ਪੰਜਾਬ
(ਆਦਿ ਕਾਲ ਤੋਂ 1966 ਈ. ਤੱਕ)
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 499 ਰੁਪਏ, ਸਫ਼ੇ : 408
ਸੰਪਰਕ : 78379-11000
ਸ. ਜਗਤਾਰ ਸਿੰਘ ਪੜ੍ਹਾਈ-ਲਿਖਾਈ ਅਤੇ ਕਿੱਤੇ ਵਜੋਂ ਇਕ ਪਰਿਪੱਕ ਇਤਿਹਾਸਕਾਰ ਹੈ, ਪੰਜਾਬ ਦੇ ਸਿੱਖ ਇਤਿਹਾਸ ਬਾਰੇ ਉਸ ਨੇ ਅੱਠ-ਦਸ ਪੁਸਤਕਾਂ ਦੀ ਰਚਨਾ ਕੀਤੀ ਹੈ। ਉਸ ਦਾ ਬਹੁਤਾ ਕੰਮ ਸਿੱਖ ਇਤਿਹਾਸਕਾਰ ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨਾ ਦੀਆਂ ਰਚਨਾਵਾਂ ਦੀ ਸੰਪਾਦਨਾ ਦੇ ਖੇਤਰ ਨਾਲ ਸੰਬੰਧਿਤ ਹੈ, ਇਹ ਕੰਮ ਚਿਰੋਕਣਾ ਕਰਨ ਵਾਲਾ ਸੀ। ਭੰਗੂ ਸਾਹਿਬ ਦੀ ਮਿਹਨਤ ਅਤੇ ਸਿਰੜ ਦੇ ਅਸ਼ਕੇ। ਹਥਲੇ ਗ੍ਰੰਥ ਵਿਚ ਉਸ ਨੇ ਪੰਜਾਬ ਦੇ ਪ੍ਰਾਚੀਨ ਕਾਲ ਤੋਂ 1966 ਈ. ਦੇ ਇਤਿਹਾਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਤਿਹਾਸ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਉਸ ਨੇ ਸਾਹਿਤਕ ਅਤੇ ਲੋਕਯਾਨਿਕ ਸਰੋਤਾਂ ਦਾ ਪ੍ਰਯੋਗ ਕਰ ਕੇ ਇਕ ਨਵੀਂ ਪਰੰਪਰਾ ਚਲਾਈ ਹੈ। ਇਸ ਵਿਧੀ ਨਾਲ ਮੌਖਿਕ ਇਤਿਹਾਸ ਵੀ ਮੁੱਖ ਧਾਰਾ ਵਿਚ ਸੰਮਿਲਤ ਹੋ ਗਿਆ ਹੈ। ਪੁਸਤਕ ਵਿਚਲੀ ਸਮੱਗਰੀ ਨੂੰ 22 ਭਾਗਾਂ (ਚੈਪਟਰਾਂ) ਵਿਚ ਵੰਡਿਆ ਗਿਆ ਹੈ। ਕੁਝ ਮੁੱਖ ਅਧਿਆਇ ਹਨ : ਦੋ-ਆਬਿਆਂ ਦੀ ਧਰਤੀ, ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ, ਪੰਜਾਬ ਦਾ ਧਰਾਤਲ, ਭੂਮੀ ਤੇ ਮੌਸਮ, ਆਰੀਆਂ ਦੀ ਆਮਦ, ਸਿਕੰਦਰ ਦਾ ਹਮਲਾ, ਪੰਜਾਬ ਉਪਰ ਹੋਰ ਬਾਹਰੀ ਹਮਲੇ, ਸਿੱਖ ਧਰਮ ਦਾ ਜਨਮ ਤੇ ਵਿਕਾਸ, ਖ਼ਾਲਸੇ ਦੀ ਸਿਰਜਣਾ, ਬਾਬਾ ਬੰਦਾ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਦੀ ਹਕੂਮਤ, ਸੁਧਾਰਕ ਲਹਿਰਾਂ, ਜਲ੍ਹਿਆਂਵਾਲਾ ਕਾਂਡ, ਪੰਜਾਬ ਦੀ ਵੰਡ, ਪੰਜਾਬ ਤੇ ਹਰਿਆਣਾ ਦੀ ਕਾਣੀ ਵੰਡ : 1966 ਇਤਿਆਦਿ। ਪੁਸਤਕ ਦੇ ਪਹਿਲੇ ਆਧਿਆਇ ਵਿਚ ਲੇਖਕ ਸਪੱਸ਼ਟ ਕਰ ਦਿੰਦਾ ਹੈ ਕਿ ਜਦੋਂ ਅਸੀਂ 'ਪੰਜਾਬ' ਸ਼ਬਦ ਬੋਲਦੇ ਹਾਂ ਤਾਂ ਸਾਡਾ ਭਾਵ ਲਗਭਗ 13 ਕਰੋੜ ਦੀ ਆਬਾਦੀ ਵਾਲੇ ਉਨ੍ਹਾਂ ਦੇਸ਼ਾਂ ਤੋਂ ਹੁੰਦਾ ਹੈ। ਜਿਨ੍ਹਾਂ ਵਿਚ ਪੰਜਾਬੀ ਬੋਲੀ ਜਾਂਦੀ ਹੈ। ਲੇਖਕ ਅਨੁਸਾਰ ਪੰਜਾਬ ਨੇ ਜਿੰਨਾ ਇਤਿਹਾਸ ਸਿਰਜਿਆ ਹੈ, ਉਸ ਦੇ ਮੁਕਾਬਲੇ, ਲਿਖਤ ਵਿਚ ਬਹੁਤ ਘੱਟ ਮਿਲਦਾ ਹੈ। ਲੇਖਕ ਨੇ ਕੋਸ਼ਿਸ਼ ਕੀਤੀ ਹੈ ਕਿ ਕੁਝ ਖੱਪੇ ਪੂਰੇ ਜਾਣ। ਕਿਉਂਕਿ ਪੰਜਾਬ ਦੇ ਲਗਭਗ ਚਾਰ-ਪੰਜ ਹਜ਼ਾਰ ਵਰ੍ਹਿਆਂ ਵਿਚ ਫੈਲੇ ਹੋਏ ਮਾਣਮੱਤੇ ਇਤਿਹਾਸ ਨੂੰ ਚਾਰ-ਪੰਜ ਸੌ ਪੰਨਿਆਂ ਵਿਚ ਸਮੇਟਣਾ ਇਕ ਅਸੰਭਵ ਕਾਰਜ ਸੀ। ਇਸ ਕਾਰਨ ਕਈ ਬਿਰਤਾਂਤ (ਜਿਵੇਂ ਸੁਧਾਰਵਾਦੀ ਲਹਿਰਾਂ, ਜਲ੍ਹਿਆਂਵਾਲਾ ਕਾਂਡ, ਪੰਜਾਬ ਦੀ ਦੁਖਮਈ ਵੰਡ, ਪੰਜਾਬ ਹਰਿਆਣਾ ਦੀ ਕਾਣੀ ਵੰਡ) ਅਧੂਰੇ ਰਹਿ ਗਏ ਹਨ। ਲੇਖਕ ਨੂੰ ਇਨ੍ਹਾਂ ਦਾ ਪੁਨਰ ਲੇਖਣ ਕਰਨ ਦੀ ਲੋੜ ਹੈ ਤਾਂ ਵੀ ਇਸ ਗ੍ਰੰਥ ਵਿਚ ਪੰਜਾਬ ਬਾਰੇ ਕਾਫੀ ਸਮੱਗਰੀ ਅੰਕਿਤ ਹੋਈ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਐਥੇ-ਓਥੇ
ਲੇਖਕ : ਨਵਤੇਜ ਸ਼ਰਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 159
ਸੰਪਰਕ : 95018-00880
ਵਿਚਾਰਅਧੀਨ ਸਫ਼ਰਨਾਮਾ ਦਾ ਨਾਮਕਰਨ 'ਐਥੇ-ਓਥੇ' ਲੇਖਕ ਦੀ ਜੀਵਨ-ਸਾਥਣ ਰਾਧਿਆ ਨੇ ਕੀਤਾ ਹੈ। ਪ੍ਰਸਿੱਧ ਸਾਹਿਤਕਾਰ, ਕਲਮ ਦੇ ਧਨੀ ਗੁਰਬਚਨ ਸਿੰਘ ਭੁੱਲਰ ਨੇ ਯਾਤਰਾਨਾਮਾ ਵਿਧਾ ਦਾ ਮਹੱਤਵ ਅਤੇ ਇਤਿਹਾਸ ਉਲੀਕਦਿਆਂ ਨਵਤੇਜ ਸ਼ਰਮਾ ਦੀ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਹੈ। ਲੇਖਕ ਅਧਿਆਪਨ ਨਾਲ ਸੰਬੰਧਿਤ ਹੋਣ ਦੇ ਨਾਤੇ ਆਪਣੀਆਂ ਯਾਤਰਾਵਾਂ ਦਾ ਆਯੋਜਨ ਗਰਮੀ ਦੀਆਂ ਛੁੱਟੀਆਂ (ਜੂਨ) ਜਾਂ ਸਰਦੀਆਂ ਦੀਆਂ ਛੁੱਟੀਆਂ (ਦਸੰਬਰ) ਵਿਚ ਕਰਦਾ ਹੈ। ਮਿੱਤਰਾਂ-ਦੋਸਤਾਂ/ਪਰਿਵਾਰ ਨਾਲ ਵੀ ਕਿਸੇ ਸਥਾਨ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਕੇ ਆਪਣੇ ਸ਼ਹਿਰ ਖੰਨੇ ਤੋਂ ਚਾਲੇ ਪਾਉਂਦਾ ਹੈ। ਇਸ ਯਾਤਰਾਨਾਮੇ ਦੇ ਦਸ ਕਾਂਡਾਂ (ਕੁਦਰਤ ਦੇ ਨੇੜੇ, ਭੀੜ ਤੋਂ ਦੂਰ, ਬਰਫ਼ਾਨੀ ਸਿਖਰਾਂ 'ਤੇ, ਪਟਨਾ, ਬੋਧਗਾਯਾ-ਨਾਲੰਦਾ, ਡਲਹੌਜ਼ੀ, ਚੰਬਾ, ਕੁਦਰਤੀ ਖ਼ੂਬਸੂਰਤੀ ਦਾ ਮੁਜੱਸਮਾ (ਬੰਜਾਰ ਘਾਟੀ), ਪੂਰਬੀ ਰਾਜਸਥਾਨ ਦੀ ਯਾਤਰਾ, ਪੱਛਮੀ ਰਾਜਸਥਾਨ ਦੀ ਯਾਤਰਾ, ਦਵਾਰਕਾ-ਸੋਮਨਾਥ-ਦੀਵ, ਲੂਣ ਅਤੇ ਰੇਤ ਦੀ ਧਰਤੀ, ਜਾ ਕੋ ਰਾਖੇ ਸਾਈਆਂ ਆਦਿ। ਵਿਚ ਆਪਣੀਆਂ ਅੱਖੀਂ ਦੇਖੀਆਂ, ਹੱਡੀਂ ਹੰਢਾਈਆਂ ਖ਼ੂਬ ਮਾਣੀਆਂ ਘਟਨਾਵਾਂ ਦੀ ਲੇਖਕ ਬੜੀ ਰੌਚਿਕਸ਼ੈਲੀ ਵਿਚ ਬਿਰਤਾਂਤ ਸਿਰਜਦਾ ਤੁਰਿਆ ਜਾਂਦਾ ਪਾਠਕਾਂ ਨੂੰ ਨਾਲ ਲਈ ਜਾਂਦਾ ਨੋਟ ਕੀਤਾ ਜਾ ਸਕਦਾ ਹੈ। ਇਨ੍ਹਾਂ ਯਾਤਰਾਵਾਂ ਦੇ ਸੰਗ੍ਰਹਿ ਦਾ ਅਧਿਐਨ ਕਰਦਿਆਂ ਬਹੁਤ ਸਾਰੀਆਂ ਮਹੱਤਵ ਵਾਲੀਆਂ ਗੱਲਾਂ ਸਹਿਜੇ ਹੀ ਪਾਠਕ ਦੇ ਮਾਨਸਿਕ ਮੰਚ 'ਤੇ ਆ ਜਾਂਦੀਆਂ ਹਨ।
ਭਾਵ ਯਾਤਰਾਵਾਂ ਕਾਰ, ਰੇਲ ਗੱਡੀ, ਟੈਕਸੀ, ਪੈਦਲ, ਖੱਚਰਾਂ, ਪਾਲਕੀਆਂ, ਆਟੋ, ਊਠਾਂ ਆਦਿ ਰਾਹੀਂ ਮਾਣੀਆਂ ਜਾਂਦੀਆਂ ਹਨ। ਵਿਭਿੰਨ ਮਾਰਗਾਂ 'ਤੇ ਚਲਦਿਆਂ ਹੋਰਨਾਂ ਆਕਰਸ਼ਕ ਥਾਵਾਂ/ਸੰਸਥਾਵਾਂ ਤੋਂ ਬਿਨਾਂ ਜ਼ਿਆਦਾਤਰ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ, ਚਰਚਾਂ, ਬੋਧੀਆਂ, ਜੈਨੀਆਂ ਦੇ ਮੰਦਰ, ਸ਼ਰਧਾ ਪੂਰਵਕ ਨਤਮਸਤਕ ਹੁੰਦਿਆਂ ਰੂਹਾਨੀਅਤ ਦਾ ਆਨੰਦ ਲੈਂਦਿਆਂ ਲੇਖਕ ਅਤੇ ਹਮਸਫ਼ਰਾਂ ਨੂੰ ਸ਼ਾਂਤ ਮਨ ਹੁੰਦਿਆਂ ਵੇਖਿਆ ਜਾ ਸਕਦਾ ਹੈ। ਲੇਖਕ ਦਾ ਅਸਤਿਤਵ ਧਾਰਮਿਕ ਬਿਰਤੀ ਵਾਲਾ ਹੈ। ਉਸ ਦੇ ਲਈ ਸਰਬ, ਧਾਰਮਿਕ ਸਾਂਝਾ ਪਿਆਰੀਆਂ ਹਨ। ਉਹ ਇਤਿਹਾਸਕ, ਮਿਥਿਹਾਸਕ, ਦੰਤ-ਕਥਾਵਾਂ ਦੇ ਹਵਾਲੇ ਵੀ ਦਿੰਦਾ ਹੈ। ਭੂਗੋਲ ਦਾ ਵਿਦਿਆਰਥੀ ਹੋਣ ਕਰਕੇ ਜਾਣਕਾਰੀ ਦਿੰਦਾ ਹੈ-ਕਿਹੜਾ ਸਥਾਨ ਸਮੁੰਦਰੀ ਤਲ ਤੋਂ ਕਿੰਨੀ ਉਚਾਈ 'ਤੇ ਸਥਿਤ ਹੈ। ਕਿਹੜਾ ਧਾਰਮਿਕ ਸਥਾਨ, ਕਿਹੜਾ ਸ਼ਹਿਰ, ਕਿਲ੍ਹਾ ਕਿਸ ਨੇ, ਕਦੋਂ, ਕਿਸ ਦੀ ਯਾਦ ਵਿਚ ਉਸਾਰਿਆ? ਕਿਥੇ ਸਵੇਰ, ਕਿਥੇ ਦੁਪਹਿਰ, ਕਿਥੇ ਸ਼ਾਮ, ਕਿੱਥੇ ਰਾਤ ਪਈ? ਕਿਤੇ ਸਾਮਾਨ ਰੱਖ ਕੇ ਟਿਕਾਣਾ ਕੀਤਾ। ਡੁੱਬਦੇ ਸੂਰਜ ਦਾ ਨਜ਼ਾਰਾ ਲਗਭਗ ਹਰ ਯਾਤਰਾ ਵਿਚ ਮਾਣਿਆ ਹੈ। ਵਰਡਜ਼ਵਰਥ ਅਤੇ ਕੀਟਸ ਕਵੀਆਂ ਵਾਂਗੂੰ ਪ੍ਰਾਕ੍ਰਿਤਕ ਆਨੰਦ ਦਾ ਲੁਤਫ਼ ਲਿਆ ਹੈ। ਰਚਨਾਵਾਂ/ਯਾਤਰਾਵਾਂ ਵਿਚ ਹਾਸ-ਵਿਅੰਗ ਦੀਆਂ ਪ੍ਰਸਥਿਤੀਆਂ ਵੀ ਹਨ। ਨਵੀਨ ਜਾਣਕਾਰੀ ਵੀ ਹੈ। ਖ਼ਤਰਨਾਕ ਮੋੜ ਵੀ ਹਨ। ਕਿਧਰੇ ਗਾਈਡ ਮਾਰਗ ਦਰਸ਼ਨ ਕਰਦੇ ਨੇ, ਕਿਥੇ ਖੱਬੇ ਮੁੜੇ, ਕਿਥੋਂ ਸੱਜੇ ਮੁੜੇ? ਕਿਥੇ ਕਿਹੜਾ ਖਾਣਾ ਖਾਧਾ? ਲੇਖਕ ਨੇ ਸਾਰਾ ਬਿਰਤਾਂਤ ਉੱਤਮ ਪੁਰਖੀ ਸ਼ੈਲੀ ਵਿਚ ਸਿਰਜਿਆ ਹੈ। ਦਸੰਬਰ, 2004 ਵਿਚ ਸੁਭਾਗ ਨਾਲ ਹੀ ਚੇਨਈ (ਮਦਰਾਸ) ਦੀ ਯਾਤਰਾ ਰੱਦ ਹੋ ਗਈ, ਜਿਸ ਨਾਲ ਬੰਗਾਲ ਦੀ ਖਾੜੀ ਵਿਚ ਆਈ ਭਿਆਨਕ ਸੁਨਾਮੀ ਤੋਂ ਬਚਾਅ ਹੋ ਗਿਆ। ਸੱਚ ਹੈ 'ਜਾ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋਇ।' ਇਕ ਯਾਤਰਾ ਸਮੇਂ ਚਿੱਟੇ ਚੂਹੇ ਦੇ ਦਰਸ਼ਨ ਕਰਨ ਨਾਲ ਕਰਾਮਾਤ ਵਾਪਰ ਗਈ। ਸਾਥੀ ਲੈਕਚਰਾਰ ਪਰੋਮੋਟ ਹੋ ਗਿਆ। ਲੇਖਕ ਪ੍ਰਿੰਸੀਪਲ ਬਣ ਗਿਆ। ਪੰਨਾ : 103.
ਇਹ ਯਾਤਰਾਨਾਮਾ ਭਾਰਤ ਦੀਆਂ ਹੱਦਾਂ ਤੱਕ ਸੀਮਤ ਹੈ। ਵਿਦੇਸ਼ ਯਾਤਰਾ ਵੱਲ ਨਹੀਂ ਜਾਂਦਾ। ਘਟਨਾਵਾਂ ਏਨੀਆਂ ਯਥਾਰਥਕ ਹਨ ਜਿਵੇਂ ਲੇਖਕ ਨੇ ਡਾਇਰੀ ਦਾ ਪ੍ਰਯੋਗ ਕੀਤਾ ਹੋਵੇ। ਇਸ ਯਾਤਰਾਨਾਮਾ ਵਿਧਾ ਵਿਚ ਸਵੈਜੀਵਨੀ ਅੰਸ਼ ਵੀ ਸ਼ਾਮਿਲ ਹੈ। ਮਿੱਤਰਾਂ ਦੇ ਨਾਵਾਂ ਤੋਂ ਬਿਨਾਂ ਬੇਟੀ ਵਿਪਾਸ਼ਾ, ਬੇਦਾ ਹੇਮੰਤ, ਮਾਪਿਆਂ ਆਦਿ ਦੇ ਸੰਕੇਤ ਵੀ ਹਨ। ਇਸ ਸਫ਼ਰਨਾਮੇ ਦੀ ਭਾਸ਼ਾ ਨਾਲ ਅਤੇ ਰਵਾਨਗੀ ਭਰਪੂਰ ਹੈ। ਕੁੱਲ ਮਿਲਾ ਕੇ ਇਹ ਯਾਤਰਾਨਾਮਾ ਰੂਹ ਨੂੰ ਸਕੂਨ ਦੇਣ ਵਾਲਾ ਅਤੇ ਗਿਆਨ ਵਰਧਕ ਦਸਤਾਵੇਜ਼ ਹੋ ਨਿਬੜਿਆ ਹੈ। ਲੇਖਕ ਨੇ 16 ਪੰਨਿਆਂ ਵਿਚ ਤਸਵੀਰਾਂ ਦੇ ਕੇ ਆਪਣੀਆਂ ਯਾਤਰਾਵਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਰੰਗੀਨ ਗੰਡੀਰਾ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52223
ਬਹਾਦਰ ਸਿੰਘ ਗੋਸਲ (ਪ੍ਰਿੰ.) ਪੰਜਾਬੀ ਬਾਲ ਸਾਹਿਤ ਦੇ ਪ੍ਰਤਿਨਿਧ ਲਿਖਾਰੀਆਂ ਵਿਚੋਂ ਇਕ ਹੈ, ਜਿਸ ਨੇ ਭਿੰਨ ਭਿੰਨ-ਵੰਨਗੀਆਂ ਵਿਚ ਬਾਲ-ਉਪਯੋਗੀ ਕ੍ਰਿਤਾਂ ਬਾਲ ਹੱਥਾਂ ਤੱਕ ਪਹੁੰਚਾਈਆਂ ਹਨ। ਹੁਣੇ-ਹੁਣੇ ਉਸ ਦਾ ਬਾਲ ਕਹਾਣੀ ਸੰਗ੍ਰਹਿ 'ਰੰਗੀਨ ਗੰਡੀਰਾ' ਛਪ ਕੇ ਸਾਹਮਣੇ ਆਇਆ ਹੈ, ਜਿਸ ਵਿਚ ਢੁਕਵੇਂ ਚਿੱਤਰਾਂ ਨਾਲ ਸੁਸੱਜਿਤ ਕੁੱਲ 8 ਕਹਾਣੀਆਂ ਅੰਕਿਤ ਹਨ। ਇਸ ਪੁਸਤਕ ਦੀ ਪਹਿਲੀ ਕਹਾਣੀ 'ਅੱਗ ਤਾਂ ਹੈ' ਅੰਧਵਿਸ਼ਵਾਸੀ ਕਦਰਾਂ ਕੀਮਤਾਂ ਅਤੇ ਪਖੰਡੀ ਮਾਨਸਿਕਤਾ ਵਾਲੇ ਸ਼ਾਤਰ ਵਿਅਕਤੀਆਂ ਦੀ ਅਮਾਨਵੀ ਸੋਚ ਦਾ ਤਿਆਗ ਕਰਕੇ ਕਿਰਤ, ਨਿਮਰਤਾ ਅਤੇ ਇਕ-ਦੂਜੇ ਨਾਲ ਸਨੇਹ ਕਰਨ ਵਰਗੇ ਮਾਨਵੀ ਗੁਣ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ। 'ਘਰ ਦੀ ਵੰਡ' ਕਹਾਣੀ ਦਾ ਬੁਨਿਆਦੀ ਆਸ਼ਾ ਇਹ ਸੰਕੇਤ ਕਰਦਾ ਹੈ ਕਿ ਜੀਵਨ ਵਿਚ ਬੁਲੰਦੀ ਅਤੇ ਜੱਸ ਖੱਟਣ ਲਈ ਵਿਹਲੜਪੁਣੇ, ਆਲਸ ਅਤੇ ਕੰਮ ਚੋਰੀ ਤੋਂ ਪੱਲਾ ਛੁਡਾਉਣਾ ਹੀ ਕਿਸੇ ਵਿਅਕਤੀ ਦੇ ਹਿਤ ਵਿਚ ਹੈ। 'ਰੰਗੀਨ ਗੰਡੀਰਾ' ਕਹਾਣੀ ਬੱਚਿਆਂ ਦੀਆਂ ਖੇਡ-ਖਿਡੌਣਿਆਂ ਕਾਰਨ ਪਰਸਪਰ ਲੜਾਈ-ਝਗੜਾ ਕਰਨਾ ਉਚਿਤ ਨਹੀਂ ਹੁੰਦਾ, ਸਗੋਂ ਜਿਨ੍ਹਾਂ ਬੱਚਿਆਂ ਕੋਲ ਖੇਡ 'ਚ ਖਿਡੌਣੇ ਨਹੀਂ ਹੁੰਦੇ, ਦੂਜੇ ਬੱਚਿਆਂ ਨੂੰ ਉਨ੍ਹਾਂ ਨੂੰ ਆਪਣੇ ਖਿਡੌਣੇ ਮਨਪ੍ਰਚਾਵਾ ਕਰਨ ਲਈ ਦੇ ਦੇਣੇ ਚਾਹੀਦੇ ਹਨ। ਅਜਿਹੇ ਮਿਲਵਰਤਣ, ਸਾਂਝ ਅਤੇ ਪਿਆਰ ਦਾ ਰਿਸ਼ਤਾ ਮਾਹੌਲ ਨੂੰ ਹੋਰ ਰੌਚਿਕ ਬਣਾਉਂਦਾ ਹੈ। 'ਗ਼ੁਲਾਬ ਦੇ ਫੁੱਲ ਦੀ ਸਿੱਖਿਆ' ਕਹਾਣੀ ਦੇ ਮਾਧਿਅਮ ਦੁਆਰਾ ਫੁੱਲ, ਪਾਣੀ, ਟਾਹਣੀ, ਬੱਦਲ ਅਤੇ ਸੂਰਜ ਆਦਿ ਪ੍ਰਕਿਰਤਕ-ਕਿਰਦਾਰਾਂ ਰਾਹੀਂ ਇਸ ਸੁਨੇਹੇ ਦਾ ਸੰਚਾਰ ਹੁੰਦਾ ਹੈ ਕਿ ਸਮੁੱਚੀ ਪ੍ਰਕਿਰਤੀ ਅਨੁਸ਼ਾਸਨ ਦੇ ਅਸੂਲਾਂ ਵਿਚ ਬੱਝੀ ਹੋਈ ਹੈ। ਅਨੁਸ਼ਾਸਨ-ਰਹਿਤ ਵਰਤਾਰੇ ਨਾਲ ਸੰਤੁਲਨ ਵਿਚ ਵਿਗਾੜ ਆ ਜਾਣ ਕਾਰਨ ਨੁਕਸਾਨ ਸਹਿਣਾ ਪੈਂਦਾ ਹੈ। 'ਸੋਨੇ ਦੇ ਮੁੱਠੇ ਵਾਲੀ ਕੈਂਚੀ' ਦਾ ਬਿਰਤਾਂਤ ਪ੍ਰਤੀਕਾਤਮਿਕ ਅਰਥਾਂ ਵਿਚ ਕੈਂਚੀ ਦੀ ਥਾਂ ਸੂਈ ਨੂੰ ਵਧੇਰੇ ਮਹੱਤਵ ਦਿੰਦਾ ਹੈ, ਜੋ ਕੱਟਣ ਵੱਢਣ ਦੀ ਥਾਂ ਜੋੜਨ ਦੀ ਭੂਮਿਕਾ ਨਿਭਾਉਂਦੀ ਹੈ। 'ਰੱਬ ਨਾਲ ਮਿਲਾਪ' ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਵਧੇਰੇ ਚੁਸਤ ਚਲਾਕ ਸਮਝਣ ਵਾਲੇ ਵਿਅਕਤੀ ਕਈ ਵਾਰੀ ਖ਼ੁਦ ਧੋਖਾ ਖਾ ਜਾਂਦੇ ਹਨ। 'ਮੋਬਾਈਲ ਵਾਲੀ ਮਾਈ' ਅਤੇ 'ਕਰੋੜਪਤੀ ਤਾਈ' ਕਹਾਣੀਆਂ ਵੱਖ-ਵੱਖ ਘਟਨਾਵਾਂ ਦੀ ਸਿਰਜਣਾ ਰਾਹੀਂ ਬੱਚਿਆਂ ਵਿਚ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਜਗਾਉਂਦੀਆਂ ਹਨ ਅਤੇ ਠੋਸ ਜੀਵਨ ਮੁੱਲ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਸੰਵਾਦ ਦਿਲਚਸਪ ਹਨ। ਕੁੱਲ ਮਿਲਾ ਕੇ ਇਹ ਪੁਸਤਕ ਬੱਚਿਆਂ ਲਈ ਦਿਲਚਸਪ ਹੈ ਅਤੇ ਉਨ੍ਹਾਂ ਦੇ ਮਨਾਂ ਅੰਦਰ ਮਾਤ ਭਾਸ਼ਾ ਪ੍ਰਤੀ ਸਨੇਹ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਤਿਤਲੀਆਂ ਮਾਯੂਸ ਹਨ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 127
ਸੰਪਰਕ : 98147-32198
ਪੁਸਤਕ ਵਿਚ ਛੋਟੇ ਆਕਾਰ ਦੀਆਂ 39 ਰਚਨਾਵਾਂ ਹਨ, ਜਿਨ੍ਹਾਂ ਨੂੰ ਲੇਖਕ ਨੇ ਕਹਾਣੀਆਂ ਕਿਹਾ ਹੈ। ਰਚਨਾਵਾਂ ਵਿਚ ਕਥਾ ਰਸ ਹੈ, ਜਿਸ ਕਰਕੇ ਕਥਾਵਾਂ ਹਨ। ਪਰ ਅਕਾਰ ਵਲੋਂ ਇਹ ਮਿੰਨੀ ਕਹਾਣੀਆਂ ਹਨ। ਲੇਖਕ ਨੇ ਆਪਣੇ ਵਲੋਂ ਜੋ ਲਿਖਿਆ ਹੈ ਉਸ ਅਨੁਸਾਰ ਇਹ ਰਚਨਾਵਾਂ ਅਖਬਾਰਾਂ ਵਿਚ ਛਪੀਆਂ ਹਨ। ਨਾਲ ਹੀ ਉਸ ਨੂੰ ਖੁਸ਼ੀ ਹੈ ਕਿ ਪੇਂਡੂ ਪਾਠਕਾਂ ਨੇ ਉਸ ਨੂੰ ਉਤਸ਼ਾਹਤ ਕੀਤਾ ਹੈ। ਪਰ ਸ਼ਹਿਰੀ ਪਾਠਕਾਂ 'ਤੇ ਉਸ ਨੂੰ ਗਿਲ੍ਹਾ ਹੈ। ਪਰ ਨਾਲ ਹੀ ਨਾਮਵਰ ਸ਼ਹਿਰੀ ਸਾਹਿਤਕਾਰ ਉਸ ਦੇ ਪ੍ਰਸੰਸਕ ਹਨ। ਕਾਮਰੇਡ ਗੁਰਨਾਮ ਸਿੰਘ ਨੇ ਮੁੱਖ ਬੰਧ ਵਿਚ ਲਿਖਿਆ ਹੈ ਕਿ; ਲੇਖਕ ਨੇ 150 ਦੇ ਕਰੀਬ ਲਘੂ ਰਚਨਾਵਾਂ ਲਿਖੀਆਂ ਹਨ। ਕਰਮਜੀਤ ਸਿੰਘ ਔਜਲਾ ਨੇ ਲੇਖਕ ਦੀਆਂ 6 ਲਘੂ ਪੁਸਤਕਾਂ ਦੀ ਚਰਚਾ ਕੀਤੀ ਹੈ। ਉਂਜ ਲੇਖਕ ਦੀ ਇਹ 13ਵੀਂ ਕਿਤਾਬ ਹੈ। ਲੇਖਕ ਬਹੁਪੱਖੀ ਕਲਮਕਾਰ ਹੈ। ਲੇਖਕ ਦੀਆ ਲਘੂ ਕਥਾਵਾਂ ਦੀਆ ਬਾਕੀ ਕਿਤਾਬਾਂ ਵਿਚ ਵੀ 'ਤਿੱਤਲੀਆ' ਮੁੱਖ ਸ਼ਬਦ ਹੈ। ਇਸ ਪੁਸਤਕ ਦੀ ਰਚਨਾ ਮਾਯੂਸ ਤਿੱਤਲੀਆਂ (ਪੰਨਾ 32) ਵਿਚ ਤਿੰਨ ਭੈਣਾਂ ਹਨ। ਇਕੋ ਸਕੂਲ ਵਿਚ ਪੜ੍ਹ ਰਹੀਆਂ ਹਨ। ਵੱਡੀ ਨੂੰ ਗਾਉਣ ਦਾ ਸ਼ੌਕ ਹੈ। ਉਸ ਦੀ ਆਵਾਜ਼ ਮਿੱਠੀ ਹੈ। ਨਾਮਵਰ ਸੰਗੀਤ ਕੰਪਨੀ ਉਸ ਨੂੰ ਗਾਇਕੀ ਲਈ ਦੇਸ਼-ਵਿਦੇਸ਼ ਤੱਕ ਲਿਜਾਂਦੀ ਹੈ। ਕਰੋੜਾਂ ਰੁਪਏ ਉਹ ਕਮਾਉਂਦੀ ਹੈ। ਮਾਪੇ ਸਮੇਂ ਨਾਲ ਮਰ ਜਾਂਦੇ ਹਨ। ਮਾਪਿਆਂ ਦੀ ਮੌਤ ਤੋਂ ਉਹ ਮਾਯੂਸ ਹਨ। ਅਸਲ ਵਿਚ ਮਾਯੂਸੀ ਉਸ ਦੇ ਗੀਤਾਂ ਵਿਚ ਰਚ ਜਾਂਦੀ ਹੈ। ਲੋਕ ਉਨ੍ਹਾਂ ਨੂੰ ਮਾਯੂਸ ਤਿੱਤਲੀਆਂ ਕਹਿਣ ਲੱਗ ਪੈਂਦੇ ਹਨ। ਪੁਸਤਕ ਦੀਆ ਰਚਨਾਵਾਂ ਵਿਚ ਸੋਹਣੀਆਂ ਕੁੜੀਆਂ, ਔਰਤਾਂ, ਵਿਆਹੇ ਜੋੜੇ, ਬੇਔਲਾਦ ਜੋੜੇ, ਬੱਚੇ ਗੋਦ ਲੈ ਕੇ ਜਿਉਂਦੀਆਂ ਔਰਤਾਂ, ਬੱਸਾਂ ਦੇ ਸਫਰ ਵਿਚ ਰੁਮਾਂਸ ਕਰਦੇ ਨੌਜਵਾਨ ਜੋੜੇ, ਰੱਖੜੀ ਬੰਨ੍ਹ ਕੇ ਭਰਾ ਬਣਾ ਰਹੀ ਵਿਆਹੀ ਕੁੜੀ, ਸਹੁਰਿਆਂ ਤੋਂ ਪਤੀ ਨਾਲ ਲੜ ਕੇ ਪੇਕਿਆਂ ਦੇ ਆਈ ਕੁੜੀ, ਕੁੜੀ ਦੀ ਭੂਆ ਭਤੀਜੀ ਨੂੰ ਮਨਾ ਕੇ ਸਹੁਰੇ ਛਡਦੀ, ਵਿਦੇਸ਼ਾਂ ਵਿਚ ਉਡਾਰੀ ਮਾਰਦੇ ਨੌਜਵਾਨ ਤੇ ਔਰਤਾਂ ਦੀਆਂ ਕਈ ਸਰੀਰਕ ਮਾਨਸਿਕ ਉਲਝਣਾਂ ਜਿਹੇ ਵਿਸ਼ੇ ਹਨ। ਰਚਨਾਵਾਂ ਦੇ ਸਿਰਲੇਖ ਸਾਧਾਰਨ ਹਨ। ਰਚਨਾਵਾਂ ਦੀ ਉਸਾਰੀ ਲਈ ਪਾਤਰੀ ਸੰਵਾਦ, ਸਸਪੈਂਸ, ਬਿਰਤਾਂਤਕ ਜੁਗਤਾਂ ਵਰਤੀਆਂ ਹਨ। ਰਚਨਾਵਾਂ ਵਿਚ ਰੁਮਾਂਟਿਕ ਸੁਰ ਆਮ ਹੈ। ਸੰਗ੍ਰਹਿ ਵਿਚ ਗੁਲਾਬੀ ਤਿੱਤਲੀਆਂ, ਸੱਚੀ ਮੁਹੱਬਤ, ਭਾਗਾਂ ਵਾਲੀ ਤਾਂਤੀਆ, ਪਿਆਰ ਦੀ ਤਾਜ਼ਗੀ, ਸੋਚ ਦੀ ਦਿਸ਼ਾ, ਵਕਤ ਦਾ ਮਿਜਾਜ਼, ਪਿਆਰ ਵਟਾਂਦਰਾ ਰਚਨਾਵਾਂ ਆਮ ਪਾਠਕ ਲਈ ਦਿਲਚਸਪ ਹਨ। ਰੁਮਾਂਸ ਦੇ ਨਾਲ ਲੇਖਕ ਕੁਝ ਆਰਥਿਕ ਮਸਲਿਆਂ ਵੱਲ ਵੀ ਧਿਆਨ ਦੇਵੇ ਤੇ ਕਹਾਣੀ ਦਾ ਕਲਾ ਪੱਖ ਹੋਰ ਮਜ਼ਬੂਤ ਬਣਾਵੇ। ਪੁਸਤਕ ਦਾ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160
ਰਾਗ ਧਿਆਨ ਪਰੰਪਰਾ
(ਇਕ ਵਿਸ਼ਲੇਸ਼ਨਾਤਮਿਕ ਅਧਿਐਨ)
ਲੇਖਕ : ਡਾ. ਮਨੋਨੀਤ ਖੇੜਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 94638-36591
ਇਸ ਪੁਸਤਕ ਦੀ ਲੇਖਿਕਾ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ (ਪੰਜਾਬ) 'ਚ ਸੰਗੀਤ ਵਿਭਾਗ ਵਿਚ ਕਾਰਜਸ਼ੀਲ ਹੈ। ਲੇਖਿਕਾ ਨੇ ਇਸ ਛੋਟੀ ਤੇ ਬਹੁਪਰਤੀ ਪੁਸਤਕ ਵਿਚ ਰਾਗ ਧਿਆਨ ਪਰੰਪਰਾ ਉੱਪਰ ਇਕ ਵਿਸ਼ਲੇਸ਼ਨਾਤਮਿਕ ਅਧਿਐਨ ਦੇ ਅੰਤਰਗਤ ਕਲਾ ਦੀ ਉਤਪਤੀ ਤੋਂ ਲੈ ਕੇ ਰਾਗ-ਬਿਆਨਾਂ ਦੀ ਰਚਨਾਤਮਿਕਤਾ ਤੱਕ ਹਰ ਇਕ ਪੱਖ ਦਾ ਕ੍ਰਮਵਾਰ ਅਧਿਐਨ ਕੀਤਾ ਹੈ। ਲੇਖਿਕਾ ਮੁਤਾਬਿਕ ਸੰਗੀਤ ਸ਼ਾਸਤਰੀਆਂ ਅਨੁਸਾਰ ਗੁਣ, ਪ੍ਰਕਿਰਤੀ ਅਤੇ ਭਾਵ ਅਨੁਸਾਰ ਭਾਰਤੀ ਸੁਰ-ਸੰਗਤੀਆਂ ਨੂੰ ਰਾਗ ਅਤੇ ਰਾਗਣੀਆਂ ਦੋ ਹਿੱਸਿਆਂ ਵਿਚ ਵੰਡਿਆ ਹੈ। ਰਾਗ ਪੁਰਸ਼ ਦੇ ਗੁਣਾਂ ਦੇ ਧਾਰਕ ਅਤੇ ਰਾਗਣੀਆਂ ਇਸਤਰੀ ਦੀ ਪ੍ਰਕਿਰਤੀ ਦੇ ਗੁਣਾਂ ਦਾ ਧਾਰਕ ਹਨ। ਇਨ੍ਹਾਂ ਵਿਚ 6 ਰਾਗ ਅਤੇ ਉਨ੍ਹਾਂ ਨਾਲ ਪੰਜ-ਪੰਜ ਜਾਂ ਛੇ-ਛੇ ਰਾਗਣੀਆਂ ਦਾ ਵਰਨਣ ਮਿਲਦਾ ਹੈ। ਇਨ੍ਹਾਂ ਹੀ ਰਾਗ-ਰਾਗਣੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਚਿੱਤਰਕਾਰਾਂ ਨੇ ਰਾਗ-ਰਾਗਣੀਆਂ ਦੇ ਵਿਸ਼ੇਸ਼ ਗੁਣਾਂ, ਪ੍ਰਕਿਰਤੀ ਅਤੇ ਭਾਵ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਤਰ੍ਹਾਂ ਦੇ ਚਿੱਤਰ ਬਣਾਏ ਹਨ। ਇਸ ਪੁਸਤਕ ਵਿਚ ਲੇਖਿਕਾ ਨੇ ਸੰਬੰਧਿਤ ਵਿਸ਼ੇ ਅਧੀਨ ਕੀਤੇ ਖੋਜ ਪ੍ਰਬੰਧ ਨੂੰ ਮੁੱਖ ਰੂਪ ਵਿਚ ਤਿੰਨ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਅਧੀਨ ਕਲਾ ਦੇ ਉਦਰਾਮ ਅਤੇ ਵਿਕਾਸ ਉੱਪਰ ਸੰਗੀਤਕ ਕਲਾ ਅਤੇ ਚਿੱਤਰਕਲਾ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਅਧਿਐਨ ਕੀਤਾ ਗਿਆ ਹੈ। ਦੂਸਰੇ ਹਿੱਸੇ ਵਿਚ ਅਧੀਨ ਰਾਗ ਧਿਆਨ ਪਰੰਪਰਾ ਅਤੇ ਮੁੱਖ ਆਧਾਰ ਵਜੋਂ ਰਾਗ-ਰਾਗਣੀ ਪਰੰਪਰਾ, ਨਾਇਕ-ਨਾਇਕਾ ਭੇਦ ਅਤੇ ਰਾਗ ਦੀ ਚਿੱਤਰਾਤਮਿਕ ਅਭਿਵਿਅੰਜਨਾ ਲਈ ਪ੍ਰਯੁਕਤ ਵਿਸ਼ੇਸ਼ ਰਸਾਂ ਅਤੇ ਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਵਿਸ਼ੇ ਦੇ ਕੇਂਦਰੀ ਕਾਰਜ ਵਜੋਂ ਤੀਸਰੇ ਅਧਿਆਇ ਅਧੀਨ ਚਿੱਤਰਕਲਾ ਨਾਲ ਵੱਖ-ਵੱਖ ਸਕੂਲਾਂ ਦਾ ਵਰਨਣ ਕਰਦੇ ਹੋਏ ਮੁੱਖ ਛੇ ਰਾਗਾਂ, ਉਨ੍ਹਾਂ ਦੀਆਂ ਰਾਗਣੀਆਂ ਦੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਚਿੱਤਰ, ਰਾਗ ਧਿਆਨਾਂ ਸੰਬੰਧੀ ਪ੍ਰਾਪਤ ਕਾਵਿ, ਵੱਖਰੇ-ਵੱਖਰੇ ਮੱਧਕਾਲੀਨ ਗ੍ਰੰਥਾਂ ਵਿਚੋਂ ਪ੍ਰਾਪਤ ਸੰਬੰਧਿਤ ਸਮੱਗਰੀ ਅਤੇ ਮਿਲੇ ਤੱਥਾਂ ਉੱਪਰ ਵਿਵੇਚਨਾਤਮਿਕ ਅਤੇ ਆਲੋਚਨਾਤਮਿਕ ਵੇਰਵਾ ਵੀ ਮਿਲਦਾ ਹੈ। ਪੁਸਤਕ ਦੇ ਅੰਤ ਵਿਚ ਉਪ-ਸੰਹਾਰ ਦੇ ਰੂਪ ਵਿਚ ਪ੍ਰਾਪਤ ਸਿੱਟਿਆਂ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਰੰਗਦਾਰ ਤਸਵੀਰਾਂ ਵਿਚ ਰਾਗ-ਦੀਪਕ, ਰਾਗਨੀ ਮਧੂਮਧਿਆਈ, ਰਾਗ ਹਿੰਡੋਲ, ਰਾਗਨੀ ਸੈਨਧਿਆਈ, ਰਾਗ ਮਾਲ ਕੌਲ, ਰਾਗਨੀ ਭੈਰਵੀ, ਰਾਗਨੀ ਬੰਗਾਲੀ, ਰਾਗ ਭੈਰਵ ਦੇ ਚਿੱਤਰ ਸ਼ਾਮਿਲ ਕੀਤੇ ਗਏ ਹਨ। ਅੰਤ ਵਿਚ ਲੇਖਿਕਾ ਨੇ ਇਸ ਅਧਿਐਨ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵਿਚ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਪੰਜਾਬੀ ਤੋਂ ਇਲਾਵਾ ਪੱਤ੍ਰਿਕਾਵਾਂ ਅਤੇ ਵਿਸ਼ੇਸ਼ ਅੰਕ, ਸੋਧ ਪ੍ਰਬੰਧ ਦਾ ਵੇਰਵਾ ਵੀ ਦਿੱਤਾ ਹੈ। ਰਾਗ ਵਿੱਦਿਆ ਨਾਲ ਜੁੜੀਆਂ ਹਸਤੀਆਂ ਤੇ ਵਿਦਵਾਨ ਇਸ ਪੁਸਤਕ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮੈਨੂੰ ਹੱਸਣਾ ਭੁੱਲ ਗਿਆ ਮਾਂ
ਤੇ ਹੋਰ ਕਵਿਤਾਵਾਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98760-62329
ਧਰਮ ਸਿੰਘ ਕੰਮੇਆਣਾ ਪੰਜਾਬੀ ਸਾਹਿਤ ਦਾ ਬਹੁ-ਚਰਚਿਤ ਅਤੇ ਬਹੁ-ਵਿਧਾਈ ਸਾਹਿਤਕਾਰ ਹੈ। ਉਸ ਨੇ ਕਾਵਿ-ਸੰਗ੍ਰਹਿ, ਗੀਤ-ਸੰਗ੍ਰਹਿ, ਕਾਵਿ-ਨਾਟ, ਵਾਰਤਕ, ਸਵੈ-ਜੀਵਨੀ, ਨਾਵਲ, ਬਾਲ-ਸਾਹਿਤ ਸਫ਼ਰਨਾਮਾ, ਮਿੰਨੀ ਕਹਾਣੀਆਂ ਆਦਿ ਵਿਧਾਵਾਂ ਵਿਚ ਲਗਭਗ ਤਿੰਨ ਦਰਜਨ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। ਮੈਨੂੰ ਹੱਸਣਾ ਭੁੱਲ ਗਿਆ ਮਾਂ ਕਾਵਿ ਸੰਗ੍ਰਹਿ 1982 ਵਿਚ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕਰਵਾਇਆ ਗਿਆ ਸੀ। ਕਵੀ ਦੇ ਕਥਨ ਅਨੁਸਾਰ 'ਮੈਨੂੰ ਹੱਸਣਾ ਭੁੱਲ ਗਿਆ ਮਾਂ ਅਤੇ ਹੋਰ ਕਵਿਤਾਵਾਂ' ਕਾਵਿ-ਸੰਗ੍ਰਹਿ 'ਚ ਸ਼ਾਮਿਲ ਕਵਿਤਾਵਾਂ ਦਾ ਲਿਖਣ ਕਾਲ ਸੰਨ 1981 ਤੋਂ 2004 ਤੱਕ ਦਾ ਹੈ। ਪਹਿਲੇ ਭਾਗ ਵਿਚ 1992 ਤੋਂ 2004 ਤੱਕ ਦੇ ਸਮੇਂ ਦੀਆਂ ਕਵਿਤਾਵਾਂ ਹਨ, ਜਿਸ ਵਿਚ ਪੇਂਡੂ ਜੀਵਨ ਤੋਂ ਸ਼ਹਿਰੀ ਜੀਵਨ ਵਿਚ ਪਰਵਰਤਿਤ ਹੋਏ ਬੰਦੇ ਦੀ ਜਿਥੇ ਮਾਨਸਿਕਤਾ ਪ੍ਰਕਾਸ਼ਮਾਨ ਹੁੰਦੀ ਹੈ, ਉਥੇ ਸ਼ਹਿਰੀ ਜੀਵਨ ਦੀ ਦੁਬਿਧਾ ਗ੍ਰਸਤ ਜ਼ਿੰਦਗੀ ਨੂੰ ਵੀ ਵਿਅੰਗਤਾਮਿਕ ਸ਼ੈਲੀ ਵਿਚ ਪ੍ਰਗਟਾਇਆ ਗਿਆ ਹੈ। ਦੂਸਰੇ ਭਾਗ ਦੀਆਂ ਕਵਿਤਾਵਾਂ 'ਅੱਗ ਦੇ ਫੁੱਲ', 'ਨਵੀਆਂ ਪੈੜਾਂ' ਅਤੇ 'ਉਪਰਾਮ ਮੌਸਮ' ਵਿਚੋਂ ਲਈਆਂ ਗਈਆਂ ਹਨ। ਇਸ ਦਾ ਕਾਵਿ-ਮੁਹਾਂਦਰਾ ਜੁਝਾਰਵਾਦੀ ਸ਼ੈਲੀ ਵਾਲਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮਜ਼ਦੂਰਾਂ, ਕਿਸਾਨਾਂ ਦੀ ਅਣਮਨੁੱਖੀ ਜ਼ਿੰਦਗੀ, ਬੇ-ਰੁਜ਼ਗਾਰੀ, ਨੌਜਵਾਨਾਂ ਦੇ ਸੁਪਨਿਆਂ ਦੇ ਮਰ ਜਾਣ ਨਾਲ ਸੰਬੰਧਿਤ ਹਨ। ਇਸ ਸਮੇਂ ਨੂੰ ਕਾਲੇ ਦੌਰ 'ਤੇ ਵੀ ਜਾਣਿਆ ਸਮਝਿਆ ਜਾਂਦਾ ਹੈ। ਇਸ ਸਮੇਂ ਮਾਨਵ-ਦੋਖੀਆਂ ਦੇ ਵਿਰੋਧ 'ਚ ਰਚੀਆਂ ਰਚਨਾਵਾਂ ਵਿਚ ਮਾਨਵ-ਹਿਤੈਸ਼ੀ ਸਮਾਜ ਸਿਰਜਣ ਦੀ ਧੁਨੀ ਵਧੇਰੇ ਤਿੱਖੇ ਰੂਪ ਵਿਚ ਪ੍ਰਜਵਲਿਤ, ਦੀਵੇ ਦੀ ਬਲਦੀ ਲਾਟ ਵਾਂਗ ਸ਼ਬਦੀ ਤੇਲ ਰਾਹੀਂ ਪ੍ਰਕਾਸ਼ਮਾਨ ਕਰਨ ਦੇ ਹੀਲੇ-ਵਸੀਲੇ ਦੇ ਤੌਰ 'ਤੇ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। 'ਮੈਨੂੰ ਹੱਸਣਾ ਭੁੱਲ ਗਿਆ ਮਾਂ' ਕਵੀ ਦੀ ਕਾਵਿਕ ਸਵੈਜੀਵਨੀ ਦੇ ਤੌਰ 'ਤੇ ਬਚਪਨ, ਕਿਸ਼ੋਰ ਅਵਸਥਾ, ਜਵਾਨੀ, ਬੁਢਾਪੇ ਤੱਕ ਦੇ ਬਿਰਤਾਤਾਂ ਨੂੰ ਸ਼ਬਦੀ ਚਿੱਤਰਾਂ ਰਾਹੀਂ ਪਾਠਕ ਇਨ੍ਹਾਂ ਬਣਦੇ ਮੰਜ਼ਰਾਂ ਨੂੰ ਦੇਖ, ਮਹਿਸੂਸ ਅਤੇ ਸੋਚਣ ਦੀ ਪ੍ਰਕਿਰਿਆ ਥੀਂ ਗੁਜ਼ਰਦਾ ਹੈ। ਇਹ ਸਤਰਾਂ ਬਹੁ-ਦਿਸ਼ਾਈ ਦੁਸ਼ਵਾਰੀਆਂ ਸਨਮੁੱਖ ਪਾਠਕ ਨੂੰ ਖਲਿਆਂਦੀਆਂ ਹਨ:
ਮੈਂ ਜਿਸ ਦਿਨ ਦਾ...
.....ਹੇ ਮਾਂ। / ਮੈਂ ਅਕਸਰ ਸੋਚਦਾ ਹਾਂ
ਕਿ ਰੋਟੀ ਖਾਣਾ ਤੇ ਸੌ ਜਾਣਾ
ਕਿ ਇਹੀ ਹੈ ਜ਼ਿੰਦਗੀ ਦਾ ਨਾਂਅ?
ਨਹੀਂ ਨਹੀਂ। ਮਾਂ!
ਜ਼ਿੰਦਗੀ ਦੇ ਅਰਥ ਬੜੇ ਲੰਮੇ ਨੇ
ਉਪਰੋਕਤ ਸਤਰਾਂ ਮਨੁੱਖ ਦੇ 'ਹੱਸਣ' ਅਤੇ ਹੱਸਣਾ ਭੁੱਲ ਜਾਣ ਦਾ' ਅਜਿਹਾ ਬਿਰਤਾਂਤ ਸਿਰਜਦੀਆਂ ਹਨ, ਜਿਸ ਨੂੰ 'ਸਥਾਪਤੀ' ਦੇ ਚਾਰ ਥੰਮ੍ਹ ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ ਅਤੇ ਸੁਤੰਤਰ ਸੋਚ ਦੀ ਧਾਰਨੀ ਪ੍ਰੈੱਸ ਵਲੋਂ ਨਿਭਾਏ ਰੋਲ ਨੂੰ ਸਮਝੇ, ਪਰਖੇ ਅਤੇ ਨਿਰਣੇ ਤੱਕ ਪਹੁੰਚ ਦੇ ਪ੍ਰਸੰਗਾਂ ਰਾਹੀਂ ਹੀ ਅਨੁਭਵ ਅਤੇ ਪ੍ਰਗਟਾਇਆ ਜਾ ਸਕਦਾ ਹੈ। ਹੇਠਲੀਆਂ ਸਤਰਾਂ ਵਰਤਮਾਨ ਦੇ ਹਾਲਾਤ ਵਧੇਰੇ ਸਸ਼ਕਤ ਰੂਪ ਵਿਚ ਬਿਆਨਦੀਆਂ ਹਨ:
ਆਪਣੇ ਆਪ ਦੇ ਨਾਲ ਬੋਲਿਆਂ
ਵਰ੍ਹੇ ਨੇ ਜਾਂਦੇ ਬੀਤ
ਕਿਸੇ ਹੋਰ ਸੰਗ ਬੋਲਣ ਜੋਗਾ
ਵਕਤ ਹੈ ਕੀਹਦੇ ਕੋਲ।
ਧਰਮ ਸਿੰਘ ਕੰਮੇਆਣਾ ਸੰਵੇਦਨਸ਼ੀਲ ਜ਼ਿੰਮੇਵਾਰ, ਜਾਗਰੂਕ ਅਤੇ ਪ੍ਰਤੀਬੱਧ ਕਵੀ ਹੈ। ਤਹਿ-ਦਿਲੋਂ ਮੁਬਾਰਕ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
1857 ਦੀਆਂ ਹੈਰਤ ਅੰਗੇਜ਼ ਦਾਸਤਾਨਾਂ
ਲੇਖਕ : ਸ਼ਮਸੁਲ ਇਸਲਾਮ
ਅਨੁ : ਪਰਮਜੀਤ ਸਿੰਘ ਢੀਂਗਰਾ
ਪ੍ਰਕਾਸ਼ਕ : ਦੀਪਕ ਪਬਲੀਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 174
ਸੰਪਰਕ : 0181-2214196
25 ਫ਼ਰਵਰੀ 1857 ਈਸਵੀ ਨੂੰ ਸ਼ੁਰੂ ਹੋਈ ਆਜ਼ਾਦੀ ਦੀ ਪਹਿਲੀ ਲੜਾਈ ਮਈ 1857 ਈਸਵੀ ਭਾਰਤ ਦੇ ਵੱਖ-ਵੱਖ ਸੂਬਿਆਂ ਤੱਕ ਫੈਲ ਗਈ ਸੀ। ਇਸ ਲੜਾਈ ਦਾ ਤਤਕਾਲੀ ਕਾਰਨ ਜਾਨਵਰਾਂ ਦੀ ਚਰਬੀ ਤੋਂ ਤਿਆਰ ਕੀਤੇ ਕਾਰਤੂਸ ਸਨ। ਇਹ ਲੜਾਈ ਦਿੱਲੀ, ਅੰਬਾਲਾ, ਅਯੁੱਧਿਆ, ਰਾਜਸਥਾਨ, ਪੰਜਾਬ ਅਤੇ ਭਾਰਤ ਦੇ ਹੋਰ ਕੇਂਦਰੀ ਸੂਬਿਆਂ ਤੱਕ ਪਹੁੰਚ ਗਈ ਸੀ। ਇਸ ਨੇ ਫ਼ੌਰੀ ਤੌਰ 'ਤੇ ਬਰਤਾਨਵੀ ਸਾਮਰਾਜ ਨੂੰ ਮਹਾਰਾਣੀ ਦਾ ਘੋਸ਼ਣਾ ਪੱਤਰ ਜਾਰੀ ਕਰਨ ਲਈ ਮਜਬੂਰ ਕੀਤਾ ਅਤੇ ਭਾਰਤੀ ਸ਼ਾਸਨ ਪ੍ਰਣਾਲੀ ਈਸਟ ਇੰਡੀਆ ਕੰਪਨੀ ਤੋਂ ਸਿੱਧੀ ਬਰਤਾਨਵੀ ਰਾਜ ਅਧੀਨ ਹੋ ਗਈ ਸੀ। ਇਸ ਦੇ ਨਾਲ ਹੀ ਅੰਗਰੇਜ਼ ਹਕੂਮਤ ਦੁਆਰਾ ਭਾਰਤੀਆਂ ਉੱਪਰ ਅੱਤਿਆਚਾਰ ਹੋਰ ਵਧਾਉਣੇ ਸ਼ੁਰੂ ਕੀਤੇ ਗਏ। ਇਸ ਉਪਰੰਤ ਅਖ਼ਬਾਰਾਂ ਤੇ ਹੋਰ ਲਿਖਤਾਂ 'ਤੇ ਪਾਬੰਦੀ ਆਦਿ ਤੋਂ ਇਲਾਵਾ ਜਲਿਆਂਵਾਲੇ ਬਾਗ਼ ਦੇ ਸਾਕੇ ਵਰਗੀਆਂ ਘਟਨਾਵਾਂ ਵਾਪਰੀਆਂ ਸਨ। 1947 ਈਸਵੀ ਵਿਚ ਭਾਰਤੀ ਆਜ਼ਾਦੀ ਉਪਰੰਤ 1857 ਦੀ ਪਹਿਲੀ ਲੜਾਈ ਬਾਰੇ ਵੱਖ-ਵੱਖ ਵਿਸ਼ਿਆਂ ਵਿਚ ਅਨੇਕਾਂ ਕਿਤਾਬਾਂ ਅਤੇ ਖੋਜਾਂ ਹੋਈਆਂ ਹਨ। ਇਨ੍ਹਾਂ ਖੋਜਾਂ ਦਾ ਮੰਤਵ ਲੜਾਈ ਦੇ ਤਤਕਾਲੀ ਕਾਰਨ, ਮਨੋਵਿਗਿਆਨਕ ਵਿਸ਼ਲੇਸ਼ਣ, ਰਾਜਨੀਤਕ ਪ੍ਰਭਾਵ, ਇਤਿਹਾਸਕ ਪਿਛੋਕੜ, ਸਮਾਜਿਕ ਵਰਤਾਰੇ ਅਤੇ ਭਾਰਤੀ ਰਿਆਸਤਾਂ ਦੇ ਰਾਜਿਆਂ ਦੇ ਨਵਾਬਾਂ ਆਦਿ ਦੇ ਪ੍ਰਤੀਕਰਮਾਂ ਦਾ ਮੁਲਾਂਕਣ ਕਰਨਾ ਸੀ। ਸ਼ਮਸਿਲ ਇਸਲਾਮ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿਖੇ ਪ੍ਰੋਫ਼ੈਸਰ ਰਹੇ ਹਨ। ਭਾਰਤੀ ਆਜ਼ਾਦੀ ਸੰਗਰਾਮ ਦੇ ਵੱਖ-ਵੱਖ ਪੱਖਾਂ ਬਾਰੇ ਉਨ੍ਹਾਂ ਦੀਆਂ ਪਹਿਲਾਂ ਕਈ ਵਿਸ਼ਵ ਪੱਧਰ 'ਤੇ ਮਕਬੂਲ ਕਿਤਾਬਾਂ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਸ਼ਮਸੁਲ ਇਸਲਾਮ ਨੂੰ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਅਰਬੀ ਆਦਿ ਭਾਸ਼ਾਵਾਂ ਦਾ ਪੂਰਨ ਗਿਆਨ ਹੈ। ਇਹ ਕਿਤਾਬ '1857 ਦੀਆਂ ਹੈਰਤ ਅੰਗੇਜ਼ ਦਾਸਤਾਨਾਂ' ਦਾ ਵਿਸ਼ਾ ਵਸਤੂ ਬੜਾ ਅਨੋਖਾ ਅਤੇ ਦਿਲਚਸਪ ਵੀ ਹੈ। ਲੇਖਕ ਵਲੋਂ ਉਨ੍ਹਾਂ ਵਿਸ਼ਿਆਂ ਬਾਰੇ ਪਾਠਕਾਂ ਨਾਲ ਗਿਆਨ ਸਾਂਝਾ ਕਰਨ ਦਾ ਯਤਨ ਕੀਤਾ ਗਿਆ ਹੈ ਜੋ ਇਤਿਹਾਸਕ ਕਾਲ ਦੌਰਾਨ ਜਾਣੇ-ਅਣਜਾਣੇ ਵਿਚ ਲੇਖਕਾਂ ਵਲੋਂ ਅੱਖੋਂ-ਪਰੋਖੇ ਕੀਤੇ ਗਏ ਹਨ। ਕੁਝ ਮਹੱਤਵਪੂਰਨ ਵਿਸ਼ੇ 1857 ਦੀ ਲੜਾਈ ਦੌਰਾਨ ਮੁਸਲਿਮ ਔਰਤਾਂ ਦੀ ਭੂਮਿਕਾ; ਹਿੰਦੂ-ਮੁਸਲਿਮ ਅਤੇ ਸਿੱਖਾਂ ਦੀ ਏਕਤਾ; ਰਾਜੇ-ਰਜਵਾੜੇ ਜਿਨ੍ਹਾਂ ਨੇ ਆਜ਼ਾਦ ਹਿੰਦੁਸਤਾਨ ਵਿਚ ਵੀ ਰਾਜ ਕੀਤਾ; ਵੱਖ-ਵੱਖ ਜਿੱਤਾਂ ਤੇ ਹਾਰਾਂ, ਦੌਲਤ ਦੀਆਂ ਖਾਣਾਂ, ਲਾਲਚ, ਕੀਮਤੀ ਖਜ਼ਾਨਿਆਂ ਦੀ ਭਾਲ, ਲੁਕਣ ਦੀਆਂ ਵੱਖ-ਵੱਖ ਥਾਵਾਂ ਅਤੇ ਲੁੱਟ ਦੇ ਸਾਮਾਨ ਦੀ ਵਿਕਰੀ ਹਨ। ਭਾਵੇਂ 1857 ਈਸਵੀ ਦੀ ਲੜਾਈ ਬਾਰੇ ਸਾਨੂੰ ਅਨੇਕਾਂ ਇਤਿਹਾਸਕ ਸ੍ਰੋਤ ਉਪਲਬਧ ਹਨ, ਪਰੰਤੂ ਵੱਖ-ਵੱਖ ਭਾਸ਼ਾਵਾਂ ਦੇ ਸਮਕਾਲੀ ਸੋਮਿਆਂ 'ਤੇ ਆਧਾਰਿਤ ਇਸ ਕਿਤਾਬ ਨੇ ਕੁਝ ਮਹੱਤਵਪੂਰਨ 'ਤੇ ਨਵੇਂ ਪਹਿਲੂ ਪਾਠਕਾਂ ਦੇ ਸਨਮੁੱਖ ਰੱਖੇ ਹਨ। ਲੇਖਕ ਨੇ ਭਾਰਤੀ ਭਾਸ਼ਾਵਾਂ ਦੇ ਨਾਲ ਬਰਤਾਨਵੀ ਲੇਖਕਾਂ ਦੀਆਂ ਲਿਖਤਾਂ ਦਾ ਵੀ ਤੁਲਨਾਤਮਿਕ ਅਧਿਐਨ ਕੀਤਾ ਹੈ। ਕਿਤਾਬ ਨੂੰ ਹਿੰਦੀ ਭਾਸ਼ਾ ਤੋਂ ਪੰਜਾਬੀ ਵਿਚ ਅਨੁਵਾਦ ਡਾ. ਪਰਮਜੀਤ ਸਿੰਘ ਢੀਂਗਰਾ ਵਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਸੰਖੇਪ ਵਿਚ 1857 ਦੀ ਲੜਾਈ ਬਾਰੇ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ, ਮਿਸ਼ਰਤ ਸੱਭਿਆਚਾਰ ਆਦਿ ਵਿਸ਼ਿਆਂ ਦੇ ਇਤਿਹਾਸਕ ਅਧਿਐਨ ਲਈ ਪੰਜਾਬੀ ਭਾਸ਼ਾ ਦੇ ਪਾਠਕਾਂ ਲਈ ਇਹ ਮਹੱਤਵਪੂਰਨ ਸ੍ਰੋਤ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜੀਵਨ ਜੜ੍ਹਾਂ
ਲੇਖਕ : ਸੁਰਿੰਦਰ ਮਕਸੂਦਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 99887-10234
ਮੂਲ ਤੌਰ 'ਤੇ ਕਵੀ ਅਤੇ ਪੰਜਾਬੀ ਮਿੰਨੀ ਕਹਾਣੀ ਲੇਖਕ ਸੁਰਿੰਦਰ ਮਕਸੂਦਪੁਰੀ ਨਵੇਂ ਮਿੰਨੀ ਕਹਾਣੀ ਸੰਗ੍ਰਹਿ 'ਜੀਵਨ ਜੜ੍ਹਾਂ' ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਇਸ ਸੰਗ੍ਰਹਿ ਦੀਆਂ 81 ਮਿੰਨੀ ਕਹਾਣੀਆਂ ਦੇ ਪਾਠ ਮਗਰੋਂ ਇਹ ਪਰਿਦ੍ਰਿਸ਼ ਉੱਘੜਦਾ ਹੈ ਕਿ ਲੇਖਕ ਮਿੰਨੀ ਕਹਾਣੀ ਦੇ ਪਰੰਪਰਾਗਤ ਰੂਪ ਵਿਧਾਨ ਤੋਂ ਭਲੀਭਾਂਤ ਜਾਣੂ ਹੈ। ਉਹ ਮਿੱਥੇ ਹੋਏ ਉਦੇਸ਼ ਦੀ ਪੂਰਤੀ ਲਈ ਕਾਵਿਕਤਾ ਦਾ ਸਹਾਰਾ ਲੈ ਕੇ ਉਸ ਵਿਚ ਕਾਵਿਕ ਰਵਾਨੀ ਅਤੇ ਕਥਾਰਸ ਦੋਵੇਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਨਾਲ ਪਾਠਕ ਨੂੰ ਇਕੋ ਸਮੇਂ ਕਾਵਿ-ਕਥਾ ਦੋਵਾਂ ਦੀ ਸਾਹਿਤਕ ਸੰਤੁਸ਼ਟੀ ਹਾਸਿਲ ਹੁੰਦੀ ਹੈ। ਇਹ ਸ਼ੈਲੀ ਲੇਖਕ ਦੀ ਵੱਖਰੀ ਪਛਾਣ ਬਣਾਉਣ ਵਿਚ ਸਹਾਈ ਹੁੰਦੀ ਹੈ। ਲੇਖਕ ਨੇ ਪੁਸਤਕ ਦੇ ਸ਼ੁਰੂ ਵਿਚ ਲਿਖੇ 'ਕਹਾਣੀ ਕੀ ਕਹਿੰਦੀ ਹੈ?' ਆਪਣੇ ਲੇਖ ਦੇ ਕੇਂਦਰੀ ਭਾਵ ਦੀ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ੇ ਬੇਸ਼ੱਕ ਨਵੇਂ ਨਹੀਂ ਹਨ ਪਰ ਇਸ ਬਦਲਦੇ ਦੌਰ ਵਿਚ ਬਹੁਤ ਤੀਬਰ ਗਤੀ ਨਾਲ ਬਦਲ ਰਹੀਆਂ ਪ੍ਰਸਥਿਤੀਆਂ ਤੋਂ ਉਪਜੇ ਵਿਕਰਤ, ਵਿਖੰਡਤ, ਵਿਰੂਪਤ, ਵਿਸਥਾਪਤ, ਯਥਾਰਥ ਨੂੰ ਫੜਣ ਦੀ ਕੋਸ਼ਿਸ਼ ਕੀਤੀ ਹੈ। ਇਸ ਬਦਲਦੇ ਦੌਰ ਵਿਚ ਉੱਭਰ ਰਹੀਆਂ ਨਵੀਆਂ ਮਨੁੱਖੀ ਕਦਰਾਂ-ਕੀਮਤਾ, ਨਿੱਘਰਦੀ ਨੈਤਿਕਤਾ, ਮਨੁੱਖ ਦੀ ਮਨੁੱਖ ਪ੍ਰਤੀ ਸੋਚ, ਬਾਜ਼ਾਰੂ ਅਤੇ ਵਪਾਰੀਕਰਨ ਦੇ ਮਾਹੌਲ ਵਿਚ ਮਨੁੱਖੀ ਰਿਸ਼ਤਿਆਂ ਪ੍ਰਤੀ ਬਦਲਦਾ ਨਜ਼ਰੀਆ, ਅਜੋਕੇ ਆਪਾਧਾਪੀ ਅਤੇ ਸਵਾਰਥੀ ਸਮਾਜ ਵਿਚ ਤਿੜਕ ਰਹੀਆਂ ਰਿਸ਼ਤਿਆਂ ਦੀਆਂ ਕੰਧਾ ਆਦਿ ਨੂੰ ਲੇਖਕ ਨੇ ਅਲੱਗ-ਅਲੱਗ ਮਿੰਨੀ ਕਹਾਣੀਆਂ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਸੰਗ੍ਰਹਿ ਦੀਆਂ ਉਦਾਸ ਫੁੱਲ, ਸਦੀਵੀ ਜਾਇਦਾਦ, ਸ਼ੀਸ਼ੇ ਦਾ ਘਰ, ਹਾਦਸਿਆਂ ਦਾ ਸਫਰ, ਕੱਠਪੁਤਲੀ, ਜੀਵਨ ਜੜ੍ਹਾਂ, ਪੱਗ ਦੀ ਲਾਜ, ਪੀਲਾ ਕਾਰਡ, ਮਨ ਦੀ ਕੈਨਵਸ, ਵੋਟਾਂ ਦਾ ਰਾਜ਼ ਆਦਿ ਮਿੰਨੀ ਕਹਾਣੀਆਂ ਉਪਰੋਕਤ ਕਥਨ ਦੀ ਹੂਬਹੂ ਗਵਾਹੀ ਭਰਦੀਆਂ ਹਨ। ਕਈ ਪ੍ਰਤੀਕਾਤਮਿਕ ਸਿਰਲੇਖ, ਪ੍ਰਾਕਿਰਤਕ ਪ੍ਰਤੀਕਾਂ ਦੀ ਵਰਤੋਂ 'ਤੇ ਕੁਦਰਤੀ ਚਿਤਰਣ, ਸਾਧਾਰਨ ਪਾਤਰਾਂ 'ਚੋਂ ਅਸਾਧਾਰਨਤਾ ਦੀ ਤਲਾਸ਼ ਕਰਦੀਆਂ ਇਹ ਮਿੰਨੀ ਕਹਾਣੀਆਂ ਨਿਸਚਿਤ ਤੌਰ 'ਤੇ ਪਾਠਕਾਂ ਵਲੋਂ ਪਸੰਦ ਕੀਤੀਆਂ ਜਾਣਗੀਆਂ ਅਤੇ ਇਹ ਮਿੰਨੀ ਕਹਾਣੀ ਸੰਗ੍ਰਹਿ ਨਵੇਂ ਮਿੰਨੀ ਕਹਾਣੀ ਲੇਖਕਾਂ ਲਈ ਰਾਹ ਦਸੇਰੇ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਜ਼ਿੰਦਗੀ ਦੇ ਰੂ-ਬ-ਰੂ
ਲੇਖਕ : ਕੰਵਲਜੀਤ ਸਿੰਘ 'ਕੰਵਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 98775-66190ਸ਼ਾਇਰ ਕੰਵਲਜੀਤ ਸਿੰਘ 'ਕੰਵਲ' ਹੱਥਲੀ ਕਿਤਾਬ 'ਜ਼ਿੰਦਗੀ ਦੇ ਰੂਬਰੂ' ਤੋਂ ਪਹਿਲਾਂ ਵੀ ਦੋ ਕਾਵਿ-ਪਰਾਗੇ 'ਸਫ਼ਰ ਜ਼ਿੰਦਗੀ ਕਾ' (ਹਿੰਦੀ) ਅਤੇ 'ਜ਼ਿੰਦਗੀ ਦੇ ਰੰਗ' (ਪੰਜਾਬੀ) ਸਾਹਿਤ ਜਗਤ ਦੇ ਰੂਬਰੂ ਕਰਾ ਚੁੱਕਿਆ ਹੈ, ਸ਼ਾਇਰ ਦੇਸਾਂ-ਪ੍ਰਦੇਸਾਂ ਦਾ ਭ੍ਰਮਣ ਕਰ ਚੁੱਕਿਆ ਹੈ, ਜਿਸ ਕਾਰਨ ਉਨ੍ਹਾਂ ਦਾ ਗਲੋਬਲ ਵਿਜ਼ਨ (ਆਲਮੀ ਦ੍ਰਿਸ਼ਟੀਕੋਣ) ਪੂਰਨ ਤੌਰ 'ਤੇ ਪ੍ਰਬੀਨ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਦੀ ਸ਼ਾਇਰੀ ਵਿਚ ਆਏ ਵਾਰ-ਵਾਰ ਸ਼ਬਦ ਜ਼ਿੰਦਗੀ ਤੋਂ ਅਸਾਡੇ ਹੱਥ ਆ ਜਾਂਦੀ ਹੈ। ਜ਼ਿੰਦਗੀ ਦੇ ਰੂਬਰੂ ਹੁੰਦਿਆਂ ਜ਼ਿੰਦਗੀ ਦੀਆਂ ਵਿਸੰਗਤੀਆਂ ਨਾਲ ਦਸਤਪੰਜਾ ਲੈਂਦਾ ਹੈ। ਉਹ ਸ਼ਾਬਦਿਕ ਕਲਾਬਾਜ਼ੀਆਂ ਵਿਚ ਨਹੀਂ ਪੈਂਦਾ ਤੇ ਸਪਾਟ ਸ਼ਬਦਾਵਲੀ ਰਾਹੀਂ ਆਪਣਾ ਕਾਵਿ-ਧਰਮ ਨਿਭਾਅ ਰਿਹਾ ਹੈ। ਪਹਿਲੀ ਨਜ਼ਰੇ ਉਸ ਦੀਆਂ ਨਜ਼ਮਾਂ ਸਿੱਧ ਪੱਧਰੀਆਂ ਨਜ਼ਰ ਆਉਂਦੀਆਂ ਹਨ ਤਾਂ ਜਿਉਂ ਤੁਸੀਂ ਉਸ ਦੇ ਡੂੰਘ ਵਿਚ ਜਾਂਦਾ ਹੋ ਤਾਂ ਅਰਥਾਂ ਦਾ ਚਿਤਰਪਟ ਗੂੜ੍ਹਾ ਹੁੰਦਾ ਚਲੇ ਜਾਂਦਾ ਹੈ। ਸ਼ਾਇਰ 'ਚੁੱਪ ਦੇ ਕਫ਼ਨ' ਤੋਂ ਬਾਹਰ ਆ ਕੇ ਸਵਾਲ ਖੜ੍ਹੇ ਕਰਦਾ ਹੈ ਕਿ ਬੰਦਾ ਚੰਦਰਯਾਨ ਰਾਹੀਂ ਚੰਦ 'ਤੇ ਤਾਂ ਪਹੁੰਚ ਗਿਆ ਹੈ ਕਿ ਠੀਕ ਹੈ। ਮਨੁੱਖ ਦੀ ਇਹ ਵੱਡੀ ਪੁਲਾਂਘ ਹੈ ਪਰ ਕੀ ਹੁਣ ਤੱਕ ਅੱਜ ਦਾ ਮਨੁੱਖ ਕੁੱਲੀ, ਜੁੱਲੀ ਤੇ ਗੁੱਲੀ ਦਾ ਮਸਲਾ ਹੱਲ ਕਰ ਚੁੱਕਿਆ ਹੈ। ਉਹ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਦੀ ਖੁਰਦਬੀਨ ਨਾਲ ਸਕੈਨਿੰਗ ਹੀ ਨਹੀਂ ਕਰਦਾ ਤੇ ਨਾਲ ਹੀ ਡਾਇਗਨੋਜ਼ ਵੀ ਕਰਦਾ ਹੈ ਕਿ ਕੱਚੇ ਕੋਠੇ ਜਾਗ ਰਹੇ ਹਨ ਜੋ ਪੱਕੀਆਂ ਅਟਾਰੀਆਂ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਣਗੇ, ਸ਼ਾਇਰ ਬੰਦਿਆਂ ਦੀ ਭੀੜ ਵਿਚੋਂ ਬੰਦਿਆਈ ਦੇ ਕਣ ਲੱਭਣ ਲਈ ਸਵਾਲ ਖੜ੍ਹਾ ਕਰਦਾ ਹੈ ਕਿ ਬੰਦਾ ਹੈ ਕਿੱਥੇ ਹੈ। ਬੰਦਾ ਤਾਂ ਹੱਡ ਮਾਸ ਦਾ ਸੰਦ ਬਣ ਕੇ ਰਹਿ ਗਿਆ ਹੈ। ਜਿਸ ਵਿਚੋਂ ਅਹਿਸਾਸ ਸੰਵੇਦਨਾ ਤੇ ਭਾਵਨਾ ਦੇ ਕਣ ਕਾਫੂਰ ਹੋ ਰਹੇ ਹਨ ਤੇ ਇਹੀ ਅਹਿਸਾਸ ਇਕ ਫੇਰੀ ਵੇਚਣ ਦਾ ਹੋਕਾ ਦੇ ਰਿਹਾ ਹੈ ਪਰ ਅਜਿਹੀ ਸੂਖ਼ਮਤਾ ਦਾ ਕੋਈ ਖਰੀਦਦਾਰ ਹੀ ਨਹੀਂ ਹੈ ਪਰ ਦੂਜੇ ਪਾਸੇ ਇਹ ਭੌਤਿਕੀ ਸੰਦ ਰੋਬੋਟ ਵਿਚ ਅਜਿਹੀ ਸੰਵੇਦਨਾ ਭਰਨ ਦੀ ਕੋਸ਼ਿਸ਼ ਵਿਚ ਹੈ, ਜਿਥੇ ਪਦਾਰਥੀ ਚਕਾਚੌਂਧ ਵਿਚ ਅਜਿਹਾ ਹੋਣਾ ਮੁਸ਼ਕਿਲ ਲੱਗਦਾ ਹੈ। ਇਹ ਨਗਰੀ ਜਿਊਂਦੇ ਬੰਦਿਆਂ ਦੀ ਕਬਰਗਾਹ ਹੈ, ਜਿਥੇ ਥਾਂ-ਥਾਂ ਨਫ਼ਰਤ ਦੀ ਪ੍ਰਯੋਗਸ਼ਾਲਾ ਹੈ। ਸ਼ਾਇਰ ਰੰਗਲੇ ਪੰਜਾਬ ਅੰਦਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ 'ਤੇ ਹੰਝੂ ਤਾਂ ਕੇਰਦਾ ਹੈ ਤੇ ਨਾਲ ਹੀ ਸਮੇਂ ਦੇ ਹਾਕਮ ਨੂੰ ਤਾੜਨਾ ਵੀ ਕਰਦਾ ਹੈ। ਪੰਜਾਬ ਦੇ ਨੌਜਵਾਨ ਪੀੜ੍ਹੀ ਦੇ ਪ੍ਰਵਾਸ ਦੇ ਵਹਿਣ ਨੂੰ ਵੀ ਉਹ ਗੰਭੀਰਤਾ ਨਾਲ ਲੈਂਦਾ ਹੈ ਤੇ ਇਸ ਪਰਵਾਸ ਦੀ ਜ਼ਿੰਮੇਵਾਰੀ ਵੀ ਉਹ ਸਮੇਂ ਦੇ ਹਾਕਮਾਂ ਸਿਰ ਧਰਦਾ ਹੈ ਕਿ ਜਦੋਂ ਇਥੇ ਰੁਜ਼ਗਾਰ ਉਹੀ ਮੁਹੱਈਆ ਨਹੀਂ ਕਰਾ ਸਕਦੇ ਤਾਂ ਇਸ ਵਿਚ ਨੌਜਵਾਨ ਪੀੜ੍ਹੀ ਦਾ ਕੋਈ ਕਸੂਰ ਨਹੀਂ ਹੈ। ਸ਼ਾਇਰ ਆਪਣੇ ਤਖੱਲਸ 'ਕੰਵਲ' ਦੀ ਵੀ ਲੱਜ ਪਾਲ ਰਿਹਾ ਹੈ ਕਿ ਕੰਵਲ ਚਿੱਕੜ ਵਿਚ ਵੀ ਖਿੜ ਜਾਂਦਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਬਹੁਤ ਬੁਰਾ ਲੱਗਦੈ
ਲੇਖਕ : ਬਲਵਿੰਦਰ ਸਿੰਘ ਫ਼ਤਿਹਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 236
ਸੰਪਰਕ : 94631-70369
ਇਸ ਪੁਸਤਕ ਵਿਚ ਲੇਖਕ ਵਿਵੇਕਸ਼ੀਲ ਅਤੇ ਤਰਕਸ਼ੀਲ ਦ੍ਰਿਸ਼ਟੀ ਨਾਲ ਪੁਰਾਤਨ ਅਤੇ ਅਜੋਕੇ ਸਮਾਜਿਕ ਮੁੱਲਾਂ, ਕਦਰਾਂ-ਕੀਮਤਾਂ ਅਤੇ ਗਿਰਾਵਟ ਦਾ ਵਿਸ਼ਲੇਸ਼ਣ ਕਰਦਾ ਹੈ। ਭਾਵੇਂ ਸਾਡਾ ਇਤਿਹਾਸ, ਸੱਭਿਆਚਾਰ ਅਤੇ ਪਿਛੋਕੜ ਬਹੁਤ ਮਾਣਮੱਤਾ ਹੈ, ਪਰ ਕੁਝ ਰਾਜਿਆਂ ਦੀ ਕਾਇਰਤਾ ਕਾਰਨ ਮੁੱਠੀ ਭਰ ਵਿਦੇਸ਼ੀ ਹਮਲਾਵਰ ਸਾਡੇ ਦੇਸ਼ 'ਤੇ ਕਾਬਜ਼ ਹੋ ਗਏ। ਸਦੀਆਂ ਤੱਕ ਭਾਰਤ ਗ਼ੁਲਾਮੀ ਦੀ ਜ਼ਲਾਲਤ ਹੰਢਾਉਂਦਾ ਰਿਹਾ। ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਸਿੰਘ ਬਹਾਦਰ, ਸ਼ਿਵਾਜੀ ਅਤੇ ਰਾਣਾ ਪ੍ਰਤਾਪ ਵਰਗੇ ਸੂਰਮੇ ਸਾਡੀ ਸੁੱਤੀ ਹੋਈ ਅਣਖ ਨਾ ਜਗਾਉਂਦੇ ਤਾਂ ਇਹ ਦੇਸ਼ ਕਦੇ ਆਜ਼ਾਦੀ ਨਾ ਮਾਣ ਰਿਹਾ ਹੁੰਦਾ। ਅੱਜ ਵੀ ਭਾਰਤ ਦੀ ਵਾਗਡੋਰ ਭ੍ਰਿਸ਼ਟ, ਲਾਲਚੀ ਅਤੇ ਸਵਾਰਥੀ ਲੋਕਾਂ ਦੇ ਹੱਥ ਹੈ। ਭਾਵੇਂ ਅਸੀਂ ਰਾਜਨੀਤਕ ਤੌਰ 'ਤੇ ਆਜ਼ਾਦ ਹਾਂ, ਪਰ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ 'ਤੇ ਹਾਲੇ ਵੀ ਗ਼ੁਲਾਮ ਹਾਂ। ਅੰਧ-ਵਿਸ਼ਵਾਸਾਂ ਅਤੇ ਕਰਮਕਾਂਡਾਂ ਨੇ, ਨਸ਼ਿਆਂ ਅਤੇ ਜਹਾਲਤ ਨੇ ਸਾਡੀ ਮੱਤ ਮਾਰੀ ਹੋਈ ਹੈ। ਦਲਿਤ ਲੋਕਾਂ ਨਾਲ ਹਾਲੇ ਵੀ ਵਿਤਕਰਾ ਹੋ ਰਿਹਾ ਹੈ। ਫਜ਼ੂਲ ਦੀਆਂ ਰਸਮਾਂ, ਵਹਿਮਾਂ-ਭਰਮਾਂ ਅਤੇ ਸਦਾਚਾਰਕ ਕਮਜ਼ੋਰੀਆਂ ਨੇ ਸਾਡੇ ਅੰਦਰ ਗਿਰਾਵਟ ਲਿਆ ਦਿੱਤੀ ਹੈ। ਧਾਰਮਿਕ ਕੱਟੜਵਾਦ ਅਤੇ ਹਿੰਦੂਵਾਦ ਦੀਆਂ ਨੀਤੀਆਂ ਨੇ ਧਰਮਾਂ ਵਿਚ ਨਫ਼ਰਤ ਫੈਲਾਈ ਹੈ। ਇਹ ਸਾਰਾ ਵਰਤਾਰਾ ਲੇਖਕ ਨੂੰ ਬਹੁਤ ਬੁਰਾ ਲਗਦਾ ਹੈ। ਉਹ ਸਾਨੂੰ ਸੁਚੇਤ, ਸਾਵਧਾਨ ਅਤੇ ਜਾਗਰੂਕ ਕਰਨਾ ਚਾਹੁੰਦਾ ਹੈ। ਮਜ਼ਬੂਤ ਆਤਮਾਵਾਂ ਹੀ ਸਾਡੇ ਅੰਦਰ ਜ਼ਿੰਦਾਦਿਲੀ, ਅਣਖ ਅਤੇ ਚੜ੍ਹਦੀ ਕਲਾ ਦਾ ਸੰਚਾਰ ਕਰ ਸਕਦੀਆਂ ਹਨ। ਲੇਖਕ ਨੇ ਇਸ ਪੁਸਤਕ ਦੇ ਮਾਧਿਅਮ ਰਾਹੀਂ ਆਪਣੇ ਵਿਚਾਰ ਬੜੀ ਦਲੇਰੀ ਅਤੇ ਬੇਬਾਕੀ ਨਾਲ ਪੇਸ਼ ਕੀਤੇ ਹਨ। ਉਹ ਇਕ ਨਰੋਏ, ਆਦਰਸ਼ ਅਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਾਨੂੰ ਪ੍ਰੇਰਿਤ ਕਰਦਾ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸੈਲਫੀਆਂ ਲੈਂਦੀ ਧੁੱਪ
ਲੇਖਕ : ਸੁਖਦੇਵ ਸਿੰਘ ਅਰਮਾਨ
ਪ੍ਰਕਾਸ਼ਕ : ਗੋਲਡਮਾਈਨ ਪਬਲੀਕੇਸ਼ਨ
ਮੁੱਲ : 200 ਰੁਪਏ, ਸਫ਼ੇ : 101
ਸੰਪਰਕ : 73470-60392
ਸਥਾਪਤੀ ਲਈ ਤਾਂਘਦੀ ਪੰਜਾਬੀ ਗ਼ਜ਼ਲ ਦੇ ਦੌਰ ਵਿਚ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਇਹ ਇਸ ਕਦਰ ਬੁਲੰਦੀਆਂ 'ਤੇ ਪਹੁੰਚ ਜਾਵੇਗੀ। ਉਦੋਂ ਗ਼ਜ਼ਲ ਲਿਖਣ ਵਾਲੇ ਗਿਣਵੇਂ-ਚੁਣਵੇਂ ਸਨ ਤੇ ਬਹੁਤੇ ਆਲੋਚਕ ਵੀ ਅੜਿੱਕਾ ਸਨ। ਵੀਹਵੀਂ ਸਦੀ ਦੇ ਅੰਤ ਤੱਕ ਪੰਜਾਬੀ ਗ਼ਜ਼ਲਕਾਰਾਂ ਦਾ ਕਾਫ਼ਲਾ ਬੜੀ ਜਲਦੀ ਵਸੀਹ ਹੋਇਆ ਤੇ ਇਸ ਵਿਚ ਸੁਖਦੇਵ ਸਿੰਘ ਅਰਮਾਨ ਵਰਗੇ ਸਮਰੱਥ ਕਲਮਕਾਰ ਰਲਦੇ ਗਏ। ਅਰਮਾਨ ਨੇ ਔਖੀਆਂ ਘੜੀਆਂ ਵੇਲੇ ਵੀ ਗ਼ਜ਼ਲ ਸਿਰਜਣਾ ਵਿਚ ਨਿਰੰਤਰਤਾ ਬਣਾਈ ਰੱਖੀ। ਉਸ ਦੇ ਸਵੈਕਥਨ ਅਨੁਸਾਰ ਅਰਮਾਨ ਨੇ ਅਨੇਕਾਂ ਦੁਸ਼ਵਾਰੀਆਂ ਦੇਖੀਆਂ ਹਨ ਤੇ ਤੰਗਦਸਤੀ ਦਾ ਸੰਤਾਪ ਵੀ ਹੰਢਾਇਆ ਹੈ। ਦਰਅਸਲ ਅਜਿਹੀਆਂ ਪ੍ਰਸਥਿਤੀਆਂ ਬਹੁਤੀ ਵਾਰ ਇਕ ਅਦੀਬ ਲਈ ਵਰਦਾਨ ਵੀ ਸਾਬਿਤ ਹੁੰਦੀਆਂ ਹਨ। ਆਪਣੇ ਸੰਘਰਸ਼ਮਈ ਪਿਛੋਕੜ ਕਾਰਨ ਹੀ ਉਸ ਦੀ ਗ਼ਜ਼ਲ ਵਿਚ ਸਹਿਜਤਾ ਤੇ ਸ਼ਿੱਦਤ ਆ ਸਕੀ ਹੈ। ਪਛੜ ਕੇ ਛਪੀ ਉਸ ਦੀ ਇਸ ਪਹਿਲੀ ਪੁਸਤਕ ਵਿਚ 88 ਗ਼ਜ਼ਲਾਂ ਛਪੀਆਂ ਮਿਲਦੀਆਂ ਹਨ। ਇਹ ਤਮਾਮ ਗ਼ਜ਼ਲਾਂ ਮਹਿਬੂਬ ਦੀ ਤਾਰੀਫ਼ ਲਈ ਸਿਰਜੇ ਬਿੰਬ ਨਹੀਂ ਹਨ, ਬਲਕਿ ਇਨ੍ਹਾਂ ਵਿਚ ਜ਼ਿੰਦਗੀ ਦੇ ਅਕਸ ਤੈਰਦੇ ਹਨ। ਇਹ ਅਕਸ ਉੱਜਲੇ ਨਹੀਂ ਹਨ, ਸਗੋਂ ਇਨ੍ਹਾਂ ਦੀ ਦਿੱਖ ਘਸਮੈਲ਼ੀ, ਬੁਦਬੁਦੀ ਤੇ ਤਰਸਮਈ ਹੈ। ਅਰਮਾਨ ਦੇ ਵਿਸ਼ੇ ਬ੍ਰਹਿਮੰਡੀ ਨਹੀਂ ਧਰਤੀ ਨਾਲ ਜੁੜੇ ਹੋਏ ਹਨ। ਉਸ ਦੇ ਸ਼ਿਅਰ ਸ਼ੋਸ਼ਣਕਰਤਾਵਾਂ 'ਤੇ ਸਿਆਸਤ ਦੇ ਬੁਣੇ ਕਈ ਚੱਕਰਵਿਊ ਤੋੜਦੇ ਹਨ। ਆਪਣੇ ਸ਼ਿਅਰਾਂ ਵਿਚ ਉਹ ਜਾਗਦੇ ਰਹਿਣ ਲਈ ਪੈਰਾਂ ਹੇਠ ਕੰਕਰ ਤੇ ਨਿੱਘ ਮਾਣਨ ਲਈ ਛਿਲਤਰਾਂ ਦੀ ਲੋਚਾ ਕਰਦਾ ਹੈ। ਉਸ ਨੂੰ ਖ਼ਾਮੋਸ਼ ਹੋ ਗਈਆਂ ਲਹਿਰਾਂ ਦੀ ਤਕਲੀਫ਼ ਹੈ ਤੇ ਸ਼ਹਿਰ ਵਿਚ ਹੁੰਦੀ ਮਾਰੋ-ਮਾਰ ਪ੍ਰੇਸ਼ਾਨ ਕਰਦੀ ਹੈ। ਧੂੰਆਂ-ਧੂੰਆਂ ਹੋਏ ਚੌਗਿਰਦੇ ਕਾਰਨ ਪ੍ਰੇਸ਼ਾਨ ਹੋਇਆ ਉਹ ਕਿਤੇ-ਕਿਤੇ ਆਪਣੇ ਪਿਆਰੇ ਨਾਲ ਵੀ ਸੰਵਾਦ ਰਚਾਉਂਦਾ ਹੈ। ਅਰਮਾਨ ਗ਼ਜ਼ਲ ਦੀ ਰੂਹ ਨੂੰ ਸਮਝਦਾ ਹੈ ਤੇ ਉਸ ਦੀਆਂ ਗ਼ਜ਼ਲਾਂ ਵਿਚ ਬੁਝਾਰਤਾਂਨੁਮਾ ਸ਼ਿਅਰਾਂ ਲਈ ਕੋਈ ਥਾਂ ਨਹੀਂ ਹੈ। ਮਨ ਦੇ ਵੇਗ ਵਿਚ ਕਿਤੇ-ਕਿਤੇ ਉਹ ਕਿਨਾਰਿਆਂ ਨਾਲ ਖਹਿੰਦਾ ਵੀ ਮਹਿਸੂਸ ਹੁੰਦਾ ਹੈ। ਗ਼ਜ਼ਲਕਾਰ ਦੀ ਹੌਸਲਾ ਅਫ਼ਜ਼ਾਈ, ਸ਼ੈਲੀ ਤੇ ਸਮਰਪਿਤ ਭਾਵਨਾ ਨਮਿਤ 'ਸੈਲਫੀਆਂ ਲੈਂਦੀ ਧੁੱਪ' ਗ਼ਜ਼ਲ ਸੰਗ੍ਰਹਿ ਪਾਠਕਾਂ ਵਲੋਂ ਸਰਾਹਿਆ ਜਾਏਗਾ, ਅਜਿਹੀ ਮੈਨੂੰ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਅਦਬ
ਗ਼ਜ਼ਲਕਾਰ : ਡਾ. ਚਰਨ ਸਿੰਘ
ਪ੍ਰਕਾਸ਼ਕ: ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 70
ਸੰਪਰਕ : 94640-49982
ਪੰਜਾਬੀ ਕਾਵਿ ਦਾ ਅਜੋਕਾ ਦੌਰ ਗ਼ਜ਼ਲ ਨੂੰ ਸਮਰਪਿਤ ਹੈ, ਗ਼ਜ਼ਲ ਦੀ ਏਨੀ ਮਕਬੂਲੀਅਤ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਪੰਜਾਬੀ ਦਾ ਹਰ ਤੀਸਰਾ ਲੇਖਕ ਗ਼ਜ਼ਲਕਾਰ ਹੈ ਤੇ ਹਰ ਤੀਸਰੀ ਪੁਸਤਕ ਵਿਚ ਗ਼ਜ਼ਲਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਆਏ ਦਿਨ ਨਵੇਂ ਗ਼ਜ਼ਲਕਾਰ ਇਸ ਕਾਫ਼ਿਲੇ ਵਿਚ ਸ਼ਮੂਲੀਅਤ ਕਰ ਰਹੇ ਹਨ ਤੇ ਗ਼ਜ਼ਲ ਦਾ ਦਾਇਰਾ ਵਸੀਹ ਹੋ ਰਿਹਾ ਹੈ। ਕੁਝ ਭਰਮ ਭੁਲੇਖੇ ਟੁੱਟ ਰਹੇ ਹਨ ਤੇ ਗ਼ਜ਼ਲ ਨੂੰ ਹੁਣ ਓਨੀ ਔਖੀ ਸਿਨਫ਼ ਨਹੀਂ ਸਮਝਿਆ ਜਾ ਰਿਹਾ। 'ਅਦਬ' ਡਾ. ਚਰਨ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 54 ਗ਼ਜ਼ਲਾਂ ਛਪੀਆਂ ਹਨ। ਡਾ. ਚਰਨ ਸਿੰਘ ਲੰਮਾ ਸਮਾਂ ਗ਼ਜ਼ਲਕਾਰਾਂ ਦੀ ਸੰਗਤ ਵਿਚ ਰਿਹਾ ਤੇ ਖ਼ੁਦ ਗ਼ਜ਼ਲਗੋਅ ਹੋ ਗਿਆ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਬੜਾ ਛੋਟਾ ਹੈ ਪਰ ਉਹ ਜਿਸ ਸੋਚ ਤੇ ਇਰਾਦੇ ਨਾਲ ਤੁਰਿਆ ਹੈ, ਉਸ ਤੋਂ ਉਸ ਦੀ ਸਫ਼ਲਤਾ ਦੀ ਆਸ ਬੱਝਦੀ ਹੈ। 'ਅਦਬ' ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਦੇ ਵਿਸ਼ੇ ਮਿਸ਼ਰਤ ਹਨ ਪਰ ਇਨ੍ਹਾਂ ਵਿਚ ਜ਼ਿਆਦਾਤਰ ਲੋਕ ਧਾਰਾਈ ਸਮੱਸਿਆਵਾਂ ਨੂੰ ਉਭਾਰਿਆ ਗਿਆ ਹੈ। ਜਿੱਥੇ ਉਸ ਨੇ ਪੰਜਾਬ ਦੀਆਂ ਮੁਸ਼ਕਿਲਾਂ ਨੂੰ ਕਲਮਬਧ ਕੀਤਾ ਹੈ, ਉਥੇ ਉਸ ਨੇ ਸੰਸਾਰ ਪੱਧਰੀ ਘਟਨਾਵਾਂ ਦੀ ਵੀ ਨਜ਼ਰਸਾਨੀ ਕੀਤੀ ਹੈ। ਉਹ ਜ਼ਿੰਦਗੀ ਦੇ ਕੁਹਰਾਮ ਤੋਂ ਪ੍ਰੇਸ਼ਾਨ ਹੈ, ਬੇਆਰਾਮੀ ਤੇ ਬੇਚੈਨੀ ਉਸ ਨੂੰ ਚੁੱਭਦੀ ਹੈ। ਆਪਣੀਆਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਜੂਝਦਾ, ਤਾਂਘਦਾ, ਜਾਗਦਾ ਤੇ ਸੱਚ ਦਾ ਪਰਚਮ ਉਠਾਉਂਦਾ ਨਜ਼ਰੀਂ ਆ ਰਿਹਾ ਹੈ। ਮੁਖੜਾ ਮੋੜਨ ਵਾਲੇ ਨਾਲ ਉਹ ਮਿਹਣੋਂ-ਮਿਹਣੀ ਵੀ ਹੁੰਦਾ ਹੈ। ਉਸ ਦੀ ਗ਼ਜ਼ਲ ਵਿਚ ਕੁਝ ਘਾਟੇ-ਵਾਧੇ ਹਨ ਪਰ ਕੋਸ਼ਿਸ਼ਾਂ ਨਾਲ ਕਟਾਈ ਵੀ ਆ ਜਾਂਦੀ ਹੈ ਤੇ ਸਿਲਾਈ ਵੀ। ਡਾ. ਚਰਨ ਸਿੰਘ ਦੀਆਂ ਗ਼ਜ਼ਲਾਂ ਵਿਚ ਮੁਹੱਬਤ ਦਾ ਇਜ਼ਹਾਰ ਵੀ ਹੈ ਤੇ ਇਸ 'ਚੋਂ ਉਪਜੇ ਮਿਲਣ ਤੇ ਵਿਛੜਨ ਦੇ ਪਲਾਂ ਦੀ ਦਾਸਤਾਨ ਵੀ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ 'ਤੇ ਸੁਲੱਖਣ ਸਰਹੱਦੀ ਦਾ ਮੁੱਖ ਬੰਦ ਗ਼ਜ਼ਲਕਾਰ ਬਾਰੇ ਸੀਮਤ ਜਾਣਕਾਰੀ ਦਿੰਦਾ ਹੈ ਪਰ ਚਰਚਾਵਾਂ ਵਧੇਰੇ ਛੇੜਦਾ ਹੈ। ਡਾ. ਚਰਨ ਸਿੰਘ ਦੀ ਸ਼ਿਅਰਕਾਰੀ ਭਾਵੇਂ ਅਜੇ ਮੁਢਲੀ ਅਵਸਥਾ ਵਿਚ ਹੈ ਪਰ ਅਭਿਆਸ ਨਾਲ ਇਹ ਹੋਰ ਬਿਹਤਰ ਹੋਵੇਗੀ, ਮੈਨੂੰ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਇਕੋ ਤੇਰਾ ਨਾਮ ਦਾਤਿਆ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053
ਗਾਇਕ ਤੇ ਗੀਤਕਾਰ ਜਗਜੀਤ ਮੁਕਤਸਰੀ ਦੀਆਂ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚਲੇ ਬਹੁਤ ਸਾਰੇ ਗੀਤ ਰਿਕਾਰਡ ਹੋ ਚੁੱਕੇ ਹਨ। ਹਥਲੀ ਪੁਸਤਕ ਵਿਚ ਦਰਜ ਗੀਤਾਂ ਦਾ ਵਿਸ਼ਾ ਸਿੱਖ ਵਿਰਸੇ ਅਤੇ ਸੱਭਿਆਚਾਰਕ ਨਾਲ ਸੰਬੰਧ ਰੱਖਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਲਈ ਇਹ ਪੁਸਤਕ ਉਪਯੋਗੀ ਹੈ। ਗੀਤਕਾਰ ਨੇ ਗੀਤਾਂ ਦੀ ਭਾਸ਼ਾ ਬੜੀ ਸਰਲ ਤੇ ਠੇਠ ਵਰਤੀ ਹੈ। ਨਮੂਨੇ ਵਜੋਂ ਕੁਝ ਗੀਤਾਂ ਦੀਆਂ ਸਤਰਾਂ ਇਸ ਤਰ੍ਹਾਂ ਹਨ:
ਸਾਰੇ ਰੋਗਾਂ ਦੀ ਦਵਾਈ ਇਕੋ-ਇਕ ਹੈ,
ਇਕੋ ਤੇਰਾ ਨਾਮ ਦਾਤਿਆ।
ਪੂਰੀ ਦੁਨੀਆ ਦੇ ਵਿਚ ਇਕੋ-ਇਕ ਹੈ,
ਇਕੋ ਤੇਰਾ ਧਾਮ ਦਾਤਿਆ।
ਬੇੜਾ ਪਾਰ ਲਗਾ ਲੈ ਤੂੰ,
ਪੱਲਾ ਗੁਰੂ ਦੇ ਦਰ ਦਾ ਫੜ ਕੇ।
ਆਪਣੇ ਭਾਗ ਜਗਾ ਲੈ ਤੂੰ,
ਬਾਣੀ ਅੰਮ੍ਰਿਤ-ਬਾਣੀ ਪੜ੍ਹ ਕੇ।
ਤੀਰਥਾਂ 'ਤੇ ਜਾਣ ਵਾਲਿਆਂ,
ਤੇਰੇ ਅੰਦਰੋਂ ਮੈਲ ਨਹੀਂ ਜਾਣੀ।
ਤੂੰ ਹਉਮੈ ਵਾਲਾ ਰੋਗ ਲਾ ਲਿਆ,
ਪਹਿਲਾਂ ਪੜ੍ਹ ਲੈ ਗੁਰਾਂ ਦੀ ਬਾਣੀ।
ਤਕੜੀ 'ਚ ਤੁਲ ਜਾਣਗੇ,
ਪੁੰਨ-ਪਾਪ ਇਹ ਜਿੰਦਗੜੀਏ ਤੇਰੇ।
ਨੀ ਭਾਗ ਤੇਰੇ ਖੁੱਲ੍ਹ ਜਾਣਗੇ,
ਜਾਪ ਜਪ ਲੈ ਤੂੰ ਉਠ ਕੇ ਸਵੇਰੇ।
ਅੱਜ ਦੇ ਵਪਾਰਕ ਤੇ ਰੌਲੇ-ਰੱਪੇ ਵਾਲੇ ਦੌਰ ਵਿਚ ਇਸ ਤਰ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀ ਪੁਸਤਕ ਦੀ ਬੜੀ ਲੋੜ ਹੈ। ਸਮੇਂ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਗੀਤਕਾਰ ਜਗਜੀਤ ਮੁਕਤਸਰੀ ਵਧਾਈ ਦਾ ਪਾਤਰ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਸ਼ੇਰ-ਏ-ਪੰਜਾਬ
ਮਹਾਰਾਜਾ ਰਣਜੀਤ ਸਿੰਘ
ਜਨਮ ਤੇ ਮਾਤਾ ਰਾਜ ਕੌਰ ਸਬੰਧੀ
ਫ਼ੈਲਾਇਆ ਝੂਠ ਤੇ ਸੱਚ
ਲੇਖਕ : ਮਹਿੰਦਰ ਸਿੰਘ ਗੋਸਲ
ਪ੍ਰਕਾਸ਼ਕ : ਸ਼ਿਵਾ ਪ੍ਰਿੰਟਰਜ਼, ਸੰਗਰੂਰ
ਮੁੱਲ : 300 ਰੁਪਏ, ਸਫ਼ੇ : 220
ਸੰਪਰਕ : 99148-64300
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉੱਪਰ ਲਗਭਗ 40 ਸਾਲ ਰਾਜ ਕੀਤਾ ਸੀ। ਭਾਰਤ ਵਿਚ ਮੁਗ਼ਲ ਰਾਜ ਦੇ ਪਤਨ ਅਤੇ ਈਸਟ ਇੰਡੀਆ ਕੰਪਨੀ ਦੇ ਵਿਸਥਾਰ ਕਾਲ ਦੌਰਾਨ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਸ਼ਕਤੀ ਰਾਹੀਂ ਪੰਜਾਬ ਵਿਚ ਰਾਜ ਸਥਾਪਿਤ ਕੀਤਾ ਸੀ। ਉਸ ਦੇ ਰਾਜ ਦੀਆਂ 6 ਵਿਲੱਖਣਤਾਵਾਂ ਇਹ ਹਨ ਕਿ ਉਸ ਨੇ ਧਰਮ ਨਿਰਪੱਖਤਾ ਅਤੇ ਯੋਗਤਾ 'ਤੇ ਆਧਾਰਿਤ ਰਾਜ ਦੀ ਸਥਾਪਨਾ ਕੀਤੀ ਸੀ। ਰਣਜੀਤ ਸਿੰਘ ਦੇ ਰਾਜ, ਰਾਜਨੀਤੀ, ਕੂਟਨੀਤੀ, ਲੜਾਈਆਂ, ਉਸ ਦੇ ਗੁਆਂਢੀ ਰਿਆਸਤਾਂ ਨਾਲ ਸੰਬੰਧਾਂ, ਵਿਦੇਸ਼ੀ ਯਾਤਰੀਆਂ, ਸੈਨਿਕਾਂ, ਜਰਨੈਲਾਂ ਅਤੇ ਰਾਜ ਦੇ ਪਤਨ ਬਾਰੇ ਅਨੇਕਾਂ ਸਮਕਾਲੀਨ ਅਤੇ ਤਤਕਾਲੀਨ ਇਤਿਹਾਸਕਾਰਾਂ ਦੀਆਂ ਲਿਖਤਾਂ ਵੱਖ-ਵੱਖ ਭਾਸ਼ਾਵਾਂ ਵਿਚ ਮਿਲਦੀਆਂ ਹਨ। ਮੁਢਲੀਆਂ ਲਿਖਤਾਂ ਖ਼ਾਸ ਕਰਕੇ ਯੂਰਪੀ ਅਤੇ ਫ਼ਾਰਸੀ ਸਰੋਤਾਂ ਵਿਚ ਬਹੁਤ ਸਾਰੀਆਂ ਘਟਨਾਵਾਂ, ਤੱਥਾਂ, ਲੜਾਈਆਂ, ਪਰਿਵਾਰਕ ਸੰਬੰਧਾਂ ਅਤੇ ਰਣਜੀਤ ਸਿੰਘ ਦੇ ਨਿੱਜੀ ਜੀਵਨ ਬਾਰੇ ਜਾਣਕਾਰੀ ਇਤਿਹਾਸਕ ਦ੍ਰਿਸ਼ਟੀ ਤੋਂ ਦਰੁਸਤ ਅਤੇ ਪਾਰਦਰਸ਼ੀ ਨਹੀਂ ਮਿਲਦੀ। ਇਸ ਦੇ ਮੁੱਢਲੇ ਤੌਰ 'ਤੇ ਦੋ ਕਾਰਨ ਸਮਝ ਆਉਂਦੇ ਹਨ। ਪਹਿਲਾ ਜਾਣਬੁੱਝ ਕੇ ਤੱਥਾਂ ਅਤੇ ਘਟਨਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ। ਦੂਸਰਾ ਭਾਸ਼ਾਈ ਅਤੇ ਸੱਭਿਆਚਾਰਕ ਤੌਰ 'ਤੇ ਯੂਰਪੀ ਅਤੇ ਮੁਸਲਿਮ ਲੇਖਕਾਂ ਦਾ ਰਣਜੀਤ ਸਿੰਘ ਬਾਰੇ ਅਣਜਾਣ ਹੋਣਾ ਸੀ। ਇਹ ਕਿਤਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀਆਂ ਗਈਆਂ ਵੱਖ-ਵੱਖ ਭਾਸ਼ਾਵਾਂ ਫ਼ਾਰਸੀ, ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਕਿਤਾਬਾਂ ਦੀ ਤੁਲਨਾਤਮਿਕ ਪੜਚੋਲ ਹੈ। ਲੇਖਕ ਵਲੋਂ ਉਨ੍ਹਾਂ ਵਿਸ਼ਿਆਂ ਉੱਪਰ ਚਾਨਣਾ ਪਾਇਆ ਗਿਆ ਹੈ, ਜਿਨ੍ਹਾਂ ਬਾਰੇ ਪਹਿਲਾਂ ਬਹੁਤ ਘੱਟ ਲਿਖਿਆ ਗਿਆ ਹੈ ਜਾਂ ਗ਼ਲਤ ਢੰਗ ਨਾਲ ਬਿਆਨ ਕੀਤਾ ਹੈ। ਉਦਾਹਰਨ ਵਜੋਂ ਰਣਜੀਤ ਸਿੰਘ ਦੀ ਮਾਂ ਅਤੇ ਦਾਦੀ ਦਾ ਕਤਲ, ਹਕੀਕਤ ਸਿੰਘ ਦਾ ਰਾਜ ਭਾਗ ਤੋਂ ਲਾਂਭੇ ਹੋਣਾ, ਵਿਦੇਸ਼ੀਆਂ ਦਾ ਉੱਚ ਅਹੁਦਿਆਂ 'ਤੇ ਨਿਯੁਕਤ ਹੋਣਾ, ਰਣਜੀਤ ਸਿੰਘ ਦਾ ਮਹਾਰਾਣੀ ਜਿੰਦਾਂ ਨਾਲ ਵਿਆਹ ਹੋਣਾ ਆਦਿ ਹਨ। ਕੁਝ ਮਹੱਤਵਪੂਰਨ ਇਤਿਹਾਸਕ ਸਰੋਤ, ਜਿਨ੍ਹਾਂ ਨੂੰ ਇਸ ਕਿਤਾਬ ਵਿਚ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਦੇ ਮਮੇਕਗਰੇਗਰ ਦੀ ਹਿਸਟਰੀ ਆਫ਼ ਸਿੱਖਸ, ਲੈਪਲ ਗਰਿਫ਼ਨ ਦੀ ਰਣਜੀਤ ਸਿੰਘ, ਸੱਯਦ ਮੁਹੰਮਦ ਲਤੀਫ਼ ਦੀ ਹਿਸਟਰੀ ਆਫ਼ ਪੰਜਾਬ; ਘਨੱਈਆ ਲਾਲ ਦੀ ਤਾਰੀਖ਼-ਏ-ਪੰਜਾਬ; ਕੈਪਟਨ ਅਮਰਿੰਦਰ ਸਿੰਘ ਦੀ ਆਖ਼ਰੀ ਲਮਹੇ ਦੀ ਦਾਸਤਾਨ ਅਤੇ ਪੰਡਤ ਦੇਵੀ ਪ੍ਰਸਾਦ ਦੀ ਗੁਲਸ਼ਨ-ਏ-ਪੰਜਾਬ ਆਦਿ ਕੁਝ ਮਹੱਤਵਪੂਰਨ ਹਨ। ਸੰਖੇਪ ਵਿਚ ਇਹ ਕਿਤਾਬ ਰਣਜੀਤ ਸਿੰਘ ਦੇ ਜੀਵਨ, ਕਾਲ, ਰਾਜਕਾਲ ਅਤੇ ਪਰਿਵਾਰਕ ਜੀਵਨ ਬਾਰੇ ਪਾਏ ਜਾਂਦੇ ਭਰਮ ਭੁਲੇਖਿਆਂ, ਤਾਰੀਖ਼ਾਂ ਦੀਆਂ ਗ਼ਲਤੀਆਂ, ਘਟਨਾਵਾਂ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਲਿਖਣ ਆਦਿ ਵਿਸ਼ਿਆਂ ਬਾਰੇ ਇਤਿਹਾਸ ਦੀ ਕਸਵੱਟੀ ਤੋਂ ਅਹਿਮ ਉਪਰਾਲਾ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜਿਊਣ ਦਾ ਹੁਨਰ
ਲੇਖਕ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98550-51099
ਗੁਰਚਰਨ ਨੂਰਪੁਰ ਪੇਸ਼ੇ ਤੋਂ ਇਕ ਸਫ਼ਲ ਡਾਕਟਰ ਹੈ। ਪਰ ਡਾਕਟਰ ਤੋਂ ਇਲਾਵਾ ਉਹ ਸਫ਼ਲ ਲੇਖਕ ਵੀ ਹੈ। 'ਅਜੀਤ' ਅਤੇ ਕੁਝ ਹੋਰ ਅਖ਼ਬਾਰਾਂ ਵਿਚ ਉਸ ਦੇ ਲੇਖ ਨਿਰੰਤਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਉਸ ਦੀ ਸੋਚ ਸਮੁੱਚਵਾਦੀ ਹੈ, ਉਸ ਦਾ ਵਿਚਾਰ ਹੈ ਕਿ ਮਨੁੱਖ ਦੀ ਦੇਹੀ ਅਤੇ ਮਨ ਦੀਆਂ ਅਹੁਰਾਂ ਬਾਰੇ ਕੋਈ ਖੰਡਿਤ ਨਹੀਂ, ਬਲਕਿ ਸਮੁੱਚਵਾਦੀ ਪਹੁੰਚ-ਵਿਧੀ ਅਪਣਾਉਣੀ ਚਾਹੀਦੀ ਹੈ ਕਿਉਂਕਿ ਮਨੁੱਖ ਦਾ ਸਮੁੱਚਾ ਵਜੂਦ, ਅੰਗ ਪ੍ਰਤੀਅੰਗ-ਪਰਸਪਰ ਜੁੜਿਆ ਹੋਇਆ ਹੈ। 'ਜਿਊਣ ਦਾ ਹੁਨਰ' ਪੁਸਤਕ ਦੀ ਮਾਰਫ਼ਤ ਉਹ ਆਪਣੇ ਪਾਠਕਾਂ ਨੂੰ ਸਮਝਾਉਂਦਾ ਹੈ ਕਿ ਚੰਗੇਰੇ ਅਤੇ ਸਫ਼ਲ ਜੀਵਨ ਦੀ ਪ੍ਰਾਪਤੀ ਵੀ ਇਕ ਕਲਾ ਹੈ। ਜਿਹੜਾ ਮਨੁੱਖ ਇਸ ਤੱਥ ਨੂੰ ਸਮਝ ਲੈਂਦਾ ਹੈ, ਉਹ ਸਦਾ ਪ੍ਰਸੰਨ ਅਤੇ ਸੰਤੁਸ਼ਟ ਰਹਿੰਦਾ ਹੈ। ਬੇਚੈਨੀ ਅਤੇ ਚਿੰਤਾਵਾਂ ਤੋਂ ਬਚਿਆ ਰਹਿੰਦਾ ਹੈ।
ਗੁਰਚਰਨ ਨੂਰਪੁਰ ਪੰਜਾਬੀ ਅਤੇ ਵਿਸ਼ਵ-ਸਾਹਿਤ ਦਾ ਇਕ ਗੰਭੀਰ ਪਾਠਕ ਹੈ। ਉਹ ਦੱਸਦਾ ਹੈ ਕਿ ਜਿਸ ਮਨੁੱਖ ਦਾ ਆਪਣੇ ਜੀਵਨ ਵਿਚ ਕੋਈ ਪਰਿਯੋਜਨ ਨਹੀਂ ਹੁੰਦਾ, ਉਹ ਸਦਾ ਬੇਚੈਨ ਅਤੇ ਅਸ਼ਾਂਤ ਰਹਿੰਦਾ ਹੈ। ਇਸ ਕਾਰਨ ਹਰ ਮਨੁੱਖ ਨੂੰ ਆਪਣੇ ਵਿੱਤ ਅਤੇ ਪਰਿਸਥਿਤੀਆਂ ਦੀ ਮੰਗ ਅਨੁਸਾਰ ਕੋਈ ਪਰਿਯੋਜਨ, ਵਜ੍ਹਾ ਜਾਂ 'ਇਕਾਗਾਈ' (ਜਾਪਾਨੀ ਸੰਕਲਪ) ਜ਼ਰੂਰ ਬਣਾਉਣਾ ਚਾਹੀਦਾ ਹੈ। ਅਜਿਹਾ ਮਨੁੱਖ ਤਨ ਅਤੇ ਮਨ ਦੋਹਾਂ ਪੱਖਾਂ ਤੋਂ ਸਦਾ ਖ਼ੁਸ਼ ਰਹਿੰਦਾ ਹੈ। (ਪੰ. 11), 'ਪਰਿਯੋਜਨ' ਬਾਰੇ ਉਸ ਦਾ ਸੰਕਲਪ ਅਤੇ ਸੋਚ ਸਰਵਾਰਥੀ ਹੈ। ਅਰਥਾਤ ਉਸ ਦਾ ਪ੍ਰਯੋਜਨ 'ਸਰਬੱਤ ਕੇ ਭਲੇ' ਵਾਸਤੇ ਸਮਰਪਿਤ ਹੋਣਾ ਚਾਹੀਦਾ ਹੈ। ਜਿਊਣ ਦੇ ਅਰਥ, ਆਪਣੇ-ਆਪ ਲਈ ਜਿਊਣ ਤੱਕ ਹੀ ਸੀਮਤ ਨਹੀਂ ਹਨ ਬਲਕਿ ਸਮਾਜ, ਧਰਤੀ ਅਤੇ ਆਲੇ-ਦੁਆਲੇ ਲਈ ਵੀ ਜੀਵਿਆ ਜਾਵੇ। (ਪੰਨਾ 99).
ਉਹ ਗਾਹੇ-ਬਗਾਹੇ ਆਪਣੇ ਲੇਖਾਂ ਵਿਚ ਦੱਸਦਾ ਰਹਿੰਦਾ ਹੈ ਕਿ ਅਜੋਕੇ ਦੌਰ ਦੀਆਂ ਬਹੁਤੀਆਂ ਸਮੱਸਿਆਵਾਂ ਪੂੰਜੀਵਾਦੀ-ਵਿਵਸਥਾ ਦੇ ਕਾਰਨ ਪੈਦਾ ਹੋਈਆਂ ਹਨ, ਜਿਸ ਨੇ ਮਨੁੱਖ ਨੂੰ ਲੋਭੀ-ਲਾਲਚੀ ਬਣਾ ਰੱਖਿਆ ਹੈ। ਉਹ ਆਪਣੇ ਪਾਠਕਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਸੋ ਸਾਨੂੰ ਅਜਿਹੀ ਤਬਦੀਲੀ ਲਈ ਪੂਰਨ ਤਤਪਰ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਹ ਮੌਜੂਦਾ ਸਰਕਾਰਾਂ ਨੂੰ ਵੀ ਬੜੇ ਸੁਚੱਜੇ ਸੁਝਾਅ ਦਿੰਦਾ ਹੈ। ਪੁਸਤਕ ਵਿਚ ਸੰਕਲਿਤ ਸਾਰੇ 35 ਲੇਖਾਂ ਦੀ ਸੁਰ ਅਤੇ ਸੋਚ ਆਸ਼ਾਵਾਦੀ ਹੈ। ਇਹ ਲੇਖ ਸਹਿਜ-ਭਾਵ ਅਤੇ ਇਕਾਗਰਚਿੱਤ ਹੋ ਕੇ ਪੜ੍ਹਨ ਵਾਲੇ ਹਨ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਸ਼ਹੀਦਾਂ-ਏ-ਵਫ਼ਾ
ਲੇਖਕ : ਅੱਲਾ ਯਾਰ ਖ਼ਾਂ ਜੋਗੀ
ਅਨੁਵਾਦਕ : ਮਲਕੀਤ ਸਿੰਘ ਸੰਧੂ ਅਲਕੜਾ
ਸੰਪਾਦਕ : ਜਗਰਾਜ ਧੌਲਾ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ ਬਰਨਾਲਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98722-85421
ਸ਼ਹੀਦਾਂ-ਏ-ਵਫ਼ਾ ਵਿਚ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਵਲੋਂ ਸਰਹੰਦ ਵਿਖੇ ਦਿੱਤੀ ਗਈ ਸ਼ਹਾਦਤ ਦੀ ਦਾਸਤਾਂ ਕਾਵਿਕ ਰੂਪ ਵਿਚ ਅੰਕਿਤ ਕੀਤੀ ਹੈ। ਬੀਤੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਸਾਫ਼ ਪਤਾ ਲਗਦਾ ਹੈ ਕਿ ਸਾਕਾ ਗੜ੍ਹੀ ਚਮਕੌਰ ਅਤੇ ਸਾਕਾ ਸਰਹੰਦ 1705 ਈਸਵੀਂ ਸੰਨ ਨੂੰ ਜ਼ਾਲਮ ਤੇ ਜਰਵਾਣਿਆਂ ਵਰਤਾਇਆ। ਇਹ ਸਾਕਾ ਜਾਬਰਾਂ ਵਲੋਂ ਨਾਬਰ ਹੋਏ ਲੋਕਾਂ ਨੂੰ ਦਬਾਉਣ ਵਾਸਤੇ, ਡਰਾਉਣ ਵਾਸਤੇ ਅਤੇ ਆਪਣੀ ਰਾਜਸ਼ਾਹੀ ਹੀ ਉਮਰ ਵਧਾਉਣ ਦੇ ਵਾਸਤੇ ਵਰਤਾਏ ਗਏ ਸਨ। ਨਾਬਰ ਤੋਂ ਹਮੇਸ਼ਾ ਜਾਬਰ ਡਰਦਾ ਹੁੰਦਾ ਹੈ। ਇਸੇ ਕਾਰਨ ਜਾਬਰ ਨਾਬਰ ਨੂੰ ਜ਼ੁਲਮਾਂ ਰਾਹੀਂ ਦਬਾਉਣ ਦੀ ਕਿਰਿਆ ਕਰਦਾ ਹੈ। ਪਰ ਸਰਹੰਦ ਦਾ ਸਾਕਾ ਅਜਿਹਾ ਸਾਕਾ ਕਿ ਬੱਚਿਆਂ ਦੀ ਤਾਂ ਉਮਰ ਹੀ ਖੇਡਣ ਵਾਲੀ ਸੀ ਪਰ ਜ਼ਾਲਮ ਆਖਦੇ ਸਨ, ''ਕੁੰਢਲੀਏ ਸੱਪਾਂ ਦੇ ਬੱਚਿਆਂ ਦੀਆਂ ਸਿਰੀਆਂ ਜੰਮਦਿਆਂ ਦੀਆਂ ਹੀ ਸਿੱਧ ਦੇਣੀਆਂ ਚਾਹੀਦੀਆਂ ਹਨ। ਉਹ ਭੁੱਲ ਜਾਂਦੇ ਜਾਬਰ ਤੋਂ ਨਾਬਰ ਹੋਏ ਮਨੁੱਖ ਨੂੰ ਨਾਇਕ ਮੰਨਦੇ ਹਨ ਲੋਕ ਨਾਇਕ ਜਦੋਂ ਮਾਰੇ ਜਾਂਦੇ ਹਨ ਤਾਂ ਲੋਕ ਮਨਾਂ ਉਪਰ ਉਹ ਸ਼ਹੀਦ ਦਾ ਰੁਤਬਾ ਪਾ ਜਾਂਦੇ ਹਨ। ਆਉਣ ਵਾਲੇ ਲੋਕਾਂ ਵਿਚ ਸਦਾ ਉਨ੍ਹਾਂ ਦੀ ਸ਼ਹਾਦਤ ਡਰਨ ਦੀ ਥਾਵੇਂ ਰਾਹ ਦਸੇਰਾ ਬਣ ਜਾਂਦੀ ਹੈ। ਤਿੰਨ ਸੌ ਸਾਲ ਤੋਂ ਵੱਧ ਅਰਸਾ ਹੋ ਗਿਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਲਾਲਾਂ ਦੀ ਸ਼ਹਾਦਤ ਦੀ ਚੀਸ ਅਜੇ ਲੋਕ ਮਨਾਂ ਵਿਚੋਂ ਨਹੀਂ ਗਈ। ਬਜੀਦੇ ਅਤੇ ਸੁੱਚਾ ਨੰਦ ਨੂੰ ਲੋਕ ਅੱਜ ਵੀ ਫਿਟਕਾਰ ਪਾਉਂਦੇ ਵੇਖੇ ਜਾ ਸਕਦੇ ਹਨ। ਅੱਲਾ ਯਾਰ ਖਾਂ ਜੋਗੀ ਉਸ ਦੇ ਅੰਦਰੋਂ ਚੀਸ ਨਿਕਲੀ ਤਾਂ ਉਸ ਦੀ ਕਲਮ ਰੋ ਉਠੀ। ਉਸ ਨੇ ਉਹ ਵੈਣ ਪਾਏ ਕਿ ਸਰਹੰਦ ਦੀਆਂ ਗਲੀਆਂ ਜਿਵੇਂ 1705 ਨੂੰ ਰੋਈਆਂ ਸਨ ਉਸ ਤਰ੍ਹਾਂ ਜੋਗੀ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਦੇ ਨੈਣਾਂ ਵਿਚੋਂ ਹੰਝੂ ਡਿਗਣ ਲਾ ਦਿੱਤੇ। ਜੋਗੀ ਜੀ ਦੇ ਦੋਵੇਂ ਮਰਸੀਏ ਮਨੁੱਖ ਮਨ ਅੰਦਰ ਦਰਦ ਗ਼ਮ, ਦੁੱਖ ਹੀ ਨਹੀਂ ਭਰਦੇ, ਸਗੋਂ ਉਹ ਤਾਂ ਇਸ ਦੀ ਵੇਦਨਾ ਅੰਦਰੋਂ ਨਫ਼ਰਤ ਰੋਸ ਤੇ ਜੋਸ਼ ਵੀ ਉਪਜਾ ਦਿੰਦਾ ਹੈ ਉਹ ਕਾਵਿਕ ਸ਼ੇਅਰਾਂ ਰਾਹੀਂ ਸਾਖ਼ਸ਼ਾਤ ਸਰੀਕ ਅੱਖਾਂ ਅੱਗੇ ਤਸਵੀਰ ਹੀ ਨਹੀਂ ਖਿਚਦੇ ਸਗੋਂ ਰੂਬਰੂ ਦਰਸ਼ਨ ਵੀ ਕਰਵਾ ਦਿੰਦੇ ਹਨ।
ਪਹਿਲਾਂ ਸ਼ਹੀਦਾਨਿ-ਵਫ਼ਾ ਦੀ 110 ਸ਼ੇਅਰਾਂ ਰਚਨਾ ਸੰਨ 1913 ਵਿਚ ਕਰਦੇ ਹਨ। ਸੰਨ 1915 ਨੂੰ ਉਹ ਗੰਜਿ-ਸ਼ਹੀਦਾਂ ਵੀ ਤਿਆਰ ਕਰ ਲੈਂਦੇ ਹਨ ਤੇ ਇਸ ਅੰਦਰ 117 ਸ਼ੇਅਰ ਆਖਦੇ ਹਨ। ਦੋਹਾਂ ਮਰਸੀਆਂ ਦੀ ਭਾਸ਼ਾ ਮੂਲ ਉਰਦੂ ਹੈ ਪਰ ਉਰਦੂ ਅੰਦਰ ਉਨ੍ਹਾਂ ਨੇ ਫ਼ਾਰਸੀ ਦੀ ਵਰਤੋਂ ਭਰਪੂਰ ਰੂਪ ਵਿਚ ਕੀਤੀ ਹੈ। ਕਿਉਂਕਿ ਆਪ ਫ਼ਾਰਸੀ ਦੇ ਆਲਮ-ਫਾਜ਼ਲ ਸਨ। ਉਰਦੂ ਉਸ ਦੀ ਮਾਤ-ਭਾਸ਼ਾ ਸੀ। ਉਨ੍ਹਾਂ ਨੂੰ ਲਾਹੌਰ ਸ਼ਹਿਰ ਵਿਚ ਰਹਿਣ ਕਰਕੇ ਪੰਜਾਬੀ ਸੱਭਿਆਚਾਰ, ਲੋਕਧਾਰਾ, ਇਤਿਹਾਸ, ਮਿਥਿਹਾਥ ਦੀ ਵੀ ਪੂਰੀ ਮੁਹਾਰਤ ਸੀ। ਜਿਹੜਾ ਉਨ੍ਹਾਂ ਦੀ ਰਚਨਾ ਅੰਦਰੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ।
ਪੁਸਤਕ ਸੰਪਾਦਕ ਲਿਖਦੇ ਹਨ ''ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਜਾਂ ਉਨ੍ਹਾਂ ਦਾ ਘੇਰਾ ਸੀਮਤ ਹੋ ਜਾਂਦਾ ਹੈ। ਇਹੀ ਭਾਣਾ ਵਰਤਿਆ ਜੋਗੀ ਨਾਲ। ਕਿਉਂਕਿ ਇਹ ਦੋਵੇਂ ਰਚਨਾਵਾਂ ਉਰਦੂ ਵਿਚ ਸਨ ਤਾਂ ਹੀ ਇਹ ਪੰਜਾਬੀ ਅੱਖਾਂ ਤੋਂ ਪਰ੍ਹੇ ਰਹੀਆਂ। ਸ਼ਾਇਦ ਇਹ ਵੀ ਹੋ ਜਾਂਦਾ ਕਿ ਇਨ੍ਹਾਂ ਸ਼ਾਹਕਾਰ ਰਚਨਾਵਾਂ ਨੂੰ ਸਿਉਂਕ ਹੀ ਖਾ ਜਾਂਦੀ ਜੇਕਰ ਵੀਹਵੀਂ ਸਦੀ ਦੇ ਮੁੱਢ ਵਿਚ ਚਮਕੌਰ ਸਾਹਿਬ ਦੇ ਵਾਸੀ ਬਾਬਾ ਵੀਰ ਸਿੰਘ ਜੀ ਇਸ ਦਾ ਨੋਟਿਸ ਨਾ ਲੈਂਦੇ। ਬਾਬਾ ਵੀਰ ਸਿੰਘ ਜੀ ਨੇ ਇਕ ਕਮੇਟੀ ਬਣਾਈ। ਆਪਣੇ ਸਮੇਂ ਦਾ ਸ਼ਾਇਰ ਅੱਲਾ ਯਾਰ ਖਾਂ ਜੋਗੀ ਜੀ ਦੇ ਦੀਵਾਨ ਉਰਦੂ ਵਿਚ ਤਰਜਮਾਇਆ। ਸ਼ਹੀਦਾਨਿ-ਵਫ਼ਾ ਉਰਦੂ ਵਿਚ ਛਾਇਆ ਹੋਣ ਦਾ ਪੂਰਾ ਪੂਰਾ ਮੌਕਾ ਮੇਲ ਮਿਲ ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਉਨ੍ਹਾਂ ਦਾ ਘੇਰਾ ਸੀਮਤ ਰਹਿ ਜਾਂਦਾ ਹੈ। ਪੁਸਤਕਾਂ 'ਸ਼ਹੀਦਾਂ-ਏ-ਵਫ਼ਾ' ਅਤੇ 'ਗੰਜ-ਏ-ਸ਼ਹੀਦਾਂ' ਲਿਖਤਾਂ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨਾਲ ਵੀ ਇਹੀ ਹੋਣਾ ਸੀ ਜੇ ਵੀਹਵੀਂ ਸਦੀ ਦੇ ਮੁੱਢ ਵਿਚ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਾਬਾ ਵੀਰ ਸਿੰਘ ਜੀ ਇਸ ਦਾ ਨੋਟਿਸ ਨਾ ਲੈਂਦੇ। ਇਹ ਸ਼ਾਹਕਾਰ ਰਚਨਾਵਾਂ ਰੁਲ ਜਾਣੀਆਂ ਸਨ ਜੇ ਉਹ ਇਨ੍ਹਾਂ ਨੂੰ ਉਰਦੂ ਅੰਦਰ ਨਾ ਲਿਖਵਾਉਂਦੇ। 'ਗੰਜ-ਏ-ਸ਼ਹੀਦਾਂ' ਉਨ੍ਹਾਂ ਦੀ ਪਹਿਲੀ ਕਿਤਾਬ ਸੀ। ਹਕੀਮ ਅੱਲਾ ਯਾਰ ਖਾਂ ਜੋਗੀ ਨੇ ਇਸ ਅੰਦਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕੀਤਾ ਹੈ। ਪੁਸਤਕ ਦੀ ਭਾਸ਼ਾ ਉਰਦੂ ਹੈ ਪਰ ਉਹ ਆਪਣੇ ਦੀਵਾਨ ਨੂੰ ਅਰਬੀ ਫ਼ਾਰਸੀ ਦੀ ਪੁੱਠ ਵੀ ਦਿੰਦੇ ਹਨ। ਭਾਵੇਂ ਜੋਗੀ ਜੀ ਦੇ ਵਡਾਰੂ ਦੱਖਣ ਵਲੋਂ ਆ ਕੇ ਲਾਹੌਰ ਵਸ ਗਏ ਪਰ ਜੋਗੀ ਜੀ ਦਾ ਸੰਬੰਧ ਲਾਹੌਰ ਨਾਲ ਹੀ ਹੈ। ਦੱਸਦੇ ਹਨ ਕਿ ਆਪ ਰਈਸਾਨਾ ਪੌਸ਼ਾਕ ਸ਼ੇਰਵਾਨੀ ਪਹਿਨਦੇ ਸਨ ਆਪ ਮਸ਼ਹੂਰ ਹਕੀਮ ਸਨ ਤੇ ਨਾਲ-ਨਾਲ ਕਲਮ ਵੀ ਚਲਾਉਂਦੇ ਸਨ। ਆਪ ਜੀ ਦੀ ਤਬੀਅਤ ਸੂਫ਼ੀਆਨਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਨਾਲ ਆਪਦਾ ਸਿਦਕ ਇਸ਼ਕ-ਹਕੀਕੀ ਦੇ ਮਕਾਮ ਵਾਲਾ ਸੀ। ਮਾਸਟਰ ਮਲਕੀਤ ਸਿੰਘ ਸੰਧੂ ਅਲਕੜਾ ਨੇ ਜੋਗੀ ਜੀ ਦੇ ਸ਼ੇਅਰਾਂ ਨੂੰ ਪੰਜਾਬੀ ਵਿਚ ਤਰਜਮਾ ਕਰਨ ਦੇ ਨਾਲ ਹੀ ਉਨ੍ਹਾਂ ਦੀ ਵਿਆਖਿਆ ਵੀ ਕੀਤੀ ਹੈ। ਉਨ੍ਹਾਂ ਉਰਦੂ, ਫ਼ਾਰਸੀ, ਅਰਬੀ ਦੇ ਔਖੇ ਅਲਫਾਜ਼ਾਂ ਦੇ ਸੌਖੇ ਅਤੇ ਆਮ ਸਮਝ ਵਿਚ ਆਉਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਵੀ ਇਸ ਪੁਸਤਕ ਵਿਚ ਲਿਖੇ ਹਨ। ਇਸ ਤਰ੍ਹਾਂ ਸੰਧੂ ਨੇ ਕਈ ਕਾਰਜ ਇਕੱਠੇ ਕਰਨ ਦਾ ਮਾਅਰਕਾ ਮਾਰਿਆ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਮੋਨੀ
ਲੇਖਕ : ਗਿਆਨੀ ਮੁਖਤਿਆਰ ਸਿੰਘ ਵੰਗੜ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 81463-36696
ਹਥਲੀ ਪੁਸਤਕ ਦਾ ਲੇਖਕ ਸੰਤ-ਸੇਵੀ ਹੋਣ ਕਰਕੇ ਇਸ ਪੁਸਤਕ ਵਿਚ ਸ਼ਾਮਿਲ ਹਰ ਘਟਨਾ ਦਾ ਵਰਣਨ ਕਰਦਿਆਂ ਪਾਠਕਾਂ ਦੇ ਸਨਮੁੱਖ ਹੁੰਦਿਆਂ ਉੱਘੇ ਧਾਰਮਿਕ ਹਸਤੀ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਦੀ ਜੀਵਨ ਗਾਥਾ ਨੂੰ ਪੇਸ਼ ਕਰਦਿਆਂ ਸ਼ਰਧਾ ਤੇ ਪ੍ਰੇਮ ਨਾਲ ਭਿੱਜੇ ਆਪਣੇ ਵਿਚਾਰਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਲੇਖਕ ਮੁਤਾਬਿਕ ਇਸ ਹਥਲੀ ਪੁਸਤਕ ਵਿਚ ਸ਼ਾਮਿਲ ਹਰ ਘਟਨਾ ਦਾ ਉਹ ਚਸ਼ਮਦੀਦ ਗਵਾਹ ਹੈ। ਲੇਖਕ ਮੁਤਾਬਿਕ ਜਦੋਂ ਕੋਈ ਕਲਾਕਾਰ ਜਾਂ ਮੁਸੱਵਰ ਕਿਸੇ ਤਸਵੀਰ ਨੂੰ ਕੈਨਵਸ 'ਤੇ ਉਤਾਰਦਾ ਹੈ ਤਾਂ ਉਸ ਤਸਵੀਰ ਵਾਲੀ ਹਸਤੀ ਨੂੰ ਮਨ ਦੀ ਕੈਨਵਸ 'ਤੇ ਉਤਾਰਦਾ ਹੈ। ਇਸ ਪੁਸਤਕ ਦੇ ਆਰੰਭਿਕ ਸ਼ਬਦ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਵਲੋਂ ਅੰਕਿਤ ਕੀਤੇ ਗਏ ਹਨ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਘਨਟਾਵਾਂ ਤੇ ਬਿਰਤਾਂਤਾਂ ਨੂੰ ਤਿੰਨ ਦਰਜਨ ਵੱਖ-ਵੱਖ ਸਿਰਲੇਖਾਂ ਅਧੀਨ ਵੰਡਿਆ ਗਿਆ ਹੈ। ਇਨ੍ਹਾਂ ਵਿਚ ਬਾਬਾ ਜੀ ਦਾ ਜਨਮ ਸਥਾਨ, ਬਾਬਾ ਜੀ ਨਾਲ ਲੇਖਕ ਦਾ ਮਿਲਾਪ, 26 ਜੇਠ ਦੇ ਮੇਲੇ ਦੀ ਮਹੱਤਤਾ, ਬਾਬਾ ਜੀ ਦਾ ਗ੍ਰਹਿਸਤ ਜੀਵਨ, ਬਾਬਾ ਜੀ ਦੇ ਜੀਵਨ ਵਿਚ ਸਮੇਂ ਦੀ ਪਾਬੰਦੀ, ਬਾਉਲੀ ਸਾਹਿਬ ਦਾ ਸ਼ੁੱਭ ਆਰੰਭ, ਗੁ: ਟਿੱਬਾ ਸਾਹਿਬ ਤਪਾ-ਦਰਾਜ, ਕੇਂਦਰੀ ਮੰਤਰੀ ਬੂਟਾ ਸਿੰਘ ਵਲੋਂ ਅਸੀਸ ਪ੍ਰਾਪਤ ਕਰਨਾ, ਗੁ: ਨਰੈਣ ਸਰ ਮੁਹਾਲੀ ਵਿਖੇ ਲੰਗਰ ਹਾਲ ਦੀ ਆਰੰਭਰਤਾ, ਮਰਿਯਾਦਾ ਵਿਚ ਪਰਪੱਕਤਾ, ਬਾਬਾ ਜੀ ਜਵਾਨੀ ਸਮੇਂ ਪਹਿਲਵਾਨੀ ਕਰਦੇ ਸਨ, ਬਾਬਾ ਜੀ ਵਲੋਂ ਗਊਆਂ ਦੀ ਸੇਵਾ, ਸੇਵਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਾ, ਰੱਬੀ ਰੂਹਾਂ ਦੇ ਕਦਰਦਾਨ, ਟਿੱਬਾ ਸਾਹਿਬ ਤੋਂ ਸ਼ਾਨਦਾਰ ਨਗਰ ਕੀਰਤਨ, ਗ੍ਰਹਿਸਤ ਆਸ਼ਰਮ ਦੇ ਕਦਰਦਾਨ, ਘੋਰ ਬੰਦਗੀ ਦੀ ਘਟਨਾ, ਤੀਰਥ ਯਾਤਰਾ, ਮੁਹਾਲੀ ਵਿਖੇ ਪਰਿਵਾਰ ਨਾਲ ਮਿਲਾਪ, ਜੇਲ੍ਹਾਂ ਵਿਚ ਗੁਰਦੁਆਰਿਆਂ ਦੀ ਸਥਾਪਨਾ, ਬਾਬਾ ਜੀ ਦੀ ਸ਼ਖ਼ਸੀਅਤ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਲੇਖਕ ਵਲੋਂ ਲਿਖੀ ਹਰ ਘਟਨਾ ਵਿਚੋਂ ਸ਼ਰਧਾ ਤੇ ਪ੍ਰੇਮ ਦੀ ਝਲਕ ਮਿਲਦੀ ਹੈ। ਮੋਨੀ ਸ਼ਬਦ ਬਾਬਾ ਜੀ ਨਾਲ ਉਸ ਸਮੇਂ ਜੁੜਿਆ ਜਦੋਂ 12 ਸਾਲ ਕੀਤੀ ਘੋਰ ਤਪੱਸਿਆ ਤੇ ਬੰਦਗੀ ਸਮੇਂ ਆਪ ਚੁੱਪ ਦੇ ਧਾਰਨੀ ਹੋ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਚੌਰਾਸੀ ਦੇ ਘੱਲੂਘਾਰੇ ਸਮੇਂ ਸ਼ਹੀਦਾਂ ਦੀ ਯਾਦ ਵਿਚ ਇਕ ਸੌ ਇਕ ਸ੍ਰੀ ਅਖੰਡ ਪਾਠ ਸਾਹਿਬ ਵੀ ਗੁ: ਨਰੈਣਸਰ ਮੁਹਾਲੀ ਵਿਖੇ ਕਰਵਾਏ ਗਏ। ਧਰਮ ਯੁੱਧ ਸਮੇਂ ਆਪ ਨੇ ਸੈਂਕੜੇ ਗੁਰਸਿੱਖਾਂ ਨੂੰ ਨਾਲ ਲੈ ਗ੍ਰਿਫ਼ਤਾਰ ਵੀ ਹੋਏ। ਲੇਖਕ ਨੇ ਆਕਾਰ ਪੱਖੋਂ ਛੋਟੀ ਪੁਸਤਕ ਨੂੰ ਭਾਗ ਪਹਿਲਾ ਵਜੋਂ ਸ਼ਰਧਾਲੂ ਸੰਗਤ ਨੂੰ ਭੇਟ ਕੀਤਾ ਹੈ। ਨੇੜ ਭਵਿੱਖ ਵਿਚ ਪਾਠਕ ਵਿਸਥਾਰ ਸਹਿਤ ਦੂਜੇ ਭਾਗ ਦੀ ਉਡੀਕ ਕਰਨਗੇ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅੱਗੇ ਵਧਦੇ ਜਾਵਾਂਗੇ
ਲੇਖਕ : ਮਹਿੰਦਰ ਸਿੰਘ ਮਾਨੂੰਪੁਰੀ
ਪ੍ਰਕਾਸ਼ਕ : ਗ੍ਰੇਸੀਅਸ ਬੁੱਕਸ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 98764-33008
ਵੱਖ-ਵੱਖ ਵਿਧਾਵਾਂ ਦੀਆਂ ਇਕ ਦਰਜਨ ਕਿਤਾਬਾਂ ਦੇ ਰਚੈਤਾ ਮਹਿੰਦਰ ਸਿੰਘ ਮਾਨੂੰਪੁਰੀ ਬਾਲ-ਸਾਹਿਤ ਦੇ ਇਕ ਸਮਰੱਥ ਅਤੇ ਸਿਰਮੌਰ ਹਸਤਾਖ਼ਰ ਹਨ। ਹਥਲੀ ਪੁਸਤਕ 'ਅੱਗੇ ਵਧਦੇ ਜਾਵਾਂਗੇ' ਵਿਚ ਉਨ੍ਹਾਂ ਨੇ ਆਪਣੀਆਂ 204 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਪੁਸਤਕ ਨੂੰ ਇਕਾਗਰ-ਚਿੱਤ ਹੋ ਕੇ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਨੂੰ ਬਾਲ-ਸਾਹਿਤ ਦੇ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਦੇ ਨਾਲ-ਨਾਲ ਬਾਲ ਮਨੋਵਿਗਿਆਨ ਦੀ ਸੂਖਮ ਸੂਝ-ਬੂਝ ਵੀ ਹੈ:
ਜਾਗੋ! ਜਾਗੋ! ਜੱਗ ਦੇ ਬੰਦਿਓ,
ਸੱਚ ਸੁਣਾਉਂਦੀਆਂ ਬਾਲੜੀਆਂ।
ਸੁੰਨਮ-ਸੁੰਨਾ ਜੱਗ ਇਹ ਹੁੰਦਾ,
ਜੇ ਨਾ ਆਉਂਦੀਆਂ ਬਾਲੜੀਆਂ।
ਮਹਿੰਦਰ ਸਿੰਘ ਮਾਨੂੰਪੁਰੀ ਸਮਝਦੇ ਹਨ ਕਿ ਤੰਦਰੁਸਤ ਦਿਮਾਗ ਤੋਂ ਬਿਨਾਂ ਤੰਦਰੁਸਤ ਸਰੀਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਰ ਸਾਡੇ ਸਮਾਜ ਵਿਚੋਂ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਨਹੀਂ ਹੋ ਜਾਂਦਾ, ਓਨਾ ਚਿਰ ਨਰੋਏ ਸਮਾਜ ਦੀ ਉਸਾਰੀ ਵੀ ਨਹੀਂ ਕੀਤੀ ਜਾ ਸਕਦੀ। ਨਰੋਏ ਸਮਾਜ ਦੀ ਉਸਾਰੀ ਲਈ ਮਨੁੱਖ ਨੂੰ ਬਚਪਨ ਤੋਂ ਹੀ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਬਣਾਇਆ ਜਾਣਾ ਅਜੋਕੇ ਸਮੇਂ ਦੀ ਅਣਸਰਦੀ ਲੋੜ ਹੈ:
ਮੈਂ ਵੱਡਾ ਵਿਗਿਆਨੀ ਬਣ ਕੇ,
ਜੱਗ ਨੂੰ ਚਾਨਣ ਵੰਡਾਂਗਾ।
ਅੰਧਵਿਸ਼ਵਾਸੀ ਵਾਲੇ ਨ੍ਹੇਰੇ,
ਵਿੱਦਿਆ ਪੜ੍ਹ ਕੇ ਛੰਡਾਂਗਾ।
ਮਹਿੰਦਰ ਸਿੰਘ ਮਾਨੂੰਪੁਰੀ ਦੇ ਮਿੱਤਰ-ਪਿਆਰੇ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਉਨ੍ਹਾਂ ਕੋਲ ਪੁਸਤਕਾਂ ਦਾ ਵਡਮੁੱਲਾ ਭੰਡਾਰ ਸੀ। ਆਪਣੇ ਪਿੰਡ ਵਿਚ ਉਨ੍ਹਾਂ ਨੇ ਇਕ ਵਿਸ਼ਾਲ ਲਾਇਬ੍ਰੇਰੀ ਬਣਾਈ ਹੋਈ ਸੀ। ਹਰ ਮਿਲਣ ਵਾਲੇ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਉਨ੍ਹਾਂ ਦਾ ਸੁਭਾਅ ਬਣ ਗਿਆ ਸੀ। ਪੰਜਾਬ ਸਰਕਾਰ ਵਲੋਂ ਬਾਲ ਸਾਹਿਤ ਦੀ ਪ੍ਰਫ਼ੁੱਲਤਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸ਼੍ਰੋਮਣੀ ਬਾਲ ਸਾਹਿਤਕਾਰ ਵਜੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਹ ਵੀ ਉਨ੍ਹਾਂ ਦੀ ਸਿਰਜਣਾ ਦਾ ਹੀ ਹਾਸਿਲ ਹੈ ਕਿ ਪਾਠਕ ਉਨ੍ਹਾਂ ਦੀ ਪੁਸਤਕ ਨੂੰ ਇਕੋ ਬੈਠਕ ਵਿਚ ਹੀ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਝੱਲੀ ਦਾ ਝੱਲ
ਕਵੀ : ਡਾ. ਮਨਜ਼ੂਰ ਏਜਾਜ਼
ਸੰਪਾਦਕ : ਰਵਿੰਦਰ ਸਹਿਰਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 80
ਸੰਪਰਕ : 95011-45039
ਡਾ. ਮਨਜ਼ੂਰ ਏਜਾਜ਼ ਪਾਕਿਸਤਾਨ ਮੂਲ ਦਾ ਪੰਜਾਬੀ ਸ਼ਾਇਰ ਹੈ ਜੋ ਕਿ ਅਮਰੀਕਾ ਜਾ ਵਸਿਆ ਸੀ। ਇਹ ਹਥਲੀ ਪੁਸਤਕ ਉਸ ਦੀ 12ਵੀਂ ਪੰਜਾਬੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਦੀ ਲੋਕ ਤਾਰੀਖ, ਵਾਰਿਸਨਾਮਾ (5 ਜਿਲਦਾਂ), ਬੁੱਲ੍ਹਾਨਾਮਾ, ਇਨਕਲਾਬ ਜੋ ਆ ਚੁੱਕਾ ਹੈ, ਸਵੈ-ਜੀਵਨੀ, ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ, ਗਾਲਿਬਨਾਮਾ, ਫ਼ਲਸਫ਼ੇ ਦੀ ਤਾਰੀਖ, ਵੱਡੀ ਜਗਤ ਸ਼ਾਇਰੀ, ਪੰਜਾਬ ਦਾ ਲੋਕ ਇਤਿਹਾਸ ਅਤੇ ਬੁੱਲ੍ਹਾਨਾਮਾ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਪੁਸਤਕ ਵਿਚ ਕੁੱਲ 44 ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਹਨ, ਜਿਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਰਵਿੰਦਰ ਸਹਿਰਾਅ ਨੇ ਸਿਆਣਪ ਨਾਲ ਸੰਪਾਦਨ ਦਾ ਕਾਰਜ ਕੀਤਾ ਹੈ। ਡਾ. ਏਜਾਜ਼ ਨੇ ਅਮਰੀਕਾ ਵਰਗੇ ਖ਼ੁਸ਼ਹਾਲ ਦੇਸ਼ ਵਿਚ ਭਾਵੇਂ ਅਰਥ ਸ਼ਾਸਤਰ ਦੀ ਐੱਮ.ਏ. ਅਤੇ ਪੀ.ਐੱਚ.ਡੀ. ਕੀਤੀ ਅਤੇ ਵੱਕਾਰੀ ਨੌਕਰੀ ਵੀ ਕੀਤੀ ਪਰ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਣਾਇਆ ਰਿਹਾ। ਉਸ ਦੀਆਂ ਪੂਰਵ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਪੰਜਾਬੀ ਲੋਕ ਦਰਸ਼ਨ ਬੋਲਦਾ ਹੈ, ਉਸ ਨੇ ਪੰਜਾਬ ਦੇ ਇਤਿਹਾਸ ਨੂੰ ਵੀ ਬੇਲਾਗ ਹੋ ਕੇ ਲਿਖਿਆ ਅਤੇ ਗੁਰੂ ਨਾਨਕ, ਵਾਰਿਸ, ਹੁਸੈਨ, ਬੁੱਲ੍ਹਾ ਅਤੇ ਹੋਰ ਸੂਫ਼ੀ ਕਵੀਆਂ ਦੀਆਂ ਨਵੀਆਂ ਪਰਤਾਂ ਖੋਲ੍ਹੀਆਂ।
ਕਵੀ ਏਜਾਜ਼ ਦੀਆਂ ਕਵਿਤਾਵਾਂ ਦੇ ਨਾਂਅ ਵੀ ਪੰਜਾਬੀ ਰਹਿਤਲ ਦੇ ਅਨੁਸਾਰੀ ਹਨ ਜਿਵੇਂ ਧਮੂੜੀ, ਹੁੱਸੜ, ਝੇੜੇ, ਚੂੜੇ ਕੱਜੇ ਚੂੜਿਆਂ ਵਾਲੀਆਂ, ਰੱਪੜ, ਕਪੂਰੀ ਰਿਓੜੀ ਕਿਉਂ ਕਰ ਲੜੇ, ਸ਼ਦਾਈ, ਝੱਲਾ ਆਦਿ ਉਸ ਦੀਆਂ ਕਵਿਤਾਵਾਂ ਵਾਰਤਕ ਕਾਵਿ ਚੰਦ ਵਿਚ ਹਨ ਪਰ ਉਸ ਦੇ ਸ਼ਬਦਾਂ ਦੀ ਮਹਿਕ ਐਸੀ ਹੈ ਕਿ ਪਾਠਕ ਨੂੰ ਇਨ੍ਹਾਂ ਦੇ ਬਹਿਰਾਂ ਛੰਦਾਂ ਦੀ ਲੋੜ ਹੀ ਨਹੀਂ ਪੈਂਦੀ। ਉਸ ਦੀਆਂ ਕਵਿਤਾਵਾਂ ਵਿਚ ਪੰਜਾਬੀ ਭਾਸ਼ਾ ਦਾ ਮੋਹ ਅਤੇ ਪੰਜਾਬੀ ਪੁੱਤਾਂ ਦਾ ਪੰਜਾਬੀ ਤੋਂ ਪਰ੍ਹਾਂ ਖਲੋਣ ਦਾ ਝੱਲ ਅਤੇ ਦੁੱਖ ਟਪਕਦਾ ਹੈ। ਕੁਝ ਕਵਿਤਾਵਾਂ ਦੀਆਂ ਟੂਕਾਂ ਹਾਜ਼ਰ ਹਨ, ਜਿਨ੍ਹਾਂ ਵਿਚ ਅਰਥਚਾਰਾ ਆਪ ਹੀ ਝਰਦਾ ਹੈ :
-'ਤੇਰੇ ਮੇਰੇ ਝੇੜੇ ਵੱਖਰੇ / ਵਿਚ ਨਿਆਈਂ ਕੋਇ ਨਾ / ਆ ਹੁਣ ਆਪਣੀਆਂ ਕਬਰਾਂ ਉੱਪਰ / ਆਪਣੇ ਆਪ ਸਿਆਪੇ ਕਰ ਕਰ / ਖੱਟੀਏ ਤਰਸ ਦੀ ਖੱਟੀ / ਕੁਤਬ ਮੀਨਾਰ ਬਣਾਈਏ (ਝੇੜੇ ਸਫ਼ਾ 22)
-ਆਪਣੇ ਚੁੰਭੇ ਬਣਦੇ ਗੁੜ ਦੀ ਮਹਿਕ ਨਿਰਾਲੀ / ਆਪਣੇ ਖਾਣ ਲਈ ਬਣਿਆ / ਜਿਸ ਵਿਚ / ਰੰਗ ਕਾਟ ਨਾ ਸੋਡਾ / ਸਾਦ ਮੁਰਾਦਾ ਕੁਝ ਬਦਰੰਗਾ / ਸ਼ਕਲੋਂ ਕੋਹਝਾ / ਹਰਫ਼ਾਂ ਵਿਚ ਸਫੈਦੀ ਵਾਲੇ, ਭੇਤ ਸੈਨਤਾਂ / ਕਹੀਆਂ ਅੰਦਰ ਅਣ-ਕਹੀਆਂ ਦੇ ਖੁਰੇ ਛਡੀਵਣ... ਲਿਖਤਾਂ (ਸਫ਼ਾ 25)
ਕਵੀ ਏਜਾਜ਼ ਅਜੀਬ ਬਿੰਬਾਂ ਚਿੰਨ੍ਹਾਂ ਰਾਹੀਂ ਆਪਣੀ ਗੱਲ ਨੂੰ ਸਾਰਥਕ ਬਣਾਉਣ ਦਾ ਯਤਨ ਕਰਦਾ ਹੈ ਪਰ ਉਹ ਮਿਸਾਲ ਦਿੰਦਾ ਪਾਠਕ ਸੁਰਤ ਤੋਂ ਦੂਰ ਚਲਾ ਜਾਂਦਾ ਹੈ। ਉਕਤ ਕਵਿਤਾ ਵਿਚ ਉਹ ਗੁੜ ਦੀ ਗੱਲ ਲਿਖਤਾਂ ਨਾਲ ਪੇਸ਼ ਕਰਦਾ ਹੈ।
-'ਆਪਣੇ ਡਰ ਵਿਚ' ਕਵਿਤਾ ਦਾ ਉਸ ਨੇ ਜੋ ਅਰਥਚਾਰਾ ਘੜਿਆ ਹੈ ਉਹ ਵੀ ਵੇਖੋ :
'ਸੱਪ ਦੋਮੂਹੀਆਂ, ਠੂਹੇ ਬਿੱਛੂ / ਸਭ ਬਲਵਾਨ ਨੇ ਉਰਲੇ ਦੇ / ਜਿਵੇਂ ਜ਼ਰ ਦੇ ਮਾਲਕ ਮੁੱਲਾਂ ਕਾਜ਼ੀ ਬਾਕੀ / ਆਪਣੇ ਡਰ ਵਿਚ ਆਪਣੇ ਭੈਅ ਤੋਂ / ਡੰਗ ਮਰੀਂਦੇ / ਜਾਤ ਦੀਆਂ ਬਸ ਕੋਹੜ ਕਿਰਲੀਆਂ / ਜੱਫਿਆਂ ਵਿਚ ਸ਼ਹਿਤੀਰ ਬਲਾਵਣ / ਸਾਡੀ ਉਲਟੀ ਮੌਤ ਤੋਂ ਰਲ ਮਿਲ / ਹਸਦੀਆਂ ਜਾਵਣ' (ਸਫ਼ਾ 28)
-ਏਜਾਜ਼ ਦੀ ਕਵਿਤਾ-ਸ਼ਬਦਾਵਲੀ ਕੇਂਦਰੀ ਪੰਜਾਬੀ ਤੋਂ ਪਰ੍ਹਾਂ ਦੀ ਹੈ ਇਹ ਸ਼ਾਇਦ ਸ਼ਰਾਇਕੀ ਦੀ ਵੀ ਅਗਾਂਹ ਉਪਬੋਲੀ ਲਗਦੀ ਹੈ :
'ਕਿੰਨੀ ਵੇਰੀਂ ਝਾਕੀ ਦੇ ਦੇ ਲੰਘੀਆਂ / ਹਾਠਾਂ ਜੋੜ ਕੇ ਝੰਬਰ ਪਾਉਂਦੇ ਆਏ ਬੱਦਲ / ਗਰਜ ਉਨ੍ਹਾਂ ਦੀ ਆਸਮਾਨਾਂ ਨੂੰ ਪਾੜ ਉਧੇੜੇ / ਚੂੜੇ ਕੱਜੇ ਚੂੜੇ ਵਾਲੀਆਂ / ਤੂਰ ਪਹਾੜ ਦੀ ਯਾਦ ਦਿਵਾਂਦੀ / ਇਸ਼ਕ ਇਨ੍ਹਾਂ ਦੀ / ਪਰ ਤ੍ਰਿਹਾਈ, ਤਿੱਸੀ ਧਰਤੀ ਅੱਖ ਬੇਸ਼ਰਮੀ' / ਚੂੜੇ ਕੱਜੇ ਚੂੜੇ ਵਾਲੀਆਂ' (ਸਫ਼ਾ 29)
ਕਵੀ ਏਜਾਜ਼ ਦੀ ਕਵਿਤਾ ਵਿਚ ਕਿਤੇ-ਕਿਤੇ ਚੰਗੀਆਂ ਤੇ ਸਾਰਥਕ ਗੱਲਾਂ ਵੀ ਹਨ : 'ਬਾਹਰ ਝੰਡਾ ਮਜ਼ਹਬ ਵਾਲਾ / ਅੰਦਰ ਹੱਟ ਦਲਾਲੀ / ਘਰੀਂ ਵਸਾਈ ਚਾਚੇ ਦੀ ਧੀ / ਦਿਲ ਦੇ ਅੰਦਰ ਸਾਲੀ / ਸਾਵੀਂ ਚੱਦਰ ਲੈ ਬਿਸਤਰ 'ਤੇ / ਤਸਬੀ ਕਰੇ ਜੁਗਲੀ...' ਅੱਲਾ ਵਾਲੀ (ਸਫ਼ਾ 66).
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਸੋਚ ਦੇ ਅੱਖਰ
ਗ਼ਜ਼ਲਕਾਰ : ਕਾਸਿਫ਼ ਤਨਵੀਰ ਕਾਸਿਫ਼
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 81950-46082
ਪੌਣੀ ਸਦੀ ਪਹਿਲਾਂ ਪੰਜਾਬ ਦਾ ਜਿਸਮ ਵੰਡਿਆ ਗਿਆ ਸੀ, ਇਕ ਪੂਰਬੀ ਪੰਜਾਬ ਤੇ ਦੂਸਰਾ ਪੱਛਮੀ ਪੰਜਾਬ ਹੋਂਦ ਵਿਚ ਆਏ। ਪਰ ਇਨ੍ਹਾਂ ਦੋਵਾਂ ਹਿੱਸਿਆਂ ਦਾ ਦੁੱਖ ਸੁਖ, ਵਿਰਸਾ, ਸਕਾਫ਼ਤ, ਰਹੁ ਰੀਤਾਂ ਤੇ ਆਦਤਾਂ ਅਜੇ ਵੀ ਸਮਾਨ ਹੀ ਹਨ। ਚੰਗੀ ਗੱਲ ਇਹ ਵੀ ਹੈ ਕਿ ਦੋਵਾਂ ਪੰਜਾਬਾਂ ਵਿਚ ਸਾਹਿਤ ਰਾਹੀਂ ਵਿਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ ਤੇ ਇਸ ਕਾਰਨ ਸਾਂਝਾਂ ਦਾ ਪੁਲ਼ ਬਣਿਆਂ ਹੋਇਆ ਹੈ। ਏਧਰ ਓਧਰ ਇਕ ਦੂਸਰੇ ਦੇ ਸਾਹਿਤ ਨੂੰ ਛਾਪਣ ਦੀ ਰਵਾਇਤ ਵੀ ਚਿਰੋਕੀ ਹੈ। 'ਸੋਚ ਦੇ ਅੱਖਰ' ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਇਸੇ ਭਾਵਨਾ ਤਹਿਤ ਹੋਈ ਪ੍ਰਤੀਤ ਹੁੰਦੀ ਹੈ, ਜਿਸ ਦੇ ਗ਼ਜ਼ਲਕਾਰ ਕਾਸਿਫ਼ ਤਨਵੀਰ ਕਾਸਿਫ਼ ਹਨ। ਇਸ ਪੇਸ਼ਕਾਰੀ ਲਈ ਪੰਜਾਬੀ ਵਿਰਸਾ ਟਰੱਸਟ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀ ਪੰਜਾਬੀ ਗ਼ਜ਼ਲਕਾਰ ਜ਼ਿਆਦਾਤਰ ਘੁਮਾ ਫਿਰਾ ਕੇ ਗੱਲ ਕਰਨ ਵਿਚ ਯਕੀਨ ਨਹੀਂ ਰੱਖਦੇ, ਸਗੋਂ ਉਹ ਸਿੱਧੀ ਤੇ ਸਾਦੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਕਾਸਿਫ਼ ਦੀ ਗ਼ਜ਼ਲ ਵੀ ਇਸੇ ਸ਼੍ਰੇਣੀ ਵਿਚ ਆਉਂਦੀ ਹੈ। ਇਸੇ ਲਈ ਕਾਸਿਫ਼ ਕਿਧਰੇ ਡੰਗਰ ਚਾਰਨ ਦੀ ਗੱਲ ਕਰਦਾ ਹੈ ਕਿਧਰੇ ਵਿਹੜੇ ਵਿਚ ਲੀਕਾਂ ਮਾਰਨ ਦੀ ਤੇ ਕਿਧਰੇ ਉਹ ਖਾਲਮ ਖ਼ਾਲੀ ਕਾਸਿਆਂ ਦਾ ਵਰਨਣ ਕਰਦਾ ਹੈ। ਗ਼ਜ਼ਲਕਾਰ ਆਪਣੇ ਦੇਸ਼ ਤੋਂ ਦੂਰ ਰਹਿੰਦਾ ਹੈ ਇਸੇ ਲਈ ਉਸ ਨੂੰ ਆਪਣਾ ਪਿੰਡ ਤਖ਼ਤ ਹਜ਼ਾਰਾ ਮੁੜ-ਮੁੜ ਯਾਦ ਆਉਂਦਾ ਹੈ ਤੇ ਉੱਥੋਂ ਦੇ ਬੋਹੜ ਤੇ ਪਿੱਪਲ ਅਜੇ ਵੀ ਉਸ ਦੀ ਸਿਮ੍ਰਤੀ ਵਿਚ ਹਨ। ਆਪਣੀਆਂ ਗ਼ਜ਼ਲਾਂ ਵਿਚ ਕਾਸਿਫ਼ ਨੇ ਹੋਰਾਂ ਹਮਵਤਨਾਂ ਵਾਂਗ ਪੰਜਾਬੀ ਦੇ ਭੁੱਲੇ ਵਿਸਰੇ ਠੇਠ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ। ਇੱਧਰਲੇ ਪੰਜਾਬ ਦੇ ਕੁਝ ਅਸਲੋਂ ਅਲੋਪ ਹੋ ਗਏ ਸ਼ਬਦ ਵੀ ਇਨ੍ਹਾਂ ਗ਼ਜ਼ਲਾਂ ਦਾ ਸ਼ਿੰਗਾਰ ਹਨ। ਗ਼ਜ਼ਲਕਾਰ ਦੀ ਬਹੁਤੀ ਗ਼ਜ਼ਲਕਾਰੀ ਵਿਚ ਮੁਹੱਬਤ ਦੀ ਚਾਸ਼ਨੀ ਹੈ ਤੇ ਇਸ ਵਿਚ ਆਪਣੇ ਚਾਹਵਾਨ ਨਾਲ ਸੰਵਾਦ ਹਨ। ਸ਼ਾਇਦ ਇਹ ਰੰਗ ਇਸ ਲਈ ਵੀ ਭਾਰੂ ਹੈ ਕਿ ਉਹ ਝਨਾਅ ਦੇ ਕੰਢੇ ਵਸੇ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦੀ ਪੈਦਾਇਸ਼ ਹੈ। ਇਸ ਮਿੱਟੀ 'ਚੋਂ ਪੈਦਾ ਹੋ ਕੇ ਜੇ ਮੁਹੱਬਤ ਦੀ ਗੱਲ ਨਾ ਤੁਰੇ ਤਾਂ ਉਸ ਭੋਇੰ ਨਾਲ ਇਹ ਬੇਇਨਸਾਫ਼ੀ ਹੈ। ਪੁਸਤਕ ਦੀਆਂ ਗ਼ਜ਼ਲਾਂ ਸਵਾਦਲੀਆਂ, ਮੁਹੱਬਤ ਦੇ ਖ਼ੁਮਾਰ ਵਿਚ ਰੰਗੀਆਂ ਤੇ ਵਿਰਸੇ ਨਾਲ ਜੁੜੀਆਂ ਹੋਈਆਂ ਹਨ। ਕੁਝ ਥਾਈਂ ਗ਼ਜ਼ਲ ਦਾ ਅਨੁਸ਼ਾਸਨ ਡੋਲਿਆ ਹੈ ਪਰ ਪਾਕਿਸਤਾਨ ਵਿਚ ਇਸ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਕੁਝ ਨਵਾਂ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਕੇ. ਪਬਲੀਕੇਸ਼ਨ, ਮਾਨਸਾ
ਮੁੱਲ : 245 ਰੁਪਏ, ਸਫ਼ੇ : 122
ਸੰਪਰਕ : 94640-76257
ਪ੍ਰਤਿਸ਼ਠਤ ਲੇਖਕ ਬਿਕਰਮਜੀਤ ਨੂਰ ਨੇ ਬੇਸ਼ੱਕ ਨਾਵਲ, ਜੀਵਨੀ, ਕਵਿਤਾ ਵਾਰਤਕ ਆਦਿ ਸਾਹਿਤਕ ਵਿਧਾਵਾਂ 'ਤੇ ਕਲਮ ਚਲਾਈ ਹੈ, ਪਰ ਉਹ ਮੂਲ ਤੌਰ 'ਤੇ ਪ੍ਰਤੀਬੱਧ ਮਿੰਨੀ ਕਹਾਣੀ ਲੇਖਕ ਹੈ। ਉਸ ਦੇ ਹੁਣ ਤੱਕ ਕਾਤਰਾਂ, ਸ਼ਨਾਖਤ, ਅਣਕਿਹਾ, ਮੰਜ਼ਿਲ, ਮੇਰੀਆਂ ਮਿੰਨੀ ਕਹਾਣੀਆਂ, ਮੂਕ ਸ਼ਬਦਾਂ ਦੀ ਵਾਪਸੀ, ਦਸ ਸਾਲ ਹੋਰ, ਰੰਗ ਅਤੇ ਬਸਤੀ ਉਦਾਸ ਹੈ ਆਦਿ ਨੌ ਮਿੰਨੀ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਸਾਹਿਤ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਝਾਕ ਵਿਚ ਰਹਿੰਦਾ ਹੈ। ਇਸੇ ਲੜੀ ਵਿਚ ਉਸ ਦਾ 45 ਮਿੰਨੀ ਕਹਾਣੀਆਂ ਦਾ ਦਸਵਾਂ ਸੰਗ੍ਰਹਿ 'ਕੁਝ ਨਵਾਂ' ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ ਹੈ। ਲੇਖਕ ਬੀਤੇ 8-10 ਸਾਲ ਤੋਂ ਪ੍ਰਵਾਸੀ ਹੋ ਗਿਆ ਹੈ, ਇਸ ਲਈ ਉਸ ਦੇ ਅਨੁਭਵ ਵਿਚ ਵਿਦੇਸ਼ੀ ਸੱਭਿਆਚਾਰ, ਸੋਚ ਅਤੇ ਆਧੁਨਿਕਤਾ ਸ਼ਾਮਿਲ ਹੋਈ ਹੈ, ਨਾਲ ਦੀ ਨਾਲ ਵਿਦੇਸ਼ ਅਤੇ ਸਵਦੇਸ਼ ਦਾ ਤੁਲਨਾਤਮਿਕ ਮੁਲਾਂਕਣ ਉਸ ਦੀਆਂ ਨਵੀਆਂ ਰਚਨਾਵਾਂ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਮਿੰਨੀ ਕਹਾਣੀ ਦੇ ਮੁਢਲੇ ਦੌਰ ਦਾ ਇਹ ਪਾਂਧੀ ਮਿੰਨੀ ਕਹਾਣੀ ਦੇ ਸ਼ਿਲਪ ਤੇ ਰੂਪਕ ਪੱਖ ਤੋਂ ਪੂਰੀ ਤਰ੍ਹਾਂ ਜਾਣੂ ਹੈ, ਸਗੋਂ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਉਸ ਦੀ ਪੁਸ਼ਟੀ ਵੀ ਕਰਦਾ ਹੈ। ਨੂਰ ਦੀਆਂ ਮਿੰਨੀ ਕਹਾਣੀਆਂ ਨੇ ਵੀ ਬੀਤੇ ਚਾਰ ਕੁ ਦਹਾਕਿਆਂ ਤੋਂ ਕਥਨ ਅਤੇ ਕਹਿਣ ਦੀ ਦ੍ਰਿਸ਼ਟੀ ਤੋਂ ਵਿਕਾਸ ਕੀਤਾ ਹੈ। ਹਥਲੇ ਸੰਗ੍ਰਹਿ ਦੀਆਂ ਅਹੁਦਾ, ਇਕਾਂਤਵਾਸ, ਸੋਚ, ਹਾਦਸਾ, ਗਰਮ ਖ਼ੂਨ, ਛੋਟਾ ਬੰਦਾ, ਦੋ ਪਾਤਰ, ਮਿੱਟੀ, ਰੋਟੀ ਸ਼ੈਰੀ ਦਾ ਸ਼ੌਕ ਆਦਿ ਮਿੰਨੀ ਕਹਾਣੀਆਂ ਨਾ ਸਿਰਫ ਨੂਰ ਦੀ ਮਿੰਨੀ ਕਹਾਣੀ ਯਾਤਰਾ ਦੀਆਂ ਮੀਲ ਪੱਥਰ ਹਨ, ਸਗੋਂ ਪੰਜਾਬੀ ਮਿੰਨੀ ਕਹਾਣੀ ਦਾ ਹਾਸਿਲ ਵੀ ਕਹੀਆਂ ਜਾ ਸਕਦੀਆਂ ਹਨ। ਬਾਕੀ ਮਿੰਨੀ ਕਹਾਣੀਆਂ ਵੀ ਆਪਣੇ ਉਦੇਸ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੂਰਤੀ ਕਰਦੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ੇ ਭਾਰਤੀ ਸਮਾਜ ਦੇ ਕਰੂਰ ਯਥਾਰਥ ਦਾ ਸੂਖ਼ਮ ਪ੍ਰਗਟਾਅ ਤਾਂ ਕਰਦੇ ਹੀ ਹਨ। ਭੂਮੰਡਲੀਕਰਨ ਅਤੇ ਵਪਾਰੀਕਰਨ ਦੇ ਇਸ ਭਿਆਨਕ ਦੌਰ ਵਿਚ ਪਲ-ਪਲ ਖੰਡਿਤ ਹੋ ਰਹੀ ਮਨੁੱਖੀ ਮਾਨਸਿਕਤਾ ਅਤੇ ਤਿੜਕ ਰਹੇ ਮਨੱਖੀ ਰਿਸ਼ਤਿਆਂ, ਵਧ ਰਹੀ ਸੰਵੇਦਨਹੀਣਤਾ ਅਤੇ ਮਨੁੱਖ ਤੋਂ ਮਨੁੱਖ ਦੀ ਦੂਰੀ ਅਤੇ ਇਸ ਤੋਂ ਪੈਦਾ ਹੋ ਰਿਹਾ ਤਣਾਅ, ਇਕੱਲਾਪਣ ਤੇ ਉਪਰਾਮਤਾ ਦਾ ਨੂਰ ਦੀ ਕਲਮ ਨੇ ਬੜੀ ਹੀ ਸੂਖਮਤਾ ਨਾਲ ਵਿਸ਼ਲੇਸ਼ਣ ਅਤੇ ਚਿਤਰਣ ਕੀਤਾ ਹੈ। ਇੰਜ ਨੂਰ ਆਪਣੇ ਸਮਕਾਲੀਆਂ ਤੋਂ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਫਲ ਹੁੰਦਾ ਹੈ। 'ਕੁਝ ਨਵਾਂ' ਸਚਮੁੱਚ ਜਿੱਥੇ ਪਾਠਕਾਂ ਨੂੰ ਨਵੇਂ ਅਹਿਸਾਸਾਤ ਨਾਲ ਸਰਸ਼ਾਰ ਕਰਨ ਦੇ ਸਮਰੱਥ ਹੈ ਉੱਥੇ ਨਵੇਂ ਮਿੰਨੀ ਕਹਾਣੀ ਲੇਖਕਾਂ ਲਈ ਇਕ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਉਣ ਦੇ ਸਮਰੱਥ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ
ਲੇਖਿਕਾ : ਮਨਜੀਤ ਕੌਰ ਮੀਤ
ਮੁੱਲ : 200 ਰੁਪਏ, ਸਫ਼ੇ : 108
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਸੰਪਰਕ : 84277-21143
ਲੇਖਿਕਾ ਲੰਬੇ ਅਰਸੇ ਤੋਂ ਲਿਖਣ-ਕਾਰਜ ਵਿਚ ਜੁਟੀ ਹੋਈ ਹੈ। ਉਸ ਦੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਤਿੰਨ ਛਪਾਈ ਅਧੀਨ ਹਨ। ਮੂਲ ਰੂਪ ਵਿਚ ਉਹ ਮਿੰਨੀ ਕਹਾਣੀਆਂ, ਕਹਾਣੀ ਅਤੇ ਕਵਿਤਾ ਲਿਖਣ ਵੱਲ ਰੁਚਿਤ ਹੈ। ਸਾਹਿਤ ਸਭਾਵਾਂ ਨਾਲ ਵੀ ਉਹ ਬਰਾਬਰ ਨਿਭਦੀ ਨਜ਼ਰ ਆਉਂਦੀ ਹੈ। ਵਿਚਾਰ ਅਧੀਨ ਪੁਸਤਕ ਉਸ ਦੇ ਜੀਵਨ ਤਜਰਬਿਆਂ ਨਾਲ ਸੰਬੰਧਿਤ ਹੈ ਅਤੇ ਪਾਠਕਾਂ ਨਾਲ ਉਸ ਜਜ਼ਬਾਤੀ ਸਾਂਝ ਪਾਉਣ ਦਾ ਸੁਹਿਰਦ ਯਤਨ ਕੀਤਾ ਹੈ। ਉਸ ਦਾ ਪਤੀ ਪਹਿਲਾਂ ਫ਼ੌਜ ਵਿਚ ਰਿਹਾ ਅਤੇ ਫਿਰ ਉਸ ਨੇ ਸਿਵਲ ਵਿਚ ਵੀ ਸੇਵਾਵਾਂ ਨਿਭਾਈਆਂ। ਮਨਜੀਤ ਨੂੰ ਕਿਉਂਕਿ ਵਿਦਿਆਰਥੀ ਜੀਵਨ ਤੋਂ ਹੀ ਫ਼ੌਜੀ ਪਸੰਦ ਸਨ ਤੇ ਉਸ ਨੇ ਆਪਣੇ ਮਨਪਸੰਦ ਇਕ ਫ਼ੌਜੀ ਅਫ਼ਸਰ ਨਾਲ ਹੀ ਆਪਣੀ ਵਿਆਹ ਕਰਵਾਉਣ ਦੀ ਜ਼ਿੱਦ ਪੁਗਾਈ।
ਪੁਸਤਕ ਦੇ 15 ਕਾਂਡ ਹਨ। ਇਨ੍ਹਾਂ ਨਿੱਕੇ-ਨਿੱਕੇ ਲੇਖਾਂ ਨੂੰ ਉਸ ਭਾਵਾਨਾਤਮਕ ਢੰਗ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਵਿਆਹ ਲਈ ਹਾਮੀ ਲੇਖ ਵਿਚ ਉਹ ਦੱਸਦੀ ਹੈ ਕਿ ਜਦੋਂ ਛੋਟੀ ਉਮਰ ਵਿਚ ਹੀ ਉਸ ਨੂੰ ਭਾਸ਼ਾ ਵਿਭਾਗ ਵਿਚ ਨੌਕਰੀ ਮਿਲੀ ਤਾਂ ਉਸ ਦਾ ਗੁਰਦੇਵ ਸਿੰਘ ਨਾਲ ਵਿਆਹ ਹੋ ਗਿਆ ਤੇ ਉਹ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ। ਉਹ ਆਪਣੀ ਪਤਨੀ ਤੇ ਪਰਿਵਾਰ ਦਾ ਪੂਰਾ ਖ਼ਿਆਲ ਰੱਖਦਾ ਸੀ ਪਰ ਹੌਲੀ-ਹੌਲੀ ਹਾਲਾਤ ਦੇ ਮੱਦੇਨਜ਼ਰ ਉਹ ਨਿੱਤ ਸ਼ਰਾਬ ਵੀ ਪੀਣ ਲੱਗਾ ਸੀ। ਸ਼ਾਇਦ ਇਹੋ ਕਾਰਨ ਬਣ ਗਿਆ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਜਲਦੀ ਹੀ ਉਸ ਦਾ ਸਾਥ ਛੱਡ ਗਿਆ। ਜਵਾਨੀ ਵੇਲੇ ਉਹ ਉਸ ਨਾਲ ਪੰਜਾਬ ਤੇ ਭਾਰਤ ਦੇ ਕਈ ਥਾਵਾਂ 'ਤੇ ਘੁੰਮੀ-ਫਿਰੀ ਤੇ ਜੀਵਨ ਦਾ ਅਨੰਦ ਲਿਆ। ਖ਼ੁਸ਼ੀਆਂ-ਗ਼ਮੀਆਂ ਸੰਗ ਵਿਚਰਦਿਆਂ ਮਨਜੀਤ ਨੇ ਲਿਖਣਾ ਨਾ ਛੱਡਿਆ ਤੇ ਸਾਹਿਤ ਨਾਲ ਆਪਣੀ ਪ੍ਰੀਤ ਬਣਾਈ ਰੱਖੀ।
ਇਸ ਪੁਸਤਕ ਦੇ ਸਾਰੇ ਹੀ ਲੇਖ ਪੜ੍ਹਨਯੋਗ ਹਨ ਤੇ ਲੇਖਿਕਾ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ। ਫ਼ੌਜਣ ਬਣ ਕੇ ਮਾਣ ਖੱਟਿਆ, ਤਾਜ ਮਹਿਲ ਦੀ ਸੁੰਦਰਤਾ, ਜਬਲਪੁਰ ਦੀ ਪੋਸਟਿੰਗ, ਨਾਭੇ ਦਾ ਸਫ਼ਰ, ਚੰਡੀਮੰਦਰ ਦਾ ਨਜ਼ਾਰਾ, ਵਿਦਾਇਗੀ ਤੋਂ ਬਾਅਦ ਲਗਭਗ ਸਾਰੇ ਹੀ ਲੇਖਾਂ ਨੂੰ ਪਾਠਕ ਆਪਣੇ ਹਿਸਾਬ ਨਾਲ ਮਾਣ ਸਕਦਾ ਹੈ। ਇਨ੍ਹਾਂ ਹੀ ਅਰਥਾਂ ਵਿਚ ਪੁਸਤਕ ਦਾ ਸਵਾਗਤ ਵੀ ਹੈ ਤੇ ਸੁਹਿਰਦ ਲੇਖਿਕਾ ਮਨਜੀਤ ਕੌਰ ਮੀਤ ਨੂੰ ਮੁਬਾਰਕ ਪੇਸ਼ ਕਰਨੀ ਵੀ ਬਣਦੀ ਹੈ। ਪੰਜਾਬੀ ਸਾਹਿਤ ਜਗਤ ਉਸ ਤੋਂ ਭਵਿੱਖ ਵਿਚ ਹੋਰ ਵੀ ਉਮੀਦ ਰੱਖਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਸੁਰਿੰਦਰ ਗੀਤ ਦੀਆਂ ਕਹਾਣੀਆਂ-ਪਰਵਾਸੀ ਪ੍ਰਵਚਨ
ਸੰਪਾਦਕ : ਡਾ ਨਰੇਸ਼ ਕੁਮਾਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 098788-89269
ਕਵਿਤਰੀ ਸੁਰਿੰਦਰ ਗੀਤ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਾਸੀ ਹੈ। ਕੁਝ ਸਮੇਂ ਤੋਂ ਉਹ ਕਹਾਣੀਆਂ ਲਿਖ ਰਹੀ ਹੈ। ਨਾਮਵਰ ਅਖ਼ਬਾਰਾਂ ਵਿਚ ਉਸ ਦੀ ਕਹਾਣੀ ਛਪ ਰਹੀ ਹੈ। ਪ੍ਰਸਿੱਧ ਆਲੋਚਕਾਂ ਨੇ ਉਸ ਦੀ ਕਹਾਣੀ ਦਾ ਨੋਟਿਸ ਲਿਆ ਹੈ। ਸੁਰਿੰਦਰ ਗੀਤ ਦਾ ਪਹਿਲਾ ਕਹਾਣੀ ਸੰਗ੍ਰਹਿ 'ਤੋਹਫ਼ਾ' ਛਪਿਆ, ਜਿਸ ਵਿਚ 17 ਕਹਾਣੀਆਂ ਹਨ। ਸਾਹਿਤਕਾਰ ਬਲਬੀਰ ਮਾਧੋਪੁਰੀ ਨੇ ਕਹਾਣੀ ਸੰਗ੍ਰਹਿ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਹਥਲੀ ਪੁਸਤਕ ਉਸ ਦੇ ਕਹਾਣੀ ਸੰਗ੍ਰਹਿ ਬਾਰੇ 12 ਆਲੋਚਨਾਤਮਿਕ ਲੇਖਾਂ ਦੀ ਸੰਪਾਦਿਤ ਕਿਤਾਬ ਹੈ। ਇਸ ਆਲੋਚਨਾਤਮਿਕ ਕਿਤਾਬ ਦਾ ਸਿਰਲੇਖ 'ਪਰਵਾਸੀ ਪ੍ਰਵਚਨ' ਆਪਣੇ ਆਪ ਵਿਚ ਕਹਾਣੀਆਂ ਦੇ ਪਰਵਾਸੀ ਸਰੋਕਾਰਾਂ ਦੀ ਸੂਹ ਦੇ ਰਿਹਾ ਹੈ। ਇਨ੍ਹਾਂ ਬਾਰਾਂ ਚਿੰਤਨਸ਼ੀਲ ਲੇਖਾਂ ਵਿਚ ਇਕ ਲੇਖ ਸੰਪਾਦਕ ਦੀ ਕਲਮ ਤੋਂ ਹੈ। ਕਿਤਾਬ ਦਾ ਸਮਰਪਨ ਵੀ ਪਰਵਾਸੀ ਧੀਆਂ-ਪੁੱਤਰਾਂ ਦੇ ਨਾਂਅ ਹੈ। ਆਦਿਕਾ ਵਿਚ ਸੰਪਾਦਕ ਨੇ ਲਿਖਿਆ ਹੈ --- ਇਸ ਕਿਤਾਬ ਦਾ ਮਨੋਰਥ ਸੁਰਿੰਦਰ ਗੀਤ ਦੀਆਂ ਕਹਾਣੀਆਂ ਦੀਆਂ ਜੁਗਤਾਂ ਦੀ ਨਿਸ਼ਾਨ ਦੇਹੀ ਕਰਨਾ ਹੈ। ਸੁਹਿਰਦ ਆਲੋਚਕਾਂ ਵਿਚ ਡਾ. ਭੀਮ ਇੰਦਰ ਸਿੰਘ ਨੇ ਕਿਤਾਬ ਤੋਹਫਾ ਵਿਚ ਸ਼ਾਮਿਲ ਕਹਾਣੀ 'ਤਾਏ ਕੇ ਚੋਰ ਉਚੱਕੇ ਨਹੀਂ' ਦਾ ਚਿੰਤਨਮਈ ਵਿਸ਼ਲੇਸ਼ਣ ਕੀਤਾ ਹੈ। ਤਾਏ ਕੇ ਐਗਲੋ ਇੰਡੀਅਨ ਲੋਕ ਹਨ ਜੋ ਹਮਦਰਦੀ ਦੇ ਪਾਤਰ ਹਨ। ਸੁਖਵਿੰਦਰ ਕੰਬੋਜ ਦੀ ਧਾਰਨਾ ਹੈ ਕਿ ਲੇਖਿਕਾ ਸਮਾਜਿਕ ਯਥਾਰਥ ਨੂੰ ਇਕ ਵਿੱਥ 'ਤੇ ਖਲੋ ਕੇ ਵੇਖਦੀ ਹੈ। ਗ਼ਰੀਬ ਔਰਤ ਨਾਲ ਉਸ ਦੀ ਹਮਦਰਦੀ ਹੈ। ਸੰਗ੍ਰਹਿ ਦੀਆਂ ਚਰਚਿਤ ਕਹਾਣੀਆਂ ਕੈਨੇਡਾ ਦੀ ਟਿਕਟ, ਧੀ ਦਾ ਕਰਜ਼, ਬਦਲਦੇ ਰਿਸ਼ਤੇ, ਖੇਤ ਦੀ ਨੁੱਕਰੇ, ਗੁਨਾਹ, ਦੇਵਤਾ, ਮੈਂ ਚੰਗੀ ਮਾਂ ਹਾਂ, ਨਵੀਂ ਜੁੱਤੀ, ਬੇਘਰੇ, ਕੁਰਬਾਨੀ, ਕੀ ਲੋੜ ਸੀ ਪਾਪੜ ਵੇਲਣ ਦੀ, ਤਿੰਨ ਪੀੜ੍ਹੀਆਂ, ਮਾਂ, ਇਕ ਅੰਤ ਇਕ ਸ਼ੁਰੂਆਤ, ਬਾਰੇ ਪੂੰਜੀਵਾਦੀ ਵਿਸ਼ਵੀਕਰਨ ਦੇ ਯਥਾਰਥ ਦੇ ਨਜ਼ਰੀਏ ਤੋਂ ਡਾ. ਸੁਰਜੀਤ ਬਰਾੜ ਨੇ ਚਰਚਾ ਕੀਤੀ ਹੈ। ਡਾ. ਬਰਿੰਦਰ ਕੌਰ ਨੇ ਕਹਾਣੀਆਂ ਦਾ ਵਿਸ਼ਾਗਤ ਅਧਿਐਨ ਕੀਤਾ ਹੈ। ਆਲੋਚਕ ਨਿਰੰਜਨ ਬੋਹਾ ਨੇ ਕਹਾਣੀਆਂ ਵਿਚ ਬੇਤਰਤੀਬੀ ਜ਼ਿੰਦਗੀ ਦਾ ਚਿਤਰਣ ਪਾਤਰਾਂ ਦੇ ਹਵਾਲੇ ਨਾਲ ਕੀਤਾ ਹੈ। ਡਾ. ਹੀਰਾ ਸਿੰਘ ਦੇਸ਼-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਪੀੜਾ ਨੂੰ ਮਹਿਸੂਸ ਕਰਦਾ ਹੈ। ਨਾਰੀ ਸਸ਼ਕਤੀਕਰਨ ਦੀ ਚਰਚਾ ਡਾ. ਪਰਦੀਪ ਕੌਰ ਨੇ ਕੀਤੀ ਹੈ। ਨਾਰੀ ਮਨ ਬਾਰੇ ਡਾ. ਸਤਿੰਦਰ ਕੌਰ ਨੇ ਪਾਤਰਾਂ ਦੀ ਮਾਨਸਿਕਤਾ ਨੂੰ ਛੋਹਿਆ ਹੈ। ਕਹਾਣੀ 'ਧੀ ਦਾ ਕਰਜ਼' ਦਾ ਵਿਸ਼ਲੇਸ਼ਣ ਡਾ ਗੁਰਵੰਤ ਸਿੰਘ ਨੇ ਪੇਸ਼ ਕੀਤਾ ਹੈ। ਗੁਰਦੀਪ ਸਿੰਘ ਭੁੱਲਰ ਦਾ ਕਹਾਣੀਆਂ ਦਾ ਬਹੁਪੱਖੀ ਅਧਿਐਨ ਹੈ। ਜਸਵਿੰਦਰ ਕੌਰ ਬਿੰਦਰਾ ਦਾ ਕਹਿਣਾ ਹੈ ਕਿ ਲੇਖਿਕਾ ਨਿੱਜੀ ਅਨੁਭਵਾਂ ਤੋਂ ਪਾਰ ਜਾ ਕੇ ਕਹਾਣੀ ਲਿਖੇ ਤਾਂ ਕਹਾਣੀ ਲੰਮਾ ਜੀਵਨ ਜਿਉਣ ਦੇ ਯੋਗ ਬਣੇਗੀ। ਪੁਸਤਕ ਵਿਦਿਆਰਥੀ ਵਰਗ ਤੇ ਕਹਾਣੀ ਨਾਲ ਜੁੜੇ ਚਿੰਤਕਾਂ ਲਈ ਲਾਹੇਵੰਦ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼
ਸਾਥ ਸਾਥ
ਲੇਖਕ : ਗ.ਸ. ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 150 ਰੁਪਏ ਪੰਨੇ 123
ਸੰਪਰਕ : 81469-10997
ਪ੍ਰਕਿਰਤੀ ਅਤੇ ਮਨੁੱਖ ਦਾ ਕਦੀਮੀ ਤਾਅਲੁਕ ਹੈ। ਗ.ਸ. ਨਕਸ਼ਦੀਪ ਪੰਜਕੋਹਾ ਨੇ ਆਪਣੇ ਹਥਲੇ ਬਾਲ ਨਾਵਲ 'ਸਾਥ ਸਾਥ' ਵਿਚ ਇਸੇ ਰਿਸ਼ਤੇ ਦੀਆਂ ਭਿੰਨ-ਭਿੰਨ ਤਹਿਆਂ ਫੋਲਦਿਆਂ ਇਹ ਚਿੰਤਾਜਨਕ ਪੱਖ ਸਾਹਮਣੇ ਲਿਆਂਦਾ ਹੈ ਕਿ ਵਰਤਮਾਨ ਮਨੁੱਖ ਆਪਣੀ ਲੋਭ-ਲਾਲਸਾ ਅਤੇ ਲਾਲਚੀ ਪ੍ਰਵਿਰਤੀਆਂ ਕਾਰਨ ਹਰੇ ਭਰੇ ਜੰਗਲ ਰੂਪੀ ਜ਼ਖ਼ੀਰਿਆਂ ਨੂੰ ਤਹਿਸ-ਨਹਿਸ ਹੀ ਨਹੀਂ ਕਰ ਰਿਹਾ, ਸਗੋਂ ਜੀਵ-ਜੰਤੂਆਂ ਲਈ ਸੰਕਟ ਅਤੇ ਸਹਿਮ ਪੈਦਾ ਕਰਕੇ ਆਪਣੇ ਅਤੇ ਪ੍ਰਕਿਰਤੀ ਦੇ ਕਦੀਮੀ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਰਿਹਾ ਹੈ।
ਇਸ ਬਾਲ ਨਾਵਲ ਦੇ ਆਰੰਭਕ ਕਾਂਡ ਵਿਚ ਬਾਲ ਪਾਤਰ ਸੋਨਾ ਅਤੇ ਟਿਲਕੂ ਇਕ ਪੰਛੀ ਦੇ ਆਲ੍ਹਣੇ ਵਿਚ ਆਂਡਿਆਂ ਅਤੇ ਫਿਰ ਉਨ੍ਹਾਂ ਵਿਚੋਂ ਨਿਕਲੇ ਬੋਟਾਂ ਨੂੰ ਕਾਂਵਾਂ-ਸੱਪ ਆਦਿ ਤੋਂ ਬੜੀ ਮੁਸਤੈਦੀ ਨਾਲ ਸੁਰੱਖਿਆ ਪ੍ਰਦਾਨ ਕਰਕੇ ਜ਼ਿੰਮੇਵਾਰੀ ਨਿਭਾਉਂਦੇ ਹਨ। ਇੱਥੋਂ ਹੀ ਉਨ੍ਹਾਂ ਦੇ ਅੰਦਰ ਜੀਵ-ਜੰਤੂਆਂ ਪ੍ਰਤੀ ਸਨੇਹ ਦੀ ਭਾਵਨਾ ਉਤਪੰਨ ਹੋਣ ਲਗਦੀ ਹੈ। ਨਤੀਜਤਨ ਉਹ ਜੰਗਲਾਂ ਅਤੇ ਉਨ੍ਹਾਂ ਵਿਚ ਰਹਿੰਦੇ ਜੀਵ-ਜੰਤੂਆਂ ਦੀ ਰਖਵਾਲੀ ਦਾ ਅਹਿਦ ਲੈਂਦੇ ਹੋਏ ਸਮੁੱਚੀ ਪ੍ਰਕਿਰਤੀ ਨੂੰ ਬਚਾਉਣ ਲਈ ਤਾਣ ਲਗਾ ਦਿੰਦੇ ਹਨ।
ਸੋਨਾ ਅਤੇ ਟਿਲਕੂ ਨਾਲ ਉਨ੍ਹਾਂ ਦੀ ਇਕ ਦੋਸਤ ਜੀਤੀ ਵੀ ਉਨ੍ਹਾਂ ਦੇ ਪ੍ਰਕਿਰਤੀ ਬਚਾਉਣ ਦੇ ਮਿਸ਼ਨ ਨੂੰ ਕਾਮਯਾਬ ਬਣਾਉਣ ਵਿਚ ਉਪਯੋਗੀ ਭੂਮਿਕਾ ਨਿਭਾਉਂਦੀ ਹੈ। ਇਹ ਪਾਤਰ ਜੰਗਲ ਵਿਚ ਜਾ ਕੇ ਗਧੇ, ਤੋਤੇ, ਗਿੱਦੜ, ਹਾਥੀ, ਖ਼ਰਗੋਸ਼ ਅਤੇ ਕੱਛੂਕੁੰਮੇ ਆਦਿ ਜੀਵਾਂ ਨੂੰ ਆਪਣੀ ਮਿੱਤਰਤਾ ਅਤੇ ਸਨੇਹ ਕਾਇਮ ਕਰਦੇ ਹਨ। ਜੰਗਲ ਵਿਚ ਵਿਚਰਦਿਆਂ ਸੋਨਾ ਹੋਰੀਂ ਭਾਂਤ-ਭਾਂਤ ਦੇ ਜੀਵ ਜੰਤੂਆਂ ਦੇ ਵਿਵਹਾਰ, ਖਾਣ ਪੀਣ, ਰਹਿਣ-ਸਹਿਣ, ਉਨ੍ਹਾਂ ਦੀ ਸਰੀਰਕ ਡੀਲ-ਡੌਲ ਅਤੇ ਰੰਗ-ਰੂਪ ਨੂੰ ਬਹੁਤ ਨੇੜਿਓਂ ਤੱਕਦੇ ਹਨ ਅਤੇ ਅਨੁਭਵ ਕਰਦੇ ਹਨ ਕਿ ਪਰਿਵਾਰ ਵਾਂਗ ਵਿਚਰਨ ਵਾਲੇ ਇਨ੍ਹਾਂ ਜੀਵ-ਜੰਤੂਆਂ ਅੰਦਰ ਮਨੁੱਖ ਦੇ ਜ਼ਾਲਮਾਨਾ, ਲਾਲਚੀ ਅਤੇ ਮਤਲਬਪ੍ਰਸਤੀ ਵਿਵਹਾਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਰਕੇ ਉਹ ਮਨੁੱਖ ਨਾਲੋਂ ਦੂਰੀ ਬਣਾ ਕੇ ਰਹਿਣ ਲੱਗ ਪਏ ਹਨ ਅਤੇ ਦੋਵਾਂ ਧਿਰਾਂ ਦਰਮਿਆਨ ਹਮਲਾਵਰ-ਸਥਿਤੀ ਪੈਦਾ ਹੋ ਗਈ ਹੈ। ਇਸੇ ਦੌਰਾਨ ਜੰਗਲਾਤ ਅਫ਼ਸਰ ਦੇਸ਼ਮੁਖ ਇਨ੍ਹਾਂ ਬਾਲ ਪਾਤਰਾਂ ਦਾ ਜੀਵ ਜੰਤੂਆਂ ਅਤੇ ਜੰਗਲ ਪ੍ਰਤੀ ਪਾਕੀਜ਼ ਭਾਵਨਾ ਮਹਿਸੂਸ ਕਰਕੇ ਉਨ੍ਹਾਂ ਲਈ ਮਦਦਗਾਰ ਬਣਦਾ ਹੈ। ਉਹ ਆਪਣੇ ਇਨ੍ਹਾਂ ਦੋਸਤਾਂ ਨਾਲ ਮਿਲ ਕੇ ਨਾ ਕੇਵਲ ਜੰਗਲੀ ਜੀਵ ਜੰਤੂਆਂ ਸਗੋਂ ਪਾਣੀ ਹਵਾ ਆਦਿ ਕੁਦਰਤੀ ਸ੍ਰੋਤਾਂ ਨੂੰ ਸਵੱਛ ਬਣਾਉਣ ਵਿਚ ਪ੍ਰੇਰਕ ਬਣਦਾ ਹੈ। ਸੋਨਾ, ਟਿਲਕੂ ਅਤੇ ਜੀਤੀ ਦੀਆਂ ਪ੍ਰਕਿਰਤੀ ਨੂੰ ਬਚਾਉਣ ਲਈ ਘੜੀਆਂ ਉਸਾਰੂ ਵਿਉਂਤਬੰਦੀਆਂ ਦੀ ਮਹਿਕ ਦੂਰ ਤੱਕ ਫੈਲਣ ਲਗਦੀ ਹੈ ਅਤੇ ਮਨੁੱਖਾਂ ਵਲੋਂ 'ਹਰ ਇਕ ਨੂੰ ਜਿਊਣ ਦਾ ਹੱਕ ਹੈ' ਦੇ ਨਾਅਰੇ ਦਾ ਅਨੁਮੋਦਨ ਕੀਤਾ ਜਾਣ ਲਗਦਾ ਹੈ। ਇਸ ਬਾਲ ਨਾਵਲ ਵਿਚ ਸੋਨਾ ਹੋਰੀਂ ਜੰਗਲਾਤ ਅਫ਼ਸਰ ਦੀ ਨਿਗਰਾਨੀ ਅਧੀਨ ਖੂੰਖਾਰ ਜਾਨਵਰਾਂ ਨਾਲ ਵੀ ਹਮਦਰਦੀ ਅਤੇ ਪਿਆਰ ਦਾ ਰਿਸ਼ਤਾ ਗੰਢਦੇ ਹੋਏ ਸਮੁੱਚਾ ਵਾਤਾਵਰਨ ਖ਼ੁਸ਼ਗਵਾਰ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਸੋਨਾ ਵੱਡਾ ਹੋ ਕੇ ਖ਼ੁਦ ਜੰਗਲਾਤ ਅਫ਼ਸਰ ਬਣਦਾ ਹੈ ਅਤੇ ਉਸ ਦੀ ਸਮੁੱਚੀ ਟੀਮ ਸੂਬੇ ਦੀ ਟੀਮ ਤੋਂ ਜੀਵ ਜੰਤੂਆਂ ਪ੍ਰਤੀ ਕਲਿਆਣਕਾਰੀ ਕਾਰਜਾਂ ਸਦਕਾ ਸਨਮਾਨ ਵੀ ਪ੍ਰਾਪਤ ਕਰਦੀ ਹੈ। ਇਸ ਬਾਲ ਨਾਵਲ ਰਾਹੀਂ ਸਲੋਥ, ਰੀਨੋ, ਪੈਂਗਲਿਨਸ, ਬੋਅਰ, ਗੂਜ਼, ਔਕ, ਮੁਰੇਲਟ, ਰੇਜ਼ਰਬਿੱਲ, ਚਿਕਾਡੀਜ਼, ਫਿੰਚਜ਼, ਗੁੱਲਜ਼, ਜੇਜ਼, ਪਿੰਜੀਅਮ, ਸਾਵੈਲੋਜ਼, ਸਿਫ਼ਟਜ਼, ਵਾਰਬਲਜ਼, ਸਕੂਏਡ, ਕੋਰਲ ਆਦਿ ਅਨੇਕ ਜੰਗਲੀ ਅਤੇ ਸਮੁੰਦਰੀ ਜੀਵ ਜੰਤੂਆਂ ਬਾਰੇ ਪਹਿਲੀ ਵਾਰੀ ਜਾਣਕਾਰੀ ਮਿਲਦੀ ਹੈ।
ਕੁੱਲ ਮਿਲਾ ਕੇ ਇਹ ਬਾਲ ਨਾਵਲ ਜੰਗਲ ਦੀ ਸੁਰੱਖਿਆ ਲਈ ਬਣੇ ਕਾਨੂੰਨ ਦਾ ਪਾਲਣ ਕਰਨ ਅਤੇ ਹਰ ਪ੍ਰਾਣੀ ਦੇ ਜਿਊਣ ਲਈ ਸਾਫ਼-ਸੁਥਰਾ ਵਾਤਾਵਰਨ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਜੀਵ ਜੰਤੂਆਂ ਨਾਲ ਸੰਬੰਧਿਤ ਨੀਤੀ ਕਥਾ ਸਰੋਤ 'ਪੰਚਤੰਤਰ' ਵਾਂਗ ਜੀਵ-ਜੰਤੂਆਂ ਦੇ ਆਪਸੀ ਸੰਵਾਦ ਨਾਲ ਇਸ ਬਾਲ ਨਾਵਲ ਨੂੰ ਦਿਲਚਸਪ ਬਣਾਇਆ ਗਿਆ ਹੈ। ਢੁਕਵੇਂ ਚਿੱਤਰਾਂ ਅਤੇ ਬਾਲ ਕਵਿਤਾਵਾਂ ਸਦਕਾ 'ਅੱਗੋਂ ਕੀ ਹੋਇਆ?' ਬਾਰੇ ਜਾਣਨ ਦੀ ਜਿਗਿਆਸਾ ਨਿਰੰਤਰ ਬਰਕਰਾਰ ਰਹਿੰਦੀ ਹੈ। ਇਸ ਕ੍ਰਿਤ ਦੀ ਆਮਦ ਨਾਲ ਪੰਜਾਬੀ ਬਾਲ-ਨਾਵਲ ਪਰੰਪਰਾ ਵਿਚ ਨਿੱਗਰ ਵਾਧਾ ਹੁੰਦਾ ਹੈ। ਮੈਂ ਬਾਲ-ਪਾਠਕਾਂ ਨੂੰ ਇਹ ਨਾਵਲ ਪੜ੍ਹਨ ਦੀ ਭਰਪੂਰ ਸਿਫ਼ਾਰਸ਼ ਕਰਦਾ ਹਾਂ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ
ਸੰਪਾਦਕ : ਅਮਰ ਸੂਫੀ, ਵਿਜੇ ਕੁਮਾਰ ਮਿੱਤਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 98555-43660
'ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ' ਪੁਸਤਕ ਦੇ ਸੰਪਾਦਕ ਅਮਰ ਸੂਫੀ ਤੇ ਵਿਜੇ ਕੁਮਾਰ ਮਿੱਤਲ ਹਨ। ਸੰਪਾਦਕ ਦੀ ਕਲਾਤਮਕਤਾ ਇਹ ਹੈ ਕਿ ਸ਼ੇਰ ਜੰਗ ਜਾਂਗਲੀ ਦੀ ਜੀਵਨ ਹਿਯਾਤੀ ਨੂੰ ਸਮਝਣ ਲਈ ਵਿਨੈ, ਗਾਇਤਰੀ, ਜਗਤਾਰ, ਕੇ.ਐੱਲ. ਗਰਗ, ਵਿਨੋਦ ਸ਼ਰਮਾ, ਜਸਵੰਤ ਕੰਵਲ, ਜਸਵੰਤ ਵਿਰਦੀ, ਅਰਸ਼ਦਮੀਰ, ਜਗਜੀਤ ਆਨੰਦ, ਪ੍ਰੋਫੈਸਰ ਗੋਪਾਲ ਬੁੱਟਰ, ਸੋਹਣ ਜੋਸ਼, ਕਨ੍ਹਈਆ ਲਾਲ ਕਪੂਰ, ਪਿਆਰਾ ਸਿੰਘ ਦਾਤਾ, ਨਿਰੰਜਨ ਨੂਰ, ਜਤਿੰਦਰ ਪੰਨੂ, ਜੋਗਿੰਦਰ ਨਿਰਾਲਾ, ਮਨਮੋਹਨ ਦਾਊਂ, ਸਵਰਨ ਚੰਦਨ, ਪ੍ਰੋਫ਼ੈਸਰ ਜਸਵੰਤ ਕੈਲਫੀ, ਦੇਵਿੰਦਰ ਕੌਰ, ਸਾਥੀ ਲੁਧਿਆਣਵੀ, ਹਰਜੀਤ ਅਟਵਾਲ, ਕੇ.ਸੀ. ਮੋਹਨ, ਸ਼ਕੁੰਤਲਾ ਰਾਣੋ, ਗਿਆਨ ਸੈਦਪੁਰੀ ਤੇ ਸੁੱਚਾ ਸਿੰਘ ਜਰਮਨੀ ਦੇ ਵਿਚਾਰ ਦਰਜ ਕੀਤੇ ਹਨ। ਇਨ੍ਹਾਂ ਵਿਦਵਾਨਾਂ ਨੇ ਸ਼ੇਰ ਜੰਗ ਜਾਂਗਲੀ ਦੀ ਸੰਗਤ ਨੂੰ ਮਾਣਿਆ ਹੈ। ਉਹ ਹਾਸ- ਵਿਅੰਗ ਲੇਖਾਂ ਦੇ ਧਨੀ ਸਨ। ਉਨ੍ਹਾਂ ਦੀ ਪਹਿਲੀ ਹਾਸ-ਵਿਅੰਗ ਪੁਸਤਕ ਝੁਰ ਝੁਰ ਸੀ। ਮੋਹਨ ਸਿੰਘ ਜੋਸ਼ ਦਾ ਵਿਚਾਰ ਸੀ, ਪੰਜਾਬੀ ਸਾਹਿਤ ਨੂੰ ਦਰਜਨਾਂ ਸ਼ੇਰ ਜੰਗ ਜਾਂਗਲੀਆਂ ਦੀ ਲੋੜ ਹੈ।
ਹਾਸ-ਵਿਅੰਗ ਨੂੰ ਪੰਜਵਾਂ ਟਾਇਰ ਸਮਝਿਆ ਜਾਂਦਾ ਸੀ। ਇਹੋ ਕਾਰਨ ਸੀ ਕਿ ਹਾਸ ਵਿਅੰਗ ਦਾ ਆਲੋਚਨਾਤਮਕ ਅਧਿਐਨ ਨਾਂਹ ਦੇ ਬਰਾਬਰ ਹੈ। ਸ਼ੇਰ ਜੰਗ ਜਾਂਗਲੀ ਬੇਬਾਕੀ ਨਾਲ ਕਹਿੰਦਾ ਹੈ, ਪੰਜਾਬੀ ਸਾਹਿਤ ਦੇ ਅਖੌਤੀ ਬੁੱਧੀਜੀਵੀ ਜਾਂ ਆਲੋਚਕ ਹਾਸ-ਵਿਅੰਗ ਲੇਖਾਂ ਨੂੰ ਇਸ ਲਈ ਤਾਂ ਨਜ਼ਰ ਅੰਦਾਜ਼ ਨਹੀਂ ਕਰ ਰਹੇ ਕਿ ਕਈ ਹਾਸ-ਵਿਅੰਗ ਲੇਖਕਾਂ ਨੇ ਆਪਣੇ ਲੇਖਾਂ ਵਿਚ ਇਨ੍ਹਾਂ ਦੇ ਮਖੌਟੇ ਲਾਏ ਹਨ। ਉਹ ਹਾਸ-ਵਿਅੰਗ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਦੁਖੀ ਹੁੰਦਾ ਸੀ। ਡਾ. ਜਗਤਾਰ ਨੇ ਆਪਣੇ ਰੇਖਾ ਚਿੱਤਰ ਰਾਹੀਂ ਸ਼ੇਰ ਜੰਗ ਜਾਂਗਲੀ ਦੀ ਫੱਕਰ ਤੇ ਆਜ਼ਾਦਰਾਨਾ ਤਬੀਅਤ ਦੇ ਦਰਸ਼ਨ ਕਰਵਾਏ ਹਨ। ਉਸ ਦਾ ਵਿਰੋਧੀ ਪ੍ਰਸਥਿਤੀਆਂ ਵਿਚ ਵੀ ਚੜ੍ਹਦੀ ਕਲਾ ਵਰਗਾ ਸੁਭਾਅ ਉਜਾਗਰ ਹੁੰਦਾ ਹੈ। ਜਗਤਾਰ ਨੇ ਸ਼ੇਰ ਜੰਗ ਜਾਂਗਲੀ ਦੇ ਜੀਣ-ਥੀਣ ਦੇ ਤਜਰਬਿਆਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਸੇਖੋਂ, ਮੀਸ਼ਾ, ਗੁਰਦਿਆਲ ਸਿੰਘ ਤੇ ਸ਼ਿਵ ਕੁਮਾਰ 'ਤੇ ਵੀ ਟਿੱਪਣੀ ਕਰਦਾ ਹੈ, ਜੋ ਪੁਰਸਕਾਰਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਰਦੇ ਸਨ। ਪੁਸਤਕ ਵਿਦਿਆਰਥੀਆਂ, ਖੋਜ ਵਿਦਿਆਰਥੀਆਂ ਤੇ ਚਿੰਤਕਾਂ ਲਈ ਵਾਚਣਯੋਗ ਹੈ, ਤਾਂ ਜੋ ਜੀਵਨ ਮੁੱਲਾਂ ਨੂੰ ਸਮਝਿਆ ਜਾ ਸਕੇ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਧੁੱਪ ਛਾਂ ਦੇ ਖ਼ਤ
ਲੇਖਕ : ਹਰਵਿੰਦਰ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 98550-36890
ਹਰਵਿੰਦਰ ਭੰਡਾਲ ਪੰਜਾਬੀ ਦਾ ਚਰਚਿਤ ਲੇਖਕ ਹੈ। ਉਸ ਨੇ ਸਾਹਿਤ ਦੀ ਲਗਭਗ ਹਰ ਵਿਧਾ ਵਿਚ ਲਿਖਿਆ ਹੈ। ਮੁੱਖ ਤੌਰ 'ਤੇ ਉਹ ਕਵੀ ਹੈ ਤੇ ਉਸ ਦੀਆਂ ਚਾਰ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਨਾਵਲ (2), ਚਿੰਤਨ (4), ਜੀਵਨੀ (1), ਸਫ਼ਰਨਾਮਾ (1), ਇਤਿਹਾਸ (4), ਅਨੁਵਾਦ (3), ਸੰਪਾਦਨ (3), ਸਿੱਖਿਆ (5), ਸਹਿ-ਸੰਪਾਦਨ (4) ਵਿਚ ਵੀ ਉਸ ਨੇ ਜ਼ਿਕਰਯੋਗ ਕੰਮ ਕੀਤਾ ਹੈ। ਹਥਲਾ ਨਾਵਲ ਵੱਖਰੀ ਭਾਂਤ ਦਾ ਹੈ, ਜਿਸ ਵਿਚ ਉਸ ਨੇ ਖ਼ਤਾਂ ਰਾਹੀਂ ਨਾਰੀ-ਮਨ ਦੀ ਵੇਦਨਾ, ਅਭਿਲਾਖਾ ਤੇ ਕਾਮਨਾ ਨੂੰ ਅਭਿਵਿਅਕਤੀ ਦਿੱਤੀ ਹੈ। ਇਸ ਵਿਚ ਲੰਮੇ-ਲੰਮੇ (ਕ੍ਰਮਵਾਰ 62, 62 ਅਤੇ 54 ਪੰਨੇ ਦੇ) ਤਿੰਨ ਖ਼ਤਾਂ ਦਾ ਵੇਰਵਾ ਹੈ, ਜੋ ਕੁਲਜੀਤ, ਦਿਵਿਆ ਅਤੇ ਨੇਹਾ ਵਲੋਂ ਆਪਣੇ ਅਧਿਆਪਕ ਨੂੰ ਲਿਖੇ ਗਏ ਹਨ। ਇਨ੍ਹਾਂ ਖ਼ਤਾਂ ਉੱਤੇ ਮਿਤੀਆਂ ਅਤੇ ਸਥਾਨ ਦਾ ਵੀ ਜ਼ਿਕਰ ਹੈ, ਅਜਿਹੀਆਂ ਥਾਂਵਾਂ ਜੋ ਖ਼ਤਾਂ ਦੀਆਂ ਲੇਖਕਾਵਾਂ ਦੀ ਮਾਨਸਿਕ ਹਾਲਤ ਨੂੰ ਦਰਸਾਉਂਦੀਆਂ ਹਨ। ਸਾਰੇ ਹੀ ਖ਼ਤਾਂ ਦੇ ਮੁੱਢ ਵਿਚ ਸੁਰਜੀਤ ਪਾਤਰ ਦੀ ਗ਼ਜ਼ਲ ਦਾ ਇਕ-ਇਕ ਸ਼ੇਅਰ ਹੈ। ਇਹ ਸਾਰੇ ਖ਼ਤ ਪੜ੍ਹਨ ਵਾਲੀਆਂ ਕੁੜੀਆਂ ਵਲੋਂ ਆਪਣੇ ਅਧਿਆਪਕ ਨੂੰ ਲਿਖੇ ਗਏ ਹਨ। ਪਹਿਲੇ ਦੋ ਖ਼ਤਾਂ ਵਿਚ ਅਧਿਆਪਕ ਦਾ ਨਾਂਅ ਨਹੀਂ ਆਇਆ ਸਿਰਫ਼ ਤੀਜੇ ਖ਼ਤ ਵਿਚ ਨਾਂਅ ਲਿਖਿਆ ਹੈ-ਕਰਮਜੀਤ ਸਿੰਘ। ਸੰਭਵ ਹੈ ਕਿ ਇਹ ਤਿੰਨੇ ਕੁੜੀਆਂ ਇਕੋ ਅਧਿਆਪਕ ਨੂੰ ਸੰਬੋਧਿਤ ਹੋਣ। ਅਸਲ ਵਿਚ ਖ਼ਤਾਂ ਰਾਹੀਂ ਪਿੱਤਰ ਸੱਤਾ/ਮਰਦ ਪ੍ਰਧਾਨ ਸਮਾਜ ਤੇ ਡੂੰਘਾ ਪ੍ਰਹਾਰ ਕੀਤਾ ਗਿਆ ਹੈ, ਜਿਸ ਵਿਚ ਮਰਦਾਂ/ਭਰਾਵਾਂ ਵਲੋਂ ਕੁਝ ਵੀ ਕਰਨ ਦੀ ਖੁੱਲ੍ਹ ਹੈ ਪਰ ਕੁੜੀਆਂ/ਮਾਵਾਂ ਨੂੰ ਕੁਝ ਕਰਨ ਲਈ ਮਰਦਾਂ/ਭਰਾਵਾਂ ਦੇ ਮੂੰਹ ਵੱਲ ਝਾਕਣਾ ਪੈਂਦਾ ਹੈ। ਕਿਤੇ-ਕਿਤੇ ਦਾਦੀਆਂ ਵੀ ਪੋਤੀਆਂ ਦੇ ਰਾਹਾਂ ਵਿਚ ਕੰਡੇ ਖਿਲਾਰਦੀਆਂ ਹਨ। ਜਿੱਥੇ ਕਿਤੇ ਵੀ ਧੀ-ਧਿਆਣੀ ਨੇ ਕੋਈ ਖੁੱਲ੍ਹ ਲਈ, ਉਸ ਨੂੰ ਮੌਤ ਦੀ ਸਜ਼ਾ ਮਿਲੀ। ਕਿਤਾਬਾਂ, ਅਖ਼ਬਾਰ, ਟੀ.ਵੀ., ਫ਼ਿਲਮਾਂ ਤੇ ਅਧਿਆਪਕ ਜ਼ਿੰਦਗੀ/ਸਾਹ ਲੈਣ ਵੱਲ ਖੁੱਲ੍ਹਦੀਆਂ ਖਿੜਕੀਆਂ ਹਨ, ਜਿਨ੍ਹਾਂ ਰਾਹੀਂ ਆਜ਼ਾਦੀ ਤੇ ਬਰਾਬਰੀ ਦੇ ਅਰਥ ਪਤਾ ਲੱਗਦੇ ਹਨ, ਨਾਵਲ ਵਿਚ ਨਾਰੀ-ਮਨ ਦੀ ਛੁਪੀ ਸਤਹਿ ਦਾ ਮਾਰਮਿਕ ਅਵਲੋਕਨ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕਿੱਸਾ ਕਾਕਾ ਪਰਤਾਪੀ
ਲੇਖਕ : ਸੁੱਖੀ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 336
ਸੰਪਰਕ : 98154-88909
'ਕਿੱਸਾ ਕਾਕਾ ਪ੍ਰਤਾਪੀ' ਇਕ ਸੱਚੀ ਪ੍ਰੇਮ ਕਹਾਣੀ 'ਤੇ ਆਧਾਰਿਤ ਨਾਵਲ ਹੈ। ਇਹ ਪ੍ਰੇਮ ਗਾਥਾ ਦੀ ਘਟਨਾ ਨਾਭਾ ਰਿਆਸਤ ਦੇ ਖੰਨਾ, ਸਮਰਾਲਾ, ਰੁਪਾਲੋਂ ਤੇ ਲੋਪੋਂ ਦੇ ਮਲਵਈ ਟਿੱਬਿਆਂ ਦੇ ਇਲਾਕੇ ਵਿਚ ਕਰੀਬ ਡੇਢ ਕੁ ਸਦੀ ਪਹਿਲਾਂ ਮਹਾਰਾਜਾ ਹੀਰਾ ਸਿੰਘ ਦੇ ਸਮੇਂ ਵਾਪਰੀ ਦੱਸਦੀ ਹੈ। ਇਸ ਨਾਵਲ ਦੀ ਗਾਥਾ ਅਨੁਸਾਰ ਘਰ ਪਰਿਵਾਰ ਵਲੋਂ (ਪਰਤਾਪੀ) ਦੇ ਜਨਮ ਨੂੰ ਅਸ਼ੁਭ ਸਮਝਣ ਦੇ ਬਾਵਜੂਦ ਵੀ ਮਾਂ ਨੇ ਪਾਲਣ ਪੋਸ਼ਣ ਲਈ ਪੂਰੀ ਜਦੋਜਹਿਦ ਕੀਤੀ। ਇਹ ਨੰਨ੍ਹੀ ਪਰੀ ਜਿਉਂ-ਜਿਉਂ ਜਵਾਨੀ ਵੱਲ ਪੈਰ ਧਰਦੀ ਗਈ, ਤਿਉਂ-ਤਿਉਂ ਹੁਸਨਾਂ ਦਾ ਜਾਦੂ ਆਲੇ-ਦੁਆਲੇ ਦੇ ਸਿਰ ਚੜ੍ਹ ਕੇ ਬੋਲਣ ਲੱਗਾ। ਉਧਰ ਰੁਪਾਲੋਂ ਦੇ ਵੱਡੇ ਘਰ (ਜ਼ੈਲਦਾਰ ਸਰਦਾਰ) ਦਾ ਕਾਕਾ ਛੈਲ-ਛਬੀਲਾ ਗੱਭਰੂ ਕਿਰਪਾਲ ਸਿੰਘ ਉਰਫ਼ ਕਾਕਾ ਆਪਣੇ ਜੀਵਨ ਦੀ ਮੌਜ਼ ਮਸਤੀ ਨੂੰ ਮਾਣ ਰਿਹਾ ਹੈ। ਤੀਆਂ ਦੇ ਤਿਉਹਾਰ ਸਮੇਂ ਸਬੱਬੀਂ ਕਾਕੇ ਤੇ ਪਰਤਾਪੀ ਦੇ ਜਿਉਂ ਹੀ ਪਹਿਲੀ ਵਾਰ ਨੈਣ ਮਿਲਦੇ ਹਨ ਤਾਂ ਉਹ ਇਕ-ਦੂਜੇ ਦੇ ਹੋ ਕੇ ਰਹਿ ਗਏ। ਫਿਰ ਆਨੇ-ਬਹਾਨੇ ਮਿਲ ਕੇ ਕਈ ਕੌਲ ਇਕਰਾਰ ਵੀ ਕਰ ਲਏ ਗਏ। ਪਰ ਜਾਤ ਪਾਤ ਦੇ ਅੜਿੱਕੇ ਨੇ ਇਨ੍ਹਾਂ ਦੇ ਰਿਸ਼ਤੇ 'ਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ। ਪਰਤਾਪੀ ਦਾ ਪਿਉ ਨੇ ਬਰਾਦਰੀ ਤੋਂ ਬਾਹਰਲੇ ਰਿਸ਼ਤੇ ਨੂੰ ਨੱਕ ਦਾ ਸੁਆਲ ਬਣਾ ਲਿਆ ਤੇ ਆਪਣੀ ਹੱਤਕ ਸਮਝਦਿਆਂ ਉਹ ਪਰਤਾਪੀ ਦੀ ਮਰਜ਼ੀ ਦੇ ਉਲਟ ਰਿਸ਼ਤਾ ਆਪਣੀ ਬਰਾਦਰੀ ਜਾਤ ਵਿਚ ਹੀ ਤੈਅ ਕਰ ਆਇਆ। ਜੋ ਪਰਤਾਪੀ ਤੇ ਕਾਕੇ ਨੂੰ ਉੱਕਾ ਮਨਜ਼ੂਰ ਨਹੀਂ ਸੀ। ਅਣਮੰਨੇ ਨਾਲ ਵਿਆਹੀ ਗਈ ਪਰਤਾਪੀ ਦੀ ਡੋਲੀ ਨੂੰ ਜਦ ਕਾਕੇ ਨੇ ਆਪਣੀ ਢਾਣੀ ਦੇ ਹਿੱਕ ਦੇ ਜ਼ੋਰ ਨਾਲ ਖੋਹ ਲਿਆ ਤੇ ਪਰਤਾਪੀ ਮਨੋਂ ਬਹੁਤ ਖ਼ੁਸ਼ ਸੀ। ਪਰ ਲੁੱਟ ਦੇ ਸ਼ਿਕਾਰ ਉਸ ਦੇ ਸਹੁਰਿਆਂ ਨੇ ਇਸ ਨੂੰ ਆਪਣੀ ਇਕ ਵੱਡੀ ਬੇਇੱਜ਼ਤੀ ਸਮਝਦਿਆਂ ਠਾਣੇ ਜਾ ਸ਼ਿਕਾਇਤ ਕੀਤੀ ਪਰ ਵਿਕਾਊ ਠਾਣੇਦਾਰ ਨੇ ਜ਼ੈਲਦਾਰਾਂ ਦੀ ਪੂਰੀ ਪੁਸ਼ਤ ਪਨਾਹੀ ਕਰਦਿਆਂ ਪੀੜਤ ਮੁਦਈ ਨੂੰ ਹੱਥਕੜੀਆਂ ਲਾ ਕੇ ਬੇਨਿਆਈਂ/ਬੇਇਨਸਾਫ਼ੀ ਦੀ ਇੰਤਾਹ ਹੀ ਕਰ ਦਿੱਤੀ। ਪਰਤਾਪੀ ਦੇ ਮਾਪੇ ਅਤੇ ਸਹੁਰੇ ਦੀ ਹਾਲਤ ਨਾ ਮਰਿਆਂ 'ਚ ਵਾਲੀ ਹੋ ਗਈ। ਕਾਕੇ ਦੀ ਮਾਂ ਜ਼ੈਲਦਾਰਨੀ ਅਤਰੀ ਵਲੋਂ ਕਮੀਣੀ ਜਾਤ ਦੇ ਮੁੱਦੇ ਨੂੰ ਲੈ ਕੇ ਪਰਤਾਪੀ ਤੇ ਕਾਕੇ ਦੇ ਇਸ ਪ੍ਰੇਮ ਰਿਸ਼ਤੇ ਨਾਲ ਕਾਟੋ ਕਲੇਸ਼ ਪਾ ਦਿੱਤੀ ਜਿਸ ਕਰਕੇ ਕਾਕੇ ਤੇ ਪਰਤਾਪੀ ਨੂੰ ਘਰੋਂ ਬੇਘਰ ਹੋਣਾ ਪਿਆ। ਆਪਣੇ ਪਿਆਰ ਪਰਤਾਪੀ ਨੂੰ ਰਿਸ਼ਤੇਦਾਰਾਂ ਵਿਚ ਛੱਡ ਕੇ ਕਾਕਾ ਫ਼ੌਜ ਵਿਚ ਭਰਤੀ ਹੋ ਗਿਆ। ਜ਼ੈਲਦਾਰਨੀ ਨੇ ਪੈਸੇ ਦੇ ਜ਼ੋਰ ਨਾਲ ਪਰਤਾਪੀ ਦਾ ਫਾਹਾ ਵਢਾ ਦਿੱਤਾ ਹੈ।
ਇਸ ਨਾਵਲ ਵਿਚ ਸਾਰਥਿਕ ਸੰਦੇਸ਼ ਇਹ ਵੀ ਮਿਲਦਾ ਹੈ ਕਿ ਬਹੁਤ ਸਾਰੀਆਂ ਬੁਰਾਈਆਂ ਵਿਚ ਫਸੇ ਵਿਅਕਤੀ ਵੀ ਪ੍ਰੇਮ ਪਿਆਰ ਦੇ ਵੇਗ ਨਾਲ ਸਾਕਾਰਾਤਮਕ ਕੰਮਾਂ ਅਤੇ ਜੀਵਨ ਵਿਚ ਉਪਲੱਬਧੀਆਂ ਕਮਾਉਣ ਵੱਲ ਸੇਧਤ ਹੋ ਸਕਦੇ ਹਨ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਿੱਟੀ ਦਾ ਮੋਰ
ਗੀਤਕਾਰ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 185
ਸੰਪਰਕ : 98760-62329
ਇਸ ਗੀਤ ਸੰਗ੍ਰਹਿ ਵਿਚ ਸਾਹਿਤਕ ਅਤੇ ਸੱਭਿਆਚਾਰਕ ਰੰਗ ਦੇ ਰਿਕਾਰਡ ਹੋਏ ਗੀਤ ਸ਼ਾਮਿਲ ਕੀਤੇ ਗਏ ਹਨ। ਇਹ ਸਾਫ਼-ਸੁਥਰੇ ਗੀਤ ਪ੍ਰਸਿੱਧ ਗਾਇਕ ਗਾਇਕਾਵਾਂ ਨੇ ਗਾਏ ਹਨ। ਲਗਭਗ ਸਾਰੇ ਗੀਤ ਦੁਨਿਆਵੀ ਪਿਆਰ ਮੁਹੱਬਤ ਦੁਆਲੇ ਘੁੰਮਦੇ ਹਨ। ਆਓ, ਕੁਝ ਝਲਕਾਂ ਮਾਣੀਏ:
ਤੇਰਾ ਮੇਰਾ ਝਗੜਾ ਹੈ ਹੋਰ ਮਾਹੀਆ
ਵੇ ਤੂੰ ਗੜਵਾ ਮੈਂ ਤੇਰੀ ਡੋਰ ਮਾਹੀਆ।
ਜਦ ਪ੍ਰਦੇਸਾਂ ਵਿਚ ਯਾਦ ਵਤਨ ਦੀ ਆਉਂਦੀ ਏ
ਡਾਰੋਂ ਵਿਛੜੀ ਕੂੰਜ ਦੇ ਵਾਂਗੂੰ ਰੂਹ ਕੁਰਲਾਉਂਦੀ ਏ।
ਮੋਤੀਓਂ ਮਹਿੰਗਾ ਹਰਫ਼ ਇਸ਼ਕ ਦਾ
ਤੂੰ ਕੀ ਜਾਣੇ ਸਾਰਾਂ ਵੇ।
ਰੂਹਾਂ ਨੂੰ ਜਦ ਹਾਣੀ ਲੱਭਦੇ
ਕੀ ਜਿੱਤਾਂ ਕੀ ਹਾਰਾਂ ਵੇ।
ਭੈਣ ਮਰੇ ਤਾਂ ਰੱਖੜੀ ਮਰਦੀ
ਤੇ ਵੀਰ ਮਰਨ ਤਾਂ ਬਾਹਵਾਂ।
ਬਾਪ ਮਰੇ ਬੇਫਿਕਰੀ ਮਰਦੀ,
ਤੇ ਮਾਂ ਮਰਦੀ ਤਾਂ ਛਾਵਾਂ।
ਸਾਰੇ ਜਗ ਦੀ ਉਦਾਸੀ
ਮੇਰੀ ਝੋਲੀ ਵਿਚ ਪਾ ਕੇ
ਇਕ ਵੈਰੀ ਮੇਰੇ ਹਾਸਿਆਂ
ਨੂੰ ਲੈ ਗਿਆ ਚੁਰਾ ਕੇ।
ਅੱਜਕਲ੍ਹ ਬਹੁਤੇ ਗੀਤਾਂ ਵਿਚੋਂ ਅਸ਼ਲੀਲਤਾ ਅਤੇ ਬੇਸਿਰ-ਪੈਰੀ ਤੁਕਬੰਦੀ ਹੀ ਲੱਭਦੀ ਹੈ। ਇਹ ਪੁਸਤਕ ਵਧੀਆ ਗੀਤਕਾਰੀ ਦੀ ਝਲਕ ਪੇਸ਼ ਕਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸਦਾ ਮੁਸਕਰਾਉਂਦੇ ਰਹੋ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 98141-45047
'ਸਦਾ ਮੁਸਕਰਾਉਂਦੇ ਰਹੋ' ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਨਵ-ਪ੍ਰਕਾਸ਼ਿਤ ਕ੍ਰਿਤ ਹੈ, ਜੋ ਬ੍ਰਹਮ ਕੁਮਾਰੀ ਮਿਸ਼ਨ ਤੋਂ ਪ੍ਰੇਰਨਾ ਅਤੇ ਪ੍ਰਭਾਵ ਗ੍ਰਹਿਣ ਕਰ ਕੇ ਰਚੀ ਗਈ ਹੈ। ਲੇਖਿਕਾ ਨੇ ਇਸ ਨਿਬੰਧ ਸੰਗ੍ਰਹਿ ਨੂੰ ਵੀਹ ਅਧਿਆਇਆਂ ਵਿਚ ਵੰਡਿਆ ਹੈ। ਬੇਸ਼ੱਕ ਇਹ ਸਾਰੇ ਅਧਿਆਇ ਆਪਣੇ-ਆਪ ਵਿਚ ਸੰਪੂਰਨ ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਇਹ ਸਾਰੇ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ। ਹਥਲੀ ਪੁਸਤਕ ਪ੍ਰੇਮ (ਪਿਆਰ) ਅਤੇ ਖ਼ੁਸ਼ੀ ਦੇ ਭਾਵਾਂ ਨੂੰ ਬੜੀ ਖੂਬਸੂਰਤੀ ਅਤੇ ਸ਼ਿੱਦਤ ਨਾਲ ਉਜਾਗਰ ਕਰਦੀ ਹੈ। ਡਾ. ਮਿਨਹਾਸ ਵਲੋਂ ਰਚਨਾ ਦੇ ਆਰੰਭ ਵਿਚ ਦਰਜ ਕੀਤੇ ਸ਼ਬਦ ਪੁਸਤਕ ਲਿਖਣ ਦਾ ਅਸਲੀ ਮੰਤਵ ਸਹਿਜ ਰੂਪ ਵਿਚ ਉਜਾਗਰ ਕਰ ਦਿੰਦੇ ਹਨ, 'ਸਾਰਾ ਸੰਸਾਰ ਪਿਆਰ ਦਾ ਭੁੱਖਾ ਹੈ। ਸਾਨੂੰ ਆਪਣੇ-ਆਪ ਨੂੰ ਪਿਆਰ ਨਾਲ ਭਰ ਕੇ ਉਦੋਂ ਤੱਕ ਇਸ ਨੂੰ ਵੰਡਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਅਸੀਂ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਨਾ ਲੈ ਲਈਏ। ਫਿਰ ਹੀ ਅਸੀਂ ਸਹੀ ਸ਼ਬਦਾਂ ਵਿਚ ਸੱਚੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ।' ਲੇਖਿਕਾ ਨੇ ਆਪਣੇ ਇਕ ਨਿਬੰਧ 'ਖੁਸ਼ੀ ਸਭ ਤੋਂ ਚੰਗੀ ਖੁਰਾਕ' ਵਿਚ ਖੁਸ਼ੀ ਹਾਸਿਲ ਕਰਨ ਲਈ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਲਿਖਿਆ ਹੈ, 'ਹਰ ਵਿਅਕਤੀ ਆਪਣੇ ਜੀਵਨ ਵਿਚ ਖੁਸ਼ ਰਹਿਣਾ ਚਾਹੁੰਦਾ ਹੈ। ਖੁਸ਼ੀ ਨੂੰ ਪ੍ਰਾਪਤ ਕਰਨ ਦਾ ਸਰਲ ਅਤੇ ਸਿੱਧਾ ਤਰੀਕਾ ਇਹ ਹੈ ਕਿ ਖ਼ੁਸ਼ੀ ਵਾਲੀਆਂ ਬੀਤੀਆਂ ਘੜੀਆਂ ਬਾਰੇ ਸੋਚਣ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ। ਆਪਣੇ ਜੀਵਨ ਵਿਚ ਖੁਸ਼ ਰਹਿਣ ਲਈ ਸਾਨੂੰ ਸ੍ਰੇਸ਼ਠ ਧਾਰਨਾਵਾਂ ਨੂੰ ਆਪਣੇ ਮਨ, ਵਚਨ ਅਤੇ ਕਰਮ ਵਿਚ ਧਾਰਨ ਕਰਨਾ ਹੋਵੇਗਾ। ਸ੍ਰੇਸ਼ਠ ਧਾਰਨਾਵਾਂ ਅਤੇ ਖੁਸ਼ੀ ਦਾ ਆਪਸ ਵਿਚ ਸੂਰਜ ਅਤੇ ਕਿਰਨ ਵਾਲਾ ਸੰਬੰਧ ਹੈ। ਜੇ ਅਸੀਂ ਕਿਸੇ ਦੀ ਨਿੰਦਾ ਨਾ ਕਰੀਏ, ਸੁਣੀਆਂ-ਸੁਣਾਈਆਂ ਗੱਲਾਂ ਉੱਪਰ ਵਿਸ਼ਵਾਸ ਨਾ ਕਰੀਏ, ਕਿਸੇ ਲਈ ਬਦਲੇ ਦੀ ਭਾਵਨਾ ਆਪਣੇ ਅੰਦਰ ਨਾ ਰੱਖੀਏ, ਸੇਵਾ ਕਰਨ ਨੂੰ ਮਹੱਤਵ ਦੇਈਏ, ਆਪਣੇ ਅਧਿਕਾਰਾਂ ਅਤੇ ਕਰਤਵਾਂ ਵਿਚ ਸੰਤੁਲਨ ਬਣਾ ਕੇ ਰੱਖੀਏ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਊ ਸਕਦੇ ਹਾਂ।' ਇਸ ਰਚਨਾ ਦੇ ਹੋਰ ਨਿਬੰਧਾਂ ਵਿਚੋਂ 'ਦੁਆਵਾਂ ਦਿਓ ਦੁਆਵਾਂ ਲਓ', 'ਸਦਾ ਰੂਹਾਨੀ ਨਸ਼ੇ ਵਿਚ ਰਹੋ', 'ਮਨੁੱਖ ਵਿਚ ਪਰਿਵਰਤਨ ਨਾਲ ਹੋਰ ਪਰਿਵਰਤਨ', 'ਅਸਲੀ ਐਸ਼ ਆਰਾਮ ਕੀ ਹੈ?', 'ਕਰਮ ਸਿਧਾਂਤ', 'ਆਪਣੇ-ਆਪ ਨੂੰ ਆਤਮਾ ਸਮਝੋ', 'ਜਨਮ ਤੇ ਮਰਨ ਰੱਬ ਦਾ ਅਟੱਲ ਨਿਯਮ', 'ਜੈਸੀ ਸੰਗਤ ਤੈਸੀ ਰੰਗਤ', 'ਆਤਮਾ ਰੂਪੀ ਬੈਟਰੀ ਨੂੰ ਚਾਰਜ ਰੱਖੋ', 'ਸਦਾ ਮੁਸਕਰਾਉਂਦੇ ਰਹੋ', 'ਹਊਮੈ ਇਕ ਰਾਵਣ', 'ਪਰਮ ਪਿਤਾ ਪਰਮਾਤਮਾ ਦੀਆਂ ਵਡਿਆਈਆਂ', 'ਪਰਮਾਤਮਾ ਨਾਲ ਪਿਆਰ ਜਿਹਾ ਰਿਸ਼ਤਾ', 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ', 'ਬਾਬਾ ਲੇਖ ਰਾਜ ਜੀ ਤੇ ਉਨ੍ਹਾਂ ਦੇ ਅਨਮੋਲ ਵਚਨ', 'ਸੱਚੀ ਖੁਸ਼ੀ', 'ਮੇਰੀ ਮਾਊਂਟ ਆਬੂ ਦੀ ਯਾਤਰਾ' ਵਿਚ ਸਾਫ਼-ਸੁਥਰੀ ਪਾਕਿ ਪਵਿੱਤਰ ਜ਼ਿੰਦਗੀ ਜਿਊਣ ਦਾ ਢੰਗ ਸਰਲਤਾ ਸਹਿਤ ਸਪੱਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਦੁੱਲਾ ਭੱਟੀ
ਲੇਖਕ : ਦਲਬਾਰ ਸਿੰਘ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਸ਼ਰਜ਼ ਦਿੱਲੀ
ਮੁੱਲ : 200 ਰੁਪਏ, ਸਫ਼ੇ : 92
ਸੰਪਰਕ : 95921-94705
ਦੁੱਲਾ ਭੱਟੀ ਦੀ ਲੋਕ ਗਾਥਾ ਨੂੰ ਮਲਵਈ ਗਿੱਧਾ ਨਾਟ-ਰੂਪ ਰਾਹੀਂ ਪੇਸ਼ ਕਰਨ ਦੀ ਪਹਿਲ ਕਦਮੀ ਦਲਬਾਰ ਸਿੰਘ ਨੇ ਕੀਤੀ ਹੈ। ਮਲਵਈ ਗਿੱਧਾ ਮਰਦਾਂ ਦਾ ਲੋਕ ਨਾਚ ਹੈ ਜਿਸ ਦੀ ਸ਼ੁਰੂਆਤ ਮਾਲਵੇ ਵਿਚੋਂ ਹੋਈ ਅਤੇ ਦਲਬਾਰ ਸਿੰਘ ਮਲਵਈ ਗਿੱਧੇ ਨੂੰ ਮੰਚ 'ਤੇ ਲਿਆਉਣ ਵਾਲੇ ਮੋਢੀਆਂ ਵਿਚੋਂ ਹੈ। ਦੁੱਲਾ ਭੱਟੀ ਗਾਥਾ ਨੂੰ ਨਾਟਕੀ ਰੂਪ ਦਿੰਦਿਆਂ ਉਸ ਨੇ ਮਲਵਈ ਬੋਲੀਆਂ ਰਾਹੀਂ ਸੰਵਾਦ ਰਚਾਇਆ ਹੈ। ਪੰਜਾਬ ਦੀ ਇਸ ਸੂਰਮਗਤੀ ਗਾਥਾ ਦਾ ਮਰਦਾਂ ਦੇ ਗਿੱਧੇ ਦੀ ਪੇਸ਼ਕਾਰੀ ਦੀ ਵਿਧਾ ਨਾਲ ਸੁਤੰਤਰ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਤ ਹੋਣਾ ਅਨੋਖਾ ਵੀ ਹੈ, ਪਲੇਠਾ ਵੀ ਅਤੇ ਦਿਲਚਸਪ ਵੀ। ਨਾਟਕ ਦੇ ਖੇਤਰ ਵਿਚ ਦਲਬਾਰ ਸਿੰਘ ਦਾ ਇਹ ਮੌਲਿਕ ਅਤੇ ਨਵੀਨ ਤਜਰਬਾ ਹੈ। ਦਲਬਾਰ ਸਿੰਘ ਨੇ ਮਲਵਈ ਗਿੱਧੇ ਦੀ ਪੇਸ਼ਕਾਰੀ ਅਨੁਸਾਰ ਹੀ ਇਸ ਗਾਥਾ ਨੂੰ ਮੰਚਿਤ ਕਰਨ ਦੀ ਵਿਧੀ ਦਿੱਤੀ ਹੈ। ਸਾਰੀ ਦੀ ਸਾਰੀ ਵਾਰਤਾਲਾਪ ਅਤੇ ਕਥਾਨਕ ਬੋਲੀਆਂ ਵਿਚ ਉਸਾਰਿਆ ਗਿਆ ਹੈ। ਇਸ ਕਰਕੇ ਬਾਕੀ ਨਾਟਕਾਂ ਨਾਲੋਂ ਵਿਲੱਖਣਤਾ ਇਹ ਹੈ ਕਿ ਅਦਾਕਾਰੀ ਅਤੇ ਲੋਕ ਨਾਚ ਦੋਵਾਂ ਦੀ ਮੁਹਾਰਤ ਰੱਖਣ ਵਾਲੇ ਨਿਰਦੇਸ਼ਕ ਅਤੇ ਕਲਾਕਾਰ ਹੀ ਸਫ਼ਲਤਾ ਨਾਲ ਇਸ ਨਾਟਕ ਨੂੰ ਮੰਚਿਤ ਕਰ ਸਕਦੇ ਹਨ। ਮਲਵਈ ਗਿੱਧੇ ਵਾਂਗ ਮੰਗਲਾ ਚਰਨ ਦੀ ਬੋਲੀ ਨਾਲ ਹੀ ਨਾਟਕ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ; 'ਪਹਿਲ ਪ੍ਰਿਥਮੇਂ ਸਿਮਰਾਂ ਪ੍ਰਭੂ, ਕਾਨੀ ਫੇਰ ਉਠਾਵਾਂ; ਦਸਾਂ ਗੁਰੂਆਂ ਦੀ ਓਟ ਤਕਾਈ, ਚਰਨੀ ਸੀਸ ਨਿਵਾਵਾਂ; ਗੁਰੂ ਗ੍ਰੰਥ ਦੀ ਪੜ੍ਹ ਕੇ ਬਾਣੀ, ਅਗਿਆਨ ਅੰਧੇਰ ਮਿਟਾਵਾਂ; ਦੁੱਲੇ ਭੱਟੀ ਦਾ ਕਿੱਸਾ ਜੋੜ ਸਣਾਵਾਂ..... ਦੁੱਲੇ ਭੱਟੀ ਦਾ ਕਿੱਸਾ ਜੋੜ ਸੁਣਾਵਾਂ'। ਨਾਟਕ ਦੇ ਪ੍ਰਸੰਗ ਨੂੰ ਅੱਗੇ ਤੋਰਦੇ ਸੰਵਾਦ ਦੀਆਂ ਬੋਲੀਆਂ ਸੂਤਰਧਾਰ ਪਾਉਂਦਾ ਹੈ। ਇਸੇ ਤਰ੍ਹਾਂ ਮਲਵਈ ਗਿੱਧੇ ਦੇ ਬਾਕੀ ਅਦਾਕਾਰ ਆਪਣੇ-ਆਪਣੇ ਕਿਰਦਾਰ ਵਾਲੀਆਂ ਬੋਲੀਆਂ ਪਾਉਂਦੇ ਹਨ। ਜਿਵੇਂ ਦੁੱਲਾ ਕਾਜ਼ੀ ਨਾਲ ਗੱਲ ਕਰਦਾ ਹੈ, 'ਹੱਥ ਜੋੜ ਕੇ ਕਾਜ਼ੀ ਤਾਈਂ ਦੁੱਲਾ ਵਚਨ ਸੁਣਾਵੇ, ਵੱਡੀ ਰੂਹ ਨਾ ਕਰਦੀ ਮੇਰੀ ਪੜ੍ਹਨਾਂ ਚਿੱਤ ਨਾ ਭਾਵੇ, ਵਿਚ ਦੁਨੀਆ ਦੇ ਜਾਗਰ ਹੋਵਾਂ ਇਹ ਮੇਰਾ ਦਿਲ ਚਾਹਵੇ, ਐਸੀ ਜੁਗਤ ਦੱਸੋ ਨਾਂਅ ਰੌਸ਼ਨ ਹੋ ਜਾਵੇ।' ਪੰਜਾਬ ਦੇ ਲੋਕ ਨਾਚਾਂ ਵਿਚ ਮਲਵਈ ਗਿੱਧਾ ਇਕ ਐਸਾ ਲੋਕ ਨਾਚ ਹੈ ਜਿਸ ਵਿਚ ਦਰਸ਼ਕ ਬੋਲੀਆਂ ਦੀ ਸ਼ਬਦਾਵਲੀ ਦਾ ਅਤੇ ਪੇਸ਼ਕਰਤਾ ਦੀਆਂ ਅਦਾਵਾਂ ਦਾ ਅਨੰਦ ਮਾਣਦੇ ਹਨ। ਇਸ ਨਾਟਕ ਦਾ ਪਾਠ ਕਰਦਿਆਂ ਵੀ ਮਹਿਸੂਸ ਹੁੰਦਾ ਹੈ ਮੰਚਣ ਵੇਲੇ ਦਰਸ਼ਕ ਬੋਲੀਆਂ ਰਾਹੀਂ ਇਸ ਗਾਥਾ ਦਾ ਅਨੰਦ ਵੀ ਮਾਣਨਗੇ ਅਤੇ ਕਹਾਣੀ ਨੂੰ ਵੀ ਸਰਲਤਾ ਨਾਲ ਸਮਝਣਗੇ। ਪੰਜਾਬੀ ਪਾਠਕ, ਕਲਾਕਾਰ, ਰੰਗ ਕਰਮੀ, ਨਾਟ ਵਿਦਾਵਾਂ 'ਤੇ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਇਹ ਪੁਸਤਕ ਮੁਲਵਾਨ ਹੋਵੇਗੀ।
-ਨਿਰਮਲ ਜੌੜਾ
ਮੋਬਾਈਲ : 98140-78799
ਤਿੰਨ ਸਹੇਲੀਆਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 55
ਸੰਪਰਕ : 98760-62329
ਹਥਲੀ ਪੁਸਤਕ 'ਤਿੰਨ ਸਹੇਲੀਆਂ' ਧਰਮ ਸਿੰਘ ਕੰਮੇਆਣਾ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਹੈ। ਇਸ ਵਿਚ ਕੁੱਲ ਤੇਰਾਂ ਬਾਲ ਕਹਾਣੀਆਂ ਹਨ ਲੇਖਕ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਉਪਰ ਇਸ ਤੋਂ ਪਹਿਲਾਂ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਪਹਿਲੀ ਕਹਾਣੀ 'ਪਰੀ' ਇਨਾਇਤ ਬੱਚੀ ਨਾਲ ਸੰਬੰਧਿਤ ਹੈ ਜੋ ਕਿ ਮਾਂ ਬਾਪ ਦੀ ਇਕਲੌਤੀ ਬੇਟੀ ਹੈ। ਪੜ੍ਹਨ ਅਤੇ ਖੇਡਾਂ ਵਿਚ ਬਹੁਤ ਰੁਚੀ ਲੈ ਰਹੀ ਹੈ। ਦਾਦਾ-ਦਾਦੀ ਦੇ ਕੋਲ ਜ਼ਿਆਦਾ ਚਿਰ ਰਹਿੰਦੀ ਹੈ ਉਨ੍ਹਾਂ ਤੋਂ ਬਾਤਾਂ ਸੁਣਦੀ ਹੈ। ਇਕ ਦਿਨ ਉਸ ਦੇ ਸੁਪਨੇ ਵਿਚ ਪਰੀ ਆਈ ਉਹ ਉਸ ਨੂੰ ਉੱਡਣ ਲਈ ਕਹਿੰਦੀ ਹੈ ਪਰੀ ਉਸ ਨੂੰ ਮੰਤਰ ਮਾਰ ਕੇ ਕਹਿੰਦੀ ਹੈ ਹੁਣ ਤੇਰੇ ਵੀ ਖੰਭ ਲੱਗ ਗਏ ਹਨ ਚੱਲ ਮੇਰੇ ਨਾਲ ਉੱਡ ਤੈਨੂੰ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਾਵਾਂ। ਉਸ ਨਾਲ ਜਦੋਂ ਵੱਖ-ਵੱਖ ਥਾਵਾਂ ਵੇਖ ਰਹੀ ਸੀ ਤਾਂ ਦਾਦੀ ਨੇ ਉਸ ਨੂੰ ਉੱਠਣ ਲਈ ਆਵਾਜ਼ ਲਗਾਈ ਉਹ ਉੱਠ ਕੇ ਦਾਦੀ ਨੂੰ ਸੁਪਨਾ ਸੁਣਾਉਣ ਲੱਗੀ ਤਾਂ ਦਾਦੀ ਨੇ ਸਮਝਾਇਆ ਬੰਦੇ ਦੇ ਉੱਡਣ ਲਈ ਉਸ ਦੇ ਖੰਭ 'ਵਿੱਦਿਆ' ਹੀ ਹੈ ਚੰਗੀ ਵਿੱਦਿਆ ਪੜ੍ਹ ਕੇ ਬੰਦਾ ਬਿਨ ਖੰਭੋਂ ਵੀ ਉਡ ਸਕਦਾ ਹੈ। ਇਨਾਇਤ ਵਿੱਦਿਆ ਦਾ ਮਹੱਤਵ ਸਮਝ ਗਈ ਸੀ। ਇਵੇਂ ਹੀ 'ਤਿੰਨ ਸਹੇਲੀਆਂ' ਵੀ ਬਹੁਤ ਪਿਆਰੀ ਅਤੇ ਸਿੱਖਿਆਦਾਇਕ ਕਹਾਣੀ ਹੈ ਤਿੰਨ ਸਹੇਲੀਆਂ ਹਨ ਐਨੀ, ਸੀਮਾ ਅਤੇ ਤੇਜੀ ਤਿੰਨਾਂ ਦਾ ਬਹੁਤ ਪਿਆਰ ਹੈ ਹਰ ਸਮੇਂ ਇਕੱਠੀਆਂ ਖੇਡਦੀਆਂ ਹਨ ਅਤੇ ਇਕ ਦਿਨ ਗੱਲਾਂ-ਗੱਲਾਂ ਵਿਚ ਸੈਰ ਕਰਨ ਦੂਰ ਨਿਕਲ ਗਈਆਂ ਤੇ ਵਾਪਸੀ ਸਮੇਂ ਮੀਂਹ ਹਨੇਰੀ ਆ ਗਈ ਇਕ ਝੌਂਪੜੀ ਵਿਚ ਵੜ੍ਹ ਗਈਆਂ। ਮੀਂਹ ਹਟਣ ਤੋਂ ਬਾਅਦ ਬਾਹਰ ਨਿਕਲੀਆਂ ਭੁੱਖ ਲੱਗੀ ਹੋਈ ਸੀ ਨੇੜੇ ਹੀ ਅੰਬ ਦਾ ਰੁੱਖ ਸੀ ਬੜੇ ਸੋਹਣੇ ਅੰਬ ਲੱਗੇ ਹੋਏ ਸਨ ਕੁਝ ਥੱਲੇ ਪਏ ਸਨ ਜਦੋਂ ਖਾ ਰਹੀਆਂ ਸਨ ਬਾਗ਼ ਦੇ ਮਾਲਕ ਦੀ ਪੈੜ ਚਾਲ ਸੁਣ ਕੇ ਤਿੰਨੋਂ ਲੁੱਕ ਗਈਆਂ ਸਨ ਪਰ ਬਾਗ਼ ਦਾ ਮਾਲਕ ਉੱਥੇ ਪਏ ਮੰਜੇ ਉਪਰ ਪੈ ਗਿਆ ਤਾਂ ਤਿੰਨਾਂ ਨੂੰ ਇਕ ਤਰਕੀਬ ਸੁੱਝੀ ਕਿ ਆਪਾਂ ਭੂਤਾਂ ਵਾਂਗ ਆਵਾਜ਼ਾਂ ਕੱਢੀਏ ਜੋ ਕਿ ਉਨ੍ਹਾਂ ਟੀ.ਵੀ. ਸੀਰੀਅਲ ਵਿਚ ਸੁਣੀਆਂ ਹੋਈਆਂ ਸਨ। ਇਹ ਡਰ ਕੇ ਭੱਜ ਜਾਵੇਗਾ ਉੇਨ੍ਹਾਂ ਇਸੇ ਤਰ੍ਹਾਂ ਹੀ ਕੀਤਾ ਤੇ ਮਾਲਕ ਡਰਦਾ ਮਾਰਾ ਘਰ ਨੂੰ ਭੱਜ ਗਿਆ। ਤਿੰਨੋਂ ਖ਼ੁਸ਼-ਖ਼ੁਸ਼ ਘਰ ਨੂੰ ਵਾਪਸ ਆ ਰਹੀਆਂ ਕਹਿ ਰਹੀਆਂ ਸਨ ਕਿ ਆਪਾਂ ਅੱਜ ਤੋਂ ਪ੍ਰਣ ਕਰੀਏ ਕਿ ਇਸ ਤਰ੍ਹਾਂ ਕੁਵੇਲੇ ਦੂਰ ਤੱਕ ਸੈਰ ਕਰਨ ਨਹੀਂ ਜਾਵਾਂਗੀਆਂ। ਐਵੇਂ ਹੀ 'ਮਾਡਰਨ ਕਾਂ ਦੀ ਕਹਾਣੀ' ਵੀ ਬੜੀ ਦਿਲਚਸਪ ਹੈ ਪੁਰਾਣੇ ਸਮੇਂ ਵਿਚ ਲੋਕ ਅਨਪੜ੍ਹ ਸਨ ਬੱਚੇ ਵੀ ਭੋਲੇ-ਭਾਲੇ ਸਨ ਭਾਵ ਲਕੀਰ ਦੇ ਫ਼ਕੀਰ ਸਨ ਇਸ ਕਹਾਣੀ ਵਿਚ ਮਾਡਰਨ ਕਾਂ ਹੈ ਪੁਰਾਣੇ ਕਾਂਵਾਂ ਵਾਂਗ ਭੋਲਾ ਭਾਲਾ ਨਹੀਂ ਹੈ ਪਿਆਸੇ ਕਾਂ ਵਾਲੀ ਕਹਾਣੀ 'ਚ ਵੀ ਕਾਂ ਦੀ ਸਿਆਣਪ ਵਿਖਾਈ ਹੈ ਕਿ ਕਿਵੇਂ ਉਸ ਨੇ ਪਾਣੀ ਪੀਤਾ ਸੀ। ਅੱਗੇ ਜਾ ਕੇ ਤਾਂ ਕਮਾਲ ਹੀ ਕਰ ਦਿੱਤੀ, ਹੁਣ ਤੱਕ ਲੂੰਬੜੀ ਕਾਂ ਨੂੰ ਬੇਵਕੂਫ਼ ਬਣਾਉਂਦੀ ਆਈ ਸੀ ਪਰ ਅੱਜਕਲ੍ਹ ਦੇ ਤੇਜ਼ ਤਰਾਰ ਜ਼ਮਾਨੇ ਵਿਚ ਕਾਂ ਲੂੰਬੜੀ ਨਾਲੋਂ ਵੀ ਚਲਾਕ ਨਿਕਲਿਆ ਹੈ ਉਸ ਦੇ ਮੂੰਹ ਵਿਚ ਪਨੀਰ ਦਾ ਟੁੱਕੜਾ ਸੀ ਰੁੱਖ ਦੇ ਹੇਠ ਲਲਚਾਈਆਂ ਨਜ਼ਰਾਂ ਨਾਲ ਲੂੰਬੜੀ ਕਾਂ ਨੂੰ ਵੇਖ ਰਹੀ ਸੀ ਉਸ ਨੂੰ ਆਪਣੀ ਦਾਦੀ ਦੀ ਸੁਣਾਈ ਕਹਾਣੀ ਯਾਦ ਆ ਗਈ ਕਾਂ ਨੂੰ ਕਹਿੰਦੀ ਤੂੰ ਕਿੰਨਾ ਸੋਹਣਾ ਕਿੰਨੀ ਤੇਰੀ ਆਵਾਜ਼ ਪਿਆਰੀ ਹੈ ਇਹ ਵੀ ਪਤਾ ਲੱਗਾ ਕਿ ਤੂੰ ਗੀਤ ਵੀ ਬਹੁਤ ਵਧੀਆ ਗਾ ਲੈਂਨਾ ਏਂ ਮੈਨੂੰ ਇਕ ਗੀਤ ਹੀ ਸੁਣਾ ਦੇ ਕਾਂ ਮਾਡਰਨ ਸੀ ਪਨੀਰ ਦਾ ਟੁੱਕੜਾ ਖਾ ਕੇ ਕਹਿੰਦਾ ਹਾਂ ਮਾਸੀ ਜੀ ਹੁਣ ਦੱਸੋ ਕਿਹੜਾ ਗੀਤ ਸੁਣਨਾ ਹੈ ਲੂੰਬੜੀ ਕੱਚੀ ਜਿਹੀ ਹੋ ਕੇ ਤੁਰਦੀ ਬਣੀ। ਬਹੁਤ ਹੀ ਦਿਲਚਸਪ ਕਹਾਣੀ ਹੈ ਇਵੇਂ ਹੀ ਸਾਰੀਆਂ ਕਹਾਣੀਆਂ ਬੱਚਿਆਂ ਨੂੰ ਜਿੱਥੇ ਸਮੇਂ ਦੇ ਹਾਣੀ ਹੋਣ ਦੀ ਪ੍ਰੇਰਨਾ ਦੇ ਰਹੀਆਂ ਹਨ ਓਵੇਂ ਬੱਚਿਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਦੀ ਨੈਤਿਕ ਸਿੱਖਿਆ ਵੀ ਦਿੰਦੀਆਂ ਹਨ। ਕਹਾਣੀਆਂ ਨਾਲ ਢੁੱਕਵੀਆਂ ਤਸਵੀਰਾਂ ਬਣ ਜਾਂਦੀਆਂ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋਣਾ ਸੀ ਕਿਉਂਕਿ ਬੱਚਿਆਂ ਦੀ ਦਿਲਚਸਪੀ ਪੁਸਤਕ ਵਿਚ ਹੋਰ ਵੀ ਵਧ ਜਾਣੀ ਸੀ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896
ਆਤਮੈਂ ਦੇ ਆਰਪਾਰ
ਲੇਖਕ : ਡਾ. ਹਰਦੀਪ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 94171-46113
ਇਸ ਪੁਸਤਕ ਦਾ ਲੇਖਕ ਇਕੋ ਸਮੇਂ ਦੰਦਾਂ ਦਾ ਡਾਕਟਰ, ਚਿੱਤਰਕਾਰ, ਬੁੱਤ ਤਰਾਸ਼ ਅਤੇ ਕੁਦਰਤ ਪ੍ਰੇਮੀ ਵੀ ਹੈ, ਇਸ ਨਾਵਲ ਤੋਂ ਪਹਿਲਾਂ ਉਸ ਨੇ ਦੋ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਕੁਦਰਤ ਪ੍ਰੇਮੀ ਅਤੇ ਕਲਾ ਪੁਜਾਰੀ ਹੋਣ ਕਰਕੇ ਲੇਖਕ ਦੀ ਇਹ ਰਚਨਾ ਵੀ ਕੁਦਰਤ ਨੂੰ ਮਾਂ ਹੀ ਤਸਲੀਮ ਕਰਦੀ ਹੈ, ਜਿਸ ਦੀ ਗੋਦ ਵਿਚ ਸਮੁੱਚੀ ਕਾਇਨਾਤ ਉਸ ਦੇ ਗੁਣਗਾਨ ਕਰਦੀ ਹੈ। ਸਮੁੱਚੇ ਤੌਰ 'ਤੇ ਇਹ ਨਾਵਲ ਕੁਦਰਤ ਮਾਂ ਦੀ ਕਥਾ ਦਾ ਵਿਖਿਆਨ ਹੀ ਹੈ, ਇਸ ਦੇ ਹਰ ਪੰਨੇ ਵਿਚੋਂ ਪਾਠਕ ਨੂੰ ਮਾਂ ਕੁਦਰਤ ਦੇ ਰੰਗਾਂ ਦੀ ਗੱਲ ਸੁਣਾਈ ਦਿੰਦੀ ਹੈ। ਲੇਖਕ ਮੁਤਾਬਿਕ ਇਨ੍ਹਾਂ ਰੰਗਾਂ ਅਤੇ ਉਸ ਦੀ ਸੁੰਦਰਤਾ ਜਦੋਂ ਮੈਨੂੰ ਪ੍ਰਭਾਵਿਤ ਕਰਦੀ ਹੈ, ਤਾਂ ਮੈਂ ਮੰਤਰ-ਮੁਗਧ ਹੋ ਜਾਂਦਾ ਹੈ। ਮੈਨੂੰ ਬਹੁਤ ਧੀਮੀ ਆਵਾਜ਼ ਵਿਚ ਕੁਦਰਤ ਸੰਬੋਧਨ ਹੁੰਦੀ ਹੈ, ਜਿਸ ਆਵਾਜ਼ ਨੂੰ ਤਨ, ਮਨ ਤੇ ਅੰਦਰੂਨੀ ਕੰਨਾਂ ਨਾਲ ਹੀ ਸੁਣਿਆ ਜਾ ਸਕਦਾ ਹੈ। ਲੇਖਕ ਅਨੁਸਾਰ ਅਸਲ ਜਦੋਂ ਕੰਨ ਇਸ ਉਤਕ੍ਰਿਸ਼ਟ ਰਚਨਾ ਦੇ ਨਾਦ ਨੂੰ ਸੁਣਦੇ ਹਨ ਤਾਂ ਅੱਖਾਂ ਵੀ ਉਸ ਨਾਲ ਇਕਮਿਕ ਹੋਣਾ ਲੋਚਦੀਆਂ ਹਨ। ਇਸ ਨਾਵਲ ਦੇ ਹਰ ਪੰਨੇ ਤੋਂ ਇਨ੍ਹਾਂ ਬਹੁ-ਰੰਗੀ ਕੁਦਰਤੀ ਪਰਤਾਂ ਵਿਚੋਂ ਰੰਗਾਂ ਨੂੰ ਸੁਣਨ ਤੇ ਵੇਖਣ ਦਾ ਸੁਪਰਸ਼ ਹੁੰਦਾ ਵਿਖਾਈ ਦਿੰਦਾ ਹੈ। ਜਦੋਂ ਤੁਹਾਡੀ ਪਹੁੰਚ ਇਸ ਅਕਾਸ਼ੀ ਖਲਾਅ ਨੂੰ ਮਹਿਸੂਸ ਕਰਨ ਲੱਗ ਪਈ, ਤਾਂ ਉਸ ਕੁਦਰਤ ਦੇ ਕਾਦਰ ਦੇ ਦਰਸ਼ਨਾਂ ਦੀ ਦੂਰੀ ਵੀ ਸਮਾਪਤ ਹੋ ਜਾਵੇਗੀ। ਨਾਵਲ ਦੇ ਆਰੰਭ ਵਿਚ ਲੇਖਕ ਨੇ ਆਤਮ-ਗਿਆਨ ਸੰਬੰਧੀ ਵਿਚਾਰਾਂ ਦੀ ਲੜੀ ਨੂੰ ਆਰੰਭ ਕਰਦਿਆਂ ਕਿਹਾ ਹੈ ਕਿ 'ਆਤਮ ਗਿਆਨ ਤੇਰੇ ਮੇਰੇ ਤੇ ਸਭ ਲਈ ਉਪਲੱਬਧ ਹੈ, ਇਸ ਧਰਤੀ ਦਾ ਹਰ ਜੀਵ ਇਸ ਨੂੰ ਪਾਉਣ ਦਾ ਅਧਿਕਾਰੀ ਹੈ ਅਤੇ ਹਰ ਜੀਵਤ ਪ੍ਰਾਣੀ ਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ। ਮਰਨ ਤੋਂ ਪਹਿਲਾਂ ਹਰ ਉਸ ਬੰਦਗੀ ਵਾਲੇ ਨੂੰ ਉਸ ਬ੍ਰਹਮ ਗਿਆਨ ਦਾ ਦਰਸ਼ਨ ਵੀ ਹੁੰਦਾ ਹੈ। ਹਰ ਪ੍ਰਾਣੀ ਨੂੰ ਆਤਮਿਕ ਤੌਰ 'ਤੇ ਜਾਗ੍ਰਿਤ ਹੋਣਾ ਪਵੇਗਾ, ਬ੍ਰਹਮ ਦਰਸ਼ਨ ਉਸ ਨੂੰ ਜੀਵਨ ਸਫ਼ਰ ਦੌਰਾਨ ਕਦੋਂ ਹੋਵੇ, ਪਹਿਲੇ ਜੀਵਨ ਪੜਾਅ ਸਫ਼ਰ ਦੌਰਾਨ ਜਾਂ ਫੇਰ ਦੇਰ ਨਾਲ ਜਾਂ ਫਿਰ ਜੀਵਨ ਸਫ਼ਰ ਮੁਕਾਉਣ ਸਮੇਂ। ਇਹ ਨਿਰਭਰ ਕਰਦਾ ਹੈ, ਉਸ ਦੀ ਦਰਸ਼ਨ ਕਰਨ ਦੀ ਇੱਛਾ ਸ਼ਕਤੀ ਉੱਪਰ। ਲੇਖਕ ਮੁਤਾਬਿਕ ਜੇ ਸਮੇਂ ਸਿਰ ਗਿਆਨ ਹੋ ਜਾਵੇ ਤਾਂ ਇਸ ਉੱਤਮ ਸਮੇਂ 'ਤੇ ਬ੍ਰਹਮ ਦਰਸ਼ਨ ਵੀ ਹੋ ਜਾਂਦਾ ਹੈ। ਫਿਰ ਬਾਕੀ ਜੀਵਨ ਪਰਮ-ਅਨੰਦ ਵਿਚ ਬੀਤ ਜਾਂਦਾ ਹੈ। ਕਈ ਵਾਰ ਅਸੀਂ ਉਸ ਬ੍ਰਹਮ ਦੇ ਦਰਸ਼ਨਾਂ ਲਈ ਧਾਰਮਿਕ ਅਸਥਾਨਾਂ ਦੇ ਦਰਾਂ ਤੋਂ ਹੀ ਮੁੜਦੇ ਰਹੇ। ਸੱਚ ਦੇ ਪਾਂਧੀ ਹਮੇਸ਼ਾ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ। ਜਿਨ੍ਹਾਂ ਨੇ ਪਾਰ-ਬ੍ਰਹਮ ਦੇ ਦਰਸ਼ਨ ਕਰਨੇ ਸਨ, ਉਹ ਗੁਰੂ ਦਰਾਂ ਦਾ ਲਾਂਘਾ ਵੀ ਪਾਰ ਨਾ ਕਰ ਸਕੇ। ਇਸ ਸਮੁੱਚੀ ਗਾਥਾ 'ਤੇ ਆਧਾਰਿਤ ਇਸ ਨਾਵਲ ਨੂੰ ਪਾਠਕਾਂ ਦੇ ਸਨਮੁੱਖ ਰੱਖਿਆ ਗਿਆ ਹੈ। ਹਉਮੈ ਅਧੀਨ ਜੀਵਤ ਪ੍ਰਾਣੀ ਮੈਂ ਦੇ ਦਰਵਾਜ਼ੇ ਨੂੰ ਪਾਰ ਕਰ ਕੇ 'ਤੂੰ' ਤੋਂ ਦੂਰ ਹੁੰਦਾ ਗਿਆ। ਆਤਮਾ ਦੇ ਆਰ-ਪਾਰ ਦੇ ਸਫ਼ਰ ਨੂੰ ਤੈਅ ਕਰਨ ਵਾਲੇ ਗਹਿਰ ਗੰਭੀਰ ਪਾਠਕਾਂ ਲਈ ਲੇਖਕ ਦਾ ਇਹ ਉਪਰਾਲਾ ਵਧੀਆ ਉੱਦਮ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅੱਖਰਾਂ ਦੀ ਵਿਸ਼ਾਲਤਾ
ਲੇਖਕ : ਸੰਤ ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ
ਪ੍ਰਕਾਸ਼ਕ : ਸੱਚ ਕੀ ਬੇਲਾ ਪਿੰਡ ਦੀਵਾਨਾ ਜ਼ਿਲ੍ਹਾ ਬਰਨਾਲਾ
ਮੁੱਲ : 300 ਰੁਪਏ, ਸਫ਼ੇ : 300
ਸੰਪਰਕ : 98762-04624
ਇਸ ਅਧਿਆਤਮਿਕ ਪੁਸਤਕ ਦੀ ਪ੍ਰਸੰਸਾ ਕਰਦੇ ਹੋਏ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਿਲਕੁਲ ਸਹੀ ਫਰਮਾਇਆ ਹੈ 'ਪੱਟੀ ਬਾਣੀ' ਅੰਦਰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਗਿਆਨੀ ਗੁਰਮੀਤ ਸਿੰਘ ਵਲੋਂ ਲਿਖੀ ਹਥਲੀ ਪੁਸਤਕ ਗੁਰਮੁਖੀ 'ਅੱਖਰਾਂ ਦੀ ਵਿਸ਼ਾਲਤਾ' ਬਹੁਤ ਹੀ ਗਿਆਨ ਭਰਪੂਰ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਧਿਆਤਮਿਕ ਖੇਤਰ ਦੇ ਪਾਂਧੀ ਦਾ ਇਹ ਸਹੀ ਮਾਰਗ ਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ। 'ਸ' ਅੱਖਰ ਤੋਂ ਵਰਣਮਾਲਾ ਦਾ ਆਰੰਭ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਪ੍ਰਾਣੀ ਮਾਤਰ ਨੂੰ ਸੂਝ ਪ੍ਰਦਾਨ ਕਰਨ ਲਈ ਸ਼ਰਧਾ ਦਾ ਮਾਰਗ ਪ੍ਰਦਾਨ ਕੀਤਾ ਹੈ। ਲੇਖਕ ਨੇ ਆਪਣੇ ਅਧਿਆਤਮਿਕ ਮਾਰਗ ਨੂੰ ਰੌਸ਼ਨ ਕਰਨ ਵਾਲੇ ਮਹਾਂਪੁਰਖਾਂ ਨੂੰ ਸ਼ਰਧਾ ਭੇਟ ਕਰਨ ਉਪਰੰਤ ਲਿਖਿਆ ਹੈ, 'ਇਸ ਪੁਸਤਕ ਦਾ ਮੁੱਖ ਪ੍ਰਯੋਜਨ, ਪੱਟੀ ਬਾਣੀ ਵਿਚ ਰਹਾਓ ਦੀ ਪੰਕਤੀ ਇਸੇ ਸੰਸਾਰ ਜੀਵਨ ਦੇ ਗੱਡੀ ਦੇ ਧੁਰੇ ਵੱਲ ਆਕਰਸ਼ਿਤ ਰੱਖਦੀ ਹੈ।' ਪੰਨਾ 13 ਲੇਖਕ ਪੰਜਾਬ ਅਤੇ ਪੰਜਾਬੀ ਬੋਲੀ ਨੂੰ ਬੇਹੱਦ ਪਿਆਰ ਕਰਦਾ ਹੈ, ਇਸੇ ਲਈ ਭਾਸ਼ਾ ਦੇ ਮਸਲਿਆਂ ਬਾਰੇ ਕੌਮਾਂਤਰੀ ਖੋਜ ਕਰਨ ਲਈ ਡਾ. ਜੋਗਾ ਸਿੰਘ ਯੂ.ਕੇ. ਦੀ ਪ੍ਰਸੰਸਾ ਕਰਦਾ ਹੈ। ਪੰਨਾ : 299. ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਆਤਮ-ਪਰਮਾਤਮਾ, ਇਕਸੁਰਤਾ ਅਨੁਭਵ ਕਰਦਿਆਂ 'ਪੱਟੀ ਬਾਣੀ' ਉਚਾਰਨ ਕੀਤੀ ਹੈ। ਇਹ ਪੁਸਤਕ ਬੜੀ ਡੂੰਘੀ ਖੋਜ ਦਾ ਪ੍ਰਮਾਣ ਪ੍ਰਸਤੁਤ ਕਰਦੀ ਹੈ। ਇਸ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਲੇਖਕ ਦਾ ਅਧਿਐਨ ਬੜਾ ਵਿਸ਼ਾਲ ਪ੍ਰਤੀਤ ਹੁੰਦਾ ਹੈ। ਆਪਣੇ ਵਿਚਾਰਾਂ ਦੀ ਲੇਖਕ ਨੇ ਗੁਰਬਾਣੀ 'ਚੋਂ ਬੇਸ਼ੁਮਾਰ ਹਵਾਲੇ ਦੇ ਕੇ, ਵਿਸਤ੍ਰਿਤ ਵਿਆਖਿਆ ਕੀਤੀ ਹੈ। ਵਿਚਾਰਾਂ ਦੀ ਪੁਸ਼ਟੀ ਲਈ ਅਨੇਕਾਂ ਵਿਦਵਾਨਾਂ ਦੇ ਹਵਾਲੇ ਦਿੱਤੇ ਹਨ, ਭਾਵ ਪ੍ਰੋ. ਸਾਹਿਬ ਸਿੰਘ, ਬਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ. ਰਤਨ ਸਿੰਘ ਜੱਗੀ, ਪ੍ਰਿੰ. ਸਤਬੀਰ ਸਿੰਘ, ਪ੍ਰਿੰ. ਗੰਗਾ ਸਿੰਘ, ਜੋਗੀਰਾਜ ਭਰਥਰੀ ਹਰੀ, ਭਾਈ ਗੁਰਦਾਸ, ਭਗਤ ਕਬੀਰ, ਕਨਿੰਘਮ, ਜਾਦੂ ਨਾਥ ਸਰਕਾਰ ਇਤਿਆਦਿ। ਅਜੋਕੇ ਕਵੀਆਂ/ਵਿਦਵਾਨਾਂ ਸ਼ਿਵ ਕੁਮਾਰ ਬਟਾਲਵੀ, ਡਾ. ਨਾਹਰ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ ਆਦਿ ਨੋਟ ਕੀਤੇ ਜਾ ਸਕਦੇ ਹਨ। ਸੂਫੀ ਦਾਰਸ਼ਨਿਕ ਸਰਮੱਦ ਅਤੇ ਮੌਲਾਨਾ ਰੂਮ ਦੇ ਵਿਚਾਰ ਵੀ ਪੇਸ਼ ਕੀਤੇ ਹਨ। ਅਜਿਹੇ ਵਿਸ਼ਾਲ ਅਧਿਐਨ ਦੀ ਮੁਕਤ-ਕੰਠ ਪ੍ਰਸੰਸਾ ਕਰਨੀ ਬਣਦੀ ਹੈ। 'ਪੱਟੀ ਬਾਣੀ' ਦੀ ਸਾਰੀ ਦੀ ਸਾਰੀ ਗੁਰਬਾਣੀ ਆਧਾਰਿਤ ਵਿਆਖਿਆ ਇਸ ਲੋਕ ਨੂੰ ਪਰਲੋਕ ਨਾਲ ਇਕਸੁਰ ਕਰਦੀ ਪ੍ਰਤੀਤ ਹੁੰਦੀ ਹੈ। ਆਮ ਜੀਵਨ ਵਿਚੋਂ ਉਦਾਹਰਨਾਂ ਦੇਣੀਆਂ ਵਿਦਵਾਨ ਲੇਖਕ ਦਾ ਇਕ ਹੋਰ ਹਾਸਲ ਹੈ। 'ਪੱਟੀ ਬਾਣੀ' ਦੇ ਅੱਖਰ ਨਾਲ ਆਰੰਭ ਹੁੰਦੀਆਂ ਸਤਰਾਂ ਦੇ ਕੇ ਪਹਿਲਾਂ 'ਅਰਥ' ਅਤੇ ਫਿਰ 'ਭਾਵ ਅਰਥ' ਦਿੰਦਿਆਂ ਫਿਰ ਚੱਲ ਸੋ ਚੱਲ ਪਵਿੱਤਰ ਬਾਣੀ ਦੇ ਸ਼ਬਦਾਂ ਨਾਲ ਵਿਸਤ੍ਰਤ ਵਿਆਖਿਆ ਸਹਿਤ, ਡੂੰਘੀ ਵਿਦਵਤਾ ਨਾਲ ਆਪਣਾ ਕਾਰਜ ਸਫਲਤਾ ਸਹਿਤ ਸੰਪੰਨ ਕੀਤਾ ਹੈ। ਲੇਖਕ ਦਾ ਅਸਤਿਤਵ ਆਪਣੀ ਉਮਰ ਦੇ 54ਵੇਂ ਸਾਲ ਵਿਚ ਇਕਸੁਰਤਾ ਨਾਲ ਪਰਮਾਤਮਾ ਨਾਲ ਜੁੜਿਆ ਮਹਿਸੂਸ ਹੁੰਦਾ ਹੈ। ਇਹ ਪੁਸਤਕ ਪੱਟੀ ਬਾਣੀ 'ਤੇ ਮਹਾਨ ਖੋਜ ਕਾਰਜ ਉਪਾਧੀ-ਨਿਰਪੇਖ ਥੀਸਿਸ ਹੋ ਨਿੱਬੜਿਆ ਹੈ, ਲੇਖਕ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਤਿਰੰਗੇ ਦੇ ਰੰਗ
ਲੇਖਕ : ਅਮਰਜੀਤ ਸਿੰਘ 'ਤੂਰ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98784-69639
'ਤਿਰੰਗੇ ਦੇ ਰੰਗ' ਕਾਵਿ ਸੰਗ੍ਰਹਿ ਅਮਰਜੀਤ ਸਿੰਘ ਤੂਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਗੁਰਦੁਆਰਾ ਨਾਨਕਸਰ ਸਾਹਿਬ' ਤੋਂ ਲੈ ਕੇ ਆਨਲਾਈਨ ਅਖ਼ਬਾਰਾਂ ਚਲਾਵਾਈਏ ਤੱਕ ਲਗਭਗ 103 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਹ ਪੁਸਤਕ ਉਨ੍ਹਾਂ ਨੇ ਜਗਤ ਗੁਰੂ ਪਰਮਾਤਮਾ, ਮਾਤਾ, ਪਿਤਾ, ਪਤਨੀ, ਭੈਣ ਅਤੇ ਹੋਰ ਸਮਾਜਿਕ ਰਿਸ਼ਤਿਆਂ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਜਿਥੇ ਦੁਨਿਆਵੀ ਸੰਸਾਰ ਨਾਲ ਸੰਬੰਧਿਤ ਹਨ, ਉਥੇ ਇਨ੍ਹਾਂ ਦੇ ਸਰੋਕਾਰ ਅਦਿੱਖ ਸ਼ਕਤੀ ਪਰਮ-ਸ਼ਕਤੀ ਨਾਲ ਵੀ ਜੁੜੇ ਹੋਏ ਹਨ। 'ਤਿਰੰਗਾ ਝੰਡਾ' ਕਵਿਤਾ ਦਾ ਕੇਂਦਰੀ ਸਾਰ ਇਹ ਕਿ ਇਸ ਵਿਚਲੇ ਤਿੰਨ ਰੰਗ ਅਤੇ ਚੱਕਰ ਮਨੁੱਖੀ ਸੰਘਰਸ਼ ਦੀ ਗਾਥਾ ਨਾਲ ਸੰਬੰਧਿਤ ਹਨ। ਬਹੁਤੀਆਂ ਕਵਿਤਾਵਾਂ ਦੁਨਿਆਵੀ ਅਤੇ ਅਧਿਆਤਮਿਕ, ਧਾਰਮਿਕ ਜੀਵਨੀਆਂ ਨਾਲ ਸੰਬੰਧਿਤ ਹਨ। ਅਜਿਹੇ ਖਿਆਲਾਤ ਇਨ੍ਹਾਂ ਕਵਿਤਾਵਾਂ 'ਚ ਵਰਤੀਂਦੇ ਸ਼ਬਦ : ਮਾਂ, ਬਾਪ, ਭੈਣ, ਭਰਾ, ਮਾਮਾ, ਮਾਸੀ, ਪ੍ਰਤਾਪ ਸਿੰਘ ਬਾਗੀ, ਗੁਰੂ ਨਾਨਕ ਦੇਵ ਜੀ, ਡਾ. ਮਿਹਰ ਸਿੰਘ ਗਿੱਲ, ਡਾ. ਸਵਾਮੀਨਾਥਨ, ਰਾਸ਼ਟਰਪਤੀ ਅਬਦੁਲ ਕਲਾਮ, ਗੁਰੂ ਗੋਬਿੰਦ ਸਿੰਘ ਜੀ, ਭਗਤ ਰਵਿਦਾਸ ਜੀ, ਰਾਜਕੁਮਾਰ ਗੌਤਮ ਬੁੱਧ, ਰਾਮਜੀਦਾਸ ਉਰਫ਼ ਭਗਤ ਪੂਰਨ ਸਿੰਘ, ਸ੍ਰੀ ਗੁਰੂ ਅਰਜਨ ਦੇਵ ਜੀ, ਰੰਘਰੇਟਾ ਗੁਰੂ ਕਾ ਬੇਟਾ ਆਦਿ ਸ਼ਬਦਾਂ ਰਾਹੀਂ ਮਹਿਸੂਸੇ ਜਾ ਸਕਦੇ ਹਨ। ਇਸ ਤੋਂ ਇਲਾਵਾ ਊਚ-ਨੀਚ, ਭਰਮ-ਭੁਲੇਖੇ, ਵਖਰੇਵਿਆਂ ਦਾ ਸੰਸਾਰ, ਅਮੀਰੀ-ਗ਼ਰੀਬੀ, ਫ਼ਿਰਕਾਪ੍ਰਸਤੀ, ਭਰੂਣ ਹੱਤਿਆ, ਰਾਜਨੀਤਕ, ਧੌਂਸਵਾਦੀ ਆਦਿ ਵਿਸ਼ਿਆਂ ਨੂੰ ਵੀ ਇਨ੍ਹਾਂ ਕਵਿਤਾਵਾਂ 'ਚ ਪ੍ਰਗਟਾਉਣ ਦਾ ਸਮਰੱਥਾ ਅਨੁਸਾਰ ਯਤਨ ਕੀਤਾ ਗਿਆ ਹੈ। ਕਿਰਤ ਦੀ ਲੁੱਟ ਅਤੇ ਹੋਰ ਧੱਕੇਸ਼ਾਹੀ ਦਾ ਬਿਰਤਾਂਤ ਸਿਰਜਦਿਆਂ ਜਿਥੇ ਵਿਅੰਗਾਤਮਿਕ ਪਹੁੰਚ ਅਪਣਾਈ ਗਈ ਹੈ, ਉਥੇ ਬਹੁਤ ਸਰਲ, ਸਪੱਸ਼ਟ ਅਤੇ ਸਾਦਗੀ ਸ਼ਬਦਾਵਲੀ ਰਾਹੀਂ ਪੰਜਾਬੀ ਭਾਸ਼ਾ, ਸੱਭਿਆਚਾਰਕ ਹਵਾਲਿਆਂ ਰਾਹੀਂ ਪ੍ਰਗਟਾਉਣ ਦਾ ਸਾਰਥਿਕ ਯਤਨ ਕੀਤਾ ਗਿਆ ਹੈ। 'ਅਦਿੱਖ ਸ਼ਕਤੀ' ਦੇ ਪ੍ਰਭਾਵ ਹੇਠ ਹੁੰਦੇ ਅਨਾਚਾਰ ਨੂੰ 'ਮਨੁੱਖ' ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਕਿਤੇ-ਕਿਤੇ ਕਾਵਿਕ, ਲੈਅ ਅਤੇ ਛੰਦਾ-ਬੰਦੀ ਦੀ ਤਾਲ ਵੀ ਥਿੜਕਦੀ ਜਾਪਦੀ ਹੈ। ਪ੍ਰੰਤੂ ਭਾਵਾਂ ਦੀ ਤੀਬਰਤਾ ਆਮ ਕਾਵਿਕ-ਪਾਰਕ ਨੂੰ ਇਨ੍ਹਾਂ ਕਮੀਆਂ ਦਾ ਅਹਿਸਾਸ ਨਹੀਂ ਹੋਣ ਦਿੰਦੀ। 'ਸੰਗਕਾਰੀ ਮਨੁੱਖ' ਕਵਿਤਾ ਦੀ ਦੀ ਹੇਠ ਲਿਖੀਆਂ ਸਤਰਾਂ ਬਹੁਤ ਕੁਝ ਬਿਆਨ ਕਰਦੀਆਂ ਹਨ : ਖ਼ੁਸ਼ੀਆਂ ਵੰਡੋ, ਖ਼ੁਸ਼ੀਆਂ ਪਾਓ:
ਹਸੰਦਿਆਂ ਖੇਲਦਿਆਂ ਜੀਵਨ ਲੰਘਾਓ।
ਹਿਸਾਬ ਕਿਤਾਬ ਪਰਵਰਦਗਾਰ ਕੋਲ
ਆਪਣੇ ਚੰਗੇ ਲੇਖ ਲਿਖਾਓ।
ਅਮਰਜੀਤ ਸਿੰਘ ਤੂਰ ਹੁਰਾਂ ਨੂੰ ਦਿਲੀ ਮੁਬਾਰਕਬਾਦ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਇਕ ਕਮਰੇ ਦਾ ਸ਼ਾਇਰ
ਗ਼ਜ਼ਲਕਾਰ : ਸੁਖਦੀਪ ਔਜਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 96
ਸੰਪਰਕ : 98557-19465
'ਇਕ ਕਮਰੇ ਦਾ ਸ਼ਾਇਰ' ਗ਼ਜ਼ਲ-ਸੰਗ੍ਰਹਿ ਨੌਜਵਾਨ ਅਤੇੇ ਨਵ ਭਾਵਬੋਧ ਦੇ ਸ਼ਾਇਰ ਸੁਖਦੀਪ ਔਜਲਾ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸ਼ਾਇਰ ਨੇ ਆਪਣੀਆਂ 76 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਪੰਜਾਬੀ ਗ਼ਜ਼ਲ ਦੀ ਲੰਮੇਰੀ ਉਮਰ ਦੀ ਇਹ ਗਰੰਟੀ ਹੈ ਕਿ ਇਸ ਦੇ ਨਵੇਂ ਲਿਖਣਹਾਰ ਸ਼ਾਇਰ ਇਸ ਵਿਚ ਲਗਾਤਾਰ ਸੂਹਾ ਰੰਗ ਲੈ ਕੇ ਸ਼ਾਮਿਲ ਹੋ ਰਹੇ ਹਨ। ਜ਼ਿੰਦਗੀ ਅਤੇ ਇਸ਼ਕ ਦੀ ਨਵੀਉਂ ਨਵੀਂ ਬਹਾਰ ਰਹਿਣੀ ਹੁੰਦੀ ਹੈ। ਪੁਰਾਣੇ ਖਿਆਲਾਂ ਦੀ ਥਾਂ ਨਵੇਂ ਖਿਆਲ ਖਿੜ੍ਹਦੇ ਹਨ। ਨਵੇਂ ਬਿੰਬ, ਨਵੀਆਂ ਤਸ਼ਬੀਹਾਂ ਅਤੇ ਨਵੇਂ ਪ੍ਰਤੀਕ ਉਪਜਦੇ ਅਤੇ ਸਥਾਪਿਤ ਹੁੰਦੇ ਹਨ। ਪੰਜਾਬੀ ਗ਼ਜ਼ਲ ਨੇ ਆਪਣੀ ਹੋਂਦ ਕਵਿਤਾ ਦੀ ਪ੍ਰਥਾਇ ਲੋਕਾਂ ਵਿਚ ਵਧਾਈ ਹੈ। ਦਿਲ ਨੂੰ ਮੋਹਣ ਵਾਲੀਆਂ ਪੇਸ਼ਕਾਰੀਆਂ ਹੁੰਦੀਆਂ ਹਨ। ਲਹਿਜੇ ਬਦਲਦੇ ਹਨ ਅਤੇ ਸ਼ਿਅਰਾਂ ਵਿਚ ਉਡਾਣ ਦੇ ਨਾਲ-ਨਾਲ ਡੂੰਘਾਈ ਆਉਂਦੀ ਹੈ। ਕਹਿਣਾ ਬਣਦਾ ਹੈ ਕਿ ਗ਼ਜ਼ਲ ਨੇ ਆਪਣੇ ਜ਼ੋਰ ਨਾਲ ਆਪਣਾ ਲੋਹਾ ਮੰਨਵਾਇਆ ਹੈ। ਸੁਖਦੀਪ ਐਸਾ ਗ਼ਜ਼ਲਕਾਰ ਹੈ ਕਿ ਜਿਸ ਦੀਆਂ ਗ਼ਜ਼ਲਾਂ ਦਾ ਰੰਗ ਅਤੇ ਮਹਿਕ ਸੁਖਾਵੀਂ ਹੈ। ਭਾਵੇਂ ਉਸ ਦੇ ਸ਼ਿਅਰ ਉਸ ਦੇ ਨਿੱਜ ਦੁਆਲੇ ਹੀ ਘੁੰਮਦੇ ਹਨ ਪ੍ਰੰਤੂ ਇਸ ਨਿੱਜ ਵਿਚੋਂ ਹੀ ਲੋਕਤਾ ਦੀ ਹੂਕ ਸੁਣਾਈ ਦਿੰਦੀ ਹੈ। ਉਸ ਦੇ ਕੁਝ ਸ਼ਿਅਰ ਹਾਜ਼ਰ ਹਨ ਜੋ ਵਿਲੱਖਣਤਾ ਭਰਪੂਰ ਹਨ :
-ਮੇਰੇ ਬਟੂਏ ਦੀ ਖਸਤਾ ਦੇਖ ਹਾਲਤ,
ਉਦ੍ਹੀ ਫੋਟੋ ਨੂੰ ਮੁੜਕਾ ਆ ਗਿਆ ਹੈ।
-ਨਾਮ ਤੇਰਾ ਪੱਥਰ 'ਤੇ ਲਿਖਿਆ ਰਹਿ ਜਾਵੇ,
ਕੁਝ ਤਾਂ ਇਸ ਦੁਨੀਆ 'ਚ ਚੰਗਾ ਰਹਿ ਜਾਵੇ।
-ਕਦੇ-ਕਦਾਈਂ ਖ਼ੁਦ ਨੂੰ ਲੱਭਣਾ ਪੈ ਸਕਦੈ,
ਘਰ ਦੀ ਕਿਸੇ ਦੀਵਾਰ ਤੇ ਸ਼ੀਸ਼ਾ ਰਹਿ ਜਾਵੇ।
-ਦੋ ਪਰਿੰਦੇ ਲੜ ਰਹੇ ਸਨ ਇਸ਼ਕ ਦੀ ਇਕ ਕੈਦ ਅੰਦਰ,
ਜੇ ਇਹ ਪਿੰਜਰੇ ਟੁੱਟ ਗਏ ਤਾਂ ਸਮਝੋ ਵਧੀਆ ਹੋ ਗਿਆ
-ਲੱਖਾਂ ਛਿੱਟੇ ਮਾਰੇ ਤਾਂ ਵੀ ਲੱਥਾ ਨਈ,
ਮੇਰੀਆਂ ਅੱਖਾਂ 'ਤੇ ਇਕ ਸੁਪਨਾ ਲੱਗਾ ਹੈ।
ਪੰਜਾਬੀ ਕਵਿਤਾ ਦਾ ਪਾਠਕ ਨਹੀਂ ਹੈ। ਸ਼ਾਇਰ ਅੱਕਿਆ ਪਿਆ ਹੈ ਕਿ ਉਸ ਦੀ ਸ਼ਾਇਰੀ ਦੀ ਕੋਈ ਕੀਮਤ ਨਹੀਂ। ਅਸਲ ਵਿਚ ਲੋਕਾਂ ਨੂੰ ਤਾਂ ਮੁਜ਼ਰਿਆਂ ਦਾ ਚਸਕਾ ਪਾ ਕੇ ਹਾਕਮ ਸੁਰਖਰੂ ਹੋ ਜਾਂਦਾ ਹੈ ਤਾਂ ਕਿ ਲੋਕ ਅਵਚੇਤਨ ਵਿਚ ਹੀ ਰਹਿਣ :
ਸ਼ਾਇਦ ਇਕ ਸ਼ਾਇਰ ਨੇ ਅੱਜ ਗ਼ਜ਼ਲਾਂ ਦੀ ਕਾਪੀ ਪਾੜਤੀ,
ਹਰ ਗਲੀ ਹਰ ਮੋੜ 'ਤੇ ਸ਼ਿਅਰਾਂ ਦੇ ਜੋ ਟੁਕੜੇ ਪਏ।
ਆਦਮੀ ਕੌਣ ਹੈ, ਉਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਸੰਸਾਰ ਦੀਆਂ ਹੋਣੀਆਂ ਇਸੇ ਅਣਗਹਿਲੀ ਦੀ ਭਰੂੰਦ ਹੈ :
ਅਫ਼ਸੋਸ ਕੀ ਜੇ ਸ਼ਹਿਰ ਵਿਚ ਰੌਲਾ ਪਿਆ ਨਹੀਂ,
ਮੈਂ ਲਾਪਤਾ ਹਾਂ ਹਾਲੇ ਮੈਨੂੰ ਵੀ ਪਤਾ ਨਹੀਂ।
ਕਾਦਰ ਦੀ ਕੁਦਰਤ ਤੋਂ ਦੂਰੀ ਤੇ ਬੇਗ਼ਾਨਗੀ ਹੀ ਆਦਮੀ ਨੂੰ ਮੁੜ ਕੇ ਪਥਰਾਹਟ ਯੁੱਗ ਵਿਚ ਲੈ ਜਾਵੇਗੀ ਸ਼ਾਇਰ ਸੁਖਦੀਪ ਠੀਕ ਤਾਂ ਕਹਿੰਦਾ ਹੈ :
ਕਿੰਨੇ ਦਿਨਾਂ ਤੋਂ ਝੀਲ ਦਾ ਵੀ ਦਿਲ ਉਦਾਸ ਹੈ
ਕਿੰਨੇ ਦਿਨਾਂ ਤੋਂ ਮੈਂ ਵੀ ਉਸ ਕੋਲ ਬੈਠਿਆ ਨਹੀਂ
ਗ਼ਜ਼ਲ ਦੀ ਸਿਰਜਣਾ ਮਨ ਦੀ ਉਦਾਸੀ ਦੀ ਲਹਿਰ ਹੈ ਲੋਕ ਕਿਸੇ ਹਿਜਰ ਵਿਛੋੜੇ ਦਾ ਐਵੇਂ ਪਰਦਾ ਸਿਰਜਦੇ ਹਨ:
ਸਾਡਾ ਤਾਂ ਬਚਪਨੇ ਤੋਂ ਗ਼ਜ਼ਲ ਨਾਲ ਇਸ਼ਕ ਹੈ,
ਇਸ ਵਿਚ ਤੇਰੇ ਹਿਜਰ ਦਾ ਕੋਈ ਸ਼ੁਕਰੀਆ ਨਹੀਂ
ਸੁਖਦੀਪ ਔਜਲਾ ਦੀ ਸ਼ਾਇਰ ਗ਼ਜ਼ਲ ਦੇ ਨਵੇਂ ਯੁੱਗ ਦੇ ਨਵੀਨ ਭਾਵ ਬੋਧ ਦਾ ਦਰਵਾਜ਼ਾ ਖੋਲ੍ਹਦੀ ਲਗਦੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਰਾਸ ਰੰਗ
ਲੇਖਕ : ਡਾ. ਸਾਹਿਬ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 212
ਸੰਪਰਕ : 98880-11096
ਡਾ. ਸਾਹਿਬ ਸਿੰਘ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਹਸਤਾਖਰ ਹੈ। ਵਿਚਾਰ ਅਧੀਨ ਪੁਸਤਕ ਵਿਚਲੇ ਸਾਰੇ 60 ਲੇਖ ਪਹਿਲਾਂ ਪੰਜਾਬੀ ਟ੍ਰਿਬਿਊਨ ਵਿਚ ਛਪ ਚੁੱਕੇ ਹਨ। ਇਹ ਸਾਰੇ ਹੀ ਲੇਖ ਖੇਡੇ ਗਏ ਨਾਟਕਾਂ, ਨਿਰਦੇਸ਼ਕਾਂ, ਰੰਗਮੰਚ ਅਤੇ ਦਰਸ਼ਕਾਂ ਬਾਰੇ ਹਨ। ਭਾਵੇਂ ਸਾਹਿਬ ਸਿੰਘ ਖ਼ੁਦ ਇਕ ਨਾਟਕਕਾਰ, ਅਦਾਕਾਰ ਅਤੇ ਨਿਰਦੇਸ਼ਕ ਵਜੋਂ ਗਤੀਸ਼ੀਲ ਹੈ ਪਰ ਇਸ ਪੁਸਤਕ ਰਾਹੀਂ ਉਸ ਦਾ ਸਮੀਖਿਅਕ ਦਾ ਰੂਪ ਸਾਹਮਣੇ ਆਉਂਦਾ ਹੈ। ਇਸ ਪੁਸਤਕ ਵਿਚ ਉਸ ਨੇ ਅਸਗਰ ਵਜਾਹਤ, ਅੰਮ੍ਰਿਤਾ ਪ੍ਰੀਤਮ, ਨੀਲਮ ਮਾਨ ਸਿੰਘ, ਅਜਮੇਰ ਔਲਖ, ਕਿਰਪਾਲ ਕਜ਼ਾਕ, ਲੱਖਾ ਲਹਿਰੀ, ਸ਼ੈਕਸਪੀਅਰ, ਸਆਦਤ ਹਸਨ ਮੰਟੋ, ਹਰਸਰਨ ਸਿੰਘ, ਆਤਮਜੀਤ, ਜੀਵੇਸ਼ ਸਿੰਘ, ਬਲਵੰਤ ਗਾਰਗੀ, ਦਵਿੰਦਰ ਦਮਨ, ਨੌਰਾ ਰਿਚਰਡਜ਼, ਨਾਨਕ ਸਿੰਘ, ਸਵਦੇਸ਼ ਦੀਪਕ, ਗੁਰਸ਼ਰਨ ਸਿੰਘ, ਮੰਜਰੀ ਚਤੁਰਵੇਦੀ, ਗਿਰੀਸ਼ ਕਰਨਾਡ, ਓਮ ਪ੍ਰਕਾਸ਼ ਗਾਸੋ, ਨਾਦਿਰਾ ਜ਼ਹੀਰ ਬੱਬਰ, ਕੇਵਲ ਧਾਲੀਵਾਲ, ਵੈਂਕਟੇਸ਼ ਮਡਗਾਉਕਰ, ਚਕਰੇਸ਼ ਕੁਮਾਰ, ਕਾਮਤਾਨਾਥ, ਸੰਗੀਤਾ ਗੁਪਤਾ, ਕ੍ਰਿਸ਼ਨ ਚੰਦਰ, ਬਲਦੇਵ ਧਾਲੀਵਾਲ, ਮੁਨਸ਼ੀ ਪ੍ਰੇਮ ਚੰਦ, ਆਸਿਫ਼ ਅਲੀ, ਸ਼ਾਹਿਦ ਨਦੀਮ, ਜਸਵੀਰ ਰਾਣਾ, ਵਰਿਆਮ ਸੰਧੂ, ਜੋਗਿੰਦਰ ਬਾਹਰਲਾ, ਰਾਣਾ ਰਣਬੀਰ, ਡਾ. ਦਵਿੰਦਰ ਕੁਮਾਰ, ਸ਼ਬਦੀਸ਼, ਵਿਜੇ ਕਪੂਰ, ਬਨਿੰਦਰਜੀਤ ਸਿੰਘ ਬਨੀ ਜਿਹੇ ਚਰਚਿਤ ਨਾਟਕਕਾਰਾਂ, ਲੇਖਕਾਂ, ਨਿਰਦੇਸ਼ਕਾਂ, ਸਾਹਿਤਕਾਰਾਂ ਆਦਿ ਦੁਆਰਾ ਸਿਰਜੇ ਨਾਟ-ਸੰਸਾਰ ਦੀ ਬਾਤ ਪਾਈ ਹੈ। ਇਹ ਸਾਰਾ ਕਾਰਜ ਸਾਹਿਬ ਸਿੰਘ ਨੇ ਇਕ ਦਰਸ਼ਕ ਵਜੋਂ ਕੀਤਾ ਹੈ, ਜਿਸ ਵਿਚੋਂ ਉਸ ਦੀ ਬਹੁਪਰਤੀ ਸ਼ਖ਼ਸੀਅਤ ਵੀ ਪ੍ਰਤਿਧੁਨਿਤ ਹੋਈ ਹੈ। ਉਸ ਨੇ ਰੰਗਮੰਚ ਨੂੰ ਮਨੁੱਖ ਦੇ ਜੀਵਨ ਨਾਲ ਇਸ ਕਦਰ ਜੋੜ ਕੇ ਵਿਖਾਇਆ ਹੈ ਕਿ ਇਸ ਵਿਚੋਂ ਉਸ ਦੇ ਸਾਹ ਲੈਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਸ ਨੇ ਸਰਲ, ਸਪੱਸ਼ਟ ਤੇ ਆਮ ਲੋਕ-ਭਾਸ਼ਾ ਵਿਚ ਇਨ੍ਹਾਂ ਲਿਖਤਾਂ ਨੂੰ ਜੋ ਜ਼ਬਾਨ ਦਿੱਤੀ ਹੈ, ਉਹ ਸੁਣਨ ਨਾਲੋਂ ਵੇਖਣ ਦੇ ਬਹੁਤ ਨੇੜੇ ਜਾਪਦਾ ਹੈ। ਲਿਖੇ ਹੋਏ ਨੂੰ ਵੇਖਣਯੋਗ ਬਣਾਉਣਾ ਡਾ. ਸਾਹਿਬ ਸਿੰਘ ਦੀ ਪ੍ਰਤਿਭਾ ਦਾ ਹਾਸਿਲ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਭਗਤੀ ਅੰਦੋਲਨ ਅਤੇ ਸੂਫ਼ੀਅਤ
ਲੇਖਕ : ਪ੍ਰਿੰ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 94634-63193
ਇਸ ਪੁਸਤਕ ਦਾ ਲੇਖਕ, ਜਿਸ ਨੇ ਸੂਫ਼ੀਅਤ ਉੱਪਰ ਵੱਡਾ ਖੋਜ ਕਾਰਜ ਕੀਤਾ ਹੈ। ਇਸ ਪੁਸਤਕ ਤੋਂ ਇਲਾਵਾ ਲੇਖਕ ਨੇ ਦਸ ਹੋਰ ਖੋਜ-ਭਰਪੂਰ ਕਿਤਾਬਾਂ ਸਮੇਂ-ਸਮੇਂ 'ਤੇ ਪਾਠਕਾਂ ਦੇ ਸਨਮੁੱਖ ਕੀਤੀਆਂ ਹਨ। ਸੰਸਾਰ ਦੇ ਹਰ ਛੋਟੇ-ਵੱਡੇ ਧਰਮ ਨੇ ਸੰਸਾਰੀ ਲੋਕਾਂ ਨੂੰ ਰੱਬ ਦੀ ਬੰਦਗੀ ਦਾ ਸੁਖੈਨ, ਸੱਚਾ ਅਤੇ ਅਸਲ ਸਹੀ ਮਾਰਗ ਦਰਸਾਉਣ ਖ਼ਾਤਰ ਆਪਣੇ ਜੀਵਨ ਅਰਪਿਤ ਕੀਤੇ। ਅਲੱਗ-ਅਲੱਗ ਧਰਮਾਂ ਗੁਰੂਆਂ, ਪੀਰਾਂ, ਨਬੀਆਂ, ਔਲੀਆਂ, ਰਸੂਲਾਂ, ਸੰਤਾਂ-ਮਹਾਂਪੁਰਸ਼ਾਂ, ਭਗਤਾਂ, ਸੂਫ਼ੀ ਦਰਵੇਸ਼ਾਂ ਨੇ ਸੰਸਾਰੀਆਂ ਨੂੰ ਵਹਿਮਾਂ-ਭਰਮਾਂ, ਪਾਖੰਡਾਂ, ਅਗਿਆਨਤਾ ਦੇ ਹਨੇਰੇ ਖੂਹ ਵਿਚੋਂ ਕੱਢ ਕੇ ਸੱਚ ਦਾ ਮਾਰਗ ਦਰਸਾਉਣ ਦਾ ਯਤਨ ਕੀਤਾ। ਲੋਕਾਂ ਨੂੰ ਜੀਵਨ-ਜਾਚ, ਸਦਾਚਾਰਕ ਨਿਯਮ ਸਿਖਾਉਣ ਦੇ ਨਾਲ-ਨਾਲ ਲੋਕਾਈ ਨੂੰ ਬੁਰਾਈ ਤੋਂ ਬਚਣ ਲਈ ਵੀ ਮਾਰਗ ਦਰਸ਼ਨ ਕੀਤਾ ਹੈ। ਲੇਖਕ ਦਾ ਮੰਨਣਾ ਹੈ ਕਿ ਧਰਮ ਨੂੰ, ਦੂਰ-ਦ੍ਰਿਸ਼ਟੀ ਨਾਲ ਮੰਨਣ ਚੰਗੇ ਇਨਸਾਨ ਹਮੇਸ਼ਾ ਬੇ-ਦੀਨੇ ਅਤੇ ਅਧਰਮੀ ਲੋਕਾਂ ਤੋਂ ਅਕਸਰ ਅਸੂਲਾਂ ਦੇ ਪੱਕੇ, ਵਾਅਦਾ ਨਿਭਾਉਣ ਵਾਲੇ, ਆਪਣੇ ਫ਼ਰਜ਼ਾਂ ਅਤੇ ਕਰੱਤਵਾਂ ਪ੍ਰਤੀ ਇਮਾਨਦਾਰ ਅਤੇ ਸੰਸਾਰੀ ਲੋਕਾਂ ਤੇ ਜੀਵ-ਜੰਤੂਆਂ ਤੇ ਬਨਸਪਤੀ ਦਾ ਭਲਾ ਮੰਗਣ ਵਾਲੇ ਹੁੰਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਜਿਹੜੇ ਆਸਤਿਕ ਨਹੀਂ ਉਹ ਮਾੜੇ ਹੁੰਦੇ ਹਨ। ਚੰਗੇ ਲੋਕ ਕਿਤੇ ਵੀ ਚੰਗੇ ਹੋ ਸਕਦੇ ਹਨ। ਹਥਲੀ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਪੰਦਰਾਂ ਭਗਤਾਂ ਦੇ ਜੀਵਨ ਅਤੇ ਬਾਣੀ ਨੂੰ ਆਧਾਰ ਬਣਾਇਆ ਗਿਆ ਹੈ। ਸੂਫ਼ੀਅਤ ਬਾਰੇ ਉਨ੍ਹਾਂ ਸੂਫ਼ੀ ਸੰਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਵਿਦਵਾਨਾਂ ਵਲੋਂ ਅਣਗੌਲੇ ਰਹੇ। ਪੁਸਤਕ ਨੂੰ ਦਸ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ, ਦੂਜੇ ਅਤੇ ਤੀਜੇ ਹਿੱਸੇ ਵਿਚ ਭਗਤੀ ਮੱਤ, ਭਗਤੀ ਮੱਤ ਦੇ ਪ੍ਰਮੁੱਖ ਸਿਧਾਂਤ, ਭਗਤੀ ਅੰਦੋਲਨ ਦਾ ਕ੍ਰਾਂਤੀਕਾਰੀ ਵਿਕਾਸ ਉੱਪਰ ਗਹਿਰ ਗੰਭੀਰ ਵਿਚਾਰ ਪੇਸ਼ ਕੀਤੇ ਹਨ। ਪੁਸਤਕ ਦੇ ਚੌਥੇ ਹਿੱਸੇ ਵਿਚ ਸ੍ਰੀ ਆਦਿ ਗ੍ਰੰਥ ਵਿਚ ਦਰਜ ਭਗਤ ਸਾਹਿਬਾਨ ਅਤੇ ਉਨ੍ਹਾਂ ਦੀ ਬਾਣੀ ਸੰਬੰਧੀ ਵਿਚਾਰਾਂ ਦੀ ਲੜੀ ਅੱਗੇ ਤੋਰਿਆ ਗਿਆ ਹੈ। ਇਨ੍ਹਾਂ ਪੰਦਰਾਂ ਭਗਤਾਂ ਵਿਚ ਸੰਤ ਕਬੀਰ ਜੀ, ਸੰਤ ਨਾਮਦੇਵ ਜੀ, ਸੰਤ ਰਵਿਦਾਸ ਜੀ, ਸੁਆਮੀ ਰਾਮਾਨੰਦ ਜੀ, ਭਗਤ ਜੈ ਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਪਰਮਾਨੰਦ ਜੀ, ਭਗਤ ਧੰਨਾ ਜੀ, ਭਗਤ ਰਾਜਾ ਪੀਪਾ ਜੀ, ਭਗਤ ਰੈਣ ਜੀ, ਭਗਤ ਸਧਨਾ ਜੀ, ਭਗਤ ਸੂਰਦਾਸ ਜੀ, ਭਗਤ ਸ਼ੇਖ ਭੀਖਨ ਜੀ, ਹਜ਼ਰਤ ਬਾਬਾ ਸ਼ੇਖ ਫ਼ਰੀਦ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਸੰਬੰਧੀ ਪਾਠਕਾਂ ਨਾਲ ਸਾਂਝ ਪਾਈ ਗਈ ਹੈ। ਪੁਸਤਕ ਦੇ ਅਗਲੇ ਅਤੇ ਪੰਜਵੇਂ ਭਾਗ ਵਿਚ ਸੂਫ਼ੀ ਵਿਚਾਰਧਾਰਾਂ, ਛੇਵੇਂ ਹਿੱਸੇ ਵਿਚ ਪੰਜਾਬ ਵਿਚ ਸੂਫ਼ੀਅਤ ਦਾ ਪ੍ਰਵੇਸ਼ ਤੇ ਪ੍ਰਸਾਰ ਸੱਤਵੇਂ ਹਿੱਸੇ ਵਿਚ ਸੂਫ਼ੀ ਦਰਵੇਸ਼ਾਂ ਦੀਆਂ ਪ੍ਰਮੁੱਖ ਸਿੱਖਿਆਵਾਂ ਵਿਚ ਸੂਫ਼ੀ ਮੱਤ ਦੀਆਂ ਸਿੱਖਿਆਵਾਂ ਅਤੇ ਫਿਲਾਸਫ਼ੀ ਨੂੰ ਵਿਚਾਰਿਆ ਗਿਆ ਹੈ।
ਪੁਸਤਕ ਦੇ ਅੱਠਵੇਂ ਭਾਗ ਵਿਚ ਅਣਗੌਲੇ ਸੂਫ਼ੀ ਦਰਵੇਸ਼ਾਂ ਵਿਚੋਂ 20 ਦੇ ਕਰੀਬ ਸੂਫ਼ੀ ਦਰਵੇਸ਼ਾਂ ਦੇ ਜੀਵਨ ਅਤੇ ਉਨ੍ਹਾਂ ਦੇ ਬੰਦਗੀ ਸੰਬੰਧੀ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਦਾ ਸਫ਼ਲ ਯਤਨ ਕੀਤਾ ਹੈ, ਜਿਨ੍ਹਾਂ ਵਿਚ ਹਜ਼ਰਤ ਸੱਯਦ ਅਹਿਮਦ ਸੁਲਤਾਨ ਲੱਖਦਾਤਾ ਪੀਰ, ਹਜ਼ਰਤ ਸੱਯਦ ਕੁਤਬ ਅਲੀ ਸ਼ਾਹ ਦੂਲੋ, ਹਜ਼ਰਤ ਜਨਾਬ ਪੰਡਤ ਯੋਗਰਾਜ, ਹਜ਼ਰਤ ਬਾਬਾ ਮੌਲੇ ਸ਼ਾਹ, ਹਜ਼ਰਤ ਸਾਈਂ ਮਨਜ਼ੂਰ ਸ਼ਾਹ, ਹਜ਼ਰਤ ਸਾਈਂ ਵਰਿੰਦਰਪਾਲ ਕੌਸ਼ਲ, ਹਜ਼ਰਤ ਸੱਯਦ ਅਬਦੁੱਲਾ ਸ਼ਾਹ ਕਾਦਰੀ, ਮੰਢਾਲੀ ਸ਼ਰੀਫ਼, ਹਜ਼ਰਤ ਦਾਤਾ ਗੁਲਾਮੀ ਸ਼ਾਹ, ਹਜ਼ਰਤ ਦਾਤਾ ਅਲੀ ਅਹਿਮਦ ਕਾਦਰੀ, ਹਜ਼ਰਤ ਸਯਦ ਪੀਰ ਹਸਨ ਮੁਹੰਮਦ ਸ਼ਾਹ, ਹਜ਼ਰਤ ਸਯਦ ਸਾਈਂ ਜੁਮਲੇ ਸ਼ਾਹ ਉਦੇਸੀਆਂ ਸ਼ਰੀਫ਼, ਹਜ਼ਰਤ ਗੁਲਾਮ ਮਹੀਉਂਦੀਨ ਖਾਨ ਕਾਦਰੀ, ਹਜ਼ਰਤ ਸਾਈਂ ਲੱਭੂ ਸ਼ਾਹ, ਹਜ਼ਰਤ ਜਨਾਬ ਜੋਹ ਅਲੀ ਸ਼ਾਹ ਦੇ ਸੂਫ਼ੀ ਸੰਤ, ਹਜ਼ਰਤ ਬਾਬਾ ਮੌਲਾ ਰਾਮ ਬੰਸਰੀ ਵਾਲੇ, ਹਜ਼ਰਤ ਦਾਤਾ ਮਲੰਗ ਸ਼ਾਹ ਚੱਠਿਆਂ ਵਾਲੇ, ਹਜ਼ਰਤ ਬਾਬਾ ਆਤੂ ਸ਼ਾਹ ਚਿਸ਼ਤੀ, ਹਜ਼ਰਤ ਬਾਬਾ ਮਾਧੋ ਸ਼ਾਹ ਚਿਸ਼ਤੀ, ਹਜ਼ਰਤ ਬਾਬਾ ਮੌਲਾ ਸ਼ਾਹ, ਚਿਸ਼ਤੀ ਸਾਬਰੀ, ਹਜ਼ਰਤ ਬਾਬਾ ਮਸਤਾਨ ਸ਼ਾਹ ਧੋਲਪੁਰ ਖ਼ਤੀਬ ਵਾਲੇ ਸ਼ਾਮਿਲ ਹਨ। ਪੁਸਤਕ ਦੇ ਅੰਤ ਵਿਚ ਭਗਤੀ ਅੰਦੋਲਨ ਅਤੇ ਸੂਫ਼ੀਅਤ : ਤੁਲਨਾਤਮਕ ਅਧਿਐਨ, ਭਗਤੀ ਅੰਦੋਲਨ ਅਤੇ ਸੂਫ਼ੀਅਤ ਪ੍ਰਭਾਵ ਅਤੇ ਪ੍ਰਾਸੰਗਿਕਤਾ ਦੇ ਵਿਸ਼ੇ ਵੀ ਵਿਚਾਰੇ ਗਏ ਹਨ। ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਵਿਦਵਾਨਾਂ ਲਈ ਇਹ ਪੁਸਤਕ ਸਾਂਭਣਯੋਗ ਤੇ ਵਿਚਾਰਨਯੋਗ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਗਿਆਨ ਅੰਮ੍ਰਿਤ
ਲੇਖਕ : ਡਾ. ਕੇ. ਐਲ. ਗੋਇਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 98764-82548
ਮਨੁੱਖਾ ਜਨਮ ਬਹੁਤ ਨਿਰਮੋਲਕ ਹੈ ਕਿਉਂਕਿ ਇਸ ਕਰਮ ਜੂਨੀ ਵਿਚ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਬੰਦਗੀ ਕਰਕੇ ਇਸੇ ਜਨਮ ਵਿਚ ਮੁਕਤ ਹੋ ਸਕਦਾ ਹੈ। ਰੂਹਾਨੀਅਤ ਅਤੇ ਇਨਸਾਨੀਅਤ ਦੀ ਖੁਸ਼ਬੂ ਸਾਡੇ ਜੀਵਨ ਨੂੰ ਸਫਲ ਅਤੇ ਸਕਾਰਥਾ ਕਰ ਦਿੰਦੀ ਹੈ। ਲੇਖਕ ਨੇ ਸ਼ਰਧਾ ਭਾਵਨਾ ਨਾਲ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਪੁਸਤਕ ਦੇ ਵੱਖੋ-ਵੱਖਰੇ ਲੇਖ ਅਧਿਆਤਮ ਅਤੇ ਸਦਾਚਾਰ ਦੁਆਲੇ ਘੁੰਮਦੇ ਹਨ। ਇਨ੍ਹਾਂ ਦੇ ਵਿਸ਼ੇ ਬਹੁਤ ਸੁੰਦਰ ਹਨ, ਜਿਵੇਂ ਰੱਬ ਦੀ ਹੋਂਦ ਅਤੇ ਜਾਣਕਾਰੀ, ਬ੍ਰਹਮ ਦਾ ਸਰੂਪ ਅਤੇ ਪ੍ਰਾਪਤੀ, ਸਾਧੂ, ਸਤਿਗੁਰੂ, ਨਿਰੰਕਾਰ ਪ੍ਰਤੀ ਸਮਰਪਣ, ਸਹਿਣਸ਼ੀਲਤਾ, ਗੁਰਸਿੱਖੀ ਪਰੰਪਰਾ ਵਿਚ ਮਰਿਆਦਾ ਪਾਲਣ, ਵਿਸ਼ਵਾਸ, ਭਗਤੀ, ਅਨੰਦ ਨਾਲ ਜੀਵਨ ਵਿਚ ਰੂਪਾਂਤਰਣ, ਸਕੂਨ, ਨਾਰੀ ਸ਼ਕਤੀ ਦਾ ਵਿਕਾਸ, ਚਰਿੱਤਰ ਨਿਰਮਾਣ, ਮਾਨਵਤਾ ਦੀ ਰਾਹ ਆਦਿ। ਲੇਖਕ ਨੇ ਨਿਰੰਕਾਰੀ ਮਿਸ਼ਨ ਅਧਿਆਤਮਿਕ ਵਿਚਾਰਾਂ ਦਾ ਵਿਗਿਆਨਕ ਵਿਸ਼ਲੇਸ਼ਣ ਕਰਦਿਆਂ ਬ੍ਰਹਮ ਗਿਆਨ ਅਤੇ ਆਦਰਸ਼ਕ ਸਮਾਜ ਦਾ ਨਕਸ਼ਾ ਖਿੱਚਿਆ ਹੈ। ਦੁਖੀਆਂ ਦੇ ਦੁੱਖ ਵੰਡਾਉਣਾ, ਵਿਸ਼ਵ ਵਿਚ ਸ਼ਾਂਤੀ ਕਾਇਮ ਕਰਨਾ, ਨਸ਼ਿਆਂ ਤੋਂ ਬਚਾਉਣਾ ਅਤੇ ਭਾਈਚਾਰਕ ਸਾਂਝ ਪੈਦਾ ਕਰਨਾ ਇਸ ਮਿਸ਼ਨ ਦਾ ਉਦੇਸ਼ ਹੈ। ਕਈ ਥਾਈਂ ਗੁਰਬਾਣੀ ਦੇ ਹਵਾਲੇ ਦਿੱਤੇ ਗਏ ਹਨ, ਪਰ ਬਾਣੀ ਦੀ ਸ਼ੁੱਧਤਾ ਦਾ ਧਿਆਨ ਨਹੀਂ ਰੱਖਿਆ ਗਿਆ। ਅੰਤ ਵਿਚ ਸੰਤ ਸਮਾਗਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਸਮੁੱਚੇ ਤੌਰ 'ਤੇ ਅਧਿਆਤਮ ਜਗਿਆਸੂਆਂ ਅਤੇ ਖ਼ਾਸ ਕਰਕੇ ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਲਈ ਇਹ ਇਕ ਵਧੀਆ ਸਮੱਗਰੀ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਰਾਵੀ ਦੇ ਆਰ ਪਾਰ
ਲੇਖਕ : ਮਾ: ਗੁਰਮੀਤ ਸਿੰਘ ਤੰਬੜ ਨੰਦਾ ਚੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 116
ਸੰਪਰਕ : 98141-39065
ਰਾਵੀ ਦੇ ਆਰ ਪਾਰ ਪੁਸਤਕ ਮਾਸਟਰ ਗੁਰਮੀਤ ਸਿੰਘ ਤੰਬੜ ਨੰਦਾ ਚੌਰ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਦੇ ਤਜਰਬੇ ਰਾਵੀ ਦੇ ਆਰ ਪਾਰ ਦੀ ਗਾਥਾ ਨੂੰ ਬਿਆਨ ਕਰਦੇ ਹਨ। ਇਸ ਵਿਚ ਵੰਡ ਤੋਂ ਪਹਿਲਾਂ ਦੀ ਸਮਾਜਿਕ, ਭੂਗੋਲਿਕ, ਸੱਭਿਆਚਾਰਕ, ਆਰਥਿਕ ਤੇ ਵਿੱਦਿਅਕ ਪ੍ਰਣਾਲੀ ਦਾ ਜ਼ਿਕਰ ਕੀਤਾ ਗਿਆ ਹੈ। ਪੁਸਤਕ ਦੇ ਪ੍ਰਮੁੱਖ ਸਿਰਲੇਖ ਪੰਜਾਬ ਦੇ ਦੁਆਬੇ, ਬਾਰ ਦਾ ਖੇਸ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਿਆ ਦਾ ਮਿਆਰ, ਗ਼ਮ ਦੇ ਗੋਲੇ, ਬਰਫ਼ ਮਲਾਈ ਵਾਲਾ, ਨੌਦਾ, ਨੌਧਾ, ਜ਼ਮੀਰ ਜਾਗੇਗੀ, ਸਵਰਗ ਤੋਂ ਨਰਕ ਤਕ, ਚਾਹ, ਲੱਕੜ ਦੀ ਫੱਟੀ, ਸੈਣੀਆਂ ਦੀ ਬਾਰ, ਭਾਰਤ ਦੇ ਹਿਟਲਰ, ਰਾਣੀ ਜ਼ਿੰਦਾ ਨੂੰ ਦੇਸ਼ ਨਿਕਾਲੇ ਦਾ ਹੁਕਮ ਅਤੇ ਕਵਿਤਾਵਾਂ ਕਨੋਲੇ ਦੀ ਗੰਦਲ, ਪਰਛਾਵਾਂ, ਮੇਰੀ ਗੱਲ ਸੁਣ ਕੇ ਜਾਇਓ, ਕਿੱਥੇ ਵੱਸਦਾ ਆਦਿ ਦਰਜ ਹਨ।
ਮਾਸਟਰ ਗੁਰਮੀਤ ਸਿੰਘ ਦੇ ਬਜ਼ੁਰਗਾਂ ਨੇ ਮੁੜ ਵਸੇਬੇ ਲਈ ਚੱਜ ਦੁਆਬ ਦੇ ਇਲਾਕਿਆਂ ਵਿਚਲੇ ਜੰਗਲਾਂ ਨੂੰ ਸਾਫ਼ ਕੀਤਾ ਅਤੇ ਆਬਾਦ ਕਰਕੇ ਜੀਣ-ਥੀਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ। ਇਥੇ ਸਿੱਖਿਆ ਲਈ ਸਕੂਲ ਤੇ ਕਾਲਜ ਖੋਲ੍ਹੇ, ਤਾਂ ਜੋ ਮਨੁੱਖ ਮਾਨਸਿਕ ਪੱਖੋਂ ਸਕਾਰਾਤਮਕ ਗੁਣਾਂ ਦੇ ਧਾਰਨੀ ਬਣ ਸਕਣ, ਜਦਕਿ ਰਾਜਨੀਤੀਵਾਨਾਂ ਨੇ ਆਮ ਮਨੁੱਖਤਾ ਦਾ ਘਾਣ ਕੀਤਾ ਤੇ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਸਾਂਝਾ ਨੂੰ ਤੋੜਿਆ। ਦੋਵਾਂ ਪੰਜਾਬਾਂ ਦੇ ਲੋਕ ਅੱਜ ਵੀ ਇਕ-ਦੂਜੇ ਨੂੰ ਮਿਲਣ ਲਈ ਤਰਸ ਰਹੇ ਹਨ। ਦੋਵਾਂ ਪਾਸਿਆਂ ਦੇ ਲੋਕ ਇਕ-ਦੂਜੇ ਦੀ ਖ਼ੈਰ ਮੰਗਦੇ ਹਨ ਅਤੇ ਪੰਜਾਬੀ ਬੋਲੀ ਦਾ ਸਤਿਕਾਰ ਕਰਦੇ ਹਨ।
ਇਸ ਤੋਂ ਇਲਾਵਾ ਪਰਵਾਸ ਦੀਆਂ ਸਮੱਸਿਆਵਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਵਿਦੇਸ਼ਾਂ ਵੱਲ ਜਾਣ ਦਾ ਵੱਧ ਰਿਹਾ ਰੁਝਾਨ ਮਨੁੱਖ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਖ਼ਤਮ ਕਰ ਰਿਹਾ ਹੈ। ਪਰੰਪਰਾ ਤੋਂ ਆਧੁਨਿਕਤਾ ਤੱਕ ਦਾ ਸਫ਼ਰ ਜੀਵ ਦੀ ਬਦਲ ਰਹੀ ਚਾਲ ਨੂੰ ਰੂਪਮਾਨ ਕਰਦਾ ਹੈ। ਵਰਤਮਾਨ ਵਿਚ ਵਿਚਰਦੇ ਹੋਏ ਵੀ ਸੰਤਾਲੀ ਤੋਂ ਪਹਿਲਾਂ ਦੀਆਂ ਭਾਈਚਾਰਕ ਸਾਂਝਾਂ ਅਤੇ ਸੰਤਾਲੀ ਦੀ ਵੰਡ ਦਾ ਸੰਤਾਪ ਅਜੇ ਵੀ ਮਨੁੱਖ ਦੀ ਮਾਨਸਿਕਤਾ ਵਿਚ ਕਾਇਮ ਹੈ। ਪੁਸਤਕ 'ਰਾਵੀ ਦੇ ਆਰ ਪਾਰ' ਵਿਚਲਾ ਬਿਰਤਾਂਤ ਭਾਈਚਾਰਕ ਸਾਂਝਾਂ ਦੇ ਪੁਲ ਵਜੋਂ ਮਨੁੱਖ ਦੀ ਮਾਨਸਿਕਤਾ ਤੇ ਦਿਲਾਂ ਵਿਚ ਪਿਆਰ ਕਾਇਮ ਰੱਖਣ ਲਈ ਸਾਰਥਕਤਾ ਦਾ ਧਾਰਨੀ ਬਣੇਗਾ। ਪੁਸਤਕ ਵਿਚਲੀ ਕਾਵਿਕਤਾ ਰਾਹੀਂ ਪਰਵਾਸ ਦੇ ਸੰਤਾਪ ਦੀ ਤਸਵੀਰਕਸ਼ੀ:
ਉਥੇ ਚੱਲਣਾ ਫਿਰਨਾ ਵੱਖਰਾ / ਉਥੇ ਦੇ ਸਿਰਨਾਵੇਂ ਵੱਖਰੇ।
ਉਥੇ ਦਾ ਸੰਗੀਤ ਹੈ ਵੱਖਰਾ, / ਉਥੇ ਦੇ ਤਿਉਹਾਰ ਨੇ ਵੱਖਰੇ।
ਵੱਖਰੀ ਸੱਭਿਅਤਾ ਹੈ ਉਥੇ ਦੀ, / ਉਸ ਵਿਚ ਕਿਤੇ ਨਾ ਗੋਤੇ ਖਾਇਓ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਸੁਰਮਈ ਪੈੜਾਂ
ਲੇਖਕ : ਡਾ. ਮਨਮੋਹਨ ਸਿੰਘ ਤੀਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 295 ਰੁਪਏ, ਸਫ਼ੇ : 156
ਸੰਪਰਕ : 94647-30555
ਸੁਰਮਈ ਪੈੜਾਂ ਡਾ. ਮਨਮੋਹਨ ਸਿੰਘ ਤੀਰ ਦੀ ਜ਼ਿੰਦਗੀ ਦੀਆਂ ਅਮੁੱਲ ਯਾਦਾਂ ਹਨ, ਜਿਹੜੀਆਂ ਉਸ ਨੇ ਆਪਣੇ ਜੀਵਨ ਵਿਚ, ਉਸ ਨੇ ਆਪ ਹੰਢਾਈਆਂ ਹਨ, ਜੋ ਇਸ ਤਰ੍ਹਾਂ ਹਨ : ਫਿਰੋਜ਼ਸ਼ਾਹ ਤੋਂ ਮਹਿਲਪੁਰ, ਨਵੀਆਂ ਚੁਣੌਤੀਆਂ ਦੇ ਅੰਗ-ਸੰਗ, ਗੱਟੂ ਨਾਲ ਦੋਸਤੀ, ਨਵੇਂ ਆਸ਼ੀਆਨੇ ਦੀ ਤਲਾਸ਼, ਲਕਸ਼ਮਣੀ ਥੀਏਟਰ ਵਿਚ ਵੇਖੀ ਪਹਿਲੀ ਫ਼ਿਲਮ, ਪਿੰਡ ਤੋਂ ਸ਼ਹਿਰ ਦੀ ਯਾਤਰਾ ਫਗਵਾੜੇ ਮਾਡਲ ਟਾਊਨ ਵਿਚ, ਲਕਸ਼ਮੀ ਨਗਰ ਹੁਸ਼ਿਆਰਪੁਰ, ਅਵਤਾਰ ਸੰਧੂ ਨਾਲ ਦੋਸਤੀ, ਮਾਤਾ ਜੀ ਦਾ ਵਿਛੋੜਾ। ਗਿਆਨੀ ਕਾਲਜ ਦੀ ਸ਼ੁਰੂਆਤ, ਓ.ਟੀ. ਕਲਾਸ ਵਿਚ ਪਹਿਲਾ ਦਿਨ, ਆਸੀਨੇ ਦੀ ਤਲਾਸ਼, ਸਕੂਲ ਤੋਂ ਕਾਲਜ ਤੱਕ ਦਾ ਸੰਘਰਸ਼, ਇਕ ਸੈਮੀਨਾਰ ਤੋਂ ਦੂਜੇ ਸੈਮੀਨਾਰ ਤੱਕ, ਆਸ਼ਾ ਨਿਰਾਸ਼ਾ ਦੀ ਘੁੰਮਣ-ਘੇਰੀ, ਤਲਵਾੜੇ ਕਾਲਜ ਵਿਚ ਪਹਿਲਾ ਦਿਨ, ਨਵੇਂ ਸੰਘਰਸ਼ ਦੀ ਸ਼ੁਰੂਆਤ, ਸਰਕਾਰੀ ਕਾਲਜ ਹੁਸ਼ਿਆਰਪੁਰ, ਖੁੱਲ੍ਹੇ ਅਸਮਾਨ ਵਿਚ ਉਡਾਰੀ, ਕੁੱਲੂ ਮੁਨਾਲੀ ਦੀਆਂ ਖ਼ੂਬਸੂਰਤ ਵਾਦੀਆਂ ਵਿਚ, ਕੁੱਲ ਇਕ ਅਭੁੱਲ ਯਾਦਾਂ ਹਨ, ਜਿਨ੍ਹਾਂ ਨੂੰ ਅਸੀਂ ਉਸ ਦੀ ਜ਼ਿੰਦਗੀ ਦੀ ਪ੍ਰਾਪਤੀ ਕਹਿ ਸਕਦੇ ਹਾਂ, ਜਾਂ ਸੰਘਰਸ਼ ਦੇ ਵੱਖ-ਵੱਖ ਪੜਾਅ ਕਹਿ ਸਕਦੇ ਹਾਂ, ਜਿਨ੍ਹਾਂ ਤੋਂ ਉਸ ਨੂੰ ਨਵੇਂ ਤਜਰਬੇ ਪ੍ਰਾਪਤ ਹੋਏ। ਜ਼ਿੰਦਗੀ ਇਕ ਸੰਘਰਸ਼ ਹੈ। ਉਸ ਨੇ ਸੰਘਰਸ਼ ਕੀਤਾ ਹੈ। ਹੰਢਾਇਆ ਹੈ। ਨਵੀਆਂ ਪ੍ਰਾਪਤੀਆਂ ਕੀਤੀਆਂ ਹਨ। ਜੋ ਪ੍ਰਾਪਤ ਕੀਤਾ ਹੈ, ਲਿਖ ਦਿੱਤਾ ਹੈ। ਬਹੁਤ ਕੁਝ ਸਿੱਖਿਆ ਹੈ, ਪ੍ਰਾਪਤ ਕੀਤਾ ਹੈ। ਜ਼ਿੰਦਗੀ ਇਕ ਸੰਘਰਸ਼ ਹੈ। ਇਸ ਸੰਘਰਸ਼ ਨੂੰ ਉਸ ਨੇ ਸੁਰਮਈ ਪੈੜਾਂ ਕਿਹਾ ਹੈ। ਇਨ੍ਹਾਂ ਸੁਰਮਈ ਪੈੜਾਂ ਨੂੰ ਜੋ ਪਾਠਕ ਪੜ੍ਹੇਗਾ, ਸਿੱਖੇਗਾ ਵੀ, ਸਿਖਾਏਗਾ। ਜ਼ਿੰਦਗੀ ਲੰਮੀ ਯਾਤਰਾ ਹੈ। ਜੋ ਵਿਅਕਤੀ, ਉਮਰ ਭੋਗਦਾ ਹੈ, ਬਹੁਤ ਕੁਝ ਸਿਖਦਾ ਹੈ, ਸਿਖਾਉਂਦਾ ਹੈ। ਸੁਰਮਈ ਪੈੜਾਂ ਕਰਦਿਆਂ ਡਾ. ਮਨਮੋਹਨ ਸਿੰਘ ਨੇ ਵੀ ਬਹੁਤ ਕੁਝ ਸਿੱਖਿਆ ਹੋਵੇਗਾ, ਜਿਨ੍ਹਾਂ ਤਜਰਬਿਆਂ ਨੂੰ ਉਸ ਨੇ ਭੋਗਿਆ ਹੈ। ਹੰਢਾਇਆ ਹੈ, ਉਨ੍ਹਾਂ ਤੋਂ ਸਿੱਖਿਆ ਹੈ। ਇਹ ਸਿੱਖਿਆ ਹੋਇਆ ਲੇਖਕ ਨੇ ਜਿਥੇ ਆਪ ਸਿੱਖਿਆ ਹੋਵੇਗਾ, ਉਥੇ ਦੂਜਿਆਂ ਨੂੰ ਸਿਖਾਇਆ ਹੋਵੇਗਾ, ਇਹੋ ਉਸ ਦੀ ਕਮਾਈ ਦੌਲਤ ਹੈ।
-ਡਾ. ਅਮਰ ਕੋਮਲ
ਮੋਬਾਈਲ : 88376-84173
1857 ਦਾ ਗ਼ਦਰ ਅਤੇ ਸਿੱਖ
ਲੇਖਕ : ਡਾ. ਜਸਮਿੰਦਰ ਸਿੰਘ ਘੁਮਾਣ,
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 217
ਸੰਪਰਕ : 98146-40063
'1857 ਦਾ ਗ਼ਦਰ ਅਤੇ ਸਿੱਖ' ਇਸ ਕਿਤਾਬ ਨੂੰ ਲੇਖਕ ਵਲੋਂ ਅੱਠ ਭਾਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਦੇ ਨਾਂਅ ਕ੍ਰਮਵਾਰ 'ਧਰਮ ਚਲਾਵਨ ਸੰਤ ਉਬਾਰਨ; 1857 ਦਾ ਗ਼ਦਰ ਤੇ ਜੰਗੇ ਆਜ਼ਾਦੀ 'ਤੇ ਸਿੱਖਾਂ ਦਾ ਯੋਗਦਾਨ; ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਕਠਪੁਤਲੀ ਬਾਦਸ਼ਾਹ; ਗ਼ਦਰ ਦੇ ਆਗੂ ਤੇ ਉਨ੍ਹਾਂ ਦੇ ਮੰਤਵ; 1857 ਦਾ ਗ਼ਦਰ ਤੇ ਸਿੱਖਾਂ ਦਾ ਕਿਰਦਾਰ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਕੁਰਬਾਨੀ; 1857 ਦੇ ਗ਼ਦਰ ਬਾਰੇ ਇਤਿਹਾਸਕ ਤੱਥਾਂ ਦੀ ਪੜਚੋਲ'; ਅਤੇ 'ਆਜ਼ਾਦ ਦੇਸ਼ ਦੇ ਬਾਸ਼ਿੰਦੇ ਗ਼ਦਾਰ ਕਿਉਂ?' ਹਨ। ਕਿਤਾਬ ਦਾ ਮੁਢਲਾ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ, ਸਿੱਖ ਧਰਮ, ਦਰਸ਼ਨ ਸ਼ਾਸਤਰ ਆਦਿ 'ਤੇ ਆਧਾਰਿਤ ਹੈ, ਜਿਸ ਵਿਚ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦੁਆਰਾ ਬਰਤਾਨਵੀ ਸਾਮਰਾਜ ਵਿਰੁੱਧ ਸੰਘਰਸ਼, ਲੜਾਈਆਂ, ਸ਼ਹਾਦਤਾਂ ਅਤੇ ਪ੍ਰਾਪਤੀਆਂ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਵਿਚੋਂ ਕੁਝ ਪ੍ਰਮੁੱਖ ਲੜਾਈਆਂ, ਚੇਲਿਆਂਵਾਲੀ ਦਾ ਯੁੱਧ, ਸਾਰਾਗੜ੍ਹੀ ਦੀ ਲੜਾਈ, ਗ਼ਦਰੀ ਕ੍ਰਾਂਤੀਕਾਰੀਆਂ ਦਾ ਸੰਘਰਸ਼ ਅਤੇ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਰਾਸ਼ਟਰੀ ਸੁਤੰਤਰਤਾ ਸੰਗਰਾਮੀਆਂ ਦੇ ਜੀਵਨ ਬਾਰੇ ਵਰਣਨ ਹੈ। ਇਸ ਦੇ ਨਾਲ ਹੀ 1857 ਈਸਵੀ ਦੇ ਗ਼ਦਰ ਦੌਰਾਨ ਸਿੱਖਾਂ ਦੇ ਵੱਖ-ਵੱਖ ਵਰਗਾਂ ਦੀ ਭੂਮਿਕਾ, ਸਿੰਧੀਆਂ, ਹੋਲਕਰ ਤੇ ਮਰਾਠਿਆਂ ਦੁਆਰਾ ਬਰਤਾਨਵੀ ਸਾਮਰਾਜ ਦੀ ਵਿਰੋਧਤਾ, ਪੂਰਬੀ ਪ੍ਰਾਤਾਂ ਦੇ ਲੋਕਾਂ ਦੀ ਵਿਰੋਧਤਾ, ਅਮਰੀਕਨ ਗ਼ਦਰੀ ਲਹਿਰ ਅਤੇ ਬਾਬਾ ਆਲਾ ਸਿੰਘ ਦੇ ਜੀਵਨ ਅਤੇ ਦਲ ਖ਼ਾਲਸਾ ਆਦਿ ਬਾਰੇ ਵਰਣਨ ਹੈ। ਵਿਸਥਾਰ ਪੂਰਵਕ ਜਾਣਕਾਰੀ ਹੈ। ਲੇਖਕ ਵਲੋਂ ਕਿਤਾਬ ਵਿਚ ਬਹੁਤ ਵੱਡੇ-ਵੱਡੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਮੁੱਖ ਇਤਿਹਾਸਕਾਰਾਂ ਡਾ. ਗੰਡਾ ਸਿੰਘ ਵਰਗੇ ਇਤਿਹਾਸਕਾਰਾਂ ਦੇ ਵਿਚਾਰਾਂ ਨੂੰ ਵੀ ਪੜਚੋਲਿਆ ਗਿਆ ਹੈ। ਲੇਖਕ ਨੇ ਅੰਤਿਮ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਬਾਰੇ ਵੀ 4 ਆਪਣੇ ਵਿਚਾਰ ਲਿਖਤੀ ਰੂਪ ਵਿਚ ਪ੍ਰਗਟ ਕੀਤੇ ਹਨ। ਇਤਿਹਾਸ ਲੇਖਨ ਕਲਾ ਵਿਚ ਤੱਥਾਂ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ। ਵਧੇਰੇ ਚੰਗਾ ਹੁੰਦਾ ਜੇਕਰ ਲੇਖਕ ਵਲੋਂ ਆਪਣੇ ਵਿਚਾਰਾਂ ਦੇ ਹੱਕ ਵਿਚ ਇਤਿਹਾਸਕ ਤੱਥਾਂ, ਘਟਨਾਵਾਂ ਅਤੇ ਰਿਪੋਰਟਾਂ ਨੂੰ ਵਰਣਨ ਕੀਤਾ ਜਾਂਦਾ ਤਾਂ ਜੋ ਇਹ ਕਿਤਾਬ ਇਤਿਹਾਸ ਦਾ ਇਕ ਪ੍ਰਮਾਣਿਕ ਸਰੋਤ ਬਣ ਸਕਦੀ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਗ਼ਦਰ ਦਾ ਦੂਜਾ ਪੱਖ
(ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼)
ਲੇਖਕ : ਗੁਰੂਮੇਲ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 327
ਸੰਪਰਕ : 95011-45039
ਗੁਰੂਮੇਲ ਸਿੱਧੂ ਨੇ ਆਪਣਾ ਜੀਵਨ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਅਮਰੀਕਾ ਜਾ ਕੇ ਸ਼ੁਰੂ ਕੀਤਾ ਸੀ। ਸਟੇਟ ਯੂਨੀਵਰਸਿਟੀ ਫਰੈਜ਼ਨੋ, ਕੈਲੀਫੋਰਨੀਆ, ਅਮਰੀਕਾ ਅਤੇ ਕੈਨੇਡਾ ਦੀਆਂ ਹੋਰ ਯੂਨੀਵਰਸਿਟੀਆਂ ਵਿਚ ਉਸ ਨੇ ਲਗਭਗ ਪੰਜਾਹ ਸਾਲ ਅਧਿਆਪਕ ਵਜੋਂ ਸੇਵਾ ਨਿਭਾਈ ਹੈ। ਉਸ ਦੀਆਂ ਗਿਆਨ ਸਾਹਿਤ ਦੇ ਖੇਤਰ ਵਿਚ ਚਾਰ ਕਿਤਾਬਾਂ, ਪੰਜਾਬੀ ਕਵਿਤਾ ਦੀ ਆਲੋਚਨਾ ਦੇ ਖੇਤਰ ਵਿਚ ਦੋ ਅਤੇ ਦਸ ਕਿਤਾਬਾਂ ਕਵਿਤਾ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਰਾਸ਼ਟਰੀ, ਅੰਤਰ-ਰਾਸ਼ਟਰੀ ਸਾਹਿਤਕ ਸੰਸਥਾਵਾਂ ਤੋਂ ਅਨੇਕਾਂ ਮਾਣ-ਸਨਮਾਣ ਪ੍ਰਾਪਤ ਡਾ. ਗੁਰੂਮੇਲ ਸਿੱਧੂ 10 ਜੁਲਾਈ, 2022 ਨੂੰ ਸਵਰਗਵਾਸ ਹੋ ਗਏ ਹਨ। ਇਸ ਕਿਤਾਬ ਗ਼ਦਰ ਦਾ ਦੂਜਾ ਪੱਖ (ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼) ਨੂੰ ਗੁਰੂਮੇਲ ਸਿੱਧੂ ਦੇ ਸਵਰਗਵਾਸ ਉਪਰੰਤ ਮੌਜੂਦਾ ਪੰਜਾਬੀ ਗੀਤਕਾਰੀ ਦੇ ਸਿਰਮੌਰ ਹਸਤਾਖਰ ਹਰਜਿੰਦਰ ਕੰਗ ਵਲੋਂ ਇੰਡੋ-ਅਮੈਰੀਕਨ ਹੈਰੀਟੇਜ ਫੋਰਮ, ਅਮਰੀਕਾ ਅਤੇ ਸਿੱਧੂ ਪਰਿਵਾਰ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸੰਸਕਰਨ ਵਿਚ ਡਾ. ਗੁਰੂਮੇਲ ਸਿੱਧੂ ਦੀਆਂ ਅੰਗਰੇਜ਼ੀ ਭਾਸ਼ਾ ਵਿਚ ਛਪੀਆਂ ਕਿਤਾਬਾਂ ਵਿਚੋਂ ਦੋ ਲੇਖ 'ਕਾਮਾਗਾਟਾ ਮਾਰੂ ਅਤੇ ਗ਼ਦਰ ਲਹਿਰ ਵਿਚ ਇਸ ਦੀ ਭੂਮਿਕਾ' ਅਤੇ 'ਜੇ.ਜੇ. ਸਿੰਘ ਅਮਰੀਕਰਨ ਨਾਗਰਿਕਤਾ ਦਾ ਨਿਰਮਾਣਕਾਰ' ਸੁਖਜਿੰਦਰ ਫ਼ਿਰੋਜ਼ਪੁਰ ਦੁਆਰਾ ਅਨੁਵਾਦ ਕਰਨ ਉਪਰੰਤ ਸ਼ਾਮਿਲ ਕੀਤੇ ਗਏ ਹਨ। ਗ਼ਦਰ ਲਹਿਰ ਦੀ ਸਥਾਪਨਾ, ਸੰਘਰਸ਼, ਪ੍ਰਾਪਤੀਆਂ ਦੇ ਇਤਿਹਾਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਭਾਗ ਪਹਿਲਾ ਗ਼ਦਰ ਲਹਿਰ ਦਾ ਹੋਂਦ ਵਿਚ ਆਉਣਾ, ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਅਮਰੀਕਾ, ਕੈਨੇਡਾ, ਯੂਰਪ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਗ਼ਦਰੀ ਯੋਧਿਆਂ ਦੁਆਰਾ ਇਕ-ਦੂਸਰੇ ਨਾਲ ਸੰਬੰਧ ਸਥਾਪਤ ਕਰਨੇ, ਗੁਪਤ ਰੂਪ ਵਿਚ ਪੈਸਾ, ਹਥਿਆਰ ਅਤੇ ਹੋਰ ਸਾਧਨ ਇਕੱਠੇ ਕਰਨੇ ਅਤੇ ਬਦਲਾ ਲੈਣ ਲਈ ਜੱਦੋ-ਜਹਿਦ ਕਰਨਾ ਸੀ। ਦੇਸ਼ਾਂ-ਵਿਦੇਸ਼ਾਂ ਵਿਚ ਇਹ ਸੰਘਰਸ਼ 1907 ਤੋਂ 1947 ਈਸਵੀ ਤੱਕ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਿਹਾ ਸੀ। ਗ਼ਦਰ ਲਹਿਰ 2 ਦੀਆਂ ਇਸ ਕਾਲ ਦੌਰਾਨ ਕੁਝ ਅਤਿ-ਮਹੱਤਵਪੂਰਨ ਪ੍ਰਾਪਤੀਆਂ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦੀ ਸਥਾਪਨਾ, 1913 ਈਸਵੀ ਦੌਰਾਨ ਗ਼ਦਰ ਪਾਰਟੀ ਦਾ ਸਾਨਫਰਾਂਸਿਸਕੋ ਵਿਖੇ ਦਫ਼ਤਰ 'ਯੁਗਾਂਤਰ ਆਸ਼ਰਮ' ਦੀ ਸਥਾਪਨਾ ਆਦਿ ਹੋਣਾ ਸੀ। ਗ਼ਦਰ ਲਹਿਰ ਦੀਆਂ ਗਤੀਵਿਧੀਆਂ ਦਾ ਦੂਸਰਾ ਪੱਖ ਹੈ ਭਾਵ ਅਨੇਕਾਂ ਗ਼ਦਰੀ ਯੋਧੇ ਕ੍ਰਾਂਤੀਕਾਰੀ ਕੰਮਾਂ ਵਿਚ ਭਾਗ ਲੈਣ ਲਈ ਵਿਦੇਸ਼ਾਂ ਖ਼ਾਸ ਕਰਕੇ ਅਮਰੀਕਾ ਗਏ, ਪਰੰਤੂ ਵਾਪਸ ਨਹੀਂ ਪਰਤੇ ਸਨ। ਉਨ੍ਹਾਂ ਵਿਦੇਸ਼ੀ ਗਏ ਲੋਕਾਂ ਵਿਚ ਅਨੇਕਾਂ ਪੰਜਾਬੀ ਸਿੱਖ ਵੀ ਸਨ ਜਿਨ੍ਹਾਂ ਨੇ ਕੈਲੇਫੋਰਨੀਆ ਸੂਬੇ ਵਿਚ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਸੀ। ਉਸ ਸਮੇਂ ਦੇ ਅਮਰੀਕੀ ਕਾਨੂੰਨ ਅਨੁਸਾਰ ਵਿਦੇਸ਼ੀਆਂ ਵਿਸ਼ੇਸ਼ ਕਰਕੇ ਦੱਖਣ ਏਸ਼ੀਆ ਦੇ ਲੋਕਾਂ ਨੂੰ ਅਮਰੀਕਾ ਵਿਚ ਜ਼ਮੀਨ ਖਰੀਦਣ ਅਤੇ ਹੋਰ ਮੁਢਲੇ ਅਧਿਕਾਰ ਵੀ ਪ੍ਰਾਪਤ ਨਹੀਂ ਸਨ। ਅਮਰੀਕਾ ਵਿਚ ਉਸ ਸਮੇਂ ਪੰਜਾਬਆਂ ਖ਼ਾਸ ਕਰਕੇ ਸਿੱਖਾਂ ਨੇ ਜ਼ਮੀਨਾਂ ਨੂੰ ਠੇਕੇ 'ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਸਮੇਂ ਦੌਰਾਨ ਜ਼ਮੀਨਾਂ, ਜਾਇਦਾਦਾਂ, ਆਪਣੇ ਹੱਕਾਂ, ਮੁਢਲੇ ਅਧਿਕਾਰਾਂ, ਸਿੱਖਿਆ ਅਤੇ ਨਾਗਰਿਕਤਾ ਆਦਿ ਦੇ ਅਧਿਕਾਰ ਪ੍ਰਾਪਤ ਕਰਨ ਲਈ ਮੁਢਲੇ ਸੰਘਰਸ਼ ਦੀ ਸ਼ੁਰੂਆਤ ਭਗਤ ਸਿੰਘ ਥਿੰਦ ਨੇ ਕੀਤੀ ਸੀ। ਭਗਤ ਸਿੰਘ ਕੰਬੋਅ ਜਾਤੀ ਦੇ ਥਿੰਦ ਗੋਤ ਨਾਲ ਸੰਬੰਧਿਤ ਸੀ। ਉਸ ਦੇ ਦਾਦੇ-ਪੜਦਾਦੇ ਗੁਰੂ ਗੋਬਿੰਦ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਸੈਨਾਵਾਂ ਵਿਚ ਭਰਤੀ ਸਨ। ਭਗਤ ਸਿੰਘ ਦੇ ਪਿਤਾ ਸ. ਬੂਟਾ ਸਿੰਘ ਥਿੰਦ ਬਰਤਾਨਵੀ ਸਾਮਰਾਜ ਦੌਰਾਨ ਭਾਰਤੀਆਂ ਨਾਲ ਅੰਗਰੇਜ਼ ਅਫ਼ਸਰਾਂ ਦੀਆਂ ਬਦਸਲੂਕੀਆਂ ਵਿਰੁੱਧ ਆਵਾਜ਼ ਉਠਾਈ ਸੀ। ਸਮੁੰਦਰੀ ਰਸਤਿਆਂ ਰਾਹੀਂ ਅਮਰੀਕਾ ਵਿਚ ਪਹੁੰਚਣ ਤੋਂ ਬਾਅਦ ਭਗਤ ਸਿੰਘ ਨੇ ਪੰਜਾਬੀਆਂ, ਭਾਰਤੀਆਂ ਅਤੇ ਦੱਖਣੀ ਏਸ਼ੀਆਂ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ, ਜੇਲ੍ਹਾਂ ਕੱਟੀਆਂ, ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਪਰੰਤੂ ਅੰਤ ਵਿਚ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ। ਭਾਰਤੀ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ, ਗ਼ਦਰ ਪਾਰਟੀ, ਭਗਤ ਸਿੰਘ ਥਿੰਦ ਦੇ ਜੀਵਨ, ਅਧਿਆਤਮਿਕਤਾ, ਪਾਖਰ ਸਿੰਘ ਗਿੱਲ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਪਰਿਵਾਰਾਂ ਦੇ ਜੀਵਨ ਅਤੇ ਮੁਸ਼ਕਿਲਾਂ ਬਾਰੇ ਸਾਹਿਤਕ ਅਤੇ ਇਤਿਹਾਸਕ ਤੱਥਾਂ ਤੇ ਆਧਾਰਿਤ ਇਹ ਮਹੱਤਵਪੂਰਨ ਖੋਜ ਕਿਤਾਬ ਹੈ। ਇਹ ਕਿਤਾਬ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਵਿਦੇਸ਼ਾਂ ਵਿਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਪੰਜਾਬੀ ਭਾਸ਼ਾ ਵਿਚ ਪਾਠਕਾਂ ਦੇ ਪੜ੍ਹਨ ਲਈ ਅਤੇ ਗਿਆਨ ਵਿਚ ਵਾਧਾ ਕਰਨ ਦਾ ਮਹੱਤਵਪੂਰਨ ਇਤਿਹਾਸਕ ਸ੍ਰੋਤ ਸਾਬਤ ਹੋਵੇਗੀ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜੇ ਬੰਦਾ 'ਬੰਦਾ' ਬਣ ਜਾਏ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਕੇ. ਪਬਲੀਕੇਸ਼ਨਜ਼, ਬੁਢਲਾਡਾ, ਮਾਨਸਾ
ਮੁੱਲ : 295 ਰੁਪਏ, ਸਫ਼ੇ : 122
ਸੰਪਰਕ : 94640-76257
ਬਹੁਵਿਧਾਵੀ ਲੇਖਕ ਬਿਕਰਮਜੀਤ ਨੂਰ ਦੇ ਹੁਣ ਤੱਕ 9 ਮਿੰਨੀ-ਸੰਗ੍ਰਹਿ, 4 ਕਾਵਿ-ਸੰਗ੍ਰਹਿ 4 ਨਾਵਲ ਅਤੇ ਇਕ ਜੀਵਨੀ, ਇਕ ਬਾਲ ਸਾਹਿਤ ਅਤੇ ਸਵੈ-ਜੀਵਨੀ ਆਦਿ ਪ੍ਰਕਾਸ਼ਿਤ ਹੋ ਚੁੱਕੇ ਹਨ। ਲੇਖਕ ਦੇ ਪਹਿਲੇ ਲੇਖ ਸੰਗ੍ਰਹਿ 'ਜੇ ਬੰਦਾ 'ਬੰਦਾ' ਬਣ ਜਾਏ' ਵਿਚ ਤਿੰਨ ਦਰਜਨ ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਲੇਖ ਮੁੱਖ ਤੌਰ 'ਤੇ ਆਤਮ ਕਥਾਤਮਿਕ ਹਨ। ਇਨ੍ਹਾਂ ਵਿਚ ਲੇਖਕ ਦਾ ਡੂੰਘਾ ਜੀਵਨ ਅਨੁਭਵ ਝਲਕਦਾ ਹੈ। ਲੇਖਕ ਦਾ ਇਹ ਅਨੁਭਵ ਸੰਸਾਰ ਉਸ ਦੇ ਬਚਪਨ, ਲੜਕਪਨ, ਸਕੂਲੀ ਜੀਵਨ, ਪ੍ਰੀਖਿਆਵਾਂ ਦਾ ਕੱਚ-ਸੱਚ, ਜਵਾਨੀ, ਬੁਢਾਪਾ, ਮਾਤਾ-ਪਿਤਾ, ਸਮਾਜ, ਵਹਿਮਾਂ-ਭਰਮਾਂ, ਸੰਚਾਰ ਕ੍ਰਾਂਤੀ, ਸਾਹਿਤਕਾਰੀ ਅਤੇ ਸਾਹਿਤ ਸਭਾਵਾਂ, ਅਧਿਆਪਕੀ ਕਿੱਤਾ, ਕਿਤਾਬੀ ਦੁਨੀਆ, ਗੁਰੂਆਂ-ਪੀਰਾਂ, ਵਿਦੇਸ਼ ਯਾਤਰਾ, ਜੀਵਨ ਦੀਆਂ ਗੁੱਝੀਆਂ ਰਮਜਾਂ, ਨਸ਼ਿਆਂ ਦੇ ਸ਼ਰੀਰਕ, ਆਰਥਿਕ ਅਤੇ ਸਮਾਜਿਕ ਪ੍ਰਭਾਵ ਆਦਿ ਵਿਸ਼ਿਆਂ ਤੱਕ ਫੈਲਿਆ ਹੋਇਆ ਹੈ। ਲੇਖਕ ਮਾਂ-ਬੋਲੀ ਪੰਜਾਬੀ ਬਾਰੇ ਵੀ ਬਹੁਤ ਗੰਭੀਰ ਹੈ। ਆਪਣੇ ਦੇਸ਼ ਪ੍ਰਤੀ ਵੀ ਚਿੰਤਤ ਹੈ, ਜਿਨ੍ਹਾਂ ਵਿਚ ਸਦਾਚਾਰਕ ਕਦਰਾਂ-ਕੀਮਤਾਂ, ਸੰਸਕ੍ਰਿਤੀ ਸੱਭਿਆਚਾਰ, ਅਜੋਕੇ ਸਮੇਂ ਦੀਆਂ ਚੁਣੌਤੀਆਂ ਅਤੇ ਜੀਵਨ ਸੰਘਰਸ਼ ਦੇ ਵੱਖੋ-ਵੱਖਰੇ ਪਹਿਲੂਆਂ ਦੇ ਦਰਸ਼ਨ ਹੁੰਦੇ ਹਨ। ਬੀਤੇ ਸਮੇਂ ਦੀ ਬਾਤ ਬਣਦੇ ਜਾ ਰਹੇ ਸਾਡੇ ਅਮੀਰ ਵਿਰਸੇ ਦੀ ਦਿਲ ਖਿਚਵੀਂ ਦਾਸਤਾਨ ਵੀ ਅੰਕਿਤ ਹੈ ਅਤੇ ਇਸ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੱਤਾ ਗਿਆ ਹੈ। ਹਥਲੇ-ਸੰਗ੍ਰਹਿ ਦਾ ਹਰੇਕ ਲੇਖ ਪੜ੍ਹਣ, ਮਾਣਨ ਅਤੇ ਸਾਂਭਣ ਯੋਗ ਹੈ। ਫਿਰ ਵੀ ਉਨ੍ਹਾਂ ਸਾਹਿਤਕ ਸਮਾਗਮ ਕਰਾਇਆ, ਸ਼ਰਾਬ ਆਪੋ-ਆਪਣਾ ਦ੍ਰਿਸ਼ਟੀਕੋਣ, ਸੈਣਤਾ ਹਨ ਜਾਣਕਾਰਾਂ ਵਾਸਤੇ, ਆਓ ਦਾਗ਼ਿਸਤਾਨੀ ਬਣੀਏ, ਜੇ ਬੰਦਾ 'ਬੰਦਾ' ਬਣ ਜਾਏ, ਘੁੰਡ ਚਕਾਈ ਦਾ ਪੰਗਾ, ਬੁਢਾਪੇ ਦਾ ਅਨੰਦ ਅਤੇ ਦੁੱਕੀਆਂ, ਪੰਜੀਆਂ ਦਸੀਆਂ, ਪਵਿੱਤਰ-ਪਾਪੀ ਦਾ ਕਿਰਦਾਰ ਨਾਥ, ਚਾਚੇ ਦੀਆਂ ਗੱਲਾਂ ਆਦਿ ਲੇਖ ਵਾਰ-ਵਾਰ ਪੜ੍ਹਣ ਨੂੰ ਚਿੱਤ ਕਰਦਾ ਹੈ। ਹਰੇਕ ਲੇਖ ਨੂੰ ਪੜ੍ਹਦਿਆਂ ਉਸ ਵਿਚ ਪਾਠਕ ਵੀ ਆਪਣਾ ਭੂਤ-ਵਰਤਮਾਨ ਅਤੇ ਭਵਿੱਖ ਦੇਖਣ ਲਗਦਾ ਹੈ। ਉਸ ਨੂੰ ਡੰਘੀਆਂ ਪਰਿਵਾਰਕ, ਸਮਾਜਿਕ ਅਤੇ ਕੁਦਰਤ ਦੀਆਂ ਰਮਜਾਂ ਦਾ ਗਿਆਨ ਹੋਣ ਲਗਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਇਤਿਹਾਸਕ, ਮਿਥਿਆਸਕ, ਵਿਗਿਆਨਕ, ਸਾਹਿਤਕ, ਸੱਭਿਆਚਾਰਕ ਅਖਾੜੇ ਅਤੇ ਦ੍ਰਿਸ਼ਟਾਂਤ ਸੰਜੋ ਕੇ ਦਿਲਚਸਪ ਅਤੇ ਗਿਆਨਵਰਧਕ ਬਣਾਇਆ ਹੈ। ਬੇਸ਼ੱਕ ਭਾਸ਼ਾ ਸਰਲ, ਸਹਿਜ ਤੇ ਮੁਹਾਵਰੇਦਾਰ ਹੈ। ਪੁਆਧ ਦੀ ਪਛਾਣ ਦਾ ਜ਼ਿਕਰ ਵੀ ਲਾਹੇਵੰਦ ਹੈ। ਛੋਟੇ ਆਕਾਰ ਦੇ ਇਨ੍ਹਾਂ ਲੇਖਾਂ ਵਿਚ ਕਈ ਲੇਖਕਾਂ, ਕਵੀਆਂ ਅਤੇ ਚਿੰਤਕਾਂ ਦੇ ਹਵਾਲੇ ਦੇ ਕੇ ਆਪਣੇ ਕਥਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ। ਇਹ ਲੇਖ ਹਰ ਉਮਰ ਦੇ ਪਾਠਕ ਦੇ ਪੜ੍ਹਣਯੋਗ ਹਨ ਅਤੇ ਰਾਹ ਦਸੇਰੇ ਦਾ ਰੁਤਬਾ ਵੀ ਹਾਸਿਲ ਕਰਦੇ ਹਨ। ਪੁਸਤਕ ਪੜ੍ਹਦਿਆਂ ਪਾਠਕ ਇਕ ਵੱਖਰੇ ਹੀ ਸੰਸਾਰ ਵਿਚ ਵਿਚਰਣ ਲਗਦਾ ਹੈ। ਇਹ ਕਿਤਾਬ ਪੜ੍ਹਣ ਮਗਰੋਂ ਪਾਠਕ ਲੇਖਕ ਦੀਆਂ ਹੋਰ ਪੁਸਤਕਾਂ ਪੜ੍ਹਣ ਲਈ ਪ੍ਰੇਰਿਤ ਕਰਦਾ ਹੈ। ਜਿਗਿਆਸਾ ਪੈਦਾ ਕਰਦਾ ਹੈ। ਦ੍ਰਿਸ਼ਟਾਂਤ ਅਤੇ ਚਰਿੱਤਰ ਦੀ ਉਸਾਰੀ ਪਾਠਕ ਨੂੰ ਕੀਲ੍ਹ ਲੈਂਦੀ ਹੈ। ਲੇਖਕ ਇਸ ਪਲੇਠੇ ਉੱਦਮ ਲਈ ਵਧਾਈ ਦਾ ਪਾਤਰ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਗੁਨਾਹਗਾਰ ਕੌਣ
ਲੇਖਕ : ਡਾ. ਇਕਬਾਲ ਸਿੰਘ ਸਕਰੌਦੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 177
ਸੰਪਰਕ : 84276-85020
ਡਾ. ਇਕਬਾਲ ਸਿੰਘ ਸਕਰੌਦੀ ਆਲੋਚਨਾ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਹਥਲੀ ਪੁਸਤਕ ਗੁਨਾਹਗਾਰ ਕੌਣ ਉਸ ਦੀ ਪਲੇਠੀ ਗਲਪ ਪੁਸਤਕ ਹੈ, ਜੋ 24 ਕਹਾਣੀਆਂ 'ਤੇ ਆਧਾਰਿਤ ਹੈ। ਇਸ ਪੁਸਤਕ ਦੀ ਸ਼ੁਰੂਆਤ ਵਿਚ ਮੁੱਖ ਸ਼ਬਦ ਸਾਹਿਤ ਰਤਨ ਡਾ. ਤੇਜਵੰਤ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਕ ਆਲੋਚਨਾ ਲੇਖ ਵਿਚ ਡਾ. ਜਸਵੀਰ ਰਾਣਾ ਨੇ ਕਹਾਣੀਕਾਰ ਸਕਰੌਦੀ ਦੀ ਕਥਾ ਚੇਤਨਾ ਬਾਰੇ ਗੱਲ ਕੀਤੀ ਹੈ। ਉਹ ਕਹਾਣੀਕਾਰ ਬਾਰੇ ਲਿਖਦਾ ਹੈ ਡਾ. ਇਕਬਾਲ ਸਿੰਘ ਮੂਲ ਰੂਪ ਵਿਚ ਪਿੰਡ ਦਾ ਬੰਦਾ ਹੈ। ਆਪਣੇ ਨਾਂਅ ਦੇ ਪਿੱਛੇ ਸਕਰੌਦੀ ਲਾ ਕੇ ਉਹ ਪਿੰਡ ਦੇ ਨਾਂਅ ਨਾਲ ਆਪਣੇ-ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਆਤਮ-ਸ਼ਨਾਖ਼ਤ ਦਾ ਇਹ ਕਥਾ-ਪ੍ਰਵਚਨ ਉਸ ਦੀਆਂ ਕਹਾਣੀਆਂ ਵਿਚ ਇਕ ਐਸੇ ਪਿੰਡ ਦੀ ਸਥਾਪਨਾ ਕਰਦਾ ਹੈ, ਜਿਸ ਵਿਚ ਬੰਦਾ ਬੰਦੇ ਨੂੰ ਮਿਲ ਕੇ ਖ਼ੁਦ ਨੂੰ ਮਿਲ ਲੈਣ ਵਰਗਾ ਅਹਿਸਾਸ ਹੰਢਾਉਂਦਾ ਹੈ। ਡਾ. ਇਕਬਾਲ ਇਕ ਅਧਿਆਪਕ ਤੋਂ ਪ੍ਰਿੰਸੀਪਲ ਤੱਕ ਦੇ ਅਹੁਦੇ ਤੱਕ ਪਹੁੰਚੇ ਸਿੱਖਿਆ ਸ਼ਾਸਤਰੀ ਦਾ ਨਾਂਅ ਹੀ ਨਹੀਂ, ਸਗੋਂ ਸਹੀ ਅਰਥਾਂ ਵਿਚ ਉਹ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਇਨਸਾਨ ਹੈ। ਇਹ ਸੱਚ ਹੈ। ਕਹਾਣੀਕਾਰ ਸਕਰੌਦੀ ਦਾ ਕਥਾ ਜਗਤ ਮਾਨਵਵਾਦੀ ਆਦਰਸ਼ ਸਮਾਜ ਦੇ ਹੱਕ ਵਿਚ ਹਾਮੀ ਭਰਦਾ ਹੈ ਤੇ ਆਪਣੀਆਂ ਕਹਾਣੀਆਂ ਰਾਹੀਂ ਪਾਠਕ ਨੂੰ ਇਸ ਆਦਰਸ਼ ਸਮਾਜ ਨੂੰ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੰਦਾ ਹੈ। ਇਨ੍ਹਾਂ ਕਹਾਣੀਆਂ ਨੂੰ ਜੇ ਵਿਸ਼ਿਆਂ ਦੇ ਆਧਾਰ 'ਤੇ ਵੰਡਿਆ ਜਾਵੇ ਤਾਂ ਪਹਿਲਾ ਵਰਗ ਸੱਚੀ ਦੋਸਤੀ ਨਾਲ ਸੰਬੰਧਿਤ ਕਹਾਣੀਆਂ ਹੋਣਗੀਆਂ ਜਿਸ ਵਿਚ ਦੋਸਤੀ ਦਾ ਨਿੱਘ, ਸ਼ੁਕਰਾਨਾ ਅਤੇ ਅੱਖਾਂ ਵਿਚੋਂ ਕਿਰਦੇ ਹੰਝੂ ਕਹਾਣੀਆਂ ਨੂੰ ਰੱਖਿਆ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਸੱਚੀ ਦੋਸਤੀ ਨੂੰ ਅਮੀਰੀ-ਗ਼ਰੀਬੀ ਤੋਂ ਨਾ ਪ੍ਰਭਾਵਿਤ ਹੋਣ ਵਾਲਾ ਅਹਿਸਾਸ ਮੰਨਿਆ ਹੈ। ਦੂਜੇ ਵਰਗ ਵਿਚ ਉਹ ਕਹਾਣੀਆਂ ਵਰਗਿਤ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਵਿਸ਼ੇ ਪਰਿਵਾਰਕ ਜਾਂ ਸਮਾਜਿਕ ਹਨ ਅਤੇ ਜੋ ਪਾਠਕ ਨੂੰ ਅਸਲੀ ਆਦਰਸ਼ਵਾਦੀ ਸਮਾਜ ਦੇ ਦਰਸ਼ਨ ਕਰਵਾਉਂਦੀਆਂ ਹਨ। ਚਿੱਠੀਆਂ ਦਾ ਮੋਹ, ਮੋਹ ਦੇ ਰਿਸ਼ਤੇ, ਨਾਨਕਿਆਂ ਦਾ ਮੋਹ, ਫੇਰ ਹੁਣ, ਫੌਜੀ ਦੀ ਧੀ, ਨਵੀਆਂ ਪਿਰਤਾਂ, ਅਸ਼ੀਰਵਾਦ, ਸੱਚੀ ਖ਼ੁਸ਼ੀ, ਪ੍ਰਾਸ਼ਚਿੱਤ, ਵਫ਼ਾਦਾਰੀ ਅਤੇ ਧੀ ਦੇ ਬੋਲ ਅਜਿਹੀਆਂ ਹੀ ਕਹਾਣੀਆਂ ਹਨ। ਤੀਜੀ ਵਰਗ ਵੰਡ ਅਧਿਆਪਕ ਵਰਗ ਅਤੇ ਵਿੱਦਿਅਕ ਪ੍ਰਣਾਲੀ ਨਾਲ ਸੰਬੰਧਿਤ ਕਹਾਣੀਆਂ ਹਨ, ਜਿਨ੍ਹਾਂ ਵਿਚਲੀਆਂ ਕਥਾਵਾਂ ਇਸ ਵਿੱਦਿਅਕ ਢਾਂਚੇ ਨੂੰ ਦਰੁੱਸਤ ਕਰਨ ਵੱਲ ਪ੍ਰੇਰਿਤ ਕਰਦੀਆਂ ਹਨ। ਕਾਮਨ ਰੂਮ, ਗੁਨਾਹਗਾਰ ਕੌਣ, ਰੱਬ ਦਾ ਸ਼ੁਕਰਾਨਾ, ਅਸਲੀ ਖ਼ੁਸ਼ੀ ਅਤੇ ਕਿਆਮਤ ਦਾ ਹੁਸਨ ਇਸ ਵਰਗ ਅੰਦਰ ਆਉਂਦੀਆਂ ਕਹਾਣੀਆਂ ਹਨ। ਅੰਤ ਵਿਚ ਪੰਜ ਮਿੰਨੀ ਕਹਾਣੀਆਂ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਥਾ ਜਗਤ ਦੇ ਪਾਤਰ ਵੀ ਆਦਰਸ਼ ਚਰਿੱਤਰਾਂ ਦੀ ਹਾਮੀ ਭਰਦੇ ਹਨ। ਪੁਸਤਕ ਦੀ ਭਾਸ਼ਾ ਸਰਲ ਹੈ ਅਤੇ ਲਿਖਣ ਸ਼ੈਲੀ ਬਿਆਨੀ ਹੈ। ਆਸ ਹੈ ਇਨ੍ਹਾਂ ਕਹਾਣੀਆਂ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਨਾਰੀ-ਪਰਵਾਜ਼
ਲੇਖਿਕਾ : ਡਾ. ਰਾਜਵੰਤ ਕੌਰ ਪੰਜਾਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 85678-86223
ਕਰੜੀ ਮਿਹਨਤ, ਲਗਨਤਾ ਤੇ ਸਿਰਜਤਾ ਨਾਲ ਪੰਜਾਬੀ ਲੋਕ-ਯਾਨ ਲਈ ਨਿਸ਼ਠਾਵਾਨ ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ 'ਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾਵਾਂ ਨਿਭਾਅ ਰਹੀ ਹੈ। ਉਸ ਨੇ ਮੌਲਿਕ, ਸਾਂਝੇ ਸੰਗ੍ਰਹਿ, ਅਨੁਵਾਦਤ/ਲਿਪੀਅੰਤ੍ਰਿਤ ਸੰਗ੍ਰਹਿ ਤੇ ਸੰਪਾਦਿਕ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਵਿਚ ਯੋਗਦਾਨ ਪਾਇਆ ਹੈ। ਨਾਰੀ ਚੇਤਨਾ ਜਗਾਉਣ ਲਈ ਉਸ ਦੀ ਖੋਜ ਪੁਸਤਕ 'ਨਾਰੀ ਪਰਵਾਜ਼' ਇਕ ਨਿਵੇਕਲੀ ਪਹਿਲ-ਕਦਮੀ ਹੈ, ਜਿਸ ਵਿਚ ਪੰਜਾਬ, ਭਾਰਤ ਅਤੇ ਜਗਤ ਪ੍ਰਸਿੱਧ 28 ਨਾਮਵਰ ਔਰਤ ਸ਼ਖ਼ਸੀਅਤਾਂ ਬਾਰੇ ਭਰਪੂਰ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਨ੍ਹਾਂ ਸ਼ਖ਼ਸੀਅਤਾਂ ਨੇ ਆਪਣੇ-ਆਪਣੇ ਸਮਿਆਂ ਵਿਚ ਇਸਤਰੀ-ਜਾਤੀ ਦਾ ਗੌਰਵ ਅਤੇ ਰੁਤਬਾ ਬੁਲੰਦ ਕਰਨ ਲਈ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਹਰ ਸ਼ਖ਼ਸੀਅਤ ਬਾਰੇ ਲੇਖਿਕਾ ਨੇ ਵੱਧ ਤੋਂ ਵੱਧ ਸਟੀਕ ਜਾਣਕਾਰੀ ਗ੍ਰੰਥਾਂ, ਪੁਸਤਕਾਂ, ਰਿਸਾਲਿਆਂ ਅਤੇ ਅਖ਼ਬਾਰਾਂ 'ਚੋਂ ਉਪਲਬੱਧ ਕੀਤੀ ਹੈ। ਲੇਖਾਂ ਦੀ ਤਰਤੀਬ ਜਨਮ-ਮਿਤੀ ਤੇ ਆਧਾਰਿਤ ਹੈ ਅਤੇ ਹਰ ਸ਼ਖ਼ਸੀਅਤ ਦੀ ਤਸਵੀਰ ਅੰਕਿਤ ਕੀਤੀ ਗਈ ਹੈ। ਲੋੜ ਅਨੁਸਾਰ ਜਾਣਕਾਰੀ ਦੇ ਪ੍ਰਸੰਗ ਵੀ ਦਿੱਤੇ ਗਏ ਹਨ। ਹਰ ਵਰਗ ਦੇ ਖੇਤਰ 'ਚੋਂ ਚੋਣ ਕੀਤੀ ਗਈ ਹੈ। ਬਹੁ-ਵੰਨਗੀ ਪੜ੍ਹਨ ਨੂੰ ਮਿਲਦੀ ਤੇ ਰੌਚਿਕਤਾ ਬਣੀ ਰਹਿੰਦੀ ਹੈ। ਸਮੁੱਚੀ ਨਾਰੀ ਜਗਤ ਦਾ ਉਜਵਲ ਇਤਿਹਾਸ ਸਿਰਜਣ ਵਿਚ ਇਨ੍ਹਾਂ 28 ਸ਼ਖ਼ਸੀਅਤਾਂ ਨੇ ਚਮਤਕਾਰੀ ਤੇ ਯਾਦਗਾਰੀ ਭੂਮਿਕਾ ਨਿਭਾਈ ਹੈ। ਪ੍ਰਾਰੰਭ ਰਾਬੀਆ ਜੋ ਸ਼ਹਿਰ ਬਸਰਾ ਦੀ ਪਹਿਲੀ ਸੂਫ਼ੀ ਸ਼ਾਇਰਾ ਬਣੀ ਤੇ ਖ਼ੁਦਾ ਦੀ ਸੱਚੀ ਪੈਰੋਕਾਰ ਬਣੀ। ਰਜ਼ੀਆ ਸੁਲਤਾਨ ਮੁਸਲਮਾਨ ਬਾਦਸ਼ਾਹ ਇਲਤੁਤਮਸ ਦੀ ਬੇਟੀ ਪਹਿਲੀ ਸੁਲਤਾਨ ਮਹਿਲਾ ਬਣੀ। ਦੌਲਤਾਂ ਦਾਈ, ਜਗਤ ਗੁਰੂ ਨਾਨਕ ਦੇ ਪ੍ਰਥਮ ਦਰਸ਼ਨ ਕਰਕੇ ਭਾਗਾਂਵਾਲੀ ਬਣੀ। ਬੇਬੇ ਨਾਨਕੀ ਆਪਣੇ ਵੀਰ ਨਾਨਕ ਦੇ ਰੱਬੀ ਨੂਰ ਨੂੰ ਪਛਾਨਣ ਵਾਲੀ ਆਤਮਾ ਸੀ, ਰਬਾਬ ਭੇਟਾ ਕੀਤੀ ਅਤੇ ਜਸ ਖੱਟਿਆ। ਮੀਰਾਬਾਈ ਦਾ ਗਾਇਨ ਜੋ ਭਗਤੀ ਅਤੇ ਕਵਿਤਾ ਦਾ ਸੁਮੇਲ ਸੀ। ਜੀਜਾ ਬਾਈ ਇਕ ਆਦਰਸ਼ਕ ਮਾਂ ਸੀ, ਜਿਸ ਨੇ ਆਪਣੇ ਪੁੱਤਰ ਛਤਰਪਤੀ ਸ਼ਿਵਾਜੀ ਨੂੰ ਸਿੱਖਿਅਤ ਕਰਕੇ ਇਕ ਨਿਰਭੈ ਜੋਧਾ ਤੇ ਸਫਲ ਸਾਸ਼ਕ ਬਣਾਇਆ। ਮਾਤਾ ਯਸੀ ਜਿਸ ਪਤੀ ਪਿਆਰ ਦੀ ਮਿਸਾਲ ਪੈਦਾ ਕੀਤੀ। ਪਿੰਡ ਚੌਂਕੀ (ਮਹਾਰਾਸ਼ਟਰ) ਦੀ ਜੰਮਪਲ ਅਹਿੱਲਿਆ ਬਾਈ ਹੋਲਕਰ ਨੇ ਇੰਦੌਰ ਦੀ ਸ਼ਾਸਕ ਬਣ ਕੇ ਨਾਮਣਾ ਖੱਟਿਆ। ਸਵਰਨਕਾਰ ਭਾਈਚਾਰੇ ਦਾ ਮਾਣ ਮਾਤਾ ਕਿਸ਼ਨ ਕੌਰ ਜੈਤੋ ਮੋਰਚੇ ਦੀ ਮੋਹਰੀ ਨਾਇਕਾ ਸੀ। ਮਹਾਰਾਸ਼ਟਰ ਦੇ ਬੁੱਧੀਮਾਨ ਪਰਿਵਾਰ ਦੀ ਪੰਡਿਤਾ ਰਾਮਾਬਾਈ ਮੁਕਤੀ ਮਿਸ਼ਨ ਦੀ ਸੰਸਥਾਪਕ ਮੋਢੀ ਮਹਿਲਾ ਲੀਡਰਾਂ ਵਿਚੋਂ ਇਕ ਸੀ। ਸੁਭੱਦਰਾ ਕੁਮਾਰੀ ਚੌਹਾਨ ਹਿੰਦੀ ਦੀ ਸੁਪ੍ਰਸਿੱਧ ਸੰਵੇਦਨਸ਼ੀਲ ਕਵਿਤ੍ਰੀ/ਲੇਖਿਕਾ ਸੀ, ਮਹਾਦੇਵੀ ਵਰਮਾ ਦਾ ਨਾਂਅ ਹਿੰਦੀ ਦੇ ਪ੍ਰਸਿੱਧ/ਸ੍ਰੇਸ਼ਠ ਕਵਿੱਤਰੀਆਂ ਵਿਚ ਸ਼ੁਮਾਰ ਹੈ।
ਗਿਆਨ ਪੀਠ ਸਨਮਾਨ, ਪਦਮ ਭੂਸ਼ਨ, ਪਦਮ ਵਿਭੂਸ਼ਨ ਤੇ ਡੀ. ਲਿਟ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਆਸ਼ਾਪੂਰਨਾ ਦੇਵੀ ਨੂੰ ਸਰਸਵਤੀ ਸਟੈਨੋ ਕਰਕੇ ਯਾਦ ਕੀਤਾ ਜਾਂਦਾ ਹੈ, ਬਲਰਾਜ ਸਾਹਨੀ ਦੀ ਪਤਨੀ ਸੰਤੋਸ਼ ਸਾਹਨੀ ਸ਼੍ਰੋਮਣੀ ਬਾਲ ਸਾਹਿਤ ਲੇਖਿਕਾ, ਮਹਾ ਸ਼ਵੇਤਾ ਦੇਵੀ, ਉੱਘੀ ਲੇਖਿਕਾ ਜਿਸ ਨੂੰ ਮੈਗਾਸਾਸੇ ਐਵਾਰਡ ਮਿਲਿਆ। ਫ਼ਿਲਮੀ ਦੁਨੀਆ ਵਿਚ ਅਦਾਕਾਰਾ ਨਰਗਿਸ ਦੱਤ, ਗਣਿਤ ਵਿਸ਼ੇ ਦੀ ਮਹਾਂਰਥੀ ਸ਼ਕੁੰਤਲਾ ਦੇਵੀ ਨੇ ਅਲੋਕਾਰੀ ਯਾਦ ਸ਼ਕਤੀ ਲਈ, ਫਰੀਦਾ ਖ਼ਾਨੁਮ (ਗਾਇਕਾ), ਲੀਲਾ ਸੇਠ (ਮਹਿਲਾ ਮੁੱਖ ਜੱਜ), ਸੋਨਲ ਮਾਨ ਸਿੰਘ (ਸੰਗੀਤ ਅਤੇ ਨ੍ਰਿਤ ਖੇਤਰ), ਕਿਰਨ ਬੇਦੀ (ਪਹਿਲੀ ਇੰਸਪੈਕਟਰ ਜਨਰਲ ਪੁਲਿਸ ਵਿਭਾਗ), ਮਲਿਕਾ ਸਾਰਾਭਾਈ (ਭਾਰਤ ਨਾਟਯਮ), ਸਮਿਤਾ ਪਾਟਿਲ (ਫ਼ਿਲਮੀ ਦੁਨੀਆ) ਸ਼ਖ਼ਸੀਅਤਾਂ ਵਿਚ ਇੰਦਰਾ ਕ੍ਰਿਸ਼ਨਾਮੂਰਤੀ ਨੂਈ, ਅਰੁੰਧਤੀ ਰਾਏ, ਤਸਲੀਮਾ ਨਸਰੀਨ, ਟੈਸੀ ਥਾਮਸ ਅਤੇ ਕੈਥੀ ਜਾਰਵਿਜ਼ ਬਾਰੇ ਪੜ੍ਹਨਯੋਗ ਵੇਰਵੇ ਦਿੱਤੇ ਗਏ ਹਨ। ਇੰਜ ਇਹ ਪੁਸਤਕ ਨਾਰੀ ਪਰਵਾਜ਼ ਦਾ ਕੋਸ਼ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਸੰਵੇਦਨਾ
ਲੇਖਕ : ਗਿਆਨ ਸਿੰਘ 'ਦਰਦੀ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 89688-37829
ਗਿਆਨ ਸਿੰਘ ਦਰਦੀ ਦੇ ਗ਼ਜ਼ਲ-ਸੰਗ੍ਰਹਿ 'ਸੰਵੇਦਨਾ' ਨੂੰ ਮੰਥਨ ਕਰਦਿਆਂ ਸਹਿਜੇ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲਿਖਣਾ ਉਨ੍ਹਾਂ ਲਈ ਕੋਈ ਵਕਤ ਬਿਤਾਉਣ ਵਾਲੀ ਗੱਲ ਨਹੀਂ ਕਿਉਂਕਿ ਉਨ੍ਹਾਂ ਦੀ ਸਾਹਿਤਕ ਸਿਰਜਣਾ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਆਦਮੀ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦੀ ਹੈ। ਉਹ ਕਲਾ, ਕਲਾ ਲਈ ਨਹੀਂ ਬਲਕਿ ਕਲਾ ਲੋਕਾਂ ਲਈ ਦੇ ਸਿਧਾਂਤ ਨੂੰ ਸਮਰਪਿਤ ਹਨ ਅਤੇ ਨਿਰਪੱਖ ਹੋਣ ਦਾ ਪਰਪੰਚ ਰਚਣ ਨਾਲੋਂ ਉਹ ਪਾਲੇ ਦੇ ਇਕ ਪਾਸੇ ਖੜ੍ਹਨਾ ਪਸੰਦ ਕਰਦੇ ਹਨ:
ਮਾਰਦਾ ਅਵਾਮ ਦੇ ਹੈ ਹੱਕਾਂ
ਉੱਤੇ ਜਿਹੜਾ ਡਾਕਾ,
ਇਸ ਤਰ੍ਹਾਂ ਦਾ ਰਾਜ ਤੇ
ਕਾਨੂੰਨ ਨਹੀਂ ਪ੍ਰਵਾਨ ਮੈਨੂੰ।
ਗਿਆਨ ਸਿੰਘ ਦਰਦੀ ਗੁਰੂ ਨਾਨਕ ਸਾਹਿਬ ਦੇ ਨਾਂਅ ਜਪਣ ਦੇ ਨਾਲ-ਨਾਲ ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਫ਼ਲਸਫ਼ੇ ਦੇ ਧਾਰਨੀ ਹਨ। ਜੇਕਰ ਮਨੁੱਖ ਨਿੱਜ ਤੋਂ ਉੱਪਰ ਉੱਠ ਕੇ ਥੋੜ੍ਹਾ ਜਿਹਾ ਹੋਰਨਾਂ ਲਈ ਵੀ ਜਿਊਣਾ ਸ਼ੁਰੂ ਕਰ ਦੇਵੇ, ਤਾਂ ਸਾਨੂੰ ਝੂਠੇ-ਮੂਠੇ ਕਿਸੇ ਸਵਰਗ ਦੀ ਕਲਪਨਾ ਕਰਨ ਦੀ ਜ਼ਰੂਰਤ ਨਹੀਂ ਰਹੇਗੀ ਬਲਕਿ ਇਹ ਧਰਤੀ ਹੀ ਸਾਡੇ ਲਈ ਸਹੀ ਅਰਥਾਂ ਵਿਚ ਸਵਰਗ ਬਣ ਜਾਵੇਗੀ। ਥੋੜ੍ਹੇ ਜਿਹੇ ਸ਼ਬਦਾਂ ਵਿਚ ਵੱਡੀ ਗੱਲ ਕਹਿ ਜਾਣਾ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹਾਸਲ ਹੈ:
ਲੋੜ ਤੋਂ ਵੱਧ ਕੋਲ ਜਿਹੜਾ,
ਵੰਡ ਗ਼ਰੀਬਾਂ ਗੁਰਬਿਆਂ ਵਿਚ,
ਕੋਲ ਆਪਣੇ ਖਾਣ ਤੇ ਬਸ
ਪੀਣ ਜੋਗਾ ਮਾਲ ਰੱਖਣਾ।
ਫੁੱਲਾਂ ਨਾਲ ਪਿਆਰ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਪਰ ਗਿਆਨ ਸਿੰਘ ਦਰਦੀ ਇਕ ਅਜਿਹੇ ਬਾਕਮਾਲ ਗ਼ਜ਼ਲਕਾਰ ਹਨ, ਜੋ ਫੁੱਲਾਂ ਦੇ ਨਾਲ-ਨਾਲ ਕੰਡਿਆਂ ਨੂੰ ਵੀ ਓਨਾ ਹੀ ਪਿਆਰ ਕਰਦੇ ਹਨ। ਆਪਣਿਆਂ ਨਾਲ ਉਨ੍ਹਾਂ ਦੀ ਮੁਹੱਬਤ ਤਾਂ ਹੈ ਪਰ ਉਹ ਗ਼ੈਰਾਂ ਨੂੰ ਵੀ ਨਫ਼ਰਤ ਨਹੀਂ ਕਰਦੇ। ਉਨ੍ਹਾਂ ਦੀ ਗ਼ਜ਼ਲਕਾਰੀ ਲੋਕ-ਮਨਾਂ ਵਿਚੋਂ ਹਰ ਤਰ੍ਹਾਂ ਦੀ ਕੁੜੱਤਣ ਖ਼ਤਮ ਕਰਨ ਲਈ ਯਤਨਸ਼ੀਲ ਹੈ ਅਤੇ ਅਜੋਕੇ ਪਦਾਰਥਵਾਦੀ ਯੁੱਗ ਦੇ ਘੁੱਪ ਹਨੇਰੇ ਵਿਚ ਆਸ਼ਾ ਦੀ ਕਿਰਨ ਵਾਂਗ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਇਸ ਕਲਿਆਣਕਾਰੀ ਉਪਰਾਲੇ ਨੂੰ ਭਰਪੂਰ ਹੁੰਗਾਰਾ ਮਿਲਣਾ ਚਾਹੀਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਅਲੋਪ ਰੌਣਕਾਂ
ਲੇਖਕ : ਬੇਅੰਤ ਸਿੰਘ ਮਲੂਕਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 71
ਸੰਪਰਕ : 98720-89538
ਸ਼ਾਇਰ ਬੇਅੰਤ ਸਿੰਘ ਮਲੂਕਾ ਜਿਨ੍ਹਾਂ ਨੂੰ ਵਿੱਦਿਆ ਲਈ ਸਮਰਪਿਤ ਪਾਰਦਰਸ਼ੀ ਕਾਰਜਸ਼ੈਲੀ ਬਦਲੇ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਆਪਣੀ ਪਲੇਠੀ ਪੁਸਤਕ 'ਅਲੋਪ ਰੌਣਕਾਂ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਉਸ ਦੀ ਨਜ਼ਮ 'ਅਲੋਪ ਰੌਣਕਾਂ' ਤੋਂ ਸਾਡੇ ਹੱਥ ਆ ਜਾਂਦੀ ਹੈ, ਜਿਥੇ ਉਹ ਪੰਜਾਬੀ ਸੱਭਿਆਚਾਰ ਵਿਚ ਅਲੋਪ ਹੋ ਰਹੀਆਂ ਵਸਤਾਂ ਪ੍ਰਤੀ ਹੇਰਵਾ ਦਿਖਾਉਂਦਾ ਹੈ। ਉਸ ਨੂੰ ਮਧਾਣੀਆਂ, ਕੌਲੀਆਂ, ਪਿੱਪਲਾਂ ਦੀਆਂ ਛਾਵਾਂ, ਹੱਟੀਆਂ ਭੱਠੀਆਂ ਅਤੇ ਖੱਦਰ ਦੇ ਪੌਣੇ ਨਜ਼ਰ ਨਹੀਂ ਆਉਂਦੇ। ਪਦਾਰਥਕ ਚਕਾਚੌਂਧ ਵਿਚ ਅਜਿਹੀਆਂ ਵਿਰਾਸਤੀ ਨਿਸ਼ਾਨੀਆਂ ਦਾ ਖ਼ਤਮ ਹੋ ਜਾਣਾ ਸੁਭਾਵਿਕ ਹੀ ਹੈ ਕਿਉਂਕਿ ਸੱਭਿਆਚਾਰ ਵਿਚ ਕਦੇ ਖੜ੍ਹੋਤ ਨਹੀਂ ਆਉਂਦੀ ਅਤੇ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਸ਼ਾਇਰ ਧੀਆਂ ਦੀ ਕਿਲਕਾਰੀ ਸੁਣਨ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕੀਤੇ ਜਾਣ ਨੂੰ ਵੱਡਾ ਕਲੰਕ ਸਮਝਦਾ ਹੈ। ਬਾਬੇ ਨਾਨਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ 'ਸੋ ਕਿ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।' ਇਸ ਕਾਵਿ ਕਿਤਾਬ ਵਿਚ ਸ਼ਾਇਰ ਵਲੋਂ ਮਮਤਾ ਦੀ ਮੂਰਤ ਮਾਂ ਬਾਰੇ ਜੋ ਨਜ਼ਮ ਲਿਖੀ ਹੈ, ਉਹ ਵਾਕਿਆ ਹੀ ਸਲਾਹੁਣਯੋਗ ਹੈ। ਪੰਜਾਬੀ ਵਿਚ ਪ੍ਰੋ. ਮੋਹਣ ਸਿੰਘ, ਉਰਦੂ ਵਿਚ ਮੁਨੱਵਰ ਰਾਣਾ ਅਤੇ ਅੰਗਰੇਜ਼ੀ ਵਿਚ ਖਲੀਲ ਜਿਬਰਾਨ ਨੇ ਕਿਹਾ ਹੈ ਕਿ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਵਿਚ ਜੇ ਕੋਈ ਸੁੱਚਮਤਾ ਵਾਲਾ ਸ਼ਬਦ ਹੈ ਤਾਂ ਉਹ ਸ਼ਬਦ ਹੈ 'ਮਾਂ'। ਕੁਰਾਨ ਮਜੀਦ ਵਿਚ ਲਿਖਿਆ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੁੰਦੀ ਹੈ, ਸ਼ਾਇਰ ਆਖਦਾ ਹੈ ਕਿ ਜੀਵਨ ਵਿਚ ਤਰੰਗਤੀ ਮੁਹੱਬਤ ਦੇ ਬਹੁਤ ਸਾਰੇ ਅਵਸਰ ਮਿਲਦੇ ਹਨ ਪਰ ਜੋ ਸਕੂਨ ਤੁਹਾਨੂੰ ਆਪਣੇ ਹਮਸਫ਼ਰ ਤੋਂ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲ ਸਕਦਾ। ਧੰਨੇ ਭਗਤ ਨੇ ਵੀ ਮੋਹਰ ਲਗਾ ਦਿੱਤੀ ਹੈ ਕਿ ''ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ।'' ਇਸ ਪਦਾਰਥਵਾਦੀ ਯੁੱਗ ਵਿਚ ਭਾਵੇਂ ਰਿਸ਼ਤਿਆਂ ਦਾ ਗ੍ਰਾਫ਼ ਹੇਠਾਂ ਜਾ ਰਿਹਾ ਹੈ, ਪਰ ਜੋ ਰਿਸ਼ਤਾ ਭੈਣ ਭਰਾ ਦਾ ਹੈ, ਉਹ ਤਾਂ ਪੂਜਣ ਯੋਗ ਹੈ। ਮਜ਼ਦੂਰ ਜਿਸ ਢੰਗ ਨਾਲ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਕੇ ਜ਼ਿੰਦਗੀ ਗੁਜ਼ਰ ਬਸਰ ਕਰ ਰਿਹਾ ਉਸ ਦੇ ਬੁਲੰਦ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ, ਸ਼ਾਇਰ ਰੁੱਖਾਂ ਨੂੰ ਵੀ ਅਧਿਆਪਕ ਮੰਨਦਾ ਹੈ ਤੇ ਉਨ੍ਹਾਂ ਤੋਂ 'ਜੀਰਾਂਦ' ਸਿਰਜਣ ਦੀ ਸਲਾਹ ਦਿੰਦਾ ਹੈ। ਜ਼ਿੰਦਗੀ ਦਾ ਫਲਸਫ਼ਾ ਸਮਝਣ ਲਈ ਉਸ ਦੀ ਨਜ਼ਮ 'ਜ਼ਿੰਦਗੀ' ਰਾਹ ਦਸੇਰਾ ਬਣਦੀ ਹੈ। ਹੋਰ ਵਿਭਿੰਨ ਸਰੋਕਰਾਂ ਨਾਲ ਵੀ ਸ਼ਾਇਰ ਨੇ ਕਾਵਿਕ ਦਸਤਪੰਜਾ ਲਿਆ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਉਹ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਕਿ ਭਵਿੱਖ ਵਿਚੋਂ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਅਸਾਡੇ ਸਨਮੁੱਖ ਕਰਾ ਸਕੇ। ਸ਼ਾਇਰ ਦੀ ਪਲੇਠੀ ਕਾਵਿ-ਕਿਰਤ ਨੂੰ ਹੌਸਲਾ ਅਫ਼ਜ਼ਾਈ ਥਾਪੜਾ ਦੇਣਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਉਲਝੇ ਤਾਣੇ-ਬਾਣੇ
ਲੇਖਕ : ਵਰਿੰਦਰ ਟੱਲੇਵਾਲੀਆ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 94179-23777
ਪੁਸਤਕ ਦੇ ਦੋ ਭਾਗ ਹਨ। ਪਹਿਲਾ ਭਾਗ 34 ਕਹਾਣੀਆਂ, ਕਹਾਣੀਆਂ ਨੁਮਾ ਰਚਨਾਵਾਂ ਦਾ ਹੈ। ਦੂਸਰੇ ਭਾਗ ਵਿਚ 32 ਕਾਵਿ ਰਚਨਾਵਾਂ ਹਨ। ਲੇਖਕ ਨੇ ਦਿਲ ਦੀ ਗੱਲ ਤਹਿਤ ਲਿਖਿਆ ਹੈ ਕਿ ਇਹ ਕਹਾਣੀਆਂ ਹੱਡਬੀਤੀਆਂ ਜਾਂ ਅੱਖੀਂ ਵੇਖੀਆਂ ਘਟਨਾਵਾਂ 'ਤੇ ਆਧਾਰਿਤ ਹਨ। ਪ੍ਰਸਿੱਧ ਲੇਖਕ ਅਜਾਇਬ ਟੱਲੇਵਾਲੀਆ ਨੇ ਲੇਖਕ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ ਹੈ। ਤਤਕਰੇ ਤੋਂ ਪਹਿਲਾਂ ਲੇਖਕ ਨੇ ਆਪਣੇ ਬਚਪਨ, ਪਿੰਡਾਂ ਨਾਲ ਸਾਂਝ, ਸਿੱਖਿਆ, ਪੰਜਾਬੀ ਭਾਸ਼ਾ ਨਾਲ ਪਿਆਰ, ਨੌਕਰੀ, ਪੁਸਤਕ ਛਪਵਾਉਣ ਲਈ ਮਿਲੀ ਪ੍ਰੇਰਨਾ ਆਦਿ ਦਾ ਜ਼ਿਕਰ ਕੀਤਾ ਹੈ। ਆਪਣੇ ਪਿੰਡ ਟੱਲੇਵਾਲ ਬਾਰੇ ਭਰਵੀਂ ਜਾਣਕਾਰੀ 8 ਪੰਨਿਆਂ (17-24) 'ਤੇ ਲਿਖੀ ਹੈ। ਪਿੰਡ ਟੱਲੇਵਾਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਪਿੰਡ ਨਾਲ ਪਿਆਰ, ਪਿੰਡ ਦਾ ਵਿਕਾਸ, ਪ੍ਰਮੁੱਖ ਅਦਾਰੇ, ਪਿੰਡ ਦੀ ਮੁਹੱਬਤ, ਦਾਦਾ ਜੀ ਨਾਲ ਪਿਆਰ, ਪਰਿਵਾਰ, ਬਚਪਨ ਦੀਆਂ ਦਿਲਚਸਪ ਯਾਦਾਂ ਤੇ ਹੋਰ ਬਹੁਤ ਕੁਝ ਹੈ। ਦੋਵੇਂ ਲੇਖਾਂ ਵਿਚ ਰਵਾਨਗੀ ਤੇ ਰੌਚਿਕਤਾ ਹੈ। ਕਹਾਣੀ 'ਰਿਸ਼ਤਾ' ਵਿਚ ਪਿੰਡ ਦੇ ਮੇਲੇ ਵਿਚ ਦੋ ਜਵਾਨ ਦਿਲਾਂ ਦੀ ਮੁਹੱਬਤ ਹੈ। ਕਹਾਣੀ 'ਫਰਿਸ਼ਤਾ' ਦੀ ਰਜ਼ੀਆ ਮੈਡਮ ਆਪਣੀ ਜ਼ਿੰਦਗੀ ਦੇ ਦੁੱਖਾਂ ਦੀ ਗੱਲ ਕਰਦੀ ਹੈ। ਉਹ ਦਿਲੋਂ ਉਦਾਸ ਹੈ। 'ਧਰਤੀ ਹੇਠਲਾ ਬਲਦ' ਵਿਚ ਔਲਾਦ ਕੋਲੋਂ ਦੁਖੀ ਮਾਪਿਆਂ ਦੀ ਦਾਸਤਾਨ ਹੈ। ਇਕ ਰਚਨਾ ਪੰਜਾਬੀ ਗਾਇਕੀ ਦੇ ਬੋਹੜ ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਨਾਲ ਨੇੜਤਾ ਦਾ ਦਿਲਚਸਪ ਜ਼ਿਕਰ ਹੈ। ਲੇਖਕ ਉਸ ਸਮੇਂ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਸੀ ਤੇ ਯਮਲਾ ਜੀ ਦੇ ਘਰ ਦਾ ਬਿਜਲੀ ਮੀਟਰ ਸੜ ਗਿਆ ਸੀ। ਇਸ ਕਹਾਣੀ ਵਿਚ ਯਮਲਾ ਜੀ ਦੇ ਗੀਤਾਂ ਦਾ ਵਿਆਖਿਆ ਸਹਿਤ ਜ਼ਿਕਰ ਹੈ। ਰਚਨਾ 'ਮੈਂ ਕਿਉਂ ਲਿਖਦਾ ਹਾਂ?' ਸੰਨ 1980 ਦੀ ਲਿਖਤ ਹੈ। ਪੜ੍ਹਨ ਵਾਲੀ ਰਚਨਾ ਹੈ। ਕਹਾਣੀਆਂ ਵਿਚ ਸੰਵਾਦ, ਬਿਰਤਾਂਤ, ਦਿਲਚਸਪ ਕਥਾ ਰਸ ਹੈ। ਕਹਾਣੀਆਂ, ਨਿੱਜੀ ਨਾ ਹੋ ਕੇ ਸਮਾਜ ਦੀ ਬਹੁਪੱਖੀ ਤਸਵੀਰ ਹਨ। ਰਚਨਾ 'ਵਿਗਿਆਨ ਤੋਂ ਦੂਰ' ਵਿਚ ਪੰਜ ਹੈਰਾਨੀਜਨਕ ਘਟਨਾਵਾਂ ਹਨ। ਰਚਨਾਵਾਂ ਦਾ ਆਕਾਰ ਇਕ ਪੈਰੇ ਤੋਂ ਤਿੰਨ ਪੰਨਿਆਂ ਤੱਕ ਹੈ। ਕੁਝ ਰਚਨਾਵਾਂ ਵਿਚ ਮਿੰਨੀ ਰਚਨਾਵਾਂ ਦੀ ਨੁਹਾਰ ਹੈ।
ਕਿਤਾਬ ਦੇ ਦੂਸਰੇ ਭਾਗ ਦੀ ਕਾਵਿ-ਰਚਨਾਵਾਂ ਵਿਚ ਰੁਮਾਂਟਿਕ ਗੀਤ, ਗ਼ਜ਼ਲਾਂ, ਰੁਬਾਈਆਂ, ਟੱਪੇ ਤੇ ਬੋਲੀਆਂ ਹਨ। ਕਾਵਿ-ਰਚਨਾਵਾਂ ਦੇ ਵਿਸ਼ੇ ਸਮਾਜਿਕ ਤੇ ਰੂਹਾਨੀ ਹਨ। ਪੁਸਤਕ ਸਿਰਲੇਖ ਜ਼ਿੰਦਗੀ ਦੀਆਂ ਉਲਝਣਾਂ ਨਾਲ ਜੋੜਿਆ ਹੈ। (ਤੈਨੂੰ ਅੱਖੀਆਂ ਨਾਲ ਪੰਨਾ 112) ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸੰਪੂਰਨ ਸਿੰਘ ਟੱਲੇਵਾਲੀਆ ਨੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਵੱਖ-ਵੱਖ ਵਿਧਾਵਾਂ ਵਾਲੀ ਪੁਸਤਕ ਦਾ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160
ਰਣਜੋਧ ਸਿੰਘ ਦੇ ਹਲਕੇ ਫੁਲਕੇ ਅਤੇ ਵਜ਼ਨਦਾਰ ਟੋਟਕੇ
ਲੇਖਕ : ਰਣਜੋਧ ਸਿੰਘ
ਪ੍ਰਕਾਸ਼ਕ : ਵਿਜਡਮ ਕਲੈਕਸ਼ਨ, ਲੁਧਿਆਣਾ
ਮੁੱਲ : 151 ਰੁਪਏ, ਸਫ਼ੇ : 150
ਸੰਪਰਕ : 98144-22744
ਹਥਲੀ ਪੁਸਤਕ ਲੇਖਕ ਦੇ ਨਾਮਕਰਨ ਅਨੁਸਾਰ ਟੋਟਕਿਆਂ ਦੀ ਕਿਤਾਬ ਹੈ। ਅਸਲ ਵਿਚ ਪੰਜਾਬੀ ਵਿਚ ਅਜੇ ਇਸ ਵਿਧਾ ਦਾ ਢੁਕਵਾਂ ਨਾਮਕਰਨ ਹੀ ਨਹੀਂ ਹੋਇਆ। ਇਨ੍ਹਾਂ ਟੋਟਕਿਆਂ ਨੂੰ ਸਿਆਣਪਾਂ ਜਾਂ ਸਿਆਣੀਆਂ ਗੱਲਾਂ ਵੀ ਕਿਹਾ ਜਾ ਸਕਦਾ ਹੈ। ਪੰਜਾਬ ਦੇ ਬਹੁਤ ਸਾਰੇ ਗੀਤਾਂ ਦੇ ਮੁਖੜੇ ਖ਼ੁਦ ਸਿਆਣਪਾਂ ਪੇਸ਼ ਕਰਦੇ ਹਨ। ਕਈ ਮੁਹਾਵਰੇ ਅਤੇ ਅਖਾਉਤਾਂ ਵੀ ਇਹੀ ਸਿਆਣਪਾਂ ਹਨ। ਪਿਛਲੇ ਸਮੇਂ ਪੰਜਾਬੀ ਦੇ ਕਈ ਲੇਖਕਾਂ ਨੇ ਅਜਿਹੇ ਹੀ ਟੋਟਕਿਆਂ ਦੇ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਕਈ ਲੇਖਕ ਜਿਵੇਂ ਸ. ਨਰਿੰਦਰ ਸਿੰਘ ਕਪੂਰ ਇਸ ਵਿਧਾ ਦੇ ਸਿਰ ਉੱਤੇ ਸੰਸਾਰ ਪ੍ਰਸਿੱਧ ਹੋ ਗਏ ਹਨ। ਉਸ ਦੀਆਂ ਅਜਿਹੀਆਂ ਹੀ ਪੁਸਤਕਾਂ ਦੀ ਮੰਗ ਰਹਿੰਦੀ ਹੈ। ਇਨ੍ਹਾਂ ਟੋਟਕਿਆਂ ਬਾਰੇ ਇਹੀ ਗੱਲ ਹੈ ਕਿ ਜਿਵੇਂ ਹਰ ਸ਼ਾਇਰ ਸਾਰੇ (ਸ਼ੇਅਰ ਆਪਣੇ ਤਨ-ਮਨ ਉੱਤੇ ਹੰਢਾਉਂਦੇ ਨਹੀਂ, ਸਗੋਂ ਖਿਆਲਤ ਨੂੰ ਸ਼ਬਦਾਂ ਦੇ ਵਸਤਰ ਦਿੰਦਾ ਹੈ) ਇਸੇ ਤਰ੍ਹਾਂ ਇਹ ਟੋਟਕੇ ਵੀ ਕੋਈ ਲੇਖਕ ਜੀਵਨ ਵਿਚ ਪਰਖ ਕੇ ਨਹੀਂ ਵੇਖਦਾ, ਸਗੋਂ ਖਿਆਲ ਕਰਕੇ ਲਿਖ ਹੀ ਦਿੰਦਾ ਹੈ। ਕਿਤਾਬ ਵਿਚ ਤਤਕਰਾ ਨਹੀਂ ਹੈ। ਇਨ੍ਹਾਂ ਦਾ ਤਤਕਰਾ ਸਹਿਜ ਨਹੀਂ। ਹਾਂ, ਇਨ੍ਹਾਂ ਨੂੰ ਕਲਾਸੀਫਾਈਡ ਕਰਕੇ ਵੱਖ-ਵੱਖ ਸਿਰਲੇਖਾਂ ਹੇਠ ਰੱਖ ਕੇ ਇਨ੍ਹਾਂ ਦਾ ਤਤਕਰਾ ਬਣ ਵੀ ਸਕਦਾ ਹੈ ਪਰ ਇਸ ਕਾਰਜ ਵਾਸਤੇ ਵੱਡੀ ਮਿਹਨਤ ਜ਼ਰੂਰੀ ਸੀ, ਜੋ ਕਿ ਲੇਖਕ ਨੇ ਨਹੀਂ ਕੀਤੀ। ਲੇਖਕ ਰਣਜੋਧ ਸਿੰਘ ਇਨ੍ਹਾਂ ਟੋਟਕਿਆਂ ਦਾ ਸੋਮਾ ਫੇਸਬੁੱਕ ਨੂੰ ਮੰਨਦਾ ਹੈ। ਫੇਸਬੁੱਕ ਉੱਤੇ ਆਹਮੋ-ਸਾਹਮਣੇ ਕਿਸੇ ਟੋਟਕੇ ਦਾ ਮੁੱਲ ਪੈ ਸਕਦਾ ਹੈ। ਆਓ ਉਸ ਦੇ ਕੁਝ ਟੋਟਕਿਆਂ ਦਾ ਸੁਆਦ ਚਖਦੇ ਹਾਂ।
-ਆਪਣੇ ਦੋਸਤ ਵੱਲ ਦੋਸਤੀ ਦਾ ਹੱਥ ਵਧਾਓ ਪਰ ਇਸ ਦੇ ਹੱਥ ਵਿਚ ਪਿਸਤੌਲ ਦੇਣਾ ਮੂਰਖਤਾ ਹੈ।
-ਜਿੰਨੇ ਸਿਆਣੇ ਸਭ ਲੁਧਿਆਣੇ।
-ਅਸਲੀ ਗਿਆਨ, ਆਪਣੀ ਗਿਆਨਤਾ ਦੀ ਹੱਦ ਦਾ ਪਤਾ ਹੋਣਾ ਹੈ।
-ਜੀਵਨ ਅਨੰਦ ਹੈ ਰੱਬ ਦਾ ਪਿਆਰ ਪਰਮਾਨੰਦ।
-ਭਰੀ ਹੋਈ ਜੇਬ ਨੇ ਦੁਨੀਆ ਦੀ ਪਹਿਚਾਣ ਕਰਵਾ ਦਿੱਤੀ ਤੇ ਖਾਲੀ ਜੇਬ ਨੇ ਇਨਸਾਨਾਂ ਦੀ।
-ਮੈਂ ਇਕੱਲੇ ਰਹਿਣਾ ਪਸੰਦ ਕਰਾਂਗਾ, ਖਾਹ-ਮਖਾਹ ਦੀ ਭੀੜ ਨਾਲੋਂ।
-ਨਫ਼ਰਤ ਓਥੇ ਹੀ ਵਧਦੀ ਹੈ, ਜਿਥੇ ਪਿਆਰ ਦੀ ਘਾਟ ਹੋਵੇ।
-550 ਸਾਲ ਬਾਣੀ ਤੇ ਬਾਣੇ ਨਾਲ
-ਜੀਵਨ ਜਿੰਨਾ ਸਾਦਾ ਰਹੇਗਾ, ਓਨਾ ਹੀ ਘਰ ਕਾਬਾ ਰਹੇਗਾ।
-ਜਿੱਤ ਹਾਸਿਲ ਕਰਨੀ ਹੈ ਤਾਂ ਕਾਬਲੀਅਤ ਵਧਾਓ, ਕਿਸਮਤ ਨਾਲ ਤਾਂ ਲਾਟਰੀ ਹੀ ਨਿਕਲਦੀ ਹੈ।
ਇਸ ਪੁਸਤਕ ਵਿਚ ਕਰੀਬ 150 ਸਫ਼ੇ ਹਨ ਅਤੇ ਔਸਤ ਹਰ ਸਫ਼ੇ ਉੱਤੇ 6 ਟੋਟਕੇ ਹਨ। ਇਸ ਹਿਸਾਬ ਨਾਲ 900 ਟੋਟਕੇ ਹਨ। ਜੇਕਰ ਕੋਈ ਪਾਠਕ ਇਨ੍ਹਾਂ ਟੋਟਕਿਆਂ ਤੋਂ ਸੇਧ ਲੈਣੀ ਚਾਹੇ ਤਾਂ ਉਹ ਅਸਾਨੀ ਨਾਲ ਮਿਲ ਸਕਦੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਹੱਕ : ਪਿਰਤ ਤੇ ਪਰਤਾਂ
ਸੰਪਾਦਕ: ਡਾ. ਜਤਿੰਦਰ ਸਿੰਘ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 300 ਰੁਪਏ ਸਫ਼ੇ: 152
ਸੰਪਰਕ : 94174-78446
ਸਵਰਾਜਬੀਰ ਦੇ ਅੱਠਵੇਂ ਚਰਚਿਤ ਨਾਟਕ 'ਹੱਕ' ਦੀ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਖ/ ਪੜਚੋਲ ਕਰਦੀ ਇਸ ਪੁਸਤਕ 'ਹੱਕ: ਪਿਰਤ ਤੇ ਪਰਤਾਂ' ਵਿਚ ਨਾਟਕ ਕਲਾ ਬਾਰੇ ਗੂੜ੍ਹ ਗਿਆਨ ਰੱਖਦੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਉਘੇ ਲੇਖਕਾਂ ਦੇ ਘੋਖਵੇਂ ਨਜ਼ਰੀਏ ਪੇਸ਼ ਕੀਤੇ ਗਏ ਹਨ। ਰੰਗਮੰਚ ਸਿਰਮੌਰ ਨਿਰਦੇਸ਼ਕ ਕੇਵਲ ਧਾਲੀਵਾਲ ਦਾ ਕਥਨ ਅਨੁਸਾਰ 'ਹੱਕ' ਨਾਟਕ ਦੀ ਪੇਸ਼ਕਾਰੀ ਨੇ ਵੰਗਾਰ ਪੈਦਾ ਕਰ ਦਿੱਤੀ ਹੈ ਕਿ ਮਨੁੱਖੀ ਜ਼ਿੰਦਗੀ ਦੇ ਵਲਵਲਿਆਂ ਦੀ ਕਲਾਤਮਿਕ ਰੂਪ ਦੀ ਪੇਸ਼ਕਾਰੀ ਲਈ ਪੰਜਾਬੀ ਰੰਗਮੰਚ ਨੂੰ ਨਵੇਂ ਵਿਸ਼ਿਆਂ ਦੇ ਖੋਜਾਰਥੀ ਬਣਨਾ ਪਵੇਗਾ। ਹੱਕੀ ਸਮਾਜ ਦੀ ਗੱਲ ਤੋਰਦਿਆਂ ਦੇਸਰਾਜ ਕਾਲੀ ਨੇ ਜਾਤਾਂ-ਪਾਤਾਂ ਵਿਚਲੇ ਅਸਾਵੇਂ ਹੱਕਾਂ ਉਪਰ ਬੇਬਾਕੀ ਨਾਲ ਉਂਗਲ ਧਰੀ ਹੈ। ਸਤਿਆਪਾਲ ਗੌਤਮ ਨੇ 'ਮੰਝਿ ਵਿਸੂਲਾ ਬਾਗ' ਸਿਰਲੇਖ ਰਾਹੀਂ ਕੁਦਰਤੀ ਹਰਿਆਵਲ/ ਰੁੱਖਾਂ ਦੀ ਸੋਹਜਮਈ ਸੁੰਦਰਤਾ ਦੀ ਬਰਾਬਰੀ ਸ਼ਹਿਰ ਦੀ ਬਨਾਉਟੀ/ਅਖੌਤੀ ਖੂਬਸੂਰਤੀ ਕਦਾਚਿਤ ਮੁਕਾਬਲਾ ਨਹੀਂ ਕਰ ਸਕਦੀ, ਦੀ ਗੱਲ ਕੀਤੀ ਹੈ। ਪ੍ਰੋਫ਼ੈਸਰ ਰਾਕੇਸ਼ ਰਮਨਾ ਅਨੁਸਾਰ ਨਵੀਂ ਬਹਿਸ ਛੇੜਨ ਵਾਲਾ 'ਹੱਕ' ਨਾਟਕ ਪਿੰਡਾਂ 'ਚੋਂ ਗੁਆਚ ਰਿਹਾ ਅਸਲ ਪਿੰਡ, ਗ਼ੈਰ ਬਰਾਬਰੀ, ਹਿੰਸਾ ਅਤੇ ਅਨਿਆਂ ਖ਼ਿਲਾਫ਼ ਰੋਸ ਸੰਘਰਸ਼ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਦਾ ਇਕ ਕਿੱਸਾ ਹੈ। ਐਸ਼ ਭਰੇ ਕੁਕਰਮਾਂ ਦੀ ਭਾਈਵਾਲੀ ਜਦ ਆਪਣੀ ਹੀ ਇੱਜ਼ਤ ਉਤੇ ਹਮਲਾਵਰ ਹੋ ਜਾਏ ਤਾਂ ਕੁਕਰਮ ਅਸਲ ਰੂਪ ਵਿਚ ਦਿਸਣ ਲੱਗ ਜਾਂਦੇ ਹਨ। ਇਸ ਕੋਹਜ ਭਰੀ ਭਾਈਵਾਲੀ ਦੀ ਭਾਗੀਦਾਰੀ ਦੇ ਸਿੱਟੇ ਕਰਕੇ ਹੀ ਬਚਨੇ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਡਾ. ਅਮਨਦੀਪ ਕੌਰ ਦੇ ਵਿਚਾਰਾਂ ਵਿਚ 'ਹੱਕ' ਨਾਟਕ ਕੁਦਰਤੀ ਵਸੀਲਿਆਂ, ਮਨੁੱਖੀ ਰਿਸ਼ਤਿਆਂ ਦੀ ਨੈਤਿਕਤਾ ਤੇ ਅਨੈਤਿਕਤਾ ਸਾਂਝ, ਧਰਮ ਤੇ ਇਸ ਨਾਲ ਜੁੜੇ ਕਰਮਕਾਂਡ ਦੀ ਦਵੰਦਮਈ ਵਿਰੋਧਾਭਾਸੀ ਸਬੰਧਾਂ ਦਾ ਉਭਾਰ ਹੈ।
ਹਰਵਿੰਦਰ ਸਿੰਘ ਰੋਡੇ ਨੇ ਪਰਾਏ ਹੱਕਾਂ ਉਤੇ ਡਾਕਾ ਮਾਰਨਾ ਜਗੀਰੂ ਸੋਚ ਵਲੋਂ ਆਪਣਾ ਜੱਦੀ ਪੁਸ਼ਤੀ ਹੱਕ ਸਮਝਣ, ਗੁਰਪ੍ਰੀਤ ਸਿੰਘ ਨੇ 'ਹਕੂਕ ਲਈ ਜੂਝਦੀ ਔਰਤ ਦਾ ਬਿਰਤਾਂਤ : ਹੱਕ', ਸਤਵਿੰਦਰ ਕੌਰ ਨੇ ਨਾਟਕ 'ਹੱਕ' ਵਿਚਲੇ ਲੋਕਧਾਰਾਈ ਪਾਸਾਰ (ਧਾਗੇ ਤਵੀਤਾਂ ਤੇ ਅਥਾਹ ਵਿਸ਼ਵਾਸ, ਅਣਖੀ ਤੇ ਬੇਅਣਖੀ ਬਿਰਤੀ ਆਦਿ), ਕਿਰਪਾਲ ਸਿੰਘ ਯੁੱਗ ਪਰਿਵਰਤਨ ਦੀ ਗਾਥਾ ਨਾਟਕ 'ਹੱਕ' ਦੀ ਗੱਲ ਕੀਤੀ ਹੈ ਉਥੇ ਖੁਦ ਨਾਟਕਕਾਰ ਸਵਰਾਜਬੀਰ ਨੇ ਮੰਨਿਆ ਹੈ ਕਿ ਇਸ ਨਾਟਕ ਦੀ ਲੇਖਣੀ ਸਮੇਂ 'ਹੱਕ' ਦੇ ਕਿਰਦਾਰ ਅਤੇ ਕਿਰਦਾਰਾਂ ਦਾ ਹੱਕ ਬਦੋ ਬਦੀ ਆਪ-ਮੁਹਾਰੇ ਹੀ ਫੁੱਟਦਾ ਗਿਆ ਤੇ ਆਲੇ ਦੁਆਲੇ ਰਚਦਾ ਮਿਚਦਾ ਗਿਆ। ਇਸ ਪੁਸਤਕ ਦੇ ਆਖਰ ਵਿਚ ਅੰਗਰੇਜ਼ੀ ਭਾਸ਼ਾ ਵਿਚ ਭਗਵਾਨ ਜੋਸ਼, ਮਾਧਵੀ ਕਟਾਰੀਆ , ਮੁਹੰਮਦ ਸੋਹਲ, ਅਮਨਦੀਪ ਕੌਰ ਦੇ ਤਿੰਨ ਲੇਖ ਤੇ ਸਪਨਪ੍ਰੀਤ ਕੌਰ ਵਲੋਂ ਸਵਰਾਜਬੀਰ ਨਾਲ ਇੰਟਰਵਿਊ ਨਾਟਕ 'ਹੱਕ' ਦੀ ਅਲੋਚਨਾ ਨੂੰ ਹੋਰ ਵੀ ਭਾਵਪੂਰਤ ਤੇ ਵਿਸ਼ਾਲ ਬਣਾਉਣ ਵਿਚ ਸਹਾਈ ਹੁੰਦੇ ਹਨ ਕਿ ਹੱਕਾਂ ਦੀ ਰਾਖੀ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਮਨੋਮਨੀ ਜੂਝਣਾ ਹੀ ਪੈਂਦਾ ਹੈ। ਧਨ ਕੁਬੇਰਾਂ ਵਲੋਂ ਮਿਹਨਤਕਸ਼ਾਂ ਨੂੰ ਲਿਤਾੜਨ ਤੇ ਉਨ੍ਹਾਂ ਦੀ ਲੁੱਟ ਖਸੁੱਟ ਦੀ ਇਹ ਤ੍ਰਾਸਦੀ ਯੁੱਗ ਯੁਗਾਂਤਰਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਹੀ ਆ ਰਹੀ ਹੈ।
-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਾਂ ਦੀਆਂ ਲਾਡਾਂ
ਲੇਖਕ : ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98726-37177
'ਮਾਂ ਦੀਆਂ ਲਾਡਾਂ' ਕਾਵਿ ਸੰਗ੍ਰਹਿ ਉਜਾਗਰ ਸਿੰਘ ਭੰਡਾਲ ਹੁਰਾਂ ਦੀ ਕਿਰਤ ਹੈ। ਇਸ ਕਾਵਿ ਸੰਗ੍ਰਹਿ ਵਿਚ 'ਮਾਂ ਦੀ ਲਾਡਾਂ' ਤੋਂ ਲੈ ਕੇ 'ਪਿਆਰ ਦੀ ਕਦਰ' ਤੱਕ ਲਗਭਗ 81 ਸਰੋਦੀ ਕਵਿਤਾਵਾਂ ਹਨ, ਜਿਨ੍ਹਾਂ ਨੂੰ ਗੀਤ, ਗ਼ਜ਼ਲ ਅਤੇ ਸਰੋਦੀ ਕਵਿਤਾਵਾਂ ਆਦਿ ਕਾਵਿ-ਰੂਪਾਂ ਦੀ ਸੁਚੱਜੀ ਵਰਤੋਂ ਕਰਦਿਆਂ 'ਮਾਂ' ਦੀਆਂ ਰਹਿਮਤਾਂ ਅਤੇ ਮਮਤਾ ਭਰੀ ਵੇਦਨਾ ਦਾ ਪ੍ਰਗਟਾ ਕੀਤਾ ਹੈ। ਸਮਰਪਣ ਵਿਚ ਹੀ ਤਿੰਨ ਇਸਤਰੀ ਰੂਪਾਂ : ਮਾਂ, ਭੈਣ ਅਤੇ ਪਤਨੀ ਦੇ ਨਿੱਘੇ ਪਿਆਰ, ਮੋਹ-ਮਮਤਾ ਅਤੇ ਰਿਸ਼ਤਿਆਂ ਦੀ ਪਾਕੀਜ਼ਦਗੀ ਦੇ ਅਨੁਭਵ ਨੂੰ ਪ੍ਰਗਟਾਉਂਦਿਆਂ, ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਰਿਸ਼ਤਿਆਂ, ਸਮਾਜਿਕ ਮੁੱਦਿਆਂ , ਭਾਈਚਾਰਕ ਸਾਂਝ, ਸੱਭਿਆਚਾਰਕ ਰਵਾਇਤਾਂ, ਸਮੇਂ ਦੀ ਅਨੁਕੂਲਤਾ ਅਨੁਸਾਰ ਸਰੋਕਾਰਾਂ ਨੂੰ ਕਾਵਿਕ-ਜੁਗਤਾਂ ਰਾਹੀਂ ਪੇਸ਼ ਕੀਤਾ ਹੈ। ਕਵੀ ਦੀਆਂ ਇਹ ਸਤਰਾਂ ਪ੍ਰਸੰਗਿਕ ਵਿਸ਼ਿਆਂ ਦੀ ਪੇਸ਼ਕਾਰੀ ਨੂੰ ਸਮਝਣ ਵਿਚ ਜਿਥੇ ਸਹਾਇਕ ਰੂਪ ਵਿਚ ਮਾਰਗ ਦਰਸ਼ਨ ਕਰਦੀਆਂ ਹਨ, ਉਥੇ ਹੀ ਕਵੀ ਦੇ ਕਰਤੱਵ ਵਲ ਵੀ ਸੰਕੇਤ ਕਰਦੀਆਂ ਹਨ। 'ਕਵੀ ਲਿਖ ਕੇ' ਕਵਿਤਾ ਨੇ ਛੱਡ ਜਾਂਦੇ, ਬੋਲ ਜਿਨ੍ਹਾਂ ਨੇ ਸਦੀਆਂ ਤੱਕ ਗੂੰਜਦੇ ਨੇ, ਕਵੀ ਮਿੱਤਰ ਨੇ ਹੱਸਦੇ ਹਸਾਉਂਦਿਆਂ ਦੇ, ਕਵੀ ਰੋਂਦਿਆਂ ਦੇ ਹੰਝੂ ਪੂੰਝਦੇ ਨੇ। ਮਾਂ ਦੀ ਮਮਤਾ ਨਾਲ ਹੀ 'ਮਾਂ ਦੀਆਂ ਲਾਡਾਂ', 'ਮਾਂ ਦੀ ਮਮਤਾ', 'ਮਾਵਾਂ ਠੰਢੀਆਂ ਛਾਵਾਂ', 'ਮਾਂ' ਆਦਿ ਕਵਿਤਾਵਾਂ ਸੰਬੰਧਿਤ ਹਨ। ਮਨੁੱਖ ਦੀਆਂ ਤਿੰਨ ਮਾਵਾਂ : ਮਾਂ ਜਣਨੀ, ਮਾਂ ਬੋਲੀ ਅਤੇ ਮਾਂ ਧਰਤੀ ਨਾਲ 'ਮਾਂ ਬੋਲੀ ਪੰਜਾਬੀ', 'ਪੰਜਾਬ ਦੀ ਮਿੱਟੀ', 'ਨੀ ਮਿੱਟੀਏ', 'ਵਤਨ ਦੀ ਮਿੱਟੀ', 'ਨੀ ਕਲਮੇ', 'ਦੁੱਖ ਪਰਦੇਸਾਂ ਦੇ', 'ਆਪਣਾ ਵਤਨ', 'ਮਾਂ ਬੋਲੀ ਦਾ ਆਸ਼ਕ' ਆਦਿ ਕਵਿਤਾਵਾਂ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ ਹਨ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਸੰਬੰਧ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਿਆਂ : ਮਾਂ, ਪਿਓ, ਧੀ, ਪੁੱਤਰ, ਮਾਂ ਬੋਲੀ, ਮਾਂ ਧਰਤੀ ਨਾਲ ਸੰਬੰਧਿਤ ਵੇਦਨਾਵਾਂ, ਸੰਵੇਦਨਾਵਾਂ ਦਾ ਮਾਰਮਿਕ ਪ੍ਰਗਟਾ ਹੈ। ਇਸ ਦੇ ਨਾਲ ਹੀ 'ਲਹੂ' ਅਤੇ 'ਅ-ਲਹੂ' ਦੇ ਸਮਾਜਿਕ ਰਿਸ਼ਤਿਆਂ ਦੀ ਪਹਿਚਾਣ, ਸਾਰਥਿਕਤਾ ਅਤੇ ਅਨੁਭਵ ਨਾਲ ਸੰਬੰਧਿਤ ਮੰਨੇ ਜਾ ਸਕਦੇ ਹਨ। ਕਾਵਿ-ਭਾਸ਼ਾ ਦੀ ਸਰਲਤਾ, ਸਾਦਗੀ ਵੀ ਪ੍ਰਮੁੱਖ ਗੁਣ ਅਨੁਭਵ ਕਾਵਿ-ਪਾਠਕ ਮਹਿਸੂਸ ਕਰੇਗਾ। 'ਬੰਦੇ ਦੇ ਪੈਰੀ' ਕਵਿਤਾ ਦੇ ਹੇਠ ਲਿਖੇ ਬੋਲ ਇਸ ਪ੍ਰਸੰਗ 'ਚ ਦੇਖੇ ਜਾ ਸਕਦੇ ਹਨ:
ਧਰਮ ਦੇ ਨਾਂਅ 'ਤੇ ਖ਼ੂਨ ਖ਼ਰਾਬਾ
ਕਰਦੇ ਧਰਮਾਂ ਵਾਲੇ ਲੋਕ
ਰੱਬ ਦੀ ਜੇਬ ਵੀ ਕੱਟ ਲੈਂਦੇ,
ਗੋਲਕ ਦੇ ਤੋੜ ਤਾਲੇ ਲੋਕ।
ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ। ਉਜਾਗਰ ਸਿੰਘ ਭੰਡਾਲ ਹੁਰਾਂ ਨੂੰ ਹਾਰਦਿਕ ਵਧਾਈ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਕੂੰਜਾਂ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 376
ਸੰਪਰਕ : 95011-45039
ਜਸਵਿੰਦਰ ਰੱਤੀਆਂ ਦੀਆਂ ਪ੍ਰਮੁੱਖ ਰਚਨਾਵਾਂ ਨਵ ਕਿਰਨ (ਨਾਵਲ) 1996, ਹੱਥੀਂ ਤੋਰੇ ਸੱਜਣਾਂ ਨੂੰ (ਨਾਵਲ ) 2001, ਨਜੂਮੀ (ਕਹਾਣੀ ਸੰਗ੍ਰਹਿ) 2015, ਕੰਡਿਆਲੇ ਸਾਕ (ਨਾਵਲ) 2021 ਆਦਿ ਹਨ। ਹੱਥਲਾ ਨਾਵਲ ਕੂੰਜਾਂ ਜਸਵਿੰਦਰ ਰੱਤੀਆਂ ਦੇ ਜੀਵਨ ਤਜਰਬਿਆਂ ਵਿਚੋਂ ਹੋਂਦ ਗ੍ਰਹਿਣ ਕਰਦਾ ਹੈ। ਕੂੰਜਾਂ ਦੀ ਉਡਾਰੀ ਦੂਜੇ ਦੇਸ਼ਾਂ ਦੇ ਸਫ਼ਰ ਦੀ ਰਹੀ ਹੈ। ਕੂੰਜਾਂ ਸਰਦ ਰੁੱਤ ਵਿਚ ਗਰਮ ਦੇਸ਼ਾਂ ਵੱਲ ਪਰਵਾਸ ਕਰਦੀਆਂ ਹਨ। 'ਕੂੰਜਾਂ' ਨੂੰ ਪ੍ਰਤੀਕ ਵਜੋਂ ਵਰਤ ਕੇ ਪਰਵਾਸ ਦੇ ਜੀਵਨ ਦੀ ਕਾਰਜ-ਪ੍ਰਣਾਲੀ ਨੂੰ ਰੂਪਮਾਨ ਕੀਤਾ ਹੈ। ਨਾਵਲ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ ਪਹਿਲਾ ਭਾਗ ਪ੍ਰਧਾਨ ਕਥਾਨਕ ਦੇਸੀ ਕੂੰਜਾਂ ਵਜੋਂ ਉਭਰਦਾ ਹੈ ਤੇ ਉਪ ਕਥਾਨਕ ਜੀਵਨ ਹਯਾਤੀ ਤੇ ਸੰਸਾਰ ਨਾਲ ਦਵੰਦ ਰਚਾਉਂਦੇ ਹਨ। ਬਿਰਤਾਂਤ ਅੰਦਰ ਬਿਰਤਾਂਤ ਦੀ ਜੁਗਤ ਨਾਲ ਕਰੋਨਾ ਮਹਾਂਮਾਰੀ ਕਾਰਨ ਸੰਸਾਰ ਦੀ ਨਿਰਾਸ਼ ਤਸਵੀਰ ਉਭਰਦੀ ਹੈ। ਕਰੋਨਾ ਕਾਰਨ ਪਰਿਵਾਰਾਂ ਦੇ ਪਰਿਵਾਰ ਮੌਤ ਦੇ ਮੂੰਹ ਜਾ ਪਏ। ਚਾਰੇ ਪਾਸੇ ਸਹਿਮ ਤੇ ਡਰ ਦੇ ਮਾਹੌਲ ਨੇ ਭਾਈਚਾਰਕ ਸਾਂਝਾ ਨੂੰ ਤੋੜਿਆ ਪਰ ਕਿਸਾਨ ਅੰਦੋਲਨ ਨੇ ਆਸ ਦੀ ਕਿਰਨ ਪੈਦਾ ਕੀਤੀ। ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਦਿੱਲੀ ਬਾਰਡਰਾਂ ਉੱਤੇ ਹੱਕ-ਸੱਚ ਤੇ ਆਪਣੇ ਖੇਤਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਜਾਰੀ ਰੱਖਿਆ। ਕਰੋਨਾ ਦੀ ਦਹਿਸ਼ਤ ਖ਼ਤਮ ਹੋਣ ਲੱਗੀ ਤੇ ਸਰਕਾਰੀ ਨੀਤੀਆਂ ਦਾ ਪਰਦਾਫਾਸ਼ ਹੋਇਆ। ਨਾਵਲ ਦੀ ਪਾਤਰ ਬਲਜੀਤ ਕੌਰ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੁੰਦੀ ਹੈ, ਜਿਸ ਨਾਲ ਨਾਰੀ ਸ਼ਕਤੀ, ਕਿਸਾਨੀ ਅੰਦੋਲਨ ਨੂੰ ਹਲੂਣਾ ਦਿੰਦੀ ਹੈ। ਨਾਵਲੀ ਬਿਰਤਾਂਤ ਆਮ ਜੀਵਨ ਦੀ ਤਸਵੀਰਕਸ਼ੀ ਕਰਦਾ ਹੋਇਆ ਮਨੁੱਖਤਾ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਾ ਤੇ ਇਸ ਦੇ ਹੱਲ ਲਈ ਪ੍ਰਸ਼ਨ ਉਠਾਉਂਦਾ ਹੈ ਤਾਂ ਜੋ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਛੱਡ ਕੇ ਆਮ ਲੋਕਾਈ ਦੇ ਵਿਕਾਸ ਲਈ ਸੋਚਣ। ਪਿੰਡਾਂ ਵਿਚ ਵਧ ਰਹੀ ਨਸ਼ਿਆਂ ਦੀ ਭਰਮਾਰ ਨੂੰ ਵੀ ਉਜਾਗਰ ਕੀਤਾ ਹੈ। ਨਸ਼ਿਆਂ ਦਾ ਧੰਦਾ ਕਰਨ ਵਾਲੇ ਸਰਪੰਚ ਦੇ ਪਿੱਛੇ ਪੁਲਿਸ ਤੰਤਰ ਤੇ ਨੇਤਾ ਖੜ੍ਹੇ ਹਨ ਪਰ ਬਲਜੀਤ ਦੁਆਰਾ ਇਨ੍ਹਾਂ ਵਿਰੁੱਧ ਆਰੰਭਿਆ ਸੰਘਰਸ਼ ਕਾਮਯਾਬ ਹੁੰਦਾ ਹੈ ਤੇ ਉਹ ਸਰਪੰਚ ਨੂੰ ਸਜ਼ਾ ਦਿਵਾਉਣ ਵਿਚ ਸਫ਼ਲ ਹੁੰਦੀ ਹੈ। ਇਥੇ ਨਾਵਲ ਦਾ ਸਾਕਾਰਾਤਮਕ ਪੱਖ ਉਭਰਦਾ ਹੈ ਜਿੱਥੇ 'ਪਾਪ ਦਾ ਖਾਤਮਾ' ਤੇ 'ਸੱਚ' ਦੀ ਜਿੱਤ ਹੁੰਦੀ ਹੈ।
ਦੂਜਾ ਭਾਗ 'ਵਲਾਇਤੀ ਕੂੰਜਾਂ' ਬਿਰਤਾਂਤ ਅਧੀਨ ਜਗਮੀਤ ਇੰਗਲੈਂਡ ਪਹੁੰਚ ਜਾਂਦਾ ਹੈ। ਇਸ ਭਾਗ ਵਿਚ ਪਰਵਾਸ ਦੀਆਂ ਸਮੱਸਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇੰਗਲੈਂਡ ਵਿਚ ਤਿੰਨ ਪੀੜ੍ਹੀਆਂ ਦੀ ਜੀਵਨ ਹਯਾਤੀ ਤੇ ਖਿਚੋਤਾਣ ਦਾ ਜ਼ਿਕਰ ਮਿਲਦਾ ਹੈ। ਵਿਕਰਮ, ਚੰਨੀ ਤੇ ਸ਼ਰਨ ਵਰਗੇ ਪਾਤਰ ਪੰਜਾਬ ਤੋਂ ਇੰਗਲੈਂਡ ਆ ਵਸੇ ਹਨ ਤੇ ਉਨ੍ਹਾਂ ਦੀ ਸੋਚ ਰਵਾਇਤੀ ਕਿਸਮ ਦੀ ਹੋਣ ਕਰਕੇ ਜੈਟੀ ਵਰਗੇ ਪਾਤਰਾਂ ਦੇ ਵਿਰੋਧ ਵਜੋਂ ਕਾਇਮ ਰਹਿੰਦੀ ਹੈ। ਇਸ ਤੋਂ ਇਲਾਵਾ ਸਟੱਡੀ ਬੇਸ ਉੱਤੇ ਆਏ ਵਿਦਿਆਰਥੀ ਕਾਨੂੰਨੀ ਤੇ ਗ਼ੈਰ-ਕਾਨੂੰਨੀ
ਪਾਪਾ, ਵੀ ਆਰ ਫਰੈਂਡ ਯਾਰ!
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 304
ਸੰਪਰਕ : 98720-92101
ਅਨੇਮਨ ਸਿੰਘ ਪੰਜਾਬੀ ਕਹਾਣੀ ਵਿਚ ਜ਼ਿਕਰਯੋਗ ਨਾਂਅ ਹੈ। ਉਸ ਨੇ 4 ਮੌਲਿਕ ਕਿਤਾਬਾਂ ਤੋਂ ਇਲਾਵਾ ਸੰਪਾਦਨਾ (4), ਸਹਿ ਸੰਪਾਦਨਾ (3) ਅਤੇ ਅਨੁਵਾਦ (4) ਦੇ ਖੇਤਰ ਵਿਚ ਵੀ ਚੰਗਾ ਕੰਮ ਕੀਤਾ ਹੈ। ਉਸ ਦੀ ਇਕ ਕਹਾਣੀ ਤੇ ਫ਼ਿਲਮ ਵੀ ਬਣ ਰਹੀ ਹੈ। ਸਮੀਖਿਆ ਅਧੀਨ ਕਿਤਾਬ ਵਿਚ ਪਿਤਾ 'ਤੇ ਕੇਂਦਰਿਤ 31 ਕਹਾਣੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਨੂੰ ਸੰਪਾਦਕ ਨੇ ਲੇਖਕਾਂ ਦੇ ਨਾਂਅ (ੳ, ਅ, ੲ ਕ੍ਰਮ) ਅਨੁਸਾਰ ਤਰਤੀਬ ਦਿੱਤੀ ਹੈ। ਇਸ ਸੰਗ੍ਰਹਿ ਵਿਚਲੇ ਸਾਰੇ ਹੀ ਕਥਾਕਾਰ ਇਸ ਖੇਤਰ ਦੇ ਥੰਮ੍ਹ ਹਨ, ਜਿਨ੍ਹਾਂ ਨੇ ਪਿਤਾ ਨੂੰ ਕੇਂਦਰ ਵਿਚ ਰੱਖ ਕੇ ਵੱਖ-ਵੱਖ ਵਿਸ਼ਿਆਂ ਤੇ ਕਹਾਣੀ-ਸਿਰਜਣਾ ਕੀਤੀ ਹੈ। ਇਹ ਕਥਾਕਾਰ ਕੁਝ ਯੁਵਾ ਹਨ, ਕੁਝ ਸਥਾਪਤ। ਕੁਝ ਪੁਰਸਕਾਰ ਜੇਤੂ ਹਨ, ਕੁਝ ਪਰਵਾਸੀ। ਮੈਨੂੰ ਇਸ ਵਿਚੋਂ ਕੋਈ ਵੀ ਕਹਾਣੀਕਾਰ ਅਜਿਹਾ ਨਹੀਂ ਮਿਲਿਆ ਜਿਹੜਾ ਅਸਲੋਂ ਹੀ ਅਣਗੌਲਿਆ ਹੋਵੇ। ਇਸ ਲਈ ਇਕ-ਦੋ ਕਹਾਣੀਕਾਰਾਂ ਦਾ ਨਾਂਅ ਲੈ ਕੇ ਦੂਜਿਆਂ ਦੀ ਅਵਹੇਲਨਾ ਕਰਨਾ ਸ਼ੋਭਨੀਕ ਨਹੀਂ ਹੈ। ਕੁਝ ਕਥਾਕਾਰਾਂ ਦੀਆਂ ਕਹਾਣੀਆਂ ਕਿਸੇ ਨਾ ਕਿਸੇ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਵੀ ਹਨ। ਅਨੇਮਨ ਨੇ ਇਸ ਪੁਸਤਕ ਦੀ ਸੰਖਿਪਤ ਭੂਮਿਕਾ ਵਿਚ ਮਾਪਿਆਂ, ਵਿਸ਼ੇਸ਼ ਕਰਕੇ ਪਿਤਾ ਦੇ ਯੋਗਦਾਨ ਨੂੰ ਅੰਕਿਆ ਹੈ। ਸੰਪਾਦਕ ਨੇ ਖਾਸ ਤੌਰ 'ਤੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਜੇ ਸਾਡੇ ਮਾਪੇ ਬਿਰਧ ਆਸ਼ਰਮਾਂ ਵਿਚ ਰੁਲਣ ਲਈ ਮਜਬੂਰ ਹਨ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਆਪਣਾ ਬੁਢਾਪਾ ਵੀ ਦਾਅ 'ਤੇ ਲੱਗਿਆ ਹੋਇਆ ਹੈ। ਜਿਵੇਂ ਪਿਤਾ ਧੀ ਲਈ ਉਸ ਦੇ ਜੀਵਨ ਵਿਚ ਆਉਣ ਵਾਲਾ ਪਹਿਲਾ ਹੀਰੋ ਹੁੰਦਾ ਹੈ, ਉਸੇ ਤਰ੍ਹਾਂ ਪੁੱਤਰ ਲਈ ਪਹਿਲਾ ਦੋਸਤ ਹੁੰਦਾ ਹੈ। ਸੰਪਾਦਕ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਹੈ ਕਿ ਸੰਤਾਨ ਦੇ ਜੀਵਨ ਵਿਚ ਪਿਤਾ ਵਲੋਂ ਨਿਭਾਈ ਭੂਮਿਕਾ ਆਪਣੀ ਸਮੁੱਚਤਾ ਸਮੇਤ ਉੱਭਰ ਕੇ ਪ੍ਰਸਤੁਤ ਹੋਵੇ। ਅਨੇਮਨ ਨੂੰ ਇਸ ਵੱਡਆਕਾਰੀ ਪੁਸਤਕ ਅਤੇ ਇਕੋ ਵਿਸ਼ੇ ਦੀਆਂ ਕਹਾਣੀਆਂ ਇਕੱਠੀਆਂ ਕਰਨ ਲਈ ਖ਼ੂਬ ਮਿਹਨਤ ਕਰਨੀ ਪਈ ਹੈ, ਜਿਸ ਲਈ ਉਸ ਨੂੰ ਦਾਦ ਦੇਣੀ ਬਣਦੀ ਹੈ। ਪਿਤਾ ਦੇ ਵੱਖ-ਵੱਖ ਰੰਗਾਂ ਰੂਪਾਂ ਨੂੰ ਚਿੱਤਰਦੀਆਂ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਜ਼ਿੰਦਗੀ ਵਿਚ ਪਿਤਾ ਦੇ ਮਹੱਤਵ, ਲੋੜ, ਮੁਸ਼ੱਕਤ, ਜ਼ਿੰਮੇਵਾਰੀ, ਵੰਗਾਰ, ਸੀਮਾ, ਸੰਭਾਵਨਾ ਆਦਿ ਪਹਿਲੂਆਂ ਦੀ ਬੇਬਾਕੀ ਨਾਲ ਨਿਸ਼ਾਨਦੇਹੀ ਕਰਨ ਦੇ ਸਮਰੱਥ ਹਨ। ਅੰਤਿਕਾ ਵਿਚ ਜੇ ਸਾਰੇ ਕਹਾਣੀਕਾਰਾਂ ਦਾ ਸੰਖਿਪਤ ਪਰਿਚੈ, ਪਤਾ, ਫੋਟੋ ਦੇ ਦਿੱਤੀ ਜਾਂਦੀ ਤਾਂ ਸੋਨੇ 'ਤੇ ਸੁਹਾਗਾ ਹੋਣਾ ਸੀ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਜਦੋਂ ਦੀਵੇ ਸੂਰਜ ਬਣਨਗੇ...!
ਲੇਖਕ : ਸਰਬਜੀਤ ਉੱਖਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 94650-27799
ਹਥਲੀ ਪੁਸਤਕ ਦੇ ਲੇਖਕ ਵਿਵੇਕਪੂਰਨ ਸੋਚ ਸਦਕਾ ਉਸ ਦਾ ਨਜ਼ਰੀਆ ਵਿਗਿਆਨਕ ਤੇ ਪਰਪੱਕ ਹੋਇਆ ਹੈ। ਉਹ ਸਮਾਜਿਕ ਕਾਰਕੁੰਨ ਵਜੋਂ ਆਪਣਾ ਨਾਂਅ ਸਥਾਪਿਤ ਕਰ ਚੁੱਕਿਆ ਹੈ ਅਤੇ ਇਕ ਪ੍ਰਗਤੀਵਾਦੀ ਲੇਖਕ ਵਜੋਂ ਵੀ ਸਥਾਪਿਤ ਹੁੰਦਾ ਨਜ਼ਰੀ ਪੈਂਦਾ ਹੈ।' ਜਦੋਂ ਦੀਵੇ ਸੂਰਜ ਬਣਨਗੇ' ਉਸ ਦੀ ਚੌਥੀ ਮੌਲਿਕ ਪੁਸਤਕ ਹੈ ਉਸ ਦੀ ਲੇਖਣੀ ਤੇ ਸੋਚ 'ਚ ਪਰਪੱਕਤਾ ਝਲਕਦੀ ਹੈ। ਪਹਿਲੀਆਂ ਤਿੰਨ ਪੁਸਤਕਾਂ ਵਹਿਮਾਂ-ਭਰਮਾਂ ਅਤੇ ਭ੍ਰਿਸ਼ਟ ਸਿਆਸੀ ਤੰਤਰ ਦੇ ਵਿਰੁੱਧ ਲੋਕ-ਲਾਮਬੰਦੀ 'ਤੇ ਸੇਧਿਤ ਸਨ। ਪੁਸਤਕ 'ਜਦੋਂ ਦੀਵੇ ਸੂਰਜ ਬਣਨਗੇ' ਵਿਚ ਉਸ ਨੇ ਮੁੱਢ-ਕਦੀਮ ਤੋਂ ਲੈ ਕੇ ਅਜੋਕੇ ਦੌਰ ਤੱਕ, ਮਨੁੱਖੀ ਦੁਸ਼ਵਾਰੀਆਂ ਦੀ ਪਛਾਣ, ਕਾਰਨ ਅਤੇ ਇਨ੍ਹਾਂ ਦੇ ਇਲਾਜ ਵੱਲ ਆਪਣੀ ਕਲਮ ਦਾ ਮੂੰਹ ਮੋੜਿਆ ਹੈ। ਲੇਖਕ ਨੂੰ ਆਪਣੇ ਹਮਵਤਨੀਆਂ ਦੀ ਸਮਾਜਿਕ ਮੰਦਹਾਲੀ ਦੀ ਫ਼ਿਕਰਮੰਦੀ ਹੈ। ਉਹ ਸਮਾਜਿਕ ਬੁਰਾਈਆਂ, ਅੰਧ-ਵਿਸ਼ਵਾਸਾਂ, ਵਕਤ ਵਿਹਾਅ ਚੁੱਕੇ ਰੀਤੀ-ਰਿਵਾਜਾਂ ਵਿਰੁੱਧ ਆਪਣੀ ਜੱਦੋ-ਜਹਿਦ ਜਾਰੀ ਰੱਖਦਾ ਹੈ। ਉੱਥੇ ਹੀ ਅਖੌਤੀ ਆਧੁਨਿਕੀਕਰਨ 'ਚੋਂ ਉਪਜੀਆਂ ਬੁਰਾਈਆਂ ਜਿਵੇਂ ਕਿ ਸ਼ੋਰ-ਪ੍ਰਦੂਸ਼ਣ ਵਰਗੇ ਵਿਕਾਰਾਂ ਨੂੰ ਦੂਰ ਕਰਨ ਲਈ ਪ੍ਰਚਾਰ ਕਰਨ ਹਿਤ ਆਪ ਰਿਕਸ਼ਾ-ਰੇਹੜੀਆਂ 'ਤੇ ਵੀ ਫੇਰੀਆਂ ਲਾਉਣ ਤੋਂ ਨਹੀਂ ਝਿਜਕਦਾ। ਆਪਣੇ ਕਾਰਜ ਦੀ ਪੂਰਤੀ ਲਈ ਨਵੀਂ ਪੀੜ੍ਹੀ ਤੱਕ ਪਹੁੰਚ ਬਣਾਉਣ ਵਾਸਤੇ ਸਕੂਲਾਂ ਦੇ ਗੇੜੇ ਲਾਉਂਦਾ ਹੈ। ਹਥਲੀ ਪੁਸਤਕ ਉਸ ਦੇ ਸਮਾਜਿਕ ਸਰੋਕਾਰਾਂ 'ਚੋਂ ਉਪਜੀ ਹੋਈ ਆਵਾਜ਼ ਹੈ। ਇਹ ਪੁਸਤਕ 'ਜਦੋਂ ਦੀਵੇ ਸੂਰਜ ਬਣਨਗੇ' 'ਚ ਪੁਰਾਤਨ ਵਿਸ਼ਵਾਸ ਅਤੇ ਵਿਗਿਆਨਕ ਸੋਚ ਦਰਮਿਆਨ ਸੱਚ ਦੇ ਨਿਤਾਰੇ ਲਈ ਸੰਵਾਦ ਦੀ ਵਿਧੀ ਅਪਣਾਉਂਦਾ ਹੈ। ਸਮਕਾਲੀ ਜੀਵਨ ਦੇ ਹਾਕਮਾਂ ਤੋਂ ਧਾਰਮਿਕ ਮੁਖੌਟਾ ਲਾਹੁੰਦਿਆਂ ਆਪਣੇ ਪਾਤਰ ਖੋਜੀ ਦੇ ਮੂੰਹੋਂ ਅਖਵਾਉਂਦਾ ਹੈ ਕਿ 'ਜੇਕਰ ਸੱਤਾ ਦਾ ਸੁੱਖ ਮਾਣਨ ਲਈ ਉਤਾਵਲੇ ਰਹਿਣ ਵਾਲੇ ਲੋਕ 'ਫ਼ਖ਼ਰ-ਏ-ਕੌਮ' ਹੋਣਗੇ ਤਾਂ, 'ਹਸ਼ਰ-ਏ-ਕੌਮ' ਕੌਣ ਹੋਵੇਗਾ?' ਇਸ ਤਰ੍ਹਾਂ ਉਹ ਧਾਰਮਿਕ ਅਤੇ ਰਾਜਨੀਤਕ ਲੋਕਾਂ ਦੇ ਗੱਠਜੋੜ ਨੂੰ ਨੰਗਿਆ ਕਰਦਾ ਹੈ। ਇਸ ਤਰ੍ਹਾਂ ਅੱਗੇ ਜਾ ਕੇ ਉਹ ਫਿਰ ਧਾਰਮਿਕ ਅਕੀਦਿਆਂ ਅਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਸਵਾਲ ਖੜ੍ਹਾ ਕਰਦਾ ਹੈ, ਜਿਨ੍ਹਾਂ ਅਨੁਸਾਰ 'ਇਸ ਜੱਗ 'ਤੇ ਕੋਈ ਕਿਸੇ ਦਾ ਸੰਗੀ ਨਹੀਂ, ਆਦਮੀ ਇਕੱਲਾ ਆਇਆ ਹੈ ਤੇ ਇਕੱਲੇ ਨੇ ਹੀ ਜਾਣਾ ਹੈ' ਆਦਿ।
ਉੱਖਲਾ ਆਧੁਨਿਕ ਤਕਨੀਕੀ ਯੁੱਗ ਨੂੰ ਮਨੁੱਖ ਦੀ ਮੁਕਤੀ ਵਜੋਂ ਹੀ ਨਹੀਂ ਦੇਖਦਾ, ਉਹ ਇਸ ਰਾਹੀਂ ਮਨੁੱਖ ਦੀ ਲੁੱਟ ਦੀ ਜੁਗਤਕਾਰੀ ਵੱਲ ਵੀ ਇਸ਼ਾਰਾ ਕਰਦਾ ਹੈ, 'ਆਧੁਨਿਕ ਸੰਚਾਰ-ਸਾਧਨਾਂ ਰਾਹੀਂ ਤਿੱਕੜੀ', (ਧਨ, ਰਾਜ-ਸੱਤਾ ਤੇ ਧਰਮ) ਦੇ ਛੜਯੰਤਰ ਦਾ ਜਾਲ ਸਾਡੇ ਡ੍ਰਾਇੰਗ ਰੂਮ ਅਤੇ ਬੈੱਡ ਰੂਮ ਤੱਕ ਵਿਛ ਚੁੱਕਾ ਹੈ। ਮਾਸ-ਮੀਡੀਆ ਦੇ ਸਾਧਨ ਟੀ.ਵੀ., ਅਖ਼ਬਾਰ, ਰੇਡੀਓ, ਖ਼ਪਤ ਸੱਭਿਆਚਾਰ, ਅੰਧ-ਵਿਸ਼ਵਾਸ ਤੇ ਭੈਅ ਫ਼ੈਲਾਉਣ ਵੱਲ ਸੇਧਿਤ ਹਨ ਤੇ ਬੜੀ ਸਫ਼ਲਤਾ ਨਾਲ ਆਪਣਾ ਟੀਚਾ ਹਾਸਿਲ ਕਰ ਰਹੇ ਹਨ। ਉਹ ਸਮਾਜਿਕ ਬੁਰਾਈਆਂ ਅਤੇ ਇਨ੍ਹਾਂ ਪਿੱਛੇ ਕਈ ਕਾਰਨਾਂ 'ਤੇ ਹੀ ਚਾਨਣਾ ਨਹੀਂ ਪਾਉਂਦਾ, ਸਗੋਂ ਇਨ੍ਹਾਂ ਦਾ ਹੱਲ ਵੀ ਸੁਝਾਉਂਦਾ ਹੈ:
ਕਿਤਾਬ ਨੂੰ ਉਸ ਨੇ ਛੋਟੇ-ਛੋਟੇ 91 ਉਪ-ਸਿਰਲੇਖਾਂ ਵਿਚ ਵੰਡਿਆਂ ਹੈ। ਜਿਵੇਂ ਚੁਰਾਸੀ ਲੱਖ ਜੂਨਾਂ, ਪੁਨਰ-ਜਨਮ, ਆਤਮਾ, ਜਨਮ-ਦਰ-ਜਨਮ, ਮੋਹ-ਮਾਇਆ ਦਾ ਜਾਲ, ਅੰਮ੍ਰਿਤ ਵੇਲਾ, ਬ੍ਰਹਮ-ਗਿਆਨੀ, ਰੱਬ ਦਾ ਸਰੂਪ, ਰੱਬ ਦੀ ਤਲਾਸ਼, ਸਰਬ-ਵਿਆਪੀ, ਵਸੀਲਾ ਬਨਾਮ ਉਦੇਸ਼, ਸੂਨਯ ਦੀ ਅਵਸਥਾ, ਦੇਵੀ-ਦੇਵਤੇ, ਬ੍ਰਹਮ-ਰਹੱਸ, ਧਰਮੀ-ਪੁਰਖ਼, ਤਿੱਕੜੀ ਦਾ ਗੱਠਜੋੜ, ਨਰਕ-ਸੁਰਗ, ਤਾਣਾ-ਬਾਣਾ, ਸਰਬੱਤ ਦਾ ਭਲਾ, ਸ਼ਬਦ-ਸਰੂਪ, ਨਿਤਨੇਮ, ਸ਼ਰਧਾ ਤੇ ਅੰਧ-ਵਿਸ਼ਵਾਸ, ਇਸ਼ਟ, ਜ਼ਿੰਦਗੀ, ਮੌਤ, ਹਨੇਰਾ, ਜਿਊਣਾ ਝੂਠ ਤੇ ਮਰਨਾ ਸੱਚ, ਡਰ ਵੇਲੇ ਮਨ ਦੀ ਸਥਿਤੀ, ਬੁੱਧੀ ਦੀ ਪਹੁੰਚ ਭੌਤਿਕ ਪਰਾ-ਭੌਤਿਕ, ਰਾਜੇ ਬਨਾਮ ਦੇਵਤੇ, ਅੱਜ ਦੇ ਦੇਵਤੇ, ਬਹਾਦਰ ਤੇ ਡਰਪੋਕ, ਦਾਨ ਦੀ ਮਹਿਮਾ, ਕਿਰਤ ਬਨਾਮ ਨਾਮ, ਜਾਤ-ਪਾਤ, ਸਰਬ-ਵਿਆਪੀ ਸੱਚ, ਨਾਮ-ਸਿਮਰਨ ਫ਼ਜ਼ੂਲ ਕਿਉਂ ? ਮਨ ਅਤੇ ਸ਼ਾਂਤੀ, ਦੁਕਾਨਦਾਰੀਆਂ, ਰੱਬ ਦੀ ਕਲਪਨਾ, ਤਿੰਨ ਵਰਗ, ਧਰਮੀ-ਬੇਧਰਮੀ, ਵਿਚਾਰਧਾਰਾ ਦੀ ਮੱਮੀ, ਰੱਬ ਤੇ ਕੁਦਰਤ, ਮੁਕਤੀ ਆਦਿ ਦਰਜ ਹਨ। ਸਰਬਜੀਤ ਉੱਖਲਾ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਸਾਹਿਤ ਰਚਨਾ ਕਰਨ ਵਾਲਾ ਵਾਲਾ ਮੂਲ ਰੂਪ ਵਿਚ ਇਕ ਪੱਤਰਕਾਰ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸਰਾਜੀਤ
ਲੇਖਕ : ਗੁਰਦੇਵ ਸਿੰਘ ਘਾਰੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 170
ਸੰਪਰਕ : 98885-26776
ਨਾਵਲਕਾਰ ਅਤੇ ਗੀਤਕਾਰ ਗੁਰਦੇਵ ਸਿੰਘ ਘਾਰੂ ਆਪਣੇ ਚੌਥੇ ਨਾਵਲ 'ਸਰਾਜੀਤ' ਨਾਲ ਇਕ ਵਾਰ ਫਿਰ ਪਾਠਕਾਂ ਦੇ ਰੂਬਰੂ ਹੋਇਆ ਹੈ। ਲੇਖਕ ਦੀ ਹਥਲੀ ਰਚਨਾ ਅਜੋਕੇ ਸਮਾਜ ਵਿਚਲੇ ਕਰੂਰ ਯਥਾਰਥ ਦਾ ਬੇਬਾਕ ਚਿਤਰਣ ਹੈ। ਪੀੜਤ, ਸ਼ੋਸ਼ਿਤ, ਲਿਤਾੜੀ ਅਤੇ ਦੁਤਕਾਰੀ ਧਿਰ ਨਾਲ ਖੜੋਤੇ ਲੇਖਕ ਨੇ ਆਪਣੇ ਇਸ ਨਾਵਲ ਵਿਚ ਸੰਤਾਨਹੀਣ ਮੰਗਲ ਸਿੰਘ ਅਤੇ ਬਸੰਤ ਕੌਰ ਵਲੋਂ ਗੋਦ ਲਏ ਗੁਰਨਾਮ ਸਿੰਘ ਉਰਫ਼ ਗਾਮਾ ਅਤੇ ਭਤੀਜੇ ਰੂਪਾ ਨੂੰ ਲੈ ਕੇ ਸਾਰਾ ਕਥਾਨਕ ਬੁਣਿਆ ਹੈ। ਨਾਟਕੀ ਢੰਗ ਨਾਲ ਗਾਮਾ ਅਤੇ ਰੂਪਾ ਨੂੰ ਗੋਦ ਲੈਣਾ, ਉਨ੍ਹਾਂ ਨੂੰ ਪੜ੍ਹਾਈ ਖ਼ਾਤਿਰ ਰਾਜਸਥਾਨ ਭੇਜਣਾ, ਗਾਮੇ ਵਲੋਂ ਸੰਗਤਰਾਸ਼ੀ ਵਿਚ ਮੁਹਾਰਤ ਹਾਸਿਲ ਕਰ ਲੈਣੀ ਅਤੇ ਸ਼ਰਾਰਤੀ ਰੂਪਾ ਵਲੋਂ ਆਪਣੇ ਆਪਹੁਦਰੇਪਣ ਕਰਕੇ ਕੁਰਾਹੇ ਪੈ ਜਾਣਾ ਤੇ ਗ਼ਲਤ ਅਲਾਮਤਾਂ ਦਾ ਸ਼ਿਕਾਰ ਹੋ ਜਾਣਾ। ਹਾਲਾਂਕਿ ਮੰਗਲ ਸਿੰਘ ਦਾ ਰੂਪੇ ਨਾਲ ਇਕ ਤਰ੍ਹਾਂ ਨਾਲ ਖ਼ੁੂਨ ਦਾ ਰਿਸ਼ਤਾ ਹੈ ਅਤੇ ਗਾਮਾ ਇਕਦਮ ਗ਼ੈਰ-ਪਰਿਵਾਰ 'ਚੋਂ ਹਾਸਿਲ ਕੀਤਾ ਗਿਆ ਹੈ। ਇਨ੍ਹਾਂ ਦੀਆਂ ਗਤੀਵਿਧੀਆਂ ਅਤੇ ਆਚਰਣ ਕਰਕੇ ਜਿੱਥੇ ਗਾਮਾ ਮੰਗਲ ਸਿੰਘ ਦੇ ਪਰਿਵਾਰ ਲਈ ਵਫ਼ਾਦਾਰ ਅਤੇ ਸ਼ੁੱਭਚਿੰਤਕ ਸਾਬਿਤ ਹੁੰਦਾ ਹੈ, ਉੱਥੇ ਇਕੋ ਪਰਿਵਾਰ ਵਿਚ ਇਕੋ ਜਿਹੀ ਪਰਵਰਿਸ਼ ਪ੍ਰਾਪਤ ਕਰਕੇ ਵੀ ਰੂਪਾ ਆਪਣੇ-ਆਪ ਨੂੰ ਮੰਗਲ ਪਰਿਵਾਰ ਲਈ ਅਮੰਗਲਕਾਰੀ ਸਿੱਧ ਕਰਦਾ ਹੈ। ਇਕ ਪਾਸੇ ਗਾਮੇ ਦਾ ਬੁੱਤ ਤਰਾਸ਼ੀ ਲਈ ਸਮਰਪਣ ਤੇ ਧਨਾਢ ਪਰਿਵਾਰ ਦੀ ਅਮਨਦੀਪ ਵਲੋਂ ਇਸ ਕਲਾ 'ਤੇ ਰੀਝ ਕੇ ਆਪਾ ਵਾਰ ਦੇਣਾ ਨਾਵਲ ਵਿਚ ਰੁਮਾਂਟਕਿਤਾ ਦਾ ਅਹਿਸਾਸ ਪੈਦਾ ਕਰਦਾ ਹੈ। ਇਸ ਦੇ ਸਮਾਨਾਂਤਰ ਨਸ਼ਿਆਂ ਵਿਚ ਗਲਤਾਨ ਰੂਪਾ ਨੌਕਰ ਸ਼ਕਤੀ ਨਾਲ ਮਿਲ ਕੇ ਸਾਜਿਸ਼ ਘੜਦਾ ਹੈ। ਉਹ ਨਾ ਸਿਰਫ਼ ਫੈਕਟਰੀ ਦੇ ਹਿਤਾਂ ਦੇ ਉਲਟ ਭੁਗਤਦਾ ਹੈ ਸਗੋਂ ਫੈਕਟਰੀ ਘਾਟੇ ਵਿਚ ਚਲੀ ਜਾਣ ਦਾ ਕਾਰਨ ਬਣਦਾ ਹੈ। ਆਪਣੇ ਅੰਨ੍ਹੇ ਸੁਆਰਥ ਦੀ ਪੂਰਤੀ ਲਈ ਉਹ ਆਪਣੇ ਵਲੋਂ ਆਪਣੇ ਹੀ ਭਾਈ ਦਾ ਕਤਲ ਕਰਨੋਂ ਵੀ ਗੁਰੇਜ਼ ਨਹੀਂ ਕਰਦਾ। ਲੇਕਿਨ ਗੁਰਦੇਵ ਘਾਰੂ ਨੇ ਨਾਟਕੀ ਜੁਗਤ ਦਾ ਸਹਾਰਾ ਲੈਂਦਿਆਂ ਆਖ਼ਿਰ ਵਿਚ ਗਾਮੇ ਦੇ ਹੀ ਬੁੱਤ ਨੂੰ ਤੁੜਵਾ ਕੇ ਰੂਪ ਬਦਲੇ ਹੋਏ ਗਾਮੇ ਨੂੰ ਜਿਉਂਦਿਆਂ ਦੱਸ ਕੇ ਕਹਾਣੀ ਨੂੰ ਨਵਾਂ ਮੋੜ ਦਿੱਤਾ ਹੈ ਅਤੇ ਬੱਚੇ ਨੂੰ ਅਗਵਾ ਕਰਨ ਦੇ ਨਾਟਕ ਰਾਹੀਂ ਰੂਪਾ ਅਤੇ ਉਸ ਦੇ ਗਰੋਹ ਦਾ ਪਰਦਾਫਾਸ਼ ਕਰ ਕੇ ਨਾਵਲ ਦਾ ਅੰਤ ਸੁਖਾਂਤ ਕਰ ਦਿੱਤਾ ਹੈ। ਨਾਵਲ 'ਸਰਾਜੀਤ' ਰਾਹੀਂ ਲੇਖਕ ਇਹ ਵਿਚਾਰ ਪੁਖ਼ਤਾ ਕਰਨ ਵਿਚ ਕਾਮਯਾਬ ਹੋਇਆ ਹੈ ਕਿ ਆਪਣਿਆਂ ਨਾਲੋਂ ਬਿਗਾਨੇ ਸਮਝੇ ਜਾਂਦੇ ਰਿਸ਼ਤੇ ਵੱਧ ਵਫਾਦਾਰ ਅਤੇ ਅਪਨਤ ਭਰੇ ਹੁੰਦੇ ਹਨ। ਨਾਵਲਕਾਰ ਨਾਵਲ ਵਿਚ ਸਰਲ ਪਰ ਮੁਹਾਵਰੇਦਾਰ ਭਾਸ਼ਾ, ਰੌਚਿਕਤਾ ਅਤੇ ਰਹੱਸ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਹੈ। ਨਾਵਲ ਪਾਠਕ ਮਨਾਂ 'ਤੇ ਆਪਣੀ ਛਾਪ ਛੱਡਣ ਵਿਚ ਸਫਲ ਹੋਵੇਗਾ।
- ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਭੂਤਾਂ ਵਾਲਾ ਤੂਤ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52223
ਹਥਲੀ ਪੁਸਤਕ 'ਭੂਤਾਂ ਵਾਲਾ ਤੂਤ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਾਲਾਂ ਨੂੰ ਨੈਤਿਕ ਸਿੱਖਿਆਵਾਂ ਨਾਲ ਭਰਪੂਰ ਕਰਦੀ ਹੈ। ਇਹ ਬਹੁਤ ਹੀ ਪਿਆਰੀ, ਨਿਆਰੀ ਤੇ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁ-ਮੁੱਲੀ ਪੁਸਤਕ ਹੈ। ਪਹਿਲੀ ਕਹਾਣੀ 'ਭੂਤਾਂ ਵਾਲਾ ਤੂਤ' ਵਿਚ ਭਾਨ ਸਿਓਂ ਅਤੇ ਦਾਨ ਸਿਓਂ ਦੇ ਪਰਿਵਾਰ ਦੀ ਕਹਾਣੀ ਹੈ। ਦਾਦੀ ਪ੍ਰਤਾਪੀ ਪੁਰਾਣੇ ਖਿਆਲਾਂ ਦੀ ਹੈ ਘਰ ਦੇ ਕੋਲ਼ ਬਹੁਤ ਵੱਡਾ ਤੂਤ ਹੈ ਉੱਥੇ ਉਸ ਦੇ ਪੋਤੇ-ਪੋਤਰੀਆਂ ਸਾਰਾ ਦਿਨ ਖੇਡਦੇ ਹਨ। ਪਿੰਡ ਦੀ ਪੁਰਾਣੇ ਖਿਆਲਾਂ ਦੀ ਮਾਈ ਠਾਕਰੀ ਨੇ ਇਹ ਗੱਲ ਪਿੰਡ ਵਿਚ ਉਡਾ ਦਿੱਤੀ ਕਿ ਤੂਤ 'ਤੇ ਭੂਤਾਂ ਰਹਿੰਦੀਆਂ ਹਨ। ਪ੍ਰਤਾਪੀ ਆਪਣੇ ਪੋਤਰੇ ਦੀਪੂ ਨੂੰ ਉੱਥੇ ਖੇਡਣ ਤੋਂ ਵਰਜਦੀ ਹੈ। ਉਸ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਦਾਦੀ ਨੂੰ ਭੂਤਾਂ ਬਾਰੇ ਹੋਰ ਵੀ ਪੱਕ ਹੋ ਜਾਂਦਾ ਹੈ। ਉਹ ਰੌਲਾ ਪਾਉਂਦੀ ਹੈ। ਉਸ ਦੀ ਪੋਤੀ ਦੀਪੀ ਉਸ ਨੂੰ ਸਮਝਾਉਂਦੀ ਹੈ ਕਿ ਸਕੂਲੇ ਸਾਡੀ ਮੈਡਮ ਨੇ ਦੱਸਿਆ ਸੀ ਕਿ ਕੋਈ ਭੂਤ-ਪ੍ਰੇਤ ਨਹੀਂ ਹੁੰਦੇ, ਇਹ ਤਾਂ ਸਿਰਫ਼ ਮਨ ਦਾ ਵਹਿਮ ਹੁੰਦਾ ਹੈ। ਏਵੇਂ ਹੀ 'ਰਾਜੇ ਦੀ ਰਾਜਨੀਤੀ' ਕਹਾਣੀ ਵੀ ਬੜੀ ਦਿਲਚਸਪ ਹੈ। ਸਕੂੁਲ ਵਿਚ ਮਾਸਟਰ ਮਨਦੀਪ ਸਿੰਘ ਬੱਚਿਆਂ ਨੂੰ ਪੁੱਛਦਾ ਹੈ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਤਾਂ ਦੀਪਾ ਬੋਲ ਪਿਆ, ਸਰ ਜੀ, ਭੋਲਾ ਨੇਤਾ ਬਣਨਾ ਚਾਹੁੰਦਾ ਹੈ। ਦੀਪੇ ਦੀ ਗੱਲ ਨੂੰ ਹੋਰ ਪੱਕਾ ਕਰਨ ਲਈ ਜੀਤੂ ਕਹਿਣ ਲੱਗਿਆ ਕਿ ਹਾਂ ਸਰ ਜੀ ਭੋਲਾ ਝੂਠ ਬਹੁਤ ਬੋਲਦਾ ਹੈ, ਬੱਚਿਆਂ ਨੂੰ ਆਪਸ ਵਿਚ ਲੜਾ ਵੀ ਦਿੰਦਾ ਹੈ। ਇਹ ਗੱਲ ਸੁਣ ਕੇ ਮਾਸਟਰ ਜੀ ਕਹਿੰਦੇ ਨੇਤਾ ਬਣਨਾ ਵੀ ਕੋਈ ਸੌਖਾ ਨਹੀਂ ਹੈ, ਰਾਜਨੀਤੀ ਸਿੱਖਣੀ ਪੈਂਦੀ ਹੈ ਮਾਸਟਰ ਜੀ ਨੇ ਇਕ ਰਾਜੇ ਦੀ ਰਾਜਨੀਤੀ ਦੀ ਕਹਾਣੀ ਸੁਣਾਈ ਕਿ ਇਕ ਗ਼ਰੀਬ ਵਿਅਕਤੀ ਤੰਦੂਰ 'ਤੇ ਰੋਟੀਆਂ ਬਣਾ ਕੇ ਲੋਕਾਂ ਨੂੰ ਪੰਜ ਰੁਪਏ ਦੀ ਰੋਟੀ ਵੇਚ ਕੇ ਗੁਜ਼ਰਾ ਕਰਦਾ ਸੀ। ਉਸ ਨੂੰ ਵੇਖ ਕੇ ਹੋਰ ਗ਼ਰੀਬਾਂ ਨੇ ਵੀ ਇਹ ਧੰਦਾ ਅਪਣਾ ਲਿਆ ਸੀ। ਅਚਾਨਕ ਮਹਿੰਗਾਈ ਵੱਧ ਗਈ ਉਸ ਨੇ ਸੋਚਿਆਂ ਕਿ ਜੇ ਮੈਂ ਰੋਟੀ ਦਸ ਰੁਪਏ ਕਰ ਦਿੱਤੀ ਤਾਂ ਗਾਹਕਾਂ ਵਿਚ ਹਾਹਾਕਾਰ ਮੱਚ ਜਾਵੇਗੀ ਉਸ ਨੇ ਆਪਣੀ ਸਮੱਸਿਆ ਰਾਜੇ ਨੂੰ ਜਾ ਦੱਸੀ। ਰਾਜੇ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਕਿ ਅੱਜ ਤੋਂ ਰੋਟੀ ਦਾ ਰੇਟ 30 ਰੁਪਏ ਹੋਵੇਗਾ ਉਸ ਗ਼ਰੀਬ ਨੇ ਰਾਜੇ ਦਾ ਹੁਕਮ ਮੰਨ ਕੇ ਰੋਟੀ ਦਾ ਰੇਟ ਤੀਹ ਰੁਪਏ ਕਰ ਦਿੱਤਾ ਤਾਂ ਗਾਹਕਾਂ ਵਿਚ ਹਾਹਾਕਾਰ ਮੱਚ ਗਈ ਤਾਂ ਉਨ੍ਹਾਂ ਨੇ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ ਤਾਂ ਰਾਜੇ ਨੇ ਉਨ੍ਹਾਂ ਦੀ ਮੁਸ਼ਕਿਲ ਸੁਣ ਕੇ ਰੋਟੀ ਦਾ ਮੁੱਲ ਤੀਹ ਤੋਂ ਪੰਦਰਾਂ ਰੁਪਏ ਕਰ ਦਿੱਤਾ। ਉਹ ਬਾਗ਼ੋ-ਬਾਗ਼ ਹੋ ਗਏ। ਓਧਰ ਰੋਟੀਆਂ ਬਣਾਉਣ ਵਾਲੇ ਗ਼ਰੀਬ ਲੋਕ ਬਾਗ਼ੋ-ਬਾਗ਼ ਹੋ ਗਏ ਮਾਸਟਰ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਵੇਖਿਆ ਰਾਜਨੀਤੀ ਕੀਹਨੂੰ ਕਹਿੰਦੇ ਨੇ। ਏਵੇਂ ਹੀ 'ਭਲੇ ਘਰ ਦੀ ਧੀ' ਕਹਾਣੀ ਵਿਚ ਇਹ ਸਿੱਖਿਆ ਦੇਣ ਦਾ ਯਤਨ ਕੀਤਾ ਹੈ ਕਿ ਸਹੁਰੇ ਘਰ ਜਾਣ ਤੋਂ ਪਹਿਲਾਂ ਬੱਚੀਆਂ ਨੂੰੰ ਚੰਗੇ ਸੰਸਕਾਰ ਅਤੇ ਗੁਣ ਦਿਓ ਤਾਂ ਹੀ ਉਹ 'ਭਲੇ ਘਰ ਦੀਆਂ ਧੀਆਂ' ਅਖਵਾ ਸਕਦੀਆਂ ਹਨ। ਉਹ ਸਹੁਰੇ ਘਰ ਦੇ ਵਿਗੜੇ ਮਹੌਲ ਨੂੰ ਵੀ ਖ਼ੂਬਸੂਰਤ ਬਣਾ ਸਕਦੀਆਂ ਹਨ ਏਵੇਂ ਹੀ ਸਾਰੀਆਂ ਕਹਾਣੀਆਂ ਬਾਲਾਂ ਨੂੰ ਮਨੋਰੰਜਨ ਦੇ ਨਾਲ -ਨਾਲ ਸੁਭਾਵਿਕ ਹੀ ਉੱਚੀ-ਸੁੱਚੀ ਸਿੱਖਿਆ ਦਿੰਦੀਆਂ ਹਨ। ਇਸ ਤੋਂ ਪਹਿਲਾਂ ਲੇਖਕ ਪੰਜ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਮਾਂ-ਬੋਲੀ ਅਤੇ ਬਾਲਾਂ ਦੀ ਝੋਲੀ ਪਾ ਚੁੱਕੇ ਹਨ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਆਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਭੁੱਖ
ਲੇਖਕ : ਕਨੂਤ ਹਾਮਸੁਨ
ਅਨੁਵਾਦਕ : ਵਿਪਨ ਗਿੱਲ
ਪ੍ਰਕਾਸ਼ਕ : ਵਾਈਟ ਕਰੋ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 94632-23251
ਸਾਲ 1800 'ਚ ਸਾਹਿਤ ਦੇ ਚਰਚਿਤ ਹਸਤਾਖਰ ਕੂਨਰ ਹਾਮਰਸਨ ਵਲੋਂ ਲਿਖਿਆ ਨਾਵਲ 'ਭੁੱਖ' ਅਤੇ ਵਿਪਨ ਗਿੱਲ ਵਲੋਂ ਅਨੁਵਾਦਿਤ ਸੰਨ 2022 ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਚਾਰ ਭਾਗਾਂ 'ਚ ਵੰਡੇ ਗਏ ਇਸ ਨਾਵਲ ਦੀ ਵਿਸ਼ਾ ਵਸਤੂ ਕਿਸਤਿਆਨੀਆ ਸ਼ਹਿਰ ਦੀਆਂ ਗਲੀਆਂ 'ਚ ਭਟਕਦੇ ਇਕ ਅਜਿਹੇ ਅਣਖੀਲੇ ਨੌਜਵਾਨ ਦੀ ਜ਼ਿੰਦਗੀ ਦੇ ਇਰਦ-ਗਿਰਦ ਘੁੰਮਦੀ ਹੈ ਜੋ ਬੇਰੁਜ਼ਗਾਰੀ, ਮੰਦਹਾਲੀ, ਲਾਚਾਰੀ ਅਤੇ ਭੁੱਖ ਦਾ ਸ਼ਿਕਾਰ ਹੈ। ਇਸ ਨਾਵਲ ਦਾ ਮੁੱਖ ਪਾਤਰ ਇਕ ਅਣਖੀਲਾ ਨੌਜਵਾਨ ਫਟੇ ਹੋਏ ਕੱਪੜਿਆਂ ਵਿਚ ਕਿਰਾਏ ਦੇ ਮਕਾਨ 'ਚ ਰਹਿਣ ਵਾਲਾ ਅਤੇ ਦੋ ਵਕਤ ਦੀ ਰੋਟੀ ਲਈ ਤਰਸਦਾ, ਇਕ ਅਖ਼ਬਾਰ ਲਈ ਲੇਖ ਲਿਖ ਕੇ ਆਪਣੀ ਰੋਟੀ ਰੋਜ਼ੀ ਕਮਾਉਂਦਾ ਦੱਸਿਆ ਗਿਆ ਹੈ। ਲੇਖਕ ਨੇ ਇਸ ਨਾਵਲ ਵਿਚ ਇਕ ਅਣਖੀਲੇ ਨੌਜਵਾਨ ਦੀ ਜ਼ਿੰਦਗੀ ਦੇ ਮਾਧਿਅਮ ਰਾਹੀਂ ਬੇਰੁਜ਼ਗਾਰੀ ਦੇ ਸ਼ਿਕਾਰ ਕਰੋੜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਦਾਸਤਾਨ ਨੂੰ ਬਿਆਨਦਿਆਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਬੇਰੁਜ਼ਗਾਰੀ ਕਿੰਨੀ ਭਿਆਨਕ ਸਮੱਸਿਆ ਹੈ। ਭਾਵੇਂ ਇਹ ਬੇਰੁਜ਼ਗਾਰ ਨੌਜਵਾਨ ਨਾਵਲ ਦਾ ਇਕ ਪਾਤਰ ਹੈ ਪਰ ਇਹ ਤਿਲ ਤਿਲ ਕਰਕੇ ਵੰਡਿਆ ਹੋਇਆ ਹਰ ਘਰ 'ਚ ਬੈਠਾ ਨਜ਼ਰ ਆਉਂਦਾ ਹੈ। ਲੇਖਕ ਨੇ ਇਕ ਕਮਰੇ 'ਚ ਖਿੜਕੀ ਅੱਗੇ ਬੈਠੇ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਦੀ ਜ਼ਿੰਦਗੀ ਦੀ ਲਾਚਾਰੀ ਅਤੇ ਹੋਰ ਪੱਖਾਂ ਨੂੰ ਬਾਖੂਬੀ ਚਿਤਰਿਆ ਹੈ। ਨਾਵਲ ਦੀਆਂ ਇਨ੍ਹਾਂ ਸਤਰਾਂ, 'ਮੈ ਉੱਠ ਕੇ ਪਲੰਘ ਕੋਲ ਪਈ ਗੰਢ ਨੂੰ ਫਰੋਲਣ ਲੱਗ ਪਿਆ ਪਰ ਮੇਰੀ ਆਸ ਦੇ ਉਲਟ ਉਸ ਵਿਚ ਨਾਸ਼ਤੇ ਦੇ ਪ੍ਰਬੰਧ ਲਈ ਕੁਝ ਨਾ ਲੱਭਿਆ।' 'ਮੈਂ ਸੋਚ ਰਿਹਾ ਸੀ ਕਿ ਸ਼ਾਇਦ ਰੱਬ ਹੀ ਜਾਣਦਾ ਹੈ ਕਿ ਮੈਨੂੰ ਨੌਕਰੀ ਲੱਭਣ ਦਾ ਕੋਈ ਫਾਇਦਾ ਹੈ ਕਿ ਨਹੀਂ। ਵਾਰ ਵਾਰ ਨਾਂਹ ਹੋਣ ਕਰਕੇ, ਮੈਂ ਬਚੀ ਖੁਚੀ ਹਿੰਮਤ ਵੀ ਗੁਆ ਬੈਠਾ ਸੀ। ' ਦੇ ਮਾਧਿਅਮ ਰਾਹੀਂ ਉਸ ਨੌਜਵਾਨ ਦੀ ਮਾਨਸਿਕਤਾ ਨੂੰ ਚਿਤਰਨ ਦਾ ਢੰਗ ਪਾਠਕਾਂ ਦੀ ਨਾਵਲ 'ਚ ਰੁਚੀ ਪੈਦਾ ਕਰਦਾ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਕਿਸੀ ਪੁਸਤਕ ਦਾ ਅਨੁਵਾਦ ਕਰਨ ਲਈ ਦੋਹਾਂ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਵਲ ਦੇ ਅਨੁਵਾਦਕ ਵਿਪਨ ਗਿੱਲ ਦੀ ਦੋਵਾਂ ਭਾਸ਼ਾਵਾਂ ਉੱਤੇ ਪਕੜ ਹੈ ਤੇ ਉਹ ਇਸ ਨਾਵਲ ਦਾ ਅਨੁਵਾਦ ਕਰਨ 'ਚ ਸਫ਼ਲ ਰਿਹਾ ਹੈ। ਨਾਵਲ ਵਿਚ ਹਿੰਦੀ ਭਾਸ਼ਾ ਦੇ ਸ਼ਬਦ, ਪ੍ਰਾਣੀ, ਸਵੱਛ, ਚਿਪਕੇ, ਮੁਕਤ ਉਰਦੂ ਦੇ ਸ਼ੈਅ ਫਿਜ਼ਾ ਅੰਗਰੇਜ਼ੀ ਦੇ ਰੌਕਿੰਗ ਰੈੱਡ ਚੇਅਰ, ਟ੍ਰੈਫਿਕ ਵੀ ਪੜ੍ਹਨ ਨੂੰ ਮਿਲਦੇ ਹਨ। ਸ਼ਬਦ ਜੋੜ ਅਜੀਬ ਗ਼ਰੀਬ, ਮਾੜੀ ਮੋਟੀ, ਊਲ ਜਲੂਲ ਅਤੇ ਅੱਧ ਪਚੱਧਾ ਲੇਖਕ ਦੀ ਕਥਾ ਵਸਤੂ ਨੂੰ ਗੁੰਦਣ ਦੀ ਮੁਹਾਰਤ ਨੂੰ ਦਰਸਾਉਂਦੇ ਹਨ। ਅਨੁਵਾਦਕ, ਲੇਖਕ ਦੇ ਉਦੇਸ਼ ਨੂੰ ਪਾਠਕਾਂ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਨਾ-ਫ਼ਰਮਾਨ
ਲੇਖਕ : ਪ੍ਰੀਕਸ਼ਤ ਸਾਹਨੀ
ਅਨੁਵਾਦ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 240
ਸੰਪਰਕ : jodha.js@gmail.com
ਇਹ ਯਾਦਾਂ ਬਲਰਾਜ ਸਾਹਨੀ ਦੀ ਮੌਤ ਤੋਂ 40 ਸਾਲ ਬਾਅਦ ਉਨ੍ਹਾਂ ਦੇ ਸਪੁੱਤਰ ਪ੍ਰੀਕਸ਼ਤ ਸਾਹਨੀ ਵਲੋਂ ਅਨੇਕਾਂ ਦੋਸਤਾਂ ਦੇ ਕਹਿਣ 'ਤੇ ਹੋਂਦ ਵਿਚ ਆਈਆਂ ਹਨ। ਇਸੇ ਕਰਕੇ ਇਨ੍ਹਾਂ ਯਾਦਾਂ ਵਿਚ ਹਰ ਥਾਂ ਹਾਜ਼ਰ ਵੇਖਿਆ ਜਾ ਸਕਦਾ ਹੈ। ਇਹ ਯਾਦਾਂ ਜਿਥੇ ਬਲਰਾਜ ਸਾਹਨੀ ਦੀ ਸ਼ਖ਼ਸੀਅਤ ਨੂੰ ਵਾਸਤਵਿਕ ਰੂਪ ਵਿਚ ਪੇਸ਼ ਕਰਦੀਆਂ ਹਨ, ਉਥੇ ਨਾਲ ਹੀ ਲੇਖਕ ਦੀਆਂ ਪ੍ਰਮੁੱਖ ਜੀਵਨ ਘਟਨਾਵਾਂ, ਉਸ ਦੇ ਪਰਿਵਾਰਕ ਅਤੇ ਸੰਪਰਕ ਵਿਚ ਆਉਣ ਵਾਲੀਆਂ ਹੋਰ ਸ਼ਖ਼ਸੀਅਤਾਂ ਨੂੰ ਉਜਾਗਰ ਕਰਦੀਆਂ ਹਨ। ਭਾਵ ਲੇਖਕ ਦੇ ਦਾਦੀ, ਦਾਦੀ (ਸ਼ੀਲਾ ਜੀ), ਪਤਨੀ ਭੀਸ਼ਮ ਜੀ, ਦੰਮੋ ਜੀ (ਬਲਰਾਜ ਦੀ ਪਹਿਲੀ ਪਤਨੀ), ਸੰਤੋਸ਼ ਕਸ਼ਅਪ (ਬਲਰਾਜ ਦੀ ਦੂਜੀ ਪਤਨੀ), ਅਰੁਣਾ ਜੀ (ਲੇਖਕ ਦੀ ਜੀਵਨ ਸਾਥਣ), ਸ਼ਬਨਮ (ਲੇਖਕ ਦੀ ਭੈਣ) ਆਦਿ ਤੋਂ ਬਿਨਾਂ ਅਨੇਕਾਂ ਅਸਾਧਾਰਨ ਵਿਅਕਤੀਆਂ : ਭਾਵ ਸੰਜੀਵ ਕੁਮਾਰ, ਨੂਤਨ, ਦਲੀਪ ਕੁਮਾਰ, ਦੇਵ ਆਨੰਦ, ਰਾਜ ਕਪੂਰ ਅਤੇ ਅਮਿਤਾਭ ਬੱਚਨ ਜਿਨ੍ਹਾਂ ਤੋਂ ਲੇਖਕ ਨੂੰ ਅਨੇਕਾਂ ਅਨੁਭਵ ਪ੍ਰਾਪਤ ਹੋਏ ਸੋਵੀਅਤ ਰੂਸ ਦੀਆਂ ਘਟਨਾਵਾਂ, ਗਿਆਨੀ ਜ਼ੈਲ ਸਿੰਘ ਨਾਲ ਬਲਰਾਜ ਦੇ ਸੰਬੰਧ, ਪਾਕਿਸਤਾਨ ਦਾ ਖ਼ੂਨ ਖਰਾਬਾ, ਕਸ਼ਮੀਰ ਅਤੇ ਸ਼ਿਮਲੇ ਦੀਆਂ ਯਾਦਾਂ ਵੀ ਸ਼ਾਮਿਲ ਹਨ। ਯਾਦਾਂ ਦੇ ਮੁੱਖ ਨਾਇਕ ਬਲਰਾਜ ਸਾਹਨੀ ਦਾ ਅਸਤਿਤਵ ਗੁਣਾਂ ਔਗੁਣਾਂ ਸਮੇਤ ਪੇਸ਼ ਕੀਤਾ ਗਿਆ ਹੈ। ਬਲਰਾਜ ਜੀ ਸਾਦਾ ਜੀਵਨ ਉੱਚੀ ਸੋਚ ਵਾਲੇ, ਇਮਾਨਦਾਰ, ਬੇਬਾਕ, ਦ੍ਰਿੜ੍ਹ ਇਰਾਦੇ ਵਾਲੇ, ਫਿਲਮੀ ਸੈੱਟ ਨੂੰ ਪੂਜਾ ਸਥਾਨ ਸਮਝਣ ਵਾਲੇ, ਕੱਟੜ ਮਾਰਕਸਵਾਦੀ, ਪ੍ਰੋਲਤਾਰੀ ਨੂੰ ਪਿਆਰ ਕਰਨ ਵਾਲੇ, ਬੁਰਜੂਆਵਾਦੀਆਂ ਨੂੰ ਨਫ਼ਰਤ ਕਰਨ ਵਾਲੇ, ਨੀਲੀਆਂ ਅੱਖਾਂ, ਗੋਰੇ ਰੰਗ ਵਾਲੀਆਂ ਔਰਤਾਂ ਦੇ ਚਹੇਤਾ, ਨਾਸਤਿਕ ਤੋਂ ਬਿਨਾਂ ਕਲਾ ਨੂੰ ਸਮਰਪਿਤ ਸਿੱਧ ਕੀਤੇ ਗਏ ਹਨ। ਬਲਰਾਜ ਜੀ ਲੈਨਿਨ ਦੀਆਂ ਲਿਖਤਾਂ ਜਾਂ ਸਰਮਾਇਆ ਪੜ੍ਹ ਕੇ ਹੀ ਸੋਵੀਅਤ ਰਾਜ ਦੇ ਪ੍ਰਸੰਸਕ ਨਹੀਂ ਬਣੇ ਬਲਕਿ ਸੋਵੀਅਤ ਫ਼ਿਲਮਾਂ ਦੇਖ ਕੇ ਇਹ ਚੇਟਕ ਲੱਗੀ ਸੀ। ਪੰ. 54 ਇਸ ਪੁਸਤਕ ਨੂੰ ਮੁੱਖ ਤੌਰ 'ਤੇ 12 ਕਾਂਡਾਂ ਵਿਚ ਵੰਡਿਆ ਗਿਆ ਹੈ : ਮੁਢਲੀਆਂ ਯਾਦਾਂ, ਬੁਰਜੁਆਜ਼ੀ, ਮਾਰਕਸਵਾਦ, ਦੋਵੇਂ ਭਰਾ, ਅਦਾਕਾਰ, ਕਸ਼ਮੀਰ, ਦੋਸਤ, ਇਕ ਬਾਪ, ਵਿਰੋਧਾ ਭਾਸ, ਅਸਾਧਾਰਨ ਲੋਕ, ਇਕਰਾਮ, ਸਾਰ-ਅੰਸ਼ ਆਦਿ। ਭੀਸ਼ਮ ਜੀ ਮਿੱਠ-ਬੋਲੜੇ ਪਰ ਬਲਰਾਜ ਜੀ ਬੜਬੋਲੇ ਅਤੇ ਮਖੌਲੀਆ. ਇੰਜ ਦੋਵਾਂ ਭਰਾਵਾਂ ਦੀਆਂ ਸਮਾਨਤਾਵਾਂ/ਅਸਮਾਨਤਾਵਾਂ ਦੱਸੀਆਂ ਹਨ। ਲੇਖਕ ਨੇ ਆਪਣੇ ਬਾਲ ਮਨ ਦੀਆਂ ਸੋਚਾਂ ਨੂੰ ਵਡੇਰੀ ਆਯੂ ਵਿਚ ਫੋਕਸੀਕਰਨ ਰਾਹੀਂ ਪੇਸ਼ ਕੀਤਾ ਹੈ।
ਬਲਰਾਜ ਨੇ ਆਪਣੇ ਅਕੀਦਿਆਂ ਦੇ ਵਿਰੁੱਧ ਵੀ ਕਈ ਕੁਝ ਕੀਤਾ... ਜੀਵਨ ਦੇ ਸਾਰੇ ਸੁਆਦਾਂ ਕੋਲ ਗਏ... ਇਸ ਕਾਰਨ ਕਈਆਂ ਨੇ ਉਨ੍ਹਾਂ ਨੂੰ 'ਸੋਧ ਵਾਦੀ' ਤੇ 'ਮਾਰਕਸਵਾਦੀ ਵਿਰੋਧੀ ਰਿਹਾ।' ਉਨ੍ਹਾਂ ਮਹਿਲਨੁਮਾ ਘਰ 'ਇਕਰਾਮ' ਬਣਾਇਆ। ਉਸ ਥਾਂ 'ਤੇ ਬਰਤਾਨਵੀ ਲੋਕਾਂ ਦੀਆਂ ਕਬਰਗਾਹਾਂ ਸਨ। ਇਕ ਬੁੱਢੀ ਬਾਰੇ, ਇਹ ਵੀ ਕਿਹਾ ਗਿਆ ਹੈ, ਕਿ ਉਸ ਨੂੰ ਉਥੋਂ ਉਜਾੜਿਆ ਗਿਆ। ਉਹ ਉਜੜਣ ਵੇਲੇ ਇਥੇ ਰਹਿਣ ਵਾਲਿਆਂ ਨੂੰ ਸਰਾਪ ਦੇ ਗਈ ਸੀ। ਇਹ ਸਰਾਪ ਸੱਚ ਹੋ ਨਿਬੜਿਆ। 'ਇਕਰਾਮ' ਮਹਿਲ ਵਿਚ ਸ਼ਾਇਦ ਇਸੇ ਸਰਾਪ ਕਾਰਨ ਲੜੀਵਾਰ ਹਿਰਦੇਧਕ ਮੌਤਾਂ ਹੋਈਆਂ, ਦੱੱਸਿਆ ਗਿਆ। 'ਇਕਰਾਮ' ਮਹਿਲ ਨੇ ਆਪਣਾ ਆਖਰੀ ਸ਼ਿਕਾਰ ਘਰ ਦੇ ਮਾਲਕ ਵਜੋਂ ਕਰ ਲਿਆ ਸੀ?' ਪੰ: 237।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਸੁਰਜੀਤ ਸਖੀ ਕਾਵਿ :
ਵਸਤੂ ਵਿਧੀ ਤੇ ਵਿਚਾਰਧਾਰਾ
ਸੰਪਾਦਕ : ਡਾ. ਸ਼ਮਸ਼ੇਰ ਮੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 123
ਸੰਪਰਕ : 94171-42415
'ਸੁਰਜੀਤ ਸਖੀ ਕਾਵਿ : ਵਸਤੂ ਵਿਧੀ ਤੇ ਵਿਚਾਰਧਾਰਾ' ਡਾ. ਸ਼ਮਸ਼ੇਰ ਮੋਹੀ ਦੁਆਰਾ ਸੰਪਾਦਿਤ ਕੀਤਾ ਲੇਖ ਸੰਗ੍ਰਹਿ ਹੈ, ਜਿਸ ਵਿਚ ਸੰਪਾਦਕ ਤੋਂ ਇਲਾਵਾ ਨੌਂ ਹੋਰ ਚਿੰਤਕਾਂ ਦੇ ਲੇਖ ਦਰਜ ਕੀਤੇ ਗਏ ਹਨ। ਇਸ ਆਲੋਚਨਾਤਮਕ ਪੁਸਤਕ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਸੰਪਾਦਕ ਨੇ ਇਹ ਰਚਨਾ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ ਹੈ, ਜਿਹੜੇ ਸੋਹਣੇ ਸਮਾਜ ਦਾ ਸੁਪਨਾ ਵੇਖਦੇ ਹਨ। ਇਸੇ ਸੰਦਰਭ ਵਿਚ ਜਦੋਂ ਅਸੀਂ ਸੁਰਜੀਤ ਸਖੀ ਦੀ ਸ਼ਾਇਰੀ ਦਾ ਅਧਿਐਨ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਗੱਲ ਭਲੀਭਾਂਤ ਉਜਾਗਰ ਹੋ ਜਾਂਦੀ ਹੈ ਕਿ ਉਸ ਦੇ ਰਚੇ ਪਹਿਲੇ ਕਾਵਿ ਸੰਗ੍ਰਹਿ 'ਕਿਰਨਾਂ' ਤੋਂ ਆਰੰਭ ਕਰਕੇ 'ਮੈਂ ਸਿਕੰਦਰ ਨਹੀਂ', 'ਅੰਗੂਠੇ ਦਾ ਨਿਸ਼ਾਨ', 'ਜਵਾਬੀ ਖ਼ਤ' ਆਦਿ ਕਾਵਿ ਸੰਗ੍ਰਿਹਾਂ ਵਿਚ ਜਿੱਥੇ ਜੁਆਨੀ ਪਹਿਰ ਦੇ ਮੁਹੱਬਤੀ ਅਹਿਸਾਸ ਹਨ, ਸੰਦਲੀ ਸੁਪਨਿਆਂ ਦੀ ਮਹਿਕ ਹੈ, ਉੱਜਲੇ ਭਵਿੱਖ ਦੇ ਸੁਪਨਿਆਂ ਦੀ ਸਤਰੰਗੀ ਪੀਂਘ ਹੈ, ਜੀਵਨ ਦੇ ਹਨੇਰੇ ਪੱਖਾਂ ਦੀ ਫ਼ਿਕਰਮੰਦੀ ਹੈ, ਤਿੜਕੇ ਸੁਪਨਿਆਂ ਦਾ ਗ਼ਮ ਹੈ, ਨੀਂਦ, ਖ਼ੁਸ਼ੀਆਂ, ਸੁੱਖ, ਬੇਪਰਵਾਹੀਆਂ ਖੋਹ ਕੇ ਦੁੱਖ ਚਿੰਤਾ ਅਤੇ ਬੇਆਰਾਮੀ ਦੇਣ ਵਾਲੀਆਂ ਸਾਜ਼ਿਸ਼ੀ ਸ਼ਕਤੀਆਂ ਦੀ ਤਸਵੀਰ ਨੂੰ ਉਹ ਆਪਣੀ ਕਵਿਤਾ ਵਿਚ ਬੜੇ ਸੁਹਜ ਅਤੇ ਸੂਖ਼ਮਤਾ ਸਹਿਤ ਪੇਸ਼ ਕਰਦੀ ਹੈ। ਮਸਲਿਆਂ ਵਿਹੂਣੀ ਸਿਆਸਤ ਦੇ ਦੌਰ ਵਿਚ ਹਾਸ਼ੀਏ ਉੱਤੇ ਧੱਕੇ ਲੋਕਾਂ ਦੀ ਅਣਦੇਖੀ ਅਤੇ ਉਤਪੀੜਨ ਵੀ ਸਖੀ ਦੀ ਸ਼ਾਇਰੀ ਦਾ ਵਸਤੂ ਬਣਦਾ ਹੈ। ਉਹ ਆਪਣੀ ਸਮੁੱਚੀ ਸ਼ਾਇਰੀ (ਕਵਿਤਾ ਅਤੇ ਗ਼ਜ਼ਲ) ਵਿਚ ਸੁਚੇਤ ਅਤੇ ਸੁਹਜ ਭਰਪੂਰ ਕਵਿੱਤਰੀ ਵਜੋਂ ਆਪਣੀ ਪਛਾਣ ਬਣਾਉਣ ਵਿਚ ਸਫ਼ਲ ਹੁੰਦੀ ਹੈ।
ਆਲੋਚਨਾ ਦੀ ਇਸ ਪੁਸਤਕ ਵਿਚ ਸੁਰਜੀਤ ਸਖੀ ਦੇ ਸਮੁੱਚੇ ਕਲਾਮ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ, ਪਰਖਣ, ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਸਤਕ ਦੇ ਪਹਿਲੇ ਲੇਖ 'ਮੈਂ ਸਿਕੰਦਰ ਨਹੀਂ' ਦੇ ਵਿਸ਼ਾ ਵਸਤੂ ਦੀ ਰੂਪ-ਰੇਖਾ ਵਿਚ ਲੇਖਕ ਗੁਰੂਮੇਲ ਨੇ ਕਵਿੱਤਰੀ ਦੀ ਗ਼ਜ਼ਲ ਦੇ ਫ਼ਲਸਫ਼ੇ ਦੀਆਂ ਬਾਰੀਕ ਤੰਦਾਂ ਫ਼ੜਨ ਦੇ ਨਾਲ-ਨਾਲ ਗ਼ਜ਼ਲ ਦੀ ਕਾਵਿ-ਭਾਸ਼ਾ ਬਾਰੇ ਵੀ ਬੜੀਆਂ ਮੁੱਲਵਾਨ ਗੱਲਾਂ ਕੀਤੀਆਂ ਹਨ। ਹਰਜਿੰਦਰ ਕੰਗ ਨੇ ਸਖੀ ਦੇ ਗ਼ਜ਼ਲ ਸੰਗ੍ਰਹਿ 'ਮੈਂ ਸਿਕੰਦਰ ਨਹੀਂ' ਨੂੰ ਆਧਾਰ ਬਣਾ ਕੇ ਉਸ ਦੀ ਗ਼ਜ਼ਲ ਦੀਆਂ ਬਹਿਰਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਹੈ। ਹਰਦਿਆਲ ਸਾਗਰ ਨੇ 'ਮੈਂ ਸਿਕੰਦਰ ਨਹੀਂ' ਪੁਸਤਕ ਵਿਚਲੀ ਸ਼ਾਇਰੀ ਨੂੰ ਭਾਰਤੀ ਕਾਵਿ-ਸ਼ਾਸਤਰ ਦੀਆਂ ਧਾਰਨਾਵਾਂ ਦੀ ਰੌਸ਼ਨੀ ਦੇ ਪ੍ਰਸੰਗ ਵਿਚ ਪੜਚੋਲਦਿਆਂ ਇਸ ਨੂੰ ਪੰਜਾਬੀ ਦੀ ਪਰਪੱਕ ਸ਼ਾਇਰੀ ਅਤੇ ਪੰਜਾਬੀ ਗ਼ਜ਼ਲ ਦੀ ਧਰੋਹਰ ਕਿਹਾ ਹੈ। ਦੀਪਕ ਧਲੇਵਾਂ ਨੇ ਸੁਖਜੀਤ ਸਖੀ ਦੀਆਂ 'ਧੁੰਦ', 'ਮੈਂ ਸਿਕੰਦਰ ਨਹੀਂ' ਦੋ ਰਚਨਾਵਾਂ ਨੂੰ ਆਧਾਰ ਬਣਾ ਕੇ ਕਵਿੱਤਰੀ ਦੀ ਸ਼ਾਇਰੀ ਨੂੰ ਨਾਰੀਵਾਦ ਅਤੇ ਉਸ ਦੇ ਸਮਕਾਲ ਬੋਧ ਦੇ ਪ੍ਰਸੰਗ ਵਿਚ ਸੰਜੀਦਾ ਪੜਚੋਲ ਕੀਤੀ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ 'ਜਵਾਬੀ ਖ਼ਤ ਅਤੇ ਹੋਰ ਕਵਿਤਾਵਾਂ' ਦੇ ਪ੍ਰਸੰਗ ਵਿਚ ਸਖੀ ਦੀ ਸ਼ਾਇਰੀ ਦਾ ਅਧਿਐਨ ਕਰਦਿਆਂ ਸਖੀ ਦੀ ਮਾਨਵੀ ਹੋਂਦ, ਹੋਣੀ, ਸੰਤਾਪ, ਨਾਬਰੀ ਦੀਆਂ ਤਰੰਗਾਂ ਨੂੰ ਫ਼ੜਨ ਦਾ ਸਫ਼ਲ ਉਪਰਾਲਾ ਕੀਤਾ ਹੈ। ਡਾ. ਨਰੇਸ਼ ਨੇ ਸਖੀ ਕਾਵਿ ਦੇ ਦਾਰਸ਼ਨਿਕ ਪਹਿਲੂਆਂ ਨੂੰ ਵਿਚਾਰਦਿਆਂ ਉਸ ਦੀ ਪੰਜਾਬ ਸੰਕਟ ਪ੍ਰਤੀ ਪਹੁੰਚ, ਹਾਸ਼ੀਏ ਉੱਤੇ ਧੱਕੀ ਨਿਮਨ ਸ਼੍ਰੇਣੀ ਦੀ ਦਰਦਨਾਕ ਸਮਾਜਿਕ ਆਰਥਿਕ ਦਸ਼ਾ ਅਤੇ ਇਸਤਰੀ ਦੀ ਦੁਜੈਲੀ ਸਥਿਤੀ ਸੰਬੰਧੀ ਉਸ ਦੀ ਪੇਸ਼ਕਾਰੀ ਨੂੰ ਸਾਡੇ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ। ਸੁਰਜੀਤ ਜੱਜ ਸਖੀ ਦੀ ਸ਼ਾਇਰੀ ਨੂੰ ਵਿਸ਼ੇਸ਼ ਤੌਰ ਉੱਤੇ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖਦਾ ਹੈ। ਜਗਵਿੰਦਰ ਜੋਧਾ ਨੇ ਕਵਿੱਤਰੀ ਦੀ ਗ਼ਜ਼ਲ ਵਿਚਲੇ ਨਾਰੀਵਾਦ ਨੂੰ ਬੜੀ ਸੂਖ਼ਮਤਾ ਨਾਲ ਵਿਸ਼ਲੇਸ਼ਿਤ ਕੀਤਾ ਹੈ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ 'ਸੁਰਜੀਤ ਸਖੀ ਕਾਵਿ: ਵਸਤੂ ਵਿਧੀ ਤੇ ਵਿਚਾਰਧਾਰਾ' ਪੁਸਤਕ ਜਿਥੇ ਸਾਹਿਤ ਦੇ ਰਸੀਆਂ ਨੂੰ ਸੁਰਜੀਤ ਸਖੀ ਦੀ ਸ਼ਾਇਰੀ ਮਾਨਣ ਲਈ ਪ੍ਰੇਰਿਤ ਕਰੇਗੀ, ਉੱਥੇ ਪੰਜਾਬੀ ਆਲੋਚਨਾ ਨਾਲ ਜੁੜੀਆਂ ਹਸਤੀਆਂ ਵੀ ਸੁਰਜੀਤ ਸਖੀ ਦੀ ਸ਼ਾਇਰੀ ਨੂੰ ਉਸੇ ਗੰਭੀਰਤਾ ਅਤੇ ਸ਼ਿੱਦਤ ਨਾਲ ਲੈਣਗੀਆਂ, ਜਿਸ ਸ਼ਿੱਦਤ ਨਾਲ ਕਵਿੱਤਰੀ ਨੇ ਸ਼ਾਇਰੀ ਨੂੰ ਸਿਰਜਿਆ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਸ਼ਾਹਣੀ ਕੌਲਾਂ
ਸੰਪਾਦਨਾ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ 184
ਸੰਪਰਕ : 94171-40380
9 ਖੋਜ ਪੁਸਤਕਾਂ, ਦੋ ਆਲੋਚਨਾ ਦੀਆਂ ਪੁਸਤਕਾਂ ਅਤੇ 3 ਨਾਵਲ ਰਚਣ ਵਾਲਾ ਹਰਨੇਕ ਸਿੰਘ ਹੇਅਰ ਇਸ ਸੰਪਾਦਿਤ ਕੀਤੀ ਪੁਸਤਕ 'ਸ਼ਾਹਣੀ ਕੌਲਾਂ' ਦੀ ਭੂਮਿਕਾ ਪੂਰਨ ਅਤੇ ਕੌਲਾਂ ਦੇ ਜੀਵਨ ਤੇ ਚਰਿਤਰ ਦੀ ਤੁਲਨਾ ਕਰਦੇ ਹੋਏ ਲਿਖਦਾ ਹੈ। ਸ਼ਾਹਣੀ ਕੌਲਾਂ ਦੀ ਕਥਾ ਲੜੀ ਰਚਣ ਵਾਲੇ ਸਾਰੇ ਸਿਰਜਕਾਂ ਵਿਚੋਂ ਉਹ ਮੈਂਗਲ ਸਿੰਘ ਤੇ ਦੀਵਾਨ ਸਿੰਘ ਦੀਆਂ ਰਚਨਾਵਾਂ ਨੂੰ ਉੱਤਮ ਮੰਨਦਾ ਹੈ। ਇਸ ਤੋਂ ਅਗਲੇ ਅਧਿਆਇ ਵਿਚ ਉਹ ਇਸ ਕਥਾ ਲੜੀ ਦੀ ਸਮੀਖਿਆ ਬਿਰਤਾਂਤ ਸ਼ਾਸਤਰੀ ਪਰਿਪੇਖ ਵਿਚ ਕਰਦਾ ਹੈ। ਸੰਪਾਦਕ ਅਤੇ ਸਮੀਖਿਅਕ ਹਰਨੇਕ ਸਿੰਘ ਹੇਅਰ ਬਿਰਤਾਂਤ ਸ਼ਾਸਤਰ ਦੇ ਸੰਕਲਪਾਂ ਅਤੇ ਪਰਤਾਂ ਦੀ ਵਿਆਖਿਆ ਕਰਦੇ ਹੋਏ ਇਸ ਲੋਕ ਕਥਾ ਦੇ ਅੰਸ਼ ਵੀ ਬਿਆਨਦਾ ਹੈ। ਲੋਕ ਕਥਾ ਦਾ ਮਾਨਵਵਾਦੀ ਅਧਿਐਨ ਕਰਦੇ ਹੋਏ ਪਾਤਰਾਂ ਦੇ ਚਰਿੱਤਰ ਚਿਤਰਣ ਦੀਆਂ ਤਕਨੀਕਾਂ ਦਾ ਅਧਿਐਨ ਵੀ ਕਰਦਾ ਹੈ। ਉਹ ਵਿਆਖਿਆ ਕਰਦਾ ਹੈ ਕਿ ਰਚਨਾਕਾਰ ਨੇ ਵਾਰਤਾਲਾਪ, ਕਾਰਜ ਅਤੇ ਮਾਨਸਿਕਤਾ ਰਾਹੀਂ ਪਾਤਰ ਕਿਵੇਂ ਚਿਤਰੇ ਹਨ ਅਤੇ ਉਹ ਉਦਾਹਰਨਾਂ ਸਹਿਤ ਆਪਣੀ ਗੱਲ ਸਿੱਧ ਕਰਦਾ ਹੈ। ਅਗਲੇ ਪੜਾਅ 'ਤੇ ਉਹ ਇਸ ਲੋਕ ਕਥਾ ਵਿਚ ਵਰਤੀ ਸ਼ੈਲੀ ਅਤੇ ਭਾਸ਼ਾ ਦੀ ਗੱਲ ਵੀ ਕਰਦਾ ਹੈ ਅਤੇ ਕਥਾ ਤੇ ਪਾਠ ਦੇ ਅੰਤਰ ਸੰਬੰਧਾਂ ਨੂੰ ਬਿਆਨਦਾ ਹੋਇਆ ਬਿਰਤਾਂਤ ਸ਼ਾਸ਼ਤਰੀ ਤਕਨੀਕਾਂ (ਦ੍ਰਿਸ਼, ਫੈਲਾਓ, ਖੱਪਾ ਅਤੇ ਸੰਖੇਪ) ਦੀਆਂ ਉਦਾਹਰਨਾਂ ਦੇ ਕੇ ਵਿਆਖਿਆ ਕਰਦਾ ਹੈ। ਅਗਲੇ ਪੱਧਰ 'ਤੇ ਉਹ ਬਿਰਤਾਂਤੀਕਰਨ, ਫੋਕਸੀਕਰਨ ਅਤੇ ਆਨੰਦੀ ਪਾਠ-ਪਾਠ ਆਨੰਦ ਵਰਗੇ ਸੰਕਲਪਾਂ ਦੀ ਵਿਆਖਿਆ ਕਰਦਾ ਹੋਇਆ ਪ੍ਰਾਪਤ ਲੋਕ ਕਥਾ ਲੜੀ ਵਿਚੋਂ ਪ੍ਰਾਪਤ ਹੋਏ ਸਿੱਟੇ ਵੀ ਬਿਆਨਦਾ ਹੈ। ਇਸ ਸਮੀਖਿਆ ਤੋਂ ਬਾਅਦ 'ਸ਼ਾਹਣੀ ਕੌਲਾਂ' ਲੋਕ ਕਥਾ ਦਾ ਸਗਲ ਪਾਠ ਇਸ ਪੁਸਤਕ ਦੇ ਅਗਲੇ ਹਿੱਸੇ ਵਿਚ ਬਿਆਨ ਕੀਤਾ ਗਿਆ ਹੈ। ਸੰਪਾਦਕ ਦੁਆਰਾ ਕੀਤੀ ਸਮੀਖਿਆ ਤੋਂ ਬਾਅਦ ਇਸ ਪਾਠ ਨੂੰ ਇਕ ਵੱਖਰੇ ਨਜ਼ਰੀਏ ਤੋਂ ਪੜ੍ਹਦਾ ਹੈ, ਸਮਝਦਾ ਹੈ ਅਤੇ ਇਸ ਪਾਠ ਵਿਚ ਗੁਆਚਦਾ ਜਾਂਦਾ ਹੈ। ਅੰਤਲੇ ਸਫ਼ਿਆਂ 'ਤੇ ਔਖੇ ਸ਼ਬਦਾਂ ਦੇ ਅਰਥ ਦੇ ਕੇ ਸੰਪਾਦਕ ਨੇ ਪਾਠਕ ਦਾ ਕੰਮ ਹੋਰ ਆਸਾਨ ਕਰ ਦਿੱਤਾ ਹੈ। ਸੰਪਾਦਕ ਦੇ ਤਕਨੀਕੀ ਅਤੇ ਸੰਵੇਦਨਸ਼ੀਲ ਅਧਿਐਨ ਤੇ ਵਿਚਾਰ ਸ਼ਕਤੀ ਨੂੰ ਸਲਾਮ....
-ਡਾ. ਸੰਦੀਪ ਰਾਣਾ
ਮੋਬਾਈਲ : 98728-87551ਪੰਡਿਤ ਕਸਤੂਰੀ ਲਾਲ
'ਕੈਸ' ਕੜਿਆਲਵੀ ਦੀਆਂ ਗ਼ਜ਼ਲਾਂ
ਸੰਪਾਦਕ : ਗੁਰਬਖ਼ਸ਼ ਸਿੰਘ
ਸਫ਼ੇ: 244
ਦੁਨੀਆ ਵਿਚ ਅਜਿਹੇ ਵਿਅਕਤੀ ਬਹੁਤ ਘੱਟ ਹਨ, ਜਿਨ੍ਹਾਂ ਨੇ ਲੋੜਵੰਦ ਲੋਕਾਂ ਦੀ ਸੇਵਾ ਦਾ ਰਾਹ ਚੁਣਿਆ ਹੋਵੇ। ਵੱਡੀ ਗਿਣਤੀ ਅਜਿਹੇ ਵਿਅਕਤੀ ਹੀ ਮਿਲਦੇ ਹਨ, ਜਿਹੜੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਮਨੁੱਖਤਾ ਨੂੰ ਲਹੂ-ਲੁਹਾਣ ਕਰਨ ਤੋਂ ਵੀ ਨਹੀਂ ਝਿਜਕਦੇ। ਅਜਿਹੇ ਵਿਅਕਤੀ ਘਟ-ਘਟ ਵਿਚ ਪ੍ਰਮਾਤਮਾ ਹੋਣ ਦਾ ਢੰਡੋਰਾ ਵੀ ਪਿੱਟਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਸਤਾਉਣਾ ਵੀ ਜਾਰੀ ਰੱਖਦੇ ਹਨ। ਪੰਡਿਤ ਕਸਤੂਰੀ ਲਾਲ 'ਕੈਸ' ਆਪਣੀਆਂ ਗ਼ਜ਼ਲਾਂ ਵਿਚ ਅਜਿਹੇ ਲੋਕਾਂ ਨੂੰ ਹੀ ਖ਼ਬਰਦਾਰ ਕਰਦੇ ਹਨ:
ਭਗਤੀ ਕਰਨਾ ਚਾਹੇਂ ਜੇ ਭਗਵਾਨ ਦੀ,
ਦਿਲ ਕਿਸੇ ਨਾ ਜੀਵ ਜੰਤੂ ਦਾ ਦੁਖਾ।
ਹਰ ਬੰਦਾ ਚਾਹੁੰਦਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਸੁਖੀ ਰਹੇ, ਪਰ ਸ਼ਾਇਦ ਅਜਿਹਾ ਕਰਕੇ ਉਹ ਸੁਖ ਦੇ ਗਣਿਤ ਨੂੰ ਸਮਝਣ ਤੋਂ ਕਿਨਾਰਾ ਕਰ ਜਾਂਦਾ ਹੈ। ਪੰਡਿਤ ਕਸਤੂਰੀ ਲਾਲ 'ਕੈਸ' ਭਲੀ-ਭਾਂਤ ਸਮਝਦੇ ਹਨ ਕਿ ਕੋਈ ਵੀ ਸੁਖ ਹਮੇਸ਼ਾ ਨਹੀਂ ਰਹਿੰਦਾ ਅਤੇ ਹਰ ਸੁਖ ਤੋਂ ਬਾਅਦ ਦੁੱਖ ਆਉਣਾ ਲਾਜ਼ਮੀ ਹੁੰਦਾ ਹੈ। ਜਿਹੜੇ ਲੋਕ ਜੀਵਨ ਦੇ ਸੱਚ ਨੂੰ ਪਛਾਣ ਲੈਂਦੇ ਹਨ, ਕੇਵਲ ਉਹੀ ਸਦੀਵੀ ਅਨੰਦ ਦੀ ਅਵਸਥਾ ਵਿਚ ਵਿਚਰਦੇ ਦਿਖਾਈ ਦਿੰਦੇ ਹਨ ਕਿਉਂਕਿ ਅਨੰਦ ਦਾ ਉਲਟਾ ਕੁਝ ਵੀ ਨਹੀਂ ਹੁੰਦਾ:
ਸਭ ਜ਼ਹਿਰ ਤਾਂ ਸੁਕਰਾਤ ਅਰ
ਮੀਰਾ ਨੇ ਪੀ ਲਿਆ,
ਤੂੰ ਹੋ ਸਕੇ ਤਾਂ ਹੋਰ ਰਸਤਾ ਟੋਲ ਜਿੰਦੜੀਏ।
ਪੰਡਿਤ ਕਸਤੂਰੀ ਲਾਲ 'ਕੈਸ' ਪੰਜਾਬੀ ਦੇ ਅਜਿਹੇ ਲਾਜਵਾਬ ਗ਼ਜ਼ਲਕਾਰ ਸਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਬੜੀਆਂ ਖ਼ੂਬਸੂਰਤ ਗ਼ਜ਼ਲਾਂ ਲਿਖੀਆਂ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਨਾ ਤਾਂ ਜਿਊਂਦੇ ਜੀਅ ਆਪਣੀ ਕੋਈ ਪੁਸਤਕ ਹੀ ਛਪਵਾ ਸਕੇ ਅਤੇ ਨਾ ਹੀ ਉਨ੍ਹਾਂ ਦੀ ਕੋਈ ਗ਼ਜ਼ਲ ਕਿਸੇ ਅਖ਼ਬਾਰ ਜਾਂ ਪਰਚੇ ਵਿਚ ਹੀ ਪ੍ਰਕਾਸ਼ਿਤ ਹੋ ਸਕੀ। ਉਨ੍ਹਾਂ ਦੇ ਸਰੀਰ ਛੱਡ ਜਾਣ ਤੋਂ ਬਾਅਦ ਗੁਰਬਖ਼ਸ਼ ਸਿੰਘ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਇਹ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਪਾਠਕਾਂ ਲਈ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਕਾਰਜ ਕੀਤਾ ਹੈ, ਜਿਸ ਦਾ ਪੁਰਜ਼ੋਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਕਿੱਕਰਾਂ ਦੇ ਅੰਬ
ਲੇਖਕ : ਅਮਰਿੰਦਰ ਸਿੰਘ ਸੋਹਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 95016-60416
ਵਿਦਵਾਨ ਸੱਜਣਾਂ ਦਾ ਮੰਨਣਾ ਹੈ ਕਿ ਸਵੈ-ਜੀਵਨੀ ਜਾਂ ਆਤਮ ਕਥਾ ਲੇਖਕ ਦੇ ਜੀਵਨ ਦਾ ਕ੍ਰਮਬੱਧ ਬਿਰਤਾਂਤ ਹੁੰਦਾ ਹੈ, ਜਿਸ ਵਿਚ ਉਸ ਦੇ ਆਤਮ-ਚਿੰਤਨ ਜਾਂ ਜ਼ਿੰਦਗੀ ਦੀ ਵਿਸ਼ਾਲ ਪਿੱਠ ਭੂਮੀ ਵਿਚ ਉਸ ਦੀ ਹੋਂਦ ਦੀ ਵਿਸ਼ੇਸ਼ਤਾ ਤੇ ਮਹੱਤਤਾ ਦਿੱਤੀ ਹੁੰਦੀ ਹੈ। ਅਮਰਿੰਦਰ ਸਿੰਘ ਸੋਹਲ ਦੀ ਸਵੈ-ਜੀਵਨੀ 'ਕਿੱਕਰਾਂ ਦੇ ਅੰਬ' ਦਾ ਸੁਭਾਅ ਸਵੈ-ਜੀਵਨੀ ਬਾਰੇ ਵਿਦਵਾਨਾਂ ਦੇ ਇਸ ਵਿਚਾਰ ਨਾਲ ਕਾਫੀ ਮਿਲਦਾ ਹੈ। ਕੁੱਲ 24 ਚੈਪਟਰਾਂ 'ਚ ਸੰਪੂਰਨ ਕੀਤੀ ਗਈ ਇਸ ਪੁਸਤਕ ਦਾ ਵੱਡਾ ਗੁਣ ਇਸ ਦੀ ਰੌਚਿਕਤਾ ਹੈ। ਰਚਨਾਕਾਰ ਮੂਲ ਰੂਪ 'ਚ ਸ਼ਾਇਰ ਹੈ। ਉਸ ਦੀ ਵਾਰਤਕ 'ਚ ਵੀ ਕਾਵਿਕਤਾ ਕਾਰਜਸ਼ੀਲ ਹੈ। ਪੁਸਤਕ ਦਾ ਹਰ ਚੈਪਟਰ ਭਾਵੇਂ ਆਪਣੇ-ਆਪ 'ਚ ਵਿਸ਼ੇ ਦੀ ਆਂਤ੍ਰਿਕਤਾ ਨਾਲ ਖਾਸਾ ਇਨਸਾਫ਼ ਕਰਦਾ ਹੈ ਪਰ ਫਿਰ ਵੀ 'ਘਰ ਤੂੰ ਉਦਾਸ ਨਾ ਹੋਈਂ' 'ਕਵਿਤਾ ਦਾ ਪਿਛੋਕੜ', 'ਜ਼ਿੰਦਗੀ ਦਾ ਨਵਾਂ ਮੋੜ', 'ਸੰਵੇਦਨਾ ਦੇ ਬੀਜ', 'ਵੇਸਵਾਵਾਂ ਦਾ ਅੱਡਾ', 'ਕੁੜੀਆਂ ਦੀ ਆਸ਼ਕੀ', 'ਮੌਤ ਦੀ ਪਟੜੀ ਤੋਂ ਜੀਵਨ ਦੀ ਲੀਹ ਤੱਕ', 'ਸਿੱਖਿਆ ਖੇਤਰ ਵਿਚ ਵਿਚਰਦਿਆਂ' ਤੇ 'ਮਨੀਪੁਰ ਕਵੀ ਦਰਬਾਰ ਵਿਚੋਂ ਕੁਝ ਵੱਧ ਅਦਬੀ ਅੰਤਰੀਵਤਾ ਆਤਮਸਾਤ ਕੀਤੀ ਜਾ ਸਕਦੀ ਹੈ। ਨਿਰਸੰਦੇਹ ਅਮਰਿੰਦਰ ਸਿੰਘ ਸੋਹਲ ਅੰਦਰ ਇਕ ਉੱਚ ਪਾਏ ਦਾ ਵਾਰਤਕਾਰ ਬਣਨ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹਨ। 'ਕਿੱਕਰਾਂ ਦੇ ਅੰਬ' ਦੀ ਅੰਤਰਝਾਤ ਹਿਤ ਇਸ ਵਿਚੋਂ ਕੁਝ ਅੰਸ਼ ਵੀ ਇਥੇ ਸਾਂਝੇ ਕਰਦੇ ਹਾਂ:
-ਕੋਈ ਲੇਖਕ ਚਾਹੇ ਉਤੋਂ ਲੱਖ ਆਖੇ, ਪਰ ਜੇ ਉਸ ਨੂੰ ਆਪਣੀਆਂ ਸਾਰੀਆਂ ਲਿਖਤਾਂ ਨਾਲ ਪਿਆਰ ਨਹੀਂ ਤਾਂ ਕੁਝ ਇਕ ਰਚਨਾਵਾਂ ਨਾਲ ਜ਼ਰੂਰ ਹੁੰਦਾ ਹੈ, ਜਿਵੇਂ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਨੂੰ ਸਿਆਣੇ ਬੰਦੇ ਇਸ਼ਕ ਕਰਨ ਤੋਂ ਵਰਜਦੇ ਹਨ। ਪਰ ਇਸ਼ਕ ਕੌਣ ਕਰਦਾ ਹੈ? ਇਹ ਤਾਂ ਸੁਭਾਵਿਕ ਹੀ ਹੋ ਜਾਂਦਾ ਹੈ।
-ਇਹ ਗਿੱਠਮੁਠੀਏ ਸਾਹਿਤਕਾਰ ਬਸ ਉਥੇ ਦੇ ਉਥੇ ਹੀ ਖੜ੍ਹੇ ਰਹੇ, ਉਨ੍ਹਾਂ ਨੇ ਦੂਜੇ ਨੂੰ ਅੱਗੇ ਕੀ ਵਧਣ ਦੇਣਾ ਸੀ।
'ਨੈਣਾਂ ਵਿਚਲਾ ਟਾਪੂ' (ਗ਼ਜ਼ਲ ਸੰਗ੍ਰਹਿ) ਤੇ 'ਪੱਤਿਆਂ ਦੀ ਪੈੜ ਚਾਲ' (ਕਾਵਿ ਸੰਗ੍ਰਹਿ) ਦੇ ਕਰਤੇ ਅਮਰਿੰਦਰ ਸਿੰਘ ਸੋਹਲ ਨੇ ਭਾਰਤ ਦੇ ਧੁਰ ਪੂਰਬ ਤੱਕ ਭ੍ਰਮਣ ਕੀਤਾ ਹੋਇਆ ਹੈ। ਹੁਣ 'ਕਿੱਕਰਾਂ ਦੇ ਅੰਬ' ਰਾਹੀਂ ਉਸ ਨੇ ਆਪਣੇ ਅਨੁਭਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਿਆ ਹੈ। ਲੇਖਕ ਬਾਰੇ ਬਹੁ-ਪੱਖੀ ਜਾਣਕਾਰੀ ਲਈ ਪੂਰੀ ਸਵੈ-ਜੀਵਨੀ ਪੜ੍ਹਨੀ ਜ਼ਰੂਰੀ ਹੈ। ਇਕ ਬਦਕਿਸਮਤ ਚਿੜੀ ਨੂੰ ਸਮਰਪਿਤ ਇਸ ਸਵੈ-ਜੀਵਨੀ ਦਾ ਨਾਂਅ 'ਕਿੱਕਰਾਂ ਦੇ ਅੰਬ' ਵੀ ਆਪਣੇ-ਆਪ 'ਚ ਬੜਾ ਅਰਥ ਭਰਪੂਰ ਹੈ। ਭਾਵੇਂ ਕਿੱਕਰਾਂ ਨੂੰ ਕਦੇ ਅੰਬ ਨਹੀਂ ਲਗਦੇ ਪਰ ਇਥੇ ਭਾਵ ਅਰਥ ਕੁੜੱਤਣ ਤੇ ਮਿਠਾਸ ਦੇ ਹਨ। ਕਲਮਕਾਰ ਨੇ ਆਪਣੀ ਹੁਣ ਤੱਕ ਦੀ ਹਯਾਤੀ 'ਚ ਜ਼ਿੰਦਗੀ ਦੀਆਂ ਤਲਖ਼ਤ ਹਕੀਕਤਾਂ ਭਰੀ ਕੁੜੱਤਣ 'ਚੋਂ ਆਪਣੇ ਹਿੱਸੇ ਦੇ ਸੁਖ ਦੇ ਸਾਹ ਕਿਵੇਂ ਕਾਇਮ ਕੀਤੇ ਹਨ, ਕਿਵੇਂ ਕੌੜੀ ਆਬੋ-ਹਵਾ ਵਿਚ ਵਿਚਰਦਿਆਂ ਵੀ ਉਸ ਦੇ ਮਨ ਮੁਸਤਕ ਨੇ ਕੁਝ ਕੁ ਮਿਲੀ ਮਿਠਾਸ ਨਾਲ ਪੀਢੀ ਗੰਢ ਪਾਈ ਹੈ। ਇਹ ਸਭ ਇਸ ਆਤਮ-ਕਥਾ 'ਚੋਂ ਜਾਣਿਆ ਜਾ ਸਕਦਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਕਰਤਾਰ ਸਿੰਘ ਸਰਾਭਾ ਅਤੇ ਹੋਰ ਯੋਧਿਆਂ ਦੀਆਂ ਵਾਰਾਂ
ਲੇਖਕ : ਮਾ. ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 94170-49417
ਇਸ ਪੁਸਤਕ ਵਿਚ ਵਾਰਾਂ ਦੇ ਮਾਧਿਅਮ ਰਾਹੀਂ ਜਿਥੇ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਅਕਾਲੀ ਫੂਲਾ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਲੀ ਵਾਲੇ ਨੂੰ ਸ਼ਰਧਾਂਜਲੀ ਦਿੱਤੀ ਹੈ, ਉਥੇ ਹੀ ਡਾਕੂ ਸੁੰਦਰੀ ਫੂਲਾਂ ਦੇਵੀ ਦੀ ਵੀ ਵਾਰ ਲਿਖੀ ਹੈ। ਪੁਸਤਕ ਦੇ ਸਿਰਲੇਖ ਵਿਚ ਕਰਤਾਰ ਸਰਾਭਾ ਦਾ ਅੱਧਾ ਨਾਮ ਖਟਕਦਾ ਹੈ। ਸ਼ਹੀਦਾਂ ਦੀਆਂ ਵਾਰਾਂ ਪੜ੍ਹਨ ਵਾਲੇ ਦੇ ਦਿਲ ਵਿਚ ਬੀਰ ਰਸ ਪੈਦਾ ਕਰਦੀਆਂ ਹਨ। ਸ਼ਹੀਦ ਊਧਮ ਸਿੰਘ, ਸ਼ਹੀਦ ਬੀਬੀ ਗੁਲਾਬ ਕੌਰ, ਸ਼ਹੀਦ ਨਛੱਤਰ ਸਿੰਘ ਧਾਲੀਵਾਲ, ਸ਼ਹੀਦ ਭਗਤ ਸਿੰਘ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਦੀਆਂ ਵਾਰਾਂ ਦੇ ਕੁਝ ਨਮੂਨੇ ਦੇਖੋ:
ਵਗਦੀ ਏ ਰਾਵੀ, ਜਾਪੇ ਕੁਝ ਕਹਿੰਦੀ ਭੈਣੇ
ਸਿਰੋਂ ਗੁਲਾਮੀ ਬਿਨ ਲੜਿਆਂ ਨਾ ਲਹਿੰਦੀ ਭੈਣੇ।
ਪਿਆਰੇ ਸਤਲੁਜ ਦੇ ਪਾਣੀ ਦੀ ਸਹੁੰ ਸਾਨੂੰ
ਖ਼ੂਨ ਆਪਣਾ ਤੂੰ ਜਿਸ ਵਿਚ ਡੋਲਿਆ ਸੀ।
ਨਾਅਰਾ ਭੁੱਲਾਂਗੇ ਨਹੀਂ ਇਨਕਲਾਬ ਵਾਲਾ,
ਜੋ ਤੂੰ ਫਾਂਸੀ ਦੇ ਤਖ਼ਤੇ ਤੋਂ ਬੋਲਿਆ ਸੀ।
ਪੰਜਾਬ ਦੀਏ ਪਾਕ ਧਰਤੀਏ,
ਮੇਰੀ ਨਮਸਕਾਰ ਲੱਖ ਵਾਰੀ।
ਦੇਸ਼ ਭਗਤ ਤੈਂ ਜਣੇ ਸੂਰਮੇ,
ਯੋਧੇ ਅਤੇ ਲਿਖਾਰੀ।
ਕਵੀ ਨੇ ਮਾਤਾ ਵਿੱਦਿਆਵਤੀ, ਕਾਮਰੇਡ ਤੇਜਾ ਸਿੰਘ ਸੁਤੰਤਰ, ਕਵੀਸ਼ਰ ਕਰਨੈਲ ਪਾਰਸ, ਸੰਤ ਰਾਮ ਉਦਾਸੀ, ਬੰਤ ਰਾਮ ਸਿੰਘ ਅਲੀਸ਼ੇਰ, ਕਾਮਰੇਡ ਪੂਰਨ ਸਿੰਘ ਸਿਰਸੀਵਾਲਾ ਅਤੇ ਨਕਸਲੀ ਸ਼ਹੀਦਾਂ ਨੂੰ ਵੀ ਭਾਵ ਪੂਰਤ ਸ਼ਬਦਾਂ ਵਿਚ ਕਾਵਿਕ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਪੁਸਤਕ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਚੁੱਪ ਦੇ ਟੁਕੜੇ
ਲੇਖਕ : ਹਰਜਿੰਦਰ ਕੰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 95011-45039
ਹਰਜਿੰਦਰ ਕੰਗ ਪੰਜਾਬੀ ਨੌਜਵਾਨ ਹੈ, ਜੋ ਕਿ ਅੱਜਕਲ੍ਹ ਕੈਨੇਡਾ ਦਾ ਨਿਵਾਸੀ ਹੈ। ਹਥਲੀ ਪੁਸਤਕ ਤੋਂ ਪਹਿਲਾਂ ਕੰਗ ਦੋ ਗ਼ਜ਼ਲ-ਸੰਗ੍ਰਹਿ ਸਿਰਜ ਚੁੱਕਾ ਹੈ। 'ਸਵਾਂਤੀ ਬੂੰਦ' (ਗ਼ਜ਼ਲ ਸੰਗ੍ਰਹਿ) 1992 ਵਿਚ ਆਇਆ ਸੀ ਜਦੋਂ ਕਿ 'ਠੀਕਰੀ ਪਹਿਰਾ' ਗ਼ਜ਼ਲ ਸੰਗ੍ਰਹਿ 1996 ਵਿਚ ਆਇਆ। ਇਸ ਤਰ੍ਹਾਂ ਕੰਗ ਇਕ ਜਾਣਿਆ-ਪਛਾਣਿਆਂ ਸ਼ਿਅਰਕਾਰ ਹੈ। ਹਥਲੀ ਪੁਸਤਕ ਦਾ ਪਹਿਲਾ ਐਡੀਸ਼ਨ 2006 ਵਿਚ ਛਪਿਆ ਸੀ। ਇਸ ਸਾਲ 2024 ਵਿਚ ਦੂਜਾ ਐਡੀਸ਼ਨ ਪ੍ਰਕਾਸ਼ਿਤ ਹੋਇਆ ਹੈ। ਹਰਜਿੰਦਰ ਕੰਗ ਦੀ ਸ਼ਾਇਰੀ ਸਮਕਾਲ ਨੂੰ ਸੰਬੋਧਿਤ ਹੁੰਦੀ ਹੈ। ਭਾਵੇਂ ਉਹ ਕੈਨੇਡਾ ਵਿਚ ਕਈ ਸਾਲਾਂ ਤੋਂ ਵਸ ਰਿਹਾ ਹੈ ਪਰ ਉਸ ਦੇ ਅੰਦਰ ਪੰਜਾਬ ਵੀ ਵੱਸਦਾ ਹੈ। ਉਹ ਜੋ ਵੀ ਸ਼ਿਅਰ ਸਿਰਜਦਾ ਹੈ, ਉਸ ਦੇ ਡੂੰਘੇ ਅਰਥ ਹੁੰਦੇ ਹਨ। ਉਹ ਕਦੇ ਵੀ ਕਲਾ ਦਾ ਪੱਲਾ ਨਹੀਂ ਛੱਡਦਾ ਅਤੇ ਗ਼ਜ਼ਲ ਤਕਨੀਕ ਦੀ ਪੈਰਵੀ ਕਰਦਾ ਹੈ :
-ਪਿੰਜਰੇ ਦਾ ਮੂੰਹ ਹਵਾ ਵਿਚ
ਅੱਡਿਆ ਹੀ ਰਹਿ ਗਿਆ,
ਸਤਰੰਗੀ ਪੀਂਘ ਤੇ ਚਿੜੀਆਂ ਦਾ
ਚੰਬਾ ਬਹਿ ਗਿਆ।
ਕੰਗ ਆਪਣੀ ਉਦਾਸੀ ਨੂੰ ਜਗ ਨਸ਼ਰ ਨਹੀਂ ਕਰਨਾ ਚਾਹੁੰਦਾ ਸਗੋਂ ਇਸ ਤਨਹਾਈ ਨੂੰ ਵੀ ਮੀਤ ਬਣਾਉਣਾ ਲੋਚਦਾ ਹੈ :
ਸ਼ਾਮ ਢਲੀ ਇਕ ਸੂਰਜ ਡੁੱਬਾ
ਚੜਿਆ ਇਕ ਤਨਿਹਾਈ ਦਾ
ਬੁੱਕਲ ਦੇ ਵਿਚ ਲੈ ਕੇ ਸੌਂ ਜਾਹ ਜਗ ਨੂੰ ਨਹੀਂ ਵਿਖਾਈਦਾ।
ਕੰਗ ਦੇ ਸ਼ਿਅਰਾਂ ਵਿਚੋਂ ਸ਼ਬਦਾਂ ਦੀ ਮਹਿਕ ਅਤੇ ਖਿਆਲ ਦੀ ਗੂੰਜਣ ਸੁਣਾਈ ਦਿੰਦੀ ਹੈ :
ਉਹ ਕਿਹੜੀ ਸ਼ਾਮ ਹੈ ਜਿਸ ਦਾ ਅਜੇ ਸੂਰਜ ਨਹੀਂ ਡੁੱਬਾ,
ਸੁਲਘਦੀ ਯਾਦ ਰਹਿੰਦੀ ਹੈ ਮੇਰੇ ਸੀਨੇ 'ਚ ਸਾਰਾ ਦਿਨ।
ਸੁਰਜੀਤ ਪਾਤਰ ਹਰਜਿੰਦਰ ਕੰਗ ਬਾਰੇ ਪੁਸਤਕ ਦੀ ਭੂਮਿਕਾ ਵਿਚ ਉਸ ਦੀ ਸ਼ਾਇਰੀ ਦੀ ਪ੍ਰਸੰਸਾ ਕਰਦਾ ਹੈ। ਅਸਲ ਵਿਚ ਕੰਗ ਭਾਵੇਂ ਗ਼ਜ਼ਲ ਲਿਖੇ, ਨਜ਼ਮ ਲਿਖੇ ਜਾਂ ਗੀਤ ਉਹ ਕਵਿਤਾ ਦੀ ਸੰਗੀਤਕਤਾ ਤੋਂ ਨਹੀਂ ਥਿੜਕਦਾ। ਕਈ ਲੋਕ ਗ਼ਜ਼ਲ ਵਿਚ ਬਹਿਰ ਛੰਦ ਨੂੰ ਬੰਦਸ਼ ਸਮਝਦੇ ਹਨ ਪਰ ਦਰਹਕੀਕਤ ਘਰ ਦਾ ਕੁੰਡਾ ਘਰ ਦੀ ਆਜ਼ਾਦੀ ਵੀ ਹੁੰਦਾ ਹੈ। ਬਹਿਰ ਤੇ ਛੰਦ ਗ਼ਜ਼ਲ ਦੇ ਖੰਭ ਹਨ, ਜਿਸ ਗੱਲ ਨੂੰ ਹਰਜਿੰਦਰ ਕੰਗ ਬਾਖ਼ੂਬੀ ਸਮਝਦਾ ਹੈ। ਉਸ ਦੇ ਕੁਝ ਸ਼ਿਅਰ ਪਾਠਕਾਂ ਲਈ ਹਾਜ਼ਰ ਹਨ :
-ਕੱਚੀਆਂ ਤੰਦਾਂ ਦੀ ਡੋਰੀ ਜ਼ਿੰਦਗੀ,
ਸਿਸਕਦੀ ਹੋਈ ਹੈ ਝੋਰੀ ਜ਼ਿੰਦਗੀ।
ਢਿਡ ਤੋਂ ਭੁੱਖੇ ਕਿਸੇ ਕਿਰਸਾਨ ਦੇ
ਸਿਰ ਧਰੀ ਕਰਜ਼ੇ ਦੀ ਬੋਰੀ ਜ਼ਿੰਦਗੀ।
-ਦਰ ਖੜਕੇ ਨਿਤ ਕੋਈ ਅੰਦਰ ਹੋਵੇ ਨਾ,
ਏਨਾ ਸੁੰਨਾ ਵੀ ਕੋਈ ਘਰ ਹੋਵੇ ਨਾ।
-ਫਿਰ ਸਜ਼ਾ ਲਗਦਾ ਹੈ ਪਰਦੇਸਾਂ ਦਾ ਰਹਿਣਾ,
ਵਿਛੜੇ ਆਉਂਦੇ ਨੇ ਜਦ ਪਰਿਵਾਰ ਚੇਤੇ।
-ਆਪਣੀ ਮਿੱਟੀ ਹੇਠ ਨਾ ਦੱਬ ਗੁਨਾਹਾਂ ਨੂੰ,
ਜ਼ਹਿਰ ਚੜੇਗੀ ਤੇਰੇ ਆਪਣੇ ਸਾਹਾਂ ਨੂੰ।
-ਹਵਾਲੇ ਪਤਝੜਾਂ ਦੇ ਹੋ ਗਏ ਸਭ ਚੇਤ ਮੇਰੇ
ਕਿਸੇ ਮੰਡੀ 'ਚ ਨਹੀਂ ਲੱਭਦੇ ਗੁਆਚੇ ਖੇਤ ਮੇਰੇ।
ਕੰਗ ਦੀਆਂ ਗ਼ਜ਼ਲਾਂ ਵਰਗੀ ਗਹਿਰੀ, ਸਾਦਗੀ ਅਤੇ ਅਰਸ਼ਾਂ ਦੀ ਬੁਲੰਦੀ ਘਟ ਹੀ ਸ਼ਾਇਰਾਂ ਨੂੰ ਮਿਲਦੀ ਹੈ।
ਗ਼ਜ਼ਲ ਪੁਸਤਕ ਵਿਚ 58 ਰਚਨਾਵਾਂ ਹਨ, ਜਿਨ੍ਹਾਂ ਵਿਚੋਂ ਕੇਵਲ 10 ਕੁ ਕਵਿਤਾਵਾਂ ਅਤੇ ਗੀਤ ਹਨ। ਇਹ ਪੁਸਤਕ ਇਕ ਸ਼ਾਨਦਾਰ ਗ਼ਜ਼ਲ-ਸੰਗ੍ਰਹਿ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਵਿਚਾਰਾਂ ਦਾ ਸੰਗ੍ਰਹਿ
ਸੰਗ੍ਰਹਿ ਕਰਤਾ : ਗੁਰਬਖਸ਼ ਸਿੰਘ 'ਢੱਟ'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98147-32198
ਜੀਵਨ ਦੇ ਕਿਸੇ ਵੀ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੇ ਜ਼ਿੰਦਗੀ ਵਿਚ ਜੋ ਸੰਘਰਸ਼ ਕੀਤਾ ਹੁੰਦਾ ਹੈ, ਉਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਜਾਂ ਪ੍ਰਾਪਤੀਆਂ ਤੋਂ ਪ੍ਰਤੱਖ ਦਿਸ ਪੈਂਦੀ ਹੈ। ਅਜਿਹੇ ਵਿਚਾਰਵਾਨਾਂ ਦੇ ਜੀਵਨ ਅਨੁਭਵ 'ਚੋਂ ਉਪਜੇ ਉੱਚ-ਵਿਚਾਰ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਇਸ ਪੁਸਤਕ ਦੇ ਲੇਖਕ ਗੁਰਬਖਸ਼ ਸਿੰਘ 'ਢੱਟ' ਨੇ ਸਮੇਂ-ਸਮੇਂ ਪੜ੍ਹੀਆਂ ਅਨੇਕਾਂ ਪੁਸਤਕਾਂ ਵਿਚੋਂ ਵਿਚਾਰਵਾਨਾਂ ਦੇ ਵਿਚਾਰਾਂ ਨੂੰ ਇਕ ਥਾਂ ਇਕੱਤਰ ਕਰਨ ਤੇ ਛਪਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਨ੍ਹਾਂ ਚਿੰਤਕਾਂ ਵਿਚੋਂ ਕੁਝ ਉੱਚ-ਕੋਟੀ ਦੇ ਵਿਦਵਾਨਾਂ ਦੇ ਕਥਨ ਪਾਠਕਾਂ ਦੀ ਰੌਚਕ ਜਾਣਕਾਰੀ ਲਈ ਪੇਸ਼ ਕੀਤੇ ਜਾ ਰਹੇ ਹਨ:
-ਇਕ ਚੰਗੀ ਮਾਂ ਸੌ ਅਧਿਆਪਕਾਂ ਦੇ ਬਰਾਬਰ ਹੈ (ਜਾਰਜ ਹਰਬਟ)
-ਜਿਥੇ ਡਰ ਤੇ ਚਿੰਤਾ ਹੈ, ਉਥੇ ਨੀਂਦ ਦਾ ਵਾਸਾ ਨਹੀਂ (ਸ਼ੈਕਸਪੀਅਰ)
-ਅਸੰਭਵ ਸ਼ਬਦ ਮੂਰਖਾਂ ਦੇ ਸ਼ਬਦ-ਕੋਸ਼ ਵਿਚ ਹੁੰਦਾ ਹੈ (ਨਿਪੋਲੀਅਨ)
-ਕਈ ਵਾਰੀ ਸ਼ੱਕ ਦੀ ਇਕ ਨਿੱਕੀ ਜਿਹੀ ਚੰਗਿਆੜੀ ਪਿਆਰ ਦੇ ਖਲਵਾੜੇ ਦੀ ਸੁਆਹ ਕਰ ਦਿੰਦੀ ਹੈ। (ਨਾਨਕ ਸਿੰਘ)
-ਬੁੱਧੀ ਰੱਬ ਦੀ ਖੋਜ ਨਹੀਂ ਕਰ ਸਕਦੀ। ਰੱਬ ਸਿਰਫ਼ ਭੋਲੇਪਨ ਅਤੇ ਬੱਚਿਆਂ ਵਰਗੇ ਯਕੀਨ ਵਿਚ ਹੀ ਪਾਇਆ ਜਾ ਸਕਦਾ ਹੈ। (ਜੈਕੋਬੀ)
-ਜਿਸ ਮਿਹਨਤ ਤੋਂ ਸਾਨੂੰ ਆਨੰਦ ਮਿਲਦਾ ਹੈ, ਉਹ ਸਾਡੇ ਰੋਗਾਂ ਲਈ ਅੰਮ੍ਰਿਤ ਹੈ। (ਸ਼ੈਕਸਪੀਅਰ)
-ਮਜ਼ਦੂਰ ਨੂੰ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦੇਣੀ ਚਾਹੀਦੀ ਹੈ।
(ਲੈਨਿਨ)
-ਮੌਤ ਜੀਵਨ ਦੀ ਸੁਨਹਿਰੀ ਸ਼ਾਮ ਹੈ।
ਸ਼ਬਦ ਅਤੇ ਸਮਾਜਕਤਾ
ਲੇਖਕ : ਡਾ. ਸਰਬਜੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 208
ਸੰਪਰਕ : 98155-74144
ਸਾਹਿਤ ਅਤੇ ਸਮਾਜ ਦਾ ਰਿਸ਼ਤਾ ਬੜਾ ਡੂੰਘਾ ਤੇ ਅਨਿੱਖੜਵਾਂ ਹੁੰਦਾ ਹੈ। ਇਕ ਲੇਖਕ ਸਾਹਿਤ ਦੇ ਕਿਸੇ ਵੀ ਰੂਪ ਵਿਚ ਜਦ ਲਿਖ ਰਿਹਾ ਹੁੰਦਾ ਹੈ, ਉਹ ਆਪਣੀ ਕਲਾਮਈ ਸ਼ੈਲੀ ਦੁਆਰਾ ਆਪਣੇ ਸਮੇਂ ਦੇ ਹਾਲਾਤ ਦਾ ਚਿੱਤਰਣ ਕਰਦਾ ਹੈ। ਨਾਲ-ਨਾਲ ਉਸ ਨੇ ਇਸ ਵਿਚ ਦਖਲਅੰਦਾਜ਼ੀ ਵੀ ਕਰਨੀ ਹੁੰਦੀ ਹੈ। ਡਾ. ਸਰਬਜੀਤ ਸਿੰਘ ਨੇ ਇਸ ਪੁਸਤਕ ਵਿਚ ਸਾਹਿਤਕਾਰ ਰਾਹੀਂ ਸਿਰਜੇ ਗਏ ਕਾਵਿ-ਸ਼ਬਦ ਦੀ ਸਮਾਜਕਤਾ ਨਾਲ ਸਾਂਝ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਵਿਤਾ ਆਪਣੇ ਯੁੱਗ ਵਿਚ ਸਾਕਾਰ ਹੋ ਕੇ ਗਤੀਸ਼ੀਲ ਰਹਿੰਦੀ ਹੈ। ਪਹਿਲੇ ਲੇਖ ਵਿਚ ਲੇਖਕ ਦਸਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਧਾਰਮਿਕ ਕਰਮ-ਕਾਂਡ ਅਤੇ ਰੀਤੀਆਂ ਨੂੰ ਮਨੁੱਖੀ ਗੁਣਾਂ ਵਿਚ ਪਲਟ ਕੇ ਨਵੇਂ ਜੀਵਨ ਸਿਧਾਂਤ ਦੀ ਸਿਰਜਣਾ ਕੀਤੀ। ਆਪ ਜੀ ਰਚਿਤ 'ਬਾਬਰਬਾਣੀ' ਉਸ ਦੌਰ ਦੀ ਰਾਜਸੀ ਸਥਿਤੀ ਨੂੰ ਪ੍ਰਗਟ ਕਰਦੀ ਹੈ:
'ਰਾਜੇ ਸੀਹ ਮਕਦਮ ਕੁਤੇ॥ ਜਾਇ ਜਗਾਇਨ੍ ਬੈਠੇ ਸੁਤੇ॥
'ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਅਗਲੇ ਲੇਖ ਵਿਚ ਗੁਰੂ ਤੇਗ ਬਹਾਦਰ ਰਚਿਤ ਬਾਣੀ ਬਾਰੇ ਵਰਨਣ ਕੀਤਾ ਹੈ ਕਿ ਆਪ ਦੀ ਬਾਣੀ ਵਿਚ ਮਨੁੱਖੀ ਦੇਹ ਕੇਂਦਰ ਬਿੰਦੂ ਹੈ। ਇਹ ਦੇਹ ਅਨਮੋਲ ਜੀਵਨ ਦੀ ਲਖਾਇਕ ਹੈ। ਮਾਇਆਧਾਰੀ ਜੀਵਨ ਸ਼ੈਲੀ ਤੋਂ ਮੁਕਤ ਹੋ ਕੇ ਹੀ ਮਨੁੱਖ ਨਿਰਵਾਣ ਪ੍ਰਾਪਤੀ ਤੱਕ ਪਹੁੰਚ ਸਕਦਾ ਹੈ। ਪੁਸਤਕ ਦੇ ਅਗਲੇ ਪੰਨਿਆਂ ਦੇ ਹੇਠ ਲਿਖੇ ਲੇਖਾਂ ਵਿਚ ਲੇਖਕ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਦਰਸਾਏ ਹਨ:
-ਪ੍ਰਗਤੀਵਾਦ ਅਤੇ ਬਾਵਾ ਬਲਵੰਤ ਦੀ ਕਵਿਤਾ
-ਸ਼ਿਵ ਕੁਮਾਰ : ਅਤੀਤ ਅਤੇ ਵਰਤਮਾਨ
-ਡਾ. ਜਗਤਾਰ : ਕ੍ਰਾਂਤੀਕਾਰੀ ਚੇਤਨਾ ਦਾ ਸਿਰਜਕ
-ਸੁਖਵਿੰਦਰ ਕੰਬੋਜ਼ : ਸ਼ਬਦਾਂ ਦਾ ਸਫਰ
-ਅੱਗ ਦੀ ਤਵਾਰੀਖ : ਜਿਊਣਾ
-ਦਲਵੀਰ ਕੌਰ : ਨਾਰੀ ਵਜੂਦ ਦਾ ਸੁਆਲੀਆ ਪ੍ਰਵਚਨ
ਪੁਸਤਕ ਨੂੰ ਖੂਬਸੂਰਤ ਬਣਾਉਣ ਲਈ ਲੇਖਕ ਤੇ ਪ੍ਰਕਾਸ਼ਕ ਨੇ ਪ੍ਰਸੰਸਾਯੋਗ ਮਿਹਨਤ ਕੀਤੀ ਹੈ। ਕਿਤਾਬ ਦੀ ਛਪਾਈ ਵਿਚ ਸ਼ਬਦ ਜੋੜਾਂ ਅਤੇ ਪਰੂਫ ਰੀਡਿੰਗ ਦੀਆਂ ਉਕਾਈਆਂ ਅਕਸਰ ਰਹਿ ਜਾਂਦੀਆਂ ਹਨ। ਪਰ ਜਦੋਂ ਗੁਰਬਾਣੀ ਦੀਆਂ ਪਾਵਨ ਤੁਕਾਂ ਵਿਚ ਇਸ ਤਰ੍ਹਾਂ ਦੀਆਂ ਅਸ਼ੁੱਧੀਆਂ ਨਜ਼ਰ ਆਉਣ ਤਾਂ ਮਨ ਨੂੰ ਜ਼ਰੂਰ ਠੇਸ ਪਹੁੰਚਦੀ ਹੈ। ਹੇਠਾਂ ਬ੍ਰੈਕਟਾਂ ਵਿਚ ਅਜਿਹੀਆਂ ਗ਼ਲਤੀਆਂ ਦਰਸਾਈਆਂ ਜਾ ਰਹੀਆਂ ਹਨ:
-ਮਨ ਰੇ ਕਹਾ ਭਇਓ (ਹੈ) ਤੈ ਬਉਰਾ॥
ਅਹਿਨਿਸਿ (ਅਹਿਨਿਸ) ਅਉਧ (ਅਊਧ) ਘਟੈ (ਘਟੇ) ਨਹੀ ਜਾਨੈ
ਭਇਓ ਲੋਭ ਸੰਗਿ (ਸੰਗ) ਹਉਰਾ॥
ਜੋ ਤਨੁ ਤੈ ਅਪਨੋ ਕਰਿ ਮਾਨਿਓ (ਮਾਨਿਉ)
ਅਰੁ (ਅਰ) ਸੁੰਦਰ ਗ੍ਰਿਹ ਨਾਰੀ॥
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ (ਵਿਚਾਰੀ)॥
-ਸਾਧੋ ਮਨ ਕਾ ਮਾਨ ਕਾ ਮਾਨੁ ਤਿਆਗਉ
ਕਾਮੁ ਕ੍ਰੋਧੁ (ਕ੍ਰੋਧ) ਸੰਗਤਿ ਦੁਰਜਨ ਕੀਤਾ ਤੇ ਅਹਿਨਿਸਿ (ਅਹਿਨਸ) ਭਾਗ ਉ॥
ਹਰਖ ਸੋਗ ਤੇ ਰਹੈ (ਰਹੇ) ਅਤੀਤਾ...
ਜਨ (ਜੁਨ) ਨਾਨਕ ਇਹੁ (ਕਿਹੁ)
ਖੇਲੁ ਕਠਨੁ (ਕਠੁਨ) ਹੈ
ਕਿਨ ਹੂ (ਕਿਨਹੂ) ਗੁਰਮੁਖਿ ਜਾਨਾ॥
-ਲੋਭਿ (ਲੋਭ) ਗ੍ਰਸਿਓ ਦਸ ਹੂ (ਦਸਹੁ)
ਦਿਸ (ਇਸ) ਧਾਵਤ...
ਲਾਜ (ਲਾਗ) ਨ (ਨਾ) ਲੋਕ ਹਸਨ ਕੀ॥
ਨਾਨਕ ਹਰਿ (ਹਰੁ) ਜਸੁ ਕਿਉ ਨਹੀ (ਨਹ) ਗਾਵਤ...
ਮੇਰ ਉ ਮੇਰ ਉ (ਮੇਰੋ ਮੇਰੋ) ਸਭੈ (ਸਭੇ)
ਕਹਤ (ਕਹਿਤ) ਹੈ
ਮਨ ਮੂਰਖ ਅਜਹੂ (ਅਜਹੁ)...
ਜਉ ਗਾਵੈ (ਗਾਣੈ) ਪ੍ਰਭ ਕੇ ਗੀਤ
-ਚਾਰਿ (ਚਾਰ) ਵਰਨਿ (ਵਰਣਿ)...
ਜਗਿ ਵਿਚਿ (ਵਿਚ)
ਮਕਾ ਕਾਬਾ (ਕਾਅਬਾ)
ਸੁੰਨਤਿ ਮੁਸਲਮਾਣ (ਮੁਸਲਮਾਨ) ਕੀ...
ਤਿਲਕ ਜੰਞੂ (ਜੰਝੂ)
-ਇਕ ਨਾਮੁ (ਇਕ ਨਾਮ) / -ਮੋਹੇ (ਮੋਹੈ) ਲਾਲਚ
-ਆਵਣਿ ਜਾਣੇ (ਜਾਵੇ)।
-ਕਲਿ ਕਾਤੀ ਰਾਜੇ ਕਾਸਾਈ (ਕਸਾਈ)
ਕੂੜੁ (ਕੂੜ) ਅਮਾਵਸ
ਵਿਚਿ ਹਉਮੈ (ਹਓਮੇ)... ਗਤਿ ਹੋਈ (ਹੋਇ)।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਸ੍ਰੀ ਹਰਿਕ੍ਰਿਸ਼ਨ ਧਿਆਇਐ
ਲੇਖਕ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98141-45047
ਡਾ. ਕੁਲਵਿੰਦਰ ਕੌਰ ਮਿਨਹਾਸ ਪੰਜਾਬੀ ਸਾਹਿਤ ਦੀ ਅਜਿਹੀ ਲੇਖਕਾ ਹੈ ਜਿਸ ਨੇ ਵਾਰਤਕ, ਨਾਵਲ, ਧਾਰਮਿਕ ਪੁਸਤਕਾਂ ਤੇ ਜੀਵਨੀ ਵਿਧਾ ਲਿਖ ਕੇ ਸਾਹਿਤ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਸ ਨੇ ਕਈ ਪੁਸਤਕਾਂ ਹਿੰਦੀ ਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਤੇ ਖੋਜ-ਪੱਤਰ ਵੀ ਲਿਖੇ। ਉਹ ਅਧਿਐਨ ਤੇ ਅਧਿਆਪਨ ਦੇ ਕਾਰਜ ਨਾਲ ਜੁੜੀ ਹੋਈ ਮਾਣ-ਮੱਤੀ ਸ਼ਖ਼ਸੀਅਤ ਹੈ। ਉਸ ਦੀਆਂ ਹੁਣ ਤੱਕ ਦੋ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਉਸ ਦੇ ਨਾਵਲਾਂ ਦੇ ਵਿਸ਼ੇ ਜ਼ਿਆਦਾਤਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਇਕ ਲੇਖਿਕਾ ਹੋਣ ਦੇ ਨਾਲ ਸੇਵਾ ਤੇ ਸਿਮਰਨ ਉਸ ਦੀ ਸ਼ਖ਼ਸੀਅਤ ਦੇ ਅਭਿੰਨ ਅੰਗ ਹਨ। ਉਹ ਪਿਛਲੇ ਦਸ ਸਾਲਾਂ ਤੋਂ ਲੋੜਵੰਦ ਤੇ ਝੁੱਗੀਆਂ, ਝੌਂਪੜੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਸੇਵਾ ਨਿਭਾ ਰਹੀ ਹੈ।
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਬਾਰੇ ਇਸ ਹਥਲੀ ਕਿਤਾਬ ਨੂੰ ਲੇਖਕਾ ਨੇ ਬਾਰਾਂ ਅਧਿਆਇਆਂ ਵਿਚ ਵੰਡਿਆ ਹੈ। ਗੁਰੂ ਜੀ ਦੀ ਜੀਵਨ ਗਾਥਾ ਨੂੰ ਬਹੁਤ ਸਾਦੇ ਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ। ਪਹਿਲੇ ਅਧਿਆਏ ਵਿਚ ਸ੍ਰੀ ਹਰਿਕ੍ਰਿਸ਼ਨ ਧਿਆਇਐ ਕਿਤਾਬ ਲਿਖਣ ਦਾ ਮੰਤਵ ਕਿਵੇਂ ਫੁਰਿਆ। ਕੋਰੋਨਾ ਸਮੇਂ ਸਮਾਜਿਕ ਰਿਸ਼ਤੇ ਕਿਵੇਂ ਤਾਰ-ਤਾਰ ਹੋਏ, ਕਿਵੇਂ ਸਮਾਜ ਸੇਵੀ ਅਤੇ ਗੁਰੂਘਰਾਂ ਵਿਚ ਸੇਵਕਾਂ ਨੇ ਸੇਵਾਵਾਂ ਅਰਪਿਤ ਕੀਤੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਦੂਜੇ ਅਧਿਆਇ ਵਿਚ ਗੁਰੂ ਜੀ ਦਾ ਆਗਮਨ, ਤੀਜੇ ਵਿਚ ਗੁਰਤਾਗੱਦੀ, ਚੌਥਾ, ਬਾਬਾ ਰਾਮਰਾਇ ਵੱਲੋਂ 72 ਤੋਂ ਵੱਧ ਕੀਤੀਆਂ ਕਰਾਮਾਤਾਂ ਦਾ ਵੇਰਵਾ ਦਰਜ ਹੈ। ਸਿੱਖ ਮਤ ਕਰਾਮਾਤਾਂ ਦਾ ਜ਼ੋਰਦਾਰ ਖੰਡਨ ਕਰਦਾ ਹੈ। ਪੰਜਵੇਂ ਅਧਿਆਇ ਵਿਚ ਗੁਰਤਾਗੱਦੀ ਬਾਬਾ ਰਾਮਰਾਇ ਨੂੰ ਕਿਉਂ ਨਹੀਂ? ਛੇਵੇਂ ਵਿਚ ਬਾਬਾ ਰਾਮਰਾਇ ਵਲੋਂ ਗੁਰਤਾਗੱਦੀ ਪ੍ਰਾਪਤੀ ਦੇ ਯਤਨ, ਸਤਵੇਂ ਅਧਿਆਇ ਵਿਚ ਔਰੰਗਜ਼ੇਬ ਕੋਲ ਸ਼ਿਕਾਇਤ, ਅੱਠਵੇਂ ਵਿਚ ਬਾਦਸ਼ਾਹ ਵਲੋਂ ਗੁਰੂ ਜੀ ਨੂੰ ਦਿੱਲੀ ਬੁਲਾਉਣਾ, ਨੌਵੇਂ ਅਧਿਆਇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਦੀ ਦਿੱਲੀ ਲਈ ਰਵਾਨਗੀ, ਦਸਵੇਂ ਵਿਚ ਸ੍ਰੀ ਹਰਿਕ੍ਰਿਸ਼ਨ ਜੀ ਦਾ ਦਿੱਲੀ ਪੁੱਜਣਾ, ਗਿਆਰਵੇਂ ਭਾਗ 'ਚ ਰਾਜੇ ਵਲੋਂ ਬਾਲਾ ਪ੍ਰੀਤਮ ਜੀ ਦੀ ਪਰਖ ਅਤੇ ਬਾਰਵੇਂ ਵਿਚ ਬਾਬਾ ਬਕਾਲੇ ਦੀ ਵਿਥਿਆ ਦਰਜ ਹੈ। ਕਿਤਾਬ ਵਿਚ ਗੁਰੂ ਜੀ ਅਨਪੜ ਛੱਜੂ ਨੂੰ ਗਿਆਨ ਦੀ ਦਾਤ ਪ੍ਰਦਾਨ ਕਰਦਿਆਂ, ਗੁਰਦੁਆਰਾ ਪੰਜੋਖਰਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ ਮਹਲ ਸਾਹਿਬ ਦੀਆਂ ਰੰਗਦਾਰ ਤਸਵੀਰਾਂ ਛਾਪੀਆਂ ਗਈਆਂ ਹਨ। ਪੁਸਤਕ ਗਿਆਨ ਵਰਧਕ ਅਤੇ ਪੜ੍ਹਨਯੋਗ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਹੱਥਾਂ 'ਚੋਂ ਕਿਰਦੀ ਰੇਤ
ਲੇਖਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 172
ਸੰਪਰਕ : 94638-36591
ਹੱਥਾਂ 'ਚੋਂ ਕਿਰਦੀ ਰੇਤ ਕਹਾਣੀ-ਸੰਗ੍ਰਹਿ ਰਵਿੰਦਰ ਸਿੰਘ ਸੋਢੀ ਦੁਆਰਾ ਰਚਿਤ ਹੈ ਜਿਸ ਵਿਚ ਉਸ ਨੇ ਕੁੱਲ 14 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਸਾਰੀਆਂ ਕਹਾਣੀਆਂ ਹੀ ਵਿਦੇਸ਼ਾਂ ਅਤੇ ਪੰਜਾਬ ਦੀ ਧਰਤੀ ਉੱਤੇ ਵਾਪਰਦੀਆਂ ਘਟਨਾਵਾਂ ਦਾ ਸੁਮੇਲ ਹਨ। 'ਮੈਨੂੰ ਫੋਨ ਕਰ ਲਈਂ' ਕਹਾਣੀ ਅਜੋਕੇ ਦੌਰ ਦੀ ਕਹਾਣੀ ਹੈ ਜਿਸ ਵਿਚ ਇਕ ਪਤੀ-ਪਤਨੀ ਦੇ ਤਲਾਕ ਦੀ ਸਥਿਤੀ ਵਿਚ ਉਨ੍ਹਾਂ ਨੂੰ ਮੁੜ ਤੋਂ ਇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਹਾਣੀ ਵਿਚ ਸ਼ੈਲੀ ਤੇ ਸ਼ਿਫਾਲੀ ਦੀ ਵਾਰਤਾਲਾਪ ਹੁੰਦੀ ਹੈ। ਸ਼ੈਲੀ ਇਕ ਮੈਰਿਜ ਕਾਊਂਸਲਰ ਹੈ ਜੋ ਅਰਜਨ ਤੇ ਸ਼ਿਫਾਲੀ ਦਾ ਸਮਝੌਤਾ ਕਰਵਾਉਣਾ ਚਾਹੁੰਦੀ ਹੈ। ਸ਼ੈਲੀ ਨੇ ਬਹੁਤ ਸਮਝਦਾਰੀ ਤੋਂ ਕੰਮ ਲੈ ਕੇ ਸ਼ਿਫਾਲੀ ਦੇ ਮੂੰਹੋਂ ਸਭ ਕੁਝ ਸੱਚ-ਸੱਚ ਕਢਵਾ ਲਿਆ ਹੈ। ਇਸ ਤਰ੍ਹਾਂ 'ਮੈਨੂੰ ਫੋਨ ਕਰ ਲਈਂ' ਕਹਾਣੀ ਰਾਹੀਂ ਤਲਾਕ ਲੈਣ ਵਾਲੇ ਲੋਕਾਂ ਨੂੰ ਸੇਧ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਅਤੇ ਪ੍ਰਸੰਸਾਯੋਗ ਕਹਾਣੀ ਹੋ ਨਿਬੜਦੀ ਹੈ। ਅਗਲੀ ਕਹਾਣੀ 'ਇਕ ਲੰਬਾ ਹਉਕਾ' ਹੈ, ਇਸ ਵਿਚ ਇਕ ਧੀ ਦੁਆਰਾ ਆਪਣੇ ਪਿਓ ਦੀ ਜ਼ਿੰਦਗੀ ਨੂੰ ਹੁਲਾਰਾ ਦਿੱਤਾ ਗਿਆ ਹੈ, ਜਿਸ ਦੀ ਘਰਵਾਲੀ ਸੀਮਾ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਉਹ ਆਪਣੀ ਫਰੈਂਡ ਹਲੇਰੀ ਨਾਲ ਜੀਵਨ ਬਤੀਤ ਕਰਦਾ ਹੈ। ਕਹਾਣੀ 'ਉਫ! ਉਹ ਤਕਨੀ' ਵਿਚ ਇਕ ਪਤੀ ਪਤਨੀ ਦੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ, ਜਿਸ ਵਿਚ ਅੱਖਾਂ ਦੀ ਤਕਨੀ ਰਾਹੀਂ ਹੀ ਸਭ ਕੁਝ ਸਮਝ ਲਿਆ ਜਾਂਦਾ ਹੈ। 'ਹੱਥਾਂ 'ਚੋਂ ਕਿਰਦੀ ਰੇਤ' ਕਹਾਣੀ ਵਿਚ ਪਰਵਾਸ ਦੀ ਧਰਤੀ ਤੇ ਵਾਪਰਦੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜਿਥੇ ਬੱਚੇ ਮਾਂ-ਪਿਓ ਤੋਂ ਵਾਰ੍ਹੇ ਹੋ ਰਹੇ ਹਨ ਤੇ ਆਪਣੀ ਮਨ-ਮਰਜ਼ੀ ਅਤੇ ਖੁੱਲ੍ਹ ਭਾਲਦੇ ਹਨ, ਜਿਸ ਵਿਚ ਗੁਰਨਾਮੋ ਅਤੇ ਨਿਹਾਲ ਸਿੰਘ ਪਤੀ ਪਤਨੀ ਹਨ, ਜਿਨ੍ਹਾਂ ਦਾ ਮੁੰਡਾ ਗੁਰੀ ਤੇ ਇਕ ਧੀ ਸੈਮੀ ਹੈ ਜੋ ਆਪਣੇ ਮਾਂ-ਬਾਪ ਦੀ ਕੋਈ ਵੀ ਆਖੀ ਗੱਲ ਨਹੀਂ ਸਹਾਰਦੇ ਤਾਂ ਉਨ੍ਹਾਂ ਦੇ ਮਾਂ-ਪਿਓ ਪਛਤਾਉਂਦੇ ਹਨ ਅਤੇ ਕਹਾਣੀ ਰਾਹੀਂ ਬਾਹਰ ਰਹਿ ਕੇ ਪਿੰਡਾਂ ਦੀ ਸੋਚ ਨੂੰ ਛੱਡਣ ਅਤੇ ਬੱਚਿਆਂ ਦੇ ਹਾਣ ਦਾ ਹੋਣ ਦੀ ਤਾਕੀਦ ਕੀਤੀ ਗਈ ਹੈ। ਅਗਲੀ ਕਹਾਣੀ 'ਹਟਕੋਰੇ ਲੈਂਦੀ ਜ਼ਿੰਦਗੀ' ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਵਿਚ ਪੈਸਾ ਕਮਾਉਣਾ ਬਹੁਤ ਔਖਾ ਹੈ ਅਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਸਿੰਘ ਸੋਢੀ ਨੇ ਵਿਦੇਸ਼ਾਂ ਦੇ ਅਸਲ ਯਥਾਰਥ ਨੂੰ ਬਿਆਨਦੀਆਂ ਕਹਾਣੀਆਂ ਦੀ ਪੇਸ਼ਕਾਰੀ ਬਾਖੂਬੀ ਕੀਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਰਵਿੰਦਰ ਰਵੀ ਦੇ ਕਾਵਿ-ਨਾਟਕ
(ਸਮਾਜਵਾਦੀ ਦ੍ਰਿਸ਼ਟੀ ਤੋਂ)
ਲੇਖਿਕਾ : ਡਾ. ਇੰਦਰਜੀਤ ਕੌਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 600 ਰੁਪਏ, ਸਫ਼ੇ : 303
ਸੰਪਰਕ : 94170-85785
'ਰਵਿੰਦਰ ਰਵੀ ਦੇ ਕਾਵਿ-ਨਾਟਕ' ਡਾ. ਇੰਦਰਜੀਤ ਕੌਰ ਦੀ ਖੋਜ ਭਰਪੂਰ ਕ੍ਰਿਤ ਹੈ। ਉਹ ਪਿਛਲੇ 25 ਸਾਲ ਤੋਂ ਪੰਜਾਬੀ ਨਾਟ-ਸਾਹਿਤ ਨਾਲ ਬੜੀ ਡੂੰਘੀ ਦਿਲਚਸਪੀ ਸਹਿਤ ਜੁੜੀ ਹੋਈ ਹੈ। ਹਥਲੀ ਪੁਸਤਕ ਵਿਚ ਉਸ ਨੇ ਰਵਿੰਦਰ ਰਵੀ ਦੇ ਸਾਰੇ ਦੇ ਸਾਰੇ 16 ਨਾਟਕਾਂ ਵਿਚਲੇ ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਮਸਲਿਆਂ ਅਤੇ ਔਰਤ ਦੀ ਸਮਾਜਿਕ ਸਥਿਤੀ ਦਾ ਸਮਾਜਵਾਦੀ ਦ੍ਰਿਸ਼ਟੀ ਤੋਂ ਗਹਿਣ ਗੰਭੀਰ ਅਧਿਐਨ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਨਾਟ ਆਲੋਚਨਾ ਦੇ ਖੇਤਰ ਵਿਚ ਇਹ ਲੇਖਿਕਾ ਦੀ ਮੁੱਲਵਾਨ ਪ੍ਰਾਪਤੀ ਹੈ।
ਰਵਿੰਦਰ ਰਵੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਹੈ। ਉਹ ਹੁਣ ਤੱਕ ਬਿਮਾਰ ਸਦੀ, ਦਰ ਦੀਵਾਰਾਂ, ਅੱਧੀ ਰਾਤ ਦੁਪਹਿਰ, ਚੌਕ ਨਾਟਕ, ਰੂਹ ਪੰਜਾਬ ਦੀ, ਸਿਫ਼ਰ ਨਾਟਕ, ਮੱਕੜੀ ਨਾਟਕ, ਰੁਕੇ ਹੋਏ ਯਥਾਰਥ, ਪਛਾਣ ਨਾਟਕ, ਮਨ ਦੇ ਹਾਣੀ, ਮਖੌਟੇ ਤੇ ਹਾਦਸੇ, ਚੱਕਰਵਿਊ ਤੇ ਪਿਰਾਮਿਡ, ਆਪੋ ਆਪਣੇ ਦਰਿਆ, ਹੋਂਦ ਨਿਹੋਂਦ, ਭਰਮ ਜਾਲ, ਸਿਆਸੀ ਦੰਦ ਕਥਾ 16 ਕਾਵਿ-ਨਾਟਕਾਂ ਦੀ ਸਿਰਜਣਾ ਕਰ ਚੁੱਕਾ ਹੈ, ਜੋ ਕਿ ਭਾਰਤ ਵਿਚ ਨਾਮਵਰ ਰੰਗ ਕਰਮੀਆਂ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਬੜੀ ਸਫ਼ਲਤਾ ਸਹਿਤ ਖੇਡੇ ਜਾ ਚੁੱਕੇ ਹਨ। ਲੇਖਿਕਾ ਨੇ ਆਪਣੀ ਇਸ ਰਚਨਾ ਵਿਚ ਰਵੀ ਦੇ ਕਾਵਿ-ਨਾਟਕਾਂ ਦੇ ਥੀਮ, ਸਰੂਪ, ਤਕਨੀਕ, ਬਣਤਰ, ਮੰਚਨ ਵਿਧੀਆਂ ਅਤੇ ਮੰਚਨ ਬਾਰੇ ਬੜਾ ਹੀ ਵਚਿੱਤਰ, ਸਰਬਪੱਖੀ, ਵਿਲੱਖਣ, ਸਾਰਥਕ ਅਧਿਐਨ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ। ਡਾ. ਇੰਦਰਜੀਤ ਕੌਰ ਨੇ ਇਸ ਖੋਜ ਭਰਪੂਰ ਪੁਸਤਕ ਨੂੰ ਛੇ ਅਧਿਆਇਆਂ ਵਿਚ ਵੰਡਿਆ ਹੈ। ਉਸ ਨੇ ਦੱਸਿਆ ਹੈ ਕਿ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀ ਮੂਲ ਸਮੱਸਿਆ ਇਹ ਹੈ ਕਿ ਅਜੋਕੇ ਪਦਾਰਥਕ ਵਾਤਵਰਨ ਵਾਲੇ ਯੁੱਗ ਵਿਚ ਮਨੁੱਖ ਪਹਿਲਾਂ ਆਪਣੇ ਨਿੱਜੀ ਹਿਤਾਂ ਬਾਰੇ ਸੋਚਦਾ ਹੈ। ਉਹ ਵਿਅਕਤੀਗਤ ਲਾਲਸਾ ਕਾਰਨ ਪੈਸੇ ਦੀ ਹਵਸ ਵਿਚ ਪਰਿਵਾਰਕ ਰਿਸ਼ਤਿਆਂ ਵਿਚਲੇ ਪਿਆਰ, ਨਿੱਘ, ਮੋਹ, ਮਮਤਾ, ਮੁਹੱਬਤ ਨੂੰ ਵਿਸਾਰ ਰਿਹਾ ਹੈ। ਇਸ ਦੇ ਨਾਲ ਹੀ ਇਕੱਲਤਾ ਅਤੇ ਬੇਗਾਨਗੀ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ। ਉਹ ਵਧੇਰੇ ਭੋਗ ਵਿਲਾਸ ਵਿਚ ਗੁਆਚ ਕੇ ਵਧੇਰੇ ਤਣਾਅ ਮਈ ਮਾਹੌਲ ਦੀ ਦਲਦਲ ਵਿਚ ਉਲਝਦਾ ਜਾ ਰਿਹਾ ਹੈ। ਰਵਿੰਦਰ ਰਵੀ ਆਧੁਨਿਕ ਮਨੁੱਖ ਦੇ ਮਨ ਦੀਆਂ ਮਨੋ-ਗੁੰਝਲਾਂ ਅਤੇ ਅਪਰਾਧੀ ਭਾਵਨਾਵਾਂ ਨੂੰ ਪੇਸ਼ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਨ੍ਹਾਂ ਦੇ ਕਾਰਨਾਂ ਨੂੰ ਜਾਣਨ, ਸਮਝਣ ਲਈ ਵੀ ਰੁਚਿਤ ਹੈ। ਔਰਤ ਪੁਰਸ਼ ਦੇ ਰਿਸ਼ਤੇ ਨੂੰ ਆਦਰਸ਼ ਸਮਾਜ ਦਾ ਆਧਾਰ ਸਵੀਕਾਰ ਕੀਤਾ ਗਿਆ ਹੈ। ਪ੍ਰੰਤੂ ਹੁਣ ਜਦੋਂ ਇਸ ਰਿਸ਼ਤੇ ਨੂੰ ਕੇਵਲ ਕਾਮ ਪੂਰਤੀ ਦਾ ਆਧਾਰ ਸਮਝਿਆ ਜਾਣ ਲੱਗਾ ਹੈ ਤਾਂ ਨਾਟਕਕਾਰ ਔਰਤ ਪੁਰਸ਼ ਦੇ ਇਸ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਨ ਉੱਤੇ ਜ਼ੋਰ ਦਿੰਦਾ ਹੈ। ਉਹ ਔਰਤ ਨੂੰ ਪੁਰਸ਼ ਦੇ ਸਮਾਨ ਇਕ ਧਿਰ ਮੰਨਦਾ ਹੈ। ਔਰਤ ਦੀ ਆਜ਼ਾਦੀ, ਸਮਾਨਤਾ, ਉਸ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਹੀ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕਦੀ ਹੈ। ਸਦੀਆਂ ਤੋਂ ਪੁਰਸ਼ ਪ੍ਰਧਾਨ ਸਮਾਜ ਨੇ ਪੁਰਸ਼ ਦੀ ਅਜਾਰੇਦਾਰੀ ਕਾਇਮ ਰੱਖਣ ਲਈ ਔਰਤ ਨੂੰ ਹਮੇਸ਼ਾ ਉਸ ਉੱਤੇ ਨਿਰਭਰ ਬਣਾ ਕੇ ਰੱਖਿਆ ਹੈ। ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਕਦਰਾਂ-ਕੀਮਤਾਂ ਤਹਿਤ ਔਰਤ ਦੇ ਸੁਤੰਤਰ ਰੂਪ ਵਿਚ ਵਿਚਰਨ, ਸੋਚਣ, ਸਮਝਣ ਦੇ ਢੰਗ ਉੱਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਰਹੀਆਂ ਹਨ, ਜੋ ਅੱਜ ਵੀ ਸੂਖ਼ਮ ਰੂਪ ਵਿਚ ਬਰਕਰਾਰ ਹਨ। ਇਸ ਪ੍ਰਕਾਰ ਰਵਿੰਦਰ ਰਵੀ ਆਪਣੇ ਕਾਵਿ-ਨਾਟਕਾਂ ਰਾਹੀਂ ਮਰਦ ਪ੍ਰਧਾਨ ਸੋਚ ਨੂੰ ਉਜਾਗਰ ਕਰਦਾ ਹੋਇਆ ਇਸ ਉੱਤੇ ਵਿਅੰਗ ਕਰਦਾ ਹੈ। ਉਸ ਦੇ ਕਾਵਿ-ਨਾਟਕਾਂ ਵਿਚ ਕੀਤਾ ਇਹੋ ਵਿਅੰਗ ਪਾਠਕਾਂ ਅਤੇ ਦਰਸ਼ਕਾਂ ਨੂੰ ਸੋਚਣ-ਸਮਝਣ, ਵਿਚਾਰਨ, ਸਮੇਂ ਅਨੁਸਾਰ ਬਦਲਣ ਲਈ ਜਾਗਰੂਕ ਅਤੇ ਚੇਤਨ ਕਰਦਾ ਹੈ।
ਨਿਸਚੇ ਹੀ ਡਾ. ਇੰਦਰਜੀਤ ਕੌਰ ਦਾ ਇਹ ਖੋਜ ਕਾਰਜ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀ ਸਮਾਜਵਾਦੀ ਦ੍ਰਿਸ਼ਟੀ ਦੇ ਭਿੰਨ-ਭਿੰਨ ਪਾਸਾਰਾਂ ਦੇ ਸੰਦਰਭ ਵਿਚ ਵਿਗਿਆਨਕ ਅਤੇ ਪ੍ਰਮਾਣਿਕ ਪਹੁੰਚ ਅਪਣਾ ਕੇ ਸਾਰਥਕ ਸਿੱਟੇ ਕੱਢਣ ਦਾ ਸ਼ਲਾਘਾਯੋਗ ਉਪਰਾਲਾ ਹੈ। ਨਾਟ ਆਲੋਚਨਾ ਦੇ ਖੇਤਰ ਵਿਚ ਇਹ ਲੇਖਿਕਾ ਦਾ ਵੱਡਾ ਉੱਦਮ ਹੈ, ਜਿਸ ਦਾ ਸਾਹਿਤ ਪ੍ਰੇਮੀਆਂ ਨੂੰ ਭਰਪੂਰ ਹੁੰਘਾਰਾ ਭਰਨਾ ਬਣਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਗੱਡੀਆਂ ਵਾਲੇ (ਰਾਜਸਥਾਨੀ)
ਲੇਖਕ : ਹਰਬੰਸ ਸਿੰਘ ਮੂੰਡੀ ਚਣਕੋਈਆਂ ਵਾਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98156-45240
ਇਸ ਕਾਵਿ-ਸੰਗ੍ਰਹਿ ਵਿਚ ਜ਼ਿੰਦਗੀ ਦੇ ਵਿਸ਼ਾਲ ਕੈਨਵਸ 'ਤੇ ਬਿੱਖਰੇ ਹੋਏ ਵੱਖੋ-ਵੱਖਰੇ ਰੰਗਾਂ ਦੀ ਬਾਤ ਪਾਈ ਗਈ ਹੈ। ਇਨ੍ਹਾਂ ਕਵਿਤਾਵਾਂ ਵਿਚ ਜ਼ਿੰਦਗੀ ਦੇ ਦੁੱਖ-ਦਰਦ, ਧੁੱਪਾਂ ਛਾਵਾਂ, ਰਿਸ਼ਤਿਆਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਵਿਦਮਾਨ ਹਨ। ਆਓ ਕੁਝ ਝਲਕਾਂ ਮਾਣੀਏ :
ਇਕ ਚਿੜੀ ਟਾਹਣੀ 'ਤੇ ਜਾ ਬਹਿੰਦੀ ਏ।
ਦੂਜੀ ਚਿੜੀ ਟੀਸੀ 'ਤੇ ਹੁਲਾਰੇ ਲੈਂਦੀ ਏ।
ਚੀਂ ਚੀਂ ਕਰਕੇ ਇਕ ਦੂਜੇ ਨਾਲ ਕਰਨ ਵਿਚਾਰਾਂ।
ਕੁੜੀਆਂ ਇਉਂ ਹੁੰਦੀਆਂ ਜਿਉਂ ਚਿੜੀਆਂ ਦੀਆਂ ਡਾਰਾਂ।
-ਐ ਨੌਜਵਾਨੋ ਨਸ਼ਿਆਂ ਪਿੱਛੇ ਕਿਉਂ ਭੱਜਦੇ ਹੋ।
ਸੋਨੇ ਵਰਗੀ ਜ਼ਿੰਦਗੀ ਐਵੇਂ ਬਰਬਾਦ ਕਰਦੇ ਹੋ।
-ਮਾਂ ਸੁਰਗ ਦਾ ਝੂਟਾ ਜਿਸ ਵਿਚ ਦੁਨੀਆ ਸਮੋਈ।
ਮਾਂ ਜਿੱਡਾ ਦੁਨੀਆ ਵਿਚ ਦਿਸੇ ਨਾ ਕੋਈ।
-ਗੱਡੀਆਂ ਵਾਲੇ ਕਹਿਣ ਅਸੀਂ ਰਾਜਸਥਾਨੋਂ ਆਏ ਹਾਂ।
ਫ਼ਖਰ ਕਰਦੇ ਨੇ ਵੀਰ ਰਾਣਾ ਪ੍ਰਤਾਪ ਦੇ ਜਾਏ ਹਾਂ।
-ਇਹ ਫਾਨੀ ਜੱਗ ਛੱਡ ਜਾਣਾ ਮਨ ਸਮਝਾਉਣਾ ਪੈਂਦਾ ਹੈ
ਫਿੱਕਾ ਬੋਲਾ ਨਾ ਬੋਲੀਏ ਪਿੱਛੋਂ ਪਛਤਾਉਣਾ ਪੈਂਦਾ ਹੈ।
ਇਨ੍ਹਾਂ ਕਵਿਤਾਵਾਂ ਵਿਚ ਜੀਵਨ ਦੀਆਂ ਅਟੱਲ ਸਚਿਆਈਆਂ ਅਤੇ ਸੁੰਦਰ ਸੁਨੇਹੇ ਛੁਪੇ ਹੋਏ ਹਨ। ਇਸ ਕਾਵਿ-ਸੰਗ੍ਰਹਿ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਖੇਡ ਪੁਲਾਂਘਾਂ
ਲੇਖਕ : ਪ੍ਰੋ. ਹਰਦੀਪ ਸਿੰਘ ਸੰਗਰੂਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 94174-60316
ਖੇਡ ਖੇਤਰ ਇਕ ਅਜਿਹਾ ਖੇਤਰ ਜੋ ਸਾਡੀ ਸਰੀਰਕ ਤੰਦਰੁਸਤੀ ਤਾਂ ਬਰਕਰਾਰ ਰੱਖਦਾ ਹੀ ਹੈ, ਨਾਲ ਦੀ ਨਾਲ ਸਾਡੀ ਮਾਨਸਿਕਤਾ ਵੀ ਮਜ਼ਬੂਤ ਹੁੰਦੀ ਹੈ ਅਤੇ ਮਨੋਬਲ ਵੀ ਉੱਚਾ ਰਹਿੰਦਾ ਹੈ। ਖੇਡ ਖੇਤਰ ਵੱਲ ਕਿਸੇ ਨੂੰ ਕੀਤੀ ਗਈ ਪ੍ਰੇਰਨਾ ਕਿਸੇ ਪਰਉਪਕਾਰ ਨਾਲੋਂ ਘੱਟ ਨਹੀਂ ਤੇ ਇਹ ਪ੍ਰੇਰਨਾ ਸਰੋਤ ਬਣਦਾ ਹੈ ਖੇਡ ਖੇਤਰ ਸੰਬੰਧੀ ਰਚਿਆ ਗਿਆ ਸਾਹਿਤ। 'ਖੇਡ ਪੁਲਾਂਘਾਂ+ ਖੇਡ ਖੇਤਰ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਪ੍ਰੋ. ਹਰਦੀਪ ਸਿੰਘ ਸੰਗਰੂਰ ਦੀ ਵਿਸ਼ੇਸ਼ ਪੁਸਤਕ ਹੈ। ਬਹੁਤੇ ਖਿਡਾਰੀ ਕੇਵਲ ਖੇਡ ਮੈਦਾਨ ਨਾਲ ਹੀ ਸੀਮਤ ਹੁੰਦੇ ਹਨ ਪਰ ਕੁਝ ਖਿਡਾਰੀ ਖੇਡ ਚਿੰਤਕ ਵੀ ਹੁੰਦੇ ਹਨ ਅਤੇ ਆਪਣੇ ਤਜਰਬੇ ਨਿਰੰਤਰ ਰੂਪ ਵਿਚ ਪਾਠਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹਰਦੀਪ ਸਿੰਘ ਸੰਗਰੂਰ ਵੀ ਅਜਿਹਾ ਹੀ ਖੇਡ ਲੇਖਕ ਹੈ, ਜਿਸ ਨੇ ਆਪਣੀ ਇਸ ਪੁਸਤਕ ਵਿਚ ਜਿਥੇ ਖੇਡਾਂ ਬਾਰੇ ਸਿਧਾਂਤਕ ਜਾਣਕਾਰੀ ਪ੍ਰਦਾਨ ਕੀਤੀ ਹੈ, ਉਥੇ ਵਿਹਾਰਕ ਰੂਪ ਵਿਚ ਖੇਡ ਖੇਤਰ ਦੇ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਹੈ। ਖੇਡਾਂ ਨਾਲ ਜੁੜ ਕੇ ਵਿਦਿਆਰਥੀ ਜਾਂ ਵਿਅਕਤੀ ਜਿਥੇ ਨਾਮਣਾ ਖੱਟਦਾ ਹੈ, ਉਥੇ ਉਸ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ। ਇਸ ਪੁਸਤਕ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਪਹਿਲਾਂ ਖੇਡਾਂ ਕੇਵਲ ਮਨੋਰੰਜਨ ਦਾ ਹੀ ਸਾਧਨ ਸਨ ਪਰ ਹੁਣ ਜਦੋਂ ਖਿਡਾਰੀ ਖੇਡਾਂ ਵਿਚ ਨਾਮਣਾ ਖੱਟਦੇ ਹਨ ਤਾਂ ਉਹ ਦੇਸ਼ ਦਾ ਨਾਂਅ ਵੀ ਉੱਚਾ ਕਰਦੇ ਹਨ। ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਵੀ ਦਿੰਦੇ ਹਨ। ਲੇਖਕ ਦੱਸਦਾ ਹੈ ਕਿ ਖੇਡਾਂ ਬਹਾਦਰੀ ਦਾ ਵੀ ਪ੍ਰਤੀਕ ਬਣਦੀਆਂ ਹਨ। ਅੱਜ ਤਕਨਾਲੋਜੀ ਦਾ ਵਰਤਾਰਾ ਏਨਾ ਵਧ ਚੁੱਕਾ ਹੈ ਕਿ ਖੇਡ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਪਰ ਆਧੁਨਿਕਤਾ ਦੀ ਦੌੜ ਵਿਚ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਹੋ ਰਹੇ ਹਾਂ। ਲੇਖਕ ਨੇ ਆਪਣੀ ਇਸ ਪੁਸਤਕ ਵਿਚ ਕੁਝ ਇਕ ਉਨ੍ਹਾਂ ਖਿਡਾਰੀਆਂ ਦੀ ਮਾਰੀਆਂ ਮੱਲਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਆਪਣੀ ਖੇਡ ਪ੍ਰਤਿਭਾ ਦਾ ਝੰਡਾ ਬੁਲੰਦ ਕੀਤਾ। ਇਸ ਤੋਂ ਇਲਾਵਾ ਖੇਡ ਲੇਖਕਾਂ ਵਲੋਂ ਵੱਖ-ਵੱਖ ਖਿਡਾਰੀਆਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਲਿਖੀਆਂ ਪੁਸਤਕਾਂ ਬਾਰੇ ਵੀ ਸੰਖੇਪ ਜਾਣਕਾਰੀ ਪੁਸਤਕ ਵਿਚ ਉਪਲਬਧ ਕਰਵਾਈ ਗਈ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਕਲੀਆਂ ਹੀਰ ਦੀਆਂ
ਕਵੀ : ਚਮਕੌਰ ਸਿੰਘ ਭੋਤਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 98784-34738
ਚਮਕੌਰ ਸਿੰਘ ਭੋਤਨਾ ਪੰਜਾਬੀ ਦਾ ਪ੍ਰਸਿੱਧ ਕਵੀ ਹੈ। ਇਹ ਅੱਜਕਲ੍ਹ ਕੈਨੇਡਾ ਜਾ ਵਸਿਆ ਹੈ। ਭੋਤਨਾ ਨੇ ਹਥਲੀ ਪੁਸਤਕ ਤੋਂ ਪਹਿਲਾਂ 5 ਹੋਰ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ : ਵਾਰਾਂ ਗੁਰ ਇਤਿਹਾਸ ਦੀਆਂ (ਕਵਿਤਾ) 2016, ਯੋਧਿਆਂ ਦੀਆਂ ਵਾਰਾਂ (ਕਵਿਤਾ) 2017, ਖਾਲੀ ਪਿਆ ਪੰਜਾਬ ਕੁੜੇ (ਕਵਿਤਾ) 2022, ਸੰਘਰਸ਼ੀ ਯੋਧੇ (ਕਵਿਤਾ) 2022 ਅਤੇ ਸੂਰਮੇ ਕਿ ਡਾਕੂ (ਕਵਿਤਾ-ਵਾਰਤਕ) 2023.
ਹਥਲੀ ਪੁਸਤਕ ਭੋਤਨਾ ਨੇ ਕਿੱਸਾ ਹੀਰ ਆਪਣੇ ਹੀ ਢੰਗ ਨਾਲ ਲਿਖੀ ਹੈ। ਅਸਲ ਵਿਚ ਪੰਜਾਬੀ ਸੱਭਿਆਚਾਰ ਅਤੇ ਲੋਕ ਸੁਰਤ ਵਿਚ ਹੀਰ ਦਾ ਕਿੱਸਾ ਬਹੁਤ ਮਹੱਤਵਪੂਰਨ ਹੈ। ਹੀਰ ਦਾ ਕਿੱਸਾ ਦਮੋਦਰ ਤੋਂ ਲੈ ਕੇ ਹੁਣ ਤੀਕ ਸੈਂਕੜੇ ਕਵੀਆਂ ਕਿੱਸਾਕਾਰਾਂ ਨੇ ਲਿਖਿਆ। ਕਈਆਂ ਨੇ ਇਸ ਨੂੰ ਹਾਸ ਵਿਅੰਗ ਵਿਚ ਵੀ ਲਿਖਿਆ। ਇਹ ਪ੍ਰੇਮ ਕਹਾਣੀ ਪੰਜਾਬੀਆਂ ਵਿਚ ਐਨੀ ਅਪਣੱਤ ਭਰੀ ਤੇ ਹਰਮਨਪਿਆਰੀ ਹੈ ਕਿ ਪ੍ਰੋ. ਪੂਰਨ ਸਿੰਘ ਵੀ ਹੀਰ ਨੂੰ ਭੈਣ ਅਤੇ ਰਾਂਝੇ ਨੂੰ ਵੀਰ ਕਹਿੰਦਾ ਹੈ। ਇਹ ਕਹਾਣੀ ਖੇਤੀਹਰ ਲੋਕਾਂ ਦੀ ਹੈ। ਹੀਰ ਨਾਲ ਸੰਬੰਧਿਤ ਤਿੰਨੇ ਪਿੰਡ ਜੱਟ ਸਨ। ਜੱਟਾਂ ਦੇ ਜ਼ਮੀਨ ਆਦਿ ਦੇ ਵੇਰਵੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਰਹੇ ਹਨ। ਦਸਮੇਸ਼ ਪਿਤਾ ਨੇ ਵੀ ਇਸ ਕਥਾ ਦਾ ਅੰਸ਼ ਪੇਸ਼ ਕੀਤਾ। ਹਥਲੀ ਪੁਸਤਕ 'ਕਲੀਆਂ ਹੀਰ ਦੀਆਂ' ਕਵੀਸ਼ਰੀ ਦੇ ਛੰਦਾਂ ਵਿਚ ਪਰਿਪੂਰਨ ਹੈ। ਲੇਖਕ ਖ਼ੁਦ ਵੀ ਕਵੀਸ਼ਰੀ ਨੂੰ ਪਿਆਰ ਕਰਦਾ ਹੈ। 'ਕਲੀ' ਇਕ ਛੰਦ ਹੈ, ਜਿਸ ਦੀਆਂ 22 ਮਾਤਰਾਂ ਹੁੰਦੀਆਂ ਹਨ, ਇਹ ਜਿਥੇ ਛੰਦ ਹੈ, ਉਥੇ ਕਾਵਿ-ਰੂਪ ਵੀ ਹੈ। ਪੰਜਾਬ ਵਿਚ ਇਨ੍ਹਾਂ ਕਲੀਆਂ ਨੇ ਕਈ ਕਵੀਆਂ ਨੂੰ ਬਾਦਸ਼ਾਹ (ਕਲੀਆਂ ਦਾ) ਬਣਾ ਦਿੱਤਾ। ਮਾਲਵੇ ਵਿਚ ਮੋਦਨ ਨਾਮੀ ਕਵੀਸ਼ਰ ਗਾਇਕ ਨੇ ਇਸ ਛੰਦ ਨੂੰ ਘਰ-ਘਰ ਪਹੁੰਚਾਇਆ। ਸੋਹਣ ਸਿੰਘ ਸੀਤਲ ਨੇ ਕਲੀਆਂ ਛੰਦ ਨੂੰ ਧਾਰਮਿਕ ਮਸ਼ਹੂਰੀ ਦਿੱਤੀ, ਇਸ ਕਲੀਆਂ ਛੰਦ ਦੀਆਂ ਕੁਝ ਖ਼ਾਸ ਸਤਰਾਂ ਦੀ ਪੈਰਵੀ ਕਰਕੇ ਵੱਖਰੀ ਸਟੇਜੀ ਸੁੰਦਰਤਾ ਹੈ। ਸੋਹਣ ਸਿੰਘ ਸੀਤਲ ਨੇ ਇਸ ਕਲੀ ਛੰਦ ਨੂੰ ਕਲਾਸੀਕਲ ਰੂਪ ਦਿੱਤਾ। ਸੱਤਵੀਂ ਸਤਰ ਦੇ ਅਖੀਰ ਮੈਂ ਵਾਰੀ, ਤੂੰ ਧੰਨ ਹੈ ਆਦਿ ਵਿਸਤਾਰੀ ਸ਼ਬਦ ਲਾ ਕੇ ਇਸ ਨੂੰ ਵੱਖਰਾ ਤੇ ਤਾਜ਼ਗੀ ਭਰਿਆ ਸਰੂਪ ਬਖ਼ਸ਼ਿਆ। ਕਰਤਾਰ ਸਿੰਘ ਕਾਲੜਾ ਨੇ 52 ਕਲੀਆਂ ਕਲਾਸੀਕਲ ਸਰੂਪ ਦੀਆਂ ਲਿਖੀਆਂ ਹਨ। ਪਰ ਹਥਲੀ ਪੁਸਤਕ ਵਿਚ ਆਮ ਰਵਾਇਤ ਅਨੁਸਾਰ ਹਰ ਕਾਂਡ ਵਿਚ 8 ਤੋਂ 10 ਸਤਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੱਗੇ ਚਲ ਕੇ ਕਵੀ ਨੇ ਕਬਿੱਤ ਵਿਚ ਵੀ ਕੁਝ ਅਧਿਆਏ ਲਿਖੇ ਹਨ। ਉਸ ਝੋਕ ਅਤੇ ਬੈਂਤ ਦੀ ਵੀ ਵਰਤੋਂ ਕੀਤੀ ਹੈ। ਕੁੱਲ ਮਿਲਾ ਕੇ ਕਵੀ ਭੋਤਨਾ ਨੇ ਕਲੀ ਛੰਦ ਨੂੰ ਉੱਚ ਮਿਆਰ ਦੀ ਬਣਾ ਕੇ ਪੇਸ਼ ਕੀਤਾ ਹੈ। ਕਵੀ ਭੋਤਨਾ ਨੇ ਸੈਂਕੜੇ ਹੋਰ ਲਿਖੀਆਂ ਗਈਆਂ ਹੀਰਾਂ ਵਾਂਗ ਸਿਰਲੇਖ ਪ੍ਰਚਲਿਤ ਹੀ ਦਿੱਤੇ ਹਨ ਹਾਂ ਵੇਰਵਿਆਂ ਵਿਚ ਅੰਤਰ ਹੈ, ਉਸ ਦੇ ਸਿਰਲੇਖ ਹਨ ਹੀਰ ਜਨਮੀ, ਮੌਜੂ ਦੀ ਮੌਤ, ਧੀਦੋ ਨੇ ਘਰ ਛੱਡਣਾ, ਲੁੱਡਣ ਮਲਾਹ ਦੀ ਵਾਰਤਾ, ਹੀਰ ਨੇ 60 ਸਹੇਲੀਆਂ ਲੈ ਕੇ ਆਉਣਾ, ਹੀਰ ਦੀ ਡੋਲੀ ਤੁਰੀ, ਹੀਰ ਵਲੋਂ ਕਾਜੀ ਨੂੰ ਪ੍ਰਸ਼ਨ, ਜੋਗੀ ਰਾਂਝਾ ਗਿਆ ਖੇੜੇ, ਹੀਰ ਅਤੇ ਰਾਂਝੇ ਦੀ ਮੌਤ ਆਦਿ। ਦੂਜੇ ਕਿੱਸਿਆਂ ਵਾਂਗ ਭੋਤਨਾ ਦੇ ਹਥਲੇ ਕਿੱਸੇ ਦਾ ਅੰਤ ਵੀ ਦੁਖਾਂਤਕ ਹੈ।
ਭੋਤਨਾ ਨੇ ਜੋ ਕਲੀਆਂ ਦਾ ਛੰਦ ਵਰਤਿਆ ਹੈ। ਉਸ ਦੀਆਂ ਆਮ ਕਰਕੇ 16+10 ਮਾਤਰਾ ਹਨ (6 ਫੇਲੁਨ+ਫੇ)।
- ਤਖਤ ਹਜਾਰੇ ਦੀ ਸਿਫਤ ਸੁਣਾਵਾਂ ਦੋਸਤੋ
ਸਵਰਗੋਂ ਸੋਹਣਾ ਸੁਅੱਰਗ ਹੈ ਧਰਤੀ ਤੇ ਸੰਸਾਰ ਦਾ
-ਖੇਡਾਂ ਖੇਡਦੀ ਦਾ ਬਚਪਨ ਲੰਘ ਗਿਆ ਹੀਰ ਦਾ
ਵਧਦੀ ਵੇਲ ਵਾਂਗਰਾਂ ਨਿਤ ਉਠਦੀ ਜਦ ਤੜਕੇ
-ਵੱਡਾ ਭਾਈ ਧੀਦੋ ਨੂੰ ਅੱਗੇ ਹੋ ਕੇ ਰੋਕਦਾ
ਘਰ ਛੱਡ ਚੱਲਿਐਂ ਕਾਹਤੋਂ ਸਾਡੇ ਸਿਰ ਸੁਆਹ ਪਾ ਕੇ
-ਖੂਹ ਤੋਂ ਪਾਣੀ ਭਰਦੀਆਂ ਕੁੜੀਆਂ ਰੂਪ ਦੇਖ ਕੇ ਨਾਥ ਦਾ
ਅੱਖਾਂ ਅੱਡੀਆ ਰਹਿ ਗਈਆਂ ਅੱਲੜਾਂ ਦੀਆਂ ਨਸ਼ਿਆਈਆਂ
ਪੁਸਤਕ ਬਹੁਤ ਦਿਲਚਸਪੀ ਭਰਪੂਰ ਅਤੇ ਹੋਰ ਕਿੱਸਿਆਂ ਦੀ ਨਿਆਈ ਹੈ। ਕਵੀ ਨੇ ਬੜੇ ਵਧੀਆ ਵਿਸਤਾਰ ਵੀ ਕੀਤੇ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਪੁਸਤਕ ਦੀ ਭੂਮਿਕਾ ਵਿਚ ਬੜੇ ਗਿਆਨ ਦੀਆਂ ਗੱਲਾਂ ਕਰਦਾ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਜੰਗਲੀ ਫੁੱਲ
ਲੇਖਕ : ਸੁਰਿੰਦਰ ਸਿੰਘ ਕੰਗਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 107
ਸੰਪਰਕ : 94178-03488
'ਜੰਗਲੀ ਫੁੱਲ' ਸੁਰਿੰਦਰ ਸਿੰਘ ਕੰਗਣੀ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਹ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਕੰਗਣੀ ਦੀ ਕਵਿਤਾ ਸਮਾਜ ਦੇ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਸਦੀਆਂ ਤੋਂ ਦੱਬੇ-ਕੁਚਲੇ ਤੇ ਅਣਗੌਲੇ ਹਨ। 107 ਸਫ਼ਿਆਂ ਦੀ ਇਸ ਪੁਸਤਕ ਦੇ ਮੁੱਖ ਵਿਸ਼ੇ ਮਾਨਵਵਾਦੀ ਪਸਾਰਾਂ ਦੇ ਲਖਾਇਕ ਹਨ। ਉਹ ਨਿਰਾਸ਼ ਪ੍ਰਸਥਿਤੀਆਂ ਵਿਚ ਵੀ ਆਸ ਦਾ ਪੱਲਾ ਨਹੀਂ ਛੱਡਦਾ ਤੇ ਭਵਿੱਖ ਮੁਖੀ ਸੋਚ ਰੱਖਦਾ ਹੈ।
ਭਾਵੇਂ ਪਿੱਪਲ ਉਦਾਸ ਹੈ, ਇਕ ਇਕ ਕਰਕੇ ਕਿਰ ਗਏ
ਉਸ ਦੇ ਆਪਣੇ ਪੱਤੇ
ਕੁਝ ਦਿਨਾਂ ਬਾਅਦ ਨਵੀਆਂ ਕਰੂੰਬਲਾਂ
ਸਬਜ਼ ਰੰਗੀ ਪਰਤ ਆਉਣਗੀਆਂ
ਉਹ ਰਾਜਨੀਤਕ ਅਤੇ ਸਮਾਜਿਕ ਸਰੋਕਾਰਾਂ ਤੋਂ ਵੀ ਚੇਤੰਨ ਹੈ।
ਹਾਕਮਾਂ ਦੇ ਵਾਸਤੇ ਭਾਵੇਂ ਸਵੇਰਾ ਹੋ ਰਿਹਾ ਦੂਰ
ਪਰ ਝੁੱਗੀਆਂ 'ਚੋਂ ਹਾਲੇ ਨਹੀਂ ਹਨੇਰਾ ਹੋ ਰਿਹਾ।
ਕੁਰਬਾਨੀ ਅਤੇ ਤਿਆਗ ਨਾਲ ਜੁੜੇ ਵਿਸ਼ਿਆਂ ਰਾਹੀਂ ਕਵੀ ਸਮਾਜਿਕ ਚੇਤਨਾ ਅਤੇ ਬਦਲਾਅ ਦੀ ਗੱਲ ਕਰਦਾ ਹੈ। ਮਾਂ-ਬੋਲੀ ਪ੍ਰਤੀ ਕਵੀ ਆਪਣੀ ਸੰਵੇਦਨਾ ਜ਼ਾਹਿਰ ਕਰਦਾ ਲਿਖਦਾ ਹੈ :
ਮਾਂ ਬੋਲੀ ਲਈ ਕਰਾਂ ਦੁਆਵਾਂ
ਦੂਰ ਹੋਣ ਇਸ ਦੀਆਂ ਬਲਾਵਾਂ
ਵਿਛੋੜੇ ਦੇ ਸੂਖਮ ਅਹਿਸਾਸ ਨੂੰ ਕਵੀ ਬੜੀ ਵੇਦਨਾ ਨਾਲ ਪ੍ਰਗਟ ਕਰਦਾ ਹੈ :
ਤੇਰੇ ਬਗ਼ੈਰ ਦੱਸ ਜ਼ਿੰਦਗੀ ਨੂੰ ਕੀ ਕਰੀਏ
ਜੀਏ ਤਾਂ ਕਿੰਝ ਜੀਏ ਮਰੀਏ ਤਾਂ ਕਿੰਝ ਮਰੀਏ
ਖਾਬ ਅੱਖੀਆਂ ਨੂੰ ਵਿਖਾ ਕੇ, ਦਰ 'ਤੇ ਕਿ ਸਮੁੰਦਰ, ਪੁੱਛ ਲਈ ਦਰਦ ਕਹਾਣੀ, ਸਾਨੂੰ ਹੱਸਦਾ ਵੱਸਦਾ ਪੰਜਾਬ ਦਿਓ, ਇਹ ਤਾਂ ਤੇਰੀ ਮਰਜ਼ੀ ਸੱਜਣਾ, ਦੋਸਤ ਜਦ ਦੁਸ਼ਮਣ ਬਣ ਜਾਂਦੇ ਨੇ, ਗ਼ਜ਼ਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਮਾਏ ਨੀ ਮੇਰੀ ਅੱਖੀਆਂ ਦੇ ਵਿਚ
ਹੜ ਹੰਝੂਆਂ ਦਾ ਆਇਆ
ਉੱਡ ਗਏ ਬੁੱਲ੍ਹੀਆਂ ਤੋਂ ਹਾਸੇ
ਹੁਣ ਗ਼ਮਾਂ ਨੇ ਡੇਰਾ ਲਾਇਆ।
ਵਰਗੀਆਂ ਰਚਨਾਵਾਂ ਕਵੀ ਦੇ ਪ੍ਰੇਮ ਭਾਵਾਂ ਦਾ ਬਿਆਨ ਕਰਨ ਦੇ ਨਾਲ-ਨਾਲ ਲੋਕ ਰੰਗ ਨੂੰ ਵੀ ਪ੍ਰਗਟਾਉਂਦੀਆਂ ਹਨ।
ਰਿਸ਼ਤੇ, ਭਰਮ, ਸੂਰਜ, ਚੰਨ, ਤਾਰੇ, ਝੁਲਸਿਆ ਬਿਰਖ, ਇੱਛਾ ਦੇ ਪਰਛਾਵੇਂ, ਕੁਝ ਨਹੀਂ ਬੋਲਿਆ ਆਦਿ ਰਚਨਾਵਾਂ ਵੀ ਬਹੁਤ ਪ੍ਰਭਾਵਸ਼ਾਲੀ ਹਨ। ਮਾਂ ਕਵਿਤਾ ਰਾਹੀਂ ਕਵੀ ਨੇ ਮਾਂ ਦੁਆਰਾ ਬੱਚੇ ਲਈ ਕੀਤੇ ਜਾਂਦੇ ਕਾਰਜ ਅਤੇ ਜ਼ਿੰਮੇਵਾਰੀਆਂ ਰਾਹੀਂ ਮਾਂ ਪ੍ਰੇਮ ਦੀ ਬਾਤ ਛੋਹੀ ਹੈ। ਸਮਾਜ ਦੀ ਦਕਿਆਨੂਸੀ ਸੋਚ, ਜਾਤ ਪਾਤ ਦੇ ਵਿਤਕਰੇ ਕਵੀ ਨੂੰ ਉਦਾਸ ਕਰਦੇ ਹਨ। ਤਾਲਾਬੰਦੀ ਦੇ ਦਿਨਾਂ ਦੀਆਂ ਯਾਦਾਂ ਨੂੰ ਵੀ ਕਵੀ ਨੇ ਕਾਵਿ ਘੇਰੇ ਵਿਚ ਲਿਆਂਦਾ ਹੈ। ਸਮੁੱਚੇ ਤੌਰ 'ਤੇ ਜੰਗਲੀ ਫੁੱਲ ਕਾਵਿ ਸੰਗ੍ਰਹਿ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਕਵੀ ਸੁਰਿੰਦਰ ਸਿੰਘ ਕੰਗਣੀ ਵਧਾਈ ਦਾ ਹੱਕਦਾਰ ਹੈ।
-ਪ੍ਰੋ. ਕੁਲਜੀਤ ਕੌਰ
ਇਕ ਮੇਰੀ ਅੱਖ ਕਾਸ਼ਣੀ...
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 343
ਸੰਪਰਕ : 98147-32198
ਦੋ ਦਰਜਨ ਦੇ ਕਰੀਬ ਨਾਵਲ ਅਤੇ ਪੰਜ ਕਹਾਣੀ-ਸੰਗ੍ਰਹਿ ਰਚ ਕੇ ਸ਼ਿਵਚਰਨ ਜੱਗੀ ਕੁੱਸਾ ਪੰਜਾਬੀ ਗਲਪ ਸਾਹਿਤ ਜਗਤ ਵਿਚ ਸਥਾਪਤ ਹਸਤਾਖ਼ਰ ਹੈ। ਵਿਚਾਰ ਅਧੀਨ ਨਾਵਲ 'ਇਕ ਮੇਰੀ ਅੱਖ ਕਾਸ਼ਣੀ... ' ਉਸ ਦਾ ਅਜੋਕੇ ਸਮਾਜ ਦੀਆਂ ਤ੍ਰਾਸਦੀਆਂ ਨੂੰ ਤਸਵੀਰਦਾ ਨਾਵਲ ਹੈ, ਜਿਸ ਵਿਚ ਆਧੁਨਿਕ ਸਮਾਜ ਨੂੰ ਸਾਰਥਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਔਰਤ ਪ੍ਰਤੀ ਸਮਾਜ ਦੇ ਰਵੱਈਏ ਅਤੇ ਔਰਤਾਂ ਦੀ ਬਦਲ ਰਹੀ ਮਾਨਸਿਕਤਾ ਨੂੰ ਦਰਸਾਉਂਦਾ ਇਹ ਨਾਵਲ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ 'ਤੇ ਗਹਿਰੀ ਸੱਟ ਮਾਰਦਾ ਹੈ। ਇਸ ਨਾਵਲ ਵਿਚ ਉਸ ਨੇ ਵਿਦੇਸ਼ੀ ਧਰਤੀ 'ਤੇ ਜਾ ਵੱਸਣ ਦਾ ਲਾਲਚ ਅਤੇ ਉਸ ਲਈ ਖ਼ਾਸ ਰੂਪ ਵਿਚ ਪਰਿਵਾਰ ਦੀਆਂ ਕੁੜੀਆਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਂਦਾ ਹੈ। ਪੰਜਾਬ ਦੀ ਧਰਤੀ 'ਤੇ ਧੀਆਂ ਨੂੰ ਬੰਦਿਸ਼ਾਂ ਵਿਚ ਰੱਖਣ ਵਾਲੇ ਪਰਿਵਾਰ ਵਿਦੇਸ਼ ਜਾਣ ਦੇ ਲਾਲਚ ਵਿਚ ਕੁੜੀਆਂ ਨੂੰ ਖੁੱਲ੍ਹੀ ਆਜ਼ਾਦੀ ਦਿੰਦੇ ਹੋਏ ਦਾਅ 'ਤੇ ਲਾ ਦਿੰਦੇ ਹਨ ਅਤੇ ਜਿਨ੍ਹਾਂ ਕੁੜੀਆਂ ਨੂੰ ਆਪਣੀਆਂ ਸਹੇਲੀਆਂ ਚੁਣਨ ਦੀ ਵੀ ਖੁਲ੍ਹ ਨਹੀਂ ਹੁੰਦੀ, ਉਹ ਵਿਦੇਸ਼ੀ ਧਰਤੀ 'ਤੇ ਆਪਣੀ ਰੋਜ਼ੀ-ਰੋਟੀ ਲਈ ਕੀ-ਕੀ ਕੰਮ ਕਰਦੀਆਂ ਹਨ ਤੇ ਕਿਵੇਂ ਉਨ੍ਹਾਂ ਦੇ ਆਪਣੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ, ਅਜਿਹੀ ਦਾਸਤਾਨ ਦੀ ਬਾਤ ਇਸ ਨਾਵਲ ਵਿਚ ਚਿਤਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਫ਼ਿਲਮੀ ਦੁਨੀਆ ਵਿਚ ਮਸ਼ਹੂਰ ਹੋਣ ਦਾ ਲਾਲਚ, ਕੋਰੋਨਾ ਮਹਾਂਮਾਰੀ ਦੀ ਮਾਰ ਅਤੇ ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਦਾ ਵਧ ਰਿਹਾ ਰੁਝਾਨ ਇਸ ਨਾਵਲ ਦਾ ਵਿਸ਼ਾ ਬਣਿਆ ਹੈ। ਪੱਛਮੀ ਦੇਸ਼ਾਂ ਵਿਚ ਵਸਣ ਤੋਂ ਬਾਅਦ ਉਸ ਸੱਭਿਆਚਾਰ ਦੇ ਪ੍ਰਭਾਵ ਹੇਠ ਪਾਤਰਾਂ ਦੀ ਬਦਲਦੀ ਮਾਨਸਿਕਤਾ ਨੂੰ ਜਿਥੇ ਇਸ ਨਾਵਲ ਵਿਚ ਚਿਤਰਤ ਕੀਤਾ ਗਿਆ ਹੈ, ਉਥੇ ਇਸਤਰੀ ਪਾਤਰਾਂ ਦੇ ਚਿੱਤਰਣ ਸਮੇਂ ਕੁਝ ਹੱਦ ਤਕ ਫ਼ਿਲਮੀ ਪਾਤਰਾਂ ਦਾ ਭੁਲੇਖਾ ਪੈਂਦਾ ਹੈ। ਪਾਇਲ ਵਰਗੀ ਕੁੜੀ ਆਪਣੇ ਜਬਰ ਜਨਾਹ ਵਾਲੇ ਨੂੰ ਪਿਆਰ ਕਰਨ ਲਗਦੀ ਹੈ ਅਤੇ ਅਮਨ ਆਪਣੇ ਕੋਚ ਦੇ ਹੱਥਾਂ ਵਿਚ ਖੇਡਦੀ ਹੈ ਜਦੋਂ ਕਿ ਉਹ ਉਸ ਬਾਰੇ ਸਭ ਕੁਝ ਜਾਣਦੀ ਹੁੰਦੀ ਹੈ। ਲੇਖਣ ਸ਼ੈਲੀ ਅਤੇ ਭਾਸ਼ਾ ਦੀ ਗੱਲ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਾਵਲਕਾਰ ਸਿੱਧੀ ਸਰਲ ਭਾਸ਼ਾ ਵਿਚ ਬਿਰਤਾਂਤ ਸਿਰਜਦਾ ਹੈ। ਜਿਸ ਗੱਲ ਵੱਲ ਉਹ ਪਾਠਕ ਦਾ ਖ਼ਾਸ ਧਿਆਨ ਦਿਵਾਉਣਾ ਚਾਹੁੰਦਾ ਹੈ ਉਸ ਨੂੰ ਉਹ ਕਾਮਿਆਂ ਵਿਚ ਲਿਖਦਾ ਹੈ। ਦ੍ਰਿਸ਼ ਅਤੇ ਵਾਰਤਾਲਾਪ ਫ਼ਿਲਮੀ ਹੋਣ ਦਾ ਭੁਲੇਖਾ ਪਾਉਂਦੇ ਹਨ। ਸੋ ਕਹਾਣੀ ਰਸ ਭਰੇ ਇਸ ਨਾਵਲ ਨੂੰ ਪਾਠਕ ਬਹੁਤ ਪਸੰਦ ਕਰਣਗੇ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਕੁਦੇਸਣ
ਲੇਖਕ : ਪ੍ਰੀਤਮ ਸਿੰਘ ਪੰਛੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 96
ਮੋਬਾਈਲ : 95605-92463
ਪ੍ਰੀਤਮ ਸਿੰਘ ਪੰਛੀ ਦਾ ਨਾਵਲ 'ਕੁਦੇਸਣ' ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਨਾਵਲ, ਪੰਜ ਕਹਾਣੀ-ਸੰਗ੍ਰਹਿ, ਕੁਝ ਹਿੰਦੀ ਅਤੇ ਅਨੁਵਾਦਿਤ ਪੁਸਤਕਾਂ ਮਾਂ-ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਸਮੁੱਚਾ ਨਾਵਲ ਕੁੱਲ 15 ਕਾਂਡਾਂ ਵਿਚ ਤਕਸੀਮ ਕੀਤਾ ਗਿਆ ਹੈ ਤੇ ਅਖੀਰ ਵਿਚ ਇਕ ਕਹਾਣੀ ਘੁੰਗਰੂ ਹੈ। ਕੁਦੇਸਣ ਨਾਵਲ ਵਿਚ ਉਸ ਨੇ ਔਰਤ ਦੀ ਥੁੜ ਨੂੰ ਬਿਆਨ ਕੀਤਾ ਹੈ ਕਿ ਜਿਨ੍ਹਾਂ ਪੁਰਸ਼ਾਂ ਦੇ ਵਿਆਹ ਨਹੀਂ ਸੀ ਹੁੰਦੇ ਤੇ ਉਹ ਆਪਣਾ ਘਰ ਵਸਾਉਣ ਵਿਚ ਅਸਮਰੱਥ ਸਨ ਤਾਂ ਉਹ ਆਪਣਾ ਘਰ ਵਸਾਉਣ ਲਈ ਹਰ ਹਰਬਾ ਅਪਣਾਉਂਦੇ ਸਨ, ਜਿਸ ਦੇ ਇਵਜ਼ ਵਿਚ ਉਹ ਗ਼ੈਰ-ਪੰਜਾਬੀ ਔਰਤਾਂ ਨੂੰ ਮੁੱਲ ਲਿਆ ਕੇ ਆਪਣਾ ਘਰ ਵਸਾ ਲੈਂਦੇ ਸਨ, ਜਿਸ ਨੂੰ 'ਕੁਦੇਸਣ' ਕਿਹਾ ਜਾਂਦਾ ਸੀ ਪਰ ਅਜਿਹੀਆਂ 'ਕੁਦੇਸਣ' ਔਰਤਾਂ ਨੂੰ ਇਕ ਥਾਂ 'ਤੇ ਵਸਣਾ ਨਸੀਬ ਨਹੀਂ ਸੀ ਹੁੰਦਾ ਤੇ ਉਨ੍ਹਾਂ ਨੂੰ ਪਸ਼ੂਆਂ ਵਾਂਗ ਅੱਗੇ ਦੀ ਅੱਗੇ ਵਿਕਣਾ ਪੈਂਦਾ ਸੀ। ਅਜਿਹੀ ਔਰਤ ਦੀ ਤ੍ਰਾਸਦੀ ਹੀ ਇਸ ਨਾਵਲ ਦਾ ਵਿਸ਼ਾ ਹੈ। 'ਕੁਦੇਸਣ' ਨਾਵਲ ਵਿਚ ਵਰਿਆਮੇ ਨੇ ਮੰਗੋ ਨੂੰ ਆਪਣੇ ਘਰ ਲੈ ਆਂਦਾ ਸੀ ਪਰ ਵਰਿਆਮੇ ਦੇ ਘਰ ਦੇ ਨੇੜੇ ਹੀ ਸੁਲੱਖਣ ਦਾ ਘਰ ਸੀ ਤਾਂ ਸੁਲੱਖਣ ਆਨੇ-ਬਹਾਨੇ ਵਰਿਆਮੇ ਦੇ ਘਰ ਗੇੜੇ ਮਾਰਦਾ ਰਹਿੰਦਾ ਸੀ ਜਿਸ ਕਰਕੇ ਸੁਲੱਖਣ ਮੰਗੋ ਨੂੰ ਪਿਆਰ ਕਰਨ ਲੱਗਦਾ ਹੈ। ਇਸ ਪ੍ਰਕਾਰ ਵਰਿਆਮਾ ਚਾਹੁੰਦਾ ਹੈ ਕਿ ਉਸ ਦੀ ਜਾਇਦਾਦ ਦਾ ਵਾਰਸ ਪੈਦਾ ਹੋ ਜਾਵੇ ਤੇ ਉਸ ਨੂੰ ਬਹੁਤ ਸਾਰੇ ਹੀਲੇ ਅਤੇ ਪਾਪੜ ਵੇਲਣੇ ਪੈਂਦੇ ਹਨ। ਇਹ ਸਮੱਸਿਆ ਆਮ ਕਿਸਾਨਾਂ ਦੀ ਸੀ, ਜਿਸ ਕਰਕੇ ਅਨੇਕਾਂ ਪੁਰਸ਼ਾਂ ਵਾਸਤੇ ਘਰ ਵਸਾਉਣਾ ਸੌਖਾ ਨਹੀਂ ਸੀ ਹੁੰਦਾ, ਪਰ ਬਦਨਸੀਬ ਕੁਦੇਸਣਾਂ ਨੂੰ ਵੀ ਇਕ ਘਰ ਟਿਕਣਾ ਨਸੀਬ ਨਹੀਂ ਸੀ ਹੁੰਦਾ। ਇਸ ਤਰ੍ਹਾਂ ਵਰਿਆਮਾ ਵੀ ਮੰਗੋ ਨੂੰ ਅੱਗੇ ਵੇਚ ਦਿੰਦਾ ਹੈ, ਜੋ ਔਰਤ ਦੇ ਸੰਤਾਪ ਦੀ ਗਾਥਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਵਿਚ ਨਾਵਲਕਾਰ ਨੇ ਦਹਾਕਿਆਂ ਤੋਂ ਮੁੱਕੇ ਹੋਏ ਵਿਸ਼ੇ ਨੂੰ ਪਾਠਕਾਂ ਨਾਲ ਰੂ-ਬਰੂ ਕਰਵਾਇਆ ਹੈ। ਇਹ ਨਾਵਲ ਸ਼ਲਾਘਾਯੋਗ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਜਦੋਂ ਵੀ ਸੋਚੋ ਵੱਡਾ ਸੋਚੋ
ਲੇਖਕ : ਐਨ.ਰਘੁਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 128
ਸੰਪਰਕ : 181-2214196
ਇਸ ਜਗਤ ਤਮਾਸ਼ੇ /ਕਾਰੋਬਾਰ ਵਿਚ ਵਿਚਰਨ ਲਈ ਮਾਨਸਿਕ ਸਥਿਤੀ ਬੁੱਧੀ/ਵਿਵੇਕ ਤੇ ਸਿਆਣਪ ਦਾ ਇਕ ਵੱਡਾ ਹੱਥ ਹੁੰਦਾ ਹੈ। ਆਉਣ ਵਾਲੇ ਸਮੇਂ ਬਾਰੇ ਸੂਝ ਭਰੀ ਅਗਾਊਂ ਯੋਜਨਾ ਦੀ ਘਾੜਤ/ਉਸਾਰੀ ਵਿਚ ਸੋਚ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਰਥਿਕ ਸੋਚ ਦੇ ਨਤੀਜੇ ਵੀ ਸਾਰਥਿਕ ਹੀ ਨਿਕਲਦੇ ਹਨ। ਸਿਰਮੌਰ ਅਖ਼ਬਾਰਾਂ ਦੇ ਰਹਿ ਚੁੱਕੇ ਸੰਪਾਦਕ ਅਨੁਭਵੀ ਲੇਖਕ ਐਨ.ਰਘੁਰਾਮਨ ਦੁਆਰਾ ਰਚਿਤ ਇਹ ਪੁਸਤਕ 'ਜਦੋਂ ਵੀ ਸੋਚੋ ਵੱਡਾ ਸੋਚੋ' ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੀ ਹੈ।
ਕਰੀਬ ਡੇਢ ਕੁ ਸੌ ਸਿਰਲੇਖਾਂ ਵਾਲੀ ਇਸ ਪੁਸਤਕ ਦੀ ਸ਼ੁਰੂਆਤ ਹੀ ਪਾਲਣਹਾਰੀ ਧਰਤੀ ਮਾਂ ਦੀ ਨਰੋਈ ਸਿਹਤ ਨੂੰ ਲੈ ਕੇ ਕੀਤੀ ਗਈ ਹੈ ਕਿ ਵਿਕਾਸ ਦੇ ਨਾਂਅ ਉਤੇ ਵਿਨਾਸ਼ ਸਹੇੜਨਾ ਸਭ ਤਰ੍ਹਾਂ ਦੀ ਜੀਵਨ ਰਚਨਾ ਦੇ ਪੱਖ ਵਿਚ ਕਦੇ ਵੀ ਨਹੀਂ ਭੁਗਤਦਾ। ਸਗੋਂ ਇਹ ਇਕ ਘਾਟੇਵੰਦਾ ਸੌਦਾ ਹੈ। ਪਰ ਕੁਝ ਮਾਣ ਮੱਤੇ ਲੋਕ ਆਪਣੇ ਕਾਰੋਬਾਰ ਦੇ ਨਾਲ-ਨਾਲ ਹੀ ਕੁਦਰਤ ਦੇ ਇਸ ਅਨਮੋਲ ਤੇ ਅਨੋਖੇ ਗ੍ਰਹਿ ਦੀ ਸਿਹਤ ਦਾ ਖਿਆਲ ਰੱਖਣ ਲਈ ਤਨਦੇਹੀ ਨਾਲ ਡਟੇ ਹੋਏ ਹਨ। ਜਿਨ੍ਹਾਂ ਦੇ ਉੱਦਮ ਤੇ ਸਖਤ ਘਾਲਣਾ ਸਦਕਾ ਅਸੰਭਵ ਤੇ ਪ੍ਰਤੀਕੂਲ ਪ੍ਰਸਥਿਤੀਆਂ ਨੂੰ ਸੰਭਵ ਤੇ ਅਨਕੂਲ ਪ੍ਰਸਥਿਤੀਆਂ ਵਿਚ ਬਦਲ ਕੇ ਅਨੋਖੇ ਮੀਲ ਪੱਥਰ ਗੱਡ ਰਹੇ ਹਨ। ਬੰਗਲੌਰ ਦੇ ਨਾਇਕ ਰਜੇਸ਼ ਕੁਮਾਰ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ, ਜਿਸ ਨੇ ਬੰਜਰ ਧਰਤੀ ਨੂੰ ਹਰਿਆ ਭਰਿਆ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਏਅਰ ਕੰਡੀਸ਼ਨਰਾਂ ਦਾ ਵਾਤਾਵਰਨ ਤੇ ਜਲਵਾਯੂ ਨੂੰ ਖਰਾਬ ਕਰਨ ਵਿਚ ਇਕ ਵੱਡਾ ਹਿੱਸਾ ਬਣ ਰਿਹਾ ਹੈ, ਦਾ ਕੁਦਰਤੀ ਬਦਲ ਲੱਭਣ ਵਿਚ ਸਫਲ ਹੋ ਰਹੇ ਸਰਬਜੀਤ ਬੈਨਰਜੀ ਨਾਲ ਆਮ ਗੁਫਤਗੂ ਦਾ ਜ਼ਿਕਰ ਵੀ ਖ਼ਾਸ ਸੁਨੇਹਾ ਦਿੰਦਾ ਹੈ ਕਿ ਕੁਦਰਤ ਨਾਲ ਨੇੜਤਾ ਹੀ ਸਭ ਲਈ ਹਮੇਸ਼ਾ ਲਾਹੇਵੰਦ ਹੁੰਦੀ ਹੈ। ਭੋਜਨ ਬਣਾਉਣ ਦੀ ਸਾਫ਼ ਸਫ਼ਾਈ ਵਧੇਰੇ ਕਮਾਈ, ਵਰਤਮਾਨ ਚੰਗਾ ਬਣਾਉਣ ਲਈ ਭੂਤਕਾਲ ਤੇ ਭਵਿੱਖ ਦਾ ਆਪਸੀ ਤਾਲਮੇਲ ਬਿਠਾਉਣ , ਦ੍ਰਿੜ੍ਹਤਾ ਭਰੇ ਉੱਦਮ ਨਾਲ ਕੂੜੇ / ਗੰਦਗੀ ਦੇ ਪਹਾੜ ਵਰਗੇ ਗੰਭੀਰ ਮਸਲਿਆਂ ਨਾਲ ਨਜਿੱਠਣ ਦੀ ਮੁੰਬਈ ਦੇ ਫੋਰਟ ਵਰਗੇ ਇਲਾਕੇ ਦੀ ਉਦਾਹਰਨ ਪਾਠਕਾਂ ਵਿਚ ਸਾਰਥਿਕਤਾ ਭਰਿਆ ਸੁਨੇਹਾ, ਵਪਾਰਕ ਤਰੱਕੀ ਲਈ ਪੁਰਾਣੀਆਂ ਘਸੀਆਂ ਪਿੱਟੀਆਂ ਪ੍ਰੰਪਰਾਵਾਂ ਨਾਲ ਆਧੁਨਿਕ ਢੰਗ ਤਰੀਕਿਆਂ ਨਾਲ ਜੁੜਨ, ਮੋਬਾਇਲ ਦੀ ਹੱਦੋਂ ਵੱਧ ਦੁਰਵਰਤੋਂ ਮਨੁੱਖੀ ਰਿਸ਼ਤਿਆਂ ਦੇ ਮੇਲਜੋਲ ਨੂੰ ਤਾਰ ਤਾਰ ਕਰਨ ਦਾ ਸਬੱਬ ਬਣਨ,ਇੱਕ ਜਗ੍ਹਾ 'ਤੇ ਸੈਰ ਕਰਦਿਆਂ ਵੱਖ ਵੱਖ ਦੇਸ਼ਾਂ /ਸੱਭਿਆਚਾਰ ਦਾ ਪ੍ਰਦਰਸ਼ਨ ਕਰਨ ਵਾਲੇ ਵਿਲੱਖਣ ਪ੍ਰੋਜੈਕਟ, ਲਕੀਰ ਦੇ ਫ਼ਕੀਰ ਵਾਲੀ ਦੀ ਸੋਚ ਤੋਂ ਪਰ੍ਹੇ ਵਾਲੇ ਕੰਮ/ ਧੰਦਿਆਂ ਨਾਲ ਰੁਜ਼ਗਾਰ ਦਾ ਦਾਇਰਾ ਵਧਣ , ਸਰੀਰਕ ਤੇ ਮਾਨਸਿਕ ਸ਼ਕਤੀ ਨੂੰ ਜੋੜ ਕੇ ਟੀਚੇ 'ਤੇ ਕੇਂਦਰਤ ਕਰਕੇ ਹੀ ਕੁਝ ਖਾਸ ਹਾਸਲ ਦੀ ਪ੍ਰਾਪਤੀ ਆਦਿ ਦੇ ਪੂਰਨ ਵਿਸ਼ੇ /ਸਹਿ ਵਿਸ਼ੇ ਇਸ ਪੁਸਤਕ ਦੀ ਸਾਰਥਿਕਤਾ ਨੂੰ ਪਾਠਕ ਦੇ ਸਨਮੁਖ ਕਰਦੇ ਹਨ। ਘਰਾਂ ਵਿਚ ਪਈਆਂ ਵਾਧੂ ਤੇ ਬੇਲੋੜੀਆਂ ਵਸਤਾਂ ਦਾ ਦਾਨ ਵੀ ਕਿਸੇ ਹੋਰ ਦਾਨ ਤੋਂ ਕਦੇ ਘੱਟ ਨਹੀ ਹੁੰਦਾ। ਸਗੋਂ ਇਹ ਦਾਨ ਵੀ ਲੋੜਵੰਦ ਲੋਕਾਂ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਵੀ ਹੋ ਨਿਬੜਦਾ ਹੈ। ਕਿਤਾਬੀ ਗਿਆਨ ਸਿਰਫ ਇਮਤਿਹਾਨ ਪਾਸ ਕਰਨ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਜ਼ਿੰਦਗੀ ਜਿਊਣ ਦੇ ਰਹੱਸ ਮਾਨਣ ਅਭਿਆਸੀ ਕਰਮ ਦੇ ਵਲ /ਢੰਗ ਸਿੱਖਣ ਦੇ ਯਤਨਾਂ ਲਈ ਕਾਰਗਰ ਸਾਬਤ ਹੁੰਦਾ ਹੈ।
ਕੀਮਤੀ ਵਸਤਾਂ ਹੀਰੇ ਜਵਾਹਰਾਤ ਸੋਨਾ ਚਾਂਦੀ ਤੋਂ ਵਸੂਲੀ (ਆਮਦਨ) ਵਧਾਉਣ ਦੇ ਗੁਰ ਸਮਝਾਉਣ ਦੇ ਯਤਨ ਅਤੇ ਜੀਵਨ ਦੀ ਟਿਮਟਿਮਾਉਂਦੀ ਲਾਟ ਨੂੰ ਜਗਦੀ ਰੱਖਣ ਲਈ ਅੰਗਦਾਨ ਦੀ ਮਹੱਤਤਾ ਦਾ ਪ੍ਰਚਾਰ ਤੇ ਪ੍ਰਸਾਰ ਇਸ ਪੁਸਤਕ 'ਜਦੋਂ ਵੀ ਸੋਚੋ ਵੱਡਾ ਸੋਚੋ' ਦਾ ਵੀ ਇਕ ਨਿਵੇਕਲਾ ਹਾਸਲ ਹੈ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਅਰਦਾਸ
ਲੇਖਕ : ਪ੍ਰਿੰ: ਚੰਨਣ ਸਿੰਘ 'ਚਮਨ' ਸ੍ਰੀ ਹਰਿਗੋਬਿੰਦਪੁਰੀ
ਸੰਪਾਦਕ : ਡਾ. ਸੁਰਿੰਦਰ ਕੌਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 495 ਰੁਪਏ, ਸਫ਼ੇ : 295
ਸੰਪਰਕ : 94176-94527
ਹਥਲਾ ਕਾਵਿ-ਸੰਗ੍ਰਹਿ ਪੰਜਾਬੀ ਦੇ ਉੱਘੇ ਹਾਸਰਸ ਕਵੀ ਪ੍ਰਿੰਸੀਪਲ ਚੰਨਣ ਸਿੰਘ 'ਚਮਨ' ਸ੍ਰੀ ਹਰਿਗੋਬਿੰਦਪੁਰੀ (ਮਰਹੂਮ) ਦੀ ਸੰਪਾਦਕ ਡਾ. ਸੁਰਿੰਦਰ ਕੌਰ ਵਲੋਂ ਸੰਪਾਦਿਤ ਚੋਣਵੀਆਂ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਵਿਦਵਾਨ ਸੰਪਾਦਕ ਵਲੋਂ ਉਨ੍ਹਾਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੰਜਾਬ ਦਾ ਸਮੁੱਚਾ ਇਤਿਹਾਸਕ ਵਿਰਸਾ, ਸਿੱਖ ਇਤਿਹਾਸਕ ਸ਼ਖ਼ਸੀਅਤਾਂ ਦੀ ਸਿਰਜਣਾ ਤੇ ਯੋਗਦਾਨ ਸਿੱਖ ਗੁਰੂ ਸਾਹਿਬਾਨ ਵਲੋਂ ਮਨੁੱਖ ਦੀ ਧਾਰਮਿਕ ਆਜ਼ਾਦੀ ਲਈ ਵਡਮੁੱਲਾ ਯੋਗਦਾਨ, ਬਿਪਰਵਾਦ ਦੀ ਗ਼ੁਲਾਮੀ ਦਾ ਵਿਰੋਧ, ਮਾਨਵਵਾਦ ਦਾ ਸੁਨੇਹਾ, ਸਿੱਖਾਂ ਵਲੋਂ ਜੰਗੀ ਦ੍ਰਿਸ਼ਟੀਕੋਣ, ਸਿਧਾਂਤ ਨੂੰ ਸਪੱਸ਼ਟ ਕਰਦੀਆਂ ਰਚਨਾਵਾਂ ਨਿਆਰੇ ਤੇ ਸੰਪੂਰਨ ਮਨੁੱਖ ਦਾ ਨਿਰਮਾਣ, ਅਜੋਕੇ ਮਨੁੱਖ ਦੀ ਸਾਰਥਿਕਤਾ ਆਦਿ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਚੋਣਵੀਆਂ 49 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਦੂਜੇ ਭਾਗ ਵਿਚ ਕਵੀ ਵਲੋਂ 9 ਗੀਤ ਸ਼ਾਮਿਲ ਕੀਤੇ ਗਏ ਹਨ। ਕਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਆਪਣੀ ਹਯਾਤੀ ਦੌਰਾਨ ਕਵੀ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਹਥਲਾ ਕਾਵਿ-ਸੰਗ੍ਰਹਿ ਕੇਵਲ ਨਿਰੋਲ ਕਵਿਤਾਵਾਂ 'ਤੇ ਆਧਾਰਿਤ ਹੈ। ਕਵੀ ਦੀ ਕਾਵਿ-ਸ਼ੈਲੀ ਵਿਚ ਕਵਿਤਾ ਦੇ ਨੌਂ-ਰਸਾਂ ਵਿਚੋਂ ਉਚੇਚੇ ਤੌਰ 'ਤੇ ਹਾਸ ਰਸ, ਵੀਰ ਰਸ, ਸ਼ਿੰਗਾਰ ਰਸ, ਉਪਮਾ ਅਲੰਕਾਰ ਤੇ ਅਨੁਪ੍ਰਾਸ ਅਲੰਕਾਰ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਸਮੁੱਚੇ ਕਾਵਿ-ਸੰਗ੍ਰਹਿ ਨੂੰ ਦੇਖਦਿਆਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਹਾਸ-ਰਸ ਲਿਖਣ ਵਿਚ ਇਸ ਕਵੀ ਦਾ ਕੋਈ ਸਾਨੀ ਨਹੀਂ ਹੈ, ਸਭ ਤੋਂ ਕਠਿਨ ਹੁੰਦਾ ਹੈ ਕਾਵਿ-ਵਿਅੰਗ ਲਿਖਣ ਸਮੇਂ ਧਾਰਮਿਕ ਸੀਮਾਵਾਂ ਦੀ ਬੰਦਿਸ਼ ਦੀ ਉਲੰਘਣਾ ਤੋਂ ਬਚ ਕੇ ਰਹਿਣਾ। ਮਰਹੂਮ 'ਚਮਨ' ਜਦੋਂ ਕਵਿਤਾ, ਸਟੇਜ ਤੋਂ ਪੇਸ਼ ਕਰਦੇ ਸਨ ਤਾਂ ਖ਼ੁਦ ਤਾਂ ਗੰਭੀਰ ਮੁਦਰਾ ਵਿਚ ਟਿਕੇ ਰਹਿੰਦੇ ਸਨ, ਪਰ ਸਰੋਤੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੇ ਸਨ। ਹਾਸ ਰਸ ਭਰਪੂਰ ਹਰ ਕਵਿਤਾ ਆਖਰ ਵਿਚ ਇਕ ਸੰਜੀਦਗੀ ਭਰਿਆ ਸੰਦੇਸ਼ ਦੇ ਕੇ ਸੰਪੂਰਨਤਾ ਵੱਲ ਨੂੰ ਜਾਂਦੀ ਹੈ। ਕਲਾ ਪੱਖ ਤੋਂ ਜਦੋਂ ਇਸ ਕਾਵਿ-ਸੰਗ੍ਰਹਿ ਨੂੰ ਪਾਠਕ ਵਾਚੇਗਾ ਤਾਂ ਇਸ ਵਿਚ ਸ਼ਾਮਿਲ ਕਵਿਤਾਵਾਂ ਉੱਤਮ ਕ੍ਰਿਤ ਵਾਲੀਆਂ ਸਾਰੀਆਂ ਖੂਬੀਆਂ ਸਮੋਈ ਬੈਠੀਆਂ ਨਜ਼ਰ ਆਉਣਗੀਆਂ। ਹਰ ਕਵਿਤਾ ਵਿਚ ਵਿਸ਼ੇ ਦੀ ਬੰਦਿਸ਼ ਵਿਚ ਰਹਿੰਦਿਆਂ ਭਾਸ਼ਾ, ਬਿੰਬ, ਪ੍ਰਤੀਕ, ਛੰਦ, ਰਸ, ਅਲੰਕਾਰ ਤੋਂ ਇਲਾਵਾ ਤੁਕਾਂਤਮੇਲ ਦਾ ਵੀ ਖ਼ਾਸ ਖਿਆਲ ਰੱਖਿਆ ਗਿਆ ਹੈ। ਕਵਿਤਾਵਾਂ ਵਿਚ ਵਰਤੀ ਗਈ ਭਾਸ਼ਾ ਸਰਲ ਅਤੇ ਠੇਠ ਪੰਜਾਬੀ ਹੈ। ਕੋਈ ਰਚਨਾ ਵੀ ਬੋਝਲ ਨਹੀਂ ਜਾਪਦੀ। ਪੁਸਤਕ ਦੇ ਆਰੰਭ ਵਿਚ ਕਾਵਿ-ਸੰਗ੍ਰਹਿ ਸੰਬੰਧੀ ਉੱਘੇ ਸਿੱਖ ਚਿੰਤਕ ਤੇ ਕਵੀ ਡਾ. ਇੰਦਰਜੀਤ ਸਿੰਘ ਵਾਸੂ ਵਲੋਂ 'ਸਿੱਖੀ ਸੱਭਿਆਚਾਰ ਦਾ ਪ੍ਰਤੀਕ 'ਅਰਦਾਸ' ਕਾਵਿ ਸੰਗ੍ਰਹਿ ਸੰਬੰਧੀ ਅਤੇ ਸੰਪਾਦਕਾ ਵਲੋਂ ਇਸ ਸਿਰਜਣਾਤਮਿਕ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਉੱਘੇ ਕਵੀ ਪ੍ਰੋ. ਜੋਗਿੰਦਰ ਸਿੰਘ ਕੰਗ ਵਲੋਂ ਕਾਵਿ ਸੰਗ੍ਰਹਿ 'ਅਰਦਾਸ' ਇਕ ਸਾਹਿਤਕ ਸਰਵੇਖਣ ਵਿਚ ਕਵੀ ਚੰਨਣ ਸਿੰਘ 'ਚਮਨ' ਦੀ ਕਵਿਤਾ ਵਿਚਲੀ ਰਵਾਨਗੀ, ਲੈਅ ਤੇ ਸੰਗੀਤਕਾ ਸੰਬੰਧੀ ਵਿਚਾਰ ਕਰਦਿਆਂ ਕਵਿਤਾ ਦੇ ਵਲਵਲਿਆਂ, ਜਜ਼ਬਿਆਂ, ਖਿਆਲਾਂ, ਕਲਿਪਨਾਵਾਂ ਅਤੇ ਬੌਧਿਕਤਾ ਦੇ ਸੁਮੇਲ ਵਾਲੀ ਕੋਮਲ ਕਲਾ ਦਾ ਵਿਸ਼ੇਸ਼ ਵਰਣਨ ਕੀਤਾ ਹੈ। ਪ੍ਰਸਿੱਧ ਕਵੀ ਇੰਜੀਨੀਅਰ ਕਰਮਜੀਤ ਸਿੰਘ 'ਨੂਰ' ਵਲੋਂ ਹਾਸ ਰਸ ਦਾ ਸਿਰਮੌਰ ਕਵੀ 'ਚਮਨ ਹਰਗੋਬਿੰਦਪੁਰੀ' ਦੇ ਵਿਲੱਖਣ ਮੁਕਾਮ ਦੀ ਗੱਲ ਕੀਤੀ ਹੈ। ਹਾਸਿਆਂ ਦਾ ਵਣਜਾਰਾ 'ਚਮਨ ਹਰਿਗੋਬਿੰਦਪੁਰੀ' ਦੀ ਹਾਸ ਰਸ ਦੇ ਖੇਤਰ ਵਿਚ ਕਵੀ ਦੇ ਯੋਗਦਾਨ ਸੰਬੰਧੀ ਜ਼ਿਕਰ ਉਸ ਦੇ ਸਾਹਿਤਕ ਜੀਵਨ ਸੰਬੰਧੀ ਵਿਚਾਰ ਕਰਦਿਆਂ 'ਅਰਦਾਸ' ਕਾਵਿ-ਸੰਗ੍ਰਹਿ ਵਿਚ ਕਵੀ ਦੇ ਵਿਸ਼ਾਲ ਗਿਆਨ ਭੰਡਾਰ ਅਤੇ ਵਿਦਵਤਾ ਦਾ ਜ਼ਿਕਰ ਕਰਦਿਆਂ ਕਵੀ ਦਾ ਬਹੁ-ਭਾਸ਼ਾਈ ਵਿਦਵਾਨ ਹੋਣਾ ਉਸ ਦਾ ਮੀਰੀ ਗੁਣ ਸੀ। 'ਅਰਦਾਸ' ਕਾਵਿ-ਸੰਗ੍ਰਹਿ ਦੀਆਂ ਵੱਖ-ਵੱਖ ਵੰਨਗੀਆਂ :-
-ਸਬਜ਼ੀ ਰਿਝ ਗਈ ਏ, ਤੜਕੇ ਲੱਗ ਰਹੇ ਨੇ,
ਲੋਹਾਂ ਤਪਦੀਆਂ ਨੇ, ਫੁਲਕੇ ਪੱਕ ਰਹੇ ਨੇ।
ਨਰਮ ਨਰਮ ਕੁਣਕਾ, ਗਰਮ ਗਰਮ ਦਾਲਾਂ,
ਲੰਗਰ ਵਿਚ ਬੈਠੇ ਲੋਕੀਂ ਛਕ ਰਹੇ ਨੇ।
(ਕਵਿਤਾ ਜੇਠਾ ਜੀ)
-ਬਿਟ ਬਿਟ ਤਕਦੇ ਸਿਤਾਰੇ ਨੇ ਅਕਾਸ਼ ਦੇ,
ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਦੇ।
ਪੁੱਤਰਾਂ ਦੇ ਦੁੱਖ ਜਿਸ ਖਿੜੇ ਮੱਥੇ ਸਏ ਨੇ,
ਕੱਫ਼ਨੋਂ ਬਗ਼ੈਰ ਪੁੱਤਰ ਅੱਖਾਂ ਸਾਹਵੇਂ ਪਏ ਨੇ।
(ਕਵਿਤਾ ਬੰਦਾ ਬਹਾਦਰ)
ਸਮੁੱਚੇ ਰੂਪ ਵਿਚ ਇਹ ਕਾਵਿ-ਸੰਗ੍ਰਹਿ ਦੀ ਸੰਪਾਦਨਾ ਪਾਠਕਾਂ ਤੇ ਨਵੇਂ ਉੱਭਰ ਰਹੇ ਕਵੀਆਂ ਲਈ ਪ੍ਰੇਰਨਾ ਦੇ ਨਵੇਂ ਦਿਸ-ਹੱਦੇ ਸਿਰਜਣ ਵਿਚ ਯੋਗਦਾਨ ਪਾਵੇਗੀ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਤੀਸਰੀ ਅੱਖ
ਲੇਖਕ : ਗੁਰਬਚਨ ਸਿੰਘ ਵਿਰਦੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150 ਰੁਪਏ
ਸੰਪਰਕ : 98760-21122
ਇਹ ਪੁਸਤਕ ਲੇਖਕ ਦੀ ਪੰਜਵੀਂ ਪੁਸਤਕ ਹੈ, ਜਿਸ ਵਿਚ ਉਸ ਦੇ 21 ਨਿਬੰਧ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਬ੍ਰਹਿਮੰਡ ਤੇ ਧਰਤੀ, ਵਿੱਦਿਆ-ਵਿਚਾਰੀ, ਕਲਗੀ ਦਾ ਵਾਰਿਸ : ਸ਼ਹੀਦ ਸੰਗਤ ਸਿੰਘ, ਵਿੱਦਿਆ ਵਿਚਾਰੀ, ਭਾਗੋ ਨਾਮ ਦੀਆਂ ਤਿੰਨ ਸ਼ਖ਼ਸੀਅਤਾਂ ਤੇ ਸਿੱਖ ਗੁਰੂ, ਬਾਬਾ ਨਾਨਕ ਦੀ ਰੋਮ ਫੇਰੀ, ਅੰਗਰੇਜ਼ੀ ਮਹੀਨਿਆਂ ਦੇ ਨਾਂਅ ਕਿਵੇਂ ਰੱਖੇ ਗਏ, ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਆਏ ਕੁਝ ਮੁਸਲਮਾਨ ਮਹਿਮਾਨ, ਕੁੱਲ 21 ਨਿਬੰਧ ਹਨ। ਇਨ੍ਹਾਂ ਨਿਬੰਧਾਂ ਵਿਚ ਨਵਾਂ 'ਕੁਝ ਵੀ ਹੈ' ਜੋ ਪਹਿਲੀ ਵਾਰ ਵਿਰਦੀ ਦੀ ਕਲਮ ਨੇ ਲਿਖਿਆ ਹੈ। ਉਹ ਹੈ 'ਜੁਗਨੀ, ਜਗਦੀ ਲੋਅ, ਮੁਗ਼ਲ ਸ਼ਹਿਰ ਸਰਹਿੰਦ ਦੀਆਂ ਯਾਦਗਾਰਾਂ' ਖੋਜ ਭਰਪੂਰ ਰਚਨਾਵਾਂ ਹਨ। ਆਪ ਨੇ 'ਅਧੂਰੀ ਕਵਿਤਾ' ਸਾਹਿਤ ਜਗਤ ਦੇ ਹਿੱਸੇ ਪਾਈ ਹੈ। ਇਸ ਦਾ ਪਹਿਲਾ 24 ਨਿਬੰਧਾਂ ਦਾ ਪਰਾਗਾ 'ਤੀਸਰੀ ਅੱਖ' ਪੁਸਤਕ ਵਿਚ ਸ਼ਾਮਿਲ ਹਨ। ਆਪ ਨੇ ਗੁਰੂ ਨਾਨਕ ਦਾ ਜਨਮ ਪੁਰਬ ਸੰਬੰਧੀ ਜੋ ਨਿਬੰਧ ਦੀ ਰਚਨਾ ਕੀਤੀ ਹੈ, ਉਸ ਦੀ ਵੱਖਰੀ ਪਰਖ ਤੇ ਪਛਾਣ ਹੈ। ਪਹਿਲਾਂ ਗੁਰੂ ਨਾਨਕ ਦੇਵ ਦਾ ਜਨਮ ਦਿਵਸ 15 ਅਪ੍ਰੈਲ, 1469 ਈ. ਲਿਖੀ ਹੁੰਦੀ ਸੀ। ਇਹ ਦੱਸਿਆ ਹੁੰਦਾ ਸੀ ਕਿ ਆਪ ਦਾ ਜਨਮ ਪੁਰਬ ਕਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਕਾਰਨ, ਵਿਸਾਖੀ ਦਾ ਤਿਉਹਾਰ ਤੇ ਜਨਮ ਦਿਵਸ ਨੇੜੇ ਹੁੰਦੇ ਸਨ। ਇਕ-ਓਂਕਾਰਤਾ ਦੀ ਵਿਆਪਤਾ ਸਰਬਜਨਕ ਹੈ। ਗੁਰੂ ਨਾਨਕ ਨੇ ਪ੍ਰਭੂ ਨੂੰ ਇਕ ਪਰਵਾਨ ਕੇ, ਪਰਸਾਰਿਆ ਹੈ। ਇਕ ਅਮਰੀਕਨ, ਚਿੰਤਕ ਅਨੁਸਾਰ ਭਾਰਤ ਵਿਚ ਪਰਾਲੀ ਸਾੜਨ ਨਾਲ, ਤੀਹ ਅਰਬ ਡਾਲਰ ਭਾਵ ਦੋ ਲੱਖ ਡਾਲਰ ਦਾ ਨੁਕਸਾਨ ਹੁੰਦਾ ਹੈ। ਆਪ ਨੇ ਪੁਸਤਕ ਵਿਚ ਉਸ ਨੌਜਵਾਨ ਦਾ ਜ਼ਿਕਰ ਕੀਤਾ ਹੈ, ਜਿਸ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਪਿੱਠ ਲਾਉਣ ਦੀ ਹਿੰਮਤ ਕੀਤੀ। ਆਪ ਨੇ ਪਹਿਲੀ ਵਾਰ ਸਿੱਖ ਗੁਰੂਆਂ ਦੀਆਂ ਰਿਸ਼ਤੇਦਾਰੀਆਂ ਦਾ ਜ਼ਿਕਰ ਕੀਤਾ ਹੈ। ਆਪ ਨੇ ਧਰਮ-ਪ੍ਰਚਾਰ ਲਈ ਮਸੰਦ ਪਦ ਚਾਲੂ ਕੀਤੀ। ਆਪ ਦਾ ਨਿਬੰਧ ਵਿੱਦਿਆ ਵਿਚਾਰੀ, ਚਿੰਤਨ ਅਤੇ ਚੇਤਨਾ, ਵੰਡਦਾ ਨਿਬੰਧ ਹੈ। ਆਪ ਨੇ ਦੇਸ਼ ਪੰਜਾਬ ਦੇ ਦਲੇਰ ਯੋਧਿਆਂ ਬਾਰੇ ਨਿੱਠ ਕੇ ਪਹਿਲੀ ਵਾਰ ਲਿਖਿਆ ਹੈ।
-ਡਾ. ਅਮਰ ਕੋਮਲ
ਮੋਬਾਈਲ : 84378-73565
ਪੰਜਾਬ ਏਜੰਡਾ
ਪੰਜਾਬ ਦੀ ਵਿਸਮਾਦੀ ਨਵ-ਉਸਾਰੀ ਦਾ ਮਾਡਲ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 184
ਸੰਪਰਕ : 98725-91713
ਭਾਈ ਹਰਿਸਿਮਰਨ ਸਿੰਘ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਿੱਖ ਧਰਮ ਦੀ ਅੰਤਰ-ਆਤਮਾ ਅਤੇ ਤਤਕਾਲੀ ਸੰਦਰਭਾਂ ਨੂੰ ਅਧਾਰ ਬਣਾ ਕੇ ਗੁਰਮਤਿ ਦਾ ਵਿਵੇਚਨ ਕਰ ਰਿਹਾ ਹੈ, ਉਹ ਆਧੁਨਿਕ ਯੁੱਗ ਦਾ ਇਕ 'ਰਿਸ਼ੀ' ਹੈ, ਜਿਸ ਦੇ ਆਸ਼ਰਮ ਵਿਚ ਗੁਰਮਤਿ ਬਾਰੇ ਵਿਖਿਆਨ ਅਤੇ ਸੰਵਾਦ ਨਿਰੰਤਰ ਚਲਦਾ ਰਹਿੰਦਾ ਹੈ। ਕੁਝ ਵਰ੍ਹੇ ਪਹਿਲਾਂ ਉਸ ਨੇ ਗੁਰਮਤਿ ਦੇ ਵਿਸਮਾਦੀ ਮਾਡਲ ਬਾਰੇ ਚਾਰ ਵੱਡਆਕਾਰੀ ਗ੍ਰੰਥਾਂ ਦੀ ਰਚਨਾ ਵੀ ਕੀਤੀ ਸੀ, ਜਿਸ ਵਿਚ ਗਲੋਬਲ-ਸਰੋਕਾਰਾਂ ਦੀ ਸਾਰਥਿਕਤਾ ਅਤੇ ਪਹੁੰਚ ਵਿਧੀ ਨੂੰ ਵੰਗਾਰਿਆ ਗਿਆ ਸੀ। ਅੱਜਕਲ੍ਹ ਉਹ ਸਿੱਖ ਧਰਮ ਦੇ 'ਕਰਤਾਰਪੁਰੀ ਮਾਡਲ' ਨੂੰ ਨਿਖਾਰਨ ਪ੍ਰਚਾਰਨ ਦੇ ਸ਼ੁੱਭ ਕਰਮ ਵਿਚ ਰੁੱਝਾ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਮੱਧ ਏਸ਼ੀਆ ਦੇ ਕੁਝ ਪ੍ਰਮੁੱਖ ਮੁਲਕਾਂ ਵਿਚ ਯਾਤਰਾਵਾਂ (ਉਦਾਸੀਆਂ) ਕਰਨ ਉਪਰੰਤ ਕਰਤਾਰਪੁਰ ਸਾਹਿਬ ਵਿਖੇ ਆਪਣੇ ਇਕ ਨਵੇਂ ਨਗਰ ਦਾ ਨਿਰਮਾਣ ਕਰ ਕੇ ਮਨੁੱਖ ਨੂੰ ਸਹੀ ਜੀਵਨ ਜਾਚ ਦੀ ਵਿਧੀ ਸਿਖਾਈ-ਸਮਝਾਈ ਸੀ। ਇਸੇ ਵਿਧੀ ਦੇ ਬਲਿਊ ਪ੍ਰਿੰਟ ਨੂੰ ਲੇਖਕ 'ਕਰਤਾਰਪੁਰੀ ਮਾਡਲ' ਦਾ ਨਾਂਅ ਦਿੰਦਾ ਹੈ। ਇਸ ਮਾਡਲ ਦੇ ਛੇ ਨਕਸ਼ਾਂ ਬਾਰੇ ਚਰਚਾ ਕੀਤੀ ਗਈ : 1. ਰੂਹਾਨੀ ਵਿਗਾਸ ਅਤੇ ਪਦਾਰਥਕ ਸੰਤੁਸ਼ਟੀ ਵਾਲੇ ਵਿਸਮਾਦੀ ਮਨੁੱਖ ਦੀ ਸਿਰਜਣਾ, 2. ਬਹੁ-ਸੱਭਿਆਚਾਰੀ ਜੀਵਨ, 3. ਸਾਂਝੀ ਖੇਤੀ ਅਤੇ ਵਾਪਰ, 4. ਸੱਚੀ-ਸੁੱਚੀ ਕਿਰਤ ਵਾਲੇ ਸੱਭਿਆਚਾਰ ਦੀ ਲੋੜ, 5. ਸਰਬੱਤ ਦੇ ਭਲੇ ਦਾ ਆਹਰ ਕਰਨ ਵਾਲਾ ਸਮਾਜ ਅਤੇ 6. ਜੀਵਨ ਦੀ ਸੁਰੱਖਿਆ, ਸਿਰਜਣਾਤਮਿਕਤਾ ਵਾਲੀ ਬੇਗ਼ਮਪੁਰੀ ਸਮਾਜਿਕ ਵਿਵਸਥਾ। ਲੇਖਕ ਗੁਰਬਾਣੀ ਅਤੇ ਗੁਰਮਤਿ ਦੇ ਪੁਨਰ ਵਿਸ਼ਲੇਸ਼ਣ ਦੁਆਰਾ ਵਿਸ਼ਵ ਵਿਚ ਇਕ ਨਵੇਂ ਨਿਜ਼ਾਮ ਦੀ ਸਿਰਜਣਾ ਅਤੇ ਸਥਾਪਨਾ ਲਈ ਪ੍ਰਤੀਬੱਧ ਹੈ। ਉਸ ਨੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਖੋਜ ਕੇਂਦਰ ਸਥਾਪਿਤ ਕੀਤਾ ਹੋਇਆ ਹੈ, ਜਿਥੇ ਬੈਠ ਕੇ ਉਹ 'ਆਪ' ਅਤੇ ਕੁਝ ਹੋਰ ਜਗਿਆਸੂ ਇਸ ਮੰਤਵ ਲਈ ਕਾਰਜਸ਼ੀਲ ਰਹਿੰਦੇ ਹਨ। ਉਸ ਨੂੰ ਲਗਦਾ ਹੈ ਕਿ ਪਿਛਲੀਆਂ ਕੁਝ ਸਦੀਆਂ ਤੋਂ ਮਨੁੱਖੀ ਸੋਚ ਅਤੇ ਜੀਵਨ ਵਿਚ ਇਕ ਖੜੋਤ (ਜੜ੍ਹਤਾ) ਆ ਚੁੱਕੀ ਹੈ, ਜਿਸ ਨੂੰ ਤੋੜ ਕੇ ਤਬਦੀਲੀ ਲਿਆਉਣਾ ਉਸ ਦਾ ਮਿਸ਼ਨ ਹੈ। ਉਸ ਅਨੁਸਾਰ ਵਿਸਮਾਦੀ ਚਿੰਤਨ ਬਾਰੇ ਗੁਰੂ ਸਿਧਾਂਤ ਇਹ ਹੈ : ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੇ ਜਾਈ॥ ਉਹ ਆਰਥਿਕਤਾ ਦੇ ਇਸ ਸਿਧਾਂਤ-ਸੂਤਰ ਨੂੰ ਬੜੀ ਨਿਸ਼ਠਾ ਨਾਲ ਵਿਉਂਤਬੱਧ ਕਰ ਰਿਹਾ ਹੈ। ਸ਼ੁੱਭ ਕਾਮਨਾਵਾਂ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਰਾਤ ਦੇ ਉਹਲੇ
ਕਹਾਣੀਕਾਰਾ : ਸਿਮਰਜੀਤ ਜੱਸੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 93170-05005
'ਰਾਤ ਦੇ ਉਹਲੇ' ਸਿਮਰਜੀਤ ਜੱਸੀ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਹਨ। ਇਸ ਸੰਗ੍ਰਹਿ ਦੇ ਪਹਿਲੇ ਹਿੱਸੇ ਵਿਚ ਲੰਮੀਆਂ ਕਹਾਣੀਆਂ ਸ਼ਾਮਿਲ ਹਨ ਅਤੇ ਪਿਛਲੇਰੇ ਹਿੱਸੇ ਵਿਚ ਆਕਾਰ ਪੱਖੋਂ ਛੋਟੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਕਹਾਣੀ-ਸੰਗ੍ਰਹਿ ਵਿਚ ਸ਼ਾਮਿਲ ਤਕਰੀਬਨ ਸਾਰੀਆਂ ਹੀ ਕਹਾਣੀਆਂ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਅਨੈਤਿਕ ਸੰਬੰਧਾਂ ਦੀ ਆੜ ਹੇਠ ਸਮਾਜਿਕ ਮਰਿਆਦਾ ਭੰਗ ਹੁੰਦੀ ਹੈ ਤਾਂ ਇਸ ਨਾਲ ਮਨੁੱਖੀ ਜ਼ਿੰਦਗੀ ਵੀ ਉਥਲ-ਪੁਥਲਮਈ ਪ੍ਰਸਥਿਤੀਆਂ ਦੇ ਰੂ-ਬਰੂ ਹੁੰਦੀ ਹੈ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ 'ਤੇ 'ਉਹ ਘਰ ਖੰਡਰ ਹੋ ਗਿਆ' ਵਿਚ ਦੱਸਿਆ ਗਿਆ ਹੈ ਕਿ ਕੀਤੇ ਹੋਏ ਗੁਨਾਹ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦੇ। 'ਰਾਤ ਦੇ ਉਹਲੇ' ਕਹਾਣੀ ਅਨੈਤਿਕ ਸੰਬੰਧਾਂ ਬਾਰੇ ਬਿਰਤਾਂਤ ਪੇਸ਼ ਕਰਦੀ ਹੈ, ਜਿਥੇ ਕਹਾਣੀਕਾਰ ਨੇ ਮੌਕਾ ਮੇਲ ਦੀ ਜੁਗਤ ਰਾਹੀਂ ਦੁਖਾਂਤ ਨੂੰ ਸੁਖਾਂਤ ਵਿਚ ਬਦਲਿਆ ਹੈ। 'ਚਾਨਣ ਦੀ ਕਾਤਰ' ਕਹਾਣੀ ਹੀਜੜਾ ਹੋਣ ਦੇ ਦੁਖਾਂਤ ਨੂੰ ਪੇਸ਼ ਕਰਦੀ ਵੱਖਰੀ ਭਾਂਤ ਦੀ ਕਹਾਣੀ ਹੈ। 'ਠਰੀਆਂ ਰਾਤਾਂ' ਕਹਾਣੀ ਜਿਥੇ ਉੱਤਮਪੁਰਖੀ ਬਿਰਤਾਂਤ ਵਿਚ ਲਿਖੀ ਦਿਲਚਸਪ ਕਹਾਣੀ ਹੈ, ਉਥੇ 'ਰੁਖਸਾਰ' ਕਹਾਣੀ ਵਿਚ ਔਰਤ ਦੇ ਸ਼ਸ਼ਕਤ ਹੋਣ ਦਾ ਬਿਸ਼ਾਗਤ ਪਹਿਲੂ ਸਿਰਜਿਆ ਗਿਆ ਹੈ। ਰੁਖਸਾਨਾ ਅਤੇ ਤ੍ਰਿਪਤੀ ਦੇ ਪ੍ਰਸੰਗ ਵਿਚ ਇਹ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ 'ਆਪਣਾ ਆਪਣਾ ਅੰਬਰ' ਕਹਾਣੀ ਵਿਚ ਮਰਦ ਦੀ ਪਰਿਵਾਰਕ ਰਿਸ਼ਤਿਆਂ ਪ੍ਰਤੀ ਗ਼ੈਰ-ਜ਼ਿੰਮੇਦਾਰਾਨਾ ਪਹੁੰਚ ਅਤੇ ਸੰਜਮ ਵਰਗੀ ਔਰਤ ਦਾ ਗੁਰਵੰਤ ਵਰਗੇ ਮਰਦ ਦੀ ਵਧੀਕੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਪੇਸ਼ ਕੀਤਾ ਗਿਆ ਹੈ। ਜਿਥੇ 'ਉਧਲ ਗਿਓਂ ਚਾਨਣਾ' ਅਤੇ 'ਕੋਠੀ ਆਲੀ ਤਾਈ ਜਮਾਲੋ' ਕਹਾਣੀਆਂ ਔਰਤ ਦੀ ਸਮਾਜਿਕ ਦਸ਼ਾ ਬਾਰੇ ਬਿਆਨ ਕਰਦੀਆਂ ਹਨ, ਉਥੇ 'ਮੋਹ ਦੇ ਕਿਣਕੇ' ਕਹਾਣੀ ਵਿਚ ਮਨੁੱਖਾਂ ਅਤੇ ਪੰਛੀਆਂ ਦੇ ਭਾਵੁਕ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ। 'ਬਾਗਾਂ ਦਾ ਰਾਖਾ' ਕਹਾਣੀ ਵਿਚ ਮਾਪਿਆਂ ਦੀ ਬੱਚਿਆਂ ਪ੍ਰਤੀ ਅਣਗਹਿਲੀ ਅਤੇ ਅਵੇਸਲਾਪਨ ਹੀ ਉਨ੍ਹਾਂ ਨੂੰ ਭਟਕਣਾ ਦੇ ਹਨੇਰੇ ਵਿਚ ਲੈ ਜਾਂਦਾ ਹੈ, ਵਿਸ਼ਾ ਪੇਸ਼ ਹੋਇਆ ਹੈ। 'ਸੂਰਜ ਡੁੱਬਣ ਤੋਂ ਪਹਿਲਾਂ' ਕਹਾਣੀ ਭਾਵੁਕ ਭਾਵਨਾਵਾਂ ਦੇ ਮਰ ਜਾਣ ਦਾ ਬਿਰਤਾਂਤ ਸਿਰਜਦੀ ਹੈ। ਕਹਾਣੀਕਾਰਾ ਨੇ ਸੰਗ੍ਰਹਿ ਦੀਆਂ ਪਹਿਲੀਆਂ ਪੰਜ ਕਹਾਣੀਆਂ ਨੂੰ 'ਲੜੀਵਾਰ' ਸਿਰਲੇਖ ਤਹਿਤ ਪੇਸ਼ ਕੀਤਾ ਹੈ। ਕਹਾਣੀਆਂ ਕਥਾ ਰਸ ਦੀ ਭਰਪੂਰਤਾ ਹੈ ਅਤੇ ਵਿਸ਼ਿਆਂ ਦੀ ਵੰਨ-ਸੁਵੰਨਤਾ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਪ੍ਰਛਾਵੇਂ ਨ੍ਹੀਂ ਮਰਦੇ
ਲੇਖਕ : ਆਰ. ਐੱਸ. ਰਾਜਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 100
ਸੰਪਰਕ : 98584-77296
ਲੇਖਕ ਲੰਮੇ ਅਰਸੇ ਤੋਂ ਕਹਾਣੀਆਂ ਲਿਖਦਾ ਆ ਰਿਹਾ ਹੈ। ਹੁਣ ਤੱਕ ਉਸ ਦੇ ਤਿੰਨ ਕਹਾਣੀ-ਸੰਗ੍ਰਹਿ ਤੇ ਇਕ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਸੰਗ੍ਰਹਿ ਵਿਚ ਉਸ ਆਪਣੀਆਂ 13 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਜੋ ਅਲੱਗ-ਅਲੱਗ ਵਿਸ਼ਿਆਂ ਦੀ ਪੇਸ਼ਕਾਰੀ ਹਨ। ਕਹਾਣੀ ਪਾਸਾਰ ਵਿਚ ਹੀ ਉਸ ਦੇ ਕਹਾਣੀ ਦੇ ਤਿੱਖੇਪਣ ਤੇ ਨਿਵੇਕਲੇਪਨ ਨੂੰ ਸਮਝਿਆ ਜਾ ਸਕਦਾ ਹੈ। ਫੁੱਲਾਂ ਦੀ ਬਾਤ ਪਾਉਂਦਾ ਉਹ ਇਕ ਥਾਂ ਗੁਲਦਸਤੇ ਵਿਚ ਫੁੱਲ ਪਰੋਣ ਦੀ ਗੱਲ ਕਰਦਿਆਂ ਇਸ ਦੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦੇ ਜਾਂਦਾ ਹੈ ਜਿਵੇਂ ਭੰਨਤੋੜ, ਟੇਂਕਬਟਨੀਆਂ, ਗੁਛਾਂਦੇ ਦਾ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਸੱਜੀ ਪੁੰਗਰ ਰਹੀ ਖੱਬਲ ਵੀ ਫੁੱਲਾਂ ਨਿਆਈਂ ਹੀ ਹੁੰਦੀ ਹੈ। ਸਰਕਾਰੀ ਸਿਸਟਮ 'ਤੇ ਸ਼ਾਇਰ ਵੀ ਦੇਖਣਯੋਗ ਬਣਦਾ ਹੈ, ਜਦੋਂ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ 'ਚੋਂ ਜਾਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਸਕੂਲ, ਪੁਲ ਤੇ ਸਰਕਾਰੀ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਉਸਾਰਨਾ ਸ਼ੁਰੂ ਕੀਤਾ। ਸਾਰੀਆਂ ਕਹਾਣੀਆਂ ਦੇ ਵਿਸ਼ਿਆਂ ਵਿਚ ਵਖਰੇਵਾਂ ਹੈ ਪ੍ਰੰਤੂ ਮਾਹੌਲ ਤੇ ਵਿਸ਼ਿਆਂ ਵਿਚ ਇਕ ਸਾਂਝ ਵੀ ਨਜ਼ਰ ਆਉਂਦੀ ਹੈ। ਸ਼ਾਇਦ ਇਹ ਲੇਖਕ ਦੀ ਸ਼ੈਲੀ ਤੇ ਉਸ ਦੇ ਵਾਤਾਵਰਨ ਸਿਰਜਣ ਅਤੇ ਗੱਲ ਕਰਨ ਦੇ ਲਹਿਜ਼ੇ ਕਰਕੇ ਅਜਿਹਾ ਅਲੱਗ ਵਰਤਾਰਾ ਵਾਪਰਦਾ ਪ੍ਰਤੀਤ ਹੁੰਦਾ ਹੈ। ਅਤੀਤ ਕਦੇ ਮੁੜਿਆ ਨਹੀਂ ਆਪਣੇ ਟਾਈਟਲ ਦੀ ਹੀ ਤਰਜਮਾਨੀ ਕਰਦੀ ਜਾਪਦੀ ਹੈ। ਬੇਸ਼ੱਕ ਅਸੀਂ ਵਰਤਮਾਨ ਨਾਲੋਂ ਅਤੀਤ ਵਿਚ ਵਧੇਰੇ ਵਿਚਰਦੇ ਹਾਂ ਪਰ ਦਰਹਕੀਕਤ ਬੀਤਿਆ ਜਾਂ ਅਤੀਤ ਕਦੇ ਵਾਪਸ ਨਹੀਂ ਪਰਤਦਾ? ਕਹਾਣੀਆਂ ਸਾਰੀਆਂ ਹੀ ਪੜ੍ਹਨਯੋਗ ਹਨ ਅਤੇ ਅਜੋਕੀ ਕਹਾਣੀ ਤੋਂ ਸਮਾਨਾਂਤਰ ਆਪਣਾ ਮੁਕਾਮ ਖ਼ੁਦ ਉਸਾਰਦੀਆਂ ਹਨ। ਡਾਰੋਂ ਵਿਛੜੀ ਕੂੰਜ ਦਾ ਇਕ ਡਾਇਲਾਗ ਵੀ ਦੇਖਿਆਂ ਹੀ ਬਣਦਾ ਹੈ ਅਨਵਰ ਪੁੱਤਰ ਅਸੀਂ ਆਪਸ ਵਿਚ ਗੁਆਂਢੀ ਹਾਂ। ਗੁਆਂਢੀ ਤਾਂ ਇਕੋ ਮਾਂ-ਪਿਓ ਦੇ ਜੰਮੇ ਆਖੇ ਜਾਂਦੇ ਨੇ। ਤੂੰ ਇਹ ਜ਼ੁਲਮ ਨਾ ਕਰ। ਮੈਂ ਤੇਰੇ ਪਿਓ ਨੂੰ ਸ਼ਿਕਾਇਤ ਕਰਾਂਗਾ, ਨਾਲੇ ਸੀਬੋ ਅਜੇ ਬਾਲੜੀ ਹੈ। ਛੱਡ ਦੇਵੋ ਸਾਨੂੰ। ਬਹੁਤ ਥਾਈਂ ਕਹਾਣੀਆਂ ਵਿਚ ਆਤੰਕ ਤੇ ਦਹਿਸ਼ਤ ਦੇ ਪਰਛਾਵੇਂ ਦੇਖਣ ਨੂੰ ਮਿਲਦੇ ਹਨ। ਦਰਅਸਲ ਕਹਾਣੀਕਾਰ ਜਿਸ ਖਿੱਤੇ ਵਿਚ ਰਹਿੰਦਾ ਤੇ ਵਿਚਰਦਾ ਹੈ, ਉਥੋਂ ਦੇ ਮਾਹੌਲ ਮੁਤਾਬਿਕ ਹੀ ਉਹ ਕਹਾਣੀ ਕਹਿਣ ਵੱਲ ਰੁਚਿਤ ਰਿਹਾ ਹੈ। ਇਹ ਚੰਗੀ ਗੱਲ ਵੀ ਹੈ ਚੂੰਕਿ ਜਿਵੇਂ ਆਲਾ-ਦੁਆਲਾ ਹੁੰਦਾ ਹੈ, ਉਸੇ ਅਨੁਸਾਰ ਕੋਈ ਲੇਖਕ ਵਧੇਰੇ ਸ਼ਿੱਦਤ ਨਾਲ ਆਪਣੀ ਗੱਲ ਕਹਿ ਸਕਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਜੀਵਨ ਦਰਿਆ
ਲੇਖਕ : ਅਨੋਖ ਸਿੰਘ ਵਿਰਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 62837-33100
'ਜੀਵਨ ਦਰਿਆ' ਅਨੋਖ ਸਿੰਘ ਵਿਰਕ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਜੀਵਨ ਦੀਆਂ ਚੋਣਵੀਆਂ ਯਾਦਾਂ ਅਤੇ ਘਟਨਾਵਾਂ ਦਰਜ ਕੀਤੀਆਂ ਹਨ। ਲੇਖਕ ਵੀਹ ਸਾਲ ਫ਼ੌਜ ਵਿਚ ਅਤੇ ਪੰਦਰਾਂ ਵਰ੍ਹੇ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਰਿਹਾ ਹੈ। ਪੇਂਡੂ ਰਹਿਤਲ ਦਾ ਜੰਮਪਲ ਹੈ। ਬਚਪਨ ਪੰਜਾਬ ਦੇ ਪਿੰਡ ਵਿਚ ਹੀ ਗੁਜ਼ਾਰਿਆ ਹੈ। ਇਨ੍ਹਾਂ ਯਾਦਾਂ ਨੂੰ ਟੋਟਿਆਂ ਵਿਚ ਲਿਖੀ ਸਵੈ-ਜੀਵਨੀ ਵੀ ਆਖਿਆ ਜਾ ਸਕਦਾ, ਜਿਸ ਤੋਂ ਲੇਖਕ ਦੇ ਚਰਿੱਤਰ ਦੀ ਮੋਟੀ-ਮੋਟੀ ਭਿਣਕ ਮਿਲ ਜਾਂਦੀ ਹੈ। ਇਨ੍ਹਾਂ ਯਾਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੇਖਕ ਫ਼ੌਜ ਅਤੇ ਪੁਲਿਸ 'ਚ ਨੌਕਰੀ ਕਰਦਿਆਂ ਵੀ ਸ਼ਰਾਬ ਪੀਣ ਦਾ ਆਦੀ ਨਹੀਂ। ਬਲਕਿ ਸ਼ਰਾਬ ਪੀਂਦਾ ਹੀ ਨਹੀਂ। ਉਸ ਦੀ ਫ਼ਿਤਰਤ ਹਾਸੇ-ਮਜ਼ਾਕ ਵਾਲੀ ਹੈ। ਉਸ ਦੇ ਮਿਜਾਜ਼ 'ਚ ਠਰ੍ਹੰਮਾ ਹੈ ਤੇ ਉਹ ਆਪਣੀ ਡਿਊਟੀ ਪ੍ਰਤੀ ਪੂਰਨ ਤੌਰ 'ਤੇ ਪ੍ਰਤੀਬੱਧ ਹੈ। ਹਰ ਕੰਮ ਨੂੰ ਸਹਿਜਤਾ ਨਾਲ ਕਰਦਾ ਹੈ ਤੇ ਇਮਾਨਦਾਰੀ ਉਸ ਦੇ ਹਮੇਸ਼ਾ ਅੰਗ-ਸੰਗ ਰਹਿੰਦੀ ਹੈ।
ਇਸ ਪੁਸਤਕ ਵਿਚ ਉਸ ਨੇ ਕੁਝ ਹਾਸ-ਰਸੀ ਘਟਨਾਵਾਂ ਦਰਜ ਕੀਤੀਆਂ ਹਨ ਜਿਵੇਂ ਜੰਦਰਾ ਖੋਲ੍ਹਣ ਦੀ ਕਾਰੀਗਰੀ, ਨਿੱਕਰ, ਇਸ਼ਕ ਦਾ ਜਾਦੂ, ਡਿੱਗਿਆ ਨਹੀਂ ਛਾਲ ਮਾਰੀ ਹੈ, ਰੋਲ ਨੰਬਰ, ਚੂੜੀਆਂ ਦੀ ਬਰਾਮਦਗੀ, ਟੂਣੇ ਦਾ ਲੱਡੂ, ਇਕ ਤਸਵੀਰ ਦਾ ਸਫ਼ਰ, ਇੰਸਪੈਕਟਰ ਸਾਹਿਬ, ਨਵੀਂ ਵਹੁਟੀ ਦੇ ਪੈਸੇ ਆਦਿ। ਇਨ੍ਹਾਂ ਘਟਨਾਵਾਂ ਦਾ ਵਰਣਨ ਕਰਦਿਆਂ ਲੇਖਕ ਮਾਸੂਮ ਹਾਸਾ ਪੈਦਾ ਕਰਦਾ ਹੈ। ਨਾ ਉਸ ਦੇ ਤੇ ਨਾ ਹੀ ਪਾਠਕ ਦੇ ਦੰਦ ਦਿਸਦੇ ਹਨ। ਘਟਨਾ ਦੀ ਪੇਸ਼ਕਾਰੀ ਕਾਰਨ ਬੁੱਲ੍ਹ ਜਾਂ ਅੱਖਾਂ ਹੀ ਮੁਸਕਰਾਉਂਦੀਆਂ ਦਿਸਦੀਆਂ ਹਨ। ਠਾਹ-ਸੋਟਾ ਹਾਸਾ ਕਿਤੇ ਨਹੀਂ ਝਲਕਦਾ।
ਜਲਿਆ ਪਿੰਜਰ, ਓਵਰਸੀਅਰ, ਨੇਵੀ ਦੀ ਭਰਤੀ, ਦੁੱਧ ਜਲੇਬੀਆਂ, ਪਹਿਲਾ ਕੋਟ, ਅਡੈਂਟੀ ਕਾਰਡ, ਰੀਚਾਰਜ ਜਿਹੀਆਂ ਅਜਿਹੀਆਂ ਯਾਦਾਂ ਹਨ, ਜਿਨ੍ਹਾਂ ਵਿਚੋਂ ਲੇਖਕ ਦੀ ਬੇਵਸੀ ਅਤੇ ਆਨਾਜ਼ਾਰੀ ਝਲਕਦੀ ਹੈ। ਉਸ ਦੀ ਪੀੜ ਦਿਖਾਈ ਦਿੰਦੀ ਹੈ। ਪੁਲਿਸ ਦੀ ਨੌਕਰੀ ਦੌਰਾਨ ਵੀ ਉਸ ਨੂੰ ਆਮ ਤੌਰ 'ਤੇ ਦੁਰਘਟਨਾ ਨਾਲ ਹੋਈਆਂ ਮੌਤਾਂ, ਪ੍ਰੇਮੀਆਂ ਦੇ ਘਰੋਂ ਨੱਸਣ ਦੀਆਂ ਵਾਰਦਾਤਾਂ, ਸਕੂਟਰ ਜਾਂ ਹੋਰ ਵਾਹਨਾਂ ਦੇ ਚੋਰੀ ਦੀਆਂ ਘਟਨਾਵਾਂ ਆਦਿ ਨਾਲ ਹੀ ਦਸਤਪੰਜਾ ਲੈਣਾ ਪੈਂਦਾ ਹੈ, ਪਰ ਉਹ ਇਨ੍ਹਾਂ ਵਾਰਦਾਤਾਂ ਦੌਰਾਨ ਵੀ ਬਹੁਤ ਹੀ ਠਰ੍ਹੰਮੇ ਅਤੇ ਸਹਿਜਤਾ ਨਾਲ ਵਰਤਾਰਾ ਕਰਦਾ ਦਿਖਾਈ ਦਿੰਦਾ ਹੈ। ਕਾਨੂੰਨ ਦੇ ਘੇਰੇ ਤੋਂ ਬਾਹਰ ਨਹੀਂ ਜਾਂਦਾ। ਆਮ ਪੁਲਸੀਆਂ ਵਾਂਗ ਮੁਜ਼ਰਮਾਂ ਨਾਲ ਗਾਲ੍ਹੀ-ਗਲੋਚ ਨਹੀਂ ਕਰਦਾ।
ਆਪਣੇ ਬਿਰਤਾਂਤ ਲਈ ਉਹ ਬਹੁਤ ਹੀ ਸਰਲ ਅਤੇ ਸਹਿਜ ਭਾਸ਼ਾ ਦੀ ਵਰਤੋਂ ਕਰਦਾ ਹੈ। ਆਪਣੀ ਵਾਰਤਕ ਨੂੰ ਮੁਹਾਵਰਿਆਂ, ਅਖਾਣਾਂ ਦੀ ਵਰਤੋਂ ਕਰਕੇ ਬੋਝਲ ਨਹੀਂ ਬਣਾਉਂਦਾ, ਪਾਠਕ ਸਰਲ ਭਾਸ਼ਾ ਨੂੰ, ਹਾਸ-ਰਸੀ ਬਿਰਤਾਂਤ ਨੂੰ ਸਹਿਜਤਾ ਨਾਲ ਪੜ੍ਹਦਾ ਜਾਂਦਾ ਹੈ। ਪੁਸਤਕ ਦਿਲਚਸਪ ਹੈ। ਪੜ੍ਹਨਯੋਗ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਜਿਹੜੇ ਰਾਹੀਂ
ਮੈਂ ਗਿਆ
ਲੇਖਕ : ਜਗੀਰ ਜੋਸਣ
ਪ੍ਰਕਾਸ਼ਕ : ਬਾਗਪੁਰ ਪ੍ਰਕਾਸ਼ਨ
ਮੁੱਲ : 250 ਰੁਪਏ, ਸਫ਼ੇ : 254
ਸੰਪਰਕ : 98144-83001
ਇਹ ਪੁਸਤਕ ਜਗੀਰ ਜੋਸਣ ਦਾ ਇਕ ਸਫ਼ਰਨਾਮਾ ਹੈ, ਜਿਸ ਵਿਚ ਏਸ਼ੀਆ ਅਤੇ ਯੂਰਪ ਦੇ ਲਗਭਗ 30 ਦੇਸ਼ਾਂ ਦੀ ਯਾਤਰਾ ਦਾ ਇਕ ਰੌਚਕ ਬਿਰਤਾਂਤ ਦਰਜ ਹੈ। ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਅਤੇ ਇਥੋਂ ਦੀ ਰਾਜਨੀਤਕ ਵਿਵਸਥਾ ਤੋਂ ਤੰਗ ਆ ਕੇ ਵਿਦੇਸ਼ਾਂ ਵੱਲ ਪਲਾਇਨ ਕਰਦੇ ਹਨ। ਜਗੀਰ ਜੋਸਣ ਦਾ ਪਿਤਾ ਇਕ ਸਕੂਲ ਅਧਿਆਪਕ ਸੀ। ਬਹੁਤੇ ਦੁਆਬੀਆਂ ਵਾਂਗ ਉਸ ਪਾਸ ਜ਼ਮੀਨ ਦੀ ਇਕ ਛੋਟੀ ਜਿਹੀ ਢੇਰੀ ਹੀ ਸੀ। ਉਸ ਦੇ ਬਾਲ-ਬੱਚਿਆਂ ਨੂੰ ਅੱਗੋਂ ਕੋਈ ਨੌਕਰੀ ਮਿਲਣ ਦੀ ਆਸ ਨਹੀਂ ਸੀ। ਜਗੀਰ ਜੋਸਣ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਵਿਚ ਐੱਮ.ਏ. ਤਾਂ ਕਰ ਰੱਖੀ ਸੀ ਪਰ ਕਿਸੇ ਨੌਕਰੀ ਨੂੰ ਹੱਥ ਨਾ ਪੈਂਦਾ ਦੇਖ ਉਸ ਨੇ ਬਾਹਰ ਜਾਣ ਦਾ ਫ਼ੈਸਲਾ ਕਰ ਲਿਆ। ਇਸ ਪੁਸਤਕ ਵਿਚ ਅਫ਼ਗਾਨਿਸਤਾਨ, ਬੁਲਗਾਰੀਆ, ਤਹਿਰਾਨ, ਈਰਾਨ, ਇਟਲੀ, ਹੈਮਬਰਗ, ਵੈਨਜੁਏਲਾ, ਫ਼ਰਾਂਸ, ਮੋਰੱਕੋ, ਹਾਲੈਂਡ, ਬ੍ਰਾਜ਼ੀਲ, ਕਿਊਬਾ, ਆਇਰਲੈਂਡ, ਸਪੇਨ ਅਤੇ ਮਿਸਰ ਆਦਿ ਮੁਲਕਾਂ ਦੇ ਸਫ਼ਰ ਦਾ ਵਰਨਣ ਹੈ। 'ਜਿਹੜੇ ਰਾਹੀਂ ਮੈਂ ਗਿਆ' ਨਿਪੁੰਨ ਵਰਗ ਦੇ ਇਕ ਪੜ੍ਹੇ-ਲਿਖੇ ਨੌਜਵਾਨ ਦੀਆਂ ਸੱਧਰਾਂ ਅਤੇ ਹਸਰਤਾਂ ਦਾ ਇਕ ਉਲਝਦਾ ਹੋਇਆ ਦਸਤਾਵੇਜ਼ ਹੈ। ਇਸ ਵਰਗ ਦੇ ਲੋਕ ਕਿਵੇਂ ਆਪਣੀਆਂ ਛੋਟੀਆਂ-ਛੋਟੀਆਂ ਖਾਹਿਸ਼ਾਂ ਨੂੰ ਵੀ ਸਰਅੰਜਾਮ ਸਕਦੇ। ਇਹ ਬਿਰਤਾਂਤ ਭਾਰਤ ਵਰਗੇ ਵੱਡੇ ਅਤੇ ਜ਼ਰਖ਼ੇਜ਼ ਮੁਲਕ ਦੇ ਨੇਤਾਵਾਂ ਦੇ ਮੂੰਹ ਉੱਪਰ ਇਕ ਕਰਾਰਾ ਥੱਪੜ ਹੈ, ਜੋ ਆਪਣੀ ਅਰਥਵਿਵਸਥਾ ਨੂੰ ਤੀਜੇ-ਚੌਥੇ ਨੰਬਰ ਉੱਪਰ ਲੈ ਜਾਣ ਦਾ ਦਾਅਵਾ ਕਰਦੇ ਹਨ, ਪਰ ਜਨਤਾ ਦੀ ਭੁੱਖ-ਬਿਰਤੀ ਪੱਖੋਂ ਸੌ ਮੁਲਕਾਂ ਤੋਂ ਵੀ ਪਿੱਛੇ ਹੈ। ਇਥੋਂ ਦੀ ਪੈਂਤੀ-ਚਾਲੀ ਫ਼ੀਸਦੀ ਆਬਾਦੀ ਨੂੰ ਦੋ ਵਕਤ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ ਅਤੇ ਦਾਅਵੇ ਚੰਦਰਮਾ ਉੱਪਰ ਇਕ ਨਵੀਂ ਦੁਨੀਆ ਵਸਾਉਣ ਦੇ ਪਏ ਕਰਦੇ ਹਨ। ਜਗੀਰ ਜੋਸਣ ਕਈ ਵਰ੍ਹੇ ਇਕ ਸਮੁੰਦਰੀ ਜਹਾਜ਼ ਉੱਪਰ ਨੌਕਰੀ ਕਰਦਾ ਰਿਹਾ। ਇਸ ਕਾਰਨ ਉਸ ਨੂੰ ਦੁਨੀਆ ਦੇ ਕਈ ਦੇਸ਼ ਘੁੰਮਣ ਦਾ ਮੌਕਾ ਮਿਲ ਗਿਆ। ਕਈ ਥਾਵਾਂ ਨਵੀਆਂ ਦੋਸਤੀਆਂ ਵੀ ਪਈਆਂ, ਜਿਥੋਂ ਪਤਾ ਚਲਦਾ ਹੈ ਕਿ ਸਾਰੀ ਦੁਨੀਆ ਦੇ ਗ਼ਰੀਬ ਲੋਕ ਇਕੋ ਵਰਗੇ ਹੀ ਹੁੰਦੇ ਹਨ। ਹਰ ਕੋਈ ਦੂਸਰੇ ਦੀ ਮਦਦ ਕਰਨ ਲਈ ਅੱਗੇ ਹੋ ਕੇ ਬਹੁੜਦਾ ਹੈ। ਇਸ ਸਫ਼ਰਨਾਮੇ ਤੋਂ ਸਿੱਧ ਹੋ ਜਾਂਦਾ ਹੈ ਕਿ 'ਮਾਨਵ ਕੀ ਜਾਤ ਸਬੈ ਏਕੈ ਪਹਿਚਾਨਬੋ'। ਕਈ ਵਰ੍ਹੇ ਵਿਦੇਸ਼ੀ ਧਰਤੀ ਉੱਪਰ ਰੁਲ ਕੇ ਵੀ ਲੇਖਕ ਆਪਣਾ ਭਾਗ ਨਹੀਂ ਬਦਲ ਸਕਿਆ ਕਿਉਂਕਿ ਪੂੰਜੀਵਾਦੀ ਦੇਸ਼ਾਂ ਵਿਚ ਗ਼ਰੀਬਾਂ ਦੀ ਮਿਹਨਤ ਨੂੰ ਪੂੰਜੀਪਤੀ ਲੁੱਟ-ਖਸੁੱਟ ਕੇ ਖਾ ਜਾਂਦੇ ਹਨ। ਇਹ ਇਕ ਮਾਣਨਯੋਗ ਰਚਨਾ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਚਮੇਲੀ ਦੇ ਫੁੱਲ
ਲੇਖਕ : ਜਸਵੰਤ ਸਿੰਘ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 198
ਸੰਪਰਕ : 80540-04977
'ਚਮੇਲੀ ਦੇ ਫੁੱਲ' ਪੁਸਤਕ 'ਆਪਣਾ ਮੂਲ ਪਛਾਣ' ਅਰਥਾਤ ਅਸਹਿਤਤਵਾਦੀ ਦ੍ਰਿਸ਼ਟੀ ਤੋਂ ਸਮਝੇ ਜਾਣ ਦੇ ਯੋਗ ਹੈ। ਨਿਕੋਲਸ ਬਰਦੀਏਵ ਦਾ ਕਥਨ ਹੈ-'ਮੈਂ' ਦੀ ਸਮਝ ਲਈ ਡੂੰਘਾਈ ਵਿਚ ਜਾ ਕੇ ਮੈਂ - ਤੂੰ - ਉਹ ਨਾਲ ਸੰਵਾਦ ਰਚਾ ਕੇ ਦੁਨਿਆਵੀ ਵਿਵਹਾਰਿਕ ਸਮਝ ਪੱਲੇ ਪੈਂਦੀ ਹੈ। ਫਰਾਇਡ ਦਾ ਮਨੋਵਿਗਿਆਨ ਵੀ ਇਸ ਰਚਨਾ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। ਲੇਖਕ ਨੇ ਆਪਣੀ ਪੁਸਤਕ ਨੂੰ ਤਸਵੀਰਾਂ ਨਾਲ ਸੁਸਜਿਤ ਕਰਦਿਆਂ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਲੇਖਕ ਨੇ ਬਾਰਾਂ ਸਾਲਾਂ ਵਿਚ ਲਿਖੇ ਆਪਣੇ ਲਗਭਗ 181 ਅਨੁਭਵ ਸੰਖੇਪ ਰੂਪ ਵਿਚ ਪੇਸ਼ ਕੀਤੇ ਹਨ। ਇਹ ਅਨੁਭਵ ਫ੍ਰੈਡਰਿਕ ਨੀਤਸ਼ੇ ਦੀ ਰਚਨਾ 'ਦੱਸ ਸਪੇਨ (ਭਾਵ ਸਪੋਕ) ਜਰਥੁਸਟਰਾ' ਦੀ ਯਾਦ ਦਿਵਾਉਂਦੇ ਹਨ। ਇਸ ਭਾਗ ਦੀ ਤਕਨੀਕ ਵੀ ਵੱਖਰੀ ਹੈ ਜਿਸ ਸ਼ਬਦ ਦਾ ਸਿਰਲੇਖ ਦਿੱਤਾ ਹੈ, ਉਸੇ ਸ਼ਬਦ ਨਾਲ ਅਨੁਭਵ ਦਾ ਆਰੰਭ ਕੀਤਾ ਹੈ। ਦੂਜੇ ਭਾਗ ਵਿਚ 'ਕਲਾ ਦੇ ਜੈ' ਤੋਂ ਲੈ ਕੇ 'ਬੋਲਿ ਬੋਲਿ ਗਵਾਈਐ' ਤੱਕ 56 ਮੁੱਲਵਾਨ ਖ਼ਿਆਲ ਪ੍ਰਸਤੁਤ ਕੀਤੇ ਹਨ। ਅਨੇਕਾਂ ਅਨੁਭਵਾਂ ਨੂੰ ਕਵਿਤਾਇਆ ਵੀ ਜਾ ਸਕਦਾ ਹੈ। ਸਥਾਨਾਭਾਵ ਦੇ ਕਾਰਨ ਇਨ੍ਹਾਂ ਵਿਚੋਂ ਕੁਝ ਕੁ ਅਨੁਭਵਾਂ ਦੇ 'ਕੇਂਦਰੀ ਸੂਤਰ' ਪਹਿਚਾਣੇ ਜਾ ਸਕਦੇ ਹਨ। ਜਿਵੇਂ ਨਫ਼ਰਤ, ਈਰਖਾ, ਦਵੈਸ ਨੂੰ ਤਿਆਗਣ ਦਾ ਨਾਂਅ ਮੁਹੱਬਤ ਹੈ, ਬਚਪਨ ਤੋਂ ਬਾਅਦ ਪਿਆਰ ਵੀ ਰੋਟੀ ਵਾਂਗ ਕਮਾਉਣਾ ਪੈਂਦਾ ਹੈ, ਸਰੀਰਕ ਕਮਜ਼ੋਰੀ ਨਾਲ ਮਾਨਸਿਕ ਕਮਜ਼ੋਰੀ ਪੈਦਾ ਹੁੰਦੀ ਹੈ, ਮੌਤ ਉਹ ਹੁੰਦੀ ਹੈ ਜੋ ਮੇਰੀ ਸਿਫ਼ਤ ਕਰਨ ਵੇਲੇ ਤੈਨੂੰ ਪੈਂਦੀ ਹੈ, ਬੁਰਿਆਂ ਦੀ ਬੁਰਾਈ ਕਰਦਿਆਂ ਅਸੀਂ ਆਪ ਬੁਰੇ ਹੋ ਜਾਂਦੇ ਹਾਂ, ਕਿਸੇ ਦਾ ਮਜ਼ਾਕ ਉਡਦਾ ਵੇਖ ਕੇ ਸਾਡੇ ਅਦਿੱਖ ਜ਼ਖ਼ਮਾਂ ਨੂੰ ਆਰਾਮ ਮਿਲਦਾ ਹੈ, ਆਪਣੇ ਓਪੀਨੀਅਨ ਨੂੰ ਸਚਾਈ ਸਮਝਣਾ ਦੁਨੀਆ ਦਾ ਸਭ ਤੋਂ ਵੱਡਾ ਅੰਧ-ਵਿਸ਼ਵਾਸ ਹੈ, ਮਨ ਦੇ ਐਂਪਲੀਫਾਇਰ ਦੀ ਦਿਸ਼ਾ ਬਦਲਣੀ ਚਾਹੀਦੀ ਹੈ, ਨਿੰਦਿਆ ਅਤੇ ਚੁਗਲੀ ਉਹ ਸੱਚ ਹੁੰਦਾ ਹੈ ਜਿਸ ਦੇ ਪਿੱਛੇ ਉਦੇਸ਼ ਸ਼ੁੱਭ ਨਹੀਂ ਹੁੰਦਾ, ਅਸੀਂ ਸਿਰਫ਼ ਅੰਨ-ਪਾਣੀ ਦੇ ਬਣੇ ਨਹੀਂ ਹੁੰਦੇ, ਸਗੋਂ ਬੋਲ-ਬਾਣੀ ਦੇ ਵੀ ਬਣੇ ਹੋਏ ਹਾਂ, ਜਿਹੜੀ ਸਿੱਖਿਆ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਸ ਦੀ ਸਭ ਤੋਂ ਵੱਧ ਲੋੜ ਸਾਨੂੰ ਹੁੰਦੀ ਹੈ-ਇਤਿਆਦਿ।
ਲੇਖਕ ਨੇ ਭਾਸ਼ਾ ਵਿਗਿਆਨੀ ਹੋਣ ਦੇ ਅਨੇਕਾਂ ਪ੍ਰਮਾਣ ਪੇਸ਼ ਕੀਤੇ ਹਨ। ਧਰਮਾਂ ਸੰੰਬੰਧੀ ਨਿਰਪੱਖ ਸੋਚ ਅਪਣਾਈ ਹੈ। ਹਿੰਦ-ਪਾਕਿ ਸੰਬੰਧਾਂ, ਸਿਆਸੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਹੈ। ਭਾਈਚਾਰੇ ਦੀ ਸਭ ਤੋਂ ਵੱਧ ਮਹੱਤਵਪੂਰਨ ਅਤੇ ਸਾਂਝੀ ਚੀਜ਼ ਭਾਸ਼ਾ ਹੁੰਦੀ ਹੈ। ਪੰਜਾਬ ਦੇ ਲੋਕ ਪ੍ਰਵਾਸ ਵੱਲ ਦੌੜ ਰਹੇ ਹਨ। ਵਾਲਟ ਵਿਟਮੈਨ ਪੰਜਾਬ ਵਿਚ ਪੈਦਾ ਹੋਇਆ ਗੋਰਾ ਸਿੱਖ ਸੀ।
ਦਰਅਸਲ ਇਹ ਪੁਸਤਕ ਵਿਲੱਖਣ ਅਨੁਭਵਾਂ ਦੁਆਰਾ ਲੇਖਕ ਦੇ ਸਵੈ-ਜੀਵਨੀ ਅੰਸ਼ਾਂ ਨਾਲ ਲਬਰੇਜ਼ ਹੈ। ਉਸ ਦੀ ਬੇਟੀ ਦਾ ਨਾਂਅ 'ਕੀਰਤੀ' ਹੈ ਅਤੇ ਬੇਟੇ ਦਾ ਨਾਂਅ 'ਵਿਵੇਕ' ਹੈ। ਇੰਜੀਨੀਅਰ ਵਜੋਂ ਸੇਵਾ ਨਿਭਾਉਂਦਿਆਂ ਲੇਖਕ ਨੇ ਆਪਣੀਆਂ ਅਨੇਕਾਂ ਨਿੱਜੀ ਗੱਲਾਂ ਕੀਤੀਆਂ ਹਨ। ਸੰਖੇਪ ਇਹ ਕਿ ਇਸ ਪੁਸਤਕ ਦੇ ਗਹਿਨ ਅਧਿਐਨ ਦੁਆਰਾ ਕੋਈ ਵੀ ਵਿਦਵਾਨ 'ਜ਼ਫ਼ਰ' ਦਾ ਸ਼ਬਦ-ਚਿੱਤਰ ਉਲੀਕ ਸਕਦਾ ਹੈ। ਇਸ ਪੁਸਤਕ ਦੀ ਉੱਘੇ ਦਾਨਿਸ਼ਵਾਰ ਸਰਦਾਰਾ ਸਿੰਘ ਜੌਹਲ ਨੇ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਨਿੱਕੀਆਂ-ਵੱਡੀਆਂ ਗੱਲਾਂ
ਲੇਖਕ : ਪ੍ਰੇਮ ਮਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 135
ਸੰਪਰਕ : 94638-36591
ਜ਼ਿਕਰ ਅਧੀਨ ਪੁਸਤਕ ਦੇ ਲੇਖਕ ਪ੍ਰੇਮਮਾਨ ਪੇਸ਼ੇ ਵਜੋਂ ਅਧਿਆਪਕ ਹਨ ਤੇ ਉਹ 1980 ਤੋਂ ਅਮਰੀਕਾ ਵਿਖੇ ਰਹਿ ਰਹੇ ਹਨ। ਲੇਖਕ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਸਾਹਿਤ ਰਚਿਆ ਹੈ। ਇਹ ਪੁਸਤਕ ਲੇਖਕ ਨੇ ਸਵ: ਭਰਾ ਤੇ ਭਾਣਜਿਆਂ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਨੂੰ ਨਿੱਠ ਕੇ ਪੜ੍ਹਨ ਦੀ ਜ਼ਰੂਰਤ ਹੈ। ਹਰ ਲੇਖ ਗਿਆਨ ਭਰਪੂਰ ਤੇ ਸਵਾਦਲਾ ਹੈ। ਇਨ੍ਹਾਂ 'ਚੋਂ ਕੁਝ ਕੁ ਬਾਰੇ ਜ਼ਿਕਰ ਕਰਨਾ ਬਣਦਾ ਹੈ।
ਲੇਖ 'ਸਾਡਾ ਵਿਵਹਾਰ' ਵਿਚ ਅਮਰੀਕਾ ਵਿਚ ਆਮ ਵਰਤੇ ਜਾਂਦੇ ਦੋ ਸ਼ਬਦ Politically correct ਤੇ Politically Incorrect ਆਖੀ ਜਾਂਦੀ ਹੈ। 'ਪੰਜਾਬ ਦਾ ਭਵਿੱਖ' ਵਿਚ ਲੇਖਕ ਨੇ ਪੰਜਾਬ ਦੀ ਬੁਰੀ ਤਰ੍ਹਾਂ ਉਲਝ ਚੁੱਕੀ ਤਾਣੀ ਬਾਰੇ ਜ਼ਿਕਰ ਕੀਤਾ ਹੈ। ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਪੜ੍ਹੇ ਲਿਖੇ ਵਰਗ ਦਾ ਅਮਰੀਕਾ ਕੈਨੇਡਾ ਵੱਲ ਜਾਣਾ ਇਕ ਤ੍ਰਾਸਦੀ ਦਾ ਜ਼ਿਕਰ ਹੈ। 'ਹਰ ਇਕ ਦਾ ਪਿਉ ਹੁੰਦੈ' ਵਿਚ ਝੂਠੀ ਸ਼ੁਹਰਤ ਤੇ ਦਿਖਾਵੇ ਦੀ ਭੁੱਖ ਵੀ ਕਈ ਵਾਰੀ ਸਿਰਫ਼ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੀ ਹੁੰਦੀ ਹੈ, ਦਾ ਬਾਖੂਬੀ ਜ਼ਿਕਰ ਹੈ। 'ਹਮ ਹੈਂ ਹਿੰਦੁਸਤਾਨੀ-ਕਿੰਨੇ ਕੁ?' ਵਿਚ ਨਸਲੀ ਵਿਤਕਰੇ 'ਤੇ ਚਾਨਣਾ ਪਾਇਆ ਹੈ। ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਿੰਦੁਸਤਾਨ 'ਚ ਅਮਰੀਕਾ ਤੇ ਕੈਨੇਡਾ ਨਾਲੋਂ ਵੱਧ ਵਿਤਕਰੇ ਹੁੰਦੇ ਹਨ। ਇਸੇ ਲੇਖ ਦਾ ਭਾਗ ਦੂਜਾ 'ਚ ਲੇਖਕ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਆਖੀ ਹੈ ਕਿ ਹਿੰਦੁਸਤਾਨ 'ਚ ਅਜੇ ਬਹੁਤ ਕੁਝ ਬਦਲਣ ਦੀ ਲੋੜ ਹੈ ਸਾਨੂੰ ਬਹੁਤ ਸਾਰੇ ਭਗਤ ਸਿੰਘ ਵਰਗਿਆਂ ਦੀ ਲੋੜ ਹੈ ਜੋ ਮੁਲਕ 'ਚ ਤਬਦੀਲੀਆਂ ਲਿਆ ਸਕਣ। 'ਸਾਡੀਆਂ ਆਦਤਾਂ ਸਾਡੇ ਸੁਭਾਅ-ਬੇਇਮਾਨੀ ਚੋਰ ਬਾਜ਼ਾਰੀ ਅਤੇ ਹੇਰਾਫੇਰੀ' ਲੇਖ 'ਚ ਲੇਖਕ ਨੇ ਖੁੱਲ੍ਹ ਕੇ ਰਿਸ਼ਵਤਖੋਰੀ ਖਿਲਾਫ਼ ਆਵਾਜ਼ ਉਠਾਈ ਹੈ। ਲੇਖਕ ਨੇ ਅੱਗੇ ਸਾਡੀਆਂ ਆਦਤਾਂ, ਸਾਡੇ ਸੁਭਾਅ-ਅਸੂਲ, ਈਰਖਾ, ਚਾਪਲੂਸੀ, ਖੁਸ਼ਾਮਦ ਤੇ ਸੱਭਿਆਚਾਰ ਵਿਸ਼ਿਆਂ 'ਤੇ ਅਲੱਗ-ਅਲੱਗ ਲੇਖ ਲਿਖ ਕੇ ਚਾਨਣਾ ਪਾਇਆ ਹੈ। ਸਾਡਾ ਪੰਜਾਬੀ ਵਿਰਸਾ, ਖ਼ੁਦਕੁਸ਼ੀਆਂ ਦੀ ਸਮੱਸਿਆ, ਪੰਜਾਬੀ ਸਾਹਿਤ ਵਿਚ ਮਾਨ ਸਨਮਾਨ, ਪੁਰਸਕਾਰ, ਰੱਬ ਦੀ ਹੋਂਦ ਜਾਂ ਅਣਹੋਂਦ ਆਦਿ ਲੇਖ। ਕਹਿਣ ਦਾ ਮਤਲਬ ਇਸ ਪੁਸਤਕ ਵਿਚਲੇ 27 ਲੇਖ ਹੀ ਜਾਣਕਾਰੀ ਭਰਪੂਰ ਹਨ। ਕਹਿ ਸਕਦੇ ਹਾਂ ਕਿ ਪਾਠਕਾਂ ਲਈ ਇਹ ਪੁਸਤਕ ਬੜੀ ਲਾਹੇਵੰਦ ਸਾਬਿਤ ਹੋਣ ਦਾ ਰੁਤਬਾ ਰੱਖਦੀ ਹੈ।
-ਡੀ. ਆਰ. ਬੰਦਨਾ
ਮੋਬਾਈਲ : 94173-89003
ਅਸਲੀ ਮੋਗਾ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 182
ਸੰਪਰਕ : 62802-58057
'ਮਾਸਟਰ ਜੋਧ ਸਿੰਘ ਮੋਗਾ ਬੜਾ ਕਮਾਲ ਦਾ ਬੰਦਾ, ਜਗਿਆਸੂ ਅਤੇ ਬੀਤੇ ਦੀਆਂ ਦੱਸਣ ਵਾਲਾ। ਉਸ ਦੀਆਂ ਗੱਲਾਂ ਸੁੱਟ ਪਾਉਣ ਵਾਲੀਆਂ ਨਹੀਂ, ਬੀਤੇ ਦੀ ਹਕੀਕਤ-ਬਿਆਨੀ ਅਤੇ ਅਗਲੀ-ਅਗਲੇਰੀਆਂ ਪੀੜ੍ਹੀਆਂ ਦੇ ਕੰਮ ਆਉਣ ਵਾਲੀ', ਇਹ ਹੈ ਉਸ ਭੂਮਿਕਾ ਦਾ ਤੱਤ ਨਿਚੋੜ ਜਿਹੜਾ ਪੁਸਤਕ 'ਅਸਲੀ ਮੋਗਾ' ਦੇ ਲੇਖਕ ਇਥੋਂ ਦੇ ਹੀ ਜੰਮਪਲ ਅਤੇ ਉਸ ਦੀ ਪੁਸਤਕ ਬਾਰੇ ਉੱਘੇ ਲੇਖਕ ਕੇ. ਐਲ. ਗਰਗ ਨੇ ਲਿਖੀ। ਪਿੰਡਾਂ/ ਕਸਬਿਆਂ/ ਸ਼ਹਿਰਾਂ ਦਾ ਇਤਿਹਾਸ, ਅਕਸਰ, ਲਿਖਤੀ ਨਹੀਂ ਮਿਲਦਾ। ਇਨ੍ਹਾਂ ਦੇ ਇਤਿਹਾਸ ਲਈ ਦੰਦ-ਕਥਾਵਾਂ, ਸੀਨਾ-ਬ-ਸੀਨਾ ਤੁਰੀਆਂ ਆਉਂਦੀਆਂ ਗੱਲਾਂ, ਸੱਥ ਚਰਚਾਵਾਂ ਅਤੇ ਬਜ਼ੁਰਗਾਂ 'ਤੇ ਟੇਕ ਰੱਖਣੀ ਪੈਂਦੀ ਹੈ। ਇਹ ਮੌਖਿਕ ਤਵਾਰੀਖ ਵੀ ਕਈ ਵਾਰ ਏਨੀ ਆਪਾ-ਵਿਰੋਧੀ ਹੁੰਦੀ ਹੈ ਕਿ ਸੰਬੰਧਿਤ ਲੇਖਕ ਭੰਬਲ-ਭੂਸੇ ਵਿਚ ਪੈ ਜਾਂਦਾ ਹੈ। ਪਰ ਜੇਕਰ ਪੂਰਬਲੇ ਸਮੇਂ ਦਾ ਕੋਈ ਦਾਨਿਸ਼ਵਰ ਸਮਕਾਲੀ 'ਅੱਖੀਂ ਡਿੱਠੀਆਂ-ਹੱਡੀ ਹੰਢਾਈਆਂ' ਦੀ ਖ਼ੁਦ ਬਾਤ ਪਾਵੇ ਤਾਂ ਉਹ ਲਿਖਤਾਂ ਜਾਂ ਕਹਿਣੀ ਜਾਂ ਢੇਰ ਸਮਾਂ ਪਹਿਲਾਂ ਦੇ ਗੁਜ਼ਰੇ ਵਕਤਾਂ ਦੀ ਉਹ ਕਥਾ ਉਸ ਖੈੜੇ ਦਾ ਇਤਿਹਾਸ ਲਿਖਣ 'ਚ ਬਹੁਤ ਕਾਰਗਾਰ ਸਿੱਧ ਹੁੰਦੀ ਹੈ। ਹਾਂ, ਐਨ ਇਵੇਂ ਹੀ ਆਪਣੀ ਜੰਮਣ ਅਤੇ ਕਰਮ-ਭੋਇੰ ਮੋਗਾ ਦੀ ਗਾਥਾ ਉਸ ਦੇ ਸਦੀ ਨੂੰ ਢੁਕੇ ਹੋਏ ਇਕ ਸਪੂਤ ਸ. ਜੋਧ ਸਿੰਘ ਮੋਗਾ ਨੇ ਬਾ-ਖੂਬੀ ਸੁਣਾਈ ਹੈ। ਪਹਿਲਾਂ ਪਿੰਡ, ਮਗਰੋਂ ਸ਼ਹਿਰ ਬਣ ਜਾਣ ਵਾਲੇ ਆਪਣੇ ਪਿਤਾ-ਪੁਰਖੀ ਇਸ ਨਗਰ ਦੇ ਮੋੜ੍ਹੀ ਗੱਡ ਕਰਮਯੋਗੀਆਂ ਸਮੇਤ, ਪੁਰਖਿਆਂ ਅਤੇ ਹੋਰ ਨਾਮਵਰਾਂ ਦੇ ਰੇਖਾ ਚਿੱਤਰ, ਨਾਮੀ-ਗਰਾਮੀ ਸੰਸਥਾਵਾਂ, ਵਿਅਕਤੀ ਵਿਸ਼ੇਸ਼ ਤੇ ਵਿਅਕਤੀਗਤ ਕਿੱਤਾਕਾਰਾਂ ਅਤੇ ਪਰਿਵਾਰਾਂ ਸਮੇਤ ਰਾਹ-ਰਸਤੇ, ਖੂਹਾਂ-ਟੋਭਿਆਂ, ਮੇਲਾ-ਮੁਸੱਬਿਆਂ, ਮੇਲਾ ਅਤੇ ਖੇਡ ਮੈਦਾਨਾਂ, ਵੈਦ-ਹਕੀਮਾਂ, ਮਦਰੱਸਿਆਂ-ਪਾਠਸ਼ਲਾਵਾਂ, ਕਲ-ਕਰਖਾਨਿਆਂ, ਹੱਟੀਆਂ-ਭੱਠੀਆਂ, ਰੇਹੜੀ-ਫੜ੍ਹੀ, ਟਾਂਗਾ ਸਟੈਂਡ-ਬੱਸ ਅੱਡੇ, ਮਾਸਟਰਾਂ-ਮੌਲਵੀਆਂ, ਕਾਜ਼ੀਆਂ-ਈਦਗਾਹਾਂ, ਮੰਦਿਰਾਂ-ਡੇਰਿਆਂ, ਕੁਤਬ-ਫ਼ਰੋਸ਼ ਅਤੇ 'ਟੇਸ਼ਣ, ਲਿਖਾਰੀਆਂ-ਡੇ ਮੁਸਲਿਮ ਹਮਸਾਏ,ਰਾਸਾਂ-ਕਿੱਕਲੀਆਂ, 'ਗੁੱਡਮੈਨ ਦੀ ਲਾਲਟੇਣ' ਤੇ ਸਿਨੇਮਾ ਆਦਿ ਅਤੇ ਲੁੱਚੇ ਤੇ ਸ਼ੌਕੀਨ ਬੰਦੇ- ਬੰਦੀਆਂ, ਤੀਆਂ-ਸੱਥਾਂ ਸਣੇ ਕਰਮਯੋਗੀ ਖੁਸਰਿਆਂ-ਮਰਾਸੀਆਂ, ਪਾਂਧਿਆ-ਭਾਈਆਂ ਬਾਰੇ, ਗੱਲ ਕੀ; ਢੇਰ ਸਮਾਂ ਪਹਿਲਾਂ ਦੇ ਮੋਗੇ ਦੀ ਹਰ 'ਗਲੀ-ਨੁੱਕਰ ਤੇ ਖਲ-ਖੂੰਜੇ' ਅਤੇ 'ਉਸਾਰ ਤੇ ਚੰਗਿਆਈ' ਬਾਰੇ ਲਿਖ ਕੇ ਆਪਣੀ ਜੰਮਣ ਭੋਇੰ ਦਾ ਰਿਣ ਚੁਕਾਇਆ ਹੈ, ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਜੜ੍ਹਾਂ ਫਰੋਲਣ ਹਿੱਤ ਬੇਹੱਦ ਸਹਾਈ ਹੋਵੇਗਾ। ਖੋਜਆਰਥੀਆਂ ਅਤੇ ਪਿੰਡਾਂ/ਸ਼ਹਿਰਾਂ ਦੇ ਇਤਿਹਾਸ ਵਿਚ ਦਿਲਚਪਸੀ ਰੱਖਣ ਵਾਲਿਆ ਲਈ ਇਹ ਮੁੱਲਵਾਨ ਲਿਖਤ ਹੈ। 'ਮੋਗਾ' ਨਗਰ ਸਮੂਹ ਨੂੰ ਇਸ ਨੂੰ ਆਪਣੇ ਵਾਰਸਾਂ ਲਈ ਸਾਂਭ ਲੈਣਾ ਚਾਹੀਦਾ ਹੈ, ਇਸ ਕਰਕੇ ਵੀ ਇਹ ਕਿਸੇ ਸਥਾਨਕ ਇਤਿਹਾਸ ਬਾਰੇ ਪੁਖਤਾ ਲਿਖਣ ਵਾਲੇ ਦੇ ਵੀ ਕੰਮ ਆਵੇਗਾ।
-ਵਿਜੈ ਬੰਬੇਲੀ
ਮੋਬਾਈਲ : 94634-39075
ਇਮਤਿਹਾਨ ਜਾਰੀ ਹੈ
ਨਾਵਲਕਾਰ : ਪ੍ਰਿੰਸੀਪਲ ਸੁਰਜੀਤ ਸਿੰਘ
ਪ੍ਰਕਾਸ਼ਕ : ਬੀ.ਆਰ. ਐਸ., ਪਬਲੀਕੇਸ਼ਨਜ਼, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98142-22241
'ਇਮਤਿਹਾਨ ਜਾਰੀ ਹੈ' ਨਾਵਲ ਪ੍ਰਿੰਸੀਪਲ, ਸੁਰਜੀਤ ਸਿੰਘ ਦੁਆਰਾ ਲਿਖਿਆ ਗਿਆ ਹੈ। ਇਸ ਨਾਵਲ ਵਿਚ ਮਨੁੱਖੀ ਜ਼ਿੰਦਗੀ ਦੀ ਉਸ ਸਚਾਈ ਨੂੰ ਪੇਸ਼ ਕੀਤਾ ਗਿਆ ਹੈ ਕਿ ਜ਼ਿੰਦਗੀ ਹਮੇਸ਼ਾ ਕੌੜੀਆਂ ਮਿੱਠੀਆਂ ਘਟਨਾਵਾਂ ਨੂੰ ਆਪਣੇ ਨਾਲ ਆਤਮਸਾਤ ਕਰਦੀ ਹੋਈ ਵੀ ਤੁਰਦੀ ਰਹਿੰਦੀ ਹੈ ਇਹੀ ਅਸੂਲ ਹੈ। ਇਸ ਨਾਵਲ ਵਿਚ ਬਹੁਤ ਸਾਰੇ ਵਿਸ਼ੇ ਸਮਾਨੰਤਰ ਰੂਪ ਵਿਚ ਚਲਦੇ ਹਨ ਜਿਵੇਂ ਸਾਡੇ ਸਮਾਜ ਵਿਚ ਊਚ-ਨੀਚ ਅਤੇ ਭੇਦ ਭਾਵ ਦਾ ਮਸਲਾ, ਸਕੂਲੀ ਵਿਦਿਅਕ ਪ੍ਰਬੰਧ ਅਤੇ ਖੇਡਾਂ ਦੇ ਮੁਕਾਬਲੇ, ਆਪਸੀ ਭਾਈਚਾਰਕ ਸਾਂਝ ਆਦਿ। ਪਹਿਲਾਂ ਪਹਿਲ ਨਾਵਲ ਹੀਰਾ ਸਿੰਘ ਨਾਮ ਦੇ ਪਾਤਰ ਵੀ ਪਰਿਵਾਰਕ ਕਥਾ ਨੂੰ ਪੇਸ਼ ਕਰਦਾ ਹੈ, ਇਸ ਦੇ ਨਾਲ ਹੀ ਨਿਰਮਲ ਸਿੰਘ ਦੇ ਇਕ ਵਧੀਆ ਕਾਰੀਗਰ ਹੋਣ ਦੀ ਬਿਰਤਾਂਤਕ ਤੋਰ ਤੁਰਦੀ ਹੈ, ਇਸ ਦੇ ਨਾਲ ਹੀ ਸਕੂਲੀ ਪ੍ਰਬੰਧ ਅਤੇ ਸਕੂਲ ਅਧਿਆਪਕਾਂ ਦੇ ਸੁਭਾਅ ਅਤੇ ਫੁੱਟਬਾਲ ਅਤੇ ਕਬੱਡੀ ਦੇ ਮੁਕਾਬਲਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਨਾਵਲ ਵਿਚ ਬਹੁਤੀ ਵਾਰੀ ਮੁੱਖ ਕਥਾ ਰੁਕੀ ਹੋਈ ਜਾਪਦੀ ਹੈ ਅਤੇ ਕਿਸੇ ਖੇਡ ਮੁਕਾਬਲੇ ਦਾ ਬਿਓਰਾ ਜ਼ਿਆਦਾ ਵਿਸਥਾਰ ਪ੍ਰਾਪਤ ਕਰਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਨਾਵਲੀ ਬਿਰਤਾਂਤ ਵਿਚ ਨਾਵਲਕਾਰ ਜਦੋਂ ਕਿਸੇ ਖ਼ੁਸ਼ੀ-ਗ਼ਮੀ ਵਿਆਹ ਸ਼ਾਦੀ ਜਾਂ ਗ਼ਮਗੀਨ ਮਾਹੌਲ ਦੀ ਗੱਲ ਕਰਦਾ ਹੈ ਤਾਂ ਪੂਰਾ ਦ੍ਰਿਸ਼ ਚਿਤਰਦਾ ਹੈ। ਕਿਤੇ-ਕਿਤੇ ਕਿਸੇ ਮੌਕੇ 'ਤੇ ਕੀਤੀਆਂ ਜਾਂਦੀਆਂ ਰਸਮਾਂ-ਰੀਤਾਂ ਦੇ ਸੰਬੰਧ ਵਿਚ ਗੁਰਬਾਣੀ ਦੀਆਂ ਪੰਕਤੀਆਂ ਵਿਚ ਦਰਜ ਕੀਤੀਆਂ ਗਈਆਂ ਹਨ। ਨਾਵਲ ਦੇ ਅਖੀਰ 'ਤੇ ਦੇਸ਼ ਦੀ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਭੜਕੇ ਦੰਗਿਆਂ ਅਤੇ ਨਾਵਲ ਵਿਚਲੇ ਪਾਤਰ ਭਿੰਦਰ ਦੀ ਮੌਤ ਦੀ ਘਟਨਾ ਦੁਆਲੇ ਹੀ ਸਾਰਾ ਬਿਰਤਾਂਤ ਤੋਰ ਫੜਦਾ ਹੈ ਜਦੋਂ ਭਿੰਦਰ ਦਾ ਪਰਿਵਾਰ ਇਸ ਮੌਤ ਦੀ ਖ਼ਬਰ ਸੁਣਦਾ ਹੈ ਤਾਂ ਦਿੱਲੀ ਰਵਾਨਾ ਹੁੰਦਾ ਹੈ ਦਿੱਲੀ ਵਿਚ ਵੱਖ-ਵੱਖ ਪਾਤਰਾਂ ਬਾਰੇ ਵੇਰਵੇ ਦਰਜ ਕਰਦਾ ਨਾਵਲਕਾਰ ਭਿੰਦਰ ਜੋ ਫੁੱਟਬਾਲ ਦਾ ਵਧੀਆ ਖਿਡਾਰੀ ਸੀ, ਦੀ ਮੌਤ ਨੂੰ ਦੁਖਾਂਤ ਵਜੋਂ ਚਿਤਰਦਾ ਹੈ। ਨਾਵਲ ਦਾ ਪਾਤਰ ਬਲਦੇਵ ਸਿੰਘ ਇਨ੍ਹਾਂ ਦਿੱਲੀ ਦੰਗਿਆਂ ਨੂੰ ਇਤਿਹਾਸ ਨਾਲ ਜੋੜ ਕੇ ਚੜ੍ਹਦੀ ਕਲਾ ਹੋਣ ਦੀ ਤਸਦੀਕ ਕਰਦਾ ਹੈ। ਨਾਵਲ ਵਿਚ ਪਾਤਰਾਂ ਦੀ ਜ਼ਿਆਦਾ ਭਰਮਾਰ ਹੋਣ ਕਰਕੇ ਬਹੁਤੀ ਵਾਰੀ ਮੁੱਖ ਕਥਾ ਵਿਚ ਅੜਚਨ ਪੈਦਾ ਹੁੰਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਅੱਖਾਂ ਦੇ ਤਾਰੇ
ਲੇਖਿਕਾ : ਮਨਦੀਪ ਕੌਰ ਪੁਰਬਾ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 50 ਰੁਪਏ, ਸਫ਼ੇ : 40
ਸੰਪਰਕ : 97814-14118
'ਅੱਖਾਂ ਦੇ ਤਾਰੇ' ਬਾਲ ਪੁਸਤਕ ਵਿਚ ਕੁੱਲ 31 ਬਾਲ ਕਵਿਤਾਵਾਂ ਹਨ। ਲੇਖਿਕਾ ਨੇ ਸਾਰੇ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ। ਫਲਾਂ ਦੀ ਗੱਲ ਕੀਤੀ ਹੈ ਇਸ ਵਿਚ ਘਰਾਂ ਵਿਚ ਰੋਜ਼ਾਨਾ ਵਰਤੇ ਜਾਣ ਵਾਲੇ ਫਲ਼ ਜਿਵੇਂ 'ਫਲ਼ਾਂ ਦਾ ਰਾਜਾ, ਰਾਸ਼ਟਰੀ ਫਲ਼, ਲਾਲ-ਲਾਲ ਸੇਬ, ਕੇਲਾ, ਸੰਤਰਾ, ਅੰਗੂਰ ਫਲ਼ਾਂ ਦੀ ਮਹਿਫ਼ਲ ਆਦਿ। ਬਹੁਤ ਹੀ ਸੁੰਦਰ ਢੰਗ ਨਾਲ ਵੱਖੋ-ਵੱਖ ਫਲ਼ਾਂ ਦੇ ਗੁਣ ਦੱਸੇ ਹਨ ਕਮਾਲ ਹੀ ਕਰ ਦਿੱਤੀ ਹੈ ਜਿਵੇਂ ਫਲ਼ਾਂ ਦਾ ਰਾਜਾ ਅੰਬ ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਹੈ ਨਮੂਨੇ ਵਜੋਂ ਹਾਜ਼ਰ ਹੈ:-
-ਰਾਸ਼ਟਰੀ ਫਲ਼-
ਅੰਬ ਖ਼ੂਬ ਗੁਣਕਾਰੀ ਹੁੰਦਾ,
ਸੋਹਣੀ ਚਮੜੀ ਸਿਹਤ ਬਣਾਉਂਦਾ।
ਵਿਟਾਮਿਨ ਏ ਤੇ ਸੀ ਭਰਪੂਰ,
ਰੋਗਾਂ ਨੂੰ ਹੈ ਰੱਖਦਾ ਦੂਰ।
ਸਫ਼ੈਦਾ, ਦੁਸਹਿਰੀ, ਤੋਤਾ, ਲੰਗੜਾ,
ਕਿੰਨੀਆਂ ਹੀ ਕਿਸ਼ਮਾਂ ਕਿੰਨੇ ਨਾਮ। ...
ਇਵੇਂ ਹੀ ਘਰਾਂ ਵਿਚ ਵਰਤੀਆਂ ਜਾਣ ਵਾਲੀ ਸਬਜ਼ੀਆਂ ਦੇ ਬਹੁਤ ਹੀ ਪਿਆਰੇ ਗੁਣ ਦੱਸੇ ਹਨ। ਇਸ ਭਾਗ ਵਿਚ ਆਲੂ,ਲਾਲ ਟਮਾਟਰ, ਮੂਲੀ, ਗਾਜਰ, ਚੁਕੰਦਰ, ਖੀਰਾ, ਪਿਆਜ਼, ਮਿਰਚ ਆਦਿ ਬਾਰੇ ਬਹੁਤ ਹੀ ਸੁੰਦਰ ਲਿਖਿਆ ਹੈ ਇਥੇ- 'ਆਲੂ' ਕਵਿਤਾ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ।
-ਆਲੂ-
ਸਭ ਤੋਂ ਅਲੱਗ ਹੈ ਮੇਰੀ ਪਹਿਚਾਨ,
ਹਰ ਇਕ ਸਬਜ਼ੀ ਦੀ ਮੈ ਹਾਂ ਜਾਨ।
ਲੰਬੇ ਸਮੇਂ ਤੱਕ ਰਹਿੰਦਾ ਤਾਜ਼ਾ,
ਸਬਜ਼ੀਆਂ ਦਾ ਅਖਵਾਉਂਦਾ ਰਾਜਾ।
ਕੋਈ ਸਮੋਸੇ ਦੇ ਵਿਚ ਭਰਦਾ,
ਕੋਈ ਕਟਲੇਟ ਬਣਾ ਕੇ ਤਲਦਾ। ...
ਇਵੇਂ ਹੀ ਹੋਰ ਬਹੁਤ ਸਾਰੀਆਂ ਬੱਚਿਆਂ ਦਾ ਗਿਆਨ ਵਧਾਉਂਦੀਆਂ ਕਵਿਤਾਵਾਂ ਹਨ ਜਿਵੇਂ:-ਮਾਂ ਤੋਂ ਸਿੱਖੀ ਕਵਿਤਾ, ਚੰਦ ਮਾਮਾ, ਸੂਰਜ ਦੇਵਤਾ, ਤਾਰੇ, ਟੀਚਰ, ਅਨੁਸ਼ਾਸਨ, ਰੁੱਖ, ਫੁੱਲ ਅੱਖਾਂ ਦੇ ਤਾਰੇ ਆਦਿ ਬਹੁਤ ਪਿਆਰੀਆਂ ਕਵਿਤਾਵਾਂ ਹਨ। ਇਸ ਵਿਚ ਸੂਰਜ ਕਵਿਤਾ ਨਮੂਨੇ ਵਜੋ ਹਾਜ਼ਰ ਹੈ:-
-ਸੂਰਜ ਦੇਵਤਾ-
ਮੈਂ ਹਾਂ ਸੌਰ-ਮੰਡਲ ਦਾ ਤਾਰਾ,
ਲਗਦਾ ਸਭ ਨੂੰ ਬਹੁਤ ਪਿਆਰਾ।
ਆਪਣੀ ਪਹਿਲੀ ਕਿਰਨ ਨਾਲ ਹੀ, ਨਵਾਂ ਸੰਦੇਸ਼ ਲਿਆਉਂਦਾ ਹਾਂ। ਘੁੱਪ ਹਨੇਰਾ ਦੂਰ ਹਾਂ ਕਰਦਾ, ਸੁਨਹਿਰੀ ਚਾਨਣ ਫੈਲਾਉਂਦਾ ਹਾਂ। ਨਵੀਂ ਤਾਜ਼ਗੀ, ਨਵੀਂ ਕਹਾਣੀ, ਨਵਾਂ ਜੋਸ਼ ਪਾਉਂਦੇ ਨੇ ਪ੍ਰਾਣੀ। ਉੱਠ ਜਾਂਦਾ ਹੈ ਆਲਮ ਸਾਰਾ, ਸਭ ਨੂੰ ਲੱਗਦਾਂ ਬਹੁਤ ਪਿਆਰਾ। ਲੇਖਿਕਾ ਨੇ ਭਾਸ਼ਾ ਬਹੁਤ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਵਰਤੀ ਹੈ। ਫ਼ਲਾਂ ਸਬਜ਼ੀਆਂ ਦੇ ਗੁਣ ਬਹੁਤ ਹੀ ਸਰਲ ਸ਼ਬਦਾਂ ਨਾਲ ਸਮਝਾਏ ਹਨ। ਕਵਿਤਾਵਾਂ ਨਾਲ ਤਸਵੀਰਾਂ ਬਣ ਜਾਂਦੀਆਂ ਤਾਂ ਕਿਤਾਬ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਹੋਣਾ ਸੀ।
-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX