਰ ਅਤੇ 21ਵੀਂ ਸਦੀ ਦੇ ਸਾਇੰਸ ਵਾਲੇ ਯੁੱਗ 'ਚ ਰਿਸ਼ਤੇ ਨਿਭਾਉਣ ਦਾ ਕਿਸੇ ਕੋਲ ਵਕਤ ਹੀ ਨਹੀਂ।
ਸਮਾਜ ਵਿਚ ਕਈ ਨੌਜਵਾਨਾਂ ਨੇ ਆਪਣੇ ਬੁਢਾਪੇ ਵਿਚ ਪਹੁੰਚੇ ਬਜ਼ੁਰਗ ਮਾਪਿਆਂ ਦੀ ਸਾਰ ਲੈਣੀ ਹੀ ਛੱਡ ਦਿੱਤੀ ਹੈ। ਇਸ ਗੱਲ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਦੀ ਦਲਦਲ ਅਤੇ ਬੁਰੀ ਸੰਗਤ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ, ਪੱਛਮੀ ਸੱਭਿਆਚਾਰ ਦਾ ਪ੍ਰਭਾਵ, ਜ਼ਮੀਨ-ਜਾਇਦਾਦ ਕਾਰਨ ਰਿਸ਼ਤਿਆਂ 'ਚ ਗਿਰਾਵਟ, ਆਪਸੀ ਵਿਸ਼ਵਾਸ ਦੇ ਘਟਣ ਤੋਂ ਇਲਾਵਾ ਵਿਆਹੇ ਹੋਏ ਬਹੁਤੇ ਨੌਜਵਾਨਾਂ ਦੀਆਂ ਪਤਨੀਆਂ ਵੱਲੋਂ ਆਪਣੇ ਸੱਸ-ਸਹੁਰੇ ਤੋਂ ਨੱਕ-ਬੁੱਝ ਵੱਟਦੇ ਹੋਏ ਪਤੀ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਮਾਂ-ਬਾਪ, ਭੈਣ-ਭਰਾਵਾਂ ਅਤੇ ਪੂਰੇ ਪਰਿਵਾਰ ਤੋਂ ਅਲੱਗ ਹੀ ਰਹਿਣਗੇ ਤਾਂ ਜੋ ਲੜਕੇ ਦੇ ਬਜ਼ੁਰਗ ਮਾਪਿਆਂ ਦੀ ਸੇਵਾ ਨਾ ਕਰਨੀ ਪਵੇ। ਪੰਜਾਬ ਵਿਚ ਵੀ ਹੁਣ ਤਲਾਕ ਲੈਣ ਦਾ ਰੁਝਾਨ ਵਧ ਰਿਹਾ ਹੈ।
ਅੱਜ ਕੱਲ ਹਰੇਕ ਇਨਸਾਨ ਦੇ ਰੁਝੇਵਿਆਂ ਵਿਚ ਰੁੱਝੇਹੋਣ ਕਾਰਨ ਵੀ ਰਿਸ਼ਤਿਆਂ ਵਿਚ ਫ਼ਰਕ ਪੈ ਰਿਹਾ ਹੈ। ਇਸ ਵਿਚ ਮੋਬਾਈਲ ਫ਼ੋਨ ਵੀ ਇਕ ਵੱਡਾ ਕਾਰਨ ਹੈ ਜੋ ਰਿਸ਼ਤਿਆਂ ਵਿਚ ਪਾੜੇ ਨੂੰ ਵਧਾ ਰਿਹਾ ਹੈ। ਕੁੜੀਆਂ ਨੂੰ ਮਾਂ-ਬਾਪ ਦੀ ਜੱਦੀ ਜਾਇਦਾਦ ਵਿਚੋਂ ਵੀ ਹਿੱਸਾ ਮਿਲਣ ਦੇ ਅਧਿਕਾਰਾਂ ਵਾਲੇ ਫ਼ੈਸਲੇ ਨਾਲ ਕਈ ਕੇਸਾਂ ਵਿਚ ਭੈਣ ਵਲੋਂ ਆਪਣਾ ਹਿੱਸਾ ਲੈਣ ਕਾਰਨ ਵੀ ਭਰਾ-ਭੈਣ ਦੇ ਰਿਸ਼ਤੇ ਵਿਚ ਖਟਾਸ ਪੈਦਾ ਹੋਈ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮਾਂ-ਬਾਪ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢਕੇ ਉਨ੍ਹਾਂ ਨਾਲ ਗੱਲਬਾਤ ਕਰਨ ਤਾਂ ਜੋ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ, ਜਿਸ ਨਾਲ ਆਪਸੀ ਰਿਸ਼ਤਿਆਂ ਵਿਚ ਹੋਰ ਨੇੜਤਾ ਅਤੇ ਗੂੜ੍ਹਤਾ ਵਿਚ ਹੋਰ ਵਾਧਾ ਹੋ ਸਕੇ।

-ਇੰਜੀ. ਲਖਵਿੰਦਰ ਪਾਲ ਗਰਗ।
ਪਿੰਡ-ਡਾਕ. ਘਰਾਚੋਂ, (ਸੰਗਰੂਰ)

ਪਰਾਲੀ ਨਾ ਸਾੜੋ

ਪੰਜਾਬ ਵਿਚ ਪਰਾਲੀ ਸਾੜਨ ਦੀਆਂ ਲਗਾਤਾਰ ਵਧੀਆਂ ਘਟਨਾਵਾਂ ਦਾ ਦਿੱਲੀ ਤੱਕ ਅਸਰ ਹੋਇਆ ਹੈ। ਪਰਾਲੀ ਸਾੜਨ ਨਾਲ ਸਾਹ, ਦਮੇ ਦੇ ਮਰੀਜ਼ ਪ੍ਰਭਾਵਿਤ ਹੁੰਦੇ ਹਨ, ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਮਨੁੱਖ ਸ਼ਿਕਾਰ ਹੁੰਦਾ ਹੈ। ਇਹ ਮਨੁੱਖ ਜਾਣਦਾ ਵੀ ਹੈ। ਸਰਕਾਰ ਦੇ ਪਰਾਲੀ ਨੂੰ ਨਾ ਸਾੜਨ ਦੇ ਯਤਨ ਨਾਕਾਮ ਰਹੇ ਹਨ। ਪਰਾਲੀ ਸਾੜਨ ਨਾਲ ਜ਼ਮੀਨ ਤੇ ਤੱਤ ਵੀ ਖ਼ਤਮ ਹੋ ਜਾਂਦੇ ਹਨ। ਇਕ ਪਾਸੇ ਪਰਾਲੀ ਦੇ ਸਾੜਨ ਦੇ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਪੰਜਾਬ ਸਰਕਾਰ 550 ਕਰੋੜ ਦੀ ਲਾਗਤ ਨਾਲ ਸੂਬੇ 'ਚ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਕਰ ਰਹੀ ਹੈ। ਭਾਰਤ ਸਰਕਾਰ ਦੀ ਸਫ਼ਾਈ ਮੁਹਿੰਮ ਵੀ ਨਾਗਰਿਕਾਂ ਦੀ ਸਿਹਤ ਨਾਲ ਜੁੜੀ ਹੈ। ਤੰਦਰੁਸਤ ਸਮਾਜ ਹੀ ਤੇਜ਼ੀ ਨਾਲ ਪ੍ਰਫੁੱਲਿਤ ਹੁੰਦਾ ਹੈ। ਕੋਰੋਨਾ ਵਾਇਰਸ ਨੇ ਮਨੁੱਖ ਨੂੰ ਜੀਉਣ ਦੀ ਜਾਚ ਸਿਖਾ ਦਿੱਤੀ ਸੀ। ਹੁਣ ਵਿਗਿਆਨੀਆਂ ਨੇ ਨਵੇਂ ਹੋਰ ਵਾਇਰਸ ਤੋਂ ਬਚਣ ਲਈ ਸੂਚਿਤ ਕੀਤਾ ਹੈ। ਅਜਿਹੇ ਹਾਲਾਤਾਂ ਵਿਚ ਸਾਡਾ ਆਲਾ-ਦੁਆਲਾ ਸਾਫ਼ ਸਫ਼ਾਈ ਹੀ ਬਿਮਾਰੀਆਂ ਤੋਂ ਲੜਨ ਤੋਂ ਬਚਾ ਸਕਦੀ ਹੈ। ਸਰਕਾਰ ਨੂੰ ਮਾਹਰਾਂ, ਮੌਸਮ ਵਿਗਿਆਨੀਆਂ ਤੇ ਕਿਸਾਨਾਂ ਨੂੰ ਨਾਲ ਲੈ ਪਰਾਲੀ ਦਾ ਤੋੜ ਲੱਭਣਾ ਚਾਹੀਦਾ ਹੈ ਤਾਂ ਜੋ ਜਾਨਲੇਵਾ ਬਿਮਾਰੀਆਂ ਤੋਂ ਬਚਿਆ ਜਾ ਸਕੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ ਪੁਲਿਸ।

ਆਓ ਮਿਲ ਕੇ ਨਸ਼ੇ ਨੂੰ ਖ਼ਤਮ ਕਰੀਏ

ਜੇਕਰ ਸਾਰੇ ਲੋਕ ਅਤੇ ਸਰਕਾਰ ਇਕ ਦੂਜੇ ਦਾ ਸਾਥ ਦੇਣ ਫਿਰ ਕੋਈ ਵੀ ਕੰਮ ਨਹੀਂ ਹੈ, ਜੋ ਹੋ ਨਾ ਸਕਦਾ ਹੋਵੇ। ਜੇਕਰ ਅਸੀਂ ਗੱਲ ਕਰੀਏ ਤਾਂ ਕਈ ਖ਼ਤਰਨਾਕ ਬਿਮਾਰੀਆਂ ਨੂੰ ਵੀ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਖ਼ਤਮ ਕੀਤਾ ਹੈ, ਜਿਨ੍ਹਾਂ ਵਿਚ ਪੋਲੀਓ, ਟੀ.ਬੀ. ਅਤੇ ਹੋਰ ਕਾਫ਼ੀ ਬਿਮਾਰੀਆਂ ਸਨ। ਇਸ ਤਰ੍ਹਾਂ ਹੀ ਜੇਕਰ ਨਸ਼ੇ ਦੀ ਖ਼ਤਰਨਾਕ ਬਿਮਾਰੀ ਨੂੰ ਖ਼ਤਮ ਕਰਨਾ ਹੈ, ਤਾਂ ਸਰਕਾਰ ਲੋਕਾਂ ਦਾ ਅਤੇ ਲੋਕ ਸਰਕਾਰ ਦਾ ਪੂਰਾ-ਪੂਰਾ ਸਾਥ ਦੇਣ ਫਿਰ ਕੋਈ ਵੱਡੀ ਗੱਲ ਨਹੀਂ ਹੈ, ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨਾ। ਜਦੋਂ ਤੱਕ ਸੱਚੇ ਦਿਲੋਂ ਆਪਣਾ ਫ਼ਰਜ਼ ਸਮਝ ਕੇ ਸਾਰੇ ਇਕ ਦੂਜੇ ਦਾ ਸਾਥ ਨਹੀਂ ਦਿੰਦੇ ਉਦੋਂ ਤੱਕ ਇਹ ਬਿਮਾਰੀ ਜੜ੍ਹੋਂ ਖ਼ਤਮ ਨਹੀਂ ਹੋ ਸਕਦੀ। ਆਓ, ਸਾਰੇ ਰਲ ਕੇ ਇਕ ਦੂਜੇ ਦਾ ਸਾਥ ਦੇਈਏ। ਇਸ ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰੀਏ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਔਰਤਾਂ ਨਾਲ ਬਦਸਲੂਕੀ

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਬਾਂਦਾ ਵਿਚ ਇਕ ਦਲਿਤ ਔਰਤ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੇ ਤਿੰਨ ਟੁਕੜੇ ਕਰ ਕੇ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਮੁਲਜ਼ਮ ਦੇ ਘਰ ਕੰਮ ਕਰਦੀ ਸੀ। ਉੱਤਰ ਪ੍ਰਦੇਸ਼ ਹੀ ਨਹੀਂ ਕੋਈ ਵੀ ਸੂਬਾ ਦੇਖ ਲਈਏ ਔਰਤਾਂ ਨਾਲ ਹੋਣ ਵਾਲੇ ਸ਼ੋਸ਼ਣ ਵਿਚ ਘੱਟ ਨਹੀਂ। ਹਰ ਰੋਜ਼ ਕਿਤੇ ਨਾ ਕਿਤੇ ਔਰਤ ਨਾਲ ਹੁੰਦੀਆਂ ਬਦਸਲੂਕੀਆਂ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਕੇਸਾਂ ਵਿਚ ਰਿਪੋਰਟ ਦਰਜ ਕਰਨਾ ਤਾਂ ਦੂਰ ਦੀ ਗੱਲ ਪੁਲਿਸ ਪੀੜਤ ਧਿਰ ਦੀ ਗੱਲ ਵੀ ਨਹੀਂ ਸੁਣਦੀ। ਜੇਕਰ ਕਿਤੇ ਸਰਕਾਰੀ ਅਤੇ ਪ੍ਰਸ਼ਾਸਨਿਕ ਦਬਾਅ ਕਰ ਕੇ ਕੇਸ ਦਰਜ ਵੀ ਹੋ ਜਾਂਦਾ ਹੈ ਤਾਂ ਰਾਜਨੀਤਕ ਪਹੁੰਚ ਅਤੇ ਰਿਸ਼ਵਤਖੋਰੀ ਕਰਕੇ ਮੁਲਜ਼ਮ ਬਾ-ਇੱਜ਼ਤ ਬਰੀ ਕਰ ਦਿੱਤੇ ਜਾਂਦੇ ਹਨ। ਅਜਿਹੇ ਕੇਸ ਅਦਾਲਤ ਵਿਚ ਸਾਲਾਂ ਬੱਧੀ ਚੱਲਦੇ ਰਹਿੰਦੇ ਹਨ। ਕਈ ਵਾਰ ਤਾਂ ਪੀੜਤ ਵਿਅਕਤੀ ਹੀ ਇਨਸਾਫ਼ ਦੀ ਉਡੀਕ ਕਰਦਾ ਹੋਇਆ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਕੇਵਲ ਕਿਤਾਬੀ ਗਿਆਨ ਵਿਚ ਹੀ ਮੌਜੂਦ ਹਨ ਜਿਨ੍ਹਾਂ 'ਤੇ ਅਜੇ ਤੱਕ ਅਮਲ ਆਟੇ ਵਿਚ ਲੂਣ ਬਰਾਬਰ ਹੀ ਹੋਇਆ ਹੈ। ਔਰਤ ਸਦੀਆਂ ਤੋਂ ਮਰਦ ਅਤੇ ਸਮਾਜ ਦਾ ਧੱਕਾ ਸਹਿੰਦੀ ਆਈ ਹੈ। ਔਰਤ ਪ੍ਰਤੀ ਦਿਨੋ-ਦਿਨ ਵਧ ਰਹੀਆਂ ਜ਼ਿਆਦਤੀਆਂ ਨੂੰ ਨਕੇਲ ਪਾਉਣ ਲਈ ਔਰਤ ਨੂੰ ਹੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਔਰਤਾਂ ਦੀ ਸਮੂਹਿਕ ਏਕਤਾ ਹੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਅਤੇ ਇਨਸਾਫ਼ ਦਿਵਾ ਸਕਦੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

08-11-2023

 ਸਾਡੀ ਏਕਤਾ ਸਾਡੀ ਜਿੱਤ
ਪਿਛਲੇ ਕੁਝ ਦਹਾਕਿਆਂ ਤੋਂ ਸਰਕਾਰੀ ਨੌਕਰੀ ਵਿਚ ਸਾਂਝੇ ਸੰਘਰਸ਼ ਦੀਆਂ ਰੈਲੀਆਂ, ਧਰਨਿਆਂ ਰਾਹੀਂ ਰੈਗੂਲਰ ਹੋਣ ਤੋਂ ਬਾਅਦ, ਦੁਬਾਰਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਸ਼ੁਰੂ ਹੋਇਆ। ਜਿਸ ਦੀ ਸ਼ੁਰੂਆਤ ਆਪਣੀ ਜਥੇਬੰਦੀ ਬੀ.ਐੱਡ ਅਧਿਆਪਕ ਫਰੰਟ ਜਲੰਧਰ ਦੀ ਅਗਵਾਈ ਹੇਠ ਕੀਤੀ ਗਈ ਸੀ, ਹੁਣ ਹੌਲੀ-ਹੌਲੀ ਪੰਜਾਬ ਅੰਦਰ ਪੈਨਸ਼ਨ ਬਹਾਲੀ ਦੇ ਸੰਘਰਸ਼ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੇ ਦੋ ਮੁੱਖ ਧੜਿਆਂ ਰਾਹੀਂ ਸੰਘਰਸ਼ ਲੜਿਆ ਜਾ ਰਿਹਾ ਹੈ। ਸਾਡੀ ਜਥੇਬੰਦੀ ਦੇ ਮੁਲਾਜ਼ਮ ਦੋਨਾਂ ਧੜਿਆਂ ਨੂੰ ਇਕੱਠੇ ਕਰਨ ਹਿੱਤ ਦੋਨਾਂ ਧੜਿਆਂ ਦੇ ਦਿੱਤੇ ਸੰਘਰਸ਼ੀ ਪਰੋਗਰਾਮਾਂ ਵਿਚ ਸ਼ਾਮਿਲ ਹੁੰਦੇ ਆ ਰਹੇ ਹਨ, ਪਰ ਇਸ ਸੰਘਰਸ਼ ਦੇ ਬਾਵਜੂਦ ਪੰਜਾਬ ਅੰਦਰ, ਪਿਛਲੇ ਦੋ ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਸਕੀ। ਪੈਨਸ਼ਨ ਦੀ ਲੜਾਈ ਵਿਚ ਮੁਲਾਜ਼ਮਾਂ ਦੀ ਏਕਤਾ ਲਈ ਗੀਤ ਲਿਖਿਆ ਕਿ ਰਲਮਿਲ ਕੇ ਲੜੋ ਪੈਨਸ਼ਨ ਦੀ ਲੜਾਈ, ਮੁਲਾਜ਼ਮ ਏਕਤਾ ਹੀ ਜਿੱਤ ਸਦਾ ਲਿਆਈ। ਇਹ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕੀ ਪੰਨੇ ਉੱਤੇ ਛਪਿਆ ਤਾਂ ਉਸ ਗੀਤ ਬਾਰੇ ਬਹੁਤ ਫ਼ੋਨ ਆਏ। ਉਨ੍ਹਾਂ ਫ਼ੋਨਾਂ ਵਿਚੋਂ ਇਕ ਫ਼ੋਨ ਸਿੱਖਿਆ ਮਹਿਕਮੇ ਦੇ ਸੇਵਾਮੁਕਤ ਅਧਿਆਪਕ ਜੋਗਿੰਦਰ ਸਿੰਘ ਦਾ ਆਇਆ ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਵੀ 1980 ਵਿਚ ਕੀਤੇ ਸੰਘਰਸ਼ ਨੂੰ ਇਕੱਠੇ ਹੋ ਕੇ ਹੀ ਜਿੱਤਿਆ ਸੀ ਅਤੇ ਰੈਗੂਲਰ ਨੌਕਰੀ ਪ੍ਰਾਪਤ ਕੀਤੀ ਸੀ। ਉਸ ਸਮੇਂ ਦੌਰਾਨ ਸਰਕਾਰ ਦੀ ਨੀਤੀ ਸੀ ਕਿ 90 ਦਿਨਾਂ ਦੀ ਸਰਵਿਸ ਹੋਣ 'ਤੇ ਰੈਗੂਲਰ ਕਰਨਾ ਹੈ, ਪਰ ਜਾਣਬੁੱਝ ਕੇ ਸਾਨੂੰ 89 ਦਿਨ ਹੋਣ 'ਤੇ ਨੌਕਰੀ ਤੋਂ ਹਟਾ ਕੇ ਦੁਬਾਰਾ ਉਸੇ ਨੌਕਰੀ ਉੱਤੇ ਰੱਖਣ ਦੀ ਨੀਤੀ ਸਰਕਾਰ ਚਲਾ ਰਹੀ ਸੀ। ਜਿਸ ਦਾ ਪੰਜਾਬ ਅੰਦਰ ਬਹੁਤ ਵਿਰੋਧ ਕੀਤਾ ਗਿਆ। ਉਸ ਸਮੇਂ ਜੀਟੀਯੂ ਅਤੇ ਉਸ ਸਮੇਂ ਹੋਰ ਕਿੰਨੀਆਂ ਬਣ ਚੁੱਕੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਆਪਣੇ ਸਾਥੀਆਂ ਸਮੇਤ ਰਲਮਿਲ ਕੇ ਸੰਘਰਸ਼ ਲਈ ਸੱਦਿਆ ਗਿਆ। ਜਿਸ ਦੇ ਨਤੀਜੇ ਵਜੋਂ ਸਾਡੇ ਗਲਾਂ 'ਚੋਂ 89090 ਦਿਨਾਂ ਵਾਲੀ ਪੰਜਾਲੀ ਸਦਾ ਲਈ ਲੱਥ ਗਈ ਅਤੇ ਅਸੀਂ ਰੈਗੂਲਰ ਹੋ ਕੇ ਨੌਕਰੀ ਦਾ ਆਨੰਦ ਲਿਆ, ਮਿਹਨਤ ਨਾਲ ਸੇਵਾ ਕੀਤੀ ਅਤੇ ਹੁਣ ਪੈਨਸ਼ਨ ਦਾ ਸੁਖ ਮਾਣ ਰਹੇ ਹਾਂ। ਉਨ੍ਹਾਂ ਆਖਿਆ ਕਿ ਜੇਕਰ ਹੁਣ ਵੀ ਮੁਲਾਜ਼ਮਾਂ ਦੀਆਂ ਸਭ ਜਥੇਬੰਦੀਆਂ ਇਕੱਠੀਆਂ ਹੋ ਕੇ ਰਲ-ਮਿਲ ਸੰਘਰਸ਼ ਕਰਨਗੀਆਂ ਤਾਂ ਹੀ ਤੁਸੀਂ ਜਿੱਤ ਸਕੋਗੇ। ਹੁਣ ਅਸੀਂ ਸਭ ਜਥੇਬੰਦੀਆਂ ਵਾਲੇ ਵੀ ਇਕੱਠੇ ਹੋ ਕੇ ਪੈਸ਼ਨ ਬਹਾਲੀ ਦੇ ਸੰਘਰਸ਼ ਨੂੰ ਜੇਤੂ ਬਣਾਵਾਂਗੇ, ਕਿਉਂਕਿ ਸਾਡੀ ਏਕਤਾ ਸਾਡੀ ਜਿੱਤ ਹੈ।


-ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆਂ, ਜਲੰਧਰ।


ਯੂਥ ਅਤੇ ਸਿਆਸਤ
ਇਕ ਸਮਾਂ ਸੀ ਜਦੋਂ ਯੂਥ ਆਗੂਆਂ ਦੇ ਰੂਪ ਵਿਚ ਲਾਲੂ, ਨਿਤਿਸ਼ ਕੁਮਾਰ ਵਰਗੇ ਵੱਡੇ-2 ਸਿਰਕੱਢ ਆਗੂ ਪੈਦਾ ਹੋਏ। ਕਿਵੇਂ ਉਹ ਸਧਾਰਨ ਘਰਾਂ ਤੋਂ ਪੈਦਾ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਗਏ। ਅੱਜ ਤੋਂ ਕੁਝ ਸਾਲ ਪਿੱਛੇ ਨੂੰ ਚਲੇ ਜਾਈਏ ਤਾਂ ਪੰਜਾਬ ਦੀ ਸਿਆਸਤ ਵਿਚ ਬਲਕਿ ਪੂਰੇ ਭਾਰਤ ਦੀ ਸਿਆਸਤ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਸੀ। ਪਰ ਅੱਜ ਕੱਲ ਦੇਖਣ ਵਿੱਚ ਆਇਆ ਹੈ ਕਿ ਨੌਜਵਾਨਾਂ ਦਾ ਰੁਝਾਨ ਸਿਆਸਤ ਵੱਲ ਘਟਦਾ ਜਾ ਰਿਹਾ ਹੈ। ਪੰਜਾਬ ਅੰਦਰ ਵਿਦੇਸ਼ਾਂ ਵੱਲ ਜਾਣ ਦੀ ਤਾਂਘ ਨੇ ਸਾਡੀ ਸਿਆਸਤ ਨੂੰ ਵੀ ਨਹੀ ਬਖ਼ਸ਼ਿਆ। ਹੁਣ ਸਿਰਫ਼ ਸਿਆਸਤ ਵਿਚ ਉਹੀ ਮੁੰਡੇ ਕੁੜੀਆਂ ਬਾਕੀ ਨੇ ਜੋ ਕਿ ਸਿਆਸਤ ਦੇ ਘਰਾਣੇ ਨਾਲ ਸੰਬੰਧ ਰੱਖਦੇ ਹਨ। ਅਜਿਹੇ ਨਵੇਂ ਬਹੁਤ ਘੱਟ ਨੇਤਾ ਹਨ ਜੋ ਨੌਜਵਾਨ ਆਗੂ ਦੇ ਰੂਪ ਵਿਚ ਸਿਆਸਤ ਵਿਚ ਅੱਗੇ ਆਏ ਹਨ। ਆਉਣ ਵਾਲੇ ਸਮੇਂ ਵਿਚ ਅਜਿਹਾ ਹੋਣਾ ਸਾਡੀ ਨੌਜਵਾਨੀ 'ਤੇ ਕਾਫ਼ੀ ਅਸਰ ਪਾਵੇਗਾ। ਨੌਜਵਾਨੀ ਵਿਚ ਸਿਆਸਤ ਦੀ ਪਹਿਲੀ ਪਉੜੀ ਕਾਲਜ, ਯੂਨੀਵਰਸਿਟੀਆਂ ਨੂੰ ਮੰਨਿਆ ਜਾਂਦਾ ਹੈ ਪਰ ਅੱਜ ਕੱਲ ਬਾਹਰ ਜਾਣ ਵੱਲ ਰੁਝਾਨ ਹੋਣ ਕਰਕੇ ਕਾਲਜ, ਯੂਨੀਵਰਸਿਟੀਆਂ ਵੀ ਚੰਗੇ ਨੌਜਵਾਨ ਨੇਤਾ ਪੈਦਾ ਕਰਨ ਵਿੱਚ ਅਸਮਰੱਥ ਹਨ। ਇਕ ਸਮਾਂ ਸੀ ਜਦੋਂ ਕਾਲਜ ਯੂਨੀਵਰਸਿਟੀਆਂ ਵਿਚ ਵਿਦਿਆਰਥੀ-ਚੋਣਾਂ ਹੁੰਦੀਆਂ ਸਨ। ਪ੍ਰਧਾਨਾਂ ਤੋਂ ਉੱਠ ਕੇ ਬਣੇ ਨੇਤਾ ਸਾਡੇ ਸੀ.ਐਮ., ਮੰਤਰੀਆਂ ਤੱਕ ਪਹੁੰਚੇ ਹਨ ਪਰ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕੁਝ ਕੁ ਚੰਡੀਗੜ੍ਹ ਦੇ ਕਾਲਜਾ ਤੋਂ ਸਿਵਾਏ ਵਿਦਿਆਰਥੀ ਚੋਣਾ ਖ਼ਤਮ ਹੋ ਚੁੱਕੀਆਂ ਹਨ। ਪਿਛਲੇ ਸਮੇਂ ਦੀ ਕੈਪਟਨ ਸਰਕਾਰ ਨੇ ਚੋਣਾਂ ਸ਼ੁਰੂ ਕਰਨ ਦਾ ਐਲਾਨ ਤਾਂ ਕੀਤਾ ਸੀ ਪਰ ਕਿਸੇ ਨਾ ਕਿਸੇ ਗੱਲੋ ਇਹ ਚੋਣਾਂ ਸ਼ੁਰੂ ਨਾ ਹੋ ਸਕੀਆਂ। ਮੈਨੂੰ ਯਾਦ ਹੈ ਕਿ ਜਦੋਂ ਮੈ ਕਾਲਜ ਸਮਾਂ ਪੜ੍ਹਿਆ ਕਰਦਾ ਸੀ ਤਾਂ ਸਾਲ 2010-12 ਦੇ ਕਰੀਬ ਉਦੋਂ ਕਾਲਜਾਂ ਵਿਚ ਚੋਣਾ ਤਾਂ ਨਹੀਂ ਸੀ ਪਰ ਇਹ ਨੌਜਵਾਨੀ ਵਾਲੀ ਸਿਆਸਤ ਕਿਤੇ ਨਾ ਕਿਤੇ ਜ਼ਰੂਰ ਜਿਊਂਦੀ ਸੀ। ਵਿਦਿਆਰਥੀੇ ਆਪਣੇ ਪੱਧਰ 'ਤੇ ਪੋਸਟਰ ਅਤੇ ਇਸ਼ਤਿਹਾਰਾਂ ਨਾਲ ਪ੍ਰਧਾਨ ਬਣਿਆ ਕਰਦੇ ਸਨ। ਇਕ ਦੂਜੇ ਦੇ ਵਿਰੋਧ ਵਿਚ ਪੋਸਟਰ ਮੁਕਾਬਲੇ ਨਾਲ ਪ੍ਰਧਾਨ ਬਣਿਆ ਕਰਦੇ ਸਨ। ਭਾਵੇਂ ਕਿ ਇਸ ਨਾਲ ਲੜਾਈਆਂ ਵੱਧ ਹੁੰਦੀਆਂ ਸਨ ਪਰ ਇਹ ਸਿਆਸਤ ਨੌਜਵਾਨ ਮੁੰਡਿਆਂ ਨੂੰ ਉੱਤੇ ਲੈ ਕੇ ਜਾਂਦੀ ਸੀ। ਉਨ੍ਹਾਂ ਦਾ ਕਾਲਜਾਂ ਵਿਚ ਏਕਾ ਬਣਦਾ ਸੀ। ਉਨ੍ਹਾਂ ਨੂੰ ਆਪਣੇ ਕਾਲਜ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਮਿਲਦੀ ਸੀ। ਪਰ ਜਦੋਂ ਤੋਂ ਵਿਦੇਸ਼ਾਂ ਨੂੰ ਨੌਜਵਾਨ ਜਾ ਰਹੇ ਹਨ। ਨੌਜਵਾਨਾਂ ਦਾ ਸਿਆਸਤ ਵਿਚ ਰੁਝਾਨ ਘੱਟਣ ਦੇ ਨਾਲ ਇਹ ਪੋਸਟਰ ਪ੍ਰਧਾਨਗੀਆਂ ਕਾਲਜਾ ਵਿਚੋਂ ਖ਼ਤਮ ਹੋ ਗਈਆਂ ਹਨ। ਅੱਜ ਸਾਰੇ ਨੌਜਵਾਨਾਂ ਨੂੰ ਲੋੜ ਹੈ ਕਿ ਉਹ ਅੱਗੇ ਆ ਕੇ ਨੌਜਵਾਨੀ ਸਿਆਸਤ ਨੂੰ ਸਾਂਭਣ ਅਤੇ ਆਪਣੇ ਦੇਸ਼ ਦੇ ਲੋਕਤੰਤਰ ਵਿਚ ਅਹਿਮ ਭੂਮਿਕਾ ਨਿਭਾਉਣ। ਇੰਝ ਕਰਨ ਨਾਲ ਹੀ ਸਾਡੇ ਆਮ ਘਰਾਂ ਦੇ ਮੁੰਡੇ ਅੱਗੇ ਆ ਸਕਣਗੇ।


-ਰਵਿੰਦਰਪਾਲ ਸਿੰਘ
ਸਾਬਕਾ ਪ੍ਰਧਾਨ (ਪੰਜਾਬ ਯੂਨੀਵਰਸਿਟੀ ਸਟੂਡਂੈਟ ਯੂਨੀਅਨ)

07-11-2023

 ਸ਼ਾਨਦਾਰ ਪ੍ਰਦਰਸ਼ਨ
ਸਾਡੇ ਦੇਸ਼ ਦੇ ਖਿਡਾਰੀਆਂ ਨੇ ਏਸ਼ੀਅਨ ਖੇਡਾਂ (ਹਾਂਗਝੂ) ਵਿਚ ਭਾਰਤ ਦਾ ਨਾਂਅ ਚਮਕਾ ਦਿੱਤਾ ਹੈ। ਸਾਡੇ ਖਿਡਾਰੀਆਂ 'ਤੇ ਸਾਨੂੰ ਬਹੁਤ ਫਖ਼ਰ ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਦੇਸ਼ ਦੇ ਖਿਡਾਰੀਆਂ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 28 ਸੋਨੇ, 38 ਚਾਂਦੀ ਦੇ, 41 ਕਾਂਸੇ ਦੇ ਕੁੱਲ 107 ਤਗਮੇ ਜਿੱਤ ਕੇ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਉਥੇ ਭਾਰਤ ਨੇ ਸੂਚੀ ਵਿਚ ਚੌਥਾ ਸਥਾਨ ਹਾਸਿਲ ਕੀਤਾ ਹੈ। ਜੇਕਰ ਅਸੀਂ ਪੰਜਾਬ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ 33 ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚੋਂ 8 ਸੋਨੇ ਦੇ, 6 ਚਾਂਦੀ ਦੇ ਅਤੇ 5 ਕਾਂਸੇ ਕੁੱਲ 19 ਤਗਮੇ ਜਿੱਤ ਕੇ ਪਿਛਲੇ 72 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ਖਿਡਾਰੀਆਂ ਨੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ਤੋਂ ਸਾਡੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਸਾਡੀ ਸਾਰੇ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ ਅਤੇ ਮਾੜੀ ਸੰਗਤ ਤੋਂ ਬਚ ਸਕਣ। ਸਾਡੀ ਭਾਰਤ ਅਤੇ ਪੰਜਾਬ ਸਰਕਾਰ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਸਰਕਾਰ ਦੀ ਨੀਤੀ ਮੁਤਾਬਿਕ ਨੌਕਰੀਆਂ ਅਤੇ ਬਣਦੇ ਮਾਣ-ਸਨਮਾਨ ਦੇ ਕੇ ਨਿਵਾਜਿਆ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਬਾਪੂ ਦੇ ਸੁਪਨੇ
ਪਿਛਲੇ ਦਿਨੀਂ ਮੈਗਜ਼ੀਨ ਵਿਚ ਬਲਜੀਤ ਸਿੰਘ ਢਿੱਲੋਂ ਦੀ ਰਚਨਾ 'ਬਾਪੂ ਦੇ ਸਿਰਜੇ ਸੁਪਨੇ ਦਾ ਅੰਤ' ਪੜ੍ਹੀ। ਮਨ ਨੂੰ ਵਧੀਆ ਲੱਗੀ। ਅੱਜ ਦੀ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਵਿਚ ਕਾਮਯਾਬ ਨਹੀਂ। ਅੱਜ ਸਾਡੇ ਬਜ਼ੁਰਗ ਆਸ਼ਰਮ ਵਿਚ ਜੀਵਨ ਗੁਜ਼ਾਰ ਰਹੇ ਹਨ। ਬਜ਼ੁਰਗਾਂ ਦੀ ਸੰਭਾਲ ਕਰਨ ਦੀ ਬਜਾਇ ਕੁੱਤਿਆਂ ਦੀ ਪਰਵਰਿਸ਼ ਜ਼ਿਆਦਾ ਹੈ। ਇਹ ਰਚਨਾ ਬਜ਼ੁਰਗਾਂ ਦੀ ਅਸਲ ਸਥਿਤੀ ਨੂੰ ਬਿਆਨ ਕਰਦੀ ਹੈ। ਮਨਪ੍ਰੀਤ ਕੌਰ ਦੀ ਕਹਾਣੀ 'ਅੜਿੱਕਾ' ਪੜ੍ਹੀ। ਮਨ ਨੂੰ ਵਧੀਆ ਲੱਗੀ। ਸਾਡੇ ਮਾਤਾ ਸਾਡੀ ਜ਼ਿੰਦਗੀ ਵਿਚ ਅੜਿੱਕਾ ਨਹੀਂ। ਸਾਡੇ ਜੀਵਨ ਵਿਚ ਸਾਡੇ ਦੁੱਖ-ਸੁੱਖ ਨੂੰ ਆਪਣੇ ਤਨ-ਮਨ 'ਤੇ ਜਰਦੇ ਹਨ। ਹਰ ਪਲ ਮੁਸੀਬਤ ਵੇਲੇ ਸਾਡੇ ਨਾਲ ਖੜ੍ਹਦੇ ਹਨ। ਸਾਨੂੰ ਸਾਡੇ ਮਾਂ-ਪਿਉ ਨੂੰ ਅੜਿੱਕਾ ਨਹੀਂ ਸਮਝਣਾ ਚਾਹੀਦਾ। ਇਸ ਸੰਸਾਰ ਵਿਚੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਅਸਲੀ ਅਹਿਮੀਅਤ ਦਾ ਪਤਾ ਲੱਗਦਾ ਹੈ। ਅਮਰੀਕ ਸਿੰਘ ਸੈਦੋਕੇ ਦੀ ਮਹਾਨ ਰਚਨਾ ਕਹਾਣੀ 'ਖੂੰਜੇ ਲੱਗੀ ਮੰਜੀ' ਅੱਜ ਦੀ ਪੀੜ੍ਹੀ ਮੰਜੀ ਦੀ ਅਹਿਮੀਅਤ ਨੂੰ ਸਮਝ ਨਹੀਂ ਸਕਦੀ। ਗੁਰੂ ਸਾਹਿਬਾਨਾਂ ਦੇ ਜੀਵਨ ਵਿਚ 'ਮੰਜੀ ਪ੍ਰਥਾ' ਚੱਲੀ ਸੀ। ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਪਾਇਆ। ਅੱਜ ਮੰਜੀ ਘਰਾਂ ਵਿਚੋਂ ਖ਼ਤਮ ਹੋ ਗਈ। ਮੰਜੀ ਦੀ ਅਹਿਮੀਅਤ ਨੂੰ ਨਵੀਂ ਪੀੜ੍ਹੀ ਜਾਣ ਨਹੀਂ ਸਕਦੀ।


-ਰਾਮ ਸਿੰਘ ਪਾਠਕ ਆਦਰਸ਼ ਨਗਰ, ਬਠਿੰਡਾ।


ਪਰਾਲੀ ਦਾ ਨਿਪਟਾਰਾ
ਝੋਨੇ ਦੀ ਵਢਾਈ ਸ਼ੁਰੂ ਹੋਣ ਨਾਲ ਝੋਨੇ ਦੀ ਪਰਾਲੀ ਦੇ ਨਿਪਟਾਰੇ ਸੰਬੰਧੀ ਵੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਤੇ ਫਿਰ ਅੱਗ ਲਾਉਣ ਕਰਕੇ ਖ਼ਰਾਬ ਹੋਈ ਹਵਾ ਲਈ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਝੋਨੇ ਦੀ ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਜਿਥੇ ਸਰਕਾਰ ਪੱਬਾਂ ਭਾਰ ਹੋ ਗਈ ਹੈ ਉਥੇ ਇਕ ਵਾਰ ਫਿਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ। ਪਰਾਲੀ ਨੂੰ ਅੱਗ ਲਾਉਣਾ ਜਿੱਥੇ ਕਿਸਾਨਾਂ ਦੀ ਮਜਬੂਰੀ ਹੈ ਉਥੇ ਕਿਤੇ ਨਾ ਕਿਤੇ ਸਮੇਂ ਸਿਰ ਮਸ਼ੀਨਾਂ ਦੀ ਉਪਲਬਧਤਾ ਨਾ ਹੋਣਾ ਵੀ ਅੱਗ ਲਾਉਣ ਦਾ ਮੁੱਖ ਕਾਰਨ ਹੈ। ਪਰਾਲੀ ਨੂੰ ਅੱੱਗ ਲਾਉਣ ਨਾਲ ਵਾਤਾਵਰਨ ਵਿਚ ਜਿਥੇ ਵਿਗਾੜ ਪੈਦਾ ਹੁੰਦਾ ਹੈ ਉਥੇ ਸਾਡੇ ਕਈ ਮਿੱਤਰ ਜੀਵ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਕਿਸਾਨਾਂ ਅਤੇ ਸਰਕਾਰ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਠੋਸ ਹੱਲ ਤਲਾਸ਼ਣੇ ਹੋਣਗੇ ਤਾਂ ਜੋ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ


ਪੀ.ਐਮ. ਕਿਸਾਨ ਯੋਜਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਜ਼ੇ ਦੀ ਦਲਦਲ ਵਿਚ ਡੁੱਬੇ ਕਿਸਾਨਾਂ ਨੂੰ ਇਕ ਮਾਤਰ ਰਾਹਤ ਪ੍ਰਦਾਨ ਕਰਨ ਲਈ ਪੀ.ਐਮ. ਕਿਸਾਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਮਕਸਦ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਰਿਹਾ ਹੈ। ਇਸ ਯੋਜਨਾ ਤਹਿਤ ਹਰ ਚਾਰ ਮਹੀਨੇ ਬਾਅਦ ਦੋ ਹਜ਼ਾਰ ਰੁਪਏ ਕਿਸਾਨਾਂ ਨੂੰ ਮਿਲਦੇ ਸਨ। ਇਸ ਨੂੰ ਕਿਸਾਨ ਦੀ ਤਨਖ਼ਾਹ (ਭੱਤੇ) ਦੇ ਰੂਪ ਵਿਚ ਸਲਾਹਿਆ ਗਿਆ ਕਿਉਂਕਿ ਇਹ ਪ੍ਰਧਾਨ ਮੰਤਰੀ ਦਾ ਬਹੁਤ ਕਾਬਲ-ਏ-ਤਾਰੀਫ਼ ਕਦਮ ਕਿਹਾ ਜਾ ਸਕਦਾ ਹੈ।
ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕੁਝ ਅਰਸੇ ਤੋਂ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਕਈ ਕਿਸਾਨਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ? ਕਈ ਲੋੜਵੰਦ ਕਿਸਾਨ ਇਸ ਸਹੂਲਤ ਦੇ ਲਾਭ ਤੋਂ ਵਾਂਝੇ ਹੋ ਗਏ ਹਨ। ਜੋ ਕਿਸਾਨ ਇਸ ਯੋਜਨਾ ਦੇ ਭਾਗੀਦਾਰ ਸਨ ਜਾਂ ਇਸ ਦੇ ਮਾਪਦੰਡ 'ਤੇ ਖਰਾ ਉਤਰਦੇ ਹਨ ਉਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ, ਤਾਂ ਕਿ ਸਰਕਾਰ ਆਪਣੇ ਮਨੋਰਥ ਵਿਚ ਪੂਰਾ ਉਤਰੇ। ਨਹੀਂ ਤਾਂ ਕਿਸਾਨ ਇਸ ਨੂੰ ਜੁਮਲਾ ਜਾਂ ਮਜ਼ਾਕ ਹੀ ਸਮਝਣਗੇ।


-ਲਖਵਿੰਦਰ ਸਿੰਘ ਧਨਾਨਸੂ
ਜ਼ਿਲਾ ਲੁਧਿਆਣਾ।

06-11-2023

 ਵਧੀਆ ਸੰਪਾਦਕੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੇ ਗਏ ਸੰਪਾਦਕੀ ਲੇਖ਼ 'ਇਕ ਹੋਰ ਵੱਡੀ ਚੁਣੌਤੀ' ਪੜ੍ਹਿਆ, ਜਿਸ 'ਚ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤੇ ਕਿ ਪੰਜਾਬ 'ਚ ਸਤਲੁਜ-ਯੁਮਨਾ ਲਿੰਕ ਨਹਿਰ ਦੇ ਬਣਨ ਸੰਬੰਧੀ ਸਰਵੇ ਸ਼ੁਰੂ ਕੀਤੇ ਜਾਣ, ਜਿਸ ਕਾਰਨ ਇਕ ਵਾਰ ਫ਼ਿਰ ਪੰਜਾਬ ਸੂਬੇ ਸਾਹਮਣੇ ਇਕ ਵੱਡੀ ਚੁਣੌਤੀ ਆਉਣ ਕਾਰਨ ਸਿਆਸਤ ਭਖ ਗਈ ਹੈ। 1966 ਵਿਚ ਪੰਜਾਬ ਦੇ ਪੁਨਰਗਠਨ ਸਮੇਂ ਹਰਿਆਣਾ ਦੇ ਵੱਖ ਹੋਣ, ਬਹੁਤ ਸਾਰੇ ਇਲਾਕੇ ਹਿਮਾਚਲ ਪ੍ਰਦੇਸ਼ ਵਿਚ ਚਲੇ ਜਾਣ ਕਾਰਨ ਪੰਜਾਬ ਬੇਹੱਦ ਛੋਟਾ ਹੋ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਲਈ ਕੁਝ ਮਸਲੇ ਅਜਿਹੇ ਗੰਭੀਰ ਅਤੇ ਗੁੰਝਲਦਾਰ ਬਣ ਗਏ ਹਨ ਕਿ ਜਿਨ੍ਹਾਂ ਦਾ ਹੁਣ ਤੱਕ ਵੀ ਨਿਪਟਾਰਾ ਨਹੀਂ ਕੀਤਾ ਜਾ ਸਕਿਆ। ਦੇਸ਼ ਦੀ ਵੰਡ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਨੂੰ ਚੰਡੀਗੜ੍ਹ ਵਸਾ ਕੇ ਰਾਜਧਨੀ ਦੇ ਰੂਪ ਵਿਚ ਤੋਹਫ਼ਾ ਦਿੱਤਾ ਸੀ। ਪੰਜਾਬ ਵਿਚੋਂ ਲੰਘਦੇ ਦਰਿਆਵਾਂ ਦੇ ਪਾਣੀ ਸੰਬੰਧੀ ਅਜਿਹੀ ਗੁੰਝਲ ਪਾ ਦਿੱਤੀ ਕਿ ਹੁਣ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਿਆ। ਸਤਲੁਜ-ਯੁਮਨਾ ਲਿੰਕ ਨਹਿਰ ਨੂੰ ਬਣਾਉਣ ਦੇ ਲਈ 1982 ਵਿਚ ਪ੍ਰਧਾਨ ਮੰਤਰੀ ਹੁੰਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੇ ਇਸ ਦੀ ਸ਼ੁਰੂਆਤ ਟੱਕ ਲਗਾਕੇ ਕੀਤੀ ਸੀ। ਇਸ ਨਹਿਰ ਨਾਲ ਹਰਿਆਣੇ ਨੂੰ ਪਾਣੀ ਦੇਣ ਲਈ 122 ਕਿਲੋਮੀਟਰ ਦਾ ਹਿੱਸਾ ਪੰਜਾਬ 'ਚੋਂ ਕੱਢਿਆ ਜਾਣਾ ਸੀ। ਉਸ ਸਮੇਂ ਤੋਂ ਹੀ ਹਰਿਆਣਾ ਪੰਜਾਬ ਕੋਲੋਂ ਪਾਣੀ ਦੀ ਮੰਗ ਕਰਦਾ ਆ ਰਿਹਾ ਹੈ। ਪਰ ਪੰਜਾਬ ਦਾ ਪੱਖ ਇਹ ਰਿਹਾ ਹੈ ਕਿ ਉਸ ਕੋਲ ਵਾਧੂ ਪਾਣੀ ਦੀ ਇਕ ਵੀ ਬੂੰਦ ਨਹੀਂ ਹੈ, ਕਿਉਂਕਿ ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਹਿਲਾਂ ਹੀ ਪਾਣੀ ਦੀ ਘਾਟ ਹੈ। ਸੁਪਰੀਮ ਕੋਰਟ ਵਲੋਂ 4 ਅਕਤੂਬਰ, 2023 ਨੂੰ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤੇ ਕਿ ਪੰਜਾਬ 'ਚ ਸਤਲੁਜ-ਯਮੁਨਾ ਲਿੰਕ ਨਹਿਰ ਸੰਬੰਧੀ ਲਈ ਗਈ ਜ਼ਮੀਨ ਵਾਪਸ ਨਾ ਕੀਤੀ ਜਾਵੇ ਅਤੇ ਇਸ ਜ਼ਮੀਨ ਦਾ ਸਰਵੇਖਣ ਕਰਕੇ ਕੇਂਦਰ ਦੋਹਾਂ ਰਾਜਾਂ ਦਰਮਿਆਨ ਇਸ ਵਿਵਾਦ ਦਾ ਹੱਲ ਕਰਨ ਲਈ ਪਹਿਲ ਕਰੇ। ਜਿਸ ਨਾਲ ਪੰਜਾਬ ਦੀ ਸੂਬਾ ਸਰਕਾਰ ਅੱਗੇ ਇੱਕ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ। ਜਿਸ ਦੇ ਹੱਲ ਲਈ ਪੰਜਾਬ ਦੇ ਲੋਕਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਰਾਜਨੀਤਕ ਪੱਧਰ ਤੋਂ ਉੱਪਰ ਉੱਠ ਕੇ ਇਸ ਮਸਲੇ ਦਾ ਹੱਲ ਕਰਨ ਲਈ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ।


-ਇੰਜੀ. ਲਖਵਿੰਦਰ ਪਾਲ ਗਰਗ।
ਪਿੰਡ ਤੇ ਡਾਕ.-ਘਰਾਚੋਂ, ਜ਼ਿਲ੍ਹਾ ਸੰਗਰੂਰ।


ਜਾਤੀ ਆਧਾਰਿਤ ਮਰਦਮਸ਼ੁਮਾਰੀ
ਪਿਛਲੇ ਦਿਨੀਂ ਅਜੀਤ 'ਚ (ਮੁੱਖ ਪੰਨੇ 'ਤੇ ਲੱਗੀ ਖਬਰ) 'ਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਇਕ ਬਿਆਨ ਪੜ੍ਹਨ ਨੂੰ ਮਿਲਿਆ। ਜਿਸ 'ਚ ਉਨਵਾਂ ਨੇ ਕਿਹਾ ਕਿ ਕਾਂਗਰਸ ਦੀ ਸੱਤਾ ਵਾਲੇ ਸਾਰੇ ਰਾਜਾਂ 'ਚ ਜਾਤ ਅਧਾਰਿਤ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਰਾਹੁਲ ਗਾਂਧੀ ਦਾ ਤਰਕ ਹੈ ਕਿ ਕਮਜ਼ੋਰ ਤਬਕਿਆਂ ਦੀ ਬਿਹਤਰੀ ਲਈ ਜਾਤ ਆਧਾਰਿਤ ਮਰਦਮਸ਼ੁਮਾਰੀ ਸਹੀ ਹੈ। ਗਾਂਧੀ ਦਾ ਕਮਜ਼ੋਰ ਤਬਕਿਆਂ ਲਈ ਫਿਕਰਮੰਦ ਹੋਣਾ ਚੰਗੀ ਗੱਲ ਹੈ। ਪ੍ਰੰਤੂ ਸਾਡੀ ਸਮਝ ਮੁਤਾਬਿਕ ਜਾਤ ਅਧਾਰਿਤ ਮਰਦਮਸੁਮਾਰੀ ਕਰਨਾ/ਕਰਵਾਉਣਾ ਸਮਾਜਿਕ ਪੱਖ ਤੋਂ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਸਾਡੇ ਮੁਲਕ ਦੀ ਸਭ ਤੋਂ ਜਟਿਲ ਤੇ ਨਾਮੁਰਾਦ ਅਲਾਮਤ ਜਾਤ-ਪਾਤ, ਊਚ-ਨੀਚ ਹੀ ਹੈ। ਸਾਡੇ ਦੇਸ਼ 'ਚ ਜਾਤ-ਪਾਤ ਅਤੇ ਊਚ-ਨੀਚ ਦੇ ਵਖਰੇਵਿਆਂ ਕਾਰਨ ਅਕਸਰ ਹੀ ਛੋਟੇ-ਵੱਡੇ ਦੰਗੇ ਫਸਾਦ ਹੁੰਦੇ ਹੀ ਰਹਿੰਦੇ ਹਨ। ਸੋ, ਸਰਕਾਰਾਂ ਦੇ ਇਹੋ ਜਿਹੇ ਫ਼ੈਸਲਿਆਂ ਕਾਰਨ ਕਿਸੇ ਵਰਗ ਦੇ ਲੋਕਾਂ ਨੂੰ ਕੋਈ ਲਾਭ ਹੋਵੇ ਜਾਂ ਨਾ ਹੋਵੇ। ਅਜਿਹੇ ਫ਼ੈਸਲਿਆਂ ਕਾਰਨ ਜਾਤ-ਪਾਤ, ਊਚ-ਨੀਚ ਤੇ ਨਫ਼ਰਤ ਦਾ ਪਾੜਾ ਜ਼ਰੂਰ ਵਧੇਗਾ। ਜੇਕਰ ਸਰਕਾਰਾਂ ਕਮਜ਼ੋਰ ਵਰਗ ਦੇ ਲੋਕਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਸੁੱਖ-ਸਹੂਲਤਾਂ ਦੇਣਾ ਹੀ ਚਾਹੁੰਦੀਆਂ ਹਨ ਤਾਂ ਜਾਤ ਅਧਾਰਿਤ ਮਰਦਮਸ਼ੁਮਾਰੀ ਕਰਨ ਤੋਂ ਇਲਾਵਾ ਹੋਰ ਹਜ਼ਾਰਾਂ ਰਸਤੇ ਲੱਭੇ ਜਾ ਸਕਦੇ ਹਨ। ਅਸੀਂ ਸਰਕਾਰਾਂ ਤੇ ਨੇਤਾਵਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਦੇਸ਼ ਵਿਚੋਂ ਜਾਤ-ਪਾਤ ਜਿਹੇ ਕੋਹੜ੍ਹ ਨੂੰ ਹਮੇਸ਼ਾ ਲਈ ਖ਼ਤਮ ਕਰਨ ਅਤੇ ਅਵਾਮ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਾਲੇ ਲੋਕ ਹਿਤੂ ਫ਼ੈਸਲੇ ਹੀ ਲਏ ਜਾਣ।


-ਯਸ਼
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ (ਮੋਗਾ)

03-11-2023

 ਮੁਫਤ ਦੀਆਂ ਸਹੂਲਤਾਂ
ਪੰਜ ਰਾਜਾਂ ਵਿਚ ਹੋ ਰਹੀਆਂ ਚੋਣਾਂ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ। ਅਕਸਰ ਹੀ ਚੋਣਾਂ ਦੇ ਦੌਰਾਨ ਚੋਣਾਂ ਬਾਰੇ ਗੰਭੀਰ ਸਵਾਲ ਉੱਠਦੇ ਰਹਿੰਦੇ ਹਨ। ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫਤ ਦੀ ਸਹੂਲਤਾਂ ਦਾ ਲਾਲਚ ਦੇ ਚੋਣਾਂ ਸਮੇਂ ਦਾਅ ਖੇਡ ਪ੍ਰਦੇਸ਼ ਨੂੰ ਕਰਜ਼ਾਈ ਕਰ ਨਕਾਰਾ ਕਰ ਰਹੀਆਂ ਹਨ। ਅਪਰਾਧਿਕ ਪ੍ਰਵਿਰਤੀ ਵਾਲੇ ਉਮੀਦਵਾਰ ਚੋਣਾਂ ਜਿੱਤ ਮੁਲਕ ਨੂੰ ਲੁੱਟ ਕੇ ਖਾਂਦੇ ਹਨ। ਜਾਤ-ਪਾਤ 'ਚ ਵੰਡ ਪਾ ਵੋਟਾਂ ਬਟੋਰੀਆਂ ਜਾਂਦੀਆਂ ਹਨ। ਹੁਣ ਜਦੋਂ ਪੰਜ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਵੋਟਰਾਂ ਨੂੰ ਸੋਚ-ਸਮਝ ਕੇ, ਇਮਾਨਦਾਰ, ਪੜ੍ਹੇ-ਲਿਖੇ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਬੇਦਾਗ ਤੇ ਮੁਫਤ ਸਹੂਲਤਾਂ ਵੰਡਣ 'ਤੇ ਲੋਕਾਂ ਨੂੰ ਨਕਾਰਾ ਬਣਾਉਣ ਵਾਲਾ ਨਾ ਹੋਵੇ। ਸਰਕਾਰ ਨੂੰ ਸਦਨ 'ਚ ਕਾਨੂੰਨ ਬਣਾ ਕੇ ਦਾਗੀਆਂ 'ਤੇ ਚੋਣ ਲੜਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਫਤ ਰਿਓੜੀਆਂ ਦੇਣ 'ਤੇ ਵੀ ਪਾਬੰਦੀ ਲਗਾ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਘੱਟ ਤੋਂ ਘੱਟ ਉਮੀਦਵਾਰ ਦੀ ਤਾਲੀਮ ਦੱਸਵੀਂ ਕਰਨੀ ਚਾਹੀਦੀ ਹੈ। ਪੰਜਾਬ ਵਿਚ ਨਿਗਮਾਂ, ਪੰਚਾਇਤੀ ਚੋਣਾਂ ਪੈਣੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਔਰਤ ਕੌਂਸਲਰ, ਸਰਪੰਚ ਦਾ ਘਰ ਵਾਲਾ ਹੀ ਸਰਪੰਚੀ ਤੇ ਕੌਂਸਲਰੀ ਕਰਦਾ ਹੈ। ਇਸ ਲਈ ਵੋਟਰ ਨੂੰ ਦੇਖ ਕਾਬਲ ਮਹਿਲਾ ਦੀ ਚੋਣ ਕਰਨੀ ਚਾਹੀਦੀ ਹੈ ਜੋ ਆਪਣੇ ਘਰ ਵਾਲੇ 'ਤੇ ਨਿਰਭਰ ਨਾ ਹੋਵੇ ਅਤੇ ਉਸ ਵਿਚ ਖ਼ੁਦ ਦੀ ਕਾਬਲੀਅਤ 'ਤੇ ਭਰੋਸਾ ਕਰਦੀ ਹੋਵੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਮੈਨੂੰ ਵੀ ਪੜ੍ਹਾਇਆ ਕਰੋ
ਪਿਛਲੇ ਦਿਨੀਂ ਸਨਿਚਰਵਾਰ ਦਾ ਬਾਲ ਮੈਗਜ਼ੀਨ 'ਅਜੀਤ ਬਾਲ ਸੰਸਾਰ' ਪੜ੍ਹਿਆ। ਮਨ ਨੂੰ ਵਧੀਆ ਲੱਗਾ। ਬਲਵਿੰਦਰ ਸਿੰਘ ਜੰਮੂ ਦਾ ਲਿਖਿਆ ਬਾਲ ਗੀਤ 'ਮੈਨੂੰ ਵੀ ਪੜ੍ਹਾਇਆ ਕਰੋ' ਮਨ ਨੂੰ ਬਹੁਤ ਵਧੀਆ ਲੱਗਾ। ਬਲਵਿੰਦਰ ਸਿੰਘ ਜੰਮੂ ਦੀ ਰਚਨਾ ਤੋਂ ਇਹ ਗੱਲ ਸਿੱਧ ਹੁੰਦੀ ਹੈ, ਕਿ'ਅਜੀਤ ਬਾਲ ਸੰਸਾਰ' ਬਾਹਰਲੇ ਰਾਜ ਵਿਚ ਵੀ ਪੈਰ ਜਮਾ ਗਿਆ ਹੈ। ਇਸ ਬਾਲ ਸੰਸਾਰ ਮੈਗਜ਼ੀਨ ਵਿਚ ਬਹੁਤ ਸੁੰਦਰ ਰਚਨਾਵਾਂ ਛਪਦੀਆਂ ਹਨ। ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦਾ ਹੈ। ਕਰਮਜੀਤ ਗਰੇਵਾਲ ਦੀ ਬਾਲ ਕਹਾਣੀ 'ਖੁਸ਼ੀ ਕਿਥੋਂ ਮਿਲਦੀ ਹੈ' ਸਾਨੂੰ ਇਹ ਦੱਸਦੀ ਹੈ ਕਿ ਖੁਸ਼ੀ ਸਾਡੇ ਆਲੇ-ਦੁਆਲੇ ਰਹਿੰਦੀ ਹੈ। ਪਰ ਸਾਨੂੰ ਡੂੰਘੀ ਨਜ਼ਰ ਮਾਰਨ ਦੀ ਜ਼ਰੂਰਤ ਹੈ। ਅਮਰ ਸੂਫੀ ਦੀ ਬਾਲ ਕਵਿਤਾ 'ਫੁੱਲ' ਮਨ ਨੂੰ ਵਧੀਆ ਲੱਗੀ। ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਕਿ ਹਰ ਵੇਲੇ ਫੁੱਲਾਂ ਵਾਂਙੂੰ ਟਹਿਕਦੇ ਰਹਿਣਾ ਚਾਹੀਦਾ ਹੈ। ਗੁਰਤੇਜ ਸਿੰਘ ਖੁਡਾਲਾ ਨੇ ਬੁਝਾਰਤਾਂ ਪਾਈਆਂ, ਸਾਡੇ ਮਨ ਵਿਚ ਗੱਲਾਂ ਬਹੁਤ ਆਈਆਂ। ਬੁਝਾਰਤਾਂ ਸਾਡੇ ਦਿਮਾਗ਼ ਨੂੰ ਤੇਜ਼ ਕਰਦੀਆਂ ਹਨ। ਸਾਰੇ ਗਿਆਨ ਵਿਚ ਅਥਾਹ ਵਾਧਾ ਹੁੰਦਾ ਹੈ।

-ਰਾਮ ਸਿੰਘ ਪਾਠਕ

ਸੋਨੇ ਦੀ ਚਿੜੀ
ਬੁੱਧਵਾਰ 4 ਅਕਤੂਬਰ 'ਅਜੀਤ' ਦੇ ਅੰਕ 'ਚ ਸ. ਬਲਬੀਰ ਸਿੰਘ ਰਾਜੇਵਾਲ ਵਲੋਂ ਲਿਖੇ ਲੇਖ 'ਅਨੇਕਾਂ ਸਮੱਸਿਆਵਾਂ ਵਿਚ ਘਿਰ ਗਿਆ ਹੈ ਪੰਜਾਬ' ਪੜ੍ਹਿਆ, ਜਿਸ 'ਚ ਲੇਖ਼ਕ ਵਲੋਂ ਪੰਜਾਬ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਇਸ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਦੇਸ਼ ਦਾ ਸਭ ਤੋਂ ਅੱਗੇ ਰਹਿਣ ਵਾਲਾ ਪੰਜਾਬ ਸਮੇਂ-ਸਮੇਂ ਦੀਆਂ ਸਾਡੀਆ ਸਰਕਾਰਾਂ ਅਤੇ ਲੀਡਰਾਂ ਦੀਆਂ ਗਲਤ ਨੀਤੀਆਂ ਦੀ ਭੇਟ ਚੜ੍ਹਣ ਕਾਰਨ ਨਸ਼ਿਆਂ, ਬੇਰੁਜ਼ਗਾਰੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਨੌਜਵਾਨ ਪੀੜ੍ਹੀ ਦਾ ਬਾਹਰਲੇ ਦੇਸ਼ਾਂ 'ਚ ਪਰਵਾਸ ਕਰਨਾ, ਕਿਸਾਨਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਮਸਲੇ ਹੱਲ ਨਾ ਹੋਣਾ ਬਹੁਤ ਹੀ ਚਿੰਤਾ ਦੇ ਵਿਸ਼ੇ ਹਨ। ਜਿਸ ਸੰਬੰਧੀ ਕਿਸੇ ਨੂੰ ਪੰਜਾਬ ਦੀ ਕੋਈ ਵੀ ਚਿੰਤਾ ਨਹੀਂ ਹੈ। ਪੰਜਾਬ 'ਚ ਮਾਪੇ ਕਰਜ਼ੇ ਚੁੱਕ ਕੇ ਤੇ ਜ਼ਮੀਨਾਂ ਵੇਚ-ਵੇਚ ਕੇ ਬੱਚਿਆਂ ਨੂੰ ਆਈਲੈਟਸ ਕਰਵਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਨ। ਪੰਜਾਬ 'ਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਆਮ ਵਰਗ ਦੇ ਲੋਕ ਪ੍ਰੇਸ਼ਾਨ ਹਨ, ਜਿਸ ਲਈ ਥਾਂ-ਥਾਂ ਰੋਸ ਧਰਨੇ ਲਗਾਏ ਜਾਂਦੇ ਹਨ। ਪੰਜਾਬ ਸਿਰ ਕਰਜ਼ਿਆਂ ਦੀ ਪੰਡ ਦਾ ਭਾਰ ਹਲਕਾ ਹੋਣ ਦੀ ਬਜਾਇ ਹੋਰ ਭਾਰੀ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਦਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਦਰਿਆਵਾਂ ਦੇ ਪਾਣੀ ਦੀ ਵੰਡ, ਚੰਡੀਗੜ੍ਹ ਦੇ ਮਸਲੇ ਦਾ ਹੱਲ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਹਨ ਜੋ ਵਿਚਕਾਰ ਹੀ ਲਟਕ ਰਹੇ ਹਨ। ਇਸ ਲਈ ਪੰਜਾਬ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕੇਂਦਰ ਸਰਕਾਰ ਪੰਜਾਬ ਸੂਬੇ ਦੀ ਬਾਂਹ ਫੜੇ । ਇਸ ਤੋਂ ਇਲਾਵਾ ਸਾਰੇ ਪੰਜਾਬ ਦੇ ਵਾਸੀਆ, ਸੂਬਾ ਸਰਕਾਰ ਨੂੰ ਵੀ ਰਲ-ਮਿਲ ਕੇ ਪਹਿਲਕਦਮੀ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਚਿੜੀ ਬਣ ਸਕੇ।

-ਇੰਜੀ. ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ-ਘਰਾਚੋਂ, ਜ਼ਿਲ੍ਹਾ ਸੰਗਰੂਰ।

 

 

 

02-11-2023

 ਏਸ਼ਿਆਈ ਖੇਡਾਂ 'ਚ ਛਾਏ ਭਾਰਤੀ
ਪਿਛਲੇ ਦਿਨੀਂ 'ਅਜੀਤ' 'ਚ ਸਿਰਲੇਖ 'ਮੰਜ਼ਿਲਾਂ ਹੋਰ ਵੀ ਹਨ' ਹੇਠ ਛਪੀ ਸੰਪਾਦਕੀ ਵਿਚ ਲੇਖਕ ਨੇ ਏਸ਼ਿਆਈ ਖੇਡਾਂ ਵਿਚ ਸਾਡੇ ਖਿਡਾਰੀਆਂ ਵਲੋਂ ਚੰਗੀ ਕਾਰਜਗੁਜ਼ਾਰੀ ਦਿਖਾਉਣ ਬਾਰੇ ਵਿਸਥਾਰ ਨਾਲ ਲਿਖ ਖ਼ੁਸ਼ੀ ਜ਼ਾਹਿਰ ਕੀਤੀ ਹੈ। ਕਾਬਲੇ ਗ਼ੌਰ ਸੀ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਵੱਧ ਏਸ਼ੀਅਨ ਰਿਕਾਰਡ 107 ਤਗਮੇ ਪ੍ਰਾਪਤ ਕੀਤੇ ਹਨ। ਇਹ ਏਸ਼ਿਆਈ ਕੇਡਾਂ ਵਿਚ ਭਾਰਤ ਦੀ ਬਹੁਤ ਹੀ ਵੱਡੀ ਪ੍ਰਾਪਤੀ ਹੈ। ਸਾਡੇ ਦੇਸ਼ ਦੀਆਂ ਔਰਤਾਂ ਜਿੱਥੇ ਦੇਸ਼ ਵਿਦੇਸ਼ ਵਿਚ ਹਰ ਖੇਤਰ ਵਿਚ ਬਾਜ਼ੀ ਮਾਰ ਰਹੀਆਂ ਹਨ ਉਥੇ ਉਨ੍ਹਾਂ ਖੇਡਾਂ ਵਿਚ ਵੀ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਸਾਨੂੰ ਸਾਡੀਆਂ ਧੀਆਂ 'ਤੇ ਮਾਣ ਹੈ। ਸਰਕਾਰ ਨੂੰ ਖਿਡਾਰੀਆਂ ਦੀਆਂ ਸਹੂਲਤਾਂ ਤੇ ਸਿਹਤ ਦਾ ਖਿਆਲ ਰੱਖ ਉਨ੍ਹਾਂ ਨੂੰ ਇਨਾਮ ਦੀ ਰਾਸ਼ੀ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਸਰਕਾਰੀ ਨੌਕਰੀਆਂ ਵਿਚ ਤਰਜੀਹ ਦੇਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ। ਉਲੰਪਿਕ ਖੇਡਾਂ ਵਿਚ ਜਿਸ ਤਰ੍ਹਾਂ ਖਿਡਾਰੀਆਂ ਦਾ ਖੇਡਣਾ ਲਗਭਗ ਤਹਿ ਹੋ ਗਿਆ ਹੈ, ਉਨ੍ਹਾਂ ਵਿਚ ਹੋਰ ਤਗਮੇ ਲੈਣ ਦਾ ਉਤਸ਼ਾਹ ਪੈਦਾ ਹੋਵੇਗਾ। ਜਿਹੜੇ ਖਿਡਾਰੀ ਤਗਮੇ ਹਾਸਿਲ ਨਹੀਂ ਕਰ ਸਕੇ ਉਨ੍ਹਾਂ ਨੂੰ ਉਤਸ਼ਾਹਿਤ ਕਰ ਮਨੋਬਲ ਵਧਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਅੱਗੇ ਜਾ ਕੇ ਤਗਮੇ ਹਾਸਿਲ ਕਰ ਸਕਣ। ਹੁਣ ਜਦੋਂ ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਨੂੰ ਆਪਣੇ ਖ਼ਿਡਾਰੀਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਦੇਸ਼ ਦੀ ਝੋਲੀ ਵਿਚ ਕ੍ਰਿਕਟ ਵਿਸ਼ਵ ਕੱਪ ਪਾ ਸਕਣ। ਇਸ ਦੀ ਚੰਗੀ ਸ਼ੁਰੂਆਤ ਭਾਰਤ ਵਲੋਂ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾ ਕੇ ਹੋ ਚੁੱਕੀ ਹੈ। ਅੱਗੇ ਵੀ ਜਿੱਤ ਦਾ ਸਿਲਸਿਲਾ ਲਗਾਤਾਰ ਚਲਦਾ ਰਹੇਗਾ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ,
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।


ਪ੍ਰਦੂਸ਼ਣ ਰਹਿਤ ਦੀਵਾਲੀ
ਦੀਵਾਲੀ ਹਿੰਦੂ ਅਤੇ ਸਿਖਾਂ ਦਾ ਸਾਂਝਾ ਤਿਉਹਾਰ ਹੈ। ਸਿੱਖ ਇਸ ਕਰਕੇ ਦੀਵਾਲੀ ਮਨਾਉਂਦੇ ਹਨ ਕਿ ਜਦ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਕੈਦ ਤੋਂ ਰਿਹਾ ਹੋ ਕੇ ਪੰਜਾਬ ਪਰਤੇ ਸਨ, ਅਤੇ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਪਹੁੰਚੇ ਸਨ, ਤਾਂ ਲੋਕਾਂ ਨੇ ਉਨ੍ਹਾਂ ਦੇ ਆਉਣ ਦੀ ਕੁਸ਼ੀ ਵਿਚ ਦੀਪਮਾਲਾ ਕੀਤੀ ਸੀ। ਉਸ ਸਮੇਂ ਦੇਸੀ ਘਿਓ ਦੇ ਦੀਵੇ ਜਲਾਏ ਜਾਂਦੇ ਸਨ। ਉਹ ਵਾਤਾਵਰਨ ਨੂੰ ਸ਼ੁੱਧ ਕਰਦੇ ਸਨ ਅਤੇ ਗੁਰੂ-ਪੀਰਾਂ ਨੇ ਕਦੇ ਨਹੀਂ ਕਿਹਾ ਕਿ ਆਤਿਸ਼ਬਾਜ਼ੀ ਕਰਕੇ ਖੁਸ਼ੀਆਂ ਮਨਾਾਈਆਂ ਜਾਣ ਅਤੇ ਨਾ ਹੀ ਉਸ ਸਮੇਂ ਉਨ੍ਹਾਂ ਦੇ ਆਉਣ ਮੌਕੇ ਅਜਿਹਾ ਕੀਤਾ ਗਿਆ ਸੀ। ਆਤਿਸ਼ਬਾਜ਼ੀ ਵਰਗੀਆਂ ਬਾਤਾਂ ਅਸੀਂ ਆਪਣੇ ਕੋਲੋਂ ਜੋੜ ਕੇ ਵਾਤਾਵਰਨ ਨੂੰ ਖਰਾਬ ਕਰ ਰਹੇ ਹਾਂ। ਦੀਵਾਲੀ ਦਾ ਤਿਉਹਾਰ ਹਰ ਸਾਲ ਅਉਂਦਾ ਹੈ ਅਤੇ ਚਲੇ ਜਾਂਦਾ ਹੈ ਤੇ ਅਸੀਂ ਹਮੇਸ਼ਾ ਇਹ ਵਾਅਦਾ ਕਰਦੇ ਹਾਂ ਕਿ ਇਸ ਵਾਰ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਵਾਂਗੇ। ਪਰ ਅਜਿਹਾ ਹੁੰਦਾ ਨਹੀਂ ਹੈ। ਰਾਤ ਸਮੇਂ ਅਸਮਾਨ ਵਿਚ ਉੱਡਦੇ ਧੂੰਏਂ ਤੋਂ ਪਤਾ ਲੱਗ ਜਾਂਦਾ ਹੈ ਕਿ ਅਜੇ ਵੀ ਅਸੀਂ ਵਾਤਾਵਰਨ ਪ੍ਰਤੀ ਸੁਚੇਤ ਨਹੀਂ ਹੋਏ। ਕੀ ਸਾਡੇ ਗੁਰੂਆਂ ਪੈਗੰਬਰਾਂ ਨੇ ਅਜਿਹਾ ਸੰਦੇਸ਼ ਦਿੱਤਾ ਸੀ ਕਿ ਦੀਵਾਲੀ ਮੌਕੇ ਵਾਤਾਵਰਨ ਏਨਾ ਖਰਾਬ ਕਰ ਦਿੱਤਾ ਜਾਵੇ ਕਿ ਜਿਸ ਵਿਚ ਮਨੁੱਖਤਾ ਨੂੰ ਸਾਹ ਲੈਣ ਦਾ ਵੀ ਖਤਰਾ ਬਣ ਜਾਵੇ। ਬਿਲਕੁਲ ਨਹੀਂ, ਉਨ੍ਹਾਂ ਦਾ ਉਪਦੇਸ਼ ਇਹ ਸੀ ਕਿ ਹਰ ਕੰਮ ਮਨੁੱਖਤਾ ਦੀ ਭਲਾਈ ਲਈ ਕੀਤਾ ਜਾਵੇ। ਸੋ, ਆਓ ਇਸ ਵਾਰ ਦੀ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ ਤੇ ਗੁਰੂਆਂ-ਪੀਰਾਂ ਦੀ ਅਸੀਸ ਪ੍ਰਾਪਤ ਕਰੀਏ।


-ਮਾ. ਗੁਰਦਿਆਲ ਸਿੰਘ ਧਨੋਆ
ਪਿੰਡ ਤੇ ਡਾਕ. ਘੜੂੰਆਂ।


ਸਮਾਨਤਾ ਦੀ ਸ਼ੁਰੂਆਤ
ਸੰਵਿਧਾਨ ਦੀ ਧਾਰਾ-14 ਤਹਿਤ ਸਭਨਾਂ ਨੂੰ ਸਮਾਨਤਾ ਦਾ ਅਧਿਕਾਰ ਹੈ ਅਤੇ ਧਾਰਾ 15 ਰੰਗ-ਨਸਲ, ਲਿੰਗ ਅਤੇ ਜਾਤੀ ਭੇਦਭਾਵ ਦੀ ਮਨਾਹੀ ਕਰਦੀ ਹੈ। ਅਸੀਂ ਅਕਸਰ ਹੀ ਸਮਾਜ ਵਿਚ ਔਰਤਾਂ ਦੀ ਬਰਾਬਰਤਾ ਦੇ ਮੁੱਦੇ ਉਠਾਉਂਦੇ ਹਾਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਯਤਨ ਕਰਦੇ ਹਾਂ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਰਾਬਰਤਾ ਦਾ ਥੰਮ੍ਹ ਤਾਂ ਹੀ ਸਥਿਰ ਰਹੇਗਾ ਜੇਕਰ ਇਸ ਦੀ ਨੀਂਹ ਮਜ਼ਬੂਤ ਹੋਵੇਗੀ। ਔਰਤਾਂ ਦੀ ਸਮਾਨਤਾ ਦੀ ਨੀਂਹ ਤਾਂ ਹੀ ਮਜ਼ਬੂਤ ਹੋਵੇਗੀ, ਜੇਕਰ ਇਸ ਦੀ ਸ਼ੁਰੂਆਤ ਘਰ ਤੋਂ ਹੋਵੇਗੀ ਅਤੇ ਘਰ ਦੀ ਧੀ ਨੂੰ ਉਸ ਦੇ ਮੁਢਲੇ ਅਧਿਕਾਰ ਅਤੇ ਪੁੱਤਾਂ ਵਾਂਗ ਉਸ ਨੂੰ ਸਮਾਨਤਾ ਅਤੇ ਸਨਮਾਨ ਮਿਲਣਾ ਚਾਹੀਦਾ ਹੈ। ਸੋ, ਆਉ ਔਰਤਾਂ ਨੂੰ ਸਮਾਨਤਾ ਦੇਣ ਦੀ ਸ਼ੁਰੂਆਤ ਘਰ ਤੋਂ ਹੀ ਕਰੀਏ ਕਿਉਂਕਿ ਜੇਕਰ ਘਰ ਵਿਚ ਔਰਤਾਂ ਨੂੰ ਚਰਿੱਤਰ ਦੇ ਵਿਕਾਸ ਲਈ ਮੁਢਲੇ ਹੱਕ ਮਿਲਣਗੇ ਤਾਂ ਹੀ ਫਿਰ ਪੜ੍ਹ-ਲਿਖ ਕੇ ਸਮਾਜ ਅਤੇ ਦੇਸ਼ ਵਿਚ ਮਰਦਾਂ ਨਾਲ ਮੋਢੇ ਨਾਲ ਮੋਡਾ ਜੋੜ ਕੇ ਹਰੇਕ ਖੇਤਰ ਵਿਚ ਬਰਾਬਰਤਾ ਦੇ ਝੰਡੇ ਗੱਡ ਸਕਣਗੀਆਂ। ਲੋੜ ਹੈ ਔਰਤਾਂ ਪ੍ਰਤੀ ਨਜ਼ਰੀਆ ਬਦਲਣ ਦੀ ਅਤੇ ਰੂੜੀਵਾਦੀ ਸੋਚ ਦਾ ਤਿਆਗ ਕਰਨ ਦੀ, ਜੇਕਰ ਘਰ ਦੇ ਮੈਂਬਰ ਔਰਤਾਂ ਪ੍ਰਤੀ ਆਪਣੀ ਸੋਚ ਦਾ ਦਾਇਰਾ ਵਧਾਉਣਗੇ ਤਾਂ ਹੀ ਔਰਤਾਂ ਸਮਾਜ ਵਿਚ ਆਤਮ-ਵਿਸ਼ਵਾਸ ਤਹਿਤ ਸਵੈ ਨਿਰਭਰ ਹੋ ਕੇ ਵਿਚਰ ਸਕਣਗੀਆਂ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

31-10-2023

 ਜਸ਼ਨ ਦੇ ਮੌਕੇ ਛਾਇਆ ਮਾਤਮ

ਹਾਲ ਹੀ ਵਿਚ ਇਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਇਰਾਕ ਦੇ ਹਮਦਾਨਿਆ ਜ਼ਿਲ੍ਹੇ ਵਿਚ ਵਾਪਰੀ ਹੈ। ਜਿਸ ਵਿਚ ਇਕ ਵਿਆਹ ਵਾਲੇ ਹਾਲ ਨੂੰ ਅੱਗ ਲੱਗ ਜਾਂਦੀ ਹੈ। ਇਸ ਵਿਆਹ ਵਾਲੇ ਹਾਲ ਵਿਚ ਬਹੁਤ ਸਾਰੇ ਲੋਕ ਮੌਜੂਦ ਸਨ। ਵਿਆਹ ਵਾਲੇ ਮੁੰਡੇ ਦਾ ਨਾਂਅ ਰੇਵਾਨ ਸੀ ਤੇ ਕੁੜੀ ਦਾ ਨਾਂਅ ਹਨਿਨ ਸੀ। ਦੋਵੇਂ ਲਾੜਾ-ਲਾੜੀ ਬਹੁਤ ਖੁਸ਼ ਸਨ। ਜਦੋਂ ਲਾੜਾ ਤੇ ਲਾੜੀ ਨੱਚਣ ਲੱਗੇ ਤਾਂ ਉਨ੍ਹਾਂ ਦੇ ਆਲੇ-ਦੁਆਲੇ ਆਤਿਸ਼ਬਾਜ਼ੀ ਵਰਗੇ ਪਟਾਕੇ ਚਲਾਏ ਗਏ ਸਨ। ਜਿਸ ਦੀ ਅੱਗ ਛੱਤ ਤੱਕ ਚਲੀ ਗਈ. ਵਿਆਹ ਵਾਲੇ ਹਾਲ ਦੀ ਛੱਤ ਪਲਾਸਟਿਕ ਦੀ ਕਿਸੇ ਫੋਮ ਦੀ ਬਣੀ ਹੋਈ ਸੀ। ਜੋ ਕਿ ਅੱਗ ਦੀ ਲਪੇਟ ਵਿਚ ਜਲਦੀ ਆ ਜਾਂਦੀ ਹੈ। ਹੌਲੀ-ਹੌਲੀ ਅੱਗ ਸਾਰੇ ਹਾਲ ਵਿਚ ਫੈਲ ਗਈ, ਜਿਸ ਕਰਕੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਸਾਰੇ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵਿਚੋਂ ਕਈ ਵਿਅਕਤੀ ਰਸੋਈ ਦੇ ਦਰਵਾਜ਼ੇ ਤੋਂ ਨਿਕਲਣ ਲੱਗੇ। ਇਸ ਹਾਦਸੇ ਦੌਰਾਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਵਿਆਹ ਵਾਲੀ ਕੁੜੀ ਦਾ ਸਾਰਾ ਪਰਿਵਾਰ ਅੱਗ ਦੀ ਲਪੇਟ ਵਿਚ ਆ ਗਿਆ ਤੇ ਮੁੰਡੇ ਦੇ ਪਰਿਵਾਰ ਵਿਚੋਂ ਉਸ ਦੀ ਮਾਂ ਵੀ ਨਹੀਂ ਬਚ ਸਕੀ। ਹਾਲਾਂਕਿ ਮੁੰਡਾ ਤੇ ਕੁੜੀ ਦੋਵੇਂ ਸਹੀ ਸਲਾਮਤ ਹਨ, ਜਦਕਿ 150 ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਕਰੀਬੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖੁਸ਼ੀਆਂ ਮਨਾਉਣ ਦੇ ਮੌਕੇ 'ਤੇ ਦੋਹਾਂ ਘਰਾਂ ਵਿਚ ਮਾਤਮ ਛਾ ਗਿਆ। ਅਜਿਹੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ। ਪਟਾਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਖੀਰ ਵਿਚ ਇਹੀ ਦੱਸਣਾ ਚਾਹਾਂਗੀ ਕਿ ਇਕ ਛੋਟੀ ਜਿਹੀ ਗਲਤੀ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ।

-ਪੂਜਾ

ਨਸ਼ਿਆਂ ਦਾ ਮਾੜਾ ਰੁਝਾਨ

ਏ ਦਿਨ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਲੱਗਦੀਆਂ ਰਹਿੰਦੀਆਂ ਹਨ। ਨਸ਼ੇ ਦੇ ਪ੍ਰਭਾਵ ਥੱਲੇ ਆਏ ਨੌਜਵਾਨ ਸਭ ਕੁਝ ਭੁੱਲ ਕੇ ਸਿਰਫ਼ ਨਸ਼ੇ ਦੀ ਪੂਰਤੀ ੍ਲਈ ਇੱਧਰ-ਉੱਧਰ ਘੁੰਮਦੇ ਹਨ ਤੇ ਕਈ ਲੋਕ ਇਨ੍ਹਾਂ ਦੁਆਰਾ ਕੀਤੀ ਲੁੱਟਮਾਰ ਦਾ ਸ਼ਿਕਾਰ ਵੀ ਬਣਦੇ ਹਨ। ਨਸ਼ਾ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਨਸ਼ੇ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਆਪਣੀ ਬਾਂਹ 'ਚੋਂ ਟੀਕਾ ਕੱਢਣ ਤੱਕ ਦਾ ਸਮਾਂ ਨਹੀਂ ਮਿਲਦਾ, ਨਾਲ ਦੀ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਪਹਿਲੀਆਂ ਸਰਕਾਰਾਂ ਵਾਂਗ ਹੁਣ ਦੀ ਸਰਕਾਰ ਵੀ ਨਸ਼ੇ ਨੂੰ ਰੋਕਣ ਲਈ ਕਾਰਗਰ ਸਿੱਧ ਨਹੀਂ ਹੋ ਰਹੀ। ਸਰਕਾਰ ਨੂੰ ਸਖ਼ਤੀ ਨਾਲ ਇਸ ਪਾਸੇ ਕਦਮ ਪੁੱਟਣਾ ਚਾਹੀਦਾ ਹੈ, ਜਿਥੇ ਨਸ਼ੇ ਤੋਂ ਪੀੜਤਾਂ ਦਾ ਇਲਾਜ ਕਰਵਾਇਆ ਜਾਵੇ ਉਥੇ ਹੀ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਕਾਬੂ ਕਰ ਕੇ ਉਨ੍ਹਾਂ 'ਤੇ ਕਤਲ ਦੇ ਮਾਮਲੇ ਦਰਜ ਕੀਤੇ ਜਾਣ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲਾ ਲੁਧਿਆਣਾ।

ਨਕਲ ਖਿਲਾਫ ਸਖ਼ਤੀ

ਪ੍ਰੀਖਿਆਵਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਣ ਵਾਲਾ ਹੈ, ਬੋਰਡਾਂ ਵਲੋਂ ਨਕਲ ਅਤੇ ਪੇਪਰ ਦੇ ਲੀਕ ਹੋਣ ਦੀ ਸਮੱਸਿਆ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਨੂੰ ਜਾਰੀ ਰੱਖਦੇ ਹੋਏ ਸੀ.ਬੀ.ਐਸ.ਈ. ਬੋਰਡ ਨੇ ਪੇਪਰ ਨੂੰ ਲੀਕ ਹੋਣ ਤੋਂ ਰੋਕਣ ਅਤੇ ਨਕਲ ਨੂੰ ਠੱਲ੍ਹਪਾਉਣ ਲਈ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅਲੱਗ-ਅਲੱਗ ਪ੍ਰੀਖਿਆਵਾਂ ਕੇਦਰਾਂ ਵਿਚ ਪ੍ਰਸ਼ਨ ਪੱਤਰਾਂ ਦੇ ਵੱਖ-ਵੱਖ ਸੈੱਟ ਭੇਜਣ ਦਾ ਫ਼ੈਸਲਾ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪੇਪਰ ਦੇ ਲੀਕ ਹੋਣ ਅਤੇ ਨਕਲ ਨੂੰ ਰੋਕਣ ਲਈ ਸਫ਼ਲਤਾ ਮਿਲੇਗੀ। ਪੇਪਰਾਂ ਦਾ ਲੀਕ ਹੋਣਾ ਅਤੇ ਨਕਲ ਵਰਗੀ ਸਮੱਸਿਆ ਕੋਈ ਨਵੀਂ ਨਹੀਂ। ਪੰਜਾਬ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਮੇਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਅਤੇ ਪਿਛਲੇ ਸਾਲ ਅੰਗਰੇਜ਼ੀ ਦੇ ਪੇਪਰ ਦਾ ਲੀਕ ਹੋਣਾ ਸਿੱਖਿਆ ਵਿਚ ਆ ਰਹੇ ਨਿਘਾਰ ਅਤੇ ਪ੍ਰੀਖਿਆਵਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਹਨ। ਸੁਚਾਰੂ ਢੰਗ ਨਾਲ ਨਕਲ ਰਹਿਤ ਪ੍ਰੀਖਿਆਵਾਂ ਨੂੰ ਨੇਪਰੇ ਚਾੜ੍ਹਨ ਲਈ ਜਿਥੇ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਕਲ ਦੇ ਨੁਕਸਾਨ ਦੱਸਦੇ ਹੋਏ ਇਸ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਉਥੇ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਪ੍ਰੀਖਿਆਵਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

30-10-2023

 ਕਿਹੋ ਜਿਹਾ ਹੋਵੇ ਜੀਵਨ
ਹਰ ਇਨਸਾਨ ਵਿਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ। ਆਪਣੀ ਕਾਬਲੀਅਤ ਨੂੰ ਦੂਜਿਆਂ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ। ਜਿੰਨਾ ਵੀ ਸਾਡੇ ਕੋਲ ਹੈ, ਉਸ ਵਿਚ ਸਬਰ ਸੰਤੋਖ ਕਰਨਾ ਚਾਹੀਦਾ ਹੈ। ਆਪਣੇ ਵੱਲ ਵੀ ਝਾਤੀ ਮਾਰ ਕੇ ਦੇਖੋ, ਜਿਨ੍ਹਾਂ ਕੋਲ ਰਹਿਣ ਲਈ ਘਰ ਤੱਕ ਵੀ ਨਹੀਂ ਹਨ। ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਕਰੋ। ਪੈਸੇ ਦੀ ਹੋੜ ਜ਼ਿਆਦਾ ਹੈ। ਅੱਜ ਦਾ ਇਨਸਾਨ ਇਕ-ਦੂਜੇ ਨੂੰ ਨੀਵਾਂ ਦਿਖਾਉਣ 'ਤੇ ਲੱਗਾ ਹੋਇਆ ਹੈ। ਅਸੀਂ ਸੰਸਾਰ ਨਾਲ ਜੁੜਦੇ ਹਾਂ, ਪਰ ਖ਼ੁਦ ਨਾਲੋਂ ਕੱਟੇ ਜਾਂਦੇ ਹਾਂ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ। ਘਰ ਵਿਚ ਸ਼ਾਂਤੀ ਦਾ ਮਾਹੌਲ ਰੱਖੋ। ਖੁਸ਼ੀ ਆਪਣੇ ਅੰਦਰੋਂ ਲੱਭੋ। ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਹੁੰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ, ਤਾਂ ਸਾਡੀ ਦੇਖਾਦੇਖੀ ਪਰਿਵਾਰਕ ਮੈਂਬਰ, ਦੋਸਤ ਆਪਣੇ-ਆਪ ਨੂੰ ਬਦਲਣਗੇ। ਸਾਰਿਆਂ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਹੋਵੋ। ਜੇ ਤੁਹਾਨੂੰ ਅਸਫਲਤਾ ਮਿਲੀ ਹੈ, ਤਾਂ ਗਲਤੀਆਂ ਤੋਂ ਸਿੱਖੋ। ਗਲਤੀਆਂ ਨੂੰ ਨਾ ਦੁਹਰਾਉ। ਟੀਚਾ ਹਾਸਿਲ ਕਰਨ ਲਈ ਮਿਹਨਤ ਕਰਨੀ ਪੈਣੀ ਹੈ। ਕਿਸੇ ਨਾਲ ਨਫਰਤ ਨਾ ਕਰੋ। ਸਾਕਾਰਾਤਮਿਕ ਸੋਚ ਰੱਖੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ, ਜਿਸ ਨਾਲ ਜੀਵਨ ਨੂੰ ਸੇਧ ਮਿਲੇ। ਜੇ ਕਿਸੇ ਕੰਮ ਨੂੰ ਕਰਦੇ ਹੋਏ ਖੁਸ਼ੀ ਨਾ ਮਿਲੇ ਤਾਂ ਉਸ ਨੂੰ ਸਾਰਥਕ ਬਣਾਉਣ ਦਾ ਤਰੀਕਾ ਲਭੋ। ਲੋੜਵੰਦਾਂ ਦੀ ਮਦਦ ਕਰੋ। ਹਮੇਸ਼ਾ ਚੰਗਾ ਸੋਚੋ। ਕਿਸੇ ਨੂੰ ਬੇਵਜ੍ਹਾ ਤੰਗ ਨਾ ਕਰੋ। ਜੇ ਅਸੀਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਤਾਂ ਤਕਲੀਫ਼ ਤਾਂ ਸਾਨੂੰ ਵੀ ਹੁੰਦੀ ਹੈ। ਜੇ ਅਸੀਂ ਆਪਣੀ ਸਮਰੱਥਾ ਅਤੇ ਦਿਲਚਸਪੀ ਮੁਤਾਬਕ ਅੱਗੇ ਵਧਾਂਗੇ, ਤਾਂ ਸਫਲਤਾ ਵੀ ਜ਼ਰੂਰ ਮਿਲੇਗੀ।


-ਸੰਜੀਵ ਸਿੰਘ ਸੈਣੀ ਮੁਹਾਲੀ


ਭਾਰਤ ਬਨਾਮ ਕੈਨੇਡਾ
5 ਅਕਤੂਬਰ ਦੇ ਅੰਕ ਵਿਚ ਛਪੇ ਸੰਪਾਦਕੀ 'ਭਾਰਤ ਕੈਨੇਡਾ ਵਿਚ ਵਧਦਾ ਤਣਾਅ' (ਡਾ. ਬਰਜਿੰਦਰ ਸਿੰਘ ਹਮਦਰਦ) ਵਿਚ ਭਾਰਤ ਅਤੇ ਕੈਨੇਡਾ ਦੇ ਆਪਸ ਵਿਚ ਵਿਗੜ ਰਹੇ ਸੰਬੰਧ ਬਾਰੇ ਚਰਚਾ ਕੀਤੀ ਗਈ ਹੈ। ਭਾਰਤ ਵਿਚੋਂ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰਦੇ ਹਨ ਅਤੇ ਬਹੁਤਿਆਂ ਦਾ ਇਹ ਸੁਪਨਾ ਹੈ ਕਿ ਉਹ ਵੀ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰ ਸਕਣ। ਉਹ ਇਹ ਵੀ ਚਾਹੁੰਦੇ ਹਨ ਕਿ ਉਹ ਉੱਥੇ ਹੀ ਕੰਮ ਕਰਦੇ ਰਹਿਣ ਅਤੇ ਕਿਸੇ ਤਰ੍ਹਾਂ ਉੱਥੇ ਹੀ ਸੈੱਟ ਹੋ ਜਾਣ। ਮਾਂ-ਬਾਪ ਵੀ ਬਹੁਤ ਪੈਸਾ ਲਾ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਦੇ ਹਨ। ਪਰ ਇਹ ਵਿਗੜ ਰਹੇ ਸੰਬੰਧ ਇਨ੍ਹਾਂ ਲਈ ਅਤੇ ਹੋਰ ਬੱਚਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਸ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਆਉਣ ਵਾਲੇ ਭਵਿੱਖ ਲਈ ਇਸ ਨੂੰ ਸੁਲਝਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਅਤੇ ਵਿਦਿਆਰਥੀਆਂ ਨੂੰ ਸੁੱਖ ਦਾ ਸਾਹ ਆ ਸਕੇ ਅਤੇ ਉਹ ਚਿੰਤਾ ਮੁਕਤ ਹੋਣ।


-ਰਮਨਦੀਪ ਕੌਰ
ਪਿੰਡ-ਦਸੌਂਦਾ ਸਿੰਘ ਵਾਲਾ, (ਮਾਲੇਰਕੋਟਲਾ)

27-10-2023

 ਮਹਾਂ ਪੰਜਾਬ ਦੀ ਤ੍ਰਾਸਦੀ ਤੇ ਐਸ.ਵਾਈ.ਐਲ.

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹੀ ਪੰਜ ਦਰਿਆਵਾਂ ਦੇ ਵਿਸ਼ਾਲ ਪੰਜਾਬ ਦੀ ਤ੍ਰਾਸਦੀ ਸ਼ੁਰੂ ਹੋ ਗਈ ਸੀ ਅਤੇ ਮਹਾਂ ਪੰਜਾਬ ਨੂੰ ਸਮੇਂ-ਸਮੇਂ ਦੀਆਂ ਹਕੂਮਤਾਂ ਤੇ ਰਾਜਨੀਤਕ ਲੋਕਾਂ ਨੇ ਇਸ ਨੂੰ ਵੱਢ-ਟੁੱਕ ਕੇ ਛੋਟਾ ਜਿਹਾ ਪੰਜਾਬ ਕਰ ਦਿੱਤਾ, ਫਿਰ ਭਾਵੇਂ ਇਹ 1947 ਦੀ ਵੰਡ ਹੋਵੇ ਜਾਂ 1966 'ਚ ਬਣਿਆ ਪੰਜਾਬੀ ਸੂਬਾ ਹੀ ਕਿਉਂ ਨਾ ਹੋਵੇ। ਇਥੇ ਹੀ ਬਸ ਨਹੀਂ ਹੋਈ, ਫਿਰ ਇਸ ਦੇ ਪਾਣੀ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੂਸਰੇ ਰਾਜਾਂ ਵਿਚ ਵੰਡਿਆ, ਉਪਰੋਂ 'ਹਰੀ ਕ੍ਰਾਂਤੀ' ਦੇ ਨਾਂਅ 'ਤੇ ਪੰਜਾਬ ਨੇ ਦੇਸ਼ ਦੇ ਅੰਨ-ਭੰਡਾਰ ਨੂੰ ਭਰਦੇ-ਭਰਦੇ ਸੂਬੇ ਦੀ ਧਰਤੀ ਹੇਠਲਾ ਪਾਣੀ ਹੀ ਪਤਾਲ ਤੱਕ ਪਹੁੰਚਾ ਦਿੱਤਾ, ਨਤੀਜੇ ਵਜੋਂ ਇਸ ਦੇ ਕਈ ਜ਼ਿਲ੍ਹੇ ਡਾਰਕ ਜ਼ੋਨ ਵਿਚ ਚਲੇ ਗਏ ਹਨ। ਹੁਣ ਰਹਿੰਦੀ-ਖੂੰਹਦੀ ਕਸਰ ਦੇਸ਼ ਦੇ ਦੂਜੇ ਰਾਜਾਂ ਤੋਂ ਆਏ ਲੋਕਾਂ ਨੇ ਸਰਕਾਰੀ ਨੌਕਰੀਆਂ ਸਾਂਭਣ ਦੇ ਨਾਲ-ਨਾਲ ਪੰਜਾਬ ਦੇ ਛੋਟੇ ਤੋਂ ਲੈ ਕੇ ਵੱਡੇ-ਵੱਡੇ ਕੰਮ ਸਾਂਭ ਲਏ ਹਨ, ਜਿਸ ਕਾਰਨ ਇਥੋਂ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਨੂੰ ਉਡਾਰੀ ਮਾਰ ਗਏ ਹਨ ਜਾਂ ਵਹੀਰਾਂ ਘੱਤ ਰਹੇ ਹਨ। ਹੁਣ ਫਿਰ ਐਸ.ਵਾਈ.ਐਲ. ਨਹਿਰ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਦੂਜੇ ਸੂਬੇ ਨੂੰ ਹੋਰ ਪਾਣੀ ਦਿੱਤਾ ਜਾ ਸਕੇ ਪਰ ਦੱਸਿਆ ਜਾਂਦਾ ਹੈ ਕਿ ਇਸ ਦਾ 70 ਫ਼ੀਸਦੀ ਪਾਣੀ ਪਹਿਲਾਂ ਹੀ ਦੂਜੇ ਸੂਬਿਆਂ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਇਸ ਦਾ ਕੇਸ ਹੁਣ ਮਾਣਯੋਗ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ। ਸੋ, ਸਰਕਾਰ ਤੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਬਾਕੀ ਸਾਰੇ ਗਿਲੇ-ਸ਼ਿਕਵੇ ਛੱਡ ਕੇ ਮਿਲ-ਬੈਠ ਕੇ ਇਕੱਠੇ ਹੋ ਕੇ ਐਸ.ਵਾਈ.ਐਲ. ਦਾ ਕੰਮ ਮਜ਼ਬੂਤੀ ਨਾਲ ਸੁਪਰੀਮ ਕੋਰਟ ਵਿਚ ਰੱਖਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਇਨਸਾਫ਼ ਮਿਲ ਸਕੇ ਤੇ ਇਸ ਦੀ ਜ਼ਮੀਨ ਬੰਜਰ ਹੋਣ ਤੋਂ ਬਚ ਸਕੇ। 'ਸਿਆਣੇ ਕਹਿੰਦੇ ਨੇ ਕਿ ਜਿਸ ਘਰ ਵਿਚ ਲੜਾਈ, ਝਗੜਾ, ਕਲੇਸ਼ ਪਿਆ ਹੋਵੇ, ਉਸ ਦਾ ਫਾਇਦਾ ਗੁਆਂਢੀ ਉਠਾ ਜਾਂਦੇ ਹਨ।'

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆਂ, ਜਲੰਧਰ।

ਅਵਾਰਾ ਕੁੱਤਿਆਂ ਦੀ ਸਮੱਸਿਆ

ਅੱਜ-ਕੱਲ੍ਹ ਅਵਾਰਾ ਕੁੱਤਿਆਂ ਦੇ ਝੁੰਡਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਕੁੱਤਿਆਂ ਦੇ ਝੁੰਡ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦੇਖੇ ਜਾਂਦੇ ਹਨ। ਹਰ ਜਗ੍ਹਾ ਤੇ ਗਲੀਆਂ, ਮੁਹੱਲਿਆਂ, ਪਾਰਕਾਂ ਅਤੇ ਹੋਰ ਸਰਕਾਰੀ ਦਫ਼ਤਰਾਂ, ਹਸਪਤਾਲਾਂ ਵਿਚ ਸ਼ਰੇਆਮ ਦੇਖੇ ਜਾ ਸਕਦੇ ਹਨ। ਇਹ ਕੁੱਤੇ ਜ਼ਿਆਦਾਤਰ ਆਪਣਾ ਨਿਸ਼ਾਨਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਣਾਉਂਦੇ ਹਨ। ਅਸੀਂ ਹਰ ਰੋਜ਼ ਹੀ ਸੁਣਦੇ ਅਤੇ ਦੇਖਦੇ ਹਾਂ ਕਿ ਅਵਾਰਾ ਕੁੱਤਿਆਂ ਦੇ ਝੁੰਡ ਆਮ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਵਾਪਰ ਰਹੀਆਂ ਹਨ। ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਹ ਗੱਲ ਠੀਕ ਹੈ ਕਿ ਕੁੱਤਿਆਂ ਨੂੰ ਵੀ ਜਿਊਣ ਦਾ ਪੂਰਾ-ਪੂਰਾ ਹੱਕ ਹੈ। ਪਰ ਇਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਨੂੰ ਕਿਸੇ ਖ਼ਾਸ ਜਗ੍ਹਾ 'ਤੇ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਬਿਮਾਰੀਆਂ ਅਤੇ ਹਲਕਾਅ ਤੋਂ ਬਚਾਉਣ ਲਈ ਸਹੀ ਤਰੀਕੇ ਨਾਲ ਇਨ੍ਹਾਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਇਸ ਕੰਮ ਵਿਚ ਬਹੁਤ ਸਾਰੇ ਲੋਕ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਨ। ਸਾਡੀ ਸਾਰਿਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਹੱਲ ਕੀਤੀ ਜਾਵੇ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ। ਇਸ ਨਾਲ ਲੋਕਾਂ ਵਿਚ ਬਣਿਆ ਡਰ ਅਤੇ ਸਹਿਮ ਦਾ ਮਾਹੌਲ ਖ਼ਤਮ ਹੋ ਸਕੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਬਜ਼ੁਰਗਾਂ ਦੇ ਹਾਲਾਤ

ਭਾਰਤ ਵਿਚਲੀ ਗਰੀਬੀ ਅਤੇ ਭੁੱਖਮਰੀ ਅਜੇ ਵੀ ਹੁਕਮਰਾਨਾ ਦਾ ਮੂੰਹ ਚਿੜਾ ਰਹੀ ਹੈ ਅਤੇ ਬੇਰੁਜ਼ਗਾਰੀ ਨੇ ਭਾਰਤ ਦੇ ਨੌਜਵਾਨ ਵਰਗ ਨੂੰ ਹਤਾਸ਼ ਕੀਤਾ ਹੋਇਆ ਹੈ। ਦੇਸ਼ 'ਚ ਆਰਥਿਕ ਨਾ ਬਰਾਬਰੀ ਬਹੁਤ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਵਧੀ ਹੈ। ਆਮਦਨ ਦੇ ਸੁੰਗੜਦੇ ਜਾਣ ਦਾ ਨਤੀਜਾ ਇਹ ਹੈ ਕਿ ਅੱਜ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਾਂਭ ਨਹੀਂ ਰਹੇ ਹਨ। ਅਜਿਹਾ ਨਹੀਂ ਹੈ ਕਿ ਉਹ ਮਨੁੱਕੀ ਭਾਵਨਾਵਾਂ ਤੋਂ ਕੋਰੇ ਹਨ, ਸਗੋਂ ਹਾਲਾਤ ਨੇ ਉਨ੍ਹਾਂ ਨੂੰ ਕਠੋਰ ਅਤੇ ਕਰੂਰ ਬਣਾ ਦਿੱਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਬਜ਼ੁਰਗਾਂ ਦੀ ਆਪਣੇ ਜਾਤੀ ਖ਼ਰਚੇ ਲਈ ਦੂਸਰਿਆਂ 'ਤੇ ਨਿਰਭਰਤਾ ਵੱਧ ਗਈ ਹੈ। ਬੁਢਾਪਾ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਪਾਉਂਦੀ। ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਇਨ੍ਹਾਂ ਬਜ਼ੁਰਗਾਂ ਦੀ ਸਥਿਤੀ ਸੱਚਮੁੱਚ ਧਿਆਨ ਮੰਗ ਕਰਦੀ ਹੈ। ਸਰਕਾਰਾਂ ਦੀਆਂ ਬਜ਼ੁਰਗਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਇਨ੍ਹਾਂ ਤੱਕ ਨਹੀਂ ਪਹੁੰਚਦੀਆਂ। ਬਜ਼ੁਰਗ ਘਰ ਦਾ, ਦੇਸ਼ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, (ਮੋਗਾ)

ਚਿੰਤਾ ਚਿਖਾ ਸਮਾਨ

ਇਸ ਜਗਤ ਵਿਚ ਹਰੇਕ ਜੀਵ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਨਾ ਕੋਈ ਚਿੰਤਾ ਹਮੇਸ਼ਾ ਲੱਗੀ ਰਹਿੰਦੀ ਹੈ। ਜਿਵੇਂ ਘੁਣ ਲੱਕੜੀ ਨੂੰ ਖਾ ਜਾਂਦਾ ਹੈ, ਠੀਕ ਇਸੇ ਪ੍ਰਕਾਰ ਹੀ ਚਿੰਤਾ ਮਨੁੱਖ ਦੇ ਤਨ-ਮਨ ਨੂੰ ਖੋਖਲਾ ਕਰ ਕੇ ਰੱਖ ਦਿੰਦੀ ਹੈ। ਚਿੰਤਾ ਕਰ ਕੇ ਮਨੁੱਖ ਰੋਗਾਂ ਨੂੰ ਆਪ ਸੱਦਾ ਦਿੰਦਾ ਹੈ। ਫ਼ਿਕਰਾਂ-ਫਾਕਿਆਂ 'ਚ ਰਹਿ ਕੇ ਸਾਨੂੰ ਕਦੇ ਵੀ ਮਸਲੇ ਦਾ ਹੱਲ ਨਹੀਂ ਮਿਲ ਸਕਦਾ, ਕਿਉਂਕਿ ਫ਼ਿਕਰਾਂ 'ਚ ਰਹਿ ਕੇ ਜ਼ਿੰਦਗੀ ਜਿਊਣ ਨਾਲ ਮਸਲੇ ਵਧਦੇ ਹੀ ਹਨ, ਘਟਦੇ ਨਹੀਂ। ਜਦ ਕੋਈ ਵੀ ਕੰਮ ਇੱਛਾ ਅਨੁਸਾਰ ਨਹੀਂ ਹੁੰਦਾ ਅਤੇ ਜਦ ਰੇਲ ਦੀ ਪਟੜੀ ਵਾਂਗ ਸਿੱਧੀ ਚੱਲ ਰਹੀ ਜ਼ਿੰਦਗੀ ਵਿਚ ਕੋਈ ਅਨੋਖਾ ਮੋੜ ਆਉਂਦਾ ਹੈ ਤਾਂ ਮਨੁੱਖ ਗਮਾਂ ਵਿਚ ਜ਼ਿੰਦਗੀ ਜੀਊਣੀ ਸ਼ੁਰੂ ਕਰ ਦਿੰਦਾ ਹੈ। ਸਾਨੂੰ ਇੰਜ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਰੇਲ ਦੀ ਪਟੜੀ ਵਾਂਗ ਸਿੱਧੀ ਨਹੀਂ ਚੱਲਦੀ ਕਿਉਂਕਿ ਉਤਰਾਅ-ਚੜ੍ਹਾਅ ਹੀ ਜ਼ਿੰਦਗੀ ਦਾ ਅਸਲ ਨਾਂਅ ਹੈ। ਦੁੱਖ ਦੀ ਘੜੀ ਵੇਲੇ ਚਿੰਤਾ ਵਿਚ ਡੁੱਬ ਕੇ ਹੱਥ ਉੱਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਬਲਕਿ ਚਿੰਤਾ ਦਾ ਹੱਲ ਲੱਭਣਾ ਚਾਹੀਦਾ ਹੈ ਕਿਉਂਕਿ ਐਸਾ ਕੋਈ ਵੀ ਰੋਗ ਨਹੀਂ ਹੁੰਦਾ, ਜਿਸ ਦੀ ਦਵਾਈ ਨਾ ਹੋਵੇ। ਸੋ, ਚਿੰਤਾ ਲਗਾ ਕੇ ਨਾ ਕਦੇ ਕਿਸੇ ਨੂੰ ਅੱਜ ਤੱਕ ਕੋਈ ਮਸਲੇ ਦਾ ਹੱਲ ਮਿਲਿਆ ਹੈ ਅਤੇ ਨਾ ਹੀ ਕਦੇ ਅਗਾਂਹ ਮਿਲੇਗਾ। ਹਮੇਸ਼ਾਂ ਫ਼ਿਕਰਾਂ ਨੂੰ ਅਲਵਿਦਾ ਆਖ਼ ਕੇ ਜ਼ਿੰਦਾ-ਦਿਲੀ ਨਾਲ ਜ਼ਿੰਦਗੀ ਜਿਊਣੀ ਚਾਹੀਦੀ ਹੈ। ਚਿੰਤਾ ਕਰਨ ਨਾਲ ਛੋਟੀ ਤੋਂ ਛੋਟੀ ਸਮੱਸਿਆ ਵੀ ਵੱਡੀ ਪ੍ਰਤੀਤ ਹੁੰਦੀ ਹੈ ਕਿਉਂਕਿ ਚਿੰਤਾ ਸਾਡੀ ਸੋਚਣ-ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

25-10-2023

 ਨਾਜਾਇਜ਼ ਕਬਜ਼ੇ
ਦਿਨੋ-ਦਿਨ ਨਾਜਾਇਜ਼ ਕਬਜ਼ੇ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਜਨਤਕ ਥਾਵਾਂ 'ਤੇ ਆਮ ਕੀਤੇ ਹੋਏ ਕਬਜ਼ੇ ਦੇਖੇ ਜਾ ਸਕਦੇ ਹਨ। ਅੱਜ-ਕੱਲ੍ਹ ਲੋਕ ਸਰਕਾਰੀ ਮਸ਼ੀਨਰੀ ਦੀ ਬਹੁਤ ਦੁਰਵਰਤੋਂ ਕਰ ਰਹੇ ਹਨ। ਜੇ ਕਿਸੇ ਇਨਸਾਨ ਦੇ ਕਿਸੇ ਰਾਜਨੀਤਕ ਨੇਤਾ ਨਾਲ ਚੰਗੇ ਸੰਬੰਧ ਹੁੰਦੇ ਹਨ ਤਾਂ ਉਸ ਦੀ ਸ਼ਹਿ 'ਤੇ ਉਹ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੰਦਾ ਹੈ। ਪਿੱਛੇ ਜਿਹੇ ਕਈ ਸੂਬਿਆਂ ਵਿਚ ਨਜਾਇਜ਼ ਉਸਾਰੀਆਂ 'ਤੇ ਬੁਲਡੋਜ਼ਰ ਵੀ ਚਲਾਇਆ ਗਿਆ। ਜਨਤਕ ਥਾਵਾਂ 'ਤੇ ਕੀਤੇ ਗਏ ਕਬਜ਼ਿਆਂ ਕਾਰਨ ਸੜਕਾਂ ਤੰਗ ਹੋ ਜਾਂਦੀਆਂ ਹਨ।
ਰਾਹਗੀਰਾਂ ਨੂੰ ਆਉਣ ਜਾਣ 'ਚ ਮੁਸ਼ਕਿਲ ਹੋ ਜਾਂਦੀ ਹੈ। ਬਾਜ਼ਾਰਾਂ ਵਿਚ ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਦੁਕਾਨਾਂ ਵਾਲੇ ਆਪਣੀ ਦੁਕਾਨ ਦੇ ਅੱਗੇ ਪੂਰਾ ਕਬਜ਼ਾ ਕਰ ਕੇ ਸਟਾਲ ਲਗਾਉਂਦੇ ਹਨ, ਜਿਸ ਕਾਰਨ ਸੜਕੀ ਆਵਾਜਾਈ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ। ਫੁੱਟਪਾਥਾਂ 'ਤੇ ਜੋ ਲੋਕ ਪੈਦਲ ਚੱਲਦੇ ਹਨ, ਉਥੇ ਵੀ ਲੋਕਾਂ ਦੇ ਨਾਜਾਇਜ਼ ਕਬਜ਼ੇ ਦੇਖੇ ਜਾ ਸਕਦੇ ਹਨ।
ਹਾਲ ਹੀ ਵਿਚ 'ਆਪ' ਸਰਕਾਰ ਰਾਹੀਂ ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ। ਸੁਣਨ ਵਿਚ ਵੀ ਆਇਆ ਕਿ ਪੰਚਾਇਤੀ ਜ਼ਮੀਨ 'ਤੇ ਉਸਾਰੀਆਂ ਵੀ ਕਰ ਦਿੱਤੀਆਂ ਗਈਆਂ।
ਪੰਚਾਇਤੀ ਜ਼ਮੀਨ ਸਰਕਾਰ ਨੇ ਆਪਣੇ ਕਬਜ਼ੇ ਵਿਚ ਲਈ, ਹਾਲਾਂਕਿ ਕਾਨੂੰਨ ਮੁਤਾਬਿਕ ਆਈ.ਪੀ.ਸੀ. ਦੀ ਧਾਰਾ 447 ਤਹਿਤ ਤਿੰਨ ਮਹੀਨੇ ਦੀ ਸਜ਼ਾ ਜਾਂ ਜੁਰਮਾਨਾ ਵੀ ਹੋ ਸਕਦਾ ਹੈ। ਸਥਾਨਕ ਸਰਕਾਰ ਵਿਭਾਗਾਂ ਨੂੰ ਜਨਤਕ ਜ਼ਮੀਨਾਂ 'ਤੇ ਕਬਜ਼ੇ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ।


-ਸੰਜੀਵ ਸਿੰਘ ਸੈਣੀ
ਮੁਹਾਲੀ


ਅਸਫ਼ਲਤਾ 'ਤੇ ਹਾਰ ਨਾ ਮੰਨੋ
ਜੇਕਰ ਤੁਸੀਂ ਸਫਲ ਲੋਕਾਂ ਦੀ ਜ਼ਿੰਦਗੀ 'ਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਹੀ ਸਫਲਤਾ ਨਹੀਂ ਮਿਲੀ। ਲਗਾਤਾਰ ਕੋਸ਼ਿਸ਼ਾਂ ਨਾਲ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਗਏ।
ਉਦਾਹਰਨ ਦੇ ਤੌਰ 'ਤੇ ਜੇਕਰ ਅਮੀਰ ਖ਼ਾਨ ਨੇ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਸੋਚਿਆ ਹੁੰਦਾ ਕਿ ਉਨ੍ਹਾਂ ਨੂੰ ਇਥੇ ਕੰਮ ਨਹੀਂ ਮਿਲੇਗਾ ਤਾਂ ਅੱਜ ਉਹ ਇੰਨੇ ਵੱਡੇ ਸਟਾਰ ਨਾ ਬਣਦੇ। ਜੇਕਰ ਧੀਰੂਭਾਈ ਅੰਬਾਨੀ ਨੇ ਉਸ ਛੋਟੀ ਜਿਹੀ ਝੌਂਪੜੀ ਵਿਚ ਬੈਠ ਕੇ ਮਿਹਨਤ ਨਾ ਕੀਤੀ ਹੁੰਦੀ ਤਾਂ ਅੱਜ ਅੰਬਾਨੀ ਦਾ ਇੰਨਾ ਵੱਡਾ ਕਾਰੋਬਾਰ ਨਾ ਹੁੰਦਾ। ਜੇਕਰ ਇਬਰਾਹਮ ਲਿੰਕਨ ਨੇ ਸਖ਼ਤ ਮਿਹਨਤ ਨਾ ਕੀਤੀ ਹੁੰਦੀ, ਸਟਰੀਟ ਲਾਈਟਾਂ 'ਚ ਪੜ੍ਹਾਈ ਨਾ ਕੀਤੀ ਹੁੰਦੀ ਤਾਂ ਉਹ ਕਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਸੀ। ਜੇਕਰ ਏ.ਪੀ.ਜੇ. ਅਬਦੁੱਲ ਕਲਾਮ ਨੇ ਮਿਹਨਤ ਨਾ ਕੀਤੀ ਹੁੰਦੀ ਤਾਂ ਉਹ ਅੱਜ 'ਮਿਜ਼ਾਈਲ ਮੈਨ' ਨਾ ਅਖਵਾਉਂਦਾ। ਇਹ ਮਹਾਨ ਸ਼ਖ਼ਸੀਅਤਾਂ ਸਾਨੂੰ ਸਿਖਾਉਂਦੀਆਂ ਹਨ ਕਿ ਹਾਰ ਮੰਨ ਕੇ ਘਰ ਨਾ ਬੈਠੋ, ਸਗੋਂ ਉੱਠੇ ਅਤੇ ਅੱਗੇ ਵਧੋ, ਕਿਉਂਕਿ ਹਰ ਸਵੇਰ ਉਮੀਦ ਦੀ ਨਵੀਂ ਕਿਰਨ ਲੈ ਕੇ ਆਉਂਦੀ ਹੈ।
ਸਾਨੂੰ ਇਕ ਨਵਾਂ ਦਿਨ ਮਿਲ ਗਿਆ ਹੈ, ਭਾਵ ਪਰਮਾਤਮਾ ਨੇ ਅਜੇ ਵੀ ਸਾਡੇ ਲਈ ਇਕ ਚੰਗੀ ਯੋਜਨਾ ਬਣਾਈ ਹੈ, ਜੋ ਸਾਡੇ ਭਲੇ ਲਈ ਹੈ, ਨਾ ਕਿ ਸਾਨੂੰ ਤਬਾਹ ਕਰਨ ਲਈ। ਮਿਹਨਤ ਨਾਲ ਦੁਨੀਆ ਵਿਚ ਸਭ ਕੁਝ ਸੰਭਵ ਹੈ।


-ਹਰਿੰਦਰ ਸਿੰਘ ਸ.ਸ. ਮਾਸਟਰ
ਸਰਕਾਰੀ ਹਾਈ ਸਮਾਰਟ ਸਕੂਲ, ਰਾਜਿੰਦਰਗੜ੍ਹ।

24-10-2023

 ਬੋਹੜ ਬਣਨ ਦਾ ਸਫ਼ਰ

ਬੀਤੇ ਦਿਨੀਂ ਐਤਵਾਰ ਮੈਗਜ਼ੀਨ ਵਿਚ ਉਪਮਾ ਡਾਗਾ ਪਾਰਥ ਦੀ ਰਚਨਾ 'ਬੋਹੜ ਬਣਨ ਦਾ ਸਫ਼ਰ' ਪੜ੍ਹੀ ਮਨ ਨੂੰ ਵਧੀਆ ਲੱਗੀ। ਸਾਡੇ ਜੀਵਨ ਦੀ ਅਸਲ ਸੱਚਾਈ ਨੂੰ ਲੇਖਿਕਾ ਨੇ ਆਪਣੇ ਸ਼ਬਦਾਂ ਦੁਆਰਾ ਬਿਆਨ ਕੀਤਾ। ਵਾਕਿਆ ਹੀ ਮਨੁੱਖ ਰੁੱਖ ਤੋਂ ਬੋਹੜ ਬਣਨ ਦਾ ਸਫ਼ਰ ਤੈਅ ਕਰਦਾ ਹੈ, ਮਨੁੱਖ ਜਿਨ੍ਹਾਂ ਨੂੰ ਉਂਗਲਾਂ ਫੜ ਕੇ ਤੁਰਨਾ ਸਿਖਾਉਂਦਾ ਹੈ, ਹੌਲੀ-ਹੌਲੀ ਖ਼ੁਦ ਉਨ੍ਹਾਂ ਦੀ ਉਂਗਲ ਫੜ ਕੇ ਤੁਰਨ ਲੱਗਦਾ ਹੈ। ਦੂਸਰਿਆਂ ਦੇ ਆਸਰੇ ਜਿਊਣ ਲੱਗ ਜਾਂਦਾ ਹੈ। 'ਨਿਵੇਕਲੀ ਸੋਚ' ਕੰਵਲਜੀਤ ਕੌਰ ਜੁਨੇਜਾ ਦੀ ਲਘੂ ਕਹਾਣੀ ਨਿਵੇਕਲੀ ਸੋਚ' ਨੂੰ ਪੈਦਾ ਕਰਦੀ ਹੈ। ਜ਼ਿੰਦਗੀ ਵਿਚ ਸਾਨੂੰ ਜਿਨ੍ਹਾਂ ਨੇ ਕੁਝ ਦਿੱਤਾ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਨ੍ਹਾਂ ਦਾ ਸਤਿਕਾਰ ਕਰੀਏ। ਗੁਰਸ਼ਰਨ ਸਿੰਘ ਨਰੂਲਾ ਦਾ ਆਰਟੀਕਲ 'ਜਿੱਤ ਦੀ ਖ਼ੁਸ਼ੀ ਜਾਂ...' ਇਹ ਰਚਨਾ ਸਾਨੂੰ ਇਹ ਗਿਆਨ ਦਿੰਦੀ ਹੈ। ਅਸੀਂ ਕਿਸੇ ਨਾਲ ਧੋਖਾ ਕਰ ਕੇ ਸੁੱਖ ਅਤੇ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ। ਸਾਨੂੰ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਸਾਡੀ ਮਿਹਨਤ ਨਾਲ ਕੀਤੀ ਪ੍ਰਾਪਤੀ ਸਾਨੂੰ ਅਸਲ ਖ਼ੁਸ਼ੀ ਦੇ ਸਕਦੀ ਹੈ। ਸਰਦਾਰ ਪੰਛੀ 'ਮਨੁੱਖੀ ਰਿਸ਼ਤੇ' ਰਿਸ਼ਤੇ ਅੱਗੇ ਦੀ ਅੱਗੇ ਤੁਰੇ ਜਾਂਦੇ ਹਨ। ਰਿਸ਼ਤਿਆਂ ਦਾ ਸਹੀ ਨਾਂਅ ਲੈ ਕੇ ਸੰਬੋਧਨ ਕਰਨਾ ਚਾਹੀਦਾ ਹੈ। ਰਿਸ਼ਤਿਆਂ ਦੇ ਨਾਂਅ ਬਹੁਤ ਮਿੱਠੇ ਹਨ। ਇਨ੍ਹਾਂ ਨੂੰ ਅਪਣਾਈ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।

-ਰਾਮ ਸਿੰਘ ਪਾਠਕ

ਆਪਣੇ ਲੁਕੇ ਹੋਏ ਹੁਨਰ ਨੂੰ ਤਲਾਸ਼ੋ

ਪਰਮਾਤਮਾ ਨੇ ਹਰੇਕ ਸ਼ਖ਼ਸ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਅਣਮੁੱਲੇ ਗੁਣ ਦੀ ਦਾਤ ਬਖ਼ਸ਼ੀ ਹੋਈ ਹੈ। ਇਸ ਸਮਾਜ ਵਿਚ ਹਰੇਕ ਸ਼ਖ਼ਸ ਦੀ ਅਹਿਮੀਅਤ ਹੈ ਅਤੇ ਹਰੇਕ ਵਿਅਕਤੀ ਆਪਣਾ ਅਨੋਖਾ ਰੋਲ ਅਦਾ ਕਰਦਾ ਹੈ। ਬਹੁਤੇ ਲੋਕ ਦੂਸਰਿਆਂ ਦੇ ਹੁਨਰ ਅਤੇ ਤਰੱਕੀ ਵੱਲ ਦੇਖ ਕੇ ਖ਼ੁਦ ਨੂੰ ਕੋਸਦੇ ਰਹਿੰਦੇ ਹਨ ਅਤੇ ਅਸਫ਼ਲ ਸਮਝਦੇ ਹਨ।
ਸਾਨੂੰ ਕਦੇ ਵੀ ਖ਼ੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਹੈ ਕਿਉਂਕਿ ਹਰੇਕ ਵਿਅਕਤੀ ਵਿਚ ਕੋਈ ਨਾ ਕੋਈ ਅਨੋਖਾ ਗੁਣ ਜ਼ਰੂਰ ਹੁੰਦਾ ਹੈ, ਫਰਕ ਬਸ ਇੰਨਾ ਹੈ ਕਿ ਕਈ ਲੋਕ ਆਪਣੇ ਹੁਨਰ ਨੂੰ ਪਹਿਚਾਣ ਕੇ ਉਸ ਨੂੰ ਨਿਖਾਰ ਲੈਂਦੇ ਹਨ ਅਤੇ ਕਈ ਆਪਣੇ ਹੁਨਰ ਤੋਂ ਅਣਜਾਣ ਰਹਿੰਦੇ ਹਨ। ਪਰਮਾਤਮਾ ਵਲੋਂ ਬਖ਼ਸ਼ਿਆ ਹੁਨਰ ਇਕ ਅਜਿਹਾ ਤੋਹਫ਼ਾ ਹੈ, ਜਿਸ ਨੂੰ ਕੋਈ ਵੀ ਸਾਡੇ ਤੋਂ ਚੋਰੀ ਨਹੀਂ ਕਰ ਸਕਦਾ। ਮਿਹਨਤ ਅਤੇ ਦ੍ਰਿੜ੍ਹਤਾ ਸਦਕਾ ਜੇਕਰ ਅਸੀਂ ਆਪਣੀ ਕਲਾ ਅਤੇ ਹੁਨਰ ਨੂੰ ਨਿਖਾਰਨ ਦਾ ਯਤਨ ਕਰਾਂਗੇ ਤਾਂ ਫਿਰ ਅਸੀਂ ਫਰਸ਼ਾਂ ਤੋਂ ਅਰਸ਼ਾਂ ਤੱਕ ਪੁੱਜ ਸਕਦੇ ਹਾਂ।
ਸੋ, ਗੁਣੀ ਵਿਅਕਤੀ ਦੀ ਸਫ਼ਲਤਾ ਨੂੰ ਦੇਖ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਆਪਣੇ ਅੰਦਰ ਵੀ ਲੁਕੇ ਹੋਏ ਗੁਣਾਂ ਦੀ ਤਲਾਸ਼ ਕਰ ਕੇ ਉਨ੍ਹਾਂ ਨੂੰ ਨਿਖਾਰਣ ਦਾ ਯਤਨ ਕਰਨਾ ਚਾਹੀਦਾ ਹੈ। ਦੂਜਿਆਂ ਦੀ ਰੀਸ ਕਰ ਕੇ ਉਨ੍ਹਾਂ ਵਰਗੋਂ ਬਣਨ ਦੀ ਬਜਾਇ, ਸਾਨੂੰ ਸਮਾਜ ਵਿਚ ਆਪਣਾ ਇਕ ਵੱਖਰਾ ਰੁਤਬਾ ਕਾਇਮ ਕਰਨਾ ਚਾਹੀਦਾ ਹੈ। ਸੋ, ਭੇਡ-ਚਾਲ ਪਿੱਛੇ ਲੱਗ ਕੇ ਕਾਹਲੀ ਵਿਚ ਸਫਲਤਾ ਦਾ ਸ਼ਾਰਟਕੱਟ ਰਸਤਾ ਨਾ ਚੁਣੋ ਬਲਕਿ ਆਪਣੀ ਮਿਹਨਤ ਅਤੇ ਹੁਨਰ ਸਦਕਾ ਬੁਲੰਦੀਆਂ ਹਾਸਿਲ ਕਰੋ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਜਾਤ-ਪਾਤ ਤੇ ਸਿਆਸਤ ਚਿੰਤਾਜਨਕ

ਬੀਤੇ ਦਿਨੀਂ 'ਅਜੀਤ' ਵਿਚ ਛਪੀ ਸੰਪਾਦਕੀ 'ਜਾਤਾਂ-ਗੋਤਾਂ ਵਿਚ ਫਸਿਆ ਦੇਸ਼' ਪੜ੍ਹੀ, ਜਿਸ ਬਾਰੇ ਲੇਖਕ ਨੇ ਦੇਸ਼ ਵਿਚ ਜਾਤ-ਪਾਤ, ਗੋਤਾਂ ਤੇ ਬਰਾਦਰੀਆਂ ਦੀ ਮਰਦਮਸ਼ੁਮਾਰੀ ਕਰਵਾਉਣ ਬਾਰੇ ਵਿਸਥਾਰ ਨਾਲ ਵਿਸ਼ਲੇਸ਼ਣ ਕਰ ਸੋਹਣੇ ਤਰੀਕੇ ਨਾਲ ਤਵਸਰਾ ਕਰ ਚਿੰਤਾ ਜਤਾਈ ਹੈ। ਕਾਬਿਲੇ ਗੌਰ ਸੀ। ਇਸ ਸੰਬੰਧ ਵਿਚ ਨਿਤਿਸ਼ ਦੇ ਕੰਮ ਨੂੰ ਭਾਵੇਂ ਸਲਾਹਿਆ ਹੈ, ਪਰ ਇਹ ਦੇਸ਼ ਵਿਚ ਵੰਡੀਆਂ ਪਾਉਣ ਵਾਲੀ ਨੀਤੀ ਸਿੱਧ ਹੋਵੇਗੀ। ਸਾਡੇ ਗੁਰੂਆਂ-ਪੀਰਾਂ ਨੇ ਜਾਤ-ਪਾਤ, ਊਚ-ਨੀਚ ਤੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਹਨ ਤੇ ਮਨੁੱਖੀ ਜੀਵ ਨੂੰ ਅਗਾਹ ਕੀਤਾ ਹੈ ਪਰ ਰਾਜਨੀਤਕ ਪਾਰਟੀਆਂ ਜਾਤਪਾਤ ਤੇ ਧਰਮ ਦੀ ਆੜ ਲੈ ਕੇ ਵੋਟਾਂ ਬਟੋਰਦੀਆਂ ਹਨ, ਜੋ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਹਰ ਵਾਰੀ ਦਲਿਤ ਪੱਤਾ ਖੇਡ ਰਾਜਨੀਤਕ ਪਾਰਟੀਆਂ ਸਮਾਜ ਵਿਚ ਵੰਡ ਪਾਉਂਦੀਆਂ ਹਨ। ਧਰਮ ਦੀ ਆੜ ਹੇਠ ਲੋਕਾਂ ਨੂੰ ਡਰਾਉਂਦੀਆਂ ਹਨ। ਸੌੜੀ ਰਾਜਨੀਤੀ ਕਰਦੀਆਂ ਹਨ। ਇਸ 'ਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੰਥਨ ਕਰ ਫਿਰਕੂ ਵੰਡ ਪਾਉਣ ਵਾਲੀਆਂ ਸ਼ਕਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।

23-10-2023

 ਬੁਨਿਆਦੀ ਸਹੂਲਤਾਂ
ਦੇਸ਼ ਚਾਹੇ ਅੱਜ ਚੰਨ 'ਤੇ ਪਹੁੰਚ ਗਿਆ ਹੈ, ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਤੋਂ ਵੀ ਅਗਾਂਹ ਲੰਘ ਚੁੱਕਣ ਵਿਚ ਰੁੱਝਿਆ ਹੋਇਆ ਹੈ ਪਰੰਤੂ ਦੇਸ਼ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਮੱਧ ਪ੍ਰਦੇਸ਼ ਵਿਚ ਇਕ ਗਰਭਵਤੀ ਔਰਤ ਨੂੰ ਕੱਪੜੇ ਵਿਚ ਬੰਨ੍ਹ ਕੇ ਡੰਡੇ ਦੀ ਮਦਦ ਨਾਲ ਨਦੀ ਪਾਰ ਕਰਵਾਉਣ ਦੀ ਖ਼ਬਰ ਨੇ ਦੇਸ਼ ਦੀਆਂ ਪਿੰਡ ਪੱਧਰ 'ਤੇ ਮੌਜੂਦ ਸਿਹਤ ਸਹੂਲਤਾਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਇਸ ਦੌਰਾਨ ਗਰਭਵਤੀ ਔਰਤ ਦਰਦ ਨਾਲ ਜੂਝ ਰਹੀ ਸੀ। ਪਿੰਡ ਪੱਧਰ 'ਤੇ ਬੁਨਿਆਦੀ ਸਿਹਤ ਸਹੂਲਤਾਂ ਦੀ ਘਾਟ ਅਜੇ ਵੀ ਰੜਕਦੀ ਹੈ। ਬਹੁਤ ਸਾਰੇ ਇਹੋ ਜਿਹੇ ਪਿੰਡ ਅਜੇ ਵੀ ਮੌਜੂਦ ਹਨ, ਜਿਨ੍ਹਾਂ ਕੋਲ ਪੀਣ ਲਈ ਸਾਫ਼ ਪਾਣੀ, ਬਿਜਲੀ ਅਤੇ ਸਕੂਲਾਂ ਪੱਖੋਂ ਕੋਰੇ ਹਨ। ਇਹ ਵੀ ਭਾਰਤ ਦੇ ਲੋਕ ਹਨ। ਇਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਮਾਣਨ ਦਾ ਹੱਕ ਹੈ। ਭਾਰਤ ਫਿਰ ਹੀ ਖੁਸ਼ਹਾਲ ਅਤੇ ਤਰੱਕੀ ਕਰ ਸਕੇਗਾ, ਜਦੋਂ ਬੁਨਿਆਦੀ ਸਹੂਲਤਾਂ ਹਰ ਇਕ ਵਿਅਕਤੀ ਤੱਕ ਪਹੁੰਚ ਜਾਣ। ਇਸ ਸੁਪਨੇ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਇਕ ਸੁਚਾਰੂ ਨੀਤੀ ਅਤੇ ਉਸ 'ਤੇ ਅਮਲ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੋਈ ਵੀ ਵਿਅਕਤੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਜ਼ਿੰਦਗੀ ਅਜਾਈਂ ਨਾ ਗੁਆਉ
ਜ਼ਿੰਦਗੀ ਅਨਮੋਲ ਹੈ। ਇਸ ਪ੍ਰਤੀ ਲਾਪਰਵਾਹੀ ਦਾ ਮਤਲਬ ਹੈ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ 'ਚ ਪਾਉਣਾ। ਪਰ ਅੱਜ-ਕੱਲ੍ਹ ਲੋਕ ਖ਼ਾਸ ਕਰ ਕੇ ਨੌਜਵਾਨ ਵਰਗ ਆਧੁਨਿਕਤਾ ਅਤੇ ਫੈਸ਼ਨ ਦੇ ਨਾਂਅ 'ਤੇ ਇਸ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਇਹ ਬਹੁਤੀ ਡਰਾਉਣੀ ਗੱਲ ਹੈ। ਇਸ ਕਾਰਨ ਹਰ ਰੋਜ਼ ਹਾਦਸਿਆਂ ਵਿਚ ਲੋਕ ਆਪਣੀ ਜਾਨ ਗੁਆ ਰਹੇ ਹਨ। ਫੈਸ਼ਨ ਦੇ ਇਸ ਨਵੇਂ ਯੁੱਗ ਵਿਚ ਨੌਜਵਾਨ ਸੈਰ ਕਰਨ ਜਾਂ ਗੱਡੀ ਚਲਾਉਂਦੇ ਸਮੇਂ ਮੁਬਾਈਲ 'ਤੇ ਈਅਰਫ਼ੋਨ ਲਗਾ ਕੇ ਗੀਤ ਸੁਣਦੇ ਰਹਿੰਦੇ ਹਨ। ਖ਼ਤਰੇ ਵਾਲੀਆਂ ਥਾਵਾਂ 'ਤੇ ਮੋਬਾਈਲ ਫ਼ੋਨਾਂ ਤੋਂ 'ਰੀਲਾਂ' ਬਣਾਉਣ ਦੇ ਰਿਵਾਜ਼ ਨੇ ਸਾਡੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਚਲਦੀ ਕਾਰ ਦੇ ਉੱਪਰ ਜਾਂ ਤੇਜ਼ ਰਫ਼ਤਾਰ ਵਾਲੀ ਰੇਲਗੱਡੀ ਦੇ ਨੇੜੇ ਰੀਲ ਬਣਾ ਕੇ ਅਪਲੋਡ ਕਰਨ ਤੋਂ ਬਾਅਦ ਉਹ ਜ਼ਿਆਦਾ ਤੋਂ ਜ਼ਿਆਦਾ ਲਾਈਕਸ ਤੇ ਕੁਮੈਂਟ ਭਾਲਦੇ ਹਨ। ਭਲਾ ਦੱਸੋ, ਇਸ 'ਚ ਕਿੰਨੀ ਕੁ ਸਿਆਣਪ ਹੈ? ਇਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਲੋਕ ਮਰ ਰਹੇ ਹਨ। ਗੰਭੀਰ ਜ਼ਖ਼ਮੀ ਹੋ ਰਹੇ ਹਨ। ਪਰ ਅਫ਼ਸੋਸ! ਇਸ ਦੇ ਬਾਵਜੂਦ ਨੌਜਵਾਨਾਂ ਦਾ ਇਹ ਬੇਤੁਕਾ ਸ਼ੌਕ ਥੋੜ੍ਹਾ ਵੀ ਘਟ ਨਹੀਂ ਹੋ ਰਿਹਾ। ਮਾਪਿਆਂ ਦਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਇਸ ਭੈੜੇ ਸ਼ੌਕ ਨੂੰ ਠੱਲ੍ਹ ਪਾਉਣ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਜੀਵਨ ਪ੍ਰਤੀ ਸਹੀ ਰਵੱਈਆ ਅਪਣਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਆਪਣੇ ਪੱਧਰ 'ਤੇ ਸਾਰਥਕ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਕੀਮਤੀ ਜਾਨਾਂ ਸਮੇਂ ਰਹਿੰਦੇ ਬਚਾਈਆਂ ਜਾ ਸਕਣ।

-ਵਰਿੰਦਰ ਸ਼ਰਮਾ ਧਰਮਕੋਟ (ਮੋਗਾ)

ਕੋਚਿੰਗ ਸੈਂਟਰ ਬਨਾਮ ਖ਼ੁਦਕੁਸ਼ੀ ਸੈਂਟਰ
ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਪੂਰੇ ਭਾਰਤ ਤੋਂ ਬੱਚੇ ਇੰਜੀਨੀਅਰਿੰਗ ਅਤੇ ਹੋਰ ਕਈ ਤਰ੍ਹਾਂ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਕੋਚਿੰਗ ਸੈਂਟਰਾਂ ਵਿਚ ਆਉਂਦੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਹ ਸੈਂਟਰ ਤਿਆਰੀ ਵੀ ਬਹੁਤ ਵਧੀਆ ਕਰਾਉਂਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਕੋਟਾ ਰਾਜਸਥਾਨ ਵਿਖੇ ਤਿਆਰੀ ਕਰ ਰਹੇ ਬਹੁਤ ਸਾਰੇ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਗਏ ਹਨ। ਇਨ੍ਹਾਂ ਖ਼ੁਦਕੁਸ਼ੀਆਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ। ਇਨ੍ਹਾਂ ਦਾ ਅਸਲ ਕਾਰਨ ਕੀ ਹੈ? ਇਹ ਵੀ ਇਕ ਬੁਝਾਰਤ ਬਣਿਆ ਹੋਇਆ ਹੈ। ਸਾਨੂੰ ਤਾਂ ਆਮ ਤੌਰ 'ਤੇ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਤੋਂ ਖ਼ਬਰਾਂ ਸੁਣਨ 'ਤੇ ਪਤਾ ਲੱਗਦਾ ਹੈ। ਇਹ ਵਿਦਿਆਰਥੀ ਆਪਣੀ ਪੜ੍ਹਾਈ ਦੀ ਜ਼ਿਆਦਾ ਫ਼ਿਕਰ ਕਰ ਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਖ਼ੁਦਕੁਸ਼ੀ ਕਰਦੇ ਹਨ। ਇਸ ਦੀ ਅਸਲੀਅਤ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਹੈ। ਸਾਰੇ ਵਿਦਿਆਰਥੀਆਂ ਦੇ ਮਾਪਿਆਂ 'ਚ ਆਪਣੇ ਬੱਚਿਆਂ ਪ੍ਰਤੀ ਬਹੁਤ ਜ਼ਿਆਦਾ ਬੇਚੈਨੀ ਪਾਈ ਜਾ ਰਹੀ ਹੈ। ਕਿਉਂਕਿ ਮਾਪੇ ਆਪਣੇ ਇਕਲੌਤੇ ਬੱਚਿਆਂ ਨੂੰ ਦਸਵੀਂ ਜਾਂ 12ਵੀਂ ਜਮਾਤ ਤੱਕ ਪੜ੍ਹਾ ਕੇ ਬਹੁਤ ਜ਼ਿਆਦਾ ਪੈਸਾ ਖ਼ਰਚਾ ਕਰ ਕੇ ਇਥੇ ਤਿਆਰੀ ਕਰਨ ਲਈ ਭੇਜਦੇ ਹਨ। ਇਥੇ ਆ ਕੇ ਉਨ੍ਹਾਂ ਦੇ ਬੱਚੇ ਕਿਨ੍ਹਾ ਹਾਲਤਾਂ ਵਿਚ ਖ਼ੁਦਕੁਸੀਆਂ ਕਰਦੇ ਹਨ ਜਾਂ ਉਨ੍ਹਾਂ ਨਾਲ ਕੋਈ ਹੋਰ ਅਣਹੋਣੀ ਹੁੰਦੀ ਹੈ, ਇਹ ਮਸਲਾ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ। ਪਰ ਕਈ ਵਿਦਿਆਰਥੀਆਂ ਨੇ ਕਦੇ ਵੀ ਕਿਸੇ ਵੀ ਮੁਸ਼ਕਿਲ ਬਾਰੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਮਾਪਿਆਂ ਨਾਲ ਜ਼ਿਕਰ ਤੱਕ ਨਹੀਂ ਕੀਤਾ। ਕਈ ਕੁਝ ਸਮਾਂ ਪਹਿਲੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ 'ਤੇ ਗੱਲਬਾਤ ਵੀ ਕਰਦੇ ਹਨ। ਜੋ ਕੁਝ ਠੀਕ-ਠਾਕ ਦੱਸਦੇ ਹਨ। ਫਿਰ ਕਿਵੇਂ ਕਹਿ ਸਕਦੇ ਹਨ ਕਿ ਵਿਦਿਆਰਥੀ ਪੜ੍ਹਾਈ ਦਾ ਬੋਝ ਮੰਨ ਕੇ ਖ਼ੁਦਕੁਸ਼ੀ ਕਰ ਰਹੇ ਹਨ। ਸਾਡੀ ਸਾਰਿਆਂ ਦੀ ਰਾਜਸਥਾਨ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਕੋਚਿੰਗ ਸੈਂਟਰਾਂ ਦੀ ਪੂਰੀ ਜਾਂਚ ਕਰੇ।

-ਗੁਰਤੇਜ ਸਿੰਘ ਖੁਡਾਲ
(ਸਾਬਕਾ ਰੀਡਰ) ਸੈਸ਼ਨ ਕੋਰਟ, ਭਾਗੂ ਰੋਡ, ਬਠਿੰਡਾ।


ਕਿਉਂ ਵਧ ਰਹੀਆਂ ਲੁੱਟ ਮਾਰ ਦੀਆਂ ਘਟਨਾਵਾਂ

ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਬਹੁਤ ਹੀ ਖ਼ਤਰਨਾਕ ਮੋੜ 'ਤੇ ਖੜ੍ਹੀ ਹੈ। ਹਰ ਰੋਜ਼ ਲੁੱਟਾਂ-ਖੋਹਾਂ, ਜਨਾਨੀਆਂ ਦੇ ਪਰਸ ਤੇ ਵਾਲ਼ੀਆਂ ਲਾਹੁਣ ਦੀਆਂ ਵਾਰਦਾਤਾਂ ਤੇ ਨਸ਼ੇੜੀਆਂ ਦੀਆਂ ਮੌਤਾਂ ਹੋ ਰਹੀਆਂ ਹਨ। ਪੁਲਿਸ ਅਪਰਾਧੀਆਂ ਨੂੰ ਹਰ ਰੋਜ਼ ਫੜਦੀ ਹੈ ਤੇ ਕੇਸ ਵੀ ਬਣ ਜਾਂਦੇ ਹਨ। ਇਹ ਵੀ ਲਿਖਿਆ ਜਾਂਦਾ ਹੈ ਕਿ ਇਨ੍ਹਾਂ 'ਤੇ ਪਹਿਲਾਂ ਵੀ ਅੱਠ/ਦਸ ਕੇਸ ਦਰਜ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਹਰ ਰੋਜ਼ ਮੁਜਰਮਾਂ ਨੂੰ ਫੜੇ ਜਾਣ ਦੀਆਂ ਖ਼ਬਰਾਂ ਲੱਗਦੀਆਂ ਹਨ, ਪਰ ਇਹ ਲੁਟੇਰੇ, ਨਸ਼ਾ ਤਸਕਰ, ਕਾਤਲ ਆਦਿ ਬਰਸਾਤੀ ਡੱਡੂਆਂ ਵਾਂਗ ਹਰ ਰੋਜ਼ ਕਿਥੋਂ ਪੈਦਾ ਹੋ ਜਾਂਦੇ ਹਨ। ਨਵੇਂ ਲੁਟੇਰੇ, ਝਪਟਮਾਰ, ਕਾਤਲ ਆਦਿ ਬਹੁਤ ਘੱਟ ਹੁੰਦੇ ਹਨ ਪਰ ਜੋ ਮੁਜਰਮ ਫੜੇ ਹੁੰਦੇ ਹਨ, ਉਹ ਹੀ ਜ਼ਮਾਨਤ 'ਤੇ ਆ ਕੇ ਫੇਰ ਜੋਸ਼-ਖ਼ਰੋਸ਼ ਨਾਲ ਆਪਣੇ ਕਿੱਤੇ ਨੂੰ ਕਰਨਾ ਸ਼ੁਰੂ ਕਰ ਦਿੰਦੇ ਹਨ। ਐਸੇ ਅਪਰਾਧੀਆਂ ਨੂੰ ਜ਼ਮਾਨਤ ਨਾ ਦੇ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜੇ ਜ਼ਮਾਨਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਾਣ ਤਾਂ ਇਕ ਮਹੀਨੇ ਵਿਚ ਸਾਰੀਆਂ ਵਾਰਦਾਤਾਂ ਬੰਦ ਹੋ ਜਾਣਗੀਆਂ। ਬੜਾ ਦੁੱਖ ਹੁੰਦਾ ਹੈ ਖ਼ਬਰ ਪੜ੍ਹ ਕੇ ਫੜੇ ਗਏ ਮੁਜਰਮ 'ਤੇ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ। ਜੁਡੀਸ਼ਰੀ ਨੂੰ ਪੰਜਾਬ ਦੀ ਹਾਲਤ ਵੇਖ ਕੇ ਜ਼ਮਾਨਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

-ਨਰਵਲ ਸਿੰਘ ਪਤੰਗ
ਪਿੰਡ ਮਾਣੂਕੇ ਗਿੱਲ, (ਮੋਗਾ
)

20-10-2023

 ਬਾਜ਼ ਆਵੇ ਪਾਕਿ

ਬੀਤੇ ਦਿਨੀਂ 'ਅਜੀਤ' ਦੀ ਸੰਪਾਦਕੀ ਪੜ੍ਹੀ, ਜਿਸ ਵਿਚ ਲੇਖਕ ਨੇ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਮਾਰੇ ਗਏ ਜਾਂਬਾਜ਼ ਅਫਸਰਾਂ ਦੇ ਬਾਰੇ ਵਿਸਥਾਰ ਨਾਲ ਲਿਖ ਪਾਕਿ ਦੀ ਪੋਲ ਖੋਲ੍ਹ, ਚਿੰਤਾ ਜ਼ਾਹਰ ਕੀਤੀ ਹੈ। ਪਾਕਿਸਤਾਨ ਲਗਾਤਾਰ ਅੱਤਵਾਦੀਆਂ ਦੀ ਪੁਸ਼ਤਪਨਾਹੀ ਕਰ ਉਨ੍ਹਾਂ ਨੂੰ ਸ਼ਹਿ ਦਿੰਦਾ ਆ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਵੀ 'ਪੁਲਵਾਮਾ' 'ਚ ਅੱਤਵਾਦੀਆਂ ਨੇ ਕਸ਼ਮੀਰੀ ਹਿੰਦੂ ਦੀ ਹੱਤਿਆ ਕਰ ਦਿੱਤੀ ਸੀ। ਇਹ ਪਹਿਲੀ ਘਟਨਾ ਨਹੀਂ ਪਾਕਿ ਲਗਾਤਾਰ ਘਟ ਗਿਣਤੀਆਂ 'ਤੇ ਹਮਲੇ ਕਰ ਕਤਲੋ-ਗਾਰਤ ਅਤੇ ਜਬਰੀ ਧਰਮ ਪਰਿਵਰਤਨ ਕਰਦਾ ਆ ਰਿਹਾ ਹੈ। ਪੂਰਾ ਵਿਸ਼ਵ ਜਾਣਦਾ ਹੈ ਕਿ ਪਾਕਿ ਅੱਤਵਾਦੀਆਂ ਨੂੰ ਪਾਲ ਉਨ੍ਹਾਂ ਦੇ ਅੱਤਵਾਦੀ ਅੱਡੇ ਚਲਾ ਪਨਾਹ ਦੇ ਰਿਹਾ, ਪਨਾਹ ਪੁਸ਼ਤੀ ਕਰ ਰਿਹਾ ਹੈ ਤੇ ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਚਲਾ ਅੱਤਵਾਦ ਫੈਲਾ ਰਿਹਾ ਹੈ। ਭਾਰਤ ਨੂੰ ਵਿਸ਼ਵ ਦੇ ਮੁਲਕਾਂ ਨੂੰ ਨਾਲ ਲੈ ਕੇ ਯੂ.ਐਨ.ਓ. ਵਿਚ ਆਵਾਜ਼ ਉਠਾ ਇਸ ਦਾ ਹੁੱਕਾ ਪਾਣੀ ਬੰਦ ਕਰ ਅੱਤਵਾਦੀ ਦੇਸ਼ ਘੋਸ਼ਿਤ ਕਰਨਾ ਚਾਹੀਦਾ ਹੈ। ਪਾਕਿ ਨੂੰ ਸਕੂਲ, ਕਾਲਜ ਪੱਧਰ 'ਤੇ ਬੱਚਿਆਂ ਨੂੰ ਧਰਮ-ਨਿਰਪੱਖ ਸੋਚ ਵਾਲੇ ਵਿਸ਼ਾ-ਵਸਤੂ ਪੜ੍ਹਾਉਣੇ ਚਾਹੀਦੇ ਹਨ।
ਮੀਡੀਆ ਰਾਹੀਂ ਇਸ ਦੀ ਨਿੰਦਾ ਤੇ ਪ੍ਰਚਾਰ ਕਰਨ ਲਈ ਦਬਾਓ ਬਣਾਉਣਾ ਚਾਹੀਦਾ ਹੈ। ਧਾਰਮਿਕ ਦਖ਼ਲਅੰਦਾਜ਼ੀ ਬੰਦ ਕਰਨ ਲਈ ਪਾਕਿ ਨੂੰ ਤਾੜਨਾ ਕਰਨੀ ਚਾਹੀਦੀ ਹੈ। ਕੇਂਦਰ ਨੂੰ ਇਨ੍ਹਾਂ ਮਸਲਿਆਂ 'ਤੇ ਇਸ ਸੰਬੰਧੀ ਸੰਜੀਦਗੀ ਨਾਲ ਵਿਚਾਰ ਕਰ ਪਾਕਿ 'ਤੇ ਨਕੇਲ ਕੱਸਣੀ ਚਾਹੀਦੀ ਹੈ। ਪਾਕਿ ਨੂੰ ਵੀ ਆਪਣੀ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।

-ਗਰਮੀਤ ਸਿੰਘ ਵੇਰਕਾ
gsinghverka57@gmai.com

ਔਰਤਾਂ ਨਾਲ ਬਦਸਲੂਕੀ

ਅਸੀਂ ਜਿਉਂ-ਜਿਉਂ ਵਿਕਸਿਤ ਹੋਣ ਦਾ ਭਰਮ ਪਾਲ ਰਹੇ ਹਾਂ, ਤਿਉਂ-ਤਿਉਂ ਔਰਤਾਂ ਨਾਲ ਬਦਸਲੂਕੀ, ਛੇੜਛਾੜ, ਅਗਵਾ, ਮਾਰਕੁੱਟ, ਜਬਰ ਜ਼ੁਲਮ ਭਰਪੂਰ ਘਟਨਾਵਾਂ ਹੋ ਰਹੀਆਂ ਹਨ। ਪੱਛਮੀ ਬੰਗਾਲ, ਮਨੀਪੁਰ, ਰਾਜਸਥਾਨ, ਪੰਜਾਬ, ਦਿੱਲੀ ਆਦਿ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਾਲ ਹੀ ਵਿੱਚ ਵਾਪਰੀਆਂ ਔਰਤਾਂ ਵਿਰੁੱਧ ਘਟਨਾਵਾਂ ਨੇ ਸੂਝਵਾਨ ਨਾਗਰਿਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਬਰ-ਜਨਾਹ ਔਰਤਾਂ ਨਾਲ ਛੇੜਛਾੜ, ਨਿਰਵਸਤਰ ਕਰਨ ਵਾਲੇ ਬਦਮਾਸ਼ ਆਪਣੀ ਧੌਂਸ ਜਮਾਉਣ ਖ਼ਾਤਰ ਔਰਤਾਂ ਦੀ ਇੱਜ਼ਤ ਆਬਰੂ ਲੁੱਟਦੇ ਹਨ, ਕਿਤੇ ਤੇਜ਼ਬਾ ਪਾ ਰਹੇ ਹਨ, ਕਿਤੇ ਨਿਰਵਸਤਰ ਕਰ ਕੇ ਘੁਮਾਉਂਦੇ ਹਨ। ਇਥੋਂ ਤੱਕ ਕਿ ਲੋਕਾਂ ਦੀ ਰਾਖੀ ਕਰਨ ਵਾਲੇ ਪੁਲਿਸ ਫ਼ੌਜੀਆਂ ਨੂੰ ਵੀ ਆਪਣੀ ਧੀ ਦੀ ਰੱਖਿਆ ਕਰਦੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਆਪੇ ਵਰਤਾਰੇ ਵਿਰੁੱਧ ਅੱਜ ਸਮੁੱਚੇ ਭਾਰਤ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਸਮਾਜ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਰਕਾਰੀ ਪੱਧਰ 'ਤੇ ਸਖ਼ਤ ਕਾਨੂੰਨ ਅਤੇ ਫਾਸਟ ਟਰੈਕ ਅਦਾਲਤਾਂ ਬਣਨੀਆਂ ਚਾਹੀਦੀਆਂ ਹਨ। ਛੇਤੀ-ਛੇਤੀ ਫਾਸਟ ਟਰੈਕ ਅਦਾਲਤਾਂ ਰਾਹੀਂ ਇਹੋ ਜਿਹੇ ਗੁੰਡਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

ਬੱਚੇ ਆਪ ਕਰਨ ਭਵਿੱਖ ਦੀ ਚੋਣ

ਬੱਚਿਆਂ ਨੂੰ ਆਪਣੇ ਭਵਿੱਖ ਦੀ ਚੋਣ ਆਪ ਕਰਨੀ ਚਾਹੀਦੀ ਹੈ। ਮਾਪਿਆਂ ਨੂੰ ਜ਼ਬਰਦਸਤੀ ਆਪਣੀ ਮਰਜ਼ੀ ਬੱਚਿਆਂ 'ਤੇ ਠੋਸਣੀ ਨਹੀਂ ਚਾਹੀਦੀ। ਬੱਚਿਆਂ ਨੂੰ ਆਪਣਾ ਕੈਰੀਅਰ ਆਪ ਚੁਣਨਾ ਚਾਹੀਦਾ ਹੈ। ਜ਼ਰੂਰੀ ਨਹੀਂ ਬੱਚੇ ਨੂੰ ਡਾਕਟਰ ਹੀ ਬਣਾਉਣਾ ਜਾਂ ਇੰਜੀਨੀਅਰ ਬਣਾਉਣਾ ਹੈ। ਮਾਤਾ-ਪਿਤਾ ਨੂੰ ਬੱਚਿਆਂ ਦੀ ਰੁਚੀ ਵੇਖਣੀ ਚਾਹੀਦੀ ਹੈ। ਜੇਕਰ ਬੱਚਾ ਵਕੀਲ ਜਾਂ ਪਾਇਲਟ ਬਣਨਾ ਚਾਹੁੰਦਾ ਹੈ ਤਾਂ ਉਸ ਮੁਤਾਬਿਕ ਹੀ ਚੱਲੋ। ਜਿਸ ਚੀਜ਼ ਵਿਚ ਬੱਚਿਆਂ ਦੀ ਰੁਚੀ ਹੈ, ਉਸ ਚੀਜ਼ ਵਿਚ ਬੱਚਿਆਂ ਦੀ ਸ਼ਲਾਘਾ ਕਰੋ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰੋ। ਆਪਣੀ ਰੁਚੀ ਬੱਚਿਆਂ 'ਤੇ ਨਾ ਠੋਸੋ। ਬੱਚਿਆਂ ਦੀ ਰੁਚੀ ਕਿਸ ਚੀਜ਼ ਵਿਚ ਹੈ ਅਤੇ ਕੀ ਬਣਨਾ ਚਾਹੁੰਦੇ ਹਨ, ਉਸ ਤਰ੍ਹਾਂ ਦੀ ਪੜ੍ਹਾਈ-ਲਿਖਾਈ ਹੀ ਕਰਾਉ। ਨਹੀਂ ਤਾਂ ਬੱਚੇ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਆਤਮ-ਹੱਤਿਆ ਦਾ ਕਦਮ ਚੁੱਕ ਲੈਂਦੇ ਹਨ। ਕਾਮਯਾਬ ਹੋਣ ਲਈ ਹਿੰਮਤ, ਲਗਨ, ਦ੍ਰਿੜ ਵਿਸ਼ਵਾਸ ਅਤੇ ਮਿਹਨਤ ਜ਼ਰੂਰੀ ਹਨ। ਸੋ, ਮੇਰੇ ਵਿਚਾਰ ਅਨੁਸਾਰ ਬੱਚਿਆਂ ਨੂੰ ਆਪਣੇ ਭਵਿੱਖ, ਆਪਣੇ ਕੈਰੀਅਰ ਦਾ ਫ਼ੈਸਲਾ ਆਪ ਲੈਣਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਗੈਸ ਸਿਲੰਡਰ ਨਾਲ ਹਾਦਸੇ

ਅਸੀਂ ਹਰ ਹਫ਼ਤੇ ਇਹ ਸੁਣਦੇ ਰਹਿੰਦੇ ਹਾਂ ਕਿ ਫਲਾਣੇ ਘਰ ਵਿਚ ਫਲਾਣੇ ਸ਼ਹਿਰ ਵਿਚ ਗੈਸ ਸਿਲੰਡਰ ਫੱਟਣ ਨਾਲ ਕਈ ਜਾਨਾਂ ਚਲੀਆਂ ਗਈਆਂ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਪਰ ਬਾਵਜੂਦ ਇਸ ਦੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਕਿਉਂ ਨਹੀਂ ਕੰਪਨੀ ਵਲੋਂ ਖ਼ਰਾਬ ਗੈਸ ਸਿਲੰਡਰ ਬਦਲੇ ਜਾਂਦੇ? ਨਾ ਹੀ ਕੋਈ ਐਕਸ਼ਨ ਲਿਆ ਜਾਂਦਾ ਹੈ। ਗੈਸ ਸਪਲਾਈ ਕਰਨ ਵਾਲੇ ਅਤੇ ਗੈਸ ਕੰਪਨੀਆਂ ਕਿਉਂ ਕੋਈ ਪ੍ਰਬੰਧ ਨਹੀਂ ਕਰਦੇ। ਕੀ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਨਾ ਕਰਨਾ ਉਨ੍ਹਾਂ ਦਾ ਮਕਸਦ ਹੈ? ਸੰਬੰਧਿਤ ਵਿਭਾਗ ਦੇ ਸਮਰੱਥ ਅਧਿਕਾਰੀ ਇਸ ਗੱਲ ਵੱਲ ਧਿਆਨ ਦੇ ਕੇ ਲੋਕਾਂ ਦੀ ਜਾਨ ਬਚਾਉਣ ਵਿਚ ਸਹਾਈ ਹੋਣ।

-ਪ੍ਰਿੰ. ਕਰਤਾਰ ਸਿੰਘ ਬੇਰੀ,
ਗਲੀ ਨੰ. 3, ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ।

18-10-2023

 ਬਾਪੂ ਦੇ ਸੁਪਨੇ

ਪਿਛਲੇ ਦਿਨੀਂ ਐਤਵਾਰ ਮੈਗਜ਼ੀਨ ਵਿਚ ਬਲਜੀਤ ਸਿੰਘ ਢਿੱਲੋਂ ਦੀ ਰਚਨਾ 'ਬਾਪੂ ਦੇ ਸਿਰਜੇ ਸੁਪਨੇ ਦਾ ਅੰਤ' ਪੜ੍ਹੀ। ਮਨ ਨੂੰ ਵਧੀਆ ਲੱਗੀ। ਅੱਜ ਦੀ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਵਿਚ ਕਾਮਯਾਬ ਨਹੀਂ। ਅੱਜ ਸਾਡੇ ਬਜ਼ੁਰਗ ਆਸ਼ਰਮ ਵਿਚ ਜੀਵਨ ਗੁਜ਼ਾਰ ਰਹੇ ਹਨ। ਬਜ਼ੁਰਗਾਂ ਦੀ ਸੰਭਾਲ ਕਰਨ ਦੀ ਬਜਾਇ ਕੁੱਤਿਆਂ ਦੀ ਪਰਵਰਿਸ਼ ਜ਼ਿਆਦਾ ਹੈ। ਇਹ ਰਚਨਾ ਬਜ਼ੁਰਗਾਂ ਦੀ ਅਸਲ ਸਥਿਤੀ ਨੂੰ ਬਿਆਨ ਕਰਦੀ ਹੈ। ਮਨਪ੍ਰੀਤ ਕੌਰ ਦੀ ਕਹਾਣੀ 'ਅੜਿੱਕਾ' ਪੜ੍ਹੀ। ਮਨ ਨੂੰ ਵਧੀਆ ਲੱਗੀ। ਸਾਡੇ ਮਾਤਾ ਸਾਡੀ ਜ਼ਿੰਦਗੀ ਵਿਚ ਅੜਿੱਕਾ ਨਹੀਂ। ਸਾਡੇ ਜੀਵਨ ਵਿਚ ਸਾਡੇ ਦੁੱਖ-ਸੁੱਖ ਨੂੰ ਆਪਣੇ ਤਨ-ਮਨ 'ਤੇ ਜਰਦੇ ਹਨ। ਹਰ ਪਲ ਮੁਸੀਬਤ ਵੇਲੇ ਸਾਡੇ ਨਾਲ ਖੜ੍ਹਦੇ ਹਨ। ਸਾਨੂੰ ਸਾਡੇ ਮਾਂ-ਪਿਉ ਨੂੰ ਅੜਿੱਕਾ ਨਹੀਂ ਸਮਝਣਾ ਚਾਹੀਦਾ।
ਇਸ ਸੰਸਾਰ ਵਿਚੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਅਸਲੀ ਅਹਿਮੀਅਤ ਦਾ ਪਤਾ ਲੱਗਦਾ ਹੈ। ਅਮਰੀਕ ਸਿੰਘ ਸੈਦੋਕੇ ਦੀ ਮਹਾਨ ਰਚਨਾ ਕਹਾਣੀ 'ਖੂੰਜੇ ਲੱਗੀ ਮੰਜੀ' ਅੱਜ ਦੀ ਪੀੜ੍ਹੀ ਮੰਜੀ ਦੀ ਅਹਿਮੀਅਤ ਨੂੰ ਸਮਝ ਨਹੀਂ ਸਕਦੀ। ਗੁਰੂ ਸਾਹਿਬਾਨਾਂ ਦੇ ਜੀਵਨ ਵਿਚ 'ਮੰਜੀ ਪ੍ਰਥਾ' ਚੱਲੀ ਸੀ। ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਪਾਇਆ। ਅੱਜ ਮੰਜੀ ਘਰਾਂ ਵਿਚੋਂ ਖ਼ਤਮ ਹੋ ਗਈ। ਮੰਜੀ ਦੀ ਅਹਿਮੀਅਤ ਨੂੰ ਨਵੀਂ ਪੀੜ੍ਹੀ ਜਾਣ ਨਹੀਂ ਸਕਦੀ।

-ਰਾਮ ਸਿੰਘ ਪਾਠਕ
ਆਦਰਸ਼ ਨਗਰ, ਬਠਿੰਡਾ।

ਨਕਲ ਖਿਲਾਫ ਸਖ਼ਤੀ

ਪ੍ਰੀਖਿਆਵਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਣ ਵਾਲਾ ਹੈ, ਬੋਰਡਾਂ ਵਲੋਂ ਨਕਲ ਅਤੇ ਪੇਪਰ ਦੇ ਲੀਕ ਹੋਣ ਦੀ ਸਮੱਸਿਆ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਨੂੰ ਜਾਰੀ ਰੱਖਦੇ ਹੋਏ ਸੀ.ਬੀ.ਐਸ.ਈ. ਬੋਰਡ ਨੇ ਪੇਪਰ ਨੂੰ ਲੀਕ ਹੋਣ ਤੋਂ ਰੋਕਣ ਅਤੇ ਨਕਲ ਨੂੰ ਠੱਲ੍ਹਪਾਉਣ ਲਈ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅਲੱਗ-ਅਲੱਗ ਪ੍ਰੀਖਿਆਵਾਂ ਕੇਦਰਾਂ ਵਿਚ ਪ੍ਰਸ਼ਨ ਪੱਤਰਾਂ ਦੇ ਵੱਖ-ਵੱਖ ਸੈੱਟ ਭੇਜਣ ਦਾ ਫ਼ੈਸਲਾ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪੇਪਰ ਦੇ ਲੀਕ ਹੋਣ ਅਤੇ ਨਕਲ ਨੂੰ ਰੋਕਣ ਲਈ ਸਫ਼ਲਤਾ ਮਿਲੇਗੀ। ਪੇਪਰਾਂ ਦਾ ਲੀਕ ਹੋਣਾ ਅਤੇ ਨਕਲ ਵਰਗੀ ਸਮੱਸਿਆ ਕੋਈ ਨਵੀਂ ਨਹੀਂ। ਪੰਜਾਬ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਮੇਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਅਤੇ ਪਿਛਲੇ ਸਾਲ ਅੰਗਰੇਜ਼ੀ ਦੇ ਪੇਪਰ ਦਾ ਲੀਕ ਹੋਣਾ ਸਿੱਖਿਆ ਵਿਚ ਆ ਰਹੇ ਨਿਘਾਰ ਅਤੇ ਪ੍ਰੀਖਿਆਵਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਹਨ। ਸੁਚਾਰੂ ਢੰਗ ਨਾਲ ਨਕਲ ਰਹਿਤ ਪ੍ਰੀਖਿਆਵਾਂ ਨੂੰ ਨੇਪਰੇ ਚਾੜ੍ਹਨ ਲਈ ਜਿਥੇ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਕਲ ਦੇ ਨੁਕਸਾਨ ਦੱਸਦੇ ਹੋਏ ਇਸ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਉਥੇ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਪ੍ਰੀਖਿਆਵਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

16-10-2023

 ਨਿੱਜੀ ਸਕੂਲ ਧਿਆਨ ਦੇਣ
ਬੀਤੇ ਦਿਨੀਂ ਇਕ ਨਿੱਜੀ ਸਕੂਲ ਲਈ ਬੱਚੇ ਲੈ ਕੇ ਜਾਣ ਵਾਲੇ ਆਟੋ ਵਿਚੋਂ ਬੱਚੇ ਦੇ ਡਿੱਗਣ ਕਰਕੇ ਮੌਤ ਹੋ ਗਈ। ਇਸ ਮੌਤ ਨਾਲ ਜਿਥੇ ਆਟੋ ਡਰਾਈਵਰ ਦੀ ਲਾਪਰਵਾਹੀ ਨਜ਼ਰ ਆਉਂਦੀ ਹੈ ਉਥੇ ਨਿੱਜੀ ਸਕੂਲਾਂ ਦਾ ਬੱਚਿਆਂ ਦੀ ਸੁਰੱਖਿਆ ਪ੍ਰਤੀ ਬੇਪ੍ਰਵਾਹੀ ਵਾਲਾ ਰਵੱਈਆ ਵੀ ਨਜ਼ਰ ਆ ਰਿਹਾ ਹੈ। ਆਟੋ ਸਕੂਲਾਂ ਵਾਲਿਆਂ ਨੇ ਹੀ ਲਗਾਏ ਹੁੰਦੇ ਹਨ ਇਸ ਕਰਕੇ ਨਿੱਜੀ ਸਕੂਲ ਹੀ ਮੁੱਖ ਤੌਰ 'ਤੇ ਇਸ ਘਟਨਾ ਪ੍ਰਤੀ ਜ਼ਿੰਮੇਵਾਰ ਹਨ। ਨਿੱਜੀ ਸਕੂਲ ਕਿਉਂ ਧਿਆਨ ਨਹੀਂ ਦਿੰਦੇ ਕਿ ਆਟੋ ਚਾਲਕ ਬੱਚੇ ਕਿਸ ਤਰ੍ਹਾਂ ਲੈ ਕੇ ਆਉਂਦਾ ਹੈ। ਆਟੋ ਵਿਚ ਕਿੰਨੇ ਬੱਚੇ ਬੈਠ ਸਕਦੇ ਹਨ। ਬੱਚੇ ਅਤੇ ਉਨ੍ਹਾਂ ਦੇ ਬੈਗ ਆਟੋ ਵਿਚੋਂ ਲਮਕਦੇ ਸਾਫ਼ ਦੇਖੇ ਜਾ ਸਕਦੇ ਹਨ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਨਿੱਜੀ ਸਕੂਲਾਂ, ਮਾਪਿਆਂ ਅਤੇ ਪ੍ਰਸ਼ਾਸਨ ਨੂੰ ਇਸ ਵਿਸ਼ੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਭਵਿੱਖ ਸੁਰੱਖਿਅਤ ਹੋ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)


ਬਜ਼ੁਰਗਾਂ ਦੇ ਹਾਲਾਤ
ਭਾਰਤ ਵਿਚਲੀ ਗ਼ਰੀਬੀ ਅਤੇ ਭੁੱਖਮਰੀ ਅਜੇ ਵੀ ਹੁਕਮਰਾਨਾਂ ਦਾ ਮੂੰਹ ਚਿੜਾ ਰਹੀ ਹੈ ਅਤੇ ਬੇਰੁਜ਼ਗਾਰੀ ਨੇ ਭਾਰਤ ਦੇ ਨੌਜਵਾਨ ਵਰਗ ਨੂੰ ਹਤਾਸ਼ ਕੀਤਾ ਹੋਇਆ ਹੈ। ਆਬਾਦੀ ਦਾ ਵੱਡਾ ਹਿੱਸਾ ਐਨੀ ਆਮਦਨ ਨਹੀਂ ਰੱਖਦਾ ਕਿ ਢੰਗ ਨਾਲ ਆਪਣਾ ਗੁਜ਼ਾਰਾ ਚਲਾ ਸਕੇ। ਅਮੀਰ ਬਹੁਤ ਤੇਜ਼ੀ ਨਾਲ ਹੋਰ ਅਮੀਰ ਹੋ ਰਹੇ ਹਨ। ਦੇਸ਼ 'ਚ ਆਰਥਿਕ ਨਾ- ਬਰਾਬਰੀ ਬਹੁਤ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਵਧੀ ਹੈ। ਆਮਦਨ ਦੇ ਸੁੰਗੜਦੇ ਜਾਣ ਦਾ ਨਤੀਜਾ ਇਹ ਹੈ ਕਿ ਅੱਜ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਾਂਭ ਨਹੀਂ ਰਹੇ। ਅਜਿਹਾ ਨਹੀਂ ਹੈ ਕਿ ਉਹ ਮਨੁੱਖੀ ਭਾਵਨਾਵਾਂ ਤੋਂ ਕੋਰੇ ਹਨ, ਸਗੋਂ ਹਾਲਾਤ ਨੇ ਉਨ੍ਹਾਂ ਨੂੰ ਕਠੋਰ ਅਤੇ ਕਰੂਰ ਬਣਾ ਦਿੱਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਬਜ਼ੁਰਗਾਂ ਦੀ ਆਪਣੇ ਜਾਤੀ ਖ਼ਰਚੇ ਲਈ ਦੂਸਰਿਆਂ 'ਤੇ ਨਿਰਭਰਤਾ ਵਧ ਗਈ ਹੈ। ਬੁਢਾਪਾ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਪਾਉਂਦੀ। ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਇਨ੍ਹਾਂ ਬਜ਼ੁਰਗਾਂ ਦੀ ਸਥਿਤੀ ਸਚਮੁੱਚ ਧਿਆਨ ਮੰਗ ਕਰਦੀ ਹੈ। ਸਰਕਾਰਾਂ ਦੀਆਂ ਬਜ਼ੁਰਗਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਇਨ੍ਹਾਂ ਤੱਕ ਨਹੀਂ ਪਹੁੰਚਦੀਆਂ। ਬਜ਼ੁਰਗ ਘਰ ਦਾ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ (ਮੋਗਾ)


ਹਕੀਕਤ ਬਿਆਨ ਕਰਦਾ ਲੇਖ
26 ਸਤੰਬਰ ਦੇ ਅੰਕ ਵਿਚ 'ਰਾਕੇਸ਼ ਸ਼ਾਂਤੀਦੂਤ' ਦੇ ਫੀਚਰ 'ਪੰਜਾਬ ਵਿਚ ਬੇਕਾਬੂ ਹੋ ਗਿਆ ਨਸ਼ਿਆਂ ਦਾ ਰੁਝਾਨ' ਵਿਚ ਪੰਜਾਬ 'ਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਬਾਰੇ ਦੱਸਿਆ ਹੈ। ਜਿਸ ਤਰ੍ਹਾਂ ਕਿ ਹਰ ਵਾਰ ਦੇਸ਼ ਦੀ ਹਰ ਪਾਰਟੀ ਸਰਕਾਰ ਜਾਂ ਪ੍ਰਤੀਨਿਧ ਬਣਨ ਤੋਂ ਪਹਿਲਾਂ ਅਤੇ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਵਾਅਦਾ ਇਹੀ ਕਰਦੀ ਹੈ ਕਿ ਅਸੀਂ ਪੰਜਾਬ ਵਿਚੋਂ ਨਸ਼ਿਆਂ ਦੇ ਵਗ ਰਹੇ ਹੜ੍ਹ ਨੂੰ ਸਦਾ ਲਈ ਬੰਦ ਕਰ ਦੇਵਾਂਗੇ, ਪਰ ਅੱਜ ਤੱਕ ਅਜਿਹਾ ਨਹੀਂ ਹੋ ਸਕਿਆ ਬਲਕਿ ਇਸ ਦੇ ਬਦਲੇ ਵਿਚ ਨਸ਼ਿਆਂ ਲਈ ਸਾਡੇ ਪੰਜਾਬ ਦੇ ਰਸਤੇ ਹੋਰ ਵੀ ਜ਼ਿਆਦਾ ਖੁੱਲ੍ਹ ਗਏ। ਪੰਜਾਬ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਨਸ਼ੇ ਅਫ਼ੀਮ, ਸ਼ਰਾਬ, ਭੁੱਕੀ, ਸਿਗਰਟ, ਬੀੜੀ ਅਤੇ ਚਿੱਟਾ ਆਦਿ ਹਨ। ਵੈਸੇ ਤਾਂ ਇਹ ਸਾਰੇ ਹੀ ਨਸ਼ੇ ਖ਼ਤਰਨਾਕ ਹਨ, ਜਿਸ ਨਾਲ ਮਨੁੱਖੀ ਸਰੀਰ ਨੂੰ ਵੱਖ-ਵੱਖ ਬਿਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ, ਪਰ ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਖ਼ਤਰਨਾਕ ਨਸ਼ਾ ਚਿੱਟਾ ਹੈ ਜੋ ਕਿ ਨਸ਼ਾ ਗ੍ਰਸਤ ਵਿਅਕਤੀ ਨੂੰ ਸਿੱਧਾ ਮੌਤ ਦੇ ਮੂੰਹ ਵੱਲ ਧੱਕ ਦਿੰਦਾ ਹੈ। ਜੇਕਰ ਇਨ੍ਹਾਂ ਨਸ਼ਿਆਂ ਦੀ ਵਧ ਰਹੀ ਵਰਤੋਂ ਨੂੰ ਨਹੀਂ ਰੋਕਿਆ ਗਿਆ ਤਾਂ ਸਾਡੇ ਦੇਸ਼ ਦਾ ਭਵਿੱਖ ਉੱਜੜ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਕੇਵਲ ਕੁਝ ਕੁ ਇਨਸਾਨ ਹੀ ਅਜਿਹੇ ਹੋਣਗੇ ਜੋ ਇਸ ਤੋਂ ਬਚੇ ਰਹਿਣਗੇ ਅਤੇ ਬਾਕੀ ਦਾ ਸਾਰਾ ਦੇਸ਼ ਹੀ ਇਸ ਨਸ਼ਿਆਂ ਦੇ ਹੜ੍ਹ ਵਿਚ ਰੁੜ ਜਾਵੇਗਾ। ਇਸ ਲਈ ਸਾਨੂੰ ਅਤੇ ਸਾਡੀ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਹੁਣੇ ਹੀ ਰੋਕਿਆ ਜਾਵੇ ਨਹੀਂ ਤਾਂ ਸਾਡਾ ਦੇਸ਼ ਤਬਾਹ ਹੋ ਜਾਵੇਗਾ। ਇਸ ਸਮਾਜਿਕ ਬੁਰਾਈ ਨੂੰ ਹੁਣੇ ਹੀ ਨਕੇਲ ਪਾਉਣ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇ।


-ਰਮਨਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)

13-10-2023

 ਵਾਇਰਲ ਬੁਖਾਰ ਦੀ ਦਹਿਸ਼ਤ

ਪੰਜਾਬ ਵਿਚ ਅਜੀਬੋ-ਗ਼ਰੀਬ ਬਿਮਾਰੀ ਚਿਕਨਗੁਨੀਆਂ, ਵਾਇਰਲ ਬੁਖ਼ਾਰ ਨਾਲ ਘਰਾਂ ਦੇ ਘਰ ਭਰੇ ਪਏ ਹਨ। ਇਹ ਬੁਖ਼ਾਰ ਏਨਾ ਕੁ ਭਿਆਨਕ ਹੈ ਸਰੀਰ ਦੇ ਸਾਰੇ ਅੰਗ ਦੁਖਦੇ ਹਨ ਤੇ ਸੋਜ ਪੈ ਜਾਂਦੀ ਹੈ। ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ। ਮਨੁੱਖ ਤੁਰਨ-ਫਿਰਨ ਤੋਂ ਅਸਮਰੱਥ ਹੋ ਜਾਂਦਾ ਹੈ। ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਜੋੜਾਂ ਦਾ ਦਰਦ ਕਦੋਂ ਠੀਕ ਹੋਵੇਗਾ। ਕਈ ਲੋਕਾਂ ਨੂੰ ਦੋ-ਦੋ ਮਹੀਨੇ ਹੋ ਗਏ ਹਨ ਠੀਕ ਨਹੀਂ ਹੋ ਰਹੇ। ਲੋਕ ਸਹਿਮੇ ਹੋਏ ਹਨ। ਨਾ ਹੀ ਇਸ 'ਤੇ ਸਰਕਾਰ ਤੇ ਨਾ ਹੀ ਰਾਜਨੀਤਕ ਪਾਰਟੀਆਂ ਕੋਈ ਬਿਆਨ ਦੇ ਰਹੀਆਂ ਹਨ ਸਿਵਾਏ ਇਕ-ਦੂਸਰੇ 'ਤੇ ਚਿੱਕੜ ਸੁੱਟਣ ਤੋਂ, ਕਿਸੇ ਦਾ ਵੀ ਧਿਆਨ ਨਹੀਂ ਕਿ ਲੋਕ ਕਿਸ ਤਰ੍ਹਾਂ ਇਸ ਪੀੜ੍ਹਾ ਵਿਚੋਂ ਗੁਜ਼ਰ ਰਹੇ ਹਨ। ਪ੍ਰਾਈਵੇਟ ਡਾਕਟਰ ਤੇ ਹਸਪਤਾਲ ਲੋਕਾਂ ਦਾ ਇਸ ਬਿਮਾਰੀ ਦੇ ਨਾਂਅ 'ਤੇ ਸ਼ੋਸ਼ਣ ਕਰ ਰਹੇ ਹਨ। ਸਰਕਾਰੀ ਹਸਪਤਾਲਾਂ ਦੇ ਡਾਕਟਰ ਇਸ ਬਿਮਾਰੀ ਬਾਰੇ ਕੋਈ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਨਹੀਂ ਕਰ ਰਹੇ। ਇਸ ਬਿਮਾਰੀ ਨਾਲ ਮਾੜੇ ਦਿਲ ਵਾਲੇ ਮਰੀਜ਼ ਦਹਿਸ਼ਤ ਨਾਲ ਪੀੜ੍ਹਾ ਵਿਚ ਹਨ। ਮਜਬੂਰਨ ਲੋਕਾਂ ਨੂੰ ਇਸ ਬਿਮਾਰੀ ਵਿਚ ਕੰਮ ਵੀ ਕਰਨਾ ਪੈ ਰਿਹਾ ਹੈ। ਜਦੋਂ ਕਿ ਮਰੀਜ਼ ਨੂੰ ਆਰਾਮ ਕਰਨਾ ਜ਼ਰੂਰੀ ਹੈ। ਇਸ ਬਿਮਾਰੀ ਦੀ ਦਹਿਸ਼ਤ ਏਨੀ ਪੈ ਗਈ ਹੈ ਕਿ ਹਰ ਇਕ ਦੀ ਜ਼ਬਾਨ 'ਤੇ ਹੈ ਕਿ ਅਸੀਂ ਠੀਕ ਹੀ ਨਹੀਂ ਹੋਣਾ ਇਹ ਬਿਮਾਰੀ ਜ਼ਿੰਦਗੀ ਦੇ ਨਾਲ ਹੀ ਚੱਲਣੀ ਹੈ।
ਸਰਕਾਰ ਨੂੰ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਕੈਂਪ ਲਗਾ ਲੋਕਾਂ ਦਾ ਇਲਾਜ ਕਰਕੇ ਇਹ ਡਰ ਦੂਰ ਕਰਨਾ ਚਾਹੀਦਾ ਹੈ। ਸਾਰੇ ਘਰਾਂ ਦੇ ਜੀਅ ਬਿਮਾਰ ਹੋਣ ਕਾਰਨ ਇਕ ਦੂਸਰੇ ਦੀ ਪਰਵਰਿਸ਼ ਨਹੀਂ ਹੋ ਰਹੀ। ਜੇ ਕੋਈ ਮਰਦ ਘਰ ਵਿਚ ਬਚਿਆ ਹੈ ਜਿਸ ਨੇ ਕਦੀ ਰੋਟੀ ਵੀ ਨਹੀਂ ਪਕਾਈ, ਪਕਾ ਰਿਹਾ ਹੈ। ਅਸੀਂ ਦੋਵੇਂ ਜੀਅ ਇਸ ਪੀੜਾ ਨਾਲ ਪ੍ਰਭਾਵਿਤ ਹਾਂ। ਬੱਚੇ ਬਾਹਰ ਹਨ। ਇਸ ਪੀੜਾ ਨੂੰ ਮਹਿਸੂਸ ਕਰ ਮਜਬੂਰਨ ਲਿਖਣ ਨੂੰ ਮਜਬੂਰ ਹੋਇਆ ਹਾਂ ਕਿ ਸਰਕਾਰੋ ਇਨ੍ਹਾਂ ਪੀੜਤਾਂ ਦੀ ਸਾਰ ਲਓ। ਉਮੀਦ ਹੈ ਸਰਕਾਰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰ ਕੈਂਪ ਲਗਾ ਲੋਕਾਂ ਦਾ ਮੁਫ਼ਤ ਇਲਾਜ ਕਰੇਗੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਚੁੰਗਲ ਵਿਚੋਂ ਬਚਾਏਗੀ। ਜੋ ਟੈਸਟਾਂ ਦੇ ਨਾਂਅ 'ਤੇ ਮਹਿੰਗੀਆਂ ਫ਼ੀਸਾਂ ਲੈ ਲੋਕਾਂ ਦਾ ਸ਼ੋਸ਼ਣ ਕਰ ਭਾਵਨਾਵਾਂ ਨਾਲ ਖੇਡ ਰਹੇ ਹਨ। ਲੋਕ ਮਜਬੂਰਨ ਇਲਾਜ ਕਰਵਾਉਣ ਦੀ ਸਮਰੱਥਾ ਵਿਚ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਦਵਾਈ ਲੈ ਖਾ ਰਹੇ ਹਨ। ਇਸ ਬਿਮਾਰੀ ਵਿਚ ਵੱਧ ਤੋਂ ਵੱਧ ਨਿੰਬੂਆਂ ਦੀ ਸ਼ਿਕੰਜਵੀ, ਮੁਸੰਮੀ, ਮਾਲਟੇ ਦਾ ਜੂਸ, ਪਪੀਤੇ ਦੇ ਪੱਤੇ ਤੇ ਤੁਲਸੀ ਦਾ ਕਾੜ੍ਹਾ ਬਣਾ ਕੇ ਪੀਉ। ਸਭ ਤੋਂ ਵੱਡੀ ਗੱਲ ਆਪਣਾ ਮਨੋਬਲ ਕਾਇਮ ਰੱਖੋ। ਚੰਗੇ ਡਾਕਟਰ ਨੂੰ ਦਿਖਾਉ।

-ਗੁਰਮੀਤ ਸਿੰਘ ਵੇਰਕਾ
gsinghverka57@gmail.com

ਨਫ਼ਰਤੀ ਭਾਸ਼ਨ

ਸੱਤਾ ਦਾ ਮੋਹ ਵਿਅਕਤੀ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦਾ ਹੈ। ਸੱਤਾ ਲਈ ਵਿਅਕਤੀ ਸਹੀ ਗ਼ਲਤ, ਚੰਗਾ ਮਾੜਾ ਕੁਝ ਨਹੀਂ ਸੋਚਦਾ। ਉਸ ਦਾ ਨਿਸ਼ਾਨਾ ਸਿਰਫ਼ ਕੁਰਸੀ ਨੂੰ ਪ੍ਰਾਪਤ ਕਰਨ ਦਾ ਨਸ਼ਾ ਹੁੰਦਾ ਹੈ, ਇਹੀ ਸਭ ਕੁਝ ਪਿਛਲੇ ਦਿਨੀਂ ਸੰਸਦ ਵਿਚ ਹੋਇਆ। ਨਵੇਂ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਕੇ ਚੰਦਰਯਾਨ-3 'ਤੇ ਚਰਚਾ ਕੀਤੀ। ਚਰਚਾ ਦੌਰਾਨ ਹੀ ਇਕ ਸੰਸਦ ਦੁਆਰਾ ਦੂਜੇ ਸੰਸਦ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੰਸਦਾਂ ਵਿਚ ਜਾ ਕੇ ਚੋਣਾਂ ਵਿਚ ਕੀਤੇ ਵਾਅਦਿਆਂ ਤੋਂ ਜਦੋਂ ਮੁੱਕਰ ਜਾਂਦੇ ਹਨ ਤਾਂ ਉਦੋਂ ਆਮ ਆਦਮੀ 'ਤੇ ਕੀ ਵਾਪਰਦਾ ਹੈ ਇਹ ਉਹੀ ਦੱਸ ਸਕਦਾ ਹੈ। ਸੰਸਦ ਬਿੱਲ ਪਾਸ ਅਤੇ ਪਾਸ ਕਰਨ ਦੀ ਬਜਾਏ ਹੰਗਾਮਿਆਂ ਅਤੇ ਗਾਲੀ ਗਲੋਚ ਦਾ ਘਰ ਬਣਦਾ ਜਾ ਰਹੀ ਹੈ। ਸੰਸਦ ਨੂੰ ਲੋਕਤੰਤਰ ਦਾ ਮੰਦਰ ਕਿਹਾ ਜਾਂਦਾ ਹੈ ਪਰੰਤੂ ਸੰਸਦਾਂ ਵਲੋਂ ਹਰ ਰੋਜ਼ ਲੋਕਤੰਤਰ ਦੀ ਤੌਹੀਨ ਕੀਤੀ ਜਾਂਦੀ ਹੈ। ਸੰਸਦ ਮੈਂਬਰ ਜ਼ਿੰਮੇਵਾਰ ਹਨ ਉਨ੍ਹਾਂ 'ਤੇ ਇਲਾਕਾ ਵਾਸੀਆਂ ਦੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ। ਸੰਸਦਾਂ ਨੂੰ ਆਪਸੀ ਮਤਭੇਦ ਭੁਲਾ ਕੇ ਵੱਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਨਸ਼ੇ ਵਰਗੇ ਮੁੱਦਿਆਂ 'ਤੇ ਚਰਚਾ ਕਰ ਕੇ ਹੱਲ ਲੱਭਣੇ ਚਾਹੀਦੇ ਹਨ ਤਾਂ ਜੋ ਲੋਕਾਂ ਦਾ ਜੀਵਨ ਪੱਧਰ ਸੁਧਾਰਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ,
ਡਾਕ. ਚੱਕ ਅਤਰ ਸਿੰਘ ਵਾਲਾ, (ਬਠਿੰਡਾ)

11-10-2023

 ਜਾਣਕਾਰੀ ਭਰਪੂਰ ਲੇਖ
ਮੰਗਲਵਾਰ 3 ਅਕਤੂਬਰ ' ਅਜੀਤ ' ਦੇ ਅੰਕ 'ਚ ਸ੍ਰੀ ਖੁਸ਼ਵਿੰਦਰ ਸਿੰਘ ਸੂਰੀਯਾ ਵਲੋਂ ਲਿਖੇ ਲੇਖ਼ '' ਮੀਡੀਆ ਆਪਣੀ ਸਾਖ਼ ਖ਼ੁਦ ਬਹਾਲ ਕਰੇ ''ਪੜ੍ਹਿਆ ਜੋ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਲੇਖ ਸੀ। ਲੇਖਕ ਨੇ ਮੀਡੀਆ ਨੂੰ ਆਪਣੀ ਸਾਖ਼ ਖ਼ੁਦ ਬਹਾਲ ਕਰਨ ਬਾਰੇ ਕਿਹਾ ਹੈ, ਕਿਉਂਕਿ ਅੱਜ ਮੀਡੀਆ ਦੇ ਜ਼ਿਆਦਾਤਰ ਅਦਾਰੇ ਪੱਤਰਕਾਰੀ ਦੀਆਂ ਅਸਲ ਕਦਰਾਂ-ਕੀਮਤਾਂ ਤੋਂ ਪਰੇ ਹਟ ਕੇ ਕੰਮ ਕਰ ਰਹੇ ਹਨ, ਖ਼ਾਸ ਕਰਕੇ ਬਹੁਤੇ ਇਲੈਕਟ੍ਰੋਨਿਕ ਮੀਡੀਆ ਦੇ ਅਦਾਰੇ ਲੋਕਾਂ 'ਚ ਨਫ਼ਤਰ, ਪੱਖਪਾਤੀ ਰਵੱਈਆ ਅਪਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਸਾਡੇ ਦੇਸ਼ 'ਚ ਮੀਡੀਆ ਦੋ ਹਿੱਸਿਆਂ 'ਚ ਵੰਡਿਆ ਹੋਇਆ ਲੱਗ ਰਿਹਾ ਹੈ, ਜਿਸ 'ਚ ਇੱਕ ਹਿੱਸਾ ਪੱਤਰਕਾਰੀ ਦੇ ਅਸਲ ਅਸੂਲਾਂ ਨਾਲ ਚੱਲ ਰਿਹਾ ਹੈ, ਦੂਸਰਾ ਹਿੱਸਾ ਸੱਤਾਧਾਰੀ ਸਰਕਾਰਾਂ ਦੇ ਹੱਕ 'ਚ ਚੱਲ ਕੇ ਗੋਦੀ ਮੀਡੀਆ ਅਖ਼ਵਾ ਰਿਹਾ ਹੈ, ਜਿਸ 'ਤੇ ਸਾਡੇ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਚੈਨਲਾਂ ਅਤੇ ਐਕਰਾਂ ਨੂੰ ਝਾੜ ਪਾਈ ਸੀ ਕਿ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਨਾ ਕਿ ਲੋਕਾਂ 'ਚ ਨਫ਼ਰਤ, ਭਰਮ-ਭੁਲੇਖ਼ੇ ਅਤੇ ਪੱਖਪਾਤ ਫ਼ੈਲਾਉਣ। ਇੰਡੀਆ ਗੱਠਜੋੜ ਵਲੋਂ 14 ਐਂਕਰਾਂ ਦਾ ਬਾਇਕਾਟ ਕਰਨਾ ਵੀ ਮੀਡੀਆ ਅਦਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੇ ਅਸਲ ਕਾਰਨ ਸਾਡੇ ਸਿਸਟਮ 'ਚ ਹੀ ਲੁਕੇ ਹੋਏ ਹਨ।
ਭਾਰਤ 'ਚ ਮੀਡੀਆ ਦਾ ਇਕ ਵੱਡਾ ਹਿੱਸਾ ਆਪਣੇ ਸਿਧਾਂਤਾਂ ਤੋਂ ਭਟਕ ਗਿਆ ਹੈ, ਜਿਸ ਲਈ ਹੁਣ ਅਹਿਮ ਲੋੜ ਹੈ ਕਿ ਮੀਡੀਆ ਆਪਣੇ ਅਸਲ ਫ਼ਰਜ਼ਾਂ ਨੂੰ ਪਹਿਚਾਣ ਕੇ ਆਪਣੀ ਡੁੱਬਦੀ ਜਾਂਦੀ ਸਾਖ਼ ਨੂੰ ਬਚਾਵੇ ਅਤੇ ਲੋਕਾਂ ਦੇ ਮਨਾਂ 'ਚ ਫ਼ਿਰ ਤੋਂ ਮੀਡੀਆ ਪ੍ਰਤੀ ਵਿਸ਼ਵਾਸ ਪੈਦਾ ਕਰੇ ਕਿ ਉਹ ਸੱਚਮੁੱਚ ਹੀ ਜਿਵੇਂ ਆਜ਼ਾਦੀ ਤੋਂ ਪਹਿਲਾਂ ਦਾ ਮੀਡੀਆ ਕੰਮ ਕਰਦਾ ਹੁੰਦਾ ਸੀ ਹੁਣ ਫ਼ਿਰ ਤੋਂ ਉਸੇ ਤਰ੍ਹਾਂ ਹੀ ਸੱਚਾਈ, ਆਜ਼ਾਦ, ਨਿਰਪੱਖ ਹੋ ਕੇ ਲੋਕਤੰਤਰੀ ਢੰਗ ਨਾਲ ਆਪਣਾ ਕੰਮ ਕਰੇਗਾ। ਕਿਸੇ ਵੀ ਸੱਤਾਧਾਰੀ ਸਰਕਾਰ ਜਾਂ ਫਿਰ ਕਿਸੇ ਖ਼ਾਸ ਵਿਅਕਤੀ ਦੇ ਦਬਾਅ ਹੇਠ ਆ ਕੇ ਕੰਮ ਨਹੀਂ ਕਰੇਗਾ।


-ਲਖਵਿੰਦਰ ਪਾਲ ਗਰਗ।
ਪਿੰਡ ਤੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।


ਮਹਿਲਾ ਰਾਖਵਾਂਕਰਨ
ਮਹਿਲਾ ਰਾਖਵਾਂਕਰਨ ਬਿੱਲ ਸੰਵਿਧਾਨ ਦੀ 128ਵੀਂ ਸੋਧ ਪਿਛੋਂ ਪਾਸ ਕਰ ਦਿੱਤਾ ਗਿਆ। ਇਹ ਬਿੱਲ ਸੰਸਦ ਵਿਚ ਔਰਤਾਂ ਦੀ 33 ਫ਼ੀਸਦੀ ਨੁਮਾਇੰਦਗੀ ਨਾਲ ਸੰਬੰਧਿਤ ਹੈ, ਜਦ ਕਿ ਮੌਜੂਦਾ ਸਮੇਂ ਵਿਚ ਸੰਸਦ ਦੇ ਕੁੱਲ ਮੈਂਬਰਾਂ ਦਾ 15 ਫ਼ੀਸਦੀ ਹੀ ਹੈ। 1996 ਤੋਂ ਇਸ ਬਿੱਲ ਨੂੰ ਪਾਸ ਕਰਨ ਦੇ ਯਤਨ ਵੱਖ-ਵੱਖ ਸਰਕਾਰਾਂ ਕਰਦੀਆਂ ਰਹੀਆਂ ਹਨ ਪਰ ਮੌਜੂਦਾ ਕੇਂਦਰੀ ਸੱਤਾਧਾਰੀ ਪਾਰਟੀ ਦੁਆਰਾ ਇਸ ਨੂੰ ਦੋਵਾਂ ਸਦਨਾਂ ਵਿਚ ਪਾਸ ਕਰਵਾ ਲਿਆ ਗਿਆ ਹੈ। ਰਾਸ਼ਟਰਪਤੀ ਦੀ ਮੋਹਰ ਲੱਗਣ ਨਾਲ ਇਹ ਬਿੱਲ ਕਾਨੂੰਨ ਬਣਨ ਜਾ ਰਿਹਾ ਹੈ। ਇਹ ਬਿੱਲ ਲਾਗੂ ਹੋਣ 'ਤੇ ਨਾਰੀ ਸ਼ਕਤੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਨਾਲ ਸਮਾਜਿਕ ਸਮਾਨਤਾ, ਸਿਆਸੀ ਭਾਗੀਦਾਰੀ ਅਤੇ ਆਰਥਿਕ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਪਰ ਇਸ ਰਾਖਵੇਂ ਕੋਟੇ ਵਿਚ ਪਛੜੀਆਂ ਜਾਤੀਆਂ (ਓਬੀਸੀਜ਼) ਅਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਔਰਤਾਂ ਲਈ ਕੋਟੇ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਆਵਾਜ਼ ਉੱਠੀ ਹੈ ਪਰ ਦੱਬਵੀਂ ਸੁਰ ਵਿਚ। ਅਸਲ ਵਿਚ ਇਸ ਨੂੰ ਲਾਗੂ ਕਰਨ ਦਾ ਫ਼ੈਸਲਾ ਅਜੇ 2026 ਤੱਕ ਰਾਖਵਾਂ ਹੈ, ਸ਼ਾਇਦ ਸੱਤਾਧਾਰੀ ਪਾਰਟੀ ਅਗਾਮੀ 2024 ਦੀਆਂ ਚੋਣਾਂ ਵਿਚ ਇਸ ਤੋਂ ਕੁਝ ਲਾਹਾ ਖੱਟਣ ਦਾ ਰੌਂਅ ਵਿਚ ਹੈ।


-ਲਾਭ ਸਿੰਘ ਸ਼ੇਰਗਿੱਲ
ਸੰਗਰੂਰ


ਮੰਦਭਾਗੀ ਘਟਨਾ
ਪਿਛਲੇ ਦਿਨੀਂ ਭਾਰਤੀ ਹਾਈ ਕਮਿਸ਼ਨਰ ਨੂੰ ਗਲਾਸਗੋ ਦੇ ਇਕ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਰੋਕਣ ਬਾਰੇ ਮੰਦਭਾਗੀ ਘਟਨਾ ਵਾਪਰੀ ਹੈ, ਜੋ ਚਿੰਤਾਜਨਕ ਹੈ। ਇਸ ਘਟਨਾ ਦੀ ਪੂਰੀ ਦੁਨੀਆ 'ਚ ਨਿਖੇਧੀ ਹੋਈ ਹੈ। ਜਿਸ ਗੁਰੂ ਘਰ ਦੇ ਦਰ ਸਦੀਆਂ ਤੋਂ 24 ਘੰਟੇ ਸਭਨਾਂ ਲਈ ਖੁੱਲ੍ਹੇ ਰੱਖੇ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ, ਚਾਰ ਦਿਸ਼ਾਵਾਂ ਵੱਲ ਖੁੱਲ੍ਹੇ ਰਹਿਣ ਦਾ ਨਿਸ਼ਚਾ ਕੀਤਾ। ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿਚ ਆਉਣ ਦਾ ਸੱਦਾ ਦਿੱਤਾ। ਸਾਡੇ ਮੁਲਕ ਦੀ ਬਦਨਸੀਬੀ ਹੈ ਕਿ ਸਦੀਆਂ ਤੋਂ ਹੀ ਭਾਰਤ ਪੰਜਾਬ ਜੋ ਸੋਨੇ ਦੀ ਚਿੜੀਆ ਸੀ, ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹੁਣ ਵੀ ਮੁੱਠੀ ਪਰ ਸ਼ਰਾਰਤੀ ਲੋਕ ਜੋ ਪੰਜਾਬ ਵਿਚੋਂ ਬਾਹਰ ਬੈਠ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰ ਸਿੱਖ ਭਾਈਚਾਰੇ ਨੂੰ ਬਦਨਾਮ ਕਰ ਰਹੇ ਹਨ। ਜਦੋਂ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਸਿੱਖਾਂ ਤੇ ਪੰਜਾਬੀਆਂ ਦਾ 80 ਫ਼ੀਸਦੀ ਯੋਗਦਾਨ ਹੈ। ਉਹ ਇੰਨੇ ਵੱਡੇ ਮੁਲਕ ਭਾਰਤ ਨੂੰ ਛੱਡ ਜੋ ਉਨ੍ਹਾਂ ਦਾ ਇਕ ਅਹਿਮ ਹਿੱਸਾ ਤੇ ਅਟੁੱਟ ਅੰਗ ਹੈ ਨੂੰ ਛੱਡ ਖਾਲਿਸਤਾਨ ਦੀ ਮੰਗ ਕਿਉਂ ਕਰਨਗੇ। ਕਿਉਂ ਨਾ ਇਸ ਵਿਚ ਆਪਣੀ ਨੁਮਾਇੰਦਗੀ ਪ੍ਰਾਪਤ ਕਰਨਗੇ। ਵਿਦੇਸ਼ਾਂ ਵਿਚ ਵੀ ਸਿੱਖ ਪੰਜਾਬੀ ਕਦੀ ਵੀ ਭਾਰਤ ਵਰਗੇ ਮੁਲਕ ਨੂੰ ਛੱਡ ਜਿਸ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਖ਼ੂਨ ਨਾਲ ਸਿਝਿਆ ਹੈ, ਖਾਲਿਸਤਾਨ ਚਾਹੁਣਗੇ। ਕੈਨੇਡਾ ਨੂੰ ਇਸ ਤਰ੍ਹਾਂ ਦੇ ਲੋਕਾਂ 'ਤੇ ਸਖ਼ਤੀ ਕਰ ਭਾਰਤ ਨਾਲ ਸੰਵਾਦ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੁਲਿਸ।


ਅੰਧ-ਵਿਸ਼ਵਾਸਾਂ ਦੀ ਦੁਨੀਆ
ਬੀਤੇ ਦਿਨ ਖੰਨੇ ਵਿਚ ਅੰਧ-ਵਿਸ਼ਵਾਸਾਂ ਦੇ ਚੱਕਰ ਵਿਚ ਪੈ ਕੇ ਇਕ ਗੁਆਂਢੀ ਵਲੋਂ ਤਾਂਤਰਿਕ ਦੇ ਕਹਿਣ 'ਤੇ ਇਕ ਬੱਚੇ ਨੂੰ ਬਲੀ ਦਾ ਸ਼ਿਕਾਰ ਬਣਾ ਦਿੱਤਾ ਗਿਆ। ਇਹ ਖ਼ਬਰ ਪੜ੍ਹਨ ਤੋਂ ਬਾਅਦ ਮਨ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਜੋਕੇ ਮਨੁੱਖ ਦੀ ਮਾਨਸਿਕਤਾ ਵਿਚ ਕਿਸ ਤਰ੍ਹਾਂ ਨਿਘਾਰ ਆ ਚੁੱਕਿਆ ਹੈ ਕਿ ਉਹ ਆਪਣੇ ਫਾਇਦੇ ਲਈ ਕੋਈ ਵੀ ਕੰਮ ਕਰਨ ਲਈ ਤਤਪਰ ਰਹਿੰਦਾ ਹੈ।
ਵਿਗਿਆਨ ਅਤੇ ਤਕਨਾਲੋਜੀ ਹਰ ਰੋਜ਼ ਦਿਨੋ-ਦਿਨ ਤਰੱਕੀ ਕਰ ਰਹੀ ਹੈ, ਪ੍ਰੰਤੂ ਇਸ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਮਨੁੱਖ ਅਜੇ ਵੀ ਪਸ਼ੂ ਬਿਰਤੀ ਅਤੇ ਅੰਧ ਵਿਸ਼ਵਾਸਾਂ ਦਾ ਸ਼ਿਕਾਰ ਹੈ। ਅੰਧ ਵਿਸ਼ਵਾਸਾਂ ਨਾਲ ਸੰਬੰਧਿਤ ਵਿਅਕਤੀ ਜਿਥੇ ਇਸ ਨੂੰ ਵਧਾਉਣ ਲਈ ਮਸ਼ਰੂਫ਼ ਹਨ, ਉੱਥੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਆਟੇ ਵਿਚ ਲੂਣ ਬਰਾਬਰ ਵੀ ਨਹੀਂ। ਅੰਧ ਵਿਸ਼ਵਾਸਾਂ ਦੇ ਚੱਕਰਾਂ ਵਿਚ ਪੈ ਕੇ ਪਤਾ ਨਹੀਂ ਅਜੇ ਕਿੰਨੇ ਹੋਰ ਬੱਚਿਆਂ ਅਤੇ ਨਿਰਦੋਸ਼ਾਂ ਦੀ ਬਲੀ ਦੇਣੀ ਬਾਕੀ ਹੈ। ਸਮੁੱਚੀ ਇਕਜੁੱਟਤਾ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਅੰਧ ਵਿਸ਼ਵਾਸਾਂ ਨੂੰ ਖ਼ਤਮ ਕਰਕੇ ਹੀ ਵਿਗਿਆਨ ਦਾ ਵਿਕਾਸ ਸੰਭਵ ਬਣਾਇਆ ਜਾ ਸਕਦਾ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

10-10-2023

 ਨਸ਼ਾ ਰੋਕੂ ਜਨ ਸੰਘਰਸ਼ ਦੀ ਲੋੜ
ਭਾਵੇਂ ਕਿ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੇ ਢੰਗ-ਤਰੀਕੇ ਅਪਨਾਉਣ ਤੇ ਕਾਰਵਾਈ ਕਰਨ ਦਾ ਰੌਲਾ ਪਾਇਆ ਜਾ ਰਿਹਾ ਹੈ ਫਿਰ ਵੀ ਆਏ ਦਿਨ ਨਸ਼ਿਆਂ ਦੀ ਆਦਤ ਕਈ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੀ ਹੈ ਅਤੇ ਚੰਗੇ ਭਲੇ ਕਈ ਪਰਿਵਾਰ ਇਸ ਬਿਮਾਰੀ ਨਾਲ ਉੱਜੜ ਰਹੇ ਹਨ। ਨਸ਼ੇ ਰੋਕਣ ਲਈ ਸਿਆਸੀ ਆਗੂਆਂ ਦੇ ਭਾਸ਼ਣ ਤੇ ਵਾਅਦੇ ਇਕ ਨਾਟਕਬਾਜ਼ੀ ਹੀ ਸਿੱਧ ਹੋ ਰਹੇ ਹਨ, ਜੋ ਲੋਕ ਨਸ਼ਾ ਕਰਨ ਦੇ ਆਦੀ ਹਨ, ਉਨ੍ਹਾਂ ਨੂੰ ਸਜ਼ਾ ਦੀ ਨਹੀਂ ਸਗੋਂ ਹਮਦਰਦੀ ਤੇ ਇਲਾਜ ਦੀ ਜ਼ਰੂਰਤ ਹੈ। ਜ਼ਿਆਦਾ ਲੋੜ ਇਸ ਨਸ਼ਾ ਰੂਪੀ ਬਿਮਾਰੀ ਨੂੰ ਫੈਲਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਦੀ ਹੈ। ਪਹਿਲਾਂ ਤਾਂ ਆਮ ਲੋਕਾਂ ਦਾ ਅੰਦਾਜ਼ਾ ਹੀ ਸੀ ਕਿ ਨਸ਼ਾ ਤਸਕਰੀ ਸਿਆਸੀ ਲੋਕਾਂ ਦੀ ਸ਼ਹਿ 'ਤੇ ਪ੍ਰਸ਼ਾਸਨ ਦੀ ਮਿਲੀ-ਭੁਗਤ ਤੋਂ ਬਗੈਰ ਸੰਭਵ ਨਹੀਂ। ਪਰ ਹੁਣ ਪੁਲਿਸ ਮਹਿਕਮੇ ਵਿਚੋਂ ਹੀ ਇਸ ਰਤ੍ਹਾਂ ਦੀਆਂ ਸੁਰਾਂ ਦਾ ਉੱਠਣਾ ਕਿ ਉਨ੍ਹਾਂ ਦੇ ਆਪਣੇ ਮੁਲਾਜ਼ਮ/ਅਧਿਕਾਰੀ ਦੀ ਵੀ ਕਈ ਵਾਰੀ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਮੂਲੀਅਤ ਹੁੰਦੀ ਹੈ, ਇਕ ਚਿੰਤਾ ਦਾ ਵਿਸ਼ਾ ਹੈ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਨੂੰ ਕੌਣ ਬਚਾਏ। ਇਸ ਧੰਦੇ ਦੇ ਵਿਰੁੱਧ ਜੇ ਕੋਈ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾ ਅੱਗੇ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਕਈ ਸਮਾਜ ਸੇਵੀ ਇਸ ਜਾਨ ਲੇਵਾ ਨਸ਼ੇ ਦੇ ਵਪਾਰ ਨੂੰ ਰੋਕਦੇ ਹੋਏ ਆਪਣੀ ਜਾਨ ਤੱਕ ਗੁਆ ਬੈਠਦੇ ਹਨ। ਕੁਝ ਵੀ ਹੋਵੇ ਨਸ਼ਿਆਂ ਦੇ ਜਾਨ ਲੇਵੀ ਵਪਾਰ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਸੰਭਵ ਵੀ ਹੈ ਜੇ ਨਸ਼ਾ ਰੋਕੂ ਮੁਹਿੰਮ ਇਕ ਜਨ ਸੰਘਰਸ਼ ਵਿਚ ਤਬਦੀਲ ਹੋ ਜਾਵੇ। ਚੰਗੀ ਗੱਲ ਇਹ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਵੀ ਇਸ ਮੰਦੇ ਵਪਾਰ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਨਸ਼ਿਆਂ ਵਿਰੁੱਧ ਜਨ ਸੰਘਰਸ਼ ਨੂੰ ਸਫ਼ਲ ਬਣਾਉਣ ਵਿਚ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ ਅਪਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ ਅਤੇ ਸਰਕਾਰ ਨੂੰ ਨਸ਼ਾ ਕਾਰੋਬਾਰੀਆਂ 'ਤੇ ਸ਼ਿਕੰਜਾ ਕੱਸਣ ਲਈ ਮਜਬੂਰ ਕਰ ਸਕਦੀਆਂ ਹਨ।


-ਉਰਮਲਜੀਤ ਸਿੰਘ ਵਾਲੀਆ,
17, ਰੋਹਿਣੀ ਕਾਲੋਨੀ, ਬਸਤੀ ਪੀਰ ਦਾਦ, ਜਲੰਧਰ।


ਭਾਰਤ ਬਨਾਮ ਕੈਨੇਡਾ
ਭਾਰਤ ਅਤੇ ਕੈਨੇਡਾ ਦੇ ਆਪਸ ਵਿਚ ਸੰਬੰਧਾਂ 'ਚ ਜੋ ਕੁੜੱਤਣ ਆਈ ਹੈ, ਇਨ੍ਹਾਂ ਹਾਲਾਤਾਂ ਨੂੰ ਉਨ੍ਹਾਂ ਪਰਿਵਾਰਾਂ ਨੂੰ ਬਹੁਤ ਫ਼ਿਕਰਾਂ ਵਿਚ ਪਾ ਦਿੱਤਾ ਹੈ, ਜਿਨ੍ਹਾਂ ਪਰਿਵਾਰਾਂ ਦੇ ਬੱਚੇ ਕੈਨੇਡਾ ਪੜ੍ਹਾਈ ਲਈ ਜਾਂ ਨੌਕਰੀ ਲਈ ਗਏ ਹੋਏ ਹਨ। ਇਸ ਵਜ੍ਹਾ ਕਰਕੇ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਅਤੇ ਪਰਿਵਾਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦਾ ਬਹੁਤ ਹੀ ਗੰਭੀਰ ਮੁੱਦਾ ਹੈ। ਦੋਵਾਂ ਦੇਸ਼ਾਂ ਨੂੰ ਇਸ ਮੁੱਦੇ 'ਤੇ ਬੈਠ ਕੇ ਆਪਸੀ ਗੱਲਬਾਤ ਕਰ ਕੇ ਹੱਲ ਕੱਢਣਾ ਚਾਹੀਦਾ ਹੈ। ਜਿਸ ਨਾਲ ਦੋਵਾਂ ਦੇਸ਼ਾਂ ਦੀ ਤਲਖ਼ੀ ਘੱਟ ਜਾਵੇ ਅਤੇ ਮਾਹੌਲ ਸੁਖਾਵਾਂ ਹੋ ਜਾਵੇ। ਦੋਵਾਂ ਦੇਸ਼ਾਂ ਦੇ ਲੋਕ ਪਹਿਲੇ ਦੀ ਤਰ੍ਹਾਂ ਹੀ ਅਮਨ-ਅਮਾਨ ਅਤੇ ਆਪਸੀ ਪਿਆਰ ਮੁਹੱਬਤ ਨਾਲ ਰਹਿਣ ਅਤੇ ਤਰੱਕੀ ਕਰਨ।


-ਗੁਰਤੇਜ ਸਿੰਘ ਖੁਡਾਲ,
ਬਾਗੂ ਰੋਡ, ਬਠਿੰਡਾ।


ਦਰਪੇਸ਼ ਚੁਣੌਤੀਆਂ ਨਾਲ ਜੂਝਦੇ ਲੋਕ
ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਦੇ ਰਾਹ ਪੈ ਗਿਆ ਹੈ। ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ ਕਿ ਉਸ ਨੂੰ ਹੋਰ ਕੁਝ ਵੀ ਨਹੀਂ ਦਿਸਦਾ। ਕੋਰੋਨਾ ਮਹਾਮਾਰੀ ਨੇ ਆਰਥਿਕਤਾ ਨੂੰ ਨਪੀੜਿਆ ਹੈ। ਹਾਲ ਹੀ 'ਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫ਼ੀਸਦੀ ਪਾਣੀ ਖ਼ਰਾਬ ਹੋ ਚੁੱਕਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ, ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਪੰਜਾਬ ਵਿਚ ਹਰ ਸਾਲ ਵਿਦੇਸ਼ਾਂ 'ਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੇ ਹਨ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ਼ ਜਾਣਾ ਖ਼ਤਰੇ ਦੀ ਘੰਟੀ ਹੈ। ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਡਿਗਰੀਆਂ ਹੱਥਾਂ 'ਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀਆਂ ਉਮੀਦਾਂ 'ਤੇ ਖ਼ਰਾ ਨਾ ਉਤਰਨਾ ਨਸ਼ੇ ਨੂੰ ਗ੍ਰਹਿਣ ਕਰਨ ਦਾ ਵੱਡਾ ਕਾਰਨ ਹੈ। ਘਰਾਂ ਦੇ ਚਿਰਾਗ ਦੇ ਚਿਰਾਗ ਬੁੱਝ ਚੁੱਕੇ ਹਨ। ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਅਨੁਭਵ ਕਰਦਾ ਹੈ। ਹਾਲਾਂਕਿ ਸਰਕਾਰ ਨੇ ਕੁੱਤੇ ਮਾਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣੀ ਹੈ। ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ। ਪਿੰਡਾਂ 'ਚ ਤਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਇਹ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਆਪ ਸਰਕਾਰ ਬਣਨ ਤੋਂ ਬਾਅਦ ਕੁਝ ਹੱਦ ਤੱਕ ਸਰਕਾਰੀ ਦਫ਼ਤਰਾਂ ਵਿਚ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕ ਪੱਖੀ ਨੀਤੀਆਂ ਬਣਾਉਣ ਦੀ ਸਖ਼ਤ ਲੋੜ ਹੈ ਤਾਂ ਹੀ ਮੁੜ ਤੋਂ ਰੰਗਲਾ ਪੰਜਾਬ ਬਣ ਪਾਏਗਾ।


-ਸੰਜੀਵ ਸਿੰਘ ਸੈਣੀ, ਮੁਹਾਲੀ

09-10-2023

 ਪਰਾਲੀ, ਦੁਸਹਿਰਾ ਤੇ ਦੀਵਾਲੀ
ਪਰਾਲੀ, ਦੁਸਹਿਰਾ ਤੇ ਦੀਵਾਲੀ ਇਨ੍ਹਾਂ ਤਿੰਨਾਂ ਦਾ ਹੀ ਧੁੰਏਂ ਨਾਲ ਸਿੱਧੇ ਤੌਰ 'ਤੇ ਸੰਬੰਧ ਹੈ ਅਤੇ ਧੂੰਏਂ ਨਾਲ ਜਿਤੇ ਹਾਦਸੇ ਵਾਪਰਦੇ ਹਨ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਭਿਆਨਕ ਬਿਮਾਰੀਆਂ ਵੀ ਫੈਲਦੀਆਂ ਹਨ। ਭਾਵੇਂ ਸਮੇਂ-ਸਮੇਂ ਸਰਕਾਰਾਂ ਵਲੋਂ ਪਰਾਲੀ ਨੂੰ ਅੱਗਾਂ ਲਗਾਉਣ ਅਤੇ ਦੀਵਾਲੀ, ਦੁਸਹਿਰੇ 'ਤੇ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ, ਬੰਬਾਂ ਤੇ ਭਾਰੀ ਆਤਿਸ਼ਬਾਜ਼ੀ ਕਰਨ 'ਤੇ ਮਨਾਹੀ ਕੀਤੀ ਜਾਂਦੀ ਹੈ ਅਤੇ ਸਿਰਫ਼ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰੰਤੂ ਲੋਕਾਂ ਵਲੋਂ ਫਿਰ ਵੀ ਖੁੱਲ੍ਹ ਕੇ ਆਤਿਸ਼ਬਾਜ਼ੀ ਕਰ ਕੇ ਵੱਧ ਤੋਂ ਵੱਧ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਪਰਾਲੀ ਸਾੜਨ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਹੀ ਆਲੇ-ਦੁਆਲੇ ਦੇ ਰੁੱਖ ਸੜ ਜਾਣ ਨਾਲ ਉਨ੍ਹਾਂ ਉੱਪਰ ਪੰਛੀਆਂ ਵਲੋਂ ਬਣਾਏ ਆਲ੍ਹਣਿਆਂ ਵਿਚ ਦਿੱਤੇ ਆਂਡੇ ਤੇ ਉਨ੍ਹਾਂ ਦੇ ਬੱਚੇ ਸੜ ਕੇ ਸੁਆਹ ਹੋ ਜਾਂਦੇ ਹਨ। ਜਿਥੇ ਸਰਕਾਰ ਨੂੰ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਕਿਸਾਨਾਂ ਨੂੰ ਭਾਰੀ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਲੱਗਦੀ ਵਾਹੇ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਲੋਕਾਂ ਨੂੰ ਦੁਸਹਿਰੇ, ਦੀਵਾਲੀ 'ਤੇ ਭਾਰੀ-ਭਰਕਮ ਆਤਿਸ਼ਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਿਰਫ਼ ਘਰਾਂ 'ਚ ਦੀਪਮਾਲਾ ਕਰ ਕੇ ਹਰੇ ਪਟਾਖੇ ਚਲਾ ਕੇ ਹੀ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

06-10-2023

 ਪੰਜਾਬ ਸਰਕਾਰ ਦੇ ਖੋਖਲੇ ਦਾਅਵੇ

ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਲਈ ਬਿਜ਼ਨੈੱਸ ਬਲਾਸਟਰ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਨਾਲ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀਆਂ ਚਿੰਤਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਮਾਡਲ ਬਣਾਉਣ ਦੇ ਸੁਪਨੇ ਦੇਖ ਰਹੀ ਪੰਜਾਬ ਸਰਕਾਰ ਸਕੂਲ ਦੇ ਬੱਚਿਆਂ ਨੂੰ ਦੋ ਹਜ਼ਾਰ ਰੁਪਏ ਵਿਚ ਵਪਾਰ ਕਰਵਾ ਕੇ ਕੀ ਸਿੱਧ ਕਰਨਾ ਚਾਹੁੰਦੀ ਹੈ? ਜਦੋਂ ਕਿ ਸਕੂਲਾਂ ਵਿਚ ਅਧਿਆਪਕ ਅਤੇ ਪ੍ਰਿੰਸੀਪਲ ਦੀਆਂ ਬਹੁਤੀਆਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲ ਦੇ ਵਿਦਿਆਰਥੀਆਂ ਲਈ ਬਿਜ਼ਨੈੱਸ ਬਲਾਸਟਰ ਪਰੋਜੈਕਟ ਤਹਿਤ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਕਰਵਾ ਕੇ ਸਮਾਂ ਅਤੇ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਕਿ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਕਰਵਾਉਣ ਦੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ। ਅਧਿਆਪਕਾਂ ਨੂੰ ਮਰਦਮ ਸ਼ੁਮਾਰੀ, ਬੀ.ਐਲ.ਓ. ਦੀ ਡਿਊਟੀ, ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ 15 ਤੋਂ 80 ਸਾਲ ਦੇ ਬਜ਼ੁਰਗਾਂ ਨੂੰ ਪੜ੍ਹਵਾਉਣ ਦਾ ਕੰਮ ਅਤੇ ਹੁਣ ਗਿਆਰਵੀਂ ਦੇ ਵਿਦਿਆਰਥੀਆਂ ਨੂੰ ਬਿਜ਼ਨੈੱਸ ਬਲਾਸਟਰ ਪ੍ਰੋਜੈਕਟ ਵਿਚ ਐਂਟਰੀ ਕਰਵਾਉਣਾ ਅਧਿਆਪਕਾਂ ਲਈ ਬੇਹੱਦ ਸਿਰਦਰਦੀ ਦਾ ਕੰਮ ਹੈ। ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈ ਕਿ ਬਿਜ਼ਨੈੱਸ ਬਲਾਸਟਰ ਵਰਗੇ ਕੰਮ ਕੇਵਲ ਆਈ.ਟੀ.ਆਈ. ਸੰਸਥਾਵਾਂ ਵਿਚ ਦਿੱਤਾ ਜਾਵੇ ਜਾਂ ਉਨ੍ਹਾਂ ਸੰਸਥਾਵਾਂ ਨੂੰ ਜੋ ਕਿੱਤਾ ਮੁਖੀ ਕੋਰਸ ਕਰਵਾਉਂਦੀਆਂ ਹਨ। ਇਸ ਤੋਂ ਇਲਾਵਾ ਬੀ.ਐਲ.ਓ. ਡਿਊਟੀ ਅਤੇ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਬਜ਼ੁਰਗਾਂ ਨੂੰ ਪੜ੍ਹਾਉਣ ਦਾ ਕੰਮ ਕਰਵਾਉਣ ਲਈ ਤੁਰੰਤ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਰੁਜ਼ਗਾਰ ਵਿਚ ਵਾਧਾ ਹੋ ਸਕੇ ਅਤੇ ਅਧਿਆਪਕ ਨੂੰ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰਾ ਸਮਾਂ ਮਿਲ ਸਕੇ।

-ਪਵਨ ਗੁਪਤਾ
ਸਮਾਜ ਸੇਵੀ, ਮੰਡੀ ਅਹਿਮਦਗੜ੍ਹ।

ਨਸ਼ਿਆਂ ਦਾ ਰੁਝਾਨ

ਰਾਕੇਸ਼ ਸ਼ਾਂਤੀ ਦੂਤ ਦੀ ਰਚਨਾ 'ਪੰਜਾਬ ਵਿਚ ਬੇਕਾਬੂ ਹੋ ਗਿਆ ਨਸ਼ਿਆਂ ਦਾ ਰੁਝਾਨ' ਪੜ੍ਹੀ। ਕਾਬਲੇ ਗ਼ੌਰ ਸੀ। ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਅਤੇ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਤਸਕਰੀ ਚਿੰਤਾ ਦਾ ਵਿਸ਼ਾ ਹੈ। ਨਸ਼ਾਖ਼ੋਰੀ ਵਿਰੁੱਧ ਸਾਂਝੇ ਕਦਮ ਚੁੱਕਣ ਦੀ ਲੋੜ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਗੈਂਗਸਟਰ, ਅੱਤਵਾਦੀ ਅਤੇ ਨਸ਼ਾ ਤਸਕਰਾਂ ਦੇ ਸੰਬੰਧ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨਸ਼ਈਆਂ ਤੇ ਖ਼ਾਸ ਕਰ ਕੁੜੀਆਂ ਦੇ ਇਸ ਵਿਚ ਸ਼ਾਮਿਲ ਹੋਣਾ ਚਿੰਤਾ ਦਾ ਵਿਸ਼ਾ ਹੈ। ਪਿੱਛੇ ਜਿਹੇ ਕਾਊਂਟਰ ਇੰਟੈਲੀਜੈਂਸੀ ਵਲੋਂ ਫੜੇ ਤਸਕਰ ਰਛਪਾਲ ਸਿੰਘ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ 'ਤੇ ਰਹਿ ਰਹੇ ਤਸਕਰਾਂ ਦੇ ਸੰਬੰਧ ਪਾਕਿ ਵਿਚ ਰਹਿ ਰਹੇ ਤਸਕਰਾਂ ਅਤੇ ਉਥੋਂ ਦੀ ਖ਼ੂਫੀਆ ਏਜੰਸੀ ਆਈ.ਐਸ.ਆਈ. ਨਾਲ ਹਨ। ਪਹਿਲਾਂ ਵੀ ਫੜੇ ਤਸਕਰਾਂ ਤੋਂ ਪਾਕਿ 'ਚ ਬੈਠੇ ਅੱਤਵਾਦੀਆਂ ਨਾਲ ਸੰਬੰਧ ਉਜਾਗਰ ਹੋਏ ਹਨ। ਬਾਰਡਰ 'ਤੇ ਰਹਿਣ ਵਾਲੇ ਤਸਕਰ ਬੀ.ਐਸ.ਐਫ. ਲਈ ਚੁਣੌਤੀ ਬਣੇ ਹਨ। ਨਸ਼ੇ ਦੀ ਸਮੱਸਿਆ ਖ਼ਤਮ ਕਰਨ ਲਈ ਇਹ ਜ਼ਰੂਰੀ ਹੈ ਜੋ ਸਮੱਗਲਰ ਨਸ਼ਿਆਂ ਦੀ ਤਸਕਰੀ ਕਰ ਜਾਇਦਾਦਾਂ ਬਣਾ ਕੇ ਕਿਸੇ ਹੋਰ ਕਾਰੋਬਾਰ ਵਿਚ ਪੈਸਾ ਲਗਾ ਰਹੇ ਹਨ, ਇਨ੍ਹਾਂ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੁਲਿਸ।

ਨਸ਼ਿਆਂ ਖ਼ਿਲਾਫ਼ ਮੁਹਿੰਮ

ਜਿਵੇਂ ਸਭ ਨੂੰ ਪਤਾ ਹੈ ਕਿ ਪਿੰਡੋਂ-ਪਿੰਡੀਂ ਨਸ਼ਿਆਂ ਵਿਰੁੱਧ ਮੁਹਿੰਮਾਂ ਚੱਲੀਆਂ ਹਨ ਤੇ ਰਾਤ-ਦਿਨ ਪਿੰਡਾਂ ਦੇ ਜਿੰਨੇ ਮੁੱਖ ਦੁਆਰ ਸਾਰਿਆਂ ਉੱਤੇ ਨਾਕੇ ਲੱਗਦੇ ਹਨ ਅਤੇ ਤਲਾਸ਼ੀ ਲਈ ਜਾਂਦੀ ਹੈ, ਸਾਡੇ ਪਿੰਡ ਕੋਟ ਸ਼ਮੀਰ ਵੀ ਪਿਛਲੇ ਡੇਢ ਮਹੀਨੇ ਤੋਂ ਇਹ ਨਾਕੇ ਚੱਲ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ, ਨਸ਼ਿਆਂ ਵਿਰੁੱਧ ਬੂਟਾ ਝੋਟੇ ਨੇ ਲਾਇਆ ਤੇ ਸਾਰੇ ਪਿੰਡ ਉਸ ਦੇ ਨਕਸ਼ੇ ਕਦਮਾਂ ਉੱਤੇ ਚੱਲ ਪਏ। ਸਵਾਲ ਇਹੀ ਉੱਠਦਾ ਵੀ ਕਿੰਨਾ ਚਿਰ ਹੋਰ ਚੱਲਣੇ? ਕੀ ਹੁਣ ਸਰਕਾਰ ਇਹ ਚਿੱਟੇ ਦੇ ਵਪਾਰੀ, ਕੈਪਸੂਲ, ਟੀਕੇ ਆਦਿ ਗੈਰ ਨਸ਼ਿਆਂ ਨੂੰ ਬੰਦ ਨਹੀਂ ਕਰ ਸਕਦੀ ਕਿੰਨਾ ਸਮਾਂ ਆਮ ਜਨਤਾ ਨਸ਼ਿਆਂ ਵਾਲਿਆਂ ਨੂੰ ਫੜ ਕੇ ਕੁੱਟ ਮਾਰ ਕਰੇ ਜਾਂ ਫਿਰ ਪੁਲਿਸ ਹਵਾਲੇ ਕਰੇ, ਨਾਲੇ ਪਿੰਡ ਵਿਚ ਦੁਸ਼ਮਣੀਆਂ ਪਵਾਵੇ, ਕੀ ਪੁਲਿਸ ਪ੍ਰਸ਼ਾਸਨ ਸਿਰਫ਼ ਸਟਾਰ ਲਵਾਉਣ ਲਈ ਹੈ? ਉਨ੍ਹਾਂ ਦਾ ਆਪਣਾ ਫ਼ਰਜ਼ ਨਹੀਂ ਬਣਦਾ ਇਹ ਜੁਰਮਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ। ਕੀ ਕਿਸਾਨਾਂ ਨੇ ਹੁਣ ਫ਼ਸਲ ਨਹੀਂ ਸਾਂਭਣੀ ਜਾਂ ਮੁੰਡਿਆਂ ਨੇ ਪੜ੍ਹਾਈ ਨਹੀਂ ਕਰਨੀ? ਗੱਲ ਇਹ ਨਹੀਂ ਕਿ ਅਸੀਂ ਅੱਕ ਜਾਂ ਥੱਕ ਗਏ ਨਾਕੇ ਲਗਾ ਕੇ, ਸਾਡੇ ਪਿੰਡ ਤਾਂ ਰਾਤ ਵਾਲੀ ਚਾਹ ਨਾਲ ਹਰ ਰੋਜ਼ ਬਦਲਵੀਂ ਮਠਿਆਈ ਆਉਂਦੀ, ਦਿਨੇ ਸਾਰੇ ਨਾਕਿਆਂ 'ਤੇ ਪਰਸ਼ਾਦਾ, ਚਾਹ ਆਦਿ ਪਹੁੰਚਦਾ ਪਰ ਸੁਆਲ ਤਾਂ ਇਹੀ ਉੱਠਦਾ ਵੀ ਸਰਕਾਰ ਕਿਉਂ ਸੁੱਤੀ ਪਈ ਹੈ? ਜੇ ਆਮ ਜਨਤਾ ਨੇ ਹੀ ਆਪ ਸਭ ਕੰਮ ਕਾਰ ਛੱਡ ਕੇ ਆਂਵਦੇ ਪਿੰਡਾਂ ਦੇ ਮਸਲੇ ਹੱਲ ਕਰਨੇ ਹਨ ਤਾਂ ਨਵੀਂ ਸਰਕਾਰ ਚੁਣਨ ਦਾ ਕੀ ਫਾਇਦਾ। ਸਾਡੀ ਮਾਨ ਸਰਕਾਰ ਨੂੰ ਅਪੀਲ ਹੈ ਕਿ ਉਹ ਨਸ਼ਿਆਂ ਵਿਰੁੱਧ ਸੱਚੇ ਦਿਲੋਂ ਕਦਮ ਚੁੱਕਣ, ਨਹੀਂ ਤਾਂ ਲੋਕ ਇਕ ਵਾਰ ਫਿਰ ਬਦਲਾਅ ਲਿਆਉਣ ਲਈ ਮਜਬੂਰ ਹੋਣਗੇ।

-ਜਿੰਦਰ ਮਾਵੀ

ਬਦਲਾਅ ਦੀ ਸਰਕਾਰ

ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਮਜ਼ਦੂਰ ਵਰਗ ਨੂੰ ਦੁਸਹਿਰਾ-ਦੀਵਾਲੀ ਦੇ ਤੋਹਫ਼ੇ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਈ-517838-943 ਮਿਤੀ 20 ਸਤੰਬਰ, 2023 ਨੂੰ ਜਾਰੀ ਕੀਤਾ ਗਿਆ। ਇਸ ਨੋਟੀਫਿਕੇਸ਼ਨ ਜਰੀਏ ਬਦਲਾਅ ਚਾਹੁਣ ਵਾਲੇ ਮਜ਼ਦੂਰ ਵਰਗ ਨੂੰ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ। ਬਦਲਾਅ ਦੀ ਚਾਹਤ ਵਿਚ ਸੰਘਰਸ਼ ਦੇ ਦਿਨੀਂ ਜਿਹੜੇ ਮਜ਼ਦੂਰ ਆਪਣੇ ਹੱਥਾਂ ਵਿਚ ਆਮ ਆਦਮੀ ਪਾਰਟੀ ਦੇ ਝੰਡੇ ਚੁੱਕੀ, ਸਿਰ ਉੱਪਰ ਟੋਪੀਆਂ ਲਈ ਆਪਣੇ ਸਾਈਕਲਾਂ ਉੱਪਰ, ਪੈਦਲ ਜਾਂ ਆਪਣੇ ਹੋਰ ਸਾਧਨਾਂ ਰਾਹੀਂ ਭੁੱਖਣ-ਭਾਣੇ ਸ਼ਹਿਰ ਪਿੰਡਾਂ ਦੀਆਂ ਸੱਥਾਂ ਵਿਚ ਪ੍ਰਚਾਰ ਵਿਚ ਦਿਨ-ਰਾਤ ਜੁੱਟੇ ਰਹੇ ਸਨ। ਪੂੰਜੀਪਤੀਆਂ ਅਤੇ ਵਪਾਰੀ ਵਰਗ ਨੂੰ ਖ਼ੁਸ਼ ਕਰਨ ਲਈ ਬੀਤੇ ਦਿਨੀਂ ਬਦਲਾਅ ਵਾਲੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ, ਜੋ ਪਹਿਲਾਂ ਅੱਠ ਘੰਟੇ ਸੀ 12 ਘੰਟੇ ਕਰ ਦਿੱਤਾ ਹੈ। ਕੀ ਮਜ਼ਦੂਰ ਵਰਗ ਦਾ ਖ਼ੂਨ ਨਿਚੋੜਣਾ ਹੀ ਬਦਲਾਅ ਹੈ?

-ਸੁਖਵਿੰਦਰ ਸਿੰਘ ਭਾਦਲਾ

05-10-2023

 ਭਾਰਤ-ਕੈਨੇਡਾ ਮਸਲਾ ਜਲਦੀ ਹੱਲ ਹੋਵੇ

27 ਸਤੰਬਰ ਦੇ ਅੰਕ ਵਿਚ ਛਪੇ ਆਰਟੀਕਲ 'ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਨਾ ਕੀਤਾ ਜਾਵੇ' (ਸਤਨਾਮ ਸਿੰਘ ਮਾਣਕ) ਨੂੰ ਪੜ੍ਹ ਕੇ ਕੋਈ ਵੀ ਵਿਅਕਤੀ ਇਨ੍ਹਾਂ ਦਿਨਾਂ ਵਿਚ ਚੱਲ ਰਹੇ ਗੰਭੀਰ ਮੁੱਦੇ ਬਾਰੇ ਸੋਚਣ ਲਈ ਮਜਬੂਰ ਹੋ ਜਾਵੇਗਾ। ਪੰਜਾਬੀਆਂ ਲਈ ਖ਼ਾਸ ਰਕਕੇ ਜਿਨ੍ਹਾਂ ਦੇ ਬੱਚੇ ਕੈਨੇਡਾ ਗਏ ਹੋਏ ਹਨ ਜਾਂ ਜਾਣਾ ਚਾਹੁੰਦੇ ਹਨ। ਵਿਦਿਆਰਥੀਆਂ ਇਸ ਮੁੱਦੇ ਨੂੰ ਲੈ ਕੇ ਬਹੁਤ ਪ੍ਰੇਸ਼ਨ ਹਨ, ਕਿਉਂਕਿ ਉਨ੍ਹਾਂ ਦੇ ਪੈਸੇ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਨਾਲ ਹੀ ਨਾਲ ਪੜ੍ਹਾਈ ਦਾ ਵੀ। ਸੋ, ਇਸ ਲਈ ਕੈਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਨੂੰ ਵਧਾਉਣ ਦੀ ਥਾਂ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਸੁੱਖ ਦਾ ਸਾਹ ਆਵੇ।

-ਬੇਅੰਤ ਕੌਰ ਪਿੰਡ ਗੁਰਬਖ਼ਸ਼ਪੁਰਾ।

ਭਾਰਤ ਦੀ ਅਨੋਖੀ ਪੇਸ਼ਕਾਰੀ

ਜੀ-20 ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਵੱਡੇ-ਵੱਡੇ ਮੁੱਦਿਆਂ ਦਾ ਹੱਲ ਸ਼ਾਂਤਮਈ ਬੈਠਕ ਨਾਲ ਹੋ ਸਕਦਾ ਹੈ, ਜਿਸ ਸ਼ਾਨਦਾਰ ਢੰਗ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੀ ਕਮਾਨ ਸੰਭਾਲੀ ਹੈ, ਉਸ ਦੀ ਸ਼ਲਾਘਾ ਵਿਸ਼ਵ ਦਾ ਹਰੇਕ ਆਗੂ ਕਰ ਰਿਹਾ ਹੈ। ਜਿਸ ਧਾਰਨਾ ਨੂੰ ਲੈ ਕੇ ਭਾਰਤ ਨੇ ਜੀ-20 ਸੰਮੇਲਨ ਦੀ ਪ੍ਰਧਾਨਗੀ ਕੀਤੀ, ਇਕ ਧਰਤੀ ਇਕ ਪਰਿਵਾਰ ਅਤੇ ਇਕ ਭਵਿੱਖ ਤੋਂ ਸੇਧ ਮਿਲਦੀ ਹੈ ਕਿ ਜੇਕਰ ਵਿਸ਼ਵ ਇਕੱਠਾ ਹੋ ਕੇ ਸ਼ਾਂਤਮਈ ਢੰਗ ਨਾਲ ਭਖਦੇ ਮੁੱਦਿਆਂ ਦਾ ਹੱਲ ਲੱਭੇਗਾ ਤਾਂ ਫਿਰ ਇਕ ਜੁੱਟ ਹੋ ਕੇ ਅਸੀਂ ਸਾਂਝੇ ਪਰਿਵਾਰ ਦੀ ਤਰ੍ਹਾਂ ਚੁਣੌਤੀਆਂ ਨੂੰ ਠੱਲ੍ਹ ਪਾ ਸਕਦੇ ਹਾਂ। ਧੜੇਬਾਜ਼ੀ ਅਤੇ ਵੱਖਵਾਦ ਦੀ ਭਾਵਨਾ ਨਾਲ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਧਰਤੀ ਦੀ ਆਸ਼ਾਵਾਦੀ ਧਾਰਨਾ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਵਿਸ਼ਵ ਦੇ ਸਾਰੇ ਲੋਕ ਇੱਕੋ ਧਰਤੀ ਮਾਂ ਦੇ ਹੀ ਬੱਚੇ ਹਨ ਅਤੇ ਸਾਰੇ ਦੇਸ਼ਾਂ ਦੀ ਧਰਤੀ ਮਾਂ ਸੰਬੰਧੀ ਸਾਂਝੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਧਰਤੀ ਨੂੰ ਜੰਗ ਦੇ ਮੈਦਾਨ ਵਿਚ ਤਬਦੀਲ ਕਰਕੇ ਤਬਾਹ ਨਾ ਕਰੀਏ, ਬਲਕਿ ਇਸ ਨੂੰ ਬਚਾਉਣ ਦਾ ਯਤਨ ਕਰੀਏ। ਸੋ, ਸਬਰ ਸੰਤੋਖ ਦੀ ਭਾਵਨਾ ਤਹਿਤ ਅਤੇ ਆਪਣੀ ਸੰਸਕ੍ਰਿਤੀ ਨੂੰ ਬਚਾਅ ਕੇ ਅਸੀਂ ਵਿਸ਼ਵ ਦਾ ਭਵਿੱਖ ਸੁਨਹਿਰਾ ਬਣਾ ਸਕਦੇ ਹਾਂ। ਜੇਕਰ ਨਿੱਕੇ-ਨਿੱਕੇ ਮੁੱਦਿਆਂ 'ਤੇ ਦੇਸ਼ ਇਕ-ਦੂਜੇ ਦੇ ਖ਼ਿਲਾਫ਼ ਹਥਿਆਰ ਚੁੱਕ ਕੇ ਜੰਗ ਛੇੜ ਲੈਣਗੇ ਤਾਂ ਫਿਰ ਦੇਸ਼ ਤਬਾਹੀ ਦਾ ਘਰ ਬਣ ਜਾਣਗੇ ਕਿਉਂਕਿ ਜੰਗ ਦਾ ਸਾਹਮਣਾ ਕਰਨ ਵਾਲੇ ਦੇਸ਼ ਅੱਜ ਤੋਂ 100 ਸਾਲ ਪਿੱਛੇ ਚਲੇ ਜਾਂਦੇ ਹਨ। ਸੋ, ਜੀ-20 ਸੰਮੇਲਨ 2023 ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਂਝੇ ਐਲਾਨਨਾਮੇ ਦੀ ਨੀਤੀ ਸਦਕਾ ਅਸੀਂ ਵਿਸ਼ਵ ਦੇ ਵੱਡੇ-ਵੱਡੇ ਮੁੱਦਿਆਂ ਦਾ ਹੱਲ ਸ਼ਾਂਤਮਈ ਬੈਠਕ ਸਦਕਾ ਕੱਢ ਸਕਦੇ ਹਾਂ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ ਘੁਮਾਣ।

ਸਮਰਪਣ ਦੀ ਮਿਸਾਲ

ਬੀਤੇ ਦਿਨੀਂ ਗੁਰਬਿੰਦਰ ਸਿੰਘ ਮਾਣਕ ਵਲੋਂ ਲਿਖਿਆ ਲੇਖ 'ਸਮਰਪਣ ਦੀ ਮਿਸਾਲ ਹੁੰਦਾ ਹੈ ਅਧਿਆਪਕ' ਬਹੁਤ ਹੀ ਦਿਲਚਸਪ ਅਤੇ ਅਧਿਆਪਕਾਂ ਦੇ ਮੂਲ ਰੂਪ ਨੂੰ ਤਰਾਸਦੀ ਸ਼ਬਦਾਵਲੀ ਹੈ ਜੋ ਕਿ ਅਧਿਆਪਕ ਖ਼ੁਦ ਇਕ ਦੀਵੇ ਵਾਂਗੂੰ ਬਲ ਕੇ ਅੱਗੇ ਚਾਨਣ ਮੁਨਾਰਾ ਬਣ ਜਾਂਦਾ ਹੈ ਅਤੇ ਅੱਗੇ ਕਈ ਜੋਤਾਂ ਨੂੰ ਪ੍ਰਕਾਸ਼ ਕਰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਅਧਿਆਪਕਾਂ ਦੀ ਜੋ ਇੱਜ਼ਤ ਅੱਜ ਤੋਂ 30/35 ਸਾਲ ਪਹਿਲਾਂ ਕੀਤੀ ਜਾਂਦੀ ਸੀ ਕਿ ਬੱਚੇ ਅਧਿਆਪਕ ਨੂੰ ਮਾਸਟਰ ਜੀ ਅਤੇ ਅਧਿਆਪਕਾ ਨੂੰ ਭੈਣ ਜੀ ਕਹਿ ਕੇ ਬੁਲਾਉਂਦੇ ਸਨ ਤੇ ਬੱਚਿਆਂ ਦੇ ਮਾਪੇ ਸਤਿਕਾਰ ਨਾਲ ਬੀਬਾ ਜੀ ਅਤੇ ਮਾਸਟਰ ਜੀ ਕਹਿੰਦੇ ਸਨ। ਜੇਕਰ ਕੋਈ ਬੱਚਾ ਬਿਨਾਂ ਦੱਸੇ ਛੁੱਟੀ ਕਰ ਲੈਂਦਾ ਸੀ ਤਾਂ ਮਾਸਟਰ ਜੀ ਦੂਜੇ ਬੱਚਿਆਂ ਨੂੰ ਭੇਜ ਕੇ ਉਸ ਨੂੰ ਘਰੋਂ ਚੁੱਕ ਕੇ ਲਿਆਉਂਦੇ ਸਨ ਕਿਉਂਕਿ ਮਾਸਟਰ ਜੀ ਨੂੰ ਫ਼ਿਕਰ ਹੁੰਦਾ ਸੀ ਕਿ ਉਸ ਬੱਚੇ ਦੀ ਪੜ੍ਹਾਈ ਖ਼ਰਾਬ ਹੋ ਜਾਵੇਗੀ ਤੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਪੜ੍ਹਾਈ ਵਿਚ ਕਮਜ਼ੋਰ ਹੋ ਜਾਵੇਗਾ। ਇਸ ਲਈ ਉਸ ਸਮੇਂ ਦੇ ਲੋਕ ਅਨਪੜ੍ਹ ਘੱਟ ਪੜ੍ਹੇ ਹੋਣ ਦੇ ਬਾਵਜੂਦ ਵੀ ਅਧਿਆਪਕ ਦੀ ਕਦਰ ਕਰਦੇ ਸਨ ਜਿਵੇਂ ਹੀ ਸਮਾਂ ਬਦਲਦਾ ਗਿਆ ਤਾਂ ਪੜ੍ਹਾਈ ਦਾ ਮਿਆਰ ਉੱਚਾ ਹੁੰਦਾ ਗਿਆ, ਖ਼ਰਚੇ ਵੀ ਵਧਣ ਲੱਗ ਪਏ ਅਤੇ ਬੱਚਿਆਂ ਨੂੰ ਵੀ ਆਜ਼ਾਦੀ ਹੋਣ ਲੱਗੀ। ਬੱਚੇ ਅਧਿਆਪਕਾਂ ਦਾ ਸਤਿਕਾਰ ਕਰਨਾ ਭੁੱਲ ਗਏ ਅਤੇ ਸਕੂਲਾਂ, ਕਲਾਜਾਂ ਵਿਚ ਯੂਨੀਅਨਾਂ ਬਣਨ ਲੱਗੀਆਂ ਅਤੇ ਬੱਚੇ ਆਜ਼ਾਦੀ ਅਤੇ ਬੇਫਿਕਰੀ ਨਾਲ ਆਪਣੇ-ਆਪ ਨੂੰ ਢਾਲਣ ਲੱਗ ਪਏ ਅਤੇ ਅਧਿਆਪਕਾਂ ਦਾ ਡਰ ਘਟ ਗਿਆ। ਹੁਣ ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਨ੍ਹਾਂ ਨੂੰ ਨੌਕਰੀਆਂ ਦੇਵੇ ਤਾਂ ਜੋ ਬੱਚਿਆਂ ਦਾ ਭਵਿੱਖ ਬਰਬਾਦ ਨਾ ਹੋਵੇ।

-ਅਵਤਾਰ ਸਿੰਘ ਸਰੋਏ
ਸਹਾਰਨ ਮਾਜਰਾ, ਪਾਇਲ, ਲੁਧਿਆਣਾ।

04-10-2023

 ਕੈਂਪ
ਅੱਜ ਗੁਰਦੁਆਰਾ ਸਾਹਿਬ ਦੀ ਪਾਰਕ ਵਿਚ ਖੇਤੀਬਾੜੀ ਮਾਹਿਰਾਂ ਦੀ ਟੀਮ ਆ ਰਹੀ ਸੀ, ਜਿਸ ਕਰ ਕੇ ਗੁਰਦੁਆਰਾ ਸਾਹਿਬ ਤੋਂ ਵਾਰ-ਵਾਰ ਅਨਾਊੰਸਮੈਂਟ ਕੀਤੀ ਜਾ ਰਹੀ ਸੀ ਕਿ ਸਮੂਹ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਲਈ ਕੈਂਪ ਲਗਾਇਆ ਜਾ ਰਿਹਾ ਹੈ। ਅਨਾਊਸਮੈਂਟ ਸੁਣ ਕੇ ਬਿਸ਼ਨ ਸਿੰਘ ਨੇ ਵੀ ਆਪਣਾ ਪਰਨਾ ਮੋਢੇ 'ਤੇ ਰੱਖਿਆ ਤੇ ਕੈਂਪ ਵਿਚ ਜਾ ਸ਼ਾਮਿਲ ਹੋ ਗਿਆ। ਗੁਰਦੁਆਰੇ ਵਿਚ ਖੇਤੀਬਾੜੀ ਮਾਹਿਰਾਂ ਦੀ ਟੀਮ ਆਉਣ ਕਾਰਨ ਕਾਫੀ ਲੋਕ ਇਕੱਠੇ ਹੋ ਗਏ ਸਨ। ਏਨੇ ਚਿਰ ਨੂੰ ਮਾਹਿਰਾਂ ਦੀ ਟੀਮ ਵੀ ਗੁਰਦੁਆਰੇ ਆ ਪਹੁੰਚੀ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਪ੍ਰਦੂਸ਼ਣ ਵੀ ਬਹੁਤ ਹੁੰਦਾ ਹੈ। ਇਹ ਸੁਣ ਕੇ ਸਾਰੇ ਕਿਸਾਨਾਂ ਨੇ ਵਾਅਦਾ ਕੀਤਾ ਕਿ ਅਸੀਂ ਨਾੜ ਨੂੰ ਅੱਗ ਨਹੀਂ ਲਗਾਵਾਂਗੇ। ਕੈਂਪ ਵਿਚ ਪਹੁੰਚੇ ਪੱਤਰਕਾਰਾਂ ਨੇ ਪਿੰਡ ਦੇ ਮੁਹਤਬਰ ਵਿਅਕਤੀਆਂ, ਜਿਨ੍ਹਾਂ ਨੇ ਕੈਂਪ ਲਗਾਉਣ ਦੀ ਤਿਆਰੀ ਕੀਤੀ ਸੀ ਉਨ੍ਹਾਂ ਦੀ ਤਸਵੀਰ ਖੇਤੀਬਾੜੀ ਮਾਹਿਰਾਂ ਦੇ ਨਾਲ ਲੈ ਕੇ ਸਵੇਰ ਦੀ ਅਖ਼ਬਾਰ ਵਿਚ ਲਗਵਾ ਦਿੱਤੀ। ਬਿਸ਼ਨ ਸਿੰਘ ਨੇ ਸੋਚਿਆ ਇਸ ਵਾਰ ਜ਼ਮੀਨ ਵਿਚਲੇ ਪਰਾਲੀ ਨੂੰ ਜ਼ਮੀਨ ਵਿਚ ਹੀ ਵਾਹੁਣਾ ਪਵੇਗਾ ਤੇ ਮਿਹਨਤ ਵੀ ਵੱਧ ਕਰਨੀ ਪਵੇਗੀ, ਇਸ ਕਰਕੇ ਉਹ ਰਿਸ਼ਤੇਦਾਰੀ ਵਿਚ ਕਿਸੇ ਦਾ ਮੰਗਵਾਂ ਟਰੈਕਟਰ ਲੈਣ ਤੁਰ ਪਿਆ। ਜਦ ਅਗਲੇ ਦਿਨ ਉਹ ਪਿੰਡ ਵਾਪਸ ਪਹੁੰਚਿਆ ਤੇ ਚਾਰੇ ਪਾਸੇ ਪਰਾਲੀ ਨੂੰ ਅੱਗ ਲੱਗੀ ਵੇਖ ਕੇ ਹੱਕਾ-ਬੱਕਾ ਰਹਿ ਗਿਆ। ਅਖ਼ਬਾਰ ਵਿਚ ਲੱਗੀ ਤਸਵੀਰ ਅਤੇ ਕੈਂਪ ਵਿਚ ਸ਼ਾਮਿਲ ਹੋਏ ਮੁਹਤਬਰ ਵਿਅਕਤੀ ਦੇ ਹੱਥ ਵਿਚ ਮਾਚਸ ਵੇਖ ਕੇ ਖੇਤਾਂ ਵਲੋਂ ਤੁਰੇ ਆਉਂਦੇ ਵੇਖ ਕੇ ਕਾਫੀ ਦੁਖੀ ਹੋਇਆ ਅਤੇ ਆਪਣਾ-ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲੱਗਾ।


-ਲਵਮਨਿੰਦਰ ਸਿੰਘ ਸੰਧਾਵਾਲੀਆ
ਪਿੰਡ ਬੂਆ ਨੰਗਲੀ।


ਵਿਸ਼ਵ ਮਿੱਤਰ ਭਾਰਤ
ਜੀ-20 ਸਿਖ਼ਰ ਸੰਮੇਲਨ 2023 ਦੇ ਪ੍ਰਭਾਵਸ਼ਾਲੀ ਅਤੇ ਸੁਚਾਰੂ ਆਯੋਜਨ ਦੇ ਨਾਲ ਵੱਡੀਆਂ ਸਾਕਾਰਾਤਮਿਕ ਘਟਨਾਵਾਂ ਜਿਸ ਦਾ ਥੀਮ ਸੀ 'ਇਕ ਧਰਤੀ ਇਕ ਪਰਿਵਾਰ, ਇਕ ਭਵਿੱਖ' ਨੇ ਬਿਨਾਂ ਸ਼ੱਕ ਸਾਡੇ ਦੇਸ਼ ਭਾਰਤ ਨੂੰ ਵਿਸ਼ਵ ਮਿੱਤਰ ਵਜੋਂ ਸਥਾਪਿਤ ਕੀਤਾ ਹੈ। ਭਾਰਤ ਦੀ ਸਭ ਤੋਂ ਵੱਡੀ ਜਿੱਤ ਅਤੇ ਨਿਊ ਦਿੱਲੀ ਜੀ-20 ਲੀਡਰਜ਼ ਡੈਕਲੇਰੇਸ਼ਨ (ਘੋਸ਼ਣਾ ਪੱਤਰ) ਨੂੰ ਸਵੀਕਾਰ ਕਰਨ ਦੀ ਇਹ ਰਹੀ ਹੈ ਕਿ ਵਰਤਮਾਨ ਵਿਚ ਜਾਰੀ ਯੂਕਰੇਨ ਯੁੱਧ ਸਮੇਤ ਐਲਾਨਨਾਮੇ ਦੇ ਸਾਰੇ 83 ਪੈਰੇ, ਚੀਨ ਅਤੇ ਰੂਸ ਦੀ ਸਹਿਮਤੀ ਸਮੇਤ 100 ਫ਼ੀਸਦੀ ਸਰਬਸੰਮਤੀ ਨਾਲ ਪਾਸ ਕੀਤੇ ਗਏ। ਖ਼ਾਸ ਤੌਰ 'ਤੇ ਜੀ-20 ਸਿਖ਼ਰ ਸੰਮੇਲਨ ਦੀ ਭਾਰਤ ਦੀ ਪ੍ਰਧਾਨਗੀ ਦਾ ਇਕ ਵੱਡਾ ਅਤੇ ਇਤਿਹਾਸਕ ਕਦਮ ਅਫ਼ਰੀਕਨ ਯੂਨੀਅਨ 55 ਦੇਸ਼ਾਂ ਦੇ ਸਮੂਹ ਨੂੰ ਜੀ-20 ਦੇ ਸਥਾਈ ਮੈਂਬਰ ਵਜੋਂ ਸ਼ਾਮਿਲ ਕਰਨਾ ਹੈ। ਇਸ ਇਤਿਹਾਸਕ ਘੋਸ਼ਣਾ ਪੱਤਰ ਦੀਆਂ ਹੋਰ ਵੱਡੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਵੀ ਹਨ ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਦੀ ਸ਼ੁਰੂਆਤ ਲਈ ਘੋਸ਼ਣਾ, ਜਿਸ ਵਿਚ ਦੋ ਵੱਖ-ਵੱਖ ਗਲਿਆਰੇ ਸ਼ਾਮਿਲ ਹਨ, ਜਿਵੇਂ 1. ਭਾਰਤ ਨੂੰ ਪੱਛਮੀ ਏਸ਼ੀਆ/ਮੱਧ ਪੂਰਬ ਨਾਲ ਜੋੜਨ ਵਾਲਾ ਪੂਰਬੀ ਕੋਰੀਡੋਰ ਅਤੇ 2. ਉੱਤਰੀ ਕੋਰੀਡੋਰ ਜੋ ਪੱਛਮੀ ਏਸ਼ੀਆ/ਮੱਧ ਪੂਰਬ ਯੂਰਪ ਨੂੰ ਜੋੜੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਬਾਇਓਫਿਊਲ ਅਲਾਇੰਸ ਨੂੰ ਲਾਂਚ ਵੀ ਕੀਤਾ, ਜਿਸ ਵਿਚ ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਭਾਰਤ, ਇਟਲੀ, ਦੱਖਣੀ ਅਫ਼ਰੀਕਾ ਅਤੇ ਅਮਰੀਕਾ ਸ਼ਾਮਿਲ ਹਨ। ਇਸ ਤਰ੍ਹਾਂ ਦੀਆਂ ਸਾਰੀਆਂ ਵੱਡੀਆਂ ਪ੍ਰਾਪਤੀਆਂ ਨੂੰ ਦੇਖ ਕੇ ਹੁਣ ਅਸੀਂ ਭਾਰਤ ਦੇ ਨਾਗਰਿਕ, ਇਹ ਮਾਣ ਮਹਿਸੂਸ ਕਰ ਸਕਦੇ ਹਨ ਕਿ ਸਾਡਾ ਦੇਸ਼ ਦੁਬਾਰਾ 'ਵਿਸ਼ਵ ਗੁਰੂ' ਬਣਨ ਜਾ ਰਿਹਾ ਹੈ।


-ਇੰਜ. ਕ੍ਰਿਸ਼ਨ ਕਾਂਤ ਸੂਦ
ਨੰਗਲ।


ਮਨੁੱਖੀ ਜੀਵਨ ਅਤੇ ਚੰਗਾ ਵਿਵਹਾਰ
ਮਨੁੱਖਾ ਜੂਨ 84 ਲੱਖ ਜੂਨਾਂ ਤੋਂ ਸਿਰਮੌਰ ਅਤੇ ਉੱਤਮ ਮੰਨੀ ਗਈ ਹੈ ਭਾਵ ਇਸ ਨੂੰ 84 ਲੱਖ ਜੂਨਾਂ ਦਾ ਸਰਦਾਰ ਵੀ ਆਖਿਆ ਜਾਵੇ ਤਾਂ ਕੁਝ ਵੀ ਗ਼ਲਤ ਨਹੀਂ ਹੋਵੇਗਾ। ਮਨੁੱਖਾ ਜੀਵਨ ਬਹੁਤ ਹੀ ਅਨਮੋਲ ਅਤੇ ਵਡਮੁੱਲਾ ਹੈ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੋਗ ਕੇ ਇਹ ਜੀਵਨ ਪ੍ਰਾਪਤ ਹੋਇਆ ਹੈ। ਇਸ ਦਾ ਮੁੱਖ ਅਤੇ ਅਸਲ ਮਨੋਰਥ, ਚੰਗੇ ਗੁਣਾਂ ਦਾ ਧਾਰਨੀ ਬਣ ਕੇ ਅਤੇ ਔਗੁਣਾਂ ਦਾ ਤਿਆਗ ਕਰ ਕੇ ਜੀਵਨ ਮੁਕਤ ਹੋਣਾ ਹੈ ਭਾਵ ਪਰਮਾਤਮਾ ਨੂੰ ਮਿਲਣਾ ਹੀ ਹੈ। ਮਨੁੱਖਾ ਜੀਵਨ ਅੰਦਰ ਚੰਗੇ ਵਿਵਹਾਰ ਦੀ ਖ਼ਾਸ ਮਹੱਤਤਾ ਅਤੇ ਅਹਿਮੀਅਤ ਹੈ। ਚੰਗਾ ਵਿਹਾਰ ਅਤੇ ਸ਼ੁੱਭ ਗੁਣ ਹੀ ਮਨੁੱਖ ਨੂੰ ਆਮ ਤੋਂ ਖ਼ਾਸ ਬਣਾ ਦਿੰਦੇ ਹਨ ਭਾਵ ਉਸ ਨੂੰ ਮਹਾਨ ਸ਼ਖ਼ਸੀਅਤ ਬਣਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ। ਸ਼ੁੱਭ ਗੁਣਾਂ ਅਤੇ ਚੰਗੇ ਵਿਹਾਰ ਅਤੇ ਅਸ਼ੁੱਭ ਗੁਣ ਮਨੁੱਖ ਨੂੰ ਜਿਥੇ ਖਾਸ ਤੋਂ ਆਮ ਬਣਾ ਦਿੰਦੇ ਹਨ, ਉਥੇ ਉਸ ਨੂੰ ਕਈ ਵਾਰ ਪਸ਼ੂਆਂ ਦੀ ਸ਼੍ਰੇਣੀ ਵਿਚ ਖੜ੍ਹਾ ਕਰ ਦਿੰਦੇ ਹਨ। ਅਜਿਹੇ ਮਨੁੱਖਾਂ ਨੂੰ ਅਕਸਰ ਦੂਸਰਿਆਂ ਵਲੋਂ ਆਖਿਆ ਜਾਂਦਾ ਹੈ ਕਿ 'ਤੂੰ ਪਸ਼ੂਆਂ ਵਾਲੇ ਕੰਮ ਕਰਨੇ ਬੰਦ ਕਰ ਅਤੇ ਬੰਦਾ ਬਣ ਕੇ, ਬੰਦਿਆਂ ਵਾਲੇ ਕੰਮ ਕਰ।' ਸੋ ਲੋੜ ਹੈ ਮਨੁੱਖ ਨੂੰ ਔਗੁਣਾਂ ਨੂੰ ਤਿਆਗ ਕੇ, ਦੂਸਰਿਆਂ ਨਾਲ ਚੰਗਾ ਵਿਹਾਰ ਕਰਨ ਅਤੇ ਸ਼ੁੱਭ ਗੁਣਾਂ ਦਾ ਧਾਰਨੀ ਬਣਨ ਦੀ, ਅਜਿਹਾ ਕਰਕੇ ਜਿਥੇ ਉਹ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਸਹਾਈ ਹੋ ਸਕਦਾ ਹੈ, ਉਥੇ ਆਪਣਾ ਜੀਵਨ ਵੀ ਸਫਲ ਬਣਾ ਸਕਦਾ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, (ਹੁਸ਼ਿਆਰਪੁਰ।

03-10-2023

 ਸਰਕਾਰ ਰੁਜ਼ਗਾਰ ਦੇਵੇ

ਪੰਜਾਬ ਪੰਜਾਂ ਦਰਿਆਵਾਂ, ਗੁਰੂਆਂ, ਪੀਰਾਂ-ਫ਼ਕੀਰਾਂ, ਜੰਗੀ ਯੋਧਿਆਂ, ਸੂਰਬੀਰਾਂ ਦੀ ਧਰਤੀ ਹੈ, ਜਿਸ ਨੂੰ ਸੋਨੇ ਦੀ ਚਿੜੀ ਵੀ ਆਖਿਆ ਜਾਂਦਾ ਸੀ। ਜਿਸ ਨੂੰ ਪਹਿਲੇ ਸਮਿਆਂ ਵਿਚ ਅੰਗਰੇਜ਼ ਸਾਮਰਾਜ, ਮੁਗ਼ਲ ਹਕੂਮਤ, ਪਹਾੜੀ ਰਾਜਿਆਂ ਨੇ ਰੱਜ ਕੇ ਲੁੱਟਿਆ ਹੈ ਅਤੇ ਮੌਜੂਦਾ ਸਿਸਟਮ ਵੀ ਉਸੇ ਰਾਹ ਚੱਲਦਾ ਨਜ਼ਰ ਆ ਰਿਹਾ ਹੈ। ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤਖੋਰੀ ਅਤੇ ਮੁਨਾਫ਼ਾਖੋਰੀ ਨੇ ਪੱਕੀ ਤਰ੍ਹਾਂ ਦੇਸ਼ ਵਿਚ ਪੈਰ ਜਮਾ ਲਏ ਹਨ। ਕਿਸੇ ਦਾ ਵੀ ਭਵਿੱਖ ਸੁਰੱਖਿਅਤ ਨਹੀਂ ਹੈ। ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਰੁਜ਼ਗਾਰ ਮੰਗਦੇ ਹਨ ਤਾਂ ਉਨ੍ਹਾਂ ਨੂੰ ਕੁੱਟ-ਮਾਰ ਕਰ ਕੇ ਬੇਪੱਤ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਸਾਡੀ ਨੌਜਵਾਨ ਪੀੜ੍ਹੀ ਦੇ ਬੱਚੇ ਪਲੱਸ ਟੂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਈਲੈਟਸ ਦੇ ਪਿੱਛੇ ਪਏ ਹੋਏ ਹਨ। ਮੈਂ ਅਕਸਰ ਬੱਚਿਆਂ ਨਾਲ ਗੱਲਬਾਤ ਕਰਦਾ ਹੀ ਰਹਿੰਦਾ ਹਾਂ। ਹਰੇਕ ਬੱਚੇ ਦਾ ਇਹੀ ਜਵਾਬ ਹੈ ਕਿ ਡਿਗਰੀਆਂ ਲੈ ਕੇ ਫਿਰਨ ਦਾ ਕੀ ਫਾਇਦਾ। ਸਰਕਾਰ ਨੌਕਰੀਆਂ ਤਾਂ ਦਿੰਦੀ ਨਹੀਂ ਹੈ, ਸਾਡੇ ਸਿਸਟਮ ਤਾਂ ਸਹੀ ਨਹੀਂ ਹਨ। ਬਾਹਰਲੇ ਰਾਜਾਂ ਦੇ ਵਿਚੋਂ ਲਿਆ ਕੇ ਨੌਕਰੀਆਂ ਦੇਈ ਜਾਂਦੇ ਹਨ। ਬੱਚੇ ਕਰਨ ਵੀ ਕੀ, ਸਰਕਾਰਾਂ ਦੇ ਮਾੜੇ ਵਤੀਰੇ ਤੋਂ ਤੰਗ ਆ ਕੇ ਆਈਲੈਟਸ ਕਰ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਜਿਸ ਨਾਲ ਦੇਸ਼ ਦੀ ਨੌਜਵਾਨੀ ਘਟਦੀ ਜਾ ਰਹੀ ਹੈ ਅਤੇ ਫੀਸਾਂ ਦੇ ਰੂਪ ਵਿਚ ਲੱਖਾਂ ਰੁਪਏ ਵੀ ਵਿਦੇਸ਼ਾਂ ਨੂੰ ਜਾ ਰਹੇ ਹਨ, ਜਿਸ ਨਾਲ ਦੇਸ਼ ਨੂੰ ਵੱਡਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਸੋ, ਸਰਕਾਰਾਂ ਦੇ ਅੱਗੇ ਬੇਨਤੀ ਹੈ ਕਿ ਆਪਣਾ ਧਿਆਨ ਇਸ ਪਾਸੇ ਵੱਲ ਜ਼ਰੂਰ ਲੈ ਕੇ ਆਵੋ। ਪੜ੍ਹੇ ਹੋਏ ਡਿਗਰੀ ਹੋਲਡਰ ਬੱਚਿਆਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੋ, ਤਾਂ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਖਾਲੀ ਹੋਣ ਤੋਂ ਬਚਾਇਆ ਜਾਵੇ ਅਤੇ ਮੁੜ ਰੰਗਲਾ ਪੰਜਾਬ ਬਣਾਇਆ ਜਾਵੇ।

-ਸੂਬੇਦਾਰ ਜਸਵਿੰਦਰ ਸਿੰਘ ਪੰਧੇਰ ਖੇੜੀ
ਲੁਧਿਆਣਾ

ਏਕੇ ਦੀ ਬਰਕਤ

ਜਿਵੇਂ ਕਿ ਬਚਪਨ ਵਿਚ ਇਕ ਕਹਾਣੀ ਪੜ੍ਹਿਆ ਕਰਦੇ ਸਾਂ ਕਿ ਇਕ ਸਿਆਣੇ ਬਾਪ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਆਪਣੇ ਚਾਰਾਂ ਲੜਕਿਆਂ ਨੂੰ ਆਪਣੇ ਪਾਸ ਬੁਲਾਇਆ ਅਤੇ ਸਮਝਾਇਆ ਕਿ ਜਿਵੇਂ ਤੁਸੀਂ ਛਿਟੀਆਂ ਦੇ ਮੁੱਠੇ ਨੂੰ ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਮੁੱਠਾ ਨਾ ਟੁੱਟਿਆ, ਪਰ ਬਾਅਦ ਵਿਚ ਉਸ ਮੁੱਠੇ ਦੀ ਇਕੱਲੀ-ਇਕੱਲੀ ਛਿਟੀ ਨੂੰ ਤੁਸੀਂ ਬੜੀ ਅਸਾਨੀ ਨਾਲ ਤੋੜ ਦਿੱਤਾ ਹੈ। ਬਿਲਕੁਲ ਇਸੇ ਤਰ੍ਹਾਂ ਮੇਰੇ ਤੋਂ ਬਾਅਦ ਜੇਕਰ ਤੁਸੀਂ ਛਿੱਟੀਆਂ ਦੇ ਮੁੱਠੇ ਵਾਂਗ ਇਕੱਠੇ ਰਹੋਗੇ ਤਾਂ ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕੇਗਾ, ਪਰ ਜੇਕਰ ਤੁਸੀਂ ਇਕੱਲੇ-ਇਕੱਲੇ ਹੋ ਗਏ ਤਾਂ ਤੁਹਾਨੂੰ ਇਕੱਲੀ-ਇਕੱਲੀ ਛਿਟੀ ਦੀ ਤਰ੍ਹਾਂ ਹਰ ਕੋਈ ਨੁਕਸਾਨ ਪਹੁੰਚਾ ਸਕਦਾ ਹੈ। ਇਹੋ ਗੱਲ ਪੰਜਾਬ ਅਤੇ ਪੰਥਪ੍ਰਸਤ ਸ਼ਕਤੀਆਂ/ਧਿਰਾਂ ਉੱਪਰ ਵੀ ਲਾਗੂ ਹੁੰਦੀ ਹੈ, ਚਾਹੇ ਉਹ ਸਿਆਸੀ ਹੋਵੇ ਜਾਂ ਗੈਰ ਸਿਆਸੀ। ਜੇਕਰ ਅਸੀਂ ਪੰਜਾਬ ਅਤੇ ਪੰਥ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬ ਅਤੇ ਪੰਥ ਪ੍ਰਤੀ ਸੰਜੀਦਾ ਧਿਰਾਂ ਦੀ ਸ਼ਨਾਖ਼ਤ ਰਕ ਕੇ ਏਕੇ ਦੇ ਸੂਤਰ ਵਿਚ ਪਰੋਣਾ ਪਵੇਗਾਸ, ਕਿਉਂਕਿ ਏਕੇ ਵਿਚ ਹੀ ਬਰਕਤ ਹੁੰਦੀ ਹੈ। ਪੰਜਾਬ ਅਤੇ ਪੰਥ ਨੂੰ ਇਸ ਸਮੇਂ ਲੋੜ ਹੈ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਨਵਾਬ ਕਪੂਰ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਰਗੇ ਪ੍ਰੋੜ੍ਹ ਸੋਚ ਦੇ ਧਾਰਨੀ ਆਗੂਆਂ ਦੀ, ਜੋ ਪੰਜਾਬ ਅਤੇ ਪੰਥ ਦੀ ਵਿਗੜੀ ਸੰਵਾਰ ਸਕਣ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

02-10-2023

 ਜ਼ਿੰਦਗੀ ਖ਼ੂਬਸੂਰਤ ਹੈ
ਜ਼ਿੰਦਗੀ ਖ਼ੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਸੁੱਖ-ਦੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਜ਼ਿੰਦਗੀ ਇਕ ਅਨਮੋਲ ਖ਼ਜ਼ਾਨਾ ਹੈ। ਕੋਈ ਵੀ ਦੁੱਖ ਸਦਾ ਸਥਾਈ ਰਹਿਣ ਵਾਲਾ ਨਹੀਂ ਹੁੰਦਾ, ਦੁੱਖ 'ਚ ਜਿਆਦਾ ਦੁਖੀ ਨਾ ਹੋਈਏ। ਕਿਹਾ ਵੀ ਗਿਆ ਹੈ ਕਿ ਸੁੱਖ 'ਚ ਜਿਆਦਾ ਆਨੰਦ ਨਾ ਮਾਣੀਏ। ਸਹਿਜ, ਨਿਮਰਤਾ ਸਹਿਤ ਉਸ ਮੁਸੀਬਤ ਵਿਚੋਂ ਲੰਘਿਆ ਜਾ ਸਕਦਾ ਹੈ। ਚੰਗੇ ਦੋਸਤਾਂ ਦਾ ਸੰਗ ਕਰੋ, ਜੋ ਤੁਹਾਨੂੰ ਮੁਸੀਬਤ ਵਿਚੋਂ ਲੰਘਣ ਲਈ ਤੁਹਾਡਾ ਹੌਂਸਲਾ ਵਧਾਉਣ। ਚੰਗੇ ਕਰਮ ਕਰੋ। ਸਮੇਂ ਦੀ ਕਦਰ ਕਰੋ। ਹਮੇਸ਼ਾ ਵਰਤਮਾਨ ਵਿਚ ਵਿਚਰੋ। ਬੀਤੇ ਵਰ੍ਹਿਆਂ ਦੀਆਂ ਗੱਲਾਂ ਨੂੰ ਦਿਮਾਗ ਵਿਚ ਨਾ ਲਿਆਓ। ਗਲਤੀਆਂ ਤੋਂ ਸਬਕ ਲਵੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ। ਜੋ ਤੁਹਾਨੂੰ ਮੁਸੀਬਤ ਵਿਚੋਂ ਲੰਘਣ ਲਈ ਹੋਰ ਉਤਸ਼ਾਹਿਤ ਕਰਨ। ਆਪਣਾ ਵਰਤਮਾਨ ਖ਼ਰਾਬ ਨਾ ਕਰੋ। ਕਿਸੇ ਦਾ ਦਿਲ ਨਾ ਦੁਖਾਓ। ਲੋੜਵੰਦਾਂ ਦੀ ਮਦਦ ਕਰੋ, ਜੇ ਤੁਹਾਡੇ ਕੋਲ ਦਾਤੇ ਨੇ ਬਹੁਤ ਕੁਝ ਦਿੱਤਾ ਹੋਇਆ। ਬਜ਼ੁਰਗਾਂ ਦਾ ਸਤਿਕਾਰ ਕਰੋ। ਜੋ ਅੱਜਕਲ ਦੀ ਨੌਜਵਾਨ ਪੀੜ੍ਹੀ ਹੈ, ਉਹ ਬਜ਼ੁਰਗ ਮਾਪਿਆਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਕਰਦੀ ਹੈ। ਮਾਂ-ਬਾਪ ਦੇ ਕਹਿਣੇ ਮੁਤਾਬਕ ਨਹੀਂ ਚਲਦੇ ਹਨ। ਕਈ ਵਾਰ ਘਰ ਵਿਚ ਬਹੁਤ ਗੱਲਾਂ ਹੋ ਜਾਂਦੀਆਂ ਹਨ। ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਓ। ਹਮੇਸ਼ਾ ਛੋਟਿਆਂ ਨਾਲ ਪਿਆਰ ਕਰੋ। ਵੱਡਿਆਂ ਦੀ ਇੱਜ਼ਤ ਕਰੋ। ਇਕ-ਦੂਜੇ ਦੀ ਮਦਦ ਕਰੋ। ਮਦਦ ਕਰਕੇ ਸੁਣਾਓ ਨਾ। ਜਿਨ੍ਹਾਂ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਸਬਰ ਸੰਤੋਖ ਰੱਖੋ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਪੜ੍ਹਾਈ ਦੇ ਪਾੜੇ ਅਤੇ ਉਦਘਾਟਨ ਦੇ ਪੁਆੜੇ
ਪਿਛਲੇ ਦਿਨੀਂ (13 ਸਤੰਬਰ) ਇਤਿਹਾਸ ਵਿਚ ਨਵੇਂ ਦੁੱਖਦਾਇਕ ਸਵਾਲ ਜੁੜ ਗਏ ਹਨ, ਜੋ ਕਿ ਪੰਜਾਬ ਸਰਕਾਰ ਨੂੰ ਹੀ ਨਹੀਂ ਬਲਕਿ ਪੰਜਾਬ ਨੂੰ ਸੰਬੋਧਿਤ ਹਨ। ਕੀ ਸੂਰਜ-ਚੰਦਰਮਾ ਸਹਿਮਤੀ ਦੇਣਗੇ ਕਿ ਉਹ ਆਪਣਾ ਪ੍ਰਕਾਸ਼ ਬਿਖੇਰਨ ਵਿਚ ਕਾਣੀ ਵੰਡ ਕਰਿਆ ਕਰਨਗੇ? ਜੇ ਨਹੀਂ ਤਾਂ ਫਿਰ ਸਿੱਧ ਹੁੰਦਾ ਹੈ ਕਿ ਪੰਜਾਬ ਦੀਆਂ ਸਰਕਾਰਾਂ ਕੋਲ ਉਨ੍ਹਾਂ ਗ੍ਰਹਿਆਂ ਵਰਗੀ ਸਮਦ੍ਰਿਸ਼ਟੀ ਨਾ ਸੀ ਤੇ ਨਾ ਹੈ। ਕਦੇ ਆਦਰਸ਼ ਸਕੂਲ, ਕਦੇ ਮੈਰੀਟੋਰੀਅਸ, ਕਦੇ ਸਮਾਰਟ ਅਤੇ ਕਦੇ ਐਮੀਨੈਂਸ ਸਕੂਲ। ਕੀ ਇਹ ਵਿੱਦਿਅਕ ਮੰਦਰ ਹਰ ਸਕੂਲ ਦੀ ਤੋਹੀਨ ਨਹੀਂ ਹੈ।
ਹਰ ਸਕੂਲ ਵਿਚ ਸਰਬ-ਪੱਖੀ ਵਿਕਾਸ ਵਾਸਤੇ ਸਹੂਲਤਾਂ ਨੂੰ ਅੱਖੋਂ ਪਰੋਖੇ ਕਰ ਕੇ ਸਕੂਲਾਂ ਦੇ ਰੱਖੇ ਜਾਂਦੇ ਨਾਂਅ ਤੇ ਇਮਾਰਤਾਂ ਕੇਵਲ ਪਾੜਾ ਪੈਦਾ ਕਰ ਰਹੇ ਹਨ, ਜਿਵੇਂ ਸ਼ਬਦ-ਗੁਰੂ ਦੇ ਸਿੱਖ ਗਿਆਨ ਨੂੰ ਪਿੱਠ ਦੇ ਕੇ ਜਾਤ-ਪਾਤ ਆਧਾਰਿਤ ਗੁਰਦੁਆਰੇ ਅਤੇ ਹੋਰ ਧਾਰਮਿਕ ਅਸਥਾਨ ਖੜ੍ਹੇ ਕਰ ਚੁੱਕੇ ਹਨ ਤੇ ਅੱਗੋਂ ਅਮੀਰ ਤੇ ਗ਼ਰੀਬ ਵਰਗਾਂ ਦੀ ਵੰਡ ਅਖ਼ਤਿਆਰ ਕਰ ਰਹੇ ਹਨ।
ਉਦਘਾਟਨ ਦਾ ਪੁਆੜਾ ਇਹ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਿਖੇ 'ਸਕੂਲ ਆਫ਼ ਐਮੀਨੈਂਸ' ਦਾ ਉਦਘਾਟਨ ਕਰਨ ਤੋਂ ਪਹਿਲਾਂ ਕੋਈ ਇਸ਼ਤਿਹਾਰ ਨਹੀਂ ਦਿੱਤਾ ਕਿ ਪੰਜਾਬ ਭਰ ਦੀਆਂ ਸਰਕਾਰੀ ਬੱਸਾਂ 12-13 ਸਤੰਬਰ ਨੂੰ ਨਹੀਂ ਚੱਲਣਗੀਆਂ।
ਇਹ ਪਾਰਟੀ ਦੇ ਵਰਕਰਾਂ ਤੇ ਸਰਕਾਰੀ ਅਮਲੇ ਫੈਲੇ ਨੂੰ ਹੀ ਉਦਘਾਟਨ ਵਿਚ ਪਹੁੰਚਾਉਣਗੀਆਂ। ਸਥਾਨਕ ਆਵਾਜਾਈ ਨੂੰ ਮੁਸ਼ਕਿਲਾਂ ਵਿਚ ਪਾਇਆ ਜਾਵੇਗਾ।
ਵੱਡਾ ਸਵਾਲ ਹੈ ਕਿ ਮੁਸਾਫਿਰਾਂ ਦੀ ਖੱਜਲ-ਖ਼ੁਆਰੀ ਕਿਉਂ ਕਰਵਾਈ ਤੇ ਅਜਿਹੇ ਢੰਗਾਂ ਨਾਲ ਕੀਤੇ ਇਕੱਠਾਂ ਦਾ ਵਿੱਦਿਆ ਦੇ ਪਾਸਾਰ ਨਾਲ ਵਾਸਤਾ ਹੀ ਕੀ ਹੈ? ਕਿਸੇ ਵੀ ਸੂਬਾ ਸਰਕਾਰ ਨੂੰ ਕੀ ਹੱਕ ਹੈ ਕਿ ਉਹ ਸਰਕਾਰੀ ਬੱਸਾਂ ਨੂੰ ਕਿਸੇ ਇਕੱਠ ਵਾਸਤੇ ਵਰਤਣ। ਸਰਕਾਰਾਂ ਦਾ ਮੂੰਹ ਪੈ ਚੁੱਕਾ ਹੈ ਕਿ ਉਹ ਰਾਤੋ-ਰਾਤ ਨੋਟਬੰਦੀ ਤੇ ਤਾਲਾਬੰਦੀ ਕਰ ਕੇ ਜਨਤਾ ਨੂੰ ਡੂੰਘੇ ਜ਼ਖ਼ਮ ਦੇ ਜਾਂਦੀਆਂ ਹਨ।


-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਟਾਂਡਾ ਬਾਈਪਾਸ ਚੌਕ, ਹੁਸ਼ਿਆਰਪੁਰ।


ਨਸ਼ਿਆਂ ਦਾ ਖ਼ਾਤਮਾ ਜ਼ਰੂਰੀ
ਨਸ਼ਾਖ਼ੋਰੀ ਵਿਰੁੱਧ ਸਾਂਝੇ ਕਦਮ ਚੁੱਕਣ ਦੀ ਲੋੜ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਗੈਂਗਸਟਰ, ਅੱਤਵਾਦੀ ਅਤੇ ਨਸ਼ਾ ਤਸਕਰਾਂ ਦੇ ਸੰਬੰਧ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨਸ਼ਈਆਂ 'ਤੇ ਖ਼ਾਸ ਕਰ ਕੁੜੀਆਂ ਦਾ ਇਸ ਵਿਚ ਸ਼ਾਮਿਲ ਹੋਣਾ ਚਿੰਤਾ ਦਾ ਵਿਸ਼ਾ ਹੈ।
ਪਿੱਛੇ ਜਿਹੇ ਕਾਊਂਟਰ ਇੰਟੈਲੀਜੈਂਸੀ ਵਲੋਂ ਫੜੇ ਤਸਕਰ ਰਛਪਾਲ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ 'ਤੇ ਰਹਿ ਰਹੇ ਤਸਕਰਾਂ ਦੇ ਸੰਬੰਧ ਪਾਕਿ ਵਿਚ ਰਹਿ ਰਹੇ ਤਸਕਰਾਂ ਅਤੇ ਉੱਥੋਂ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨਾਲ ਹਨ। ਪਹਿਲਾਂ ਵੀ ਫੜੇ ਤਸਕਰਾਂ ਤੋਂ ਪਾਕਿ 'ਚ ਬੈਠੇ ਅੱਤਵਾਦੀਆਂ ਨਾਲ ਸੰਬੰਧ ਉਜਾਗਰ ਹੋਏ ਹਨ। ਸਰਹੱਦ 'ਤੇ ਰਹਿਣ ਵਾਲੇ ਤਸਕਰ ਬੀ.ਐਸ.ਐਫ. ਲਈ ਚੁਣੌਤੀ ਬਣੇ ਹਨ। ਨਸ਼ੇ ਦੀ ਸਮੱਸਿਆ ਖ਼ਤਮ ਕਰਨ ਲਈ ਇਹ ਜ਼ਰੂਰੀ ਹੈ, ਜੋ ਤਸਕਰ ਨਸ਼ਿਆਂ ਦੀ ਤਸਕਰੀ ਕਰ ਕੇ ਜਾਇਦਾਦਾਂ ਬਣਾ ਕੇ ਕਿਸੇ ਹੋਰ ਕਾਰੋਬਾਰ ਵਿਚ ਪੈਸਾ ਲਗਾ ਰਹੇ ਹਨ, ਇਨ੍ਹਾਂ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਦੋਸ਼ੀਆਂ ਦੁਆਰਾ ਨਸ਼ੀਲਾ ਪਾਊਡਰ ਤਿਆਰ ਕਰਨਾ ਬਹੁਤ ਹੀ ਗੰਭੀਰ ਮਾਮਲਾ ਹੈ। ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਦਰਿਆ ਬਾਰੇ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਵੀ ਚਿੰਤਾਜਨਕ ਹੈ। ਪੁਲਿਸ ਨੂੰ ਰਾਜਨੀਤਕ ਦਖ਼ਲਅੰਦਾਜ਼ੀ ਤੋਂ ਪਰੇ ਹਟ ਕੇ ਅਜ਼ਾਦਾਨਾ ਤੌਰ 'ਤੇ ਅਜ਼ਾਦਾਨਾ ਏਜੰਸੀ ਦੇ ਅਧੀਨ ਜਵਾਬਦੇਹ ਬਣਾਉਣਾ ਚਾਹੀਦਾ ਹੈ। ਜੇਕਰ ਫਿਰ ਵੀ ਨਸ਼ਿਆਂ ਬਾਰੇ ਕੋਈ ਮਿਲੀਭੁਗਤ ਸਾਹਮਣੇ ਆਵੇ ਭਾਵੇਂ ਉਹ ਖਾਕੀ ਹੋਵੇ ਜਾਂ ਖਾਦੀ ਨੌਕਰੀ ਤੋਂ ਬਰਖ਼ਾਸਤ ਕਰ ਕੇਸ ਰਜਿਸਟਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਚਾਹੀਦੀ ਹੈ। ਨਸ਼ਿਆਂ ਨੂੰ ਰੋਕਣ ਲਈ ਜੋ ਪਿੰਡਾਂ ਵਿਚ ਕਮੇਟੀਆਂ ਬਣੀਆਂ ਹਨ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਪੁਲਿਸ ਨੂੰ ਨਸ਼ਿਆਂ ਪ੍ਰਤੀ ਜਨਤਾ ਦਾ ਸਾਥ ਦੇ ਕੇ ਉਸ ਦੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਨੂੰ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਫਿਰ ਦੇਖਣਾ ਨਸ਼ਿਆਂ 'ਤੇ ਕਿਵੇਂ ਠੱਲ੍ਹ ਪੈਂਦੀ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੁਲਿਸ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX