ਵਿਚਾਰਾਂ ਦਾ ਸੰਗ੍ਰਹਿ
ਸੰਗ੍ਰਹਿ ਕਰਤਾ : ਗੁਰਬਖਸ਼ ਸਿੰਘ 'ਢੱਟ'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98147-32198
ਜੀਵਨ ਦੇ ਕਿਸੇ ਵੀ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੇ ਜ਼ਿੰਦਗੀ ਵਿਚ ਜੋ ਸੰਘਰਸ਼ ਕੀਤਾ ਹੁੰਦਾ ਹੈ, ਉਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਜਾਂ ਪ੍ਰਾਪਤੀਆਂ ਤੋਂ ਪ੍ਰਤੱਖ ਦਿਸ ਪੈਂਦੀ ਹੈ। ਅਜਿਹੇ ਵਿਚਾਰਵਾਨਾਂ ਦੇ ਜੀਵਨ ਅਨੁਭਵ 'ਚੋਂ ਉਪਜੇ ਉੱਚ-ਵਿਚਾਰ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਇਸ ਪੁਸਤਕ ਦੇ ਲੇਖਕ ਗੁਰਬਖਸ਼ ਸਿੰਘ 'ਢੱਟ' ਨੇ ਸਮੇਂ-ਸਮੇਂ ਪੜ੍ਹੀਆਂ ਅਨੇਕਾਂ ਪੁਸਤਕਾਂ ਵਿਚੋਂ ਵਿਚਾਰਵਾਨਾਂ ਦੇ ਵਿਚਾਰਾਂ ਨੂੰ ਇਕ ਥਾਂ ਇਕੱਤਰ ਕਰਨ ਤੇ ਛਪਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਨ੍ਹਾਂ ਚਿੰਤਕਾਂ ਵਿਚੋਂ ਕੁਝ ਉੱਚ-ਕੋਟੀ ਦੇ ਵਿਦਵਾਨਾਂ ਦੇ ਕਥਨ ਪਾਠਕਾਂ ਦੀ ਰੌਚਕ ਜਾਣਕਾਰੀ ਲਈ ਪੇਸ਼ ਕੀਤੇ ਜਾ ਰਹੇ ਹਨ:
-ਇਕ ਚੰਗੀ ਮਾਂ ਸੌ ਅਧਿਆਪਕਾਂ ਦੇ ਬਰਾਬਰ ਹੈ (ਜਾਰਜ ਹਰਬਟ)
-ਜਿਥੇ ਡਰ ਤੇ ਚਿੰਤਾ ਹੈ, ਉਥੇ ਨੀਂਦ ਦਾ ਵਾਸਾ ਨਹੀਂ (ਸ਼ੈਕਸਪੀਅਰ)
-ਅਸੰਭਵ ਸ਼ਬਦ ਮੂਰਖਾਂ ਦੇ ਸ਼ਬਦ-ਕੋਸ਼ ਵਿਚ ਹੁੰਦਾ ਹੈ (ਨਿਪੋਲੀਅਨ)
-ਕਈ ਵਾਰੀ ਸ਼ੱਕ ਦੀ ਇਕ ਨਿੱਕੀ ਜਿਹੀ ਚੰਗਿਆੜੀ ਪਿਆਰ ਦੇ ਖਲਵਾੜੇ ਦੀ ਸੁਆਹ ਕਰ ਦਿੰਦੀ ਹੈ। (ਨਾਨਕ ਸਿੰਘ)
-ਬੁੱਧੀ ਰੱਬ ਦੀ ਖੋਜ ਨਹੀਂ ਕਰ ਸਕਦੀ। ਰੱਬ ਸਿਰਫ਼ ਭੋਲੇਪਨ ਅਤੇ ਬੱਚਿਆਂ ਵਰਗੇ ਯਕੀਨ ਵਿਚ ਹੀ ਪਾਇਆ ਜਾ ਸਕਦਾ ਹੈ। (ਜੈਕੋਬੀ)
-ਜਿਸ ਮਿਹਨਤ ਤੋਂ ਸਾਨੂੰ ਆਨੰਦ ਮਿਲਦਾ ਹੈ, ਉਹ ਸਾਡੇ ਰੋਗਾਂ ਲਈ ਅੰਮ੍ਰਿਤ ਹੈ। (ਸ਼ੈਕਸਪੀਅਰ)
-ਮਜ਼ਦੂਰ ਨੂੰ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦੇਣੀ ਚਾਹੀਦੀ ਹੈ।
(ਲੈਨਿਨ)
-ਮੌਤ ਜੀਵਨ ਦੀ ਸੁਨਹਿਰੀ ਸ਼ਾਮ ਹੈ।
ਸ਼ਬਦ ਅਤੇ ਸਮਾਜਕਤਾ
ਲੇਖਕ : ਡਾ. ਸਰਬਜੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 208
ਸੰਪਰਕ : 98155-74144
ਸਾਹਿਤ ਅਤੇ ਸਮਾਜ ਦਾ ਰਿਸ਼ਤਾ ਬੜਾ ਡੂੰਘਾ ਤੇ ਅਨਿੱਖੜਵਾਂ ਹੁੰਦਾ ਹੈ। ਇਕ ਲੇਖਕ ਸਾਹਿਤ ਦੇ ਕਿਸੇ ਵੀ ਰੂਪ ਵਿਚ ਜਦ ਲਿਖ ਰਿਹਾ ਹੁੰਦਾ ਹੈ, ਉਹ ਆਪਣੀ ਕਲਾਮਈ ਸ਼ੈਲੀ ਦੁਆਰਾ ਆਪਣੇ ਸਮੇਂ ਦੇ ਹਾਲਾਤ ਦਾ ਚਿੱਤਰਣ ਕਰਦਾ ਹੈ। ਨਾਲ-ਨਾਲ ਉਸ ਨੇ ਇਸ ਵਿਚ ਦਖਲਅੰਦਾਜ਼ੀ ਵੀ ਕਰਨੀ ਹੁੰਦੀ ਹੈ। ਡਾ. ਸਰਬਜੀਤ ਸਿੰਘ ਨੇ ਇਸ ਪੁਸਤਕ ਵਿਚ ਸਾਹਿਤਕਾਰ ਰਾਹੀਂ ਸਿਰਜੇ ਗਏ ਕਾਵਿ-ਸ਼ਬਦ ਦੀ ਸਮਾਜਕਤਾ ਨਾਲ ਸਾਂਝ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਵਿਤਾ ਆਪਣੇ ਯੁੱਗ ਵਿਚ ਸਾਕਾਰ ਹੋ ਕੇ ਗਤੀਸ਼ੀਲ ਰਹਿੰਦੀ ਹੈ। ਪਹਿਲੇ ਲੇਖ ਵਿਚ ਲੇਖਕ ਦਸਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਧਾਰਮਿਕ ਕਰਮ-ਕਾਂਡ ਅਤੇ ਰੀਤੀਆਂ ਨੂੰ ਮਨੁੱਖੀ ਗੁਣਾਂ ਵਿਚ ਪਲਟ ਕੇ ਨਵੇਂ ਜੀਵਨ ਸਿਧਾਂਤ ਦੀ ਸਿਰਜਣਾ ਕੀਤੀ। ਆਪ ਜੀ ਰਚਿਤ 'ਬਾਬਰਬਾਣੀ' ਉਸ ਦੌਰ ਦੀ ਰਾਜਸੀ ਸਥਿਤੀ ਨੂੰ ਪ੍ਰਗਟ ਕਰਦੀ ਹੈ:
'ਰਾਜੇ ਸੀਹ ਮਕਦਮ ਕੁਤੇ॥ ਜਾਇ ਜਗਾਇਨ੍ ਬੈਠੇ ਸੁਤੇ॥
'ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਅਗਲੇ ਲੇਖ ਵਿਚ ਗੁਰੂ ਤੇਗ ਬਹਾਦਰ ਰਚਿਤ ਬਾਣੀ ਬਾਰੇ ਵਰਨਣ ਕੀਤਾ ਹੈ ਕਿ ਆਪ ਦੀ ਬਾਣੀ ਵਿਚ ਮਨੁੱਖੀ ਦੇਹ ਕੇਂਦਰ ਬਿੰਦੂ ਹੈ। ਇਹ ਦੇਹ ਅਨਮੋਲ ਜੀਵਨ ਦੀ ਲਖਾਇਕ ਹੈ। ਮਾਇਆਧਾਰੀ ਜੀਵਨ ਸ਼ੈਲੀ ਤੋਂ ਮੁਕਤ ਹੋ ਕੇ ਹੀ ਮਨੁੱਖ ਨਿਰਵਾਣ ਪ੍ਰਾਪਤੀ ਤੱਕ ਪਹੁੰਚ ਸਕਦਾ ਹੈ। ਪੁਸਤਕ ਦੇ ਅਗਲੇ ਪੰਨਿਆਂ ਦੇ ਹੇਠ ਲਿਖੇ ਲੇਖਾਂ ਵਿਚ ਲੇਖਕ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਦਰਸਾਏ ਹਨ:
-ਪ੍ਰਗਤੀਵਾਦ ਅਤੇ ਬਾਵਾ ਬਲਵੰਤ ਦੀ ਕਵਿਤਾ
-ਸ਼ਿਵ ਕੁਮਾਰ : ਅਤੀਤ ਅਤੇ ਵਰਤਮਾਨ
-ਡਾ. ਜਗਤਾਰ : ਕ੍ਰਾਂਤੀਕਾਰੀ ਚੇਤਨਾ ਦਾ ਸਿਰਜਕ
-ਸੁਖਵਿੰਦਰ ਕੰਬੋਜ਼ : ਸ਼ਬਦਾਂ ਦਾ ਸਫਰ
-ਅੱਗ ਦੀ ਤਵਾਰੀਖ : ਜਿਊਣਾ
-ਦਲਵੀਰ ਕੌਰ : ਨਾਰੀ ਵਜੂਦ ਦਾ ਸੁਆਲੀਆ ਪ੍ਰਵਚਨ
ਪੁਸਤਕ ਨੂੰ ਖੂਬਸੂਰਤ ਬਣਾਉਣ ਲਈ ਲੇਖਕ ਤੇ ਪ੍ਰਕਾਸ਼ਕ ਨੇ ਪ੍ਰਸੰਸਾਯੋਗ ਮਿਹਨਤ ਕੀਤੀ ਹੈ। ਕਿਤਾਬ ਦੀ ਛਪਾਈ ਵਿਚ ਸ਼ਬਦ ਜੋੜਾਂ ਅਤੇ ਪਰੂਫ ਰੀਡਿੰਗ ਦੀਆਂ ਉਕਾਈਆਂ ਅਕਸਰ ਰਹਿ ਜਾਂਦੀਆਂ ਹਨ। ਪਰ ਜਦੋਂ ਗੁਰਬਾਣੀ ਦੀਆਂ ਪਾਵਨ ਤੁਕਾਂ ਵਿਚ ਇਸ ਤਰ੍ਹਾਂ ਦੀਆਂ ਅਸ਼ੁੱਧੀਆਂ ਨਜ਼ਰ ਆਉਣ ਤਾਂ ਮਨ ਨੂੰ ਜ਼ਰੂਰ ਠੇਸ ਪਹੁੰਚਦੀ ਹੈ। ਹੇਠਾਂ ਬ੍ਰੈਕਟਾਂ ਵਿਚ ਅਜਿਹੀਆਂ ਗ਼ਲਤੀਆਂ ਦਰਸਾਈਆਂ ਜਾ ਰਹੀਆਂ ਹਨ:
-ਮਨ ਰੇ ਕਹਾ ਭਇਓ (ਹੈ) ਤੈ ਬਉਰਾ॥
ਅਹਿਨਿਸਿ (ਅਹਿਨਿਸ) ਅਉਧ (ਅਊਧ) ਘਟੈ (ਘਟੇ) ਨਹੀ ਜਾਨੈ
ਭਇਓ ਲੋਭ ਸੰਗਿ (ਸੰਗ) ਹਉਰਾ॥
ਜੋ ਤਨੁ ਤੈ ਅਪਨੋ ਕਰਿ ਮਾਨਿਓ (ਮਾਨਿਉ)
ਅਰੁ (ਅਰ) ਸੁੰਦਰ ਗ੍ਰਿਹ ਨਾਰੀ॥
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ (ਵਿਚਾਰੀ)॥
-ਸਾਧੋ ਮਨ ਕਾ ਮਾਨ ਕਾ ਮਾਨੁ ਤਿਆਗਉ
ਕਾਮੁ ਕ੍ਰੋਧੁ (ਕ੍ਰੋਧ) ਸੰਗਤਿ ਦੁਰਜਨ ਕੀਤਾ ਤੇ ਅਹਿਨਿਸਿ (ਅਹਿਨਸ) ਭਾਗ ਉ॥
ਹਰਖ ਸੋਗ ਤੇ ਰਹੈ (ਰਹੇ) ਅਤੀਤਾ...
ਜਨ (ਜੁਨ) ਨਾਨਕ ਇਹੁ (ਕਿਹੁ)
ਖੇਲੁ ਕਠਨੁ (ਕਠੁਨ) ਹੈ
ਕਿਨ ਹੂ (ਕਿਨਹੂ) ਗੁਰਮੁਖਿ ਜਾਨਾ॥
-ਲੋਭਿ (ਲੋਭ) ਗ੍ਰਸਿਓ ਦਸ ਹੂ (ਦਸਹੁ)
ਦਿਸ (ਇਸ) ਧਾਵਤ...
ਲਾਜ (ਲਾਗ) ਨ (ਨਾ) ਲੋਕ ਹਸਨ ਕੀ॥
ਨਾਨਕ ਹਰਿ (ਹਰੁ) ਜਸੁ ਕਿਉ ਨਹੀ (ਨਹ) ਗਾਵਤ...
ਮੇਰ ਉ ਮੇਰ ਉ (ਮੇਰੋ ਮੇਰੋ) ਸਭੈ (ਸਭੇ)
ਕਹਤ (ਕਹਿਤ) ਹੈ
ਮਨ ਮੂਰਖ ਅਜਹੂ (ਅਜਹੁ)...
ਜਉ ਗਾਵੈ (ਗਾਣੈ) ਪ੍ਰਭ ਕੇ ਗੀਤ
-ਚਾਰਿ (ਚਾਰ) ਵਰਨਿ (ਵਰਣਿ)...
ਜਗਿ ਵਿਚਿ (ਵਿਚ)
ਮਕਾ ਕਾਬਾ (ਕਾਅਬਾ)
ਸੁੰਨਤਿ ਮੁਸਲਮਾਣ (ਮੁਸਲਮਾਨ) ਕੀ...
ਤਿਲਕ ਜੰਞੂ (ਜੰਝੂ)
-ਇਕ ਨਾਮੁ (ਇਕ ਨਾਮ) / -ਮੋਹੇ (ਮੋਹੈ) ਲਾਲਚ
-ਆਵਣਿ ਜਾਣੇ (ਜਾਵੇ)।
-ਕਲਿ ਕਾਤੀ ਰਾਜੇ ਕਾਸਾਈ (ਕਸਾਈ)
ਕੂੜੁ (ਕੂੜ) ਅਮਾਵਸ
ਵਿਚਿ ਹਉਮੈ (ਹਓਮੇ)... ਗਤਿ ਹੋਈ (ਹੋਇ)।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਸ੍ਰੀ ਹਰਿਕ੍ਰਿਸ਼ਨ ਧਿਆਇਐ
ਲੇਖਕ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98141-45047
ਡਾ. ਕੁਲਵਿੰਦਰ ਕੌਰ ਮਿਨਹਾਸ ਪੰਜਾਬੀ ਸਾਹਿਤ ਦੀ ਅਜਿਹੀ ਲੇਖਕਾ ਹੈ ਜਿਸ ਨੇ ਵਾਰਤਕ, ਨਾਵਲ, ਧਾਰਮਿਕ ਪੁਸਤਕਾਂ ਤੇ ਜੀਵਨੀ ਵਿਧਾ ਲਿਖ ਕੇ ਸਾਹਿਤ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਸ ਨੇ ਕਈ ਪੁਸਤਕਾਂ ਹਿੰਦੀ ਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਤੇ ਖੋਜ-ਪੱਤਰ ਵੀ ਲਿਖੇ। ਉਹ ਅਧਿਐਨ ਤੇ ਅਧਿਆਪਨ ਦੇ ਕਾਰਜ ਨਾਲ ਜੁੜੀ ਹੋਈ ਮਾਣ-ਮੱਤੀ ਸ਼ਖ਼ਸੀਅਤ ਹੈ। ਉਸ ਦੀਆਂ ਹੁਣ ਤੱਕ ਦੋ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਉਸ ਦੇ ਨਾਵਲਾਂ ਦੇ ਵਿਸ਼ੇ ਜ਼ਿਆਦਾਤਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਇਕ ਲੇਖਿਕਾ ਹੋਣ ਦੇ ਨਾਲ ਸੇਵਾ ਤੇ ਸਿਮਰਨ ਉਸ ਦੀ ਸ਼ਖ਼ਸੀਅਤ ਦੇ ਅਭਿੰਨ ਅੰਗ ਹਨ। ਉਹ ਪਿਛਲੇ ਦਸ ਸਾਲਾਂ ਤੋਂ ਲੋੜਵੰਦ ਤੇ ਝੁੱਗੀਆਂ, ਝੌਂਪੜੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਸੇਵਾ ਨਿਭਾ ਰਹੀ ਹੈ।
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਬਾਰੇ ਇਸ ਹਥਲੀ ਕਿਤਾਬ ਨੂੰ ਲੇਖਕਾ ਨੇ ਬਾਰਾਂ ਅਧਿਆਇਆਂ ਵਿਚ ਵੰਡਿਆ ਹੈ। ਗੁਰੂ ਜੀ ਦੀ ਜੀਵਨ ਗਾਥਾ ਨੂੰ ਬਹੁਤ ਸਾਦੇ ਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ। ਪਹਿਲੇ ਅਧਿਆਏ ਵਿਚ ਸ੍ਰੀ ਹਰਿਕ੍ਰਿਸ਼ਨ ਧਿਆਇਐ ਕਿਤਾਬ ਲਿਖਣ ਦਾ ਮੰਤਵ ਕਿਵੇਂ ਫੁਰਿਆ। ਕੋਰੋਨਾ ਸਮੇਂ ਸਮਾਜਿਕ ਰਿਸ਼ਤੇ ਕਿਵੇਂ ਤਾਰ-ਤਾਰ ਹੋਏ, ਕਿਵੇਂ ਸਮਾਜ ਸੇਵੀ ਅਤੇ ਗੁਰੂਘਰਾਂ ਵਿਚ ਸੇਵਕਾਂ ਨੇ ਸੇਵਾਵਾਂ ਅਰਪਿਤ ਕੀਤੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਦੂਜੇ ਅਧਿਆਇ ਵਿਚ ਗੁਰੂ ਜੀ ਦਾ ਆਗਮਨ, ਤੀਜੇ ਵਿਚ ਗੁਰਤਾਗੱਦੀ, ਚੌਥਾ, ਬਾਬਾ ਰਾਮਰਾਇ ਵੱਲੋਂ 72 ਤੋਂ ਵੱਧ ਕੀਤੀਆਂ ਕਰਾਮਾਤਾਂ ਦਾ ਵੇਰਵਾ ਦਰਜ ਹੈ। ਸਿੱਖ ਮਤ ਕਰਾਮਾਤਾਂ ਦਾ ਜ਼ੋਰਦਾਰ ਖੰਡਨ ਕਰਦਾ ਹੈ। ਪੰਜਵੇਂ ਅਧਿਆਇ ਵਿਚ ਗੁਰਤਾਗੱਦੀ ਬਾਬਾ ਰਾਮਰਾਇ ਨੂੰ ਕਿਉਂ ਨਹੀਂ? ਛੇਵੇਂ ਵਿਚ ਬਾਬਾ ਰਾਮਰਾਇ ਵਲੋਂ ਗੁਰਤਾਗੱਦੀ ਪ੍ਰਾਪਤੀ ਦੇ ਯਤਨ, ਸਤਵੇਂ ਅਧਿਆਇ ਵਿਚ ਔਰੰਗਜ਼ੇਬ ਕੋਲ ਸ਼ਿਕਾਇਤ, ਅੱਠਵੇਂ ਵਿਚ ਬਾਦਸ਼ਾਹ ਵਲੋਂ ਗੁਰੂ ਜੀ ਨੂੰ ਦਿੱਲੀ ਬੁਲਾਉਣਾ, ਨੌਵੇਂ ਅਧਿਆਇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਦੀ ਦਿੱਲੀ ਲਈ ਰਵਾਨਗੀ, ਦਸਵੇਂ ਵਿਚ ਸ੍ਰੀ ਹਰਿਕ੍ਰਿਸ਼ਨ ਜੀ ਦਾ ਦਿੱਲੀ ਪੁੱਜਣਾ, ਗਿਆਰਵੇਂ ਭਾਗ 'ਚ ਰਾਜੇ ਵਲੋਂ ਬਾਲਾ ਪ੍ਰੀਤਮ ਜੀ ਦੀ ਪਰਖ ਅਤੇ ਬਾਰਵੇਂ ਵਿਚ ਬਾਬਾ ਬਕਾਲੇ ਦੀ ਵਿਥਿਆ ਦਰਜ ਹੈ। ਕਿਤਾਬ ਵਿਚ ਗੁਰੂ ਜੀ ਅਨਪੜ ਛੱਜੂ ਨੂੰ ਗਿਆਨ ਦੀ ਦਾਤ ਪ੍ਰਦਾਨ ਕਰਦਿਆਂ, ਗੁਰਦੁਆਰਾ ਪੰਜੋਖਰਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ ਮਹਲ ਸਾਹਿਬ ਦੀਆਂ ਰੰਗਦਾਰ ਤਸਵੀਰਾਂ ਛਾਪੀਆਂ ਗਈਆਂ ਹਨ। ਪੁਸਤਕ ਗਿਆਨ ਵਰਧਕ ਅਤੇ ਪੜ੍ਹਨਯੋਗ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਹੱਥਾਂ 'ਚੋਂ ਕਿਰਦੀ ਰੇਤ
ਲੇਖਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 172
ਸੰਪਰਕ : 94638-36591
ਹੱਥਾਂ 'ਚੋਂ ਕਿਰਦੀ ਰੇਤ ਕਹਾਣੀ-ਸੰਗ੍ਰਹਿ ਰਵਿੰਦਰ ਸਿੰਘ ਸੋਢੀ ਦੁਆਰਾ ਰਚਿਤ ਹੈ ਜਿਸ ਵਿਚ ਉਸ ਨੇ ਕੁੱਲ 14 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਸਾਰੀਆਂ ਕਹਾਣੀਆਂ ਹੀ ਵਿਦੇਸ਼ਾਂ ਅਤੇ ਪੰਜਾਬ ਦੀ ਧਰਤੀ ਉੱਤੇ ਵਾਪਰਦੀਆਂ ਘਟਨਾਵਾਂ ਦਾ ਸੁਮੇਲ ਹਨ। 'ਮੈਨੂੰ ਫੋਨ ਕਰ ਲਈਂ' ਕਹਾਣੀ ਅਜੋਕੇ ਦੌਰ ਦੀ ਕਹਾਣੀ ਹੈ ਜਿਸ ਵਿਚ ਇਕ ਪਤੀ-ਪਤਨੀ ਦੇ ਤਲਾਕ ਦੀ ਸਥਿਤੀ ਵਿਚ ਉਨ੍ਹਾਂ ਨੂੰ ਮੁੜ ਤੋਂ ਇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਹਾਣੀ ਵਿਚ ਸ਼ੈਲੀ ਤੇ ਸ਼ਿਫਾਲੀ ਦੀ ਵਾਰਤਾਲਾਪ ਹੁੰਦੀ ਹੈ। ਸ਼ੈਲੀ ਇਕ ਮੈਰਿਜ ਕਾਊਂਸਲਰ ਹੈ ਜੋ ਅਰਜਨ ਤੇ ਸ਼ਿਫਾਲੀ ਦਾ ਸਮਝੌਤਾ ਕਰਵਾਉਣਾ ਚਾਹੁੰਦੀ ਹੈ। ਸ਼ੈਲੀ ਨੇ ਬਹੁਤ ਸਮਝਦਾਰੀ ਤੋਂ ਕੰਮ ਲੈ ਕੇ ਸ਼ਿਫਾਲੀ ਦੇ ਮੂੰਹੋਂ ਸਭ ਕੁਝ ਸੱਚ-ਸੱਚ ਕਢਵਾ ਲਿਆ ਹੈ। ਇਸ ਤਰ੍ਹਾਂ 'ਮੈਨੂੰ ਫੋਨ ਕਰ ਲਈਂ' ਕਹਾਣੀ ਰਾਹੀਂ ਤਲਾਕ ਲੈਣ ਵਾਲੇ ਲੋਕਾਂ ਨੂੰ ਸੇਧ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਅਤੇ ਪ੍ਰਸੰਸਾਯੋਗ ਕਹਾਣੀ ਹੋ ਨਿਬੜਦੀ ਹੈ। ਅਗਲੀ ਕਹਾਣੀ 'ਇਕ ਲੰਬਾ ਹਉਕਾ' ਹੈ, ਇਸ ਵਿਚ ਇਕ ਧੀ ਦੁਆਰਾ ਆਪਣੇ ਪਿਓ ਦੀ ਜ਼ਿੰਦਗੀ ਨੂੰ ਹੁਲਾਰਾ ਦਿੱਤਾ ਗਿਆ ਹੈ, ਜਿਸ ਦੀ ਘਰਵਾਲੀ ਸੀਮਾ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਉਹ ਆਪਣੀ ਫਰੈਂਡ ਹਲੇਰੀ ਨਾਲ ਜੀਵਨ ਬਤੀਤ ਕਰਦਾ ਹੈ। ਕਹਾਣੀ 'ਉਫ! ਉਹ ਤਕਨੀ' ਵਿਚ ਇਕ ਪਤੀ ਪਤਨੀ ਦੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ, ਜਿਸ ਵਿਚ ਅੱਖਾਂ ਦੀ ਤਕਨੀ ਰਾਹੀਂ ਹੀ ਸਭ ਕੁਝ ਸਮਝ ਲਿਆ ਜਾਂਦਾ ਹੈ। 'ਹੱਥਾਂ 'ਚੋਂ ਕਿਰਦੀ ਰੇਤ' ਕਹਾਣੀ ਵਿਚ ਪਰਵਾਸ ਦੀ ਧਰਤੀ ਤੇ ਵਾਪਰਦੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜਿਥੇ ਬੱਚੇ ਮਾਂ-ਪਿਓ ਤੋਂ ਵਾਰ੍ਹੇ ਹੋ ਰਹੇ ਹਨ ਤੇ ਆਪਣੀ ਮਨ-ਮਰਜ਼ੀ ਅਤੇ ਖੁੱਲ੍ਹ ਭਾਲਦੇ ਹਨ, ਜਿਸ ਵਿਚ ਗੁਰਨਾਮੋ ਅਤੇ ਨਿਹਾਲ ਸਿੰਘ ਪਤੀ ਪਤਨੀ ਹਨ, ਜਿਨ੍ਹਾਂ ਦਾ ਮੁੰਡਾ ਗੁਰੀ ਤੇ ਇਕ ਧੀ ਸੈਮੀ ਹੈ ਜੋ ਆਪਣੇ ਮਾਂ-ਬਾਪ ਦੀ ਕੋਈ ਵੀ ਆਖੀ ਗੱਲ ਨਹੀਂ ਸਹਾਰਦੇ ਤਾਂ ਉਨ੍ਹਾਂ ਦੇ ਮਾਂ-ਪਿਓ ਪਛਤਾਉਂਦੇ ਹਨ ਅਤੇ ਕਹਾਣੀ ਰਾਹੀਂ ਬਾਹਰ ਰਹਿ ਕੇ ਪਿੰਡਾਂ ਦੀ ਸੋਚ ਨੂੰ ਛੱਡਣ ਅਤੇ ਬੱਚਿਆਂ ਦੇ ਹਾਣ ਦਾ ਹੋਣ ਦੀ ਤਾਕੀਦ ਕੀਤੀ ਗਈ ਹੈ। ਅਗਲੀ ਕਹਾਣੀ 'ਹਟਕੋਰੇ ਲੈਂਦੀ ਜ਼ਿੰਦਗੀ' ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਵਿਚ ਪੈਸਾ ਕਮਾਉਣਾ ਬਹੁਤ ਔਖਾ ਹੈ ਅਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਸਿੰਘ ਸੋਢੀ ਨੇ ਵਿਦੇਸ਼ਾਂ ਦੇ ਅਸਲ ਯਥਾਰਥ ਨੂੰ ਬਿਆਨਦੀਆਂ ਕਹਾਣੀਆਂ ਦੀ ਪੇਸ਼ਕਾਰੀ ਬਾਖੂਬੀ ਕੀਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਰਵਿੰਦਰ ਰਵੀ ਦੇ ਕਾਵਿ-ਨਾਟਕ
(ਸਮਾਜਵਾਦੀ ਦ੍ਰਿਸ਼ਟੀ ਤੋਂ)
ਲੇਖਿਕਾ : ਡਾ. ਇੰਦਰਜੀਤ ਕੌਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 600 ਰੁਪਏ, ਸਫ਼ੇ : 303
ਸੰਪਰਕ : 94170-85785
'ਰਵਿੰਦਰ ਰਵੀ ਦੇ ਕਾਵਿ-ਨਾਟਕ' ਡਾ. ਇੰਦਰਜੀਤ ਕੌਰ ਦੀ ਖੋਜ ਭਰਪੂਰ ਕ੍ਰਿਤ ਹੈ। ਉਹ ਪਿਛਲੇ 25 ਸਾਲ ਤੋਂ ਪੰਜਾਬੀ ਨਾਟ-ਸਾਹਿਤ ਨਾਲ ਬੜੀ ਡੂੰਘੀ ਦਿਲਚਸਪੀ ਸਹਿਤ ਜੁੜੀ ਹੋਈ ਹੈ। ਹਥਲੀ ਪੁਸਤਕ ਵਿਚ ਉਸ ਨੇ ਰਵਿੰਦਰ ਰਵੀ ਦੇ ਸਾਰੇ ਦੇ ਸਾਰੇ 16 ਨਾਟਕਾਂ ਵਿਚਲੇ ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਮਸਲਿਆਂ ਅਤੇ ਔਰਤ ਦੀ ਸਮਾਜਿਕ ਸਥਿਤੀ ਦਾ ਸਮਾਜਵਾਦੀ ਦ੍ਰਿਸ਼ਟੀ ਤੋਂ ਗਹਿਣ ਗੰਭੀਰ ਅਧਿਐਨ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਨਾਟ ਆਲੋਚਨਾ ਦੇ ਖੇਤਰ ਵਿਚ ਇਹ ਲੇਖਿਕਾ ਦੀ ਮੁੱਲਵਾਨ ਪ੍ਰਾਪਤੀ ਹੈ।
ਰਵਿੰਦਰ ਰਵੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਹੈ। ਉਹ ਹੁਣ ਤੱਕ ਬਿਮਾਰ ਸਦੀ, ਦਰ ਦੀਵਾਰਾਂ, ਅੱਧੀ ਰਾਤ ਦੁਪਹਿਰ, ਚੌਕ ਨਾਟਕ, ਰੂਹ ਪੰਜਾਬ ਦੀ, ਸਿਫ਼ਰ ਨਾਟਕ, ਮੱਕੜੀ ਨਾਟਕ, ਰੁਕੇ ਹੋਏ ਯਥਾਰਥ, ਪਛਾਣ ਨਾਟਕ, ਮਨ ਦੇ ਹਾਣੀ, ਮਖੌਟੇ ਤੇ ਹਾਦਸੇ, ਚੱਕਰਵਿਊ ਤੇ ਪਿਰਾਮਿਡ, ਆਪੋ ਆਪਣੇ ਦਰਿਆ, ਹੋਂਦ ਨਿਹੋਂਦ, ਭਰਮ ਜਾਲ, ਸਿਆਸੀ ਦੰਦ ਕਥਾ 16 ਕਾਵਿ-ਨਾਟਕਾਂ ਦੀ ਸਿਰਜਣਾ ਕਰ ਚੁੱਕਾ ਹੈ, ਜੋ ਕਿ ਭਾਰਤ ਵਿਚ ਨਾਮਵਰ ਰੰਗ ਕਰਮੀਆਂ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਬੜੀ ਸਫ਼ਲਤਾ ਸਹਿਤ ਖੇਡੇ ਜਾ ਚੁੱਕੇ ਹਨ। ਲੇਖਿਕਾ ਨੇ ਆਪਣੀ ਇਸ ਰਚਨਾ ਵਿਚ ਰਵੀ ਦੇ ਕਾਵਿ-ਨਾਟਕਾਂ ਦੇ ਥੀਮ, ਸਰੂਪ, ਤਕਨੀਕ, ਬਣਤਰ, ਮੰਚਨ ਵਿਧੀਆਂ ਅਤੇ ਮੰਚਨ ਬਾਰੇ ਬੜਾ ਹੀ ਵਚਿੱਤਰ, ਸਰਬਪੱਖੀ, ਵਿਲੱਖਣ, ਸਾਰਥਕ ਅਧਿਐਨ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ। ਡਾ. ਇੰਦਰਜੀਤ ਕੌਰ ਨੇ ਇਸ ਖੋਜ ਭਰਪੂਰ ਪੁਸਤਕ ਨੂੰ ਛੇ ਅਧਿਆਇਆਂ ਵਿਚ ਵੰਡਿਆ ਹੈ। ਉਸ ਨੇ ਦੱਸਿਆ ਹੈ ਕਿ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀ ਮੂਲ ਸਮੱਸਿਆ ਇਹ ਹੈ ਕਿ ਅਜੋਕੇ ਪਦਾਰਥਕ ਵਾਤਵਰਨ ਵਾਲੇ ਯੁੱਗ ਵਿਚ ਮਨੁੱਖ ਪਹਿਲਾਂ ਆਪਣੇ ਨਿੱਜੀ ਹਿਤਾਂ ਬਾਰੇ ਸੋਚਦਾ ਹੈ। ਉਹ ਵਿਅਕਤੀਗਤ ਲਾਲਸਾ ਕਾਰਨ ਪੈਸੇ ਦੀ ਹਵਸ ਵਿਚ ਪਰਿਵਾਰਕ ਰਿਸ਼ਤਿਆਂ ਵਿਚਲੇ ਪਿਆਰ, ਨਿੱਘ, ਮੋਹ, ਮਮਤਾ, ਮੁਹੱਬਤ ਨੂੰ ਵਿਸਾਰ ਰਿਹਾ ਹੈ। ਇਸ ਦੇ ਨਾਲ ਹੀ ਇਕੱਲਤਾ ਅਤੇ ਬੇਗਾਨਗੀ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ। ਉਹ ਵਧੇਰੇ ਭੋਗ ਵਿਲਾਸ ਵਿਚ ਗੁਆਚ ਕੇ ਵਧੇਰੇ ਤਣਾਅ ਮਈ ਮਾਹੌਲ ਦੀ ਦਲਦਲ ਵਿਚ ਉਲਝਦਾ ਜਾ ਰਿਹਾ ਹੈ। ਰਵਿੰਦਰ ਰਵੀ ਆਧੁਨਿਕ ਮਨੁੱਖ ਦੇ ਮਨ ਦੀਆਂ ਮਨੋ-ਗੁੰਝਲਾਂ ਅਤੇ ਅਪਰਾਧੀ ਭਾਵਨਾਵਾਂ ਨੂੰ ਪੇਸ਼ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਨ੍ਹਾਂ ਦੇ ਕਾਰਨਾਂ ਨੂੰ ਜਾਣਨ, ਸਮਝਣ ਲਈ ਵੀ ਰੁਚਿਤ ਹੈ। ਔਰਤ ਪੁਰਸ਼ ਦੇ ਰਿਸ਼ਤੇ ਨੂੰ ਆਦਰਸ਼ ਸਮਾਜ ਦਾ ਆਧਾਰ ਸਵੀਕਾਰ ਕੀਤਾ ਗਿਆ ਹੈ। ਪ੍ਰੰਤੂ ਹੁਣ ਜਦੋਂ ਇਸ ਰਿਸ਼ਤੇ ਨੂੰ ਕੇਵਲ ਕਾਮ ਪੂਰਤੀ ਦਾ ਆਧਾਰ ਸਮਝਿਆ ਜਾਣ ਲੱਗਾ ਹੈ ਤਾਂ ਨਾਟਕਕਾਰ ਔਰਤ ਪੁਰਸ਼ ਦੇ ਇਸ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਨ ਉੱਤੇ ਜ਼ੋਰ ਦਿੰਦਾ ਹੈ। ਉਹ ਔਰਤ ਨੂੰ ਪੁਰਸ਼ ਦੇ ਸਮਾਨ ਇਕ ਧਿਰ ਮੰਨਦਾ ਹੈ। ਔਰਤ ਦੀ ਆਜ਼ਾਦੀ, ਸਮਾਨਤਾ, ਉਸ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਹੀ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕਦੀ ਹੈ। ਸਦੀਆਂ ਤੋਂ ਪੁਰਸ਼ ਪ੍ਰਧਾਨ ਸਮਾਜ ਨੇ ਪੁਰਸ਼ ਦੀ ਅਜਾਰੇਦਾਰੀ ਕਾਇਮ ਰੱਖਣ ਲਈ ਔਰਤ ਨੂੰ ਹਮੇਸ਼ਾ ਉਸ ਉੱਤੇ ਨਿਰਭਰ ਬਣਾ ਕੇ ਰੱਖਿਆ ਹੈ। ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਕਦਰਾਂ-ਕੀਮਤਾਂ ਤਹਿਤ ਔਰਤ ਦੇ ਸੁਤੰਤਰ ਰੂਪ ਵਿਚ ਵਿਚਰਨ, ਸੋਚਣ, ਸਮਝਣ ਦੇ ਢੰਗ ਉੱਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਰਹੀਆਂ ਹਨ, ਜੋ ਅੱਜ ਵੀ ਸੂਖ਼ਮ ਰੂਪ ਵਿਚ ਬਰਕਰਾਰ ਹਨ। ਇਸ ਪ੍ਰਕਾਰ ਰਵਿੰਦਰ ਰਵੀ ਆਪਣੇ ਕਾਵਿ-ਨਾਟਕਾਂ ਰਾਹੀਂ ਮਰਦ ਪ੍ਰਧਾਨ ਸੋਚ ਨੂੰ ਉਜਾਗਰ ਕਰਦਾ ਹੋਇਆ ਇਸ ਉੱਤੇ ਵਿਅੰਗ ਕਰਦਾ ਹੈ। ਉਸ ਦੇ ਕਾਵਿ-ਨਾਟਕਾਂ ਵਿਚ ਕੀਤਾ ਇਹੋ ਵਿਅੰਗ ਪਾਠਕਾਂ ਅਤੇ ਦਰਸ਼ਕਾਂ ਨੂੰ ਸੋਚਣ-ਸਮਝਣ, ਵਿਚਾਰਨ, ਸਮੇਂ ਅਨੁਸਾਰ ਬਦਲਣ ਲਈ ਜਾਗਰੂਕ ਅਤੇ ਚੇਤਨ ਕਰਦਾ ਹੈ।
ਨਿਸਚੇ ਹੀ ਡਾ. ਇੰਦਰਜੀਤ ਕੌਰ ਦਾ ਇਹ ਖੋਜ ਕਾਰਜ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀ ਸਮਾਜਵਾਦੀ ਦ੍ਰਿਸ਼ਟੀ ਦੇ ਭਿੰਨ-ਭਿੰਨ ਪਾਸਾਰਾਂ ਦੇ ਸੰਦਰਭ ਵਿਚ ਵਿਗਿਆਨਕ ਅਤੇ ਪ੍ਰਮਾਣਿਕ ਪਹੁੰਚ ਅਪਣਾ ਕੇ ਸਾਰਥਕ ਸਿੱਟੇ ਕੱਢਣ ਦਾ ਸ਼ਲਾਘਾਯੋਗ ਉਪਰਾਲਾ ਹੈ। ਨਾਟ ਆਲੋਚਨਾ ਦੇ ਖੇਤਰ ਵਿਚ ਇਹ ਲੇਖਿਕਾ ਦਾ ਵੱਡਾ ਉੱਦਮ ਹੈ, ਜਿਸ ਦਾ ਸਾਹਿਤ ਪ੍ਰੇਮੀਆਂ ਨੂੰ ਭਰਪੂਰ ਹੁੰਘਾਰਾ ਭਰਨਾ ਬਣਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਗੱਡੀਆਂ ਵਾਲੇ (ਰਾਜਸਥਾਨੀ)
ਲੇਖਕ : ਹਰਬੰਸ ਸਿੰਘ ਮੂੰਡੀ ਚਣਕੋਈਆਂ ਵਾਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98156-45240
ਇਸ ਕਾਵਿ-ਸੰਗ੍ਰਹਿ ਵਿਚ ਜ਼ਿੰਦਗੀ ਦੇ ਵਿਸ਼ਾਲ ਕੈਨਵਸ 'ਤੇ ਬਿੱਖਰੇ ਹੋਏ ਵੱਖੋ-ਵੱਖਰੇ ਰੰਗਾਂ ਦੀ ਬਾਤ ਪਾਈ ਗਈ ਹੈ। ਇਨ੍ਹਾਂ ਕਵਿਤਾਵਾਂ ਵਿਚ ਜ਼ਿੰਦਗੀ ਦੇ ਦੁੱਖ-ਦਰਦ, ਧੁੱਪਾਂ ਛਾਵਾਂ, ਰਿਸ਼ਤਿਆਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਵਿਦਮਾਨ ਹਨ। ਆਓ ਕੁਝ ਝਲਕਾਂ ਮਾਣੀਏ :
ਇਕ ਚਿੜੀ ਟਾਹਣੀ 'ਤੇ ਜਾ ਬਹਿੰਦੀ ਏ।
ਦੂਜੀ ਚਿੜੀ ਟੀਸੀ 'ਤੇ ਹੁਲਾਰੇ ਲੈਂਦੀ ਏ।
ਚੀਂ ਚੀਂ ਕਰਕੇ ਇਕ ਦੂਜੇ ਨਾਲ ਕਰਨ ਵਿਚਾਰਾਂ।
ਕੁੜੀਆਂ ਇਉਂ ਹੁੰਦੀਆਂ ਜਿਉਂ ਚਿੜੀਆਂ ਦੀਆਂ ਡਾਰਾਂ।
-ਐ ਨੌਜਵਾਨੋ ਨਸ਼ਿਆਂ ਪਿੱਛੇ ਕਿਉਂ ਭੱਜਦੇ ਹੋ।
ਸੋਨੇ ਵਰਗੀ ਜ਼ਿੰਦਗੀ ਐਵੇਂ ਬਰਬਾਦ ਕਰਦੇ ਹੋ।
-ਮਾਂ ਸੁਰਗ ਦਾ ਝੂਟਾ ਜਿਸ ਵਿਚ ਦੁਨੀਆ ਸਮੋਈ।
ਮਾਂ ਜਿੱਡਾ ਦੁਨੀਆ ਵਿਚ ਦਿਸੇ ਨਾ ਕੋਈ।
-ਗੱਡੀਆਂ ਵਾਲੇ ਕਹਿਣ ਅਸੀਂ ਰਾਜਸਥਾਨੋਂ ਆਏ ਹਾਂ।
ਫ਼ਖਰ ਕਰਦੇ ਨੇ ਵੀਰ ਰਾਣਾ ਪ੍ਰਤਾਪ ਦੇ ਜਾਏ ਹਾਂ।
-ਇਹ ਫਾਨੀ ਜੱਗ ਛੱਡ ਜਾਣਾ ਮਨ ਸਮਝਾਉਣਾ ਪੈਂਦਾ ਹੈ
ਫਿੱਕਾ ਬੋਲਾ ਨਾ ਬੋਲੀਏ ਪਿੱਛੋਂ ਪਛਤਾਉਣਾ ਪੈਂਦਾ ਹੈ।
ਇਨ੍ਹਾਂ ਕਵਿਤਾਵਾਂ ਵਿਚ ਜੀਵਨ ਦੀਆਂ ਅਟੱਲ ਸਚਿਆਈਆਂ ਅਤੇ ਸੁੰਦਰ ਸੁਨੇਹੇ ਛੁਪੇ ਹੋਏ ਹਨ। ਇਸ ਕਾਵਿ-ਸੰਗ੍ਰਹਿ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਖੇਡ ਪੁਲਾਂਘਾਂ
ਲੇਖਕ : ਪ੍ਰੋ. ਹਰਦੀਪ ਸਿੰਘ ਸੰਗਰੂਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 94174-60316
ਖੇਡ ਖੇਤਰ ਇਕ ਅਜਿਹਾ ਖੇਤਰ ਜੋ ਸਾਡੀ ਸਰੀਰਕ ਤੰਦਰੁਸਤੀ ਤਾਂ ਬਰਕਰਾਰ ਰੱਖਦਾ ਹੀ ਹੈ, ਨਾਲ ਦੀ ਨਾਲ ਸਾਡੀ ਮਾਨਸਿਕਤਾ ਵੀ ਮਜ਼ਬੂਤ ਹੁੰਦੀ ਹੈ ਅਤੇ ਮਨੋਬਲ ਵੀ ਉੱਚਾ ਰਹਿੰਦਾ ਹੈ। ਖੇਡ ਖੇਤਰ ਵੱਲ ਕਿਸੇ ਨੂੰ ਕੀਤੀ ਗਈ ਪ੍ਰੇਰਨਾ ਕਿਸੇ ਪਰਉਪਕਾਰ ਨਾਲੋਂ ਘੱਟ ਨਹੀਂ ਤੇ ਇਹ ਪ੍ਰੇਰਨਾ ਸਰੋਤ ਬਣਦਾ ਹੈ ਖੇਡ ਖੇਤਰ ਸੰਬੰਧੀ ਰਚਿਆ ਗਿਆ ਸਾਹਿਤ। 'ਖੇਡ ਪੁਲਾਂਘਾਂ+ ਖੇਡ ਖੇਤਰ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਪ੍ਰੋ. ਹਰਦੀਪ ਸਿੰਘ ਸੰਗਰੂਰ ਦੀ ਵਿਸ਼ੇਸ਼ ਪੁਸਤਕ ਹੈ। ਬਹੁਤੇ ਖਿਡਾਰੀ ਕੇਵਲ ਖੇਡ ਮੈਦਾਨ ਨਾਲ ਹੀ ਸੀਮਤ ਹੁੰਦੇ ਹਨ ਪਰ ਕੁਝ ਖਿਡਾਰੀ ਖੇਡ ਚਿੰਤਕ ਵੀ ਹੁੰਦੇ ਹਨ ਅਤੇ ਆਪਣੇ ਤਜਰਬੇ ਨਿਰੰਤਰ ਰੂਪ ਵਿਚ ਪਾਠਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹਰਦੀਪ ਸਿੰਘ ਸੰਗਰੂਰ ਵੀ ਅਜਿਹਾ ਹੀ ਖੇਡ ਲੇਖਕ ਹੈ, ਜਿਸ ਨੇ ਆਪਣੀ ਇਸ ਪੁਸਤਕ ਵਿਚ ਜਿਥੇ ਖੇਡਾਂ ਬਾਰੇ ਸਿਧਾਂਤਕ ਜਾਣਕਾਰੀ ਪ੍ਰਦਾਨ ਕੀਤੀ ਹੈ, ਉਥੇ ਵਿਹਾਰਕ ਰੂਪ ਵਿਚ ਖੇਡ ਖੇਤਰ ਦੇ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਹੈ। ਖੇਡਾਂ ਨਾਲ ਜੁੜ ਕੇ ਵਿਦਿਆਰਥੀ ਜਾਂ ਵਿਅਕਤੀ ਜਿਥੇ ਨਾਮਣਾ ਖੱਟਦਾ ਹੈ, ਉਥੇ ਉਸ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ। ਇਸ ਪੁਸਤਕ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਪਹਿਲਾਂ ਖੇਡਾਂ ਕੇਵਲ ਮਨੋਰੰਜਨ ਦਾ ਹੀ ਸਾਧਨ ਸਨ ਪਰ ਹੁਣ ਜਦੋਂ ਖਿਡਾਰੀ ਖੇਡਾਂ ਵਿਚ ਨਾਮਣਾ ਖੱਟਦੇ ਹਨ ਤਾਂ ਉਹ ਦੇਸ਼ ਦਾ ਨਾਂਅ ਵੀ ਉੱਚਾ ਕਰਦੇ ਹਨ। ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਵੀ ਦਿੰਦੇ ਹਨ। ਲੇਖਕ ਦੱਸਦਾ ਹੈ ਕਿ ਖੇਡਾਂ ਬਹਾਦਰੀ ਦਾ ਵੀ ਪ੍ਰਤੀਕ ਬਣਦੀਆਂ ਹਨ। ਅੱਜ ਤਕਨਾਲੋਜੀ ਦਾ ਵਰਤਾਰਾ ਏਨਾ ਵਧ ਚੁੱਕਾ ਹੈ ਕਿ ਖੇਡ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਪਰ ਆਧੁਨਿਕਤਾ ਦੀ ਦੌੜ ਵਿਚ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਹੋ ਰਹੇ ਹਾਂ। ਲੇਖਕ ਨੇ ਆਪਣੀ ਇਸ ਪੁਸਤਕ ਵਿਚ ਕੁਝ ਇਕ ਉਨ੍ਹਾਂ ਖਿਡਾਰੀਆਂ ਦੀ ਮਾਰੀਆਂ ਮੱਲਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਆਪਣੀ ਖੇਡ ਪ੍ਰਤਿਭਾ ਦਾ ਝੰਡਾ ਬੁਲੰਦ ਕੀਤਾ। ਇਸ ਤੋਂ ਇਲਾਵਾ ਖੇਡ ਲੇਖਕਾਂ ਵਲੋਂ ਵੱਖ-ਵੱਖ ਖਿਡਾਰੀਆਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਲਿਖੀਆਂ ਪੁਸਤਕਾਂ ਬਾਰੇ ਵੀ ਸੰਖੇਪ ਜਾਣਕਾਰੀ ਪੁਸਤਕ ਵਿਚ ਉਪਲਬਧ ਕਰਵਾਈ ਗਈ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਕਲੀਆਂ ਹੀਰ ਦੀਆਂ
ਕਵੀ : ਚਮਕੌਰ ਸਿੰਘ ਭੋਤਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 98784-34738
ਚਮਕੌਰ ਸਿੰਘ ਭੋਤਨਾ ਪੰਜਾਬੀ ਦਾ ਪ੍ਰਸਿੱਧ ਕਵੀ ਹੈ। ਇਹ ਅੱਜਕਲ੍ਹ ਕੈਨੇਡਾ ਜਾ ਵਸਿਆ ਹੈ। ਭੋਤਨਾ ਨੇ ਹਥਲੀ ਪੁਸਤਕ ਤੋਂ ਪਹਿਲਾਂ 5 ਹੋਰ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ : ਵਾਰਾਂ ਗੁਰ ਇਤਿਹਾਸ ਦੀਆਂ (ਕਵਿਤਾ) 2016, ਯੋਧਿਆਂ ਦੀਆਂ ਵਾਰਾਂ (ਕਵਿਤਾ) 2017, ਖਾਲੀ ਪਿਆ ਪੰਜਾਬ ਕੁੜੇ (ਕਵਿਤਾ) 2022, ਸੰਘਰਸ਼ੀ ਯੋਧੇ (ਕਵਿਤਾ) 2022 ਅਤੇ ਸੂਰਮੇ ਕਿ ਡਾਕੂ (ਕਵਿਤਾ-ਵਾਰਤਕ) 2023.
ਹਥਲੀ ਪੁਸਤਕ ਭੋਤਨਾ ਨੇ ਕਿੱਸਾ ਹੀਰ ਆਪਣੇ ਹੀ ਢੰਗ ਨਾਲ ਲਿਖੀ ਹੈ। ਅਸਲ ਵਿਚ ਪੰਜਾਬੀ ਸੱਭਿਆਚਾਰ ਅਤੇ ਲੋਕ ਸੁਰਤ ਵਿਚ ਹੀਰ ਦਾ ਕਿੱਸਾ ਬਹੁਤ ਮਹੱਤਵਪੂਰਨ ਹੈ। ਹੀਰ ਦਾ ਕਿੱਸਾ ਦਮੋਦਰ ਤੋਂ ਲੈ ਕੇ ਹੁਣ ਤੀਕ ਸੈਂਕੜੇ ਕਵੀਆਂ ਕਿੱਸਾਕਾਰਾਂ ਨੇ ਲਿਖਿਆ। ਕਈਆਂ ਨੇ ਇਸ ਨੂੰ ਹਾਸ ਵਿਅੰਗ ਵਿਚ ਵੀ ਲਿਖਿਆ। ਇਹ ਪ੍ਰੇਮ ਕਹਾਣੀ ਪੰਜਾਬੀਆਂ ਵਿਚ ਐਨੀ ਅਪਣੱਤ ਭਰੀ ਤੇ ਹਰਮਨਪਿਆਰੀ ਹੈ ਕਿ ਪ੍ਰੋ. ਪੂਰਨ ਸਿੰਘ ਵੀ ਹੀਰ ਨੂੰ ਭੈਣ ਅਤੇ ਰਾਂਝੇ ਨੂੰ ਵੀਰ ਕਹਿੰਦਾ ਹੈ। ਇਹ ਕਹਾਣੀ ਖੇਤੀਹਰ ਲੋਕਾਂ ਦੀ ਹੈ। ਹੀਰ ਨਾਲ ਸੰਬੰਧਿਤ ਤਿੰਨੇ ਪਿੰਡ ਜੱਟ ਸਨ। ਜੱਟਾਂ ਦੇ ਜ਼ਮੀਨ ਆਦਿ ਦੇ ਵੇਰਵੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਰਹੇ ਹਨ। ਦਸਮੇਸ਼ ਪਿਤਾ ਨੇ ਵੀ ਇਸ ਕਥਾ ਦਾ ਅੰਸ਼ ਪੇਸ਼ ਕੀਤਾ। ਹਥਲੀ ਪੁਸਤਕ 'ਕਲੀਆਂ ਹੀਰ ਦੀਆਂ' ਕਵੀਸ਼ਰੀ ਦੇ ਛੰਦਾਂ ਵਿਚ ਪਰਿਪੂਰਨ ਹੈ। ਲੇਖਕ ਖ਼ੁਦ ਵੀ ਕਵੀਸ਼ਰੀ ਨੂੰ ਪਿਆਰ ਕਰਦਾ ਹੈ। 'ਕਲੀ' ਇਕ ਛੰਦ ਹੈ, ਜਿਸ ਦੀਆਂ 22 ਮਾਤਰਾਂ ਹੁੰਦੀਆਂ ਹਨ, ਇਹ ਜਿਥੇ ਛੰਦ ਹੈ, ਉਥੇ ਕਾਵਿ-ਰੂਪ ਵੀ ਹੈ। ਪੰਜਾਬ ਵਿਚ ਇਨ੍ਹਾਂ ਕਲੀਆਂ ਨੇ ਕਈ ਕਵੀਆਂ ਨੂੰ ਬਾਦਸ਼ਾਹ (ਕਲੀਆਂ ਦਾ) ਬਣਾ ਦਿੱਤਾ। ਮਾਲਵੇ ਵਿਚ ਮੋਦਨ ਨਾਮੀ ਕਵੀਸ਼ਰ ਗਾਇਕ ਨੇ ਇਸ ਛੰਦ ਨੂੰ ਘਰ-ਘਰ ਪਹੁੰਚਾਇਆ। ਸੋਹਣ ਸਿੰਘ ਸੀਤਲ ਨੇ ਕਲੀਆਂ ਛੰਦ ਨੂੰ ਧਾਰਮਿਕ ਮਸ਼ਹੂਰੀ ਦਿੱਤੀ, ਇਸ ਕਲੀਆਂ ਛੰਦ ਦੀਆਂ ਕੁਝ ਖ਼ਾਸ ਸਤਰਾਂ ਦੀ ਪੈਰਵੀ ਕਰਕੇ ਵੱਖਰੀ ਸਟੇਜੀ ਸੁੰਦਰਤਾ ਹੈ। ਸੋਹਣ ਸਿੰਘ ਸੀਤਲ ਨੇ ਇਸ ਕਲੀ ਛੰਦ ਨੂੰ ਕਲਾਸੀਕਲ ਰੂਪ ਦਿੱਤਾ। ਸੱਤਵੀਂ ਸਤਰ ਦੇ ਅਖੀਰ ਮੈਂ ਵਾਰੀ, ਤੂੰ ਧੰਨ ਹੈ ਆਦਿ ਵਿਸਤਾਰੀ ਸ਼ਬਦ ਲਾ ਕੇ ਇਸ ਨੂੰ ਵੱਖਰਾ ਤੇ ਤਾਜ਼ਗੀ ਭਰਿਆ ਸਰੂਪ ਬਖ਼ਸ਼ਿਆ। ਕਰਤਾਰ ਸਿੰਘ ਕਾਲੜਾ ਨੇ 52 ਕਲੀਆਂ ਕਲਾਸੀਕਲ ਸਰੂਪ ਦੀਆਂ ਲਿਖੀਆਂ ਹਨ। ਪਰ ਹਥਲੀ ਪੁਸਤਕ ਵਿਚ ਆਮ ਰਵਾਇਤ ਅਨੁਸਾਰ ਹਰ ਕਾਂਡ ਵਿਚ 8 ਤੋਂ 10 ਸਤਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੱਗੇ ਚਲ ਕੇ ਕਵੀ ਨੇ ਕਬਿੱਤ ਵਿਚ ਵੀ ਕੁਝ ਅਧਿਆਏ ਲਿਖੇ ਹਨ। ਉਸ ਝੋਕ ਅਤੇ ਬੈਂਤ ਦੀ ਵੀ ਵਰਤੋਂ ਕੀਤੀ ਹੈ। ਕੁੱਲ ਮਿਲਾ ਕੇ ਕਵੀ ਭੋਤਨਾ ਨੇ ਕਲੀ ਛੰਦ ਨੂੰ ਉੱਚ ਮਿਆਰ ਦੀ ਬਣਾ ਕੇ ਪੇਸ਼ ਕੀਤਾ ਹੈ। ਕਵੀ ਭੋਤਨਾ ਨੇ ਸੈਂਕੜੇ ਹੋਰ ਲਿਖੀਆਂ ਗਈਆਂ ਹੀਰਾਂ ਵਾਂਗ ਸਿਰਲੇਖ ਪ੍ਰਚਲਿਤ ਹੀ ਦਿੱਤੇ ਹਨ ਹਾਂ ਵੇਰਵਿਆਂ ਵਿਚ ਅੰਤਰ ਹੈ, ਉਸ ਦੇ ਸਿਰਲੇਖ ਹਨ ਹੀਰ ਜਨਮੀ, ਮੌਜੂ ਦੀ ਮੌਤ, ਧੀਦੋ ਨੇ ਘਰ ਛੱਡਣਾ, ਲੁੱਡਣ ਮਲਾਹ ਦੀ ਵਾਰਤਾ, ਹੀਰ ਨੇ 60 ਸਹੇਲੀਆਂ ਲੈ ਕੇ ਆਉਣਾ, ਹੀਰ ਦੀ ਡੋਲੀ ਤੁਰੀ, ਹੀਰ ਵਲੋਂ ਕਾਜੀ ਨੂੰ ਪ੍ਰਸ਼ਨ, ਜੋਗੀ ਰਾਂਝਾ ਗਿਆ ਖੇੜੇ, ਹੀਰ ਅਤੇ ਰਾਂਝੇ ਦੀ ਮੌਤ ਆਦਿ। ਦੂਜੇ ਕਿੱਸਿਆਂ ਵਾਂਗ ਭੋਤਨਾ ਦੇ ਹਥਲੇ ਕਿੱਸੇ ਦਾ ਅੰਤ ਵੀ ਦੁਖਾਂਤਕ ਹੈ।
ਭੋਤਨਾ ਨੇ ਜੋ ਕਲੀਆਂ ਦਾ ਛੰਦ ਵਰਤਿਆ ਹੈ। ਉਸ ਦੀਆਂ ਆਮ ਕਰਕੇ 16+10 ਮਾਤਰਾ ਹਨ (6 ਫੇਲੁਨ+ਫੇ)।
- ਤਖਤ ਹਜਾਰੇ ਦੀ ਸਿਫਤ ਸੁਣਾਵਾਂ ਦੋਸਤੋ
ਸਵਰਗੋਂ ਸੋਹਣਾ ਸੁਅੱਰਗ ਹੈ ਧਰਤੀ ਤੇ ਸੰਸਾਰ ਦਾ
-ਖੇਡਾਂ ਖੇਡਦੀ ਦਾ ਬਚਪਨ ਲੰਘ ਗਿਆ ਹੀਰ ਦਾ
ਵਧਦੀ ਵੇਲ ਵਾਂਗਰਾਂ ਨਿਤ ਉਠਦੀ ਜਦ ਤੜਕੇ
-ਵੱਡਾ ਭਾਈ ਧੀਦੋ ਨੂੰ ਅੱਗੇ ਹੋ ਕੇ ਰੋਕਦਾ
ਘਰ ਛੱਡ ਚੱਲਿਐਂ ਕਾਹਤੋਂ ਸਾਡੇ ਸਿਰ ਸੁਆਹ ਪਾ ਕੇ
-ਖੂਹ ਤੋਂ ਪਾਣੀ ਭਰਦੀਆਂ ਕੁੜੀਆਂ ਰੂਪ ਦੇਖ ਕੇ ਨਾਥ ਦਾ
ਅੱਖਾਂ ਅੱਡੀਆ ਰਹਿ ਗਈਆਂ ਅੱਲੜਾਂ ਦੀਆਂ ਨਸ਼ਿਆਈਆਂ
ਪੁਸਤਕ ਬਹੁਤ ਦਿਲਚਸਪੀ ਭਰਪੂਰ ਅਤੇ ਹੋਰ ਕਿੱਸਿਆਂ ਦੀ ਨਿਆਈ ਹੈ। ਕਵੀ ਨੇ ਬੜੇ ਵਧੀਆ ਵਿਸਤਾਰ ਵੀ ਕੀਤੇ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਪੁਸਤਕ ਦੀ ਭੂਮਿਕਾ ਵਿਚ ਬੜੇ ਗਿਆਨ ਦੀਆਂ ਗੱਲਾਂ ਕਰਦਾ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਜੰਗਲੀ ਫੁੱਲ
ਲੇਖਕ : ਸੁਰਿੰਦਰ ਸਿੰਘ ਕੰਗਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 107
ਸੰਪਰਕ : 94178-03488
'ਜੰਗਲੀ ਫੁੱਲ' ਸੁਰਿੰਦਰ ਸਿੰਘ ਕੰਗਣੀ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਹ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਕੰਗਣੀ ਦੀ ਕਵਿਤਾ ਸਮਾਜ ਦੇ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਸਦੀਆਂ ਤੋਂ ਦੱਬੇ-ਕੁਚਲੇ ਤੇ ਅਣਗੌਲੇ ਹਨ। 107 ਸਫ਼ਿਆਂ ਦੀ ਇਸ ਪੁਸਤਕ ਦੇ ਮੁੱਖ ਵਿਸ਼ੇ ਮਾਨਵਵਾਦੀ ਪਸਾਰਾਂ ਦੇ ਲਖਾਇਕ ਹਨ। ਉਹ ਨਿਰਾਸ਼ ਪ੍ਰਸਥਿਤੀਆਂ ਵਿਚ ਵੀ ਆਸ ਦਾ ਪੱਲਾ ਨਹੀਂ ਛੱਡਦਾ ਤੇ ਭਵਿੱਖ ਮੁਖੀ ਸੋਚ ਰੱਖਦਾ ਹੈ।
ਭਾਵੇਂ ਪਿੱਪਲ ਉਦਾਸ ਹੈ, ਇਕ ਇਕ ਕਰਕੇ ਕਿਰ ਗਏ
ਉਸ ਦੇ ਆਪਣੇ ਪੱਤੇ
ਕੁਝ ਦਿਨਾਂ ਬਾਅਦ ਨਵੀਆਂ ਕਰੂੰਬਲਾਂ
ਸਬਜ਼ ਰੰਗੀ ਪਰਤ ਆਉਣਗੀਆਂ
ਉਹ ਰਾਜਨੀਤਕ ਅਤੇ ਸਮਾਜਿਕ ਸਰੋਕਾਰਾਂ ਤੋਂ ਵੀ ਚੇਤੰਨ ਹੈ।
ਹਾਕਮਾਂ ਦੇ ਵਾਸਤੇ ਭਾਵੇਂ ਸਵੇਰਾ ਹੋ ਰਿਹਾ ਦੂਰ
ਪਰ ਝੁੱਗੀਆਂ 'ਚੋਂ ਹਾਲੇ ਨਹੀਂ ਹਨੇਰਾ ਹੋ ਰਿਹਾ।
ਕੁਰਬਾਨੀ ਅਤੇ ਤਿਆਗ ਨਾਲ ਜੁੜੇ ਵਿਸ਼ਿਆਂ ਰਾਹੀਂ ਕਵੀ ਸਮਾਜਿਕ ਚੇਤਨਾ ਅਤੇ ਬਦਲਾਅ ਦੀ ਗੱਲ ਕਰਦਾ ਹੈ। ਮਾਂ-ਬੋਲੀ ਪ੍ਰਤੀ ਕਵੀ ਆਪਣੀ ਸੰਵੇਦਨਾ ਜ਼ਾਹਿਰ ਕਰਦਾ ਲਿਖਦਾ ਹੈ :
ਮਾਂ ਬੋਲੀ ਲਈ ਕਰਾਂ ਦੁਆਵਾਂ
ਦੂਰ ਹੋਣ ਇਸ ਦੀਆਂ ਬਲਾਵਾਂ
ਵਿਛੋੜੇ ਦੇ ਸੂਖਮ ਅਹਿਸਾਸ ਨੂੰ ਕਵੀ ਬੜੀ ਵੇਦਨਾ ਨਾਲ ਪ੍ਰਗਟ ਕਰਦਾ ਹੈ :
ਤੇਰੇ ਬਗ਼ੈਰ ਦੱਸ ਜ਼ਿੰਦਗੀ ਨੂੰ ਕੀ ਕਰੀਏ
ਜੀਏ ਤਾਂ ਕਿੰਝ ਜੀਏ ਮਰੀਏ ਤਾਂ ਕਿੰਝ ਮਰੀਏ
ਖਾਬ ਅੱਖੀਆਂ ਨੂੰ ਵਿਖਾ ਕੇ, ਦਰ 'ਤੇ ਕਿ ਸਮੁੰਦਰ, ਪੁੱਛ ਲਈ ਦਰਦ ਕਹਾਣੀ, ਸਾਨੂੰ ਹੱਸਦਾ ਵੱਸਦਾ ਪੰਜਾਬ ਦਿਓ, ਇਹ ਤਾਂ ਤੇਰੀ ਮਰਜ਼ੀ ਸੱਜਣਾ, ਦੋਸਤ ਜਦ ਦੁਸ਼ਮਣ ਬਣ ਜਾਂਦੇ ਨੇ, ਗ਼ਜ਼ਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਮਾਏ ਨੀ ਮੇਰੀ ਅੱਖੀਆਂ ਦੇ ਵਿਚ
ਹੜ ਹੰਝੂਆਂ ਦਾ ਆਇਆ
ਉੱਡ ਗਏ ਬੁੱਲ੍ਹੀਆਂ ਤੋਂ ਹਾਸੇ
ਹੁਣ ਗ਼ਮਾਂ ਨੇ ਡੇਰਾ ਲਾਇਆ।
ਵਰਗੀਆਂ ਰਚਨਾਵਾਂ ਕਵੀ ਦੇ ਪ੍ਰੇਮ ਭਾਵਾਂ ਦਾ ਬਿਆਨ ਕਰਨ ਦੇ ਨਾਲ-ਨਾਲ ਲੋਕ ਰੰਗ ਨੂੰ ਵੀ ਪ੍ਰਗਟਾਉਂਦੀਆਂ ਹਨ।
ਰਿਸ਼ਤੇ, ਭਰਮ, ਸੂਰਜ, ਚੰਨ, ਤਾਰੇ, ਝੁਲਸਿਆ ਬਿਰਖ, ਇੱਛਾ ਦੇ ਪਰਛਾਵੇਂ, ਕੁਝ ਨਹੀਂ ਬੋਲਿਆ ਆਦਿ ਰਚਨਾਵਾਂ ਵੀ ਬਹੁਤ ਪ੍ਰਭਾਵਸ਼ਾਲੀ ਹਨ। ਮਾਂ ਕਵਿਤਾ ਰਾਹੀਂ ਕਵੀ ਨੇ ਮਾਂ ਦੁਆਰਾ ਬੱਚੇ ਲਈ ਕੀਤੇ ਜਾਂਦੇ ਕਾਰਜ ਅਤੇ ਜ਼ਿੰਮੇਵਾਰੀਆਂ ਰਾਹੀਂ ਮਾਂ ਪ੍ਰੇਮ ਦੀ ਬਾਤ ਛੋਹੀ ਹੈ। ਸਮਾਜ ਦੀ ਦਕਿਆਨੂਸੀ ਸੋਚ, ਜਾਤ ਪਾਤ ਦੇ ਵਿਤਕਰੇ ਕਵੀ ਨੂੰ ਉਦਾਸ ਕਰਦੇ ਹਨ। ਤਾਲਾਬੰਦੀ ਦੇ ਦਿਨਾਂ ਦੀਆਂ ਯਾਦਾਂ ਨੂੰ ਵੀ ਕਵੀ ਨੇ ਕਾਵਿ ਘੇਰੇ ਵਿਚ ਲਿਆਂਦਾ ਹੈ। ਸਮੁੱਚੇ ਤੌਰ 'ਤੇ ਜੰਗਲੀ ਫੁੱਲ ਕਾਵਿ ਸੰਗ੍ਰਹਿ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਕਵੀ ਸੁਰਿੰਦਰ ਸਿੰਘ ਕੰਗਣੀ ਵਧਾਈ ਦਾ ਹੱਕਦਾਰ ਹੈ।
-ਪ੍ਰੋ. ਕੁਲਜੀਤ ਕੌਰ
ਇਕ ਮੇਰੀ ਅੱਖ ਕਾਸ਼ਣੀ...
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 343
ਸੰਪਰਕ : 98147-32198
ਦੋ ਦਰਜਨ ਦੇ ਕਰੀਬ ਨਾਵਲ ਅਤੇ ਪੰਜ ਕਹਾਣੀ-ਸੰਗ੍ਰਹਿ ਰਚ ਕੇ ਸ਼ਿਵਚਰਨ ਜੱਗੀ ਕੁੱਸਾ ਪੰਜਾਬੀ ਗਲਪ ਸਾਹਿਤ ਜਗਤ ਵਿਚ ਸਥਾਪਤ ਹਸਤਾਖ਼ਰ ਹੈ। ਵਿਚਾਰ ਅਧੀਨ ਨਾਵਲ 'ਇਕ ਮੇਰੀ ਅੱਖ ਕਾਸ਼ਣੀ... ' ਉਸ ਦਾ ਅਜੋਕੇ ਸਮਾਜ ਦੀਆਂ ਤ੍ਰਾਸਦੀਆਂ ਨੂੰ ਤਸਵੀਰਦਾ ਨਾਵਲ ਹੈ, ਜਿਸ ਵਿਚ ਆਧੁਨਿਕ ਸਮਾਜ ਨੂੰ ਸਾਰਥਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਔਰਤ ਪ੍ਰਤੀ ਸਮਾਜ ਦੇ ਰਵੱਈਏ ਅਤੇ ਔਰਤਾਂ ਦੀ ਬਦਲ ਰਹੀ ਮਾਨਸਿਕਤਾ ਨੂੰ ਦਰਸਾਉਂਦਾ ਇਹ ਨਾਵਲ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ 'ਤੇ ਗਹਿਰੀ ਸੱਟ ਮਾਰਦਾ ਹੈ। ਇਸ ਨਾਵਲ ਵਿਚ ਉਸ ਨੇ ਵਿਦੇਸ਼ੀ ਧਰਤੀ 'ਤੇ ਜਾ ਵੱਸਣ ਦਾ ਲਾਲਚ ਅਤੇ ਉਸ ਲਈ ਖ਼ਾਸ ਰੂਪ ਵਿਚ ਪਰਿਵਾਰ ਦੀਆਂ ਕੁੜੀਆਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਂਦਾ ਹੈ। ਪੰਜਾਬ ਦੀ ਧਰਤੀ 'ਤੇ ਧੀਆਂ ਨੂੰ ਬੰਦਿਸ਼ਾਂ ਵਿਚ ਰੱਖਣ ਵਾਲੇ ਪਰਿਵਾਰ ਵਿਦੇਸ਼ ਜਾਣ ਦੇ ਲਾਲਚ ਵਿਚ ਕੁੜੀਆਂ ਨੂੰ ਖੁੱਲ੍ਹੀ ਆਜ਼ਾਦੀ ਦਿੰਦੇ ਹੋਏ ਦਾਅ 'ਤੇ ਲਾ ਦਿੰਦੇ ਹਨ ਅਤੇ ਜਿਨ੍ਹਾਂ ਕੁੜੀਆਂ ਨੂੰ ਆਪਣੀਆਂ ਸਹੇਲੀਆਂ ਚੁਣਨ ਦੀ ਵੀ ਖੁਲ੍ਹ ਨਹੀਂ ਹੁੰਦੀ, ਉਹ ਵਿਦੇਸ਼ੀ ਧਰਤੀ 'ਤੇ ਆਪਣੀ ਰੋਜ਼ੀ-ਰੋਟੀ ਲਈ ਕੀ-ਕੀ ਕੰਮ ਕਰਦੀਆਂ ਹਨ ਤੇ ਕਿਵੇਂ ਉਨ੍ਹਾਂ ਦੇ ਆਪਣੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ, ਅਜਿਹੀ ਦਾਸਤਾਨ ਦੀ ਬਾਤ ਇਸ ਨਾਵਲ ਵਿਚ ਚਿਤਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਫ਼ਿਲਮੀ ਦੁਨੀਆ ਵਿਚ ਮਸ਼ਹੂਰ ਹੋਣ ਦਾ ਲਾਲਚ, ਕੋਰੋਨਾ ਮਹਾਂਮਾਰੀ ਦੀ ਮਾਰ ਅਤੇ ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਦਾ ਵਧ ਰਿਹਾ ਰੁਝਾਨ ਇਸ ਨਾਵਲ ਦਾ ਵਿਸ਼ਾ ਬਣਿਆ ਹੈ। ਪੱਛਮੀ ਦੇਸ਼ਾਂ ਵਿਚ ਵਸਣ ਤੋਂ ਬਾਅਦ ਉਸ ਸੱਭਿਆਚਾਰ ਦੇ ਪ੍ਰਭਾਵ ਹੇਠ ਪਾਤਰਾਂ ਦੀ ਬਦਲਦੀ ਮਾਨਸਿਕਤਾ ਨੂੰ ਜਿਥੇ ਇਸ ਨਾਵਲ ਵਿਚ ਚਿਤਰਤ ਕੀਤਾ ਗਿਆ ਹੈ, ਉਥੇ ਇਸਤਰੀ ਪਾਤਰਾਂ ਦੇ ਚਿੱਤਰਣ ਸਮੇਂ ਕੁਝ ਹੱਦ ਤਕ ਫ਼ਿਲਮੀ ਪਾਤਰਾਂ ਦਾ ਭੁਲੇਖਾ ਪੈਂਦਾ ਹੈ। ਪਾਇਲ ਵਰਗੀ ਕੁੜੀ ਆਪਣੇ ਜਬਰ ਜਨਾਹ ਵਾਲੇ ਨੂੰ ਪਿਆਰ ਕਰਨ ਲਗਦੀ ਹੈ ਅਤੇ ਅਮਨ ਆਪਣੇ ਕੋਚ ਦੇ ਹੱਥਾਂ ਵਿਚ ਖੇਡਦੀ ਹੈ ਜਦੋਂ ਕਿ ਉਹ ਉਸ ਬਾਰੇ ਸਭ ਕੁਝ ਜਾਣਦੀ ਹੁੰਦੀ ਹੈ। ਲੇਖਣ ਸ਼ੈਲੀ ਅਤੇ ਭਾਸ਼ਾ ਦੀ ਗੱਲ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਾਵਲਕਾਰ ਸਿੱਧੀ ਸਰਲ ਭਾਸ਼ਾ ਵਿਚ ਬਿਰਤਾਂਤ ਸਿਰਜਦਾ ਹੈ। ਜਿਸ ਗੱਲ ਵੱਲ ਉਹ ਪਾਠਕ ਦਾ ਖ਼ਾਸ ਧਿਆਨ ਦਿਵਾਉਣਾ ਚਾਹੁੰਦਾ ਹੈ ਉਸ ਨੂੰ ਉਹ ਕਾਮਿਆਂ ਵਿਚ ਲਿਖਦਾ ਹੈ। ਦ੍ਰਿਸ਼ ਅਤੇ ਵਾਰਤਾਲਾਪ ਫ਼ਿਲਮੀ ਹੋਣ ਦਾ ਭੁਲੇਖਾ ਪਾਉਂਦੇ ਹਨ। ਸੋ ਕਹਾਣੀ ਰਸ ਭਰੇ ਇਸ ਨਾਵਲ ਨੂੰ ਪਾਠਕ ਬਹੁਤ ਪਸੰਦ ਕਰਣਗੇ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਕੁਦੇਸਣ
ਲੇਖਕ : ਪ੍ਰੀਤਮ ਸਿੰਘ ਪੰਛੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 96
ਮੋਬਾਈਲ : 95605-92463
ਪ੍ਰੀਤਮ ਸਿੰਘ ਪੰਛੀ ਦਾ ਨਾਵਲ 'ਕੁਦੇਸਣ' ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਨਾਵਲ, ਪੰਜ ਕਹਾਣੀ-ਸੰਗ੍ਰਹਿ, ਕੁਝ ਹਿੰਦੀ ਅਤੇ ਅਨੁਵਾਦਿਤ ਪੁਸਤਕਾਂ ਮਾਂ-ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਸਮੁੱਚਾ ਨਾਵਲ ਕੁੱਲ 15 ਕਾਂਡਾਂ ਵਿਚ ਤਕਸੀਮ ਕੀਤਾ ਗਿਆ ਹੈ ਤੇ ਅਖੀਰ ਵਿਚ ਇਕ ਕਹਾਣੀ ਘੁੰਗਰੂ ਹੈ। ਕੁਦੇਸਣ ਨਾਵਲ ਵਿਚ ਉਸ ਨੇ ਔਰਤ ਦੀ ਥੁੜ ਨੂੰ ਬਿਆਨ ਕੀਤਾ ਹੈ ਕਿ ਜਿਨ੍ਹਾਂ ਪੁਰਸ਼ਾਂ ਦੇ ਵਿਆਹ ਨਹੀਂ ਸੀ ਹੁੰਦੇ ਤੇ ਉਹ ਆਪਣਾ ਘਰ ਵਸਾਉਣ ਵਿਚ ਅਸਮਰੱਥ ਸਨ ਤਾਂ ਉਹ ਆਪਣਾ ਘਰ ਵਸਾਉਣ ਲਈ ਹਰ ਹਰਬਾ ਅਪਣਾਉਂਦੇ ਸਨ, ਜਿਸ ਦੇ ਇਵਜ਼ ਵਿਚ ਉਹ ਗ਼ੈਰ-ਪੰਜਾਬੀ ਔਰਤਾਂ ਨੂੰ ਮੁੱਲ ਲਿਆ ਕੇ ਆਪਣਾ ਘਰ ਵਸਾ ਲੈਂਦੇ ਸਨ, ਜਿਸ ਨੂੰ 'ਕੁਦੇਸਣ' ਕਿਹਾ ਜਾਂਦਾ ਸੀ ਪਰ ਅਜਿਹੀਆਂ 'ਕੁਦੇਸਣ' ਔਰਤਾਂ ਨੂੰ ਇਕ ਥਾਂ 'ਤੇ ਵਸਣਾ ਨਸੀਬ ਨਹੀਂ ਸੀ ਹੁੰਦਾ ਤੇ ਉਨ੍ਹਾਂ ਨੂੰ ਪਸ਼ੂਆਂ ਵਾਂਗ ਅੱਗੇ ਦੀ ਅੱਗੇ ਵਿਕਣਾ ਪੈਂਦਾ ਸੀ। ਅਜਿਹੀ ਔਰਤ ਦੀ ਤ੍ਰਾਸਦੀ ਹੀ ਇਸ ਨਾਵਲ ਦਾ ਵਿਸ਼ਾ ਹੈ। 'ਕੁਦੇਸਣ' ਨਾਵਲ ਵਿਚ ਵਰਿਆਮੇ ਨੇ ਮੰਗੋ ਨੂੰ ਆਪਣੇ ਘਰ ਲੈ ਆਂਦਾ ਸੀ ਪਰ ਵਰਿਆਮੇ ਦੇ ਘਰ ਦੇ ਨੇੜੇ ਹੀ ਸੁਲੱਖਣ ਦਾ ਘਰ ਸੀ ਤਾਂ ਸੁਲੱਖਣ ਆਨੇ-ਬਹਾਨੇ ਵਰਿਆਮੇ ਦੇ ਘਰ ਗੇੜੇ ਮਾਰਦਾ ਰਹਿੰਦਾ ਸੀ ਜਿਸ ਕਰਕੇ ਸੁਲੱਖਣ ਮੰਗੋ ਨੂੰ ਪਿਆਰ ਕਰਨ ਲੱਗਦਾ ਹੈ। ਇਸ ਪ੍ਰਕਾਰ ਵਰਿਆਮਾ ਚਾਹੁੰਦਾ ਹੈ ਕਿ ਉਸ ਦੀ ਜਾਇਦਾਦ ਦਾ ਵਾਰਸ ਪੈਦਾ ਹੋ ਜਾਵੇ ਤੇ ਉਸ ਨੂੰ ਬਹੁਤ ਸਾਰੇ ਹੀਲੇ ਅਤੇ ਪਾਪੜ ਵੇਲਣੇ ਪੈਂਦੇ ਹਨ। ਇਹ ਸਮੱਸਿਆ ਆਮ ਕਿਸਾਨਾਂ ਦੀ ਸੀ, ਜਿਸ ਕਰਕੇ ਅਨੇਕਾਂ ਪੁਰਸ਼ਾਂ ਵਾਸਤੇ ਘਰ ਵਸਾਉਣਾ ਸੌਖਾ ਨਹੀਂ ਸੀ ਹੁੰਦਾ, ਪਰ ਬਦਨਸੀਬ ਕੁਦੇਸਣਾਂ ਨੂੰ ਵੀ ਇਕ ਘਰ ਟਿਕਣਾ ਨਸੀਬ ਨਹੀਂ ਸੀ ਹੁੰਦਾ। ਇਸ ਤਰ੍ਹਾਂ ਵਰਿਆਮਾ ਵੀ ਮੰਗੋ ਨੂੰ ਅੱਗੇ ਵੇਚ ਦਿੰਦਾ ਹੈ, ਜੋ ਔਰਤ ਦੇ ਸੰਤਾਪ ਦੀ ਗਾਥਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਵਿਚ ਨਾਵਲਕਾਰ ਨੇ ਦਹਾਕਿਆਂ ਤੋਂ ਮੁੱਕੇ ਹੋਏ ਵਿਸ਼ੇ ਨੂੰ ਪਾਠਕਾਂ ਨਾਲ ਰੂ-ਬਰੂ ਕਰਵਾਇਆ ਹੈ। ਇਹ ਨਾਵਲ ਸ਼ਲਾਘਾਯੋਗ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਜਦੋਂ ਵੀ ਸੋਚੋ ਵੱਡਾ ਸੋਚੋ
ਲੇਖਕ : ਐਨ.ਰਘੁਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 128
ਸੰਪਰਕ : 181-2214196
ਇਸ ਜਗਤ ਤਮਾਸ਼ੇ /ਕਾਰੋਬਾਰ ਵਿਚ ਵਿਚਰਨ ਲਈ ਮਾਨਸਿਕ ਸਥਿਤੀ ਬੁੱਧੀ/ਵਿਵੇਕ ਤੇ ਸਿਆਣਪ ਦਾ ਇਕ ਵੱਡਾ ਹੱਥ ਹੁੰਦਾ ਹੈ। ਆਉਣ ਵਾਲੇ ਸਮੇਂ ਬਾਰੇ ਸੂਝ ਭਰੀ ਅਗਾਊਂ ਯੋਜਨਾ ਦੀ ਘਾੜਤ/ਉਸਾਰੀ ਵਿਚ ਸੋਚ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਰਥਿਕ ਸੋਚ ਦੇ ਨਤੀਜੇ ਵੀ ਸਾਰਥਿਕ ਹੀ ਨਿਕਲਦੇ ਹਨ। ਸਿਰਮੌਰ ਅਖ਼ਬਾਰਾਂ ਦੇ ਰਹਿ ਚੁੱਕੇ ਸੰਪਾਦਕ ਅਨੁਭਵੀ ਲੇਖਕ ਐਨ.ਰਘੁਰਾਮਨ ਦੁਆਰਾ ਰਚਿਤ ਇਹ ਪੁਸਤਕ 'ਜਦੋਂ ਵੀ ਸੋਚੋ ਵੱਡਾ ਸੋਚੋ' ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੀ ਹੈ।
ਕਰੀਬ ਡੇਢ ਕੁ ਸੌ ਸਿਰਲੇਖਾਂ ਵਾਲੀ ਇਸ ਪੁਸਤਕ ਦੀ ਸ਼ੁਰੂਆਤ ਹੀ ਪਾਲਣਹਾਰੀ ਧਰਤੀ ਮਾਂ ਦੀ ਨਰੋਈ ਸਿਹਤ ਨੂੰ ਲੈ ਕੇ ਕੀਤੀ ਗਈ ਹੈ ਕਿ ਵਿਕਾਸ ਦੇ ਨਾਂਅ ਉਤੇ ਵਿਨਾਸ਼ ਸਹੇੜਨਾ ਸਭ ਤਰ੍ਹਾਂ ਦੀ ਜੀਵਨ ਰਚਨਾ ਦੇ ਪੱਖ ਵਿਚ ਕਦੇ ਵੀ ਨਹੀਂ ਭੁਗਤਦਾ। ਸਗੋਂ ਇਹ ਇਕ ਘਾਟੇਵੰਦਾ ਸੌਦਾ ਹੈ। ਪਰ ਕੁਝ ਮਾਣ ਮੱਤੇ ਲੋਕ ਆਪਣੇ ਕਾਰੋਬਾਰ ਦੇ ਨਾਲ-ਨਾਲ ਹੀ ਕੁਦਰਤ ਦੇ ਇਸ ਅਨਮੋਲ ਤੇ ਅਨੋਖੇ ਗ੍ਰਹਿ ਦੀ ਸਿਹਤ ਦਾ ਖਿਆਲ ਰੱਖਣ ਲਈ ਤਨਦੇਹੀ ਨਾਲ ਡਟੇ ਹੋਏ ਹਨ। ਜਿਨ੍ਹਾਂ ਦੇ ਉੱਦਮ ਤੇ ਸਖਤ ਘਾਲਣਾ ਸਦਕਾ ਅਸੰਭਵ ਤੇ ਪ੍ਰਤੀਕੂਲ ਪ੍ਰਸਥਿਤੀਆਂ ਨੂੰ ਸੰਭਵ ਤੇ ਅਨਕੂਲ ਪ੍ਰਸਥਿਤੀਆਂ ਵਿਚ ਬਦਲ ਕੇ ਅਨੋਖੇ ਮੀਲ ਪੱਥਰ ਗੱਡ ਰਹੇ ਹਨ। ਬੰਗਲੌਰ ਦੇ ਨਾਇਕ ਰਜੇਸ਼ ਕੁਮਾਰ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ, ਜਿਸ ਨੇ ਬੰਜਰ ਧਰਤੀ ਨੂੰ ਹਰਿਆ ਭਰਿਆ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਏਅਰ ਕੰਡੀਸ਼ਨਰਾਂ ਦਾ ਵਾਤਾਵਰਨ ਤੇ ਜਲਵਾਯੂ ਨੂੰ ਖਰਾਬ ਕਰਨ ਵਿਚ ਇਕ ਵੱਡਾ ਹਿੱਸਾ ਬਣ ਰਿਹਾ ਹੈ, ਦਾ ਕੁਦਰਤੀ ਬਦਲ ਲੱਭਣ ਵਿਚ ਸਫਲ ਹੋ ਰਹੇ ਸਰਬਜੀਤ ਬੈਨਰਜੀ ਨਾਲ ਆਮ ਗੁਫਤਗੂ ਦਾ ਜ਼ਿਕਰ ਵੀ ਖ਼ਾਸ ਸੁਨੇਹਾ ਦਿੰਦਾ ਹੈ ਕਿ ਕੁਦਰਤ ਨਾਲ ਨੇੜਤਾ ਹੀ ਸਭ ਲਈ ਹਮੇਸ਼ਾ ਲਾਹੇਵੰਦ ਹੁੰਦੀ ਹੈ। ਭੋਜਨ ਬਣਾਉਣ ਦੀ ਸਾਫ਼ ਸਫ਼ਾਈ ਵਧੇਰੇ ਕਮਾਈ, ਵਰਤਮਾਨ ਚੰਗਾ ਬਣਾਉਣ ਲਈ ਭੂਤਕਾਲ ਤੇ ਭਵਿੱਖ ਦਾ ਆਪਸੀ ਤਾਲਮੇਲ ਬਿਠਾਉਣ , ਦ੍ਰਿੜ੍ਹਤਾ ਭਰੇ ਉੱਦਮ ਨਾਲ ਕੂੜੇ / ਗੰਦਗੀ ਦੇ ਪਹਾੜ ਵਰਗੇ ਗੰਭੀਰ ਮਸਲਿਆਂ ਨਾਲ ਨਜਿੱਠਣ ਦੀ ਮੁੰਬਈ ਦੇ ਫੋਰਟ ਵਰਗੇ ਇਲਾਕੇ ਦੀ ਉਦਾਹਰਨ ਪਾਠਕਾਂ ਵਿਚ ਸਾਰਥਿਕਤਾ ਭਰਿਆ ਸੁਨੇਹਾ, ਵਪਾਰਕ ਤਰੱਕੀ ਲਈ ਪੁਰਾਣੀਆਂ ਘਸੀਆਂ ਪਿੱਟੀਆਂ ਪ੍ਰੰਪਰਾਵਾਂ ਨਾਲ ਆਧੁਨਿਕ ਢੰਗ ਤਰੀਕਿਆਂ ਨਾਲ ਜੁੜਨ, ਮੋਬਾਇਲ ਦੀ ਹੱਦੋਂ ਵੱਧ ਦੁਰਵਰਤੋਂ ਮਨੁੱਖੀ ਰਿਸ਼ਤਿਆਂ ਦੇ ਮੇਲਜੋਲ ਨੂੰ ਤਾਰ ਤਾਰ ਕਰਨ ਦਾ ਸਬੱਬ ਬਣਨ,ਇੱਕ ਜਗ੍ਹਾ 'ਤੇ ਸੈਰ ਕਰਦਿਆਂ ਵੱਖ ਵੱਖ ਦੇਸ਼ਾਂ /ਸੱਭਿਆਚਾਰ ਦਾ ਪ੍ਰਦਰਸ਼ਨ ਕਰਨ ਵਾਲੇ ਵਿਲੱਖਣ ਪ੍ਰੋਜੈਕਟ, ਲਕੀਰ ਦੇ ਫ਼ਕੀਰ ਵਾਲੀ ਦੀ ਸੋਚ ਤੋਂ ਪਰ੍ਹੇ ਵਾਲੇ ਕੰਮ/ ਧੰਦਿਆਂ ਨਾਲ ਰੁਜ਼ਗਾਰ ਦਾ ਦਾਇਰਾ ਵਧਣ , ਸਰੀਰਕ ਤੇ ਮਾਨਸਿਕ ਸ਼ਕਤੀ ਨੂੰ ਜੋੜ ਕੇ ਟੀਚੇ 'ਤੇ ਕੇਂਦਰਤ ਕਰਕੇ ਹੀ ਕੁਝ ਖਾਸ ਹਾਸਲ ਦੀ ਪ੍ਰਾਪਤੀ ਆਦਿ ਦੇ ਪੂਰਨ ਵਿਸ਼ੇ /ਸਹਿ ਵਿਸ਼ੇ ਇਸ ਪੁਸਤਕ ਦੀ ਸਾਰਥਿਕਤਾ ਨੂੰ ਪਾਠਕ ਦੇ ਸਨਮੁਖ ਕਰਦੇ ਹਨ। ਘਰਾਂ ਵਿਚ ਪਈਆਂ ਵਾਧੂ ਤੇ ਬੇਲੋੜੀਆਂ ਵਸਤਾਂ ਦਾ ਦਾਨ ਵੀ ਕਿਸੇ ਹੋਰ ਦਾਨ ਤੋਂ ਕਦੇ ਘੱਟ ਨਹੀ ਹੁੰਦਾ। ਸਗੋਂ ਇਹ ਦਾਨ ਵੀ ਲੋੜਵੰਦ ਲੋਕਾਂ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਵੀ ਹੋ ਨਿਬੜਦਾ ਹੈ। ਕਿਤਾਬੀ ਗਿਆਨ ਸਿਰਫ ਇਮਤਿਹਾਨ ਪਾਸ ਕਰਨ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਜ਼ਿੰਦਗੀ ਜਿਊਣ ਦੇ ਰਹੱਸ ਮਾਨਣ ਅਭਿਆਸੀ ਕਰਮ ਦੇ ਵਲ /ਢੰਗ ਸਿੱਖਣ ਦੇ ਯਤਨਾਂ ਲਈ ਕਾਰਗਰ ਸਾਬਤ ਹੁੰਦਾ ਹੈ।
ਕੀਮਤੀ ਵਸਤਾਂ ਹੀਰੇ ਜਵਾਹਰਾਤ ਸੋਨਾ ਚਾਂਦੀ ਤੋਂ ਵਸੂਲੀ (ਆਮਦਨ) ਵਧਾਉਣ ਦੇ ਗੁਰ ਸਮਝਾਉਣ ਦੇ ਯਤਨ ਅਤੇ ਜੀਵਨ ਦੀ ਟਿਮਟਿਮਾਉਂਦੀ ਲਾਟ ਨੂੰ ਜਗਦੀ ਰੱਖਣ ਲਈ ਅੰਗਦਾਨ ਦੀ ਮਹੱਤਤਾ ਦਾ ਪ੍ਰਚਾਰ ਤੇ ਪ੍ਰਸਾਰ ਇਸ ਪੁਸਤਕ 'ਜਦੋਂ ਵੀ ਸੋਚੋ ਵੱਡਾ ਸੋਚੋ' ਦਾ ਵੀ ਇਕ ਨਿਵੇਕਲਾ ਹਾਸਲ ਹੈ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਅਰਦਾਸ
ਲੇਖਕ : ਪ੍ਰਿੰ: ਚੰਨਣ ਸਿੰਘ 'ਚਮਨ' ਸ੍ਰੀ ਹਰਿਗੋਬਿੰਦਪੁਰੀ
ਸੰਪਾਦਕ : ਡਾ. ਸੁਰਿੰਦਰ ਕੌਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 495 ਰੁਪਏ, ਸਫ਼ੇ : 295
ਸੰਪਰਕ : 94176-94527
ਹਥਲਾ ਕਾਵਿ-ਸੰਗ੍ਰਹਿ ਪੰਜਾਬੀ ਦੇ ਉੱਘੇ ਹਾਸਰਸ ਕਵੀ ਪ੍ਰਿੰਸੀਪਲ ਚੰਨਣ ਸਿੰਘ 'ਚਮਨ' ਸ੍ਰੀ ਹਰਿਗੋਬਿੰਦਪੁਰੀ (ਮਰਹੂਮ) ਦੀ ਸੰਪਾਦਕ ਡਾ. ਸੁਰਿੰਦਰ ਕੌਰ ਵਲੋਂ ਸੰਪਾਦਿਤ ਚੋਣਵੀਆਂ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਵਿਦਵਾਨ ਸੰਪਾਦਕ ਵਲੋਂ ਉਨ੍ਹਾਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੰਜਾਬ ਦਾ ਸਮੁੱਚਾ ਇਤਿਹਾਸਕ ਵਿਰਸਾ, ਸਿੱਖ ਇਤਿਹਾਸਕ ਸ਼ਖ਼ਸੀਅਤਾਂ ਦੀ ਸਿਰਜਣਾ ਤੇ ਯੋਗਦਾਨ ਸਿੱਖ ਗੁਰੂ ਸਾਹਿਬਾਨ ਵਲੋਂ ਮਨੁੱਖ ਦੀ ਧਾਰਮਿਕ ਆਜ਼ਾਦੀ ਲਈ ਵਡਮੁੱਲਾ ਯੋਗਦਾਨ, ਬਿਪਰਵਾਦ ਦੀ ਗ਼ੁਲਾਮੀ ਦਾ ਵਿਰੋਧ, ਮਾਨਵਵਾਦ ਦਾ ਸੁਨੇਹਾ, ਸਿੱਖਾਂ ਵਲੋਂ ਜੰਗੀ ਦ੍ਰਿਸ਼ਟੀਕੋਣ, ਸਿਧਾਂਤ ਨੂੰ ਸਪੱਸ਼ਟ ਕਰਦੀਆਂ ਰਚਨਾਵਾਂ ਨਿਆਰੇ ਤੇ ਸੰਪੂਰਨ ਮਨੁੱਖ ਦਾ ਨਿਰਮਾਣ, ਅਜੋਕੇ ਮਨੁੱਖ ਦੀ ਸਾਰਥਿਕਤਾ ਆਦਿ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਚੋਣਵੀਆਂ 49 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਦੂਜੇ ਭਾਗ ਵਿਚ ਕਵੀ ਵਲੋਂ 9 ਗੀਤ ਸ਼ਾਮਿਲ ਕੀਤੇ ਗਏ ਹਨ। ਕਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਆਪਣੀ ਹਯਾਤੀ ਦੌਰਾਨ ਕਵੀ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਹਥਲਾ ਕਾਵਿ-ਸੰਗ੍ਰਹਿ ਕੇਵਲ ਨਿਰੋਲ ਕਵਿਤਾਵਾਂ 'ਤੇ ਆਧਾਰਿਤ ਹੈ। ਕਵੀ ਦੀ ਕਾਵਿ-ਸ਼ੈਲੀ ਵਿਚ ਕਵਿਤਾ ਦੇ ਨੌਂ-ਰਸਾਂ ਵਿਚੋਂ ਉਚੇਚੇ ਤੌਰ 'ਤੇ ਹਾਸ ਰਸ, ਵੀਰ ਰਸ, ਸ਼ਿੰਗਾਰ ਰਸ, ਉਪਮਾ ਅਲੰਕਾਰ ਤੇ ਅਨੁਪ੍ਰਾਸ ਅਲੰਕਾਰ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਸਮੁੱਚੇ ਕਾਵਿ-ਸੰਗ੍ਰਹਿ ਨੂੰ ਦੇਖਦਿਆਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਹਾਸ-ਰਸ ਲਿਖਣ ਵਿਚ ਇਸ ਕਵੀ ਦਾ ਕੋਈ ਸਾਨੀ ਨਹੀਂ ਹੈ, ਸਭ ਤੋਂ ਕਠਿਨ ਹੁੰਦਾ ਹੈ ਕਾਵਿ-ਵਿਅੰਗ ਲਿਖਣ ਸਮੇਂ ਧਾਰਮਿਕ ਸੀਮਾਵਾਂ ਦੀ ਬੰਦਿਸ਼ ਦੀ ਉਲੰਘਣਾ ਤੋਂ ਬਚ ਕੇ ਰਹਿਣਾ। ਮਰਹੂਮ 'ਚਮਨ' ਜਦੋਂ ਕਵਿਤਾ, ਸਟੇਜ ਤੋਂ ਪੇਸ਼ ਕਰਦੇ ਸਨ ਤਾਂ ਖ਼ੁਦ ਤਾਂ ਗੰਭੀਰ ਮੁਦਰਾ ਵਿਚ ਟਿਕੇ ਰਹਿੰਦੇ ਸਨ, ਪਰ ਸਰੋਤੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੇ ਸਨ। ਹਾਸ ਰਸ ਭਰਪੂਰ ਹਰ ਕਵਿਤਾ ਆਖਰ ਵਿਚ ਇਕ ਸੰਜੀਦਗੀ ਭਰਿਆ ਸੰਦੇਸ਼ ਦੇ ਕੇ ਸੰਪੂਰਨਤਾ ਵੱਲ ਨੂੰ ਜਾਂਦੀ ਹੈ। ਕਲਾ ਪੱਖ ਤੋਂ ਜਦੋਂ ਇਸ ਕਾਵਿ-ਸੰਗ੍ਰਹਿ ਨੂੰ ਪਾਠਕ ਵਾਚੇਗਾ ਤਾਂ ਇਸ ਵਿਚ ਸ਼ਾਮਿਲ ਕਵਿਤਾਵਾਂ ਉੱਤਮ ਕ੍ਰਿਤ ਵਾਲੀਆਂ ਸਾਰੀਆਂ ਖੂਬੀਆਂ ਸਮੋਈ ਬੈਠੀਆਂ ਨਜ਼ਰ ਆਉਣਗੀਆਂ। ਹਰ ਕਵਿਤਾ ਵਿਚ ਵਿਸ਼ੇ ਦੀ ਬੰਦਿਸ਼ ਵਿਚ ਰਹਿੰਦਿਆਂ ਭਾਸ਼ਾ, ਬਿੰਬ, ਪ੍ਰਤੀਕ, ਛੰਦ, ਰਸ, ਅਲੰਕਾਰ ਤੋਂ ਇਲਾਵਾ ਤੁਕਾਂਤਮੇਲ ਦਾ ਵੀ ਖ਼ਾਸ ਖਿਆਲ ਰੱਖਿਆ ਗਿਆ ਹੈ। ਕਵਿਤਾਵਾਂ ਵਿਚ ਵਰਤੀ ਗਈ ਭਾਸ਼ਾ ਸਰਲ ਅਤੇ ਠੇਠ ਪੰਜਾਬੀ ਹੈ। ਕੋਈ ਰਚਨਾ ਵੀ ਬੋਝਲ ਨਹੀਂ ਜਾਪਦੀ। ਪੁਸਤਕ ਦੇ ਆਰੰਭ ਵਿਚ ਕਾਵਿ-ਸੰਗ੍ਰਹਿ ਸੰਬੰਧੀ ਉੱਘੇ ਸਿੱਖ ਚਿੰਤਕ ਤੇ ਕਵੀ ਡਾ. ਇੰਦਰਜੀਤ ਸਿੰਘ ਵਾਸੂ ਵਲੋਂ 'ਸਿੱਖੀ ਸੱਭਿਆਚਾਰ ਦਾ ਪ੍ਰਤੀਕ 'ਅਰਦਾਸ' ਕਾਵਿ ਸੰਗ੍ਰਹਿ ਸੰਬੰਧੀ ਅਤੇ ਸੰਪਾਦਕਾ ਵਲੋਂ ਇਸ ਸਿਰਜਣਾਤਮਿਕ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਉੱਘੇ ਕਵੀ ਪ੍ਰੋ. ਜੋਗਿੰਦਰ ਸਿੰਘ ਕੰਗ ਵਲੋਂ ਕਾਵਿ ਸੰਗ੍ਰਹਿ 'ਅਰਦਾਸ' ਇਕ ਸਾਹਿਤਕ ਸਰਵੇਖਣ ਵਿਚ ਕਵੀ ਚੰਨਣ ਸਿੰਘ 'ਚਮਨ' ਦੀ ਕਵਿਤਾ ਵਿਚਲੀ ਰਵਾਨਗੀ, ਲੈਅ ਤੇ ਸੰਗੀਤਕਾ ਸੰਬੰਧੀ ਵਿਚਾਰ ਕਰਦਿਆਂ ਕਵਿਤਾ ਦੇ ਵਲਵਲਿਆਂ, ਜਜ਼ਬਿਆਂ, ਖਿਆਲਾਂ, ਕਲਿਪਨਾਵਾਂ ਅਤੇ ਬੌਧਿਕਤਾ ਦੇ ਸੁਮੇਲ ਵਾਲੀ ਕੋਮਲ ਕਲਾ ਦਾ ਵਿਸ਼ੇਸ਼ ਵਰਣਨ ਕੀਤਾ ਹੈ। ਪ੍ਰਸਿੱਧ ਕਵੀ ਇੰਜੀਨੀਅਰ ਕਰਮਜੀਤ ਸਿੰਘ 'ਨੂਰ' ਵਲੋਂ ਹਾਸ ਰਸ ਦਾ ਸਿਰਮੌਰ ਕਵੀ 'ਚਮਨ ਹਰਗੋਬਿੰਦਪੁਰੀ' ਦੇ ਵਿਲੱਖਣ ਮੁਕਾਮ ਦੀ ਗੱਲ ਕੀਤੀ ਹੈ। ਹਾਸਿਆਂ ਦਾ ਵਣਜਾਰਾ 'ਚਮਨ ਹਰਿਗੋਬਿੰਦਪੁਰੀ' ਦੀ ਹਾਸ ਰਸ ਦੇ ਖੇਤਰ ਵਿਚ ਕਵੀ ਦੇ ਯੋਗਦਾਨ ਸੰਬੰਧੀ ਜ਼ਿਕਰ ਉਸ ਦੇ ਸਾਹਿਤਕ ਜੀਵਨ ਸੰਬੰਧੀ ਵਿਚਾਰ ਕਰਦਿਆਂ 'ਅਰਦਾਸ' ਕਾਵਿ-ਸੰਗ੍ਰਹਿ ਵਿਚ ਕਵੀ ਦੇ ਵਿਸ਼ਾਲ ਗਿਆਨ ਭੰਡਾਰ ਅਤੇ ਵਿਦਵਤਾ ਦਾ ਜ਼ਿਕਰ ਕਰਦਿਆਂ ਕਵੀ ਦਾ ਬਹੁ-ਭਾਸ਼ਾਈ ਵਿਦਵਾਨ ਹੋਣਾ ਉਸ ਦਾ ਮੀਰੀ ਗੁਣ ਸੀ। 'ਅਰਦਾਸ' ਕਾਵਿ-ਸੰਗ੍ਰਹਿ ਦੀਆਂ ਵੱਖ-ਵੱਖ ਵੰਨਗੀਆਂ :-
-ਸਬਜ਼ੀ ਰਿਝ ਗਈ ਏ, ਤੜਕੇ ਲੱਗ ਰਹੇ ਨੇ,
ਲੋਹਾਂ ਤਪਦੀਆਂ ਨੇ, ਫੁਲਕੇ ਪੱਕ ਰਹੇ ਨੇ।
ਨਰਮ ਨਰਮ ਕੁਣਕਾ, ਗਰਮ ਗਰਮ ਦਾਲਾਂ,
ਲੰਗਰ ਵਿਚ ਬੈਠੇ ਲੋਕੀਂ ਛਕ ਰਹੇ ਨੇ।
(ਕਵਿਤਾ ਜੇਠਾ ਜੀ)
-ਬਿਟ ਬਿਟ ਤਕਦੇ ਸਿਤਾਰੇ ਨੇ ਅਕਾਸ਼ ਦੇ,
ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਦੇ।
ਪੁੱਤਰਾਂ ਦੇ ਦੁੱਖ ਜਿਸ ਖਿੜੇ ਮੱਥੇ ਸਏ ਨੇ,
ਕੱਫ਼ਨੋਂ ਬਗ਼ੈਰ ਪੁੱਤਰ ਅੱਖਾਂ ਸਾਹਵੇਂ ਪਏ ਨੇ।
(ਕਵਿਤਾ ਬੰਦਾ ਬਹਾਦਰ)
ਸਮੁੱਚੇ ਰੂਪ ਵਿਚ ਇਹ ਕਾਵਿ-ਸੰਗ੍ਰਹਿ ਦੀ ਸੰਪਾਦਨਾ ਪਾਠਕਾਂ ਤੇ ਨਵੇਂ ਉੱਭਰ ਰਹੇ ਕਵੀਆਂ ਲਈ ਪ੍ਰੇਰਨਾ ਦੇ ਨਵੇਂ ਦਿਸ-ਹੱਦੇ ਸਿਰਜਣ ਵਿਚ ਯੋਗਦਾਨ ਪਾਵੇਗੀ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਤੀਸਰੀ ਅੱਖ
ਲੇਖਕ : ਗੁਰਬਚਨ ਸਿੰਘ ਵਿਰਦੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150 ਰੁਪਏ
ਸੰਪਰਕ : 98760-21122
ਇਹ ਪੁਸਤਕ ਲੇਖਕ ਦੀ ਪੰਜਵੀਂ ਪੁਸਤਕ ਹੈ, ਜਿਸ ਵਿਚ ਉਸ ਦੇ 21 ਨਿਬੰਧ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਬ੍ਰਹਿਮੰਡ ਤੇ ਧਰਤੀ, ਵਿੱਦਿਆ-ਵਿਚਾਰੀ, ਕਲਗੀ ਦਾ ਵਾਰਿਸ : ਸ਼ਹੀਦ ਸੰਗਤ ਸਿੰਘ, ਵਿੱਦਿਆ ਵਿਚਾਰੀ, ਭਾਗੋ ਨਾਮ ਦੀਆਂ ਤਿੰਨ ਸ਼ਖ਼ਸੀਅਤਾਂ ਤੇ ਸਿੱਖ ਗੁਰੂ, ਬਾਬਾ ਨਾਨਕ ਦੀ ਰੋਮ ਫੇਰੀ, ਅੰਗਰੇਜ਼ੀ ਮਹੀਨਿਆਂ ਦੇ ਨਾਂਅ ਕਿਵੇਂ ਰੱਖੇ ਗਏ, ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਆਏ ਕੁਝ ਮੁਸਲਮਾਨ ਮਹਿਮਾਨ, ਕੁੱਲ 21 ਨਿਬੰਧ ਹਨ। ਇਨ੍ਹਾਂ ਨਿਬੰਧਾਂ ਵਿਚ ਨਵਾਂ 'ਕੁਝ ਵੀ ਹੈ' ਜੋ ਪਹਿਲੀ ਵਾਰ ਵਿਰਦੀ ਦੀ ਕਲਮ ਨੇ ਲਿਖਿਆ ਹੈ। ਉਹ ਹੈ 'ਜੁਗਨੀ, ਜਗਦੀ ਲੋਅ, ਮੁਗ਼ਲ ਸ਼ਹਿਰ ਸਰਹਿੰਦ ਦੀਆਂ ਯਾਦਗਾਰਾਂ' ਖੋਜ ਭਰਪੂਰ ਰਚਨਾਵਾਂ ਹਨ। ਆਪ ਨੇ 'ਅਧੂਰੀ ਕਵਿਤਾ' ਸਾਹਿਤ ਜਗਤ ਦੇ ਹਿੱਸੇ ਪਾਈ ਹੈ। ਇਸ ਦਾ ਪਹਿਲਾ 24 ਨਿਬੰਧਾਂ ਦਾ ਪਰਾਗਾ 'ਤੀਸਰੀ ਅੱਖ' ਪੁਸਤਕ ਵਿਚ ਸ਼ਾਮਿਲ ਹਨ। ਆਪ ਨੇ ਗੁਰੂ ਨਾਨਕ ਦਾ ਜਨਮ ਪੁਰਬ ਸੰਬੰਧੀ ਜੋ ਨਿਬੰਧ ਦੀ ਰਚਨਾ ਕੀਤੀ ਹੈ, ਉਸ ਦੀ ਵੱਖਰੀ ਪਰਖ ਤੇ ਪਛਾਣ ਹੈ। ਪਹਿਲਾਂ ਗੁਰੂ ਨਾਨਕ ਦੇਵ ਦਾ ਜਨਮ ਦਿਵਸ 15 ਅਪ੍ਰੈਲ, 1469 ਈ. ਲਿਖੀ ਹੁੰਦੀ ਸੀ। ਇਹ ਦੱਸਿਆ ਹੁੰਦਾ ਸੀ ਕਿ ਆਪ ਦਾ ਜਨਮ ਪੁਰਬ ਕਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਕਾਰਨ, ਵਿਸਾਖੀ ਦਾ ਤਿਉਹਾਰ ਤੇ ਜਨਮ ਦਿਵਸ ਨੇੜੇ ਹੁੰਦੇ ਸਨ। ਇਕ-ਓਂਕਾਰਤਾ ਦੀ ਵਿਆਪਤਾ ਸਰਬਜਨਕ ਹੈ। ਗੁਰੂ ਨਾਨਕ ਨੇ ਪ੍ਰਭੂ ਨੂੰ ਇਕ ਪਰਵਾਨ ਕੇ, ਪਰਸਾਰਿਆ ਹੈ। ਇਕ ਅਮਰੀਕਨ, ਚਿੰਤਕ ਅਨੁਸਾਰ ਭਾਰਤ ਵਿਚ ਪਰਾਲੀ ਸਾੜਨ ਨਾਲ, ਤੀਹ ਅਰਬ ਡਾਲਰ ਭਾਵ ਦੋ ਲੱਖ ਡਾਲਰ ਦਾ ਨੁਕਸਾਨ ਹੁੰਦਾ ਹੈ। ਆਪ ਨੇ ਪੁਸਤਕ ਵਿਚ ਉਸ ਨੌਜਵਾਨ ਦਾ ਜ਼ਿਕਰ ਕੀਤਾ ਹੈ, ਜਿਸ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਪਿੱਠ ਲਾਉਣ ਦੀ ਹਿੰਮਤ ਕੀਤੀ। ਆਪ ਨੇ ਪਹਿਲੀ ਵਾਰ ਸਿੱਖ ਗੁਰੂਆਂ ਦੀਆਂ ਰਿਸ਼ਤੇਦਾਰੀਆਂ ਦਾ ਜ਼ਿਕਰ ਕੀਤਾ ਹੈ। ਆਪ ਨੇ ਧਰਮ-ਪ੍ਰਚਾਰ ਲਈ ਮਸੰਦ ਪਦ ਚਾਲੂ ਕੀਤੀ। ਆਪ ਦਾ ਨਿਬੰਧ ਵਿੱਦਿਆ ਵਿਚਾਰੀ, ਚਿੰਤਨ ਅਤੇ ਚੇਤਨਾ, ਵੰਡਦਾ ਨਿਬੰਧ ਹੈ। ਆਪ ਨੇ ਦੇਸ਼ ਪੰਜਾਬ ਦੇ ਦਲੇਰ ਯੋਧਿਆਂ ਬਾਰੇ ਨਿੱਠ ਕੇ ਪਹਿਲੀ ਵਾਰ ਲਿਖਿਆ ਹੈ।
-ਡਾ. ਅਮਰ ਕੋਮਲ
ਮੋਬਾਈਲ : 84378-73565
ਪੰਜਾਬ ਏਜੰਡਾ
ਪੰਜਾਬ ਦੀ ਵਿਸਮਾਦੀ ਨਵ-ਉਸਾਰੀ ਦਾ ਮਾਡਲ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 184
ਸੰਪਰਕ : 98725-91713
ਭਾਈ ਹਰਿਸਿਮਰਨ ਸਿੰਘ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਿੱਖ ਧਰਮ ਦੀ ਅੰਤਰ-ਆਤਮਾ ਅਤੇ ਤਤਕਾਲੀ ਸੰਦਰਭਾਂ ਨੂੰ ਅਧਾਰ ਬਣਾ ਕੇ ਗੁਰਮਤਿ ਦਾ ਵਿਵੇਚਨ ਕਰ ਰਿਹਾ ਹੈ, ਉਹ ਆਧੁਨਿਕ ਯੁੱਗ ਦਾ ਇਕ 'ਰਿਸ਼ੀ' ਹੈ, ਜਿਸ ਦੇ ਆਸ਼ਰਮ ਵਿਚ ਗੁਰਮਤਿ ਬਾਰੇ ਵਿਖਿਆਨ ਅਤੇ ਸੰਵਾਦ ਨਿਰੰਤਰ ਚਲਦਾ ਰਹਿੰਦਾ ਹੈ। ਕੁਝ ਵਰ੍ਹੇ ਪਹਿਲਾਂ ਉਸ ਨੇ ਗੁਰਮਤਿ ਦੇ ਵਿਸਮਾਦੀ ਮਾਡਲ ਬਾਰੇ ਚਾਰ ਵੱਡਆਕਾਰੀ ਗ੍ਰੰਥਾਂ ਦੀ ਰਚਨਾ ਵੀ ਕੀਤੀ ਸੀ, ਜਿਸ ਵਿਚ ਗਲੋਬਲ-ਸਰੋਕਾਰਾਂ ਦੀ ਸਾਰਥਿਕਤਾ ਅਤੇ ਪਹੁੰਚ ਵਿਧੀ ਨੂੰ ਵੰਗਾਰਿਆ ਗਿਆ ਸੀ। ਅੱਜਕਲ੍ਹ ਉਹ ਸਿੱਖ ਧਰਮ ਦੇ 'ਕਰਤਾਰਪੁਰੀ ਮਾਡਲ' ਨੂੰ ਨਿਖਾਰਨ ਪ੍ਰਚਾਰਨ ਦੇ ਸ਼ੁੱਭ ਕਰਮ ਵਿਚ ਰੁੱਝਾ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਮੱਧ ਏਸ਼ੀਆ ਦੇ ਕੁਝ ਪ੍ਰਮੁੱਖ ਮੁਲਕਾਂ ਵਿਚ ਯਾਤਰਾਵਾਂ (ਉਦਾਸੀਆਂ) ਕਰਨ ਉਪਰੰਤ ਕਰਤਾਰਪੁਰ ਸਾਹਿਬ ਵਿਖੇ ਆਪਣੇ ਇਕ ਨਵੇਂ ਨਗਰ ਦਾ ਨਿਰਮਾਣ ਕਰ ਕੇ ਮਨੁੱਖ ਨੂੰ ਸਹੀ ਜੀਵਨ ਜਾਚ ਦੀ ਵਿਧੀ ਸਿਖਾਈ-ਸਮਝਾਈ ਸੀ। ਇਸੇ ਵਿਧੀ ਦੇ ਬਲਿਊ ਪ੍ਰਿੰਟ ਨੂੰ ਲੇਖਕ 'ਕਰਤਾਰਪੁਰੀ ਮਾਡਲ' ਦਾ ਨਾਂਅ ਦਿੰਦਾ ਹੈ। ਇਸ ਮਾਡਲ ਦੇ ਛੇ ਨਕਸ਼ਾਂ ਬਾਰੇ ਚਰਚਾ ਕੀਤੀ ਗਈ : 1. ਰੂਹਾਨੀ ਵਿਗਾਸ ਅਤੇ ਪਦਾਰਥਕ ਸੰਤੁਸ਼ਟੀ ਵਾਲੇ ਵਿਸਮਾਦੀ ਮਨੁੱਖ ਦੀ ਸਿਰਜਣਾ, 2. ਬਹੁ-ਸੱਭਿਆਚਾਰੀ ਜੀਵਨ, 3. ਸਾਂਝੀ ਖੇਤੀ ਅਤੇ ਵਾਪਰ, 4. ਸੱਚੀ-ਸੁੱਚੀ ਕਿਰਤ ਵਾਲੇ ਸੱਭਿਆਚਾਰ ਦੀ ਲੋੜ, 5. ਸਰਬੱਤ ਦੇ ਭਲੇ ਦਾ ਆਹਰ ਕਰਨ ਵਾਲਾ ਸਮਾਜ ਅਤੇ 6. ਜੀਵਨ ਦੀ ਸੁਰੱਖਿਆ, ਸਿਰਜਣਾਤਮਿਕਤਾ ਵਾਲੀ ਬੇਗ਼ਮਪੁਰੀ ਸਮਾਜਿਕ ਵਿਵਸਥਾ। ਲੇਖਕ ਗੁਰਬਾਣੀ ਅਤੇ ਗੁਰਮਤਿ ਦੇ ਪੁਨਰ ਵਿਸ਼ਲੇਸ਼ਣ ਦੁਆਰਾ ਵਿਸ਼ਵ ਵਿਚ ਇਕ ਨਵੇਂ ਨਿਜ਼ਾਮ ਦੀ ਸਿਰਜਣਾ ਅਤੇ ਸਥਾਪਨਾ ਲਈ ਪ੍ਰਤੀਬੱਧ ਹੈ। ਉਸ ਨੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਖੋਜ ਕੇਂਦਰ ਸਥਾਪਿਤ ਕੀਤਾ ਹੋਇਆ ਹੈ, ਜਿਥੇ ਬੈਠ ਕੇ ਉਹ 'ਆਪ' ਅਤੇ ਕੁਝ ਹੋਰ ਜਗਿਆਸੂ ਇਸ ਮੰਤਵ ਲਈ ਕਾਰਜਸ਼ੀਲ ਰਹਿੰਦੇ ਹਨ। ਉਸ ਨੂੰ ਲਗਦਾ ਹੈ ਕਿ ਪਿਛਲੀਆਂ ਕੁਝ ਸਦੀਆਂ ਤੋਂ ਮਨੁੱਖੀ ਸੋਚ ਅਤੇ ਜੀਵਨ ਵਿਚ ਇਕ ਖੜੋਤ (ਜੜ੍ਹਤਾ) ਆ ਚੁੱਕੀ ਹੈ, ਜਿਸ ਨੂੰ ਤੋੜ ਕੇ ਤਬਦੀਲੀ ਲਿਆਉਣਾ ਉਸ ਦਾ ਮਿਸ਼ਨ ਹੈ। ਉਸ ਅਨੁਸਾਰ ਵਿਸਮਾਦੀ ਚਿੰਤਨ ਬਾਰੇ ਗੁਰੂ ਸਿਧਾਂਤ ਇਹ ਹੈ : ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੇ ਜਾਈ॥ ਉਹ ਆਰਥਿਕਤਾ ਦੇ ਇਸ ਸਿਧਾਂਤ-ਸੂਤਰ ਨੂੰ ਬੜੀ ਨਿਸ਼ਠਾ ਨਾਲ ਵਿਉਂਤਬੱਧ ਕਰ ਰਿਹਾ ਹੈ। ਸ਼ੁੱਭ ਕਾਮਨਾਵਾਂ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਰਾਤ ਦੇ ਉਹਲੇ
ਕਹਾਣੀਕਾਰਾ : ਸਿਮਰਜੀਤ ਜੱਸੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 93170-05005
'ਰਾਤ ਦੇ ਉਹਲੇ' ਸਿਮਰਜੀਤ ਜੱਸੀ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਹਨ। ਇਸ ਸੰਗ੍ਰਹਿ ਦੇ ਪਹਿਲੇ ਹਿੱਸੇ ਵਿਚ ਲੰਮੀਆਂ ਕਹਾਣੀਆਂ ਸ਼ਾਮਿਲ ਹਨ ਅਤੇ ਪਿਛਲੇਰੇ ਹਿੱਸੇ ਵਿਚ ਆਕਾਰ ਪੱਖੋਂ ਛੋਟੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਕਹਾਣੀ-ਸੰਗ੍ਰਹਿ ਵਿਚ ਸ਼ਾਮਿਲ ਤਕਰੀਬਨ ਸਾਰੀਆਂ ਹੀ ਕਹਾਣੀਆਂ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਅਨੈਤਿਕ ਸੰਬੰਧਾਂ ਦੀ ਆੜ ਹੇਠ ਸਮਾਜਿਕ ਮਰਿਆਦਾ ਭੰਗ ਹੁੰਦੀ ਹੈ ਤਾਂ ਇਸ ਨਾਲ ਮਨੁੱਖੀ ਜ਼ਿੰਦਗੀ ਵੀ ਉਥਲ-ਪੁਥਲਮਈ ਪ੍ਰਸਥਿਤੀਆਂ ਦੇ ਰੂ-ਬਰੂ ਹੁੰਦੀ ਹੈ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ 'ਤੇ 'ਉਹ ਘਰ ਖੰਡਰ ਹੋ ਗਿਆ' ਵਿਚ ਦੱਸਿਆ ਗਿਆ ਹੈ ਕਿ ਕੀਤੇ ਹੋਏ ਗੁਨਾਹ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦੇ। 'ਰਾਤ ਦੇ ਉਹਲੇ' ਕਹਾਣੀ ਅਨੈਤਿਕ ਸੰਬੰਧਾਂ ਬਾਰੇ ਬਿਰਤਾਂਤ ਪੇਸ਼ ਕਰਦੀ ਹੈ, ਜਿਥੇ ਕਹਾਣੀਕਾਰ ਨੇ ਮੌਕਾ ਮੇਲ ਦੀ ਜੁਗਤ ਰਾਹੀਂ ਦੁਖਾਂਤ ਨੂੰ ਸੁਖਾਂਤ ਵਿਚ ਬਦਲਿਆ ਹੈ। 'ਚਾਨਣ ਦੀ ਕਾਤਰ' ਕਹਾਣੀ ਹੀਜੜਾ ਹੋਣ ਦੇ ਦੁਖਾਂਤ ਨੂੰ ਪੇਸ਼ ਕਰਦੀ ਵੱਖਰੀ ਭਾਂਤ ਦੀ ਕਹਾਣੀ ਹੈ। 'ਠਰੀਆਂ ਰਾਤਾਂ' ਕਹਾਣੀ ਜਿਥੇ ਉੱਤਮਪੁਰਖੀ ਬਿਰਤਾਂਤ ਵਿਚ ਲਿਖੀ ਦਿਲਚਸਪ ਕਹਾਣੀ ਹੈ, ਉਥੇ 'ਰੁਖਸਾਰ' ਕਹਾਣੀ ਵਿਚ ਔਰਤ ਦੇ ਸ਼ਸ਼ਕਤ ਹੋਣ ਦਾ ਬਿਸ਼ਾਗਤ ਪਹਿਲੂ ਸਿਰਜਿਆ ਗਿਆ ਹੈ। ਰੁਖਸਾਨਾ ਅਤੇ ਤ੍ਰਿਪਤੀ ਦੇ ਪ੍ਰਸੰਗ ਵਿਚ ਇਹ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ 'ਆਪਣਾ ਆਪਣਾ ਅੰਬਰ' ਕਹਾਣੀ ਵਿਚ ਮਰਦ ਦੀ ਪਰਿਵਾਰਕ ਰਿਸ਼ਤਿਆਂ ਪ੍ਰਤੀ ਗ਼ੈਰ-ਜ਼ਿੰਮੇਦਾਰਾਨਾ ਪਹੁੰਚ ਅਤੇ ਸੰਜਮ ਵਰਗੀ ਔਰਤ ਦਾ ਗੁਰਵੰਤ ਵਰਗੇ ਮਰਦ ਦੀ ਵਧੀਕੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਪੇਸ਼ ਕੀਤਾ ਗਿਆ ਹੈ। ਜਿਥੇ 'ਉਧਲ ਗਿਓਂ ਚਾਨਣਾ' ਅਤੇ 'ਕੋਠੀ ਆਲੀ ਤਾਈ ਜਮਾਲੋ' ਕਹਾਣੀਆਂ ਔਰਤ ਦੀ ਸਮਾਜਿਕ ਦਸ਼ਾ ਬਾਰੇ ਬਿਆਨ ਕਰਦੀਆਂ ਹਨ, ਉਥੇ 'ਮੋਹ ਦੇ ਕਿਣਕੇ' ਕਹਾਣੀ ਵਿਚ ਮਨੁੱਖਾਂ ਅਤੇ ਪੰਛੀਆਂ ਦੇ ਭਾਵੁਕ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ। 'ਬਾਗਾਂ ਦਾ ਰਾਖਾ' ਕਹਾਣੀ ਵਿਚ ਮਾਪਿਆਂ ਦੀ ਬੱਚਿਆਂ ਪ੍ਰਤੀ ਅਣਗਹਿਲੀ ਅਤੇ ਅਵੇਸਲਾਪਨ ਹੀ ਉਨ੍ਹਾਂ ਨੂੰ ਭਟਕਣਾ ਦੇ ਹਨੇਰੇ ਵਿਚ ਲੈ ਜਾਂਦਾ ਹੈ, ਵਿਸ਼ਾ ਪੇਸ਼ ਹੋਇਆ ਹੈ। 'ਸੂਰਜ ਡੁੱਬਣ ਤੋਂ ਪਹਿਲਾਂ' ਕਹਾਣੀ ਭਾਵੁਕ ਭਾਵਨਾਵਾਂ ਦੇ ਮਰ ਜਾਣ ਦਾ ਬਿਰਤਾਂਤ ਸਿਰਜਦੀ ਹੈ। ਕਹਾਣੀਕਾਰਾ ਨੇ ਸੰਗ੍ਰਹਿ ਦੀਆਂ ਪਹਿਲੀਆਂ ਪੰਜ ਕਹਾਣੀਆਂ ਨੂੰ 'ਲੜੀਵਾਰ' ਸਿਰਲੇਖ ਤਹਿਤ ਪੇਸ਼ ਕੀਤਾ ਹੈ। ਕਹਾਣੀਆਂ ਕਥਾ ਰਸ ਦੀ ਭਰਪੂਰਤਾ ਹੈ ਅਤੇ ਵਿਸ਼ਿਆਂ ਦੀ ਵੰਨ-ਸੁਵੰਨਤਾ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਪ੍ਰਛਾਵੇਂ ਨ੍ਹੀਂ ਮਰਦੇ
ਲੇਖਕ : ਆਰ. ਐੱਸ. ਰਾਜਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 100
ਸੰਪਰਕ : 98584-77296
ਲੇਖਕ ਲੰਮੇ ਅਰਸੇ ਤੋਂ ਕਹਾਣੀਆਂ ਲਿਖਦਾ ਆ ਰਿਹਾ ਹੈ। ਹੁਣ ਤੱਕ ਉਸ ਦੇ ਤਿੰਨ ਕਹਾਣੀ-ਸੰਗ੍ਰਹਿ ਤੇ ਇਕ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਸੰਗ੍ਰਹਿ ਵਿਚ ਉਸ ਆਪਣੀਆਂ 13 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਜੋ ਅਲੱਗ-ਅਲੱਗ ਵਿਸ਼ਿਆਂ ਦੀ ਪੇਸ਼ਕਾਰੀ ਹਨ। ਕਹਾਣੀ ਪਾਸਾਰ ਵਿਚ ਹੀ ਉਸ ਦੇ ਕਹਾਣੀ ਦੇ ਤਿੱਖੇਪਣ ਤੇ ਨਿਵੇਕਲੇਪਨ ਨੂੰ ਸਮਝਿਆ ਜਾ ਸਕਦਾ ਹੈ। ਫੁੱਲਾਂ ਦੀ ਬਾਤ ਪਾਉਂਦਾ ਉਹ ਇਕ ਥਾਂ ਗੁਲਦਸਤੇ ਵਿਚ ਫੁੱਲ ਪਰੋਣ ਦੀ ਗੱਲ ਕਰਦਿਆਂ ਇਸ ਦੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦੇ ਜਾਂਦਾ ਹੈ ਜਿਵੇਂ ਭੰਨਤੋੜ, ਟੇਂਕਬਟਨੀਆਂ, ਗੁਛਾਂਦੇ ਦਾ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਸੱਜੀ ਪੁੰਗਰ ਰਹੀ ਖੱਬਲ ਵੀ ਫੁੱਲਾਂ ਨਿਆਈਂ ਹੀ ਹੁੰਦੀ ਹੈ। ਸਰਕਾਰੀ ਸਿਸਟਮ 'ਤੇ ਸ਼ਾਇਰ ਵੀ ਦੇਖਣਯੋਗ ਬਣਦਾ ਹੈ, ਜਦੋਂ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ 'ਚੋਂ ਜਾਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਸਕੂਲ, ਪੁਲ ਤੇ ਸਰਕਾਰੀ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਉਸਾਰਨਾ ਸ਼ੁਰੂ ਕੀਤਾ। ਸਾਰੀਆਂ ਕਹਾਣੀਆਂ ਦੇ ਵਿਸ਼ਿਆਂ ਵਿਚ ਵਖਰੇਵਾਂ ਹੈ ਪ੍ਰੰਤੂ ਮਾਹੌਲ ਤੇ ਵਿਸ਼ਿਆਂ ਵਿਚ ਇਕ ਸਾਂਝ ਵੀ ਨਜ਼ਰ ਆਉਂਦੀ ਹੈ। ਸ਼ਾਇਦ ਇਹ ਲੇਖਕ ਦੀ ਸ਼ੈਲੀ ਤੇ ਉਸ ਦੇ ਵਾਤਾਵਰਨ ਸਿਰਜਣ ਅਤੇ ਗੱਲ ਕਰਨ ਦੇ ਲਹਿਜ਼ੇ ਕਰਕੇ ਅਜਿਹਾ ਅਲੱਗ ਵਰਤਾਰਾ ਵਾਪਰਦਾ ਪ੍ਰਤੀਤ ਹੁੰਦਾ ਹੈ। ਅਤੀਤ ਕਦੇ ਮੁੜਿਆ ਨਹੀਂ ਆਪਣੇ ਟਾਈਟਲ ਦੀ ਹੀ ਤਰਜਮਾਨੀ ਕਰਦੀ ਜਾਪਦੀ ਹੈ। ਬੇਸ਼ੱਕ ਅਸੀਂ ਵਰਤਮਾਨ ਨਾਲੋਂ ਅਤੀਤ ਵਿਚ ਵਧੇਰੇ ਵਿਚਰਦੇ ਹਾਂ ਪਰ ਦਰਹਕੀਕਤ ਬੀਤਿਆ ਜਾਂ ਅਤੀਤ ਕਦੇ ਵਾਪਸ ਨਹੀਂ ਪਰਤਦਾ? ਕਹਾਣੀਆਂ ਸਾਰੀਆਂ ਹੀ ਪੜ੍ਹਨਯੋਗ ਹਨ ਅਤੇ ਅਜੋਕੀ ਕਹਾਣੀ ਤੋਂ ਸਮਾਨਾਂਤਰ ਆਪਣਾ ਮੁਕਾਮ ਖ਼ੁਦ ਉਸਾਰਦੀਆਂ ਹਨ। ਡਾਰੋਂ ਵਿਛੜੀ ਕੂੰਜ ਦਾ ਇਕ ਡਾਇਲਾਗ ਵੀ ਦੇਖਿਆਂ ਹੀ ਬਣਦਾ ਹੈ ਅਨਵਰ ਪੁੱਤਰ ਅਸੀਂ ਆਪਸ ਵਿਚ ਗੁਆਂਢੀ ਹਾਂ। ਗੁਆਂਢੀ ਤਾਂ ਇਕੋ ਮਾਂ-ਪਿਓ ਦੇ ਜੰਮੇ ਆਖੇ ਜਾਂਦੇ ਨੇ। ਤੂੰ ਇਹ ਜ਼ੁਲਮ ਨਾ ਕਰ। ਮੈਂ ਤੇਰੇ ਪਿਓ ਨੂੰ ਸ਼ਿਕਾਇਤ ਕਰਾਂਗਾ, ਨਾਲੇ ਸੀਬੋ ਅਜੇ ਬਾਲੜੀ ਹੈ। ਛੱਡ ਦੇਵੋ ਸਾਨੂੰ। ਬਹੁਤ ਥਾਈਂ ਕਹਾਣੀਆਂ ਵਿਚ ਆਤੰਕ ਤੇ ਦਹਿਸ਼ਤ ਦੇ ਪਰਛਾਵੇਂ ਦੇਖਣ ਨੂੰ ਮਿਲਦੇ ਹਨ। ਦਰਅਸਲ ਕਹਾਣੀਕਾਰ ਜਿਸ ਖਿੱਤੇ ਵਿਚ ਰਹਿੰਦਾ ਤੇ ਵਿਚਰਦਾ ਹੈ, ਉਥੋਂ ਦੇ ਮਾਹੌਲ ਮੁਤਾਬਿਕ ਹੀ ਉਹ ਕਹਾਣੀ ਕਹਿਣ ਵੱਲ ਰੁਚਿਤ ਰਿਹਾ ਹੈ। ਇਹ ਚੰਗੀ ਗੱਲ ਵੀ ਹੈ ਚੂੰਕਿ ਜਿਵੇਂ ਆਲਾ-ਦੁਆਲਾ ਹੁੰਦਾ ਹੈ, ਉਸੇ ਅਨੁਸਾਰ ਕੋਈ ਲੇਖਕ ਵਧੇਰੇ ਸ਼ਿੱਦਤ ਨਾਲ ਆਪਣੀ ਗੱਲ ਕਹਿ ਸਕਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਜੀਵਨ ਦਰਿਆ
ਲੇਖਕ : ਅਨੋਖ ਸਿੰਘ ਵਿਰਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 62837-33100
'ਜੀਵਨ ਦਰਿਆ' ਅਨੋਖ ਸਿੰਘ ਵਿਰਕ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਜੀਵਨ ਦੀਆਂ ਚੋਣਵੀਆਂ ਯਾਦਾਂ ਅਤੇ ਘਟਨਾਵਾਂ ਦਰਜ ਕੀਤੀਆਂ ਹਨ। ਲੇਖਕ ਵੀਹ ਸਾਲ ਫ਼ੌਜ ਵਿਚ ਅਤੇ ਪੰਦਰਾਂ ਵਰ੍ਹੇ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਰਿਹਾ ਹੈ। ਪੇਂਡੂ ਰਹਿਤਲ ਦਾ ਜੰਮਪਲ ਹੈ। ਬਚਪਨ ਪੰਜਾਬ ਦੇ ਪਿੰਡ ਵਿਚ ਹੀ ਗੁਜ਼ਾਰਿਆ ਹੈ। ਇਨ੍ਹਾਂ ਯਾਦਾਂ ਨੂੰ ਟੋਟਿਆਂ ਵਿਚ ਲਿਖੀ ਸਵੈ-ਜੀਵਨੀ ਵੀ ਆਖਿਆ ਜਾ ਸਕਦਾ, ਜਿਸ ਤੋਂ ਲੇਖਕ ਦੇ ਚਰਿੱਤਰ ਦੀ ਮੋਟੀ-ਮੋਟੀ ਭਿਣਕ ਮਿਲ ਜਾਂਦੀ ਹੈ। ਇਨ੍ਹਾਂ ਯਾਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੇਖਕ ਫ਼ੌਜ ਅਤੇ ਪੁਲਿਸ 'ਚ ਨੌਕਰੀ ਕਰਦਿਆਂ ਵੀ ਸ਼ਰਾਬ ਪੀਣ ਦਾ ਆਦੀ ਨਹੀਂ। ਬਲਕਿ ਸ਼ਰਾਬ ਪੀਂਦਾ ਹੀ ਨਹੀਂ। ਉਸ ਦੀ ਫ਼ਿਤਰਤ ਹਾਸੇ-ਮਜ਼ਾਕ ਵਾਲੀ ਹੈ। ਉਸ ਦੇ ਮਿਜਾਜ਼ 'ਚ ਠਰ੍ਹੰਮਾ ਹੈ ਤੇ ਉਹ ਆਪਣੀ ਡਿਊਟੀ ਪ੍ਰਤੀ ਪੂਰਨ ਤੌਰ 'ਤੇ ਪ੍ਰਤੀਬੱਧ ਹੈ। ਹਰ ਕੰਮ ਨੂੰ ਸਹਿਜਤਾ ਨਾਲ ਕਰਦਾ ਹੈ ਤੇ ਇਮਾਨਦਾਰੀ ਉਸ ਦੇ ਹਮੇਸ਼ਾ ਅੰਗ-ਸੰਗ ਰਹਿੰਦੀ ਹੈ।
ਇਸ ਪੁਸਤਕ ਵਿਚ ਉਸ ਨੇ ਕੁਝ ਹਾਸ-ਰਸੀ ਘਟਨਾਵਾਂ ਦਰਜ ਕੀਤੀਆਂ ਹਨ ਜਿਵੇਂ ਜੰਦਰਾ ਖੋਲ੍ਹਣ ਦੀ ਕਾਰੀਗਰੀ, ਨਿੱਕਰ, ਇਸ਼ਕ ਦਾ ਜਾਦੂ, ਡਿੱਗਿਆ ਨਹੀਂ ਛਾਲ ਮਾਰੀ ਹੈ, ਰੋਲ ਨੰਬਰ, ਚੂੜੀਆਂ ਦੀ ਬਰਾਮਦਗੀ, ਟੂਣੇ ਦਾ ਲੱਡੂ, ਇਕ ਤਸਵੀਰ ਦਾ ਸਫ਼ਰ, ਇੰਸਪੈਕਟਰ ਸਾਹਿਬ, ਨਵੀਂ ਵਹੁਟੀ ਦੇ ਪੈਸੇ ਆਦਿ। ਇਨ੍ਹਾਂ ਘਟਨਾਵਾਂ ਦਾ ਵਰਣਨ ਕਰਦਿਆਂ ਲੇਖਕ ਮਾਸੂਮ ਹਾਸਾ ਪੈਦਾ ਕਰਦਾ ਹੈ। ਨਾ ਉਸ ਦੇ ਤੇ ਨਾ ਹੀ ਪਾਠਕ ਦੇ ਦੰਦ ਦਿਸਦੇ ਹਨ। ਘਟਨਾ ਦੀ ਪੇਸ਼ਕਾਰੀ ਕਾਰਨ ਬੁੱਲ੍ਹ ਜਾਂ ਅੱਖਾਂ ਹੀ ਮੁਸਕਰਾਉਂਦੀਆਂ ਦਿਸਦੀਆਂ ਹਨ। ਠਾਹ-ਸੋਟਾ ਹਾਸਾ ਕਿਤੇ ਨਹੀਂ ਝਲਕਦਾ।
ਜਲਿਆ ਪਿੰਜਰ, ਓਵਰਸੀਅਰ, ਨੇਵੀ ਦੀ ਭਰਤੀ, ਦੁੱਧ ਜਲੇਬੀਆਂ, ਪਹਿਲਾ ਕੋਟ, ਅਡੈਂਟੀ ਕਾਰਡ, ਰੀਚਾਰਜ ਜਿਹੀਆਂ ਅਜਿਹੀਆਂ ਯਾਦਾਂ ਹਨ, ਜਿਨ੍ਹਾਂ ਵਿਚੋਂ ਲੇਖਕ ਦੀ ਬੇਵਸੀ ਅਤੇ ਆਨਾਜ਼ਾਰੀ ਝਲਕਦੀ ਹੈ। ਉਸ ਦੀ ਪੀੜ ਦਿਖਾਈ ਦਿੰਦੀ ਹੈ। ਪੁਲਿਸ ਦੀ ਨੌਕਰੀ ਦੌਰਾਨ ਵੀ ਉਸ ਨੂੰ ਆਮ ਤੌਰ 'ਤੇ ਦੁਰਘਟਨਾ ਨਾਲ ਹੋਈਆਂ ਮੌਤਾਂ, ਪ੍ਰੇਮੀਆਂ ਦੇ ਘਰੋਂ ਨੱਸਣ ਦੀਆਂ ਵਾਰਦਾਤਾਂ, ਸਕੂਟਰ ਜਾਂ ਹੋਰ ਵਾਹਨਾਂ ਦੇ ਚੋਰੀ ਦੀਆਂ ਘਟਨਾਵਾਂ ਆਦਿ ਨਾਲ ਹੀ ਦਸਤਪੰਜਾ ਲੈਣਾ ਪੈਂਦਾ ਹੈ, ਪਰ ਉਹ ਇਨ੍ਹਾਂ ਵਾਰਦਾਤਾਂ ਦੌਰਾਨ ਵੀ ਬਹੁਤ ਹੀ ਠਰ੍ਹੰਮੇ ਅਤੇ ਸਹਿਜਤਾ ਨਾਲ ਵਰਤਾਰਾ ਕਰਦਾ ਦਿਖਾਈ ਦਿੰਦਾ ਹੈ। ਕਾਨੂੰਨ ਦੇ ਘੇਰੇ ਤੋਂ ਬਾਹਰ ਨਹੀਂ ਜਾਂਦਾ। ਆਮ ਪੁਲਸੀਆਂ ਵਾਂਗ ਮੁਜ਼ਰਮਾਂ ਨਾਲ ਗਾਲ੍ਹੀ-ਗਲੋਚ ਨਹੀਂ ਕਰਦਾ।
ਆਪਣੇ ਬਿਰਤਾਂਤ ਲਈ ਉਹ ਬਹੁਤ ਹੀ ਸਰਲ ਅਤੇ ਸਹਿਜ ਭਾਸ਼ਾ ਦੀ ਵਰਤੋਂ ਕਰਦਾ ਹੈ। ਆਪਣੀ ਵਾਰਤਕ ਨੂੰ ਮੁਹਾਵਰਿਆਂ, ਅਖਾਣਾਂ ਦੀ ਵਰਤੋਂ ਕਰਕੇ ਬੋਝਲ ਨਹੀਂ ਬਣਾਉਂਦਾ, ਪਾਠਕ ਸਰਲ ਭਾਸ਼ਾ ਨੂੰ, ਹਾਸ-ਰਸੀ ਬਿਰਤਾਂਤ ਨੂੰ ਸਹਿਜਤਾ ਨਾਲ ਪੜ੍ਹਦਾ ਜਾਂਦਾ ਹੈ। ਪੁਸਤਕ ਦਿਲਚਸਪ ਹੈ। ਪੜ੍ਹਨਯੋਗ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਜਿਹੜੇ ਰਾਹੀਂ
ਮੈਂ ਗਿਆ
ਲੇਖਕ : ਜਗੀਰ ਜੋਸਣ
ਪ੍ਰਕਾਸ਼ਕ : ਬਾਗਪੁਰ ਪ੍ਰਕਾਸ਼ਨ
ਮੁੱਲ : 250 ਰੁਪਏ, ਸਫ਼ੇ : 254
ਸੰਪਰਕ : 98144-83001
ਇਹ ਪੁਸਤਕ ਜਗੀਰ ਜੋਸਣ ਦਾ ਇਕ ਸਫ਼ਰਨਾਮਾ ਹੈ, ਜਿਸ ਵਿਚ ਏਸ਼ੀਆ ਅਤੇ ਯੂਰਪ ਦੇ ਲਗਭਗ 30 ਦੇਸ਼ਾਂ ਦੀ ਯਾਤਰਾ ਦਾ ਇਕ ਰੌਚਕ ਬਿਰਤਾਂਤ ਦਰਜ ਹੈ। ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਅਤੇ ਇਥੋਂ ਦੀ ਰਾਜਨੀਤਕ ਵਿਵਸਥਾ ਤੋਂ ਤੰਗ ਆ ਕੇ ਵਿਦੇਸ਼ਾਂ ਵੱਲ ਪਲਾਇਨ ਕਰਦੇ ਹਨ। ਜਗੀਰ ਜੋਸਣ ਦਾ ਪਿਤਾ ਇਕ ਸਕੂਲ ਅਧਿਆਪਕ ਸੀ। ਬਹੁਤੇ ਦੁਆਬੀਆਂ ਵਾਂਗ ਉਸ ਪਾਸ ਜ਼ਮੀਨ ਦੀ ਇਕ ਛੋਟੀ ਜਿਹੀ ਢੇਰੀ ਹੀ ਸੀ। ਉਸ ਦੇ ਬਾਲ-ਬੱਚਿਆਂ ਨੂੰ ਅੱਗੋਂ ਕੋਈ ਨੌਕਰੀ ਮਿਲਣ ਦੀ ਆਸ ਨਹੀਂ ਸੀ। ਜਗੀਰ ਜੋਸਣ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਵਿਚ ਐੱਮ.ਏ. ਤਾਂ ਕਰ ਰੱਖੀ ਸੀ ਪਰ ਕਿਸੇ ਨੌਕਰੀ ਨੂੰ ਹੱਥ ਨਾ ਪੈਂਦਾ ਦੇਖ ਉਸ ਨੇ ਬਾਹਰ ਜਾਣ ਦਾ ਫ਼ੈਸਲਾ ਕਰ ਲਿਆ। ਇਸ ਪੁਸਤਕ ਵਿਚ ਅਫ਼ਗਾਨਿਸਤਾਨ, ਬੁਲਗਾਰੀਆ, ਤਹਿਰਾਨ, ਈਰਾਨ, ਇਟਲੀ, ਹੈਮਬਰਗ, ਵੈਨਜੁਏਲਾ, ਫ਼ਰਾਂਸ, ਮੋਰੱਕੋ, ਹਾਲੈਂਡ, ਬ੍ਰਾਜ਼ੀਲ, ਕਿਊਬਾ, ਆਇਰਲੈਂਡ, ਸਪੇਨ ਅਤੇ ਮਿਸਰ ਆਦਿ ਮੁਲਕਾਂ ਦੇ ਸਫ਼ਰ ਦਾ ਵਰਨਣ ਹੈ। 'ਜਿਹੜੇ ਰਾਹੀਂ ਮੈਂ ਗਿਆ' ਨਿਪੁੰਨ ਵਰਗ ਦੇ ਇਕ ਪੜ੍ਹੇ-ਲਿਖੇ ਨੌਜਵਾਨ ਦੀਆਂ ਸੱਧਰਾਂ ਅਤੇ ਹਸਰਤਾਂ ਦਾ ਇਕ ਉਲਝਦਾ ਹੋਇਆ ਦਸਤਾਵੇਜ਼ ਹੈ। ਇਸ ਵਰਗ ਦੇ ਲੋਕ ਕਿਵੇਂ ਆਪਣੀਆਂ ਛੋਟੀਆਂ-ਛੋਟੀਆਂ ਖਾਹਿਸ਼ਾਂ ਨੂੰ ਵੀ ਸਰਅੰਜਾਮ ਸਕਦੇ। ਇਹ ਬਿਰਤਾਂਤ ਭਾਰਤ ਵਰਗੇ ਵੱਡੇ ਅਤੇ ਜ਼ਰਖ਼ੇਜ਼ ਮੁਲਕ ਦੇ ਨੇਤਾਵਾਂ ਦੇ ਮੂੰਹ ਉੱਪਰ ਇਕ ਕਰਾਰਾ ਥੱਪੜ ਹੈ, ਜੋ ਆਪਣੀ ਅਰਥਵਿਵਸਥਾ ਨੂੰ ਤੀਜੇ-ਚੌਥੇ ਨੰਬਰ ਉੱਪਰ ਲੈ ਜਾਣ ਦਾ ਦਾਅਵਾ ਕਰਦੇ ਹਨ, ਪਰ ਜਨਤਾ ਦੀ ਭੁੱਖ-ਬਿਰਤੀ ਪੱਖੋਂ ਸੌ ਮੁਲਕਾਂ ਤੋਂ ਵੀ ਪਿੱਛੇ ਹੈ। ਇਥੋਂ ਦੀ ਪੈਂਤੀ-ਚਾਲੀ ਫ਼ੀਸਦੀ ਆਬਾਦੀ ਨੂੰ ਦੋ ਵਕਤ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ ਅਤੇ ਦਾਅਵੇ ਚੰਦਰਮਾ ਉੱਪਰ ਇਕ ਨਵੀਂ ਦੁਨੀਆ ਵਸਾਉਣ ਦੇ ਪਏ ਕਰਦੇ ਹਨ। ਜਗੀਰ ਜੋਸਣ ਕਈ ਵਰ੍ਹੇ ਇਕ ਸਮੁੰਦਰੀ ਜਹਾਜ਼ ਉੱਪਰ ਨੌਕਰੀ ਕਰਦਾ ਰਿਹਾ। ਇਸ ਕਾਰਨ ਉਸ ਨੂੰ ਦੁਨੀਆ ਦੇ ਕਈ ਦੇਸ਼ ਘੁੰਮਣ ਦਾ ਮੌਕਾ ਮਿਲ ਗਿਆ। ਕਈ ਥਾਵਾਂ ਨਵੀਆਂ ਦੋਸਤੀਆਂ ਵੀ ਪਈਆਂ, ਜਿਥੋਂ ਪਤਾ ਚਲਦਾ ਹੈ ਕਿ ਸਾਰੀ ਦੁਨੀਆ ਦੇ ਗ਼ਰੀਬ ਲੋਕ ਇਕੋ ਵਰਗੇ ਹੀ ਹੁੰਦੇ ਹਨ। ਹਰ ਕੋਈ ਦੂਸਰੇ ਦੀ ਮਦਦ ਕਰਨ ਲਈ ਅੱਗੇ ਹੋ ਕੇ ਬਹੁੜਦਾ ਹੈ। ਇਸ ਸਫ਼ਰਨਾਮੇ ਤੋਂ ਸਿੱਧ ਹੋ ਜਾਂਦਾ ਹੈ ਕਿ 'ਮਾਨਵ ਕੀ ਜਾਤ ਸਬੈ ਏਕੈ ਪਹਿਚਾਨਬੋ'। ਕਈ ਵਰ੍ਹੇ ਵਿਦੇਸ਼ੀ ਧਰਤੀ ਉੱਪਰ ਰੁਲ ਕੇ ਵੀ ਲੇਖਕ ਆਪਣਾ ਭਾਗ ਨਹੀਂ ਬਦਲ ਸਕਿਆ ਕਿਉਂਕਿ ਪੂੰਜੀਵਾਦੀ ਦੇਸ਼ਾਂ ਵਿਚ ਗ਼ਰੀਬਾਂ ਦੀ ਮਿਹਨਤ ਨੂੰ ਪੂੰਜੀਪਤੀ ਲੁੱਟ-ਖਸੁੱਟ ਕੇ ਖਾ ਜਾਂਦੇ ਹਨ। ਇਹ ਇਕ ਮਾਣਨਯੋਗ ਰਚਨਾ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਚਮੇਲੀ ਦੇ ਫੁੱਲ
ਲੇਖਕ : ਜਸਵੰਤ ਸਿੰਘ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 198
ਸੰਪਰਕ : 80540-04977
'ਚਮੇਲੀ ਦੇ ਫੁੱਲ' ਪੁਸਤਕ 'ਆਪਣਾ ਮੂਲ ਪਛਾਣ' ਅਰਥਾਤ ਅਸਹਿਤਤਵਾਦੀ ਦ੍ਰਿਸ਼ਟੀ ਤੋਂ ਸਮਝੇ ਜਾਣ ਦੇ ਯੋਗ ਹੈ। ਨਿਕੋਲਸ ਬਰਦੀਏਵ ਦਾ ਕਥਨ ਹੈ-'ਮੈਂ' ਦੀ ਸਮਝ ਲਈ ਡੂੰਘਾਈ ਵਿਚ ਜਾ ਕੇ ਮੈਂ - ਤੂੰ - ਉਹ ਨਾਲ ਸੰਵਾਦ ਰਚਾ ਕੇ ਦੁਨਿਆਵੀ ਵਿਵਹਾਰਿਕ ਸਮਝ ਪੱਲੇ ਪੈਂਦੀ ਹੈ। ਫਰਾਇਡ ਦਾ ਮਨੋਵਿਗਿਆਨ ਵੀ ਇਸ ਰਚਨਾ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। ਲੇਖਕ ਨੇ ਆਪਣੀ ਪੁਸਤਕ ਨੂੰ ਤਸਵੀਰਾਂ ਨਾਲ ਸੁਸਜਿਤ ਕਰਦਿਆਂ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਲੇਖਕ ਨੇ ਬਾਰਾਂ ਸਾਲਾਂ ਵਿਚ ਲਿਖੇ ਆਪਣੇ ਲਗਭਗ 181 ਅਨੁਭਵ ਸੰਖੇਪ ਰੂਪ ਵਿਚ ਪੇਸ਼ ਕੀਤੇ ਹਨ। ਇਹ ਅਨੁਭਵ ਫ੍ਰੈਡਰਿਕ ਨੀਤਸ਼ੇ ਦੀ ਰਚਨਾ 'ਦੱਸ ਸਪੇਨ (ਭਾਵ ਸਪੋਕ) ਜਰਥੁਸਟਰਾ' ਦੀ ਯਾਦ ਦਿਵਾਉਂਦੇ ਹਨ। ਇਸ ਭਾਗ ਦੀ ਤਕਨੀਕ ਵੀ ਵੱਖਰੀ ਹੈ ਜਿਸ ਸ਼ਬਦ ਦਾ ਸਿਰਲੇਖ ਦਿੱਤਾ ਹੈ, ਉਸੇ ਸ਼ਬਦ ਨਾਲ ਅਨੁਭਵ ਦਾ ਆਰੰਭ ਕੀਤਾ ਹੈ। ਦੂਜੇ ਭਾਗ ਵਿਚ 'ਕਲਾ ਦੇ ਜੈ' ਤੋਂ ਲੈ ਕੇ 'ਬੋਲਿ ਬੋਲਿ ਗਵਾਈਐ' ਤੱਕ 56 ਮੁੱਲਵਾਨ ਖ਼ਿਆਲ ਪ੍ਰਸਤੁਤ ਕੀਤੇ ਹਨ। ਅਨੇਕਾਂ ਅਨੁਭਵਾਂ ਨੂੰ ਕਵਿਤਾਇਆ ਵੀ ਜਾ ਸਕਦਾ ਹੈ। ਸਥਾਨਾਭਾਵ ਦੇ ਕਾਰਨ ਇਨ੍ਹਾਂ ਵਿਚੋਂ ਕੁਝ ਕੁ ਅਨੁਭਵਾਂ ਦੇ 'ਕੇਂਦਰੀ ਸੂਤਰ' ਪਹਿਚਾਣੇ ਜਾ ਸਕਦੇ ਹਨ। ਜਿਵੇਂ ਨਫ਼ਰਤ, ਈਰਖਾ, ਦਵੈਸ ਨੂੰ ਤਿਆਗਣ ਦਾ ਨਾਂਅ ਮੁਹੱਬਤ ਹੈ, ਬਚਪਨ ਤੋਂ ਬਾਅਦ ਪਿਆਰ ਵੀ ਰੋਟੀ ਵਾਂਗ ਕਮਾਉਣਾ ਪੈਂਦਾ ਹੈ, ਸਰੀਰਕ ਕਮਜ਼ੋਰੀ ਨਾਲ ਮਾਨਸਿਕ ਕਮਜ਼ੋਰੀ ਪੈਦਾ ਹੁੰਦੀ ਹੈ, ਮੌਤ ਉਹ ਹੁੰਦੀ ਹੈ ਜੋ ਮੇਰੀ ਸਿਫ਼ਤ ਕਰਨ ਵੇਲੇ ਤੈਨੂੰ ਪੈਂਦੀ ਹੈ, ਬੁਰਿਆਂ ਦੀ ਬੁਰਾਈ ਕਰਦਿਆਂ ਅਸੀਂ ਆਪ ਬੁਰੇ ਹੋ ਜਾਂਦੇ ਹਾਂ, ਕਿਸੇ ਦਾ ਮਜ਼ਾਕ ਉਡਦਾ ਵੇਖ ਕੇ ਸਾਡੇ ਅਦਿੱਖ ਜ਼ਖ਼ਮਾਂ ਨੂੰ ਆਰਾਮ ਮਿਲਦਾ ਹੈ, ਆਪਣੇ ਓਪੀਨੀਅਨ ਨੂੰ ਸਚਾਈ ਸਮਝਣਾ ਦੁਨੀਆ ਦਾ ਸਭ ਤੋਂ ਵੱਡਾ ਅੰਧ-ਵਿਸ਼ਵਾਸ ਹੈ, ਮਨ ਦੇ ਐਂਪਲੀਫਾਇਰ ਦੀ ਦਿਸ਼ਾ ਬਦਲਣੀ ਚਾਹੀਦੀ ਹੈ, ਨਿੰਦਿਆ ਅਤੇ ਚੁਗਲੀ ਉਹ ਸੱਚ ਹੁੰਦਾ ਹੈ ਜਿਸ ਦੇ ਪਿੱਛੇ ਉਦੇਸ਼ ਸ਼ੁੱਭ ਨਹੀਂ ਹੁੰਦਾ, ਅਸੀਂ ਸਿਰਫ਼ ਅੰਨ-ਪਾਣੀ ਦੇ ਬਣੇ ਨਹੀਂ ਹੁੰਦੇ, ਸਗੋਂ ਬੋਲ-ਬਾਣੀ ਦੇ ਵੀ ਬਣੇ ਹੋਏ ਹਾਂ, ਜਿਹੜੀ ਸਿੱਖਿਆ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਸ ਦੀ ਸਭ ਤੋਂ ਵੱਧ ਲੋੜ ਸਾਨੂੰ ਹੁੰਦੀ ਹੈ-ਇਤਿਆਦਿ।
ਲੇਖਕ ਨੇ ਭਾਸ਼ਾ ਵਿਗਿਆਨੀ ਹੋਣ ਦੇ ਅਨੇਕਾਂ ਪ੍ਰਮਾਣ ਪੇਸ਼ ਕੀਤੇ ਹਨ। ਧਰਮਾਂ ਸੰੰਬੰਧੀ ਨਿਰਪੱਖ ਸੋਚ ਅਪਣਾਈ ਹੈ। ਹਿੰਦ-ਪਾਕਿ ਸੰਬੰਧਾਂ, ਸਿਆਸੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਹੈ। ਭਾਈਚਾਰੇ ਦੀ ਸਭ ਤੋਂ ਵੱਧ ਮਹੱਤਵਪੂਰਨ ਅਤੇ ਸਾਂਝੀ ਚੀਜ਼ ਭਾਸ਼ਾ ਹੁੰਦੀ ਹੈ। ਪੰਜਾਬ ਦੇ ਲੋਕ ਪ੍ਰਵਾਸ ਵੱਲ ਦੌੜ ਰਹੇ ਹਨ। ਵਾਲਟ ਵਿਟਮੈਨ ਪੰਜਾਬ ਵਿਚ ਪੈਦਾ ਹੋਇਆ ਗੋਰਾ ਸਿੱਖ ਸੀ।
ਦਰਅਸਲ ਇਹ ਪੁਸਤਕ ਵਿਲੱਖਣ ਅਨੁਭਵਾਂ ਦੁਆਰਾ ਲੇਖਕ ਦੇ ਸਵੈ-ਜੀਵਨੀ ਅੰਸ਼ਾਂ ਨਾਲ ਲਬਰੇਜ਼ ਹੈ। ਉਸ ਦੀ ਬੇਟੀ ਦਾ ਨਾਂਅ 'ਕੀਰਤੀ' ਹੈ ਅਤੇ ਬੇਟੇ ਦਾ ਨਾਂਅ 'ਵਿਵੇਕ' ਹੈ। ਇੰਜੀਨੀਅਰ ਵਜੋਂ ਸੇਵਾ ਨਿਭਾਉਂਦਿਆਂ ਲੇਖਕ ਨੇ ਆਪਣੀਆਂ ਅਨੇਕਾਂ ਨਿੱਜੀ ਗੱਲਾਂ ਕੀਤੀਆਂ ਹਨ। ਸੰਖੇਪ ਇਹ ਕਿ ਇਸ ਪੁਸਤਕ ਦੇ ਗਹਿਨ ਅਧਿਐਨ ਦੁਆਰਾ ਕੋਈ ਵੀ ਵਿਦਵਾਨ 'ਜ਼ਫ਼ਰ' ਦਾ ਸ਼ਬਦ-ਚਿੱਤਰ ਉਲੀਕ ਸਕਦਾ ਹੈ। ਇਸ ਪੁਸਤਕ ਦੀ ਉੱਘੇ ਦਾਨਿਸ਼ਵਾਰ ਸਰਦਾਰਾ ਸਿੰਘ ਜੌਹਲ ਨੇ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਨਿੱਕੀਆਂ-ਵੱਡੀਆਂ ਗੱਲਾਂ
ਲੇਖਕ : ਪ੍ਰੇਮ ਮਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 135
ਸੰਪਰਕ : 94638-36591
ਜ਼ਿਕਰ ਅਧੀਨ ਪੁਸਤਕ ਦੇ ਲੇਖਕ ਪ੍ਰੇਮਮਾਨ ਪੇਸ਼ੇ ਵਜੋਂ ਅਧਿਆਪਕ ਹਨ ਤੇ ਉਹ 1980 ਤੋਂ ਅਮਰੀਕਾ ਵਿਖੇ ਰਹਿ ਰਹੇ ਹਨ। ਲੇਖਕ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਸਾਹਿਤ ਰਚਿਆ ਹੈ। ਇਹ ਪੁਸਤਕ ਲੇਖਕ ਨੇ ਸਵ: ਭਰਾ ਤੇ ਭਾਣਜਿਆਂ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਨੂੰ ਨਿੱਠ ਕੇ ਪੜ੍ਹਨ ਦੀ ਜ਼ਰੂਰਤ ਹੈ। ਹਰ ਲੇਖ ਗਿਆਨ ਭਰਪੂਰ ਤੇ ਸਵਾਦਲਾ ਹੈ। ਇਨ੍ਹਾਂ 'ਚੋਂ ਕੁਝ ਕੁ ਬਾਰੇ ਜ਼ਿਕਰ ਕਰਨਾ ਬਣਦਾ ਹੈ।
ਲੇਖ 'ਸਾਡਾ ਵਿਵਹਾਰ' ਵਿਚ ਅਮਰੀਕਾ ਵਿਚ ਆਮ ਵਰਤੇ ਜਾਂਦੇ ਦੋ ਸ਼ਬਦ Politically correct ਤੇ Politically Incorrect ਆਖੀ ਜਾਂਦੀ ਹੈ। 'ਪੰਜਾਬ ਦਾ ਭਵਿੱਖ' ਵਿਚ ਲੇਖਕ ਨੇ ਪੰਜਾਬ ਦੀ ਬੁਰੀ ਤਰ੍ਹਾਂ ਉਲਝ ਚੁੱਕੀ ਤਾਣੀ ਬਾਰੇ ਜ਼ਿਕਰ ਕੀਤਾ ਹੈ। ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਪੜ੍ਹੇ ਲਿਖੇ ਵਰਗ ਦਾ ਅਮਰੀਕਾ ਕੈਨੇਡਾ ਵੱਲ ਜਾਣਾ ਇਕ ਤ੍ਰਾਸਦੀ ਦਾ ਜ਼ਿਕਰ ਹੈ। 'ਹਰ ਇਕ ਦਾ ਪਿਉ ਹੁੰਦੈ' ਵਿਚ ਝੂਠੀ ਸ਼ੁਹਰਤ ਤੇ ਦਿਖਾਵੇ ਦੀ ਭੁੱਖ ਵੀ ਕਈ ਵਾਰੀ ਸਿਰਫ਼ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੀ ਹੁੰਦੀ ਹੈ, ਦਾ ਬਾਖੂਬੀ ਜ਼ਿਕਰ ਹੈ। 'ਹਮ ਹੈਂ ਹਿੰਦੁਸਤਾਨੀ-ਕਿੰਨੇ ਕੁ?' ਵਿਚ ਨਸਲੀ ਵਿਤਕਰੇ 'ਤੇ ਚਾਨਣਾ ਪਾਇਆ ਹੈ। ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਿੰਦੁਸਤਾਨ 'ਚ ਅਮਰੀਕਾ ਤੇ ਕੈਨੇਡਾ ਨਾਲੋਂ ਵੱਧ ਵਿਤਕਰੇ ਹੁੰਦੇ ਹਨ। ਇਸੇ ਲੇਖ ਦਾ ਭਾਗ ਦੂਜਾ 'ਚ ਲੇਖਕ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਆਖੀ ਹੈ ਕਿ ਹਿੰਦੁਸਤਾਨ 'ਚ ਅਜੇ ਬਹੁਤ ਕੁਝ ਬਦਲਣ ਦੀ ਲੋੜ ਹੈ ਸਾਨੂੰ ਬਹੁਤ ਸਾਰੇ ਭਗਤ ਸਿੰਘ ਵਰਗਿਆਂ ਦੀ ਲੋੜ ਹੈ ਜੋ ਮੁਲਕ 'ਚ ਤਬਦੀਲੀਆਂ ਲਿਆ ਸਕਣ। 'ਸਾਡੀਆਂ ਆਦਤਾਂ ਸਾਡੇ ਸੁਭਾਅ-ਬੇਇਮਾਨੀ ਚੋਰ ਬਾਜ਼ਾਰੀ ਅਤੇ ਹੇਰਾਫੇਰੀ' ਲੇਖ 'ਚ ਲੇਖਕ ਨੇ ਖੁੱਲ੍ਹ ਕੇ ਰਿਸ਼ਵਤਖੋਰੀ ਖਿਲਾਫ਼ ਆਵਾਜ਼ ਉਠਾਈ ਹੈ। ਲੇਖਕ ਨੇ ਅੱਗੇ ਸਾਡੀਆਂ ਆਦਤਾਂ, ਸਾਡੇ ਸੁਭਾਅ-ਅਸੂਲ, ਈਰਖਾ, ਚਾਪਲੂਸੀ, ਖੁਸ਼ਾਮਦ ਤੇ ਸੱਭਿਆਚਾਰ ਵਿਸ਼ਿਆਂ 'ਤੇ ਅਲੱਗ-ਅਲੱਗ ਲੇਖ ਲਿਖ ਕੇ ਚਾਨਣਾ ਪਾਇਆ ਹੈ। ਸਾਡਾ ਪੰਜਾਬੀ ਵਿਰਸਾ, ਖ਼ੁਦਕੁਸ਼ੀਆਂ ਦੀ ਸਮੱਸਿਆ, ਪੰਜਾਬੀ ਸਾਹਿਤ ਵਿਚ ਮਾਨ ਸਨਮਾਨ, ਪੁਰਸਕਾਰ, ਰੱਬ ਦੀ ਹੋਂਦ ਜਾਂ ਅਣਹੋਂਦ ਆਦਿ ਲੇਖ। ਕਹਿਣ ਦਾ ਮਤਲਬ ਇਸ ਪੁਸਤਕ ਵਿਚਲੇ 27 ਲੇਖ ਹੀ ਜਾਣਕਾਰੀ ਭਰਪੂਰ ਹਨ। ਕਹਿ ਸਕਦੇ ਹਾਂ ਕਿ ਪਾਠਕਾਂ ਲਈ ਇਹ ਪੁਸਤਕ ਬੜੀ ਲਾਹੇਵੰਦ ਸਾਬਿਤ ਹੋਣ ਦਾ ਰੁਤਬਾ ਰੱਖਦੀ ਹੈ।
-ਡੀ. ਆਰ. ਬੰਦਨਾ
ਮੋਬਾਈਲ : 94173-89003
ਅਸਲੀ ਮੋਗਾ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 182
ਸੰਪਰਕ : 62802-58057
'ਮਾਸਟਰ ਜੋਧ ਸਿੰਘ ਮੋਗਾ ਬੜਾ ਕਮਾਲ ਦਾ ਬੰਦਾ, ਜਗਿਆਸੂ ਅਤੇ ਬੀਤੇ ਦੀਆਂ ਦੱਸਣ ਵਾਲਾ। ਉਸ ਦੀਆਂ ਗੱਲਾਂ ਸੁੱਟ ਪਾਉਣ ਵਾਲੀਆਂ ਨਹੀਂ, ਬੀਤੇ ਦੀ ਹਕੀਕਤ-ਬਿਆਨੀ ਅਤੇ ਅਗਲੀ-ਅਗਲੇਰੀਆਂ ਪੀੜ੍ਹੀਆਂ ਦੇ ਕੰਮ ਆਉਣ ਵਾਲੀ', ਇਹ ਹੈ ਉਸ ਭੂਮਿਕਾ ਦਾ ਤੱਤ ਨਿਚੋੜ ਜਿਹੜਾ ਪੁਸਤਕ 'ਅਸਲੀ ਮੋਗਾ' ਦੇ ਲੇਖਕ ਇਥੋਂ ਦੇ ਹੀ ਜੰਮਪਲ ਅਤੇ ਉਸ ਦੀ ਪੁਸਤਕ ਬਾਰੇ ਉੱਘੇ ਲੇਖਕ ਕੇ. ਐਲ. ਗਰਗ ਨੇ ਲਿਖੀ। ਪਿੰਡਾਂ/ ਕਸਬਿਆਂ/ ਸ਼ਹਿਰਾਂ ਦਾ ਇਤਿਹਾਸ, ਅਕਸਰ, ਲਿਖਤੀ ਨਹੀਂ ਮਿਲਦਾ। ਇਨ੍ਹਾਂ ਦੇ ਇਤਿਹਾਸ ਲਈ ਦੰਦ-ਕਥਾਵਾਂ, ਸੀਨਾ-ਬ-ਸੀਨਾ ਤੁਰੀਆਂ ਆਉਂਦੀਆਂ ਗੱਲਾਂ, ਸੱਥ ਚਰਚਾਵਾਂ ਅਤੇ ਬਜ਼ੁਰਗਾਂ 'ਤੇ ਟੇਕ ਰੱਖਣੀ ਪੈਂਦੀ ਹੈ। ਇਹ ਮੌਖਿਕ ਤਵਾਰੀਖ ਵੀ ਕਈ ਵਾਰ ਏਨੀ ਆਪਾ-ਵਿਰੋਧੀ ਹੁੰਦੀ ਹੈ ਕਿ ਸੰਬੰਧਿਤ ਲੇਖਕ ਭੰਬਲ-ਭੂਸੇ ਵਿਚ ਪੈ ਜਾਂਦਾ ਹੈ। ਪਰ ਜੇਕਰ ਪੂਰਬਲੇ ਸਮੇਂ ਦਾ ਕੋਈ ਦਾਨਿਸ਼ਵਰ ਸਮਕਾਲੀ 'ਅੱਖੀਂ ਡਿੱਠੀਆਂ-ਹੱਡੀ ਹੰਢਾਈਆਂ' ਦੀ ਖ਼ੁਦ ਬਾਤ ਪਾਵੇ ਤਾਂ ਉਹ ਲਿਖਤਾਂ ਜਾਂ ਕਹਿਣੀ ਜਾਂ ਢੇਰ ਸਮਾਂ ਪਹਿਲਾਂ ਦੇ ਗੁਜ਼ਰੇ ਵਕਤਾਂ ਦੀ ਉਹ ਕਥਾ ਉਸ ਖੈੜੇ ਦਾ ਇਤਿਹਾਸ ਲਿਖਣ 'ਚ ਬਹੁਤ ਕਾਰਗਾਰ ਸਿੱਧ ਹੁੰਦੀ ਹੈ। ਹਾਂ, ਐਨ ਇਵੇਂ ਹੀ ਆਪਣੀ ਜੰਮਣ ਅਤੇ ਕਰਮ-ਭੋਇੰ ਮੋਗਾ ਦੀ ਗਾਥਾ ਉਸ ਦੇ ਸਦੀ ਨੂੰ ਢੁਕੇ ਹੋਏ ਇਕ ਸਪੂਤ ਸ. ਜੋਧ ਸਿੰਘ ਮੋਗਾ ਨੇ ਬਾ-ਖੂਬੀ ਸੁਣਾਈ ਹੈ। ਪਹਿਲਾਂ ਪਿੰਡ, ਮਗਰੋਂ ਸ਼ਹਿਰ ਬਣ ਜਾਣ ਵਾਲੇ ਆਪਣੇ ਪਿਤਾ-ਪੁਰਖੀ ਇਸ ਨਗਰ ਦੇ ਮੋੜ੍ਹੀ ਗੱਡ ਕਰਮਯੋਗੀਆਂ ਸਮੇਤ, ਪੁਰਖਿਆਂ ਅਤੇ ਹੋਰ ਨਾਮਵਰਾਂ ਦੇ ਰੇਖਾ ਚਿੱਤਰ, ਨਾਮੀ-ਗਰਾਮੀ ਸੰਸਥਾਵਾਂ, ਵਿਅਕਤੀ ਵਿਸ਼ੇਸ਼ ਤੇ ਵਿਅਕਤੀਗਤ ਕਿੱਤਾਕਾਰਾਂ ਅਤੇ ਪਰਿਵਾਰਾਂ ਸਮੇਤ ਰਾਹ-ਰਸਤੇ, ਖੂਹਾਂ-ਟੋਭਿਆਂ, ਮੇਲਾ-ਮੁਸੱਬਿਆਂ, ਮੇਲਾ ਅਤੇ ਖੇਡ ਮੈਦਾਨਾਂ, ਵੈਦ-ਹਕੀਮਾਂ, ਮਦਰੱਸਿਆਂ-ਪਾਠਸ਼ਲਾਵਾਂ, ਕਲ-ਕਰਖਾਨਿਆਂ, ਹੱਟੀਆਂ-ਭੱਠੀਆਂ, ਰੇਹੜੀ-ਫੜ੍ਹੀ, ਟਾਂਗਾ ਸਟੈਂਡ-ਬੱਸ ਅੱਡੇ, ਮਾਸਟਰਾਂ-ਮੌਲਵੀਆਂ, ਕਾਜ਼ੀਆਂ-ਈਦਗਾਹਾਂ, ਮੰਦਿਰਾਂ-ਡੇਰਿਆਂ, ਕੁਤਬ-ਫ਼ਰੋਸ਼ ਅਤੇ 'ਟੇਸ਼ਣ, ਲਿਖਾਰੀਆਂ-ਡੇ ਮੁਸਲਿਮ ਹਮਸਾਏ,ਰਾਸਾਂ-ਕਿੱਕਲੀਆਂ, 'ਗੁੱਡਮੈਨ ਦੀ ਲਾਲਟੇਣ' ਤੇ ਸਿਨੇਮਾ ਆਦਿ ਅਤੇ ਲੁੱਚੇ ਤੇ ਸ਼ੌਕੀਨ ਬੰਦੇ- ਬੰਦੀਆਂ, ਤੀਆਂ-ਸੱਥਾਂ ਸਣੇ ਕਰਮਯੋਗੀ ਖੁਸਰਿਆਂ-ਮਰਾਸੀਆਂ, ਪਾਂਧਿਆ-ਭਾਈਆਂ ਬਾਰੇ, ਗੱਲ ਕੀ; ਢੇਰ ਸਮਾਂ ਪਹਿਲਾਂ ਦੇ ਮੋਗੇ ਦੀ ਹਰ 'ਗਲੀ-ਨੁੱਕਰ ਤੇ ਖਲ-ਖੂੰਜੇ' ਅਤੇ 'ਉਸਾਰ ਤੇ ਚੰਗਿਆਈ' ਬਾਰੇ ਲਿਖ ਕੇ ਆਪਣੀ ਜੰਮਣ ਭੋਇੰ ਦਾ ਰਿਣ ਚੁਕਾਇਆ ਹੈ, ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਜੜ੍ਹਾਂ ਫਰੋਲਣ ਹਿੱਤ ਬੇਹੱਦ ਸਹਾਈ ਹੋਵੇਗਾ। ਖੋਜਆਰਥੀਆਂ ਅਤੇ ਪਿੰਡਾਂ/ਸ਼ਹਿਰਾਂ ਦੇ ਇਤਿਹਾਸ ਵਿਚ ਦਿਲਚਪਸੀ ਰੱਖਣ ਵਾਲਿਆ ਲਈ ਇਹ ਮੁੱਲਵਾਨ ਲਿਖਤ ਹੈ। 'ਮੋਗਾ' ਨਗਰ ਸਮੂਹ ਨੂੰ ਇਸ ਨੂੰ ਆਪਣੇ ਵਾਰਸਾਂ ਲਈ ਸਾਂਭ ਲੈਣਾ ਚਾਹੀਦਾ ਹੈ, ਇਸ ਕਰਕੇ ਵੀ ਇਹ ਕਿਸੇ ਸਥਾਨਕ ਇਤਿਹਾਸ ਬਾਰੇ ਪੁਖਤਾ ਲਿਖਣ ਵਾਲੇ ਦੇ ਵੀ ਕੰਮ ਆਵੇਗਾ।
-ਵਿਜੈ ਬੰਬੇਲੀ
ਮੋਬਾਈਲ : 94634-39075
ਇਮਤਿਹਾਨ ਜਾਰੀ ਹੈ
ਨਾਵਲਕਾਰ : ਪ੍ਰਿੰਸੀਪਲ ਸੁਰਜੀਤ ਸਿੰਘ
ਪ੍ਰਕਾਸ਼ਕ : ਬੀ.ਆਰ. ਐਸ., ਪਬਲੀਕੇਸ਼ਨਜ਼, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98142-22241
'ਇਮਤਿਹਾਨ ਜਾਰੀ ਹੈ' ਨਾਵਲ ਪ੍ਰਿੰਸੀਪਲ, ਸੁਰਜੀਤ ਸਿੰਘ ਦੁਆਰਾ ਲਿਖਿਆ ਗਿਆ ਹੈ। ਇਸ ਨਾਵਲ ਵਿਚ ਮਨੁੱਖੀ ਜ਼ਿੰਦਗੀ ਦੀ ਉਸ ਸਚਾਈ ਨੂੰ ਪੇਸ਼ ਕੀਤਾ ਗਿਆ ਹੈ ਕਿ ਜ਼ਿੰਦਗੀ ਹਮੇਸ਼ਾ ਕੌੜੀਆਂ ਮਿੱਠੀਆਂ ਘਟਨਾਵਾਂ ਨੂੰ ਆਪਣੇ ਨਾਲ ਆਤਮਸਾਤ ਕਰਦੀ ਹੋਈ ਵੀ ਤੁਰਦੀ ਰਹਿੰਦੀ ਹੈ ਇਹੀ ਅਸੂਲ ਹੈ। ਇਸ ਨਾਵਲ ਵਿਚ ਬਹੁਤ ਸਾਰੇ ਵਿਸ਼ੇ ਸਮਾਨੰਤਰ ਰੂਪ ਵਿਚ ਚਲਦੇ ਹਨ ਜਿਵੇਂ ਸਾਡੇ ਸਮਾਜ ਵਿਚ ਊਚ-ਨੀਚ ਅਤੇ ਭੇਦ ਭਾਵ ਦਾ ਮਸਲਾ, ਸਕੂਲੀ ਵਿਦਿਅਕ ਪ੍ਰਬੰਧ ਅਤੇ ਖੇਡਾਂ ਦੇ ਮੁਕਾਬਲੇ, ਆਪਸੀ ਭਾਈਚਾਰਕ ਸਾਂਝ ਆਦਿ। ਪਹਿਲਾਂ ਪਹਿਲ ਨਾਵਲ ਹੀਰਾ ਸਿੰਘ ਨਾਮ ਦੇ ਪਾਤਰ ਵੀ ਪਰਿਵਾਰਕ ਕਥਾ ਨੂੰ ਪੇਸ਼ ਕਰਦਾ ਹੈ, ਇਸ ਦੇ ਨਾਲ ਹੀ ਨਿਰਮਲ ਸਿੰਘ ਦੇ ਇਕ ਵਧੀਆ ਕਾਰੀਗਰ ਹੋਣ ਦੀ ਬਿਰਤਾਂਤਕ ਤੋਰ ਤੁਰਦੀ ਹੈ, ਇਸ ਦੇ ਨਾਲ ਹੀ ਸਕੂਲੀ ਪ੍ਰਬੰਧ ਅਤੇ ਸਕੂਲ ਅਧਿਆਪਕਾਂ ਦੇ ਸੁਭਾਅ ਅਤੇ ਫੁੱਟਬਾਲ ਅਤੇ ਕਬੱਡੀ ਦੇ ਮੁਕਾਬਲਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਨਾਵਲ ਵਿਚ ਬਹੁਤੀ ਵਾਰੀ ਮੁੱਖ ਕਥਾ ਰੁਕੀ ਹੋਈ ਜਾਪਦੀ ਹੈ ਅਤੇ ਕਿਸੇ ਖੇਡ ਮੁਕਾਬਲੇ ਦਾ ਬਿਓਰਾ ਜ਼ਿਆਦਾ ਵਿਸਥਾਰ ਪ੍ਰਾਪਤ ਕਰਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਨਾਵਲੀ ਬਿਰਤਾਂਤ ਵਿਚ ਨਾਵਲਕਾਰ ਜਦੋਂ ਕਿਸੇ ਖ਼ੁਸ਼ੀ-ਗ਼ਮੀ ਵਿਆਹ ਸ਼ਾਦੀ ਜਾਂ ਗ਼ਮਗੀਨ ਮਾਹੌਲ ਦੀ ਗੱਲ ਕਰਦਾ ਹੈ ਤਾਂ ਪੂਰਾ ਦ੍ਰਿਸ਼ ਚਿਤਰਦਾ ਹੈ। ਕਿਤੇ-ਕਿਤੇ ਕਿਸੇ ਮੌਕੇ 'ਤੇ ਕੀਤੀਆਂ ਜਾਂਦੀਆਂ ਰਸਮਾਂ-ਰੀਤਾਂ ਦੇ ਸੰਬੰਧ ਵਿਚ ਗੁਰਬਾਣੀ ਦੀਆਂ ਪੰਕਤੀਆਂ ਵਿਚ ਦਰਜ ਕੀਤੀਆਂ ਗਈਆਂ ਹਨ। ਨਾਵਲ ਦੇ ਅਖੀਰ 'ਤੇ ਦੇਸ਼ ਦੀ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਭੜਕੇ ਦੰਗਿਆਂ ਅਤੇ ਨਾਵਲ ਵਿਚਲੇ ਪਾਤਰ ਭਿੰਦਰ ਦੀ ਮੌਤ ਦੀ ਘਟਨਾ ਦੁਆਲੇ ਹੀ ਸਾਰਾ ਬਿਰਤਾਂਤ ਤੋਰ ਫੜਦਾ ਹੈ ਜਦੋਂ ਭਿੰਦਰ ਦਾ ਪਰਿਵਾਰ ਇਸ ਮੌਤ ਦੀ ਖ਼ਬਰ ਸੁਣਦਾ ਹੈ ਤਾਂ ਦਿੱਲੀ ਰਵਾਨਾ ਹੁੰਦਾ ਹੈ ਦਿੱਲੀ ਵਿਚ ਵੱਖ-ਵੱਖ ਪਾਤਰਾਂ ਬਾਰੇ ਵੇਰਵੇ ਦਰਜ ਕਰਦਾ ਨਾਵਲਕਾਰ ਭਿੰਦਰ ਜੋ ਫੁੱਟਬਾਲ ਦਾ ਵਧੀਆ ਖਿਡਾਰੀ ਸੀ, ਦੀ ਮੌਤ ਨੂੰ ਦੁਖਾਂਤ ਵਜੋਂ ਚਿਤਰਦਾ ਹੈ। ਨਾਵਲ ਦਾ ਪਾਤਰ ਬਲਦੇਵ ਸਿੰਘ ਇਨ੍ਹਾਂ ਦਿੱਲੀ ਦੰਗਿਆਂ ਨੂੰ ਇਤਿਹਾਸ ਨਾਲ ਜੋੜ ਕੇ ਚੜ੍ਹਦੀ ਕਲਾ ਹੋਣ ਦੀ ਤਸਦੀਕ ਕਰਦਾ ਹੈ। ਨਾਵਲ ਵਿਚ ਪਾਤਰਾਂ ਦੀ ਜ਼ਿਆਦਾ ਭਰਮਾਰ ਹੋਣ ਕਰਕੇ ਬਹੁਤੀ ਵਾਰੀ ਮੁੱਖ ਕਥਾ ਵਿਚ ਅੜਚਨ ਪੈਦਾ ਹੁੰਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਅੱਖਾਂ ਦੇ ਤਾਰੇ
ਲੇਖਿਕਾ : ਮਨਦੀਪ ਕੌਰ ਪੁਰਬਾ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 50 ਰੁਪਏ, ਸਫ਼ੇ : 40
ਸੰਪਰਕ : 97814-14118
'ਅੱਖਾਂ ਦੇ ਤਾਰੇ' ਬਾਲ ਪੁਸਤਕ ਵਿਚ ਕੁੱਲ 31 ਬਾਲ ਕਵਿਤਾਵਾਂ ਹਨ। ਲੇਖਿਕਾ ਨੇ ਸਾਰੇ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ। ਫਲਾਂ ਦੀ ਗੱਲ ਕੀਤੀ ਹੈ ਇਸ ਵਿਚ ਘਰਾਂ ਵਿਚ ਰੋਜ਼ਾਨਾ ਵਰਤੇ ਜਾਣ ਵਾਲੇ ਫਲ਼ ਜਿਵੇਂ 'ਫਲ਼ਾਂ ਦਾ ਰਾਜਾ, ਰਾਸ਼ਟਰੀ ਫਲ਼, ਲਾਲ-ਲਾਲ ਸੇਬ, ਕੇਲਾ, ਸੰਤਰਾ, ਅੰਗੂਰ ਫਲ਼ਾਂ ਦੀ ਮਹਿਫ਼ਲ ਆਦਿ। ਬਹੁਤ ਹੀ ਸੁੰਦਰ ਢੰਗ ਨਾਲ ਵੱਖੋ-ਵੱਖ ਫਲ਼ਾਂ ਦੇ ਗੁਣ ਦੱਸੇ ਹਨ ਕਮਾਲ ਹੀ ਕਰ ਦਿੱਤੀ ਹੈ ਜਿਵੇਂ ਫਲ਼ਾਂ ਦਾ ਰਾਜਾ ਅੰਬ ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਹੈ ਨਮੂਨੇ ਵਜੋਂ ਹਾਜ਼ਰ ਹੈ:-
-ਰਾਸ਼ਟਰੀ ਫਲ਼-
ਅੰਬ ਖ਼ੂਬ ਗੁਣਕਾਰੀ ਹੁੰਦਾ,
ਸੋਹਣੀ ਚਮੜੀ ਸਿਹਤ ਬਣਾਉਂਦਾ।
ਵਿਟਾਮਿਨ ਏ ਤੇ ਸੀ ਭਰਪੂਰ,
ਰੋਗਾਂ ਨੂੰ ਹੈ ਰੱਖਦਾ ਦੂਰ।
ਸਫ਼ੈਦਾ, ਦੁਸਹਿਰੀ, ਤੋਤਾ, ਲੰਗੜਾ,
ਕਿੰਨੀਆਂ ਹੀ ਕਿਸ਼ਮਾਂ ਕਿੰਨੇ ਨਾਮ। ...
ਇਵੇਂ ਹੀ ਘਰਾਂ ਵਿਚ ਵਰਤੀਆਂ ਜਾਣ ਵਾਲੀ ਸਬਜ਼ੀਆਂ ਦੇ ਬਹੁਤ ਹੀ ਪਿਆਰੇ ਗੁਣ ਦੱਸੇ ਹਨ। ਇਸ ਭਾਗ ਵਿਚ ਆਲੂ,ਲਾਲ ਟਮਾਟਰ, ਮੂਲੀ, ਗਾਜਰ, ਚੁਕੰਦਰ, ਖੀਰਾ, ਪਿਆਜ਼, ਮਿਰਚ ਆਦਿ ਬਾਰੇ ਬਹੁਤ ਹੀ ਸੁੰਦਰ ਲਿਖਿਆ ਹੈ ਇਥੇ- 'ਆਲੂ' ਕਵਿਤਾ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ।
-ਆਲੂ-
ਸਭ ਤੋਂ ਅਲੱਗ ਹੈ ਮੇਰੀ ਪਹਿਚਾਨ,
ਹਰ ਇਕ ਸਬਜ਼ੀ ਦੀ ਮੈ ਹਾਂ ਜਾਨ।
ਲੰਬੇ ਸਮੇਂ ਤੱਕ ਰਹਿੰਦਾ ਤਾਜ਼ਾ,
ਸਬਜ਼ੀਆਂ ਦਾ ਅਖਵਾਉਂਦਾ ਰਾਜਾ।
ਕੋਈ ਸਮੋਸੇ ਦੇ ਵਿਚ ਭਰਦਾ,
ਕੋਈ ਕਟਲੇਟ ਬਣਾ ਕੇ ਤਲਦਾ। ...
ਇਵੇਂ ਹੀ ਹੋਰ ਬਹੁਤ ਸਾਰੀਆਂ ਬੱਚਿਆਂ ਦਾ ਗਿਆਨ ਵਧਾਉਂਦੀਆਂ ਕਵਿਤਾਵਾਂ ਹਨ ਜਿਵੇਂ:-ਮਾਂ ਤੋਂ ਸਿੱਖੀ ਕਵਿਤਾ, ਚੰਦ ਮਾਮਾ, ਸੂਰਜ ਦੇਵਤਾ, ਤਾਰੇ, ਟੀਚਰ, ਅਨੁਸ਼ਾਸਨ, ਰੁੱਖ, ਫੁੱਲ ਅੱਖਾਂ ਦੇ ਤਾਰੇ ਆਦਿ ਬਹੁਤ ਪਿਆਰੀਆਂ ਕਵਿਤਾਵਾਂ ਹਨ। ਇਸ ਵਿਚ ਸੂਰਜ ਕਵਿਤਾ ਨਮੂਨੇ ਵਜੋ ਹਾਜ਼ਰ ਹੈ:-
-ਸੂਰਜ ਦੇਵਤਾ-
ਮੈਂ ਹਾਂ ਸੌਰ-ਮੰਡਲ ਦਾ ਤਾਰਾ,
ਲਗਦਾ ਸਭ ਨੂੰ ਬਹੁਤ ਪਿਆਰਾ।
ਆਪਣੀ ਪਹਿਲੀ ਕਿਰਨ ਨਾਲ ਹੀ, ਨਵਾਂ ਸੰਦੇਸ਼ ਲਿਆਉਂਦਾ ਹਾਂ। ਘੁੱਪ ਹਨੇਰਾ ਦੂਰ ਹਾਂ ਕਰਦਾ, ਸੁਨਹਿਰੀ ਚਾਨਣ ਫੈਲਾਉਂਦਾ ਹਾਂ। ਨਵੀਂ ਤਾਜ਼ਗੀ, ਨਵੀਂ ਕਹਾਣੀ, ਨਵਾਂ ਜੋਸ਼ ਪਾਉਂਦੇ ਨੇ ਪ੍ਰਾਣੀ। ਉੱਠ ਜਾਂਦਾ ਹੈ ਆਲਮ ਸਾਰਾ, ਸਭ ਨੂੰ ਲੱਗਦਾਂ ਬਹੁਤ ਪਿਆਰਾ। ਲੇਖਿਕਾ ਨੇ ਭਾਸ਼ਾ ਬਹੁਤ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਵਰਤੀ ਹੈ। ਫ਼ਲਾਂ ਸਬਜ਼ੀਆਂ ਦੇ ਗੁਣ ਬਹੁਤ ਹੀ ਸਰਲ ਸ਼ਬਦਾਂ ਨਾਲ ਸਮਝਾਏ ਹਨ। ਕਵਿਤਾਵਾਂ ਨਾਲ ਤਸਵੀਰਾਂ ਬਣ ਜਾਂਦੀਆਂ ਤਾਂ ਕਿਤਾਬ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਹੋਣਾ ਸੀ।
-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX