ਤਾਜਾ ਖ਼ਬਰਾਂ


ਝੁੱਗੀਆਂ ਨੂੰ ਲੱਗੀ ਅੱਗ ਚ ਦੋ ਬੱਚੀਆਂ ਦੀ ਮੌ-ਤ
. . .  11 minutes ago
ਬਠਿੰਡਾ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਤੜਕੇ ਬਠਿੰਡਾ ਦੀ ਉੜੀਆ ਕਲੋਨੀ ਸਥਿਤ ਇਕ ਝੁੱਗੀ ਵਿਚ ਖਾਣਾ ਬਣਾਉਦੇ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਜਿਥੇ ਚਾਰ...
ਸਰਹੱਦੀ ਪਿੰਡਾਂ ਚ ਬਾਰਿਸ਼ ਹੋਣ ਨਾਲ ਕਿਸਾਨਾਂ ਦੇ ਸਾਹ ਸੁੱਕੇ
. . .  about 1 hour ago
ਅਟਾਰੀ, 23 ਅਪ੍ਰੈਲ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ) - ਅੱਜ ਤੜਕੇ ਪਾਕਿਸਤਾਨ ਵਾਲੇ ਪਾਸਿਓਂ ਆਏ ਕਾਲੇ ਸੰਘਣੇ ਬੱਦਲਾਂ ਤੋਂ ਬਾਅਦ ਰੁਕ ਰੁਕ ਕੇ ਭਾਰਤੀ ਸਰਹੱਦੀ ਪਿੰਡਾਂ ਵਿਚ ਹੋ ਰਹੀ ਵਰਖਾ ਦੇ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ ਕਿਉਂਕਿ...
ਮੱਧ ਪ੍ਰਦੇਸ਼ ਵਲੋਂ 1.3 ਕਰੋੜ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਚਾਂਦੀ ਬਰਾਮਦ
. . .  31 minutes ago
ਮੰਦਸੌਰ (ਮੱਧ ਪ੍ਰਦੇਸ਼), 23 ਅਪ੍ਰੈਲ - ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਪੁਲਿਸ ਨੇ ਕਰੀਬ 1.3 ਕਰੋੜ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਚਾਂਦੀ ਬਰਾਮਦ ਕੀਤੀ...
ਬਰਤਾਨੀਆ ਦੀ ਸੰਸਦ ਵਲੋਂ ਰਵਾਂਡਾ ਪ੍ਰਵਾਸੀ ਬਿੱਲ ਪਾਸ
. . .  37 minutes ago
ਲੰਡਨ, 23 ਅਪ੍ਰੈਲ - ਬਰਤਾਨੀਆ ਦੀ ਸੰਸਦ ਨੇ ਵਿਵਾਦਪੂਰਨ ਬਿੱਲ ਨੂੰ ਪਾਸ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਨੂੰ ਸ਼ਰਣ ਮੰਗਣ ਵਾਲਿਆਂ ਨੂੰ ਪੂਰਬੀ ਅਫ਼ਰੀਕੀ ਰਾਸ਼ਟਰ ਦੁਆਰਾ ਵਿਚਾਰੇ ਜਾਣ ਵਾਲੇ...
ਜੇਲ੍ਹ ਚ ਹਰ ਦੂਜੇ ਕੈਦੀ ਵਾਂਗ ਆਮ ਜ਼ਿੰਦਗੀ ਜੀ ਰਹੇ ਹਨ ਕੇਜਰੀਵਾਲ - ਡਾਇਰੈਕਟਰ ਜਨਰਲ ਤਿਹਾੜ ਜੇਲ੍ਹ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਰ ਘਟਾਉਣ ਦੇ ਦੋਸ਼ਾਂ 'ਤੇ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ (ਜੇਲ੍ਹ) ਸੰਜੇ ਬੈਨੀਵਾਲ ਨੇ ਕਿਹਾ, "...ਉਹ ਹਰ ਦੂਜੇ ਕੈਦੀ ਵਾਂਗ ਆਮ ਜ਼ਿੰਦਗੀ...
ਆਈ.ਪੀ.ਐਲ. 2024 'ਚ ਅੱਜ ਚੇਨਈ ਦਾ ਮੁਕਾਬਲਾ ਲਖਨਊ ਨਾਲ
. . .  about 1 hour ago
ਚੇਨਈ, 23 ਅਪ੍ਰੈਲ - ਆਈ.ਪੀ.ਐਲ. 2024 'ਚ ਅੱਜ ਚੇਨੲੂ ਸੁਪਰ ਕਿੰਗਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
ਰਾਜਸਥਾਨ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ
. . .  1 day ago
ਰਾਜਸਥਾਨ ਦੇ 11 ਓਵਰਾਂ ਤੋਂ ਬਾਅਦ 110/1 ਆਊਟ
. . .  1 day ago
ਮੁੰਬਈ ਤੇ ਰਾਜਸਥਾਨ ਦਾ ਮੈਚ ਬਾਰਿਸ਼ ਰੁਕਣ ਤੋਂ ਬਾਅਦ ਸ਼ੁਰੂ
. . .  1 day ago
ਮੁੰਬਈ ਤੇ ਰਾਜਸਥਾਨ ਦਾ ਮੈਚ ਬਾਰਿਸ਼ ਕਾਰਨ ਰੁਕਿਆ
. . .  1 day ago
ਇਹ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਇਸ ਪੁਰਸਕਾਰ ਲਈ ਚੁਣਿਆ - ਊਸ਼ਾ ਉਥੁਪ
. . .  1 day ago
ਮੁੰਬਈ, 22 ਅਪ੍ਰੈਲ - ਪਦਮ ਭੂਸ਼ਣ ਪੁਰਸਕਾਰ ਮਿਲਣ 'ਤੇ ਗਾਇਕਾ ਊਸ਼ਾ ਉਥੁਪ ਦਾ ਕਹਿਣਾ ਹੈ ਕਿ ਮੈਂ ਖੁਸ਼ ਹਾਂ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਪਲ ਹੈ । ਇਹ ਬਹੁਤ ਵੱਡੀ ਗੱਲ ਹੈ ਕਿ ਮੇਰੇ ਵਰਗੇ ਆਮ ਲੋਕਾਂ ਨੂੰ ਇਸ ਪੁਰਸਕਾਰ ...
ਸਲਮਾਨ ਤੋਂ ਬਾਅਦ ਹੁਣ ਜਤਿੰਦਰ ਅਵਹਾਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਧਮਕੀ
. . .  1 day ago
ਮੁੰਬਈ, 22 ਅਪ੍ਰੈਲ - ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੇ ਵਿਧਾਇਕ ਅਤੇ 'ਇੰਡੀਆ' ਗੱਠਜੋੜ ਦੇ ਰਾਸ਼ਟਰੀ ਬੁਲਾਰੇ ...
ਮੁੰਬਈ ਨੇ ਦਿੱਤਾ ਰਾਜਸਥਾਨ ਨੂੰ 180 ਦੌੜਾਂ ਦਾ ਟੀਚਾ
. . .  1 day ago
ਮੁੰਬਈ ਦੇ 17 ਓਵਰਾਂ ਤੋਂ ਬਾਅਦ 161/5 ਆਊਟ
. . .  1 day ago
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ, 22 ਅਪ੍ਰੈਲ - ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ ।
ਮੁੰਬਈ ਦੇ 16 ਓਵਰਾਂ ਤੋਂ ਬਾਅਦ 151/4 ਆਊਟ
. . .  1 day ago
ਬਣ ਰਹੇ ਤਹਿਸੀਲ ਕੰਪਲੈਕਸ ਵਿਚ ਪ੍ਰਵਾਸੀ ਮਜ਼ਦੂਰ ਵਲੋਂ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
. . .  1 day ago
ਦਿੜ੍ਹਬਾ ਮੰਡੀ, 22 ਅਪ੍ਰੈਲ (ਜਸਵੀਰ ਸਿੰਘ ਔਜਲਾ )- ਦਿੜ੍ਹਬਾ ਵਿਖੇ ਬਣ ਰਹੇ ਤਹਿਸੀਲ ਕੰਪਲੈਕਸ ਵਿਚ ਪ੍ਰਵਾਸੀ ਮਜ਼ਦੂਰ ਵਲੋਂ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਵੇਰਵਿਆ ਅਨੁਸਾਰ ...
ਮੁੰਬਈ ਦੇ 11 ਓਵਰਾਂ ਤੋਂ ਬਾਅਦ 82/4 ਆਊਟ
. . .  1 day ago
ਮੁੰਬਈ ਦੀ ਧੀਮੀ ਸ਼ੁਰੂਆਤ 7 ਓਵਰਾਂ ਤੋਂ ਬਾਅਦ 50/3 ਆਊਟ
. . .  1 day ago
ਮੁੰਬਈ ਦੀ ਧੀਮੀ ਸ਼ੁਰੂਆਤ 5 ਓਵਰਾਂ ਤੋਂ ਬਾਅਦ 27/3 ਆਊਟ
. . .  1 day ago
ਛੇਹਰਟਾ : ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  1 day ago
ਛੇਹਰਟਾ, 21 ਅਪ੍ਰੈਲ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਪਿੰਡ ਕਾਲੇ ਘਨੂਪੁਰ ਦੇ ਨੌਜਵਾਨ ਵਿਅਕਤੀ ਰੁਪਿੰਦਰ ਸਿੰਘ ਸਾਬੀ ਪੁੱਤਰ ਰਿਟਾਇਰਡ ਸਬ-ਇੰਸਪੈਕਟਰ ਕੁਲਦੀਪ ਸਿੰਘ ਵਾਸੀ ਘਨੂਪੁਰ ਕਾਲੇ ਦਾ ਦਿਨ-ਦਿਹਾੜੇ...
ਮੁੰਬਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
. . .  1 day ago
ਜੈਪੁਰ, 22 ਅਪ੍ਰੈਲ-ਮੁੰਬਈ ਇੰਡੀਅਨ ਤੇ ਰਾਜਸਥਾਨ ਰਾਇਲ ਵਿਚਕਾਰ ਅੱਜ ਮੈਚ ਹੈ। ਮੁੰਬਈ ਨੇ ਟਾਸ ਜਿੱਤ ਲਿਆ...
ਜਗਰਾਓਂ : 21 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਜਗਰਾਓਂ, 22 ਅਪ੍ਰੈਲ (ਕੁਲਦੀਪ ਸਿੰਘ ਲੋਹਟ)-ਸੱਟੇ ਦੇ ਪੈਸਿਆਂ ਨੂੰ ਲੈ ਕੇ ਹੋਇਆ ਟਕਰਾਅ ਖੂਨੀ ਲੜਾਈ ਵਿਚ ਬਦਲ ਗਿਆ ਤੇ ਇਸ ਲੜਾਈ ਵਿਚ 21 ਸਾਲਾ ਸ਼ਮਸ਼ੇਰ ਸਿੰਘ ਨਾਂਅ ਦੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ...
ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਹਰਿਆਣਾ ’ਚ ਇਨੈਲੋ ਦੀ ਹਮਾਇਤ ਕਰੇਗਾ- ਬਲਵਿੰਦਰ ਸਿੰਘ ਭੂੰਦੜ
. . .  1 day ago
ਚੰਡੀਗੜ੍ਹ, 22 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਮਾਇਤ ਕਰੇਗਾ। ਇਸ ਬਾਰੇ ਫੈਸਲਾ ਪਾਰਟੀ ਦ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ ਵਿਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਪਾਰਟੀ ਦੇ ਸੀਨੀਅਰ ਆਗੂ ਤੇ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 12 ਫੱਗਣ ਸੰਮਤ 555
ਵਿਚਾਰ ਪ੍ਰਵਾਹ: ਜੋ ਏਕੇ ਨੂੰ ਵਿਉਂਤਬੰਦੀ ਦਾ ਧੁਰਾ ਬਣਾਉਣਗੇ, ਉਹੀ ਕਾਮਯਾਬ ਹੋਣਗੇ। ਵੀਨਸ ਲੋਮਬਰਾਡੀ

ਕਿਤਾਬਾਂ

24-02-2024

 ਦੱਬੇ-ਕੁਚਲਿਆਂ ਦਾ ਸਿੱਖਿਆ ਸ਼ਾਸਤਰ
ਅਨੁਵਾਦ : ਕੁਮਾਰ ਸੁਸ਼ੀਲ, ਅਮਰਦੀਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 183
ਸੰਪਰਕ : 94174-05636

ਇਹ ਪੁਸਤਕ ਵਿਸ਼ਵ ਪ੍ਰਸਿੱਧ ਦਾਰਸ਼ਨਿਕ/ਲੇਖਕ, ਪਾਓਲੇ ਫਰੇਰੇ ਦੀ ਮੌਲਿਕ ਰਚਨਾ ਹੈ, ਪੰਜਾਬੀ ਤਰਜਮਾ ਹੈ। ਪੁਸਤਕ ਦਾ ਮੌਲਿਕ ਨਾਂਅ 'ਪੈਰਾਗੋਜੀ ਆਫ਼ ਆਪਰੈੱਸਡ' ਹੈ। ਇਸ ਪੁਸਤਕ ਦੇ ਭੂਮਿਕਾ ਤੋਂ ਇਲਾਵਾ, ਚਾਰ ਅਧਿਆਇ ਹਨ। ਪਹਿਲੇ ਅਧਿਆਇ ਵਿਚ ਕਦਰਾਂ-ਕੀਮਤਾਂ ਦੇ ਪੱਖ ਤੋਂ ਮਨੁੱਖੀਕਰਨ ਤੇ ਅਣ-ਮਨੁੱਖੀਕਰਨ ਦੇ ਅਹਿਮ ਨੁਕਤੇ ਵਿਚਾਰੇ ਗਏ ਹਨ। ਅਣ-ਮਨੁੱਖੀਕਰਨ ਮਨੁੱਖ ਨੂੰ ਵਧੇਰੇ ਮਨੁੱਖ ਬਣਨ ਦੇ ਰਾਹ ਤੋਂ ਭਟਕਾਉਂਦਾ ਹੈ। ਇਹ ਨਾ ਸਿਰਫ਼ ਉਨ੍ਹਾਂ ਨੂੰ, ਜਿਨ੍ਹਾਂ ਦੀ ਮਨੁੱਖਤਾ ਨੂੰ ਕੁਚਲਿਆ ਗਿਆ ਹੈ, ਸਗੋਂ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਨੂੰ ਵੀ ਚਿੰਨ੍ਹਤ ਕਰਦਾ ਹੈ।' (ਪੰਨਾ 9) ਜ਼ੁਲਮ ਵਿਚ ਸੰਘਰਸ਼, ਮਨੁੱਖੀ ਸਮਝ 'ਚੋਂ ਉਪਜਦਾ ਹੈ। ਲੇਖਕ ਨਾ ਕਿਸਾਨਾਂ ਵਲੋਂ ਕੀਤੀ ਗੱਲਬਾਤ ਦੇ ਅੰਸ਼ ਵੀ, ਇਸ ਅਧਿਆਏ ਵਿਚ ਦਰਜ ਹਨ। ਅੰਤ ਵਿਚ 18 ਟਿੱਪਣੀਆਂ ਹਨ।
ਦੂਜੇ ਅਧਿਆਇ ਰਾਹੀਂ ਆਪਣੇ ਹਕੂਕ ਪ੍ਰਤੀ ਜਾਗਰੂਕ ਹੋ ਕੇ, ਸੰਘਰਸ਼ ਕਰਨ ਲਈ, ਸਿੱਖਿਅਤ ਹੋਣ ਦੀ ਲੋੜ, ਨੂੰ ਉਜਾਗਰ ਕੀਤਾ ਗਿਆ ਹੈ। ਸਿੱਖਿਆ, ਇਨਕਲਾਬੀ ਢੰਗ ਨਾਲ ਪੱਧਤੀ ਰਾਹੀਂ ਦਿੱਤੀ ਜਾਵੇ ਨਾ ਕਿ ਬੈਂਕਿੰਗ ਪੱਧਤੀ ਦੇ ਛਲਾਵੇ ਭਰੇ ਤੌਰ-ਤਰੀਕਿਆਂ ਰਾਹੀਂ।
ਤੀਜੇ ਅਧਿਆਇ ਦਾ ਆਰੰਭ, ਸੰਵਾਦ ਦੀ ਲੋੜ 'ਤੇ ਜ਼ੋਰ ਦੇਣ ਨਾਲ ਸ਼ੁਰੂ ਹੁੰਦਾ ਹੈ। ਪ੍ਰੋ. ਅਮਾਰਨੀ ਮਾਰੀਆ ਫਿਓਰੀ ਨਾਲ ਸੰਵਾਦ ਵੀ ਇਸੇ ਅਧਿਆਇ ਦਾ ਅਹਿਮ ਭਾਗ ਹੈ। ਇਸੇ ਤਰ੍ਹਾਂ ਆਂਦਰੇ ਮਾਰਲੋ, ਮਾਓ ਜੇ ਤੁੰਗ, ਪ੍ਰੋ. ਅਲਵਾਰੀ ਵਾਇਰਾ, ਕਾਰੇਲ ਕੋਸਿਕ, ਫਰਾਂਸੀਸੀ ਸਮਾਜ ਵਿਗਿਆਨੀ ਮਾਰੀਆ ਐਂਡੀ ਫਰੇਰਾ, ਬ੍ਰਾਜ਼ੀਲੀ ਨਾਵਲਕਾਰ ਗਿਮਾਰੋਜ ਹੇਜਾ, ਅਰਥ ਸ਼ਾਸਤਰੀ ਜੈਕਸ ਚੋਚੋਲ ਅਤੇ ਮਨੋਵਿਗਿਆਨੀ ਪੈਰਿਸਸਿਓ ਲੋਪੇਜ ਦੇ ਵਿਚਾਰਾਂ ਦੇ ਹਵਾਲੇ ਵੀ ਦਿੱਤੇ ਗਏ ਹਨ। 'ਹਰੇਕ ਅਧਿਐਨ ਬੋਰਡ ਵਿਚ ਘੱਟੋ-ਘੱਟ ਵੀਹ-ਵੀਹ ਬੰਦੇ ਹੋਣੇ ਚਾਹੀਦੇ ਹਨ। ਅਧਿਅਨ ਵਿਚ ਸ਼ਾਮਿਲ ਖੇਤਰ ਜਾਂ ਉਪ-ਖੇਤਰ ਦੀ ਜਨਸੰਖਿਆ ਦੇ 10 ਫ਼ੀਸਦੀ ਲੋਕਾਂ ਨੂੰ ਭਾਗੀਦਾਰ ਬਣਾਉਣ ਦੇ ਲਈ ਜਿੰਨੇ ਅਧਿਐਨ ਬੋਰਡਾਂ ਦੀ ਲੋੜ ਪਵੇ, ਬਣਾਉਣੇ ਚਾਹੀਦੇ ਹਨ।' (ਪੰਨਾ : 108)
ਚੌਥੇ ਅਤੇ ਅੰਤਿਮ ਅਧਿਆਇ ਵਿਚ, ਸੱਭਿਆਚਾਰਕ ਕਾਰਜ ਦੇ ਸਿਧਾਂਤ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਮਨੁੱਖੀ ਸਰਗਰਮੀ, ਕਾਰਜ ਅਤੇ ਚਿੰਤਨ ਦੇ ਸੁਮੇਲ ਨਾਲ ਬਣਦੀ ਹੈ। ਇਹ, ਸੰਸਾਰ ਵਿਚ ਪਰਿਵਰਤਨ ਦਾ ਸੂਤਰਧਾਰ ਹੋ ਨਿਬੜਦਾ ਹੈ। 'ਇਨਕਲਾਬੀ ਅਮਲ, ਦਾਬਾ ਪਾਉਣ ਵਾਲਿਆਂ ਦੇ ਅਮਲ ਤੋਂ ਉਲਟ ਖੜ੍ਹਨਾ ਚਾਹੀਦਾ ਹੈ।' (ਪੰਨਾ 111, ਪੈਰਾ ਤੀਜਾ)। ਲਿਤਾੜੇ ਹੋਏ ਲੋਕ, ਤਬਦੀਲੀ ਦੇ ਕਰਤਾ ਹੋਣਾ। ਸੰਵਾਦ ਨਾਲ, ਕ੍ਰਾਂਤੀਕਾਰੀ ਧਿਰਾਂ ਵਿਚਾਲੇ ਸਾਂਝ ਪੈਦਾ ਹੁੰਦੀ ਹੈ। ਅਧਿਆਇ ਵਿਚ ਗਾਜਪੈਟਰੋਵਿਕ, ਰੋਇਲ ਸੁਸਾਇਟੀ ਦੇ ਮੁਖੀ ਮਿਸਟਰ ਗਿੱਡੀ, ਫ੍ਰਾਂਸਿਸਕੋ ਵਫਰਟ, ਗੇਟਿਲਿਊ ਵਰਗਸ ਵਰਗੇ ਵਿਦਵਾਨਾਂ ਦੇ ਵਿਚਾਰ, ਇਸ ਅਧਿਆਇ ਵਿਚ ਦਰਜ ਕੀਤੇ ਗਏ ਹਨ। ਸੱਭਿਆਚਾਰਕ ਇਨਕਲਾਬ, ਸਹਿਯੋਗ, ਮੁਕਤੀ ਦੇ ਲਈ ਏਕਾ, ਜਥੇਬੰਦੀ, ਸੱਭਿਆਚਾਰਕ ਸੁਮੇਲ ਵਰਗੇ, ਮਹੱਤਵਪੂਰਨ ਮੁੱਦੇ, ਵਿਸਥਾਰ ਨਾਲ ਛੋਹੇ ਗਏ ਹਨ। ਪਾਓਲੇ ਫਰੇਰੇ ਦੀ ਵਿਚਾਰ-ਗੋਚਰੀ ਇਹ ਪੁਸਤਕ, ਦਲਿਤਾਂ ਦਾ ਸਿੱਖਿਆ ਸ਼ਾਸਤਰ, ਵਿਦਵਤਾ, ਰਾਜਨੀਤੀ ਅਤੇ ਸਿੱਖਿਆ ਵਰਗੇ ਸਿਧਾਂਤਾਂ ਦਾ, ਸੁੰਦਰ ਸੁਮੇਲ ਹੈ। ਸਮਾਜ ਦੇ ਦੱਬੇ-ਕੁਚਲੇ ਅਵਾਮ ਲਈ, ਇਹ ਪੁਸਤਕ, ਮਾਨੋਂ, ਮੁਕਤੀ ਦਾ ਮਾਰਗ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਮੈਲ਼ੇ ਮੰਜ਼ਰ
ਗ਼ਜ਼ਲਕਾਰ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98768-73735

ਹਰਮਿੰਦਰ ਸਿੰਘ ਕੋਹਾਰਵਾਲਾ ਪੁਰਾਣਾ ਕਲਮਕਾਰ ਹੈ, ਜਿਸ ਨੇ ਪੰਜਾਬੀ ਵਿਚ ਗ਼ਜ਼ਲ ਨੂੰ ਤਰਜੀਹੀ ਤੌਰ 'ਤੇ ਲਿਖਿਆ ਹੈ। ਉਸ ਨੇ ਦੋਹੇ ਤੇ ਕਾਵਿ ਚਿੱਤਰ ਵੀ ਲਿਖੇ ਹਨ। 'ਮੈਲ਼ੇ ਮੰਜ਼ਰ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ ਤੇ ਉਸ ਦੀ ਅੱਠਵੀਂ ਮੌਲਿਕ ਪੁਸਤਕ ਹੈ, ਜਿਸ ਵਿਚ ਤਿਰਆਸੀ ਗ਼ਜ਼ਲਾਂ ਛਾਪੀਆਂ ਗਈਆਂ ਹਨ। ਕੋਹਾਰਵਾਲਾ ਦੀ ਗ਼ਜ਼ਲਕਾਰੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੈ ਤੇ ਉਸ ਦੀਆਂ ਗ਼ਜ਼ਲਾਂ ਵਿਚ ਸਮਾਜ ਦੀਆਂ ਤੰਗੀਆਂ-ਤੁਰਸ਼ੀਆਂ ਦਾ ਪ੍ਰਵਚਨ ਨੁਮਾਇਆ ਹੈ। ਕੋਹਾਰਵਾਲਾ ਦੀਆਂ ਗ਼ਜ਼ਲਾਂ ਨਿਰੋਲ ਪੰਜਾਬੀ ਜਨ ਜੀਵਨ, ਪੇਂਡੂ ਸੱਭਿਆਚਾਰ ਤੇ ਸਿਧ-ਪੱਧਰੀ ਭਾਸ਼ਾ ਨਾਲ ਓਤ-ਪੋਤ ਹਨ। ਉਸ ਨੇ ਕਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ ਜੋ ਹੁਣ ਵਿਸਰ ਗਏ ਹਨ ਤੇ ਕਿਸੇ ਲੁਗਾਤ ਵਿਚ ਵੀ ਨਹੀਂ ਲੱਭਦੇ। ਉਹ ਲੰਬਾ ਸਮਾਂ ਅਧਿਆਪਕ ਰਿਹਾ ਹੈ, ਇਸ ਲਈ ਇਨ੍ਹਾਂ ਤੰਗੀਆਂ ਤੁਰਸ਼ੀਆਂ ਪਿਛਲਾ ਸੱਚ ਚੰਗੀ ਤਰ੍ਹਾਂ ਸਮਝਦਾ ਹੈ। ਰਾਜਨੀਤੀ ਦੀ ਗਹਿਰ ਵਿਚ ਕੀ ਹੋ ਰਿਹਾ ਹੈ, ਇਹ ਤਾਂ ਉਹ ਜਾਣਦਾ ਹੀ ਹੈ, ਸਮਾਜ ਵਿਚ ਵਿਚ ਕੀ ਵਾਪਰ ਰਿਹਾ ਹੈ ਇਸ ਤੋਂ ਵੀ ਅਨਜਾਣ ਨਹੀਂ ਹੈ। ਉਹ ਜਾਣਦਾ ਹੈ ਅਜਿਹੇ ਵਿਸ਼ਿਆਂ 'ਤੇ ਲਿਖੀਆਂ ਗ਼ਜ਼ਲਾਂ ਬੋਝਲ ਸ਼ਬਦਾਬਲੀ ਨਾਲ ਆਪਣੇ ਉਦੇਸ਼ ਪੂਰੇ ਨਹੀਂ ਕਰ ਸਕਦੀਆਂ, ਇਸੇ ਕਾਰਨ ਉਸ ਨੇ ਆਪਣੇ ਸ਼ਿਅਰਾਂ ਨੂੰ ਸਾਦਾ, ਬੇਬਾਕ ਤੇ ਸੰਬੋਧਨੀ ਰੱਖਿਆ ਹੈ। ਕੋਹਾਰਵਾਲਾ ਲਈ ਮੁੜ੍ਹਕਾ ਮਿਹਨਤ ਦਾ ਤਗ਼ਮਾ ਹੈ। ਉਸ ਅਨੁਸਾਰ ਜੇ ਸਮਾਜ ਦਾ ਤੀਸਰਾ ਨੇਤਰ ਬੰਦ ਰਿਹਾ ਤਾਂ ਕਾਣੀ ਵੰਡ ਕਦੇ ਵੀ ਰੁਕ ਨਹੀਂ ਸਕਦੀ। ਉਹ ਸਿਰਫ਼ ਬਿਆਨ ਤੱਕ ਸੀਮਤ ਨਹੀਂ ਹੈ, ਹਕੀਕਤ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਹ ਆਪਣੇ ਸ਼ਿਅਰਾਂ ਵਿਚ ਢੁੱਕਵੇਂ ਢੰਗ ਤਰੀਕੇ ਵੀ ਦੱਸਦਾ ਹੈ। ਗ਼ਜ਼ਲਕਾਰ ਆਪਣੇ ਇਕ ਮਤਲੇ ਵਿਚ ਲਿਖਦਾ ਹੈ ਜ਼ੁਲਫ਼ਾਂ, ਜਾਮ ਤੇ ਪੈਮਾਨੇ ਇਸ ਦੌਰ ਦੀ ਪੰਜਾਬੀ ਗ਼ਜ਼ਲ ਵਿਚ ਹੁਣ ਬੀਤੇ ਦੀ ਗੱਲ ਹੋ ਗਏ ਹਨ, ਜੋ ਬਿਲਕੁਲ ਠੀਕ ਹੈ। ਪੰਜਾਬੀ ਗ਼ਜ਼ਲ ਹੁਣ ਮਾਨਵ ਨੂੰ ਦਰਪੇਸ਼ ਦੁੱਖਾਂ ਤੇ ਤਕਲੀਫ਼ਾਂ ਦੀ ਗੱਲ ਕਰਦੀ ਹੈ ਤੇ ਇਹ ਕੁਝ ਇਨ੍ਹਾਂ ਗ਼ਜ਼ਲਾਂ ਵਿਚ ਵੀ ਮੌਜੂਦ ਹੈ। ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗ਼ਜ਼ਲਕਾਰ ਨੂੰ ਗ਼ਜ਼ਲ ਦੀਆਂ ਬੰਦਿਸ਼ਾਂ ਬਾਰੇ ਕਾਫ਼ੀ ਗਿਆਨ ਹੈ ਤੇ ਉਹ ਗ਼ਜ਼ਲ ਦੀ ਰੂਹ ਨੂੰ ਸਮਝਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੀਆਂ ਗ਼ਜ਼ਲਾਂ ਮਨੁੱਖੀ ਜੀਵਨ ਦੀ ਬਿਹਤਰੀ ਲਈ ਪਾਕਿ ਸ਼ਫ਼ਾਫ਼ ਇਰਾਦੇ ਨਾਲ ਲਿਖੀਆਂ ਜਾਪਦੀਆਂ ਹਨ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਰੰਗਮੰਚ ਵੱਲ ਖੁੱਲ੍ਹਦੀ ਖਿੜਕੀ!
ਲੇਖਕ : ਡਾ. ਸਾਹਿਬ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 234
ਸੰਪਰਕ : 98880-11096

ਡਾ. ਸਾਹਿਬ ਸਿੰਘ ਮੌਜੂਦਾ ਸਮੇਂ ਨਾਟਕ ਤੇ ਰੰਗਮੰਚ ਨਾਲ ਜੁੜਿਆ ਚਰਚਿਤ ਨਾਂਅ ਹੈ। ਉਸ ਨੇ ਹੁਣ ਤੱਕ ਪੰਜਾਬੀ ਤੇ ਹਿੰਦੀ ਵਿਚ 35 ਕਿਤਾਬਾਂ ਲਿਖੀਆਂ ਹਨ। ਵਿਚਾਰ ਅਧੀਨ ਪੁਸਤਕ ਵਿਚ ਸੰਕਲਿਤ ਲੇਖ ਪਹਿਲਾਂ ਇਕ ਪੰਜਾਬੀ ਅਖ਼ਬਾਰ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਉਸ ਨੇ ਕਿਤਾਬੀ ਰੂਪ ਦੇ ਕੇ ਬੜਾ ਮੁੱਲਵਾਨ ਕਾਰਜ ਕੀਤਾ ਹੈ। ਇਸ ਪੁਸਤਕ ਵਿਚ ਛੋਟੇ-ਛੋਟੇ 61 ਲੇਖ ਸ਼ਾਮਿਲ ਹਨ, ਜਿਨ੍ਹਾਂ 'ਚੋਂ ਕੁਝ ਨਾਟਕ ਤੇ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਬਾਰੇ ਹਨ। ਇਨ੍ਹਾਂ ਵਿਚ ਚਰਨ ਦਾਸ ਸਿੱਧੂ, ਨਰਿੰਦਰ ਜੱਟੂ, ਨਿਰਮਲ ਰਿਸ਼ੀ, ਰਵਿੰਦਰ ਰਵੀ, ਗੁਰਸ਼ਰਨ ਸਿੰਘ, ਰਵੀ ਨੰਦਨ, ਸ਼ਹਰਯਾਰ, ਗੁਰਵਿੰਦਰ ਸਿੰਘ ਇਤਿਆਦਿ ਪੇਸ਼ ਹਨ। ਬਾਕੀ ਲੇਖ ਰੰਗਮੰਚ ਨਾਲ ਸੰਬੰਧਿਤ ਹਨ। ਇਨ੍ਹਾਂ ਸਾਰੇ ਲੇਖਾਂ ਵਿਚ ਸਾਹਿਬ ਸਿੰਘ ਆਪ ਹਾਜ਼ਰ ਹੈ ਤੇ ਉਸ ਨੇ ਇਸ ਵਾਰਤਕ ਨੂੰ ਬੌਧਿਕ ਜੁਗਾਲੀ ਨਹੀਂ ਬਣਨ ਦਿੱਤਾ, ਸਗੋਂ ਰੰਗਮੰਚੀ ਪ੍ਰਕਿਰਿਆ ਵਾਂਗ ਸੁਆਦਲੀ, ਆਕਰਸ਼ਕ, ਧਮਾਕੇਦਾਰ, ਜ਼ਾਇਕੇਦਾਰ ਬਣਾ ਕੇ ਪਾਠਕ ਦੇ ਮਨ-ਮਸਤਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦਾ ਇਕ ਲੇਖ (ਅਵੱਲੇ ਰੰਗਕਰਮੀਆਂ ਦੇ ਅਵੱਲੇ ਦਰਸ਼ਕ) ਰੰਗਕਰਮੀਆਂ ਵਲੋਂ ਨਿਭਾਏ ਕਿਰਦਾਰ ਦੀ ਦਰਸ਼ਕਾਂ ਵਲੋਂ ਪੁਣਛਾਣ ਨੂੰ ਪ੍ਰਗਟ ਕਰਦਾ ਹੈ। ਰੰਗਮੰਚੀ ਪ੍ਰਕਿਰਿਆਵਾਂ ਨੂੰ ਲੇਖਕ ਨੇ ਸਮਕਾਲ ਨਾਲ ਜੋੜ ਕੇ ਪਰਿਭਾਸ਼ਿਤ ਕੀਤਾ ਹੈ। ਜਿਵੇਂ ਸਾਲ ਭਰ ਚੱਲੇ ਕਿਸਾਨ ਅੰਦੋਲਨ ਨੂੰ ਉਹਨੇ 'ਤਿੰਨ ਘੰਟੀਆਂ ਵੱਜਦੀਆਂ ਰਹਿਣਗੀਆਂ' ਵਿਚ ਬੜੀ ਸਹਿਜਤਾ ਨਾਲ ਰੇਖਾਂਕਿਤ ਕੀਤਾ ਹੈ। ਪੁਸਤਕ ਵਿਚਲੇ ਸਾਰੇ ਲੇਖ ਸਮਕਾਲੀ ਰੰਗਮੰਚੀ ਪੇਸ਼ਕਾਰੀਆਂ, ਰੰਗਮੰਚੀ ਸਿਧਾਂਤਾਂ ਤੇ ਰੰਗਮੰਚ ਨਾਲ ਡੂੰਘੀ ਤਰ੍ਹਾਂ ਜੁੜੀਆਂ ਸ਼ਖ਼ਸੀਅਤਾਂ ਨੂੰ ਨੇੜਿਓਂ ਵਾਚਦੇ ਹਨ। ਪੰਜਾਬੀ ਰੰਗਮੰਚ ਤੇ ਇਸ ਦੀਆਂ ਪਰਤਾਂ ਨੂੰ ਜਾਣਨ ਦੇ ਜਗਿਆਸੂਆਂ ਲਈ ਇਹ ਕਿਤਾਬ ਨਵੇਂ ਦਿੱਸਹੱਦੇ ਖੋਲ੍ਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਉਮਰ ਤੇ ਬੁਢਾਪਾ
ਮੂਲ ਲੇਖਕ : ਸੁਰੇਸ਼ ਰਤਨ
ਅਨੁਵਾਦ : ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 94176-42785

ਪ੍ਰੋ. ਸਰੇਸ਼ ਰਤਨ ਇਕ ਵਿਸ਼ਵ ਪ੍ਰਸਿੱਧ ਵਿਗਿਆਨੀ ਹਨ। ਉਹ ਇਕ ਬਾਇਓਰੋਂਟਾਲਿਸਟ ਹਨ ਅਤੇ ਲੰਮੇ ਸਮੇਂ ਤੋਂ ਉਮਰ ਅਤੇ ਬੁਢਾਪੇ ਤੇ ਖੋਜ ਕਰ ਰਹੇ ਹਨ। ਵੀਹ ਕੁ ਪੁਸਤਕਾਂ ਦੇ ਰਚੇਤਾ ਡਾ. ਸੁਰੇਸ਼ ਰਤਨ ਦੇ ਇਸ ਵਿਸ਼ੇ 'ਤੇ ਸੈਂਕੜੇ ਖੋਜ ਪੱਤਰ ਵਿਸ਼ਵ ਦੀਆਂ ਕਈ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਏ ਹਨ, ਜਿਨ੍ਹਾਂ ਨੇ ਵਿਸ਼ਵ ਵਿਗਿਆਨੀਆਂ ਅਤੇ ਬੁੱਧੀਜੀਵੀਆਂ ਦਾ ਧਿਆਨ ਖਿੱਚਿਆ ਹੈ। ਹਥਲੀ ਪੁਸਤਕ 'ਉਮਰ ਤੇ ਬੁਢਾਪਾ' ਛੇ ਵੱਖੋ-ਵੱਖਰੇ ਆਧਿਆਇਆਂ ਵਿਚ ਵੰਡੀ ਗਈ ਹੈ। ਸਿਰਫ਼ ਇਕ ਨੰਬਰ, ਜੀਵਨ ਦੀ ਉਤਪਤੀ, ਜ਼ਿੰਦਗੀ ਦਾ ਸਿਲਸਿਲਾ, ਜ਼ਿੰਦਗੀ ਭਰ ਦੀ ਰੀਝ, ਸਦੀਵੀ ਜ਼ਿੰਦਗੀ ਦਾ ਫਾਰਮੂਲਾ, ਮੈਂ ਤੇ ਮੇਰੀਆਂ ਉਮਰਾਂ। ਇਨ੍ਹਾਂ ਲੇਖਾਂ ਵਿਚ ਡਾ. ਸੁਰੇਸ਼ ਰਤਨ ਨੇ ਸਵੈ-ਅਨੁਭਵ ਦੇ ਆਧਾਰ 'ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਮਰ ਕੀ ਹੁੰਦੀ ਹੈ। ਇਸ ਦੇ ਵੱਖੋ-ਵਖਰੇ ਪੜਾਅ ਕਿਹੜੇ ਹੁੰਦੇ ਹਨ। ਅਸੀਂ ਇਨ੍ਹਾਂ ਪੜਾਵਾਂ ਨੂੰ ਕਿਵੇਂ ਮਹਿਸੂਸ ਕਰਦੇ ਹਾਂ। ਬੁਢਾਪਾ ਹੈ ਕੀ? ਇਸ ਨੂੰ ਹਰੇਕ ਵਿਅਕਤੀ ਕਿਸ ਰੂਪ ਵਿਚ ਸਮਝਦਾ ਹੈ। ਇਨ੍ਹਾਂ ਹਾਲਤਾਂ ਵਿਚ ਕਿਹੜੇ-ਕਿਹੜੇ ਸਰੀਰਕ ਤੇ ਮਾਨਸਿਕ ਬਦਲਾਅ ਹੁੰਦੇ ਹਨ। ਇਨ੍ਹਾਂ ਮੁਤਾਬਕ ਅਸੀਂ ਪਰਿਵਾਰ ਤੇ ਸਮਾਜ ਵਿਚ ਕਿਵੇਂ ਵਿਚਰਦੇ ਹਾਂ। ਕੀ ਲੰਮੀ ਉਮਰ ਭੋਗਣਾ ਹੀ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਹੈ? ਮੌਤ ਦਾ ਵਿਗਿਆਨਕ ਕਨਸੈਪਟ ਕੀ ਹੈ? ਲੰਮੀ ਤੇ ਸਿਹਤਮੰਦ ਉਮਰ ਭੋਗਣ ਦੇ ਰਹੱਸ ਕਿਹੜੇ ਹਨ। ਇਸ ਲਈ ਕਿਹੜੇ ਢੰਗ-ਤਰੀਕੇ ਅਪਣਾਏ ਜਾ ਸਕਦੇ ਹਨ। ਆਮ ਮਨੁੱਖ ਦਰਅਸਲ ਕਿੰਨੀ ਉਮਰ ਜਿਊਂਦਾ ਹੈ। ਜੀਵਨ ਦੇ ਕਈ ਰਹੱਸਾਂ ਤੋਂ ਪਰਦਾ ਉਠਾਉਂਦੀ ਇਹ ਪੁਸਤਕ ਜ਼ਿੰਦਗੀ ਦੇ ਗੁੱਝੇ ਭੇਦਾਂ ਨੂੰ ਸਮਝਣ, ਘੋਖਣ , ਪਰਖਣ ਅਤੇ ਵਿਚਾਰਨ ਲਈ ਖੋਜੀ ਪਰਵਿਰਤੀ ਵਾਲੇ ਪਾਠਕਾਂ ਦਾ ਮਾਰਗਦਰਸ਼ਨ ਵੀ ਕਰਦੀ ਹੈ। ਸਰਲ ਅਤੇ ਆਮ ਜ਼ਿੰਦਗੀ ਦੀਆਂ ਉਦਾਹਰਣਾਵਾਂ ਦੇ ਕੇ ਡਾ. ਸੁਰੇਸ਼ ਰਤਨ ਨੇ ਇਸ ਨੂੰ ਹਰ ਆਮ ਖਾਸ ਪਾਠਕ ਦੀ ਸਮਝ ਦੇ ਹਾਣ ਦਾ ਬਣਾ ਦਿੱਤਾ ਹੈ। ਕਈ ਵਿਗਿਆਨਕ ਨੁਕਤੇ ਵੀ ਆਸਾਨੀ ਨਾਲ ਸਮਝੇ ਜਾ ਸਕਦੇ ਹਨ। ਮੌਤ ਦੀ ਸਹੀ ਉਮਰ, ਡਾਰਵਿਨ ਜਾਣਦਾ ਹੈ, ਬੇਚਾਰਾ ਹਾਈਡਰਾ, ਬੁਢਾਪੇ ਦੀਆਂ ਨਿਸ਼ਾਨੀਆਂ, ਬਚਪਨ ਦੀਆਂ ਕਈ ਉਮਰਾਂ, ਸਾਡਾ ਚੜ੍ਹਦੀ ਜਵਾਨੀ ਵਾਲਾ ਮਨ ਅਤੇ ਮੇਰਾ ਅਮਰ ਹੋਣ ਦਾ ਫਾਰਮੂਲਾ ਆਦਿ ਸਬ ਟਾਈਟਲ ਹੇਠ ਲੇਖਕ ਵਲੋਂ ਬਹੁਤ ਹੀ ਰੌਚਕ ਜਾਣਕਾਰੀ ਦਿੱਤੀ ਗਈ ਹੈ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਵਲੋਂ ਪੁਸਤਕ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੁਸਤਕ ਦੇ ਮੂਲ ਪੰਜਾਬੀ ਵਿਚ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਇਹ ਅਨੁਵਾਦਕ ਦੀ ਪ੍ਰਾਪਤੀ ਹੈ। ਇਹ ਪੁਸਤਕ ਛੋਟੀ ਪਰ ਬਹੁਤ ਜਾਣਕਾਰੀ ਅਤੇ ਅਰਥ ਭਰਪੂਰ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਦ ਸਟੋਰੀ ਆਫ਼ ਮੈਂਗਲ ਸਿੰਘ
ਲੇਖਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 380 ਰੁਪਏ, ਸਫ਼ੇ : 143
ਸੰਪਰਕ : 98156-59220

ਜਸਵੀਰ ਸਿੰਘ ਰਾਣਾ ਪੰਜਾਬੀ ਸਾਹਿਤ ਖੇਤਰ ਦਾ ਜਾਣਿਆ-ਪਛਾਣਿਆ ਨਾਂਅ ਹੈ। ਵਿਸ਼ੇਸ਼ ਕਰਕੇ ਪੰਜਾਬੀ ਗਲਪ ਦੇ ਖੇਤਰ ਵਿਚ ਪਾਠਕ ਅਕਸਰ ਹੀ ਉਸ ਦੀਆਂ ਰਚਨਾਵਾਂ ਨੂੰ ਮਾਣਦੇ ਹਨ। 'ਦ ਸਟੋਰੀ ਆਫ਼ ਮੈਂਗਲ ਸਿੰਘ' ਉਸ ਦੁਆਰਾ ਲਿਖੀ ਨਵੀਂ ਜੀਵਨੀ ਸਾਹਿਤ ਨਾਲ ਸੰਬੰਧਿਤ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਅਧਿਆਪਕ ਅਤੇ ਵਾਲੀਬਾਲ ਦੇ ਮੰਨੇ-ਪ੍ਰਮੰਨੇ ਕੋਚ ਮੈਂਗਲ ਸਿੰਘ ਦੇ ਜੀਵਨ ਸਮਾਚਾਰਾਂ ਨੂੰ ਦਰਜ ਕੀਤਾ ਹੈ। ਭਾਵੇਂ ਕਿ ਜੀਵਨੀ ਆਮ ਤੌਰ 'ਤੇ ਕਿਸੇ ਮਹਾਨ ਵਿਅਕਤੀ ਦੇ ਜਨਮ ਅਤੇ ਪ੍ਰਾਪਤੀਆਂ ਬਾਰੇ ਵੇਰਵਾ ਪ੍ਰਸਤੁਤ ਕਰਦੀ ਹੋਈ ਉਸ ਦੀ ਜ਼ਿੰਦਗੀ ਦੇ ਅੰਤ ਅਥਵਾ ਮੌਤ 'ਤੇ ਜਾ ਕੇ ਖ਼ਤਮ ਹੋ ਜਾਂਦੀ ਹੈ ਪਰ ਲੇਖਕ ਦਾ ਲਿਖਣ ਢੰਗ ਉਸ ਵਿਚ ਵੱਖਰੀ ਜਾਨ ਪਾ ਦਿੰਦਾ ਹੈ ਤੇ ਉਹ ਪਾਠਕਾਂ ਦੇ ਮਨਾਂ 'ਤੇ ਦੁੱਗਣਾ ਅਸਰ ਕਰਦੀ ਹੈ। ਇਸ ਪੁਸਤਕ ਵਿਚ ਜਸਵੀਰ ਰਾਣਾ ਨੇ ਮੈਂਗਲ ਸਿੰਘ ਦੇ ਜੀਵਨ ਨੂੰ ਨਿੱਕੇ-ਨਿੱਕੇ ਪਾਠਾਂ ਵਿਚ ਵੰਡ ਕੇ ਅਤੇ ਫਿਰ ਪਾਠਾਂ ਵਿਚ ਵੀ ਨਿੱਕੇ ਵਾਕਾਂ ਵਿਚ ਵੰਡ ਕੇ ਬੜੀ ਰਸਮਈ ਅਤੇ ਭਾਵੁਕ ਸ਼ੈਲੀ ਵਿਚ ਆਪਣੇ ਅਧਿਆਪਕ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਹਨ। ਮੈਂਗਲ ਸਿੰਘ ਦੇ ਜੀਵਨ ਦੀਆਂ ਪ੍ਰਾਪਤੀਆਂ, ਅਨੁਸ਼ਾਸਨਮਈ ਜੀਵਨ ਅਤੇ ਆਪਣੇ ਸਾਥੀ ਅਧਿਆਪਕਾਂ ਲਛਮਣ ਸਿੰਘ ਅਤੇ ਹਰਨਾਮ ਸਿੰਘ ਨਾਲ ਰਲ ਕੇ ਕੀਤੇ ਕਾਰਜਾਂ ਨੂੰ ਜਸਵੀਰ ਰਾਣਾ ਨੇ ਬਾਖ਼ੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਆਈ.ਟੀ.ਆਈ. ਦਾ ਡਿਪਲੋਮਾ ਪਾਸ ਕਰਨ ਤੋਂ ਬਾਅਦ ਐਮ. ਪੀ. ਐੱਡ ਕਰਨ ਤੋਂ ਬਾਅਦ ਖੇਡ ਜਗਤ ਨੂੰ ਸਮਰਪਿਤ ਹੋ ਕੇ ਚੰਗੇ ਖਿਡਾਰੀ ਪੈਦਾ ਕਰਨਾ ਮੈਂਗਲ ਸਿੰਘ ਦੇ ਸੁਭਾਅ ਦਾ ਹਿੱਸਾ ਸੀ। ਪੁਸਤਕ ਵਿਚ ਉਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਜ਼ਿਕਰ ਹੈ ਅਤੇ ਉਸ ਦੇ ਸ਼ਾਗਿਰਦਾਂ ਅਤੇ ਸਮਕਾਲੀਆਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ। ਉਸ ਦੀ ਯਾਦ ਵਿਚ ਬਣੇ ਟਰੱਸਟ ਦੇ ਮੈਂਬਰਾਂ ਬਾਰੇ ਵੇਰਵੇ ਤੋਂ ਇਲਾਵਾ ਪੁਸਤਕ ਵਿਚ ਉਸ ਦੀਆਂ ਚਿੱਠੀਆਂ ਅਤੇ ਤਸਵੀਰਾਂ ਵੀ ਦਰਜ ਕੀਤੀਆਂ ਗਈਆਂ ਹਨ। ਪੁਸਤਕ ਪ੍ਰੇਰਨਾ ਸਰੋਤ ਪੁਸਤਕ ਦੇ ਰੂਪ ਵਿਚ ਪਾਠਕਾਂ ਦੇ ਪਸੰਦ ਆਵੇਗੀ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਮਿੱਤਰਾਂ ਨਾਲ ਬਹਾਰਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 160 ਰੁਪਏ ਸਫ਼ੇ : 64
ਸੰਪਰਕ : 094196-36562

ਬਾਲ ਸਾਹਿਤਕਾਰ ਬਲਵਿੰਦਰ ਸਿੰਘ ਜੰਮੂ ਦੀ ਹਥਲੀ ਪੁਸਤਕ 'ਮਿੱਤਰਾਂ ਨਾਲ ਬਹਾਰਾਂ' ਬਹੁਤ ਹੀ ਪਿਆਰੀ ਅਤੇ ਨਿਆਰੀ ਬਾਲ ਕਵਿਤਾਵਾਂ ਦੀ ਬਹੁਤ ਹੀ ਸੁੰਦਰ ਪੁਸਤਕ ਹੈ, ਜਿਸ ਵਿਚ 31 ਬਾਲ ਕਵਿਤਾਵਾਂ ਹਨ, ਸਾਰੀਆਂ ਕਵਿਤਾਵਾਂ ਦੇ ਨਾਲ-ਨਾਲ ਬਹੁਤ ਹੀ ਪਿਆਰੀਆਂ ਸ਼ਾਨਦਾਰ ਢੁਕਵੀਆਂ ਤਸਵੀਰਾਂ ਵੀ ਬਣੀਆਂ ਹੋਈਆਂ ਹਨ, ਜੋ ਰਚਨਾਵਾਂ ਨੂੰ ਚਾਰ ਚੰਨ ਲਾ ਰਹੀਆਂ ਹਨ। ਇਸ ਤੋਂ ਪਹਿਲਾਂ ਲੇਖਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਦੋ ਸ਼ਾਨਦਾਰ ਬਾਲ ਪੁਸਤਕਾਂ ਪਾ ਚੁੱਕਿਆ ਹੈ। ਕਵਿਤਾਵਾਂ ਸਿੱਖਿਆਦਾਇਕ ਹੋਣ ਦੇ ਨਾਲ-ਨਾਲ ਬਹੁਤ ਹੀ ਰੌਚਿਕ ਵੀ ਹਨ। ਬਲਵਿੰਦਰ ਸਿੰਘ ਜੰਮੂ ਨੇ ਬਾਲ ਕਵਿਤਾਵਾਂ ਦਾ ਅਧਾਰ ਮੁੱਖ ਰੂਪ ਵਿਚ ਸਮਾਜਿਕ ਸਮੱਸਿਆਵਾਂ, ਭਵਿੱਖ ਦੇ ਮਸਲੇ ਤੋਂ ਇਲਾਵਾ ਕੁਦਰਤੀ ਪੂੰਜੀ ਨੂੰ ਬਚਾਉਣ ਵਾਲਾ ਰੱਖਿਆ ਹੈ। ਭਾਰਤ ਦੀਆਂ ਵੰਨ-ਸੁਵੰਨੀਆਂ ਰੁੱਤਾਂ ਦਿਨ ਤਿਉਹਾਰਾਂ ਅਤੇ ਰਿਸ਼ਤੇ ਨਾਤਿਆਂ ਬਾਰੇ ਵੀ ਜਿੱਥੇ ਇਹ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਉੱਥੇ ਬਾਲਾਂ ਨੂੰ ਟੈਲੀਫੂਨ ਦੀ ਅੰਨ੍ਹੇਵਾਹ ਵਰਤੋਂ ਤੋਂ ਵੀ ਵਰਜਦੀਆਂ ਹਨ। ਪੱਛਮੀ ਸੱਭਿਅਤਾ ਦੀ ਵਰਤਮਾਨ ਹਨੇਰੀ ਜੋ ਸਾਡੇ ਬੱਚਿਆਂ ਕੋਲੋਂ ਮੁੱਲਵਾਨ ਕਦਰਾਂ ਕੀਮਤਾਂ ਖੋਹ ਕੇ ਉਨ੍ਹਾਂ ਨੂੰ ਅਸੱਭਿਅਕ ਕਿਸਮ ਦੇ ਮਾਹੌਲ ਵਿਚ ਵਿਚਰਣ ਦਾ ਆਦੀ ਬਣਾ ਰਹੀ ਹੈ ਬਾਰੇ ਲੇਖਕ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਆਪਣੇ ਦੇਸ਼ ਦੇ ਬੱਚਿਆਂ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਹੈ। ਮਿਆਰੀ ਬਾਲ ਸਾਹਿਤ ਦਾ ਕੰਮ ਬੱਚੇ ਦਾ ਕੇਵਲ ਮਨੋਰੰਜਨ ਹੀ ਨਹੀਂ ਕਰਨਾ, ਸਗੋਂ ਬੱਚੇ ਨੂੰ ਚੰਗੇ ਗੁਣਾਂ ਦਾ ਧਾਰਨੀ ਵੀ ਬਣਾਉਣਾ ਹੁੰਦਾ ਹੈ। ਇਸ ਸੰਦਰਭ ਵਿਚ ਲੇਖਕ ਦੀਆਂ ਕੁਝ ਵਿਸ਼ੇਸ਼ ਕਵਿਤਾਵਾਂ ਜਿਵੇਂ ਅੱਧੀ ਛੁੱਟੀ ਸਾਰੀ, ਪਾਪਾ ਮੈਨੂੰ ਪੜ੍ਹਾਇਆ ਕਰੋ, ਹਾੜ੍ਹ ਦੀਆਂ ਧੁੱਪਾਂ, ਪਿਕਨਿਕ 'ਤੇ ਜਾਵਾਂਗੇ, ਪਾਪਾ ਆਉਣਗੇ, ਖੇਡਾਂਗੇ ਦਿਨ ਚਾਰ ਆਦਿ ਜ਼ਿਕਰਯੋਗ ਹਨ। ਸਭ ਕਵਿਤਾਵਾਂ ਬਹੁਤ ਹੀ ਦਿਲਚਸਪ ਅਤੇ ਸਿੱਖਿਆਦਾਇਕ ਹਨ। ਵੈਸੇ ਤਾਂ ਹਰ ਸਾਹਿਤਕਾਰ ਦਾ ਹੀ ਮਨੋਵਿਗਿਆਨੀ ਹੋਣਾ ਜ਼ਰੂਰੀ ਹੈ ਪਰ ਬਾਲਾਂ ਦੇ ਲੇਖਕ ਦਾ ਮਨੋਵਿਗਿਆਨੀ ਹੋਣਾ ਬਹੁਤ ਜ਼ਰੂਰੀ ਹੈ। ਕਿਤੇ ਕਿਤੇ ਪਰੂਫ ਰੀਡਿੰਗ ਵਿਚ ਕਾਹਲੀ ਕੀਤੀ ਸਾਫ ਵਿਖਾਈ ਦਿੰਦੀ ਹੈ। ਲੇਖਕ ਬਲਵਿੰਦਰ ਸਿੰਘ ਸ਼ਬਦ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੇ ਵਰਤ ਰਹੇ ਹਨ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਬਾਲਾਂ ਲਈ ਬਹੁਤ ਹੀ ਸ਼ਾਨਦਾਰ ਪੁਸਤਕ ਪਾਉਣ ਤੇ ਬਲਵਿੰਦਰ ਸਿੰਘ ਜੰਮੂ ਮੁਬਾਰਕਬਾਦ ਦਾ ਹੱਕਦਾਰ ਹੈ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 9463542896.

18-02-2024

 ਪਾਣੀਆਂ ਦੀ ਗਾਥਾ
ਲੇਖਕ : ਪਾਲ ਸਿੰਘ ਢਿੱਲੋਂ
ਅਨੁਵਾਦ : ਹਰਜੋਤ
ਪ੍ਰਕਾਸ਼ਕ : ਵ੍ਹਾਈਟ ਕਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 299 ਰੁਪਏ, ਸਫ਼ੇ : 216
ਸੰਪਰਕ : 98769-22503

ਇਹ ਪੁਸਤਕ ਪੰਜਾਬੀ ਦੇ ਇਕ ਸ਼੍ਰੋਮਣੀ ਕਵੀ ਡਾ. ਕੁਲਵੰਤ ਗਰੇਵਾਲ ਦੇ ਇਕ ਟੱਪੇ ਨਾਲ ਸ਼ੁਰੂ ਹੁੰਦੀ ਹੈ : 'ਦਿਲ ਟੁੱਟਦੇ ਹਵਾਵਾਂ ਦੇ! ਬੂੰਦ-ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ।' ਅੰਗਰੇਜ਼ਾਂ ਦੀਆਂ ਬਸਤੀਵਾਦੀ ਨੀਤੀਆਂ ਅਤੇ ਬਾਅਦ ਵਿਚ ਭਾਰਤ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦੇ ਕਾਰਨ ਪੰਜਾਬ ਦੇ ਦੋ ਵੱਡੇ ਦਰਿਆਵਾਂ ਸਤਲੁਜ ਅਤੇ ਬਿਆਸ ਦਾ ਪਾਣੀ, ਧੱਕੇ ਨਾਲ ਖੋਹ ਕੇ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ, ਹਾਲਾਂਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਿਕ ਇਨ੍ਹਾਂ ਦੋਹਾਂ ਰਾਜਾਂ ਦਾ ਇਸ ਪਾਣੀ ਉੱਪਰ ਕੋਈ ਹੱਕ ਨਹੀਂ ਸੀ ਬਣਦਾ। ਪਰ ਕਿਉਂਕਿ ਅਣਖੀਲੀ ਅਤੇ ਪ੍ਰਤੀਰੋਧੀ ਪੰਜਾਬੀ ਕੌਮ ਨੂੰ 'ਸਬਕ' ਸਿਖਾਉਣਾ ਸੀ। ਇਸ ਕਾਰਨ ਪੰਜਾਬ ਨਾਲ 'ਧੱਕੇ ਤੇ ਧੱਕਾ' ਹੁੰਦਾ ਰਿਹਾ। ਸ. ਪਾਲ ਸਿੰਘ ਢਿੱਲੋਂ ਜੋ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵਿਚੋਂ ਮੁੱਖ ਇੰਜੀਨੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਉਹ ਇਸ ਧੱਕੇਸ਼ਾਹੀ ਦੇ ਚਸ਼ਮਦੀਦ ਤੇ ਚੇਤੰਨ ਗਵਾਹ ਰਹੇ ਸਨ, ਨੇ ਇਹ ਪੁਸਤਕ ਅਨੇਕ ਹਵਾਲਿਆਂ ਅਤੇ ਕਾਨੂੰਨਾਂ ਦੀ ਰੌਸ਼ਨੀ ਵਿਚ ਲਿਖ ਦਿੱਤੀ ਸੀ ਤਾਂ ਜੋ 'ਧੱਕੇ ਦਾ ਦਸਤਾਵੇਜ਼' ਪੜ੍ਹਿਆ ਜਾ ਸਕੇ।
ਪੁਸਤਕ ਦਾ ਆਰੰਭ ਡਾ. ਪਿਆਰੇ ਲਾਲ ਗਰਗ ਦੀ ਇਕ ਸੰਖੇਪ ਟਿੱਪਣੀ ਨਾਲ ਸ਼ੁਰੂ ਹੁੰਦਾ ਹੈ ਕਿ ਕਿਵੇਂ ਪੰਜਾਬ ਨੂੰ ਇਕ ਸੋਚੀ-ਸਮਝੀ ਸਾਜਿਸ਼ ਦੇ ਅਧੀਨ ਉਜਾੜਿਆ ਜਾ ਰਿਹਾ ਹੈ। ਸ. ਹਮੀਰ ਸਿੰਘ ਨੇ ਆਪਣੇ ਕੁੰਜੀਵਤ ਲੇਖ ਦੁਆਰਾ ਸਪੱਸ਼ਟ ਕੀਤਾ ਹੈ ਕਿ ਪਾਣੀਆਂ ਦੀ ਅਨੁਚਿਤ ਵੰਡ ਉੱਪਰ 'ਵੋਟ ਬੈਂਕ' ਦੀ ਸਿਆਸਤ ਭਾਰੀ ਪੈਂਦੀ ਰਹੀ ਹੈ (ਪੰਨੇ 12-47)
ਮੁਢਲੇ ਸ਼ਬਦ (99-104) ਸਰਦਾਰ ਆਰ. ਐਸ. ਗਿੱਲ ਨੇ ਲਿਖੇ ਹਨ ਅਤੇ ਦੱਸਿਆ ਹੈ ਕਿ 1952, 1955, 1973, 1975 ਅਤੇ ਦਸੰਬਰ 1981 ਵਿਚ ਕੀਤੇ ਗਏ ਸਮਝੌਤੇ ਕੋਈ ਨਿਆਂਪੂਰਨ ਵੰਡ ਨਹੀਂ ਸਨ। ਇਹ ਪੰਜਾਬ ਦੀ ਆਰਥਿਕਤਾ ਉੱਪਰ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਨਾਲ ਅਣਦੇਖਿਆ ਕਰਕੇ ਕੀਤੇ ਗਏ ਸਨ। ਇਹ ਪੁਸਤਕ ਕਾਰਪੋਰੇਟ ਦੇ ਪੂੰਜੀਵਾਦੀ ਮਾਡਲ ਦੇ ਵਿਰੋਧ ਵਿਚ ਗੁਰੂ ਨਾਨਕ ਸਾਹਿਬ ਦੇ 'ਕਿਰਤ-ਮਾਡਲ' ਦੀ ਪੁਨਰ-ਪ੍ਰਤਿਸ਼ਠਾ ਕਰਦੀ ਹੈ। ਸ. ਪਾਲ ਸਿੰਘ ਢਿੱਲੋਂ ਦਾ ਇਹ ਅਧਿਐਨ ਸਮੁੱਚੇ ਪੰਜਾਬ ਲਈ 'ਰਾਹ ਦਸੇਰੇ' ਦਾ ਕੰਮ ਕਰਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਇਨਕਲਾਬ
ਲੇਖਕ : ਮਹਿੰਦਰ ਸਿੰਘ ਤਤਲਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 98726-53150

'ਇਨਕਲਾਬ' ਕਹਾਣੀ-ਸੰਗ੍ਰਹਿ ਮਹਿੰਦਰ ਸਿੰਘ ਤਤਲਾ ਦਾ ਸੱਜਰਾ ਕਹਾਣੀ-ਸੰਗ੍ਰਹਿ ਹੈ। ਮਹਿੰਦਰ ਸਿੰਘ ਤਤਲਾ ਦਾ ਇਹ ਕਹਾਣੀ-ਸੰਗ੍ਰਹਿ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਹੈ। ਪੰਜਾਬੀ ਸਾਹਿਤ ਖੇਤਰ ਵਿਚ ਇਸ ਤੋਂ ਪਹਿਲਾਂ ਦੋ ਕਹਾਣੀ ਸੰਗ੍ਰਹਿ ਅਤੇ ਨਾਵਲ 'ਹੱਦ ਤੋਂ ਪਰੇ' (2020) ਮਹਿੰਦਰ ਸਿੰਘ ਤਤਲਾ ਦੁਆਰਾ ਲਿਖੇ ਮਿਲਦੇ ਹਨ। ਇਸ ਵਿਚ ਕੁਲ 9 ਕਹਾਣੀਆਂ ਸ਼ਾਮਿਲ ਹਨ। ਮਹਿੰਦਰ ਸਿੰਘ ਤਤਲਾ ਦੀ ਇਹ ਰਚਨਾ ਕਿਸਾਨੀ ਜੀਵਨ ਦਾ ਦ੍ਰਿਸ਼ ਚਿਤਰਣ ਪਾਠਕਾਂ ਅੱਗੇ ਪੇਸ਼ ਕਰਦੀ ਹੈ। 'ਇਨਕਲਾਬ' ਕਹਾਣੀ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਪੰਜਾਬ ਦੇ ਕਿਸਾਨੀ ਜੀਵਨ ਦੀ ਦਸ਼ਾ ਪੇਸ਼ ਕਰਦੀਆਂ ਹਨ। ਕਹਾਣੀ 'ਇਨਕਲਾਬ' ਵਿਚਲਾ ਬਜ਼ੁਰਗ ਪਾਤਰ ਸ਼ਾਹੂਕਾਰਾਂ ਦੁਆਰਾ ਕੀਤੀ ਜਾ ਰਹੀ ਲੁੱਟ-ਖਸੁੱਟ ਦੀ ਹਾਮੀ ਭਰਦਾ ਹੈ ਅਤੇ ਨੌਜਵਾਨ ਪਾਤਰ ਇਸ ਲੁੱਟ ਖ਼ਿਲਾਫ਼ ਇਨਕਲਾਬ ਕਰਨ ਲਈ ਪ੍ਰੇਰਿਤ ਕਰਦਾ ਹੈ। ਜੀਤ, ਇਸ ਕਹਾਣੀ ਦਾ ਮੁੱਖ ਪਾਤਰ, 'ਚੁੰਨੀ ਲਾਲਾ ਤੂੰ ਚੂਨਾ ਲਾਉਣ ਦੀ ਭੋਰਾ ਕਸਰ ਨੀ ਛੱਡੀ। ਪਰ ਮੇਰਾ ਬਾਪੂ ਸ. ਬਚਨ ਸਿੰਘ ਹਮੇਸ਼ਾ ਹੀ ਬਚਨਾਂ ਦਾ ਪੱਕਾ ਰਿਹਾ। 'ਬੋਝ' ਕਹਾਣੀ ਵਿਚ ਰਿਸ਼ਤਿਆਂ ਦੀ ਪੀੜ੍ਹੀ ਦਰ ਪੀੜ੍ਹੀ ਚਲਦੀ ਆਪਸੀ ਰੰਜਿਸ਼ ਇਸ ਤਰ੍ਹਾਂ ਪਾਠਕਾਂ ਅੱਗੇ ਪੇਸ਼ ਹੈ, ਜਿਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਕਹਾਣੀਕਾਰ ਜਿਵੇਂ ਇਸ ਕਹਾਣੀ ਰਾਹੀਂ ਆਪਣੇ ਆਪਸੀ ਰਿਸ਼ਤਿਆਂ ਦੀ ਗੱਲ ਕਰ ਰਿਹਾ ਹੋਵੇ। ਰਿਸ਼ਤੇ ਟੁੱਟਣ ਦਾ ਬੋਝ ਪਾਠਕਾਂ ਨੂੰ ਇਸ ਕਹਾਣੀ ਰਾਹੀਂ ਸੋਚਣ ਲਈ ਮਜਬੂਰ ਕਰ ਰਿਹਾ ਹੈ। ਕਹਾਣੀਕਾਰ ਦੀਆਂ ਸਾਰੀਆਂ ਕਹਾਣੀਆਂ ਵਿਚ ਦ੍ਰਿਸ਼ ਚਿਤਰਣ ਬਾ-ਕਮਾਲ ਹੈ। ਇਸ ਕਹਾਣੀ ਸੰਗ੍ਰਹਿ ਵਿਚਲੀ 'ਬਾਪੂ' ਕਹਾਣੀ ਮਾਪਿਆਂ ਦਾ ਬੱਚਿਆਂ ਦੇ ਵਿਆਹ-ਕਾਰਜ ਕਰਾਉਣ ਦੀ ਫ਼ਿਕਰਮੰਦੀ ਬਿਆਨ ਕਰਦੀ ਹੈ। ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਵਿਚਲਾ ਵਾਰਤਾਲਾਪ ਪੇਂਡੂ ਧਰਾਤਲ ਵਾਲਾ ਹੈ। ਤਸੱਲੀਬਖਸ਼ ਗੱਲ ਇਹ ਕਿ ਲੇਖਕ ਦੀ ਦ੍ਰਿਸ਼ਟੀ ਮਾਨਵਵਾਦੀ ਹੈ ਅਤੇ ਸਮਾਜਿਕ ਸਮੱਸਿਆ ਵੱਲ ਸਾਰੀਆਂ ਕਹਾਣੀਆਂ ਆਪਣਾ ਧਿਆਨ ਕੇਂਦਰਿਤ ਕਰਾਉਂਦੀਆਂ ਹਨ। 'ਸ਼ੀਸ਼ਾ ਬੋਲਦਾ ਹੈ', 'ਦਾਗ', 'ਵਾਰਸ', 'ਜਿੱਤ' ਆਦਿ ਕਹਾਣੀਆਂ ਆਪਣੇ ਸਿਰਲੇਖਾਂ ਰਾਹੀਂ ਵਿਸ਼ੇ ਦੀ ਪੂਰਤੀ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਨੇ ਲੇਖਕਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਪ੍ਰੇਰਨਾ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਇਕ ਸੇਧ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਲੋਕ ਸੰਪਰਕ ਪੰਜਾਬ ਦੇ 52 ਰਤਨ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 148
ਸੰਪਰਕ : 94178-13072

ਵਿਦਵਾਨ ਲੇਖਕ ਨੇ ਪੁਸਤਕ ਦੇ ਆਰੰਭ ਵਿਚ ਲੋਕ ਸੰਪਰਕ ਵਿਭਾਗ ਦੇ ਨਿਕਾਸ ਅਤੇ ਵਿਕਾਸ ਦੀ ਚਰਚਾ ਕੀਤੀ ਹੈ। ਦੱਸਿਆ ਗਿਆ ਹੈ ਕਿ ਪੈਪਸੂ ਵਿਚ 1948 ਅਤੇ ਪੰਜਾਬ ਵਿਚ ਇਸ ਵਿਭਾਗ ਦੀ ਸਥਾਪਨਾ 1949 ਵਿਚ ਕੀਤੀ ਗਈ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਵੱਖ-ਵੱਖ ਮੰਤਰੀਆਂ ਸਮੇਂ ਇਸ ਵਿਭਾਗ ਦੀ ਕਾਰਜ-ਸ਼ੈਲੀ ਅਤੇ ਮਹੱਤਵ ਦੀ ਚਰਚਾ ਕੀਤੀ ਗਈ ਹੈ। ਲੇਖਕ ਨੇ ਇਸ ਵਿਭਾਗ ਵਿਚ 33 ਸਾਲ ਦੀ ਨੌਕਰੀ ਵਿਚ ਜੋ ਅਨੁਭਵ ਪ੍ਰਾਪਤ ਕੀਤੇ ਉਨ੍ਹਾਂ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲੇਖਕ ਨੇ ਇਨ੍ਹਾਂ ਬਵੰਜਾ ਸ਼ਖ਼ਸੀਅਤਾਂ ਬਾਰੇ ਲਿਖਣ ਤੋਂ ਪਹਿਲਾਂ ਉਨ੍ਹਾਂ ਦਾ ਜੀਵਨ-ਬਿਊਰਾ ਮੰਗਵਾਇਆ ਹੋਣਾ ਹੈ। ਇੰਝ ਮਿਹਨਤ ਨਾਲ ਸਮੱਗਰੀ ਇਕੱਤਰ ਕਰ ਕੇ 'ਸ਼ਬਦ-ਚਿੱਤਰਾਂ' ਨੂੰ ਅੰਤਿਮ ਰੂਪ ਦਿੱਤਾ ਹੈ। ਇਹ ਲੇਖਕ ਦਾ ਮੌਲਿਕ ਕਾਰਜ ਹੈ। ਨਿਰਸੰਦੇਹ ਲੋਕ ਸੰਪਰਕ ਵਿਭਾਗ ਸਰਕਾਰ ਅਤੇ ਪਬਲਿਕ ਦਰਮਿਆਨ ਪੁਲ ਦਾ ਕੰਮ ਕਰਦਾ ਹੈ। ਲੇਖਕ ਨੇ ਗ਼ਰੀਬ ਪਿਛੋਕੜ ਵਾਲੇ, ਮੱਧ-ਵਰਗੀ ਅਤੇ ਖਾਂਦੇ-ਪੀਂਦੇ ਸਭ ਪ੍ਰਕਾਰ ਦੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਅਨੇਕਾਂ ਔਕੜਾਂ ਦੇ ਬਾਵਜੂਦ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਸਿਰੇ ਚੜ੍ਹਾ ਕੇ ਆਪਣਾ ਅਤੇ ਵਿਭਾਗ ਦਾ ਨਾਂਅ ਰੌਸ਼ਨ ਕੀਤਾ। ਅਨੇਕਾਂ ਕਰਮਚਾਰੀਆਂ/ਅਧਿਕਾਰੀਆਂ ਦੇ ਉੱਚ ਅਧਿਕਾਰੀਆਂ, ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਆਦਿ ਨਾਲ ਸੁਖਾਵੇਂ ਸੰਬੰਧ ਰਹੇ। ਅਜਿਹੀਆਂ ਸ਼ਖ਼ਸੀਅਤਾਂ ਦੇ 'ਸ਼ਬਦ ਚਿੱਤਰ' ਵੀ ਉਲੀਕੇ ਨੇ ਜਿਨ੍ਹਾਂ ਆਪਣੀਆਂ ਵਿਭਾਗੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਹਿਤ ਅਤੇ ਹੋਰ ਕਲਾਵਾਂ ਵਿਚ ਆਪਣਾ ਯੋਗਦਾਨ ਪਾਇਆ, ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ। ਵਿਦੇਸ਼ੀ ਯਾਤਰਾਵਾਂ ਕੀਤੀਆਂ। ਇਸ ਪੁਸਤਕ ਦਾ ਸੰਪਾਦਨ ਅੱਖਰ-ਕ੍ਰਮ ਅਨੁਸਾਰ ਕੀਤਾ ਗਿਆ ਹੈ ਪਰ ਲੇਖਕ ਨੇ ਆਪਣੇ ਬਾਰੇ ਨਿਮਰਤਾ ਸਹਿਤ ਕਿਤਾਬ ਦੇ ਅੰਤ 'ਤੇ ਜਾਣਕਾਰੀ ਦਿੱਤੀ ਹੈ। ਹਰ ਸ਼ਖ਼ਸੀਅਤ ਦਾ ਬਿਆਨ ਕਰਦਿਆਂ ਵਿਸ਼ੇਸ਼ ਜੁਗਤ ਅਪਣਾਈ ਗਈ ਹੈ। ਪਹਿਲਾਂ ਸੰਬੰਧਿਤ ਸ਼ਖ਼ਸੀਅਤ ਦੀ ਦੇਣ ਨੂੰ ਲਾਈਮ-ਲਾਈਟ ਕਰਕੇ ਪਾਠਕਾਂ ਨੂੰ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਬਾਅਦ ਵਿਚ ਜਨਮ, ਪਰਿਵਾਰ, ਵਿੱਦਿਆ, ਕਿੱਤੇ ਲਈ ਸੰਬੰਧਿਤ ਡਿਗਰੀਆਂ ਦੀ ਪ੍ਰਾਪਤੀ ਆਦਿ ਦਾ ਜ਼ਿਕਰ ਕੀਤਾ ਹੈ। ਪਰਿਵਾਰ ਦੇ ਧੀਆਂ, ਪੁੱਤਰ ਕਿੱਥੇ ਕਿੱਥੇ ਸੈਟਲ ਨੇ? ਕਈਆਂ ਦੀ ਸੇਵਾਮੁਕਤੀ ਤੱਕ 'ਸ਼ਬਦ ਚਿੱਤਰ' ਨੂੰ ਅੰਤਿਮ ਛੋਹ ਦਿੱਤੀ ਹੈ। ਦੱਸਿਆ ਗਿਆ ਹੈ ਕਿ ਸ਼ਖ਼ਸੀਅਤਾਂ ਨੇ ਆਪਣੇ ਅਸਤਿਤਵ ਨੂੰ ਕਿਵੇਂ ਬੁਲੰਦ ਕੀਤਾ ਹੈ। ਲੇਖਕ ਨੇ ਵਾਅਦਾ ਕੀਤਾ ਹੈ, ਬਾਕੀ ਰਹਿ ਗਿਆਂ ਬਾਰੇ ਵੀ ਕਲਮ ਚਲਾਵੇਗਾ। ਇਹ ਪੁਸਤਕ ਇਕ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਬਿਖੁ ਮਹਿ ਅੰਮ੍ਰਿਤੁ
ਲੇਖਕ : ਸਿਰਦਾਰ ਕਪੂਰ ਸਿੰਘ
ਸੰਪਾਦਕ : ਬਲਦੇਵ ਸਿੰਘ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98151-20919

ਸਿਰਦਾਰ ਕਪੂਰ ਸਿੰਘ ਦੇ ਬਹੁਅਰਥੀ, ਬਹੁਖੇਤਰੀ, ਬਹੁਮੁੱਲੇ, ਬਹੁਅਨੁਭਵੀ ਵੱਖ ਵੱਖ ਲੇਖਾਂ ਨੂੰ ਸ. ਬਲਦੇਵ ਸਿੰਘ ਨੇ ਸੰਗ੍ਰਹਿ ਕਰਕੇ ਹਥਲੀ ਪੁਸਤਕ 'ਬਿਖੁ ਮਹਿ ਅੰਮ੍ਰਿਤੁ' ਵਿਚ ਸ਼ਾਮਿਲ ਕੀਤਾ ਹੈ, ਜਿਸ ਵਿਚ ਸਿੱਖ ਅਤੇ ਅਕਾਲੀ, ਬਿਖੁ ਮਹਿ ਅੰਮ੍ਰਿਤੁ, ਸਿੱਖ ਹੋਮਲੈਂਡ ਦੀ ਰੂਪ-ਰੇਖਾ, ਸਿੱਖਾਂ ਨਾਲ ਵਿਸਾਹਘਾਤ, ਸ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ, ਸਿੱਖਾਂ ਦਾ ਸਰਵਨਾਸ਼, ਅਨੰਦਪੁਰ ਸਾਹਿਬ ਦਾ ਮਤਾ ਅਤੇ ਅੰਤਿਕਾਵਾਂ ਵਿਚ ਬੁਰਛਾ ਸੋਧਕ ਭੁਜੰਗੀ ਦਲ, ਸ਼ਹੀਦ ਭਗਤ ਸਿੰਘ ਅਤੇ ਸਿਰਦਾਰ ਕਪੂਰ ਸਿੰਘ, ਕੀ ਅਮਰ ਸ਼ਹੀਦ ਲਾਲਾ ਜੀ ਦੇ ਡਾਂਗਾਂ ਮਾਰੀਆਂ ਸੀ?, ਸਰਦਾਰ ਸਾਹਿਬ ਤੁਸੀਂ ਸਿੱਖ ਨਹੀਂ?, ਪੰਜਾਬੀਆਂ ਦੀ ਵੰਡ, ਉਜਾੜਾ ਅਤੇ ਕਤਲੇਆਮ-1947, ਵੀਟੋ-ਵੋਟ, ਸਿਰਦਾਰ ਕਪੂਰ ਸਿੰਘ ਨੂੰ ਆਈ.ਸੀ.ਐਸ ਵਿਚੋਂ ਕਿਉਂ ਕੱਢਿਆ ਸੀ?, ਮਾਸਟਰ ਤਾਰਾ ਸਿੰਘ ਸਿੱਖਾਂ ਨਾਲ ਸਿਆਸੀ ਚਾਲ ਖੇਡ ਗਿਆ। ਸਿਰਦਾਰ ਕਪੂਰ ਸਿੰਘ ਇਕ ਚਲਦਾ-ਫਿਰਦਾ ਵਿਸ਼ਵ ਵਿਦਿਆਲਾ ਸਨ। ਉਹ ਸਿੱਖਾਂ ਨੂੰ ਬੜਾ ਸਿਆਣਾ, ਪੜ੍ਹਿਆ-ਲਿਖਿਆ ਵੇਖਣਾ ਚਾਹੁੰਦੇ ਸਨ। ਉਹ ਮੂਰਖਤਾ ਅਤੇ ਅਨਪੜ੍ਹਤਾ ਨੂੰ ਨਫ਼ਰਤ ਕਰਦੇ ਸਨ। ਸਿਰਦਾਰ ਕਪੂਰ ਸਿੰਘ ਦੀ ਕਲਮ ਤੋਂ ਪੰਜਾਬੀ ਵਿਚ ਸਪਤ ਸ੍ਰਿੰਗ (ਸੱਤ ਮਹਾਨ ਪੁਰਸ਼ਾਂ ਦੇ ਜੀਵਨ ਚਰਿੱਤਰ), ਗੁਰੂ ਗੋਬਿੰਦ ਸਿੰਘ ਦੀ ਵੈਸਾਖੀ, ਰਾਜ ਕਰੇਗਾ ਖ਼ਾਲਸਾ, ਹਸ਼ੀਸ (ਕਵਿਤਾ), ਸਾਚੀ ਸਾਖੀ (1979), ਬਹੁ ਵਿਸਥਾਰ (ਇਤਿਹਾਸਕ ਤੇ ਧਾਰਮਿਕ ਨਿਬੰਧ), ਪੁੰਦ੍ਰੀਕ (ਸੰਸਕ੍ਰਿਤਕ ਨਿਬੰਧ ਸੰਗ੍ਰਹਿ) ਅਤੇ ਅੰਗਰੇਜ਼ੀ ਵਿਚ 10 ਪੁਸਤਕਾਂ ਹਨ। ਸੰਨ 1925 ਦੇ ਲਗਭਗ ਪੰਜਾਬੀ ਮੁਸਲਮਾਨ ਨੀਤੀਵਾਨ ਸਰ ਫ਼ਜ਼ਲ ਹੁਸੈਨ ਨੇ ਇਕ ਗੁਪਤ ਕਿਤਾਬਚਾ, ਕੇਵਲ ਚੋਣਵੇਂ ਮੁਸਲਮਾਨਾਂ ਦੇ ਪੜ੍ਹਨ ਵਿਚਾਰਨ ਲਈ ਲਿਖਿਆ ਸੀ, ਜਿਸ ਵਿਚ ਇਹ ਸ਼ਬਦ ਅੰਕਤ ਸਨ : 'ਹਿੰਦੂ ਬੜਾ ਦੂਰਦਰਸ਼ਕ ਹੈ, ਆਉਣ ਵਾਲੀ ਸਥਿਤੀ ਨੂੰ ਬਹੁਤ ਸਮਾਂ ਪਹਿਲਾਂ ਹੀ ਭਾਂਪ ਲੈਂਦਾ ਹੈ ਅਤੇ ਉਸ ਅਨੁਸਾਰ ਉਪਾਏ ਸੋਚ ਰੱਖਦਾ ਹੈ। ਮੁਸਲਮਾਨ, ਜਦੋਂ ਕੋਈ ਸਥਿਤੀ ਸਿਰ ਉਪਰ ਆ ਜਾਵੇ ਤਾਂ ਚੌਕੰਨਾ ਹੋ ਜਾਂਦਾ ਹੈ ਅਤੇ ਉਸ ਨਾਲ ਸਿੱਝਣ ਦਾ ਰਾਹ ਢੂੰਡਦਾ ਹੈ। ਪਰ ਸਿੱਖ, ਜਿਤਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ ਹੈ ਅਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ ਹੈ । ਫੜ੍ਹਾਂ ਮਾਰੀ ਜਾਂਦਾ ਹੈ ਅਤੇ ਦਮਗਜੇ, ਫੋਕੇ ਦਮਗਜੇ ਮਾਰਨ ਵਾਲੇ ਹੀ ਸਿੱਖਾਂ ਵਿਚ ਪ੍ਰਧਾਨ ਹਨ।' ਅਨੰਦਪੁਰ ਸਾਹਿਬ ਦਾ ਮਤਾ ਲਿਖਣ ਬਾਰੇ ਵੀ ਉਨ੍ਹਾਂ ਦੀ ਪਹਿਚਾਣ ਬਣੀ ਹੋਈ ਹੈ। ਸਿੱਖ ਹੋਮਲੈਂਡ ਦੇ ਕੱਟੜ ਮੁੱਦਈ ਹੋਣ ਨਾਤੇ ਵੀ ਹੈ। ਬੜੇ ਇਤਿਹਾਸਕਾਰ ਉਨ੍ਹਾਂ ਤੱਥਾਂ ਨੂੰ ਹੀ ਆਧਾਰ ਮੰਨ ਕੇ ਸਿੱਖਾਂ ਦੇ ਹੱਕ ਦੀ ਗੱਲ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਦੀ ਗੱਲ ਲਿਖਦੇ ਹਨ। ਸੱਚ ਹੀ ਉਨ੍ਹਾਂ ਦੀ ਤਾਕਤ ਸੀ। ਸ. ਬਲਦੇਵ ਸਿੰਘ ਨੇ ਹਥਲੀ ਪੁਸਤਕ ਵਿਚ ਉਨ੍ਹਾਂ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਉਨ੍ਹਾਂ ਦੇ ਪਾਠਕਾਂ/ਚਾਹਵਾਨਾਂ ਲਈ ਪਰਉਪਕਾਰੀ ਵੱਡਾ ਹਮਲਾ ਮਾਰਿਆ ਹੈ। ਇਹ ਕਿਤਾਬ ਰਾਜਨੀਤਕ, ਸਮਾਜਿਕ ਅਤੇ ਇਤਿਹਾਸ ਦੇ ਖੋਜਾਰਥੀਆਂ ਲਈ ਇਕ ਤੋਹਫ਼ਾ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਅੱਗ ਤੋਂ ਅੱਗ ਤੀਕਰ
ਲੇਖਿਕਾ : ਡਾ. ਵੰਦਨਾ ਗੁਪਤਾ
ਅਨੁਵਾਦ : ਡਾ. ਰਾਜਿੰਦਰ ਸਾਹਿਲ
ਪ੍ਰਕਾਸ਼ਕ : ਰੂਪ ਕੰਵਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 140
ਸੰਪਰਕ : 0161-2878015

ਸ਼ਾਇਰਾ ਡਾ. ਵੰਦਨਾ ਗੁਪਤਾ ਹਿੰਦੀ ਦੀ ਪ੍ਰਬੀਨ ਸ਼ਾਇਰਾ ਹੈ, ਜੋ ਔਰਤ ਦੇ ਸਸ਼ਕਤੀਕਰਨ ਲਈ ਜਨੂੰਨ ਦੀ ਹੱਦ ਤੱਕ ਹੱਕ 'ਚ ਖਲੋਣ ਦਾ ਅਹਿਦ ਕਰ ਚੁੱਕੀ ਹੈ ਜੋ ਔਰਤ ਦੀ ਵੇਦਨਾ, ਪਿੱਤਰੀ ਸੱਤਾ ਤੇ ਸਮਾਜਿਕ ਵਰਣਾਵਾਂ ਜੋ ਨਿਤਸ਼ੇ ਅਨੁਸਾਰ ਪਲੇਗ ਤੋਂ ਵੀ ਘਾਤਕ ਹੁੰਦੀਆਂ, ਦੇ ਚੱਕਰਵਿਊ 'ਚ ਘਿਰੀ ਹੋਈ ਔਰਤ ਨੂੰ ਖੁੱਲ੍ਹੇ ਅੰਬਰ ਤੱਕ ਉਕਾਬ ਵਾਂਗ ਉੱਡਣ ਲਈ ਪਿੱਠ ਥਾਪੜਦਿਆਂ ਔਰਤ ਦੇ ਅੰਦਰ ਨੂੰ ਕਵਿਤਾਉਂਦੀ ਹੈ। ਸ਼ਾਇਰਾ ਇਕ ਅਧਿਆਪਕਾ ਹੈ ਜੋ ਅੱਜਕਲ੍ਹ ਗਰਲਜ਼ ਹਾਈ ਸਕੂਲ ਸਿਲੀਗੁੜੀ ਵਿਖੇ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੀ ਹੈ। ਹਥਲੀ ਕਾਵਿ-ਪੁਸਤਕ 'ਅੱਗ ਤੋਂ ਅੱਗ ਤੀਕਰ' ਡਾ. ਵੰਦਨਾ ਗੁਪਤਾ ਦੇ ਛੇ ਕਾਵਿ-ਸੰਗ੍ਰਹਿਆਂ ਵਿਚੋਂ ਪ੍ਰਤੀਨਿਧ ਕਵਿਤਾਵਾਂ ਚੁਣ ਕੇ ਉਨ੍ਹਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਅਤੇ ਅਨੁਵਾਦਕ ਕਵਿਤਾਵਾਂ ਨੂੰ ਇਕੋ ਜਿਲਦ ਵਿਚ ਪੰਜਾਬੀ ਅਤੇ ਹਿੰਦੀ ਵਿਚ ਲਿਪੀਆਂਤਰ ਕਰਕੇ ਛਾਪਿਆ ਗਿਆ ਹੈ ਤੇ ਇਹ ਕਾਵਿ-ਕਿਤਾਬ ਪੰਜਾਬੀ ਅਤੇ ਹਿੰਦੀ ਵਿਚ ਇਕ ਪੁਲ ਦਾ ਕੰਮ ਕਰੇਗੀ। ਕਿਤਾਬ ਦੇ ਅਨੁਵਾਦਕ ਡਾ. ਰਾਜਿੰਦਰ ਸਾਹਿਲ ਦੇ ਪਾਰਦਰਸ਼ੀ ਉਦਮ ਦੇ ਸਿਰੜ ਨੂੰ ਤਾਂ ਸਲਾਮ ਕਰਨਾ ਬਣਦਾ ਹੀ ਬਣਦਾ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਸ਼ਾਇਰਾ ਦੀ ਨਜ਼ਮ 'ਲੜਾਈ ਹੈ ਉਹ ਘਰੋਂ ਬਾਹਰ ਜੰਗ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ, ਜਿਸ ਨੂੰ ਵਾਈ-ਬੀ : ਯੀਟਸ ਆਖਦਾ ਹੈ ਕਿ ਜਦੋਂ ਅਸੀਂ ਦੂਸਰਿਆਂ ਨਾਲ ਲੜਦੇ ਝਗੜਦੇ ਹਾਂ ਤਾਂ ਅਸਾਡੇ ਹੱਥ ਕੁਝ ਨਹੀਂ ਆਉਂਦਾ ਪਰ ਜਦੋਂ ਅਸੀਂ ਆਪਣੇ ਆਪ ਨਾਲ ਲੜਦੇ ਹਾਂ ਤਾਂ ਕਵਿਤਾ ਪੈਦਾ ਹੁੰਦੀ ਹੈ। ਸੋ ਸ਼ਾਇਰਾ ਘਰੋਂ ਬਾਹਰ ਵੀ ਲੜਦੀ ਹੈ ਤੇ ਆਪਣੇ ਆਪ ਨਾਲ ਵੀ ਲੜਦਿਆਂ ਕਦੇ ਮਨ ਬਚਨੀ ਕਰਦੀ ਹੈ ਤੇ ਕਦੇ ਸਵਾਲ 'ਅੱਗ' ਦੇ ਮੈਟਾਫ਼ਰ ਨਾਲ ਔਰਤ ਦੀ ਹੋਣੀ ਨੂੰ ਕਵਿਤਾਉਂਦੀ ਹੈ ਕਿ, ਕੀ ਚੁੱਲ੍ਹੇ ਦੀ ਅੱਗ ਤੋਂ ਲੈ ਕੇ ਸਮਸ਼ਾਨਘਾਟ ਤੱਕ ਦੀ ਅੱਗ ਤੱਕ ਦਾ ਸਫ਼ਰ ਹੀ ਉਸ ਦੀ ਅਉਧ ਦਾ ਸਫ਼ਰ ਹੈ? ਉਸ ਨੂੰ ਸੁਪਨੇ ਸੌਣ ਨਹੀਂ ਦੇ ਰਹੇ ਤੇ ਉਸ ਦੀਆਂ ਇੱਛਾਵਾਂ ਵਿਚ ਜ਼ਹਿਰ ਘੋਲਿਆ ਜਾ ਰਿਹਾ ਹੈ ਤੇ ਸੁਪਨਿਆਂ ਨੂੰ ਤਾਬੀਰ ਦਾ ਜਾਮਾ ਪਹਿਨਾਉਣ ਲਈ ਉਹ ਸ਼ਬਦਾਂ ਵਿਚ ਠਾਹਰ ਭਾਲਦੀ ਹੈ ਤੇ ਬੁਲੰਦ ਵਿਚ ਬੇਬਾਕੀ ਨਾਲ ਆਖਦੀ ਹੈ ਕਿ ਉਹ ਕਿਸੇ ਗੌਤਮ ਰਿਸ਼ੀ ਵਲੋਂ ਸਰਾਪੀ ਅਹਿਲਿਆ ਵਾਂਗ ਦੁਆਪਰ ਯੁੱਗ ਤੱਕ ਉਡੀਕ ਨਹੀਂ ਕਰੇਗੀ ਤੇ ਪਰਸ਼ੋਤਮੀ ਮਰਯਾਦਾ ਨੂੰ ਠੁੱਠ ਦਿਖਾਉਂਦੀ ਹੈ। ਉਹ ਆਪਣੇ ਹਮਸਫ਼ਰ ਦੀ ਚੁੱਪ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ ਤੇ ਬਹੁਤ ਕੁਝ ਆਪਣੀ ਸ਼ਾਇਰੀ ਵਿਚ ਅਣਕਿਹਾ ਛੱਡ ਦਿੰਦੀ ਹੈ ਤੇ ਇਸ ਅਣਕਹੇ 'ਰਹੱਸ' ਦੀ ਥਾਹ ਪਾਉਣ ਲਈ ਇਸ ਕਿਤਾਬ ਦੇ ਪੜ੍ਹੇ ਜਾਣਾ ਹੀ ਨਹੀਂ ਸਗੋਂ ਗੁੜ੍ਹੇ ਜਾਣਾ ਤਾਂ ਬਣਦਾ ਹੀ ਬਣਦਾ ਹੈ। ਹਿੰਦੀ ਤੇ ਪੰਜਾਬੀ ਦਾ ਪੁਲ ਬਣਾਉਣ ਲਈ ਡਾ. ਸਾਹਿਲ ਨੂੰ ਸਲਾਮ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਹਮੇਸ਼ਾ ਦੇਰ
ਕਰ ਦੇਤਾ ਹੂੰ
ਸ਼ਾਇਰ : ਮੁਨੀਰ ਨਿਆਜ਼ੀ
ਲਿਪੀਅੰਤਰ : ਅਨੁਪਿੰਦਰ ਸਿੰਘ 'ਅਨੂਪ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :225 ਰੁਪਏ, ਸਫ਼ੇ : 127
ਸੰਪਰਕ : 098136-46608

ਮੁਨੀਰ ਨਿਆਜ਼ੀ ਉਰਦੂ ਤੇ ਪੰਜਾਬੀ ਦੇ ਮਸ਼ਹੂਰ ਪਾਕਿਸਤਾਨੀ ਸ਼ਾਇਰ ਸਨ, ਜੋ 2006 ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਪਿਛੋਕੜ ਹੁਸ਼ਿਆਰਪੁਰ ਦਾ ਸੀ ਤੇ ਬਟਵਾਰੇ ਬਾਅਦ ਉਹ ਲਾਹੌਰ ਜਾ ਵਸੇ। ਮੁਨੀਰ ਦੀ ਸ਼ਾਇਰੀ ਦੇ ਮੁਰੀਦ ਜਿੰਨੇ ਓਧਰ ਹਨ ਉਸ ਤੋਂ ਵੱਧ ਏਧਰ ਹਨ। ਮੁਨੀਰ ਨਿਆਜ਼ੀ ਰੇਡੀਓ ਤੇ ਟੀ. ਵੀ. ਨਾਲ ਵੀ ਜੁੜੇ ਰਹੇ ਤੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਫ਼ਿਲਮਾਂ ਲਈ ਗੀਤ ਵੀ ਲਿਖੇ, ਜਿਨ੍ਹਾਂ ਨੂੰ ਮਹਿਦੀ ਹਸਨ ਤੇ ਨੂਰਜਹਾਂ ਵਰਗੇ ਵੱਡੇ ਮਹਾਂਰਥੀਆਂ ਨੇ ਆਵਾਜ਼ ਦਿੱਤੀ। ਉਨ੍ਹਾਂ ਦਾ ਆਪਣਾ ਪ੍ਰਕਾਸ਼ਨ ਵੀ ਸੀ। ਇਹ ਜਾਣਕਾਰੀਆਂ ਪੁਸਤਕ ਵਿਚ ਹੋਣੀਆਂ ਚਾਹੀਦੀਆਂ ਸਨ ਪਰ ਉਨ੍ਹਾਂ ਸੰਬੰਧੀ ਬੈਕ ਕਵਰ ਦੇ ਇਕ ਪਹਿਰੇ ਬਿਨਾਂ ਕੋਈ ਤੁਆਰਫ਼ੀ ਲੇਖ ਨਹੀਂ ਛਾਪਿਆ ਗਿਆ। ਇਸ ਪੁਸਤਕ ਦਾ ਨਾਮਕਰਨ ਉਨ੍ਹਾਂ ਦੀ ਪ੍ਰਸਿੱਧ ਨਜ਼ਮ ਦੇ ਆਧਾਰ 'ਤੇ ਰੱਖਿਆ ਗਿਆ ਹੈ। 'ਹਮੇਸ਼ਾ ਦੇਰ ਕਰ ਦੇਤਾ ਹੂੰ' ਉਨ੍ਹਾਂ ਦੀਆਂ ਮਿਸ਼ਰਤ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਵਧੇਰੇ ਗਿਣਤੀ ਗ਼ਜ਼ਲਾਂ ਦੀ ਹੈ। ਇਸ ਸੰਗ੍ਰਹਿ ਨੂੰ ਅਨੁਪਿੰਦਰ ਸਿੰਘ 'ਅਨੂਪ' ਨੇ ਲਿਪੀਅੰਤਰ ਕੀਤਾ ਹੈ। ਗ਼ਜ਼ਲਾਂ ਦੇ ਸ਼ਿਅਰ ਛੇ ਤੋਂ ਜ਼ਿਆਦਾ ਨਹੀਂ ਹਨ ਕਈ ਗ਼ਜ਼ਲਾਂ ਤਾਂ ਮਹਿਜ਼ ਤਿੰਨ-ਤਿੰਨ ਸ਼ਿਅਰਾਂ ਦੀਆਂ ਹਨ। ਮੁਨੀਰ ਨਿਆਜ਼ੀ ਰੋਮਾਂਸ ਦੇ ਸ਼ਾਇਰ ਸਨ, ਜਿਨ੍ਹਾਂ ਨੇ ਗ਼ਜ਼ਲ ਦੇ ਨਾਲ-ਨਾਲ ਸ਼ਾਇਰੀ ਦੀਆਂ ਹੋਰ ਵਿਧਾਵਾਂ ਵਿਚ ਵੀ ਲਿਖਿਆ ਹੈ। 'ਕਿਸੀ ਕੋ ਅਪਨੇ ਅਮਲ ਕਾ ਹਿਸਾਬ ਕਯਾ ਦੇਤੇ, ਸਵਾਲ ਸਾਰੇ ਗ਼ਲਤ ਥੇ ਜਵਾਬ ਕਯਾ ਦੇਤੇ' ਉਨ੍ਹਾਂ ਦੀ ਬਹੁਤ ਪਿਆਰੀ ਗ਼ਜ਼ਲ ਹੈ ਜੋ ਇਸ ਸੰਗ੍ਰਹਿ ਦਾ ਹਾਸਲ ਹੈ। ਨਿਆਜ਼ੀ ਸਾਹਿਬ ਮਹਿਬੂਬ ਦੀ ਤਾਰੀਫ਼ ਕਰਦਿਆਂ ਸਾਰੇ ਹੱਦਾਂ ਬੰਨੇ ਤੋੜ ਦਿੰਦੇ ਹਨ ਤੇ ਉਸ ਦੀਆਂ ਗੁਸਤਾਖ਼ੀਆਂ ਦਾ ਵੀ ਹਲਕਾ ਜਿਹਾ ਰੰਜ ਕਰਦੇ ਹਨ। ਉਰਦੂ ਖ਼ਾਸਕਰ ਪਾਕਿਸਤਾਨੀ ਗ਼ਜ਼ਲ ਨੂੰ ਜਾਨਣ ਤੇ ਇਸ ਦੀ ਸਮੀਖਿਆ ਲਈ ਇਹ ਪੁਸਤਕ ਲਾਹੇਵੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਇਧਰਲੇ ਪੰਜਾਬ ਵਿਚ ਪਾਕਿਸਤਾਨੀ ਸ਼ਾਇਰਾਂ ਨੂੰ ਗੁਰਮੁਖੀ ਵਿਚ ਲਿਪੀਅੰਤਰ ਕਰਨ ਦਾ ਰਿਵਾਜ ਵਧਿਆ ਹੈ ਪਰ ਓਧਰ ਇਧਰਲਿਆਂ ਨੂੰ ਆਪਣੇ ਤੌਰ 'ਤੇ ਬਹੁਤ ਘੱਟ ਲਿਪੀਅੰਤਰ ਕੀਤਾ ਗਿਆ ਹੈ। ਇਹ ਅਦਾਨ-ਪ੍ਰਦਾਨ ਚਲਦਾ ਰਹਿਣਾ ਚਾਹੀਦਾ ਹੈ। 'ਹਮੇਸ਼ਾ ਦੇਰ ਕਰ ਦੇਤਾ ਹੂੰ' ਉਰਦੂ ਸ਼ਾਇਰੀ ਨੂੰ ਜਾਨਣ ਤੇ ਮਾਨਣ ਲਈ ਵਧੀਆ ਯਤਨ ਹੈ, ਪ੍ਰਯੋਜਕ ਵਧਾਈ ਦਾ ਹੱਕਦਾਰ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਬੰਦਾ ਕਿੱਥੇ ਹੈ?
ਲੇਖਕ : ਗੁਰਮੀਤ ਸਿੰਘ ਮਰਾੜ੍ਹ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨਾ, ਫ਼ਰੀਦਕੋਟ
ਮੁੱਲ : 120 ਰੁਪਏ, ਸਫ਼ੇ : 60
ਸੰਪਰਕ : 95014-00397

ਬੰਦਾ ਕਿੱਥੇ ਹੈ, ਗੁਰਮੀਤ ਸਿੰਘ ਮਰਾੜ੍ਹ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 14 ਨਿੱਕੀਆਂ ਕਹਾਣੀਆਂ ਹਨ। ਅੱਜਕਲ੍ਹ ਪੰਜਾਬੀ ਸਾਹਿਤ-ਧਾਰਾ ਵਿਚ ਜਾਂ ਤਾਂ ਮਿੰਨੀ ਕਹਾਣੀਆਂ ਦੇ ਲੇਖਕਾਂ ਦੀ ਭਰਮਾਰ ਹੈ ਜਾਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਲੰਮੀਆਂ ਕਹਾਣੀਆਂ ਲਿਖਣ ਵਾਲੇ ਰਹਿ ਗਏ ਹਨ। ਪ੍ਰੰਤੂ ਨਿੱਕੀਆਂ ਕਹਾਣੀਆਂ ਲਿਖਣ ਵਾਲੇ ਕਹਾਣੀਕਾਰ ਤਾਂ ਉਂਗਲੀਆਂ 'ਤੇ ਗਿਣੇ ਜਾ ਸਕਦੇ ਹਨ। ਜਿਥੋਂ ਤੱਕ ਗੁਰਮੀਤ ਸਿੰਘ ਮਰਾੜ੍ਹ ਦੀਆਂ 'ਬੰਦਾ ਕਿੱਥੇ ਹੈ?' ਦੀਆਂ ਕਹਾਣੀਆਂ ਦਾ ਸੰਬੰਧ ਹੈ, ਇਨ੍ਹਾਂ ਨੂੰ ਅਸੀਂ ਨਿੱਕੀਆਂ ਕਹਾਣੀਆਂ ਕਹਿ ਸਕਦੇ ਹਾਂ। ਇਨ੍ਹਾਂ ਕਹਾਣੀਆਂ ਵਿਚ ਜਿਥੇ ਸਮਾਜ ਦੇ ਵਰਤਮਾਨ ਸਮੇਂ ਦੇ ਹਾਲਾਤ ਦੀਆਂ ਝਲਕਾਂ ਤਾਂ ਪੇਸ਼ ਹਨ, ਕਹਾਣੀਕਾਰ, ਉਨ੍ਹਾਂ ਪਾਤਰਾਂ ਦੀ ਸੰਰਚਨਾ ਕਰਦਾ ਹੈ, ਜਿਹੜੇ ਆਪਣੇ ਨਾਲ ਹੋਈਆਂ ਵਧੀਕੀਆਂ ਕਾਰਨ ਮਾਨਸਿਕ ਸੰਤਾਪ ਭੋਗ ਰਹੇ ਹਨ, ਜਿਵੇਂ 'ਜਦੋਂ ਬਰਫ਼ ਪੰਘਰੀਦਾ ਬਾਬਾ ਹਾਜੀ' ਦੀ ਵੇਦਨਾ-ਸੰਵਦਨਾ ਨੂੰ ਕਹਾਣੀਕਾਰ ਕਿਵੇਂ ਨੰਗਾ ਕਰਦਾ ਹੈ। 'ਬਾਬਾ ਹਾਜ਼ੀ' ਦਾ ਸ਼ਿਕਾਰ 'ਅਮਨ ਕਾਲ ਦਾ ਪ੍ਰਸਿੱਧ ਸ਼ਿਕਾਰ' ਮੰਨਿਆ ਜਾਂਦਾ ਸੀ। ਪਰ ਜਦੋਂ ਦੇ ਕਸ਼ਮੀਰ ਦੇ ਕਾਲੇ ਦਿਨ ਆਏ, ਉਸ ਦਿਨ ਬਾਬਾ ਹਾਜ਼ੀ ਦਾ ਸ਼ਿਕਾਰਾ ਹੀ ਨਹੀਂ, ਬਲਕਿ ਉਸ ਦਾ ਪਰਿਵਾਰ ਵੀ ਕਾਲੇ ਦਿਨਾਂ ਦਾ ਸ਼ਿਕਾਰ ਹੋ ਗਿਆ ਹੈ। ਪੁਲਿਸ ਵਧੀਕੀਆਂ ਕਾਰਨ, ਉਸ ਦੇ ਪਰਿਵਾਰ ਨੂੰ ਸੂਰਜ ਗ੍ਰਹਿਣ ਲੱਗ ਗਿਆ ਹੈ। ਕਹਾਣੀਕਾਰ ਹਾਜ਼ੀ ਬਾਬਾ ਦੀ ਵੇਦਨ-ਸੰਵੇਦਨਾ ਨੂੰ ਅਭਿਵਿਅਕਤ ਕਰਨ ਵਿਚ ਸਫ਼ਲ ਹੈ।
ਇਸ ਤਰ੍ਹਾਂ ਉਸ ਦੀਆਂ ਹੋਰ ਕਹਾਣੀਆਂ, 'ਦਿਨ ਕਦੋਂ ਚੜ੍ਹ' ਇਕ ਸਾਲ ਹੋਰ, ਨਾਮ ਕੱਟਿਆ ਗਿਆ, ਬੰਦਾ ਕਿੱਥੇ ਹੈ? ਤਰਸਦੇ ਨੈਣ, ਨਿੱਕੀਆਂ ਕਹਾਣੀਆਂ ਸਫਲ ਕਹਾਣੀਆਂ ਹਨ। ਅਸੀਂ ਅੱਜ ਦੇ ਹਕੀਕਤ ਪੰਸਦ ਲੋਕਾਂ ਦੀ ਵੇਦਨਾ ਸੰਵੇਦਨਾ ਨੂੰ ਕਹਾਣੀਕਾਰ ਸਮਝ ਕੇ ਉਨ੍ਹਾਂ ਦੇ ਨਿੱਕੇ-ਨਿੱਕੇ ਦੁੱਖ ਦਰਦ ਪੇਸ਼ ਕਰਦਾ ਹੈ, ਪੜ੍ਹੋਗੇ, ਆਪਣੇ ਵਰਤਮਾਨ ਸਮਾਜ ਦੀ ਹਕੀਕਤ ਹੋਰ ਵਧੇਰੇ ਸਮਝ ਸਕੋਗੇ।

-ਡਾ. ਅਮਰ ਕੋਮਲ
ਮੋਬਾਈਲ : 84378-73565

ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ
ਮੂਲ ਲੇਖਕ : ਨੰਦ ਕੁਮਾਰ ਦੇਵ ਸ਼ਰਮਾ
ਅਨੁਵਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250, ਸਫ਼ੇ : 184
ਸੰਪਰਕ : 98766-36159

ਹਥਲੀ ਕਿਤਾਬ ਦੇ ਮੂਲ ਲੇਖਕ ਨੰਦ ਕੁਮਾਰ ਦੇਵ ਸ਼ਰਮਾ ਕੋਲਕਾਤਾ (ਬੰਗਾਲ) ਦੇ ਨਿਵਾਸੀ ਹਨ। ਪੁਸਤਕ ਵਿਚ ਦਰਜ ਸਾਰੀ ਗਾਥਾ ਸ਼ੇਰ-ਏ-ਪੰਜਾਬ ਦੇ 1839 ਈ: ਵਿਚ ਸਵਰਗਵਾਸ ਹੋਣ ਤੋਂ ਪਿੱਛੋਂ ਸ਼ੁਰੂ ਹੁੰਦੀ ਹੈ। ਅਨੁਵਾਦਕ ਮੁਤਾਬਿਕ ਖ਼ਾਲਸਾ ਦਰਬਾਰ ਦੇ ਡੁੱਬਦੇ ਸੂਰਜ ਦੀ ਗਾਥਾ ਗਦਾਰੀਆਂ, ਕਤਲੋਗਾਰਤ, ਅੰਗਰੇਜ਼ ਹਕੂਮਤ ਦੀਆਂ ਕੂਟਨੀਤਕ ਚਾਲਾਂ, ਮਹਾਰਾਜੇ ਦੇ ਪਰਿਵਾਰ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਉਸ ਦੀ ਮਾਂ ਮਹਾਰਾਣੀ ਜਿੰਦਾਂ, ਰਾਜਾ ਸ਼ੇਰ ਸਿੰਘ, ਉਸ ਦੇ ਪੁੱਤਰ ਵਲੋਂ ਨਿੰਦਣਯੋਗ ਗ਼ੈਰ-ਮਨੁੱਖੀ ਵਿਹਾਰ ਦੀ ਅਸਲ ਤਸਵੀਰ ਨੂੰ ਲੇਖਕ ਵਲੋਂ ਦਰਸਾਉਣ ਦਾ ਸਫ਼ਲ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਖ਼ਾਲਸਾ ਰਾਜ ਦੀ ਅਧੋਗਤੀ ਬਾਰੇ ਸਾਡੇ ਸਾਰੇ ਇਤਿਹਾਸਕਾਰਾਂ ਵਿਸ਼ੇਸ਼ ਕਰਕੇ ਸਿੱਖ ਇਤਿਹਾਸਕਾਰ ਸੋਹਣ ਸਿੰਘ ਸੀਤਲ ਨੇ ਵੱਡਾ ਮਿਸਾਲੀ ਕੰਮ ਕੀਤਾ ਹੈ। ਪੁਸਤਕ ਦੇ ਬੰਗਾਲੀ ਲੇਖਕ ਨੇ ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਤੇ ਲਤੀਫ਼ ਵਰਗੇ ਲੇਖਕਾਂ ਨੂੰ ਵੀ ਬੜੀ ਨੀਝ ਨਾਲ ਵਾਚਿਆ, ਪਿੱਛੋਂ ਅੰਗਰੇਜ਼ ਅਫ਼ਸਰਾਂ ਦੀਆਂ ਲਿਖਤਾਂ ਨੂੰ ਵੀ ਘੋਖਿਆ/ਲੇਖਕ ਨੇ ਅੰਗਰੇਜ਼ ਦੀਆਂ ਕੂਟਨੀਤਕ ਨੀਤੀਆਂ ਤੋਂ ਵੀ ਪਰਦਾ ਚੁੱਕਣ ਦਾ ਯਤਨ ਵੀ ਕੀਤਾ ਹੈ। ਪੁਸਤਕ ਦੇ ਸੁਯੋਗ ਅਨੁਵਾਦਕ ਨੇ ਵੱਖ-ਵੱਖ ਵਿਧਾਵਾਂ ਵਿਚ ਇਕ ਦਰਜਨ ਪੁਸਤਕਾਂ ਪਾਠਕਾਂ ਦੀ ਝੌਲੀ ਪਾਈਆਂ ਹਨ, ਜਿਨ੍ਹਾਂ ਵਿਚ ਉਸ ਦੀਆਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਪੁਸਤਕ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ, ਪੰਜਾਬ ਤੇ ਬੰਗਾਲ ਦੋ ਅਜਿਹੇ ਆਜ਼ਾਦ ਦੇਸ਼ ਸਨ, ਜੋ ਅੰਗਰੇਜ਼ ਹਕੂਮਤ ਦੀਆਂ ਅੱਖਾਂ ਵਿਚ ਹਮੇਸ਼ਾ ਰੜਕਦੇ ਰਹੇ, ਇਹ ਅੰਗਰੇਜ਼ਾਂ ਦੇ ਅਧੀਨ ਹੋ ਕੇ ਵੀ ਉਸ ਦੀ ਈਨ ਮੰਨਣ ਤੋਂ ਹਮੇਸ਼ਾ ਇਨਕਾਰੀ ਹੀ ਰਹੇ। ਇਸੇ ਕਰਕੇ ਜਾਣ ਵੇਲੇ ਫਰੰਗੀ ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਦੋ ਟੁਕੜਿਆਂ ਵਿਚ ਵੰਡਣ ਵਾਲਾ ਗ਼ੈਰ-ਮਨੁੱਖੀ ਜ਼ੁਲਮ ਅਤੇ ਅਨਿਆਂ ਕਰ ਗਏ। ਲੇਖਕ ਮੁਤਾਬਿਕ 1849 ਈ: ਤੱਕ ਸਿੱਖ ਆਜ਼ਾਦ ਹਸਤੀ ਵਿਚ ਵਿਚਰਦੇ ਸਨ। ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਆਜ਼ਾਦੀ ਲਈ ਜਿਹੜੇ ਯੁੱਧ ਹੋਏ, ਉਹ ਪੰਜਾਬ ਦੇ ਲੋਕ ਵਿਰਸੇ ਦਾ ਹਿੱਸਾ ਬਣ ਚੁੱਕੇ ਹਨ। ਲੇਖਕ ਨੇ ਇਸ ਪੁਸਤਕ ਨੂੰ ਵੱਖ-ਵੱਖ ਅਠਾਰਾਂ ਅਧਿਆਇਆਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ 'ਪੰਜਾਬ ਦੀ ਦਿਸ਼ਾ', 'ਯੁੱਧ ਦਾ ਭੈਅ', 'ਅੰਗਰੇਜ਼ਾਂ ਨਾਲ ਯੁੱਧ : ਸੰਧੀ ਅਤੇ ਨਵੇਂ ਪ੍ਰਬੰਧ', 'ਬੇਚੈਨੀ ਦਾ ਮੁੱਢ', 'ਮੁਲਤਾਨ ਵਿਦਰੋਹ', 'ਮਹਾਰਾਣੀ ਦਾ ਦੇਸ਼ ਨਿਕਾਲਾ', 'ਅਸ਼ਾਂਤੀ ਦੀ ਭੜਕਦੀ ਅੱਗ', 'ਮੁਲਤਾਨ 'ਤੇ ਹਮਲਾ', 'ਸ਼ੇਰ ਸਿੰਘ ਤੇ ਮੂਲਰਾਜ', 'ਦੂਜਾ ਸਿੱਖ ਯੁੱਧ', 'ਪੰਜਾਬ ਹਰਣ', 'ਪੰਜਾਬ ਛੱਡਣਾ', 'ਇੰਗਲੈਂਡ ਵਿਚ ਪਰਵਾਸ ਅਤੇ ਹੋਰ ਘਟਨਾਵਾਂ', 'ਮਾਤਾ ਅਤੇ ਪੁੱਤਰ', 'ਸ੍ਰੀਮਤੀ ਬੰਬਾ ਨਾਲ ਵਿਆਹ', 'ਮਹਾਰਾਜਾ ਦਲੀਪ ਸਿੰਘ ਤੇ ਸਰਕਾਰ', 'ਇੰਗਲੈਂਡ ਛੱਡਣਾ' ਅਤੇ ਹੋਰ ਘਟਨਾਵਾਂ ਅਤੇ 'ਮਹਾਰਾਜਾ ਦਲੀਪ ਸਿੰਘ ਦਾ ਆਖਰੀ ਸਮਾਂ' ਸ਼ਾਮਿਲ ਹਨ। ਪੁਸਤਕ ਦੀਆਂ ਅੰਤਕਾਵਾਂ ਵਿਚ ਕੋਹਿਨੂਰ ਹੀਰਾ', 'ਕੁਰਗ ਦੀ ਰਾਜ ਕੁਮਾਰੀ, 'ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਨਿੱਜੀ ਜਾਇਦਾਦ' ਦਾ ਵਰਣਨ ਵੀ ਬੜੇ ਭਾਵ-ਪੂਰਤ ਸ਼ਬਦਾਂ ਵਿਚ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਅੰਗਰੇਜ਼ੀ, ਹਿੰਦੀ ਅਤੇ ਬੰਗਾਲੀ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ। ਲੇਖਕ ਨੇ ਇਸ ਪੁਸਤਕ ਦੇ ਆਰੰਭ ਵਿਚ ਕਸ਼ਮੀਰ ਬਾਰੇ ਲਿਖਦਿਆਂ ਇਸ ਗੱਲ ਦਾ ਭੇਦ ਵੀ ਸਾਂਝਾ ਕੀਤਾ ਹੈ ਕਿ ਕਸ਼ਮੀਰ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੀ ਹਿੱਸਾ ਸੀ, ਜਿਸ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਹੈ, ਸ਼ਾਇਦ ਇਸੇ ਕਰਕੇ ਹੀ ਕਸ਼ਮੀਰ ਦੋ ਹਿੱਸਿਆਂ ਵਿਚ ਵੰਡਣ ਵਾਲੀ ਦੁਰਦਸ਼ਾ ਵੀ ਕੀਤੀ ਗਈ ਹੈ। ਇਤਿਹਾਸ ਦੇ ਪਾਠਕਾਂ ਲਈ ਪੁਸਤਕ ਨੂੰ ਵਾਚਣਾ ਜ਼ਰੂਰੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਖੱਡ
ਲੇਖਕ : ਪਾਲੀ ਭੁਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 95011-45039

ਪ੍ਰਸਿੱਧ ਰੰਗਕਰਮੀ ਪਾਲੀ ਭੁਪਿੰਦਰ ਸਿੰਘ ਦਾ ਇਹ ਪੂਰਾ ਨਾਟਕ ਪ੍ਰਤੀਕਮਈ ਸ਼ੈਲੀ ਵਿਚ ਹੈ। ਨਾਟਕਕਾਰ ਦੇ ਇਸ ਤੋਂ ਪਹਿਲਾਂ 7 ਨਾਟਕ, ਇਕ ਨਾਵਲ ਤੇ ਇਕ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਇਸ ਨਾਟਕ ਵਿਚ ਡੇਰਾ ਹੈ। ਡੇਰੇ ਵਿਚ ਇਕ ਵਿੱਦਿਅਕ ਅਦਾਰਾ ਹੈ ਅਦਾਰੇ ਵਿਚ ਜ਼ਿਆਦਾ ਸਟਾਫ਼ ਔਰਤਾਂ ਹਨ। ਇਕ ਇਸਤਰੀ ਡਾਕਟਰ ਹੈ। ਡੇਰੇ ਵਿਚ ਇਕ ਥਾਂ ਸਮਾਧੀ ਹੈ। ਪਿਛਲੇ 12 ਸਾਲਾਂ ਤੋਂ ਸਾਧ ਪੂਰਨ ਦਾਸ ਡੇਰੇ ਵਿਚ ਸਮਾਧੀ ਲਾਈ ਬੈਠਾ ਹੈ। ਉਸ ਦੀ ਸਮਾਧੀ ਵਾਲੀ ਥਾਂ 'ਤੇ ਪਿਛਲੇ ਪਾਸੇ ਕੰਧ ਹੈ। ਕੰਧ ਦੇ ਪਿਛੇ ਇਕ ਖੱਡ ਹੈ। ਇਹ ਖੱਡ ਕੀ ਹੈ। ਇਸ ਵਿਚ ਕੀ ਕੁਝ ਹੈ। ਸਾਰਾ ਨਾਟਕ ਇਸ ਖੱਡ ਦੁਆਲੇ ਘੁੰਮਦਾ ਹੈ। ਇਹ ਖੱਡ ਭੇਤ ਖੋਲ੍ਹਦੀ ਹੈ ਕਿ ਇਸ ਡੇਰੇ ਵਿਚ ਕੀ ਕੁਝ ਅਨੈਤਿਕ ਹੋ ਰਿਹਾ ਹੈ। ਕਤਲ ਕਰ ਕੇ ਲਾਸ਼ਾਂ ਇਸ ਖੱਡ ਵਿਚ ਪੂਰ ਦਿੱਤੀਆਂ ਗਈਆਂ ਹਨ। ਪੂਰਨ ਦਾਸ ਔਰਤਾਂ ਦੀਆਂ ਆਵਾਜ਼ਾਂ ਸੁਣਦਾ ਹੈ। ਇਹ ਆਵਾਜ਼ਾਂ ਉਸ ਦੀ ਸਮਾਧੀ ਵਿਚ ਵੱਡਾ ਵਿਘਨ ਪਾ ਰਹੀਆਂ ਹਨ। ਇਹ ਆਵਾਜ਼ਾਂ ਉਨ੍ਹਾਂ ਤੀਵੀਆਂ ਦੀਆਂ ਹਨ, ਜੋ ਕਿਸੇ ਸਮੇਂ ਕਤਲ ਕਰਕੇ ਲਾਸ਼ਾਂ ਖੱਡ ਵਿਚ ਸੁੱਟ ਦਿੱਤੀਆਂ ਗਈਆਂ ਸਨ। ਕਤਲ ਹੋਈਆਂ ਔਰਤਾਂ ਪੂਰਨ ਦਾਸ ਨੂੰ ਚੈਨ ਨਹੀਂ ਲੈਣ ਦੇ ਰਹੀਆਂ। ਉਹ ਵੇਖਣਾ ਚਾਹੁੰਦਾ ਹੈ ਕਿ ਇਹ ਔਰਤਾਂ ਕੌਣ ਹਨ। ਉਸ ਦੀ ਦੁਚਿੱਤੀ ਨਾਟਕ ਦਾ ਵਿਸ਼ੇਸ਼ ਅੰਗ ਹੈ। ਅਖੀਰ ਉਹ ਕੰਧ ਟੱਪ ਜਾਂਦਾ ਹੈ। ਇਕ ਔਰਤ ਪੂਰਨ ਦਾਸ ਨਾਲ ਗੱਲਾਂ ਕਰਦੀ ਹੈ। ਉਹ ਮਾਨਸਿਕ ਰੋਗੀ ਬਣ ਜਾਂਦਾ ਹੈ। ਡੇਰੇ ਦੀ ਇਕ ਲੇਡੀ ਡਾਕਟਰ ਪੂਰਨ ਦਾਸ ਦੇ ਇਲਾਜ ਲਈ ਆਉਂਦੀ ਹੈ। ਡਾਕਟਰ ਖ਼ੁਦ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਪੂਰਨ ਦਾਸ ਦਾ ਮਨੋਵਿਗਿਆਨਕ ਤਰੀਕੇ ਨਾਲ ਇਲਾਜ ਕਰਨ ਦਾ ਯਤਨ ਕਰਦੀ ਹੈ, ਪਰ ਪੂਰਨ ਦਾਸ ਡਾਕਟਰ ਕੋਲੋਂ ਪਿਛੇ ਹਟਦਾ ਹੈ। ਲੇਡੀ ਡਾਕਟਰ ਉਸ ਦੀ ਕਾਮੁਕ ਇੱਛਾ ਨੂੰ ਉਭਾਰਦੀ ਹੈ, ਜੋ ਬਿਮਾਰੀ ਦਾ ਅਸਲ ਕਾਰਨ ਹੈ। ਨਾਟਕ ਵਿਚ ਭੀਖਾ ਸੇਵਾਦਾਰ, ਮੈਨੇਜਰ ਬਚਨ ਲਾਲ, ਪਿਛਲਾ ਡੇਰੇਦਾਰ ਨਿਰੰਜਨ ਦਾਸ ਹੋਰ ਪਾਤਰ ਹਨ। ਇਕ ਦ੍ਰਿਸ਼ ਵਿਚ ਪਤਾ ਲਗਦਾ ਹੈ ਕਿ ਪੂਰਨ ਦਾਸ ਵੀ ਨਿਰਜਨ ਦਾਸ ਦਾ ਨਾਜਾਇਜ਼ ਪੁੱਤਰ ਹੈ। ਨਾਟਕ ਵਿਚ ਪਾਤਰਾਂ ਦੇ ਸੰਵਾਦ ਦਰਸ਼ਕ ਨੂੰ ਕੀਲ ਕੇ ਰੱਖਦੇ ਹਨ। ਅਖੀਰ ਪੂਰਨ ਦਾਸ ਦੇ ਬੋਲ ਉਸਾਰੂ ਹਨ। ਅਸਲ ਜ਼ਿੰਦਗੀ ਵਲ ਪੂਰਨ ਦਾਸ ਮੁੜਦਾ ਹੈ-ਨਾ ਮੈਂ ਦੇਹ ਜਿੱਤ ਸਕਿਆ ਨਾ ਮੈ ਮਨ ਜਿੱਤ ਸਕਿਆ ਮੈਂ ਕੋਈ ਸੰਤ ਨਹੀਂ। ਅਤ੍ਰਿਪਤੀ ਦਾ ਮਾਰਿਆ ਇਕ ਆਮ ਜਿਹਾ ਆਦਮੀ ਹਾਂ। ਮੇਰੇ ਜਿਸਮ ਤੇ ਬਾਣਾ ਨਹੀਂ ਝੂਠ ਹੈ....(ਪੰਨਾ 83)। ਨਾਟਕ ਅਖੌਤੀ ਡੇਰੇ ਦਾ ਅੰਦਰਲਾ ਸੱਚ ਸਾਹਮਣੇ ਲਿਆਉਂਦਾ ਹੈ। ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਦਾ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਲੋਕ ਕਾਵਿ-ਰੂਪ : ਰੰਗ
ਲੇਖਕ : ਡਾ. ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁੱਲ : 286, ਸਫ਼ੇ : 176
ਸੰਪਾਦਕ : 94171-40380

ਡਾ. ਹਰਨੇਕ ਸਿੰਘ ਦੀ ਜਦੋਂ ਪਹਿਲੀ ਪੁਸਤਕ ਲੋਕ ਕਾਵਿ-ਰੂਪ : ਰੰਗ ਸੰਪਾਦਕ ਤੇ ਸਮੀਖਿਆ ਜਿਲਦ ਪਹਿਲੀ ਦੀ ਪ੍ਰਕਾਸ਼ਨਾ ਹੋਈ ਸੀ ਤਾਂ ਉਸ ਤੋਂ ਹੀ ਅੰਦਾਜ਼ਾ ਹੋ ਚੁੱਕਾ ਸੀ ਕਿ ਇਸ ਖੋਜ ਕਾਰਜ ਦੀ ਦੂਜੀ ਜਿਲਦ ਵੀ ਜ਼ਰੂਰ ਹੀ ਪ੍ਰਕਾਸ਼ਿਤ ਹੋਵੇਗੀ। ਪਹਿਲੀ ਪੁਸਤਕ ਵਿਚ ਡਾ. ਹੇਅਰ ਨੇ ਲੋਕ ਕਾਵਿ-ਰੂਪ ਰੰਗ ਦੇ ਵਿਧਾਗਤ ਪਾਸਾਰਾਂ ਬਾਰੇ ਚਰਚਾ ਕਰਦਿਆਂ ਇਸ ਕਾਵਿ-ਰੂਪ ਦੀਆਂ ਵੰਨਗੀਆਂ ਦੀ ਇਕੱਤਰਤਾ ਕਰਕੇ ਪਾਠਕਾਂ ਦੇ ਸਨਮੁੱਖ ਕੀਤਾ ਸੀ। ਨਾਲ ਦੀ ਨਾਲ ਲੋਕ-ਕਾਵਿ ਦੇ ਗਾਇਕਾਂ ਦੀਆਂ ਤਸਵੀਰਾਂ ਅਤੇ ਇਨ੍ਹਾਂ ਗੀਤਾਂ ਦੀ ਅਰਥਾਵਲੀ ਵੀ ਪੇਸ਼ ਕੀਤੀ ਸੀ ਪਰ ਇਸ ਪੁਸਤਕ ਵਿਚ ਵਾਧਾ ਇਹ ਕੀਤਾ ਗਿਆ ਹੈ ਕਿ ਇਕ ਤਾਂ ਉਸ ਨੇ ਨਵੇਂ ਕਾਵਿ-ਰੂਪ 'ਰੰਗ' ਦੀਆਂ ਵੰਨਗੀਆਂ ਵਿਚ ਵਾਧਾ ਕੀਤਾ ਹੈ, ਨਾਲ ਦੀ ਨਾਲ ਹਰੇਕ ਇਨ੍ਹਾਂ ਰੰਗਾਂ ਦੀ ਪੁਸਤਕ ਦੇ ਪਹਿਲੇ ਭਾਗ ਵਿਚ ਵਿਹਾਰਕ ਸਮੀਖਿਆ ਵੀ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਡਾ. ਹਰਨੇਕ ਸਿੰਘ ਹੇਅਰ ਖੋਜੀ ਵਿਦਵਾਨ ਹੈ, ਇਸ ਕਰਕੇ ਵੱਖ-ਵੱਖ ਚਿੰਤਕਾਂ ਜਿਨ੍ਹਾਂ ਨੇ ਲੋਕਧਾਰਾ ਦੇ ਖੇਤਰ ਵਿਚ ਕਾਰਜ ਕੀਤਾ ਹੈ, ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲਿਆਂ ਦੀ ਰੌਸ਼ਨੀ ਵਿਚ ਇਹ ਕਾਰਜ ਨੇਪਰੇ ਚਾੜ੍ਹਿਆ ਹੈ। ਪਾਠਕ ਇਸ ਕਾਵਿ-ਰੂਪ ਨੂੰ ਅਖਾੜਿਆਂ ਵਿਚ ਮਾਣਦੇ ਤਾਂ ਰਹੇ ਹਨ ਪਰ ਇਸ ਦੀ ਸੰਰਚਨਾ ਤੋਂ ਅਭਿੱਜ ਹੀ ਰਹਿੰਦੇ ਸਨ, ਜਿਸ ਦਾ ਜ਼ਿਕਰ ਡਾ. ਹੇਅਰ ਦੀ ਇਸ ਪੁਸਤਕ ਵਿਚ ਹੋਇਆ ਹੈ। ਇਸ ਪੁਸਤਕ ਦੀ ਪਹਿਲੀ ਪੁਸਤਕ ਵਾਂਗ ਹੀ ਵਿਸ਼ੇਸ਼ਤਾ ਇਹ ਵੀ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਉਹ ਗਾਇਕ ਜਿਨ੍ਹਾਂ ਨੇ ਇਸ ਕਾਵਿ-ਰੂਪ 'ਰੰਗ' ਨੂੰ ਗਾਇਆ, ਉਨ੍ਹਾਂ ਦੇ ਨਾਂਅ ਅਤੇ ਤਸਵੀਰਾਂ ਇਸ ਪੁਸਤਕ ਵਿਚ ਵੀ ਦਰਜ ਕੀਤੀਆਂ ਗਈਆਂ ਹਨ। ਸਾਡੀਆਂ ਲੋਕ-ਗਾਥਾਵਾਂ ਦੇ ਉਹ ਪਾਤਰ ਜੋ ਲੋਕ ਚੇਤਿਆਂ ਦੀ ਚੰਗੇਰ ਵਿਚੋਂ ਲਗਭਗ ਕਿਰ ਹੀ ਚੁੱਕੇ ਹਨ, ਇਸ ਪੁਸਤਕ ਨੂੰ ਪੜ੍ਹ ਕੇ ਮੁੜ ਪੁਨਰ ਸੁਰਜੀਤ ਹੁੰਦੇ ਦਿਖਾਈ ਦਿੰਦੇ ਹਨ। ਅਸਲ ਵਿਚ ਲੋਕਧਾਰਾ ਦੀ ਇਹ ਖੋਜ ਇਕ ਸੇਵਾ ਦਾ ਕਾਰਜ ਹੈ, ਜਿਸ ਨੂੰ ਡਾ. ਹਰਨੇਕ ਸਿੰਘ ਹੇਅਰ ਨੇ ਬੜੀ ਸ਼ਿੱਦਤ, ਹੌਸਲੇ ਅਤੇ ਦ੍ਰਿੜ੍ਹਤਾ ਨਾਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਕਾਲਾ ਟਿੱਕਾ
ਲੇਖਕ : ਸੁਖਜਿੰਦਰ ਸਿੰਘ ਭੰਗੜਚੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 220 ਰੁਪਏ, ਸਫ਼ੇ : 128
ਸੰਪਰਕ : 78884-45783

'ਕਾਲਾ ਟਿੱਕਾ' ਕਾਵਿ-ਸੰਗ੍ਰਹਿ ਸੁਖਜਿੰਦਰ ਸਿੰਘ ਭੰਗੜਚੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ 'ਗੁਰੂ ਗ੍ਰੰਥ ਸਾਹਿਬ ਜੀ' ਤੋਂ ਲੈ ਕੇ 'ਸਤਿ ਸ੍ਰੀ ਅਕਾਲ' ਤੱਕ ਦੀਆਂ ਲਗਭਗ 105 ਕਵਿਤਾਵਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮਸਲਿਆਂ ਨੂੰ ਮੌਜੂਦਾ ਦੌਰ 'ਚ ਵਾਪਰਦੀ ਗੰਧਲੀ ਸਿਆਸਤ ਨਾਲ ਜੋੜ ਕੇ ਗੰਭੀਰ ਮਾਨਵੀ ਸਰੋਕਾਰਾਂ ਨਾਲੋਂ ਪਾਸਾ ਵੱਟਦਿਆਂ ਭਰਮ-ਭੁਲੇਖੇ ਸਿਰਜਦੀਆਂ ਧਿਰਾਂ ਦੇ ਅੰਦਰਲੇ ਕੋਹਜ ਨੂੰ ਨੰਗਿਆਂ ਕਰਨ ਦਾ ਸ਼ਾਬਦਿਕ ਪ੍ਰਵਚਨ ਸਿਰਜਣ ਦਾ ਯਤਨ ਕਰਦੀਆਂ ਹਨ। ਇਸ ਕਾਵਿ-ਪੁਸਤਕ ਦੇ ਸਮਰਪਣ ਸ਼ਬਦ ਪੜ੍ਹਦਿਆਂ ਹੀ ਕਾਵਿ-ਪਾਠਕ ਚੁੰਧਿਆ ਜਾਵੇਗਾ, ਜਿਸ ਵਿਚ ਮਾਂ ਦੀ ਮਿਹਨਤ ਦਾ ਪਸੀਨਾ, ਪਿਓ ਦੀ ਮੁਸ਼ੱਕਤ, ਰੋਟੀਆਂ ਪਕਾਉਂਦੀ ਦੀ ਪੰਜ ਸਾਲਾਂ ਦੀ ਭੈਣ, ਛੇ ਸਾਲਾਂ ਦਾ ਭਰਾ, ਨਾਨਾ-ਨਾਨੀ, ਦਾਦਾ-ਦਾਦੀ, ਮਾਮਾ-ਮਾਮੀ, ਮਾਸੀਆਂ ਅਤੇ ਹੋਰ ਅਨੇਕਾਂ 'ਲਹੂ' ਅਤੇ 'ਅਲਹੂ' ਦੇ ਰਿਸ਼ਤਿਆਂ ਦੀ ਮਹਿਕ, ਮੌਜੂਦਗੀ, ਸ਼ੁਭ-ਇਛਾਵਾਂ ਦੀ ਰਲੀ-ਮਿਲੀ ਆਸੀਸ ਅਤੇ ਮੌਜੂਦਾ ਦੌਰ 'ਚ ਰਾਜਨੀਤੀ ਦੀਆਂ ਭੇਟ ਚੜ੍ਹੀਆਂ ਗਲੀਆਂ ਨੂੰ ਤੱਕ ਕੇ ਪਾਠਕ ਧੁਰ ਅੰਦਰ ਤੱਕ ਕੰਬ ਜਾਵੇਗਾ। ਇਸੇ ਲਈ 'ਕਵੀ' ਕਵਿਤਾ 'ਚ ਜਿਥੇ ਕਵੀ-ਧਰਮ ਦੀ ਬਾਤ ਛੂੰਹਦਾ ਹੈ, ਉਥੇ ਉਸ ਥਾਂ ਦੀ ਵੀ ਨਿਸ਼ਾਨ-ਦੇਹੀ ਕਰਦਾ ਹੈ, ਜਿਥੇ ਕਵੀ ਵਸਦੇ ਹਨ:
ਜਿਥੇ ਝੂਠ ਅਪਾਹਜ / ਸੱਚ ਨਰੋਏ ਹੋਣਗੇ
ਜ਼ਰੂਰ ਉਥੇ / ਕਵੀ ਹੋਣਗੇ।
ਕਵੀ ਦਾ ਧਰਮ ਹੀ 'ਸਤਿਅਮ, ਸ਼ਿਵਮ, ਸੁੰਦਰਮ' ਦੇ ਲੋਕ-ਬੋਲੇ ਨੂੰ ਹੀ ਬੁਲੰਦ ਕਰਨਾ ਹੈ। ਕਵੀ ਗੁਰਮਤਿ-ਆਸ਼ੇ ਨਾਲ ਜੁੜਿਆ ਹੋਣ ਕਰਕੇ ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ ਆਦਿ ਦੇ ਵਿਸ਼ਾਲ ਜੀਵਨ ਦ੍ਰਿਸ਼ਟੀ ਨੂੰ ਅਪਣਾਉਂਦਿਆਂ, ਕਿਰਤ, ਮਾਨਵੀ ਕਦਰਾਂ-ਕੀਮਤਾਂ, ਸੁਹਿਰਦਤਾ, ਦਿਆਨਤਦਾਰੀ, ਇਮਾਨਦਾਰੀ ਵਰਗੇ ਦਾਰਸ਼ਨਿਕ ਪ੍ਰਸ਼ਨਾਂ ਦੇ ਉੱਤਰ ਆਪਣੀਆਂ ਕਵਿਤਾਵਾਂ ਵਿਚੋਂ ਤਲਾਸ਼ਣ ਲਈ ਤੱਤਪਰ ਹੈ। 'ਕਾਲਾ ਟਿੱਕਾ' ਨਾਲ ਸੰਬੰਧਿਤ ਕਵਿਤਾਵਾਂ ਵੀ ਪ੍ਰਸੰਗਿਕ ਸੁੰਦਰਤਾ ਨੂੰ ਨਿਹਾਰਨ ਦਾ ਵਸੀਲਾ ਹਨ। ਕਾਦਰ ਦੀ ਕੁਦਰਤ 'ਚ ਕੋਈ ਵੀ ਰਚਨਾ ਬੇ-ਢੱਬੀ ਜਾਂ ਫਜ਼ੂਲ (ਫਾਲਤੂ) ਨਹੀਂ ਹੈ। 'ਪੰਜਾਬ' ਕਵਿਤਾ ਦੀਆਂ ਇਹ ਸਤਰਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ : 'ਐਨਾ ਵੀ/ਕਾਲਾ ਨਹੀਂ/ ਰੰਗ ਮੇਰਾ / ਕਿ ਤੁਸੀਂ / ਮੈਨੂੰ / ਚਿੱਟੇ ਲੀੜੇ / ਪਹਿਨਾ /ਦਿਓ' ਇਸ ਕਾਵਿ-ਸੰਗ੍ਰਹਿ ਦੇ ਕਾਵਿ-ਪਾਤਰ, ਬੋਲੀ, ਸ਼ੈਲੀ ਪੰਜਾਬੀ ਜਨ-ਜੀਵਨ ਦੀ ਦਰਿਆ ਵਰਗੀ ਵਿਸ਼ਾਲਤਾ ਨੂੰ ਮੱਦ-ਏ-ਨਜ਼ਰ ਰੱਖਦਿਆਂ ਉਮੀਦ ਦਾ ਪੱਲਾ ਫੜੀ ਰੱਖਣ ਦੀ ਪ੍ਰੇਰਨਾ ਦਿੰਦੇ ਹਨ।

-ਪ੍ਰੋ. ਸੰਧੂ ਵਰਿਆਣਵੀ
ਮੋਬਾਈਲ : 98786-14096

ਛੱਜੂ ਖੁਰੀਆਂ ਵਾਲਾ
ਲੇਖਕ : ਡਾ. ਮਨਜੀਤ ਸਿੰਘ ਮਝੈਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98144-07940

ਕਵਿਤਾ ਤੋਂ ਕਹਾਣੀ ਦੇ ਖੇਤਰ ਵੱਲ ਆਏ ਕਹਾਣੀਕਾਰ ਮਨਜੀਤ ਸਿੰਘ ਦੇ 10 ਕਹਾਣੀਆਂ ਵਾਲੇ ਇਸ ਕਹਾਣੀ-ਸੰਗ੍ਰਹਿ ਨੂੰ ਆਦਰਸ਼ ਸਮਾਜ ਅਤੇ ਆਦਰਸ਼ ਜ਼ਿੰਦਗੀ ਨੂੰ ਸਿਰਜਣ ਵਾਲੀ ਕਹਾਣੀ ਦੀ ਪੇਸ਼ਕਾਰੀ ਕਰਨ ਵਾਲਾ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਵਿਚ ਸ਼ਾਮਿਲ ਕਹਾਣੀਆਂ ਕਿਸੇ ਨਾ ਕਿਸੇ ਆਦਰਸ਼ ਨੂੰ ਲੈ ਕੇ ਨਿਭਦੀਆਂ ਨਜ਼ਰ ਆਉਂਦੀਆਂ ਹਨ। ਭਾਵੇਂ ਉਹ ਆਦਰਸ਼ ਸਮਾਜ ਸੁਧਾਰ ਦਾ ਹੋਵੇ, ਸਮਾਜਿਕ ਅਨਿਆਂ ਦੇ ਖਿਲਾਫ਼ ਹੋਵੇ ਜਾਂ ਫਿਰ ਜਾਨਵਰਾਂ ਵਿਚ ਵੀ ਸੰਵੇਦਨਾਂ ਨੂੰ ਸਮਝਣ ਸਮਝਾਉਣ ਦਾ। ਬਾਹਰੀ ਧਰਾਤਲ 'ਤੇ ਵਿਚਰਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਜਦੋ-ਜਹਿਦ ਕਰਦੇ ਹਨ, ਅਨਿਆਂ ਦੇ ਖਿਲਾਫ਼ ਲੜਨਾ ਚਾਹੁੰਦੇ ਹਨ ਪਰ ਚੁੱਪ ਰਹਿ ਜਾਂਦੇ ਹਨ ਮਾਨਸਿਕ ਦਵੰਦ ਵੀ ਭੋਗਦੇ ਹਨ ਪਰ ਕੋਈ ਆਵਾਜ਼ ਨਹੀਂ ਉਠਾਉਂਦੇ। ਹਾਲਾਤ ਅਤੇ ਪ੍ਰਸਥਿਤੀਆਂ ਉਨ੍ਹਾਂ ਨੂੰ ਇਸ ਕਦਰ ਆਪਣੀ ਲਪੇਟ ਵਿਚ ਲੈਂਦੀਆਂ ਹਨ ਕਿ ਉਹ ਚਾਹ ਕੇ ਵੀ ਆਪਣਾ ਆਪ ਨਹੀਂ ਪ੍ਰਗਟਾ ਪਾਉਂਦੇ। ਕਹਾਣੀਕਾਰ ਦੇ ਆਪਣੇ ਸ਼ਬਦਾਂ ਵਿਚ ਉਸ ਦੀਆਂ ਕਹਾਣੀਆਂ ਵਿਸ਼ਿਆਂ ਦਾ ਯਥਾਰਥ ਚਿਤਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇਸ ਯਥਾਰਥ ਵਿਚ ਆਦਰਸ਼ਕ ਸੁਰ ਵਧੇਰੇ ਭਾਰੂ ਨਜ਼ਰ ਆਉਂਦਾ ਹੈ। ਜਿਵੇਂ ਕਿ ਕਹਾਣੀ ਭੰਗੜ, ਫਾਇਰਮੈਨ, ਕੁੱਤਿਆਂ ਵਾਲੇ ਦੇ ਨਾਇਕ ਆਦਰਸ਼ਕ ਹਨ, ਆਪਣੇ ਕੰਮ ਪ੍ਰਤੀ ਜ਼ਿੰਮੇਵਾਰ, ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰਨ ਵਾਲੇ ਅਤੇ ਸੰਵੇਦਨਾ ਭਰਪੂਰ। ਪਰ ਉਹ ਸਾਰੇ ਕਿਤੇ ਵੀ ਸੰਘਰਸ਼ ਕਰਦੇ ਨਜ਼ਰ ਨਹੀ ਆਉਂਦੇ ਮਾਨਸਕ ਜਦੋ-ਜਹਿਦ ਕਾਫ਼ੀ ਕਰਦੇ ਹਨ। ਜਿਵੇਂ ਭੰਗੜ ਦੇ ਅੰਦਰੋਂ ਕੰਮ ਕਰਨ ਦਾ ਚਾਅ ਅਤੇ ਪਰਮਜੀਤ ਦੇ ਅੰਦਰੋਂ ਰੇਲ ਦਾ ਚਾਅ ਪੂਰੀ ਤਰ੍ਹਾਂ ਮੁੱਕ ਜਾਂਦਾ ਹੈ। ਛੱਜੂ ਖੁਰੀਆਂ ਵਾਲਾ ਦਾ ਛੱਜੂ ਆਪਣਾ ਪਰਿਵਾਰ ਗਵਾਉਣ ਤੋਂ ਬਾਅਦ ਨਜ਼ਮਾਂ ਦੇ ਸਾਥ ਨਾਲ ਫਿਰ ਤੋਂ ਜਿਊਣਾ ਸ਼ੁਰੂ ਕਰਦਾ ਹੈ ਪਰ ਨਜ਼ਮਾਂ ਨੂੰ ਗੁਆਉਣ ਤੋਂ ਬਾਅਦ ਉਹ ਆਪਣੇ ਘਰ ਨੂੰ ਇਕ ਆਸ਼ਰਮ ਵਿਚ ਬਦਲ ਦਿੰਦਾ ਹੈ ਅਤੇ ਉਸ ਦਾ ਵਿਦੇਸ਼ੋਂ ਪਰਤਿਆ ਪੁੱਤਰ ਪੱਕੇ ਘਰ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਕਹਾਣੀ ਸਵਾਰਥ ਰਹਿਤ ਮੋਹ, ਪਿਆਰ ਦੇ ਰਿਸ਼ਤਿਆਂ ਨੂੰ ਪੇਸ਼ ਕਰਦੀ ਹੈ। ਸਟੇਟਸ ਕਹਾਣੀ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਜਿਸ ਵਿਚ ਆਧੁਨਿਕਤਾ ਦਾ ਅਜੋਕੇ ਜੀਵਨ 'ਤੇ ਅਸਰ, ਮਾਂ-ਬਾਪ ਅਤੇ ਬੱਚਿਆਂ ਵਿਚਕਾਰ ਪਾੜਾ, ਝੂਠੀ ਸ਼ਾਨੋ ਸ਼ੌਕਤ, ਸਾਦਾ ਜੀਵਨ ਦੀ ਇਬਾਰਤ ਨੂੰ ਲਾਲਾ ਜੀ ਦੀ ਮਨਬਚਨੀ ਰਾਹੀਂ ਬਹੁਤ ਖ਼ੂਬਸੂਰਤੀ ਨਾਲ ਬਿਆਨਿਆ ਗਿਆ ਹੈ। ਪੰਜ ਦਿਨਾਂ ਦਾ ਸਫਰ ਇਕ ਵੱਖਰੇ ਅਹਿਸਾਸ ਵਾਲੀ ਕਹਾਣੀ ਹੈ, ਜਿਸ ਵਿਚ ਅਧਿਆਤਮਕਤਾ ਦਾ ਸੁਰ ਭਾਰੂ ਹੈ। ਕਿਤੇ-ਕਿਤੇ ਕਹਾਣੀ ਥੋੜ੍ਹੀ ਰੜਕਦੀ ਹੈ ਪਰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦਾ ਸਫਰ ਬਿਆਨਦੀ ਇਸ ਕਹਾਣੀ ਦਾ ਰੰਗ ਅਨੋਖਾ ਹੈ। ਅਤੀਤ ਦੇ ਜ਼ਖਮ ਜਦੋਂ ਗ਼ਲਤੀ ਨਾਲ ਵੀ ਕਦੇ ਛਿੱਲੇ ਜਾਣ ਤਾਂ ਇਨਸਾਨ ਨੂੰ ਆਪਣੇ ਪਿੰਡੇ 'ਤੇ ਹੰਢਾਏ ਸਾਰੇ ਅਹਿਸਾਸ ਦੁਬਾਰਾ ਹੰਢਾਉਣੇ ਪੈ ਜਾਂਦੇ ਹਨ। ਕੌਣ ਬੰਧਾਵੇ ਧੀਰ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਜਿਸ ਦਾ ਮੁੱਖ ਪਾਤਰ ਟੀ. ਵੀ. 'ਤੇ ਖ਼ਬਰਾਂ ਦੇਖ 84 ਦੇ ਆਪਣੇ ਜ਼ਖਮਾਂ ਵਿਚ ਫਿਰ ਤੋਂ ਟੀਸ ਉੱਠਦੀ ਮਹਿਸੂਸ ਕਰਦਾ ਹੈ। ਕਹਾਣੀਕਾਰ ਦੀ ਸ਼ੈਲੀ ਸਰਲ ਹੈ, ਜਿਸ ਵਿਚ ਉਹ ਆਪਣੇ ਪਾਤਰਾਂ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬੀਲ : 83606-83823

 

11-02-2024

 ਮੋਰ ਪੈਲ ਕਿਉਂ ਨਹੀਂ ਪਾਉਂਦੇ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 196
ਸੰਪਰਕ : 81461-00994

ਗੁਰਮੀਤ ਕੜਿਆਲਵੀ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸ ਦੀਆਂ ਕਹਾਣੀਆਂ ਦੀ ਸਾਹਿਤਕ ਸੱਥਾਂ ਵਿਚ ਵਿਚਾਰ-ਚਰਚਾ ਚਲਦੀ ਰਹਿੰਦੀ ਹੈ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ 2023 ਦਾ 'ਬਾਲ ਸਾਹਿਤ ਪੁਰਸਕਾਰ' ਪੁਸਤਕ 'ਸੱਚੀ ਦੀ ਕਹਾਣੀ' ਨੂੰ ਮਿਲ ਚੁੱਕਾ ਹੈ। ਪ੍ਰਿੰਸੀਪਲ ਸੁਜਾਨ ਸਿੰਘ ਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਮਿਲ ਚੁੱਕੇ ਹਨ। ਉਸ ਦੀਆਂ ਰਚਨਾਵਾਂ ਹਿੰਦੀ, ਮਰਾਠੀ, ਗੁਜਰਾਤੀ, ਸ਼ਾਹਮੁਖੀ ਵਿਚ ਲਿਪੀਅੰਤਰ ਹੋ ਚੁੱਕੀਆਂ ਹਨ। 'ਆਤੂ ਖੋਜੀ' ਉਤੇ ਲਘੂ ਫ਼ਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਵੀ ਹੋ ਚੁੱਕਾ ਹੈ। 5 ਕਹਾਣੀ ਸੰਗ੍ਰਹਿ, ਇਕ ਨਾਵਲ, 4 ਵਾਰਤਿਕ ਪੁਸਤਕਾਂ, 8 ਬਾਲ ਸਾਹਿਤ ਪੁਸਤਕਾਂ, ਕਵਿਤਾ ਅਤੇ ਅਨੁਵਾਦ ਪ੍ਰਾਪਤ ਹੁੰਦਾ ਹੈ।
ਕਹਾਣੀ ਸੰਗ੍ਰਹਿ 'ਮੋਰ ਪੈਲ ਕਿਉਂ ਨਹੀਂ ਪਾਉਂਦੇ' ਵਿਚ 12 ਕਹਾਣੀਆਂ ਨਿੱਕੇ ਅੰਬਰ 'ਤੇ ਵੱਡੀ ਉਡਾਰੀ, ਚੱਲ ਟਿਮ ਹੌਰਟਨ ਚੱਲੀਏ, ਅਜਿਹਾ, ਬਸੰਤ, ਰੱਬ ਜੀ, ਜਿਊਂਦਾ ਰਹਿ ਵੇ ਬੱਚੜਿਆ, ਮੋਰ ਪੈਲ ਕਿਉਂ ਨਹੀਂ ਪਾਉਂਦੇ, ਧੂੰਆਂ, ਪਿੰਡ ਆਏ ਨ੍ਹੀਂ ਮਰਦਾ, ਓਅਨਾ ਓਤਵਾਇਰ, ਸਿੱਧਾ ਬੰਦਾ ਤੇ ਦਰੌਣਾਚਾਰੀਆ ਆਦਿ ਹਨ। ਕਹਾਣੀਆਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ, ਮਿਥਿਹਾਸਕ ਤੇ ਇਤਿਹਾਸਕਤਾ ਅਧੀਨ ਮਨੁੱਖੀ ਜੀਵਨ ਸ਼ੈਲੀ ਦੇ ਵਰਤਾਰਿਆਂ ਉਤੋਂ ਪੈਂਦੇ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦੇ ਹਨ। ਕਹਾਣੀ 'ਮੋਰ ਪੈਲ ਕਿਉਂ ਨਹੀਂ ਪਾਉਂਦੇ' ਵਿਚ ਦਲਿਤ ਸਮਾਜ ਪੀੜ੍ਹੀ-ਦਰ-ਪੀੜ੍ਹੀ ਹੋ ਰਹੇ ਸ਼ੋਸ਼ਣ ਨੂੰ ਰੂਪਮਾਨ ਕੀਤਾ ਗਿਆ ਹੈ। ਪਿੰਡ ਤੋਂ ਦੂਰ ਜਾ ਕੇ ਸ਼ਹਿਰ ਰਹਿਣ ਦਾ ਸੰਤਾਪ, ਪਛਾਣ ਦਾ ਮਸਲਾ, ਜਾਤ-ਪ੍ਰਣਾਲੀ ਦੀ ਕੱਟੜਤਾ, ਸਮਾਜਿਕ ਬਣਤਰ, ਦਲਿਤਾਂ ਦੀ ਹੋਣੀ, ਔਰਤਾਂ ਦੀਆਂ ਦਮਿਤ ਭਾਵਨਾਵਾਂ, ਪੜ੍ਹੀ-ਲਿਖੀ ਸ਼੍ਰੇਣੀ ਦਾ ਮੂਕ ਦਰਸ਼ਕ ਬਣੇ ਰਹਿਣ ਬਾਰੇ ਤੱਥ ਪ੍ਰਾਪਤ ਹੁੰਦੇ ਹਨ। ਪਾਤਰ ਪਾਰੋ ਦਲਿਤ ਸਮਾਜ ਦੀਆਂ ਕੁੜੀਆਂ ਦੀ ਹੋਣੀ ਨੂੰ ਰੂਪਮਾਨ ਕਰਦੀ ਹੈ।
'ਬਸ ਸਾਡੀਆਂ ਗ਼ਰੀਬਾਂ ਦੀਆਂ ਐਮੇਂ ਰੀਝਾਂ ਈ ਹੁੰਦੀਆਂ, ਹੋਰ ਏਹਨਾਂ ਵਿਚਾਰਿਆਂ ਕਿਹੜਾ ਸਾਡੇ ਲਈ ਪੈਲਾਂ ਪਾਉਣੀਆਂ।' ਜਾਤ ਪ੍ਰਣਾਲੀ ਦੀ ਕੱਟੜਤਾ ਹਰੇਕ ਸਮਾਜ ਵਿਚ ਮੌਜੂਦ ਰਹੀ ਹੈ। ਅਨਪੜ੍ਹਤਾ ਕਾਰਨ ਇਸ ਨੇ ਵਿਕਰਾਲ ਰੂਪ ਧਾਰਨ ਕੀਤਾ ਪਰ ਕਹਾਣੀ ਵਿਚ ਜਾਤ ਪ੍ਰਣਾਲੀ ਦੀ ਸਮੱਸਿਆ ਉਦੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਹੈ, ਜਦ ਉੱਚ-ਸਿੱਖਿਆ ਪ੍ਰਾਪਤ ਤੇ ਪ੍ਰਿੰਸੀਪਲ ਦੇ ਅਹੁਦੇ ਉਥੋਂ ਬਿਰਾਜਮਾਨ ਜਗਦੇਵ ਸਿੰਘ ਵਰਗੇ ਜਿਨ੍ਹਾਂ ਸਿੱਖਿਆ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿਚੋਂ ਜਾਤ-ਪ੍ਰਣਾਲੀ ਨੂੰ ਖ਼ਤਮ ਕਰਨਾ ਸੀ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਮਨੁੱਖਤਾ ਨੂੰ ਜੋੜਨਾ ਸੀ, ਉਹ ਵੀ ਮੂਕ ਦਰਸ਼ਕ ਬਣ ਜਾਂਦੇ ਹਨ। ਜਗਦੇਵ ਸਿੰਘ ਨੂੰ ਜਾਤ ਪ੍ਰਣਾਲੀ ਤੋਂ ਉੱਪਰ ਉੱਠ ਕੇ ਭਣੇਵੀਂ ਵਜੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਲੜਕੇ ਨਾਲ ਵਿਆਹ ਕਰਵਾਉਣ ਦੇ ਹੱਕ ਵਿਚ ਖੜ੍ਹਨਾ ਚਾਹੀਦਾ ਸੀ, ਪਰ ਉਹ ਵੀ ਆਪਣੇ ਕਰਤੱਵ ਤੋਂ ਕੰਨੀ ਕਤਰਾਉਂਦਾ ਹੈ। ਪਤਨੀ ਦੇ ਬੋਲ:
'ਫੇਰ ਵੀ ਸ਼ੁਕਰ ਐ ਮੈਂ ਤਾਂ ਡਰਦੀ ਰਹੀ ਕਿਤੇ ਰਵਨੀਤ ਦੇ ਹੱਕ ਵਿਚ ਭਾਸ਼ਨ ਨਾ ਦੇਣ ਲੱਗ ਪਵੋ।'
ਪੜ੍ਹੀ-ਲਿਖੀ ਸ਼੍ਰੇਣੀ ਵੀ ਹੱਕ-ਸੱਚ ਲਈ ਆਵਾਜ਼ ਨਹੀਂ ਉਠਾਉਂਦੀ ਤਾਂ ਆਮ ਮਨੁੱਖ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਹੈ। ਕਹਾਣੀ 'ਨਿੱਕੇ ਅੰਬਰ 'ਤੇ ਵੱਡੀ ਉਡਾਰੀ' ਵਿਚ ਵੇਸ਼ਵਾਗਮਨੀ ਵਿਚ ਵੀ ਆਸ ਦੀ ਕਿਰਨ ਤੇ ਸਾਕਾਰਾਤਮਿਕ ਦ੍ਰਿਸ਼ਟੀਕੋਣ ਰੂਪਮਾਨ ਹੁੰਦਾ ਹੈ। ਚਿੱਕੜ ਵਿਚ ਕਮਲ ਫੁੱਲ ਵਾਂਗ ਜੈਸਿਕਾ ਦੀ ਜੀਵਨ ਸ਼ੈਲੀ ਦਾ ਬਿਰਤਾਂਤ:
'ਅੰਬਰ ਨਿੱਕਾ ਹੋਵੇ ਜਾਂ ਵੱਡਾ, ਕੋਈ ਫ਼ਰਕ ਨਹੀਂ ਪੈਂਦਾ, ਜੇ ਮਨ ਵਿਚ ਉੱਡਣ ਦਾ ਚਾਅ ਹੋਵੇ ਨਿੱਕੇ ਅੰਬਰ 'ਤੇ ਵੀ ਉੱਚੀ ਉਡਾਰੀ ਭਰੀ ਜਾ ਸਕਦੀ ਹੈ।'
ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਵਿਚ ਉਸ ਦੇ ਜੀਵਨ ਤਜਰਬਿਆਂ ਦੀ ਛੋਹ ਤੇ ਸਮਾਜ ਵਿਚ ਘਟਿਤ ਘਟਨਾਵਾਂ ਦੀ ਥਾਹ ਪ੍ਰਾਪਤ ਹੁੰਦੀ ਹੈ। ਪੁਸਤਕ ਦੀਆਂ ਕਹਾਣੀਆਂ ਗ੍ਰਹਿਣ ਅਧਿਐਨ ਦੀ ਮੰਗ ਕਰਦੀਆਂ ਹਨ, ਤਾਂ ਜੋ ਸਿਸਟਮ ਦੀਆਂ ਪੇਚਦੀਗੀਆਂ ਨੂੰ ਸਮਝਿਆ ਜਾ ਸਕੇ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਫੇਸਬੁੱਕ ਬਨਾਮ ਕਲੇਸ਼ ਬੁੱਕ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਤਕਦੀਰ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 94656-56214

ਤਰਸੇਮ ਸਿੰਘ ਭੰਗੂ ਮੂਲ ਰੂਪ ਵਿਚ ਕਹਾਣੀਕਾਰ ਹੈ। ਉਸ ਨੇ ਚਾਰ-ਪੰਜ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਆਲੋਚਕਾਂ ਵਿਚ ਚੰਗੀ ਥਾਂ ਬਣਾ ਲਈ ਹੋਈ ਹੈ। ਪਿਛਲੇ ਕੁਝ ਅਰਸੇ ਤੋਂ ਉਹ ਪੰਜਾਬੀ ਹਾਸ-ਵਿਅੰਗ ਵੱਲ ਵੀ ਰੁਚਿਤ ਹੋਇਆ ਹੈ। ਉਸ ਦੇ ਵਿਅੰਗ ਲੇਖ ਅਕਸਰ ਹੀ ਐਤਵਾਰੀ ਪਰਚਿਆਂ 'ਚ ਛਪਦੇ ਰਹਿੰਦੇ ਹਨ।
'ਫੇਸਬੁੱਕ ਬਨਾਮ ਕਲੇਸ਼ ਬੁੱਕ' ਉਸ ਦਾ ਪਲੇਠਾ ਹਾਸ-ਵਿਅੰਗ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੇ ਰੰਗ-ਬਿਰੰਗੇ 28 ਲੇਖ ਸ਼ਾਮਿਲ ਕੀਤੇ ਹਨ।
ਪਹਿਲੀ ਗੱਲ ਤਾਂ ਉਸ ਨੇ ਆਪਣੇ ਲੇਖਾਂ ਵਿਚ ਅੱਜ ਦੇ ਯਥਾਰਥ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹ ਰੋਜ਼ਮਰ੍ਹਾ ਦੀਆਂ ਕਦਰਾਂ-ਕੀਮਤਾਂ 'ਤੇ ਪੈਦਾ ਹੋ ਰਹੀ ਵਿਸੰਗਤੀਆਂ ਨੂੰ ਫੜਨ ਦਾ ਯਤਨ ਕਰਦਾ ਹੈ। ਉਸ ਦੇ ਵਿਸ਼ੇ ਬਿਲਕੁਲ ਨਵੇਂ ਨਕੋਰ ਹਨ। ਘਿਸੇ-ਪਿਟੇ ਵਿਸ਼ਿਆਂ ਨੂੰ ਉਹ ਆਪਣੇ ਲੇਖਾਂ ਦੇ ਨੇੜੇ ਨਹੀਂ ਲੱਗਣ ਦਿੰਦਾ।
ਨਾਵਾਂ-ਕੁਨਾਵਾਂ ਦੀ ਇਕ ਪੂਰੀ ਗੈਲਰੀ ਦੀ ਗੈਲਰੀ ਉਸ ਦੇ ਵਿਅੰਗ ਲੇਖਾਂ ਵਿਚ ਉਸਾਰੀ ਗਈ ਹੈ। ਭਾਨਾ ਭੁੱਖੜ, ਘੁੱਦਾ ਘੁੰਨਤਰੀ, ਚਤਰਾ ਚੂੰਢੀ, ਜੀਤਾ ਜੁਗਾੜੀ ਅਜਿਹੇ ਕੁ ਨਾਂਅ ਹਨ ਜਿਨ੍ਹਾਂ ਨੂੰ ਪੜ੍ਹਦਿਆਂ-ਸੁਣਦਿਆਂ ਹੀ ਹਾਸਾ ਛੁੱਟ-ਛੁੱਟ ਪੈਂਦਾ ਹੈ। ਅੱਜਕਲ੍ਹ ਇੰਟਰਨੈੱਟ ਤੇ ਫੇਸਬੁੱਕ ਦਾ ਜ਼ਮਾਨਾ ਹੈ। ਆਪਣੇ ਨਵੇਂ-ਨਕੋਰ ਵਿਸ਼ਿਆਂ ਵਿਚ ਉਹ 'ਫੇਸਬੁੱਕੀ ਜਿਊਂਦਾ', 'ਫੇਸਬੁੱਕ ਬਨਾਮ ਕਲੇਸ਼ ਬੁੱਕ' ਆਦਿ ਨੂੰ ਵੀ ਸ਼ਾਮਿਲ ਕਰਦਾ ਹੈ। ਕੋਰੋਨਾ ਬਾਰੇ ਵੀ ਉਹ 'ਜਦੋਂ ਕੋਰੋਨਾ ਸਿਰ ਚੜ੍ਹ ਬੋਲਿਆ' ਜਿਹੇ ਲੇਖ ਸ਼ਾਮਿਲ ਕਰਦਾ ਹੈ।
ਉਸ ਦੇ ਲੇਖਾਂ ਵਿਚ ਪੰਜਾਬੀ ਮੁਹਾਵਰੇ, ਅਖਾਣਾਂ, ਟੋਟਕੇ ਅਤੇ ਤਸਬੀਹਾਂ ਦੀ ਭਰਮਾਰ ਹੈ। ਇਹ ਅਖਾਣਾਂ ਅਤੇ ਮੁਹਾਵਰੇ ਉਸ ਦੇ ਲੇਖਾਂ ਵਿਚ ਰੌਚਿਕਤਾ ਪੈਦਾ ਕਰਦੇ ਹਨ। ਉਹ ਸਮਾਜ ਤੋਂ ਰਾਜਨੀਤੀ ਵੱਲ ਸਫ਼ਰ ਕਰਨ ਵਾਲਾ ਵਿਅੰਗਕਾਰ ਹੈ। ਉਸ ਦੇ ਲੇਖਾਂ ਦੀ ਭਾਸ਼ਾ ਚਟਪਟੀ ਹੈ, ਬੋਲਚਾਲ ਵਾਲੀ ਹੈ ਤੇ ਵਿਅੰਗ ਪਾਤਰ ਦੇ ਸਿਰ ਚੜ੍ਹ ਬੋਲਦਾ ਹੈ। ਉਸ ਤੋਂ ਹੋਰ ਵਧੇਰੇ ਚੰਗੇ ਵਿਅੰਗਾਂ ਦੀ ਉਮੀਦ ਕੀਤੀ ਜਾ ਸਕਦੀ ਹੈ। ਪੁਸਤਕ ਰੌਚਕ ਤੇ ਪੜ੍ਹਨਯੋਗ ਹੈ।

-ਕੇ.ਐਲ. ਗਰਗ
ਮੋਬਾਈਲ : 94635-37050

ਸਿਆਣੇ ਕਹਿੰਦੇ ਨੇ
ਸੰਪਾਦਕ : ਜਰਨੈਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 199, ਸਫ਼ੇ : 72
ਸੰਪਰਕ : 98152-98459

ਹਥਲੀ ਪੁਸਤਕ ਵਾਰਤਕ ਨਹੀਂ ਅਤੇ ਨਾ ਹੀ ਕਵਿਤਾ ਹੈ ਪਰ ਇਹ ਖੁੱਲ੍ਹੀ ਕਵਿਤਾ ਵਰਗਾ ਅਹਿਸਾਸ ਪੈਦਾ ਕਰਦੀ ਹੈ। ਪੰਜਾਬੀ ਸਾਹਿਤ ਵਿਚ ਸਿਆਣਪਾਂ ਦਾ ਲੇਖਨ ਵੀ ਇਕ ਵਿਧਾ ਵਾਂਗ ਸਾਹਮਣੇ ਆਇਆ ਹੈ। ਸ. ਨਰਿੰਦਰ ਸਿੰਘ ਕਪੂਰ ਨੇ ਇਸ ਵਿਧਾ ਨੂੰ ਚਰਮ ਸੀਮਾ ਤੱਕ ਪਹੁੰਚਾਇਆ ਹੈ। ਇਹ ਸਿਆਣਪਾਂ ਇਕ ਵਾਕ ਤੋਂ ਲੈ ਕੇ ਤਿੰਨ ਚਾਰ ਵਾਕਾਂ ਤੱਕ ਹੀ ਆਕਾਰ ਦੀਆਂ ਹਨ। ਜ਼ਿੰਦਗੀ ਵਿਚ ਸੁਕਰਾਤ ਨੇ ਬਹੁਤ ਸਾਰੀਆਂ ਸਿਆਣਪਾਂ ਲੋਕਾਂ ਨੂੰ ਦਿੱਤੀਆਂ। ਕਹਿੰਦੇ ਨੇ ਕਿ ਜਦ ਰਾਵਣ ਮਰਨ ਲੱਗਾ ਤਾਂ ਲਕਛਮਣ ਨੇ ਉਸ ਤੋਂ ਸਿੱਖਿਆ ਲਈ ਕੁਝ ਸ਼ਬਦ ਮੰਗੇ। ਰਾਵਨ ਕਿਉਂਕਿ ਚਾਰ ਵੇਦ ਪੜ੍ਹਿਆ ਪੰਡਿਤ ਸੀ। ਉਸ ਨੇ ਇਹ ਸਿਆਣਪ ਲਕਛਮਣ ਨੂੰ ਦਿੱਤੀ ਕਿ ਜੋ ਤੁਸੀਂ ਕੰਮ ਕਰਨਾ ਧਾਰ ਲਿਆ, ਉਸ ਨੂੰ ਕਰਨ ਸਮੇਂ 'ਸੱਜੇ ਨੂੰ ਖੱਬਾ ਨਾ ਉਡੀਕੇ', ਭਾਵ ਕਈ ਕਾਰਜ ਐਸੇ ਹੁੰਦੇ ਹਨ ਜੋ ਸਲਾਹੀਂ ਪੈ ਕੇ ਵਿਗੜ ਜਾਂਦੇ ਹਨ। 'ਇਕ ਅਤੇ ਇਕ ਗਿਆਰਾਂ ਹੁੰਦੇ ਹਨ' ਇਹ ਵੀ ਸਿਆਣਪ ਹੈ ਕਿਉਂਕਿ ਦੋ ਏਕੇ ਹੇਠ ਉੱਪਰ (ਲੜਦੇ) ਨਾ ਹੋਣ ਅਤੇ ਨਾਲ-ਨਾਲ ਖਲੋਣ ਤਾਂ 11 ਹੋ ਜਾਂਦੇ ਹਨ।
ਇਹ ਸਿਆਣਪਾਂ ਲੋਕ ਗੀਤਾਂ ਵਾਂਗ ਜਾਂ ਕਹਾਵਤਾਂ ਵਾਂਗ ਕਿਸੇ ਇਕ ਸਿਆਣੇ ਦੀ ਸਿਰਜਣਾ ਨਹੀਂ ਹੁੰਦੀਆਂ ਸਗੋਂ ਪੀੜ੍ਹੀ-ਦਰ-ਪੀੜ੍ਹੀ ਅਤੇ ਹਿੱਕ-ਦਰ-ਹਿਕ ਤੁਰ ਕੇ ਇਹ ਸਿਆਣਪਾਂ ਕੁੰਦਨ ਰੂਪ ਅਖ਼ਤਿਆਰ ਕਰਦੀਆਂ ਹਨ। ਸੰਪਾਦਕ ਜਰਨੈਲ ਸਿੰਘ ਨੇ ਬਹੁਤ ਸਾਰੀਆਂ ਸਿਆਣਪਾਂ ਤਾਂ ਬਾਲ ਉਪੇਦਸ਼ ਵਾਂਗ ਹੀ 'ਸਿਆਣੇ ਕਹਿੰਦੇ ਨੇ' ਦੇ ਸਟਾਈਲ ਵਿਚ ਕਹੀਆਂ ਨੇ ਪਰ ਬਹੁਤ ਹੋਰ ਸਿੱਧੀਆਂ ਹੀ ਲਿਖ ਦਿੱਤੀਆਂ ਹਨ। ਉਸ ਨੇ ਇਨ੍ਹਾਂ ਸਿਆਣਪਾਂ ਦੇ ਕਿਸੇ ਵੀ ਸਿਰਜਕ ਦਾ ਨਾਂਅ ਨਹੀਂ ਦਿੱਤਾ। ਆਓ ਇਸ ਪੁਸਤਕ ਦੀਆਂ ਸੰਸਾਰ ਪੱਧਰੀ ਸਿੱਖਿਆ ਪ੍ਰਦਾਨ ਕਰਦੀਆਂ ਕੁਝ ਸਿਆਣਪਾਂ ਪੜ੍ਹਦੇ ਹਾਂ:
-ਕੋਸ਼ਿਸ਼ ਏਹੋ ਜਿਹੀ ਚੀਜ਼ ਹੈ ਜੋ ਤੁਹਾਨੂੰ ਕਾਮਯਾਬੀ ਦਾ ਰਾਹ ਦਿਖਾਉਂਦੀ ਹੈ।
-ਆਪਣੇ ਆਪ ਨੂੰ ਸ਼ਾਂਤ ਰੱਖਣਾ ਸਿੱਖੋ। ਅੱਧੀ ਲੜਾਈ ਤਾਂ ਸ਼ਾਂਤ ਰਹਿਆਂ ਮੁੱਕ ਜਾਂਦੀ ਹੈ।
-ਕੀ ਕਰਨਾ ਉਨ੍ਹਾਂ ਕਮਾਈਆਂ ਨੂੰ ਜਿਸ ਨਾਲ ਸੁਖ ਹੀ ਨਹੀਂ ਖਰੀਦੇ ਜਾ ਸਕਦੇ।
-ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਵਿਚ ਕਾਮਯਾਬ ਹੋਣਾ ਹੁੰਦਾ, ਉਹ ਲੋਕ ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ।
-ਖਾਮੋਸ਼ ਦਾ ਮਤਲਬ ਲਿਹਾਜ਼ ਹੁੰਦੈ ਪਰ ਕਈ ਲੋਕ ਇਸ ਨੂੰ ਤੁਹਾਡੀ ਕਮਜ਼ੋਰੀ ਸਮਝ ਲੈਂਦੇ ਨੇ।
-ਰਿਸ਼ਤੇ ਤੋੜਦਿਆਂ ਮਿੰਟ ਲਗਦੈ ਪਰ ਬਣਾਉਂਦਿਆਂ ਉਮਰਾਂ ਲੱਗ ਜਾਂਦੀਆਂ।
-ਜਦੋਂ ਤੁਹਾਡੀ ਜੇਬ੍ਹ ਵਿਚ ਮੋਰੀ ਹੋ ਜਾਏ ਤਾਂ ਉਸ ਵਿਚ ਦੀ ਕੇਵਲ ਪੈਸੇ ਨਹੀਂ, ਰਿਸ਼ਤੇ ਵੀ ਕਿਰ ਜਾਂਦੇ ਨੇ। ਪੁਸਤਕ ਪੜ੍ਹਨ ਵਾਲੀ ਹੈ ਖ਼ਾਸ ਕਰ ਬਚਪਨ ਤਿਆਗਦਿਆਂ ਲਈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਪੰਜਾਬੀ ਗੀਤਕਾਰੀ ਸੰਦਰਭ ਅਤੇ ਸਰੋਕਾਰ
ਲੇਖਕ : ਡਾ. ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 98159-15898

ਪੰਜਾਬੀ ਗੀਤਕਾਰੀ ਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਲੋਕ-ਗੀਤਾਂ ਦੀ ਹਰਮਨ ਪਿਆਰਤਾ ਨੇ ਪੰਜਾਬੀ ਗੀਤਕਾਰੀ ਨੂੰ ਬੁਲੰਦੀਆਂ ਪ੍ਰਦਾਨ ਕੀਤੀਆਂ ਹਨ। ਪੰਜਾਬੀਅਤ ਦਾ ਅਸਲ ਮੁਹਾਂਦਰਾ ਲੋਕ-ਗੀਤਾਂ 'ਚੋਂ ਪੜ੍ਹਿਆ ਜਾ ਸਕਦਾ ਹੈ। ਵਿਚਾਰ ਅਧੀਨ ਪੁਸਤਕ ਇਨ੍ਹਾਂ ਸੰਕਲਪਾਂ ਦੀ ਤਰਜਮਾਨੀ ਕਰਦੀ ਹੈ। ਡਾ. ਜਸਪਾਲ ਸਿੰਘ ਜੱਸੀ ਪੁਆਧ ਦਾ ਮਾਣ-ਮੱਤਾ ਗਾਇਕ, ਲੇਖਕ ਤੇ ਅਧਿਆਪਕ ਹੈ, ਜਿਸ ਨੂੰ ਵਿਰਸੇ 'ਚੋਂ ਗਾਇਕੀ ਦੀ ਗੁੜ੍ਹਤੀ ਮਿਲੀ। ਆਲੋਚਨਾ ਦੀ ਇਹ ਪੁਸਤਕ ਕਈ ਪੱਖੋਂ ਤੋਂ ਨਿਵੇਕਲੀ ਅਤੇ ਗੰਭੀਰ ਸਮੀਖਿਆ 'ਤੇ ਆਧਾਰਿਤ ਹੈ। ਇਸ ਪੁਸਤਕ ਤੋਂ ਪਹਿਲਾਂ ਡਾ. ਜੱਸੀ ਦੀਆਂ ਪੁਸਤਕਾਂ ਦਿਲਜਾਨੀਆਂ (ਗੀਤ-ਸੰਗ੍ਰਹਿ), ਇੰਦਰਜੀਤ ਹਸਨਪੁਰੀ ਦੀ ਗੀਤ-ਕਲਾ ਅਤੇ ਪੰਜਾਬੀ ਗੀਤਕਾਰੀ ਅਤੇ ਗਾਇਕੀ ਸਿਧਾਂਤਕ ਪਰਿਪੇਖ ਆਪਣੀ ਖੋਜ ਵਿਧੀ ਕਾਰਨ ਧਿਆਨ ਕੇਂਦਰਤ ਹੋਈਆਂ। ਗੀਤ ਕਦੇ ਮਰਦਾ ਨਹੀਂ, ਮਨੁੱਖ ਤੇ ਗੀਤ ਦਾ ਰਿਸ਼ਤਾ ਆਦਿ-ਕਾਲ ਤੋਂ ਨਾਲ-ਨਾਲ ਤੁਰਦਾ ਆ ਰਿਹਾ ਹੈ। ਇਸ ਸੰਕਲਪ ਨੂੰ ਡਾ. ਜੱਸੀ ਨੇ ਬਹੁਤ ਸੰਜੀਦਗੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਦੇ ਚਾਰ ਅਧਿਆਇ ਹਨ। ਅਧਿਆਇ ਪਹਿਲਾ ਪੰਜਾਬੀ ਗੀਤਕਾਰੀ ਅਤੇ ਗਾਇਕੀ : ਸਿਧਾਂਤਕ ਪਰਿਪੇਖ ਦੀ ਗੱਲ ਕਰਦਾ, ਜਿਸ 'ਚ ਗੀਤ ਤੇ ਪ੍ਰਗੀਤ, ਗ਼ਜ਼ਲ, ਰੁਬਾਈ, ਕਾਫ਼ੀ ਆਦਿ ਨਾਲ ਸਾਂਝ ਅਤੇ ਨਿਖੇੜਾ ਬਾਰੇ ਖੋਜ-ਵਿਧੀ ਨਾਲ ਪੱਛਮੀ ਅਤੇ ਪੰਜਾਬੀ ਵਿਦਵਾਨਾਂ ਦੇ ਵਿਚਾਰਾਂ ਰਾਹੀਂ ਵਿਆਖਿਆ ਕੀਤੀ ਗਈ ਹੈ। ਤੱਤ ਇਹ ਹੈ ਕਿ ਗੀਤ ਸਾਹਿਤ ਦਾ ਪੁਰਾਤਨ ਰੂਪ ਹੈ, ਜਿਸ ਦਾ ਸੰਗੀਤ ਅਤੇ ਗਾਇਨ ਨਾਲ ਗੂੜ੍ਹਾ ਸੰਬੰਧ ਹੈ। ਗੀਤਾਂ ਦਾ ਆਰੰਭ ਮਨੁੱਖੀ ਜੀਵਨ ਦੇ ਆਰੰਭ ਤੋਂ ਹੈ। ਗੁਰਬਾਣੀ ਅਤੇ ਭਗਤੀ ਕਾਵਿ ਆਪਣੇ-ਆਪ ਵਿਚ ਗਿਆਨ ਗੀਤ ਹੈ, ਜੋ ਰਾਗਾਂ ਅਤੇ ਸਾਜ਼ਾਂ ਦੇ ਸੁਮੇਲ ਦਾ ਪ੍ਰਗਟਾਵਾ ਹਨ। ਡਾ. ਜੱਸੀ ਨੇ ਇਸ ਅਧਿਆਇ ਵਿਚ ਗੀਤਕਾਰੀ ਦੇ ਸੁਭਾਅ ਅਤੇ ਸਰੂਪ ਨੂੰ ਗਾਇਨ, ਸਰੋਤਾ, ਸੰਗੀਤ ਤੇ ਗਾਇਕੀ ਦੇ ਲੋਕ-ਗਾਇਕੀ ਤੇ ਸ਼ਾਸਤਰੀ ਗਾਇਨ ਦੇ ਸਰੂਪ ਬੜੀ ਬਾਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਧਿਆਇ ਦੂਜਾ 'ਚ ਪੰਜਾਬੀ ਗੀਤਕਾਰੀ ਅਤੇ ਗਾਇਕੀ ਦਾ ਆਰੰਭ ਅਤੇ ਵਿਕਾਸ ਨੂੰ ਕਿੱਸਾਕਾਰੀ, ਧਾਰਮਿਕ-ਇਤਿਹਾਸਕ ਪ੍ਰਸੰਗ, ਪੌਰਾਣਿਕ ਪ੍ਰਸੰਗ, ਵਿਅੰਗਕਾਰੀ ਤੇ ਸੂਰਮਗਤੀ ਦੇ ਪ੍ਰਸੰਗ ਨੂੰ ਵਰਣਨ ਕੀਤਾ ਹੈ। ਇਹ ਵੀ ਸਪੱਸ਼ਟ ਕੀਤਾ ਹੈ ਕਿ ਆਧੁਨਿਕ ਗੀਤਕਾਰੀ ਕਿਵੇਂ ਵਪਾਰਕ ਗੀਤਕਾਰੀ ਬਣੀ। ਇਸ ਦੇ ਪੜਾਅ-ਦਰ-ਪੜਾਅ ਮੌਖਿਕ, ਅਖਾੜਾ, ਰਿਕਾਰਡਿੰਗ, ਟੇਪ ਰਿਕਾਰਡਿੰਗ, ਸੀਡੀਜ਼ ਅਤੇ ਆਧੁਨਿਕ ਤਕਨਾਲੋਜੀ ਦੇ ਮਾਧਿਅਮ ਗੀਤਕਾਰੀ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਅਧਿਆਇ ਤੀਜਾ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਬਦਲਦੇ ਸਰੋਕਾਰਾਂ ਨਾਲ ਸੰਬੰਧਿਤ ਹੈ। ਕਿਵੇਂ ਲਾਊਡ ਗੀਤਕਾਰੀ ਨੇ ਸਾਡੀਆਂ ਭਾਵਨਾਵਾਂ ਅਤੇ ਰੁਚੀਆਂ ਨੂੰ ਮਾਰੂ ਦਿਸ਼ ਵੱਲ ਧਕੇਲ ਦਿੱਤਾ ਹੈ। ਸਰੋਦੀ ਤੇ ਸੁਰੀਲੀ ਗੀਤਕਾਰੀ ਨੂੰ ਮਿਲੀ ਪ੍ਰਸਿੱਧੀ ਅਤੇ ਪੈਸੇ ਦੀ ਲਾਲਸਾ ਨੇ ਕਿੰਝ ਪੰਜਾਬ ਦੀ ਅਮੀਰ ਗੀਤ ਦੀ ਵਿਰਾਸਤ ਨੂੰ ਦਬੋਚਿਆ ਹੈ, ਇਸ ਗੰਭੀਰ ਫ਼ਿਕਰਮੰਦੀ ਬਾਰੇ ਡਾ. ਜੱਸੀ ਦੀ ਚਿੰਤਾ ਚਿੰਤਨ ਕਰਨ ਵਾਲੀ ਹੈ। ਅਧਿਆਇ ਚੌਥਾ 1990 ਤੋਂ ਬਾਅਦ ਦੀ ਗੀਤਕਾਰੀ ਅਤੇ ਗਾਇਕੀ ਦਾ ਮੁੱਲ ਤੇ ਮੁਲਾਂਕਣ ਇਸ ਆਲੋਚਨਾਤਮਿਕ ਪੁਸਤਕ ਦਾ ਹਾਸਿਲ ਹੈ। ਹਰ ਅਧਿਆਇ ਤੋਂ ਬਾਅਦ ਹਵਾਲੇ ਤੇ ਟਿੱਪਣੀਆਂ ਨਾਲ ਸੰਬੰਧਿਤ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਇਹ ਸੱਚ ਹੈ ਕਿ ਮੰਡੀ ਦੇ ਸੱਭਿਆਚਾਰ ਨੇ ਪੰਜਾਬੀ ਗੀਤਕਾਰੀ ਨੂੰ ਖਪਤੀ ਸੱਭਿਆਚਾਰ ਵਿਚ ਤਬਦੀਲ ਕਰ ਦਿੱਤਾ। ਇਹ ਖੋਜ ਪੁਸਤਕ ਖੋਜਾਰਥੀਆਂ ਲਈ ਗਾਈਡ ਬੁੱਕ ਦਾ ਕੰਮ ਦੇ ਸਕਦੀ ਹੈ। ਡਾ. ਜੱਸੀ ਦੀ ਆਲੋਚਨਾ ਦੀ ਵਿਸ਼ੇਸ਼ਤਾ ਉਸ ਵਲੋਂ ਵਿਦਵਾਨਾਂ ਦੇ ਕਥਨਾਂ ਦੀ ਪੁਸ਼ਟੀ ਕਰਨਾ ਹੈ ਤੇ ਭਾਸ਼ਾ ਸਪੱਸ਼ਟ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਗੱਲਾਂ ਪਰਲੇ ਪਾਰ ਦੀਆਂ
ਲੇਖਕ : ਸਤਨਾਮ ਫਿਰੋਜ਼ਪੁਰੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 62842-02851

ਸਤਨਾਮ ਫਿਰੋਜ਼ਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ 'ਗੱਲਾਂ ਪਰਲੇ ਪਾਰ ਦੀਆਂ' ਆਮ ਲੋਕਾਂ ਦੇ ਮਸਲਿਆਂ ਨਾਲ ਸੰਬੰਧਿਤ ਕਾਵਿ-ਸੰਗ੍ਰਹਿ ਹੈ। ਛੋਟੇ ਆਕਾਰ ਦੀ ਇਸ ਪੁਸਤਕ ਵਿਚ ਕਵੀ ਦੀਆਂ ਛੋਟੇ ਆਕਾਰ ਵਾਲੀਆਂ ਰਚਨਾਵਾਂ ਦਰਜ ਹਨ। ਉਹ ਸਮਾਜਿਕ ਵਿਸ਼ਿਆਂ ਨਾਲ ਜੁੜੀ ਕਾਵਿ-ਰਚਨਾ ਕਰਦਾ ਹੈ ਤੇ ਮਾਨਵੀ ਰਿਸ਼ਤਿਆਂ ਦੀ ਪੇਸ਼ਕਾਰੀ ਵੀ ਕਰ ਜਾਂਦਾ ਹੈ। ਬਚਪਨ ਦੀ ਸਾਦਗੀ, ਪਹਿਲਾ ਪਿਆਰ, ਮੈਂ ਜੰਗਲ ਦੇ ਵਿਚ, ਆਖਰੀ ਕੋਸ਼ਿਸ਼, ਅੰਬਰਾਂ ਦਾ ਤਾਰਾ, ਸ਼ਹਿਰਾਂ ਦਾ ਸ਼ਹਿਰ, ਫੋਕੀ ਸ਼ੁਹਰਤ ਬਹੁਤ ਹੀ ਸਾਧਾਰਨ ਪਰ ਮਹੱਤਵਪੂਰਨ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਹਨ।
ਆਮ ਲੋਕਾਈ ਦਾ ਦੁੱਖ ਦਰਦ ਬਿਆਨ ਕਰਨ ਵਾਲਾ ਇਹ ਸ਼ਾਇਰ ਦੇਸ਼ ਪ੍ਰੇਮ ਦੀਆਂ ਰਚਨਾਵਾਂ ਵੀ ਲਿਖਦਾ ਹੈ। ਉਸ ਦੀ ਕਵਿਤਾ ਗੁੱਸੇ ਗਿਲੇ ਅਤੇ ਰੋਸਿਆਂ ਦਾ ਇਜ਼ਹਾਰ ਵੀ ਕਰਦੀ ਹੈ।
ਤੇਰੀ ਤਾਰੀਫ਼ ਮੁਹੱਬਤ ਹੈ
ਤੇਰੀ ਉਡੀਕ ਮੁਹੱਬਤ ਹੈ
ਅੰਜਨ ਮਾਹਿ ਨਿਰੰਜਨ
ਬੜੀ ਬਾਰੀਕ ਮੁਹੱਬਤ ਹੈ
ਉਹ ਆਪਣੀ ਧੀ ਦੀ ਮਾਸੂਮੀਅਤ ਰਾਹੀਂ ਕੁੱਲ ਦੁਨੀਆ ਦੀਆਂ ਧੀਆਂ ਪ੍ਰਤੀ ਪ੍ਰੇਮ ਅਤੇ ਸਨੇਹ ਦਾ ਪ੍ਰਗਟਾਵਾ ਕਰਦਾ ਹੈ।
ਮੈਨੂੰ ਝਲਕ ਖ਼ੁਦਾ ਦੀ ਪੈਂਦੀ ਏ
ਇਸ ਮਿੱਠੀ ਜਿਹੀ ਮੁਸਕਾਨ ਦੇ ਵਿਚੋਂ
ਕੁਲ ਕਾਇਨਾਤ ਹੈ ਝੋਲੀ ਮੇਰੀ
ਇਸ ਰੱਬ ਦੀ ਬਖਸ਼ੀ ਜਾਨ ਦੇ ਵਿਚੋਂ
ਉਹ ਇਕ ਮਜ਼ਦੂਰ ਦਿਹਾੜੀਦਾਰ ਦੀ ਮਨੋਵੇਦਨਾ ਨੂੰ ਵੀ ਬੜੀ ਡੂੰਘਾਈ ਨਾਲ ਮਹਿਸੂਸ ਕਰਦਾ ਹੈ।
ਇਹ ਬੱਠਲ ਕਹੀਆਂ ਮੇਰੇ ਸਾਥੀ ਨੇ
ਇਹ ਧਰਤੀ ਮੇਰੀ ਮਾਂ ਏ
ਇਹ ਤਪਦਾ ਸੂਰਜ ਮੈਨੂੰ ਤੰਗ ਨਹੀਂ ਕਰਦਾ
ਇਹ ਗਵਾਹੀ ਭਰਦਾ ਮੇਰੀ ਹੱਕ ਸੱਚ ਦੀ ਕਮਾਈ ਦੀ।
ਉਹ ਇਕ ਉੱਤਮ ਜੀਵਨ ਜਿਊਣ ਲਈ ਆਸ਼ਾਵਾਦੀ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਹ ਡੂੰਘੀਆਂ ਰਮਜ਼ਾਂ ਨਾਲ ਪਰਮਾਤਮਾ ਦੇ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਮਹਿਸੂਸ ਹੁੰਦਾ ਹੈ। 'ਧੀ ਗ਼ਰੀਬ ਦੀ' ਅਤੇ 'ਜੀਵਨ ਵਿਧਵਾ ਦਾ' ਨੰਨ੍ਹੀ ਛਾਂ ਕਵਿਤਾਵਾਂ ਰਾਹੀਂ ਉਸ ਨੇ ਸਮਾਜ ਦੀਆਂ ਬੰਦਿਸ਼ਾਂ ਵਿਚ ਘਿਰੀ ਹੋਈ ਔਰਤ ਦੀਆਂ ਮੁਸ਼ਕਿਲਾਂ ਨੂੰ ਪ੍ਰਗਟਾਇਆ ਹੈ। ਉਹ ਨਸ਼ਿਆਂ ਦੀ ਮਾਰ ਦਾ ਸ਼ਿਕਾਰ ਜਵਾਨੀ ਪ੍ਰਤੀ ਵੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ।
ਚੱਲ ਹੋ ਖੜ੍ਹੀ ਆਸਰੇ ਆਪਣੇ
ਜਵਾਨੀਏ-ਕਿਉਂ ਡਿਗਦੀ ਢਹਿਨੀ ਏ
ਸਮੁੱਚੇ ਤੌਰ 'ਤੇ ਕਵੀ ਸਤਨਾਮ ਫਿਰੋਜ਼ਪੁਰੀ ਦੀਆਂ ਇਹ ਰਚਨਾਵਾਂ ਨੂੰ ਹਾਲੇ ਹੋਰ ਪ੍ਰਪੱਕਤਾ ਦੀ ਲੋੜ ਹੈ। ਇਸ ਪੁਸਤਕ ਲਈ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਜਲੰਧਰ।

ਚਾਲ਼ੀ ਦਿਨ
ਲੇਖਕ : ਡਾ. ਧੁੱਗਾ ਗੁਰਪ੍ਰੀਤ
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 155
ਸੰਪਰਕ : 91158-72450

ਡਾ. ਗੁਰਪ੍ਰੀਤ ਸਿੰਘ ਧੁੱਗਾ ਕਿੱਤੇ ਵਜੋਂ ਫੇਅਰਫੀਲਡ, ਕੈਲੀਫ਼ੋਰਨੀਆ ਵਿਖੇ ਚੀਫ਼ ਮੈਡੀਕਲ ਡਾਇਰੈਕਟਰ ਹੈ। ਉਂਜ ਉਹ ਪਿੰਡ ਧੁੱਗਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਬਾਸ਼ਿੰਦਾ ਹੈ। ਵਿਚਾਰ ਅਧੀਨ ਪੁਸਤਕ ਤੋਂ ਪਹਿਲਾਂ ਉਸ ਨੇ ਸਿਹਤ ਨਾਲ ਸੰਬੰਧਿਤ 'ਹੈਲਥ ਗਾਈਡ' ਨਾਂਅ ਦੀ ਪੁਸਤਕ ਵੀ ਲਿਖੀ ਹੈ। 'ਚਾਲ਼ੀ ਦਿਨ' ਕੇਸਰ ਤੇ ਫ਼ਕੀਰ ਦਾ ਨਿਵੇਕਲਾ ਯਾਤਰਾ-ਬਿਰਤਾਂਤ ਹੈ, ਜਿਸ ਨੂੰ ਲੇਖਕ ਨੇ 'ਦਸਤਾਵੇਜ਼-ਏ-ਜ਼ਿੰਦਗੀ' ਤੇ ਪ੍ਰਕਾਸ਼ਕ ਨੇ 'ਨਾਵਲ' ਦੀ ਸ਼੍ਰੇਣੀ ਵਿਚ ਰੱਖਿਆ ਹੈ। ਮੇਰੀ ਜਾਚੇ ਇਹ ਵਾਰਤਕ ਦਾ ਇਕ ਨਵਾਂ ਰੂਪ ਹੈ, ਜੋ ਰਸੂਲ ਹਮਜ਼ਾਤੋਵ ਦੀ 'ਮੇਰਾ ਦਾਗ਼ਿਸਤਾਨ' ਨਾਲ਼ ਕਾਫ਼ੀ ਹੱਦ ਤੱਕ ਮਿਲਦੀ ਹੈ। ਡਾ. ਧੁੱਗਾ ਨੇ ਪੁਸਤਕ ਦੇ 42 ਭਾਗ ਬਣਾਏ ਹਨ, ਪਹਿਲਾ ਕਾਂਡ 'ਸਰਘੀ ਵੇਲ਼ਾ' ਤੇ ਆਖਰੀ 'ਢਲਦੇ ਪਰਛਾਵੇਂ' ਸਮੇਤ ਅੰਦਰ-ਵਾਰ ਪਹਿਲੇ ਦਿਨ ਤੋਂ ਚਾਲ਼ੀਵੇਂ ਦਿਨ ਦੇ ਹੋਰ ਚੈਪਟਰ ਹਨ। ਹਰ ਕਾਂਡ ਦੇ ਮੁੱਢ ਵਿਚ ਕੋਈ ਉਕਤੀ/ਕਾਵਿ ਪੰਕਤੀ ਉਧ੍ਰਿਤ ਹੈ। ਕਾਂਡਾਂ ਦੇ ਵਿਚ-ਵਿਚਾਲੇ ਵੀ ਅਜਿਹੀਆਂ ਸਿਆਣੀਆਂ/ ਦਾਰਸ਼ਨਿਕ ਸੂਕਤੀਆਂ ਉਪਲਬਧ ਹਨ। ਸਰਵਰਕ ਸੁਹਜ-ਸਲੀਕੇ ਵਾਲਾ ਹੈ, ਜਿਸ 'ਤੇ ਸਿਰਲੇਖ ਤੋਂ ਵੀ ਉੱਪਰ 'ਇਹ ਜੁ ਦੁਨੀਆ ਸਿਹਰੁ ਮੇਲਾ' ਗੁਰਵਾਕ ਸੁਭਾਇਮਾਨ ਹੈ, ਯਾਨੀ ਇਹ ਸੰਸਾਰ ਇਕ ਮੇਲੇ ਦੀ ਨਿਆਈਂ ਹੈ। ਹਰ ਕਾਂਡ ਵਿਚ ਛੋਟੀਆਂ-ਛੋਟੀਆਂ ਸਿੱਖਿਆ ਦਾਇਕ ਕਹਾਣੀਆਂ ਹਨ, ਗੁਰਬਾਣੀ ਦਾ ਬੋਧ-ਚਿੰਤਨ ਹੈ, ਜੋ ਜ਼ਿੰਦਗੀ ਦੇ ਕਰੂਰ ਯਥਾਰਥ ਅਤੇ ਹਕੀਕੀ ਮੰਜ਼ਰ ਦੇ ਰੂਬਰੂ ਕਰਦਾ ਹੈ। ਇਨ੍ਹਾਂ ਵਿਚ ਹਉਮੈ, ਹੰਕਾਰ, ਗੁੱਸਾ, ਅੰਤਰਯਾਮਤਾ, ਅਮੀਰੀ-ਗ਼ਰੀਬੀ, ਜੀਵਨ, ਦੁਖ, ਚਿੰਤਾ, ਵਿਸ਼ਵਾਸ, ਕਿਸਮਤ, ਉਧਾਰ, ਭੂਤ, ਭਵਿੱਖ, ਡਰ, ਸਿੱਖਣਾ, ਬੋਲਣਾ, ਸੁਣਨਾ, ਰਜ਼ਾ, ਸਬਰ, ਦੁਬਿਧਾ, ਫ਼ਿਕਰ, ਨਜ਼ਰ ਆਦਿ ਨੂੰ ਬੋਧ-ਕਥਾਵਾਂ, ਗੁਰਬਾਣੀ, ਲੋਕ-ਗਾਥਾਵਾਂ ਆਦਿ 'ਚੋਂ ਉਦਾਹਰਨਾਂ ਦੇ ਕੇ ਸਮਝਾਇਆ ਗਿਆ ਹੈ। ਕੇਸਰ ਤੇ ਫ਼ਕੀਰ ਦੀ ਯਾਤਰਾ ਵਿਚ ਬੇਬੇ ਤੇ ਜੀਤੀ ਦੀਆਂ ਯਾਦਾਂ ਨੂੰ ਸ਼ਾਮਿਲ ਕਰਕੇ ਰਾਹ ਵਿਚ ਮਿਲਦੇ ਯਾਤਰੀਆਂ, ਮੁਸਾਫ਼ਰਾਂ ਦੀਆਂ ਗੁੰਝਲਾਂ, ਔਕੜਾਂ ਨੂੰ ਸੁਲਝਾ ਕੇ ਆਮ ਆਦਮੀ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਉਪਰਾਲਾ ਹੈ। ਕੁਝ ਤੱਥ, ਜੋ ਕਿਤਾਬ ਦਾ ਹਾਸਲ ਹਨ:
* ਜਾਣਕਾਰੀ ਭਾਵੇਂ ਬੋਲਾਂ 'ਚੋਂ ਝਲਕ ਸਕਦੀ ਹੈ ਪਰ ਸਿਆਣਪ ਹਮੇਸ਼ਾ ਕਾਰ-ਵਿਹਾਰ 'ਚੋਂ ਹੀ ਦਿੱਸਦੀ ਹੈ। (86)
* ਜਲ ਹੈ ਤਾਂ ਕੱਲ੍ਹ ਹੈ। (92)
* ਪਾਣੀ ਹੈ ਤਾਂ ਪ੍ਰਾਣੀ ਹੈ। (93)
* ਬੰਦੇ ਨੂੰ ਸੰਤੋਖ, ਜਾਂ ਤਾਂ ਸਬਰ 'ਚ ਆਉਂਦੈ ਜਾਂ ਕਬਰ 'ਚ। (100)
* ਦੁਬਿਧਾ ਨੁਕਸਾਨ ਕਰਦੀ ਹੈ। ਫ਼ੈਸਲਾ ਲੈਣਾ ਜ਼ਰੂਰੀ ਹੈ। (101)
* ਦੂਰ ਜਾਣਾ ਹੋਵੇ ਤਾਂ ਹੌਲੀ ਹੌਲੀ ਤੁਰਨਾ ਚਾਹੀਦਾ ਹੈ। (107)
* ਨਿਉਲੇ ਤੇ ਸੱਪ ਦੀ ਲੜਾਈ ਵਿਚ ਜ਼ਹਿਰ ਕਿਸੇ ਕੰਮ ਨਹੀਂ ਆਉਂਦੀ। (122)
* ਬਲ਼ਦੇ ਦੀਵੇ ਦੀ ਕਦਰ ਰਾਤ ਦੇ ਹਨੇਰੇ ਵਿਚ ਹੀ ਪੈਂਦੀ ਹੈ। (137)
ਸੁਹਜ-ਸਲੀਕੇ ਨਾਲ ਵਧੀਆ ਕਾਗਜ਼ 'ਤੇ ਛਪੀ ਇਸ ਪੁਸਤਕ ਦੀ ਵੱਖਰੀ ਹੀ ਆਭਾ ਹੈ, ਜੋ ਪੜ੍ਹਨ, ਮਾਣਨ ਤੇ ਸੰਭਾਲ ਕੇ ਰੱਖਣ ਨਾਲ ਵਾਬਸਤਾ ਹੈ। ਇਸ ਕਿਤਾਬ ਵਿਚ ਇਹੋ ਕਸ਼ਿਸ਼ ਹੈ ਕਿ ਇਕਾਗਰਤਾ ਤੇ ਗੰਭੀਰਤਾ ਨਾਲ ਪੜ੍ਹਨ ਵਾਲਾ ਪਾਠਕ ਇਸ ਤੋਂ ਸਿਰਫ਼ ਅਨੰਦ ਅਤੇ ਰਸ ਹੀ ਨਹੀਂ ਮਾਣਦਾ, ਸਗੋਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਇਸ ਨੂੰ ਇਕੋ ਬੈਠਕ ਵਿਚ ਪੜ੍ਹ ਲਵੇ। ਕਿਤਾਬ ਦਾ ਕੋਈ ਵੀ ਹਿੱਸਾ ਕਿਤੋਂ ਵੀ ਪੜ੍ਹ ਲਵੋ, ਸਾਨੂੰ ਉੱਥੋਂ ਹੀ ਸਿੱਖਿਆ ਤੇ ਸਿਆਣਪ-ਭਰਪੂਰ ਉਕਤੀਆਂ ਮਿਲ ਜਾਣਗੀਆਂ ਤੇ ਇਹੋ ਇਸ ਕਿਤਾਬ ਦਾ ਹਾਸਿਲ ਹੈ। ਇਕ ਐਮ.ਡੀ. ਡਾਕਟਰ ਵਲੋਂ ਖ਼ੂਬਸੂਰਤ ਸਾਹਿਤ-ਸਿਰਜਣਾ ਦਾ ਖ਼ੈਰ-ਮਕਦਮ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

10-02-2024

ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ
ਲੇਖਕ : ਨਿਰਮਲ ਸਿੰਘ ਟਪਿਆਲਾ
ਪ੍ਰਕਾਸ਼ਕ : ਅਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 99153-15787

ਭਾਵੇ ਅਸੀਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਪਰ ਹਰ ਕਵੀ ਦੀ ਕਲਮ ਤੇ ਸੋਚ ਉਡਾਰੀ ਅਲੱਗ-ਅਲੱਗ ਹੁੰਦੀ ਹੈ ਤੇ ਇਸ ਕਿਤਾਬ ਅੰਦਰ ਲੇਖਕ ਨੇ ਬੈਂਤ ਰੂਪ 'ਚ ਬੜੇ ਸੁਚੱਜੇ ਢੰਗ ਨਾਲ ਤੇ ਇਕ ਉੱਚੀ ਪਰਵਾਜ਼ ਨਾਲ, ਹਰ ਪਾਠਕ ਦੇ ਸਮਝ ਆਉਣ ਵਾਲੀ ਸ਼ਬਦਾਵਾਲੀ ਦੀ ਵਰਤੋਂ ਕੀਤੀ ਹੈ, ਸ਼ਹਾਦਤ ਦੇ ਹਰ ਪੜਾਅ ਨੂੰ ਸ਼ੇਅਰਾਂ ਵਿਚ ਗੁੰਦਿਆ ਗਿਆ ਹੈ। ਲੇਖਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ 8 ਪੁਸਤਕਾਂ ਪਾ ਚੁੱਕਾ ਹੈ। ਕਾਵਿ-ਸੰਗ੍ਰਹਿ 'ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ' ਵਿਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਮਿਸਾਲੀ ਸ਼ਹਾਦਤ ਦੇ ਸਫ਼ਰ ਨੂੰ 'ਸਾਕਾ ਸਰਹਿੰਦ' ਸਿਰਲੇਖ ਹੇਠ ਘਟਨਾਵਾਂ ਦੀ ਤਰਤੀਬ ਅਨੁਸਾਰ ਬਹੁਤ ਖ਼ੂਬਸੂਰਤੀ ਨਾਲ ਕਲਮ-ਬੱਧ ਕੀਤਾ ਗਿਆ ਹੈ। ਵਿਸ਼ਾ ਪੱਖ ਤੋਂ ਉਸ ਨੇ ਇਤਿਹਾਸਕ ਤੱਥਾਂ ਦਾ ਡੂੰਘਾ ਅਧਿਐਨ ਕੀਤਾ ਹੈ ਤੇ ਇਨ੍ਹਾਂ ਦੀ ਰੌਸ਼ਨੀ ਵਿਚ ਹੀ ਉਹ ਸਾਰੇ ਸਾਕੇ ਨੂੰ ਚਿਤਰਦਾ ਹੈ। ਇਸ ਵਿਚਲੇ ਸਾਰੇ ਇਤਿਹਾਸਕ ਪਾਤਰਾਂ ਦੀ ਬੜੀ ਸੂਝ-ਬੂਝ ਨਾਲ ਤਸਵੀਰਕਸ਼ੀ ਕੀਤੀ ਹੈ। ਪੁਸਤਕ ਵਿਚ ਸਾਕਾ ਸਰਹਿੰਦ ਨੂੰ ਉਸ ਨੇ 13 ਭਾਗਾਂ ਵਿਚ ਵੰਡਿਆ ਹੈ, ਜਿਵੇਂ ਸਾਕਾ ਸਰਹਿੰਦ, ਗੰਗੂ ਪਾਪੀ ਨੇ ਮਾਤਾ ਜੀ ਦੇ ਸਾਮਾਨ ਦੀ ਫੋਲਾ-ਫਲਾਈ ਕਰਨੀ, ਗੰਗੂ ਪਾਪੀ ਦਾ ਮੋਰਿੰਡੇ ਥਾਣੇ ਪਹੁੰਚਣਾ, ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਹੋਣਾ। ਸੂਬੇ ਵਲੋਂ ਕਾਜ਼ੀ ਨੂੰ ਫਤਵਾਂ ਲਾਉਣ ਲਈ ਕਹਿਣਾ, ਕਚਹਿਰੀ ਵਿਚ ਦੂਜੀ ਪੇਸ਼ੀ, ਵਜ਼ੀਰ ਖਾਨ ਦੀ ਬੇਗ਼ਮ ਨੇ ਵੀ ਸੂਬੇ ਨੂੰ ਸਮਝਾਉਣਾ, ਦੂਸਰੇ ਦਿਨ ਸਿਪਾਹੀਆਂ ਨੇ ਸਾਹਿਬਜ਼ਾਦਿਆਂ ਨੂੰ ਲੈਣ ਆਉਣਾ। ਦੂਜੇ ਦਿਨ ਕਚਹਿਰੀ ਦਾ ਦ੍ਰਿਸ਼, ਪੰਮੇ ਲੰਙੇ ਨੇ ਸੂਬੇ ਕੋਲ ਚੁਗਲੀ ਲਾਉਣੀ, ਸਿੱਖ ਕੌਮ ਲਈ ਕੁਝ ਖ਼ਾਸ ਅਤੇ ਸ਼ਹੀਦੀ ਕਿਵੇਂ ਹੋਈ? ਲੇਖਕ ਦੀ ਕਲਮ-ਸੋਚ ਉਡਾਰੀ ਨੂੰ ਹਮੇਸ਼ਾ ਤੰਦਰੁਸਤੀਆਂ ਤੇ ਬੁਲੰਦੀਆਂ ਬਖਸ਼ੇ। ਪੁਸਤਕ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦਾ ਇਤਿਹਾਸਕ ਹਵਾਲਿਆਂ ਨਾਲ ਵੀ ਜ਼ਿਕਰ ਕਰਦਾ ਹੈ। ਕਲਾ ਪੱਖ ਤੋਂ ਉਸ ਦੀ ਰਚਨਾ ਸੰਜਮਤਾ, ਲੈਅ, ਪੁਖ਼ਤਗੀ ਤੇ ਰਵਾਨਗੀ ਨਾਲ ਭਰਪੂਰ ਹੈ। ਉਸ ਦੀਆਂ ਕਾਵਿ- ਸਤਰਾਂ ਪਾਠਕਾਂ ਦੇ ਮੂੰਹ 'ਤੇ ਆਪਮੁਹਾਰੇ ਹੀ ਚੜ੍ਹਨ ਵਾਲੀਆਂ ਹਨ। ਨਿਰਮਲ ਸਿੰਘ ਟਪਿਆਲਾ ਦਾ ਇਹ ਕਾਰਜ ਪੰਜਾਬੀ ਧਾਰਮਿਕ ਸਾਹਿਤ ਦੇ ਜਗਿਆਸੂਆਂ ਲਈ ਇਹ ਛੋਟੇ ਸਾਹਿਬਜ਼ਾਦਿਆਂ ਨੂੰ ਉੱਚੀ -ਸੁੱਚੀ ਸ਼ਰਧਾਂਜਲੀ ਹੈ। 'ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ' ਮਹਾਂ-ਕਾਵਿ ਦੀ ਸ਼ੈਲੀ ਵਾਲੀ ਪੜ੍ਹਨਯੋਗ ਪੁਸਤਕ ਹੈ। ਟਪਿਆਲਾ ਤੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਧੀਆ ਰਚਨਾਵਾਂ ਦੀ ਆਸ ਕਰਦੇ ਹਾਂ। ਸ. ਸ਼ੁਕਰਗੁਜ਼ਾਰ ਸਿੰਘ ਐਡਵੋਕੇਟ, ਸ. ਸਤਿੰਦਰ ਸਿੰਘ ਓਠੀ, ਪ੍ਰਿ੍ਰੰ. ਦਲਬੀਰ ਸਿੰਘ ਅਤੇ ਮਾਸਟਰ ਨਿਰਮਲ ਸਿੰਘ ਨੇ ਪੁਸਤਕ ਸੰਬੰਧੀ ਲੇਖਕ ਲਈ ਵਧਾਈ ਹਰਫ਼ ਵੀ ਲਿਖੇ ਹਨ। ਲੇਖਕ ਸ਼ਹੀਦੀ ਕੁਰਬਾਨੀਆਂ, ਬਾਬਾ ਕੁਲੀਵਾਲ ਸੱਚ ਦੇ ਨੇੜੇ ਜ਼ਿੰਦਗੀ ਦਾ ਕੌੜਾ ਸੱਚ, ਦਸ ਗੁਰੂ ਦਰਪਣ ਸੰਤਾਂ ਦੀਆਂ ਮੁਹਿੰਮਾਂ, ਅਣਗੌਲੇ ਸ਼ਬਦ ਵਰਗੀਆਂ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਥਲੀ ਅੱਠਵੀਂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਕਾਵਿ ਵੰਨਗੀ ਰਾਹੀਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ, ਜਿਸ ਵਿਚ ਇਨ੍ਹਾਂ ਨੇ ਕਾਵਿ ਉਡਾਰੀਆਂ ਤੇ ਸ਼ਰਧਾ ਦੀਆਂ ਚੁੱਭੀਆਂ ਲਾਉਂਦੇ ਹੋਇਆਂ ਇਸ ਪੁਸਤਕ ਰਾਹੀਂ ਸਿੱਖ ਕੌਮ ਦੀ ਇਤਿਹਾਸਕ ਸਾਹਿਤਕ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਹੈ। ਇਨ੍ਹਾਂ ਦੀ ਕਾਵਿ ਰਚਨਾ ਦਿਲ ਨੂੰ ਟੁੰਭਦੀ ਹੈ। ਬੰਦਸ਼ਾਂ ਤੋਂ ਉੱਪਰ ਜਾ ਕੇ ਆਪਣੇ ਫੁਰਨਿਆਂ ਨੂੰ ਕਾਵਿ ਦਾ ਰੂਪ ਪ੍ਰਦਾਨ ਕਰਦਿਆਂ ਟਪਿਆਲਾ ਨੇ ਇਤਿਹਾਸਿਕ ਸਾਕੇ ਨੂੰ ਕਾਵਿ ਉਡਾਰੀ ਵਿਚ ਪ੍ਰੋਣ ਦਾ ਸਾਰਥਿਕ ਯਤਨ ਕੀਤਾ ਹੈ। ਸਾਨੂੰ ਇਨ੍ਹਾਂ ਦੀ ਲਿਖਤ ਵਿਚ ਇਤਿਹਾਸ ਦੇ ਪੱਖ ਵੇਖਣ ਨੂੰ ਮਿਲਦੇ ਹਨ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਪਗਡੰਡੀਆਂ ਤੋਂ ਸ਼ਾਹਰਾਹ ਤੱਕ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 94630-62603

ਡਾ. ਅਰਵਿੰਦਰ ਸਿੰਘ ਜੀ.ਜੀ.ਐੱਨ. ਖ਼ਾਲਸਾ ਕਾਲਜ ਲੁਧਿਆਣਾ ਵਿਚ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹੈ। ਉਸ ਦਾ ਆਪਣਾ ਵਿਸ਼ਾ ਤਾਂ ਰਾਜਨੀਤੀ ਸ਼ਾਸਤਰ ਹੈ, ਜਿਸ ਦੇ ਅੰਤਰਗਤ ਉਸ ਨੇ 'ਸਿੱਖ ਪੋਲੀਟੀਕਲ ਥਾਟ' ਜਿਹੀ ਪੁਸਤਕ ਲਿਖ ਕੇ ਜ਼ਿਕਰਯੋਗ ਕਾਰਜ ਕੀਤਾ ਹੈ, ਪਰ ਇਸ ਦੇ ਨਾਲ-ਨਾਲ ਉਸ ਨੇ ਸਿੱਖ ਧਰਮ ਨਾਲ ਸੰਬੰਧਿਤ 8 ਕਿਤਾਬਾਂ ਦੀ ਰਚਨਾ ਵੀ ਕੀਤੀ ਹੈ। ਉਸ ਦੀਆਂ 3 ਕਿਤਾਬਾਂ ਪੰਜਾਬੀ ਵਿਚ ਵੀ ਛਪ ਚੁੱਕੀਆਂ ਹਨ। ਹਥਲੀ ਪੁਸਤਕ ਵਾਰਤਕ ਦੀ ਹੈ, ਜਿਸ ਵਿਚ ਇਕ-ਡੇਢ ਸਫ਼ੇ ਦੇ ਸੰਖਿਪਤ ਵਿਆਖਿਆਮਈ ਵਿਚਾਰ ਹਨ। ਇਹ ਲਿਖਤਾਂ ਹਨ ਤਾਂ ਸੰਖਿਪਤ, ਪਰ ਇਨ੍ਹਾਂ ਦੀ ਸ਼ਬਦਾਵਲੀ ਸਰਸ਼ਾਰ ਕਰਦੀ ਹੈ ਤੇ ਪਾਠਕ ਨੂੰ ਰੂਹਾਨੀ ਮਰਕਜ਼ ਦੇ ਦਰ 'ਤੇ ਲੈ ਜਾਂਦੀ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸਾਡਾ ਜੀਵਨ ਪਗਡੰਡੀਆਂ ਤੋਂ ਸ਼ਾਹਰਾਹ ਤੱਕ ਦਾ ਸਫ਼ਰ ਹੈ, ਜਿਸ ਵਿਚ ਦੁੱਖ-ਸੁਖ, ਖ਼ੁਸ਼ੀ-ਗ਼ਮੀ, ਹਾਸੇ-ਰੋਣੇ ਬਿਲਕੁਲ ਉਵੇਂ ਹੀ ਆਉਂਦੇ ਹਨ, ਜਿਵੇਂ ਸਫ਼ਰ ਕਰਦਿਆਂ ਰਾਹ ਵਿਚ ਟੋਏ-ਟਿੱਬੇ, ਜਲ-ਥਲ, ਉਚਾਣ-ਨਿਵਾਣ ਆਉਂਦੀ ਹੈ। ਪੁਸਤਕ ਵਿਚ ਦਰਜ ਇਨ੍ਹਾਂ 75 ਵਿਸ਼ਿਆਂ ਦੇ ਸਿਰਲੇਖ ਕਿਤੇ-ਕਿਤੇ ਬਹੁਤ ਲੰਮੇਰੇ ਹਨ। ਅਸਲ ਵਿਚ ਇਹ ਸਿਰਲੇਖ ਕਿਸੇ ਨਾ ਕਿਸੇ ਕਾਵਿ ਪੰਕਤੀ/ਟੂਕ 'ਤੇ ਆਧਾਰਿਤ ਹਨ ਤੇ ਉਸੇ ਉਕਤੀ ਦੀ ਵਿਆਖਿਆ ਨੂੰ ਲੇਖਕ ਨੇ ਆਪਣੇ ਨਜ਼ਰੀਏ ਤੋਂ ਕਲਮਬੱਧ ਕੀਤਾ ਹੈ। ਲੇਖਕ ਨੇ ਸਿੱਖਿਆਦਾਇਕ/ਵਿਆਖਿਆਮਈ ਪੱਧਤੀ ਵਾਂਗ ਇਨ੍ਹਾਂ ਵਿਚਾਰਾਂ ਦਾ ਨਿਰਵਾਹਣ ਕੀਤਾ ਹੈ। ਇਨ੍ਹਾਂ ਉਕਤੀਆਂ ਦੇ ਸਿਰਜਣਹਾਰਿਆਂ ਵਿਚ ਸ਼ਾਹ ਹੁਸੈਨ, ਰਹੀਮ, ਡਾ. ਇਕਬਾਲ, ਬੁੱਲ੍ਹੇ ਸ਼ਾਹ, ਬਾਬਾ ਨਜਮੀ, ਬਹਾਦਰ ਸ਼ਾਹ ਜ਼ਫ਼ਰ, ਵਜੀਦ, ਸੁਰਜੀਤ ਪਾਤਰ, ਫ਼ੈਜ਼, ਮੀਰ, ਕਜ਼ਲਬਾਸ਼, ਬਾਬਾ ਫ਼ਰੀਦ ਜਿਹੇ ਆਲਮ-ਫ਼ਾਜ਼ਿਲ ਦਾਨਿਸ਼ਵਰ/ ਦਾਰਸ਼ਨਿਕ ਪੇਸ਼-ਪੇਸ਼ ਹਨ। ਇਨ੍ਹਾਂ ਵਿਚਾਰਾਂ ਨੂੰ ਲੇਖਕ ਨੇ ਕਥਾ-ਰਸ ਰਾਹੀਂ ਗੁਰੂ, ਸ਼ਿਸ਼, ਦਰਵੇਸ਼, ਫ਼ਕੀਰ, ਸਾਈਂ, ਮੁਰੀਦ, ਵਲੀ ਆਦਿ ਸੁਖ਼ਨਵਰਾਂ ਦੀਆਂ ਸਾਕਾਰਾਤਮਕ ਟਿੱਪਣੀਆਂ ਦੁਆਰਾ ਰੂਪਮਾਨ ਕੀਤਾ ਹੈ। ਇਸ ਸੰਬੰਧੀ ਇਹ ਪੰਕਤੀਆਂ ਪੜ੍ਹਨਯੋਗ ਹਨ : 'ਬਜ਼ੁਰਗ ਨੇ ਫ਼ਰਮਾਇਆ ਕਿ ਕਾਸ਼, ਸਾਡੇ ਵਤਨ ਅੰਦਰ ਜ਼ਿੰਦਗੀ ਦਾ ਦਸਤੂਰ-ਅਲ-ਅਮਲ ਕੇਵਲ ਰਿਜ਼ਕ ਦੀ ਤਲਾਸ਼ ਤੱਕ ਮਹਿਦੂਦ ਨਾ ਹੁੰਦਾ ਅਤੇ ਕਾਸ਼, ਅਸੀਂ ਲੋਕ ਇਲਮ ਦੀ ਰੌਸ਼ਨੀ ਵਿਚ ਹਾਕਮਾਂ ਦੇ ਘਟੀਆ ਮਨਸੂਬਿਆਂ ਦੀ ਹਰ ਖ਼ਬਰ ਰੱਖਦੇ। ਮਜ਼ਹਬ ਅਤੇ ਵਤਨਪ੍ਰਸਤੀ ਦੇ ਹਕੀਕੀ ਮਾਇਨੇ ਸਮਝਣ ਦੀ ਕੋਈ ਕੋਸ਼ਿਸ਼ ਕਰਦੇ। ਕਾਸ਼, ਇਕ ਦੂਸਰੇ ਦੇ ਰੌਸ਼ਨ ਮੁਸਤਕਬਿਲ ਦੇ ਲਈ ਵੀ ਦੁਆ ਕਰਦੇ ਅਤੇ ਆਪਸੀ ਪਿਆਰ ਤੇ ਸਤਿਕਾਰ ਦੀਆਂ ਗੰਢਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੋਸ਼ਿਸ਼ ਕਰਦੇ। (ਪੰਨਾ 42) ਪ੍ਰਤੀਯੋਗਤਾ ਅਤੇ ਪ੍ਰਤੀਰੋਧ ਦੇ ਇਸ ਨਾਜ਼ੁਕ ਆਲਮ ਵਿਚ ਡਾ. ਅਰਵਿੰਦਰ ਸਿੰਘ ਦੀ ਇਹ ਪੁਸਤਕ ਸਵਾਂਤੀ ਬੂੰਦ ਨਿਆਈਂ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਭਾਈ ਵੀਰ ਸਿੰਘ ਜੀ
ਅਪ੍ਰਕਾਸ਼ਿਤ ਪੱਤਰ
ਸੰਪਾਦਕ : ਡਾ. ਪਰਮਵੀਰ ਸਿੰਘ, ਡਾ. ਕੁਲਵਿੰਦਰ ਸਿੰਘ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਦੇਹਰਾਦੂਨ
ਮੁੱਲ : 480 ਰੁਪਏ, ਸਫ਼ੇ : 340

ਭਾਈ ਵੀਰ ਸਿੰਘ ਇਕ ਬਹੁਪੱਖੀ ਲੇਖਕ, ਸਿੱਖ ਇਤਿਹਾਸਕਾਰ ਅਤੇ ਗੁਰਮਤਿ ਦਾ ਵਿਆਖਿਆਕਾਰ ਸੀ। 19ਵੀਂ ਸਦੀ ਵਿਚ ਸਿੱਖ ਧਰਮ ਵਿਚ ਜੋ ਪੁਨਰ-ਜਾਗ੍ਰਿਤੀ (ਰੈਨੇਸਾਂ) ਆਈ, ਉਸ ਦਾ ਸੂਤਰਧਾਰ ਵੀ ਉਹੀ ਬਣਿਆ। ਆਪਣੇ ਨਾਵਲਾਂ, ਕਵਿਤਾਵਾਂ, ਲੇਖਾਂ ਅਤੇ ਸੰਥਿਆਵਾਂ (ਸਟੀਕਾਂ) ਦੁਆਰਾ ਉਸ ਨੇ ਸਿੱਖ ਧਰਮ ਦੇ ਇਤਿਹਾਸ ਅਤੇ ਸਰੂਪ ਦੀ ਨਵੀਂ ਵਿਆਖਿਆ ਦਰਜ ਕੀਤੀ। ਅਜਿਹੇ ਵਿਅਕਤੀ ਦੀ ਹਰ ਲਿਖਤ ਮੁੱਲਵਾਨ ਅਤੇ ਪ੍ਰਾਸੰਗਿਕ ਹੁੰਦੀ ਹੈ। ਇਸ ਤੱਥ ਨੂੰ ਸਮਝਦਿਆਂ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਨੇ ਉਸ ਦੇ ਕੁਝ ਅਪ੍ਰਕਾਸ਼ਿਤ ਪੱਤਰਾਂ (ਚਿੱਠੀਆਂ) ਨੂੰ ਇਕੱਠਾ ਕਰ ਕੇ ਸਾਂਭ ਲਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਦੀਆਂ ਕੁਝ ਚਿੱਠੀਆਂ ਨੂੰ 'ਪਿਆਰੇ... ਜੀਉ'। ਦੇ ਸਿਰਲੇਖ ਅਧੀਨ ਪ੍ਰਕਾਸ਼ਿਤ ਕੀਤਾ ਸੀ। ਇਹ ਪੁਸਤਕ ਉਸੇ ਉਪਰਾਲੇ ਦਾ ਇਕ ਹੋਰ ਮਹੱਤਵਪੂਰਨ ਵਿਸਤਾਰ ਹੈ। ਇਸ ਵਿਚ ਪ੍ਰਕਾਸ਼ਿਤ ਪੱਤਰਾਂ ਦਾ ਵਰਗੀਕਰਨ ਇਸ ਪ੍ਰਕਾਰ ਹੈ : 1. ਗੁਰਮਤਿ ਸਿਧਾਂਤ ਪੱਤਰ, 2. ਇਤਿਹਾਸਕ ਪੱਤਰ, 3. ਗੁਰਮਤਿ ਸਾਂਝਾਂ, 4. ਸ਼ੋਕ-ਨਿਵਾਰਨ ਪੱਤਰ ਅਤੇ 5. ਫੁਟਕਲ ਪੱਤਰ। ਅੰਤਿਕਾਵਾਂ ਵਿਚ ਕੁਝ ਸਹਾਇਕ ਸਮੱਗਰੀ ਦਿੱਤੀ ਗਈ ਹੈ। ਅਰਥਾਵਲੀ, ਨਾਵਾਂ-ਥਾਵਾਂ ਦਾ ਵੇਰਵਾ ਅਤੇ ਪ੍ਰਮੱਖ ਸ਼ਖ਼ਸੀਅਤ ਬਾਰੇ ਜ਼ਰੂਰੀ ਜਾਣਕਾਰੀ ਵੀ ਦਿੱਤੀ ਗਈ ਹੈ। ਇਉਂ ਇਹ ਪੁਸਤਕ ਇਕ ਮੁਕੰਮਲ ਸਰੋਤ-ਗ੍ਰੰਥ ਹੈ। 18 ਅਕਤੂਬਰ, 1911 ਨੂੰ ਲਿਖੇ ਇਕ ਪੱਤਰ ਵਿਚ ਭਾਈ ਸਾਹਿਬ ਫੁਰਮਾਉਂਦੇ ਹਨ ਕਿ ਆਮ ਅਸੂਲ ਇਹ ਹੈ ਕਿ ਨਿਤਨੇਮ ਜੀਵਨ-ਪ੍ਰਯੰਤ ਨਹੀਂ ਛੱਡਣਾ।... ਸੁਖਮਨੀ ਸਾਹਿਬ ਜਾਂ ਜਪੁ ਸਾਹਿਬ ਆਦਿ ਬਾਣੀ ਪੜ੍ਹਦੇ ਰਹਿਣਾ। ਜਿਹੜੀ ਤੁਕ ਚੰਗੀ ਲੱਗੇ, ਉਸੇ ਨੂੰ ਪੜ੍ਹਦੇ ਰਹਿਣਾ। ...ਸਾਡੀ ਪਛਾਣ ਇਹ ਹੈ ਕਿ ਜਿਥੇ ਰਸ ਪੂਰਬਕ ਮਨ ਲੱਗਦਾ ਹੈ, ਉਹ ਕਰਨੇ ਜੋਗ ਹੈ ਤੇ ਨਿਤਨੇਮ ਜ਼ਰੂਰ ਕਰਨਾ ਹੈ (ਪੰ. 111)। ਇਹ ਪੁਸਤਕ ਗੁਰਸਿੱਖੀ ਦੇ ਕਥਾਵਾਚਕਾਂ ਲਈ ਇਕ ਸਰੋਤ-ਪੁਸਤਕ ਹੈ ਅਤੇ ਉਨ੍ਹਾਂ ਨੂੰ ਜ਼ਰੂਰ ਇਹ ਪੜ੍ਹਨੀ ਚਾਹੀਦੀ ਹੈ। ਸਾਡੇ-ਤੁਹਾਡੇ ਵਰਗੇ ਆਮ ਪੰਜਾਬੀਆਂ ਲਈ ਵੀ ਇਹ ਪੁਸਤਕ ਕਾਫ਼ੀ ਮੁੱਲਵਾਨ ਹੈ। ਡਾ. ਪਰਮਵੀਰ ਸਿੰਘ ਅਤੇ ਉਸ ਦੀ ਟੀਮ ਨੂੰ ਹਾਰਦਿਕ ਮੁਬਾਰਕਾਂ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਪਾਤਾਲ 'ਚੋਂ
ਕਵੀ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 92
ਸੰਪਰਕ : 094160-61061

ਰਮੇਸ਼ ਕੁਮਾਰ ਪੰਜਾਬੀ ਸਾਹਿਤ ਵਿਚ ਜਾਣਿਆ ਪਛਾਣਿਆ ਨਾਂਅ ਹੈ। ਉਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ 'ਚ 24 ਸ਼ਾਨਦਾਰ ਪੁਸਤਕਾਂ ਪਾਈਆਂ, ਜਿਨ੍ਹਾਂ ਵਿਚੋਂ 15 ਪੁਸਤਕਾਂ ਕਵਿਤਾ ਦੀਆਂ ਹਨ। ਬੌਣੀਆਂ ਕਿਰਨਾਂ ਤੇ ਉਦਾਸ ਗੁਲਮੋਹਰ, ਹੈਂਗਰ 'ਤੇ ਲਟਕਦੇ ਪਲ, ਬਦਲਾਂ ਦੇ ਹਾਸ਼ੀਏ, ਆਵਾਜ਼ ਦੀ ਵਿੱਥ ਤੋਂ, ਖੂਹਾਂ ਦੇ ਖਿਲਾਅ, ਕਾਵਿ ਪੁਸਤਕਾਂ ਜ਼ਿਕਰਤ ਰਹੀਆਂ। ਰਮੇਸ਼ ਨੇ ਕਹਾਣੀ, ਅਲੋਚਨਾ, ਜੀਵਨੀ, ਹਿੰਦੀ ਤੋਂ ਅਨੁਵਾਦ ਅਤੇ ਕਾਵਿ ਸੰਪਾਦਨਾ ਵੀ ਕੀਤੀ। ਉਹ ਹੁਣ 75ਵੇਂ ਸਾਲ ਨੂੰ ਪਾਰ ਕਰ ਗਿਆ ਹੈ ਅਤੇ ਉਸ ਦੀ ਕਲਮ ਹਮੇਸ਼ਾ ਸਿਰਜਣ ਪ੍ਰਕਿਰਿਆ ਵਿਚ ਹੈ। ਉਸ ਦੀ ਆਲੋਚਨਾ ਪੁਸਤਕ 'ਨਾਨਕ ਬਾਣੀ ਦਾ ਛੰਦ ਵਿਧਾਨ' ਕਾਫ਼ੀ ਪਸੰਦ ਕੀਤੀ ਗਈ ਸੀ। ਹਥਲੀ ਕਾਵਿ-ਪੁਸਤਕ 92 ਸਫ਼ਿਆਂ ਵਿਚ 51 ਦਰਮਿਆਨੇ ਅਕਾਰ ਦੀਆਂ ਗਹਿਰ ਗੰਭੀਰ ਕਵਿਤਾਵਾਂ ਹਨ, ਇਹ ਸਾਰੀਆਂ ਕਵਿਤਾਵਾਂ ਸਮਕਾਲ ਦੀਆਂ ਲਖਾਇਕ ਹਨ। ਉਸ ਨੇ ਆਖ਼ਰੀ ਚਾਰ ਕਵਿਤਾਵਾਂ 'ਜੰਗ' ਸ਼ਬਦ ਦੇ ਘਿਨਾਉਣੇ ਅਰਥਾਂ ਲਈ ਲਿਖੀਆਂ ਹਨ। 'ਯੂਕਰੇਨ ਦੀਆਂ ਚਿੜੀਆਂ', 'ਧੂਏਂ ਦੇ ਗੁਬਾਰ', 'ਯੁੱਧ ਅਤੇ ਯੂਕਰੇਨ', 'ਅਜੋਕਾ ਜੰਗਲ' ਪ੍ਰਸਥਿਤੀਆਂ ਦੀ ਉਪਜ ਹਨ। ਇਨ੍ਹਾਂ ਦੀਆਂ ਕੁਝ ਟੂਕਾਂ ਲਿਖਣ ਯੋਗ ਹਨ। 'ਯੁੱਧ', ਕੋਈ ਕ੍ਰਿਕਟ ਦਾ ਮੈਚ ਨਹੀਂ ਹੁੰਦਾ, ਜੋ ਤੁਸੀਂ, ਆਪਣੇ ਟੀ.ਵੀ. 'ਤੇ ਬਾਲ ਦਰ ਬਾਲ ਦੇਖ ਕੇ ਜਾਓਗੇ, ਯੁੱਧ ਵਿਚ, ਕੋਈ ਨੋ ਬਾਲ ਨਹੀਂ ਹੁੰਦਾ, ਕੋਈ ਅੰਪਾਇਰ ਨਹੀਂ ਹੁੰਦਾ... ਯੁੱਧ ਵਿਚ/ਕਦੇ ਵੀ ਕੋਈ ਵੀ ਨਹੀਂ ਜਿੱਤਦਾ...। ਕਵਿਤਾ 'ਧੂੰਏਂ ਦੇ ਗੁਬਾਰ' ਵਿਚ ਰਮੇਸ਼ ਕਹਿੰਦਾ ਹੈ, 'ਕੌਣ ਹਨ ਇਹ ਲੋਕ ਜੋ ਤੋਪਾਂ ਦੀ ਜੂਨ ਹੰਢਾਉਂਦੇ ਹਨ, ਮਿਜ਼ਾਇਲਾਂ ਦੇ ਖੰਭਾਂ 'ਤੇ ਸਵਾਰ...। ਉਹ 'ਕੁੱਤੇ' ਕਵਿਤਾ ਵਿਚ ਗਹਿਰੀ ਗੱਲ ਕਰਦਾ ਹੈ : 'ਕੁੱਤੇ, ਬਹੁਤ ਵਾਰ, ਭੌਂਕਦੇ ਹੀ ਰਹਿੰਦੇ ਹਨ, ਕੂਕਦੇ ਹੀ ਰਹਿੰਦੇ ਨੇ... ਪਰ ਫਿਰ ਵੀ ਚੰਗੇ ਨੇ ਇਹ, ਗੁਬਾਰ ਤਾਂ ਕੱਢ ਲੈਂਦੇ ਨੇ, ਆਪਣਾ, ਕੁੱਤੇ ਮੈਥੋਂ ਉਤੇ, ਕਵੀ ਆਪਣੀ ਪੁਸਤਕ ਦੇ ਆਪ ਲਿਖੇ ਆਦਿ ਕਥਨ ਵਿਚ ਭਾਰਤ ਦੇਸ਼ ਵਲੋਂ ਗਰਕ ਰਹੇ ਮਿਆਰ ਵਿਚ ਚਲੇ ਜਾਣ ਤੋਂ ਚਿੰਤਤ ਹੈ। ਇਹ ਦੇਸ਼ ਜਿਹੜੇ ਪਤਾਲ ਵੱਲ ਜਾ ਰਿਹਾ ਹੈ, ਉਥੋਂ ਮੁੜ ਗੌਰਵ ਦੇ ਆਕਾਸ਼ ਵੱਲ ਪਰਤਦਿਆਂ ਸਦੀਆਂ ਲੱਗ ਜਾਣਗੀਆਂ। ਰਮੇਸ਼ ਇਕ ਸੰਕੇਤਕ ਭਾਸ਼ਾ ਦਾ ਨਾਇਕ ਤੇ ਨਵੀਨ ਕਵੀ ਹੈ। ਉਸ ਦੀਆਂ ਪਤਾਲ ਅਤੇ ਆਕਾਸ਼ ਨੂੰ ਪ੍ਰੀਭਾਸ਼ਿਤ ਕਵਿਤਾਵਾਂ ਵਾਚਣ ਵਾਲੀਆਂ ਹਨ। ਉਸ ਦੇ ਕਈ ਕਾਵਿ ਬੰਦ ਅਖਵਾਉਂਦਾ ਸਿਰਨਾਵਾਂ ਜਾਪਦੀਆਂ ਹਨ ਜਿਵੇਂ : 'ਸ਼ੀਸ਼ੇ ਵਿਚ ਜੜੇ ਸ਼ਬਦ, ਕਦੇ ਵੀ, ਸੰਵਾਦ ਨਹੀਂ ਹੁੰਦੇ।' 'ਦਾਦੀ ਸਾਡੀ ਕਿਹਾ ਕਰਦੀ, ਤਿੜਕਿਆ, ਟੁੱਟਿਆ ਸ਼ੀਸ਼ਾ, ਘਰ ਨਹੀਂ ਰੱਖੀ ਦਾ, ਪੁੱਤ ਮਾੜਾ ਹੁੰਦੈ', 'ਚੱਪੂ ਮਲਾਹਾਂ ਨੂੰ ਪੁੱਛਦੇ ਹਨ, ਰਾਹ ਰਾਹਾਂ ਨੂੰ ਪੁੱਛਦੇ ਹਨ, ਕਾਇਦੇ ਕਾਨੂੰਨਾਂ ਨੂੰ ਪੁੱਛਦੇ ਹਨ, ਅਰਥ ਪੈਰਾਂ ਨੂੰ ਚੁੱਭਦੇ ਹਨ, ਸ਼ਬਦ ਮੱਥਿਆਂ 'ਚ ਵੱਜਦੇ ਹਨ। ਬਹੁਤ ਸਾਰੀਆਂ ਕਵਿਤਾਵਾਂ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ ਗਹਿਰੀਆਂ ਸਚਾਈਆਂ ਪੇਸ਼ ਕਰਦੀਆਂ ਹਨ। ਗਹਿਨ ਅਧਿਐਨ ਲੋੜੀਂਦੀ ਕਿਤਾਬ ਨੂੰ ਜੀ ਆਇਆਂ ਹੈ।'

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਲੋਕ ਕਾਵਿ-ਰੂਪ : ਰੰਗ
ਲੇਖਕ : ਡਾ. ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁੱਲ : 286 ਰੁਪਏ, ਸਫ਼ੇ : 288
ਸੰਪਰਕ : 94171-40380

ਹਰਨੇਕ ਸਿੰਘ ਹੇਅਰ ਬੇਸ਼ੱਕ ਨਾਵਲ-ਰਚਨਾ ਨਾਲ ਵੀ ਜੁੜਿਆ ਹੋਇਆ ਹੈ ਪਰ ਉਸ ਦਾ ਖੋਜ ਖੇਤਰ ਲੋਕ ਧਾਰਾ ਹੋਣ ਕਰਕੇ ਮੂਲ ਰੂਪ ਵਿਚ ਉਸ ਦੀ ਦਿਲਚਸਪੀ ਲੋਕਧਾਰਾ ਅਤੇ ਸੱਭਿਆਚਾਰ ਦੇ ਖੇਤਰ ਦੀ ਖੋਜ ਨਾਲ ਹੀ ਸੰਬੰਧਿਤ ਦੇਖੀ ਜਾ ਸਕਦੀ ਹੈ। ਕਿਉਂਕਿ ਡਾ. ਹਰਨੇਕ ਖ਼ੁਦ ਆਪ ਉਨ੍ਹਾਂ ਲੋਕਾਂ ਵਿਚ ਵਿਚਰਦਾ ਰਿਹਾ ਹੈ, ਜਿਨ੍ਹਾਂ ਨੇ ਲੋਕ ਕਲਾਵਾਂ ਦੇ ਬਹਮੁੱਲੇ ਵਿਰਸੇ ਨੂੰ ਸਾਂਭਿਆ ਹੋਇਆ ਹੈ, ਜਿਸ ਕਰਕੇ ਇਨ੍ਹਾਂ ਲੋਕਾਂ ਦੇ ਵਿਸਰ ਜਾਣ ਨਾਲ ਇਹ ਕਲਾਵਾਂ ਵੀ ਕਿਧਰੇ ਵਿਸਰ ਨਾ ਜਾਣ, ਇਹੀ ਖ਼ਦਸ਼ਾ ਉਸ ਨੂੰ ਲੋਕ ਕਾਵਿ-ਰੂਪ ਰੰਗ ਦੀ ਇਕੱਤਰਤਾ ਪਹਿਚਾਣ ਅਤੇ ਇਸ ਦੇ ਲੋਕਧਾਰਾਈ ਮਹੱਤਵ ਨੂੰ ਪੇਸ਼ ਕਰਨ ਦੀ ਖਿੱਚ ਪਾਉਂਦਾ ਹੈ। ਬਹੁਤ ਸਾਰੇ ਪੰਜਾਬੀ ਲੋਕਧਾਰਾ ਨਾਲ ਜੁੜੇ ਵਿਦਵਾਨ ਲੋਕ ਸਾਹਿਤ ਦੀ ਇਕੱਤਰਤਾ ਵਿਚ ਆਪਣਾ ਸਰਦਾ ਬਣਦਾ ਯੋਗਦਾਨ ਪਾਉਂਦੇ ਰਹੇ ਹਨ ਪਰ ਲੋਕ ਕਾਵਿ-ਰੂਪ 'ਰੰਗ' ਬਾਰੇ ਬਹੁਤ ਘੱਟ ਹੀ ਜ਼ਿਕਰ ਆਇਆ ਹੈ ਤੇ ਹਰਨੇਕ ਇਸ ਕਾਰਜ ਲਈ ਵਧਾਈ ਦਾ ਹੱਕਦਾਰ ਵੀ ਹੈ। ਉਸ ਨੇ ਇਸ ਪੁਸਤਕ ਵਿਚ ਲੋਕ ਕਾਵਿ-ਰੂਪ 'ਰੰਗ' ਦੇ ਵਿਧਾਗਤ ਪਸਾਰਾਂ ਬਾਰੇ ਚਾਨਣਾ ਪਾਉਂਦਿਆਂ ਇਨ੍ਹਾਂ ਦੀ ਇਕੱਤਰਤਾ ਕਰਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਜਦੋਂ ਅਸੀਂ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਇਹ ਕਾਵਿ-ਰੂਪ 'ਅਖਾੜਾ' ਗਾਇਕੀ ਦੀ ਇਕ ਕਿਸਮ ਹੁੰਦੀ ਸੀ, ਜੋ ਮੇਲਿਆਂ ਜਾਂ ਖ਼ੁਸ਼ੀ ਦੇ ਇਕੱਠਾਂ ਵਿਚ ਗਾਇਕੀ ਦੇ ਰੂਪ ਵਿਚ ਗਾਇਕਾਂ ਦੀ 'ਤਿੱਕੜੀ' ਵਲੋਂ ਪੇਸ਼ ਕੀਤੀ ਜਾਂਦੀ ਸੀ, ਜੋ ਅਖਾੜੇ ਵਿਚ ਗੇੜਾ ਲਾਉਂਦਿਆਂ ਹੋਇਆਂ ਅਲਗੋਜ਼ੇ, ਤੂੰਬਾ ਵੀ ਵਜਾਉਂਦੇ ਸਨ ਅਤੇ ਲੋਕ ਗਾਥਾਵਾਂ ਦੀ ਪੇਸ਼ਕਾਰੀ ਵੀ ਕਰਦੇ ਸਨ। ਸਰੋਤਿਆਂ ਦਾ ਪਿੜ ਉਨ੍ਹਾਂ ਉਤੇ ਪੈਸਿਆਂ ਦੀ ਬਰਸਾਤ ਵੀ ਕਰਦਾ ਸੀ ਪਰ ਹੁਣ ਅਖਾੜਿਆਂ ਦਾ ਰੂਪ ਬਦਲ ਜਾਣ ਅਤੇ ਲੋਕ ਧਾਰਾਈ ਕਦਰਾਂ-ਕੀਮਤਾਂ ਉਤੇ ਪੈਸਾਵਾਦੀ ਕਦਰਾਂ-ਕੀਮਤਾਂ ਦਾ ਬੋਲਬਾਲਾ ਹੋਣ ਨਾਲ ਇਹ ਰਵਾਇਤੀ ਵਿਰਾਸਤੀ ਗਾਇਕੀ ਵੀ ਹੌਲੀ-ਹੌਲੀ ਅਲੋਪ ਹੋ ਚੁੱਕੀ ਹੈ, ਜਿਸ ਨੂੰ ਸੰਭਾਲਣ ਅਤੇ ਪੰਜਾਬੀਆਂ ਦੇ ਦਿਲਾਂ ਵਿਚ ਇਸ ਦੀ ਆਭਾ ਜਗਾਉਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਇਕੀਗਾਈ
ਮੂਲ ਲੇਖਕ : ਹੈਕਟਰ ਗਾਰਸੀਆ ਅਤੇ ਫ੍ਰਾਂਸੇਕ ਮਿਰਾਲੇਸ
ਅਨੁਵਾਦਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 160
ਸੰਪਰਕ : 98152-98459

ਜਾਪਾਨੀ ਭਾਸ਼ਾ ਦਾ ਸ਼ਬਦ ਇਕੀਗਾਈ ਦਾ ਅਰਥ ਹੈ : ਵਧਦੀ ਉਮਰ ਵਿਚ ਵੀ ਜਵਾਨ ਰਹਿਣ ਦੀ ਕਲਾ। ਜਾਪਾਨੀ ਕਹਾਵਤ 'ਤੇ ਆਧਾਰਿਤ : ਤੁਹਾਡੇ ਵਿਚ ਸੌ ਸਾਲ ਜਿਊਣ ਦੀ ਇੱਛਾ ਤਾਂ ਹੀ ਹੋਵੇਗੀ ਜੇਕਰ ਤੁਹਾਡਾ ਹਰ ਪਲ ਰੁੱਝਿਆ ਹੋਵੇ। ਪੁਸਤਕ ਦੁਨੀਆ 'ਚ ਵੱਧ ਵਿਕਣ ਵਾਲੀ ਹੈ, ਕਿਉਂਕਿ ਹਰ ਕੋਈ ਸੁਖੀ, ਅਨੰਦਦਾਇਕ ਤੇ ਲੰਮੀ ਉਮਰ ਭੋਗਣਾ ਚਾਹੁੰਦਾ ਹੈ। ਇਸ ਕਰਕੇ ਅਜਿਹੀ ਪੁਸਤਕ ਦੇ ਪਾਠਕ ਵਧ ਹੋਣੇ ਕੁਦਰਤੀ ਗੱਲ ਹੈ। ਅੱਜ ਦੇ ਗੁੰਝਲਦਾਰ ਜੀਵਨ ਨੂੰ ਸੁੱਖ ਦਾ ਸਾਹ ਲੈਣ ਲਈ ਅਜਿਹੀਆਂ ਪੁਸਤਕਾਂ ਦੀ ਵਿਕਰੀ ਹੋਣੀ ਸੁਭਾਵਿਕ ਹੈ। ਲਗੋਥੈਰੇਪੀ ਦਾ ਅਰਥ ਹੈ ਲੋਕਾਂ ਨੂੰ ਆਪਣੇ ਜੀਵਨ ਦਾ ਮਕਸਦ ਢੂੰਡਣ ਵਿਚ ਸਹਾਇਤਾ ਕਰਨੀ। ਮੂਲ ਲੇਖਕ ਜਾਪਾਨ ਦੇ ਪਿੰਡ ਓਗਿਮੀ ਦੇ ਵਾਸੀਆਂ ਉਕੀਨਾਵਾ ਦੀ ਲੰਮੀ ਉਮਰ ਦੀ ਖੋਜ ਵਿਚ ਆਪਣਾ ਉਦੇਸ਼ ਮਿੱਥ ਕੇ ਇਸ ਪੁਸਤਕ ਨੂੰ ਲਿਖਣ ਦਾ ਮਨ ਬਣਾਉਂਦੇ ਹਨ। ਇਸ ਪਿੰਡ ਵਿਚ ਤਿੰਨ ਹਜ਼ਾਰ ਲੋਕਾਂ ਦੀ ਵਸੋਂ ਵਾਲੇ ਇਸ ਛੋਟੇ ਜਿਹੇ ਪਿੰਡ ਵਿਚ ਦੁਨੀਆ ਦੇ ਸਭ ਤੋਂ ਲੰਮੀ ਉਮਰ ਵਾਲੇ ਲੋਕ ਰਹਿੰਦੇ ਹਨ। ਇਕੀਗਾਈ ਸ਼ਬਦ ਦਾ ਅਰਥ ਹੀ ਇਸ ਪੁਸਤਕ ਦਾ ਵਿਸਥਾਰ ਹੈ। ਇਕੀਗਾਈ ਦਾ ਅਰਥ ਹੈ ਹਮੇਸ਼ਾ ਰੁੱਝੇ ਰਹਿਣ ਵਾਲਾ ਮਿਲਣ ਵਾਲਾ ਅਨੰਦ। ਜਾਪਾਨੀਆਂ ਦੀ ਜੀਵਨਸ਼ੈਲੀ ਦੀ ਮੁਕੰਮਲ ਝਲਕ ਇਸ ਪੁਸਤਕ ਦੇ ਵੱਖ-ਵੱਖ ਅਧਿਆਇ ਵਰਣਨ ਕਰਦੇ ਹਨ। ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਤੇ ਸੰਤੁਸ਼ਟੀ ਹੋਵੇ। ਹਮੇਸ਼ਾ ਰੁੱਝੇ ਰਹੋ, ਖ਼ੁਸ਼ ਰਹੋ, ਦੂਜਿਆਂ ਦੇ ਕੰਮ ਆਵੋ। ਆਪਣੀ ਭੁੱਖ ਦੇ 80 ਫ਼ੀਸਦੀ ਹੀ ਖਾਣਾ ਖਾਵੋ। ਉੱਘੇ ਵਿਗਿਆਨੀਆਂ, ਵਿਦਵਾਨਾਂ, ਸਾਹਿਤਕਾਰਾਂ, ਇੰਜੀਨੀਅਰਾਂ ਆਦਿ ਦੀਆਂ ਉਦਾਹਰਨਾਂ ਰਾਹੀਂ ਦੱਸਿਆ ਗਿਆ ਹੈ ਕਿ ਉਹ ਆਪਣੀ ਆਖਰੀ ਉਮਰ ਦੇ ਪਲਾਂ ਤੀਕਰ ਕੰਮ 'ਚ ਰੁੱਝੇ ਰਹੇ। ਉਨ੍ਹਾਂ ਨੇ ਜੀਵਨ ਨੂੰ ਰੱਜ ਕੇ ਜੀਵਿਆ ਅਤੇ ਹਰ ਹਾਲਤ ਨੂੰ ਖਿੜੇ ਮੱਥੇ ਕਬੂਲ ਕੀਤਾ। 'ਜੇਕਰ ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਰੁੱਝਿਆ ਰੱਖਿਆ ਤਾਂ ਤੁਸੀਂ ਯਕੀਨਨ ਲੰਮੀ ਉਮਰ ਤੱਕ ਜੀਓਗੇ।' (ਵਾਲਟਰ ਬਰੂਨਿੰਮ) ਬਹੁਤ ਸਾਰੇ ਜਾਪਾਨੀ ਕਹਾਵਤਾਂ, ਕਥਨਾਂ ਤੇ ਵਿਚਾਰਾਂ ਰਾਹੀਂ ਇਹ ਉਦੇਸ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਕੋਲ ਵਰਤਮਾਨ ਹੈ, ਇਸ ਦਾ ਵੱਧ ਤੋਂ ਵੱਧ ਲਾਭ ਉਠਾਓ। ਅੰਤ 'ਚ ਇਕੀਗਾਈ ਦੇ ਦਸ ਨਿਯਮ ਦਿੱਤੇ ਗਏ ਹਨ। ਬਹੁਤ ਸਰਲ ਅਰਥਾਂ ਵਿਚ ਦੱਸਿਆ ਗਿਆ ਜਿਵੇਂ ਤੁਸੀਂ ਹੌਲੀ ਚੱਲ ਕੇ ਬਹੁਤ ਦੂਰ ਜਾ ਸਕਦੇ ਹੋ। ਦੋਸਤ ਵਰਗੀ ਕੋਈ ਚੰਗੀ ਦਵਾਈ ਨਹੀਂ। ਸਦਾ ਆਸ਼ਾਵਾਦੀ ਰਹੋ। ਉਹ ਕੰਮ ਨਾ ਕਰੋ, ਜਿਸ ਤੋਂ ਖੁਸ਼ੀ ਨਹੀਂ ਮਿਲਦੀ। ਤਨ, ਮਨ ਅਤੇ ਬੁੱਧੀ ਨਾਲ ਹਮੇਸ਼ਾ ਤੰਦਰੁਸਤ ਰਹਿਣ ਦਾ ਭੇਦ, ਇਸ ਪੁਸਤਕ ਦਾ ਮੁੱਖ ਉਦੇਸ਼ ਹੈ। ਜਗਵਿੰਦਰ ਜੋਧਾ ਨੇ ਸਰਲ ਤੇ ਮਿਆਰੀ ਅਨੁਵਾਦ ਕਰਕੇ ਮਿਸਾਲ ਪੈਦਾ ਕੀਤੀ, ਜਿਸ ਲਈ ਪ੍ਰਕਾਸ਼ਕ ਤੇ ਲੇਖਕ ਪ੍ਰਸੰਸਾ ਦੇ ਪਾਤਰ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

04-02-2024

ਸਮਤੋਲ ਜ਼ਿੰਦਗੀ ਦੇ ਰਾਹੀ
ਲੇਖਕ : ਅਮਰਜੀਤ ਸਿੰਘ ਤੂਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 98784-69639

ਸ਼ਾਇਰ ਅਮਰਜੀਤ ਸਿੰਘ ਤੂਰ ਆਪਣੀ ਪਲੇਠੀ ਕਾਵਿ ਕਿਤਾਬ 'ਸਮਤੋਲ ਜ਼ਿੰਦਗੀ ਦੇ ਰਾਹੀ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਕਿਤਾਬ ਦੇ ਪਿੱਠਵਰਗ 'ਤੇ ਛਪੇ ਸ਼ਾਇਰ ਦੇ ਸਵੈ-ਕਥਨ ਅਨੁਸਾਰ 'ਜ਼ਿੰਦਗੀ ਭਰ ਜੱਦੋ-ਜਹਿਦ ਧੁੱਪਾਂ ਛਾਵਾਂ ਵਿਚ ਕੱਢਦੇ ਹੋਏ ਨੇ ਪੇਂਡੂ ਸਕੂਲਾਂ ਤੇ ਫਿਰ ਸ਼ਹਿਰੀ ਕਾਲਜਾਂ ਵਿਚ ਛੱਤੀ ਸਾਲ ਤੋਂ ਬਾਅਦ ਸਹਾਇਕ ਡਾਇਰੈਕਟਰ ਵਜੋਂ ਸੇਵਾਮੁਕਤੀ ਹੋਈ ਤੇ ਬਾਅਦ ਵਿਚ ਪੰਜ ਸਾਲ ਫਿਰ ਸੇਵਾ ਕੀਤੀ। ਇਸ ਅਰਸੇ ਦੌਰਾਨ ਹਰਿਆਣਾ ਰਾਜ ਦੇ ਪਿੰਡ-ਪਿੰਡ ਗਲੀ-ਗਲੀ ਘੁੰਮਣ ਨਾਲ ਸਮਾਜਿਕ ਵਰਤਾਰੇ ਦਾ ਤਜਰਬਾ ਹੋਇਆ। ਜ਼ਿਲ੍ਹਾ ਜਨਗਣਨਾ ਪੁਸਤਕ ਅੰਗਰੇਜ਼ੀ ਅਤੇ ਹਿੰਦੀ ਵਿਚ ਡਰਾਫ਼ਟ ਕੀਤੀ, ਜਿਸ ਕਾਰਨ ਕਾਂਸੀ ਅਤੇ ਚਾਂਦੀ ਦੇ ਤਗਮੇ ਅਤੇ ਸਰਟੀਫਿਕੇਟ ਨਾਲ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਗਿਆ। ਸੋ, ਇਸ ਤਜਰਬੇ ਨਾਲ ਹੱਥਲੀ ਕਾਵਿ ਕਿਤਾਬ 'ਸਮਤੋਲ ਜ਼ਿੰਦਗੀ ਦੇ ਰਾਹੀ' ਲਿਖਣ ਦੀ ਪ੍ਰੇਰਨਾ ਮਿਲੀ। ਕਰਨਾਟਕ ਦੇ ਲੇਖਕ ਪੰਡਿਤ ਰਾਓ ਧਨੇਸਵਰ ਜਿਸ ਨੇ ਖ਼ੁਦ ਪੰਜਾਬੀ ਸਿਖ ਕੇ ਪੰਜਾਬੀ ਪ੍ਰਚਾਰ ਪ੍ਰਸਾਰ ਵਿਚ ਜਨੂੰਨ ਦੀ ਹੱਦ ਤੱਕ ਕੰਮ ਕੀਤਾ, ਨੇ ਵੀ ਸ਼ਾਇਰ ਅਮਰਜੀਤ ਸਿੰਘ ਤੂਰ ਦੀ ਪਿੱਠ ਥਾਪੜੀ ਹੈ। ਪੁਸਤਕ ਨੂੰ ਸੱਤ ਕਾਂਡਾਂ ਵਿਚ ਵੰਡਿਆ ਗਿਆ ਹੈ ਜਿਵੇਂ ਕਿ ਪਰਮਾਤਮਾ, ਯੋਧਿਆਂ ਅਤੇ ਸ਼ਹੀਦਾਂ ਬਾਰੇ, ਪਰਿਵਾਰਕ ਜੀਵਨ ਅਤੇ ਸਮਾਜ ਬਾਰੇ, ਕਿਸਮਤ ਅਤੇ ਹਾਸ-ਵਿਅੰਗ ਰਾਹੀਂ ਸਮਾਜਿਕ ਯਥਾਰਥ ਦੇ ਵਿਭਿੰਨ ਮਸਲਿਆਂ ਨਾਲ ਦਸਤਪੰਜਾ ਲਿਆ ਹੈ। ਸ਼ਾਇਰ ਨੇ ਜੀਵਨੀ ਮੂਲਕ ਵਤਰਾਰਿਆਂ ਦਾ ਸਧਾਰਨੀਕਰਨ ਸਪੱਸ਼ਟ ਤੇ ਸਾਦੀ ਜ਼ਬਾਨ ਵਿਚ ਬਿਨਾਂ ਕਿਸੇ ਸ਼ਾਬਦਿਕ ਜੰਜਾਲ ਤੋਂ ਕੀਤਾ ਹੈ, ਸ਼ਾਇਰ ਜਿਵੇਂ ਕਿ ਸਹਾਇਕ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਤਾਂ ਉਨ੍ਹਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਜੀਵਨ ਯਥਾਰਥ ਦੇ ਬੋਧ ਨੂੰ ਪ੍ਰਬੀਨਤਾ ਨਾਲ ਨਿਭਾਇਆ ਹੋਵੇਗਾ ਪਰ ਪੁਸਤਕ ਪੜ੍ਹਨ 'ਤੇ ਇਸ ਦਾ ਅਭਾਵ ਨਜ਼ਰ ਆਇਆ। ਸ਼ਾਇਰੀ ਤੁਕਬੰਦੀ ਦਾ ਨਾਂਅ ਨਹੀਂ ਹੁੰਦੀ ਤੇ ਸ਼ਾਇਰੀ ਕਰਨ ਲੱਗਿਆਂ ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਨੂੰ ਸਾਣ 'ਤੇ ਚਾੜ੍ਹ ਕੇ ਕਵਿਤਾਉਣਾ ਹੁੰਦਾ ਹੈ। ਸ਼ਾਇਰ ਨੂੰ ਵਿਸ਼ਾ ਚੁਣਨ ਅਤੇ ਨਿਭਾਉਣ ਦੀ ਮੁਹਾਰਤ ਹੋਣੀ ਚਾਹੀਦੀ ਹੈ। ਪਤਾ ਨਹੀਂ ਸ਼ਾਇਰ ਦੀ ਮਜਬੂਰੀ ਹੈ ਕਿ ਉਹ ਮੋਹਨ ਭਾਗਵਤ ਦੀ ਵੀ ਕੀਰਤੀ ਕਰ ਰਿਹਾ ਹੈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਣ ਗਾਣ ਕਰਦਿਆਂ ਉਸ ਦੀਆਂ ਵਿਰੋਧੀ ਪਾਰਟੀਆਂ ਨੂੰ ਪਾਣੀ ਪੀ-ਪੀ ਕੋਸ ਰਿਹਾ ਹੈ। ਜੇ ਸਾਹਿਤ ਦੇ ਪਿੜ ਵਿਚ ਉਤਰਨਾ ਹੈ ਤਾਂ ਗੰਭੀਰ ਅਧਿਐਨ ਕਰਨਾ ਜ਼ਰੂਰੀ ਹੋ ਜਾਂਦਾ ਹੈ, ਨੇੜ ਭਵਿੱਖ ਵਿਚ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਏਹ ਕੇਹੀ ਰੁੱਤ ਆਈ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 131
ਸੰਪਰਕ : 98150-30221

ਪ੍ਰਭਜੋਤ ਕੌਰ ਢਿੱਲੋਂ ਪੰਜਾਬੀ ਦੀ ਜਾਣੀ-ਪਛਾਣੀ ਵਾਰਤਾਕਾਰ ਹੈ। ਉਸ ਦੇ ਲੇਖ ਅਕਸਰ ਹੀ ਪੰਜਾਬੀ ਅਖ਼ਬਾਰਾਂ ਵਿਚ ਪਾਠਕਾਂ ਨੂੰ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਇਸ ਪੁਸਤਕ ਵਿਚ ਜੋ ਉਸ ਦੇ ਲੇਖਾਂ ਦੀ ਨੌਵੀਂ ਪੁਸਤਕ ਹੈ, ਕੁੱਲ 49 ਲੇਖ ਸ਼ਾਮਿਲ ਕੀਤੇ ਗਏ ਹਨ। ਲੇਖਿਕਾ ਆਪਣੇ ਆਲੇ-ਦੁਆਲੇ ਵਿਚਰ ਰਹੇ ਸਮਾਜ, ਦੇਸ਼ ਤੇ ਖ਼ਾਸ ਕਰ ਪੰਜਾਬ ਦੇ ਜਨਜੀਵਨ ਵਿਚ ਫੈਲੀਆਂ ਬੁਰਾਈਆਂ ਬਾਰੇ ਚਿੰਤਾ ਅਤੇ ਫ਼ਿਕਰਮੰਦੀ ਜ਼ਾਹਿਰ ਕਰਦੀ ਹੈ। ਉਹ ਨਿਰੋਗ, ਸੁਚੱਜੇ ਅਤੇ ਸਾਫ਼-ਸੁਥਰੇ ਸਮਾਜ ਦੀ ਪੱਕੀ ਮੁਦਈ ਹੈ। ਉਸ ਦੇ ਲੇਖਾਂ ਵਿਚ ਨਸ਼ਿਆਂ, ਬੇਰੁਜ਼ਗਾਰੀ, ਡਿੱਗ ਰਹੇ ਮਿਆਰ, ਭੂਅ ਮਾਫੀਏ, ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਦੀਆਂ ਗੱਲਾਂ ਉਜਾਗਰ ਕੀਤੀਆਂ ਹੁੰਦੀਆਂ ਹਨ। ਨਸ਼ੇ ਦੇ ਦਰਿਆ ਵਗ ਰਹੇ ਹਨ ਤੇ ਇਹ ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ 'ਤੇ ਵਿਕ ਰਹੇ ਹਨ। ਸਿੱਖਿਆ ਪ੍ਰਬੰਧ ਠੀਕ ਨਾ ਹੋਣ ਕਾਰਨ ਬੱਚੇ ਵਿਦੇਸ਼ਾਂ ਵੱਲ ਪਲਾਇਨ ਅਤੇ ਪ੍ਰਵਾਸ ਕਰਦੇ ਹਨ। ਘਰ ਘਰ ਨਾ ਰਹਿ ਕੇ ਬਜ਼ੁਰਗਾਂ ਲਈ ਤਸੀਹਾ ਕੇਂਦਰ ਬਣਦੇ ਜਾ ਰਹੇ ਹਨ। ਬਜ਼ੁਰਗਾਂ ਦਾ ਸਨਮਾਨ ਘਟਦਾ ਜਾ ਰਿਹਾ ਹੈ, ਜਿਸ ਤੋਂ ਮਜਬੂਰ ਹੋ ਕੇ ਬੱਚਿਆਂ ਨੂੰ ਬੇਦਖਲ ਕਰਨਾ ਪੈ ਰਿਹਾ ਹੈ। ਦਹੇਜ ਅਤੇ ਔਰਤ ਦੇ ਬਰਾਬਰੀ ਦੇ ਹੱਕਾਂ ਲਈ ਕਾਨੂੰਨ ਬਣੇ ਹੋਣ 'ਤੇ ਵੀ ਉਨ੍ਹਾਂ ਦੀ ਠੀਕ ਤਰ੍ਹਾਂ ਵਰਤੋਂ ਨਹੀਂ ਹੋ ਰਹੀ। ਕਾਨੂੰਨ ਹੋਣ ਦੇ ਬਾਵਜੂਦ ਉਨ੍ਹਾਂ ਦੀ ਵਰਤੋਂ ਹੀ ਨਹੀਂ ਹੁੰਦੀ। ਲਾਲਚ, ਝੂਠ, ਈਰਖਾ ਦਾ ਪਸਾਰਾ ਦਿਨੋ-ਦਿਨ ਸਮਾਜ ਵਿਚ ਵਧਦਾ ਜਾ ਰਿਹਾ ਹੈ। ਲੁੱਟ-ਖੋਹ ਦੀਆਂ ਵਾਰਦਾਤਾਂ ਸਾਡੇ ਸਮਾਜ ਦਾ ਆਮ ਜਿਹਾ ਵਰਤਾਰਾ ਹੀ ਹੋ ਕੇ ਰਹਿ ਗਿਆ ਹੈ। ਇਹ ਸਾਰੇ ਫ਼ਿਕਰ ਅਤੇ ਚਿੰਤਾਵਾਂ ਲੇਖਿਕਾ ਆਪਣੇ ਲੇਖਾਂ ਰਾਹੀਂ ਜ਼ਾਹਿਰ ਕਰਦੀ ਹੈ। ਉਹ ਇਕ ਸਿਆਣੇ ਤੇ ਸੁਚੱਜੇ ਲੇਖਕ ਵਾਂਗ ਸਮਾਜਿਕ ਬੁਰਾਈਆਂ ਅਤੇ ਬਿਮਾਰੀਆਂ ਵਲ ਸੰਕੇਤ ਹੀ ਨਹੀਂ ਕਰਦੀ, ਆਪਣੇ ਪ੍ਰਵਚਨੀ ਲਹਿਜ਼ੇ ਵਿਚ ਉਨ੍ਹਾਂ ਦਾ ਇਤਿਹਾਸ ਵੀ ਦੱਸਦੀ ਹੈ। ਉਸ ਦੀ ਭਾਸ਼ਾ ਏਨੀ ਸਰਲ ਤੇ ਸਾਦੀ ਹੈ ਕਿ ਆਮ ਪਾਠਕ ਦੇ ਜ਼ਿਹਨ ਵਿਚ ਹੀ ਆਸਾਨੀ ਨਾਲ ਉੱਤਰ ਜਾਂਦੀ ਹੈ। ਢੁੱਕਵੇਂ ਮੁਹਾਵਰੇ ਅਤੇ ਅਖਾਣਾਂ ਵੀ ਉਸ ਦੀ ਭਾਸ਼ਾ ਨੂੰ ਰਸਦਾਰ ਬਣਾਉਂਦੇ ਹਨ। ਸਮਾਜ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਨੀ ਹਰ ਲੇਖਕ ਦਾ ਫ਼ਰਜ਼ ਵੀ ਤਾਂ ਹੁੰਦਾ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਪੰਜਾਬ ਦਾ ਗੌਰਵ
ਪੁਆਧ
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ : 319
ਸੰਪਰਕ : 98151-23900

ਵਿਚਾਰਧੀਨ ਪੁਸਤਕ ਪੁਆਧ ਬਾਰੇ ਬੜੀ, ਵੱਡਮੁੱਲੀ ਜਾਣਕਾਰੀ ਦਿੰਦੀ ਹੈ। ਇਸ ਦੇ ਸੰਪਾਦਨ ਦਾ ਸਿਹਰਾ ਮਨਮੋਹਨ ਸਿੰਘ ਦਾਊਂ ਨੂੰ ਜਾਂਦਾ ਹੈ, ਜਿਸ ਨੇ ਬੜੀ ਮਿਹਨਤ ਨਾਲ ਸਮੱਗਰੀ ਦਾ ਇਕੱਤਰੀਕਰਨ ਕੀਤਾ ਹੈ। ਇਸ ਪੁਸਤਕ ਨੂੰ ਪੰਜ ਖੰਡਾਂ ਵਿਚ ਵਿਭਾਜਤ ਕੀਤਾ ਗਿਆ ਹੈ। ਪਹਿਲੇ ਖੰਡ ਵਿਚ ਪੁਆਧ ਦੀ ਵਿਲੱਖਣਤਾ ਨੂੰ ਦਰਸਾਉਂਦੀਆਂ 14 ਰਚਨਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਲੋਕ-ਕਲਿਆਣ ਖੇਤਰ ਵਿਚ ਇਸ ਭੂ-ਖੰਡ ਦਾ ਵੱਡਾ ਯੋਗਦਾਨ ਹੈ। ਇਸ ਮਹੱਤਵ ਨੂੰ ਪਛਾਣਦਿਆਂ 7 ਸੰਸਥਾਵਾਂ ਨੂੰ ਯੋਗ ਸਥਾਨ ਦਿੱਤਾ ਗਿਆ ਹੈ। ਪੁਆਧ ਦੇ ਪਿੰਡਾਂ ਦੇ ਇਤਿਹਾਸ, ਸੱਭਿਆਚਾਰ, ਲੋਕਾਂ ਦੀ ਰਹਿਣੀ-ਬਹਿਣੀ, ਵਰਤ-ਵਪਾਰ ਦੀ ਨਿਸ਼ਾਨਦੇਹੀ ਕਰਨ ਵਾਲੇ ਚੋਣਵੇਂ 19 ਪਿੰਡਾਂ ਦਾ ਅਦੁੱਤੀਪਨ ਦਰਸਾਇਆ ਹੈ। ਸੁੱਖ ਵਾਂਗ ਦੁੱਖ ਵੀ ਜੀਵਨ ਦਾ ਅੰਗ ਹਨ। 1947 ਦੀ ਭਾਰਤ ਵੰਡ ਸਮੇਂ ਅਜਿਹੇ ਦੁਖੜਿਆਂ ਨਾਲ ਸੰਬੰਧਿਤ 4 ਹਿਰਦੇਵੇਧਕ ਸਾਹਿਤ ਕਿਰਤਾਂ ਨੂੰ ਪੁਸਤਕ ਦਾ ਭਾਗ ਬਣਾਇਆ ਹੈ। ਪੁਆਧੀ ਬਿਰਤਾਂਤਕ ਰਚਨਾਵਾਂ ਸੱਚਮੁੱਚ ਹੀ ਮਾਣਨਯੋਗ ਹਨ। ਇਨ੍ਹਾਂ ਦੇ ਮਹੱਤਵ ਨੂੰ ਪਛਾਣਦੇ ਹੋਏ 4 ਰਚਨਾਵਾਂ ਸ਼ਾਮਿਲ ਕਰਨ ਦਾ ਹਾਸਿਲ ਪ੍ਰਾਪਤ ਕੀਤਾ ਹੈ। ਪੁਆਧ ਦੇ ਕਲਮੀ ਯੋਧੇ ਵੀ ਕਿਹੜਾ ਘੱਟ ਹਨ, ਇਨ੍ਹਾਂ ਦੀ ਵੰਨਗੀ ਤਿੰਨ ਰਚਨਾਵਾਂ ਰਾਹੀਂ ਉਜਾਗਰ ਕੀਤੀ ਗਈ ਹੈ। ਪੁਆਧ ਦਾ ਖਿੱਤਾ ਹਮੇਸ਼ਾ ਹੀ ਤਬਦੀਲੀਆਂ ਦਾ ਕੇਂਦਰ ਰਿਹਾ ਹੈ। ਚੰਡੀਗੜ੍ਹ ਦੀ ਉਸਾਰੀ ਲਈ ਪੁਆਧ ਦੇ 50 ਪਿੰਡਾਂ ਨੂੰ ਉਜਾੜਿਆ ਗਿਆ। ਕਿਸੇ ਸਮੇਂ ਭਾਈ ਕਾਨ੍ਹ ਸਿੰਘ ਨਾਭਾ ਨੇ ਪੁਆਧ ਬਾਰੇ ਲਿਖਿਆ ਸੀ, 'ਪਹਾੜ ਦੇ ਪੈਰਾਂ ਪਾਸ ਦਾ ਦੇਸ਼'... ਉਹ ਦੇਸ਼, ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ। ਜ਼ਿਲ੍ਹਾ ਅੰਬਾਲਾ ਦੇ ਆਸ-ਪਾਸ ਦਾ ਦੇਸ਼।' ਪਰ ਸੰਪਾਦਕ ਕੁਝ ਏਦਾਂ ਕਹਿੰਦਾ ਹੈ, '...ਪੰਜਾਬ ਦੇ ਪੂਰਬ ਅਰਧ ਦਾ ਨਾਂਅ ਬਦਲਦਾ ਹੋਇਆ ਪੁਆਧ ਬਣ ਗਿਆ।' ਪੰਨਾ 7 'ਪੁਆਧ ਦਰਪਣ' (ਅਤੀਤ ਦੇ ਝਰੋਖੇ ਥੀਂ) 2006 ਤੋਂ ਹੁਣ ਤੱਕ ਪੁਸਤਕਾਂ ਦੇ 'ਪੰਜ ਪਰਾਗੇ' ਛਾਪੇ ਗਏ ਹਨ। ਰਚਨਹਾਰਿਆਂ ਦੇ ਅਜਿਹੇ ਸਹਿਯੋਗ ਨਾਲ ਹਥਲੀ ਪੁਸਤਕ ਦੀ ਸੰਪੂਰਨਤਾ ਹੋਈ ਹੈ। ਸੰਪਾਦਕ ਅਨੁਸਾਰ ਪੁਆਧੀ ਖੇਤਰ ਵਿਚ ਅੰਬਾਲਾ, ਕੈਥਲ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਪੈਂਦੇ ਹਨ। ਪੁਆਧੀ ਉਪ-ਬੋਲੀ ਵਿਚ ਰਚਨਾ ਕਰਨ ਵਾਲੇ 13 ਸਾਹਿਤਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪੁਆਧ ਨੂੰ ਲਾਇਮਲਾਈਟ ਕਰਨਾ 'ਦਾਊਂ' ਦਾ ਜੀਵਨ ਮਨੋਰਥ ਪ੍ਰਤੀਤ ਹੁੰਦਾ ਹੈ। ਇਹ ਇਕ ਖੋਜ ਪੁਸਤਕ ਹੋ ਨਿਬੜੀ ਹੈ। ਖੋਜਾਰਥੀਆਂ ਲਈ ਵੀ ਲਾਹੇਵੰਦ ਹੈ।

-ਡਾ. ਡੀ.ਸੀ. ਵਾਤਿਸ਼
ਈ-ਮੇਲ : vatish.dharamchand@gmail.com

ਲੇਖੇ ਆਵਹਿ ਭਾਗ
ਲੇਖਕ : ਪਦਮਸ੍ਰੀ ਡਾ. ਹਰਿਮੰਦਰ ਸਿੰਘ ਬੇਦੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 236
ਸੰਪਰਕ : 093561-33665

ਬੇਸ਼ੱਕ ਦੁਨੀਆ 'ਚ ਆਦਿ ਕਾਲ ਤੋਂ ਹਰੇਕ ਮਨੁੱਖ ਅੰਦਰ ਇਕ ਲੇਖਕ ਹਮੇਸ਼ਾ ਮੌਜੂਦ ਦੱਸਿਆ ਜਾਂਦਾ ਹੈ, ਪਰ ਸਾਹਿਤਕ ਰਚਨਾ-ਧਰਮਿਤਾ 'ਜਹਾਂ ਨਾ ਪਹੁੰਚੇ ਰਵੀ, ਵਹਾਂ ਪਹੁੰਚੇ ਕਵੀ' ਵਰਗੀ ਹੁੰਦੀ ਹੈ। ਸਾਹਿਤ ਦੀ ਆਤਮ-ਕਥਾ ਲੇਖਨ-ਵੰਨਗੀ ਹਮੇਸ਼ਾ ਤੋਂ ਅਤੀਵ ਮਿਹਨਤ ਵਾਲੀ, ਦੁਰਲਭ ਕਿਰਿਆ ਵਰਗੀ ਰਹੀ ਹੈ। ਇਸੇ ਕਾਰਨ ਸ਼ਾਇਦ ਆਤਮ-ਕਥਾਤਮਿਕ ਲੇਖਨ ਹਿੰਦੀ-ਪੰਜਾਬੀ ਸਾਹਿਤ ਇਤਿਹਾਸ ਵਿਚ ਬਹੁਤ ਦੁਰਲਭ ਰਿਹਾ ਹੈ। ਇਸੇ ਦੁਰਲਭ ਅਤੇ ਦੁਰਗਮ ਰਾਹ ਦੇ ਰਾਹੀ ਬਣੇ ਹਨ ਡਾ. ਹਰਮਿੰਦਰ ਸਿੰਘ ਬੇਦੀ, 'ਲੇਖੇ ਆਵਹਿ ਭਾਗ' ਦਾ ਲੇਖਨ ਕਰਕੇ, ਅਤੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਕਿ ਉਨ੍ਹਾਂ ਦੀ ਇਹ ਰਚਨਾ ਬਹੁਤ ਸੰਖੇਪ ਜਿਹੇ ਸਮੇਂ ਵਿਚ ਹੀ ਵਿਸਤਰਿਤ ਅਤੇ ਵਿਆਪਕ ਧਰਾਤਲ 'ਤੇ ਚਰਚਿਤ ਵੀ ਹੋਈ ਹੈ। ਬੇਸ਼ੱਕ ਇਸ ਪੁਸਤਕ ਦਾ ਮੁਢਲਾ ਲੇਖਨ ਸੁਰ ਪੰਜਾਬੀ ਭਾਸ਼ਾ ਵਿਚ ਉਭਰਿਆ ਹੈ, ਪਰ ਕਿਉਂਕਿ ਡਾ. ਬੇਦੀ ਹਿੰਦੀ ਵਿਚ ਵੀ ਬਰਾਬਰ ਰੂਪ ਵਿਚ ਚਰਚਿਤ ਅਤੇ ਪ੍ਰਸਿੱਧੀ ਪ੍ਰਾਪਤ ਹਨ, ਪਰ ਬਿਨਾਂ ਸ਼ੱਕ ਇਹ ਪੁਸਤਕ ਉਨ੍ਹਾਂ ਨੂੰ ਦੋ-ਦੋ ਮੰਚਾਂ 'ਤੇ ਸਥਾਪਿਤ ਕਰਨ ਵਿਚ ਸਹਾਇਕ ਬਣੇਗੀ। ਆਤਮ-ਕਥਾਤਮਿਕ ਲੇਖਨ ਅਕਸਰ ਇਸ ਲਈ ਵੀ ਇਕ ਦਰੂਹ ਵਿਧਾ ਵਰਗਾ ਹੁੰਦਾ ਹੈ ਕਿ ਇਸ ਲੇਖਨ ਲਈ ਕਲਪਨਾਵਾਂ ਦੀ ਬਹੁਤ ਉੱਚੀ ਉਡਾਨ ਨਹੀਂ ਭਰੀ ਜਾ ਸਕਦੀ। ਇਸ ਵਿਧਾ-ਲੇਖਨ ਅਧੀਨ ਭੋਗੇ ਗਏ ਸੱਚ-ਕਥਾ ਅਤੇ ਯਥਾਰਥ ਦਾ ਸਹਾਰਾ ਲੈਣਾ ਹੁੰਦਾ ਹੈ, ਪਰ ਇਹ ਸੱਚ ਏਨਾ ਵੀ ਪ੍ਰਖਰ ਨਹੀਂ ਹੁੰਦਾ ਕਿ ਪਾਠਕ ਨੂੰ ਕੌੜਾ ਲੱਗਣ ਲੱਗੇ। ਬਿਨਾਂ ਸ਼ੱਕ ਡਾ. ਬੇਦੀ ਨੇ ਇਸ ਸਾਹਿਤ-ਕਥਾ ਦੀ ਸ਼ੁਰੂਆਤ ਕਰਦੇ ਹੋਏ ਸਾਕਾਰਾਤਮਿਕ ਅਤੇ ਨਾਕਾਰਾਤਮਿਕ ਦੋਵਾਂ ਪੱਖਾਂ ਨੂੰ ਨਿਆਂ ਦੀ ਤੱਕੜੀ ਵਿਚ ਬਰਾਬਰੀ ਨਾਲ ਮੁੱਠੀ ਵਿਚ ਫੜੀ ਰੱਖਿਆ ਹੈ। ਇਸ ਪੁਸਤਕ ਵਿਚ ਪੇਸ਼ ਸਾਕਾਰਾਤਮਕਤਾ ਜੇਕਰ ਜੁਗਨੂੰ ਵਾਂਗ ਦਪਦਪਾਈ ਹੈ, ਤਾਂ ਨਾਕਾਰਾਤਮਕ ਪੱਖ ਕਿਸੇ ਭਰੇ-ਪੂਰੇ ਬਗ਼ੀਚੇ ਵਿਚ, ਕਿਸੇ ਠੰਢੀ ਸਵੇਰ ਸਮੇਂ ਤ੍ਰੇਲ ਭਿੱਜੇ ਕਮਲ-ਪੱਤੇ 'ਤੇ ਬਹੁਤ ਸਧੇ ਹੋਏ, ਰੁਮਕਦੇ-ਰੁਮਕਦੇ ਕਦਮਾਂ ਨਾਲ ਚਲਦੇ ਬੀਰ-ਬਹੂਟੀ ਪ੍ਰਤੀਤ ਹੋਈ ਹੈ। 'ਲੇਖੇ ਆਵਹਿ ਭਾਗ' ਸੰਭਾਵੀ ਤੌਰ 'ਤੇ ਇਕ ਆਦਮ-ਕਦ ਆਈਨੇ ਵਾਂਗ ਬਣੀ ਹੈ ਜਿਸ ਦੇ ਅੰਦਰ ਤੱਕ ਇਕ ਵਾਰ ਝਾਕ ਲੈਣ ਨਾਲ ਹੀ ਡਾ. ਹਰਮਿੰਦਰ ਸਿੰਘ ਬੇਦੀ ਦੀ ਸੰਪੂਰਨ ਸ਼ਖ਼ਸੀਅਤ, ਰਚਨਾਤਕਮਕਿਤਾ ਦੇ ਸਭ ਪੱਖ ਇਕ ਸਿਨੇ-ਰੀਲ ਵਾਂਗ ਅੱਖਾਂ ਦੇ ਅੱਗਿਓਂ ਲੰਘ ਗਏ ਦਿਖਾਈ ਦੇਣ ਲਗਦੇ ਹਨ। ਡਾ. ਬੇਦੀ ਦੀ ਪਰਿਵਾਰਕ ਪਿੱਠਭੂਮੀ ਵੀ ਉਨ੍ਹਾਂ ਦੀ ਨਿੱਜੀ ਸ਼ਖ਼ਸੀਅਤ ਤੋਂ ਆਸ਼ਨਾ ਹੋਈ ਲਗਦੀ ਹੈ। ਭਾਸ਼ਾ ਬਹੁਤ ਸਰਲ ਅਤੇ ਵਾਕ ਬਣਤਰ ਬਹੁਤ ਸਧੀ ਹੋਈ ਹੈ। ਇਸ ਪੁਸਤਕ ਵਿਚ 'ਮੇਰੇ ਬਚਪਨ ਦੇ ਦਿਨ' ਤੋਂ ਲੈ ਕੇ 'ਸਰਵੇ ਭਵੰਤੂ ਸੁਖਿਨਾ' ਦੇ ਪੜਾਅ ਤੱਕ, ਵਿਚਾਲੇ ਸਥਾਪਿਤ ਹੁੰਦੇ ਗਏ 'ਮੇਰੇ ਕਾਲਜ ਦੇ ਦਿਨ', 'ਮੇਰੀ ਵਿਦੇਸ਼ ਯਾਤਰਾਵਾਂ', 'ਅਕਾਦਮਿਕਤਾ ਦੇ ਸ਼ੂਕਦੇ ਦਰਿਆ' ਅਤੇ 'ਪੂਰਬ ਜਨਮ ਦੇ ਮਿਲੇ ਸੰਯੋਗੀ' ਪੱਖ ਤੱਕ, ਯਾਦਾਂ ਦੇ ਅਨੇਕ ਦੀਪਕ ਜਗਮਗਾਉਂਦੇ ਦਿਖਾਈ ਦਿੰਦੇ ਹਨ। ਡਾ. ਬੇਦੀ ਨੇ ਆਪਣੀਆਂ ਪਰਿਵਾਰਕ ਪੀੜ੍ਹੀਆਂ ਦਾ ਜ਼ਿਕਰ ਕਰਦੇ ਹੋਏ, ਜਿਥੋਂ ਤੱਕ ਯਥਾ ਸੰਭਵ ਹੋਵੇ ਕਿਸੇ ਤਰ੍ਹਾਂ ਦੀ ਅਤਿਕਥਨੀ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬਿਨਾਂ ਸ਼ੱਕ ਇਹ ਪੁਸਤਕ ਪੰਜਾਬ ਦੇ ਹਿੰਦੀ-ਪੰਜਾਬੀ ਸਾਹਿਤ ਦੀ ਵਿਰਾਸਤ ਪਿਟਾਰੀ ਵਿਚ ਸਹੇਜ-ਸੰਭਾਲ ਕੇ ਰੱਖਣ ਵਾਲੀ ਪੁਸਤਕ ਸਿੱਧ ਹੋਵੇਗੀ।

-ਸਿਮਰ ਸਦੋਸ਼
ਮੋਬਾਈਲ : 94177-56262

ਅਵਧ ਦਾ ਕਿਸਾਨ ਵਿਦਰੋਹ - 1920 ਤੋਂ 1922 ਈ.
ਮੂਲ ਲੇਖਕ : ਸੁਭਾਸ਼ ਚੰਦਰ ਕੁਸ਼ਵਾਹਾ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 342
ਸੰਪਰਕ : 098153-17028

ਪੰਜਾਬੀ ਵਿਚ 'ਅਵਧ ਦਾ ਕਿਸਾਨ ਵਿਦਰੋਹ' ਛਪਵਾ ਅੱਜ ਦੇ ਭਾਰਤੀ ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਬਹੁਤ ਮਹੱਤਤਾ ਰੱਖਦਾ ਹੈ। ਬਲਬੀਰ ਲੌਂਗੋਵਾਲ ਨੇ ਪੰਜਾਬੀ ਅਨੁਵਾਦ ਕਰਕੇ ਸਮੇਂ ਦੀ ਦੁਖਦੀ ਨਬਜ਼ 'ਤੇ ਹੱਥ ਰੱਖਿਆ ਹੈ। ਅਨੁਵਾਦ ਦੇ ਕਠਿਨ ਕਾਰਜ ਨੂੰ ਸਿਰੇ ਚਾੜ੍ਹ ਕੇ ਵੱਡਾ ਕਾਰਜ ਕੀਤਾ ਹੈ। ਬਲਬੀਰ ਲੌਂਗੋਵਾਲ ਨੇ ਹਥਲੀ ਪੁਸਤਕ ਤੋਂ ਪਹਿਲਾਂ ਗਿਆਰਾਂ ਕ੍ਰਾਂਤੀਕਾਰੀ ਤੇ ਇਤਿਹਾਸਕ ਪੁਸਤਕਾਂ ਦਾ ਪੰਜਾਬੀ 'ਚ ਅਨੁਵਾਦ ਕਰਕੇ ਇਕ ਸਿਰੜੀ ਅਨੁਵਾਦਕ ਬਣ ਵਿਖਾਇਆ ਹੈ। ਪੰਜਾਬੀ ਮੈਗਜ਼ੀਨ 'ਤਰਕਸ਼ੀਲ' ਦੇ ਮੁੱਖ ਸੰਪਾਦਕ ਵਜੋਂ 2012 ਤੋਂ ਕਾਰਜਸ਼ੀਲ ਹਨ। ਗਾਂਧੀ ਬੇਨਕਾਬ, ਭਗਤ ਸਿੰਘ ਅਤੇ ਸਾਥੀ, ਗਠੜੀ ਚੋਰ, ਬੰਦੀ ਜੀਵਨ, ਚੌਰੀ ਚੌਰਾ, ਸ਼ਹੀਦਾਂ ਦੇ ਹਮਸਫ਼ਰ, ਕ੍ਰਾਂਤੀ ਦੀਆਂ ਇਬਾਰਤਾਂ ਆਦਿ ਪਾਠਕਾਂ 'ਚ ਮਕਬੂਲ ਹੋਈਆਂ ਹਨ। ਚਾਰ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ, ਅਰਥ-ਸ਼ਾਸਤਰ ਤੇ ਸਿੱਖਿਆ ਦੀਆਂ ਐਮ.ਏ. ਡਿਗਰੀਆਂ ਤੋਂ ਬਿਨਾਂ ਹੋਰ ਯੋਗਤਾਵਾਂ ਦੇ ਮਾਹਿਰ ਹਨ। ਮੂਲ ਲੇਖਕ ਸੁਭਾਸ਼ ਚੰਦਰ ਕੁਸ਼ਵਾਰਾ ਉੱਤਰ ਪ੍ਰਦੇਸ਼ ਦਾ ਜੰਮਪਲ, ਪੋਸਟ ਗ੍ਰੈਜੂਏਟ (ਵਿਗਿਆਨ) ਸੰਖਿਅਕੀ ਦਾ ਗਿਆਤਾ ਹੈ, ਜਿਸ ਨੇ ਲੋਕ ਹਿਤ ਲਈ ਪੁਸਤਕਾਂ ਲਿਖ ਕੇ ਨਾਮਣਾ ਖੱਟਿਆ ਤੇ ਮਿਆਰੀ ਸਨਮਾਨ ਪ੍ਰਾਪਤ ਕੀਤੇ ਹਨ। ਅੱਜਕੱਲ੍ਹ ਲਖਨਊ ਵਾਸੀ ਹਨ ਅਤੇ ਕਿਸਾਨੀ ਸਮੱਸਿਆ ਦੇ ਮਹਾਰਥੀ ਹਨ। ਕਹਾਣੀ ਅਤੇ ਇਤਿਹਾਸ ਦੀਆਂ ਪੁਸਤਕਾਂ ਵੀ ਚਰਚਿਤ ਹੋਈਆਂ ਹਨ। ਹਥਲੀ ਪੁਸਤਕ 'ਅਵਧ ਦਾ ਕਿਸਾਨ ਵਿਦਰੋਹ' ਉਦੋਂ ਦੇ ਕਾਲ-ਖੰਡ ਦਾ ਵਰਣਨ ਹੈ, ਜਦੋਂ ਹਿੰਦੁਸਤਾਨ ਗ਼ੁਲਾਮ ਸੀ। ਅੰਗਰੇਜ਼ ਹਕੂਮਤ ਦੀ ਚੜ੍ਹਤ ਸੀ। ਉਦੋਂ ਦੇ ਅਵਧ, ਪ੍ਰਤਾਪਗੜ੍ਹ, ਰਾਏ ਬਰੇਲੀ, ਫੈਜ਼ਾਬਾਦ, ਸੁਲਤਾਨਪੁਰ ਤੇ ਹਰਦੋਈ ਦਾ ਕਿਸਾਨ ਵਿਦਰੋਹ ਦਾ ਬਹੁਤ ਬਰੀਕ-ਬੀਨੀ ਦਾ ਬਿਰਤਾਂਤ ਪਾਠਕ ਨੂੰ ਹਲੂਣੀ ਦੇਣ ਵਾਲਾ ਹੈ। ਬ੍ਰਿਟਿਸ਼ ਹਕੂਮਤ ਨੇ ਕਿਵੇਂ ਪਹਿਲੀ ਸੰਸਾਰ ਜੰਗ ਵਿਚ ਭਾਰਤੀਆਂ ਨੂੰ ਆਪਣੀ ਤਾਕਤ ਹਥਿਆਉਣ ਲਈ ਝੋਕਿਆ ਤੇ ਕਿਵੇਂ ਹਜ਼ਾਰਾਂ 'ਚ ਫ਼ੌਜੀ ਸ਼ਹੀਦ ਹੋਏ, ਜ਼ਖ਼ਮੀ ਹੋਏ ਤੇ ਘਰ-ਬਾਰ ਤੋਂ ਸਦਾ ਲਈ ਬੇਵਤਨ ਹੋਏ। ਕਿਸਾਨਾਂ ਦੇ ਵਿਦਰੋਹ ਨੂੰ ਉਦੋਂ ਦੀ ਰਾਜਸੀ ਪਾਰਟੀ ਕਾਂਗਰਸ ਦੇ ਮੁਦਈਆਂ ਨੇ ਕਿਸਾਨਾਂ ਦੇ ਅੰਦੋਲਨ ਨਾਲ ਬੇਵਫ਼ਾਈ ਕੀਤੀ ਤੇ ਸਵਰਾਜ ਦਾ ਲਾਰਾ ਲਾ ਕੇ ਗੁੰਮਰਾਹ ਕੀਤਾ। ਇਹ ਸਾਰੇ ਵੇਰਵੇ ਹੈਰਾਨ ਕਰਨ ਵਾਲੇ ਹਨ। ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਰਾਜਸੀ ਸੱਤਾ ਨੂੰ ਕਾਇਮ ਰੱਖਣ ਲਈ ਕਿਸਾਨਾਂ ਨਾਲ ਧੋਖਾ ਕੀਤਾ। 'ਗਾਂਧੀ ਨੇ ਅਵਧ ਤੋਂ ਬਿਨਾਂ ਹੋਰ ਸਥਾਨਾਂ ਦੇ ਕਿਸਾਨ ਵਿਦਰੋਹਾਂ ਦਾ ਵੀ ਕਦੇ ਸਮਰਥਨ ਨਹੀਂ ਕੀਤਾ।' (ਪੰਨਾ 75)। ਲੇਖਕ ਨੇ ਅੰਦੋਲਨ ਦੀ ਪ੍ਰਮਾਣਿਕਤਾ ਲਈ ਏਨੀਆਂ ਪੁਸਤਕਾਂ ਤੇ ਲਿਖਤਾਂ ਦੇ ਹਵਾਲੇ ਦਿੱਤੇ ਹਨ ਕਿ ਪਾਠਕ ਹੈਰਾਨ ਰਹਿ ਜਾਂਦਾ ਹੈ। ਅੰਕੜੇ ਤੇ ਤੱਥਾਂ ਨੂੰ ਬਾਕਾਇਦਾ ਸਬੂਤਾਂ ਰਾਹੀਂ ਪੇਸ਼ ਕੀਤਾ ਗਿਆ। ਪੁਸਤਕ ਦੇ 9 ਅੰਤਿਕਾ ਝੰਜੋੜਨ ਵਾਲੇ ਹਨ। ਕਰਜ਼ਈ ਕਿਸਾਨ ਦੁੱਖ ਦਾ ਮਾਰਿਆ ਆਪਣੀਆਂ ਪੰਜ ਤੇ ਦਸ/ਬਾਰ੍ਹਾਂ ਸਾਲਾਂ ਦੀਆਂ ਬੇਟੀਆਂ 40 ਰੁਪਏ ਤੋਂ ਲੈ ਕੇ 500 ਰੁਪਏ ਨੂੰ ਜ਼ਿਮੀਂਦਾਰ/ਸ਼ਾਹੂਕਾਰਾਂ ਨੂੰ ਵੇਚਣ ਲਈ ਮਜਬੂਰ ਹੋਏ। ਇਹ ਵੱਖਰੀ ਵਿਸ਼ਾ-ਵਸਤੂ ਵਾਲੀ ਪੁਸਤਕ ਪੰਜਾਬ ਦੇ ਕਿਸਾਨ ਅੰਦੋਲਨ ਲਈ ਮਾਰਗ ਦਰਸ਼ਨ ਕਰਨ ਵਾਲੀ ਹੈ। ਚੰਗਾ ਹੋਵੇ ਜੇਕਰ ਇਸ ਸੰਖੇਪ ਰੂਪ ਪੰਜਾਬੀ 'ਚ ਛਾਪ ਕੇ ਕਿਸਾਨਾਂ ਤੱਕ ਪੁੱਜਦਾ ਕੀਤਾ ਜਾਵੇ। ਮੁਬਾਰਕ ਹੋਵੇ ਲੇਖਕ/ਅਨੁਵਾਦਕ ਨੂੰ ਅਜਿਹੇ ਦਸਤਾਵੇਜ਼ੀ ਖੋਜ ਕਾਰਜ ਲਈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਹੀਰੇ ਬੰਦੇ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 264
ਸੰਪਰਕ : 98726-02296

ਡਾ. ਵਰਿਆਮ ਸਿੰਘ ਸੰਧੂ ਬਿਰਤਾਂਤ ਦੀਆਂ ਜੁਗਤਾਂ ਵਿਚ ਪੂਰਨ ਪ੍ਰਵੀਣ ਹੈ, ਇਹੀ ਕਾਰਨ ਹੈ ਕਿ ਭਾਵੇਂ ਉਹ ਕਹਾਣੀ ਲਿਖ ਰਿਹਾ ਹੋਵੇ ਜਾਂ ਸਫ਼ਰਨਾਮਾ, ਇਤਿਹਾਸਕ ਮੋਨੋਗ੍ਰਾਫ਼ ਲਿਖ ਰਿਹਾ ਹੋਵੇ ਜਾਂ ਸ਼ਬਦ-ਚਿੱਤਰ, ਉਸ ਦੀ ਲੇਖਣੀ ਹਰ ਵਿਧਾ ਵਿਚ ਆਪਣੀ ਇਕ ਨਿਵੇਕਲੀ ਛਾਪ ਛੱਡਦੀ ਹੈ। ਹਥਲੀ ਪੁਸਤਕ ਵਿਚ ਉਸ ਦੁਆਰਾ ਲਿਖਤ 16 ਸ਼ਬਦ-ਚਿਤਰ ਸੰਗ੍ਰਹਿਤ ਹਨ। ਇਨ੍ਹਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਉਹ 'ਹੀਰੇ ਬੰਦਿਆਂ' ਵਾਂਗ ਪੇਸ਼ ਕਰਦਾ ਹੈ।
ਉਂਝ ਤਾਂ ਭਾਵੇਂ ਹਰ ਵਿਅਕਤੀ ਨੂੰ ਹੀਰੇ ਵਰਗਾ ਅਨਮੋਲ ਜੀਵਨ ਮਿਲਿਆ ਹੁੰਦਾ ਹੈ ਪਰ ਬਹੁਤੇ ਬੰਦੇ ਇਸ ਨੂੰ 'ਚੰਦ ਕੌਡਾਂ' ਪਿੱਛੇ ਰੋਲ ਛੱਡਦੇ ਹਨ। ਉਹ ਆਪਣੇ ਜੀਵਨ ਰੂਪੀ ਹੀਰੇ ਨੂੰ ਸੰਵਾਰ-ਤਰਾਸ਼ ਕੇ ਇਸ ਨੂੰ ਰੌਸ਼ਨ-ਤਬ੍ਹਾ ਨਹੀਂ ਬਣਾ ਪਾਉਂਦੇ। ਇਨ੍ਹਾਂ ਹੀਰੇ-ਬੰਦਿਆਂ ਵਿਚੋਂ ਬਹੁਤ (ਲਗਭਗ ਸਾਰੇ ਹੀ) ਲੇਖਕ ਹਨ। ਇਕ-ਦੋ ਨੂੰ ਛੱਡ ਕੇ ਬਹੁਤੇ ਗੁਜ਼ਰ ਗਏ ਹਨ। ਲੇਖਕ ਨੇ ਉਨ੍ਹਾਂ ਦੀਆਂ ਅਨਮੋਲ ਯਾਦਾਂ ਨੂੰ ਸੰਭਾਲ-ਸਹੇਜ ਕੇ ਰੱਖਿਆ ਹੈ। ਇਸ ਪੁਸਤਕ ਵਿਚ ਸ. ਜਸਵੰਤ ਸਿੰਘ ਕੰਵਲ ਤੋਂ ਲੈ ਕੇ ਕੁਲਵੰਤ ਸਿੰਘ ਵਿਰਕ, ਸ਼ਿਵ ਕੁਮਾਰ, ਕਰਨੈਲ ਸਿੰਘ ਪਾਰਸ, ਜਗਜੀਤ ਸਿੰਘ ਆਨੰਦ... ਅਮਰਜੀਤ ਗੁਰਦਾਸਪੁਰੀ, ਕਿਰਪਾਲ ਸਿੰਘ ਪੰਨੂ, ਅਮੋਲਕ ਸਿੰਘ, ਨਿੰਦਰ ਘੁਗਿਆਣਵੀ ਅਤੇ ਰਜਨੀਸ਼ ਬਹਾਦਰ ਦਾ ਜ਼ਿਕਰੇ-ਖ਼ੈਰ ਹੋਇਆ ਹੈ। ਵਿਚ-ਵਿਚਕਾਰ ਹਰਭਜਨ ਹਲਵਾਰਵੀ, ਪਾਸ਼, ਅਜਮੇਰ, ਔਲਖ, ਸਰਵਣ ਸਿੰਘ, ਜਗਦੀਸ਼ ਸਿੰਘ ਵਰਿਆਮ ਅਤੇ ਜੋਗਿੰਦਰ ਸਿੰਘ ਪੁਆਰ ਵਰਗੇ ਸਮਰੱਥ ਲੇਖਕ ਵੀ ਆ ਗਏ ਹਨ। ਬਹੁਤੇ ਲੇਖਾਂ (ਚਿਤਰਾਂ) ਦੀ ਕੇਂਦਰੀ ਧੁਨੀ ਇਹ ਹੈ *: ''ਮੇਰਿਆ ਯਾਰਾ! ਤੂੰ ਕਿਧਰੇ ਨਹੀਂ ਗਿਆ।'' (ਲੋਕਾਂ ਦੀ ਸਿਮਰਤੀ ਵਿਚ ਵਸਨਾ ਪਿਆ ਏਂ!) ਪਰ ਇਹ ਵੀ ਲੇਖਕ ਦੀ ਇਕ ਖੁਸ਼ਫ਼ਹਿਮੀ ਹੀ ਹੈ। ਅੱਜਕਲ੍ਹ ਤਾਂ ਨਾ ਕੇਵਲ ਲੋਕ 'ਗੁਜ਼ਰ ਗੇ ਬੰਦਿਆਂ' ਨੂੰ ਅਗਲੇ ਦਿਨ ਹੀ ਭੁਲਾ ਦਿੰਦੇ ਹਨ, ਬਲਕਿ ਨਿਸਚਿੰਤ ਹੋ ਜਾਂਦੇ ਹਨ। ਕਿੱਡੇ ਵੱਡੇ-ਵੱਡੇ ਕੱਦਾਵਰ ਲੋਕ ਤੇ ਲੇਖਕ ਤੁਰ ਗਏ। ਕੌਣ ਯਾਦ ਕਰਦਾ ਹੈ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੀਸ਼ਾ, ਗੁਰਦਿਆਲ ਸਿੰਘ, ਬਲਵੰਤ ਗਾਰਗੀ ਅਤੇ ਗੁਰਸ਼ਰਨ ਸਿੰਘ ਭਾਅ ਜੀ ਵਰਗਿਆਂ ਨੂੰ। ਇਹ ਤਾਂ ਵਰਿਆਮ ਸਿੰਘ ਸੰਧੂ ਵਰਗੇ ਸੁਹਿਰਦ ਅਤੇ ਨਿਸ਼ਕਪਟ ਚੰਦ ਲੋਕ ਹੀ 'ਮੋਇਆਂ ਅਤੇ ਵਿਛੜਿਆਂ' ਦੀਆਂ ਯਾਦਾਂ ਨੂੰ ਸਾਂਭ-ਸਹੇਜ ਕੇ ਰੱਖਦੇ ਹਨ। ਬਹੁਤ ਉੱਤਮ ਅਤੇ ਪਰਿਪੱਕ ਸ਼ੈਲੀ ਵਿਚ ਲਿਖੇ ਗਏ ਹਨ ਇਹ ਸ਼ਬਦ-ਚਿੱਤਰ। ਸਾਂਭਣ ਤੇ ਮਾਨਣਯੋਗ ਹੈ ਇਹ ਪੁਸਤਕ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਤਾਨੀਆ ਦੀ ਪ੍ਰੇਮ ਕਹਾਣੀ
ਤਲਵਿੰਦਰ ਸਿੰਘ ਦੀਆਂ 31 ਕਹਾਣੀਆਂ
ਸੰਪਾਦਕ : ਡਾ. ਰਵੇਲ ਸਿੰਘ
ਪ੍ਰਕਾਸ਼ਕ : ਆਰਸੀ ਪਬਲੀਸ਼ਰ, ਨਵੀਂ ਦਿੱਲੀ
ਮੁੱਲ : 750 ਰੁਪਏ, ਸਫ਼ੇ : 504
ਸੰਪਰਕ : 092120-21195

ਪੰਜਾਬੀ ਦੇ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਵਿਚ ਕਹਾਣੀਕਾਰ ਮਰਹੂਮ ਤਲਵਿੰਦਰ ਦਾ ਨਾਂਅ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਹੈ। ਇਹ ਉਸ ਦੀਆਂ ਕਹਾਣੀਆਂ ਦੀ ਮਕਬੂਲੀਅਤ ਹੀ ਹੈ ਕਿ ਉਸ ਦੇ ਵਿਛੋੜੇ ਤੋਂ ਦਸ ਵਰ੍ਹਿਆਂ ਮਗਰੋਂ ਉਸ ਦੀਆਂ ਚਰਚਿਤ 31 ਕਹਾਣੀਆਂ ਦਾ ਵੱਡਅਕਾਰੀ ਸੰਗ੍ਰਹਿ ਡਾ. ਰਵੇਲ ਸਿੰਘ ਦੀ ਸੰਪਾਦਨਾ ਹੇਠ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਪੁੱਜਾ ਹੈ। ਪੁਸਤਕ ਦੇ ਆਰੰਭ ਵਿਚ ਡਾ. ਰਵੇਲ ਸਿੰਘ ਦੇ ਸੰਪਾਦਕੀ ਲੇਖ ਤੋਂ ਇਲਾਵਾ ਜਿੰਦਰ ਵਲੋਂ ਤਲਵਿੰਦਰ ਨਾਲ ਲੰਮੀ ਮੁਲਾਕਾਤ (ਮੇਰੇ ਕੋਲ ਇਕ ਅਦਬੀ ਤਬੀਅਤ ਹੈ) ਅਤੇ ਮੇਰਾ ਜਥੇਦਾਰ ਤਲਵਿੰਦਰ ਸਿੰਘ ਲੇਖ ਵੀ ਸ਼ਾਮਿਲ ਹੈ। ਭਗਵੰਤ ਰਸੂਲਪੁਰੀ ਵਲੋਂ ਲਿਖਿਆ 'ਏਨੀ ਮੇਰੀ ਬਾਤ ਕਹਿ ਕੇ ਤੁਰ ਗਿਆ ਤਲਵਿੰਦਰ-ਸੰਸਮਰਣ ਵੀ ਹੈ। ਪਿਤਰੀ ਸੱਤਾ ਵਿਚ ਦਮਿਤ ਔਰਤ ਮਨ ਦੀਆਂ ਦੱਬੀਆਂ ਸੱਧਰਾਂ ਦੇ ਪ੍ਰਤੀਕਮਈ ਬਿਰਤਾਂਤ, ਰਾਤ ਚਾਨਣੀ, ਡਾ. ਜੇ.ਬੀ. ਸੇਖੋਂ, ਨਿੱਘਰਦੇ ਮਾਨਵੀ ਰਿਸ਼ਤਿਆਂ ਦਾ ਦੁਖਾਂਤ-ਵਾਰਸ ਕਹਾਣੀ-ਸੰਗ੍ਰਹਿ, ਮਿੰਨੀ ਸਲਵਾਨ, ਰਾਤ ਚਾਨਣੀ ਰਾਤ, ਨਾਰੀ ਵੇਦਨਾ ਤੇ ਚੇਤਨਾ ਦਾ ਬਿਰਤਾਂਤ, ਰਾਤ ਚਾਨਣੀ, ਡਾ. ਮਿਨਾਕਸ਼ੀ ਰਾਠੌਰ, ਕਹਾਣੀ ਪੈਂਡਾ 'ਚ ਦਲਿਤ ਵਰਗ ਦੀ ਤ੍ਰਾਸਦੀ ਤੇ ਡਾ. ਰਜਨੀਸ਼ ਕੌਰ, ਵਿਚਲੀ ਔਰਤ ਤੇ ਜ਼ੁਬੈਰ ਅਹਿਮਦ, ਕਹਾਣੀਕਾਰ ਤਲਵਿੰਦਰ ਸਿੰਘ ਨੂੰ ਪੜ੍ਹਦਿਆਂ, ਡਾ. ਮੇਘਾ ਸਲਵਾਨ ਦੇ ਨਾਲ-ਨਾਲ ਤਲਵਿੰਦਰ ਸਿੰਘ ਵਲੋਂ ਆਪਣਾ ਲਿਖਿਆ ਲੇਖ 'ਮਸੀਂ ਲੱਭਾ ਮੈਂ ਤੈਨੂੰ' ਸ਼ਾਮਿਲ ਕੀਤੇ ਗਏ ਹਨ। ਇਹ ਸਾਰੇ ਲੇਖ ਕਹਾਣੀਕਾਰ ਤਲਵਿੰਦਰ ਸਿੰਘ ਦੀ ਅਦਬੀ ਸ਼ਖ਼ਸੀਅਤ ਅਤੇ ਉਸ ਦੇ ਸਿਰਜਣਾਤਮਕ ਸੰਸਾਰ ਬਾਰੇ ਵਿਸਤਾਰ ਨਾਲ ਚਾਨਣਾ ਪਾਉਂਦੇ ਹਨ। ਇਨ੍ਹਾਂ ਰਾਹੀਂ ਤਲਵਿੰਦਰ ਸਿੰਘ ਦੇ ਵਿਅਕਤੀਤਵ ਦੇ ਕਈ ਪਹਿਲੂਆਂ ਅਤੇ ਕਥਾ ਯਾਤਰਾ ਬਾਰੇ ਜਾਣਕਾਰੀ ਹਾਸਿਲ ਹੁੰਦੀ ਹੈ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ, ਜਿਹੜੀਆਂ ਪਹਿਲੋਂ ਹੀ ਪੱਤ੍ਰਿਕਾਵਾਂ ਰਾਹੀਂ ਕਾਫ਼ੀ ਚਰਚਿਤ ਹੋਈਆਂ ਅਤੇ ਇਨ੍ਹਾਂ ਕਰਕੇ ਹੀ ਕਹਾਣੀਕਾਰ ਤਲਵਿੰਦਰ ਨੂੰ ''ਔਰਤ ਦੇ ਨਜ਼ਰੀਏ ਤੋਂ ਔਰਤ ਨੂੰ ਸਮਝਣ ਵਾਲਾ ਸਮਰਥ ਕਹਾਣੀਕਾਰ'' ਦਾ ਰੁਤਬਾ ਹਾਸਿਲ ਹੋਇਆ। ਇਸ ਸੰਗ੍ਰਹਿ ਵਿਚ ਰਾਤ ਚਾਨਣੀ, ਵਿਚਲੀ ਔਰਤ, ਇਸ ਵਾਰ ਅਤੇ ਕਾਲ ਚੱਕਰ ਸੰਗ੍ਰਹਿ ਵਿਚੋਂ ਚੋਣਵੀਆਂ ਅਤੇ ਚਰਚਿਤ ਕਹਾਣੀਆਂ ਸ਼ਾਮਿਲ ਕਰਕੇ ਪਠਕਾਂ ਨੂੰ ਇਨ੍ਹਾਂ ਕਹਾਣੀਆਂ ਰਾਹੀਂ ਤਲਵਿਦਰ ਦੀ ਕਹਾਣੀ ਕਲਾ ਦੀਆਂ ਬਰੀਕੀਆਂ ਅਤੇ ਸੂਖਮ ਤੰਦਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਵਿਚ ਪ੍ਰਗਤੀਵਾਦੀ ਸਰੋਕਾਰ ਵੀ ਮੌਜੂਦ ਹਨ। ਪੰਜਾਬ ਸੰਕਟ ਦੇ ਲੁਕਵੇਂ ਪਹਿਲੂ ਵੀ ਹਨ, ਔਰਤ-ਮਰਦ ਸੰਬੰਧਾਂ ਦੀਆਂ ਭਿੰਨ-ਭਿੰਨ ਪਰਤਾਂ ਹਨ, ਨੌਕਰੀ ਪੇਸ਼ਾ ਵਰਗ ਦੀਆਂ ਵਿਸੰਗਤੀਆਂ ਅਤੇ ਵਿਡੰਬਨਾਵਾਂ ਵੀ ਹਨ। ਸਭ ਤੋਂ ਵੱਧ ਔਰਤ ਦੇ ਮਨੋਵਿਗਿਆਨ , ਉਸ ਦੀਆਂ ਡੂੰਘੀਆ ਰਮਜ਼ਾਂ ਅਤੇ ਪੰਜਾਬ ਦੇ ਪੇਂਡੂ ਆਂਚਲ ਦੀ ਬਦਲਦੀ ਨਕਸ਼-ਨੁਹਾਰ ਦੇ ਉਘੜਵੇਂ ਨਕਸ਼ ਵੀ ਹਨ। ਉਸ ਦਾ ਆਪਣਾ ਪ੍ਰਤੀਕਮਈ ਭਾਸ਼ਾਈ ਮੁਹਾਵਰਾ ਹੈ, ਜੋ ਕਹਾਣੀ ਨੂੰ ਡੂੰਘਾਈ ਦੇ ਨਾਲ ਨਾਲ ਅਰਥ-ਵਿਸਤਾਰ ਵੀ ਦਿੰਦਾ ਹੈ। ਤਾਨੀਆ ਦੀ ਪ੍ਰੇਮ ਕਹਾਣੀ ਆਪਣੇ-ਆਪ ਵਿਚ ਕਾਮਰੇਡੀ ਦਾ ਝੰਡਾ ਚੁੱਕ ਕੇ ਦਿਨ-ਰਾਤ ਇਨਕਲਾਬ ਦਾ ਖ਼ਾਬ ਦੇਖਣ ਵਾਲਿਆਂ ਦਾ ਕਰੂਰ ਯਥਾਰਥ ਵੀ ਹੈ ਤੇ ਤਿੱਖਾ ਕਟਾਖਸ਼ ਵੀ। ਇਹ ਪੁਸਤਕ ਪੰਜਾਬੀ ਪਾਠਕਾਂ ਲਈ ਵੱਡਮੁੱਲਾ ਤੋਹਫ਼ਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਚਿੜੀਆਂ
ਕਵੀ : ਅਵਤਾਰ ਸਿੰਘ ਢਿੱਲੋਂ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 097189-31882

'ਚਿੜੀਆਂ' ਅਵਤਾਰ ਸਿੰਘ ਢਿੱਲੋਂ ਦੀ ਪਹਿਲ-ਪਲੇਠੀ ਕਿਤਾਬ ਹੈ, ਜਿਸ ਵਿਚ ਕੁੱਲ 78 ਕਵਿਤਾਵਾਂ ਹਨ। ਕਵਿਤਾ ਜਿਹੇ ਸੂਖਮ ਵਿਸ਼ੇ ਨੂੰ ਕਾਗਜ਼ 'ਤੇ ਉਲੀਕਣਾ ਹਰ ਕਿਸੇ ਦੇ ਵੱਸ ਵਿਚ ਨਹੀਂ ਹੁੰਦਾ, ਕਿਉਂਕਿ ਇਹ ਜਜ਼ਬਿਆਂ, ਭਾਵਨਾਵਾਂ ਤੇ ਵਲਵਲਿਆਂ ਦੀ ਪੇਸ਼ਕਾਰੀ ਹੁੰਦੀ ਹੈ। ਅਵਤਾਰ ਸਿੰਘ ਢਿੱਲੋਂ ਨੇ ਐਮ.ਏ. ਐਮ ਫਿਲ ਦੀ ਉਚੇਰੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ 2000 ਤੋਂ 2023 ਦੌਰਾਨ ਰਚੀਆਂ ਗਈਆਂ ਹਨ। ਪੁਸਤਕ ਵਿਚ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰੋਮਾਂਟਿਕ ਤੇ ਸਮਕਾਲੀ ਹਾਲਾਤ ਬਾਰੇ ਛੋਟੀਆਂ-ਛੋਟੀਆਂ ਕਵਿਤਾਵਾਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 4 ਕਵਿਤਾਵਾਂ ਤੋਂ ਬਿਨਾਂ ਤਸੀਹੇ, ਠੰਢਾ ਬੁਰਜ, ਅਰਦਾਸ ਵਿਚ ਸ਼ਕਤੀ, ਗੁਰੂ ਘਰ ਦੀ ਸੇਵਾ, ਰੱਬ ਵੱਲ ਨੂੰ ਤੁਰ ਆਦਿ ਕਵਿਤਾਵਾਂ 'ਚੋਂ ਵੀ ਸਿੱਖ ਧਰਮ ਦੀ ਖੁਸ਼ਬੋ ਆਉਂਦੀ ਹੈ। ਕਵੀ ਨੇ ਕੁਝ ਕਵਿਤਾਵਾਂ ਵਿਚ ਆਪਣੀ ਧਰਮ ਪਤਨੀ ਹਰਜਿੰਦਰ ਕੌਰ ਢਿੱਲੋਂ ਦਾ ਵੀ ਜ਼ਿਕਰ ਕੀਤਾ ਹੈ ਤੇ ਹਰ ਕਵਿਤਾ ਦੇ ਅੰਤ ਵਿਚ ਆਪਣਾ ਉਪ-ਨਾਂਅ ਜ਼ਰੂਰ ਵਰਤਿਆ ਹੈ। ਕਵਿਤਾ ਵਿਚ ਪਹਿਲਾ ਯਤਨ ਹੋਣ ਕਰਕੇ ਅਜੇ ਉਸ ਦੀ ਕਵਿਤਾ ਮੁਢਲੇ ਦੌਰ ਵਿਚ ਹੀ ਹੈ ਤੇ ਇਕ ਤਰ੍ਹਾਂ ਨਾਲ ਵੇਖੇ/ਸੁਣੇ/ਅਸਲੀ ਘਟਨਾਵਾਂ ਨੂੰ ਹੀ ਕਵਿਤਾ ਦਾ ਜਾਮਾ ਪਹਿਨਾਇਆ ਗਿਆ ਹੈ। ਪਰੂਫ਼ ਰੀਡਿੰਗ ਦੀਆਂ ਬਹੁਤ ਗ਼ਲਤੀਆਂ ਰੜਕਦੀਆਂ ਹਨ (ਬੀ.ਐ. ਹੋਨਰਜ; ਐਮ.ਐ. ਦੀ ਥਾਂ ਬੀ. ਏ. ਆਨਰਜ਼ ਅਤੇ ਐਮ. ਏ. ਲਿਖਿਆ ਜਾਣਾ ਚਾਹੀਦਾ ਸੀ)। ਕਿਤੇ-ਕਿਤੇ ਵਾਕ ਬਣਤਰ ਦੀਆਂ ਉਕਾਈਆਂ ਵੀ ਹਨ। ਸਾਰੀ ਕਿਤਾਬ ਇਕੋ ਫ਼ੌਂਟ ਵਿਚ ਨਹੀਂ ਛਪੀ (ਪੰਨਾ 69, 79 'ਤੇ ਦੋ ਕਵਿਤਾਵਾਂ ਵੱਖਰੇ ਫ਼ੌਂਟ ਵਿਚ ਹਨ)। ਇਸੇ ਤਰ੍ਹਾਂ ਇਕ ਕਵਿਤਾ (ਪੰਨਾ 17) ਦਾ ਸਿਰਲੇਖ ਤਤਕਰਾ ਅਤੇ ਅੰਦਰਵਾਰ ਵੱਖ-ਵੱਖ ਹੈ ('ਨਾਨਕ ਬੋਲੇ 1313' ਨੂੰ ਤਤਕਰਾ ਮੁਤਾਬਕ 'ਨਾਨਕ ਬੋਲੇ ਤੇਰਾਂ ਤੇਰਾਂ' ਲਿਖਿਆ ਜਾਣਾ ਚਾਹੀਦਾ ਸੀ)। ਇਸੇ ਤਰ੍ਹਾਂ ਕਵੀ ਨੇ ਅੰਗਰੇਜ਼ੀ ਵਿਚ 'ਚਿੜੀਆਂ' ਦਾ ਅਨੁਵਾਦ @sparrows@ ਦੀ ਥਾਂ @b}rds@ ਪਤਾ ਨਹੀਂ ਕਿਉਂ ਕੀਤਾ ਹੈ? ਸਾਰੀ ਕਿਤਾਬ ਪੜ੍ਹ ਕੇ ਮੈਨੂੰ ਜਾਪਿਆ ਹੈ ਕਿ ਕਿਤਾਬ ਜਿਵੇਂ ਛਪੀ, ਉਸੇ ਤਰ੍ਹਾਂ ਜਾਰੀ ਕਰ ਦਿੱਤੀ ਗਈ, ਪਰੂਫ਼ ਪੜ੍ਹੇ ਹੀ ਨਹੀਂ ਗਏ। ਉਮੀਦ ਕੀਤੀ ਜਾ ਸਕਦੀ ਹੈ ਕਿ ਕਵੀ ਭਵਿੱਖ ਵਿਚ ਆਪਣੀ ਕਾਵਿ ਕਲਾ ਨੂੰ ਹੋਰ ਨਿਖਾਰ ਕੇ ਪਾਠਕਾਂ ਸਾਹਵੇਂ ਪ੍ਰਸਤੁਤ ਕਰੇਗਾ।

ਚਿੰਤਨ ਦੇ ਚਿਤੇਰੇ
ਲੇਖਕ : ਡਾ. ਭੀਮ ਇੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 98149-02040

ਡਾ. ਭੀਮ ਇੰਦਰ ਸਿੰਘ ਸਮਕਾਲੀ ਪੰਜਾਬੀ ਆਲੋਚਨਾ ਵਿਚ ਇਕ ਪਰਿਚਿਤ ਨਾਂਅ ਹੈ। ਉਸ ਨੇ ਹੁਣ ਤੱਕ 10 ਮੌਲਿਕ, 4 ਅਨੁਵਾਦਿਤ, 8 ਸੰਪਾਦਿਤ ਪੁਸਤਕਾਂ ਸਮੇਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ 'ਖੋਜ ਪੱਤ੍ਰਿਕਾ' ਦੇ ਪੰਜ ਅੰਕਾਂ ਅਤੇ ਤ੍ਰੈਮਾਸਿਕ 'ਸਰੋਕਾਰ' ਦਾ 7 ਸਾਲ ਸੁਯੋਗ ਸੰਪਾਦਨ ਕੀਤਾ ਹੈ। 'ਚਿੰਤਨ ਦੇ ਚਿਤੇਰੇ' 2023 ਵਿਚ ਪ੍ਰਕਾਸ਼ਿਤ ਉਸ ਦੀ ਨਵੀਨਤਮ ਕਿਤਾਬ ਹੈ, ਜਿਸ ਵਿਚ 16 ਲੇਖ ਸ਼ਾਮਿਲ ਹਨ। ਪੰਜਾਬੀ ਆਲੋਚਨਾ ਦੇ ਦਿੱਗਜ ਪ੍ਰੋ. ਕਿਸ਼ਨ ਸਿੰਘ, ਡਾ. ਹਰਿਭਜਨ ਸਿੰਘ, ਡਾ. ਟੀ.ਆਰ. ਵਿਨੋਦ, ਡਾ. ਸੁਤਿੰਦਰ ਸਿੰਘ ਨੂਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਤੇ ਡਾ. ਸਰਬਜੀਤ ਸਿੰਘ ਆਦਿ ਦੀਆਂ ਆਲੋਚਨਾਤਮਿਕ ਪੱਧਤੀਆਂ ਬਾਰੇ ਵਿਭਿੰਨ ਮੁੱਲਵਾਨ ਲੇਖਾਂ ਦੇ ਨਾਲ-ਨਾਲ ਕਾਮਰੇਡ ਮਾਓ, ਪ੍ਰੋ. ਰਣਧੀਰ ਸਿੰਘ, ਲੈਨਿਨ ਸਮੇਤ ਗ਼ਦਰ ਲਹਿਰ ਦੇ ਜੁਝਾਰੂਆਂ ਜਵਾਲਾ ਸਿੰਘ ਠੱਠੀਆਂ, ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਕਾਮਰੇਡ ਗੰਧਰਵ ਸੇਨ ਕੋਛੜ ਦੇ ਨਜ਼ਰੀਏ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ। ਪੁਸਤਕ ਦੇ ਸਾਰੇ ਹੀ ਚਿੰਤਕ ਆਪੋ-ਆਪਣੇ ਖੇਤਰ ਦੇ ਸਿੱਧਹਸਤ ਹਨ। ਤਤਕਾਲੀ ਰਾਜਨੀਤਕ ਵਿਵਸਥਾ ਇਤਿਹਾਸ ਨੂੰ ਖ਼ਤਮ ਕਰਨ/ਬਦਲਣ 'ਤੇ ਤੁਲੀ ਹੋਈ ਹੈ ਤੇ ਉਹ ਇਕ ਖਾਸ ਨੀਤੀ ਤਹਿਤ ਖਾਸ ਏਜੰਡੇ ਨੂੰ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਫ਼ਾਸ਼ੀਵਾਦੀ ਤਾਕਤਾਂ ਸਾਡੇ ਸਾਂਝੇ ਵਿਰਸੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਧਾਰੀ ਬੈਠੀਆਂ ਹਨ। ਸਰਕਾਰੀ ਹੱਥ-ਠੋਕੂ ਸੰਸਥਾਵਾਂ ਸਿੱਖਿਆ ਸੰਸਥਾਵਾਂ ਵਿਚ ਇਕ ਸਾਜਿਸ਼ ਅਧੀਨ ਅਜਿਹਾ ਕਰੀਕੁਲਮ ਲਿਆ ਰਹੀਆਂ ਹਨ, ਜੋ ਸਾਡੀ ਰਹਿਤਲ ਨੂੰ ਤਹਿਸ-ਨਹਿਸ ਕਰਕੇ ਰੱਖ ਦੇਵੇਗਾ। ਅਜਿਹੇ ਹਾਲਾਤ ਵਿਚ ਚਿੰਤਕਾਂ ਦੀ ਭੂਮਿਕਾ ਹੋਰ ਵੀ ਵਧ ਗਈ ਹੈ। ਡਾ. ਭੀਮ ਇੰਦਰ ਨੇ ਬੜੀ ਸੰਜੀਦਗੀ ਨਾਲ ਇਨ੍ਹਾਂ ਸਾਹਿਤਾਚਾਰੀਆਂ/ਲੋਕ-ਨਾਇਕਾਂ ਦੇ ਰੋਲ ਦਾ ਮੁਲਾਂਕਣ ਕੀਤਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਧਰਤੀ ਤੇ ਅਸਮਾਨ ਵਿਚਾਲੇ
ਲੇਖਕ : ਗਗਨਗੀਤ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 78
ਸੰਪਰਕ : 95019-36601

ਉੱਭਰਦੇ ਗ਼ਜ਼ਲਕਾਰ ਗਗਨਗੀਤ ਦੀ ਹਥਲੀ ਪੁਸਤਕ 'ਧਰਤੀ ਤੇ ਅਸਮਾਨ ਵਿਚਾਲੇ' ਨੂੰ ਪੜ੍ਹ ਕੇ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਉਨ੍ਹਾਂ ਦੀ ਪਲੇਠੀ ਪੁਸਤਕ ਹੋਵੇਗੀ। ਗ਼ਜ਼ਲਕਾਰੀ ਦੇ ਮੁਢਲੇ ਪੜਾਅ 'ਤੇ ਹੀ ਇੰਨੇ ਖ਼ੂਬਸੂਰਤ ਅਤੇ ਮਿਆਰੀ ਸ਼ਿਅਰ ਕਹਿਣਾ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਸ਼ਾਹਦੀ ਭਰਦਾ ਹੈ। ਜ਼ਿੰਦਗੀ ਦੇ ਸੱਚ ਨੂੰ ਉਨ੍ਹਾਂ ਨੇ ਬਹੁਤ ਹੀ ਨੇੜੇ ਹੋ ਕੇ ਦੇਖਣ ਅਤੇ ਵਾਚਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ, ਜਿਸ ਦੀ ਝਲਕ ਉਨ੍ਹਾਂ ਦੇ ਇਸ ਸ਼ਿਅਰ ਵਿਚੋਂ ਸਪੱਸ਼ਟ ਦਿਖਾਈ ਦਿੰਦੀ ਹੈ:
ਉੱਗ ਰਹੇ ਨੇ ਰਾਖ਼ 'ਚੋਂ,
ਸੱਜਰੇ ਡਰਾਂ ਦੇ ਨਾਲ ਨਾਲ।
ਸੜ ਗਏ ਸੀ ਖ਼ਾਬ ਜੋ,
ਸੜਦੇ ਘਰਾਂ ਦੇ ਨਾਲ ਨਾਲ।
ਉਹ ਸਿਰਫ਼ ਲਿਖਣ ਲਈ ਹੀ ਨਹੀਂ ਲਿਖਦੇ, ਬਲਕਿ ਉਨ੍ਹਾਂ ਦੀਆਂ ਗ਼ਜ਼ਲਾਂ ਲੁੱਟੇ-ਪੁੱਟੇ ਜਾ ਰਹੇ ਲੋਕਾਂ ਦੀ ਧਿਰ ਬਣਦੀਆਂ ਹਨ। ਉਹ ਫ਼ਿਕਰਮੰਦ ਹਨ ਕਿ ਅਜੋਕੇ ਕਲਮਕਾਰ ਹਕੂਮਤਾਂ ਦੇ ਮਾਣ-ਸਨਮਾਨ ਦੇ ਚੱਕਰ ਵਿਚ ਉਲਝ ਕੇ ਲੋਕਾਂ ਦੀ ਗੱਲ ਕਰਨੋਂ ਘਬਰਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਲੇਖਕ ਜਾਂ ਤਾਂ ਬਾਬੇ ਕਿਆਂ ਦਾ ਹੋ ਸਕਦਾ ਹੈ ਜਾਂ ਬਾਬਰ ਕਿਆਂ ਦਾ, ਤੀਜੀ ਕੋਈ ਕਿਸਮ ਨਹੀਂ ਹੁੰਦੀ ਪਰ ਮੁਸ਼ਕਿਲ ਤਾਂ ਇਹ ਹੈ ਕਿ ਲਕੀਰ ਖਿੱਚ ਕੇ ਇਕ ਪਾਸੇ ਖੜ੍ਹਨਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦਾ ਹੈ:
ਕਵੀ ਲੈ ਕੇ ਸਨਮਾਨ ਮੁੜਦਿਆਂ, ਜਾਪੇ ਓਸ ਪਰਿੰਦੇ ਵਰਗਾ,
ਜੋ ਆਪਣੀ ਪਰਵਾਜ਼ ਦੇ ਬਦਲੇ, ਲੈ ਸੋਨੇ ਦੇ ਪਰ ਬੈਠਾ ਸੀ।
ਗਗਨਗੀਤ ਨਵੇਂ ਦੌਰ ਦੇ, ਨਵੇਂ ਢੰਗ ਨਾਲ, ਨਵੀਂ ਗੱਲ ਕਰਨ ਵਾਲੇ ਗ਼ਜ਼ਲਕਾਰ ਹਨ। ਗ਼ਜ਼ਲ ਨਾਲ ਜੁੜੀਆਂ ਵੇਲਾ ਵਿਹਾ ਚੁੱਕੀਆਂ ਧਾਰਨਾਵਾਂ ਉਨ੍ਹਾਂ ਨੇ ਚਿਮਟੀ ਨਾਲ ਚੁੱਕ ਕੇ ਇਕ ਪਾਸੇ ਰੱਖ ਦਿੱਤੀਆਂ ਹਨ। ਬਹਿਰ-ਵਜ਼ਨ ਦੇ ਮਾਮਲੇ ਵਿਚ ਉਨ੍ਹਾਂ ਦੀ ਪਕੜ ਬੜੀ ਮਜ਼ਬੂਤ ਹੈ ਪਰ ਉਹ ਇਸ ਗੱਲ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਕਿ ਗ਼ਜ਼ਲ ਵਿਚ ਕੀ ਕਿਹਾ ਜਾ ਸਕਦਾ ਹੈ ਅਤੇ ਕੀ ਨਹੀਂ। ਪੰਜਾਬੀ ਗ਼ਜ਼ਲ ਦਾ ਮੂੰਹ-ਮੱਥਾ ਸੰਵਾਰ ਕੇ, ਉਸ ਨੂੰ ਸਮੇਂ ਦੀ ਹਾਣ ਦੀ ਬਣਾਉਣ ਲਈ ਉਹ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਘੱਗਰ ਕੇ ਢਾਹੇ ਢਾਹੇ
ਲੇਖਕ : ਚਰਨ ਪੁਆਧੀ
ਪ੍ਰਕਾਸ਼ਕ : ਨਾਨਕਸ਼ਾਹੀ ਟਰੱਸਟ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 099964-25988

ਪੁਆਧੀ ਨੂੰ ਪੰਜਾਬੀ ਦੀ ਉਪ-ਭਾਸ਼ਾ ਤਸਲੀਮ ਕੀਤਾ ਜਾਂਦਾ ਹੈ। ਹੁਣ ਤੱਕ ਦੇ ਸਰਵੇ ਅਨੁਸਾਰ ਪੰਜਾਬੀ ਸਾਹਿਤ 'ਚ ਮਾਝੀ ਅਤੇ ਮਲਵਈ ਉਪ-ਭਾਸ਼ਾ ਦਾ ਹੀ ਦਬਦਬਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਸਾਹਿਤਕਾਰ ਇਨ੍ਹਾਂ ਉਪ-ਬੋਲੀਆਂ ਨੂੰ ਸਾਹਿਤਕ ਭਾਸ਼ਾ ਵਜੋਂ ਵਿਕਸਿਤ ਕਰਨ 'ਚ ਹੀ ਭਰਪੂਰ ਯੋਗਦਾਨ ਪਾਉਂਦੇ ਰਹੇ ਹਨ। ਚਰਨ ਪੁਆਧੀ ਨੇ ਵੀ ਹੁਣ ਤੱਕ 40 ਵਿਧਾਵਾਂ ਦੇ ਵਿਚ ਆਪਣੀ ਕਵਿਤਾ ਕਹੀ ਹੈ ਅਤੇ ਉਸ ਦੀ ਦਿਲੀ ਤਮੰਨਾ ਹੈ ਕਿ ਉਹ 100 ਵਿਧਾਵਾਂ 'ਤੇ ਆਪਣੀ ਕਲਮ ਜ਼ੌਹਰ ਦਿਖਾ ਕੇ ਆਪ ਉਪ-ਭਾਸ਼ਾ ਦੀ ਸੇਵਾ ਕਰ ਸਕੇ।
'ਘੱਗਰ ਕੇ ਢਾਹੇ ਢਾਹੇ' ਉਸ ਦੀ 32ਵੀਂ ਪ੍ਰਕਾਸ਼ਨਾ ਹੈ। ਇਸ ਤੋਂ ਪਹਿਲਾਂ ਉਹ 31 ਪੁਸਤਕਾਂ ਬਾਲ ਕਵਿਤਾਵਾਂ, ਬਾਲ ਗੀਤ, ਗੀਤ ਸੰਗ੍ਰਹਿ, ਸ਼ਾਇਰੀ ਨਾਵਲ, ਲੋਕ ਬੋਲੀਆਂ, ਪੁਆਧੀ ਕਾਵਿ-ਕਹਾਣੀਆਂ, ਪ੍ਰੇਮ ਪੱਤਰ ਸੰਗ੍ਰਹਿ ਆਦਿ ਪ੍ਰਕਾਸ਼ਿਤ ਕਰ ਚੁੱਕਾ ਹੈ। ਲਗਭਗ 25 ਪੁਸਤਕਾਂ ਛਪਾਈ ਅਧੀਨ ਹਨ। ਇਹ ਕਾਵਿ ਪੁਸਤਕਾਂ ਉਸ ਨੇ ਸ. ਅਤਿੰਦਰਪਾਲ ਸਿੰਘ ਖ਼ਾਲਸਾ (ਸਾਬਕਾ ਸੰਸਦ ਮੈਂਬਰ ਭਾਰਤ ਸਰਕਾਰ) ਅਤੇ ਉਨ੍ਹਾਂ ਦੀ ਸੁਪਤਨੀ ਕਮਲਜੀਤ ਕੌਰ ਨੂੰ ਸਮਰਪਿਤ ਕੀਤੀਆਂ ਹਨ। ਜੋ ਇਸ ਕਾਵਿ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਉਸ ਦੇ ਮਦਦਗਾਰ ਬਣੇ। ਇਸ ਕਾਵਿ-ਸੰਗ੍ਰਹਿ ਵਿਚ 'ਪਾਰ ਰਾਵੀ ਕੇ ਬਾਬਾ ਨਾਨਕ' ਤੋਂ ਲੈ ਕੇ 'ਪੁਆਧੀ ਕੈਦਾ' ਤੱਕ ਲਗਭਗ 70 ਕਵਿਤਾਵਾਂ, ਗੀਤ, ਗ਼ਜ਼ਲਾਂ, ਲੋਕ ਕਾਵਿ ਰੰਗ (ਕਿੱਕਲੀ, ਬਾਲੋ, ਮਾਹੀਆ) ਸ਼ਾਮਿਲ ਕੀਤੇ ਹਨ। ਇਨ੍ਹਾਂ ਰਚਨਾਵਾਂ ਵਿਚ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ, ਬਦਲਦਾ ਮਾਹੌਲ, ਪਿੰਡਾਂ ਦੀ ਤ੍ਰਾਸਦਿਕ ਜ਼ਿੰਦਗੀ ਦੀਆਂ ਝਲਕਾਂ ਊਚ-ਨੀਚ, ਗ਼ਰੀਬੀ, ਅਮੀਰੀ ਦੇ ਰੰਗ ਪੜ੍ਹਨ ਨੂੰ ਸਧਾਰਨ ਅਤੇ ਸਮਝ ਆਉਣ ਵਾਲੀ ਲੋਕ ਬੋਲੀ 'ਚ ਮਿਲ ਜਾਣਗੇ। 'ਪਾਰ ਰਾਵੀ ਕੇ ਬਾਬਾ ਨਾਨਕ' ਗੀਤ 'ਚ ਕਿਰਤ ਨੂੰ ਬਾਬੇ ਵਲੋਂ ਵਡਿਆਇਆ ਗਿਆ।
'ਘੱਗਰ ਕੇ ਢਾਹੇ ਢਾਹੇ' ਕਾਵਿ 'ਚ ਪੁਆਧੀ ਉਪ-ਭਾਸ਼ਾ ਦੇ ਭੂਗੋਲਿਕ ਖੇਤਰ ਦੇ ਵਰਨਣ ਦੇ ਨਾਲ-ਨਾਲ ਇਥੇ ਵਸਦੇ ਲੋਕਾਂ ਦੀ ਮਾਨਸਿਕਤਾ ਪੇਸ਼ ਕੀਤੀ ਗਈ ਹੈ। ਨਸ਼ਿਆਂ ਅਤੇ ਹੋਰ ਸਮੱਸਿਆਵਾਂ ਨੂੰ ਪੇਸ਼ ਕਰਦੀਆਂ 'ਨਸ਼ੇ ਪਾਸ ਨਾ ਜਾਹ' ਅਤੇ ਗੌਂਅ ਕੇ 'ਗੱਭੇ ਠੇਕਾ ਮਾੜਾ' ਆਦਿ ਦੇਖੀਆਂ ਜਾ ਸਕਦੀਆਂ ਹਨ। ਪੁਆਧ ਇਲਾਕੇ ਦੇ ਸੱਭਿਆਚਾਰਕ ਰੰਗ, 'ਰੂਕਾ ਪੁਆਧੀ ਬੋਲੀ ਕਾ', 'ਪੁਆਧੀ ਜੁਗਨੀ', 'ਪੁਆਧੀ ਮਿਰਜ਼ਾ', 'ਪੁਆਧੀ ਜਾਗਦੇ ਕਿ ਸੁੱਤੇ?' 'ਪੁਆਧੀ ਮਾਹੀਆ' ਅਤੇ 'ਪੁਆਧੀ ਕੈਦਾ' ਆਦਿ ਕਵਿਤਾ 'ਚ ਦੇਖੇ ਜਾ ਸਕਦੇ ਹਨ। ਪੁਆਧੀ ਉਪ-ਭਾਸ਼ਾ ਲਈ ਚਰਨ ਪੁਆਧੀ ਦਾ ਇਹ ਉਪਰਾਲਾ ਸਲਾਹੁਣਯੋਗ ਹੈ। ਪੰਜਾਬੀ ਪਿਆਰਿਆਂ ਨੂੰ ਇਹ ਕਾਵਿ-ਪੁਸਤਕ ਪੜ੍ਹਨ ਦੀ ਤਾਕੀਦ ਕਰਦਿਆਂ ਪ੍ਰਸੰਨਤਾ ਮਹਿਸੂਸ ਕਰਦਾ ਹਾਂ। ਆਮੀਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

02-02-2024

ਜ਼ਾਵੀਆ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 127
ਸੰਪਰਕ : 94630-62603

ਮੂਲ ਤੌਰ 'ਤੇ ਨਿਬੰਧਕਾਰ ਡਾ. ਅਰਵਿੰਦਰ ਸਿੰਘ ਹੁਣ ਤੱਕ 14 ਪੁਸਤਕਾਂ ਰਾਹੀਂ ਆਪਣੇ ਨਿਬੰਧ ਕਲਾ ਲੇਖਨ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦੀ 15ਵੀਂ ਨਿਬੰਧ ਪੁਸਤਕ 'ਜ਼ਾਵੀਆ' ਵਿਚ ਲਘੂ ਆਕਾਰ ਦੇ 75 ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹ ਸਾਰੇ ਹੀ ਨਿਬੰਧ ਇਸ ਗੱਲ ਨੂੰ ਪੁਖ਼ਤਾ ਕਰਦੇ ਹਨ ਕਿ ਮਨੁੱਖ ਨੂੰ ਇਸ ਦੁਨੀਆ ਵਿਚ ਵਿਚਰਨ ਲਈ ਇਕ ਖ਼ਾਸ ਤਰ੍ਹਾਂ ਦੇ ਜ਼ਾਵੀਏ ਯਾਨੀ ਨਜ਼ਰੀਏ ਯਾਨੀ ਦ੍ਰਿਸ਼ਟੀਕੋਣ ਯਾਨੀ ਨੁਕਤਾ-ਏ-ਨਿਗ੍ਹਾ ਦੀ ਲੋੜ ਹੁੰਦੀ ਹੈ। ਮਨੁੱਖ ਦਾ ਵਰਤਾਰਾ, ਵਿਹਾਰ ਜਾਂ ਵਿਅਕਤੀਤਵ ਪ੍ਰਦਰਸ਼ਨ ਉਸ ਵਲੋਂ ਅਪਣਾਏ ਗਏ ਜ਼ਾਵੀਏ 'ਤੇ ਹੀ ਨਿਰਭਰ ਕਰਦਾ ਹੈ। ਪੁਸਤਕ ਦੇ ਹਰੇਕ ਨਿਬੰਧ ਦੀ ਸ਼ੁਰੂਆਤ ਅੱਲਾਮਾ ਇਕ ਬਾਲ, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਅਕਬਰ ਅਲਾਹਾਬਾਦੀ, ਰਸਖਾਨ, ਰਹੀਮ, ਹਾਸ਼ਮ ਸ਼ਾਹ, ਗੁਲਜ਼ਾਰ, ਅਨਵਰ ਸਰੂਰ, ਅੰਜ਼ੁਮ ਰੂਮਾਨੀ, ਪ੍ਰੋ. ਮੋਹਨ ਸਿੰਘ, ਮਿਰਾਜ਼ ਫੈਜ਼ਾਬਾਦੀ, ਦੀਵਾਨ ਸਿੰਘ ਕਾਲੇ ਪਾਣੀ, ਹਬੀਬ ਜ਼ਾਲਿਬ, ਹੀਰਾ ਸਿੰਘ ਦਰਦ, ਡਾ. ਹਰੀਭਜਨ ਸਿੰਘ, ਬੁੱਲ੍ਹੇਸ਼ਾਹ, ਕਤੀਲ ਸ਼ਿਫਾਈ, ਹਰਿਵੰਸ਼ ਰਾਏ ਬੱਚਨ, ਸਾਹਿਰ ਲੁਧਿਆਣਵੀ, ਫਿਰਾਕ ਗੋਰਖ ਪੁਰੀ, ਸ਼ਾਹ ਹੁਸੈਨ, ਇਕਬਾਲ ਸਾਜਿਦ, ਫਿਦਾ ਬੁਖਾਰੀ, ਨਫਸ ਅੰਬਾਲਵੀ, ਅਫਜ਼ਲ ਅਹਿਸਨ ਰੰਧਾਵਾ, ਸ਼ਾਹ ਸ਼ਰਫ, ਬਾਬਾ ਨਜਮੀ, ਸੁਲਤਾਨ ਬਾਹੂ, ਮੁਖ਼ਤਾਰ ਸਿਦੀਕੀ ਜਿਹੇ ਨਾਮਾਵਰ ਸ਼ਾਇਰਾਂ-ਸੂਫੀ ਕਵੀਆਂ ਅਤੇ ਚਿੰਤਕਾਂ ਦੇ ਸ਼ੇਅਰ, ਕੁਟੇਸ਼ਨ ਆਦਿ ਨਾਲ ਕੀਤੀ ਗਈ ਹੈ। ਇਨ੍ਹਾਂ ਦੇ ਕੇਂਦਰੀ ਭਾਵ ਨੂੰ ਡਾ. ਅਰਵਿੰਦਰ ਸਿੰਘ ਨੇ ਬਹੁਤ ਹੀ ਨਪੇ-ਤੁਲੇ, ਢੁੱਕਵੇਂ, ਅਰਥ-ਭਰਪੂਰ ਸ਼ਬਦਾਂ ਤੇ ਅਲੰਕਾਰਕ ਮੁਹਾਵਰੇ ਵਾਲੀ ਸ਼ੈਲੀ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਨਿਬੰਧਾਂ ਦਾ ਪਾਠ ਕਰਦਿਆਂ ਪਾਠਕ ਨਿਬੰਧਕਾਰ ਦੀ ਅਕਰਸ਼ਕ ਸ਼ੈਲੀ ਤੋਂ ਤਾਂ ਪ੍ਰਭਾਵਿਤ ਹੁੰਦਾ ਹੀ ਹੈ ਸਗੋਂ ਲੇਖਕ ਵਲੋਂ ਮਨੁੱਖ ਨੂੰ ਆਪਣੀ ਜੀਵਨ-ਜਾਚ, ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਵਿਕਾਰਾਂ ਤੋਂ ਰਹਿਤ ਜੀਵਨ, ਜ਼ਿੰਦਗੀ ਵਿਚ ਸਾਰਥਕਿਤਾ ਲਿਆਉਣ, ਸਾਦਾ, ਸਰਲ, ਸਹਿਜ, ਸਪੱਸ਼ਟ, ਸਿਰੜੀ, ਸਿਦਕੀ ਤੇ ਸਫਲ ਜੀਵਨ ਜਿਊਣ ਦੇ ਨੁਕਤੇ ਵੀ ਸੁਝਾਏ ਗਏ ਹਨ। ਇਹ ਨਿਬੰਧ ਆਮ ਮਨੁੱਖ ਨੂੰ ਸਵੈ-ਪੜਚੋਲ ਕਰਨ ਲਈ ਵੀ ਪ੍ਰੇਰਦੇ ਹਨ। ਪਾਠਕ ਇਨ੍ਹਾਂ ਨੂੰ ਪੜ੍ਹਦਿਆਂ ਨਾਲੋ-ਨਾਲ ਜ਼ਿੰਦਗੀ, ਪਰਿਵਾਰ, ਸਮਾਜ, ਦੇਸ਼, ਵਾਤਾਵਰਨ ਪ੍ਰਤੀ ਆਪਣੇ ਜ਼ਾਵੀਏ ਦਾ ਵਿਸ਼ਲੇਸ਼ਣ ਵੀ ਕਰਦਾ ਜਾਂਦਾ ਹੈ। ਇਹ ਨਿਬੰਧ ਯਕੀਨੀ ਤੌਰ 'ਤੇ ਅਜੋਕੀ ਪੀੜ੍ਹੀ, ਜਿਹੜੀ ਸਬਰ, ਸੰਤੋਖ, ਸਹਿਣਸ਼ੀਲਤਾ ਤੋਂ ਊਣੀ, ਮਟੀਰਅਲਿਸਟਕ ਸੋਚ ਅਤੇ ਭੌਤਿਕ ਸੁੱਖਾਂ ਦੀ ਗੁਲਾਮ, ਮਸ਼ੀਨੀ ਸੰਵੇਦਨ-ਹੀਨਤਾ ਦੀ ਪੱਧਰ ਵਾਲਾ ਜੀਵਨ ਜਿਊਣ ਲਈ ਮਜਬੂਰ ਹੋ ਰਹੀ ਹੈ, ਇਹ ਨਿਬੰਧ ਉਨ੍ਹਾਂ ਵਿਚ ਮਨੁੱਖੀ ਕਦਰਾਂ-ਕੀਮਤਾਂ, ਸਮਰਪਣ, ਰਿਸ਼ਤਿਆਂ ਵਿਚਲੀ ਸੰਵੇਦਨਾ ਤੇ ਆਤਮ-ਵਿਸ਼ਵਾਸ ਪੈਦਾ ਕਰਨ ਲਈ ਵਡਮੁੱਲੀ ਭੂਮਿਕਾ ਨਿਭਾ ਸਕਦੇ ਹਨ ਬ-ਸ਼ਰਤੇ ਕਿ ਉਹ ਇਨ੍ਹਾਂ ਨੂੰ ਪੜ੍ਹ ਕੇ, ਆਤਮਸਾਤ ਕਰਕੇ ਜੀਵਨ ਵਿਚ ਅਪਣਾਉਣ ਦੀ ਕੋਸ਼ਿਸ਼ ਕਰੇ। ਨਿਬੰਧਾਂ ਦੇ ਸਿਰਲੇਖ ਬੜੇ ਹੀ ਕਲਾਤਮਿਕ ਅਤੇ ਦਿਲ ਖਿੱਚਵੇਂ ਹਨ। ਜਿਵੇਂ-ਨਜ਼ਰ ਕਾ ਜ਼ਾਵੀਆ ਬਦਲਾ ਹੈ ਜਬ ਸੇ, ਜੋ ਯਕੀਨ ਕੀ ਰਾਹ ਮੇਂ ਚਲ ਪੜੇ, ਅਪਨੀ ਦੁਨੀਆ ਆਪ ਪੈਦਾ ਕਰ, 'ਸ਼ਰੂਰ' ਸਿਰਫ਼ ਇਰਾਦੇ ਸੇ ਕੁਛ ਨਹੀਂ ਹੋਤਾ, ਡੂਬਨਾ ਪੜਤਾ ਹੈ ਉਭਰਨੇ ਸੇ ਪਹਿਲੇ, ਵਕਤ ਰਹਿਤਾਂ ਨਹੀਂ ਕਹੀਂ ਟਿਕ ਕਰ, ਕਿੱਧਰੋਂ ਆਏ? ਕਿੱਧਰ ਜਾਂਦੇ? ਕਿੱਧਰ ਜਾਣਾ?, ਵੇਖ-ਵੇਖ ਕੇ ਬਦਲੀਆਂ ਰੱਤਾਂ, ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਬਾਹਰੋਂ ਪਾਕ ਕੀਤੇ ਕੀ ਹੁੰਦਾ, ਮੈਂ ਲਫਜ਼ਾਂ ਵਿਚ ਬੀਜਾਂ ਪਿਆਰ ਆਦਿ ਪਾਠਕ ਨੂੰ ਨਿਬੰਧ ਦੇ ਪਹਿਲੇ ਲਫਜ਼ ਨਾਲ ਹੀ ਜੋੜ ਲੈਂਦੇ ਨੇ ਤੇ ਪਾਠਕ ਇਕ ਤੋਂ ਬਆਦ ਇਕ ਸਾਰੇ ਨਿੰਬਧ ਪੜ੍ਹ ਕੇ ਹੀ ਸਾਹ ਲੈਂਦਾ ਹੈ। ਲੇਖਕ ਵਲੋਂ ਪੰਜਾਬੀ ਤੋਂ ਇਲਾਵਾ ਉਰਦੂ, ਫਾਰਸੀ, ਅਰਬੀ, ਪਸ਼ਤੋ ਅਤੇ ਹਿੰਦੀ ਦੇ ਵਰਤੇ ਗਏ ਸ਼ਬਦਾਂ ਨੇ ਨਿੰਬਧਾਂ ਵਿਚ ਸ਼ਾਇਰੀ ਵਰਗੀ ਰਵਾਨਗੀ ਪੈਦਾ ਕੀਤੀ ਹੈ। ਇਨ੍ਹਾਂ ਨਿੰਬਧਾਂ ਵਿਚ ਬੌਧਿਕਤਾ, ਅਧਿਆਤਮਕਿਤਾ ਅਤੇ ਕਲਾਤਮਿਕਤਾ ਦਾ ਅਨੂਠਾ ਸੰਗਮ ਹੈ। 'ਜ਼ਾਵੀਆ' ਸਕੂਲ-ਕਾਲਜ ਪਧੱਰ 'ਤੇ ਵਿਦਿਆਰਥੀਆਂ ਨੂੰ ਪਾਠਕ੍ਰਮ ਵਿਚ ਪੜ੍ਹਾਈ ਜਾਣ ਵਾਲੀ ਪੁਸਤਕ ਦੀ ਸਲਾਹੀਅਤ ਰੱਖਦੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਨੀਰੋ
ਲੇਖਕ : ਜੈਕੋਬ ਐਬਟ
ਅਨੁਵਾਦਕ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 99150-99926

ਨੀਰੋ ਨੂੰ ਰੋਮਨ ਸਾਮਰਾਜ ਦਾ ਇਕ ਬੇਹੱਦ ਜ਼ਾਲਮ ਅਤੇ ਪੱਥਰਚਿਤ ਬਾਦਸ਼ਾਹ ਮੰਨਿਆ ਜਾਂਦਾ ਹੈ। ਇਕ ਕਹਾਵਤ ਪ੍ਰਸਿੱਧ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ। ਅਸਲ ਵਿਚ ਤਾਕਤਵਰ ਲੋਕ ਆਪਣੀ ਤਾਕਤ ਦੀ ਪੁਸ਼ਟੀ ਜ਼ੁਲਮ ਅਤੇ ਦਮਨ ਦੁਆਰਾ ਕਰਦੇ ਹਨ। ਅੱਜ ਵੀ ਹਰ ਮੁਲਕ ਵਿਚ ਇਵੇਂ ਹੋ ਰਿਹਾ ਹੈ। ਨੀਰੋ ਦੇ ਮਾਂ-ਪਿਉ ਵੀ ਉਸੇ ਵਾਂਗ ਜ਼ਾਲਮ ਅਤੇ ਸਨਕੀ ਸਨ। ਨੀਰੋ ਦੇ ਮਾਮੇ ਕੈਲੀਗਿਊਲਾ ਬਾਰੇ ਵੀ ਕਾਫੀ ਕੁਝ ਲਿਖਿਆ ਗਿਆ ਹੈ। ਰੋਮਨ ਲੋਕਾਂ ਨੇ ਖੇਡ-ਸੱਭਿਆਚਾਰ ਯੂਨਾਨੀਆਂ ਪਾਸੋਂ ਲਿਆ ਸੀ ਪਰ ਇਹ ਲੋਕ ਖੇਡਾਂ ਨੂੰ ਜ਼ੁਲਮ ਦੀ ਹੱਦ ਤਕ ਲੈ ਗਏ ਸਨ। ਖੇਡਾਂ ਮਰਨ-ਮਾਰਨ ਦੀ ਹੱਦ ਨੂੰ ਵੀ ਉਲੰਘ ਗਈਆਂ ਸਨ। ਐਬਟ ਨੇ ਆਪਣੀ ਇਸ ਪੁਸਤਕ ਦੀ ਸਮੱਗਰੀ ਨੂੰ 13 ਭਾਗਾਂ ਵਿਚ ਵੰਡਿਆ ਹੈ। ਇਸ ਪੁਸਤਕ ਦੇ ਬਿਰਤਾਂਤ ਦਾ ਕਾਲ 37 ਈ. ਤੋਂ ਸ਼ੁਰੂ ਹੋ ਕੇ 66 ਈ. ਤਕ ਜਾਂਦਾ ਹੈ। ਇਸ ਟੈਕਸਟ ਵਿਚ ਰੋਮਨ ਲੋਕਾਂ ਦੀ ਜੀਵਨ-ਸ਼ੈਲੀ, ਰੋਮ ਦੇ ਸੱਭਿਆਚਾਰ ਅਤੇ ਸਮਾਜ ਬਾਰੇ ਬੜੀ ਸਟੀਕ ਜਾਣਕਾਰੀ ਉਪਲਬਧ ਹੁੰਦੀ ਹੈ। ਲੇਖਕ ਅਨੁਸਾਰ 62 ਤੋਂ 64 ਈਸਵੀ ਤਕ ਦੇ ਦੋ ਵਰ੍ਹੇ, ਰੋਮਨ ਸਾਮਰਾਜ ਦੇ ਨੈਤਿਕ ਪਤਨ ਦਾ ਸਿਖਰ ਬਣਦੇ ਹਨ। ਇਸੇ ਕਾਲ ਵਿਚ ਨੀਰੋ ਦੀ ਅਧੋਗਤੀ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ । ਇਕ ਬੇਰਹਿਮ ਅਤੇ ਆਪਹੁਦਰਾ ਸਮਰਾਟ ਹੋਣ ਦੀ ਸੂਰਤ ਵਿਚ ਰੋਮ ਦੇ ਸੈਨੇਟਰ ਨੀਰੋ ਨੂੰ ਨਫ਼ਰਤ ਕਰਦੇ ਸਨ ਅਤੇ ਹਰ ਵਕਤ ਉਸ ਤੋਂ ਖ਼ੌਫ਼ਜ਼ਦਾ ਰਹਿੰਦੇ ਸਨ। ਨੀਰੋ ਨੇ ਨਾ ਕੇਵਲ ਆਪਣੀ ਪਤਨੀ ਓਕਟਾਵੀਆ ਨੂੰ ਤਲਾਕ ਦੇ ਕੇ ਪੋਪਾਇਆ ਨਾਲ ਵਿਆਹ ਕਰਵਾਇਆ ਬਲਕਿ ਓਕਟਾਵੀਆ ਨੂੰ ਬੜੀ ਬੇਰਹਿਮੀ ਨਾਲ ਕਤਲ ਵੀ ਕਰਵਾ ਦਿੱਤਾ। ਇਸ ਟੈਕਸਟ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਕਦੇ ਵੀ ਆਪਣੇ ਸ਼ਾਸਕਾਂ ਨੂੰ ਬੇਪਨਾਹ ਤਾਕਤ ਨਾ ਦਿਉ, ਕਿਉਂਕਿ ਅਜਿਹੀ ਤਾਕਤ ਹਰ ਸ਼ਖ਼ਸ ਨੂੰ ਪਾਗ਼ਲ ਬਣਾ ਦਿੰਦੀ ਹੈ। ਅੱਜ ਵੀ ਦੁਨੀਆ ਦੇ ਹਰ ਦੇਸ਼ ਵਿਚ ਇਸੇ ਤਰ੍ਹਾਂ ਵਾਪਰ ਰਿਹਾ ਹੈ। ਸਾਡੇ ਮੁਲਕ ਦੀ ਸਥਿਤੀ ਤਾਂ ਹੋਰ ਵੀ ਭੈੜੀ ਹੈ। ਪਰ ਬਹੁਤੀ ਵਾਰ ਰਿਆਇਆ ਨੂੰ ਜ਼ੁਲਮ ਵਿਚੋਂ ਹੀ ਆਨੰਦ ਮਿਲਣ ਲਗਦਾ ਹੈ। ਕੀ ਕੀਤਾ ਜਾਵੇ?

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪਰਿਕਰਮਾ
ਲੇਖਕ : ਬਲਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 0161-2413613

ਬਲਦੇਵ ਸਿੰਘ ਗਰੇਵਾਲ ਦੀਆਂ ਪ੍ਰਮੁੱਖ ਰਚਨਾਵਾਂ 'ਉਸਾਮਾ ਬਿਨ ਲਾਦੇਨ' ਜਿਸ ਵਿਚ ਨਾਈਨ ਇਲੈਵਨ ਦੀ ਤ੍ਰਾਸਦੀ ਦਾ ਜ਼ਿਕਰ ਕੀਤਾ ਹੈ। ਉਸ ਨੇ ਇਸ ਘਟਨਾ ਨੂੰ ਅੱਖੀਂ ਦੇਖਿਆ, ਕਿਉਂਕਿ 'ਸ਼ੇਰ-ਏ-ਪੰਜਾਬ' ਦਫ਼ਤਰ ਵਿਚ ਕੰਮ ਕਰਦਾ ਸੀ, ਜੋ ਕੁਝ ਕੁ ਦੂਰੀ ਉੱਤੇ ਸੀ। ਕਹਾਣੀ ਸੰਗ੍ਰਹਿ ਸੀਤੇ ਬੁੱਲਾਂ ਦਾ ਸੁਨੇਹਾ ਤੇ 'ਰੌਸ਼ਨੀ ਦੀ ਦਸਤਕ', ਨਾਵਲ 'ਇਕ ਹੋਰ ਪੁਲ ਸਰਾਤ' ਹਨ। ਉਸ ਨੇ 'ਅਜੀਤ' ਅਖ਼ਬਾਰ ਵਿਚ ਕਈ ਸਾਲ ਕੰਮ ਕੀਤਾ ਅਤੇ ਅਮਰੀਕਾ ਵਿਚ 'ਸ਼ੇਰ-ਏ-ਪੰਜਾਬ' ਅਖਬਾਰ ਕੱਢਿਆ। ਉਸ ਦਾ ਸਾਹਿਤਕਾਰੀ ਦੇ ਨਾਲ-ਨਾਲ ਪੱਤਰਕਾਰੀ ਵਿਚ ਵੀ ਵਿਸ਼ੇਸ਼ ਸਥਾਨ ਹੈ। 'ਗ਼ਦਰ ਗੂੰਜ' ਦੇ ਸੰਪਾਦਕੀ ਮੈਂਬਰ ਤੇ ਕਰਤਾਰ ਸਿੰਘ ਸਰਾਭਾ ਦੇ ਸਾਥੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਉਸ ਦੇ ਗੁਆਂਢੀ ਸਨ, ਜਿਨ੍ਹਾਂ ਤੋਂ ਲਿਖਣ-ਪੜ੍ਹਨ ਦੀ ਚੇਟਕ ਲੱਗੀ। ਗਰੇਵਾਲ ਦੀਆਂ ਰਚਨਾਵਾਂ ਬੋਲਦੀਆਂ ਹਨ। ਇਨ੍ਹਾਂ ਦੇ ਪਾਠ, ਪਾਠਕ ਨੂੰ ਮਨੁੱਖੀ ਮਨ ਦੀ ਬਾਉਲੀ ਵਿਚ ਪੌੜੀ-ਦਰ-ਪੌੜੀ ਯਾਤਰਾ ਕਰਵਾਉਂਦੇ ਹਨ।
ਗਰੇਵਾਲ ਦੇ ਨਾਵਲ 'ਇਕ ਹੋਰ ਪੁਲ ਸਰਾਤ' ਵਿਚ ਪੰਜਾਬ ਸੰਕਟ ਦੇ ਨਾਲ-ਨਾਲ ਅਮਰੀਕਾ, ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਗ਼ਲਤ ਤਰੀਕਿਆਂ ਨਾਲ ਜਾਣ ਦੀ ਕੋਸ਼ਿਸ਼ ਵਿਚ ਦੁੱਖ, ਤਕਲੀਫ਼ਾਂ ਦਾ ਸ਼ਿਕਾਰ ਹੁੰਦੇ ਹਨ। ਗ਼ੈਰ-ਕਾਨੂੰਨੀ ਪਰਵਾਸ ਧਾਰਨ ਕਰਨ ਦਾ ਰੁਝਾਨ ਚਿੰਤਾਜਨਕ ਰੂਪ ਧਾਰਨ ਕਰ ਗਿਆ ਹੈ। ਗਰੇਵਾਲ ਦਾ ਨਾਵਲ 'ਪਰਿਕਰਮਾ' ਦੇ ਬਿਰਤਾਂਤ ਦੀ 'ਬੋਲਣਹਾਰੀ ਜੁਗਤ' ਪਾਠਕਾਂ ਉੱਤੇ ਵਿਸ਼ੇਸ਼ ਪ੍ਰਭਾਵ ਪਾਉਂਦੀ ਹੈ। ਨਾਵਲ ਦਾ ਕੇਂਦਰੀ ਪਾਤਰ ਮਾਨਸਿਕ ਪੱਧਰ ਉੱਤੇ ਆਪਣੇ ਘਰ, ਪਰਿਵਾਰ ਤੇ ਪਿੰਡ ਦੀ ਪਰਿਕਰਮਾ ਕਰਦਾ ਹੈ। ਚੇਤਨਾ ਪ੍ਰਵਾਹ ਦੀ ਸ਼ੈਲੀ ਵਰਤੀ ਗਈ ਹੈ, ਜਿਸ ਵਿਚ ਬਹੁਤ ਕੁਝ ਕਹਿ ਕੇ ਵੀ ਬਹੁਤ ਕੁਝ 'ਅਣਕਿਹਾ' ਪਾਠਕਾਂ ਲਈ ਛੱਡ ਦਿੱਤਾ ਜਾਂਦਾ ਹੈ। ਨਾਵਲ ਪਰਿਕਰਮਾ ਗਲਪੀ ਵਿਧੀ ਵਜੋਂ ਚੇਤਨਤਾ ਦਾ ਲਖਾਇਕ ਹੈ। ਸੰਖੇਪਤਾ ਵਾਲੀ ਸ਼ਬਦ ਜੜਤ ਵਿਸ਼ਾਲ ਅਰਥਾਂ ਦੀ ਧਾਰਨੀ ਬਣਦੀ ਹੈ। ਬਲਦੇਵ ਸਿੰਘ ਨੇ ਸਮਾਜਿਕ ਸਿਸਟਮ ਵਿਚ ਵਿਚਰਦੇ ਹੋਏ ਮਨੁੱਖ ਦੀ 'ਮਰਦਾਵੀ ਹਊਮੈ' ਨੂੰ ਨੰਗਿਆ ਕੀਤਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਕੇਂਦਰ ਵਿਚ ਰਹਿੰਦਾ ਹੈ ਅਤੇ ਸਮੱਸਿਆਵਾਂ ਪਰਿਕਰਮਾ ਕਰਕੇ ਮਨੁੱਖ ਨੂੰ ਸੰਘਰਸ਼ੀ ਰੁਤਬਾ ਪ੍ਰਦਾਨ ਕਰਦੀਆਂ ਹਨ। ਮੁੱਖ ਪਾਤਰ ਦੀਆਂ ਯਾਦਾਂ, ਹੰਝੂ, ਹਉਕੇ, ਪਛਤਾਵਾ, ਦੁੱਖ-ਦਰਦਾਂ ਦੀ ਹਿਰਦੇਵੇਦਕ ਬਿਰਤਾਂਤ ਹੈ। ਕਹਾਣੀ ਮੁੱਕ ਕੇ ਵੀ ਨਹੀਂ ਮੁਕਦੀ। ਨਾਵਲ ਆਕਾਰ ਦੇ ਪੱਖੋਂ ਛੋਟਾ ਹੈ ਪਰ ਵਿਚਾਰਾਂ ਪੱਖੋਂ ਵੱਡਾ। ਨਾਵਲੀ ਬਿਰਤਾਂਤ ਵਿਚ ਅੱਧੀ ਸਦੀ ਦੀਆਂ ਘਟਨਾਵਾਂ ਨੂੰ ਕਲਾਤਮਕਤਾ ਨਾਲ ਉਸਾਰਿਆ ਗਿਆ ਹੈ। ਸੁਰਜੀਤ ਪਾਤਰ ਦੇ ਨਾਵਲ ਬਾਰੇ ਵਿਚਾਰ :
'ਬਹੁਤ ਹੀ ਪਿਆਰਾ, ਅਨੋਖਾ ਤੇ ਅਨੂਠਾ ਨਾਵਲ, ਜਿਸ ਦੇ ਕਿਰਦਾਰ, ਦ੍ਰਿਸ਼ ਤੇ ਸੰਵਾਦ ਇਸ ਨੂੰ ਪੜ੍ਹਦਿਆਂ ਸਾਡੇ ਨਾਲ ਤੁਰਦੇ ਰਹਿੰਦੇ ਹਨ। ਇਕ ਪਾਠਕ ਦੇ ਤੌਰ 'ਤੇ ਮੈਂ ਇਸ ਨੂੰ ਪੜ੍ਹਦਿਆਂ ਇਕ-ਇਕ ਸ਼ਬਦ ਨੂੰ ਮਾਣਿਆ ਹੈ ਅਤੇ ਇਸ ਦੀ ਹਰ ਸਤਰ 'ਤੇ ਖਲੋ ਕੇ ਦਾਦ ਦਿੱਤੀ ਹੈ।'
ਗਰੇਵਾਲ ਦੇ ਨਾਵਲ ਵਿਚ ਮੂਲਵਾਸ ਤੋਂ ਪਰਵਾਸ ਵਿਚਕਾਰ ਸੰਵਾਦ ਦੀ ਸਾਂਝ ਹੈ। ਜ਼ਿੰਦਗੀ ਦੀ ਵਿਅਸਥਤਾ ਤੇ ਜ਼ਿੰਦਗੀ ਦੇ ਜਿਊਣ ਵਿਚਕਾਰ ਜ਼ਿੰਦਗੀ ਕਿੱਥੇ ਕੀਮਤੀ ਹੈ, ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਕਾਫ਼ਲੇ ਵਾਲ਼ੇ
ਲੇਖਕ : ਮਨਪ੍ਰੀਤ ਟਿਵਾਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98767-42435

'ਕਾਫ਼ਲ਼ੇ ਵਾਲੇ' ਪੰਜਾਬ ਦੇ ਚਰਚਿੱਤ ਗੀਤਕਾਰ ਮਨਪ੍ਰੀਤ ਟਿਵਾਣਾ ਦਾ ਪਲੇਠਾ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੇ ਲੇਖਕ ਦੇ ਕਈ ਗੀਤ ਪਹਿਲਾਂ ਹੀ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਦੀ ਆਵਾਜ਼ 'ਚ ਰਿਕਾਰਡ ਹੋ ਕੇ ਚਰਚਿੱਤ ਹੋ ਚੁੱਕੇ ਹਨ। ਇਸ ਹੱਥਲੇ ਸੰਗ੍ਰਹਿ 'ਚ ਉਸਦੀਆਂ ਕਰੀਬ 70 ਰਚਨਾਵਾਂ ਸ਼ਾਮਲ ਹਨ। ਇਨ੍ਹਾਂ ਗੀਤਾਂ 'ਚ ਪੰਜਾਬ ਦੀ ਅਮੀਰ ਵਿਰਾਸਤ ਦੇ ਖੁੱਲ੍ਹੇ ਦਰਸ਼ਨ ਕੀਤੇ ਜਾ ਸਕਦੇ ਹਨ। ਮਨਪ੍ਰੀਤ ਲੋਕ ਮੁਹਾਵਰੇ ਦਾ ਗੀਤਕਾਰ ਜਾਪਦਾ ਹੈ ਕਿਉਂਕਿ ਉਸਦੇ ਬਹੁਗਿਣਤੀ ਗੀਤ ਸਹਿਜੇ ਹੀ ਜ਼ੁਬਾਨ ਤੇ ਚੜ੍ਹਨ ਦੇ ਸਮਰੱਥ ਹਨ ਅਤੇ ਲੋਕ ਗੀਤਾਂ ਵਰਗੀ ਝਲਕ ਪਾਉਂਦੇ ਹਨ। ਇਨ੍ਹਾਂ ਗੀਤਾਂ 'ਚ ਪੀਂਘਾਂ ਝੂਟਦੀਆਂ ਮੁਟਿਆਰਾਂ ਦੇ ਡੁੱਲ੍ਹ-ਡੁੱਲ੍ਹ ਪੈਂਦੇ ਹੁਸਨ ਦਾ ਦਿਲਕਸ਼ ਚਿਤਰਨ ਹੈ, ਸਾਉਣ ਮਹੀਨੇ ਦੀ ਖੂਬਸੂਰਤੀ ਦੀ ਬਾਕਮਾਲ ਤਸਵੀਰ ਹੈ। ਲੌਂਗ ਤਵੀਤੜੀਆਂ, ਮਹਿੰਦੀ, ਫ਼ੁਲਕਾਰੀ, ਝਾਂਜਰਾਂ, ਪੁਰਾਤਨ ਖੂਹ, ਘੱਗਰੇ, ਚਰਖ਼ੇ ਵਰਗੇ ਵਿਰਾਸਤੀ ਚਿੰਨ੍ਹ ਉਸਦੇ ਧੁਰ ਅੰਦਰ ਵਸੇ ਹੋਏ ਅਤੇ ਗੀਤ ਬਣ ਝਰਨੇ ਵਾਂਗ ਫੁੱਟਦੇ ਪ੍ਰਤੀਤ ਹੁੰਦੇ ਹਨ :
ਗੁਲਾਨਾਰੀ ਕੁੜਤੀ 'ਤੇ ਸ਼ੀਸ਼ੇ ਜੜਵਾਏ ਤੈਂ।
ਬੀਕਾਨੇਰੀ ਚੁੰਨੀ ਉਤੇ ਘੁੰਗਰੂ ਲਵਾਏ ਤੈਂ।
ਖ਼ੌਰੇ ਕਿਹੜੀ-ਕਿਹੜੀ ਲੁੱਟ 'ਲੀ ਦੁਕਾਨ।
ਤੂੰ ਫ਼ੁਲਕਾਰੀ ਕੱਢਦੀ, ਕੱਢੇ ਤੇਰੀ ਫ਼ੁਲਕਾਰੀ ਸਾਡੀ ਜਾਨ। (ਪੰਨਾ : 34)
ਮਨਪ੍ਰੀਤ ਟਿਵਾਣਾ ਦੇ ਬਹੁ-ਗਿਣਤੀ ਗੀਤ ਪੰਜਾਬ ਦੇ ਕਈ ਚੋਟੀ ਦੇ ਗਾਇਕਾਂ ਦੀ ਅਵਾਜ਼ਾਂ 'ਚ ਰਿਕਾਰਡ ਹੋ ਕੇ ਵਪਾਰਕ ਪੱਖ ਤੋਂ ਵੀ ਸਫ਼ਲ ਸਾਬਤ ਹੋਏ ਹਨ। ਉਸਦੇ ਗੀਤਾਂ 'ਚ ਮੁਹੱਬਤਾਂ ਦੇ ਤਰਾਨੇ ਵੀ ਨੇ , ਵਿਛੜੇ ਸੱਜਣਾਂ ਦੇ ਵਿਯੋਗ ਦਾ ਗਹਿਰਾ ਸੱਲ੍ਹ ਵੀ ਹੈ। ਨੌਜਵਾਨ ਵਰਗ ਚ ਵਧ ਰਹੀ ਬੇਰੁਜ਼ਗਾਰੀ ਦਾ ਫ਼ਿਕਰ , ਕਿਸਾਨ ਦੀ ਦਿਨੋ-ਦਿਨ ਕਮਜ਼ੋਰ ਹੋ ਰਹੀ ਆਰਥਿਕ ਹਾਲਤ ਦਾ ਝੋਰਾ ਉਸਨੂੰ ਧੁਰ ਅੰਦਰੋਂ ਵੱਢ-ਵੱਢ ਖਾਂਦਾ ਹੈ :
ਘਰ ਦੀ ਜ਼ਮੀਨ ਵਿਚੋਂ ਤਾਂ, ਮਸਾਂ ਬਚਦੇ ਨੇ ਖਾਣ -ਜੋਗੇ ਦਾਣੇ।
ਮੰਡੀ ਵਿਚ ਢੇਰ ਲੱਗੇ ਜੋ, ਸ਼ਾਹੂਕਾਰ ਦੀ ਵਹੀ ਹੀ ਜਾਣੇ।
ਫੇਰ ਵੀ ਵਿਆਜ ਹੀ ਮੁੜ੍ਹੇ, ਹਾੜੀ -ਸਾਉਣੀ ਦੀ ਫ਼ਸਲ ਸਾਰੀ ਢੋਵੇ।
ਮਾਏ ਤੇਰਾ ਪੁੱਤ ਲਾਡਲਾ, 'ਕੱਲਾ ਬੈਠ ਕੇ ਰਾਤ ਨੂੰ ਰੋਵੇ। ( ਪੰਨਾ : 81)
ਮਨਪ੍ਰੀਤ ਦੀ ਹੱਥਲੀ ਪੁਸਤਕ 'ਕਾਫ਼ਲ਼ੇ ਵਾਲੇ' ਗੀਤ ਸਾਹਿਤ 'ਚ ਨਿੱਗਰ ਵਾਧਾ ਕਰਦੀ ਹੈ। ਇਸ ਸੰਗ੍ਰਹਿ ਦੇ ਗੀਤ ਵਿਰਸੇ ਦੀਆਂ ਬਾਤਾਂ ਪਾਉਂਦੇ, ਲੋਕਾਂ ਗੀਤਾਂ ਵਾਂਗ ਬੁੱਲ੍ਹਾਂ ਤੇ ਥਿਰਕਦੇ, ਰੂਹ ਦੇ ਹਾਣ ਦੇ ਹੋ ਨਿਬੜਦੇ ਹਨ। ਪੰਜਾਬੀ ਗੀਤਕਾਰੀ ਦੇ ਵਿਹੜੇ ਨੂੰ ਖ਼ੂਬਸੂਰਤ ਗੀਤਾਂ ਨਾਲ ਸ਼ਿੰਗਾਰਦੀ ਇਸ ਹੱਥਲੀ ਪੁਸਤਕ ਨੂੰ ਤਹਿ ਦਿਲੋਂ ਖੁਸ਼ਆਮਦੀਦ ਕਹਿਣਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਹੋਈਆਂ ਬੀਤੀਆਂ
ਲੇਖਕ : ਦਰਸ਼ਨ ਸਿੰਘ ਬਨੂੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 98726-85400

ਜ਼ਿੰਦਗੀ ਸਮਾਜ ਸੰਸਾਰ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਨਾਲ ਸੰਬੰਧਿਤ 32 ਨਿਬੰਧ, ਇਸ ਪੁਸਤਕ ਵਿਚ ਪ੍ਰਾਪਤ ਹਨ। ਲੇਖਕ ਦਾ ਕਹਿਣਾ ਹੈ, 'ਭਾਵੇਂ ਕਿ ਇਹ ਖ਼ੂਬਸੂਰਤ ਕਿਰਤਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ ਪਰ ਕਿਤੇ ਨਾ ਕਿਤੇ ਇਹ ਸਮਾਜ ਵਿਚ ਵਾਪਰਨ ਵਾਲੀਆਂ ਕਹਾਣੀਆਂ ਹੀ ਜਾਪਦੀਆਂ ਹਨ।'
ਜ਼ਿੰਦਗੀ ਦੇ ਦਿਨ ਸੀਮਤ/ਨਿਸਚਤ ਹਨ। ਕਦੇ ਦੁੱਖ ਕਦੇ ਸੁੱਖ ਜ਼ਿੰਦਗੀ ਦਾ ਹਿੱਸਾ ਬਣਦੇ ਰਹਿੰਦੇ ਹਨ। ਕੌੜੀਆਂ, ਮਿੱਠੀਆਂ ਯਾਦਾਂ ਅਕਸਰ ਅਸੀਂ ਜ਼ਿੰਦਗੀ ਬਤੀਤ ਕਰਦਿਆਂ ਪ੍ਰਾਪਤ ਕਰਦੇ ਹਾਂ। ਵਧੇਰੇ ਅਜਿਹੇ ਨਿਬੰਧ, ਇਸ ਪੁਸਤਕ ਵਿਚ ਸੰਬੰਧਿਤ ਵਸਤਾਂ ਵਾਂਗ ਹਨ, ਜਿਨ੍ਹਾਂ ਦੀ ਸਮੇਂ-ਸਮੇਂ ਹਰ ਵਿਅਕਤੀ ਨੂੰ ਲੋੜ ਪੈਂਦੀ ਹੈ। ਹਰ ਵਿਅਕਤੀ ਨੂੰ ਆਪਣੀ ਪਿਆਰੀ ਲੱਗਦੀ ਹੈ, ਗਾਇਕੀ ਸਭ ਨੂੰ ਪਿਆਰੀ ਲਗਦੀ ਹੈ। ਅਜੋਕੇ ਸਮੇਂ 'ਭੂਤ' ਬਣੇ ਲੋਕ ਦਿਖਾਈ ਦਿੰਦੇ ਹਨ। ਸਮਾਂ ਬੀਤ ਹੀ ਜਾਂਦਾ ਹੈ। ਇਮਾਨਦਾਰੀ ਦਾ ਆਪਣਾ ਹੀ ਨਸ਼ਾ ਹੁੰਦਾ ਹੈ। ਨਾਨਕਾ ਪਿੰਡ ਹਰ ਕਿਸੇ ਨੂੰ ਪਿਆਰਾ ਲਗਦਾ ਹੈ। ਅਸੀਸਾਂ ਦੇਣ ਵਾਲੇ ਤੋਂ ਲੈਣ ਵਾਲੇ ਲੋਕ ਘੱਟ ਹੀ ਪ੍ਰਾਪਤ ਹਨ। ਨਸ਼ਿਆਂ ਦਾ ਸੇਵਨ ਸਦੀਵੀ ਰੋਗ ਹੈ। ਤਨ, ਮਨ, ਧਨ, ਨਸ਼ਟ ਹੁੰਦਾ ਹੈ। ਇਸ ਪੁਸਤਕ ਦੇ ਨਿਬੰਧਾਂ ਦੇ ਸਿਰਲੇਖ ਭਾਵੇਂ ਸਾਧਾਰਨ ਜਾਪਦੇ ਹਨ, ਪ੍ਰੰਤੂ ਲੇਖਕ ਨੇ ਇਨ੍ਹਾਂ ਸਧਾਰਨ ਜਾਪਦੇ ਬੋਲਾਂ, ਸ਼ਬਦਾਂ ਨੂੰ ਇਸ ਲਈ ਮੁੱਲਵਾਨ ਬਣਾ ਦਿੱਤਾ ਹੈ ਕਿ ਜੇਕਰ ਪਾਠਕ, ਇਨ੍ਹਾਂ ਨਿਬੰਧਾਂ ਨੂੰ ਪੜ੍ਹ ਕੇ ਅਮਲ ਕਰਦੇ ਹਨ ਤਾਂ ਸਹਿਜੇ ਹੀ, ਉਹ ਦਾਨਸ਼ਮੰਦ ਬਣ ਕੇ ਆਪਣੇ ਤਨ, ਮਨ ਨੂੰ ਚੜ੍ਹਦੀਆਂ ਕਲਾਵਾਂ ਵੱਲ ਮੋੜ ਸਕਦੇ ਹਨ। ਗਿਆਨ ਵਿਗਿਆਨ ਸਦਾਚਾਰ, ਸੱਚ, ਹੱਕ, ਇਨਸਾਨ ਬਣਿਆ ਹੀ ਇਸੇ ਜੀਵਨ ਵਿਚ ਅਸੀਂ ਇਥੇ ਧਰਤੀ ਉੱਪਰ ਸਵਰਗ ਉਸਾਰ ਸਕਦੇ ਹਾਂ। ਹੋਈਆਂ-ਬੀਤੀਆਂ ਹੋਣ ਜਾਂ ਆਪ-ਬੀਤੀਆਂ, ਹਰ ਕੋਈ ਵਿਅਕਤੀ ਆਪ-ਬੀਤੀਆਂ ਜਾਂ ਜੱਗ ਬੀਤੀਆਂ ਤੋਂ ਸਿੱਖ ਸਕਦਾ ਹੈ। ਹੋਈਆਂ ਬੀਤੀਆਂ ਦੀ ਦਾਸਤਾਂ ਕਹਿਣ ਵਾਲੇ, ਨਿਬੰਧ, ਪਾਠਕਾਂ ਲਈ ਅਮੁੱਲੇ ਵਿਚਾਰ ਪੇਸ਼ ਕਰ ਰਹੇ ਹਨ। ਇਹ ਪਾਠਕਾਂ ਉੱਪਰ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਪੜ੍ਹ ਕੇ ਕਿੰਨਾ ਅਮਲ ਕਰਦੇ ਹਨ?

-ਡਾ. ਅਮਰ ਕੋਮਲ
ਮੋਬਾਈਲ : 84378-73565

ਸੁੰਨ ਸਿਫ਼ਰ
ਲੇਖਕ : ਸੁਰਿੰਦਰ ਸਿੰਘ ਸੁੰਨੜ
ਪ੍ਰਕਾਸ਼ਕ : ਪੰਜਾਬ ਪਬਲਿਸ਼ਰਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ: 152
ਸੰਪਰਕ : 98725-49506

ਸੁਰਿੰਦਰ ਸਿੰਘ ਸੁੰਨੜ ਦੀ ਹਥਲੀ ਪੁਸਤਕ 'ਸੁੰਨ ਸਿਫ਼ਰ' ਦਾ ਅਨੰਦ ਪਾਠ ਕਰਦਿਆਂ ਪਾਠਕ ਅਜਿਹੀ ਵਿਸਮਾਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ, ਜਿੱਥੇ ਸਿਰਫ਼ ਅਨੰਦ ਹੀ ਅਨੰਦ ਹੈ। ਉਹ ਅਨੰਦ, ਜਿਸ ਨੂੰ ਉਸ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਵਸਤੂਆਂ ਨਾਲ ਵਸਤੂ ਹੋ ਕੇ ਆਪੇ ਹੀ ਗਵਾ ਲਿਆ ਸੀ। ਅਨੰਦ ਨਾਲ ਭਰਦਿਆਂ ਹੀ ਅਹਿਸਾਸ ਹੁੰਦਾ ਹੈ ਕਿ ਜਿਵੇਂ ਉਹ ਸਾਰੇ ਵਿਅਰਥ ਕੂੜ-ਕਵਾੜ ਤੋਂ ਮੁਕਤ ਹੋ ਗਿਆ ਹੋਵੇ, ਜਿਹੜਾ ਉਸ ਨੇ ਜੋੜ-ਘਟਾਓ ਦੇ ਚੱਕਰ ਵਿਚ ਜਮ੍ਹਾਂ ਕਰ ਲਿਆ ਸੀ:
ਭੱਜ ਨੱਠ ਕਰਦਾ ਆਦਮੀ, ਆਪੇ ਆਪਣਾ ਕਰੇ ਸ਼ਿਕਾਰ।
ਗੁਣ ਤਾਂ ਖ਼ਾਲੀ ਹੋਣ ਵਿਚ, ਸੁੰਨ ਵਿਚਰ ਰਿਹਾ ਦਾਤਾਰ।
ਮਨੁੱਖ ਦਾ ਸੁਭਾਅ ਹੈ ਕਿ ਉਹ ਜਿਹੜਾ ਰਸਤਾ ਵੀ ਚੁਣਦਾ ਹੈ, ਅੱਤ ਕਰ ਦਿੰਦਾ ਹੈ। ਜੇਕਰ ਉਹ ਗ੍ਰਹਿਸਥੀ ਬਣਦਾ ਹੈ, ਤਾਂ ਭੋਗ-ਵਿਲਾਸ ਦੇ ਵਿਸ਼ਿਆਂ ਵਿਚ ਲਿਪਤ ਹੋ ਕੇ ਰਹਿ ਜਾਂਦਾ ਹੈ ਅਤੇ ਜੇਕਰ ਸੰਨਿਆਸੀ ਬਣਦਾ ਹੈ, ਤਾਂ ਘਰ-ਪਰਿਵਾਰ ਛੱਡ ਕੇ ਜੰਗਲ ਨੂੰ ਹੀ ਤੁਰ ਪੈਂਦਾ ਹੈ। ਕਿਉਂਕਿ ਸੰਨਿਆਸੀ ਬਣ ਕੇ ਵੀ ਉਸ ਨੂੰ ਜ਼ਰੂਰੀ ਲੋੜਾਂ ਲਈ ਗ੍ਰਹਿਸਥੀਆਂ 'ਤੇ ਹੀ ਨਿਰਭਰ ਹੋਣਾ ਪੈਂਦਾ ਹੈ, ਇਸ ਲਈ ਮੰਨਿਆ ਗਿਆ ਹੈ ਕਿ ਕਿਰਤ ਕਰਨ ਅਤੇ ਵੰਡ ਕੇ ਛਕਣ ਵਾਲਾ ਮਨੁੱਖ ਹੀ ਜੀਵਨ ਦੇ ਸੱਚ ਨੂੰ ਪਛਾਣਦਾ ਹੈ:
ਅਰਬਾਂ ਖ਼ਰਬਾਂ ਜੋੜਨ ਵਾਲਾ,
ਲਾਜ਼ਮੀ ਨਹੀਂ ਅਮੀਰ ਵੀ ਹੋਵੇ,
ਜੋ ਘਾਲ ਖਾਵੇ ਕੁਝ ਹੱਥੋਂ ਦੇਵੇ,
ਸੁੰਨੜਾ ਉਹੀ ਸ਼ਖ਼ਸ ਧਨਵਾਨ ਹੈ।
ਇਸ ਕਾਵਿ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦੀਆਂ ਪੌਣੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮਾਣ ਵਾਲੀ ਗੱਲ ਹੈ ਕਿ ਉਹ ਸਿਰਫ਼ ਲਿਖਦੇ ਹੀ ਨਹੀਂ ਬਲਕਿ ਆਪਣੀਆਂ ਲਿਖਤਾਂ ਨੂੰ ਜਿਊਂਦੇ ਵੀ ਹਨ। ਉਨ੍ਹਾਂ ਨੇ ਨਵੇਂ-ਪੁਰਾਣੇ ਲੇਖਕਾਂ ਲਈ ਕਿੰਨੇ ਹੀ ਮਾਨ-ਸਨਮਾਨ ਸ਼ੁਰੂ ਕੀਤੇ ਹੋਏ ਹਨ। ਦੋ ਸਾਹਿਤਕ ਪਰਚੇ 'ਆਪਣੀ ਆਵਾਜ਼' ਅਤੇ 'ਕਾਵਿ-ਲੋਕ' ਵੀ ਜਾਰੀ ਰੱਖ ਰਹੇ ਹਨ। ਉਨ੍ਹਾਂ ਨੂੰ ਪੜ੍ਹਨ ਅਤੇ ਮਿਲਣ ਵਾਲੇ ਲੋਕ ਮੰਨਦੇ ਹਨ ਕਿ ਉਹ ਧੁਰ ਅੰਦਰੋਂ ਵੀ ਕਵੀ ਹਨ। ਮੈਂ ਉਨ੍ਹਾਂ ਦੇ ਇਸ ਵਡਮੁੱਲੇ ਕਾਰਜ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ।

ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

-

 

28-01-2024

 ਸਮਕਾਲੀ ਪੰਜਾਬੀ ਕਵਿਤਾ : ਸੰਵੇਦਨਾ ਅਤੇ ਸਰੋਕਾਰ
ਲੇਖਕ : ਡਾ. ਪਰਮਜੀਤ ਕੌਰ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 94638-36591

ਪੁਸਤਕ : ਸਮਕਾਲੀ ਪੰਜਾਬੀ ਕਵਿਤਾ, ਸੰਵੇਦਨਾ ਅਤੇ ਸਰੋਕਾਰ ਵਿਚ ਪ੍ਰਮੁਖ ਰੂਪ ਵਿਚ ਪਿਛਲੇ ਢਾਈ ਤਿੰਨ ਦਹਾਕਿਆਂ ਵਿਚ ਪੰਜਾਬੀ-ਕਵਿਤਾ ਦੇ ਖੇਤਰ ਵਿਚ ਨਵੇਂ ਰੁਝਾਨਾਂ ਨੂੰ ਲੈ ਕੇ ਅਧਿਐਨ ਦਾ ਕੇਂਦਰ ਬਣਾਈ ਗਈ ਹੈ, ਜਿਸ ਦੇ 9 ਅਧਿਆਏ ਇਸ ਪ੍ਰਕਾਰ ਹਨ; ਸਮਕਾਲੀ ਪੰਜਾਬੀ ਕਵਿਤਾ, ਸਮਾਨੰਤਰ ਧੁਨੀ ਆਤਮਿਕ ਪਰਿਪੇਖ;, ਸਮਕਾਲੀ ਨਾਰੀ ਕਾਵਿ : ਮੂਲ ਸਰੋਕਾਰ, ਸਮਕਾਲੀ ਪੰਜਾਬੀ ਕਵਿਤਾ : ਦਲਿਤ ਪਰਿਪੇਖ, ਨਾਰੀ ਹੋਂਦ ਦਾ ਪ੍ਰਵਚਨ : ਪਾਲ ਕੌਰ ਕਾਵਿ, ਸਮਕਾਲੀ ਨਾਰੀ-ਕਾਵਿ ਦੀ ਵਿਲਿੱਖਣਤਾ, ਹਸਤਾਖ਼ਰ ਸੁਖਵਿੰਦਰ-ਅੰਮ੍ਰਿਤ, ਵਨੀਤਾ-ਕਾਵਿ, ਨਾਰੀ ਹੋਂਦ ਦਾ ਸਵਾਲ, ਅਮਾਨਵੀ ਰਿਸ਼ਤਿਆਂ ਪ੍ਰਤੀ ਅਸਹਿਮਤੀ ਦਾ ਪ੍ਰਵਚਨ : ਅਸਹਿਮਤ, ਖਪਤ-ਸੱਭਿਆਚਾਰ ਵਿਚ, ਸੰਕਟ ਭੋਗਦੇ ਮਨੁੱਖ ਨੂੰ ਚਿਤਰਦੀ ਸ਼ਾਇਰੀ, ਇਹ ਜੁ ਦੁਨੀਆਂ ਸਿਹਰੁ ਮੇਲਾ ਵਿਪਰੀਤ ਪ੍ਰਸਥਿਤੀ ਨਾਲ ਜੂਝਦੇ, ਮਨੁੱਖ ਦੀ ਹੋਣੀ : ਕਿਰਨ ਵਿਹੂਣਾ ਸਮਾਜ।
ਖੋਜਾਰਥਨ, ਸਮਕਾਲ ਸ਼ਬਦ ਦੀ ਪਰਿਭਾਸ਼ਾ ਕਰਦੀ, ਵਿਆਖਿਆ ਕਰਦੀ ਹੋਈ ਲਿਖਦੀ ਹੈ ਕਿ ਸਮਕਾਲ ਚੇਤੰਨ-ਯਥਾਰਥ ਹੈ, ਜਿਸ ਦਾ ਸਮਾਂ ਪਿਛਲੇ ਦੋ ਢਾਈ ਦਹਾਕੇ ਦਾ ਹੋ ਸਕਦਾ ਹੈ। ਜੋ 1990 ਦੇ ਨੇੜੇ ਤੱਕ ਦਾ ਬਣ ਸਕਦਾ ਹੈ। ਇਸ ਸਮੇਂ ਵਿਚਕਾਰ ਹੋਏ ਆਰਥਿਕ, ਸਮਾਜਿਕ, ਸਾਂਸਕ੍ਰਿਤਕ ਅਤੇ ਰਾਜਨੀਤਕ ਹਾਲਾਤ, ਅਰਥ-ਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ, ਪੂੰਜੀਵਾਦੀ ਦੇਸ਼ਾਂ ਦੀਆਂ ਨੀਤੀਆਂ ਦਾ ਪ੍ਰਭਾਵ ਵੀ ਭਾਰਤੀ ਅਰਥ, ਰਾਜਨੀਤੀ, ਸੰਸਕ੍ਰਿਤੀ ਉੱਪਰ ਅਸਿੱਧਾ ਜਾਂ ਸਿੱਧਾ ਪੈਂਦਾ ਹੈ।
ਪੁਸਤਕ ਦੇ ਚਾਰ ਭਾਗ ਬਣਾਏ ਗਏ ਹਨ, (1) ਸਮਕਾਲੀ ਪੰਜਾਬੀ ਸ਼ਾਇਰੀ (2) ਨਾਰੀ ਅਤੇ ਦਲਿਤ ਸਮਾਜ ਨਾਲ ਸੰਬੰਧਿਤ ਸ਼ਾਇਰੀ (3) ਪੰਜਾਬੀ ਨਾਰੀ ਕਾਵਿ ਵਿਚ ਵਿਲੱਖਣ ਪੈੜਾਂ ਪਾਉਣ ਵਾਲੀਆਂ ਕਵਿਤਰੀਆਂ ਹਨ। ਨਾਰੀ ਕਾਵਿ ਦੇ ਖੋਜੀਆਂ ਲਈ ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਤੁਰਾਂਗੇ ਤਾਂ ਪਹੁੰਚਾਂਗੇ
ਕਵੀ : ਅਮਰਦੀਪ ਸਿੰਘ ਗਿੱਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 99882-62870

'ਤੁਰਾਂਗੇ ਤਾਂ ਪਹੁੰਚਾਂਗੇ' ਅਗਾਂਹਵਧੂ ਵਿਚਾਰਧਾਰਾ ਦੇ ਕਵੀ ਅਮਰਦੀਪ ਸਿੰਘ ਗਿੱਲ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਅਰਥਾਂ ਦਾ ਜੰਗਲ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। 67 ਕਵਿਤਾਵਾਂ ਦਾ ਇਹ ਕਾਵਿ-ਸੰਗ੍ਰਹਿ ਵਿਸ਼ੇ ਪੱਖੋਂ ਵੰਨ-ਸੁਵੰਨਤਾ ਨਾਲ ਭਰਪੂਰ ਹੈ। ਇਸ ਦੀ ਕੋਈ ਵੀ ਕਵਿਤਾ ਨਿਰਾਸ਼ ਨਹੀਂ ਕਰਦੀ ਸਗੋਂ ਕਵੀ ਦੀ ਸੂਝ-ਬੂਝ ਅਤੇ ਸੰਵੇਦਨਸ਼ੀਲਤਾ ਨਵੀਆਂ ਪਰਿਭਾਸ਼ਾਵਾਂ ਸਿਰਜਦੀ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਵਿਤਾ ਮਨੁੱਖ ਨੂੰ ਨਿਰੰਤਰ ਗਤੀਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ।
ਜੇ ਸੁਪਨਾ ਜਾਗਦਿਆਂ ਦੀ ਸੋਚ ਬਣ ਗਿਆ
ਤਾਂ ਉਠੋ
ਜੇ ਉੱਠ ਖੜ੍ਹੇ ਹੋ, ਤਾਂ ਤੁਰੋ
ਜੇ ਤੁਰਾਂਗੇ ਤਾਂ ਪਹੁੰਚਾਂਗੇ...
ਕਵੀ ਦਾ ਵਿਚਾਰਧਾਰਕ ਸਫ਼ਰ ਵੀ ਨਿਰੰਤਰ ਜਾਰੀ ਹੈ। ਉਹ ਕੁਝ ਰਿਸ਼ਤਿਆਂ ਪ੍ਰਤੀ ਡੂੰਘੀ ਸੰਵੇਦਨਾ ਅਤੇ ਸਤਿਕਾਰ ਪ੍ਰਗਟ ਕਰਦਾ ਹੈ। ਉਸ ਦੀ ਮਾਂ-ਬੋਲੀ ਪ੍ਰਤੀ ਸ਼ਰਧਾ ਤੇ ਮਾਂ ਦੇ ਮਨ ਵਿਚ ਸਾਂਭੇ ਵਿਰਸੇ ਦੀ ਸ਼ਬਦਾਵਲੀ ਦੇ ਖ਼ਜ਼ਾਨੇ ਪ੍ਰਤੀ ਆਦਰ ਹੈ।
ਉਸ ਦੀਆਂ ਕਿਸਾਨੀ ਅੰਦੋਲਨ ਬਾਰੇ ਲਿਖੀਆਂ ਰਚਨਾਵਾਂ ਇਤਿਹਾਸ ਦੇ ਇਸ ਅੰਦੋਲਨ ਵਿਚ ਸ਼ਾਮਿਲ ਬਹਾਦਰਾਂ ਦੀ ਸਿਫ਼ਤ ਕਰਦੀਆਂ ਕਿਸਾਨ ਦੇ ਮਿਹਨਤ ਮੁਸ਼ੱਕਤ ਭਰੇ ਇਤਿਹਾਸ ਦਾ ਪ੍ਰਗਟਾਵਾ ਵੀ ਕਰਦੀਆਂ ਹਨ।
ਉਹ ਯੁੱਧ ਦੀਆਂ ਨਵੀਆਂ ਪਰਿਭਾਸ਼ਾਵਾਂ ਸਿਰਜਦਾ ਉਸ ਜ਼ਰਜ਼ਰੀ ਹੋ ਚੁੱਕੀ ਪ੍ਰਣਾਲੀ ਖ਼ਿਲਾਫ਼ ਯੁੱਧ ਲੜਨ ਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਰਚਦਾ ਹੈ।
ਯੁੱਧ ਦੇਸ਼ਾਂ ਵਿਚਕਾਰ ਨਹੀਂ ਹੁੰਦਾ
ਯੁੱਧ ਲੋਕਾਂ ਵਿਚਕਾਰ ਨਹੀਂ ਹੁੰਦਾ
ਯੁੱਧ ਫ਼ੌਜਾਂ ਵਿਚਕਾਰ ਨਹੀਂ ਹੁੰਦਾ
ਯੁੱਧ ਕੁਰਸੀਆਂ ਵਿਚਕਾਰ ਹੁੰਦਾ ਹੈ
ਰਾਜਧਾਨੀਆਂ ਵਿਚਕਾਰ ਹੁੰਦਾ ਹੈ...
ਅਮਰਦੀਪ ਗਿੱਲ ਦੀ ਸ਼ਾਇਰੀ ਇਕ ਵਿਚਾਰਧਾਰਕ ਪ੍ਰਤੀਬੱਧਤਾ ਹੈ ਯੋਧਿਆਂ ਪ੍ਰਤੀ ਉਸ ਦਾ ਲਗਾਓ ਹੈ, ਉਸ ਦੀ ਕਵਿਤਾ ਵਿਚ ਯੁੱਧ, ਹਥਿਆਰ, ਜੁਝਾਰੂਪਣ ਕ੍ਰਾਂਤੀਕਾਰੀ ਭਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਹੈ। ਉਹ ਵਕਤ ਨਾਲ ਸਮਝੌਤਾ ਕਰਨ ਦੀ ਬਜਾਏ ਸਥਿਤੀਆਂ ਨਾਲ ਸੰਘਰਸ਼ ਕਰਨ ਨੂੰ ਬਿਹਤਰ ਸਮਝਣ ਵਾਲੀਆਂ ਪ੍ਰੇਰਨਾਦਾਇਕ ਕਵਿਤਾਵਾਂ ਦੀ ਰਚਨਾ ਕਰਦਾ ਹੈ।
ਗੁਲਾਮੀ ਦਾ ਅਹਿਸਾਸ ਹੀ
ਆਜ਼ਾਦੀ ਦਾ ਰਾਹ ਲੱਭਦਾ ਹੈ
ਨਹੀਂ ਤਾਂ ਪੀੜ੍ਹੀ ਦਰ ਪੀੜ੍ਹੀ
ਕੁੱਬੀ ਹੋਈ ਕੰਡ ਵਾਲੇ ਲੋਕ
ਆਖ਼ਿਰ ਜੰਮਣ ਲਗਦੇ ਨੇ...
ਇਸ ਪੁਸਤਕ ਬਾਰੇ ਡਾ. ਹਰਿੰਦਰ ਸਿੰਘ, ਬਲਵਿੰਦਰ ਚਹਿਲ, ਕਰਨ ਭੀਖੀ ਨੇ ਆਪਣੇ ਵਿਚਾਰ ਲਿਖਦਿਆਂ ਅਮਰਦੀਪ ਸਿੰਘ ਗਿੱਲ ਨੂੰ ਇਕ ਸੁਚੇਤ ਸੱਤਾ ਨਾਲ ਦਸਤਪੰਜਾ ਲੈਣ ਵਾਲੀ ਸ਼ਾਇਰੀ ਦੀ ਰਚਨਾ ਕਰਨ ਵਾਲਾ ਮੰਨਿਆ। ਇਸ ਪੁਸਤਕ ਵਿਚ ਰਾਜ ਕਵੀ-ਬਨਾਮ ਲੋਕ ਕਵੀ, ਕਿਸਾਨ ਕਥਾ, ਅੱਗ ਦਾ ਸਫ਼ਰਨਾਮਾ, ਲਿਖਤੁਮ ਇਤਿਹਾਸ ਦੇ ਲਿਖਾਰੀ, ਯੋਧੇ ਜੰਮਦੀਆਂ ਮਾਵਾਂ, ਸਮੁੰਦਰ ਦਾ ਕਥਨ, ਬਾਪੂ ਨੇ ਕਿਹਾ ਸੀ ਆਦਿ ਕਵਿਤਾਵਾਂ ਸਲਾਹੁਣਯੋਗ ਹਨ। ਅਮਰਦੀਪ ਦੀ ਸ਼ਾਇਰੀ ਸੁੱਤੀ ਸੋਚ ਨੂੰ ਝੰਜੋੜਨ ਵਾਲੀ ਭਵਿੱਖ ਪ੍ਰਤੀ ਸੁਚੇਤ ਕਰਦੀ ਅਤੇ ਆਪਣੇ ਸਵੈ-ਮਾਣ ਅਤੇ ਸਵੈ-ਪਛਾਣ ਲਈ ਜਾਗਰੂਕ ਕਰਦੀ ਹੈ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ


ਖੂਬਸੂਰਤ ਇਰਾਦਿਆਂ ਦੀ ਵਰਣਮਾਲਾ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 175 ਰੁਪਏ, ਸਫ਼ੇ : 120
ਸੰਪਰਕ : 94179-49079


ਫੈਡਰਿਕ ਨੀਤੇਸ਼ ਨੇ ਆਪਣੀ ਪੁਸਤਕ 'ਬਿਔਂਡ ਗੁੱਡ ਐਂਡ ਈਵਲ' ਵਿਚ ਪਹਿਲੀ ਵਾਰੀ 'ਵਿਲ ਟੂ ਪਾਵਰ' (ਦ੍ਰਿੜ੍ਹ ਇਰਾਦੇ/ਆਤਮ ਵਿਸ਼ਵਾਸ) ਦਾ ਤਰਕ ਪੇਸ਼ ਕੀਤਾ ਸੀ। ਵਿਚਾਰਾਧੀਨ ਪੁਸਤਕ 'ਖੂਬਸੂਰਤ ਇਰਾਦਿਆਂ ਦੀ ਵਰਣਮਾਲਾ' ਇਸ ਸਿਧਾਂਤ ਦਾ ਹੀ ਪ੍ਰਤਿਪਾਦਨ ਕਰਦੀ ਪ੍ਰਤੀਤ ਹੁੰਦੀ ਹੈ। ਇਹ ਕਿਤਾਬ ਸਮੁੱਚੀ ਮਾਨਵਤਾ ਨੂੰ ਵਿਵਹਾਰਕ ਜੀਵਨ ਸ਼ੈਲੀ ਅਪਨਾਉਣ ਦੀ ਪ੍ਰੇਰਨਾ ਕਰਦੀ ਹੈ। ਕਰਨੀ ਅਤੇ ਕਥਨੀ ਦੇ ਸੁਮੇਲ ਦਾ ਸੰਦੇਸ਼ ਦਿੰਦੀ ਹੈ। ਕੀ ਕਰਨਾ ਠੀਕ ਹੈ? ਕੀ ਕਰਨਾ ਗ਼ਲਤ ਹੈ? ਅਰਥਾਤ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵਾਂ ਜੀਵਨ ਕਿਰਿਆਵਾਂ ਪ੍ਰਤੀ ਲਾਭਦਾਇਕ ਅਤੇ ਨੁਕਸਾਨਦਾਇਕ ਪੱਖਾਂ ਪ੍ਰਤੀ ਨੀਝ ਵਾਲੀ ਦ੍ਰਿਸ਼ਟੀ ਅਪਨਾਉਣ ਲਈ ਜਾਗਰੂਕਤਾ ਪ੍ਰਦਾਨ ਕਰਦੀ ਹੈ। ਲੇਖਕ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਵਿਸ਼ਵ ਦੇ ਵਿਦਵਾਨਾਂ/ਵਿਗਿਆਨੀਆਂ / ਖਿਡਾਰੀਆਂ ਆਦਿ ਦੀਆਂ ਉਦਾਹਰਨਾਂ ਵੀ ਦੇ ਜਾਂਦਾ ਹੈ। ਇੰਜ ਇਹ ਪੁਸਤਕ ਸਫ਼ਲ ਜੀਵਨ ਜਿਊਣ ਦੇ ਗੁਰਾਂ ਨਾਲ ਲਬਰੇਜ਼ ਹੈ। ਵਿਚਾਰਾਂ 'ਚ 'ਨੈਰੇਟਿਵ ਫਰੀਕੁਐਂਸੀ' ਹੈ।
ਲੇਖਕ ਨੇ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ 'ਜ਼ਿੰਦਗੀ ਦੇ ਅਨੁਭਵ' ਹੈ, ਜਿਸ ਵਿਚ 250 ਅਨੁਭਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਦੂਜੇ ਭਾਗ ਦਾ ਨਾਂਅ 'ਖੂਬਸੂਰਤ ਇਰਾਦਿਆਂ ਦੀ ਵਰਣਮਾਲਾ' ਰੱਖਿਆ ਗਿਆ ਹੈ, ਜਿਸ ਦੇ 14 ਕਾਂਡ ਬਣਾਏ ਗਏ ਹਨ। ਇਨ੍ਹਾਂ ਕਾਂਡਾਂ ਵਿਚ ਸਵੈ ਦੀ ਪਛਾਣ, ਆਪਸੀ ਮੇਲ, ਸਿਆਣਪ ਲਈ ਸਮਝ, ਜੀਵਨ ਮੰਤਵ, ਨਿੱਕੇ ਕੰਮਾਂ ਦਾ ਮਹੱਤਵ, ਬੀਇੰਗ ਤੋਂ ਬੀਕਮਿੰਗ, ਬੱਚੇ ਅਤੇ ਬੰਦੇ ਦੀ ਸ਼ਖ਼ਸੀਅਤ ਦਾ ਵਿਕਾਸ, ਘਰ ਮੁਢਲੀ ਪਾਠਸ਼ਾਲਾ, ਗੁਨਾਹ, ਵਿਵਹਾਰਿਕ ਜੀਵਨ, ਕੰਮ ਬਨਾਮ ਪਛਾਣ, ਆਜ਼ਾਦੀ ਬਨਾਮ ਅਨੁਸ਼ਾਸਨ ਆਦਿ ਵਿਸ਼ਿਆਂ 'ਤੇ ਫੋਕਸੀਕਰਨ ਕੀਤਾ ਗਿਆ ਹੈ। ਭਾਸ਼ਾ ਰੌਚਿਕ ਅਤੇ ਕਾਵਿਕ ਹੈ। ਗੱਲ 'ਚੋਂ ਗੱਲ ਨਿਕਲਦੀ ਚਲੀ ਜਾਂਦੀ ਹੈ। ਭਾਸ਼ਾ ਦਾ ਨਮੂਨਾ ਵੇਖੋ : 'ਜਿਸ ਵਿਅਕਤੀ ਨੂੰ ਰਹਿਣਾ ਆ ਗਿਆ, ਸੁਣਨਾ ਆ ਗਿਆ, ਸਹਿਣਾ ਆ ਗਿਆ ਅਤੇ ਸਹੀ ਢੰਗ ਨਾਲ ਕਹਿਣਾ ਆ ਗਿਆ। ਸਮਝੋ ਉਸ ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ।' ਪੰਨਾ.43.

-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com

 

ਮੈਲਾਨਿਨ
ਲੇਖਕ : ਜਸਵਿੰਦਰ ਧਰਮਕੋਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 112
ਸੰਪਰਕ : 81462-57200

ਜਸਵਿੰਦਰ ਧਰਮਕੋਟ ਦੇ ਕਹਾਣੀ ਸੰਗ੍ਰਹਿ 'ਮੈਲਾਨਿਨ' ਵਿਚ 8 ਕਹਾਣੀਆਂ ਸ਼ਾਨ, ਮੈਲਾਨਿਨ, ਪਲੇਟੀ, ਲੀਸੀਅਮ ਨਿਕੇਤਨ, ਊਦੀ, ਬੱਕਲ ਮਾਈ ਸ਼ੂਅ, ਯਾਤਰਾ ਅਜੇ ਮੁੱਕੀ ਨਹੀਂ ਤੇ ਆਖ਼ਰੀ ਛੁੱਟੀ ਦਰਜ ਹਨ। ਕਹਾਣੀਆਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ ਤੇ ਇਤਿਹਾਸਕ ਪੱਖ ਉਜਾਗਰ ਹੁੰਦੇ ਹਨ। ਕਹਾਣੀ 'ਮੈਲਾਨਿਨ' ਕਾਲੇ ਰੰਗ ਦੀ ਲੜਕੀ ਪੂਨਮ ਉੱਤੇ ਫੋਕਸ ਕਰਦੀ ਹੈ, ਜਿਸ ਨੂੰ ਸਮਾਜਿਕ ਸਿਸਟਮ ਵਲੋਂ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ। ਜਾਤ, ਰੰਗ, ਨਸਲ, ਭਾਸ਼ਾ, ਧਰਮ, ਨੈਣ ਨਕਸ਼ ਆਦਿ ਉੱਤੇ ਟੀਕਾ-ਟਿੱਪਣੀ ਕਰਕੇ ਮਨੁੱਖ ਨੂੰ ਨੀਵਾਂ ਦਿਖਾਇਆ ਜਾਂਦਾ ਹੈ। ਕਾਲੇ ਰੰਗ ਕਾਰਨ ਹੀ ਰਮੇਸ਼ ਕੁਮਾਰ ਨੂੰ 'ਮੇਸ਼ਾ ਕਾਲੂ' ਅਤੇ ਪੂਨਮ ਨੂੰ 'ਕਾਲੀ ਮਾਤਾ' ਦੇ ਨਾਂਅ ਦਿੱਤੇ ਜਾਂਦੇ ਹਨ। ਕਹਾਣੀ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਮਝਾਉਣ ਦਾ ਯਤਨ ਕੀਤਾ ਹੈ।
''ਕਿਸੇ ਵੀ ਵਿਅਕਤੀ ਦੀ ਚਮੜੀ, ਅੱਖਾਂ ਅਤੇ ਵਾਲਾਂ ਦਾ ਰੰਗ ਉਸ ਅੰਦਰਲੇ ਤਰਲ ਪਦਾਰਥ 'ਪਿਰਾਮੈਂਟ' ਮੈਲਾਨਿਨ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਫਿਰ ਇਸ ਵਿਚ ਕਾਲੇ ਵਿਅਕਤੀ ਦਾ ਆਪਣਾ ਕੀ ਦੋਸ਼ ਹੈ?''
ਕਹਾਣੀ 'ਲੀਸੀਅਨ ਨਿਕੇਤਨ' ਵਿਚ ਆਦਰਸ਼ ਸਕੂਲ ਦੀ ਕਲਪਨਾ ਕੀਤੀ ਜਾਂਦੀ ਹੈ, ਜਿਸ ਵਿਚ ਆਦਰਸ਼ ਅਧਿਆਪਕਾਂ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਵੇਕਲੀ ਤੇ ਪ੍ਰਭਾਵਦਾਇਕ ਭੂਮਿਕਾ ਨਿਭਾਈ ਜਾਂਦੀ ਹੈ। ਆਧੁਨਿਕ ਸਿੱਖਿਆ ਦੇ ਵਪਾਰੀਕਰਨ ਦਾ ਵੀ ਪਰਦਾਫ਼ਾਸ਼ ਕੀਤਾ ਹੈ। ਕਹਾਣੀ 'ਬੱਕਲ ਮਾਈ ਸ਼ੂਅ' ਵਿਚ ਮਾਂ-ਪਿਉ ਰਾਹੀਂ ਮਨਕੀਰਤ ਦੀ ਮਾਨਸਿਕਤਾ ਉੱਤੇ ਪਏ ਬੁਰੇ ਪ੍ਰਭਾਵਾਂ ਨੂੰ ਨਸ਼ਰ ਕੀਤਾ ਹੈ। ਕਹਾਣੀ 'ਆਖ਼ਰੀ ਛੁੱਟੀ' ਵਿਚ ਜੋਤੀ ਦੀ ਮਾਨਸਿਕਤਾ ਨੂੰ ਚਿਤਰ ਕੇ ਉਸ ਦੇ ਦੁਖਾਂਤ ਪਿਛੋਂ ਕਾਰਜਸ਼ੀਲ ਕਾਰਨਾਂ ਦਾ ਜ਼ਿਕਰ ਕੀਤਾ ਹੈ। ਕਹਾਣੀ 'ਸ਼ਾਲ' ਦਿਲੀ ਸਾਂਝਾਂ ਦੀ ਤਰਜਮਾਨੀ ਕਰਦੀ ਹੈ, ਜਦਕਿ ਸੰਪਰਦਾਇਕਤਾ ਤੇ ਜੇਹਾਦ ਫੈਲਾਉਣ ਵਾਲਿਆਂ ਦਾ ਕੋਈ ਧਰਮ ਜਾਂ ਈਮਾਨ ਨਹੀਂ ਹੁੰਦਾ। ਸਿਮਰਿਤੀ ਤੇ ਇੰਸ਼ਾ ਰਾਹੀਂ ਹਿੰਦੂ-ਮੁਸਲਿਮ ਏਕਤਾ ਨੂੰ ਕਾਇਮ ਕਰਨ ਦਾ ਯਤਨ ਸ਼ਲਾਘਾਯੋਗ ਹੈ। ਕਹਾਣੀ 'ਪਲੇਟੀ' ਵਿਚ ਵਰਤਮਾਨ ਪਦਾਰਥਕ ਵਰਤਾਰਿਆਂ ਕਾਰਨ ਮਨੁੱਖੀ ਇਕਲਾਪੇ ਦੀ ਹੋਣੀ ਤੇ ਤ੍ਰਾਸਦੀ ਨੂੰ ਰੂਪਮਾਨ ਕੀਤਾ ਹੈ। ਦਿਖਾਵੇ ਦੇ ਸੰਸਾਰ ਨੇ ਮਨੁੱਖੀ ਕਦਰਾਂ ਕੀਮਤਾਂ ਤੇ ਨੈਤਿਕ ਮੁੱਲ ਵਿਧਾਨਾਂ ਨੂੰ ਨਿਘਲ ਲਿਆ ਹੈ। ਕਹਾਣੀ 'ਊਈ' ਵਿਚ ਸੋਸ਼ਲ ਮੀਡੀਆ ਕਾਰਨ ਪੈਦਾ ਹੋਏ ਅਨੈਤਿਕ ਵਾਤਾਵਰਨ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਪ੍ਰਿੰਸ, ਰੋਬਿਨ ਤੇ ਤਮੰਨਾ ਕਾਰਨ ਮਹਿਕ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੀ ਹੈ। ਕਹਾਣੀ 'ਯਾਤਰਾ ਅਜੇ ਮੁੱਕੀ ਨਹੀਂ' ਵਿਚ ਸੰਕਲਪ ਤੇ ਏਕਰੂਪ ਦੀ ਜੀਵਨ ਹਯਾਤੀ ਦਾ ਜ਼ਿਕਰ ਹੈ। 'ਮੋਟਰ ਨਿਊਰਾਨ' ਦੀ ਬਿਮਾਰੀ ਕਾਰਨ ਏਕਰੂਪ, ਸੰਕਲਪ ਦਾ ਸਾਥ ਦ੍ਰਿੜ੍ਹਤਾ ਨਾਲ ਨਿਭਾਉਂਦੀ ਹੈ। ਜਸਵਿੰਦਰ ਦੀਆਂ ਕਹਾਣੀਆਂ ਉਸ ਦੇ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਤੋਂ ਹੀ ਹੋਂਦ ਗ੍ਰਹਿਣ ਕਰਦੀਆਂ ਹਨ। ਕਹਾਣੀਆਂ ਦੇ ਪਾਤਰ ਮਨਕੀਰਤ, ਇੰਸ਼ਾ, ਪੂਨਮ, ਵਿਸ਼ਾਲ, ਜੋਤੀ, ਮਹਿਕ, ਸੰਕਲਪ ਤੇ ਏਕਰੂਪ ਪ੍ਰਤੀਕਾਤਮਕਤਾ ਦੇ ਨਾਲ-ਨਾਲ ਆਲੇ-ਦੁਆਲੇ ਵਿਚੋਂ ਲਏ ਗਏ ਹਨ, ਜਿਸ ਸਦਕਾ ਉਹ ਪਾਠਕਾਂ ਨਾਲ ਨੇੜੇ ਦੀ ਸਾਂਝ ਸਥਾਪਿਤ ਕਰਦੇ ਹਨ। ਜਸਵਿੰਦਰ ਦਾ ਕਹਾਣੀ ਸੰਗ੍ਰਹਿ 'ਮੈਲਾਨਿਨ' ਵਿਚਾਰਣਯੋਗ ਕਿਰਤ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

 

 

ਕੌਣ ਸੱਚਾ ਕੌਣ ਝੂਠਾ
ਕਵੀ : ਟਹਿਲ ਸਿੰਘ ਚਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 144
ਸੰਪਰਕ : 98152-98459

ਟਹਿਲ ਸਿੰਘ ਚਾਹਲ ਹੰਢਿਆ ਵਰਤਿਆ ਅਤੇ ਕਾਵਿ ਤਜਰਬੇ ਦਾ ਮਾਲਕ ਕਵੀ ਹੈ। ਉਹ ਲਗਾਤਾਰ ਲਿਖਣ ਵਾਲਾ ਹੈ। ਉਸ ਨੇ ਹੁਣ ਤੱਕ 8 ਸਾਹਿਤਕ ਪੁਸਤਕਾਂ ਸਿਰਜੀਆਂ ਹਨ, ਜਿਨ੍ਹਾਂ ਵਿਚੋਂ 7 ਕਾਵਿ-ਸੰਗ੍ਰਹਿ ਹਨ। 1974 ਵਿਚ ਚਾਹਲ ਨੇ 'ਦੀਨ ਤੇ ਦੁਨੀਆ' ਨਾਂਅ ਦਾ ਨਾਵਲ ਲਿਖ ਕੇ ਸਾਹਿਤ ਵਿਚ ਪੈਰ ਧਰਿਆ ਸੀ। ਉਸ ਪਿੱਛੋਂ ਉਸ ਦੀ ਤਬੀਅਤ ਕਾਵਿ ਸਾਜ ਬਣ ਗਈ ਅਤੇ 7 ਨਵੀਆਂ ਕਾਵਿ-ਪੁਸਤਕਾਂ ਸਾਹਿਤ ਨੂੰ ਦਿੱਤੀਆਂ। 1974 ਵਿਚ ਉਸ ਦੀ ਪਹਿਲੀ ਪੁਸਤਕ ਪ੍ਰਕਾਸ਼ਿਤ ਹੋਈ ਸੀ ਅਤੇ ਹੁਣ 2023 ਵਿਚ ਹਥਲੀ ਕਾਵਿ ਪੁਸਤਕ ਪ੍ਰਕਾਸ਼ਿਤ ਹੋਈ। ਇਸ ਤਰ੍ਹਾਂ ਉਸ ਦਾ ਸਾਹਿਤਕ ਸਫ਼ਰ ਕਾਫ਼ੀ ਲਮੇਰਾ ਹੈ, ਜਿਸ ਕਰਕੇ ਉਸ ਦੀਆਂ ਕਵਿਤਾਵਾਂ ਵਿਚ ਪਰਪੱਕਤਾ ਆਈ।
ਹਥਲੀ ਪੁਸਤਕ ਦੇ 144 ਸਫ਼ਿਆਂ ਵਿਚ ਕਵੀ ਚਾਹਲ ਨੇ 79 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਇਸ ਤਰ੍ਹਾਂ ਬਹੁਤੀਆਂ ਕਵਿਤਾਵਾਂ ਇਕਹਿਰੇ ਸਫ਼ੇ ਦੀਆਂ ਹਨ, ਜਦੋਂ 50 ਕੁ ਕਵਿਤਾਵਾਂ ਦੋ ਸਫ਼ਿਆਂ ਉੱਤੇ ਬਿਰਜਮਾਨ ਹਨ। ਭਾਵੇਂ ਕਵੀ ਨੇ ਆਪਣੀਆਂ ਨਜ਼ਮਾਂ ਦਾ ਨਾਂਅ ਗ਼ਜ਼ਲਾਂ ਨਹੀਂ ਰੱਖਿਆ ਪਰ ਦਰ ਹਕੀਕਤ ਇਹ ਸਾਰੀਆਂ ਹੀ ਗ਼ਜ਼ਲਾਂ ਦੇ ਆਸ-ਪਾਸ ਹਨ। ਉਸ ਦੇ ਕਾਫ਼ੀਏ ਜ਼ਰਾ ਢਿੱਲੇ ਹਨ, ਜਿਸ ਕਰਕੇ ਉਸ ਨੇ ਇਸ ਸੰਗ੍ਰਹਿ ਨੂੰ ਕਾਵਿ-ਸੰਗ੍ਰਹਿ ਹੀ ਗਿਣਿਆ ਹੈ। ਉਸ ਦੇ ਕੁਝ ਸ਼ਿਅਰ ਪਾਠਕਾਂ ਵਾਸਤੇ ਦਰਜ ਕਰ ਰਿਹਾ ਹਾਂ :
-ਕੌਣ ਸੱਚਾ ਕੌਣ ਝੂਠਾ ਕਿਸ ਨੂੰ ਆਖਾਂ।
ਜਾਤਾਂ ਦਾ ਭੇੜ ਮਾੜਾ ਕਿਸ ਨੂੰ ਆਖਾਂ।
-ਦੁਨਿਆਵੀ ਚਕਾਚੌਂਧ ਦੇ ਚਸਕਿਆਂ 'ਚ
ਮਦੋਂ ਮਸਤੀ ਮੁਜਰਿਉਂ ਖੀਵਾ ਹੋਇਆ।
-ਬੰਦਾ ਬਣੇ ਸ਼ੈਤਾਨ ਪਰਖੇ ਭਗਵਾਨ,
ਬੇਆਵਾਜ਼ ਲਾਠੀਉਂ ਹਾਸਲ ਸ਼ਮਸ਼ਾਨ।
-ਨਾਰ ਸੁਨੱਖੀ ਗੌਤਮ ਰਿਸ਼ੀ ਦੀ
ਸੁੰਨੀ ਵੱਸ ਇੰਦਰ ਦੇ ਪੈ ਗਈ।
-ਇੰਦਰ ਦੇ ਚੋਜੋਂ ਚੰਨ ਵੀ ਦਾਗੀ
ਨਾਰੀ ਰਿਸ਼ੀ ਦੀ ਰੋਂਦੀ ਰਹਿ ਗਈ।
-ਮੌਲਾ ਤੂੰ ਨਾ ਮਿਲਿਆ ਨਾ ਬਹਿਸ਼ਤ ਮਿਲੀ
ਜੋ ਵੀ ਸ਼ੈ ਮਿਲੀ ਮਰ ਕੇ ਮਿੱਟੀ ਵਿਚ ਲਿਪਟਦੀ।
-ਹਸਦੇ ਹੈਵਾਨ ਤੱਕਾਂ ਹੋਵਾਂ ਹੈਰਾਨ ਹੈਰਾਨੀ ਸ਼ਾਨ ਤੇ
ਉੱਸਰੇ ਮਹਿਲ ਸ਼ੈਤਾਨ ਦੇ ਉੱਚੇ ਗਿਲਾ ਬੇਦੀਮਾਨ ਤੇ
ਅਸਲ ਵਿਚ ਕਵੀ ਟਹਿਲ ਸਿੰਘ ਚਾਹਲ ਨੇ ਆਪਣੀਆਂ ਨਜ਼ਮਾਂ ਨੂੰ ਕੋਈ ਰੋਸ ਵਿਧਾ ਸਰੂਪ ਨਹੀਂ ਦਿੱਤਾ ਜੇਕਰ ਇਨ੍ਹਾਂ ਨੂੰ ਗ਼ਜ਼ਲਾਂ ਗਿਣੀਏ ਤਾਂ ਇਨ੍ਹਾਂ ਦਾ ਛੰਦ ਬਹਿਰ ਤੇ ਕਾਫ਼ੀਏ ਹੋਰ ਮਿਹਨਤ ਦੀ ਮੰਗ ਕਰਦੇ ਸਨ, ਪਰ ਉਸ ਦੀਆਂ ਚੰਗੀਆਂ ਨਜ਼ਮਾਂ ਕੁਝ ਕਹਾਣੀਆਂ ਉੱਤੇ ਫੋਕਸ ਹਨ, ਉਹ ਚੰਗੀਆਂ ਹਨ। ਉਸ ਨੇ ਕੋਸ਼ਿਸ਼ ਕੀਤੀ ਹੈ ਕਿ ਬੇ-ਬਹਿਰਾ ਨਾ ਹੋਇਆ ਜਾਵੇ।

-ਸੁਲੱਖਣ ਸਿੰਘ ਸਰਹੱਦੀ
ਮੋਬਾਈਲ : 94174-84337

 


ਨਿੱਗਰ ਖੰਭਾਂ ਦੀ ਉਡਾਣ
ਸੰਪਾਦਕ : ਹਰਜਿੰਦਰ ਪੰਧੇਰ, ਹਰਮਹਿੰਦਰ ਚਹਿਲ, ਰਵੀ ਸ਼ੇਰਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 94638-36591

ਅਜੋਕੀ ਅਮਰੀਕੀ ਪੰਜਾਬੀ ਕਹਾਣੀ ਦੇ ਇਸ ਸੰਗ੍ਰਹਿ ਵਿਚ ਅਮਰੀਕਾ ਵਿਚ ਰਹਿ ਰਹੇ ਸੰਪਾਦਕਾਂ ਨੇ ਇਕ ਦਰਜਨ ਕਹਾਣੀਆਂ ਨੂੰ ਸੰਗ੍ਰਹਿਤ ਕੀਤਾ ਹੈ। ਪੁਸਤਕ ਦੇ ਕਹਾਣੀਕਾਰਾਂ ਵਿਚ ਤਿੰਨੇ ਸੰਪਾਦਕਾਂ ਸਮੇਤ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਤੋਂ ਗਏ ਪੰਜਾਬੀ ਕਹਾਣੀਕਾਰਾਂ ਦੀਆਂ ਰਚਨਾਵਾਂ ਹਨ। 4 ਨਾਰੀ ਕਹਾਣੀਕਾਰਾ ਹਨ। ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਕਹਾਣੀਆਂ ਵਿਚ ਅਮਰੀਕਾ ਵਿਚ ਪਰਵਾਸ ਕਰ ਕੇ ਗਏ ਪੰਜਾਬੀਆਂ ਦਾ ਰਹਿਣ-ਸਹਿਣ, ਕੰਮਕਾਰ ਤੇ ਸੱਭਿਆਚਾਰ ਹੈ। ਖ਼ਾਸ ਕਰਕੇ ਪੰਜਾਬੀ ਮੁੰਡੇ-ਕੁੜੀਆਂ ਦਾ ਜਵਾਨੀ ਵੇਲੇ ਅਮਰੀਕਾ ਦੇ ਮੂਲ ਨਿਵਾਸੀਆਂ ਨਾਲ ਵਰਤਾਰੇ ਦਾ ਜ਼ਿਕਰ ਕਹਾਣੀਆਂ ਵਿਚ ਹੈ। ਕਹਾਣੀਆਂ ਦੇ ਪਾਤਰ ਵੀ ਰਲੇ-ਮਿਲੇ ਹਨ ਅਮਰੀਕਨ ਤੇ ਪੰਜਾਬੀ, ਕਿਉਂਕਿ ਪੰਜਾਬੀਆਂ ਦੀ ਜ਼ਿੰਦਗੀ ਵਿਚ ਅਮਰੀਕੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡੇ ਪੰਜਾਬੀ, ਡਰਾਈਵਰੀ, ਸਟੋਰ ਮਾਲਕ, ਖੇਤੀ ਆਦਿ ਧੰਦਿਆਂ ਨਾਲ ਜੁੜੇ ਹੋਏ ਹਨ। ਅਮਰੀਕੀ ਤੇ ਪੰਜਾਬੀ ਔਰਤਾਂ ਵਿਚ ਸਾਂਝ ਹੈ। ਪਰ ਵਿਚਾਰਾਂ ਦਾ ਤਕਰਾਰ ਵੀ ਹੈ। ਖਾਸ ਕਰਕੇ ਔਰਤ ਦੀ ਆਜ਼ਾਦੀ ਦੇ ਪ੍ਰਸੰਗ ਵਿਚ।
ਹਰਜਿੰਦਰ ਪੰਧੇਰ ਦੀ ਕਹਾਣੀ 'ਸਮੁੰਦਰ 'ਚ ਲਹਿੰਦਾ ਲਾਵਾ' ਵਿਚ ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ 'ਤੇ ਕੇਂਦਰਿਤ ਹੈ। ਅਮਰੀਕੀਆਂ ਨਾਲ ਨੇੜਤਾ ਕਰਕੇ ਪੰਜਾਬੀ ਪਾਤਰਾਂ ਵਲੋਂ ਅੰਗਰੇਜ਼ੀ ਵਾਕਾਂ ਦੀ ਵਰਤੋਂ ਆਮ ਹੈ। ਹਾਏ ਹੈਲੋ, ਮੌਂ, ਡੈਡ, ਲੋਅਡ (ਭਾਰ) ਮੈਡਮ ਆਡਰ, ਗਰੈਂਡ ਮਾਂ, ਵਟ ਯੂ ਲਾਈਕ, ਵਟ ਆਈ ਲਾਈਕ ਆਦਿ ਸ਼ਬਦਾਂ ਦੀ ਭਰਮਾਰ ਹੈ। ਮਨਜੀਤ ਕੌਰ ਸੇਖੋਂ ਕਹਾਣੀ ਰਾਹਤ ਵਿਚ ਪਾਤਰ ਜ਼ਿੰਦਗੀ ਦੀਆਂ ਖੁੱਲ੍ਹਾਂ ਮਾਣਦੇ ਹਨ। ਨੌਜਵਾਨ ਮੁੰਡੇ-ਕੁੜੀਆਂ ਦੀਆਂ ਜਿਨਸੀ ਭਾਵਨਾਵਾਂ ਦੇ ਦ੍ਰਿਸ਼ ਕਹਾਣੀਆਂ ਵਿਚ ਹਨ। ਕਹਾਣੀ ਬੇਬੇ ਦਾ ਹੁਣ ਕੋਈ ਨਹੀਂ (ਰਵੀ ਸ਼ੇਰਗਿੱਲ) ਵਿਚ ਮਾਂ ਦੇ ਇਲਾਜ ਦੀ ਸਮੱਸਿਆ ਹੈ। ਇਕ ਪੁੱਤ ਕੋਲ ਡਰਾਈਵਰੀ ਤੋਂ ਵਿਹਲ ਨਹੀਂ ਹੈ। ਕਈ-ਕਈ ਦਿਨ ਗੱਡੀ ਚਲਾ ਕੇ ਦੂਰ-ਦੂਰ ਲਿਜਾਂਦਾ ਹੈ। ਦੂਰ ਰਹਿੰਦਾ ਪੁੱਤਰ ਆਣ ਕੇ ਸਥਿਤੀ ਸੰਭਾਲਦਾ ਹੈ। ਹਰਮਹਿੰਦਰ ਚਹਿਲ ਦੀ ਕਹਾਣੀ ਸਜ਼ਾ ਵਿਚ ਕਤਲ ਕੇਸ ਦੀ ਅਦਾਲਤੀ ਕਾਰਵਾਈ ਹੈ। ਕਾਤਲ ਪਛਤਾਵਾ ਕਰਦਾ ਹੈ। ਪਵਿੱਤਰ ਕੌਰ ਮਾਟੀ ਦੀ ਕਹਾਣੀ ਰੌਂਗ ਨੰਬਰ ਦੇ ਪਾਤਰੀ ਸੰਵਾਦ ਭਾਵਪੂਰਤ ਹਨ। ਔਰਤਾਂ ਨਸ਼ਿਆਂ ਵਿਚ ਗਲਤਾਨ ਹਨ ਤੇ ਅਸ਼ਲੀਲ ਵਾਕ ਬੋਲਦੀਆਂ ਹਨ। ਹਰਨੇਕ ਸਿੰਘ ਦੀ ਕਹਾਣੀ ਰਿਸ਼ਤਿਆਂ ਦਾ ਸਰਾਪ, ਜਾਵੇਦ ਬੂਟਾ ਦੀ ਗੁਲਾਬੀ ਚੁੰਨੀ, ਹਰਭਜਨ ਸਿੰਘ ਸ਼ੇਰਗਿੱਲ (ਵਾਅਦਾ) ਇਕ ਹੋਰ ਸੁਨਾਮੀ (ਰਾਮ ਜੀ ਦਾਸ) ਰਾਣੀ ਨਗਿੰਦਰ (ਜੰਗ ਜਾਰੀ ਹੈ) ਦੇਵਿੰਦਰ ਗੁਰਾਇਆ (ਕੁਝ ਆਪਣੇ ਪਲ) ਸੁਰਿੰਦਰ ਸੋਹਲ (ਸਾਂਝ) ਕਹਾਣੀਆਂ ਰੌਚਿਕ, ਦਿਲਚਸਪ ਸ਼ੈਲੀ ਵਿਚ ਹਨ। ਪਾਤਰੀ ਸੰਵਾਦ ਵਿਚ ਅਮਰੀਕਾ ਤੇ ਪੰਜਾਬ ਦੇ ਸੱਭਿਆਚਾਰ ਦਾ ਅੰਤਰ ਬੋਲਦਾ ਹੈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬੀ ਅਮਰੀਕਨ ਕਹਾਣੀ ਦੇ ਵਿਸ਼ੇਸ਼ ਤੱਤਾਂ ਬਾਰੇ 13 ਪੰਨਿਆਂ ਦੀ ਲੰਮੀ ਭੂਮਿਕਾ ਲਿਖੀ ਹੈ। ਆਲੋਚਕ ਡਾ. ਜੇ. ਬੀ. ਸੇਖੋਂ ਦੇ ਭਾਵਪੂਰਤ ਵਿਚਾਰ ਹਨ। ਹਰੇਕ ਕਹਾਣੀਕਾਰ ਦੀ ਸਾਹਿਤਕ ਦੇਣ ਬਾਰੇ ਜਾਣ-ਪਛਾਣ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

 

 

 

 

 

 

 

21-01-2024

 ਦੋ ਸ਼ਹਿਰਾਂ ਦੀ ਦਾਸਤਾਨ
ਲੇਖਕ : ਚਾਰਲਸ ਡਿਕਨਸ
ਅਨੁ: ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98153-17028


ਵਿਚਾਰਾਧੀਨ ਰਚਨਾ ਇਕ ਇਤਿਹਾਸਕ ਨਾਵਲ ਹੈ। ਇਹ ਨਾਵਲ 1789 ਦੇ ਫ਼ਰਾਂਸੀਸੀ ਇਨਕਲਾਬ ਦੇ ਪਿੱਛੋਕੜ ਅਤੇ ਉਦੋਂ ਵਾਪਰੀਆਂ ਹੌਲਨਾਕ, ਹਿਰਦੇਵੇਧਕ ਘਟਨਾਵਾਂ ਨੂੰ ਆਧਾਰ ਬਣਾ ਕੇ ਸਿਰਜਿਆ ਗਿਆ ਹੈ ਜਿਸ ਦਾ ਅਨੁਵਾਦ ਬਲਬੀਰ ਲੌਂਗੋਵਾਲ ਨੇ ਬੜੀ ਸਰਲ ਪੰਜਾਬੀ ਵਿਚ ਕੀਤਾ ਹੈ। ਨਾਵਲ ਦੀਆਂ ਮੁੱਖ ਘਟਨਾਵਾਂ ਦੋ ਸ਼ਹਿਰਾਂ (ਪੈਰਿਸ ਅਤੇ ਲੰਡਨ) ਵਿਚ ਵਾਪਰਦੀਆਂ ਹਨ। ਉਸ ਸਮੇਂ ਫ਼ਰਾਂਸ ਦੇ ਹੁਕਮਰਾਨ ਅਤੇ ਸਾਮੰਤਾਂ ਦੀ ਜੁੰਡਲੀ ਜਨਤਾ ਉੱਪਰ ਅਕਹਿ ਅਤੇ ਅਸਹਿ ਜ਼ੁਲਮ ਢਾਹੁੰਦੀ ਸੀ ਜਿਸ ਦੇ ਫਲਸਰੂਪ ਜਨਤਾ ਵਿਚ ਰੋਹ ਅਤੇ ਵਿਦਰੋਹ ਦਾ ਭਾਂਬੜ ਬਣ ਉੱਠਿਆ ਸੀ। ਇਸ ਇਨਕਲਾਬ ਦੇ ਨਤੀਜੇ ਵਜੋਂ ਪਹਿਲੀ ਵਾਰ ਸੰਸਾਰ ਨੂੰ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਵਡਮੁੱਲਾ ਸੰਦੇਸ਼ ਪ੍ਰਾਪਤ ਹੋਇਆ। ਚਾਰਲਸ ਡਿਕਨਸ ਨੇ ਇਹ ਨਾਵਲ ਪਹਿਲੀ ਵਾਰ 1859 ਵਿਚ ਪ੍ਰਕਾਸ਼ਿਤ ਕਰਵਾਇਆ ਸੀ।
ਨਾਵਲ ਫ਼ਰਾਂਸਿਸੀ ਡਾ. ਮਾਨੇਤ ਦੇ 18-20 ਵਰ੍ਹੇ ਦੀ ਸਖ਼ਤ ਕੈਦ ਤੋਂ ਬਾਅਦ ਅਤੇ ਰਿਹਾਅ ਹੋਣ ਤੱਕ ਦੀ ਫੇਬੁਲਾ 'ਤੇ ਆਧਾਰਿਤ ਕਥਾਨਕ ਦੁਆਰਾ ਰੂਪ ਗ੍ਰਹਿਣ ਕਰਦਾ ਹੈ। ਡਾ. ਮਾਨੇਤ ਨੇ ਆਪਣੀ ਬੇਟੀ ਲੂਸੀ ਨੂੰ ਜਨਮ ਸਮੇਂ ਤੋਂ ਲੈ ਕੇ ਵੇਖਿਆ ਤੱਕ ਨਹੀਂ ਸੀ। ਸਭ ਘਟਨਾਵਾਂ ਫ਼ਰਾਂਸੀਸੀ ਕ੍ਰਾਂਤੀ ਅਤੇ ਉਸ ਤੋਂ ਬਾਅਦ ਦਹਿਸ਼ਤ ਦੇ ਰਾਜ ਤੱਕ ਪੇਸ਼ ਕੀਤੀਆਂ ਗਈਆਂ ਹਨ। ਨਾਵਲ ਦਾ ਗਹਿਨ ਅਧਿਐਨ ਕਰਦਿਆਂ ਇਸ ਦਾ ਥੀਮ ਸਵੈ-ਕੁਰਬਾਨੀ, ਕ੍ਰਾਂਤੀ ਅਤੇ ਪੁਨਰ-ਉੱਥਾਨ ਸਿੱਧ ਹੁੰਦਾ ਹੈ। ਉਸ ਸਮੇਂ ਨੂੰ ਸਭ ਤੋਂ ਭੈੜਾ ਅਤੇ ਸਭ ਤੋਂ ਚੰਗਾ ਵੀ ਸਮਝਿਆ ਜਾ ਸਕਦਾ ਹੈ। ਨਾਵਲ ਜਾਰਵਿਸ ਲੋਰੀ ਦੀ ਲੰਡਨ ਤੋਂ ਪੈਰਿਸ ਦੀ ਯਾਤਰਾ ਨਾਲ ਆਰੰਭ ਹੁੰਦਾ ਹੈ। ਨਾਵਲ ਦੇ ਪੰਨਿਆਂ 'ਤੇ ਫੋਕਸੀਕਰਨ ਕਰਦਿਆਂ ਪਤਾ ਲਗਦਾ ਹੈ ਮਾੜੇ ਬੰਦੇ ਚੰਗੇ ਵੀ ਸਿੱਧ ਹੋ ਸਕਦੇ ਨੇ ਅਤੇ ਚੰਗੇ ਵਿਖਾਈ ਦੇਣ ਵਾਲੇ ਲਹੂ ਪੀਣੇ ਖ਼ਤਰਨਾਕ ਵੀ ਹੋ ਸਕਦੇ ਹਨ। ਨਾਵਲ ਦੀ ਫੇਬੁਲਾ ਮਿਸ ਲੂਸੀ ਅਤੇ ਚਾਰਲਸ ਡਰਨੇ ਦੀ ਪ੍ਰੀਤ ਕਥਾ ਵੀ ਪੇਸ਼ ਕਰਦੀ ਹੈ। ਪ੍ਰੀਤ ਕਥਾ ਇਕੋ ਜਿਹੀ ਸ਼ਕਲ-ਸੂਰਤ ਵਾਲੇ ਦੋ ਨਾਇਕਾਂ (ਸਿਡਨੀ ਕਾਰਟਨ ਅਤੇ ਚਾਰਲਸ ਡਰਨੇ) ਨਾਲ ਸੰਬੰਧਿਤ ਹੈ। ਸਾਹਿਤ ਦੇ ਖੇਤਰ ਵਿਚ ਪ੍ਰੀਤ ਲਈ ਕੁਰਬਾਨੀ ਦੀ ਉਦਾਹਰਨ ਬੇਮਿਸਾਲ ਹੈ। ਲੂਸੀ ਨੂੰ ਕਾਰਟਨ ਨੇ ਵਚਨ ਦਿੱਤਾ ਸੀ 'ਤੁਸੀਂ ਜਿਸ ਨੂੰ ਚਾਹੋਗੇ ਮੈਂ ਉਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਰਹਾਂਗਾ' ਪੰ. 80. ਨਾਵਲ ਦੇ ਅੰਤ 'ਤੇ ਜਦੋਂ ਚਾਰਲਸ ਡਾਰਨੇ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਕਾਰਟਨ ਚਾਰਲਸ ਵਰਗੇ ਕੱਪੜੇ/ਜੁੱਤੇ ਪਾ ਕੇ ਉਸ ਵਰਗਾ ਹੀ ਬਣ ਕੇ ਉਸ ਦੀ ਥਾਂ 'ਤੇ ਮੌਤ ਨੂੰ ਗਲਵਕੜੀ ਪਾ ਲੈਂਦਾ ਹੈ। ਪੰ. 138. ਇਸ ਨਾਵਲ ਦੀਆਂ ਅਨੇਕਾਂ ਬਿਰਤਾਂਤਕ ਜੁਗਤਾਂ ਦਾ ਅਧਿਐਨ ਵੱਖਰੇ ਪੇਪਰ ਦੀ ਮੰਗ ਕਰਦਾ ਹੈ। ਅਨੁਵਾਦਕ ਇਸ ਨਾਵਲ ਦੀ ਚੋਣ ਲਈ ਵਧਾਈ ਦਾ ਪਾਤਰ ਹੈ ਕਿਉਂਕਿ ਇਹ ਫ਼ਰਾਂਸੀਸੀ ਇਨਕਲਾਬ ਦੀ ਪੇਸ਼ਕਾਰੀ ਕਰਦੀ ਇਕ ਕਲਾਸਿਕ ਰਚਨਾ ਹੈ। ਨਾਵਲ ਦੀ ਬਣਤਰ ਅਤੇ ਬੁਣਤਰ ਵਿਚ ਲਗਭਗ ਦਰਜਨ ਪਾਤਰ ਕਾਰਜਸ਼ੀਲ ਹਨ।


-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com


ਲਫ਼ਜ਼ਾਂ ਦੀ ਦਰਗ਼ਾਹ
ਲੇਖਕ : ਗੁਰਿੰਦਰ ਗਿੱਲ
ਪ੍ਰਕਾਸ਼ਕ : ਅਭੀ ਬੁਕਸ ਐਂਡ ਪ੍ਰਿੰਟਰਜ਼, ਜਲੰਧਰ
ਮੁੱਲ : 350 ਰੁਪਏ, ਸਫ਼ੇ : 168
ਸੰਪਰਕ : 82686-18888


ਗੁਰਿੰਦਰ ਗਿੱਲ ਨੇ 5 ਕਿਤਾਬਾਂ ਹਿੰਦੀ ਵਿੱਚ ਲਿਖੀਆਂ ਹਨ ਤੇ 3 ਪੰਜਾਬੀ ਵਿੱਚ। ਜਦੋਂ ਜਜ਼ਬੇ ਹਾਵੀ ਹੋ ਜਾਣ ਤਾਂ ਉਹ ਕਲਮ ਰਾਹੀਂ ਵਹਿ ਤੁਰਦੇ ਹਨ। ਅਜਿਹੀ ਸਥਿਤੀ ਵਿੱਚ ਕਵੀ-ਮਨ ਲਈ ਇਹ ਨਿਰਣਾ ਕਰਨਾ ਕਠਿਨ ਹੋ ਜਾਂਦਾ ਹੈ ਕਿ ਉਹ ਕਾਵਿ ਅਭਿਵਿਅਕਤੀ ਲਈ ਕਿਸ ਕਾਵਿ-ਰੂਪ ਦੀ ਚੋਣ ਕਰੇ। 'ਲਫ਼ਜ਼ਾਂ ਦੀ ਦਰਗਾਹ' ਵਿੱਚ 132 ਤੁਕਾਂਤਬੱਧ ਕਵਿਤਾਵਾਂ ਹਨ। ਕਵਿੱਤਰੀ ਨੇ ਵਿਕੋਲਿੱਤਰੇ ਵਿਸ਼ਿਆਂ ਵਿੱਚ ਮੁੱਖ ਤੌਰ 'ਤੇ ਸਿੱਖ ਧਰਮ, ਵਿਰਸਾ, ਪਾਖੰਡਵਾਦ, ਪੈਸੇ ਦੀ ਚਕਾਚੌਂਧ, ਰਿਸ਼ਤਿਆਂ ਦੀ ਟੁੱਟਭੱਜ, ਔਰਤ ਦੀ ਸਥਿਤੀ ਆਦਿ ਨੂੰ ਆਧਾਰ ਬਣਾ ਕੇ ਇੱਕ-ਇੱਕ ਪੰਨੇ ਦੀਆਂ ਕਵਿਤਾਵਾਂ ਲਿਖੀਆਂ ਹਨ। 'ਲਫ਼ਜ਼ਾਂ ਦੀ ਦਰਗਾਹ' ਨੂੰ ਪਰਿਭਾਸ਼ਿਤ ਕਰਦੀ ਹੋਈ ਉਹ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਵਿੱਚ ਕਹਿੰਦੀ ਹੈ :
ਹੱਥਾਂ ਤੋਂ ਕਲਮ, ਕਲਮ ਤੋਂ ਅੱਖਰ,
ਫਿਰ ਅੱਖਰ ਕਾਗਜ਼ 'ਤੇ ਉਤਰਨ।
ਕਾਗਜ਼ ਤੋਂ ਬਣੇ ਕਿਤਾਬ ਤੇ ਫਿਰ,
'ਲਫ਼ਜ਼ਾਂ ਦੀ ਦਰਗਾਹ' ਕਹਾਉਂਦੇ ਨੇ॥ (ਪੰਨਾ 12)
ਇਸ ਕਿਤਾਬ ਵਿੱਚ 'ਲਫ਼ਜ਼ਾਂ' ਸਿਰਲੇਖ ਵਾਲੀਆਂ ਬਹੁਤ ਸਾਰੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿੱਚ 'ਲਫ਼ਜ਼ਾਂ ਦੀ ਦਰਗਾਹ' (13), 'ਮੈਂ ਲਫ਼ਜ਼ ਇਕੱਠੇ ਕਰਕੇ ਲਿਖਾਂ' (17), 'ਲਫ਼ਜ਼ ਬਿਆਨੀ' (18), 'ਲਫ਼ਜ਼ਾਂ ਦਾ ਹੇਰ-ਫੇਰ' (34), 'ਚੁਣ ਲਫ਼ਜ਼ਾਂ ਦੇ ਹੀਰੇ' (72), 'ਆਵੀਂ ਮੇਰੇ ਲਫ਼ਜ਼ਾਂ ਜਜ਼ਬਾਤਾਂ ਵਿਚ' (78), 'ਲਫ਼ਜ਼ਾਂ ਦੀ ਦਰਗਾਹ ਤੋਂ ਪਰੇ ਸਿਜਦਾ ਕਰਨਾ' (88), 'ਲਫ਼ਜ਼ਾਂ ਦੇ ਹੇਰ ਫ਼ੇਰ' (118), 'ਬਸ ਲਫ਼ਜ਼ਾਂ ਦੀ ਦਰਗਾਹ' (123), 'ਲਫ਼ਜ਼ਾਂ ਦੇ ਦਰਬਾਰ ਵਿਚ' (146), 'ਲਫ਼ਜ਼ ਮੇਰੇ ਵਾਂਗ ਚਿਰਾਗ ਨੇ ਜਲਦੇ' (158), 'ਸੋਨੇ ਹੀਰੇ ਵਰਗੇ ਲਫ਼ਜ਼ਾਂ ਨੂੰ' (159) ਸ਼ਾਮਲ ਹਨ। ਕਵਿੱਤਰੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਲਾਮਤੀ ਲਈ ਦੁਆ ਕਰਦੀ ਹੋਈ ਕਹਿੰਦੀ ਹੈ :
ਰਹਿੰਦੀ ਦੁਨੀਆ ਤਕ ਰਹੇ ਵਸਦਾ ਦੋਹਾਂ ਤਰਫ਼ਾ ਪੰਜਾਬ ਮੇਰਾ।
ਦਿਲ 'ਚ ਤ੍ਰੇੜਾਂ 'ਤੇ ਆਈਆਂ ਕਦੇ ਨਹੀਂ ਸਰਹੱਦਾਂ ਵੀ ਛੁੱਟਣ॥ (ਪੰਨਾ 158)


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਵੇ ਪ੍ਰਦੇਸੀਆ
ਲੇਖਕ : ਵਾਸ ਦੇਵ ਇਟਲੀ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99889-13155


ਵਾਸ ਦੇਵ ਇਟਲੀ ਵਿਚ ਵਸਦਾ ਪੰਜਾਬੀ ਕਵੀ ਹੈ ਜਿਸ ਦੀ ਇਹ ਪਲੇਠੀ ਕਾਵਿ ਪੁਸਤਕ ਹੈ। ਪਿਛਲੇ ਵਰ੍ਹਿਆਂ ਤੋਂ ਵਿਦੇਸ਼ ਰਹਿੰਦੇ ਇਸ ਕਵੀ ਨੇ ਪਰਵਾਸ ਦਾ ਜੋ ਦੁੱਖ/ਤਜਰਬਾ ਹੰਢਾਇਆ ਹੈ, ਉਸ ਨੂੰ ਬੜੀ ਸਰਲ ਭਾਸ਼ਾ ਵਿਚ ਪਾਠਕਾਂ ਨਾਲ ਸਾਂਝਾ ਕੀਤਾ ਹੈ। ਉਹ ਆਪਣੀ ਧਰਤੀ ਤੋਂ ਦੂਰ ਜਾਣ ਦੇ ਹੇਰਵੇ ਨੂੰ ਤਾਂ ਬਿਆਨ ਕਰਦਾ ਹੀ ਹੈ ਨਾਲ ਹੀ ਆਪਣਿਆਂ ਨਾਲ ਪਿਆਰ ਦੇ ਗੂੜ੍ਹੇ ਰਿਸ਼ਤਿਆਂ ਦੀ ਬਾਤ ਵੀ ਪਾਉਂਦਾ ਹੈ। ਕਵੀ ਨੇ ਬੜੀ ਸੁਹਿਰਦਤਾ ਨਾਲ ਵਿਦੇਸ਼ ਦੀ ਧਰਤੀ ਦੀਆਂ ਮਜਬੂਰੀਆਂ ਅਤੇ ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਸ ਦੀ ਪਹਿਲੀ ਰਚਨਾ 'ਵੇ ਪ੍ਰਦੇਸੀਆ' ਅਜੋਕੇ ਸਮੇਂ ਦਾ ਕੌੜਾ ਸੱਚ ਹੈ ਜਦ ਕੋਈ ਆਰਥਿਕ ਖ਼ੁਸ਼ਹਾਲੀ ਲਈ ਵਿਦੇਸ਼ ਜਾਂਦਾ ਹੈ ਤਾਂ ਆਪਣੇ ਪਿੱਛੇ ਬਹੁਤ ਸਾਰੇ ਰਿਸ਼ਤਿਆਂ ਦਾ ਮੋਹ ਛੱਡ ਜਾਂਦਾ ਹੈ। ਪਤੀ ਪਤਨੀ ਦੇ ਰਿਸ਼ਤੇ ਵਿਚ ਪਰਵਾਸ ਦੇ ਵਿਛੋੜੇ ਦੇ ਸੂਖ਼ਮ ਅਨੁਭਵਾਂ ਨੂੰ ਕਵੀ ਨੇ ਜ਼ੁਬਾਨ ਦਿੱਤੀ ਹੈ
ਮਾਹੀਆ ਵੇ ਤੂੰ ਦੂਰ ਗਿਆ
ਨੇੜੇ ਆ ਮੁਹੱਬਤਾਂ ਪਾ ਲਈਏ।
ਸੋਹਣਾ ਏ ਚੰਨ ਤੂੰ ਹੀ ਸਾਡਾ
ਤੈਨੂੰ ਬੁੱਕਲ ਵਿਚ ਲੁਕਾ ਲਈਏ
ਅਤੇ
ਆ ਮਿੱਤਰਾ ਗੱਲ ਦਿਲ ਦੀ ਕਹਿ ਜਾ
ਕੱਢਕੇ ਦੋ ਪਲ ਸਾਡੇ ਕੋਲ ਤੂੰ ਬਹਿ ਜਾ
ਆ ਜਾ ਨੇੜੇ ਨਾ ਕਰ ਦੇਰੀ
ਜਿੰਦ ਬੋਲੇ ਹੁਣ ਸੁਣ ਤੂੰ ਮੇਰੀ।
ਕਵੀ ਅਨੁਸਾਰ ਪਰਵਾਸ ਧਾਰਨ ਕਰਨਾ ਕਿਸੇ ਦੀ ਮਜਬੂਰੀ ਹੈ ਤੇ ਕਿਸੇ ਦਾ ਸ਼ੌਂਕ। ਕਵੀ ਇਸ ਮਜਬੂਰੀ ਨੂੰ ਬਖ਼ੂਬੀ ਬਿਆਨ ਕਰਦਾ ਹੈ-
ਪੈਸੇ ਪਿੱਛੇ ਭੱਜ ਬੈਠੇ, ਦੇਸ਼ੋਂ ਅਸੀਂ ਵਿਦੇਸ਼ ਹੋਏ
ਵੱਡੇ ਹੌਸਲੇ ਰੱਖ ਬੈਠੇ, ਪਰ ਕਦਮੋਂ ਬੜੀ ਦੂਰ ਹੋਏ
ਕਵੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਰਿਸ਼ਤਿਆਂ ਦੇ ਆਪਸੀ ਸੰਬੰਧਾਂ ਨੂੰ ਜੋੜਨ ਦਾ ਸਾਕਾਰਤਮਕ ਢੰਗਾ ਦੱਸਿਆ ਹੈ। ਜਿਥੇ ਅੱਜ ਦੇ ਸੰਚਾਰ ਸਾਧਨਾਂ ਨੇ ਮਨੁੱਖਾਂ ਨੂੰ ਇਕ ਦੂਜੇ ਦੇ ਕਰੀਬ ਲਿਆਂਦਾ ਹੈ-
ਫੇਸਬੁੱਕ ਉਤੋਂ ਮੇਰੀ ਫੋਟੋ ਲੱਭ ਲਈ ਮਿਲ ਜਾਉਗੀ ਧਾਰਵੇ
ਸੌਖਾ ਹੋਇਆ ਏ ਗਵਾਚਿਆਂ ਨੂੰ ਲੱਭਣਾ
ਚੰਨਾ ਫੇਸਬੁੱਕ ਦੇ ਉੱਤੇ
'ਆਜਾ ਪੁੱਤਰਾ' ਕਵਿਤਾ ਵਿਦੇਸ਼ ਗਏ ਪੁੱਤਰ ਦਾ ਹੇਰਵਾ ਪ੍ਰਗਟ ਕਰਦੀ ਕਵਿਤਾ ਹੈ ਜਿਸ ਵਿਚ ਮਾਂ-ਬਾਪ ਆਪਣੀ ਜਗ੍ਹਾ ਪਰੇਸ਼ਾਨ ਹਨ ਤੇ ਵਿਦੇਸ਼ ਗਿਆ ਪੁੱਤਰ ਆਪਣੀ ਜਗ੍ਹਾ ਪਰੇਸ਼ਾਨ ਹੈ। ਕਵੀ ਰਿਸ਼ਤਿਆਂ ਦੀ ਪ੍ਰੀਭਾਸ਼ਾ ਸਿਰਜਦਾ ਹੋਇਆ ਮਾਂ-ਪਿਓ ਦੇ ਰਿਸ਼ਤੇ ਨੂੰ ਸਰਵੋਤਮ ਐਲਾਨਦਾ ਹੈ। ਹੋਰ ਵੀ ਰਿਸ਼ਤੇ ਬੜੇ ਜੱਗ ਉੱਤੇ/ਮਾਂ ਪਿਓ ਬਿਨਾਂ ਨਾ ਪਿਆਰ ਹੋਵੇ। ਕਵੀ ਕੋਰੋਨਾ ਕਵਿਤਾ ਰਾਹੀਂ ਉਸ ਸਮੇਂ ਦੀ ਬੇਵਸੀ ਦਾ ਚਿਤਰਨ ਕਰਦਾ ਹੈ ਜਦ ਉਸ ਦੌਰ ਵਿਚ ਸਾਰੇ ਲੋਕ 'ਕੰਮ ਕਾਰ ਤੋਂ ਵਿਹਲੇ ਹੋ ਕੇ' ਮੁਸ਼ਕਲਾਂ ਭਰੇ ਸਮੇਂ 'ਚੋਂ ਗੁਜ਼ਰੇ ਸਨ। ਕਵੀ ਨੇ ਆਪਣੇ ਪਿਤਾ ਰਾਮ ਧੰਨ ਅਤੇ ਮਾਤਾ ਸਵਰਨ ਕੌਰ ਨੂੰ ਇਹ ਪੁਸਤਕ ਸਮਰਪਣ ਕਰਕੇ ਆਪਣੀ ਪਿਆਰ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਸਮੁੱਚੇ ਤੌਰ 'ਤੇ ਇਸ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਮਾਨਵੀ ਸੰਵੇਦਨਾਵਾਂ ਨਾਲ ਜੁੜੀਆਂ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਪੰਜਾਬੀਆਂ ਦੇ ਆਪਣੀ ਭੂਮੀ ਅਤੇ ਰਿਸ਼ਤਿਆਂ ਪ੍ਰਤੀ ਮੋਹ ਨੂੰ ਦਰਸਾਉਂਦੀ ਹੈ।


-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।


ਸ਼ਹੀਦ ਭਗਤ ਸਿੰਘ
ਲੇਖਕ : ਡਾ. ਸਰਬਜੀਤ ਸਿੰਘ ਛੀਨਾ
ਪ੍ਰਕਾਸ਼ਕ : ਨਵਯੁਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 011-26802488


ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਪੁਸਤਕ 'ਸ਼ਹੀਦ ਭਗਤ ਸਿੰਘ' ਵਿਚ ਡਾ. ਸਰਬਜੀਤ ਸਿੰਘ ਛੀਨਾ ਨੇ ਸ਼ਹੀਦ ਭਗਤ ਸਿੰਘ ਦੀ ਆਜ਼ਾਦੀ ਪ੍ਰਾਪਤੀ ਹਿਤ ਕੀਤੀ ਘਾਲਣਾ ਉਤੇ ਫੋਕਸ ਕਰਦੇ ਹੋਏ ਜੀਵਨ ਹਯਾਤੀ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫ਼ਾਂਸੀ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹੀਦ ਭਗਤ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਸਨ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ-ਨਾਲ ਮੌਲਿਕ ਚਿੰਤਕ ਵੀ ਸਨ। ਉਨ੍ਹਾਂ ਨੇ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਆਰਥਿਕ, ਇਤਿਹਾਸਕ, ਕ੍ਰਾਂਤੀਆਂ ਦੇ ਵਰਤਾਰਿਆਂ ਦਾ ਤਰਕਸ਼ੀਲ ਤਰੀਕੇ ਨਾਲ ਅਧਿਐਨ ਕਰਕੇ ਆਪਣੇ ਵਿਚਾਰ ਪ੍ਰਗਟਾਏ ਸਨ।
ਡਾ. ਛੀਨਾ ਨੇ ਪੁਸਤਕ ਵਿਚ 14 ਸਿਰਲੇਖ ਦਿੱਤੇ ਹਨ ਜੋ ਭਗਤ ਸਿੰਘ ਦੀ ਕਾਰਜ-ਪ੍ਰਣਾਲੀ ਉੱਤੇ ਫ਼ੋਕਸ ਕਰਦੇ ਹਨ। ਪ੍ਰਮੁੱਖ ਸਿਰਲੇਖ ਪੰਜਾਬ ਦੀ ਸਮਾਜਿਕ ਤੇ ਰਾਜਨੀਤਕ ਸਥਿਤੀ, ਬਚਪਨ, ਕ੍ਰਾਂਤੀਕਾਰੀਆਂ ਨਾਲ ਸੰਬੰਧ, ਝੂਠੇ ਕੇਸ ਵਿਚ ਗ੍ਰਿਫ਼ਤਾਰੀ, ਸਾਈਮਨ ਕਮਿਸ਼ਨ ਦਾ ਬਾਈਕਾਟ, ਸਾਂਡਰਸ ਦਾ ਕਤਲ, ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣਾ, ਗ੍ਰਿਫ਼ਤਾਰੀ, ਅਸੈਂਬਲੀ ਬੰਬ ਕੇਸ ਦੀ ਸਜ਼ਾ ਸੁਣਾਈ ਗਈ, ਲਾਹੌਰ ਸਾਜ਼ਿਸ਼ ਕੇਸ ਦੇ ਫ਼ੈਸਲੇ ਤੋਂ ਪਹਿਲਾਂ, ਫ਼ਾਂਸੀ ਦੀ ਸਜ਼ਾ ਨਾਲ ਦੇਸ਼ ਭਰ ਦੀ ਜਨਤਾ ਵਿਚ ਰੋਹ, ਫ਼ਾਂਸੀ ਰੋਕਣ ਲਈ ਆਖ਼ਰੀ ਯਤਨ, ਫ਼ਾਂਸੀ ਦਾ ਹੁਕਮ ਆਦਿ ਹਨ। 'ਸਾਇਮਨ ਕਮਿਸ਼ਨ ਦਾ ਬਾਈਕਾਟ' ਵਿਚ ਜ਼ਿਕਰ ਮਿਲਦਾ ਹੈ ਕਿ ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਚੁੱਕ ਲਈ ਸੀ। ਅੰਗਰੇਜ਼ੀ ਸਰਕਾਰ ਦੀਆਂ ਸਾਮਰਾਜਵਾਦੀ ਨੀਤੀਆਂ ਦੇ ਵਿਰੋਧ ਵਜੋਂ ਸ਼ਹੀਦ ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਸੀ। ਹਰ ਉਹ ਯਤਨ ਕੀਤੇ, ਜਿਸ ਨਾਲ ਆਜ਼ਾਦੀ ਪ੍ਰਾਪਤ ਕੀਤੀ ਜਾ ਸਕੇ। 'ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣਾ' ਵਿਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਜ਼ਾਦੀ ਪ੍ਰਾਪਤੀ ਦੇ ਨਿਸ਼ਾਨੇ ਨੂੰ ਸਪੱਸ਼ਟ ਕੀਤਾ ਹੈ :
ਮਨੁੱਖ ਰਾਹੀਂ ਮਨੁੱਖ ਦੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਅਤੇ ਹਰ ਇਕ ਨੂੰ ਸੁਤੰਤਰਤਾ ਦੇਣ ਲਈ ਕੁਝ ਵਿਅਕਤੀਆਂ ਦੀ ਕੁਰਬਾਨੀ ਜ਼ਰੂਰੀ ਹੈ।
ਡਾ. ਸਰਬਜੀਤ ਸਿੰਘ ਛੀਨਾ ਦੀ ਪੁਸਤਕ ਨੌਜਵਾਨ ਵਰਗ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਉੱਤੇ ਚੱਲਣ ਲਈ ਮਾਰਗ-ਦਰਸ਼ਕ ਦਾ ਕਾਰਜ ਕਰੇਗੀ। ਵਰਤਮਾਨ ਵਰਤਾਰਿਆਂ ਵਿਚ ਸੱਤਾਧਾਰੀ ਧਿਰ ਵਲੋਂ ਨੌਜਵਾਨਾਂ ਦੀ ਸੋਚ ਪਦਾਰਥਵਾਦੀ ਬਣਾਈ ਜਾ ਰਹੀ ਹੈ। ਪਦਾਰਥਵਾਦ ਤੇ ਸਾਮਰਾਜਵਾਦੀ ਸਿਸਟਮ ਤੋਂ ਮੁਕਤੀ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣਾ ਪਵੇਗਾ।


-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810


ਸਲਾਮੀ
(2022 ਦੀਆਂ ਚੋਣਵੀਆਂ ਕਹਾਣੀਆਂ)
ਸੰਪਾਦਕ : ਡਾ. ਜੇ.ਬੀ. ਸੇਖੋਂ
ਪ੍ਰਕਾਸ਼ਕ : ਆਰਸੀ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 525 ਰੁਪਏ, ਸਫ਼ੇ : 224
ਸੰਪਰਕ : 84370-89769


ਸੰਪਾਦਿਤ ਕਹਾਣੀ ਸੰਗ੍ਰਹਿ ਵਿਚ ਚੜ੍ਹਦੇ ਲਹਿੰਦੇ ਪੰਜਾਬ ਦੇ ਨਾਮਵਰ ਕਹਾਣੀਕਾਰਾਂ ਦੀਆਂ 14 ਕਹਾਣੀਆਂ ਹਨ। ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਕਹਾਣੀਆਂ ਪ੍ਰਸਿੱਧ ਪੰਜਾਬੀ ਮੈਗਜ਼ੀਨਾਂ ਤੇ ਅਖਬਾਰਾਂ ਵਿਚ ਸੰਨ 2022 ਵਿਚ ਛਪ ਚੁੱਕੀਆਂ ਹਨ। ਸੰਪਾਦਕ ਨੇ ਪ੍ਰਵੇਸ਼ ਦੇ ਤੇਰਾਂ (8-20) ਪੰਨਿਆਂ ਵਿਚ ਹਰੇਕ ਕਹਾਣੀ ਦਾ ਭਾਵਪੂਰਤ ਜ਼ਿਕਰ ਕੀਤਾ ਹੈ। ਨਾਲ ਹੀ ਜਿਹੜੇ ਮੈਗਜ਼ੀਨ ਵਿਚ ਛਪੀ ਹੈ ਉਸ ਦਾ ਵੇਰਵਾ ਹੈ। ਲੰਮੀ ਭੂਮਿਕਾ ਵਿਚ ਪੰਜਾਬੀ ਕਹਾਣੀ ਦੇ ਵਿਕਾਸ ਦੀ ਗਾਥਾ ਹੈ। ਕਹਾਣੀਆਂ ਵਿਚ ਵੰਨ-ਸੁਵੰਨੇ ਦਿਲਚਸਪ ਵਿਸ਼ੇ ਹਨ। ਸੰਗ੍ਰਹਿ ਵਿਚ ਦੋ ਕਹਾਣੀਆਂ-ਬਾਬਾ ਬੋੜ੍ਹ ਵਾਲਾ (ਇਲਿਆਸ ਘੁੰਮਣ) ਤੇ 180 ਮਿੰਟ ਦਾ ਆਤੰਕ ਕਾਲ (ਜਸਵੀਰ ਰਾਣਾ) 26-27 ਸਫ਼ਿਆਂ ਦੀਆਂ ਲੰਮੀਆਂ ਰਚਨਾਵਾਂ ਹਨ। ਸਭ ਤੋਂ ਛੋਟੀ ਕਹਾਣੀ 06 ਪੰਨਿਆਂ ਵਿਚ ਮੌਤ ਦਾ ਸੁਪਨਾ ਸ਼ਹਿਜ਼ਾਦ ਅਸਲਮ ਦੀ ਹੈ। ਕਹਾਣੀਆਂ ਦੀ ਚੋਣ ਦਾ ਕੀ ਆਧਾਰ ਹੈ ਸਪੱਸ਼ਟ ਨਹੀਂ ਹੈ। ਸੰਪਾਦਿਤ ਕਹਾਣੀ ਸੰਗ੍ਰਹਿ ਦੇ ਵਿਸ਼ਿਆਂ ਦਾ ਗਲੋਬਲੀਕਰਨ ਜ਼ਰੂਰ ਹੈ। ਜਿੰਦਰ ਦੀ ਕਹਾਣੀ 'ਸੇਫਟੀ ਕਿਟ' ਵਿਚ ਪੱਛਮੀ ਤੇ ਪੂਰਬ ਦੀ ਔਰਤ ਦੇ ਵਿਚਾਰਾਂ ਦਾ ਤਕਰਾਰ ਹੈਸ, ਖ਼ਾਸ ਕਰਕੇ ਔਰਤ-ਮਰਦ ਦੇ ਸੰਬੰਧਾਂ ਬਾਰੇ। ਦੋ ਔਰਤਾਂ ਦੀਆਂ ਗੱਲਾਂ ਵਿਚ ਇਕ ਦੇ ਬੋਲ ਹਨ -ਡਾਰਲਿੰਗ ਰੇਪ ਇਕ ਹਊਆ ਜ਼ਰੂਰ ਆ ਪਰ ਇਹਦੇ ਕੋਲੋਂ ਐਨਾ ਨਾ ਡਰ ਕਿ ਜਿਊਣਾ ਹੀ ਛੱਡ ਦੇਵੇਂ। ਇਕ ਔਰਤ ਭਾਰਤੀ ਹੈ ਦੂਸਰੀ ਪੱਛਮ ਦੀ। ਕਹਾਣੀ ਵਿਚ ਕੁਝ ਗੱਲਾਂ ਨਿਸ਼ੰਗ ਹਨ। ਕਹਾਣੀ ਦਿਲਚਸਪ ਹੈ। ਪਾਠਕ ਨੂੰ ਪਕੜ ਕੇ ਰਖਦੀ ਹੈ। ਕਥਾਕਾਰ ਬਲਬੀਰ ਪਰਵਾਨਾ ਦੀ ਕਹਾਣੀ 'ਮੰਮਾ ਸਮਝਦੇ ਕਿਉਂ ਨਹੀ' ਦਾ ਸਿਰਲੇਖ ਸਪੱਸ਼ਟ ਤੌਰ 'ਤੇ ਇਸ਼ਾਰਾ ਕਰਦਾ ਹੈ ਕਿ ਪਬਲਿਕ ਸਕੂਲ ਵਿਚ ਪੜ੍ਹ ਰਹੇ ਕਿਸ਼ੋਰ ਉਮਰ ਦੇ ਬੱਚੇ ਮਾਪਿਆਂ ਨੂੰ ਕੁਝ ਨਹੀਂ ਸਮਝਦੇ। ਕਹਾਣੀ ਵਿਚ ਮਾਡਰਨ ਮਾਂ ਨੂੰ ਵੀ ਬੱਚੇ ਦੀ ਸੰਭਾਲ ਵਾਸਤੇ ਵਿਹਲ ਨਹੀਂ । ਨੌਜਵਾਨ ਬੱਚੇ ਦੀ ਮਾਨਸਿਕਤਾ ਨੂੰ ਉਭਾਰਿਆ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ 'ਤ੍ਰੇੜ' ਵਧੀਆ ਰਚਨਾ ਹੈ। ਪਤੀ-ਪਤਨੀ ਦੇ ਰਿਸ਼ਤੇ ਦਾ ਆਧਾਰ ਹੀ ਝੂਠ ਹੈ। ਇਹ ਰਿਸ਼ਤਾ ਪੈਰ-ਪੈਰ 'ਤੇ ਡਗਮਗਾਉਂਦਾ ਹੈ। ਪਤਨੀ ਨੌਕਰੀ ਕਰਦੀ ਹੈ। ਉਸ ਦਾ ਆਪਣਾ ਦਾਇਰਾ ਹੈ। ਪਤੀ ਅੱਖੜ ਤੇ ਸ਼ੱਕੀ ਸੁਭਾਅ ਦਾ ਹੈ। ਤਲਾਕ ਦੀ ਘੁੰਮਣਘੇਰੀ ਵਿਚ ਫਸਿਆ ਜੋੜਾ ਹੈ। ਕਹਾਣੀ ਵਿਚ ਕਾਫੀ ਰੌਚਕ ਦ੍ਰਿਸ਼ ਹਨ। ਸੰਗ੍ਰਹਿ ਵਿਚ ਸੁਕੀਰਤ ਦੀ ਕਹਾਣੀ ਉਹ, ਤੇ ਉਹ, ਇਕ ਮਜ਼ਾਰ ਹੋਰ (ਭੁਪਿੰਦਰ ਸਿੰਘ ਮਾਨ) ਮੋਹ ਚਾਲ (ਹਰਪ੍ਰੀਤ ਸੇਖਾ) ਪੰਜਵਾਂ ਮੋਢਾ (ਦੀਪਤੀ ਬਬੂਟਾ) ਹਾਰਸ ਪਾਵਰ (ਸਵਾਮੀ ਸਰਬਜੀਤ) ਰੋਜ਼ ਡੇਅ (ਸਿਮਰਨ ਧਾਲੀਵਾਲ) ਦਾਗ (ਨਵਚੇਤਨ) ਦਿਲਚਸਪ ਕਹਾਣੀਆਂ ਹਨ। ਸੰਪਾਦਿਤ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਵਿਚ ਬਦਲ ਰਹੀਆਂ ਪ੍ਰਵਿਰਤੀਆਂ ਦਾ ਵਧੀਆ ਅਕਸ ਪੇਸ਼ ਕਰਦਾ ਹੈ। ਪੁਸਤਕ ਦੋਵੇਂ ਪੰਜਾਬ (ਚੜ੍ਹਦਾ ਤੇ ਲਹਿੰਦਾ) ਦੀ ਕਹਾਣੀ ਨੂੰ ਪੇਸ਼ ਕਰਦੀ ਹੈ ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਬਾਬਾ ਬੰਦਾ ਸਿੰਘ ਬਹਾਦਰ
ਲੇਖਕ : ਕਰਮ ਸਿੰਘ (ਹਿਸਟੋਰੀਅਨ)
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 84277-12890


ਬੰਦਾ ਸਿੰਘ ਬਹਾਦਰ ਬਾਰੇ ਪੰਜਾਬ ਦੇ ਨਾਮੀ ਉੱਘੇ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਦੀ ਹਥਲੀ ਇਹ ਲਿਖਤ ਦੋ ਭਾਗਾਂ ਵਿਚ ਹੈ, ਪੰਜਾਬ ਦੇ ਇਤਿਹਾਸ ਦੇ ਜਾਣੂ ਹੋਣ ਦੇ ਚਾਹਵਾਨਾਂ ਲਈ ਇਕ ਵੱਡਾ ਤੋਹਫ਼ਾ ਹੈ। ਉਨ੍ਹਾਂ ਵਲੋਂ ਬੰਦਾ ਬਹਾਦਰ, ਕਤਕ ਕਿ ਵਸਾਖ, ਜੀਵਨ ਹਰਨਾਮ ਕੌਰ, ਜੀਵਨ ਸਦਾ ਕੌਰ, ਬੰਦਾ ਕੌਣ ਥਾ, ਮਹਾਰਾਜਾ ਆਲਾ ਸਿੰਘ, ਗੁਰਪੁਰਬ ਨਿਰਣੈ, ਅਮਰ ਖ਼ਾਲਸਾ, ਗੁਰ-ਗਾਥਾ ਆਦਿ ਰਚਨਾਵਾਂ ਰਚੀਆਂ ਗਈਆਂ। ਇਸ ਕਿਤਾਬ ਦੇ ਪਹਿਲੇ ਭਾਗ 'ਬੰਦਾ ਬਹਾਦਰ' ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ, ਉਸ ਦੀਆਂ ਪਹਿਲਾ ਸਿੱਖ ਰਾਜ ਉਸਾਰਨ ਦੀਆਂ ਘਟਨਾਵਾਂ, ਗੁਰੂ ਪਰਿਵਾਰ ਦੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਸੰਕਲਪ ਅਤੇ ਪੰਜਾਬ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਮਾਲਕੀਆਂ ਦਿਵਾਉਣ ਦੀ ਦਾਸਤਾਨ ਹੈ। ਇਸੇ ਭਾਗ ਵਿਚ ਮੁਸਲਮਾਨ ਹਾਕਮਾਂ ਨੂੰ ਗਿਆਰ੍ਹਵੀਂ ਸਦੀ, ਮਹਿਮੂਦ ਗਜ਼ਨਵੀ ਤੋਂ ਬਾਅਦ, ਸ਼ਾਹੀ ਫ਼ੌਜਾਂ ਨੂੰ ਹਰਾ ਕੇ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਦੀ ਕਹਾਣੀ ਹੈ। ਕਰਮ ਸਿੰਘ ਹਿਸਟੋਰੀਅਨ ਦੀਆਂ ਸਿੱਖ ਇਤਿਹਾਸ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਸਮੇਂ ਸਮੇਂ 'ਤੇ ਸਿੱਖਾਂ ਵਲੋਂ ਯਾਦ ਕੀਤਾ ਜਾਂਦਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਸਿੱਖ ਇਤਿਹਾਸ ਖੋਜ ਵਿਭਾਗ ਦੀ ਸਥਾਪਨਾ ਵਿਚ ਉਨ੍ਹਾਂ ਦਾ ਪੂਰਨ ਹੱਥ ਸੀ, ਜੋ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਂਦ ਵਿਚ ਆਇਆ। ਕਿਤਾਬ ਵਿਚ ਬੰਦੇ ਦੇ ਪਹਿਲੇ ਹਾਲ, ਗੁਰੂ ਜੀ ਨਾਲ ਮਿਲਾਪ, ਪੰਜਾਬ ਵੱਲ ਆਉਣਾ, ਮਾਰਾਂ ਮਾਰਨੀਆਂ, ਹੋਰ ਮਾਰਾਂ ਮਾਰਨੀਆਂ, ਮਝੈਲਾਂ ਦਾ ਸ਼ਾਹੀ ਫ਼ੌਜ ਨਾਲ ਟਾਕਰਾ, ਸਰਹੰਦ ਦੀ ਲੜਾਈ, ਇਲਾਕਾ ਸਹਾਰਨ ਪੁਰ ਨੂੰ ਲੁੱਟਣਾ, ਮਾਝੇ ਦਾ ਗ਼ਦਰ ਤੇ ਹੈਦਰੀ ਝੰਡਾ, ਦੁਆਬੇ ਦਾ ਗ਼ਦਰ, ਪਹਾੜੀ ਰਾਜਿਆਂ ਨੂੰ ਲੁੱਟਣਾ, ਸ਼ਾਹੀ ਫ਼ੌਜ ਦਾ ਆਉਣਾ, ਅਮੀਨਗੜ੍ਹ ਦੀ ਲੜਾਈ, ਲੋਹਗੜ੍ਹ ਦਾ ਸੰਗਰਾਮ, ਸ਼ਖ਼ਸ ਖ਼ਾਂ ਤੇ ਬਾਜ਼ੀਦ ਖ਼ਾਂ ਦਾ ਮਰਨਾ, ਕਲਾਨੌਰ ਤੇ ਵਟਾਲੇ ਦਾ ਲੁੱਟਣਾ, ਜੰਗ ਗੁਰਦਾਸਪੁਰ, ਬੰਦੇ ਦੇ ਅੰਤਲੇ ਦਿਨ, ਬੰਦੇ ਦਾ ਕਰੈਕਟਰ, ਬੰਦੇਈਆਂ ਦਾ ਹਾਲ, ਹੁਕਮਨਾਮੇ ਦੀ ਨਕਲ ਇਹ ਲੇਖ ਅੰਕਿਤ ਕੀਤੇ ਹਨ।
ਕਿਤਾਬ ਦੇ ਦੂਸਰਾ ਭਾਗ ਬੰਦਾ ਕੌਣ ਸੀ? ਵਿਚ ਪੰਜਾਬੀ ਹਿੰਦੂ, ਸਿੱਖਾਂ ਦੀਆਂ ਕੁਰਬਾਨੀਆਂ, ਅੱਖੀਂ ਡਿੱਠੀਆਂ ਗਵਾਹੀਆਂ, ਅੰਦਰੂਨੀ ਗਵਾਹੀ, ਭਾਈ ਜੀ ਦੀਆਂ ਭੁੱਲਾਂ, ਬੰਦਾ ਬਹਾਦਰ ਦੇ ਸਮੇਂ ਦੇ ਵਾਕਿਆਂ ਦੀ ਤਰਤੀਬ, ਤੱਤ ਖ਼ਾਲਸਾ ਦਾ ਅੱਡ ਹੋਣਾ, ਬੰਦਾ ਬਹਾਦਰ ਕੌਣ ਸੀ? ਅਤੇ ਫ਼ੋਕੀਆਂ ਦਲੀਲਾਂ ਦੇ ਨਿੱਗਰ ਉੱਤਰ ਕਿਤਾਬ ਵਿਚ ਦਰਜ਼ ਕੀਤੇ ਹਨ। 'ਬੰਦਾ ਕੌਣ ਸੀ' ਵਿਚ ਬੰਦਾ ਸਿੰਘ ਦਾ ਮਾਧੋਦਾਸ ਤੋਂ ਬੰਦਾ ਸਿੰਘ ਬਣਨ ਤੱਕ ਦਾ ਸਫ਼ਰ, ਪੂਰਨ ਸਿੱਖ ਰਹਿੰਦਿਆਂ ਹੋਇਆਂ ਸੰਘਰਸ਼ ਅਤੇ ਪਤਨੀ ਅਤੇ ਪੁੱਤਰ ਸਮੇਤ ਖ਼ੁਦ ਦੀ ਹੋਈ ਸ਼ਹਾਦਤ ਅਤੇ ਗੁਰੂ ਉੱਤੇ ਮੁਕੰਮਲ ਭਰੋਸਾ ਰੱਖ ਕੇ ਜੀਵਨ ਜਿਊਣ ਅਤੇ ਸ਼ਹੀਦੀ ਸਵੀਕਾਰਨ ਬਾਰੇ, ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਚੰਗਾ ਉੱਦਮ ਹੈ। ਇਸ ਕਿਤਾਬ ਦੀ ਸੰਪਾਦਨਾ ਵੇਲੇ ਸੰਪਾਦਕ ਸ. ਜਗਤਾਰ ਸਿੰਘ ਭੰਗੂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਕਿਤਾਬ ਵਿਚ ਲੇਖਕ ਦੇ ਦਿੱਤੇ ਗਏ ਮੂਲ ਵਿਚਾਰਾਂ ਜਾਂ ਤੱਥਾਂ ਨਾਲ ਕੋਈ ਛੇੜ-ਛਾੜ ਨਾ ਕੀਤੀ ਜਾਵੇ। ਸ. ਕਰਮ ਸਿੰਘ ਹਿਸਟੋਰੀਅਨ ਦੀਆਂ ਲਿਖਤਾਂ ਦੇ ਮੁੜ ਪ੍ਰਕਾਸ਼ਨ ਦਾ ਉਪਰਾਲਾ ਪ੍ਰਸੰਸਾਜਨਕ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਆਓ ਐਨਕਾਂ ਉਤਾਰੀਏ!
ਲੇਖਕ : ਡਾ. ਬਲਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 98768-01309


ਅੱਖਾਂ ਬਾਰੇ ਇਕ ਕੁਦਰਤੀ ਸੱਚ ਹਮੇਸ਼ਾ ਲੋਕਾਂ ਦੀ ਜ਼ਬਾਨ 'ਤੇ ਰਹਿੰਦਾ ਹੈ ਕਿ 'ਅੱਖਾਂ ਗਈਆਂ ਜਹਾਨ ਗਿਆ'। ਇਨਸਾਨ ਬਾਹਰਲੀ ਦੁਨੀਆ ਨਾਲ ਅੱਖਾਂ ਰਾਹੀਂ ਹੀ ਸਾਂਝ ਪਾਉਂਦਾ ਹੈ, ਨਿਭਾਉਂਦਾ ਹੈ। ਇਸੇ ਕਰਕੇ ਹੀ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਬਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਨੇ ਇਹ ਬੇਹੱਦ ਲੋੜੀਂਦੀ, ਮਹੱਤਵਪੂਰਨ ਅਤੇ ਪਿਆਰੀ ਪੁਸਤਕ ਸਮਾਜ ਦੀ ਝੋਲੀ ਪਾਈ ਹੈ, ਜਿਸ ਨੂੰ ਪੜ੍ਹ ਕੇ ਲੋਕੀਂ ਆਪਣੇ ਇਸ ਮਹੱਤਵਪੂਰਨ ਅੰਗ ਦੀ ਮਹੱਤਤਾ ਨੂੰ ਸਮਝ ਕੇ ਇਸ ਦੀ ਦੇਖਭਾਲ ਲਈ ਜਾਗਰੂਕ ਹੋ ਸਕਦੇ ਹਨ। ਅਜਿਹਾ ਕਰਕੇ ਉਹ ਆਪਣੀਆਂ ਤੰਦਰੁਸਤ ਅੱਖਾਂ ਨਾਲ ਬੁਢਾਪੇ ਵਿਚ ਵੀ ਇਸ ਰੰਗਲੀ ਦੁਨੀਆ ਦਾ ਅਨੰਦ ਮਾਣ ਸਕਦੇ ਹਨ।
ਪੁਸਤਕ ਦੀ ਸਾਰਥਿਕਤਾ ਅਤੇ ਮਹੱਤਵ ਇਹ ਹੈ ਕਿ ਡਾਕਟਰ ਸਾਹਿਬ ਹੋਰਾਂ ਅੱਖਾਂ ਨੂੰ ਸਮਝਣ, ਤੰਦਰੁਸਤ ਰੱਖਣ ਹਿਤ ਬੰਦੇ ਲਈ ਕੋਈ ਪੱਖ ਛੱਡਿਆ ਨਹੀਂ। ਇਸ ਨਿੱਕੀ ਪਿਆਰੀ ਪੁਸਤਕ ਵਿਚ ਉਨ੍ਹਾਂ ਐਨਕਾਂ ਬਾਰੇ ਇਕ ਮਹੱਤਵਪੂਰਨ ਸੱਚ ਲਿਖਿਆ ਹੈ ਕਿ ਐਨਕਾਂ ਸਾਡੀਆਂ 'ਇਮਦਾਦੀ ਅੱਖਾਂ' ਹਨ। ਜੋ ਦੁਨੀਆ ਨੂੰ ਹੋਰ ਨੇੜਿਓਂ ਗੌਰ ਨਾਲ ਦੇਖਣ ਵਿਚ ਸਾਡੀ ਮਦਦ ਕਰਦੀਆਂ ਹਨ। ਅੱਖਾਂ ਨੂੰ ਸੁਰੱਖਿਅਤ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ। ਇਹ ਐਨਕਾਂ ਅਸੀਂ ਕਿਵੇਂ ਉਤਾਰ ਸਕਦੇ ਹਾਂ। ਕਮਜ਼ੋਰ ਅੱਖਾਂ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਕਿਵੇਂ ਬਣਾ ਸਕਦੇ ਹਾਂ? ਇਸ ਸਵਾਲ ਦਾ ਇਹ ਪੁਸਤਕ ਵਿਸਤ੍ਰਿਤ ਅਤੇ ਸਾਫ਼-ਸਾਫ਼ ਸ਼ਬਦਾਂ ਵਿਚ ਜਵਾਬ ਮੁਹੱਈਆ ਕਰਾਉਂਦੀ ਹੈ। ਬੱਚਿਆਂ ਦੇ ਮਾਪਿਆਂ ਲਈ, ਸਕੂਲ ਅਧਿਆਪਕਾਂ ਲਈ ਅਤੇ ਹਰੇਕ ਉਮਰ ਦੇ ਇਨਸਾਨ ਲਈ ਇਹ ਪੁਸਤਕ ਉਸ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਦੇਣ ਲਈ ਹਾਜ਼ਰ ਹੈ। ਇਸੇ ਲਈ ਡਾ. ਢਿੱਲੋਂ ਸੱਚਮੁੱਚ ਤਾਰੀਫ਼ ਦੇ ਪਾਤਰ ਤਾਂ ਹਨ ਹੀ।


-ਸੁਰਿੰਦਰ ਸਿੰਘ ਕਰਮ 'ਲਧਾਣਾ'
ਮੋਬਾਈਲ : 98146-81444


ਕੀਤੋਸੁ ਆਪਣਾ ਪੰਥ ਨਿਰਾਲਾ
ਲੇਖਕ : ਜਸਵਿੰਦਰ ਸਿੰਘ ਰੁਪਾਲ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ (ਪਟਿਆਲਾ)
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98147-15796


ਹਥਲੀ ਪੁਸਤਕ ਪਾਠਕਾਂ ਦੇ ਸਨਮੁਖ ਕਰਨ ਤੋਂ ਪਹਿਲਾਂ ਲੇਖਕ ਮੁਤਾਬਿਕ ਸ਼ਬਦ ਤੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਮੰਨੀ ਜਾਂਦੀ ਹੈ। ਸ਼ਬਦ ਹੀ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਗੁਰੂ ਸ਼ਬਦ ਦੇ ਰੂਪ ਵਿਚ ਇਹ ਮਹਾਨ ਸ਼ਕਤੀ ਤੇ ਊਰਜਾ ਬਾਣੀ ਦੇ ਰਚਨਹਾਰ ਸਾਨੂੰ ਸੌਂਪ ਗਏ ਹਨ। ਇਸ ਸ਼ਬਦ ਨੂੰ ਪੜ੍ਹਨਾ, ਸੁਣਨਾ, ਜਾਣਨਾ ਤੇ ਮਾਣਨਾ ਜੀਵਨ ਦਾ ਸਭ ਤੋਂ ਔਖਾ ਪਰ ਸਭ ਤੋਂ ਸ਼ਾਨਾਮਤਾ ਕੰਮ ਹੈ। ਇਸ ਕਿਤਾਬ ਵਿਚ ਸ਼ਾਮਿਲ ਢਾਈ ਦਰਜਨ ਲੇਖਾਂ ਦਾ ਮਜ਼ਮੂਨ ਗੁਰਮਤਿ ਦੀ ਰੌਸ਼ਨੀ ਵਿਚ ਆਪਣੀ ਮੰਜ਼ਿਲ ਵੱਲ ਨੂੰ ਵਧਦਾ ਹੈ। ਗੁਰਮਤਿ ਫ਼ਿਲਾਸਫ਼ੀ ਦੇ ਕਠਿਨ ਵਿਸ਼ਿਆਂ ਨੂੰ ਸੁਖੈਨ ਭਾਸ਼ਾ ਵਿਚ ਪੇਸ਼ ਕਰਨ ਦਾ ਸਫ਼ਲ ਯਤਨ ਹੈ। ਲੇਖਕ ਵਲੋਂ ਪੇਸ਼ ਹਰ ਲੇਖ ਲਿਖਣ ਲਈ ਕੀਤੀ ਸਖ਼ਤ ਮਿਹਨਤ ਤੋਂ ਖੋਜੀ ਬਿਰਤੀ ਦੇ ਸਫ਼ਲ ਪ੍ਰਗਟਾਵੇ ਦੀ ਪ੍ਰਤੱਖ ਝਲਕ ਮਿਲਦੀ ਹੈ। 'ਕੀਤੋਸੁ ਆਪਣਾ ਪੰਥ ਨਿਰਾਲਾ' ਦੇ ਲੇਖਕ ਦੇ ਇਰਦ-ਗਿਰਦ ਹੀ ਪੁਸਤਕ ਵਿਚ ਸ਼ਾਮਿਲ ਸਮੁੱਚੇ ਲੇਖਾਂ ਦਾ ਵਿਸ਼ਾ ਘੁੰਮਦਾ ਹੈ। ਗੁਰੂ ਨਾਨਕ ਸਾਹਿਬ ਨੇ ਸਰਬ ਸਾਂਝੀਵਾਲਤਾ ਦੀ ਵਿਲੱਖਣ ਵਿਚਾਰਧਾਰਾ ਦੇ ਕੇ ਸਮੁੱਚੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ ਹੈ। ਕਿਰਤੀ ਹੋਣਾ, ਵੰਡ ਛਕਣਾ, ਅਤੇ ਨਾਮ ਜਪਣ ਦੇ ਸਿਧਾਂਤ ਕਰਕੇ ਸਿੱਖ ਪੰਥ ਦੀ ਨਿਰਾਲੀ ਵਿਚਾਰਧਾਰਾ ਹੈ। ਜੋ ਮਨੁੱਖ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਅਖੀ ਬਾਝਹੁ, ਵੇਖਣਾ, ਅਧਿਆਤਮਿਕ ਬੁਝਾਰਤਾਂ, ਸਿੱਖ ਕੌਮ ਆਪਣੇ ਕੌਮੀ ਦਿਹਾੜੇ ਐਲਾਨੇ ਅਤੇ ਮਨਾਵੇ ਵੀ, ਸਿਰਜਣਾ ਦਾ ਪੰਜਵਾਂ ਤੱਤ-ਅਕਾਸ਼, ਕਹੁ ਕਬੀਰ ਜਨ ਭਏ ਖਾਲਸੇ, ਕਮਿਊਨਿਜ਼ਮ ਬਨਾਮ ਗੁਰਮਤਿ, ਕਿਛੁ ਸੁਣੀਐ ਕਿਛੁ ਕਹੀਐ, ਕੀਤੋਸੁ ਆਪਣਾ ਪੰਥ ਨਿਰਾਲਾ, ਕੁਦਰਤ ਦੇ ਅੰਗ-ਸੰਗ, ਗੁਰਬਾਣੀ ਦੀ ਕਠੋਰ ਸ਼ਬਦਾਵਲੀ, ਗੁਰਬਾਣੀ ਵਿਚ ਸੂਰੇ ਦਾ ਸੰਕਲਪ, ਗੁਰਮਤਿ ਵਿਚ ਕਰਾਮਾਤ ਦਾ ਸਥਾਨ, ਗੁਰੂ ਸਾਹਿਬਾਨ ਦਾ ਸ਼ਬਦ ਪ੍ਰਤੀ ਸਤਿਕਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਰਤੀਬ ਅਤੇ ਸੰਪਾਦਕੀ ਜੁਗਤਾਂ, ਗੁਰੂ ਗ੍ਰੰਥ ਸਾਹਿਬ ਵਿਚ ਦੱਸੀ ਜੀਵਨ-ਜਾਚ, ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ ਰੂਪ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੇ ਦਰਸ਼ਨ ਸ਼ਾਸਤਰ ਦਾ ਆਧੁਨਿਕ ਸਿੱਖਿਆ ਵਿਚ ਮਹੱਤਵ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਰੂਪਕ ਪੱਖ ਅਤੇ ਵਿਸ਼ਾ ਪੱਖ, ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ, ਗੁਰੂ ਨਾਨਕ ਚਿੰਤਨ ਦੇ ਬ੍ਰਹਿਮੰਡੀ ਪ੍ਰੇਮ ਦਾ ਸੰਕਲਪ, ਗੁਰੂ ਨਾਨਕ ਚਿੰਤਨ ਅਤੇ ਡੇਰਾਵਾਦ, ਨਿਰਭੈ ਯੋਧੇ ਸਨ ਗੁਰੂ ਅਰਜਨ ਦੇਵ ਜੀ, ਪੰਥ ਵਿਚ ਕੀ ਜਾਦੂ ਹੈ? ਪੱਥਰ ਪਾਣੀ ਰੱਖੀਐ, ਮੇਰੇ ਅੰਮ੍ਰਿਤ ਛਕਣ ਦੇ ਪ੍ਰੇਰਨਾ ਸਰੋਤ, ਵਿਚਾਰ ਸੰਸਕਾਰ ਅਤੇ ਕਿਰਦਾਰ, ਭਗਤ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਦਾ ਰੂਹਾਨੀ ਸੰਦੇਸ਼, ਤੇਰੇ ਭਰੋਸੇ ਪਿਆਰੇ, ਮੈ ਜੇਹਾ ਨ ਅਕਿਰਤਘਣ, ਸਾਚੀ ਰਹਤ ਸਾਚਾ ਮਨਿ ਸੋਈ' ਸ਼ਾਮਿਲ ਹਨ।
ਲੇਖਕ ਵਲੋਂ ਘਾਲੀ ਸਖ਼ਤ ਘਾਲਣਾ ਕੋਈ ਦਿਨ ਦਾ ਕੰਮ ਨਹੀਂ, ਇਸ ਕਾਰਜ ਨੂੰ ਸੰਪੂਰਨਤਾ ਦੇਣ ਲਈ ਕਈ ਸਾਲ ਲੱਗੇ ਹੋਣਗੇ। ਹਰ ਵਿਚਾਰ ਨੂੰ ਦਲੀਲ ਅਤੇ ਗੁਰਮਤਿ ਕਸਵੱਟੀ ਅਨੁਸਾਰ ਪੇਸ਼ ਕੀਤਾ ਗਿਆ ਹੈ। ਸੁਖੈਨ ਭਾਸ਼ਾ ਅਤੇ ਸਧਾਰਨ ਪਾਠਕ ਦੇ ਸਮਝ ਵਿਚ ਆਉਣ ਵਾਲੀ ਭਾਸ਼ਾ-ਸ਼ੈਲੀ ਹੋਣ ਕਰਕੇ ਲੇਖਕ ਦਾ ਇਹ ਕਾਰਜ ਸੋਨੇ 'ਤੇ ਸੁਹਾਗੇ ਵਾਲਾ ਹੋ ਨਿੱਬੜੇਗਾ। ਹਰ ਲੇਖ ਨੂੰ ਵਾਚਣ ਤੋਂ ਬਾਅਦ ਪਾਠਕ ਨੂੰ ਨਿਵੇਕਲੀ ਜੀਵਨ ਜਾਚ ਪ੍ਰਾਪਤ ਹੋਵੇਗੀ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਕੂਕਦੀ ਕੂੰਜ
ਲੇਖਕ : ਡਾ. ਕੁਲਵਿੰਦਰ ਸਿੰਘ ਪਦਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 099966-01667


ਡਾ. ਕੁਲਵਿੰਦਰ ਸਿੰਘ ਪਦਮ ਹਰਿਆਣੇ ਨਾਲ ਸੰਬੰਧਿਤ, ਪੰਜਾਬੀ ਨਾਵਲਕਾਰ ਹੈ, ਜਿਸ ਨੇ 'ਰਿਸ਼ਤੇ ਰੁਲਣ ਅਦਾਲਤੀ' ਅਤੇ 'ਖਜ਼ਾਨਾ ਖਾਲੀ ਹੈ' ਜਿਹੇ ਨਾਟਕ ਲਿਖ ਕੇ ਪੰਜਾਬੀ ਨਾਟਕਕਾਰਾਂ ਵਿਚ ਆਪਣੀ ਚੰਗੀ ਭੱਲ ਬਣਾ ਲਈ ਹੈ। 'ਕੂਕਦੀ ਕੂੰਜ' ਉਸ ਦਾ ਨਵਾਂ ਨਾਟਕ ਹੈ, ਜੋ ਉਸ ਨੇ ਅੱਜ ਦੀ ਬਹੁਤ ਵੱਡੀ ਸਮੱਸਿਆ ਜਬਰ-ਜਨਾਹ ਨੂੰ ਲੈ ਕੇ ਲਿਖਿਆ ਹੈ।
ਔਰਤਾਂ, ਬੱਚੀਆਂ ਨਾਲ ਜਬਰ-ਜਨਾਹ ਸਾਡੇ ਸਮਾਜ ਦੇ ਮੱਥੇ ਦਾ ਕਲੰਕ ਹੈ, ਜੋ ਅੱਜ ਆਮ ਵਰਤਾਰਾ ਬਣ ਚੁੱਕਿਆ ਹੈ। ਮਨੁੱਖ ਦਾ ਵਹਿਸ਼ੀ ਪਸ਼ੂ ਇਸ ਕਿਰਿਆ ਵਿਚ ਬਹੁਤ ਹੀ ਸ਼ਰਮਿੰਦਗੀ ਨਾਲ ਹਿੱਸਾ ਪਾ ਰਿਹਾ ਹੈ। ਲੇਖਕ ਇਸ ਦਾ ਇਕੋ ਹੱਲ ਦੱਸਦਾ ਹੈ ਤੇ ਉਹ ਹੈ 'ਪਛਤਾਵਾ' ਜਦੋਂ ਤੱਕ ਜਬਰ-ਜਨਾਹ ਵਾਲਾ ਆਪਣੇ ਕੀਤੇ 'ਤੇ ਪਛਤਾਵਾ ਨਹੀਂ ਕਰਦਾ, ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।
ਨਾਟਕ ਲਈ ਲੇਖਕ ਇਕ ਕਥਾ ਦਾ ਸੰਯੋਜਨ ਕਰਦਾ ਹੈ। ਬਿਹਾਰੀ ਮਜ਼ਦੂਰ ਫ਼ਕੀਰਾ ਪ੍ਰੀਤਮ ਸਿੰਘ ਜ਼ਿਮੀਂਦਾਰ ਦਾ ਬਾਗ਼ ਠੇਕੇ 'ਤੇ ਲੈਂਦਾ ਹੈ ਤੇ ਇਸ ਦੀ ਉਪਜ ਦਿੱਲੀ ਦੇ ਵਪਾਰੀਆਂ ਨੂੰ ਵੇਚ ਕੇ ਮੁਨਾਫ਼ਾ ਕਮਾਉਂਦਾ ਹੈ। ਉਹ ਆਪਣੀ ਪਤਨੀ ਰਹਿਮਤੀ ਨੂੰ ਵੀ ਆਪਣੇ ਕੋਲ ਲੈ ਆਉਂਦਾ ਹੈ। ਰਹਿਮਤੀ ਦੇ ਪ੍ਰੀਤਮ ਸਿੰਘ ਨਾਲ ਅਨੈਤਿਕ ਸੰਬੰਧ ਬਣ ਜਾਂਦੇ ਹਨ, ਜਿਨ੍ਹਾਂ 'ਚੋਂ ਰੌਣਕ ਨਾਂਅ ਦੀ ਧੀ ਜਨਮ ਲੈਂਦੀ ਹੈ। ਰੌਣਕ ਪੜ੍ਹਾਈ 'ਚ ਬਹੁਤ ਹੁਸ਼ਿਆਰ ਨਿਕਲਦੀ ਹੈ। ਉਹ ਡਾਕਟਰ ਬਣਨ ਦਾ ਸੁਪਨਾ ਲੈਂਦੀ ਹੈ। ਪ੍ਰੀਤਮ ਦਾ ਬੇਟਾ ਗੁਰਦੇਵ ਉਰਫ਼ ਗੈਰੀ ਛੋਟੀ ਉਮਰੇ ਹੀ ਇੰਗਲੈਂਡ ਚਲਿਆ ਜਾਂਦਾ ਹੈ। ਜਵਾਨ ਹੋਣ 'ਤੇ ਵਾਪਸ ਪਰਤਦਾ ਹੈ ਤਾਂ ਉਹ ਰੌਣਕ 'ਤੇ ਮੋਹਿਤ ਹੋ ਜਾਂਦਾ ਹੈ ਤੇ ਫਿਰ ਧੱਕੇ ਨਾਲ ਉਸ ਦਾ ਜਬਰ-ਜਨਾਹ ਵੀ ਕਰ ਦਿੰਦਾ ਹੈ। ਪਤਾ ਲੱਗਣ 'ਤੇ ਕਿ ਉਹ ਰਿਸ਼ਤੇ ਵਿਚ ਉਸ ਦੀ ਭੈਣ ਲਗਦੀ ਹੈ, ਪਛਤਾਵੇ 'ਚ ਆ ਕੇ ਆਪਣੇ-ਆਪ ਨੂੰ ਗੋਲੀ ਮਾਰ ਲੈਂਦਾ ਹੈ।
ਲੇਖਕ ਆਪਣੇ ਇਸ ਨਾਟਕ ਰਾਹੀਂ ਸੁਨੇਹਾ ਦਿੰਦਾ ਹੈ ਕਿ ਜੇ ਜਬਰ-ਜਨਾਹ ਵਾਲੇ ਨੂੰ ਇਹ ਕੰਮ ਕਰਕੇ ਗਲਾਨੀ ਜਾਂ ਪਛਤਾਵਾ ਹੋਣ ਲੱਗ ਪਵੇ ਤਾਂ ਇਸ ਸਮੱਸਿਆ ਤਾਂ ਹੱਲ ਸਹਿਜੇ ਹੀ ਨਿਕਲ ਸਕਦਾ ਹੈ। ਕੋਈ ਕਰੜਾ ਕਾਨੂੰਨ ਇਸ ਨੂੰ ਬੰਦ ਨਹੀਂ ਕਰਵਾ ਸਕਦਾ। ਨਾਟਕ ਖੇਡਣਾ ਆਸਾਨ ਹੈ, ਕਿਉਂਕਿ ਸਾਰਾ ਕਾਰਜ ਇਕੋ ਥਾਂ 'ਤੇ ਵਾਪਰਦਾ ਹੈ, ਸਿਰਫ਼ ਦ੍ਰਿਸ਼ ਹੀ ਬਦਲਦੇ ਹਨ। ਛਿਟਪੁਟ ਹਾਸ-ਰਸ ਵੀ ਨਾਟਕ ਨੂੰ ਰੌਚਕ ਬਣਾਈ ਰੱਖਦਾ ਹੈ। ਨਾਟਕਕਾਰ ਆਪਣਾ ਸੁਨੇਹਾ ਦਰਸ਼ਕਾਂ ਤੀਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਕਤੌਤਾ ਮਹਿਕ

ਲੇਖਕ : ਕਸ਼ਮੀਰੀ ਲਾਲ ਚਾਵਲਾ, ਡਾ. ਦਵਿੰਦਰਜੀਤ ਕੌਰ ਦ੍ਰਿਵ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98148-14791


ਕਸ਼ਮੀਰੀ ਲਾਲ ਚਾਵਲਾ ਅਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਪੰਜਾਬੀ-ਕਾਵਿ ਦੇ ਸਮਰੱਥ ਹਸਤਾਖ਼ਰ ਹਨ। ਹਾਇਕੂ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਉਪਰੰਤ, ਕੁਝ ਨਵਾਂ ਕਰਨ ਦੇ ਜਜ਼ਬੇ ਨਾਲ ਹਥਲੇ ਸਾਂਝੇ ਕਤੌਤਾ-ਸੰਗ੍ਰਹਿ 'ਕਤੌਤਾ ਮਹਿਕ' ਰਾਹੀਂ, ਉਹ ਇਕ ਨਵੀਂ ਵਿਧਾ 'ਕਤੌਤਾ' ਲੈ ਕੇ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ। ਜਾਪਾਨੀ ਵਿਧਾਵਾਂ ਦੇ ਜਾਣਕਾਰ ਜਾਣਦੇ ਹਨ ਕਿ ਕਤੌਤਾ, ਹਾਇਕੂ ਅਤੇ ਤਾਂਕਾ ਦਾ ਵਿਚਕਾਰਲਾ ਭਰਾ ਹੈ। ਹਾਇਕੂ ਸਤਾਰਾਂ ਵਰਣਾਂ ਵਿਚ ਬੰਨ੍ਹਿਆ ਜਾਂਦਾ ਹੈ, ਤਾਂਕਾ ਇਕੱਤੀ ਵਰਣਾਂ ਵਿਚ ਅਤੇ ਕਤੌਤਾ ਵਿਚ ਉੱਨੀ ਵਰਣ ਹੁੰਦੇ ਹਨ। ਅਸਲ ਵਿਚ ਕਤੌਤਾ ਸੇਦੋਕਾ ਦਾ ਹੀ ਇਕ ਹਿੱਸਾ ਹੈ। ਸੇਦੋਕਾ ਵਿਚ ਦੋ ਕਤੌਤਾ ਹੁੰਦੇ ਸਨ, ਪਹਿਲੇ ਵਿਚ ਸਵਾਲ ਕੀਤਾ ਗਿਆ ਹੁੰਦਾ ਸੀ ਅਤੇ ਦੂਜੇ ਵਿਚ ਉਸ ਦਾ ਜਵਾਬ ਦਿੱਤਾ ਜਾਂਦਾ ਸੀ। ਕਤੌਤਾ ਦਾ ਸਰੂਪ ਤਿੰਨ ਸਤਰਾਂ ਦਾ ਹੁੰਦਾ ਹੈ। ਪਹਿਲੀ ਸਤਰ ਵਿਚ ਪੰਜ ਵਰਣ ਹੁੰਦੇ ਹਨ, ਜਦੋਂ ਕਿ ਦੂਜੀ ਅਤੇ ਤੀਜੀ ਸਤਰ ਵਿਚ ਸੱਤ-ਸੱਤ ਵਰਣ ਹੁੰਦੇ ਹਨ। ਇਕ ਕਤੌਤਾ ਵਿਚ ਇਕ ਪੂਰਾ ਵਿਚਾਰ ਪ੍ਰਗਟਾਇਆ ਗਿਆ ਹੁੰਦਾ ਹੈ। ਜੇਕਰ ਕਤੌਤਾ ਨੂੰ ਥੋੜ੍ਹਾ-ਬਹੁਤਾ ਤੁਕਾਂਤਿਕ ਰੰਗ ਦੇ ਲਿਆ ਜਾਵੇ ਤਾਂ ਇਸ ਦਾ ਮੁਹਾਂਦਰਾ ਹੋਰ ਵਧੀਆ ਲੱਗਦਾ ਹੈ ਪਰ ਇਹ ਕੋਈ ਜ਼ਰੂਰੀ ਸ਼ਰਤ ਨਹੀਂ ਹੈ। ਉਨ੍ਹਾਂ ਵਲੋਂ ਇਸ ਕਤੌਤਾ-ਸੰਗ੍ਰਹਿ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਬਿੰਬਾਂ ਅਤੇ ਅਲੰਕਾਰਾਂ ਨਾਲ ਸ਼ਿੰਗਾਰਨ ਦੇ ਕੀਤੇ ਗਏ ਸਫ਼ਲ ਅਤੇ ਸੁਚੱਜੇ ਉਪਰਾਲੇ ਦੀ ਦਾਦ ਦੇਣੀ ਬਣਦੀ ਹੈ। ਸੰਗ੍ਰਹਿ ਨੂੰ ਪ੍ਰਕਿਰਿਤਕ ਛੋਹਾਂ ਦੇਣ ਨਾਲ ਵੀ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਗਿਆ ਹੈ। ਜਾਪਾਨ ਦੀ ਇਸ ਹਰਮਨ ਪਿਆਰੀ ਵਿਧਾ ਨੂੰ ਪੰਜਾਬ ਦੇ ਸੁਹਿਰਦ ਪਾਠਕਾਂ ਲਈ ਮੁਹੱਈਆ ਕਰਵਾ ਕੇ ਕਸ਼ਮੀਰੀ ਲਾਲ ਚਾਵਲਾ ਅਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਨੇ ਸੱਚਮੁੱਚ ਹੀ ਬੜਾ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ। ਨਮੂਨੇ ਵਜੋਂ ਪੁਸਤਕ ਵਿਚੋਂ ਮੈਂ ਉਨ੍ਹਾਂ ਦੇ ਦੋ ਕਤੌਤਾ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ:
ਦੇਸ਼ ਭਾਰਤ, / ਭਵਿੱਖ ਸੁੱਤਾ ਜਾਪੇ,
ਫੁੱਟਪਾਥ ਦੇ ਉੱਤੇ।

ਕ੍ਰਾਂਤੀ ਆਈ ਹੈ, /ਮੋਬਾਇਲ ਲਪੇਟੇ,
ਹੁਣ ਸਾਰੇ ਰਿਸ਼ਤੇ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਮੇਰੀਆਂ ਸ੍ਰੇਸ਼ਟ ਬਾਲ ਕਵਿਤਾਵਾਂ

ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ: 125 ਰੁੁਪਏ, ਸਫ਼ੇ : 48
ਸੰਪਰਕ : 98764-52223


ਅੱਜ ਦੇ ਸਮਿਆਂ ਵਿਚ ਬਾਲ-ਸਾਹਿਤ ਲਿਖਣਾ ਜਿੱਥੇ ਜ਼ਰੂਰੀ ਹੈ, ਉੱਥੇ ਇਸ ਕਾਰਜ ਲਈ ਬਹੁਤ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਸਿਰਜਣਾ ਕਰਨੀ ਹੋਰ ਵੀ ਮਹੱਤਵਪੂਰਨ ਹੈ। ਬੱਚਿਆਂ ਨੂੰ ਮੋਬਾਈਲ ਜਾਂ ਟੀ.ਵੀ. ਤੋਂ ਹਟਾ ਕੇ ਰੌਚਿਕ ਤੇ ਉੱਤਮ ਬਾਲ-ਸਾਹਿਤ ਪੁਸਤਕਾਂ ਲਈ ਪ੍ਰੇਰਿਤ ਕਰਨਾ, ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਹੋਰ ਵੀ ਜ਼ਰੂਰੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਲੇਖਕਾਂ ਨੇ ਬਾਲ-ਸਾਹਿਤ ਦੀ ਮਹੱਤਤਾ ਨੂੰ ਸਮਝਦੇ ਹੋਏ, ਸੁੰਦਰ ਦਿਖ ਵਾਲੀਆਂ ਪੁਸਤਕਾਂ ਪ੍ਰਕਾਸ਼ਿਤ ਕਰਾਉਣ ਦਾ ਬੀੜਾ ਚੁੱਕਿਆ ਹੈ। ਪ੍ਰਕਾਸ਼ਕਾਂ ਨੇ ਵੀ ਬਾਲ-ਸਾਹਿਤ ਨੂੰ ਸੁੰਦਰ ਦਿੱਖ ਦੇਣ ਵਿਚ ਸ਼ਲਾਘਾਯੋਗ ਕਰਤੱਵ ਨਿਭਾਇਆ ਹੈ। ਕਿਸੇ ਵੀ ਲੇਖਕ ਦੀ ਚੋਣਵੀਂ ਰਚਨਾ ਪਾਠਕਾਂ ਦਾ ਧਿਆਨ ਖਿੱਚਦੀ ਹੈ। ਇਸ ਨਜ਼ਰੀਏ ਤੋਂ ਪ੍ਰਿੰਸੀਪਲ ਗੋਸਲ ਦੀ ਹਥਲੀ ਪੁਸਤਕ ਸਾਡਾ ਧਿਆਨ ਖਿੱਚਦੀ ਹੈ। ਇਸ ਵਿਚ ਵੰਨ-ਸੁਵੰਨੀਆਂ 30 ਕਵਿਤਾਵਾਂ ਹਨ। ਬਹੁਤੀਆਂ ਕਵਿਤਾਵਾਂ ਬੱਚਿਆਂ ਨਾਲੋਂ ਬਾਲਗ-ਸਿੱਖਿਆ ਨਾਲ ਸੰਬੰਧਿਤ ਹਨ। ਕੁਝ ਵਿਸ਼ੇ ਬਾਲ-ਸਾਹਿਤ ਨਾਲ ਸੰਬੰਧਿਤ ਨਹੀਂ। ਆਮ ਪਾਠਕ ਦੀ ਜਾਣਕਾਰੀ ਨਾਲ ਸੰਬੰਧਿਤ ਹਨ, ਜਿਵੇਂ ਉੱਚਾ ਦਰ ਬਾਬੇ ਦਾ, ਸਰਕਾਰੀ ਗਰਾਂਟ, ਯੋਗਾ ਬਹੁਤ ਜ਼ਰੂਰੀ ਆ, ਪਿੰਡ ਦਾ ਕਿਸਾਨ, ਯਾਦ ਸੱਭਿਆਚਾਰ ਦੀ, ਚੰਡੀਗੜ੍ਹ ਆਦਿ। ਕਾਵਿ-ਕਹਾਣੀ ਬਾਲ-ਸਾਹਿਤ ਦੀ ਮਨਪਸੰਦ ਵੰਨਗੀ ਹੈ। ਪ੍ਰਿੰ: ਗੋਸਲ ਨੇ ਇਤਿਹਾਸ 'ਚੋਂ ਸਿੱਖ-ਪਾਤਰਾਂ ਦੇ ਪ੍ਰਸੰਗਾਂ ਨੂੰ ਨਿਰੀ ਤੁਕਬੰਦੀ ਰਾਹੀਂ ਵਰਨਣ ਕੀਤਾ ਹੈ। ਮਿਆਰੀ ਕਾਵਿਕਤਾ ਦੀ ਘਾਟ ਰੜਕਦੀ ਹੈ। ਪੁਸਤਕ ਦੇ ਆਰੰਭ 'ਚ ਤਿੰਨ ਸਫ਼ਿਆਂ ਦੀ ਲੇਖਕ ਦੀਆਂ ਪੁਸਤਕਾਂ ਦੀ ਸੂਚੀ ਹੈ। ਪੁਸਤਕ ਦੇ ਵਿਸ਼ਿਆਂ ਦੀ ਚੋਣ ਖਿੰਡੀ-ਪੁੰਡੀ ਹੈ। ਪੁਸਤਕ ਦਾ ਸਰਵਰਕ ਜਿੰਨਾ ਪਿਆਰਾ ਹੈ, ਓਨੀ ਸਮੱਗਰੀ ਬਾਲ ਪਾਠਕਾਂ ਦੇ ਪੱਖੋਂ ਕਾਵਿਕ-ਸ਼ੈਲੀ ਵਾਲੀ ਨਹੀਂ। ਚਿੱਤਰ ਚੰਗੇ ਹਨ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਹਾਇਕੂ ਅੰਬਰ
ਲੇਖਿਕਾ : ਡਾ. ਦਵਿੰਦਰਜੀਤ ਕੌਰ ਦ੍ਰਿਵ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98786-74705


ਸ਼ਾਇਰਾ ਡਾ. ਦਵਿੰਦਰਜੀਤ ਕੌਰ ਦ੍ਰਿਵ ਜੋ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਵਿਖੇ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੀ ਹੈ। ਆਪਣੇ ਪਲੇਠੇ ਹਾਇਕੂ ਸੰਗ੍ਰਹਿ 'ਹਾਇਕੂ ਅੰਬਰ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਹਾਇਕੂ ਜਾਪਾਨੀ ਕਾਵਿ-ਸਿਨਫ਼ ਚੋਕਾ, ਸੈਦੋਕਾ ਅਤੇ ਤਾਂਕਾ ਵਿਚੋਂ ਇਕ ਹੈ। ਹਾਇਕੂ ਤਿੰਨ ਸਤਰੀ ਸਤਾਰਾਂ ਵਰਣਕ ਅੱਖਰਾਂ ਦੀ ਜਾਪਾਨੀ ਸਿਨਫ਼ ਹੈ ਪਰ ਪੰਜਾਬੀ ਵਿਚ ਪਹਿਲਾਂ ਹੀ ਤਿੰਨ ਸਤਰੀ ਕਾਵਿ-ਸਿਨਫ਼ 'ਟੱਪਾ' ਮੌਜੂਦ ਹੈ, ਜਿਸ ਨੂੰ ਨਾਮਵਰ ਗਾਇਕਾਂ ਨੇ ਸਾਜ਼ ਅਤੇ ਆਵਾਜ਼ ਨਾਲ ਸਰੋਤਿਆਂ ਨੂੰ ਵਸਦ ਵਿਚ ਲਿਆ ਕੇ ਝੂਮਣ ਲਾਇਆ ਹੈ। ਹੁਣ ਹਾਇਕੂ ਸ਼ਬਦ ਸਾਧਕਾਂ ਦੀ ਇਕ ਲੰਮੀ ਫ਼ਹਿਰਿਸਤ ਮਿਲਦੀ ਹੈ ਜੋ ਇਸ ਕਾਵਿ ਸਿਨਫ਼ ਨਾਲ ਜਨੂੰਨ ਦੀ ਹੱਦ ਤੱਕ ਜੁੜੇ ਹੋਏ ਹਨ ਤੇ ਅਕਸਰ ਹਾਇਕੂ ਕਵੀ ਦਰਬਾਰ ਕਰਾਉਂਦੇ ਰਹਿੰਦੇ ਹਨ। ਇਸ ਪੁਸਤਕ ਵਿਚ ਮੁੱਖ ਬੰਦ ਦੇ ਤੌਰ 'ਤੇ ਦੱਖਣੀ ਭਾਰਤ ਦੇ ਲੇਖਕ ਡਾ. ਰਣਜੀਤ ਰਵੀਸ਼ੈਲਮ ਨੇ ਇਤਿਹਾਸਕ ਹਵਾਲਿਆਂ ਨਾਲ ਵਿਵਰਨ ਕੀਤਾ ਹੈ, ਜਿਸ ਨੂੰ ਕਸ਼ਮੀਰੀ ਲਾਲ ਚਾਵਲਾ ਨੇ ਅਨੁਵਾਦ ਕੀਤਾ ਹੈ। ਜੋ ਹਾਇਕੂ ਖੋਜਕਾਰਾਂ ਲਈ ਰਾਹ ਦਸੇਰੇ ਦਾ ਕੰਮ ਕਰਨ ਦੀ ਸੰਭਾਵਨਾ ਰੱਖਦਾ ਹੈ। ਇਸ ਦੱਖਣੀ ਭਾਰਤ ਦੇ ਲੇਖਕ ਨੇ ਦੇਸੀ ਤੇ ਵਿਦੇਸ਼ੀ 35 ਹਾਇਕੂ ਸ਼ਬਦ ਸਾਧਕਾਂ ਦਾ ਰਚਨਾ ਕਾਲ ਨਾਲ ਵੇਰਵਾ ਵੀ ਦਿੱਤਾ ਹੈ। ਇਸ ਵਰਣਕ ਛੰਦ ਨੂੰ ਡਾ. ਦਵਿੰਦਰਜੀਤ ਕੌਰ ਦ੍ਰਿਵ ਨੇ ਬਾਖੂਬੀ ਕਵਿਤਾਇਆ ਤੇ ਕਿਤੇ ਵੀ ਚਿੰਤਨ ਤੇ ਵਿਸ਼ਾ ਵਿਧਾਨ ਝੋਲ ਨਹੀਂ ਮਾਰਦਾ। ਹਾਇਕੂ ਪੜ੍ਹਦਿਆਂ ਪਹਿਲੀ ਨਜ਼ਰੇ ਓਪਰੀ ਜੇਹੀ ਕਾਵਿ-ਸ਼ਿਲਪ ਲੱਗਦੀ ਹੈ ਪਰ ਜਿਉਂ ਇਸ ਦੀ ਡੂੰਘਾਈ ਵਿਚ ਉਤਰਦੇ ਹਾਂ ਤਾਂ ਫਲਸਫਾਨਾ ਸਮਾਜਿਕ ਯਥਾਰਥ ਦੇ ਬੰਦ ਦਰਵਾਜ਼ੇ ਖੁੱਲ੍ਹਣ ਲੱਗਦੇ ਹਨ। ਸ਼ਾਇਰਾ ਨੇ ਇਸ ਹਾਇਕੂ ਸੰਗ੍ਰਹਿ ਨੂੰ ਛੇ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ ਸੱਭਿਆਚਾਰ ਨੂੰ ਸਮਰਪਿਤ 96 ਹਾਇਕੂ ਹਨ, ਜਿਸ ਵਿਚ ਬੜੀ ਹੀ ਖੁਰਦਬੀਨੀ ਅੱਖ ਨਾਲ ਸੱਭਿਆਚਾਰ ਦੀ ਸਕੈਨਿੰਗ ਕਰਦਿਆਂ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੇ ਦਰਸ਼ਨ ਦੀਦਾਰੇ ਕਰਾਏ ਹਨ। ਦੂਜਾ ਕਾਂਡ ਕੁਦਰਤ ਨਾਲ ਸੰਬੰਧਿਤ ਹੈ, ਜਿਸ ਵਿਚ 160 ਹਾਇਕੂ ਹਨ, ਜਿਸ ਵਿਚ ਕੁਦਰਤ ਨੂੰ ਮਾਣਨ ਅਤੇ ਵਾਤਾਵਰਨ ਨੂੰ ਵਿਗਾੜਨ ਵਾਲਿਆਂ ਨੂੰ ਤਾੜਨਾ ਕਰਦਿਆਂ ਜਾਗਰੂਕ ਵੀ ਕੀਤਾ ਹੈ। ਤੀਜਾ ਕਾਂਡ ਜ਼ਿੰਦਗੀ ਨੂੰ ਸਮਰਪਿਤ ਹੈ, ਜਿਸ ਵਿਚ 181 ਹਾਇਕੂ ਹਨ, ਜਿਸ ਵਿਚ ਸ਼ਾਇਰਾ ਆਖਦੀ ਹੈ ਕਿ ਜ਼ਿੰਦਗੀ ਦੁੱਖ ਅਤੇ ਸੁੱਖ ਵਿਚ ਢਲੀ ਹੋਈ ਹੈ। ਚੌਥਾ ਕਾਂਡ ਨਾਰੀ ਸੰਵੇਦਨਾ ਨੂੰ ਸਮਰਪਿਤ ਹੈ, ਜਸ ਵਿਚ 172 ਹਾਇਕੂ ਹਨ। ਪੰਜਵਾਂ ਕਾਂਡ ਬੱਚੇ ਅਤੇ ਬਚਪਨ ਨੂੰ ਸਮਰਪਿਤ ਹੈ, ਜਿਸ ਵਿਚ 100 ਹਾਇਕੂ ਦਰਜ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਰੇਕ ਨੂੰ ਆਪਣਾ ਆਲਾ ਭੋਲਾ ਬਚਪਨ ਯਾਦ ਆ ਜਾਂਦਾ ਹੈ ਤੇ ਇਕ ਤਰ੍ਹਾਂ ਪੜ੍ਹਨ ਵਾਲਾ ਆਪਣੇ ਬਚਪਨ ਨੂੰ ਦੁਬਾਰਾ ਮਾਣਦਾ ਪ੍ਰਤੀਤ ਹੁੰਦਾ ਹੈ। ਛੇਵੇਂ ਭਾਗ ਵਿਚ ਨਵੀਂ ਪੀੜ੍ਹੀ ਨੂੰ ਨਸੀਹਤਾਂ ਅਤੇ ਜਾਗਰੂਕ ਕਰਨ ਦੇ 29 ਹਾਇਕੂ ਹਨ। ਸੋ, ਇਨ੍ਹਾਂ 738 ਹਾਇਕੂਆਂ ਵਿਚ ਸ਼ਾਇਰਾ ਨੇ ਕਾਵਿ-ਸ਼ਿਲਪ, ਕਾਵਿ-ਚਿੰਤਨ ਅਤੇ ਕਾਵਿ-ਧਰਮ ਨਿਭਾਉਂਦਿਆਂ ਸਤਿਅਮ ਸ਼ਿਵਮ ਸੁੰਦਰਮ ਦੀ ਲੱਜ ਪਾਲੀ ਹੈ। ਸ਼ਾਇਰਾ ਦੀ ਸ਼ਾਇਰੀ ਦੇ ਇਸ ਆਭਾ ਮੰਡਲ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।


-ਭਗਵਾਨ ਢਿੱਲੋਂ
ਮੋਬਾਈਲ : 098143-78254

20-01-2024

ਸੁੱਖ ਦੇ ਸਾਥੀ
ਲੇਖਕ : ਨਛੱਤਰ ਸਿੰਘ ਭੋਗਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99889-13155

'ਸੁੱਖ ਦੇ ਸਾਥੀ' ਨਛੱਤਰ ਸਿੰਘ ਭੋਗਲ ਦਾ ਤੀਜਾ ਕਾਵਿ-ਸੰਗ੍ਰਹਿ ਹੈ ਇਸ ਤੋਂ ਪਹਿਲਾਂ ਉਹ 'ਕਲਮਾਂ ਤਾਈਂ ਫ਼ਰਿਆਦ' (2014) ਅਤੇ 'ਦੱਸ ਕਿੱਥੇ ਵਸੀਏ' (2017) ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਉਹ ਆਪਣੀ ਸਮਰੱਥਾ ਬਾਰੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ :-
'ਮੇਰੀ ਕਵਿਤਾ ਸਿੱਧੀ ਸਾਦੀ ਭਾਸ਼ਾ ਵਾਲੀ ਕਿਸੇ ਬਹਿਰ ਜਾਂ ਬੰਦਸ਼ ਵਿਚ ਬੱਝੀ ਨਹੀਂ ਹੁੰਦੀ ਮੇਰੀਆਂ ਕਵਿਤਾਵਾਂ ਮੇਰੇ ਪਿੰਡ ਨਾਲ ਪਿਆਰ, ਨਹਿਰਾਂ ਕੱਸੀਆਂ ਅਤੇ ਦਰਿਆਵਾਂ ਦਾ ਵਹਿਣ ਤੇ ਸੁਭਾਅ ਵਰਣਨ ਕਰਦੀਆਂ ਹਨ ਅਤੇ ਕਰਦੀਆਂ ਰਹਿਣਗੀਆਂ, ਜਿਸ ਵਿਚੋਂ ਪੰਜਾਬੀਅਤ ਦਾ ਝਲਕਾਰਾ ਬਾਖ਼ੂਬੀ ਪੈਂਦਾ ਹੈ।' ਕਵੀ ਨਛੱਤਰ ਸਿੰਘ ਭੋਗਲ ਦੀਆਂ ਰਚਨਾਵਾਂ ਮਾਨਵੀ ਸੰਵੇਦਨਾ ਨਾਲ ਜੁੜੇ ਸਰੋਕਾਰਾਂ ਅਤੇ ਸਮਾਜਿਕ ਸਰੋਕਾਰ ਨੂੰ ਪ੍ਰਗਟਾਉਂਦੀਆਂ ਹਨ। ਉਹ ਧਰਮ ਦੇ ਖੇਤਰ ਪ੍ਰਚਲਿਤ ਵਹਿਮਾਂ ਭਰਮਾਂ ਦੇ ਵਿਰੁੱਧ ਵੀ ਡਟ ਕੇ ਲਿਖਦਾ ਹੈ ਤੇ ਧਰਮ ਤੇ ਨਾਂਅ 'ਤੇ ਪਾਖੰਡੀਆਂ ਦੀਆਂ ਚਲਦੀਆਂ ਦੁਕਾਨਾਂ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ। ਉਹ ਰਾਜਨੀਤੀ ਵਿਚ ਹੁੰਦੇ ਵਿਪਾਵੇ ਪ੍ਰਤੀ ਵੀ ਚਿੰਤਤ ਹੈ:
ਹਾਕਮ ਨੂੰ ਤਾਂ ਚਿੰਤਾ ਆਪਣੀ ਕੁਰਸੀ ਦੀ
ਉਹਨੂੰ ਕੀ ਜੇ ਪੁੱਤ ਮਾਵਾਂ ਦੇ ਮਰਦੇ ਨੇ
ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਬਗ਼ਾਵਤ
ਬੁੱਧ ਅਤੇ ਜਥੇਬੰਦਕ ਸੋਚ ਦਾ ਸਮਰਥਨ ਕਰਦਾ ਹੈ:
ਹੱਕ ਮੰਗਿਆ ਕੋਈ ਨਹੀਂ ਦਿੰਦਾ
ਹਿੱਕ ਡਾਹ ਕੇ ਲੜਨਾ ਪੈਂਦਾ ਹੈ
ਕਦੇ ਪਿੱਠ ਲੁਕੋਇਆਂ ਨਹੀਂ ਸਰਦਾ
ਮਰਦਾਂ ਵਾਂਗ ਖੜ੍ਹਨਾ ਪੈਂਦਾ ਹੈ।
ਕਵੀ ਪੰਜਾਬੀਅਤ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਭਾਵਨਾ ਦਾ ਪ੍ਰਗਟਾਵਾ ਬੜੀ ਜ਼ਿੰਦਾਦਿਲੀ ਨਾਲ ਕਰਦਾ ਹੈ :
ਸ਼ਾਹੀ ਵਿਰਸਾ ਤੇ ਮਾਂ ਬੋਲੀ ਆਪਣੀ
ਸਾਂਭੋ ਮਾਣ-ਮੱਤੀ ਪੱਗ ਬਈ ਪੰਜਾਬੀਓ
ਵਿਰਸਾ ਰੱਖਣਾ ਆਬਾਦ
ਕਦਰਾਂ-ਕੀਮਤਾਂ ਵੀ ਯਾਦ
ਸ਼ੋਭਾ ਕਰੇ ਸਾਰਾ ਜੱਗ ਬਈ ਪੰਜਾਬੀਓ...
ਕਵੀ ਦੀ 'ਪਰਵਾਸੀ ਦੁਖਾਂਤ' ਕਵਿਤਾ ਵਿਦੇਸ਼ੀਂ ਵਸਦੇ ਪੰਜਾਬੀਆਂ ਦੀ ਡੂੰਘੀ ਸੰਵੇਦਨਾ ਦਾ ਸੰਤੁਸ਼ਟੀਜਨਕ ਪ੍ਰਗਟਾਵਾ ਹੈ। ਰੁਜ਼ਗਾਰ ਦੀ ਪ੍ਰਾਪਤੀ ਲਈ ਪਰਵਾਸ ਹੰਢਾਉਂਦੇ ਪੰਜਾਬੀ ਆਪਣੇ ਮਾਪਿਆਂ ਅਤੇ ਪਿੰਡ ਦੀ ਮਿੱਟੀ ਨੂੰ ਤਰਸ ਜਾਂਦੇ ਹਨ :
ਤੁਰ ਗਏ ਮਾਪੇ, ਮਨ ਭਰ ਆਇਆ
ਖਾਲੀ ਵਿਹੜਾ ਖਾਣ ਨੂੰ ਆਇਆ
ਤੱਕ ਬਾਪੂ ਦੀ ਸੱਖਣੀ ਕੁਰਸੀ,
ਮੇਰਾ ਕਾਲਜਾ ਮੂੰਹ ਨੂੰ ਆਇਆ...
ਕਵੀ ਨੇ ਪ੍ਰਦੂਸ਼ਣ-ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ ਅਤੇ ਇਕ ਦੂਜੇ ਦੇ ਮੋਹ ਪਿਆਰ ਦੀਆਂ ਪੱਕੀਆਂ ਤੰਦਾਂ ਵਾਲੇ ਪਿਆਰ ਦੀ ਕਲਪਨਾ ਕੀਤੀ ਹੈ। ਕਵੀ ਨੇ ਆਦਰਸ਼ਕ ਜੀਵਨ, ਵਿਕਸਿਤ ਦੇਸ਼ ਅਤੇ ਪ੍ਰੇਮ-ਪਿਆਰ ਦੀਆਂ ਭਾਵਨਾਵਾਂ ਨਾਲ ਓਤ-ਪੋਤ ਮਾਨਵੀ ਰਿਸ਼ਤਿਆਂ ਪ੍ਰਤੀ ਆਪਣੇ ਪਿਆਰ ਅਤੇ ਸਨੇਹ ਦਾ ਪ੍ਰਗਟਾਵਾ ਕੀਤਾ ਹੈ। 'ਕੁਦਰਤ, ਲੋਕਾਈ ਦਾ ਦਰਦ, ਵਡੱਪਣ, ਬੇਇਤਫ਼ਾਕੀ, ਦਿਲੀ ਦੂਰੀਆਂ, ਅਵੱਗਿਆ, ਗੁਰੂ ਮਾਨਿਓ ਗ੍ਰੰਥ, ਮਹਿਰਮ, ਕੰਗਲਾ ਪੰਜਾਬ, ਯਾਮਨੇ, ਸੁਧਾਰਵਾਦੀ ਸਲਾਹ, ਸਾਡੇ ਆਪਣੇ, ਨੂੰਹ ਰਾਣੀ, ਸੱਚਾ ਯਾਰ, ਦਸਤਾਰ' ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਉਹ ਸਵਾਰਥੀ ਲੋਕਾਂ, ਪਰਵਾਸ ਦੀਆਂ ਚੁਣੌਤੀਆਂ ਅਤੇ ਪਿਆਰ ਤੋਂ ਮਿਲੇ ਬਿਰਹਾ ਦੀ ਵਾਰ-ਵਾਰ ਕਾਵਿ-ਰਚਨਾਵਾਂ ਕਰਦਾ ਹੈ। ਸਮੁੱਚੇ ਤੌਰ 'ਤੇ ਨਛੱਤਰ ਸਿੰਘ ਭੋਗਲ ਦੀ ਇਹ ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ। ਇਸ ਲਈ ਆਪ ਨੂੰ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਕਾਲਜ, ਜਲੰਧਰ

ਮੇਰਾ ਲੇਖ ਗੁਲਦਸਤਾ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼,ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 98764-52223

ਬਹੁਪੱਖੀ ਲੇਖਕ ਬਹਾਦਰ ਸਿੰਘ ਗੋਸਲ (ਪ੍ਰਿੰ.) ਪੰਜਾਬੀ ਸਾਹਿਤ ਜਗਤ ਵਿਚ ਜਾਣਿਆ ਪਛਾਣਿਆ ਅਤੇ ਸਰਗਰਮ ਲਿਖਾਰੀ ਹੈ, ਜਿਸ ਦੀ ਤਾਜ਼ਾਤਰੀਨ ਪੁਸਤਕ 'ਮੇਰਾ ਲੇਖ ਗੁਲਦਸਤਾ' ਹੁਣੇ ਹੁਣੇ ਮੰਜ਼ਰ-ਇ-ਆਮ 'ਤੇ ਆਈ ਹੈ। ਬੁਨਿਆਦੀ ਤੌਰ 'ਤੇ ਇਹ ਪੁਸਤਕ ਬਾਲਾਂ ਅਤੇ ਵੱਡਿਆਂ-ਦੋਵੇਂ ਕਿਸਮ ਦੇ ਪਾਠਕਾਂ ਲਈ ਮਹੱਤਵ ਰੱਖਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਸਮਾਜ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਵੰਨ-ਸੁਵੰਨੇ ਲੇਖਾਂ ਦੇ ਮਾਧਿਅਮ ਦੁਆਰਾ ਉਲੀਕਿਆ ਹੈ। ਜੇ ਇਨ੍ਹਾਂ ਮਜ਼ਮੂਨਾਂ ਵਿਚ ਇਕ ਪਾਸੇ ਭੂਗੋਲਿਕ ਦ੍ਰਿਸ਼ ਵਿਖਾਈ ਦਿੰਦੇ ਹਨ ਤਾਂ ਦੂਜੇ ਪਾਸੇ ਧਾਰਮਿਕ ਅਤੇ ਇਤਿਹਾਸਕ ਪੱਖਾਂ ਨੂੰ ਉਲੀਕਿਆ ਗਿਆ ਹੈ। ਸਿਹਤ, ਸਿੱਖਿਆ, ਸਿਆਸਤ, ਸੱਭਿਆਚਾਰ, ਕੰਮ ਧੰਦਿਆਂ ਅਤੇ ਉਨ੍ਹਾਂ ਨਾਲ ਜੁੜੇ ਸ੍ਰੋਤ ਜਾਂ ਮਸ਼ੀਨਰੀ, ਲੋਕ ਗੀਤਾਂ, ਪੰਜਾਬ ਦੇ ਵਿਰਾਸਤੀ ਅਤੇ ਦਰਸ਼ਨੀ ਦਰਵਾਜ਼ੇ ਅਤੇ ਇਮਾਰਤਾਂ ਆਦਿ ਨਾਲ ਜੁੜੀ ਹੋਈ ਸਮੱਗਰੀ ਵੀ ਇਸ ਪੁਸਤਕ ਦਾ ਆਧਾਰ ਬਣਦੀ ਹੈ। 'ਆਓ ਕਰੀਏ ਸੈਰ ਪੁਆਧ ਦੀ', 'ਆਓ ਫਰੋਲੀਏ ਖੰਡਰ ਸਰਹਿੰਦ ਦੇ', 'ਪਿੰਡ ਮਲੋਆ ਬਣਿਆ ਪੁਆਧ ਦਾ ਮਲਾਇਆ', 'ਸਿੱਖ ਗੁਰੂ ਸਾਹਿਬਾਨ ਵਲੋਂ ਵਸਾਏ ਪਵਿੱਤਰ ਨਗਰ', 'ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਦੇ ਸਫ਼ਰ ਦਾ ਪਹਿਲਾ ਪੜਾਅ-ਪਿੰਡ ਸਿਹਰੀ ਖਾਂਡਾ (ਸੋਨੀਪਤ)', 'ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਦਸਵੀਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ-ਕਟਾਣਾ ਸਾਹਿਬ' ਮਜ਼ਮੂਨਾਂ ਵਿਚ ਭੂਗੋਲਿਕ, ਧਾਰਮਿਕ ਅਕੀਦੇ ਅਤੇ ਇਤਿਹਾਸਕ ਨਜ਼ਰੀਏ ਨੂੰ ਤਫ਼ਸੀਲ ਨਾਲ ਉਜਾਗਰ ਕੀਤਾ ਗਿਆ ਹੈ। ਵਰਤਮਾਨ ਦੌਰ ਵਿਚ ਆਏ ਭਾਂਤ ਸੁਭਾਂਤੇ ਪਰਿਵਰਤਨ ਅਤੇ ਦਿੱਖ ਵੀ ਇਨ੍ਹਾਂ ਮਜ਼ਮੂਨਾਂ ਵਿਚੋਂ ਰੂਪਮਾਨ ਹੁੰਦੀ ਹੈ। ਇਸੇ ਪ੍ਰਕਾਰ 'ਵਾਹ ਕੁੜੀਆਂ ਮੇਰੇ ਦੇਸ਼ ਦੀਆਂ', 'ਪਿੰਡਾਂ ਦੇ ਬਨੇਰਿਆਂ ਤੋਂ ਅਲੋਪ ਹੋਈਆਂ ਸਿੱਠਣੀਆਂ', 'ਆਖ਼ਿਰ ਲੱਭ ਹੀ ਗਈ ਦੇਸੀ ਖੰਡ ਕੱਢਣੀ ਮਸ਼ੀਨ', 'ਪਿੰਡ ਉਟਾਲਾ ਦੀ ਗੈਂਡਾ ਪੱਤੀ ਵਿਚ ਬਣਿਆ ਨਵਾਂ ਵਿਲੱਖਣ ਦਰਸ਼ਨੀ ਦਰਵਾਜ਼ਾ', 'ਅਲੋਪ ਹੋਇਆ ਬੱਚਿਆਂ ਦਾ ਮਨੋਰੰਜਕ ਗੁਲੇਲਾ ਖੇਡਣਾ', ਕਦੇ ਰੌਚਕ ਨਜ਼ਾਰਾ ਪੇਸ਼ ਕਰਦੇ ਸਨ ਪਿੰਡਾਂ ਵਿਚ ਵੱਜਦੇ-ਪੰਚਾਇਤੀ ਰੇਡੀਓ, ਬਾਪੂ ਵੇ ਆਟਾ ਲੈ ਆਈਂ ਘਰਾਟਾਂ ਦਾ ਅਤੇ ਆਹ ਲੈ ਡੰਡੀਆਂ ਜੇਬ ਵਿਚ ਪਾ ਲੈ' ਪੰਜਾਬੀ ਸੱਭਿਆਚਾਰ ਅਤੇ ਕੰਮ ਧੰਦਿਆਂ ਦੀ ਪੁਰਾਤਨ ਅਤੇ ਵਰਤਮਾਨ ਸਥਿਤੀ ਨੂੰ ਦਰਸਾਉਂਦੇ ਹਨ। ਕੁਝ ਹੋਰ ਦਿਲਚਸਪ ਲੇਖਾਂ ਵਿਚ ਦੇਸ਼ ਭਗਤੀ ਅਤੇ ਬੱਚਿਆਂ ਨੂੰ ਧਾਰਮਿਕ ਪ੍ਰਵਿਰਤੀ ਨਾਲ ਜੋੜਦੇ ਹਨ। ਇਸ ਪੁਸਤਕ ਵਿਚ ਰੰਗਦਾਰ ਤਸਵੀਰਾਂ ਪੁਸਤਕ ਦੇ ਮਹੱਤਵ ਵਿਚ ਵਾਧਾ ਕਰਦੀਆਂ ਹਨ ਅਤੇ ਜਿਗਿਆਸਾ ਪੈਦਾ ਕਰਦੀਆਂ ਹਨ। ਕੁੱਲ ਮਿਲਾ ਕੇ ਆਪਣੇ ਮੁੱਖ ਚਿੱਤਰ ਸਮੇਤ ਇਹ ਪੁਸਤਕ ਨਿੱਗਰ ਸਮੱਗਰੀ ਦਾ ਇਕ ਸੁੰਦਰ ਗੁਲਦਸਤਾ ਸਿੱਧ ਹੁੰਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾ. : 9814423703

ਪਿੱਛੇ ਮੁੜ ਕੇ ਦੇਖਿਆ
ਲੇਖਕ : ਯਾਦਵਿੰਦਰ ਸਿੰਘ ਤਪਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98550-40941

ਇਸ ਸਵੈ-ਜੀਵਨੀ ਤੋਂ ਪਹਿਲਾਂ, ਲੇਖਕ ਇਕ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਸਵੈ-ਜੀਵਨੀ ਦੇ 35 ਕਾਂਡ ਹਨ। ਇਸ ਸਵੈ-ਜੀਵਨੀ ਵਿਚ ਜਿਥੇ ਉਸ ਦੇ ਬਚਪਨ ਦੀਆਂ ਯਾਦਾਂ ਹਨ, ਉਥੇ ਆਪਣੇ ਤਪਾ ਸ਼ਹਿਰ ਦੇ ਗਲੀ-ਮੁਹੱਲੇ, ਦੋਸਤ-ਮਿੱਤਰ, ਉਸ ਦੀ ਕਿਸ਼ੋਰ ਅਵਸਥਾ ਪਾਰ ਕਰਦਿਆਂ ਚੜ੍ਹਦੀ ਜਵਾਨੀ ਦੀਆਂ ਖੁਸ਼ਗਵਾਰ ਯਾਦਾਂ ਹਨ। ਲੇਖਕ ਆਪਣੀਆਂ ਕੌੜੀਆਂ-ਮਿੱਠੀਆਂ ਯਾਦਾਂ ਨੂੰ ਰੌਚਿਕ ਢੰਗ ਨਾਲ ਪੇਸ਼ ਕਰਦਾ ਹੈ। ਬਚਪਨ ਤੇ ਕਿਸ਼ੋਰ ਉਮਰ ਦੀਆਂ ਘਟਨਾਵਾਂ ਉਸ ਨੂੰ ਯਾਦ ਹਨ, ਜਿਨ੍ਹਾਂ ਨੂੰ ਉਹ ਹੂ-ਬ-ਹੂ ਚਿਤਰਦਾ ਹੈ। ਲੇਖਕ ਨੇ ਇਹ ਆਪਣੀ ਪਹਿਲੀ ਸਵੈ-ਜੀਵਨੀ 1991 ਈ: ਵਿਚ ਲਿਖਣੀ ਆਰੰਭ ਕੀਤੀ ਸੀ। ਉਸ ਸਮੇਂ ਇਹ ਅਖ਼ਬਾਰ 'ਅੱਜ ਦੀ ਆਵਾਜ਼' ਵਿਚ ਹਰ ਐਤਵਾਰ ਵਾਲੇ ਦਿਨ ਪ੍ਰਕਾਸ਼ਿਤ ਹੁੰਦੀ ਸੀ।
'ਪਿੱਛੇ ਮੁੜ ਕੇ ਦੇਖਿਆ' ਸਵੈ-ਜੀਵਨੀ, ਯਾਦਾਂ ਦੀਆਂ ਖ਼ੁਸ਼ਬੋਈਆਂ ਵੰਡਦੀ, 'ਮਾਰੂ ਬੇਰੀਆਂ ਦੇ ਮਿੱਠੇ ਬੇਰਾਂ, ਨੂੰ ਯਾਦ ਕਰਦੀ', 'ਆਟੇ ਦੇ ਵਿਚ ਹੱਥ ਵੇ, ਘਟਨਾ ਦਾ ਜ਼ਿਕਰ ਕਰਦੀ, ਸੂਰਜਾ ਸੂਰਜਾ ਫੱਟੀ ਸੁਕਾ', ਵਸਣਾ ਸ਼ਰੀਕਾਂ' ਦੀਆਂ ਬਾਤਾਂ ਪਾਉਂਦੀ, 'ਕੰਗਣੀ ਵਾਲਾ ਗਲਾਸ' ਨੂੰ ਮੁੜ ਚੇਤੇ ਕਰਦੀ, ਸੇਜਲ ਅੱਖੀਆਂ ਦੀ ਚੀਸ ਝੱਲਦੀ, ਛਾਤਾ ਫੌਜੀਆਂ ਗੱਲਾਂ ਕਰਦੀ, ਵਿਰਾਨ ਖੂਹੀ ਦਾ ਦਰਦ ਸਹਿੰਦੀ, ਕਵਿਤਾ ਦੇ ਜਨਮ ਦੀਆਂ ਬਾਤਾਂ ਪਾਉਂਦੀ ਹੈ। ਲੇਖਕ ਦੀ ਇਹ ਸਵੈ-ਜੀਵਨੀ ਦਾ ਇਹ ਭਾਗ ਉਸ ਦੀ ਕਿਸ਼ੋਰ, ਜਵਾਨੀ ਸਮੇਂ ਦੀਆਂ ਮਿੱਠੀਆਂ ਕੌੜੀਆਂ ਯਾਦਾਂ ਹਨ। ਉਸ ਦੀ ਲਿਖਤ ਵਿਚ ਰੌਚਕਤਾ, ਰਵਾਨੀ ਅਤੇ ਆਕਸ਼ਨ ਹੈ। ਆਪਣੀ ਲਿਖਤ ਦੀ ਇਹ ਸ਼ੈਲੀ ਅੰਦਰ ਪੇਂਡੂ ਮਹਾਵਰੇ ਹਨ। ਇਤਿਹਾਸ ਜੋ ਬੀਤ ਗਿਆ, ਉਸ ਨੇ ਅੱਖੀਂ ਦੇਖਿਆ, ਤਨ ਤੋਂ ਹੰਢਾਇਆ ਹੈ, ਦਾ ਹਾਲ ਉਸ ਨੇ ਆਪਣੀ ਕਲਮ ਨਾਲ ਆਪ ਲਿਖਿਆ ਹੈ, ਇੰਝ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਪੁਸਤਕ ਪੜ੍ਹਨਯੋਗ ਰੌਚਿਕ ਅਤੇ ਬੀਤੇ ਇਤਿਹਾਸ ਦਾ ਸਿਰਨਾਵਾਂ ਹੈ, ਜਿਸ ਨੂੰ ਅਸੀਂ ਤੁਸੀਂ ਹੰਢਾਇਆ, ਦੇਖਿਆ ਹੈ। ਪਾਠਕਾਂ ਲਈ ਇਸ ਪੁਸਤਕ ਦਾ ਪਾਠ ਕਰਨਾ, ਰੌਚਿਕ ਹੋਵੇਗਾ।

-ਡਾ. ਅਮਰ ਕੋਮਲ
ਮੋਬਾਈਲ : 84378-73565

ਸੁਨਹਿਰੇ ਪਲ
ਲੇਖਕ : ਚੌਧਰੀ ਅਮੀਂ ਚੰਦ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94640-29540

ਹੱਥਲਾ ਕਾਵਿ-ਸੰਗ੍ਰਹਿ ਚੌਧਰੀ ਅਮੀਂ ਚੰਦ ਦੀ ਅੱਠਵੀਂ ਪ੍ਰਕਾਸ਼ਿਤ ਪੁਸਤਕ ਹੈ। ਤਸੱਲੀ ਵਾਲੀ ਗੱਲ ਹੈ ਕਿ ਉਹ ਜਾਤ, ਧਰਮ ਅਤੇ ਸਰਹੱਦਾਂ ਦੀ ਵਲਗਣ ਤੋਂ ਪਾਰ ਦੀ ਮਾਨਵਤਾਵਾਦੀ ਬ੍ਰਹਿਮੰਡੀ ਸੋਚ ਦੇ ਧਾਰਨੀ ਹਨ। ਲੋਕ-ਵਿਰੋਧੀ ਤਾਕਤਾਂ ਵਲੋਂ ਲੋਕਾਂ ਨੂੰ ਵੰਡ ਕੇ ਆਪਸ ਵਿਚ ਲੜਾਉਣ ਦੇ ਮਨਸੂਬਿਆਂ ਦਾ ਉਹ ਬੜੀ ਬੁਲੰਦ ਆਵਾਜ਼ ਵਿਚ ਵਿਰੋਧ ਕਰਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਲੋਕ ਬਿਨਾਂ ਕਿਸੇ ਵੈਰ-ਵਿਰੋਧ ਤੋਂ ਰਲ-ਮਿਲ ਕੇ ਇਕ ਪਰਿਵਾਰ ਵਾਂਗ ਰਹਿਣ:
ਮੇਰੀ ਧਰਤੀ ਮੇਰਾ ਅੰਬਰ ਦੀ ਸੋਚ ਬਣਾ ਕੇ
ਜਿੱਥੇ ਮਰਜ਼ੀ ਉਡਾਰੀ ਭਰ, ਬ੍ਰਹਿਮੰਡ ਸਾਰਾ ਤੇਰਾ,
ਵੰਡ-ਵੰਡਾਈ 'ਚ ਲੈਣਾ ਕੀ ਨੌਜਵਾਨੋ?
ਧਰਤੀ ਮਾਂ ਸਭ ਦੀ ਸਾਂਝੀ ਹੁੰਦੀ।
ਅਮੀਂ ਚੰਦ ਦਾ ਸੁਪਨਾ ਹੈ ਕਿ ਇਹ ਸਮੁੱਚਾ ਵਿਸ਼ਵ ਹੀ ਬੇਗਮਪੁਰਾ ਬਣ ਜਾਵੇ, ਜਿੱਥੇ ਨਾ ਕੋਈ ਲੁੱਟਿਆ ਜਾਵੇ ਅਤੇ ਨਾ ਹੀ ਕੋਈ ਲੁੱਟ ਕਰਨ ਵਾਲਾ ਹੋਵੇ ਪਰ ਉਹ ਫ਼ਿਕਰਮੰਦ ਹਨ ਕਿ ਲੋਕਾਂ ਦੇ ਹੱਕਾਂ ਲਈ ਲੜਨ ਦਾ ਦਾਅਵਾ ਕਰਨ ਵਾਲੇ ਲੋਕ ਵੀ ਆਪਸੀ ਖਹਿਬਾਜ਼ੀ ਤੋਂ ਉੱਪਰ ਨਹੀਂ ਉੱਠ ਸਕੇ, ਜਿਸ ਕਰਕੇ ਉਨ੍ਹਾਂ ਵਲੋਂ ਲਗਾਏ ਜਾਂਦੇ ਇਨਕਲਾਬ ਦੇ ਨਾਅਰੇ ਵੀ ਰਵਾਇਤੀ ਲੱਗਣ ਲੱਗ ਪਏ ਹਨ। ਉਨ੍ਹਾਂ ਨੂੰ ਅਫ਼ਸੋਸ ਹੈ ਕਿ ਭਾਰਤੀ ਕਮਿਊਨਿਸਟ ਵੀ ਕਿਰਤੀ ਵਰਗ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰ ਸਕੇ:
ਏਕੇ ਦਾ ਨਾਅਰਾ ਤਾਂ ਲਾਉਂਦੇ ਰਹੇ
ਪਰ ਕਿਰਤੀ ਬਣ ਕੇ ਕਾਮਿਆਂ ਨੂੰ 'ਕੱਠੇ ਨਾ ਕਰ ਸਕੇ,
ਮੁੱਦਿਆਂ 'ਤੇ ਬਹਿਸ ਕਰ ਕੇ ਆਪਸ ਵਿਚ ਲੜਦੇ ਰਹੇ
ਨਿੱਜੀ ਮਸਲਿਆਂ ਉੱਤੇ। ਅਮੀਂ ਚੰਦ ਨੇ ਆਪਣਾ ਸਾਹਿਤਕ ਸਫ਼ਰ ਸ੍ਰੀ ਗੁਰੂ ਰਵਿਦਾਸ ਬਾਣੀ ਦੇ ਫ਼ਲਸਫ਼ੇ ਨਾਲ ਸੰਬੰਧਿਤ ਪੁਸਤਕ 'ਸੱਚ ਕਹੈ ਰਵਿਦਾਸ' ਨਾਲ ਸ਼ੁਰੂ ਕੀਤਾ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀਆਂ ਰਚਨਾਵਾਂ ਆਮ ਲੋਕਾਂ ਦਾ ਮਨੋਰੰਜਨ ਨਹੀਂ ਕਰਦੀਆਂ ਬਲਕਿ ਉਨ੍ਹਾਂ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਜਾਗਰੂਕ ਕਰ ਕੇ ਸੁਚੱਜਾ ਜੀਵਨ ਜਿਊਣ ਦੇ ਸਮਰੱਥ ਬਣਾਉਂਦੀਆਂ ਹਨ। ਤੰਗੀਆਂ-ਤੁਰਸ਼ੀਆਂ ਦੇ ਭੰਨੇ ਆਮ ਲੋਕਾਂ ਦੀ ਗੱਲ ਛੇੜਦਾ ਉਨ੍ਹਾਂ ਦਾ ਇਹ ਸੁਹਿਰਦ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਸਿੱਖ ਰਾਜ ਦਾ ਰਹੱਸਮਈ ਇਤਿਹਾਸ
ਲੇਖਕ : ਜਾਰਜ ਕਾਰਮਾਈਕਲ ਸਮਿਥ
ਅਨੁਵਾਦਕ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਮਾਨ ਬੁੱਕ ਸਟੋਰ ਪਬਲੀਕੇਸ਼ਨ, ਬਠਿੰਡਾ
ਮੁੱਲ : 400 ਰੁਪਏ, ਸਫ਼ੇ : 240
ਸੰਪਰਕ : 78142-49655

ਇਤਿਹਾਸ ਇਕ ਅਜਿਹਾ ਬਿਰਤਾਂਤ ਹੁੰਦਾ ਹੈ ਜੋ ਲਿਖਣ ਵਾਲਿਆਂ ਦੀ ਮਨਸ਼ਾ ਅਤੇ ਹਿਤਾਂ ਦੇ ਅਧੀਨ ਚਲਦਾ ਹੈ। ਇਸ ਸੂਰਤ ਵਿਚ ਬਿਲਕੁਲ ਸੱਚਾ ਇਤਿਹਾਸ ਕੋਈ ਨਹੀਂ ਹੁੰਦਾ। ਪ੍ਰਮੁੱਖ ਵਿਸ਼ਿਆਂ ਬਾਰੇ ਲਿਖੇ ਪ੍ਰਸਿੱਧ ਇਤਿਹਾਸਾਂ ਦੀ ਵਿਸ਼ਵਾਸਯੋਗਤਾ ਨੂੰ ਬਣਾਉਣ ਵਿਚ ਪਾਠਕਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ, ਪਾਠਕ ਕੇਵਲ ਉਸੇ ਇਤਿਹਾਸ ਨੂੰ ਪੜ੍ਹਨ ਦੀ ਚੋਣ ਕਰਦਾ ਹੈ, ਜੋ ਉਸ ਦੇ ਆਪਣੇ ਪੂਰਵਾਗ੍ਰਹਿਆਂ ਦੀ ਪੁਸ਼ਟੀ ਕਰਦਾ ਹੋਵੇ, ਉਨ੍ਹਾਂ ਉੱਪਰ ਮੋਹਰ ਲਗਾਉਂਦਾ ਹੋਵੇ। ਹਥਲੀ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨਾਲ ਸੰਬੰਧਿਤ ਕੁਝ ਉਨ੍ਹਾਂ ਹਨੇਰੇ ਕੋਨਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜੋ ਇਸ ਕਾਲ ਨੂੰ ਸਮਝਣ ਵਿਚ ਵਧੇਰੇ ਸਹਾਈ ਹੋ ਸਕਦੇ ਹਨ। ਇਸ ਪੁਸਤਕ ਦੀ ਸਮੱਗਰੀ ਨੂੰ ਤਿਆਰ ਕਰਨ ਵਿਚ ਖ਼ਾਲਸਾ ਫ਼ੌਜ ਦੇ ਇਕ ਅਫ਼ਸਰ ਕੈਪਟਨ ਗਾਰਡਨਰ ਦੀਆਂ ਲਿਖਤਾਂ ਅਤੇ ਬਿਆਨਾਂ ਨੂੰ ਆਧਾਰ ਬਣਾਇਆ ਗਿਆ ਹੈ, ਜੋ ਕਈ ਵਰ੍ਹੇ ਅੰਗਰੇਜ਼ ਹਕੂਮਤ ਵੱਲ ਖੁਫ਼ੀਆ ਰਿਪੋਰਟਾਂ ਭੇਜਦਾ ਰਿਹਾ ਸੀ। ਇਨ੍ਹਾਂ ਰਿਪੋਰਟਾਂ ਤੋਂ ਦਰਬਾਰ ਦੇ ਅੰਦਰੂਨੀ ਹਾਲਾਤ ਬਾਰੇ ਕਾਫ਼ੀ ਨਵੀਂ ਜਾਣਕਾਰੀ ਮਿਲਦੀ ਹੈ। ਜਿਵੇਂ : 1. ਸ਼ੇਰ ਸਿੰਘ ਮਹਾਰਾਜੇ ਦਾ ਪੁੱਤਰ ਨਹੀਂ ਸੀ, ਰਾਜਾ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਖ਼ਤਮ ਕਰਨ ਦੀ ਨੀਅਤ ਨਾਲ ਹੀ ਗੱਦੀ 'ਤੇ ਬਿਠਾਇਆ ਸੀ। 2. ਜੇ ਸਿੱਖ ਰਾਜ ਸੁਤੰਤਰ ਰਾਜ ਸੀ ਤਾਂ ਸਾਨੂੰ (ਅੰਗਰੇਜ਼ਾਂ ਨੂੰ), ਉਕਸਾਉਣ ਵਾਲੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਸਨ। 3. ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਿੱਖਾਂ ਨੇ ਸਤਲੁਜ ਪਾਰ ਕਰ ਕੇ ਹਮਲਾ ਕੀਤਾ ਪਰ ਕੀ ਉਸ ਤੋਂ ਪਹਿਲਾਂ ਸੰਧੀ ਰੱਦ ਨਹੀਂ ਹੋ ਚੁੱਕੀ ਸੀ? ਸੰਧੀ, ਰਣਜੀਤ ਸਿੰਘ ਨਾਲ ਸੀ, ਨਵੀਂ ਸਰਕਾਰ ਨਾਲ ਕੋਈ ਸੰਧੀ ਨਹੀਂ ਸੀ...। ਜਾਰਜ ਸਮਿੱਥ ਨੇ ਇਹ ਪੁਸਤਕ ਜਨਵਰੀ 1847 ਵਿਚ ਜਲੰਧਰ ਵਿਖੇ ਮੁਕੰਮਲ ਕੀਤੀ ਸੀ। ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ, ਇਤਿਹਾਸ, ਲਾਹੌਰ ਦਰਬਾਰ ਦੇ ਸਰੂਪ, ਮਹਾਰਾਜ ਸ਼ੇਰ ਸਿੰਘ, ਲਾਹੌਰ ਦਰਬਾਰ ਦੀ ਕਤਲੋਗ਼ਾਰਤ, ਅੰਗਰੇਜ਼ਾਂ ਨਾਲ ਲੜਾਈਆਂ ਅਤੇ ਅਕਾਲੀ ਫੂਲਾ ਸਿੰਘ ਵਰਗੇ ਦਲੇਰ ਅਤੇ ਸੱਚੇ ਅਕਾਲੀਆਂ ਬਾਰੇ ਕਾਫ਼ੀ ਸਟੀਕ ਅਤੇ ਨਵੀਂ ਜਾਣਕਾਰੀ ਹਾਸਲ ਹੁੰਦੀ ਹੈ। ਇਹ ਪੁਸਤਕ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਦੀ ਸਮਾਪਤੀ ਬਾਰੇ ਲਿਖੀ ਇਕ ਮਹੱਤਵਪੂਰਨ ਸਰੋਤ-ਪੁਸਤਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਸਬਰ-ਸੰਤੋਖ ਦਾ ਫ਼ਲ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100ਰੁਪਏ, ਸਫ਼ੇ : 31
ਸੰਪਰਕ : 98764-52223

ਬਾਲ ਸਾਹਿਤ ਵਿਚ ਬਾਲ ਕਹਾਣੀ ਇਕ ਰੌਚਿਕ ਮਾਧਿਅਮ ਹੈ। ਪ੍ਰਾਇਮਰੀ ਤੋਂ ਬਾਅਦ ਮਿਡਲ ਪੱਧਰ ਦੇ ਵਿਦਿਆਰਥੀਆਂ ਨੂੰ ਬਾਲ-ਕਹਾਣੀਆਂ ਪਸੰਦ ਹੁੰਦੀਆਂ ਹਨ। ਕਹਾਣੀਆਂ ਰਾਹੀਂ ਨੈਤਿਕ ਕਦਰਾਂ ਬਾਰੇ ਜਾਣਕਾਰੀ ਦੇਣੀ ਸੌਖੀ ਹੈ। ਬਾਲ ਕਹਾਣੀ ਦਾ ਪ੍ਰਾਰੰਭ ਲੋਕ-ਬਾਤਾਂ ਤੋਂ ਹੁੰਦਾ। ਸਾਡੇ ਬਜ਼ੁਰਗ ਰਾਤੜੀ-ਵੇਲੇ ਬੱਚਿਆਂ ਨੂੰ ਬਾਤਾਂ ਸੁਣਾਉਂਦੇ ਹੁੰਦੇ ਸਨ। ਉਹ ਕਹਾਣੀਆਂ ਰੌਚਿਕ ਹੁੰਦੀਆਂ ਸਨ ਤੇ ਸਿੱਖਿਆਦਾਇਕ ਵੀ। ਪੰਜਾਬੀ ਬਾਲ-ਕਹਾਣੀ ਵੀ ਉਸੀ ਪਰੰਪਰਾ ਤੋਂ ਅਗਾਂਹ ਅਜੋਕੇ ਸਮਿਆਂ ਨਾਲ ਗੱਲ ਕਰਦੀ ਹੈ। ਇਸ ਸੰਦਰਭ ਵਿਚ ਪ੍ਰਿੰ. ਗੋਸਲ ਦੀ ਵਿਚਾਰ ਅਧੀਨ ਬਾਲ-ਕਹਾਣੀਆਂ ਦੀ ਪੁਸਤਕ 'ਸਬਰ ਸੰਤੋਖ ਦਾ ਫ਼ਲ' ਸਾਡਾ ਧਿਆਨ ਖਿੱਚਦੀ ਹੈ। ਇਸ ਪੁਸਤਕ ਵਿਚ ਕੁੱਲ ਅੱਠ ਕਹਾਣੀਆਂ ਹਨ। 'ਅੱਗ ਲਗਾਊ ਮਹਾਤਮਾ' 'ਚ ਬਾਬੇ ਨਾਨਕ ਰਾਹੀਂ ਮਰਦਾਨੇ ਨਾਲ ਮਹਾਤਮਾ ਹੰਕਾਰੀ ਦੇ ਅੱਗ ਨਾਲ ਹਮਲਾ ਕਰਨ ਦੀ ਸਾਖੀ ਨੂੰ ਬਿਆਨਿਆ ਗਿਆ ਹੈ ਤੇ ਸਬਰ ਤੇ ਹਲੀਮੀ ਦੀ ਸਿੱਖਿਆ ਦਿੱਤੀ ਗਈ ਹੈ। 'ਦੋ ਬਿੱਲੀਆਂ ਵਾਲਾ ਇਨਸਾਫ਼' ਜੰਗਲੀ-ਜਾਨਵਰਾਂ ਸੱਪ, ਨਿਊਲੇ ਤੇ ਬਾਂਦਰ ਰਾਹੀਂ ਇਨਸਾਫ਼ ਕਰਨ ਦੀ ਵਿਧੀ ਨੂੰ ਵਰਨਣ ਕੀਤਾ ਗਿਆ 'ਦੋ ਸੁੱਕੀਆਂ ਰੋਟੀਆਂ ਦਾ ਮੁੱਲ' 'ਚ ਹੰਕਾਰੀ-ਜੋਤਸ਼ੀ ਨੂੰ ਮਹਾਤਮਾ ਦੀ ਸਿੱਖਿਆ ਦੇ ਕੇ ਠੀਕ ਕਰਦੇ ਹਨ। ਕਿਸੇ ਭੁੱਖ ਗ਼ਰੀਬ ਨੂੰ ਦਿੱਤੀਆਂ ਰੋਟੀਆਂ ਦਾ ਮੁੱਲ ਅਨੰਤ ਹੁੰਦਾ ਹੈ। 'ਏਕੇ ਦੀ ਬਰਕਤ' ਨਾਂਅ ਹੀ ਸਪੱਸ਼ਟ ਕਰਦਾ ਹੈ। ਕਹਾਣੀ 'ਚ ਝੋਟਿਆਂ ਦੀ ਏਕਤਾ ਜ਼ਾਲਮ ਸ਼ੇਰ ਨੂੰ ਹਰਾ ਦਿੰਦੀ ਹੈ। 'ਕੌੜੀ ਜ਼ੁਬਾਨ ਮੰਦੇ ਬੋਲ' 'ਚ ਸੇਠ ਨੂੰ ਸਮਝ ਆ ਗਈ ਕਿ ਬੰਦੇ ਦਾ ਸੁਭਾਅ ਹੀ ਕਿਸੇ ਧਾਰਮਿਕ ਯਾਤਰਾ ਤੋਂ ਵੱਧ ਮਹੱਤਵਪੂਰਨ ਹੈ। 'ਰੁੱਖ ਤੇ ਬੁੱਕ ਸਮਾਗਮ' 'ਚ ਚੰਡੀਗੜ੍ਹ ਸਕੂਲ ਦੇ ਸਮਾਗਮ ਰਾਹੀਂ ਫਲਦਾਰ ਰੁੱਖ ਲਾਉਣ ਦੀ ਪ੍ਰੇਰਨਾ ਦਿੱਤੀ ਗਈ। 'ਸਬਰ-ਸੰਤੋਖ ਅਤੇ ਇਮਾਨਦਾਰੀ ਦਾ ਸੁਮੇਲ' ਕਹਾਣੀ 'ਚ ਇਕ ਬਾਲੜ੍ਹੀ ਦੀ ਇਮਾਨਾਦਰੀ ਅਤੇ ਸਚਿਆਈ ਰੋਟੀ 'ਚੋਂ ਸੋਨੇ ਦੀ ਮੋਹਰ ਮੋੜਨ ਦੀ ਘਟਨਾ ਹੈ ਇਸ ਦੇ ਫਲਸਰੂਪ ਰਾਜਾ ਉਸ ਨੂੰ ਮਹਿਲਾਂ ਦੀ ਰਾਣੀ ਬਣਾ ਦਿੰਦਾ ਹੈ। ਬਜ਼ੁਰਗਾਂ ਦੀ ਸਿੱਖਿਆ ਰੰਗ ਲਿਆਉਂਦੀ। 'ਚਿੜੀ ਕਾਂ ਦੀ ਨਵੀਂ ਕਹਾਣੀ' ਨਵੇਂ ਸੰਕਲਪ ਸਿਰਦਰਦੀ। ਪੁਰਾਣੇ ਤੱਤਾਂ ਨੂੰ ਨਵੇਂ ਅਰਥ ਦਿੱਤੇ ਗਏ ਹਨ। ਮਿਹਨਤੀ ਚਿੜੀ ਜਿੱਤਦੀ ਤੇ ਚੰਨ ਉੱਪਰ ਮਕਾਨ ਬਣਾ ਲੈਂਦੀ ਹੈ ਤੇ ਆਲਸੀ ਕਾਂ ਧਰਤੀ 'ਤੇ ਪ੍ਰਦੂਸ਼ਣ ਕਾਰਨ ਮਰ ਜਾਂਦਾ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

14-01-2024

ਆਪਣਿਆਂ ਦੇ ਸਨੇਹ ਨਾਲ ਬੁਣੀ ਗਈ ਫੁਲਕਾਰੀ 'ਦ ਮਿਦਾਸ ਟੱਚ'


ਪੰਜਾਬੀ ਸਮਾਜ ਅਤੇ ਕੌਮ ਦੇ ਇਕ ਅਹਿਮ ਸ਼ਖ਼ਸੀਅਤ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਦੇ ਨਿੱਜੀ ਵਿਚਾਰਾਂ ਨੂੰ ਲੈ ਕੇ ਅੰਗਰੇਜ਼ੀ ਵਿਚ ਲਿਖੀ ਗਈ ਪੁਸਤਕ 'ਐਨ ਇੰਸਪਾਇਰਡ ਲਾਈਫ਼ ਦ ਮਿਦਾਸ ਟੱਚ' ਆਪਣੀ ਵਰਣਾਤਮਿਕ ਸ਼ੈਲੀ ਅਤੇ ਅੰਤਰੰਗਤਾ ਨੂੰ ਲੈ ਕੇ ਕਾਫ਼ੀ ਚਰਚਿਤ ਬਣੀ ਹੈ।
ਇਸ ਤਰ੍ਹਾਂ ਇਸ ਲਈ ਕਿ ਇਸ ਵਿਚ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਦੇ ਜੀਵਨ ਬਿਰਤਾਂਤ ਦੇ ਵੱਖ-ਵੱਖ ਪੱਖਾਂ ਨੂੰ ਲੈ ਕੇ ਖ਼ੁਦ ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਬੇਟਿਆਂ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ, ਸੰਬੰਧੀਆਂ ਦੇ ਉਨ੍ਹਾਂ ਬਾਰੇ ਪ੍ਰਗਟ ਕੀਤੇ ਗਏ ਵਿਚਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ 'ਦ ਮਿਦਾਸ ਟੱਚ' ਵੱਖ-ਵੱਖ ਖ਼ੁਸ਼ਬੂਆਂ ਵਾਲੇ ਫੁੱਲਾਂ ਦਾ ਸਮੂਹ ਹੈ। ਇਹ ਇਕ ਇਸ ਤਰ੍ਹਾਂ ਦੇ ਦਰੱਖਤ ਦੀ ਮਾਨਿੰਦ ਵੀ ਹੈ ਜਿਸ ਨੇ ਪਹਿਲਾਂ ਖ਼ੁਦ ਇਕ ਮਜ਼ਬੂਤ ਤਣੇ ਤੋਂ ਪੈਦਾ ਹੋਈਆਂ ਸ਼ਾਖਾਵਾਂ, ਟਹਿਣੀਆਂ ਅਤੇ ਫੁੱਲ-ਪੱਤੀਆਂ ਨੂੰ ਸੁਰੱਖਿਆ ਦਿੱਤੀ ਹੋਵੇ ਅਤੇ ਫਿਰ ਇਨ੍ਹਾਂ ਫੁੱਲ-ਪੱਤੀਆਂ ਨੇ ਆਪਣੀ ਖ਼ੁਸ਼ਬੂ ਤੋਂ ਮੁੜ ਦਰੱਖਤ ਨੂੰ ਸਰਾਬੋਰ ਕਰ ਦਿੱਤਾ ਹੋਵੇ।
ਪੁਸਤਕ ਵਿਚ ਵਰਣਿਤ ਤੱਥਾਂ ਅਤੇ ਕਥਨਾਂ ਅਨੁਸਾਰ ਇਸ ਪਰਿਵਾਰਕ ਦਰੱਖਤ ਦੀ ਨੀਂਹ ਅੱਖਾਂ ਦੇ ਮਾਹਿਰ ਰਹੇ ਡਾ. ਮਾਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰਦਾਰਨੀ ਅਜੀਤ ਕੌਰ ਨੇ ਰੱਖੀ। ਇਨ੍ਹਾਂ ਦੇ ਪੁੱਤਰ-ਪੁੱਤਰੀਆਂ ਦੇ ਅੱਠ ਮੈਂਬਰਾਂ ਵਿਚੋਂ ਅੱਗੇ ਇਕ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਦੇ ਦੋ ਪੁੱਤਰਾਂ ਇੰਜੀਨੀਅਰ ਰਤਨ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ. ਦਮਨਪ੍ਰੀਤ ਕੌਰ ਅਤੇ ਸਹਾਇਕ ਪ੍ਰੋਫ਼ੈਸਰ ਡਾ. ਹਰਨੂਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ. ਸ਼ਿਲਪਾ ਸਿੰਘ ਐਮ. ਡੀ. ਅਤੇ ਇਨ੍ਹਾਂ ਦੀ ਅਗਲੀ ਪੀੜ੍ਹੀ ਅਰਮਾਨ ਸਿੰਘ, ਯਸ਼ਪਾਲ ਸਿੰਘ ਅਤੇ ਸਿਮਰਨ ਨੇ ਇਸ ਨੂੰ ਪੂਰਾ ਆਕਾਰ ਦਿੱਤਾ ਹੈ। ਇਕ ਨਿਤਾਂਤ ਪਰਿਵਾਰਕ ਸਮਾਰੋਹ ਵਿਚ ਲੰਘੇ ਸਾਲ 20 ਦਸੰਬਰ 2023 ਨੂੰ ਉਨ੍ਹਾਂ ਦੇ ਛੋਟੇ ਸਪੁੱਤਰ ਹਰਨੂਰ ਸਿੰਘ ਨੇ ਇਸ ਪੁਸਤਕ ਦੀ ਇਕ ਕਾਪੀ ਉਦਘਾਟਨ ਵਜੋਂ ਆਪਣੇ ਪਿਤਾ ਜੀ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੂੰ ਸਨਮਾਨ ਸਹਿਤ ਭੇਟ ਕੀਤੀ। ਪੁਸਤਕ ਬਿਨਾਂ ਸ਼ੱਕ ਸੁਪਨਿਆਂ ਦੇ ਬੁਣੇ ਜਾਣ ਅਤੇ ਫਿਰ ਉਨ੍ਹਾਂ ਦੇ ਪੂਰਨ ਹੋਣ ਤੱਕ ਦੇ ਸਫ਼ਰ ਦਰਮਿਆਨ ਧਾਰਨ ਕੀਤੀ ਗਈ ਸਹਿਣਸ਼ੀਲਤਾ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕਰਦੀ ਹੈ। ਉਨ੍ਹਾਂ ਦੀ ਉਮਰ ਤੋਂ ਵੀ ਵਧੇਰੇ ਉਨ੍ਹਾਂ ਦੇ ਗੁਣਾਂ ਨੂੰ ਦਰਸਾਉਂਦੀ ਇਹ ਪੁਸਤਕ ਪਰਿਵਾਰਕ ਮਾਹੌਲ ਦੇ ਸੁਖਾਂਤਕ ਪੱਖ ਨੂੰ ਬੜੇ ਸਾਦੇ ਢੰਗ ਨਾਲ ਪੇਸ਼ ਕਰਦੀ ਹੈ। ਬਿਨਾਂ ਸ਼ੱਕ ਜਿਸ ਨਿਪੁੰਨਤਾ ਨਾਲ ਇੰਜ: ਸੁਰਿੰਦਰ ਸਿੰਘ ਵਿਰਦੀ ਨੇ ਇਸ ਪਰਿਵਾਰਕ ਦਰੱਖਤ ਨੂੰ ਸਿੰਜਿਆ, ਉਸੇ ਤਰ੍ਹਾਂ ਅਥਾਹ ਸਨੇਹ ਅਤੇ ਆਪਣੇਪਨ ਨਾਲ ਇਸ ਦਰੱਖਤ ਦੀਆਂ ਫੁੱਲ-ਪੱਤੀਆਂ ਨੇ ਵਿਆਜ ਸਮੇਤ ਇਸ ਕਰਜ਼ ਨੂੰ ਉਤਾਰਿਆ ਹੈ। ਆਪਣੀ ਔਲਾਦ, ਆਪਣੇ ਪਰਿਵਾਰਕ ਮੁਆਸ਼ਿਰੇ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜ ਨਾਲ ਜੁੜੇ ਲੋਕਾਂ ਵਲੋਂ ਪ੍ਰਗਟ ਕੀਤੇ ਗਏ ਗੂੜ੍ਹੇ ਅਤੇ ਸਨੇਹ ਭਰਪੂਰ ਭਾਵਨਾਵਾਂ ਦੇ ਰੰਗ-ਬਿਰੰਗੇ ਧਾਗਿਆਂ ਨਾਲ ਬੁਣੀ ਗਈ ਇਹ ਫੁਲਕਾਰੀ ਉਨ੍ਹਾਂ ਦੇ ਆਪਣਿਆਂ ਦੀਆਂ ਪਰਿਵਾਰਕ ਲਾਇਬ੍ਰੇਰੀਆਂ ਵਿਚ ਸੰਭਾਲ ਕੇ ਰੱਖੀ ਜਾਣ ਵਾਲੀ ਪੁਸਤਕ ਬਣੀ ਹੈ। ਪੁਸਤਕ ਵਿਚ ਵਿਰਦੀ ਜੀ ਨਾਲ ਸੰਬੰਧਿਤ ਚਿੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਛਪੇ ਚਿੱਤਰਾਂ ਨੇ ਇਸ ਦੇ ਸੁੰਦਰਤਾ ਪੱਖ ਨੂੰ ਨਿਖਾਰ ਪ੍ਰਦਾਨ ਕੀਤਾ ਹੈ। ਵਰਣਨ ਦੀ ਸਾਦਗੀ ਭਾਸ਼ਾਵਾਂ ਦੀ ਦੀਵਾਰ ਨੂੰ ਲੰਘ ਜਾਂਦੀ ਹੈ।


-ਸਿਮਰ ਸਦੋਸ਼
ਮੋਬਾਈਲ : 94177-56262


ਜ਼ਿੰਦਗੀ ਦੇ ਅੰਗ-ਸੰਗ
ਲੇਖਕ : ਲੋਕ ਨਾਥ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 98
ਸੰਪਰਕ : 94171-76877


ਲੋਕ ਨਾਥ ਸ਼ਰਮਾ, ਬਹੁਮੁਖੀ ਗਿਆਨ ਦੇ ਵਿਦਵਾਨ ਪੁਰਸ਼ ਹਨ, ਜ਼ਿੰਦਗੀ ਦੇ ਅੰਗ-ਸੰਗ ਆਪ ਦੀ ਨਿਬੰਧਾਂ ਦੀ ਪੁਸਤਕ 'ਜ਼ਿੰਦਗੀ ਨੂੰ ਕਲਾਤਮਿਕ ਸਹਿਜਾਤਮ ਅਤੇ ਸਹਿਜਾਤਮ ਜਿਊਣ ਦੀ ਅਭਿਲਾਸ਼ਾ ਕਰਦੇ ਪਾਠਕਾਂ ਲਈ ਵਡਮੁੱਲੀ ਦਾਤ, ਸੁਗਾਤ ਹੈ। 'ਤਤਕਰੇ' ਤੋਂ ਪਤਾ ਲਗਦਾ ਹੈ ਕਿ ਇਸ ਵਿਚ ਤਿੰਨ ਦਰਜਨ ਤੋਂ ਦੋ ਨਿਬੰਧ ਉੱਪਰ ਹਨ, ਜਿਨ੍ਹਾਂ ਸਾਰਿਆਂ ਅੰਦਰ 'ਚੜ੍ਹਦੀ ਕਲਾ ਦਾ ਸੰਕਲਪ ਹੈ, ਜੀਓ ਤੇ ਜੀਣ ਦਿਓ' ਦਾ ਸੁਨੇਹੜਾ ਹੈ। ਇਕਾਗਰਤਾ ਦਾ ਸੰਕਲਪ ਧਾਰਨ ਕਰਨ ਦੀ ਕਲਾਤਮ-ਜੁਗਤ ਹੈ। ਆਲੋਚਨਾ ਤੋਂ ਸਿੱਖਣ ਦੀ ਦ੍ਰਿਸ਼ਟੀ ਧਾਰਨ ਕਰਨ ਦੇ ਸੁਨੇਹੇ ਹਨ। ਮਹਿਮਾਨ ਨਿਵਾਜੀ ਕਰਨ ਦੀ ਕਲਾ ਸਿੱਖਣ ਦੇ ਫਾਰਮੂਲੇ ਹਨ। ਹੱਸਣ ਮੁਸਕਰਾਉਣ ਦੀ ਕਲਾਤਮਿਕਤਾ ਸਮਝਣ ਦੀ ਮਹੱਤਤਾ ਦੱਸੀ ਗਈ ਹੈ। ਕੌਮ ਤੋਂ ਬਗ਼ੈਰ ਬੰਦਾ ਕਿਵੇਂ ਅਨੁਭਵ ਕਰਦਾ ਹੈ। ਤਜਰਬਿਆਂ ਲਈ ਵੀ ਅਕਲ ਦੀ ਲੋੜ ਹੈ। ਪ੍ਰਸੰਸਾ ਕਰਨੀ ਤੇ ਸੁਣਨੀ ਔਖੀ ਲਗਦੀ ਹੈ। ਬ੍ਰੇਕ ਜ਼ਰੂਰੀ ਹੈ। ਹੇ ਕੁਰਸੀ! ਤੈਨੂੰ ਸਲਾਮ, ਪੈਸਾ ਕਿ ਦੋਸਤ, ਬਦਲ ਗਿਆ ਇਨਸਾਨ, ਕਿੰਨਾ? ਮੌਸਮ ਅੱਜਕਲ੍ਹ ਦਾ, ਤਿੰਨ ਰੰਗ ਨਹੀਂ ਲੱਭਣੇ, ਅਸਫ਼ਲਤਾ ਕਿਉਂ? ਸਫ਼ਲਤਾ ਕਿਵੇਂ ਆਦਿ ਜੋ ਨਿਬੰਧ ਹਨ, ਉਨ੍ਹਾਂ ਵਿਚ ਧਾਰਨ ਕੀਤੀ ਦ੍ਰਿਸ਼ਟੀ ਦੇ ਆਧਾਰੀ-ਤੱਤ, ਪ੍ਰਗਤੀਵਾਦੀ ਅਥਵਾ ਚੜ੍ਹਦੀ ਕਲਾ ਦਾ ਸੰਕਲਪ ਹੈ। ਮਾਯੂਸੀ, ਦਲਿਦਰਪੁਣਾ, ਨਿਰਾਸ਼ਾ, ਰੋਣਾ, ਪਿੱਟਣਾ, ਮਾਯੂਸ ਹੋ ਕੇ ਨਸ਼ੇ ਕਰਨਾ, ਲੁੱਟਣਾ ਖੋਹਣਾ, ਤੋਂ ਵਿਅਕਤੀ ਕਦੇ ਕੁਝ ਪ੍ਰਾਪਤ ਨਹੀਂ ਕਰ ਸਕਦਾ, ਬਲਕਿ ਡਰ, ਨਿਰਾਸ਼ਾ, ਚਿੰਤਾ, ਬੁਜ਼ਦਿਲੀ ਹੀ ਪ੍ਰਾਪਤ ਕਰਦਾ ਹੈ। ਲੋਕ ਨਾਥ ਸ਼ਰਮਾ ਨੇ ਇਨ੍ਹਾਂ ਨਿਬੰਧਾਂ ਰਾਹੀਂ ਜਿਥੇ ਜੀਣ-ਥੀਣ ਦੀ ਕਲਾ ਸਿਖਾਈ ਹੈ, ਉਥੇ ਸਾਕਾਰਾਤਮਿਕ ਉੱਦਮੀ, ਸੇਵਕ-ਸ਼ਹਿਰੀ ਬਣਨ ਦੀਆਂ ਸੁਨੀਤੀਆਂ ਗ੍ਰਹਿਣ ਕਰਨ ਦੇ ਗੁਣ ਵੀ ਦੱਸੇ ਹਨ। ਜਿਉਂ-ਜਿਉਂ ਪੁਸਤਕ ਦੇ ਨਿਬੰਧਾਂ ਦਾ ਪਾਠ ਕਰੋਗੇ, ਆਪਣੇ ਤਨ-ਮਨ, ਬੁੱਧੀ ਅੰਦਰ ਅਕਸੀਰ-ਸ਼ਕਤੀ ਦਾ ਆਪਣੇ ਤਨ-ਮਨ ਅੰਦਰ ਸੰਚਾਰਨ ਸੰਚਾਲਨ ਹੁੰਦਾ ਅਨੁਭਵ ਕਰੋਗੇ।


-ਡਾ. ਅਮਰ ਕੋਮਲ
ਮੋਬਾਈਲ : 84378-73565
c c c


ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ
ਲੇਖਕ : ਵਿਲੀਅਮ ਜੀ. ਆਸਬੋਰਨ
ਅਨੁਵਾਦ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਮਾਨ ਬੁੱਕ ਸਟੋਰ ਪਬਲੀਕੇਸ਼ਨ, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 78142-49655


ਪ੍ਰੋ. ਜਸਪਾਲ ਘਈ ਨੇ ਕਾਲਜ ਵਿਚੋਂ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾਮੁਕਤੀ ਉਪਰੰਤ ਵੀ ਮੌਲਿਕ ਅਤੇ ਅਨੁਵਾਦਿਤ ਸਾਹਿਤ ਦੀ ਸਿਰਜਣਾ ਦਾ ਕਾਰਜ ਪੂਰੀ ਸਿਦਕਦਿਲੀ ਨਾਲ ਜਾਰੀ ਰੱਖਿਆ ਹੋਇਆ ਹੈ। ਹਥਲੀ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਰਾਜ-ਪ੍ਰਬੰਧ ਸੰਬੰਧੀ ਇਕ ਅੰਗਰੇਜ਼ ਅਫ਼ਸਰ ਵਿਲੀਅਮ ਜਾਰਜ ਆਸਬੋਰਨ ਵਲੋਂ ਲਿਖੀ ਇਕ ਪੁਸਤਕ ਦਾ ਅਨੁਵਾਦ ਸੁਲੱਭ ਹੈ। ਆਸਬੋਰਨ ਆਪਣੇ ਵੇਲੇ ਦੇ ਗਵਰਨਰ ਜਨਰਲ ਲਾਰਡ ਆਕਲੈਂਡ (1836-1842) ਦਾ ਮਿਲਟਰੀ-ਸਕੱਤਰ ਸੀ। ਉਸ ਨੂੰ ਮਈ 1938 ਵਿਚ ਮਹਾਰਾਜੇ ਦੀ ਆਗਿਆ ਅਨੁਸਾਰ ਲਾਹੌਰ ਦਰਬਾਰ ਵਿਚ ਭੇਜਿਆ ਗਿਆ, ਜਿਥੇ ਉਹ ਜੁਲਾਈ ਮਹੀਨੇ ਤੱਕ ਰਿਹਾ। ਇਨ੍ਹਾਂ ਦੋ-ਤਿੰਨ ਮਹੀਨਿਆਂ ਦੇ ਪ੍ਰਭਾਵਾਂ ਨੂੰ ਆਸਬੋਰਨ ਨੇ ਇਕ ਡਾਇਰੀ/ਰੋਜ਼ਨਾਮਚੇ ਦੇ ਰੂਪ ਵਿਚ ਲਿਖਿਆ ਹੈ। ਸੰਖੇਪ ਹੋਣ ਦੇ ਬਾਵਜੂਦ ਇਸ ਵਿਚ ਦਿੱਤੇ ਗਏ ਵੇਰਵੇ ਕਾਫ਼ੀ ਮੁੱਲਵਾਨ ਹਨ।
ਮਹਾਰਾਜਾ ਰਣਜੀਤ ਸਿੰਘ ਇਕ ਬਹੁਤ ਸ਼ਕਤੀਸ਼ਾਲੀ ਅਤੇ ਦੂਰਅੰਦੇਸ਼ ਰਾਜਾ ਸੀ, ਜਿਸ ਨੇ ਸਿੱਖ ਰਾਜ ਦਾ ਪੰਜਾਬ, ਜੰਮੂ-ਕਸ਼ਮੀਰ ਅਤੇ ਪਿਸ਼ਾਵਰ-ਜਮਰੌਦ ਤੱਕ ਵਿਸਤਾਰ ਕਰ ਦਿੱਤਾ ਸੀ। ਉਹ ਹਠਧਰਮੀ ਰਾਜਾ ਨਹੀਂ ਸੀ ਬਲਕਿ ਪਰਿਸਥਿਤੀਆਂ ਦੀ ਮੰਗ ਅਨੁਸਾਰ ਫ਼ੈਸਲੇ ਲੈਂਦਾ ਸੀ। ਉਸ ਦੇ ਰਾਜ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਵਿਅਕਤੀ ਆਪੋ-ਆਪਣੀ ਯੋਗਤਾ ਅਨੁਸਾਰ ਮਿਲ-ਜੁਲ ਕੇ ਕੰਮ ਕਰਦੇ ਸਨ। ਉਸ ਨੇ ਆਪਣੀ ਸੈਨਾ ਨੂੰ ਯੂਰਪੀ ਢੰਗ ਦੀ ਸਿੱਖਿਆ ਦੇ ਰੱਖੀ ਸੀ। ਇਹੀ ਕਾਰਨ ਸੀ ਕਿ ਉਸ ਦੀ ਫ਼ੌਜ ਨਿਰੰਤਰ ਜਿੱਤਾਂ ਪ੍ਰਾਪਤ ਕਰਦੀ ਰਹੀ। ਉਹ ਆਪਣੇ ਜਾਨਸ਼ੀਨਾਂ ਨੂੰ ਰਾਜ ਪ੍ਰਬੰਧ ਵਿਚ ਦਖਲਅੰਦਾਜ਼ੀ ਨਹੀਂ ਸੀ ਕਰਨ ਦਿੰਦਾ, ਜਿਸ ਕਾਰਨ ਉਸ ਦੇ ਜਾਨਸ਼ੀਨ ਅਯੋਗ ਰਹਿ ਗਏ। ਮਹਾਰਾਜੇ ਉਪਰੰਤ ਕੁਝ ਵਰ੍ਹਿਆਂ ਵਿਚ ਹੀ ਉਸ ਦਾ ਵਿਸ਼ਾਲ ਰਾਜ ਖ਼ਤਮ ਹੋ ਗਿਆ। ਵਿਲੀਅਮ ਆਸਬੋਰਨ ਦੀ ਇਸ ਪੁਸਤਕ ਤੋਂ ਸਾਡੇ ਇਤਿਹਾਸਕਾਰ ਕਾਫ਼ੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਮਹਾਰਾਜੇ ਬਾਰੇ ਅਜੇ ਹੋਰ ਡੂੰਘੀ ਖੋਜ ਕਰਨ ਦੀ ਜ਼ਰੂਰਤ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਰੁੰਡ ਮਰੁੰਡੇ ਬਿਰਖ
ਗ਼ਜ਼ਲਕਾਰ : ਅਮਨਦੀਪ ਸਿੰਘ ਅਮਨ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 115
ਸੰਪਰਕ : 91158-72450


ਪ੍ਰਸਿੱਧ ਸਾਹਿਤਕਾਰ ਅਤੇ ਸੰਵੇਦਨਸ਼ੀਲ ਸ਼ਿਅਰ ਸਿਰਜਕ ਅਮਨਦੀਪ ਸਿੰਘ ਅਮਨ ਦੀ ਇਹ ਪੰਜਵੀਂ ਸਾਹਿਤਕ ਕਿਤਾਬ ਹੈ, ਜਿਨ੍ਹਾਂ ਵਿਚ ਇਕ ਨਾਵਲ, ਇਕ ਕਾਵਿ-ਸੰਗ੍ਰਹਿ ਅਤੇ ਹਥਲੇ ਗ਼ਜ਼ਲ ਸੰਗ੍ਰਹਿ ਸਮੇਤ ਤਿੰਨ ਗ਼ਜ਼ਲ ਸੰਗ੍ਰਹਿ ਹਨ, 'ਪੌਣਾਂ ਦਾ ਸਿਮਰਨ' ਅਤੇ 'ਕੁਦਰਤ' ਗ਼ਜ਼ਲ ਸੰਗ੍ਰਹਿਆਂ ਨਾਲ ਸ਼ਾਇਰ ਅਮਨ ਇਕ ਸੰਵੇਦਨਸ਼ੀਲ ਅਤੇ ਨਵਭਾਵਬੋਧਕ ਸ਼ਾਇਰ ਵਜੋਂ ਗ਼ਜ਼ਲ ਸੰਸਾਰ ਵਿਚ ਸਥਾਪਿਤ ਹੋ ਗਿਆ ਸੀ। ਪੁਸਤਕ ਤਤਕਰਾ ਵਿਹੀਨ ਹੈ ਅਤੇ ਕਿਸੇ ਵੀ ਗ਼ਜ਼ਲ ਸੰਸਾਰ ਦਾ ਨਾ ਤਾਂ ਨਾਮਕਰਨ ਕੀਤਾ ਗਿਆ ਹੈ ਅਤੇ ਨਾ ਹੀ ਗ਼ਜ਼ਲ ਨੰਬਰ ਹਨ। ਅਲਬੱਤਾ ਇਸ ਗ਼ਜ਼ਲ ਸੰਗ੍ਰਹਿ ਦੇ 115 ਸਫ਼ਿਆਂ ਵਿਚ 108 ਗ਼ਜ਼ਲਾਂ ਮਹਿਕਦੀਆਂ ਹਨ। ਉਸ ਦੇ ਸ਼ਿਅਰ ਜਿਥੇ ਪੁਰ ਅਹਿਸਾਸ ਸਨ ਉਥੇ ਰੂਪ ਸਰੂਪ ਵਿਚ ਵੀ ਪਰਿਪੂਰਨ ਹਨ। ਉਸ ਦੇ ਬਹਿਰ, ਛੰਦ, ਮਕਤੇ, ਮਤਲੇ, ਕਾਫੀਏ ਅਤੇ ਰਦੀਫ ਸ਼ਗੁਫਤਾ ਹਨ। ਸਾਰੀਆਂ ਗ਼ਜ਼ਲਾਂ ਹੀ ਲੈਯੁਕਤ ਅਤੇ ਸ਼ਬਦ ਜੜ੍ਹਤ ਵਿਚ ਸੁੰਦਰ ਹਨ। ਉਸ ਦਾ ਇਕ-ਇਕ ਸ਼ਿਅਰ ਡੂੰਘੀ ਕਹਾਣੀ ਦਾ ਲਖਾਇਕ ਹੈ। ਕੁਝ ਸ਼ਿਅਰ ਵੇਖੋ :
-ਤੇਰੇ ਤੋਂ ਆਪਣੀ ਪੈਲੀ ਕਦੇ ਵੀ ਸਾਂਭ ਨਾ ਹੋਈ,
ਨਿਗ੍ਹਾ ਪਰ ਸ਼ਾਮਲਾਟਾਂ ਤੇ ਸਦਾ ਗਡਦਾ ਰਿਹਾ ਏਂ ਤੂੰ (ਸਫ਼ਾ 7)
-ਜੋਗੀਆਂ ਦੇ ਮਣਕਿਆਂ ਤੋਂ ਚੂਸਿਆ ਨਾ ਜ਼ਹਿਰ ਜਾਂਦਾ
ਦੋਗਲੇ ਨਾਗਾਂ ਨੇ ਆਪਣੇ ਡੰਗ ਬਦਲੇ ਮੈਂ ਕੀ ਆਖਾਂ (9)
-ਮਕਾਨਾਂ ਦੇ ਘਰਾਂ ਦਾ ਨਾਮ ਦੇਵਾਂ ਤਾਂ ਕਿਵੇਂ ਦੇਵਾਂ?
ਮੈਂ ਉੱਲੂ ਬੈਠਦੇ ਵੇਖੇ ਇਨ੍ਹਾਂ ਦੇ ਤਾਂ ਬਨੇਰੇ 'ਤੇ (10)
-ਇਹ ਕਿਸ ਤਰ੍ਹਾਂ ਦਾ ਅੰਬਰੀਂ ਧੂੰਆਂ ਚੜ੍ਹੀ ਜਾਵੇ ਨੀ ਮਾਂ,
ਅਗਨੀ ਬਿਨਾਂ ਆਲਾ ਦੁਆਲਾ ਸੜੀ ਜਾਵੇ ਨੀ ਮਾਂ।
(44)
-ਮੈਂ ਗ਼ਜ਼ਲ ਦੀ ਪੈੜ ਨੱਪੀ ਥਾਂ ਕੁਥਾਂ ਜਾ ਕੇ ਵੀ ਪਰ,
ਹੁਣ ਅਮਨ ਉਹ ਆਪ ਆਉਂਦੀ ਚਲ ਕੇ ਮੇਰੇ ਪਾਸ ਹੈ
(45)
-ਉਹ ਆਖਦੇ ਨੇ ਡਿਗਰੀਆਂ ਪੜ੍ਹ ਪੜ੍ਹ ਕੇ ਲਈਆਂ ਨੇ ਅਸੀਂ,
ਪਰ ਇਕ ਇਬਾਰਤ ਅੱਖ ਦੀ ਪੜ੍ਹ ਵੀ ਨਾ ਬੁੱਝੇ ਕੀ ਕਰਾਂ। (43)
-ਚੋਰ ਪਹਿਰੇਦਾਰ ਜਿਥੇ ਵੀ ਕਿਤੇ ਇਕ ਜੁੱਟ ਹੋਵਣ,
ਓਸ ਨਗਰੀ ਦੇ ਬਸ਼ਿੰਦੇ ਦਿਨ ਦਿਹਾੜੇ ਲੁੱਟ ਹੋਵਣ। (46)
-ਪੁੰਨ ਤੇਰੇ ਕੀਤਿਆਂ ਨੂੰ
ਜਾਣਦਾ ਹੈ ਕੁਲ ਜਹਾਨ,
ਬੈਠ ਸ਼ੀਸ਼ੇ ਸਾਹਮਣੇ ਸ਼ੀਸ਼ੇ ਤੋਂ
ਆਪਣੇ ਆਪ ਸੁਣ
ਅਮਨ ਦੀ ਸ਼ਾਇਰੀ ਵਿਚ ਉਹ ਸਾਰੇ ਗੁਣ ਹਨ ਜੋ ਸਮਕਾਲਿਕ ਸ਼ਾਇਰੀ ਵਿਚ ਸਲਾਹੁਣਯੋਗ ਬਣਦੇ ਹਨ। ਉਹ ਬੜੇ ਸਲੀਕੇ ਨਾਲ ਆਦਮੀ ਤੋਂ ਆਦਮੀ ਦੀ ਲਾਲਚ ਵੱਲ ਵਧਦੀ ਦੂਰੀ, ਰਿਸ਼ਤਿਆਂ ਵਿਚ ਕੁੜੱਤਣ ਅਤੇ ਸਮਾਜ ਵਿਚਲੀ ਵਿਸ਼ੇਸ਼ ਭਾਈਚਾਰਕ ਸਾਂਝ ਦੀ ਅਜੋਕੀ ਸਥਿਤੀ ਨੂੰ ਬਿਆਨ ਕਰਦਾ ਹੈ। ਉਹ ਪਤਾ ਵੀ ਨਹੀਂ ਲਗਦਾ ਕਿ ਧਰਮ ਮਜ਼ਹਬ ਦੇ ਵਿਗਾੜਾਂ ਉੱਤੇ ਮੂਕ ਉਂਗਲ ਚੁੱਕ ਜਾਂਦਾ ਹੈ। ਉਹ ਰਾਜਨੀਤਕ ਦੰਭ ਅਤੇ ਨਿਵਾਣਾਂ ਨੂੰ ਬਹੁਤ ਸਹਿਜ ਨਾਲ ਅਤੇ ਗ਼ਜ਼ਲਾਂ ਦੀ ਜ਼ਬਾਨ ਵਿਚ ਕਿੰਤਯੁਕਤ ਕਰਦਾ ਹੈ। 'ਰੁੰਡ ਮਰੁੰਡੇ ਰੁੱਖ' ਗ਼ਜ਼ਲ-ਸੰਗ੍ਰਹਿ ਨੂੰ ਮੈਂ ਦਿਲ ਤੋਂ ਜੀ ਆਇਆਂ ਕਹਿੰਦਾ ਹਾਂ।


-ਸੁਲੱਖਣ ਸਰਹੱਦੀ
ਮੋਬਾਈਲ : 94174-84337
c c c


ਉੱਗਦੇ ਸੂਰਜ ਦੀ ਅੱਖ

ਲੇਖਕ : ਪ੍ਰੋ. ਜਸਵੰਤ ਸਿੰਘ ਗੰਡਮ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 98766-55055


ਦੋ ਪੁਸਤਕਾਂ 'ਕੁਝ ਤੇਰੀਆਂ ਕੁਝ ਮੇਰੀਆਂ' ਅਤੇ 'ਸੁੱਤੇ ਸ਼ਹਿਰ ਦਾ ਸਫ਼ਰ' ਤੋਂ ਬਾਅਦ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ 'ਉੱਗਦੇ ਸੂਰਜ ਦੀ ਅੱਖ' ਉਸ ਦੀ ਤੀਸਰੀ ਪੁਸਤਕ ਹੈ, ਜਿਸ ਵਿਚ 33 ਲੇਖ ਸ਼ਾਮਿਲ ਹਨ। ਪੁਸਤਕ ਵਿਚ ਵਿਚਾਰਕ ਅਤੇ ਵਿਅੰਗ ਲੇਖਾਂ ਤੋਂ ਇਲਾਵਾ ਫਲਾਂ ਬਾਰੇ ਲੇਖ ਤਾਂ ਸ਼ਾਮਿਲ ਹਨ ਹੀ, ਨਾਲ-ਨਾਲ ਲੇਖਕ ਦੇ ਸ਼ਬਦਾਂ 'ਚ 'ਮਾਂ-ਪਨ ਦੀ ਰੱਬਤਾ ਅਤੇ ਮਾਂ ਦੀ ਕਰਤਾਰੀ ਮਮਤਾ ਦੀ ਮਹਿਮਾ, ਸੂਰਜ-ਚੰਨ ਦੀ ਊਰਜਾ ਤੇ ਪ੍ਰਕਾਸ਼ ਦੀ ਗਾਥਾ ਅਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਲੇਖਾਂ ਤੋਂ ਇਲਾਵਾ ਇਸ ਪੁਸਤਕ ਵਿਚ ਮੇਰੇ ਇਕ ਰੂਹ ਦੇ ਰਿਸ਼ਤੇਦਾਰ (ਸੋਲਮੇਟ) ਸੰਬੰਧੀ ਵੀ ਲੇਖ ਹੈ।'
ਪ੍ਰੋ. ਜਸਵੰਤ ਸਿੰਘ ਗੰਡਮ ਪਾਇਦਾਰ ਵਾਰਤਕ ਲਿਖਣ ਵਾਲਾ ਲੇਖਕ ਹੈ ਅਤੇ ਉਸ ਲੜੀ ਦੇ ਪ੍ਰਸਿੱਧ ਲੇਖਕਾਂ 'ਚ ਖੜ੍ਹਾ ਦਿਸਦਾ ਹੈ, ਜਿਨ੍ਹਾਂ ਨੇ ਪੰਜਾਬੀ ਸਾਹਿਤ ਜਗਤ ਵਿਚ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ। ਬਿਨਾਂ ਸ਼ੱਕ ਗੁਰਬਾਣੀ ਉਸ ਦੀ ਲੇਖਣੀ ਦਾ ਧੁਰਾ ਹੈ।
ਪੰਜਾਬੀਆਂ ਦੀ ਜੀਵਨ ਸ਼ੈਲੀ, ਜੀਵਨ ਜਾਚ, ਬੋਲਬਾਣੀ, ਅਦਬ-ਅਦਾਬ, ਖਾਣ-ਪੀਣ, ਉੱਠਣ-ਬੈਠਣ, ਰੀਤੀ ਰਿਵਾਜ਼, ਮਹਿਮਾਨ-ਨਿਵਾਜ਼ੀ ਨੂੰ ਜਿਸ ਸ਼ਿੱਦਤ ਨਾਲ ਉਸ ਨੇ ਆਪਣੇ ਲੇਖਾਂ ਵਿਚ ਸਿਰਜਿਆ ਹੈ, ਉਹ ਆਪਣੀ ਮਿਸਾਲ ਆਪ ਹੈ। ਬਹੁਤ ਘੱਟ ਲੇਖਕ ਇਹੋ ਜਿਹੇ ਦ੍ਰਿਸ਼ਟੀਕੋਣ ਨਾਲ ਲਿਖਣ ਦਾ ਹੀਆ ਕਰਦੇ ਹਨ। ਕਿਸੇ ਵੀ ਵਿਸ਼ੇ ਨੂੰ ਲੇਖ ਦੇ ਸੀਮਤ ਸ਼ਬਦਾਂ ਵਿਚ ਸਮੇਟਣਾ ਸੌਖਾ ਨਹੀਂ ਹੁੰਦਾ ਅਤੇ ਉਹ ਵੀ ਰੌਚਕ ਢੰਗ ਨਾਲ ਤਾਂ ਕਿ ਪਾਠਕ, ਲੇਖਕ ਕਲਮ ਦੀ ਤੋਰ ਨਾਲ ਤੁਰਦਾ ਰਹੇ।
ਇਕ ਸਧਾਰਨ ਉਦਾਹਰਨ ਵੇਖੋ ਲੇਖਕ ਦੀ ਲੇਖਣੀ ਦੀ, 'ਗੁਠਲੀ ਅੰਬ ਦਾ ਦਿਲ ਹੈ। ਜਿੰਨਾ ਚਿਰ ਇਸ ਵਿਚ ਦੰਦ ਗੱਡ-ਗੱਡ, ਆਪਣਾ ਮੂੰਹ-ਸਿਰ ਅਤੇ ਕੱਪੜੇ ਨਾ ਲਿਬੜਨ ਤਾਂ ਫਿਰ ਕੀ ਚੂਪੇ ਅੰਬ!' ਲੇਖਕ ਹਰ ਵਿਸ਼ੇ ਨੂੰ ਇਵੇਂ ਹੀ ਨਿਭਾਉਂਦਾ ਹੈ, ਹਰ ਵਿਸ਼ੇ 'ਚ ਪੂਰੀ ਤਰ੍ਹਾਂ ਖੁੱਭ ਕੇ। ਲੇਖ ਦਾ ਉਹ ਵਿਸ਼ਾ ਭਾਵੇਂ ਵਿਚਾਰਕ ਹੋਵੇ ਜਾਂ ਫਿਰ ਵਿਅੰਗਮਈ।
'ਮਾਵਾਂ ਠੰਢੀਆਂ ਛਾਵਾਂ', 'ਕਿਰਤ ਵਿਰਤਿ ਕਰ ਧਰਮ ਦੀ', 'ਅੱਖ ਚੁੱਭੀ ਅਮਨ ਦੀ', 'ਕਾਲੇ ਕਾਲੇ ਰਸ-ਭਰੇ ਜਾਮਣੂ', 'ਸਾਗ ਮੱਥੇ ਦੇ ਭਾਗ, ਰੋਟੀ ਬਨਾਮ ਪਰੌਂਠਾ', 'ਬੜੀ ਲੱਸੀ ਹੋਈ ਦਹੀਂ ਦੀ' ਵਰਗੇ ਲੇਖ, ਉਸ ਦੇ ਸਿਰਲੇਖ ਤੋਂ ਹੀ ਲੇਖਕ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਲੇਖਕ ਦੀ ਸਿੱਧੀ-ਸਾਦੀ, ਰਵਾਨਗੀ ਭਰੀ ਬੋਲੀ, ਪਰ ਵਿਚਾਰਾਂ ਨਾਲ ਭਰੀ ਹੋਈ ਦੀ ਉਦਾਹਰਨ, ਵੇਖੋ, 'ਕੁੱਤਾ ਵਫ਼ਾਦਾਰੀ, ਨਿਰਛਲ ਪਿਆਰ, ਮਾਲਕ ਉੱਪਰ ਜਾਨ ਛਿੜਕਣ ਵਾਲਾ ਜਾਨਵਰ ਹੈ।'
ਪ੍ਰੋ. ਜਸਵੰਤ ਸਿੰਘ ਗੰਡਮ ਦੀ ਲੇਖਣੀ ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਗੜੁੰਦ ਹੈ। ਸੰਵਾਦ ਰਚਾਉਂਦੀ ਹੈ। ਜ਼ਿੰਦਗੀ ਜਿਊਣ ਦਾ ਹੁਲਾਰਾ ਦਿੰਦੀ ਹੈ। ਉਸ ਦੀ ਲੇਖਣੀ ਸਮਾਜ, ਇਤਿਹਾਸ ਅਤੇ ਦਰਸ਼ਨ ਦੇ ਦੀਦਾਰੇ ਕਰਵਾਉਂਦੀ ਹੈ। ਇਕ ਇਹੋ ਜਿਹਾ ਵਰਤਾਰਾ ਸਿਰਜਦੀ ਹੈ ਜਿਹੜਾ ਇਹ ਦਰਸਾਉਂਦਾ ਹੈ ਕਿ ਮਨੁੱਖ ਪੈਦਾ ਹੋਣ ਅਤੇ ਸਮਸ਼ਾਨਘਾਟ ਵਿਚ ਜਲ ਬਲ ਜਾਣ ਲਈ ਹੀ ਨਹੀਂ ਜਿਊਂਦਾ ਸਗੋਂ ਉਸ ਦੇ ਜਿਊਣ ਦੇ ਅਰਥ ਵਿਸ਼ਾਲ ਹਨ। ਮਨੁੱਖ ਇਕ ਸਿਰਜਣਾਤਮਿਕ ਮੈਟਾਫਰ ਹੈ, ਕੋਈ ਕੰਧਰੀਂ ਲੁਕਿਆ ਮਨ-ਬਚਨੀ ਸਾਧ ਨਹੀਂ। ਇਹ ਕੋਈ ਪੱਥਰਾਂ ਦੀ ਓਟ 'ਚ ਉੱਗਿਆ ਬਿਨਫਸ਼ਾ ਦਾ ਫੁੱਲ ਵੀ ਨਹੀਂ।
ਪ੍ਰੋ. ਜਸਵੰਤ ਸਿੰਘ ਗੰਡਮ ਸੱਚ ਲਿਖਦਾ ਹੈ। ਭੈੜੀ ਰਾਜਨੀਤੀ ਅਤੇ ਵਿਸ਼ਵੀਕਰਨ ਦੇ ਬਾਜ਼ਾਰੂ ਸੰਕਲਪਾਂ ਦੇ ਉਹ ਪਰਖੱਚੇ ਉਡਾਉਂਦਾ ਹੈ। ਬੇਢੰਗੇ, ਕੁਢੱਬ, ਕਰੂਪ, ਕਰੂਰ, ਕਮੀਨਗੀ ਭਰੇ ਮਨੁੱਖੀ ਵਰਤਾਰੇ ਨੂੰ ਉਹ ਆਪਣੀ ਕਲਮ 'ਚ ਵਿਅੰਗਾਤਮਿਕ ਢੰਗ ਨਾਲ ਇਵੇਂ ਪੇਸ਼ ਕਰਦਾ ਹੈ, ਜਿਵੇਂ ਉਹ ਇਸ ਤਾਣੇ-ਬਾਣੇ ਨੂੰ ਆਪਣੀ ਕਲਮ ਦੇ ਦੰਦਾਂ ਨਾਲ ਖਰੋਚਣਾ ਚਾਹੁੰਦਾ ਹੋਵੇ।
'ਅੱਖ' ਤਾਂ ਹਰ ਲੇਖਕ ਕੋਲ ਹੁੰਦੀ ਹੈ। ਪਰ ਲੇਖਕ ਦੀ ਜਿਹੜੀ ਅੱਖ ਰੂੜੀਵਾਦੀ ਸੋਚ ਨੂੰ ਸੱਟ ਮਾਰਦੀ ਹੈ, ਲੋਕ-ਸੂਝ ਨੂੰ ਪ੍ਰਚੰਡ ਕਰਦੀ ਹੈ, ਉਹ ਹੀ ਅਸਲ ਮਾਅਨਿਆਂ 'ਚ ਪ੍ਰਸੰਗਕ ਸੱਚ ਨੂੰ ਬਿਆਨ ਕਰਦੀ ਹੈ ਅਤੇ ਇਸ ਪ੍ਰਸੰਗਕਤਾ ਦੀ ਸਥਿਤੀ 'ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਲਮ ਇਸੇ ਰਾਹ ਤੁਰਦੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਜਾਣਦਾ ਹੈ ਕਿ ਚਾਨਣ-ਹਨੇਰਾ, ਨਰਮ-ਕਠੋਰ, ਹਾਸਾ-ਹੰਝੂ, ਪੈਲ-ਤੜਫ਼, ਘੁਗੀ-ਮੋਰ, ਸੰਝ-ਭੋਰ ਦੇ ਵਿਰੋਧ ਜੁੱਟ ਇਸ ਦੁਨੀਆ ਦਾ ਸੱਚ ਹਨ। ਇਸੇ ਲਈ ਉਹ ਕਦੇ ਗੰਭੀਰ ਹੁੰਦਾ ਹੈ ਵਿਚਾਰਕ ਲੇਖ ਲਿਖ ਕੇ ਅਤੇ ਕਦੇ ਉਹ ਹੱਸਦਾ ਹੈ (ਆਪਣੇ ਆਪ ਉੱਤੇ ਵੀ) ਵਿਅੰਗ ਲਿਖ ਕੇ ਅਤੇ ਲੋਕਾਂ ਦੇ ਸੁਭਾਅ ਦੀ ਥਾਹ ਪਾਉਂਦਾ ਹੈ। ਅਸਲ 'ਚ ਉਸ ਦਾ ਲਿਖਿਆ ਇਹ ਸਾਹਿਤ ਰੂਪ, ਸਮਾਜਿਕ ਸਰੋਕਾਰ ਨੂੰ ਮਾਨਤਾ ਦੇਣ ਸਮਾਨ ਹੈ। ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਕੁਦਰਤ ਪ੍ਰੇਮੀ ਹੈ। ਚੰਨ, ਤਾਰੇ, ਸੂਰਜ, ਪੌਣ, ਦਿਨ, ਰਾਤ, ਗਰਮੀ, ਸਰਦੀ, ਧਰਤ, ਆਕਾਸ਼ ਅਤੇ ਧਰਤ ਆਕਾਸ਼ 'ਚ ਵਸਦੇ ਪਸ਼ੂ, ਪੰਛੀ, ਜਾਨਵਰ, ਮਨੁੱਖ, ਉਸ ਦੀ ਕਲਮ ਦਾ ਵਿਸ਼ਾ ਬਣੇ ਹਨ। ਉਸ ਦੀ ਧਾਰਨਾ ਹੈ ਕਿ ਜੀਵਨ ਅਤੇ ਰਚਨਾ ਇਕ ਦੂਜੇ ਤੋਂ ਨਖੇੜੇ ਨਹੀਂ ਜਾ ਸਕਦੇ। ਸਾਹਿਤ ਦਾ ਸੋਮਾ ਅਸਲ 'ਚ ਹੈ ਹੀ ਜੀਵਨ ਧਾਰਾ ਦਾ ਵੇਗ।
ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ 'ਉੱਗਦੇ ਸੂਰਜ ਦੀ ਅੱਖ' ਪੰਜਾਬੀ ਵਾਰਤਕ 'ਚ ਨਵੇਂ ਦਿਸਹੱਦੇ ਸਿਰਜਣ ਅਤੇ ਨਵੀਆਂ ਪੈੜਾਂ ਪਾਉਣ ਯੋਗ ਪੁਸਤਕ ਹੈ। ਪੁਸਤਕ 'ਉੱਗਦੇ ਸੂਰਜ ਦੀ ਅੱਖ' ਨੂੰ ਪੰਜਾਬੀ ਸਾਹਿਤ ਜਗਤ 'ਚ ਨਿੱਘੀ 'ਜੀ ਆਇਆਂ'।


-ਗੁਰਮੀਤ ਸਿੰਘ ਪਲਾਹੀ
ਮੋਬਾਈਲ : 98158-02070

06-01-2024

 ਬੁੱਲ੍ਹਾਨਾਮਾ
ਲੇਖਕ : ਡਾ. ਮਨਜ਼ੂਰ ਏਜਾਜ਼
ਅਨੁਵਾਦ : ਮਨਦੀਪ ਸਨੇਹੀ,
ਦੀਪ ਨਿਰਮੋਹੀ ਅਤੇ ਅਸ਼ੋਕ ਕਾਸਿਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 254
ਸੰਪਰਕ : 81468-21400

ਡਾ. ਮਨਜ਼ੂਰ ਏਜਾਜ਼ ਪੱਛਮੀ ਪੰਜਾਬ ਦਾ ਇਕ ਪ੍ਰਮੁੱਖ ਚਿੰਤਕ ਤੇ ਇਤਿਹਾਸਕਾਰ ਹੈ। ਉਹ ਹੇਗਲ ਅਤੇ ਮਾਰਕਸ ਦੇ ਦਵੰਦਾਤਮਕ ਭੌਤਿਕਵਾਦ ਨੂੰ ਆਧਾਰ ਬਣਾ ਕੇ ਆਪਣੇ ਨਿਰਣੇ ਘੜਦਾ ਹੈ। ਹਥਲੀ ਪੁਸਤਕ ਵਿਚ ਉਸ ਨੇ ਹਜ਼ਰਤ ਬੁੱਲ੍ਹੇ ਸ਼ਾਹ ਦੀਆਂ 73 ਕਾਫ਼ੀਆਂ ਅਤੇ 47 ਦੋਹਿਆਂ ਨੂੰ ਆਧਾਰ ਬਣਾ ਕੇ ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਅਤੇ ਸੋਚ ਦਾ ਵਿਸ਼ਲੇਸ਼ਣ ਕੀਤਾ ਹੈ। ਉਸ ਦਾ ਵਿਚਾਰ ਹੈ ਕਿ ਜੇ ਹਰ ਅਮਲ ਦੇ ਪਿੱਛੇ ਇਕ ਅਸੂਲ ਜਾਂ ਕਾਨੂੰਨ ਨੂੰ ਮੰਨ ਲਿਆ ਜਾਵੇ ਤਾਂ ਇਹ ਗੱਲ ਵੀ ਮੰਨਣੀ ਪਵੇਗੀ ਕਿ ਪੂਰੇ ਨਿਜ਼ਾਮ ਦੇ ਚੱਲਣ ਦਾ ਮੁੱਢ ਆਰਥਿਕ ਹੈ। (ਪੰਨਾ 119), ਉਹ ਡਾਰਵਿਨ ਦੇ 'ਸਰਵਾਈਵਲ ਆਫ਼ ਫਿੱਟੈਸਟ' ਸਿਧਾਂਤ ਨੂੰ ਅਪ੍ਰਾਸੰਗਿਕ ਕਰਾਰ ਦਿੰਦਾ ਹੈ, ਉਸ ਅਨੁਸਾਰ ਮਨੁੱਖ ਜਾਤੀ ਦਾ ਵਿਕਾਸ, ਆਰਥਿਕ ਭੇੜ ਵਿਚੋਂ ਹੀ ਹੋਇਆ ਹੈ। ਪੱਛਮੀ ਪੰਜਾਬ ਵਿਚ ਟੈਕਸਟ ਦੀ ਵਿਆਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਵਿਕਸਿਤ ਹੁੰਦੀਆਂ ਰਹੀਆਂ ਹਨ। ਡਾ. ਨਜਮ ਹੁਸੈਨ ਸੱਯਦ ਵੀ ਇਸੇ ਵੰਨਗੀ ਦਾ ਇਕ ਪ੍ਰਗਤੀਸ਼ੀਲ ਚਿੰਤਕ ਸੀ। ਮਨਜ਼ੂਰ ਏਜਾਜ਼ ਦਾ ਵਾਧਾ ਇਹ ਪਈ ਉਹ ਪੰਡਤਾਂ, ਮੌਲਾਣਿਆਂ ਦੇ ਮਜ਼ਹਬੀ ਨਿਰਣਿਆਂ ਨਾਲ ਸਹਿਮਤੀ ਨਹੀਂ ਦਰਸਾਉਂਦਾ, ਨਾ ਉਹ ਆਰੀਆ ਲੋਕਾਂ ਨੂੰ ਪੰਜਾਬ ਦੇ ਮੂਲ ਵਾਸੀ ਮੰਨਦਾ ਹੈ। ਉਸ ਅਨੁਸਾਰ ਪੂਰਾ ਪੰਜਾਬ, ਸਿੰਧ ਘਾਟੀ ਵਿਚ ਵਸਣ ਵਾਲੇ ਲੋਕਾਂ ਦਾ ਸੀ ਅਤੇ ਉਨ੍ਹਾਂ ਦਾ ਹੀ ਰਹੇਗਾ। ਪੰਜਾਬ ਵਿਚ ਆਉਣ ਵਾਲੀਆਂ ਬਾਕੀ ਸਭ ਧਿਰਾਂ 'ਕਾਲੋਨੀਅਲਿਸਟ' ਹੀ ਹਨ।
ਬਾਬਾ ਬੁੱਲ੍ਹੇ ਸ਼ਾਹ ਵਰਗੇ ਸੂਫ਼ੀ ਦਰਵੇਸ਼ ਰਮਜ਼ ਭਰਪੂਰ ਪ੍ਰਵਚਨ ਦਿੰਦੇ ਸਨ। ਉਨ੍ਹਾਂ ਨੂੰ ਸਮਝਣ ਲਈ ਸਾਂਝੇ ਹਿੰਦੁਸਤਾਨ ਦੀ ਪੂਰੀ ਕਲਚਰ ਨੂੰ ਸਮਝਣਾ ਜ਼ਰੂਰੀ ਹੈ। ਮਹਾਨ ਕਵਿਤਾ ਨੂੰ ਸ਼ਾਬਦਿਕ ਅਰਥਾਂ ਦੁਆਰਾ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਹਰ ਸ਼ਬਦ ਕਿਸੇ ਵਿਸ਼ੇਸ਼ ਸੱਭਿਆਚਾਰ ਵਿਚੋਂ ਉਪਜਦਾ ਹੈ। ਸੱਭਿਆਚਾਰ ਹੀ ਕਿਸੇ ਟੈਕਸਟ ਨੂੰ ਸਮਝਣ ਦਾ ਪ੍ਰਸੰਗ ਬਣਦਾ ਹੈ। ਮਨਦੀਪ ਸਨੇਹੀ ਅਤੇ ਉਸ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਕਿ ਉਹ ਪੰਜਾਬੀ ਪਾਠਕਾਂ ਨੂੰ ਇਕ ਨਵੇਂ ਗਿਆਨ-ਸੋਮੇ ਨਾਲ ਜੋੜਨ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਮਹਾਨ ਸ਼ਖ਼ਸੀਅਤ
ਸ. ਜੱਸਾ ਸਿੰਘ ਆਹਲੂਵਾਲੀਆ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 98141-45047

ਹਥਲੀ ਪੁਸਤਕ ਦੀ ਲੇਖਿਕਾ ਵਲੋਂ ਹੁਣ ਤੱਕ ਤਿੰਨ ਦਰਜਨ ਪੁਸਤਕਾਂ ਵੱਖ-ਵੱਖ ਵਿਧਾਵਾਂ ਵਿਚ ਪਾਠਕਾਂ ਦੇ ਸਨਮੁੱਖ ਕੀਤੀਆਂ ਗਈਆਂ ਹਨ। ਇਹ ਪੁਸਤਕ ਇਤਿਹਾਸ ਦੇ ਮਹਾਨ ਨਾਇਕ ਸ. ਜੱਸਾ ਸਿੰਘ ਆਹਲੂਵਾਲੀਆ ਨਾਲ ਸੰਬੰਧਿਤ ਹੈ। ਸਿੱਖ ਪੰਥ ਵਲੋਂ 18ਵੀਂ ਸਦੀ ਦੇ ਇਸ ਮਹਾਨ ਯੋਧੇ ਨੂੰ ਸਿੱਖ ਪੰਥ ਵਲੋਂ ਬਣਦਾ ਸਥਾਨ ਨਹੀਂ ਦਿੱਤਾ ਗਿਆ, ਇਸ ਮਹਾਨ ਸੂਰਬੀਰ ਦੀ ਜੋ ਦੇਣ ਸਿੱਖ ਪੰਥ ਨੂੰ ਹੈ, ਉਸ ਦਾ ਹਰ ਸਿੱਖ ਨੌਜਵਾਨ ਅਤੇ ਬੱਚੇ-ਬੱਚੇ ਨੂੰ ਗਿਆਨ ਹੋਣਾ ਚਾਹੀਦਾ ਹੈ। ਇਸੇ ਕਰਕੇ ਵਿਦਵਾਨ ਲੇਖਿਕਾ ਨੂੰ ਇਸ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਸਖ਼ਤ ਘਾਲਣਾ ਘਾਲੀ। ਇਹ ਉਹ ਯੋਧਾ ਹੈ, ਜਿਸ ਨੇ ਅਹਿਮਦਸ਼ਾਹ ਅਬਦਾਲੀ, ਨਾਦਰਸ਼ਾਹ ਵਰਗੇ ਜਰਵਾਣਿਆਂ ਅਤੇ ਵਿਦੇਸ਼ੀ ਹਮਲਾਵਰਾਂ ਨੂੰ ਨੱਕ ਨਾਲ ਚਣੇ ਚਬਾਉਣ ਲਈ ਮਜਬੂਰ ਕਰ ਦਿੱਤਾ। ਭਾਰਤ ਦੀਆਂ ਨੌਜਵਾਨ ਲੜਕੀਆਂ ਨੂੰ ਉਨ੍ਹਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਵਾਪਸ ਲਿਆਂਦਾ।
ਵਿਦਵਾਨ ਲੇਖਿਕਾ ਨੇ ਪੁਸਤਕ ਨੂੰ ਇੱਕੀ ਭਾਗਾਂ ਵਿਚ ਵੰਡ ਕੇ ਇਸ ਮਹਾਨ ਯੋਧੇ ਬੁੱਢਾ ਦਲ ਮੁਖੀ ਦੇ ਜੀਵਨ ਵੇਰਵੇ ਨੂੰ ਪੇਸ਼ ਕੀਤਾ ਹੈ। ਇਕ-ਇਕ ਅਧਿਆਇ ਵਿਚ ਮਹਾਨ ਹਸਤੀ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਦਾ ਭਾਵਪੂਰਤ ਜ਼ਿਕਰ ਮਿਲਦਾ ਹੈ। ਜਿਨ੍ਹਾਂ ਵਿਚ ਆਹਲੂਵਾਲੀਆ ਗੋਤ ਕਿਵੇਂ ਸਰਦਾਰ ਜੱਸਾ ਸਿੰਘ ਦਾ ਆਰੰਭਕ ਜੀਵਨ, ਸ. ਜੱਸਾ ਸਿੰਘ ਦੇ ਜਨਮ ਤੋਂ ਪਹਿਲਾਂ ਦੇਸ਼ ਦੇ ਹਾਲਾਤ, ਨਾਦਰਸ਼ਾਹ ਦੀ ਲੁੱਟ, ਪਹਿਲਾ ਘੱਲੂਘਾਰਾ ਤੇ ਸ. ਜੱਸਾ ਸਿੰਘ, ਸ. ਜੱਸਾ ਸਿੰਘ ਦਾ ਹਰਮਨ ਪਿਆਰਾ ਹੋਣਾ, ਮੀਰ ਮੰਨੂੰ ਦਾ ਸਮਾਂ, ਸ. ਜੱਸਾ ਸਿੰਘ ਆਹਲੂਵਾਲੀਆ-ਪੰਥ ਦਾ ਜਥੇਦਾਰ, ਸਿੱਖ ਮਿਸਲਾਂ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਅਹਿਮਦਸ਼ਾਹ ਦੁੱਰਾਨੀ, ਸ. ਜੱਸਾ ਸਿੰਘ ਆਹਲੂਵਾਲੀਆ ਤੇ ਅਦੀਨਾ ਬੇਗ, ਅਬਦਾਲੀ ਦਾ ਪੰਜਵਾਂ ਹਮਲਾ, ਲਾਹੌਰ ਉੱਤੇ ਸਿੰਘਾਂ ਦਾ ਕਬਜ਼ਾ, ਵੱਡਾ ਘੱਲੂਘਾਰਾ, ਕਸੂਰ ਉੱਤੇ ਧਾਵਾ, ਸਰਹੰਦ ਫ਼ਤਹਿ, ਪੰਜਾਬ ਵਿਚ ਸਿੰਘਾਂ ਦਾ ਬੋਲਬਾਲਾ, ਸ. ਜੱਸਾ ਸਿੰਘ ਦਾ ਅਬਦਾਲੀ ਨਾਲ ਸਮਝੌਤਾ ਨਾ ਕਰਨਾ, ਸ. ਜੱਸਾ ਸਿੰਘ ਵਲੋਂ ਜੱਟ, ਰੁਹੇਲਿਆਂ ਦੀ ਮਦਦ, ਸ. ਜੱਸਾ ਸਿੰਘ ਆਹਲੂਵਾਲੀਆ ਦਾ ਅੰਤਿਮ ਸਮਾਂ ਤੇ ਅਕਾਲ ਚਲਾਣਾ, ਅੱਜ ਦੇ ਅਬਦਾਲੀ, ਮੀਰ ਮੰਨੂੰ ਤੇ ਜ਼ਕਰੀਆ ਖਾਨ ਲੇਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਮੁੱਚੇ ਲੇਖਾਂ ਵਿਚ ਇਸ ਮਹਾਨ ਯੋਧੇ ਨੇ ਸਿੱਖ ਕੌਮ ਦੀ ਕਿਵੇਂ ਅਗਵਾਈ ਕੀਤੀ, ਸਿੱਖ ਕੌਮ ਦੇ ਪਹਿਲੇ ਸੁਲਤਾਨ-ਉਲ-ਕੌਮ ਬਣ ਕੇ ਦਿੱਲੀ ਅਤੇ ਲਾਹੌਰ ਦੇ ਤਖ਼ਤ 'ਤੇ ਬੈਠੇ, ਆਪਣੇ ਰਾਜ ਦੌਰਾਨ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਉੱਪਰ ਸਿੱਕੇ ਜਾਰੀ ਕਰਨੇ। 'ਦਲ ਖ਼ਾਲਸਾ' ਤੇ 'ਬੁੱਢਾ ਦਲ ਦੀ ਅਗਵਾਈ ਕਰਨੀ'।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਤੌਰ ਜਥੇਦਾਰ ਸਫ਼ਲ ਪ੍ਰਬੰਧ ਕਰਨਾ। ਸ੍ਰੀ ਹਰਿਮੰਦਰ ਸਾਹਿਬ ਇਮਾਰਤ ਦੀ ਮੁੜ ਉਸਾਰੀ ਕਰਵਾਉਣਾ ਆਦਿ ਵਿਸ਼ਿਆਂ ਉੱਪਰ ਵਿਸਥਾਰ ਨਾਲ ਇਤਿਹਾਸਕ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਦਾ ਵੇਰਵਾ ਵੀ ਦਿੱਤਾ ਗਿਆ। ਅਸਲ ਵਿਚ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਲਿਆਉਣ ਦਾ ਕਾਰਨ ਇਹ ਘੋਸ਼ਣਾ ਕਰਨੀ, ਜਿਹੜੀਆਂ ਕੌਮਾਂ ਆਪਣੇ ਮਹਾਨ ਸ਼ਹੀਦਾਂ, ਸੂਰਬੀਰ ਯੋਧਿਆਂ ਨੂੰ ਭੁੱਲ ਜਾਂਦੀਆਂ ਹਨ, ਉਹ ਇਸ ਧਰਤੀ ਤੋਂ ਨੇਸ਼ਤੋ-ਨਮੂਦ ਹੋ ਜਾਂਦੀਆਂ ਹਨ। ਲੇਖਿਕਾ ਇਸ ਸਫਲ ਉਪਰਾਲੇ ਲਈ ਕੀਤੇ ਉੱਦਮ ਲਈ ਵਧਾਈ ਦੀ ਪਾਤਰ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਅਨੋਖੀ ਕਿਸਮਤ
ਲੇਖਿਕਾ : ਅਮਰਜੀਤ ਕੌਰ 'ਜੀਤ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 0161-2413613

ਲੇਖਿਕਾ ਨੇ ਆਪਣੀ ਪਲੇਠੀ ਪੁਸਤਕ 'ਅਧੂਰੇ ਸੁਪਨੇ' (ਸਵੈ-ਜੀਵਨੀ) ਤੋਂ ਬਾਅਦ ਆਪਣੀ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ, ਜੋ ਕਿ ਮੁੱਖ ਤੌਰ 'ਤੇ ਪੰਜਾਬੀ ਦੀ ਵਾਰਤਕ ਸਾਹਿਤ ਵਿਧਾ ਨਾਲ ਸੰਬੰਧਿਤ ਹੈ। ਪੁਸਤਕ ਦੀ ਖ਼ਾਸ ਗੱਲ ਇਹ ਹੈ ਕਿ ਭਾਵੇਂ ਇਸ ਵਿਚ ਲੇਖਿਕਾ ਨੇ ਪੈਂਤੀ ਦੇ ਕਰੀਬ ਲੇਖ ਸ਼ਾਮਿਲ ਕੀਤੇ ਹਨ। ਪਰ ਉਸ ਨੇ ਆਪਣੀਆਂ ਸੱਤ ਕਾਵਿ-ਰਚਨਾਵਾਂ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ 'ਗੁਰੂ ਨਾਨਕ ਜੀ ਅੱਜ ਤੇਰੀ ਲੋੜ', 'ਮੰਗਤਾ', 'ਹਮਸਫ਼ਰ', 'ਸਕੇ ਕੌਣ', 'ਸਿੱਖ ਰਾਜ ਦਾ ਅੰਤ', 'ਰੱਬ ਹੋਵੇ ਨਾਲ ਜੇ' ਅਤੇ 'ਹੌਸਲੇ ਨਾਲ ਜੀਓ' ਕਵਿਤਾਵਾਂ ਉਸ ਅੰਦਰਲੀ ਵਿਚਾਰਸ਼ੀਲਤਾ ਅਤੇ ਕਾਵਿ-ਸ਼੍ਰੇਣੀ ਦਾ ਤਿੱਖਾ ਅਹਿਸਾਸ ਕਰਾਉਂਦੀਆਂ ਹਨ।
ਇਸੇ ਤਰ੍ਹਾਂ ਇਸ ਪੁਸਤਕ ਵਿਚ ਦਰਜ 'ਲੱਕੜਹਾਰਾ', 'ਅਨੋਖੀ ਕਿਸਮਤ', 'ਖੁਸ਼ ਪਰਿਵਾਰ', 'ਧੋਖੇਬਾਜ਼', 'ਦੇਵੀ ਦੀ ਪੂਜਾ', 'ਇਮਾਨਦਾਰੀ' ਵਰਗੀਆਂ ਰਚਨਾਵਾਂ ਅਜਿਹੀ ਰਚਨਾਵਾਂ ਹਨ, ਜੋ ਪਾਠਕ ਨੂੰ ਕਹਾਣੀ ਰਚਨਾ ਨਾਲ ਜੋੜਦੀਆਂ ਹਨ। ਇਨ੍ਹਾਂ ਰਚਨਾਵਾਂ ਵਿਚ ਕਹਾਣੀ ਰਸ ਭਾਰੂ ਹੋਣ ਕਰਕੇ ਇਹ ਕਹਾਣੀਆਂ ਹੋਣ ਦਾ ਪ੍ਰਭਾਵ ਸਿਰਜਦੀਆਂ ਹਨ। ਪੈਂਤੀ ਕੁ ਲੇਖ ਰਚਨਾਵਾਂ ਇਸ ਪੁਸਤਕ ਦਾ ਸ਼ਿੰਗਾਰ ਹਨ। ਇਨ੍ਹਾਂ ਲੇਖਾਂ ਵਿਚ ਲੇਖਿਕਾ ਨੇ ਮੌਜੂਦਾ ਸਮਾਜ ਦਾ ਕੱਚ-ਸੱਚ ਬਿਆਨ ਕੀਤਾ ਹੈ। ਨਸ਼ੇ (ਡਰੱਗਜ਼) ਦੀ ਵਿਸ਼ਵ ਵਿਆਪੀ ਮਾਰ ਨੂੰ ਰੋਕਣ ਦੀ ਅਪੀਲ ਕੀਤੀ ਹੈ। ਨਸ਼ਿਆਂ ਬਾਰੇ ਲੇਖਿਕਾ ਨੇ ਥੋੜ੍ਹੇ ਸ਼ਬਦਾਂ ਵਿਚ ਬਹੁਤ ਕਿਹਾ ਹੈ। ਕਈ ਨਵੇਂ ਅਤੇ ਨਿਰਾਲੇ ਵਿਸ਼ਿਆਂ ਵਾਲੇ ਲੇਖਾਂ ਨਾਲ ਲੇਖਿਕਾ ਨੇ ਆਪਣੇ ਅੰਦਰਲੇ ਵਾਰਤਕਕਾਰ ਨੂੰ ਬਾਖੂਬੀ ਪ੍ਰਗਟਾਇਆ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਸਮੇਂ ਦੇ ਨੈਣਾਂ 'ਚੋਂ
ਲੇਖਿਕਾ : ਵਿਜੇਤਾ ਭਾਰਦਵਾਜ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ, ਬਠਿੰਡਾ
ਮੁੱਲ : 190 ਰੁਪਏ, ਸਫ਼ੇ : 104
ਸੰਪਰਕ : 94172-04940

ਸ਼ਾਇਰਾ ਵਿਜੇਤਾ ਭਾਰਦਵਾਜ ਹਥਲੀ ਕਾਵਿ-ਕਿਤਾਬ 'ਸਮੇਂ ਦੇ ਨੈਣਾਂ 'ਚੋਂ' ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿਆਂ 'ਕਾਸ਼ ਮੇਰੇ ਵੀ ਖੰਭ ਹੁੰਦੇ', 'ਨਵੇਂ ਅੰਬਰ ਤੋਂ' ਅਤੇ ਦੋ ਹਿੰਦੀ ਕਾਵਿ-ਸੰਗ੍ਰਹਿਆਂ 'ਨਏ ਰਾਸਤੇ ਨਈ ਮੰਜ਼ਿਲ', 'ਕਾਵਿ-ਉਡਾਨ' ਅਤੇ ਵਿਆਕਰਨ ਪੁਸਤਕ 'ਗੁਰਸਿਮਰਨ ਲੇਖ ਮਾਲਾ' ਰਾਹੀਂ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਨੂੰ ਸ਼ਾਇਰੀ ਦੀ ਪਿਉਂਦ ਆਪਣੇ ਪਿਤਾ ਕਰਨਲ ਤਿਲਕ ਰਾਜ ਤੋਂ ਲੱਗੀ ਜਾਪਦੀ ਹੈ ਜੋ ਹਿੰਦੀ ਦੇ ਪ੍ਰਬੁੱਧ ਗ਼ਜ਼ਲਗੋ ਹਨ। ਸ਼ਾਇਰਾ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਦੇ ਕਾਵਿ-ਸੰਗ੍ਰਹਿ ਦੇ ਨਾਂਅ 'ਸਮੇਂ ਦੇ ਨੈਣਾਂ 'ਚੋਂ' ਅਸਾਡੇ ਹੱਥ ਸਹਿਜੇ ਹੀ ਲੱਗ ਜਾਂਦੀ ਹੈ। ਜਦੋਂ ਉਹ ਸਮਿਆਂ ਦੀਆਂ ਵਿਸੰਗਤੀਆਂ ਦੀ ਸਕੈਨਿੰਗ ਕਰਦਿਆਂ ਭੂਤਕਾਲ, ਵਰਤਮਾਨ ਅਤੇ ਭਵਿੱਖ ਨਾਲ ਦਸਤਪੰਜਾ ਲੈਂਦਿਆਂ ਸਮੇਂ ਦੇ ਨੈਣਾਂ 'ਚੋਂ ਹੰਝੂ ਕੇਰਦੀ ਨਜ਼ਰ ਆਉਂਦੀ ਹੈ। ਕਹਿੰਦੇ ਨੇ ਆਂਸੂ ਜ਼ੁਬਾਂ ਨਹੀਂ ਮਗਰ ਬੇਜ਼ੁਬਾਂ ਨਹੀਂ' 'ਤੇ ਚਿੰਤਨ ਮੰਥਨ ਕਰਦੀ ਹੈ। ਸ਼ਾਇਰਾ ਅੰਮ੍ਰਿਤਾ ਪ੍ਰੀਤਮ ਤੋਂ ਵਿਜੇਤਾ ਭਾਰਦਵਾਜ ਤੱਕ ਦਾ ਸਫ਼ਰ ਕਰਦੀ ਹੈ। ਅੰਮ੍ਰਿਤਾ ਕਹਿੰਦੀ ਹੈ, 'ਰਲ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ, ਏਸ ਲਈ ਜ਼ਿੰਦਗੀ ਦੀ ਸਾਰੀ ਕੁੜੱਤਣ ਪੀ ਲਈ' ਅਤੇ 'ਮਾਣ ਸੁੱਚੇ ਇਸ਼ਕ ਦਾ, ਹੁਨਰ ਦਾ ਦਾਅਵਾ ਨਹੀਂ' ਦੀ ਪਗਡੰਡੀ 'ਤੇ ਤੁਰਦਿਆਂ ਸਿਰਫ਼ ਨਾਂਅ ਦੀ ਹੀ ਵਿਜੇਤਾ ਨਹੀਂ ਤੇ ਨਾਲ ਹੀ ਨਾਲ ਸ਼ਬਦ ਸਾਧਕ ਹੋਣ ਦੀ ਵੀ ਵਿਜੇਤਾ ਬਣੀ ਦਿਖਾਈ ਦਿੰਦੀ ਹੈ। ਉਹ ਸ਼ਬਦ ਵਿਚ ਠਾਹਰ ਭਾਲਦੀ ਹੈ ਜਦੋਂ ਉਹ ਕਹਿੰਦੀ ਹੈ, 'ਤੁਹਾਡੇ ਪਿਆਰ ਦੇ ਸਦਕੇ ਜੋ ਸਾਹ ਵਿਚ ਸਾਹ ਆਏ ਨੇ ਤੇ ਪਿਛਲੇ ਕੁਝ ਸਮੇਂ ਤੋਂ ਅੰਦਰੋਂ ਘੁੱਟ ਗਈ ਸਾਂ', ਉਹ ਤਰੰਗਤੀ ਮੁਹੱਬਤ ਦੇ ਆਦਿ ਜੁਆਦੀ ਜਜ਼ਬੇ ਨੂੰ ਸਲਾਮ ਕਰਦੀ ਨਜ਼ਰ ਆਉਂਦੀ ਹੈ। ਨਿਤਸ਼ੇ ਕਹਿੰਦਾ ਹੈ ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਜ਼ਿਆਦਾ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਵਰਜਣਾਵਾਂ ਦੀ ਰਾਮਕਾਰ ਉਲੰਘ ਕੇ ਹੀ ਮਹਾਂ ਮਾਨਵ ਬਣਿਆ ਜਾ ਸਰਕਦਾ ਹੈ। ਉਹ ਜਿਸ ਅੰਦਰਲੀ ਅੱਗ ਦੀ ਗੱਲ ਕਰਦੀ ਹੈ, ਉਹ ਸਾੜਦੀ ਨਹੀਂ ਪਰ ਨਿੱਘ ਦਿੰਦੀ ਹੈ, ਪਰ ਅਸਾਨੂੰ ਨਿੱਘ ਮਾਣਨ ਦੀ ਜਾਚ ਆਉਣੀ ਚਾਹੀਦੀ ਹੈ। ਉਹ 'ਥੱਪੜ' ਨਜ਼ਮ ਰਾਹੀਂ ਸਵਾਲ ਖੜ੍ਹਾ ਕਰਦੀ ਹੈ ਕਿ, ਕੀ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਭਗਤ ਸਿੰਘ ਬਣਿਆ ਜਾ ਸਕਦਾ ਹੈ? ਬਿਲਕੁਲ ਨਹੀਂ। ਭਗਤ ਸਿੰਘ ਤਾਂ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਹੀ ਬਣਿਆ ਜਾ ਸਕਦਾ ਹੈ। ਸ਼ਾਇਰਾ ਸਮਾਜਕ ਯਥਾਰਥ ਦੇ ਵਿਭਿੰਨ ਪਸਾਰਾਂ ਦੀ ਥਾਹ ਵੀ ਪਾਉਂਦੀ ਹੈ ਪੰਜਾਬੀ ਤੇ ਹਿੰਦੀ ਦਾ ਡਵਿੱਢਾ ਖੂਹ ਗੇੜਨ ਵਾਲੀ ਸ਼ਾਇਰਾ ਦੀ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਗਰਜਦੇ ਬੋਲ
ਲੇਖਕ : ਜਸਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 96464-02470

ਜਸਦੇਵ ਸਿੰਘ ਲਲਤੋਂ ਲੋਕ-ਹਿਤਾਂ ਲਈ ਜੂਝਣ ਵਾਲੀਆਂ ਕਈ ਜਥੇਬੰਦੀਆਂ ਦੇ ਪਹਿਲੀ ਕਤਾਰ ਦੇ ਆਗੂ ਹਨ। ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਦਾ ਉਨ੍ਹਾਂ ਕੋਲ ਲੰਬਾ ਤਜ਼ਰਬਾ ਹੈ, ਜਿਸ ਕਰਕੇ ਉਹ ਸਪੱਸ਼ਟ ਹਨ ਕਿ ਕਲਾ, ਕਲਾ ਲਈ ਨਹੀਂ ਬਲਕਿ ਕਲਾ, ਲੋਕਾਂ ਲਈ ਹੁੰਦੀ ਹੈ। ਉਹ ਸਮਝਦੇ ਹਨ ਕਿ ਲੋਕ-ਵਿਰੋਧੀ ਪ੍ਰਬੰਧ ਨੂੰ ਜੜੋਂ ਉਖਾੜੇ ਬਿਨਾਂ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਆ ਸਕਦਾ। ਹਥਲੇ ਕਾਵਿ-ਸੰਗ੍ਰਹਿ 'ਗਰਜਦੇ ਬੋਲ' ਵਿਚਲੀਆਂ ਉਨ੍ਹਾਂ ਦੀਆਂ ਇਹ ਸਤਰਾਂ ਇਸੇ ਦਿਸ਼ਾ ਵੱਲ ਸੇਧਤ ਹਨ:
ਨ੍ਹੇਰ ਦੇ ਵਣਜਾਰਿਓ, ਕਿਉਂ ਭੁੱਲੇ ਤਵਾਰੀਖ ਨੂੰ,
ਹਿਸਾਬ ਡੋਲ੍ਹੇ ਖੂਨ ਦਾ, ਕਰਦੀ ਰਹੂ ਜ਼ਿੰਦਗੀ।
ਜਾਣਾ ਹੈ ਕਾਲੀ ਰਾਤ ਨੇ, ਚੜ੍ਹਨਾ ਸੂਹੀ ਸਵੇਰ ਨੇ,
ਕੁਦਰਤ ਦੇ ਏਸੇ ਨੇਮ ਨੂੰ, ਦਰਸਾਉਂਦੀ ਰਹੂ ਜ਼ਿੰਦਗੀ।
ਜੁਝਾਰੂ ਜਥੇਬੰਦੀਆਂ ਵਿਚ ਮੋਹਰੀ ਭੂਮਿਕਾ ਨਿਭਾਉਣ ਕਰਕੇ ਉਹ ਸਮਝਦੇ ਹਨ ਕਿ ਕਹਿਣੀ ਅਤੇ ਕਰਨੀ ਵਿਚ ਸੁਮੇਲ ਤੋਂ ਬਿਨਾਂ ਕਿਸੇ ਵੀ ਮਨੋਰਥ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਆਗੂਆਂ ਦੇ ਮਨ ਵਿਚ ਕੁਝ ਹੋਰ ਅਤੇ ਜ਼ੁਬਾਨ ਵਿਚ ਕੁਝ ਹੋਰ ਹੁੰਦਾ ਹੈ, ਉਹ ਕਦੇ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰ ਸਕਦੇ। ਜਿੱਤ ਹਮੇਸ਼ਾ ਉਨ੍ਹਾਂ ਜੁਝਾਰੂਆਂ ਦੇ ਹੀ ਕਦਮ ਚੁੰਮਦੀ ਹੈ, ਜਿਹੜੇ ਆਪਣੇ ਨਿੱਜੀ ਸਵਾਰਥਾਂ ਦੀ ਲਾਲਸਾ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ੀ ਲੋਕਾਂ ਲਈ ਪ੍ਰਤੀਬੱਧ ਹੁੰਦੇ ਹਨ:
ਜਿਸ ਦੀ ਕਹਿਣੀ-ਕਰਨੀ ਦੇ ਵਿਚ ਮੇਲ ਨਹੀਂ,
ਐਸੇ ਚੌਧਰਦਾਰ ਤੋਂ ਬੇੜਾ ਪਾਰ ਨਾ ਹੋਵੇ।
ਇਸ ਕਾਵਿ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦੀਆਂ ਚਾਰ ਕਵਿਤਾ ਅਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਪੰਜਾਹ ਗੀਤ ਅਤੇ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਜੋ ਲੋਕਾਂ ਨੂੰ ਜਾਤਾਂ, ਧਰਮਾਂ ਅਤੇ ਫ਼ਿਰਕਿਆਂ ਦੀ ਵਲਗਣ ਨੂੰ ਤੋੜ ਕੇ ਲਾਮਬੰਦ ਹੋਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੀ ਕਵਿਤਾ ਅਜੋਕੀਆਂ ਆਰਥਿਕ. ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਸੰਗਤੀਆਂ ਦੇ ਖ਼ਿਲਾਫ਼ ਬੁਲੰਦ ਆਵਾਜ਼ ਵਿਚ ਮੋਰਚਾ ਸੰਭਾਲਦੀ ਦਿਖਾਈ ਦਿੰਦੀ ਹੈ। ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਜੂਝਦੇ, ਉਨ੍ਹਾਂ ਦੇ ਇਸ ਜਨਵਾਦੀ ਕਾਵਿ-ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਹਾਂ, ਮੈਂ ਡੀ.ਸੀ. ਲੱਗਣਾ...
ਲੇਖਿਕਾ : ਮਨਦੀਪ ਰਿੰਪੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸੰਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 32
ਸੰਪਰਕ : 0181-2459220

ਮਨਦੀਪ ਰਿੰਪੀ ਬਾਲ ਸਾਹਿਤ ਦੀ ਸਰਗਰਮ ਲੇਖਿਕਾ ਹੈ। 'ਹਾਂ, ਮੈਂ ਡੀ.ਸੀ. ਲੱਗਣਾ' ਉਸ ਦੀ ਬਾਲ ਕਹਾਣੀਆਂ ਦੀ ਦੂਜੀ ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ 9 ਕਹਾਣੀਆਂ ਵਿਚ ਬਾਲਾਂ ਦੀ ਮਾਨਸਿਕਤਾ ਨੂੰ ਕੇਂਦਰ ਵਿਚ ਰੱਖ ਕੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਾਣੂ ਕਰਵਾਉਂਦਿਆਂ ਢੁੱਕਵੀਂ ਜੁਗਤੀ ਨਾਲ ਉਨ੍ਹਾਂ ਦੇ ਹੱਲ ਲੱਭਣ ਲਈ ਪ੍ਰੇਰਣਾ ਦਿੱਤੀ ਹੈ। ਪੁਸਤਕ ਦੇ ਸਿਰਲੇਖ ਦੇ ਨਾਂਅ ਵਾਲੀ ਕਹਾਣੀ, 'ਹਾਂ, ਮੈਂ ਡੀ.ਸੀ. ਲੱਗਣਾ' ਇਕ ਗ਼ਰੀਬ ਪਰਿਵਾਰ ਦੇ ਨਾਇਕ ਬੱਚੇ ਸਮੀਰ ਦੀ ਕਹਾਣੀ ਹੈ ਜੋ ਗੱਡੀ ਦੇ ਮਾਲਕ ਵਲੋਂ ਮਾਰੇ ਗਏ ਤਾਅਨੇ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕਰਦਾ ਹੈ ਅਤੇ ਸਖ਼ਤ ਮਿਹਨਤ ਅਤੇ ਲਗਨ ਦੀਆਂ ਪੌੜੀਆਂ ਚੜ੍ਹਦਾ ਹੋਇਆ ਓੜਕ ਡੀ.ਸੀ. ਦੇ ਉੱਚ ਅਹੁਦੇ 'ਤੇ ਲੱਗਣ ਦੇ ਸੁਪਨੇ ਨੂੰ ਸਾਕਾਰ ਕਰਦਾ ਹੈ। ਦੋ ਬਿੱਲੀਆਂ 'ਤੇ ਆਧਾਰਿਤ 'ਝੂਠੀ ਕਿੱਟੀ' ਕਹਾਣੀ ਦਾ ਤੱਤ ਸਾਰ ਇਹ ਹੈ ਕਿ ਝੂਠ ਦੇ ਮੁਲੰਮੇ ਨਾਲ ਢਕੇ ਚਿਹਰੇ ਦੀ ਵਾਸਤਵਿਕਤਾ ਇਕ ਦਿਨ ਸਾਹਮਣੇ ਜ਼ਰੂਰ ਆ ਜਾਂਦੀ ਹੈ। 'ਗੁੜੀਆ ਦੇ ਮੰਮੀ' ਕਹਾਣੀ ਵਿਚ ਮਾਂ-ਧੀ ਦਾ ਰੁਸ-ਰੁਸੇਵਾਂ ਹੈ। ਆਪਣੀ ਗ਼ਲਤੀ ਦਾ ਪ੍ਰਾਸਚਿਤ ਕਰਕੇ ਗੁੜੀਆ ਅੰਤ ਵਿਚ ਜਦੋਂ ਮੰਮੀ ਨੂੰ ਗਲਵਕੜੀ ਪਾਉਂਦੀ ਹੈ ਤਾਂ ਘਰੇਲੂ ਵਾਤਾਵਰਨ ਪਹਿਲਾਂ ਵਾਂਗ ਹੀ ਸਹਿਜ ਅਤੇ ਸੋਹਣਾ ਬਣ ਜਾਂਦਾ ਹੈ। 'ਦੋ ਸਹੇਲੀਆਂ' ਕਹਾਣੀ ਖ਼ਾਹਮਖ਼ਾਹ ਪ੍ਰੇਸ਼ਾਨ ਕਰਨ ਵਾਲੀਆਂ ਅਜਿਹੀਆਂ ਸ਼ਰਾਰਤਾਂ ਤੋਂ ਕਿਨਾਰਾਕਸ਼ੀ ਕਰਨ ਦੀ ਪ੍ਰੇਰਣਾ ਦਿੰਦੀ ਹੈ ਜਿਸ ਨਾਲ ਦੂਜੇ ਦੀ ਸਰੀਰਕ ਜਾਂ ਮਾਨਸਿਕ ਹਾਨੀ ਹੋਵੇ। ਇਸੇ ਪ੍ਰਕਾਰ ਕਹਾਣੀ 'ਡਾਕਟਰ ਅੰਕਲ' ਬਾਲ ਪਾਠਕ-ਵਰਗ ਨੂੰ ਨੇੜੇ ਬਹਿ ਕੇ ਟੀ.ਵੀ. ਦੇਖਣ ਦੇ ਨੁਕਸਾਨਾਂ ਤੋਂ ਸਾਵਧਾਨ ਕਰਦੀ ਹੈ ਕਿ ਜਦੋਂ ਕਿ 'ਤੋਹਫ਼ਾ','ਗੁੜੀਆ ਦਾ ਟਿਫ਼ਨ' ਅਤੇ 'ਰਾਹੁਲ ਦਾ ਜਨਮ ਦਿਨ' ਕਹਾਣੀਆਂ ਵਿਚ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਪੈਦਾ ਹੋਏ ਗਿਲੇ-ਸ਼ਿਕਵਿਆਂ ਉਪਰੰਤ ਦੋਸਤੀ ਦੀਆਂ ਗੰਢਾਂ ਮੁੜ ਬੱਝ ਜਾਂਦੀਆਂ ਹਨ। ਇਉਂ ਇਹ ਕਹਾਣੀਆਂ ਚਰਮਸੀਮਾ 'ਤੇ ਜਾ ਕੇ ਸਾਰਥਿਕ ਅਤੇ ਸੁਖਾਂਤਕ ਮੋੜ ਕੱਟਦੀਆਂ ਹੋਈਆਂ ਬਾਲ ਸਾਹਿਤ ਦੇ ਆਸ਼ੇ ਨੂੰ ਪੂਰਾ ਕਰਦੀਆਂ ਹਨ। ਰੰਗਦਾਰ ਚਿੱਤਰ ਬਾਲਾਂ ਨੂੰ ਖ਼ਾਸ ਖਿੱਚ ਪਾਉਂਦੇ ਹਨ। ਸਮੁੱਚੀਆਂ ਕਹਾਣੀਆਂ ਨਿੱਗਰ ਕਦਰਾਂ-ਕੀਮਤਾਂ ਨਾਲ ਜੋੜਦੀਆਂ ਹਨ। ਸੋਹਣੇ ਢੰਗ ਨਾਲ ਛਪੀ ਇਹ ਪੁਸਤਕ ਬਾਲ ਸਾਹਿਤ ਵਿਚ ਮਿਆਰੀ ਵਾਧਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

30-12-2023

 ਜੀਵਨ ਮਹਾਂਬਲੀ ਬਾਬਾ ਅੱਘੜ ਸਿੰਘ ਜੀ ਸ਼ਹੀਦ
ਲੇਖਕ : ਰਣਧੀਰ ਸਿੰਘ ਸੰਭਲ
ਪ੍ਰਕਾਸ਼ਕ : ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਹੁਸ਼ਿਆਰਪੁਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 01822-274227

ਪੁਸਤਕ ਦੇ ਲੇਖਕ ਨੇ ਹੁਣ ਤੱਕ ਢਾਈ ਦਰਜਨ ਤੱਕ ਪੁਸਤਕਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਹਨ। ਹਥਲੀ ਕਿਤਾਬ 18ਵੀਂ ਸਦੀ ਦੇ ਮਹਾਨ ਯੋਧੇ ਬਾਬਾ ਅੱਘੜ ਸਿੰਘ ਸ਼ਹੀਦ ਦੀ ਸੰਖੇਪ ਜੀਵਨੀ ਨਾਲ ਸੰਬੰਧਿਤ ਹੈ। ਪੁਸਤਕ ਦੇ ਪਹਿਲੇ ਹਿੱਸੇ ਵਿਚ ਇਸ ਮਹਾਨ ਸ਼ਹੀਦ ਨੂੰ ਅਕੀਦਤ ਭੇਟ ਕਰਦਿਆਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਬਾਬਾ ਅੱਘੜ ਸਿੰਘ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਵਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਬਾਬਾ ਅੱਘੜ ਸਿੰਘ ਦੀ ਸ਼ਹਾਦਤ ਅਤੇ ਸੰਘਰਸ਼ੀ ਜੀਵਨ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਦੱਸਿਆ ਹੈ। ਲੇਖਕ ਨੇ ਇਸ ਮਹਾਨ ਸ਼ਹੀਦ ਦੇ ਜੀਵਨ ਨੂੰ ਇਤਿਹਾਸਕ ਸਰੋਤਾਂ ਦੀ ਰੌਸ਼ਨੀ ਵਿਚ ਪੇਸ਼ ਕੀਤਾ ਹੈ। ਇਹ ਮਹਾਨ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਪੋਤਰਾ ਅਤੇ ਭਾਈ ਨਗਾਹੀਆ ਜੀ ਦਾ ਪੁੱਤਰ ਸੀ। ਪ੍ਰਭੂ ਨਾਮ ਵਿਚ ਰੰਗੀ ਹੋਈ ਮਹਾਨ ਆਤਮਾ ਸਨ। 18ਵੀਂ ਸਦੀ ਦੇ ਮਹਾਨ ਯੋਧੇ ਜਥੇਦਾਰ ਨਵਾਬ ਕਪੂਰ ਸਿੰਘ ਵਲੋਂ ਬਣਾਏ ਜਥਿਆਂ ਵਿਚੋਂ ਇਕ ਵੱਡੇ ਜਥੇ ਦੇ ਜਥੇਦਾਰ ਬਾਬਾ ਅੱਘੜ ਸਿੰਘ ਨੂੰ ਥਾਪਿਆ ਗਿਆ। 1791 ਈ: ਵਿਚ ਪਿੰਡ ਟੂਟੋਮਜਾਰਾ ਹੁਸ਼ਿਆਰਪੁਰ ਵਿਖੇ ਸਿੱਖੀ ਦੇ ਪ੍ਰਚਾਰ ਕੇਂਦਰ ਦੀ ਸਥਾਪਨਾ ਕੀਤੀ। ਵੱਡੇ ਘੱਲੂਘਾਰੇ ਸਮੇਂ ਬਾਬਾ ਅੱਘੜ ਸਿੰਘ ਨੇ ਸੂਰਮਗਤੀ ਦੇ ਜੌਹਰ ਵਿਖਾਏ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲੜਦਿਆਂ ਸਰਹਿੰਦ ਦੀ ਫ਼ਤਹਿ ਸਮੇਂ 1764 ਵਿਚ ਬਾਬਾ ਅੱਘੜ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ। ਲੇਖਕ ਨੇ ਬਾਬਾ ਜੀ ਦੇ ਜੀਵਨ 'ਤੇ ਪੰਛੀ ਝਾਤ ਪਾਉਂਦੀ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਭਾਈ ਨਗਾਹੀਆ ਜੀ ਦੇ ਸਮੇਂ ਦੇ ਸਿੰਘਾਂ ਦਾ ਵੇਰਵਾ, ਸਿੱਖ ਪੰਥ ਦੇ ਮਹਾਨ ਸੂਰਬੀਰ ਬਾਬਾ ਅੱਘੜ ਸਿੰਘ ਜੀ ਸ਼ਹੀਦ, ਬਾਬਾ ਅੱਘੜ ਸਿੰਘ ਦਾ ਜਨਮ, ਸਿੱਖ ਕੌਮ ਲਈ ਇਮਤਿਹਾਨ ਦਾ ਸਮਾਂ, ਛੋਟਾ ਘੱਲੂਘਾਰਾ, ਬਾਰਾਂ ਮਿਸਲਾਂ ਦਾ ਸੰਗਠਨ, 1764 ਵਿਖੇ ਸਰਹਿੰਦ ਵਿਖੇ ਬਾਬਾ ਜੀ ਦੀ ਸ਼ਹੀਦੀ, ਬਾਬਾ ਅੱਘੜ ਸਿੰਘ ਦੀ ਸੂਰਮਗਤੀ, ਇਤਿਹਾਸਕ ਗੁ: ਬਾਬਾ ਅੱਘੜ ਸਿੰਘ ਜੀ ਸ਼ਹੀਦ, ਪਿੰਡ ਟੂਟੋਮਜਾਰਾ, ਆਦਰਸ਼ਕ ਖ਼ਾਲਸੇ ਦੇ ਲੱਛਣ, ਪੰਜ ਕਕਾਰ, ਸਿਫ਼ਤ ਪਿਆਰੇ ਦਸਮੇਸ਼ ਦੀ, ਸ਼ਹੀਦੀ ਮਿਸਲ, ਪ੍ਰਸਿੱਧ ਸੈਨਾਪਤੀ ਯੋਧਾ, ਬਾਬਾ ਅੱਘੜ ਸਿੰਘ ਦੀ ਨਾਦੀ ਬੰਸਾਵਲੀ ਤੋਂ ਇਲਾਵਾ ਕਿਤਾਬ ਦੇ ਅੰਤ ਵਿਚ ਸਹਾਇਕ ਪੁਸਤਕਾਂ ਦਾ ਵੇਰਵਾ ਵੀ ਦਿੱਤਾ ਹੈ। ਪੁਸਤਕ ਦੇ ਸਰਵਰਕ 'ਤੇ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਟੂਟੋਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਸਵੀਰ ਦਿੱਤੀ ਗਈ ਹੈ। ਬਾਬਾ ਅੱਘੜ ਸਿੰਘ ਜੀ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਨਾ ਲੇਖਕ ਦਾ ਸਫ਼ਲ ਉਪਰਾਲਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਖ਼ੁਸ਼ੀ ਦਾ ਦੀਵਾ
ਲੇਖਕ : ਭਾਗੀਰਥ ਰਾਮ ਭਾਟੀਆ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 180 ਰੁਪਏ, ਸਫ਼ੇ : 72
ਸੰਪਰਕ : 94649-60589

'ਖ਼ੁਸ਼ੀ ਦਾ ਦੀਵਾ' ਲੇਖਕ ਭਾਗੀਰਥ ਰਾਮ ਭਾਟੀਆ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ 'ਚ ਉਸ ਦੀਆਂ 62 ਕਾਵਿ ਰਚਨਾਵਾਂ ਸ਼ਾਮਲ ਹਨ। ਕਵੀ ਮਨੁੱਖ ਨੂੰ ਆਲਸ ਤਿਆਗਣ ਅਤੇ ਦ੍ਰਿੜ੍ਹ ਇਰਾਦੇ ਨਾਲ ਹਿੰਮਤ ਦਾ ਪੱਲਾ ਫੜ੍ਹਣ , ਨਫ਼ਰਤ ਤਿਆਗ ਕੇ ਖ਼ੁਸ਼ੀਆਂ ਦੇ ਦੀਵੇ ਜਗਾਉਣ ਲਈ ਪ੍ਰੇਰਿਤ ਕਰਦਾ ਹੈ। ਇੰਨਾਂ ਰਚਨਾਵਾਂ 'ਚ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ ਨੂੰ ਰੋਕਣ ਦੀ ਨਸੀਹਤ, ਨਸ਼ਿਆਂ 'ਚ ਗੁਲਤਾਨ ਹੋ ਰਹੀ ਜੁਆਨੀ ਦਾ ਫ਼ਿਕਰ ਵੀ ਹੈ। ਕਵੀ ਨੌਕਰੀ ਪੇਸ਼ਾ ਕੱਚੇ ਮੁਲਾਜ਼ਮਾਂ ਦੇ ਮੰਦਹਾਲੀ ਵਾਲੇ ਹਾਲਾਤਾਂ ਦੇ ਦਰਦ ਨੂੰ ਆਪਣੀਆਂ ਬਹੁ-ਗਿਣਤੀ ਕਵਿਤਾਵਾਂ 'ਚ ਬਿਆਨਦਾ ਹੈ : ਘਰੋਂ ਦੂਰ ਛੋਟੀ ਜਿਹੀ ਨੌਕਰੀ ਹਾਂ ਕਰਦਾ।
ਰੋਜ਼ ਘਰ ਨਹੀਂ ਜਾ ਸਕਦਾ,
ਮਹਿੰਗਾਈ ਤੋਂ ਹਾਂ ਡਰਦਾ।
ਬਹੁਤ ਘੱਟ ਤਨਖ਼ਾਹ ਹੈ,
ਫਿਰ ਵੀ ਟਾਈਮ ਟਪਾਉਣਾ ਪੈਂਦਾ
ਕਰਨੀ ਪੈਂਦੀ ਹੈ ਕੰਜੂਸੀ,
ਨਾਜ਼ਾਇਜ ਖਰਚੇ ਤੋਂ ਹਾਂ ਡਰਦਾ।
(ਪੰਨਾ : 27)
ਲੇਖਕ ਦਿੱਲੀ ਕਿਸਾਨ ਅੰਦੋਲਨ ਦੇ ਸੰਘਰਸ਼ਮਈ ਦਿਨਾਂ ਨੂੰ ਯਾਦ ਕਰਦਿਆਂ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੇ ਜ਼ਜ਼ਬੇ ਨੂੰ ਸਲਾਮ ਕਰਦਾ ਹੈ। ਕਵੀ ਦੇਸ਼ ਦੀ ਧੀ ਨੂੰ ਝਾਂਸੀ ਦੀ ਰਾਣੀ ਵਾਂਗ ਬਹਾਦਰ ਅਤੇ ਦੇਸ਼ ਭਗਤ ਬਣਨ ਲਈ ਪ੍ਰੇਰਿਤ ਕਰਦਾ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ, ਪੈਸੇ ਦੀ ਤਾਕਤ, ਧਰਤੀ ਮਾਤਾ ਦੀ ਮਹਾਨਤਾ, ਦੇਸ਼ ਦੇ ਸ਼ਹੀਦਾਂ ਪ੍ਰਤੀ ਅਥਾਹ ਸਤਿਕਾਰ ਅਤੇ ਸ਼ਰਧਾ, ਦੇਸ਼ ਦੇ ਅੰਨਦਾਤੇ ਕਿਸਾਨ ਦੀ ਦਿਨੋਂ-ਦਿਨ ਨਿੱਘਰ ਰਹੇ ਹਾਲਤ ਤੋਂ ਉਹ ਡਾਹਢਾ ਚਿੰਤਾਵਾਨ ਜਾਪਦਾ ਹੈ ਅਤੇ ਅਜੋਕੇ ਮਸ਼ੀਨੀਯੁੱਗ 'ਚ ਕਰਜ਼ੇ ਦਾ ਵਧ ਰਿਹਾ ਮੱਕੜਜਾਲ ਉਸ ਨੂੰ ਡਾਹਢਾ ਬੇਚੈਨ ਕਰਦਾ ਹੈ:
ਮੇਰੇ ਦੇਸ਼ ਦਾ ਗ਼ਰੀਬ ਕਿਸਾਨ
ਜੋ ਅੰਨਦਾਤਾ ਕਹਾਉਂਦਾ ਹੈ।
ਮਿਹਨਤ ਕਰਦਾ ਹੱਡ ਭੰਨਵੀਂ,
ਫਿਰ ਵੀ ਭੁੱਖਾ ਰਹਿ ਜਾਂਦਾ ਹੈ। (ਪੰਨਾ : 56)
ਇਸ ਕਾਵਿ ਸੰਗ੍ਰਹਿ ਦੀਆਂ ਬਹੁ ਗਿਣਤੀ ਕਾਵਿ ਰਚਨਾਵਾਂ 'ਚ ਇਕ ਮਿਹਨਤਕਸ਼ ਵਿਅਕਤੀ ਦਾ ਦਰਦ ਉਬਾਲੇ ਮਾਰਦਾ ਪ੍ਰਤੀਤ ਹੁੰਦਾ ਹੈ ਅਤੇ ਇਸ ਸੰਘਰਸ਼ਮਈ ਜੀਵਨ 'ਚ ਸਿਦਕ ਦਿਲੀ ਅਤੇ ਹੋਰ ਹਿੰਮਤ ਨਾਲ ਇੰਨਾਂ ਹਾਲਾਤਾਂ ਨਾਲ ਟਾਕਰਾ ਕਰਨ ਦਾ ਫੌਲਾਦੀ ਹੌਸਲਾ ਵੀ ਹੈ । ਭਾਵੇਂ ਕੁਝ ਰਚਨਾਵਾਂ ਮਹਿਜ ਤੁਕਬੰਦੀ ਵੀ ਜਾਪਦੀਆਂ ਹਨ ਪਰੰਤੂ ਲੇਖਕ 'ਚ ਭਵਿੱਖ ਵਿਚ ਹੋਰ ਚੰਗਾ ਸਾਹਿਤ ਸਿਰਜਣ ਦੀ ਸਮਰੱਥਾ ਵੀ ਸਾਫ਼ ਝਲਕਦੀ ਹੈ। ਲੇਖਕ ਭਾਗੀਰਥ ਰਾਮ ਭਾਟੀਆ ਦੀ ਇਸ ਪਲੇਠੀ ਕਾਵਿ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਭਜਨ ਸਿੰਘ ਵਿਰਕ ਦਾ ਕਾਵਿ ਸੰਸਾਰ
ਸੰਪਾਦਕ : ਜਗਦੀਸ਼ ਰਾਣਾ
ਪ੍ਰਕਾਸ਼ਕ : ਬੁਕਬਾਰ ਪਬਲਿਸ਼ਿੰਗ ਹਾਊਸ ਚਿੱਤੇਵਾਣੀ ਜਲੰਧਰ
ਮੁੱਲ : ਅੰਕਿਤ ਨਹੀਂ, ਸਫ਼ੇ : 99
ਸੰਪਰਕ : 79862-07849

ਭਜਨ ਸਿੰਘ ਵਿਰਕ (3.6.1943- 2.6.2022) ਪੰਜਾਬੀ ਦਾ ਇਕ ਪ੍ਰੌੜ੍ਹ ਸ਼ਾਇਰ ਹੋ ਗੁਜ਼ਰਿਆ ਹੈ। ਉਹਦੀ ਕਾਵਿ ਸਿਰਜਣਾ ਦਾ ਸਫ਼ਰ 1978 ਤੋਂ 2022 ਤੱਕ ਫੈਲਿਆ ਹੋਇਆ ਹੈ, ਜਿਸ ਵਿਚ 6 ਕਾਵਿ ਸੰਗ੍ਰਹਿ (ਉਦਾਸ ਮੌਸਮ, 1978; ਅਹਿਸਾਸ ਦੀ ਅੱਗ, 1988; ਸਰਾਪੇ ਪਲ, 1991; ਸੂਰਜ ਅਤੇ ਸਿਜਦਾ, 1994; ਜ਼ਿੰਦਗੀ ਖ਼ੁਦਕੁਸ਼ੀ ਨਹੀਂ, 2003; ਸਪਤਰਿਸ਼ੀ, 2009) ਅਤੇ 10 ਗ਼ਜ਼ਲ ਸੰਗ੍ਰਹਿ (ਪੀੜ ਦਾ ਦਰਿਆ, 1996; ਡਾਚੀਆਂ ਦੀ ਪੈੜ, 1999; ਧੁੱਪਾਂ 'ਚ ਤੁਰਦਿਆਂ, 2008; ਗਿਰਝਾਂ ਹਵਾਲੇ, 2011; ਮੱਥੇ ਵਿਚਲਾ ਤਰਕਸ਼, 2013; ਚਾਮਲੀ ਹੋਈ ਬਦੀ, 2013; ਅਣਫੋਲੇ ਵਰਕੇ, 2016; ਉਲਝੇ ਤੰਦ, 2018; ਬਰਬਾਦੀਆਂ ਦਾ ਮੰਜ਼ਰ, 2020; ਅੱਖਰ ਅੱਖਰ ਸੂਰਜ, 2022) ਸ਼ਾਮਿਲ ਹਨ। ਬਚਪਨ ਦੀ ਮੁਸ਼ਕਿਲ ਜ਼ਿੰਦਗੀ ਨਾਲ ਜੂਝਦਿਆਂ ਉਸ ਨੇ ਅੰਗਰੇਜ਼ੀ ਦੀ ਐਮ.ਏ. ਕਰਕੇ ਸਰਕਾਰੀ ਸਕੂਲਾਂ ਵਿਚ ਅਧਿਆਪਨ-ਕਾਰਜ (1968-2001) ਕੀਤਾ। ਖ਼ੁਦ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਹਦੀ ਦੱਬੇ-ਕੁਚਲੇ ਲੋਕਾਂ ਨਾਲ ਡੂੰਘੀ ਹਮਦਰਦੀ ਰਹੀ।
ਵਿਚਾਰ ਅਧੀਨ ਪੁਸਤਕ ਜਗਦੀਸ਼ ਰਾਣਾ (ਜਨਰਲ ਸਕੱਤਰ, ਨਵੀਂ ਚੇਤਨਾ ਪੰਜਾਬੀ ਲੇਖਕ ਮੰਚ, ਪੰਜਾਬ, ਗੁਰਾਇਆ) ਨੇ ਸੰਪਾਦਿਤ ਕੀਤੀ ਹੈ, ਜੋ ਆਪ ਇਕ ਜਾਣਿਆ-ਪਛਾਣਿਆ ਗ਼ਜ਼ਲਗੋ ਹੈ। ਰਾਣਾ ਨੇ ਇਸ ਪੁਸਤਕ ਵਿਚ ਪ੍ਰਤੀਨਿਧ ਲੇਖਕਾਂ/ਆਲੋਚਕਾਂ ਦੇ 10 ਲੇਖ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ ਸੁਲੱਖਣ ਸਰਹੱਦੀ, ਸੰਧੂ ਵਰਿਆਣਵੀ, ਪ੍ਰੋ. ਪਰਮਜੀਤ ਕੌਰ ਨੂਰ, ਮਹਿੰਦਰ ਸਿੰਘ ਦੁਸਾਂਝ, ਡਾ. ਜਗੀਰ ਸਿੰਘ ਨੂਰ, ਡਾ. ਐੱਸ.ਐੱਸ. ਅੰਮ੍ਰਿਤ, ਡਾ. ਤੇਜਵੰਤ ਸਿੰਘ ਮਾਨ, ਬਲਬੀਰ ਕੌਰ ਰਾਏਕੋਟੀ ਦੇ ਨਾਂਅ ਸ਼ਾਮਿਲ ਹਨ। ਜਗਦੀਸ਼ ਰਾਣਾ ਦੀ ਲੰਮੀ ਭੂਮਿਕਾ ਤੋਂ ਇਲਾਵਾ ਭਜਨ ਸਿੰਘ ਵਿਰਕ ਦਾ ਆਪਣੀ ਰਚਨਾ ਤੇ ਜੀਵਨ ਬਾਰੇ ਵਿਸਤ੍ਰਿਤ ਲੇਖ ਵੀ ਮੌਜੂਦ ਹੈ। ਇਹ ਪੁਸਤਕ ਭਜਨ ਸਿੰਘ ਵਿਰਕ ਦੀ ਸ਼ਾਇਰੀ ਦੇ ਬੁਨਿਆਦੀ ਸਰੋਕਾਰਾਂ, ਵਿਚਾਰ ਅਨੁਭਵ, ਸਾਹਿਤਕਤਾ ਅਤੇ ਯੋਗਦਾਨ ਨੂੰ ਸਮਝਣ ਲਈ ਕਾਫ਼ੀ ਸਹਾਇਕ ਸਿੱਧ ਹੋ ਸਕਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਕਿਸ਼ਨਗੜ੍ਹ ਗੋਲੀ ਕਾਂਡ
ਲੇਖਕ : ਸਰਵਣ ਸਿੰਘ ਬੀਰ
ਸੰਪਾਦਕ : ਬਲਬੀਰ ਚੰਦ ਲੌਂਗੋਵਾਲ
ਪ੍ਰਕਾਸ਼ਕ : ਮਾਲਵਾ ਇਤਿਹਾਸ ਖੋਜ ਕੇਂਦਰ, ਬਠਿੰਡਾ
ਸਫ਼ੇ : 44
ਸੰਪਰਕ : 98153-17028

ਇਹ ਕਿਤਾਬਚਾ, ਲੋਕ-ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ (2020) ਦੇ ਖ਼ਿਲਾਫ਼ ਉੱਠੀ ਲੋਕ-ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਵਿਚ ਵਿਸਵੇਦਾਰਾਂ ਅਤੇ ਮੁਜ਼ਾਹਰਿਆਂ ਵਿਚਕਾਰ ਹੋਏ ਤਕੜੇ ਸੰਘਰਸ਼ ਦੀ ਗਾਥਾ ਬਿਆਨ ਕੀਤੀ ਗਈ ਹੈ। ਕਿਸ਼ਨਗੜ੍ਹ ਦੀ ਘਟਨਾ, ਮੁਜ਼ਾਹਰਾ ਲਹਿਰ ਦੇ ਸੰਘਰਸ਼ ਦੀ ਸਿਖ਼ਰ ਕਹੀ ਜਾ ਸਕਦੀ ਹੈ। ਸਮਕਾਲੀ ਲੋਕਾਂ ਦੀਆਂ ਲਿਖਤਾਂ ਰਾਹੀਂ ਵੀ ਇਤਿਹਾਸ ਦੇ ਸਹੀ ਤੱਥਾਂ ਨੂੰ ਬਿਆਨ ਕਰਦੀਆਂ ਹਨ, ਜਿਵੇਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੀ ਦੀਆਂ ਲਿਖਤਾਂ ਹਨ। ਰਿਆਸਤ ਵਿਚ 1947 ਈ: ਦੇ ਆਰੰਭਲੇ ਸਮੇਂ ਵਿਚ ਅਸਲ ਵਿਚ ਕਿਸਾਨਾਂ ਵਲੋਂ ਛੇੜੀ ਲੜੀ ਤੇ ਲੜੀ ਜਾ ਰਹੀ, ਬਟਾਈ ਤੋਂ ਇਨਕਾਰ ਤੇ ਵਿਸਵੇਦਾਰਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਦੀ ਲਹਿਰ ਨੂੰ ਨਵਾਂ ਹੁੰਗਾਰਾ ਮਿਲ ਚੁੱਕਾ ਸੀ। ਇਸ ਵਿਰੋਧ ਦੇ ਵਧਦੇ ਪ੍ਰਭਾਵ ਤੋਂ ਡਰ ਕੇ ਵਿਸਵੇਦਾਰ ਆਪਣਾ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਸਨ। ਪ੍ਰੰਤੂ ਜਦ ਪੈਪਸੂ ਸਥਾਪਿਤ ਹੋਇਆ ਤਾਂ ਪਰਜਾ ਮੰਡਲ ਦੀ ਲਹਿਰ ਸਰਗਰਮ ਹੋ ਗਈ ਸੀ। ਕਿਸ਼ਨਗੜ੍ਹ ਦੀ ਘਟਨਾ ਵਾਪਰੀ, ਜਿਸ 'ਚ ਮੁਜ਼ਾਹਾਰਾ ਆਗੂ ਗਿਆਨੀ ਬਚਨ ਸਿੰਘ ਬਖ਼ਸ਼ੀਵਾਲਾ ਨੇ ਕਵਿਤਾ 'ਆਪ ਬੀਤੀ' ਪੜ੍ਹੀ ਸੀ। ਇਸੇ ਸਮੇਂ ਇਥੇ ਗੋਲੀ ਕਾਂਡ ਵਾਪਰਿਆ। ਕਿਸ਼ਨਗੜ੍ਹ ਦੀ ਘਟਨਾ ਨੇ ਵਿਸਵੇਦਾਰ ਤੇ ਮੁਜ਼ਾਹਰਾ ਲਹਿਰ ਨੂੰ ਆਹਮਣੇ-ਸਾਹਮਣੇ ਕਰ ਦਿੱਤਾ ਸੀ। ਮੁਜ਼ਾਹਰਿਆਂ ਵਲੋਂ, ਵਿਸਵੇਦਾਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਸ਼ੁਰੂਆਤ ਕਹਿ ਸਕਦੇ ਹਾਂ, ਜਿਨ੍ਹਾਂ ਮੁਜ਼ਾਹਰਿਆਂ ਵਿਰੁੱਧ ਕੇਸ ਦਰਜ ਕੀਤੇ ਗਏ, ਉਨ੍ਹਾਂ ਦੀ ਗਿਣਤੀ 36 ਹੈ।
ਇਸ ਕਿਤਾਬਚੇ ਤੋਂ ਕਿਸ਼ਨਗੜ੍ਹ ਗੋਲੀ ਕਾਂਡ ਦੇ ਉਪਰੰਤ ਵਿਸਵੇਦਾਰਾਂ ਅਤੇ ਮੁਜ਼ਾਹਰਾ ਲਹਿਰ ਦੇ ਕਿਰਤੀਆਂ ਕਾਮਿਆਂ ਦੇ ਵਿਚਕਾਰ ਹੋਏ ਸੰਘਰਸ਼ ਦੀ ਦਾਸਤਾਨ ਹੈ।
ਸੰਪਾਦਕ ਬਲਬੀਰ ਚੰਦ ਲੌਂਗੋਵਾਲ ਨੇ ਕਿਸ਼ਨਗੜ੍ਹ ਗੋਲੀ ਕਾਂਡ, ਲਿਖਤ ਸਰਵਣ ਸਿੰਘ ਬੀਰ ਦਾ ਮੁੜ ਪ੍ਰਕਾਸ਼ਨ ਕਰਵਾ ਕੇ ਮੁਜ਼ਾਹਰਾ ਲਹਿਰ ਨੂੰ ਮੁੜ ਜਿਊਂਦਾ ਕਰਵਾ ਦਿੱਤਾ ਹੈ। ਸੰਪਾਦਕ ਵਧਾਈ ਦਾ ਹੱਕਦਾਰ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਨਜ਼ਰੀਆ
ਲੇਖਿਕਾ : ਅਰਮਨਜੀਤ ਕੌਰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 108
ਸੰਪਰਕ : 99151-41606

'ਨਜ਼ਰੀਆ' ਨੌਜਵਾਨ ਕਵਿਤਰੀ ਅਰਮਨਜੀਤ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਉਸ ਨੇ ਬਹੁਤ ਸਰਲ ਸਧਾਰਨ ਭਾਸ਼ਾ ਵਿਚ ਸਮਾਜਿਕ ਸਮੱਸਿਆਵਾਂ ਬਾਰੇ ਕਾਵਿ-ਰਚਨਾ ਕੀਤੀ ਹੈ। ਉਸ ਦੇ ਵਿਸ਼ੇ ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ, ਮਾਨਵੀ ਸੰਵੇਦਨਾ, ਬੇਰੁਜ਼ਗਾਰੀ, ਨਸ਼ੇ, ਕਿਰਤੀਆਂ ਦੀਆਂ ਆਰਥਿਕ ਸਮੱਸਿਆਵਾਂ ਨਾਲ ਜੁੜੇ ਹਨ। ਉਸ ਨੇ ਨਵੀਂ ਪੀੜ੍ਹੀ ਦੀਆਂ ਚੁਣੌਤੀਆਂ ਨੂੰ ਵੀ ਕਾਵਿ-ਬੱਧ ਕੀਤਾ ਹੈ। ਉਹ ਅਜੋਕੇ ਦੌਰ ਵਿਚ ਵਿਰਸੇ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਪ੍ਰਤੀ ਚਿੰਤਤ ਹੈ :
ਯੁੱਗ ਆਧੁਨਿਕ ਚੱਲਿਆ ਏ
ਨਾ ਸੱਭਿਆਚਾਰ ਵਿਸਾਰੀਂ ਤੂੰ
ਸੰਸਕਾਰ ਭਰੇ ਹੀ ਰਹਿਣ ਦਈਂ
ਨਾ ਪੈਰਾਂ ਹੇਠ ਲਿਤਾੜੀ ਤੂੰ
ਉਸ ਦੇ ਵਿਸ਼ੇ ਉਸ ਦੀ ਆਪਣੇ ਪ੍ਰਤੀ ਲਗਨ ਅਤੇ ਜ਼ਿੰਮੇਵਾਰੀ ਨਾਲ ਵੀ ਜੁੜੇ ਹਨ। ਉਹ ਆਤਮ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵੱਲ ਕਦਮ ਵਧਾਉਂਦੀ ਸ਼ਾਇਰਾ ਹੈ :
ਮੈਂ ਉਹ ਮੰਜ਼ਲ ਦੀ ਰਾਹੀ ਹਾਂ
ਜੋ ਮੁਕਾਮ 'ਤੇ ਪਹੁੰਚਣਾ ਚਾਹੁੰਦੀ ਆਂ
ਮਿਹਨਤ ਕਰਕੇ ਜ਼ਿੰਦਗੀ ਵਿਚ
ਮੈਂ ਨਾਮ ਚਮਕਾਉਣਾ ਚਾਹੁੰਦੀ ਹਾਂ
ਉਹ ਵਿਗਿਆਨਕ ਸੋਚ ਨਾਲ ਜੁੜੇ ਵਿਸ਼ਿਆਂ ਪ੍ਰਤੀ ਵੀ ਚੇਤੰਨ ਹੈ। ਵਹਿਮ ਭਰਮ ਕਵਿਤਾ ਇਸ ਦੀ ਮਿਸਾਲ ਹੈ। ਡਾ. ਭੀਮ ਰਾਓ ਅੰਬੇਡਕਰ ਬਾਰੇ ਉਸ ਨੇ ਬਹੁਤ ਖ਼ੂਬਸੂਰਤ ਰਚਨਾ ਲਿਖੀ ਹੈ।
ਛੋਟੀ ਉਮਰੇ ਉਸ ਕੋਲ ਬਹੁਤ ਡੂੰਘੇ ਵਿਚਾਰ ਅਤੇ ਅਨੁਭਵ ਹਨ। ਉਹ ਕੁਝ ਰਿਸ਼ਤਿਆਂ ਪ੍ਰਤੀ ਆਪਣੀ ਸੰਵੇਦਨਾ ਵੀ ਪ੍ਰਗਟ ਕਰਦੀ ਹੈ। 'ਦਾਦੀ ਮਾਂ' ਕਵਿਤਾ ਇਸ ਦਾ ਖ਼ੂਬਸੂਰਤ ਉਦਾਹਰਨ ਹੈ। ਉਹ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਦੀ ਹੋਈ ਭਵਿੱਖ ਲਈ ਯਤਨਸ਼ੀਲ ਹੈ :
ਸ਼ਿਕਵੇ ਨਾ ਕਰਿਆ ਕਰ ਦਿਲਾ
ਜਿੰਨਾ ਮਿਲਿਆ ਖ਼ੁਸ਼ੀ ਖੁਸ਼ੀ ਅਪਣਾਇਆ ਕਰ
ਉਹ ਪ੍ਰਦੂਸ਼ਣ ਮੁਕਤ ਦੇਸ਼ ਦੀ ਕਲਪਨਾ ਕਰਦੀ। ਪਾਣੀ ਦੀ ਬੱਚਤ ਕਰਨ ਲਈ ਵੀ ਪ੍ਰੇਰਨਾ ਦਿੰਦੀ ਹੈ। ਅਜਿਹੀਆਂ ਲੋਕ ਭਾਸ਼ਾਵਾਂ ਵਿਚ ਰਚੀਆਂ ਕਵਿਤਾਵਾਂ ਪਾਠਕਾਂ ਲਈ ਲਾਹੇਵੰਦ ਹਨ :
ਮੈਂ ਪਾਣੀ ਹਾਂ ਥੋਡਾ ਹਾਣੀ ਹਾਂ
ਮੈਨੂੰ ਇੰਝ ਅਜਾਈਂ ਗੁਆਓ ਨਾ
ਮੈਨੂੰ ਸੰਜਮ ਦੇ ਨਾਲ ਵਰਤੋ ਸਹੀ
ਬੇਲੋੜਾ ਤੁਸੀਂ ਵਹਾਓ ਨਾ... ...
ਇਸ ਪ੍ਰਕਾਰ ਅਰਮਨਜੀਤ ਦੀ ਇਹ ਕਾਵਿ ਪੁਸਤਕ ਉਸ ਦੀਆਂ ਅਰਥ ਪੂਰਨ ਅਤੇ ਸਰਲ ਭਾਸ਼ਾ ਵਿਚ ਰਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਸੰਵਿਧਾਨ, ਹਾਦਸਾ, ਨਿੱਘੀ ਯਾਦ, ਕਿਸਾਨ, ਮਾਲੀ, ਵਖ਼ਤ, ਧੀਆਂ, ਚਾਰ ਦਿਨ ਦੀ ਜ਼ਿੰਦਗੀ, ਆਵਾਜ਼, ਸਲੂਕ, ਬਰਬਾਦੀ ਨਸਲਾਂ ਦੀ, ਪਰਵਾਜ਼, ਖ਼ਤ ਬੇਰੁਜ਼ਗਾਰ ਦਾ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਸ ਕਾਵਿ ਪੁਸਤਕ ਲਈ ਕਵਿਤਰੀ ਨੂੰ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਕਾਲਜ, ਜਲੰਧਰ।

ਅਪਣੱਤ ਭਰੇ ਰਿਸ਼ਤੇ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 134
ਸੰਪਰਕ : 98762-95829

ਮਨੁੱਖੀ ਸਰੀਰ ਇਕ ਬਹੁਤ ਗੁੰਝਲਦਾਰ ਅਤੇ ਨਾਜ਼ੁਕ ਮਸ਼ੀਨ ਹੈ। ਇਹ ਮਨੁੱਖ ਨੂੰ ਬੜੇ ਭਾਗਾਂ ਨਾਲ ਮਿਲਦਾ ਹੈ। 'ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥' ਹਰਬੀਰ ਸਿੰਘ ਆਪਣੇ ਜੀਵਨ ਵਿਚ ਏਨੇ ਉਲਝੇ ਸਵਾਲਾਂ ਦੇ ਮੁਖ਼ਾਤਿਬ ਰਿਹਾ ਕਿ ਉਹ ਬਹੁਤਾ ਲੰਬਾ ਸਮਾਂ ਨਾ ਜੀਅ ਸਕਿਆ, ਭਾਵੇਂ ਇਕ ਪੱਤਰਕਾਰ ਵਜੋਂ ਉਸ ਦੀ ਪਾਰੀ ਕਾਫ਼ੀ ਸਫ਼ਲ ਰਹੀ ਪਰ ਬਾਅਦ ਵਿਚ ਉਹ ਸਵਸਥ ਨਾ ਰਹਿ ਸਕਿਆ। ਫਿਰ ਵੀ ਜਾਂਦਿਆਂ-ਜਾਂਦਿਆਂ ਉਸ ਨੇ ਇਸ ਪੁਸਤਕ ਦਾ ਖਰੜਾ ਜ਼ਰੂਰ ਤਿਆਰ ਕਰ ਲਿਆ ਸੀ, ਜੋ ਉਸ ਦੀ ਪਤਨੀ ਸਰਦਾਰਨੀ ਕੈਲਾਸ਼ ਭੰਵਰ ਨੇ ਇਕ ਪ੍ਰਸਿੱਧ ਪ੍ਰਵਾਸੀ ਲੇਖਕ ਸ੍ਰੀ ਜਰਨੈਲ ਸੇਖਾ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰ ਲਿਆ ਹੈ। ਇਸ ਪੁਸਤਕ (ਅਪਣੱਤ ਭਰੇ ਰਿਸ਼ਤੇ) ਵਿਚ ਸੰਕਲਿਤ ਲੇਖ ਸ. ਭੰਵਰ ਦੀਆਂ ਅੰਤਿਮ ਰਚਨਾਵਾਂ ਹਨ। ਹਰਬੀਰ ਸਿੰਘ ਭੰਵਰ ਇਕ ਉਦਾਰ ਮਾਨਵਵਾਦੀ ਦੇ ਨਜ਼ਰੀਏ ਨਾਲ ਆਪਣੇ ਵਿਚਾਰ ਪੇਸ਼ ਕਰਦਾ ਹੈ। ਉਹ ਕੋਈ ਰੈਡੀਕਲ ਚਿੰਤਕ ਨਹੀਂ ਹੈ। ਇਹੀ ਕਾਰਨ ਹੈ ਕਿ ਉਸ ਦੇ ਵਿਚਾਰ ਮੱਧ ਸ਼੍ਰੇਣੀ ਨਾਲ ਸੰਬੰਧਿਤ ਪਾਠਕਾਂ ਨੂੰ ਵਿਸ਼ੇਸ਼ ਰੂਪ ਵਿਚ ਪਸੰਦ ਆਉਣਗੇ। ਧਰਮ, ਦੇਸ਼-ਵੰਡ, ਅਪਣੱਤ ਭਰੇ ਰਿਸ਼ਤੇ, ਸੁੱਖ-ਦੁੱਖ ਦਾ ਸੁਮੇਲ, ਸਾਡੀ ਜ਼ਿੰਦਗੀ, ਪੇਂਡੂ ਜੀਵਨ ਅਤੇ ਥੱਕੇ ਹੋਏ ਦਿਲ ਆਰਾਮ ਕਰ। ਆਦਿਕ ਲੇਖਾਂ ਵਿਚ ਉਸ ਦੀ ਸੰਵੇਦਨਾ (ਲਾਲਿਤਯ) ਦਾ ਸੁਮੇਲ ਪੜ੍ਹਿਆ ਜਾ ਸਕਦਾ ਹੈ।
ਨਿਬੰਧ ਦੀ ਫਾਰਮ ਨੂੰ ਵੀ ਹਰਬੀਰ ਸਿੰਘ ਭੰਵਰ ਨੇ ਖੂਬ ਪਹਿਚਾਣਿਆ ਹੈ। ਬਹੁਤੇ ਨਿਬੰਧਕਾਰ ਆਪਣੇ ਨਿਬੰਧਾਂ ਨੂੰ 'ਖੋਜ ਪੱਤਰ' ਬਣਾ ਛੱਡਦੇ ਹਨ। ਉਹ ਇਨ੍ਹਾਂ ਵਿਚ ਏਨੀ ਸੂਚਨਾ ਭਰ ਦਿੰਦੇ ਹਨ ਕਿ ਪਾਠਕ ਡੌਰ-ਭੌਰ ਹੋ ਜਾਂਦਾ ਹੈ। ਨਿਬੰਧ ਲਿਖਣ ਦੀ ਕਲਾ ਪ੍ਰੋ. ਤੇਜਾ ਸਿੰਘ ਨੂੰ ਆਉਂਦੀ ਸੀ, ਜਿਸ ਦਾ ਹਰ ਨਿਬੰਧ, ਭਾਵਾਂ ਦੇ ਇਕ ਸ਼ਾਂਤ ਵਗਦੇ ਦਰਿਆ ਦੀ ਯਾਦ ਕਰਵਾਉਂਦਾ ਸੀ। ਹਰਬੀਰ ਸਿੰਘ ਭੰਵਰ ਤੇਜਾ ਸਿੰਘ ਦੀ ਪੰਰਪਰਾ ਦਾ ਨਿਬੰਧਕਾਰ ਹੈ। ਇਨ੍ਹਾਂ ਨਿਬੰਧਾਂ ਵਿਚ 'ਗੁਜ਼ਰ ਰਿਹਾ ਸਮਾਂ' ਵੀ ਇਕ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਵਕਤ ਦਾ ਗੁਜ਼ਰਦੇ ਜਾਣਾ, ਸੰਵੇਦਨਸ਼ੀਲ ਮਨੁੱਖ ਵਿਚ ਕਰੁਣਾ ਅਤੇ ਉਦਾਸੀ ਦੇ ਭਾਵ ਭਰ ਦਿੰਦਾ ਹੈ। ਆਪਣੇ ਇਕ ਲੇਖ ਵਿਚ ਉਹ ਲਿਖਦਾ ਹੈ, 'ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਕੰਮ ਕੀਤਾ ਹੈ, ਦੋ ਵਿਅਕਤੀਆਂ ਦੇ ਬਰਾਬਰ... ਅਤੇ ਹੁਣ ਆਰਾਮ ਕਰਨਾ ਚਾਹੁੰਦਾ ਹਾਂ।' ਅਜਿਹੇ ਸ਼ਬਦ ਉਸ ਪਾਸੋਂ ਕਾਲ-ਚੇਤਨਾ ਨੇ ਹੀ ਲਿਖਵਾਏ ਹਨ। ਇਸ ਪੁਸਤਕ ਦਾ ਹਰ ਲੇਖ 'ਧਿਆਨ ਨਾਲ ਪੜ੍ਹਨਯੋਗ' ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

24-12-2023

 ਫਿਨੀਕਸ ਇਨ ਫਲੇਮਸ
ਲੇਖਿਕਾ: ਰਚਨਾ ਸਿੰਘ
ਪ੍ਰਕਾਸ਼ਕ: ਵਿਸ਼ਵਕਰਮਾ ਪਬਲੀਕੇਸ਼ਨਜ਼

ਰਚਨਾ ਸਿੰਘ ਇਕ ਚਰਚਿਤ ਸਾਹਿਤਕਾਰ ਹੈ, ਜਿਨ੍ਹਾਂ ਕੋਲ ਅੰਗਰੇਜ਼ੀ ਸਾਹਿਤ 'ਚ ਐਮ.ਫਿਲ ਦੀ ਡਿਗਰੀ ਅਤੇ ਇਸ ਖੇਤਰ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ ਤਿੰਨ ਸੋਨ ਤਗਮੇ ਹਨ। ਰਚਨਾ ਸਿੰਘ ਨੂੰ ਕੈਂਬਰਿਜ ਯੂਨੀਵਰਸਿਟੀ 'ਚ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਲਈ ਨਹਿਰੂ ਸ਼ਤਾਬਦੀ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਕਿਸਮਤ 'ਚ ਕੁਝ ਹੋਰ ਹੀ ਲਿਖਿਆ ਸੀ, ਜਿਸ ਕਰਕੇ 1991 'ਚ ਉਹ ਭਾਰਤੀ ਰੈਵੇਨਿਊ ਸਰਵਿਸ 'ਚ ਸ਼ਾਮਿਲ ਹੋ ਗਏ। ਸਾਹਿਤ ਰਚਣ ਦੀ ਉਨ੍ਹਾਂ ਦੀ ਇੱਛਾ ਏਨੀ ਮਜ਼ਬੂਤ ਸੀ ਕਿ 30 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਲੇਖਣ ਅਤੇ ਹੋਰ ਰਚਨਾਤਕ ਕੋਸ਼ਿਸ਼ਾਂ ਪ੍ਰਤੀ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਖ਼ਰੀ ਵਾਰ ਪ੍ਰਿੰਸੀਪਲ ਆਮਦਨ ਕਰ ਵਿਭਾਗ ਦਿੱਲੀ ਵਜੋਂ ਸੇਵਾ ਨਿਭਾਈ। ਨਵੰਬਰ 2021 'ਚ ਉਨ੍ਹਾਂ ਨੇ ਇਕ ਸਾਹਿਤਕ ਅਤੇ ਕਲਾ ਈ-ਮੈਗਜ਼ੀਨ, 'ਦ ਵਾਈਜ਼ ਓਵਲ' ਸ਼ੁਰੂ ਕੀਤੀ, ਜੋ ਉੱਭਰਦੇ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਨੂੰ ਇਕ ਮੁਫ਼ਤ ਮੰਚ ਮੁਹੱਈਆ ਕਰਦੀ ਹੈ। ਉਹ ਲੋਕ ਸਭਾ ਸਕੱਤਰੇਤ ਦੇ ਭਾਸ਼ਾ ਪੈਨਲ ਮਾਹਿਰ ਦੀ ਸਲਾਹਕਾਰ ਅਤੇ ਲੋਕ ਸਭਾ ਸਕੱਤਰੇਤ ਦੇ ਖੋਜ ਸਹਾਇਕਾਂ ਵਜੋਂ ਵੀ ਕੰਮ ਕਰ ਰਹੀ ਹੈ। ਮੁਸ਼ਕਿਲ ਭਰੇ ਰੁਝੇਂਵਿਆਂ ਦੇ ਬਾਵਜੂਦ ਰਚਨਾ ਸਿੰਘ ਵੱਖ-ਵੱਖ ਕੌਮੀ ਅਖ਼ਬਾਰਾਂ ਲਈ ਲੇਖ ਅਤੇ ਪੁਸਤਕ ਸਮੀਖਿਆ ਲਿਖਦੀ ਰਹੀ ਹੈ। ਉਨ੍ਹਾਂ ਨੇ ਆਰਥਿਕ ਮੁੱਦਿਆਂ 'ਤੇ ਦੋ ਕਿਤਾਬਾਂ ਵੀ ਲਿਖੀਆਂ ਹਨ, 'ਪੈਨੀ ਪਨਾਚੇ: ਪੀਸਿੰਗ ਦ ਇਕਨਾਮਿਕ ਪਜ਼ਲ' (2016) ਅਤੇ 'ਫਾਈਨੈਂਸ਼ੀਅਲ ਫੈਲੀਸਿਟੀ: ਮੇਕਿੰਗ ਸੈਂਸ ਆਫ਼ ਮਨੀ ਮੈਟਰਸ' (2017)। 'ਮੈਰਿਆਡ ਮਿਊਜਿੰਗਸ' (2016) ਉਨ੍ਹਾਂ ਦੇ ਪ੍ਰਕਾਸ਼ਿਤ ਲੇਖਾਂ ਅਤੇ ਸਫ਼ਰਨਾਮਿਆਂ ਦਾ ਸੰਗ੍ਰਹਿ ਹੈ। 'ਦ ਬਿਟਕੁਆਇਨ ਸਾਗਾ: ਏ ਮਿਕਸਡ ਮੋਂਟੇਜ (ਬਲੂਮਸਬਰੀ, 2019), ਉਨ੍ਹਾਂ ਦੀ ਚੌਥੀ ਕਿਤਾਬ, ਕ੍ਰਿਪਟੋਕਰੰਸੀ ਦੇ ਜਨਮ ਅਤੇ ਵਿਕਾਸ ਦੀ ਕਹਾਣੀ ਅਤੇ ਇਸ ਨੂੰ ਆਧਾਰ ਬਣਾ ਰਹੀ ਬਲਾਕਚੇਨ ਤਕਨੀਕ ਨੂੰ ਬਿਆਨਦੀ ਹੈ। ਉਨ੍ਹਾਂ ਨੇ ਕਵਿਤਾ ਅਤੇ ਲਘੂ ਕਹਾਣੀਆਂ ਦੇ ਦੋ ਸੰਗ੍ਰਹਿ 'ਦ ਰਿਪਰਟਾਇਰ ਐਂਡ ਦ ਕਲੈਕਟੇਬਲਜ਼: ਇਕਲੈਕਿਟਕ ਟੇਲਸ ਆਫ਼ 2023' ਅਤੇ 'ਆਈਡਸ ਆਫ਼ ਮਾਰਚ' ਕਵਿਤਾ ਦੀ ਇਕ ਈ-ਚੈਪਬੁੱਕ (ਹਥੇਲੀ 'ਚ ਆਉਣ ਵਾਲੀ ਛੋਟੇ ਆਕਾਰ ਦੀ ਪੁਸਤਕ) ਵੀ ਤਿਆਰ ਅਤੇ ਸੰਪਾਦਿਤ ਕੀਤੇ ਹਨ। ਉਨ੍ਹਾਂ ਦੀ ਨਵੀਂ ਪੁਸਤਕ 'ਫਿਨੀਕਸ ਇਨ ਫਲੇਮਸ' ਵੱਖ-ਵੱਖ ਖੇਤਰਾਂ ਦੀਆਂ 8 ਔਰਤ ਪਾਤਰਾਂ ਦੀ ਹਿੰਮਤ ਅਤੇ ਜਿਊਂਦੇ ਰਹਿਣ ਦੇ ਸੰਘਰਸ਼ ਬਾਰੇ ਇਕ ਪੁਸਤਕ ਹੈ। 'ਫਿਨੀਕਸ ਇਨ ਫਲੇਮਸ' ਉਨ੍ਹਾਂ ਸਾਰੀਆਂ ਆਮ ਔਰਤਾਂ ਨੂੰ ਸਮਰਪਿਤ ਇਕ ਪੁਸਤਕ ਹੈ, ਜੋ ਆਪਣੀ ਬੇਲੋੜੀ ਲਚਕਤਾ ਅਤੇ ਦ੍ਰਿੜ੍ਹਤਾ ਨਾਲ ਬਹਾਦਰ ਅਤੇ ਅਸਾਧਾਰਨ ਬਣ ਜਾਂਦੀਆਂ ਹਨ। ਸਨਾ, ਸਹਿਰ, ਮਾਲਿਨੀ, ਮ੍ਰਿਤੁੰਜੇ, ਉਤਕ੍ਰਸ਼ਾ ਅਤੇ ਹੋਰ ਔਰਤ ਪਾਤਰ ਆਪਣੇ ਨਿੱਜੀ ਰਾਕਸ਼ਾਂ ਅਤੇ ਤ੍ਰਾਸਦੀਆਂ ਨਾਲ ਜੂਝਦੀਆਂ ਹਨ। ਕੁਝ 'ਫਿਨੀਕਸ' ਵਾਂਗ ਮੁੜ ਸੁਰਜੀਤ ਅਤੇ ਪੁਨਰਜਨਮ ਲੈਂਦੀਆਂ ਹਨ ਅਤੇ ਹੋਰ ਆਪਣੇ ਹੀ ਦੁੱਖਾਂ ਨਾਲ ਭਸਮ ਹੋ ਕੇ ਨਸ਼ਟ ਹੋ ਜਾਂਦੀਆਂ ਹਨ। ਹਾਲਾਂਕਿ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੀਆਂ ਇਹ ਔਰਤਾਂ ਰੂਹਾਨੀ ਤੌਰ 'ਤੇ ਭੈਣਾਂ ਹਨ, ਕਿਉਂਕਿ ਉਹ ਆਪਣੇ ਦੁੱਖਾਂ 'ਚ ਇਕਜੁੱਟ ਹੁੰਦੀਆਂ ਹਨ ਅਤੇ ਜੀਵਨ ਦੀਆਂ ਮੁਸ਼ਕਿਲਾਂ ਦਾ ਮੁਸਕਰਾ ਕੇ ਸਾਹਮਣਾ ਕਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਕੀ ਆਪਣੇ ਪੁੱਤਰ ਦਾ ਨਾ ਪੂਰਾ ਹੋਣ ਵਾਲਾ ਘਾਟਾ ਮਾਲਿਨੀ ਨੂੰ ਸੁੰਨ ਕਰਨ ਵਾਲੇ ਖਾਲੀਪਣ ਦੇ ਕੰਢੇ 'ਤੇ ਧੱਕ ਦੇਵੇਗਾ ਜਾਂ ਕੀ ਉਹ ਸਾਰਿਆਂ ਦਾ ਪਾਲਣ-ਪੋਸ਼ਣ ਕਰਨ ਵਾਲੀ ਦੇ ਰੂਪ 'ਚ ਪੁਨਰ ਜਨਮ ਲਵੇਗੀ? ਕੀ ਸਨਾ ਕਿਸੇ ਆਉਣ ਵਾਲੀ ਤ੍ਰਾਸਦੀ ਦੇ ਕਾਲੇ ਬੱਦਲਾਂ ਨੂੰ ਪਾਰ ਕਰ ਸਕੇਗੀ ਜਾਂ ਉਹ ਆਪਣੇ ਦੁੱਖਾਂ ਦੀ ਅੱਗ 'ਚ ਸੜ ਕੇ ਨਸ਼ਟ ਹੋ ਜਾਵੇਗੀ, ਜੋ ਦੁਬਾਰਾ ਕਦੇ ਨਹੀਂ ਉਠ ਸਕੇਗੀ? ਕੀ ਸਹਿਰ ਇਕ ਨਾਜਾਇਜ਼ ਰਿਸ਼ਤੇ ਦੁਆਰਾ ਪੈਦਾ ਹੋਈ ਸਵੈ-ਵਿਨਾਸ਼ ਦੀ ਇੱਛਾ ਨਾਲ ਲੜਨ ਦੇ ਯੋਗ ਹੋਵੇਗੀ? ਕੀ ਕੁਦਰਤ ਦੇ ਮਾਨਸਿਕਤਾ 'ਤੇ ਫਰਹਾਨ ਵਲੋਂ ਛੱਡੇ ਗਏ ਦਾਗ਼ ਠੀਕ ਹੋ ਸਕਣਗੇ? ਪਾਠਕਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਉਦੋਂ ਮਿਲਣਗੇ, ਜਦੋਂ ਉਹ ਦੁਖੀ ਰੂਹਾਂ ਦੀਆਂ ਭਾਵਨਾਤਮਕ ਕਹਾਣੀਆਂ ਦੇ ਹਨੇਰੇ ਦ੍ਰਿਸ਼ 'ਚੋਂ ਲੰਘਣਗੇ। ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਨੂੰ ਇਕੱਠਿਆਂ ਜੋੜਦੇ ਹੋਏ, ਰਚਨਾ ਸਿੰਘ ਅੱਜ ਸਾਡੇ ਸਮਾਜ 'ਚ ਔਰਤਾਂ ਨਾਲ ਕੀਤੇ ਜਾਣ ਵਾਲੇ ਵਿਵਹਾਰ 'ਤੇ ਵੀ ਚਾਣਨ ਪਾਉਂਦੀ ਹੈ। ਸਹਿਰ ਨੂੰ ਉਸ ਦੇ ਪਿਤਾ ਵਲੋਂ ਅਣਡਿੱਠ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਇਕ ਲੜਕੀ ਹੈ ਅਤੇ ਉਸ ਨੂੰ ਉਸ ਦੇ ਪਿਤਾ ਦੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਫ਼ੀਨਾ ਨੂੰ ਉਸ ਦੇ ਮਾਪਿਆਂ ਨੇ ਗੋਦ ਲੈਣ ਲਈ ਛੱਡ ਦਿੱਤਾ, ਕਿਉਂਕਿ ਉਹ ਇਕ ਲੜਕੀ ਸੀ। ਕੁਦਰਤ ਇਕ ਸਪੱਸ਼ਟ ਤੌਰ 'ਤੇ ਪ੍ਰਗਤੀਸ਼ੀਲ ਸ਼ਹਿਰੀ ਪਰਿਵਾਰ 'ਚ ਘਰੇਲੂ ਅਤੇ ਮਨੋਵਿਗਿਆਨਕ ਹਿੰਸਾ ਦਾ ਸ਼ਿਕਾਰ ਹੋ ਜਾਂਦੀ ਹੈ। ਰਚਨਾ ਸਿੰਘ ਭਾਵਨਾਤਮਕ ਉਤਸ਼ਾਹ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਹਮਦਰਦੀ ਨਾਲ ਭਰੀਆਂ ਅਜਿਹੀਆਂ ਕਹਾਣੀਆਂ ਬੁਣਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਬਿਆਨਦੀ ਹੈ, ਜੋ ਸਾਰੀਆਂ ਔਰਤਾਂ ਦੇ ਜੀਵਨ 'ਚ ਸਹਿਜੇ ਹੀ ਵਾਪਰਦੀਆਂ ਹਨ। ਇਹ ਕਹਾਣੀਆਂ ਕਦੇ-ਕਦੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਹਨ, ਕਿਉਂਕਿ ਆਮ ਔਰਤਾਂ ਅਸਧਾਰਨ ਉੱਚਾਈਆਂ ਨੂੰ ਛੂੰਹਦੀਆਂ ਹਨ ਅਤੇ ਕੁਝ ਸਮੇਂ 'ਚ ਉਹ ਘਟਨਾਵਾਂ ਦੇ ਦੁਖਦਾਈ ਮੋੜ 'ਤੇ ਤੁਹਾਡੀਆਂ ਅੱਖਾਂ ਨਮ ਕਰ ਦਿੰਦੀਆਂ ਹਨ।

-ਅਜੀਤ ਬਿਊਰੋ

ਧੁੱਪ ਨਾਲ ਰੁੱਸੀ ਚਾਂਦਨੀ
ਕਵਿੱਤਰੀ : ਸੁਧਾ ਓਮ ਢੀਂਗਰਾ
ਅਨੁਵਾਦ : ਅਮਰਜੀਤ ਕੌਂਕੇ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98142-31698

ਸੁਧਾ ਓਮ ਢੀਂਗਰਾ ਇਕ ਚਰਚਿਤ ਪਰਵਾਸੀ ਹਿੰਦੀ ਲੇਖਿਕਾ ਹੈ, ਜਿਸ ਨੇ ਹਿੰਦੀ ਵਿਚ ਨਾਵਲ, ਕਹਾਣੀ, ਕਵਿਤਾ, ਨਿਬੰਧ, ਆਲੋਚਨਾ, ਖੋਜ ਅਤੇ ਸੰਪਾਦਨ ਦਾ ਕੁਸ਼ਲ ਕਾਰਜ ਕੀਤਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਉਸ ਨੂੰ ਸਮੇਂ-ਸਮੇਂ 'ਤੇ ਵਿਸ਼ੇਸ਼ ਸਨਮਾਨਾਂ ਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਮੌਜੂਦਾ ਸਮੇਂ ਉਹ ਅਮਰੀਕਾ ਵਿਖੇ ਰਹਿ ਰਹੀ ਹੈ ਅਤੇ ਹਿੰਦੀ ਦੇ ਦੋ ਪ੍ਰਤੀਨਿਧੀ ਤ੍ਰੈਮਾਸਿਕ ਮੈਗਜ਼ੀਨ 'ਵਿਭੋਮ ਸਵਰ' ਅਤੇ 'ਸ਼ਿਵਨਾ ਸਾਹਿਤਿਕੀ' ਦੀ ਸੰਪਾਦਨਾ ਦਾ ਕਾਰਜਭਾਰ ਸੰਭਾਲ ਰਹੀ ਹੈ। ਸਮੀਖਿਆ ਅਧੀਨ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰਸਿੱਧ ਤੇ ਪੁਰਸਕ੍ਰਿਤ ਅਨੁਵਾਦਕ ਡਾ. ਅਮਰਜੀਤ ਕੌਂਕੇ ਵਲੋਂ ਕੀਤਾ ਗਿਆ ਹੈ ਜਿਸ ਨੇ ਹਿੰਦੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਕਰੀਬ ਤਿੰਨ ਦਰਜਨ ਪੁਸਤਕਾਂ ਦਾ ਬਿਹਤਰੀਨ ਅਨੁਵਾਦ ਕੀਤਾ ਹੈ, ਜਿਸ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ 'ਇਆਪਾ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਿਚਾਰ ਅਧੀਨ ਪੁਸਤਕ ਵਿਚ ਕੁੱਲ 69 ਕਵਿਤਾਵਾਂ ਹਨ, ਜੋ ਉਹਦੀਆਂ ਯਾਦਾਂ ਤੇ ਪਰਵਾਸੀ ਸਰੋਕਾਰਾਂ ਨਾਲ ਸੰਬੰਧਿਤ ਹਨ। ਇਨ੍ਹਾਂ ਛੋਟੀਆਂ-ਛੋਟੀਆਂ ਕਵਿਤਾਵਾਂ ਵਿਚ ਲੇਖਿਕਾ ਨੇ ਭੂ ਹੇਰਵਾ, ਪ੍ਰਕਿਰਤੀ, ਸੰਸਕ੍ਰਿਤੀ ਦੇ ਨਾਲ-ਨਾਲ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਵੀ ਖ਼ੂਬਸੂਰਤ ਪ੍ਰਗਟ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮਿਥਿਹਾਸਿਕ ਕਥਾਵਾਂ ਨੂੰ ਪਿੱਠਭੂਮੀ ਵਿਚ ਰੱਖ ਕੇ ਲਿਖੀਆਂ ਕਵਿਤਾਵਾਂ (ਸਵਰਗ ਵਿਚ ਮੱਚਿਆ ਸ਼ੋਰ, 87-88; ਇਕ ਹੋਰ ਮਹਾਭਾਰਤ, 105; ਹੋਣੀ, 55), ਪਰਵਾਸੀ ਜੀਵਨ ਦੀਆਂ ਤਲਖੀਆਂ ਨੂੰ ਦਰਸਾਉਂਦੀਆਂ ਕਵਿਤਾਵਾਂ (ਖੁਸ਼ ਹਾਂ ਮੈਂ, 70-72, ਪਰਦੇਸ ਦੀ ਧੁੱਪ, 81-82), ਮਾਂ ਨਾਲ ਸੰਬੰਧਿਤ ਕਵਿਤਾਵਾਂ (ਮਾਂ ਤੂੰ ਬਹੁਤ ਯਾਦ ਆਉਂਦੀ ਹੈਂ, 58-59; ਮਾਂ ਕਹਿੰਦੀ ਸੀ, 56-57; ਮਾਂ ਨੇ ਕਿਹਾ ਸੀ, 40-41); ਨਾਰੀਵਾਦੀ ਕਵਿਤਾਵਾਂ (ਕਵਿਤਾ ਤੇ ਨਾਰੀ, 89-91; ਬਿਖਰਾ, 46-47; ਅਣਕਹੀ ਗੱਲ, 38-39; ਮੋਮ ਦੀ ਗੁੱਡੀ, 35-36; ਨਾਬਰਾਬਰੀ ਕਿਉਂ, 32-33; ਹੱਤਿਆ ਤੇ ਬੇਨਤੀ, 26, ਕਠਪੁਤਲੀ, 19, ਰਿਸ਼ਤੇ, 14-15) ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਨਾਲ ਨਿਭਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਮੂਲ ਤੌਰ 'ਤੇ ਹਿੰਦੀ ਵਿਚ ਲਿਖੀਆਂ ਹੋਣ ਦੇ ਬਾਵਜੂਦ ਇਨ੍ਹਾਂ 'ਚੋਂ ਪੰਜਾਬੀਅਤ ਦੀ ਮਹਿਕ ਆਉਂਦੀ ਹੈ। ਅਜਿਹੀਆਂ ਕਵਿਤਾਵਾਂ ਵਿਚ 'ਬੁਲਾਉਂਦਾ ਹੈ ਕੋਈ ਉਸ ਪਾਰ' (108), 'ਚਾਂਦਨੀ ਨਾਲ ਨਹਾਉਣ ਲੱਗੀ' (104) ਪੜ੍ਹੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਹਿੰਦੀ-ਭਾਸ਼ੀ ਲੇਖਿਕਾ ਦੀ ਪੰਜਾਬੀ ਵਿਚ ਅਨੁਵਾਦਿਤ ਇਹ ਪੁਸਤਕ ਬਾਗ਼ ਵਿਚ ਲੱਗੇ ਭਾਂਤ-ਸੁਭਾਂਤੇ ਫੁੱਲਾਂ ਦੀ ਮਹਿਕ ਬਿਖੇਰਦੀ ਹੈ, ਜਿਸ ਦਾ ਖ਼ੈਰ-ਮਕਦਮ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਗੁਰਬਾਣੀ ਦਾ ਨਾਗਰੀ ਲਿਪੀਅੰਤਰਣ
ਸਮੱਸਿਆਵਾਂ ਅਤੇ ਸਮਾਧਾਨ
ਲੇਖਕ : ਡਾ. ਹਰਕੀਰਤ ਸਿੰਘ
ਅਨੁਵਾਦ : ਅਮਰੀਕ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 95 ਰੁਪਏ, ਸਫ਼ੇ : 38
ਸੰਪਰਕ : 9463-36591

ਹਥਲੀ ਛੋਟੀ ਜਿਹੀ ਕਿਤਾਬ ਗੁਰਬਾਣੀ ਦੇ ਨਾਗਰੀ-ਲਿਪੀਅੰਤਰਣ ਸੰਬੰਧੀ ਸੰਕੇਤ ਦੇਣ ਦਾ ਸਫ਼ਲ ਉੱਦਮ ਹੈ। ਅਸਲ ਵਿਚ ਪਾਵਨ ਗੁਰਬਾਣੀ ਦਾ ਪ੍ਰਮਾਣਿਕ ਸਰੂਪ ਤਾਂ ਸਾਡਾ ਮੁਕੱਦਸ ਗ੍ਰੰਥ 'ਸ੍ਰੀ ਗੁਰੂ ਗ੍ਰੰਥ ਸਾਹਿਬ' ਹੀ ਹੈ। ਜੋ ਮੂਲ ਰੂਪ ਵਿਚ ਗੁਰਮੁਖੀ ਲਿਪੀ ਵਿਚ ਹੈ। ਮੌਜੂਦਾ ਸੰਦਰਭ ਵਿਚ ਅੱਜ ਪਾਵਨ ਗੁਰਬਾਣੀ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਉਣ ਲਈ ਇਸ ਨੂੰ ਹੋਰ ਭਾਸ਼ਾਵਾਂ ਵਿਚ ਲਿਪੀਅੰਤਰਿਤ ਕਰਨ ਦੀ ਲੋੜ ਤੋਂ ਇਲਾਵਾ ਧਰਮ-ਪ੍ਰਚਾਰ ਅਤੇ ਅਕਾਦਮਿਕ ਅਧਿਐਨ ਵੀ ਜ਼ਰੂਰੀ ਜਾਪਦਾ ਹੈ। ਸਰਦਾਰ ਗੁਰਦੇਵ ਸਿੰਘ ਆਈ.ਏ.ਐਸ. (ਰਿਟਾ.) ਪ੍ਰੈਜ਼ੀਡੈਂਟ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਚੰਡੀਗੜ੍ਹ ਦੇ ਅਨੁਸਾਰ ਪੰਜਾਬੀ ਵਿਆਕਰਣ, ਭਾਸ਼ਾ-ਵਿਗਿਆਨ ਅਤੇ ਗੁਰਬਾਣੀ ਵਿਆਕਰਣ ਦੇ ਸੰਬੰਧੀ ਵਿਲੱਖਣ ਖੋਜ ਕਰਨ ਵਾਲੇ ਵਿਦਵਾਨ ਡਾ. ਹਰਕੀਰਤ ਸਿੰਘ (ਪਟਿਆਲਾ) ਨੇ ਇਸ ਦਾ ਮੈਨੂਅਲ ਤਿਆਰ ਕੀਤਾ ਹੈ। ਵਿਦਵਾਨ ਲੇਖਕ ਮੁਤਾਬਿਕ ਗੁਰਮੁਖੀ ਤੇ ਦੇਵਨਾਗਰੀ ਲਿਪੀਆਂ ਦੀ ਆਪਸ ਵਿਚ ਭਾਸ਼ਾਈ ਸਾਂਝ ਹੈ, ਇਨ੍ਹਾਂ ਦੋਵਾਂ ਲਿਪੀਆਂ ਦਾ ਨਿਕਾਸ ਵੀ ਭਾਰਤੀ ਲਿਪੀ ਬ੍ਰਹਮੀ ਤੋਂ ਹੋਇਆ ਹੈ। ਮੂਲ ਗੁਰਮੁਖੀ ਲਿਪੀ ਵਿਚ ਲਿਪੀਬੱਧ ਗੁਰਬਾਣੀ ਨੂੰ ਦੇਵਨਾਗਰੀ ਵਿਚ ਲਿਪੀਅੰਤਰਣ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਲੇਖਕ ਮੁਤਾਬਿਕ ਲਿਪੀਅੰਤਰਣ ਸਮੇਂ ਭਾਸ਼ਾਈ ਚਿੰਨ੍ਹਾਂ ਅਤੇ ਮਾਤਰਾਵਾਂ ਦੀਆਂ ਮੂਲ ਸਮੱਸਿਆਵਾਂ ਦਾ ਸਮਾਧਾਨ ਹੀ ਇਸ ਸੰਖੇਪ ਪੁਸਤਕ ਦਾ ਪਾਠਕਾਂ ਦੇ ਸਨਮੁੱਖ ਕਰਨਾ ਹੈ। ਇਸ ਪੁਸਤਕ ਤੋਂ ਪਹਿਲਾਂ ਲੇਖਕ ਵਲੋਂ 'ਬਾਣੀ ਭਗਤ ਕਬੀਰ ਜੀ ਦੀ : ਵਿਚਾਰਧਾਰਾਈ ਪਰਿਪੇਖ', 'ਸਿੱਖਇਜ਼ਮ : ਇਟਸ ਹਿਸਟਰੀ ਐਂਡ ਕਾਨਸਿਪਟਸ' (ਅੰਗਰੇਜ਼ੀ) ਅਤੇ ਉਰਦੂ ਵਿਚ 'ਭਗਤ ਕਬੀਰ ਜੀ : ਕਲਾਮ ਐਂਡ ਤਅਲੀਆਤ' ਵੀ ਛਪ ਚੁੱਕੀਆਂ ਹਨ। ਪੁਸਤਕ ਦਾ ਮੁੱਖ ਬੰਦ ਸ. ਗੁਰਦੇਵ ਸਿੰਘ ਆਈ.ਏ. ਐਸ., ਭੂਮਿਕਾ ਡਾ. ਖੜਕ ਸਿੰਘ ਅਤੇ ਆਰੰਭਕ ਦੋ ਸ਼ਬਦ, ਅਨੁਵਾਦ ਅਮਰੀਕ ਸਿੰਘ ਵਲੋਂ ਵਿਦਵਤਾ ਭਰਪੂਰ ਭਾਸ਼ਾ ਵਿਚ ਲਿਖੇ ਗਏ ਹਨ। ਲੇਖਕ ਅਤੇ ਇਸ ਪੁਸਤਕ ਨੂੰ ਤਿੰਨ ਭਾਗਾਂ 'ਗੁਰਬਾਣੀ ਦੀ ਭਾਸ਼ਾ', 'ਗੁਰਮੁਖੀ ਲਿਪੀ' ਅਤੇ 'ਗੁਰਬਾਣੀ ਦਾ ਦੇਵਨਾਗਰੀ ਲਿਪੀਅੰਤਰਣ' ਵਿਚ ਵੰਡਿਆ ਹੈ। ਮੂਲ ਰੂਪ ਵਿਚ ਇਸ ਪੁਸਤਕ ਦੀ ਰਚਨਾ ਦਾ ਕਾਰਨ ਲਿਪੀਅੰਤਰਕਾਰ ਵਿਦਵਾਨਾਂ ਅਤੇ ਜਗਿਆਸੂਆਂ ਦੀ ਚਿਰੋਕਣੀ ਮੰਗ ਲਈ ਮਾਰਗ ਦਰਸ਼ਨ ਕਰਨਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਮੇਰੀਆਂ ਸ੍ਰੇਸ਼ਟ
ਬਾਲ ਕਹਾਣੀਆਂ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 98764-52223

'ਮੇਰੀਆਂ ਸ੍ਰੇਸ਼ਟ ਬਾਲ ਕਹਾਣੀਆਂ' ਬਹਾਦਰ ਸਿੰਘ ਗੋਸਲ (ਪ੍ਰਿੰ.) ਦਾ ਨਵ-ਪ੍ਰਕਾਸ਼ਿਤ ਬਾਲ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਪਰੰਪਰਾਗਤ ਹਨ ਜਿਨ੍ਹਾਂ ਦੀ ਪੁਨਰ-ਸਿਰਜਣਾ ਕਰਕੇ ਨਵਾਂ ਮਾਡਲ ਉਸਾਰਿਆ ਗਿਆ ਹੈ। ਇਹ ਕਹਾਣੀਆਂ ਵਰਤਮਾਨ ਸਮੇਂ ਦੇ ਵੱਖ-ਵੱਖ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀਆਂ ਹਨ। ਡਿਜੀਟਲ-ਪ੍ਰਣਾਲੀ ਦੇ ਅਜੋਕੇ ਦੌਰ ਵਿਚ ਇਹ ਕਹਾਣੀਆਂ ਪਰੀਆਂ, ਚੁੜੇਲਾਂ, ਸਾਧੂ-ਮਹਾਤਮਾਵਾਂ ਦੇ ਨਾਲ-ਨਾਲ ਜਨੌਰ-ਪਾਤਰਾਂ ਨਾਲ ਵੀ ਜੁੜੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ। 'ਚੰਦ ਮਾਮਾ ਅਤੇ ਰੋਟੀ', 'ਦੇਸ ਵਿਚ ਅਨਾਜ ਦੀ ਪੈਦਾਵਾਰ ਵਧਾਉਣ ਲਈ ਸੰਕੇਤ ਕਰਨ ਵਾਲੀ ਕਹਾਣੀ ਹੈ। 'ਦਿਲ ਮੇਰਾ ਨਾਨਕੇ ਪਿਆ' ਪੰਚਤੰਤਰ ਦੀ ਪ੍ਰਚੱਲਿਤ ਮਗਰਮੱਛ ਅਤੇ ਬਾਂਦਰ ਵਾਲੀ ਕਹਾਣੀ ਨਾਲ ਵਾਬਸਤਾ ਹੈ ਜਿਸ ਵਿਚ ਮਨੁੱਖ ਨੂੰ ਮਿੱਤਰਮਾਰ ਵਰਗੀ ਬੁਰੀ ਸੋਚ ਤੋਂ ਤੌਬਾ ਕਰਨ ਦਾ ਸੰਦੇਸ਼ ਲੁਕਿਆ ਹੋਇਆ ਹੈ। ਇਸੇ ਪ੍ਰਕਾਰ ਪੰਚਤੰਤਰ, ਈਸਪ ਅਤੇ ਹੋਰ ਕਥਾ-ਸ੍ਰੋਤਾਂ ਦੀਆਂ ਹੋਰ ਰਵਾਇਤੀ ਕਹਾਣੀਆਂ ਵਿਚੋਂ 'ਬੰਨ੍ਹ ਦਿੱਤੀ ਬਿੱਲੀ ਗਲ ਟੱਲੀ', 'ਝੂਠਾ ਗਿੱਦੜ ਮਾਮਾ', 'ਲੰਗੜੇ-ਕਾਣੇ ਕਾਂ ਦੀਆਂ ਕਰਤੂਤਾਂ', 'ਨਕਲੀ ਸੱਪ' ਅਤੇ 'ਕੁਸੰਗਤ ਦੀ ਸਜ਼ਾ' ਆਦਿ ਕਹਾਣੀਆਂ ਵਿਚ ਪ੍ਰਿੰ. ਗੋਸਲ ਨੇ ਅਰਥ-ਪਰਿਵਰਤਿਤ ਕਰਕੇ ਬੱਚਿਆਂ ਨੂੰ ਨੈਤਿਕਤਾ ਨਾਲ ਜੋੜਿਆ ਹੈ। ਆਖ਼ਰੀ ਕਹਾਣੀ 'ਲੋਕਾਈ ਦੀ ਭਲਾਈ' ਵੀ ਬਾਕੀ ਕਹਾਣੀਆਂ ਦੀ ਭਾਂਤੀ ਮਾਨਵਵਾਦੀ ਕਦਰਾਂ-ਕੀਮਤਾਂ ਦਾ ਸੰਚਾਰ ਕਰਕੇ ਬਾਲ ਪਾਠਕ ਵਰਗ ਨੂੰ ਮਿਹਨਤੀ, ਇਮਾਨਦਾਰ ਅਤੇ ਕਿਰਤੀ ਬਣਨ ਦੀ ਪ੍ਰੇਰਣਾ ਦਿੰਦੀ ਹੈ। ਇਨ੍ਹਾਂ ਬਾਲ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ 'ਚ ਜਨੌਰ ਵੀ ਮਨੁੱਖਾਂ ਵਾਂਗ ਵਿਵਹਾਰ ਕਰਦੇ ਹਨ ਜਿਸ ਕਾਰਨ ਪਾਠਕਾਂ ਦੇ ਮਨਾਂ ਵਿਚ ਆਕਰਸ਼ਣ ਪੈਦਾ ਹੁੰਦਾ ਹੈ। ਇਹ ਕਹਾਣੀਆਂ ਬਾਲ-ਮਨਾਂ ਵਿਚ ਅਜੋਕੇ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਤੋਂ ਬਚਾ ਕੇ ਸਾਹਿਤ-ਚੇਟਕ ਪੈਦਾ ਕਰਦੀਆਂ ਹਨ ਅਤੇ ਮਾਤ-ਭਾਸ਼ਾ ਪ੍ਰਤੀ ਸਾਂਝ ਪੀਡੀ ਕਰਦੀਆਂ ਹਨ। ਕਲਾਤਮਕ ਪੱਖ ਤੋਂ ਵੇਖਿਆ ਜਾਵੇ ਤਾਂ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਸੰਵਾਦ ਉਨ੍ਹਾਂ ਦੇ ਵਿਵਹਾਰ ਦੇ ਅਨੁਕੂਲ ਹਨ। ਕਿਤੇ-ਕਿਤੇ ਵਿਅੰਗਮਈ ਸ਼ੈਲੀ ਦੀ ਵੀ ਸੁੰਦਰ ਵਰਤੋਂ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਨਾਲ ਢੁੱਕਵੇਂ ਚਿੱਤਰ ਕਹਾਣੀਆਂ ਦੇ ਕਥਾਨਕ ਨੂੰ ਹੋਰ ਸਜੀਵਤਾ ਪ੍ਰਦਾਨ ਕਰਦੇ ਹਨ। ਕੁੱਲ ਮਿਲਾ ਕੇ ਇਹ ਕਹਾਣੀਆਂ 8 ਤੋਂ 12 ਸਾਲਾਂ ਦੇ ਬਾਲ ਪਾਠਕਾਂ ਲਈ ਪੜ੍ਹਨਯੋਗ ਹਨ। ਪੁਸਤਕ ਦੀ ਸਮੁੱਚੀ ਗੈਟ-ਅਪ ਸੁੰਦਰ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਨੀਲਾ ਘੁਮਿਆਰ
ਲੇਖਕ : ਅਜੀਤ ਕੌਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 409
ਸੰਪਰਕ : 011-26802488

ਅਜੀਤ ਕੌਰ ਪੰਜਾਬੀ ਸਾਹਿਤ 'ਚ ਕਈ ਪ੍ਰਾਪਤੀਆਂ ਕਰ ਕੇ ਉੱਚਾ ਸਥਾਨ ਰੱਖਦੀ ਹੈ। 'ਨੀਲਾ ਘੁਮਿਆਰ' ਤੋਂ ਪਹਿਲਾਂ ਉਸ ਦੀਆਂ ਪੁਸਤਕਾਂ ਗੁਲਬਾਨੋ, ਬੁੱਤ ਸ਼ਿਕਨ, ਫਾਲਤੂ ਔਰਤ, ਤਕੀਏ ਦਾ ਪੀਰ, ਖਾਨਬਦੋਸ਼ ਤੇ ਗੌਰੀ ਬਹੁਤ ਮਕਬੂਲ ਹੋਈਆਂ ਹਨ। ਇਸ ਪੁਸਤਕ ਦਾ ਲਿਖਣਾ ਅੱਧੀ ਸਦੀ ਦੇ ਇਤਿਹਾਸ ਨੂੰ ਪੁਨਰ-ਸੁਰਜੀਤ ਕਰਨ ਵਰਗਾ ਹੈ। ਵਾਰਤਕ ਟਪੂਸੀਆਂ ਮਾਰਦੀ, ਇਕੋ ਛੜੱਪੇ ਵਿਚ ਮੀਲਾਂ ਤੇ ਸਾਲਾਂ ਦਾ ਸਫ਼ਰ ਕਰ ਜਾਂਦੀ ਹੈ। ਅਜੀਤ ਕੌਰ ਦੀ ਹੋਣਹਾਰ ਕਲਾਕਾਰ ਬੇਟੀ ਅਰਪਨਾ ਇਨ੍ਹਾਂ ਕੁਝ ਸ਼ਬਦ-ਚਿੱਤਰਾਂ ਦੇ ਨਾਲ-ਨਾਲ ਤੁਰਦੀ ਤੇ ਸੰਵਾਦ ਵੀ ਕਰਦੀ ਹੈ। ਅਜੀਤ ਕੌਰ ਦਾ ਹਾਸਾ ਨਿੱਤਰੇ ਛੰਭ 'ਚ ਲਿਸ਼ਕੋਰ ਪਾਉਣ ਵਰਗਾ। ਉਹ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਪੜ੍ਹਨਾ ਜਾਣਦੀ ਹੈ ਅਤੇ ਸ਼ਖ਼ਸੀਅਤ ਦੇ ਚਿਹਰੇ ਨੂੰ ਅਰਥ ਦੇਣ ਜਾਣਦੀ ਹੈ। ਉਸ ਦੀ ਯਾਦਾਸ਼ਤ ਬਜ਼ੁਰਗਾਂ ਤੋਂ ਲੰਮੀਆਂ-ਲੰਮੀਆਂ ਸੁਣੀਆਂ ਬਾਤਾਂ ਵਰਗੀ ਲੋਕ-ਯਾਨ ਦੇ ਹੁਨਰ ਨੂੰ ਚੇਤੇ ਕਰਾਉਂਦੀ ਹੈ। ਅੰਮ੍ਰਿਤਾ ਪ੍ਰੀਤਮ ਮਲਿਕਾ-ਏ-ਆਲੀਆ 'ਚ ਉਸ ਨੇ ਅੰਮ੍ਰਿਤਾ ਬਾਰੇ ਨਵੀਆਂ ਘਟਨਾਵਾਂ ਨੂੰ ਜੱਗ-ਜ਼ਾਹਰ ਕੀਤਾ ਤੇ ਦੋਸਤੀ ਨਿਭਾਉਣ ਦੀ ਸਹੁੰ ਨਿਭਾਈ। ਉਹ ਜੋ ਵੀ ਹੁਕਮ ਕਰ ਦੇਂਦੇ, ਮੇਰੇ ਵਾਸਤੇ ਉਹ ਰੱਬ ਦਾ ਹੁਕਮ ਹੁੰਦਾ। ਅੰਮ੍ਰਿਤਾ ਮੇਰੀ ਬਚਪਨ ਦੀ ਹੀਰੋਇਨ ਸੀ। ਅੰਮ੍ਰਿਤਾ ਦੇ ਪਤੀ ਪ੍ਰੀਤਮ ਸਿੰਘ ਬਾਰੇ ਬੜਾ ਕੁਝ ਨਵਾਂ ਨਿਤਾਰਿਆ ਗਿਆ ਹੈ। ਅਜੀਤ ਕੌਰ ਨੇ ਬਹੁਤ ਬਾਰੀਕ-ਬੀਨੀ ਨਾਲ ਅੰਮ੍ਰਿਤਾ ਦੇ ਸੰਪਰਕ 'ਚ ਆਈਆਂ ਸ਼ਖ਼ਸੀਅਤਾਂ ਜਿਵੇਂ ਕ੍ਰਿਸ਼ਨਾ ਸੋਬਤੀ, ਖੁਸ਼ਵੰਤ ਸਿੰਘ, ਸਿਬਤੁਲ ਹਸਨ ਜ਼ੈਗ਼ਮ ਤੇ ਹੋਰ ਪਾਕਿਸਤਾਨੀ ਸ਼ਾਇਰਾਂ ਬਾਰੇ ਟਿੱਪਣੀਆਂ ਦਾ ਜ਼ਿਕਰ ਕੀਤਾ ਹੈ। ਇਮਰੋਜ਼ ਦੀ ਮੁਹੱਬਤ, ਸਾਧਨਾ ਤੇ ਸੇਵਾ ਇਕ ਰੂਹਾਨੀ ਰਿਸ਼ਤਿਆਂ ਦੀ ਸਿਖ਼ਰ ਹੈ। ਖ਼ੁਸ਼ਵੰਤ ਸਿੰਘ ਨੂੰ ਭੋਲਾ ਬਾਦਸ਼ਾਹ ਰੰਗ 'ਚ ਚਿਤਰਿਆ ਗਿਆ। ਦੁਨੀਆ 'ਚ ਸਿਰਫ਼ ਇਕੋ ਹੀ ਖ਼ੁਸ਼ਵੰਤ ਸਿੰਘ ਏ, ਹੋਰ ਕੋਈ ਹੋ ਵੀ ਨਹੀਂ ਸਕਦਾ। ਖ਼ੁਸ਼ਵੰਤ ਸਿੰਘ ਬਹੁਤ ਹੀ ਦੱਬੂ ਕਿਸਮ ਦਾ ਬੰਦਾ ਏ। ਉਸ ਦੀ ਬੀਵੀ ਕੰਵਲ ਬਾਰੇ ਖ਼ੁਸ਼ਵੰਤ ਸਿੰਘ ਮੰਨਦਾ ਕਿ ਮੇਰਾ ਕੰਮ, ਮੇਰੀ ਸੈਰ, ਮੇਰੀ ਸਿਹਤ, ਮੇਰੀ ਕਾਮਯਾਬੀ ਮੇਰੀਆਂ ਕਿਤਾਬਾਂ-ਇਹ ਸਭ ਓਸੇ ਦੇ ਸਦਕਾ ਨੇ। ਬਲਵੰਤ ਗਾਰਗੀ ਨੂੰ ਗੱਲਾਂ ਦਾ ਜਾਦੂਗਰ ਕਿਹਾ ਗਿਆ। ਗਾਰਗੀ ਦੀ ਐਸ਼-ਪ੍ਰਸਤੀ ਤੇ ਉਸ ਦੀ ਲਿਖਣ ਕਲਾ ਦੇ ਬਹੁਤ ਸਾਰੇ ਪਹਿਲੂ ਪਹਿਲੀ ਵਾਰ ਪੜ੍ਹਨ ਨੂੰ ਮਿਲਦੇ ਹਨ। ਗਾਰਗੀ ਦੀ ਨਾਟਕ ਕਲਾ ਨੂੰ ਖ਼ੂਬ ਚਿਤਰਿਆ ਗਿਆ। ਗਾਰਗੀ ਨਾਲ ਆਪਣੀਆਂ ਯਾਦਾਂ ਤੇ ਜ਼ਿੰਮੇਵਾਰੀਆਂ ਦੀ ਪਾਕੀਜ਼ਗੀ ਹੈਰਾਨ ਕਰਨ ਵਾਲੀ ਹੈ। ਕਰਤਾਰ ਸਿੰਘ ਦੁੱਗਲ ਨੂੰ ਸਫ਼ੈਦ ਮੀਨਾਰ ਦਾ ਗੁਲਾਬੀ ਗੁੰਬਦ ਕਿਹਾ ਗਿਆ। ਦੁੱਗਲ ਦੀ ਮੁਸਲਮਾਨ ਬੀਵੀ ਆਇਸ਼ਾ ਦੀ ਸੁੰਦਰਤਾ ਦਾ ਅੰਦਾਜ਼ ਵਾਹਵਾ ਪੇਸ਼ ਕੀਤਾ ਗਿਆ। ਦੁੱਗਲ ਦੀ ਕਹਾਣੀ ਕਲਾ ਦੀ ਸਮੀਖਿਆ ਅਤੇ ਦੁੱਗਲ ਦੀ ਸ਼ਖ਼ਸੀਅਤ ਨੂੰ ਬਹੁਤ ਨੇੜਿਓਂ ਮਹਿਸੂਸ ਕਰਵਾਇਆ ਗਿਆ ਹੈ। ਆਪਣੇ ਨੇੜੇ ਦੀਆਂ ਯਾਦਾਂ ਨੂੰ ਪੁਨਰ-ਸੁਰਜੀਤ ਕਰਨ 'ਚ ਅਜੀਤ ਕੌਰ ਬੜੀ ਪ੍ਰਬੀਨ ਹੈ। ਕ੍ਰਿਸ਼ਨਾ ਸੋਬਤੀ ਨੂੰ ਝਨਾਂ ਦੀ ਜਾਈ ਆਖਦੀ ਅਜੀਤ ਕੌਰ ਪਹਿਲਾ ਫਿਕਰਾ ਲਿਖਦੀ : ਝਨਾਂ ਦੇ ਕੰਢੇ ਇਕ ਜੰਮੀ ਸੀ ਹੀਰ ਜੱਟੀ ਤੇ ਦੂਜੀ ਜੰਮੀ ਕ੍ਰਿਸ਼ਨਾ ਸੋਬਤੀ। ਅੰਮ੍ਰਿਤਾ ਤੇ ਕ੍ਰਿਸ਼ਨਾ ਸੋਬਤੀ ਦੇ ਮੁਕੱਦਮਿਆਂ ਦੇ ਰੂ-ਬਰੂ ਅਜੀਤ ਕੌਰ ਨੇ ਜੋ ਸੰਤਾਪ ਹੰਢਾਇਆ, ਉਹ ਵੀ ਉਸ ਦਾ ਜ਼ਿਕਰ ਪੜ੍ਹਨਯੋਗ ਹੈ। ਸ਼ਿਵ ਕੁਮਾਰ ਨੂੰ ਬਿਰਹਾ ਦਾ ਸੁਲਤਾਨ ਕਿਹਾ ਗਿਆ। ਉਸ ਦੀਆਂ ਕਾਵਿ-ਰਚਨਾਵਾਂ ਬਾਰੇ ਚੰਗੀਆਂ ਟਿੱਪਣੀਆਂ ਕੀਤੀਆਂ ਹਨ। ਸ਼ਿਵ ਕੁਮਾਰ ਦੇ ਅਗੇਤੇ ਚਲੇ ਜਾਣ ਦਾ ਦੁੱਖ ਅਜੀਤ ਕੌਰ ਬਹੁਤ ਮਹਿਸੂਸ ਕਰਦੀ ਹੈ। ਸ਼ਿਵ ਆਪਣੇ ਗੀਤਾਂ ਵਿਚ ਜਿਊਂਦਾ ਰਹੇਗਾ। ਆਪਣੀ 'ਲੂਣਾ' ਵਿਚ ਜਿਊਂਦਾ ਰਹੇਗਾ। ਕਹਾਣੀਕਾਰ ਤੇ ਫਿਲਮਕਾਰ ਰਾਜਿੰਦਰ ਸਿੰਘ ਬੇਦੀ ਨੂੰ ਪਹਾੜੀ ਕਾਂ ਨਾਲ ਤਸ਼ਬੀਹ ਦਿੱਤੀ ਗਈ ਹੈ। ਮੈਨੂੰ ਫਖ਼ਰ ਏ ਕਿ ਮੈਂ ਬੇਦੀ ਦੇ ਸਮੇਂ ਵਿਚ ਜ਼ਿੰਦਾ ਸਾਂ। ਲਾਜਵੰਤੀ ਤੇ ਇਕ ਚਾਦਰ ਅੱਧੋਰਾਣੀ ਸੁਚੱਜੇ ਹੱਥਾਂ ਨਾਲ ਤਰਾਸ਼ੀ ਹੋਈ ਅਫ਼ਸਾਨਿਆਂ ਦੀ ਤੇ ਨਾਵਲ ਦੀ ਜ਼ੁਬਾਨ। ਬੇਦੀ ਸਾਹਿਬ ਬਾਰੇ ਬਹੁਤ ਸੰਖੇਪ ਲਿਖਿਆ ਗਿਆ। ਡਾ. ਐਮ.ਐਸ. ਰੰਧਾਵਾ ਨੂੰ ਪੰਜਾਬ ਦਾ ਦੂਲਹਾ ਤਸ਼ਬੀਹ ਨਾਲ ਸਤਿਕਾਰਿਆ ਗਿਆ। ਡਾ. ਰੰਧਾਵਾ ਬਾਰੇ ਅਥਾਹ ਪਿਆਰ ਤੇ ਉਨ੍ਹਾਂ ਦੀ ਜੀਵਨ-ਸ਼ੈਲੀ ਦੀਆਂ ਬਾਤਾਂ ਪੜ੍ਹਨਯੋਗ ਹਨ। ਏਨਾ ਹੁਸੀਨ ਬੰਦਾ ਕਦੇ-ਕਦਾਈਂ ਹੀ ਦਰਸ਼ਨ ਕਰਨ ਨੂੰ ਲੱਭਦਾ ਏ। ਬਹੁਤ ਉੱਚ ਦਰਜੇ ਦੇ ਕਲਾਕਾਰ, ਸਿਰਜਕ ਗੁਰਚਰਨ ਨੀਲਾ ਘੁਮਿਆਰ ਬਣ ਜਾਂਦਾ ਹੈ ਤੇ ਪੁਸਤਕ ਦਾ ਨਾਮ ਹਾਸਿਲ ਕਰਦਾ ਇਹ ਅਜੀਤ ਕੌਰ ਦੀ ਸੁਚੱਜੀ ਚੋਣ ਦੀ ਪਰਖ ਹੈ। ਖ਼ੂਬਸੂਰਤੀ ਉਹ ਹੁੰਦੀ ਏ ਜਿਹਨੂੰ ਤੱਕ ਕੇ ਕਾਦਰ ਯਾਦ ਆਵੇ। ਕੁਲਵੰਤ ਸਿੰਘ ਵਿਰਕ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਕਰਕੇ ਨਿਵਾਜਿਆ ਗਿਆ। ਉਸ ਦੀਆਂ ਸ਼ਾਹਕਾਰ ਕਹਾਣੀਆਂ ਖੱਬਲ, ਧਰਤੀ ਹੇਠਲਾ ਬਲਦ, ਓਪਰੀ ਧਰਤੀ, ਛਾਹ ਵੇਲਾ, ਤੂੜੀ ਦੀ ਪੰਡ, ਮੁਰਦੇ ਦੀ ਤਾਕਤ, ਮੈਨੂੰ ਜਾਣਨੈਂ? ਦੀ ਸਮੀਖਿਆ ਰਾਹੀਂ ਕਲਾਸੀਕਲ ਦਾ ਦਰਜਾ ਦਿੱਤਾ ਗਿਆ। ਮਹਾਂ ਲੇਖਕ ਦੇਵਿੰਦਰ ਸਤਿਆਰਥੀ ਦਾੜ੍ਹੀ ਵਾਲਾ ਇਤਿਹਾਸ ਕਰਕੇ ਉਘਾੜਿਆ ਗਿਆ। ਦਰਵੇਸ਼ੀ ਸੁਭਾਅ ਤੇ ਲੋਕਯਾਨ ਦਾ ਯਾਤਰੀ ਸੀ, ਸਤਿਆਰਥੀ। ਭੱਜੀ ਭਾਪਾ, ਜੰਮੂ ਦੀ ਹੱਬਾ ਖਾਤੂਨ, ਤਕੀਏ ਦਾ ਪੀਰ। ਭਾਪਾ ਪ੍ਰੀਤਮ ਸਿੰਘ ਦੀ ਕਰੜੀ ਮਿਹਨਤ ਵਾਲੀ ਜ਼ਿੰਦਗੀ ਤੇ ਪੰਜਾਬੀ ਪੁਸਤਕ ਪ੍ਰਕਾਸ਼ਨ 'ਚ ਮੀਲ-ਪੱਥਰ ਸਥਾਪਤ ਕਰਨ ਦੀ ਪੂਰੀ ਕਹਾਣੀ ਨੂੰ ਪੜ੍ਹਿਆ ਜਾ ਸਕਦਾ ਹੈ। ਸੋਹਣ ਕਾਦਰੀ ਬਾਰੇ ਤਿੰਨ ਵਿਸ਼ੇਸ਼ਣ ਵਰਤੇ ਗਏ ਹਨ: ਕਲਾਕਾਰ, ਯੋਗੀ ਤੇ ਕਵੀ। ਕਾਦਰੀ ਦੀ ਕਲਾ ਤੇ ਉਸ ਦੇ ਫਕੀਰੀ ਸੁਭਾਅ ਪੜ੍ਹ ਕੇ, ਉਸ ਦੀ ਕਲਾ ਨਾਲ ਆਪ ਮੁਹਾਰੇ ਮੁਹੱਬਤ ਉਮੜਦੀ ਹੈ। ਪੇਂਟਿੰਗ ਤੇ ਕਵਿਤਾ ਕਾਦਰੀ ਦੀ ਰੂਹ 'ਚੋਂ ਉਪਜਦੀ ਸੀ।
ਇਸ ਵੱਡ ਆਕਾਰੀ ਪੁਸਤਕ ਵਿਚ ਜਿੱਥੇ 15 ਸ਼ਖ਼ਸੀਅਤਾਂ ਦੇ ਜੀਵਨ-ਅੰਸ਼ ਦੀਆਂ ਝਲਕੀਆਂ ਦੇ ਦਰਸ਼ਨ ਹੁੰਦੇ ਹਨ ਉੱਥੇ ਅਜੀਤ ਕੌਰ ਦੀ ਜੀਵਨ-ਸ਼ੈਲੀ, ਵਿਅਕਤਿਤਵ ਤੇ ਸਾਹਿਤ ਸਿਰਜਣਾ ਦਾ ਇਤਿਹਾਸ ਵੀ ਪੜ੍ਹਿਆ ਜਾ ਸਕਦਾ ਹੈ। ਵੱਖਰੀ ਕਿਸਮ ਦੀ ਮਾਰਮਿਕ ਰਚਨਾ ਪਾਠਕ ਨੂੰ ਅੱਗੇ-ਅੱਗੇ ਅਤੇ ਵਾਰ-ਵਾਰ ਪੜ੍ਹਨ ਨੂੰ ਮਜਬੂਰ ਕਰਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ: 98151-23900

ਰਣ ਤੋਂ ਤਾਜ ਤੱਕ
ਲੇਖਕ : ਕੁਲਵਿੰਦਰ ਕੁੱਲਾ
ਪ੍ਰਕਾਸ਼ਕ : ਬੇਗਮਪੁਰਾ ਬੁੱਕ ਸ਼ਾਪ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 150 ਰੁਪਏ, ਸਫ਼ੇ : 82
ਸੰਪਰਕ : 98154-29964

ਕੁਲਵਿੰਦਰ ਕੁੱਲਾ ਪੰਜਾਬੀ ਗ਼ਜ਼ਲ ਦੇ ਅਜਿਹੇ ਮਾਣਮੱਤੇ ਹਸਤਾਖ਼ਰ ਹਨ, ਜਿਨ੍ਹਾਂ ਨੇ ਆਪਣੀ ਮੌਲਿਕਤਾ ਅਤੇ ਵਿਲੱਖਣਤਾ ਕਾਰਨ ਪੰਜਾਬੀ ਗ਼ਜ਼ਲਕਾਰੀ ਵਿਚ ਇਕ ਜ਼ਿਕਰਯੋਗ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੇ ਸ਼ਿਅਰਾਂ ਵਿਚ ਉਨ੍ਹਾਂ ਦੇ ਉਮਰ ਭਰ ਦੇ ਤਜਰਬਿਆਂ ਨਾਲ ਕਮਾਏ ਹੋਏ ਗਿਆਨ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਉਹ ਭਲੀ-ਭਾਂਤ ਸਮਝਦੇ ਹਨ ਕਿ ਇਸ ਧਰਤੀ 'ਤੇ ਸਿਰਫ਼ ਉਹੀ ਲੋਕ ਜਿਊਂਦੇ ਰਹਿ ਸਕਦੇ ਹਨ, ਜਿਨ੍ਹਾਂ ਵਿੱਚ ਸੰਘਰਸ਼ ਕਰਨ ਦੀ ਸਮਰੱਥਾ ਹੁੰਦੀ ਹੈ:
ਉਡੇ ਜੇ ਰਣ 'ਚ, ਪੁੱਜੇ ਤਾਜ ਤੱਕ,
ਤਾਂ ਖ਼ਾਸ ਹੋਣਾ।
ਖੜਾਵਾਂ 'ਚੋਂ ਝੜੀ ਮਿੱਟੀ ਦਾ
ਕੀ ਇਤਿਹਾਸ ਹੋਣਾ।
ਸਾਡੇ ਬਜ਼ੁਰਗਾਂ ਵਲੋਂ ਅਗਨੀ ਨੂੰ ਬਸੰਤਰ ਦੇਵਤਾ ਕਹਿ ਕੇ ਵਡਿਆਇਆ ਗਿਆ ਹੈ ਪਰ ਕੁਲਵਿੰਦਰ ਕੁੱਲਾ ਇਸ ਵਿਚਾਰ ਦੇ ਧਾਰਨੀ ਹਨ ਕਿ ਅਗਨੀ ਕੇਵਲ ਉਦੋਂ ਤੱਕ ਹੀ ਦੇਵਤਾ ਹੈ, ਜਦੋਂ ਤੱਕ ਉਹ ਚੁੱਲ੍ਹੇ ਵਿਚ ਰਹਿ ਕੇ ਮਨੁੱਖ ਦੇ ਜਿਊਣ ਦਾ ਆਧਾਰ ਬਣਦੀ ਹੈ ਪਰ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਲੱਗੀਆਂ ਅੱਗਾਂ ਦੀ ਪੀੜਾ ਹਮੇਸ਼ਾ ਹੀ ਅਸਹਿ ਅਤੇ ਅਕਹਿ ਹੁੰਦੀ ਹੈ। ਸੱਤਾ 'ਤੇ ਕਾਬਜ਼ ਧਿਰਾਂ ਲਈ ਇਹ ਵਰਤਾਰਾ ਫ਼ਾਇਦੇਮੰਦ ਜਾਂ ਹਾਨੀਕਾਰਕ ਘਟਨਾ ਤੋਂ ਵੱਧ ਕੁੱਝ ਵੀ ਨਹੀਂ ਹੁੰਦਾ:
ਇਸ ਵਾਰੀ ਵੀ ਅਗਨੀ-ਪੂਜਾ
ਪਿੰਡ ਦੇ ਚੌਕ 'ਚ ਹੋਈ,
ਭਾਵੇਂ ਚੁੱਲ੍ਹਿਆਂ ਦੀ ਥਾਂ ਅੱਗਾਂ
ਸਿਵਿਆਂ ਅੰਦਰ ਬਲੀਆਂ।
ਇਸ ਪੁਸਤਕ ਤੋਂ ਪਹਿਲਾਂ ਕੁਲਵਿੰਦਰ ਕੁੱਲਾ ਦਾ ਇੱਕ ਗ਼ਜ਼ਲ-ਸੰਗ੍ਰਹਿ 'ਹਉਕੇ ਦਾ ਅਨੁਵਾਦ' ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਰਵਾਇਤੀ ਪਹੁੰਚ ਤੋਂ ਕੁਝ ਨਵਾਂ ਕਰਨ ਦਾ ਸੁਭਾਅ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹਾਸਲ ਹੈ। ਕਿਸੇ ਸਮੇਂ ਕਸ਼ੀਦਾਕਾਰੀ ਦਾ ਅੰਗ ਰਹੀ ਇਸ ਵਿਧਾ ਦਾ ਅਜੋਕੇ ਦੌਰ ਦੇ ਹਾਣ ਦਾ ਮੁਹਾਂਦਰਾ ਘੜਨ ਵਿੱਚ ਉਨ੍ਹਾਂ ਦਾ ਯੋਗਦਾਨ ਬੜਾ ਮਹੱਤਵਪੂਰਨ ਹੈ। ਰੂਪਕ ਪੱਖ ਦੇ ਨਾਲ-ਨਾਲ ਵਿਚਾਰਕ ਪੱਖੋਂ ਵੀ ਉਹ ਕਿਤੇ ਥਿੜਕਦੇ ਦਿਖਾਈ ਨਹੀਂ ਦਿੰਦੇ। ਉਨ੍ਹਾਂ ਵਲੋਂ ਵਰਤੀ ਗਈ ਸ਼ਬਦਾਵਲੀ ਵੀ ਬੜੀ ਸਰਲ ਅਤੇ ਦਿਲਚਸਪ ਹੈ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਗ਼ਜ਼ਲਕਾਰੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਵਿੱਚ ਸਹਾਈ ਹੋਵੇਗੀ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਜਾਗਦੇ ਬੋਲ
ਸੰਪਾਦਕ : ਰੂਪ ਲਾਲ ਰੂਪ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 94652-29722

'ਜਾਗਦੇ ਬੋਲ ' ਕਾਵਿ ਪੁਸਤਕ 41 ਪ੍ਰਗਤੀਵਾਦੀ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸਾਂਝਾ ਗੁਲਦਸਤਾ ਹੈ, ਜਿਸ ਨੂੰ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ 'ਚ ਅਜੋਕੇ ਭ੍ਰਿਸ਼ਟ ਸਿਸਟਮ ਖ਼ਿਲਾਫ਼ ਵਿਦਰੋਹ ਵੀ ਹੈ, ਟੁੱਟ ਚੁੱਕੇ ਮਨੁੱਖ ਲਈ ਹੌਸਲੇ ਦੀ ਚਿਣਗ ਵੀ ਹੈ, ਅਜੋਕੇ ਮਤਲਬਪ੍ਰਸਤੀ ਰਿਸ਼ਤਿਆਂ ਦੀ ਤਸਵੀਰਕਸ਼ੀ, ਦਿਨੋਂ-ਦਿਨ ਟੁੱਟ ਰਹੀ ਕਿਸਾਨੀ ਆਰਥਿਕਤਾ ਦੀ ਹੂਕ, ਗਾੜ੍ਹੇ ਹਨੇਰਿਆਂ ਦੀ ਭਟਕਣ ਤੋਂ ਚਾਨਣ ਰਿਸ਼ਮਾਂ ਤੱਕ ਦਾ ਸਫ਼ਰ ਅਤੇ ਅਜੋਕੇ ਜੀਵਨ ਦੀਆਂ ਕਈ ਚਲੰਤ ਗੰਭੀਰ ਸਮੱਸਿਆਵਾਂ ਨੂੰ ਪਰਤ ਦਰ ਪਰਤ ਫਰੋਲਿਆ ਗਿਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ।
ਸਵਿੰਦਰ ਸੰਧੂ ਦੀ ਕਵਿਤਾ 'ਭੰਡਾ ਭੰਡਾਰੀਆ' ਅਜੋਕੇ ਸਮਾਜਿਕ ਵਰਤਾਰੇ 'ਤੇ ਤਿੱਖੀਆਂ ਟਕੋਰਾਂ ਵੀ ਕਰਦੀ ਹੈ ਅਤੇ ਸਮੇਂ ਦੇ ਤੂਫ਼ਾਨਾਂ ਅੱਗੇ ਹੱਕ ਡਾਹੁੰਣ ਦਾ ਫੌਲਾਦੀ ਹੌਸਲਾ ਵੀ ਰੱਖਦੀ ਹੈ :
ਤੇਰੇ ਖੇਤ ਤੇਰੇ ਹੀ ਦਾਣੇ,
ਤੂੰ ਉਪਜਾਏ ਸਭ ਨੇ ਖਾਣੇ।
ਮੌਸਮ, ਮੰਡੀ ਤੇ ਮਹਿੰਗਾਈ,
ਦੁੱਖੜੇ ਤੇਰੇ ਕਿਸੇ ਨਾ ਜਾਣੇ।
ਸਿਰ ਤੇ ਕਰਜ਼ੇ ਦੀ ਤਲਵਾਰ,
ਅੰਨਦਾਤੇ! ਹਿੰਮਤ ਨਾ ਹਾਰ।
ਪੱਗੜੀ ਸਾਂਭ ਸਿਪਹ ਸਿਲਾਰ। (ਪੰਨਾ : 25)
ਭਾਸ਼ੋ ਦੀ ਕਵਿਤਾ 'ਪ੍ਰਦਰਸ਼ਨੀਆਂ ਅਤੇ ਪੈੜਾਂ', ਰੂਪ ਲਾਲ ਰੂਪ ਦੀ ਕਵਿਤਾ 'ਲੋਕਤੰਤਰ ਦਾ ਮੂੰਹ' ਵੋਟ-ਵਟੋਰੂ ਲੀਡਰਾਂ ਦੀ ਲਾਰੇ ਲੱਪਿਆਂ, ਝੂਠਾਂ -ਫਰੇਬਾਂ ਵਾਲੀ ਰਾਜਨੀਤੀ ਦਾ ਭਾਂਡਾ ਚੁਰਾਹੇ ਭੰਨਦੀਆਂ ਜਾਪਦੀਆਂ ਹਨ :
ਵੋਟਾਂ ਵਾਲੇ ਪੰਜੀਂ ਸਾਲੀਂ ਮਾਰ ਜਾਂਦੇ ਗੇੜਾ ਪਿੰਡ
ਸੁੱਟ ਜਾਂਦੇ ਲਾਰਿਆਂ ਦੀ ਪੰਡ।
ਸੱਤ੍ਹਾ ਦਿਆਂ ਬੱਦਲਾਂ 'ਚੋਂ ਵਰ੍ਹਦੇ ਕਾਨੂੰਨ ਕਾਲੇ
ਆਸਾਂ ਸਭ ਜਾਂਦੀਆਂ ਕਰੰਡ । (ਪੰਨਾ : 29)
ਜਸਪਾਲ ਜ਼ੀਰਵੀ ਦੀ ਗ਼ਜ਼ਲ਼ ਦਾ ਇਕ ਸ਼ਿਅਰ ਵੇਖੋ:
ਜੇ ਨਜ਼ਰੀਆ ਤੰਗ ਨਾ ਹੋਵੇ।
ਮਨ ਦੀ ਸ਼ਾਂਤੀ ਭੰਗ ਨਾ ਹੋਵੇ।
ਹੁਣ ਬੰਦੇ ਵਿਚ ਜ਼ਹਿਰ ਜ਼ਿਆਦੈ,
ਸੱਪ ਤੋਂ ਬੰਦਾ ਡੰਗ ਨਾ ਹੋਵੇ। (ਪੰਨਾ : 136)
ਇਸ ਕਾਵਿ ਸੰਗ੍ਰਹਿ ਵਿਚ ਉਂਕਾਰ ਸਿੰਘ ਦੀ ਕਵਿਤਾ 'ਮੇਰਾ ਭਾਰਤ ਮਹਾਨ', ਮਾਲਵਿੰਦਰ ਸ਼ਾਇਰ ਦੀ 'ਦੋਹਿਰਾ ਗ਼ਜ਼ਲ਼', ਨਛੱਤਰ ਸਿੰਘ ਭੋਗਲ ਦੀ ਕਵਿਤਾ 'ਕੁਰਸੀ', ਗੁਰਪ੍ਰੀਤ ਸਿੰਘ ਕਾਉਣੀ ਦੀ ਕਵਿਤਾ 'ਕਿੱਥੋਂ ਦਾ ਵਿਕਾਸ', ਜਸਵਿੰਦਰ ਦੂਹੜ ਦੀ ਕਵਿਤਾ 'ਅੱਕੜ-ਬੱਕੜ', ਬਲਵਿੰਦਰ ਬਾਲਮ ਦੀਆਂ ਗ਼ਜ਼ਲ਼ਾਂ, ਚਰਨ ਪੁਆਧੀ ਦੀ ਪੁਆਧੀ ਵਿਅੰਗ ਕਬਤਾ 'ਮੇਰੇ ਗੌਂਅ ਕਾ ਮਹੌਲ' ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਇਸ ਤੋਂ ਇਲਾਵਾ ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਹੀ ਕਾਬਲੇ-ਤਾਰੀਫ਼ ਹਨ ਅਤੇ ਜ਼ਿੰਦਗੀ ਦੇ ਵੱਖ-ਵੱਖ ਅਹਿਮ ਪਹਿਲੂਆਂ ਨੂੰ ਰੂਪਮਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਸਾਂਝੀ ਕਾਵਿ ਪੁਸਤਕ 'ਜਾਗਦੇ ਬੋਲ' ਪੜ੍ਹਣਯੋਗ ਵੀ ਹੈ ਅਤੇ ਸਾਂਭਣਯੋਗ ਵੀ। ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ ਵਲੋਂ ਤਿਆਰ ਕੀਤੇ ਇਸ ਸਾਂਝੇ ਕਾਵਿ ਸੰਗ੍ਰਹਿ ਦੇ ਉਦਮ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਦਿਲ ਦੀਆਂ ਗੱਲਾਂ
ਲੇਖਕ : ਪਰਮਜੀਤ ਸਿੰਘ ਨਿੱਕੇ ਘੁੰਮਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 97816-46008

'ਦਿਲ ਦੀਆਂ ਗੱਲਾਂ' ਕਾਵਿ-ਸੰਗ੍ਰਹਿ ਪਰਮਜੀਤ ਸਿੰਘ ਨਿੱਕੇ ਘੁੰਮਣ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਕੇ. ਸ਼ਰਨਜੀਤ ਸਿੰਘ (ਫ਼ਿਦਾ ਬਟਾਲਵੀ) ਨੂੰ ਸਮਰਪਿਤ ਕੀਤਾ ਹੈ, ਜੋ ਉਸ ਦੇ ਪਿਤਾ ਜੀ ਸਨ ਤੇ ਆਪਣੇ ਸਮੇਂ ਦੇ ਉੱਘੇ ਸ਼ਾਇਰ ਸਨ। ਇਸ ਕਾਵਿ-ਸੰਗ੍ਰਹਿ ਵਿਚ 'ਨਿੱਕੇ ਘੁੰਮਣ' ਹੋਰਾਂ 98 ਕਾਵਿ-ਰਚਨਾਵਾਂ ਨੂੰ ਥਾਂ ਦਿੱਤੀ ਹੈ, ਜੋ ਕਿ ਛੰਦ-ਬੱਧ ਵੀ ਹਨ ਅਤੇ ਸਰੋਦੀ ਵੀ। ਇਸ ਦੇ ਨਾਲ-ਨਾਲ ਹੀ ਉਨ੍ਹਾਂ ਆਪਣੀਆਂ ਕਾਵਿ-ਰਚਨਾਵਾਂ ਨੂੰ ਸਮਾਜਿਕ ਸਰੋਕਾਰ, ਵਿਅੰਗ ਅਤੇ ਪਿਆਰ-ਮੁਹੱਬਤ ਦਾ ਨਾਂਅ ਦੇ ਕੇ ਆਪਣੇ ਵਲੋਂ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਾਵਿਕ-ਰਚਨਾਵਾਂ ਦੇ ਵਿਸ਼ਿਆਂ ਦੀ ਨਿਸ਼ਾਨਦੇਹੀ ਵੀ ਖ਼ੁਦ ਹੀ ਕਰ ਦਿੱਤੀ ਹੈ। ਮਨੁੱਖੀ ਸਮਾਜ ਸਮਾਜਿਕ-ਰਿਸ਼ਤਿਆਂ 'ਚ ਬੱਝਾ ਹੋਇਆ ਹੋਣ ਕਰਕੇ ਇਸ ਦੇ ਅਨੇਕਾਂ ਪ੍ਰਸੰਗ ਅਤੇ ਵੇਰਵਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਵੇਂ ਮਾਤਾ-ਪਿਤਾ, ਭੈਣ-ਭਰਾ, ਚਾਚੇ-ਤਾਏ, ਦਾਦ-ਦਾਦੀ, ਨਾਨਾ-ਨਾਨੀ ਮਾਮਾ-ਮਾਮੀ ਆਦਿ ਹੋਰ ਅਨੇਕਾਂ ਰੰਗ। ਇਹ ਰੰਗ ਕਾਵਿ-ਪਾਠਕ 'ਮਕਾਨ ਬਨਾਮ ਘਰ', 'ਜ਼ਿੰਦਗੀ', 'ਕੰਧਾਂ', 'ਕੌੜਾ ਸੱਚ', 'ਇਕੱਲਾ ਈ ਤੁਰ ਪੈ', 'ਧਰਮ-ਅਧਰਮ', 'ਮਾਂ', 'ਬਾਪ', 'ਚੁੱਪ', 'ਰੁੱਖ' ਆਦਿ ਕਵਿਤਾਵਾਂ ਵਿਚ ਬਾ-ਖ਼ੂਬੀ ਦੇਖ ਸਕਦਾ ਹੈ। ਸੱਚ ਦੇ ਰਾਹ ਤੁਰਦਿਆਂ ਮਨੁੱਖ ਹਮੇਸ਼ਾ ਦੁੱਖ ਭੋਗਦਾ ਹੈ। ਆਜ਼ਾਦੀ ਲਈ ਤੜਪ ਅਤੇ ਸੱਚ ਦਾ ਹੋਕਾ ਦੇਣ ਵਾਲੀਆਂ ਗਾਥਾਵਾਂ ਦੀ ਸਾਰ 'ਓ ਵੀਰਾ ਭਗਤ ਸਿਆਂ', 'ਗੁਰੂ ਨਾਨਕ ਦੇਵ ਜੀ', 'ਗੁਰੂ ਗੋਬਿੰਦ ਸਿੰਘ', 'ਸੁਰਿੰਦਰ ਕੌਰ', 'ਦਾਰਾ ਸਿੰਘ', 'ਸ਼ਿਵ ਉਥੇ ਨਾਹੀਂ ਸੀ' ਆਦਿ ਕਾਵਿਤਾਵਾਂ ਵਿਚ ਦੇਖੀ ਜਾ ਸਕਦੀ ਹੈ। ਮਾਂ-ਬੋਲੀ ਪੰਜਾਬੀ ਪ੍ਰਤੀ ਪੰਜਾਬੀਆਂ ਨੂੰ ਜਾਗਰੂਕ ਕਰਦੀ ਕਵਿਤਾ ਵੀ 'ਸਨੇਹ' ਦੇ ਭਾਵ ਉਤਪੰਨ ਕਰਦੀ ਹੈ, ਜਿਸ ਵਿਚ ਉਹ ਪੰਜਾਬੀਆਂ ਨੂੰ ਵੰਗਾਰਦਾ ਹੈ ਅਤੇ ਕਹਿੰਦਾ ਹੈ ਕਿ ਪੰਜਾਬੀ ਮਾਂ-ਬੋਲੀ ਸਾਡੀ ਇੱਜ਼ਤ ਹੈ, ਸ਼ਾਨ ਹੈ, ਮਾਣ ਹੈ ਅਤੇ ਸਨਮਾਨ ਹੈ। ਇਸ ਕਵਿਤਾ ਵਿਚ ਉਸ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਬਾਬਾ ਸ਼ੇਖ ਫ਼ਰੀਦ ਆਦਿ ਬਾਣੀਕਾਰਾਂ ਦੇ ਨਾਲ-ਨਾਲ ਆਧੁਨਿਕ ਲੇਖਕਾਂ ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਵਾਰਿਸ, ਵਿਰਕ, ਸੁਜਾਨ ਸਿੰਘ, ਦਲੀਪ ਕੌਰ ਟਿਵਾਣਾ, ਪਾਸ਼ ਅਤੇ ਸੁਰਜੀਤ ਪਾਤਰ ਦਾ ਵਿਸ਼ੇਸ਼ ਤੌਰ 'ਤੇ ਉਲੇਖ ਕਰਦਿਆਂ ਮਾਂ-ਬੋਲੀ ਪੰਜਾਬੀ ਦੀ ਮਹੱਤਤਾ ਅਤੇ ਲੋੜ ਨੂੰ ਪਰਿਭਾਸ਼ਿਤ ਕੀਤਾ ਹੈ। ਇਨ੍ਹਾਂ ਖਿਆਲਾਂ ਦੇ ਪ੍ਰਗਟਾਅ ਸਦਕਾ ਹੀ ਕਾਵਿ-ਸੰਗ੍ਰਹਿ ਦਾ ਸਿਰਲੇਖ 'ਦਿਲ ਦੀਆਂ ਗੱਲਾਂ' ਫੱਬਵਾਂ ਅਤੇ ਢੁਕਵਾਂ ਹੈ।
ਆ ਜਾ ਸੱਜਣਾ, ਆ ਬਹਿ ਸੁਣੀਏ, ਦਿਲ ਦੀਆਂ ਗੱਲਾਂ ਨੂੰ
ਆ ਜਾ ਮਲ੍ਹਮ ਲਗਾਈਏ ਹੁਣ, ਬਿਰਹੋਂ ਦੀਆਂ ਸੱਲ੍ਹਾਂ ਨੂੰ।\

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਰੱਬ ਦੀ ਤਲਾਸ਼
ਲੇਖਕ : ਸਵਰਨ ਸਿੰਘ 'ਪਤੰਗ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 108
ਸੰਪਰਕ : 98783-28501

'ਰੱਬ ਦੀ ਤਲਾਸ਼' ਉੱਘੇ ਤੇ ਪ੍ਰੌਢ ਲੇਖਕ ਸਵਰਨ ਸਿੰਘ ਪਤੰਗ ਦੀ ਮਿੰਨੀ ਕਹਾਣੀਆਂ ਦਾ ਇਕ ਵਿਲੱਖਣ ਸੰਗ੍ਰਹਿ ਹੈ। ਥੋੜ੍ਹੇ ਵਿਚ ਬਹੁਤਾ ਯਾਨੀ ਕੁੱਜੇ ਵਿਚ ਸਮੁੰਦਰ ਬੰਦ ਹੈ। ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਨ੍ਹਾਂ ਪੰਜਾਹ ਕਹਾਣੀਆਂ ਦੀਆਂ ਆਪਸੀ ਜੁੜਦੀਆਂ ਕੜੀਆਂ ਪਾਠਕਾਂ ਨੂੰ ਆਪਣੇ ਨਾਲ ਜੋੜਨ ਦੀ ਕਾਫ਼ੀ ਸਮਰੱਥਾ ਰੱਖਦੀਆਂ ਹਨ। ਪਹਿਲਾਂ-ਪਹਿਲਾਂ ਹਰ ਕਹਾਣੀ ਦੀ ਸ਼ੁਰੂਆਤ ਵਿਚ ਓਪਰਾਪਨ ਜ਼ਰੂਰ ਮਹਿਸੂਸ ਹੁੰਦਾ ਹੈ ਪਰ ਹਰ ਕਹਾਣੀ ਦਾ 'ਅੰਤ' ਆਪਣਾਪਨ ਮਹਿਸੂਸ ਕਰਵਾ ਕੇ ਬਹੁਤ ਵਧੀਆ ਸਾਰਥਿਕ ਸੁਨੇਹਾ ਛੱਡਦਾ ਹੋਇਆ ਮਨ ਨੂੰ ਛੂਹ ਜਾਂਦਾ ਹੈ।
ਜੀਵਨ ਵਿਚਰਦਿਆਂ ਗ਼ਲਤ ਫਹਿਮੀਆਂ ਨੂੰ ਵੇਲੇ ਸਿਰ ਦੂਰ ਕਰਕੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਨੂੰ ਸੁਖਾਵੇਂ ਮਾਹੌਲ ਵਿਚ ਬਦਲ ਲੈਣਾ, ਕਰਾਰੇ ਹੱਥਾਂ ਨਾਲ ਵਿਗੜਿਆਂ ਨੂੰ ਸੁਧਾਰ ਲੈਣਾ, ਭੋਲੇ ਬਚਪਨ ਦੀਆਂ ਚੁਲਬੁਲੀਆਂ/ਸ਼ਰਾਰਤਾਂ ਤੇ ਪ੍ਰੌਢ ਉਮਰੇ ਸਤਿਕਾਰ ਤੇ ਪਿਆਰ, ਬਜਰ ਗ਼ਲਤੀਆਂ ਦੀਆਂ ਜ਼ਿੰਮੇਵਾਰ ਅਕਲ ਦੀਆਂ ਬੰਦ ਅੱਖਾਂ ਨੂੰ ਖੋਲਣਾ, ਪਰਉਪਕਾਰਤਾ ਦਾ ਮੁੱਲ ਤਾਰਨ ਦੇ ਯਤਨ, ਫ਼ਰਿਸ਼ਤਾ/ ਰੱਬ ਵਜੋਂ ਦਿਲ ਦੀ ਗੱਲ ਕਹਿਣੀ, 'ਛੱਤਾ ਛੱਲੀਆਂ ਵਾਲਾ' ਬਣ ਕੇ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਦੇਣੀ, ਹਮਦਰਦੀ ਭਰੀ ਦੋਸਤੀ ਨਿਭਾਉਣੀ, ਖੰਭਾਂ ਦੀਆਂ ਉਡਾਰਾਂ ਤੋਂ ਗੁਰੇਜ਼ ਕਰਕੇ ਮਦਦਗਾਰ ਵਜੋਂ ਆਪਣੇ ਪਿੰਡ ਦੀ ਇੱਜ਼ਤ ਨਾ ਉਛਾਲਣ ਦੇਣੀ, ਖੂਹ ਵਿਚ ਮਾਰੀ ਆਵਾਜ਼ ਦੀ ਉਸੇ ਰੰਗ ਵਿਚ ਵਾਪਸੀ ਤੋਂ ਬਚਣ ਲਈ ਜ਼ਬਾਨ ਨੂੰ ਲਗਾਮ, ਹਸਮੁੱਖ ਸੁਭਾਅ ਵਾਲੇ ਸਭ ਦੇ ਬੇਲੀ, ਮਨੁੱਖੀ ਸ਼ੋਸ਼ਣ ਦੀ ਤ੍ਰਾਸਦੀ 'ਤਾੜੀ ਮਾਰ ਕੇ' ਅਤੇ ਕੱਚੀ ਉਮਰ ਦੇ ਵਾਅਦੇ ਪੱਥਰ ਉਤੇ ਲਕੀਰ ਬਣ ਜਾਣੇ ਆਦਿ ਭਾਵਪੂਰਤ ਵਿਸ਼ਿਆਂ ਦੀ ਬਾਤ ਪਾਉਣ ਵਾਲੀਆਂ ਕਹਾਣੀਆਂ ਦੀ ਇਹ ਪੁਸਤਕ 'ਰੱਬ ਦੀ ਤਲਾਸ਼' ਪਾਠਕਾਂ ਦੀ ਪੜ੍ਹਨ ਚੇਸ਼ਟਾ ਨੂੰ ਸਿਖ਼ਰ 'ਤੇ ਪਹੁੰਚਾਉਣ ਦੇ ਸਮਰੱਥ ਹੈ।

-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾਈਲ : 98764-74858

ਢੱਡ ਸਾਰੰਗੀ ਵਜਦੀ ਮਾਲਵੇ
ਲੇਖਕ : ਪ੍ਰੋ. ਕਰਮ ਸਿੰਘ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 400 ਰੁਪਏ, ਸਫ਼ੇ : 358
ਸੰਪਰਕ : 011-26802488

'ਢੱਡ ਸਾਰੰਗੀ ਵਜਦੀ ਮਾਲਵੇ' (ਖੋਜ ਅਤੇ ਸੰਪਾਦਨ) ਗ੍ਰੰਥ ਪ੍ਰੋ. ਕਰਮ ਸਿੰਘ ਦੀ ਅਨੂਠੀ ਕਿਰਤ ਹੈ। ਇਸ ਗ੍ਰੰਥ ਦੀ ਸ਼ੁਰੂਆਤ ਗਵੰਤਾਰੀਆ ਦੇ ਸਰਪ੍ਰਸਤ ਮਹਾਰਾਜਾ ਹੀਰਾ ਸਿੰਘ ਜੀ (ਨਾਭਾ ਪੱਤੀ) ਦੀ ਤਸਵੀਰ ਨਾਲ ਕੀਤੀ ਗਈ ਹੈ ਜੋ ਕਿ ਪਰਜਾ ਦਾ ਹਿਤੈਸ਼ੀ ਮੰਨਿਆ ਗਿਆ ਹੈ। ਡਾ. ਗੁਰਦੇਵ ਸਿੰਘ ਨੇ ਕਰਮਯੋਗੀ ਪ੍ਰੋ. ਕਰਮ ਸਿੰਘ ਸਿਰਲੇਖ ਅਧੀਨ ਆਪਣੀ ਭੂਮਿਕਾ ਵਿਚ ਪ੍ਰੋ. ਕਰਮ ਸਿੰਘ ਨੂੰ 'ਅਕਬਰੀ ਬੰਦਾ' ਕਹਿ ਕੇ ਸੰਬੋਧਿਤ ਹੁੰਦਾ ਹੈ। ਇਹ ਵੱਡੀ ਗੱਲ ਹੈ। ਉਹ ਖ਼ੁਦ ਮੰਨਦਾ ਹੈ ਕਿ ਪ੍ਰੋ. ਪ੍ਰੀਤਮ ਸਿੰਘ ਨੇ ਉਨ੍ਹਾਂ ਨੂੰ ਲੋਕ-ਕਾਵਿ ਵੰਨਗੀਆਂ ਇਕੱਤਰ ਕਰਨ ਦੀ ਪ੍ਰੇਰਨਾ ਦਿੱਤੀ, ਜਿਸ ਸਦਕਾ ਉਹ ਢੱਡ ਸਾਰੰਗੀ ਉਤੇ ਗਾਉਣ ਵਾਲੀਆਂ ਕਲੀਆਂ 'ਢੱਡ-ਸਾਰੰਗੀ ਵਜਦੀ ਮਾਲਵੇ' ਦੇ ਨਾਂਅ ਹੇਠ ਛਾਪਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਰਿਚਰਡ ਟੈਂਪਲ ਦਾ ਵੀ ਧੰਨਵਾਦ ਕਰਨਾ ਨਹੀਂ ਭੁੱਲਦਾ। ਉਹ ਦਲੀਪ ਸਿੰਘ ਅਬਲੂ ਦਾ ਵੀ ਸਤਿਕਾਰ ਕਰਦਾ ਹੈ ਕਿਉਂਕਿ ਅਬਲੂ ਭਾਵੇਂ ਅੱਖਰ-ਗਿਆਨ ਤੋਂ ਕੋਰਾ ਸੀ, ਪਰ ਉਹ ਵਿਦਵਤਾ ਦਾ ਭੰਡਾਰ ਸੀ। ਉਸ ਨੇ ਕਲੀ, ਉਤਲੀ ਕਲੀ, ਓਦੂ ਉਤਲੀ ਕਲੀ ਦੀ ਵੰਨਗੀਆਂ ਇਕੱਤਰ ਕਰਕੇ ਕਲੀਆਂ ਦੀਆਂ ਕਈ ਵੰਨਗੀਆਂ ਵੀ ਪਾਠਕਾਂ ਦੇ ਸਨਮੁਖ ਕੀਤੀਆਂ ਹਨ। ਵਿਸ਼ੇਸ਼ ਤੌਰ 'ਤੇ ਗਵੰਤਰੀਆਂ ਦੇ ਫ਼ਕੀਰਾਨਾ ਸੁਭਾਅ ਦੀਆਂ ਵੀ ਅਨੇਕਾਂ ਵੰਨਗੀਆਂ ਪੇਸ਼ ਕੀਤੀਆਂ ਹਨ। ਇਹ ਲੋਕ ਫਾਕਾ-ਮਸਤੀ 'ਚ ਤਾਂ ਰਹਿ ਸਕਦੇ ਸਨ, ਪ੍ਰੰਤੂ ਅੱਜ ਦੀ ਅਸ਼ਲੀਲ ਗਾਇਕੀ ਸੰਗ ਪ੍ਰਨਾਏ ਗਵੱਈਆਂ ਵਾਂਗ ਪੈਸੇ ਦੀ ਖਾਤਰ ਨਹੀਂ ਸਨ ਗਾਉਂਦੇ। 'ਮਾਲਵਾ' ਲੇਖ ਵਿਚ ਮਾਲਵੇ ਦਾ ਨਾਮਕਰਨ ਇਥੋਂ ਦੀ ਰਹਿਤਲ-ਬਹਿਤਲ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਭਾਵ : ਮਲ (ਪਹਿਲਵਾਨ) ਸ਼ਬਦ ਦਾ ਪ੍ਰਯੋਗ ਜਾਂ ਮੱਲ ਕਹਿਣ ਦਾ ਰਿਵਾਜ ਮਾਲਵ ਕੌਮ ਦੇ ਪ੍ਰਤੀਕ ਮੰਨੇ ਗਏ ਹਨ। ਗਵੰਤਰੀਆਂ ਦੇ ਅਨੇਕਾਂ ਸਰਪ੍ਰਸਤਾਂ ਦਾ ਜ਼ਿਕਰ ਵੀ ਪ੍ਰੋਫ਼ੈਸਰ ਸਾਹਿਬ ਨੇ ਕੀਤਾ ਹੈ। ਇਸ ਖੋਜ ਅਤੇ ਸੰਕਲਨ ਦਾ ਕਾਰਜ ਉਨ੍ਹਾਂ ਨੇ 'ਮਾਲਵੇ ਦੇ ਮਰਦਾਵੇਂ ਸਾਹਿਤਕ ਸ਼ੌਕ', 'ਜਲਸਾ ਤੇ ਗਿੱਧਾ', 'ਗੌਣ ਤੇ ਗਵੰਤਰੀ', 'ਗਵੰਤਰੀਆਂ ਦੇ ਗਾਉਣ ਦੀਆਂ ਕਿਰਿਆਵਾਂ', 'ਦੋਹੜੇ', 'ਸਰਦਾਰ ਗੰਗਾ ਸਿੰਘ ਕਵੀਸ਼ਰ', 'ਹੀਰ', 'ਮੰਗਲਾ ਚਰਨ', 'ਸ਼ਾਇਰ ਕਲੀ 'ਚ ਭੂਮਿਕਾ ਦੱਸਦਾ ਹੈ', 'ਪੂਰਨ ਭਗਤ', 'ਮਲਕੀ', 'ਕੌਂਲਾਂ', 'ਮਿਰਜ਼ਾ', 'ਦੁੱਲਾ', 'ਪਰਤਾਪਾ ਹਸਨਪੁਰੀਆ', 'ਵਧਾਵਾ', 'ਫੁਟਕਲ ਆਵਾਜ਼ਾਂ', 'ਮੇਰੇ ਵੇਖਣ-ਸੁਣਨ ਵਿਚ ਆਏ ਗਵੰਤਰੀਆਂ ਦਾ ਜ਼ਿਕਰ', 'ਹੀਰ ਦਾ ਮਨ੍ਹੇਰਾ' ਸਿਰਲੇਖਾਂ ਹੇਠ ਕਰਦਿਆਂ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਲਗਨ-ਮਿਹਨਤ, ਸਿਰੜ ਰਾਹੀਂ ਹੀ ਕੋਈ ਪੰਧੀ ਆਪਣੀ ਮੰਜ਼ਿਲ ਦੀ ਥਾਹ ਪਾ ਸਕਦਾ ਹੈ। ਮੇਰੀ ਜਾਚੇ ਇਹ ਪੁਸਤਕ ਖੋਜਾਰਥੀਆਂ ਲਈ ਬਹੁਮੁੱਲਾ ਖ਼ਜ਼ਾਨਾ ਹੈ। ਪ੍ਰੋ. ਸਾਹਿਬ ਨੂੰ ਮੁਬਾਰਕ ਅਤੇ ਉਨ੍ਹਾਂ ਦੀ ਮਿਹਨਤ ਨੂੰ ਸਲਾਮ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਕਲਮ
ਕਵੀ : ਨਛੱਤਰ ਸਿੰਘ ਭੋਗਲ ਭਾਖੜੀਆਣਾ (ਯੂ.ਕੇ.)
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99889-13155

ਨਛੱਤਰ ਭੋਗਲ ਦਾ ਚੌਥਾ ਕਾਵਿ ਸੰਗ੍ਰਹਿ 'ਕਲਮ' ਵਿਸ਼ਿਆਂ ਦੇ ਪੱਖ ਤੋਂ ਵੰਨ-ਸੁਵੰਨਤਾ ਭਰਪੂਰ ਹੈ। ਸਮਾਜ ਵਿਚ ਆ ਰਹੀਆਂ ਤਬਦੀਲੀਆਂ, ਕਦਰਾਂ-ਕੀਮਤਾਂ ਵਿਚ ਆ ਰਿਹਾ ਨਿਘਾਰ, ਪਰੰਪਰਾ ਅਤੇ ਸੱਭਿਆਚਾਰ ਤੋਂ ਦੂਰ ਹੁੰਦੇ ਅੱਜ ਦੇ ਮਨੁੱਖ ਦੀਆਂ ਸੰਵੇਦਨਾਵਾਂ ਨੂੰ ਇਸ ਕਾਵਿ-ਪੁਸਤਕ ਰਾਹੀਂ ਚਿੱਤਰਿਆ ਗਿਆ ਹੈ। ਕਲਮਾਂ ਨੂੰ ਇਤਿਹਾਸ ਬਦਲਣ ਵਾਲੀ ਸ਼ਕਤੀ ਮੰਨਦਾ ਕਵੀ ਲਿਖਦਾ ਹੈ :
ਸੱਚ ਲਿਖਣੋਂ ਨਾ ਖੁੰਝੀਂ ਹਰਗਿਜ਼
ਆਪਣਾ ਆਪ ਦਈਂ ਵਾਰ ਤੂੰ ਕਲਮੇਂ
ਤੂੰ ਸ਼ਮਸ਼ੀਰ ਤੇ ਢਾਲ ਵੀ ਤੂੰ ਹੀ
ਪ੍ਰਮੁੱਖ ਹੈਂ ਹਥਿਆਰ ਤੂੰ ਕਲਮੇਂ
ਮਾਂ ਬੋਲੀ ਪ੍ਰਤੀ ਆਪਣੀ ਸੁਹਿਰਦਤਾ ਪ੍ਰਗਟਾਉਂਦਾ ਕਵੀ ਸਭ ਨੂੰ ਮਾਂ ਬੋਲੀ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਮਾਂ ਬੋਲੀ ਪੰਜਾਬੀ ਪ੍ਰਤੀ ਸ਼ਰਧਾ, ਸਤਿਕਾਰ ਅਤੇ ਹੋਰਨਾਂ ਭਾਸ਼ਾਵਾਂ ਦੇ ਗਿਆਨ ਲਈ ਵੀ ਕਵੀ ਪ੍ਰੇਰਿਤ ਕਰਦਾ ਹੈ। ਸਮਾਜ ਵਿਚ ਅਨੇਕਾਂ ਅਜਿਹੇ ਕਿਰਦਾਰ ਹਨ ਜੋ ਵੇਖਣ ਨੂੰ ਬਹੁਤ ਸਧਾਰਨ ਲੱਗਦੇ ਹਨ ਪਰ ਸਮਾਜ ਦੀ ਤਰੱਕੀ ਵਿਚ ਆਪਣਾ ਡੂੰਘਾ ਯੋਗਦਾਨ ਦਿੰਦੇ ਹਨ। ਕਵੀ ਮਜ਼ਦੂਰ ਨੂੰ ਸਮਾਜ ਦਾ ਅਜਿਹਾ ਥੰਮ੍ਹ ਮੰਨਦਾ ਹੈ ਜੋ ਹਰ ਹਾਲ ਵਿਚ ਖ਼ੁਸ਼ ਰਹਿਣ ਦਾ ਸੁਨੇਹਾ ਦਿੰਦਾ ਹੈ :
ਸਬਰ ਸ਼ੁਕਰ ਦਾ ਉਹ ਹੈ ਬਾਨੀ
ਮਿਹਨਤ ਵਿਚ ਨਾ ਕੋਈ ਉਸ ਦਾ ਸਾਨੀ
ਕਵੀ ਮਨੁੱਖ ਨੂੰ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੋਇਆ ਆਪਣੀਆਂ ਪਰੰਪਰਾਵਾਂ ਜਾਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਦਲੇਰੀ ਦਿੰਦਾ ਹੈ। ਉਹ ਨਾਰੀ ਚੇਤਨਾ ਦਾ ਪ੍ਰਚਾਰ ਪ੍ਰਸਾਰ ਕਰਦਾ ਔਰਤਾਂ ਨੂੰ ਆਪਣੀ ਹੋਂਦ ਪਛਾਣਨ ਲਈ ਪ੍ਰੇਰਨਾ ਦਿੰਦਾ ਹੈ :
ਜੱਗ ਜਣਨੀ ਦਾ ਕਿਰਦਾਰ ਬਣੀਂ
ਕਿਸੇ ਜ਼ਾਲਮ ਲਈ ਤਲਵਾਰ ਬਣੀਂ
ਮਾਂ ਭਾਗੋ ਵਾਂਗ ਬਣ ਕੇ ਸ਼ੀਹਣੀ
ਇੱਜ਼ਤਾਂ ਦੀ ਪਹਿਰੇਦਾਰ ਬਣੀਂ
ਕਵੀ ਚਾਹੇ ਵਿਦੇਸ਼ ਵਿਚ ਬੈਠਾ ਹੈ ਪਰ ਆਪਣੇ ਪਿੰਡ ਭਾਖੜੀਆਣੇ ਦਾ ਮੋਹ ਉਸ ਨੂੰ ਆਪਣੀ ਮਿੱਟੀ ਨਾਲ ਜੋੜੀ ਰੱਖਦਾ ਹੈ। ਕਵੀ ਨਛੱਤਰ ਸਿੰਘ ਦੀ ਕਾਵਿ-ਰਚਨਾ ਵਿਅੰਗਾਤਮਿਕ ਜੁਗਤ ਨਾਲ ਜੁੜੀ ਜੀਵਨ ਦੀਆਂ ਸਚਾਈਆਂ ਅਤੇ ਤਲਖ ਹਕੀਕਤਾਂ ਨੂੰ ਬਾਖ਼ੂਬੀ ਬਿਆਨ ਕਰਦਾ ਹੈ। 'ਕੁਰਸੀ' ਕਵਿਤਾ ਇਸ ਦੀ ਖ਼ੂਬਸੂਰਤ ਉਦਾਹਰਨ ਹੈ। ਇਸ ਪੁਸਤਕ ਦੀਆਂ ਰਚਨਾਵਾਂ 'ਅਜੋਕਾ ਇਨਸਾਨ', 'ਤਰਕ', 'ਦਸਤੂਰ', 'ਉਜਾੜ

23-12-2023

 ਜਵਾਨ ਹੋਣ ਤੱਕ
ਲੇਖਕ : ਡਾ. ਪੂਰਨ ਚੰਦ ਜੋਸ਼ੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 450 ਰੁਪਏ, ਸਫ਼ੇ : 435
ਸੰਪਰਕ : 98141-47405

ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਦੀ ਸਮਝ ਅਨੁਸਾਰ ਜਿਸ ਤਥਾਤਮਕਤਾ (ਫੈਕਟੀਸਿਟੀ) ਵਿਚ ਨਾਇਕ/ਨਾਇਕਾ ਦਾ ਪ੍ਰਵੇਸ਼ ਕਰਵਾਇਆ ਹੈ, ਉਹ ਹੈ ਇਕ ਕਲਪਿਤ ਪਿੰਡ 'ਪੂਰਨਪੁਰਾ' ਜੋ ਲੇਖਕ ਦੇ ਨਾਂਅ ਵੱਲ ਗੁੱਝਾ ਸੰਕੇਤ ਕਰਦਾ ਹੈ। ਸਮਾਂ ਲਗਭਗ ਵੀਹਵੀਂ ਸਦੀ (1967-70) ਤੱਕ ਦਾ ਹੈ। ਉਦੋਂ ਪਿੰਡਾਂ ਦੇ ਘਰ ਆਮ ਤੌਰ 'ਤੇ ਕੱਚੇ, ਰਸਤੇ ਵੀ ਕੱਚੇ ਹੁੰਦੇ ਸਨ। ਪਿੰਡ ਦਾ ਸਕੂਲ ਨਹੀਂ ਸੀ। ਮੁੰਡੇ-ਕੁੜੀਆਂ ਰਲ-ਮਿਲ ਕੇ ਕਿਸੇ ਹੋਰ ਪਿੰਡ ਪੜ੍ਹਨ ਸਕੂਲ ਜਾਂਦੇ ਸਨ। ਇਸ ਨਾਵਲ ਵਿਚ 'ਨਾਭਾ' ਸ਼ਹਿਰ ਦੇ ਆਲੇ-ਦੁਆਲੇ ਦੀ ਆਂਚਲਿਕਤਾ ਹੈ। ਲੇਖਕ ਦਾ ਅਸਲੀ ਪਿੰਡ ਵੀ ਤਾਂ 'ਬੌੜਾਂ ਖ਼ੁਰਦ', ਤਹਿਸੀਲ ਨਾਭਾ ਹੈ। ਡੂੰਘਾਈ ਨਾਲ ਵਾਚਿਆਂ ਇਹ ਰਚਨਾ (ਜੋ ਲਿਖਤੀ ਹੈ) ਇਕ ਆਟੋਬਾਇਓ ਗ੍ਰਾਫ਼ੀਕਲ ਨਾਵਲ (ਸਵੈ-ਜੀਵਨਾਤਮਕ ਨਾਵਲ) ਹੈ। ਸਵੈ-ਜੀਵਨਾਤਮਿਕ ਨਾਵਲ ਦੇ ਅਨੇਕਾਂ ਪ੍ਰਮਾਣ ਨਾਵਲ ਦਾ ਅਧਿਐਨ ਕਰਦਿਆਂ ਨੋਟ ਕੀਤੇ ਜਾ ਸਕਦੇ ਹਨ। ਨਾਵਲਕਾਰ ਨੇ ਆਪਣੀ ਕਿਸ਼ੋਰ ਅਵਸਥਾ (1967) ਤੋਂ 2012 ਤੱਕ ਦੀਆਂ ਫ਼ੋਟੋ ਕਾਪੀਆਂ ਨਾਵਲ ਦੇ ਸਿਰਲੇਖ ਦੇ ਦੋਵਾਂ ਪਾਸੇ ਦਿੱਤੀਆਂ ਹਨ। ਕਥਾ-ਨਾਇਕ ਜਿਸ ਦਾ ਨਾਂਅ ਪ੍ਰਨਵਜੀਤ (ਕਲਪਿਤ) ਅਤੇ ਨਾਇਕਾ ਦਾ ਨਾਂਅ ਪ੍ਰਮਪ੍ਰੀਤ (ਕਲਪਿਤ) ਹੈ। ਇਹ ਨਾਵਲ ਨਾਇਕ/ਨਾਇਕਾ ਦੀ 'ਜਵਾਨ ਹੋਣ ਤੱਕ' ਦੀ ਕਥਾ ਦਾ ਬਿਰਤਾਂਤ ਹੈ। ਇਸ ਕਥਾ ਦਾ ਮੂਲ ਆਧਾਰ 'ਚਿੱਠੀਆਂ' ਹਨ। ਗੰਭੀਰ ਪਾਠਕਾਂ ਨੂੰ ਯਾਦ ਹੋਵੇਗਾ ਕਿ ਚਿੱਠੀਆਂ ਰਾਹੀਂ ਪਹਿਲਾ ਨਾਵਲ 1740 ਵਿਚ ਸੈਮੂਅਲ ਰਿਚਰਡਸਨ ਨੇ 'ਪਾਮੇਲਾ' ਲਿਖਿਆ ਸੀ। ਕਿਸ਼ੋਰ ਅਵਸਥਾ ਸਮੇਂ ਨਾਇਕ/ਨਾਇਕਾ ਦਾ ਪਿਆਰ ਆਦਰਸ਼-ਪਿਆਰ ਭਾਵ 'ਪਲੈਟਾਨਿਕ ਲਵ' ਹੀ ਰਿਹਾ ਪਰ ਭਾਵੁਕਤਾ ਭਾਰੂ ਰਹੀ। ਇਕ-ਦੂਜੇ ਨੂੰ ਮਿਲੇ ਬਿਨਾਂ ਚਿੱਤ ਨਹੀਂ ਸੀ ਲੱਗਦਾ। ਪਰ 'ਜਵਾਨ ਹੋਣ ਤੱਕ' ਗਲਵੱਕੜੀਆਂ ਪਾ ਕੇ ਪਿਆਰ ਕਰਨ ਦੀ ਸੋਝੀ ਜ਼ਰੂਰ ਆ ਗਈ ਸੀ। 'ਜਵਾਨ ਹੋਣ ਤੱਕ' ਪਿਆਰ ਸੱਚਾ-ਸੁੱਚਾ ਹੀ ਰਿਹਾ। ਲੇਖਕ ਇਸ ਅਵਸਥਾ ਬਾਰੇ ਖ਼ੁਦ ਲਿਖਦਾ ਹੈ: 'ਕਹਾਣੀ ਵਿਚ ਬਹੁਤ ਸਾਰੇ ਸੰਵਾਦ ਹੂ-ਬ-ਹੂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪੰਜਾਹ ਸਾਲ ਪੁਰਾਣੀਆਂ ਨੋਟ ਬੁੱਕਾਂ ਵਿਚ ਜੋ ਅੰਸ਼ ਅੰਕਿਤ ਹੋਏ ਮਿਲਦੇ ਹਨ, ਉਹ ਕਿਸੇ ਜ਼ਮਾਨੇ ਦੀ ਰਹਿਣੀ-ਬਹਿਣੀ, ਖੇਤ ਖਲਵਾੜ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦਾ ਜ਼ਿਕਰ ਇਸ 'ਯਾਦਾਂ ਦੇ ਮਹਿਲ' ਵਿਚ 'ਜਵਾਨ ਹੋਣ ਤੱਕ' ਦੀ 'ਰੀਅਲ ਲਵ ਸਟੋਰੀ' ਨੂੰ ਸੰਖੇਪ ਵਿਚ ਉਲੀਕਣ ਦਾ ਯਤਨ ਹੈ ਭਾਵੇਂ ਉਨ੍ਹਾਂ ਨੋਟ ਬੁੱਕਾਂ ਦਾ ਵਿਸਥਾਰ ਜ਼ਿਆਦਾ ਹੈ। ਅਸਲੀ ਪਿਆਰ ਕਥਾ ਨੂੰ ਸਾਰਥਿਕ ਬਣਾਉਣ ਲਈ ਪ੍ਰਮਪ੍ਰੀਤ (ਨਾਇਕਾ) ਦੇ ਪੱਤਰਾਂ ਦੀਆਂ ਕਾਪੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਕਿ 'ਰੀਅਲ ਲਵ ਸਟੋਰੀ' 1970 ਦਾ ਪ੍ਰਮਾਣ ਬਣ ਸਕੇ...।' ਪੰਨਾ 417 ਉਸ ਸਮੇਂ ਖੇਤਾਂ ਵਿਚ ਵੱਖ-ਵੱਖ ਥਾਵਾਂ 'ਤੇ ਲੁਕ-ਛਿਪ ਕੇ ਨਾਇਕ/ਨਾਇਕਾ ਮਿਲਦੇ ਸਨ ਮਸਲਨ : ਇੱਖ, ਜਾਮਣ, ਅੰਬ, ਹੇਠ, ਖੇਤ 'ਚ ਬਣਾਏ 'ਘਰੋਚਣੇ' 'ਚ, ਬੋਰ ਦੇ ਟੋਇਆਂ ਆਦਿ ਵਿਚ। ਨਵ-ਆਲੋਚਕ ਆਰ.ਪੀ. ਬਲੈਕਮੁਰ ਅਨੁਸਾਰ ਸੰਕੇਤਾਂ/ਇਸ਼ਾਰਿਆਂ ਦੀ ਵੀ ਭਾਸ਼ਾ ਹੁੰਦੀ ਹੈ। ਇਸ ਨਾਵਲ ਵਿਚ ਅੰਟੀਨੇ ਦੇ ਬਾਂਸ 'ਤੇ ਟੰਗੀ (ਨਾਇਕ ਵਲੋਂ) 'ਲੀਰ' ਅਤੇ ਨਾਇਕਾ ਵਲੋਂ ਕੰਧ 'ਚ ਗੱਡਿਆ 'ਖੁਰਚਣਾ' ਦੂਰੋਂ ਹੀ ਮਿਲਣ ਦੀ ਭਾਸ਼ਾ (ਯੈੱਸ) ਵਜੋਂ ਕਾਰਜਸ਼ੀਲ ਹਨ। ਚਿੱਠੀਆਂ ਵਿਚ ਆਪਣਾ ਨਾਂਅ ਨਹੀਂ ਲਿਖਦੇ। ਕੇਵਲ 'ਹ' ਅੱਖਰ ਪਾਉਂਦੇ ਸਨ। ਨਾਇਕ/ਨਾਇਕਾ ਕਿਸ਼ੋਰ ਅਵਸਥਾ 'ਚ ਨਿਡਰ ਹੋ ਕੇ ਮਿਲਦੇ ਸਨ ਪਰ ਉੱਪਰ ਕਿਸੇ ਦੇ ਆਉਣ ਦਾ ਨਿਰੰਤਰ ਭੈਅ ਬਣਿਆ ਰਹਿੰਦਾ ਸੀ। ਖਲਨਾਇਕ ਆਪਣਾ ਰੋਲ ਨਿਭਾਉਂਦੇ ਰਹੇ ਪਰ ਗੌਲਣਯੋਗ ਨੁਕਸਾਨ ਨਹੀਂ ਕਰ ਸਕੇ। ਨਾਇਕ/ਨਾਇਕਾ ਦੀ ਜਾਤ ਵੱਖ-ਵੱਖ ਹੋਣ ਕਾਰਨ ਅਤੇ ਇਕੋ ਪਿੰਡ ਦੇ ਹੋਣ ਕਾਰਨ ਉਨ੍ਹਾਂ ਦੇ ਵਿਆਹ ਦੀ ਸੰਭਾਵਨਾ ਨਹੀਂ ਸੀ।
ਭਵਿੱਖ ਵਿਚ ਅੰਤਿਮ ਵਿਛੋੜੇ ਦਾ ਡਰ ਸਤਾਉਂਦਾ ਰਿਹਾ। ਪ੍ਰਕ੍ਰਿਤਕ ਵਾਤਾਵਰਨ ਵਿਚ ਦੋਵੇਂ ਸਜ-ਧਜ ਕੇ ਮਿਲਦੇ ਵਿਖਾਏ ਗਏ ਹਨ। ਨਾਭੇ ਤੋਂ ਕਕਰਾਲੇ ਵੱਲ ਜਾਂਦਾ ਰੇਲ ਦਾ 'ਬਾਰਾਂ ਦਾ ਡੱਬਾ' ਇਸ ਨਾਵਲ ਦਾ 'ਆਬਜੈਕਟਿਵ ਕੋਰੀਕੇਟਿਵ' ਸਮਝਣਾ ਬਣਦਾ ਹੈ। ਪ੍ਰੀਤ ਦੀ ਆਖ਼ਰੀ ਚਿੱਠੀ 19-2-1971 ਦਿਨ ਸ਼ੁੱਕਰਵਾਰ ਲਿਖੀ ਹੋਈ ਮਿਲੀ ਸੀ। ਪੰ. 423. ਹੁਣ ਦੋਵੇਂ ਜਵਾਨ ਹੋ ਗਏ ਸਨ। ਪੰਜ ਸਾਲ ਦਾ ਸਫ਼ਰ ਸਫਲਤਾ ਸਹਿਤ ਪੂਰਾ ਹੋ ਚੁੱਕਾ ਸੀ। ਮਿਲਾਪ ਦੇ ਦ੍ਰਿਸ਼ਾਂ ਵਿਚ ਬਿਰਤਾਂਤਕ ਬਾਰੰਬਾਰਤਾ (ਫ਼੍ਰੀਕੁਐਂਸੀ ਇਨ ਨੈਰੇਸ਼ਨ) ਬਹੁਤ ਜ਼ਿਆਦਾ ਹੈ। ਨਾਵਲ ਪ੍ਰੌੜ੍ਹ ਉਮਰ ਦਾ ਬੀਤੇ ਸਮੇਂ 'ਤੇ ਫੋਕਸੀਕਰਨ ਹੈ। ਨਾਵਲ ਦੀਆਂ ਘਟਨਾਵਾਂ 'ਉਦੋਂ ਤੇ ਹੁਣ' ਵਿਚਕਾਰ 'ਕੰਪਨ' ਵਿਚ ਨੋਟ ਕੀਤੀਆਂ ਜਾ ਸਕਦੀਆਂ ਹਨ। ਜੋਸ਼ੀ ਦੀਆਂ ਕਵਿਤਾਵਾਂ ਵੀ ਹਾਜ਼ਰ ਹਨ। ਨਿਰੋਲ ਕਿਸ਼ੋਰ ਉਮਰ 'ਤੇ ਪਹਿਲਾ ਮਨੋਵਿਗਿਆਨਕ ਨਾਵਲ ਜਾਪਦਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand.gmail.com

ਦਰਦ-ਏ-ਬਲਜੀਤ
ਲੇਖਕ: ਜਸਬੀਰ ਢਿੱਲੋਂ
ਪ੍ਰਕਾਸ਼ਕ: ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ: 200 ਰੁਪਏ, ਸਫ਼ੇ: 88
ਸੰਪਰਕ: 97809-28626

'ਦਰਦ-ਏ-ਬਲਜੀਤ' ਜਸਬੀਰ ਢਿੱਲੋਂ ਦੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ਹੈ। ਜ਼ਿੰਦਗੀ ਦੇ ਸਿਖ਼ਰ 'ਤੇ ਪਹੁੰਚ ਕੇ ਵਿੱਛੜੀ ਆਪਣੀ ਹਮਸਫ਼ਰ ਬਲਜੀਤ ਨੂੰ ਸਮਰਪਿਤ ਉਨ੍ਹਾਂ ਦੀ ਇਸ ਪੁਸਤਕ ਦੀਆਂ ਕਵਿਤਾਵਾਂ ਵਿਚਲਾ ਦਰਦ ਇੰਨਾ ਅਸਹਿ ਹੈ ਕਿ ਪਾਠਕ ਵੀ ਇਸ ਦਰਦ ਵਿਚ ਗੜੁੱਚ ਹੋਏ ਬਿਨਾਂ ਨਹੀਂ ਰਹਿ ਸਕਦਾ। ਸਮਾਜ ਦੇ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਤਰਸਯੋਗ ਹਾਲਤ ਪ੍ਰਤੀ ਅੰਤਾਂ ਦੀ ਫ਼ਿਕਰਮੰਦ ਰਹਿਣ ਵਾਲੀ ਪਤਨੀ ਦੀ ਯਾਦ ਉਨ੍ਹਾਂ ਦੀ ਜ਼ਿੰਦਗੀ ਦਾ ਅਭਿੰਨ ਅੰਗ ਬਣ ਚੁੱਕੀ ਹੈ:
ਆਖਦੀ ਹੁੰਦੀ ਸੈਂ
ਰਾਤੀਂ ਬੱਦਲ ਨਾ ਵਰ੍ਹ ਜਾਏ,
ਨਾ ਪਾਣੀ ਬਰਸਾਤ ਵਾਲਾ
ਝੁੱਗੀਆਂ 'ਚ ਵੜ ਜਾਏ।
ਡੁੱਬ ਗਿਆ ਸ਼ਹਿਰ ਨਿਊਜ਼
ਟੀ. ਵੀ. ਉੱਤੇ ਆਉਂਦੀ ਏ,
ਉਦੋਂ ਬਲਜੀਤ ਮੈਨੂੰ
ਯਾਦ ਤੇਰੀ ਆਉਂਦੀ ਏ।
ਜਸਬੀਰ ਢਿੱਲੋਂ ਦੀ ਕਵਿਤਾ ਜਿੱਥੇ ਧਰਤੀ ਅਤੇ ਕੁਦਰਤ ਦਾ ਸੁਹਜ ਵਖਿਆਨ ਕਰਦੀ ਹੈ, ਉੱਥੇ ਗੰਧਲੇ ਵਾਤਾਵਰਨ, ਮਾਨਵੀ ਸਵਾਰਥ, ਅੰਨ੍ਹੀ ਪਦਾਰਥਵਾਦੀ ਪਹੁੰਚ ਅਤੇ ਅਪੰਗਤਾ ਵਰਗੇ ਜ਼ਿੰਦਗੀ ਦੇ ਕੁਹਜ ਦਾ ਵੀ ਬਾਖ਼ੂਬੀ ਬਿਆਨ ਕਰਦੀ ਹੈ। ਉਨ੍ਹਾਂ ਦੀ ਕਵਿਤਾ ਦੇ ਨਿੱਜ ਤੋਂ ਪਰ ਵੱਲ ਪੁਲਾਂਘ ਪੁੱਟਣ ਦੀ ਸੰਭਾਵਨਾ ਉਦੋਂ ਬੜੀ ਮਜ਼ਬੂਤ ਦਿਖਾਈ ਦਿੰਦੀ ਹੈ, ਜਦੋਂ ਉਨ੍ਹਾਂ ਦੀ ਪਤਨੀ ਦੇ ਦਰਦ ਵਿਚ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਦੇ ਭੰਨੇ ਕਿਰਤੀਆਂ, ਕਿਸਾਨਾਂ ਦਾ ਦਰਦ ਵੀ ਸ਼ਾਮਿਲ ਹੋ ਜਾਂਦਾ ਹੈ:
ਹਾੜ੍ਹ ਦੀਆਂ ਧੁੱਪਾਂ ਸਹਿੰਦੇ
ਪੋਹ ਦੀਆਂ ਰਾਤਾਂ ਪਿੰਡੇ,
ਚਾਹਵਾਂ ਅੰਨਦਾਤੇ ਨੂੰ
ਸਨਮਾਨ ਦੇ ਸਕਾਂ।
ਕਿਰਤੀ ਦੇ ਵਿਹੜੇ
ਜਦ ਆਉਣ ਲੋਟੂ ਗਿਰਝਾਂ,
ਫੁੰਡਣੇ ਨੂੰ ਤੀਰ ਤੇ ਕਮਾਨ ਦੇ ਸਕਾਂ।
ਪੁਸਤਕ ਦਾ ਪਾਠ ਕਰਦਿਆਂ ਮੈਂ ਕਈ ਵਾਰ ਭਾਵੁਕ ਹੋਇਆ ਕਿਉਂਕਿ ਅਜੋਕੇ ਪਦਾਰਥਵਾਦੀ ਦੌਰ ਵਿਚ ਕਿਸੇ ਨੂੰ ਸਮਰਪਿਤ ਹੋ ਜਾਣ ਵਾਲੇ ਲੋਕ ਵਿਰਲੇ ਹੀ ਮਿਲਦੇ ਹਨ, ਪਤੀ-ਪਤਨੀ ਦਾ ਰਿਸ਼ਤਾ ਵੀ ਅੱਜਕਲ੍ਹ ਤਾਂ ਕੇਵਲ ਸਰੀਰਕ ਸੰਬੰਧ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਜਸਬੀਰ ਢਿੱਲੋਂ ਵਰਗੇ ਸੰਵੇਦਨਸ਼ੀਲ ਲੋਕਾਂ ਦੀ ਮੌਜੂਦਗੀ ਤਸੱਲੀ ਵਾਲੀ ਗੱਲ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027

ਚੰਨ ਤੇ ਮਹਿਲ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 31
ਸੰਪਰਕ : 98764-52223

ਬਾਲ ਸਾਹਿਤ ਦੀ ਬੱਚੇ ਦੀ ਸ਼ਖ਼ਸੀਅਤ ਨੂੰ ਉਸਾਰਨ ਵਿਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਬੱਚੇ ਦੀ ਮਾਨਸਿਕਤਾ ਅਨੁਸਾਰ ਰਚਨਾ ਦੀ ਸਿਰਜਣਾ ਕਰਨ ਲਈ ਬਾਲ-ਮਨੋਵਿਗਿਆਨ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੈ। ਇਹ ਗੰਭੀਰ ਮਸਲਾ ਹੈ, ਬਾਲ ਸਾਹਿਤ ਲਿਖਣਾ ਏਨਾ ਸੌਖਾ ਨਹੀਂ। ਇਸ ਲਈ ਬਹੁਤ ਚੁਣੌਤੀਆਂ 'ਚੋਂ ਲੰਘਣਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਬਾਲ ਸਾਹਿਤ ਕਿਤਾਬੜੀਆਂ ਬਹੁਤ ਪ੍ਰਕਾਸ਼ਿਤ ਹੋ ਰਹੀਆਂ ਹਨ ਪਰੰਤੂ ਮਿਆਰੀ ਸਾਹਿਤ ਪੱਖੋਂ ਉਹ ਪ੍ਰਤੀਮਾਨ ਸਥਾਪਤ ਨਹੀਂ ਹੋ ਰਹੇ। ਇਸ ਲਈ ਗੰਭੀਰਤਾ ਨਾਲ ਸੋਚਣ ਤੇ ਲਿਖਣ ਦੀ ਲੋੜ ਹੈ। ਐਵੇਂ ਬੱਚਿਆਂ 'ਤੇ ਸਭ ਕੁਝ ਡੋਸੀ ਜਾਣਾ, ਬੱਚਿਆਂ ਨਾਲ ਅਨਿਆਂ ਕਰਨ ਵਾਲੀ ਗੱਲ ਹੈ। ਬੱਚੇ ਦਾ ਸੰਸਾਰ ਬਹੁਤ ਸੰਭਾਵਨਾਵਾਂ ਭਰਪੂਰ ਹੁੰਦਾ। ਪ੍ਰਿੰ: ਬਹਾਦਰ ਸਿੰਘ ਗੋਸਲ ਪਿਛਲੇ ਦੱਸ ਕੁ ਸਾਲਾਂ ਤੋਂ ਧੜਾ-ਧੜ ਲਿਖ ਰਿਹਾ ਹੈ। ਚੰਨ ਤੇ ਮਹਿਲਾ ਦੀਆਂ ਬਾਲ-ਕਵਿਤਾਵਾਂ ਇਹੋ ਜਿਹਾ ਪ੍ਰਭਾਵ ਪਾਉਂਦੀਆਂ ਹਨ। ਪ੍ਰਿ: ਗੋਸਲ ਇਕ ਸੂਝਵਾਨ ਅਧਿਆਪਕ-ਲੇਖਕ ਹੈ, ਉਸ ਨੇ ਹੱਥਲੀ-ਪੁਸਤਕ ਵਿਚ ਕੇਵਲ 17 ਕਵਿਤਾਵਾਂ ਮੂਰਤਾਂ ਸਮੇਤ ਸੰਗ੍ਰਹਿ ਕੀਤੀਆਂ ਹਨ ਅਤੇ ਤਿੰਨ ਸਫ਼ਿਆਂ 'ਚ ਆਪਣੀਆਂ 89 ਪੁਸਤਕਾਂ ਦੀ ਸੂਚੀ ਦਿੱਤੀ ਹੈ। ਕਵਿਤਾਵਾਂ ਦੇ ਵਿਸ਼ੇ ਹਨ: ਸਿੱਖ ਇਤਿਹਾਸ, ਵਿਗਿਆਨਕ ਕਾਢਾਂ, ਵਿਰਾਸਤੀ ਸੱਭਿਆਚਾਰ, ਪ੍ਰਦੂਸ਼ਣ, ਵਿੱਦਿਆ ਦੀ ਮਹੱਤਤਾ, ਪ੍ਰਕਿਰਤੀ ਦੀ ਸੁੰਦਰਤਾ, ਨੈਤਿਕ ਕਦਰਾਂ ਕੀਮਤਾਂ, ਪੁਰਾਣੀ ਕਿਸਾਨੀ ਆਦਿ। ਕਾਵਿਕ ਸੁੰਦਰਤਾ ਦੀ ਘਾਟ ਰੜਕਦੀ। ਤੁਕਬੰਦੀ ਵਧੇਰੇ ਹੈ। ਸਰਲਤਾ ਅਤੇ ਕਾਵਿਕਤਾ ਨਹੀਂ। ਬੱਚੇ ਦੀ ਜ਼ੁਬਾਨ 'ਤੇ ਜੇ ਕਵਿਤਾ ਉਤਰਦੀ ਨਹੀਂ ਤਾਂ ਇਤਿਹਾਸ ਤੇ ਵਿਗਿਆਨ ਪੜ੍ਹਾਉਣ ਵਾਲੀ ਗੱਲ ਹੈ, ਸਾਹਿਤਕਤਾ ਨਹੀਂ। ਵਿਸ਼ੇ ਚੰਗੇ ਹਨ ਪਰੰਤੂ ਨਿਭਾਅ ਬਾਲ ਸਾਹਿਤ ਪੱਖੋਂ ਮਨ ਨੂੰ ਮੋਂਹਦਾ ਨਹੀਂ। ਛੰਦਾ-ਬੰਦੀ ਲਈ ਅਭਿਆਸ ਜ਼ਰੂਰੀ ਹੈ। ਪੰਨੇ ਥੋੜ੍ਹੇ ਪਰੰਤੂ ਮੁੱਲ ਵਧੇਰਾ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

17-12-2023

ਗੁਲਕੰਦ
ਲੇਖਕ : ਕਰਮਵੀਰ ਸਿੰਘ ਸੂਰੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 94
ਸੰਪਰਕ : 98558-00103

ਕਰਮਵੀਰ ਸਿੰਘ ਸੂਰੀ ਨੇ ਵੱਖ-ਵੱਖ ਵਿਧਾਵਾਂ ਵਿਚ ਹੁਣ ਤੱਕ 22 ਕਿਤਾਬਾਂ ਦੀ ਰਚਨਾ ਕੀਤੀ ਹੈ, ਇਨ੍ਹਾਂ ਵਿਚ ਮੌਲਿਕ (8), ਆਲੋਚਨਾ (3), ਸੰਪਾਦਿਤ (7) ਅਤੇ ਅਨੁਵਾਦਿਤ (6) ਪੁਸਤਕਾਂ ਸ਼ਾਮਿਲ ਹਨ। ਕਿੱਤੇ ਵਜੋਂ ਉਹ ਲਾਇਬ੍ਰੇਰੀਅਨ (ਗੁਰਮਤਿ ਕਾਲਜ ਪਟਿਆਲਾ) ਅਤੇ ਖੋਜ ਸਹਾਇਕ (ਭਾਸ਼ਾ ਵਿਭਾਗ ਪੰਜਾਬ ਪਟਿਆਲਾ) ਰਹਿ ਚੁੱਕਾ ਹੈ। ਕਰਤਾਰ ਸਿੰਘ ਸੂਰੀ ਦਾ ਪੁੱਤਰ ਤੇ ਨਾਨਕ ਸਿੰਘ ਨਾਵਲਕਾਰ ਦਾ ਪੋਤਰਾ ਹੋਣ ਕਰਕੇ ਉਸ ਵਿਚ ਸਾਹਿਤ ਲੇਖਨ, ਵਿਸ਼ੇਸ਼ ਕਰਕੇ ਗਲਪ ਲੇਖਨ ਦੀ ਕਲਾ ਸਹਿਜੇ ਹੀ ਆ ਗਈ ਹੈ। ਉਸ ਦੀਆਂ ਮੌਲਿਕ ਪੁਸਤਕਾਂ ਵਿਚ 3-3 ਕਹਾਣੀ ਸੰਗ੍ਰਹਿ ਤੇ ਮਿੰਨੀ ਕਹਾਣੀ ਸੰਗ੍ਰਹਿ ਤੋਂ ਬਿਨਾਂ ਇਕ ਨਾਵਲਿਟ ਵੀ ਸ਼ਾਮਿਲ ਹੈ। ਸਮੀਖਿਆ ਅਧੀਨ ਕਿਤਾਬ ਉਸ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ ਦਾ ਇਕ ਖੂਬਸੂਰਤ ਗੁਲਦਸਤਾ ਹੈ, ਜਿਸ ਵਿਚ ਉਸ ਨੇ ਆਪਣੇ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ ਮਿੰਨੀ ਕਹਾਣੀ ਸੰਗ੍ਰਹਿ (ਨਿੱਕੀਆਂ ਗੱਲਾਂ ਵੱਡੀਆਂ ਗੱਲਾਂ, ਮਾਇਆਜਾਲ, ਕੋਈ ਨਾਓਂ ਨ ਜਾਣੈ ਮੇਰਾ) ਦੀਆਂ ਪਸੰਦੀਦਾ ਮਿੰਨੀ ਕਹਾਣੀਆਂ ਨੂੰ ਸੰਕਲਿਤ ਕੀਤਾ ਹੈ। ਇਨ੍ਹਾਂ ਦੀ ਗਿਣਤੀ 73 ਹੈ। ਉਸ ਨੇ ਮਿੰਨੀ ਕਹਾਣੀ ਦੇ ਨਿਕਾਸ, ਵਿਕਾਸ; ਸਰੂਪ ਤੇ ਸਿਧਾਂਤ ਬਾਰੇ ਦੋ ਕਿਤਾਬਾਂ (ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ) ਦੀ ਰਚਨਾ ਵੀ ਕੀਤੀ ਹੈ, ਜਿਸ ਕਰਕੇ ਉਸ ਨੂੰ ਇਸ ਵਿਧਾ ਦੀ ਬਣਤਰ ਤੇ ਬੁਣਤਰ ਦੀ ਸੂਖਮ ਜਾਣਕਾਰੀ ਹੈ। ਪੰਜਾਬੀ ਦੇ ਪ੍ਰਤੀਨਿਧ ਲੇਖਕਾਂ ਨੇ ਉਸ ਦੇ ਇਸ ਖੇਤਰ ਵਿਚਲੇ ਯੋਗਦਾਨ ਦੀ ਕਾਫੀ ਪ੍ਰਸੰਸਾ ਕੀਤੀ ਹੈ, ਜਿਵੇਂ-ਜਿਵੇਂ ਉਹ ਪ੍ਰੌਢ ਤੋਂ ਪ੍ਰੌਢਤਰ ਹੁੰਦਾ ਗਿਆ, ਤਿਵੇਂ-ਤਿਵੇਂ ਉਸ ਦੀ ਪੇਸ਼ਕਾਰੀ ਦੇ ਨਕਸ਼ ਬਦਲਦੇ ਗਏ। ਉਸ ਦੀਆਂ ਇਹ ਮਿੰਨੀ ਕਹਾਣੀਆਂ ਪੰਜਾਬੀ ਤੋਂ ਬਿਨਾਂ ਹਿੰਦੀ, ਉਰਦੂ ਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਵਿਚ ਲੇਖਕ ਨੇ ਰੋਜ਼ਾਨਾ ਜੀਵਨ ਦੇ ਵਿਵਿਧ ਰੰਗਾਂ, ਮਸਲਿਆਂ, ਸਮੱਸਿਆਵਾਂ, ਤਣਾਵਾਂ, ਤਕਾਜ਼ਿਆਂ ਦਾ ਵਧੀਆ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਵਿਚ ਪਰਿਵਾਰਕ, ਵਿਦਿਅਕ, ਦਫ਼ਤਰੀ, ਧਾਰਮਿਕ ਆਦਿ ਅਜਿਹੇ ਵਿਸ਼ੇ ਹਨ,ਜਿਨ੍ਹਾਂ ਦਾ ਆਮ ਆਦਮੀ ਨਾਲ ਹਰ ਰੋਜ਼ ਵਾਹ-ਵਾਸਤਾ ਪੈਂਦਾ ਹੈ। ਵਸਤੂ-ਸਮੱਗਰੀ ਤੇ ਸ਼ੈਲੀ ਪੱਖੋਂ ਲੇਖਕ ਦੀ ਕਾਰਗੁਜ਼ਾਰੀ ਜ਼ਿਕਰਯੋਗ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਰਸੀਲਾ ਕਾਵਿ
ਕਵੀ : ਜਸਵਿੰਦਰ ਸਿੰਘ ਰੁਪਾਲ
ਪ੍ਰਕਾਸ਼ਕ : ਗੁੱਡਵਿੱਲ ਪਬਲੀਕੇਸ਼ਨ ਮਾਨਸਾ
ਮੁੱਲ : 270 ਰੁਪਏ, ਸਫ਼ੇ : 166
ਸੰਪਰਕ : 98147-15796

ਜਸਵਿੰਦਰ ਸਿੰਘ ਰੁਪਾਲ ਇਕ ਵਿਦਵਾਨ ਪ੍ਰੋਫੈਸਰ ਹੈ। ਕਵਿਤਾ ਉਸ ਦਾ ਮਨਭਾਉਂਦਾ ਵਿਸ਼ਾ ਹੈ। ਉਹ ਭਾਵੇਂ ਚਿਰ ਤੋਂ ਕਵਿਤਾ ਤੇ ਗ਼ਜ਼ਲ ਸਿਰਜ ਰਿਹਾ ਸੀ ਪਰ ਕੋਰੋਨਾ ਕਾਲ ਵਿਚ ਉਸ ਨੇ ਸਟੇਜੀ ਕਵੀਸ਼ਰੀ ਦੇ ਛੰਦਾਂ ਦਾ ਨਿੱਠ ਕੇ ਤੇ ਗਹਿਨ ਅਧਿਐਨ ਕੀਤਾ। ਪ੍ਰਸਿੱਧ ਕਵੀਸ਼ਰ ਉਸਤਾਦ ਦਰਸ਼ਨ ਸਿੰਘ ਭੰਮੇ ਦੀ ਰਹਿਨੁਮਾਈ ਵਿਚ ਉਸ ਨੇ ਸਟੇਜੀ ਕਵੀਸ਼ਰੀ ਛੰਦਾਂ ਵਿਚ ਸਿਰਜੀ ਅਤੇ ਸਟੇਜਾਂ ਦਾ ਸ਼ਿੰਗਾਰ ਬਣਾਈ। ਪੰਜਾਬ ਵਿਚ ਛੇਵੀਂ ਪਾਤਸ਼ਾਹੀ ਨੇ ਸਟੇਜ ਉਤੇ ਖੜ੍ਹੇ ਹੋ ਕੇ ਕਵੀਸ਼ਰੀ ਕਹਿਣ ਦੀ ਪਰੰਪਰਾ ਪਾਈ ਸੀ। ਇਸ ਕਵੀਸ਼ਰੀ ਨੂੰ ਸਿੰਘ ਲੜਾਈ ਦੇ ਮੈਦਾਨ ਵਿਚ ਬਿਨਾਂ ਸਾਜਾਂ ਦੇ ਗਾ ਲੈਂਦੇ ਸਨ। ਇਸ ਵਿਚ ਸਾਜਾਂ ਦਾ ਕਾਰਜ ਵੱਖ-ਵੱਖ ਛੰਦ ਕਰਦੇ ਸਨ। ਰੁਪਾਲ ਨੇ ਵੀ ਇਸੇ ਪਰੰਪਰਾ ਅਧੀਨ ਇਹ ਪੁਸਤਕ ਰਚੀ ਹੈ। ਇਹ ਕਵਿਤਾ ਗਾਉਣ ਲੱਗਿਆਂ ਨਾ ਤਾਂ ਸਾਜਾਂ ਅਤੇ ਨਾ ਹੀ ਵਿਸ਼ੇਸ਼ ਸਟੇਜ ਦਾ ਹੋਣਾ ਲਾਜ਼ਮੀ ਹੈ। ਬਸ ਦੋ ਜਾਂ ਤਿੰਨ ਗਾਇਕ ਖਾਲੀ ਹੱਥੀਂ ਸਟੇਜ ਉਤੇ ਰੰਗ ਬੰਨ੍ਹ ਲੈਂਦੇ ਹਨ। ਦਰਸ਼ਨ ਸਿੰਘ ਭੰਮੇ ਲਿਖਦੇ ਹਨ, 'ਹਥਲੀ ਕਿਤਾਬ ਬਾਰੇ ਪਲੇਠੀ ਰੁਪਾਲ ਜੀ ਦੀ ਸੋਧ ਸੋਧ ਛੰਦ ਘੜੇ ਕੰਠੇ ਸਮਾਨ ਜੀ।'
ਹਥਲੀ ਪੁਸਤਕ ਦੇ 116 ਸਫ਼ਿਆਂ ਵਿਚ ਰੁਪਾਲ ਨੇ 100 ਛੰਦ ਬੱਧ ਕਵਿਤਾਵਾਂ ਦਰਜ ਕੀਤੀਆਂ ਹਨ, ਇਹ ਸਾਰੀਆਂ ਸਟੇਜੀ ਛੰਦਾਂ ਵਿਚ ਹਨ ਜਿਵੇਂ ਲਹਿਰੀਆ ਛੰਦ, ਕੋਤਾਹਾ ਛੰਦ, ਦਵਈਆ, ਝੋਕ ਛੰਦ, ਕੋਰੜਾ ਡਿਉਢ, ਬੈਂਤ, ਸਿਰਖੰਡੀ, ਕਬਿਤ, ਕੇਸਰੀ ਕਬਿਤ ਛੰਦ, ਸਾਧਾਰਨ ਕਬਿਤ, ਦੂਣਾ ਯਮਕਦਾਰ ਕੇਸਰੀ ਛੰਦ, ਦੋਹਾ, ਚਟਪਟਾ ਛੰਦ, ਮਨੋਹਰ ਭਵਾਨੀ, ਲਹਿਰੀਆ, ਤਾਟੰਕ ਛੰਦ, ਕਲੀ ਛੰਦ, ਕੁੰਡਲੀਆ ਕਾਬਿਤ। ਇਸ ਤਰ੍ਹਾਂ ਕਵੀ ਨੇ ਕੁੱਲ 20 ਸਟੇਜੀ ਛੰਦਾਂ ਅਨੁਸਾਰ ਕਵਿਤਾਵਾਂ ਰਚੀਆਂ ਹਨ।
ਪੰਜਾਬ ਵਿਚ ਸਟੇਜੀ ਕਵੀਸ਼ਰੀ ਦਾ ਮਾਣ ਸਤਿਕਾਰ ਅਤੇ ਰਿਵਾਜ ਵਧ ਰਿਹਾ ਹੈ। ਇਹ ਸ਼ਾਇਰੀ ਕਿਉਂਕਿ ਗਾਇਨ ਨਾਲ ਸੰਬੰਧ ਰੱਖਦੀ ਹੈ, ਜਿਸ ਕਰਕੇ ਇਸ ਦੀ ਤੋਰ ਮੁਤਾਬਿਕ ਹੀ ਕਾਵਿ ਰਚਨਾ ਦਾ ਹੋਣਾ ਜ਼ਰੂਰੀ ਹੈ, ਜੇਕਰ ਇਕ ਵੀ ਮਾਤਰਾ ਦੀ ਘਾਟ-ਵਾਧ ਹੋ ਜਾਵੇ ਤਾਂ ਗਾਇਨ ਵਿਚ ਰੁਕਾਵਟ ਆ ਜਾਂਦੀ ਹੈ।
ਹੇਠਾਂ ਕੁਝ ਕਵਿਤਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਕਵੀ ਰਸੀਲਾ ਛੰਦਾਂ ਦੀ ਪੂਰਨਤਾ ਸਹਿਤ ਪੇਸ਼ ਕੀਤਾ ਹੈ:
ਲਹਿਰੀਆ ਛੰਦ : ਨੱਚੀਏ ਤੇ ਨਚਾਈਏ
ਕੱਠੇ ਹੋ ਕੇ ਸਾਂਝੀ ਪ੍ਰੀਤ ਅਸੀਂ ਪਾ ਲੀਏ
ਕੁਝ ਬੋਲੀਆਂ ਤੇ ਟੱਪੇ ਅਸੀਂ ਗਾ ਲੀਏ
ਸੰਗ ਸਾਥੀਆਂ ਦੇ ਤਾਈਂ ਵੀ ਰਲਾ ਲੀਏ
ਉੱਚੀ ਉੱਚੀ ਡਗਾ ਢੋਲ ਵਾਲਾ ਲਾ ਲੀਏ।
ਦੂਣਾ ਯਮਕਦਾਰ ਕੇਸਰੀ ਛੰਦ : ਖ਼ਾਲਸੇ ਦੀ ਸਾਜਨਾ
ਵਿਸਾਖੀ ਵਾਲੇ ਦਿਨ ਵਿਚ ਨੰਦਪੁਰ ਦੇ
ਲਾਇਆ ਦਰਬਾਰ ਸੀ ਦਸਵੇਂ ਪਾਤਸ਼ਾਹ ਨੇ
ਪਹੁੰਚੇ ਲੱਖਾਂ ਸਿੱਖ ਸੰਦੇਸ਼ ਗੁਰ ਦੇ,
ਦਿਲੀ ਸਤਿਕਾਰ ਸੀ ਤਪੇ ਸੀਨੇ ਠਾਰਨੇ
ਦੋਤਾਰਾ ਛੰਦ : ਗਣਤੰਤਰ ਦਿਵਸ ਮਨਾਈਏ:
ਗਣਰਾਜ ਕਹਾਉਂਦਾ ਏ ਭਾਰਤ ਦੇਸ਼ ਮਹਾਨ ਪਿਆਰਾ
ਸੰਵਿਧਾਨ ਬਣਾਇਆ ਜੋ ਲਾਗੂ ਹੋਇਆ ਜਿਸ ਦਿਨ ਧਾਰਾ
ਉੱਨੀ ਸੌ ਪੰਜਾਹ ਦੀ ਛੱਬੀ ਜਨਵਰੀ ਭੁੱਲ ਨਾ ਜਾਈਏ
ਆ ਦਿੱਲੀ ਵਿਚ ਆ ਕੇ ਗਣਤੰਤਰ ਦਿਵਸ ਮਨਾਈਏ।
ਹਥਲੀ ਪੁਸਤਕ, ਉਨ੍ਹਾਂ ਸਟੇਜੀ ਕਵੀਸ਼ਰਾਂ ਵਾਸਤੇ ਬਹੁਤ ਮੁਫੀਕ ਹੈ ਅਤੇ ਜਿਹੜੇ ਨਵੇਂ ਕਵੀ ਕਵੀਸ਼ਰੀ ਸਿਰਜਣਾ ਚਾਹੁੰਦੇ ਹਨ, ਉਨ੍ਹਾਂ ਲਈ ਲਾਲਟੈਣ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਪੰਜਾਬੀ ਕਵਿਤਾ
ਦਾ ਮੁਹਾਂਦਰਾ
ਲੇਖਕ : ਮਲਕੀਤ ਜੌੜਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 128
ਸੰਪਰਕ : 98725-34278

ਪ੍ਰੋ. ਮਨਜੀਤ ਜੌੜਾ ਇਕ ਸੁੱਘੜ ਅਤੇ ਪਰਿਪੱਕ ਕਵੀ ਹੋਣ ਦੇ ਨਾਲ-ਨਾਲ ਆਧੁਨਿਕ ਪੰਜਾਬੀ ਕਾਵਿ ਦਾ ਵਰਗੀਕਰਨ ਅਤੇ ਵਿਵੇਚਨ ਵੀ ਕਰਦਾ ਰਹਿੰਦਾ ਹੈ, ਤਾਂ ਜੋ ਪੰਜਾਬੀ ਕਵਿਤਾ ਦੇ ਵਿਕਾਸ ਦੀ ਗਵਾਹੀ ਦੇਣ ਵਾਲੇ ਉਨ੍ਹਾਂ ਮੀਲ-ਪੱਥਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ, ਜਿਨ੍ਹਾਂ ਸਦਕਾ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਨਿਰਖਿਆ-ਪਰਖਿਆ ਜਾ ਸਕੇ। ਹਥਲੀ ਪੁਸਤਕ ਵਿਚ ਉਸ ਨੇ ਲਗਭਗ 19 ਕਵੀਆਂ ਅਤੇ ਉਨ੍ਹਾਂ ਦੁਆਰਾ ਰਚੇ ਗਏ ਕਾਵਿ ਦੇ ਸਰੂਪ ਅਤੇ ਮਿਜ਼ਾਜ ਨੂੰ ਟੋਹਿਆ ਹੈ। ਕੁਝ ਲੇਖ ਆਕਾਰ ਵਿਚ ਛੋਟੇ ਹੋਣ ਕਾਰਨ ਕੁਝ ਹੋਰ ਵਿਸਤਾਰ ਦੀ ਮੰਗ ਤਾਂ ਕਰਦੇ ਸਨ ਪਰ ਮਾਰਕੀਟ ਦੇ ਆਪਣੇ ਤਕਾਜ਼ੇ ਹੁੰਦੇ ਹਨ ਅਤੇ ਇਨ੍ਹਾਂ ਨਾਲ ਭਿੜਿਆ ਨਹੀਂ ਜਾ ਸਕਦਾ।
ਆਪਣੀ ਪੁਸਤਕ ਦੇ ਪ੍ਰਬੰਧ ਵਿਚ ਪ੍ਰੋ. ਜੌੜਾ ਨੇ 'ਪਾਪੂਲਰ' ਜਾਂ 'ਘੱਟ ਪਾਪੂਲਰ' ਹੋਣ ਨੂੰ ਕਸਵੱਟੀ ਨਹੀਂ ਬਣਾਇਆ ਕਿਉਂਕਿ ਉਹ ਜਾਣਦਾ ਹੈ ਕਿ 'ਘੱਟ ਪਾਪੂਲਰ' ਕਵੀ ਸਗੋਂ ਵਧੇਰੇ ਪ੍ਰਮਾਣਿਕ ਅਤੇ ਪ੍ਰਾਸੰਗਿਕ ਹੁੰਦੇ ਹਨ। ਇਸ ਪੁਸਤਕ ਵਿਚ ਬਾਬਾ ਨਜ਼ਮੀ, ਸਿਰੀ ਰਾਮ ਅਰਸ਼, ਡਾ. ਜਗਤਾਰ, ਲਾਲ ਸਿੰਘ ਦਿਲ, ਚਰਨ ਸਿੰਘ, ਮਦਨ ਵੀਰਾ, ਚਾਨਣ ਗੋਬਿੰਦਪੁਰੀ, ਮਲਵਿੰਦਰ, ਇੰਦਰਜੀਤ ਸਿੰਘ ਨੰਦਨ, ਪੰਮਦੀਪ, ਹਰਭਜਨ ਸਿੰਘ ਚੇੜਾ, ਗੁਰਿੰਦਰ ਗਿੱਲ, ਗੁਰਜੋਧ ਕੌਰ, ਗੁਰਮੀਤ ਹਯਾਤਪੁਰੀ ਅਤੇ ਜੈਦੇਵ ਦਿਲਬਰ ਵਰਗੇ ਨਵੇਂ-ਪੁਰਾਣੇ ਕਵੀਆਂ ਦੇ ਸਰੋਕਾਰਾਂ ਬਾਰੇ ਚਰਚਾ ਕੀਤੀ ਗਈ ਹੈ।
ਪੰਜਾਬੀ ਕਵਿਤਾ ਨਾਲ ਇਹ ਵਧੀਕੀ ਹੋਈ ਹੈ ਕਿ ਪਿਛਲੇ ਦੋ-ਤਿੰਨ ਦਹਾਕਿਆਂ ਵਿਚ ਬਹੁਤ ਸਾਰੇ ਕਵੀਆਂ ਦੇ ਸ਼ਾਮਿਲ ਹੋ ਜਾਣ ਨਾਲ ਪਾਠਕ ਅਤੇ ਆਲੋਚਕ ਡੌਰ-ਭੌਰ ਜਿਹੇ ਹੋ ਗਏ ਹਨ ਅਤੇ ਕਵਿਤਾ ਨੂੰ ਵਾਚਣਾ ਛੱਡ ਕੇ ਉਨ੍ਹਾਂ ਨੇ ਆਪਣੇ ਹੱਥ ਹੀ ਖੜ੍ਹੇ ਕਰ ਲਏ ਹਨ। ਪ੍ਰੋ. ਜੌੜਾ ਦਾ ਧੰਨਵਾਦ ਕਿ ਉਸ ਨੇ ਨਾ ਕੇਵਲ ਕਵਿਤਾ ਨੂੰ ਪੜ੍ਹਨਾ ਜਾਰੀ ਰੱਖਿਆ ਹੈ ਬਲਕਿ ਇਸ ਬਾਰੇ ਲਿਖ ਕੇ ਆਪਣੇ ਇਤਿਹਾਸਕ ਫ਼ਰਜ਼ ਨੂੰ ਵੀ ਸਰੰਜਾਮਿ ਦਿੱਤਾ ਹੈ।
ਜਾਂਦੇ-ਜਾਂਦੇ ਇਕ ਗੱਲ ਹੋਰ, ਕਿ ਕਿਸੇ ਵੀ ਕਾਵਿ ਪੁਸਤਕ ਵਿਚ ਸੰਕਲਿਤ ਸਾਰੀਆਂ ਕਵਿਤਾਵਾਂ ਨੂੰ ਇਕ ਹੀ ਬੈਠਕ ਵਿਚ ਪੜ੍ਹਨ ਦਾ ਹਠ ਨਹੀਂ ਕਰਨਾ ਚਾਹੀਦਾ ਹੈ। ਇਕ ਬੈਠਕ ਵਿਚ ਇਕ-ਦੋ ਕਵਿਤਾਵਾਂ ਪੜ੍ਹ ਕੇ ਰੁਕ ਜਾਣਾ ਚਾਹੀਦਾ ਹੈ। ਵਕਫ਼ਾ ਜ਼ਰੂਰੀ ਹੈ। ਇਸ ਤੋਂ ਬਿਨਾਂ ਕਾਵਿ-ਟੈਕਸਟ ਨਾਲ ਨਿਆਇ ਨਹੀਂ ਹੋ ਸਕਦਾ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

-
ਬਾਝ ਤੁਸਾਂ ਅਸੀਂ ਸੱਖਣੇ
ਲੇਖਿਕਾ : ਕਮਲ ਗਿੱਲ
ਪ੍ਰਕਾਸ਼ਕ : ਵਾਹਗਾ ਬੁਕਸ, ਅੰਮ੍ਰਿਤਸਰ
ਮੁੱਲ: 140 ਰੁਪਏ, ਸਫ਼ੇ: 80
ਸੰਪਰਕ : 98154-33166

ਲੇਖਿਕਾ ਕਮਲ ਗਿੱਲ ਦੀ ਇਹ ਪੁਸਤਕ 'ਬਾਝ ਤੁਸਾਂ ਅਸੀਂ ਸੱਖਣੇ' ਹੁਣ ਫਿਰ ਦੂਸਰੀ ਵਾਰ ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਪਹਿਲਾਂ 2013 ਵਿਚ ਵੀ ਇਹ ਪੁਸਤਕ ਪਾਠਕਾਂ ਦੇ ਹੱਥਾਂ ਪਹੁੰਚ ਚੁੱਕੀ ਹੈ। ਕਲੀਨ ਸਲੇਟ ਬੱਚਿਆਂ ਦੀ ਮਾਨਸਿਕਤਾ ਉਤੇ ਮਾਪਿਆਂ ਦੇ ਬੋਲਚਾਲ ਦਾ ਅਸਰ 'ਨਵੇਂ ਸ਼ਬਦ' ਅਤੇ 'ਟੋਪੀ' ਜਿਸ ਤਰ੍ਹਾਂ ਦਾ ਵਾਸ ਉਸੇ ਤਰ੍ਹਾਂ ਦਾ ਲਿਬਾਸ ਤੇ ਕਾਰ ਵਿਹਾਰ ਨੂੰ ਅੱਗੇ ਵਧਾਉਂਦੀਆਂ ਇਹ ਜਜ਼ਬਾਤੀ ਕਹਾਣੀਆਂ ਪਾਠਕ ਨੂੰ ਜਾਗਰੂਕਤਾ ਦਾ ਹਲੂਣਾ ਦੇਣ ਦੇ ਸਮਰੱਥ ਹਨ। 'ਰਾਤੀਂ ਜਾਗਣ ਕੁੱਤੇ' ਵਿਚ ਕੁੱਤੇ ਦੀ ਆਤਮਕਥਾ ਰਾਹੀਂ ਮਨੁੱਖੀ ਸੁਭਾਅ ਦੀ ਕਰੂਰਤਾ ਨੂੰ ਨੰਗਾ ਕੀਤਾ ਗਿਆ ਹੈ। ਪੈਸੇ ਤੇ ਜਿਸਮਾਨੀ ਭੁੱਖ ਦਾ 'ਜੀਵਨ ਬਜ਼ਾਰ' ਕਿਰਦਾਰਕੁਸ਼ੀ ਦਾ ਸਬੱਬ ਬਣਦਾ ਹੈ। ਕਹਾਣੀ 'ਮਾਈ ਸ਼ੈਲਫ਼ ਟੌਮ' ਖੂਨ ਵਿਚ ਰਚੇ ਆਪਣੇ ਵਿਰਸੇ, ਸੱਭਿਆਚਾਰ ਦੇ ਰੰਗ ਕਦੇ ਨਹੀਂ ਵਿਸਰਦੇ, ਸਗੋਂ ਦੇਸੋਂ ਪ੍ਰਦੇਸ ਹੁੰਦੇ ਹੋਏ ਵੀ ਆਪਣੇ ਖਾਸ ਨਾਲ ਮੇਲ ਹੋ ਜਾਣ ਨਾਲ ਤਨ, ਮਨ ਨੂੰ ਇਕ ਵੱਡਾ ਸਕੂਨ ਮਿਲਦਾ ਹੈ, ਜਿਸ ਨਾਲ ਜੀਵਨ ਵਿਚ ਹੁਲਾਸ ਭਰਿਆ ਇਕ ਨਵਾਂ ਖੇੜਾ ਟਹਿਕਦਾ ਤੇ ਮਹਿਕਦਾ ਹੈ। ਜਿਵੇਂ ਪਰਦੇਸੀ ਹੋਏ ਬਾਲ ਟੌਮ ਕਿਸੇ ਗੋਰੇ ਨੂੰ ਵੇਖ ਕੇ ਝੂਮ ਉੱਠਦਾ ਹੈ। ਕਹਾਣੀ 'ਨਿਰੀ ਰੇਸ਼ਮਾ' ਵਿਚ ਇਕ ਕਲਾਕਾਰ ਵਲੋਂ ਦੂਸਰੇ ਕਲਾਕਾਰ ਨਾਲ ਹੁੰਦੀ ਬੇਇਨਸਾਫ਼ੀ ਸਹਿਣ ਨਾ ਕਰ ਸਕਣੀ। 'ਕਾਲੀ ਬਰਫ਼' ਕਹਾਣੀ ਵਿਚ ਨਮੋਸ਼ੀ ਦੇ ਡਰੋਂ ਕਿਸੇ ਅੱਲੜਪੁਣੇ ਦੇ ਚਰਿੱਤਰਹੀਣਤਾ ਦੇ ਬਜਰ ਪਾਪ ਕਮਾਉਣ ਵਾਲੇ ਨੂੰ ਸਜ਼ਾ ਦੇਣ ਲਈ ਉਸ ਦੇ ਬੇਕਸੂਰ ਮਾਸੂਮ ਨੂੰ ਮਸਲ ਦੇਣ ਦੇ ਕੁਕਰਮ ਦਾ ਪਛਤਾਵਾ ਅੰਤਲੇ ਸਮੇਂ ਤੱਕ ਇਕ ਭਿਆਨਕ ਡਰਾਉਣਾ ਹੋ ਨਿੱਬੜਦਾ ਹੈ, ਦਾ ਵਰਨਣ ਮਨ ਨੂੰ ਬਹੁਤ ਝੰਜੋੜਦਾ। ਇਸੇ ਤਰ੍ਹਾਂ ਹੀ ਵੱਡੇ-ਵੱਡੇ ਦੁੱਖਾਂ ਨੂੰ ਘਟਾਉਣ ਲਈ ਪੂਰਬਲੇ ਜਨਮਾਂ ਦਾ ਲੇਖਾ-ਜੋਖਾ ਆਖ ਕੇ ਮਾਨਸਿਕ ਸਹਾਰਾ ਲੈਂਦਿਆਂ ਮਨ ਨੂੰ ਸ਼ਾਂਤ ਕਰਨ ਦੇ ਯਤਨ 'ਪੂਰਬ ਜਨਮ ਕਾ ਲਿਖਿਆ' ਕਹਾਣੀ ਵਿਚ ਛੋਟੀਆਂ-ਛੋਟੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਵੈਸੇ ਦੁਨੀਆ ਵਿਸ਼ਵਾਸ ਉਤੇ ਟਿਕੀ ਹੋਈ ਹੈ। ਪਰ ਬੇਵਫ਼ਾਈ ਵੀ ਆਪਣਾ ਵੱਖਰਾ ਰੰਗ ਬਿਖੇਰਦੀ ਕਹਾਣੀ 'ਇਕ ਹੋਰ ਭਰਥਰੀ' ਮਨ ਨੂੰ ਕਾਫੀ ਟੁੰਬਣ ਦੀ ਸਮਰੱਥਾ ਰੱਖਦੀ ਹੈ। ਦੇਸ਼ ਵੰਡ ਨਾਲ ਭੂਗੋਲਿਕ ਤੌਰ 'ਤੇ ਪੰਜਾਬ ਭਾਵੇਂ ਦੋ ਟੋਟੇ ਹੋ ਗਿਆ ਸੀ, ਪਰੰਤੂ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਸਨੀਕਾਂ/ਅਵਾਮ ਹਮੇਸ਼ਾ ਇਹੋ ਚਾਹਤ ਰੱਖਦੀ ਆ ਰਹੀ ਹੈ ਕਿ ਆਪਸੀ ਮੇਲ-ਜੋਲ ਨਾਲ ਸਾਂਝ ਦੀ ਗੰਢ ਹੋਰ ਪੀਡੀ ਹੁੰਦੀ ਰਹੇ, ਦੀ ਹੀ ਗਵਾਹੀ ਭਰਦੀ ਹੈ। ਇਹ ਕਹਾਣੀ 'ਬਾਝ ਤੁਸਾਂ ਅਸੀਂ ਸੱਖਣੇ'। ਲੇਖਿਕਾ ਕਮਲ ਗਿੱਲ ਨੇ ਇਨ੍ਹਾਂ ਭਾਵਪੂਰਤ ਕਹਾਣੀਆਂ ਰਾਹੀਂ ਬੜੇ ਹੀ ਸੂਖਮ ਰਿਸ਼ਤਿਆਂ ਦੀ ਪਾਕ ਪਵਿੱਤਰ ਮਮਤਾ ਦੀ ਗੱਲ ਛੇੜੀ ਹੈ, ਉਥੇ ਕੁਕਰਮ ਰਾਹੀਂ ਪਾਕ ਪਵਿੱਤਰ ਰਿਸ਼ਤਿਆਂ ਵਿਚਲੀ ਮਮਤਾ ਦੀ ਇੱਜ਼ਤ ਆਬਰੂ ਨੂੰ ਢੀਠਤਾਈ ਨਾਲ ਉਛਾਲਣ ਵਾਲੀ ਰਾਖ਼ਸ਼ ਬਿਰਤੀ ਨੂੰ ਬੜੀ ਬੇਬਾਕੀ ਨਾਲ ਪਾਠਕਾਂ ਦੇ ਰੂਬਰੂ ਵੀ ਕੀਤਾ ਹੈ, ਤਾਂ ਕਿ ਅਜਿਹੇ ਕੋਹਜ ਭਰੇ ਵਰਤਾਰੇ ਤੋਂ ਬਚਿਆ ਜਾ ਸਕੇ।

-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾਈਲ : 98764-74858

ਤਿਤਲੀਆਂ ਦੀ ਡਾਰ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 93165-44777

ਬਹੁ-ਵਿਧਾਵੀ ਸਾਹਿਤਕਾਰ ਗੁਰਸ਼ਰਨ ਸਿੰਘ ਨਰੂਲਾ ਆਪਣੀ ਸਾਹਿਤ ਸਿਰਜਣ ਕਲਾ ਦੀ ਵਰਤੋਂ ਨਾਲ ਤਿੰਨ ਕਾਵਿ-ਸੰਗ੍ਰਹਿ, ਇਕ ਕਹਾਣੀ-ਸੰਗ੍ਰਹਿ ਅਤੇ ਛੇ ਵਾਰਤਕ ਪੁਸਤਕਾਂ ਦਾ ਤੋਹਫ਼ਾ ਪਾਠਕਾਂ ਨੂੰ ਦੇ ਚੁੱਕਾ ਹੈ। ਹੱਥਲੀ ਪੁਸਤਕ 'ਤਿਤਲੀਆਂ ਦੀ ਡਾਰ' ਉਸ ਦੀ ਨਵੀਂ ਪੁਸਤਕ ਹੈ ਜੋ 30 ਰਚਨਾਵਾਂ 'ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਲੇਖਕ ਲਘੂ ਕਥਾਵਾਂ ਦਾ ਨਾਂਅ ਦਿੰਦਾ ਹੈ। ਪਰੰਤੂ ਪਾਠਕ ਇਨ੍ਹਾਂ ਰਚਨਾਵਾਂ ਨੂੰ ਪੜ੍ਹ ਕੇ ਇਸ ਦੇ ਵਿਧਾ ਰੂਪ ਬਾਰੇ ਕੋਈ ਨਿਰਣਾ ਕਰਨ ਤੋਂ ਅਸਮਰੱਥ ਹੀ ਰਹਿੰਦਾ ਹੈ। ਗੁਰਸ਼ਰਨ ਸਿੰਘ ਨਰੂਲਾ ਦੇ ਕਹਿਣ ਅਨੁਸਾਰ ਇਨ੍ਹਾਂ ਰਚਨਾਵਾਂ ਨੂੰ ਲਘੂ ਕਥਾਵਾਂ ਮੰਨ ਕੇ ਹੀ ਚਰਚਾ ਕੀਤੀ ਜਾਵੇ ਤਾਂ ਇਨ੍ਹਾਂ ਕਹਾਣੀਆਂ ਵਿਚੋਂ ਕਥਾਕਾਰ ਦੀ ਨਿਵੇਕਲੀ ਸ਼ੈਲੀ ਦੇ ਦਰਸ਼ਨ ਹੁੰਦੇ ਹਨ। ਉਸ ਦੀਆਂ ਕਥਾਵਾਂ ਦੇ ਪਾਤਰ ਨੌਜਵਾਨ ਮੁੰਡੇ-ਕੁੜੀਆਂ ਹਨ, ਜੋ ਅਚਾਨਕ ਕਿਆਸੀਆਂ ਹਾਲਤਾਂ ਵਿਚ ਇਕ-ਦੂਜੇ ਨੂੰ ਮਿਲਦੇ ਹਨ, ਅਚਾਨਕ ਹੀ ਪ੍ਰੇਮ ਸਬੰਧਾਂ ਵਿਚ ਪੈਂਦੇ ਹਨ, ਵਿਆਹ ਕਰਵਾਉਂਦੇ ਹਨ ਅਤੇ ਇਸੇ ਭੱਜ-ਦੌੜ ਵਿਚ ਕਹਾਣੀਆਂ ਖ਼ਤਮ ਹੋ ਜਾਂਦੀਆਂ ਹਨ। ਗੁਰਸ਼ਰਨ ਸਿੰਘ ਨਰੂਲਾ ਆਪਣੇ ਨਿੱਜੀ ਅਨੁਭਵਾਂ ਅਤੇ ਸਮਾਜਿਕ ਬਣਤਰ ਵਿਚਲੇ ਕਿਰਦਾਰਾਂ ਦੇ ਜੀਵਨਾਂ ਵਿਚੋਂ ਹੀ ਆਪਣੀਆਂ ਕਹਾਣੀਆਂ ਦਾ ਵਿਸ਼ੇ ਚੁਣਦੇ ਹਨ। ਇਨ੍ਹਾਂ ਵਿਸ਼ਿਆਂ ਨੂੰ ਸਰਲ ਅਤੇ ਤੇਜ਼ ਰਫ਼ਤਾਰ ਘਟਨਾਕ੍ਰਮ ਦੀ ਮਦਦ ਨਾਲ ਪੇਸ਼ ਕਰਦਿਆਂ ਕਥਾਕਾਰ ਆਪਣੀ ਸਾਰੀ ਗੱਲ ਅਛੋਪਲੇ ਹੀ ਪਾਠਕ ਸਾਹਮਣੇ ਰੱਖ ਦਿੰਦਾ ਹੈ ਅਤੇ ਦਿਲਚਸਪੀ ਅਤੇ ਕਥਾ ਰਸ ਨਾਲ ਓਤ-ਪ੍ਰੋਤ ਇਹ ਕਥਾਵਾਂ ਪਲਕ ਝਪਕਦਿਆਂ ਹੀ ਖ਼ਤਮ ਹੋ ਜਾਂਦੀਆਂ ਹਨ। ਕੁਝ ਕਥਾਵਾਂ ਦੇ ਅੰਤ ਦਾ ਨਿਰਣਾ ਕਥਾਕਾਰ ਪਾਠਕਾਂ 'ਤੇ ਵੀ ਛੱਡ ਦਿੰਦਾ ਹੈ ਤੇ ਫਿਰ ਪਾਠਕ ਅਤੇ ਲੇਖਕ ਦਾ ਉਤਾਵਲਾਪਨ ਆਪਣੇ ਆਪਣੇ ਅਨੁਭਵਾਂ ਵਿਚ ਇਕਮਿਕ ਹੋ ਕੇ ਇਨ੍ਹਾਂ ਕਥਾਵਾਂ ਦੇ ਅੰਤ ਵੱਲ ਵੱਧਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕਥਾਵਾਂ ਦਾ ਸੁਖਾਤ ਇਨ੍ਹਾਂ ਰਚਨਾਵਾਂ ਦੀ ਸਾਰਥਕਤਾ ਵੀ ਸਿੱਧ ਕਰਦਾ ਹੈ। ਕਥਾਵਾਂ ਦੀ ਭਾਸ਼ਾ ਵੀ ਸਰਲ ਹੋਣ ਕਾਰਨ ਹਰ ਉਮਰ ਦੇ ਪਾਠਕਾਂ ਦੀ ਪਸੰਦ ਬਣ ਜਾਣਗੀਆਂ। ਇਸ ਆਸ ਵਿਚ ਇਸ ਪੁਸਤਕ ਦਾ ਸਵਾਗਤ ਕੀਤਾ ਜਾਵੇਗਾ ਅਤੇ ਹੋਰ ਪਕੇਰੀਆਂ ਰਚਨਾਵਾਂ ਦੀ ਆਸ ਕੀਤੀ ਜਾਵੇਗੀ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਜ਼ਿੰਦਗੀ ਜ਼ਿੰਦਾਬਾਦ
ਲੇਖਕ: ਰਾਣਾ ਰਣਬੀਰ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 70 ਰੁਪਏ, ਸਫ਼ੇ: 40
ਸੰਪਰਕ: info@ranaranbirstudios.com

'ਜ਼ਿੰਦਗੀ ਜ਼ਿੰਦਾਬਾਦ' ਰਾਣਾ ਰਣਬੀਰ ਦੀ ਬੇਹੱਦ ਪਿਆਰੀ ਅਤੇ ਮਿਆਰੀ ਪੁਸਤਕ ਹੈ। ਜਦੋਂ ਇਹ ਪੁਸਤਕ ਮੇਰੇ ਕੋਲ ਰੀਵਿਊ ਲਈ ਪਹੁੰਚੀ, ਤਾਂ ਇਕ ਵਾਰ ਤਾਂ ਮੇਰੇ ਮਨ ਵਿਚ ਇਹ ਵਿਚਾਰ ਆਉਣਾ ਸੁਭਾਵਿਕ ਹੀ ਸੀ ਕਿ ਭਲਾ ਚਾਲੀ ਪੰਨਿਆਂ ਦੀ ਵੀ ਕੋਈ ਕਿਤਾਬ ਹੁੰਦੀ ਹੈ, ਪਰ ਜਦੋਂ ਮੈਂ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ, ਤਾਂ ਮਹਿਸੂਸ ਹੋਇਆ ਕਿ ਰਾਣਾ ਰਣਬੀਰ ਨੇ ਸੱਚਮੁੱਚ ਹੀ ਕੁੱਜੇ ਵਿਚ ਸਮੁੰਦਰ ਵਾਲੀ ਗੱਲ ਸੱਚ ਕਰ ਕੇ ਦਿਖਾ ਦਿੱਤੀ ਹੈ। ਜੇਕਰ ਵਿਧਾ ਦੇ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਹ ਇਕ ਲੰਬਾ ਲੇਖ ਹੈ, ਪਰ ਵਰਤੀ ਗਈ ਸ਼ਬਦਾਵਲੀ ਦੀ ਘਾੜਤ ਪੱਖੋਂ ਇਹ ਕਿਸੇ ਪਰਿਪੱਕ ਬੁਲਾਰੇ ਦਾ ਭਾਸ਼ਨ ਪ੍ਰਤੀਤ ਹੁੰਦੀ ਹੈ।
ਰਾਣਾ ਰਣਬੀਰ ਲਿਖਦੇ ਹਨ ਕਿ ਭਾਸ਼ਾ ਦੇ ਹੋਂਦ ਵਿਚ ਆਉਣ ਦਾ ਕਾਰਨ ਪਰਿਵਰਤਨ ਹੁੰਦਾ ਹੈ, ਜੇਕਰ ਪਰਿਵਰਤਨ ਨਾ ਹੁੰਦਾ ਤਾਂ ਲਿਪੀਆਂ ਵੀ ਨਾ ਹੁੰਦੀਆਂ, ਸ਼ਬਦ ਹੀ ਸੰਸਾਰ ਵਿਚ ਪਰਿਵਰਤਨ ਲਿਆਉਣ ਦੇ ਸਮਰੱਥ ਹੁੰਦੇ ਹਨ, ਜੇਕਰ ਲਿਖੇ ਹੋਏ ਸ਼ਬਦਾਂ ਦਾ ਲੋਕ-ਮਨਾਂ 'ਤੇ ਕੋਈ ਪ੍ਰਭਾਵ ਨਾ ਹੁੰਦਾ, ਤਾਂ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਵਿਚ ਦੂਰ-ਦੁਰਾਡੇ ਤੋਂ ਸੰਤਾਂ ਦੀ ਬਾਣੀ ਇਕੱਤਰ ਕਰਨ ਨੂੰ ਮਹੱਤਵ ਨਾ ਦਿੰਦੇ, ਪਰਿਵਰਤਨ ਲਿਆਉਣ ਵਾਲੇ ਲੋਕ ਹੀ ਅਸਲ ਵਿਚ ਮਹਾਨ ਹੁੰਦੇ ਹਨ, ਵਿਅਕਤੀ ਜਨਮ ਤੋਂ ਹੀ ਮਹਾਨ ਨਹੀਂ ਹੁੰਦੇ ਬਲਕਿ ਉਨ੍ਹਾਂ ਦੇ ਵਿਚਾਰ ਹੀ ਉਨ੍ਹਾਂ ਨੂੰ ਮਹਾਨ ਬਣਾਉਂਦੇ ਹਨ।
ਰਾਣਾ ਰਣਬੀਰ ਦਾ ਮੰਨਣਾ ਹੈ ਕਿ ਕਿਤਾਬਾਂ ਨਾਲ ਜੁੜਨਾ ਹੀ ਜ਼ਿੰਦਗੀ ਨਾਲ ਜੁੜਨਾ ਹੁੰਦਾ ਹੈ, ਸਾਹਿਤ ਦੇ ਲੜ ਲੱਗਣ ਨਾਲ ਕੁਝ ਚੰਗੀਆਂ ਆਦਤਾਂ ਬਣ ਜਾਂਦੀਆਂ ਹਨ ਅਤੇ ਕੁਝ ਮਾੜੀਆਂ ਆਦਤਾਂ ਛੁੱਟ ਜਾਂਦੀਆਂ ਹਨ, ਜ਼ੁਬਾਨ ਵਿਚੋਂ ਨਿਕਲੇ ਸ਼ਬਦ ਹੀ ਲੋਕਾਂ ਵਿਚ ਸਾਡੀ ਪਛਾਣ ਬਣਦੇ ਹਨ। ਰਾਣਾ ਰਣਬੀਰ ਦੀ ਕਲਮ ਤੋਂ ਵੱਖ-ਵੱਖ ਵਿਧਾਵਾਂ ਅਤੇ ਭਾਸ਼ਾਵਾਂ ਵਿਚ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦਾ ਲਿਖਿਆ ਇਕ-ਇਕ ਵਾਕ ਕਈ-ਕਈ ਕਿਤਾਬਾਂ ਦਾ ਗਿਆਨ ਸਮੋਈ ਬੈਠਾ ਹੈ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਦੀਆਂ ਉਮੀਦਾਂ 'ਤੇ ਜ਼ਰੂਰ ਖਰੀ ਉੱਤਰੇਗੀ।

-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027

ਮਨ ਦੇ ਮਹਿਰਮ
ਲੇਖਕ : ਰਣਬੀਰ ਰਾਣਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਕ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 97800-42157

ਪੀੜ ਦਾ ਸਫ਼ਰ, ਵਕਤ ਦੇ ਵਰਕੇ ਅਤੇ ਦਰਦ ਦਾ ਦਰਿਆ ਤਿੰਨ, ਗ਼ਜ਼ਲ ਸੰਗ੍ਰਹਿਆਂ ਰਾਹੀਂ ਰਣਬੀਰ ਰਾਣਾ ਦੀ ਕਾਵਿ-ਸਾਧਨਾ ਦਾ ਸਫ਼ਰ ਆਪਣੇ ਪ੍ਰਤੀਮਾਨ ਸਥਾਪਤ ਕਰ ਚੁਕਿਆ ਹੈ, ਉਸ ਨੂੰ ਗ਼ਜ਼ਲਕਾਰ ਕਹਿਣਾ ਸ਼ੋਭਦਾ ਹੈ। ਵਾਰਤਕ ਦੇ ਖੇਤਰ 'ਚ 'ਮਨ ਦੇ ਮਹਿਰਮ' ਪੁਸਤਕ ਸੁਆਗਤਯੋਗ ਹੈ। ਪੰਜਾਬੀ-ਸਾਹਿਤ ਵਿਚ ਰੇਖਾ-ਚਿੱਤਰ, ਕਾਵਿ-ਚਿੱਤਰ ਜਾਂ ਸ਼ਬਦ-ਚਿੱਤਰ ਸਾਹਿਤ-ਰੂਪ ਬਲਵੰਤ ਗਾਰਗੀ ਦੀ ਇਸ ਵਿਧਾ ਦੀ ਪੁਸਤਕ 'ਨਿੰਮ ਦੇ ਪੱਤੇ' ਤੋਂ ਵਧੇਰੇ ਚਰਚਿਤ ਹੋਇਆ। ਕਿੰਨੇ ਹੀ ਹੋਰ ਲੇਖਕਾਂ ਨੇ ਇਸ ਵਿਧਾ ਨੂੰ ਅਪਣਾਇਆ। ਡਾ. ਆਤਮ ਰਾਹੀ ਦੀ 'ਬਾਵਨ ਅੱਖਰੀ' ਤੇ ਪ੍ਰੋ. ਪ੍ਰੀਤਮ ਸਿੰਘ ਦੀ ਪੁਸਤਕ 'ਮੂਰਤਾਂ' ਵੀ ਸਲਾਹੀਆਂ ਗਈਆਂ। ਰਣਬੀਰ ਰਾਣਾ ਨੇ ਕਾਵਿ-ਰੂਪ ਅਤੇ ਵਾਰਤਕ ਰੂਪ ਦਾ ਸੁਮੇਲ ਕਰਕੇ 'ਮਨ ਦੇ ਮਹਿਰਮ' 'ਚ ਹੋਰ ਵੱਖਰਤਾ ਲੈ ਆਂਦੀ ਹੈ। ਉਸ ਦੀ ਕਾਵਿ-ਸ਼ੈਲੀ ਅਤੇ ਵਾਰਤਕ-ਸ਼ੈਲੀ ਦੋਵੇਂ ਇਸ ਪੁਸਤਕ ਦੀ ਸੁੰਦਰਤਾ 'ਚ ਵਾਧਾ ਕਰਦੀਆਂ ਹਨ। ਜਿਹੜੇ ਚਾਨਣ-ਮੱਤੇ ਬੰਦਿਆਂ ਨੂੰ ਬਹੁਤ ਨੇੜਿਓਂ ਨਿਰਖਿਆ-ਪਰਖਿਆ ਹੈ, ਉਨ੍ਹਾਂ ਦੀ ਸਮੁੱਚੀ ਦੇਣ ਅਤੇ ਸ਼ਖ਼ਸੀਅਤ ਨੂੰ ਬਾਖੂਬੀ ਆਂਕਿਆ ਗਿਆ ਹੈ। ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਆਪਣੇ-ਆਪਣੇ ਖੇਤਰਾਂ 'ਚ ਪਾਏ ਯੋਗਦਾਨ ਨੂੰ ਬੜੀ ਸੁਹਿਰਦ ਭਾਵਨਾ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਰਣਬੀਰ ਰਾਣਾ ਨੇ ਆਪਣੇ ਖੇਤਰ ਬਠਿੰਡਾ ਦਾ ਦਰਪਣ ਪੇਸ਼ ਕੀਤਾ ਹੈ, ਨਹੀਂ ਤਾਂ ਇਹ ਸੂਰਜੀ ਚਿਹਰੇ ਅਣਗੌਲੇ ਰਹਿਣੇ ਸਨ। ਇਹ ਹਨ: ਡਾ. ਲਾਭ ਸਿੰਘ ਖੀਵਾ, ਹਰਬੰਸ ਸਿੰਘ ਬਰਾੜ, ਗੁਰਦੇਵ ਖੋਖਰ, ਜਸਪਾਲ ਮਾਨਖੇੜਾ, ਕਾ. ਜਰਨੈਲ ਸਿੰਘ ਭਾਈਰੂਪਾ, ਪਿੰਡ ਦੇ ਲੋਕ, ਜਨਾਬ ਦੀਪਕ ਜੈਤੋਈ, ਕਾਮਰੇਡ ਮੱਖਣ ਸਿੰਘ, ਜੀ.ਸੀ. ਪਰਿੰਦਾ, ਬਾਪੂ ਬਘੇਲ ਸਿੰਘ, ਮਾਤਾ ਬਸੰਤ ਕੌਰ ਤੇ ਪਤਨੀ ਸੋਮਾ ਰਾਣੀ, 'ਸੀਨੇ ਦਾ ਸੱਲ੍ਹ : ਸੋਮਾ ਰਾਣੀ' ਸ਼ਬਦ ਚਿੱਤਰ ਤਾਂ ਪੜ੍ਹ ਕੇ ਮਨ ਭਰ ਆਉਂਦਾ ਹੈ। ਇਹ ਸਵੈ-ਜੀਵਨੀ ਦੀ ਸੰਖੇਪ ਗਾਥਾ ਲੇਖਕ ਦੇ ਜੀਵਨ ਦਾ ਸੱਚ ਸੁੱਚੇ ਸੋਨੇ ਵਰਗਾ ਹੈ। ਚੰਗੇਰੇ ਸਮਾਜ ਸਿਰਜਣ ਦਾ ਹੋਕਾ ਪਾਠਕ ਨੂੰ ਬਲਵਾਨ ਕਰਨ ਦੀ ਚੇਤਨਾ ਪੈਦਾ ਕਰਦਾ ਹੈ। ਚੰਗਾ ਹੁੰਦਾ ਜੇ ਤਸਵੀਰਾਂ ਵੀ ਹਾਜ਼ਰੀ ਭਰ ਸਕਦੀਆਂ।

-ਮਨਮੋਹਨ ਸਿੰਘ ਦਾਊਂ
ਮੋਬਾਈਲ: 98151-23900

16-12-2023

 ਸ਼ਹੀਦ ਊਧਮ ਸਿੰਘ
ਲੇਖਕ: ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ।
ਮੁੱਲ : 220 ਰੁਪਏ, ਸਫ਼ੇ : 136

ਹਥਲੀ ਕਿਤਾਬ ਹਿੰਦੁਸਤਾਨ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਮੇਂ ਨੈਸ਼ਨਲ ਬੁੱਕ ਟਰੱਸਟ, ਇੰਡੀਆ, ਵਲੋਂ ਭਾਰਤ ਸਰਕਾਰ ਦੇ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਤਹਿਤ ਹਰ ਪਾਠਕ ਲਈ ਪੇਸ਼ ਕੀਤੀ ਗਈ ਹੈ। ਵਿਦਵਾਨ ਲੇਖਕ ਨੇ ਹਰ ਵਿਚਾਰ ਨੂੰ ਪੁਖਤਾ ਦਲੀਲਾਂ ਸਹਿਤ ਪਾਠਕਾਂ ਦੇ ਸਨਮੁਖ ਕਰਨ ਤੋਂ ਪਹਿਲਾਂ ਆਜ਼ਾਦੀ ਘੁਲਾਟੀਆਂ ਸੰਬੰਧੀ ਵੱਖ-ਵੱਖ ਛਪੀਆਂ ਕਿਤਾਬਾਂ ਦਾ ਸਖ਼ਤ ਘਾਲਣਾ ਘਾਲ ਕੇ ਅਧਿਐਨ ਕੀਤਾ ਹੈ। ਅਸੀਂ ਆਪਣੇ ਨਿੱਜੀ ਜੀਵਨ ਵਿਚ ਦੇਖਦੇ ਹਾਂ ਕਿ ਹਰ ਮਨੁੱਖ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਜੀਵਨ ਭਰ ਸੰਘਰਸ਼ ਕਰਦਾ ਹੈ। ਸ਼ਹੀਦ ਊਧਮ ਸਿੰਘ ਅਜਿਹਾ ਇਨਸਾਨ ਹੈ, ਜਿਸ ਦਾ ਜਨਮ ਸੁਨਾਮ ਕਸਬੇ ਵਿਚ ਹੋਇਆ, ਪਰ ਉਸ ਨੂੰ ਪਰਿਵਾਰਕ ਹਾਲਤਾਂ ਦੇ ਚਲਦਿਆਂ ਆਪਣੀ ਬਾਲ-ਵਰੇਸ ਦੀ ਉਮਰ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਚੀਫ਼ ਖ਼ਾਲਸਾ ਦੀਵਾਨ ਦੀ ਇਕ ਸੰਸਥਾ ਸੈਂਟਰਲ ਖ਼ਾਲਸਾ ਯਤੀਮਖਾਨੇ ਵਿਚ ਬਤੀਤ ਕਰਨੀ ਪਈ। ਉਸ ਦੇ ਮਨ ਵਿਚ ਦੇਸ਼ ਪ੍ਰੇਮ ਦੀ ਐਸੀ ਲਗਨ ਲੱਗੀ, ਉਸ ਨੇ ਆਪਣਾ ਤਨ, ਮਨ ਦੇਸ਼ ਨੂੰ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਅਰਪਣ ਕਰ ਦਿੱਤਾ। ਲੇਖਕ ਨੇ ਸ਼ਹੀਦ ਊਧਮ ਸਿੰਘ ਵਲੋਂ ਪ੍ਰਚਲਿਤ ਵੱਖ-ਵੱਖ ਗ਼ਲਤ ਤੇ ਭੁਲੇਖਾ ਪਾਊ ਧਾਰਨਾਵਾਂ ਤੋਂ ਪਾਸਾ ਵਟਦਿਆਂ ਤੱਥਾਂ 'ਤੇ ਆਧਾਰਿਤ ਇਹ ਜੀਵਨ ਗਾਥਾ ਦੇਸ਼ ਭਰ ਦੇ ਪਾਠਕਾਂ ਦੀ ਇਤਿਹਾਸਕ ਭੁੱਖ ਦੀ ਪੂਰਤੀ ਲਈ ਲਿਖੀ ਗਈ ਹੈ।
ਪੁਸਤਕ ਦੇ ਪਹਿਲੇ ਭਾਗ ਵਿਚ ਆਦਿਕਾ ਅਤੇ ਜੀਵਨ ਪੱਤਰੀ ਊਧਮ ਸਿੰਘ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਮਿਤੀਬੱਧ ਕਰਕੇ ਜੀਵਨ ਵੇਰਵਾ ਦਿੱਤਾ ਗਿਆ ਹੈ।
ਪੁਸਤਕ ਦੇ ਦੂਜੇ ਭਾਗ ਵਿਚ ਸ਼ਾਮਿਲ ਲੇਖਾਂ ਵਿਚ ਜਨਮ ਤੇ ਬਾਲ ਵਰੇਸ ਅੰਮ੍ਰਿਤਸਰ ਵਿਚ ਦਸ ਵਰ੍ਹੇ, ਜਹਾਂ ਦਾਣੇ ਤਹਾਂ ਖਾਣੇ, ਪੰਜਾਬ ਵਾਪਸੀ, ਸੱਤ ਸਮੁੰਦਰੋਂ ਪਾਰ, ਦੇਸ਼ ਵਾਪਸੀ, ਗ੍ਰਿਫ਼ਤਾਰੀ ਤੇ ਜੇਲ੍ਹ ਯਾਤਰਾ, ਮੁੜ ਵਿਦੇਸ਼ ਉਡਾਰੀ ਤੋਂ ਪਹਿਲਾਂ, ਇੰਗਲੈਂਡ ਵਿਚ ਵਣਜ, ਇੰਗਲੈਂਡ ਵਿਚ ਬਰਤਾਨਵੀ ਨਾਗਰਿਕ, 1940 : ਨਿਸ਼ਾਨੇ ਦੇ ਨੇੜੇ, ਫ਼ੈਸਲਾਕੁੰਨ ਦਿਨ 13 ਮਾਰਚ, 1940, ਗ੍ਰਿਫ਼ਤਾਰੀ ਤੋਂ ਪਿੱਛੋਂ, ਊਧਮ ਸਿੰਘ ਪੁਲਿਸ ਹਿਰਾਸਤ ਵਿਚ, ਜੇਲ੍ਹ ਤੋਂ ਫ਼ਰਾਰ ਹੋਣ ਦਾ ਅਸਫਲ ਯਤਨ, ਅਦਾਲਤੀ ਕਾਰਵਾਈ, ਸਜ਼ਾ ਤੋਂ ਸ਼ਹਾਦਤ ਤੱਕ, ਸ਼ਹੀਦ ਊਧਮ ਸਿੰਘ : ਵਿਚਾਰਧਾਰਕ ਪ੍ਰਭਾਵ, ਸ਼ਹੀਦ ਊਧਮ ਸਿੰਘ ਦੀ ਸ਼ਖ਼ਸੀਅਤ ਸ਼ਾਮਿਲ ਕੀਤੇ ਗਏ ਹਨ।
ਪੁਸਤਕ ਅੰਤਿਕਾ ਦੇ ਪਹਿਲੇ ਹਿੱਸੇ ਵਿਚ ਅਦਾਲਤ ਵਿਚ ਊਧਮ ਸਿੰਘ ਨਾਲ ਹੋਈ 'ਜਿਰ੍ਹਾ ਦੇ ਕੁਝ ਅੰਸ਼' ਅੰਤਿਕਾ ਦੇ ਦੂਜੇ ਹਿੱਸੇ ਵਿਚ ਊਧਮ ਸਿੰਘ ਦੇ ਅਦਾਲਤੀ ਬਿਆਨ ਵਿਚ ਦਰਜ ਕੀਤੇ ਕੁਝ ਕਾਵਿ-ਬੰਦ ਅਤੇ ਬਖਤਾਵਰ ਸਿੰਘ ਬਿੰਜਲ ਵਲੋਂ ਮੇਰਾ ਮਿੱਤਰ ਸ਼ਹੀਦ ਊਧਮ ਸਿੰਘ ਲੇਖ ਬੜੀ ਭਾਵਪੂਰਤ ਅਤੇ ਬਹੁਮੁੱਲੀ ਜਾਣਕਾਰੀ ਦਾ ਪ੍ਰਗਟਾਵਾ ਕਰਦਾ ਹੈ। ਪੁਸਤਕ ਦੇ ਅੰਤ ਵਿਚ ਹਵਾਲਾ ਪੁਸਤਕਾਂ ਵਿਚ ਲੇਖਕ ਵਲੋਂ ਵੱਖ-ਵੱਖ ਪੰਜਾਬੀ ਅਤੇ ਅੰਗਰੇਜ਼ੀ ਕਿਤਾਬਾਂ ਦਾ ਵੇਰਵਾ ਦਿੱਤਾ ਗਿਆ ਹੈ।
ਵਿਦਵਾਨ ਲੇਖਕ ਵਲੋਂ ਸਰਲ ਅਤੇ ਸੁਖੈਨ ਭਾਸ਼ਾ ਸ਼ੈਲੀ ਦਾ ਪ੍ਰਯੋਗ ਕਰਦਿਆਂ ਇਸ ਮਹਾਨ ਸ਼ਹੀਦ ਦੀ ਜੀਵਨ ਯਾਤਰਾ ਨੂੰ ਕਿਤਾਬੀ ਰੂਪ ਦਿੱਤਾ ਹੈ। ਨੈਸ਼ਨਲ ਬੁੱਕ ਟਰੱਸਟ, ਇੰਡੀਆ ਨੇ ਆਜ਼ਾਦੀ ਘੁਲਾਟੀਆਂ ਦੀਆਂ ਲੜੀਵਾਰ ਛਾਪੀਆਂ ਕਿਤਾਬਾਂ ਵਿਚ ਸ਼ਾਮਿਲ ਕਰਕੇ ਆਪਣੇ ਫ਼ਰਜ਼ ਦੀ ਪੂਰਤੀ ਕੀਤੀ ਗਈ ਹੈ। ਇਸ ਇਤਿਹਾਸਕ ਕਾਰਜ ਲਈ ਲੇਖਕ ਵਧਾਈ ਦਾ ਪਾਤਰ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਮਿੱਟ ਰਹੀਆਂ ਪੈੜ੍ਹਾਂ ਦਾ ਸਿਰਨਾਵਾਂ
ਲੇਖਕ: ਸੰਤੋਖ ਸਿੰਘ 'ਗੁਰਾਇਆ' (ਟੌਂਗ)
ਪ੍ਰਕਾਸ਼ਕ: ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 500 ਰੁਪਏ, ਸਫ਼ੇ: 264
ਸੰਪਰਕ : 89689-74502

ਪਿੰਡਾਂ ਜਾਂ ਸਥਾਨਕ ਇਤਿਹਾਸ ਨੂੰ ਕਲਮਬੱਧ ਕਰਨ ਦੀ ਸਰਕਾਰਾਂ ਅਤੇ ਸੰਬੰਧਿਤ ਸੰਸਥਾਵਾਂ ਨੇ ਭਾਵੇਂ ਅਹਿਮੀਅਤ ਨਹੀੰ ਸਮਝੀ ਪਰ ਵਿਅਕਤੀਗਤ ਪੱਧਰ 'ਤੇ ਪਿੰਡਾਂ ਦੇ ਪਿਛੋਕੜ ਜਾਂ ਸਮਕਾਲੀ ਗਾਥਾ ਨੂੰ ਦਸਤਾਵੇਜ਼ ਕਰਨ ਦੀਆਂ ਸੁਹਿਰਦ ਕੋਸ਼ਿਸ਼ਾਂ ਹੋ ਰਹੀਆ ਹਨ। ਹਥਲੀ ਪੁਸਤਕ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਫੇਰੂਮਾਨ ਦੀ ਮੌਖਿਕ ਤਵਾਰੀਖ, ਅਤੀਤ, ਵਰਤਮਾਨ ਆਦਿ ਨੂੰ 17 ਖੰਡਾਂ ਵਿਚ ਕਲਮਬਧ ਕਰਨ ਦਾ ਸੁਲੱਖਣਾ ਯਤਨ ਕੀਤਾ ਗਿਆ ਹੈ। ਪੁਸਤਕ ਵਿਚ ਪਿੰਡ ਵਸਣ ਤੋਂ ਪਹਿਲਾਂ ਜਾਂ ਇਸ ਪਿੰਡ ਫੇਰੂਮਾਨ ਦੇ ਵਸਣ ਦਾ ਆਧਾਰ ਬਣੇ ਪਿੰਡ ਟੌਂਗ ਦੇ ਪੁਰਾਤਨ ਕੱਚੇ ਕਿਲ੍ਹੇ ਸਮੇਤ ਪਿੰਡ ਦੇ ਮੌਹੜੀ ਗੱਡ ਸੂਰਮੇ ਫੇਰੂ ਦੀ ਇਤਿਹਾਸਕ ਗਾਥਾ ਸਮੇਤ ਉਸ ਮਾਨ ਗੋਤ ਦੀ ਵੀ ਤਵਾਰੀਖ ਬਿਆਨੀ ਹੈ, ਜਿਹੜਾ ਇਸ ਪਿੰਡ ਦਾ ਮੁੱਢ ਕਦੀਮੀ ਉਸਰੱਈਆ ਬਣਿਆ। ਅੱਡ-ਅੱਡ ਕੁਨਬਿਆਂ, ਜਿਹੜੇ ਇਸ ਗਰਾਂ ਦਾ ਸਦੀਵੀਂ ਭਾਗ ਬਣਦੇ ਰਹੇ,ਦੀਆਂ ਢੇਰ ਬੰਸਾਵਲੀਆਂ ਸਮੇਤ ਇਸ ਵਿਚ ਕੁਝ ਮਹੱਤਵਪੂਰਨ ਕਾਂਡ ਵੀ ਹਨ, ਜਿਵੇਂ; ਪਿੰਡ ਵੱਸਣ ਦੇ ਭੁਲੇ-ਵਿਸਰੇ ਇਤਿਹਾਸਕ ਤੱਥ, ਮਨੁੱਖੀ ਪ੍ਰਵਾਸ ਦਾ ਇਤਿਹਾਸ, ਉਦਾਸ ਇਤਿਹਾਸਕ ਪੰਨੇ, ਵਿਸ਼ੇਸ਼ ਕਰਕੇ ਤ੍ਰਾਸਦੀ '47 ਅਤੇ ਪਿੰਡ ਦੇ ਸੁਤੰਤਰਤਾ ਸੰਗਰਾਮੀ (ਅਤੇ ਕਰਮਯੋਗੀ) ਜਿਸ ਵਿਚ ਮਹਾਂ-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਬੇ-ਜੋੜ ਗਾਥਾ ਵੀ ਸ਼ਾਮਿਲ ਹੈ। ਹੋਰ ਵੀ 'ਬੜਾ ਕੁਝ' ਹੈ ਇਸ ਕਿਤਬ ਵਿਚ, ਜਿਹੜਾ ਇਸ ਨਗਰ ਬਾਰੇ ਹੋਰ, ਪੁਖਤਾ, ਲਿਖਿਆ ਜਾਣ ਦਾ ਆਧਾਰ ਮੁਹੱਈਆ ਕਰੇਗਾ। ਪਰ; ਹਾਲ ਦੀ ਘੜੀ ਮੈਂ ਇਸ ਨੂੰ ਪੜ੍ਹਨ ਅਤੇ ਖੇੜੇ ਵਲੋਂ ਸਾਂਭ ਲੈਣ ਦੀ ਗੁਜ਼ਾਰਿਸ਼ ਕਰਨ ਦੇ ਬਾਵਜੂਦ ਨਾ ਚਾਹੁੰਦਿਆ ਵੀ ਇਹ ਕਹਿਣ ਤੋਂ ਨਹੀਂ ਰੁਕ ਸਕਦਾ, 'ਤੂੜੀ ਬਹੁਤੀ ਦਾਣੇ ਘੱਟ।' ਹਾਂ; ਪਿੰਡਾਂ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ,ਅਧਖੜ ਨੂੰ ਤੰਗੀਆਂ-ਝੋਰਿਆਂ ਨੇ ਝੰਬ ਛੱਡਿਆ ਹੈ ਅਤੇ ਨਵੀਂ ਪੌਂਦ ਨੂੰ ਟੈਲੀ-ਕਲਚਰ ਅਤੇ ਮੋਬਾਈਲ ਨੇ ਅੰਤਰਮੁਖੀ ਬਣਾ ਦਿੱਤਾ ਹੈ। ਸੱਥਾਂ ਤਾਂ ਕਦੋਂ ਦੀਆਂ ਖ਼ਤਮ ਹੋ ਰਹੀਆਂ ਹਨ,ਜਿੱਥੇ ਚੁੰਝ-ਚਰਚਾ ਚਲਦੀ ਸੀ। ਸਿੱਟੇ ਵਜੋਂ ਪਿੰਡਾਂ ਦਾ ਮੌਖਿਕ ਅਤੇ ਸੱਭਿਆਚਾਰਕ ਇਤਿਹਾਸ ਵੀ ਗੁੰਮ ਹੋ ਜਾਣਾ ਹੈ। ਵੇਲਾ ਹੈ ਕਿ ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ।

-ਵਿਜੈ ਬੰਬੇਲੀ
ਮੋਬਾਈਲ : 94634 39075

ਅਮਰਜੀਤ ਕੌਂਕੇ ਦੀ ਕਵਿਤਾ ਦੇ ਸਮਕਾਲੀ ਸਰੋਕਾਰ ਅਤੇ ਕਾਵਿ-ਜੁਗਤਾਂ
ਲੇਖਕ : ਜਸਵੀਰ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 81461-89457

ਇਹ ਪੁਸਤਕ ਕਵੀ ਅਮਰਜੀਤ ਕੌਂਕੇ ਦੀ ਕਵਿਤਾ 'ਤੇ ਇਕ ਖੋਜ ਕਾਰਜ ਹੈ। ਪੁਸਤਕ ਦੇ ਤਿੰਨ ਅਧਿਆਇ ਹਨ। ਪਹਿਲੇ ਅਧਿਆਇ ਵਿਚ ਅਮਰਜੀਤ ਕੌਂਕੇ ਦੀ ਰਚਨਾ ਤੇ ਪ੍ਰਾਪਤ ਸਮੀਖਿਆ ਦਾ ਵਰਨਣ ਹੈ। ਇਸ ਵਿਚ ਕਵੀ ਕੌਂਕੇ ਦੇ ਮੌਲਿਕ ਕਾਵਿ-ਸੰਗ੍ਰਹਿਆਂ, ਉਸ ਰਾਹੀਂ ਕੀਤੀਆਂ ਗਈਆਂ ਅਨੁਵਾਦਿਤ ਅਤੇ ਸੰਪਾਦਿਤ ਰਚਨਾਵਾਂ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਦੂਸਰੇ ਅਧਿਆਇ ਵਿਚ ਕੌਂਕੇ ਦੀ ਕਵਿਤਾ ਵਿਚ ਆਰਥਿਕ, ਰਾਜਨੀਤਕ, ਪ੍ਰਾਕ੍ਰਿਤਿਕ, ਨਾਰੀ, ਦਲਿਤ, ਵਿਸ਼ਵੀਕਰਨ, ਫਿਰਕਾਪ੍ਰਸਤੀ ਅਤੇ ਸਵੈ-ਕੇਂਦਰਿਤ ਸਰੋਕਾਰਾਂ ਨੂੰ ਸਮਾਜਿਕ ਪ੍ਰਸੰਗਕਤਾ ਪੱਖੋਂ ਪੇਸ਼ ਕੀਤਾ ਗਿਆ ਹੈ। ਤੀਸਰੇ ਅਧਿਆਇ ਵਿਚ ਕਵੀ ਕੌਂਕੇ ਵਲੋਂ ਵਰਤੀਆਂ ਗਈਆਂ ਵੱਖੋ-ਵੱਖਰੀਆਂ ਕਾਵਿਕ ਜੁਗਤਾਂ ਭਾਵ ਕਾਵਿ ਬਿੰਬ, ਕਾਵਿ ਪ੍ਰਤੀਕ, ਰਸ, ਅਲੰਕਾਰ, ਵਿਅੰਗ ਤੇ ਸ਼ੈਲੀ ਆਦਿ ਬਾਰੇ ਚਾਨਣਾ ਪਾਇਆ ਗਿਆ ਹੈ। ਅਖੀਰ ਵਿਚ ਸਿੱਟਾ ਕੱਢਿਆ ਗਿਆ ਹੈ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਕੌਂਕੇ ਦੀਆਂ ਕਵਿਤਾਵਾਂ ਵਿਚ ਨਿੱਜੀ ਅਨੁਭਵ ਤੋਂ ਇਲਾਵਾ ਸਮਕਾਲੀ ਸਮੱਸਿਆਵਾਂ ਨੂੰ ਵੀ ਵਿਚਾਰਿਆ ਗਿਆ ਹੈ। ਉਸ ਦੀ ਕਵਿਤਾ ਵਿਚ ਜਜ਼ਬਾ ਅਤੇ ਮੁਹਾਰਤ ਹੈ। ਜਿਥੇ ਉਸ ਨੇ ਪੰਜਾਬੀ ਅਤੇ ਹਿੰਦੀ ਵਿਚ ਕਈ ਕਾਵਿ-ਸੰਗ੍ਰਹਿ ਸਾਹਿਤ ਦੀ ਝੋਲੀ ਪਾਏ ਹਨ, ਉਥੇ ਹੀ ਬਾਲ-ਸਾਹਿਤ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿਚ ਵੀ ਨਾਮਣਾ ਖੱਟਿਆ ਹੈ। ਉਸ ਨੇ ਦੋ ਪੁਸਤਕਾਂ ਦਾ ਅਨੁਵਾਦ ਅੰਗਰੇਜ਼ੀ ਤੋਂ ਪੰਜਾਬੀ ਵਿਚ ਵੀ ਕੀਤਾ ਹੈ। ਇਸ ਤਰ੍ਹਾਂ ਗਿਣਾਤਮਿਕ ਅਤੇ ਗੁਣਾਤਮਿਕ ਦੋਵਾਂ ਪੱਖਾਂ ਤੋਂ ਉਸ ਨੇ ਸਾਹਿਤਕ ਯੋਗਦਾਨ ਪਾਇਆ ਹੈ। ਲੇਖਕ ਨੇ ਆਪਣੇ ਖੋਜ ਕਾਰਜ ਵਿਚ ਬੜੀ ਮਿਹਨਤ ਅਤੇ ਲਗਨ ਨਾਲ ਕਵੀ ਕੌਂਕੇ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਖੋਜਾਰਥੀਆਂ ਲਈ ਇਹ ਪੁਸਤਕ ਲਾਹੇਵੰਦ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਚੱਲੇ ਨੇ ਹੱਕ ਲੈ ਕੇ
ਗੀਤਕਾਰ : ਸੁਰਜੀਤ 'ਦੇਵਲ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 71
ਸੰਪਰਕ : 92563-67202

'ਗੀਤ' ਕਾਵਿ-ਸਾਹਿਤ ਦੀ ਇਕ ਬੇਹੱਦ ਮਨਮੋਹਕ ਅਤੇ ਹਰਮਨ-ਪਿਆਰੀ ਕਾਵਿ-ਵਿਧਾ ਹੈ। ਦਿੱਲੀ ਦੇ ਬਾਰਡਰਾਂ 'ਤੇ ਚੱਲੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਸ ਸੰਗ੍ਰਹਿ ਵਿਚ ਗੀਤਕਾਰ ਸੁਰਜੀਤ 'ਦੇਵਲ' ਨੇ ਕੁੱਲ 47 ਗੀਤ, ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਬਾਲ ਕਾਵਿ ਸਾਹਿਤ ਦੀ ਝੋਲੀ ਤਕਰੀਬਨ ਅੱਧੀ ਦਰਜਨ ਬਾਲ-ਕਾਵਿ ਸੰਗ੍ਰਹਿ ਪਾਉਣ ਵਾਲੇ ਗੀਤਕਾਰ ਦੇਵਲ ਕਿਸੇ ਜਾਣ-ਪਛਾਣ ਦੇ ਮੁਥਾਜ਼ ਨਹੀਂ ਹਨ।
ਇਸ ਸੰਗ੍ਰਹਿ ਵਿਚ ਸ਼ਾਮਿਲ ਗੀਤਾਂ ਵਿਚ ਉਨ੍ਹਾਂ ਸਮਾਜ ਦੇ ਵੱਖ-ਵੱਖ ਪੱਖਾਂ, ਦੁੱਖਾਂ, ਖ਼ੁਸ਼ੀ-ਗ਼ਮੀ ਨੂੰ ਲੈ ਕੇ ਪ੍ਰਭਾਵਸ਼ਾਲੀ ਗੀਤ-ਰਚਨਾਵਾਂ ਦੀ ਰਚਨਾ ਕੀਤੀ। ਸਿਰਨਾਵਾਂ ਗੀਤ ਚੱਲੇ ਨੇ ਹੱਕ ਲੈ ਕੇ, ਹੱਕ ਮਿਲਦੇ ਐ ਕਸ਼ਮੀਰ ਕੌਣ ਹਿਫ਼ਾਜ਼ਤ ਕਰਦਾ, ਬਚ ਕੇ ਰਹੋ, ਸੁਖੀ ਵਸਦਾ ਰਹੇ, ਨਣਦੇ ਨੀ ਨਣਦੇ, ਪਿਆਰ ਪੰਜਾਬੀਆਂ ਦੇ, ਭਾਈ ਮਤੀ ਦਾਸ ਜੀ, ਪੱਲੇ ਬੰਨ੍ਹ ਲੈ ਧੀਏ, ਰੱਬ ਦੇ ਫ਼ਕੀਰ, ਜਾਵਾਂਗੇ ਹੱਕ ਲੈ ਕੇ, ਚੰਗਾ ਜੀ ਅਸੀਂ ਚੱਲੇ, ਜਾਗੋ ਨਾਨਕੇ ਵਰਗੇ ਗੀਤ ਗੀਤਕਾਰ ਦੀ ਤੇਜ਼-ਤਿੱਖੀ ਕਾਵਿ ਸੋਝੀ ਦੇ ਲਿਸ਼ਕਾਰੇ ਪਾਠਕ ਦੇ ਮਨ ਵਿਚ ਪਾਉਂਦੇ ਹਨ ਕਿ ਪਾਠਕ ਉਸ ਦੀ ਗੀਤਕਾਰੀ ਦੇ ਲੈਅ ਵਿਚ ਆਪ-ਮੁਹਾਰੇ ਵਹਿ ਤੁਰਦਾ ਹੈ। ਹਲਕੇ-ਫੁਲਕੇ ਦਿਲ ਦੀਆਂ ਭਾਵਨਾਵਾਂ ਨੂੰ ਸਰਸ਼ਾਰ ਕਰਦੇ ਪਰਿਵਾਰਕ ਗੀਤ ਉਸ ਦਾ ਹਾਸਿਲ ਹਨ। ਗੀਤਕਾਰ ਦੇਵਲ ਦੀ ਕਲਮ ਇਉਂ ਹੀ ਪਿਆਰੇ ਗੀਤ ਰਚਦੀ ਰਹੇ। ਆਮੀਨ!

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਸਿਖੁ ਸੋੁ ਖੋਜਿ ਲਹੈ
ਲੇਖਕ : ਜਸਵੰਤ ਸਿੰਘ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 80540-04977

ਸ. ਜਸਵੰਤ ਸਿੰਘ ਜ਼ਫ਼ਰ ਨੌਜਵਾਨ ਪੀੜ੍ਹੀ ਦਾ ਇਕ ਹਰਮਨ-ਪਿਆਰਾ ਕਵੀ ਹੋਣ ਦੇ ਨਾਲ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਇਕ ਸਜਗ ਪਾਠਕ ਵੀ ਹੈ। ਗੁਰੂ ਨਾਨਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਨੂੰ ਗੁਰੂ ਰੂਪ ਵਿਚ ਮੰਨਣਾ ਹੀ ਸਿੱਖ ਧਰਮ ਦਾ ਬੁਨਿਆਦੀ ਲੱਛਣ ਹੈ। 'ਸਿੱਖ' ਸ਼ਬਦ ਦਾ ਅਰਥ ਹੈ, ਉਹ ਵਿਅਕਤੀ ਜੋ ਆਪਣੀ ਸਾਰੀ ਜ਼ਿੰਦਗੀ ਕੁਝ ਨਾ ਕੁਝ ਸਿਖਦਾ ਰਹੇ। 'ਸਿੱਖ' ਪਦ ਵਿਸ਼ੇਸ਼ਣ ਵੀ ਹੈ ਅਤੇ ਕਿਰਿਆ ਰੂਪ ਵੀ। 'ਸਿੱਖ!' ਅਰਥਾਤ, ਹੇ ਵਿਅਕਤੀ, ਤੂੰ ਸਿਖਦਾ ਰਹਿ। ਸਿੱਖਣ ਦੀ ਪ੍ਰਕਿਰਿਆ 'ਖੋਜ' ਨਾਲ ਵੀ ਜੁੜੀ ਹੋਈ ਹੈ : ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ (ਮਲਾਰ, ਮਹਲਾ ੧) ਅਰਥਾਤ ਖੋਜੀ ਜਨਮਦਾ ਤੇ ਵਧਦਾ-ਫੁਲਦਾ ਰਹਿੰਦਾ ਹੈ, ਜਦੋਂ ਕਿ ਵਿਵਾਦੀ ਬਿਨਸ ਜਾਂਦਾ ਹੈ। ਵਿਵਾਦ ਵਿਚ ਵਿਗਾਸ ਨਹੀਂ ਹੈ। ਗੁਰਬਾਣੀ ਦੇ ਇਸ ਮੰਤਕ ਨੂੰ ਆਧਾਰ ਬਣਾ ਕੇ ਇਸ ਪੁਸਤਕ ਦੇ ਪਹਿਲੇ ਪੰਜ ਲੇਖ (1. ਮੋਹਿ ਕਬੀਰਾ... ਨਾਉ ਰੇ, 2. ਗੁਰੂ ਨਾਨਕ ਬੁੱਢੇ ਨਹੀਂ ਸਨ, 3. ਪ੍ਰਕਿਰਤੀ ਬੋਧ : ਗੁਰਬਾਣੀ ਬਨਾਮ ਵਿਗਿਆਨ, 4. ਪਾਣੀ ਪਿਤਾ... ਅਤੇ 5. ਸਫਲਿਓ ਬਿਰਖ ਹਰੀਆਵਲਾ ਲਿਖੇ ਗਏ ਹਨ। ਅਗਲੇ ਚਾਰ ਲੇਖ ਸ. ਭਗਤ ਸਿੰਘ, ਸ੍ਰੀ ਨੂਰਪੁਰੀ, ਦੀਵਾਲੀ ਅਤੇ ਡੇਰਾ ਸਰਸਾ ਵਿਵਾਦ ਬਾਰੇ ਹਨ।
ਇਨ੍ਹਾਂ ਲੇਖਾਂ ਵਿਚ ਜਸਵੰਤ ਸਿੰਘ ਜ਼ਫ਼ਰ ਨੇ ਇਹ ਦਰਸਾਇਆ ਹੈ ਕਿ ਗਿਆਨ ਕੇਵਲ ਇਕੋ ਤਰ੍ਹਾਂ ਦਾ (ਹੋਮੋਜੀਨਸ) ਨਹੀਂ ਹੁੰਦਾ, ਬਲਕਿ ਬਹੁਭਾਂਤੀ ਅਤੇ ਅਨੇਕ (ਹੇਟਰੋਜੀਨਸ) ਹੁੰਦਾ ਹੈ ਅਤੇ ਸਾਨੂੰ ਵਿਭਿੰਨਤਾ/ਅਨੇਕਤਾ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਕੇਵਲ ਆਪਣੀ ਬਾਣੀ, ਨੂੰ 'ਸੱਚ ਦਾ ਪ੍ਰਕਾਸ਼' ਘੋਸ਼ਿਤ ਕਰਨ ਦੀ ਬਜਾਇ ਸ਼ੇਖ ਫ਼ਰੀਦ ਭਗਤ ਨਾਮਦੇਵ, ਭਗਤ ਕਬੀਰ ਅਤੇ ਭਗਤ ਰਵਿਦਾਸ ਤੋਂ ਬਿਨਾਂ ਕੁਝ ਹੋਰ ਭਗਤਾਂ (ਕੁੱਲ 15 ਭਗਤ) ਦੀ ਬਾਣੀ ਨੂੰ ਵੀ ਪੂਰਾ-ਪੂਰਾ ਸਤਿਕਾਰ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਗਵਾਹ ਹਨ। ਜ਼ਫ਼ਰ ਗਾਡੀ ਰਾਹੀਂ ਉੱਪਰ ਚੱਲਣ ਦੀ ਬਜਾਇ, ਆਪਣੇ ਬਣਾਏ ਰਾਹਾਂ ਉੱਪਰ ਚੱਲਣਾ ਪਸੰਦ ਕਰਦਾ ਹੈ। ਉਹ ਆਪਣੀਆਂ ਲਿਖਤਾਂ ਵਿਚ ਵੀ ਨਿਵੇਕਲੇ ਰਾਹ ਉਲੀਕਦਾ ਹੋਇਆ ਦੇਖਿਆ ਜਾ ਸਕਦਾ ਹੈ।
ਜਦੋਂ ਉਸ ਦੀ ਬਹੁਚਰਚਿਤ ਪੁਸਤਕ 'ਅਸੀਂ ਨਾਨਕ ਦੇ ਕੀ ਲਗਦੇ ਹਾਂ! ਆਈ ਸੀ ਤਾਂ ਮੈਂ ਡਰ ਜਿਹਾ ਗਿਆ ਸੀ। ਡਰ ਮੈਨੂੰ ਮਸੰਦਾਂ ਅਤੇ ਤੜਾਗੀਵਾਦੀਆਂ ਤੋਂ ਸੀ, ਜੋ ਕਿਸੇ ਵੀ ਨਵੇਂ ਵਿਚਾਰ ਦੇ ਖ਼ਿਲਾਫ਼ ਇਕ ਜੇਹਾਦ ਖੜ੍ਹਾ ਕਰ ਦਿੰਦੇ ਹਨ। ਪਰ ਮੇਰਾ ਡਰ ਨਿਰਮੂਲ ਸਿੱਧ ਹੋਇਆ ਕਿਉਂਕਿ ਜ਼ਫ਼ਰ ਕਿਸੇ ਨਵੇਂ 'ਵਿਚਾਰ' ਨੂੰ ਕੰਸਟਰਕਟ ਕਰਨਾ ਵੀ ਜਾਣਦਾ ਹੈ। ਇਸ ਪੁਸਤਕ ਵਿਚ ਵੀ ਬਹੁਤ ਸਾਰੇ ਨਵੇਂ ਵਿਚਾਰਾਂ ਦੀ ਸਥਾਪਨਾ ਹੋਈ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਟਿਮ ਟਿਮ ਚਮਕੇ ਨਿੱਕਾ ਤਾਰਾ
ਲੇਖਕ : ਅਮਨਦੀਪ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 36
ਸੰਪਰਕ : 0172-5077427

ਪੇਸ਼ੇ ਤੋਂ ਇੰਜੀਨੀਅਰ ਅਤੇ ਪੰਜਾਬੀ ਬਾਲ ਸਾਹਿਤ ਸਿਰਜਣਾ ਵਿਚ ਵਿਸ਼ੇਸ਼ ਤੌਰ 'ਤੇ ਰੁਚੀ ਲੈਣ ਵਾਲੇ ਕਲਮਕਾਰ ਅਮਨਦੀਪ ਸਿੰਘ ਦੀ ਪਲੇਠੀ ਬਾਲ ਪੁਸਤਕ ਦਾ ਨਾਂਅ 'ਟਿਮਟਿਮ ਚਮਕੇ ਨਿੱਕਾ ਤਾਰਾ' ਹੈ, ਜੋ ਹੁਣੇ-ਹੁਣੇ ਮੰਜ਼ਰ-ਇ-ਆਮ 'ਤੇ ਆਈ ਹੈ। ਇਹ ਪੁਸਤਕ ਨਿੱਕੇ ਅਤੇ ਵੱਡੇ ਦੋਵੇਂ ਆਕਾਰ ਦੀਆਂ ਬਾਲ ਕਵਿਤਾਵਾਂ ਨਾਲ ਸੰਬੰਧਿਤ ਹੈ, ਜੋ ਭਿੰਨ-ਭਿੰਨ ਵਿਸ਼ਿਆਂ ਨਾਲ ਬਵਸਤਾ ਹਨ। ਆਪਣੇ ਬੇਟੇ ਨਾਲ ਅੰਗਰੇਜ਼ੀ ਨਰਸਰੀ ਗੀਤ ਗਾਉਂਦਿਆਂ ਹੀ ਕਵੀ ਦੇ ਮਨ ਵਿਚ ਪੰਜਾਬੀ ਵਿਚ ਨਰਸਰੀ-ਕਵਿਤਾਵਾਂ ਦੀ ਸਿਰਜਣਾ ਦੀ ਉਤਕੰਠਾ ਜਾਗ੍ਰਿਤ ਹੋਈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਕੁਦਰਤ ਦੀ ਸਿਫ਼ਤ-ਸਲਾਹ ਅਤੇ ਸੁਹੱਪਣ ਦੀ ਅਭਿਵਿਅਕਤੀ ਕਰਦੀਆਂ ਹਨ। ਇਸ ਸੰਦਰਭ ਵਿਚ 'ਟਿਮਟਿਮ ਚਮਕੇ ਨਿੱਕਾ ਤਾਰਾ', 'ਰੋਜ਼ ਇਕ ਸੇਬ ਖਾਓ', 'ਬਸੰਤ ਬਹਾਰ', 'ਬਾਰਿਸ਼ ਬਾਰਿਸ਼', 'ਇਹ ਧਰਤੀ', 'ਰੁੱਖ', 'ਆਓ ਬਰਫ਼ 'ਚ ਖੇਡੀਏ', 'ਸਵੇਰ', 'ਤਾਰੇ', 'ਤ੍ਰੇਲ ਧੋਤੇ ਫੁੱਲ' ਕਵਿਤਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀ ਕੁਦਰਤ ਦੀ ਮਹਾਨ ਸਿਰਜਣਾ ਨੂੰ ਸਿਜਦਾ ਕਰਦਾ ਹੈ। ਕੁਝ ਹੋਰ ਕਵਿਤਾਵਾਂ ਵਿਚੋਂ 'ਪੰਜ ਬਾਂਦਰ', 'ਨਿੱਕੜੀ ਮਿੱਕੜੀ ਮੱਕੜੀ', 'ਮਾਣੋ ਬਿੱਲੀ' ਅਤੇ ਪੰਜ ਡਾਇਨਾਸੋਰ' ਆਦਿ ਕਵਿਤਾਵਾਂ ਜੀਵ-ਜੰਤੂਆਂ ਦੇ ਵਿਵਹਾਰ ਅਤੇ ਰਹਿਣ-ਸਹਿਣ ਨੂੰ ਦਰਸਾਉਂਦੀਆਂ ਹਨ, ਪਰੰਤੂ ਕਿਤੇ-ਕਿਤੇ ਕੁਝ ਇਕ ਕਵਿਤਾਵਾਂ ਵਿਚ ਕਵੀ ਦੀ ਕਵਿਤਾ ਵਿਚਲਾ ਪੈਗ਼ਾਮ ਉਸਾਰੂ ਨਹੀਂ। ਮਿਸਾਲ ਵਜੋਂ ਕਵਿਤਾ 'ਰੋਜ਼ ਇਕ ਸੇਬ ਖਾਓ' ਵਿਚਲੀਆਂ ਇਹ ਸਤਰਾਂ :
'ਰੋਜ਼ ਇਕ ਸੇਬ ਖਾਓ। ਡਾਕਟਰ ਨੂੰ ਦੂਰ ਭਜਾਓ।'
ਸੇਬ ਸਵੇਰੇ ਨਾ ਖਾਓ। ਡਾਕਟਰ ਦੀ ਸਲਾਹ ਹੈ।'
(ਪੰਨਾ : 9)
ਵਿਚ ਸਵੇਰ ਸਮੇਂ ਡਾਕਟਰ ਵਲੋਂ ਸੇਬ ਨਾ ਖਾਣ ਦੀ ਦਲੀਲ ਵਾਜਬ ਨਹੀਂ ਜਾਪਦੀ ਅਤੇ ਤਰਕਹੀਣ ਵੀ ਹੈ। ਇਸੇ ਤਰ੍ਹਾਂ ਇਕ ਹੋਰ ਕਵਿਤਾ 'ਨਿਹੰਗ ਸਿੰਘ' ਵਿਚ ਪਿੰਡ ਵਿਚ ਘੋੜੇ 'ਤੇ ਸਵਾਰ ਹੋ ਕੇ ਆਏ ਨਿਹੰਗ ਸਿੰਘ ਦੇ ਹੱਥ ਵਿਚ ਤਲਵਾਰ ਫੜਨ ਦਾ ਜ਼ਿਕਰ ਹੈ, ਜਦੋਂ ਕਿ ਚਿੱਤਰ ਵਿਚ ਉਸ ਨੇ ਆਪਣੇ ਹੱਥ ਵਿਚ ਨੇਜ਼ਾ ਫੜਿਆ ਹੋਇਆ ਹੈ। ਬਾਕੀ ਕਵਿਤਾਵਾਂ ਆਪੋ ਆਪਣੀ ਥਾਂ 'ਤੇ ਨਿੱਗਰ ਸੁਨੇਹੇ ਦਿੰਦੀਆਂ ਹਨ। ਇਨ੍ਹਾਂ ਕਵਿਤਾਵਾਂ ਨਾਲ ਸਿਰਜੇ ਚਾਰ-ਰੰਗੇ ਚਿੱਤਰ ਢੁਕਵੇਂ ਵੀ ਅਤੇ ਹਸਾਉਣੇ ਵੀ। ਆਕਾਰ ਦੇ ਦ੍ਰਿਸ਼ਟੀਕੋਣ ਤੋਂ ਇਹ ਪੁਸਤਕ ਸਾਧਾਰਨ ਪੁਸਤਕਾਂ ਤੋਂ ਵੱਖਰੇ ਆਕਾਰ ਵਿਚ ਛਾਪੀ ਗਈ ਹੈ, ਜਿਸ ਦੀ ਸਮੁੱਚੀ ਦਿੱਖ ਬਹੁਤ ਸੁੰਦਰ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703

10-12-2023

 ਸਰਬਜੀਤ ਸੋਹੀ ਦੀ ਕਾਵਿ ਸੰਵੇਦਨਾ
ਸੰਪਾਦਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 128
ਸੰਪਰਕ : 99150-05814

ਆਸਟ੍ਰੇਲੀਆ ਨਿਵਾਸੀ ਪ੍ਰਵਾਸੀ ਕਵੀ ਸਰਬਜੀਤ ਸੋਹੀ ਨੇ ਪੰਜਾਬੀ ਕਵਿਤਾ ਦੀਆਂ ਚਾਰ ਪੁਸਤਕਾਂ 'ਸੂਰਜ ਆਵੇਗਾ ਕੱਲ੍ਹ ਵੀ', 'ਤਰਕਸ਼ ਵਿਚਲੇ ਹਰਫ਼', 'ਲਹੂ ਵਿਚ ਮੌਲਦੇ ਗੀਤ', 'ਹਰਫ਼ ਹਮੇਸ਼ਾ ਰਹਿਣਗੇ' ਰਚੀਆਂ ਹਨ ਤੇ ਕੁਝ ਕਾਵਿ-ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ। ਪੰਜਾਬੀ ਦੇ ਪ੍ਰਸਿੱਧ ਅਤੇ ਪ੍ਰਬੁੱਧ ਆਲੋਚਕ ਡਾ. ਗੋਪਾਲ ਸਿੰਘ ਬੁੱਟਰ ਨੇ ਇਨ੍ਹਾਂ ਚਾਰੇ ਪੁਸਤਕਾਂ ਬਾਰੇ ਅੱਡ-ਅੱਡ ਵਿਦਵਾਨ ਆਲੋਚਕਾਂ ਦੇ ਥੀਸਸ ਅਤੇ ਪ੍ਰਵਚਨ ਇਸ ਪੁਸਤਕ ਵਿਚ ਦਰਜ ਕੀਤੇ ਹਨ, ਜਿਨ੍ਹਾਂ ਤੋਂ ਕਵੀ ਦੀ ਕਾਵਿ-ਸੰਵੇਦਨਾ ਵੀ ਥਾਹ ਮਿਲਦੀ ਹੈ। ਆਪਣਾ ਸਮੁੱਚਾ ਪ੍ਰਭਾਵ ਦਰਸਾਉਂਦਿਆਂ ਡਾ. ਬੁੱਟਰ ਲਿਖਦੇ ਹਨ :
'ਸਰਬਜੀਤ ਸੋਹੀ ਆਪਣੀ ਕਵਿਤਾ ਵਿਚ ਬਹੁ-ਪਾਸਾਰੀ ਤੇ ਬਹੁ-ਪਰਤੀ ਤਣਾਉ ਨੂੰ ਆਪਣੀ ਸੰਵੇਦਨਾ ਦੀ ਗ੍ਰਿਫ਼ਤ ਵਿਚ ਲਿਆ ਕੇ ਸੁਹਜਾਤਮਕ ਕਾਵਿ-ਰਚਨਾਵਾਂ ਦੀ ਸਿਰਜਣਾ ਕਰਦਾ ਹੈ। ਸਰਬਜੀਤ ਸੋਹੀ ਬੁਨਿਆਦੀ ਤੌਰ 'ਤੇ ਸਮਾਜਵਾਦੀ ਪਹੁੰਚ ਵਾਲੇ ਲੋਕ ਹਿਤੈਸ਼ੀ ਨਜ਼ਰੀਏ ਤੋਂ ਸਮਾਜਕ ਯਥਾਰਥ ਨੂੰ ਦੇਖਣ, ਸਮਝਣ ਤੇ ਆਪਣੀਆਂ ਕਾਵਿ-ਕਿਰਤਾਂ ਵਿਚ ਪ੍ਰਤੀਬਿੰਬਤ ਕਰਨ ਵਾਲਾ ਨੌਜਵਾਨ ਕਵੀ ਹੈ। ਇਸ ਲਈ ਸਮਾਜਿਕ ਵਿਸੰਗਤੀਆਂ ਤੇ ਸੋਸ਼ਕ ਵਰਗ ਦੇ ਅਮਾਨਵੀ ਵਿਹਾਰ ਤੋਂ ਉਤਪੰਨ ਹੋਣ ਵਾਲੇ ਜਟਿਲ ਯਥਾਰਥ ਵਿਚਲੇ ਵਿਰੋਧ ਤੇ ਵਿਦਰੋਹੀ ਰੁਝਾਨ ਦਾ ਉਸ ਦਾ ਕਾਵਿ-ਸਿਰਜਣਾ ਦਾ ਮੁੱਖ ਸਰੋਕਾਰਬਣਨਾ ਸੁਭਾਵਿਕ ਹੈ।'
ਡਾ. ਨਵਰੂਪ ਕੌਰ ਦਾ ਆਖਣਾ ਹੈ, 'ਕਵੀ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਉਹ ਕੇਵਲ ਮਨੁੱਖ ਦੇ ਗ਼ਰਕ ਜਾਣ ਦੇ ਕਾਰਨਾਂ ਦੀ ਤਲਾਸ਼ ਕਰਕੇ ਸਿਰਫ਼ ਨਿਸ਼ਾਨਦੇਹੀ ਹੀ ਨਹੀਂ ਕਰਦਾ, ਸਗੋਂ ਉਹ ਤਾਂ ਮਨੁੱਖ ਨੂੰ ਜਾਗ੍ਰਿਤ ਕਰਨ ਲਈ ਪੂਰਾ ਤਾਣ ਲਾਉਂਦਾ ਹੈ।'
ਡਾ. ਅਰਵਿੰਦਰ ਕੌਰ ਕਾਕੜਾ ਦਾ ਥੀਸਸ ਹੈ, 'ਇਸ ਸਮੁੱਚੀ ਕਵਿਤਾ ਦਾ ਮੁਲਾਂਕਣ ਕਰਦਿਆਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸੋਹੀ ਦੀ ਸ਼ਾਇਰੀ ਜੁਝਾਰੂਵਾਦੀ ਦਾ ਕਾਵਿ-ਦਾਰਾ ਦੀ ਪੁਨਰ ਸਿਰਜਣਾ ਹੈ। ਜੋ ਅਜੋਕੇ ਫ਼ਿਰਕੂ ਫਾਸ਼ੀਵਾਦੀ ਦੌਰ ਵਿਚ ਅਮਾਨਵੀ ਵਰਤਾਰੇ ਨਾਲ ਤਿੱਖੇ ਰੂਪ ਵਿਚ ਪੇਸ਼ ਆਉਂਦੀ ਹੈ।'
ਡਾ. ਚਰਨਜੀਤ ਪੱਡਾ ਲਿਖਦੇ ਹਨ, 'ਸੋਹੀ ਕਾਵਿ ਦੀ ਵਚਨਬੱਧਤਾ ਦਾ ਵਿਚਾਰਧਾਰਾਈ ਆਧਾਰ ਕਲਾ ਦੀ ਸਿਰਜਣਾ ਮਨੁੱਖੀ ਅਵਚੇਤਨ ਦੀ ਰਚਨਾ ਹੈ ਅਤੇ ਇਸ ਦੇ ਆਧਾਰ 'ਤੇ ਕਲਾਕਿਰਤ ਅਤੇ ਸਮੁੱਚੇ ਵਿਚ ਇਕਸਾਰਤਾ ਸਥਾਪਿਤ ਕੀਤੀ ਜਾ ਸਕਦੀ ਹੈ।'
ਡਾ. ਆਤਮ ਰੰਧਾਵਾ ਦਾ ਕਥਨ ਹੈ, 'ਸਰਬਜੀਤ ਸੋਹੀ ਦੀ ਇਹ ਕਵਿਤਾ ਦੀ ਪ੍ਰਗਤੀਵਾਦੀ ਸਮਝ, ਵਿਦਰੋਹੀ ਧੁਨੀਆਂ, ਤਿੱਖੇ ਤੇ ਤੱਤੇ ਬਿੰਬਾਂ-ਪ੍ਰਤੀਕਾਂ ਨਾਲ ਓਤਪੋਤ ਹੈ।'
ਡਾ. ਮਨੀਸ਼ ਕੁਮਾਰ ਆਖਦੇ ਹਨ, 'ਸੋਹੀ ਬੁਨਿਆਦੀ ਤੌਰ 'ਤੇ ਸਮਾਜਵਾਦੀ ਪਹੁੰਚ ਵਾਲੇ ਲੋਕ ਹਿਤੈਸ਼ੀ ਨਜ਼ਰੀਏ ਤੋਂ ਸਮਾਜਿਕ ਯਥਾਰਥ ਨੂੰ ਦੇਖਣ-ਸਮਝਣ ਤੇ ਪ੍ਰਤੀਬਿੰਬਤ ਕਰਨ ਵਾਲਾ ਨੌਜਵਾਨ ਸ਼ਾਇਰ ਹੈ।
ਇਨ੍ਹਾਂ ਸਾਰੇ ਪ੍ਰਵਚਨਾਂ ਅਤੇ ਕਥਨਾਂ ਤੋਂ ਆਭਾਸ ਹੁੰਦਾ ਹੈ ਕਿ ਸੋਹੀ ਪ੍ਰਗਤੀਵਾਦੀ ਤੇ ਕਠੋਰ ਯਥਾਰਥ ਦੇ ਸਨਮੁਖ ਰਹਿਣ ਵਾਲਾ ਕਵੀ ਹੈ, ਪ੍ਰਪੱਕ ਗ਼ਜ਼ਲਗੋਅ ਹੈ। ਉਹ ਪਾਸ਼, ਦਿਲ ਅਤੇ ਉਦਾਸੀ ਦੀ ਪਰੰਪਰਾ ਨੂੰ ਪ੍ਰਣਾਇਆ ਸ਼ਾਇਰ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਕੰਚਨ ਕਾਇਆ
ਸੰਜੋਗੀ : ਅਮਰਜੀਤ ਚੰਦਨ
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 217
ਸੰਪਰਕ : 011-26802488

ਪ੍ਰੇਮ ਸਾਡੀ ਜ਼ਿੰਦਗੀ ਦਾ ਆਧਾਰ ਹੈ। ਕਵਿਤਾ ਰੂਹ ਦੀ ਬੋਲੀ ਹੈ। ਇਹ ਕਾਵਿ-ਪੁਸਤਕ ਅਜੋਕੀ ਪੰਜਾਬੀ ਪ੍ਰੇਮ ਕਵਿਤਾ ਦੇ ਦਰਸ਼ਨ ਕਰਾਉਂਦੀ ਹੈ। ਇਸ ਵਿਚ ਬਹੁਤ ਸਾਰੇ ਕਵੀਆਂ ਦੀਆਂ ਪ੍ਰੇਮ ਕਵਿਤਾਵਾਂ ਨੂੰ ਸੰਜੋਇਆ ਗਿਆ ਹੈ ਜਿਵੇਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਫ਼ੈਜ਼ ਅਹਿਮਦ ਫ਼ੈਜ਼, ਪ੍ਰੀਤਮ ਸਿੰਘ ਸਫ਼ੀਰ, ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਸੁਰਜੀਤ ਪਾਤਰ, ਪਾਸ਼, ਮੁਨੀਰ ਨਿਆਜ਼ੀ, ਬਾਵਾ ਬਲਵੰਤ, ਪ੍ਰੋ. ਮੋਹਨ ਸਿੰਘ, ਸੋਹਨ ਸਿੰਘ ਮੀਸ਼ਾ, ਕੈਲਾਸ਼ ਪੁਰੀ, ਸੁਖਵਿੰਦਰ ਅੰਮ੍ਰਿਤ, ਅਮਰਜੀਤ ਚੰਦਨ, ਸਤੀ ਕੁਮਾਰ, ਹਰਮਨਜੀਤ ਸਿੰਘ ਆਦਿ। ਆਓ ਕਵਿਤਾ ਦੀਆਂ ਕੁਝ ਝਲਕਾਂ ਮਾਣੀਏ :
-ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,
ਅਸੀਂ ਧਾਅ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
-ਇਸ ਜਿੰਦੜੀ ਦੇ ਲੂੰ ਲੂੰ ਕਣ ਕਣ,
ਤੂੰ ਤੇਰੀ ਖ਼ੁਸ਼ਬੋਈ ਆ।
ਇਸ਼ਕਾ ਦੀ ਇਕ ਤਰਲ ਚੁਆਤੀ,
ਕੱਖਾਂ ਹੇਠ ਲੁਕੋਈ ਆ।
-ਇਸ਼ਕ ਅਸਮਾਨ ਵਰਗਾ ਹੈ,
ਜੋ ਨੀਲਾ ਕੇਸਰੀ ਹੁੰਦੈ
ਤਵੀ ਤੇ ਬੈਠ ਜਾਂਦਾ ਹੈ ਤੇ ਉੱਪਰੋਂ ਸੀਅ ਨਹੀਂ ਕਰਦਾ।
-ਕੋਈ ਬੋਲ ਵੇ ਮੁੱਖੋਂ ਬੋਲ, ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ, ਸੱਜਣਾ ਸਾਂਵਲਿਆ।
-ਇਕ ਤੂੰ ਹੋਵੇਂ
ਤਾਂ ਜੀਅ ਲਈਏ
ਅਰਸ਼ੀ ਅਮਿਉਂ
ਰਸ ਪੀ ਲਈਏ।
ਇਸ ਪੁਸਤਕ ਵਿਚ ਪੂਰੀ ਇਕ ਸਦੀ ਦੇ ਅੱਸੀ ਪੰਜਾਬੀ ਕਵੀਆਂ ਨੂੰ ਰੂਬਰੂ ਕੀਤਾ ਗਿਆ ਹੈ। ਪ੍ਰੇਮ ਨਾਲ ਭਰਪੂਰ, ਪ੍ਰੇਮ ਵੰਡਦੀਆਂ ਕਵਿਤਾਵਾਂ ਦੇ ਇਸ ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਮੇਰਾ ਦਾਗ਼ਿਸਤਾਨ
(ਭਾਗ ਦੂਜਾ)
ਲੇਖਕ : ਰਸੂਲ ਹਮਜ਼ਾਤੋਵ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 220 ਸਫ਼ੇ : 224
ਸੰਪਰਕ : 98146-28027

ਰਸੂਲ ਹਮਜ਼ਾਤੋਵ ਸੰਸਾਰ ਸਾਹਿਤ ਵਿਚ ਚਰਚਿਤ ਨਾਂਅ ਹੈ। ਉਸ ਦੀ ਪੁਸਤਕ 'ਮੇਰਾ ਦਾਗਿਸਤਾਨ' ਏਨੀ ਪ੍ਰਸਿੱਧ ਹੋਈ ਹੈ ਕਿ ਦੁਨੀਆ ਭਰ ਦੀਆਂ ਜ਼ਬਾਨਾਂ ਵਿਚ ਇਸ ਨੂੰ ਉਲਥਾਇਆ ਗਿਆ ਹੈ। ਪੰਜਾਬੀ ਵਿਚ ਵੀ ਇਹਦੇ ਬਹੁਤ ਸਾਰੇ ਅਨੁਵਾਦ ਹੋ ਚੁੱਕੇ ਹਨ। ਪਿਛਲੇ ਦਿਨਾਂ ਵਿਚ ਕਰਮ ਸਿੰਘ ਜ਼ਖ਼ਮੀ ਨੇ ਇਸ ਦਾ ਦੋ ਭਾਗਾਂ ਵਿਚ ਅਨੁਵਾਦ ਕੀਤਾ ਹੈ। ਦੂਜੇ ਭਾਗ ਦੇ ਅੰਤਰਗਤ ਇਸ ਦੇ 19 ਸਿਰਲੇਖ ਬਣਾਏ ਗਏ ਹਨ, ਜਿਨ੍ਹਾਂ ਵਿਚ ਅੱਗ, ਪਿਤਾ, ਪਾਣੀ, ਮਾਂ, ਘਰ, ਇਨਸਾਨ, ਮਾਤ ਭਾਸ਼ਾ, ਹੰਸ, ਸ਼ਬਦ, ਗੀਤ, ਪੁਸਤਕ ਤੇ ਕਿਤਾਬ ਆਦਿ ਦਾ ਜ਼ਿਕਰ ਮਿਲਦਾ ਹੈ। ਪਹਿਲੇ ਭਾਗ ਦੀ ਤਰ੍ਹਾਂ ਇਸ ਭਾਗ ਵਿਚ ਵੀ ਲੇਖਕ ਨੇ ਵੱਖ-ਵੱਖ ਵਿਸ਼ਿਆਂ ਬਾਰੇ ਲਿਖਦਿਆਂ ਬਹੁਤ ਸਾਰੇ ਮੁਹਾਵਰੇ, ਅਖੌਤਾਂ ਤੇ ਕਵਿਤਾਵਾਂ ਦੀ ਬੜੀ ਸਹਿਜ ਨਾਲ ਤੇ ਆਮ ਵਰਤੋਂ ਕੀਤੀ ਹੈ। ਇਹ ਅਜਿਹੀਆਂ ਹਨ ਜੋ ਲੋਕ ਮਨਾਂ ਵਿਚ ਸਾਂਭੀਆਂ ਹੋਈਆਂ ਹਨ। ਕਿਤਾਬ ਵਿਚ ਅੰਕਿਤ ਅਜਿਹੀਆਂ ਕੁਝ ਉਕਤੀਆਂ ਵੇਖਣਯੋਗ ਹਨ :
* ਇਸ ਧਰਤੀ 'ਤੇ ਜਨਮ ਲੈਣ ਵਾਲਾ ਹਰ ਆਦਮੀ ਇਨਸਾਨ ਨਹੀਂ ਹੁੰਦਾ। ਉਡਣ ਵਾਲਾ ਹਰ ਪਰਿੰਦਾ ਉਕਾਬ ਨਹੀਂ ਹੁੰਦਾ। (63) * ਅੰਮਾ ਮੈਨੂੰ ਸਿੱਖਿਆ ਦਿਆ ਕਰਦੇ ਸਨ ਨਾਂਅ ਤੋਂ ਵੱਡਾ ਕੋਈ ਪੁਰਸਕਾਰ ਨਹੀਂ, ਜ਼ਿੰਦਗੀ ਤੋਂ ਵੱਡਾ ਕੋਈ ਖਜ਼ਾਨਾ ਨਹੀਂ। ਇਸ ਨੂੰ ਸੰਭਾਲ ਕੇ ਰੱਖੋ। (67)
* ਜੋ ਪਰਾਏ ਘੋੜੇ 'ਤੇ ਸਵਾਰ ਹੁੰਦੈ, ਉਹ ਛੇਤੀ ਹੀ ਹੇਠਾਂ ਡਿਗ ਜਾਂਦੈ। ਸਾਡਾ ਖੰਜਰ ਕਿਸੇ ਦੂਜੇ ਦੀ ਪੁਸ਼ਾਕ ਨਾਲ ਸ਼ੋਭਾ ਨਹੀਂ ਦਿੰਦਾ। (92) * ਭਾਸ਼ਾ ਦੀ ਮਾਤ ਭੂਮੀ ਵਾਂਗ ਰਾਖੀ ਕਰਨੀ ਚਾਹੀਦੀ ਹੈ। (114) * ਗਾਇਆ ਨਾ ਜਾਣ ਵਾਲਾ ਗੀਤ ਤਾਂ ਜਿਵੇਂ ਉੱਡ ਨਾ ਸਕਣ ਵਾਲਾ ਪਰਿੰਦਾ ਹੈ, ਜਿਵੇਂ ਨਾ ਫਰਕਣ ਵਾਲਾ, ਨਾ ਧੜਕਣ ਵਾਲਾ ਦਿਲ ਹੈ। (134)
* ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਜੋ ਗਾਉਣ ਨਹੀਂ ਜਾਣਦਾ, ਉਹਨੂੰ ਪਸ਼ੂਆਂ ਦੇ ਵਾੜੇ ਵਿਚ ਰਹਿਣਾ ਚਾਹੀਦਾ ਹੈ। (148)
* ਤੁਸੀਂ ਗਾਣਾ ਗਾ ਦਿਓ ਅਤੇ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਤੁਸੀਂ ਕਿਹੋ ਜਿਹੇ ਆਦਮੀ ਹੋ। (188)
ਇਸ ਤਰ੍ਹਾਂ ਦੀਆਂ ਸਿਖਿਆਦਾਇਕ, ਪ੍ਰੇਰਨਾਮਈ ਅਤੇ ਆਦਰਸ਼ਕ ਉਕਤੀਆਂ ਥਾਂ-ਥਾਂ 'ਤੇ ਇਸ ਕਿਤਾਬ ਵਿਚ ਉਪਲਬਧ ਹਨ। ਕਰਮ ਸਿੰਘ ਜ਼ਖ਼ਮੀ ਵਲੋਂ ਅਨੁਵਾਦ ਕੀਤੀਆਂ ਹੋਰ 9 ਕਿਤਾਬਾਂ ਵਾਂਗ ਇਹ ਕਿਤਾਬ ਵੀ ਮੂਲ ਦਾ ਭੁਲੇਖਾ ਪਾਉਂਦੀ ਹੈ। ਪੰਜਾਬੀ ਪਾਠਕਾਂ ਨੂੰ ਇਸ ਕਿਤਾਬ ਰਾਹੀਂ ਬਹਮੁੱਲੀ ਜਾਣਕਾਰੀ ਪ੍ਰਾਪਤ ਹੋਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ
ਸੰਪਾਦਕ : ਡਾ. ਬਲਦੇਵ ਸਿੰਘ ਬੱਦਨ ਅਤੇ ਡਾ. ਰੀਨਾ ਕੁਮਾਰੀ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨ, ਦਿੱਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 099588-31357

ਡਾ. ਬਲਦੇਵ ਸਿੰਘ ਬੱਦਨ ਅਤੇ ਉਨ੍ਹਾਂ ਦੇ ਸਹਿਯੋਗੀ ਡਾ. ਰੀਨਾ ਕੁਮਾਰੀ ਨੇ ਪੱਤਰਕਾਰੀ ਦੇ ਖੇਤਰ ਵਿਚ ਇਕ ਮੰਨੇ-ਪ੍ਰਮੰਨੇ ਹਸਤਾਖਰ ਜਗੀਰ ਸਿੰਘ ਜਗਤਾਰ ਦੇ ਵੱਖੋ-ਵੱਖਰੇ ਅਖ਼ਬਾਰਾਂ ਵਿਚ ਛਪੇ ਸੰਪਾਦਕੀ ਲੇਖਾਂ ਦਾ ਸੰਗ੍ਰਹਿ 'ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ' ਪ੍ਰਕਾਸ਼ਿਤ ਕੀਤਾ ਹੈ। ਬੇਸ਼ੱਕ ਸਾਹਿਤਕ ਵਿਦਵਾਨ ਅਤੇ ਅਲੋਚਕ ਅਜਿਹੇ ਸੰਪਾਦਕੀ ਲੇਖਾਂ ਨੂੰ ਮੂਲ ਸਿਰਜਣਾਤਮਕ ਸਾਹਿਤ ਦੀ ਵੰਨਗੀ ਤੋਂ ਵੱਖਰੀ ਸ਼੍ਰੇਣੀ ਵਿਚ ਰੱਖਦੇ ਹਨ, ਫਿਰ ਵੀ ਅਜਿਹੇ ਲੇਖਾਂ ਦੀ ਸਮਾਜਿਕ, ਸਿਆਸਤੀ ਨਬਜ਼ ਤੇ ਪੀਡੀ ਪਕੜ ਹੋਣ ਕਰਕੇ ਇਹ ਮੌਜੂਦਾ ਹਾਲਾਤ ਦਾ ਦਰਪਣ ਹੁੰਦੇ ਹਨ ਜਿਨ੍ਹਾਂ ਵਿਚ ਘਟਨਾਕ੍ਰਮ 'ਤੇ ਵਿਸ਼ੇਸ਼ ਦ੍ਰਿਸ਼ਟੀ ਅਤੇ ਵਿਚਾਰਧਾਰਾ ਰਾਹੀਂ ਟਿੱਪਣੀਆਂ ਕੀਤੀਆਂ ਗਈਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਪੋਸਟਮਾਰਟਮ ਵੀ ਕੀਤਾ ਗਿਆ ਹੁੰਦਾ ਹੈ। ਕਿਸੇ ਹੱਦ ਤੱਕ ਸੰਬੰਧਿਤ ਅਖ਼ਬਾਰ ਦੀ ਵਿਚਾਰਧਾਰਕ ਨੀਤੀ ਨਾਲ ਵੀ ਇਨ੍ਹਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਸਾਂਝ ਹੋਣੀ ਵੀ ਜ਼ਰੂਰੀ ਹੁੰਦੀ ਹੈ। ਕਿਉਂਕਿ ਪੁਸਤਕ ਵਿਚਲੇ ਵਧੇਰੇ ਲੇਖ ਪੰਜਾਬੀ ਟ੍ਰਿਬਿਊਨ ਅਤੇ ਨਵਾਂ ਜ਼ਮਾਨਾ ਵਿਚ ਪ੍ਰਕਾਸ਼ਿਤ ਹੋਏ ਹਨ, ਇਸ ਤੋਂ ਹੀ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ। ਪੁਸਤਕ ਵਿਚ ਸੰਕਲਿਤ 37 ਲੇਖ ਲੋਕਤੰਤਰੀ ਚੋਣਾਂ, ਸਿੱਖਿਆ ਜਗਤ, ਕਿਸਾਨ ਔਰਤਾਂ ਦੀਆਂ ਖੁਦਕੁਸ਼ੀਆਂ, ਕਾਲਾ ਧਨ ਅਤੇ ਭ੍ਰਿਸ਼ਟਾਚਾਰ, ਮਾਂ-ਬੋਲੀ ਤੇ ਸੰਕਟ, ਵੀ.ਆਈ.ਪੀ. ਕਲਚਰ, ਕਿਸਾਨ ਮਜ਼ਦੂਰ ਏਕਤਾ, ਸ਼ਹੀਦਾਂ ਦਾ ਸਨਮਾਨ, ਪਰਾਲੀ ਜਲਾਉਣ ਦਾ ਸੰਕਟ, ਅੱਤਵਾਦ, ਪੰਜਾਬ, ਪੰਜਾਬੀ ਤੇ ਪੰਜਾਬੀਅਤ 'ਤੇ ਹਮਲੇ, ਪੰਜਾਬ ਤੇ ਕੇਂਦਰ ਦੇ ਨੀਤੀਗਤ ਟਕਰਾਅ ਆਦਿ ਭਖਦੇ ਮਸਲਿਆਂ ਨੂੰ ਆਧਾਰ ਬਣਾਇਆ ਗਿਆ ਹੈ। ਜਗੀਰ ਸਿੰਘ ਜਗਤਾਰ ਨੇ ਆਪਣੀ ਕਲਮ ਦੇ ਹਥਿਆਰ ਨਾਲ ਆਪਣੇ ਫ਼ਰਜ਼ ਨੂੰ ਬਾਖੂਬੀ ਅੰਜਾਮ ਦਿੱਤਾ ਹੈ। ਪੁਸਤਕ ਨੂੰ ਪੜ੍ਹਦਿਆਂ ਜਗੀਰ ਸਿੰਘ ਜਗਤਾਰ ਦੇ ਸੰਪਾਦਕੀ ਲੇਖਾਂ ਤੋਂ ਛੁੱਟ ਉਸ ਦੇ ਐਸ.ਡੀ. ਕਾਲਜ, ਬਰਨਾਲਾ ਦੀ ਸਪਤਾਹਿਕ 'ਸਮਾਜ ਤੇ ਪੱਤਰਕਾਰ' ਪੱਤ੍ਰਿਕਾ ਦੇ ਮੁੱਖ ਸੰਪਾਦਕ ਵਜੋਂ ਸੇਵਾ ਕਰਨ ਦਾ ਵੀ ਪਤਾ ਚਲਦਾ ਹੈ। ਜਗਤਾਰ ਵਲੋਂ ਆਪਣੇ ਇਲਾਕੇ ਵਿਚ ਸਾਹਿਤਕ ਸੰਮੇਲਨ, ਕਵੀ ਦਰਬਾਰ, ਸੈਮੀਨਾਰ ਤੋਂ ਇਲਾਵਾ ਸਮਾਜ ਦੀ ਭਲਾਈ ਲਈ ਕੈਂਪ ਆਯੋਜਿਤ ਕਰਾਉਣੇ, ਖਾਸ ਕਰਕੇ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿਚ ਮਦਦ ਕਰਨੀ ਵਰਗੇ ਸਮਾਜ ਸੇਵੀ ਦੇ ਗੁਣਾਂ ਦਾ ਵੀ ਗਿਆਨ ਹੁੰਦਾ ਹੈ। ਉਸ ਦੀ ਇਹ ਵਡਮੁੱਲੀ ਦੇਣ ਕਈਆਂ ਲਈ ਪ੍ਰੇਰਨਾ ਦਾ ਸੋਮਾ ਬਣੇਗੀ। ਹੱਥਲੀ ਪੁਸਤਕ ਸਿਰਫ਼ ਜਗਤਾਰ ਦੇ ਅਖ਼ਬਾਰੀ ਲੇਖਾਂ ਦਾ ਸੰਕਲਨ ਮਾਤਰ ਨਾ ਹੋ ਕੇ ਉਸ ਦੀ ਸੰਪੂਰਨ ਸ਼ਖ਼ਸੀਅਤ ਦੇ ਰੂ-ਬਰੂ ਕਰਾਉਣ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਪਰਛਾਵਿਆਂ ਦੀ ਡਾਰ
ਗ਼ਜ਼ਲਕਾਰਾ : ਨੀਲੂ ਜਰਮਨੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98154-48958

ਨੀਲੂ ਜਰਮਨੀ ਦੀ ਇਹ ਦੂਜੀ ਕਾਵਿ-ਪੁਸਤਕ ਅਤੇ ਪਹਿਲਾ ਗ਼ਜ਼ਲ-ਸੰਗ੍ਰਹਿ ਹੈ। ਉਸ ਦੇ ਪਹਿਲੇ ਕਾਵਿ-ਸੰਗ੍ਰਹਿ ਬੈਰਾਗ ਨੇ ਉਸ ਦੀ ਪੰਜਾਬੀ ਕਾਵਿ ਜਗਤ ਵਿਚ ਡੂੰਘੀ ਪਹਿਚਾਣ ਕਰਵਾ ਦਿੱਤੀ ਸੀ। ਪੁਸਤਕ ਵਿਚ 64 ਗ਼ਜ਼ਲਾਂ, 96 ਸਫ਼ਿਆਂ ਵਿਚ ਸੁਭਾਇਮਾਨ ਹਨ। ਨੀਲੂ ਦੇ ਸ਼ਿਅਰਾਂ ਵਿਚ ਅੰਤਾਂ ਦਾ ਜਜ਼ਬਾ ਅਤੇ ਦਰਦ ਹੈ। ਉਹ ਸਹਿਜ ਨਾਲ ਸ਼ਿਅਰ ਕਹੇ ਤਾਂ ਉਹ ਵੀ ਵਿਸ਼ੇਸ਼ਤਾ ਨਾਲ ਰਹਾਉ ਸਥਿਤੀ ਵਿਚ ਪਰਵਾਚਣ ਦੀ ਮੰਗ ਕਰਦਾ ਹੈ। ਉਸ ਨੇ (ਸ਼ਾਇਰ) ਕ੍ਰਿਸ਼ਨ ਭਨੋਟ ਕੋਲੋਂ ਗ਼ਜ਼ਲ ਤਕਨੀਕ ਨੂੰ ਸਾਣੇ ਚੜ੍ਹਾਇਆ ਹੈ। ਸੁਪਨੇ ਸੱਧਰਾਂ, ਸ਼ੋਖੀਆਂ ਸ਼ਰਾਰਤਾਂ ਸੰਗ, ਸੰਕੋਚ, ਸੰਵੇਦਨਾ, ਸੰਜੋਗ, ਵਿਯੋਗ, ਰੀਝਾਂ, ਸੂਖਮਤਾ, ਸਹਿਜਤਾ, ਸਰਲਤਾ, ਵਲਵਲੇ, ਹੰਝੂ ਹਾਵੇ ਹਉਕੇ ਜਿਹੇ ਅਹਿਸਾਸਾਂ ਨਾਲ ਸਜੀਆਂ ਉਸ ਦੀਆਂ ਗ਼ਜ਼ਲਾਂ ਪਾਠਕ/ਸਰੋਤੇ ਨੂੰ ਬਾਹੋਂ ਫੜ ਕੇ ਆਪਣੇ ਕੋਲ ਬਿਠਾਉਣ ਦੇ ਕਾਬਲ ਹਨ। ਨੀਲੂ ਦੀ ਸ਼ਬਦਾਵਲੀ ਅਤੇ ਬਿੰਬ ਪ੍ਰਤੀਕ ਸ਼ੁੱਧ ਪੰਜਾਬੀ ਵਿਚੋਂ ਆਉਂਦੇ ਹਨ। ਸ਼ਿਅਰ ਸ਼ਿਅਰ ਦੀ ਗਹਿਰਾਈ ਦਿਲ ਤੋਂ ਹੋ ਕੇ ਰੂਹ ਨੂੰ ਦਸਤਕ ਦਿੰਦੀ ਹੈ। ਉਸ ਦੇ ਸ਼ਿਅਰਾਂ ਵਿਚ ਨਾਰੀ ਮਨ ਦੇ ਕੋਮਲ ਅਤੇ ਅਣਕਹੇ ਅਹਿਸਾਸ ਸਰੂਪ ਹੁੰਦੇ ਹਨ। ਉਹ ਬੜੀ ਸ਼ਿੱਦਤ ਨਾਲ ਬਿਆਨ ਨੂੰ ਚਿੱਤਰਪਟ ਉੱਤੇ ਲਿਆਉਂਦੀ ਹੈ।
ਨੀਲੂ ਦੀ ਸ਼ੇਅਰਕਾਰੀ ਨਾਰੀ ਮਨ ਦੀ ਤਸਵੀਰ ਕਸ਼ੀ ਤੋਂ ਲੈ ਕੇ ਰਾਜਨੀਤੀ, ਸਮਾਜਿਕਤਾ, ਧਾਰਮਿਕਤਾ ਅਤੇ ਸੱਭਿਆਚਾਰਕ ਗੁਣਾਂ ਔਗੁਣਾਂ ਅਤੇ ਵਿਗਾੜਾਂ ਨੂੰ ਪੇਸ਼ ਕਰਦੀ ਹੈ :
ਤੇਰੇ ਸੰਵਿਧਾਨ ਦੇ ਅੰਬੇਦਕਰ ਜੀ
ਸਭ ਸਫ਼ੇ ਵਿਕ ਗਏ ਬਾਜ਼ਾਰ ਅੰਦਰ
ਬਦੋਸ਼ੇ ਰੋਜ਼ ਹਨ ਸੂਲੀ 'ਤੇ ਚੜ੍ਹਦੇ
ਖਤਾ ਮੁਜਰਿਮ ਦੀ ਬਖਸ਼ੀ ਜਾ ਰਹੀ ਹੈ।
ਨੀਲੂ ਗ਼ਜ਼ਲ ਦੇ ਹਰ ਇੰਦਰਾਜ ਤਕਨੀਕੀ ਪੱਖ ਨੂੰ ਮਾਣ ਦਿੰਦੀ ਹੈ :
ਗ਼ਜ਼ਲ ਧੀਏ ਜਰਾ ਉੱਠ
ਸਾਂਭ ਸਿਰ ਤੇ ਬਹਿਰ ਦੀ ਚੁੰਨੀ,
ਤੇਰੀ ਖਾਤਰ ਕੁੜੇ ਸ਼ਾਇਰ
ਨਵੇਂ ਅੰਦਾਜ਼ ਲੈ ਆਏ।
ਨੀਲੂ ਇਕ ਮਾਂ ਹੈ, ਧੀ ਹੈ, ਸੁਪਤਨੀ ਅਤੇ ਕਿਸੇ ਦੀ ਭੈਣ ਹੈ ਉਹ ਇਸ ਫਲਸਫ਼ੇ ਨੂੰ ਬੜੇ ਸਹਿਜ ਨਾਲ ਵਰਕੇ 'ਤੇ ਲਿਆ ਧਰਤੀ ਹੈ :
ਮੈਂ ਵੀ ਬੁੱਧ ਦੀ ਬਾਣੀ ਪੜ੍ਹ ਕੇ
ਛਡ ਚੱਲੀ ਸਾਂ ਰਾਤੀਂ ਘਰ ਨੂੰ,
ਪਰ ਛਾਤੀ 'ਚੋਂ ਸ਼ਿੰਮਦੇ ਦੁੱਧ ਨੇ
ਦੇਹਲੀ ਤੋਂ ਹੀ ਮੋੜ ਲਿਆ ਹੈ।
ਪੁਸਤਕ ਉੱਤੇ ਡਾ. ਸੁਰਜੀਤ ਪਾਤਰ ਨੇ ਵੀ ਹਾਂ ਮੁਖੀ ਮੁਹਰ ਲਾਈ ਹੈ ਅਤੇ ਜਸਵੀਰ ਰਾਣਾ ਕ੍ਰਿਸ਼ਨ ਭਨੋਟ ਤੇ ਇਕ ਹੋਰ ਗ਼ਜ਼ਲਕਾਰਾ ਨੇ ਵੀ ਨੀਲੂ ਦੀਆਂ ਗ਼ਜ਼ਲਾਂ ਦੀ ਸਿਫ਼ਤ ਕੀਤੀ ਹੈ। ਮੈਂ ਕੁਝ ਸ਼ਿਅਰ ਇਸ ਪੁਸਤਕ ਵਿਚੋਂ ਪਾਠਕਾਂ ਲਈ ਏਥੇ ਦਰਜ ਕਰਨਾ ਚਾਹਾਂਗਾ ਤਾਂ ਕਿ ਉਹ ਦਾਲ 'ਚੋਂ ਦਾਣਾ ਟੋਹ ਸਕਣ :
-ਗਏ ਸੀ ਜੋ ਵਿਦੇਸ਼ਾਂ ਨੂੰ ਘਰਾਂ ਦੇ ਹਾਸਿਆਂ ਖਾਤਿਰ,
ਜਦੋਂ ਪਰਤੇ ਦਰਾਂ ਦੇ ਰੁਦਨ ਨੇ ਹੈਰਾਨ ਕੀਤਾ ਸੀ।
(ਬਹਿਰ ਹਜਜ ਸਾਲਿਮ)
-ਤੁਹਾਡੇ ਰੂਬਰੂ ਹੋਵਾਂ ਕਿਵੇਂ ਮੈਂ
ਅਜੇ ਖੁਦ ਨੂੰ ਨਹੀਂ ਪਹਿਚਾਣਦੀ ਹਾਂ
ਜੋ ਸਿਰ ਧੜ ਤੇ ਦਿਸੇ ਮੇਰਾ ਨਹੀਂ ਹੈ
ਤੇ ਧੜ ਵੀ ਹੈ ਬੇਗਾਨਾ ਜਾਣਦੀ ਹਾਂ।
(ਬਹਿਰ : ਹਜਜ ਮੁਸੱਦਸ ਮਕਫੂਫ ਮਹਿਜੂਫ਼)
-ਮੇਰੇ ਸੀਨੇ ਵਿਚ ਜੋ ਖੁਭਿਆ ਪੱਥਰ ਦਾ ਪ੍ਰਛਾਵਾਂ
ਬਣ ਜਾਵੇ ਸਾਰੰਗੀ ਜਦ ਮੈਂ ਰਾਤਾਂ ਨੂੰ ਉੱਠ ਗਾਵਾਂ।
ਬਹਿਰ ਸਤ ਫੇਲੁਨ (ਦਵੱਈਆ)
-ਮੈਂ ਪੈਰ ਉਸ ਦੇ ਛੁਹ ਕੇ ਜਦ ਵੀ ਨੇ ਰਾਗ ਛੇੜੇ,
ਲਗਦਾ ਸੁਰਾਂ ਦੀ ਦੇਵੀ ਖ਼ੁਦ ਹੀ ਸਾਕਾਰ ਹੋਈ।
(ਬਹਿਰ ਮੁਚਾਰਿਆ ਮੁਸੱਮਨ ਅਖਰਬ)
-ਕੰਧਾਂ ਕਰਾ ਕੇ ਬਾਗ਼ ਨੂੰ ਤਾਲਾ ਲਗਾ ਗਏ
ਉਹ ਸੋਚਦੇ ਰੁਤ ਕੈਦ ਹੈ ਕੀਤੀ ਬਹਾਰ ਦੀ
(ਬਹਿਰ ਮੁਜਾਰਿਆ ਮੁਸੱਮਨ ਮਹਿਕੂਫ਼ ਮਹਿਜੂਫ)
ਭਾਵੇਂ ਨੀਲੂ ਨੇ ਬਹਿਰਾਂ ਛੰਦਾਂ ਦੀ ਭੀੜ ਤੋਂ ਸੰਕੋਚ ਕੀਤਾ ਹੈ ਪਰ ਜਿੰਨੇ ਵੀ ਛੰਦ ਬਹਿਰ ਕਹੇ ਨੇ ਪੂਰੇ ਨਿਭਾਏ ਹਨ। ਨਾਰੀ ਕਵਿੱਤਰੀਆਂ ਦੀ ਸਫਲ ਪੇਸ਼ਕਾਰੀ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਤਲਵੰਡੀ ਸਲੇਮ ਨੂੰ ਜਾਂਦੀ ਸੜਕ
(ਪਾਸ਼ ਦੀ ਵਾਰਤਕ)
ਸੰਪਾਦਨ : ਸੋਹਣ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 476+16
ਸੰਪਰਕ : 98152-98459

ਸ. ਸੋਹਣ ਸਿੰਘ ਸੰਧੂ ਦੇ ਸਿਦਕ ਅਤੇ ਸਿਰੜ ਨੂੰ ਸਤਿਕਾਰ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਪਾਸ਼ ਦੀਆਂ ਰਚਨਾਵਾਂ ਨੂੰ ਇਕ ਸੂਝਵਾਨ ਅਤੇ ਸਜੱਗ ਪਾਠਕ ਵਾਂਗ ਪੜ੍ਹਿਆ ਹੈ। ਕੁਦਰਤ ਨੇ ਉਸ ਨਾਲ ਇਨਸਾਫ਼ ਕੀਤਾ ਹੋਵੇ ਜਾਂ ਨਾ, ਪਰ ਉਸ ਨੇ ਇਕ ਸੁਯੋਗ ਪਿਤਾ ਦੇ ਧਰਮ ਨਾਲ ਜ਼ਰੂਰ ਇਨਸਾਫ਼ ਕੀਤਾ ਹੈ। ਪਾਸ਼ ਦੀ ਸਮੁੱਚੀ ਕਵਿਤਾ, ਪਾਸ਼ ਬਾਰੇ ਕੀਤੀ ਗਈ ਸਮੀਖਿਆ ਨੂੰ ਇਕ-ਇਕ ਜਿਲਦ ਵਿਚ ਪ੍ਰਕਾਸ਼ਿਤ ਕਰਨ ਦੇ ਨਾਲ-ਨਾਲ, ਹੁਣ ਉਸ ਨੇ ਪਾਸ਼ ਦੀ ਸਮੁੱਚੀ ਵਾਰਤਕ (ਯਾਦਾਂ, ਸਵੈਜੀਵਨੀ, ਡਾਇਰੀ ਅਤੇ ਖ਼ਤ ਆਦਿ) ਨੂੰ ਵੀ ਇਕ ਹੀ ਜਿਲਦ ਵਿਚ ਸੰਕਲਿਤ ਕਰ ਕੇ ਪਾਠਕਾਂ ਹਿਤ ਸਾਂਭ ਲਿਆ ਹੈ। 'ਤਲਵੰਡੀ ਸਲੇਮ ਨੂੰ ਜਾਂਦੀ ਸੜਕ' ਸਿੱਧੀ ਪਾਸ਼ ਦੀ ਸੰਵੇਦਨਾ ਤੱਕ ਵੀ ਜਾਂਦੀ ਹੈ।
ਇਸ ਪੁਸਤਕ ਵਿਚ ਸੰਕਲਿਤ ਕਈ ਰਚਨਾਵਾਂ ਪਾਸ਼ ਦੇ ਬੇਲਿਹਾਜ਼ੇ ਸੁਭਾਅ ਵੱਲ ਵੀ ਸੰਕੇਤ ਕਰ ਜਾਂਦੀਆਂ ਹਨ। ਉਹ ਤਕਲੱਫ ਜਾਂ ਫਾਰਮਲ ਵਿਹਾਰ ਦਾ ਮੁਦਈ ਨਹੀਂ ਸੀ। ਇਸ ਪੱਖੋਂ ਉਹ ਪੂਰਨ ਭਾਂਤ 'ਪੰਜਾਬੀ' ਸੀ, ਉਸ ਨੇ ਆਪਣੀ ਪੰਜਾਬੀਅਤ ਨੂੰ ਕਾਇਮ ਰੱਖਿਆ ਸੀ। ਜਿਹੜੀ ਗੱਲ ਉਸ ਨੂੰ ਪਸੰਦ ਨਹੀਂ ਸੀ ਆਉਂਦੀ, ਉਹ ਅਗਲੇ ਦੇ ਮੂੰਹ ਉੱਪਰ ਕਹਿ ਦਿੰਦਾ ਸੀ ਬਲਕਿ ਲਿਖ ਦਿੰਦਾ ਸੀ ਤਾਂ ਕਿ ਬਾਅਦ ਵਿਚ ਮੁੱਕਰ ਨਾ ਸਕੇ। ਭਾਵੇਂ ਉਹ ਆਪਣੇ ਜੀਵਨ ਵਿਚ ਲਗਾਤਾਰ ਬਹੁਤ ਸਾਰੇ ਝਮੇਲਿਆਂ ਵਿਚ ਫਸਿਆ ਰਿਹਾ ਤਾਂ ਵੀ ਉਹ ਲਿਖਣ-ਪੜ੍ਹਨ ਲਈ ਵਕਤ ਕੱਢ ਹੀ ਲੈਂਦਾ ਸੀ। ਪੰਜਾਬੀ ਸਾਹਿਤ ਵਿਚ ਬਹੁਤ ਘੱਟ ਲੋਕ ਉਸ ਜਿੰਨਾ ਪੜ੍ਹੇ-ਲਿਖੇ ਹੋਣਗੇ ਉੱਪਰੋਂ ਤੁੱਰਾ ਇਹ ਕਿ ਉਸ ਦੀ ਯਾਦ-ਸ਼ਕਤੀ ਕਮਾਲ ਦੀ ਸੀ। ਉਹ ਕਿਸੇ ਵੀ ਵਕਤ ਪੰਜਾਬੀ, ਭਾਰਤੀ ਜਾਂ ਯੂਰਪੀ ਲੇਖਕ ਨੂੰ ਹਵਾਲੇ ਵਾਸਤੇ, ਕੋਟ ਕਰ ਸਕਦਾ ਸੀ।
ਇਸ ਪੁਸਤਕ ਵਿਚ ਸੰਕਲਿਤ ਰਚਨਾਵਾਂ ਪਾਸ਼ ਦੇ ਸਾਹਿਤ-ਸ਼ਾਸਤਰ ਦਾ ਨਿਰਮਾਣ ਕਰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਕਾਵਿ ਦੀ ਵੱਥ (content) ਅਤੇ ਕੱਥ (express}on) ਦੇ ਪਰਸਪਰ ਸੰਬੰਧਾਂ ਬਾਰੇ ਪਤਾ ਚਲਦਾ ਹੈ। ਉਹ ਸੁਰਜੀਤ ਪਾਤਰ, ਮਨਜੀਤ ਟਿਵਾਣਾ ਅਤੇ ਅਮਿਤੋਜ ਵਰਗੇ ਸਮਰੱਥ ਕਵੀਆਂ ਦਾ ਤੁਲਨਾਤਮਿਕ ਅਧਿਐਨ ਕਰ ਸਕਦਾ ਸੀ। ਅੱਜ ਜੇ ਉਹ ਜਿਊਂਦਾ ਹੁੰਦਾ ਤਾਂ ਉਹ ਇਕ ਨਾਨੇ ਵਜੋਂ ਸਾਹਮਣੇ ਆਉਂਦਾ। ਇਸ ਰੂਪ ਵਿਚ ਭਲਾ ਉਹ ਕਿਵੇਂ ਲਗਦਾ? ਕੁਝ ਵੱਖਰਾ ਹੁੰਦਾ ਜਾਂ ਨਾ! ਬੰਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਜੀਵਨ ਬਾਬਾ ਬਚਿੱਤਰ ਸਿੰਘ ਜੀ ਸ਼ਹੀਦ
ਲੇਖਕ : ਰਣਧੀਰ ਸਿੰਘ ਸੰਭਲ
ਪ੍ਰਕਾਸ਼ਕ : ਮਾਤਾ ਖੀਵੀ ਜੀ ਸਿੱਖ ਸੇਵਾ ਸੁਸਾਇਟੀ ਯੂ.ਕੇ., ਪੰਜਾਬ
ਮੁੱਲ : 200 ਰੁਪਏ, ਸਫ਼ੇ : 179

ਗਿਆਨੀ ਰਣਧੀਰ ਸਿੰਘ ਸੰਭਲ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਲਗਭਗ 30 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਉਸ ਨੇ ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਦੀ ਸੂਰਬੀਰਤਾ ਭਰਪੂਰ ਜੀਵਨੀ ਦੇ ਵੱਖ-ਵੱਖ ਪਹਿਲੂਆਂ 'ਤੇ ਰੌਸ਼ਨੀ ਪਾਈ ਹੈ। ਉਸ ਨੇ ਡੂੰਘੀ ਖੋਜ ਦੇ ਨਾਲ-ਨਾਲ ਬਹੁਤ ਸਾਰੀਆਂ ਸਹਾਇਕ ਪੁਸਤਕਾਂ ਦੇ ਅਧਿਐਨ ਉਪਰੰਤ ਇਸ ਪੁਸਤਕ ਦੀ ਰਚਨਾ ਕੀਤੀ। ਬਾਬਾ ਬਚਿੱਤਰ ਸਿੰਘ ਜੀ ਬਾਰੇ ਲੇਖਕ ਨੇ ਦੱਸਿਆ ਹੈ ਕਿ ਆਪ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ। ਆਪ 10 ਭਰਾ ਸਨ, ਜੋ ਸਾਰੇ ਹੀ ਗੁਰੂ ਘਰ ਦੇ ਸੇਵਕ ਅਤੇ ਸੂਰਬੀਰ ਯੋਧੇ ਸਨ। ਭਾਈ ਬਚਿੱਤਰ ਸਿੰਘ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਸੰਗਤ ਵਿਚ ਬਿਤਾਇਆ ਸੀ। ਆਪ ਤਲਵਾਰ ਦੇ ਧਨੀ ਸਨ। ਗੁਰੂ ਸਾਹਿਬ ਵਲੋਂ ਲੜੀਆਂ ਗਈਆਂ ਤਕਰੀਬਨ ਸਾਰੀਆਂ ਹੀ ਜੰਗਾਂ ਵਿਚ ਆਪ ਨੇ ਇਕ ਸੂਰਬੀਰ ਸਿਪਾਹੀ ਵਜੋਂ ਹਿੱਸਾ ਲਿਆ ਸੀ। ਪਹਾੜੀ ਰਾਜਿਆਂ ਨੇ ਜਦੋਂ ਲੋਹਗੜ੍ਹ ਕਿਲ੍ਹੇ ਦਾ ਮਜ਼ਬੂਤ, ਦਰਵਾਜ਼ਾ ਤੋੜਨ ਵਾਸਤੇ ਇਕ ਸ਼ਰਾਬੀ ਹਾਥੀ ਨੂੰ ਅੱਗੇ ਲਿਆਂਦਾ ਤਾਂ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤਾ ਨਾਗਨੀ ਬਰਛਾ ਪੂਰੇ ਜ਼ੋਰ ਨਾਲ ਹਾਥੀ ਦੇ ਸਿਰ ਵਿਚ ਖੋਭ ਦਿੱਤਾ ਅਤੇ ਜਦੋਂ ਉਸ ਨੂੰ ਵਾਪਸ ਖਿਚਿਆ ਤਾਂ ਹਾਥੀ ਚਿੰਘਾੜਦਾ ਹੋਇਆ ਪਿਛਾਂਹ ਨੂੰ ਭੱਜ ਪਿਆ ਅਤੇ ਦੁਸ਼ਮਣ ਫ਼ੌਜਾਂ ਨੂੰ ਲਤਾੜ ਸੁੱਟਿਆ। ਇਸ ਤਰ੍ਹਾਂ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ।
ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਗੁਰੂ ਸਾਹਿਬ ਪਰਿਵਾਰ ਸਹਿਤ ਰੋਪੜ ਵੱਲ ਨੂੰ ਚੱਲ ਪਏ। ਸਰਸਾ ਨਦੀ 'ਤੇ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੀ ਭਾਰੀ ਮੁਗਲ ਫ਼ੌਜਾਂ ਨਾਲ ਗਹਿਗੱਚ ਲੜਾਈ ਹੋਈ। ਬਹਾਦਰੀ ਨਾਲ ਲੜਦੇ ਹੋਏ ਭਾਈ ਸਾਹਿਬ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਕੋਟਲਾ ਨਿਹੰਗ ਖ਼ਾਨ ਵਿਖੇ ਚੜ੍ਹਾਈ ਕਰ ਗਏ।
ਉਪਰੰਤ ਲੇਖਕ ਨੇ ਪੁਸਤਕ ਵਿਚ ਭਾਈ ਮਨੀ ਸਿੰਘ ਜੀ ਸ਼ਹੀਦ, ਬਾਬਾ ਦੀਪ ਸਿੰਘ ਜੀ ਸ਼ਹੀਦ, ਬਾਬਾ ਬੰਦਾ ਸਿੰਘ ਜੀ ਬਹਾਦਰ ਆਦਿ ਸੂਰਬੀਰ ਸ਼ਹੀਦਾਂ ਦੀਆਂ ਸੰਖੇਪ ਜੀਵਨੀਆਂ ਅਤੇ ਇਤਿਹਾਸਕ ਗੁਰਦੁਆਰਿਆਂ ਦਾ ਇਤਿਹਾਸ ਵਰਨਣ ਕੀਤਾ ਹੈ।
ਲੇਖਕ ਨੇ ਪੁਸਤਕ ਵਿਚ ਕੁਝ ਹੋਰ ਵਿਦਵਾਨਾਂ ਦੇ ਵਿਸ਼ੇ ਨਾਲ ਸੰਬੰਧਿਤ ਲੇਖ ਵੀ ਸ਼ਾਮਿਲ ਕੀਤੇ ਹਨ।
ਛਪਾਈ ਤੇ ਦਿੱਖ ਪੱਖੋਂ ਵੀ ਇਹ ਸੁੰਦਰ ਪੁਸਤਕ ਹੈ। ਪੂਰੀ ਆਸ ਹੈ ਕਿ ਸਿੱਖ ਕੌਮ ਦੀ ਨਵੀਂ ਪਨੀਰੀ ਤੇ ਨੌਜਵਾਨ ਪੀੜ੍ਹੀ ਵਾਸਤੇ ਇਹ ਪੁਸਤਕ ਪ੍ਰੇਰਨਾ ਸਰੋਤ ਸਾਬਤ ਹੋਵੇਗੀ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਮੂਕ-ਸੰਵਾਦ
ਲੇਖਿਕਾ : ਇੰਦਰਜੀਤ ਨੰਦਨ
ਪ੍ਰਕਾਸ਼ਕ : ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 80
ਸੰਪਰਕ : 94637-05318

ਹਥਲਾ ਕਾਵਿ-ਸੰਗ੍ਰਹਿ 'ਮੂਕ-ਸੰਵਾਦ' ਇੰਦਰਜੀਤ ਨੰਦਨ ਵਲੋਂ ਸੱਚਮੁੱਚ ਹੀ ਕੁਦਰਤ ਨਾਲ ਇੱਕਸੁਰ ਹੋ ਕੇ ਰਚਾਇਆ ਗਿਆ ਮੂਕ-ਸੰਵਾਦ ਹੈ। ਪੁਸਤਕ ਵਿਚਲੀਆਂ ਰਚਨਾਵਾਂ ਆਕਾਰ ਪੱਖੋਂ ਬੇਸ਼ੱਕ ਬਹੁਤ ਛੋਟੀਆਂ ਹਨ ਪਰ ਵਿਚਾਰ ਪੱਖ ਤੋਂ ਇਨ੍ਹਾਂ ਦਾ ਘੇਰਾ ਬੜਾ ਵਿਸ਼ਾਲ ਹੈ। ਮਾਨਵੀ ਮਨ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਣ ਦੀ ਸੂਖਮ ਸੂਝ-ਬੂਝ ਉਨ੍ਹਾਂ ਦੇ ਹਰ ਸ਼ਬਦ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਨ੍ਹਾਂ ਅਨੁਸਾਰ ਆਪਣੇ ਮੂਲ ਨੂੰ ਪਛਾਣਨਾ ਹੀ ਅਸਲ ਵਿਚ ਕੁਦਰਤੀ ਸਿਰਜਣ ਪ੍ਰਕਿਰਿਆ ਵਿਚ ਸ਼ਾਮਲ ਹੋਣਾ ਹੈ, ਭੂਤ ਦੇ ਪਛਤਾਵਿਆਂ ਅਤੇ ਭਵਿੱਖ ਦੇ ਨਿਰਮੂਲ ਖ਼ਤਰਿਆਂ ਤੋਂ ਮੁਕਤ ਹੋ ਕੇ ਵਰਤਮਾਨ ਵਿਚ ਜਿਊਣਾ ਹੈ।
ਇੰਦਰਜੀਤ ਨੰਦਨ ਸਮਝਦੇ ਹਨ ਕਿ ਮਨੁੱਖ ਕਿਸੇ ਵੀ ਕਾਰਜ ਵਿਚ ਆਪਣੀ ਸੰਪੂਰਨਤਾ ਨਾਲ ਸ਼ਾਮਿਲ ਨਹੀਂ ਹੁੰਦਾ। ਉਹ ਜੋ ਕੁਝ ਵੀ ਕਰਦਾ ਹੈ, ਅੱਧੇ-ਅਧੂਰੇ ਮਨ ਨਾਲ ਕਰਦਾ ਹੈ ਅਤੇ ਹਰ ਮੁਕਾਮ 'ਤੇ ਸਦਾ ਆਪਣੇ ਹੀ ਖ਼ਿਲਾਫ਼ ਰਹਿੰਦਾ ਹੈ। ਜਿਸ ਚੀਜ਼ ਨੂੰ ਉਹ ਛੱਡਣਾ ਚਾਹੁੰਦਾ ਹੈ, ਉਸ ਦੀ ਪਕੜ ਹੋਰ ਮਜ਼ਬੂਤ ਹੁੰਦੀ ਰਹਿੰਦੀ ਹੈ ਅਤੇ ਪ੍ਰਾਪਤ ਹੋਈ ਵਡਮੁੱਲੀ ਸੌਗਾਤ ਵੀ ਉਸ ਲਈ ਗਿਲਾਨੀ ਦਾ ਕਾਰਨ ਬਣ ਜਾਂਦੀ ਹੈ। ਅਸਲ ਵਿਚ ਇਹ ਦਵੰਦ ਹੀ ਮਨੁੱਖ ਦੀ ਬੇਚੈਨੀ ਦੀ ਬੁਨਿਆਦ ਹੈ:
ਘਾਹ 'ਤੇ ਤੁਰਨਾ ਹੈ ਤਾਂ
ਤ੍ਰੇਲ ਨਾਲ ਦੋਸਤੀ ਕਰ ਲਓ
ਨਹੀਂ ਤਾਂ ਐਵੇਂ ਹੀ
ਗਿਲਾਨੀ ਨਾਲ ਭਰੇ ਰਹੋਗੇ
ਬੋਝਲ ਪੈਰਾਂ ਨਾਲ
ਇੱਕ ਕਦਮ ਵੀ ਨਹੀਂ
ਪੁੱਟਿਆ ਜਾਣਾ...।
ਇਸ ਤੋਂ ਪਹਿਲਾਂ ਉਨ੍ਹਾਂ ਦੀ ਕਲਮ ਤੋਂ ਕਵਿਤਾ ਅਤੇ ਵਾਰਤਕ ਦੀਆਂ ਅੱਧੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕਵਿਤਾ ਨੂੰ ਉਹ ਕੇਵਲ ਕਲਪਨਾ ਨਹੀਂ ਬਲਕਿ ਬਨਸਪਤੀ, ਭੂਗੋਲ, ਇਤਿਹਾਸ ਅਤੇ ਬਹੁਤ ਕੁਝ ਹੋਰ ਵੀ ਮੰਨਦੇ ਹਨ। ਦਰਿਆਵਾਂ ਵਰਗੀ ਸਹਿਜਤਾ, ਅੰਬਰ ਵਰਗੀ ਵਿਆਪਕਤਾ ਅਤੇ ਸਾਗਰ ਵਰਗੀ ਅਡੋਲਤਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਇਸ ਪੜ੍ਹਨਯੋਗ, ਮਾਣਨਯੋਗ ਅਤੇ ਸੰਭਾਲਣਯੋਗ ਪੁਸਤਕ ਦਾ ਪੁਰਜ਼ੋਰ ਸਵਾਗਤ ਕਰਨਾ ਬਣਦਾ ਹੈ।ਕਾਰਵਾਂ ਜ਼ਿੰਦਗੀ ਦਾ


ਕਾਰਵਾਂ ਜ਼ਿੰਦਗੀ ਦਾ
ਲੇਖਕ : ਸੁਭਾਸ਼ 'ਦੀਵਾਨਾ'
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 150 ਰੁਪਏ, ਸਫ਼ੇ : 74
ਸੰਪਰਕ : 98888-29666

ਸੁਭਾਸ਼ ਦੀਵਾਨਾ ਪੰਜਾਬੀ ਗ਼ਜ਼ਲ ਦੇ ਅਜਿਹੇ ਵਗਦੇ ਦਰਿਆ ਹਨ, ਜਿਨ੍ਹਾਂ ਨੂੰ ਗ਼ਜ਼ਲ ਲਿਖਣੀ ਨਹੀਂ ਪੈਂਦੀ ਬਲਕਿ ਉਨ੍ਹਾਂ ਦੇ ਮੂੰਹੋਂ ਸਹਿਜੇ ਹੀ ਨਿਕਲੇ ਹੋਏ ਸ਼ਬਦ ਗ਼ਜ਼ਲ ਦਾ ਰੂਪ ਧਾਰਨ ਕਰ ਲੈਂਦੇ ਹਨ। ਤਸੱਲੀ ਵਾਲੀ ਗੱਲ ਹੈ ਕਿ ਹਥਲੇ ਗ਼ਜ਼ਲ-ਸੰਗ੍ਰਹਿ 'ਕਾਰਵਾਂ ਜ਼ਿੰਦਗੀ ਦਾ' ਵਿਚ ਕੋਈ ਵੀ ਅਜਿਹਾ ਸ਼ਿਅਰ ਦੇਖਣ ਨੂੰ ਨਹੀਂ ਮਿਲਦਾ, ਜੋ ਵਜ਼ਨ-ਬਹਿਰ ਦੀਆਂ ਸ਼ਰਤਾਂ ਪੂਰੀਆਂ ਨਾ ਕਰਦਾ ਹੋਵੇ। ਵਿਅੰਗਾਤਮਿਕ ਸ਼ੈਲੀ ਉਨ੍ਹਾਂ ਦੀ ਗ਼ਜ਼ਲਕਾਰੀ ਨੂੰ ਹੋਰ ਖ਼ੂਬਸੂਰਤ ਬਣਾ ਦਿੰਦੀ ਹੈ:
ਹੋਰ ਹਾਂ ਮੈਂ ਖ਼ੁਦ, ਹੋਰ ਹੀ ਦੇਵਾਂ,
ਦੂਜਿਆਂ ਨੂੰ ਉਪਦੇਸ਼।
ਮੇਰੇ ਅੰਦਰ ਦੋ ਦੋ ਰੂਹਾਂ,
ਕਰ ਗਈਆਂ ਪਰਵੇਸ਼।
ਰੂਪਕ ਪੱਖ ਦੇ ਨਾਲ-ਨਾਲ ਵਿਚਾਰਕ ਪੱਖ ਤੋਂ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਕਿਤੇ ਥਿੜਕਦੀ ਦਿਖਾਈ ਨਹੀਂ ਦਿੰਦੀ। ਸੁਭਾਸ਼ ਦੀਵਾਨਾ ਕੇਵਲ ਉਮਰ ਬਿਤਾਉਣ ਨੂੰ ਹੀ ਜਿਊਣਾ ਨਹੀਂ ਸਮਝਦੇ ਬਲਕਿ ਉਨ੍ਹਾਂ ਅਨੁਸਾਰ ਤਾਂ ਜ਼ਿੰਦਗੀ ਕਿਸੇ ਸਬੱਬੀਂ ਮਿਲੇ ਉਤਸਵ ਵਾਂਗ ਆਪਣੇ-ਆਪੇ ਨਾਲ ਇੱਕਸੁਰ ਹੋ ਕੇ ਮਾਣੇ ਹੋਏ ਖ਼ੂਬਸੂਰਤ ਪਲਾਂ ਦਾ ਹੀ ਦੂਜਾ ਨਾਂਅ ਹੈ, ਜਿਸ ਨੂੰ ਮਨੁੱਖ ਨੇ ਆਪਣੀਆਂ ਬੇਲੋੜੀਆਂ ਇੱਛਾਵਾਂ ਅਤੇ ਲਾਲਸਾਵਾਂ ਦੀ ਅੰਨ੍ਹੀ ਦੌੜ ਵਿਚ ਖ਼ੁਦ ਜੀਅ ਦਾ ਜੰਜਾਲ ਬਣਾ ਲਿਆ ਹੈ:
ਜੋ ਕੁੱਝ ਚਾਹਵਾਂ, ਸਭ ਹੋ ਜਾਵੇ,
ਫਿਰ ਕੀ ਹੋਵੇਗਾ।
ਇਕ ਨਵੀਂ ਚਾਹਤ ਨੂੰ ਲੈ ਕੇ
ਦਿਲ ਮੁੜ ਰੋਵੇਗਾ।
ਇਹ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹੀ ਹਾਸਲ ਹੈ ਕਿ ਉਨ੍ਹਾਂ ਨੇ ਗ਼ਜ਼ਲ ਨੂੰ ਰਵਾਇਤੀ ਧਾਰਨਾਵਾਂ ਨਾਲੋਂ ਤੋੜ ਕੇ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਆਦਮੀ ਦੀ ਹੋਣੀ ਨਾਲ ਜੋੜਿਆ ਹੈ। ਗੰਧਲੀ ਹੋ ਰਹੀ ਧਾਰਮਿਕਤਾ, ਨਿੱਘਰ ਰਹੀ ਸਿਆਸਤ, ਖੋਖਲਾ ਹੋ ਰਿਹਾ ਸਮਾਜਿਕ ਤਾਣਾ-ਬਾਣਾ ਅਤੇ ਮਨਫ਼ੀ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ ਉਨ੍ਹਾਂ ਦੀ ਸ਼ਿਅਰਕਾਰੀ ਦੇ ਕੇਂਦਰ ਵਿਚ ਹਨ। ਹੁਣ ਤੱਕ ਉਨ੍ਹਾਂ ਦੇ ਦਸ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਪੰਜਾਬੀ ਪਾਠਕਾਂ ਨੂੰ ਅਜਿਹੀ ਵਡਮੁੱਲੀ ਸੌਗਾਤ ਦੇਣ ਲਈ ਮੈਂ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਸ਼ਬਦਾਂ ਦੇ ਦਰਿਆ
ਲੇਖਕ : ਬਲਬੀਰ ਸਿੰਘ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98146-73236

ਬਲਬੀਰ ਸਿੰਘ ਸੈਣੀ ਪੰਜਾਬੀ ਦਾ ਬਹੁਪੱਖੀ ਤੇ ਬਹੁਪਰਤੀ ਕਲਮਕਾਰ ਹੈ, ਜਿਸ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸੰਬੰਧਿਤ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਉਸ ਦੀ ਪਹਿਚਾਣ ਭਾਵੇਂ ਇਕ ਗ਼ਜ਼ਲਕਾਰ ਦੇ ਤੌਰ 'ਤੇ ਵਧੇਰੇ ਹੈ ਪਰ ਉਸ ਨੇ ਇਕ ਵਾਰਤਾਕਾਰ ਵਜੋਂ ਵੀ ਭਰਵੀਂ ਹਾਜ਼ਰੀ ਲਗਵਾਈ ਹੈ। ਵਿਚਾਰਨਯੋਗ ਪੁਸਤਕ 'ਸ਼ਬਦਾਂ ਦੇ ਦਰਿਆ' ਇਕ ਕਹਾਣੀ ਸੰਗ੍ਰਹਿ ਤੋਂ ਬਾਅਦ ਉਸ ਦੀ ਦੂਸਰੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਦੇ ਪੰਦਰਾਂ ਲਘੂ ਲੇਖ ਸ਼ਾਮਿਲ ਹਨ। ਇਹ ਹਨ 'ਤਜ਼ਰਬਿਆਂ ਦੀ ਕੁੱਖ 'ਚੋਂ ਪੈਦਾ ਹੋਈ ਜ਼ਿੰਦਗੀ', 'ਸੱਚ', 'ਗੱਲ ਤਾਂ ਜ਼ਰਾ ਕੁ ਢੀਠ ਬਣਨ ਦੀ ਹੈ', 'ਪੰਜਾਬੀ ਲੋਕਗੀਤਾਂ ਵਿਚ ਰੁੱਖ', 'ਡਬਲ-ਰੋਲ', 'ਘੁੰਡ-ਇਕ ਸਮਾਜਿਕ ਬੁਰਾਈ', 'ਪਿਆਰ', 'ਚਾਪਲੂਸੀ-ਇਕ ਕਲਾ', 'ਔਰਤ ਹੁਣ ਵੀ ਔਰਤ ਹੈ ਤੇ ਮਰਦ ਹੁਣ ਵੀ ਮਰਦ', 'ਹਿੰਦੂ ਧਰਮ ਵਿਚ ਭਗਤੀ ਲਹਿਰ', 'ਸਾਹਿਤਕ ਪੱਤਰਕਾਵਾਂ ਦੀ ਭੂਮਿਕਾ ਅਤੇ ਜ਼ੀਨਤ ਬਣਦੀਆਂ ਪੁਸਤਕਾਂ', 'ਸ਼ਾਹ ਮੁਹੰਮਦ ਦਾ ਵਤਨ ਪਿਆਰ', 'ਨਵੀਨ ਭਾਰਤ ਦੇ ਮੰਦਿਰ-ਭਾਖੜਾ ਡੈਮ ਅਤੇ ਨੰਗਲ ਡੈਮ', 'ਸਹੁੰਆਂ' ਤੇ 'ਉਰਲੀਆਂ ਪਰਲੀਆਂ'। ਪੜ੍ਹਨ ਉਪਰੰਤ ਇਹ ਪੁਸਤਕ ਲੇਖਕ ਦਾ ਜ਼ਿੰਦਗੀਨਾਮਾ ਮਹਿਸੂਸ ਹੁੰਦੀ ਹੈ। 'ਆਪਣੀ ਐਨਕ ਆਪਣਾ ਚਿਹਰਾ' ਸਿਰਲੇਖ ਅਧੀਨ ਸੈਣੀ ਨੇ ਆਪਣੇ ਬੀਤੇ ਦੇ ਕਈ ਰੌਚਕ ਤੱਤ ਪੇਸ਼ ਕੀਤੇ ਹਨ। ਬਹੁਤੇ ਨਿਬੰਧ ਦਿਲਚਸਪ, ਜਾਣਕਾਰੀ ਭਰਪੂਰ ਤੇ ਜ਼ਿੰਦਗੀ ਦੇ ਸੁਹਜ ਨਾਲ ਲਬਰੇਜ਼ ਹਨ। ਕੁਝ ਹਲਕੇ-ਫੁਲਕੇ ਨਿਬੰਧ ਪਾਠਕ ਦਾ ਮਨੋਰੰਜਨ ਵੀ ਕਰਦੇ ਹਨ ਤੇ ਵਿਸ਼ੇ ਨੂੰ ਨਵੇਂ ਪਰਿਪੇਖ ਤੋਂ ਵੀ ਦੇਖਦੇ ਹਨ। ਲੇਖਕ ਦੇ ਸਵੈਕਥਨ ਅਨੁਸਾਰ ਉਸ ਨੇ ਲੰਬਾ ਸਮਾਂ ਨੰਗਲ ਵਿਚ ਗੁਜ਼ਾਰਿਆ ਹੈ, ਇਸ ਲਈ ਭਾਖੜਾ ਤੇ ਨੰਗਲ ਡੈਮ ਸੰਬੰਧੀ ਉਸ ਦਾ ਲੇਖ ਬਹੁਤ ਕਰੀਬੀ ਨਿਰਖ-ਪਰਖ ਤੋਂ ਬਾਅਦ ਲਿਖਿਆ ਲਗਦਾ ਹੈ। ਇਨ੍ਹਾਂ ਦੇ ਕਈ ਵੇਰਵੇ ਅਸਲੋਂ ਨਵੇਂ ਹਨ ਤੇ ਪਾਠਕ ਨੂੰ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਨ। ਬਲਬੀਰ ਸਿੰਘ ਸੈਣੀ ਦੀ ਸ਼ੈਲੀ ਵਾਰਤਕ ਹੁੰਦੇ ਹੋਏ ਵੀ ਕਾਵਿਕ ਤੇ ਰਵਾਨਗੀ ਨਾਲ ਤੁਰਦੀ ਹੈ। ਛੋਟੇ ਲੇਖ ਪੜ੍ਹਨ ਲਈ ਸੌਖ ਪੈਦਾ ਕਰਦੇ ਹਨ ਤੇ ਅਕਾਊ ਨਹੀਂ ਹੁੰਦੇ, ਇਹ ਪੁਸਤਕ ਇਸ ਕਥਨ ਦੀ ਸੁੰਦਰ ਉਦਾਹਰਨ ਹੈ। ਨਵੀਆਂ ਜਾਣਕਾਰੀਆਂ ਤੇ ਜ਼ਿੰਦਗੀ ਵਿਚ ਖ਼ੂਬਸੂਰਤੀ ਪੈਦਾ ਕਰਨ ਲਈ 'ਸ਼ਬਦਾਂ ਦੇ ਦਰਿਆ' ਵਧੀਆ ਪੁਸਤਕ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਬਿਲਕੁਲ ਸਾਹਮਣੇ
ਲੇਖਕ : ਗੁਰਿੰਦਰ ਸਿੰਘ ਕਲਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98881-39135

ਬਹੁਤ ਹੀ ਅਨੁਭਵੀ ਲੇਖਕ ਗੁਰਿੰਦਰ ਸਿੰਘ ਕਲਸੀ ਨੇ ਦਰਜਨ ਦੇ ਕਰੀਬ ਉਨ੍ਹਾਂ ਸਾਹਿਤਕਾਰਾਂ ਨੂੰ ਸ਼ਬਦ ਚਿੱਤਰ ਰਾਹੀਂ ਪਾਠਕਾਂ ਦੇ ਵੀ 'ਬਿਲਕੁਲ ਸਾਹਮਣੇ' ਲਿਆਉਣ ਦਾ ਯਤਨ ਕੀਤਾ ਹੈ, ਜੋ ਸਾਹਿਤਕਾਰ ਹਮੇਸ਼ਾ ਖਿਆਲਾਂ ਦੀ ਆਪਸੀ ਸਾਂਝ ਨੂੰ ਬਰਕਰਾਰ ਰੱਖਦੇ ਆ ਰਹੇ ਹਨ।
ਸੁਰਜੀਤ ਸਿੰਘ 'ਜੀਤ' ਨੂੰ ਇੱਕ ਵਿਲੱਖਣ ਵਿਅਕਤੀਤੱਵ ਦਸਦਿਆਂ ਉਸ ਦੇ ਨਾਲ ਮੇਲ ਮਿਲਾਪ ਤੇ ਉਸ ਦੀ ਸਾਹਿਤਕਾਰੀ ਦੇ ਹਰ ਰੰਗ ਨੂੰ ਬੜੀ ਬਰੀਕੀ 'ਚ ਪੇਸ਼ ਕੀਤਾ ਹੈ :-
'ਰਿਸ਼ਵਤ ਬਣ ਗਈ ਫੀਸ, ਜ਼ਮਾਨਾ ਬਦਲ ਗਿਆ।
ਤੂੰ ਵੀ ਕਰ ਲੈ ਰੀਸ, ਜ਼ਮਾਨਾ ਬਦਲ ਗਿਆ।'
ਕੁਝ ਮਸ਼ਖਰਿਆਂ ਵਲੋਂ ਕਿਸੇ ਖ਼ਾਸ ਸਾਹਿਤ ਸਭਾ ਨਾਲ ਖ਼ਾਸ ਜਾਤੀ ਸੂਚਕ ਜੋੜ ਕੇ ਬੇਤੁਕੀ ਅਲੋਚਨਾ ਦੀ ਚੀਸ ਨੂੰ ਵੀ ਇਸ ਲੇਖ ਵਿੱਚ ਵਰਨਣ ਕੀਤਾ ਗਿਆ ਹੈ।
ਪੀੜਾਂ ਦਾ ਪਰਾਗਾ 'ਲਾਲ ਮਿਸਤਰੀ' (ਸਰਵਣ ਸਿੰਘ) ਸਖਤ ਮਿਹਨਤ ਭਰੀ ਕਿਰਤ ਕਰਦਾ ਹੋਇਆ ਸਾਹਿਤਕ ਸਿਰਜਣਾ ਵੀ ਕਰ ਰਿਹਾ ਹੈ :-
'ਖਾਮੋਸ਼ ਸੋਹਲ ਜਿਹੀ ਜਿੰਦੜੀ ਨੂੰ, ਦਸ ਕਿੱਥੇ ਲੈ ਜਾਂ ਸੱਜਣਾ ਵੇ ਇੱਕ ਤੰਦ ਪਿਆਰ ਦੀ ਦੇ ਦੇ ਤੂੰ, ਅਸਾਂ ਮਨ ਦਰਦੀ ਨੂੰ ਕੱਜਣਾ ਵੇ।'
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਮਨਮੋਹਨ ਸਿੰਘ ਦਾਊਂ ਦੇ ਕਾਵਿ ਸਰੋਵਰ ਵਿਚੋਂ ਫੁਟਿਆ ਸ਼ਬਦਾਂ ਦਾ ਚਸ਼ਮਾ:-
'ਤਨਦੇਹੀ ਦੀ ਝੀਲ ਦੇ ਅੰਦਰ,
ਰੋਜ਼ ਤਿਹਾਇਆ ਗੀਤ ਸੁਲਗਦਾ,
ਮਨ ਦੇ ਭਰੇ ਸਰੋਵਰ ਵਿੱਚੋਂ
ਕਿਹੜੀ ਕਿਹੜੀ ਲਹਿਰ ਸੰਭਾਲਾਂ।'
ਆਪਣੇ ਪ੍ਰਤਿਮਾਨ ਸਿਰਜਣ ਵਾਲਾ ਅਮਰਜੀਤ ਕੌਂਕੇ, ਕਹਾਣੀਕਾਰ ਸੰਤਵੀਰ, ਕਵੀ ਤੇ ਚਿੱਤਰਕਾਰ ਇੰਦਰਜੀਤ ਸਿੰਘ ਬਾਲਾ, ਸੁਧੀਰ ਕੁਮਾਰ ਸੁਧੀਰ, ਯਾਦਾਂ ਨੂਰ ਦੀਆਂ (ਡਾ.ਸੁਤਿੰਦਰ ਸਿੰਘ ਨੂਰ), ਹਾਸ ਵਿਅੰਗ ਲੇਖਕ ਜੇ. ਐਲ. ਨੰਦਾ, ਕਲਾ ਤਪੱਸਵੀ ਰਵਿੰਦਰ ਸੂਦ ਜੁਗਨੂੰ ਦੇ ਸਫਲ ਜੀਵਨ ਦੇ ਸੰਗਰਾਮ ਤੇ ਸਾਹਿਤਕ ਤਪਸਿਆ ਨੂੰ ਸ਼ਬਦ ਚਿੱਤਰਾਂ ਵਿਚ ਬੜੀ ਸੁਹਿਰਦਤਾ ਨਾਲ ਪੇਸ਼ ਕੀਤਾ ਗਿਆ ਹੈ।
ਵਿਅੰਗ ਸਾਹਿਤ ਦੇ ਸਰਪੰਚ ਅਜੀਤ ਸਿੰਘ ਢੰਗਰਾਲੀ ਦੀ ਵਾਚਣ ਵਿਚਾਰਨ ਵਾਲੀ ਵਿਅੰਗਮਈ ਕਾਵਿ ਵੰਨਗੀ:-
'ਪੈਸਾ ਖਰਚ ਤੇ ਚੋਣਾਂ ਜਿੱਤ, ਸਿਆਸਤ ਵਿੱਚ ਕੋਈ ਨਹੀਂ ਮਿੱਤ। ਪਹਿਲੋਂ ਖਰਚੇ ਫੇਰ ਕਮਾਵੇ, ਸਿਆਸੀ ਬੰਦਾ ਮਾਰ ਨਾ ਖਾਵੇ।'
ਲੇਖਕਾਂ ਵਿੱਚ ਹੁੰਦਾ ਸਰਸਰੀ ਹਾਸਾ- ਠੱਠਾ, ਨੋਕ- ਝੋਕ ਤੇ ਰੁੱਸਣਾ- ਮੰਨਣਾ ਵੀ ਇਸ ਪੁਸਤਕ 'ਬਿਲਕੁਲ ਸਾਹਮਣੇ' ਦਾ ਸਿਖਰ ਹੋ ਨਿਬੜਦਾ ਹੈ। ਸੋ ਇਸ ਪੁਸਤਕ ਰਾਹੀਂ ਉਕਤ ਲੇਖਕਾਂ ਦੇ ਕੋਮਲ ਭਾਵੀ ਚਿਹਰੇ ਤੇ ਮਨਾਂ ਦੇ ਹਾਵ ਭਾਵ ਤੇ ਸੋਚ ਵਿਚਾਰ ਪੰਜਾਬੀ ਸਾਹਿਤ ਜਗਤ ਦੇ ਐਨ 'ਬਿਲਕੁਲ ਸਾਹਮਣੇ' ਉੱਭਰ ਕੇ ਸਮਾਜ ਨੂੰ ਪ੍ਰਭਾਵਿਤ ਕਰਨ ਦੇ ਪੂਰੇ ਸਮਰੱਥ ਹਨ ਹੈ।

-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾਈਲ : 98764-74858

ਵੇਲੇ ਵੇਲੇ ਦਾ ਸੱਚ
ਕਵੀ : ਰਾਜਪਾਲ ਬੋਪਾਰਾਏ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 99157-21132

'ਵੇਲੇ ਵੇਲੇ ਦਾ ਸੱਚ' ਕਾਵਿ-ਸੰਗ੍ਰਹਿ ਰਾਜਪਾਲ ਬੋਪਾਰਾਏ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਹਾਸ਼ੀਏ' ਅਤੇ 'ਰਿਜ਼ਕ ਵਿਹੂਣੇ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ ਕੁਦਰਤੀ ਕਰੋਪੀਆਂ ਤੇ ਦੁਨਿਆਵੀ ਦੁਸ਼ਵਾਰੀਆਂ ਦੀ ਨੰਗੇ ਪਿੰਡੇ ਮਾਰ ਝੱਲਦੇ, ਕਦੇ ਡਿੱਗਦੇ, ਕਦੇ ਉੱਠਦੇ, ਕਦੇ ਲੜਦੇ, ਕਦੇ ਮਰਦੇ ਅਤੇ ਵਾਰ-ਵਾਰ ਮਰ ਕੇ ਜਿੱਤਦੇ ਸਿਦਕੀ ਕਾਮੇ, ਕਿਸਾਨਾਂ, ਕਿਰਤੀਆਂ ਨੂੰ ਸਮਰਪਿਤ ਕਰਦਿਆਂ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਸ ਦੀ ਹਮਦਰਦੀ ਅਤੇ ਪ੍ਰਤੀਬੱਧਤਾ ਰਾਜ ਸੱਤਾ ਅਤੇ ਉਸ ਦੇ ਭਾਈਵਾਲਾਂ ਵਲੋਂ ਸਤਾਈ ਜਾਂਦੀ ਖ਼ਲਕਤ ਦੇ ਨਾਲ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਅੱਕ ਦਾ ਸੱਚ' ਤੋਂ ਲੈ ਕੇ 'ਸਿਰ ਦੀ ਕੀਮਤ' ਤੱਕ 54 ਕਵਿਤਾਵਾਂ ਇਮਾਨਦਾਰੀ, ਸਿਦਕ, ਸਬਰ, ਸੰਤੋਖ ਦੇ ਨਾਲ-ਨਾਲ ਆਪਣੇ ਹੱਕਾਂ ਲਈ ਲੜਨ ਦੇ ਜਜ਼ਬੇ ਦੀ ਵੀ ਤਰਜਮਾਨੀ ਕਰਦੀਆਂ ਹਨ। ਇਸ ਸਮੇਂ ਦੋ ਵਾਪਰੇ ਦੁਖਾਂਤ : ਕੋਰੋਨਾ ਅਤੇ ਕਾਲੇ ਖੇਤੀ ਕਾਨੂੰਨ ਜਿਥੇ ਪ੍ਰਕਿਰਤਕ ਦੁਸ਼ਵਾਰੀਆਂ, ਰਾਜ-ਸੱਤਈ ਵਰਤਾਰਿਆਂ ਰਾਹੀਂ ਸੰਤਾਪ ਦਾ ਬੋਧ ਕਰਵਾਉਂਦੇ ਹਨ, ਉਥੇ ਹੀ ਮਨੁੱਖੀ ਹੋਂਦ ਦੇ ਸਵਾਲ ਤੇ ਜੰਗਜੂਆਂ ਵਾਂਗ ਲੜਨ ਦੇ ਸੰਕੇਤ ਵੀ ਮਨੁੱਖ ਅੰਦਰ ਚਿਣਗ ਤੋਂ ਭਾਂਬੜ ਬਣਨ ਵੱਲ ਸਾਂਝੇ ਮਾਨਵੀ ਯਤਨਾਂ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਹਨ। 'ਵੇਲੇ ਵੇਲੇ ਦਾ ਸੱਚ' ਕਵਿਤਾ ਵਿਚ ਬੇਸ਼ੱਕ ਮਨੁੱਖ ਦੇ ਆਪਣੇ ਹੱਕਾਂ ਲਈ ਲੜਨ ਦੀ ਪ੍ਰਵਿਰਤੀ ਨੂੰ ਅਜਲੀ ਵਰਤਾਰੇ ਵਜੋਂ ਪੇਸ਼ ਕੀਤਾ ਗਿਆ ਹੈ, ਉਥੇ ਹੀ ਕਵੀ ਦੀ ਮਹਾਨਤਾ ਇਸ ਕਰਕੇ ਵੀ ਹੈ ਕਿ ਉਹ ਮਨੁੱਖੀ ਕਮਜ਼ੋਰੀਆਂ ਪ੍ਰਤੀ ਵੀ ਸੁਚੇਤ ਹੈ। ਇਨ੍ਹਾਂ ਕਥਨਾਂ ਦੀ ਪੁਸਤਕੀ ਪਾਠਕ ਨੂੰ 'ਅੱਕ ਦਾ ਸੱਚ', 'ਕੋਧਰੇ ਦੀ ਰੋਟੀ', 'ਰਾਹ ਦੀ ਸਮਝ', 'ਆਂਦਰਾਂ ਦੀ ਰੀਝ', 'ਰੋਟੀ', 'ਦੇਵਤਾ', 'ਸਤਵਾਂ ਦਰਿਆ', 'ਤੈਨੂੰ ਕਦੋਂ ਦਰਦ ਆਉਣਾ', 'ਚੌਸਰ', 'ਸੜਕਾਂ ਦੇ ਕਿੱਲ', 'ਭੰਡੋ ਭੰਡੋਰੀਆ', 'ਕੁੱਕੜ-ਖੇਹ', 'ਭੁਰ ਗਏ ਸੁਪਨੇ', 'ਸਿਰ ਦੀ ਕੀਮਤ' ਆਦਿ ਕਵਿਤਾਵਾਂ ਦਾ ਪਾਠ ਅਤੇ ਚਿੰਤਨ ਕਰਦਿਆਂ ਮਹਿਸੂਸ ਹੋਵੇਗੀ। ਆਸ ਦੇ ਇਨ੍ਹਾਂ ਕਾਵਿਕ ਬੋਲਾਂ ਨਾਲ '...ਬਨਵਾਸ ਕਿੰਨਾ ਲੰਬਾ ਹੋਵੇਗਾ, ਕਹਿ ਨਹੀਂ ਸਕਦਾ, ਪਰ ਏਨਾ ਜ਼ਰੂਰ ਹੈ, ਸੰਘਰਸ਼ ਦੀ ਲੜਾਈ, ਮੈਂ ਜਿੱਤਾਂਗਾ ਇਕ ਦਿਨ...' ਮੁਬਾਰਕ ਅਤੇ ਆਮੀਨ।

ਕਾਦਰ ਦੀ ਕੁਦਰਤ
ਲੇਖਿਕਾ : ਸਤਵੰਤ ਕੌਰ ਪੰਧੇਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 98146-73236

'ਕਾਦਰ ਦੀ ਕੁਦਰਤ' ਕਾਵਿ-ਸੰਗ੍ਰਹਿ ਪਰਵਾਸੀ ਸ਼ਾਇਰਾ ਸਤਵੰਤ ਕੌਰ ਪੰਧੇਰ ਦੀ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ 'ਮਗਨੋਲੀ ਦੇ ਫੁੱਲ'-2011, 'ਰੂਹ ਦੀਆਂ ਪੈੜਾਂ' ਅਤੇ ਅੰਗਰੇਜ਼ੀ ਭਾਸ਼ਾ 'ਚ 'kudrat d}an kav}&tawan'-2013 ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕਵਿੱਤਰੀ ਪ੍ਰਮੁੱਖ ਤੌਰ 'ਤੇ ਕਾਦਰ ਦੀ ਕੁਦਰਤ 'ਚ ਰਚੀ-ਮੁਚੀ ਬਨਸਪਤੀ, ਪ੍ਰਾਣੀ ਅਤੇ ਹੋਰ ਕੁਦਰਤੀ ਵਰਤਾਰਿਆਂ ਪ੍ਰਤੀ ਗੁਰਬਾਣੀ ਦੇ ਸੰਦਰਭ ਵਿਚ ਜਾ ਕੇ ਇਕ ਪਰਮਾਤਮਾ ਵਲੋਂ ਰਚਾਈ ਗਈ ਲੀਲ੍ਹਾ ਦਾ ਵਿਖਿਆਨ 'ਸ਼ੁਕਰ ਕਰਾਂ' ਕਵਿਤਾ ਤੋਂ ਲੈ ਕੇ 'ਮੌਤ ਨਾਲ ਗੁਫ਼ਤਗੂ' ਤੱਕ ਦੀਆਂ 85 ਕਵਿਤਾਵਾਂ ਕਰਦੀ ਪ੍ਰਤੀਤ ਹੁੰਦੀ ਹੈ। ਇਸੇ ਲਈ ਉਸ ਨੇ ਇਹ ਕਾਵਿ-ਸੰਗ੍ਰਹਿ ਉਨ੍ਹਾਂ ਦੋਸਤਾਂ ਦੇ ਨਾਂਅ ਸਮਰਪਿਤ ਕੀਤਾ ਹੈ ਜੋ ਕਾਦਰ ਦੀ ਰਚੀ ਕੁਦਰਤ ਦਾ ਨਿੱਤ ਦੀਦਾਰ ਕਰਦਿਆਂ ਸਮੁੱਚੀ ਕਾਇਨਾਤ 'ਚ ਉਸ ਦੇ ਝਲਕਾਰੇ ਦੇਖਦੇ ਹਨ। ਇਹ ਉਹ ਰੂਹਾਂ ਹਨ, ਜਿਨ੍ਹਾਂ ਵਿਚ ਇਹ ਦੇਖਣ-ਪਰਖਣ ਦੀ ਸਮਝ ਹੈ ਕਿ ਇਹ ਸਾਰਾ ਜਗਤ-ਪਸਾਰਾ ਉਸੇ ਇਕ ਦੀ ਹੀ ਕਰਾਮਾਤ ਹੈ। ਇਸੇ ਲਈ ਹੀ ਕਵਿੱਤਰੀ 'ਸ਼ੁਕਰ ਕਰਾਂ' ਕਵਿਤਾ 'ਚ ਉਸ ਪਰਵਰਦਿਗਾਰ ਦੇ ਦਰਸ਼ਨ ਕੁਦਰਤ ਰਾਣੀ 'ਚ ਕਰਦਿਆਂ ਆਪਣਾ ਸ਼ੁਕਰਾਨਾ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਦੇ ਭਾਵ 'ਧੰਨ ਤੇਰੀ ਕੁਦਰਤ', 'ਐ ਕੁਦਰਤ! ਤੇਰੀ ਰਹਿਮਤ ਦੇ...', 'ਕੁਦਰਤ ਹੀ ਕੁਦਰਤ', 'ਪੰਜ ਸੋਝੀਆਂ', 'ਸਾਡੀ ਰੁਸ ਗਈ ਕੁਦਰਤ ਰਾਣੀ', 'ਬਾਣੀ ਬਾਬੇ ਨਾਨਕ ਦੀ' ਅਤੇ ਹੋਰ ਅਨੇਕਾਂ ਕਵਿਤਾਵਾਂ 'ਚ ਕੁਦਰਤ ਦੇ ਵੱਖ-ਵੱਖ ਰੰਗਾਂ : ਧਰਤੀ, ਬੱਦਲ, ਸੂਰਜ, ਮਾਲੀ, ਫੁੱਲ, ਚਿੜੀਆਂ, ਜਨੌਰਾਂ, ਪਾਣੀ, ਪਿਆਰ, ਰੁੱਖ, ਮੌਤ, ਗੁਲਾਬ, ਮਾਵਾਂ, ਘਰ, ਸਫ਼ਰ, ਸ਼ਬਦ ਆਦਿ ਪ੍ਰਤੀਕਾਤਮਕ ਸ਼ਬਦਾਂ ਦੇ ਰਾਹੀਂ ਇਨ੍ਹਾਂ ਦੀ ਸਾਰਥਕਤਾ ਦਾ ਗਹਿਰਾ ਅਹਿਸਾਸ ਪਾਠਕ-ਮਨਾਂ 'ਚ ਸਿਰਜਦੀ ਹੈ ਅਤੇ ਦ੍ਰਿੜ੍ਹ ਕਰਵਾਉਂਦੀ ਹੈ ਕਿ ਇਹ ਸਾਰਾ ਪਾਸਾਰਾ ਉਸੇ ਇਕ ਦਾ ਹੀ ਹੈ। ਜੇਕਰ ਮਨੁੱਖ ਮਾਤਰ ਅਜਿਹਾ ਮਹਿਸੂਸ ਕਰ ਕੇ, ਅਮਲ ਕਰ ਲਵੇ ਤਾਂ ਮਨੁੱਖ ਨਫ਼ਰਤ, ਈਰਖਾ, ਲਾਲਚ, ਮੋਹ ਦੇ ਭਵ-ਸਾਗਰ ਤੋਂ ਪਾਰ ਹੋ ਸਕੇਗਾ। ਪਰ ਅਜਿਹਾ ਵਾਪਰਦਾ ਨਹੀਂ, ਇਹ ਵੀ ਉਸ ਦੀ ਖੇਡ ਦਾ ਇਕ ਭਾਗ ਹੈ। ਇਸੇ ਲਈ ਉਹ 'ਚੱਲ ਓ ਮਨਾਂ ਚੱਲ...' ਕਵਿਤਾ 'ਚ ਉਹ ਉਸ ਸੰਸਾਰ 'ਚ ਵਸਣਾ ਚਾਹੁੰਦੀ ਹੈ ਜਿਥੇ ਝੂਠ, ਫ਼ਰੇਬ, ਕਪਟ, ਭ੍ਰਿਸ਼ਟਾਚਾਰ, ਨਫ਼ਰਤ, ਈਰਖਾ, ਸਾੜਤਾ, ਮੋਹ, ਦਾ ਬੋਲ-ਬਾਲਾ ਨਹੀਂ ਹੈ। ਉਸ ਦਾ ਗੁਰਬਾਣੀ ਦੇ ਆਸ਼ੇ ਮੁਤਾਬਿਕ ਇਹ ਪੱਕਾ ਅਕੀਦਾ ਹੈ ਕਿ ਕੁਦਰਤ ਦਾ ਹਿਰਦਾ ਬਹੁਤ ਵਿਸ਼ਾਲ ਹੈ। ਉਹ ਮਨੁੱਖ ਦੀਆਂ ਭੁੱਲਾਂ ਨੂੰ ਜ਼ਰੂਰ ਮੁਆਫ਼ ਕਰ ਦੇਵੇਗੀ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

 

09-12-2023

 ਵੇਦਾਂਤ ਅਤੇ ਸੂਫ਼ੀਮਤ
(ਵਿਚਾਰਧਾਰਾਵਾਂ ਦੀ ਆਪਸੀ ਸਾਂਝ)
ਲੇਖਕ : ਪ੍ਰਿੰ. ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94634-63193

ਪ੍ਰਿੰਸੀਪਲ ਗੁਰਚਰਨ ਸਿੰਘ ਤਲਵਾੜਾ ਆਪਣੀ ਜਵਾਨੀ ਦੇ ਸਮੇਂ ਤੋਂ ਹੀ ਮਨੁੱਖੀ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਕਰਨ ਲਈ ਸੂਫ਼ੀਵਾਦ ਵੱਲ ਆਕ੍ਰਸ਼ਿਤ ਰਿਹਾ ਹੈ। ਇਹ ਗੱਲ ਉਸ ਦੀ ਸੁਹਿਰਦਤਾ ਦੇ ਹੱਕ ਵਿਚ ਜਾਂਦੀ ਹੈ ਕਿ ਪੰਜਾਬ ਦੇ ਇਕ ਵੱਡੇ ਕਾਲਜ ਵਿਚ ਪ੍ਰੋਫ਼ੈਸਰ ਅਤੇ ਪ੍ਰਿੰਸੀਪਲ ਰਹਿਣ ਦੇ ਨਾਲ-ਨਾਲ ਉਸ ਨੇ ਆਪਣੇ ਰੂਹਾਨੀ ਆਦਰਸ਼ਾਂ ਨੂੰ ਤਿਲਾਂਜਲੀ ਨਹੀਂ ਦਿੱਤੀ ਵਰਨਾ ਅਜੋਕਾ ਪਦਾਰਥਵਾਦੀ ਜੀਵਨ ਏਨਾ ਬੇਰਹਿਮ ਹੈ ਕਿ ਇਹ ਬੰਦੇ ਤੋਂ ਉਸ ਦੇ ਪਵਿੱਤਰ ਸਰੋਕਾਰ ਖੋਹ ਲੈਂਦਾ ਹੈ ਅਤੇ ਉਸ ਨੂੰ ਇਕ ਪਦਾਰਥਵਾਦੀ ਇਨਸਾਨ ਬਣਾ ਕੇ ਹੀ ਦਮ ਲੈਂਦਾ ਹੈ। ਪਰ ਪ੍ਰਿੰ. ਤਲਵਾੜਾ ਇਕ ਜਨੂੰਨੀ ਵਿਅਕਤੀ ਹੈ, ਉਸ ਨੂੰ ਵਿਚਲਿਤ ਜਾਂ ਪਥਭ੍ਰਸ਼ਟ ਕਰਨਾ ਸੌਖਾ ਨਹੀਂ ਹੈ।
ਹਥਲੀ ਪੁਸਤਕ ਵਿਚ ਉਸ ਨੇ ਤਸਵੁਫ਼ ਅਤੇ ਵੇਦਾਂਤ-ਮਾਰਗ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਵੇਦ-ਰਚਨਾ ਉਪਰੰਤ ਭਾਰਤੀ ਮਨੀਸ਼ੀਆਂ ਨੇ ਉਪਨਿਸ਼ਦਾਂ, ਵੇਦ-ਵਿਆਖਿਆ ਅਤੇ ਕੁਝ ਹੋਰ ਦਾਰਸ਼ਨਿਕ-ਗ੍ਰੰਥਾਂ ਦੀ ਰਚਨਾ ਵੀ ਕੀਤੀ ਸੀ। ਅਸਲ ਵਿਚ ਅੱਠਵੀਂ ਸਦੀ ਤੋਂ ਲੈ ਕੇ 11ਵੀਂ ਸਦੀ ਤੱਕ ਦਾ ਸਮਾਂ ਭਾਰਤੀ ਦਰਸ਼ਨ ਦਾ ਸੁਨਹਿਰੀ ਕਾਲ ਸੀ। ਡਾ. ਤਲਵਾੜਾ ਨੇ ਭਾਰਤੀ ਦਰਸ਼ਨ ਦੇ ਇਨ੍ਹਾਂ ਗ੍ਰੰਥਾਂ ਨੂੰ ਇਸਲਾਮ ਅਤੇ ਸੂਫ਼ੀਮਤ ਦੇ ਸਮਵਿੱਥ ਰੱਖ ਕੇ ਪੜ੍ਹਿਆ ਹੈ ਅਤੇ ਦਰਸਾਇਆ ਹੈ ਕਿ ਧਾਰਮਿਕ ਵਿਚਾਰਧਾਰਾਵਾਂ ਦੀ ਆਪਸੀ ਸਾਂਝ ਉੱਪਰ ਬਲ ਦੇਣ ਦੀ ਲੋੜ ਹੈ। ਅਸਲ ਵਿਚ ਡਾ. ਤਲਵਾੜਾ ਇਸ ਸੋਚ ਉੱਪਰ ਪਹਿਰਾ ਦੇ ਰਿਹਾ ਹੈ : ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ (ਗੁਰੂ ਗੋਬਿੰਦ ਸਿੰਘ) ਧਰਮਾਂ ਦੇ ਇਤਿਹਾਸਕਾਰ ਇਸ ਤੱਥ ਤੋਂ ਜਾਣੂ ਹਨ ਕਿ ਹਜ਼ਰਤ ਮੁਹੰਮਦ ਸਾਹਿਬ (ਸ. ਅ. ਵਸੱਲਮ) ਦੇ ਯੁੱਗ ਵਿਚ ਅਰਬ ਵਿਚ ਹਿੰਦੂ ਸੰਨਿਆਸੀ, ਬੋਧ ਭਿਕਸ਼ੂ, ਯਹੂਦੀ ਪ੍ਰਚਾਰਕ ਅਤੇ ਈਸਾਈ ਉਪਦੇਸ਼ਕਾਂ ਦਾ ਕਾਫ਼ੀ ਜ਼ੋਰ ਸੀ। ਇਸ ਕਾਰਨ ਇਸਲਾਮ ਉੱਪਰ ਯਹੂਦੀ ਮਤਿ ਅਤੇ ਈਸਾਈਅਤ ਦਾ ਪ੍ਰਭਾਵ ਤਾਂ ਹੋਣਾ ਹੀ ਸੀ, ਹਿੰਦੂ ਸੰਨਿਆਸੀਆਂ ਅਤੇ ਬੌਧ ਭਿਕਸ਼ੂਆਂ ਦੀ ਵੀ ਕਾਫ਼ੀ ਦੇਣ ਸੀ। ਹੁਣ ਜਦੋਂ ਕਿ ਤਲਵਾੜਾ ਸਾਹਿਬ ਨੇ ਤੁਲਨਾਤਮਕ ਧਰਮ-ਸ਼ਾਸਤਰ ਦੇ ਮਾਧਿਅਮ ਦੁਆਰਾ ਇਹ ਸਿੱਧ ਕਰ ਹੀ ਦਿੱਤਾ ਹੈ ਕਿ ਭਾਰਤੀ ਅਤੇ ਅਰਬੀ ਵਿਚਾਰਧਾਰਾਵਾਂ ਦੇ ਮੂਲਭੂਤ ਸੰਕਲਪ ਆਪਸ ਵਿਚ ਕਾਫ਼ੀ ਮਿਲਦੇ-ਜੁਲਦੇ ਹਨ ਤਾਂ ਸਾਨੂੰ ਇਸ ਸੋਚ ਤੋਂ ਫ਼ਾਇਦਾ ਉਠਾਉਣਾ ਚਾਹੀਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਮਹਿਫ਼ਿਲ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 350 ਰੁਪਏ, ਸਫ਼ੇ : 96
ਸੰਪਰਕ : 99884-44002

ਗੁਰਦਿਆਲ ਰੌਸ਼ਨ ਪੰਜਾਬੀ ਗ਼ਜ਼ਲ ਵਿਧਾ ਦਾ ਚਮਕਦਾ ਸਿਤਾਰਾ ਹੈ। ਉਸ ਦੀਆਂ ਗ਼ਜ਼ਲਾਂ ਉਸ ਦੇ ਵਿਲੱਖਣ ਅਸਤਿੱਤਵ ਦੀ ਸਾਖੀ ਭਰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਹਮੇਸ਼ਾ ਹੀ ਸਮੁੱਚੀ ਪੰਜਾਬੀਅਤ ਦਾ ਵਿਵਹਾਰਿਕ ਦ੍ਰਿਸ਼ ਰੂਪਮਾਨ ਹੁੰਦਾ ਹੈ। ਉਸ ਨੂੰ ਇਸ ਸਿਨਫ਼ 'ਤੇ ਅਬੂਰ ਹਾਸਲ ਹੈ। ਉਹ ਜੀਵਨ ਨੂੰ ਨੀਝ ਨਾਲ ਤੱਕਦਾ ਰਹਿੰਦਾ ਹੈ ਅਤੇ ਅਨੋਖੇ ਅੰਦਾਜ਼ ਵਿਚ ਪੇਸ਼ ਕਰ ਜਾਂਦਾ ਹੈ। ਹਥਲੀ ਪੁਸਤਕ ਦਾ ਇਹ ਦੂਜਾ ਸੰਸਕਰਨ ਹੈ, ਜਿਸ ਨੂੰ ਗੁਰਦਾਸ ਰਾਮ ਭੁੱਟਾ ਚੈਰੀਟੇਬਲ ਟਰੱਸਟ ਵਲੋਂ, ਕੈਲੀਫੋਰਨੀਆ ਦੇ ਵਾਸੀ ਸ੍ਰੀ ਪਰਮਜੀਤ ਸਿੰਘ ਭੁੱਟਾ ਨੇ ਆਪਣੇ ਸਵਰਗੀ ਪਿਤਾ ਦੀ ਯਾਦ ਵਿਚ ਛਪਵਾਇਆ ਹੈ। ਇਸ ਕਿਤਾਬ ਦੇ ਹਰ ਪੰਨੇ 'ਤੇ ਜਨਾਬ ਅਲੀ ਅੱਬਾਸ ਦੇ ਖ਼ੂਬਸੂਰਤ ਸਕੈਚ ਹਨ ਜੋ ਮਾਨਵਤਾ ਦੇ ਸਾਦਾ ਜੀਵਨ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਸਾਰੀਆਂ ਗ਼ਜ਼ਲਾਂ 'ਆਮਦ' 'ਚੋਂ ਉਪਜਦੀਆਂ ਹਨ, 'ਆਵਰਦ' 'ਚੋਂ ਉੱਕਾ ਹੀ ਨਹੀਂ। ਗ਼ਜ਼ਲਾਂ ਦੇ ਸਿਰਲੇਖ ਕਾਫ਼ੀਏ-ਰਦੀਫ਼ਾਂ ਵਿਚੋਂ ਆਪਣੀ ਹੋਂਦ ਗ੍ਰਹਿਣ ਕਰਦੇ ਹਨ ਅਤੇ ਚੁਣੇ ਗਏ ਸਿਰਲੇਖਾਂ ਦੁਆਲੇ ਹੀ ਸਾਰੇ ਸ਼ੇਅਰ ਪਰਿਕਰਮਾ ਕਰਦੇ ਹਨ।
ਗ਼ਜ਼ਲਾਂ ਦੇ ਦੋਵੇਂ ਮਿਸਰੇ ਇਕ-ਦੂਜੇ ਦਾ ਹੁੰਗਾਰਾ ਭਰਦੇ, ਕਲੋਲਾਂ ਕਰਦੇ, ਹੇਠਾਂ ਉੱਤੇ ਹੁੰਦੇ, ਕਾਮਿਆਂ ਨਾਲ ਨਿੱਕੇ-ਨਿੱਕੇ ਮੋਟਿਫ਼ ਜੋੜਦੇ ਆਪਣਾ ਸੰਪੂਰਨ ਅਰਥ ਦੇ ਜਾਂਦੇ ਹਨ। ਬਣਤਰ ਅਤੇ ਬੁਣਤਰ ਅਨੁਸਾਰ ਕਵੀ ਸਿੱਧਾ ਸਿਆੜ ਵੀ ਕੱਢ ਜਾਂਦਾ ਹੈ, ਉਲਟਾਵਾਂ ਹੱਲ ਵੀ ਚਲਾ ਜਾਂਦਾ ਹੈ। ਸਥਾਨਾਭਾਵ ਕਾਰਨ ਕੇਵਲ ਸੰਕੇਤ ਮਾਤਰ ਕੁਝ ਉਦਾਹਰਨਾਂ ਹਾਜ਼ਰ ਹਨ। ਵੇਖੋ ਕਾਰਨ (ਕੌਜ਼) ਅਤੇ ਪ੍ਰਭਾਵ (ਇਫੈਕਟ) ਕਿਵੇਂ ਨਵੇਂ ਅੰਦਾਜ਼ ਵਿਚ ਪੇਸ਼ ਹੁੰਦੇ ਹਨ :
-ਵਿਹਲਿਆਂ ਨੂੰ ਨੀਂਦ ਆਵੇ ਪਛੜ ਕੇ, (ਕਾਰਨ)
ਕੰਮ ਤੋਂ ਮਜ਼ਦੂਰ ਆਇਆ ਸੌਂ ਗਿਆ। (ਪ੍ਰਭਾਵ) ਪੰ. 25
-ਤਦੇ ਹਰ ਜਗ੍ਹਾ ਹਰ ਸਮੇਂ ਮਾਰ ਖਾਧੀ, (ਪ੍ਰਭਾਵ)
ਅਸਾਂ ਨੂੰ ਰਚਾਉਣੇ ਅਡੰਬਰ ਨਾ ਆਏ। (ਕਾਰਨ) ਪੰ. 46
ਇਵੇਂ ਹੀ ਪਹਿਲੇ ਮਿਸਰੇ ਵਿਚ 'ਪ੍ਰਾਪਤ ਯਥਾਰਥ' ਪੇਸ਼ ਹੁੰਦਾ ਹੈ, ਦੂਸਰੇ ਵਿਚ 'ਇੱਛਿਤ ਯਥਾਰਥ' :
-ਨਰਕ ਵਰਗੀ ਭੋਗਦੇ ਜੋ ਜ਼ਿੰਦਗੀ
ਵਕਤ ਜਦ ਆਇਆ ਤਾਂ ਸ਼ਾਹ ਹੋ ਜਾਣਗੇ।
ਪੰ. 13
ਇਵੇਂ ਹੀ ਕਰਮ ਅਤੇ ਪ੍ਰਤੀਕਰਮ ਵੇਖਿਆ ਜਾ ਸਕਦਾ ਹੈ :
-ਮੈਂ ਮਜ਼ਹਬ ਦੇ ਜਦੋਂ ਵੀ ਪਾਜ ਖੋਲ੍ਹੇ, (ਐਕਸ਼ਨ)
ਬੜੀ ਹੀ ਆਸਥਾ ਨਾਰਾਜ਼ ਹੋਈ। (ਰਿਐਕਸ਼ਨ) ਪੰ.29
ਰੌਸ਼ਨ ਗ਼ਜ਼ਲ-ਰੂਪੀ ਸ਼ੇਅਰਾਂ ਵਿਚ ਨਜ਼ਮੀਅਤ ਰੰਗ ਦੀ ਅਜਿਹੀ ਪੇਸ਼ਕਾਰੀ ਕਰਦਾ ਹੈ ਜਿਸ ਵਿਚ ਅਤਿ ਦੀ ਸਾਦਗੀ, ਸਪੱਸ਼ਟਤਾ, ਰਵਾਨਗੀ, ਖ਼ੁਸ਼ਬਿਆਨੀ ਝਲਕਾਰੇ ਮਾਰਦੀ ਹੈ :
-ਨਾਹਰੇ ਉਨ੍ਹਾਂ ਦੇ ਹੁਣ ਗਏ ਕਿੱਥੇ
ਪੁੱਛੋ ਹੁਣ ਇਨਕਲਾਬ ਕਿੱਥੇ ਹੈ? ਪੰ. 52
ਅਨੇਕਾਂ ਵਾਰ 'ਰੌਸ਼ਨ' ਅਜਿਹੇ ਸ਼ੇਅਰ ਸਿਰਜਦਾ ਹੈ ਜਿਨ੍ਹਾਂ ਵਿਚ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਨੇ :
-ਲੁੱਟ ਗਏ ਦੂਹਰੇ ਸਰ੍ਹੋਂ ਦੇ ਖੇਤ ਅੱਜ,
ਜਾ ਰਹੀ ਗੰਦਲ ਹੈ ਗੰਦਲ ਤੋੜ ਕੇ। ਪੰ. 43
-ਲਕੀਰਾਂ ਜਾਪਦੇ ਨੇ ਲੋਕ, ਅਕਸਰ ਹੀ ਉਚਾਈ ਤੋਂ,
ਗ਼ਰੀਬੀ ਨਾਲ ਲਫ਼ਿਆ ਆਦਮੀ ਕੌਣ ਲਗਦਾ ਹੈ।
ਪੰ. 90
ਤਾਸ਼ ਦੇ ਪੱਤਿਆਂ ਜਿੰਨੀਆਂ ਗ਼ਜ਼ਲਾਂ ਦਾ ਅਧਿਐਨ ਕਰਕੇ ਪਤਾ ਲਗਦਾ ਹੈ ਕਿ 'ਰੌਸ਼ਨ' ਦੀ ਸਿਰਜਣ ਪ੍ਰਕਿਰਿਆ ਕੀ ਹੈ :
-ਮੈਂ ਆਪਣੀ ਸ਼ਾਇਰੀ ਨੂੰ ਗੁੰਨ੍ਹਦਾ ਹਾਂ
ਮਿੱਟੀ ਦੇ ਵਿਚ ਪਹਿਲਾਂ,
ਤੇ ਇਸ ਤੋਂ ਬਾਅਦ ਇਸ ਨੂੰ ਸ਼ਕਲ
ਇਕ ਪ੍ਰਦਾਨ ਕਰਦਾ ਹਾਂ। ਪੰ. 87

-ਡਾ. ਧਰਮਚੰਦ ਵਾਤਿਸ਼
ਈ-ਮੇਲ : vat}sh.dharmchand0{ma}&.com

ਤੁਸੀਂ ਜੇ ਬਹੁਤ ਕੋਮਲ ਹੋ
ਸੰਪਾਦਕ : ਅਨੂਪਿੰਦਰ ਸਿੰਘ ਅਨੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ 100
ਸੰਪਰਕ : 98136-46608

ਸਵ: ਹਰਭਜਨ ਸਿੰਘ ਕੋਮਲ ਇਕ ਪ੍ਰਸਿੱਧ ਸਾਹਿਤਕਾਰ ਅਤੇ ਵਿਸ਼ੇਸ਼ ਤੌਰ 'ਤੇ ਗ਼ਜ਼ਲਕਾਰ ਹੋਇਆ ਹੈ। ਉਸ ਨੇ 15 ਮੌਲਿਕ ਪੁਸਤਕਾਂ, ਅਨੁਵਾਦ ਅਤੇ ਲਿਪੀਅੰਤਰ 83 ਪੁਸਤਕਾਂ ਆਪਣੇ ਨਾਂਅ ਕੀਤੀਆਂ। ਕੋਮਲ ਨੇ ਇਕ ਹੀ ਬਹਿਰ ਇਕ ਹੀ ਕਾਫੀਆ ਰਦੀਫ (ਇਕ ਹੀ ਜ਼ਮੀਨ) ਵਿਚ ਵੱਡੀ ਗਿਣਤੀ ਵਿਚ ਗ਼ਜ਼ਲਾਂ ਲਿਖੀਆਂ। ਇਹ ਗ਼ਜ਼ਲਾਂ ਧਰਤੀ ਦੀ ਗ਼ਜ਼ਲ ਭਾਗ-1 ਅਤੇ 2 ਵਿਚ ਅੰਕਿਤ ਹਨ। ਉਨ੍ਹਾਂ ਨੂੰ ਹਰਿਆ ਗੌਰਵ ਅਤੇ ਸ਼੍ਰੋਮਣੀ ਸਾਹਿਤਕਾਰ ਪੰਜਾਬ ਵਰਗੇ ਕਈ ਸਨਮਾਨ ਮਿਲੇ। ਉਹ ਬਹੁਵਿਧਾਈ ਲੇਖਕ ਸਨ। ਕੋਮਲ ਨੇ ਆਪਣੇ ਸਮੇਂ ਦੇ ਅਨੁਕੂਲ ਗ਼ਜ਼ਲਾਂ ਸਿਰਜੀਆਂ। ਰਾਜਨੀਤੀ, ਧਾਰਮਿਕ ਆਧਾਰ ਅਤੇ ਆਰਥਿਕ ਮਸਲੇ ਉਸ ਦੀ ਗ਼ਜ਼ਲ ਦੇ ਸ਼ਿੰਗਾਰ ਸਨ। ਹਥਲੀ ਗ਼ਜ਼ਲ ਪੁਸਤਕ ਹਰਿਆਣੇ ਦੇ ਹੀ ਗ਼ਜ਼ਲਕਾਰ ਅਨੂਪਿੰਦਰ ਸਿੰਘ ਅਨੂਪ ਨੇ ਕੋਮਲ ਦੀਆਂ ਕੁਝ ਗ਼ਜ਼ਲਾਂ ਵਿਚੋਂ ਚੋਣਵੀਆਂ 70 ਗ਼ਜ਼ਲਾਂ ਪੇਸ਼ ਕਰਕੇ ਇਕ ਯਾਦਗਾਰੀ ਕਾਰਜ ਕੀਤਾ ਹੈ। ਕੋਈ ਕਿੰਨਾ ਵੀ ਸਫ਼ਲ ਅਤੇ ਵੱਡਾ ਲੇਖਕ ਕਿਉਂ ਨਾ ਹੋਵੇ, ਉਸ ਦਾ ਨਾਂਅ ਤਾਂ ਲੋਕਾਂ ਨੂੰ ਕੁਝ ਸਮਾਂ ਯਾਦ ਰਹਿੰਦਾ ਹੈ ਪਰ ਨਵੀਆਂ ਪੀੜ੍ਹੀਆਂ ਲਈ ਉਸ ਦੀ ਲੇਖਣੀ ਤੇ ਸਾਹਿਤ ਦੀਆਂ ਪੁਸਤਕਾਂ ਅਲੱਭ ਹੋ ਜਾਂਦੀਆਂ ਹਨ। ਹਰ ਲੇਖਕ ਕੋਲ ਸਮਕਾਲ ਦਾ ਸੱਚ ਜ਼ਰੂਰ ਹੁੰਦਾ ਹੈ। ਇਸ ਸੱਚ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਨਾਲ ਸਾਹਿਤ ਦਾ ਇਤਿਹਾਸ ਜ਼ਿੰਦਾ ਰਹਿੰਦਾ ਹੈ। ਇਹ ਕਾਰਜ ਉਸ ਲੇਖਕ ਦੀਆਂ ਪੁਸਤਕਾਂ ਦੁਬਾਰਾ ਛਾਪ ਕੇ ਕੀਤਾ ਜਾ ਸਕਦਾ ਹੈ। ਸੰਪਾਦਕ ਅਨੂਪ ਨੇ ਕੋਮਲ ਦੀਆਂ ਹਜ਼ਾਰਾਂ ਗ਼ਜ਼ਲਾਂ ਵਿਚੋਂ 70 ਚੋਣਵੀਆਂ ਗ਼ਜ਼ਲਾਂ ਹਥਲੀ ਪੁਸਤਕ ਵਿਚ ਪ੍ਰਕਾਸ਼ਿਤ ਕਰਵਾ ਕੇ ਇਕ ਵਧੀਆ ਅਤੇ ਸਲਾਹੁਣਯੋਗ ਕਾਰਜ ਕੀਤਾ ਹੈ। ਸਵਰਣ ਸਿੰਘ ਵਿਰਕ ਸਿਰਸਾ ਨੇ ਪੁਸਤਕ ਦੀ ਸ਼ਲਾਘਾ ਕੀਤੀ ਹੈ। ਕੋਮਲ ਦੇ ਕੁਝ ਸ਼ਿਅਰ ਪਾਠਕਾਂ ਲਈ ਹਾਜ਼ਰ ਹਨ :
-ਸਿਖਰ ਦੁਪਹਿਰੇ ਨੇਰੀ ਰਾਤ ਦੀਆਂ ਬਾਤਾਂ
ਕੇਵਲ ਕਬਰਾਂ ਵਾਲੇ ਕਰਿਆ ਕਰਦੇ ਹਨ।
-ਜਿਸਦਾ ਸੀ ਬੜਾ ਚਰਚਾ ਹੱਥਾਂ 'ਚ ਸ਼ਫਾ ਵਾਲਾ,
ਉਹ ਵੈਦ ਨਿਰਾ ਬਣਿਐ ਪੈਸੇ ਦੇ ਸੁਭਾ ਵਾਲਾ।
-ਘਣੇ ਦਰੱਖਤਾਂ ਥੱਲੇ ਵੀ ਅੰਗਿਆਰ ਪਏ,
ਕੋਮਲ ਕਾਹਦਾ ਰਿਹਾ ਸਹਾਰਾ ਛਾਵਾਂ ਦਾ
-ਇਹ ਖਿਆਲਾਂ ਦੀ ਧਾਰਾ ਜੇ ਡੱਕੀ ਗਈ,
ਤਾਂ ਇਹ ਰਚਨਾ ਦੇ ਤਕ ਵੀ ਨਹੀਂ ਪਹੁੰਚਣੀ,
ਇਸ ਨਦੀ ਨੂੰ ਨਾ ਕੋਮਲ ਕਿਤੇ ਰੋਕੀਏ,
ਇਸ ਨੂੰ ਸਾਗਰ ਤਲਕ ਤਾਂ ਵਹਿਣ ਦੇਈਏ।
ਪੁਸਤਕ ਨੂੰ ਜੀ ਆਇਆਂ ਹੈ ਤੇ ਸੰਪਾਦਕ ਦਾ ਧੰਨਵਾਦ, ਜਿਸ ਨੇ ਕੋਮਲ ਦੀਆਂ ਗ਼ਜ਼ਲਾਂ ਅਗਲੇ ਸਮੇਂ ਨੂੰ ਜਾਰੀ ਕੀਤੀਆਂ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਤ੍ਰਿਹਾਈਆਂ ਸੱਧਰਾਂ
ਲੇਖਿਕਾ : ਜਸਬੀਰ ਸਡਾਨਾ
ਪ੍ਰਕਾਸ਼ਕ : ਗੋਲਡਨ ਕੀਅ ਪਬਲੀਕੇਸ਼ਨ, ਪਟਿਆਲਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 80540-87750

ਇਸ ਪੁਸਤਕ ਵਿਚ ਵੱਖੋ-ਵੱਖਰੇ ਵਿਸ਼ੇ ਦੀਆਂ 18 ਕਹਾਣੀਆਂ ਹਨ। ਇਨ੍ਹਾਂ ਸਮੁੱਚੀਆਂ ਕਹਾਣੀਆਂ ਦੀ ਲੇਖਿਕਾ ਔਰਤ ਹੈ, ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਵਿਚ ਔਰਤ ਦੇ ਦੁੱਖ, ਦਰਦ, ਸਮੱਸਿਆਵਾਂ, ਪ੍ਰੇਸ਼ਾਨੀਆਂ, ਮਜਬੂਰੀ, ਹੋ ਰਹੇ ਧੱਕੇ ਨੂੰ ਬਾਰੀਕੀ ਨਾਲ ਸਮਝ ਕੇ ਕਹਾਣੀ-ਦਰ-ਕਹਾਣੀ ਨੂੰ ਕਾਗਜ਼ ਦੀ ਹਿੱਕ 'ਤੇ ਉਕੇਰਿਆ। ਲੇਖਿਕਾ ਨੇ ਬੇਖੌਫ਼ ਹੋ ਕੇ ਅਤੇ ਬੜੀ ਦਲੇਰੀ ਨਾਲ ਕਹਾਣੀਆਂ ਬਿਆਨ ਕੀਤੀਆਂ ਹਨ, ਜੋ ਕਿ ਮਾਨਵਤਾ ਦਾ ਸੁਨੇਹਾ ਦਿੰਦੀਆਂ ਹਨ। ਲੇਖਿਕਾ ਨੇ ਜਿਸ ਵੀ ਮੁੱਦੇ 'ਤੇ ਉਂਗਲ ਕੀਤੀ, ਉਹ ਬਿਲਕੁਲ ਸਹੀ ਹੈ। ਲੇਖਿਕਾ ਨੇ ਆਪਣੀ ਅੰਦਰਲੀ ਹੂਕ ਨੂੰ ਖੁੱਲ੍ਹ ਕੇ ਬਿਆਨਿਆ ਹੈ। ਕਹਾਣੀਆਂ ਵਿਚ ਔਰਤ ਦੇ ਸੁਪਨਿਆਂ ਤੇ ਮਜਬੂਰੀਆਂ ਦਾ ਬਹੁਤ ਕਲਾਤਮਿਕ ਢੰਗ ਨਾਲ ਵਰਨਣ ਕੀਤਾ ਹੈ। ਕਹਾਣੀਆਂ ਦੇ ਵਿਸ਼ੇ ਬੜੇ ਦਿਲਚਸਪ ਹਨ। ਕਹਾਣੀਕਾਰਾ ਨੂੰ ਬਚਪਨ ਤੋਂ ਹੀ ਲਿਖਣ ਦੀ ਚੇਟਕ ਲੱਗੀ ਅਤੇ ਫਿਰ ਹੰਢੀ ਵਰਤੀ ਲੇਖਿਕਾ ਬਣੀ। ਲੇਖਿਕਾ ਦੀ ਸ਼ਬਦਾਵਲੀ ਦੀ ਕੋਈ ਰੀਸ ਨਹੀਂ, ਕੋਈ ਨਕਲੀਪੁਣਾ ਨਹੀਂ, ਬਸ ਵਗਦੇ ਪਾਣੀ ਦੀ ਤਰ੍ਹਾਂ ਨਿਰੰਤਰ ਲਿਖਦੀ ਰਹੀ। ਲੇਖਿਕਾ ਨੂੰ ਕਹਾਣੀ ਲਿਖਣ ਦੇ ਉਤਰਾਅ-ਚੜ੍ਹਾਅ ਦੀ ਵੀ ਜਾਣਕਾਰੀ ਹੈ। ਹਰ ਕਹਾਣੀ ਆਪਣੇ ਵਿਸ਼ੇ 'ਤੇ ਵੀ ਪੂਰੀ ਉੱਤਰੀ ਹੈ। ਲੇਖਿਕਾ ਅਸਮਾਨੀਂ ਨਹੀਂ ਉਡੀ, ਬਲਕਿ ਜ਼ਮੀਨ ਨਾਲ ਹਮੇਸ਼ਾ ਜੁੜੀ ਰਹੀ, ਜਿਸ ਕਰਕੇ ਵੱਖੋ-ਵੱਖਰਾ ਰੰਗ ਕਹਾਣੀਆਂ ਵਿਚੋਂ ਝਲਕਦਾ ਹੈ। ਸਮੁੱਚੇ ਤੌਰ 'ਤੇ ਸਾਰੀਆਂ ਕਹਾਣੀਆਂ ਦੀ ਬਣਤਰ ਹਰ ਪੱਖ ਤੋਂ ਵਧੀਆ ਹੈ। ਵੈਸੇ ਤਾਂ ਸਾਰੀਆਂ ਕਹਾਣੀਆਂ ਪੜ੍ਹਨਯੋਗ ਹਨ, ਪ੍ਰੰਤੂ ਸਧਰਾਂ ਦੇ ਪਰਛਾਵੇਂ, ਔਰਤ ਦੀ ਔਰਤ ਦੁਸ਼ਮਣ, ਤਿੜਕ ਗਏ ਰਿਸ਼ਤੇ, ਪਰਦਾਫਾਸ਼, ਧੀਆਂ ਦੁੱਖ ਵੰਡਾਉਂਦੀਆਂ ਬਹੁਤ ਵਧੀਆ ਕਹਾਣੀਆਂ ਹਨ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਫੁੱਲ ਸਰਕਲ
ਲੇਖਿਕਾ : ਮੀਨੂੰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 92169-19002

ਮੀਨੂੰ ਭੱਠਲ ਬਹੁ-ਵਿਧਾਈ ਲੇਖਿਕਾ ਹੈ, ਜਿਸ ਨੇ ਕਹਾਣੀ, ਨਾਵਲ, ਕਵਿਤਾ ਲਿਖ ਕੇ ਪੰਜਾਬੀ ਪਾਠਕਾਂ ਅਤੇ ਲੇਖਕਾਂ ਅਤੇ ਆਲੋਚਕਾਂ ਦਾ ਧਿਆਨ ਖਿੱਚਿਆ ਹੈ। 'ਫੁਲ ਸਰਕਲ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁਝ ਛੋਟੀਆਂ/ਲੰਮੀਆਂ ਚਾਰ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਇਕ ਕਹਾਣੀ ਤਾਂ ਬਹੁਤ ਹੀ ਲੰਮੀ ਅਤੇ ਨਾਵਲੀ ਫਿਤਰਤ ਵਾਲੀ ਹੈ। ਇਕ ਬਹੁਤ ਹੀ ਛੋਟੀ ਤੇ ਦੋ ਦਰਮਿਆਨੇ ਆਕਾਰ ਵਾਲੀਆਂ ਹਨ। ਮੀਨੂੰ ਆਪਣੀਆਂ ਕਹਾਣੀਆਂ ਦੀ ਟੇਕ ਅਜਿਹੀਆਂ ਔਰਤਾਂ 'ਤੇ ਰੱਖਦੀ ਹੈ, ਜੋ ਸੁੰਦਰ, ਅਮੀਰ ਹੋਣ ਦੇ ਨਾਲ-ਨਾਲ ਪਿਆਰ 'ਚ ਜਾਂ ਸ਼ਰਧਾ ਵਿਚ ਧੋਖਾ ਖਾਣ ਵਾਲੀਆਂ ਹਨ। ਉਹ ਜਲਦੀ ਹੀ ਕਿਸੇ ਦੇ ਪਿਆਰ ਵਿਚ ਭੁਚਲਾ ਜਾਂਦੀਆਂ ਹਨ ਤੇ ਮੁੜ ਧੋਖਾ ਖਾਣ ਲਈ ਮਜਬੂਰ ਹੁੰਦੀਆਂ ਹਨ।
ਪਹਿਲੀ ਕਹਾਣੀ 'ਤ੍ਰਿਕੋਣ' ਦੀ ਪਾਤਰ ਸਰਿਤਾ ਆਪਣੇ ਕਮਸਿਨ ਉਮਰ ਦੇ ਗੁੱਲੂ ਨਾਂਅ ਦੇ ਮੁੰਡੇ ਦੇ ਪਹਿਲੀ ਨਜ਼ਰ ਦੇ ਪਿਆਰ 'ਚ ਮੋਹਿਤ ਹੋ ਕੇ ਘਰੋਂ ਕੁਝ ਪੈਸੇ ਲੈ ਕੇ ਨੱਸ ਜਾਂਦੀ ਹੈ ਤੇ ਪੁਲਿਸ ਦੁਆਰਾ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਘਰ ਵਾਲੇ ਪਹੁੰਚਦੇ, ਇਕ ਸਿਪਾਹੀ ਉਸ ਨਾਲ ਰੇਪ ਕਰ ਜਾਂਦਾ ਹੈ। ਘਰ ਵਾਲੇ ਉਸ ਨੂੰ ਉਸ ਦੀ ਮਾਸੀ ਕੋਲ ਦਿੱਲੀ ਭੇਜ ਦਿੰਦੇ ਹਨ, ਜਿਥੇ ਉਹ ਪੜ੍ਹ ਲਿਖ ਕੇ, ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣ ਦੀ ਹਿੰਮਤ ਕਰਦੀ ਹੈ। ਪਰ ਇਥੇ ਵੀ ਉਹ ਕੁੰਦਨ ਜਾਂ ਬਦਲੇ ਨਾਂਅ ਵਾਲੇ ਮੁੰਡੇ ਨਰੇਸ਼ ਦੇ ਚੱਕਰ ਵਿਚ ਫਸ ਜਾਂਦੀ ਹੈ ਤੇ ਉਸ ਨਾਲ ਵਿਆਹ ਕਰਵਾ ਲੈਂਦੀ ਹੈ। ਉਹ ਮੁੰਡਾ ਨਿਰਦਈ, ਗੁੰਡਾ, ਬੇਈਮਾਨ, ਖੂੰਖਾਰ ਤੇ ਸਮੱਗਲਰ ਹੈ। ਉਹ ਉਸ ਨੂੰ ਸਮਗਲਿੰਗ ਦੇ ਧੰਦੇ 'ਚ ਪਾ ਲੈਂਦਾ ਹੈ ਤੇ ਉਸ ਦੀ ਦੁਰਵਰਤੋਂ ਕਰਦਾ ਹੈ। ਇਕ ਵਾਰ ਕਿਸੇ ਮੰਤਰੀ ਦਾ ਪੈਸਾ ਪਹੁੰਚਾਉਣ ਲਈ ਜਾਣ 'ਤੇ ਉਹ ਭਿਆਨਕ ਰੇਲ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੀ ਹੈ, ਜਿਥੋਂ ਉਸ ਨੂੰ ਇਕ ਨੇਕ ਨੀਤ ਡਾਕਟਰ ਘਰ ਲੈ ਆਉਂਦਾ ਹੈ। ਉਸ ਦੇ ਆਚਰਣ 'ਤੇ ਸਭ ਖ਼ੁਸ਼ ਹੁੰਦੇ ਹਨ। ਉਹ ਪਹਿਲਾਂ ਹੀ ਗਰਭਵਤੀ ਸੀ ਤੇ ਇਥੇ ਇਕ ਬਾਲ ਨੂੰ ਜਨਮ ਦਿੰਦੀ ਹੈ। ਡਾਕਟਰ ਦੀ ਪਤਨੀ ਸਵਰਗਵਾਸ ਹੋਈ ਹੁੰਦੀ ਹੈ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਲੋਚਦਾ ਹੈ ਪਰ ਉਹ ਆਪਣੇ ਪਤੀ ਨਰੇਸ਼ ਉਰਫ਼ ਕੁੰਦਨ ਕੋਲ ਹੀ ਜਾਣਾ ਲੋਚਦੀ ਹੈ। ਕੁੰਦਨ ਉਸ ਨੂੰ ਤੇ ਬੱਚੇ ਨੂੰ ਲੈਣ ਵੀ ਆਉਂਦਾ ਹੈ ਪਰ ਉਥੇ ਹੀ ਸਰਿਤਾ ਦੀ ਮੌਤ ਹੋ ਜਾਂਦੀ ਹੈ।
ਦੂਸਰੀ ਕਹਾਣੀ 'ਬਾਬੇ ਦੀ ਫੁੱਲ ਕਿਰਪਾ' ਵਿਚ ਦੋ ਅਮੀਰ ਔਰਤਾਂ ਅਨੀਤਾ ਅਤੇ ਆਰਤੀ ਇਕ ਪਾਖੰਡੀ ਤੇ ਅਖੌਤੀ ਸਾਧ ਦੇ ਚੱਕਰ 'ਚ ਫਸ ਕੇ ਆਪਣਾ ਪੈਸਾ ਲੁਟਾ ਦਿੰਦੀਆਂ ਹਨ। ਮਗਰੋਂ ਉਹ ਸਾਧ ਇਕ ਅਪਰਾਧੀ ਨਿਕਲਦਾ ਹੈ ਤੇ ਫੜਿਆ ਜਾਂਦਾ ਹੈ। 'ਇਕ ਮਿੰਨੀ ਲਵ ਸਟੋਰੀ' ਪਸ਼ੂ ਪਿਆਰ ਦੀ ਕਹਾਣੀ ਹੈ। ਚੌਥੀ ਕਹਾਣੀ 'ਫੁਲ ਸਰਕਲ' ਵਿਦੇਸ਼ੀ ਜ਼ਮੀਨ ਦੇ ਪਾਤਰਾਂ ਬਾਰੇ ਲਿਖੀ ਕਹਾਣੀ ਹੈ, ਜਿਸ ਵਿਚ ਇਕ ਅਮੀਰ ਬੰਦੇ ਜਾਰਜ ਹੈਮਿਲਟਨ ਦੀ ਬੇਟੀ ਜੀਨੀ ਕਿਸੇ ਟੋਨੀ ਨਾਂਅ ਦੇ ਨੌਜਵਾਨ ਦੇ ਪਿਆਰ 'ਚ ਫਾਹੀ ਜਾਂਦੀ ਹੈ। ਉਨ੍ਹਾਂ ਘਰ ਧੀ ਮਿਸ਼ਕਾ ਵੀ ਆ ਜਾਂਦੀ ਹੈ। ਉਹ ਉਨ੍ਹਾਂ ਦੋਵਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਵਰ੍ਹਦੀ ਬਰਫ਼ ਅਤੇ ਤੂਫ਼ਾਨ 'ਚ ਛੱਡ ਕੇ ਫਰਾਰ ਹੋ ਜਾਂਦਾ ਹੈ। ਮਿਸ਼ਕਾ ਜਵਾਨ ਹੋਣ 'ਤੇ ਸਾਰੀ ਗੱਲ ਦਾ ਭੇਤ ਸਮਝ ਕੇ, ਉਸ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮਨਸ਼ਾ ਨਾਲ ਨੱਸ-ਭੱਜ ਕਰਦੀ ਹੈ। ਆਪਣੀ ਸਿਆਣਪ ਅਤੇ ਵਿਉਂਤ ਨਾਲ ਆਖ਼ਰ ਉਹ ਉਸ ਨੂੰ ਗ੍ਰਿਫ਼ਤਾਰ ਕਰਵਾਉਣ 'ਚ ਕਾਮਯਾਬ ਹੋ ਜਾਂਦੀ ਹੈ। ਮੀਨੂੰ ਦੀਆਂ ਕਹਾਣੀਆਂ ਬਹੁਤ ਲੰਮੀਆਂ ਅਤੇ ਨਾਵਲੀ ਫਿਤਰਿਤ ਵਾਲੀਆਂ ਹਨ। ਉਹ ਬਹੁਤ ਹੀ ਸਾਦੀ ਅਤੇ ਟੁਣਕਵੀਂ ਭਾਸ਼ਾ 'ਚ ਆਪਣੀਆਂ ਕਹਾਣੀਆਂ ਦਾ ਯਥਾਰਥ ਪੇਸ਼ ਕਰਦੀ ਹੈ। ਕਹਾਣੀਆਂ ਰੌਚਕ ਹਨ।

-ਕੇ. ਐਲ. ਗਰਗ
ਮੋਬਾਈਲ : 94635-37050

ਬੋਲੀ ਮੈਂ ਪਾਵਾਂ
ਲੇਖਕ : ਕੌਰ ਬਿੰਦ
ਪ੍ਰਕਾਸ਼ਕ : ਜੇ. ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ: 220 ਰੁਪਏ, ਸਫ਼ੇ: 132
ਸੰਪਰਕ : 97814-14118

ਸਾਡੀਆਂ ਦਾਦੀਆਂ-ਨਾਨੀਆਂ ਆਪਣੇ ਮਨ ਦੇ ਵਲਵਲਿਆਂ ਨੂੰ ਬਿਆਨ ਕਰਦਿਆਂ ਕੁਝ ਅਜਿਹੇ ਬੋਲ ਸਾਨੂੰ ਵਿਰਸੇ ਵਿਚ ਦੇ ਗਈਆਂ, ਜਿਨ੍ਹਾਂ ਨੇ ਸਮਾਂ ਪਾ ਕੇ ਬੋਲੀਆਂ, ਸਿੱਠਣੀਆਂ, ਮਾਹੀਆ, ਟੱਪੇ, ਸੁਹਾਗ ਅਤੇ ਘੋੜੀਆਂ ਆਦਿ ਰੂਪ ਧਾਰਨ ਕਰ ਲਏ। ਅੱਜ ਅਸੀਂ ਉਸ ਨੂੰ ਲੋਕ-ਸਾਹਿਤ ਦਾ ਨਾਂਅ ਦੇ ਕੇ ਬੇਹੱਦ ਮਾਣ ਮਹਿਸੂਸ ਕਰਦੇ ਹਾਂ। ਹੱਥਲੀ ਪੁਸਤਕ 'ਬੋਲੀ ਮੈਂ ਪਾਵਾਂ' ਦੀ ਲੇਖਿਕਾ ਕੌਰ ਬਿੰਦ ਬੇਸ਼ੱਕ ਦੋ ਦਹਾਕਿਆਂ ਤੋਂ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਕਿਸੇ ਪੰਜਾਬੀ ਵਿਆਹ-ਸ਼ਾਦੀ ਵਿਚ ਜਾਣ ਦਾ ਮੌਕਾ ਵੀ ਨਹੀਂ ਮਿਲਿਆ ਪਰ ਇਸ ਦੇ ਬਾਵਜੂਦ ਇਹ ਅਨਮੋਲ ਖਜ਼ਾਨਾ ਉਨ੍ਹਾਂ ਦੇ ਚੇਤਿਆਂ ਵਿਚੋਂ ਮਿਟ ਨਹੀਂ ਸਕਿਆ। ਆਪਣੇ ਵਿਰਸੇ ਨਾਲ ਪੈਦਾ ਹੋਈਆਂ ਇਨ੍ਹਾਂ ਦੂਰੀਆਂ ਨੇ ਉਨ੍ਹਾਂ ਨੂੰ ਇਸ ਪੁਸਤਕ ਦੀ ਸਿਰਜਣਾ ਕਰਨ ਲਈ ਮਜਬੂਰ ਕਰ ਦਿੱਤਾ।
ਕੌਰ ਬਿੰਦ ਨੇ ਆਪਣੀ ਇਸ ਖ਼ੂਬਸੂਰਤ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਹੋਰ ਵੀ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰ ਦਿੱਤਾ ਹੈ। ਪਹਿਲੇ ਹਿੱਸੇ ਵਿਚ ਉਨ੍ਹਾਂ ਨੇ ਬੋਲੀਆਂ, ਦੂਜੇ ਹਿੱਸੇ ਵਿਚ ਢੋਲਕੀ 'ਤੇ ਗਾਏ ਜਾਣ ਵਾਲੇ ਗੀਤ ਅਤੇ ਤੀਜੇ ਹਿੱਸੇ ਵਿਚ ਟੱਪੇ ਸ਼ਾਮਿਲ ਕੀਤੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਨ੍ਹਾਂ ਦੇ ਬੋਲਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਬਾਹਰ ਜਾ ਕੇ ਉਨ੍ਹਾਂ ਨੇ ਉੱਥੋਂ ਦੇ ਆਲੇ-ਦੁਆਲੇ ਮੁਤਾਬਿਕ ਨਵੇਂ-ਨਵੇਂ ਅਲੰਕਾਰ ਅਤੇ ਬਿੰਬ ਤਾਂ ਘੜ ਲਏ ਪਰ ਉਨ੍ਹਾਂ ਦੀ ਲੇਖਣੀ ਦਾ ਹੀ ਕਮਾਲ ਹੈ ਕਿ ਨਵੇਂ ਚੌਖਟਿਆਂ ਵਿਚ ਵੀ ਪੰਜਾਬ ਦੀ ਮਿੱਟੀ ਦੀ ਮਹਿਕ ਬਿਲਕੁੱਲ ਪਹਿਲਾਂ ਵਾਂਗ ਹੀ ਮਹਿਸੂਸ ਹੁੰਦੀ ਹੈ। ਕੌਰ ਬਿੰਦ ਵਲੋਂ ਕੀਤਾ ਗਿਆ ਇਹ ਬੇਹੱਦ ਮਹੱਤਵਪੂਰਨ ਕਾਰਜ ਸੱਚਮੁੱਚ ਹੀ ਸ਼ਲਾਘਾਯੋਗ ਹੈ। ਪੁਸਤਕ ਵਿਚ ਸ਼ਾਮਿਲ ਉਨ੍ਹਾਂ ਦੀ ਇਕ ਬੋਲੀ ਨਮੂਨੇ ਵਜੋਂ ਪੇਸ਼ ਕਰਦਾ ਹੋਇਆ ਮੈਂ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ:
ਕਦੇ ਦਿਸ ਕਰਦਾ,
ਕਦੇ ਦੈਟ ਕਰਦਾ,
ਟੁੱਟ ਪੈਣਾ ਨੀ ਅੰਗਰੇਜ਼ੀ ਵਿਚ ਚੈਟ ਕਰਦਾ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

 

03-12-2023

 ਜਾਗਣ ਦਾ ਵੇਲਾ
ਲੇਖਿਕਾ : ਗੁਰਸ਼ਰਨ ਕੌਰ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98766-35262

ਪੰਜਾਬੀ ਸਾਹਿਤ-ਵਿਧਾ ਵਾਰਤਕ ਦੀ ਇਸ ਪੁਸਤਕ ਵਿਚ ਸ਼ਾਮਿਲ 25 ਲੇਖ ਲੇਖਿਕਾ ਦੇ ਅੰਤਰਮਨ ਦੀ ਪ੍ਰਭਾਵਸ਼ਾਲੀ ਗੁਫ਼ਤਗੂ ਜਾਪਦੇ ਹਨ। ਉਨ੍ਹਾਂ ਨੇ ਪੁਸਤਕ ਦੇ ਬਹੁਤੇ ਲੇਖਾਂ ਵਿਚ ਆਪਣੇ ਵਿਦਿਆਰਥੀ ਜੀਵਨ ਅਤੇ ਫਿਰ ਸਫ਼ਲ ਅਧਿਆਪਕਾ ਵਾਲੇ ਅਨੁਭਵ ਬਿਆਨ ਕਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਫ਼ਲਤਾ ਪੂਰਵਰਕ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ। 'ਬੱਚੇ ਦੀ ਸ਼ਖ਼ਸੀਅਤ ਉਸਾਰੀ', 'ਪੜ੍ਹਨਾ ਗੁੜਨਾ', 'ਨਕਲ ਤੋਂ ਸਾਵਧਾਨ', 'ਗਾਲ੍ਹ ਸੱਭਿਆਚਾਰ', 'ਅਨੁਸ਼ਾਸਨ', 'ਸਫ਼ਲਤਾ ਦਾ ਗੁਰ', 'ਕਿੱਤਾਮੁਖੀ ਸਿੱਖਿਆ ਸਮੇਂ ਦੀ ਲੋੜ', 'ਸਫ਼ਲਤਾ ਦਾ ਗੁਰ ਹਿੰਮਤ' ਆਦਿ ਲੇਖ ਇਸ ਸੱਚ ਦੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਹਨ।
ਲੇਖਿਕਾ ਨੇ ਆਪਣੇ ਲੇਖ 'ਮਾਂ ਬੋਲੀ ਪੰਜਾਬੀ' ਵਿਚ ਆਪਣੇ ਅੰਦਰ ਮਾਂ-ਬੋਲੀ ਪੰਜਾਬੀ ਪ੍ਰਤੀ ਵਸਦੇ ਆਤਮਿਕ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਇਹ ਲੇਖ ਦੂਜਿਆਂ ਲਈ ਵੱਡੀ ਪ੍ਰੇਰਨਾ ਹੈ। ਇਸ ਵਿਚ ਉਨ੍ਹਾਂ ਆਪਣੇ ਬਚਪਨ ਤੇ ਸਕੂਲੀ ਦਿਨਾਂ ਤੋਂ ਪੰਜਾਬੀ-ਬੋਲੀ ਨਾਲ ਕੀਤੇ ਪਿਆਰ ਦਾ ਖ਼ੁਲਾਸਾ ਕੀਤਾ ਹੈ।
ਲੇਖਿਕਾ ਪੁਸਤਕ ਦੇ ਮੁੱਢ ਵਿਚ ਇਹ ਪੁਸਤਕ ਲਿਖਣ ਦਾ ਸਬੱਬ ਇਉਂ ਲਿਖਦੀ ਹੈ, 'ਇਹ ਪੁਸਤਕ 'ਜਾਗਣ ਦਾ ਵੇਲਾ' ਲਿਖਣ ਦਾ ਸਬੱਬ ਮੇਰੇ ਲੰਮੇ ਸਮੇਂ ਦੇ ਅਧਿਆਪਨ ਤਜਰਬੇ ਵਿਚੋਂ ਉਪਜਿਆ ਹੈ। ਇਸ ਵਿਚਾਰ ਅਧੀਨ ਲਿਖੇ ਲੇਖਾਂ ਤੋਂ ਇਲਾਵਾ ਉਨ੍ਹਾਂ ਇਸ ਪੁਸਤਕ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਈ ਲੇਖ ਲਿਖੇ ਹਨ। 'ਹਸਦਿਆਂ ਦੇ ਘਰ ਵਸਦੇ', 'ਹਉਮੈ ਦੀਰਘ ਰੋਗ', 'ਆਖ ਦਮੋਦਰ ਅੱਖੀਂ ਡਿੱਠਾ', 'ਵਹਿਮਾਂ-ਭਰਮਾਂ ਦੀ ਦੁਨੀਆ', 'ਆਓ ਰੁੱਖ ਲਗਾਈਏ', 'ਵਸਣਾ ਸ਼ਰੀਕੇ ਦਾ ਨਾਭੇ ਦੀ ਸਰਦਾਰੀ', 'ਇਕ ਅਜੋਕੇ ਪਿੰਡ ਦਾ ਪਿਛੋਕੜ' ਵਰਗੇ ਵੰਨ-ਸੁਵੰਨਤਾ ਵਾਲੇ ਲੇਖਾਂ ਨਾਲ ਇਸ ਪੁਸਤਕ ਨੂੰ ਯਾਦਗਾਰੀ ਪੁਸਤਕ ਬਣਾਇਆ ਹੈ। ਸਰਲ ਸੌਖੀ ਭਾਸ਼ਾ ਵਾਲੀ ਇਹ ਪੁਸਤਕ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਲਈ ਬੇਹੱਦ ਕੀਮਤ ਰੱਖਦੀ ਹੈ। ਇਸ ਨੂੰ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਇਆ ਜਾਣਾ ਚਾਹੀਦਾ ਹੈ।

-ਸੁਰਿੰਦਰ ਸਿੰਘ ਕਰਮ 'ਲਧਾਣਾ'
ਮੋਬਾਈਲ : 98146-81444

 

 


ਨਵੀਂ-ਬੁਲਬੁਲ
ਗ਼ਜ਼ਲਕਾਰ : ਕਮਲ ਬੰਗਾ ਸੈਕਰਾਮੈਂਟੋ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਪਲਾਹੀ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98158-02070 


ਅਜੋਕਾ ਦੌਰ ਪੰਜਾਬੀ ਗ਼ਜ਼ਲ ਦਾ ਹੈ ਤੇ ਪੰਜਾਬੀ ਗ਼ਜ਼ਲ ਦੀਆਂ ਪੁਸਤਕਾਂ ਤੇਜ਼ ਗਤੀ ਨਾਲ ਛਪ ਰਹੀਆਂ ਹਨ। ਇਨ੍ਹਾਂ ਪੁਸਤਕਾਂ 'ਚੋਂ ਬਹੁਤੀਆਂ ਰਸਮੀ ਤੇ ਕੁਝ ਇਕ ਸੰਜੀਦਗੀ ਨਾਲ ਸਿਰਜੀਆਂ ਗ਼ਜ਼ਲਾਂ ਦੀਆਂ ਹੁੰਦੀਆਂ ਹਨ। ਵਿਦੇਸ਼ਾਂ ਵਿਚ ਵਸੇ ਪੰਜਾਬੀ ਵੀ ਚੋਖੀ ਗਿਣਤੀ ਵਿਚ ਰਲਵੀਂ ਮਿਲਵੀਂ ਗ਼ਜ਼ਲ ਕਹਿ ਰਹੇ ਹਨ। ਕਮਲ ਬੰਗਾ ਸੈਕਰਾਮੈਂਟੋ ਸਿਰਜਣਾਤਮਿਕ ਪ੍ਰਕਿਰਿਆ ਨਾਲ ਜੁੜਿਆ ਪੁਰਾਣਾ ਨਾਮ ਹੈ ਜਿਸ ਨੇ ਵਧੇਰੇ ਕਰਕੇ ਗ਼ਜ਼ਲ ਸਿਰਲੇਖ ਅਧੀਨ ਕਲਮਕਾਰੀ ਕੀਤੀ ਹੈ। 'ਨਵੀਂ ਬੁਲਬੁਲ' ਉਸ ਦੀ ਸਤ੍ਹਾਰਵੀਂ ਪੁਸਤਕ ਹੈ ਜਿਸ ਵਿਚ ਉਸ ਨੇ ਕੁਝ ਰੰਗੀਨ ਸਫ਼ੇ ਵੀ ਰਾਖਵੇਂ ਰੱਖੇ ਹਨ। ਇਨ੍ਹਾਂ ਸਫ਼ਿਆਂ 'ਤੇ ਉਸ ਨੇ ਪਰਿਵਾਰ ਨਾਲ ਆਪਣੀਆਂ ਤਸਵੀਰਾਂ ਸੁਰੱਖਿਅਤ ਕੀਤੀਆਂ ਹਨ। ਕਮਲ ਬੰਗਾ ਦੀਆਂ ਰਚਨਾਵਾਂ ਦੇ ਬਹੁਤੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਸ ਅਨੁਸਾਰ ਅਸੀਂ ਉੱਤੋਂ ਉੱਤੋਂ ਅਮਨ ਦੇ ਹਾਮੀ ਹਾਂ ਪਰ ਸਾਡੇ ਅੰਦਰ ਖ਼ਰੂਦ ਦਾ ਨਿਵਾਸ ਹੈ। ਮਨੁੱਖ ਸ਼ਹਿਰ ਵਿਚ ਰਹਿੰਦਾ ਹੋਇਆ ਵੀ ਜਾਂਗਲੀ ਸੱਭਿਅਤਾ ਵਿਚ ਜਿਉਂਦਾ ਹੈ ਤੇ ਇਹ ਅਜੇ ਵੀ ਵਿਤਕਰਿਆਂ ਦੀਆਂ ਵਲਗਣਾਂ ਵਿਚ ਫਸਿਆ ਹੋਇਆ ਹੈ। ਉਹ ਮੰਨਦਾ ਹੈ ਇਹ ਜ਼ਮਾਨਾ ਨਵਾਂ ਹੈ, ਵਿੱਦਿਆ ਤੇ ਤੇਜ਼ ਰਫ਼ਤਾਰੀ ਦਾ ਹੈ ਪਰ ਮੁਹੱਬਤ ਗੁੰਮਸੁਮ ਹੈ। ਕਿਤੇ ਕਿਤੇ ਕਮਲ ਬੰਗਾ ਕਿਸੇ ਦੀ ਜੁਦਾਈ ਦਾ ਦਰਦ ਹੰਢਾਉਂਦਾ ਵੀ ਮਹਿਸੂਸ ਹੁੰਦਾ ਹੈ ਤੇ ਉਸ ਨੂੰ ਪਿਆਰ ਦੀ ਛਤਰੀ ਚੇਤੇ ਆਉਂਦੀ ਹੈ। ਟਾਈਟਲ ਦੇ ਪਿੱਛੇ ਨਵੀਂ ਬੁਲਬੁਲ ਨੂੰ ਆਧਾਰ ਬਣਾ ਕੇ ਲਿਖੀ ਉਸ ਦੀ ਗ਼ਜ਼ਲ ਦਰਅਸਲ ਸ਼ਾਇਰ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ। ਕਮਲ ਦੀਆਂ ਰਚਨਾਵਾਂ 'ਤੇ ਪੰਜਾਬੀਅਤ ਦੀ ਛਾਪ ਹੈ ਤੇ ਉਹ ਗੂੜ੍ਹ ਅਰਥੇ ਸ਼ਬਦਾਂ ਤੋਂ ਪ੍ਰਹੇਜ਼ ਕਰਦਾ ਹੈ। ਬਿਨਾਂ ਕਿਸੇ ਲਾਗ ਲਪੇਟ ਤੋਂ ਸਿੱਧ-ਪੱਧਰੀ ਗੱਲ ਕਰਨ ਵਿਚ ਉਸ ਦਾ ਵਿਸ਼ਵਾਸ ਹੈ। ਇਨ੍ਹਾਂ ਗ਼ਜ਼ਲਾਂ 'ਤੇ ਮੈਂ ਗ਼ਜ਼ਲ ਦੇ ਵਿਧਾਨਕ ਪੱਖ ਤੋਂ ਕੋਈ ਟਿੱਪਣੀ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੀ ਇਕ ਰਚਨਾ ਵਿਚ ਖ਼ੁਦ ਹੀ ਨਿਪੁੰਨ ਹੋਣ ਦਾ ਦਾਅਵਾ ਨਹੀਂ ਕਰਦਾ। ਇਹ ਉਸ ਦਾ ਵੱਡਾਪਨ ਵੀ ਹੈ ਵਰਨਾ ਕਈ ਪੰਜਾਬੀ ਗ਼ਜ਼ਲਕਾਰਾਂ ਵਲੋਂ ਆਪਣੀਆਂ ਗ਼ਜ਼ਲਾਂ ਸਬੰਧੀ ਬੜੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਵਿਦੇਸ਼ਾਂ ਵਿਚ ਰਹਿ ਕੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣਾ ਛੋਟੀ ਗੱਲ ਨਹੀਂ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

 

 

 

 

ਨਾਨਕ ਸਭ ਇਨਸਾਨਾਂ ਦਾ
ਕਵੀ : ਸਲੀਮ ਰਜ਼ਾ ਰਾਏ ਕੋਟੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 260
ਸੰਪਰਕ : 94631-70369


ਇਹ ਕਾਵਿ-ਪੁਸਤਕ ਵਲਾਇਤ ਵਿਚ ਰਹਿੰਦੇ ਸੰਵੇਦਨਸ਼ੀਲ ਸ਼ਾਇਰ ਦੀ ਹੈ ਅਤੇ ਸਾਂਝੇ ਪੰਜਾਬ ਦੇ ਨਾਂਅ ਸਮਰਪਿਤ ਹੈ। ਕਵੀ ਦਾ ਕੋਮਲ ਦਿਲ ਦੁਨੀਆ ਦੀਆਂ ਨਫ਼ਰਤਾਂ, ਧੱਕੇਸ਼ਾਹੀਆਂ ਅਤੇ ਵਿਤਕਰਿਆਂ ਤੋਂ ਉਪਰਾਮ ਹੈ। ਉਸ ਨੂੰ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਵਿਚੋਂ ਹਰ ਪ੍ਰਾਣੀ ਲਈ ਪ੍ਰੇਮ, ਹਮਦਰਦੀ, ਸਦਭਾਵਨਾ ਅਤੇ ਇਨਸਾਨੀਅਤ ਝਲਕਦੀ ਦਿਸਦੀ ਹੈ। ਇਸ ਪ੍ਰੀਤ ਪੈਗ਼ੰਬਰ ਨੇ ਸੜਦੀ-ਬਲਦੀ ਦੁਨੀਆ ਦੇ ਜ਼ਖ਼ਮਾਂ ਉੱਤੇ ਰੂਹਾਨੀਅਤ ਅਤੇ ਮੁਹੱਬਤ ਦੇ ਫੇਹੇ ਲਾਏ। ਸੂਰਜਾਂ ਦੇ ਸੂਰਜ ਨੇ ਹਨੇਰਿਆਂ ਨੂੰ ਰੁਸ਼ਨਾ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਕਵੀ ਲਿਖਦਾ ਹੈ:
ਸੱਚੀ ਸੁੱਚੀ ਬਾਣੀ ਵਾਲਾ / ਸਭ ਤੋਂ ਚੰਗੀ ਕਹਾਣੀ ਵਾਲਾ
ਸਾਰੀਆਂ ਤਾਰੀਖ਼ਾਂ 'ਚੋਂ ਗੁਰੂ ਨਾਨਕ ਜੀ ਦੀ ਤਾਰੀਖੀ ਕਹਾਣੀ ਪਸੰਦ ਆਈ ਅਤੇ ਕਵੀ ਦੀਆਂ ਸੋਚਾਂ ਨਿੱਖਰ ਗਈਆਂ। ਉਹ ਲਿਖਦਾ ਹੈ-
ਜਦ ਮੈਂ ਚੱਲੂੰ ਉਸ ਰਾਹ 'ਤੇ ਚੱਲੂੰ / ਜਿਹੜੇ ਰਾਹ ਦਾ ਮੈਨੂੰ ਯਕੀਨ ਹੋਵੇ।
ਜਦ ਮੈਂ ਭੱਜੂੰ ਉਸ ਪਿੰਡ ਵੱਲ ਭੱਜੂੰ / ਜਿਥੇ ਪਨਾਹ ਦਾ ਮੈਨੂੰ ਯਕੀਨ ਹੋਵੇ।
ਕਵੀ ਧਰਮ ਦੇ ਨਾਂਅ ਉੱਤੇ ਹੋ ਰਹੀ ਹਿੰਸਾ ਦਾ ਵਿਰੋਧ ਕਰਦਾ ਹੈ। ਸਾਰੇ ਇਨਸਾਨ ਇਕੋ ਰੱਬ ਦੇ ਬੱਚੇ ਹਨ। ਸਾਨੂੰ ਆਪਸੀ ਵੈਰ-ਵਿਰੋਧ, ਝਗੜੇ ਝੇੜੇ ਅਤੇ ਬਖੇੜੇ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੀ ਰੌਸ਼ਨੀ ਵਿਚ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਇਹ ਪੁਸਤਕ ਪੜ੍ਹਨਯੋਗ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ

 


ਫੁੱਲਾਂ ਦਾ ਮੀਂਹ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 94638-36591


ਜਸਬੀਰ ਭੁੱਲਰ ਨਾਵਲਕਾਰ, ਕਹਾਣੀਕਾਰ ਤੇ ਬਾਲ-ਸਾਹਿਤ ਲੇਖਕ ਵਜੋਂ ਆਪਣੀ ਵੱਖਰੀ ਸ਼ੈਲੀ ਕਰਕੇ ਵੱਖਰੀ ਪਛਾਣ ਰੱਖਦਾ ਹੈ। ਭਾਰਤੀ ਸੈਨਾ 'ਚੋਂ ਮੇਜਰ ਅਹੁਦੇ ਤੋਂ ਸੇਵਾ-ਮੁਕਤ ਹੋਣ ਉਪਰੰਤ, ਉਸ ਨੇ ਨਿੱਠ ਕੇ ਪੰਜਾਬੀ ਸਾਹਿਤ ਵਿਚ ਯੋਗਦਾਨ ਦੀ ਨਿਰੰਤਰ ਸਾਧਨਾ ਕਾਇਮ ਕੀਤੀ ਹੋਈ ਹੈ। ਪੰਜਾਬੀ ਬਾਲ-ਨਾਵਲ ਵਿਚ ਉਸ ਦੀ ਦੇਣ ਜ਼ਿਕਰਯੋਗ ਹੈ। 'ਫੁੱਲਾਂ ਦਾ ਮੀਂਹ' ਦਾ ਇਕ ਆਕਰਸ਼ਕ ਪਾਤਰ ਮੀਤਾ ਇਸ ਨਾਵਲਿਟ ਦਾ ਕੇਂਦਰ ਬਿੰਦੂ ਹੈ। ਇਕ ਨਿੱਕੇ ਜਿਹੇ ਪਹਾੜਾਂ ਦੇ ਪੈਰਾਂ 'ਚ ਵਸੇ ਪਿੰਡ ਬੱਲਪੁਰ ਦਾ ਬਾਲਕ (ਮੀਤਾ) ਆਪਣੇ ਪਿੰਡ ਜਦੋਂ ਵੱਡਾ ਹੋ ਕੇ ਮੁੜਦਾ ਤਾਂ ਅਮਲਤਾਸ ਦੇ ਪੀਲੇ ਫੁੱਲ ਉਸ ਦਾ ਸੁਆਗਤ ਕਰਦੇ ਹਨ। ਕੁਦਰਤ ਨਾਲ ਸੰਵਾਦ ਰਚਾ ਕੇ ਕਹਾਣੀ ਨੂੰ ਰੌਚਕ ਤੇ ਕਲਪਨਾ ਦੀ ਪੁੱਠ ਬਹੁਤ ਕੁਝ ਕਹਿ ਜਾਂਦੀ ਹੈ। ਫੁੱਲ ਕਹਾਣੀ ਸੁਣਾਉਣ ਲਗਦਾ ਹੈ ਤੇ ਮੀਤੇ ਦਾ ਵਿਦਿਆਰਥੀ ਜੀਵਨ ਸ਼ੁਰੂ ਹੋ ਜਾਂਦਾ ਹੈ। ਨਾਵਲਿਟ ਦੇ ਕਾਂਡ ਸ਼ੁਰੂ ਹੋ ਜਾਂਦੇ ਹਨ ਜਿਵੇਂ ਸ਼ਬਦਾਂ ਦੇ ਬੋਹਲ, ਅਨੋਖਾ ਚਿੱਤਰਕਾਰ, ਫੁੱਲਾਂ ਦੀ ਰੁੱਤੇ, ਮੋਤੀਆਂ ਵਰਗੇ ਅੱਖਰ, ਅੰਕਲ ਇਕ ਮਿੰਟ, ਇਕ ਕਤੂਰਾ, ਅੱਖਰਾਂ ਨਾਲ ਆੜੀ, ਭੂਤ ਨਾਲ ਟਾਕਰਾ, ਨਵਾਂ ਨਕੋਰ ਦਿਨ, ਮੋਰੀ ਵਾਲੀ ਰੋਟੀ, ਸ਼ਾਬਾਸ਼ ਦੀਆਂ ਰਿਉੜੀਆਂ, ਮੋਤੀ ਨੇ ਪੜ੍ਹਾਇਆ ਸਬਕ, ਮੋਤੀ ਨੂੰ ਕਹੀ ਹੋਈ ਗੱਲ, ਵਾਂਢਿਓਂ ਵਾਪਸੀ, ਇਕ ਸੌ, ਭੋਜਨ ਲਈ ਸ਼ੁਕਰੀਆ, ਰਿਸ਼ਤੇ ਤੇ ਅੰਤ 'ਚ ਮੀਤੇ ਦੇ ਜਾਣ ਵੇਲੇ ਇਕ ਕਲਪਨਾਮਈ ਜੀਵਨ-ਸ਼ੈਲੀ ਨੂੰ ਸਚਿੱਤਰ ਕਰਿਆ ਗਿਆ। ਮੀਤੇ ਦੀ ਮਾਂ ਗੁਰਦੀਪ ਕੌਰ ਅਤੇ ਪਿਤਾ ਬੁੱਧ ਸਿੰਘ ਕਹਾਣੀ ਦੀਆਂ ਘਟਨਾਵਾਂ ਦੇ ਪਾਤਰ ਪੁੱਤਰ ਨੂੰ ਸਮੇਂ-ਸਮੇਂ ਸੰਬੋਧਨ ਹੁੰਦੇ ਹਨ ਜਿਹੜੇ ਵਿਦਿਆਰਥੀ ਨੂੰ ਜੀਵਨ-ਮੁੱਲਾਂ ਬਾਰੇ ਅਤੇ ਸਿੱਖਿਆ ਬਾਰੇ ਮੱਤਾਂ ਦਿੰਦੇ ਹਨ। ਕੁਝ ਗੱਲਾਂ ਨੈਤਿਕਤਾ ਦੇ ਪੱਖੋਂ ਜਚਦੀਆਂ ਨਹੀਂ ਜਿਵੇਂ ਮਾਂ ਪੁੱਤ ਮੀਤੇ ਨੂੰ ਕਹਿੰਦੀ, 'ਐਹ ਚਿਮਟਾ ਮਾਰ ਕੇ ਤੇਰੇ ਗਿੱਟੇ ਛਾਂਗੂ'। 'ਮੋਰੀ ਵਾਲੀ ਰੋਟੀ' ਕਾਂਡ 'ਚ ਬਿੱਠ ਕੱਢ ਕੇ ਮੁੜ ਪ੍ਰਾਹੁਣੇ ਦੀ ਥਾਲੀ 'ਚ ਰੋਟੀ ਰੱਖ ਦੇਣੀ। ਮੀਤੇ ਦਾ ਟੱਬ 'ਚ ਬੈਠ ਕੇ ਲਿਖਣਾ ਅਸੁਖਾਵਾਂ ਲਗਦਾ ਹੈ। 'ਅਨੋਖਾ ਚਿੱਤਰਕਾਰ' ਕਾਂਡ 'ਚ ਦੁੱਧ ਦਾ ਗਲਾਸ ਧਰਤੀ 'ਤੇ ਡੋਲ੍ਹ ਕੇ ਚਿੱਤਰ ਬਣਾਉਣ ਦਾ ਜ਼ਿਕਰ ਮਨ ਨੂੰ ਤ੍ਰਾਉਂਦਾ। ਦੁੱਧ ਨੂੰ ਅੰਮ੍ਰਿਤ ਕਿਹਾ ਗਿਆ ਹੈ। ਧਰਤੀ 'ਤੇ ਇੰਝ ਡੋਲ੍ਹਣਾ ਬਾਲ-ਮਨ ਨੂੰ ਕੁਰੀਤੀ ਵੱਲ ਲੈ ਜਾਂਦਾ ਹੈ। ਗਲਾਸ 'ਚੋਂ ਰੰਗਾਂ ਦਾ ਘੋਲ ਡੋਲ੍ਹ ਕੇ ਚਿੱਤਰਕਾਰੀ ਦਾ ਦ੍ਰਿਸ਼ ਮਨਮੋਹਕ ਬਣਾਇਆ ਜਾ ਸਕਦਾ ਸੀ। ਕੁੱਤੇ ਨੂੰ ਗਰਮ ਦੁੱਧ ਨਹੀਂ, ਠੰਢਾ ਦੁੱਧ ਪਿਲਾਉਣਾ ਹੁੰਦਾ ਹੈ। ਮੀਤੇ ਦੇ ਜੂੜੇ ਵਾਲੀ ਥਾਂ ਗੁੜ ਦੀ ਭੇਲੀ ਰੱਖ ਕੇ ਪੱਗ ਬੰਨ੍ਹਣੀ ਅਜੀਬ ਲਗਦੀ ਹੈ। ਜਿਥੋਂ ਤੱਕ ਮੀਤੇ ਨੂੰ ਪ੍ਰਕਿਰਤੀ, ਜੀਵ-ਜੰਤੂਆਂ, ਵਿਗਿਆਨਕ ਗੱਲਾਂ ਤੇ ਪੜ੍ਹਾਈ 'ਚ ਮਿਹਨਤ ਕਰਨ ਲਈ ਪ੍ਰੇਰਨਾ ਦੇਣ ਦੀ ਗੱਲ ਹੈ, ਉਸ ਪੱਖੋਂ ਬਹੁਤ ਸੁੰਦਰ-ਦ੍ਰਿਸ਼ ਪੇਸ਼ ਕੀਤੇ ਗਏ ਹਨ। ਕਲਪਨਾ ਤੇ ਰਹੱਸ ਦਾ ਸੁਮੇਲ ਸਲਾਹੁਣਯੋਗ ਹੈ। ਸੋਚਣ ਵਾਲੀ ਗੱਲ ਹੈ ਕਿ ਬੱਚਾ ਇਸ ਸੰਵਾਦ ਨੂੰ ਸਮਝਣ ਦੇ ਯੋਗ ਹੋ ਸਕੇਗਾ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

 

 

 

(ਦੋ ਨਾਵਲ)
ਚੌਦਾਂ ਨੰਬਰ ਗੰਨ
ਗੱਡੀਆਂ ਵਾਲੀ
ਲੇਖਕ : ਬਖਤਾਵਰ ਸਿੰਘ ਦਿਓਲ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 143
ਸੰਪਰਕ : 98119-86433


ਬਖਤਾਵਰ ਸਿੰਘ ਦਿਓਲ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਅਤੇ ਨਿਵੇਕਲੀ ਲਿਖਣ ਸ਼ੈਲੀ ਅਤੇ ਸੰਵੇਦਨਾ ਕਰਕੇ ਜਾਣਿਆ ਜਾਂਦਾ ਸੀ। ਹੁਣ ਉਸ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀਆਂ ਅਣਛਪੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਹ ਪੁਸਤਕ ਉਸੇ ਲੜੀ ਦਾ ਇਕ ਅਹਿਮ ਹਿੱਸਾ ਹੈ। ਨਾਵਲਿਟ 'ਚੌਦਾਂ ਨੰਬਰ ਗੰਨ' ਵਿਚ ਇਹ ਸੇਵਾ-ਮੁਕਤ ਫ਼ੌਜੀ ਆਪਣੀ ਧੀ ਪਾਸ਼ੋ ਨੂੰ ਬਿਮਾਰੀ ਦੀ ਹਾਲਤ ਵਿਚ ਪਾਕਿਸਤਾਨ ਨਾਲ ਪੁੰਛ ਖੇਤਰ ਵਿਚ ਲੜੀ ਲੜਾਈ ਦੀ ਗਾਥਾ ਸੁਣਾਉਂਦਾ ਹੈ। ਉਹ ਨੀਮ ਬੇਹੋਸ਼ੀ ਦੀ ਹਾਲਤ ਵਿਚ ਹੈ ਤੇ ਬੁਖ਼ਾਰ ਦਾ ਵੀ ਭੰਨਿਆ ਹੋਇਆ ਹੈ। ਇਥੇ ਸਮਾਂ ਸ਼ਾਇਦ 84 ਦਾ ਹੈ। ਲੇਖਕ ਇਸ ਨੂੰ ਕੇਵਲ ਸੰਕੇਤਾਂ ਅਤੇ ਇਸ਼ਾਰਿਆਂ ਨਾਲ ਹੀ ਜ਼ਾਹਰ ਕਰਦਾ ਹੈ। ਉਸ ਦੀ ਪਤਨੀ ਇਹੋ ਜਿਹੇ ਭਿਆਨਕ ਲੜਾਈ ਵੇਲੇ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਹੋਈ ਹੈ। ਫ਼ੌਜੀ ਹੁਣ ਕਿਸੇ ਬੈਂਕ 'ਚ ਗੰਨਮੈਨ ਦੀ ਡਿਊਟੀ ਨਿਭਾ ਰਿਹਾ ਹੈ। ਮਾਹੌਲ ਗਹਿਗੱਚ ਲੜਾਈ ਦਾ ਹੈ। ਗੋਲੇ, ਗੋਲੀਆਂ, ਬੰਬ ਉਨ੍ਹਾਂ ਦੇ ਕਮਜ਼ੋਰ ਘਰ 'ਤੇ ਡਿਗਦੇ ਘਰ ਦਾ ਨੁਕਸਾਨ ਕਰ ਰਹੇ ਹਨ। ਇਸ ਦੇ ਸਮਾਨਾਂਤਰ ਉਹ ਪੁੰਛ ਖੇਤਰ ਵਿਚ ਜਦੋਂ ਉਹ ਤੇ ਉਸ ਦਾ ਮਿੱਤਰ ਸ਼ਮਸ਼ੇਰ ਕਿਸੇ ਮੁਸਲਮਾਨ ਦੇ ਘਰ ਪਨਾਹ ਲੈਂਦੇ ਹਨ ਤਾਂ ਉਸ ਦਾ ਇਕ ਜੀਅ ਰਾਸ਼ਿਦ ਵੀ ਜੰਗ ਵਿਚ ਗਿਆ ਹੋਇਆ ਹੈ। ਉਸ ਦੀ ਬੁੱਢੀ ਮਾਂ ਨੀਮ ਪਾਗਲ ਹੋਈ ਪਈ ਹੈ। ਉਹ ਰਹਿ-ਰਹਿ ਕੇ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ। ਸਮਸ਼ੇਰ ਵੀ ਮਰਨ ਕਿਨਾਰੇ ਹੈ। ਉਸ ਘਰ ਦੀ ਨੂੰਹ ਆਮਨਾ ਸ਼ਮਸ਼ੇਰ ਨਾਲ ਲੇਟ ਕੇ ਉਸ ਦੇ ਪਿੰਡੇ ਨੂੰ ਨਿੱਘ ਦੇਣ ਦਾ ਯਤਨ ਕਰਦੀ ਹੈ। ਭਾਰਤੀ ਫ਼ੌਜ ਦੇ ਸਿਪਾਹੀ ਤੇ ਡਾਕਟਰ ਉਸ ਔਰਤ ਦੀ ਕੁਰਬਾਨੀ ਅਤੇ ਜਜ਼ਬਾ ਦੇਖਦੇ ਅਸ਼-ਅਸ਼ ਕਰ ਉੱਠਦੇ ਹਨ ਤੇ ਉਸ ਨੂੰ ਐਵਾਰਡ ਦੇਣ ਦੀ ਸਿਫ਼ਾਰਿਸ਼ ਕਰਦੇ ਹਨ। ਇਧਰ ਫ਼ੌਜੀ ਆਪਣੀ ਧੀ ਪਾਸ਼ੋ ਨੂੰ ਆਪਣੀਆਂ ਯਾਦਾਂ ਬਿਆਨ ਕਰਦਾ-ਕਰਦਾ ਠੰਢਾ ਹੋਣਾ ਸ਼ੁਰੂ ਕਰ ਦਿੰਦਾ ਹੈ। ਸ਼ਮਸ਼ੇਰ ਨੂੰ ਵੀ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਨਾਵਲਿਟ ਲੇਖਕ ਵਲੋਂ ਦਿੱਤੇ ਮਾਨਵਵਾਦੀ ਸੁਨੇਹੇ ਨਾਲ ਮੁੱਕ ਜਾਂਦਾ ਹੈ।
ਦੂਸਰਾ ਨਾਵਲਿਟ 'ਗੱਡੀਆਂ ਵਾਲੀ' ਉਮਤੀ ਅਤੇ ਜ਼ੈਲਦਾਰ ਦੇ ਪੁੱਤ ਕਰਤਾਰ ਦੀ ਪ੍ਰੇਮ ਕਹਾਣੀ ਬਿਆਨ ਕਰਦੀ ਹੈ। ਦੋਵੇਂ ਇਕ-ਦੂਸਰੇ ਨੂੰ ਚਾਹੁੰਦੇ ਹਨ ਤੇ ਹਰ ਹੀਲੇ ਇਕ ਦੂਜੇ ਨਾਲ ਵਿਆਹ ਕਰਨਾ ਲੋਚਦੇ ਹਨ। ਜ਼ੈਲਦਾਰ ਨੂੰ ਇਹ ਗੱਲ ਪਸੰਦ ਨਹੀਂ ਹੈ। ਕਈ ਤਰ੍ਹਾਂ ਦੇ ਘਟਨਾਚੱਕਰ ਅਤੇ ਝਗੜੇ ਝੇੜਿਆਂ ਤੋਂ ਬਾਅਦ ਆਖ਼ਰ ਨਾਵਲਿਟ ਸੁਖਾਂਤਕ ਮੋੜ ਕੱਟ ਕੇ ਖ਼ਤਮ ਹੋ ਜਾਂਦਾ ਹੈ ਜਦ ਜ਼ੈਲਦਾਰ ਜਵਾਨ ਬੱਚਿਆਂ ਦੀ ਇੱਛਾ 'ਤੇ ਫੁੱਲ ਚੜ੍ਹਾਉਂਦਾ ਹੋਇਆ, ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੰਦਾ ਹੈ। ਜੱਸਾ ਜਿਹੇ ਲੋਫਰ ਬੰਦੇ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਦਿਖਾਈ ਦਿੰਦੇ ਹਨ।
ਦਿਓਲ ਮਾਹੌਲ ਸਿਰਜਣ ਦਾ ਮਾਹਿਰ ਹੈ। ਘਟਨਾਵਾਂ ਮੁਤਾਬਿਕ ਬੋਲੀ ਅਤੇ ਮਾਹੌਲ ਦੀ ਸਿਰਜਣਾ ਉਸ ਦੀ ਵਾਰਤਕ ਦਾ ਮੀਰੀ ਗੁਣ ਹੈ। ਮਨੁੱਖਵਾਦੀ ਸੰਵੇਦਨਾ ਉਸ ਦੀ ਫਿਕਸ਼ਨ ਦਾ ਹੋਰ ਮੀਰੀ ਗੁਣ ਹੈ। ਨਾਵਲਿਟ ਰੌਚਕ ਹਨ।

-ਕੇ. ਐਲ. ਗਰਗ
ਮੋਬਾਈਲ : 94635-37050

 

 


ਪਗਡੰਡੀਆਂ
ਭਾਗ-ਦੂਜਾ
ਲੇਖਿਕਾ : ਬਚਿੰਤ ਕੌਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98725-72060



ਸ੍ਰੀਮਤੀ ਬਚਿੰਤ ਕੌਰ ਪੰਜਾਬੀ ਜ਼ਬਾਨ ਦੀ ਇਕ ਪ੍ਰਮੁੱਖ ਕਥਾਕਾਰ ਅਤੇ ਕਵਿੱਤਰੀ ਹੈ। ਉਸ ਨੇ ਆਪਣੀ ਸਵੈ-ਜੀਵਨੀ 'ਪਗਡੰਡੀਆਂ' ਦਾ ਦੂਜਾ ਭਾਗ ਸਾਲ 2023 ਵਿਚ, ਹੀ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਕੁਝ ਘਟਨਾਵਾਂ 1965-66 ਤੋਂ ਸ਼ੁਰੂ ਹੁੰਦੀਆਂ ਹਨ ਜਦੋਂ ਉਹ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਵਿਚ ਕੀ-ਪੰਚ-ਆਪਰੇਟਰ ਵਜੋਂ ਨੌਕਰੀ ਕਰ ਰਹੀ ਸੀ। ਇਸ ਸਮੇਂ ਉਹ ਇਕ ਸ਼ਾਦੀ-ਸ਼ੁਦਾ ਅਤੇ ਬਾਲ-ਬੱਚਿਆਂ ਵਾਲੀ ਔਰਤ ਸੀ ਪਰ ਫਿਰ ਵੀ ਨੌਕਰੀ ਕਰਨ ਵਾਸਤੇ ਉਸ ਦੇ ਮਨ ਵਿਚ ਬੇਤਹਾਸ਼ਾ ਸ਼ੌਕ ਸੀ। ਉਹ ਨਾਲੋ-ਨਾਲ ਪੜ੍ਹ ਵੀ ਰਹੀ ਸੀ। ਪਹਿਲਾਂ ਗਿਆਨੀ, ਫਿਰ ਐਫ.ਏ., ਉਪਰੰਤ ਬੀ.ਏ. ਅਤੇ ਆਖ਼ਰ ਪੰਜਾਬੀ ਸਾਹਿਤ ਵਿਚ ਐਮ.ਏ.। ਪਿੰਡ ਭੜੋ (ਨਾਭਾ) ਦੀ ਜੰਮੀ-ਜਾਈ ਵਿਆਹ ਉਪਰੰਤ ਦਿੱਲੀ ਪਹੁੰਚੀ, ਤਾਂ ਉਸ ਦੀ ਉਡਾਣ ਨੂੰ ਬੜੇ ਮਜ਼ਬੂਤ ਖੰਭ ਮਿਲ ਗਏ ਅਤੇ ਇਨ੍ਹਾਂ ਦੀ ਬਦੌਲਤ ਉਹ ਖੁੱਲ੍ਹੇ ਅਸਮਾਨ ਵਿਚ ਉਡਾਰੀਆਂ ਭਰ ਰਹੀ ਸੀ। ਬਚਿੰਤ ਕੌਰ ਲਈ ਇਕ ਤੋਂ ਬਾਅਦ ਇਕ ਦਰਵਾਜ਼ੇ ਆਪਣੇ-ਆਪ ਖੁੱਲ੍ਹਦੇ ਗਏ। ਉਸ ਦੇ ਮਨ ਵਿਚ ਕੁਝ ਕਰਨ, ਕੁਝ ਬਣਨ ਦੀ ਜੋ ਇੱਛਾ ਸੀ, ਕੁਦਰਤ ਨੇ ਉਸ ਨੂੰ ਪੂਰਾ ਕਰਨ ਲਈ ਠਾਣ ਲਈ ਸੀ। ਦਿੱਲੀ ਵਿਚ ਇਕ ਪ੍ਰਮੁੱਖ ਲੇਖਕਾ ਹੋਣ ਦੀ ਵਜ੍ਹਾ ਨਾਲ ਉਹ ਕਈ ਵਾਰ ਵਿਸ਼ਵ ਕਾਨਫ਼ਰੰਸਾਂ ਵਿਚ ਭਾਗ ਲੈਣ ਲਈ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿਚ ਜਾ ਸਕੀ। ਇਕ ਵਾਰ ਉਸ ਨੇ ਪਾਕਿਸਤਾਨ ਦੀ ਯਾਤਰਾ ਵੀ ਕੀਤੀ। ਉਸ ਦਾ ਪਤੀ ਕੁਝ ਸਮੇਂ ਲਈ ਅਮਰੀਕਾ ਆਣ ਵਸਿਆ ਸੀ ਪਰ ਇਥੇ ਹੀ 1996 ਈ. ਵਿਚ ਉਸ ਦੀ ਮ੍ਰਿਤੂ ਹੋ ਗਈ। ਉਸ ਦਾ ਬੇਟਾ ਕੁੱਕੀ ਅਤੇ ਇਕ ਭਰਾ ਬਲਵੰਤ ਸਿੰਘ ਵੀ ਅਮਰੀਕਾ ਰਹਿੰਦੇ ਸਨ। ਸਾਲ 2000 ਵਿਚ ਉਸ ਨੂੰ ਵੀ ਅਮਰੀਕਾ ਆਉਣ ਦਾ ਮੌਕਾ ਮਿਲ ਗਿਆ ਸੀ। ਉਹ 2004 ਈ. ਤੱਕ ਇਥੇ ਰਹੀ, ਉਸ ਨੂੰ ਗਰੀਨ-ਕਾਰਡ ਵੀ ਮਿਲ ਗਿਆ ਸੀ। ਕਿਸੇ ਸਮੇਂ ਉਸ ਦੇ ਸਮੁੱਚੇ ਪਰਿਵਾਰ ਨੇ ਰਾਧਾ ਸੁਆਮੀ ਸੰਪਰਦਾਇ ਵਿਚ ਪ੍ਰਵੇਸ਼ ਕਰ ਲਿਆ ਸੀ ਅਤੇ ਸਾਲਾਨਾ ਸਤਿਸੰਗ ਦੇ ਸਮੇਂ ਉਹ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਇਸ ਡੇਰੇ ਵਿਚ ਆਇਆ ਕਰਦੇ ਸਨ। ਇਸੇ ਕਾਰਨ ਅਮਰੀਕਾ ਤੋਂ ਵਾਪਸ ਆ ਕੇ ਲਗਭਗ 12 ਵਰ੍ਹੇ ਉਸ ਨਰਸਿੰਗ ਵਾਰਡਨ ਦੇ ਰੂਪ ਵਿਚ ਇਸ ਡੇਰੇ ਦੀ ਸੇਵਾ ਵੀ ਕੀਤੀ। ਬਚਿੰਤ ਕੌਰ ਦੀ ਇਹ ਸਵੈ-ਜੀਵਨੀ ਬਹੁਤ ਦਿਲਚਸਪ ਹੈ। ਕਿਧਰੇ-ਕਿਧਰੇ ਤੱਥਾਂ ਦੀਆਂ ਕੁਝ ਗ਼ਲਤੀਆਂ ਵੀ ਨਜ਼ਰ ਆ ਜਾਂਦੀਆਂ ਹਨ। ਜਿਵੇਂ ਲੇਖਿਕਾ ਅਨੁਸਾਰ ਮਿਲਖਾ ਸਿੰਘ ਨੇ ਉਲੰਪਿਕ ਖੇਡਾਂ (1960) ਵਿਚ ਦੋ ਮੈਡਲ ਹਾਸਿਲ ਕੀਤੇ ਸਨ (ਪੰਨਾ 14)। ਅੰਮ੍ਰਿਤਾ ਪ੍ਰੀਤਮ ਨੂੰ ਨੋਬਲ ਪੁਰਸਕਾਰ ਮਿਲਿਆ ਸੀ। (ਪੰਨਾ 25) ਪਰ ਇਹੋ ਜਿਹੀਆਂ ਭੁੱਲਾਂ ਕਈ ਵਾਰ ਹੋ ਜਾਂਦੀਆਂ ਹਨ। ਉਂਝ ਇਹ ਪੁਸਤਕ ਕਾਫ਼ੀ ਦਿਲਚਸਪ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

 

 

 

 

ਪੰਜਾਬੀ ਸੱਭਿਆਚਾਰ ਵਿਚ ਲੋਕ ਵਿਸ਼ਵਾਸ : ਰੂਪ ਅਤੇ ਧਾਰਨਾਵਾਂ
ਲੇਖਕ : ਡਾ. ਸੁਰਿੰਦਰ ਸਿੰਘ ਕੈਥਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 094160-73122

ਪੰਜਾਬੀ ਵਿਚ ਲੋਕਧਾਰਾ ਦਾ ਮੁਢਲਾ, ਸਿੱਕੇਬੰਦ ਕਾਰਜ ਡਾ. ਸ.ਸ. ਵਣਜਾਰਾ ਬੇਦੀ ਨੇ ਕੀਤਾ ਹੈ। ਇਸ ਖੇਤਰ ਵਿਚ ਡਾ. ਕਰਨੈਲ ਸਿੰਘ ਥਿੰਦ, ਡਾ. ਪਿਆਰ ਸਿੰਘ, ਡਾ. ਦੀਵਾਨ ਸਿੰਘ ਤੇ ਡਾ. ਤਰਲੋਕ ਸਿੰਘ ਕੰਵਰ ਨੇ ਨਵੇਂ ਆਯਾਮ ਸਿਰਜੇ ਹਨ। ਪੰਜਾਬੀ ਸੱਭਿਆਚਾਰ ਦੇ ਬਹੁਤ ਸਾਰੇ ਪਹਿਲੂ ਹਨ, ਜਿਨ੍ਹਾਂ ਵਿਚ ਲੋਕ ਵਿਸ਼ਵਾਸ ਦਾ ਅਧਿਐਨ ਕਈ ਨਵੇਂ ਦਿਸਹੱਦਿਆਂ ਨੂੰ ਖੋਲ੍ਹਦਾ ਹੈ। ਡਾ. ਸੁਰਿੰਦਰ ਸਿੰਘ ਕੈਥਲ ਨੇ ਅਕਾਦਮਿਕ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਪੁਸਤਕ ਦੀ ਰਚਨਾ ਖੋਜ ਵਿਧੀ ਅਨੁਸਾਰ ਕੀਤੀ ਹੈ। ਰੀਵਿਊ ਅਧੀਨ ਇਸ ਪੁਸਤਕ ਵਿਚ ਡਾ. ਕੈਥਲ ਨੇ 7 ਕਾਂਡਾਂ ਰਾਹੀਂ ਲੋਕ ਵਿਸ਼ਵਾਸ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਅੰਤਰਗਤ ਪਰਿਭਾਸ਼ਾ-ਪ੍ਰਾਕਿਰਤੀ ਤੇ ਵਰਗੀਕਰਨ, ਮਨੋਵਿਗਿਆਨਕ ਸਿਧਾਂਤ, ਪੰਜਾਬੀ ਸੱਭਿਆਚਾਰ, ਜਾਦੂ ਟੂਣੇ, ਲੋਕ ਧਰਮ, ਸਾਹਿਤ ਤੇ ਸੱਭਿਆਚਾਰ, ਗੁਰੂ ਨਾਨਕ ਬਾਣੀ ਨੂੰ ਸਮਝਣ-ਸਮਝਾਉਣ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ। ਲੇਖਕ ਮੁਤਾਬਿਕ ਲੋਕ ਵਿਸ਼ਵਾਸ ਸਾਡੇ ਜੀਵਨ ਦੇ ਹਰ ਕੋਨੇ ਵਿਚ ਆਪਣੀ ਹੋਂਦ ਰੱਖਦੇ ਹਨ। ਜਿੱਥੇ ਵਿਗਿਆਨ ਸਾਡੇ ਪ੍ਰਸ਼ਨਾਂ ਦਾ ਉੱਤਰ ਦੇਣ ਵਿਚ ਅਸਮਰੱਥ ਹੈ, ਉੱਥੇ ਲੋਕ ਵਿਸ਼ਵਾਸਾਂ ਨੂੰ ਆਧਾਰ ਬਣਾ ਕੇ ਮਨੁੱਖ ਆਪਣੇ ਕਾਰਜਾਂ ਦਾ ਮਨੋਰਥ ਤੇ ਇੱਛਾ ਪੂਰਤੀ ਕਰਦਾ ਹੈ। ਲੋਕ ਵਿਸ਼ਵਾਸ ਮਾਨਸਿਕ ਅਨੁਭੂਤੀ ਕਰਕੇ ਲੋਕ ਮਨਾਂ ਵਿਚ ਪ੍ਰਵਾਨ ਹੁੰਦੇ ਹਨ। ਲੋਕ ਮਾਨਸਿਕਤਾ ਦਾ ਪੱਧਰ ਘਟਣ-ਵਧਣ ਨਾਲ ਲੋਕ ਵਿਸ਼ਵਾਸਾਂ ਦੀ ਪ੍ਰਵਾਨਗੀ ਵੀ ਘਟਦੀ-ਵਧਦੀ ਰਹਿੰਦੀ ਹੈ। ਪੰਜਾਬੀ ਲੋਕ ਜੀਵਨ ਵਿਚ ਵਿਭਿੰਨ ਸਮਿਆਂ 'ਤੇ ਕੀਤੇ ਜਾਣ ਵਾਲੇ ਰੀਤੀ ਰਿਵਾਜ ਧਾਰਮਿਕ ਤੇ ਸਮਾਜਿਕ ਤੌਰ 'ਤੇ ਲੋਕ ਮਨ ਵਿਚ ਪ੍ਰਵਾਨ ਹੋ ਚੁੱਕੇ ਹਨ, ਜਿਸ ਵਿਚ ਜਨਮ ਤੋਂ ਮੌਤ ਤੱਕ ਦੀਆਂ ਰਸਮਾਂ ਸ਼ਾਮਿਲ ਹਨ। ਜਾਦੂ ਟੂਣੇ ਵੀ ਪੰਜਾਬੀਆਂ ਦੇ ਲੋਕ ਵਿਸ਼ਵਾਸ ਦੀ ਇਕ ਹੋਰ ਕੜੀ ਹਨ, ਜੋ ਸਮੇਂ-ਸਮੇਂ 'ਤੇ ਚੰਗੇ ਮਾੜੇ ਹਾਲਾਤ ਵਿਚ ਵਰਤੀ ਜਾਂਦੀ ਵਿਖਾਈ ਦਿੰਦੀ ਹੈ। ਲੋਕ ਵਿਸ਼ਵਾਸਾਂ ਵਿਚ ਨਰਕ ਸਵਰਗ, ਦੇਵੀ-ਦੇਵਤੇ, ਵਰਤ ਪੂਜਾ, ਸੁੱਖਣਾ ਚੜ੍ਹਾਵੇ, ਤੀਰਥ ਇਸ਼ਨਾਨ, ਗ੍ਰਹਿਣ ਆਦਿ ਦੀ ਵੀ ਕਾਫ਼ੀ ਮਾਨਤਾ ਹੈ। ਗੁਰੂ ਨਾਨਕ ਬਾਣੀ ਵਿਚ ਵੀ ਲੋਕ ਵਿਸ਼ਵਾਸਾਂ ਦੀ ਪੇਸ਼ਕਾਰੀ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਡਾ. ਕੈਥਲ ਨੇ ਸਪੱਸ਼ਟ ਕੀਤਾ ਹੈ ਕਿ ਆਦਿ ਕਾਲ ਤੋਂ ਹੀ ਲੋਕ ਵਿਸ਼ਵਾਸ ਲੋਕ ਮਨਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ ਤੇ ਪੰਜਾਬੀ ਸਾਹਿਤ ਸੱਭਿਆਚਾਰ ਵਿਚ ਇਨ੍ਹਾਂ ਦੀ ਨਿਰੰਤਰ ਹੋਂਦ ਬਰਕਰਾਰ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

 

02-12-2023

 ਨਜ਼ਰ ਤੋਂ ਸੁਪਨਿਆਂ ਤੱਕ
ਗ਼ਜ਼ਲਕਾਰਾ : ਜੋਗਿੰਦਰ ਨੂਰਮੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 112
ਸੰਪਰਕ : 98143-55992

ਜੋਗਿੰਦਰ ਨੂਰਮੀਤ ਗ਼ਜ਼ਲ ਦੇ ਮੈਦਾਨ ਵਿਚ ਨਵੀਂ ਉੱਤਰੀ ਹੈ ਅਤੇ ਉਸ ਦੀ ਹਥਲੀ ਪੁਸਤਕ ਪਹਿਲ ਪਲੇਠੀ ਹੈ। ਬੇਸ਼ੱਕ ਇਹ ਪੁਸਤਕ ਉਸ ਦੀ ਪਹਿਲੀ ਹੀ ਹੈ ਪਰ ਉਸ ਦੇ ਸ਼ਿਅਰਾਂ ਦੀ ਸਿਆਣਪ ਮੰਝੇ ਹੋਏ ਸ਼ਾਇਰ ਦਾ ਭੁਲੇਖਾ ਪਾਉਂਦੀ ਹੈ ਅਤੇ ਪੁਸਤਕ ਪਹਿਲੀ ਨਹੀਂ ਲਗਦੀ। ਉਸ ਦੀ ਗ਼ਜ਼ਲ ਦੇ ਸ਼ਿਅਰਾਂ ਦੇ ਖਿਆਲ ਉਸ ਦੀ ਗ਼ਜ਼ਲ ਕਲਾ ਵਿਚ ਸਹਿਜ ਨਾਲ ਢਲੇ ਹੋਏ ਹਨ। ਆਦਿ ਕਾਲ ਤੋਂ ਮੁਹੱਬਤ ਦੇ ਸ਼ਿਅਰ ਕਹੇ ਜਾ ਰਹੇ ਹਨ ਅਤੇ ਇਨ੍ਹਾਂ ਖ਼ਿਆਲਾਂ ਦੀ ਬਾਰੰਬਾਰਤਾ ਸ਼ਿਅਰ ਨੂੰ ਨਵੀਨਤਾ ਦੇ ਪ੍ਰਗਟਾਅ ਤੋਂ ਕਾਸਰ ਰੱਖਦੀ ਹੈ। ਪਰ ਨੂਰਮੀਤ ਦੇ ਮੁਹੱਬਤ ਜਾਂ ਰੱਬ ਦੀ ਇਲਤਜ਼ਾ ਦੇ ਸ਼ਿਅਰਾਂ ਵਿਚ ਨਵੀਨਤਾ ਦੀ ਮਹਿਕ ਅਤੇ ਫੁੱਲਾਂ ਜਿਹੀ ਤਾਜ਼ਗੀ ਹੈ। ਅਸਲ ਵਿਚ ਨੂਰਮੀਤ ਗ਼ਜ਼ਲ ਨੂੰ ਰੱਬ ਵਰਗੀ ਮੋਹ-ਮੁਹੱਬਤ ਕਰਦੀ ਹੈ ਤੇ ਇਸ ਮੁਹੱਬਤ ਦਾ ਮੋੜਵਾਂ ਅਹਿਸਾਸ ਉਸ ਦੇ ਸ਼ਿਅਰਾਂ ਵਿਚ ਹੈ। ਖਿਆਲਾਂ ਦੀ ਉਡਾਰੀ ਪਿੰਗਲ ਤੇ ਅਰੂਜ਼ ਤਕਨੀਕ ਵਿਚ ਢਲੇ ਹਨ। ਨਾਰੀ ਮਨ ਦੀਆਂ ਗਹਿਰਾਈਆਂ ਤੱਕ ਪਹੁੰਚ ਕੇ ਉਸ ਨੇ ਨਾਰੀ ਦੇ ਅਹਿਸਾਸ ਅਤੇ ਸੂਖਮ ਸੰਘਰਸ਼ਾਂ ਦੀ ਥਾਹ ਪਾਈ ਹੈ। ਨੂਰਮੀਤ ਨੇ ਛੰਦਾਂ ਤੇ ਬਹਿਰਾਂ ਦੇ ਨੂਰ ਵਿਚ ਬਹਿ ਕੇ ਸ਼ਿਅਰ ਸਿਰਜੇ ਹਨ। ਨੂਰਮੀਤ ਦੀ ਗ਼ਜ਼ਲ ਆਸ ਬੰਨ੍ਹਾਉਂਦੀ ਹੈ ਕਿ ਇਕ ਤਾਂ ਪੰਜਾਬਣਾਂ ਗ਼ਜ਼ਲ ਵੱਲ ਆਕ੍ਰਿਸ਼ਤ ਹੋਣਗੀਆਂ ਦੂਜਾ ਪੰਜਾਬੀ ਗ਼ਜ਼ਲ ਪੁਰਾਣੇ ਗੁਲਾਬ ਦੇ ਬੂਟੇ ਉੱਤੇ ਤਾਜ਼ਾ ਫੁੱਲ ਖਿੜਦੇ ਰਹਿਣਗੇ। ਨੂਰਮੀਤ ਆਪਣੀ ਸ਼ਾਇਰੀ ਸਾਧਨਾ ਨੂੰ ਆਪਣਾ ਮੁਕਤੀ ਮਾਰਗ ਮੰਨਦੀ ਹੈ, ਉਹ ਅਣਕਹੇ ਨੂੰ ਕਹੇ ਵਿਚ ਬਦਲ ਕੇ ਮੁਕਤ ਹੁੰਦੀ ਹੈ। ਗ਼ਜ਼ਲ ਸਿਰਜਣਾ ਨੂੰ ਉਹ ਰੱਬੀ ਨਿਆਮਤ ਮੰਨਦੀ ਹੈ ਅਤੇ ਪ੍ਰਸਿੱਧ ਸ਼ਾਇਰ ਜਗਜੀਤ ਕਾਫ਼ਿਰ ਨੂੰ ਗ਼ਜ਼ਲ ਉਸਤਾਦ, ਨੂਰ ਅਤੇ ਮੀਤ ਉਸ ਦੀਆਂ ਬੇਟੀਆਂ ਹਨ ਜਿਨ੍ਹਾਂ ਦੇ ਨਾਵਾਂ ਨੂੰ ਮਿਲਾ ਕੇ ਜੋਗਿੰਦਰ ਨੇ ਆਪਣਾ ਤਖੱਲਸ ਨੂਰਮੀਤ ਰੱਖ ਲਿਆ। ਇਹ ਕਦਮ ਵੀ ਸ਼ਾਇਰਾਨਾ ਹੀ ਹੈ। ਆਓ ਉਸ ਦੇ ਕੁਝ ਸ਼ਿਅਰਾਂ ਨਾਲ ਨੂਰਮੀਤ ਦੀ ਨਾਲ ਹੇਜ ਜਤਾਉਣ ਦੀ ਕੋਸ਼ਿਸ਼ ਕਰਦੇ ਹਾਂ :
-ਮੈਂ ਆਪਣੀ ਕਬਰ ਵਿਚ ਵੀ
ਜ਼ਿੰਦਗੀ ਮਹਿਫ਼ੂਜ਼ ਰਖ ਲੈਣੀ
ਤੇ ਮੁੜ ਬਰਸਾਤ ਵਿਚ ਪੁੰਗਰ ਕੇ
ਸਭ ਹੈਰਾਨ ਕਰਨੇ ਨੇ।
-ਜਦੋਂ ਤੱਕ ਕੋਲ ਹਾਂ ਜੀ
ਲੈਣ ਦੇ ਪੀ ਲੈਣ ਦੇ ਲਮਹੇ,
ਕਦੋਂ ਐ 'ਨੂਰ' ਮਹਿਫ਼ਿਲ 'ਚੋਂ
ਮੈਂ ਉੱਠ ਜਾਵਾਂ ਖ਼ੁਦਾ ਜਾਣੇ

-ਸੁਲੱਖਣ ਸਰਹੱਦੀ
ਮੋਬਾਈਲ : 94174-84337

 

 

 


ਸਾਕਾ ਵੀਅਤਨਾਮ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 080763-63058


ਅੱਧੀ ਸਦੀ ਬੀਤ ਗਈ ਜਦੋਂ ਵੀਅਤਨਾਮੀਆਂ ਦੇ ਆਜ਼ਾਦੀ ਸੰਘਰਸ਼ ਅੱਗੇ, ਸੰਸਾਰ ਦੀ ਮਹਾਂ-ਸ਼ਕਤੀ ਅਮਰੀਕਾ ਨੇ 23 ਜਨਵਰੀ, 1973 ਨੂੰ ਆਪਣੀ ਹਾਰ ਮੰਨ ਕੇ ਹਥਿਆਰ ਸੁੱਟ ਦਿੱਤੇ ਸਨ। ਹਥਲੀ ਪੁਸਤਕ ਵੀਅਤਨਾਮੀਆਂ ਦੀ ਦਲੇਰੀ, ਬਹਾਦਰੀ ਅਤੇ ਕੁਰਬਾਨੀਆਂ ਦੀ ਬਾਤ ਪਾਉਂਦੀ ਹੈ। ਵੀਅਤਨਾਮੀਆਂ ਦਾ ਜਾਪਾਨ ਨਾਲ ਵੀ ਸੰਘਰਸ਼ ਹੋਇਆ ਸੀ। ਉਨ੍ਹਾਂ ਨੇ ਬਸਤੀਵਾਦੀ ਫਰਾਂਸੀਸੀਆਂ ਨੂੰ ਮੁਲਕ ਵਿਚੋਂ ਭਜਾਇਆ ਸੀ ਅਤੇ ਫਿਰ 'ਹੋ ਚੀ ਮਿਨ' ਦੀ ਅਗਵਾਈ ਹੇਠ ਅਮਰੀਕੀਆਂ ਦੇ ਛੱਕੇ ਛੁਡਾਏ ਸਨ। ਲੇਖਕ ਦੱਸਦਾ ਹੈ, 'ਕੋਈ ਜ਼ੁਲਮ ਨਹੀਂ ਜੋ ਅਮਰੀਕਾ ਨੇ ਉਥੇ ਨਾ ਢਾਹਿਆ ਹੋਵੇ ਤੇ ਕੋਈ ਗੁਨਾਹ ਨਹੀਂ ਜੋ ਉਥੇ ਨਾ ਕੀਤਾ ਹੋਵੇ।' (ਪੰ.10) ਕਮਾਲ ਦੀ ਗੱਲ ਹੈ ਕਿ ਵੀਅਤਨਾਮ ਦੇ ਲੋਕਾਂ ਲਈ 'ਹੋ ਚੀ ਮਿਨ' ਅਜਿਹਾ ਹਰਮਨ ਪਿਆਰਾ ਨੇਤਾ ਸਿੱਧ ਹੋਇਆ ਜੋ ਆਪਣੀ ਮ੍ਰਿਤੂ ਉਪਰੰਤ ਵੀ ਉਨ੍ਹਾਂ ਦਾ ਮਾਰਗ ਦਰਸ਼ਕ ਬਣਿਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ 30 ਅਪ੍ਰੈਲ, 1975 ਨੂੰ ਜਦੋਂ ਉੱਤਰੀ ਵੀਅਤਨਾਮ ਨੇ ਦੱਖਣੀ ਵੀਅਤਨਾਮ ਦੀ ਰਾਜਧਾਨੀ ਸਾਇਗੋਨ ਵਿਚ ਪ੍ਰਵੇਸ਼ ਕੀਤਾ ਤਾਂ ਉਸ ਸਮੇਂ ਵੀ ਉਨ੍ਹਾਂ ਦੀ ਅਗਵਾਈ ਉਹ ਬੰਦਾ ਕਰ ਰਿਹਾ ਸੀ ਜੋ ਉਥੇ ਹੈ ਹੀ ਨਹੀਂ ਸੀ।' ਇਸੇ ਕਾਰਨ ਦੱਖਣੀ ਵੀਅਤਨਾਮ ਦੀ ਰਾਜਧਾਨੀ ਵਾਲੇ ਸ਼ਹਿਰ ਦਾ ਨਾਂਅ ਸਾਇਗੋਨ ਦੀ ਥਾਂ 'ਹੋ ਚੀ ਮਿਨ੍ਹ ਸਿਟੀ' ਰੱਖ ਦਿੱਤਾ ਗਿਆ।' (ਪੰ.32)
ਦਰਅਸਲ ਗੁਰਬਚਨ ਸਿੰਘ ਭੁੱਲਰ ਦੀ ਇਹ ਪੁਸਤਕ ਇਕ ਖੋਜ ਪੁਸਤਕ ਹੈ। ਉਸ ਨੇ ਵੱਖ-ਵੱਖ ਸਮਿਆਂ 'ਤੇ ਵਾਪਰਦੀਆਂ ਘਟਨਾਵਾਂ ਬਾਰੇ ਸਾਲ ਅਤੇ ਮਿਤੀਆਂ ਅਨੁਸਾਰ ਨਿਬੰਧ ਲਿਖੇ ਪ੍ਰਤੀਤ ਹੁੰਦੇ ਹਨ। ਇਸੇ ਲਈ ਸਾਕਾ ਵੀਅਤਨਾਮ ਦੀ ਇਹ ਪੁਸਤਕ ਸੰਭਾਲ ਕੇ ਰੱਖਣ ਵਾਲਾ ਦਸਤਾਵੇਜ਼ ਹੋ ਨਿਬੜੀ ਹੈ। ਅਮਰੀਕਾ ਵਲੋਂ ਪ੍ਰਧਾਨ 'ਜਾਨਸਨ' ਦੇ ਆਦੇਸ਼ਾਂ ਅਨੁਸਾਰ ਉੱਤਰੀ ਵੀਅਤਨਾਮ 'ਤੇ ਕੀਤੀ ਗਈ ਬੰਬਾਰੀ ਨਾਲ ਸਮੁੱਚਾ ਵਿਸ਼ਵ ਕੁਰਲਾਅ ਉੱਠਿਆ ਸੀ। ਵੱਖ-ਵੱਖ ਮੁਲਕਾਂ ਦੇ ਨੇਤਾਵਾਂ ਅਤੇ ਬੁੱਧੀਜੀਵੀਆਂ ਨੇ ਅਜਿਹੇ ਹਿਰਦੇਵੇਧਕ ਜ਼ੁਲਮਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਸੀ। ਹਮਲਾਵਰਾਂ ਨੂੰ ਵੀ ਇਹ ਸਮਝ ਨਹੀਂ ਸੀ ਆਉਂਦਾ ਕਿ ਅਸੀਂ ਕਰ ਕੀ ਰਹੇ ਹਾਂ। ਸਕੂਲਾਂ, ਸੈਨੀਟੋਰੀਅਮਾਂ, ਕਿਸਾਨਾਂ ਦੀਆਂ ਝੁੱਗੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਅਮਰੀਕਾ ਦੇ ਬੇਸ਼ੁਮਾਰ ਜਵਾਨਾਂ ਦੀਆਂ ਜਾਨਾਂ ਗਈਆਂ। ਅਣਗਿਣਤ ਜਹਾਜ਼ਾਂ ਨੂੰ ਡੇਗਿਆ ਗਿਆ। ਇਸ ਪੁਸਤਕ ਵਿਚ ਸੱਚ ਦੇ ਪ੍ਰਗਟਾਵੇ ਦੇ ਅਨੇਕਾਂ ਹਵਾਲੇ ਦਿੱਤੇ ਗਏ ਹਨ। ਜੇਲ੍ਹਾਂ ਵਿਚ ਔਰਤਾਂ ਨੂੰ ਤਸੀਹੇ ਦਿੱਤੇ ਗਏ।
ਬੋਧੀਆਂ ਨੇ ਆਪਣੇ ਅੰਗ ਕੱਟੇ ਅਤੇ ਆਤਮਹੱਤਿਆਵਾਂ ਕੀਤੀਆਂ। 'ਹੋ ਚੀ ਮਿਨ' ਦਾ ਸ਼ਬਦ ਚਿੱਤਰ ਉਲੀਕਦਿਆਂ ਲਿਖਿਆ ਗਿਆ ਹੈ ਕਿ ਉਹ ਬਹੁਤ ਹੀ ਸਾਦਾ ਜੀਵਨ ਬਤੀਤ ਕਰਦਾ ਸੀ ਅਤੇ ਕਿਸੇ ਕੰਮ ਨੂੰ ਘਟੀਆ ਨਹੀਂ ਮੰਨਦਾ ਸੀ। ਉਸ ਨੇ ਆਪਣੀਆਂ ਯਾਤਰਾਵਾਂ ਕਰਦਿਆਂ ਜੋ ਕੰਮ ਮਿਲਿਆ ਕਰ ਲਿਆ। ਜੋ ਵੀ ਮਿਲਿਆ ਪਹਿਨ ਲਿਆ, ਜੋ ਮਿਲਿਆ ਖਾ ਲਿਆ। ਉਹ ਪੱਕਾ ਮਾਰਕਸਵਾਦੀ ਸੀ, ਲੈਨਿਨ ਤੋਂ ਬਹੁਤ ਪ੍ਰਭਾਵਿਤ ਸੀ। ਮਹਾਤਮਾ ਗਾਂਧੀ ਦੀ ਸਾਦਗੀ ਦਾ ਕਾਇਲ ਸੀ। ਪੰ. ਨਹਿਰੂ ਵੀ ਉਸ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਸੀ। ਹਥਲੀ ਪੁਸਤਕ ਨੂੰ ਤਿੰਨ ਭਾਗਾਂ (ਵੀਅਤਨਾਮ ਦੀ ਡਾਇਰੀ 15 ਕਾਂਡ), ਹੋ ਚੀ ਮਿਨ ਦੀਆਂ ਗਿਆਰਾਂ ਕਵਿਤਾਵਾਂ, ਪੰਜਾਬੀ ਕਵੀਆਂ ਦੀਆਂ 11 ਕਵਿਤਾਵਾਂ) ਵਿਚ ਵੰਡਿਆ ਗਿਆ ਹੈ।
ਵੀਅਤਨਾਮੀਆਂ ਦੇ ਸੰਘਰਸ਼ ਦੇ ਫਲਸਰੂਪ 1954 ਵਿਚ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚ ਦੋਫਾੜ ਕੀਤਾ ਮੁਲਕ 2 ਜੁਲਾਈ, 1976 ਨੂੰ ਕਾਨੂੰਨੀ ਰੂਪ ਧਾਰ ਕੇ ਇਕ ਹੋ ਗਿਆ।
'ਸਾਕਾ ਵੀਅਤਨਾਮ' ਪੁਸਤਕ ਸੱਚਮੁੱਚ ਸੰਘਰਸ਼ ਨੂੰ ਰੂਪਮਾਨ ਕਰਦੀ ਹੈ ਅਤੇ ਗੁਰਬਚਨ ਸਿੰਘ ਭੁੱਲਰ ਦੀ ਲਗਨ ਅਤੇ ਮਿਹਨਤ ਦੀ ਸਾਖੀ ਭਰਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharamchand@gmail.com

 

 

 

ਵਿਜੇ ਤਾਲਿਬ ਦੇ ਟੱਪੇ
ਲੇਖਕ : ਵਿਜੇ ਕੁਮਾਰ ਤਾਲਿਬ
ਪ੍ਰਕਾਸ਼ਕ: ਲੇਖਕ ਖ਼ੁਦ
ਮੁੱਲ: 200 ਰੁਪਏ, ਸਫ਼ੇ: 100
ਸੰਪਰਕ : 94177-36610

ਹੱਥਲੀ ਪੁਸਤਕ 'ਵਿਜੇ ਤਾਲਿਬ ਦੇ ਟੱਪੇ' ਨੌਜਵਾਨ ਸ਼ਾਇਰ ਵਿਜੇ ਕੁਮਾਰ ਤਾਲਿਬ ਦੀ ਪਲੇਠੀ ਪੁਸਤਕ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਪੰਜ ਸੌ ਖ਼ੂਬਸੂਰਤ ਟੱਪੇ ਸ਼ਾਮਿਲ ਕੀਤੇ ਹਨ। ਟੱਪਿਆਂ ਨੂੰ ਗਹੁ ਨਾਲ ਪੜ੍ਹਦਿਆਂ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਤਾਲਿਬ ਸਾਬ੍ਹ ਮਾਨਵੀ ਮਨੋਵਿਗਿਆਨ ਦੀ ਸੂਖਮ ਸੂਝ ਰੱਖਣ ਵਾਲੇ ਕਲਮਕਾਰ ਹਨ ਕਿਉਂਕਿ ਇਸ ਹੁਨਰ ਤੋਂ ਬਿਨਾਂ ਸਾਹਮਣੇ ਵਾਲੇ ਵਿਅਕਤੀ ਦੀ ਕਹਿਣੀ ਅਤੇ ਕਰਨੀ ਦੇ ਅੰਤਰ ਨੂੰ ਸਮਝ ਸਕਣਾ, ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੁੰਦਾ ਹੈ:
ਉੱਡਦੇ ਨੇ ਰੁਮਾਲ ਕਈ,
ਇਸ ਤਰ੍ਹਾਂ ਤੂੰ ਹੱਸਿਆ,
ਉੱਠੇ ਦਿਲ 'ਚ ਸਵਾਲ ਕਈ।
ਇਹ ਵੀ ਉਨ੍ਹਾਂ ਦੀ ਕਵਿਤਾ ਦਾ ਹੀ ਹਾਸਲ ਕਿਹਾ ਜਾ ਸਕਦਾ ਹੈ ਕਿ ਉਹ ਬਹੁਤ ਥੋੜ੍ਹੇ ਸ਼ਬਦਾਂ ਵਿਚ ਬਹੁਤ ਵੱਡੀ ਗੱਲ ਕਹਿਣ ਦੀ ਸਮਰੱਥਾ ਰੱਖਦੇ ਹਨ। ਅਜੋਕਾ ਮਨੁੱਖ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਅਪੰਗ ਕੀਤਾ ਜਾ ਰਿਹਾ ਹੈ। ਇਸ ਦਵੰਦ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਹੈ ਕਿ ਉਸ ਨੂੰ ਇਸ ਚੱਕਰਵਿਊ ਵਿਚੋਂ ਬਾਹਰ ਨਿਕਲਣ ਦਾ ਕੋਈ ਵੀ ਰਾਹ ਦਿਖਾਈ ਨਹੀਂ ਦੇ ਰਿਹਾ। ਆਪਣੇ ਇਸ ਟੱਪੇ ਵਿਚ ਉਹ ਸ਼ਾਇਦ ਇਸੇ ਵਰਤਾਰੇ ਵੱਲ ਇਸ਼ਾਰਾ ਕਰਦੇ ਪ੍ਰਤੀਤ ਹੁੰਦੇ ਹਨ:
ਇਕ ਉਹ ਵੀ ਲੜਦੀ ਏ,
ਦੂਜੀ ਗ਼ਰੀਬੀ ਏ,
ਤੀਜੀ ਰੁੱਤ ਪੱਤਝੜ ਦੀ ਏ।
ਵਿਜੇ ਕੁਮਾਰ ਤਾਲਿਬ ਕੋਲ ਪਾਠਕ ਨੂੰ ਆਪਣੀ ਕਵਿਤਾ ਦੇ ਨਾਲ-ਨਾਲ ਤੋਰਨ ਦੀ ਸੁਚੱਜੀ ਜਾਚ ਵੀ ਹੈ। ਉਨ੍ਹਾਂ ਦੀ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਦੁਬਾਰਾ ਪੜ੍ਹਨ ਨੂੰ ਜੀਅ ਕਰਦਾ ਹੈ ਅਤੇ ਵਾਰ-ਵਾਰ ਪੜ੍ਹਨ ਦੇ ਬਾਵਜੂਦ ਇਹ ਪੁਸਤਕ ਅਕਾਊ ਨਹੀਂ ਲੱਗਦੀ ਬਲਕਿ ਇਹ ਹੋਰ ਮਿਕਨਾਤੀਸੀ ਬਣ ਜਾਂਦੀ ਹੈ। ਤਸੱਲੀ ਵਾਲੀ ਗੱਲ ਹੈ ਕਿ ਇਸ ਪੂਰੀ ਪੁਸਤਕ ਵਿੱਚ ਇਕ ਵੀ ਟੱਪਾ ਭਰਤੀ ਦਾ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੀ ਵਿਲੱਖਣ ਕਵਿਤਾ ਸੱਚਮੁੱਚ ਹੀ ਉਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੈ, ਜੋ ਇਕ ਉੱਤਮ ਕਵਿਤਾ ਵਿਚ ਹੋਣੇ ਲਾਜ਼ਮੀ ਹਨ। ਅਜਿਹੇ ਲਾਜਵਾਬ ਤੋਹਫ਼ੇ ਲਈ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕਰਨਾ ਬਣਦਾ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

 


ਜਿਨਿ ਨਾਮੁ ਲਿਖਾਇਆ ਸਚੁ
ਕਹਾਣੀਕਾਰ : ਬਾਬੂ ਸਿੰਘ ਰੈਹਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 94784-83529

'ਜਿਨਿ ਨਾਮੁ ਲਿਖਾਇਆ ਸਚੁ' ਬਾਬੂ ਸਿੰਘ ਰੈਹਲ ਦਾ ਨਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 15 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ਾਗਤ ਪਹਿਲੂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਹਾਣੀਕਾਰ ਨੇ ਇਨ੍ਹਾਂ ਕਹਾਣੀਆਂ ਵਿਚ ਉਨ੍ਹਾਂ ਭਖਦੇ ਮਸਲਿਆਂ ਨੂੰ ਰੂਬਰੂ ਕਰਨ ਦਾ ਯਤਨ ਕੀਤਾ ਹੈ, ਜੋ ਅਜੋਕੀ ਜ਼ਿੰਦਗੀ ਨੂੰ ਦਰਪੇਸ਼ ਆ ਰਹੇ ਹਨ। ਇਹ ਮਸਲਾ ਭਾਵੇਂ ਗੰਧਲੀ ਹੋ ਰਹੀ ਰਾਜਨੀਤੀ ਦਾ ਹੋਵੇ, ਰਿਸ਼ਤਿਆਂ ਵਿਚ ਪੈਦਾ ਹੋ ਰਹੇ ਸਵਾਰਥੀ ਵਾਤਾਵਰਨ ਦਾ ਹੋਵੇ, ਵਿਦੇਸ਼ੀ ਲਾੜਿਆਂ ਦੁਆਰਾ ਧੀਆਂ ਦੀ ਕੀਤੀ ਜਾ ਰਹੀ ਦੁਰਦਸ਼ਾ ਦਾ ਹੋਵੇ। ਬੇਰੁਜ਼ਗਾਰੀ ਅਤੇ ਨੌਜਵਾਨੀ ਦੇ ਹਤਾਸ ਹੋਣ ਦੀ ਗੱਲ ਹੋਵੇ ਜਾਂ ਵਾਤਾਵਰਨ ਵਿਚ ਪੈਦਾ ਹੋ ਰਹੇ ਵਿਗਾੜ ਦਾ ਹੋਵੇ, ਇਨ੍ਹਾਂ ਸਾਰੇ ਹੀ ਮਸਲਿਆਂ ਦਾ ਬਿਰਤਾਂਤਕ ਚੋਖਟੇ ਵਿਚ ਢਾਲ ਕੇ ਪੇਸ਼ ਕਰਨਾ ਬਾਬੂ ਸਿੰਘ ਰੈਹਲ ਦੀ ਖਾਸੀਅਤ ਹੈ। 'ਬਕਰਵਾਲਾਂ ਦੀ ਕੁੜੀ' ਜਿਥੇ ਬੇਨਾਮ ਇਨਸਾਨੀ ਰਿਸ਼ਤਿਆਂ ਦੀਆਂ ਸਮੀਕਰਨਾਂ ਨੂੰ ਪੇਸ਼ ਕਰਦੀ ਲੰਮੀ ਕਹਾਣੀ ਹੈ, ਉਥੇ 'ਰਿਸ਼ਤਿਆਂ ਦੀ ਸੜਿਹਾਂਦ' ਕਹਾਣੀ ਗੰਧਲੇ ਹੋ ਰਹੇ ਰਿਸ਼ਤਿਆਂ ਦੇ ਬਿਰਤਾਂਤ ਨੂੰ ਪੇਸ਼ ਕਰਦੀ ਹੈ। ਇਕ ਕਹਾਣੀ 'ਕੋਰੋਨਾ ਕਹਿਰ ਦੀ ਕਥਾ ਕਹਾਣੀ' ਵੀ ਇਸ ਕਹਾਣੀ ਵਿਚ ਸ਼ਾਮਿਲ ਹੈ, ਜਿਸ ਵਿਚ ਕਹਾਣੀਕਾਰ ਨੂੰ ਕੋਰੋਨਾ ਕਾਲ ਦੇ ਦਹਿਸ਼ਤੀ ਵਾਤਾਵਰਨ ਨੂੰ ਪੇਸ਼ ਕੀਤਾ ਹੈ। 'ਕੰਡਿਆਲੀਆਂ ਰਾਹਾਂ ਦੇ ਪਾਂਧੀ' ਭਵਿੱਖ ਤਲਾਸ਼ਦੀ ਨੌਜਵਾਨੀ ਦੀ ਨਾਬਰ ਸਥਿਤੀ ਪੇਸ਼ ਕਰਦੀ ਵਧੀਆ ਕਹਾਣੀ ਹੈ ਕਿ ਕਿਵੇਂ ਨੌਜਵਾਨੀ ਬੇਰੁਜ਼ਗਾਰੀ ਦੀ ਸਥਿਤੀ ਭੋਗਦੀ ਭਟਕ ਵੀ ਸਕਦੀ ਹੈ। 'ਭਵਿੱਖ 'ਚ ਲੁਕਿਆ ਸੱਚ' ਅਤੇ 'ਟੀਸੀ 'ਤੇ ਟੰਗਿਆ ਭਵਿੱਖ' ਧੀਆਂ ਦੀ ਜ਼ਿੰਦਗੀ ਨਾਲ ਜੁੜੇ ਵਰਤਾਰਿਆਂ ਨੂੰ ਪੇਸ਼ ਕਰਦੀਆਂ ਪ੍ਰਮੁੱਖ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਹੱਕਾਂ ਲਈ ਜੂਝਦੇ ਲੋਕ ਵਿਦਰੋਹ ਦਾ ਜ਼ਿਕਰ ਵੀ ਪੇਸ਼ ਹੋਇਆ ਹੈ ਅਤੇ ਇਨਸਾਨੀ ਜੀਵਨ ਦੀਆਂ ਕਰੂਰ ਪ੍ਰਸਥਿਤੀਆਂ ਦੇ ਦਰਦ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਦੀ ਸਰਲਤਾ ਹੀ ਇਨ੍ਹਾਂ ਵਿਚਲੇ ਕਹਾਣੀ ਰਸ ਨਾਲ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

 

 


ਜ਼ਿੰਦਗੀ ਜਿਊਣ ਦੀ ਕਲਾ
ਲੇਖਕ : ਹਰਨੰਦ ਸਿੰਘ ਬੱਲਿਆਂਵਾਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 70870-70050

ਦੁੱਖ-ਸੁੱਖ ਜ਼ਿੰਦਗੀ ਦੇ ਅਹਿਮ ਪਹਿਲੂ ਹਨ। ਹਾਵੇ ਹਓਕਿਆਂ ਨਾਲ ਜ਼ਿੰਦਗੀ ਕੱਟਣ ਦੀ ਥਾਂ ਇਕ ਨਰੋਈ ਤੇ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਮਾਨਣ ਲਈ ਜਿਥੇ ਸਮਝਦਾਰੀ ਨਾਲ ਦੁੱਖਾਂ/ਮੁਸੀਬਤਾਂ ਨਾਲ ਟਾਕਰਾ ਕਰਨਾ ਹੁੰਦਾ ਹੈ, ਉਥੇ ਸਬਰ ਸੰਤੋਖ ਨਾਲ ਹੀ ਸੁੱਖਾਂ ਦਾ ਅਨੰਦ ਭੋਗਣ ਦੇ ਕੁਝ ਸਾਰਥਿਕ ਕਾਇਦੇ-ਕਾਨੂੰਨਾਂ ਨੂੰ ਲੈ ਕੇ ਹੀ ਜੀਵਨ ਦੇ ਸਫ਼ਰ ਉਤੇ ਨਿਕਲਣਾ ਹੁੰਦਾ ਹੈ। ਲੇਖਕ ਹਰਨੰਦ ਸਿੰਘ ਬੱਲਿਆਂਵਾਲੀ ਨੇ 'ਜ਼ਿੰਦਗੀ ਜਿਊਣ ਦੀ ਕਲਾ' ਦੇ ਕੁਝ ਗੁਰ ਇਸ ਪੁਸਤਕ ਰਾਹੀਂ ਪਾਠਕਾਂ ਦੇ ਰੂਬਰੂ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਵੱਖ-ਵੱਖ 32 ਕੁ ਲੇਖਾਂ ਰਾਹੀਂ ਜਿਥੇ ਸਮਾਜ ਦੇ ਭੈੜਾਂ, ਡਿਗਦੀ ਸਿਆਸੀ ਨੈਤਿਕਤਾ, ਮਤਲਬੀ ਦੁਨੀਆ ਵਿਚ ਲੋਟੂ ਟੋਲੇ ਵਲੋਂ ਲੂੰਬੜ ਚਾਲਾਂ ਰਾਹੀਂ ਲੋਕਾਈ ਨੂੰ ਅੰਧ-ਵਿਸ਼ਵਾਸ ਵਿਚ ਧੱਕਣਾ, ਜਵਾਨੀ ਨੂੰ ਨਸ਼ਿਆਂ ਦੇ ਢੇਟੇ ਚੜ੍ਹਾਉਣਾ, ਅਖੌਤੀ ਵਿਕਾਸ ਦੇ ਨਾਂਅ ਉਤੇ ਵਿਨਾਸ਼, ਹਵਾ, ਪਾਣੀ ਤੇ ਮਿੱਟੀ ਦੀ ਦੁਰਗਤ, ਕੁਦਰਤ ਨਾਲ ਬੇਲੋੜਾ ਆਢਾ, ਬੇਵਿਸਾਹੀ ਕਰਕੇ ਖ਼ੂਨੀ ਤੇ ਸਮਾਜਿਕ ਰਿਸ਼ਤਿਆਂ ਵਿਚ ਦਰਾੜਾਂ, ਪੂੰਜੀਵਾਦ ਦਾ ਕਬਜ਼ਾ, ਨਿੱਜੀਕਰਨ ਦੇ ਸਿਸਟਮ ਨਾਲ ਸੋਸ਼ਣ ਦਾ ਪਨਪਨਾ, ਕਬਰਸਤਾਨ ਦਾ ਦੂਜਾ ਨਾਂਅ ਜੰਗ ਆਦਿ ਵਿਸ਼ਿਆਂ ਉਤੇ ਬੜੀ ਬੇਬਾਕੀ ਨਾਲ ਉਂਗਲ ਧਰੀ ਹੈ। ਉਥੇ ਪਿਆਰ ਮੁਹੱਬਤ, ਉੱਦਮ ਤੇ ਹਰਫ਼ਾਂ ਦੀ ਲੋਅ, ਕੁਦਰਤੀ ਸੌਗਾਤਾਂ ਦੀ ਮਹੱਤਤਾ ਨੂੰ ਸਮਝਦਿਆਂ ਸਾਰਥਿਕ ਕਦਰਾਂ-ਕੀਮਤਾਂ ਨਾਲ ਜੀਵਨ ਦੇ ਰਾਹ ਵਿਚੋਂ ਖਿੱਲਰੇ ਕੰਡੇ ਚੁਗਣ ਵਿਚ ਹੀ ਮਨੁੱਖਤਾ ਦਾ ਭਲਾ ਹੈ, ਬਾਰੇ ਵੀ ਬੜੀ ਸ਼ਿੱਦਤ ਨਾਲ ਚਾਨਣਾ ਪਾਇਆ ਗਿਆ ਹੈ।
ਆਤਮ-ਵਿਸ਼ਵਾਸ, ਦ੍ਰਿੜ੍ਹਤਾ, ਪੱਕੇ ਇਰਾਦੇ ਨਾਲ ਸਮਾਜ ਕੁਰੀਤੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਜਿਸ ਬਾਰੇ ਲੇਖਕ ਨੇ ਨਸ਼ੇ ਦੀ ਦਲਦਲ ਤੋਂ ਛੁਟਕਾਰਾ ਪਾ ਚੁੱਕੇ ਆਪਣੇ ਦੋਸਤ ਦੀ ਸੁਧਰੀ ਜ਼ਿੰਦਗੀ ਦੀ ਖ਼ੂਬਸੂਰਤ ਮਿਸਾਲ ਦੇ ਕੇ ਸਮਾਜ ਲਈ ਸਾਕਾਰਾਤਮਿਕ ਸੁਨੇਹਾ ਦਿੱਤਾ ਹੈ।
ਸ਼ੁੱਧ ਜਲ, ਵਾਤਾਵਰਨ ਦੀ ਸਾਂਭ-ਸੰਭਾਲ ਨਾਲ ਧਰਤੀ ਮਾਂ ਸੁਹਾਵੀ ਕਰਨ ਵਾਲੇ 'ਧਰਤੀ ਮਾਂ ਦੇ ਸਾਊ/ਸਰਵਣ ਪੁੱਤਰਾਂ', ਕੁਦਰਤੀ ਖੇਤੀ, ਸਾਦੇ ਵਿਆਹ, ਸੁਹਿਰਦ ਅਧਿਆਪਕ, ਲੋਕਾਂ ਦਾ ਖਿਆਲ ਤੇ ਗੁਆਂਢੀ ਦੇਸ਼ਾਂ ਨਾਲ ਸਦਭਾਵਨਾ ਰੱਖਣ ਵਾਲੀਆਂ ਸਰਕਾਰਾਂ ਦੀ ਵਕਾਲਤ ਕਰਦਾ ਹੋਇਆ ਲੇਖਕ ਹਰਚੰਦ ਸਿੰਘ ਬੱਲਿਆਂਵਾਲੀ ਪੁਸਤਕ 'ਜ਼ਿੰਦਗੀ ਜਿਊਣ ਦੀ ਕਲਾ' ਰਾਹੀਂ ਇਕ ਵਧੀਆ ਪਾਇਦਾਰ ਸਮਾਜ ਸਿਰਜਣ ਦੀ ਚਾਹਤ ਰੱਖਦਾ ਹੈ। ਅਜਿਹੇ ਸਮਾਜ ਵਿਚ ਵਿਚਰਦਿਆਂ ਹੀ 'ਕੁਦਰਤੀ ਨਿਯਮਾਂ 'ਚ ਸਮੁੱਚੀ ਮਨੁੱਖਤਾ ਇਕ ਬਰਾਬਰ' ਹੋ ਕੇ ਇਕ ਚੰਗੇ ਜੀਵਨ ਬਤੀਤ ਹੋਣ ਦੀ ਤਵੱਕੋਂ ਰੱਖੀ ਜਾ ਸਕਦੀ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

 

 

 

ਮੇਰੀ ਆਸਟ੍ਰੇਲੀਆ ਯਾਤਰਾ
ਲੇਖਕ : ਇੰਦਰਜੀਤ ਸਿੰਘ ਜੋਧਕਾ
ਪ੍ਰਕਾਸ਼ਕ : ਵਿਸ਼ਵ ਸਿੱਖ ਰਾਜਪੂਤ ਭਾਈਚਾਰਾ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 207+32

ਪੁਸਤਕ 'ਮੇਰੀ ਆਸਟ੍ਰੇਲੀਆ ਯਾਤਰਾ' ਦੇ ਵਿਚ ਲੇਖਕ ਨੇ ਆਸਟ੍ਰੇਲੀਆ ਦੇ ਬਾਰੇ ਜੋ ਸਮੁੱਚੀ ਜਾਣਕਾਰੀ ਦਿੱਤੀ ਹੈ, ਉਸ ਨੂੰ ਜੇਕਰ ਇਕ ਵਾਰ ਪੜ੍ਹਨਾ ਸ਼ੁਰੂ ਕੀਤਾ ਜਾਵੇ ਤਾਂ ਉਤਸੁਕਤਾ ਏਨੀ ਵਧਦੀ ਜਾਂਦੀ ਹੈ ਕਿ ਪੁਸਤਕ ਨੂੰ ਪੜ੍ਹਨ ਤੋਂ ਵਿਚਕਾਰ ਛੱਡਣ ਦਾ ਦਿਲ ਹੀ ਨਹੀਂ ਕਰਦਾ ਕਿਉਂਕਿ ਘਰ ਬੈਠੇ ਹੀ ਆਸਟ੍ਰੇਲੀਆ ਦੀ ਸ਼ਬਦੀ ਸੈਰ ਹੋ ਜਾਂਦੀ ਹੈ। ਇਹ ਪੁਸਤਕ ਸਾਂਭਣਯੋਗ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕਰ ਲਈ ਜਾਵੇ, ਉਹ ਘੱਟ ਹੈ। ਪੁਸਤਕ ਵਿਚ ਲੇਖਕ ਨੇ ਜੋ ਵੀ ਲਿਖਿਆ ਬਹੁਤ ਹੀ ਖੋਜ ਭਰਪੂਰ ਹੈ ਅਤੇ ਬੜੀ ਮਿਹਨਤ ਨਾਲ ਹਰ ਪੱਖੋਂ ਜਾਣਕਾਰੀ ਦੇਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਲੇਖਕ ਦੇ ਅੰਦਰ ਇਕ ਤਾਂਘ ਵਸੀ ਹੋਈ ਹੈ, ਵਿਸ਼ੇਸ਼ ਕਰਕੇ ਇਤਿਹਾਸਕ, ਧਾਰਮਿਕ ਤੇ ਘੁੰਮਣ ਫਿਰਨ ਵਾਲੇ ਸਥਾਨਾਂ ਦੇ ਬਾਰੇ ਪਾਠਕਾਂ ਨੂੰ ਵੀ ਜਾਣਕਾਰੀ ਦੇਣ ਵਿਚ ਲੇਖਕ ਮਹਾਨ ਹੈ। ਇਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਦੇ ਵਿਚ ਖੋਜ ਭਰਪੂਰ ਲੇਖ ਹਨ। ਲੇਖਕ ਕੋਲ ਆਪਣਾ ਤਜਰਬਾ ਵੀ ਹੈ, ਜਿਸ ਕਰਕੇ ਉਸ ਦੀ ਕਲਮ ਵਿਚ ਜਾਨ ਹੈ। ਇਹ ਪੁਸਤਕ ਖੋਜੀਆਂ ਤੇ ਪਾਠਕਾਂ ਦੇ ਲਈ ਇਕ ਖ਼ਜ਼ਾਨਾ ਹੈ, ਜੋ ਪੜ੍ਹਨ ਵਾਲਿਆਂ ਨੂੰ ਹੀ ਮਿਲ ਸਕਦਾ ਹੈ। ਅਜਿਹੀ ਪੁਸਤਕ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਸਕਦੀ ਹੈ। ਪੁਸਤਕ ਵਿਚ ਰੌਚਿਕਤਾ, ਸ਼ਬਦਾਵਲੀ, ਗੱਲ ਤੇ ਦ੍ਰਿਸ਼ ਦੱਸਣ ਦਾ ਵੀ ਵਧੀਆ ਢੰਗ ਹੈ ਅਤੇ ਪੜ੍ਹਦਿਆਂ-ਪੜ੍ਹਦਿਆਂ ਇਕ ਖੁਮਾਰੀ ਜਿਹੀ ਮਹਿਸੂਸ ਹੁੰਦੀ ਹੈ। ਜਾਪਦਾ ਹੈ ਕਿ ਪੁਸਤਕ ਦੇ ਲੇਖਕ ਇੰਦਰਜੀਤ ਸਿੰਘ ਜੋਧਕਾਂ ਨੇ ਬੜੀ ਹੀ ਡੂੰਘਾਈ ਨਾਲ ਸਾਹਿਤ ਨੂੰ ਪੜ੍ਹਿਆ ਹੀ ਨਹੀਂ ਬਲਕਿ ਉਸ ਦੇ ਵਿਚੋਂ ਕਾਫੀ ਗਿਆਨ ਪ੍ਰਾਪਤ ਕੀਤਾ ਹੈ, ਜਿਸ ਦੀ ਝਲਕ ਉਨ੍ਹਾਂ ਦੀ ਲੇਖਣੀ ਦੇ ਵਿਚ ਝਲਕਦੀ ਹੈ। ਪੁਸਤਕ ਵਿਚ 32 ਸਫ਼ਿਆਂ 'ਤੇ ਅਨੇਕਾਂ ਤਸਵੀਰਾਂ ਹਨ, ਜੋ ਰੰਗਦਾਰ ਹਨ। ਉਹ ਤਸਵੀਰਾਂ ਆਪਣੇ ਮੂੰਹੋਂ ਬੋਲਦੀਆਂ ਹਨ। ਹਰ ਤਸਵੀਰ ਦੇ ਹੇਠਾਂ ਵੀ ਜਾਣਕਾਰੀ ਦਿੱਤੀ ਗਈ ਹੈ, ਜੋ ਕਿ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ। ਜੋ ਲੋਕ ਆਸਟ੍ਰੇਲੀਆ ਨਹੀਂ ਜਾ ਸਕੇ ਜਾਂ ਨਹੀਂ ਜਾ ਸਕਦੇ, ਉਹ ਇਨ੍ਹਾਂ ਦੇ ਲਿਖੇ ਸਫ਼ਰਨਾਮੇ ਨੂੰ ਪੜ੍ਹ ਕੇ ਬਹੁਤ ਕੁਝ ਮਹਿਸੂਸ ਕਰ ਰਹੇ ਹਨ ਅਤੇ ਨਾਲ ਹੀ ਤਸਵੀਰਾਂ ਵੇਖਦੇ ਦ੍ਰਿਸ਼ ਆਪਣੀ ਅੱਖੀਂ ਵੇਖ ਸਕਦੇ ਹਨ। ਪੁਸਤਕ ਦੀ ਛਪਾਈ, ਰੰਗਾਈ, ਲਿਖਾਈ 'ਤੇ ਵੀ ਪੂਰਾ ਧਿਆਨ ਰੱਖਿਆ ਗਿਆ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

 

 

26-11-2023

 ਪੰਜਾਬੀ ਬੁਝਾਰਤਾਂ
ਸੰਗ੍ਰਹਿਕਰਤਾ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ, ਜਲੰਧਰ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 99884-69564


ਬੁਝਾਰਤਾਂ ਮਨੁੱਖੀ ਸਮਾਜ ਦਾ ਉਹ ਮਨੋਰੰਜਕ-ਵਸੀਲਾ ਹਨ, ਜਿਹੜੀਆਂ ਵਿਸ਼ੇਸ਼ ਕਰਕੇ ਬੱਚਿਆਂ ਦੀ ਬੌਧਿਕ ਸਮਰੱਥਾ ਵਿਚ ਵਾਧਾ ਕਰਕੇ ਮਨੋਰੰਜਨ ਪ੍ਰਦਾਨ ਕਰਦੀਆਂ ਹਨ। ਆਤਮਾ ਸਿੰਘ ਚਿੱਟੀ ਦੀ ਨਵੀਂ ਛਪੀ ਬਾਲ ਪੁਸਤਕ 'ਪੰਜਾਬੀ ਬੁਝਾਰਤਾਂ' ਇਸੇ ਵੰਨਗੀ ਨਾਲ ਸੰਬੰਧਿਤ ਹੈ, ਜਿਸ ਵਿਚ 754 ਬੁਝਾਰਤਾਂ ਸੰਗ੍ਰਹਿਤ ਹਨ। ਹਰ ਬੁਝਾਰਤ ਪ੍ਰਸ਼ਨਸੂਚਕ ਅਤੇ ਕਾਵਿਕ-ਅੰਦਾਜ਼ ਵਾਲੀ ਹੈ। ਇਨ੍ਹਾਂ ਬੁਝਾਰਤਾਂ ਦਾ ਵਿਸ਼ਾ-ਵਸਤੂ ਕਿਸੇ ਇਕ ਵਿਸ਼ੇਸ਼ ਖੇਤਰ ਨਾਲ ਸੰਬੰਧਿਤ ਨਹੀਂ ਸਗੋਂ ਇਨ੍ਹਾਂ ਦਾ ਦਾਇਰਾ ਮਨੁੱਖੀ ਸਮਾਜ ਨਾਲ ਜੁੜੇ ਹੋਏ ਖੇਤੀਬਾੜੀ, ਵਣਜ, ਸਿੱਖਿਆ, ਗੀਤ-ਸੰਗੀਤ, ਪਰਿਵਾਰਕ, ਕਿਰਤੀ (ਜਿਸ ਵਿਚ ਫ਼ਲ, ਫੁੱਲ, ਸਬਜ਼ੀਆਂ, ਰੁੱਖ-ਬੂਟੇ, ਚੰਨ, ਸੂਰਜ, ਤਾਰੇ, ਕੀਟ-ਪਤੰਗੇ, ਜੀਵ-ਜੰਤੂ ਆਦਿ ਸ਼ਾਮਿਲ ਹਨ), ਵਿਗਿਆਨਕ ਖੋਜਾਂ-ਕਾਢਾਂ, ਸਰੀਰ ਦੇ ਵਿਭਿੰਨ ਅੰਗਾਂ, ਵੱਖ-ਵੱਖ ਕਿੱਤਾਕਾਰ ਅਤੇ ਉਨ੍ਹਾਂ ਦੇ ਕਿੱਤਿਆਂ ਨਾਲ ਸੰਬੰਧਿਤ ਔਜ਼ਾਰਾਂ, ਮਨੋਰੰਜਨ ਦੇ ਸਰੋਤਾਂ, ਘਰੇਲੂ ਵਸਤਾਂ, ਪੱਤਰਕਾਰੀ, ਸਾਹਿਤ, ਹਾਰ-ਸ਼ਿੰਗਾਰ ਗੱਲ ਕੀ ਜਲ, ਥਲ ਤੇ ਨਭ (ਅਸਮਾਨ) ਆਦਿ ਤੱਕ ਫੈਲਿਆ ਹੋਇਆ ਹੈ, ਜੋ ਇਕ-ਇਕ ਸਤਰ ਤੋਂ ਲੈ ਕੇ ਛੇ-ਛੇ ਸਤਰਾਂ ਵਿਚ ਫੈਲੀਆਂ ਹੋਈਆਂ ਹਨ। ਇਨ੍ਹਾਂ ਬੁਝਾਰਤਾਂ ਦਾ ਉੱਤਰ ਲੱਭਣ ਲਈ ਬੁੱਝਣ ਵਾਲਾ ਆਪਣੀ ਬੌਧਿਕਤਾ ਦੇ ਘੋੜੇ ਦੁੜਾਉਂਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਉਹ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿਚ ਬੁਝਾਰਤ ਦਾ ਉਤਰ ਦੱਸ ਕੇ ਆਪਣੀ ਅਕਲਮੰਦੀ ਅਤੇ ਹਾਜ਼ਰ-ਦਿਮਾਗ਼ੀ ਦਾ ਪ੍ਰਦਰਸ਼ਨ ਕਰੇ। ਇਨ੍ਹਾਂ ਬੁਝਾਰਤਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਜਿੱਥੇ ਰਵਾਇਤੀ ਸੁਣੀਦੀਆਂ ਆ ਰਹੀਆਂ ਬੁਝਾਰਤਾਂ ਇਸ ਪੁਸਤਕ ਵਿਚ ਸ਼ਾਮਿਲ ਹਨ ਉਥੇ ਅੱਜਕੱਲ੍ਹ ਦੇ ਗਿਆਨ-ਵਿਗਿਆਨ ਨਾਲ ਸੰਬੰਧਿਤ ਵਸੀਲਿਆਂ ਜਿਵੇਂ ਅਖ਼ਬਾਰ, ਟੈਲੀਫ਼ੋਨ, ਘੜੀ, ਮੋਟਰਸਾਈਕਲ, ਸਿਲਾਈ ਮਸ਼ੀਨ, ਟੈਲੀਵਿਜ਼ਨ, ਸਾਈਕਲ, ਰੇਲ ਗੱਡੀ, ਹਵਾਈ ਜਹਾਜ਼, ਬਿਜਲਈ ਪੱਖਾ, ਮੋਬਾਈਲ ਫ਼ੋਨ, ਟਾਈਪ ਰਾਈਟਰ, ਬਲੱਬ, ਰਿਕਾਰਡ ਆਦਿ ਨਾਲ ਸੰਬੰਧਿਤ ਘੜੀਆਂ ਬੁਝਾਰਤਾਂ ਵੀ ਉਪਲਬਧ ਹਨ।
ਇਸ ਪ੍ਰਕਾਰ ਕੁੱਲ ਮਿਲਾ ਕੇ ਇਹ ਬੁਝਾਰਤਾਂ ਬੱਚਿਆਂ ਅਤੇ ਵੱਡਿਆਂ ਦਾ ਮਨੋਰੰਜਨ ਕਰਦੀਆਂ ਹੋਈਆਂ ਉਨ੍ਹਾਂ ਦੇ ਵਿਹਲੇ ਸਮੇਂ ਦੀ ਸਾਰਥਿਕ ਵਰਤੋਂ ਕਰਨ ਦਾ ਜ਼ਰੀਆ ਬਣਦੀਆਂ ਹਨ ਅਤੇ ਉਨ੍ਹਾਂ ਦੀ ਬੌਧਿਕਤਾ ਅਤੇ ਸੋਚਣ-ਸ਼ਕਤੀ ਨੂੰ ਪ੍ਰਚੰਡ ਕਰਦੀਆਂ ਹਨ। ਇਨ੍ਹਾਂ ਬੁਝਾਰਤਾਂ ਰਾਹੀਂ ਇਹ ਸੰਦੇਸ਼ ਵੀ ਸਾਹਮਣੇ ਆਉਂਦਾ ਹੈ ਕਿ ਸੋਸ਼ਲ ਮੀਡੀਆ ਦੇ ਵਰਤਮਾਨ ਦੌਰ ਵਿਚ ਲੁਪਤ ਹੁੰਦੀ ਜਾ ਰਹੀ ਇਸ ਲੋਕ-ਸਾਹਿਤ ਰਵਾਇਤ ਦੀ ਸਾਂਭ-ਸੰਭਾਲ ਕਰਨੀ ਬਣਦੀ ਹੈ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703


ਅਧੂਰੇ ਸੁਪਨੇ
ਲੇਖਿਕਾ : ਅਮਰਜੀਤ ਕੌਰ ਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 95011-45039


ਇਸ ਪੁਸਤਕ ਦੀ ਲੇਖਿਕਾ ਅਮਰਜੀਤ ਕੌਰ ਜੀਤ ਹੈ, ਜਿਨ੍ਹਾਂ ਨੇ ਆਪਣੀ ਸੰਘਰਸ਼ਮਈ ਜ਼ਿੰਦਗੀ ਬਾਰੇ ਸਵੈ-ਜੀਵਨੀ ਲਿਖੀ ਹੈ। ਇਸ ਪੁਸਤਕ ਵਿਚ ਕਈ ਵੱਖੋ-ਵੱਖਰੇ ਅੰਗ ਹਨ। ਭਾਵੇਂ ਲੜੀ ਆਪਸ 'ਚ ਜੁੜਦੀ ਹੈ ਪ੍ਰੰਤੂ ਰੰਗ ਵੱਖਰਾ ਹੈ। ਸਵੈ-ਜੀਵਨੀ ਵਿਚ ਲੇਖਿਕਾ ਨੇ ਬਹੁਤ ਹੀ ਸਰਲ ਭਾਸ਼ਾ ਦੀ ਵਰਤੋਂ ਕਰਕੇ ਇਸ ਨੂੰ ਹੋਰ ਵੀ ਰੌਚਿਕ ਬਣਾ ਦਿੱਤਾ ਹੈ। ਇਸ ਵਿਚ ਲੇਖਿਕਾ ਨੇ ਆਪਣੇ ਨਾਲ ਬੀਤੀ ਹਰ ਗੱਲ ਨੂੰ ਨਾ ਛੁਪਾ ਕੇ ਜੱਗ ਜ਼ਾਹਰ ਕੀਤਾ ਹੈ ਅਤੇ ਨਾਲ ਹੀ ਆਪਣੇ ਜੀਵਨ ਵਿਚ ਆਈ ਬਿਪਤਾ, ਪ੍ਰੇਸ਼ਾਨੀ, ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨ ਦੇ ਨਾਲ-ਨਾਲ ਉਸ ਨੂੰ ਕਦੇ ਆਪਣੇ 'ਤੇ ਭਾਰੂ ਨਹੀਂ ਹੋਣ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਪਿੰਡੇ 'ਤੇ ਜਰਿਆ। ਪ੍ਰੰਤੂ ਹੌਸਲਾ ਨਾ ਛੱਡ ਕੇ ਉਸ ਨੂੰ ਹਮੇਸ਼ਾ ਬੁਲੰਦ ਰੱਖਿਆ। ਲੇਖਿਕਾ ਦੀਆਂ ਅੰਦਰਲੀਆਂ ਖਾਹਿਸ਼ਾਂ, ਰੁਚੀਆਂ, ਸ਼ੌਕ ਕਈ ਵਾਰ ਮਧੋਲੇ ਗਏ ਪ੍ਰੰਤੂ ਦੁੱਖ-ਸੁੱਖ ਨੂੰ ਭਾਣਾ ਮੰਨ ਕੇ ਇਹ ਜੀਵਨ ਦਾ ਸਫ਼ਰ ਤਹਿ ਕਰਦੀ ਗਈ ਅਤੇ ਕਦੇ ਵੀ ਚਿਹਰੇ 'ਤੇ ਉਦਾਸੀ ਦੇ ਚਿੰਨ੍ਹ ਨਾ ਲਿਆਂਦੇ। ਆਪਣੇ ਮੋਢਿਆਂ 'ਤੇ ਪਈਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ। ਲੇਖਿਕਾ ਨੇ ਆਰਥਿਕ ਤੰਗੀ, ਪੜ੍ਹਨ ਦੀ ਇੱਛਾ ਦਾ ਬਿਆਨ ਵੀ ਕੀਤਾ ਹੈ ਪ੍ਰੰਤੂ ਇਰਾਦਾ ਪੱਕਾ ਹੋਣ 'ਤੇ ਕਿਸੇ ਪਾਸੇ ਡੋਲੀ ਨਹੀਂ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਿਆ। ਸਿਲਾਈ, ਕਢਾਈ, ਬੁਣਾਈ ਦਾ ਕੰਮ ਕੀਤਾ। ਪੇਕੇ-ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਨਜਿਠੀਆਂ। ਗੁਰਬਾਣੀ ਨਾਲ ਵੀ ਜੁੜੀ ਰਹੀ। ਅਖ਼ੀਰ ਕੈਨੇਡਾ ਜਾ ਕੇ ਉੱਥੇ ਹੱਥੀਂ ਕੰਮ ਕੀਤਾ। ਵਿਆਹ ਤੋਂ ਬਾਅਦ ਦੀ ਆਰਥਿਕ ਤੰਗੀ ਆਉਣ 'ਤੇ ਵੀ ਉਹ ਡਟੀ ਰਹੀ। ਲੇਖਿਕਾ ਇਸ ਤੋਂ ਪਹਿਲਾਂ 'ਰੇਖ ਤੇ ਮੇਖ' ਅਤੇ 'ਏਕੇ ਦੀ ਤਾਕਤ' ਨਾਂਅ ਦੀਆਂ ਕਿਤਾਬਾਂ ਲਿਖ ਚੁੱਕੀ ਹੈ। ਲੇਖਿਕਾ ਹੋਰ ਵੀ ਕਿਤਾਬਾਂ ਲਿਖ ਰਹੀ ਹੈ। ਸੋ, ਸਵੈ-ਜੀਵਨੀ ਰੌਚਕ ਹੈ ਅਤੇ ਪੜ੍ਹਦੇ-ਪੜ੍ਹਦੇ ਦੁੱਖ ਵੀ ਮਹਿਸੂਸ ਜ਼ਰੂਰ ਹੁੰਦਾ ਹੈ। ਸੋ, ਮਾਣ ਹੈ ਇਸ ਲੇਖਿਕਾ 'ਤੇ।


-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990


ਮਹਿੰਦਰ ਸਾਥੀ ਦੀ ਕਾਵਿ ਸੰਵੇਦਨਾ
ਸੰਪਾਦਕ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 99150-99926


ਮਹਿੰਦਰ ਸਾਥੀ ਅਵਾਮੀ ਸ਼ਾਇਰ ਸੀ, ਜੋ ਪੁਸਤਕ ਪ੍ਰਕਾਸ਼ਨ ਤੋਂ ਬਿਨਾਂ ਹੀ ਲੋਕਾਈ ਦੇ ਦੁੱਖਾਂ-ਦਰਦਾਂ ਦੀ ਬਾਤ ਆਪਣੀਆਂ ਗ਼ਜ਼ਲਾਂ, ਕਵਿਤਾਵਾਂ, ਦੋਹਿਆਂ ਅਤੇ ਗੀਤਾਂ ਵਿਚ ਬਾਖੂਬੀ ਬਿਆਨਦਾ ਰਿਹਾ ਅਤੇ ਆਪਣੇ ਪਾਠਕਾਂ/ਸਰੋਤਿਆਂ 'ਚ ਮਕਬੂਲ ਰਿਹਾ। ਉਸ ਦੀ ਪਹਿਲੀ ਕਾਵਿ-ਪੁਸਤਕ 'ਜਲਾਵਤਨ ਰੁੱਤ ਪਰਤੇਗੀ' (1990) ਵਿਚ ਪ੍ਰਕਾਸ਼ਿਤ ਹੁੰਦੀ ਹੈ। ਉਸ ਦੀ ਦੂਸਰੀ ਕਾਵਿ-ਪੁਸਤਕ 'ਜਦੋਂ ਤੱਕ ਰਾਤ ਬਾਕੀ ਹੈ' (2012), ਤੀਜੀ ਕਾਵਿ-ਪੁਸਤਕ 'ਦੀਪ ਦਰਪਣ' (2016), ਚੌਥੀ ਕਾਵਿ-ਪੁਤਕ (ਪਤਝੜ ਸਦਾ ਨਾ ਰਹਿਣੀ' (2019) ਪ੍ਰਕਾਸ਼ਿਤ ਹੁੰਦੀ ਹੈ। ਉਸ ਦੀ ਪੰਜਵੀਂ ਕਾਵਿ ਪੁਸਤਕ 'ਸਿਦਕ ਸਵਾਸਾਂ ਸੰਗ' ਉਸ ਦੇ ਇਸ ਦੇ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ (2021) ਪ੍ਰਕਾਸ਼ਿਤ ਹੁੰਦੀ ਹੈ ਜੋ ਕਿ ਉਸ ਦੇ ਜਿਊਂਦੇ ਜੀਅ ਪ੍ਰੈੱਸ ਵਿਚ ਚਲੀ ਗਈ ਸੀ। ਇਹ ਇਕ ਵੱਡਅਕਾਰੀ ਪੁਸਤਕ ਹੈ, ਜਿਸ ਵਿਚ ਉਸ ਦੀਆਂ ਸਾਰੀਆਂ ਗ਼ਜ਼ਲਾਂ ਇਕ ਥਾਂ ਇਕੱਠੀਆਂ ਕੀਤੀਆਂ ਗਈਆਂ ਹਨ। ਗੁਰਮੀਤ ਕੜਿਆਲਵੀ ਦੇ ਉਚੇਚੇ ਯਤਨਾਂ ਨਾਲ ਹੱਥਲੀ ਆਲੋਚਨਾ ਪੁਸਤਕ ਪੰਜਾਬੀ ਦੇ ਪਾਠਕਾਂ ਲਈ ਉਪਲਬੱਧ ਹੋਈ ਹੈ, ਜਿਸ ਦੀ ਸੰਪਾਦਨਾ ਉੱਘੇ ਲੇਖਕ, ਆਲੋਚਕ ਅਤੇ ਗ਼ਜ਼ਲਗੋਅ ਪ੍ਰੋ. ਜਸਪਾਲ ਘਈ ਨੇ ਕੀਤੀ ਹੈ। ਇਸ ਪੁਸਤਕ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸ਼ਾਮਿਲ 13 ਆਲੋਚਨਾਤਮਕ ਨਿਬੰਧਾਂ ਨੂੰ ਵੱਖ-ਵੱਖ ਪ੍ਰਚੱਲਿਤ ਵੱਖ-ਵੱਖ ਅਧਿਐਨ ਦ੍ਰਿਸ਼ਟੀਆਂ ਤੋਂ ਮਰਹੂਮ ਮਹਿੰਦਰ ਸਾਥੀ ਕਾਵਿ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਨਿਬੰਧਾਂ ਵਿਚ ਡਾ. ਸੁਰਜੀਤ ਸਿੰਘ ਭੱਟੀ, ਡਾ. ਭੀਮ ਇੰਦਰ ਸਿੰਘ, ਡਾ. ਸੁਰਜੀਤ ਬਰਾੜ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਅਰਵਿੰਦਰ ਕੌਰ 'ਕਾਕੜਾ', ਡਾ. ਸਮਸ਼ੇਰ ਮੋਹੀ, ਡਾ. ਮਨਜੀਤ ਕੌਰ ਆਜ਼ਾਦ, ਮਨਜੀਤਪੁਰੀ, ਪ੍ਰੋ. ਐੱਚ.ਐੱਸ. ਡਿੰਪਲ, ਪ੍ਰੋ. ਕੁਲਦੀਪ ਸਿੰਘ, ਨਿਰੰਜਨ ਬੋਹਾ, ਜਸਵੀਰ ਕਲਸੀ ਧਰਮਕੋਟ, ਪ੍ਰੋ. ਜਸਪਾਲ ਘਈ ਆਦਿ ਨੇ ਸਾਥੀ ਜੀ ਨੂੰ ਪ੍ਰਤੀਬੱਧਤ ਸ਼ਾਇਰ, ਅਵਾਮੀ ਸ਼ਾਇਰ, ਜਨਵਾਦੀ ਕਵੀ, ਲੋਕ ਧਾਰਾ ਨਾਲ ਜੁੜਿਆ ਹੋਇਆ ਕਵੀ, ਨਾਬਰੀ ਦੇ ਸੰਕਲਪ ਨੂੰ ਪ੍ਰੀਭਾਸ਼ਤ ਕਰਦੇ ਕਵੀ, ਸ਼ਾਹੀ ਤਖ਼ਤਾਂ ਨੂੰ ਲਲਕਾਰਦੀ ਸ਼ਾਇਰੀ, ਮੁਹੱਬਤੀ ਸੰਵੇਦਨਾ ਦੇ ਕਵੀ ਦੇ ਤੌਰ 'ਤੇ ਪ੍ਰੀਭਾਸ਼ਤ ਅਤੇ ਸਥਾਪਤ ਕਰਨ ਦੀ ਭਰਪੂਰ ਮੁਸ਼ੱਕਤ ਕਰਦਿਆਂ, ਉਸ ਦੀ ਕਵਿਤਾ ਦੇ ਵੱਖ-ਵੱਖ ਰੂਪਾਂ ਦੇ ਆਧਾਰਿਤ ਨਿਵੇਕਲੀ, ਨਿਧੜਕ ਅਤੇ ਪ੍ਰਤੀਬੱਧ ਸ਼ਖ਼ਸ ਦੇ ਤੌਰ 'ਤੇ ਭਰਪੂਰ ਜਾਣਕਾਰੀ ਪਾਠਕਾਂ ਨੂੰ ਮੁਹੱਈਆ ਕਰਵਾਈ ਹੈ। ਜਿਥੇ ਇਨ੍ਹਾਂ ਨਿਬੰਧਾਂ ਦੇ ਲੇਖਕਾਂ ਵਲੋਂ ਉਸ ਨੂੰ ਵਿਚਾਰਧਾਰਾਈ ਪੱਖ ਤੋਂ ਸੱਜਗ ਕਵੀ ਦੇ ਤੌਰ 'ਤੇ ਸਵੀਕਾਰਿਆ ਹੈ, ਉਸ ਦੇ ਕਲਾ-ਮਈ ਪੱਖ ਦੀ ਵੀ ਭਰਪੂਰ ਵਿਆਖਿਆ ਕੀਤੀ ਹੈ। ਪ੍ਰੋ. ਜਸਪਾਲ ਘਈ ਦਾ ਬਿਆਨ 'ਜਿਸ ਵਿਚ ਮੈਂ ਸਾਥੀ-ਕਾਵਿ ਵਿਚਲੀ ਗ਼ਜ਼ਲ ਅਤੇ ਰੁਬਾਈ ਨੂੰ ਇਨ੍ਹਾਂ ਦੇ ਵਿਧਾਗਤ ਪਰਿਪੇਖ ਵਿਚ ਸਮਝਣ ਦਾ ਯਤਨ ਕੀਤਾ ਹੈ ਅਤੇ ਇਸ ਨਿਸ਼ਕਰਸ਼ 'ਤੇ ਪੁੱਜਾ ਹਾਂ ਕਿ ਫ਼ਾਰਸੀ ਮੂਲ ਦੇ ਇਨ੍ਹਾਂ ਕਾਵਿ-ਰੂਪਾਂ ਦੇ ਵਿਧਾਗਤ ਵਿਧਾਨ ਦਾ ਅਨੁਸਰਨ ਕਰਦਿਆਂ ਸਾਥੀ ਨੇ ਇਨ੍ਹਾਂ ਕਾਵਿ-ਰੂਪਾਂ ਨੂੰ ਸਮਕਾਲੀ ਸਰੋਕਾਰਾਂ ਨੂੰ ਵਿਅਕਤ ਕਰਨ ਵਾਲੇ ਸਸ਼ਕਤ ਕਾਵਿ-ਰੂਪਾਂ ਵਲੋਂ ਅਪਣਾਇਆ ਹੈ। ਗੁਰਮੀਤ ਕੜਿਆਲਵੀ ਦੇ ਅਨੁਸਾਰ ਸਾਥੀ ਨੇ ਆਪਣੀ ਤਮਾਮ ਉਮਰ 'ਚ ਬੇਸ਼ੱਕ ਅਥਾਹ ਦੁਸ਼ਵਾਰੀਆਂ, ਦੁੱਖ, ਤਕਲੀਫਾਂ ਅਤੇ ਪੀੜਾਂ ਨੂੰ ਆਪਣੇ ਨੰਗੇ ਪਿੰਡੇ 'ਤੇ ਝੱਲਿਆ ਹੈ, ਪ੍ਰੰਤੂ ਉਸ ਨੇ ਆਪਣੀ ਸ਼ਾਇਰੀ ਵਿਚ ਲੋਕਾਈ ਦੇ ਦਰਦ ਨੂੰ ਆਪਣੀ ਲੇਖਣੀ 'ਚ ਪ੍ਰਗਟਾਉਂਦਿਆਂ ਕਿਸੇ ਵੀ ਕਿਸਮ ਦੀ ਵਕਤੀ ਸਾਂਝ ਨਾਲ ਨਾਤਾ ਨਹੀਂ ਜੋੜਿਆ। ਇਸ ਲਈ ਮੈਂ ਤੇ ਮੇਰੀ ਸ਼ਾਇਰੀ ਵਿਚ ਮਹਿੰਦਰ ਸਾਥੀ ਜੀ ਇਹ ਤਸਲੀਮ ਕਰਦਾ ਹੈ ਕਿ ਜੇ ਮਨੁੱਖ ਸੰਵੇਦਨਸ਼ੀਲ ਮਨ ਵਾਲਾ ਹੈ, ਤਾਂ ਉਹ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਕਵੀ ਜ਼ਰੂਰ ਹੋ ਜਾਂਦਾ ਹੈ। ਮਨੁੱਖ ਦੀ ਅੰਦਰੂਨੀ ਪੀੜ ਅਤੇ ਸਮਾਜਿਕ ਵਿਸੰਗਤੀਆਂ ਦਾ ਪ੍ਰਭਾਵ ਵੀ ਮਨੁੱਖ ਨੂੰ ਕਵੀ ਬਣਾਉਣ 'ਚ ਸਹਾਈ ਹੁੰਦਾ ਹੈ। ਮੇਰੀ ਜਾਚੇ ਸੰਪਾਦਕ ਵਲੋਂ ਅਤੇ ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵਲੋਂ ਕੀਤਾ ਗਿਆ ਇਹ ਉਪਰਾਲਾ ਜਿਥੇ ਸ਼ਲਾਘਾਯੋਗ ਹੈ, ਉਥੇ ਇਹ ਸਿੱਖਿਆਰਥੀਆਂ, ਆਲੋਚਕਾਂ ਅਤੇ ਬੁੱਧੀਜੀਵੀਆਂ ਲਈ ਮਹਿੰਦਰ ਸਾਥੀ ਦੇ ਕਾਵਿ-ਸਰੋਕਾਰਾਂ ਦੀ ਪਰਖ-ਪੜਚੋਲ ਲਈ ਰਾਹ ਦਸੇਰਾ ਬਣੇਗਾ। ਅਜਿਹੀ ਮੇਰੀ ਪ੍ਰਪੱਕ ਧਾਰਨਾ ਹੈ। ਆਮੀਨ!


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਬਾਬਾ ਸ਼ੇਖ਼ ਫ਼ਰੀਦ
(ਜੀਵਨ, ਸ਼ਖ਼ਸੀਅਤ ਅਤੇ ਬਾਣੀ)
ਲੇਖਕ : ਪਰਮਪਾਲ ਸਿੰਘ ਸੋਢੀ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਨ, ਸਮਾਣਾ
ਮੁੱਲ : ਮੁਫ਼ਤ ਭੇਟ, ਸਫ਼ੇ : 208
ਸੰਪਰਕ : 99151-29747


ਸ. ਪਰਮਪਾਲ ਸਿੰਘ ਸੋਢੀ ਦੀ ਮੁਢਲੀ ਸਿੱਖਿਆ-ਦੀਖਿਆ, ਬਾਬਾ ਫ਼ਰੀਦ ਦੇ ਪਵਿੱਤਰ ਨਾਂਅ ਉੱਪਰ ਸਥਾਪਿਤ ਨਗਰ ਫ਼ਰੀਦਕੋਟ ਵਿਖੇ ਹੋਈ। ਉਚੇਰੀ ਸਿੱਖਿਆ ਉਸ ਨੇ ਪੰਜਾਬੀ ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਅਤੇ ਵਿਭਾਗਾਂ ਤੋਂ ਹਾਸਿਲ ਕੀਤੀ। ਇਸ ਉਪਰੰਤ ਬੈਂਕਿੰਗ (ਪੰਜਾਬ ਸਿੰਧ ਬੈਂਕ) ਸੈਕਟਰ ਵਿਚ ਕਈ ਉੱਚ ਅਤੇ ਮਹੱਤਵਪੂਰਨ ਅਹੁਦਿਆਂ ਉੱਪਰ ਸ਼ਾਨਦਾਰ ਸੇਵਾ ਕੀਤੀ। ਇਸ ਸਮੁੱਚੇ ਅਰਸੇ ਦੌਰਾਨ ਬਾਬਾ ਫ਼ਰੀਦ ਦੀ ਅਜ਼ਮਤ ਅਤੇ ਮਹਿਮਾ ਉਸ ਦੇ ਜ਼ਿਹਨ ਵਿਚ ਤਾਜ਼ਾ ਰਹੀ। ਸੇਵਾਮੁਕਤ ਹੋਣ ਉਪਰੰਤ ਉਸ ਨੇ ਸ਼ੇਖ ਫ਼ਰੀਦ ਸਾਹਿਬ ਦੇ ਨਾਲ ਸਿੱਖ ਗੁਰੂ ਸਾਹਿਬਾਨ ਅਤੇ ਗੁਰ-ਇਤਿਹਾਸ ਬਾਰੇ ਕੁਝ ਨਵਾਂ ਅਤੇ ਮੌਲਿਕ ਕਹਿਣ-ਸੁਣਨ ਦੀ ਕੋਸ਼ਿਸ਼ ਵੀ ਕੀਤੀ। ਅਸਲ ਵਿਚ ਹਰ ਗੰਭੀਰ ਪਾਠਕ ਇਕ ਲੇਖਕ ਵੀ ਹੁੰਦਾ ਹੈ। ਪੜ੍ਹਨ ਦੌਰਾਨ ਉਸ ਨੂੰ ਇਤਿਹਾਸਕ, ਧਾਰਮਿਕ ਪੋਥੀਆਂ ਵਿਚ ਕਈ ਖੱਪੇ ਵੀ ਨਜ਼ਰ ਆ ਜਾਂਦੇ ਹਨ ਅਤੇ ਉਨ੍ਹਾਂ ਖੱਪਿਆਂ ਨੂੰ ਭਰਨ/ਪੂਰਨ ਦੀ ਸੁਹਿਰਦ ਕੋਸ਼ਿਸ਼ ਦੇ ਕਾਰਨ ਹੀ ਉਹ ਲੇਖਕ ਬਣਦਾ ਹੈ। ਭਾਵੇਂ ਇਸ ਪੁਸਤਕ ਦਾ ਸਭ ਤੋਂ ਮਹੱਤਵਪੂਰਨ ਭਾਗ ਸ਼ੇਖ਼ ਫ਼ਰੀਦ ਦੀ ਬਾਣੀ ਅਤੇ ਉਸ ਦੀ ਵਿਆਖਿਆ ਹੀ ਹੈ ਪਰ ਆਰੰਭ ਵਿਚ ਦਿੱਤੇ ਗਏ ਦਸ ਲੇਖ (ਜੀਵਨੀ, ਸਮਕਾਲੀ ਇਤਿਹਾਸ, ਪਰਿਵਾਰਿਕ ਪਿਛੋਕੜ, ਜਨਮ, ਬਚਪਨ ਅਤੇ ਵਿੱਦਿਆ, ਪਾਕਪਟਨ ਵਿਚ ਅੱਲ੍ਹਾ ਦੀ ਬੰਦਗੀ ਤੇ ਪ੍ਰਚਾਰ, ਬਾਬਾ ਜੀ ਦੇ ਪ੍ਰਮੁੱਖ ਖਲੀਫ਼ੇ... ਆਦਿ) ਵੀ ਸੂਝਵਾਨ ਪਾਠਕਾਂ ਦਾ ਧਿਆਨ ਖਿੱਚਣਗੇ। ਲੇਖਕ ਨੇ ਇਹ ਪੁਸਤਕ ਲਿਖਣ ਤੋਂ ਪਹਿਲਾਂ ਖ਼ੂਬ ਪਠਨ-ਪਾਠਨ (ਹੋਮ ਵਰਕ) ਵੀ ਕੀਤਾ ਹੈ, ਜਿਸ ਕਾਰਨ ਉਸ ਵਲੋਂ ਕਹੀ ਗਈ ਹਰ ਗੱਲ ਅਤੇ ਟਿੱਪਣੀ ਪ੍ਰਮਾਣਿਕ ਹੋ ਗਈ ਹੈ। ਸ. ਪਰਮਪਾਲ ਸਿੰਘ ਮੇਰਾ ਗਰਾਈਂ ਹੈ। ਉਸ ਨੂੰ ਆਪਣੇ ਵਿਰਸੇ ਅਤੇ ਸਿੱਖ ਧਰਮ ਦੀਆਂ ਪ੍ਰਮੁੱਖ ਸੰਸਥਾਵਾਂ ਉੱਪਰ ਅਤਿਅੰਤ ਗੌਰਵ ਹੈ। ਉਸ ਦੀ ਇਹ ਰਚਨਾ ਫ਼ਰੀਦ ਬਾਰੇ ਲਿਖੇ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ। ਮੈਂ ਉਸ ਦੇ ਨਿਸ਼ਕਾਮ ਪੁਰਸ਼ਾਰਥ ਦਾ ਅਭਿਨੰਦਨ ਕਰਦਾ ਹਾਂ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਸਮਕਾਲੀ ਪੰਜਾਬੀ ਕਹਾਣੀ : ਵਿਚਾਰਧਾਰਕ ਪਾਸਾਰ
ਲੇਖਕ : ਡਾ. ਬਲਜਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 164
ਸੰਪਰਕ : 94632-50386


ਗੰਭੀਰ ਖੋਜਕਰਤਾ ਦੀ ਵਿਚਾਰਧੀਨ ਪੁਸਤਕ ਵਿਚ ਪਹਿਲੇ ਪੰਜ ਕਾਂਡ ਵਿਚਾਰਧਾਰਾ ਸਿਧਾਂਤਕ ਪਰਿਪੇਖ (ਸਰੂਪ ਅਤੇ ਸੰਕਲਪ, ਪਰਿਭਾਸ਼ਾ ਅਤੇ ਪ੍ਰਕਿਰਤੀ, ਵਿਚਾਰਧਾਰਾ ਬਨਾਮ ਹੋਰ ਅਨੁਸ਼ਾਸਨ, ਪੰਜਾਬੀ ਕਹਾਣੀ ਵਿਚ ਵਿਚਾਰਧਾਰਾ) ਆਦਿ ਲਈ ਰਾਖਵੇਂ ਹਨ। ਪਾਠਕਾਂ ਲਈ ਇਹ ਗਿਆਨ-ਵਰਧਕ ਹਨ। ਛੇਵੇਂ ਕਾਂਡ ਵਿਚ ਖੋਜ ਕਰਤਾ ਨੇ ਆਪਣੀ ਹਥਲੀ ਖੋਜ ਤੋਂ ਪੂਰਵਲੇ 88 ਸ਼ੋਧ ਪ੍ਰਬੰਧਾਂ ਦੀ ਸੂਚੀ ਦਿੱਤੀ ਹੈ। ਇਹ ਵੀ ਨਵਖੋਜੀਆਂ ਲਈ ਮੁੱਲਵਾਨ ਹੈ। ਸੱਤਵੇਂ ਕਾਂਡ ਵਿਚ ਕਹਾਣੀ ਦਾ ਇਤਿਹਾਸ ਅਤੇ ਵਿਚਾਰਧਾਰਾਈ ਪਰਿਪੇਖ ਡੂੰਘੀ ਨੀਝ ਨਾਲ ਪ੍ਰਸਤੁਤ ਕੀਤਾ ਹੈ। ਇਸ ਉਪਰੰਤ ਖੋਜਕਰਤਾ ਨੇ ਉਨ੍ਹਾਂ ਸਰੋਕਾਰਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ, ਜਿਨ੍ਹਾਂ ਸਰੋਕਾਰਾਂ 'ਤੇ ਅੱਗੇ ਚਲ ਕੇ ਵਿਚਾਰਧੀਨ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ 'ਤੇ ਮੁੱਖ ਰੂਪ ਵਿਚ ਫੋਕਸੀਕਰਨ ਕੀਤਾ ਹੈ। ਜਿਵੇਂ ਦਲਿਤ ਸਰੋਕਾਰ, ਨਾਰੀ ਸਰੋਕਾਰ, ਕਿਸਾਨੀ ਸਰੋਕਾਰ, ਪਰਵਾਸੀ ਸਰੋਕਾਰ ਆਦਿ। ਇਨ੍ਹਾਂ ਸਰੋਕਾਰਾਂ ਦੇ ਮਹੱਤਵ ਨੂੰ ਪਛਾਣਦਿਆਂ ਜਿਨ੍ਹਾਂ ਕਹਾਣੀਕਾਰਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਹੈ। ਉਨ੍ਹਾਂ ਵਿਚ ਸ਼ਾਮਿਲ ਹਨ : ਸੁਖਜੀਤ, ਤਲਵਿੰਦਰ ਸਿੰਘ, ਸਰੂਪ ਸਿਆਲਵੀ, ਨਿਰਮਲ ਜਸਵਾਲ ਅਤੇ ਹਰਪ੍ਰੀਤ ਸੇਖਾ। ਇਸ ਖੋਜ ਕਾਰਜ ਦੀ ਵਿਸ਼ੇਸ਼ਤਾ ਇਹ ਹੈ ਕਿ ਕਹਾਣੀਕਾਰਾਂ ਦੇ ਕਥਾ-ਸੰਗ੍ਰਹਿਆਂ ਤੋਂ ਬਿਨਾਂ ਉਨ੍ਹਾਂ ਦੀਆਂ ਇਕੱਲੀਆਂ ਇਕੱਲੀਆਂ ਕਹਾਣੀਆਂ ਚੁਣ ਕੇ ਬੜਾ ਗਿਆਨਵਾਨ ਵਿਸ਼ਲੇਸ਼ਣ ਕੀਤਾ ਹੈ।
ਸੁਖਜੀਤ ਪਾਤਰਾਂ ਦੇ ਮਾਨਸਿਕ ਅਤੇ ਭਾਵੁਕ ਜਜ਼ਬਾਤਾਂ ਦਾ ਚਿਤੇਰਾ ਹੈ। ਉੱਤਮ ਪੁਰਖੀ ਜੁਗਤ ਨੂੰ ਬੜੀ ਸੂਖ਼ਮਤਾ ਨਾਲ ਵਰਤਦਾ ਹੈ। ਅਣਕਹੀ ਤਕਨੀਕ ਨਾਲ ਬੜਾ ਕੁਝ ਪਾਠਕਾਂ ਦੀ ਸੋਚ 'ਤੇ ਛੱਡ ਜਾਂਦਾ ਹੈ। ਪਰੰਪਰਾ ਨੂੰ ਤਿਆਗਦਾ ਹੋਇਆ ਨਵੀਂ ਪੀੜ੍ਹੀ ਦੀ ਮੂਹਰਲੀ ਕਤਾਰ ਵਿਚ ਜਾ ਖੜ੍ਹਦਾ ਹੈ। ਤਲਵਿੰਦਰ ਨੂੰ ਪੰਜਾਬ ਦੇ ਕਾਲੇ ਦਿਨਾਂ ਦਾ ਅਹਿਸਾਸ ਹੈ। ਉਹ ਸੁਹਿਰਦ ਅਤੇ ਲੋਕ-ਪੱਖੀ ਕਹਾਣੀਕਾਰ ਹੈ। ਪੰਜਾਬੀ ਕਥਾ ਦਾ ਵਿਲੱਖਣ ਹਸਤਾਖ਼ਰ ਹੋ ਨਿਬੜਿਆ ਹੈ। ਸਰੂਪ ਸਿਆਲਵੀ ਦਾ ਦਲਿਤ ਜੀਵਨ ਨੂੰ ਚਿਤਰਨ ਵਿਚ ਗੌਲਣਯੋਗ ਸਥਾਨ ਹੈ। ਮਨੁੱਖੀ ਅਸਤਿਤਵ ਨੂੰ ਕੇਂਦਰ ਵਿਚ ਰੱਖਦਾ ਹੈ। ਨਿਰਮਲ ਜਸਵਾਲ ਵਿਲੱਖਣ ਦ੍ਰਿਸ਼ਟੀਕੋਣ ਰਾਹੀਂ ਇਕ ਸਿੱਖਿਆ ਪ੍ਰਾਪਤ ਅਤੇ ਸਵੈਨਿਰਭਰ ਔਰਤ ਦੀ ਸੰਵੇਦਨਾ ਨੂੰ ਪੋਸਟ-ਮਾਰਟਮ ਨਜ਼ਰੀਏ ਤੋਂ ਪ੍ਰਸਤੁਤ ਕਰਨ ਵਿਚ ਸਿੱਧ-ਹਸਤ ਹੈ। ਪਰ ਔਰਤ ਦੇ ਰੋਣੇ ਨਹੀਂ ਰੋਂਦੀ। ਹਰਪ੍ਰੀਤ ਸੇਖਾ ਦਾ ਮੁੱਖ ਸਰੋਕਾਰ ਇਮੀਗ੍ਰੇਸ਼ਨ ਦਾ ਮਸਲਾ ਹੈ।
ਡਾ. ਬਲਜਿੰਦਰ ਸਿੰਘ ਦਾ ਇਹ ਖੋਜ ਕਾਰਜ ਉਪਾਧੀ-ਸਾਪੇਖ ਪ੍ਰਤੀਤ ਹੁੰਦਾ ਹੈ ਪਰ ਉਸ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਕੀਤਾ। ਫੁਟ-ਨੋਟਾਂ ਅਤੇ ਪੁਸਤਕ-ਸੂਚੀ ਤੋਂ ਅਜਿਹਾ ਹੀ ਜਾਪਦਾ ਹੈ। ਇਸ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਖੋਜ ਕਰਤਾ ਦਾ ਨੈਰੇਟਾਲੋਜੀ (ਬਿਰਤਾਂਤ ਸ਼ਾਸਤਰ) 'ਤੇ ਅਬੂਰ ਹਾਸਲ ਹੈ। ਪੁਸਤਕ ਪੜ੍ਹਨਯੋਗ ਅਤੇ ਸੰਭਾਲਣਯੋਗ ਹੈ।


-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharamchand@gmail.com


ਲੋਕ ਨਾਇਕ ਭਾਈ ਮਹਾਰਾਜ ਸਿੰਘ ਜੀ
ਲੇਖਕ : ਰਾਜਿੰਦਰ ਸਿੰਘ ਜਾਲੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 325 ਰੁਪਏ, ਸਫ਼ੇ : 198
ਸੰਪਰਕ :


ਰਾਜਿੰਦਰ ਸਿੰਘ ਜੌਲੀ (ਜੋ ਖ਼ੁਦ ਨੂੰ ਪੰਜਾਬੀ ਵਿਚ ਰਾਜਿੰਦਰ ਸਿੰਘ ਜਾਲੀ ਲਿਖਦੇ ਹਨ) ਵਿਰਜੀਨੀਆ, ਯੂ.ਐੱਸ.ਏ. ਦੇ ਵਸਨੀਕ ਹਨ। ਉਨ੍ਹਾਂ ਨੇ ਵੱਖ-ਵੱਖ ਵਿਧਾਵਾਂ ਵਿਚ ਸਿੱਖ ਇਤਿਹਾਸ (10), ਗ਼ਜ਼ਲ ਸੰਗ੍ਰਹਿ (7), ਗ਼ਜ਼ਲ ਤੇ ਗੀਤ ਸੰਗ੍ਰਹਿ (1), ਗੀਤ ਸੰਗ੍ਰਹਿ (1), ਕਤਾਅਤ (1), ਲੇਖ ਸੰਗ੍ਰਹਿ (1), ਸਫ਼ਰਨਾਮਾ (3), ਸਵੈਜੀਵਨੀ (1) ਦੀ ਰਚਨਾ ਦੇ ਨਾਲ-ਨਾਲ ਅੰਗਰੇਜ਼ੀ ਵਿਚ ਵੀ ਦੋ ਪੁਸਤਕਾਂ ਲਿਖੀਆਂ ਹਨ। ਅਜੇ ਦੋ ਹੋਰ ਪੁਸਤਕਾਂ ਛਪਾਈ ਅਧੀਨ ਹਨ।
ਸਿੱਖ ਪੰਥ ਨੂੰ ਇਹ ਸਿਹਰਾ ਜਾਂਦਾ ਹੈ ਕਿ ਇਸ ਨੇ ਭਾਰਤ ਵਿਚ ਘੱਟ ਗਿਣਤੀ ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਮੀਖਿਆ ਅਧੀਨ ਕਿਤਾਬ ਵਿਚ ਸਿੱਖ ਇਤਿਹਾਸ ਦੇ ਇਕ ਭੁੱਲੇ-ਵਿੱਸਰੇ ਮਹਾਨ ਨਾਇਕ ਭਾਈ ਮਹਾਰਾਜ ਸਿੰਘ ਦੇ ਜੀਵਨ, ਸ਼ਖ਼ਸੀਅਤ ਅਤੇ ਸ਼ਹਾਦਤ ਦਾ ਵਿਸਤ੍ਰਿਤ ਮੁੱਲਾਂਕਣ ਕੀਤਾ ਗਿਆ ਹੈ। ਸ. ਜੌਲੀ ਨੇ 7 ਕਾਂਡਾਂ ਵਿਚ ਸਿੱਖ ਰਾਜ ਦਾ ਪਿਛੋਕੜ ਉਲੀਕਦਿਆਂ ਵਾਪਰੀਆਂ ਘਟਨਾਵਾਂ ਦੇ ਪ੍ਰਸੰਗ ਵਿਚ ਭਾਈ ਮਹਾਰਾਜ ਸਿੰਘ ਦੇ ਜੀਵਨ ਸੰਘਰਸ਼ ਨੂੰ ਰੇਖਾਂਕਿਤ ਕੀਤਾ ਹੈ। ਬਚਪਨ ਦੇ ਨਾਂ ਨਿਹਾਲ ਸਿੰਘ ਤੋਂ ਅੰਮ੍ਰਿਤ ਛਕਣ ਪਿੱਛੋਂ ਭਗਵਾਨ ਸਿੰਘ ਬਣੇ ਤੇ ਬਾਬਾ ਬੀਰ ਸਿੰਘ ਦੇ ਡੇਰੇ ਵਿਚ ਹਰ ਆਏ ਗਏ ਨੂੰ 'ਮਹਾਰਾਜ' ਕਹਿਣ ਕਰਕੇ ਉਨ੍ਹਾਂ ਨੂੰ 'ਭਾਈ ਮਹਾਰਾਜ ਸਿੰਘ' ਵਜੋਂ ਜਾਣਿਆ ਜਾਣ ਲੱਗਾ। ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦਾ ਸਭ ਤੋਂ ਪਹਿਲਾਂ (1847 ਵਿਚ) ਝੰਡਾ ਬੁਲੰਦ ਕਰਨ ਵਾਲੇ ਭਾਈ ਮਹਾਰਾਜ ਸਿੰਘ ਹੀ ਸਨ। ਆਪਣੀ ਹਕੂਮਤ ਲਈ ਖ਼ਤਰਨਾਕ ਸਮਝਦਿਆਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ 1849 ਵਿਚ ਗ੍ਰਿਫ਼ਤਾਰ ਕਰਕੇ ਸਿੰਗਾਪੁਰ ਜਲਾਵਤਨ ਕਰ ਦਿੱਤਾ ਤੇ ਉੱਥੇ ਹੀ ਅਣਮਨੁੱਖੀ ਤਸੀਹੇ ਸਹਿੰਦਿਆਂ ਭਾਈ ਸਾਹਿਬ 5 ਜੁਲਾਈ 1856 ਨੂੰ ਦਮ ਤੋੜ ਗਏ। ਹੁਣ ਉੱਥੇ ਉਨ੍ਹਾਂ ਦੀ ਯਾਦਗਾਰ ਸਥਾਪਤ ਹੈ ਤੇ ਉਨ੍ਹਾਂ ਦੀ 150ਵੀਂ ਬਰਸੀ ਤੇ ਯਾਦਗਾਰੀ ਚੀਜ਼ਾਂ ਦੀ ਪ੍ਰਦਰਸ਼ਨੀ ਲਾਈ ਗਈ ਸੀ। ਸ. ਜੌਲੀ ਨੇ ਇਸ ਮਹਾਂਨਾਇਕ ਦੇ ਜੀਵਨ ਨਾਲ ਸੰਬੰਧਿਤ ਬੜੀ ਮਿਹਨਤ ਤੇ ਖੋਜ ਪਿੱਛੋਂ ਪੁਸਤਕ ਦੀ ਰਚਨਾ ਕਰਕੇ ਸੇਵਾ ਅਤੇ ਪੁੰਨ ਦਾ ਕਾਰਜ ਕੀਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ, ਖੋਜੀਆਂ ਤੇ ਜਗਿਆਸੂਆਂ ਲਈ ਪਥ-ਪ੍ਰਦਰਸ਼ਕ ਸਾਬਤ ਹੋਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਹਾਰਿ ਗਏ ਸਿ ਠਗਣ ਵਾਲਿਆ
ਲੇਖਕ : ਨਗੀਨਾ ਸਿੰਘ ਬਲੱਗਣ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 99
ਸੰਪਰਕ : 62834-69799


ਲੇਖਾਂ ਅਤੇ ਕਵਿਤਾਵਾਂ ਨਾਲ ਸ਼ਿੰਗਾਰੀ ਇਹ ਪੁਸਤਕ ਸਾਰਥਕ ਅਤੇ ਰੂਹਾਨੀ ਜੀਵਨ ਜਾਚ ਦੀ ਪ੍ਰੇਰਨਾ ਦਿੰਦੀ ਹੈ। ਇਨ੍ਹਾਂ ਦੇ ਵਿਸ਼ੇ ਇਤਿਹਾਸਕ, ਸਮਾਜਿਕ, ਸਦਾਚਾਰਕ ਅਤੇ ਧਾਰਮਿਕ ਹਨ। ਇਨ੍ਹਾਂ ਵਿਚ ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਵਿਚ ਆਈ ਹੋਈ ਗਿਰਾਵਟ ਦਾ ਜ਼ਿਕਰ ਹੈ। ਠੱਗ ਬਿਰਤੀ ਵਾਲੇ ਲੋਕਾਂ ਦੇ ਪਾਜ ਖੋਲ੍ਹੇ ਗਏ ਹਨ। ਉੱਚਾ-ਸੁੱਚਾ ਜੀਵਨ ਜਿਊਣ ਅਤੇ ਆਪਣੇ ਵਿਰਸੇ ਨਾਲ ਜੋੜਨ ਦਾ ਸ਼ੁਭ ਯਤਨ ਹੈ। ਦਿਲ ਦੀਆਂ ਹੂਕਾਂ ਰਾਹੀਂ ਬਿਰਤਾਂਤ ਸਿਰਜੇ ਗਏ ਹਨ। ਆਪਣੀ ਲਗਨ, ਮਿਹਨਤ ਅਤੇ ਰੱਬੀ ਵਿਸ਼ਵਾਸ ਨਾਲ ਲੇਖਕ ਨੇ ਆਪਣੇ ਅੰਦਰ ਚਾਨਣ ਦੇ ਫੁੱਲ ਖਿੜਾਏ ਹਨ ਅਤੇ ਉਨ੍ਹਾਂ ਦੀ ਲੋਅ ਵੰਡੀ ਹੈ। ਕਿਤੇ-ਕਿਤੇ ਕਵਿਤਾਵਾਂ ਅਤੇ ਸ਼ੇਅਰਾਂ ਦੀ ਸਜਾਵਟ ਹੈ, ਜਿਵੇਂ :-
ਅੰਦਰੋਂ ਮੈਂ ਫੁੱਲ ਮੰਗਿਆ,
ਮੈਨੂੰ ਉਸ ਦਾ ਜਵਾਬ ਇੰਝ ਆ ਗਿਆ।
ਕੰਡਿਆਂ ਦਾ ਬੁੱਕ ਭਰ ਕੇ, ਮੇਰੀ ਝੋਲੀ ਵਿਚ ਪਤਾ ਨਹੀਂ ਕੌਣ ਪਾ ਗਿਆ।
-ਕਿਸੇ ਰੁੱਤੇ ਇਹ ਚਾਨਣ ਦਾ ਫੁੱਲ ਮੋਇਆ ਹੈ
ਕੰਡਿਆਂ ਦੇ ਗਲ਼ ਲੱਗ ਕੇ ਮੌਸਮ ਰੋਇਆ ਹੈ।
-ਨਗੀਨਿਆ ਤੂੰ ਬਣ ਜਾ ਪੰਛੀ,
ਆਤਮਾ ਦਾ ਸੁਖ ਪਾਣਾ
ਜਿਸ ਰੁੱਖ ਹੇਠਾਂ ਬੈਠਾ ਨਾਨਕ,
ਉਸ ਉੱਪਰ ਕਰੀਂ ਟਿਕਾਣਾ।
-ਦਿਲਾਂ ਦਾ ਵਿਛੋੜਾ
ਹੁਣ ਸਹਿਣ ਨਹੀਂ ਹੋਣਾ
ਸਾਵਣ ਆਏ ਫਿਰ
ਕਿਉਂ ਸਾਵਣ ਸਤਾਏ।
ਇਸ ਪੁਸਤਕ ਵਿਚ ਗੁਰਬਾਣੀ ਅਨੁਸਾਰ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਗਿਆ ਹੈ। ਝੂਠ, ਕਪਟ, ਪਖੰਡ ਅਤੇ ਬਨਾਉਟੀ ਜੀਵਨ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਸਤਕ ਦੀ ਸ਼ੈਲੀ ਵਿਚ ਸਾਦਗੀ ਅਤੇ ਰਵਾਨੀ ਹੈ। ਨਿੱਕੇ-ਨਿੱਕੇ ਵਾਕਾਂ ਰਾਹੀਂ ਵੱਡੀਆਂ ਸਚਾਈਆਂ ਬਿਆਨ ਕੀਤੀਆਂ ਗਈਆਂ ਹਨ। ਇਹ ਪੁਸਤਕ ਸਾਡੀ ਚੇਤਨਾ ਅਤੇ ਚਿੰਤਨ ਨੂੰ ਟੁੰਬਦੀ ਹੈ। ਇਸ ਦਾ ਭਰਪੂਰ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਬਾਗ਼ੀ ਹੋਈ ਪੌਣ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ (ਰਜਿ:), ਬਰਗਾੜੀ, ਫਰੀਦਕੋਟ
ਮੁੱਲ 250 ਰੁਪਏ, ਸਫੇ 288
ਸੰਪਰਕ : 98729-89313


'ਬਾਗੀ ਹੋਈ ਪੌਣ' ਨਾਵਲ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਲਿਖਿਆ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਕੁੱਲ 47 ਕਾਂਡਾਂ ਵਿਚ ਤਕਸੀਮ ਕੀਤਾ ਹੈ। ਮਹਿੰਦਰਪਾਲ ਸਿੰਘ ਧਾਲੀਵਾਲ ਇੰਗਲੈਂਡ ਨਿਵਾਸੀ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਨੇਕਾਂ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। 'ਮਿੱਟੀ ਦਾ ਮੋਹ' ਨਾਵਲ ਉਨ੍ਹਾਂ ਦੀ ਨਾਵਲਕਾਰੀ ਦਾ ਅਧਾਰ ਬਣਦਾ ਹੈ, ਮਹਿੰਦਰਪਾਲ ਦੇ ਸਾਰੇ ਨਾਵਲਾਂ ਵਿਚ ਹੀ ਬਹੁਪਰਤੀ, ਬਹੁਵਿਧਾਵੀ ਵਿਸ਼ੇ ਲਏ ਗਏ ਹਨ। ਜ਼ਿੰਦਗੀ ਤੇ ਸਾਹਿਤ ਧਾਲੀਵਾਲ ਲਈ ਇੱਕੋ ਜਿਹੇ ਅੰਤਰ ਸੰਬੰਧਿਤ ਮਾਨਵੀ ਵਰਤਾਰੇ ਹਨ, ਜਿਨ੍ਹਾਂ ਦੀ ਪੇਸ਼ਕਾਰੀ ਉਹ ਬੜੀ ਰੀਝ ਨਾਲ ਕਰਦੇ ਹਨ ਤੇ ਆਪਣੇ ਜੀਵਨ ਅਨੁਭਵ ਨੂੰ ਆਧਾਰ ਬਣਾਉਂਦੇ ਹਨ। ਪਰ ਹੱਥਲਾ ਨਾਵਲ ਇਤਿਹਾਸਕ ਨਾਵਲ ਹੈ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਲ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜਕਾਲ ਤੇ ਉਸ ਦੀ ਮੌਤ ਤੱਕ ਦੇ ਇਤਿਹਾਸ ਨੂੰ ਸਮੋਇਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਇਕ ਇਤਿਹਾਸਕ ਨਾਵਲ 'ਸੋਫੀਆ' ਹੈ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਉਸ ਦੇ ਆਖਰੀ ਬੇਟੇ ਵਾਰਸ ਦਲੀਪ ਸਿੰਘ ਤੇ ਉਸ ਦੇ ਪਰਿਵਾਰ ਨਾਲ ਸੰਬੰਧਿਤ ਦੁਸ਼ਵਾਰੀਆਂ ਦਾ ਬਿਰਤਾਂਤ ਸਿਰਜਿਆ ਗਿਆ ਹੈ ਅਤੇ ਨਾਵਲ ਵਿਚ ਸਿੱਖ ਰਾਜ ਦੇ ਸਮਾਜਿਕ ਹਾਲਾਤ ਦੇ ਯਥਾਰਥ ਨੂੰ ਚਿੱਤਰਿਆ ਗਿਆ ਹੈ। ਸਮੁੱਚੇ ਨਾਵਲ ਵਿਚ ਮੈਟਕਾਫ ਦੀ ਮਹਾਰਾਜ ਨਾਲ ਮਿਲਣੀ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ ਹੈ। ਜਿਵੇਂ:
'ਮੈਂ ਮਹਾਰਾਜੇ ਨੂੰ ਕਸੂਰ ਵਿਚ ਮਿਲਣ ਆਉਣਾ ਚਾਹੁੰਦਾ ਹਾਂ'। ਮੈਟਕਾਫ ਨੇ ਆਪਣੀ ਚਾਲ ਚੱਲੀ।
'ਜ਼ਰੂਰ ਆਓ। ਮਹਾਰਾਜ ਤੁਹਾਨੂੰ ਮਿਲ ਕੇ ਖੁਸ਼ ਹੋਣਗੇ'। ਅਜੀਜ਼ੂਦੀਨ ਨੇ ਮਿੱਠੀ ਭਾਸ਼ਾ 'ਚ ਕਿਹਾ। ਕਸੂਰ ਵਿਚ ਮੈਟਕਾਫ ਦਾ ਸਵਾਗਤ ਕੀਤਾ ਗਿਆ। ਮੈਟਕਾਫ ਨੂੰ ਇਹ ਗੱਲ ਚੰਗੀ ਨਾ ਲੱਗੀ, ਪਰ ਮਹਾਰਾਜੇ ਨੂੰ ਮਿਲ ਕੇ ਉਸ 'ਤੇ ਚੰਗਾ ਪ੍ਰਭਾਵ ਪਿਆ।'
'ਬਾਗ਼ੀ ਹੋਈ ਪੌਣ' ਨਾਵਲ ਵਿਚ ਨਾਵਲਕਾਰ ਨੇ ਅੰਗਰੇਜ਼ਾਂ ਅਤੇ ਮਹਾਰਾਜਿਆਂ ਦੇ ਜ਼ਿੰਦਗੀ ਦੇ ਬਿਰਤਾਂਤ ਦੀ ਤਰਜ਼ਮਾਨੀ ਕੀਤੀ ਹੈ। ਇਸ ਇਤਿਹਾਸਕ ਨਾਵਲ ਲਿਖਣ ਲਈ ਲੇਖਕ ਨੂੰ ਮੁਬਾਰਕਬਾਦ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਸੋਚੋ ਤੇ ਅਮੀਰ ਬਣੋ
ਲੇਖਕ : ਨੈਪੋਲੀਅਨ ਹਿੱਲ
ਪੰਜਾਬੀ ਅਨੁ: ਅਨੂ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 01679-233244


'ਸੋਚੋ ਤੇ ਅਮੀਰ ਬਣੋ' ਨੈਪੋਲੀਅਨ ਹਿੱਲ ਵਲੋਂ ਲਿਖੀ ਵਿਸ਼ਵ ਪ੍ਰਸਿੱਧ ਪੁਸਤਕ ਦਾ ਪੰਜਾਬੀ ਅਨੁਵਾਦ ਹੈ। ਇਹ ਅਨੁਵਾਦ ਅਨੂ ਸ਼ਰਮਾ ਨੇ ਇਸ ਸੁਚੱਜਤਾ ਨਾਲ ਕੀਤਾ ਹੈ ਕਿ ਪਾਠ ਕਰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਮੌਖਿਕ ਪੁਸਤਕ ਪੜ੍ਹੀ ਜਾ ਰਹੀ ਹੋਵੇ। ਲੇਖਕ ਦੇ ਕਥਨ ਅਨੁਸਾਰ ਇਸ ਪੁਸਤਕ ਦੇ ਹਰ ਅਧਿਆਇ ਵਿਚ ਪੈਸਾ ਕਮਾਉਣ ਦਾ ਉਹ ਭੇਦ ਦੱਸਿਆ ਗਿਆ ਹੈ, ਜਿਸ ਨੇ ਦੌਲਤਮੰਦ ਬਣਨ 'ਚ ਸੈਂਕੜੇ ਲੋਕਾਂ ਦੀ ਮਦਦ ਕੀਤੀ ਹੈ। ਉਸ ਦਾ ਮੰਨਣਾ ਹੈ ਕਿ ਸਾਰੀਆਂ ਉਪਲਬੱਧੀਆਂ, ਸਾਰੀ ਕੀਤੀ ਹੋਈ ਕਮਾਈ ਦੀ ਸ਼ੁਰੂਆਤ ਇਕ ਵਿਚਾਰ ਨਾਲ ਹੁੰਦੀ ਹੈ, ਜਿਹੜਾ ਲਗਭਗ ਸਾਡੇ ਸਾਰਿਆਂ ਕੋਲ ਹੁੰਦਾ ਹੈ। ਲੇਖਕ ਵਲੋਂ 15 ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਮਨੁੱਖ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ ਅਰਥਾਤ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ, ਜਿਹੜਾ ਕਿ ਕਮਾਈ ਦਾ ਵਸੀਲਾ ਬਣਦਾ ਹੈ। ਸਫਲਤਾ ਦਾ ਆਰੰਭ ਵਿਚਾਰ ਨਾਲ ਹੁੰਦਾ ਹੈ ਕਿਉਂਕਿ ਵਿਚਾਰ ਹੀ ਵਸਤੂ ਹੈ ਅਤੇ ਬਹੁਤ ਸ਼ਕਤੀਸ਼ਾਲੀ ਵਸਤੂ ਹੈ। ਉਸ ਦਾ ਅਗਲਾ ਪੜਾਅ ਇਸ ਵਿਚਾਰ ਨੂੰ ਅਮਲੀ ਰੂਪ ਦੇਣ ਦੀ ਇੱਛਾ ਹੈ। ਇੱਛਾ ਸ਼ਕਤੀ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਪੌੜੀ ਦਾ ਅਗਲਾ ਡੰਡਾ ਆਸਥਾ ਹੈ ਭਾਵ ਆਪਣੀ ਇੱਛਾ ਦੀ ਪ੍ਰਾਪਤੀ ਦਾ ਵਿਸ਼ਵਾਸ ਅਤੇ ਸਪੱਸ਼ਟ ਚਿਤਰ। ਮੰਜ਼ਿਲ 'ਤੇ ਪੁੱਜਣ ਦਾ ਰਸਤਾ ਲੱਭਣ ਵਿਚ ਆਾਸਥਾ ਅਤੇ ਆਤਮ ਸੁਝਾਅ ਅਹਿਮ ਹਨ। ਇਕਾਗਰ ਮਨ ਨਾਲ ਆਪਣੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਸੋਚਿਆਂ ਵਿਸ਼ੇਸ਼ ਗਿਆਨ ਪ੍ਰਾਪਤ ਹੋ ਜਾਂਦਾ ਹੈ। ਵਿਅਕਤੀਗਤ ਅਨੁਭਵ ਜਾਂ ਵਿਚਾਰ ਅਮੀਰੀ ਦੀ ਦਿਸ਼ਾ ਵਿਚ ਚੌਥਾ ਕਦਮ ਹੈ। ਹਰ ਮੁਸ਼ਕਿਲ, ਹਰ ਅਸਫਲਤਾ, ਹਰ ਦੁੱਖ ਵਿਚ ਇਸ ਦੇ ਬਰਾਬਰ ਜਾਂ ਇਸ ਤੋਂ ਵੱਡੇ ਲਾਭ ਦਾ ਬੀਜ ਛੁਪਿਆ ਹੁੰਦਾ ਹੈ। ਇਸੇ ਕਲਪਨਾ ਨੂੰ ਦਿਮਾਗ ਦੀ ਵਰਕਸ਼ਾਪ ਆਖਿਆ ਜਾ ਸਕਦਾ ਹੈ। ਇਨਸਾਨ ਜਿਸ ਚੀਜ਼ ਦੀ ਕਲਪਨਾ ਕਰ ਸਕਦਾ ਹੈ, ਉਹ ਉਸ ਦੀ ਰਚਨਾ ਵੀ ਕਰ ਸਕਦਾ ਹੈ। ਕਲਪਨਾ ਤੋਂ ਅਗਲਾ ਕਦਮ ਇਸ ਨੂੰ ਸਾਕਾਰ ਕਰਨਾ ਹੈ ਅਤੇ ਵਿਵਸਥਿਤ ਯੋਜਨਾ ਉਲੀਕਣਾ ਹੈ। ਸੱਤਵਾਂ ਕਦਮ ਫ਼ੈਸਲਾ ਕਰਨਾ ਹੈ, ਫ਼ੈਸਲੇ ਲੈਣ ਦੀ ਘਾਟ ਅਸਫਲਤਾ ਦਾ ਇਕ ਕਾਰਨ ਹੈ। ਟਾਲਮਟੋਲ ਦੀ ਆਦਤ ਇਕ ਤਰ੍ਹਾਂ ਨਾਲ ਮਨੁੱਖ ਦੀ ਦੁਸ਼ਮਣ ਹੈ, ਜਿਸ ਨੂੰ ਜਿੱਤਣਾ ਜ਼ਰੂਰੀ ਹੈ। ਫ਼ੈਸਲੇ ਨੂੰ ਲਾਗੂ ਕਰਨ ਲਈ ਲਗਨ ਨਾਲ ਯਤਨ ਅਮੀਰੀ ਦੀ ਦਿਸ਼ਾ ਵਿਚ ਅੱਠਵਾਂ ਕਦਮ ਹੈ। ਅਗਲਾ ਕਦਮ ਪ੍ਰੇਰਕ ਸ਼ਕਤੀ ਹੈ। ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਉਸ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਸੈਕਸ ਸ਼ਕਤੀ ਦੀ ਵਰਤੋਂ ਅਮੀਰੀ ਦੀ ਦਿਸ਼ਾ ਵਿਚ ਦਸਵਾਂ ਕਦਮਾਂ ਹੈ। ਅਵਚੇਤਨ ਦਿਮਾਗ ਜੋੜਨ ਵਾਲਾ ਸੂਤਰ ਅਮੀਰੀ ਦੀ ਦਿਸ਼ਾ ਵਿਚ ਗਿਆਰਵਾਂ ਕਦਮ ਦੱਸਿਆ ਗਿਆ ਹੈ। ਇਕ ਨਿਸ਼ਚਿਤ ਯੋਜਨਾ ਅਤੇ ਦੌਲਤ ਦੀ ਧੜਕਦੀ ਪ੍ਰਬਲ ਇੱਛਾ ਹੀ ਦੌਲਤ ਕਮਾਉਣ ਦਾ ਭਰੋਸੇਯੋਗ ਸਾਧਨ ਹੈ। ਇਸ ਪਿੱਛੋਂ ਦਿਮਾਗ ਜਿਹੜਾ ਕਿ ਵਿਚਾਰਾਂ ਦਾ ਬ੍ਰਾਡਕਾਸਟਿੰਗ ਅਤੇ ਰਿਸੀਵਿੰਗ ਸਟੇਸ਼ਨ ਹੈ, 12ਵਾਂ ਕਦਮ ਹੈ। ਲੇਖਕ ਦਾ ਮੰਨਣਾ ਹੈ ਕਿ ਸਫਲਤਾ ਦੀ ਪੌੜੀ 'ਤੇ ਉੱਪਰ ਵੱਲ ਕਦੇ ਭੀੜ ਨਹੀਂ ਹੁੰਦੀ। ਬੁੱਧੀਮਾਨੀ ਦੇ ਮੰਦਰ ਦਾ ਦਰਵਾਜ਼ਾ ਲੇਖਕ ਵਲੋਂ ਅਮੀਰੀ ਦੀ ਦਿਸ਼ਾ ਵੱਲ ਤੇਰ੍ਹਵਾਂ ਕਦਮ ਆਖਿਆ ਗਿਆ ਹੈ। ਅਖੀਰ ਵਿਚ ਡਰ ਨੂੰ ਅਗਲਾ ਕਦਮ ਮੰਨਿਆ ਗਿਆ ਹੈ। ਲੇਖਕ ਛੇ ਕਿਸਮ ਦੇ ਡਰ ਲਿਖਦਾ ਹੈ, ਗ਼ਰੀਬੀ ਦਾ ਡਰ, ਆਲੋਚਨਾ ਦਾ ਡਰ, ਬੁਰੀ ਸਿਹਤ ਦਾ ਡਰ, ਪਿਆਰ ਦੇ ਵਿਛੋੜੇ ਦਾ ਡਰ, ਬੁਢਾਪੇ ਦਾ ਡਰ ਅਤੇ ਮੌਤ ਦਾ ਡਰ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਅਮਰੀਕਾ ਵਿਚ ਸਫਲ ਹੋਏ ਕਾਰੋਬਾਰੀਆਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ, ਤਾਂ ਜੋ ਪਾਠਕ ਦਿੱਤੇ ਸੁਝਾਵਾਂ ਨੂੰ ਐਵੇਂ ਕਲਪਨਾ ਨਾ ਸਮਝੇ। ਜੀਵਨ ਵਿਚ ਸਫਲਤਾ ਵਿਸ਼ੇਸ਼ ਕਰਕੇ ਕਾਰੋਬਾਰ ਵਿਚ ਸਫਲਤਾ ਲਈ ਇਸ ਪੁਸਤਕ ਦਾ ਪਾਠ ਸਹਾਈ ਹੋ ਸਕਦਾ ਹੈ, ਕਿਉਂਕਿ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਹੜਾ ਅਮੀਰ ਨਾ ਬਣਨਾ ਚਾਹੁੰਦਾ ਹੋਵੇ।


-ਡਾ. ਰਣਜੀਤ ਸਿੰਘ
ਮੋਬਾਈਲ : 94170-87328


ਤੇ ਦਿਲ ਫਿਰ ਉਦਾਸ ਹੋ ਗਿਆ
ਲੇਖਕ : ਜਸਵਿੰਦਰ ਸਿੰਘ ਛਿੰਦਾ
ਪ੍ਰਕਾਸ਼ਕ : ਸ਼ਬਦ ਅਦਬ ਪ੍ਰਕਾਸ਼ਨ, ਜਗਰਾਉਂ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98721-93320


''ਤੇ ਦਿਲ ਫਿਰ ਉਦਾਸ ਹੋ ਗਿਆ'' ਕਹਾਣੀ-ਸੰਗ੍ਰਹਿ ਜਸਵਿੰਦਰ ਸਿੰਘ ਛਿੰਦਾ ਦੀ ਪਲੇਠੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਨੇ ਇਕ ਜੀਵਨੀ ਅਤੇ 'ਇਕ 'ਹਵਾਲਾਤ' ਨਾਵਲ ਵੀ ਲਿਖਿਆ ਹੈ। ਸਮੁੱਚੀ ਪੁਸਤਕ ਵਿਚ ਉਸ ਨੇ 14 ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਵਿਚ ਸਮਾਜਿਕ ਤਾਣੇੇ-ਬਾਣੇ ਨੂੰ ਹੀ ਉਭਾਰਿਆ ਗਿਆ ਹੈ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਦਿਖਾਇਆ ਗਿਆ ਹੈ। ਉਸ ਨੇ ਆਪਣੇ ਕਹਾਣੀ 'ਸਾਲਕੁ ਮਿਤੁ ਨ ਰਹਿਓ ਕੋਈ' ਵਿਚ ਬੇਪਰਤੀਤੀ ਅਤੇ ਬੇਭਰੋਸਗੀ ਜਿਹੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਅਗਲੀ ਕਹਾਣੀ 'ਸਬੱਬੀ ਮੇਲਾ' ਵਿਚ ਇਕ ਗ਼ਰੀਬ ਕਿਸਾਨ ਦੀ ਕਥਾ ਹੈ। 'ਟਾਈਟਲ' ਕਹਾਣੀ 'ਤੇ ਦਿਲ ਫਿਰ ਉਦਾਸ ਹੋ ਗਿਆ' ਵਿਚ ਇਕ ਪ੍ਰੇਮ ਦੀ ਕਹਾਣੀ ਹੈ, ਪ੍ਰੇਮ ਸਫ਼ਲ ਵੀ ਹੁੰਦਾ ਹੈ ਅਤੇ ਅਸਫ਼ਲ ਵੀ, ਪਰ ਪਿਆਰ ਨੂੰ ਸਮਾਜਿਕ ਗ੍ਰਹਿਣ ਲੱਗ ਜਾਂਦਾ ਹੈ ਤਾਂ ਅਕਸਰ ਦੁਖਾਂਤਕ ਸਥਿਤੀ ਵਾਪਰਦੀ ਹੈ। ਇਸ ਤਰ੍ਹਾਂ ਸਾਰੀਆਂ ਕਹਾਣੀਆਂ ਵਿਚ ਹੀ ਮਨੁੱਖ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਦਿਖਾਇਆ ਗਿਆ ਹੈ ਜਿਸ ਵਿਚ ਪਾਤਰਾਂ ਦੀ ਮਾਨਸਿਕਤਾ ਦੀ ਡੂੰਘਾਈ ਦਾ ਯਥਾਰਥ ਸਿਰਜਿਆ ਗਿਆ ਹੈ। ਇਸ ਪੁਸਤਕ ਦੀਆਂ ਹੋਰ ਕਹਾਣੀਆਂ ਜਿਵੇਂ 'ਇਕ ਕੁੜੀ ਵਿਚਾਰੀ', 'ਜੱਟ ਤੇ ਜ਼ਮੀਨ', 'ਬਾਬੁਲ ਦਾ ਵਿਹੜਾ', 'ਭਾਂਬੜ', 'ਵੀਰ ਚੱਕਰ' ਵਿਚ ਕਹਾਣੀਕਾਰ ਨੇ ਬੁੱਧੀ ਅਤੇ ਸਮਝ ਨਾਲ ਸਮਾਜ ਦੇ ਸੁਹਜ ਤੇ ਕੁਹਜ ਨੂੰ ਅਤੇ ਜੀਵਨ ਦੀ ਵੰਨ-ਸੁਵੰਨਤਾ ਨੂੰ ਸੂਖਮ ਤੇ ਕਲਾਮਈ ਮਨੋਵਿਗਿਆਨਕ ਵਿਧੀਆਂ ਵਰਤ ਤੇ ਸਮਾਜਿਕ ਮਸਲਿਆਂ ਨੂੰ ਉਭਾਰਿਆ ਹੈ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਛਿੰਦੇ ਨੇ ਅਪਣੀਆਂ ਕਹਾਣੀਆਂ ਵਿਚ ਸਮਾਜਿਕ ਅਤੇ ਆਰਥਿਕ ਗਲਪੀ ਯਥਾਰਥ ਸਿਰਜਿਆ ਹੈ ਜਿਸ ਵਿਚ ਪਿਆਰ ਸਾਂਝ ਅਤੇ ਅਪਣੱਤ ਵਰਗੀਆਂ ਕਦਰਾਂ ਕੀਮਤਾਂ ਦਾ ਭੋਗ ਪੈ ਚੁੱਕਿਆ ਹੈ। ਕਹਾਣੀਕਾਰ ਜਸਵਿੰਦਰ ਛਿੰਦਾ ਦੀ ਕੋਈ ਕਥਾ ਬੋਰ ਨਹੀਂ ਕਰਦੀ ਸਗੋਂ ਉਸ ਦੀ ਪੇਸ਼ਕਾਰੀ ਦਾ ਅੰਦਾਜ਼, ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।ਕਹਾਣੀਕਾਰ ਨੇ ਆਪਣੀ ਸੂਝ ਅਨੁਸਾਰ ਪ੍ਰਭਾਵਸ਼ਾਲੀ ਬੋਲੀ-ਸ਼ੈਲੀ ਅਤੇ ਵਾਕਾਂ ਵਿਚ ਅਖੌਤਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰਕੇ ਆਪਣੇ ਕਹਾਣੀ-ਸੰਗ੍ਰਹਿ ਨੂੰ ਸ਼ਿੰਗਾਰਿਆ ਹੈ। ਪੁਸਤਕ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਜੀਵਨ ਸੰਘਰਸ਼
(ਸੰਤ ਸੁਰਿੰਦਰ ਦਾਸ ਜੀ ਕਠਾਰ)
ਲੇਖਕ : ਮਲਕੀਤ ਸਿੰਘ ਚੱਕੋਵਾਲ ਸ਼ੇਖਾਂ
ਪ੍ਰਕਾਸ਼ਕ : ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਚੱਕੋਵਾਲ ਸ਼ੇਖਾਂ, ਹੁਸ਼ਿਆਰਪੁਰ
ਮੁੱਲ : 140 ਰੁਪਏ, ਸਫ਼ੇ : 116


ਲੇਖਕ ਨੇ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਜੀਵਨ ਸੰਘਰਸ਼ ਬਾਰੇ ਪੁਸਤਕ ਰਚ ਕੇ ਬਹੁਤ ਹੀ ਨੇਕ ਕਾਰਜ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਦੁਆਬੇ 'ਚ ਸੰਤ ਸਰਵਨ ਦਾਸ ਚੈਰੀਟੇਬਲ ਟਰੱਸਟ ਸੱਚਖੰਡ ਬੱਲਾਂ ਦਾ ਬੜਾ ਮਸ਼ਹੂਰ ਡੇਰਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਡੇਰੇ ਨਾਲ ਜੁੜੀਆਂ ਹੋਈਆਂ ਹਨ। ਡੇਰੇ ਦੇ ਦੂਸਰੇ ਗੱਦੀਨਸ਼ੀਨ ਸੰਤ ਹਰੀ ਦਾਸ ਦੇ ਸੇਵਕ ਸੰਤ ਸੁਰਿੰਦਰ ਦਾਸ ਜੋ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਂਦਿਆਂ ਪਿੰਡ ਕਠਾਰ ਦੇ ਡੇਰੇ ਦੇ ਗੱਦੀਨਸ਼ੀਨ ਥਾਪੇ ਗਏ ਸਨ, ਜੋ ਕੋਰੋਨਾ ਕਾਲ 'ਚ ਸੰਗਤਾਂ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਸੰਤਾਂ ਨੇ ਡੇਰੇ ਦੀ ਮਰਿਆਦਾ ਤੇ ਆਨ-ਬਾਨ-ਸ਼ਾਨ ਲਈ ਰੱਜ ਕੇ ਸੰਘਰਸ਼ ਕੀਤਾ ਜਿਸ ਬਾਰੇ ਮਲਕੀਤ ਸਿੰਘ ਨੇ ਬੜੀ ਬੇਬਾਕੀ ਨਾਲ ਪੁਸਤਕ 'ਚ ਵਰਣਨ ਕੀਤਾ ਹੈ। ਲੇਖਕ ਨੇ ਸੀਰ ਗੋਵਰਧਨਪੁਰ ਕਾਂਸੀ ਬਨਾਰਸ ਵਿਖੇ ਵਿਰੋਧੀ ਧਿਰ ਵਲੋਂ ਵਿੱਢੇ ਸੰਘਰਸ਼ ਬਾਰੇ ਵੀ ਜ਼ਿਕਰ ਕੀਤਾ ਹੈ। ਸਤਿਗੁਰੂ ਰਵਿਦਾਸ ਜੀ ਦੇ ਯਾਦਗਾਰੀ ਗੇਟ ਨੂੰ ਬਣਾਉਣ 'ਚ ਜੋ ਮੁਸ਼ਕਿਲਾਂ ਆਈਆਂ ਉਨ੍ਹਾਂ ਦਾ ਵੀ ਜ਼ਿਕਰ ਹੈ। ਪੁਸਤਕ ਦੇ ਪੰਨਾ ਨੰ: 44, 48 ਤੇ 49 ਤੇ ਕੁਝ ਸ਼ਰਾਰਤੀ ਤੇ ਗ਼ਲਤ ਅਨਸਰਾਂ ਬਾਰੇ ਖੁੱਲ੍ਹ ਕੇ ਜ਼ਿਕਰ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਲੇਖਕ ਨੇ ਪੰਨਾ ਨੰ: 64 ਉੱਪਰ ਤਾਂ ਇਹ ਵੀ ਲਿਖ ਦਿੱਤਾ ਕਿ 'ਸੰਤ ਨਰਿੰਜਨ ਦਾਸ ਜੀ ਬੱਲਾਂ ਵਾਲਿਆਂ ਨੇ ਆਪਣੇ ਇਰਦ-ਗਿਰਦ ਬੇਕਾਰ ਲੋਕਾਂ ਦੀ ਭੀੜ ਇਕੱਠੀ ਕਰ ਰੱਖੀ ਹੈ। ਲੇਖਕ ਦਾ ਸੰਤ ਸੁਰਿੰਦਰ ਦਾਸ ਕਠਾਰ ਵਾਲੇ ਸੰਤਾਂ ਦੇ ਜੀਵਨ ਸੰਘਰਸ਼ ਬਾਰੇ ਲਿਖਣਾ ਬਹੁਤ ਚੰਗੀ ਤੇ ਕਾਬਿਲੇ ਤਾਰੀਫ਼ ਗੱਲ ਹੈ। ਪਰ ਡੇਰੇ ਬੱਲਾਂ ਬਾਰੇ ਉਨ੍ਹਾਂ ਦੀ ਮਹਿਮਾ ਤੋਂ ਜ਼ਿਆਦਾ ਡੇਰੇ ਦੀਆਂ ਉਣਤਾਈਆਂ ਨੂੰ ਹੀ ਉਘਾੜਿਆ ਹੈ, ਜਿਸ ਨਾਲ ਇਹ ਪੁਸਤਕ ਵਾਦ-ਵਿਵਾਦ ਦੇ ਝਮੇਲਿਆਂ 'ਚ ਉਲਝ ਕੇ ਰਹਿ ਸਕਦੀ ਹੈ। ਲੇਖਕ ਨੇ ਪੰਨਾ ਨੰ: 107 ਤੋਂ 109 ਤੱਕ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਦਲਿਤ ਸਮਾਜ ਲਈ ਪਾਏ ਵਡਮੁੱਲੇ ਯੋਗਦਾਨ ਬਾਰੇ ਵੀ ਬਾਖ਼ੂਬੀ ਚਾਨਣਾ ਪਾਇਆ ਹੈ। ਅੱਗੇ ਤੋਂ ਸਾਨੂੰ ਇਸ ਲੇਖਕ ਤੋਂ ਹੋਰ ਵੀ ਵਡਮੁੱਲੇ ਤੇ ਉਸਾਰੂ ਵਿਸ਼ਿਆਂ ਨੂੰ ਛੋਹਣ ਦੀ ਆਸ ਹੈ ਜੋ ਪਾਠਕਾਂ ਲਈ ਲਾਹੇਵੰਦ ਹੋਣ ਦਾ ਰੁਤਬਾ ਰੱਖਣ।


-ਡੀ. ਆਰ. ਬੰਦਨਾ
ਮੋਬਾਈਲ : 94173-89003


ਪ੍ਰੋ. ਮੇਵਾ ਸਿੰਘ ਤੁੰਗ ਦੀਆਂ ਸਮੂਹ ਕਹਾਣੀਆਂ
(ਸੰਪਾਦਿਤ ਕਹਾਣੀ ਸੰਗ੍ਰਹਿ)
ਸੰਪਾਦਕ : ਡਾ. ਬਲਦੇਵ ਸਿੰਘ ਬੱਧਨ ਅਤੇ ਡਾ. ਰੀਨਾ ਕੁਮਾਰੀ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨ, ਦਿੱਲੀ
ਮੁੱਲ : 350 ਰੁਪਏ, ਸਫ਼ੇ : 187
ਸੰਪਰਕ : 099588-31357


ਪ੍ਰਬੁੱਧ ਸਾਹਿਤਕਾਰ ਅਤੇ ਸੰਪਾਦਕ ਡਾ. ਬਲਦੇਵ ਸਿੰਘ ਬੱਧਨ ਅਤੇ ਡਾ. ਰੀਨਾ ਕੁਮਾਰੀ ਵਲੋਂ ਸੰਪਾਦਿਤ ਪੁਸਤਕ ਪ੍ਰੋ. ਮੇਵਾ ਸਿੰਘ ਦੀਆਂ ਸਮੂਹ ਕਹਾਣੀਆਂ ਵਿਚ ਉਨ੍ਹਾਂ ਦੇ ਤਿੰਨ ਪ੍ਰਕਾਸ਼ਿਤ ਕਹਾਣੀ ਸੰਗ੍ਰਹਿਆਂ ਦੀਆਂ ਕਹਾਣੀਆਂ ਨੂੰ ਸੰਕਲਿਤ ਕੀਤਾ ਗਿਆ ਹੈ। ਕਹਾਣੀ ਸੰਗ੍ਰਹਿ 'ਸੰਘਰਸ਼' (14 ਕਹਾਣੀਆਂ), ਦੂਸਰਾ 'ਕਹਾਣੀਆਂ ਦੀ ਮੌਤ' (17 ਕਹਾਣੀਆਂ) ਅਤੇ ਤੀਸਰਾ ਹੈ 'ਜਾਨਵਰ ਤੇ ਬੰਦੇ' (12 ਕਹਾਣੀਆਂ) ਦਰਜ ਹਨ। ਸੰਪਾਦਕ ਮੁਤਾਬਿਕ, 'ਇਨ੍ਹਾਂ ਸਮੁੱਚੀਆਂ ਕਹਾਣੀਆਂ ਦਾ ਪੁਨਰ ਪ੍ਰਕਾਸ਼ਨ ਹੋਣਾ ਇਹ ਸਾਬਿਤ ਕਰਦਾ ਹੈ ਕਿ ਇਹ ਕਹਾਣੀਆਂ ਸੱਚਮੁੱਚ ਵਚਿੱਤਰ, ਹਾਲਾਤ-ਹਾਜ਼ਰਾ ਦੀਆਂ ਪ੍ਰਤੀਬਿੰਬਤ ਕਹਾਣੀਆਂ ਹੀ ਨਹੀਂ ਬਲਕਿ ਇਨ੍ਹਾਂ ਵਿਚ ਵੱਖਰਾ 'ਕੁਝ' ਵੀ ਹੈ। 'ਪ੍ਰੋ. ਤੁੰਗ ਨੇ ਚੇਤਨਾ ਪ੍ਰਵਾਹ ਦੀ ਵਿਧੀ ਨਾਲ ਆਪਣੀਆਂ ਕਹਾਣੀਆਂ ਦੇ ਯਥਾਰਥ ਨੂੰ ਗਤੀਮਾਨ ਕੀਤਾ ਹੈ। ਕਹਾਣੀ ਸੰਘਰਸ਼ ਹੋਵੇ, ਕਸ਼ਮਕਸ਼ ਹੋਵੇ, ਯੂਨੀਵਰਸਿਟੀ ਅਜੇ ਖੁੱਲ੍ਹੀ ਹੈ ਹੋਵੇ, ਮਿੱਟੀ ਤੇ ਮਾਖਿਉਂ ਹੋਵੇ, ਘੁੰਡੀ, ਹਸਰਤ ਹੋਈ ਨਾ ਪੂਰੀ ਆਦਿ ਇਹ ਸਭ ਆਪਣੇ ਵਿਚ ਅਧੂਰੇ ਤੋਂ ਪੂਰਨ ਹੋਣ ਦੇ ਸੰਘਰਸ਼ ਦੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਵੀ ਇਸ ਅਧੂਰੇਪਨ ਦੀ ਯਾਤਰਾ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਹ ਕਹਾਣੀਆਂ ਇਸ ਸਵਾਲ ਦੇ ਇਰਦ-ਗਿਰਦ ਘੁੰਮਦੀਆਂ ਹਨ, 'ਕਿਉਂ ਹੈ? ਤੇ ਕਿਉਂ ਨਹੀਂ ਹੈ?' ਲੇਖਕ ਦੀ ਇਹ ਮੂਲ ਭਾਵਨਾ ਹੀ ਛੋਟੀ ਤੋਂ ਛੋਟੀ ਘਟਨਾ ਨੂੰ ਕਹਾਣੀ ਸਿਰਜਣ ਲਈ ਮਜਬੂਰ ਕਰਦੀ ਹੈ ਅਤੇ ਘਟਨਾ ਮਾਤਰ ਘਟਨਾ ਨਾ ਰਹਿ ਕੇ ਸ਼ਬਦਾਂ ਤੋਂ ਪਾਰ ਚਲੀ ਜਾਂਦੀ ਹੈ ਅਤੇ ਪਾਠਕ ਨੂੰ ਯਥਾਰਥਵਾਦੀ ਪ੍ਰਗਤੀਵਾਦੀ ਕਹਾਣੀ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਵਿਚ ਲੇਖਕ ਦਾ ਸਵੈ-ਹੰਢਾਏ ਅਨੁਭਵ, ਯਥਾਰਥ ਦੀ ਡੂੰਘੀ ਸਮਝ ਅਤੇ ਸਥਿਤੀਆਂ ਦਾ ਵਿਰੋਧਾਭਾਸ ਅਤੇ ਉਨ੍ਹਾਂ ਦੀ ਚੀਰਫਾੜ ਕਰਨ ਦੀ ਪ੍ਰਵਿਰਤੀ ਇਨ੍ਹਾਂ ਕਹਾਣੀਆਂ ਦੀ ਉਪਜ ਦਾ ਕਾਰਨ ਬਣਦੀਆਂ ਹਨ। ਕਹਾਣੀਕਾਰ ਸੁਚੇਤ ਰੂਪ ਵਿਚ ਸਮਾਜਿਕ ਵਰਤਾਰਿਆਂ ਦੇ ਮੂਲ ਵਿਚ ਜਾ ਕੇ ਉਸ ਦੀ ਥਾਹ ਪਾ ਲੈਣੀ ਚਾਹੁੰਦਾ ਹੈ। ਸਮਾਜਿਕ ਸਮੱਸਿਆਵਾਂ, ਵਿਸੰਗਤੀਆਂ, ਵਿਦਰੂਪਤਾਵਾਂ, ਵਿਡੰਬਨਾਵਾਂ ਨੂੰ ਪੈਦਾ ਕੌਣ ਕਰਨ ਵਾਲਾ ਹੈ? ਯਾਨੀ ਜੜ੍ਹ ਕਿੱਥੇ ਹੈ। ਕਹਾਣੀਆਂ ਦੇ ਪਾਤਰ ਸਾਡੇ ਆਲੇ-ਦੁਆਲੇ ਦੇ ਜਾਣੇ-ਪਛਾਣੇ ਲੋਕ ਹਨ। ਜੋ ਪਿੱਠਭੂਮੀ ਵਿਚ ਚਲ ਰਹੇ ਵਰਤਾਰੇ ਤੋਂ ਅਨਜਾਣ ਹਨ ਤੇ ਇਕ ਆਦ੍ਰਿਸ਼ ਨਿਰਦੇਸ਼ਕ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਇਹ ਜੂਨ ਹੰਢਾਈ ਜਾ ਰਹੇ ਹਨ। ਅਧੂਰੇ ਤੇ ਪੂਰਨ ਵਿਚਾਲੇ ਟੱਕਰ ਇਨ੍ਹਾਂ ਕਹਾਣੀਆਂ ਦੇ ਵੱਖੋ-ਵੱਖਰੇ ਕਥਾਨਕਾਂ ਵਿਚ ਵਾਰ-ਵਾਰ ਦੇਖਣ ਨੂੰ ਮਿਲਦੀ ਹੈ। ਇਹੋ ਪ੍ਰੋ. ਮੇਵਾ ਸਿੰਘ ਤੁੰਗ ਦੀਆਂ ਕਹਾਣੀਆਂ ਦੀ ਮੂਲ ਸੁਰ ਹੈ ਤੇ ਉਸ ਨੇ ਹਰ ਕਹਾਣੀ ਵਿਚ ਇਸੇ ਸੁਰ ਤੇ ਕਲਮੀ ਪਹਿਰਾ ਦਿੱਤਾ ਹੈ। ਨਿਸਚਿਤ ਤੌਰ 'ਤੇ ਇਨ੍ਹਾਂ ਕਹਾਣੀਆਂ ਦਾ ਪਾਠ ਕਰਨ ਉਪਰੰਤ ਪਾਠਕਾਂ ਨੂੰ ਮੌਜੂਦਾ ਲਿਖੀ ਜਾ ਰਹੀ ਪੰਜਾਬੀ ਕਹਾਣੀ ਚਾਲੀ ਸਾਲ ਪਹਿਲਾਂ ਲਿਖੀ ਜਾ ਰਹੀ ਪੰਜਾਬੀ ਕਹਾਣੀ ਦੀ ਤਕਨੀਕ, ਵਿਚਾਰਧਾਰਕ ਪ੍ਰੀਪੇਖ ਅਤੇ ਭਾਸ਼ਾ ਸ਼ੈਲੀ ਬਾਰੇ ਜਾਣਨ, ਸਮਝਣ ਤੇ ਵਿਚਾਰਨ ਲਈ ਬਹੁਤ ਕੁਝ ਮਿਲੇਗਾ।


-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਵਸਲ ਦੇ ਕੰਢੇ
ਲੇਖਿਕਾ : ਦਨਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95920-40509


ਸ਼ਾਇਰਾ ਦਨਿੰਦਰ ਕੌਰ ਆਪਣੀ ਕਾਵਿ-ਕਿਤਾਬ 'ਵਸਲ ਦੇ ਕੰਢੇ' ਰਾਹੀਂ ਸ਼ਾਬਦਿਕ ਬੁੱਲਿਆਂ ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਜਦੋਂ ਇਸ ਕਾਵਿ-ਕਿਤਾਬ ਦੇ ਕਾਵਿ-ਪ੍ਰਵਚਨ ਵਿਚੋਂ ਗੁਜ਼ਰਦੇ ਹਾਂ ਤਾਂ ਉਸ ਦੀ ਸ਼ਾਇਰੀ ਦੀ ਤੰਦ ਸੂਤਰ ਕਿਤਾਬ ਦੇ ਨਾਂਅ 'ਵਸਲ ਦੇ ਕੰਢੇ' ਤੋਂ ਸਾਡੇ ਹੱਥ ਆ ਜਾਂਦੀ ਹੈ। ਵਸਲ ਦਾ ਕੰਢਾ ਉਹ ਕੰਢਾ ਹੈ ਜਿਸ ਨੂੰ ਮਾਨਵ ਦੀ ਖਾਤਰ ਝਨਾਂ ਨੂੰ ਵੰਗਾਰਨਾ ਪੈਂਦਾ ਹੈ। ਜੰਡ ਦੇ ਹੇਠਾਂ ਤਰਕਸ਼ ਦੇ ਤੀਰਾਂ ਨੂੰ ਹੋਣੀ ਹੰਢਾਉਣੀ ਪੈਂਦੀ ਹੈ। ਪੱਥਰਾਂ 'ਚੋਂ ਨਹਿਰ ਵਹਾਉਣ ਦੀ ਖ਼ਾਤਰ ਮੱਥੇ 'ਚ ਤੇਸਾ ਮਾਰ ਕੇ ਮਰਨਾ ਪੈਂਦਾ ਹੈ, ਮਿਸਰ ਦੇ ਬਜ਼ਾਰ 'ਚ ਯੂਸਫ਼ ਵਰਗਿਆਂ ਨੂੰ ਸੂਤ ਦੀ ਅੱਟੀ ਦੇ ਮੁੱਲ ਬਰਾਬਰ ਵਿਕਣਾ ਪੈਂਦਾ ਹੈ ਤੇ ਮਹਿੰਦੀ ਰੰਗੇ ਮਲੂਕ ਪੈਰਾਂ ਨੂੰ ਤਪਦੇ ਥਲਾਂ 'ਚ ਸੜਨਾ ਪੈਂਦਾ ਹੈ। ਸ਼ਾਇਰਾ ਦੀ ਸ਼ਾਇਰੀ ਦੇ ਰੰਗਾਂ ਦੇ ਵੱਖ-ਵੱਖ ਸ਼ੇਡਜ਼ ਹਨ ਜਿਨ੍ਹਾਂ ਲਈ ਸ਼ਾਇਰਾ ਬੌਧਿਕ ਤੇ ਤਾਰਕਿਕ ਕਾਵਿ-ਚਿੰਤਨ ਨਾਲ ਦਸਤਪੰਜਾ ਲੈ ਰਹੀ ਹੈ। ਪਰ ਉਸ ਦੀ ਸ਼ਾਇਰੀ ਦਾ ਮੁੱਖ ਸ਼ੇਡ ਉਸ ਦੀ ਤਰੰਗਤੀ ਮੁਹੱਬਤ ਦਾ ਸ਼ੇਡ ਹੈ, ਜਿਸ ਦੀ ਸ਼ਾਇਰਾ ਪਰਿਕਰਮਾ ਕਰ ਰਹੀ ਹੈ। ਉਹ ਇਕ ਜਵਾਨ ਹੋ ਰਹੀ ਬੱਚੀ ਦੀ ਮਾਤਾ-ਪਿਤਾ ਵਲੋਂ ਜਵਾਨ ਹੋਣ 'ਤੇ ਫ਼ਿਕਰਮੰਦੀ ਦਰਸਾਉਂਦੀ ਹੈ। ਇਹੀ ਪਿਉਂਦ ਆਪਣੇ ਮਾਤਾ-ਪਿਤਾ ਤੋਂ ਲੈ ਕੇ ਉਹ ਆਪਣੀ ਜਵਾਨ ਹੋ ਰਹੀ ਬੱਚੀ 'ਤੇ ਵੀ ਚੜ੍ਹਾਉਂਦੀ ਹੈ। ਮੁਹੱਬਤ ਇਕ ਆਦਿ ਜੁਗਾਦੀ ਜਜ਼ਬਾ ਹੈ ਤੇ ਜਦੋਂ ਤੋਂ ਰੱਬ ਨੇ ਮਾਈ ਹਵਾ ਤੇ ਬਾਬਾ ਆਦਮ ਨੂੰ ਵਰਜਿਤ ਫ਼ਲ ਚੱਖਣ ਤੇ ਸਜ਼ਾ ਲਈ ਧਰਤੀ 'ਤੇ ਪਟਕਾ ਮਾਰਿਆ ਤੇ ਸਮਕਾਲੀ ਔਰਤ ਵੀ ਅਜਿਹੀ ਹੀ ਅਉਧ ਹੰਢਾ ਰਹੀ ਹੈ। ਉਹ ਅਕਸਰ ਪਿਤਰੀ ਸੱਤਾ ਦੇ ਦਮਨਕਾਰੀ ਸ਼ੰਕਿਆਂ ਵਿਚਕਾਰ ਘਿਰੀ ਨਜ਼ਰ ਆਉਂਦੀ ਹੈ ਤੇ ਉਹ ਇਕ ਪਿੰਜਰੇ ਵਿਚ ਬੰਦ ਬੁਲਬੁਲ ਵਾਂਗ ਪਿੰਜਰਾ ਤੋੜ

25-11-2023

 ਕਾਲਾ ਪਾਣੀ
ਲੇਖਕ : ਜਗਤਾਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ
ਪ੍ਰਕਾਸ਼ਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਮੁੱਲ : 115 ਰੁਪਏ, ਸਫ਼ੇ : 240
ਸੰਪਰਕ : 0183-2553951

ਕਾਲਾਪਾਣੀ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਹੋਰਾਂ ਦੀ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਬਾਰੇ ਖੋਜ ਆਧਾਰਿਤ ਅੰਗਰੇਜ਼ੀ ਵਿਚ ਛਪੀ ਪੁਸਤਕ ਹੈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਵਧੀਆ ਢੰਗ ਨਾਲ ਛਾਪਿਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਬਾਰੇ ਇਹ ਆਖਿਆ ਜਾਂਦਾ ਹੈ ਕਿ ਇਹ ਇਤਿਹਾਸ ਸਿਰਜ ਤਾਂ ਸਕਦੇ ਹਨ ਪਰ ਉਸ ਨੂੰ ਸੰਭਾਲਦੇ ਨਹੀਂ ਹਨ। ਇਸ ਪੁਸਤਕ ਵਿਚ ਲੇਖਕਾਂ ਨੇ ਪੂਰੀ ਖੋਜ ਕਰਕੇ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਵਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਨੂੰ ਉਲੀਕਿਆ ਹੈ। ਪੰਜਾਬੀਆਂ ਨੇ ਹੀ ਹਮੇਸ਼ਾ ਗੁਲਾਮੀ ਵਿਰੁੱਧ ਲੜਾਈ ਲੜੀ ਹੈ। ਵਿਦੇਸ਼ੀ ਧਾੜਵੀਆਂ ਵਿਰੁੱਧ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਸਾਹਿਬ ਨੇ ਹੀ ਵਿਰੋਧ ਕੀਤਾ ਸੀ। ਉਨ੍ਹਾਂ ਵਲੋਂ ਵਿੱਢੀ ਇਸ ਲੜਾਈ ਸਦਕਾ ਹੀ ਪੰਜਾਬੀਆਂ ਨੇ ਪਹਿਲਾਂ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਮੁੜ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਆਪਣਾ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਭਾਵੇਂ ਸਿੰਘਾਂ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਉਨ੍ਹਾਂ ਹੇਰਾਫੇਰੀਆਂ ਅਤੇ ਚਲਾਕੀਆਂ ਨਾਲ 1849 ਵਿਚ ਪੰਜਾਬ ਉੱਤੇ ਭਾਰਤੀ ਸਿਪਾਹੀਆਂ ਦੀ ਮਦਦ ਨਾਲ ਕਬਜ਼ਾ ਕਰ ਲਿਆ। ਇੰਝ ਭਾਰਤੀਆਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਵਿਚ ਸਿੱਖ ਫ਼ੌਜਾਂ ਦੀ ਮਦਦ ਕਰਨ ਦੀ ਥਾਂ ਅੰਗਰੇਜ਼ਾਂ ਦਾ ਸਾਥ ਦਿੱਤਾ ਅਤੇ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਹੋਰ ਮਜਬੂਤ ਕੀਤਾ। ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਪਿਛੋਂ ਵੀ ਸਿੱਖ ਚੈਨ ਨਾਲ ਨਹੀਂ ਬੈਠੇ ਸਗੋਂ ਅੰਗਰੇਜ਼ਾਂ ਵਿਰੁੱਧ ਮੁਹਿੰਮ ਚਲਾਈ। ਇਸ ਮੁਹਿੰਮ ਦੇ ਆਗੂ ਭਾਈ ਮਹਾਰਾਜ ਸਿੰਘ ਸਨ। ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ 28 ਦਸੰਬਰ, 1849 ਨੂੰ ਗ੍ਰਿਫ਼ਤਾਰ ਕੀਤਾ ਅਤੇ ਸਿੰਘਾਪੁਰ ਜੇਲ੍ਹ ਵਿਚ ਭੇਜ ਦਿੱਤਾ ਜਿਥੇ ਉਨ੍ਹਾਂ ਦੀ 5 ਜੁਲਾਈ, 1856 ਨੂੰ ਸ਼ਹੀਦੀ ਹੋਈ। ਇੰਝ ਉਹ ਆਜ਼ਾਦੀ ਦੀ ਲੜਾਈ ਦੇ ਪਹਿਲੇ ਆਗੂ ਬਣੇ। ਇਸੇ ਲੜਾਈ ਨੂੰ ਬਾਬਾ ਰਾਮ ਸਿੰਘ ਨੇ ਅੱਗੇ ਤੋਰਿਆ। ਉਨ੍ਹਾਂ ਦੇਸ਼ ਵਿਚ ਨਾਮਿਲਵਰਤਣ ਲਹਿਰ ਸ਼ੁਰੂ ਕੀਤੀ। ਰਾਜਪ੍ਰਬੰਧ ਲਈ ਆਪਣੇ ਸੂਬੇ ਨਿਯੁਕਤ ਕੀਤੇ। ਆਪਣੀ ਹੀ ਡਾਕ ਸੇਵਾ ਬਣਾਈ ਅਤੇ ਅੰਗਰੇਜ਼ੀ ਹਕੂਮਤ ਅਤੇ ਵਸਤਾਂ ਦਾ ਮੁਕੰਮਲ ਬਾਈਕਾਟ ਕੀਤਾ। ਉਨ੍ਹਾਂ ਨੇ ਲੜਾਈ ਦਾ ਰਸਮੀ ਆਰੰਭ 1857 ਦੀ ਵਿਸਾਖੀ ਵਾਲੇ ਦਿਨ ਕੀਤਾ। ਇਹ ਲੜਾਈ ਕੇਵਲ ਅੰਗਰੇਜ਼ਾਂ ਵਿਰੁੱਧ ਹੀ ਨਹੀਂ ਸੀ ਸਗੋਂ ਕੌਮ ਵਿਚ ਆਈਆਂ ਕੁਰੀਤੀਆਂ ਵਿਰੁੱਧ ਵੀ ਸੀ। ਅਖ਼ੀਰ ਅੰਗਰੇਜ਼ਾਂ ਨੇ ਬਾਬਾ ਜੀ ਅਤੇ ਉਨ੍ਹਾਂ ਦੇ ਦਸ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਰੰਗੂਨ ਜੇਲ੍ਹ ਵਿਚ ਭੇਜਿਆ ਗਿਆ। ਉਨ੍ਹਾਂ ਦੇ ਸੈਂਕੜੇ ਪੈਰੋਕਾਰਾਂ ਨੂੰ ਤੋਪਾਂ ਨਾਲ ਉਡਾਇਆ ਗਿਆ ਅਤੇ ਫ਼ਾਂਸੀ 'ਤੇ ਟੰਗਿਆ ਗਿਆ ਤੇ ਛੇ ਸਾਥੀਆਂ ਨੂੰ ਕਾਲੇ ਪਾਣੀ ਜੇਲ੍ਹ ਭੇਜਿਆ ਗਿਆ। ਇਕ ਰਿਪੋਰਟ ਮੁਤਾਬਿਕ ਕਾਲੇ ਪਾਣੀ ਜੇਲ੍ਹ ਵਿਚ ਸਜ਼ਾ ਭੁਗਤਣ ਵਾਲੇ 225 ਪੰਜਾਬੀ ਸਨ। ਇਸੇ ਤਰ੍ਹਾਂ ਫ਼ਾਂਸੀ ਦੀ ਸਜ਼ਾ ਪਾਉਣ ਵਾਲੇ ਵੀ ਸਭ ਤੋਂ ਵੱਧ ਪੰਜਾਬੀ ਹੀ ਸਨ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਅਫ਼ਸੋਸ ਦੇਸ਼ ਦੀ ਕਿਸੇ ਵੀ ਸਰਕਾਰ ਨੇ ਇਨ੍ਹਾਂ ਕੁਰਬਾਨੀਆਂ ਦੀ ਕਦਰ ਨਹੀਂ ਪਾਈ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹਕੂਕ ਨਹੀਂ ਦਿੱਤੇ। ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਨੂੰ ਆਜ਼ਾਦੀ ਸਮੇਂ ਦੇਣੀ ਪਈ ਜਦੋਂ ਪੰਜਾਬ ਦਾ ਅੱਧਾ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ। ਪਾਕਿਸਤਾਨ ਵਾਲੇ ਪਾਸਿਓਂ ਖਾਲੀ ਹੱਥ ਇਧਰ ਆਉਂਦੇ ਸਮੇਂ ਹਜ਼ਾਰਾਂ ਲੋਕ ਕਤਲ ਕੀਤੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ ਪਰ ਧੰਨ ਹਨ ਪੰਜਾਬੀ ਅਤੇ ਸਿੱਖ ਜਿਨ੍ਹਾਂ ਨੇ ਮੁੜ ਆਪਣੀ ਹਿੰਮਤ ਨਾਲ ਦੇਸ਼ ਵਿਚੋਂ ਭੁੱਖਮਰੀ ਦੂਰ ਕੀਤੀ ਅਤੇ ਸਰਹੱਦਾਂ ਦੀ ਰਾਖੀ ਕੀਤੀ। ਇਹ ਪੁਸਤਕ ਕਾਲੇ ਪਾਣੀ ਜੇਲ੍ਹ ਵਿਚ ਹੋ ਰਹੇ ਜੁਲਮਾਂ ਦੀ ਕਹਾਣੀ ਦੇ ਨਾਲੋ-ਨਾਲ ਭਾਈ ਮਹਾਰਾਜ ਸਿੰਘ ਅਤੇ ਕੂਕਾ ਲਹਿਰ, ਗ਼ਦਰ ਪਾਰਟੀ, ਜਲ੍ਹਿਆਂ ਵਾਲਾ ਬਾਗ਼, ਬੱਬਰ ਅਕਾਲੀ, ਫ਼ੌਜੀਆਂ ਦੀ ਦੇਣ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੇ ਇਸ ਮਹਾਨ ਵਿਰਸੇ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਪੁਸਤਕ ਸਰਲ ਅਤੇ ਰੌਚਕ ਭਾਸ਼ਾ ਵਿਚ ਲਿਖੀ ਗਈ ਹੈ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

ਪੰਜਾਬੀ ਸਾਹਿਤ ਅਤੇ ਸਭਿਆਚਾਰ
ਸੰਪਾਦਕ : ਸੁਖਿੰਦਰ, ਡਾ. ਦਲਬੀਰ ਸਿੰਘ ਕਥੂਰੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 94638-36591

ਸੁਖਿੰਦਰ ਪੰਜਾਬੀ ਦਾ ਪਰਿਚਿਤ ਅਤੇ ਚਰਚਿਤ ਸਾਹਿਤਕਾਰ ਹੈ। ਉਸ ਨੇ ਵਿਭਿੰਨ ਵਿਧਾਵਾਂ ਵਿਚ ਹੁਣ ਤੱਕ 43 ਕਿਤਾਬਾਂ ਦੀ ਰਚਨਾ ਕੀਤੀ ਹੈ। ਜਿਨ੍ਹਾਂ ਵਿਚ ਕਵਿਤਾ (23), ਵਾਰਤਕ (5), ਵਿਗਿਆਨ (3), ਸੰਪਾਦਨ (5), ਨਾਵਲ (2), ਬਾਲ ਸਾਹਿਤ (1) ਅਤੇ ਆਲੋਚਨਾ (4) ਦੀਆਂ ਕਿਤਾਬਾਂ ਸ਼ਾਮਿਲ ਹਨ। ਸਮੀਖਿਆ ਅਧੀਨ ਪੁਸਤਕ ਵਿਚ ਦੁਨੀਆ ਭਰ ਦੇ 40 ਲੇਖਕਾਂ ਦੇ 40 ਲੇਖ ਸੰਕਲਿਤ ਹਨ। ਜਿਸ ਵਿਚ ਭਾਰਤ, ਯੂ.ਕੇ., ਕੈਨੇਡਾ, ਆਸਟ੍ਰੇਲੀਆ, ਜਰਮਨੀ, ਇਟਲੀ, ਪਾਕਿਸਤਾਨ ਤੇ ਯੂ.ਐਸ.ਏ. ਦੇ (ਕ੍ਰਮਵਾਰ 15, 2, 14, 1, 1, 2, 4, 1) ਲੇਖਕ ਸ਼ਾਮਿਲ ਹਨ। ਮੁੱਖ ਤੌਰ 'ਤੇ ਕਿਤਾਬ ਵਿਚ 12 ਵਿਸ਼ਿਆਂ 'ਤੇ ਚਰਚਾ ਕੀਤੀ ਗਈ ਹੈ-ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਗੀਤਾਂ ਵਿਚ ਸੱਭਿਆਚਾਰ, ਡਰੱਗ ਕਲਚਰ ਤੇ ਪੰਜਾਬੀ ਸੱਭਿਆਚਾਰ, ਵਿਆਹਾਂ ਲਈ ਵਿਲਕਦੀਆਂ ਕੁੜੀਆਂ, ਪੰਜਾਬੀ ਸਾਹਿਤਕ-ਸੱਭਿਆਚਾਰਕ ਭ੍ਰਿਸ਼ਟਾਚਾਰ, ਧਰਤੀ-ਹਵਾ-ਪਾਣੀ ਵਿਚ ਵਧ ਰਿਹਾ ਪ੍ਰਦੂਸ਼ਣ, ਗੈਂਗਸਟਰ ਪੰਜਾਬੀ ਗਾਇਕੀ ਤੇ ਪੰਜਾਬੀ ਸੱਭਿਆਚਾਰ, ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਭ੍ਰਿਸ਼ਟਾਚਾਰ, ਆਈਲੈਟਸ ਪੰਜਾਬੀ ਸੱਭਿਆਚਾਰ, ਯੂਰਪੀਅਨ ਪੰਜਾਬੀ ਸਾਹਿਤ ਸੱਭਿਆਚਾਰਕ, ਖੇਡਾਂ ਵਿਚ ਡਰੱਗ ਸੱਭਿਆਚਾਰ, ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ। ਅਸਲ ਵਿਚ ਇਹ ਪੁਸਤਕ ਪੰਜਾਬੀ ਸੱਭਿਆਚਾਰ ਦੇ ਬਹੁਪਰਤੀ ਦਾਇਰੇ ਨੂੰ ਸਮੇਟਦੀ ਹੈ, ਜਿਸ ਵਿਚ ਨਸ਼ਿਆਂ, ਗੈਂਗਸਟਰ, ਠੱਗ, ਆਈਲੈਟਸ, ਕਾਨਫਰੰਸਾਂ ਆਦਿ ਦਾ ਬੋਲਬਾਲਾ ਹੈ। ਸੁਖਿੰਦਰ ਨੇ ਆਪਣੇ ਲੇਖ ਵਿਚ ਸਮਗਲਿੰਗ, ਚੋਰੀ, ਡਾਕੇ, ਕਤਲ, ਮਾਫ਼ੀਆ ਆਦਿ ਵਿਸ਼ਿਆਂ 'ਤੇ ਬੇਬਾਕ ਤੇ ਬੇਖੌਫ਼ ਚਰਚਾ ਕੀਤੀ ਹੈ। ਡਾ. ਦਲਬੀਰ ਸਿੰਘ ਕਥੂਰੀਆ ਨੇ ਇਸ ਪ੍ਰਸੰਗ ਵਿਚ ਆਪਣੇ ਫ਼ਿਕਰ ਤੇ ਸੰਭਾਵਨਾਵਾਂ ਨੂੰ ਸਾਂਝਾ ਕੀਤਾ ਹੈ। ਡਾ. ਮਨਪ੍ਰੀਤ ਕੌਰ ਧਾਲੀਵਾਲ ਨੇ ਆਪਣੇ ਲੇਖ ਵਿਚ 'ਬੇਫ਼ਾਲਤੂ' ਸ਼ਬਦ ਪਤਾ ਨਹੀਂ ਕਿਸ ਸੰਦਰਭ ਵਿਚ ਵਰਤਿਆ ਹੈ? ਟੋਰਾਂਟੋ-ਵਾਸੀ ਸਲੀਮ ਪਾਸ਼ਾ ਦਾ ਸਰਵਰਕ ਆਕਰਸ਼ਕ ਹੈ। ਸਾਰੇ ਲੇਖਕਾਂ ਦੀਆਂ ਤਸਵੀਰਾਂ, ਪਤੇ ਅਤੇ ਈਮੇਲ ਦੇਣ ਨਾਲ ਲੇਖਕ-ਪਾਠਕ ਹੋਰ ਨੇੜੇ ਆ ਗਏ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਜ਼ਿੰਦਗੀ
ਮੇਰੀ ਕਹਾਣੀ ਮੇਰੀ ਜ਼ੁਬਾਨੀ
ਲੇਖਿਕਾ : ਸੁਰਿੰਦਰ ਕੌਰ ਪੁਆਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 159+32
ਸੰਪਰਕ : 95011-45039

'ਜ਼ਿੰਦਗੀ : ਮੇਰੀ ਕਹਾਣੀ, ਮੇਰੀ ਜ਼ੁਬਾਨੀ' ਸੁਰਿੰਦਰ ਕੌਰ ਪੁਆਰ ਦੀ ਪੰਜਾਬੀ ਵਿਚ ਲਿਖੀ ਪਲੇਠੀ ਪੁਸਤਕ ਹੈ ਪਰ ਇਸ ਤੋਂ ਇਲਾਵਾ ਉਸ ਨੇ ਅੰਗਰੇਜ਼ੀ ਵਿਚ ਵੀ ਚਾਰ ਪੁਸਤਕਾਂ ਦੀ ਰਚਨਾ ਕੀਤੀ ਹੈ। ਸੁਰਿੰਦਰ ਕੌਰ ਪੁਆਰ ਦਾ ਜੀਵਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਤੋਂ ਸ਼ੁਰੂ ਹੁੰਦਾ ਹੈ, ਜਿਥੇ ਉਸ ਨੂੰ ਪਿੰਡ ਦੀ ਪਹਿਲੀ ਮੈਟ੍ਰਿਕ ਕੁੜੀ ਤੇ ਪਹਿਲੀ ਅਧਿਆਪਕਾ ਹੋਣ ਦਾ ਮਾਣ ਹੈ। ਉਸ ਨੇ ਪੜ੍ਹਾਈ ਦੇ ਮਾਮਲੇ ਵਿਚ ਆਪਣੇ ਪਿੰਡ ਵਿਚ ਨਵੀਆਂ ਲੀਹਾਂ ਪਾਈਆਂ ਤੇ ਨਵੇਂ ਤਜਰਬੇ ਕੀਤੇ। ਪੀ.ਐੱਚ.ਡੀ. ਪਾਸ ਪਤੀ ਮਹਿੰਦਰ ਸਿੰਘ ਨਾਲ ਜੁੜ ਕੇ ਉਹ ਅਮਰੀਕਾ ਪ੍ਰਵਾਸ ਕਰ ਗਈ ਤੇ ਉਥੇ ਤਿੰਨ ਬੱਚਿਆਂ ਨੂੰ ਯੋਗ ਅਗਵਾਈ ਦੇ ਕੇ ਆਪਣੇ ਚੰਗੀ ਮਾਂ ਹੋਣ ਦੇ ਗੁਣ ਜ਼ਾਹਿਰ ਕੀਤੇ। ਸੇਵਾਮੁਕਤ ਹੋਣ ਤੋਂ ਬਾਅਦ, ਸਮਾਜਿਕ ਕਾਰਜਾਂ ਵਿਚ ਵੀ ਵਧ ਚੜ੍ਹ ਕੇ ਭਾਗ ਲਿਆ। ਅਮਰੀਕਾ ਵਿਚ ਗੁਰਦੁਆਰਿਆਂ ਦੀ ਸਥਾਪਨਾ, ਸਕੂਲਾਂ ਦਾ ਪ੍ਰਬੰਧ, ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਪਰਿਵਾਰਾਂ ਅਤੇ ਬੱਚਿਆਂ ਲਈ ਅਦੁੱਤੀ ਕਾਰਜ ਕੀਤੇ। ਉਸ ਨੂੰ ਪੰਜਾਬ ਨਾਲ ਖ਼ਾਸ ਮੋਹ ਹੈ। ਆਪਣੀ ਮਿੱਟੀ ਨਾਲ ਜੁੜੀ ਹੋਈ ਹੈ। ਉਸ ਦੀ ਜ਼ਿੰਦਗੀ ਵਿਚ ਸਭ ਤੋਂ ਵੱਡਾ ਦੁਖਾਂਤ ਉਦੋਂ ਵਾਪਰਿਆ ਜਦੋਂ ਉਸ ਦੇ ਜਵਾਨ ਪੁੱਤਰ ਸੰਦੀਪ ਸਿੰਘ ਦੀ ਮੌਤ ਦੀ ਅਨਹੋਣੀ ਘਟਨਾ ਵਾਪਰੀ। ਪਰ ਇਸ ਦੁਖਾਂਤ ਨੂੰ ਵੀ ਉਸ ਨੇ ਬਹੁਤ ਸਹਿਜ ਨਾਲ ਲਿਆ ਤੇ ਵਾਹਿਗੁਰੂ ਦਾ ਭਾਣਾ ਵੀ ਮੰਨਿਆ। ਬੇਟੇ ਦੇ ਨਾਂਅ 'ਤੇ ਗ਼ਰੀਬਾਂ ਅਤੇ ਲੋੜਵੰਦ ਬੱਚਿਆਂ ਨੂੰ ਵਜ਼ੀਫੇ ਦੇ ਕੇ ਉੱਚ ਪੜ੍ਹਾਈ ਲਈ ਪ੍ਰੇਰਿਤ ਕੀਤਾ। ਗ਼ਰੀਬਾਂ ਲਈ ਮਕਾਨ ਬਣਾ ਕੇ ਦੇਣ ਦਾ ਉਪਰਾਲਾ ਵੀ ਲੇਖਿਕਾ ਕਰਦੀ ਰਹਿੰਦੀ ਹੈ। ਬਾਣੀ ਵਿਚ ਉਸ ਦੀ ਸ਼ਰਧਾ ਬਾਕਮਾਲ ਹੈ। ਇਸ ਪੁਸਤਕ ਦਾ ਕਾਵਿਕ ਅੰਦਾਜ਼ ਅਤੇ ਸ਼ੈਲੀ ਮਨ ਨੂੰ ਟੁੰਭਦੀ ਹੈ। ਇਹ ਇਕ ਸਾਧਾਰਨ ਔਰਤ ਦੀ ਆਸਾਧਾਰਨ ਜੀਵਨੀ ਹੈ, ਜਿਸ ਵਿਚ ਉਸ ਦਾ ਮਨੁੱਖਵਾਦੀ ਚਿਹਰਾ ਉੱਘੜਦਾ ਪ੍ਰਤੀਤ ਹੁੰਦਾ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

19-11-2023

ਅੰਦਰਲੇ ਯੁੱਧ
ਕਹਾਣੀਕਾਰ : ਬਲਵੰਤ .ਫਰਵਾਲੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98881-17389

ਬਲਵੰਤ .ਫਰਵਾਲੀ ਨੇ ਦੋ ਕਾਵਿ ਸੰਗ੍ਰਹਿ ਅਤੇ ਇਕ ਨਾਵਲ ਮਗਰੋਂ ਗਿਆਰਾਂ ਸਾਰਥਕ ਕਹਾਣੀਆਂ ਦਾ ਨਵਪ੍ਰਕਾਸ਼ਿਤ ਸੰਗ੍ਰਹਿ 'ਅੰਦਰਲੇ ਯੁੱਧ' ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। ਕਹਾਣੀਕਾਰ ਯਥਾਰਥ ਦੇ ਧਰਾਤਲ 'ਤੇ ਵਿਚਰ ਰਹੇ ਨਿਮਨ ਸਾਧਾਰਨ ਵਰਗ ਦੇ ਲੋਕਾਂ ਦੀਆਂ ਥੁੜਾਂ ਤੇ ਲੋੜਾਂ ਮਾਰੇ ਜੀਵਨ ਤੋਂ ਉਪਜੇ ਦਵੰਦ, ਤਨਾਅ ਅਤੇ ਸੰਘਰਸ਼ ਦੀ ਹਕੀਕਤ ਦੀ ਮੰਜ਼ਰਕਸ਼ੀ ਕਰਦਾ ਹੈ। ਉਸ ਨੇ ਕਹਾਣੀਆਂ ਲਈ ਪਰੰਪਰਿਕ ਸਮਾਜਿਕ ਵਿਸ਼ਿਆਂ ਦੇ ਨਾਲ-ਨਾਲ ਮੌਜੂਦਾ ਸਮੇਂ ਦੇ ਭਖਵੇਂ ਵਿਸ਼ਿਆਂ ਨੂੰ ਵੀ ਚੁਣਿਆ ਹੈ ਅਤੇ ਢੁਕਵੇਂ ਸਿਰਲੇਖਾਂ ਹੇਠ ਲੰਮੀਆਂ ਕਹਾਣੀਆਂ ਦੇ ਰੂਪ ਵਿਚ ਸਿਰਜਿਆ ਹੈ। ਲੇਖਕ ਦੀ ਲੇਖਣੀ ਦੀ ਖ਼ੂਬੀ ਇਹ ਹੈ ਕਿ ਕਹਾਣੀ ਵੱਡ ਅਕਾਰੀ ਹੋਣ ਦੇ ਬਾਵਜੂਦ ਉਸ ਵਿਚਲੀ ਰੌਚਿਕਤਾ ਅਤੇ ਰਹੱਸ ਬਰਕਰਾਰ ਰਹਿੰਦਾ ਹੈ। ਉਹ ਵਿਸ਼ੇ ਦੀ ਡੁੰਘਿਆਈ ਤੱਕ ਜਾ ਕੇ ਪਰਤਾਂ ਫਰੋਲਣ ਦਾ ਯਤਨ ਕਰਦਾ ਹੈ। ਡੋਂਕੀ ਕਹਾਣੀ ਜ਼ਿੰਦਗੀ ਨੂੰ ਜੋਖ਼ਮ ਵਿਚ ਪਾ ਕੇ, ਘਰ ਦਾ ਸਭ ਕੁਝ ਵੇਚ ਵੱਟ ਕੇ ਗ਼ਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਪ੍ਰਵਿਰਤੀ ਨੇ ਬਹੁਤ ਹੀ ਸੂਖਮ ਤੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਹੋਈ ਪੰਜਾਬੀਆਂ ਨੂੰ ਇਕ ਵੱਡਾ ਸਬਕ ਦਿੰਦੀ ਹੈ। ਇਸ ਕਹਾਣੀ ਦੇ ਮੁੱਖ ਪਾਤਰ ਸ਼ਿੰਦੀ ਦੇ ਨਾਲ-ਨਾਲ ਉਸ ਦੀ ਪਤਨੀ ਰਾਜੀ, ਪੁੱਤਰ ਅਮਾਨਤ ਅਤੇ ਮਾਤਾ-ਪਿਤਾ ਸਾਰੇ ਹੀ ਇਸ ਸੰਤਾਪ ਰਾਹੀਂ ਗੁਜਰਦੇ ਹਨ। ਜਵਾਰਭਾਟਾ ਕਹਾਣੀ ਵਿਚਲੇ ਪਾਤਰ ਪਰਮਜੀਤ ਅਤੇ ਅਸ਼ਮੀਤ ਮਾਨਸਿਕ ਤੌਰ 'ਤੇ ਸੰਤਾਨਹੀਣਤਾ ਦੇ ਸਮਾਜਿਕ ਸੰਤਾਪ ਨੂੰ ਹੰਢਾਉਂਦੇ ਹਨ ਤੇ ਪਰ ਟੈਸਟਾਂ ਦੀ ਸਹੀ ਰਿਪੋਰਟ ਉਨ੍ਹਾਂ ਨੂੰ ਇਕ ਉਮੀਦ ਨਾਲ ਭਰ ਦਿੰਦੀ ਹੈ। ਕੁੜੱਤਣ ਕਹਾਣੀ ਵਿਚ ਵੀ ਬਸੰਤਾ ਅਤੇ ਕਰਨੈਲੋ, ਪੁੱਤਰ ਬੈਂਕ ਮੈਨੇਜਰ ਦੀਪ ਦਾ ਇਨਕਮ ਟੈਕਸ ਅਫ਼ਸਰ ਪਤਨੀ ਦੇ ਮਗਰ ਲੱਗ ਕੇ ਬਿਰਧ ਮਾਤਾ-ਪਿਤਾ ਨੂੰ ਛੱਡ ਕੇ ਸਹੁਰੇ ਘਰ ਚਲੇ ਜਾਣ 'ਤੇ ਜੋ ਇਕਲਾਪਾ ਹੰਢਾਉਂਦੇ ਹਨ, ਉਸ ਦੀ ਦਿਲ ਟੁੰਬਵੀਂ ਤਸਵੀਰ ਪੇਸ਼ ਕੀਤੀ ਗਈ ਹੈ। ਲੈਫ਼ਟੀਨੈਂਟ ਕਹਾਣੀ ਮੈਡਮ ਦਲਜੀਤ ਵਲੋਂ ਆਪਣੇ ਪੁੱਤਰ ਸੰਸਾਰ ਲਈ ਲਾਇਕ ਵਿਦਿਆਰਥੀ ਤਨਵੀਰ ਦੀਆਂ ਉੱਤਰ ਪੁਸਤਕਾਂ ਬਦਲ ਕੇ ਉਸ ਦੇ ਲੈਫਟੀਨੈਂਟ ਬਣਨ ਦੇ ਸੁਪਨਿਆਂ ਨੂੰ ਤੋੜ ਦੇਣਾ, ਸਿੱਖਿਆ ਜਗਤ ਵਿਚ ਵੀ ਫੈਲੇ ਸਵਾਰਥ ਅਤੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਦੀ ਹੈ। ਲਾਲ ਲਕੀਰ ਕਹਾਣੀ ਵਿਚ ਜਗੀਰਦਾਰਾਂ ਵਲੋਂ ਆਪਣੇ ਸ਼ੀਰ ਅਤੇ ਉਸ ਦੇ ਨੂੰਹ-ਪੁੱਤਰ ਦਾ ਸਰੀਰਕ ਸ਼ੋਸ਼ਣ ਦਾ ਦੁਖਾਂਤ ਹੈ ਪਰ ਇੱਥੇ ਉਨ੍ਹਾਂ ਦੀ ਨੂੰਹ ਅਮਰਜੋਤ ਵਲੋਂ ਸੁਲੱਖਣ ਦੇ ਗੁੱਟ 'ਤੇ ਚਾਕੂ ਫੇਰ ਕੇ ਜੋ ਆਪਣਾ ਰੋਹ ਪ੍ਰਗਟ ਕੀਤਾ ਹੈ ਉਹ ਇਸ ਪਰੰਪਰਾ ਖ਼ਿਲਾਫ਼ ਬਗ਼ਾਵਤ ਦੀ ਆਵਾਜ਼ ਬਣ ਜਾਂਦੀ ਹੈ। ਬੇਸ਼ੱਕ ਉਸ ਨੂੰ ਇਸ ਦਾ ਖਾਮਿਆਜਾ ਕੰਮ ਖੋਹ ਲੈਣ ਦੇ ਨੁਕਸਾਨ ਵਜੋਂ ਝੱਲਣਾ ਪੈਂਦਾ ਹੈ। ਬੰਦਾ ਹੀ ਤਾਂ ਹੈ ਕਹਾਣੀ ਮਰਦ ਦੇ ਅੰਦਰਲੀ ਬਹੁਗਮਨੀ ਪ੍ਰਵਿਰਤੀ ਨੂੰ ਉਜਾਗਰ ਕਰਦੀ ਖ਼ੂਬਸੂਰਤ ਕਹਾਣੀ ਹੈ, ਜਦੋਂਕਿ ਬੇਕਸੂਰ ਮਿੰਦਰ, ਦਿਉਰ ਰਿੰਪਲ ਨਾਲ ਕੋਈ ਸੰਬੰਧ ਨਾ ਹੋਣ ਦੇ ਬਾਵਜੂਦ ਕਲੰਕ ਦੀ ਭਾਗੀਦਾਰ ਬਣ ਜਾਂਦੀ ਹੈ। ਇੰਜ ਹੀ ਯੁੱਧ ਵਰਗੀ ਜ਼ਿੰਦਗੀ ਦੀ ਸੁਰਜੀਤ ਲੜਕੀਆਂ ਹੋਣ ਦਾ ਸੰਤਾਪ, ਦਾਂਅ ਅਤੇ ਚਾਅ ਦੀ ਪਹਿਲਵਾਨ ਕੁਲਦੀਪ ਵਲੋਂ ਕੋਚਾਂ ਅਤੇ ਪ੍ਰੋਫ਼ੈਸਰਾਂ ਵਲੋਂ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਨੂੰ, ਰਾਸ਼ਟਰੀ ਖਿਡਾਰਨਾਂ ਵਲੋਂ ਜਿਨਸੀ ਸ਼ੋਸ਼ਣ ਖਿਲਾਫ਼ ਦਿੱਤੇ ਧਰਨੇ ਨੂੰ ਆਧਾਰ ਬਣਾ ਕੇ ਬੇਬਾਕੀ ਨਾਲ ਇਸ ਵਿਵਸਥਾ ਦੀ ਚੀਰ-ਫਾੜ ਕੀਤੀ ਗਈ ਹੈ। ਅਪਣੀ ਪੈੜਾਂ ਦੀ ਨਿਸ਼ਾਨਦੇਹੀ ਵਿਚ ਪਿੰਡ ਛੱਡ ਕੇ ਵਿਦੇਸ਼ਾ ਵੱਲ ਵਿਸਥਾਪਤ ਹੋ ਰਹੇ ਪਰਿਵਾਰਾਂ ਤੇ ਉਨ੍ਹਾਂ ਦੇ ਖੰਡਰ ਹੋ ਚੁੱਕੇ ਘਰਾਂ ਦੀ ਨਸ਼ੇ ਦੇ ਵਪਾਰੀਆਂ ਤੇ ਹੋਰ ਗ਼ਲਤ ਕੰਮਾਂ ਲਈ ਹੋ ਰਹੀ ਵਰਤੋਂ ਰਾਹੀਂ ਪੰਜਾਬ ਦੀਆਂ ਕਈ ਬਹੁਤ ਹੀ ਗੰਭੀਰ ਸਮੱਸਿਆਵਾਂ ਨੂੰ ਉਠਾਇਆ ਗਿਆ ਹੈ। ਲੇਖਕ ਦੀ ਵਿਸ਼ਿਆਂ 'ਤੇ ਭਾਸ਼ਾ 'ਤੇ ਪੂਰੀ ਪਕੜ ਹੈ। ਅਲੰਕਾਰਕ ਮਲਵਈ ਭਾਸ਼ਾ, ਚੁਸਤ ਸੰਵਾਦ, ਸੂਖਮ ਮਾਨਸਿਕ ਵਿਸ਼ਲੇਸ਼ਣ ਤੇ ਕਿੱਸਾਗੋਈ ਸ਼ੈਲੀ ਕਰਕੇ ਪਾਠਕ ਨੂੰ ਕਹਾਣੀ ਦੀ ਲੰਬਾਈ ਮਹਿਸੂਸ ਨਹੀਂ ਹੁੰਦੀ। ਕਹਾਣੀਕਾਰ ਨੇ ਸਾਧਾਰਨ ਪਾਤਰਾਂ, ਸਾਧਾਰਨ ਜਿਹੀਆਂ ਘਟਨਾਵਾਂ ਨੂੰ ਆਪਣੀ ਕਲਾਤਮਿਕ ਪੇਸ਼ਕਾਰੀ ਨਾਲ ਅਸਾਧਾਰਨ ਬਣਾ ਦਿੱਤਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਹਸਰਤ
ਸੰਪਾਦਕ : ਗੁਰੀ ਆਦੀਵਾਲ, ਜੀਤ ਕੌਰ ਖ਼ੁਰਦ
ਪ੍ਰਕਾਸ਼ਕ: ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ: 150 ਰੁਪਏ, ਸਫ਼ੇ: 80
ਸੰਪਰਕ: 99151-41606

ਗੁਰੀ ਆਦੀਵਾਲ ਅਤੇ ਜੀਤ ਕੌਰ ਖ਼ੁਰਦ ਵਲੋਂ ਸੰਪਾਦਿਤ ਇਸ ਸਾਂਝੇ ਕਾਵਿ-ਸੰਗ੍ਰਹਿ 'ਹਸਰਤ' ਵਿਚ ਨਵੇਂ-ਪੁਰਾਣੇ ਵੀਹ ਕਵੀਆਂ ਅਤੇ ਕਵਿੱਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਵਿਚ ਗ਼ਜ਼ਲ ਵੀ ਹੈ, ਗੀਤ ਵੀ ਹੈ, ਕਵਿਤਾ ਅਤੇ ਖੁੱਲ੍ਹੀ ਕਵਿਤਾ ਵੀ ਹੈ। ਵੱਖ-ਵੱਖ ਕਲਮਾਂ ਵਲੋਂ ਵੱਖ-ਵੱਖ ਮੁੱਦਿਆਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਉਠਾਇਆ ਗਿਆ ਹੈ, ਜਿਸ ਕਰਕੇ ਇਹ ਪੁਸਤਕ ਵੰਨ-ਸੁਵੰਨੇ ਫੁੱਲਾਂ ਦੇ ਗੁਲਦਸਤੇ ਵਾਂਗ ਬੜੀ ਖ਼ੂਬਸੂਰਤ ਬਣ ਗਈ ਹੈ। ਹਰ ਕਵੀ ਨੂੰ ਇਕ ਪੰਨੇ ਦੀ ਜਾਣ-ਪਛਾਣ ਤੋਂ ਇਲਾਵਾ ਤਿੰਨ ਪੰਨੇ ਰਚਨਾਵਾਂ ਲਈ ਦਿੱਤੇ ਗਏ ਹਨ, ਜਿਨ੍ਹਾਂ ਵਿਚ ਧਾਰਮਿਕ ਕੱਟੜਤਾ, ਡਾਵਾਂਡੋਲ ਆਰਥਿਕਤਾ, ਸਮਾਜਿਕ ਵਿਸੰਗਤੀਆਂ, ਨੈਤਿਕ ਕਦਰਾਂ-ਕੀਮਤਾਂ, ਗੰਧਲੀ ਰਾਜਨੀਤੀ ਆਦਿ ਵਰਤਮਾਨ ਦੀ ਲਗਭਗ ਹਰ ਸਮੱਸਿਆ ਅਤੇ ਚੁਣੌਤੀ ਬਾਰੇ ਸੰਵਾਦ ਰਚਾਉਣ ਦੀ ਸੁਚੱਜੀ ਕੋਸ਼ਿਸ਼ ਕੀਤੀ ਗਈ ਹੈ। ਬੇਸ਼ੱਕ ਕੁਝ ਰਚਨਾਵਾਂ ਵਿਚ ਅਜੇ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ, ਪਰ ਬਲਵੀਰ ਸਿੰਘ ਸਨੇਹੀ ਦੀ ਗ਼ਜ਼ਲ 'ਇਤਬਾਰ ਨਹੀਂ', ਕੁਲਜੀਤ ਕੌਰ ਗ਼ਜ਼ਲ ਦੀ ਗ਼ਜ਼ਲ 'ਚੋਗ ਚੁਗਦੇ ਹੀ', ਜੱਸ ਬਠਿੰਡਾ ਦੀ ਖੁੱਲ੍ਹੀ ਕਵਿਤਾ 'ਖੰਡਤ ਮਨ ਦੇ ਰੂ-ਬ-ਰੂ', ਕਿਰਨ ਕੌਰ ਦੀ ਖੁੱਲ੍ਹੀ ਕਵਿਤਾ 'ਇਸ਼ਕ' ਅਤੇ ਮਨਪ੍ਰੀਤ ਬੋਤੀਆਂ ਵਾਲਾ ਦੀ ਕਵਿਤਾ 'ਮਜ਼ਦੂਰ' ਆਦਿ ਬਹੁਤ ਸਾਰੀਆਂ ਰਚਨਾਵਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਇਸ ਪੁਸਤਕ ਦਾ ਹਾਸਿਲ ਕਿਹਾ ਜਾ ਸਕਦਾ ਹੈ। ਹਰ ਲੇਖਕ ਹੀ ਵਧੀਆ ਲਿਖਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਰ ਵਿਅਕਤੀ ਦੀ ਆਪਣੀ-ਆਪਣੀ ਸਮਰੱਥਾ ਵੀ ਹੁੰਦੀ ਹੈ। ਕੋਈ ਵੀ ਰਚਨਾ ਕਦੇ ਸੰਪੂਰਨ ਨਹੀਂ ਹੁੰਦੀ, ਉਸ ਨੂੰ ਹੋਰ ਵਧੀਆ ਬਣਾਏ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਪੁਸਤਕ ਵਿਚ ਸ਼ਾਮਿਲ ਕਵੀਆਂ ਅਤੇ ਕਵਿੱਤਰੀਆਂ ਦੀਆਂ ਰਚਾਨਵਾਂ ਨੇ ਵੀ ਅਜੇ ਹੋਰ ਪੜਾਅ ਤੈਅ ਕਰਨੇ ਹਨ। ਇਸ ਲਈ ਹੋਰ ਵਧੀਆ ਸਾਹਿਤਕ ਸਿਰਜਣਾ ਦੀ ਉਮੀਦ ਨਾਲ ਗੁਰੀ ਆਦੀਵਾਲ ਅਤੇ ਜੀਤ ਕੌਰ ਖ਼ੁਰਦ ਦੇ ਇਸ ਸੁਹਿਰਦ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਨੀ ਬਣਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਖ਼ਾਕੀ, ਖਾੜਕੂ ਤੇ ਕਲਮ
(ਕਾਲੇ ਦੌਰ ਦੀ ਦਾਸਤਾਨ)
ਲੇਖਕ : ਜਗਤਾਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 268
ਸੰਪਰਕ : 98556-44003

ਜਗਤਾਰ ਸਿੰਘ ਭੁੱਲਰ ਰਚਿਤ ਇਹ ਪੁਸਤਕ 1978 ਤੋਂ 2000 ਈ. ਤੱਕ ਪੰਜਾਬ ਵਿਚਲੇ ਕਾਲੇ ਦਿਨਾਂ (ਖਾੜਕੂਵਾਦ) ਦੌਰਾਨ, ਪੰਜਾਬ ਪੱਤਰਕਾਰਾਂ ਅਤੇ ਪੱਤਰਕਾਰਿਤਾ ਦੇ ਸਾਹਸ ਦਾ ਸੁਨਹਿਰੀ ਇਤਿਹਾਸ ਹੈ। ਇਹ ਇਤਿਹਾਸ ਪੰਜਾਬ ਵਿਚ ਰਿਪੋਰਟਿੰਗ ਕਰਨ ਵਾਲੇ ਉਨ੍ਹਾਂ 25 ਪੱਤਰਕਾਰਾਂ ਦੀ ਆਪ ਬੀਤੀ ਉੱਪਰ ਆਧਾਰਿਤ ਹੈ, ਜਿਨ੍ਹਾਂ ਨੇ ਸੱਚਾਈ, ਸੁਹਿਰਦਤਾ ਅਤੇ ਇਮਾਨਦਾਰੀ ਦੇ ਨਾਲ-ਨਾਲ ਆਪਣੇ ਜੋਸ਼, ਜਨੂੰਨ ਅਤੇ ਜਜ਼ਬੇ ਨੂੰ ਮਘਦਾ ਰੱਖਿਆ ਹੈ। ਇਹ ਲੋਕ ਨਾ ਤਾਂ ਖਾੜਕੂਆਂ ਦੀਆਂ ਕਾਰਬਾਈਨਾਂ ਤੋਂ ਆਤੰਕਿਤ ਹੋਏ ਅਤੇ ਨਾ ਪੁਲਿਸ ਦੀਆਂ ਧਮਕੀਆਂ ਤੋਂ ਡਰ ਕੇ ਆਪਣੇ ਫ਼ਰਜ਼ ਤੋਂ ਬੇਮੁਖ ਹੋਏ। ਇਨ੍ਹਾਂ ਪੱਤਰਕਾਰਾਂ ਵਿਚ ਨਵੀਨ ਗਰੇਵਾਲ (ਇੰਡੀਅਨ ਐਕਸਪ੍ਰੈੱਸ), ਅਵਿਨਾਸ਼ ਸਿੰਘ (ਹਿੰਦੁਸਤਾਨ ਟਾਈਮਜ਼), ਹਰਕੰਵਲਜੀਤ ਸਿੰਘ (ਅਜੀਤ), ਜਸਪਾਲ ਸਿੰਘ ਸਿੱਧੂ (ਇੰਡੀਅਨ ਐਕਸਪ੍ਰੈੱਸ, ਯੂ.ਐਨ.ਆਈ.), ਸ਼ੰਮੀ ਸਰੀਨ (ਮੇਰਾ ਅੰਮ੍ਰਿਤਸਰ, ਚੌਥੀ ਦੁਨੀਆ), ਨਰਿੰਦਰ ਸ਼ਰਮਾ (ਵੀਰ ਪ੍ਰਤਾਪ), ਅਸ਼ੋਕ ਸੇਠੀ (ਦ ਟ੍ਰਿਬਿਊਨ), ਹਰਕੀਰਤ ਸਿੰਘ (ਯੂ.ਐਨ.ਆਈ.), ਸਰਬਜੀਤ ਪੰਧੇਰ, ਸੁਰਜੀਤ ਸਿੰਘ ਗੁਲਾਟੀ, ਜਗਤਾਰ ਸਿੰਘ ਸਿੱਧੂ, ਏ.ਐਸ. ਪ੍ਰਾਸ਼ਰ, ਸੁਖਬੰਸ ਸਿੰਘ ਗੁਰਬਖ਼ਸ਼ਪੁਰੀ, ਭਾਅ ਜਗਤਾਰ ਸਿੰਘ, ਬਲਜੀਤ ਬੱਲੀ, ਰਮੇਸ਼ ਵਿਨਾਇਕ, ਹਰਜੀਤ ਸਿੰਘ ਆਲਮ, ਸੁਖਦੇਵ ਸਿੰਘ, ਚੰਚਲ ਮਨੋਹਰ ਸਿੰਘ, ਕੰਵਲ ਸੰਧੂ, ਅਮਰ ਸਿੰਘ ਮੋਗਾ, ਹਰਬੀਰ ਸਿੰਘ ਭੰਵਰ, ਸਰਬਜੀਤ ਧਾਲੀਵਾਲ, ਜਗੀਰ ਸਿੰਘ ਜਗਤਾਰ ਅਤੇ ਨਿਰੰਜਨ ਸਿੰਘ, ਐਨ.ਐਸ. ਪਰਵਾਨਾ) ਵਰਗੇ ਸੀਨੀਅਰ ਪੱਤਰਕਾਰ ਸ਼ਾਮਿਲ ਹਨ। ਹਰ ਪਾਠਕ ਜਾਣਦਾ ਹੈ ਕਿ ਪੱਤਰਕਾਰੀ ਦਾ ਖੇਤਰ ਬਹੁਤ ਜੋਖ਼ਮ ਅਤੇ ਸਾਹਸ ਦੀ ਮੰਗ ਕਰਦਾ ਹੈ ਕਿਉਂਕਿ ਹਰ ਵਚਨਬੱਧ ਪੱਤਰਕਾਰ ਦਾ ਉਦੇਸ਼ ਉਪਰਲੀ ਝੱਗ ਨੂੰ ਹੰਘਾਲ ਕੇ ਉਸ ਦੇ ਹੇਠ ਛਿਪੇ ਹੋਏ ਸੱਚ ਨੂੰ ਨਿਤਾਰਨਾ ਹੁੰਦਾ ਹੈ, ਇਸ ਲਈ ਦੰਭੀ ਨੌਕਰਸ਼ਾਹ ਅਤੇ ਅਭਿਮਾਨੀ ਨੇਤਾ ਸੱਚੀ-ਮੁੱਚੀ ਪੱਤਰਕਾਰਿਤਾ ਨੂੰ ਖਰੀਦਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। ਅਜੋਕੇ ਦੌਰ ਵਿਚ ਤਾਂ ਪੱਤਰਕਾਰਾਂ ਨੂੰ 'ਗੋਦੀ ਪੱਤਰਕਾਰ' ਕਿਹਾ ਜਾਣ ਲੱਗਾ ਹੈ। ਇੱਕੀਵੀਂ ਸਦੀ ਵਿਚ ਬਹੁਤੇ ਪੱਤਰਕਾਰ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਆਪਣੀ ਜ਼ਮੀਰ ਨੂੰ ਗਹਿਣੇ ਤੱਕ ਪਾ ਦਿੰਦੇ ਹਨ ਪਰ ਪਿਛਲੀ ਸਦੀ ਵਿਚ ਸਾਡੇ ਪੱਤਰਕਾਰ ਮਿਸ਼ਨਰੀ ਹੁੰਦੇ ਸਨ। ਜਗਤਾਰ ਸਿੰਘ ਭੁੱਲਰ ਨੇ ਇਹ ਪੁਸਤਕ ਪ੍ਰਕਾਸ਼ਿਤ ਕਰ ਕੇ ਪੰਜਾਬੀ ਦੇ ਵਚਨਬੱਧ ਪੱਤਰਕਾਰਾਂ ਪ੍ਰਤੀ ਆਭਾਰ ਭਾਵ ਪ੍ਰਗਟ ਕੀਤੇ ਹਨ। ਅਜੋਕੇ ਅੰਦਾਜ਼ ਵਿਚ ਲਿਖੀ ਅਤੇ ਆਕਰਸ਼ਕ ਢੰਗ ਨਾਲ ਪ੍ਰਕਾਸ਼ਿਤ ਇਹ ਪੁਸਤਕ ਬੇਹੱਦ ਪ੍ਰਾਸੰਗਿਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਕੱਕੇ ਰੇਤੇ ਵਿਚ ਉੱਗੀਆਂ ਬਾਤਾਂ
ਸੰਪਾਦਨ ਤੇ ਅਨੁਵਾਦ: ਕੇਸਰਾ ਰਾਮ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 238
ਸੰਪਰਕ : 094162-35210

ਸੰਪਾਦਿਤ ਕਹਾਣੀ ਸੰਗ੍ਰਹਿ ਵਿਚ 25 ਰਚਨਾਵਾਂ ਹਨ। ਜਿਨ੍ਹਾਂ ਨੂੰ ਬਾਤਾਂ ਕਿਹਾ ਗਿਆ ਹੈ। ਰਾਜਸਥਾਨੀ ਬੋਲੀ ਤੋਂ ਅਨੁਵਾਦ ਕੀਤੀਆਂ ਕਹਾਣੀਆਂ ਦੇ ਵਿਸ਼ੇ ਵੀ ਵੰਨ-ਸੁਵੰਨੇ ਹਨ। ਸੰਪਾਦਕ ਨੇ ਮੁੱਢਲੇ ਪੰਨਿਆਂ 'ਤੇ ਜਾਣਕਾਰੀ ਦਿੱਤੀ ਹੈ ਕਿ ਰਾਜਸਥਾਨੀ ਬੋਲੀ ਨੂੰ ਦੇਵਨਾਗਰੀ ਵਿਚ ਲਿਖਿਆ ਜਾਂਦਾ ਹੈ। ਇਸ ਜ਼ਬਾਨ ਦੀ ਆਪਣੀ ਕੋਈ ਲਿਪੀ ਨਹੀਂ ਹੈ। ਰਾਜਸਥਾਨੀ ਬੋਲੀ 24 ਭਾਰਤੀ ਭਾਸ਼ਾਵਾਂ ਵਿਚ ਦਰਜ ਹੈ। ਪਰ ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿਚ ਸ਼ਾਮਿਲ ਨਹੀਂ ਹੈ। ਇਸ ਲਈ ਰਾਜਸਥਾਨ ਦੇ ਸਾਹਿਤਕਾਰ ਮਾਤ ਭਾਸ਼ਾ ਦੀ ਮਾਨਤਾ ਦਿਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਪੁਸਤਕ ਵੀ ਉਨ੍ਹਾਂ ਦੀ ਜੱਦੋ-ਜਹਿਦ ਕਰਦੇ ਸਾਹਿਤਕਾਰਾਂ ਨੂੰ ਸਮਰਪਿਤ ਹੈ। ਸੰਪਾਦਕ ਕੇਸਰਾ ਰਾਮ ਏਲਨਾਬਾਦ ਜ਼ਿਲ੍ਹਾ ਸਿਰਸਾ (ਹਰਿਆਣਾ) ਦਾ ਵਾਸੀ ਹੈ। ਸੰਪਾਦਕ ਨੇ ਅਨੁਵਾਦ ਦੇ ਖੇਤਰ ਵਿਚ ਇਕ ਦਰਜਨ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿਚ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਨਾਵਲ ਮਨੁੱਖਤਾ ਦਾ ਹਿੰਦੀ ਵਿਚ ਅਨੁਵਾਦ ਕੀਤਾ ਹੈ। ਕੇਸਰਾ ਰਾਮ ਨੂੰ ਵਕਾਰੀ ਢਾਹਾਂ ਪੁਰਸਕਾਰ 2020 ਮਿਲ ਚੁੱਕਾ ਹੈ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਵੀ ਪੁਰਸਕਾਰ ਦਿੱਤਾ ਗਿਆ ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ' ਭਾਰਮਲੀ ਭੱਜੀ ਨਹੀਂ' ਵਿਚ ਵਿਧਵਾ ਔਰਤ ਦਾ ਦਰਦ ਹੈ। ਉਹ ਸਮਾਜ ਤੋਂ ਬਾਗੀ ਹੋ ਕੇ ਇਕ ਵਣਜਾਰੇ ਨੂੰ ਕਹਿੰਦੀ ਹੈ-ਮੈਂ ਤਾਂ ਦਿਨ ਦੇ ਚਾਨਣ ਵਿਚ ਮਾਂਗ ਭਰਵਾਵਾਂਗੀ। ਦੇਖਦੀ ਹਾਂ ਕਿਹੜਾ ਰੋਕਦਾ ਮੈਨੂੰ। ਲੰਮੀ ਕਹਾਣੀ 'ਦੁਬਿਧਾ' ਵਿਚ ਰੁੱਖ 'ਤੇ ਬੈਠਾ ਭੂਤ ਨਵਵਿਆਹੁਤਾ ਦਾ ਹਮਸ਼ਕਲ ਪਤੀ ਬਣਦਾ ਹੈ। ਅਸਲ ਪਤੀ ਕਮਾਈ ਕਰਨ ਚਲਾ ਜਾਂਦਾ ਹੈ। ਦੋਨਾਂ ਵਿਚ ਤਕਰਾਰ ਹੁੰਦਾ ਹੈ। ਫ਼ੈਸਲਾ ਇਕ ਆਜੜੀ ਕਰਦਾ ਹੈ। ਭੂਤ ਬਣਿਆ ਪਤੀ ਬੋਤਲ ਵਿਚ ਬੰਦ ਕਰਦਾ ਹੈ। ਕਹਾਣੀ ਵਿਚ 'ਸਸਪੈਂਸ' ਬਹੁਤ ਹੈ।
ਬਾਕੀ ਕਹਾਣੀਆਂ ਵਿਚ ਮਰਦਾਨਗੀ, ਹਮੇਲ, ਦੂਜੀ ਔਰਤ, ਮੰਗਤ ਬਾਦਲ ਦੀ 'ਬੋਲ ਮੇਰੀ ਮਛਲੀ ਕਿੰਨਾ ਪਾਣੀ', ਮਦਨ ਸੇਠੀ ਦੀ ਫੁਰਸਤ, ਮੱਛੀ (ਰਾਮੇਸ਼ਵਰ ਗੋਂਦਾਰਾ) ਮੰਡੀ (ਚੇਤਨ ਸਵਾਮੀ) ਮਰਦ ਜਾਤ (ਬੁਲਾਕੀ ਸ਼ਰਮਾ) ਪ੍ਰਮੋਦ ਕੁਮਾਰ ਸ਼ਰਮਾ ਦੀ ਕਹਾਣੀ ਸਹੀ ਗ਼ਲਤ 'ਮਾਲ ਚੰਦ ਤਿਵਾੜੀ ਦੀ' ਲੀਲਾ' ਦਿਲਚਸਪ ਰਚਨਾਵਾਂ ਹਨ। ਇਕ ਲੰਮੀ ਕਹਾਣੀ ਵਿਚ ਸਾਧਾਰਨ ਪਾਤਰ ਫ਼ਕੀਰਾ ਲਾਟਰੀ ਦਾ ਫੋਨ ਆਉਣ 'ਤੇ ਗੁੰਮਰਾਹ ਹੁੰਦਾ ਹੈ। ਕਹਾਣੀ ਸੇਧਮਈ ਹੈ। ਸਾਰੇ ਕਹਾਣੀਕਾਰ ਰਾਜਸਥਾਨ ਦੇ ਹਨ। ਪੁਸਤਕ ਵਿਚ ਕਹਾਣੀਕਾਰਾਂ ਦੀ ਜਾਣ ਪਛਾਣ ਕਰਾਈ ਗਈ ਹੈ। ਕਹਾਣੀਆਂ ਦਾ ਅਨੁਵਾਦ ਮਿਆਰੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਸੰਪਰਕ : 98148-56160

ਮੂਰਤਾਂ ਰੰਗ ਬਰੰਗੀਆਂ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 82849-09596

ਅਵਤਾਰ ਸਿੰਘ ਬਿਲਿੰਗ ਇਕ ਚਰਚਿਤ ਅਤੇ ਪੁਰਸਕ੍ਰਿਤ ਲੇਖਕ ਹੈ। ਉਨ੍ਹਾਂ ਨੇ ਵੱਖ-ਵੱਖ ਵਿਧਾਵਾਂ ਵਿਚ ਸਾਹਿਤ ਰਚਨਾ ਕੀਤੀ ਹੈ, ਜਿਨ੍ਹਾਂ ਵਿਚ 8 ਨਾਵਲ, 5 ਕਹਾਣੀ ਸੰਗ੍ਰਹਿ, 3 ਬਾਲ ਪੁਸਤਕਾਂ, 1-1 ਸੰਪਾਦਨ ਤੇ ਵਾਰਤਕ ਦੀਆਂ ਕਿਤਾਬਾਂ ਸਮੇਤ ਇਕ ਅੰਗਰੇਜ਼ੀ ਵਾਰਤਕ ਪੁਸਤਕ ਵੀ ਸ਼ਾਮਿਲ ਹੈ। ਬਿਲਿੰਗ ਨੂੰ ਤਿੰਨ ਵੱਡੇ ਪੁਰਸਕਾਰ ਮਿਲ ਚੁੱਕੇ ਹਨ-ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਢਾਹਾਂ ਪੁਰਸਕਾਰ। ਇਹ ਤਿੰਨੇ ਇਨਾਮ ਉਸ ਨੂੰ 2014 ਵਿਚ ਮਿਲੇ ਹਨ। ਇਸ ਤੋਂ ਬਿਨਾਂ ਦੋ ਵੇਰ ਨਾਨਕ ਸਿੰਘ ਗਲਪ ਪੁਰਸਕਾਰ (2003, 2008) ਅਤੇ ਨਵਾਂ ਜ਼ਮਾਨਾ ਐਵਾਰਡ (2010) ਨਾਲ ਵੀ ਉਸ ਨੂੰ ਨਿਵਾਜਿਆ ਜਾ ਚੁੱਕਾ ਹੈ। ਰੀਵਿਊ ਅਧੀਨ ਇਸ ਕਿਤਾਬ ਵਿਚ ਸਵੈਜੀਵਨੀ ਮੂਲਕ 23 ਸ਼ਬਦ ਚਿੱਤਰ ਹਨ, ਜਿਨ੍ਹਾਂ ਵਿਚ ਕੁਝ ਲੇਖਕ ਦੇ ਨਿਕਟਵਰਤੀ, ਕੁਝ ਆਸਪਾਸ ਦੇ, ਪਿੰਡ ਵਾਲੇ ਜਾਣੂ ਹਨ। ਇਨ੍ਹਾਂ ਵਿਚੋਂ ਕੁਝ ਪਹਿਲਾਂ ਵੀ ਏਧਰ-ਓਧਰ ('ਸਮਕਾਲੀ ਸਾਹਿਤ' ਜਿਹੀਆਂ ਪੱਤ੍ਰਿਕਾਵਾਂ ਵਿਚ) ਪ੍ਰਕਾਸ਼ਿਤ ਹੋ ਚੁੱਕੇ ਹਨ। ਪੁਸਤਕ ਦੇ ਮੁੱਢ ਵਿਚ ਬਿਲਿੰਗ ਲਿਖਦਾ ਹੈ, 'ਮੇਰੇ ਦਿਲ ਦੇ ਐਨ ਨੇੜੇ ਮੇਰੇ ਮਾਪੇ। ਚੜ੍ਹਦੀ ਕਲਾ ਵਿਚ ਰਹਿਣ ਵਾਲਾ ਮੇਰਾ ਦਾਦਾ। ਜੀਵਨ ਦੇ ਉਭੜ ਖੁੱਭੜ ਰਾਹਾਂ 'ਤੇ ਤੁਰਦਾ ਰਿਹਾ ਮੇਰਾ ਤਾਇਆ ਸੂਬੇਦਾਰ... ਇੱਥੇ ਉਹ ਵੀ ਲੋਕ ਹਨ, ਜੋ ਮੇਰੇ ਪਿੰਡ ਦੀ ਰੌਣਕ ਰਹੇ...' ਇਹੀ ਉਹ ਲੋਕ ਹਨ, ਜੋ ਲੇਖਕ ਦੇ ਨਾਵਲਾਂ ਕਹਾਣੀਆਂ ਵਿਚ ਪਾਤਰ ਬਣ ਕੇ ਆਏ। ਧਰਤੀ ਨਾਲ ਜੁੜੇ ਇਨ੍ਹਾਂ ਲੋਕਾਂ ਨੂੰ ਲੇਖਕ ਨੇ ਨਿਰ-ਉਚੇਚ ਢੰਗ ਨਾਲ ਉਨ੍ਹਾਂ ਦੇ ਗੁਣਾਂ-ਔਗੁਣਾਂ ਸਮੇਤ ਚਿਤਰਿਆ ਹੈ। ਅਜਿਹੇ ਕਿਰਦਾਰ ਹੀ ਵੱਖ-ਵੱਖ ਰੰਗਾਂ ਰੂਪਾਂ ਰਾਹੀਂ ਸਾਹਿਤ ਦੀ ਸਿਰਜਣਾ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਲੇਖਕ ਨੇ ਸਿਰਫ਼ ਇਹ ਸ਼ਬਦ ਚਿੱਤਰ ਹੀ ਨਹੀਂ ਉਲੀਕੇ, ਸਗੋਂ ਸਾਡੇ ਸਮਾਜਿਕ ਸੱਭਿਆਚਾਰਕ ਚੌਗਿਰਦੇ ਦੀ ਜਿਊਂਦੀ-ਜਾਗਦੀ ਤਸਵੀਰ ਉਲੀਕੀ ਹੈ। ਮੁਹਾਵਰੇ, ਅਖੌਤਾਂ, ਬੋਲੀਆਂ, ਟੱਪਿਆਂ, ਵਾਕਾਂਸ਼ਾਂ ਦੀ ਜੀਵੰਤ ਪੇਸ਼ਕਾਰੀ ਰਾਹੀਂ ਇਨ੍ਹਾਂ 'ਮੂਰਤਾਂ' ਵਿਚੋਂ ਅਸੀਂ ਆਪਣੇ ਪਿੰਡਾਂ ਦੇ ਮੂੰਹ ਮੁਹਾਂਦਰੇ, ਵਿਰਸੇ ਤੇ ਸੰਸਕ੍ਰਿਤੀ ਦੇ ਰੂਬਰੂ ਹੁੰਦੇ ਹਾਂ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.

ਪਾ ਚਾਨਣ ਦੀ ਬਾਤ
ਸ਼ਾਇਰ : ਜਗਤਾਰ ਗਿੱਲ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ, ਬਠਿੰਡਾ
ਮੁੱਲ: 300 ਰੁਪਏ, ਸਫ਼ੇ : 112
ਸੰਪਰਕ-94647-80299

ਦੋਹਾ ਕਾਵਿ ਕਲਾ ਦਾ ਪੁਰਾਤਨ ਰੂਪ ਹੈ, ਜੋ ਆਪਣੀ ਸੰਖੇਪਤਾ ਕਰਕੇ ਵੱਡੀ ਗਿਣਤੀ ਵਿਚ ਲਿਖਿਆ ਤੇ ਪੜ੍ਹਿਆ ਗਿਆ ਹੈ। ਇਸ ਦੀਆਂ ਜੜ੍ਹਾਂ ਅਧਿਆਤਮਿਕਤਾ ਵਿਚ ਲੱਗੀਆਂ ਹਨ, ਪਰ ਹੁਣ ਇਸ ਦੀ ਛਾਂ ਸੀਮਤ ਥਾਂ ਨੂੰ ਛੱਡ ਕੇ ਬਿਨ ਸਿਰਨਾਵਿਓਂ ਥਾਵਾਂ ਤੀਕਰ ਪਹੁੰਚ ਗਈ ਹੈ। ਨਿਸਚਿਤ ਵਜ਼ਨ ਵਾਲੀ ਇਸ ਕਾਵਿ ਵਿਧਾ ਨੂੰ ਪੰਜਾਬੀਆਂ ਨੇ ਚਾਅ ਨਾਲ ਅਪਣਾਇਆ ਹੈ ਤੇ ਨਵੇਂ-ਨਵੇਂ ਦੋਹਾਕਾਰ ਸਾਹਮਣੇ ਆਏ ਹਨ। ਇਨ੍ਹਾਂ ਦੋਹਾਕਾਰਾਂ ਵਿਚ ਜਗਤਾਰ ਗਿੱਲ ਵੀ ਸ਼ਾਮਿਲ ਹੈ, ਜਿਸ ਨੇ ਦੋਹਿਆਂ ਨੂੰ ਆਪਣੀ ਨਵੀਂ ਪੁਸਤਕ 'ਪਾ ਚਾਨਣ ਦੀ ਬਾਤ' ਵਿਚ ਸਾਂਭਿਆ ਹੈ। ਇਸ ਪੁਸਤਕ ਨੂੰ ਸਰਬਜੀਤ ਸਿੰਘ ਸੰਧੂ ਨੇ ਸੰਪਾਦਿਤ ਕੀਤਾ ਹੈ, ਜੋ ਖ਼ੁਦ ਗ਼ਜ਼ਲਕਾਰ ਹਨ ਤੇ ਛੰਦ ਪ੍ਰਬੰਧ 'ਤੇ ਉਨ੍ਹਾਂ ਦੀ ਚੋਖੀ ਪਕੜ ਹੈ। 'ਪਾ ਚਾਨਣ ਦੀ ਬਾਤ' ਵਿਚ ਕੁੱਲ 495 ਦੋਹੇ ਸੰਕਲਿਤ ਹਨ। ਇਹ ਦੋਹੇ ਮਨੁੱਖੀ ਮਨ ਦੀਆਂ ਮਹੀਨ ਤਹਿਆਂ ਦਾ ਪ੍ਰਗਟਾਵਾ ਵੀ ਕਰਦੇ ਹਨ ਤੇ ਬੇਲਗ਼ਾਮ ਹੋਈ ਦਿੱਲੀ ਨਾਲ ਟਕਰਾਉਣ ਇੱਛਾ ਵੀ ਰੱਖਦੇ ਹਨ। ਇਨ੍ਹਾਂ ਵਿਚ ਕੈਨੇਡਾ ਵਿਚ ਬੇਰੀਆਂ ਤੋੜਦੇ ਜਵਾਨੀ ਤੇ ਬੁਢਾਪਾ ਵੀ ਹਨ ਤੇ ਪੰਜਾਬ ਵਿਚ ਦਮ ਤੋੜਦੀ ਕਿਸਾਨੀ ਵੀ ਹੈ। ਇਹ ਮਨੁੱਖੀ ਮਨ ਦੇ ਤਰਜ਼ਮਾਨ ਵੀ ਹਨ ਤੇ ਕੁਦਰਤ ਨਾਲ ਮੋਹ ਵੀ ਪਾਲਦੇ ਹਨ। 'ਬੇਮੁਖ ਹਕੂਮਤਾਂ', 'ਖੇਖਣਹਾਰੀ ਦਿੱਲੀ', 'ਧਰਤੀ', 'ਕਣਕਾਂ ਸੋਨੇ ਰੰਗੀਆਂ', 'ਖੇਤੀਂ ਕਣਕਾਂ ਪੱਕੀਆਂ', 'ਸੁੰਨੀਆਂ ਦਿਸਣ ਹਵੇਲੀਆਂ', 'ਮਾਵਾਂ ਰਾਤ ਨਾ ਸੌਂਦੀਆਂ' ਤੇ 'ਬੇਖ਼ਬਰੇ ਹਾਕਿਮ' ਨੂੰ ਸੰਬੋਧਿਤ ਦਰਜਨਾਂ ਦੋਹੇ ਇਸ ਪੁਸਤਕ ਵਿਚ ਛਪੇ ਮਿਲਦੇ ਹਨ। ਵੱਡੀ ਗੱਲ ਸ਼ਾਇਰ ਅੰਦਰ ਤੋਂ ਮਾਨਵਤਾ ਤੇ ਪੀੜਤ ਲੋਕਾਂ ਦੀ ਧਿਰ ਵਜੋਂ ਖਲੋਂਦਾ ਹੈ। ਧੁੰਦਲੇ ਤੇ ਢਾਹੂ ਵਿਚਾਰ ਇਨ੍ਹਾਂ ਦੋਹਿਆਂ ਵਿਚ ਨਜ਼ਰ ਨਹੀਂ ਆਉਂਦੇ ਤੇ ਨਾ ਹੀ ਸ਼ਾਇਰ ਲੋਕਾਂ ਨੂੰ ਮਜ਼ਹਬ ਤੇ ਜਾਤਾਂ ਵਿਚ ਉਲਝਾਉਂਦਾ ਹੈ। ਹਰ ਕਾਵਿ ਵੰਨਗੀ ਦਾ ਇਕ ਸੁਭਾਅ ਹੁੰਦਾ ਹੈ, ਦੋਹਾ ਕਾਵਿ ਵਿਧੀ ਸੂਖ਼ਮ ਮੰਨੀ ਜਾਂਦੀ ਹੈ, ਸਿੱਧਾ ਤੇ ਉਲਾਰ ਵਰਨਣ ਦੋਹੇ ਨਾਲ ਜ਼ਿਆਦਤੀ ਹੈ, ਜੋ ਇਸ ਪੁਸਤਕ ਵਿਚ ਕਿੱਧਰੇ-ਕਿੱਧਰੇ ਹੋਈ ਲਗਦੀ ਹੈ। ਅਭਿਆਸ ਕਲਮਕਾਰ ਨੂੰ ਹੋਰ ਊਰਜਾ ਦਿੰਦਾ ਹੈ। ਮੈਂ 'ਪਾ ਚਾਨਣ ਦੀ ਬਾਤ' ਦੇ ਸ਼ਾਇਰ ਜਗਤਾਰ ਗਿੱਲ ਦੀ ਪੁਸਤਕ ਤੋਂ ਸੰਤੁਸ਼ਟ ਹਾਂ, ਆਸ ਹੈ ਅਗਲੀ ਪੁਸਤਕ ਹੋਰ ਬਿਹਤਰ ਹੋਵੇਗੀ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਤਾਲ ਪ੍ਰਕਾਸ਼
ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98554-53539

ਸੰਗੀਤ ਨੂੰ ਰੂਹ ਦੀ ਗਜ਼ਾ ਕਿਹਾ ਜਾਂਦਾ ਹੈ, ਪੁਰਾਤਨ ਕਾਲ ਵਿਚ ਗਾਇਨ ਕਲਾ, ਵਾਦਨ ਕਲਾ ਅਤੇ ਨ੍ਰਿਤ ਕਲਾ ਦੇ ਸੁਮੇਲ ਨੂੰ ਸੰਗੀਤ ਮੰਨਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਕਲਾਵਾਂ ਦਾ ਪ੍ਰਦਰਸ਼ਨ ਇਕੱਠਾ ਹੀ ਕੀਤਾ ਜਾਂਦਾ ਸੀ। ਇਨ੍ਹਾਂ ਵਿਚ ਗਾਇਨ ਕਲਾ ਦੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਸੰਗੀਤ ਦਾ ਨਾਂਅ ਦਿੱਤਾ ਗਿਆ ਪਰ ਤਾਲ ਤੋਂ ਬਿਨਾਂ ਇਹ ਕੋਮਲ ਕਲਾਵਾਂ ਅਧੂਰੀਆਂ ਹਨ, ਕਿਉਂਕਿ ਤਾਲ ਦਾ ਸੰਗੀਤ ਨਾਲ ਅਨਿੱਖੜਵਾਂ ਸੰਬੰਧ ਹੈ। ਪੰਜਾਬੀ ਭਾਸ਼ਾ ਵਿਚ ਤਾਲ ਬਾਰੇ ਪੁਸਤਕਾਂ ਦੀ ਕਾਫ਼ੀ ਘਾਟ ਹੈ, ਜਿਸ ਨੂੰ ਮਹਿਸੂਸ ਕਰਦਿਆਂ ਡਾ. ਰਣਜੀਤ ਸਿੰਘ ਨੇ ਸੰਗੀਤ ਦੇ ਵਿਦਿਆਰਥੀ ਦੇ ਸਿਲੇਬਸ ਅਨੁਸਾਰ ਇਸ ਪੁਸਤਕ ਦੀ ਰਚਨਾ ਕੀਤੀ ਹੈ, ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਲੇਖਕ ਨੇ ਗੁਰਮਤਿ ਸੰਗੀਤ ਅਤੇ ਹਿੰਦੋਸਤਾਨੀ ਸੰਗੀਤ ਦੇ ਖੇਤਰ ਵਿਚ ਉੱਚ-ਵਿੱਦਿਆ ਪ੍ਰਾਪਤ ਕੀਤੀ ਹੈ। ਪੁਸਤਕ ਦੇ ਆਰੰਭ ਵਿਚ ਉਸ ਨੇ ਤਬਲੇ ਦਾ ਚਿੱਤਰ ਦੇ ਕੇ ਇਸ ਦੇ ਵੱਖ-ਵੱਖ ਅੰਗਾਂ 'ਤੇ ਰੌਸ਼ਨੀ ਪਾਈ ਹੈ। ਉਪਰੰਤ ਸੰਗੀਤ ਅਤੇ ਲੈਅ, ਤਬਲੇ ਦੀ ਉਤਪਤੀ, ਤਬਲਾ ਮਿਲਾਉਣ ਦੇ ਢੰਗ, ਤਾਲ ਨਾਲ ਸੰਬੰਧਿਤ ਪ੍ਰੀਭਾਸ਼ਿਕ ਸ਼ਬਦ ਅਤੇ ਸਿੱਖਿਆਰਥੀਆਂ ਲਈ ਵਡਮੁੱਲੇ ਸੁਝਾਅ ਦਿੱਤੇ ਹਨ। ਇਸ ਤੋਂ ਛੁੱਟ ਲੈਅਕਾਰੀਆਂ ਅਤੇ ਵੱਖ-ਵੱਖ ਪ੍ਰਚੱਲਿਤ ਤਾਲਾਂ ਅਤੇ ਉਨ੍ਹਾਂ ਦੀਆਂ ਕਿਸਮਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਹੈ। ਲੇਖਕ ਨੇ ਕੁਝ ਅਪ੍ਰਚਲਿਤ ਤਾਲਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਵੇਂ ਪਸ਼ਤੋ, ਮਤਤਾਲ, ਫਰੋਦਸਤ, ਗਜਝੰਪਾ, ਸਿਖਰ, ਯਤੀਤਾਲ, ਆਨੰਦ, ਬਿਲਹੰਸ, ਨਾਰਾਇਣੀ, ਊਂਟਾ, ਰੁਦਰ, ਖੇਮਟਾ, ਪੰਚਮ ਸਵਾਰੀ, ਇਕਵਾਈ, ਸਰਸਵਤੀ, ਤ੍ਰਿਵੇਣੀ, ਵਿਸ਼ਣੂ ਤਾਲ ਆਦਿ। ਗੁਰਮਤਿ ਸੰਗੀਤ ਪਰੰਪਰਾ ਵਿਚ ਵਰਨਣ ਕੀਤਾ ਪਉੜੀ ਤਾਲ ਦਾ ਨਾਂਅ ਹਿੰਦੋਸਤਾਨੀ ਸੰਗੀਤ ਪੱਧਤੀ ਵਿਚ ਨਹੀਂ ਮਿਲਦਾ। 'ਆਸਾ ਦੀ ਵਾਰ' ਵਿਚ ਪਉੜੀ ਦਾ ਗਾਇਨ ਕਰਨ ਲਈ ਇਹ ਤਾਲ ਵਜਾਇਆ ਜਾਂਦਾ ਹੈ। ਇਸ ਦੀਆਂ ਚਾਰ ਮਾਤਰਾਵਾਂ ਹੁੰਦੀਆਂ ਹਨ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

18-11-2023

 ਚਾਨਣੀ ਦੇ ਦੇਸ ਵਿਚ
(ਅਰਤਿੰਦਰ ਸੰਧੂ ਦੀ ਚੋਣਵੀਂ ਪ੍ਰਗੀਤਕ ਕਵਿਤਾ)
ਸੰਪਾ: ਡਾ. ਮੋਹਨ ਸਿੰਘ ਤਿਆਗੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98144-79150

ਵਿਚਾਰਧੀਨ ਕਾਵਿ-ਪੁਸਤਕ ਸਾਹਿਤਕ ਮੈਗਜ਼ੀਨ 'ਏਕਮ' ਦੀ ਸੰਪਾਦਕਾ ਅਰਤਿੰਦਰ ਸੰਧੂ ਦੀਆਂ ਤਿੰਨ ਕਾਵਿ-ਪੁਸਤਕਾਂ (ਸ਼ੀਸ਼ੇ ਦੀ ਜੂਨ, ਆਪਮੇ ਤੋਂ ਆਪਣੇ ਤੱਕ, ਮਨ ਦਾ ਮੌਸਮ) ਵਿਚੋਂ 82 ਪ੍ਰਗੀਤ ਚੁਣ ਕੇ, ਡਾ. ਮੋਹਨ ਤਿਆਗੀ ਨੇ 'ਚਾਨਣੀ ਦੇ ਦੇਸ ਵਿਚ' ਨਾਮਕਰਨ ਹੇਠ ਪ੍ਰਕਾਸ਼ਿਤ ਕਰਵਾਈ ਹੈ। ਅਸਤਿੱਤਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ ਪ੍ਰਗੀਤਾਂ ਦੀ ਇਹ ਪੁਸਤਕ 'ਹੋਂਦ ਅਤੇ ਹੋਣੀ' (ਬੀਇੰਗ ਐਂਡ ਬੀਕਮਿੰਗ) ਦੀ ਕਵਿਤਾ ਦੇ ਅੰਤਰਗਤ ਵਿਚਾਰੇ ਜਾਣ ਦੇ ਯੋਗ ਹੈ ਜਾਂ ਕਹੋ ਵਿਲੀਅਮ ਵਰਡਜ਼ਵਰਥ ਦੀ ਪਰਿਭਾਸ਼ਾ ਅਨੁਸਾਰ 'ਓਵਰ ਫਲੋਅ ਆਫ਼ ਪਾਵਰਫੁਲ ਫੀਲਿੰਗਜ਼' ਦੇ ਪ੍ਰਗੀਤਾਂ ਦਾ ਸੰਗ੍ਰਹਿ ਹੈ। ਪ੍ਰਗੀਤਾਂ ਵਿਚ ਕਾਵਿ-ਨਾਇਕਾਂ (ਪੋਇਟਿਕ ਆਈ) ਅਰਥਾਤ 'ਕਾਵਿ-ਮੈਂ' ਆਪਣੇ ਸਵੈ 'ਤੇ ਕੇਂਦਰਿਤ ਰਹਿੰਦੀ ਹੋਈ ਉੱਤਮ ਪੁਰਖੀ ਸ਼ੈਲੀ ਵਿਚ ਆਪਣੇ ਤਿੱਖੇ ਬੇਕਾਬੂ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੀ ਹੋਈ ਅਰੁਕ ਨਦੀ ਵਾਂਗ ਵਹਿੰਦੀ ਚਲੀ ਜਾਂਦੀ ਹੈ। ਜ਼ਿੰਦਗੀ ਅਤੇ ਜ਼ਿੰਦ ਦਰਮਿਆਨ ਕੰਪਨ ਵਿਚ ਰਹਿੰਦੀ ਹੋਈ, ਆਸ਼ਾ ਅਤੇ ਨਿਰਾਸ਼ਾ ਦੋਵਾਂ ਸਿਖਰਾਂ ਵਿਚਕਾਰ ਜੂਝਦੀ ਹੈ। ਉਸ ਨੂੰ ਵਿਅਕਤੀਗਤ ਹੋਂਦ ਦੀਆਂ ਵਿਭਿੰਨ ਪ੍ਰਸਥਿਤੀਆਂ ਦਾ ਅਹਿਸਾਸ ਹੈ। ਆਪਣੇ ਭਾਵਾਂ ਦੀ ਅਭਿਵਿਅਕਤੀ ਲਈ ਸੂਖਮ ਅਤੇ ਸਥੂਲ ਦੋਵੇਂ ਤਰ੍ਹਾਂ ਦੇ ਬਿੰਬਾਂ ਦਾ ਸਹਿਜ ਪ੍ਰਯੋਗ ਕਰਦੀ ਹੈ। ਸੂਖਮ ਮਸਲਨ : ਸੋਚ, ਉਦਾਸੀ, ਖਿਆਲ, ਹਵਾ, ਸਾਹ, ਹੌਂਕੇ, ਸੁਪਨੇ ਆਦਿ। ਸਥੂਲ ਮਸਲਨ : ਨਦੀਆਂ, ਸੂਰਜ, ਚੰਦ, ਤਾਰੇ, ਅੰਬਰ, ਪੱਥਰ, ਫੁੱਲ, ਪਾਣੀ, ਫੱਗਣ, ਸਾਵਣ ਆਦਿ ਰੁੱਤਾਂ। ਕਦੀ ਉਸ ਦਾ ਅਸਤਿਤਵ ਬੁਲੰਦ ਹੋ ਜਾਂਦਾ ਹੈ, ਕਦੀ ਉਹ ਹੋਂਦ-ਹੀਣ ਮਹਿਸੂਸ ਕਰਦੀ ਹੈ। 'ਕਾਵਿ-ਮੈਂ ਦਾ ਅਸਤਿਤਵ ਪ੍ਰਗੀਤਾਂ ਪਿੱਛੇ ਲੁਕਣ-ਮੀਟੀ ਖੇਡਦਾ ਵਿਖਾਈ ਦਿੰਦਾ ਹੈ। ਅਰਤਿੰਦਰ ਸੰਧੂ ਦੀ ਅੰਤਰੀਵੀ ਭਾਵਨਾ ਉਭਰ ਕੇ ਸਾਹਮਣੇ ਆ ਜਾਂਦੀ ਹੈ। ਆਮ ਕਰਕੇ ਉਸ ਦੇ ਪ੍ਰਗੀਤਾਂ ਵਿਚ ਇਕੱਲੇ ਵਿਚਾਰ, ਭਾਵਨਾ ਅਤੇ ਸਥਿਤੀ ਮੂੰਹ ਚੜ੍ਹ ਕੇ ਬੋਲਦੀ ਹੈ। ਪ੍ਰਭਾਵ ਦੀ ਏਕਤਾ ਇਨ੍ਹਾਂ ਪ੍ਰਗੀਤਾਂ ਦਾ ਮੁੱਖ ਲੱਛਣ ਹੈ। ਬਣਤਰ ਅਤੇ ਬੁਣਤਰ ਵਿਚ ਸੁਰ, ਤਾਲ ਅਤੇ ਸੰਗੀਤਾਤਮਿਕਤਾ ਉਪਲਬਧ ਹੈ। ਪ੍ਰਗੀਤਾਂ ਦੀ ਭਾਵ ਭੂਮੀ ਲਛਮਣ ਰੇਖਾ ਵਿਚ ਰਹਿੰਦੀ ਹੈ। ਕਿਧਰੇ-ਕਿਧਰੇ ਨਾਟਕੀਅਤਾ ਦੇ ਸੰਵਾਦ ਹਾਜ਼ਰ ਹੋ ਜਾਂਦੇ ਹਨ। ਪ੍ਰਗੀਤਾਂ ਵਿਚ ਫਰੀਕੁਐਂਸੀ/ ਬਾਰੰਬਬਾਰਤਾ/ ਟੇਕ/ ਆਵਿਤੀ ਵਿਦਮਾਨ ਹੈ। ਪ੍ਰਗੀਤ ਜਿਸ ਵਿਚਾਰ ਨਾਲ ਆਰੰਭ ਹੁੰਦੇ ਹਨ, ਉਸੇ ਨਾਲ ਸਮਾਪਤ ਹੁੰਦੇ ਹਨ। ਅਸਤਿਤਵਾਦ 'ਮੈਂ ਵਾਟ' ਨਹੀਂ ਹੁੰਦਾ। ਇਹ ਦੂਜਿਆਂ ਨਾਲ ਸੰਵਾਦ ਰਚਾ ਕੇ ਪ੍ਰਤੱਖ ਹੁੰਦਾ ਹੈ। ਕਾਵਿ-ਨਾਇਕਾ ਬਿੰਬਾਂ ਦਾ ਪ੍ਰਯੋਗ ਕਰ ਕੇ ਆਪਣੀ ਹੋਂਦ ਉਜਾਗਰ ਕਰਦੀ ਹੈ। ਇਥੋਂ ਤੱਕ ਕਿ ਉਹ ਆਪਣੇ ਆਪ ਨਾਲ ਵੀ ਸੰਵਾਦ ਰਚਾਉਂਦੀ ਹੈ। ਰਤਾ ਵੇਖੋ :
ਬਹੁਤ ਸਾਰੀ ਬਹਿਸ ਵਿਚ ਹੁੰਦੀ ਸੀ
ਜਦ ਕਦੀ ਵੀ ਆਪ ਆਪਣੇ ਨਾਲ ਬੈਠੇ। (ਪੰਨਾ : 144)
ਗੁਰੂ ਨਾਨਕ ਦੇਵ ਜੀ ਬਾਣੀ ਤੋਂ ਪ੍ਰਭਾਵਿਤ ਹੈ, ਕਵਿ-ਨਾਇਕਾ। ਮਾਂ-ਬੋਲੀ ਨੂੰ ਪਿਆਰ ਕਰਦੀ ਹੈ। ਬੇਸ਼ੱਕ ਕਈ ਪ੍ਰਗੀਤਾਂ ਵਿਚ ਹੈ ਮਲਟ-ਨੁਮਾ ਹੋ ਜਾਂਦੀ ਹੈ। ਦੁਚਿੱਤੀ ਵਿਚ ਪੈ ਜਾਂਦੀ ਹੈ। ਵੱਖ-ਵੱਖ ਪ੍ਰਾਕ੍ਰਿਤਕ ਵਸਤੂਆਂ ਨੂੰ ਸੰਬੋਧਨ/ਮੁਖਾਤਿਬ ਹੁੰਦੀ ਹੈ। ਆਪਣੀ ਖ਼ੁਦੀ ਦੇ ਅਕਸ ਨੂੰ ਬਾਖੂਬੀ ਪਹਿਚਾਣਦੀ ਹੈ:
ਸਿਰਜਕ ਹਾਂ ਕੁਦਰਤ ਦੀ ਤਰ੍ਹਾਂ
ਰੰਗਾਂ ਦੀ ਰਚਣਹਾਰ ਵੀ
ਮੈਂ ਹੀ ਸੂਰਜਾਂ ਦੀ ਕੁੱਖ ਹਾਂ
ਖ਼ੁਦ ਜ਼ਿੰਦਗੀ ਦਾ ਮਿਜਾਜ਼ ਹਾਂ। (ਪੰਨਾ : 116)

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਮਹਿਫੂਜ਼ ਪਲ
ਲੇਖਕ : ਐੱਸ. ਬਲਵੰਤ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼ ਦਿੱਲੀ
ਮੁੱਲ : 500 ਰੁਪਏ, ਸਫ਼ੇ : 420
ਸੰਪਰਕ : 011-26802488

ਐਸ. ਬਲਵੰਤ ਪੁਸਤਕ ਪ੍ਰਕਾਸ਼ਨ ਦੇ ਭਾਰਤੀ ਪਰਿਪੇਖ ਦਾ ਇਕ ਸ਼ਹਿਨਸ਼ਾਹ ਰਿਹਾ ਹੈ। ਉਹ ਆਪਣੇ ਪਰਿਵਾਰ ਸਮੇਤ 1947 ਈ. ਵਿਚ ਲਾਇਲਪੁਰ ਤੋਂ ਹਿਜਰਤ ਕਰ ਕੇ ਇਧਰ ਜਲੰਧਰ ਪਹੁੰਚਾ ਸੀ। ਚੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਖਿੱਚ ਉਸ ਨੂੰ ਦਿੱਲੀ ਲੈ ਆਈ। ਕੁਝ ਸਮਾਂ ਉਸ ਨੇ 'ਪੀਪਲ ਬੁੱਕ ਸੈਂਟਰਜ਼' ਨੂੰ ਲੀਹਾਂ ਉੱਪਰ ਪਾਉਣ ਲਈ ਚੰਡੀਗੜ੍ਹ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਵੀ ਗੁਜ਼ਾਰਿਆ। ਬਾਅਦ ਵਿਚ 'ਅਜੰਤਾ ਪਬਲਿਸ਼ਰਜ਼' ਦੇ ਮੰਚ ਤੋਂ ਉਸ ਨੇ ਅੰਗਰੇਜ਼ੀ ਵਿਚ ਭਾਰਤ ਦੇ ਵਿਖਿਆਤ ਚਿੰਤਕਾਂ (ਐਮ.ਐਨ. ਰਾਯ, ਪ੍ਰੋ. ਰਣਧੀਰ ਸਿੰਘ ਅਤੇ ਰਜਨੀ ਕੋਠਾਰੀ ਆਦਿ) ਨੂੰ ਵੀ ਪ੍ਰਕਾਸ਼ਿਤ ਕੀਤਾ। ਵਿਦੇਸ਼ਾਂ ਤੱਕ ਉਸ ਦੇ ਅਦਾਰੇ 'ਅਜੰਤਾ ਪਬਲਿਸ਼ਰਜ਼' ਦੀ ਧੁੰਮ ਰਹੀ।ਉਸ ਨੂੰ ਇਹ ਪਤਾ ਸੀ ਕਿ ਭਾਰਤੀ ਪਾਠਕਾਂ (ਗਾਹਕਾਂ) ਨੂੰ ਕਿਹੜੀ ਪੁਸਤਕ ਚਾਹੀਦੀ ਹੈ ਅਤੇ ਉਸ ਪੁਸਤਕ ਨੂੰ ਕਿਵੇਂ ਵੇਚਣਾ ਹੈ। ਕੀ ਕੋਈ ਸੋਚ ਸਕਦਾ ਹੈ ਕਿ ਕਾਰਲ ਮਾਰਕਸ ਦੀ 'ਦਾਸ ਕੈਪੀਟਲ' ਵਰਗੀ ਮੁਸ਼ਕਿਲ ਅਤੇ ਸਿਧਾਂਤਕ ਪੁਸਤਕ (ਤਿੰਨ ਜਿਲਦਾਂ) ਨੂੰ ਬੱਸਾਂ ਵਿਚ 'ਹਾਕਰਾਂ' ਦੁਆਰਾ ਵੀ ਵੇਚਿਆ ਜਾ ਸਕਦਾ ਹੈ? ਪਰ ਉਸ ਨੇ ਅਜਿਹਾ ਕਾਰਨਾਮਾ ਵੀਕਰ ਦਿਖਾਇਆ। ਇਹ ਪੁਸਤਕ ਜਲੰਧਰ ਤੋਂ ਨਿਕਲਣ ਵਾਲੀਆਂ ਪੰਜਾਬੀ ਅਖ਼ਬਾਰਾਂ (ਵਿਸ਼ੇਸ਼ ਕਰ 'ਨਵਾਂ ਜ਼ਮਾਨਾ') ਦੀ ਪੱਤਰਕਾਰੀ ਬਾਰੇ ਵੀ ਗੰਭੀਰ ਟਿੱਪਣੀਆਂ ਕਰਦੀ ਹੈ। ਆਨੰਦ, ਸੁਰਜਨ ਜ਼ੀਰਵੀ, ਅੰਮ੍ਰਿਤ ਜ਼ੀਰਵੀ, ਸ਼ੁਕੀਨ ਸਿੰਘ, ਦਲਬੀਰ ਸਿੰਘ, ਸਤਨਾਮ ਚਾਨਾ ਅਤੇ ਬੰਤ ਬਰਾੜ ਆਦਿਕ ਦਾ ਭਰਪੂਰ ਜ਼ਿਕਰ ਹੋਇਆ। ਚੰਡੀਗੜ੍ਹ ਦੇ ਕੁਝ ਹੋਰ ਦੋਸਤਾਂ ਵਿਚ ਕੁਮਾਰ ਵਿਕਲ, ਅਮਿਤੋਜ, ਲੋਕਨਾਥ, ਰਣਜੀਤ ਬਾਜਵਾ, ਸੀਤਲ ਦਾਸ, ਗੌਤਮ ਵਰਗੇ ਮਿੱਤਰਾਂ ਨਾਲ ਬਿਤਾਏ ਖ਼ੂਬਸੂਰਤ ਪਲਾਂ ਦਾ ਜ਼ਿਕਰ ਹੋਇਆ ਹੈ। ਇਹ ਪੁਸਤਕ ਇਕ ਵੱਖਰੀ ਭਾਂਤ ਦੀ ਸਵੈ-ਜੀਵਨੀ ਹੈ। ਲੇਖਕ ਜਾਣਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਜੀਵਨ ਸ਼ਾਮਿਲ ਹੁੰਦਾ ਹੈ ਅਤੇ ਅਜਿਹੇ ਸਹਿਯੋਗੀ ਲੋਕਾਂ ਦਾ ਜੀਵਨ ਹੀ ਕਿਸੇ ਸ਼ਖ਼ਸ ਦੇ ਜੀਵਨ ਨੂੰ ਪ੍ਰਮਾਣਿਕ ਬਣਾਉਂਦਾ ਹੈ। ਪੰਜਾਬੀ ਪੱਤਰਕਾਰਿਤਾ ਦੇ ਕਈ ਪ੍ਰਸਿੱਧ ਨਾਂਅ ਸਾਧੂ ਸਿੰਘ ਹਮਦਰਦ, ਬਰਜਿੰਦਰ ਸਿੰਘ ਹਮਦਰਦ, ਸ਼ਾਦੀ ਸਿੰਘ, ਅਮਰ ਸਿੰਘ ਦੁਸਾਂਝ ਦਾ ਜ਼ਿਕਰ-ਏ-ਖ਼ੈਰ ਹੈ। ਐਸ. ਬਲਵੰਤ ਪੁਸਤਕ ਪ੍ਰਕਾਸ਼ਨ ਅਤੇ ਵਿਤਰਣ ਦੇ ਖੇਤਰ ਵਿਚ ਇਕ ਬਹੁਤ ਵੱਡਾ ਨਾਂਅ ਹੈ। ਅਫ਼ਸੋਸ! ਕਿ ਹੁਣ ਉਸ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਵਾਸਤੇ ਇਕ ਵੀ ਸ਼ਖ਼ਸ ਨਹੀਂ। ਮੈਂ ਪੰਜਾਬੀ ਵਿਚ ਇਹੋ ਜਿਹੀਆਂ ਮੁੱਲਵਾਨ ਅਤੇ ਅਰਥਪੂਰਨ ਬਹੁਤ ਘੱਟ ਕਿਤਾਬਾਂ ਪੜ੍ਹੀਆਂ, ਦੇਖੀਆਂ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਸੂਫ਼ੀਆਨਾ ਰਹੱਸ ਅਨੁਭੂਤੀ
ਲੇਖਕ : ਡਾ. ਭਗਵੰਤ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 150
ਸੰਪਰਕ : 98148-51500

ਇਸ ਪੁਸਤਕ ਵਿਚ ਫ਼ਕੀਰ ਈਸ਼ਵਰਦਾਸ ਸ਼ਾਹ ਗੁਲਾਮ ਅਲਮਸਤ ਜੀ ਦੀਆਂ ਸੂਫ਼ੀਆਨਾ ਰਚਨਾਵਾਂ ਦਾ ਆਲੋਚਨਾਤਮਿਕ ਅਧਿਐਨ ਪੇਸ਼ ਕੀਤਾ ਗਿਆ ਹੈ। ਫ਼ਕੀਰ ਜੀ ਦਾ ਜਨਮ ਗੁਰੂ ਘਰ ਤੋਂ ਵਰੋਸਾਏ ਭਾਈ ਭਗਤੂ ਜੀ ਦੀ ਤੇਰ੍ਹਵੀਂ ਪੀੜ੍ਹੀ ਵਿਚ ਹੋਇਆ। ਆਪ ਨੇ ਧਰਮ, ਦਰਸ਼ਨ, ਇਤਿਹਾਸ, ਮਿਥਿਹਾਸ ਅਤੇ ਰਾਜਨੀਤੀ ਦਾ ਅਧਿਐਨ ਕੀਤਾ। ਕਠਿਨ ਸਾਧਨਾਂ ਅਤੇ ਗੰਭੀਰ ਚਿੰਤਨ ਉਪਰੰਤ ਆਪ ਨੂੰ ਰੂਹਾਨੀ ਅਨੁਭਵ ਨਸੀਬ ਹੋਏ। ਪਹਿਲਾਂ ਇਨ੍ਹਾਂ ਨੇ ਦੁਨਿਆਵੀ ਪੜ੍ਹਾਈ, ਨੌਕਰੀ ਅਤੇ ਦਸਤਾਵੇਜ਼ੀ ਫ਼ਿਲਮਾਂ ਕੀਤੀਆਂ ਪਰ ਫਿਰ ਦੁਨੀਆਦਾਰੀ ਤੋਂ ਮਨ ਉਚਾਟ ਹੋ ਗਿਆ। ਇਕ ਦਿਨ ਅਚਾਨਕ ਹੀ ਅਧਿਆਤਮਿਕਤਾ ਦਾ ਸਿਖ਼ਰਲਾ ਅਨੁਭਵ ਹੋਇਆ ਅਤੇ ਆਕਾਸ਼ਵਾਣੀ ਹੋਈ ਕਿ ਗਿਆਨ ਹੀ ਮੋਕਸ਼ ਹੈ। ਇਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਪੀਰਾਂ-ਫ਼ਕੀਰਾਂ, ਸਾਈਂ ਲੋਕਾਂ ਦੀ ਸੂਫ਼ੀਆਨਾ ਰਹੱਸ ਅਨੁਭੂਤੀ ਪ੍ਰਾਪਤ ਕੀਤੀ। ਸ਼ਾਸਤਰੀ ਸੰਗੀਤ ਸਿੱਖਿਆ, ਵਿਦੇਸ਼ਾਂ ਦੀ ਯਾਤਰਾ ਕੀਤੀ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ 30 ਕਿਤਾਬਾਂ ਲਿਖੀਆਂ। ਡੂੰਘੀਆਂ ਰਮਜ਼ਾਂ ਵਾਲੀਆਂ ਰਹੱਸਮਈ ਕਵਿਤਾਵਾਂ ਲਿਖੀਆਂ ਜਿਵੇਂ:
ਅਜੀਬ ਦਾਸਤਾਂ ਹੈ ਯੇ
ਹੈ ਨਹੀਂ, ਨ ਹਮ ਹੋਂਗੇ
ਯਾ ਰਬ, ਨਾ ਤੁਮਸੇ ਜੁਦਾ ਥੇ
ਨਾ ਹੈਂ, ਨਾ ਹੀ ਹੋਂਗੇ।
ਇਹ ਖ਼ਾਸ ਹੋ ਕੇ ਆਮ ਵਾਂਗ ਰਹਿ ਰਹੇ ਹਨ। ਆਪ ਨਿਰਮਲ ਪੰਚਾਇਤੀ ਅਖਾੜੇ ਦੇ ਮਹਾਂਮੰਡਲੇਸ਼ਵਰ ਹਨ। ਇਸ ਪੁਸਤਕ ਵਿਚ ਉੱਘੇ ਲੇਖਕਾਂ ਨੇ ਆਪ ਬਾਰੇ ਆਪਣੇ ਨਜ਼ਰੀਏ ਪੇਸ਼ ਕੀਤੇ ਹਨ। ਉਨ੍ਹਾਂ ਨੂੰ ਕਈ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਗਿਆ ਹੈ ਜਿਵੇਂ ਰੱਬ ਨਾਲ ਸਿੱਧਾ ਨਾਤਾ ਜੋੜਨ ਵਾਲਾ ਫ਼ਕੀਰ, ਸੂਫ਼ੀ ਮਾਰਗ ਦਾ ਸ਼ਾਹ ਸਵਾਰ, ਸੂਫ਼ੀਆਨਾ ਰੀਤ ਦਾ ਬੇਮਿਸਾਲ ਸ਼ਾਇਰ, ਮੁਕਤੀ-ਬੋਧ ਦਾ ਪ੍ਰਵਚਨਕਾਰ ਆਦਿ। ਆਪ ਦੀ ਕਵਿਤਾ ਵਿਚ ਪਰਮ ਪ੍ਰਕਾਸ਼ ਦਾ ਅਨੁਭਵ ਹੈ। ਆਪ ਦੀਆਂ ਰਚਨਾਵਾਂ ਅਧਿਆਤਮਿਕ ਚੇਤਨਾ ਅਤੇ ਮਨੁੱਖੀ ਏਕਤਾ ਦੇ ਭਾਵ ਜਾਗ੍ਰਿਤ ਕਰਦੀਆਂ ਹਨ। ਇਸ ਅਨਮੋਲ ਰੂਹਾਨੀ ਅਨੁਭਵਾਂ ਦੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਬੇਜ਼ੁਬਾਨ ਅੱਖਰ
ਲੇਖਿਕਾ : ਗਗਨਦੀਪ ਸ਼ਰਮਾ (ਯੂ. ਕੇ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : gagandeepbooks@gmail.com

ਲੇਖਿਕਾ ਗਗਨਦੀਪ ਸ਼ਰਮਾ ਦੇ ਹਥਲੇ ਕਾਵਿ-ਸੰਗ੍ਰਹਿ ਤੋਂ ਇਸ ਗੱਲ ਦਾ ਝਲਕਾਰਾ ਪੈਂਦਾ ਹੈ ਕਿ ਪੰਜਾਬੋਂ ਜਾ ਕੇ ਯੂ.ਕੇ. ਵਸ ਗਈ ਇਹ ਲੇਖਿਕਾ ਭਾਵੇਂ ਬਹੁਤ ਜ਼ਿਆਦਾ ਮੰਝੀ ਹੋਈ ਕਵਿੱਤਰੀ ਤਾਂ ਨਹੀਂ ਹੈ ਪਰ ਇਸ ਪੁਸਤਕ ਵਿਚ ਉਸ ਵਲੋਂ ਜੋ ਕਾਵਿ ਰੰਗ ਪੇਸ਼ ਕੀਤਾ ਗਿਆ ਹੈ, ਉਸ ਤੋਂ ਲਗਦਾ ਹੈ ਕਿ ਕਾਵਿ ਲੇਖਣੀ 'ਚ ਬੁਹਤ ਵੱਡਾ ਰੁਤਬਾ ਰੱਖਣ ਦੇ ਯੋਗ ਹੈ। 'ਬੇਜ਼ੁਬਾਨ ਅੱਖਰ' ਤੋਂ ਪਹਿਲਾਂ ਵੀ ਉਸ ਨੇ ਇਕ ਕਾਵਿ ਸੰਗ੍ਰਹਿ ਤੇ 'ਕਹਾਣੀ ਸੰਗ੍ਰਹਿ' ਸਾਹਿਤ ਪ੍ਰੇਮੀਆਂ ਦੀ ਝੋਲੀ ਪਾਏ ਹਨ। ਜ਼ਿਕਰਯੋਗ ਹੈ ਕਿ 64 ਸਫ਼ਿਆਂ ਉੱਪਰ 45 ਛੋਟੀਆਂ-ਵੱਡੀਆਂ ਕਵਿਤਾਵਾਂ ਹਨ। ਕੁਝ ਕੁ ਤਾਂ ਚਾਰ-ਪੰਜ ਲਾਈਨਾਂ ਦੇ ਸ਼ੇਅਰ ਹੀ ਹਨ। ਜਿਸ ਤਰ੍ਹਾਂ ਡਰ, ਰੇਪ, ਸਬਰ, ਅੱਥਰੂ, ਚੁੱਪ, ਖ਼ੂਨ ਦੇ ਰਿਸ਼ਤੇ, ਖੁਆਹਿਸ਼, ਮੇਲ, 'ਕਹਾਣੀ' ਆਦਿ। ਇਨ੍ਹਾਂ ਛੋਟੀਆਂ ਕਵਿਤਾਵਾਂ 'ਚ ਬਹੁਤ ਵੱਡਾ ਸੁਨੇਹਾ ਛੁਪਿਆ ਹੋਇਆ ਹੈ। ਜਿਸ ਤਰ੍ਹਾਂ ਸਫ਼ਾ 20 'ਤੇ 'ਡਰ' ਦੀਆਂ ਸਿਰਫ਼ ਤਿੰਨ ਲਾਈਨਾਂ ਇਸ ਤਰ੍ਹਾਂ ਹਨ:
'ਜ਼ਿੰਦਗੀ ਜਿਊਣੀ ਬਹੁਤ ਔਖੀ ਹੈ'
ਇਸ ਲਈ
ਖ਼ੁਦਕੁਸ਼ੀ ਕਰਨ ਜਾ ਰਿਹਾ ਹੈ ਮੇਰਾ ਡਰ।'
ਅਤੇ ਸਫ਼ਾ 34 'ਤੇ 'ਸਬਰ' ਦੀਆਂ ਸਿਰਫ਼ ਦੋ ਲਾਈਨਾਂ:
'ਬੇਸਬਰਾ ਹੋ ਕੇ ਸਭ ਗੁਆ ਲਿਆ,
ਹੁਣ ਖਾਲੀ ਹੋ ਕੇ ਸ਼ੁਕਰ ਮਨਾ ਰਿਹਾ ਹਾਂ।'
ਸਫਾ : 3 'ਤੇ 'ਕਹਾਣੀ' ਦੀਆਂ ਵੀ ਸਿਰਫ਼ ਦੋ ਲਾਈਨਾਂ ਦਾ ਸ਼ੇਅਰ:
'ਇਕ ਕਹਾਣੀ ਪੂਰੀ ਪਈ ਏ,
ਪਰ ਅਧੂਰੀ ਪਈ ਏ।' ਆਦਿ-ਆਦਿ।
ਲੇਖਿਕਾ ਨੇ ਮਾਂ-ਬੋਲੀ ਕਵਿਤਾ ਵਿਚ ਪੰਜਾਬੋਂ ਬਾਹਰ ਜਾ ਕੇ ਵਸੇ ਪੰਜਾਬੀ ਦੀ ਗੱਲ 'ਪਰ ਤੂੰ ਬੇਗਾਨੀ ਜ਼ੁਬਾਨ 'ਤੇ ਡੁੱਲ ਗਿਆ, ਮੇਰੇ ਦਰਦ ਹਕੀਕੀ ਬਣ ਗਏ ਨੇ।' ਵਿਚ ਇਕ ਹੋਕੇ ਦਾ ਵਰਨਣ ਕੀਤਾ ਗਿਆ ਹੈ। ਇਸੇ ਕਵਿਤਾ ਵਿਚ 'ਕੋਈ ਬਾਹਰੋਂ ਪਿਆ ਮੈਨੂੰ ਢੋਲਦਾ ਹੈ ਨਾਲ ਵੱਖਰੇਵਾਂ ਮਹਿਸੂਸ ਹੁੰਦਾ ਹੈ। ਸਫ਼ਾ 12, 13 'ਤੇ 'ਪੰਜਾਬ' ਕਵਿਤਾ ਅਤੇ ਸਫ਼ਾ 25 'ਤੇ ਕਹਿਤਾ 'ਮੈਂ' ਵਿਚ ਪੰਜਾਬ ਦੀ ਮਿੱਟੀ ਦਾ ਮੋਹ ਦਰਸਾਉਂਦੀਆਂ ਕਵਿਤਾਵਾਂ ਹਨ ਜੋ ਵਧੀਆ ਨਿਭੀਆਂ ਹਨ। ਗੱਲ ਕੀ ਇਸ ਕਾਵਿ ਸੰਗ੍ਰਹਿ ਨਾਲ ਗਗਨਦੀਪ ਸ਼ਰਮਾ ਨੇ ਇਕ ਉਸਾਰੂ ਪੁਲਾਂਘ ਪੁੱਟੀ ਹੈ, ਜਿਸ ਲਈ ਉਸ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਅੱਗੇ ਤੋਂ ਵੀ ਉਸ ਤੋਂ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਉਮੀਦ ਕਰਦੇ ਹਾਂ।

-ਡੀ.ਆਰ. ਬੰਦਨਾ
ਮੋਬਾਈਲ : 94173-89003

ਰੁੱਖ-ਸਮਾਧੀ
ਲੇਖਕ : ਸ਼ਿਵ ਨਾਥ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 96538-70627

ਬੜਾ ਹੀ ਅਜੀਬ ਇਤਫ਼ਾਕ ਹੈ ਕਿ ਮੈਂ ਜਦੋਂ ਅਸਾਡੇ ਸ਼੍ਰੋਮਣੀ ਕਵੀ ਸ਼ਿਵ ਨਾਥ ਦੀ ਹਥਲੀ ਪੁਸਤਕ 'ਰੁੱਖ ਸਮਾਧੀ' ਪੜ੍ਹਨੀ ਸ਼ੁਰੂ ਕੀਤੀ ਤਾਂ ਉਸੇ ਸਮੇਂ ਖ਼ਬਰ ਆਈ ਕਿ ਸ਼ਾਇਰ 22 ਅਗਸਤ, 2023 ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ ਇਸ ਵੇਲੇ ਭਾਵੇਂ ਸਰੀਰ ਕਰਕੇ ਅਸਾਡੇ ਕੋਲ ਨਹੀਂ ਪਰ ਆਪਣੀਆਂ ਲਿਖੀਆਂ 20 ਕਿਤਾਬਾਂ ਨਾਲ ਪੰਜਾਬੀ ਪਾਠਕਾਂ ਦੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੇ। ਸ਼ਾਇਰ ਸਮਾਜਿਕ ਯਥਾਰਥ ਦੀਆਂ ਵਿਸੰਗਤੀਆਂ ਨੂੰ ਆਪਣੇ ਕਾਵਿ-ਪ੍ਰਵਚਨ ਦਾ ਵਾਹਨ ਬਣਾਉਂਦਾ ਹੈ। ਉਹ ਭਾਵੇਂ ਸਕੂਲੀ ਵਿੱਦਿਆ ਤੋਂ ਕੋਰਾ ਸੀ ਪਰ ਮਨੁੱਖ ਦੀਆਂ ਤੰਗੀਆਂ-ਤੁਰਸ਼ੀਆਂ ਤੇ ਦੁਸ਼ਵਾਰੀਆਂ ਨੂੰ ਸਮਝਣ ਲਈ ਉਸ ਕੋਲ ਬਰੀਕਬੀਨੀ ਦ੍ਰਿਸ਼ਟੀ ਸੀ, ਜਿਸ ਨੂੰ ਉਹ 85 ਸਾਲ ਦੀ ਉਮਰ ਤੱਕ ਕਵਿਤਾਉਂਦਾ ਰਿਹਾ। ਉਹ ਕਹਿੰਦਾ ਹੈ ਕਿ ਭਾਵੇਂ ਉਹ ਬੁੱਢਾ ਹੋ ਗਿਆ ਹੈ ਪਰ ਜਿਊਣ ਦੀ ਲੋਚਾ ਖ਼ਤਮ ਨਹੀਂ ਹੋਈ। ਉਹ ਸਿਧਾਰਥ ਤੋਂ ਬੁੱਧ ਬਣਨ ਤੱਕ ਦੇ ਵਿਵੇਕੀ ਸਫ਼ਰ ਨੂੰ ਬੜੀ ਹੀ ਖੁਰਦਬੀਨੀ ਅੱਖ ਨਾਲ ਪੜਚੋਲਦਾ ਹੈ। ਉਹ ਕਿਸਾਨੀ ਸੰਘਰਸ਼ ਦੀ ਜਿੱਤ ਦੇ ਲਹਿਰਾਉਂਦੇ ਪਰਚਮ ਨੂੰ ਦੇਖ ਕੇ ਬਾਗੋਬਾਗ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਭਗਵੇਂ ਬ੍ਰਿਗੇਡ ਦੀ ਸਰਕਾਰ ਨੇ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆ ਕੇ ਕਾਰਪੋਰੇਟ ਦੀ ਰਿਮੋਟ ਕੰਟਰੋਲ ਵਾਲੀ ਨੀਤੀ ਤੇ ਨੀਅਤ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਘਸਿਆਰੇ ਤੇ ਮਜ਼ਦੂਰ ਬਣਾਉਣ ਦੀਆਂ ਸਾਜ਼ਿਸ਼ਾਂ ਨੂੰ ਨੰਗਿਆ ਕਰ ਦਿੱਤਾ ਹੈ। ਉਹ ਕਹਿੰਦਾ ਹੈ ਕਿ ਭਗਤ ਸਿੰਘ ਵਰਗੀ ਪਗੜੀ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ। ਭਗਤ ਸਿੰਘ ਦੇ ਭੈਣ-ਭਰਾ ਤੇ ਰਿਸ਼ਤੇਦਾਰ ਉਹੀ ਹਨ, ਜੋ ਉਸ ਦੀ ਸੋਚ 'ਤੇ ਪਹਿਰਾ ਦਿੰਦੇ ਹਨ। ਉਹ ਸਮੇਂ ਦੀ ਸਰਕਾਰ 'ਤੇ ਤਨਜ਼ ਵੀ ਕੱਸਦਾ ਹੈ, ਜੋ ਸਾਵਰਕਰ ਨੂੰ ਦੇਸ਼ ਭਗਤ ਤੇ ਸੱਚਾ ਦੇਸ਼ ਭਗਤ ਸਮਝਦੇ ਹਨ, ਦਰਅਸਲ ਉਹ ਵੱਡਾ ਗੱਦਾਰ ਸੀ ਜੋ ਮੁਆਫ਼ੀਨਾਮੇ ਦੀਆਂ ਅੰਗਰੇਜ਼ ਸਰਕਾਰ ਨੂੰ ਚਿੱਠੀਆਂ ਲਿਖਦਾ ਰਿਹਾ। ਉਹ 'ਰਾਮ ਰਾਜ' ਨਜ਼ਮ ਵਿਚ ਕਹਿੰਦਾ ਹੈ, 'ਗਰਕ ਹੋ ਜਾਵੇ ਇਹ ਦੁਨੀਆ, ਭਸਮ ਹੋ ਜਾਏ ਨਿਆਂ, ਜਿਸ ਤੋਂ ਡਰ ਕੇ ਰਹਿ ਰਿਹਾ ਹੈ, ਇੱਟਾਂ ਗਾਰੇ ਦਾ ਮਕਾਨ', ਉਹ ਮੰਦਰਾਂ, ਮਸਜਿਦਾਂ, ਚਰਚਾਂ ਤੇ ਗੁਰਦੁਆਰਿਆਂ ਵਿਚ ਬੈਠੇ ਧਰਮ ਦੇ ਠੇਕੇਦਾਰਾਂ ਨੂੰ ਪਾਖੰਡ ਦੇ ਪੁਤਲੇ ਆਖਦਾ ਹੈ। ਉਹ ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਕੇਸਰ ਸਿੰਘ ਕੇਸਰ ਤੇ ਸੁਲਤਾਨਾ ਬੇਗਮ ਦੀਆਂ ਪ੍ਰਾਪਤੀਆਂ ਨੂੰ ਸਲਾਮ ਆਖਦਾ ਹੈ। ਉਹ ਦੇਸ਼ ਦੀ ਨਿਆਂਪਾਲਿਕਾ ਦੇ ਵੀ ਬਖੀਏ ਉਧੇੜਦਾ ਹੈ। ਜਿਥੇ ਇਨਸਾਫ਼ ਵੀ ਵਿਕਦਾ ਹੈ। ਸ਼ਿਵ ਨਾਥ ਜੀ ਦੀ ਇਸ ਗ਼ਜ਼ਲ ਦਾ ਤੁਸੀਂ ਵੀ ਆਨੰਦ ਮਾਣੋ:
'ਕੋਈ ਮਜ਼੍ਹਬ ਵੀ ਦੇ ਸਕਿਆ ਨਹੀਂ ਹੱਲੇ ਪਨਾਹ ਸਾਨੂੰ,
ਤਬਾਹ ਕਰਨਾ ਸੀ ਕੀਤਾ ਹਰ ਕਿਸੇ ਨੇ ਤਬਾਹ ਸਾਨੂੰ।
ਬੜਾ ਅਭਿਮਾਨ ਸੀ ਸਾਨੂੰ ਘਰਾਂ ਦੀ ਚੌਕਸੀ ਉੱਤੇ,
ਕਦੋਂ ਲੁੱਟੇ ਗਏ ਕੁਝ ਵੀ ਪਤਾ ਨਹੀਂ ਲੱਗਾ ਸਾਨੂੰ।'

-ਭਗਵਾਨ ਢਿੱਲੋਂ
ਮੋਬਾਈਲ : 098143-78254

ਬੱਤੀ ਬਲਦੀ ਹੈ
ਕਵੀ : ਰਣਜੀਤ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 88725-00350

ਰਣਜੀਤ ਦੀ ਇਹ ਕਵਿਤਾ ਦੀ ਕਿਤਾਬ ਪ੍ਰਥਮ ਹੈ। ਭਾਵੇਂ ਕਿ ਉਹ ਇਕ ਸਾਂਝੇ ਕਾਵਿ ਸੰਗ੍ਰਹਿ ਵਿਚ ਵੀ ਸ਼ਾਮਿਲ ਸੀ। ਹਥਲੀ ਪੁਸਤਕ 'ਬੱਤੀ ਬਲਦੀ ਹੈ' ਵਿਚ ਕਵੀ ਰਣਜੀਤ ਨੇ ਵੰਨ-ਸੁਵੰਨੀਆਂ ਰਚਨਾਵਾਂ ਪੇਸ਼ ਕੀਤੀਆਂ ਹਨ। ਕੁਝ ਕਵਿਤਾਵਾਂ ਹਨ ਜੋ ਸੰਖੇਪ ਹਨ ਅਤੇ ਕੁਝ ਗ਼ਜ਼ਲਾਂ ਵਰਗੀਆਂ ਨਜ਼ਮਾਂ ਹਨ। ਕੁੱਲ 63 ਰਚਨਾਵਾਂ ਹਨ। ਉਸ ਦੀਆਂ ਜੋ ਗ਼ਜ਼ਲ ਲਗਦੀਆਂ ਰਚਨਾਵਾਂ ਹਨ, ਉਨ੍ਹਾਂ ਦੇ ਆਮ ਤੌਰ 'ਤੇ ਤਕਨੀਕੀ ਪੱਖ ਦਰੁਸਤ ਨਹੀਂ, ਬਹੁਤੀਆਂ ਤਾਂ ਕਾਫ਼ੀਆਂ ਤੋਂ ਮੁਨਕਰ ਹਨ। ਉਹ ਅਗਨ ਲਗਨ ਮਤਲੇ ਕਾਫ਼ੀਏ ਨਾਲ ਅਗਲੇ ਕਾਫੀਏ ਸ਼ਮਸ਼ਾਨ ਤੇ ਧੁਨ ਕਾਫੀਏ ਲੈਂਦਾ ਹੈ। ਪਰ ਕਈ ਗ਼ਜ਼ਲਾਂ ਦਰੁਸਤੀ ਦੇ ਨੇੜੇ-ਤੇੜੇ ਹਨ।
ਬੁੱਕਲ ਦੇ ਵਿਚ ਝਾਤ ਪਈ ਕੁਝ ਸ਼ਾਮ ਸਵੇਰੇ ਰਹਿ ਗਏ ਨੇ
ਤੀਲ੍ਹਾ ਤੀਲ੍ਹਾ ਹੋ ਕੇ ਸੁਪਨੇ ਤੇਰੇ ਮੇਰੇ ਰਹਿ ਗਏ ਨੇ।
ਪਰ ਇਥੇ ਗ਼ਜ਼ਲ ਦੇ ਮਤਲੇ ਵਿਚ ਫੇਰ ਕਾਫੀਆ ਗ਼ਲਤ ਲੈਂਦਾ ਹੈ:
ਮਾਂ ਸੱਚਮੁੱਚ ਬਦਲ ਗਏ ਨੇ
ਮੇਰੇ ਪਿੰਡ ਦੇ ਨਕਸ਼ ਨੁਹਾਰ
ਤੇਰੇ ਵਾਂਗੂੰ ਮੇਰੇ ਕੋਲ ਵੀ ਅਥਰੂ ਖਾਰੇ ਰਹਿ ਗਏ ਨੇ।
ਪਰ ਇਸ ਦਾ ਇਹ ਭਾਵ ਨਹੀਂ ਕਿ ਕਵੀ/ਸ਼ਾਇਰ ਰਣਜੀਤ ਕੋਲ ਡੂੰਘੇ ਅਹਿਸਾਸ ਨਹੀਂ ਸਗੋਂ ਉਸ ਕੋਲ ਖਿਆਲਾਂ ਦੀਆਂ ਉਡਾਰੀਆਂ ਹਨ ਪਰ ਉਨ੍ਹਾਂ ਖਿਆਲਾਂ ਨੂੰ ਸ਼ੇਅਰੀ ਤਕਨੀਕ ਵਿਚ ਕੈਦ ਕਰਨ ਦੀ ਅਜੇ ਉਸ ਨੂੰ ਪੂਰਾ ਵੱਲ ਨਹੀਂ ਆਇਆ। ਉਸ ਦੀਆਂ ਨਜ਼ਮਾਂ ਅਤੇ ਕਵਿਤਾਵਾਂ ਵਧੀਆਂ ਹਨ:
ਰੌਸ਼ਨ ਕਾਤਰ ਗੁੰਮ ਨਾ ਜਾਵੇ
ਸੂਰਜ ਨੂੰ ਕਹਿ ਆਵਾਂ ਮਾਂ।
ਪੂਰਬ ਵਲੋਂ ਉਠ ਖਲੋਈਆਂ
ਅੱਜ ਪੱਛਮ ਵੱਲ ਬਾਵ੍ਹਾਂ ਮਾਂ।
ਉਸ ਦੀ ਇਕ ਕਵਿਤਾ ਮਾਂ ਦਾ ਆਕਾਰ ਤੇ ਵਿਸ਼ਾ ਵੇਖੋ:
'ਮੈਂ ਰੋਣਾ, ਤੂੰ ਹੱਸ ਪੈਣਾ, ਜੇ ਹੱਸਣਾ ਤੂੰ ਰੋ ਪੈਣਾ, ਅੱਜ ਤੱਕ ਭੇਦ ਨਾ ਪਾ ਸਕਿਆ, ਡੂੰਘੇ ਅਹਿਸਾਸਾਂ ਦੇ' ਇਹ ਕਵਿਤਾ 33 ਸਫ਼ੇ 'ਤੇ ਹੈ, ਹੋਰ ਵੀ ਐਸੀਆਂ ਕਵਿਤਾਵਾਂ ਹਨ। ਮੇਰਾ ਖਿਆਲ ਹੈ ਕਿ ਕਵੀ ਰਣਜੀਤ ਨੇ ਪੁਸਤਕ ਛਾਪਣ ਦੀ ਜਲਦੀ ਕੀਤੀ ਹੈ, ਜੇਕਰ ਉਹ ਕਿਸੇ ਯੋਗ ਸਲਾਹਕਾਰ ਤੋਂ ਨੁਕਤਿਆਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਅਪਣਾਉਂਦਾ ਤਾਂ ਇਹੀ ਕਾਵਿ ਪੁਸਤਕ ਯਾਦਗਾਰੀ ਬਣ ਜਾਂਦੀ। ਫੇਰ ਵੀ ਲੋਕ-ਸਰੋਕਾਰਾਂ ਅਤੇ ਨੌਜਵਾਨਾਂ ਜਜ਼ਬਿਆਂ ਦੀ ਪੇਸ਼ਕਾਰੀ ਦਾ ਸਵਾਗਤ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

 

 

12-11-2023

 ਹਰੇ ਪੱਤਿਆਂ ਦੀ ਪੀੜ
ਲੇਖਿਕਾ : ਅਮਨ ਗੁਰਲਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 107
ਸੰਪਰਕ : 79869-51255

'ਹਰੇ ਪੱਤਿਆਂ ਦੀ ਪੀੜ' ਅਮਨ ਗੁਰਲਾਲ ਦੀ ਕਹਾਣੀਆਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ ਸੱਤ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਆਪਾਂ ਅਮਨ ਗੁਰਲਾਲ ਨੂੰ ਆਧੁਨਿਕ ਚੇਤਨਾ ਦੀ ਕਹਾਣੀਕਾਰ ਆਖ ਸਕਦੇ ਹਾਂ। ਉਹ ਆਪਣੀਆਂ ਕਹਾਣੀਆਂ ਵਿਚ ਆਧੁਨਿਕ ਨਾਰੀ ਦੀ ਸੰਵੇਦਨਾ, ਚੇਤਨਾ, ਦੁੱਖ-ਦਰਦ, ਪਿਆਰ-ਮੁਹੱਬਤ, ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬੜੀ ਹੀ ਬੇਬਾਕੀ ਨਾਲ ਅਤੇ ਨਾਲ ਦੀ ਨਾਲ ਸਹਿਜਤਾ ਨਾਲ ਚਿਤਰਦੀ ਦਿਖਾਈ ਦਿੰਦੀ ਹੈ। 'ਖਿਲਾਅ ਵਿਚ ਤੜਪਦੇ ਆਕਾਰ' ਦੇ ਦੋ ਪਾਤਰ ਪ੍ਰੋ. ਦਵੇਕਰ ਅਤੇ ਮਜ਼ਦੂਰ ਹਰਨੇਕ ਦੀ ਕਹਾਣੀ ਹੈ, ਜੋ ਆਪੋ-ਆਪਣੀ ਪੀੜ ਬਿਆਨਦੇ ਹੋਏ ਸਹਿਜ ਜੀਵਨ ਜੀਣ ਦਾ ਯਤਨ ਕਰਦੇ ਹਨ। ਉਨ੍ਹਾਂ ਕੋਲ ਆਪਣੀ ਪੀੜ੍ਹੀ ਹੈ ਅਤੇ ਆਪਣਾ ਹੀ ਬਿਆਨ। 'ਟਹਿਣੀਆਂ ਤੋਂ ਟਪਕਦੇ ਅੱਥਰੂ' ਬਿਲਕੁਲ ਅਛੂਤੇ ਵਿਸ਼ੇ ਦੀ ਕਹਾਣੀ ਹੈ, ਜਿਸ ਦੇ ਤਿੰਨ ਪਾਤਰ ਕ੍ਰਿਸ਼ਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਲਤਾ ਮੰਗੇਸ਼ਕਰ ਹਨ, ਜੋ ਆਪਣੀ-ਆਪਣੀ ਪ੍ਰਸਿੱਧੀ ਤੇ ਉੱਚਤਾ, ਸੁੱਖ-ਸਹੂਲਤਾਂ ਭੋਗਦੇ ਹੋਏ ਵੀ ਦੁਖੀ ਹਨ। ਉਨ੍ਹਾਂ ਦੀ ਪੀੜ ਵੱਖਰੇ ਹੀ ਕਿਸਮ ਦੀ ਹੈ। ਉਹ ਸੁਖੀ ਹੋ ਕੇ ਵੀ ਦੁਖੀ ਹਨ, ਅਜਿਹਾ ਦੁੱਖ ਅਤੇ ਪੀੜ ਜਿਸ ਵੱਲ ਕਿਸੇ ਨੇ ਵੀ ਝਾਤ ਹੀ ਨਹੀਂ ਮਾਰੀ। 'ਹਰੇ ਪੱਤਿਆਂ ਦੀ ਪੀੜ' ਸੁਮਨ ਦੀ ਕਹਾਣੀ ਬਿਆਨ ਕਰਦੀ ਹੈ ਜੋ ਆਪਣੀ ਮਿਹਨਤ ਦੇ ਬਲਬੂਤੇ ਜ਼ਿੰਦਗੀ ਦੀਆਂ ਉਚਾਈਆਂ ਛੂੰਹਦੀ ਹੈ, ਈਰਖਾ ਦਾ ਸਾਹਮਣਾ ਕਰਦੀ ਹੈ ਤੇ ਜ਼ਿੰਦਗੀ ਜੀਣ ਦਾ ਆਹਾਰ ਕਰਦੀ ਹੈ। 'ਸੜਕ 'ਤੇ ਖਿੱਲਰੇ ਖੰਭ' ਇਸ ਸੰਗ੍ਰਹਿ ਦੀ ਵਧੀਆ ਕਹਾਣੀ ਹੈ ਜੋ ਸੁਖਰਾਜ ਦੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀ ਕਾਟ ਕਰਦੀ ਪ੍ਰਤੀਤ ਹੁੰਦੀ ਹੈ। ਸਾਂਢੂ ਨੂੰ ਨਫ਼ਰਤ ਕਰਦਿਆਂ ਵੀ ਉਸ ਘਰੋਂ ਆਪਣੀ ਮਨਪਸੰਦ ਐਂਟੀਕ ਚੁਰਾ ਲਿਆਉਣੀ ਤੇ ਦੁਖੀ ਹੋਣਾ ਇਕ ਨਿਵੇਕਲਾ ਕਾਰਜ ਹੈ ਜੋ ਇਸ ਕਹਾਣੀ ਦਾ ਪਾਵਰ ਆਪਣੇ ਪਿੰਡੇ 'ਤੇ ਭੁਗਤਦਾ ਹੈ। ਭੜਾਸ ਕੱਢਣ ਲਈ ਉਹ ਇਸ ਐਂਟੀਕ ਦੀ ਵਾਰਤਾ ਮਾਲੀ ਨੂੰ ਸੁਣਾ ਕੇ ਸੰਤੁਸ਼ਟ ਹੋ ਜਾਂਦਾ ਹੈ। 'ਪਹਾੜਾਂ 'ਤੇ ਪੈਂਦੀ ਬਾਰਿਸ਼' ਦੀ ਪਾਤਰ ਰਜਾਤ ਵੱਡੇ ਘਰ ਦੀ ਧੀ ਹੈ ਪਰ ਉਹ ਛੋਟੀ ਜਾਤ ਤੇ ਗਰੀਬ ਮੁੰਡੇ ਸੁਮੀਤ ਨੂੰ ਪਿਆਰ ਕਰਦੀ ਹੈ। ਮਿਰਜ਼ਾ ਉਸ ਦਾ ਵਿਆਹ ਐਕਟਰ ਨਾਲ ਕਰਨਾ ਚਾਹੁੰਦੇ ਨੇ। ਪਟਾਕਾ ਉਦੋਂ ਫਟਦਾ ਹੈ, ਜਦੋਂ ਉਹ ਐਕਟਰ ਚਮਾਰ ਨਿਕਲਦਾ ਹੈ। 'ਅਸਮਾਨ ਸੇ ਗਿਰਤੀ ਚਾਂਦਨੀ' ਵੀ ਵਿੱਦਿਆ ਸ੍ਰੀ ਤਰੱਕੀ ਕਰਕੇ, ਮਿਹਨਤ ਨਾਲ ਸਮਾਜ ਦੇ ਸਿਖਰਾਂ 'ਤੇ ਪਹੁੰਚਦੀ ਹੈ ਪਰ ਸਮਾਜਿਕ ਰਿਸ਼ਤੇ ਉਸ ਦੇ ਹਾਣ ਦੇ ਨਹੀਂ ਨਿਕਲਦੇ। ਭਟਕਦੀ ਹੋਈ ਗਰੀਬ ਤੇ ਉਸ ਦੇ ਬੱਚਿਆਂ ਨੂੰ ਸਕੂਨ ਦੇ ਕੇ ਰਾਹਤ ਮਹਿਸੂਸ ਕਰਦੀ ਹੈ। 'ਮੋਰ ਪੰਖ ਸੀ ਤੁਮ' ਦੀ ਅਨੁਸ਼ਕਾ ਅਦਿਤਯ ਨੂੰ ਪਿਆਰ ਕਰਦੀ ਹੈ ਤੇ ਉਸ ਦੀ ਹਰ ਗੱਲ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਉਸ ਦੇ ਦੁੱਖ-ਸੁੱਖ ਵਿਚ ਸਹਾਈ ਹੁੰਦੀ ਹੈ। ਕੁਰਬਾਨੀ ਉਸ ਲਈ ਛੋਟੀ ਚੀਜ਼ ਦਾ ਨਾਂਅ ਹੈ। ਲੇਖਿਕਾ ਆਪਣੀਆਂ ਕਹਾਣੀਆਂ ਲਈ ਐਸੀ ਭਾਸ਼ਾ ਸਿਰਜਦੀ ਹੈ ਜੋ ਕਹਾਣੀ ਅਤੇ ਪਾਤਰਾਂ ਦੇ ਐਨ ਮੁਤਾਬਿਕ ਹੁੰਦੀ ਹੈ। ਭਾਸ਼ਾ ਰਾਹੀਂ ਕਹਾਣੀ ਦਾ ਮਾਹੌਲ ਸਿਰਜਣ ਵਿਚ ਉਸ ਨੂੰ ਖਾਸ ਮੁਹਾਰਤ ਹੈ। ਇਥੇ ਕਈ ਉਸ ਦੀਆਂ ਕਹਾਣੀਆਂ ਨਵੇਂ ਬੋਧ ਦਾ ਪ੍ਰਗਟਾਵਾ ਕਰਦੀਆਂ ਹਨ।

-ਕੇ. ਐਲ. ਗਰਗ
ਮੋਬਾਈਲ : 94635-57050

ਸੜਕਾਂ ਤੇ ਕਮਰੇ
ਲੇਖਕ : ਸੁਖਬੀਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 532
ਸੰਪਰਕ : 011-26802488

ਸੁਖਬੀਰ ਪੰਜਾਬੀ ਦਾ ਇਕ ਮਿਸ਼ਨਰੀ ਲੇਖਕ ਸੀ। ਉਹ ਵਿਸ਼ੇ-ਵਸਤੂ ਦੀ ਪ੍ਰਮਾਣਿਕਤਾ ਅਤੇ ਅਭਿਵਿਅਕਤੀ ਦੀ ਸਟੀਕਤਾ ਲਈ ਕਲਮ ਉਠਾਉਂਦਾ ਸੀ, ਉਸ ਨੇ 8 ਕਾਵਿ-ਸੰਗ੍ਰਹਿ, 7 ਨਾਵਲ ਅਤੇ 17 ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕੀਤੇ। 'ਸੜਕਾਂ ਤੇ ਕਮਰੇ' ਉਸ ਦਾ ਇਕ ਵੱਡਾਕਾਰੀ ਅਤੇ ਪ੍ਰਤੀਨਿਧ ਨਾਵਲ ਹੈ। ਉਸ ਨੇ ਕੁਝ ਸਮਾਂ ਮੁੰਬਈ ਦੇ ਇਕ ਕਾਲਜ ਵਿਚ ਅਧਿਆਪਨ-ਕਾਰਜ ਵੀ ਕੀਤਾ ਪਰ ਉਸ ਤੋਂ ਬਾਅਦ ਇਕ ਕੁਲਵਕਤੀ ਲੇਖਕ ਦੇ ਤੌਰ 'ਤੇ ਵਿਚਰਦਾ ਰਿਹਾ।
ਸੁਖਬੀਰ ਨੇ ਪੰਜਾਬੀ ਸਾਹਿਤ ਨੂੰ ਕਈ ਨਵੀਨ ਦਿਸ਼ਾਵਾਂ ਦਿੱਤੀਆਂ। ਸਾਡੇ ਇਧਰ ਜਦੋਂ ਪ੍ਰਗਤੀਵਾਦ ਨੂੰ ਹੀ ਲੇਖਣ ਦਾ ਇਕੋ-ਇਕ ਸਰੋਕਾਰ ਮੰਨਿਆ ਜਾਂਦਾ ਸੀ, ਉਸ ਨੇ ਮਨੋਵਿਗਿਆਨਕ ਅਤੇ ਅਸਤਿਤਵਵਾਦੀ ਰਚਨਾਵਾਂ ਦੀ ਸ਼ੁਰੂਆਤ ਕੀਤੀ। ਪੰਜਾਬੀ ਸਾਹਿਤ ਨੂੰ ਪਿੰਡਾਂ, ਖੇਤਾਂ-ਖਲਿਆਣਾਂ ਅਤੇ ਭੂਪਵਾਦੀ ਰੂੜ੍ਹੀਆਂ ਵਿਚੋਂ ਕੱਢ ਕੇ ਆਧੁਨਿਕ ਸੰਸਕਾਰ ਪ੍ਰਦਾਨ ਕੀਤੇ। ਆਧੁਨਿਕ ਵਿਅਕਤੀ ਦੀ 'ਲੜਾਈ' ਨੂੰ ਨਵੇਂ ਸੰਦਰਭ ਪ੍ਰਦਾਨ ਕੀਤੇ। 'ਸੜਕਾਂ ਤੇ ਕਮਰੇ' ਨਾਵਲ ਦੀ ਕਹਾਣੀ ਕਿਸੇ ਹੱਦ ਤੱਕ ਲੇਖਕ ਦੀ ਗਲਪੀ-ਸਵੈਜੀਵਨੀ ਹੈ। 'ਪ੍ਰਦੀਪ' ਨਾਂਅ ਦਾ ਇਕ ਸੰਵੇਦਨਸ਼ੀਲ ਲੇਖਕ ਚੰਗੇ ਰੁਜ਼ਗਾਰ ਦੀ ਤਲਾਸ਼ ਵਿਚ ਮੁੰਬਈ ਸ਼ਹਿਰ ਵਿਚ ਆ ਜਾਂਦਾ ਹੈ। ਵਪਾਰਕ ਬਿਰਤੀ ਦਾ ਇਹ ਸ਼ਹਿਰ ਉਸ ਨੂੰ ਰਾਸ ਨਹੀਂ ਆਉਂਦਾ। ਉਸ ਨੂੰ ਇਸ ਸ਼ਹਿਰ ਦਾ ਕਿਰਦਾਰ ਇਕ ਬਿਮਾਰ ਵੇਸਵਾ ਵਾਂਗ ਪ੍ਰਤੀਤ ਹੁੰਦਾ ਹੈ।
ਪ੍ਰਦੀਪ ਨਾਵਲ ਤੇ ਕਹਾਣੀਆਂ ਲਿਖਣ ਦੇ ਨਾਲ ਪਾਤਰਾਂ ਦੇ ਸਕੈਚ ਬਣਾਉਣ ਵਿਚ ਵੀ ਪ੍ਰਬੀਨ ਹੈ। ਉਹ ਇਕ ਪ੍ਰਯੋਗਧਰਮੀ ਲੇਖਕ ਹੈ। ਪਰ ਉਸ ਦੀਆਂ ਚੰਗੀਆਂ ਤੇ ਬਿਹਤਰ ਕਹਾਣੀਆਂ ਛਪਦੀਆਂ ਨਹੀਂ। ਆਪਣਾ ਗੁਜ਼ਾਰਾ ਤੋਰਨ ਲਈ ਉਹ 'ਸ਼ਸ਼ੀਰਾਜ' ਦੇ ਨਾਂਅ ਹੇਠ ਹਲਕੀਆਂ-ਫੁਲਕੀਆਂ ਕਹਾਣੀਆਂ ਲਿਖਦਾ ਹੈ। ਜੋ ਫੌਰਨ ਛਪ ਜਾਂਦੀਆਂ ਹਨ। ਸੇਵਾ-ਫਲ ਵੀ ਆ ਜਾਂਦਾ ਹੈ। ਇਸ ਨਾਵਲ ਵਿਚ ਮੀਨਾ, ਰਾਹੀ ਅਤੇ ਸ਼ਾਂਤੀ ਲਾਲ ਵਰਗੇ ਕਿਰਦਾਰ ਹਨ, ਜੋ ਵਪਾਰੀ ਜਾਂ ਸ਼ਿਕਾਰੀ ਕਿਸਮ ਦੇ ਲੋਕ ਹਨ। ਪ੍ਰਦੀਪ ਲਈ ਇਨ੍ਹਾਂ ਨੂੰ ਬਰਦਾਸ਼ਤ ਕਰਨਾ ਵੀ ਔਖਾ ਹੈ। ਚੇਤਨਾ ਪ੍ਰਵਾਹ ਧਾਰਾ ਵਿਚ ਲਿਖੇ ਇਸ ਨਾਵਲ ਦੇ ਮੁੱਲ-ਮਹੱਤਵ ਦਾ ਕੋਈ ਜਵਾਬ ਨਹੀਂ ਹੈ। ਇਹ ਇਕ ਅਤਿਅੰਤ ਪ੍ਰਾਸੰਗਿਕ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਦੁੱਖੜੇ ਬਾਪੂ ਦੇ
ਲੇਖਕ : ਤਰਲੋਕ ਸਿੰਘ ਹੁੰਦਲ
ਪ੍ਰਕਾਸ਼ਕ : ਮਾਝਾ ਵਰਲਡਵਾਈਡ, ਅੰਮ੍ਰਿਤਸਰ ਸਾਹਿਬ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94787-67620

'ਦੁੱਖੜੇ ਬਾਪੂ ਦੇ' ਤਰਲੋਕ ਸਿੰਘ ਹੁੰਦਲ ਦੀ ਚੌਥੀ ਪੁਸਤਕ ਹੈ। ਇਸ ਪੁਸਤਕ ਦਾ ਸਿਰਲੇਖ ਪੜ੍ਹਦਿਆਂ ਪਾਠਕ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਵਿਅੰਗਕਾਰ ਦੀ ਪੁਸਤਕ ਹੋਵੇ, ਜਿਸ ਵਿਚ ਵਿਸ਼ੇਸ਼ ਕਰਕੇ ਹਾਸ-ਵਿਅੰਗ ਦੀਆਂ ਵਾਰਤਕ ਵੰਨਗੀਆਂ ਪੇਸ਼ ਹੋਈਆਂ ਹੋਣਗੀਆਂ। ਪਰ ਜਦੋਂ ਅਸੀਂ ਪੁਸਤਕ ਦੇ ਪਾਠਕ ਦੀਆਂ ਤੈਆਂ ਫਰੋਲਦੇ ਹਾਂ ਤਾਂ ਇਹ ਪੁਸਤਕ ਵਿਚਲੇ ਵੀਹ ਵਾਰਤਕ ਲੇਖਾਂ ਵਿਚ ਬਹੁਤ ਹੀ ਸੰਜੀਦਾ ਮਸਲਿਆਂ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕੀਤਾ ਗਿਆ। ਪੁਸਤਕ ਵਿਚ ਦੇਸ਼ ਵੰਡ ਦੀਆਂ ਘਟਨਾਵਾਂ ਦੀ ਪਿੱਠ ਭੂਮੀ ਸਿਰਜ ਕੇ ਅਜੋਕੇ ਪਰਿਵਾਰਕ ਅਤੇ ਸਮਾਜਿਕ ਵਾਤਾਵਰਨ ਬਾਰੇ ਲੇਖਕ ਨੇ ਆਪਣਾ ਪ੍ਰਤੀਕਰਮ ਪੇਸ਼ ਕਰਨ ਦਾ ਯਤਨ ਕੀਤਾ ਹੈ। 1947 ਦੇ ਉਜਾੜੇ ਨੂੰ ਝੱਲ ਚੁੱਕੇ ਪੰਜਾਬੀਆਂ ਦੇ ਪ੍ਰਵਾਸੀ ਜ਼ਿੰਦਗੀ ਨਾਲ ਦੋ-ਚਾਰ ਹੋਣ ਦਾ ਬਿਰਤਾਂਤ ਵੀ ਇਸ ਪੁਸਤਕ ਵਿਚ ਸ਼ਾਮਿਲ ਹੈ। 'ਦੁੱਖੜੇ ਬਾਪੂ ਦੇ' ਵਾਲਾ ਲੇਖ ਇਸੇ ਹੀ ਤਜਰਬੇ ਵਿਚੋਂ ਲਿਖਤ ਗ੍ਰਹਿਣ ਕਰਦਾ ਹੈ। ਲੇਖਕ ਨੇ ਸਿੱਖ ਧਰਮ ਦੇ ਸਿਧਾਂਤਕ ਵਾਤਾਵਰਨ ਅਤੇ ਵਿਹਾਰਕ ਤਬਦੀਲੀਆਂ ਬਾਰੇ ਵੀ ਭਾਵਪੂਰਤ ਵਿਚਾਰ ਪੇਸ਼ ਕੀਤੇ ਹਨ। ਪੁਸਤਕ ਵਿਚ ਮੁੱਖ ਵਿਸ਼ੇ ਦੇ ਤੌਰ 'ਤੇ ਸਿੱਖੀ ਸਿਧਾਂਤਾਂ ਅਤੇ ਮਰਿਆਦਾ ਦੀ ਗੱਲ ਉਭਰਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ। ਜਦੋਂ ਅਸੀਂ ਇਨ੍ਹਾਂ ਵਾਰਤਕ ਰਚਨਾਵਾਂ ਨੂੰ ਪੜ੍ਹਦੇ ਹਾਂ ਤਾਂ ਬੇਸ਼ੱਕ ਇਨ੍ਹਾਂ ਵਿਚ ਲੇਖ ਦਾ ਨਿੱਜੀ ਤਜਰਬਾ ਪੇਸ਼ ਹੋਇਆ ਹੈ ਪਰ ਇਨ੍ਹਾਂ ਵਿਚਲੀ ਬਿਰਤਾਂਤਕਤਾ ਅਤੇ ਕਹਾਣੀ ਰਸ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਲੇਖਕ ਆਪਣੀ ਰਾਇ ਦੀ ਪ੍ਰਪੱਕਤਾ ਅਤੇ ਪ੍ਰਮਾਣਿਕਤਾ ਲਈ ਗੁਰਬਾਣੀ ਸਤਰਾਂ ਨੂੰ ਵੀ ਪੇਸ਼ ਕਰਦਾ ਹੈ। ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਪਰਿਵਾਰਾਂ ਦਾ ਵਿਸ਼ੇਸ਼ ਕਰਕੇ ਸਾਂਝੇ ਪਰਿਵਾਰਾਂ ਦਾ ਟੁੱਟਣਾ ਅਤੇ ਮਨੁੱਖੀ ਅਕਾਂਖਿਆਵਾਂ ਦੀ ਨਿਸ਼ਾਨਦੇਹੀ ਕਰਦੀ ਇਹ ਪੁਸਤਕ ਪੜ੍ਹਨਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਕੁਦਰਤ ਦਾ ਏ ਸੀ
ਲੇਖਕ : ਰਘੁਵੀਰ ਸਿੰਘ ਕਲੋਆ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 52
ਸੰਪਰਕ : 98550-24495

'ਕੁਦਰਤ ਦਾ ਏ ਸੀ' ਰਘੁਵੀਰ ਸਿੰਘ ਕਲੋਆ ਰਚਿਤ ਨਵਾਂ ਬਾਲ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਾ ਵਸਤੂ-ਜਗਤ ਵਰਤਮਾਨ ਮਨੁੱਖੀ ਸਮਾਜ ਨੂੰ ਦਰਪੇਸ਼ ਚੁਣੌਤੀਆਂ, ਕਦਰਾਂ-ਕੀਮਤਾਂ, ਅਧਿਕਾਰ ਅਤੇ ਕਰਤੱਵਾਂ ਨਾਲ ਸੰਬੰਧਿਤ ਵਰਤਾਰਿਆਂ ਨੂੰ ਉਜਾਗਰ ਕਰਦਾ ਹੈ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਮਨੁੱਖ ਨੂੰ ਪ੍ਰਕਿਰਤੀ ਦੀ ਹੋ ਰਹੀ ਹਾਨੀ ਤੋਂ ਸਾਵਧਾਨ ਕਰਦੀਆਂ ਹੋਈਆਂ ਸੁਨੇਹੇ ਦਿੰਦੀਆਂ ਹਨ ਕਿ ਹਰੇ-ਭਰੇ ਰੁੱਖਾਂ ਵਾਲੇ ਜੰਗਲਾਂ, ਪਰਬਤਾਂ, ਦਰਿਆਵਾਂ-ਝੀਲਾਂ ਦਾ ਖ਼ਾਤਮਾ ਕਰਕੇ ਅਜੋਕਾ ਮਾਨਵ ਜਿਹੜਾ 'ਵਿਕਾਸ' ਕਰ ਰਿਹਾ ਹੈ, ਉਹ ਅਸਲ ਵਿਚ ਉਸ ਲਈ ਵਿਨਾਸ਼ਕਾਰੀ ਹੈ ਜੋ ਉਸ ਦੇ ਖ਼ਤਰਨਾਕ ਭਵਿੱਖ ਵੱਲ ਇਸ਼ਾਰਾ ਕਰ ਰਿਹਾ ਹੈ। ਪਹਿਲੀ ਕਹਾਣੀ 'ਅਸਲੀ ਫ਼ਲ', 'ਚਿੜੀ, ਜਨੌਰ ਅਤੇ ਮਨੁੱਖ', 'ਕੁਦਰਤ ਦਾ ਏ ਸੀ', 'ਅਸਲੀ ਗੁਣ', 'ਅਧਿਕਾਰ ਅਤੇ ਕਰਤੱਵ', 'ਸੋਹਣਾ ਘਰ', 'ਅਸਲ ਜੇਤੂ' ਕੁਦਰਤ-ਧਰੋਹਰ ਨੂੰ ਬਚਾਉਣ ਲਈ ਹੀ ਸਿਰਜੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਮਾਨਵੀ ਸਮਾਜ ਨਾਲ ਸੰਬੰਧਿਤ ਕੁਝ ਹੋਰਨਾਂ ਪੱਖਾਂ ਅਤੇ ਸਰੋਕਾਰਾਂ ਨੂੰ ਵੀ ਬਾਲਾਂ ਦੀ ਮਾਨਸਿਕਤਾ ਦੇ ਅਨੁਕੂਲ ਪ੍ਰਸਤੁਤ ਕੀਤਾ ਗਿਆ ਹੈ, ਜਿਨ੍ਹਾਂ ਵਿਚ 'ਫੁੱਲ ਅਤੇ ਫੁਲਝੜੀਆਂ' ਕਹਾਣੀ ਦੀਵਾਲੀ ਤੇ ਤਿਉਹਾਰ ਤੇ ਬੰਬ-ਪਟਾਕਿਆਂ ਦੁਆਰਾ ਪ੍ਰਦੂਸ਼ਣ ਪ੍ਰਤੀ ਚੇਤੰਨ ਕਰਦੀ ਹੈ ਕਿਉਂਕਿ ਪ੍ਰਦੂਸ਼ਿਤ ਹਵਾ ਮਨੁੱਖੀ ਜੀਵਨ ਦਾ ਗਲ ਘੁੱਟ ਰਹੀ ਹੈ। 'ਸਫ਼ਲਤਾ ਦੀ ਕੁੰਜੀ ਕਹਾਣੀ' ਵਿਧੀਵਤ, ਸਹਿਜ ਅਤੇ ਲਗਨ ਨਾਲ ਪਾਠਕ੍ਰਮ ਦੀਆਂ ਪੁਸਤਕਾਂ ਦੀ ਪੜ੍ਹਨ ਦੀ ਥਾਂ ਸਫ਼ਲਤਾ ਦੀ ਕੁੰਜੀ ਭਾਵ ਨਿੱਕੀਆਂ-ਨਿੱਕੀਆਂ ਗਾਈਡਾਂ ਦੁਆਰਾ ਸ਼ਾਰਟਕੱਟ ਵਿਧੀ ਨਾਲ ਛੇਤੀ ਅਗਲੀ ਜਮਾਤ ਵਿਚ ਚੜ੍ਹਨ ਦੀ ਕਾਹਲ ਅਤੇ ਹਾਨੀ ਨੂੰ ਦਰਸਾਉਂਦੀ ਹੈ। ਕੁਝ ਹੋਰ ਕਹਾਣੀਆਂ ਵਿਚੋਂ 'ਨਵੀਂ ਦਿਸ਼ਾ', 'ਗੁੱਸੇਖ਼ੋਰ ਸੂਰਜ' ਅਤੇ 'ਹੱਥਾਂ ਦਾ ਹੁਨਰ' ਨੈਤਿਕ-ਕਦਰਾਂ ਕੀਮਤਾਂ ਦੀ ਜਾਚ ਸਿਖਾਉਂਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲੀਆਂ ਘਟਨਾਵਾਂ ਰਾਹੀਂ ਬਾਲ ਪਾਠਕਾਂ ਨੂੰ ਫਰਜ਼ਸੱਨਾਸ਼ੀ, ਈਮਾਨਦਾਰੀ, ਸਹਿਜ, ਸਚਾਈ, ਅਨੁਸ਼ਾਸਨਪਸੰਦੀ, ਮਾਨਵਤਾਵਾਦੀ ਰਵੱਈਆ ਆਦਿ ਗੁਣਾਂ ਦਾ ਲੜ ਫੜ ਕੇ ਅੱਗੇ ਵਧਣ ਦਾ ਉਪਦੇਸ਼ ਮਿਲਦਾ ਹੈ। ਕਹਾਣੀਆਂ ਦੇ ਕਥਾਨਕ ਸੁਭਾਵਿਕ ਚਾਲ ਨਾਲ ਚਰਮਸੀਮਾ ਤੱਕ ਅੱਪੜਦੇ ਹਨ। ਕੁੱਲ ਮਿਲਾ ਕੇ ਰੰਗਦਾਰ ਚਿੱਤਰਾਂ ਅਤੇ ਲਿਸ਼ਕਵੇਂ ਪੇਪਰ 'ਤੇ ਛਪੀਆਂ ਇਹ ਕਹਾਣੀਆਂ ਬਾਲ ਪਾਠਕਾਂ ਦਾ ਮਨੋਰੰਜਨ ਕਰਦੀਆਂ ਹਨ ਅਤੇ ਨਵੇਂ ਸ਼ਬਦਾਂ ਦਾ ਗਿਆਨ ਵੀ ਪ੍ਰਦਾਨ ਕਰਦੀਆਂ ਹਨ। ਇਹ ਪੁਸਤਕ ਬਾਲ ਪਾਠਕਾਂ ਲਈ ਮਿਆਰੀ ਤੋਹਫ਼ਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਜ਼ਖ਼ਮੀ ਤਲ਼ੀਆਂ ਦੀਆਂ ਤਾੜੀਆਂ
ਲੇਖਕ : ਹਰਦੀਪ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 98764-57242

ਸ਼ਾਇਰ ਹਰਦੀਪ ਢਿੱਲੋਂ ਦੀ ਹਥਲੀ ਕਾਵਿ-ਵਿਅੰਗ ਦੀ ਕਿਤਾਬ 'ਜ਼ਖ਼ਮੀ ਤਲੀਆਂ ਦੀਆਂ ਤਾੜੀਆਂ' ਤੋਂ ਪਹਿਲਾਂ ਵੀ ਤਿੰਨ ਕਾਵਿ-ਕਿਤਾਬਾਂ 'ਸੰਤਾਪਨਾਮਾ', 'ਕੁਰਸੀਨਾਦ' ਅਤੇ 'ਕੂਲੇ ਗੁਲੇਲੇ' ਨਾਲ ਪੰਜਾਬੀ ਅਦਬ ਦੇ ਕਾਵਿ-ਵਿਅੰਗ ਰਾਹੀਂ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੋਹਤਾਜ ਨਹੀਂ ਕਿਉਂਕਿ ਉਹ ਲਗਭਗ ਹਰੇਕ ਸਾਹਿਤਕ ਸੱਥ ਵਿਚ ਹਾਜ਼ਰ ਹੁੰਦਾ ਹੈ ਤੇ ਉਸ ਦੀ ਹਾਜ਼ਰੀ ਤੋਂ ਬਿਨਾਂ ਮਹਿਫ਼ਲ ਬਦਰੰਗ ਹੀ ਰਹਿੰਦੀ ਹੈ। ਉਸ ਦੇ ਕਾਵਿ-ਵਿਅੰਗ 'ਅਜੀਤ' ਦੇ ਪਾਠਕ ਹਰੇਕ ਐਤਵਾਰ ਨੂੰ ਬੇਸਬਰੀ ਨਾਲ ਉਡੀਕਦੇ ਰਹਿੰਦੇ ਹਨ। ਸ਼ਾਇਰ ਜਿਸ ਕਾਵਿ-ਵਿਅੰਗ ਵਿਧੀ ਦਾ ਜਨੂੰਨ ਦੀ ਹੱਦ ਤਕ ਅਨੁਯਾਈ ਹੈ, ਉਹ ਹੈ ਮਹਾਂਮੁਨੀ ਚਰਕ ਜੋ ਭਰਤ ਮੁਨੀ ਦੇ ਸਮਕਾਲੀ ਸਨ ਤੇ ਇਹ ਚਰਕਮੁਨੀ ਦੇ ਸੰਸਕ੍ਰਿਤ ਗ੍ਰੰਥ ਵਿਚ 'ਸ਼ੱਲਿਯਾ ਵਿਧੀ' ਦੇ ਨਾਂਅ ਨਾਲ ਦਰਜ ਹੈ। ਇਸ ਵਿਧੀ ਨਾਲ ਜਿਵੇਂ ਮਾਹਿਰ ਸਰਜਨ ਉਪਰੇਸ਼ਨ ਕਰਕੇ ਗੰਦੇ ਮੁਆਦ ਨੂੰ ਬਾਹਰ ਕੱਢ ਕੇ ਰੋਗੀ ਨੂੰ ਆਰੋਗ ਕਰਦਾ ਹੈ ਤੇ ਇਸ ਵਿਧੀ ਦਾ ਨਸ਼ਤਰ ਸਾਡਾ ਇਹ ਸ਼ਾਇਰ ਨੂੰ ਅਰੋਗ ਕਰਦਾ ਹੈ ਤੇ ਇਸ ਵਿਧੀ ਦਾ ਨਸ਼ਤਰ ਸਾਡਾ ਇਹ ਸ਼ਾਇਰ ਕਰ ਰਿਹਾ ਹੈ। ਕਿਤਾਬ ਦੇ ਪਿਠਵਰਗ 'ਤੇ ਸ਼ਾਇਰ ਦਾ ਕਾਵਿਕ ਬਿਊਰਾ ਦਰਜ ਹੈ ਤੇ ਪੁਸਤਕ ਦੇ ਸ਼ੁਰੂ ਵਿਚ ਹੀ ਉਹ ਆਪਣੀਆਂ ਸਾਹਿਤਕ ਸ਼ਖ਼ਸੀਅਤਾਂ ਦਾ ਕਾਵਿਕ ਵਿਅਕਤੀ ਚਿੱਤਰ ਵੀ ਕਵਿਤਾਉਂਦਾ ਹੈ। ਪੁਸਤਕ ਦੇ ਆਰੰਭ ਵਿਚ ਹੀ ਉਹ ਹਰੇਕ ਰਚਨਾ ਕਾਲ ਦਾ ਮਿਤੀ ਤੇ ਸਥਾਨ ਨਾਲ ਜ਼ਿਕਰ ਕਰਦਾ ਹੈ। ਇਸ ਤਰ੍ਹਾਂ ਇਸ ਪੁਸਤਕ ਦਾ ਰਚਨਾ ਕਾਲ 22-11-1987 ਤੋਂ 31-12-1999 ਅਰਥਾਤ ਬਾਰਾਂ ਸਾਲਾਂ ਦਾ ਹੈ ਜੋ ਉਸ ਕਾਲ ਦਾ ਕਾਵਿਕ ਪ੍ਰਵਚਨ ਕਰਦਾ ਹੈ ਪਰ ਇਹ ਕਾਵਿ-ਪ੍ਰਵਚਨ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ, ਜਿੰਨਾ ਪਹਿਲਾਂ 12 ਸਾਲਾਂ ਦੇ ਰਚਨਾ-ਕਾਲ ਸਮੇਂ ਸੀ।
ਸ਼ਾਇਰ ਦਾ ਕਾਵਿਕ ਸਵੈ-ਕਥਨ ਦੱਸਦਾ ਹੈ ਕਿ ਉਸ ਦੀ ਰਚਨਾ ਰੰਗੇ ਹੋਏ ਗਿੱਦੜ ਵਰਗੀ ਨਹੀਂ ਬਲਕਿ ਸ਼ੇਰ ਦੀ ਦਹਾੜ ਵਰਗੀ ਹੈ। ਉਹ ਸਮਾਜ ਦੀਆਂ ਉਲਟ ਵਿਸੰਗਤੀਆਂ ਨਾਲ ਬੜੀ ਹੀ ਬਾਰੀਕਬੀਨੀ ਅੱਖ ਨਾਲ ਸਕੈਨਿੰਗ ਕਰਕੇ ਵਿਅੰਗ ਦੇ ਅਜਿਹੇ ਨਸ਼ਤਰ ਚਲਾਉਂਦਾ ਹੈ, ਜਿਸ ਨਾਲ ਸੰਬੰਧਿਤ ਵਿਅਕਤੀ ਗਰਮ ਤਵੇ 'ਤੇ ਡਿਗਦੇ ਪਾਣੀ ਦੇ ਛਿੱਟਿਆਂ ਵਾਂਗ ਚੁਰੜ ਚੁਰੜ ਕਰਨ ਲਗਦਾ ਹੈ। ਵਿਭਿੰਨ ਵਿਸੰਗਤੀਆਂ ਤੋਂ ਬਿਨਾਂ ਤਸਕਰ, ਸਾਧ ਤੇ ਸਿਆਸਤਦਾਨ ਉਸ ਦੇ ਵਿਸ਼ੇਸ਼ ਨਿਸ਼ਾਨੇ 'ਤੇ ਰਹਿੰਦੇ ਹਨ ਜਿਨ੍ਹਾਂ ਦੇ ਨੱਕ ਵਿਚ ਨਕੇਲ ਪਾ ਕੇ ਕਿਸੇ ਮਾਹਿਰ ਕਲੰਦਰ ਵਾਂਗ ਉਹ ਬਾਂਦਰ ਦੀ ਤਰ੍ਹਾਂ ਨਚਾ-ਨਚਾ ਕੇ ਸਪੱਸ਼ਟ ਕਰਦਾ ਹੈ ਕਿ ਸਾਧ ਤਾਂ ਆਪਣੇ ਸ਼ਰਧਾਲੂਆਂ ਨੂੰ ਕਰਮਾਂ ਦੇ ਫਲ ਦਾ ਕਲੋਰੋਫਾਰਮ ਸੁੰਘਾ ਕੇ ਆਪ ਤਾਂ ਭਾਂਤ-ਭਾਂਤ ਦੇ ਪਕਵਾਨਾਂ ਨਾਲ ਗੋਗੜ ਭਰ ਕੇ ਚੂਰਨ ਜੋਗੀ ਵੀ ਥਾਂ ਨਹੀਂ ਛੱਡਦੇ ਤੇ ਸ਼ਰਧਾਲੂਆਂ ਨੂੰ ਭਾਵੇਂ ਦੁੱਧ ਦੀ ਤਿੱਪ ਵੀ ਨਾ ਮਿਲੇ ਪਰ ਸਾਧ ਦੀ ਗਾਂ ਨੂੰ ਸੇਬ ਚਾਰੀ ਜਾਂਦੇ ਹਨ। ਤਸਕਰ ਸਿਆਸਤਦਾਨਾਂ ਦੀ ਹਰ ਤਰ੍ਹਾਂ ਜੁਗਤ ਲੜਾ ਕੇ ਝੰਡੀ ਵਾਲੀ ਕਾਰ ਦੀ ਝਾਕ ਰੱਖਦੇ ਹਨ ਤੇ ਸਿਆਸਤਦਾਨਾਂ ਦੀ ਤਾਂ ਹਮੇਸ਼ਾ, ਪੰਜ ਕੱਕਿਆਂ ਕੁੱਕੜ, ਕਾਂਟੇ, ਕੁਰਸੀ, ਕਾਰ ਤੇ ਕੋਠੀ 'ਤੇ ਬਾਜ ਅੱਖ ਰਹਿੰਦੀ ਹੈ ਪਰ ਵੋਟਰਾਂ ਦੇ ਦਰਾਂ ਮੂਹਰੇ ਤਾਂ ਉਹ ਲਾਰਿਆਂ ਦੇ ਗੁਬਾਰੇ ਹੀ ਉਡਾਉਂਦੇ ਹਨ। ਉਸ ਦੇ ਕਾਵਿ-ਵਿਅੰਗ ਦੇ ਨਮੂਨੇ ਦੀ ਝਲਕ ਵੀ ਹਾਜ਼ਰ ਹੈ :
'ਲੱਗਾ ਕਰਫ਼ਿਊ ਸ਼ਹਿਰ ਵਿਚ ਨਿੱਤ ਰਹਿੰਦਾ,
ਮਿਰਜ਼ਾ ਸਾਹਿਬਾਂ ਨੂੰ ਸੈਰ ਕਰਾਏ ਕਿੱਥੇ
ਜੀ.ਟੀ. ਰੋਡ ਤੇ ਬਲੋਚ ਗਸ਼ਤ ਕਰਦੇ,
ਖ਼ਬਰ ਪੁੰਨੂੰ ਦੀ ਸੱਸੀ ਫਿਰ ਪਾਏ ਕਿੱਥੇ
ਲੱਗੀ ਅੱਗ ਜਨੂੰਨ ਦੇ ਪਾਣੀਆਂ ਨੂੰ,
ਸੋਹਣੀ ਝਨਾਂ ਵਿਚ ਤਾਰੀਆਂ ਲਾਏ ਕਿੱਥੇ
ਮਿਲਣੋ ਹਟ ਗਿਆ ਝੰਗ ਵਿਚ ਦੁੱਧ ਅਸਲੀ,
ਚੂਰੀ ਰਾਂਝੇ ਨੂੰ ਹੀਰ ਖਵਾਏ ਕਿੱਥੇ'

-ਭਗਵਾਨ ਢਿੱਲੋਂ
ਮੋਬਾਈਲ : 98143-78254

ਤਿੰਨ ਰੰਗ
ਲੇਖਕ : ਰਣਜੀਤ ਸਿੰਘ ਔਲਖ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94174-55894

ਇਸ ਪੁਸਤਕ ਦੇ ਤਿੰਨ ਭਾਗ ਕੀਤੇ ਗਏ ਹਨ। ਪਹਿਲੇ ਭਾਗ ਵਿਚ ਸੱਤ ਰੇਖਾ ਚਿੱਤਰ ਹਨ, ਜਿਨ੍ਹਾਂ ਵਿਚ ਡਾ. ਗੁਰਚਰਨ ਲਾਲ ਅਵਸਥੀ ਮਸੀਹਾ, ਅੰਬੋ, ਦਰਵੇਸ਼ ਸਿਆਸਤਦਾਨ ਨਰੰਜਨ ਸਿੰਘ ਪੱਟੀ, ਪਾਰਸ, ਰੋਹੀ ਦਾ ਰੁੱਖ, ਕਿੱਥੋਂ ਤੇ ਕਿੱਥੇ, ਜ਼ੀਰੇ ਦਾ ਵਿਧਾਨਕਾਰ, ਤਿਰਛੀ ਨਜ਼ਰ ਮੋਖੋਂ ਆਦਿ ਰੇਖਾ ਚਿੱਤਰ ਲਏ ਗਏ ਹਨ। ਇਨ੍ਹਾਂ ਰੇਖਾ ਚਿੱਤਰਾਂ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਦਾ ਜ਼ਿਕਰ ਲੇਖਕ ਨੇ ਕੀਤਾ ਹੈ, ਉਨ੍ਹਾਂ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ, ਜੋ ਕਾਬਲ-ਏ-ਤਾਰੀਫ਼ ਹੈ। ਦੂਸਰੇ ਭਾਗ ਦੇ ਵਿਚ 12 ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਦੇ ਵੱਖਰੋ-ਵੱਖਰੇ ਵਿਸ਼ੇ ਹਨ ਅਤੇ ਕਈਆਂ ਦੇ ਵਿਚ ਲੇਖਕ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਇਨ੍ਹਾਂ ਵਿਚ ਖ਼ੁਸ਼ੀ ਦੇ ਭੇਦ, ਬਦਲਾਓ, ਕਿੱਥੋਂ ਕਿੱਥੇ ਨੋਟ ਟੁੱਟ ਗਿਆ ਵਧੀਆ ਹਨ। ਪੁਸਤਕ ਦੇ ਤੀਸਰੇ ਭਾਗ ਵਿਚ 10 ਨਿਬੰਧ ਹਨ, ਜਿਨ੍ਹਾਂ ਵਿਚ ਧੀਆਂ ਧਰੇਕਾਂ, ਤਿੜਕੇ ਰਿਸ਼ਤੇ, ਸੇਵਾ ਮੁਕਤੀ, ਡੁੱਲ੍ਹੇ ਬੇਰ, ਹਤਿਆਰੇ, ਕਿਥੋਂ ਲੱਭੀਏ ਬੋਹੜ ਦੀ ਛਾਂ, ਸਮੇਂ ਦੀ ਸਫਬੰਦੀ, ਵਾਰ-ਵਾਰ ਪੜ੍ਹਨਯੋਗ ਹਨ। ਪੁਸਤਕ ਦਾ ਲੇਖਕ ਸੇਵਾਮੁਕਤ ਅਧਿਆਪਕ ਹੈ ਅਤੇ ਤਜਰਬਾ ਤੇ ਲੋਕਾਂ ਦੇ ਨਾਲ ਮੇਲ-ਮਿਲਾਪ ਵੀ ਰਿਹਾ। ਇਸ ਤਜਰਬੇ ਦੇ ਵਿਚੋਂ ਬਹੁਤੀਆਂ ਗੱਲਾਂ ਦਾ ਜ਼ਿਕਰ ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਪੇਸ਼ ਕਰਕੇ ਆਪਣੇ ਅੰਦਰ ਜਮ੍ਹਾਂ ਗੱਲਾਂ ਨੂੰ ਕੱਢ ਕੇ ਮਨ ਹਲਕਾ ਕੀਤਾ ਜਾਪਦਾ ਹੈ। ਲੇਖਕ ਨੇ ਕੈਨੇਡਾ ਦੀ ਫੇਰੀ ਦੌਰਾਨ ਦੌਰਾਨ ਜਿਥੇ ਬਹੁਤ ਕੁਝ ਅੱਖੀਂ ਵੇਖਿਆ, ਜਿਸ ਨੂੰ ਕਮਲਬੱਧ ਕੀਤਾ। ਕੋਰੋਨਾ ਕਾਲ ਵਿਚ ਆਪਣੇ ਮਨ ਦੇ ਵਲਵਲਿਆਂ ਨੂੰ ਬਾਹਰ ਕੱਢ ਕੇ ਕਾਗਜ਼ਾਂ ਦੀ ਹਿੱਕ 'ਤੇ ਉਲੀਕ ਦਿੱਤਾ ਅਤੇ ਜੋ ਕਿਤਾਬ ਬਣ ਗਈ। ਲੇਖਕ ਦੀ ਜੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਨੇ ਆਪਣੇ ਦਿਲ ਲਿਖਤ ਸਮੇਂ ਆਪਣੇ ਦਿਲ 'ਚ ਕੋਈ ਗੱਲ ਨਾ ਰੱਖ ਕੇ ਬਾਹਰ ਕੱਢ ਮਾਰੀ। ਲੇਖਕ ਨੂੰ ਪੰਜਾਬੀ ਭਾਸ਼ਾ ਦੇ ਘਟ ਰਹੇ ਪਾਠਕਾਂ ਦੀ ਵੀ ਚਿੰਤਾ ਲੱਗੀ ਹੋਈ ਹੈ, ਉਸ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦੂਜਿਆਂ ਤੋਂ ਜੋ ਉਮੀਦ ਕੀਤੀ ਜਾਂਦੀ ਹੈ, ਪਹਿਲਾਂ ਉਹ ਆਪਣੇ-ਆਪ 'ਤੇ ਲਾਗੂ ਕਰਨੀ ਚਾਹੀਦੀ ਹੈ। ਵੈਸੇ ਤਾਂ ਪੁਸਤਕ ਪੜ੍ਹ ਕੇ ਬਹੁਤ ਗੱਲਾਂ ਦਾ ਪਤਾ ਲਗਦਾ ਹੈ ਕਿ ਇਕੋ ਪੁਸਤਕ ਦੇ ਵਿਚ ਰੇਖਾ, ਚਿੱਤਰ, ਮਿੰਨੀ ਕਹਾਣੀਆਂ, ਆਪਣੇ ਵਿਚਾਰ 'ਤੇ ਆਪ ਬੀਤੀਆਂ ਗੱਲਾਂ, ਨਿਬੰਧ ਸ਼ਾਮਿਲ ਕਰਕੇ ਇਕ ਮਿਲਗੋਭ ਜਿਹਾ ਬਣ ਗਿਆ ਹੈ। ਚੰਗਾ ਹੁੰਦਾ ਜੇਕਰ ਇਨ੍ਹਾਂ ਨੂੰ ਵੱਖੋ-ਵੱਖਰਾ ਕਿਤਾਬੀ ਰੂਪ ਦਿੱਤਾ ਜਾਂਦਾ ਹੈ, ਜੋ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਸ਼ਲਾਘਾਯੋਗ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਤਾਰਿਆਂ ਦਾ ਹਜੂਮ
ਸ਼ਾਇਰ : ਸੀਤਲ ਸਿੰਘ ਗੁੰਨੋਪੁਰ
ਪ੍ਰਕਾਸ਼ਕ : ਖ਼ੁਦ ਸ਼ਾਇਰ
ਮੁੱਲ : 150 ਰੁਪਏ, ਸਫ਼ੇ : 122
ਸੰਪਰਕ : 98153-15034

ਹਥਲਾ ਗ਼ਜ਼ਲ-ਸੰਗ੍ਰਹਿ ਪੰਜਾਬੀ ਦੇ ਸਮਰੱਥ ਸ਼ਾਇਰ ਸੀਤਲ ਸਿੰਘ ਗੁੰਨੋਪੁਰ ਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਸਾਲ 2019 ਵਿਚ ਆਪਣੇ ਪਹਿਲੇ ਗ਼ਜ਼ਲ ਸੰਗ੍ਰਹਿ 'ਜਮੀਰ ਦੀ ਆਵਾਜ਼' ਨਾਲ ਹੀ ਗੁੰਨੋਪੁਰ ਨੇ ਆਪਣੀ ਪਛਾਣ ਗੂੜ੍ਹੀ ਕਰ ਲਈ ਸੀ। ਇਸ ਸੰਗ੍ਰਹਿ ਵਿਚ 105 ਸ਼ਾਨਦਾਰ ਅਤੇ ਜਾਨਦਾਰ ਗ਼ਜ਼ਲਾਂ ਹਨ। ਜ਼ਿਲ੍ਹਾ ਗੁਰਦਾਸਪੁਰ ਬਜਾਤੇ ਖ਼ੁਦ ਹੀ ਇਕ ਗ਼ਜ਼ਲ ਟਕਸਾਲ ਵਜੋਂ ਸਥਾਪਿਤ ਹੈ। ਸੀਤਲ ਸਿੰਘ ਇਕ ਸੀਤਲ ਦਰਿਆ ਹੈ, ਜੋ ਰਚਨਾ ਦੇ ਖੇਤਾਂ ਵੱਲ ਵਹਿੰਦਾ ਅਤੇ ਲੋਕ ਚੇਤਨਾ ਦੀ ਖੇਤੀ ਕਰਦਾ ਹੈ। ਉਸ ਨੇ ਇਕ ਉਮਰ ਅਧਿਆਪਕ ਸੰਘਰਸ਼ਾਂ ਵਿਚ ਲਾਈ ਅਤੇ ਇਨ੍ਹਾਂ ਸੰਘਰਸ਼ਾਂ ਵਿਚੋਂ ਹੀ ਰਾਜਨੀਤੀ, ਆਰਥਿਕਤਾ ਅਤੇ ਬਿਊਰੋਕੇਸੀ ਦੇ ਅਸਲ ਕਿਰਦਾਰ ਨੂੰ ਸਮਝਿਆ। ਉਸ ਦੇ ਸ਼ਿਅਰਾਂ ਵਿਚ ਵਿਸ਼ੇ ਦੀ ਲੋਕਾਇਤ ਅਤੇ ਗ਼ਜ਼ਲ ਤਕਨੀਕ ਦੀ ਪਕਿਆਈ ਹੈ। ਉਸ ਕੋਲ ਸੂਝ ਦੇ ਖੁੱਲ੍ਹੇ ਅਸਮਾਨ ਅਤੇ ਲੋਕ ਮਸਲਿਆਂ ਦੇ ਆਯਾਮ ਹਨ ਅਤੇ ਉਸ ਦੀ ਪੇਸ਼ਕਾਰੀ ਪੈਗੰਬਰੀ ਹੈ। ਉਹ ਜੋ ਵੀ ਗੱਲ ਕਰਦਾ ਹੈ ਬੜੇ ਵਿਸ਼ਵਾਸ ਨਾਲ ਕਰਦਾ ਹੈ। ਪਾਇਦਾਰੀ ਉਸ ਦਾ ਸ਼ਿਅਰੀ ਅੰਦਾਜ਼ ਅਤੇ ਅਕੀਦਾ ਹੈ। ਉਸ ਕੋਲ ਲੋਕ ਸੰਵੇਦਨਾ ਹੈ ਅਤੇ ਗ਼ਜ਼ਲ ਦੀ ਜ਼ੁਬਾਨ ਵਿਚ ਗੱਲ ਕਰਨ ਦੀ ਸਿਫ਼ਤ ਵੀ ਹੈ।
ਸੀਤਲ ਦੀ ਜ਼ਬਾਨੀ ਗ਼ਜ਼ਲਕਾਰੀ/ਫਨਕਾਰੀ ਦਾ ਰੰਗ ਵੇਖੋ :
-ਹਾਸ਼ੀਏ 'ਤੇ ਸਹਿਕਦੇ ਮਸਲੇ ਗ਼ਜ਼ਲ ਵਿਚ ਢਾਲ ਕੇ
ਖਿੱਚ ਤੂੰ ਸੀਤਲ ਸਾਹਿਤ ਦੇ ਸਫ਼ਿਆਂ ਉੱਤੇ ਵੱਖਰੀ ਲਕੀਰ
-ਲੇਖਕ, ਕਵੀ, ਫਨਕਾਰ, ਚਿੰਤਕ ਜਾਂ ਮੈਂ ਦਾਨਿਸ਼ਵਰ ਬਣਾਂ
ਪਰ ਦੂਜਿਆਂ ਤੋਂ ਵੱਖਰਾ ਤਾਂ ਕੁਝ ਨਾ ਕੁਝ ਆਖਰ ਬਣਾਂ
-ਠੀਕ ਹੈ ਸੀਤਲ ਚਿਰਾਂ ਤੋਂ ਲਿਖ ਰਿਹਾਂ ਤੂੰ ਪਰ ਅਜੇ
ਗ਼ਜ਼ਲ ਤੇਰੀ ਜਜ਼ਬਿਆਂ ਵਿਚ ਖਲਬਲੀ ਪਾਉਂਦੀ ਨਹੀਂ
-ਯਤਨ ਕਰਦਾ ਪਿਆ ਹਾਂ ਮੈਂ ਲਿਖਾਂ ਐਸੀ ਗ਼ਜ਼ਲ ਜਿਹੜੀ
ਤੁਹਾਨੂੰ ਦਾਦ ਦੇਵਣ ਵਾਸਤੇ ਮਜਬੂਰ ਕਰ ਦੇਵੇ
ਗੁਰਦਿਆਲ ਰੌਸ਼ਨ ਦਾ ਕਹਿਣਾ ਹੈ ਕਿ ਸੀਤਲ ਗੁੰਨੋਪੁਰੀ ਦੀ ਗ਼ਜ਼ਲਕਾਰੀ ਜਿਥੇ ਲੋਕ ਮਸਲਿਆਂ ਨੂੰ ਜ਼ੋਰ ਨਾਲ ਪੇਸ਼ ਕਰਦੀ ਹੈ, ਉੱਥੇ ਉਸ ਦੇ ਸ਼ਿਅਰਾਂ ਵਿਚ ਰਾਜਨੀਤੀ, ਆਰਥਿਕਤਾ, ਧਾਰਮਿਕ ਧੁੰਦੂਕਾਰੇ ਅਤੇ ਸੱਭਿਆਚਾਰਕ ਵਿਗਾੜਾਂ ਦੀ ਫ਼ਿਕਰਮੰਦੀ ਵੀ ਹੈ। ਸੀਤਲ ਜਿਸ ਵੀ ਗ਼ਜ਼ਲ ਮਹਿਫ਼ਲ ਵਿਚ ਹੁੰਦਾ ਹੈ, ਉਥੇ ਉਸ ਦੀ ਹਾਜ਼ਰੀ ਤਾਰਿਆਂ ਵਿਚ ਚੰਨ ਵਰਗੀ ਹੁੰਦੀ ਹੈ। ਸਟੇਜ ਦਾ ਧਨੀ ਹੋਣ ਦੇ ਨਾਲ-ਨਾਲ ਉਹ ਪੰਜਾਬੀ ਗ਼ਜ਼ਲ ਦੇ ਅਰਥਚਾਰੇ ਬਾਰੇ ਵੀ ਬੜੀ ਦਾਨਿਸ਼ਵਦੀ ਨਾਲ ਪੇਸ਼ਕਾਰੀ ਕਰਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਸੀਤਲ ਨੂੰ ਸ਼ਿਅਰੀ ਕ੍ਰਿਸ਼ਮਾਕਾਰ ਕਿਹਾ। ਸਮਰੱਥ ਗ਼ਜ਼ਲ ਚਿੰਤਕ ਮੰਗਤ ਚੰਚਲ ਅਨੁਸਾਰ ਸੀਤਲ ਗੁਰਦਾਸਪੁਰ ਦਾ ਐਸਾ ਗ਼ਜ਼ਲਦੀਪ ਹੈ, ਜਿਸ ਦੀ ਰੌਸ਼ਨੀ ਹੱਦਾਂ ਸਰਹੱਦਾਂ ਨੂੰ ਪਾਰ ਕਰ ਰਹੀ ਹੈ। ਉਸ ਦਾ ਇਕ ਸ਼ਿਅਰ ਦੇ ਕੇ ਫਿਲਹਾਲ ਇਸ ਵਾਰਤਾ ਨੂੰ ਇਥੇ ਵਿਰਾਮ ਦੇਣ ਦੀ ਇਜਾਜ਼ਤ ਦਿਓ :
ਮੇਰੇ ਖ਼ੁਦਾ ਇਹ ਵਰ ਕੇ ਮੈਨੂੰ ਨਾ ਕਦੇ ਵੀ ਉੱਛਲਾਂ
ਮੈਂ ਬੂੰਦ ਤੋਂ ਭਰਿਆ ਹੋਇਆ ਦਰਿਆ ਕਦੇ ਜੇਕਰ ਬਣਾਂ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਅਨੁਪਮ ਗਾਥਾ ਫਫੜੇ ਭਾਈ ਕੇ ਨਗਰ ਦੀ
ਲੇਖਕ: ਪ੍ਰਿੰਸੀਪਲ ਜਗਜੀਤ ਸਿੰਘ ਔਲਖ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ :395 ਰੁਪਏ, ਸਫ਼ੇ : 350
ਸੰਪਰਕ : 99889-13155

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ, ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ ਦਰ ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ, ਕੋਈ ਟਾਂਵਾਂ-ਟੱਲਾ ਹੀ ਡੰਗੋਰੀ ਲਈ ਖੜ੍ਹਾ ਹੈ, ਅਧਖੜ ਨੂੰ ਤੰਗੀਆਂ-ਝੋਰਿਆਂ ਨੇ ਝੰਬ ਛੱਡਿਆ ਹੈ ਅਤੇ ਨਵੀਂ ਪੌਂਦ ਨੂੰ ਟੈਲੀ-ਕਲਚਰ ਨੇ ਅੰਦਰੀਂ ਵਾੜ ਦਿੱਤਾ ਹੈ। ਸੱਥਾਂ ਤਾਂ ਕਦੋਂ ਦੀਆਂ ਖਤਮ ਹੋ ਗਈਆਂ ਹਨ, ਜਿੱਥੇ ਚੁੰਝ-ਚਰਚਾ ਚਲਦੀ ਸੀ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਹੋ ਚੱਲਿਆ ਹੈ। ਹਾਲੇ ਵੀ ਵੇਲਾ ਹੈ ਕਿ ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ। ਨਹੀਂ ਤਾਂ, ਪਿੰਡਾਂ ਦਾ, ਸਾਡੇ ਚੇਤਿਆਂ 'ਚ ਪਿਆ ਇਤਿਹਾਸ ਬਿਲਕੱਲ ਲੁਪਤ ਹੋ ਜਾਵੇਗਾ।
ਉਕਤ ਗੱਲ ਅਤੇ ਫ਼ਿਕਰਮੰਦੀ;ਉਹ ਹੈ ਜੋ ਮੈਂ ਮਗਰੋਂ ਜ਼ਾਹਿਰ ਕਰਨੀ ਸੀ, ਪਹਿਲਾਂ ਕਰ ਦਿੱਤੀ। ਸਬੱਬ ਬਣਿਆ ਸ. ਜਗਜੀਤ ਸਿੰਘ ਔਲਖ, ਦੀ ਬੇਹੱਦ ਭਾਵਪੂਰਤ ਪੁਸਤਕ 'ਅਨੁਪਮ ਗਾਥਾ ਫਫੜੇ ਭਾਈ ਕੇ ਨਗਰ ਦੀ' ਪੜ੍ਹਦਿਆਂ। ਬੇਹੱਦ ਮੁਸ਼ੱਕਤ ਅਤੇ ਤਰ੍ਹਦਦ ਕੀਤਾ ਗਿਆ ਹੈ, ਤੱਥ-ਯੁਕਤ ਇਸ ਪੁਸਤਕ ਦੀ ਲੇਖਣੀ ਹਿੱਤ। ਜਿਸ ਵਿਚ, ਪਿੰਡ ਕਦ ਵਸਿਆ, ਕਿਸ ਵਸਾਇਆ, ਉੱਜੜ ਕੇ ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀ ਮੋੜ੍ਹੀ ਗੱਡਣ ਤੋਂ ਲੈ ਕੇ ਹੁਣ, ਵਿਸ਼ੇਸ਼ ਕਰਕੇ ਤੌੜ ਸੰਤਾਲੀ ਤੱਕ, ਦੀਆਂ ਦੀਆਂ ਉੱਘੜਵੀਆਂ ਗੱਲਾਂ। ਪਹਿਲ-ਪਲੱਕੜੇ ਨਾਮਵਰ ਕਰਮਯੋਗੀ, ਪ੍ਰਚੀਨ ਰਹਿਤਲ-ਜੀਵਨ ਬਸਰ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸ਼ਖ਼ਸ਼ੀਅਤਾਂ, ਬੰਸ-ਬੰਸਾਵਲੀਆਂ ਅਤੇ ਸਥਾਨਾਂ-ਅਸਥਾਨਾਂ ਸਮੇਤ ਪੂਰਬ ਆਜ਼ਾਦੀ ਲਹਿਰਾਂ ਤੇ ਦੇਸ਼ਭਗਤਾਂ ਦੀਆਂ ਵੀ ਵਿਸ਼ੇਸ ਗੱਲਾਂ। ਇਹੀ ਨਹੀਂ, ਲਿਖੀ/ਸੰਪਾਦਿਤ ਇਸ ਕਿਤਾਬ ਵਿਚ ਪਿੰਡ ਨਾਲ ਸੰਬੰਧਿਤ ਥੇਹਾਂ, ਢਾਬਾਂ-ਛੱਪੜ, ਬੀਹੀਆਂ-ਦਰਵਾਜ਼ੇ, ਇਸ਼ਟਾਂ, ਪੈੜਾਂ-ਪੰਥਾਂ ਦੀ ਵੀ ਗੱਲ ਕੀਤੀ ਗਈ ਹੈ ਅਤੇ ਨਾਮੀ-ਕਰਮਯੋਗੀਆਂ ਦੇ ਵਿਅਕਤੀਗਤ ਰੇਖਾ ਚਿਤਰ ਤੇ ਯਾਦਗਾਰਾਂ ਵੀ ਦਰਜ ਹਨ ਅਤੇ ਕੁਨਬੇ ਤੇ ਕਿਰਤੀ-ਸ਼ਿਲਪੀ ਸਮੂਹਾਂ ਦੀ ਜਾਣਕਾਰੀ ਅਤੇ ਵਿਸ਼ੇਸ਼ਤਾ ਵੀ।
ਪਿੰਡਾਂ ਨਾਲ ਸੰਬੰਧਿਤ, ਖਾਸ ਕਰਕੇ ਕਿਸੇ ਪਿੰਡ ਵਿਸ਼ੇਸ ਬਾਰੇ ਵੀ, ਮੈਂ ਕਈ ਲੇਖ, ਪੁਸਤਕਾਂ ਪੜ੍ਹੀਆਂ ਹਨ। ਪ੍ਰੰਤੂ, ਹੁਣ ਤੱਕ ਪੜ੍ਹੇ-ਸੁਣਿਆਂ ਵਿਚੋਂ, ਕਈ ਕਾਰਨਾਂ ਕਰਕੇ ਇਹ ਵੀ ਭਾਵ-ਪੂਰਤ ਲੱਗੀ। ਭਲਾ ਕਿਉਂ? ਪੜ੍ਹੋਗੇ ਤਾਂ ਜਾਣੋਗੇ। ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਵਿਅਕਤੀਆਂ ਨੂੰ ਇਸ ਪੁਸਤਕ ਦੀ ਸਿਫ਼ਾਰਸ਼।
ਹਾਂ, ਫਫੜੇ ਭਾਈ ਕੇ ਵਾਸੀਆਂ ਅਤੇ ਉਸ ਨਗਰ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਅਨੁਪਮ ਖਜ਼ਾਨਾ ਹੈ। ਲੇਖਕ ਦੀ ਘਾਲਣਾ ਨੂੰ ਸਲਾਮ

-ਵਿਜੈ ਬੰਬੇਲੀ
ਮੋਬਾਈਲ : 94634-39075

ਧਰਤ ਵਿਹੂਣੇ
ਲੇਖਿਕਾ : ਸੁਖਵਿੰਦਰ ਪੱਪੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94170-40717

ਮੂਲ ਤੌਰ 'ਤੇ ਕਵੀ ਸੁਖਵਿੰਦਰ ਪੱਪੀ ਨੇ ਤਿੰਨ ਕਾਵਿ ਸੰਗ੍ਰਹਿ ਮਗਰੋਂ ਨਾਵਲ 'ਧਰਤ ਵਿਹੂਣੇ' ਦੀ ਸਿਰਜਣਾ ਕੀਤੀ ਹੈ। ਇਹ ਨਾਵਲ ਦਲਿਤ ਵਰਗ ਦੇ ਬੇਜ਼ਮੀਨੇ ਲੋਕਾਂ ਦੀ ਜ਼ਮੀਨ ਅਧਿਕਾਰ ਸੰਗਠਨ ਵਲੋਂ ਆਰੰਭੇ ਅੰਦੋਲਨ ਦੀ ਸੰਘਰਸ਼ ਗਾਥਾ ਹੈ, ਜਿਸ ਦੀ ਪ੍ਰਮੁੱਖ ਪਾਤਰ ਵੀਰਾਂ ਹੈ। ਇਸ ਸੰਘਰਸ਼ਸੀਲ ਟੀਮ ਵਿਚ ਸੰਦੀਪ, ਵੀਰਾਂ, ਮੋਹਕਮ, ਦੀਪਕ, ਬਲਬੀਰੋ, ਦਲਵੀਰ, ਸ਼ੰਕਰ, ਅਮਨ ਆਦਿ ਸਰਗਰਮ ਮੈਂਬਰ ਹਨ, ਜਿਨ੍ਹਾਂ ਦੀ ਸਕੂਲਿੰਗ ਸੁਰਿੰਦਰ ਨਾਂਅ ਦਾ ਆਗੂ ਕਰਦਾ ਹੈ। ਇਹ ਟੀਮ ਵਿਸ਼ੇਸ਼ ਕਰਕੇ ਮਾਲਵੇ ਦੇ ਪਿੰਡਾਂ ਦੀ ਪਿੱਠਭੂਮੀ ਵਿਚ ਪਿੰਡਾਂ ਦੀ ਪੰਚਾਇਤੀ ਜ਼ਮੀਨ 'ਤੇ ਗ਼ੈਰ-ਦਲਿਤਾਂ ਵਲੋਂ ਕੀਤੇ ਕਬਜ਼ੇ ਤੋਂ ਛੁਡਾ ਕੇ ਉਸ ਦਾ ਬਣਦਾ ਤੀਸਰਾ ਹਿੱਸਾ ਬੇਜ਼ਮੀਨੇ ਦਲਿਤਾਂ ਨੂੰ ਦਿਵਾਉਣਾ ਚਾਹੁੰਦੀ ਹੈ। ਇਸ ਕਥਾਨਕ ਵਿਚ ਦਲਿਤ ਵੀਰਾਂ ਤੇ ਜੱਟ ਸੰਦੀਪ ਦੇ ਪ੍ਰੇਮਕਥਾ ਉਸਰਦੀ ਹੈ। ਵੀਰਾਂ ਦੇ ਬਚਪਨ ਤੋਂ ਦਸਵੀਂ ਪਾਸ ਕਰਨ ਉਪਰੰਤ ਕਾਲਜ ਦਾਖਲਾ ਲੈਣ ਮਗਰੋ ਸੰਦੀਪ ਰਾਹੀਂ ਵਿਦਿਆਰਥੀ ਜਥੇਬੰਦੀ ਵਿਚ ਸ਼ਾਮਿਲ ਹੋ ਕੇ ਸਾਹਿਤ ਅਧਿਐਨ, ਸੰਗਠਨ ਦੀ ਸਕੂਲਿੰਗ ਅਤੇ ਟੀਮ ਦੇ ਸਖ਼ਤ ਫੀਲਡ ਵਰਕ ਰਾਹੀਂ ਸਿਰਕੱਢ ਲੀਡਰ ਬਣਨ ਦਾ ਦਿਲਚਸਪ ਵਰਨਣ ਕੀਤਾ ਗਿਆ ਹੈ। ਮਾ. ਅਜੈਬ ਸਿੰਘ ਵਲੋਂ ਮਾਇਕ ਅਤੇ ਇਖਲਾਕੀ ਮਦਦ ਵੀਰਾਂ ਨੂੰ ਇਸ ਔਕੜਾਂ ਭਰੇ ਰਾਹਾਂ ਦਾ ਪਾਂਧੀ ਬਣਨ ਵਿਚ ਮਦਦਗਾਰ ਸਾਬਤ ਹੁੰਦੀ ਹੈ। ਮਾ. ਅਜੈਬ ਸਿੰਘ ਆਪਣੀ ਬੇਮੇਲ ਪਤਨੀ ਤੋਂ ਦੁਖੀ ਹੋ ਕੇ ਸ਼ਰਾਬ ਪੀਂਦਾ ਹੈ ਤੇ ਸਕੂਲ ਦੀ ਹੀ ਇਕ ਅਧਿਆਪਕਾ 'ਚੋਂ ਪ੍ਰਿਟੀ ਜਿੰਟਾ ਦੇ ਸੁਪਨੇ ਵੀ ਦੇਖਦਾ ਹੈ। ਪਿੰਡ ਵਿਚ ਲਾਇਬ੍ਰੇਰੀ ਖੋਲ੍ਹਣ ਦੀ ਇੱਛਾ ਵੀ ਰੱਖਦਾ ਹੈ ਤੇ ਚਾਰਵਾਕੀਆ ਦੇ ਡੇਰੇ ਤੇ ਮਹੰਤ ਸਚਦਾਨੰਦ ਤੋਂ ਅਸ਼ੀਰਵਾਦ ਵੀ ਗ੍ਰਹਿਣ ਕਰਦਾ ਹੈ। ਉਹ ਵੀਰਾਂ ਦਾ ਅੰਤ ਤੱਕ ਮਜ਼ਬੂਤ ਸਮਰਥਕ ਬਣਿਆ ਰਹਿੰਦਾ ਹੈ। ਬੇਜ਼ਮੀਨੇ, ਛੜੇ ਤੇ ਚਾਚੇ ਬੀਰੂ ਰਾਹੀਂ ਬੇਜ਼ਮੀਨੇ ਦਲਿਤਾਂ ਦੇ ਸੁਪਨਿਆਂ ਨੂੰ ਉਸ ਦੀ ਵਿਲੱਖਣ ਭਾਸ਼ਾ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਜੋ ਸਾਰੇ ਨਾਵਲ ਵਿਚ ਆਪਣੀ ਉਪਸਥਿਤੀ ਨੂੰ ਬੜੇ ਹੀ ਰੌਚਕ ਢੰਗ ਨਾਲ ਪੇਸ਼ ਕਰਦਾ ਹੈ। ਨਾਵਲ ਵਿਚ ਜ਼ਮੀਨ ਅਧਿਕਾਰ ਸੰਗਠਨ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੇ ਢੰਗ, ਅਜਿਹੇ ਬਗ਼ਾਵਤੀ ਨੌਜਵਾਨਾਂ ਦਾ ਪਰਿਵਾਰਕ ਤੇ ਉੱਚ ਵਰਗ ਵਲੋਂ ਵਿਰੋਧ, ਆਪਣੇ ਵਰਗ ਵਲੋਂ ਸਵੀਕ੍ਰਿਤੀ, ਪ੍ਰਸ਼ਾਸਨ ਦੀ ਸੋਚ, ਮੀਡੀਆ ਦੀ ਭੂਮਿਕਾ, ਸਿਆਸੀ ਸਮੀਕਰਨ ਆਦਿ ਦੀ ਯਥਾਰਥਮਈ ਤਸਵੀਰ ਪੇਸ਼ ਕੀਤੀ ਗਈ ਹੈ। ਜ਼ਮੀਨ ਦੀ ਲੜਾਈ ਦੇ ਨਾਲ-ਨਾਲ ਜਮਾਤੀ ਸੰਘਰਸ਼ ਦੇ ਨਕਸ਼ ਵੀ ਉਲੀਕੇ ਗਏ ਹਨ। ਪਿੰਡ-ਪਿੰਡ ਜਾ ਕੇ ਬੇਜ਼ਮੀਨਿਆਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕਰਨਾ, ਸੰਘਰਸ਼ ਲਈ ਘਰੋਂ ਬਾਹਰ ਕੱਢ ਕੇ ਸੰਗਠਾਤਮਿਕ ਸ਼ਕਤੀ ਦਾ ਮੁਜ਼ਾਹਰਾ ਕਰਨਾ, ਪੁਲਿਸ ਤੇ ਪ੍ਰਸ਼ਾਸਨ ਨਾਲ ਟੱਕਰ, ਰਾਤੋ-ਰਾਤ ਭੈਣੀ ਕਲਾਂ ਦੇ 14-15 ਕਿੱਲ੍ਹਿਆਂ ਦੀ ਜੀਰੀ ਵੱਢ ਕੇ ਉਸ ਨੂੰ ਟਰੈਕਟਰ 'ਤੇ ਗਾਇਬ ਕਰ ਲੈਣਾ, ਪਿੰਡ ਦੇ ਜੱਟਾਂ ਵਲੋਂ ਇਸ ਕਾਰਵਾਈ ਨੂੰ ਜੱਟ-ਦਲਿਤਾਂ ਦੀ ਲੜਾਈ ਤੇ ਨਕਸਲੀਆਂ ਨਾਲ ਜੋੜਨਾ ਆਦਿ ਇਹ ਸਭ ਅਜਿਹੇ ਸੰਘਰਸ਼ਾਂ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਉਜਾਗਰ ਕਰਦੇ ਹਨ। ਲੇਖਕ ਵਲੋਂ ਦਲਿਤਾਂ ਦੇ ਜ਼ਮੀਨ ਅਧਿਕਾਰ ਅੰਦੋਲਨ ਦੇ ਨਾਲ-ਨਾਲ ਪਿੰਡ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਉਜਾਗਰ ਕਰਦੇ ਹਨ। ਲੇਖਕ ਵਲੋਂ ਦਲਿਤਾਂ ਦੇ ਜ਼ਮੀਨ ਅਧਿਕਾਰ ਅੰਦੋਲਨ ਦੇ ਨਾਲ-ਨਾਲ ਪਿੰਡ ਦੇ ਡੇਰੇ ਤੋਂ ਸ਼ਿਵ ਮਹਿਮਾ ਦਾ ਗਾਨ, ਮਹੰਤ ਸਚਦਾਨੰਦ ਵਲੋਂ ਸਮਾਜ ਵਿਚ ਖੱਬੇ-ਪੱਖੀਆਂ ਨੂੰ ਭੰਡੀ ਪ੍ਰਚਾਰ ਤੇ ਆਲੋਚਨਾ ਕਰਨ ਵਾਲੇ ਦੱਸ ਕੇ ਗਾਂਧੀਵਾਦੀ ਤੇ ਆਰ.ਐਸ.ਐਸ. ਦੀ ਸੋਚ ਦੀ ਪ੍ਰੋੜ੍ਹਤਾ ਕਰਕੇ, ਅੰਦੋਲਨ ਦੇ ਸਿਧਾਂਤਾਂ ਪੱਖ ਨੂੰ ਵੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਵਲ ਦੇ ਦਸਵੇਂ ਕਾਂਡ ਵਿਚ ਸਕੂਲਿੰਗ ਕਰਨ ਆਏ ਸਿਧਾਂਤਵਾਦੀ ਸੁਰਿੰਦਰ ਵਲੋਂ ਇਹ ਪੁੱਛਣਾ ਕਿ ਅੱਜ ਦੀ ਮੀਟਿੰਗ ਵਿਚ ਕਿੰਨੇ ਦਲਿਤ ਤੇ ਹੋਰ ਕਿੰਨੇ ਹਨ। ਚਾਰ ਦਲਿਤ ਤਿੰਨ ਜੱਟ ਤੇ ਇਕ ਬ੍ਰਾਹਮਣ ਦੱਸਣ 'ਤੇ ਇਹ ਕਹਿਣਾ ਕਿ 'ਜਾਹ ਵੀ ਸੰਧੂਆਂ, ਦਲਿਤਾਂ ਨੇ ਤੁਹਾਡੇ ਲੋਕਾਂ ਦੀ ਹਜ਼ਾਰਾਂ ਸਾਲ ਸੇਵਾ ਕੀਤੀ ਹੈ, ਹੁਣ ਤੂੰ ਸਮੋਸੇ ਤੇ ਚਾਹ ਲੈ ਕੇ ਆ।' ਇਹ ਸੰਵਾਦ ਲੇਖਕ ਦੇ ਪੁਰਵਾਗ੍ਰਹਿ ਨਾਲ ਪੀੜਤ ਹੋਣ ਦੀ ਗਵਾਹੀ ਭਰਦਾ ਹੈ ਤੇ ਮਨ ਦੀ ਕੁੜੱਤਣ ਨੂੰ ਪ੍ਰਗਟ ਕਰਦਾ ਹੈ। ਲੇਖਕ ਨੇ ਠੇਠ ਮਲਵਈ ਭਾਸ਼ਾ ਨੂੰ ਅਲੰਕਾਰਕ ਕਾਵਿਕਤਾ ਪ੍ਰਦਾਨ ਕੀਤੀ ਹੈ। ਵਿਸ਼ੇਸ਼ ਕਰਕੇ ਚਾਚੇ ਬੀਰੂ ਵਲੋਂ ਆਪਣੀਆਂ ਬੱਕਰੀਆਂ ਲਈ ਵਰਤੇ ਗਏ ਅਲੰਕਾਰ ਪਾਠਕ ਨੂੰ ਕੀਲ ਲੈਣ ਦੇ ਸਮਰਥ ਹਨ। ਸ਼ੀਬੋ, ਜੰਜੀਰੋ, ਗੁਰਨਾਮੀ, ਸੋਨੀ ਆਦਿ ਪਾਤਰਾਂ ਵੀ ਬੜੇ ਸਜੀਵ ਪਾਤਰ ਵਜੋਂ ਉਭਰਦੇ ਹਨ। ਨਾਵਲ ਅੰਤ ਵਿਚ ਵੀਰਾਂ ਵਲੋਂ ਸੰਦੀਪ ਨੂੰ ਠੁਕਰਾ ਕੇ ਆਪਣਾ ਅਸਲ ਸੁਨੇਹਾ ਦੇਣ ਵਿਚ ਸਫਲ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਬੇਅਦਬੀ
ਲੇਖਕ : ਗੁਰਨਾਮ ਸਿੰਘ ਅਕੀਦਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 296
ਸੰਪਰਕ : 81460-01100

ਚਰਚਾ ਅਧੀਨ ਪੁਸਤਕ ਨਾਵਲ ਹੈ। ਲੇਖਕ ਨੇ ਇਸ ਤੋਂ ਪਹਿਲਾਂ ਤਿੰਨ ਨਾਵਲ, ਦੋ ਕਹਾਣੀ ਸੰਗ੍ਰਹਿ ਇਕ ਜੀਵਨੀ ਕੱਖ ਕੰਡੇ ਪਾਠਕਾਂ ਨੂੰ ਦਿੱਤੇ ਹਨ। ਕਿਤਾਬ 'ਪੱਤਰਕਾਰ ਦੀ ਮੌਤ' ਵੀ ਚਰਚਿਤ ਰਹੀ ਹੈ। ਨਾਵਲਕਾਰ ਨੇ ਲਿਖਿਆ ਹੈ ਕਿ ਪੂਰਾ ਨਾਵਲ ਪੜ੍ਹ ਕੇ ਪਾਠਕ ਨਾਵਲ ਦੇ ਵਿਸ਼ਾ ਵਸਤੂ 'ਤੇ ਵਿਚਾਰ ਕਰਨ। ਨਾਵਲ ਪੁਰਾਤਨ ਸਿੱਖ ਮਰਿਆਦਾ, ਸੱਭਿਆਚਾਰ ਵਿਚ ਬਦਲਾਵ, ਸਿੱਖ ਸਿਧਾਤਾਂ ਵਿਚ ਆਇਆ ਵੱਡਾ ਫਰਕ, ਪੂਰਨ ਸਿੱਖੀ 'ਤੇ ਪਹਿਰਾ ਦੇਣ ਵਾਲੇ ਪਾਤਰ ਨਾਵਲ ਵਿਚ ਲਏ ਹਨ। ਨਾਵਲ ਨੂੰ ਸਮਰਪਿਤ ਵੀ ਉਨ੍ਹਾਂ ਮਹਾਨ ਸਿੱਖ ਯੋਧਿਆਂ ਨੂੰ ਕੀਤਾ ਹੈ, ਜੋ ਅਡੋਲ ਹਨ, ਨਿਰਭੈ ਹਨ, ਜਿਨ੍ਹਾਂ ਨੇ ਬੱਚਿਆਂ ਨੂੰ ਕੁਰਹਿਤਾਂ ਤੋਂ ਦੂਰ ਰੱਖਿਆ। ਪ੍ਰਬੁੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਨਾਵਲ ਪਿਤਾਮਾ ਸਰਦਾਰ ਨਾਨਕ ਸਿੰਘ ਤੋਂ ਪਿਛੋਂ ਨਾਵਲ ਵਿਚ ਆਏ ਵਡੇ ਬਦਲਾਵ ਦੇ ਸੰਦਰਭ ਵਿਚ ਇਸ ਨਾਵਲ ਬਾਰੇ ਸਟੀਕ ਵਿਚਾਰ ਲਿਖੇ ਹਨ। ਪੰਜਾਬ ਦੀ ਫ਼ਿਜ਼ਾ ਵਿਚ ਨਾਵਲ ਦਾ ਸਿਰਲੇਖ (ਬੇਅਦਬੀ) ਪਿਛਲੇ ਸਮੇਂ ਤੋਂ ਉਛਾਲੇ ਮਾਰ ਰਿਹਾ ਹੈ। ਸਿਆਸੀ ਸਥਿਤੀ ਵਿਚ ਭੁਚਾਲ ਵਾਲੀ ਹਾਲਤ ਰਹੀ ਹੈ। ਨਾਵਲ ਵਿਚ ਦਿੱਲੀ ਤੋਂ ਆਇਆ ਸੰਨ ਚੁਰਾਸੀ ਦਾ ਦਿੱਲੀ ਦੰਗਿਆਂ ਦਾ ਪੀੜਤ ਸਿੱਖ ਪਰਿਵਾਰ ਹੈ। ਵੱਡਾ ਪੁੱਤਰ ਇਸ ਕਤਲੇਆਮ ਵਿਚ ਮਾਰਿਆ ਗਿਆ ਸੀ। ਛੋਟੇ ਪੁੱਤ ਨੇ ਕੇਸ ਕਤਲ ਕਰਾ ਦਿੱਤੇ। ਇਕ ਜਵਾਨ ਕੁੜੀ ਸਿਮਰ ਹੈ। ਪਿਤਾ ਪੁਲੀਸ ਅਫ਼ਸਰ ਹੈ। ਪੂਰਨ ਗੁਰਸਿੱਖ ਹੈ। ਮਾਤਾ ਅਧਿਆਪਕਾ ਹੈ। ਮਾਪਿਆਂ ਦੀ ਚਾਹਤ ਹੈ ਕਿ ਧੀ ਸਿੱਖੀ ਧਾਰਨ ਕਰੇ। ਪਰ ਉਹ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਨ ਸਮੇਂ ਗ਼ਲਤ ਕੰਮਾਂ ਵਿਚ ਪੈ ਗਈ ਸੀ। ਇਹ ਚਾਰ ਸਹੇਲੀਆਂ ਵੀ ਪੈਸਾ ਕਮਾਉਣ ਲਈ ਸਰੀਰ ਵੇਚਣ ਤੱਕ ਜਾਂਦੀਆਂ ਹਨ।
ਨਾਵਲ ਵਿਚ ਪੰਜਾਬ ਦੇ ਪਿੰਡਾਂ ਦੀ ਇਕ ਪਾਸੜ ਤਸਵੀਰ ਹੈ। ਤੀਸਰੇ ਭਾਗ ਵਿਚ ਵੱਡੇ ਪੁੱਤ ਦੀ ਪਤਨੀ ਨੂੰ ਉਸ ਦੀ ਸੱਸ ਹੋਰ ਪੁੱਤਰਾਂ ਨਾਲ ਨਾਜਾਇਜ਼ ਸੰਬੰਧ ਜੋੜਨ ਲਈ ਮਜਬੂਰ ਕਰਦੀ ਹੈ। ਹੋਰ ਵੀ ਨਾਜਾਇਜ਼ ਸੰਬੰਧਾਂ ਦੇ ਕਈ ਦ੍ਰਿਸ਼ ਨਾਵਲ ਵਿਚ ਹਨ। ਦਲਿਤ ਔਰਤ ਦਾ ਸ਼ੋਸ਼ਣ ਹੈ। (ਕਾਂਡ 7 ਭਾਗ ਤੀਸਰਾ) ਦੂਸਰੇ ਸੂਬਿਆਂ ਵਿਚੋਂ ਆਏ ਲੋਕਾਂ ਦੇ ਔਰਤਾਂ ਨਾਲ ਨਾਜਾਇਜ਼ ਸੰਬੰਧਾਂ ਦਾ ਵੇਰਵਾ ਹੈ। ਇਹ ਸਮਾਜਿਕ ਮਸਲੇ ਤਾਂ ਹਨ ਬੇਅਦਬੀ ਨਹੀਂ। ਇਸ ਤੋਂ ਇਲਾਵਾ ਨਾਵਲਕਾਰ ਸਿਆਸੀ ਸ਼ਖਸੀਅਤਾਂ (ਅਕਾਲੀ ਸਿਆਸਤ ਵਿਚੋਂ) ਦਾ ਇਤਿਹਾਸਕ ਬਿਰਤਾਂਤ ਪੇਸ਼ ਕਰਦਾ ਹੈ। ਖਾਸ ਕਰਕੇ ਪੰਜਾਬੀ ਸੂਬਾ ਲਹਿਰ, ਸੰਨ 1978 ਤੇ ਚੁਰਾਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ਼ ਦਾ ਮੋਰਚਾ ਦੇ ਹਵਾਲੇ ਹਨ। ਨਾਵਲ ਵਿਚ ਅਸ਼ਲੀਲਤਾ ਕੁਝ ਜ਼ਿਆਦਾ ਹੈ, ਜਿਸ ਦਾ ਬੇਅਦਬੀ ਨਾਲ ਕੋਈ ਸੰਬੰਧ ਵੀ ਨਹੀਂ ਹੈ ਕਿਉਂਕਿ 'ਬੇਅਦਬੀ' ਸ਼ਬਦ ਕੁਝ ਸਮੇਂ ਤੋਂ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ। ਪਰ ਨਾਵਲਕਾਰ ਨੇ ਇਸ ਸ਼ਬਦ ਦੀ ਆੜ ਵਿਚ ਪੰਜਾਬ ਦਾ ਇਤਿਹਾਸ, ਸਮਾਜਿਕ ਸੰਕਟ ਤੇ ਸਿਆਸੀ ਰੰਗ ਲਏ ਹਨ। ਪਹਿਲਾਂ ਆਪਣਾ ਸੋਸ਼ਣ ਕਰਵਾ ਚੁੱਕੀ ਉੱਚ ਸਿੱਖਿਆ ਪ੍ਰਾਪਤ ਆਪਹੁਦਰੀ ਸਿਮਰ ਅੰਤ ਵਿਚ ਪੁਲੀਸ ਅਫ਼ਸਰ ਬਣਦੀ ਹੈ। ਇਹ ਸ਼ਖਸੀਅਤ ਦਾ ਦਵੰਦ ਹੈ। ਦੁਖੀ ਬਾਪ ਦੇ ਯਤਨ ਸਫਲ ਨਹੀਂ ਹੁੰਦੇ। ਉਸ ਦਾ ਮਿੱਤਰ ਘਾਤ ਵੀ ਹੁੰਦਾ ਹੈ। ਨਾਵਲ ਦਾ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਸ਼ਬਦ ਚੇਤਨਾ
ਲੇਖਕ : ਜਗਪਾਲ ਸਿੰਘ ਸਿੱਧੂ (ਡਾ.)
ਪ੍ਰਕਾਸ਼ਕ : ਲੇਖਕ ਖੁਦ
ਮੁੱਲ : 100 ਰੁਪਏ, ਸਫ਼ੇ : 92

ਪੰਜਾਬੋਂ ਜਾ ਕੇ ਕੈਨੇਡਾ ਦੀ ਧਰਤੀ 'ਤੇ ਵਸੇ ਡਾ. ਜਗਪਾਲ ਸਿੰਘ ਸਿੱਧੂ ਜ਼ਿੰਦਗੀ ਦੇ ਰੁਝੇਵਿਆਂ ਤੋਂ ਸੁਰਖਰੂ ਹੋ ਕੇ ਲੇਖਣੀ ਵੱਲ ਆਏ ਹਨ। ਹਥਲੀ ਪੁਸਤਕ 'ਸ਼ਬਦ ਚੇਤਨਾ' ਤੋਂ ਪਹਿਲਾਂ ਵੀ ਇਕ ਪੁਸਤਕ 'ਸ਼ਬਦ ਫੁਲਕਾਰੀ' ਛਪ ਚੁੱਕੀ ਹੈ। ਸਫ਼ਾ 1 ਤੋਂ 42 ਤੱਕ, 40 ਦੇ ਕਰੀਬ ਖੁੱਲ੍ਹੀ ਕਵਿਤਾ ਦੇ ਰੂਪ ਵਿਚ ਰਚਨਾਵਾਂ ਹਨ। ਸਫ਼ਾ 43 ਤੋਂ 45 ਤੱਕ ਮੱਖਣ ਸਿੰਘ ਉਪਦੇਸ਼ ਦੀਆਂ 3 ਕਵਿਤਾਵਾਂ ਹਨ। ਸਫਾ 46 ਤੋਂ 49 ਤੇ ਕੇਹਰ ਸਿੰਘ ਮਠਾਰੂ ਦੀਆਂ ਦੋ ਰਚਨਾਵਾਂ ਹਨ। ਫਿਰ ਸਫਾ 50 ਤੋਂ 90 ਤੱਕ ਕਰੀਬ 36 ਵਾਰਤਕ ਦੀਆਂ ਹਲਕੀਆਂ-ਫੁਲਕੀਆਂ ਰਚਨਾਵਾਂ ਹਨ। 92 ਸਫ਼ਿਆਂ ਤੋਂ ਇਲਾਵਾ 8 ਸਫੇ ਮਸ਼ਹੂਰੀਆਂ ਦੇ ਅਲੱਗ ਹਨ। ਜਿਨ੍ਹਾਂ ਦਾ ਲੇਖਕ ਦੀ ਲੇਖਣੀ ਨਾਲ ਕੋਈ ਸੰਬੰਧ ਨਹੀਂ ਹੈ।
ਪੁਸਤਕ ਵਿਚ ਮੁਹਰਲੇ 42 ਸਫ਼ਿਆਂ ਤੇ ਲੇਖਕ ਦੀਆਂ ਕਵਿਤਾਵਾਂ ਪੜ੍ਹ ਕੇ ਲਗਦਾ ਹੈ ਕਿ ਲੇਖਕ ਨੇ ਉੱਚ-ਕੋਟੀ ਦੇ ਕਵੀਆਂ ਨਾਲ ਸੰਗਤ ਕੀਤੀ ਹੈ। ਜਿਵੇਂ ਉਸ ਦੀ ਕਵਿਤਾ 'ਮੇਰੀ ਕਵਿਤਾ' ਵਿਚ ਲਿਖਿਆ ਹੈ:
ਮੇਰੀ ਕਵਿਤਾ ਕਦੇ ਗੂੰਗੀ ਬਣ ਜਾਂਦੀ ਹੈ,
ਕਦੇ ਉੱਚੀ ਉੱਚੀ ਦਹਾੜਦੀ ਹੈ।
ਅਮੀਰੀ ਗ਼ਰੀਬੀ ਦੇ ਪਾੜੇ ਨੂੰ ਉਜਾਗਰ ਸਫ਼ਾ 8 'ਤੇ ਉਸ ਦੀ ਕਵਿਤਾ 'ਫਲਾਈ ਓਵਰ' ਵਿਚ ਲਿਖਿਆ ਹੈ:
ਫਲਾਈ ਓਵਰ ਬਥੇਰੇ ਬਣ ਗਏ
ਖੁੱਲ੍ਹਗੇ ਬਰਗਰ ਪੀਜੇ
ਗ਼ਰੀਬ ਗ਼ਰੀਬੀ ਨਾਲ ਹੈ ਪਿਸਦਾ
ਖਾਲੀ ਰਹਿੰਦੇ ਖੀਸੇ।
ਇਸੇ ਤਰ੍ਹਾਂ ਫੁੱਲਾਂ ਵਾਕਣ, ਸਾਵੇਂ ਪੱਤਰ, ਰੁੱਖੜੇ, ਕਿਰਪਾ, ਬਿਰਖ ਦੀ ਦਾਸਤਾਂ, ਪੱਬ, ਅੰਨ੍ਹੀ ਪੀਹੇ ਆਦਿ ਸਾਰੀਆਂ ਕਵਿਤਾਵਾਂ ਵਿਚ ਕੋਈ ਨਾ ਕੋਈ ਪਤੇ ਦੀ ਗੱਲ ਛੁਪੀ ਹੋਈ ਹੈ। ਸਾਰੀਆਂ ਰਚਨਾਵਾਂ ਪੜ੍ਹਨਯੋਗ ਤੇ ਦਿਲਚਸਪ ਹਨ। ਮੱਖਣ ਸਿੰਘ ਉਪਦੇਸ਼ ਤੇ ਕੇਹਰ ਸਿੰਘ ਮਠਾਰੂ ਦੀਆਂ ਰਚਨਾਵਾਂ ਵੀ ਵਧੀਆਂ ਨਿਭੀਆਂ ਹਨ।
ਸਫਾ 50 ਤੋਂ 90 ਤੱਕ ਹਲਕੀਆਂ-ਫੁਲਕੀਆਂ ਵਾਰਤਕ ਰਚਨਾਵਾਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਲਗਦਾ ਹੈ, ਇਹ ਰਚਨਾਵਾਂ ਲੇਖਕ ਦੀ ਜ਼ਿੰਦਗੀ ਦੇ ਇਰਦ-ਗਿਰਦ ਵਾਪਰੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਲੇਖਕ ਨੇ ਬਹੁਤ ਦਿਲਚਸਪ ਬਣਾਇਆ ਹੈ। ਇਹ ਉਸ ਦੀ ਕਲਾਕਾਰੀ ਦਾ ਵਧੀਆ ਨਮੂਨਾ ਕਿਹਾ ਜਾ ਸਕਦਾ ਹੈ। ਸਫਾ 87 'ਤੇ 'ਕੁੱਤਿਆਂ ਦੀ ਦੁਨੀਆ' ਲੇਖ ਪੜ੍ਹ ਕੇ ਪਾਠਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਹੈ। ਕੁੱਲ ਮਿਲਾ ਕੇ ਲੇਖਕ ਦੀ ਇਸ ਪੁਸਤਕ ਦੀ ਤਾਰੀਫ਼ ਕਰਨੀ ਬਣਦੀ ਹੈ। ਅੱਗੇ ਤੋਂ ਹੋਰ ਉਸਾਰੂ ਸਾਹਿਤ ਰਚਨ ਦੀ ਉਮੀਦ ਕੀਤੀ ਜਾ ਸਕਦੀ ਹੈ।

-ਡੀ.ਆਰ. ਬੰਦਨਾ
ਮੋਬਾਈਲ : 94173-89003.

ਅਰਕ
ਸੰਗ੍ਰਹਿ-ਕਰਤਾ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 95 ਰੁਪਏ, ਸਫ਼ੇ : 40
ਸੰਪਰਕ : 98154-48958

ਵਿਚਾਰਸ਼ੀਲਤਾ ਮਨੁੱਖੀ ਸੁਭਾਅ ਦਾ ਅਟੁੱਟ ਹਿੱਸਾ ਹੈ। ਕੋਈ ਨਾ ਕੋਈ ਵਿਚਾਰ ਉਸ ਦੇ ਜ਼ਿਹਨ ਵਿਚ ਚਲਦਾ ਹੀ ਰਹਿੰਦਾ ਹੈ। ਜਿਸ ਬੰਦੇ ਦੇ ਜ਼ਿਹਨ 'ਚ ਉਸਾਰੂ ਵਿਚਾਰ ਉਪਜਦੇ ਹਨ, ਵਸਦੇ ਹਨ ਉਹ ਇਕ ਚੰਗੇ ਸਮਾਜ ਦਾ ਉਸਰੱਈਆ ਬਣਨ ਦੇ ਕਾਬਲ ਹੁੰਦਾ ਹੈ। ਸੰਗ੍ਰਹਿ ਕਰਤਾ ਅਜ਼ੀਜ਼ ਸਰੋਏ ਦਾ ਇਹ ਵਿਚਾਰ ਸੰਗ੍ਰਹਿ ਅਜਿਹੇ ਹੀ ਵਿਚਾਰਾਂ ਨੂੰ ਪੇਸ਼ ਕਰਦਾ ਹੈ। ਕਈ ਵਿਚਾਰ ਪਾਠਕ ਦੇ ਦਿਮਾਗ਼ ਨੂੰ ਚਕਾਚੌਂਧ ਕਰਦੇ ਹਨ। ਨਿੱਕੀ ਤੇ ਪਿਆਰੀ ਜਿਹੀ ਇਸ ਪੁਸਤਕ ਵਿਚ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਲੇ ਹਨ। ਪੁਸਤਕ 'ਚ ਦਰਜ ਹਰੇਕ ਵਿਚਾਰ 'ਅਨਮੋਲ ਵਚਨ' ਦਾ ਦਰਜਾ ਰੱਖਦਾ ਹੈ। ਹਰੇਕ ਵਿਚਾਰ ਪਿੱਛੇ ਕੰਮ ਕਰਦੇ ਫਲਸਫੇ ਦਾ ਵਿਸਥਾਰ ਹੀ ਇਸ ਪੁਸਤਕ ਦਾ ਹਾਸਲ ਹੈ। ਸੰਗ੍ਰਹਿ ਕਰਤਾ ਅਜ਼ੀਜ਼ ਸਰੋਏ ਨੇ ਬੇਹੱਦ ਮਿਹਨਤ ਅਤੇ ਲਗਨ ਨਾਲ ਇਹ ਵਿਚਾਰ ਇਕੱਤਰ ਕੀਤੇ ਹਨ। ਜਿਵੇਂ ਤਰੇਲ ਦੀਆਂ ਪਵਿੱਤਰ ਬੂੰਦਾਂ, ਅੰਮ੍ਰਿਤ ਰਸ, ਹਜ਼ਾਰਾਂ ਪੁਸਤਕਾਂ 'ਚੋਂ ਕਸ਼ੀਦਿਆ 'ਅਰਕ' ਹਨ, ਇਸ ਪੁਸਤਕ ਦੇ ਵਿਚਾਰ। ਪੁਸਤਕ ਦੇ ਮੁੱਢ 'ਚ ਲਿਖਿਆ ਇਹ ਵਿਚਾਰ ਕਿ 'ਜੋ ਇਨਸਾਨ ਆਪਣਾ ਸ਼ੌਕ ਨਾ ਮਰਨ ਦੇਵੇ, ਉਹ ਦੁਨੀਆ ਦੀ ਭੀੜ ਵਿਚ ਵੱਖਰਾ ਪਛਾਣਿਆ ਜਾ ਸਕਦਾ ਹੈ, ਇਹ ਵਿਚਾਰ ਕਿਸੇ ਸਫਲ ਇਨਸਾਨ ਦੀ ਘਾੜਤ ਦੀ ਕਹਾਣੀ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਪੁਸਤਕ ਦਾ ਹਰੇਕ ਵਿਚਾਰ ਇਕ ਕਹਾਣੀ ਕਹਿੰਦੇ ਜਾਪਦੇ ਹਨ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

11-11-2023

 ਸਾਡੇ ਪੋਤੇ ਪੋਤੀਆਂ
ਲੇਖਕ : ਸੁਖਦੇਵ ਸਿੰਘ ਕੁੱਕੂ
ਪ੍ਰਕਾਸ਼ਕ : ਆਈਕੋਨ ਪ੍ਰਿੰਟਰਜ਼, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 44
ਸੰਪਰਕ : 98143-81972

ਸੁਖਦੇਵ ਸਿੰਘ ਕੁੱਕੂ ਦੀ ਕਲਮ ਨੇ ਸੱਭਿਆਚਾਰਕ ਗੀਤਾਂ ਅਤੇ ਮਿੰਨੀ ਕਹਾਣੀ ਦੀ ਸਿਰਜਣਾ ਕਰਨ ਦੇ ਨਾਲ-ਨਾਲ ਹੁਣ ਬਾਲ ਸਾਹਿਤ ਰਚਨਾ ਵੱਲ ਵੀ ਰੁਖ਼ ਕੀਤਾ ਹੈ। 'ਬਾਲ ਗੀਤ' ਉਸ ਦੀ ਨਵੀਂ ਅਤੇ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਬੱਚਿਆਂ ਲਈ ਸਮਾਜਿਕ-ਚੇਤਨਾ ਦਾ ਵਿਕਾਸ ਕਰਨ ਵਾਲੇ ਗੀਤਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਗੀਤਾਂ ਵਿਚ ਜਿਥੇ 'ਪੋਤੇ ਪੋਤੀਆਂ', 'ਵਿੱਦਿਆ ਦੀ ਪੌੜੀ', 'ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ', 'ਮੈਂ ਵੀ ਖੂਨਦਾਨ ਕਰਨਾ ਅੰਮੀਏ', 'ਸਫ਼ਲਤਾ ਦੀ ਕੁੰਜੀ', 'ਆਲ੍ਹਣਾ', 'ਕਰ ਲਓ ਪੜ੍ਹਾਈ ਬੱਚਿਓ', 'ਆਜ਼ਾਦੀ ਦਿਵਸ 'ਤੇ ਵਿਸ਼ੇਸ਼', 'ਰੁੱਖ', 'ਫੌਜੀ' ਅਤੇ 'ਸਵੇਰ ਦੀ ਸਭਾ' ਉਸਾਰੂ ਮਾਹੌਲ ਪੈਦਾ ਕਰਕੇ ਬਾਲ-ਮਨਾਂ ਵਿਚ ਰਚਨਾਤਮਕਤਾ ਅਤੇ ਗਿਆਨ ਦੇ ਬੀਜ ਬੀਜਦਾ ਹੈ। 'ਸਕੂਲ' ਕਵਿਤਾ ਦਾ ਨਿਮਨਲਿਖਿਤ ਬੰਦ ਪਿੰਡ ਦੇ ਸਕੂਲ ਦਾ ਚਿੱਤਰਨ ਪ੍ਰਸਤੁਤ ਕਰ ਦਿੰਦਾ ਹੈ :
ਬਣਦਾ ਜੋ ਖਾਣਾ ਚੈੱਕ ਕਰਨ
ਟੀਮਾਂ ਵੀ ਆਉਂਦੀਆਂ।
ਵੇਖ ਕੇ ਸੈਂਪਲ ਉਹ ਵੀ
ਬੜਾ ਹੀ ਸਲਾਹੁੰਦੀਆਂ।
ਘਰ ਨਾਲੋਂ ਲੱਗਦਾ ਸੁਆਦੀ,
ਬੱਚੇ ਮੰਗਦੇ ਦੁਬਾਰਾ ਦੋਸਤਾ।
ਆ ਜਾ ਮੇਰੇ ਪਿੰਡ ਦਾ ਦਿਖਾਵਾਂ ਤੈਨੂੰ
ਵਿੱਦਿਆ-ਅਦਾਰਾ ਦੋਸਤਾ। (ਪੰਨਾ 36)
ਇਨ੍ਹਾਂ ਗੀਤਾਂ ਨਾਲ ਢੁਕਵੇਂ ਕੰਪਿਊਟਰੀਕ੍ਰਿਤ ਚਿੱਤਰ ਵੀ ਦਿੱਤੇ ਗਏ ਹਨ। ਕੁੱਲ ਮਿਲਾ ਕੇ ਇਹ ਪੁਸਤਕ ਬਾਲ ਮਨਾਂ ਵਿਚ ਜਜ਼ਬਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਕਰਦੀ ਹੈ। ਇਹ ਪੁਸਤਕ ਪੰਜਾਬੀ ਬਾਲ ਸਾਹਿਤ ਵਿਚ ਚੰਗਾ ਵਾਧਾ ਹੈ। ਮੈਂ ਆਸ ਕਰਦਾ ਹਾਂ ਕਿ ਭਵਿੱਖ ਵਿਚ ਇਹ ਗੀਤਕਾਰ ਇਸੇ ਤਰ੍ਹਾਂ ਬਾਲ ਸਾਹਿਤ ਦੀ ਮਿਆਰੀ ਰਚਨਾ ਕਰਦਾ ਹੋਇਆ ਬਾਲ-ਮਨਾਂ ਦਾ ਹਾਣੀ ਬਣੇਗਾ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਸ਼ਬਦੋ ਵਣਜਾਰਿਓ
ਲੇਖਕ : ਪ੍ਰੋ. (ਡਾ.) ਪਰਮਜੀਤ ਸਿੰਘ ਢੀਂਗਰਾ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 375 ਰੁਪਏ, ਸਫ਼ੇ : 224
ਸੰਪਰਕ : 88476-10125

ਨਿਰੰਤਰ ਭਰ ਵਗਦੇ ਦਰਿਆ ਵਰਗੇ ਲੇਖਕ ਪਰਮਜੀਤ ਸਿੰਘ ਢੀਂਗਰਾ ਦੀ ਰਚਨਾ 'ਸ਼ਬਦੋ ਵਣਜਾਰਿਓ' ਆਪਣੀ ਕਿਸਮ ਦਾ ਇਕ ਨਿਵੇਕਲਾ ਸ਼ਬਦ ਕੋਸ਼ ਹੈ। ਲੇਖਕ ਨੇ ਕੁਝ ਚੁਣਵੇਂ ਸ਼ਬਦ ਲੈ ਕੇ ਉਨ੍ਹਾਂ ਦੇ ਪਿਛੋਕੜ, ਮੌਜੂਦਾ ਅਰਥ, ਉਨ੍ਹਾਂ ਦੀ ਵਰਤੋਂ ਆਦਿ ਬਾਰੇ ਵਿਸਥਾਰ ਵਿਚ ਲਿਖਿਆ ਹੈ। ਲੇਖਕ ਦਾ ਇਹ ਅੰਤਰ ਅਨੁਸ਼ਾਸਨੀ ਪਹੁੰਚ ਵਾਲਾ ਕਾਰਜ ਹੈ। ਉਸ ਨੇ ਇਸ ਤੱਥ ਨੂੰ ਉਜਾਗਰ ਕੀਤਾ ਹੈ ਕਿ ਅੱਜ ਭਾਸ਼ਾਵਾਂ ਵਿਚ ਅਨੇਕਾਂ ਵਿਰੋਧ, ਪੁਆੜੇ ਤੇ ਰੰਜਿਸ਼ਾਂ ਨਜ਼ਰ ਆਉਂਦੀਆਂ ਹਨ। ਪਰ ਬੀਤੇ ਯੁੱਗਾਂ ਵਿਚ ਭਾਸ਼ਾਵਾਂ ਦੇ ਆਪਸੀ ਰਿਸ਼ਤੇ ਬੜੇ ਗੂੜ੍ਹੇ ਤੇ ਅਦਾਨ-ਪ੍ਰਦਾਨ ਕਰਨ ਵਿਚ ਖੁੱਲ੍ਹਦਿਲੇ ਸਨ। ਲੇਖਕ ਜਿਥੇ ਇਕ ਵਧੀਆ ਖੋਜ ਕਰਤਾ ਹੈ ਉਥੇ ਆਲੋਚਕ, ਇਤਿਹਾਸਕਾਰ, ਵਾਰਤਾਕਾਰ, ਭਾਸ਼ਾ ਵਿਗਿਆਨੀ ਅਤੇ ਅਨੁਵਾਦਨ ਵੀ ਹੈ। ਆਪਣੇ ਵਿਸ਼ਾਲ ਗਿਆਨ ਦੇ ਆਧਾਰ ਉਤੇ ਉਸ ਨੇ ਇਹ ਸ਼ਬਦ ਕੋਸ਼ ਤਿਆਰ ਕੀਤਾ ਹੈ। ਪੰਜਾਬੀ ਵਿਚ ਸ਼ਬਦਾਂ ਦੀ ਪੈੜ ਨੱਪਣ ਦਾ ਇਹ ਇਕ ਸਫਲ ਯਤਨ ਹੈ। ਲੇਖਕ ਦਾ ਮੰਨਣਾ ਹੈ ਕਿ ਵਿਸ਼ਵੀਕਰਨ ਨੇ ਭਾਸ਼ਾਵਾਂ ਵਿਚ ਨੇੜਤਾ ਪੈਦਾ ਕਰ ਦਿੱਤੀ ਹੈ। ਮੁਕਤ ਵਸਤੂ ਬਾਜ਼ਾਰ ਨੇ ਵਸਤਾਂ ਦੇ ਨਾਲ-ਨਾਲ ਨਵੇਂ ਸ਼ਬਦਾਂ ਲਈ ਵੀ ਸਾਡੀਆਂ ਭਾਸ਼ਾਵਾਂ ਦੇ ਦਰ ਖੋਲ੍ਹ ਦਿੱਤੇ ਹਨ। ਨਵੇਂ-ਨਵੇਂ ਸ਼ਬਦ ਲੈਣ ਲਈ ਸਾਨੂੰ ਝਿਜਕ ਨਹੀਂ ਵਿਖਾਉਣੀ ਚਾਹੀਦੀ ਕਿਉਂਕਿ ਸ਼ਬਦ ਆਪਣੇ ਸੱਭਿਆਚਾਰ ਦੇ ਦੂਤ ਹੁੰਦੇ ਹਨ। ਉਹ ਆਪਣੇ ਨਾਲ ਨਵੀਂ ਜਾਣਕਾਰੀ, ਅਰਥ ਤੇ ਕਈ ਵਾਰ ਸੂਖਮ ਪ੍ਰਗਟਾਵੇ ਵੀ ਲੈ ਕੇ ਆਉਂਦੇ ਹਨ। ਉਸ ਦਾ ਮੰਨਣਾ ਹੈ ਕਿ ਅਜਿਹੇ ਖੋਜ ਕਾਰਜ ਲਈ ਰਾਤ ਦਾ ਸ਼ਾਂਤ ਸਮਾਂ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਹੈ। ਚੁਣੇ ਸ਼ਬਦਾਂ ਦੀ ਪੈੜ ਨੱਪਣ ਲਈ ਉਸ ਨੇ ਕਈ-ਕਈ ਰਾਤਾਂ ਦੇ ਜਗਰਾਤੇ ਕੱਟੇ ਹਨ। ਉਹ ਆਪਣੇ ਯਤਨ ਵਿਚ ਸਫਲ ਹੋਇਆ ਹੈ ਅਤੇ ਸ਼ਬਦਾਂ ਦਾ ਇਤਿਹਾਸ ਲਿਖਣ ਦੀ ਨਿਵੇਕਲੀ ਪਿਰਤ ਪਾਈ ਹੈ। ਇਸ ਤੋਂ ਪਹਿਲਾਂ ਵੀ ਉਹ ਕੋਈ 19 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਿਆ ਹੈ। ਪੰਜਾਬੀ ਦੀ ਵਰਣਮਾਲਾ ਅਨੁਸਾਰ ਉਸ ਨੇ ਸ਼ਬਦਾਂ ਦੀ ਤਰਤੀਬ ਦਿੱਤੀ ਹੈ। 'ੳ' ਅੱਖਰ ਦੇ ਦੋ ਸ਼ਬਦ ਉਧਾਰ ਅਤੇ ਉੱਲੂ ਚੁਣੇ ਗਏ ਹਨ। ਉਧਾਰ ਦੇ ਕਈ ਅਰਥ ਦੱਸੇ ਗਏ ਹਨ ਜਿਵੇਂ ਕਿ ਉਠਾਣਾ, ਉੱਪਰ ਚੁੱਕਣਾ, ਮੁਕਤੀ, ਬਚਾਓ, ਛੁਟਕਾਰਾ। ਮੂਲ ਰੂਪ ਵਿਚ ਸੰਸਕ੍ਰਿਤ ਦਾ ਸ਼ਬਦ ਹੈ-ਮੰਗ ਕੇ ਲਿਆਂਦੀ ਵਸਤੂ ਜਾਂ ਪੈਸਾ। ਅਖੀਰ ਵਿਚ 'ਵ' ਅੱਖਰ ਹੇਠ ਵਲੀ/ਵਿਲਾਇਤ ਅਤੇ ਵੋਟ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵੋਟ ਅੰਗਰੇਜ਼ੀ ਭਾਸ਼ਾ ਤੋਂ ਆਇਆ ਸ਼ਬਦ ਹੈ ਜਿਸ ਦੀਆਂ ਜੜ੍ਹਾਂ ਲਾਤੀਨੀ ਭਾਸ਼ਾ ਦੇ ਵੋਟਿਮ ਨਾਲ ਜੁੜੀਆਂ ਹਨ। ਜਿਥੇ ਵੋਟ ਪ੍ਰਣਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਥੇ ਵੋਟਾਂ ਸੰਬੰਧੀ ਭਾਰਤੀ ਸਥਿਤੀ ਦਾ ਬਿਆਨ ਕਰਦੇ ਹੋਏ ਲਿਖਿਆ ਗਿਆ ਹੈ, 'ਅੱਜ ਭਾਵੇਂ ਵੋਟ ਤੰਤਰ ਜਿਸ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਿਆ ਹੈ, ਉਸ ਨਾਲ ਵੋਟ ਜਾਂ ਮਤ ਦੇ ਅਰਥ ਧੁੰਦਲੇ ਹੋ ਗਏ ਹਨ, ਜਦਕਿ ਉਨ੍ਹਾਂ ਪਿਛੇ ਲੁਕੇ ਅਰਥਾਂ ਦੀ ਭਾਵਨਾ ਦ੍ਰਿੜ੍ਹ ਲੋਕਤੰਤਰੀ ਕੀਮਤਾਂ ਦੀ ਸਥਾਪਨਾ ਨਾਲ ਜੁੜੀ ਹੋਈ ਹੈ। ਸਭ ਤੋਂ ਵੱਧ 13 ਸ਼ਬਦ 'ਕ' ਅਤੇ 'ਮ' ਅੱਖਰ ਨਾਲ ਸ਼ੁਰੂ ਹੋਣ ਵਾਲੇ ਹਨ। ਸ਼ਬਦਾਂ ਦਾ ਇਤਿਹਾਸ ਪੜ੍ਹਨ ਰੌਚਿਕ ਅਤੇ ਜਾਣਕਾਰੀ ਭਰਪੂਰ ਹੈ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ
ਮੂਲ ਲੇਖਕ : ਰਣਜੀਤ ਸਿੰਘ ਖੜਗ
ਸੰਪਾਦਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 242
ਸੰਪਰਕ : 77174-65715

ਸ. ਰਣਜੀਤ ਸਿੰਘ ਖੜਗ (1915-1971) ਇਕ ਬਹੁਪੱਖੀ ਲੇਖਕ, ਚਿੰਤਕ, ਇਤਿਹਾਸਕਾਰ ਅਤੇ ਆਲੋਚਕ ਸਨ। ਰਚਨਾ ਕਰਨ ਸਮੇਂ ਆਪ ਵਿਵੇਕ-ਬੁੱਧ ਅਤੇ ਸੰਵੇਦਨਸ਼ੀਲਤਾ ਤੋਂ ਕੰਮ ਲੈਂਦੇ ਸਨ। ਆਪਣੇ ਜੀਵਨ ਦਾ ਬਹੁਤਾ ਸਮਾਂ ਆਪ ਨੇ ਲਾਹੌਰ, ਦਿੱਲੀ, ਨਾਗਪੁਰ ਅਤੇ ਸ਼ਿਮਲਾ ਵਿਖੇ ਗੁਜ਼ਾਰਿਆ। ਸ਼ਿਮਲਾ ਕਈ ਵਰ੍ਹੇ ਪੰਜਾਬੀ ਅਤੇ ਉੱਤਰ-ਭਾਰਤੀ ਸਾਹਿਤ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ ਸੀ। ਇਥੇ ਹੋਣ ਵਾਲੇ ਕਵੀ ਦਰਬਾਰਾਂ ਵਿਚ ਹੀ ਪ੍ਰੋ. ਮੋਹਨ ਸਿੰਘ ਨੂੰ ਖਿਆਤੀ ਹਾਸਿਲ ਹੋਈ ਸੀ। ਇਨ੍ਹਾਂ ਕਵੀ ਦਰਬਾਰਾਂ ਨੂੰ ਸ. ਖੜਗ ਅਤੇ ਈਸ਼ਰ ਸਿੰਘ ਭਾਈਆ ਵਲੋਂ ਕਰਵਾਇਆ ਜਾਂਦਾ ਸੀ। ਹਥਲੀ ਪੁਸਤਕ ਵਿਚ ਉਨ੍ਹਾਂ ਦੇ 13 ਰੇਖਾ-ਚਿੱਤਰ (ਚਾਤ੍ਰਿਕ, ਟੈਗੋਰ, ਨਾਨਕ ਸਿੰਘ, ਮਿਸਟਰ ਬੁੱਕ, ਫ਼ਜ਼ਲ ਸ਼ਾਹ ਅਤੇ ਕਨਿੰਘਮ ਸਾਹਿਬ ਆਦਿ), 15 ਲੇਖ (ਨੋਟ ਵਟਾਉਣਾ, ਨਿਕਸੁੱਕ, ਬਾਜ਼ਾਰ ਤੇ ਘਰ, ਮਾਈ! ਇਹ ਸ਼ਿਮਲਾ ਏ...), 7 ਕਹਾਣੀਆਂ (ਅਭਾਗੀ ਮਾਂ, ਪੱਤੇਬਾਜ਼, ਸ਼ਹਿਦ ਵਾਲੀ...), 6 ਵਿਅੰਗ (ਚਾਚੇ ਦੀ ਨਵੀਂ ਆਰਤੀ, ਚਾਚੇ ਨੇ ਨਕਲ ਮਾਰੀ, ਚਾਚਾ ਅਤੇ ਚਾਚੀ ਨਾਗਪੁਰ ਵਿਚ...) ਅਤੇ ਇਕ ਯਾਤਰਾ ਸੰਸਮਰਣ 'ਹਜ਼ੂਰ ਸਾਹਿਬ ਦੀ ਯਾਤਰਾ' ਸੰਕਲਿਤ ਹੈ। ਖੜਕ ਸਾਹਿਬ ਦੀ ਸਿਰਜਣਾਤਮਿਕ ਪ੍ਰਤਿਭਾ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ ਲਈ ਸਾਨੂੰ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਜਾਣਾ-ਖਲੋਣਾ ਪਵੇਗਾ, ਜਦੋਂ ਆਧੁਨਿਕ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਦਾ ਮੂੰਹ-ਮੱਥਾ ਘੜਿਆ-ਸੰਵਾਰਿਆ ਜਾ ਰਿਹਾ ਸੀ। ਖੋਜ ਅਤੇ ਆਲੋਚਨਾ ਦੇ ਖੇਤਰ ਵਿਚ ਖੜਗ ਸਾਹਿਬ ਦਾ ਵਿਸ਼ੇਸ਼ ਸਥਾਨ ਬਣਦਾ ਹੈ। ਆਪ ਨੇ ਨਿਰਪੱਖ, ਡੂੰਘੀ, ਵਿਵੇਕਪੂਰਨ ਅਤੇ ਮੁਲਾਂਕਣਵਾਦੀ ਆਲੋਚਨਾ ਪੱਧਤੀ ਨੂੰ ਪ੍ਰੋਤਸਾਹਿਤ ਕੀਤਾ, ਜੋ ਸਾਡੇ ਖਿੱਤੇ ਵਿਚ ਅਜੇ ਤੱਕ ਵੀ ਪੂਰਨ ਭਾਂਤ ਪੈਦਾ ਨਹੀਂ ਹੋ ਸਕੀ। ਸ. ਕੁਲਦੀਪ ਸਿੰਘ ਬੇਦੀ ਨੇ ਸੰਪਾਦਕੀ-ਕਾਰਜ ਨੂੰ ਬੜੀ ਸਫ਼ਲਤਾ ਨਾਲ ਸਰੰਜਾਮ ਦਿੱਤਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਦੋਹਰੇ ਕਿਰਦਾਰ
ਲੇਖਕ : ਜਸਪਾਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 180 ਰੁਪਏ, ਸਫ਼ੇ : 80
ਸੰਪਰਕ : 98147-85701

65 ਕਵਿਤਾਵਾਂ 'ਤੇ ਆਧਾਰਿਤ ਕਾਵਿ-ਸੰਗ੍ਰਹਿ 'ਦੋਹਰੇ ਕਿਰਦਾਰ' ਕਵੀ ਜਸਪਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਸ ਨੇ ਇਨ੍ਹਾਂ ਕਵਿਤਾਵਾਂ ਵਿਚ ਮਨ ਦੇ ਫੁਰਨਿਆਂ ਨੂੰ ਜੀਵਨ ਦੇ ਯਥਾਰਥ ਵਿਚ ਪਰੋ ਕੇ ਪੇਸ਼ ਕੀਤਾ ਹੈ। ਪੰਜਾਬੀ ਸਮਾਜ ਦੇ ਮਸਲੇ ਅਤੇ ਆਮ ਲੋਕਾਂ ਦੇ ਦਰਦਾਂ ਨੂੰ ਬਿਆਨ ਕਰਦੀਆਂ ਇਹ ਕਵਿਤਾਵਾਂ ਅਸਲ ਵਿਚ ਵਿਵਸਥਾ ਵਿਚ ਲੁਕੀ ਹੋਈ ਰਾਜਨੀਤੀ ਅਤੇ ਦੋਹਰੇ ਕਿਰਦਾਰ ਦੀ ਗੱਲ ਕਰਦੀਆਂ ਹਨ। ਕਵੀ ਪ੍ਰਤੀਕਾਤਮਕ ਸ਼ਬਦਾਂ ਨੂੰ ਵਿਸ਼ੇਸ਼ ਅਰਥਾਂ ਵਿਚ ਵਰਤ ਕੇ ਅਜਿਹੇ ਮਸਲੇ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ ਕਿ ਪੜ੍ਹਨ ਵਾਲੇ ਦੇ ਦਿਮਾਗ਼ ਵਿਚ ਉਹ ਮਸਲੇ ਸਫੈਦਪੋਸ਼ਾਂ ਦੇ ਦੋਹਰੇ ਕਿਰਦਾਰ ਸਮਝਣ ਵਿਚ ਜ਼ਰੀਆ ਬਣ ਜਾਂਦੇ ਹਨ।
ਮੇਰੀਆਂ ਫ਼ਸਲਾਂ ਮੇਰੇ ਬੂਟੇ,
ਜਿਸਮ ਮੇਰੇ ਦੀਆਂ ਲੜੀਆਂ।
ਜੇ ਕੋਈ ਮੇਰੇ ਜਿਸਮ ਨੂੰ ਵੱਢੇ,
ਦੱਸ ਕਦ ਮੈਂ ਪੀੜਾਂ ਜਰੀਆਂ?
ਬਸ ਹੁਣ ਬੰਨ੍ਹ ਸਬਰ ਦਾ ਟੁੱਟਾ,
ਹੋਰ ਨਾ ਜਾਵੇ ਜਰਿਆ
ਨੀ ਮਾਂ! ਮੈਨੂੰ ਰੰਗ ਖੇਤਾਂ ਦਾ ਚੜ੍ਹਿਆ।
ਰੋਕ ਨਾ ਮੈਨੂੰ ਝਿੜਕ ਨਾ ਮੈਨੂੰ,
ਨੀ ਮੈਂ ਸੂਟ ਸਵਾਉਣਾ ਹਰਿਆ।
ਕਿਸਾਨੀ ਸੰਘਰਸ਼ ਅਤੇ ਹੋਰ ਸਮਾਜਿਕ ਅਤੇ ਰਾਜਨੀਤਕ ਅੰਦੋਲਨਾਂ ਵਿਚ ਸਾਹਿਤ ਸਿਰਜਣਾ ਦੇ ਪੱਧਰ 'ਤੇ ਸੰਘਰਸ਼ੀ ਮੁਹਿੰਮ ਵਿਚ ਕਵੀ ਆਪਣਾ ਯੋਗਦਾਨ ਦਿੰਦਾ ਹੈ ਅਤੇ ਭੂਮਿਕਾ ਵਿਚ ਆਪਣੀ ਕਵਿਤਾ ਬਾਰੇ ਆਪ ਇਹ ਗੱਲ ਮੰਨਦਾ ਹੈ ਕਿ ਇਹ ਕਵਿਤਾਵਾਂ ਉਸ ਦੇ ਪਿਛਲੇ ਜੀਵਨ ਅਤੇ ਵਰਤਮਾਨ ਸਮੇਂ ਦੇ ਜੀਵਨ ਦੇ ਤਜਰਬਿਆਂ 'ਤੇ ਆਧਾਰਿਤ ਹਨ ਅਤੇ ਭਵਿੱਖ ਦੇ ਭਾਵਾਂ ਦੀ ਪੇਸ਼ੀਨਗੋਈ ਹਨ। ਨਾਲ ਹੀ ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਮਨੋਵਿਸ਼ਲੇਸ਼ਣੀ ਸ਼ੈਲੀ ਵਰਤ ਕੇ ਪਾਠਕ ਦੇ ਦਿਮਾਗ਼ ਵਿਚ ਇਨ੍ਹਾਂ ਮਸਲਿਆਂ ਨੂੰ ਬਿਠਾਉਣ ਦੀ ਗੱਲ ਵੀ ਕੀਤੀ ਹੈ। ਜੀਵਨ ਵਿਚਲੇ ਹਰ ਤਰ੍ਹਾਂ ਦੇ ਵਿਸ਼ੇ ਕਵਿਤਾ ਰੂਪ ਵਿਚ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। 'ਆਡੰਬਰ', 'ਮਾਂ ਬੋਲੀ', 'ਖੇਤਾਂ ਦੇ ਪੁੱਤ', 'ਕਿਸਾਨੀ', 'ਫ਼ਸਲ', 'ਰਾਵਣ', 'ਹੱਕ', 'ਤਾਕੀਦ', 'ਆਸ ਦੀ ਮੌਤ', 'ਦੋਹਰੇ ਕਿਰਦਾਰ' ਅਤੇ 'ਮੁਕਤੀ ਮਾਰਗ' ਇਸ ਕਾਵਿ-ਸੰਗ੍ਰਹਿ ਦੀਆਂ ਜ਼ਿਕਰਯੋਗ ਕਵਿਤਾਵਾਂ ਹਨ। ਕਵੀ ਨੇ ਪ੍ਰਤੀਕਾਤਮਕ ਸ਼ਬਦਾਂ ਦੀ ਵਰਤੋਂ ਤਾਂ ਕੀਤੀ ਹੈ ਪਰ ਭਾਸ਼ਾ ਸਰਲ ਵਰਤੀ ਗਈ ਹੈ। ਇਸੇ ਤਰਜ਼ 'ਤੇ ਭਵਿੱਖ ਵਿਚ ਇਸ ਕਲਮ ਤੋਂ ਹੋਰ ਪਕੇਰੀਆਂ ਕਵਿਤਾਵਾਂ ਦੀ ਆਸ ਕੀਤੀ ਜਾ ਸਕਦੀ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-85551

ਅਰਮਾਨ
ਲੇਖਕ : ਅਤੁਲ ਕੰਬੋਜ਼ 'ਚੰਨ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 91
ਸੰਪਰਕ : 75081-84828

ਹਥਲਾ ਕਾਵਿ-ਸੰਗ੍ਰਿਹ 'ਅਰਮਾਨ' ਅਤੁਲ ਕੰਬੋਜ (ਚੰਨ) ਦੀ ਛੇਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ ਨੇ 'ਹਮਸ਼ਾਇਰ' ਕਾਵਿ ਸੰਗ੍ਰਹਿ, 'ਆਵਾਜ਼ ਦਿਲ ਦੀ' ਸੰਪਾਦਿਤ, 'ਤਰਾਟਾਂ' ਕਾਵਿ-ਸੰਗ੍ਰਹਿ, 'ਮਿਸ਼ਰੀ' ਕਾਵਿ ਸੰਗ੍ਰਹਿ , 'ਉਡੀਕਾਂ ਤੇਰੀਆਂ' ਕਾਵਿ-ਸੰਗ੍ਰਹਿ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਇਸ ਸੰਗ੍ਰਹਿ 'ਚ ਉਸ ਦੀਆਂ 64 ਕਾਵਿ-ਰਚਨਾਵਾਂ ਸ਼ਾਮਿਲ ਹਨ। ਲੇਖਕ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਣ ਲਈ ਪ੍ਰੇਰਿਤ ਕਰਦੀ ਹੈ। ਇਸ ਸੰਗ੍ਰਹਿ ਦੀਆਂ ਜ਼ਿਆਦਾਤਰ ਕਾਵਿ ਰਚਨਾਵਾਂ 'ਚ ਪਿਆਰ-ਮੁਹੱਬਤ ਦੇ ਤਰਾਨੇ ਵੀ ਨੇ ਅਤੇ ਵਿਛੋੜਿਆਂ ਦਾ ਸੱਲ੍ਹ ਵੀ ਹੈ। ਕਵੀ ਮੰਦਰਾਂ-ਮਸਜਿਦਾਂ ਦੇ ਝੇੜਿਆਂ ਨੂੰ ਛੱਡਣ ਦਾ ਸੰਕਲਪ ਦੁਹਰਾਉਂਦਾ ਨਿਰੋਲ ਮਾਨਵਤਾ ਦਾ ਮੁਦੱਈ ਹੈ :
ਝਗੜਾ ਨਾ ਹੈ ਮਸਜਿਦ ਤੇ ਮੰਦਰ ਦਾ,
ਸਾਰਾ ਸਿਆਪਾ ਹੈ ਬੰਦੇ ਦੇ ਅੰਦਰ ਦਾ।
ਹਰ ਕਣ ਵਸੇ ਜਦ ਬੰਦੇ ਨੂੰ ਸਮਝ ਆਊ,
ਭੇਦ ਮੁੱਕ ਜਾਣਾ ਰਾਜੇ ਅਤੇ ਕਲੰਦਰ ਦਾ।
ਪੰਨਾ : 31
'ਯਾਦਾਂ' ਕਵਿਤਾ 'ਚ ਲੇਖਕ ਆਪਣੇ ਪਿੰਡ 'ਚ ਬਿਤਾਏ ਬਚਪਨ ਦੇ ਸੁਹਾਣੇ ਦਿਨਾਂ ਨੂੰ ਚੇਤੇ ਕਰਦਿਆਂ ਹੱਟੀਆਂ, ਭੱਠੀਆਂ, ਛੱਪੜਾਂ-ਟੋਭਿਆਂ, ਸੱਥਾਂ, ਗਲੀਆਂ, ਖੇਤਾਂ 'ਚ ਝੂਮਦੇ ਕਮਾਦਾਂ, ਜਵਾਰਾਂ, ਮੱਕੀਆਂ ਦੀਆਂ ਫ਼ਸਲਾਂ ਨੂੰ ਦਿਲੋਂ ਯਾਦ ਕਰਦਾ ਉਨ੍ਹਾਂ ਖ਼ੂਬਸੂਰਤ ਦਿਨਾਂ ਨੂੰ ਵਾਪਿਸ ਵੇਖਣਾ ਲੋਚਦਾ ਹੈ :
ਉਹ ਬਲਦਾਂ ਦੇ ਗਲ
ਅਸੀਂ ਬੰਨ੍ਹਦੇ ਸਾਂ ਟੱਲੀਆਂ।
ਉਹ ਨਰਮੇ ਦੀਆਂ ਘਾੜਾਂ,
ਕਣਕ ਦੀਆਂ ਬੱਲੀਆਂ।
ਉਹ ਜਵਾਰ ਦੇ ਸਿੱਟੇ ਤੇ
ਮੱਕੀ ਦੀਆਂ ਛੱਲੀਆਂ।
ਉਹ ਖੇਡਦੇ ਕਬੱਡੀ
ਜੋ ਪਈਆਂ ਸੀ ਖੱਲੀਆਂ।
(ਪੰਨਾ : 49)
ਲੇਖਕ ਮਨੁੱਖਤਾ ਨੂੰ ਨਫ਼ਰਤਾਂ ਦੇ ਚੁੱਲ੍ਹੇ ਨਾ ਬਲਣ ਦੀ ਅਰਜੋਈ ਕਰਦਾ ਹੈ। ਕਵੀ ਜ਼ਿੰਦਗੀ ਦੇ ਦੁੱਖਾਂ-ਦਰਦਾਂ ਨੂੰ ਪਰਤ ਦਰ ਪਰਤ ਫਰੋਲਦਾ ਹੈ। ਮਾਨਵੀ ਰਿਸ਼ਤਿਆਂ 'ਚ ਪੈ ਰਹੀਆਂ ਤ੍ਰੇੜਾ, ਅਮੀਰ-ਗ਼ਰੀਬ ਦਾ ਵਧ ਰਿਹਾ ਆਰਥਿਕ ਪਾੜਾਂ ਉਸ ਨੂੰ ਬੇਚੈਨ ਕਰਦਾ ਹੈ। ਦੌਲਤ ਦੀ ਅੰਨ੍ਹੀ ਦੌੜ 'ਚ ਮਨੁੱਖੀ ਰਿਸ਼ਤਿਆਂ 'ਤੇ ਜੰਮ ਰਹੀ ਗਰਦਿਸ਼ ਉਸ ਨੂੰ ਧੁਰ ਅੰਦਰੋਂ ਝੰਜੋੜਦੀ ਹੈ। ਕਵੀ ਜ਼ਿੰਦਗੀ ਨੂੰ ਇਕ ਖੇਡ ਤਮਾਸ਼ੇ ਦੀ ਤਰ੍ਹਾਂ ਜ਼ਿੰਦਾਦਿਲੀ ਨਾਲ ਜਿਊਣ ਦਾ ਖਾਹਿਸ਼ਮੰਦ ਹੈ। ਉਸ ਦੀ ਕਵਿਤਾ 'ਚ ਹੰਝੂ-ਹਾਵੇ, ਦਰਦ ਤੇ ਸ਼ਿਕਵੇ ਵੀ ਨੇ ਅਤੇ ਸੱਜਣਾਂ ਦੇ ਦੀਦ ਦੀ ਇਬਾਦਤ ਵੀ ਹੈ। ਇਨ੍ਹਾਂ ਕਾਵਿ ਰਚਨਾਵਾਂ ਦੀ ਭਾਸ਼ਾ ਸਰਲ ਹੈ ਅਤੇ ਕਾਵਿਕ ਰਵਾਨਗੀ ਉਸ ਦੀ ਕਵਿਤਾ ਨੂੰ ਹੋਰ ਸੁਹੱਪਣ ਬਖ਼ਸ਼ਦੀ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਦੀਵੇ ਸੁੱਚੀ ਸੋਚ ਦੇ
ਕਵੀ : ਸਤਿੰਦਰ ਸਿੰਘ ਓਠੀ
ਪ੍ਰਕਾਸ਼ਕ : ਸੁਹਾਵੀ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 99882-21227

ਹਥਲੀ ਪੁਸਤਕ ਵਿਚ 405 ਦੋਹੇ ਹਨ। ਦੋਹੇ ਅਜੋਕੀ ਅਵਸਥਾ ਵਿਚ ਹਰਮਨ ਪਿਆਰਾ ਕਾਵਿ ਰੂਪ ਵੀ ਹੈ ਅਤੇ ਛੰਦ ਵੀ ਹੈ। ਬਾਬਾ ਫ਼ਰੀਦ ਜੀ ਨੇ ਦੋਹੇ ਨੂੰ ਧਾਰਮਿਕ ਅਕੀਦਤ ਦਿੱਤੀ। ਹਰ ਨਗਰ ਵਿਚ ਦੋਹੇ ਸੁਣਦੇ ਹਨ। ਜਦ ਵੀ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਤਾਂ ਕਬੀਰ ਜੀ ਦੇ ਅਤੇ ਫ਼ਰੀਦ ਜੀ ਦੋਹਿਆਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਥਿਕ ਦੋਹੇ ਵਾਤਾਵਰਨ ਨੂੰ ਸੰਵੇਦਨਤਾ ਬਖ਼ਸ਼ਦੇ ਹਨ। ਬਕੌਲ ਕਵੀ ਅਮਰ ਸੂਫ਼ੀ, ਡਾ. ਸ਼ਹਰਯਾਰ ਅਤੇ ਸੁਲੱਖਣ ਸਰਹੱਦੀ ਦੁਆਰਾ ਰਚਿਤ ਦੋਹੇ ਕਵੀ ਨੂੰ ਦੋਹੇ ਲਿਖਣ ਲਈ ਪ੍ਰੇਰਣਾ ਦਿੰਦੇ ਰਹੇ।
ਕਵੀ ਸਤਿੰਦਰ ਸਿੰਘ ਓਠੀ ਨੇ ਆਪਣੇ ਦੋਹਿਆਂ ਵਿਚ ਹਰ ਵਿਸ਼ੇ ਦੇ ਦੋਹੇ ਸਿਰਜੇ ਹਨ। ਨੈਤਿਕਤਾ, ਵਾਘੇ ਦਾ ਦਰਦ, ਨਸ਼ਿਆਂ ਦਾ ਕਹਿਰ, ਸਿੱਖੀ ਦਾ ਜਲੌਅ, ਧਾਰਮਿਕ ਅਡੰਬਰ, ਆਦਮੀ ਦਾ ਦੋਹਰਾ ਕਿਰਦਾਰ, ਬ੍ਰਿਹਣ ਦਾ ਦਰਦ, ਪਰਵਾਸ ਅਤੇ ਪੰਜਾਬ, ਨਫ਼ਰਤਾਂ ਪ੍ਰਤੀ ਨਫ਼ਰਤ, ਕਿਰਤੀ ਦੀ ਲੁੱਟ ਅਤੇ ਮਾਵਾਂ ਦਾ ਸਤਿਕਾਰ ਵਰਗੇ ਇਨ੍ਹਾਂ ਦੋਹਿਆਂ ਦੇ ਵਿਸ਼ੇ ਹਨ।
ਦੇਸ਼ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਅੱਜਕਲ੍ਹ ਵਿਦੇਸ਼ਾਂ ਵੱਲ ਨੂੰ ਬੜੇ ਤਿੱਖੇ ਵੇਗ ਵਿਚ ਜਾ ਰਹੇ ਹਨ। ਕਵੀ ਕਹਿੰਦਾ ਹੈ :
ਗੱਭਰੂ ਦੇਸ਼ ਪੰਜਾਬ ਦੇ ਤੁਰੇ ਵਿਦੇਸ਼ਾਂ ਵੱਲ
ਪਿੱਛੇ ਧਰਤੀ ਮਾਂ ਦੇ ਸੀਨੇ ਪੈਂਦੇ ਸੱਲ੍ਹ
ਨਸ਼ਿਆਂ ਬਾਰੇ :
ਨਸ਼ਿਆਂ ਦੇ ਕੁਝ ਤਾਜਰਾਂ ਲੁੱਟਿਆਂ ਮੇਰਾ ਦੇਸ
ਜੋ ਰਹਿੰਦਾ ਹੈ ਠੱਗਿਆ ਧਾਰ ਸਾਧ ਦਾ ਭੇਸ
ਘਰਾਂ ਦੀ ਆਤਮਾ ਬਾਰੇ :
-ਘਰ ਸੰਪੂਰਨ ਹੋਣ ਨਾ ਸੀਮਿੰਟ ਇੱਟਾਂ ਨਾਲ
ਜੀਆਂ ਦੇ ਇਤਫ਼ਾਕ ਨੂੰ ਸਾਹਾਂ ਵਾਂਗ ਸੰਭਾਲ
-ਜੀਆਂ ਬਾਝੋਂ ਮਹਿਲ ਵੀ ਖੰਡਰ ਅਤੇ ਉਜਾੜ
ਵਸਣ ਘੁੱਗ ਇਹ ਝੁੱਗੀਆਂ ਭਾਵੇਂ ਦੁੱਖ ਪਹਾੜ
ਰਾਜਨੀਤੀ ਬਾਰੇ ਦੋਹੇ :
-ਗੰਜਾ ਵੇਚੇ ਕੰਘੀਆਂ ਅੰਨ੍ਹੇ ਹਥ ਮਸ਼ਾਲ
ਗੁੰਡਾ ਮਾਲਕ ਤਖ਼ਤ ਦਾ, ਦੇਸ ਦਾ ਮੰਦਾ ਹਾਲ
-ਸਾਨੂੰ ਕਿਧਰੇ ਨਾ ਦਿਸੇ ਕਹਿੰਦੇ ਬਹੁਤ ਵਿਕਾਸ
ਕਿੰਨੇ ਚਿਰ ਤੋਂ ਸੁਣ ਰਹੇ ਨੇਤਾ ਦੀ ਬਕਵਾਸ
ਓਠੀ ਨੇ ਇਹ ਗੱਲਾਂ ਵੀ ਨੋਟ ਕੀਤੀਆਂ ਹਨ ਕਿ ਅਸੀਂ ਬਾਬੇ ਨਾਨਕ ਦੇ ਸਹਿਜ ਧਰਮ ਨੂੰ ਭੀੜਾਂ ਅਤੇ ਰੌਲੇ ਰੱਪੇ ਵਿਚ ਪ੍ਰਵਰਤਿਤ ਕਰ ਰਹੇ ਹਾਂ ਜੇ ਅਸੀਂ ਸੜਕਾਂ 'ਤੇ ਲੰਗਰ ਲਗਾਉਂਦੇ ਹਾਂ ਤਾਂ ਜੂਠੇ ਡੂੰਨਿਆਂ ਤੇ ਥਾਲੀਆਂ ਦਾ ਗੰਦ ਸਾਫ਼ ਨਹੀਂ ਕਰਦੇ... ਕੁੱਲ ਮਿਲਾ ਕੇ ਇਹ ਪੁਸਤਕ ਚਿੰਤਨ ਅਤੇ ਚੇਤਨਾ ਦੀ ਵਾਹਕ ਹੈ। ਦੋਹੇ ਆਪਣੇ ਰੂਪ ਵਿਚ ਸੰਪੂਰਨ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

05-11-2023

ਰੱਬ ਕਿੱਥੇ ਹੈ!
ਲੇਖਕ : ਨੂਰਦੀਪ ਕੋਮਲ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫੇ : 80
ਸੰਪਰਕ : 83608-51115


ਨੂਰਦੀਪ ਕੋਮਲ ਦੀ ਪੁਸਤਕ 'ਰੱਬ ਕਿੱਥੇ ਹੈ' ਇਕ ਵਾਰਤਕਨੁਮਾ ਪੁਸਤਕ ਹੈ, ਜਿਸ ਵਿਚ ਉਸ ਨੇ ਸਮਾਜ ਵਿਚ ਜੋ ਸੱਚ-ਮੁੱਚ ਵਾਪਰਦਾ ਹੈ, ਉਸ ਬਾਰੇ ਸੱਚੀਆਂ ਤੇ ਯਥਾਰਥਕ ਮੁੱਲਵਾਨ ਗੱਲਾਂ ਕੀਤੀਆਂ ਹਨ, ਜਿਵੇਂ ਧੀ ਦੇ ਵਿਗੜ ਜਾਣ ਦਾ ਅਹਿਸਾਸ ਸਭ ਤੋਂ ਪਹਿਲਾਂ ਮਾਂ ਨੂੰ ਹੁੰਦਾ ਹੈ, ਸਿਆਣੀ ਔਰਤ ਮਾੜੇ ਹਾਲਾਤ ਵਿਚ ਵੀ ਘਰ ਵਸਾ ਲੈਂਦੀ ਹੈ, ਜਦੋਂ ਕਿ ਮਾੜੀ ਔਰਤ ਚੰਗੇ ਹਾਲਾਤ ਵਿਚ ਵੀ ਨਹੀਂ ਵਸਦੀ।
'ਜਿੰਨਾ ਚੰਗਾ ਸੋਚੋਗੇ, ਉਨਾ ਹੀ ਚੰਗਾ ਵਾਪਰਨ ਲੱਗੇਗਾ'।
''ਦੁਆਵਾਂ ਕਦੇ ਵਿਅਰਥ ਨਹੀਂ ਜਾਂਦੀਆਂ''।
ਗੱਲ ਕੀ ਨੂਰਦੀਪ ਕੋਮਲ ਨੇ ਬਹੁਤ ਹੀ ਪ੍ਰਭਾਵਪੂਰਕ ਗੱਲਾਂ ਦੁਆਰਾ ਆਪਣੀ ਡੂੰਘੀ ਸੋਚ ਦਾ ਅਨੁਭਵ ਪਾਠਕਾਂ ਨਾਲ ਸਾਂਝਾ ਕੀਤਾ ਹੈ ਅਤੇ ਸਮਾਜਿਕ ਤਾਣੇ-ਬਾਣੇ ਦੀ ਬਾਤ ਪਾਈ ਹੈ।ਉਸ ਨੇ ਇਸਤਰੀ-ਪੁਰਸ਼ ਦੇ ਸੰਬੰਧਾਂ ਤੇ ਦੁਨੀਆਦਾਰੀ ਦੀ ਸਮਝ ਨੂੰ ਆਪਣੀ ਲਿਖਤ ਵਿਚ ਪੇਸ਼ ਕੀਤਾ ਹੈ ਜਿਵੇਂ :
''ਭੂਆ ਨੂੰ ਜਿੰਨੀ ਖੁਸ਼ੀ ਭਤੀਜੇ ਦੇ ਵਿਆਹ ਦੀ ਹੁੰਦੀ ਹੈ, ਉਨੀ ਖੁਸ਼ੀ ਆਪਣੇ ਪੁੱਤ ਦੇ ਵਿਆਹ ਦੀ ਵੀ ਨਹੀਂ ਹੁੰਦੀ''।
''ਬੱਚੇ ਜਵਾਨੀ ਚਾਹੁੰਦੇ ਹਨ ਤੇ ਜਵਾਨ ਬਚਪਨ ਚਾਹੁੰਦੇ ਹਨ''।
''ਗਰੀਬ ਰੱਬ ਨੂੰ ਰੋਜ਼ ਪਰਖਦਾ ਹੈ''।
''ਜਵਾਨੀ ਵਿਚ ਭਰਮ ਪੈਂਦੇ ਨੇ, ਬੁਢਾਪੇ ਵਿਚ ਭੁਲੇਖੇ ਪੈਂਦੇ ਨੇ''।
''ਹਰ ਘਰ ਦਾ ਗ੍ਰਹਿ-ਮੰਤਰੀ ਘਰ ਦੀ ਔਰਤ ਹੁੰਦੀ ਹੈ''।
''ਵੱਡਾ ਸੋਚੋ, ਵੱਡੇ ਬਦਲਾਅ ਵਾਪਰਨਗੇ''।
''ਖਰਚੇ ਘਟਾਓ! ਘੱਟ ਆਮਦਨ ਵੀ ਵੱਧ ਲੱਗਣ ਲੱਗੇਗੀ''।
''ਮਰਦ ਨੂੰ ਹੰਕਾਰ ਹੁੰਦਾ ਹੈ, ਔਰਤ ਨੂੰ ਗਰੂਰ ਹੁੰਦਾ ਹੈ''।
''ਅੱਗੇ ਵਧਣ ਲਈ ਦੂਜਿਆਂ ਦੇ ਪੈਰ ਖਿੱਚਣੇ ਜ਼ਰੂਰੀ ਨਹੀਂ, ਬਲਕਿ ਆਪਣੇ ਕਦਮਾਂ ਦਾ ਸੰਤੁਲਨ ਬਣਾਉਣਾ ਜ਼ਰੂਰੀ ਹੈ''।
ਇਸਤਰੀ ਵਲੋਂ ਅਜਿਹੀ ਪੁਸਤਕ ਲਿਖਣੀ ਇਕ ਸਲਾਹੁਣਯੋਗ ਉਪਰਾਲਾ ਹੈ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਨੂਰਦੀਪ ਨੇ ਆਪਣੇ 27 ਵਰ੍ਹਿਆਂ ਦੇ ਅਨੁਭਵ ਨੂੰ ਛੋਟੀਆਂ-ਛੋਟੀਆਂ ਤੁਕਾਂ ਲਿਖ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪੁਸਤਕ ਪੜ੍ਹਨਯੋਗ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਸਾਹਿਤ ਚੇਤਨਾ

ਲੇਖਕ : ਪ੍ਰੋ. ਜਗਜੀਤ ਸਿੰਘ ਛਾਬੜਾ
ਸੰਪਾਦਕ : ਡਾ. ਸੁਖਵਿੰਦਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 350 ਰੁਪਏ, ਸਫ਼ੇ : 218
ਸੰਪਰਕ : 98729-91780


ਇਹ ਮੁੱਲਵਾਨ ਪੁਸਤਕ ਗੁਰੂ-ਸ਼ਾਗਿਰਦ ਪਰੰਪਰਾ ਦੀ ਦੇਣ ਹੈ। ਮਰਹੂਮ ਪ੍ਰੋ. ਛਾਬੜਾ ਦੇ ਸ਼ਾਗਿਰਦ ਡਾ. ਸਵਰਨ ਸਿੰਘ ਪ੍ਰਦੇਸੀ ਨੇ ਲੇਖਕ ਵਲੋਂ ਲਿਖਵਾਏ ਗਏ ਨੋਟਿਸਾਂ ਨੂੰ ਸੰਭਾਲ ਕੇ ਰੱਖਿਆ ਅਤੇ ਪ੍ਰਦੇਸੀ ਦੇ ਸ਼ਾਗਿਰਦ ਡਾ. ਸੁਖਵਿੰਦਰ ਸਿੰਘ ਨੇ ਇਨ੍ਹਾਂ ਦਾ ਸੰਪਾਦਨ ਕਰਕੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ। ਕਮਾਲ ਦੀ ਗੱਲ ਹੈ ਕਿ 40-50 ਸਾਲ ਪਹ