ਤਾਜਾ ਖ਼ਬਰਾਂ


ਹਥਿਆਰਾਂ ਸਮੇਤ ਵਿਅਕਤੀ ਕਾਬੂ
. . .  37 minutes ago
ਕੁਪਵਾੜਾ, 13 ਜੂਨ- ਬੀ.ਐਸ.ਐਫ਼., ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਰੈਡੀ ਚੌਕੀਬਲ ਬਾਜ਼ਾਰ ਵਿਚ ਇਕ ਸਾਂਝੀ ਚੌਕੀ ਸਥਾਪਤ ਕੀਤੀ ਗਈ ਸੀ। ਤਲਾਸ਼ੀ ਦੌਰਾਨ ਸ਼ਬੀਰ ਅਹਿਮਦ ਨਾਂਅ ਦੇ ਇਕ ਓ.ਜੀ.ਡਬਲਿਊ.....
ਜੀ-7 ਸਿਖ਼ਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਅੱਜ ਇਟਲੀ ਰਵਾਨਾ ਹੋਣਗੇ ਪ੍ਰਧਾਨ ਮੰਤਰੀ
. . .  56 minutes ago
ਨਵੀਂ ਦਿੱਲੀ, 13 ਜੂਨ- 50ਵਾਂ ਜੀ-7 ਸਿਖ਼ਰ ਸੰਮੇਲਨ ਅੱਜ ਤੋਂ 15 ਜੂਨ 2024 ਤੱਕ ਇਟਲੀ ਦੇ ਅਪੁਲੀਆ ਦੇ ਫਾਸਾਨੋ ਸ਼ਹਿਰ ਵਿਚ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਨੇ ਯੂ ਐੱਸ ਏ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਦੇ 15 ਓਵਰ ਤੋਂ ਬਾਅਦ 76/3
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਦੇ 8 ਓਵਰ ਤੋਂ ਬਾਅਦ 39/3
. . .  1 day ago
ਨੀਟ ਯੂਜੀ 2024: ਗ੍ਰੇਸ ਅੰਕ ਦੇਣ ਦੀ ਚੁਣੌਤੀ, ਦਿੱਲੀ ਹਾਈ ਕੋਰਟ ਨੇ ਐਨ.ਟੀ.ਏ. ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਹਾਈ ਕੋਰਟ ਨੇ ਚਾਰ ਨਵੀਆਂ ਪਟੀਸ਼ਨਾਂ 'ਤੇ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਾਂ ਵਿਚ 5 ਮਈ ਨੂੰ ਹੋਈ ਨੀਟ ਯੂਜੀ ਪ੍ਰੀਖਿਆ ਵਿਚ ਗ੍ਰੇਸ ਅੰਕਾਂ ਅਤੇ ਕਥਿਤ ਪੇਪਰ ਲੀਕ ਨੂੰ ਚੁਣੌਤੀ ਦਿੱਤੀ ਗਈ ...
ਸਿੱਕਮ ਪੋਰਟਫੋਲੀਓ ਵੰਡ: ਗ੍ਰਹਿ ਅਤੇ ਵਿੱਤ ਵਿਭਾਗ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਕੋਲ ਰਹਿਣਗੇ
. . .  1 day ago
ਗੰਗਟੋਕ, 12 ਜੂਨ - ਸਿੱਕਮ ਪੋਰਟਫੋਲੀਓ ਅਲਾਟਮੈਂਟ - ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਗ੍ਰਹਿ ਅਤੇ ਵਿੱਤ ਵਿਭਾਗ ਸੰਭਾਲਣਗੇ। ਜੀ.ਟੀ.ਢੁੰਗੇਲ ਨੂੰ ਸਿਹਤ ਵਿਭਾਗ ਮਿਲੇਗਾ। ਪਿੰਟਸੋ ਨਾਮਗਿਆਲ ਲੇਪਚਾ ਨੂੰ ਜੰਗਲਾਤ ਅਤੇ ਵਾਤਾਵਰਨ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਦੇ 3 ਓਵਰ ਤੋਂ ਬਾਅਦ 12/2
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਨੇ ਭਾਰਤ ਨੂੰ ਦਿੱਤਾ 111 ਦੌੜਾਂ ਦਾ ਟੀਚਾ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 16 ਓਵਰ ਤੋਂ ਬਾਅਦ 95/5
. . .  1 day ago
ਕੇਂਦਰੀ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਦੁਰਘਟਨਾ ਵਿਚ ਜ਼ਖਮੀ ਭਾਰਤੀਆਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਲਈ ਕੁਵੈਤ ਜਾਣਗੇ
. . .  1 day ago
ਨਵੀਂ ਦਿੱਲੀ, 12 ਜੂਨ (ਏਜੰਸੀ)- ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਦੇ ਦੁਖਾਂਤ 'ਚ ਜ਼ਖਮੀ ਹੋਏ ਭਾਰਤੀਆਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਨਿਰਦੇਸ਼ਾਂ 'ਤੇ ਤੁਰੰਤ ਕੁਵੈਤ ਦੀ ਯਾਤਰਾ ਕਰ ...
ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਚੱਲੀਆਂ ਗੋਲੀਆਂ
. . .  1 day ago
ਦੋਰਾਹਾ, 12 ਜੂਨ, (ਮਨਜੀਤ ਸਿੰਘ ਗਿੱਲ, ਜਸਵੀਰ ਝੱਜ) - ਦੇਰ ਸ਼ਾਮ ਨੂੰ ਦਿਨ ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਉਦੋਂ ਸਨਸਨੀ ਫੈਲ ਗਈ, ਜਦੋਂ ਦੋ ਮੋਟਰਸਾਈਕਲ ਸਵਾਰਾਂ ਨੇ ਇਕ ਨਾਮੀ ਜਵੈਲਰ ਦੀ ਦੁਕਾਨ 'ਤੇ ਗੋਲੀ ਚਲਾ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 10 ਓਵਰ ਤੋਂ ਬਾਅਦ 42/3
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 6 ਓਵਰ ਤੋਂ ਬਾਅਦ 18/2
. . .  1 day ago
ਦਸ ਕੰਟੇਨਰਾਂ ਵਿਚ 112.14 ਮੀਟ੍ਰਿਕ ਟਨ ਸੁਪਾਰੀ ਬਰਾਮਦ ,ਕੀਮਤ 5.7 ਕਰੋੜ
. . .  1 day ago
ਮੁੰਬਈ, ਮਹਾਰਾਸ਼ਟਰ ,12 ਜੂਨ - ਸੁਪਾਰੀ ਦੀ ਤਸਕਰੀ 'ਤੇ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ, ਇਸ ਹਫਤੇ ਦੇ ਸ਼ੁਰੂ ਵਿਚ, ਜਵਾਹਰ ਲਾਲ ਨਹਿਰੂ ਕਸਟਮ ਹਾਊਸ (ਜੇ.ਐਨ.ਸੀ.ਐਚ.), ਨਾਹਵਾ ਸ਼ੇਵਾ ਵਿਖੇ ਸਪੈਸ਼ਲ ਇੰਟੈਲੀਜੈਂਸ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 1 ਓਵਰ ਤੋਂ ਬਾਅਦ 3/2
. . .  1 day ago
ਇਸ ਮੁੱਦੇ ਨੂੰ ਇਟਾਲੀਅਨ ਅਧਿਕਾਰੀਆਂ ਕੋਲ ਉਠਾਇਆ ਹੈ , ਮਹਾਤਮਾ ਗਾਂਧੀ ਦੇ ਬੁੱਤ ਦੀ 'ਭੰਨ-ਤੋੜ' 'ਤੇ ਵਿਦੇਸ਼ ਸਕੱਤਰ
. . .  1 day ago
ਨਵੀਂ ਦਿੱਲੀ, 12 ਜੂਨ (ਏਜੰਸੀ)-ਭਾਰਤ ਨੇ ਮੀਡੀਆ 'ਚ ਆਈਆਂ ਰਿਪੋਰਟਾਂ ਦੇ ਬਾਅਦ ਕਿਹਾ ਕਿ ਭਾਰਤ ਨੇ ਖ਼ਾਲਿਸਤਾਨੀ ਸਮਰਥਕਾਂ ਦੁਆਰਾ ਮਹਾਤਮਾ ਗਾਂਧੀ ਦੇ ਬੁੱਤ ਦੀ 'ਭੰਨ-ਤੋੜ' ਦਾ ਮਾਮਲਾ ਇਟਲੀ ਦੇ ਅਧਿਕਾਰੀਆਂ ਕੋਲ ਉਠਾਇਆ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਨੇ ਯੂ ਐੱਸ ਏ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫੈਸਲਾ
. . .  1 day ago
ਅਰੁਣਾਚਲ ਪ੍ਰਦੇਸ਼ ਵਿਚ ਸਾਨੂੰ ਭਾਰੀ ਬਹੁਮਤ ਦੇਣ ਲਈ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ - ਤਰੁਣ ਚੁੱਘ
. . .  1 day ago
ਨਵੀਂ ਦਿੱਲੀ , 12 ਜੂਨ -ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਸਾਨੂੰ ਭਾਰੀ ਬਹੁਮਤ ਦੇਣ ਲਈ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ। ਭਾਜਪਾ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ...
ਮਈ 'ਚ ਪ੍ਰਚੂਨ ਮਹਿੰਗਾਈ ਦਰ ਘਟੀ, ਆਮ ਆਦਮੀ ਨੂੰ ਮਿਲੀ ਰਾਹਤ
. . .  1 day ago
ਨਵੀਂ ਦਿੱਲੀ,12 ਜੂਨ- ਮਹਿੰਗਾਈ ਦੇ ਮੋਰਚੇ 'ਤੇ ਆਮ ਆਦਮੀ ਨੂੰ ਰਾਹਤ ਮਿਲੀ ਹੈ। ਮਈ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ ਵਿਚ ਕਮੀ ਆਈ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਮਈ 2024 'ਚ ਪ੍ਰਚੂਨ ਮਹਿੰਗਾਈ ਦਰ ...
ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਅਮਰਾਵਤੀ, 12 ਜੂਨ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਨੇ ਮੰਤਰੀਆਂ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੀਟਿੰਗ ...
ਤੀਜੇ ਕਾਰਜਕਾਲ 'ਚ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਵਿਦੇਸ਼ ਯਾਤਰਾ, ਵੀਰਵਾਰ ਜਾਣਗੇ ਇਟਲੀ
. . .  1 day ago
ਨਵੀਂ ਦਿੱਲੀ ,12 ਜੂਨ - ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਮੋਦੀ ਇਟਲੀ ਜਾ ਰਹੇ ...
ਪੇਮਾ ਖਾਂਡੂ ਇਕ ਹੋਰ ਕਾਰਜਕਾਲ ਲਈ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹੋਣਗੇ
. . .  1 day ago
ਈਟਾਨਗਰ, 12 ਜੂਨ -ਪੇਮਾ ਖਾਂਡੂ ਇਕ ਹੋਰ ਕਾਰਜਕਾਲ ਲਈ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹੋਣਗੇ । ਭਾਜਪਾ ਵਿਧਾਇਕ ਦਲ ਦੇ ਨੇਤਾ ਵਜੋਂ ਮੁੜ ਚੁਣੇ ਗਏ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਅਰੁਣਾਚਲ ਭਾਜਪਾ ਦੇ ਵਿਧਾਇਕ ਦਲ ਦੇ ਨੇਤਾ ...
ਰਾਸ਼ਟਰੀ ਅੰਤਰਰਾਸ਼ਟਰੀ ਇਟਲੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਭੰਨਤੋੜ,ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਭਾਰਤ ਮੋਦੀ ਨੇ ਕਰਨਾ ਸੀ
. . .  1 day ago
ਬਰੇਸ਼ੀਆ(ਇਟਲੀ) 12 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਅਮਰੀਕਾ,ਕੈਨੇਡਾ,ਇੰਗਲੈਂਡ ਵਿਚ ਗਰਮ ਖਿਆਲੀਆਂ ਵਲੋਂ ਭਾਰਤ ਵਿਰੁੱਧ ਛੇੜੀ ਮੁਹਿੰਮ ਦਾ ਅਸਰ ਹੁਣ ਇਟਲੀ ਵਿਚ ਵੀ ਦਿਨੋਂ ਦਿਨ ਵੱਧਦਾ ਪ੍ਰਤੀਤ ਹੁੰਦਾ ਹੈ ,ਜਿਸ ਦੀ ਤਾਜ਼ਾ ਮਿਸਾਲ ਇਟਲੀ ਦੇ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 28 ਜੇਠ ਸੰਮਤ 556
ਵਿਚਾਰ ਪ੍ਰਵਾਹ: ਮੈਂ ਗੁਲਾਮ ਨਹੀਂ ਹੋਵਾਂਗਾ ਤੇ ਨਾ ਹੀ ਮਾਲਕ ਹੋਵਾਂਗਾ, ਜਮਹੂਰੀਅਤ ਦੀ ਇਹੀ ਵਿਆਖਿਆ ਹੈ। -ਅਬਰਾਹਮ ਲਿੰਕਨ

ਤੁਹਾਡੇ ਖ਼ਤ

11-06-2024

 ਚੰਗੀ ਅਤੇ ਮਾੜੀ ਮਤ

ਕਹਿੰਦੇ ਹਨ ਕਿ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ। ਭਾਵ ਕਿ ਜਿਹੋ ਜਿਹੀ ਸੰਗਤ ਹੋਵੇ ਉਹੋ ਜਿਹੀ ਰੰਗਤ ਚੜ੍ਹ ਜਾਂਦੀ ਹੈ। ਜੇਕਰ ਦੋਸਤਾਂ-ਮਿੱਤਰਾਂ ਦੀ ਸੰਗਤ ਚੰਗੀ ਹੋਵੇਗੀ ਤਾਂ ਫਿਰ ਮਤ ਚੰਗੀ ਰਹੇਗੀ ਅਤੇ ਜੇਕਰ ਸਾਥੀਆਂ ਦੀ ਸੰਗਤ ਮਾੜੀ ਹੋਵੇਗੀ ਤਾਂ ਫਿਰ ਮਤ 'ਤੇ ਪਰਦਾ ਪੈਂਦਿਆਂ ਸਮਾਂ ਨਹੀਂ ਲੱਗੇਗਾ। ਇਨਸਾਨ ਭਾਵੇਂ ਕਿੰਨਾ ਕੁ ਸੁਗ਼ੜ-ਸਿਆਣਾ ਕਿਉਂ ਨਾ ਹੋਵੇ ਪਰ ਜੇਕਰ ਉਸ ਦਾ ਮਾੜੀ ਸੰਗਤ ਨਾਲ ਵਾਹ ਪੈ ਗਿਆ ਤਾਂ ਫਿਰ ਉਸ ਦੀ ਸਿੱਧੀ ਮਤ ਵੀ ਵਿਗੜ ਜਾਵੇਗੀ, ਕਿਉਂਕਿ ਮਾੜੇ ਸੰਗੀ-ਸਾਥੀਆਂ ਦੇ ਟੋਲੇ ਵਿਚ ਬੈਠ ਕੇ ਬੰਦੇ ਦਾ ਮਾੜੇ ਕੰਮਾਂ ਪ੍ਰਤੀ ਉਤਸ਼ਾਹ ਵਧਦਾ ਹੈ। ਇਸ ਲਈ ਸਿਆਣੇ ਅਕਸਰ ਹੀ ਆਖਦੇ ਹਨ ਕਿ ਸਦਾ ਚੰਗੇ ਸੰਗੀ ਸਾਥੀਆਂ ਦੀ ਸੰਗਤ ਕਰੋ। ਚੰਗੇ ਅਤੇ ਮਾੜੇ ਦੀ ਪਹਿਚਾਣ ਕਰੋ ਅਤੇ ਕਿਸੇ ਨਾਲ ਵੀ ਦੋਸਤੀ ਵਾਲਾ ਨਾਤਾ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਇਨਸਾਨ ਦੀ ਜਾਂਚ-ਪਰਖ ਕਰੋ ਕਿ ਕਿਤੇ ਇਹ ਇਨਸਾਨ ਆਪਣਾ ਉੱਲੂ ਸਿੱਧਾ ਕਰਨ ਲਈ ਤੁਹਾਨੂੰ ਭਵਿੱਖ ਵਿਚ ਨੁਕਸਾਨ ਤਾਂ ਨਹੀਂ ਪਹੁੰਚਾਏਗਾ? ਭਾਵੇਂ ਤੁਹਾਡਾ ਚਰਿੱਤਰ ਕਿੰਨਾ ਕੁ ਵੀ ਚੰਗਾ ਕਿਉਂ ਨਾ ਹੋਵੇ ਪਰ ਜੇਕਰ ਮਾੜੇ ਟੋਲੇ ਦੀ ਸੰਗਤ ਵਿਚ ਬੈਠੋਗੇ ਤਾਂ ਸਮਾਜ ਤੁਹਾਨੂੰ ਵੀ ਗ਼ਲਤ ਹੀ ਸਮਝੇਗਾ। ਸੋ, ਪਰਮਾਤਮਾ ਆਪ ਹੀ ਸਭ ਜੀਆਂ ਵਿਚ ਚੰਗੀ ਅਤੇ ਮੰਦੀ ਮਤ ਪਾਉਣ ਵਾਲਾ ਹੈ। ਸੁਖਾਲਾ ਜੀਵਨ ਬਤੀਤ ਕਰਨ ਲਈ ਸਦਾ ਆਪਣਾ ਮਨ ਨੀਵਾਂ 'ਤੇ ਮੁੜ ਉੱਚੀ ਰੱਖੋ ਅਤੇ ਪਰਮਾਤਮਾ ਕੋਲੋਂ ਸਦਾ ਚੰਗੀ ਅਤੇ ਨੇਕ ਮਤ ਦੀ ਦਾਤ ਮੰਗੋ। ਇਸ ਸੰਸਾਰ ਵਿਚ ਸਹੀ ਮਤ ਤੋਂ ਵੱਡੀ ਬਖ਼ਸ਼ਿਸ਼ ਹੋਰ ਕੋਈ ਨਹੀਂ ਕਿਉਂਕਿ ਚੰਗੀ ਮਤ ਅਤੇ ਸੂਝ-ਬੂਝ ਸਦਕਾ ਹੀ ਇਨਸਾਨ ਸਫ਼ਲਦਾ ਦਾ ਮੁਕਾਮ ਹਾਸਿਲ ਕਰ ਕੇ ਆਪਣੀ ਮੰਜ਼ਿਲ 'ਤੇ ਪਹੁੰਚ ਸਕਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਜਾਣਕਾਰੀ ਭਰਪੂਰ ਲੇਖ

ਸ: ਸੁਖਵਿੰਦਰ ਸਿੰਘ ਫੁੱਲ ਇੰਚਾਰਜ 'ਅਜੀਤ' ਉਪ ਦਫ਼ਤਰ ਪਟਿਆਲਾ ਦਾ ਲਿਖਿਆ ਲੇਖ 'ਇਕ ਵੋਟ ਦੀ ਮਹੱਤਤਾ' ਪੜ੍ਹਿਆ ਉਨ੍ਹਾਂ ਨੇ ਅੰਕੜਿਆਂ ਸਹਿਤ ਇਹ ਸਮਝਾਇਆ ਹੈ ਕਿ ਇਕ ਵੋਟ ਦੀ ਕਿੰਨੀ ਮਹੱਤਤਾ ਹੈ। ਬਹੁਤ ਵਾਰੀ ਆਪਾਂ ਇਹ ਸਮਝਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਕ ਵੋਟ ਦੀ ਕੀਮਤ ਕੁਝ ਵੀ ਨਹੀਂ ਹੈ ਪਰੰਤੂ ਇਹ ਲੇਖ ਪੜ੍ਹਨ ਤੋਂ ਇਹ ਪਤਾ ਲੱਗਾ ਹੈ ਕਿ ਇਕ ਵੋਟ ਨਾਲ ਹੀ ਜਿੱਤ, ਹਾਰ ਵਿਚ ਬਦਲ ਜਾਂਦੀ ਹੈ। ਸੋ, ਸਾਨੂੰ ਵੋਟ ਦੀ ਮਹੱਤਤਾ ਸਮਝਦੀ ਹੋਏ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਸਾਡੀ ਇਕ ਵੋਟ ਨਾਲ ਹੀ ਕਿਸੇ ਉਮੀਦਵਾਰ ਦੀ ਹਾਰ, ਜਿੱਤ ਵਿਚ ਬਦਲ ਸਕਦੀ ਹੈ। ਇਸ ਲੇਖ ਨੇ ਬਹੁਤ ਸਾਰੇ ਪਾਠਕਾਂ ਦੇ ਗਿਆਨ ਵਿਚ ਵਾਧਾ ਕੀਤਾ ਹੈ।

-ਜੋਗਿੰਦਰ ਸਿੰਘ ਲੋਹਾਮ
ਗਲੀ ਲੋਹਾਮ, ਜਮੀਅਤ ਸਿੰਘ ਰੋਡ, ਮੋਗਾ।

ਵਾਤਾਵਰਨ ਸੰਭਾਲ ਦੀ ਲੋੜ

ਅੱਜ-ਕੱਲ੍ਹ ਵਾਤਾਵਰਨ ਦਾ ਮਾਮਲਾ ਇਕ ਗੰਭੀਰ ਮੁੱਦਾ ਹੈ, ਜਿਸ ਦੇ ਪ੍ਰਤੀ ਸਾਰੇ ਜਾਣੂ ਹੋਣੇ ਚਾਹੀਦੇ ਹਨ ਅਤੇ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਸਾਕਾਰਾਤਮਿਕ ਯਤਨ ਕਰਨੇ ਚਾਹੀਦੇ ਹਨ। ਪ੍ਰਦੂਸ਼ਣ ਕਾਰਨ ਵਧਦਾ ਤਾਪਮਾਨ ਇਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਾ ਹੈ, ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖ਼ਤਮ ਹੋ ਜਾਣਗੇ, ਸਮੁੰਦਰਾਂ ਵਿਚ ਪਾਣੀ ਵਧ ਜਾਵੇਗਾ, ਜੋ ਸਮੁੰਦਰ ਕੰਢੇ ਵਸਣ ਵਾਲੇ ਕਰੋੜਾਂ ਲੋਕਾਂ ਦਾ ਖ਼ਾਤਮਾ ਹੋ ਜਾਵੇਗਾ। ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਨ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਅੱਜ ਸਾਹ ਲੈਣ ਲਈ ਸਾਡੀ ਹਵਾ, ਪੀਣ ਨੂੰ ਪਾਣੀ, ਉਪਜਾਊ ਫ਼ਸਲਾਂ ਲਈ ਮਿੱਟੀ ਆਦਿ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸੇ ਕਰਕੇ ਸਮੁੱਚੇ ਸੰਸਾਰ ਵਿਚ ਵਾਤਾਵਰਨ ਸੰਬੰਧੀ ਇਸ ਅਵੇਸਲੇਪਣ ਨੂੰ ਦੂਰ ਕਰਨ ਲਈ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਦੂਜਿਆਂ ਨੂੰ ਸਮਝਾਉਣ ਲਈ ਖ਼ਾਸ ਯਤਨ ਵਜੋਂ ਹਰ ਸਾਲ 5 ਜੂਨ, ਵਿਸ਼ਵ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋ ਸਕੀਏ। ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਇਕ ਚੰਗੇ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਵੀ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਇਸ ਦੀ ਥਾਂ ਹੋਰ ਵਾਤਾਵਰਨ ਪੱਖੀ ਬਦਲਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਧਰਤੀ ਦੇ ਸਰੋਤਾਂ ਦੀ ਜਿੰਨੀ ਅੰਨ੍ਹੇਵਾਹ ਵਰਤੋਂ ਅਸੀਂ ਕਰ ਰਹੇ ਹਾਂ ਉਨੀ ਹੀ ਸਾਨੂੰ ਆਪਣੀ ਧਰਤੀ ਨੂੰ ਵਾਪਸ ਮੋੜ ਕੇ ਇਕ ਸੰਤੁਲਨ ਬਣਾਉਣ ਦੀ ਲੋੜ ਹੈ। ਆਓ, ਆਪਾਂ ਸਾਰੇ ਮਿਲ ਕੇ ਵਾਤਾਵਰਨ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਈਏ।

-ਗੌਰਵ ਮੰਜਾਲ ਪੀ.ਸੀ.ਐਸ.।

ਪੰਛੀਆਂ ਲਈ ਰੱਖੋ ਪਾਣੀ

ਅੱਜ-ਕੱਲ੍ਹ ਸਮੁੱਚੇ ਭਾਰਤ ਵਿਚ ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਹਰ ਸਾਲ ਇਸ ਨਾਲ ਜਿੱਥੇ ਮਨੁੱਖੀ ਜੀਵਨ ਪ੍ਰਭਾਵਿਤ ਹੁੰਦਾ ਹੈ, ਉੱਥੇ ਹੀ ਇਸ ਕਾਰਨ ਬਹੁਤ ਸਾਰੇ ਜੀਵ-ਜੰਤੂ, ਪਸ਼ੂ ਅਤੇ ਪੰਛੀ ਵੀ ਪ੍ਰਭਾਵਿਤ ਹੁੰਦੇ ਹਨ। ਦੇਖਿਆ ਜਾਵੇ ਤਾਂ ਇਸ ਗਰਮੀ ਦੇ ਮੌਸਮ ਵਿਚ ਬਹੁਤ ਸਾਰੇ ਪੰਛੀ ਪਾਣੀ ਨਾ ਮਿਲਣ ਕਰਕੇ ਮਾਰੇ ਜਾਂਦੇ ਹਨ।
ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹੁੰਦੇ ਹਨ। ਇਨ੍ਹਾਂ ਨਾਲ ਕੁਦਰਤ ਬਹੁਤ ਸੋਹਣੀ ਲੱਗਦੀ ਹੈ। ਸੋ, ਇਨ੍ਹਾਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ, ਬਨੇਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰੀਏ ਤਾਂ ਜੋ ਇਹ ਬੇਜ਼ੁਬਾਨ ਪੰਛੀ ਆਪਣੀ ਪਿਆਸ ਬੁਝਾ ਸਕਣ। ਇਹ ਸਾਡੇ ਸਾਰਿਆਂ ਲਈ ਜਿੱਥੇ ਪੁੰਨ ਦਾ ਕੰਮ ਹੋਵੇਗਾ ਨਾਲ ਹੀ ਪੰਛੀਆਂ ਦੀਆਂ ਚਹਿ-ਚਹਾਉਂਦੀਆਂ ਆਵਾਜ਼ਾਂ ਨਾਲ ਸਾਡਾ ਆਲਾ-ਦੁਆਲਾ ਵੀ ਗੂੰਜਦਾ ਰਹੇਗਾ।

-ਸ਼ੰਕਰ ਮੋਗਾ
ਗੋਧੇਵਾਲਾ, ਮੋਗਾ।

10-06-2024

 ਨਾਂਹ-ਪੱਖੀ ਵਿਚਾਰਾਂ ਤੋਂ ਦੂਰ ਰਹੋ
ਸਭ ਕੁਝ ਪਰਮਾਤਮਾ ਦੀ ਰਜ਼ਾ 'ਚ ਹੁੰਦਾ ਹੈ। ਕਹਿੰਦੇ ਹਨ ਕਿ ਉਸਦੇ ਹੁਕਮ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲਦਾ। ਸਾਨੂੰ ਜ਼ਿੰਦਗੀ 'ਚ ਕਈ ਵਾਰ ਕਿਸੇ ਚੀਜ਼ ਨੂੰ ਪਾਉਣ ਦੀ ਬਹੁਤ ਇੱਛਾ ਹੁੰਦੀ ਹੈ। ਜੇ ਉਹ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਅਸੀਂ ਬਲਪੂਰਵਕ ਉਸ ਨੂੰ ਹਾਸਿਲ ਕਰਨ ਦੀ ਖਾਹਿਸ਼ ਪਾਲ ਲੈਂਦੇ ਹਾਂ। ਚਾਹੇ ਉਹ ਨਾਂਹ ਪੱਖੀ ਊਰਜਾ ਨਾਲ ਹੀ ਹਾਸਿਲ ਕਿਉਂ ਨਾ ਕਰਨੀ ਪਵੇ। ਕੁਦਰਤ ਬਹੁਤ ਵੱਡੀ ਦਾਤ ਹੈ। ਕਈ ਵਾਰ ਅਸੀਂ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ ਰਹੀਏ ਮਨ 'ਚ ਉਹ ਖਾਲੀਪਣ ਬਰਕਰਾਰ ਨਹੀਂ ਕਰ ਪਾਉਂਦੇ। ਅਕਸਰ ਕਹਿੰਦੇ ਵੀ ਹਨ ਕਿ ਸਮਾਂ ਸਾਡੀ ਗਵਾਹੀ ਭਰਦਾ ਹੈ। ਕਈ ਵਾਰ ਸਹੀ ਸਮੇਂ ਦੇ ਆਉਣ ਕਾਰਨ ਉਹ ਖਾਲੀਪਨ ਭਰ ਜਾਂਦਾ ਹੈ। ਅਕਸਰ ਕਹਿੰਦੇ ਵੀ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਆਪਣੇ ਆਪ ਨੂੰ ਹਰ ਵੇਲੇ ਕਿਸੇ ਦਾ ਕਿਸੇ ਕੰਮ 'ਚ ਲਗਾ ਕੇ ਰੱਖੋ। ਨਾਂਹ-ਪੱਖੀ ਵਿਚਾਰਾਂ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ। ਅਜਿਹੇ ਲੋਕਾਂ ਨੇ ਤਾਂ ਆਪ ਕੁਝ ਕਰਨਾ ਨਹੀਂ ਹੁੰਦਾ, ਦੂਜਿਆਂ ਨੂੰ ਅੱਗੇ ਵਧਣ ਲਈ ਉਨ੍ਹਾਂ ਦੇ ਦਿਮਾਗ 'ਚ ਘਟੀਆ ਵਿਚਾਰ ਪੈਦਾ ਕਰਨਾ ਕੰਮ ਕਰਦੇ ਹਨ। ਨਾਂਹ-ਪੱਖੀ ਸੋਚ ਵਾਲਾ ਇਨਸਾਨ ਕਦੇ ਵੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕਦਾ। ਧਾਰਮਿਕ ਸਥਾਨਾਂ 'ਤੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਆਪਣੇ ਮਨ 'ਚ ਚੰਗੇ ਵਿਚਾਰ ਲੈ ਕੇ ਆਓ। ਨਾਂਹ-ਪੱਖੀ ਵਿਚਾਰਾਂ ਤੋਂ ਹਮੇਸ਼ਾ ਦੂਰ ਰਹੋ। ਈਰਖਾ, ਨਫ਼ਰਤ, ਵੈਰ, ਘਟੀਆ ਵਿਚਾਰ ਤੁਹਾਡੀ ਤਰੱਕੀ 'ਚ ਰੁਕਾਵਟ ਬਣਦੇ ਹਨ। ਜਦੋਂ ਅਕਸਰ ਗੁਰੂ ਘਰ ਜਾਂਦੇ ਹੋ ਤਾਂ ਮਨ ਖਾਲੀ ਕਰਕੇ ਜਾਓ, ਫ਼ਾਲਤੂ ਦਾ ਬੋਝ ਨਾ ਲੈ ਕੇ ਜਾਓ। ਗੁਰੂ ਘਰ ਤੋਂ ਹਮੇਸ਼ਾ ਖ਼ੁਸ਼ੀ-ਖ਼ੁਸ਼ੀ ਆਓ। ਸੋਹਣੀਆਂ, ਸਕਰਾਤਮਿਕ ਗੱਲਾਂ ਨੂੰ ਆਪਣੇ ਮਨ ਅੰਦਰ ਧਾਰਨ ਕਰੋ। ਫਾਲਤੂ ਦੀਆਂ ਚੀਜ਼ਾਂ ਤੋਂ ਬਚ ਕੇ ਰਹੋ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਪੰਜਾਬੀਓ ਖ਼ਬਰਦਾਰ
'ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ' ਦੀ ਲਾਈਨ ਸੁਰਜੀਤ ਪਾਤਰ ਵਲੋਂ ਕਿੰਨੀ ਤੜਫ਼ ਵਿਚੋਂ ਕੱਢੀ ਗਈ ਹੋਵੇਗੀ। ਹਰ ਪੰਜਾਬੀ ਪੁੱਤ ਦਾ ਫ਼ਰਜ਼ ਵੀ ਹੈ ਕਿ ਪੰਜਾਬ ਲਈ ਜਾਗਦੇ ਰਹੋ। ਸਰਕਾਰ ਵਲੋਂ ਜਦੋਂ ਸਾਡੇ ਹਿੱਤ ਲਈ ਕੁਝ ਕੀਤਾ ਜਾਂਦਾ ਹੈ ਉਸ ਲਈ ਵੀ ਅਸੀਂ ਸਹਿਯੋਗ ਨਹੀਂ ਕਰਦੇ। ਸਰਕਾਰ ਦੇ ਜ਼ਿੰਮੇ ਪਾਉਣ ਦੇ ਨਾਲ ਸਰਕਾਰ ਦਾ ਸਾਥ ਦੇਣਾ ਵੀ ਫ਼ਰਜ਼ ਹੈ। ਲੋਕ ਅਤੇ ਸਰਕਾਰ ਮਿਲ ਕੇ ਹੱਲ ਕਰ ਸਕਦੇ ਹਨ। ਪਿਛਲੇ ਸਮਿਆਂ ਤੋਂ ਨਸਲਾਂ, ਫਸਲਾਂ, ਵਾਤਾਵਰਨ, ਸਿਹਤ ਅਤੇ ਸੱਭਿਆਚਾਰ ਨੂੰ ਜੋ ਖੋਰਾ ਲੱਗਿਆ ਹੈ ਉਸ ਨੂੰ ਬੁੱਧੀਜੀਵੀ ਲੋਕ ਸੁਚੇਤ ਕਰਨ ਲੱਗੇ ਹੋਏ ਹਨ। ਅਜੇ ਤੱਕ ਮੰਜ਼ਿਲ 'ਤੇ ਪੁੱਜਣ ਲਈ ਇਕ ਦੋ ਕਦਮ ਹੀ ਪੁੱਟੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੇਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬੀਆਂ ਦੀ ਨਸਲ ਵਿਗਾੜਨ ਲਈ ਟੈਸਟ ਟਿਊਬ ਸੈਂਟਰਾਂ ਬਾਰੇ ਵੱਡੀ ਚਿੰਤਾ ਜ਼ਾਹਿਰ ਕੀਤੀ ਜਾ ਚੁੱਕੀ ਹੈ। ਪਰ ਇਸ ਚਿੰਤਾ ਨੂੰ ਮਿਟਾਉਣ ਲਈ ਅਜੇ ਪੰਜਾਬੀ ਲਹਿਰ ਪੈਦਾ ਨਹੀਂ ਕਰ ਸਕੇ। ਸਿੰਘ ਸਾਹਿਬ ਦੀ ਇਹ ਚਿੰਤਾ ਨੂੰ ਸਾਨੂੰ ਵੰਗਾਰ ਵਜੋਂ ਲੈ ਕੇ ਹੱਲ ਸੋਚਣਾ ਪੈਣਾ ਹੈ। ਪੰਜਾਬ ਦੀ ਦਸ਼ਾ, ਦਿਸ਼ਾ ਅਤੇ ਤ੍ਰਾਸਦੀ ਨੂੰ ਅਸੀਂ ਇਕ ਕੰਨੋਂ ਸੁਣ ਦੂਜੇ ਕੰਨ ਕੱਢ ਰਹੇ ਹਾਂ। ਕਈ ਸੋਚਦੇ ਹਨ ਅਸੀਂ ਤਾਂ ਵਿਦੇਸ਼ ਚਲੇ ਜਾਣਾ, ਪਰ ਜੋ ਵਿਦੇਸ਼ ਹਨ, ਉਨ੍ਹਾਂ ਨੂੰ ਵੀ ਪੰਜਾਬ ਦੀ ਚਿੰਤਾ ਹੈ। ਹੁਣ ਗਿਆਨੀ ਕੇਵਲ ਸਿੰਘ ਨੇ ਵੱਡੀ ਚਿੰਤਾ ਜ਼ਾਹਿਰ ਕਰ ਕੇ ਸਾਰੀਆਂ ਚੁਣੌਤੀਆਂ ਨੂੰ ਪੰਜਾਬੀਆਂ ਦੀ ਕਚਹਿਰੀ ਵਿਚ ਪੇਸ਼ ਕਰ ਦਿੱਤਾ ਹੈ। ਇਸ ਨਾਲ ਦੋਵੇਂ ਸਿੰਘ ਸਾਹਿਬਾਨ ਦੇ ਇਹ ਵਿਚਾਰ ਨਹੀਂ ਬਲਕਿ ਕੌਮ ਲਈ ਹੁਕਮ ਹਨ। ਹਰ ਪੰਜਾਬੀ ਪੰਜਾਬ ਬਚਾਉਣ ਲਈ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰ ਕੇ ਅੰਦਰ ਝਾਤ ਮਾਰੋ। ਜੋ ਆਫ਼ਤ ਕਿਸੇ ਹੋਰ ਲਈ ਅੱਜ ਹੈ, ਕੱਲ੍ਹ ਤੁਹਾਡੇ 'ਤੇ ਵੀ ਆ ਸਕਦੀ ਹੈ। ਇਸ ਲਈ ਆਪਣੇ ਬਾਰੇ ਸੋਚਣ ਨਾਲੋਂ ਪੰਜਾਬ ਬਾਰੇ ਵੀ ਸੋਚੋ। ਸਿੰਘ ਸਾਹਿਬਾਨ ਦੇ ਹੁਕਮਾਂ ਅਨੁਸਾਰ ਪੰਜਾਬ ਲਈ ਖ਼ਬਰਦਾਰ ਹੋਈਏ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਬੂਟਿਆਂ ਦੀ ਸਾਂਭ ਸੰਭਾਲ ਵੀ ਜ਼ਰੂਰੀ
ਜਿਹੜੇ ਨਵੇਂ ਬੂਟੇ ਅਸੀਂ ਲਗਾਉਂਦੇ ਹਾਂ, ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ ਹੈ, ਜਿਸ ਤਰ੍ਹਾਂ ਧਰਤੀ 'ਤੇੇ ਫ਼ਸਲਾਂ ਦੀ ਰਹਿੰਦਦ-ਖੂੰਹਦ ਨੂੰ ਅੱਗ ਲਗਾਈ ਜਾ ਰਹੀ ਹੈ, ਬੂਟੇ ਜਿਹੜੇ ਖੜ੍ਹੇ ਹਨ ਜਿਹੜੇ ਕਰੋੜਾਂ ਲੋਕਾਂ ਨੂੰ ਆਕਸੀਜਨ ਦੇ ਰਹੇ ਹਨ, ਉਨ੍ਹਾਂ ਨੂੰ ਸਾੜਨਾ ਕਿੱਥੋਂ ਦੀ ਸਿਆਣਪ ਹੈ। ਮੌਜੂਦਾ ਸਮੇਂ ਜਿਹੜੇ ਬੂਟੇ ਆਕਸੀਜਨ ਦੇ ਰਹੇ ਹਨ, ਉਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਨਵੇਂ ਬੂਟੇ ਤਾਂ ਲਗਾਉਣੇ ਹੀ ਚਾਹੀਦੇ ਹਨ। ਪ੍ਰਤੀ ਵਿਅਕਤੀ ਇਕ ਬੂਟਾ ਨਹੀਂ ਵੱਧ ਤੋਂ ਵੱਧ ਜਿੰਨੇ ਬੂਟੇ ਹੋ ਸਕਦਾ ਹੈ ਹਰ ਵਿਅਕਤੀ ਨੂੰ ਲਗਾਉਣੇ ਚਾਹੀਦੇ ਹਨ। ਸੋ, ਮੇਰੇ ਸੋਹਣੇ ਦੇਸ਼ ਪੰਜਾਬ ਦੇ ਲੋਕੋ ਨਵੇਂ ਬੂਟੇ ਜੀਅ ਸਦਕੇ ਲਗਾਓ ਪਰ ਜਿਹੜੇ ਬੂਟੇ ਪਹਿਲਾਂ ਹੀ ਲੱਗੇ ਹੋਏ ਹਨ ਖਿਲ-ਖਿਲਾ ਰਹੇ ਹਨ, ਸਾਨੂੰ ਆਕਸੀਜਨ ਦੇ ਰਹੇ ਹਨ, ਉਨ੍ਹਾਂ ਨੂੰ ਵੀ ਕਿਰਪਾ ਕਰਕੇ ਨਾ ਸਾੜੋ। ਅਸੀਂ ਆਪਣੇ ਆਪ ਨੂੰ ਵੀ ਖ਼ਤਮ ਕਰ ਰਹੇ ਹਾਂ, ਆਪਣੇ ਬੱਚਿਆਂ ਨੂੰ ਵੀ ਆਉਣ ਵਾਲੀਆਂ ਨਸਲਾਂ ਨੂੰ ਵੀ। ਬੂਟੇ ਲਗਾਉਣ ਦਾ ਜਜ਼ਬਾ ਬਰਕਰਾਰ ਰਹਿਣਾ ਚਾਹੀਦਾ ਹੈ ਅਗਲੇ ਸਿਆਲਾਂ ਵਿਚ ਕਿਤੇ ਇਸ ਗਰਮੀ ਨੂੰ ਭੁੱਲ ਨਾ ਜਾਈਏ। ਬੂਟੇ ਸੋਸ਼ਲ ਮੀਡੀਆ 'ਤੇ ਹੀ ਨਾ ਲਗਾਏ ਜਾਣ ਜ਼ਮੀਨ 'ਤੇ ਲਗਾਏ ਜਾਣ।
ਆਕਸੀਜਨ ਸਿਰਫ਼ ਬੂਟਿਆਂ ਤੋਂ ਹੀ ਮਿਲਦੀ ਹੈ, ਬੂਟੇ ਸਾੜਨ ਨਾਲ ਨਹੀਂ। ਇਨਸਾਨ ਪਾਣੀ ਅਤੇ ਹਵਾ ਤੋਂ ਬਿਨਾ ਨਹੀਂ ਰਹਿ ਸਕਦਾ। ਧਰਤੀ ਨੂੰ ਅੱਗ ਲਾਉਣ ਨਾਲ ਬੂਟੇ ਹੀ ਨਹੀਂ ਘਾਹ ਵੀ ਸੜਦਾ ਹੈ ਤੇ ਘਾਹ ਵੀ ਸਾਨੂੰ ਆਕਸੀਜਨ ਦਿੰਦਾ ਹੈ। ਸੋ, ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨਵੇਂ ਬੂਟੇ ਜ਼ਰੂਰ ਲਗਾਓ ਪਰ ਜਿਹੜੇ ਪੁਰਾਣੇ ਬੂਟੇ ਲੱਗੇ ਹੋਏ ਹਨ ਉਨ੍ਹਾਂ ਨੂੰ ਨਾ ਸਾੜੋ।


-ਹਰਜਾਪ ਸਿੰਘ
ਤਹਿਸੀਲ ਦਸੂਹਾ, ਹੁਸ਼ਿਆਰਪੁਰ।

07-06-2024

 ਮਾਤਾ-ਪਿਤਾ ਦੀ ਸੇਵਾ ਕਰੋ
ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਤੋਂ ਉਮੀਦ ਕਰਦਾ ਹੈ ਕਿ ਉਹ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ, ਪਰ ਅੱਜ-ਕੱਲ੍ਹ ਸਭ ਕੁੱਝ ਇਸ ਦੇ ਉਲਟ ਹੋ ਰਿਹਾ ਹੈ। ਭਾਵੇਂ ਇਕ ਮਾਂ ਤਾਂ ਆਪਣੇ 3-4 ਬੱਚਿਆਂ ਨੂੰ ਇਕੱਲਿਆਂ ਪਾਲ ਸਕਦੀ ਹੈ ਪਰ 3-4 ਬੱਚਿਆਂ ਕੋਲੋਂ ਆਪਣੀ ਮਾਂ ਨਹੀਂ ਪਾਲੀ ਜਾਂਦੀ। ਹੁਣ ਜਦੋਂ ਬੱਚਿਆਂ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਬੋਝ ਲੱਗਣ ਲੱਗ ਪੈਂਦੇ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਹੀ ਇੰਝ ਕਰਦੇ ਹਨ ਪਰ ਇਵੇਂ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਧ ਚੁੱਕੀ ਹੈ। ਸੁਣਨ 'ਚ ਤਾਂ ਇੱਥੋਂ ਤੱਕ ਆਉਂਦਾ ਹੈ ਕਿ ਕੁਝ ਬੱਚੇ ਆਪਣੇ ਬਿਰਦ ਮਾਤਾ-ਪਿਤਾ ਨੂੰ ਕੁੱਟਦੇ-ਮਾਰਦੇ ਵੀ ਹਨ ਅਤੇ ਉਨ੍ਹਾਂ ਨੂੰ ਗਾਲ਼ਾਂ ਆਦਿ ਵੀ ਕੱਢਦੇ ਹਨ। ਸਾਰੀ ਜ਼ਮੀਨ-ਜਾਇਦਾਦ ਆਪਣੇ ਨਾਂਅ ਕਰਵਾ ਕੇ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਜੇਕਰ ਥੋੜ੍ਹੀ ਹਮਦਰਦੀ ਹੋਵੇ ਤਾਂ ਬਿਰਦ ਆਸ਼ਰਮ ਛੱਡ ਆਉਂਦੇ ਹਨ ਪਰ ਇਹ ਸਭ ਕੁਝ ਬਹੁਤ ਗ਼ਲਤ ਹੈ। ਇਸ ਲਈ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰੋਗੇ ਤਾਂ ਪੁੰਨ ਲੱਗੇਗਾ ਨਹੀਂ ਤਾਂ ਪਾਪ। ਬੱਸ ਇਹੀ ਸੱਚ ਹੈ ਕਿ ਪਾਪ ਅਤੇ ਪੁੰਨ ਦੋਨੋਂ ਹੀ ਮਰਨ ਉਪਰੰਤ ਦਿਖਾਈ ਦਿੰਦੇ ਹਨ।

-ਮਾ: ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ. ਗੜ੍ਹਦੀਵਾਲਾ,
ਜ਼ਿਲ੍ਹਾ-ਹੁਸ਼ਿਆਰਪੁਰ।

ਪੁਲਿਸ ਦੀ ਡਿਊਟੀ
ਉਂਜ ਤਾਂ ਪੁਲਿਸ ਦੀ 24 ਘੰਟੇ ਡਿਊਟੀ ਹੁੰਦੀ ਹੈ। ਤਿਉਹਾਰਾਂ ਮੌਕੇ ਤਾਂ ਪੁਲਿਸ ਦੀ ਡਿਊਟੀ ਹੋਰ ਵੀ ਸਖ਼ਤ ਹੋ ਜਾਂਦੀ ਹੈ। ਹੁਣ ਜਦੋਂ ਪੰਜਾਬ ਵਿਚ ਸਭ ਤੋਂ ਅਖੀਰ 'ਚ ਵੋਟਾਂ ਪਈਆਂ ਹਨ ਤਾਂ ਇਸ 'ਚ ਵੀ ਪੁਲਿਸ ਅੱਤ ਦੀ ਗਰਮੀ ਵਿਚ 16-16 ਘੰਟੇ ਡਿਊਟੀ ਕਰ ਰਹੀ ਹੈ। ਡਿਊਟੀ ਖ਼ਤਮ ਕਰ ਕੇ ਅਜੇ ਜਵਾਨ ਘਰ ਹੀ ਜਾਂਦਾ ਹੈ ਕਿ ਉਸ ਨੂੰ ਮੁਨਸ਼ੀ ਦਾ ਫ਼ੋਨ ਆ ਜਾਂਦਾ ਹੈ ਕਿ ਵੀ.ਆਈ.ਪੀ., ਰੈਲੀ, ਧਰਨਿਆਂ ਆਦਿ 'ਚ ਡਿਊਟੀ ਲੱਗ ਗਈ ਹੈ ਜਲਦੀ ਪਹੁੰਚੋ। ਪੁਲਿਸ ਦੇ ਜਵਾਨ ਤਣਾਅ ਵਿਚ ਰਹਿਣ ਕਾਰਨ ਕਈ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਵਿਭਾਗ 'ਚ ਵੀ ਅੱਠ ਘੰਟੇ ਦੀ ਡਿਊਟੀ ਅਤੇ ਹਫ਼ਤਾਵਾਰੀ ਛੁੱਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪੁਲਿਸ ਜਵਾਨ ਆਪਣੀ ਡਿਊਟੀ ਹੋਰ ਵੀ ਜ਼ਿਆਦਾ ਤਨਦੇਹੀ ਨਾਲ ਨਿਭਾਅ ਸਕਣ।

-ਗੁਰਮੀਤ ਸਿੰਘ ਵੇਰਕਾ
ਅੰਮ੍ਰਿਤਸਰ।

ਝੋਨਾ ਪੰਜਾਬ ਦੀ ਫ਼ਸਲ ਨਹੀਂ
ਝੋਨਾ ਪੰਜਾਬ ਦੀ ਜੱਦੀ ਅਤੇ ਵਿਰਾਸਤੀ ਫ਼ਸਲ ਨਹੀਂ ਹੈ। ਇਸ ਦੇ ਆਉਣ ਨਾਲ ਪੰਜਾਬੀਆਂ ਨੇ ਸਭ ਕੁਝ ਮਜ਼ਦੂਰਾਂ 'ਤੇ ਛੱਡ ਦਿੱਤਾ। ਦੋਵੇਂ ਇਕ ਸਿੱਕੇ ਦੇ ਦੋ ਪਾਸੇ ਹਨ। ਝੋਨੇ ਪਿੱਛੇ ਪੰਜਾਬੀਆਂ ਨੇ ਇਕ ਦੂਜੇ ਤੋਂ ਅੱਗੇ ਹੋ ਕੇ ਉਤਸੁਕਤਾ ਅਤੇ ਉਪਰੋਂ ਥਲੀ ਦਿਖਾਈ। ਇਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਵੀ ਕੀਤਾ। ਹੁਣ ਜਦੋਂ ਪਤਾ ਲੱਗਿਆ ਕਿ ਝੋਨਾ ਸ਼ੁਰੂ ਤੋਂ ਅੰਤ ਤੱਕ ਨਾਂਹ-ਪੱਖੀ ਪ੍ਰਭਾਵ ਹੀ ਪਾਉਂਦਾ ਹੈ ਤਾਂ ਅੱਖ ਖੁੱਲ੍ਹੀ। ਇਸ ਦੇ ਹਾਂ-ਪੱਖੀ ਪਹਿਲੂ ਵੀ ਮੱਧਮ ਪੈ ਗਏ ਹਨ। ਉਂਝ ਪੰਜਾਬੀਆਂ ਦਾ ਸੁਭਾਅ ਵੀ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਹੈ। ਪੰਜਾਬ ਪੈਂਤੀ ਲੱਖ ਹੈਕਟੇਅਰ 'ਚ ਝੋਨਾ ਬੀਜ ਕੇ 22 ਫ਼ੀਸਦੀ ਕੇਂਦਰੀ ਪੂਲ ਵਿਚ ਭੇਜਦਾ ਹੈ। ਇਸ ਨੇ ਕਿਸਾਨਾਂ ਨੂੰ ਆਰਥਿਕ ਹੁਲਾਰਾ ਦਿੱਤਾ। ਪੰਜਾਬੀ ਕਿਸਾਨ ਖੇਤਾਂ ਦਾ ਰਾਜਾ ਅਖਵਾਉਣ ਲੱਗਾ, ਪਰ ਕੰਮ ਮਜ਼ਦੂਰਾਂ 'ਤੇ ਛੱਡ ਕੇ ਆਪ ਮਿਹਨਤੀ ਆਦਤ ਤੋਂ ਪਿੱਛੇ ਹਟਿਆ ਆਪਣੀ ਸਿਹਤ ਵੀ ਖਰਾਬ ਕੀਤੀ। ਖਾਦਾਂ, ਦਵਾਈਆਂ ਅਤੇ ਹੋਰ ਕੈਮੀਕਲਾਂ ਨਾਲ ਪੰਜਾਬ ਅਤੇ ਮਿੱਟੀ ਦੀ ਸਿਹਤ ਵੀ ਖਰਾਬ ਕਰ ਕੇ ਹੁਲੀਆ ਵਿਗਾੜਿਆ। ਪਾਣੀ, ਵਾਤਾਵਰਨ ਲਈ ਝੋਨੇ ਦੇ ਸਿਰ ਦੋਸ਼ ਦੇਣ ਨਾਲ ਸਰਕਾਰਾਂ ਦਾ ਖਹਿੜਾ ਵੀ ਛੱਟ ਜਾਂਦਾ ਹੈ। ਫ਼ਸਲੀ ਵਿਭਿੰਨਤਾ, ਝੋਨੇ ਦੀ ਸਿੱਧੀ ਬਿਜਾਈ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੀ। ਹਰ ਸਾਲ ਝੋਨਾ ਬੀਜਣ ਵੱਢਣ ਸਮੇਂ ਸਰਕਾਰੀ ਹੜਕੰਪ ਮਚ ਜਾਂਦਾ ਹੈ। ਝੋਨੇ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਪ੍ਰਭਾਵਾਂ ਨੂੰ ਵਿਚਾਰ ਕੇ ਸਾਰਥਿਕ ਹੱਲ ਸਰਕਾਰ ਅਤੇ ਲੋਕਾਂ ਦੀ ਕਚਹਿਰੀ 'ਚ ਲੰਬਿਤ ਪਿਆ ਹੈ। ਸਮੁੱਚੇ ਪੰਜਾਬੀਆਂ ਤੋਂ ਹੁੰਗਾਰੇ ਦੀ ਉਡੀਕ ਵਿਚ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।

ਜੰਗਲ ਨਾ ਸਾੜੋ
ਪਾਠਕਾਂ ਦੇ ਘਰਾਂ ਤੱਕ ਅਖ਼ਬਾਰ ਪਹੁੰਚਾਉਣ ਜਾ ਰਹੇ ਨੂੰ ਰਸਤੇ ਵਿਚ ਕਣਕ ਦੇ ਨਾੜ ਨੂੰ ਲਗਾਈ ਅੱਗ ਦੇ ਸੇਕ ਨੇ ਸੜਕ ਕਿਨਾਰੇ ਖੜ੍ਹੇ ਅੱਗ ਦੀ ਲਪੇਟ 'ਚ ਆਏ ਰੁੱਖਾਂ ਵੱਲ ਦੇਖਿਆ ਜਿਵੇਂ ਉਹ ਆਪਸ ਵਿਚ ਗੱਲਾਂ ਕਰਦੇ ਹੋਣ 'ਸਾਨੂੰ ਕਿਉਂ ਸਾੜਦੇ ਹੋ? ਅਸੀਂ ਤਾਂ ਤੁਹਾਨੂੰ ਜੀਵਨ ਦਿੰਦੇ ਹਾਂ' ਆਪ ਗਰਮੀ ਸਹਿ ਕੇ ਥੱਲੇ ਖੜ੍ਹਨ ਵਾਲੇ ਨੂੰ ਆਰਾਮ ਦਿੰਦੇ ਹਾਂ।' ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਅੱਗੇ ਨਿਕਲ ਗਿਆ। ਕਿਉਂ ਮਨੁੱਖ ਇੰਨਾ ਖ਼ੁਦਗਰਜ਼ ਹੋ ਗਿਆ ਹੈ? ਇਹ ਪਤਾ ਹੁੰਦਿਆਂ ਹੋਇਆਂ ਵੀ ਕਿ ਰੁੱਖਾਂ ਤੋਂ ਬਿਨਾਂ ਸਾਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਵੇਗਾ। ਮਨੁੱਖ ਰੁੱਖ ਲਗਾਉਣ ਦੀ ਬਜਾਏ ਪਲ ਕੇ ਵਧੇ ਫੁੱਲੇ ਰੁੱਖਾਂ ਨੂੰ ਅੱਗ ਦੀਆਂ ਲਪਟਾਂ ਨਾਲ ਸਾੜ ਰਿਹਾ ਹੈ। ਮਨੁੱਖ ਦੇ ਪਲੀਤ ਕੀਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਰੁੱਖਾਂ ਤੋਂ ਬਿਨਾਂ ਕੋਈ ਵੀ ਸਾਡੀ ਮਦਦ ਨਹੀਂ ਕਰ ਸਕਦਾ। ਧਰਤੀ 'ਤੇ ਜੀਵਨ ਬਚਾਉਣ ਲਈ ਹੁਣ ਟਾਵੇਂ-ਟਾਵੇਂ ਦਰੱਖਤਾਂ ਨਾਲ ਗੁਜ਼ਾਰਾ ਨਹੀਂ ਹੋਣਾ, ਸਾਨੂੰ ਜੰਗਲ ਵਿਕਸਿਤ ਕਰਨੇ ਪੈਣਗੇ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕਾਂਗੇ।

-ਮੇਘ ਰਾਜ ਜੋਸ਼ੀ
ਪਿੰਡ ਗੁੰਮਟੀ (ਬਰਨਾਲਾ)

 

 

05-06-2024

 ਪੰਜਾਬ ਦੀ ਤ੍ਰਾਸਦੀ
ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਨੂੰ 1947 ਦੀ ਵੰਡ ਦੌਰਾਨ ਟੋਟੇ ਕਰਦੇ ਹੋਏ ਵਾਹਗੇ ਦੀ ਲਕੀਰ ਮਾਰ ਕੇ ਪੰਜਾਬ ਵਿਚੋਂ ਪਾਕਿਸਤਾਨ ਬਣਾ ਦਿੱਤਾ। ਫਿਰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਚਲੇ ਗਏ ਅਤੇ ਸਿਰਫ਼ ਢਾਈ ਦਰਿਆਵਾਂ ਦਾ ਛੋਟਾ ਜਿਹਾ ਪੰਜਾਬੀ ਸੂਬਾ ਬਣਾ ਦਿੱਤਾ। ਫਿਰ ਵੀ ਸਰਹੱਦੀ ਸੂਬਾ ਹੋਣ ਕਾਰਨ ਇਸ ਦੀ ਦੇਸ਼ ਵਾਸਤੇ ਅਹਿਮੀਅਤ ਬਣੀ ਰਹੀ ਹੈ। ਛੋਟਾ ਸੂਬਾ ਹੋਣ ਦੇ ਬਾਵਜੂਦ ਵੀ ਇਸ ਦੀਆਂ ਪ੍ਰਾਪਤੀਆਂ ਗਿਣਨਯੋਗ ਰਹੀਆਂ ਹਨ। ਜਦੋਂ ਦੇਸ਼ ਨੂੰ ਅਨਾਜ ਦੀ ਜ਼ਰੂਰਤ ਪਈ ਤਾਂ ਇਸ ਨੇ ਹਰਾ ਇਨਕਲਾਬ ਲਿਆ ਕੇ ਦੇਸ਼ ਦਾ ਢਿੱਡ ਭਰਿਆ। ਪਰ ਸਮੇਂ ਦੇ ਨਾਲ-ਨਾਲ ਸੂਬਾ ਦੂਸਰੇ ਰਾਜਾਂ ਦੇ ਮੁਕਾਬਲੇ ਕਈ ਪੱਖਾਂ ਤੋਂ ਪਛੜ ਗਿਆ। ਸੂਬੇ ਦਾ ਸਨਅਤ ਤੇ ਵਪਾਰ ਇਥੋਂ ਖਿਸਕਣ ਲੱਗ ਪਿਆ, ਖੇਤੀ ਵਿਚ ਖੜੋਤ ਆ ਗਈ ਅਤੇ ਇਹ ਆਰਥਿਕ ਤੌਰ 'ਤੇ ਪੱਛੜ ਗਿਆ ਅਤੇ ਕਰਜੇ ਥੱਲੇ ਦੱਬਿਆ ਗਿਆ। ਸੂਬੇ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ। ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਦੂਸਰੇ ਰਾਜਾਂ ਤੋਂ ਪ੍ਰਵਾਸ ਜਾਰੀ ਹੈ। ਸੂਬੇ ਦਾ ਸੱਭਿਆਚਾਰ ਨਿਘਾਰ ਵੱਲ ਹੈ। ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ। ਸੋ, ਸੂਬੇ ਦੇ ਰਾਜਨੀਤਕ ਲੋਕਾਂ ਨੂੰ ਇਸ ਦੀ ਡੁਬਦੀ ਜਾ ਰਹੀ ਕਿਸ਼ਤੀ ਨੂੰ ਵੱਡੇ ਸਹਾਰੇ ਦੇ ਕੇ ਪੈਰਾਂ 'ਤੇ ਖੜ੍ਹਾ ਕਰਨ ਦੀ ਲੋੜ ਹੈ ਤਾਂ ਜੋ ਪੰਜਾਬੀਆਂ ਦੇ ਡੋਲਦੇ ਵਿਸ਼ਵਾਸ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕੇ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ (ਬਟਾਲਾ)।


ਔਰਤਾਂ ਨੂੰ ਆਜ਼ਾਦੀ ਕਦੋਂ ਮਿਲੇਗੀ
ਭਾਰਤ ਅੰਗਰੇਜ਼ ਤੋਂ ਤਾਂ ਆਜ਼ਾਦ ਹੋ ਗਿਆ ਪਰ ਕੀ ਦੇਸ਼ ਦੀਆਂ ਔਰਤਾਂ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਸੋਸ਼ਣ ਤੋਂ ਆਜ਼ਾਦ ਹੋਈਆਂ? ਔਰਤਾਂ ਨੂੰ ਅੱਜ ਵੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਔਰਤਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਅੱਜਕਲ੍ਹ ਦੇ ਯੁਗ ਵਿਚ ਤਾਂ ਕੁਝ ਹੈਵਾਨ ਨਿੱਕੀਆਂ-ਨਿੱਕੀਆਂ ਬੱਚੀਆਂ ਅਤੇ ਮਾਵਾਂ ਵਰਗੀਆਂ ਬਜ਼ੁਰਗ ਔਰਤਾਂ ਨੂੰ ਵੀ ਸ਼ਿਕਾਰ ਬਣਾ ਰਹੇ ਹਨ ਅਤੇ ਇਨ੍ਹਾਂ ਹੈਵਾਨਾਂ ਵਾਸਤੇ ਕੋਈ ਕਾਨੂੰਨ ਵੀ ਬਣਿਆ ਹੋਵੇਗਾ ਪਰ ਬਦਨਾਮੀ ਦੇ ਡਰ ਤੋਂ ਇਨ੍ਹਾਂ ਸੋਸ਼ਣ ਹੋਈਆਂ ਬੱਚੀਆਂ ਦੇ ਮਾਂ-ਬਾਪ ਚੁੱਪ ਕਰ ਜਾਂਦੇ ਹਨ। ਕਈ ਵਾਰ ਤਾਂ ਇਹ ਹੈਵਾਨ ਸੋਸ਼ਣ ਕਰਕੇ ਬੱਚੀਆਂ ਜਾਂ ਮਾਵਾਂ ਨੂੰ ਬੁਰੀ ਤਰ੍ਹਾਂ ਮਾਰ-ਮੁਕਾਉਂਦੇ ਹਨ। ਕੀ, ਇਨ੍ਹਾਂ ਦੇ ਵਿਚ ਦਿਲ ਨਹੀਂ ਹੁੰਦਾ? ਇਸ ਸਭ ਤੋਂ ਸਾਨੂੰ ਕਦੋਂ ਆਜ਼ਾਦੀ ਮਿਲੇਗੀ? ਬੱਚੀਆਂ ਨੂੰ, ਔਰਤਾਂ ਨੂੰ ਆਪਣੀ ਜ਼ਿੰਦਗੀ ਹੱਕ ਅਤੇ ਚੈਨ ਨਾਲ ਜਿਊਣ ਦੀ। ਕਦੋਂ ਆਜ਼ਾਦੀ ਮਿਲੇਗੀ। ਆਖਿਰ ਕਦੋਂ ਤੱਕ ਔਰਤਾਂ ਨੂੰ ਡਰ-ਡਰ ਕੇ ਰਹਿਣਾ ਪਵੇਗਾ।


-ਤਾਨੀਆ ਜਲੰਧਰ।


ਕਦੋਂ ਰੁਕਣਗੇ ਸੜਕ ਹਾਦਸੇ?
ਅਸੀਂ ਹਰ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਬਾਰੇ ਜਦੋਂ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ ਤਾਂ ਮਨ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਕਿਵੇਂ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਬਹੁਤ ਸਾਰੇ ਅਜਿਹੇ ਸੜਕੀ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿਚ ਇਕੋ ਹੀ ਪਰਿਵਾਰ ਦੇ ਕਿੰਨੇ-ਕਿੰਨੇ ਮੈਂਬਰ ਜਾਂ ਪਰਿਵਾਰਾਂ ਦੇ ਪਰਿਵਾਰ, ਸਕੂਲੀ ਬੱਚੇ ਮਰ ਗਏ। ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਨਸ਼ਾ ਕਰਕੇ ਡਰਾਈਵਿੰਗ ਕਰਨੀ, ਬਹੁਤ ਜ਼ਿਆਦਾ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨੀ ਹੈ। ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਇਨ੍ਹਾਂ ਸਾਰੇ ਹਾਦਸਿਆਂ ਪਿਛੇ ਮਨੁੱਖੀ ਗਲਤੀ ਵੀ ਜ਼ਿੰਮੇਵਾਰ ਹੁੰਦੀ ਹੈ। ਜੋ ਮਨੁੱਖੀ ਜਾਨਾਂ 'ਤੇ ਏਨੀ ਭਾਰੀ ਪੈ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਹੁੰਦਾ। ਕਿਵੇਂ ਅਤੇ ਕਦੋਂ ਸੜਕ ਪਾਰ ਕਰਨੀ ਹੈ, ਕਿਵੇਂ ਕਿਸੇ ਗੱਡੀ ਨੂੰ ਸਾਈਡ ਦੇਣੀ ਹੈ। ਕਦੋਂ ਸੜਕ 'ਤੇ ਚੜ੍ਹਨਾ ਹੈ, ਸਭ ਤੋਂ ਜ਼ਰੂਰੀ ਹੈ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਵੱਧ ਰਹੇ ਸੜਕੀ ਹਾਦਸਿਆਂ ਵੱਲ ਜ਼ਰੂਰ ਧਿਆਨ ਦੇਵੇ। ਇਨ੍ਹਾਂ ਸੜਕੀ ਹਾਦਸਿਆਂ ਵਿਚ ਪਰਿਵਾਰਾਂ ਦੇ ਪਰਿਵਾਰ ਅਤੇ ਆਮ ਲੋਕਾਂ ਦੀਆਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ। ਜੋ ਲੋਕ ਵੀ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

04-06-2024

 ਅੰਨਦਾਤਾ ਕਿਉਂ ਜ਼ਾਲਮ ਬਣਿਆ?

ਅੱਜ ਪੰਜਾਬ ਦੇ ਚਾਰੇ ਪਾਸੇ ਜਿਧਰ ਵੀ ਨਜ਼ਰ ਮਾਰਦੇ ਹਾਂ ਸਾਨੂੰ ਖੇਤਾਂ ਵਿਚ ਲੱਗੀ ਅੱਗ ਅਤੇ ਰੁੱਖ ਬਲਦੇ ਦਿਖਾਈ ਦਿੰਦੇ ਹਨ। ਖੇਤੀ ਮਾਹਿਰਾਂ ਦੇ ਸੁਝਾਅ ਤੇ ਸਰਕਾਰਾਂ ਦੀ ਰੋਕਥਾਮ ਦੇ ਬਾਵਜੂਦ ਵੀ ਕਿਸਾਨ ਖੇਤਾਂ ਵਿਚ ਕਣਕ ਦਾ ਨਾੜ ਸਾੜ ਰਹੇ ਹਨ, ਜੋ ਕਿ ਬਹੁਤ ਹੀ ਅਣਮਨੁੱਖੀ ਵਤਾਰਾ ਹੈ ਅਤੇ ਕੁਦਰਤ ਨਾਲ ਖਿਲਵਾੜ ਹੈ। ਜਿਹੜੇ ਖੇਤਾਂ ਤੋਂ ਕਿਸਾਨ ਅੰਨ ਪੈਦਾ ਕਰ ਕੇ ਆਪਣਾ ਪਰਿਵਾਰ ਪਾਲਦੇ ਹਨ, ਉਨ੍ਹਾਂ ਤੋਂ ਕੰਮ ਲੈਣ ਤੋਂ ਬਾਅਦ ਅੱਗ ਦੀ ਭੇਟ ਚਾੜ੍ਹ ਦਿੰਦੇ ਹਨ। ਜਿਹੜੀ ਧਰਤੀ ਮਾਂ ਆਪਣੀ ਕੁੱਖ 'ਚੋਂ ਸਾਨੂੰ ਸੋਨੇ ਵਰਗੀਆਂ ਫ਼ਸਲਾਂ ਪੈਦਾ ਕਰ ਕੇ ਦਿੰਦੀ ਹੈ, ਉਸੇ ਹੀ ਧਰਤੀ ਮਾਂ ਦੀ ਕੁੱਖ ਨੂੰ ਅੱਗ ਲਾਉਣਾ ਸਭ ਤੋਂ ਵੱਡਾ ਪਾਪ ਹੈ। ਖੇਤਾਂ ਵਿਚ ਲਗਾਈ ਗਈ ਅੱਗ ਨਾਲ ਅਨੇਕਾਂ ਜੀਵ-ਜੰਤੂ, ਪਸ਼ੂ-ਪੰਛੀ ਅਤੇ ਰੁੱਖ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਇਨਸਾਨ ਅਤੇ ਉਨ੍ਹਾਂ ਦੇ ਰੈਣ ਬਸੇਰੇ ਵੀ ਇਸ ਅੱਗ ਦੀ ਭੇਟ ਚੜ੍ਹੇ ਹਨ। ਖੁਦ ਨੂੰ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਐਨਾ ਜ਼ਾਲਮ ਕਿਵੇਂ ਬਣ ਸਕਦਾ ਹੈ, ਇਹ ਸੋਚ ਕੇ ਮਨ ਉਦਾਸ ਹੋ ਹੁੰਦਾ ਹੈ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਕੁਦਰਤ ਦਾ ਦੋਸ਼ੀ ਕੌਣ?

ਅੱਜ ਪੂਰੇ ਭਾਰਤ ਵਿਚ ਗਰਮੀ, ਲੂਅ ਤੇ ਤਪਸ਼ ਨਾਲ ਬੁਰਾ ਹਾਲ ਹੋਇਆ ਪਿਆ ਹੈ। ਇਸ ਦੇ ਕਸੂਰਵਾਰ ਅਸੀਂ ਸਮਾਜ ਵਾਲੇ ਆਪ ਹਾਂ ਨਾ ਕਿ ਕੁਦਰਤ। ਸਮਾਜਿਕ, ਧਾਰਮਿਕ ਹੋਰ ਸੰਸਥਾਵਾਂ ਹਰ ਸਾਲ ਵਾਤਾਵਰਨ ਦਿਵਸ ਜਾਂ ਮੌਕੇ-ਮੌਕੇ 'ਤੇ ਸੜਕਾਂ ਕਿਨਾਰੇ ਸ਼ਾਮਲਾਟ ਜ਼ਮੀਨਾਂ ਅੰਦਰ ਲੱਖਾਂ ਰੁੱਖ ਲਗਾਏ ਜਾਂਦੇ ਹਨ ਤਾਂ ਜੋ ਕੁਦਰਤ ਨੂੰ ਹਰਿਆ-ਭਰਿਆ ਰੱਖ ਸਕੀਏ ਪਰ ਆਹ ਮਈ ਮਹੀਨੇ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਸੜਕਾਂ ਕਿਨਾਰੇ ਲੱਗੇ ਪੰਜਾਬ ਅੰਦਰ ਹਜ਼ਾਰਾਂ ਰੁੱਖ ਸਾੜ ਕੇ ਤਬਾਹ ਕਰ ਦਿੱਤੇ। ਇਕ-ਦੋ ਥਾਵਾਂ 'ਤੇ ਪਰਿਵਾਰ ਸਮੇਤ ਲੋਕ ਸੜ ਗਏ। ਇਸ ਦਾ ਕੌਣ ਜ਼ਿੰਮੇਵਾਰ ਹੈ, ਕਿਸ ਉਤੇ ਕਾਰਵਾਈ ਹੋਈ? ਸੂਬਾ ਸਰਕਾਰ ਦਾਅਵੇ ਵੱਡੇ ਕਰਦੀ ਨਜ਼ਰ ਆਉਂਦੀ ਪਰ ਜ਼ਮੀਨੀ ਪੱਧਰ 'ਤੇ ਨਤੀਜਾ ਜ਼ੀਰੋ ਨਿਕਲਿਆ। ਧਾਰੀਵਾਲ ਸ਼ਹਿਰ ਕੋਲ 2 ਕਣਕ ਵਾਲੇ ਟਰੱਕ ਸੜਕ ਕਿਨਾਰੇ ਖੜ੍ਹੇ ਸਨ, ਅੱਗ ਨਾਲ ਸੜ ਸਵਾਹ ਹੋ ਗਏ। ਕੌਣ ਹਰਜਾਨਾ ਭਰੇਗਾ ਲੱਖਾਂ ਦਾ? ਆਉਣ ਵਾਲੇ ਦਿਨਾਂ ਅੰਦਰ ਭਿਆਨਕ ਗਰਮੀ ਪੈਣ ਵਾਲੀ ਹੈ ਗਰਮੀ ਦੀ ਤਪਸ਼ ਸਾਡੀ ਆਪਣੀ ਗ਼ਲਤੀ ਹੈ ਸਰਕਾਰ ਦੇ ਮੂੰਹ 'ਤੇ ਇਸ ਸਮੇਂ ਤਾਲਾ ਲੱਗਿਆ ਹੋਇਆ ਹੈ, ਕਿਉਂਕਿ ਵੋਟਾਂ ਦਾ ਦੌਰ ਹੈ, ਜਿਹੜਾ ਮਰਜ਼ੀ ਕੁਦਤ ਨਾਲ ਖਿਲਵਾੜ ਕਰੇ ਕੋਈ ਕਾਰਵਾਈ ਨਹੀਂ। ਅਫ਼ਸਰਸ਼ਾਹੀ ਵੀ ਚੁੱਪ ਨਜ਼ਰ ਆ ਰਹੀ ਹੈ। ਇਹ ਦੱਸਣਾ ਮੁਸ਼ਕਿਲ ਹੋ ਗਿਆ ਕਿ ਕੁਦਰਤ ਦਾ ਦੋਸ਼ੀ ਕੌਣ? ਆਮ ਨਾਗਰਿਕ ਜਾਂ ਸੂਬਾ ਸਰਕਾਰ। ਉਹ ਸਮਾਂ ਦੂਰ ਨਹੀਂ ਜਦੋਂ ਇਹ ਧਰਤੀ ਰੇਗਿਸਤਾਨ ਦਾ ਰੂਪ ਧਾਰ ਲਵੇਗੀ। ਅੱਜ ਲੋੜ ਹੈ ਕੁਦਰਤ ਨੂੰ ਸੰਭਾਲਣ ਦੀ।

-ਨਵਨੀਤ ਸਿੰਘ ਭੁੰਬਲੀ

ਚੰਗਾ ਸੁਨੇਹਾ ਦਿੰਦਾ ਲੇਖ

ਪਿਛਲੇ ਦਿਨੀਂ (19 ਮਈ) ਦੇ 'ਅਜੀਤ ਮੈਗਜ਼ੀਨ' ਵਿਚ ਮੈਡਮ ਗੁਰਜੋਤ ਕੌਰ ਵਲੋਂ ਲਿਖਿਆ ਲੇਖ 'ਵਿਲੱਖਣ ਕਲਾਕਾਰਾਂ ਦਾ ਵੱਖਰਾ ਉਪਰਾਲਾ' ਪੜ੍ਹਿਆ, ਇਹ ਲੇਖ ਬਹੁਤ ਸਲਾਹੁਣਯੋਗ ਹੈ। ਲੇਖ ਵਿਚ ਉਨ੍ਹਾਂ ਨੇ ਇਕ ਵੱਖਰੀ ਦੁਨੀਆ ਦੀ ਗੱਲ ਕਰਦਿਆਂ ਉਨ੍ਹਾਂ ਦੀ ਕਲਾ ਦੀ ਝਲਕ ਵਿਖਾਉਂਦਿਆਂ ਸਾਨੂੰ ਆਪਣੇ ਆਮ ਜਿਹੇ ਦੁੱਖ-ਭੁੱਲ ਕੇ ਸਾਕਾਰਾਤਮਿਕ ਜੀਵਨ ਜਿਊਣ ਦਾ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ ਹੈ। ਕਲਾਕਾਰਾਂ ਦੇ ਹੱਥ ਨਹੀਂ ਪਰ ਉਨ੍ਹਾਂ ਵਲੋਂ ਆਪਣੇ ਪੈਰਾਂ ਤੇ ਮੂੰਹ ਨਾਲ ਚਿੱਤਰਕਾਰੀ ਕਰਨ 'ਚ ਨਿਪੁੰਨਤਾ ਅੰਗਹੀਣ ਕਲਾਕਾਰਾਂ ਵਿਚ ਆਤਮ-ਨਿਰਭਰ, ਆਤਮ ਸਤਿਕਾਰ ਤੇ ਆਤਮ ਵਿਸ਼ਵਾਸ ਦੀ ਪੂਰਤੀ ਕਰਦੀ ਹੈ। ਇਨ੍ਹਾਂ ਦੇ ਜਜ਼ਬੇ ਨੂੰ ਸਲਾਮ। ਆਓ, ਇਨ੍ਹਾਂ ਵੱਲ ਵੇਖ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹੋਈਏ। ਇਨ੍ਹਾਂ ਦੀ ਸ਼ਲਾਘਾ ਕਰੀਏ। ਦੇਸ਼-ਵਿਦੇਸ਼ ਵਿਚ ਉਹ ਸੰਸਥਾਵਾਂ ਵੀ ਵਧਾਈ ਦੀਆਂ ਪਾਤਰ ਹਨ, ਜਿਹੜੀਆਂ ਇਨ੍ਹਾਂ ਅੰਗਹੀਣ ਮਨੁੱਖਾਂ ਨੂੰ ਕਲਾਕਾਰ ਬਣਾ ਕੇ ਦੁਨੀਆ ਦੇ ਸਾਹਮਣੇ ਲਿਆਉਂਦੀਆਂ ਹਨ ਤੇ ਚੰਗੇ ਭਲੇ ਮਨੁੱਖਾਂ ਨੂੰ ਸਵੈ-ਨਿਰਭਰ ਹੋਣ ਲਈ ਉਤਸ਼ਾਹਿਤ ਕਰਦੀਆਂ ਹਨ।

-ਸੁਖਬੀਰ ਸਿੰਘ ਖੁਰਮਣੀਆ
ਛੇਹਰਟਾ, ਅੰਮ੍ਰਿਤਸਰ।

ਸੁਰਜੀਤ ਪਾਤਰ ਬਨਾਮ ਅਜੋਕੀ ਪੀੜ੍ਹੀ

ਇਕ ਪਾਸੇ ਸੁਰਜੀਤ ਪਾਤਰ ਨੇ ਪੰਜਾਬੀ ਸਾਹਿਤ ਵਿਚ ਵੱਡਾ ਯੋਗਦਾਨ ਪਾਇਆ ਤਾਂ ਦੂਸਰੇ ਪਾਸੇ ਅਜੋਕੇ ਗੀਤਕਾਰ ਮਾੜੇ ਗੀਤਾਂ ਦੀ ਰਚਨਾ ਕਰਕੇ, ਗੀਤਾਂ ਵਿਚ ਹਥਿਆਰ ਵਿਖਾ ਕੇ, ਸਰੋਤਿਆਂ ਨੂੰ ਗ਼ਲਤ ਰਸਤਾ ਵਿਖਾ ਰਹੇ ਹਨ। ਜਿਸ ਨੂੰ ਅੱਜਕਲ੍ਹ ਮੁਨਕਰ ਨਹੀਂ ਕਰ ਸਕਦੇ। ਗ਼ਲਤ ਰਚਨਾ ਦਾ ਗ਼ਲਤ ਪ੍ਰਭਾਵ ਪਿਆ ਹੈ। ਦੂਸਰੇ ਪਾਸੇ ਪਾਤਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਰਚਨਾਵਾਂ ਸਾਡੇ ਸਮਾਜ ਵਿਚ ਫੈਲ ਰਹੇ ਦੁਰਾਚਾਰੀ ਮਨੁੱਖੀ ਜੀਵਨ ਨੂੰ ਨਵੇਂ ਰਸਤੇ ਪਾਉਂਦੀਆਂ ਹਨ। ਉਨ੍ਹਾਂ ਦੀ ਰਚਨਾ 'ਹਵਾ ਵਿਚ ਲਿਖੇ ਹਰਫ' ਹਰ ਇਕ ਸਰੋਤੇ ਦੇ ਮਨ 'ਤੇ ਛਾਈ ਹੈ। ਪੰਜਾਬੀ ਸਾਹਿਤ ਵਿਚ ਵਧੀਆ ਰਚਨਾਵਾਂ ਦਾ ਯੋਗਦਾਨ ਪਾ ਕੇ ਵਾਹ! ਵਾਹ! ਖੱਟੀ। ਇਥੋਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਚੰਗੀਆਂ ਤੇ ਸਾਰਥਿਕ ਰਚਨਾਵਾਂ ਨੂੰ ਪੈਰ ਪੱਕੇ ਕਰਨ ਵਾਸਤੇ ਸਮਾਂ ਲੱਗ ਸਕਦਾ ਹੈ। ਜਦੋਂ ਫਿਰ ਪੈਰ ਲੱਗ ਜਾਣ ਤਾਂ ਕੋਈ ਪੁੱਟ ਨਹੀਂ ਸਕਦਾ। ਪਾਤਰ ਸਾਹਿਬ ਪੰਜਾਬੀ ਸਾਹਿਤ ਵਿਚ ਸਦਾ ਹੀ ਚਮਕਦੇ ਰਹਿਣਗੇ।

-ਰਾਮ ਸਿੰਘ ਪਾਠਕ

03-06-2024

ਦਵਾਈਆਂ ਦੀ ਕਾਲਾਬਾਜ਼ਾਰੀ
ਜਦੋਂ ਦੀ ਮੌਜੂਦਾ ਪੰਜਾਬ ਸਰਕਾਰ ਆਈ ਹੈ, ਹਸਪਤਾਲਾਂ ਵਿਚ ਮਰੀਜ਼ਾਂ ਲਈ ਦਵਾਈਆਂ ਨਾ ਆਉਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਕੁਝ ਡਾਕਟਰਾਂ ਵਲੋਂ ਦਵਾਈ ਹਸਪਤਾਲ ਵਿਚੋਂ ਦੇਣ ਦੀ ਬਜਾਏ, ਬਾਜ਼ਾਰ ਵਿਚ 'ਚੋਂ ਖਰੀਦਣ ਲਈ ਕਿਹਾ ਜਾਂਦਾ ਹੈ। ਇਸ ਧੰਦੇ ਵਿਚ ਡਾਕਟਰ ਤੋਂ ਇਲਾਵਾ ਹਸਪਤਾਲ ਦਾ ਸਟਾਫ ਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਵੀ ਸ਼ਾਮਿਲ ਹਨ। ਇਹ ਮਰੀਜ਼ਾਂ ਦੇ ਵਾਰਸਾਂ ਵਲੋਂ ਲਾਇਆ ਗਿਆ ਕੋਈ ਦੋਸ਼ ਨਹੀਂ ਸਗੋਂ ਇਹ ਤਾਂ ਭਲੀ-ਭਾਂਤ ਚਿੱਟੇ ਚਾਨਣ ਵਾਂਗ ਸਾਫ਼ ਹੈ। ਕਾਲਾ ਬਾਜ਼ਾਰੀ ਦੇ ਇਸ ਧੰਦੇ 'ਚੋਂ ਸਿਰਫ਼ ਡਾਕਟਰ ਤੇ ਹਸਪਤਾਲ ਦੇ ਕਰਮਚਾਰੀ ਹੀ ਨਹੀਂ ਸਗੋਂ ਸਥਾਨਕ ਸਿਆਸੀ ਨੇਤਾ ਵੀ ਸ਼ਾਮਿਲ ਹਨ। ਮਰੀਜ਼ਾਂ ਦੇ ਪਰਿਵਾਰਾਂ ਵਲੋਂ ਦੁਕਾਨਾਂ ਤੋਂ ਖਰੀਦੀ ਗਈ ਦਵਾਈ ਮਰੀਜ਼ਾਂ ਤੋਂ ਲੈ ਲਈ ਜਾਂਦੀ ਹੈ ਤੇ ਫਿਰ ਇਹ ਦਵਾਈ ਉਨ੍ਹਾਂ ਦੁਕਾਨਾਂ ਵਿਚ ਵੇਚ ਦਿੱਤੀ ਜਾਂਦੀ ਹੈ, ਜਿਥੋਂ ਮਰੀਜ਼ਾਂ ਦੇ ਵਾਰਸ ਖਰੀਦ ਕੇ ਲੈ ਗਏ ਸਨ। ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਦਵਾਈਆਂ ਕਾਲੇ ਬਾਜ਼ਾਰ ਵਿਚ ਵੇਚਣ ਦਾ ਧੰਦਾ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਹਸਪਤਾਲ ਦਾ ਸਟਾਫ ਇਕ ਪਰਚੀ ਦਿੰਦਾ ਹੈ। ਜਿਸ 'ਤੇ ਦਰਜ ਦਵਾਈਆਂ ਖਰੀਦ ਕੇ ਮਰੀਜ਼ ਦੇ ਪਰਿਵਾਰਿਕ ਮੈਂਬਰ ਨੂੰ ਦੇ ਦਿੰਦੇ ਹਨ। ਪਰ ਇਹ ਦਵਾਈ ਮਰੀਜ਼ਾਂ ਨੂੰ ਦੇਣ ਦੀ ਥਾਂ ਸ਼ਾਮ ਨੂੰ ਉਨ੍ਹਾਂ ਦੁਕਾਨਾਂ 'ਤੇ ਹੀ ਵਾਪਸ ਜਿੱਥੋਂ ਖਰੀਦੀ ਗਈ ਹੈ, ਪਹੁੰਚ ਜਾਂਦੀ ਹੈ।

-ਡਾਕਟਰ ਨਰਿੰਦਰ ਭੱਪਰ
ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਨਾੜ ਨੂੰ ਅੱਗ ਨਾ ਲਗਾਓ

ਸੰਪਾਦਕੀ 'ਫਿਰ ਮਚਣ ਲੱਗੀ ਨਾੜ ਦੀ ਅੱਗ' ਪੜ੍ਹੀ। ਨਾੜ ਦੀ ਸਾੜ-ਫੂਕ ਨਾਲ ਪੰਜਾਬ ਵਿਚ ਹੁਣ ਤੱਕ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਨਾੜ ਦੀ ਅੱਗ ਕਾਰਨ ਹੀ ਕਈ ਮੋਤਾਂ ਵੀ ਹੋਈਆਂ ਹਨ ਅਤੇ ਮਾਲੀ ਨੁਕਸਾਨ ਵੀ ਕਾਫੀ ਹੋ ਚੁੱਕਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਕਿਸਾਨ ਵੀਰੋ, ਝੋਨੇ ਦੀ ਨਾੜ ਨੂੰ ਅੱਗ ਨਾ ਲਗਾਓ ਅਤੇ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਧਰਤੀ ਨੂੰ ਬਚਾਓ, ਜ਼ਮੀਨ ਵਿਚ ਕੀਮਤੀ ਤੱਤ ਨਸ਼ਟ ਹੋਣ ਤੋਂ ਜ਼ਮੀਨ ਨੂੰ ਬਚਾਓ। ਦਮੇ ਤੇ ਸਾਹ ਦੇ ਮਰੀਜ਼ਾਂ ਨੂੰ ਨਾ ਨੁਕਸਾਨ ਹੋਵੇ। ਨਾੜ ਸਾੜਨ ਨਾਲ ਲਾਹੇਵੰਦ ਜੀਵ-ਜੰਤੂਆਂ 'ਤੇ ਮਾੜਾ ਅਸਰ ਪੈਂਦਾ ਹੈ, ਖੇਤਾਂ ਦੁਆਲੇ ਖੜ੍ਹੀ ਬਨਸਪਤੀ ਨੂੰ ਨੁਕਸਾਨ ਪਹੁੰਚਦਾ ਹੈ, ਜ਼ਹਿਰੀਲੀਆਂ ਗੈਸਾਂ ਜੋ ਨਿਕਲਦੀਆਂ ਹਨ, ਉਸ ਤੋਂ ਮਨੁੱਖਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਪਰਾਲੀ ਦੇ ਧੂੰਏਂ ਤੋਂ ਸੜਕ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਵਾਸਤੇ ਕਿਸਾਨ ਵੀਰੋ, ਵਾਤਾਵਰਨ ਸ਼ੁੱਧ ਬਣਾ ਤੂੜੀ ਦੀਆਂ ਗੰਢਾਂ ਬਣਾ, ਬਿਜਲੀ ਕਾਰਖਾਨਿਆਂ 'ਚ ਵੇਚ ਵੱਧ ਤੋਂ ਵੱਧ ਮੁਨਾਫਾ ਕਮਾਓ। ਸਰਕਾਰ ਦਾ ਸਾਥ ਦਿਓ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ

ਸਕੂਲਾਂ ਦੀਆਂ ਛੁੱਟੀਆਂ
ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਇਕ ਦਿਨ ਸਕੂਲ ਸਵੇਰੇ ਜਲਦੀ ਸ਼ੁਰੂ ਕਰਨ ਦੀ ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਦੁਪਹਿਰ ਤੱਕ ਅਗਲੇ ਦਿਨ ਤੋਂ ਸਕੂਲਾਂ 'ਚ ਛੁੱਟੀਆਂ ਦੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਜਿਸ ਨਾਲ ਸਰਕਾਰੀ ਅਤੇ ਗੈਰ- ਸਰਕਾਰੀ ਅਦਾਰਿਆਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਬਿਨਾਂ ਸੋਚੇ-ਸਮਝੇ ਜਾਰੀ ਕੀਤੀ ਐਡਵਾਈਜ਼ਰੀ ਨੇ ਪ੍ਰੇਸ਼ਾਨ ਕਰ ਦਿੱਤਾ। ਪ੍ਰੇਸ਼ਾਨੀ ਦੀ ਗੱਲ ਇਹ ਸੀ ਕਿ ਡੇਢ ਮਹੀਨੇ ਲਈ ਨਾ ਤਾਂ ਅਧਿਆਪਕ ਸਕੂਲੀ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਹੀ ਦੇ ਸਕੇ ਅਤੇ ਨਾ ਹੀ ਵਿਦਿਆਰਥੀ ਅਗਲੇ ਦਿਨ ਤੋਂ ਸਕੂਲ ਆ ਕੇ ਅਧਿਆਪਕਾਂ ਨਾਲ ਕੋਈ ਸੰਪਰਕ ਹੀ ਕਰ ਸਕੇ। ਸਰਕਾਰ ਦੇ ਇਸ ਮਨਮਾਨੇ ਕਿਸਮ ਨਾਲ ਜਾਰੀ ਕੀਤੀ ਐਡਵਾਈਜ਼ਰੀ ਨੇ ਵਿਦਿਆਰਥੀਆਂ ਨੂੰ ਲਗਭਗ ਡੇਢ ਮਹੀਨੇ ਪੜ੍ਹਾਈ ਤੋਂ ਪਛਾੜ ਕੇ ਰੱਖ ਦਿੱਤਾ ਹੈ। ਸਰਕਾਰ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਨ ਤੋਂ ਪਹਿਲਾਂ ਉਸ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਜਾਂਚ-ਪਰਖ ਲਿਆ ਜਾਵੇ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।

-ਅਸ਼ੀਸ਼ ਸ਼ਰਮਾ, ਜਲੰਧਰ।

ਵਿਦੇਸ਼ ਜਾਣ ਦੀ ਦੌੜ
ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਵਿਦੇਸ਼ ਵਿਚ ਜਾਣ ਦੀ ਇੰਨੀ ਦੌੜ ਲੱਗੀ ਹੋਈ ਹੈ ਕਿ ਸਾਡਾ ਪੰਜਾਬ ਅੰਗਰੇਜ਼ਾਂ ਦਾ ਗ਼ੁਲਾਮ ਹੋ ਰਿਹਾ ਹੈ। ਸਾਡੇ ਪੰਜਾਬ ਦੇ ਬੱਚਿਆਂ ਨੂੰ ਉੱਥੇ ਜਾ ਕੇ ਕੰਮ ਕਰਨਾ ਬਹੁਤ ਪਸੰਦ ਹੈ ਪਰ ਕਿਉਂ? ਪੰਜਾਬੀਆਂ ਵਿਚ ਇਹ ਇੱਛਾ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਇਸ ਦਾ ਵਪਾਰੀਕਰਨ ਹੋ ਰਿਹਾ ਹੈ। ਥਾਂ-ਥਾਂ 'ਤੇ ਬਾਹਰਲੇ ਦੇਸ਼ਾਂ ਵਿਚ ਭੇਜਣ ਲਈ ਸੈਂਟਰ ਖੁੱਲੇ ਹਨ। ਜਿਸ ਨਾਲ ਠੱਗੀ ਠੋਰੀ ਹੋਣ ਦਾ ਵੀ ਡਰ ਰਹਿੰਦਾ ਹੈ। ਕਈ ਬੱਚੇ ਏਜੰਟਾਂ ਤੋਂ ਧੋਖਾ ਖਾ ਚੁੱਕੇ ਹਨ। ਇਥੇ ਸਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਬੱਚਿਆਂ ਨੂੰ ਆਪਣੇ ਘਰ ਪਰਿਵਾਰ ਅਤੇ ਹੋਰ ਵੀ ਸਾਕ ਸੰਬੰਧੀ ਛੱਡਣੇ ਪੈ ਰਹੇ ਹਨ ਅਤੇ ਉਹ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਸ਼ਾਇਦ ਇਸ ਦਾ ਮੁੱਖ ਕਾਰਨ ਕਿ ਪੰਜਾਬ ਵਿਚ ਸਾਡਾ ਭਵਿੱਖ ਧੁੰਦਲਾ ਦਿਖਦਾ ਹੈ। ਨੌਕਰੀਆਂ ਦੇ ਮੌਕੇ ਘੱਟ ਹਨ। ਸਾਡੇ ਪੰਜਾਬ ਨੂੰ ਉਜਾੜਣ ਵਿਚ ਸਾਡੀ ਸਰਕਾਰ ਸਹਿਯੋਗ ਦੇ ਰਹੀ ਹੈ ਜੇ ਸਾਡੀ ਸਰਕਾਰ ਨੌਕਰੀਆਂ ਦੇਵੇ ਤਾਂ ਸਾਡਾ ਪੰਜਾਬ ਖਾਲੀ ਨਾ ਹੋਵੇ, ਜੇ ਸਾਡੇ ਪੰਜਾਬ ਦੇ ਬੱਚੇ-ਬੱਚੀਆਂ ਅੰਗਰੇਜ਼ਾਂ ਦੇ ਗ਼ੁਲਾਮ ਹੋ ਗਏ ਤਾਂ ਯਾਦ ਰੱਖਣਾ ਕਿ ਸਾਡਾ ਪੰਜਾਬ ਵੀ ਯੂ.ਪੀ. ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦਾ ਗ਼ੁਲਾਮ ਹੋ ਜਾਵੇਗਾ। ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਮਾਂ-ਪਿਉ ਆਪਣੀਆਂ ਪਿਆਰੀਆਂ ਜ਼ਮੀਨਾਂ ਘਰ ਬਾਰ ਵੇਚ ਕੇ ਬੱਚਿਆਂ ਦੀ ਇੱਛਾ ਪੂਰੀ ਕਰਦੇ ਵਿਚਾਰੇ ਕਰਜ਼ਾਈ ਹੋ ਜਾਂਦੇ ਹਨ। ਵਿਦੇਸ਼ ਵਿਚ ਬੱਚਿਆਂ ਨੂੰ ਕੰਮ ਮਿਲੇ ਜਾਂ ਨਾ ਮਿਲੇ, ਕਈ ਵਾਰ ਬੱਚੇ ਕੰਮ ਦੀ ਭਾਲ ਵਿਚ ਭੁੱਖੇ ਭਾਣੇ ਫਿਰਦੇ ਹਨ। ਕਈ ਬੱਚੇ ਜੇਲ੍ਹਾਂ ਵਿਚ ਵੀ ਤੜਫ ਰਹੇ ਹਨ। ਸੋ, ਅਖੀਰ ਵਿਚ ਮੈਂ ਆਖਣਾ ਚਾਹੁੰਦੀ ਹਾਂ ਕਿ ਆਪਣੇ ਸੋਹਣੇ ਪੰਜਾਬ ਨੂੰ ਵਸਾ ਕੇ ਰੱਖੋ ਨਾ ਕਿਸੇ ਦੇ ਗੁਲਾਮ ਹੋਵੋ ਅਤੇ ਨਾ ਹੀ ਆਪਣਾ ਪੰਜਾਬ ਗੁਲਾਮ ਹੋਣ ਦੇਵੋ।

-ਸ਼ਮਿੰਦਰਪਾਲ ਕੌਰ
ਬਰਨਾਲਾ।

01-06-2024

 ਜੰਗਲਾਂ ਨੂੰ ਅੱਗ

ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ ਜੰਗਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ਤੋਂ ਬਾਅਦ ਮਨ ਵਿਚ ਇਹ ਸ਼ੰਕਾ ਅਤੇ ਡਰ ਪੈਦਾ ਹੋ ਗਿਆ ਹੈ ਕਿ ਜੇਕਰ ਜੰਗਲਾਂ ਨੂੰ ਅੱਗ ਇਸੇ ਤਰ੍ਹਾਂ ਲੱਗਦੀ ਰਹੀ ਤਾਂ ਧਰਤੀ 'ਤੇ ਮਨੁੱਖ ਦੀ ਜ਼ਿੰਦਗੀ ਕਿਸ ਤਰ੍ਹਾਂ ਬਚੇਗੀ। ਧਰਤੀ ਦਾ ਤਾਪਮਾਨ ਦਿਨੋ-ਦਿਨ ਵਧ ਰਿਹਾ ਹੈ। ਉੱਤਰੀ ਭਾਰਤ ਵਿਚ ਗਰਮੀ ਕਾਰਨ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਦਿਨੋ-ਦਿਨ ਵਧ ਰਹੀ ਆਲਮੀ ਤਪਸ਼ ਪਿੱਛੇ ਮੁੱਖ ਕਾਰਨ ਅਖੌਤੀ ਵਿਕਾਸ ਦੇ ਨਾਂਅ 'ਤੇ ਮਨੁੱਖਤਾ ਦੇ ਲਾਲਚ ਕਰਕੇ ਕੀਤੀ ਜੰਗਲਾਂ ਦੀ ਕਟਾਈ ਹੈ। ਆਲਮੀ ਤਪਸ਼ ਕਰਕੇ ਜੰਗਲ ਸੜ ਰਹੇ ਹਨ। ਧਰਤੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿਚ ਦਰੱਖਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਰੁੱਖ ਵਰਖਾ ਲਿਆਉਣ ਵਿਚ ਸਹਾਇਕ ਹਨ। ਰੁੱਖਾਂ ਤੋਂ ਬਿਨਾਂ ਧਰਤੀ 'ਤੇ ਜੀਵਨ ਅਸੰਭਵ ਹੈ। ਧਰਤੀ 'ਤੇ ਜੀਵਨ ਬਰਕਰਾਰ ਰੱਖਣ ਲਈ ਕੁਲ ਧਰਤੀ ਦਾ 33 ਫ਼ੀਸਦੀ ਹਿੱਸਾ ਜੰਗਲਾਂ ਹੇਠ ਰਹਿਣਾ ਜ਼ਰੂਰੀ ਹੈ ਪਰੰਤੂ ਮਨੁੱਖੀ ਲਾਲਚ ਕਰਕੇ ਜੰਗਲਾਂ ਦੀ ਧੜਾਧੜ ਕਟਾਈ ਨੇ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ। ਜਦੋਂ ਇਕ ਦਰੱਖਤ ਅਤੇ ਪਾਣੀ ਦੀ ਆਖਰੀ ਬੂੰਦ ਰਹਿ ਜਾਵੇਗੀ ਉਦੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਪੈਸਾ ਖਾ ਨਹੀਂ ਸਕਦੇ। ਜੰਗਲਾਂ ਨੂੰ ਲੱਗ ਰਹੀ ਅੱਗ ਮਨੁੱਖ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਗੰਭੀਰ ਵਿਸ਼ਾ ਹੈ। ਇਨ੍ਹਾਂ ਨੂੰ ਬਚਾਉਣਾ ਮਨੁੱਖਤਾ ਦੀ ਹੋਂਦ ਬਚਾਉਣਾ ਹੈ।

-ਰਜਵਿੰਦਰ ਪਾਲ ਸ਼ਰਮਾ

ਨਾੜ ਨੂੰ ਅੱਗ

ਭਾਵੇਂ ਵੋਟਾਂ ਤੋਂ ਪਹਿਲਾਂ ਸਰਕਾਰਾਂ ਵਲੋਂ ਸਮੇਂ-ਸਮੇਂ ਸਿਰ ਪ੍ਰਦੂਸ਼ਣ ਆਦਿ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾੳਣ ਦੀ ਮਨਾਹੀ ਕੀਤੀ ਜਾਂਦੀ ਹੈ ਅਤੇ ਇਸ ਦੀ ਰੋਕਥਾਮ ਲਈ ਛਾਪੇ ਵੀ ਮਾਰੇ ਜਾਂਦੇ ਸਨ, ਕਿਸਾਨਾਂ 'ਤੇ ਪਰਚੇ ਕੀਤੇ ਜਾਂਦੇ ਹਨ, ਪਰੰਤੂ ਐਤਕੀਂ ਸ਼ਾਇਦ ਵੋਟਾਂ ਕਰਕੇ ਹੀ ਕਿਸਾਨਾਂ ਨੂੰ ਵੀ ਪੂਰੀ ਖੁੱਲ੍ਹ ਮਿਲੀ ਹੋਈ ਹੈ, ਜਿਸ ਕਾਰਨ ਕਣਕ ਦੇ ਨਾੜਾਂ ਨੂੰ ਅੱਗਾਂ ਲਗਾਈਆਂ ਗਈਆਂ ਹਨ ਅਤੇ ਕਿਸਾਨਾਂ ਨੇ ਵੀ ਮੌਕੇ ਦਾ ਪੂਰਾ ਫਾਇਦਾ ਉਠਾਇਆ ਹੈ। ਪਿਛਲੀ ਦਿਨੀਂ ਮੈਨੂੰ ਗੁਰਦਾਸਪੁਰ ਤੋਂ ਜ਼ਿਲਾ ਸੰਗਰੂਰ ਵਿਚ ਜਾਣ ਦਾ ਮੌਕਾ ਮਿਲਿਆ ਤੇ ਵੇਖਿਆ ਗਿਆ ਕਿ ਕਣਕ ਦੇ ਨਾੜਾਂ ਨੂੰ ਬੇਸ਼ੁਮਾਰ ਅੱਗਾਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਹਰੇ-ਭਰੇ ਦਰੱਖਤ ਵੀ ਅੱਗ ਦੀ ਭੇਟ ਚੜ੍ਹੇ ਹੋਏ ਸਨ ਅਤੇ ਸੜਕਾਂ ਵੀ ਧੂੰਏਂ ਨਾਲ ਭਰੀਆਂ ਹੋਈਆਂ ਸਨ ਅਤੇ ਕਈ ਜਗ੍ਹਾ ਜਾਨੀ-ਮਾਲੀ ਵੀ ਨੁਕਸਾਨ ਹੋਏ ਸਨ। ਦਿੱਲੀ ਦੀ ਸਰਕਾਰ ਵੀ ਪਿਛਲੇ ਸਮੇਂ ਪੰਜਾਬ ਦੇ ਸਿਰ ਹੀ ਭਾਂਡਾ ਭੰਨਦੀ ਸੀ ਕਿ ਪੰਜਾਬ ਵਿਚ ਰਹਿੰਦ-ਖੂੰਹਦ ਨੂੰ ਲਗਾਈਆਂ ਅੱਗਾਂ ਵਿਚੋਂ ਜੋ ਧੂੰਆਂ ਨਿਕਲਦਾ ਹੈ ਉਹ ਦਿੱਲੀ ਆਉਂਦਾ ਹੈ, ਜਿਸ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਫੈਲਦਾ ਹੈ, ਪਰ ਇਸ ਵਾਰ ਉਹ ਵੀ ਚੁੱਪ ਹਨ। ਸੋ, ਲੱਗਦਾ ਹੈ ਕਿ ਵੋਟਾਂ ਦੇ ਲਾਲਚ ਕਾਰਨ ਸਭ ਕਾਇਦੇ-ਕਾਨੂੰਨ ਹਵਾ 'ਚ ਗਵਾਚ ਜਾਂਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਐਨ.ਜੀ.ਓ. ਪ੍ਰੇਸ਼ਾਨ

ਪੰਜਾਬ ਵਿਚ ਇਸ ਸਮੇਂ ਤੇਜ਼ ਗਰਮੀ ਪੈ ਰਹੀ ਹੈ। ਇਸ ਤੋਂ ਬਾਅਦ ਬਰਸਾਤ ਵੀ ਆਏਗੀ। ਇਸ ਬਰਸਾਤ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚ ਹਰਿਆਲੀ ਵਧਾਉਣ ਅਤੇ ਰੁੱਖ ਲਗਾਉਣ ਵਾਲੇ ਐਨ.ਜੀ.ਓ. ਇਨ੍ਹਾਂ ਦਿਨੀਂ ਕਾਫੀ ਪ੍ਰਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਇਕ ਤਾਂ ਉਨ੍ਹਾਂ ਵਲੋਂ ਸੜਕਾਂ 'ਤੇ ਲਗਾਏ ਗਏ ਬੂਟਿਆਂ ਨੂੰ ਆਵਾਰਾ ਪਸ਼ੂਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਕਿਉਂਕਿ ਜਿਹੜੇ ਲੋਕ ਪਸ਼ੂਆਂ ਨੂੰ ਘਾਹ ਚਰਾਉਂਦੇ ਹਨ, ਉਨ੍ਹਾਂ ਵਲੋਂ ਇਹ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਉਨ੍ਹਾਂ ਦੇ ਪਸ਼ੂ ਨਵੇਂ ਲਗਾਏ ਬੂਟਿਆਂ ਨੂੰ ਖਾ ਜਾਂਦੇ ਹਨ। ਜਿਹੜੇ ਕਿ ਐਨ.ਜੀ.ਓ. ਨੇ ਬੜੀ ਮਿਹਨਤ ਨਾਲ ਲਗਾਏ ਹੁੰਦੇ ਹਨ। ਪਰ ਦੂਜੇ ਪਾਸੇ ਇਹ ਐਨ.ਜੀ.ਓ. ਕਿਸਾਨਾਂ ਤੋਂ ਵੀ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਕਿਉਂਕਿ ਜਿਹੜੇ ਬੂਟੇ ਪਸ਼ੂਆਂ ਤੋਂ ਬਚ ਜਾਂਦੇ ਹਨ, ਉਹ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਕਾਰਨ ਝੁਲਸ ਜਾਂਦੇ ਹਨ ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਇਸ ਵਾਰ ਬੂਟੇ ਲਗਾਉਣ ਤਾਂ ਲਗਾਉਣ ਕਿੱਥੇ।

-ਅਸ਼ੀਸ਼ ਸ਼ਰਮਾ, ਜਲੰਧਰ

30-05-2024

 ਜੀਵ-ਜੰਤੂਆਂ ਨੂੰ ਨਾ ਸਾੜੋ

ਪੰਜਾਬ ਵਿਚ ਅਸੀਂ ਬਹੁਤ ਥਾਵਾਂ 'ਤੇ ਦੇਖਦੇ ਹਾਂ ਕਿ ਕੁਝ ਲੋਕ ਆਪਣੇ ਕਣਕ ਦੀ ਵਾਢੀ ਵਾਲੇ ਖੇਤਾਂ ਵਿਚ ਜਗ੍ਹਾ-ਜਗ੍ਹਾ 'ਤੇ ਅੱਗ ਲਗਾ ਰਹੇ ਹਨ। ਅੱਗ ਲੱਗਣ ਕਰਕੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਹੋਏ ਬਹੁਤ ਸਾਰੇ ਪੌਦਿਆਂ, ਦਰੱਖ਼ਤਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਪੌਦੇ ਦਰੱਖ਼ਤ ਕੁਝ ਚੰਗੇ ਇਨਸਾਨਾਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਲਈ ਲਗਾਏ ਗਏ ਸਨ। ਪਰ ਕੁਝ ਘਟੀਆ ਸੋਚ ਵਾਲੇ ਲੋਕ ਇਨ੍ਹਾਂ ਦਰੱਖ਼ਤਾਂ ਨੂੰ ਵੀ ਅੱਗ ਨਾਲ ਸਾੜ ਰਹੇ ਹਨ।
ਜਿਨ੍ਹਾਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਇਸ ਅੱਗ ਦੀ ਲਪੇਟ ਵਿਚ ਬਹੁਤ ਸਾਰੇ ਜੀਵ-ਜੰਤੂ, ਪੰਛੀ ਵੀ ਸੜ ਰਹੇ ਹਨ। ਇਹ ਬਹੁਤ ਵੱਡਾ ਪਾਪ ਤੇ ਕਾਨੂੰਨੀ ਜੁਰਮ ਵੀ ਹੈ। ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਕਈ ਥਾਵਾਂ 'ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ।
ਕਈ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਪਣੀ ਜਾਨਾਂ ਗਵਾ ਚੁੱਕੇ ਹਨ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਿੰਨਾ ਲੋਕਾਂ ਦੇ ਖੇਤ ਵਿਚ ਅੱਗ ਲੱਗਣ ਕਰਕੇ ਜੋ ਵੀ ਦਰੱਖ਼ਤਾਂ, ਪੌਦਿਆਂ ਅਤੇ ਲੋਕਾਂ ਦਾ ਜਾਨੀ-ਮਾਲੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆ ਹੈ, ਉਹ ਜਿਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿਚ ਅੱਗ ਲਗਾਈ, ਉਨ੍ਹਾਂ ਲੋਕਾਂ ਤੋਂ ਭਰਵਾਈ ਕਰਵਾਈ ਜਾਵੇ। ਅਜਿਹੇ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

28-05-2024

 ਕਿਰਿਆ ਪ੍ਰਤੀਕਿਰਿਆ

ਕਿਸੇ ਵੀ ਕਹੀ ਗੱਲਬਾਤ 'ਤੇ ਕਿਸੇ ਵੀ ਮੁੱਦੇ 'ਤੇ ਹਰ ਇਨਸਾਨ ਦੀ ਪ੍ਰਤੀਕਿਰਿਆ ਅਲੱਗ-ਅਲੱਗ ਹੁੰਦੀ ਹੈ। ਇਹ ਪ੍ਰਤੀਕਿਰਿਆ ਦੇ ਰਹੇ ਸ਼ਖ਼ਸ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੀ ਸੋਚਣੀ ਦਾ ਮਾਲਕ ਹੈ। ਪ੍ਰਮਾਤਮਾ ਨੇ ਹਰੇਕ ਮਨੁੱਖ ਨੂੰ ਸੋਚਣ ਲਈ ਚੰਗਾ ਭਲਾ ਦਿਮਾਗ਼ ਦਿੱਤਾ ਹੈ ਪਰ ਉਹ ਕਿਸੇ ਪ੍ਰਤੀ ਠੀਕ ਹੀ ਸੋਚੇ ਇਹ ਉਸ ਇਨਸਾਨ ਦੇ ਚੌਗਿਰਦੇ ਤੇ ਉਸ ਦੇ ਪਰਿਵਾਰਕ ਮਾਹੌਲ, ਉਹ ਕਿਹੋ ਜਿਹੇ ਵਾਤਾਵਰਨ ਤੇ ਕਿਹੋ ਜਿਹੇ ਮਾਹੌਲ ਵਿਚ ਪਲਿਆ ਹੈ ਇਹ ਸਭ 'ਤੇ ਨਿਰਭਰ ਕਰਦਾ ਹੈ। ਹੁਣ ਮਸਲਾ ਹੈ ਸਾਡੇ ਵਲੋਂ ਕਹੀ ਕਿਸੇ ਗੱਲ 'ਤੇ ਸਾਹਮਣੇ ਵਾਲੇ ਦੀ ਪ੍ਰਤੀਕਿਰਿਆ ਦਾ ਬਹੁਤੀ ਵਾਰ ਲੋਕ ਆਪਣੇ-ਆਪ ਨੂੰ ਜ਼ਿਆਦਾ ਸਮਝਦਾਰ ਤੇ ਸਿਆਣਾ ਹੋਣ ਦੀ ਗ਼ਲਤਫ਼ਹਿਮੀ ਪਾਲ ਲੈਂਦੇ ਹਨ। ਉਹ ਪ੍ਰਤੀਕਿਰਿਆ ਦੇ ਰੂਪ ਵਿਚ ਦੂਸਰੇ ਦਾ ਬਟਨ ਆਪਣੇ ਹੱਥ ਵਿਚ ਰੱਖਣਾ ਜਾਣਦੇ ਹਨ ਪਰ ਇਹ ਅਸੀਂ ਸੋਚਣਾ ਹੈ ਕਿ ਆਪਣੀ ਸੋਚਣੀ ਦਾ ਬਟਨ ਆਪਣੇ ਹੱਥ ਰੱਖਣਾ ਹੈ ਜਾਂ ਦੂਜੇ ਦੇ ਹੱਥ ਵਿਚ ਦੇਣਾ ਹੈ। ਪ੍ਰਤੀਕਿਰਿਆ ਦੂਸਰਿਆਂ ਦੇ ਹੱਥ ਹੈ ਉਹ ਕਿਸੇ ਬਾਰੇ ਚੰਗਾ ਮਾੜਾ ਕੋਈ ਵੀ ਨਜ਼ਰੀਆ ਰੱਖ ਸਕਦੇ ਹਾਂ ਪਰ ਕਿਰਿਆ ਦੇ ਮਾਲਕ ਅਸੀਂ ਖ਼ੁਦ ਹਾਂ। ਜੇ ਅਸੀਂ ਆਪਣਾ ਕਾਰਜ ਸਹੀ ਤਰੀਕੇ ਨਾਲ ਕਰ ਰਹੇ ਹਾਂ ਤਾਂ ਕਿਸੇ ਵਲੋਂ ਹੋਣ ਵਾਲੀ ਉਲਟ ਪ੍ਰਤੀਕਿਰਿਆ ਦੀ ਪ੍ਰਵਾਹ ਨਾ ਕਰੋ ਤੇ ਨਾਲ ਹੀ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਪ੍ਰਤੀਕਿਰਿਆ ਨੂੰ ਕਿਸ ਪੱਖ ਤੋਂ ਦੇਖਦੇ ਹਾਂ ਜੇ ਅਸੀਂ ਉੱਛਲਿਆ ਭਾਂਡਾ ਨਹੀਂ ਹਾਂ ਤਾਂ ਬਟਨ ਸਾਡੇ ਹੱਥ ਹੀ ਰਹੇਗਾ ਨਹੀਂ ਤਾਂ ਸਾਨੂੰ ਕਦੋਂ, ਕਿਵੇਂ, ਕਿਸ ਤਰ੍ਹਾਂ ਨੀਵਾਂ ਦਿਖਾਉਣਾ ਹੈ ਇਹ ਦੂਸਰਿਆਂ ਦੇ ਹੱਥ ਚਲਾ ਜਾਵੇਗਾ।

-ਲਾਭ ਸਿੰਘ ਸ਼ੇਰਗਿਲ
(ਸੰਗਰੂਰ)

ਕਿਸਾਨੀ ਦਾ ਦਰਦ

ਕਿੰਨੀਆਂ ਹੀ ਸਰਕਾਰਾਂ ਆਈਆਂ ਤੇ ਗਈਆਂ ਅਤੇ ਹਰੇਕ ਸਰਕਾਰ ਹੀ ਚੋਣਾਂ ਵੇਲੇ ਕਿਸਾਨ ਦੀ ਹਾਲਤ ਸੁਧਾਰਨ, ਕਰਜੇ ਮੁਆਫ਼ ਕਰਨ ਆਦਿ ਦੇ ਵਾਅਦੇ ਕਰਕੇ ਜਿੱਤ ਜਾਂਦੀਆਂ ਹਨ, ਪਰ ਕਿਸਾਨ ਦੀ ਕਿਸੇ ਨੇ ਵੀ ਸਾਰ ਨਹੀਂ ਲਈ, ਜਿਸ ਕਾਰਨ ਕਿਸਾਨੀ ਬਦ ਤੋਂ ਬਦਤਰ ਬਣ ਗਈ ਹੈ। ਕਦੀ ਪੱਕੀ ਫਸਲ ਤੇ ਗੜੇ ਪੈ ਗਏ, ਕਦੀ ਬੀਜੀ ਕਣਕ, ਵੱਡੀ ਕਣਕ 'ਤੇ ਬਾਰਿਸ਼ ਪੈ ਗਈ, ਕਦੀ ਹਨੇਰੀ, ਝੱਖੜ ਨਾਲ ਫ਼ਸਲ ਖ਼ਰਾਬ ਹੋ ਗਈ। ਸਰਕਾਰਾਂ ਸਿਵਾਏ ਵਾਅਦਿਆਂ ਤੋਂ ਕੁਝ ਨਹੀਂ ਕਰਦੀਆਂ। ਜਿਸ ਕਾਰਨ ਕਿਸਾਨ ਦਿਨੋ-ਦਿਨ ਕਰਜਾਈ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਕਿਸਾਨਾਂ ਦੇ ਸਿਰ ਕਰਜ਼ੇ ਬਹੁਤ ਸਨ, ਪਰ ਉਸ ਸਮੇਂ ਦੇ ਮੰਤਰੀ ਵਲੋਂ ਕਿਸਾਨੀ ਕਰਜਿਆਂ 'ਤੇ ਲੀਕ ਫੇਰ ਦਿੱਤੀ ਗਈ ਸੀ। ਪਰੰਤੂ ਹੁਣ ਵੀ ਚੋਣਾਂ ਤੋਂ ਪਹਿਲਾਂ ਵਾਅਦੇ ਕਰਕੇ ਬਣੇ ਮੰਤਰੀ ਕਰਜ਼ੇ 'ਤੇ ਲੀਕ ਫੇਰਨ ਦੀ ਗੱਲ ਤਾਂ ਕਰਦੇ ਹਨ, ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ।
ਅੱਜ ਤਕ ਬਹੁਤ ਘੱਟ ਸਰਕਾਰਾਂ ਨੇ ਕਿਸਾਨ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਦੀਆਂ ਮੰਗਾਂ ਨੂੰ ਵੀ ਸੰਜੀਦਗੀ ਨਾਲ ਨਹੀਂ ਸੁਣਿਆ। ਜਦੋਂ ਕਿ ਕਿਸਾਨੀ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਨਾੜ ਨੂੰ ਅੱਗ

ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਕਿਸਾਨਾਂ ਅਤੇ ਸਰਕਾਰ ਲਈ ਸਿਰਦਰਦੀ ਬਣੀ ਰਹਿੰਦੀ ਹੈ। ਸਰਕਾਰ ਅਤੇ ਕਿਸਾਨਾਂ ਦੀ ਆਪੋ-ਆਪਣੀ ਮਜਬੂਰੀ ਹੈ। ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਭਾਵ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਸਕਦੇ ਹਨ ਜੇਕਰ ਉਨ੍ਹਾਂ ਨੂੰ ਸਰਕਾਰਾਂ ਵਲੋਂ ਕੋਈ ਵਿੱਤੀ ਸਹਾਇਤਾ ਮਿਲੇ। ਉਧਰ ਜਦੋਂ ਸੈਟੇਲਾਈਟ ਰਾਹੀਂ ਖੇਤਾਂ ਨੂੰ ਅੱਗ ਲੱਗਣ ਦੀ ਖ਼ਬਰ ਸਰਕਾਰੀ ਖੇਮੇ ਵਿਚ ਫੈਲ ਜਾਂਦੀ ਹੈ। ਛੋਟੇ ਮੁਲਾਜ਼ਮ ਦੀ ਹਾਲਤ ਹਨੇਰੀ ਵਿਚ ਭਟਕੇ ਪੰਛੀ ਵਾਲੀ ਹੋ ਜਾਂਦੀ ਹੈ।
ਰਿਪੋਰਟ ਜੋ ਵੀ ਭੇਜੀ ਜਾਂਦੀ ਹੈ ਉਸ ਨਾਲ ਮੁਲਾਜ਼ਮ ਵਰਗ, ਸਰਕਾਰ ਅਤੇ ਲੋਕਾਂ ਦੀ ਚੱਕੀ ਵਿਚ ਹਰ ਪਾਸਿਓਂ ਪਿਸ ਜਾਂਦਾ ਹੈ। ਇਸ ਸਮੱਮਸਿਆ ਨਾਲ ਸਿੱਝਣ ਲਈ ਸਰਕਾਰ ਕੋਈ ਯੋਗ ਨੀਤੀ ਬਣਾਏ। ਕਿਸਾਨਾਂ ਨੂੰ ਵੀ ਦੇਸ਼ ਸੂਬੇ ਦੇ ਹਿਤਾਂ ਵਿਚ ਸਰਕਾਰ ਨਾਲ ਸਹਿਯੋਗ ਕਰ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।

-ਸੁਖਪਾਲ ਸਿੰਘ ਗਿੱਲ

ਅਬਿਆਣਾ ਕਲਾਂ

ਯਥਾਰਥਵਾਦੀ ਜਾਇਜ਼ਾ

ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਚਲਦਿਆਂ ਡਾ. ਸ. ਸ. ਛੀਨਾ ਦਾ ਲਿਖਿਆ ਬੀਤੇ ਦਿਨੀਂ ਪ੍ਰਕਾਸ਼ਿਤ ਹੋਇਆ ਲੇਖ ਅਣਚਾਹੇ ਰੂਪ ਵਿਚ ਕਿਸੇ ਪਾਰਟੀ ਦੇ ਪੱਖ ਜਾਂ ਵਿਰੋਧ ਵਿਚ ਭੁਗਤਣ ਦੀ ਥਾਂ ਦੇਸ਼ ਦੇ ਲੋਕਾਂ ਨੂੰ ਦੇਸ਼ ਨੂੰ ਸਹੀ ਸੰਦਰਭ ਵਿਚ ਰਾਜਨੀਤਕ ਸਮਝਦਾਰੀ ਪ੍ਰਦਾਨ ਕਰਨ ਪ੍ਰਤੀ ਵਿਹਾਰਕ ਹੋਣ ਕਰਕੇ ਇਕ ਮੁੱਲਵਾਨ ਉਪਯੋਗੀ ਅਤੇ ਸਹੀ ਦਿਸ਼ਾ ਵੱਲ ਤੋਰਦਾ ਹੋਣ ਕਰਕੇ ਇਕ ਲਾਹੇਵੰਦ ਰਚਨਾ ਬਣ ਗਿਆ ਹੈ। ਦੇਸ਼ ਦੇ ਲੋਕਾਂ ਨੂੰ ਰਾਜਨੀਤਕ ਪੱਖੋਂ ਸੁਘੜ ਦਾਨਿਸ਼ਵਰ ਹੋਣ ਦੀ ਸੇਧ ਵਿਚ ਤੋਰਨਾ ਵਕਤ ਦੀ ਲੋੜ ਹੀ ਨਹੀਂ, ਸਗੋਂ ਪੁਕਾਰ ਹੈ।

-ਸੁਰਿੰਦਰ ਸਿੰਘ ਨਿਮਾਣਾ
ਸ੍ਰੀ ਅੰਮ੍ਰਿਤਸਰ।

ਨਸ਼ਾ ਤਸਕਰ ਬੇਖੌਫ਼ ਹੋਏ

ਪਿਛਲੇ ਦਿਨੀਂ ਟੈਲੀਵਿਜ਼ਨ 'ਚ ਖ਼ਬਰ ਆ ਰਹੀ ਸੀ ਕਿ ਨਸ਼ਾ ਤਸਕਰਾਂ ਵਲੋਂ ਜਲੰਧਰ ਵਿਚ ਨਸ਼ੇ ਖ਼ਿਲਾਫ਼ ਰੇਡ ਕਰਨ ਗਈ ਪੁਲਿਸ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਸੱਟਾਂ ਲੱਗੀਆਂ। ਤਸਕਰਾਂ ਦੇ ਹਮਲੇ ਕਾਰਨ ਮੁੱਖ ਅਫ਼ਸਰ ਥਾਣਾ ਵੀ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਦੇ ਪਿੰਡ ਮਨਸੂਰਪੁਰ ਵਿਚ ਸੀ.ਆਈ.ਏ. ਸਟਾਫ਼ ਦੀ ਟੀਮ ਗੈਂਗਸਟਰ ਦੇ ਘਰ ਛਾਪਾ ਮਾਰਨ ਗਈ ਤੇ ਗੈਂਗਸਟਰ ਵਲੋਂ ਗੋਲ਼ੀਆਂ ਚਲਾਉਣ ਨਾਲ ਇਕ ਸਿਪਾਹੀ ਦੀ ਮੌਤ ਹੋ ਗਈ ਸੀ।
ਨਿੱਤ ਪੰਜਾਬ ਪੁਲਿਸ 'ਤੇ ਕੀਤੇ ਜਾ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ। ਭਾਰਤ ਦਾ ਕਾਨੂੰਨ ਅੰਗਰੇਜ਼ਾਂ ਦੇ ਸਮੇਂ ਦਾ ਹੈ। ਅਦਾਲਤੀ ਪ੍ਰਕਿਰਿਆ ਲੰਬੀ ਹੈ। ਦੋਸ਼ੀ ਇਸ ਦਾ ਫ਼ਾਇਦਾ ਲੈ ਕੇ ਗਵਾਹਾਂ ਨੂੰ ਧਮਕੀਆਂ ਦੇ ਕੇ ਆਪਣੇ ਹੱਕ ਵਿਚ ਸ਼ਨਾਖ਼ਤ ਕਰਵਾ ਕੇ ਬਰੀ ਹੋ ਜਾਂਦੇ ਹਨ। ਪਹਿਲਾਂ ਅਪਰਾਧੀਆਂ ਨੂੰ ਪੁਲਿਸ ਦੀ ਕੁੱਟ ਦਾ ਡਰ ਹੁੰਦਾ ਸੀ। ਹੁਣ ਪੁਲਿਸ ਨੇ ਅਪਰਾਧੀਆਂ ਨੂੰ ਕੀ ਕੁੱਟਣਾ ਆਪ ਰੋਜ਼ਾਨਾ ਕੁੱਟ ਖਾਹ ਰਹੀ ਹੈ।
ਅਪਰਾਧੀ ਇੰਨੇ ਬੇਖੌਫ਼ ਹਨ ਕਿ ਗੱਡੀਆਂ ਥੱਲੇ ਪੁਲਿਸ ਕਰਮੀਆਂ ਨੂੰ ਦਰੜਿਆ ਜਾ ਰਿਹਾ ਹੈ। ਪ੍ਰਦੇਸ਼ ਵਿਚ ਰੋਜ਼ਾਨਾਂ ਹੀ ਲੁੱਟ-ਖਸੁੱਟ, ਸਨੈਚਿੰਗ, ਚੋਰੀ ਦੀਆਂ ਵਾਰਦਾਤਾਂ ਨਸ਼ੇ ਦੀ ਪੂਰਤੀ ਲਈ ਹੋ ਰਹੀਆਂ ਹਨ।
ਲੋਕ ਡਰੇ ਤੇ ਸਹਿਮੇ ਹਨ। ਪਿੰਡਾਂ ਵਿਚ ਠੀਕਰੀ ਪਹਿਰੇ ਵਾਲਿਆਂ 'ਤੇ ਵੀ ਹਮਲੇ ਹੋਏ ਹਨ। ਜਿਥੋਂ ਤੱਕ ਲਾਅ ਐਂਡ ਆਰਡਰ ਦਾ ਮਾਮਲਾ ਹੈ ਇਹ ਸੂਬਾ ਸਰਕਾਰ ਲਈ ਪਹਿਲ ਦੇ ਆਧਾਰ 'ਤੇ ਅਹਿਮ ਡਿਊਟੀ ਬਣਦੀ ਹੈ। ਇਸ ਨੂੰ ਦਰੁੱਸਤ ਕੀਤਾ ਜਾਵੇ। ਇਸ ਪ੍ਰਤੀ ਸਰਕਾਰ ਨੂੰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਜੋ ਵੀ ਅਧਿਕਾਰੀ ਜ਼ਿੰਮੇਵਾਰ ਹਨ, ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਿਨਿਸਟ੍ਰੇਸ਼ਨ, ਪੰਜਾਬ।

27-05-2024

 ਚਿੰਤਾ ਦਾ ਵਿਸ਼ਾ
ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਵਿਚ ਖੁਦਕੁਸ਼ੀ ਦੀ ਦਰ ਤੇਜ਼ੀ ਨਾਲ ਵਧੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਕਿਸਾਨਾਂ ਤੋਂ ਬਾਅਦ ਦੇਸ਼ ਦੀ ਪੜ੍ਹੀ-ਲਿਖੀ ਨੌਜਵਾਨ ਆਬਾਦੀ ਵੀ ਤੇਜ਼ੀ ਨਾਲ ਖੁਦਕੁਸ਼ੀਆਂ ਵੱਲ ਵਧ ਰਹੀ ਹੈ। ਭਾਰਤ ਦੇ ਨੌਜਵਾਨਾਂ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਨਿਰਾਸ਼ਾ ਅਤੇ ਉਦਾਸੀ ਦਾ ਸ਼ਿਕਾਰ ਹੈ। ਉਹ ਦਿਸ਼ਾਹੀਣ ਅਤੇ ਉਦੇਸ਼ ਰਹਿਤ ਹੈ। ਘੱਟ ਨੰਬਰ ਆਉਣ 'ਤੇ ਵਿਦਿਆਰਥੀ ਆਪਣੇ-ਆਪ ਨੂੰ ਨਿਕੰਮਾ ਸਮਝਦਾ ਹੈ। ਸਿੱਖਿਆ, ਬੇਰੁਜ਼ਗਾਰੀ, ਪਿਆਰ ਆਦਿ ਕਈ ਕਾਰਨ ਹਨ, ਜੋ ਨੌਜਵਾਨਾਂ ਨੂੰ ਖੁਦਕੁਸ਼ੀਆਂ ਵੱਲ ਉਕਸਾਉਂਦੇ ਹਨ। ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਲਗਭਗ 40 ਫ਼ੀਸਦੀ ਕਿਸ਼ੋਰ ਅਵਸਥਾ ਵਿਚੋਂ ਹਨ। ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਕਿਸੇ ਦੀ ਖੁਦਕੁਸ਼ੀ ਦੀ ਖ਼ਬਰ ਅਖ਼ਬਾਰਾਂ ਵਿਚ ਨਾ ਛਪੀ ਹੋਵੇ। ਹਾਲ ਹੀ ਵਿਚ ਪੰਜਾਬ ਵਿਚ ਵੀ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਇਕ ਬੱਚੇ ਨੇ ਘੱਟ ਅੰਕਾਂ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਸਮਝਣ ਦੀ ਲੋੜ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਦੀ ਸਥਿਤੀ ਕਦੇ ਘੱਟ ਅਤੇ ਕਦੇ ਜ਼ਿਆਦਾ ਹੁੰਦੀ ਹੈ, ਪਰ ਇਸ ਦਾ ਹੱਲ ਕੀਮਤੀ ਜ਼ਿੰਦਗੀ ਨੂੰ ਖ਼ਤਮ ਕਰਨਾ ਨਹੀਂ ਹੈ। ਮਾਪਿਆਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ। ਬੱਚਿਆਂ 'ਤੇ ਵਿਸ਼ੇ ਥੋਪਣ ਦੀ ਬਜਾਏ ਉਨ੍ਹਾਂ ਨੂੰ ਆਪਣੀ ਪਸੰਦ ਦੇ ਵਿਸ਼ੇ ਚੁਣਨ ਦੀ ਪਹਿਲ ਦਿਓ। ਬੱਚਿਆਂ ਦੀ ਸਮੇਂ-ਸਮੇਂ 'ਤੇ ਕੌਂਸਲਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ।


-ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।


ਪਾਣੀ ਦਾ ਮੁੱਦਾ
ਦਿਨ ਪ੍ਰਤੀ ਦਿਨ ਜਿਥੇ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ, ਉਥੇ ਹੀ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਵਧ ਰਹੀ ਹੈ। ਉਦਯੋਗਕ ਇਕਾਈਆਂ ਵਿਚ ਜਿੰਨਾ ਪਾਣੀ ਵਰਤਿਆ ਜਾ ਰਿਹਾ ਹੈ, ਉਸ ਦਾ ਗੰਦਾ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਪਾਇਆ ਜਾਂਦਾ ਹੈ ਜਾਂ ਫਿਰ ਨਾਲਿਆਂ ਵਿਚ ਹੁੰਦਾ ਹੋਇਾ ਦਰਿਆਵਾਂ ਵਿਚ ਪਹੁੰਚ ਜਾਂਦਾ ਹੈ। ਮਾਲਵਾ ਖੇਤਰ ਇਸ ਵੇਲੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਅਤੇ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਕੈਂਸਰ ਹਸਪਤਾਲ ਤਾਂ ਖੋਲ੍ਹ ਰਹੀਆਂ ਹਨ ਪ੍ਰੰਤੂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਲੋਕ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹਨ। ਸੋ, ਚੋਣਾਂ ਵਿਚ ਜਿਥੇ ਬੇਰੁਜ਼ਗਾਰੀ, ਸਿਹਤ, ਸਿੱਖਿਆ ਆਦਿ ਅਤੇ ਹੋਰ ਮੁੱਦੇ ਉਠਾਏ ਜਾਣੇ ਹਨ, ਉਥੇ ਹੀ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਅਤੇ ਪਾਣੀ ਦੇ ਆ ਰਹੇ ਸੰਕਟ ਨੂੰ ਹੱਲ ਕਰਨ ਦਾ ਮੁੱਦਾ ਵੀ ਰਾਜਨੀਤਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਰੱਖਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਬਟਾਲਾ।


ਭਿਆਨਕ ਗਰਮੀ ਦੀ ਚਿਤਾਵਨੀ
ਗਰਮੀ ਦੇ ਮੌਸਮ ਵਿਚ 'ਹੀਟ ਸਟਰੋਕ' ਦਾ ਖਤਰਾ ਵਧ ਜਾਂਦਾ ਹੈ। ਲੂ ਲੱਗ ਜਾਂਦੀ ਹੈ। ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ, ਦਿਲ ਘਬਰਾਏ, ਚੱਕਰ ਆਉਣ, ਸਿਰ ਦਰਦ ਹੋਵੇ, ਉਲਟੀਆਂ ਆਉਣ, ਜ਼ਿਆਦਾ ਪਸੀਨਾ, ਘਬਰਾਹਟ ਹੋਵੇ, ਤੁਰੰਤ ਡਾਕਟਰੀ ਸਹਾਇਤਾ ਲਓ। ਗਰਮੀਆਂ ਦਾ ਮੌਸਮ ਆ ਗਿਆ ਹੈ। ਪੰਜਾਬ ਵਿਚ ਤਾਪਮਾਨ ਗਰਮੀ ਦਾ ਵਧ ਰਿਹਾ ਹੈ। ਗਰਮੀ ਵਿਚ ਜ਼ਿਆਦਾ ਬਾਹਰ ਨਾ ਨਿਕਲੋ, ਖਾਸ ਕਰ ਬਜ਼ੁਰਗ, ਬੱਚੇ, ਬਿਮਾਰ, ਮੋਟੇ ਵਿਅਕਤੀ, ਗੁਰੇਜ ਕਰਨ। ਸਰੀਰ ਵਿਚ ਪਾਣੀ ਦੀ ਘਾਟ ਨਾ ਆਵੇ ਇਸ ਲਈ ਓ.ਆਰ.ਐਸ. ਪੀਓ, ਵੱਧ ਤੋਂ ਵੱਧ ਪਾਣੀ ਪੀਓ, ਬਟਰ ਮਿਲਕ, ਨਾਰੀਅਲ ਪਾਣੀ, ਜੂਸ, ਨਿੰਬੂ ਪਾਣੀ, ਲੱਸੀ, ਸਪੈਸ਼ਲ ਬਦਾਮ, ਮਖਾਣਿਆਂ ਦੀ ਪੰਜੀਰੀ, ਤਰਲ ਪਦਾਰਥ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰੋ। ਘੜੇ ਦਾ ਪਾਣੀ ਪੀਓ। ਪੌਸ਼ਟਿਕ ਸਬਜ਼ੀਆਂ, ਹਲਕਾ ਭੋਜਨ, ਦਾਲ, ਚਾਵਲ, ਖਿਚੜੀ, ਦਲੀਆ ਖਾਓ ਜੋ ਛੇਤੀ ਹਜ਼ਮ ਹੋ ਜਾਵੇ। ਮੌਸਮੀ ਫਲ ਅੰਬ, ਤਰਬੂਜ਼, ਖਰਬੂਜ਼ਾ, ਲੀਚੀ, ਜ਼ਿਆਦਾ ਸਲਾਦ ਖੀਰੇ ਦੀ ਵਰਤੋਂ ਕਰੋ। ਹਲਕੇ ਭਾਰ ਵਾਲੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ। ਜੇਕਰ ਤੁਸੀਂ ਬਾਹਰ ਹੋ ਸਿਰ ਕੱਪੜੇ, ਟੋਪੀ, ਛਤਰੀ ਨਾਲ ਢਕੋ, ਅੱਖਾਂ ਨੂੰ ਐਨਕ ਲਾਓ। ਬਾਹਰ ਕੰਮ ਕਰਦੇ ਧੁੱਪ ਦਾ ਖਿਆਲ ਰੱਖੋ, ਠੰਢੇ ਪਾਣੀ ਦਾ ਇੰਤਜ਼ਾਮ ਕਰੋ। ਸਵੇਰ ਜਾਂ ਠੰਢੇ ਵੇਲੇ ਕੰਮ ਕਰਨ ਦੀ ਕੋਸ਼ਿਸ ਕਰੋ।


-ਗੁਰਮੀਤ ਸਿੰਘ ਵੇਰਕਾ


ਕਲਮਾਂ ਦੇ ਬੋਲ
ਅੰਗਰੇਜ਼ੀ ਦੇ ਮਹਾਨ ਕਵੀ ਪੀ.ਬੀ. ਸ਼ੈਲੀ ਨੇ ਸੱਚ ਹੀ ਕਿਹਾ ਹੈ ਕਿ ਇਸ ਪਦਾਰਥਵਾਦੀ ਦੁਨੀਆ 'ਚ ਹਰੇਕ ਸ਼ੈਅ ਨਾਸ਼ਵਾਨ ਹੈ। ਹਰੇਕ ਸ਼ੈਅ ਦਾ ਅੰਤ ਨਿਸਚਿਤ ਹੈ। ਜੇਕਰ ਇਸ ਦੁਨੀਆ 'ਚ ਕੁਝ ਸਦਾ ਲਈ ਅਮਰ ਹੈ ਤਾਂ ਉਹ ਹਨ ਕਲਮ ਦੇ ਬੋਲ, ਜੋ ਕਿ ਯੁਗਾਂ-ਯੁਗਾਂ ਤੱਕ ਨਹੀਂ ਮਰਦੇ। 79 ਸਾਲਾਂ ਦਾ ਸਫਰ ਤੈਅ ਕਰ ਕੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪਦਮਸ੍ਰੀ ਸੁਰਜੀਤ ਪਾਤਰ ਸਾਹਿਬ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਸਰੀਰ ਪੱਖੋਂ ਅਲਵਿਦਾ ਆਖ ਗਏ ਹਨ, ਪਰ ਉਨ੍ਹਾਂ ਦੀ ਲਿਖਤ ਅਤੇ ਸਾਹਿਤ ਰਹਿੰਦੀ ਦੁਨੀਆ ਤੱਕ ਪ੍ਰਚਲਿਤ ਰਹੇਗੀ, ਕਿਉਂਕਿ ਦੁਨੀਆ ਦੀ ਕੋਈ ਵੀ ਤਾਕਤ ਕਲਮ ਦੇ ਬੋਲਾਂ ਦਾ ਖਾਤਮਾ ਨਹੀਂ ਕਰ ਸਕਦੀ। ਹਰਮਨ-ਪਿਆਰੇ ਕਵੀ, ਸ਼ਾਇਰ, ਲਿਖਾਰੀ, ਗ਼ਜ਼ਲਕਾਰ ਸੁਰਜੀਤ ਪਾਤਰ ਸਾਹਿਬ ਨੇ ਸਾਹਿਤ ਕਲਾ ਸਦਕਾ ਦੁਨੀਆ ਦੇ ਦਿਲਾਂ 'ਤੇ ਰਾਜ ਕੀਤਾ ਹੈ। ਸੋ, ਦੁਨੀਆ 'ਚ ਹਰੇਕ ਸ਼ੈਅ ਦਾ ਅੰਤ ਹੈ, ਪਰ ਸਾਹਿਤ ਕਲਾ ਦਾ ਕੋਈ ਅੰਤ ਨਹੀਂ। ਸਮਾਜ ਦੇ ਹਰੇਕ ਖੇਤਰ 'ਚ ਸਮੇਂ ਮੁਤਾਬਿਕ ਪਦਵੀਆਂ ਬਦਲਦੀਆਂ ਰਹਿੰਦੀਆਂ ਹਨ ਅਤੇ ਕੁਰਸੀ 'ਤੇ ਨਵੇਂ-ਨਵੇਂ ਸੱਤਾ ਹਾਸਿਲ ਕਰਨ ਵਾਲੇ ਉਤਰਾਧਿਕਾਰੀ ਵਿਰਾਜਦੇ ਰਹਿੰਦੇ ਹਨ, ਪਰ ਕਲਮ ਦੇ ਧਨੀ ਦੀ ਪਦਵੀ ਅਨਮੋਲ ਹੈ ਕਿਉਂਕਿ ਕਲਮ ਅਤੇ ਸਾਹਿਤ ਦੀ ਕਲਾ ਦਾ ਤੋਹਫ਼ਾ ਅਜਿਹਾ ਤੋਹਫ਼ਾ ਹੈ ਜੋ ਪਰਮਾਤਮਾ ਨੇ ਕਿਸੇ ਵਿਰਲੇ ਦੀ ਝੋਲੀ ਹੀ ਪਾਇਆ ਹੈ। ਸੋ, ਕਲਮ ਦੇ ਧਨੀ ਪਦਮਸ੍ਰੀ ਸੁਰਜੀਤ ਪਾਤਰ ਬੇਸ਼ੱਕ ਤਨ ਪੱਖੋਂ ਮਿੱਟੀ ਹੋ ਕੇ ਨਾਸ਼ਵਾਨ ਹੋ ਗਏ, ਪਰ ਦੁਨੀਆ ਦੇ ਮਨਾਂ 'ਚ ਉਨ੍ਹਾਂ ਦੀ ਸਾਹਿਤ ਕਲਾ ਪ੍ਰਤੀ ਜੋ ਮੁਹੱਬਤ ਹੈ ਉਹ ਸਦਾ ਲਈ ਅਮਰ ਰਹੇਗੀ, ਕਿਉਂਕਿ ਕਲਮ ਦੀਆਂ ਲਿਖਤਾਂ ਦੇ ਬੋਲ ਸਦਾ ਲਈ ਗੂੰਜਦੇ ਰਹਿੰਦੇ ਹਨ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

26-05-2024

 ਨੌਜਵਾਨੀ ਨੂੰ ਸਹੀ ਸੇਧ ਦੀ ਜ਼ਰੂਰਤ
ਨੌਜਵਾਨ ਪੀੜ੍ਹੀ ਵਿਚ ਕੰਮ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ, ਪਰ ਜੇ ਇਨ੍ਹਾਂ ਨੂੰ ਸਹੀ ਸੇਧ ਮਿਲੇ ਤੇ ਯੋਗਤਾ ਮੁਤਾਬਿਕ ਢੁਕਵਾਂ ਕਾਰਜ ਮਿਲੇ ਤਾਂ ਇਹ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਅਕਸਰ ਦੇਖਿਆ ਇਹ ਜਾ ਰਿਹਾ ਹੈ ਕਿ ਇਨ੍ਹਾਂ ਦੀ ਸ਼ਕਤੀ ਨੂੰ ਸਹੀ ਪਾਸੇ ਦੀ ਬਜਾਇ ਉਲਟੇ ਪਾਸੇ ਵੱਲ ਲਾਇਆ ਜਾ ਰਿਹਾ ਹੈ।
ਗੀਤਾਂ, ਵੀਡੀਓਜ਼ ਵਿਚ ਹਥਿਆਰਾਂ ਦੀ ਪੂਰੀ ਨੁਮਾਇਸ਼ ਕੀਤੀ ਜਾਂਦੀ ਹੈ ਤੇ ਨੌਜਵਾਨਾਂ ਨੂੰ ਸ਼ਰਾਬ ਪੀਂਦੇ ਤੇ ਹੋਰ ਨਸ਼ਾ ਕਰਦੇ, ਵੱਡੇ ਦਲੇਰ ਬਮਾ ਕੇ, ਮਾਰ-ਧਾੜ ਦੇ ਦ੍ਰਿਸ਼ ਦਿਖਾਏ ਜਾਂਦੇ ਹਨ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਕਿ ਵੀਡਿਓਜ਼ ਵਿਚ ਕੁੜੀਆਂ ਨੂੰ ਵੀ ਇਹੋ ਜਿਹੇ ਢੰਗ ਨਾਲ ਵੱਖ-ਵੱਖ ਦ੍ਰਿਸ਼ਾਂ ਵਿਚ ਹੱਥਾਂ ਵਿਚ ਹਥਿਆਰ ਚੁੱਕੀ ਤੇ ਨਾਲ ਮੁੰਡਿਆਂ ਦੀ ਢਾਣੀ ਸਮੇਤ ਪ੍ਰਦਰਸ਼ਿਤ ਕੀਤਾ ਗਿਆ।
ਇਹ ਬੜੇ ਸ਼ਰਮ ਦੀ ਗੱਲ ਹੈ ਪਹਿਲਾਂ ਨੌਜਵਾਨਾਂ ਨੂੰ ਇਨ੍ਹਾਂ ਗੀਤਾਂ, ਵੀਡੀਓਜ਼ ਨੇ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਹੁਣ ਕੁੜੀਆਂ ਨੂੰ ਵੀ ਇਨ੍ਹਾਂ ਜ਼ਰੀਏ ਪੁੱਠੇ ਪਾਸੇ ਲਾਉਣ ਤੇ ਇਸ ਤਰ੍ਹਾਂ ਕਰਨ ਲਈ ਉਕਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਕੁਝ ਸੰਵਾਰਿਆ ਨਹੀਂ ਜਾ ਸਕਦਾ ਤਾਂ ਸਾਨੂੰ ਵਿਗਾੜਨ ਦਾ ਵੀ ਕੋਈ ਹੱਕ ਨਹੀਂ।
ਇਸ ਉਦਯੋਗ ਨਾਲ ਜੁੜੇ ਸਾਰੇ ਵੀਰਾਂ-ਭਰਾਵਾਂ ਨੂੰ ਅਰਜ਼ ਹੈ ਕਿ ਸਾਡੀ ਕੁਰਾਹੇ ਪਈ ਨੌਜਵਾਨੀ ਨੂੰ ਪਹਿਲਾਂ ਹੀ ਸੰਭਾਲਣਾ ਔਖਾ ਹੋ ਰਿਹਾ ਹੈ, ਇਸ ਦਾ ਹੋਰ ਘਾਣ ਨਾ ਕਰੋ। ਆਪਣੀਆਂ ਫ਼ਿਲਮਾਂ, ਗੀਤਾਂ, ਐਲਬਮਾਂ ਵਿਚ ਰੱਬ ਦਾ ਵਾਸਤਾ ਇਹੋ ਜਿਹਾ ਕੁੱਝ ਨਾ ਪੇਸ਼ ਕਰੋ, ਜਿਸ ਨਾਲ ਸਾਡੇ ਸਮਾਜ ਦੇ ਅਕਸ ਨੂੰ ਢਾਹ ਲੱਗੇ।


-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)

24-05-2024

 ਚੋਣਾਂ ਤੇ ਪੰਜਾਬ ਦੇ ਬੁਨਿਆਦੀ ਮੁੱਦੇ

ਪੰਜਾਬ ਵਿਚ ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ,ਤਿਉਂ-ਤਿਉਂ ਰਾਜਨੀਤਕ ਪਾਰਟੀਆਂ ਵਲੋਂ ਜਨਤਕ ਰੈਲੀਆਂ ਰਾਹੀਂ ਸਿਰਫ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਅਸਲ ਮੁੱਦੇ ਜਿਵੇਂ ਪਾਣੀ ਦਾ ਮੁੱਦਾ, ਨਸ਼ੇ, ਘੱਟੋ-ਘੱਟ ਸਮਰਥਨ ਮੁੱਲ, ਮਹਿੰਗਾਈ, ਬੇਰੁਜ਼ਗਾਰੀ, ਨੌਜਵਾਨਾਂ ਦਾ ਪ੍ਰਵਾਸ ਕਰਨਾ, ਭ੍ਰਿਸ਼ਟਾਚਾਰ, ਲੁੱਟ-ਖੋਹ ਆਦਿ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਚੁੱਪ ਹਨ। ਇਸ ਵਾਰ ਚੋਣ ਮੈਦਾਨ ਵਿਚ 45 ਫ਼ੀਸਦੀ ਉਮੀਦਵਾਰ ਦਲਬਦਲੂ ਹਨ। ਜਿਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਦਾ ਕੋਈ ਸਰੋਕਾਰ ਨਹੀਂ। ਉਨ੍ਹਾਂ ਨੂੰ ਤਾਂ ਸਿਰਫ਼ ਕੁਰਸੀ ਚਾਹੀਦੀ ਹੈ।
ਇਸ ਵਾਰ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 11 ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਆਪ ਦੇ 9 ਅਤੇ ਕਾਂਗਰਸ ਦੇ 2 ਵਿਧਾਇਕ ਸ਼ਾਮਿਲ ਹਨ। ਇਨ੍ਹਾਂ ਵਿਚ 5 ਕੈਬਨਿਟ ਮੰਤਰੀ ਵੀ ਹਨ। ਉਪਰੋਕਤ ਵਿਚੋਂ ਜਿੱਤਣ ਦੀ ਸੂਰਤ ਵਿਚ ਸੰਬੰਧਿਤ ਹਲਕਿਆਂ ਦੀ ਜ਼ਿਮਨੀ ਚੋਣ ਕਰਵਾਈ ਜਾਵੇਗੀ। ਜਿਸ ਦਾ ਬੋਝ ਫਿਰ ਜਨਤਾ ਸਿਰ ਪਵੇਗਾ। ਸੋ, ਅੱਜ ਲੋਕਾਂ ਦਾ ਫਰਜ਼ ਬਣਦਾ ਹੈ, ਜਿਸ ਨੂੰ ਉਹ ਨਿਭਾਅ ਵੀ ਰਹੇ ਹਨ, ਕਿ ਅਜਿਹੇ ਮੌਕਾਪ੍ਰਸਤ ਲੀਡਰਾਂ ਤੋਂ ਉਪਰੋਕਤ ਮਸਲਿਆਂ 'ਤੇ ਸਵਾਲ ਪੁੱਛਣ।

-ਇੰਜੀ. ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ.ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਸੀ.ਏ.ਏ. ਨੂੰ ਲਾਗੂ ਕਰਨਾ ਸਵਾਗਤਯੋਗ

ਕੁਝ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੁਆਰਾ ਕੇਂਦਰ ਸਰਕਾਰ ਦੇ ਸਿਰਫ ਵਿਰੋਧ ਦੀ ਖਾਤਰ ਨਾਗਰਿਕਤਾ (ਸੋਧ) ਐਕਟ, ਜਾਂ ਸੀ.ਏ.ਏ. ਦੇ ਵਿਰੁੱਧ ਰੌਲਾ-ਰੱਪਾ ਪਾਏ ਜਾਣ ਦੇ ਬਾਵਜੂਦ, ਐਕਟ ਤਹਿਤ 300 ਲੋਕਾਂ ਦੇ ਪਹਿਲੇ ਬੈਚ ਨੂੰ ਭਾਰਤੀ ਨਾਗਰਿਕਤਾ ਦੇਣ ਵਾਲੇ ਸਰਟੀਫਿਕੇਟ ਜਾਰੀ ਕਰਨ ਦੇ ਨਾਲ ਹੀ ਸੀ.ਏ.ਏ. ਨੂੰ ਲਾਗੂ ਕਰਨ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ।
ਤਿੰਨਾਂ ਦੇਸ਼ਾਂ ਭਾਵ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚੋਂ ਧਾਰਮਿਕ ਅੱਤਿਆਚਾਰ ਕਾਰਨ ਭੱਜ ਗਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਕੇ, ਭਾਰਤ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕੀਤਾ ਹੈ। ਇਕ ਤਰ੍ਹਾਂ ਨਾਲ ਅਸੀਂ ਆਪਣੇ ਹੀ ਲੋਕਾਂ ਨੂੰ ਅਪਣਾਇਆ ਹੈ ਅਤੇ ਉਨ੍ਹਾਂ ਦਾ ਪੁਨਰਵਾਸ ਕਰਕੇ ਇਕ ਮਾਨਵਤਾਵਾਦੀ ਫ਼ਰਜ਼ ਨਿਭਾਇਆ ਹੈ। ਉਮੀਦ ਹੈ ਕਿ ਬਾਕੀ ਦੇ ਬਿਨੈਕਾਰਾਂ ਦੀ ਸੀ.ਏ.ਏ. ਦੇ ਤਹਿਤ ਪੁਸ਼ਟੀ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇ ਪ੍ਰਮਾਣ ਪੱਤਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਬੇਸ਼ੱਕ, ਸੀ.ਏ.ਏ. ਨੂੰ ਲਾਗੂ ਕਰਨਾ ਸੱਚਮੁੱਚ ਸਵਾਗਤਯੋਗ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਰਾਜਨੀਤਕਾਂ ਦਾ ਡਿਗਦਾ ਗਰਾਫ਼

ਅੱਜ ਸਿਆਸਤ ਇਸ ਕਦਰ ਗੰਧਲੀ ਹੋਈ ਜਾਪ ਰਹੀ ਹੈ ਕਿ ਜਿਹੜੇ ਆਗੂਆਂ ਨੂੰ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਕੀਮਤੀ ਵੋਟ ਰਾਹੀਂ ਵਾਰ-ਵਾਰ ਕੁਰਸੀਆਂ ਉੱਪਰ ਬਿਠਾਇਆ, ਮਾਣ-ਸਨਮਾਨ ਦਿੱਤਾ ਹੁਣ ਉਹੀ ਆਗੂ ਲੋਕਾਂ ਦੀ ਬਿਲਕੁਲ ਪਰਵਾਹ ਕਰਦੇ ਨਹੀਂ ਦਿਖ ਰਹੇ। ਪਿਛਲੇ ਥੋੜੇ ਜਿਹੇ ਸਮੇਂ ਤੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਰਾਤ ਨੂੰ ਕੁਝ ਹੋਰ ਪਾਰਟੀ ਹੁੰਦੀ ਹੈ ਦਿਨ ਚੜ੍ਹਦੇ ਹੀ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਜਾਂਦੇ ਹਨ।
ਕਈਆਂ ਦੀ ਇੰਨੀ ਜ਼ਮੀਰ ਮਰ ਚੁੱਕੀ ਹੈ ਕਿ ਵਾਰ-ਵਾਰ ਇਕ ਪਾਰਟੀ ਦੇ ਵਿਧਾਇਕ ਰਹਿਣ ਤੋਂ ਬਾਅਦ ਵੀ ਆਪਣੀ ਪਾਰਟੀ ਦਾ ਗਰਾਫ ਡਿੱਗਦੇ ਸਾਰ ਹੀ ਦੂਸਰੀ ਪਾਰਟੀ ਵਿਚ ਗਏ ਹਨ। ਅੱਜਕਲ੍ਹ ਆਗੂ ਸਿਰਫ਼ ਤੇ ਸਿਰਫ਼ ਨਿੱਜੀ ਹਿਤਾਂ ਤੇ ਆਪਣੀ ਚੌਧਰ ਨੂੰ ਬਣਾਏ ਰੱਖਣ ਲਈ ਇਧਰ-ਉਧਰ ਭੱਜ ਰਹੇ ਹਨ। ਇਨ੍ਹਾਂ ਆਗੂਆਂ ਵਿਚ ਕਦਰਾਂ-ਕੀਮਤਾਂ ਵਾਲੀ ਕੋਈ ਗੱਲ ਨਹੀਂ ਦਿਖ ਰਹੀ।
ਸਿਆਸੀ ਲੋਕਾਂ 'ਤੇ ਬੇਭਰੋਸਗੀ ਦਾ ਆਲਮ ਅੱਜ ਇਸ ਕਦਰ ਵਧ ਗਿਆ ਹੈ ਕਿ ਕੋਈ ਨਹੀਂ ਜਾਣਦਾ ਕੀ ਕਿਹੜੀ ਪਾਰਟੀ ਦੇ ਕਿਹੜੇ ਆਗੂ ਨੇ ਕਦੋਂ ਦੂਜੀ ਪਾਰਟੀ ਵਿਚ ਚਲੇ ਜਾਣਾ ਹੈ। ਇਸ ਵਰਤਾਰੇ ਨੇ ਜਿੱਥੇ ਸਿਆਸਤਦਾਨਾਂ ਦੇ ਚਰਿੱਤਰ ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ, ਉਥੇ ਲੋਕ ਮਨਾਂ 'ਚ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਕਰ ਦਿੱਤੇ ਹਨ। ਸਾਨੂੰ ਇਨ੍ਹਾਂ ਸਿਆਸਤਦਾਨਾਂ ਤੋਂ ਬਚ ਕੇ ਸੂਝ-ਬੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.

23-05-2024

 ਸੋਸ਼ਲ ਮੀਡੀਆ ਦੀ ਦੁਰਵਰਤੋਂ

ਇਸ ਸਮੇਂ ਲੋਕ ਸਭਾ ਦੀਆਂ ਹੋ ਰਹੀਆਂ ਵੋਟਾਂ ਦੌਰਾਨ ਸਭ ਰਾਜਸੀ ਪਾਰਟੀਆਂ ਆਪੋ-ਆਪਣੇ ਚੋਣ ਪ੍ਰਚਾਰ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ, ਕਿਉਂਕਿ ਆਪਣੀ ਪਾਰਟੀ ਦੇ ਏਜੰਡੇ ਨੂੰ ਲੋਕਾਂ ਸਾਹਮਣੇ ਰੱਖਣ ਦਾ ਹੱਕ, ਉਨ੍ਹਾਂ ਨੂੰ ਸੰਵਿਧਾਨ ਨੇ ਦਿੱਤਾ ਹੈ।
ਪਰ ਇਸ ਦੌਰਾਨ ਸੋਸ਼ਲ ਮੀਡੀਆ ਦੁਆਰਾ ਕੁਝ ਸ਼ਰਾਰਤੀ ਅਨਸਰ ਆਪਣੀ ਫੇਕ ਆਈ.ਡੀ. ਬਣਾ ਕੇ ਬਹੁਤ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ। ਇਸ ਨਾਲ ਚੰਗੇ ਅਕਸ ਵਾਲੀਆਂ ਖੇਤਰੀ ਪਾਰਟੀਆਂ ਦੀ ਸਾਖ ਨੂੰ ਖੋਰਾ ਲਗਦਾ ਹੈ।
ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਪ੍ਰਚਾਰਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਭਾਰੀ ਜੁਰਮਾਨੇ ਲਾਏ ਜਾਣ।
ਰਾਜਸੀ ਪਾਰਟੀਆਂ ਵਲੋਂ ਵੋਟਾਂ ਦੌਰਾਨ ਮੁਫ਼ਤ ਦੇ ਲਾਲੀਪੋਪ ਦੇਣੇ ਵੀ ਬੰਦ ਕਰਵਾਏ ਜਾਣ ਅਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਵੇ। ਆਪਣਾ ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ। ਇਸ ਨਾਲ ਚੋਣਾਵੀ ਅਮਲ ਵਿਚ ਪਾਰਦਸ਼ਤਾ ਆਵੇਗੀ।

-ਲਖਵਿੰਦਰ ਸਿੰਘ ਧਨਾਨਸੂ
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।

ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਧਰਮ-ਜਾਤ ਅਤੇ ਹੋਰ ਲੋਕ ਲੁਭਾਊ ਮੁੱਦਿਆਂ 'ਤੇ ਲੋਕਾਂ ਕੋਲੋਂ ਵੋਟਾਂ ਮੰਗ ਰਹੀਆਂ ਹਨ ਕਿਉਂਕਿ ਦੇਸ਼ ਦੀ ਆਬਾਦੀ ਵਧ ਜਾਣ ਕਾਰਨ ਉਹ ਨਾ ਹੀ ਏਨੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੇ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕੇ ਹਨ, ਜਿਸ ਕਾਰਨ ਜਦੋਂ ਉਹ ਆਪਣਾ ਹੱਕ ਮੰਗਦੇ ਹਨ ਤਾਂ ਉਨ੍ਹਾਂ 'ਤੇ ਭਾਰੀ ਲਾਠੀਚਾਰਜ ਅਤੇ ਗੋਲੀਆਂ ਮਾਰਨ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਉਨ੍ਹਾਂ ਨੂੰ ਆਪਣਾ ਵਰਤਮਾਨ ਤੇ ਭਵਿੱਖ ਸੁਰੱਖਿਅਤ ਨਾ ਆਉਂਦਾ ਦੇਖ ਕੇ ਉਹ ਵਿਦੇਸ਼ਾਂ ਨੂੰ ਵਹੀਰਾਂ ਘਤ ਰਹੇ ਹਨ। ਦੇਸ਼ ਵਿਚ ਨਿੱਜੀਕਰਨ ਜੰਗੀ ਪੱਧਰ 'ਤੇ ਜਾਰੀ ਹੈ, ਜਿਸ ਕਾਰਨ ਵੱਡੇ-ਵੱਡੇ ਵਿਭਾਗ ਨਿੱਜੀ ਹੱਥਾਂ ਵਿਚ ਚਲੇ ਜਾਣ ਕਾਰਨ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਖੁੱਸਣ ਦਾ ਡਰ ਸਤਾਅ ਰਿਹਾ ਹੈ ਅਤੇ ਨੌਜਵਾਨਾਂ ਦਾ ਭਵਿੱਖ ਡਾਵਾਂਡੋਲ ਹੈ।
ਦੇਸ਼ ਵਿਚ ਰੁਜ਼ਗਾਰ ਦਾ ਮੁੱਖ ਸਰੋਤ ਭਾਰਤੀ ਫ਼ੌਜ ਹੈ ਜੋ ਕਿ ਹੁਣ ਭਰਤੀ ਅਗਨੀਵੀਰ ਪ੍ਰਣਾਲੀ ਰਾਹੀਂ ਕੀਤੀ ਜਾ ਰਹੀ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚਾਰ ਸਾਲ ਬਾਅਦ ਨੌਜਵਾਨ ਸੋਚਦਾ ਹੈ ਕਿ ਉਸ ਦਾ ਅੱਗੋਂ ਭਵਿੱਖ ਸੁਰੱਖਿਅਤ ਹੋਵੇਗਾ ਵੀ ਕਿ ਨਹੀਂ। ਸੋ, ਸੂਝਵਾਨ ਵੋਟਰਾਂ ਕੋਲ ਹੁਣ ਇਹ ਸੁਨਹਿਰੀ ਮੌਕਾ ਹੈ ਕਿ ਧਰਮ-ਜਾਤ, ਸ਼ਰਾਬ, ਪੈਸਿਆਂ ਦੇ ਲਾਲਚ, ਮੁਫ਼ਤ ਦੀਆਂ ਚੀਜ਼ਾਂ ਨੂੰ ਤਿਆਗ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਜੋ ਸਿਆਸੀ ਪਾਰਟੀ ਰੁਜ਼ਗਾਰ ਦੇ ਮੁੱਦੇ ਉਭਾਰਦੀ ਹੈ ਅਤੇ ਬੁਨਿਆਦੀ ਸਹੂਲਤਾਂ ਦੀ ਗੱਲ ਕਰਦੀ ਹੈ, ਉਸ ਨੂੰ ਹੀ ਚੁਣਨ ਨਹੀਂ ਤਾਂ ਉਨ੍ਹਾਂ ਦੇ ਹੱਥ ਆਇਆ ਮਤਦਾਨ ਦਾ ਮੌਕਾ ਖੁੰਝ ਜਾਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਬਟਾਲਾ।

'ਵਾਅਦਾ, ਜੋ ਵਫ਼ਾ ਨਾ ਹੂਆ'

ਸਰਕਾਰ ਜਦੋਂ 'ਸਰਵ ਸਿੱਖਿਆ ਅਭਿਆਨ' ਅਤੇ 'ਪੜ੍ਹੋ ਸਾਰੇ ਵਧੋ ਸਾਰੇ' ਦਾ ਨਾਅਰਾ ਲਗਾਉਂਦੀ ਹੈ ਤਾਂ ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਨਾਅਰੇ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਵੀ ਉਪਰਾਲੇ ਕਰੇ, ਪ੍ਰੰਤੂ ਸਰਕਾਰ ਦੇ ਕੀਤੇ ਕੰਮ ਆਟੇ ਵਿਚ ਲੂਣ ਬਰਾਬਰ ਹੁੰਦੇ ਹਨ, ਜਿਸ ਦੀ ਤਾਜ਼ਾ ਉਦਾਹਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਲੂਵਾਲ ਵਿਚ ਦੇਖਣ ਨੂੰ ਮਿਲਦੀ ਹੈ, ਜਿਥੇ ਬੱਚੇ ਸਕੂਲ ਜਾਣ ਲਈ ਪੰਜਾਹ ਤੋਂ ਸੱਠ ਫੁੱਟ ਡੂੰਘੇ ਸਤਲੁਜ ਦਰਿਆ ਨੂੰ ਕਿਸ਼ਤੀ ਰਾਹੀਂ ਪਾਰ ਕਰਕੇ ਕਾਲੂਵਾਲ ਤੋਂ ਗੱਟੀ ਰਾਜੋ ਕੇ ਪੜ੍ਹਨ ਲਈ ਜਾਂਦੇ ਹਨ। ਬੱਚੇ ਸਵੇਰੇ ਸਾਢੇ ਛੇ ਵਜੇ ਹੀ ਘਰੋਂ ਸਕੂਲ ਜਾਣ ਲਈ ਨਿਕਲ ਜਾਂਦੇ ਹਨ, ਡਰ ਅਤੇ ਸਹਿਮ ਦੇ ਮਾਹੌਲ ਦਾ ਸਾਹਮਣਾ ਕਰਦੇ ਹੋਏ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ।
ਸਿੱਖਿਆ ਮੰਤਰੀ ਵਲੋਂ ਪਿੰਡ ਕਾਲੂਵਾਲ ਦਾ ਦੌਰਾ ਕਰਕੇ ਕਾਲੂਵਾਲ ਅਤੇ ਗੱਡੀ ਰਾਜੋ ਕੇ ਵਿਚਕਾਰ ਪੁਲ ਬਣਾਉਣ ਦਾ ਭਰੋਸਾ ਦਿੱਤਾ ਗਿਆ, ਇਹ ਭਰੋਸਾ ਬਹੁਤ ਮਜ਼ਬੂਤ ਰਿਹਾ ਪ੍ਰੰਤੂ ਪੁਲ ਅਜੇ ਤੱਕ ਨਹੀਂ ਬਣਿਆ। ਉਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਵੀ ਇਨ੍ਹਾਂ ਪਿੰਡਾਂ ਵਿਚਕਾਰ ਪੁਲ ਬਣਾਉਣ ਲਈ ਕੋਈ ਸਾਰ ਨਹੀਂ ਲਈ ਗਈ। ਰੋਜ਼ਾਨਾ ਜੋਖ਼ਮ ਉਠਾ ਕੇ ਸਕੂਲ ਜਾ ਰਹੇ ਬੱਚੇ ਬਹਾਦਰ ਹਨ।
ਉਨ੍ਹਾਂ ਦੇ ਮਾਪਿਆਂ ਨੂੰ ਸਲਾਮ ਹੈ, ਜੋ ਆਪਣੇ ਬੱਚਿਆਂ ਨੂੰ ਖਤਰੇ ਵਿਚ ਪਾ ਕੇ ਸਕੂਲ ਭੇਜਦੇ ਹਨ। ਬੱਚੇ ਪੜ੍ਹਨਾ ਚਾਹੁੰਦੇ ਹਨ ਪ੍ਰੰਤੂ ਉਨ੍ਹਾਂ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਬਹੁਤ ਘੱਟ ਹਨ।
ਸਭ ਤੋਂ ਵੱਡੀ ਲੋੜ ਇਕ ਪੁਲ ਦੀ ਹੈ ਤਾਂ ਜੋ ਬੱਚੇ ਆਸਾਨੀ ਨਾਲ ਸਕੂਲ ਜਾ ਸਕਣ। ਪੁਲ ਬਣਾਉਣ ਦਾ ਕੰਮ ਇਕ ਵਾਅਦਾ ਬਣ ਕੇ ਹੀ ਨਾ ਰਹਿ ਜਾਵੇ, ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ। ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗਣ ਆ ਰਹੇ ਉਮੀਦਵਾਰਾਂ ਤੋਂ ਪਿੰਡਾਂ ਦੇ ਲੋਕਾਂ ਵਲੋਂ ਪੁਲ ਬਣਾਉਣ ਲਈ ਕੀਤੇ ਵਾਅਦੇ ਯਾਦ ਕਰਵਾਉਣੇ ਚਾਹੀਦੇ ਹਨ। ਇਹ ਸੁਨਹਿਰੀ ਮੌਕਾ ਹੈ ਮੁੜ ਕੇ ਹੱਥ ਨਹੀਂ ਆਵੇਗਾ।

-ਰਜਵਿੰਦਰ ਪਾਲ ਸ਼ਰਮਾ

22-05-2024

 ਦਲਿਤਾਂ ਬਾਰੇ ਵੀ ਸੋਚਣ ਸਰਕਾਰਾਂ
6 ਮਈ ਦੇ ਅੰਕ ਵਿਚ ਵਿਨਾਇਕ ਦੱਤ ਦਾ ਲੇਖ 'ਪੰਜਾਬ ਦਾ ਭਵਿੱਖ ਤੇ ਦਲਿਤ ਵਰਗ ਦੀ ਤਰੱਕੀ' ਪੜ੍ਹਿਆ। ਲੇਖਕ ਨੇ ਅੰਕੜਿਆਂ ਦੀ ਮਦਦ ਨਾਲ ਜਿਸ ਤਰ੍ਹਾਂ ਪੰਜਾਬ ਵਿਚ ਦਲਿਤ ਵਰਗ ਦੀ ਸਥਿਤੀ ਬਿਆਨ ਕੀਤੀ ਹੈ, ਉਹ ਵਾਕਿਆ ਹੀ ਦਰਦਨਾਕ ਸਥਿਤੀ ਨੂੰ ਬਿਆਨ ਕਰਦੀ ਹੈ। ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਦਲਿਤ ਵਰਗ ਵਿਚੋਂ ਖੇਤ ਮਜ਼ਦੂਰਾਂ ਨਾਲ ਸੰਬੰਧਿਤ ਪਰਿਵਾਰਾਂ ਦੇ ਹਾਲਾਤ ਏਨੇ ਜ਼ਿਆਦਾ ਖ਼ਰਾਬ ਹਨ ਕਿ ਹਾਲ ਵੇਖ ਕੇ ਰੋਣਾ ਆ ਜਾਵੇ। ਕੱਚੇ ਕੋਠਿਆਂ ਵਿਚ ਰਹਿੰਦੇ ਕਈ ਗਰੀਬ ਪਰਿਵਾਰਾਂ ਕੋਲ ਪੂਰੇ ਬਰਤਨ ਅਤੇ ਬੁਨਿਆਦੀ ਲੋੜਾਂ ਦਾ ਸਾਮਾਨ ਵੀ ਨਹੀਂ ਹੁੰਦਾ। ਰੋਟੀ ਵੀ ਰੋਜ਼ਾਨਾ ਲਗਦੀ ਦਿਹਾੜੀ 'ਤੇ ਹੀ ਨਿਰਭਰ ਕਰਦੀ ਵਰਨਾ ਕਈ ਵਾਰ ਭੁੱਖੇ ਸੌਣਾ ਪੈਂਦਾ ਹੈ। ਸਰਕਾਰਾਂ ਦਾ ਇਸ ਵਰਗ ਵੱਲ ਕਦੇ ਵੀ ਧਿਆਨ ਨਹੀਂ ਗਿਆ। ਉਹ ਇਸ ਵਰਗ ਨੂੰ ਪੈਸੇ ਲੈ ਕੇ ਵੋਟਾਂ ਪਾਉਣ ਵਾਲਾ ਵਰਗ ਸਮਝਦੀਆਂ ਹਨ, ਜਿਸ ਕਰਕੇ ਸਰਕਾਰਾਂ ਇਸ ਵਰਗ ਦੀ ਅਣਦੇਖੀ ਕਰਦੀਆਂ ਹਨ। ਅੱਜ ਵੀ ਲੋਕਤੰਤਰੀ ਸਰਕਾਰਾਂ ਜਗੀਰਦਾਰੀ ਮਾਨਸਿਕਤਾ ਹੇਠ ਹੀ ਕੰਮ ਕਰ ਰਹੀਆਂ ਹਨ। ਉਹ ਇਸ ਵਰਗ ਨੂੰ ਨਰੇਗਾ, ਮੁਫ਼ਤ ਦੀ ਕਣਕ ਤੇ ਮੁਫ਼ਤ ਬਿਜਲੀ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ। ਇਸ ਸਮੇਂ ਵਿਚ ਸਾਡੇ ਪੰਜਾਬ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਤਾਂ ਲੀਡਰਾਂ ਨੂੰ ਜਿੱਤਣ ਤੋਂ ਬਾਅਦ ਇਸ ਵਰਗ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਸ ਵਰਗ ਦੀ ਤਰਸਯੋਗ ਹਾਲਤ ਸੁਧਾਰੀ ਜਾ ਸਕੇ।


-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਮੁੱਖ ਅਧਿਆਪਕ, ਸ.ਪ੍ਰਾ.ਸ. ਝਬੇਲਵਾਲੀ।


ਸੇਧਗਾਰ ਵੀ ਹੋਵੇ ਗੀਤ-ਸੰਗੀਤ
ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਗਿਆ ਹੈ ਅਤੇ ਸਿਹਤ ਮਾਹਿਰ ਇਸ ਨੂੰ ਤਣਾਅ ਘਟਾਉਣ ਦਾ ਬਿਹਤਰ ਜ਼ਰੀਆ ਮੰਨਦੇ ਹਨ। ਲੋਕ ਗੀਤ ਲੋਕ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਵਰਤਮਾਨ ਹਾਲਾਤ ਨੂੰ ਸ਼ਾਬਦਿਕ ਬੰਧਨਾਂ 'ਚ ਬੰਨ੍ਹਦੇ ਹਨ। ਅਜੋਕੀ ਪੰਜਾਬੀ ਗਾਇਕੀ ਮਾਰਧਾੜ, ਰੁਮਾਂਸਵਾਦ ਅਤੇ ਜੱਟਵਾਦ ਦੇ ਸੀਮਿਤ ਦਾਇਰੇ 'ਚ ਸੁੰਗੜ ਕੇ ਰਹਿ ਗਈ ਹੈ। ਇਹ ਗਾਇਕੀ ਰੂਹ ਦੇ ਸਕੂਨ ਤੋਂ ਕੋਹਾਂ ਦੂਰ ਹੈ। ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਪੰਜਾਬੀ ਦਾ ਸ਼ਾਬਦਿਕ ਵਿਗਾੜ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਮੰਦਭਾਗਾ ਰੁਝਾਨ ਜਵਾਨੀ ਨੂੰ ਕੁਰਾਹੇ ਪਾਉਣ 'ਚ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਤਰ੍ਹਾਂ ਅਜੋਕਾ ਪੰਜਾਬੀ ਗੀਤ ਸੰਗੀਤ ਸਿਹਤਮੰਦ ਮਨੋਰੰਜਨ ਦੇਣ ਅਤੇ ਸੇਧਗਾਰ ਬਣਨ ਦੀ ਬਜਾਇ ਵਪਾਰੀਕਰਨ ਦੀ ਹਨੇਰੀ 'ਚ ਰੁਲ ਗਿਆ ਹੈ। ਇਸ ਨਿਘਾਰ ਨੂੰ ਰੋਕਣ ਲਈ ਸੈਂਸਰਸ਼ਿਪ ਹੋਣੀ ਜ਼ਰੂਰੀ ਹੈ। ਇਸ ਲਈ ਇਹ ਲਾਜ਼ਮੀ ਹੈ ਗਾਇਕੀ ਮਨੋਰੰਜਨ ਦੇ ਨਾਲ ਸੇਧਗਾਰ ਵੀ ਹੋਵੇ ਤਾਂ ਹੀ ਸਮਾਜ ਅਤੇ ਜਵਾਨੀ ਦਾ ਭਲਾ ਸੰਭਵ ਹੈ।


-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ (ਬਠਿੰਡਾ)


ਅਸਲ ਮੁੱਦੇ ਹੋਏ ਗ਼ਾਇਬ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਪਿੜ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੂਰੇ ਦੇਸ਼ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਪ੍ਰਚਾਰ ਜ਼ੋਰਾਂ 'ਤੇ ਹੈ। ਹਰੇਕ ਉਮੀਦਵਾਰ ਆਪਣੀ ਪਾਰਟੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ 'ਤੇ ਲੱਗਿਆ ਹੋਇਆ ਹੈ ਅਤੇ ਵਿਰੋਧੀ ਧਿਰ ਨੂੰ ਝੂਠਾ ਸਾਬਤ ਕਰਨ 'ਤੇ ਤੁਲਿਆ ਹੋਇਆ ਹੈ। ਹਲਕੀ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਕਿ ਵੋਟਰਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਆਪਣੇ ਨਾਲ ਜੋੜਿਆ ਜਾ ਸਕੇ। ਜੋ ਅਸਲ ਮੁੱਦੇ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੀ, ਨਸ਼ਿਆਂ ਨੂੰ ਖ਼ਤਮ ਕਰਨ ਦੀ, ਨਿੱਤ ਬੇਖੌਫ਼ ਹੋ ਰਹੀ ਹਿੰਸਾ ਦੀ, ਬੇਲਗਾਮ ਹੋਈ ਮਹਿੰਗਾਈ ਦੀ, ਪਲੀਤ ਹੋ ਰਹੇ ਵਾਤਾਵਰਨ ਦੀ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਦੀ, ਕਿਸਾਨੀ ਨਾਲ ਜੁੜੇ ਮਸਲਿਆਂ ਆਦਿ ਦੀ ਕਿਤੇ ਵੀ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ, ਸਿਰਫ਼ ਕੁਰਸੀ ਕਿਵੇਂ ਹਾਸਲ ਕਰਨੀ ਹੈ ਬਸ ਇਹ ਹੀ ਇਕੋ ਇਕ ਨਿਸ਼ਾਨਾ ਬਣਾਇਆ ਹੋਇਆ ਹੈ। ਹੌਲੀ-ਹੌਲੀ ਹੁਣ ਲੋਕ ਵੀ ਜਾਗਰੂਕ ਹੋ ਰਹੇ ਹਨ। ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਮੁਤਾਬਕ ਪ੍ਰਚਾਰ ਲਈ ਆ ਰਹੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਪਾਰਟੀ ਵਲੋਂ, ਉਨ੍ਹਾਂ ਦੇ ਹਲਕੇ 'ਚ ਕੀਤੇ ਕੰਮਾਂ ਬਾਰੇ ਸਵਾਲ ਕਰਨ ਦੀਆਂ ਖ਼ਬਰਾਂ ਇਸ ਵਾਰ ਚਰਚਾ ਵਿਚ ਹਨ। ਇਹ ਹੋਣਾ ਵੀ ਚਾਹੀਦਾ ਹੈ ਜੇ ਕਿਸੇ ਰਾਜਨੀਤਕ ਪਾਰਟੀ ਨੇ ਉਸ ਹਲਕੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਮਸਲਿਆਂ ਦਾ ਹੱਲ ਕੀਤਾ ਹੀ ਨਹੀਂ ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦਾ ਕੀ ਅਧਿਕਾਰ ਹੈ। ਸਾਰੇ ਵੋਟਰਾਂ ਨੂੰ ਹੁਣ ਜਾਗਰੂਕ ਹੋਣਾ ਹੀ ਪਵੇਗਾ ਤਾਂ ਕਿ ਦਰਪੇਸ਼ ਅਸਲ ਮੁੱਦਿਆਂ ਦਾ ਪੱਕਾ ਹੱਲ ਕੱਢਿਆ ਜਾ ਸਕੇ।


-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।


ਸਬਰ ਅਤੇ ਸੰਤੋਖ
ਸਬਰ ਅਤੇ ਸੰਤੋਖ ਦੀ ਜ਼ਿੰਦਗੀ ਵਿਚ ਬੇਅੰਤ ਮਹੱਤਤਾ ਹੈ। ਇਹ ਗੁਣ ਇਨਸਾਨ ਨੂੰ ਸਮਰਪਿਤ, ਸ਼ਾਂਤ ਅਤੇ ਸ੍ਰੇਸ਼ਟ ਬਣਾਉਂਦੇ ਹਨ। ਸਬਰ ਨਾਲ, ਇਨਸਾਨ ਸਖ਼ਤੀ ਅਤੇ ਧੀਰਜ ਨਾਲ ਮੁਕਾਬਲਾ ਕਰਦਾ ਹੈ, ਜਿਸ ਨਾਲ ਉਸਨੂੰ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ।
ਇਨਸਾਨ ਆਪਣੀ ਹਾਲਤ ਨਾਲ ਸੰਤੋਖ ਨੂੰ ਕਬੂਲ ਕਰਦਾ ਹੈ ਅਤੇ ਮੰਨਿਆਂ ਦੀ ਬਦੋਲਤ ਸੁਖ ਅਤੇ ਖੁਸ਼ੀ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ। ਇਹ ਗੁਣ ਇਨਸਾਨੀ ਜੀਵਨ ਨੂੰ ਸਮਰਪਿਤ ਅਤੇ ਸੰਤੋਖਪੂਰਵਕ ਜੀਣ ਦੀ ਕਲਾ ਸਿਖਾਉਂਦੇ ਹਨ। ਸਬਰ ਅਤੇ ਸੰਤੋਖ ਦੀ ਮਿਹਨਤ ਨਾਲ, ਇਨਸਾਨ ਆਪਣੀ ਜ਼ਿੰੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰ ਦੇਵੇਗਾ।


ਅਰਸ਼ਦੀਪ ਕੌਰ
ਬੀ. ਵਾਕ. (ਜੇ. ਐਮ. ਟੀ.)

21-05-2024

 ਏਜੰਟਾਂ ਦੀ ਧੋਖਾਧੜੀ
ਬੇਰੁਜ਼ਗਾਰੀ ਦੀ ਮਾਰ ਅਤੇ ਚੰਗੇ ਜੀਵਨ ਦੀ ਭਾਲ ਵਿਚ ਨੌਜਵਾਨਾਂ ਦਾ ਪ੍ਰਵਾਸ ਦਿਨੋ-ਦਿਨ ਵਧ ਰਿਹਾ ਹੈ। ਨੌਜਵਾਨ ਜਿੱਥੇ ਬਾਹਰ ਜਾਣ ਲਈ ਕਾਹਲੀ ਪਏ ਹਨ, ਉਥੇ ਧੋਖੇਬਾਜ਼ ਟ੍ਰੈਵਲ ਏਜੰਟਾਂ ਦਾ ਵੀ ਕਾਲਾ ਧੰਦਾ ਪੂਰੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਕੁਝ ਵੀ ਹੋ ਜਾਵੇ ਹੁਣ ਹਰ ਇਕ ਵਿਅਕਤੀ ਵਿਦੇਸ਼ ਜਾਣਾ ਲੋਚਦਾ ਹੈ, ਚਾਹੇ ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਗਵਾ ਕੇ ਹੀ ਕਿਉਂ ਨਾ ਤਾਰਨੀ ਪਵੇ। ਬੀਤੇ ਦਿਨ ਫਿਲੌਰ ਵਿਖੇ ਇਕ ਵਿਅਕਤੀ ਜੋ ਡੌਂਕੀ ਲਾ ਕੇ ਜਰਮਨੀ ਜਾ ਰਿਹਾ ਸੀ, ਉਸ ਦੀ ਮੌਤ ਹੋ ਗਈ। ਟਰੈਵਲ ਏਜੰਟ ਪਹਿਲਾਂ ਹੀ ਉਸ ਤੋਂ ਬਾਰਾਂ ਲੱਖ ਤੋਂ ਜ਼ਿਆਦਾ ਰੁਪਏ ਲੈ ਚੁੱਕੇ ਸਨ ਅਤੇ ਹੁਣ ਲਾਸ਼ ਦੇਣ ਲਈ ਵੀ ਚਾਰ ਲੱਖ ਰੁਪਏ ਮੰਗ ਰਹੇ ਹਨ। ਇਹ ਪੰਜਾਬ ਦੀ ਧਰਤੀ 'ਤੇ ਕਿਹੋ ਜਿਹੇ ਕਾਲੇ ਦਿਨ ਆ ਗਏ ਹੁਣ ਲਾਸ਼ ਦੇ ਵੀ ਸੌਦੇ ਹੋਣੇ ਸ਼ੁਰੂ ਹੋ ਗਏ। ਬਾਬੇ ਨਾਨਕ ਦੀ ਬਾਣੀ ਦਾ ਪੈਗਾਮ ਤਾਂ ਕਿਧਰੇ ਗਵਾਚ ਹੀ ਗਿਆ। ਸਾਨੂੰ ਸਾਰਿਆਂ ਨੂੰ ਜਿਥੇ ਇਨ੍ਹਾਂ ਧੋਖੇਬਾਜ਼ ਏਜੰਟਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਉਥੇ ਸਰਕਾਰ ਨੂੰ ਵੀ ਵਧ ਰਹੇ ਪ੍ਰਵਾਸ ਨੂੰ ਰੋਕਣ ਲਈ ਰੁਜ਼ਗਾਰ ਦੇਣ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਧੋਖੇਬਾਜ਼ ਏਜੰਟਾਂ ਖਿਲਾਫ਼ ਸਖ਼ਤ ਕਦਮ ਚੁੱਕ ਕੇ ਲੋੜੀਂਦੀ ਸਜ਼ਾ ਦੇਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕੋਈ ਵੀ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਜਾਲ ਵਿਚ ਨਾ ਫਸ ਸਕੇ।


-ਰਜਵਿੰਦਰ ਪਾਲ ਸ਼ਰਮਾ


ਕਤਲੇਆਮ ਦਾ ਜ਼ਿੰਮੇਵਾਰ ਕੌਣ?
ਜਿਸ ਤਰ੍ਹਾਂ ਪੰਜਾਬ ਵਿਚ ਹਰ ਰੋਜ਼ ਕਤਲੇਆਮ ਹੋ ਰਿਹਾ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਪਹਿਲਾਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਲੈ ਕੇ ਕੁਰਸੀ 'ਤੇ ਬਿਠਾ ਚੁੱਕੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਸੀ, ਉਹ ਕਿੰਨੀ ਕੁ ਨਿਭਾਅ ਸਕੇ ਹਨ, ਜੋ ਹੁਣ ਫਿਰ ਵੋਟਾਂ ਲੈਣ ਲਈ ਘਰ-ਘਰ ਗੇੜੇ ਮਾਰ ਰਹੇ ਹਨ, ਕੀ ਆਮ ਲੋਕ ਜਾਗਣਗੇ? ਕਦੋਂ ਜਾਗਣਗੇ ਆਮ ਲੋਕਾਂ ਨੂੰ ਕਦੋਂ ਪਤਾ ਲੱਗੂਗਾ ਕਿ ਅਸੀਂ ਆਪਣੀ ਸੁਰੱਖਿਆ ਖੁਦ ਕਰਨੀ ਹੈ। ਅਸੀਂ ਇਨ੍ਹਾਂ ਸਰਕਾਰਾਂ 'ਤੇ ਭਰੋਸਾ ਨਹੀਂ ਕਰਨਾ, ਅਸੀਂ ਇਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ ਜੇ ਅਸੀਂ ਵੋਟ ਪਾਉਣੀ ਵੀ ਹੈ ਤਾਂ ਆਪਣੀ ਵੋਟ ਖਰਾਬ ਨਾ ਕਰੋ ਸਿਰਫ ਨੋਟਾ ਦਾ ਬਟਨ ਦਬਾਓ ਜੋ ਤੁਹਾਡੀ ਆਪਣੀ ਸੁਰੱਖਿਆ ਕਰੇਗਾ। ਆਮ ਇਨਸਾਨ ਹਰ ਚੀਜ਼ ਨਾਲ ਲੜ ਰਿਹਾ ਹੈ ਮਹਿੰਗਾਈ ਨਾਲ, ਬੇਰੁਜ਼ਗਾਰੀ ਨਾਲ, ਨਸ਼ਿਆਂ ਲਈ ਲੜ ਰਿਹਾ ਹੈ। ਕੀ ਇਨ੍ਹਾਂ ਸਰਕਾਰਾਂ ਨੂੰ ਕੁਝ ਫਰਕ ਪਿਆ? ਜੋ ਪੈਸਾ ਹੁਣ ਆਪਣੀ ਇਲੈਕਸ਼ਨ 'ਤੇ ਲਾ ਰਹੇ ਹਨ, ਉਹੀ ਪੈਸਾ ਜੇ ਆਮ ਲੋਕਾਂ ਉੱਤੇ ਲਾਉਣ ਤਾਂ ਕੀ ਦੇਸ਼ ਦਾ ਸੁਧਾਰ ਨਹੀਂ ਹੋ ਸਕਦਾ? ਆਮ ਲੋਕਾਂ ਨੂੰ ਹੁਣ ਇਨ੍ਹਾਂ ਦਲ-ਬਦਲੂਆਂ ਦਾ ਪੱਲਾ ਛੱਡ ਕੇ ਆਪਣੇ ਆਪ ਲਈ ਇਕੱਠੇ ਹੋਣਾ ਪਵੇਗਾ ਤੇ ਆਪਣੇ ਮਸਲੇ ਉਹ ਇਕੱਠੇ ਹੋ ਕੇ ਆਮ ਲੋਕ ਹੀ ਸੁਲਝਾ ਸਕਣਗੇ।


-ਦਵਿੰਦਰ ਕੌਰ ਖੁਸ਼ ਧਾਲੀਵਾਲ
ਰਿਸਰਚ ਐਸੋਸੀਏਟ, ਧੂਰਕੋਟ, ਮੋਗਾ।


ਹਮੇਸ਼ਾ ਦੂਜਿਆਂ ਦੀ ਮਦਦ ਕਰੋ
ਅਸੀਂ ਜ਼ਿੰਦਗੀ ਦੀ ਇਸ ਭੱਜ-ਦੌੜ ਵਿਚ ਏਨੇ ਗਵਾਚ ਗਏ ਹਾਂ, ਏਨੇ ਪਦਾਰਥਕ ਹੋ ਗਏ ਹਾਂ ਕਿ ਵਿਵਹਾਰਕ ਜੀਵਨ ਦੇ ਮਾਅਨੇ ਹੀ ਭੁੱਲਦੇ ਜਾ ਰਹੇ ਹਾਂ। ਸਾਡੇ ਆਲੇ-ਦੁਆਲੇ ਕਿੰਨਾ ਕੁਝ ਅਣਸੁਖਾਵਾਂ ਵਾਪਰ ਰਿਹਾ ਹੈ। ਨੌਜਵਾਨੀ ਗ਼ਲਤ ਰਾਹੇ ਤੁਰ ਪਈ ਹੈ, ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਕਿਸੇ ਨੂੰ ਕਿਸੇ ਦੂਸਰੇ ਦੀ ਕੋਈ ਪਰਵਾਹ ਨਹੀਂ, ਦੂਸਰੇ ਦਾ ਭਾਵੇਂ ਕਿੰਨਾ ਹੀ ਨੁਕਸਾਨ ਕਿਉਂ ਨਾ ਹੋ ਜਾਵੇ ਸਿਰਫ਼ ਖ਼ੁਦ ਦਾ ਫ਼ਾਇਦਾ ਹੋਣਾ ਚਾਹੀਦਾ ਹੈ। ਇਹ ਸੋਚਣੀ ਦੇ ਮਾਲਕ ਅਸੀਂ ਹੋ ਗਏ ਹਾਂ। ਕੀ ਇਹ ਸਾਡੇ ਤੇ ਸਾਡੇ ਸਮਾਜ ਲਈ ਚੰਗਾ ਹੈ? ਨਹੀਂ ਹਰਗਿਜ਼ ਨਹੀਂ, ਜੋ ਸਕੂਨ ਕਿਸੇ ਦੀ ਮਦਦ ਕਰ ਕੇ ਮਿਲਦਾ ਹੈ ਉਹ ਸਾਨੂੰ ਪਦਾਰਥਕ ਬਹੁਲਤਾ ਵਿਚੋਂ ਨਹੀਂ ਮਿਲਦਾ। ਸਾਨੂੰ ਹਮੇਸ਼ਾ ਦੂਸਰੇ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਦੂਜਿਆਂ ਦੀ ਮਦਦ ਕਰੋ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ ਲੋੜ ਪੈ ਸਕਦੀ ਹੈ। ਮਦਦ ਕਰੋ, ਕਿਉਂਕਿ ਇਸ ਨਾਲ ਤੁਹਾਡਾ ਵੀ ਭਲਾ ਹੁੰਦਾ ਹੈ। ਦਰਅਸਲ, ਕਿਸੇ ਦੀ ਮਦਦ ਕਰਨ ਨਾਲ ਮਨ ਨੂੰ ਉਹ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਹੈ, ਜਿਹੜੀ ਦਵਾਈਆਂ ਅਤੇ ਥਰੈਪੀ ਨਾਲ ਵੀ ਨਹੀਂ ਮਿਲਦੀ।


-ਗੌਰਵ ਮੁੰਜਾਲ
ਪੀ.ਸੀ.ਐਸ.


ਨਕਲ ਨੂੰ ਠੱਲ੍ਹ ਪਾਈ ਜਾਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦਾ ਨਤੀਜਾ 97.24 ਫ਼ੀਸਦੀ ਐਲਾਨਿਆ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਤਕ ਪ੍ਰਤੀਸ਼ਤ 95 ਫ਼ੀਸਦੀ ਤੋਂ ਉੱਪਰ ਆ ਰਹੀ ਹੈ। ਇਹ ਬੱਚਿਆਂ ਦੇ ਸਿੱਖਿਅਕ ਮਿਆਰ ਨਾਲ ਮੇਲ ਨਹੀਂ ਖਾਂਦੀ। ਕਈ ਸਰਵੇਖਕਾਂ ਮੁਤਾਬਿਕ ਪੰਜਾਬ ਦੇ ਵਿਦਿਆਰਥੀ ਪੜ੍ਹਨ-ਲਿਖਣ ਅਤੇ ਭਾਗ ਕਰਨ ਜਿਹੀ ਪ੍ਰਕਿਰਿਆ 'ਚ ਬਾਕੀ ਦੇਸ਼ ਦੇ ਵਿਦਿਆਰਥੀਆਂ ਤੋਂ ਪਿੱਛੇ ਹਨ। ਲੰਮੇ ਸਮੇਂ ਤੋਂ ਹੁੰਦੀ ਨਕਲ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। ਹਰ ਸਰਕਾਰ ਨੇ ਇਸ ਮਹਾਂਮਾਰੀ ਨੂੰ ਅਣਗੌਲਿਆਂ ਹੀ ਕੀਤਾ ਹੈ। ਇਸ ਮਹਾਂਮਾਰੀ ਨੇ ਨੌਜਵਾਨਾਂ 'ਚ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਪੈਦਾ ਕਰ ਦਿੱਤੀ ਹੈ। ਇਹ ਦਸਵੀਂ, ਬਾਰ੍ਹਵੀਂ ਪਾਸ ਨੌਜਵਾਨ ਕੋਈ ਵੀ ਕੋਰਸ ਕਰਨ ਦੇ ਯੋਗ ਨਹੀਂ ਹਨ। ਕਿਸੇ ਨੌਕਰੀ ਦੇ ਨਾ ਕਾਬਲ ਇਹ ਨੌਜਵਾਨ ਲੁੱਟਾਂ-ਖੋਹਾਂ, ਬੈਂਕਾਂ 'ਚ ਡਾਕੇ ਮਾਰਨ ਲਈ ਮਜਬੂਰ ਹਨ। ਜੇਕਰ ਕੋਈ ਸਰਕਾਰ ਸਕੂਲਾਂ 'ਚ ਵੱਜਦੀ ਸਰਬ-ਵਿਆਪਕ ਨਕਲ ਨੂੰ ਠੱਲ੍ਹ ਪਾਵੇਗੀ ਤਾਂ ਸਕੂਲ ਸਿੱਖਿਆ ਨਕਲ ਰਹਿਤ ਹੋ ਜਾਵੇਗੀ ਤਾਂ ਇਹ ਨਤੀਜੇ 50 ਫ਼ੀਸਦੀ ਤੋਂ ਉੱਪਰ ਕਦੇ ਵੀ ਨਹੀਂ ਆਉਣਗੇ। ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਉਸ ਦੇ ਨੌਜਵਾਨਾਂ ਦੀ ਸਹੀ ਸਿੱਖਿਆ ਹੈ।


-ਵੀਰ ਸਿੰਘ ਬਾਜਵਾ
ਰਿਟਾ. ਲੈਕਚਰਾਰ।


ਰੁੱਤ ਦਲ-ਬਦਲਣ ਦੀ ਆਈ
ਪੰਜਾਬ ਵਿਚ ਜਿਵੇਂ-ਜਿਵੇਂ ਲੋਕ ਸਭਾ ਦੀਆਂ ਵੋਟਾਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਵੋਟਾਂ ਦਾ ਅਖਾੜਾ ਭਖਦਾ ਜਾ ਰਿਹਾ ਹੈ। ਜਿੱਥੇ ਸਿਆਸੀ ਲੀਡਰ ਲੋਕਾਂ ਨਾਲ ਕੰਮਾਂ ਦੇ ਵਾਅਦੇ ਕਰ ਰਹੇ ਹਨ ਜਾਂ ਕੰਮ ਕਰਨ ਵਾਲੀ ਗਾਰੰਟੀ ਦੇ ਰਹੇ ਹਨ ਉਥੇ ਹੀ ਕੁਝ ਆਗੂ ਜਾਂ ਲੀਡਰ ਦਲ ਬਦਲਣ ਦੀ ਹਨੇਰੀ ਲਿਆ ਰਹੇ ਹਨ। ਜਿਹੜੇ ਲੀਡਰ ਵਿਰੋਧੀ ਪਾਰਟੀਆਂ ਤੋਂ ਹਰ ਸਮੇਂ ਕੋਈ ਨਾ ਕੋਈ ਦੂਸ਼ਣਬਾਜ਼ੀ ਲਾਉਂਦੇ ਰਹੇ ਹਨ, ਉਹੀ ਲੀਡਰ ਹੁਣ ਟਿਕਟ ਲਈ ਉਸੇ ਪਾਰਟੀ ਵਿਚ ਜਾਣ ਨੂੰ ਇਕ ਮਿੰਟ ਵੀ ਨਹੀਂ ਲਗਾ ਰਹੇ। ਕਈ ਲੀਡਰ ਤਾਂ ਇੱਦਾਂ ਦੇ ਵੀ ਹਨ ਜੋ ਪਿਛਲੇ 6 ਮਹੀਨਿਆਂ ਤੋਂ ਪਤਾ ਨਹੀਂ ਕਿੰਨੀਆਂ ਕੁ ਪਾਰਟੀਆਂ ਬਦਲ ਚੁੱਕੇ ਹਨ। ਕੀ ਅਜਿਹੇ ਲੀਡਰਾਂ 'ਤੇ ਦੁਬਾਰਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਸਵੇਰੇ ਹੋਰ ਪਾਰਟੀ ਵਿਚ ਹੁੰਦੇ ਹਨ, ਦੁਪਹਿਰ ਵੇਲੇ ਹੋਰ ਅਤੇ ਸ਼ਾਮ ਵੇਲੇ ਹੋਰ ਪਾਰਟੀ ਵਿਚ।
ਵੋਟਾਂ ਵੇਲੇ ਦਲ ਬਦਲਣ ਵਾਲੇ ਲੀਡਰਾਂ ਤੋਂ ਤਾਂ ਇਹੋ ਕਿਆਸ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਸਿਰਫ਼ ਕੁਰਸੀ ਦੀ ਭੁੱਖ ਹੁੰਦੀ ਹੈ। ਕੁਰਸੀ ਲਈ ਇਹ ਕੁਝ ਵੀ ਕਰ ਸਕਦੇ ਹਨ। ਕੀ ਅਜਿਹੇ ਲੀਡਰਾਂ ਤੋਂ ਵਿਕਾਸ ਦੀ ਉਮੀਦ ਕੀਤੀ ਜਾ ਸਕਦੀ ਹੈ? ਜਨਤਾ ਨੂੰ ਵੀ ਸੋਚ-ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਚੰਗੇ ਲੀਡਰ ਦੀ ਚੋਣ ਹੋ ਸਕੇ। ਵੋਟਾਂ ਵੇਲੇ ਟਿਕਟ ਨਾ ਮਿਲਣ ਕਰਕੇ ਪਾਰਟੀ ਬਦਲਣ ਵਾਲਿਆਂ ਨੂੰ ਦੇਖ ਕੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਰੁੱਤ ਦਲ-ਬਦਲਣ ਦੀ ਆਈ.


-ਇੰਦਰਜੀਤ ਸਿੰਘ ਗੁਰਮ
(ਲੁਧਿਆਣਾ)

20-05-2024

 ਕਿਤਾਬਾਂ ਦੀ ਅਹਿਮੀਅਤ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ, ਜੋ ਹਮੇਸ਼ਾ ਜਾਣਕਾਰੀ ਦਿੰਦੀਆਂ ਹਨ। ਹਰ ਕਿਸਮ ਦੀ ਕਿਤਾਬ ਤੋਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲਦੀ ਹੈ ਅਤੇ ਇਹ ਸਮਾਂ ਬਿਤਾਉਣ ਦਾ ਵਧੀਆ ਸਾਧਨ ਹਨ। ਪਰ ਅੱਜ ਦੇ ਸਮੇਂ ਵਿਚ ਮਨੁੱਖੀ ਦਿਲਚਸਪੀ ਕਿਤਾਬਾਂ ਪੜ੍ਹਨ ਵੱਲ ਨਾ ਹੋ ਕੇ ਹੋਰ ਗਤੀਵਿਧੀਆਂ ਵਿਚ ਵਧਦੀ ਜਾ ਰਹੀ ਹੈ। ਮਨੁੱਖ ਮਨੋਰੰਜਨ ਲਈ ਸੋਸ਼ਲ ਮੀਡੀਆ, ਟੀ.ਵੀ. ਅਤੇ ਆਨਲਾਈਨ ਪਲੇਟਫਾਰਮਾਂ ਦੀ ਜ਼ਿਆਦਾ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਉਹ ਕਿਤਾਬਾਂ ਪੜ੍ਹਨ ਨੂੰ ਤਰਜੀਹ ਨਹੀਂ ਦਿੰਦਾ। ਜਦਕਿ ਕਿਤਾਬਾਂ ਸਭ ਦੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਰੱਖਦੀਆਂ ਹਨ। ਨਾਵਲ, ਜੀਵਨੀਆਂ ਅਤੇ ਕਹਾਣੀਆਂ ਮਨੁੱਖ ਨੂੰ ਜ਼ਿੰਦਗੀ ਦੀਆਂ ਸੱਚਾਈਆਂ ਤੋਂ ਜਾਣੂ ਕਰਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਦਿਮਾਗ਼ ਵਿਚ ਬਹੁਤ ਸਾਰੇ ਵਿਚਾਰ ਪੈਦਾ ਹੁੰਦੇ ਹਨ। ਕਿਤਾਬਾਂ ਮਨੁੱਖ ਦੀ ਸੋਚਣ ਸ਼ਕਤੀ ਨੂੰ ਵਧਾਉਂਦੀਆਂ ਹਨ। ਮਨੁੱਖ ਨੂੰ ਹੋਰਨਾਂ ਗ਼ਲਤ ਪ੍ਰਕਿਰਿਆਵਾਂ ਨੂੰ ਛੱਡ ਕੇ ਕਿਤਾਬਾਂ ਪੜ੍ਹਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।


-ਸਿਮਰਨਦੀਪ ਕੌਰ
ਵਿਦਿਆਰਥੀ ਬੀ.ਵਾਕ. (ਜੇ.ਐਮ.ਟੀ.) ਭਾਗ ਪਹਿਲਾ
ਐਸ.ਡੀ. ਕਾਲਜ, ਬਰਨਾਲਾ।


ਮਿਲਾਵਟਖ਼ੋਰਾਂ 'ਤੇ ਸ਼ਿਕੰਜਾ
ਪਿਛਲੇ ਦਿਨੀਂ ਪਟਿਆਲਾ ਵਿਚ ਕੇਕ ਖਾਣ ਨਾਲ ਇਕ ਬੱਚੀ ਦੀ ਮੌਤ ਹੋਣ ਦੀ ਖ਼ਬਰ ਅਜੇ ਭੁੱਲੀ ਨਹੀਂ ਸੀ ਕਿ ਉਸ ਤੋਂ ਬਾਅਦ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਨਾਲ ਦੋ ਬੱਚੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਜਦੋਂ ਹਾਦਸਾ ਵਾਪਰ ਚੁੱਕਿਆ ਹੈ ਤਾਂ ਪ੍ਰਸ਼ਾਸਨ ਦੀ ਵੀ ਅੱਖ ਖੁੱਲ੍ਹ ਚੁੱਕੀ ਹੈ, ਛਾਪੇਮਾਰੀ ਕਰ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਜ਼ਬਤ ਕਰ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਇਹ ਅਕਸਰ ਦੇਖਣ ਵਿਚ ਆਇਆ ਹੈ ਕਿ ਪ੍ਰਸ਼ਾਸਨ ਉਦੋਂ ਜਾਗਦਾ ਹੈ, ਜਦੋਂ ਹਾਦਸਾ ਵਾਪਰ ਚੁੱਕਿਆ ਹੁੰਦਾ ਹੈ, ਉਸ ਤੋਂ ਪਹਿਲਾਂ ਉਹ ਕੋਈ ਪ੍ਰਵਾਹ ਨਹੀਂ ਕਰਦਾ। ਇਹੀ ਕਾਰਨ ਹੈ ਕਿ ਹਾਦਸੇ ਵਾਰ-ਵਾਰ ਵਾਪਰਦੇ ਰਹਿੰਦੇ ਹਨ। ਵਸਤਾਂ ਦੀ ਖ਼ਰੀਦ ਸਮੇਂ ਜਿਥੇ ਵਸਤਾਂ ਦੀ ਕੀਮਤ, ਬਣਨ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਉੱਥੇ ਵਿਕਰੇਤਾ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲਾਲਚ ਛੱਡ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਸਮੇਂ-ਸਮੇਂ 'ਤੇ ਬਾਹਰ ਕੱਢਦਾ ਰਹੇ। ਫੂਡ ਸੇਫ਼ਟੀ ਵਿਭਾਗ ਨੂੰ ਵੀ ਸਮੇਂ-ਸਮੇਂ 'ਤੇ ਅਜਿਹੀ ਜਾਂਚ ਨਿਰੰਤਰ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸੇ ਵਾਰ-ਵਾਰ ਵਾਪਰਨ ਤੋਂ ਰੋਕਿਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ।


ਬਦਲਦੇ ਸਮੀਕਰਨ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪ੍ਰੋਫ਼ੈਸਰ ਕੁਲਬੀਰ ਸਿੰਘ ਦਾ ਲੇਖ ਪੜ੍ਹਿਆ ਤੇ ਸਮਝਿਆ ਕਿ ਤੇਜ਼ੀ ਨਾਲ ਬਦਲਦੇ ਯੁੱਗ ਵਿਚ ਮਨੁੱਖ ਮਾਨਸਿਕ ਤੌਰ 'ਤੇ ਕਿੰਨਾ ਉਲਝ ਕੇ ਰਹਿ ਗਿਆ ਹੈ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਬੇਸ਼ੱਕ ਕੁਲ ਦੁਨੀਆ ਬੰਦੇ ਦੀ ਜ਼ੇਬ ਵਿਚ ਪਾ ਦਿੱਤੀ ਹੈ ਪਰ ਇਸ ਦੇ ਉਸਾਰੂ ਪ੍ਰਭਾਵ ਘੱਟ ਤੇ ਨੁਕਸਾਨ ਜ਼ਿਆਦਾ ਹਨ। ਮੱਲੋਮੱਲੀ ਲੋਕ ਵਟਸਐਪ, ਮੈਸੇਂਜਰ, ਫੇਸਬੁੱਕ ਆਦਿ ਦੇ ਜ਼ਰੀਏ ਵਿਹੜੇ ਵਿਚ ਆਣ ਵੜਦੇ ਹਨ ਤੇ ਬਿਨ ਮਤਲਬ ਹੀ ਗਿਆਨ ਦੀ ਵਰਖਾ ਕਰ ਜਾਂਦੇ ਹਨ। ਮਨੁੱਖੀ ਚੇਤਨਾ ਦਾ ਟਿਕਾਅ ਖੰਡਿਤ ਹੋ ਕੇ ਪ੍ਰੇਸ਼ਾਨ ਵਾਯੂਮੰਡਲ ਵਿਚ ਤਬਦੀਲ ਹੋ ਰਿਹਾ ਹੈ। ਆਧੁਨਿਕ ਯੁੱਗ ਦੀ ਇਹ ਤਕਨੀਕ ਮਾਨਸਿਕ ਰੋਗ ਬਣ ਕੇ ਚਿੰਬੜ ਗਈ ਹੈ, ਜਿਸ ਤੋਂ ਮੁਕਤੀ ਦਾ ਰਾਹ ਲੱਭਣਾ ਕਠਿਨ ਹੋ ਗਿਆ ਹੈ। ਅਣਚਾਹੀ ਸਮੱਗਰੀ ਨੂੰ ਸਾਫ਼ ਕਰਨਾ ਔਖਾ ਹੋ ਗਿਆ ਹੈ। ਕਈ ਲੋਕ ਖ਼ੁਦ ਹੁਕਮਨਾਮੇ ਨਹੀਂ ਪੜਦੇ ਪਰ ਵੰਡਣ ਦੀ ਸੇਵਾ ਬੜੀ ਕਰਦੇ ਹਨ।
ਆਓ, ਇਸ ਦੀ ਵਰਤੋਂ ਲੋੜ ਅਨੁਸਾਰ ਕਰ ਕੇ ਬਚਦਾ ਸਮਾਂ ਆਪਣੇ ਲਈ ਅਤੇ ਸਮਾਜ ਸੇਵਾ ਦੇ ਕਾਰਜਾਂ ਹਿੱਤ ਲਾਈਏ।


-ਗਿਆਨੀ ਜੋਗਾ ਸਿੰਘ ਕਵੀਸ਼ਰ,
ਭਾਗੋਵਾਲੀਆ, ਗੁਰਦਾਸਪੁਰ।


ਵਾਤਾਵਰਣ ਦੀ ਸੁਰੱਖਿਆ
ਪਿਛਲੇ ਦਿਨੀਂ 'ਅਜੀਤ' ਵਿਚ ਮੈਡਮ ਗੁਰਜੋਤ ਕੌਰ ਜੀ ਨੇ 'ਵਾਤਾਵਰਣ ਦੀ ਸੁਰੱਖਿਆ ਅਤੇ ਔਰਤਾਂ ਦੀ ਜ਼ਿੰਮੇਵਾਰੀ' ਬੜੇ ਸੁਚੱਜੇ ਢੰਗ ਨਾਲ ਔਰਤਾਂ ਨੂੰ ਸੁਨੇਹੇ ਦੇ ਰੂਪ 'ਚ ਲਿਖਿਆ। ਪਰ ਦੁਖ ਦੀ ਗੱਲ ਹੈ ਕਿ ਮਨੁੱਖ ਵਾਤਾਵਰਣ ਦੀ ਸਫ਼ਾਈ ਨੂੰ ਅਣਗੌਲਿਆਂ ਕਰੀ ਜਾ ਰਿਹਾ ਹੈ। ਇੰਨਾ ਜ਼ਰੂਰ ਹੈ ਕਿ ਪੌਦੇ ਲਗਾਉਣ ਵੇਲੇ ਫੋਟੋਆਂ ਖਿਚਵਾਉਣ ਦੀ ਹਰ ਇਕ ਨੂੰ ਲਾਲਸਾ ਪੈਦਾ ਹੋ ਜਾਂਦੀ ਹੈ, ਪਰ ਬਾਅਦ ਵਿਚ ਉਨ੍ਹਾਂ ਬੂਟਿਆਂ ਨੂੰ ਨਾ ਪਾਣੀ, ਨਾ ਡੰਗਰਾਂ ਦੇ ਖਾਣ ਤੋਂ ਬਚਾਅ ਕੀਤਾ ਜਾਂਦਾ ਹੈ। ਅਸੀਂ ਖ਼ੁਦ 'ਅਜੀਤ' ਵਲੋਂ ਭੇਜੇ ਗਿਆਰਾਂ ਸੌ ਤੋਂ ਵਧ ਬੂਟੇ ਲਗਾਏ ਅਤੇ ਵੰਡੇ ਸਨ, ਪਰ ਉਹ ਆਵਾਰਾ ਪਸ਼ੂਆਂ ਤੋਂ ਨਹੀਂ ਬਚ ਸਕੇ। ਸੋ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਬੂਟੇ ਲਗਾਓ, ਉਸ ਦੀ ਦੇਖਭਾਲ ਵੀ ਜ਼ਰੂਰ ਕਰੋ।


-ਭੋਲਾ ਨੂਰਪੁਰਾ।


ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
ਸੁਰਜੀਤ ਤਾਂ ਸੁਰਜੀਤ ਹੈ, ਜੋ ਸੁਰਜੀਤ ਹੈ ਉਹ ਕਦੇ ਮੋਇਆ ਨਹੀਂ ਕਰਦਾ। ਪਾਤਰ ਸਾਹਿਬ ਤੁਸੀਂ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ ਵਿਚ ਹਮੇਸ਼ਾ ਸੁਰਜੀਤ ਰਹੋਗੇ। ਤੁਹਾਡੇ ਮਾਣਕ ਮੋਤੀਆਂ ਵਰਗੇ ਸ਼ਬਦ ਮਾਂ ਬੋਲੀ ਦੇ ਸੁਨਹਿਰੀ ਪੰਨਿਆਂ ਵਿਚ ਸਦਾ ਆਪਣੀ ਚਮਕ ਬਿਖੇਰਦੇ ਰਹਿਣਗੇ। ਤੁਹਾਡੀ ਕਵਿਤਾ ਪੰਜਾਬ ਦੇ ਪਾਣੀਆਂ ਵਿਚ ਸਦਾ ਰੁਮਕਦੀ ਰਹੇਗੀ। ਤੁਹਾਡਾ ਲਿਖਿਆ ਹਰ ਇਕ ਹਰਫ਼ ਇਨ੍ਹਾਂ ਹਵਾਵਾਂ ਵਿਚ ਸੁਲਗਦਾ ਰਹੇਗਾ। ਤੁਹਾਡੇ ਵਰਗੇ ਮਹਾਨ ਸਪੂਤ ਦਾ ਚੁੱਪ ਚੁਪੀਤੇ ਤੁਰ ਜਾਣਾ ਪੰਜਾਬ ਅਤੇ ਪੰਜਾਬੀ ਬੋਲੀ ਲਈ ਅਸਹਿ ਹੈ। ਜੋ ਸਾਹਿਤ ਦਾ ਖਜ਼ਾਨਾ ਤੁਸੀਂ ਮਾਂ-ਬੋਲੀ ਦੀ ਝੋਲੀ ਪਾ ਕੇ ਗਏ ਹੋ ਉਸ ਲਈ ਹਰ ਪੀੜ੍ਹੀ ਤੁਹਾਡੀ ਰਿਣੀ ਰਹੇਗੀ।


-ਜਸਵੀਰ ਕੌਰ ਬਰਨਾਲਾ।

17-05-2024

 ਵਧਦੀ ਆਬਾਦੀ

ਪਿਛਲੇ ਦਿਨੀਂ ਜਾਰੀ ਹੋਈ ਇਕ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ ਇਕ ਸੌ ਚੁਤਾਲੀ ਕਰੋੜ ਤੋਂ ਟੱਪ ਚੁੱਕੀ ਹੈ। ਵਧਦੀ ਆਬਾਦੀ ਦੇਸ਼ ਲਈ ਨਵੀਆਂ ਚੁਣੌਤੀਆਂ ਲੈ ਕੇ ਆ ਰਹੀ ਹੈ। ਵਧਦੀ ਆਬਾਦੀ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਰਹਿਣਯੋਗ ਥਾਂ ਅਤੇ ਭੋਜਨ ਦੀ ਪ੍ਰਾਪਤੀ ਔਖੀ ਹੋ ਗਈ ਹੈ। ਬੇਰੁਜ਼ਗਾਰੀ ਨੇ ਪਰਿਵਾਰ ਦਾ ਪਾਲਣਮੁਸ਼ਕਿਲ ਕਰ ਦਿੱਤਾ ਹੈ। ਵਧਦੀ ਆਬਾਦੀ ਦਾ ਫਿਰ ਹੀ ਫਾਇਦਾ ਹੋਵੇਗਾ ਜੇਕਰ ਇਸ ਦੀ ਵਰਤੋਂ ਸੁਚੱਜੇ ਰੂਪ ਵਿਚ ਕੀਤੀ ਜਾਵੇ। ਆਬਾਦੀ ਨੂੰ ਰੁਜ਼ਗਾਰ ਦੀ ਪ੍ਰਾਪਤੀ ਨਾਲ ਹੀ ਦੇਸ਼ ਦੀ ਰਫਤਾਰ ਨੂੰ ਗਤੀ ਮਿਲੇਗੀ। ਦਿਨੋ-ਦਿਨ ਘੱਟ ਰਹੀਆਂ ਜ਼ਮੀਨਾਂ ਲੋੜੀਂਦੇ ਘਰ ਬਣਾਉਣ ਲਈ ਆਬਾਦੀ ਅੱਗੇ ਇਕ ਨਵਾਂ ਸੰਕਟ ਲੈ ਕੇ ਆ ਰਿਹਾ ਹੈ। ਆਬਾਦੀ ਨੂੰ ਕੰਟਰੋਲ ਕਰਨਾ ਵਾਤਾਵਰਨ ਅਤੇ ਸਮਾਜ ਵਿਚ ਵਧ ਰਹੇ ਆਰਥਿਕ ਪਾੜੇ ਨੂੰ ਘਟਾਉਣ ਲਈ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਸਰਕਾਰੀ ਸਹੂਲਤਾਂ ਦਾ ਵਟਾਂਦਰਾ ਕਰਨ ਵੇਲੇ ਛੋਟੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ। ਇਸ ਤਰ੍ਹਾਂ ਛੋਟੇ ਪਰਿਵਾਰ 'ਹਮ ਦੋ ਹਮਾਰੇ ਦੋ' ਅਮਲ ਵਿਚ ਆਵੇਗਾ। ਜਨਸੰਖਿਆ ਦਾ ਵਾਧਾ ਇਕ ਬੰਬ ਦੀ ਤਰ੍ਹਾਂ ਹੈ, ਜਿਸ ਦੇ ਫਟਣ ਨਾਲ ਨੁਕਸਾਨ ਹੋਵੇਗਾ। ਆਬਾਦੀ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਬਹੁਤ ਜ਼ਰੂਰੀ ਹੈ। ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਤਾਂ ਜੋ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਮੇਂ ਦੀ ਕਦਰ

ਸਮਾਂ ਸਭ ਤੋਂ ਕੀਮਤੀ ਚੀਜ਼ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਜੋ ਸਾਡੀ ਚੀਜ਼ ਗੁਆਚ ਜਾਵੇ ਤਾਂ ਅਸੀਂ ਉਸ ਨੂੰ ਲੱਭ ਸਕਦੇ ਹਾਂ ਜਾਂ ਨਵੀਂ ਖ਼ਰੀਦ ਸਕਦੇ ਹਾਂ ਪਰ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਸਾਨੂੰ ਆਪਣੇ ਨਿੱਕੇ-ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ। ਅੱਜ-ਕੱਲ੍ਹ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਫਾਲਤੂ ਗੱਲਾਂ ਵਿਚ ਨਸ਼ਟ ਕਰ ਰਹੇ ਹਨ। ਦੁਖ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਲੋਕ ਸਮੇਂ ਦੀ ਬਿਲਕੁਲ ਕਦਰ ਨਹੀਂ ਕਰਦੇ। ਸਮੇਂ ਦੀ ਸਹੀ ਵਰਤੋਂ ਸਾਡਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਲਈ ਤਾਂ ਸਮੇਂ ਦੀ ਕਦਰ ਹੋਰ ਵੀ ਜ਼ਰੂਰੀ ਹੈ। ਇਸ ਉੱਪਰ ਸਮੇਂ ਦੀ ਪਾਬੰਦੀ ਦੀ ਆਦਤ ਪਾ ਲੈਣ ਤਾਂ ਆਉਣ ਵਾਲੇ ਜੀਵਨ ਵਿਚ ਉਹ ਸਫਲ ਇਨਸਾਨ ਬਣ ਕੇ ਮਾਣ ਪ੍ਰਾਪਤ ਕਰਨਗੇ। ਅੱਜ ਦੇ ਲੋਕ ਆਪਣਾ ਜ਼ਿਆਦਾਤਰ ਸਮਾਂ ਗੱਪਾਂ ਮਾਰਨ ਵਿਚ ਕੱਢ ਦਿੰਦੇ ਹਨ। ਬੇਲੋੜੇ ਕੰਮਾਂ ਵਿਚ ਆਪਣਾ ਵਕਤ ਖ਼ਰਾਬ ਕਰਦੇ ਹਨ। ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਕਦੀ ਵੀ ਕਿਧਰੇ ਪੱਛੜ ਕੇ ਨਹੀਂ ਅੱਪੜਦਾ ਤੇ ਉਸ ਨੂੰ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਣਾਂ ਪੈਂਦਾ। ਇਸ ਪ੍ਰਕਾਰ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹਰ ਖੇਤਰ ਵਿਚ ਆਪਣੀ ਕਦਰ ਕਰਵਾਉਂਦਾ ਹੈ।

-ਮਨਪ੍ਰੀਤ ਕੌਰ
ਬੀ.ਵਾਕ (ਜੇ.ਐਮ.ਟੀ.) ਭਾਗ ਪਹਿਲਾ।

ਦਹੇਜ ਦੀ ਸਮੱਸਿਆ

ਸਮਾਂ ਬੀਤਣ ਨਾਲ ਇਹ ਸਨੇਹ ਪਿਆਰ ਦੀ ਰਸਮ ਸ਼ਰਾਪ ਬਣ ਰਹੀ ਹੈ। ਲੋਕਾਂ ਵਿਚ ਵਧਦਾ ਪਦਾਰਥਕ ਮੋਹ, ਲਾਲਚ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਵੱਧ ਤੋਂ ਵੱਧ ਦਾਜ ਦੀ ਉਮੀਦ ਲਾਉਣ ਲੱਗ ਪਏ ਤੇ ਫਿਰ ਹੌਲੀ-ਹੌਲੀ ਮੂੰਹ ਪਾੜ ਕੇ ਦਾਜ ਦੀ ਮੰਗ ਹੋਣ ਲੱਗ ਪਈ। ਇਹ ਦਾਜ ਦੀ ਮੰਗ ਪੂਰੀ ਨਾ ਹੋਣ ਦੀ ਸਥਿਤੀ ਵਿਚ ਕੁੜੀ ਅਤੇ ਉਸ ਦੇ ਮਾਪਿਆਂ ਨੂੰ ਤੰਗ ਕੀਤਾ ਜਾਣ ਲੱਗਾ। ਇਸ ਮਜਬੂਰੀ ਵੱਸ ਕੁੜੀਆਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਣ ਲੱਗੀਆਂ। ਕਈ ਥਾਵਾਂ 'ਤੇ ਸਹੁਰੇ ਘਰ ਵਲੋਂ ਕੁੜੀਆਂ ਨੂੰ ਕੁੱਟਣ-ਮਾਰਨ, ਜਿਊਂਦਾ ਸਾੜਨ ਦੀਆਂ ਘਟਨਾਵਾਂ ਵੀ ਅਖ਼ਬਾਰ ਦੀਆਂ ਸੁਰਖੀਆਂ ਬਣਨ ਲੱਗ ਪਈਆਂ। ਪਰ ਦੂਜੇ ਪਾਸੇ ਕਈ ਲੋਕਾਂ ਵਲੋਂ ਕਾਨੂੰਨ ਦੀ ਗ਼ਲਤ ਵਰਤੋਂ ਵੀ ਕੀਤੀ ਜਾਣ ਲੱਗੀ, ਜਿਸ ਕਾਰਨ ਬੇਦੋਸ਼ ਲੋਕ ਫਸ ਵੀ ਜਾਂਦੇ ਹਨ। ਇਸ ਲਈ ਮੁੰਡੇ-ਕੁੜੀਆਂ ਨੂੰ ਦਾਜ ਵਿਰੁੱਧ ਚੇਤਨਤਾ ਪੈਦਾ ਕਰਨ ਦੀ ਲੋੜ ਹੈ। ਇਸ ਕਰਕੇ ਕੁੜੀਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜ੍ਹਾ ਹੋਣਾ ਪਵੇਗਾ।

-ਰਮਨਦੀਪ ਕੌਰ

ਧੀਆਂ ਨੂੰ ਸਿਖਾਓ ਸਾਰੇ ਕੰਮ

ਅੱਜਕੱਲ੍ਹ ਆਮ ਧਾਰਨਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਸਿੱਖਣ ਸਿਖਾਉਣ ਦਾ ਸਮਾਂ ਹੀ ਨਹੀਂ ਹੁੰਦਾ। ਕੁੜੀਆਂ ਘਰ ਦਾ ਕੰਮ ਸ਼ੌਂਕ ਨਾਲ ਸਿੱਖ ਸਕਦੀਆਂ ਹਨ, ਜਿਵੇਂ ਜਦੋਂ ਮਾਂ ਰਸੋਈ ਵਿਚ ਕੰਮ ਕਰਦੀ ਹੈ ਤਾਂ ਆਪਣੀ ਧੀ ਨੂੰ ਕੰਮ ਵਿਚ ਹੱਥ ਵਟਾਉਣ ਲਈ ਆਖ ਸਕਦੀ ਹੈ। ਕੱਪੜੇ ਪ੍ਰੈੱਸ ਕਰਨੇ ਹੋਣ ਜਾਂ ਕੱਪੜੇ ਧੋਣ ਦਾ ਕੰਮ ਹੋਵੇ ਤਾਂ ਰੋਜ਼ ਥੋੜ੍ਹੇ-ਥੋੜ੍ਹੇ ਅਭਿਆਸ ਕਰਦੇ ਉਹ ਇਨ੍ਹਾਂ ਕੰਮਾਂ ਵਿਚ ਪਰਿਪੱਕਤਾ ਹਾਸਿਲ ਕਰ ਲਵੇਗੀ। ਇਸ ਤਰ੍ਹਾਂ ਘਰ ਦੇ ਕੰਮਾਂ 'ਚ ਨਿਪੁੰਨ ਹੋ ਜਾਵੇਗੀ। ਜੇ ਵੇਖਿਆ ਜਾਵੇ ਤਾਂ ਅੱਜ ਦੀ ਔਰਤ ਘਰ ਵੀ ਸੰਭਾਲਦੀ ਹੈ ਤੇ ਨੌਕਰੀ ਵੀ ਕਰਦੀ ਹੈ। ਇਨ੍ਹਾਂ ਦੋਹਾਂ ਕੰਮਾਂ ਵਿਚ ਉਹ ਸੰਤੁਲਨ ਤਾਂ ਹੀ ਬਣਾ ਸਕਦੀ ਹੈ ਜੇ ਉਹ ਆਪਣੇ ਕੰਮ ਵਿਚ ਨਿਪੁੰਨ ਹੋਵੇਗੀ। ਇਕ ਪੜ੍ਹੀ-ਲਿਖੀ ਨੌਕਰੀ ਪੇਸ਼ਾ ਔਰਤ ਇਕ ਚੰਗੀ ਸੁਆਣੀ ਵੀ ਹੋਣੀ ਚਾਹੀਦੀ ਹੈ। ਜੋ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾਉਣ ਦੇ ਬਰਾਬਰ ਹੈ। ਕੁਝ ਪਰਿਵਾਰਾਂ ਵਿਚ ਘਰੇਲੂ ਕੰਮ ਇਸ ਕਰਕੇ ਨਹੀਂ ਸਿਖਾਇਆ ਜਾਂਦਾ ਕਿ ਸਾਰੀ ਉਮਰ ਕੰਮ ਹੀ ਕਰਨਾ ਹੈ। ਘਰ ਦੇ ਕੰਮ ਕਰਨ ਜਾਂ ਸਿੱਖਣ ਨੂੰ ਹੇਠੀ ਨਹੀਂ ਸਮਝਣਾ ਚਾਹੀਦਾ।

-ਹਰਦੀਪ ਕੌਰ ਜੋਸਨ

16-05-2024

 ਸਿਆਸੀ ਆਗੂਆਂ ਦੀਆਂ ਪਲਟਬਾਜ਼ੀਆਂ

ਜਿਉਂ ਹੀ ਦੇਸ਼ ਅੰਦਰ ਸੰਸਦ ਦੀਆਂ ਚੋਣਾਂ ਦਾ ਐਲਾਨ ਹੋਇਆ, ਤਿਉਂ ਹੀ ਜਿਥੇ ਹਰ ਸਿਆਸੀ ਪਾਰਟੀ ਸਰਗਰਮ ਹੋਈ, ਉਥੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਵੀ ਆਪਣੀਆਂ ਵਫ਼ਾਦਾਰੀਆਂ ਬਦਲਣੀਆਂ ਅਤੇ ਪਲਟਬਾਜ਼ੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹਾ ਵਰਤਾਰਾ ਕਿਸੇ ਇਕ ਸਿਆਸੀ ਪਾਰਟੀ ਵਿਚ ਨਹੀਂ, ਬਲਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਚੱਲ ਰਿਹਾ ਹੈ। ਸ਼ਾਇਦ ਅਜਿਹਾ ਸੱਤਾ ਦੀ ਭੁੱਖ ਕਾਰਨ, ਇਖ਼ਲਾਕੀ ਗਿਰਾਵਟ, ਲਾਲਚ ਅਤੇ ਮੌਕਾਪ੍ਰਸਤੀ ਕਾਰਨ ਹੀ ਹੋ ਰਿਹਾ ਹੈ। ਕਿੰਨਾ ਚੰਗਾ ਹੋਵੇ ਜੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਖ਼ਲਾਕੀ ਤੌਰ 'ਤੇ ਉੱਚੇ ਹੋਣ, ਕਿਸੇ ਲੋਭ-ਲਾਲਚ ਅਤੇ ਮੌਕਾਪ੍ਰਸਤੀ ਕਰਕੇ ਆਪਣੀ ਪਾਰਟੀ ਦਾ ਤਿਆਗ ਕਰਕੇ ਦੂਸਰੀ ਪਾਰਟੀ ਵਿਚ ਨਾ ਜਾਣ, ਸਗੋਂ ਪਾਰਟੀ ਵਿਚ ਰਹਿ ਕੇ ਸੇਵਾ ਭਾਵਨਾ ਨਾਲ ਕੰਮ ਕਰਨ ਤੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹਾਸਿਲ ਕਰਨ। ਜਦੋਂ ਕੋਈ ਸਿਆਸੀ ਆਗੂ ਲੋਕਾਂ ਦਾ ਸੱਚਾ-ਸੁੱਚਾ ਸੇਵਕ ਬਣ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਵੇ ਤਾਂ ਲੋਕ ਉਸ ਨੂੰ ਪਲਕਾਂ 'ਤੇ ਬਿਠਾਉਣ ਤੱਕ ਜਾਂਦੇ ਹਨ, ਭਾਵ ਹਰ ਪੱਖੋਂ ਸਹਿਯੋਗ ਦਿੰਦੇ ਹਨ। ਕੀ ਅਜੋਕੇ ਸਮੇਂ ਦੇ ਸਿਆਸੀ ਆਗੂ ਇਸ ਮਸਲੇ ਸੰਬੰਧੀ ਕੋਈ ਸੋਚ-ਵਿਚਾਰ ਕਰਨਗੇ?

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਬਦਲੇ ਰਿਸ਼ਤਿਆਂ ਦੀ ਪਰਿਭਾਸ਼ਾ

ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਚੁੱਕੀ ਹੈ। ਅੱਜ ਅਜਿਹਾ ਜ਼ਮਾਨਾ ਆ ਚੁੱਕਾ ਹੈ ਕਿ ਅਸੀਂ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦੇ। ਹਰ ਕੋਈ ਖੁੱਲ ਕੇ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਕੋਈ ਕਿਸੇ ਦੇ ਅਧੀਨ ਰਹਿ ਕੇ ਜ਼ਿੰਦਗੀ ਬਸਰ ਨਹੀਂ ਕਰਨਾ ਚਾਹੁੰਦਾ। ਠੀਕ ਇਸੇ ਤਰ੍ਹਾਂ ਜੇ ਸਾਡਾ ਕੋਈ ਦੋਸਤ ਹੈ, ਅਸੀਂ ਉਸ ਨੂੰ ਆਪਣੇ ਮੁਤਾਬਿਕ ਨਹੀਂ ਚਲਾ ਸਕਦੇ। ਉਸ ਨੇ ਆਪਣੀ ਜ਼ਿੰਦਗੀ ਆਪਣੇ ਮੁਤਾਬਿਕ ਚਲਾਉਣੀ ਹੈ। ਜੇ ਉਸ ਨਾਲ ਕੁਝ ਗ਼ਲਤ ਹੋ ਰਿਹਾ ਹੈ ਜਾਂ ਉਹ ਕੁਝ ਗ਼ਲਤ ਕਰ ਰਿਹਾ ਹੈ, ਉਸ ਨੂੰ ਸਮਝਾ ਸਕਦੇ ਹਾਂ। ਸਮਝਣਾ ਨਾ ਸਮਝਣਾ ਉਸ ਦੀ ਆਪਣੀ ਫ਼ਿਤਰਤ ਹੈ।
ਅੱਜਕੱਲ੍ਹ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ 'ਚ ਕਿਸੇ ਨੂੰ ਆਪਣੇ ਮੁਤਾਬਿਕ ਨਹੀਂ ਚਲਾ ਸਕਦੇ। ਹਰ ਕੋਈ ਆਜ਼ਾਦ ਰਹਿਣਾ ਚਾਹੁੰਦਾ ਹੈ। ਜੋ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਉਹ ਆਪਣੇ ਮਾਂ-ਬਾਪ ਦਾ ਤਾਂ ਕਹਿਣਾ ਮੰਨਦੀ ਹੀ ਨਹੀਂ। ਦੂਜੇ ਦਾ ਕੀ ਮੰਨੇਗੀ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਰਿਸ਼ਤੇਦਾਰੀਆਂ 'ਚ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ, ਜੇ ਰਿਸ਼ਤਾ ਲੰਮਾ ਚਲਾਉਣਾ ਹੈ। ਨਹੀਂ ਤਾਂ ਦੋ ਮਿੰਟ 'ਚ ਹੀ ਰਿਸ਼ਤੇਦਾਰੀ ਟੁੱਟ ਜਾਂਦੀ ਹੈ। ਰਿਸ਼ਤੇਦਾਰਾਂ ਦੀ ਸਲਾਹ ਜ਼ਰੂਰ ਲਓ, ਜੇ ਤੁਹਾਨੂੰ ਸਹੀ ਲੱਗਦਾ ਹੈ। ਨਹੀਂ ਤਾਂ ਸੋਚ ਸਮਝ ਕੇ ਫ਼ੈਸਲੇ ਲਓ

-ਸੰਜੀਵ ਸਿੰਘ ਸੈਣੀ, ਮੁਹਾਲੀ

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ ਅਜੀਤ ਵਿਚ 'ਵਿਸਾਖੀ ਵਿਸ਼ੇਸ਼ ਅੰਕ' ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਮੁੱਖ ਪੰਨੇ 'ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਤਿਆਰ ਕਰਦਿਆਂ ਅਤੇ ਨਿਮਰਤਾ ਸਹਿਤ ਹੱਥ ਜੋੜ ਖੜ੍ਹੇ ਪੰਜ ਪਿਆਰਿਆਂ ਦੀ ਆਕਰਸ਼ਕ ਅਤੇ ਖ਼ੂਬਸੂਰਤ ਤਸਵੀਰ ਨੇ ਮਨ ਨੂੰ ਮੋਹ ਲਿਆ। ਡਾਕਟਰ ਜਸਪਾਲ ਸਿੰਘ ਦੀ ਰਚਨਾ 'ਖਾਲਸਾ ਪੰਥ ਦੀ ਸਿਰਜਣਾ ਦੀ ਇਤਿਹਾਸਕ ਵਿਸਾਖੀ', ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਚਨਾ 'ਸਿੱਖ ਕੌਮ ਦੀ ਨਿਆਰੀ ਹਸਤੀ ਦਾ ਪ੍ਰਤੀਕ : ਖ਼ਾਲਸਾ ਸਾਜਨਾ ਦਿਵਸ', ਡਾਕਟਰ ਪਰਮਵੀਰ ਸਿੰਘ ਦਾ ਲੇਖ 'ਵਿਸਾਖੀ : ਸੱਭਿਆਚਾਰਕ ਅਤੇ ਧਾਰਮਿਕ ਮਹੱਤਵ' ਸੀ। ਡਾਕਟਰ ਇੰਦਰਜੀਤ ਸਿੰਘ ਵਾਸੂ ਦਾ ਸੰਖੇਪ ਲੇਖ ਵੀ ਖ਼ਾਲਸੇ ਦੇ ਸੰਕਲਪ ਅਤੇ ਮਾਣਮੱਤੇ ਇਤਿਹਾਸ ਸੰਬੰਧੀ ਸੋਹਣੀ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ। ਤਲਵਿੰਦਰ ਸਿੰਘ ਬੁੱਟਰ ਦੀ ਰਚਨਾ 'ਆਲਮੀ ਮੇਲਾ ਹੈ ਵਿਸਾਖੀ' ਸਮੁੱਚੇ ਭਾਰਤ ਦੇਸ਼ ਵਿਚ ਮਨਾਏ ਜਾਂਦੇ ਵਿਸਾਖੀ ਦੇ ਪਵਿੱਤਰ ਤਿਉਹਾਰ ਸੰਬੰਧੀ ਬਹੁਤ ਹੀ ਵਧੀਆ ਜਾਣਕਾਰੀ ਪ੍ਰਦਾਨ ਕਰਦੀ ਹੈ। ਵਿਸਾਖੀ ਵਿਸ਼ੇਸ਼ ਅੰਕ ਵਿਚ ਹੀ ਡਾਕਟਰ ਸਰਬਜੀਤ ਕੌਰ ਸੰਧਾਵਾਲੀਆ ਦੀ ਕਵਿਤਾ 'ਵੈਸਾਖੁ ਭਲਾ ਸਾਖਾ ਵੇਸ ਕਰੇ' ਅਤੇ ਗੁਰਦੀਸ਼ ਕੌਰ ਦੀਸ਼ ਦੀ ਕਵਿਤਾ 'ਉਸ ਪੰਥ ਸਜਾਇਆ ਏ' ਰਚਨਾਵਾਂ ਵਿਸਾਖੀ ਦੇ ਪਾਵਨ ਤਿਉਹਾਰ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਪੜ੍ਹ ਕੇ ਬਹੁਤ ਅਨੰਦ ਆਇਆ। ਰੋਜ਼ਾਨਾ ਅਜੀਤ ਅਖ਼ਾਬਰ ਦਾ ਇਹ 'ਵਿਸਾਖੀ ਵਿਸ਼ੇਸ਼ ਅੰਕ' ਉਹ ਵਿਸ਼ੇਸ਼ ਸਰਮਾਇਆ ਹੈ, ਜਿਸ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣਾ ਬਣਦਾ ਹੈ।

-ਡਾ. ਇਕਬਾਲ ਸਿੰਘ ਸਕਰੌਦੀ।
06, ਥਲੇਸ ਬਾਗ਼ ਕਾਲੋਨੀ, ਸੰਗਰੂਰ।

ਇਸਤਰੀ ਧਨ 'ਤੇ ਨਹੀਂ ਪਤੀ ਦਾ ਹੱਕ

ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਹ ਪਰਿਭਾਸ਼ਿਤ ਕਰਦੇ ਹੋਏ ਕਿ ਕਿਸੇ ਔਰਤ ਨੂੰ ਵਿਆਹ ਤੋਂ ਪਹਿਲਾਂ, ਵਿਆਹ ਦੇ ਸਮੇਂ ਜਾਂ ਵਿਦਾਇਗੀ ਸਮੇਂ ਜਾਂ ਉਸ ਤੋਂ ਬਾਅਦ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਵਸਤੂਆਂ ਤੋਹਫ਼ੇ ਉਸ ਇਸਤਰੀ ਦੀਆਂ ਧਨ ਸੰਪਤੀਆਂ ਹਨ, ਇਕ ਪੁਰਾਣੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪਤੀ ਦਾ ਇਸ ਉੱਤੇ ਕੋਈ ਹੱਕ ਨਹੀਂ ਹੈ ਅਤੇ ਭਾਵੇਂ ਕਿ ਉਹ ਬਿਪਤਾ ਵਿਚ ਇਸ ਦੀ ਵਰਤੋਂ ਕਰ ਸਕਦਾ ਹੈ, ਪਰ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਪਤਨੀ ਨੂੰ ਉਹੀ ਇਸਤਰੀ ਧਨ ਜਾਂ ਉਸ ਦੇ ਪੈਸੇ ਵਾਪਸ ਕਰੇ। ਸਾਡੇ ਸਮਾਜ ਵਿਚ ਇਕ ਔਰਤ ਲਈ ਇਸਤਰੀ ਧਨ ਇਕ ਸੱਭਿਆਚਾਰਕ ਮੁੱਲ, ਭਾਵਨਾਤਮਿਕ ਸਾਂਝ ਅਤੇ ਸਵੈ-ਮਾਣ ਦਰਸਾਉਣ ਵਾਲੇ ਇਸ ਮਾਮਲੇ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਦਿਸ਼ਾ ਵਿਚ ਸੁਪਰੀਮ ਕੋਰਟ ਨੇ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪਤੀਆਂ ਅਤੇ ਸਹੁਰੇ ਪਰਿਵਾਰਾਂ ਨੂੰ ਸਾਵਧਾਨ ਕਰਨ ਲਈ ਇਕ ਰੁਝਾਨ ਦੇ ਤੌਰ 'ਤੇ ਕੰਮ ਕਰ ਸਕਦਾ ਹੈ ਕਿ ਉਨ੍ਹਾਂ ਦਾ ਪਤਨੀ ਦੇ ਇਸਤਰੀ ਧਨ 'ਤੇ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਕੇਵਲ ਉਸ ਦੀ ਹੀ ਪੂਰਨ ਸੰਪਤੀ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ, ਨੰਗਲ

15-05-2024

 ਵਧਦੀ ਆਬਾਦੀ ਚਿੰਤਾ ਦਾ ਵਿਸ਼ਾ
ਭਾਰਤ ਦੀ ਵਧ ਰਹੀ ਆਬਾਦੀ ਚਿੰਤਾ ਦਾ ਵਿਸ਼ਾ ਤੇ ਖਤਰੇ ਦੀ ਘੰਟੀ ਹੈ। ਵਧਦੀ ਹੋਈ ਆਬਾਦੀ ਸੰਬੰਧੀ ਇਕ ਖ਼ਬਰ ਪੜ੍ਹੀ ਸੀ ਕਿ ਆਬਾਦੀ ਪਖੋਂ ਭਾਰਤ ਪਹਿਲੇ ਨੰਬਰ 'ਤੇ ਆ ਗਿਆ ਹੈ ਅਤੇ ਉਸ ਦੀ ਕੁੱਲ ਜਨਸੰਖਿਆ 142 ਕਰੋੜ ਤੋਂ ਪਾਰ ਪਹੁੰਚ ਗਈ ਹੈ। ਪੰਜਾਬ ਅਤੇ ਕੇਰਲ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਹਨ। ਵਧਦੀ ਆਬਾਦੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਗ਼ਰੀਬੀ ਰੇਖਾ ਵਿਚ ਰਹਿ ਰਹੇ ਝੁੱਗੀ, ਝੌਂਪੜੀ, ਟੱਪਰੀਵਾਸ ਆਬਾਦੀ ਵਿਚ ਵਾਧਾ ਕਰ ਰਹੇ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਾਰਨ ਇਸ ਸੰਬੰਧੀ ਸੰਜੀਦਾ ਅਤੇ ਗੰਭੀਰ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੁਫਤ ਸਹੂਲਤਾਂ ਤੇ ਸਰਕਾਰੀ ਨੌਕਰੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ। ਜੋ ਇਕ ਜਾਂ ਦੋ ਬੱਚੇ ਤੋਂ ਵੱਧ ਬੱਚੇ ਪੈਦਾ ਕਰਨ, ਸਰਕਾਰ ਨੂੰ ਸੈਮੀਨਾਰ ਲਗਾ ਕੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰਾਂ ਨੂੰ ਸਖਤ ਤੇ ਠੋਸ ਫੈਸਲੇ ਲੈਣ ਦੀ ਜ਼ਰੂਰਤ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।


ਵਿਦੇਸ਼ ਜਾਣ ਦੀ ਹੋੜ
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਵਿਦਿਆਰਥੀਆਂ ਵਿਚ ਆਮ ਕਰਕੇ ਪਲੱਸ ਟੂ ਕਰਨ ਤੋਂ ਮਗਰੋਂ ਵਿਦੇਸ਼ਾਂ ਵਿਚ ਜਾ ਕੇ ਪੜ੍ਹਨ ਦੀ ਸੂਚੀ ਜਨੂੰਨ ਵਾਂਗ ਸਵਾਰ ਹੋ ਚੁੱਕੀ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਜਾ ਰਹੇ ਹਨ ਅਤੇ ਇਹ ਗਿਣਤੀ ਹੁਣ ਲੱਖਾਂ ਤੱਕ ਜਾ ਪਹੁੰਚੀ ਹੈ। ਫਲਸਰੂਪ 2021 ਵਿਚ 1.50 ਲੱਖ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਗਏ। ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦਾ ਮੁੱਖ ਟੀਚਾ ਪੜ੍ਹਾਈ ਨਹੀਂ, ਸਗੋਂ ਖ਼ੁਸ਼ਹਾਲ ਭਵਿੱਖ ਉਥੇ ਪੱਕੇ ਹੋਣਾ ਹੈ, ਪੜ੍ਹਾਈ ਇਕ ਬਹਾਨਾ ਹੈ, ਜਿਸ ਦਾ ਬਹੁਤੇ ਫਾਇਦਾ ਉਠਾ ਰਹੇ ਹਨ, ਪਰ ਕਈ ਵਿਦੇਸ਼ਾਂ ਵਿਚ ਵੀ ਜ਼ਿੰਦਗੀਆਂ ਖਰਾਬ ਕਰਨ ਦੇ ਰਾਹ ਪਏ ਹੋਏ ਹਨ। ਇਸ ਲਈ ਸਰਕਾਰ, ਸਾਡੀਆਂ ਸਮਾਜਿਕ ਸੇਵੀ ਜਥੇਬੰਦੀਆਂ ਤੇ ਵਿਦੇਸ਼ੀ ਦੂਤਾਵਾਸਾਂ ਦਾ ਫ਼ਰਜ਼ ਹੈ ਕਿ ਉਹ ਵਿਦੇਸ਼ਾਂ ਵਿਚ ਪੜ੍ਹਨ ਲਈ ਆਉਣ ਵਾਲੇ ਨੌਜਵਾਨਾਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਵਿਦੇਸ਼ਾਂ ਵਿਚ ਰਾਜਧਾਨੀ ਤੇ ਜ਼ਿੰਮੇਵਾਰੀ ਨਾਲ ਵਿਚਰਨ ਲਈ ਜ਼ਰੂਰੀ ਸੇਧ ਤੇ ਅਗਵਾਈ ਦੇਣ ਲਈ ਸੈਮੀਨਾਰਾਂ ਦਾ ਪ੍ਰਬੰਧ ਕਰਨ।


-ਰਮਨਦੀਪ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਤਕਨਾਲੋਜੀ (ਵਿਦਿਆਰਥਣ) ਭਾਗ ਪਹਿਲਾ।


ਵਧ ਰਹੀਆਂ ਲੁੱਟਾਂ-ਖੋਹਾਂ
ਲੁੱਟ-ਖਸੁੱਟ, ਚੋਰੀ-ਚੱਕਾਰੀ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਇਕ ਸ਼ੌਕ ਵਜੋਂ ਪੈਦਾ ਹੋ ਰਹੀ ਹੈ। ਆਏ ਦਿਨ ਸੁਰਖੀਆਂ ਵਿਚ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ, ਸਾਈਕਲ ਤੋਂ ਲੈ ਕੇ ਕਾਰਾਂ ਤੱਕ ਚੋਰੀ ਹੋਣ ਜਾਂ ਫਿਰ ਨਕਾਬਪੋਸ਼ ਵਿਅਕਤੀਆਂ ਵਲੋਂ ਲੁੱਟੇ ਜਾਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਘਰਾਂ 'ਚ ਰਹਿਣਾ ਤੇ ਘਰਾਂ 'ਚੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਚੋਰੀਆਂ ਕਰਨ ਵਾਲੇ ਐਨੇ ਬੇਖੌਫ਼ ਹੋ ਗਏ ਹਨ ਕਿ ਦਿਨ-ਦਿਹਾੜੇ ਵੀ ਲੋਕਾਂ ਦੇ ਘਰਾਂ 'ਚ ਆ ਵੜਦੇ ਹਨ। ਕਈ ਵਾਰ ਉਨ੍ਹਾਂ ਦੇ ਦਿਮਾਗ 'ਚ ਐਨਾ ਵਹਿਸ਼ੀਪੁਣਾ ਚੜ੍ਹ ਜਾਂਦਾ ਹੈ ਕਿ ਉਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਅਜਿਹੀਆਂ ਵਾਰਦਾਤਾਂ ਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਨਸ਼ੇ ਹਨ। ਬੇਰੁਜ਼ਗਾਰੀ ਦੇ ਮਾਰੇ ਹੋਏ ਲੋਕ ਪੇਟ ਭਰਨ ਲਈ ਅਜਿਹੇ ਕੰਮਾਂ ਦਾ ਸਹਾਰਾ ਲੈਂਦੇ ਹਨ। ਇਸੇ ਦੇ ਨਾਲ ਹੀ ਨਸ਼ੇੜੀ ਨਸ਼ਿਆਂ ਦੀ ਪੂਰਤੀ ਲਈ ਵੱਡੀ ਗਿਣਤੀ ਵਿਚ ਲੁੱਟਾਂ-ਖੋਹਾਂ ਕਰ ਰਹੇ ਹਨ। ਸੋ, ਇਨ੍ਹਾਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਜੀਵਨ ਨਿਰਬਾਹ ਲਈ ਪੈਸੇ ਕਮਾ ਸਕਣ।


-ਰਾਜਿੰਦਰ ਕੌਰ
ਬੀ. ਵੋਕ (ਜਰਨਲਿਜ਼ਮ ਐਂਡ ਮਲਟੀਮੀਡੀਆ ਤਕਨਾਲੋਜੀ) ਭਾਗ-ਪਹਿਲਾ।

14-05-2024

 ਸੰਗੀਤ ਦਾ ਸਿਹਤਮੰਦ ਹੋਣਾ ਜ਼ਰੂਰੀ

ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਗਿਆ ਹੈ ਅਤੇ ਸਿਹਤ ਮਾਹਿਰ ਇਸ ਨੂੰ ਤਣਾਅ ਘਟਾਉਣ ਦਾ ਬਿਹਤਰ ਜ਼ਰੀਆ ਮੰਨਦੇ ਹਨ। ਲੋਕ ਗੀਤ ਲੋਕ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਵਰਤਮਾਨ ਹਾਲਾਤ ਨੂੰ ਸ਼ਾਬਦਿਕ ਬੰਧਨਾਂ 'ਚ ਬੰਨ੍ਹਦੇ ਹਨ। ਅਜੋਕੀ ਪੰਜਾਬੀ ਗਾਇਕੀ ਮਾਰਧਾੜ, ਰੁਮਾਂਸਵਾਦ ਅਤੇ ਜੱਟਵਾਦ ਦੇ ਸੀਮਤ ਦਾਇਰੇ 'ਚ ਸੁੰਗੜ ਕੇ ਰਹਿ ਗਈ ਹੈ। ਇਹ ਗਾਇਕੀ ਰੂਹ ਦੇ ਸਕੂਨ ਤੋਂ ਕੋਹਾਂ ਦੂਰ ਹੈ। ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਪੰਜਾਬੀ ਦਾ ਸ਼ਾਬਦਿਕ ਵਿਗਾੜ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਮੰਦਭਾਗਾ ਰੁਝਾਨ ਜਵਾਨੀ ਨੂੰ ਕੁਰਾਹੇ ਪਾਉਣ 'ਚ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਤਰ੍ਹਾਂ ਅਜੋਕਾ ਪੰਜਾਬੀ ਗੀਤ ਸੰਗੀਤ ਸਿਹਤਮੰਦ ਮਨੋਰੰਜਨ ਦੇਣ ਅਤੇ ਸੇਧਗਾਰ ਬਣਨ ਦੀ ਬਜਾਇ ਵਪਾਰੀਕਰਨ ਦੀ ਹਨੇਰੀ 'ਚ ਰੁਲ ਗਿਆ ਹੈ। ਇਸ ਨਿਘਾਰ ਨੂੰ ਰੋਕਣ ਲਈ ਸੈਂਸਰਸ਼ਿਪ ਹੋਣੀ ਜ਼ਰੂਰੀ ਹੈ। ਇਸ ਲਈ ਇਹ ਲਾਜ਼ਮੀ ਹੈ ਗਾਇਕੀ ਮਨੋਰੰਜਨ ਦੇ ਨਾਲ ਸੇਧਗਾਰ ਵੀ ਹੋਵੇ ਤਾਂ ਹੀ ਸਮਾਜ ਅਤੇ ਜਵਾਨੀ ਦਾ ਭਲਾ ਸੰਭਵ ਹੈ।

-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖ਼ਤੂ
ਤਹਿ. ਤੇ ਜ਼ਿਲ੍ਹਾ ਬਠਿੰਡਾ।

ਕੋਰੋਨਾ ਟੀਕੇ ਦਾ ਸਹਿਮ

ਸਾਡੇ ਸਿਆਣੇ ਇਕ ਕਹਾਵਤ ਦੱਸਦੇ ਹੁੰਦੇ ਸਨ ਕਿ ਕਿਸੇ ਵਿਅਕਤੀ ਦੇ ਸੱਪ ਡਸ ਗਿਆ, ਪਰ ਉਸ ਨੂੰ ਪਤਾ ਨਹੀਂ ਲੱਗਿਆ। ਉਹ ਆਪਣੇ ਕੰਮ ਲਈ ਚਲਾ ਗਿਆ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜਦੋਂ ਵਾਪਸ ਰਸਤੇ 'ਚ ਆ ਰਿਹਾ ਸੀ ਤਾਂ ਉਸ ਨੂੰ ਸਾਥੀਆਂ ਨੇ ਸੱਪ ਡੱਸਣ ਦੀ ਗੱਲ ਦੱਸੀ। ਉਹ ਵਿਅਕਤੀ ਘਬਰਾ ਕੇ ਡਿੱਗ ਗਿਆ ਤੇ ਮਰ ਗਿਆ। ਮੈਡੀਕਲ ਮਾਹਿਰਾਂ ਮੁਤਾਬਿਕ ਜ਼ਿਆਦਾਤਰ ਲੋਕ ਸੱਪ ਡੱਸਣ ਕਰਕੇ ਫੈਲੇ ਜ਼ਹਿਰ ਨਾਲ ਨਹੀਂ, ਸਗੋਂ ਸੱਪ ਦੇ ਡਰ ਨਾਲ ਮਰਦੇ ਹਨ।
ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਨੇ ਬਾਇਓਟੈੱਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਆਫ਼ 'ਇੰਡੀਆ' ਦੀ ਕੋਵੀਸ਼ੀਲਡ ਦੇ ਟੀਕੇ ਜਨਤਾ ਦੇ ਲਗਵਾਏ ਸਨ। ਉਸ ਸਮੇਂ ਇਨ੍ਹਾਂ ਟੀਕਿਆਂ ਬਾਰੇ ਬਹੁਤ ਸਾਰੇ ਵਾਦ-ਵਿਵਾਦ ਹੋਏ ਸਨ, ਜੋ ਕਿ ਹੁਣ ਸਹੀ ਸਾਬਿਤ ਹੁੰਦੇ ਦਿਖਾਈ ਦੇਣ ਲੱਗੇ ਹਨ। ਹੁਣ ਪਹਿਲੀ ਵਾਰ ਕੰਪਨੀ ਨੇ ਯੂ.ਕੇ. ਦੀ ਇਕ ਅਦਾਲਤ 'ਚ ਕੋਵਿਡ-19 ਵੈਕਸੀਨ ਨਾਲ ਖ਼ੂਨ ਜੰਮਣ ਅਤੇ ਹੋਰ ਦੁਰਪ੍ਰਭਾਵਾਂ ਬਾਰੇ ਮੰਨਿਆ ਹੈ। ਉਸ ਨੇ ਮੰਨਿਆ ਹੈ ਕਿ ਟੀਕੇ ਲਗਾਉਣ ਵਾਲੇ ਲੋਕਾਂ 'ਚੋਂ ਕੁਝ ਮਾਮਲਿਆਂ 'ਚ ਖ਼ੂਨ ਦੇ ਥੱਕੇ ਜੰਮਣ ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਪਤਾ ਲੱਗਾ ਹੈ। ਹੁਣ ਇਸ ਚਰਚਾ ਤੋਂ ਬਾਅਦ ਲੋਕਾਂ ਦੀ ਹਾਲਤ ਸੱਪ ਡੱਸਣ ਵਾਲੇ ਵਿਅਕਤੀ ਵਰਗੀ ਹੋ ਗਈ ਹੈ, ਜਿਸ ਕਿਸੇ ਨੇ ਵੀ ਟੀਕਾ ਲਗਵਾਇਆ ਸੀ, ਉਨ੍ਹਾਂ ਦੀ ਹਾਲਤ ਹਨੇਰੇ 'ਚ ਭਟਕੇ ਪੰਛੀ ਵਰਗੀ ਹੋਈ ਪਈ ਹੈ। ਜੇ ਅਦਾਲਤੀ ਖ਼ਬਰ ਬਾਹਰ ਨਾ ਆਉਂਦੀ ਤਾਂ ਕੋਰੋਨਾ ਤੇ ਟੀਕਾ ਭੁੱਲ ਚੁੱਕਿਆ ਸੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਤੀਜੇ ਵਿਸ਼ਵ ਯੁੱਧ ਦੇ ਸੰਕੇਤ

ਰੂਸ ਅਤੇ ਯੂਕਰੇਨ ਦੀ ਜੰਗ ਚੱਲ ਰਹੀ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਇਸ ਦੌਰਾਨ ਦੋਵੇਂ ਦੇਸ਼ਾਂ ਦਾ ਜੋ ਨੁਕਸਾਨ ਹੋਇਆ ਉਸ ਤੋਂ ਕਿਤੇ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੀ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਪਰਾਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਜੰਗ ਨੇ ਪਤਾ ਨਹੀਂ ਕਿੰਨੀਆਂ ਮਾਸੂਮ ਜਾਨਾਂ ਲਈਆਂ। ਆਪਣੇ ਨਿੱਜੀ ਫਾਇਦਿਆਂ ਲਈ ਅਮਰੀਕਾ ਤੇ ਚੀਨ ਵਰਗੇ ਕੁਝ ਦੇਸ਼ਾਂ ਵਲੋਂ ਇਸ ਨੂੰ ਰੋਕਣ ਦੀ ਬਜਾਏ ਸਿਆਸੀ ਹਵਾ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਹਥਿਆਰ ਵਿਕਦੇ ਰਹਿਣ ਅਤੇ ਆਪਣੀਆਂ ਜੇਬਾਂ ਭਰਦੇ ਰਹਿਣ। ਇਹ ਮਨੁੱਖ ਦੀ ਸੌੜੀ ਸੋਚ ਦਾ ਹੀ ਨਤੀਜਾ ਹੈ ਕਿ ਆਪਣੇ ਨਿੱਜੀ ਲਾਭ ਲਈ ਮਨੁੱਖ ਹੁਣ ਬੇਕਸੂਰ ਲੋਕਾਂ ਦੀਆਂ ਜਾਨਾਂ ਦਾ ਸੌਦਾਗਰ ਬਣ ਗਿਆ ਹੈ। ਇਹ ਜੰਗ ਇਸ ਤਰ੍ਹਾਂ ਹੀ ਜਾਰੀ ਹੈ ਹੋਰ ਪਤਾ ਨਹੀਂ ਕਿੰਨਾ ਸਮਾਂ ਚੱਲੇਗੀ ਪਰੰਤੂ ਜੇਕਰ ਇਹ ਜੰਗ ਸਮਾਂ ਰਹਿੰਦੇ ਨਾ ਰੁਕੀ ਤਾਂ ਤੀਜਾ ਵਿਸ਼ਵ ਯੁੱਧ ਬਹੁਤ ਜਲਦ ਹੋਣਾ ਤੈਅ ਹੈ। ਸੰਯੁਕਤ ਰਾਸ਼ਟਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਮੈਂਬਰ ਦੇਸ਼ਾਂ ਅੱਗੇ ਰੱਖ ਕੇ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਵਿਸ਼ਵ ਸ਼ਾਂਤੀ ਵੱਲ ਕਦਮ ਪੁੱਟਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਮੋਬਾਈਲ ਫੋਨ ਦੀ ਵਧ ਰਹੀ ਵਰਤੋਂ

ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਕੀਤਾ ਹੈ ਅਤੇ ਇਸ ਦੇ ਬਹੁਤ ਸਾਰੇ ਲਾਭ ਵੀ ਹਨ। ਪਰ ਮੋਬਾਈਲ ਫੋਨ ਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਹਨ, ਜਿਸ ਕਰਕੇ ਮਨੁੱਖ ਦਾ ਆਪਸੀ ਮੇਲ-ਮਿਲਾਪ ਘਟ ਗਿਆ ਹੈ। ਆਪਣੇ ਪਰਿਵਾਰ ਦੇ ਨਾਲ ਬੈਠੇ ਹੋਣ ਦੇ ਬਾਵਜੂਦ ਜਾਂ ਉਨ੍ਹਾਂ ਨਾਲ ਆਪਸੀ ਸੰਚਾਰ ਕਰਨ ਦੀ ਬਜਾਏ ਆਪਣਾ ਸਮਾਂ ਫ਼ੋਨ 'ਤੇ ਬਤੀਤ ਕਰਦੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਹੁਤ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਲੱਗ ਜਾਂਦੇ ਹਨ, ਜਿਸ ਵਿਚ ਸਭ ਤੋਂ ਖਤਰਨਾਕ ਹੈ 'ਡਿਪਰੈਸ਼ਨ।' ਇਸ ਰੋਗ ਵਿਚ ਵਿਅਕਤੀ ਬਹੁਤ ਇਕੱਲਾਪਣ ਮਹਿਸੂਸ ਕਰਦਾ ਹੈ ਅਤੇ ਆਪਣੀ ਸੋਚਣ ਸ਼ਕਤੀ ਨੂੰ ਗਵਾ ਦਿੰਦਾ ਹੈ। ਫ਼ੋਨ ਦੀ ਵਰਤੋਂ ਕਾਰਨ ਜੁਰਮਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ, ਜਿਨ੍ਹਾਂ ਵਿਚ ਸਾਈਬਰ ਕ੍ਰਾਈਮ ਬਹੁਤ ਚਰਚਿਤ ਹੈ।
ਮੋਬਾਈਲ 'ਤੇ ਇਕ ਓ.ਟੀ.ਪੀ. ਆਉਣ ਨਾਲ ਅਤੇ ਜਦੋਂ ਅਸੀਂ ਉਸ ਨੂੰ ਜਨਰੇਟ ਕਰਦੇ ਹਾਂ ਤਾਂ ਸਾਡਾ ਸਾਰਾ ਧਨ ਕਿਸੇ ਗਲਤ ਹੱਥ ਵਿਚ ਚਲਾ ਜਾਂਦਾ ਹੈ। ਬੱਚਿਆਂ 'ਤੇ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਪੜ੍ਹਾਈ ਅਤੇ ਸਰੀਰਕ ਵਾਧੇ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਨੂੰ ਹਰ ਇਕ ਚੀਜ਼ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ।

-ਸਿਮਰਨਦੀਪ ਕੌਰ
ਵਿਦਿਆਰਥੀ ਬੀ.ਵੋਕ. (ਜੇ.ਐਮ.ਟੀ.) ਭਾਗ ਪਹਿਲਾ
ਐਸ.ਡੀ. ਕਾਲਜ, ਬਰਨਾਲਾ।

13-05-2024

 ਹਮੇਸ਼ਾ ਖ਼ੁਸ਼ ਰਹੀਏ
ਸਾਨੂੰ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਸੁੱਖ ਹੈ ਉਹ ਵਸਤੂਆਂ 'ਚ ਨਹੀਂ ਹੈ ਸਗੋਂ ਸੁੱਖ, ਖ਼ੁਸ਼ੀ, ਅਨੰਦ ਸਾਡੇ ਅੰਦਰ ਹੀ ਹੈ। ਜਿਸ ਕੋਲ ਇਕ ਕਰੋੜ ਦੀ ਗੱਡੀ ਹੈ, ਉਸ ਕੋਲ ਵੀ ਸਕੂਨ ਨਹੀਂ ਹੈ। ਜੇ ਵਸਤੂਆਂ 'ਚ ਸੁੱਖ ਹੁੰਦਾ ਤਾਂ ਸਭ ਨੂੰ ਇਨ੍ਹਾਂ ਤੋਂ ਸੁੱਖ ਮਿਲ ਗਿਆ ਹੁੰਦਾ। ਖ਼ੁਸ਼ੀ ਹਮੇਸ਼ਾ ਆਪਣੇ ਅੰਦਰੋਂ ਹੀ ਲੱਭੋ। ਜੇ ਤੁਹਾਨੂੰ ਸ਼ੌਕ ਹੈ ਪੌਦੇ ਲਗਾਉਣ ਦਾ ਤਾਂ ਉਨ੍ਹਾਂ ਨਾਲ ਗੱਲਾਂ ਕਰੋ, ਆਪਣੇ ਘਰ 'ਚ ਛੋਟਾ ਜਿਹਾ ਬਾਗ-ਬਗੀਚਾ ਬਣਾਓ। ਜੇ ਨਹੀਂ ਹੋ ਸਕਦਾ ਤਾਂ ਗਮਲੇ ਰੱਖ ਲਵੋ, ਉਨ੍ਹਾਂ ਦੀ ਸਮੇਂ-ਸਮੇਂ 'ਤੇ ਦੇਖਭਾਲ ਕਰਦੇ ਰਹੋ। ਅਜਿਹਾ ਕੰਮ ਕਰੋ, ਜਿਸ 'ਚ ਤੁਹਾਨੂੰ ਸਕੂਨ ਮਿਲੇ। ਸਮੇਂ ਸਿਰ ਪਾਣੀ ਖਾਦ ਪਾਓ। ਤੁਹਾਨੂੰ ਬਹੁਤ ਹੀ ਖ਼ੁਸ਼ੀ ਮਿਲੇਗੀ। ਤੁਹਾਡਾ ਮਨ ਵਧੀਆ ਹੋਵੇਗਾ। ਨਕਾਰਾਤਮਿਕ ਵਿਚਾਰ ਨਹੀਂ ਆਉਣਗੇ।
ਜਿੰਨਾ ਵੀ ਤੁਹਾਡੇ ਕੋਲ ਹੈ, ਉਸ 'ਚ ਸੰਤੁਸ਼ਟ ਰਹੋ। ਨਿਰਸਵਾਰਥ ਹੋ ਕੇ ਲੋੜਵੰਦਾਂ ਦੀ ਮਦਦ ਕਰੋ। ਕੁਦਰਤ ਤੋਂ ਹਮੇਸ਼ਾ ਕੁਝ ਲਵੋ ਤਾਂ, ਕੁਦਰਤ ਨੂੰ ਦੁੱਗਣਾ ਕਰਕੇ ਮੋੜੋ। ਕੋਈ ਵੀ ਕੰਮ ਕਰ ਰਹੇ ਹੋ ਤਾਂ ਉਸ ਨੂੰ ਪੂਰੀ ਇਕਾਗਰਤਾ ਨਾਲ ਕਰੋ। ਪਰਮਾਤਮਾ ਦਾ ਧਿਆਨ ਕਰੋ। ਹਰ ਰੋਜ਼ ਥੋੜ੍ਹਾ ਸਮਾਂ ਧਿਆਨ ਲਾਓ। ਇਧਰ-ਉਧਰ ਦੀਆਂ ਗੱਲਾਂ 'ਤੇ ਆਪਣਾ ਸਮਾਂ ਨਸ਼ਟ ਨਾ ਕਰੋ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਅਲੋਪ ਹੋ ਰਿਹਾ ਸਰਮਾਇਆ
ਕਦੀ ਸਮਾਂ ਸੀ, ਸਣ ਤੇ ਸੁਨੱਕੜਾ ਜਿਸਨੂੰ ਵੱਢ ਕੇ ਛੱਪੜ ਵਿਚ ਕਈ ਦਿਨ ਡੋਬ ਕੇ ਰੱਖਿਆ ਜਾਂਦਾ ਸੀ, ਫਿਰ ਬਾਹਰ ਕੱਢ ਕੇ ਉਸ ਦੇ ਰੱਸੇ ਵੱਟੇ ਜਾਂਦੇ ਸਨ ਜਾਂ ਵਾਣ ਵੱਟ ਕੇ ਮੰਜੇ ਬੁਣੇ ਜਾਂਦੇ ਸਨ, ਜਿਨ੍ਹਾਂ ਦੀ ਥਾਂ ਹੁਣ ਪਲਾਸਟਿਕ ਦੇ ਰੱਸੇ-ਰੱਸੀਆਂ ਨੇ ਲੈ ਲਈ ਹੈ। ਫ਼ਸਲਾਂ ਵਿਚ ਵੀ ਕਈ ਕੀਮਤੀ ਜੜ੍ਹੀਆਂ-ਬੂਟੀਆਂ ਨੂੰ ਨਦੀਨਨਾਸ਼ਕ ਸਪਰੇਆਂ ਨੇ ਖਤਮ ਕਰ ਦਿੱਤਾ ਹੈ। ਕਈ ਫਸਲਾਂ ਦੀਆਂ ਪੁਰਾਣੀਆਂ ਨਸਲਾਂ ਵੀ ਲਗਭਗ ਖ਼ਤਮ ਹੋ ਗਈਆਂ ਹਨ। ਮਿੱਟੀ ਵਿਚ ਵਸਣ ਵਾਲੇ ਕੀੜਿਆਂ ਵਿਚ ਗੰਡੋਏ, ਘੁਮਾਰ ਆਦਿ ਰਸਾਇਣਾਂ ਦੀ ਵਰਤੋਂ ਕਰਕੇ ਲਗਭਗ ਖ਼ਤਮ ਹੁੰਦੇ ਜਾ ਰਹੇ ਹਨ। ਪਹਿਲਾਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬਲਦਾਂ ਨਾਲ ਹਲ ਵਾਹਿਆ ਜਾਂਦਾ ਸੀ ਤਾਂ ਕਈ ਕਿਸਮ ਦੇ ਰੰਗ-ਬਰੰਗੇ ਕੀੜੇ ਨਿਕਲਦੇ ਸਨ ਅਤੇ ਨਾਲ ਹੀ ਚਿੱਟੇ-ਚਿੱਟੇ ਬਗਲੇ ਵੀ ਇਨ੍ਹਾਂ ਨੂੰ ਚੁਗਣ ਲਈ ਆ ਜਾਂਦੇ ਸਨ ਅਤੇ ਹੁਣ ਕੋਈ ਅਜਿਹਾ ਕੀੜਾ ਨਜ਼ਰ ਨਹੀਂ ਆਉਂਦਾ। ਗਰਮੀਆਂ ਦੀਆਂ ਰਾਤਾਂ ਨੂੰ ਜੁਗਨੂੰ (ਟਟਹਿਣੇ) ਜੋ ਕਿ ਟਿਮਟਿਮਾਉਂਦੇ ਸਨ, ਉਹ ਹੁਣ ਕਿਤੇ ਨਜ਼ਰ ਨਹੀਂ ਆਉਂਦੇ ਅਤੇ ਜਾਲ ਬੁਣਨ ਵਾਲੀਆਂ ਮੱਕੜੀਆਂ ਵੀ ਰਸਾਇਣਾਂ ਦੀ ਭੇਟ ਚੜ੍ਹ ਗਈਆਂ ਹਨ। ਸੋ, ਸਮੇਂ ਦੇ ਫੇਰ ਨਾਲ ਵਿਰਾਸਤੀ ਦਰੱਖਤਾਂ, ਫ਼ਸਲੀ ਕੀੜਿਆਂ-ਮਕੌੜਿਆਂ ਦਾ ਸਰਮਾਇਆ ਅਲੋਪ ਹੁੰਦਾ ਜਾ ਰਿਹਾ ਹੈ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, (ਬਟਾਲਾ) ਗੁਰਦਾਸਪੁਰ।


ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
ਪਿਛਲੇ ਦਿਨੀਂ ਡਾ. ਮਨਪ੍ਰੀਤ ਕੌਰ ਦਾ ਉਮਦਾ ਲੇਖ 'ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਤੇ ਖਪਤਕਾਰਾਂ ਦੋਵਾਂ ਦੇ ਹਿਤ ਵਿਚ' ਪੜ੍ਹਿਆ। ਅਜੋਕੀ ਭਾਰਤੀ ਕਿਸਾਨੀ 'ਕਰੋ ਜਾਂ ਮਰੋ' ਦੀ ਸਥਿਤੀ ਵਿਚੋਂ ਲੰਘ ਰਹੀ ਹੈ। ਪੰਜਾਬ ਵਿਚ ਜਿਥੇ ਹਰੀ ਕ੍ਰਾਂਤੀ ਨੇ ਇਸ ਖਿੱਤੇ ਦੀ ਅਰਥ-ਵਿਵਸਥਾ ਨੂੰ ਉੱਪਰ ਚੁੱਕਣ ਦਾ ਕੰਮ ਕੀਤਾ, ਉਥੇ ਹੀ ਇਸ ਦੇ ਮਾੜੇ ਨਤੀਜੇ ਵੀ ਵੇਖਣ ਨੂੰ ਮਿਲੇ ਹਨ। ਵੱਧ ਪੈਦਾਵਾਰ ਦੇ ਚੱਕਰ ਵਿਚ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ, ਪਰਾਲੀ ਨੂੰ ਸਾੜਨ ਅਤੇ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਚੁੱਕਿਆ ਹੈ। ਇਸ ਸਭ ਨੂੰ ਸਹੀ ਕਰਨ ਦਾ ਤਰੀਕਾ ਇਹੀ ਹੋਵੇਗਾ ਕਿ ਸਰਕਾਰ ਫਸਲੀ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਵੇ ਜੋ ਕਿ ਬਾਕੀ ਫਸਲਾਂ ਉੱਪਰ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਨਾਲ ਕਈ ਫਸਲਾਂ ਜਿਵੇਂ ਦਾਲਾਂ ਆਦਿ ਦੀ ਦਰਾਮਦ ਘਟੇਗੀ, ਜੋ ਕਿਸਾਨੀ, ਭਾਰਤੀ ਅਰਥਚਾਰੇ ਅਤੇ ਖਪਤਕਾਰਾਂ ਲਈ ਵੀ ਫਾਇਦੇਮੰਦ ਹੋਵੇਗੀ ਅਤੇ ਝੋਨਾ-ਕਣਕ ਦੇ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਲਾਂਭੇ ਕਰਕੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾ ਲਵੇਗੀ।


-ਨਵਜੋਤ ਸਿੰਘ ਜੌਹਲ
1johalnavjot@gmail.com


ਹੱਥਾਂ ਦੀ ਥਾਂ ਕੰਬਾਈਨ ਨੇ ਲਈ
ਕਣਕ ਦੀ ਸੰਭਾਲ ਲਈ ਪੁਰਾਣੇ ਸਮਿਆ ਤੋਂ ਹੀ ਸਿਆਲ ਵਿਚ ਤਿਆਰੀ ਸ਼ੁਰੂ ਹੋ ਜਾਂਦੀ ਸੀ। ਪਰ ਹੁਣ ਅਜਿਹਾ ਨਹੀਂ ਹੁੰਦਾ। ਕਣਕ ਦੀ ਫ਼ਸਲ ਦੀ ਕਟਾਈ ਮਗਰੋਂ ਭਰੇ ਬਨਣ ਲਈ ਸਿਆਲ ਵਿਚ ਸੂਬ (ਰੱਸੀਆਂ) ਵੱਟੇ ਜਾਂਦੇ। ਕਣਕ ਦੀ ਕਟਾਈ ਹੁੰਦਿਆਂ ਹੀ ਪਿੜ ਬਣਾਏ ਜਾਂਦੇ। ਹੱਥਾਂ ਨਾਲ ਕਣਕ ਦੀ ਵਾਢੀ ਲੰਮਾਂ ਸਮਾਂ ਚੱਲਦੀ ਰਹਿੰਦੀ। ਕਈ-ਕਈ ਦਿਨ ਛੋਟੀਆਂ ਡਰਾਮੀਆ ਚੱਲਦੀਆ ਰਹਿੰਦੀਆਂ। ਫਿਰ ਹੜੰਬੇ ਆ ਗਏ ਤਾਂ ਕਣਕ ਦੀ ਸਾਂਭ-ਸੰਭਾਲ ਦਾ ਕੰਮ ਹੋਰ ਜਲਦੀ ਖ਼ਤਮ ਹੋਣ ਲੱਗਾ। ਕੰਬਾਇਨਾਂ ਨਾਲ ਵੀ ਕਣਕ ਦੀ ਕਟਾਈ ਹੋਣ ਲੱਗੀ। ਕਿਸਾਨੀ ਕੰਮ ਹੋਰ ਸੌਖਾ ਹੋ ਗਿਆ। ਕੰਬਾਇਨਾਂ ਨਾਲ ਕਟਾਈ ਦਾ ਕੰਮ ਹਰ ਸਾਲ ਵਧਦਾ ਗਿਆ ਅਤੇ ਹੱਥਾਂ ਨਾਲ ਕਟਾਈ ਦਾ ਕੰਮ ਘਟਦਾ ਗਿਆ। ਇਸ ਵਾਰ ਹੱਥਾਂ ਨਾਲ ਕਣਕ ਦੀ ਕਟਾਈ ਦਾ ਕੰਮ ਬਿਲਕੁਲ ਨਹੀਂ ਹੋਇਆ। ਪੰਜਾਬ ਵਿਚ ਕਣਕ ਦੀ ਸਾਰੀ ਕਟਾਈ ਕੰਬਾਈਨਾਂ ਨਾਲ ਹੀ ਹੋਈ ਹੈ। ਕਣਕ ਦੀ ਕਟਾਈ ਅਤੇ ਸੰਭਾਲ ਦਾ ਕੰਮ ਪੁਰਾਣੇ ਸਮਿਆਂ ਵਿਚ ਡੇਢ-ਦੋ ਮਹੀਨੇ ਚਲਦਾ ਸੀ। ਇਸ ਵਾਰ ਕਣਕ ਦੀ ਵਾਢੀ ਦਾ ਸ਼ੀਜਨ 15-20 ਦਿਨਾਂ ਵਿਚ ਹੀ ਖ਼ਤਮ। ਪੰਜਾਬ ਵਿਚ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੋ ਗਈ ਅਤੇ ਸਟਰਾਅ ਰੀਪਰਾਂ ਨਾਲ ਤੂੜੀ ਬਣੀ ਹੈ। ਕਣਕ ਦੀ ਵਾਢੀ ਲਈ ਦਾਤਰੀਆਂ ਦੀ ਖ਼ਰੀਦ ਬੰਦ ਹੋ ਗਈ ਹੈ। ਕਣਕ ਦੀ ਵਾਢੀ ਲਈ ਮਜ਼ਦੂਰਾਂ ਦੀ ਲੋੜ ਵੀ ਖ਼ਤਮ ਹੋ ਗਈ। ਕੰਬਾਈਨਾਂ ਨਾਲ ਕਣਕ ਦੀ ਕਟਾਈ ਹੋਣ ਕਰਕੇ ਮਜ਼ਦੂਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਦਾਤਰੀਆਂ ਅਤੇ ਹੜੰਬੇ ਦੇ ਦਾਤਾਂ ਦੇ ਦੰਦੇ ਕੱਢਣ ਵਾਲਿਆਂ ਦਾ ਕਾਰੋਬਾਰ ਵੀ ਅਲੋਪ ਹੋ ਗਿਆ ਹੈ।


-ਹਰਬੰਸ ਸਿੰਘ ਛਾਜਲੀ
ਪਿੰਡ ਛਾਜਲੀ (ਸੰਗਰੂਰ)

10-05-2024

 ਵਿਦੇਸ਼ ਜਾਣ ਦੀ ਦੌੜ

ਇਕ ਸਮਾਂ ਸੀ ਜਦੋਂ ਵਿਰਲਾ-ਵਿਰਲਾ ਪਰਿਵਾਰ ਹੀ ਵਿਦੇਸ਼ ਗਿਆ ਹੁੰਦਾ ਸੀ ਪਰ ਅੱਜ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇਗਾ ਜਿਸ ਦਾ ਕੋਈ ਵੀ ਜੀਅ ਵਿਦੇਸ਼ ਨਾ ਗਿਆ ਹੋਵੇ ਜਾਂ ਜਾਣ ਦੀ ਤਾਂਘ ਨਾ ਰੱਖਦਾ ਹੋਵੇ। ਅਸਲ ਵਿਚ ਅੱਜ ਪੰਜਾਬੀਆਂ ਲਈ ਵਿਦੇਸ਼ ਜਾਣਾ ਸ਼ੌਂਕ ਨਾਲੋਂ ਕਿਤੇ ਵੱਧ ਮਜਬੂਰੀ ਬਣ ਗਿਆ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਵਧ ਰਹੀ ਦਲਦਲ ਪੰਜਾਬੀ ਦੀ ਜਵਾਨੀ ਨੂੰ ਖ਼ਤਮ ਕਰ ਰਹੀ ਹੈ। ਸਰਕਾਰਾਂ ਵੀ ਇਨ੍ਹਾਂ ਪ੍ਰਤੀ ਬਹੁਤੀ ਗੰਭੀਰ ਨਹੀਂ ਹੈ। ਅਜਿਹੇ ਵਿਚ ਪੰਜਾਬੀ ਹੀ ਨੌਜਵਾਨੀ ਸੁਨਹਿਰੀ ਭਵਿੱਖ ਨੂੰ ਬਚਾ ਸਕਦੇ ਹਨ।

-ਗੁਰਪ੍ਰੀਤ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀਕਸ, ਵਿਦਿਆਰਥਣ, ਭਾਗ ਪਹਿਲਾ।

ਸਮਾਜ ਵਿਚ ਆ ਰਿਹਾ ਨਿਘਾਰ

ਬੀਤੇ ਦਿਨੀਂ 'ਅਜੀਤ' 'ਚ ਛਪੀ ਡਾ. ਅਮਨਪ੍ਰੀਤ ਸਿੰਘ ਬਰਾੜ ਦੀ ਰਚਨਾ ਪੜ੍ਹੀ, ਜਿਸ ਨੇ ਸਾਡੇ ਮੂਹਰੇ ਸਮਾਜ ਦੀ ਅਸਲੀ ਤਸਵੀਰ ਨੂੰ ਬਿਆਨ ਕੀਤਾ ਹੈ। ਡਾ. ਸਾਹਿਬ ਨੇ ਸੱਚ ਲਿਖਿਆ ਹੈ। ਅੱਜ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲ ਗਈ ਹੈ। ਰਿਸ਼ਤਿਆਂ ਵਿਚ ਬਹੁਤ ਵੱਡੀ ਤਬਦੀਲੀ ਆਈ। ਪਹਿਲੇ ਜ਼ਮਾਨੇ ਵਿਚ ਮੁੰਡਾ-ਕੁੜੀ ਨੂੰ ਜਾਣਦਾ ਨਹੀਂ ਸੀ, ਹੁਣ ਤਾਂ ਵਿਆਹ ਤੋਂ ਪਹਿਲਾਂ ਹੀ ਇਕੱਠੇ ਘੁੰਮਦੇ-ਫਿਰਦੇ ਹਨ, ਫਿਲਮੀ ਸ਼ੋਅ ਵੇਖੇ ਜਾਂਦੇ ਹਨ। ਇਕ-ਦੂਜੇ ਪ੍ਰਤੀ ਆਦਰ-ਸਨਮਾਨ ਜਾਂ ਇਕ-ਦੂਜੇ ਤੋਂ ਕੋਈ ਝਿਜਕ ਨਹੀਂ ਰਹਿੰਦੀ, ਇਸ ਲਈ ਥੋੜ੍ਹੀ ਜਿੰਨੀ ਵੀ ਤਰੇੜ ਪੈਣ 'ਤੇ ਰਿਸ਼ਤੇ ਗੂੜੇ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ ਜੋ ਜਲਦੀ ਤਲਾਕ ਦਾ ਰੂਪ ਧਾਰ ਜਾਂਦੇ ਹਨ। ਅੱਜ ਸਮਾਜ ਵਿਚ ਵੱਡਿਆਂ ਦਾ ਆਦਰ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਬਜਾਏ ਆਸ਼ਰਮ ਵਿਚ ਜੀਵਨ ਗੁਜ਼ਾਰਨਾ ਪੈਂਦਾ ਹੈ। ਅੱਜ ਦੇ ਸਮੇਂ ਵਿਚ ਭੈਣ-ਭਰਾਵਾਂ ਵਿਚ ਪਿਆਰ ਨਹੀਂ ਹੈ। ਜ਼ਮੀਨ ਦੀ ਖਾਤਰ ਭਰਾ-ਭਰਾ ਦਾ ਕਤਲ ਕਰ ਰਿਹਾ ਹੈ। ਵਿਸ਼ਵਾਸ ਅਤੇ ਪਿਆਰ ਕਿਧਰੇ ਨਜ਼ਰ ਨਹੀਂ ਆਉਂਦਾ। ਭਾਈਚਾਰਕ ਸਾਂਝ ਲੀਰੋ-ਲੀਰ ਹੋ ਗਈ। ਸਾਰਾ ਸਮਾਜ ਨਿਘਰਿਆ ਪਿਆ ਹੈ। ਸਮਾਜਿਕ ਤਾਣਾ-ਬਾਣਾ ਉਲਝਿਆ ਪਿਆ ਹੈ। ਸੋ, ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਬੁੱਧੀਜੀਵੀ ਲੋਕਾਂ ਨੂੰ ਇਸ ਪ੍ਰਤੀ ਚੇਤੰਨ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਆ ਰਹੇ ਨਿਘਾਰ ਨੂੰ ਰੋਕਿਆ ਜਾ ਸਕੇ।

-ਰਾਮ ਸਿੰਘ ਪਾਠਕ

ਚਿੰਤਾ ਦਾ ਵਿਸ਼ਾ

ਪੰਜਾਬ ਤੋਂ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ਾਂ ਵੱਲ ਜਾ ਰਹੀ ਹੈ। ਕਰਜ਼ੇ ਦੇ ਭਾਰ ਹੇਠ ਦੱਬੇ ਪਰਿਵਾਰ ਆਪਣੇ ਬੱਚਿਆਂ ਨੂੰ ਔਖੇ-ਸੌਖੇ ਵਿਦੇਸ਼ਾਂ ਵਿਚ ਭੇਜਦੇ ਹਨ। ਪਰ ਅਖ਼ਬਾਰਾਂ ਵਿਚ ਪੜ੍ਹ ਕੇ ਦਿਲ ਬਹੁਤ ਦੁਖੀ ਹੁੰਦਾ ਹੈ ਕਿ ਵਿਦੇਸ਼ਾਂ ਵਿਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਕਤਲ ਮਾਮਲੇ, ਨੌਜਵਾਨ ਲਾਪਤਾ, ਸੜਕ ਹਾਦਸਿਆਂ ਵਿਚ ਮੌਤਾਂ ਅਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਇਹ ਵਰਤਾਰਾ ਬਹੁਤ ਹੀ ਚਿੰਤਾਜਨਕ ਹੈ। ਪੰਜਾਬ ਤੇ ਕੇਂਦਰ ਸਰਕਾਰ ਨੂੰ ਇਸ ਦੇ ਪਿੱਛੇ ਦੇ ਅਸਲ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਜੇਕਰ ਇਸ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਲਵਪ੍ਰੀਤ ਕੌਰ

ਪੁਸਤਕਾਂ ਦੀ ਅਹਿਮੀਅਤ

ਬੀਤੇ ਦਿਨੀਂ ਵਿਸ਼ਵ ਪੁਸਤਕ ਦਿਵਸ 'ਤੇ ਮੈਨੂੰ ਇਕ ਲੇਖ ਪੜ੍ਹਨ ਦਾ ਮੌਕਾ ਮਿਲਿਆ ਜੋ ਕਿ ਸਾਰੇ ਪੱਖਾਂ ਤੋਂ ਬਹੁਤ ਹੀ ਵਧੀਆ ਸੀ। ਪੁਸਤਕਾਂ ਸਾਡੇ ਜੀਵਨ ਵਿਚ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਹਨ ਜੋ ਗਿਆਨ ਸਾਨੂੰ ਕਿਤਾਬਾਂ ਤੋਂ ਪ੍ਰਾਪਤ ਹੁੰਦਾ ਹੈ, ਉਹ ਇੰਟਰਨੈੱਟ ਜਾਂ ਹੋਰ ਕਿਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਗੱਲ ਬਿਲਕੁਲ ਸੱਚ ਹੈ। ਜੇਕਰ ਥਾਣੇ-ਕਚਹਿਰੀਆਂ ਦੀ ਜਗ੍ਹਾ ਲਾਇਬ੍ਰੇਰੀਆਂ ਵਧੇਰੇ ਹੋਣਗੀਆਂ ਤਾਂ ਸਾਡੇ ਸਮਾਜ ਵਿਚੋਂ ਅਪਰਾਧਿਕ ਮਾਮਲੇ ਘੱਟ ਹੋ ਜਾਣਗੇ ਅਤੇ ਸਾਡੇ ਬੱਚੇ ਕਿਤਾਬਾਂ ਨਾਲ ਜੁੜ ਜਾਣਗੇ ਅਤੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋ ਜਾਵੇਗਾ।

-ਬਲਜੀਤ ਕੌਰ
ਲਾਇਬ੍ਰੇਰੀਅਨ (ਰਾਏਕੋਟ)

ਪ੍ਰੈੱਸ ਦੀ ਆਜ਼ਾਦੀ

ਸ਼ੁੱਕਰਵਾਰ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਪ੍ਰੋਫ਼ੈਸਰ ਅਭੈ ਕੁਮਾਰ ਦੂਬੇ ਵਲੋਂ ਲਿਖੇ ਲੇਖ਼ 'ਮੀਡੀਆ ਦੇ ਵੱਡੇ ਹਿੱਸੇ ਨੇ ਆਲੋਚਨਾ ਦਾ ਅਧਿਕਾਰ ਛੱਡਿਆ' ਪੜ੍ਹਿਆ, ਜੋ ਕਿ 3 ਮਈ ਨੂੰ ਹਰ ਸਾਲ ਮਨਾਏ ਜਾਣ ਵਾਲੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਸੰਬੰਧੀ ਸੀ। ਲੇਖ ਪੜ੍ਹ ਕੇ ਪਤਾ ਲੱਗਿਆ ਕਿ ਪ੍ਰੈੱਸ ਦੀ ਆਜ਼ਾਦੀ ਸੰਬੰਧੀ ਜਾਰੀ ਕੀਤੀ ਜਾਂਦੀ ਦੇਸ਼ਾਂ ਦੀ ਸੂਚੀ 'ਚ ਭਾਰਤ ਦੇਸ਼ 2023 ਦੀ ਰਿਪੋਰਟ ਅਨੁਸਾਰ 180 ਦੇਸ਼ਾਂ 'ਚੋਂ 161 ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦੋਂ ਕਿ ਉਹ ਸਾਲ 2002 'ਚ 180 ਦੇਸ਼ਾਂ 'ਚੋਂ 80ਵੇਂ ਸਥਾਨ 'ਤੇ ਸੀ। ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਭਾਰਤ 'ਚ ਪੱਤਰਕਾਰਾਂ ਦੀ ਆਜ਼ਾਦੀ ਨੂੰ ਸੀਮਤ ਕਰਨ 'ਚ ਸੱਤਾਧਾਰੀ ਪਾਰਟੀਆਂ ਵਲੋਂ ਪੱਤਰਕਾਰਾਂ 'ਤੇ ਦਬਾਅ ਬਣਾਉਣਾ, ਪੁਲਿਸ ਦੀ ਪੱਤਰਕਾਰਾਂ ਵਿਰੋਧੀ ਹਿੰਸਾ, ਵੱਖ-ਵੱਖ ਰਾਜਨੀਤਕ ਵਿਚਾਰਧਾਰਾਂ ਦੇ ਸਮਰਥਕਾਂ ਵਲੋਂ ਕੀਤੇ ਜਾਣ ਵਾਲੇ ਹਮਲੇ, ਅਪਰਾਧੀ ਗਰੋਹਾਂ ਦੀ ਹਿੰਸਾ ਆਦਿ ਬਹੁਤ ਸਾਰੇ ਕਾਰਨ ਹਨ। ਮੀਡੀਆ ਦੀ ਬਹੁਤ ਜ਼ਿਆਦਾ ਪੂੰਜੀ-ਇਕਾਗਰਤਾ ਅਤੇ ਨਵੀਂ ਤਕਨੀਕ ਨਿਰਭਰਤਾ ਕਾਰਨ ਦੁਨੀਆ 'ਚ ਲੇਖ਼ਕ ਪੱਤਰਕਾਰ ਦੀ ਹੈਸੀਅਤ ਨੂੰ ਘਟਾਉਣ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਪ੍ਰਿੰਟ ਮੀਡੀਆ 'ਚ ਅਜੇ ਵੀ ਚੰਗੇ ਲੇਖ਼ਕ ਪੱਤਰਕਾਰਾਂ ਦਾ ਬੋਲਬਾਲਾ ਹੈ ਪਰ ਅੱਜ ਦੇ ਨਵੇਂ ਮਾਹੌਲ 'ਚ ਮੀਡੀਆ ਸਰਕਾਰ ਦੇ ਪੱਖ 'ਚ ਬੋਲਣ-ਲਿਖ਼ਣ ਨੂੰ ਸਮਰਪਿਤ ਦਿਖਾਈ ਦਿੰਦਾ ਹੈ। ਭਾਵੇਂ ਕਿ ਦੇਸ਼ 'ਚ ਤਕਨੀਕੀ ਤੌਰ 'ਤੇ ਪ੍ਰੈੱਸ ਆਜ਼ਾਦ ਹੈ, ਪਰ ਉਸ ਨੇ ਆਲੋਚਨਾ ਕਰਨ ਦੇ ਅਧਿਕਾਰ ਨਾਲੋਂ ਖ਼ੁਦ ਨੂੰ ਵਾਂਝਾ ਕਰ ਲਿਆ ਹੈ।

-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।

06-05-2024

 ਵਿਦਿਆਰਥੀਆਂ ਦਾ ਦੁਖਾਂਤ
ਤੇਲੰਗਾਨਾ ਵਿਚ ਬਾਰ੍ਹਵੀਂ ਜਮਾਤ ਵਿਚੋਂ ਫੇਲ੍ਹ ਹੋਣ ਕਰਕੇ ਸੱਤ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਨੇ ਇਕ ਵਾਰ ਫਿਰ ਸਾਡੀ ਸਿੱਖਿਆ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ। ਪੜ੍ਹਾਈ ਦਾ ਦਬਾਅ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਣਾਅ ਵਿਚ ਲਿਆ ਦਿੰਦਾ ਹੈ ਕਿ ਉਹ ਸਿਰਫ਼ ਜਮਾਤ ਵਿਚ ਟਾਪ ਕਰਨ ਦਾ ਹੀ ਸੁਪਨਾ ਲੈ ਕੇ ਚੱਲਦੇ ਹਨ, ਜਦਕਿ ਹਕੀਕਤ ਹੈ ਕਿ ਤਿੰਨ ਘੰਟਿਆਂ ਵਿਚ ਤੁਸੀਂ ਕਿਸੇ ਵਿਦਿਆਰਥੀ ਦੀ ਯੋਗਤਾ ਨੂੰ ਨਹੀਂ ਪਛਾਣ ਸਕਦੇ। ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਕਮੀ ਹੈ ਕਿ ਕੋਰਸਾਂ ਰਾਹੀਂ ਮਸ਼ੀਨਾਂ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖਤਾ ਦਿਨੋ-ਦਿਨ ਖ਼ਤਮ ਹੋ ਰਹੀ ਹੈ। ਬੱਚਿਆਂ ਦੇ ਸੁਪਨੇ ਅਤੇ ਚਾਅ ਕਿਧਰੇ ਗਵਾਚ ਹੀ ਜਾਂਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਣ ਅਤੇ ਮਨੋਰੰਜਨ ਲਈ ਵੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹਾਈ ਦੇ ਵਧ ਰਹੇ ਦਬਾਅ ਤੋਂ ਕੁਝ ਸਮੇਂ ਲਈ ਰਾਹਤ ਮਹਿਸੂਸ ਕਰ ਸਕਣ, ਤਰੋਤਾਜ਼ਾ ਹੋ ਕੇ ਦੁਬਾਰਾ ਫਿਰ ਪੜ੍ਹਾਈ ਵੱਲ ਪਰਤਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਇਕ ਟਾਈਮ ਟੇਬਲ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਉਹ ਹਰ ਕੰਮ ਨੂੰ ਸਮੇਂ ਸਿਰ ਕਰਕੇ ਸਫਲਤਾ ਪ੍ਰਾਪਤ ਕਰ ਸਕਣ। ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਮਿਲੀ ਇਕ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਹ ਕਥਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ 'ਕਭੀ ਨਾ ਗਿਰਨਾ ਕਮਾਲ ਕੀ ਬਾਤ ਨਹੀਂ ਹੈ, ਗਿਰ ਕਰ ਸੰਭਲ ਜਾਣਾ ਕਮਾਲ ਕੀ ਬਾਤ ਹੈ।'


-ਰਜਵਿੰਦਰ ਪਾਲ ਸ਼ਰਮਾ


ਖ਼ੁਦ ਲਈ ਸਮਾਂ ਕੱਢੋ
ਅੱਜਕਲ੍ਹ ਦੀ ਦੌੜ ਭੱਜ ਦੀ ਜ਼ਿੰਦਗੀ ਵਿਚ ਵੀ ਅਸੀਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿਚ ਦਿਲਚਸਪੀ ਕਿਉਂ ਰੱਖ ਰਹੇ ਹਾਂ? ਦੋਸਤ ਦੀ ਜ਼ਿੰਦਗੀ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ। ਠੀਕ ਹੈ ਉਹ ਤੁਹਾਡਾ ਦੋਸਤ ਹੈ, ਪਰ ਉਸ ਦੋਸਤ ਦੇ ਵੀ ਅੱਗੇ ਦੋਸਤ ਹੁੰਦੇ ਹਨ, ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਹਰ ਇਕ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਘਰ ਦੇ ਭੇਤ ਬਰਕਰਾਰ ਰੱਖੋ ਐਵੇਂ ਨਹੀਂ ਹਰ ਕਿਸੇ ਅੱਗੇ ਖੋਲ੍ਹੀ ਜਾਓ। ਹਰ ਇਨਸਾਨ ਹੱਥ ਮਿਲਾਉਣ ਵਾਲਾ ਤੁਹਾਡਾ ਚੰਗਾ ਦੋਸਤ ਨਹੀਂ ਹੋ ਸਕਦਾ। ਕੀ ਕਦੇ ਅਸੀਂ ਆਪਣੇ-ਆਪ ਨਾਲ ਗੱਲਾਂ ਕੀਤੀਆਂ ਹਨ? ਆਪਣਾ ਹਾਲ-ਚਾਲ ਪੁੱਛਿਆ ਹੈ? ਆਪਣੇ ਲਈ ਕਿੰਨਾ ਕੁ ਸਮਾਂ ਕੱਢਦੇ ਹਾਂ। ਜੇ 24 ਘੰਟੇ ਹਨ ਕੀ ਅਸੀਂ ਆਪਣੇ ਲਈ ਪੰਜ ਘੰਟੇ ਕੱਢਦੇ ਹਾਂ। ਵਿਚਾਰ ਕਰਿਓ। ਆਪਣੇ ਲਈ ਜ਼ਰੂਰ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਰੱਖੋ। ਜੋ ਕੰਮ ਤੁਸੀਂ ਚੰਗਾ ਕਰੋਗੇ, ਤਾਂ ਤੁਹਾਡੀ ਰੂਹ ਖ਼ੁਸ਼ ਹੋਵੇਗੀ। ਰੂਹ ਨੂੰ ਸਕੂਨ ਦੇਣ ਵਾਲੇ ਕੰਮ ਕਰੋ, ਲੋੜਵੰਦਾਂ ਦੀ ਮਦਦ ਕਰੋ। ਸਕੂਨ ਦੇਣ ਵਾਲੀਆਂ ਥਾਵਾਂ 'ਤੇ ਜਾਓ। ਚੰਗਾ ਖਾਓ, ਜਿਸ ਨਾਲ ਤੁਹਾਨੂੰ ਸਕੂਨ ਮਿਲੇਗਾ। ਚੰਗਾ ਪਹਿਨੋ। ਚੰਗੇ ਦੋਸਤਾਂ ਨਾਲ ਸੰਗ ਕਰੋ। ਚੰਗੀਆਂ ਕਿਤਾਬਾਂ ਪੜ੍ਹੋ।


-ਸੰਜੀਵ ਸਿੰਘ ਸੈਣੀ
ਮੁਹਾਲੀ


ਕੋਵਿਡ ਵੈਕਸੀਨ ਦੀ ਅਸਲੀਅਤ
ਆਕਸਫੋਰਡ-ਐਸਟਰਾਜ਼ੈਨੇਕਾ ਨੇ ਕਾਨੂੰਨੀ ਮਾਮਲੇ 'ਚ ਮੰਨਿਆ ਕਿ ਕੋਰੋਨਾ ਵੈਕਸੀਨ ਜੋ ਕਿ ਕੋਵੀਸ਼ੀਲਡ ਅਤੇ ਵੈਕਸਜ਼ਾਵਰੀਆ ਬਰਾਂਡਾਂ ਹੇਠ ਵਰਤੀ ਗਈ ਸੀ, ਉਸ ਨਾਲ ਖ਼ੂਨ ਦੇ ਧੱਫੇ ਜੰਮ ਜਾਣ ਦਾ ਖ਼ਤਰਾ ਹੈ ਅਤੇ ਇਸ ਨਾਲ ਦਿਲ ਦਾ ਦੌਰਾ, ਦਿਮਾਗੀ ਨਸਾਂ ਫਟਣਾ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਯੂ.ਕੇ. ਹਾਈ ਕੋਰਟ 'ਚ ਆਪਣਾ ਜਵਾਬ ਦਾਇਰ ਕਰਦਿਆਂ ਕੰਪਨੀ ਨੇ ਮੰਨਿਆ ਕਿ ਬਹੁਤ ਘੱਟ ਮਾਮਲਿਆਂ 'ਚ ਉਨ੍ਹਾਂ ਦਾ ਟੀਕਾ ਟੀ.ਟੀ.ਐੱਸ. (ਥ੍ਰੋਮੋਸਾਈਟੋਪੇਨੀਆ ਸਿੰਡਰੋਮ) ਦਾ ਕਾਰਨ ਬਣ ਸਕਦਾ ਹੈ। ਇਹ ਕੇਸ ਜੈਮੀ ਸਕੌਟ ਨਾਂਅ ਦੇ ਉਸ ਵਿਅਕਤੀ ਨੇ ਦਾਇਰ ਕੀਤਾ ਸੀ, ਜੋ ਕਿ ਟੀਕਾ ਲਗਵਾਉਣ ਤੋਂ ਬਾਅਦ 'ਬ੍ਰੇਨ ਹੈਮਰੇਜ' ਦਾ ਸ਼ਿਕਾਰ ਹੋ ਗਿਆ ਸੀ। ਇਸ ਖ਼ਬਰ ਦੇ ਆਉਣ ਤੋਂ ਬਾਅਦ ਭਾਰਤ ਸਮੇਤ ਹਰ ਪਾਸੇ ਡਰ ਦਾ ਮਾਹੌਲ ਬਣ ਗਿਆ ਹੈ। ਭਾਵੇਂ ਕਿ ਉਕਤ ਕੰਪਨੀ ਵਲੋਂ ਅਖ਼ਬਾਰਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਹਰ ਕਿਸੇ ਨੂੰ ਸਮੱਸਿਆ ਨਹੀਂ ਆਵੇਗੀ, ਇਸ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਦਰ ਬਹੁਤ ਜ਼ਿਆਦਾ ਘੱਟ ਹੈ, ਲੋਕ ਅਜੇ ਵੀ ਡਰੇ ਹੋਏ ਹਨ। ਇਸ ਮਾਮਲੇ 'ਚ ਆਮ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।


-ਰਸ਼ਪਾਲ ਸਿੰਘ
ਐੱਸ.ਜੇ.ਐੱਸ. ਨਗਰ, ਹੁਸ਼ਿਆਰਪੁਰ।


ਸਬਰ ਤੇ ਸੰਤੋਖ
ਸਬਰ ਅਤੇ ਸੰਤੋਖ ਦੀ ਜ਼ਿੰਦਗੀ 'ਚ ਬੇਅੰਤ ਮਹੱਤਤਾ ਹੈ। ਇਹ ਗੁਣ ਇਨਸਾਨ ਨੂੰ ਸਮਰਪਿਤ, ਸ਼ਾਂਤ ਅਤੇ ਸ੍ਰੇਸ਼ਠ ਬਣਾਉਂਦੇ ਹਨ। ਸਬਰ ਨਾਲ, ਇਨਸਾਨ ਸਖ਼ਤੀ ਅਤੇ ਧੀਰਜ ਨਾਲ ਮੁਕਾਬਲਾ ਕਰਦਾ ਹੈ, ਜਿਸ ਨਾਲ ਉਸ ਨੂੰ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ।
ਇਨਸਾਨ ਆਪਣੀ ਹਾਲਤ ਨਾਲ ਸੰਤੋਖ ਨੂੰ ਕਬੂਲ ਕਰਦਾ ਹੈ ਅਤੇ ਮੰਨਿਆਂ ਦੀ ਬਦੌਲਤ ਸੁੱਖ ਅਤੇ ਖ਼ੁਸ਼ੀ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ। ਇਹ ਗੁਣ ਇਨਸਾਨੀ ਜੀਵਨ ਨੂੰ ਸਮਰਪਿਤ ਅਤੇ ਸੰਤੋਖਪੂਰਵਕ ਜੀਣ ਦੀ ਕਲਾ ਸਿਖਾਉਂਦੇ ਹਨ। ਸਬਰ ਅਤੇ ਸੰਤੋਖ ਦੀ ਮਿਹਨਤ ਨਾਲ, ਇਨਸਾਨ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰ ਦੇਵੇਗਾ।


-ਅਰਸ਼ਦੀਪ ਕੌਰ
ਬੀ.ਵੋਕ. (ਜੇ.ਐਮ.ਟੀ.)।

03-05-2024

 ਦਲਬਦਲੀ ਵਾਲੇ ਨੇਤਾ ਨੂੰ ਨਕਾਰੋ

ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਸਮੇਂ ਨੇਤਾ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਚਿੰਤਾ ਦਾ ਵਿਸ਼ਾ ਹੈ। ਜਿਹੜੀ ਵੀ ਪਾਰਟੀ ਸੱਤਾ ਵਿਚ ਹੁੰਦੀ ਹੈ ਉਹ ਕੇਂਦਰੀ ਏਜੰਸੀਆਂ ਦਾ ਫਾਇਦਾ ਉਠਾ ਸੱਤਾ ਵਿਚ ਆਉਣਾ ਚਾਹੁੰਦੀ ਹੈ। ਰਾਜਨੀਤਕ ਪਾਰਟੀਆਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀਆਂ ਲਗਾਉਂਦੀਆਂ ਹਨ। ਪਰ ਸੱਤਾ ਵਿਚ ਆ ਕੇ ਉਹ ਵੀ ਇਸੇ ਤਰ੍ਹਾਂ ਵਰਤਾਰਾ ਕਰਦੀਆਂ ਹਨ। ਇਸ ਕਰਕੇ ਹੁਣ ਵੋਟਰ ਨੂੰ ਹੀ ਤੀਸਰੀ ਅੱਖ ਖੋਲ੍ਹ ਦਲ ਬਦਲੀ ਨੇਤਾ ਨੂੰ ਨਕਾਰਨਾ ਪਵੇਗਾ। ਅਗਾਮੀ ਲੋਕ ਸਭਾ ਚੋਣਾਂ ਬੇਦਾਗ, ਇਮਾਨਦਾਰ ਨੇਤਾ ਜੋ ਪੈਸੇ ਤੇ ਸ਼ਰਾਬ ਨਾ ਵੰਡੇ, ਜੋ ਦਲ ਬਦਲੀ ਨਾ ਕਰੇ, ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਰੋਕੇ, ਵਾਤਾਵਰਨ ਦੀ ਗੱਲ ਕਰੇ, ਅੰਧ-ਵਿਸ਼ਵਾਸ ਤੇ ਕਾਨੂੰਨ ਬਣਾਉਣ ਦਾ ਚੋਣਾਂ 'ਚ ਮੁੱਦਾ ਬਣਾਏ, ਐਸਾ ਨੇਤਾ ਸਦਨ ਵਿਚ ਭੇਜ ਕੇ ਚੰਗੇ ਅਕਸ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸ ਵਿਚ ਹੀ ਅਵਾਮ ਤੇ ਦੇਸ਼ ਦਾ ਭਲਾ ਹੈ।

-ਗੁਰਮੀਤ ਸਿੰਘ ਵੇਰਕਾ, ਅੰਮ੍ਰਿਤਸਰ।

ਵੋਟ ਦਾ ਸਹੀ ਇਸਤੇਮਾਲ ਕਰੋ

ਚੋਣਾਂ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੁੰਦੀਆਂ ਹਨ। ਜੇਕਰ ਵੋਟਰ ਗਲਤੀ ਨਾਲ ਸਮਾਜ ਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਗਲਤ ਸਰਕਾਰ ਚੁਣ ਲੈਂਦੇ ਹਨ ਤਾਂ ਘੱਟੋ-ਘੱਟ ਲੋਕਾਂ ਨੂੰ ਪੰਜ ਸਾਲ ਆਪਣੀ ਗਲਤੀ ਦਾ ਪਛਤਾਵਾ ਕਰਨਾ ਪੈ ਜਾਂਦਾ ਹੈ। ਪਰੰਤੂ ਵੋਟਰਾਂ ਵਿਚ ਅਜੇ ਵੀ ਵੋਟ ਦੀ ਅਸਲ ਤਾਕਤ ਨੂੰ ਸਮਝਣ ਦੀ ਯੋਗਤਾ ਪੈਦਾ ਨਹੀਂ ਹੋਈ ਅਤੇ ਕਈ ਵੋਟਰ ਧਰਮ, ਜਾਤ, ਧੜੇਬੰਦੀ, ਸ਼ਰਾਬ, ਪੈਸੇ ਦੇ ਲਾਲਚ 'ਚ ਵੋਟਾਂ ਪਾਉਂਦੇ ਹਨ, ਜਿਸ ਕਾਰਨ ਸੂਬਾ/ਦੇਸ਼ ਅਜੇ ਵੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਰਾਜਨੀਤਕ ਲੋਕਾਂ ਨੇ ਅਜਿਹਾ ਤਾਣਾਬਾਣਾ ਬੁਣਿਆ ਹੈ ਕਿ ਵੋਟਰ ਮੁਫ਼ਤ ਦੀਆਂ ਸਹੂਲਤਾਂ, ਆਟਾ, ਦਾਲ ਵਿਚੋਂ ਹੀ ਉਲਝ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਇਸ ਕਦਰ ਵਧ ਗਈ ਹੈ ਕਿ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ।
ਸੋ, ਵੋਟਰਾਂ ਨੂੰ ਬੜੀ ਸੂਝਬੂਝ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸਮਾਜ ਅਤੇ ਸੂਬੇ ਦੇ ਹਿੱਤ ਨੂੰ ਮੁੱਖ ਰੱਖ ਕੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਅਜਿਹਾ ਉਮੀਦਵਾਰ/ਸਰਕਾਰ ਚੁਣੋ ਜੋ ਤੁਹਾਡੇ ਤੇ ਸੂਬੇ ਦੇ ਮਸਲੇ ਹੱਲ ਕਰ ਸਕੇ।

-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।

ਵਿਦਿਆਰਥੀ ਬਨਾਮ ਮੋਬਾਈਲ

ਮੋਬਾਈਲ ਫੋਨ ਸੂਚਨਾ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਹੈ। ਪਹਿਲਾਂ ਮੋਬਾਈਲ ਦੀ ਵਰਤੋਂ ਫ਼ੋਨ ਅਤੇ ਮੈਸੇਜ ਕਰਨ ਲਈ ਹੁੰਦੀ ਸੀ ਪਰ ਹੁਣ ਸਮਾਰਟ ਫੋਨ ਦੇ ਆਉਣ ਨਾਲ ਮੋਬਾਈਲ ਫੋਨ ਕੰਪਿਊਟਰ ਦਾ ਕੰਮ ਵੀ ਕਰਦਾ ਹੈ। ਵਿਦਿਆਰਥੀਆਂ ਦੇ ਖੇਤਰ ਵਿਚ ਮੋਬਾਈਲ ਬਹੁਤ ਲਾਭਦਾਇਕ ਹੈ। ਯੂ-ਟਿਊਬ ਰਾਹੀਂ ਵਿਦਿਆਰਥੀ ਆਪਣੇ ਮਨਭਾਉਂਦੇ ਅਧਿਆਪਕ ਤੋਂ ਸਿਖਲਾਈ ਲੈ ਸਕਦੇ ਹਨ। ਪਰ ਬਹੁਤੇ ਵਿਦਿਆਰਥੀ ਮੋਬਾਈਲ ਕਾਰਨ ਆਪਣਾ ਸਮਾਂ ਫਜ਼ੂਲ ਦੇ ਕੰਮਾਂ ਵਿਚ ਬਰਬਾਦ ਕਰ ਲੈਂਦੇ ਹਨ। ਇਸ ਨਾਲ ਉਨ੍ਹਾਂ ਦੇ ਦਿਮਾਗ਼ 'ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਸਮਾਂ ਵੀ ਬਰਬਾਦ ਹੁੰਦਾ ਹੈ। ਵਿਦਿਆਰਥੀ ਨੂੰ ਮੋਬਾਈਲ ਫੋਨ ਦੀ ਵਰਤੋਂ ਸਿਰਫ਼ ਜ਼ਰੂਰੀ ਕੰਮਾਂ ਲਈ ਕਰਨੀ ਚਾਹੀਦੀ ਹੈ। ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ ਵਿਦਿਆਰਥੀ ਕਈ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਰੋਕਾਂ ਦਾ ਸ਼ਿਕਾਰ ਹੋ ਜਾਂਦਾ ਹੈ।

-ਰਮਨਦੀਪ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ
(ਵਿਦਿਆਰਥਣ) ਭਾਗ ਪਹਿਲਾ।

02-05-2024

 ਹਸਪਤਾਲਾਂ 'ਚ ਸੁਧਾਰ ਦੀ ਲੋੜ

ਪਿਛਲੇ ਦਿਨੀਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਮਰੀਜ਼ ਦੇ ਨਾਲ ਇਕੋ ਬੈੱਡ 'ਤੇ ਇਕ ਲਾਸ਼ ਸਾਰੀ ਰਾਤ ਰੱਖੇ ਜਾਣ ਦੀ ਘਟਨਾ ਅੰਤਰ ਆਤਮਾ ਨੂੰ ਝੰਜੋੜ ਦੇਣ ਵਾਲੀ ਹੈ। ਇਕ ਪਾਸੇ ਤਾਂ ਸਾਡੀ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਪੂਰੇ ਦੇਸ਼ ਵਿਚ ਨੰਬਰ ਇਕ ਹੋਣ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਾਡੇ ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਅਸਲ ਹਕੀਕਤ ਬਿਆਨ ਕਰਦੀਆਂ ਹਨ। ਇਸੇ ਵਿਭਾਗ ਨਾਲ ਸੰਬੰਧਿਤ ਇਕ ਘਟਨਾ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਹੋਈ ਜਿਸ ਵਿਚ ਇਕ ਦਰਦਨਾਕ ਹਾਦਸੇ ਵਿਚ ਹੋਈਆਂ 4 ਮੌਤਾਂ ਦੀਆਂ ਮ੍ਰਿਤਕ ਦੇਹਾਂ ਰੱਖਣ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਫਰੀਜ਼ਰ ਨਹੀਂ ਸਨ। ਹਸਪਤਾਲ ਵਿਚ ਸਿਰਫ਼ ਦੋ ਹੀ ਫਰੀਜ਼ਰ ਹਨ, ਜਿਨ੍ਹਾਂ ਵਿਚੋਂ ਵੀ ਇਕ ਖਰਾਬ ਹਾਲਤ ਵਿਚ ਪਿਆ ਹੈ। ਵਾਰਿਸਾਂ ਨੂੰ ਮ੍ਰਿਤਕ ਦੇਹਾਂ ਲਈ ਪ੍ਰਾਈਵੇਟ ਫਰੀਜਰਾਂ ਦਾ ਪ੍ਰਬੰਧ ਕਰਨਾ ਪਿਆ। ਸੋ, ਜਿਥੇ ਇਕ ਪਾਸੇ ਸਾਡੀ ਸਰਕਾਰ ਦੁਆਰਾ ਪੰਜਾਬ ਵਿਚ ਕਰੋੜਾਂ ਰੁਪਏ ਲਗਾ ਕੇ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਪਹਿਲਾਂ ਮੌਜੂਦਾ ਹਸਪਤਾਲਾਂ ਤੇ ਕਲੀਨਿਕਾਂ ਵਿਚ ਬਹੁਤ ਜ਼ਿਆਦਾ ਸੁਧਾਰ ਕੀਤੇ ਜਾਣ ਦੀ ਲੋੜ ਹੈ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਮੁੱਖ ਅਧਿਆਪਕ
ਸਪਸ ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਬਹੁਤ ਵਧੀਆ ਲੇਖ

ਸੋਮਵਾਰ 15 ਅਪ੍ਰੈਲ ' ਅਜੀਤ ' ਦੇ ਸੰਪਾਦਕੀ ਪੰਨੇ 'ਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਵਲੋਂ ਲਿਖੇ ਲੇਖ਼ 'ਪੈੱਸ ਦੀ ਆਜ਼ਾਦੀ ਤੇ ਜ਼ਰੂਰੀ ਜ਼ਾਬਤੇ ਦਰਮਿਆਨ ਸੰਤੁਲਨ ਬਣਾ ਕੇ ਰੱਖਣ ਦੀ ਲੋੜ 'ਚ ਪੜ੍ਹਿਆ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਣ ਵਾਲਾ ਮੀਡੀਆ ਸੰਸਥਾਵਾਂ ਦੇ ਵਪਾਰੀਕਰਨ ਨਾਲ ਪੱਤਰਕਾਰਤਾ ਦੀ ਇਮਾਨਦਾਰੀ ਅਤੇ ਨਿਰਪੱਖਤਾ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਦਾ ਮੀਡੀਆ ਇੱਕ ਮਿਸ਼ਨ ਤੇ ਸੇਵਾ-ਭਾਵਨਾ ਵਾਲਾ ਸੀ। ਪਰ ਸੁਤੰਤਰਤਾ ਤੋਂ ਬਾਅਦ ਮੀਡੀਏ ਦਾ ਇਕ ਵੱਡਾ ਹਿੱਸਾ ਵਪਾਰ ਦਾ ਰੂਪ ਲੈ ਗਿਆ। ਬਹੁਤ ਹੀ ਜਲਦੀ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਉਦਯੋਗਪਤੀ ਮੀਡੀਆ ਅਦਾਰਿਆਂ ਨੂੰ ਸਿਰਫ਼ ਵਪਾਰਕ ਹਿਤਾਂ ਲਈ ਹੀ ਚਲਾਉਂਦੇ ਹਨ ਜਿਸ ਕਾਰਨ ਮੀਡੀਆ ਦੀ ਆਜ਼ਾਦੀ ਵੀ ਖ਼ਤਮ ਹੁੰਦੀ ਜਾ ਰਹੀ ਹੈ। ਮੀਡੀਆ ਦਾ ਅਸਲ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਅਤੇ ਸਰਕਾਰਾਂ ਦੇ ਫ਼ੈਸਲੇ ਅਤੇ ਨੀਤੀਆ ਦੀ ਆਲੋਚਨਾ ਕਰਨਾ, ਜਵਾਬਦੇਹੀ ਤੈਅ ਕਰਨਾ ਅਤੇ ਜਨਤਕ ਹਿਤਾਂ ਦੀ ਵਕਾਲਤ ਕਰਨਾ ਹੈ।
ਪੱਤਰਕਾਰਤਾ ਅਤੇ ਸਨਸਨੀਖੇਜ਼ ਪੱਤਰਕਾਰਤਾ ਵਿਚਾਲੇ ਫ਼ਰਕ ਕਰਨਾ ਵੀ ਜ਼ਰੂਰੀ ਹੈ। ਸਨਸਨੀਖੇਜ਼ ਪੱਤਰਕਾਰਤਾ, ਮੀਡੀਆ ਕਿੱਤੇ ਦੀ ਵਿਸ਼ਵਾਸਯੋਗਤਾ ਅਤੇ ਇਮਾਨਦਾਰੀ ਨੂੰ ਕਮਜ਼ੋਰ ਕਰਦੀ ਹੈ। ਸਨਸਨੀਖੇਜ਼ ਅਤੇ ਝੂਠੀਆਂ ਖ਼ਬਰਾਂ ਨਾਲ ਨਜਿੱਠਣ ਲਈ ਸਾਂਝੀ ਕਾਰਵਾਈ ਦੀ ਲੋੜ ਹੈ। ਦੇਸ਼ 'ਚ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਰੱਖਣ ਲਈ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਬਹੁਤ ਹੀ ਜ਼ਰੂਰੀ ਹੈ। ਦੇਸ਼ ਦੇ ਨਾਗਰਿਕਾਂ, ਸਮਾਜਿਕ ਸੰਗਠਨਾਂ ਨੂੰ ਵੀ ਚਾਹੀਦਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ।

-ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ

ਅਧਿਆਪਕ ਦਾ ਸਨਮਾਨ ਹੋਵੇ

ਇਕ ਸਮਾਂ ਸੀ ਜਦੋਂ ਭਾਰਤ ਵਿਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਰਕਾਰੇ-ਦਰਬਾਰੇ ਇਸ ਦਾ ਮਾਨ-ਸਨਮਾਨ ਕੀਤਾ ਜਾਂਦਾ ਸੀ। ਇਹ ਇਕ ਸਚਾਈ ਹੈ ਕਿ ਅਧਿਆਪਕ ਦੇਸ਼ ਅਤੇ ਕੌਮ ਦਾ ਨਿਰਮਾਤਾ ਹੈ। ਇਸ ਦੀ ਸੱਚੀ ਸੁੱਚੀ ਅਗਵਾਈ ਹੀ ਦੇਸ਼ ਪਿਆਰ ਦੇ ਜਜ਼ਬੇ ਵਾਲੀ ਪੀੜ੍ਹੀ ਪੈਦਾ ਕਰ ਸਕਦੀ ਹੈ। ਅਧਿਆਪਕ ਦਾ ਅਸਲ ਅਸਥਾਨ ਸਕੂਲਾਂ ਅਤੇ ਕਾਲਜਾਂ ਵਿਚ ਹੈ। ਇਸ ਨਾਲ ਹੀ ਦੇਸ਼ ਸੇਵਾ ਦਾ ਫ਼ਰਜ਼ ਪੂਰਾ ਕੀਤਾ ਜਾ ਸਕਦਾ ਹੈ। ਅਧਿਆਪਕਾਂ ਦਾ ਪਾਣੀ ਦੀ ਟੈਂਕੀ ਉਪਰ ਚੜ੍ਹ ਕੇ ਨਾਅਰੇ ਲਾਉਣੇ ਜਾਂ ਆਪਣੇ-ਆਪ ਨੂੰ ਅੱਗ ਲਗਾਉਣੀ, ਕਿਸੇ ਤਰ੍ਹਾਂ ਵੀ ਉਚਿਤ ਕੰਮ ਨਹੀਂ ਹੈ। ਬੱਚੇ ਦੇਸ਼ ਦਾ ਧਨ ਹਨ। ਚੰਗੇ ਸ਼ਹਿਰੀ ਤਾਂ ਹੀ ਮਿਲਣਗੇ ਜੇ ਸਿੱਖਿਆ ਦਾ ਚੰਗਾ ਪ੍ਰਬੰਧ ਹੋਵੇਗਾ। ਸਕੂਲਾਂ ਵਿਚ ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਫ਼ੌਜ ਅਤੇ ਪੁਲਿਸ ਵਾਂਗ ਏਨੀਆਂ ਹੀ ਟ੍ਰੇਨਿੰਗਾਂ ਦਿਓ, ਜਿੰਨੇ ਅਧਿਆਪਕਾਂ ਦੀ ਲੋੜ ਹੈ। ਅਧਿਆਪਕ ਬੇਰੁਜ਼ਗਾਰ ਕਿਉਂ?

-ਮਹਿੰਦਰ ਸਿੰਘ ਬਾਜਵਾ
ਮਸੀਤਾਂ (ਕਪੂਰਥਲਾ)।

ਮਨੁੱਖ ਦੀ ਦਰਿੰਦਗੀ

ਮਨੁੱਖੀ ਜੀਵ ਦੀਆਂ ਦਰਿੰਦਗੀ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ, ਜਿਸ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੋਨੀਪਤ 'ਚ ਮਾਂ ਬਣੀ ਹਥਿਆਰੀ, ਪ੍ਰੇਮੀ ਨਾਲ ਮਿਲ ਮਾਸੂਮ ਬੱਚੇਦਾ ਕੀਤਾ ਕਤਲ। ਰਈਆ ਦੇ ਪਿੰਡ ਬੂਲੇ ਨੰਗਲ ਵਿਚ ਕਲਯੁਗੀ ਪਤੀ ਵਲੋਂ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜ ਕੇ ਮਾਰਿਆ। ਮੁਕਤਸਰ ਦੇ ਪਿੰਡ ਆਲਮਵਾਲਾ 'ਚ ਪਤਨੀ ਨੇ ਪ੍ਰੇਮੀ ਨਾਲ ਰਲ ਕੇ ਕੀਤਾ ਪਤੀ ਦਾ ਕਤਲ।
ਰੋਜ਼ਾਨਾ ਹੀ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ। ਅਣਖ ਦੀ ਖ਼ਾਤਰ ਕਤਲ, ਪ੍ਰੇਮ ਸੰਬੰਧ ਦੇ ਚੱਲਦਿਆਂ ਕਤਲ, ਨਸ਼ਿਆਂ ਦੀ ਪੂਰਤੀ ਲਈ ਆਪਣੇ ਹੀ ਖੂਨ ਦਾ ਹੀ ਕਤਲ, ਸਾਡੇ ਮੁਲਕ ਵਿਚ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ। ਜਦੋਂ ਕਿ ਮਨੁੱਖ ਜੀਵ ਨੂੰ ਪਤਾ ਹੈ ਜੋ ਉਹ ਕਤਲ ਕਰ ਰਿਹਾ ਹੈ, ਛੁਪਣਾ ਨਹੀਂ ਜੇਲ੍ਹ ਦੀਆਂ ਸਲਾਖ਼ਾਂ ਵਿਚ ਜਾਣਾ ਪੈਣਾ ਹੈ। ਫਿਰ ਵੀ ਮਨੁੱਖ ਇਹ ਕਾਰਾ ਕਰੀ ਜਾ ਰਿਹਾ ਹੈ। ਸਾਡੀ ਨਿਆਇਕ ਪ੍ਰਕਿਰਿਆ ਬੜੀ ਲੰਬੀ-ਚੌੜੀ ਹੈ। ਅਦਾਲਤਾਂ ਨੂੰ ਸਮੇਂ ਸਿਰ ਇਹੋ ਜਿਹੇ ਕੇਸਾਂ ਨੂੰ ਨੇਪਰੇ ਚਾੜ੍ਹ ਦੋਸ਼ੀਆਂ ਨੂੰ ਫਾਹੇ ਲਾਉਣਾ ਚਾਹੀਦਾ ਹੈ। ਵਿਸ਼ੇਸ਼ ਅਦਾਲਤਾਂ ਰਾਹੀਂ ਸਮੇਂ ਸਿਰ ਚਲਾਨ ਦੇ ਸਮੇਂ ਸੀਮਾ 'ਤੇ ਸੁਣਵਾਈ ਕਰ ਦੋਸ਼ੀਆਂ ਨੂੰ ਕਠੋਰ ਦੰਡ ਦੇ ਕੇ ਇਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਜੁਰਮ ਕਰਨ ਦਾ ਕੋਈ ਹੀਲਾ ਨਾ ਕਰ ਸਕੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

01-05-2024

 ਬਜ਼ੁਰਗਾਂ ਦੀ ਸੇਵਾ

ਬਜ਼ੁਰਗ ਸਾਡੇ ਸਮਾਜ ਦੀ ਸਭ ਤੋਂ ਤਜਰਬੇਕਾਰ ਪੀੜ੍ਹੀ ਹੁੰਦੀ ਹੈ, ਜਿਸ ਤੋਂ ਸਾਨੂੰ ਬਹੁਤ ਤਜਰਬੇ ਸਿੱਖਣ ਨੂੰ ਮਿਲਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਬਜ਼ੁਰਗ ਘਰ ਦਾ ਜ਼ਿੰਦਾ ਹੁੰਦੇ ਹਨ। ਬਜ਼ੁਰਗਾਂ ਦੀ ਸੇਵਾ ਹੀ ਅਸਲੀ ਭਗਤੀ ਹੁੰਦੀ ਹੈ। ਪਰ ਸਾਡੀ ਪੜ੍ਹੀ-ਲਿਖੀ ਪੀੜ੍ਹੀ ਨੂੰ ਇਹ ਮਨਜ਼ੂਰ ਨਹੀਂ ਹੈ। ਮਜਬੂਰੀਆਂ ਕਹਿ ਲਉ ਜਾਂ ਫਿਰ ਮਰਜ਼ੀਆਂ, ਅਜੋਕੀ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਵਕਤ ਨਹੀਂ ਦਿੰਦੀ। ਕਈ ਵਾਰ ਤਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਹੱਥੀਂ ਬਣਾਏ ਘਰਾਂ ਵਿਚੋਂ ਇਹ ਕਹਿ ਕੇ ਬਿਰਧ ਆਸ਼ਰਮਾਂ ਵਿਚ ਭੇਜ ਦਿੱਤਾ ਜਾਂਦਾ ਹੈ ਕਿ ਸਾਨੂੰ ਕੰਮਾਂ ਤੋਂ ਵਿਹਲ ਨਹੀਂ ਤੇ ਉਨ੍ਹਾਂ ਦਾ ਜੀਵਨ ਘੋਰ ਨਿਰਾਸ਼ਾ ਨਾਲ ਭਰ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਉਹ ਆਪਣੇ ਹੱਥਾਂ ਨਾਲ ਵੱਡਾ ਕਰਦੇ ਹਨ, ਉਹੀ ਬੱਚੇ ਬਜ਼ੁਰਗਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ।

-ਸਿਮਰਨਦੀਪ ਕੌਰ
ਬੀ.ਵਾਕ. (ਜੇ.ਐਮ.ਟੀ.)

ਪੰਛੀਆਂ ਦੀ ਸਾਂਭ-ਸੰਭਾਲ

ਮਈ ਮਹੀਨਾ ਚੜ੍ਹਨ ਦੇ ਨਾਲ ਗਰਮੀ ਨੇ ਵੀ ਆਪਣੀ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦੋ-ਚਾਰ ਦਿਨਾਂ ਵਿਚ ਕੁਝ ਸਥਾਨਾਂ ਦਾ ਤਾਪਮਾਨ ਚਾਲੀ ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਦਿਨੋ-ਦਿਨ ਮੌਸਮ ਵਿਚ ਵਿਗਾੜ ਪੈਦਾ ਹੋ ਰਿਹਾ ਹੈ, ਜਿਸ ਕਾਰਨ ਮਨੁੱਖੀ ਲਾਲਚ ਦੀਆਂ ਅਣਮਨੁੱਖੀ ਕਾਰਵਾਈਆਂ ਹਨ, ਜਿਨ੍ਹਾਂ ਕਰਕੇ ਮਾਤਾ ਦਾ ਦਰਜਾ ਦੇਣ ਵਾਲੀ ਇਸ ਧਰਤੀ 'ਤੇ ਮਨੁੱਖ ਦੇ ਨਾਲ-ਨਾਲ ਪਸ਼ੂ-ਪੰਛੀਆਂ ਦਾ ਰਹਿਣਾ ਵੀ ਔਖਾ ਹੋ ਗਿਆ ਹੈ। ਗਰਮੀਆਂ ਦੇ ਮੌਸਮ ਦੌਰਾਨ ਹਰ ਜਗ੍ਹਾ ਪੀਣ ਵਾਲੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ, ਪ੍ਰੰਤੂ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਆਟੇ 'ਚ ਲੂਣ ਬਰਾਬਰ ਹੁੰਦਾ ਹੈ। ਇਸ ਦੀ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਕਰ ਸਕਦੇ ਹਾਂ। ਆਪਣੇ ਘਰਾਂ ਵਿਚ ਅਸੀਂ ਪੁਰਾਣੇ ਬਰਤਨਾਂ ਵਿਚ ਪੰਛੀਆਂ ਦੇ ਪੀਣ ਲਈ ਪਾਣੀ ਰੱਖ ਸਕਦੇ ਹਾਂ। ਆਪਣੀ ਸ਼ਰਧਾ ਮੁਤਾਬਿਕ ਅਸੀਂ ਉਨ੍ਹਾਂ ਲਈ ਚੋਗੇ ਦਾ ਵੀ ਪ੍ਰਬੰਧ ਕਰ ਸਕਦੇ ਹਾਂ। ਸੋ ਆਓ, ਸਾਰੇ ਰਲ ਮਿਲ ਕੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਲੋੜੀਂਦਾ ਵਾਤਾਵਰਨ ਮੁਹੱਈਆ ਕਰਵਾ ਕੇ ਵਾਤਾਵਰਨ ਦੀ ਸੁਰੱਖਿਆ ਵਿਚ ਆਪਣਾ ਬਣਦਾ ਯੋਗਦਾਨ ਪਾਈਏ।

ਰਜਵਿੰਦਰ ਪਾਲ ਸ਼ਰਮਾ

ਸਿਆਸੀ ਲੀਡਰ, ਚੋਣਾਂ ਅਤੇ ਖੇਡ ਭਾਵਨਾ

ਦੇਸ਼ ਵਿਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਸਾਰੀਆਂ ਹੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਆਪੋ-ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਉਹ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਹਿਤ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਦੇ ਨਾਲ-ਨਾਲ ਮਨ ਲੁਭਾਉਣੀਆਂ ਗੱਲਾਂ ਕਰ ਰਹੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਇਸ ਵਾਰੀ ਸਥਿਤੀ ਬਾਕੀ ਪ੍ਰਾਂਤਾਂ ਤੋਂ ਵੱਖਰੀ ਆਖੀ ਜਾ ਸਕਦੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਇਥੇ ਹਰ ਸਿਆਸੀ ਪਾਰਟੀ ਆਪੋ-ਆਪਣੇ ਪੱਧਰ 'ਤੇ ਬਿਨਾਂ ਕਿਸੇ ਗੱਠਜੋੜ ਦੇ ਇਹ ਚੋਣ ਲੜ ਰਹੀ ਹੈ। 'ਕੁੰਡੀਆਂ ਦੇ ਸਿੰਗ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ' ਵਾਲੀ ਪੰਜਾਬੀ ਅਖਾਣ ਇਨ੍ਹਾਂ ਸਿਆਸੀ ਧਿਰਾਂ ਉੱਪਰ ਬੜੀ ਢੁਕਦੀ ਹੈ। ਦੇਖੋ ਕੌਣ ਬਾਜ਼ੀ ਮਾਰਦਾ ਹੈ। ਫਿਲਹਾਲ ਤਾਂ ਸਾਡੀ ਕੌਮੀ ਪੱਧਰ 'ਤੇ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਪਾਰਟੀਆਂ, ਸਿਆਸੀ ਧਿਰਾਂ ਨੂੰ ਇਕੋ ਬੇਨਤੀ ਹੈ ਕਿ ਉਹ ਚੋਣ ਦੰਗਲ ਵਿਚ ਖੁੱਲ੍ਹ ਕੇ ਸ਼ਾਮਿਲ ਹੋਣ, ਚੋਣ ਲੜਨ ਪਰ ਖੇਡ ਭਾਵਨਾ ਨਾਲ ਅਤੇ ਅਮਨ-ਅਮਾਨ ਨਾਲ, ਨਾ ਕਿ ਪੱਗੋ-ਲੱਥੀ ਹੋ ਕੇ ਅਰਥਾਤ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਮਿਆਰ ਨੂੰ ਬਣਾ ਕੇ ਰੱਖਣ ਅਤੇ ਹਰ ਉਮੀਦਵਾਰ ਨੂੰ ਖੇਡ ਦਾ ਖਿਡਾਰੀ ਸਮਝ ਕੇ ਬਣਦਾ ਸਤਿਕਾਰ ਦੇਣ, ਕਿਉਂਕਿ ਹਾਰ-ਜਿੱਤ ਦਾ ਫੈਸਲਾ ਤਾਂ ਲੋਕਾਂ ਦੇ ਹੱਥ 'ਚ ਹੈ, ਉਨ੍ਹਾਂ ਨੇ ਹੀ ਕਿਸੇ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਕਰਨਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਪਦਾਰਥਵਾਦ ਬਨਾਮ ਰਿਸ਼ਤੇ

ਅੱਜ ਦਾ ਮਨੁੱਖ ਕਿਵੇਂ ਸਾਦਗੀ ਤੋਂ ਤੜਕ-ਭੜਕ ਵੱਲ ਖਿੱਚਿਆ ਜਾ ਰਿਹਾ ਹੈ। ਕਿਵੇਂ ਪਦਾਰਥਵਾਦ ਨੇ ਇਸ ਦੀ ਜ਼ਿੰਦਗੀ ਨੂੰ, ਇਸ ਦੇ ਸੁਭਾਅ ਨੂੰ ਬਦਲ ਕੇ ਰੱਖ ਦਿੱਤਾ। ਭਾਵੁਕਤਾ, ਸੰਵੇਦਨਸ਼ੀਲਤਾ ਦੀ ਥਾਂ ਪਦਾਰਥਵਾਦ ਭਾਰੂ ਹੋ ਗਿਆ ਹੈ। ਇਨਸਾਨ ਵੱਧ ਤੋਂ ਵੱਧ ਪਦਾਰਥਕ ਵਸਤਾਂ ਹਾਸਿਲ ਕਰਨ ਦੀ ਦੌੜ ਵਿਚ ਆਪਣੇ ਰਿਸ਼ਤਿਆਂ ਨੂੰ ਭੁੱਲ ਗਿਆ। ਅੱਜ ਖ਼ੂਨ ਦੇ ਰਿਸ਼ਤਿਆਂ ਵਿਚ ਤਰੇੜਾਂ ਆ ਗਈਆਂ ਹਨ। ਭਾਈ-ਭਾਈ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ।
ਜ਼ਮੀਨ-ਜਾਇਦਾਦ ਦੇ ਛੋਟੇ-ਛੋਟੇ ਟੁਕੜਿਆਂ ਪਿੱਛੇ ਬੇਸ਼ਕੀਮਤੀ ਰਿਸ਼ਤਿਆਂ ਨੂੰ ਸਦਾ ਲਈ ਦਫਨ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਰਮ ਕਾਰਨ ਚੁੱਪ ਕਰਦਾ ਹੈ ਤਾਂ ਉਸ ਨੂੰ ਹੋਰ ਦਬਾਇਆ ਜਾਂਦਾ ਹੈ। ਕਦੇ ਛੋਟੀ ਜਿਹੀ ਤਕਲੀਫ਼ 'ਤੇ ਸਾਰਾ ਟੱਬਰ ਇਕਦਮ ਇੱਕਠਾ ਹੋ ਜਾਂਦਾ ਸੀ, ਤਕਲੀਫ਼ ਪਲਾਂ ਵਿਚ ਛੂ-ਮੰਤਰ ਹੋ ਜਾਂਦੀ ਸੀ ਪਰ ਅੱਜ ਪੈਸੇ ਦੀ ਦੌੜ ਨੇ ਪਰਿਵਾਰਾਂ ਵਿਚ ਏਨੇ ਫਾਸਲੇ ਪੈਦਾ ਕਰ ਦਿੱਤੇ, ਜਿਨ੍ਹਾਂ ਨੂੰ ਘੱਟ ਕਰਨਾ ਕਈ ਵਾਰ ਅਸੰਭਵ ਹੋ ਜਾਂਦਾ ਹੈ। ਲੋੜ ਹੈ ਥੋੜ੍ਹਾ ਸੋਚਣ ਦੀ ਕਿ ਇਕੱਠੇ ਇਤਫਾਕ ਨਾਲ ਬੈਠ ਕੇ ਵਿਗੜੇ ਮਸਲਿਆਂ ਨੂੰ ਹੋਰ ਵੱਡੇ ਹੋਣ, ਪਹਿਲਾਂ ਹੀ ਘਾਟਾ-ਵਾਧਾ ਜ਼ਰ ਕੇ ਨਿਪਟਾ ਲਿਆ ਜਾਵੇ ਤਾਂ ਕਿ ਨਵੀਂ ਪੀੜ੍ਹੀ ਨੂੰ ਇਸ ਤੋਂ ਕੁਝ ਸੇਧ ਮਿਲ ਸਕੇ।

-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)।

30-04-2024

 ਨਸ਼ੇ ਵੰਡਣ ਦਾ ਰੁਝਾਨ

ਪੰਜਾਬ ਵਿਚ ਜਦੋਂ ਵੀ ਸਰਪੰਚੀ, ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਵੀ ਵੰਡਣ ਲੱਗ ਪੈਂਦੇ ਹਨ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸ਼ਰਾਬ ਹੈ। ਹੁਣ ਵੀ ਨਾਜਾਇਜ਼ ਘਰ ਦੀ ਕੱਢੀ ਹੋਈ ਸ਼ਰਾਬ ਉਮੀਦਵਾਰ ਵੋਟਰਾਂ ਨੂੰ ਪਿਆਉਣਗੇ ਜਿਸ ਨਾਲ ਕਈ ਮੌਤਾਂ ਹੋ ਸਕਦੀਆਂ ਹਨ। ਪੁਲਿਸ ਅਤੇ ਆਬਕਾਰੀ ਮਹਿਕਮੇ ਨੂੰ ਸ਼ਰਾਬ ਦੀ ਨਾਜਾਇਜ਼ ਵਿਕਰੀ ਫੜਨ ਲਈ ਕਮਰ ਕੱਸ ਲੈਣੀ ਚਾਹੀਦੀ ਹੈ, ਕਿਉਂਕਿ ਕਈ ਤਾਂ ਦੋ-ਦੋ ਮਹੀਨੇ ਪਹਿਲਾਂ ਹੀ ਨਾਜਾਇਜ਼ ਸ਼ਰਾਬ ਬਣਾ ਲੈਂਦੇ ਹਨ। ਹੁਣ ਆਬਕਾਰੀ ਵਿਭਾਗ ਨੂੰ ਇਹ ਨਾਜਾਇਜ਼ ਸ਼ਰਾਬ ਨੂੰ ਫੜਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਤਾਂ ਕਿ ਮੁਫ਼ਤ ਦੀ ਸ਼ਰਾਬ ਪੀ ਕੇ ਕਿਸੇ ਦੀ ਮੌਤ ਨਾ ਹੋਵੇ। ਇਹ ਵੀ ਦੱਸਣਯੋਗ ਹੈ, ਕਿ ਵੋਟਰਾਂ ਨੂੰ ਘਰੋਂ ਹੀ ਘਰ ਦੀ ਦੇਸੀ ਸ਼ਰਾਬ ਜੋ ਨਾਜਾਇਜ਼ ਤੌਰ 'ਤੇ ਬਣਾਈ ਜਾਂਦੀ ਹੈ, ਪੁੱਜਦੀ ਕੀਤੀ ਜਾਂਦੀ ਹੈ। ਵੋਟਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਨਸ਼ੇ ਦੇ ਲਾਲਚ ਵਿਚ ਨਾ ਆਉਣ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਕਦੋਂ ਨਿਕਲੇਗਾ ਸਾਰਥਕ ਹੱਲ?

ਅਵਾਰਾਂ ਕੁੱਤਿਆਂ ਦੀ ਗਿਣਤੀ ਲਗਾਤਾਰ ਦਿਨ-ਬਾ-ਦਿਨ ਵਧਦੀ ਜਾ ਰਹੀ ਹੈ ਪਿੱਟਬੁਲ ਅਤੇ ਹੋਰ ਕਈ ਨਸਲਾਂ ਜੋ ਬਹੁਤ ਖ਼ਤਰਨਾਕ ਹਨ, ਤੋਂ ਹਰ ਕੋਈ ਡਰਦਾ ਏ , ਜਦੋਂ ਇਸ ਨਸਲ ਦਾ ਕੁੱਤਾ ਕਿਸੇ ਨੇ ਵੀ ਆਪਣੇ ਘਰ ਰੱਖਿਆ ਹੁੰਦਾ ਹੈ ਤਾਂ ਉਸ ਘਰ ਦੇ ਨਾਲ ਲੱਗਦੇ ਆਂਢੀ-ਗੁਆਂਢੀ ਵੀ ਹਰ ਵੇਲੇ ਆਪਣੇ-ਆਪ ਵਿੱਚ ਡਰੇ-ਡਰੇ ਅਤੇ ਸਹਿਮੇ ਮਹਿਸੂਸ ਕਰਦੇ ਨੇ ਕਿਤੇ ਪਿੱਟਬੁੱਲ ਖੁੱਲ੍ਹ ਕੇ ਉਨ੍ਹਾਂ 'ਤੇ ਹਮਲਾ ਨਾ ਕਰ ਦੇਵੇ, ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿਚ ਤਾਂ ਕਈ ਗਲੀਆਂ ਇਸ ਤਰ੍ਹਾਂ ਦੀਆਂ ਹਨ, ਜਿੱਥੇ ਅਵਾਰਾ ਕੁੱਤੇ ਬਹੁਤ ਨੇ ਤਾਂ ਉਸ ਗਲੀ ਵਿੱਚੋਂ ਲੋਕ ਜਾਣ ਤੋਂ ਗੁਰੇਜ਼ ਕਰਦੇ ਨੇ। ਸਵੇਰ ਸਮੇਂ ਆਮ ਦੇਖਿਆ ਗਿਆ ਕਿ ਅਵਾਰਾ ਕੁੱਤੇ ਹਰ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਮਗਰ ਥੋੜ੍ਹੀ ਦੂਰੀ ਤੱਕ ਦੋੜਦੇ ਨੇ, ਇਨ੍ਹਾਂ ਤੋਂ ਬਚਣ ਲਈ ਜਾਂ ਇਨ੍ਹਾਂ ਨੂੰ ਬਚਾਉਂਦੇ ਹੋਏ ਕਈ ਵਾਰ ਦੋਪਹੀਆ ਵਾਹਨ ਚਾਲਕ ਆਪਣਾ ਸੰਤੁਲਨ ਗਵਾ ਬੈਠਦਾ ਹੈ ਅਤੇ ਦੁਰਘਟਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਹਾਲਤਾ ਵਿਚ ਤਾਂ ਚਾਲਕ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ। ਭਾਵੇਂ ਸਰਕਾਰ ਵਲੋਂ ਕੁੱਤੇ ਦੇ ਕੱਟਣ ਜਾਂ ਵੱਡਣ ਦਾ ਭਾਰੀ ਜੁਰਮਾਨਾ ਵੀ ਰੱਖਿਆ ਗਿਆ। ਪਰ ਅਜੇ ਤੱਕ ਵੀ ਘਟਨਾਵਾਂ ਘਟ ਨਹੀਂ ਰਹੀਆਂ ਹਨ। ਜੇਕਰ ਪਿੰਡਾਂ ਵਿੱਚ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਮਿਊਂਸੀਪਲ ਕੌਂਸਲਰਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਐਨ.ਜੀ.ਓ. ਨਾਲ ਸੰਪਰਕ ਕੀਤਾ ਜਾਵੇ ਤਾਂ ਸ਼ਾਇਦ ਸੋਨੇ 'ਤੇ ਸੁਹਾਗਾ ਹੋ ਜਾਵੇ, ਪਰੰਤੂ ਪਹਿਲਕਦਮੀ ਤਾਂ ਸਰਕਾਰ ਨੂੰ ਕਰਨੀ ਹੀ ਹੋਵੇਗੀ ਫਿਰ ਹੀ ਇਸ ਦਾ ਕੋਈ ਸਾਰਥਕ ਹੱਲ ਨਿਕਲ ਸਕੇਗਾ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਨੋਡਲ ਅਫ਼ਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਗੱਠਜੋੜਾਂ ਦੀ ਰਾਜਨੀਤੀ

ਸੱਤਾਧਾਰੀ ਪਾਰਟੀ ਭਾਜਪਾ ਖ਼ਿਲਾਫ਼ ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ 'ਇੰਡੀਆ' ਨਾਂਅ ਦਾ ਗੱਠਜੋੜ ਬਣਾਇਆ ਹੈ, ਇਸ ਤੋਂ ਪਹਿਲਾਂ ਵੀ ਕਾਂਗਰਸ ਨੂੰ ਸੱਤਾ ਵਿਚੋਂ ਪਾਸੇ ਕਰਨ ਲਈ 1977 ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਜਨਤਾ ਪਾਰਟੀ ਬਣਾਈ ਸੀ ਤੇ ਚੋਣ ਵੀ ਬੜੇ ਬਹੁਮਤ ਨਾਲ ਜਿੱਤੀ ਸੀ। ਸੱਤਾ ਹਾਸਲ ਕਰ ਅਨੁਸ਼ਾਸਨ ਵਿਚ ਰਹਿ ਏਨੀਆਂ ਪਾਰਟੀਆਂ ਨੂੰ ਇਕੱਠਾ ਕਰਨ ਲਈ ਬੇਹੱਦ ਜ਼ਾਬਤੇ ਵਿਚ ਰਹਿ ਕੇ ਕਦਮ ਉਠਾਉਣ ਦੀ ਜ਼ਰੂਰਤ ਹੈ। ਦੂਸਰੇ ਪਾਸੇ ਜੋੇ ਸੱਤਾਧਾਰੀ ਪਾਰਟੀ ਐਨ.ਡੀ.ਏ. ਦੀ ਗੱਲ ਕਰੀਏ ਤਾਂ ਇਸ ਪਾਰਟੀ ਵਿਚ ਅਨੁਸ਼ਾਸਨ ਹੈ। ਜੋ ਹਾਈਕਮਾਨ ਤੋਂ ਹੁਕਮ ਹੁੰਦਾ ਹੈ, ਉਸ ਵਿਚ ਬਹੁਤਾ ਕਿੰਤੂ-ਪਰੰਤੂ ਨਹੀਂ ਹੁੰਦਾ। ਪਿੱਛੇ ਮੋਦੀ ਜੀ ਨੇ ਆਪਣੇ ਸਾਰੇ ਸਿਰਕੱਢ ਮੰਤਰੀ ਲਾ ਕੇ ਨਵੇਂ ਚਿਹਰੇ ਲਿਆਂਦੇ ਸਨ। ਕੋਈ ਕਿੰਤੂ-ਪ੍ਰੰਤੂ ਨਹੀਂ ਹੋਈ। ਜਿਹੜੀਆਂ ਪਾਰਟੀਆਂ ਵਿਚ ਕਾਟੋ ਕਲੇਸ਼ ਅਨੁਸ਼ਾਸਨ ਦੀ ਕਮੀ ਹੁੰਦੀ ਹੈ, ਉਹ ਪਾਰਟੀਆਂ ਕਦੀ ਕਾਮਯਾਬ ਨਹੀਂ ਹੁੰਦੀਆਂ ਤੇ ਨਾ ਹੀ ਸਹੀ ਤਰੀਕੇ ਨਾਲ ਰਾਜ ਕਰ ਵੋਟਰਾਂ ਦਾ ਮਨ ਜਿੱਤ ਸਕਦੀਆਂ ਹਨ। ਇਸ ਲਈ ਇਸ ਨਵੇਂ ਬਣੇ ਗੱਠਜੋੜ 'ਇੰਡੀਆ' ਨੂੰ ਜੇ ਸੱਤਾ ਵਿਚ ਆਉਣਾ ਹੈ ਤਾਂ ਅਨੁਸ਼ਾਸਨ ਵਿਚ ਰਹਿਣਾ ਪਵੇਗਾ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

29-04-2024

 ਕਿਤਾਬਾਂ ਦੀ ਅਹਿਮੀਅਤ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ ਜੋ ਸਾਨੂੰ ਹਮੇਸ਼ਾ ਸਿੱਖਿਆਵਾਂ ਦਿੰਦੀਆਂ ਰਹਿੰਦੀਆਂ ਹਨ। ਹਰ ਕਿਸਮ ਦੀ ਕਿਤਾਬ ਤੋਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲਦੀ ਹੈ ਅਤੇ ਇਹ ਵਿਹਲਾ ਸਮਾਂ ਬਿਤਾਉਣ ਦਾ ਚੰਗਾ ਸਾਧਨ ਹੈ। ਪਰ ਅੱਜ ਦੇ ਸਮੇਂ ਵਿਚ ਮਨੁੱਖੀ ਦਿਲਚਸਪੀ ਕਿਤਾਬਾਂ ਪੜ੍ਹਨ ਵੱਲ ਨਾ ਹੋ ਕੇ ਹੋਰ ਸਰਗਰਮੀਆਂ ਵਿਚ ਵਧਦੀ ਜਾ ਰਹੀ ਹੈ।
ਅੱਜ ਦਾ ਮਨੁੱਖ ਮਨੋਰੰਜਨ ਲਈ ਮੋਬਾਈਲ ਫੋਨ ਦੀ ਸਭ ਤੋਂ ਵੱਧ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਉਹ ਕਿਤਾਬਾਂ ਪੜ੍ਹਨ ਨੂੰ ਤਰਜੀਹ ਨਹੀਂ ਦਿੰਦਾ, ਜਦੋਂ ਕਿ ਕਿਤਾਬਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦੀਆਂ ਹਨ।
ਨਾਵਲ, ਜੀਵਨੀਆਂ ਅਤੇ ਸਵੈ-ਜੀਵਨੀਆਂ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਤੋਂ ਜਾਣੂੰ ਕਰਵਾਉਂਦੀਆਂ ਹਨ ਅਤੇ ਆਮ ਗਿਆਨ ਦੀਆਂ ਕਿਤਾਬਾਂ ਸਾਡੀ ਅਕਾਦਮਿਕ ਜਾਣਕਾਰੀ ਵਧਾਉਂਦੀਆਂ ਹਨ, ਜਿਸ ਦੀ ਮਦਦ ਨਾਲ ਅਸੀਂ ਆਪਣੀ ਪੜ੍ਹਾਈ ਵਿਚ ਸਫ਼ਲ ਹੋ ਸਕਦੇ ਹਾਂ। ਕਿਤਾਬਾਂ ਨਾ ਪੜ੍ਹਨਾ, ਨੌਕਰੀਆਂ ਅਤੇ ਚੰਗੀ ਨਾਗਰਿਕਤਾ ਤੋਂ ਵਾਂਝੇ ਰਹਿਣ ਦਾ ਵੱਡਾ ਕਾਰਨ ਹੈ। ਮਨੁੱਖ ਨੂੰ ਹੋਰਨਾਂ ਸਰਗਰਮੀਆਂ ਤੋਂ ਧਿਆਨ ਹਟਾ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ।


-ਰਾਜਿੰਦਰ ਕੌਰ
ਬੀ.ਵਾਕ (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ)


ਜਾਰੀ ਹੈ ਦਲਬਦਲੀ ਦਾ ਦੌਰ
ਜਦੋਂ ਤੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ, ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਦਲ-ਬਦਲੂ ਲੋਕਾਂ ਨੇ ਬੜੀ ਬੇਚੈਨੀ ਤੇ ਘਬਰਾਹਟ ਪੈਦਾ ਕੀਤੀ ਹੋਈ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚੋਂ ਵੱਡੇ-ਵੱਡੇ ਲੀਡਰ ਅਤੇ ਵਰਕਰ ਆਪਣੀਆਂ ਪਾਰਟੀਆਂ ਛੱਡ ਕੇ ਹੋਰ ਪਾਰਟੀਆਂ ਵਿਚ ਜਾ ਰਹੇ ਹਨ। ਇਸ ਵਾਰ ਬੜਾ ਹੀ ਅਲੱਗ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਕਿਸੇ ਦਾ ਕੋਈ ਪਤਾ ਨਹੀਂ ਲਗਦਾ ਕਦੋਂ ਦੂਜੀ ਪਾਰਟੀ ਦਾ ਪੱਲਾ ਫੜ ਲਵੇ। ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ।
ਕੁਝ ਪਾਰਟੀਆਂ ਦੇ ਤਾਂ ਐਲਾਨ ਕੀਤੇ ਉਮੀਦਵਾਰ ਹੀ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਵਾਰ ਪਾਰਟੀਆਂ ਅਤੇ ਲੋਕਾਂ ਵਲੋਂ ਜਿੱਤ ਦੇ ਲਗਾਏ ਜਾ ਰਹੇ ਹਿਸਾਬ-ਕਿਤਾਬ ਨੂੰ ਦਲਬਦਲੂ ਲੋਕਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ। ਚੋਣਾਂ ਦੇ ਜਿਵੇਂ-ਜਿਵੇਂ ਦਿਨ ਨਜ਼ਦੀਕ ਆ ਰਹੇ ਹਨ, ਉਵੇਂ-ਉਵੇਂ ਹੀ ਸਾਰੀਆਂ ਸਿਆਸੀ ਪਾਰਟੀਆਂ ਵਿਚ ਭੱਜ-ਦੌੜ ਤੇ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਇਹ ਤਾਂ ਹੁਣ ਸਮਾਂ ਆਉਣ 'ਤੇ ਵੋਟਰ ਹੀ ਸਭ ਕੁਝ ਸਪੱਸ਼ਟ ਕਰਨਗੇ ਕਿ ਉਹ ਕਿਸ-ਕਿਸ ਉਮੀਦਵਾਰ ਨੂੰ ਕੁਰਸੀ 'ਤੇ ਬਿਠਾਉਂਦੇ ਹਨ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।


ਔਰਤ ਦੀ ਸਮਾਜ ਵਿਚ ਮਹੱਤਤਾ
ਔਰਤਾਂ ਦੀ ਸਮਾਜ ਵਿਚ ਬਹੁਤ ਅਹਿਮ ਭੂਮਿਕਾ ਹੈ। ਸਮਾਜ ਵਿਚ ਵਿਚਰਦੇ ਹੋਏ ਔਰਤ ਕਈ ਤਰ੍ਹਾਂ ਦੇ ਰਿਸ਼ਤੇ ਨਿਭਾਉਂਦੀ ਹੈ, ਜਿਵੇਂ ਕਿ ਮਾਂ, ਧੀ, ਪਤਨੀ ਆਦਿ। ਜਿਸ ਦੇ ਮੱਦੇਨਜ਼ਰ ਔਰਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਚੋਂ ਗੁਜ਼ਰਦੀਆਂ ਹਨ। ਭਾਵੇਂ ਕਿ ਸੰਵਿਧਾਨਿਕ ਤੌਰ 'ਤੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਅਤੇ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ, ਪਰ ਔਰਤਾਂ ਸੁਤੰਤਰ ਹੋ ਕੇ ਵੀ ਸੁਤੰਤਰ ਨਹੀਂ ਹਨ। ਅੱਜ ਦੀ ਇੱਕੀਵੀਂ ਸਦੀ ਵਿਚ ਵੀ ਔਰਤਾਂ ਬਹੁਤ ਪੱਖਾਂ ਤੋਂ ਦੱਬੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰੇਲੂ ਹਿੰਸਾ, ਲਿੰਗ, ਅਸਮਾਨਤਾ ਦਾ ਸ਼ਿਕਾਰ ਹੁੰਦੀਆਂ ਹਨ। ਅਸੀਂ ਆਮ ਕਿਤਾਬਾਂ ਵਿਚ ਵੀ ਔਰਤਾਂ ਦੀ ਬੇਵਸੀ ਨੂੰ ਪੜ੍ਹਦੇ ਹਾਂ, ਪਰ ਕਰ ਕੁਝ ਵੀ ਨਹੀਂ ਪਾਉਂਦੇ। ਕਾਗਜ਼ੀ ਸੋਧਾਂ ਦੇ ਨਾਲ-ਨਾਲ ਮਨੁੱਖ ਦੀ ਸੋਚ ਵਿਚ ਵੀ ਸੋਧ ਹੋਣੀ ਚਾਹੀਦੀ ਹੈ ਤਾਂ ਜੋ ਔਰਤਾਂ ਨੂੰ ਸੰਪਰਨ ਆਜ਼ਾਦੀ ਮਿਲ ਸਕੇ।


-ਸਿਮਰਨਦੀਪ ਕੌਰ
ਵਿਦਿਆਰਥਣ ਬੀ.ਵਾ. (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ) ਬਰਨਾਲਾ।


ਗਾਇਬ ਹੋ ਰਹੇ ਲੋਕ ਮੁੱਦੇ
ਸੂਬੇ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਉਮੀਦਵਾਰਾਂ ਦਾ ਇੱਕ-ਦੂਜੇ ਉੱਪਰ ਚਿੱਕੜ ਉਛਾਲਣਾ ਵੀ ਵਧਦਾ ਜਾ ਰਿਹਾ ਹੈ। ਲੋਕ ਮੁੱਦਿਆਂ ਦੀ ਜਗ੍ਹਾ ਉਮੀਦਵਾਰਾਂ ਦਾ ਨਿੱਜੀ ਜੀਵਨ ਉਛਾਲਿਆ ਜਾ ਰਿਹਾ ਹੈ, ਸਰੀਰਕ ਬਣਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਪਰਿਵਾਰਕ ਹਮਲੇ ਕੀਤੇ ਜਾ ਰਹੇ ਹਨ। ਮੁੱਦਾਹੀਣ ਰਾਜਨੀਤੀ ਦੇਸ਼ ਦੇ ਭਵਿੱਖ ਲਈ ਇਕ ਗੰਭੀਰ ਸੰਕਟ ਹੈ। ਅਜਿਹੀ ਰਾਜਨੀਤੀ ਜਿਸ ਦਾ ਕੋਈ ਲਾਭ ਨਹੀਂ ਨੂੰ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਅਜਿਹੀ ਰਾਜਨੀਤੀ ਕਰਨ ਵਾਲੇ ਲੀਡਰਾਂ ਦੇ ਵਿਅਕਤੀਤਵ ਕਿਰਦਾਰ ਨੂੰ ਉਜਾਗਰ ਕਰਦੀ ਹੈ। ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਨਿੱਜੀ ਹਮਲੇ ਕਰਨ ਨਾਲੋਂ ਲੋਕ-ਮੁੱਦਿਆਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਸਾਰਥਕ ਨਤੀਜੇ ਦਿੰਦਾ ਹੋਇਆ ਖ਼ਤਮ ਹੋਵੇ।


-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, (ਲੁਧਿਆਣਾ)।


ਚੋਣ ਮਨੋਰਥ ਬਨਾਮ ਮੁਫ਼ਤ ਸਹੂਲਤਾਂ
ਭਾਜਪਾ ਨੇ ਚੋਣ ਮਨੋਰਥ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਹੋਰ ਗਾਰੰਟੀਆਂ ਦੇ ਨਾਲ ਮੁਫ਼ਤ ਰਾਸ਼ਨ, ਸਿਹਤ ਸੇਵਾਵਾਂ, ਮੁਫ਼ਤ ਬਿਜਲੀ, ਲੱਖਪਤੀ ਦੀਦੀ ਆਦਿ ਮੁਫ਼ਤ ਸਹੂਲਤਾਂ ਦਾ ਵੀ ਐਲਾਨ ਕੀਤਾ ਹੈ। ਇਸੇ ਤਰ੍ਹਾਂ ਹੋਰ ਪਾਰਟੀਆਂ ਨੇ ਵੀ ਮੁਫ਼ਤ ਸਹੂਲਤਾਂ ਦਾ ਐਲਾਨ ਕਰ ਸੱਤਾ ਹਾਸਲ ਕੀਤੀ ਹੈ। ਕਿੰਨਾ ਚੰਗਾ ਹੋਵੇ ਸਰਕਾਰਾਂ ਮੁਫ਼ਤ ਸਹੂਲਤਾਂ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ, ਪ੍ਰਦੇਸ਼ ਵਿਚ ਕਾਰਖ਼ਾਨੇ ਲੱਗਣ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਜਦੋਂ ਰੁਜ਼ਗਾਰ ਮਿਲੇਗਾ ਹਰ ਆਦਮੀ ਟੈਕਸ ਅਦਾ ਕਰੇਗਾ। ਆਪਣੇ ਆਪ ਆਮ ਨਾਗਰਿਕ ਨੂੰ ਜ਼ਰੂਰੀ ਮੁਫ਼ਤ ਸਹੂਲਤਾਂ ਬਾਹਰ ਦੇ ਮੁਲਕ ਵਾਂਗ ਮਿਲਣਗੀਆਂ। ਬਿਜਲੀ ਮੁਫ਼ਤ ਦੀ ਜਗ੍ਹਾ ਬਿਜਲੀ ਸਸਤੀ ਕਰ ਹਰ ਵਰਗ ਕੋਲੋਂ ਬਿਜਲੀ ਦਾ ਬਿੱਲ ਲਿਆ ਜਾਵੇ, ਬੱਸਾਂ ਵਿਚ ਤਨਖ਼ਾਹਦਾਰ ਔਰਤਾਂ ਹੀ ਅਕਸਰ ਸਫ਼ਰ ਕਰਦੀਆਂ ਹਨ, ਇਸ ਲਈ ਮੁਫ਼ਤ ਕਿਰਾਇਆ ਬੰਦ ਕੀਤਾ ਜਾਵੇ। ਇਸ ਨਾਲ ਖ਼ਜ਼ਾਨਾ ਭਰੇਗਾ ਤੇ ਜੋ ਪੰਜਾਬ ਸਿਰ ਕਰਜ਼ਾ ਚੜ੍ਹਿਆ ਹੈ, ਉਤਾਰਿਆ ਜਾ ਸਕੇਗਾ। ਜੋ ਚੋਣ ਮਨੋਰਥ ਵਿਚ ਘੋਸ਼ਣਾ ਹੁੰਦੀ ਹੈ, ਉਸ 'ਤੇ ਕਾਨੂੰਨ ਬਣਾਇਆ ਜਾਵੇ। ਜਿਹੜਾ ਦਲ ਚੋਣ ਮਨੋਰਥ ਵਿਚ ਦਿੱਤੀਆਂ ਗੱਲਾਂ ਪੂਰੀਆਂ ਨਹੀਂ ਕਰਦਾ, ਕਾਨੂੰਨ ਅਨੁਸਾਰ ਸਜ਼ਾ ਹੋਵੇ ਤਾਂ ਜੋ ਵੋਟਰਾਂ ਨੂੰ ਭਰਮਾ ਵੋਟਾਂ ਲੈਣ ਦਾ ਰੁਝਾਨ ਖ਼ਤਮ ਹੋ ਸਕੇ। ਇਸ 'ਤੇ ਸਾਰੀਆਂ ਪਾਰਟੀਆਂ ਨੂੰ ਮੰਥਨ ਕਰਨ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ
(ਅੰਮ੍ਰਿਤਸਰ)

26-04-2024

 ਪੰਜਾਬ ਸਿਰ ਕਰਜ਼ੇ ਦੀ ਪੰਡ

ਅਜੀਤ ਵਿਚ 8 ਅਪ੍ਰੈਲ ਦੇ ਛਪੇ ਸੰਪਾਦਕੀ ਵਿਚ ਜ਼ਿਕਰ ਕੀਤਾ ਗਿਆ ਸੀ ਕਿ 'ਰੰਗਲਾ ਨਹੀਂ, ਕੰਗਲਾ ਬਣਨ ਵੱਲ ਵਧ ਰਿਹਾ ਹੈ ਪੰਜਾਬ।' ਇਸ ਲੇਖ ਵਿਚ ਲੇਖਕ ਨੇ ਪੰਜਾਬ ਸਿਰ ਵਧਦੀ ਕਰਜ਼ੇ ਦੀ ਪੰਡ ਪ੍ਰਤੀ ਆਪਣੀ ਫਿਕਰਮੰਦੀ ਜਤਾਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2024 ਦੇ ਜਨਵਰੀ ਮਹੀਨੇ ਵਿਚ 3899 ਕਰੋੜ ਰੁਪਏ ਅਤੇ ਫਰਵਰੀ ਮਹੀਨੇ ਦੌਰਾਨ 3800 ਕਰੋੜ ਰੁਪਏ ਦਾ ਕਰਜ਼ਾ ਲਿਆ। ਇਸ ਵਿੱਤੀ ਸਾਲ ਦੇ ਸ਼ੁਰੂ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਤਕ ਸਰਕਾਰ 12000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਜਾ ਰਹੀ ਹੈ। ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਅਤੇ ਆਰਥਿਕ ਮਾਹਿਰਾਂ ਵਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਕਰਜ਼ਾ ਚੁੱਕਣ ਦੀ ਰਫ਼ਤਾਰ ਇਸੇ ਹੀ ਤਰ੍ਹਾਂ ਨਾਲ ਜਾਰੀ ਰਹੀ ਤਾਂ ਪੰਜਾਬ ਵਿਚ ਵਿੱਤੀ ਐਮਰਜੈਂਸੀ ਵੀ ਲਗਾਈ ਜਾ ਸਕਦੀ ਹੈ, ਜਿਸ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਵਿਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਅਤੇ ਹੋਰ ਵਿੱਤੀ ਖ਼ਰਚਿਆਂ ਵਿਚ ਵੀ ਕਟੌਤੀ ਕਰਨੀ ਪੈ ਸਕਦੀ ਹੈ, ਜੋ ਕਿ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ। ਪੰਜਾਬ ਸਿਰ ਵਧਦੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

-ਪਿਆਰਾ ਸਿੰਘ ਚੰਦੀ,
ਪਿੰਡ ਚੰਨਣ ਵਿੰਡੀ, ਸੁਲਤਾਨਪੁਰ ਲੋਧੀ, (ਕਪੂਰਥਲਾ)

ਜੀਵਨ 'ਚ ਕੁਝ ਵੀ ਅਸੰਭਵ ਨਹੀਂ

ਜੀਵਨ 'ਚ ਕੁਝ ਵੀ ਅਸੰਭਵ ਨਹੀਂ ਹੈ। ਹਰ ਇਨਸਾਨ ਦੀ ਜ਼ਿੰਦਗੀ 'ਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ। ਉਤਾਰ-ਚੜਾਅ ਜ਼ਿੰਦਗੀ ਦਾ ਹਿੱਸਾ ਹਨ। ਜਦੋਂ ਵੀ ਮਾੜਾ ਸਮਾਂ ਆਉਂਦਾ ਹੈ ਤਾਂ ਸਾਨੂੰ ਉਸ ਦੌਰਾਨ ਸਾਕਾਰਾਤਮਿਕ ਸੋਚ, ਸਹਿਨਸ਼ੀਲਤਾ, ਸਹਿਜ ਹੋ ਕੇ ਹੀ ਚੱਲਣਾ ਪੈਂਦਾ ਹੈ। ਡਾਵਾਂਡੋਲ ਕਦੇ ਵੀ ਨਾ ਹੋਵੋ। ਹਰ ਸਮੱਸਿਆ ਦਾ ਹੱਲ ਹੈ। ਜੇਕਰ ਸਾਨੂੰ ਉਸ ਸਮੇਂ ਸਮੱਸਿਆ ਦਾ ਹੱਲ ਨਹੀਂ ਮਿਲਦਾ ਤਾਂ ਉਸ ਨੂੰ ਵਕਤ 'ਤੇ ਛੱਡ ਦੇਣਾ ਚਾਹੀਦਾ ਹੈ। ਨਕਾਰਾਤਮਿਕ ਵਿਚਾਰਾਂ ਵਾਲੇ ਦੋਸਤਾਂ ਤੋਂ ਦੂਰੀ ਬਣਾਓ। ਸੋਚ-ਸਮਝ ਕੇ ਹੀ ਦੋਸਤਾਂ-ਮਿੱਤਰਾਂ 'ਤੇ ਵਿਸ਼ਵਾਸ ਕਰੋ। ਕਿਹਾ ਵੀ ਜਾਂਦਾ ਹੈ ਕਿ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਹਨ। ਦੋਸਤ ਉਹ ਹੁੰਦਾ ਹੈ, ਜਿਸ ਨਾਲ ਅਸੀਂ ਸੁੱਖ-ਦੁੱਖ ਸਾਂਝਾ ਕਰਦੇ ਹਨ। ਦੋਸਤੀ ਕਰਨ ਲੱਗਿਆ ਚੰਗੀ ਤਰ੍ਹਾਂ ਪਰਖੋ ਕਿ ਇਹ ਬੰਦਾ ਕਿਤੇ ਤੁਹਾਡੇ ਦੁਸ਼ਮਣ ਕੋਲ ਤੁਹਾਡੀਆਂ ਗੱਲਾਂ ਤਾਂ ਨਹੀਂ ਕਰਦਾ ਹੈ। ਇਸ ਦਾ ਤੁਹਾਡੇ ਦੁਸ਼ਮਣਾਂ ਨਾਲ ਕੋਈ ਨੇੜਤਾ ਤਾਂ ਨਹੀਂ ਹੈ। ਦੋਸਤ ਦਾ ਵੀ ਫਰਜ਼ ਬਣਦਾ ਹੈ ਕਿ ਜੇ ਉਸ ਦੇ ਕੋਲ ਕਿਸੇ ਨੇ ਸੁੱਖ-ਦੁੱਖ ਦੀ ਗੱਲ ਕੀਤੀ ਹੈ ਤਾਂ ਉਸ ਨੂੰ ਛੱਜ 'ਚ ਪਾ ਕੇ ਨਾ ਛੱਟੇ। ਸਮਾਜ 'ਚ ਵਿਚਰਦੇ ਹੋਏ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ

ਧਰਨੇ ਪ੍ਰਦਰਸ਼ਨ

ਪੰਜਾਬ ਵਿਚ ਰੋਜ਼ਾਨਾ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨੇ-ਮੁਜ਼ਾਹਰੇ ਕੀਤੇ ਜਾਂਦੇ ਹਨ ਅਤੇ ਜਦੋਂ ਵੀ ਕਿਸੇ ਜਥੇਬੰਦੀ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਰਸਤੇ ਰੋਕ ਕੇ ਸੜਕਾਂ, ਰੇਲਾਂ ਜਾਮ ਕਰਕੇ ਧਰਨੇ ਪ੍ਰਦਰਸ਼ਨ ਕਰਕੇ ਸਰਕਾਰ ਕੋਲ ਆਪਣਾ ਰੋਸ ਪ੍ਰਗਟ ਕਰਦੇ ਹਨ, ਪਰੰਤੂ ਆਵਾਜਾਈ ਠੱਪ ਹੋ ਕੇ ਰਹਿ ਜਾਂਦੀ ਹੈ, ਜਿਸ ਨਾਲ ਆਮ ਲੋਕ ਖੱਜਲ-ਖੁਆਰ ਹੁੰਦੇ ਹਨ। ਸਰਕਾਰਾਂ ਨੂੰ ਸਮਾਂ ਰਹਿੰਦੇ ਹੋਏ ਇਨ੍ਹਾਂ ਜਥੇਬੰਦੀਆਂ ਨਾਲ ਗੱਲ ਕਰ ਕੇ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਜਾਂ ਇਨ੍ਹਾਂ ਮੰਗਾਂ ਦਾ ਫੌਰੀ ਜਾਂ ਸਮਾਂ-ਬੱਧ ਸਮੇਂ ਵਿਚ ਹੱਲ ਲੱਭਣ ਲਈ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ। ਮਹੀਨਿਆਂ-ਬੱਧੀ ਧਰਨਿਆਂ ਨਾਲ ਸਾਰਾ ਸਿਸਟਮ ਤਹਿਸ-ਨਹਿਸ ਹੋ ਜਾਂਦਾ ਹੈ। ਸਾਰਾ ਕੁਝ ਬੰਦ ਹੋ ਜਾਂਦਾ ਹੈ, ਸੜਕਾਂ ਬਲਾਕ ਹੋ ਜਾਂਦੀਆਂ ਹਨ। ਸਕੂਲ, ਕਾਲਜ ਬੰਦ ਹੋ ਜਾਂਦੇ ਹਨ. ਵਪਾਰ ਠੁੱਸ ਹੋ ਜਾਂਦਾ ਹੈ। ਸੂਬੇ ਦੀ ਦੇਸ਼ ਦੀ ਆਰਥਿਕਤਾ ਤਹਿਸ-ਨਹਿਸ ਹੋ ਜਾਂਦੀ ਹੈ। ਵਿਦੇਸ਼ਾਂ ਵਿਚ ਵੀ ਲੋਕ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਨ ਪਰੰਤੂ ਉਹ ਸੜਕ ਦੇ ਇਕ ਕਿਨਾਰੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਖਲੋ ਜਾਂਦੇ ਹਨ ਅਤੇ ਸਾਰੇ ਆਉਣ-ਜਾਣ ਵਾਲੇ ਉਨ੍ਹਾਂ ਨੂੰ ਵੇਖਦੇ ਹਨ। ਇਸ ਤਰ੍ਹਾਂ ਉਹ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਸਾਰਾ ਸਿਸਟਮ ਵੀ ਆਮ ਵਾਂਗ ਚਲਦਾ ਰਹਿੰਦਾ ਹੈ। ਸੋ, ਘੱਟੋ-ਘੱਟ ਵਿਦੇਸ਼ਾਂ ਦੀ ਰੀਸ ਕਰਦੇ ਹੋਏ ਆਪਣ ੇਦੇਸ਼ ਵਿਚ ਵੀ ਅਜਿਹਾ ਹੀ ਵਾਤਾਵਰਨ ਸਿਰਜਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਜਾਣਕਾਰੀ ਭਰਪੂਰ ਲੇਖ

ਪੰਜਾਬੀ ਲੋਕ ਗਾਇਕ ਬਿੰਦਰਖੀਏ ਬਾਰੇ 14 ਅਪ੍ਰੈਲ ਵਾਲੇ ਅੰਕ 'ਚ ਡਾ. ਰਣਜੀਤ ਸਿੰਘ ਦੀ ਕਲਮ ਤੋਂ ਲਿਖਿਆ ਲੇਖ ਪੜ੍ਹਿਆ, ਜੋ ਨਵੀਂ ਤੇ ਪੁਰਾਣੀ ਪੀੜ੍ਹੀ ਵਾਸਤੇ ਜਾਣਕਾਰੀ ਭਰਪੂਰ ਸੀ। 34 ਸਕਿੰਟ ਦੀ ਲੰਬੀ ਹੇਕ ਵਾਲੇ ਇਸ ਸੁਰੀਲੇ ਗਾਇਕ ਨੂੰ ਮੈਂ ਖ਼ੁਦ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉਚੇਰੀ ਵਿੱਦਿਆ ਹਾਸਿਲ ਕਰਦਿਆਂ ਫੁਲਕਾਰੀ ਪ੍ਰੋਗਰਾਮ 'ਚ ਸੁਣਿਆ ਸੀ। ਉਹ ਇਸ ਦਾ ਸ਼ੁਰੂਆਤੀ ਦੌਰ ਸੀ, ਵਾਕਿਆ ਹੀ ਖਚਾਖਚ ਭਰੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਚ ਲੰਬੀ ਹੇਕ ਲਾ ਕੇ ਇਸ ਨੇ ਸਾਨੂੰ ਸਭ ਨੂੰ ਬੰਨ੍ਹ ਕੇ ਰੱਖ ਦਿੱਤਾ ਸੀ, ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਬਿੰਦਰਖੀਏ ਨੇ
ਏਥੇ ਮੇਰੀ ਨੱਥ ਡਿੱਗ ਪਈ / ਨਿਉ ਕੇ ਚੱਕੀ ਜਵਾਨਾ...
ਗਾਣਾ ਗਾ ਕੇ ਸਰੋਤਿਆਂ ਨੂੰ ਆਪਣੀ ਗਾਇਕੀ ਦਾ ਲੋਹਾ ਮਨਵਾਉਂਦਿਆਂ ਸੋਹਣੇ ਤੇ ਦਮਦਾਰ ਬੋਲਾਂ ਨਾਲ ਮੋਹ ਲਿਆ ਸੀ। ਬਹੁਤ ਥੋੜੇ ਗਾਇਕ ਹਨ ਜੋ ਹਿੱਕ ਦੇ ਜ਼ੋਰ ਨਾਲ ਆਪਣੀ ਗਾਇਕੀ ਦਾ ਲੋਹਾ ਮਨਵਾਉਂਦੇ ਹਨ। ਲੇਖਕ ਵਲੋਂ ਬਿੰਦਰਖੀਏ ਦੇ 62 ਕਿੱਲੋ ਭਾਰ 'ਚ ਅੰਤਰ ਯੂਨੀਵਰਸਿਟੀ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤਣ ਅਤੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ 'ਚ ਭੰਗੜੇ ਤੇ ਬੋਲੀਆਂ ਵਾਲੀ ਜਾਣਕਾਰੀ ਮੈਂ ਪਹਿਲੀ ਵਾਰ ਹਾਸਲ ਕੀਤੀ ਹੈ, ਹਾਂ! ਲੇਖਕ ਨੇ ਬੇਸ਼ਕ ਉਸ ਦੀ ਪੜ੍ਹਾਈ ਬਾਰੇ ਜਾਣਕਾਰੀ ਨਾ ਦੇ ਕੇ ਇਸ ਗਾਇਕ ਬਾਰੇ ਜਾਣਕਾਰੀ ਨੂੰ ਕੁਝ ਅਧੂਰਾ ਰੱਖਿਆ ਹੈ, ਫਿਰ ਵੀ ਲੇਖ ਕਾਫੀ ਹੱਦ ਤੱਕ ਉਸ ਦੀ ਗਾਇਕੀ ਦੇ ਸਫ਼ਰ ਨੂੰ ਆਪਣੇ ਕਲਾਵੇ 'ਚ ਲੈਣ 'ਚ ਸਫ਼ਲ ਰਿਹਾ ਹੈ।

-ਅਜੀਤ ਖੰਨਾ, (ਲੈਕਚਰਾਰ)

25-04-2024

 ਫਰਜ਼ੀ ਵੀ.ਆਈ.ਪੀ.

ਅਸੀਂ ਅੱਜ-ਕੱਲ੍ਹ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਦੇ ਹਾਂ ਜਿਹੜੇ ਆਪਣੀਆਂ ਗੱਡੀਆਂ ਉੱਪਰ ਜਾਅਲੀ ਅਤੇ ਫਰਜ਼ੀ ਵੀ.ਆਈ.ਪੀ., ਵੀ.ਵੀ.ਆਈ.ਪੀ., ਪੁਲਿਸ, ਪ੍ਰੈੱਸ, ਐਡਵੋਕੇਟ, ਡਾਕਟਰ, ਸਰਪੰਚ, ਚੇਅਰਮੈਨ, ਨੰਬਰਦਾਰ, ਅਲੱਗ-ਅਲੱਗ ਧਾਰਮਿਕ ਅਤੇ ਹੋਰ ਪਤਾ ਨਹੀਂ ਕੀ-ਕੀ ਅਹੁਦਿਆਂ ਦੇ ਸਟਿੱਕਰ ਅਤੇ ਪਲੇਟਾਂ ਲਗਾ ਕੇ ਆਪਣੀ ਫੋਕੀ ਟੌਹਰ, ਫੁਕਰੇਬਾਜ਼ੀ ਅਤੇ ਦਿਖਾਵੇਬਾਜ਼ੀ ਕਰਦੇ ਹਨ। ਇਸ ਨੂੰ ਰੋਕਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਪੁਲਿਸ ਮਹਿਕਮੇ ਦੀ ਬਣਦੀ ਹੈ। ਪੁਲਿਸ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਉਸ ਦੀ ਜ਼ਰੂਰ ਪੁੱਛ-ਗਿੱਛ ਕਰੇ। ਉਸ ਬੰਦੇ ਕੋਲ ਮਹਿਕਮੇ ਜਾਂ ਸੰਸਥਾ ਵਲੋਂ ਮਨਜ਼ੂਰੀ ਹੈ ਕਿ ਨਹੀਂ, ਜਿਸ ਦਾ ਸਟਿੱਕਰ ਉਹ ਆਪਣੀ ਗੱਡੀ 'ਤੇ ਲਗਾ ਕੇ ਘੁੰਮ ਰਿਹਾ ਹੈ। ਜੇਕਰ ਉਹ ਗ਼ਲਤ ਪਾਇਆ ਜਾਂਦਾ ਹੈ ਤਾਂ ਫਿਰ ਉਸ ਬੰਦੇ ਦੇ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਆਨਲਾਈਨ ਸੱਟਾ ਬਰਬਾਦੀ ਦਾ ਘਰ

ਅੱਜ ਕਲ ਦੇਸ਼ ਵਿਚ ਆਈ.ਪੀ.ਐਲ. ਦਾ ਬੋਲਬਾਲਾ ਹੈ। ਲੱਖਾਂ ਲੋਕ ਸਟੇਡੀਅਮ ਵਿਚ ਜਾ ਕੇ ਇਹ ਮੈਚ ਵੇਖਣ ਦੇ ਸ਼ੌਕੀਨ ਹਨ। ਕ੍ਰਿਕਟ ਦਾ ਰੋਮਾਂਚ ਇੰਨਾ ਵੱਧ ਹੈ ਕਿ ਇਸ ਨੂੰ ਟੈਲੀਵਿਜ਼ਨ ਤੇ ਦੇਖਣ ਵਾਲਿਆਂ ਦੀ ਸੰਖਿਆ ਵੀ ਕਰੋੜਾਂ ਤਕ ਪਹੁੰਚ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਟੈਲੀਵਿਜ਼ਨ 'ਤੇ ਚਲਦੇ ਇਸ਼ਤਿਹਾਰ ਜਿਵੇਂ ਡ੍ਰੀਮ-11, ਲੁਡੋ ਆਦਿ ਨੂੰ ਵੱਡੇ-ਵੱਡੇ ਕ੍ਰਿਕਟ ਸਟਾਰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ, ਜਿਸ ਵਿਚ ਲੋਕਾਂ ਨੂੰ ਬਹੁਤ ਥੋੜ੍ਹੇ ਪੈਸੇ ਲਗਾ ਕੇ ਕਰੋੜਾਂ ਰੁਪਏ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਹੈ ਗੌਰ ਨਾਲ ਸੁਣੀਏ ਤਾਂ ਇਨ੍ਹਾਂ ਇਸ਼ਤਿਹਾਰਾਂ ਦੇ ਅੰਤ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ 'ਇਨ੍ਹਾਂ ਖੇਡਾਂ ਨੂੰ ਖੇਡਣਾ ਇਕ ਜੋਖ਼ਮ ਦਾ ਕੰਮ, ਕਿਰਪਾ ਕਰਕੇ ਆਪਣੀ ਜ਼ਿੰਮੇਵਾਰੀ ਨਾਲ ਖੇਡੋ' ਪਰ ਇਹ ਗੱਲ ਕਹਿਣ ਤੋਂ ਪਹਿਲਾਂ ਹੀ ਨੌਜਵਾਨਾਂ ਦੇ ਦਿਮਾਗ਼ ਤੇ ਇਨ੍ਹਾਂ ਖੇਡਾਂ ਤੋਂ ਕਰੋੜਾਂ ਕਮਾਉਣ ਦਾ ਲਾਲਚ ਸਿਰ ਚੜ੍ਹ ਜਾਂਦਾ ਹੈ ਅਤੇ ਲੋਕ ਪ੍ਰਤੀਦਿਨ ਆਪਣੇ ਪੈਸੇ ਇਨ੍ਹਾਂ ਆਨਲਾਈਨ ਖੇਡਾਂ ਵਿਚ ਗੁਆ ਰਹੇ ਹਨ। ਪਿਛਲੇ ਦਿਨੀਂ ਇਹ ਖਬਰ ਵੀ ਆਈ ਸੀ ਕਿ ਇਕ ਵਿਅਕਤੀ ਨੇ ਆਪਣਾ ਕਰੋੜਾਂ ਰੁਪਏ ਆਨਲਾਈਨ ਸੱਟੇ ਵਿਚ ਗੁਆ ਲਏ।
ਇਕ ਅੰਦਾਜ਼ੇ ਅਨੁਸਾਰ ਡਰੀਮ ਇਲੈਵਨ ਜਿਸ ਦੇ ਸੰਸਥਾਪਕ ਭਾਵਿਤ ਸੇਠ ਅਤੇ ਹਰਸ਼ ਜੈਨ ਹਨ, ਪਿਛਲੇ ਕੁਝ ਸਾਲਾਂ 'ਚ ਹੀ ਆਈ.ਪੀ.ਐਲ. ਮੈਚਾਂ ਤੋਂ ਲਗਭਗ 6824 ਕਰੋੜ ਰੁਪਏ ਕਮਾ ਚੁੱਕੀ ਹੈ। ਸਹੀ ਅਰਥਾਂ ਵਿਚ ਇਹ ਇਕ ਤਰ੍ਹਾਂ ਦਾ ਜੂਆ ਹੈ ਜਿਹੜਾ ਸਰਕਾਰ ਦੀ ਮਨਜ਼ੂਰੀ ਨਾਲ ਚਲਦਾ ਹੈ। ਪਰ ਲੋਕ ਇਹ ਬਹੁਤ ਹੀ ਘੱਟ ਜਾਣਦੇ ਹਨ ਕਿ ਇਨ੍ਹਾਂ ਆਨਲਾਈਨ ਖੇਡਾਂ ਨੂੰ ਬਣਾਉਣ ਵਾਲੇ ਖ਼ੁਦ ਇਸ ਤੋਂ ਕਰੋੜਾਂ ਰੁਪਏ ਕਮਾ ਰਹੇ ਹਨ। ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਆਨਲਾਈਨ ਗੇਮਾਂ ਨੂੰ ਟੈਲੀਵਿਜ਼ਨ 'ਤੇ ਚਲਾਉਣ ਦੀ ਜਗ੍ਹਾ ਇਨ੍ਹਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਹੋ ਰਹੀ ਇਸ ਵੱਡੀ ਲੁੱਟ ਤੋਂ ਬਚਾਇਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX