ਲੜਾਈ-ਝਗੜੇ
ਪੰਜਾਬ ਵਿਚ ਲੋਕ ਅੱਜ-ਕੱਲ੍ਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ ਹਨ। ਅਸੀਂ ਅਖ਼ਬਾਰਾਂ, ਚੈਨਲਾਂ ਅਤੇ ਲੋਕਾਂ ਤੋਂ ਪੜ੍ਹਦੇ ਸੁਣਦੇ ਤੇ ਦੇਖਦੇ ਹਾਂ ਕਿ ਲੋਕ ਕਿਵੇਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਆਪਣੇ ਗੁੱਸੇ 'ਤੇ ਕਾਬੂ ਨਾ ਰੱਖਣ ਕਰਕੇ ਇਕ ਦੂਜੇ 'ਤੇ ਹਮਲੇ ਕਰ ਕੇ ਗੋਲੀਆਂ ਚਲਾ ਕੇ ਜਾਨ ਲੈਣ ਲਈ ਤਿਆਰ ਹੋ ਜਾਂਦੇ ਹਨ। ਅੱਜ-ਕੱਲ੍ਹ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਕਈ ਵਾਰ ਲੋਕ ਬਹੁਤ ਥੋੜ੍ਹੀ ਜਿਹੀ ਜ਼ਮੀਨ ਦੇ ਝਗੜੇ ਲਈ ਆਪਣੇ ਭਰਾਵਾਂ, ਚਾਚੇ-ਤਾਇਆਂ, ਗੁਆਂਢੀਆਂ ਅਤੇ ਹੋਰ ਰਿਸ਼ਤੇਦਾਰਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਕੁੱਟ ਮਾਰ ਅਤੇ ਉਨ੍ਹਾਂ ਦੇ ਕਤਲ ਤੱਕ ਕਰ ਰਹੇ ਹਨ। ਹਰ ਦਿਨ ਹੀ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਿਵੇਂ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇਕ-ਦੂਜੀ ਧਿਰ ਨੂੰ ਕਤਲ ਅਤੇ ਜ਼ਖ਼ਮੀ ਕਰ ਰਹੇ ਹਨ। ਕਈ ਘਟਨਾਵਾਂ ਵਿਚ ਇਕ-ਦੂਜੀ ਧਿਰ ਵਲੋਂ ਤਿੰਨ-ਤਿੰਨ, ਚਾਰ-ਚਾਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ। ਕਈ ਥਾਵਾਂ 'ਤੇ ਦਿਨ-ਦਿਹਾੜੇ ਪੁਰਾਣੀਆਂ ਦੁਸ਼ਮਣੀਆਂ ਵਾਲੇ ਲੋਕ ਇਕ-ਦੂਜੇ ਨੂੰ ਕੁੱਟ-ਕੁੱਟ ਮਾਰ ਰਹੇ ਹਨ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਵਿਚ ਰੋਜ਼ ਹੀ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਕਿਵੇਂ ਲੋਕ ਗੋਲੀਆਂ ਚਲਾ ਕੇ ਆਪਣਿਆਂ ਦੀ ਹੱਤਿਆ ਕਰ ਰਹੇ ਹਨ। ਰੋਜ਼ਾਨਾ ਹੀ ਕਿਤੇ ਨਾ ਕਿਤੇ ਇਹ ਖ਼ੂਨ ਕਾਂਡ ਵਾਪਰ ਰਹੇ ਹਨ। ਇਨ੍ਹਾਂ ਘਟਨਾਵਾਂ ਰੋਕਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਘਟਨਾਵਾਂ ਨੂੰ ਰੋਕੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਸਹੀ ਫੈਸਲਾ
ਨਾਬਾਲਗ ਵਾਹਨ ਚਲਾਉਂਦਾ ਮਿਲਿਆ ਤਾਂ ਮਾਪਿਆਂ ਨੂੰ ਜੇਲ੍ਹ ਪੱਕੀ। 3 ਸਾਲ ਦੀ ਜੇਲ੍ਹ ਤੋਂ ਇਲਾਵਾ 25000 ਰੁਪਏ ਜੁਰਮਾਨਾ ਹੋਵੇਗਾ। ਇਸ ਬਾਰੇ ਨਵਾਂ ਕਾਨੂੰਨ ਦੇਸ਼ ਭਰ ਵਿਚ ਪਹਿਲੀ ਅਗਸਤ ਤੋਂ ਅਮਲ 'ਚ ਆਵੇਗਾ। ਇਸ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਹਨ। ਰੋਜ਼ਾਨਾ ਇਕ ਮਿੰਟ ਵਿਚ ਕਈ ਮਨੁੱਖੀ ਜਾਨਾਂ ਜਾ ਰਹੀਆਂ ਹਨ। ਪ੍ਰਦੇਸ਼ ਵਿਚ ਹਰ ਸਾਲ ਪੰਜ ਹਜ਼ਾਰ ਤੋਂ ਵੱਧ ਮੌਤਾਂ ਸਿਰਫ਼ ਸੜਕ ਹਾਦਸਿਆਂ ਨਾਲ ਹੋ ਰਹੀਆਂ ਹਨ। ਜਿਸ ਦਾ ਕਾਰਨ ਬੇਤਹਾਸ਼ਾ ਤੇਜ਼ ਰਫ਼ਤਾਰ, ਲਾਪਰਵਾਹੀ ਨਾਲ ਗੱਡੀਆਂ ਚਲਾਉਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ, ਜੋ ਕਾਨੂੰਨ ਅੰਗਰੇਜ਼ ਦੇ ਸਮੇਂ ਦਾ ਬਣਿਆ ਹੈ ਇਸ ਜੁਰਮ ਦੀ ਨਾਂ-ਮਾਤਰ ਇਕ ਦੋ ਸਾਲ 279, 304 ਏ ਆਈ.ਪੀ.ਸੀ. ਵਿਚ ਸਜ਼ਾ ਹੈ। ਹੁਣ ਜੋ ਤਫਤੀਸ਼ੀ ਨੂੰ ਜਦੋਂ ਪਤਾ ਲੱਗਦਾ ਹੈ। ਇਹ ਲਾਪਰਵਾਹੀ ਵਾਲਾ ਐਕਸੀਡੈਂਟ ਕੇਸ ਨਹੀਂ ਹੈ ਜਾਣ-ਬੁਝ ਕੇ ਪਹਿਲੇ ਜਾਣਦੇ ਹੋਏ ਕਿ ਮੇਰੀ ਤੇਜ਼ ਗੱਡੀ ਚਲਾਉਣ ਨਾਲ ਭਾਵੇਂ ਉਹ ਸ਼ਰਾਬ ਪੀ ਕੇ ਚਲਾਈ ਗਈ ਹੈ ਬੰਦਾ ਮਰ ਸਕਦਾ ਹੈ। ਉਸ 'ਤੇ ਦੰਡ ਯੋਗ ਮਨੁੱਖੀ ਹੱਤਿਆ ਦਾ ਪਰਚਾ 304 ਆਈ.ਪੀ.ਸੀ. ਦਾ ਕੀਤਾ ਜਾਂਦਾ ਹੈ। ਕਈ ਮਾਂ-ਪਿਉ ਆਪਣੇ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਗੱਡੀਆਂ ਲੈ ਕੇ ਦੇ ਰਹੇ ਹਨ। ਆਪ ਹੀ ਜਾਚ ਸਿਖਾ ਬੜੇ ਖ਼ੁਸ਼ ਹੁੰਦੇ ਹਨ, ਜਦੋਂ ਉਹ ਰੋਡ 'ਤੇ ਚਲਦੇ ਹਨ ਮੌਤ ਤੋਂ ਅਣਜਾਣ ਫੁੱਲ ਸਪੀਡ ਵਿਚ ਪ੍ਰੈਸ਼ਰ ਹਾਰਨ ਮਾਰ ਗੱਡੀਆਂ ਚਲਾਉਂਦੇ ਹਨ। ਇਹ ਕਾਨੂੰਨ ਪਹਿਲਾਂ ਹੀ ਲਾਗੂ ਹੋਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ। ਇਸ ਕਾਨੂੰਨ ਨਾਲ ਸੜਕ ਹਾਦਸਿਆਂ ਨੂੰ ਠੱਲ੍ਹ ਤਾਂ ਜ਼ਰੂਰ ਪਵੇਗੀ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।
ਬਚਪਨ ਦੀ ਅਮੀਰੀ
ਬਚਪਨ ਦੀ ਅਮੀਰੀ ਵਾਕਿਆ ਹੀ ਕੋਈ ਨਹੀਂ ਭੁੱਲ ਸਕਦਾ। ਹਰੇਕ ਇਨਸਾਨ ਅਕਸਰ ਇਹੀ ਲੋਚਦਾ ਹੈ ਕਿ ਬਚਪਨ ਵਾਪਸ ਆ ਜਾਵੇ ਅਤੇ ਅਸੀਂ ਫਿਰ ਬੱਚੇ ਬਣ ਜਾਈਏ ਅਤੇ ਜ਼ਿੰਦਗੀ ਦੀਆਂ ਤਕਲੀਫ਼ਾ ਤੋਂ ਨਿਜਾਤ ਪਾਈਏ। ਬਚਪਨ ਦੇ ਉਸ ਪੁਰਾਣੇ ਜ਼ਮਾਨੇ ਦੀਆਂ ਖੇਡਾਂ ਨੂੰ ਯਾਦ ਕਰਦਿਆਂ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ 'ਬਚਪਨ ਵਿਚ ਆਪਾਂ ਕਿੰਨੇ ਅਮੀਰ ਸਾਂ' ਦੁਆਰਾ ਜਿਸ ਤਰ੍ਹਾਂ ਸਭ ਦਾ ਬਚਪਨ ਹੀ ਤਾਜ਼ਾ ਕਰ ਦਿੱਤਾ। ਬਚਪਨ ਦੇ ਉਹ ਅਹਿਮ ਪਲ, ਨਿੱਕੀਆਂ-ਨਿੱਕੀਆਂ ਹਰਕਤਾਂ ਅਤੇ ਆਦਤਾਂ ਦਾ ਇੰਨੀ ਬਾਰੀਕੀ ਅਤੇ ਸੰਜੀਦਗੀ ਨਾਲ ਵੇਰਵਾ ਪਾਇਆ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸਭ ਹਰੇਕ ਦੇ ਜੀਵਨ ਵਿਚ ਜ਼ਰੂਰ ਹੀ ਵਾਪਰਿਆ ਹੈ। ਨਾਲ ਹੀ ਮਾਪਿਆਂ ਅਤੇ ਭੈਣ-ਭਰਾਵਾਂ ਦਾ ਰੋਲ ਵੀ ਸਾਹਮਣੇ ਲਿਆਂਦਾ ਹੈ। ਮਾਪਿਆਂ ਪ੍ਰਤੀ ਵੀ ਸਾਕਾਰਾਤਮਿਕ ਰਾਏ ਦਿੱਤੀ ਹੈ ਕਿ ਬੱਚਿਆਂ ਦੇ ਮਾਮਲੇ ਵਿਚ ਜਾਂ ਝਗੜੇ ਵਿਚ ਪੈਣ ਤੋਂ ਉਨ੍ਹਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਸੋ, ਬਚਪਨ ਹਰੇਕ ਤਰ੍ਹਾਂ ਦੇ ਵੈਰ, ਵਿਰੋਧ, ਈਰਖਾ, ਸਾੜੇ ਤੋਂ ਮੁਕਤ ਹੁੰਦਾ ਹੈ ਅਤੇ ਇਨਸਾਨ ਚਾਹ ਕੇ ਵੀ ਆਪਣੇ ਜੀਵਨ ਵਿਚ ਇਸ ਤਰ੍ਹਾਂ ਦਾ ਦੁਬਾਰਾ ਨਹੀਂ ਬਣ ਸਕਦਾ।
-ਦਵਿੰਦਰ ਕੌਰ
ਸ.ਸ. ਅਧਿਆਪਕਾ, ਸਸਸ ਸਕੂਲ ਰੱਲੀ (ਮਾਨਸਾ)
ਕੈਂਸਰ ਤੋਂ ਬਚਾਉਣਾ
ਪਿਛਲੇ ਸਮੇਂ ਵਿਚ ਮਾਲਵਾ ਖੇਤਰ ਵਿਚ ਪੀਣ ਵਾਲੇ ਪਾਣੀ ਦੀ ਕਮੀ ਪਾਈ ਗਈ ਹੈ। ਬੇਥਾਹ ਪਾਣੀ ਦੀ ਵਰਤੋਂ ਕਰ ਕੇ ਅਸੀਂ ਚੰਗਾ ਪਾਣੀ ਗੁਆ ਲਿਆ ਹੈ। ਮਾਲਵਾ ਖੇਤਰ ਵਿਚੋਂ ਪਾਣੀ ਦੇ ਸੈਂਪਲ ਲਏ ਗਏ ਸੀ। ਇਸ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧ ਹੈ। ਇਹ ਪਾਣੀ ਸਾਨੂੰ ਬਿਮਾਰੀਆਂ ਵੰਡ ਰਿਹਾ ਹੈ। ਮਾਲਵਾ ਖੇਤਰ ਵਿਚ ਮੁਕਤਸਰ, ਫਿਰੋਜ਼ਪੁਰ, ਬਠਿੰਡਾ ਸ਼ਾਮਿਲ ਹੈ। ਖ਼ਾਸ ਕਰਕੇ ਵਿਸ਼ੇਸ਼ ਬਠਿੰਡਾ ਜ਼ਿਲੇ ਦੇ ਪਾਣੀ ਵਿਚ ਜ਼ਿਆਦਾ ਯੂਰੇਨੀਅਮ ਹੈ। ਇਸ ਦਾ ਖ਼ਤਰਾ ਭਾਰੀ ਹੈ। ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਇਸ ਮਸਲੇ ਵਿਚ ਹਾਈ ਕੋਰਟ ਨੇ ਸਰਕਾਰ ਨੂੰ ਕੋਈ ਬਦਲ ਲੱਭਣ ਵਾਸਤੇ ਕਿਹਾ ਸੀ। ਪਰ ਮੌਜੂਦਾ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਇਹ ਮਸਲਾ ਬੇਹੱਦ ਗੰਭੀਰ ਹੈ। ਸਰਕਾਰ ਨੂੰ ਇਸ ਪਿੱਛੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।
-ਰਾਮ ਸਿੰਘ ਪਾਠਕ
ਵੰਡ ਦੇ ਸਤਾਏ
ਐਤਵਾਰ, 7 ਜੁਲਾਈ ਨੂੰ 'ਅਜੀਤ' ਮੈਗਜ਼ੀਨ ਵਿਚ ਡਾ. ਨਰੇਸ਼ ਦਾ ਲੇਖ 'ਪੰਜਾਬ, ਪੰਜਾਬੀ ਅਤੇ ਪਾਕਿਸਤਾਨ' ਬਹੁਤ ਵਧੀਆ ਲੱਗਾ। ਲੇਖਕ ਨੇ ਸਹੀ ਕਿਹਾ ਹੈ ਕਿ ਸਿਆਸੀ ਸੋਚ ਦੋਵਾਂ ਵਿਛੜੇ ਭਾਈਚਾਰਿਆਂ 'ਚ ਵਖਰੇਵਾਂ ਖੜ੍ਹਾ ਕਰਦੀ ਹੈ। ਪਰ ਸਰਹੱਦ ਦੇ ਆਰ-ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਦੀ ਸਾਂਝ ਪੀੜੀ ਹੈ। ਉਹ ਸਰਹੱਦ ਪਾਰ ਵੱਸਦੇ ਪੰਜਾਬੀਆਂ ਨੂੰ ਗਲਵਕੜੀ ਪਾਉਣ ਨੂੰ ਬਾਹਾਂ ਉਲਾਰ ਇੰਤਜ਼ਾਰ ਕਰਦੇ ਹਨ ਕਿ ਕਦੋਂ ਵਿਛੜੇ ਇਲਾਕੇ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਮਨ ਦੀਆਂ ਹਸਰਤਾਂ ਪੂਰੀਆਂ ਕਰਨ। ਅੱਜ ਵੀ ਪੂਰਬੀ ਤੇ ਪੱਛਮੀ ਪੰਜਾਬ ਦੇ ਉੱਜੜੇ ਲੋਕ ਆਪਣੀ ਜਨਮ ਭੂਮੀ ਨੂੰ ਵੇਖਣ ਲਈ ਤਰਸਦੇ ਹਨ। ਜਦੋਂ ਵੀ ਕੋਈ ਉਧਰੋਂ ਇਧਰ ਜਾਂ ਇਧਰੋਂ ਉਧਰ ਜਾਂਦਾ ਹੈ ਤਾਂ ਆਪਣੇ ਵਿਛੜੇ ਵਤਨ ਅਤੇ ਆਪਣੀ ਜਨਮ ਭੂਮੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਸਾਂਝੇ ਪੰਜਾਬ ਦੀਆਂ ਜੜ੍ਹਾਂ, ਵਿਰਾਸਤ, ਸਾਹਿਤ, ਪੈਗ਼ੰਬਰ ਆਦਿ ਸਾਂਝੇ ਹਨ। ਇਹ ਦੋ ਸਰੀਰ ਤੇ ਇਕ ਜਾਨ ਹਨ। ਇਕ ਦੂਸਰੇ ਦੇ ਸਾਹਾਂ ਵਿਚ ਸਾਹ ਲੈਂਦੇ ਹਨ। ਦੋਨਾਂ ਪਾਸਿਓਂ ਮੁਹੱਬਤ ਦੀਆਂ ਠੰਢੀਆਂ ਤੇ ਨਿੱਘੀਆਂ ਹਵਾਵਾਂ ਆਉਂਦੀਆਂ ਹਨ। ਅੱਜ ਵੀ ਅਸੀਂ ਇੰਤਜ਼ਾਰ ਵਿਚ ਹਾਂ ਕਿ ਕਦ ਇਹ ਸਰਹੱਦੀ ਦੀਵਾਰਾਂ ਖੁੱਲ੍ਹਣ ਤੇ ਅਸੀਂ ਲਾਹੌਰ ਨੂੰ ਹਵਾ ਬਣ ਦੌੜੀਏ ਤੇ ਲਾਹੌਰੀਏ ਅੰਮ੍ਰਿਤਸਰ ਨੂੰ ਹਵਾ ਬਣ ਦੌੜਨ।
-ਹਰਨੰਦ ਸਿੰਘ
ਬੱਲਿਆਂਵਾਲਾ, ਤਰਨਤਾਰਨ
ਕੌਣ ਜ਼ਿੰਮੇਵਾਰ
25 ਜੁਲਾਈ ਨੂੰ ਲਗਭਗ ਸਾਰੀਆਂ ਅਖ਼ਬਾਰਾਂ ਵਿਚ ਇਕ ਖਬਰ ਛਪੀ ਕਿ ਨਵਾਂਸ਼ਹਿਰ ਦੇ ਕੋਲ ਇਕ ਪਿੰਡ ਵਿਚ ਘਰਵਾਲੇ ਦੀ ਸ਼ਰਾਬ ਦੀ ਆਦਤ ਤੋਂ ਤੰਗ ਆ ਕੇ ਪਤਨੀ ਅਤੇ ਬੇਟੀ ਨੇ ਜ਼ਹਿਰ ਖਾ ਲਿਆ। ਪਤਾ ਚੱਲਣ 'ਤੇ ਉਸ ਪਤੀ ਵਲੋਂ ਵੀ ਜ਼ਹਿਰ ਖਾ ਲਿਆ ਗਿਆ। ਗੁਆਂਢੀਆਂ ਨੂੰ ਪਤਾ ਲੱਗਣ 'ਤੇ ਘਰ ਦੇ ਤਿੰਨਾਂ ਜੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਕਿਸੇ ਦੀ ਵੀ ਜਾਨ ਨਹੀਂ ਬਚ ਸਕੀ। ਹੁਣ ਇਨ੍ਹਾਂ ਤਿੰਨਾਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ। ਅਸੀਂ ਪੰਜਾਬ ਵਿਚ ਵਧਦੇ ਨਸ਼ੇ ਤੋਂ ਤਾਂ ਚਿੰਤਿਤ ਹਾਂ, ਪੰਜਾਬ ਸਰਕਾਰ, ਕੇਂਦਰ ਸਰਕਾਰ, ਧਾਰਮਿਕ, ਰਾਜਨੀਤਕ ਸਮਾਜਿਕ ਸੰਸਥਾਵਾਂ ਪੰਜਾਬ ਵਿਚ ਵਧਦੇ ਨਸ਼ੇ 'ਤੇ ਚਿੰਤਾ ਜਾਹਿਰ ਕਰਦੀਆਂ ਰਹਿੰਦੀਆਂ ਹਨ। ਕਿਉਂਕਿ ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਨਾਲ ਲਗਭਗ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਮਰ ਰਿਹਾ ਹੈ ਅਤੇ ਅਸੀਂ ਸਾਰੇ ਸਰਕਾਰ ਨੂੰ ਕਹਿੰਦੇ ਰਹਿੰਦੇ ਹਾਂ ਕਿ ਸਰਕਾਰ ਕੁਝ ਨਹੀਂ ਕਰਦੀ। ਪਰ ਇਹ ਸ਼ਰਾਬ ਤਾਂ ਸਰਕਾਰ ਖ਼ੁਦ ਹੀ ਵੇਚਦੀ ਹੈ ਅਤੇ ਨਾ ਸਿਰਫ਼ ਬੇਚਦੀ ਹੈ ਬਲਕਿ ਪੂਰੀ ਤਰ੍ਹਾਂ ਇਸ ਦੀ ਹਿਮਾਇਤ ਵੀ ਕਰਦੀ ਹੈ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਕੋਈ ਸਮਾਂ ਨਹੀਂ ਹੈ। ਇਹ ਸਵੇਰੇ 6 ਵਜੇ ਖੁੱਲ੍ਹ ਜਾਂਦੇ ਹਨ ਅਤੇ ਰਾਤ ਦੇ 11 ਵਜੇ ਤੱਕ ਵੀ ਖੁੱਲ੍ਹੇ ਰਹਿੰਦੇ ਹਨ। ਦੂਸਰਾ ਜੇਕਰ ਤੁਸੀਂ ਕਿਸੇ ਅਣਜਾਨ ਬਾਜ਼ਾਰ ਵਿਚ ਦੁੱਧ ਲੈਣ ਜਾਣਾ ਹੋਵੇ ਤਾਂ ਤੁਹਾਨੂੰ ਲਗਭਗ 8-10 ਦੁਕਾਨਾਂ ਤੋਂ ਪੁੱਛਣਾ ਪਵੇਗਾ ਕਿ ਦੁੱਧ ਕਿਥੋਂ ਮਿਲੇਗਾ ਪਰ ਇਕ ਵਾਰ ਅੱਡੀਆਂ ਚੁੱਕ ਕੇ ਕਿਸੇ ਵੀ ਬਾਜ਼ਾਰ ਵਿਚ ਦੂਰ ਤੱਕ ਨਿਗ੍ਹਾ ਮਾਰੋ ਜਿਥੇ ਦਰਜਨਾਂ ਬਲਬ ਜਗ ਰਹੇ ਹੋਣਗੇ, ਤੁਹਾਨੂੰ ਉਥੇ ਠੇਕਾ ਜਰੂਰ ਮਿਲ ਜਾਵੇਗਾ। ਹੁਣ ਇਨ੍ਹਾਂ ਮੌਤਾਂ ਬਾਰੇ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ। ਕਿਉਂਕਿ ਸਰਕਾਰ ਦੀ ਮਨਜ਼ੂਰੀ ਨਾਲ ਹੀ ਮਨਜ਼ੂਰਸ਼ੁਦਾ ਠੇਕੇ ਖੁੱਲ੍ਹਦੇ ਹਨ ਤਾਂ ਕਿ ਲੋਕ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਅੱਖਾਂ ਬੰਦ ਹੋਣ ਤੱਕ ਸ਼ਰਾਬ ਜ਼ਰੂਰ ਪੀਣ ਤਾਂ ਜੋ ਸਰਕਾਰ ਦਾ ਮਾਲੀਆ ਵਧਦਾ ਰਹੇ। ਬੰਦਿਆਂ ਦਾ ਤਾਂ ਰੱਬ ਹੀ ਰਾਖਾ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਪ੍ਰਸੰਸਾਯੋਗ ਲੇਖ
20 ਜੁਲਾਈ, 2024 ਨੂੰ ਰੋਜ਼ਾਨਾ ਅਜੀਤ ਅਖ਼ਬਾਰ ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ, ਜੋ ਕਿ ਸ਼ਲਾਘਾਯੋਗ ਹੈ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ ਅਤੇ ਇਸ ਜਾਗਰੂਕਤਾ ਲਹਿਰ ਨੂੰ ਪੂਰੇ ਦੇਸ਼ ਵਿਚ ਛੇੜੀਏ। ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਉਪਰੰਤ ਸਰੀਰ ਨੂੰ ਸਾੜ ਜਾਂ ਦਫ਼ਨਾ ਕੇ ਮਿੱਟੀ ਹੋ ਜਾਣਾ ਹੈ ਕਿਉਂ ਨਾ ਜਿਊਂਦੇ ਜੀਅ ਆਪਣੀ ਬਾਡੀ (ਮਰਨ ਉਪਰੰਤ) ਦਾਨ ਕਰਨ ਦਾ ਅਹਿਦ ਕਰੀਏ। ਜਿਵੇਂ ਪੂਜਾ ਆਪਣੇ ਅੰਗ ਦਾਨ ਕਰਕੇ ਅਮਰ ਹੋ ਗਏ ਹਨ ਆਪਾਂ ਵੀ ਅੰਗਦਾਨ ਕਰਨ ਦੀ ਮੁਹਿੰਮ ਦਾ ਹਿੱਸਾ ਬਣੀਏ।
-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ, ਦੀਨਾਨਗਰ (ਗੁਰਦਾਸਪੁਰ)
ਬਜਟ ਨੇ ਕੀਤਾ ਨਿਰਾਸ਼
ਕੇਂਦਰੀ ਬਜਟ ਵਿਚ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿਚ ਕੇਂਦਰ ਸਰਕਾਰ ਪ੍ਰਤੀ ਭਾਰੀ ਗੁੱਸਾ ਅਤੇ ਰੋਸ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਮੰਗ ਸੀ ਕਿ ਵਧਦੀ ਮਹਿੰਗਾਈ ਨੂੰ ਦੇਖਦਿਆਂ ਆਮਦਨ ਕਰ ਛੋਟ ਦੀ ਹੱਦ ਘੱਟੋ-ਘੱਟ 10 ਲੱਖ ਰੁਪਏ ਕੀਤੀ ਜਾਵੇ, ਜਦੋਂ ਕਿ ਬਜਟ ਵਿਚ ਇਸ ਪ੍ਰਤੀ ਕੀਤੇ ਗਏ ਐਲਾਨ ਨਾ-ਮਾਤਰ ਹੀ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਸਾਲ 2024 ਤੋਂ ਬਾਅਦ ਭਰਤੀ ਸਰਕਾਰੀ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਵਰਗੇ ਅਹਿਮ ਮੁੱਦੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਅਤੇ ਵਿੱਤ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਬਣਾਈ ਗਈ ਕਮੇਟੀ ਦਾ ਕੇਵਲ ਜ਼ਿਕਰ ਕਰਕੇ ਇਸ ਮੁੱਦੇ ਪ੍ਰਤੀ ਸਰਕਾਰ ਨੇ ਆਪਣੀ ਮਨਸ਼ਾ ਨੂੰ ਜ਼ਾਹਿਰ ਕਰ ਦਿੱਤਾ ਹੈ, ਜਿਸ ਤੋਂ ਦੇਸ਼ ਦੇ 77 ਲੱਖ ਮੁਲਾਜ਼ਮਾਂ ਨੂੰ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਮੋਦੀ ਸਰਕਾਰ ਮੁਲਾਜ਼ਮਾਂ ਦੀ ਬੁਢਾਪੇ ਦੀ ਲਾਠੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਬਿਲਕੁਲ ਵੀ ਗੰਭੀਰ ਨਹੀਂ ਹੈ।
-ਸੁਖਦੀਪ ਸਿੰਘ ਗਿੱਲ,
ਮਾਨਸਾ।
ਅਕਾਲੀ ਦਲ ਦੇ ਸੰਕਟ ਲਈ ਜ਼ਿੰਮੇਵਾਰ ਕੌਣ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਸ. ਪ੍ਰਕਾਸ਼ ਸਿੰਘ ਬਾਦਲ ਨੇ 1996 'ਚ ਕੇਂਦਰ 'ਚ ਬਣੀ ਗ਼ੈਰ-ਕਾਂਗਰਸੀ ਵਾਜਪਾਈ (ਭਾਜਪਾ) ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰਕੇ ਵੱਡੀ ਸਿਆਸੀ ਗ਼ਲਤੀ ਕੀਤੀ ਸੀ, ਕਿਉਂਕਿ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਦੀ ਭਾਜਪਾ ਨਾਲ ਨਾ ਤਾਂ ਕੋਈ ਵਿਚਾਰਧਾਰਕ ਸਾਂਝ ਮੇਲ ਖਾਂਦੀ ਸੀ ਅਤੇ ਨਾ ਹੀ ਕੋਈ ਸਿਧਾਂਤਕ ਮੇਲ ਸੀ, ਸਗੋਂ ਇਹ ਚਿੱਟੇ ਦਿਨ ਵਾਂਗ ਸਾਫ ਸੀ ਕਿ ਭਾਜਪਾ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖ਼ਤਰਾ ਹੈ। ਪਰ ਸ. ਬਾਦਲ ਨੇ ਆਪਣੀ ਸੱਤਾ ਦੀ ਭੁੱਖ ਪੂਰੀ ਕਰਨ ਲਈ ਭਾਜਪਾ ਨਾਲ ਗ਼ੈਰ-ਸਿਧਾਂਤਕ ਗੱਠਜੋੜ ਕਰਕੇ ਸਿੱਖ ਧਰਮ ਦਾ ਭਾਰੀ ਨੁਕਸਾਨ ਹੀ ਨਹੀਂ ਕੀਤਾ, ਸਗੋਂ ਭਾਜਪਾ ਦੇ ਪੁਰਾਣੇ ਪਿਛੋਕੜ ਆਰ.ਐਸ.ਐਸ. ਨੂੰ ਇਤਿਹਾਸਕ ਗੁਰਦੁਆਰਿਆਂ 'ਚ ਦਖ਼ਲਅੰਦਾਜ਼ੀ ਕਰਨ ਦੇ ਮੌਕੇ ਦਿੱਤੇ। ਸ. ਬਾਦਲ ਵਲੋਂ ਸੱਤਾ ਭੁੱਖ ਪੂਰੀ ਕਰਨ ਲਈ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੀ ਉਸ ਵੇਲੇ ਕੀਤੀ ਗ਼ਲਤੀ ਦੀ ਬਦੌਲਤ ਅੱਜ ਅਕਾਲੀ ਦਲ ਹਾਸ਼ੀਏ 'ਤੇ ਹੈ। ਭਾਵੇਂ ਹੁਣ ਅਕਾਲੀ ਦਲ ਦੇ ਇਕ ਵੱਡੇ ਧੜੇ ਵਲੋਂ ਬਾਦਲ ਪਰਿਵਾਰ ਦੀ ਅਜ਼ਾਰੇਦਾਰੀ ਖ਼ਤਮ ਕਰਨ ਅਤੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਰਗੇ ਮੁੱਦੇ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋਣ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਪਰ ਕੀ ਵਿਰੋਧੀ ਧੜਾ ਇਹ ਦੱਸੇਗਾ ਕਿ ਉਨ੍ਹਾਂ ਦੇ ਮੂੰਹ ਉਦੋਂ ਕਿਉਂ ਨਾ ਖੁੱਲ੍ਹੇ? ਫਿਰ ਕੀ ਵਿਰੋਧੀ ਵੀ ਉਸ ਗ਼ਲਤੀਆਂ ਕਾਰਨ ਦੇ ਮਾਮਲੇ ਵਿਚ ਸ਼ਾਮਿਲ ਨਹੀਂ? ਅਨਜਾਣੇ 'ਚ ਹੋਈ ਗ਼ਲਤੀ ਅਤੇ ਅਨਜਾਣੇ 'ਚ ਦਿੱਤਾ ਗ਼ਲਤ ਵਿਅਕਤੀ ਦਾ ਸਾਥ ਕਿਸੇ ਹੱਦ ਤੱਕ ਮੁਆਫ਼ੀ ਯੋਗ ਹੋ ਸਕਦਾ ਹੈ ਪਰ ਜਾਣ-ਬੁੱਝ ਕੇ ਮਤਲਬਪ੍ਰਸਤੀ ਅਤੇ ਆਪਣ ਹਿਤ ਪੂਰਨ ਲਈ ਗ਼ਲਤੀਆਂ 'ਚ ਗ਼ਲਤੀ ਕਰਨ ਵਾਲੇ ਦਾ ਸਾਥ ਦੇਣ ਵਾਲੇ ਵੀ ਓਨੇ ਹੀ ਕਸੂਰਵਾਰ ਤੇ ਗੁਨਾਹਗਾਰ ਆਖੇ ਜਾ ਸਕਦੇ ਨੇ, ਜਿੰਨਾ ਗ਼ਲਤੀਆਂ ਕਰਨ ਵਾਲਾ। ਫਿਰ ਕੀ ਹੁਣ ਅਕਾਲੀ ਦਲ ਦਾ ਵਿਰੋਧੀ ਧੜਾ ਅੰਦਰਖਾਤੇ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਨਹੀਂ ਹੋ ਰਿਹਾ? ਵਿਰੋਧੀ ਧੜੇ ਦੀਆਂ ਸਰਗਰਮੀਆਂ ਤੋਂ ਕੀ ਇੰਜ ਨਹੀਂ ਲਗਦਾ ਕਿ ਵਿਰੋਧੀ ਧੜੇ ਦੇ ਕਈ ਬਜ਼ੁਰਗ ਆਗੂ ਆਪਣੀ ਸਿਆਸਤ 'ਚ ਕੁੱਦੀ ਔਲਾਦ ਨੂੰ ਕੇਂਦਰ ਸਰਕਾਰ ਦੀ ਸੱਤਾ 'ਚ ਭਾਈਵਾਲ ਬਣਾਉਣ ਲਈ ਕਾਹਲੇ ਨਹੀਂ ਜਾਪਦੇ?
-ਮਾਨ ਸਿੰਘ ਅਨਪੜ੍ਹ
ਬੇਹੱਦ ਗੰਭੀਰ ਮਸਲਾ
ਅੱਜ-ਕੱਲ੍ਹ ਨੌਕਰੀਆਂ ਅਤੇ ਵੱਡੀਆਂ ਪੜ੍ਹਾਈਆਂ ਜਿਵੇਂ ਡਾਕਟਰੀ, ਆਈ.ਏ.ਐਸ., ਆਈ.ਪੀ.ਐਸ. ਦੇ ਕੋਰਸਾਂ ਤੋਂ ਇਲਾਵਾ ਹੋਰ ਅਲੱਗ-ਅਲੱਗ ਸੂਬਿਆਂ ਵਿਚ ਸਰਕਾਰੀ ਅਤੇ ਅਰਧ-ਸਰਕਾਰੀ ਨੌਕਰੀਆਂ ਲਈ ਸਰਕਾਰਾਂ ਪੇਪਰ ਲੈਂਦੀਆਂ ਹਨ। ਸਾਡੇ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਪੇਪਰਾਂ ਦੀ ਤਿਆਰੀ ਲਈ ਦਿਨ-ਰਾਤ ਇਕ ਕਰ ਕੇ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ। ਨੌਜਵਾਨਾਂ ਦੇ ਮਾਪਿਆਂ ਵਲੋਂ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਉਣ ਲਈ ਬਹੁਤ ਜ਼ਿਆਦਾ ਪੈਸੇ ਖ਼ਰਚ ਕੇ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਪਰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਪਤਾ ਚੱਲਦਾ ਹੈ ਕਿ ਇਹ ਪੇਪਰ ਪਹਿਲਾਂ ਹੀ ਲੀਕ ਹੋ ਚੁੱਕਾ ਹੈ। ਇਨ੍ਹਾਂ ਪੇਪਰਾਂ ਦਾ ਲੀਕ ਹੋਣਾ ਸਾਡੀ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਲਈ ਬਹੁਤ ਹੀ ਜ਼ਿਆਦਾ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ। ਇਸ ਤਰ੍ਹਾਂ ਪੇਪਰ ਲੀਕ ਹੋਣ ਨਾਲ ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਲੱਗਦੀ ਹੈ। ਸਾਡੀ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਜੋ ਲੋਕ ਪੈਸੇ ਦੇ ਲਾਲਚ ਵਿਚ ਆ ਕੇ ਅਜਿਹੇ ਪੇਪਰ ਲੀਕ ਕਰਨ ਦਾ ਕੰਮ ਕਰ ਰਹੇ ਹਨ, ਉਨ੍ਹਾਂ ਗਰੋਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਫਿਰ ਤੋਂ ਕਦੀ ਵੀ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਦੁੱਖ-ਸੁਖ ਦੇ ਸਾਥੀ ਬਣੋ
ਇਸ ਸੰਸਾਰ ਵਿਚ ਮੌਜੂਦ ਹਰੇਕ ਜੀਵ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ, ਪਸ਼ੂ ਹੋਵੇ ਜਾਂ ਪੰਛੀ, ਹਰ ਕੋਈ ਪਿਆਰ ਦੇ ਮਿੱਠੜੇ ਬੋਲਾਂ ਦਾ ਭੁੱਖਾ ਹੈ। ਕਹਿੰਦੇ ਹਨ ਕਿ ਪਿਆਰ ਦੇ ਬੋਲ ਤਾਂ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਮਿੱਠੜੇ ਬੋਲ ਬੋਲਣ ਵਾਲਾ ਵਿਅਕਤੀ ਸਭਨਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿਆਰ- ਮੁਹੱਬਤ ਦੇ ਹਥਿਆਰ ਸਦਕਾ ਪਰਜਾ ਦਾ ਦਿਲ ਜਿੱਤਿਆ। ਹਰਮਨ ਪਿਆਰੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਜਨਤਾ ਵਿਚ ਵਿਚਰ ਕੇ ਦੁਖੀਆਂ ਦੇ ਦਰਦ ਵੰਡਾਉਂਦੇ ਸਨ। ਪਿਆਰ ਦੇ ਦੋ ਮਿੱਠੜੇ ਬੋਲ ਤਾਂ ਦੁਖੀਏ ਦਾ ਦਰਦ ਵੀ ਘਟਾ ਦਿੰਦੇ ਹਨ। ਮੰਨਿਆ ਗਿਆ ਹੈ ਕਿ ਸੁਖ ਵੰਡਣ ਨਾਲ ਵਧਦੇ ਹਨ ਅਤੇ ਦੁੱਖ ਵੰਡਣ ਨਾਲ ਘਟਦੇ ਹਨ। ਹਮੇਸ਼ਾ ਦੁਖੀ ਬੰਦੇ ਦੇ ਹਮਦਰਦ ਬਣੋ ਅਤੇ ਉਸ ਨੂੰ ਦਿਲਾਸਾ ਦੇਣ ਦਾ ਯਤਨ ਕਰੋ, ਕਿਉਂਕਿ ਦੁਖੀ ਵਿਅਕਤੀ ਨੂੰ ਦੁੱਖ ਦੀ ਘੜੀ ਵਿਚ ਮਿਲਿਆ ਸਾਥ ਅਤੇ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਦੁੱਖ ਖ਼ਤਮ ਤਾਂ ਨਹੀਂ ਕਰ ਸਕਦਾ ਪਰ ਦੁੱਖ ਘਟਾ ਜ਼ਰੂਰ ਸਕਦਾ ਹੈ। ਕਿਸੇ ਨੂੰ ਦੁੱਖ ਵਿਚ ਵੇਖ ਕੇ ਖੁਸ਼ ਨਾ ਹੋਵੋ, ਦੁੱਖ-ਸੁਖ ਤਾਂ ਪਰਮਾਤਮਾ ਦੇ ਹੱਥ ਵਸ ਹਨ ਅਤੇ ਸਮੇਂ ਦਾ ਕੋਈ ਮਾਣ ਨਹੀਂ ਕਿਉਂਕਿ ਚੰਗਾ-ਮਾੜਾ ਸਮਾਂ ਤਾਂ ਸਭ 'ਤੇ ਆਉਂਦਾ ਹੈ। ਸੋ, ਪੁੰਨ ਖੱਟਣ ਲਈ ਰੋਜ਼ਾਨਾ ਘੱਟੋ-ਘੱਟ ਕਿਸੇ ਇਕ ਰੌਂਦੇ ਹੋਏ ਵਿਅਕਤੀ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਕਿਉਂਕਿ ਹੌਂਸਲਾ ਤੇ ਹਮਦਰਦੀ ਜਿਤਾ ਕੇ ਦੁਖੀਏ ਦਾ ਦਰਦ ਘਟਾਉਣਾ ਅਤੇ ਕਿਸੇ ਦੇ ਦਿਲ ਨੂੰ ਖ਼ੁਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਹਮੇਸ਼ ਯਾਦ ਰੱਖੋ ਜਿਹੜਾ ਮਨੁੱਖ ਦੂਜਿਆਂ ਲਈ ਭਲਾ ਤੇ ਖ਼ੁਸ਼ੀਆਂ ਮੰਗਦਾ ਹੈ ਰੱਬ ਉਸ ਦੀ ਝੋਲੀ ਕਦੇ ਵੀ ਖ਼ੁਸ਼ੀਆਂ 'ਤੇ ਬਰਕਤਾਂ ਤੋਂ ਵਾਂਝੀ ਨਹੀਂ ਰਹਿਣ ਦਿੰਦਾ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ
ਅਫ਼ਵਾਹਾਂ ਕਈ ਵਾਰ ਸੱਚ ਵੀ ਹੁੰਦੀਆਂ ਹਨ, ਜ਼ਿਆਦਾਤਰ ਝੂਠ ਹੀ ਹੁੰਦੀਆਂ ਹਨ, ਜਦੋਂ ਤੱਕ ਪੂਰੀ ਤਰ੍ਹਾਂ ਸੱਚ ਝੂਠ ਦਾ ਪਤਾ ਨਾ ਲੱਗਦਾ ਹੋਵੇ, ਅੱਗੇ ਨਾ ਵਧੋ। ਕੁਝ ਲੋਕ ਲੜਾਉਣ ਲਈ ਵੀ ਘਰਾਂ ਵਿਚ ਅਫ਼ਵਾਹਾਂ ਫੈਲਾ ਦਿੰਦੇ ਹਨ। ਹਾਥਰਸ ਭਾਜੜ ਵਰਗੀ ਵਾਲੀ ਘਟਨਾ 'ਚ ਕਿੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਕ ਅਫ਼ਵਾਹ ਤਖਤ ਪਲਟ ਸਕਦੀ ਹੈ।
ਪਹਿਲਾਂ ਏਨੀ ਭੀੜ ਵਿਚ ਜਾਣਾ ਨਹੀਂ ਚਾਹੀਦਾ। ਭਾਵਨਾਵਾਂ ਹਰ ਕਿਸੇ ਦੀਆਂ ਹਰ ਧਾਰਮਿਕ ਅਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਹੋ ਜਿਹੀਆਂ ਅਫ਼ਵਾਹਾਂ ਗ਼ਲਤ ਅਨਸਰਾਂ ਵਲੋਂ ਫੈਲਾਏ ਜਾਣਾ ਗ਼ਲਤ ਹੈ, ਇਹੋ ਜਿਹੀ ਘਟਨਾਵਾਂ ਦੇਸ਼ ਦਾ ਅਮਨ ਭੰਗ ਕਰਦੀਆਂ ਹਨ। ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ, ਇਨ੍ਹਾਂ ਗ਼ਲਤ ਅਨਸਰਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਹਾਥਰਸ ਵਾਲੀਆਂ ਘਟਨਾਵਾਂ ਜਨਮ ਦਿੰਦੀਆਂ ਜਾਂ ਲੈਂਦੀਆਂ ਰਹਿੰਦੀਆਂ ਹਨ।
-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਅੰਧ-ਵਿਸ਼ਵਾਸ ਦਾ ਬੋਲਬਾਲਾ
ਬੇਸ਼ੱਕ ਭਾਰਤ ਅੱਜ ਚੰਦ 'ਤੇ ਪੁੱਜ ਗਿਆ ਹੈ। ਪਰ ਦੇਸ਼ ਵਿਚ ਅੱਜ ਵੀ 76.32 ਫ਼ੀਸਦੀ ਲੋਕ ਜਾਗਰੂਕਤਾ ਦੀ ਘਾਟ ਕਾਰਨ ਵਹਿਮ-ਭਰਮ ਵਿਚ ਫਸੇ ਹੋਏ ਹਨ। ਦੇਸ਼ ਦੇ ਕਈ ਹਿੱਸੇ ਜਿਵੇਂ ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਅੱਜ ਵੀ ਅੰਧ-ਵਿਸ਼ਵਾਸ ਦੀ ਭਾਵਨਾ ਸਿਖਰ 'ਤੇ ਹੈ। ਪਿਛਲੇ ਦਿਨੀਂ ਲੋਕਾਂ ਦੇ ਅੰਧ-ਵਿਸ਼ਵਾਸ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਫੁਲਰਈ ਪਿੰਡ ਵਿਚ ਇਕ ਧਾਰਮਿਕ ਸਮਾਗਮ 'ਚ ਅਫੜਾ-ਤਫ਼ਰੀ ਕਾਰਨ ਦਰਦਨਾਕ ਘਟਨਾ ਵਾਪਰੀ। ਬਾਬਾ ਸੂਰਜਪਾਲ ਉਰਫ਼ ਸਾਕਾਰ ਵਿਸ਼ਵ ਹਰਿ ਦੇ ਪੈਰਾਂ ਦੀ ਮਿੱਟੀ ਇਕੱਤਰ ਕਰਨ ਦੇ ਚੱਕਰ ਵਿਚ ਲੋਕ ਆਪਣੀ ਹੀ ਜਾਨ ਤੋਂ ਹੱਥ ਧੋ ਬੈਠੇ। ਸਮਾਗਮ ਦੌਰਾਨ ਅੰਧ-ਵਿਸ਼ਵਾਸ ਦੇ ਨਸ਼ੇ ਵਿਚ ਡੁੱਬੇ ਲੋਕਾਂ ਦੀ ਭੀੜ ਏਨੀ ਕੁ ਹੱਦ ਤੱਕ ਵਧ ਗਈ ਕਿ ਲੋਕ ਆਪਸ ਵਿਚ ਇਕ-ਦੂਜੇ ਦੇ ਹੇਠਾਂ ਆ ਕੇ ਹੀ ਦੱਬੇ-ਕੁਚਲੇ ਗਏ ਅਤੇ 123 ਦੇ ਕਰੀਬ ਲੋਕ ਮੌਤ ਦੇ ਮੂੰਹ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਭਾਰਤੀ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਅਤੇ ਅੰਧ-ਵਿਸ਼ਵਾਸ ਦੀ ਭਾਵਨਾ ਦੀ ਗਵਾਹੀ ਭਰਦਾ ਹੈ। ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਭਾਰਤੀਆਂ ਦੀ ਤਰੱਕੀ ਦੇ ਰਾਹ ਵਿਚ ਰੋੜਾ ਹੈ। ਅਜਿਹੀਆਂ ਘਟਨਾਵਾਂ ਭਾਰਤ ਦੀ ਤਸਵੀਰ ਸ਼ਰਮਸਾਰ ਕਰਦੀਆਂ ਹਨ। ਸਰਕਾਰ ਨੂੰ ਅਪੀਲ ਹੈ ਕਿ ਢੌਂਗੀ ਅਤੇ ਪਾਖੰਡੀ ਬਾਬਿਆਂ ਦੇ ਡੇਰਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਲੋਕ ਵਹਿਮ-ਭਰਮ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅੰਧ-ਵਿਸ਼ਵਾਸ ਨੂੰ ਆਪਣੇ ਉਤੇ ਹਾਵੀ ਨਾ ਹੋਣ ਦੇਣ ਅਤੇ ਤਰਕ ਸਦਕਾ ਸਹੀ-ਗ਼ਲਤ ਦੀ ਪਹਿਚਾਣ ਕਰਨ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਆਓ, ਹਰ ਘਰ ਵਿਚ ਬੂਟਾ ਲਾਈਏ
ਪੰਜਾਬ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਇਸ ਦੇ ਕਈ ਕਾਰਨ ਹਨ, ਚਾਹੇ ਫੈਕਟਰੀਆਂ, ਕਾਰਖਾਨਿਆਂ ਦਾ ਧੂੰਆਂ ਹੋਵੇ, ਚਾਹੇ ਫ਼ਸਲਾਂ ਉਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਇਨ੍ਹਾਂ ਸਭ ਕਾਰਨਾਂ ਤੋਂ ਵੀ ਉੱਪਰ ਹੈ, ਪੰਜਾਬ ਦੀ ਧਰਤੀ ਉਤੇ ਰੁੱਖਾਂ ਦਾ ਘਟਨਾ। ਇਕ ਸਮਾਂ ਸੀ, ਜਦੋਂ ਸਾਨੂੰ ਸਾਡੀ ਧਰਤੀ ਵਹਿੰਦੇ ਦਰਿਆਵਾਂ ਦੇ ਨਿਰਮਲ ਪਾਣੀਆਂ ਅਤੇ ਬੇਅੰਤ ਜੰਗਲ ਬੇਲਿਆਂ ਉਤੇ ਮਾਣ ਹੁੰਦਾ ਸੀ ਪਰ ਸਮੇਂ ਦੀ ਮਾਰ ਅਤੇ ਮਨੁੱਖ ਦੇ ਵਧ ਰਹੇ ਲਾਲਚ ਨੇ ਇਹ ਬੇਸ਼ਕੀਮਤੀ ਕੁਦਰਤੀ ਸੌਗਾਤਾਂ, ਸਾਡੇ ਹੱਥੋਂ ਖੁਸਦੀਆਂ ਜਾਂਦੀਆਂ ਨੇ। ਇਹ ਉਹ ਧਰਤੀ ਹੈ, ਜਿਥੇ ਗੁਰੂ-ਪੀਰਾਂ ਨੇ ਰੁੱਖਾਂ ਹੇਠਾਂ ਬੈਠ ਭਗਤੀ ਕੀਤੀ, ਇਨ੍ਹਾਂ ਰੁੱਖਾਂ ਨੂੰ ਪਵਿੱਤਰ ਮੰਨਿਆ ਗਿਆ ਹੈ, ਪਰ ਅੱਜ ਦਾ ਮਨੁੱਖ ਤਰੱਕੀ ਦੀ ਆੜ ਲੈ ਕੇ, ਪੁਰਾਣੇ ਤੋਂ ਪੁਰਾਣੇ ਰੁੱਖਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਰਿਹਾ ਹੈ। ਅਸੀਂ ਹਰ ਕੰਮ ਵਿਚ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਾਂ, ਪਰ ਆਮ ਦੇਖਿਆ ਗਿਆ ਹੈ ਕਿ ਬਾਹਰਲੇ ਮੁਲਕਾਂ ਵਿਚ ਜੇ ਇਕ ਰੁੱਖ ਕੱਟਿਆ ਜਾਂਦਾ ਹੈ ਤਾਂ ਉਸ ਦੀ ਥਾਂ 'ਤੇ ਨਵੇਂ ਰੁੱਖ ਲਾ ਦਿੱਤੇ ਜਾਂਦੇ ਹਨ, ਫਿਰ ਅਸੀਂ ਇਹੋ ਜਿਹੇ ਨੇਕ ਕਾਰਜਾਂ ਵਿਚ ਉਨ੍ਹਾਂ ਦੀ ਰੀਸ ਕਰਨ ਤੋਂ ਗੁਰੇਜ਼ ਕਿਉਂ ਕਰਦੇ ਹਾਂ। ਪੁਰਾਣੇ ਸਮੇਂ ਵਿਚ ਸਾਡੇ ਖੇਤਾਂ ਦੇ ਵੱਟਾਂ ਬੰਨ੍ਹਿਆ ਉਤੇ ਟਾਹਲੀ, ਅੰਬ, ਨਿੰਮ ਆਦਿ ਦੇ ਬੇਸ਼ੁਮਾਰ ਰੁੱਖ ਸਨ, ਪਰ ਫਸਲ ਨੂੰ ਨੁਕਸਾਨ ਹੁੰਦਾ ਹੈ ਦਾ ਬਹਾਨਾ ਲਾ ਕੇ ਰੁੱਖ ਵੱਢਦਿੱਤੇ ਗਏ ਹਨ। ਕੁਝ ਸਮਾਜ ਸੇਵੀ ਸੰਸਥਾਵਾਂ ਸੜਕਾਂ ਦੇ ਕਿਨਾਰਿਆਂ ਉਤੇ ਰੁੱਖ ਲਾ ਰਹੀਆਂ ਨੇ ਪਰ ਸਾਡੇ ਵਲੋਂ ਲਗਾਈਆਂ ਗਈਆਂ ਅੱਗਾਂ ਇਨ੍ਹਾਂ ਰੁੱਖਾਂ ਨੂੰ ਸਾੜ ਕੇ ਨੁਕਸਾਨ ਕਰਦੀਆਂ ਹਨ। ਜੇਕਰ ਪੰਜਾਬ ਨੂੰ ਫਿਰ ਤੋਂ ਖ਼ੁਸ਼ਹਾਲ ਅਤੇ ਹਰਿਆ-ਭਰਿਆ ਦੇਖਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
-ਰਣਜੀਤ ਕੌਰ ਰਤਨ
ਮੁੱਖ ਅਧਿਆਪਕਾ, ਸ. ਅ.ਸ. ਮੀਆਂਵਿੰਡ, ਤਰਨ ਤਾਰਨ।
ਪੰਜਾਬ ਦਾ ਉਜਾੜਾ
ਅੱਜਕਲ੍ਹ ਪਾਣੀ ਦੀ ਘਾਟ ਵਰਗੇ ਗੰਭੀਰ ਵਿਸ਼ੇ 'ਤੇ ਰੋਜ਼ਾਨਾ ਲੇਖ ਪੜ੍ਹਨ ਵਾਸਤੇ ਮਿਲ ਰਹੇ ਹਨ। ਪਾਣੀ ਨਾਲ ਸਾਡਾ ਜੀਵਨ ਜੁੜਿਆ ਹੈ। ਅਸੀਂ ਪਾਣੀ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ, ਪਹਿਲਾਂ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ਅਤੇ ਹੁਣ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦਾ ਲੇਖ ਪੜ੍ਹਿਆ, ਜਿਸ ਵਿਚ ਪਾਣੀ ਖ਼ਤਮ ਹੋਣ ਦੇ ਕਿਨਾਰੇ 'ਤੇ ਆ ਗਿਆ ਹੈ। ਪੰਜਾਬ ਵਿਚ ਝੋਨੇ ਦੀ ਫ਼ਸਲ ਪੰਜਾਬ ਦੇ ਪਾਣੀ ਨੂੰ ਦਿਨੋ-ਦਿਨ ਨਿਗਲ ਰਹੀ ਹੈ। ਸਰਕਾਰਾਂ ਵੀ ਇਸ ਵਿਸ਼ੇ 'ਤੇ ਚੁੱਪ ਧਾਰੀ ਬੈਠੀਆਂ ਹਨ। ਮੁਫ਼ਤ ਬਿਜਲੀ ਦਾ ਲਾਲਚ ਪਾਣੀ ਨੂੰ ਖੋਰਾ ਲਾ ਰਿਹਾ ਹੈ। ਇਸ ਤਰ੍ਹਾਂ ਹੀ ਵਰਤਾਰਾ ਚਲਦਾ ਰਿਹਾ ਤਾਂ ਪਾਣੀ ਦੀ ਕਿੱਲਤ ਆ ਜਾਵੇਗੀ। ਪਾਣੀ ਬਚਾਉਣ ਲਈ ਸਰਕਾਰ ਨੂੰ ਜਲਦੀ ਉਪਰਾਲਾ ਕਰਨਾ ਚਾਹੀਦਾ ਹੈ। ਪਿਛਲੇ ਦਿਨਾਂ ਵਿਚ ਕੁਝ ਜ਼ਿਲ੍ਹਿਆਂ ਨੂੰ ਜਲ ਦੇ ਸੰਕਟ ਵਜੋਂ ਐਲਾਨਿਆ ਗਿਆ ਹੈ। ਖ਼ਤਰੇ ਦੀ ਘੰਟੀ ਵਜ ਗਈ ਹੈ। ਅਸੀਂ ਸਮਝ ਨਹੀਂ ਰਹੇ, ਜੇਕਰ ਅਸੀਂ ਸਮਾਂ ਨਾ ਵਿਚਾਰਿਆ ਤਾਂ ਜ਼ਿੰਦਗੀ ਨੂੰ ਖ਼ਤਰੇ ਵੱਲ ਧੱਕਣ ਲਈ ਮਜਬੂਰ ਹੋਣਾ ਹੋਵਾਂਗੇ। ਸਾਰੇ ਕਿਸਾਨਾਂ ਨੂੰ ਹੋਰ ਫ਼ਸਲਾਂ ਵੀ ਬੀਜਣੀਆਂ ਚਾਹੀਦੀਆਂ ਹਨ। ਜਿਹੜੀਆਂ ਘੱਟ ਤੋਂ ਘੱਟ ਪਾਣੀ ਲੈਂਦੀਆਂ ਹੋਣ, ਇਸ ਨਾਲ ਸਾਡਾ ਜੀਵਨ ਬਚ ਸਕਦਾ ਹੈ। ਕਿਸੇ ਦਿਨ ਸਾਨੂੰ ਪਾਣੀ ਪੀਣ ਜੋਗਾ ਵੀ ਨਹੀਂ ਮਿਲਣਾ।
-ਰਾਮ ਸਿੰਘ ਪਾਠਕ
ਅਪਰਾਧੀ ਬੇਖੌਫ਼
'ਅਜੀਤ' ਦੀ ਖਬਰ 'ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ-2 ਨਿਹੰਗ ਗ੍ਰਿਫ਼ਤਾਰ' ਪੜ੍ਹੀ। ਦਿਲ ਬੜਾ ਦੁਖੀ ਹੋਇਆ। ਸੂਬੇ ਵਿਚ ਰੋਜ਼ਾਨਾਂ ਵੱਖ-ਵੱਖ ਜ਼ਿਲ੍ਹਿਆਂ 'ਚ ਲੁੱਟ-ਖਸੁੱਟ, ਕਤਲੋ ਗਾਰਤ, ਫਿਰੌਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਫ਼ੋਨ 'ਤੇ ਧਮਕੀਆਂ ਦੇ ਕੇ ਲੋਕਾਂ ਵਿਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ। ਉਪਰੋਕਤ ਕਾਤਲਾਨਾ ਹਮਲੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਪਰਾਧੀਆਂ ਨੂੰ ਰੱਤੀ ਭਰ ਵੀ ਪੁਲਿਸ ਦਾ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਜਾਨ ਲੇਵਾ ਹਮਲੇ ਕਰ ਰਹੇ ਹਨ। ਲੁਟੇਰੇ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਨਸ਼ਿਆਂ ਦੀ ਬਰਾਮਦਗੀ, ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕਰਦੇ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਹੋ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਅਤੇ ਲਾਅ ਐਂਡ ਆਰਡਰ ਕਾਇਮ ਕਰਨਾ ਹੁੰਦਾ ਹੈ। ਪਰ ਸੂਬਾ ਸਰਕਾਰ ਨਕਾਮ ਰਹੀ ਹੈ। ਪਰ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਕੁੰਵਰ ਵਿਜੈ ਪ੍ਰਤਾਪ ਜੋ 'ਆਪ' ਦੇ ਐਮ.ਐਲ.ਏ. ਹਨ, ਨੂੰ ਗ੍ਰਹਿ ਵਿਭਾਗ ਦੀ ਵਾਗਡੋਰ ਦੇ ਦਿੱਤੀ ਜਾਵੇ, ਜੋ ਅਪਰਾਧੀਆਂ ਦੀਆਂ ਗਤੀਵਿਧੀਆਂ 'ਤੇ ਪੁਲਿਸ ਦੀ ਕਾਰਜਸ਼ੈਲੀ ਬਾਰੇ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਅਪਰਾਧੀ ਦੂਸਰੇ ਰਾਜਾਂ 'ਚ ਚਲੇ ਗਏ ਸਨ। ਹੁਣ ਵੇਲਾ ਆ ਗਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ। ਪੁਲਿਸ ਨੂੰ ਰਾਜਨੀਤੀ ਤੋਂ ਆਜ਼ਾਦ ਕਰ ਜਵਾਬਦੇਹ ਬਣਾਇਆ ਜਾਵੇ, ਜੇਕਰ ਫਿਰ ਵੀ ਖਾਕੀ ਤੇ ਖਾਦੀ ਦੀ ਮਿਲੀਭੁਗਤ ਸਾਹਮਣੇ ਆਵੇ ਤਾਂ ਸਖ਼ਤ ਕਾਨੂੰਨ ਬਣਾ ਸਜ਼ਾਵਾਂ ਦਿਵਾਈਆਂ ਜਾਣ। ਕਾਨੂੰਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ। ਇਸ ਵਿਚ ਸੋਧ ਕਰ ਸਖ਼ਤ ਕਾਨੂੰਨ ਸਦਨ ਵਿਚ ਬਣਾਇਆ ਜਾਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਨਵੇਂ ਅਪਰਾਧਿਕ ਕਾਨੂੰਨ
ਪਿਛਲੇ ਦਿਨੀਂ (12 ਜੁਲਾਈ) ਦੇ 'ਅਜੀਤ' ਦੇ ਕਾਲਮ 'ਸਰਗੋਸ਼ੀਆਂ' ਤਹਿਤ ਹਰਜਿੰਦਰ ਸਿੰਘ ਲਾਲ ਵਲੋਂ ਲਿਖੇ ਗਏ ਲੇਖ 'ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਸਰਕਾਰ' ਪੜ੍ਹਿਆ। ਦੇਸ਼ 'ਚ ਪਹਿਲੀ ਜੁਲਾਈ ਤੋਂ ਲਾਗੂ ਹੋਏ ਨਵੇਂ ਤਿੰਨ ਅਪਰਾਧਿਕ ਕਾਨੂੰਨਾਂ ਸੰਬੰਧੀ ਕਈ ਹਾਂ ਪੱਖੀ ਅਤੇ ਕਈ ਨਾਂਹ ਪੱਖੀ ਪ੍ਰਤੀਕਿਰਿਆਵਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ। ਪਰ ਸਮੇਂ ਦੇ ਬਦਲਾਅ ਅਨੁਸਾਰ ਇਨ੍ਹਾਂ ਕਾਨੂੰਨਾਂ ਦਾ ਬਦਲਣਾ ਸਹੀ ਹੈ। ਪਰ ਇਨ੍ਹਾਂ 'ਚ ਜੋ ਵੀ ਕਮੀਆਂ ਸਾਹਮਣੇ ਆ ਰਹੀਆ ਹਨ ਉਨ੍ਹਾਂ ਨੂੰ ਮਾਹਿਰਾਂ ਦੀ ਸਲਾਹ ਨਾਲ ਬਦਲਣਾ ਵੀ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਕਾਨੂੰਨਾਂ 'ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਇਸ 'ਚ ਪੁਲਿਸ ਦੀਆਂ ਸ਼ਕਤੀਆਂ ਵਿਚ ਪਹਿਲਾਂ ਨਾਲੋਂ ਵੱਡਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪੁਲਿਸ ਵਲੋਂ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਰਨ ਤੋਂ ਇਲਾਵਾ ਰਿਸ਼ਵਤਖੋਰੀ ਦੇ ਵਧਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਸਭ ਤੋਂ ਅਹਿਮ ਮੁੱਦਾ ਇਹ ਹੈ ਕਿ ਪੁਲਿਸ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਅਤੇ 90 ਦਿਨ ਤੱਕ ਹਿਰਾਸਤ ਵਿਚ ਰੱਖਣ ਦੀ ਅਧਿਕਾਰੀ ਬਣ ਗਈ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਨਵੇਂ ਕਾਨੂੰਨਾਂ ਵਿਚ ਜੋ ਵੀ ਇਤਰਾਜ਼ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਜਲਦੀ ਦੂਰ ਕਰੇ।
-ਇੰਜੀ: ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਸਾਡੇ ਫ਼ੌਜੀ 'ਜ਼ਿੰਦਾਬਾਦ'
ਪਿਛਲੇ ਦਿਨੀਂ (16 ਜੁਲਾਈ) ਜੰਮੂ ਦੇ ਡੋਡਾ ਜ਼ਿਲ੍ਹੇ ਦੇ ਜੰਗਲਾਂ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਭਾਰਤੀ ਫ਼ੌਜ ਦਾ ਇਕ ਕੈਪਟਨ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਵਰਨਣਯੋਗ ਹੈ ਕਿ ਸ਼ਹੀਦ ਕੈਪਟਨ ਬ੍ਰਿਜੇਸ਼ ਥਾਪਾ ਦੀ ਮਾਤਾ ਨੀਲਿਮਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਅਤੇ ਸ਼ਾਂਤ ਲਹਿਜ਼ੇ ਵਿਚ ਬਿਲਕੁਲ ਠੀਕ ਕਿਹਾ ਕਿ ਇਹ ਦੇਸ਼ ਦੀਆਂ ਸਰਹੱਦਾਂ 'ਤੇ ਭਾਰਤੀ ਫ਼ੌਜ ਦੇ ਜਵਾਨ ਹੀ ਹਨ, ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਦੇਸ਼ ਦੇ ਨਾਗਰਿਕ ਸੁਰੱਖਿਅਤ ਹਨ। ਉਸ ਦੇ ਪਿਤਾ, ਸੇਵਾਮੁਕਤ ਸੈਨਾ ਅਧਿਕਾਰੀ ਕਰਨਲ ਭੁਵਨੇਸ਼ ਥਾਪਾ ਨੇ ਦਲੇਰੀ ਨਾਲ ਆਪਣੀਆਂ ਪ੍ਰੇਰਨਾਦਾਇਕ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਕਿਹਾ, 'ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ', ਸਤਿਕਾਰਯੋਗ ਥਾਪਾ ਪਰਿਵਾਰ ਇਕ ਦੇਸ਼ ਵਜੋਂ ਸਾਨੂੰ ਤੁਹਾਡੇ ਸ਼ਹੀਦ ਪੁੱਤਰ ਕੈਪਟਨ ਬ੍ਰਿਜੇਸ਼ ਥਾਪਾ ਅਤੇ ਤੁਹਾਡੇ ਦੋਵਾਂ 'ਤੇ ਮਾਣ ਹੈ। ਬੇਸ਼ੱਕ, ਅਸੀਂ ਆਪਣੀ ਗਹਿਰੀ ਅਤੇ ਸੁਰੱਖਿਅਤ ਨੀਂਦ ਲਈ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੇ ਦੇਣਦਾਰ ਹਾਂ। ਸਾਡੇ ਫ਼ੌਜੀ 'ਜ਼ਿੰਦਾਬਾਦ।'
-ਇੰਜ. ਕ੍ਰਿਸ਼ਨ ਕਾਂਤ ਸੂਦ, ਨੰਗਲ।
ਹਾਕੀ ਲਈ ਸ਼ੁੱਭਕਾਮਨਾਵਾਂ
ਹਾਕੀ ਸਾਡੀ ਰਾਸ਼ਟਰੀ ਖੇਡ ਹੈ, ਇਸ ਵਿਚ ਰੁਚੀ ਹੋਣਾ ਸੁਭਾਵਿਕ ਹੈ, ਬਾਕੀ ਸਾਡਾ 'ਹਾਕੀ ਇਤਿਹਾਸ' ਵੀ ਗੌਰਵਸ਼ਾਲੀ ਹੈ। 33ਵੀਆਂ ਉਲੰਪਿਕ ਖੇਡਾਂ ਜੋ ਇਸ ਵਾਰ ਪੈਰਿਸ (ਫਰਾਂਸ) ਵਿਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਜਾ ਰਹੀਆਂ ਹਨ, ਉਸ ਵਿਚ ਭਾਗ ਲੈਣ ਲਈ ਇਕ ਵੱਡਾ 'ਖੇਡ ਦਲ' ਭਾਰਤ ਵਲੋਂ ਪਹੁੰਚਿਆ ਹੈ। ਜਿਨ੍ਹਾਂ ਵਿਚੋਂ ਅਹਿਮ ਹੈ 'ਭਾਰਤੀ ਹਾਕੀ' ਜਿਸ ਤੋਂ ਵੱਡੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ , ਕਿਉਂਕਿ ਇਸ ਟੀਮ ਵਿਚ ਇਸ ਵਾਰ ਦਸ ਖਿਡਾਰੀ ਪੰਜਾਬ ਦੇ ਖੇਡਣਗੇ। ਜੋ ਪੰਜਾਬ ਲਈ ਫਖਰ ਵਾਲੀ ਗੱਲ ਹੈ। 2020 ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਨੇ ਲੰਮੇ ਅਰਸੇ ਮਗਰੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ 'ਭਾਰਤੀ ਹਾਕੀ' ਆਪਣੇ ਤਗਮੇ ਦਾ ਰੰਗ ਬਦਲਣ ਲਈ ਜ਼ੋਰ ਅਜ਼ਮਾਇਸ਼ ਕਰੇਗੀ, ਪਰ ਉਸ ਦੇ ਲਈ ਉਸ ਨੂੰ ਬੇਹੱਦ ਔਖੇ 'ਪੂਲ' 'ਚੋਂ ਉਪਰ ਜਾਣ ਲਈ 'ਅਗਨੀ ਪ੍ਰੀਖਿਆ' ਦੇਣੀ ਹੋਵੇਗੀ। 27 ਜੁਲਾਈ ਨੂੰ ਭਾਰਤ ਨਿਊਜ਼ੀਲੈਂਡ ਨਾਲ ਆਪਣਾ ਪਹਿਲਾ ਮੈਚ ਖੇਡੇਗਾ। ਨਿਊਜ਼ੀਲੈਂਡ ਵਿਚ ਹਾਕੀ ਦਾ ਕਰੇਜ਼ ਸਾਥੋਂ ਵੱਧ ਹੈ। ਇਕ ਸਮਾਂ ਨਿਊਜ਼ੀਲੈਂਡ ਵਿਚ ਅਜਿਹਾ ਸੀ ਕਿ ਉਥੋਂ ਦੇ ਲੋਕਾਂ ਨੇ ਹਾਕੀ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਤੱਕ ਵੇਚਣ ਦਾ ਅਹਿਦ ਲਿਆ। 29 ਨੂੰ ਭਾਰਤ ਹਾਕੀ ਜਗਤ ਦੀ ਸਭ ਤੋਂ ਵੱਡੀ ਤੋਪ ਅਰਜਨਟੀਨਾ ਨਾਲ ਲੋਹਾ ਲਵੇਗੀ। ਇਕ ਅਗਸਤ ਨੂੰ ਬੈਲਜੀਅਮ ਨਾਲ ਅੰਕਾਂ ਦੇ ਆਧਾਰ 'ਤੇ ਕੁਆਰਟਰ ਫਾਈਨਲ ਲਈ ਟੀਮਾਂ ਅੱਗੇ ਜਾਣਗੀਆਂ। ਸੋ, ਭਾਰਤੀ ਹਾਕੀ ਲਈ ਸ਼ੁੱਭਕਾਮਨਾਵਾਂ ਹਨ, ਜਿਸ ਤੋਂ ਤਗਮੇ ਦੀਆਂ ਵੱਡੀਆਂ ਉਮੀਦਾਂ ਹਨ। ਇਕ ਵਾਰ ਫਿਰ ਇਤਿਹਾਸ ਦੁਹਰਾਇਆ ਜਾਵੇਗਾ, ਜਦ ਜੂੜਿਆਂ ਵਾਲੇ ਪੰਜਾਬੀ ਆਪਣਾ ਪਸੀਨਾ ਭਾਰਤ ਦੀ ਆਨ ਤੇ ਸ਼ਾਨ ਲਈ ਵਹਾਉਣਗੇ।
-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਰਾਏਕੋਟ, ਲੁਧਿਆਣਾ।
ਸਫਲਤਾ ਪ੍ਰਾਪਤੀ ਦੇ ਭੇਤ
ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਕਿਸੇ ਵੀ ਟੀਚੇ ਦਾ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਉਸ ਟੀਚੇ 'ਤੇ ਪਹੁੰਚਣ ਲਈ ਇਨਸਾਨ ਲਗਾਤਾਰ ਮਿਹਨਤ ਕਰਦਾ ਰਹਿੰਦਾ ਹੈ। ਬਹੁਤ ਵਾਰ ਅਸਫਲਤਾ ਵੀ ਮਿਲਦੀ ਹੈ। ਸਫਲ ਨਾ ਹੋਣ ਕਾਰਨ ਇਨਸਾਨ ਦੁੱਖ, ਬੇਚੈਨੀ ਮਹਿਸੂਸ ਕਰਦਾ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ। ਸਾਨੂੰ ਸਫਲ ਹੋਏ ਇਨਸਾਨਾਂ ਦੀ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਖਿਰ ਆਪਣੇ ਟੀਚੇ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ। ਅਜਿਹੀਆਂ ਮਿਸਾਲਾਂ ਸਾਨੂੰ ਹਮੇਸ਼ਾ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹਿੰਦੀਆਂ ਹਨ। ਸਫਲਤਾ ਦਾ ਰਾਹ ਕਦੇ ਵੀ ਸਰਲ ਅਤੇ ਸਿੱਧਾ ਨਹੀਂ ਹੁੰਦਾ। ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਹੁੰਦੀ। ਨਾਂਹ-ਪੱਖੀ ਵਿਚਾਰਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਮੁਕਾਬਲੇ ਦੀ ਪ੍ਰੀਖਿਆ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸਫਲਤਾ ਸਾਨੂੰ ਸਾਡੀ ਗ਼ਲਤੀਆਂ ਤੋਂ ਜਾਣੂ ਕਰਵਾਉਂਦੀ ਹੈ। ਇਬਰਾਹਮ ਲਿੰਕਨ ਦਾ ਬਚਪਨ ਅਥਾਹ ਗਰੀਬੀ ਵਿਚ ਬੀਤਿਆ। ਮਜ਼ਬੂਤ ਇਰਾਦੇ ਨਾਲ ਉਸ ਨੇ ਇਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਹਾਸਿਲ ਕੀਤਾ। ਮਜ਼ਬੂਤ ਇਰਾਦੇ, ਸਾਕਾਰਾਤਮਿਕ ਸੋਚ ਨਾਲ ਤੁਸੀਂ ਅਸਫਲਤਾਵਾਂ ਨੂੰ ਵੀ ਸਫਲਤਾ ਵਿਚ ਬਦਲ ਸਕਦੇ ਹੋ। ਟੀਚਾ ਮਿੱਥ ਕੇ ਹੀ ਉਸ ਨੂੰ ਅਭਿਆਸ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ।
-ਸੰਜੀਵ ਸਿੰਘ ਸੈਣੀ
ਮੋਹਾਲੀ।
ਪ੍ਰਸੰਸਾਯੋਗ ਲੇਖ
ਪਿਛਲੇ ਦਿਨੀਂ (20 ਜੁਲਾਈ) ਨੂੰ 'ਅਜੀਤ' ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਅਨੰਦ ਆਇਆ ਅਤੇ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ ਜੋ ਕਿ ਸ਼ਲਾਘਾਯੋਗ ਹੈ। ਮੈਡਮ ਪੂਜਾ ਅਰੋੜਾ ਤਾਂ ਦਿਮਾਗੀ ਤੌਰ 'ਤੇ ਬਿਮਾਰ ਹੀ ਸਨ, ਪਰ ਉਨ੍ਹਾਂ ਦੇ ਅੰਗ ਦਾਨ ਨਾਲ ਕਰਨ ਨਾਲ ਘੱਟੋ-ਘੱਟ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। ਜਿਨ੍ਹਾਂ ਮਰੀਜ਼ਾਂ ਨੂੰ ਅੰਗ ਦਾਨ ਕੀਤੇ ਗਏ ਹਨ, ਉਹ ਵਿਅਕਤੀ ਜਦ ਤੱਕ ਜਿਊਂਦੇ ਰਹਿਣਗੇ, ਤਦ ਤੱਕ ਪੂਜਾ ਅਰੋੜਾ ਜਿਊਂਦੀ ਰਹੇਗੀ। ਜਿਨ੍ਹਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਉਨ੍ਹਾਂ ਨੂੰ ਵੀ ਪੂਜਾ ਅਰੋੜਾ ਦੇ ਪਰਿਵਾਰ ਦਾ ਰਿਣੀ ਰਹਿਣਾ ਚਾਹੀਦਾ ਹੈ। ਇਸ ਲੇਖ ਤੋਂ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲੇਗੀ ਅਤੇ ਹੋਰ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ।
-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।
ਕਦੋਂ ਬੰਦ ਹੋਣਗੇ ਬਾਲਾਂ 'ਤੇ ਜ਼ੁਲਮ
ਪੰਜਾਬ ਦੇ ਸ਼ਹਿਰਾਂ, ਬਾਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ 'ਤੇ ਭੀਖ ਮੰਗਦੇ ਬੱਚੇ ਅਕਸਰ ਦੇਖਣ ਨੂੰ ਮਿਲਦੇ ਹਨ, ਜਦਕਿ ਇਨ੍ਹਾਂ ਦੀ ਉਮਰ ਖੇਡਣ, ਮੌਜਮਸਤੀ ਮਾਨਣ ਅਤੇ ਪੜ੍ਹਾਈ ਕਰਨ ਦੀ ਹੁੰਦੀ ਹੈ, ਪਰ ਇਨ੍ਹਾਂ ਬੱਚਿਆਂ ਨੇ ਕਦੇ ਸਕੂਲ ਅੰਦਰ ਪੈਰ ਧਰ ਕੇ ਨਹੀਂ ਦੇਖਿਆ ਹੁੰਦਾ, ਪੜ੍ਹਾਈ ਹਾਸਿਲ ਕਰਨੀ ਤਾਂ ਇਨ੍ਹਾਂ ਲਈ ਬੜੀ ਦੂਰ ਦੀ ਗੱਲ ਹੈ। 10 ਤੋਂ 15 ਸਾਲ ਦੀ ਉਮਰ ਵਾਲੇ ਬੱਚੇ ਮੋਢਿਆਂ ਪਿਛੇ ਬੋਰੀਆਂ ਲਟਕਾਈ, ਕੂੜੇ-ਕਰਕਟ ਦੇ ਢੇਰਾਂ 'ਚੋਂ ਕਾਗਜ਼ ਆਦਿ ਚੁਗਦੇ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਬਾਲ ਮਜ਼ਦੂਰੀ ਖਤਮ ਕਰਨ ਦੀਆਂ ਬਿਆਨਬਾਜ਼ੀਆਂ ਚਿਰਾਂ ਤੋਂ ਛਪ ਰਹੀਆਂ ਹਨ ਪਰ ਬਾਲ ਮਜ਼ਦੂਰੀ ਉਸੇ ਤਰ੍ਹਾਂ ਹੋ ਰਹੀ ਹੈ। ਕਈ ਔਰਤਾਂ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਗੋਦੀ ਚੁੱਕ ਕੇ ਉਨ੍ਹਾਂ ਦੇ ਨਾਂਅ 'ਤੇ ਪੈਸੇ ਲੈਣ ਲਈ ਲੋਕਾਂ ਮੂਹਰੇ ਹੱਥ ਅੱਡਦੀਆਂ ਹਨ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ 'ਕਿਉਂ ਨਹੀਂ ਅਜਿਹੇ ਬੱਚਿਆਂ ਬਾਰੇ ਸਖ਼ਤ ਨੋਟਿਸ ਲੈ ਰਿਹਾ? ਉਹ ਕੀ ਡਿਊਟੀ ਨਿਭਾਅ ਰਿਹਾ ਹੈ? ਉਹ ਕਿਸ ਡਿਊਟੀ ਬਦਲੇ ਸਰਕਾਰੀ ਸਹੂਲਤਾਂ ਅਤੇ ਮੋਟੀਆਂ ਤਨਖਾਹਾਂ ਲੈ ਰਿਹਾ ਹੈ? ਕੀ ਇਸ ਕਮਿਸ਼ਨ ਨੇ ਤਨਦੇਹੀ ਨਾਲ ਅਜਿਹੇ ਬੱਚਿਆਂ ਬਾਰੇ ਪੜਤਾਲ ਕੀਤੀ ਹੈ ਕਿ ਉਹ ਕਿਹੜੀ ਮਜਬੂਰੀਵੱਸ ਮਜ਼ਦੂਰੀ ਕਰ ਰਹੇ ਹਨ, ਲੋਕਾਂ ਤੋਂ ਲੇਲ੍ਹੜੀਆਂ ਕੱਢ-ਕੱਢ ਪੈਸਿਆਂ ਦੀ ਭੀਖ ਮੰਗ ਰਹੇ ਹਨ। ਪੜਤਾਲ ਅਨੁਸਾਰ ਜੇਕਰ ਅਜਿਹੇ ਬੱਚਿਆਂ ਦੇ ਮਾਪੇ ਜਾਣ-ਬੁੱਝ ਕੇ ਆਪਣੇ ਬੱਚਿਆਂ ਪਾਸੋਂ ਇਹ ਕੰਮ ਕਰਵਾ ਰਹੇ ਹਨ ਤਾਂ ਉਨ੍ਹਾਂ ਵਿਰੁੱਧ ਬਣਦਾ ਕਾਨੂੰਨ ਵਰਤ ਕੇ, ਬੱਚਿਆਂ ਨੂੰ ਸਕੂਲ ਪੜ੍ਹਨੇ ਕਿਉਂ ਨਹੀਂ ਪਾਇਆ ਜਾ ਰਿਹਾ? ਜੇਕਰ ਕਿਸੇ ਘਰ ਵਿਚ ਹਾਲਾਤ ਹੀ ਐਸੇ ਹਨ ਕਿ ਉਨ੍ਹਾਂ ਦਾ ਬੱਚਾ ਮਜਬੂਰੀਵੱਸ ਮਜ਼ਦੂਰੀ ਜਾਂ ਭੀਖ ਮੰਗਦਾ ਹੈ ਤਾਂ ਸਰਕਾਰਾਂ ਅਜਿਹੇ ਬੱਚਿਆਂ ਦੇ ਪਰਿਵਾਰਾਂ ਦੀ ਸਾਰ ਕਿਉਂ ਨਹੀਂ ਲੈ ਰਹੀਆਂ? ਕੀ ਕਮਿਸ਼ਨ 'ਤੇ ਆਸ ਰੱਖੀ ਜਾ ਸਕਦੀ ਹੈ ਕਿ ਉਹ ਆਪਣੇ ਫ਼ਰਜ਼ ਨੂੰ ਪੂਰਾ ਕਰਦਿਆਂ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਦਲੇਗੀ? ਨਹੀਂ ਤਾਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ, ਅੱਗੋਂ ਵੀ ਹੁੰਦੀ ਰਹੇਗੀ।
-ਭੋਲਾ ਨੂਰਪੁਰਾ
ਪਿੰਡ ਤੇ ਡਾਕ: ਨੂਰਪੁਰਾ
ਸਵੈ ਪੜਚੋਲ
ਅੱਜਕਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਸਵੈ-ਪੜਚੋਲ ਬਹੁਤ ਜ਼ਰੂਰੀ ਹੈ। ਸਵੈ ਪੜਚੋਲ ਨਾਲ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਹੁੰਦੀ ਹੈ ਅਤੇ ਜੀਵਨ ਨੂੰ ਤਣਾਅ ਮੁਕਤ ਹੋ ਕੇ ਚਲਾਉਣ ਦਾ ਅਨੰਦ ਪ੍ਰਾਪਤ ਹੁੰਦਾ ਹੈ। ਸਵੈ ਪੜਚੋਲ ਨਾਲ ਇਹ ਵੀ ਪਤਾ ਲਗਦਾ ਹੈ ਕਿ ਸਭ ਕੁਝ ਉਵੇਂ ਹੀ ਹੋ ਰਿਹਾ ਹੈ, ਜਿਵੇਂ ਅਸੀਂ ਚਾਹੁੰਦੇ ਹਾਂ। ਕਮੀਆਂ ਨੂੰ ਦੂਰ ਕਰਕੇ ਅਸੀਂ ਇਸ ਨੂੰ ਮੁੜ ਲੀਹ 'ਤੇ ਪਾ ਸਕਦੇ ਹਾਂ। ਕਿਸੇ ਨੂੰ ਪ੍ਰੇਸ਼ਾਨ ਕਰਕੇ ਅਸੀਂ ਕਦੇ ਵੀ ਸਵੈ ਪੜਚੋਲ ਨਹੀਂ ਕਰ ਸਕਦੇ। ਸਾਡੀ ਸਫਲਤਾ ਬਹੁਤ ਕਰਕੇ ਆਤਮ-ਵਿਸ਼ਵਾਸ ਉਤੇ ਨਿਰਭਰ ਕਰਦੀ ਹੈ। ਜੋ ਮਨੁੱਖ ਸਵੈ ਪੜਚੋਲ ਕਰਦੇ ਹਨ, ਉਹ ਸਫਲਤਾ ਜਲਦੀ ਹਾਸਲ ਕਰ ਜਾਂਦੇ ਹਨ, ਕਿਉਂਕਿ ਨਿੱਕੀਆਂ-ਨਿੱਕੀਆਂ ਸਫਲਤਾਵਾਂ ਦੇ ਅਨੁਭਵ ਅਤੇ ਨਵਾਂ ਗਿਆਨ ਮਨੁੱਖੀ ਦਿਮਾਗ ਵਿਚ ਜਮ੍ਹਾਂ ਕਰਦੇ ਜਾਣਾ ਚਾਹੀਦਾ ਹੈ। ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਸਵੈ ਪੜਚੋਲ ਕਿਵੇਂ ਕੀਤੀ ਜਾਵੇ। ਰੋਜ਼ਾਨਾ ਆਪਣੇ ਲਈ ਕੁਝ ਸਮਾਂ ਰਾਖਵਾਂ ਰੱਖੋ, ਕੁਝ ਸਮੇਂ ਲਈ ਆਪਣੇ ਨਾਲ ਗੱਲਾਂ ਕਰੋ, ਇਕਾਂਤਵਾਸ ਵਿਚ ਰਹੋ ਜੇਕਰ ਹੋਰ ਕੁਝ ਨਹੀਂ ਕਰ ਸਕਦੇ ਹੋ ਤਾਂ ਆਪਣੇ ਨਾਲ ਸੰਵਾਦ ਰਚਾਵੋ, ਸਾਰੇ ਦਿਨ ਦੀ ਕਾਰਗੁਜ਼ਾਰੀ 'ਤੇ ਇਕ ਝਾਤ ਮਾਰੋ, ਆਪਣੀ ਗ਼ਲਤੀਆਂ ਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ, ਸਾਰੇ ਦਿਨ 'ਚ ਕੀ ਨਹੀਂ ਹੋ ਸਕਿਆ ਤੇ ਕੀ ਹੋ ਸਕਦਾ ਸੀ, ਇਨ੍ਹਾਂ ਦਾ ਵਿਸਥਾਰ ਲਿਖੋ ਅਤੇ ਅਗਲੇ ਦਿਨ ਲਈ ਯੋਜਨਾ ਉਲੀਕੋ। ਸਵੈ-ਪੜਚੋਲ ਨਾਲ ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.
ਆਦਤਾਂ ਤੇ ਆਚਰਣ
ਤਜਰਬੇ ਅਤੇ ਖੋਜ ਨੇ ਇਹ ਗੱਲ ਪੂਰਨ ਤੌਰ 'ਤੇ ਸਿੱਧ ਕਰ ਦਿੱਤੀ ਹੈ ਕਿ ਆਦਤ ਸਾਡੇ ਕੰਮ ਕਰਨ ਨੂੰ ਹੀ ਨਹੀਂ ਕਹਿੰਦੇ। ਆਦਤ ਸਾਡੇ ਵਿਅਕਤੀਤਵ ਅਤੇ ਆਚਰਣ ਦੀ ਜੜ੍ਹ ਤੱਕ ਆਪਣਾ ਪ੍ਰਭਾਵ ਰੱਖਦੀ ਹੈ। ਮਿਸਾਲ ਦੇ ਤੌਰ 'ਤੇ ਖ਼ੁਸ਼ ਰਹਿਣ ਦੀ ਆਦਤ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ਅਤੇ ਉਸ ਨੂੰ ਆਸ਼ਾਵਾਂ ਨਾਲ ਭਰਿਆ ਹੋਇਆ ਇਕ ਖੁਸ਼ੀ ਭਰਪੂਰ ਵਿਅਕਤੀਤਵ ਵੀ ਪ੍ਰਦਾਨ ਕਰਦੀ ਹੈ। ਸਾਫ਼ ਰਹਿਣ ਦੀ ਆਦਤ ਨਾਲ ਦਿਮਾਗ਼ ਕਾਬੂ ਵਿਚ ਰਹਿੰਦਾ ਹੈ ਅਤੇ ਤਰਕ-ਸ਼ਕਤੀ ਵੀ ਵਧਦੀ ਹੈ। ਅਸੀਂ ਸਾਰੇ ਆਪਣੇ ਨਿੱਜੀ ਤਜਰਬਿਆਂ ਤੋਂ ਜਾਣਦੇ ਹਾਂ ਕਿ ਉਮਰ ਦੇ ਵਧਣ ਨਾਲ ਕੋਈ ਨਵੀਂ ਆਦਤ ਪਾਉਣਾ ਬਿਲਕੁਲ ਕਠਿਨ ਹੈ। ਮਾਨਸਿਕ ਜਾਂ ਸਰੀਰਕ ਆਦਤਾਂ ਜੋ ਸਾਡੇ ਆਚਰਣਾਂ ਨੂੰ ਬਣਾਉਂਦੀਆਂ ਹਨ ਜਾਂ ਵਿਗਾੜਦੀਆਂ ਹਨ, ਜਿਹੜੀਆਂ ਸਾਡੇ ਜੀਵਨ ਵਿਚ ਤਬਦੀਲੀਆਂ ਲਿਆਉਂਦੀਆਂ ਹਨ ਅਤੇ ਸ਼ਾਇਦ ਸਾਡੀ ਕਿਸਮਤ ਵੀ ਬਣਾਉਂਦੀਆਂ ਤੇ ਵਿਗਾੜਦੀਆਂ ਹਨ, ਉਹ ਸਾਰੀਆਂ ਸਾਡੀ ਬਾਲ ਅਵਸਥਾ ਜਾਂ ਚੜ੍ਹਦੀ ਜਵਾਨੀ ਦੀ ਕੱਚੀ ਉਮਰ ਵਿਚ ਪੈਂਦੀਆਂ ਹਨ। ਬਾਲ ਅਵਸਥਾ ਸਾਡੀ ਅਕਲ ਅਤੇ ਚਰਿੱਤਰ ਚੰਗੇ ਜਾਂ ਭੈੜੇ ਆਚਰਣਾਂ ਦੇ ਉਨ੍ਹਾਂ ਬੀਜਾਂ ਨੂੰ ਗ੍ਰਹਿਣ ਕਰਨ ਦੇ ਯੋਗ ਹੁੰਦੇ ਹਨ।
-ਜੁਝਾਰ ਸਿੰਘ ਖੁਸ਼ਦਿਲ
ਹਰੀਗੜ੍ਹ, ਬਰਨਾਲਾ।
ਵਿਦੇਸ਼ਾਂ ਵਿਚ ਔਕੜਾਂ
ਬੁੱਧਵਾਰ 10 ਜੁਲਾਈ ਨੂੰ 'ਅਜੀਤ' ਦੇ ਪੰਨਾ ਨੰਬਰ ਚਾਰ 'ਤੇ ਛਪੇ ਲੇਖ 'ਕੈਨੇਡਾ ਰਹਿ ਕੇ ਕੌਣ ਰਾਜ਼ੀ ਏ' ਵਿਚ ਲੇਖਕ ਨੇ ਕੈਨੇਡਾ ਵਿਚ ਪੰਜਾਬੀਆਂ ਦੇ ਜੀਵਨ ਦੀਆਂ ਔਕੜਾਂ ਦਾ ਪਰਦਾਫ਼ਾਸ਼ ਕੀਤਾ ਹੈ। ਬੇਸ਼ਕ ਲੇਖਕ ਮਨਿੰਦਰ ਸਿੰਘ ਗਿੱਲ (ਕੈਪਟਨ) ਨੇ ਕੈਨੇਡਾ ਵਿਚ ਪੰਜਾਬੀਆਂ ਨੂੰ ਆਉਂਦੀਆਂ ਔਕੜਾਂ ਅਤੇ ਉਨ੍ਹਾਂ ਦੇ ਨੀਰਸ ਮਾਪਿਆਂ, ਪਿੰਡ ਤੋਂ ਬਾਹਰਲੇ ਜੀਵਨ ਦਾ ਚਿੱਤਰ ਪੇਸ਼ ਕੀਤਾ ਹੈ ਪਰ ਉਨ੍ਹਾਂ ਨੇ ਨਾਲ-ਨਾਲ ਕੈਨੇਡੀਅਨ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ, ਸਗੋਂ ਇਸ ਦੀ ਤਾਰੀਫ਼ ਵੀ ਕੀਤੀ ਹੈ, ਜਿਸ ਕਰਕੇ ਇਸ ਲੇਖ ਤੋਂ ਪਤਾ ਚੱਲਦਾ ਹੈ ਕਿ ਬੇਸ਼ੱਕ ਬੰਦੇ ਨੂੰ ਆਪਣੇ ਮਾਂ-ਬਾਪ, ਰਿਸ਼ਤੇਦਾਰ ਤੇ ਪਿੰਡ ਵਾਲੀਆਂ ਮੌਜਾਂ ਨਹੀਂ ਮਿਲਦੀਆਂ, ਨਾ ਹੀ ਕਿਸੇ ਕੋਲ ਸਮਾਂ ਹੈ। ਸੱਥਾਂ ਵਿਚ ਬੈਠ ਕੇ ਗੱਲਾਂ ਮਾਰਨ ਦਾ। ਬੰਦਾ ਸਾਰੀ ਉਮਰ ਕਰਜ਼ਾ ਉਤਾਰਨ ਦੇ ਮਾਇਆ ਜਾਲ ਵਿਚ ਹੀ ਫਸਿਆ ਰਹਿੰਦਾ ਹੈ। ਬੇਸ਼ੱਕ ਪਿੱਛੇ ਪਿੰਡ ਵਿਚ ਕੁੱਝ ਵੀ ਹੋਈ ਜਾਵੇ। ਕੈਨੇਡੀਅਨ ਜੀਵਨ ਸ਼ੈਲੀ ਦੇ ਗੁਣ ਮਿੱਠੀ ਬੋਲੀ, ਬਰਾਬਰਤਾ, ਹੰਕਾਰ ਰਹਿਤ ਲੋਕ ਅਤੇ ਕਾਮੇ ਤੇ ਮਿਹਨਤਕਸ਼ ਲੋਕ ਮਿਲਦੇ ਹਨ ਜੋ ਜੀਵਨ ਜਾਂਚ ਸਿਖਾਉਂਦੇ ਹਨ।
-ਸੁਖਦੀਪ ਸਿੰਘ ਗਿੱਲ, ਮਾਨਸਾ।
ਆਵਾਰਾ ਪਸ਼ੂ ਬਣੇ ਖ਼ੌਫ਼
ਰੋਜ਼ਾਨਾ ਆਵਾਰਾ ਜਾਨਵਰਾਂ ਨਾਲ ਸੜਕਾਂ 'ਤੇ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਹੋ ਰਿਹਾ ਹੈ। ਇਸ ਪ੍ਰਤੀ ਸਰਕਾਰ ਵਲੋਂ ਇਕ ਢੁੱਕਵੀਂ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ ਜ਼ਿਕਰ ਕੀਤਾ ਸੀ ਕਿ ਇਸ ਸੰਬੰਧ ਵਿਚ ਕਮੇਟੀ ਗਠਿਤ ਕੀਤੀ ਜਾਵੇਗੀ, ਆਵਾਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਭੇਜਿਆ ਜਾਵੇਗਾ। ਟ੍ਰੈਕਿੰਗ ਸਿਸਟਮ ਬਣਾਇਆ ਜਾਵੇਗਾ। ਆਵਾਰਾ ਪਸ਼ੂਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪਰ ਪਰਨਾਲਾ ਅਜੇ ਉੱਥੇ ਦਾ ਉੱਥੇ ਹੀ ਹੈ। ਪਿੱਛੇ ਜੋ ਖ਼ਬਰਾਂ ਨਸ਼ਰ ਹੋ ਰਹੀਆਂ ਸਨ ਕਿ ਕਿਸਾਨਾਂ ਨੇ ਆਵਾਰਾ ਪਸ਼ੂ ਟਰਾਲੀਆਂ ਵਿਚ ਲਿਆ ਕੇ ਜੋ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ ਤੇ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ, ਡੀ.ਸੀ. ਮੋਗਾ ਦੇ ਦਫ਼ਤਰ ਵਿਚ ਲਿਆ ਕੇ ਵੱਖਰੀ ਕਿਸਮ ਦਾ ਮੁਜ਼ਾਹਰਾ ਤੇ ਰੋਸ ਪ੍ਰਗਟ ਕੀਤਾ ਹੈ। ਸਰਕਾਰ ਵਲੋਂ ਜੋ ਗਊਸ਼ਾਲਾ ਬਣੀਆਂ ਹਨ, ਫਿਜੀਕਲ ਚੈਕਿੰਗ ਕਰ ਸਮਾਜ ਜਥੇਬੰਦੀਆਂ ਨੂੰ ਨਾਲ ਲੈ ਇਸ ਦਾ ਛੇਤੀ ਹੱਲ ਕਰਨ ਦੀ ਲੋੜ ਹੈ। ਕਮੇਟੀ ਕਾਗਜ਼ਾਂ ਤੱਕ ਸੀਮਤ ਨਾ ਰਹੇ, ਇਸ ਨੂੰ ਅਮਲੀਜਾਮਾ ਪਹਿਣਾ ਰੋਜ਼ਾਨਾ ਹੋਣ ਵਾਲੀਆਂ ਅਜਾਈਂ ਮੌਤਾਂ ਨੂੰ ਰੋਕਿਆ ਜਾਵੇ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੁਲਿਸ।
ਮੌਨਸੂਨ ਦੀ ਦਸਤਕ
ਮੌਨਸੂਨ ਦੇ ਆਉਣ ਦੇ ਨਾਲ ਹੀ ਲਗਭਗ ਰੋਜ਼ਾਨਾ ਹੀ ਮਾਲਵੇ ਖੇਤਰ ਵਿਚ ਕਿਤੇ ਨਾ ਕਿਤੇ ਨਹਿਰਾਂ, ਸੂਇਆਂ ਵਿਚ ਪਾੜ ਪੈ ਜਾਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਨਹਿਰਾਂ, ਰਜਬਾਹਿਆਂ, ਸੂਇਆਂ ਨੂੰ ਸਮਾਂ ਰਹਿੰਦਿਆਂ ਹੀ ਇਨ੍ਹਾਂ ਦੀ ਸਾਫ਼-ਸਫ਼ਾਈ ਹੋਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਵਿਚ ਜੜ੍ਹੀ-ਬੂਟੀਆਂ ਦੀ ਭਰਮਾਰ ਹੋਣ ਕਾਰਨ ਡਾਫ਼ ਲੱਗ ਜਾਣ ਨਾਲ ਨਹਿਰਾਂ ਦੇ ਬੰਨ੍ਹ ਟੁੱਟ ਜਾਂਦੇ ਹਨ ਅਤੇ ਪਾਣੀ ਖੇਤਾਂ, ਘਰਾਂ ਵਿਚ ਚਲਾ ਜਾਂਦਾ ਹੈ, ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਮਜਬੂਰੀ ਵਸ ਕਿਸਾਨ ਖੁੱਦ ਹੀ ਜੇ.ਸੀ.ਬੀ. ਦੀ ਮਦਦ ਨਾਲ ਜਾਂ ਮਿੱਟੀ ਦੀਆਂ ਬੋਰੀਆਂ ਭਰ ਕੇ ਪਾੜ ਪੂਰ ਰਹੇ ਹਨ।
ਅਕਸਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਮਾਨਸੂਨ ਦੌਰਾਨ ਵੱਡੇ ਪੱਧਰ 'ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿੱਥੇ ਰਜਬਾਹਿਆਂ, ਕੱਸੀਆਂ, ਡਰੇਨਾਂ ਆਦਿ ਦਾ ਪਾਣੀ ਅਚਾਨਕ ਵਧ ਜਾਂਦਾ ਹੈ, ਉਥੇ ਹੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਵੀ ਕਿਨਾਰਿਆਂ ਤੋਂ ਟੱਪ ਜਾਂਦਾ ਹੈ, ਜਿਸ ਨਾਲ ਆਲੇ-ਦੁਆਲੇ ਫ਼ਸਲਾਂ 'ਤੇ ਸਾਨ੍ਹ-ਡੰਗਰਾਂ ਦਾ ਨੁਕਸਾਨ ਹੁੰਦਾ ਹੈ। ਜੇਕਰ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਸਮੇਂ ਸਿਰ ਨਾ ਹੋਵੇ ਤਾਂ ਇਹ ਆਫ਼ਤ ਦਾ ਕਾਰਨ ਬਣਦੇ ਹਨ। ਪਿਛਲੇ ਸਾਲ ਮੌਨਸੂਨ ਦੇ ਸੀਜ਼ਨ ਵਿਚ ਸੂਬੇ ਨੂੰ ਦੋ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਭਾਰੀ ਨੁਕਸਾਨ ਹੋਇਆ ਸੀ।
ਸੂਬੇ ਦੇ ਰਜਬਾਹਿਆਂ, ਡਰੇਨਾਂ, ਨਦੀਆਂ, ਨਾਲਿਆਂ, ਸੂਇਆਂ ਦੀ ਸਫ਼ਾਈ ਜਿਥੇ-ਜਿਥੇ ਵੀ ਅਜੇ ਤੱਕ ਨਹੀਂ ਹੋਈ ਉਹ ਸੰਬੰਧਿਤ ਵਿਭਾਗ ਨੂੰ ਤੁਰੰਤ ਜੰਗੀ ਪੱਧਰ 'ਤੇ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਬਾਰਿਸ਼ਾਂ ਵਿਚ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।
-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।
ਨਵੇਂ ਕਾਨੂੰਨ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ 'ਚ ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੀ ਗਈ ਸੰਪਾਦਕੀ 'ਚ 'ਨਵੇਂ ਕਾਨੂੰਨਾਂ ਤੋਂ ਆਸ' ਪੜ੍ਹੀ, ਜੋ ਕਿ ਬਹੁਤ ਹੀ ਵਧੀਆ 'ਤੇ ਜਾਣਕਾਰੀ ਭਰਪੂਰ ਸੀ। ਅੰਗਰੇਜਾਂ ਦੇ ਸਮੇਂ ਤੋਂ ਚੱਲੇ ਆ ਰਹੇ ਕਾਨੂੰਨਾਂ ਨੂੰ 77 ਸਾਲਾ ਬਾਅਦ ਸਾਡੇ ਦੇਸ਼ 'ਚ ਬਦਲਾਅ ਕਰ ਕੇ ਇਨ੍ਹਾਂ ਨੂੰ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਗਿਆ ਹੈ। ਸਮੇਂ ਦੀ ਲੋੜ ਮੁਤਾਬਿਕ ਪੁਰਾਣੇ ਕਾਨੂੰਨਾਂ ਨੂੰ ਬਦਲਣਾ ਜ਼ਰੂਰੀ ਸੀ। ਇਨ੍ਹਾਂ ਨਵੇਂ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪ੍ਰਭਾਸ਼ਿਤ ਕਰਕੇ ਉਨ੍ਹਾਂ ਲਈ ਸਜ਼ਾ ਤੈਅ ਕਰਨਾ ਅਤੇ ਜਿਹੜੀਆਂ ਧਾਰਾਵਾਂ ਜੁਰਮ ਦੀ ਪਹਿਚਾਣ ਬਣ ਚੁੱਕੀਆ ਸਨ। ਹੁਣ ਨਵੇਂ ਕਾਨੂੰਨਾਂ ਵਿਚ ਬਦਲ ਦਿੱਤਾ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਹੈ ਕਿ ਹੁਣ ਸਜ਼ਾ ਦੀ ਥਾਂ ਇਨਸਾਫ਼ ਹੋਵੇਗਾ ਦੇਰੀ ਦੀ ਥਾਂ ਤੇਜ਼ੀ ਨਾਲ ਸੁਣਵਾਈ ਹੋਵੇਗੀ। ਇਨ੍ਹਾਂ ਕਾਨੂੰਨਾਂ ਨਾਲ ਨਿਆਂ ਦੇ ਖੇਤਰ ਵਿਚ ਇਕ ਨਵੀਂ ਸ਼ੁਰੂਆਤ ਹੋਈ ਹੈ। ਨਵੇਂ ਕਾਨੂੰਨਾਂ 'ਚ ਕਿਸੇ ਵੀ ਕੇਸ ਦਾ ਸਮਾਂ ਬੱਧ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਸਮੁੱਚੀ ਪ੍ਰਕਿਰਿਆ ਅਧੀਨ ਉਸ ਦਾ ਨਿਪਟਾਰਾ ਤਿੰਨ ਸਾਲ ਵਿਚ ਹੋਣਾ ਜ਼ਰੂਰੀ ਕੀਤਾ ਗਿਆ ਹੈ। ਪਾਰਦਰਸ਼ਤਾ ਲਈ ਤਲਾਸ਼ੀ ਜਾਂ ਜ਼ਬਤੀ ਦੀ ਵੀਡੀਓ ਗ੍ਰਾਫ਼ੀ ਹੋਣੀ ਲਾਜ਼ਮੀ ਕੀਤੀ ਗਈ ਹੈ। ਇਨ੍ਹਾਂ ਨਵੇਂ ਕਾਨੂੰਨਾਂ 'ਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧ ਰੋਕਣ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਕਾਨੂੰਨਾਂ 'ਚ ਪੁਲਿਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਸ਼ਕਤੀਆਂ ਦਿੱਤੀਆਂ ਗਈਆ ਹਨ ਜਿਸ ਸੰਬੰਧੀ ਇਸ ਦੇ ਦੁਰਉਪਯੋਗ ਹੋਣ ਅਤੇ ਰਿਸ਼ਵਤਖੋਰੀ ਹੋਰ ਵੱਧਣ ਦੇ ਕਿਆਸ ਲਗਾਏ ਜਾ ਰਹੇ ਹਨ। ਸਮਾਜ ਦੇ ਕਈ ਵਰਗਾਂ ਵਲੋਂ ਨਵੇਂ ਕਾਨੂੰਨਾਂ ਨੂੰ ਸਹੀ ਨਾ ਮੰਨ ਕੇ ਵਾਪਸ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜੇਕਰ ਨਵੇਂ ਕਾਨੂੰਨਾਂ 'ਚ ਕੋਈ ਕਮੀਆਂ ਹਨ ਤਾਂ ਮਾਹਿਰਾਂ ਦੀ ਸਲਾਹ ਨਾਲ ਇਨ੍ਹਾਂ ਵਿਚ ਤਰੁੰਤ ਬਦਲਾਅ ਕਰਨਾ ਚਾਹੀਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਨਵੇਂ ਤਿੰਨ ਅਪਰਾਧਿਕ ਕਾਨੂੰਨ ਦੇਸ਼ ਦੇ ਲੋਕਾਂ ਨੂੰ ਸਹੀ ਅਤੇ ਜਲਦੀ ਇਨਸਾਫ਼ ਦੇਣਗੇ।
-ਇੰਜੀ. ਲਖਵਿੰਦਰ ਪਾਲ ਗਰਗ।
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਜਾਣਕਾਰੀ ਭਰਪੂਰ ਲੇਖ
ਬੁੱਧਵਾਰ 3 ਜੁਲਾਈ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਸਾਬਕਾ ਡੀਨ ਅਤੇ ਪ੍ਰੋਫ਼ੈਸਰ ਡਾ. ਕੇਸਰ ਸਿੰਘ ਭੰਗੂ ਵੱਲੋਂ ਲਿਖੇ ਲੇਖ਼ 'ਕਰਜ਼ੇ ਦੇ ਜਾਲ 'ਚ ਫਸ ਗਿਆ ਹੈ ਪੰਜਾਬ' ਪੜ੍ਹਿਆ ਜੋ ਬਹੁਤ ਹੀ ਜਾਣਕਾਰੀ ਭਰਪੂਰ ਲੇਖ ਸੀ। ਲੇਖ਼ਕ ਨੇ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਤੱਥਾਂ 'ਤੇ ਆਧਾਰਿਤ ਵਿਸਥਾਰਪੂਰਵਕ ਦੱਸਣ ਅਤੇ ਇਸ ਜਾਲ ਵਿਚੋਂ ਬਾਹਰ ਨਿਕਲਣ ਸੰਬੰਧੀ ਵੀ ਚੰਗੇ ਸੁਝਾਅ ਦਿੱਤੇ ਗਏ ਹਨ। ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਮੁਫ਼ਤ ਬਿਜਲੀ ਸਹੂਲਤਾਂ ਅਤੇ ਸਬਸਿਡੀਆਂ ਨੇ ਸੂਬੇ ਦੀ ਵਿੱਤੀ ਹਾਲਤ ਨੂੰ ਬਹੁਤ ਹੀ ਕਮਜ਼ੋਰ ਬਣਾ ਦਿੱਤਾ ਹੈ। ਸਿਆਸੀ ਪਾਰਟੀਆਂ ਸੱਤਾ ਹਾਸਿਲ ਕਰਨ ਦੇ ਲਾਲਚ 'ਚ ਵੱਖ-ਵੱਖ ਵਰਗਾਂ ਨੂੰ ਮੁਫ਼ਤ ਬਿਜਲੀ ਅਤੇ ਸਬਸਿਡੀਆਂ ਦੀਆਂ ਸਹੂਲਤਾਂ ਦਿੰਦੀਆਂ ਆ ਰਹੀਆਂ ਹਨ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਮੁਫ਼ਤ ਬਿਜਲੀ ਵੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨੀਵਾਂ ਕਰਨ ਲਈ ਜ਼ਿੰਮੇਵਾਰ ਹੈ। ਸਾਡੇ ਸੂਬੇ 'ਚ ਸਮੇਂ-ਸਮੇਂ ਦੀਆਂ ਸਰਕਾਰਾਂ, ਨੇਤਾਵਾਂ ਅਤੇ ਪਾਰਟੀਆਂ ਨੇ ਸੱਤਾ ਹਾਸਿਲ ਕਰਨ ਦੇ ਮਨਸ਼ਿਆਂ ਕਾਰਨ ਸੂਬੇ ਦੇ ਹਿਤਾਂ ਨੂੰ ਦਰਕਿਨਾਰ ਕਰਕੇ ਰੱਖਿਆ ਹੈ ਜੋ ਹੁਣ ਵੀ ਲਗਾਤਾਰ ਜਾਰੀ ਹੈ। ਜਿਸ ਕਾਰਨ ਸੂਬਾ ਬੇਰੁਜ਼ਗਾਰੀ, ਨੌਜਵਾਨੀ ਦਾ ਵਿਦੇਸ਼ਾਂ 'ਚ ਪ੍ਰਵਾਸ ਕਰਨਾ, ਨੌਜਵਾਨਾਂ 'ਚ ਨਸ਼ਿਆਂ ਦਾ ਵਧਣਾ, ਖੇਤੀ ਸੰਕਟ, ਕਰਜ਼ੇ ਦੀ ਮਾਰ ਦੀ ਦਲਦਲ 'ਚ ਧਸਦਾ ਜਾ ਰਿਹਾ ਹੈ। ਪੰਜਾਬ ਸੂਬੇ ਨੂੰ ਹੋਰ ਕਰਜ਼ੇ ਦੀ ਮਾਰ ਤੋਂ ਬਚਾਉਣ ਲਈ ਮੁਫ਼ਤ ਬਿਜਲੀ ਸਹੂਲਤਾਂ ਅਤੇ ਸਬਸਿਡੀਆਂ ਨੂੰ ਮਾਹਿਰਾਂ ਦੀ ਸਲਾਹ ਨਾਲ ਤੁਰੰਤ ਬੰਦ ਕਰਨ ਜਾਂ ਤਰਕਸੰਗਤ ਬਣਾਉਣਾ ਚਾਹੀਦਾ ਹੈ। ਜੇਕਰ ਹੁਣ ਵੀ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਸੰਬੰਧੀ ਸਰਕਾਰ ਅਤੇ ਮਾਹਿਰਾਂ ਨੇ ਕੋਈ ਫ਼ੈਸਲਾ ਨਾ ਲਿਆ ਤਾਂ ਭਵਿੱਖ 'ਚ ਪੰਜਾਬ ਕੋਲ ਸਿਰਫ਼ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ।
-ਇੰਜੀ : ਲਖਵਿੰਦਰ ਪਾਲ ਗਰਗ।
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਪਹਾੜਾਂ 'ਤੇ ਜਾਣ ਤੋਂ ਗੁਰੇਜ਼ ਕਰੋ
ਇਨ੍ਹਾਂ ਦਿਨਾਂ ਵਿਚ ਜਦੋਂ ਪੰਜਾਬ 'ਚ ਜ਼ੋਰਦਾਰ ਗਰਮੀ ਪੈ ਰਹੀ ਹੈ। ਹਰ ਕੋਈ ਠੰਢੀ ਜਗ੍ਹਾ ਜਾਣਾ ਚਾਹੁੰਦਾ ਹੈ। ਹਰ ਇਕ ਦਾ ਵਿਚਾਰ ਹੁੰਦਾ ਹੈ ਪਹਾੜੀ ਇਲਾਕੇ ਵਿਚ ਪਹਾੜਾਂ ਦੀਆਂ ਸੁੰਦਰ ਵਾਦੀਆਂ 'ਚ ਠੰਢੀਆਂ ਹਵਾਵਾਂ ਵਿਚ ਰੰਗ ਮਾਣੀਏ, ਜੋ ਡਲਹੌਜ਼ੀ, ਮਨਾਲੀ ਤੇ ਸ਼ਿਮਲਾ ਜਾਣਾ ਚਾਹੁੰਦਾ ਹੈ। ਬੀਬੀਆਂ ਦਾ ਕਿਰਾਇਆ ਮੁਆਫ਼ ਹੋਣ ਕਾਰਨ ਬੀਬੀਆਂ ਵੀ ਵਾਦੀਆਂ ਦਾ ਲੁਤਫ਼ ਉਠਾਉਣਾ ਚਾਹੁੰਦੀਆਂ ਹਨ। ਹੁਣ ਜਦੋਂ ਮੀਹਾਂ ਦਾ ਮੌਸਮ ਹੈ। ਮੌਸਮ ਖਰਾਬ ਕਾਰਨ ਰਸਤੇ ਬਲਾਕ ਹੋ ਜਾਂਦੇ ਹਨ। ਪਹਾੜਾਂ ਵਿਚੋਂ ਢਿਗਾ ਡਿਗਣ ਕਾਰਨ ਹਾਦਸੇ ਹੋ ਸਕਦੇ ਹਨ। ਇਸ ਕਰਕੇ ਇਨ੍ਹਾਂ ਦਿਨਾਂ ਵਿਚ ਪਹਾੜਾਂ 'ਚ ਜਾਣ ਤੋਂ ਗੁਰੇਜ਼ ਕਰੋ। ਜੇਕਰ ਕਿਸੇ ਦਾ ਪ੍ਰੋਗਰਾਮ ਬਣਿਆ ਹੈ ਤਾਂ ਰੱਦ ਕਰ ਦਿੱਤਾ ਜਾਵੇ, ਕਿਉਂਕਿ ਪਹਾੜਾਂ ਵਿਚ ਢਿਗਾਂ ਡਿਗਣ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦਾ ਅਕਸਰ ਸ਼ੰਕਾ ਬਣਿਆ ਰਹਿੰਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਬੂਟਿਆਂ ਦੇ ਲੰਗਰ
ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਰੁੱਖਾਂ ਦੀ ਹੋਈ ਅੰਨ੍ਹੇਵਾਹ ਕਟਾਈ ਕਾਰਨ ਅੱਜ ਅਤਿ ਦਰਜੇ ਦੀ ਗਰਮੀ ਪੈ ਰਹੀ ਹੈ। ਦਿਨ-ਬ-ਦਿਨ ਇਸ ਵਧ ਰਹੀ ਤਪਸ਼ ਪ੍ਰਤੀ ਫ਼ਿਕਰਮੰਦ ਹੋਏ ਬਹੁਤ ਸਾਰੀਆਂ ਪੰਚਾਇਤਾਂ, ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਬੂਟਿਆਂ ਦੇ ਲੰਗਰ ਲਗਾਏ ਜਾ ਰਹੇ ਹਨ। ਇਸ ਨਵੀਂ ਪਈ ਪਿਰਤ ਅਧੀਨ ਮੇਰੇ ਗੁਆਂਢੀ ਪਿੰਡ ਜੈਤੂ ਖੋਸਾ ਦੇ ਅਜਮੇਰ ਸਿੰਘ ਸੈਕਟਰੀ ਵਲੋਂ ਆਪਣੀ ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਮੌਕੇ ਬੂਟਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਨਵੀਂ ਪਈ ਪਿਰਤ ਦੀ ਹਰੇਕ ਵਿਅਕਤੀ ਵਲੋਂ ਖ਼ੂਬ ਸ਼ਲਾਘਾ ਕੀਤੀ ਗਈ। ਸੋ, ਆਓ ਅਸੀਂ ਸਭ ਅਜਿਹੇ ਉਪਰਾਲੇ ਕਰ ਕੇ ਪੰਜਾਬ ਨੂੰ ਮੁੜ ਹਰਾ-ਭਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।
-ਰਾਜਾ ਗਿੱਲ (ਚੜਿੱਕ)
ਵਧੀਆ ਲੇਖ
ਮੰਗਲਵਾਰ, 9 ਜੁਲਾਈ ਨੂੰ 'ਅਜੀਤ' ਵਿਚ ਲੇਖਕ ਭਗਵਾਨ ਦਾਸ ਹੁਰਾਂ ਦਾ ਲੇਖ 'ਹੁਣ ਢੁੱਕਵਾਂ ਸਮਾਂ ਹੈ ਰੁੱਖ ਲਗਾਉਣ ਦਾ' ਪੜ੍ਹਿਆ, ਬਹੁਤ ਵਧੀਆ ਲੱਗਾ। ਲੇਖਕ ਨੇ ਦੱਸਿਆ ਕਿ ਇਸ ਜੁਲਾਈ ਦੇ ਮਹੀਨੇ ਰੁੱਖ ਲਗਾਉਣ ਦਾ ਸਹੀ ਸਮਾਂ ਹੈ। ਇਸ ਤੋਂ ਪਹਿਲਾਂ ਮਈ-ਜੂਨ ਵਿਚ ਲਗਾਏ ਬੂਟੇ ਅੱਤ ਦੀ ਗਰਮੀ ਦੁਆਰਾ ਵਾਸ਼ਪੀਕਰਨ ਰਾਹੀਂ ਸੋਕ ਲਏ ਜਾਣ ਕਾਰਨ ਸੁੱਕ ਜਾਂਦੇ ਹਨ। ਜੁਲਾਈ ਵਿਚ 15-20 ਤਾਰੀਕ ਤੱਕ ਇਹ ਕੰਮ ਕਰ ਲੈਣਾ ਚਾਹੀਦਾ ਹੈ। ਇਸ ਦੇ ਲਈ ਚੰਗੀ ਖਾਦ ਤਿਆਰ ਕਰ ਕੇ ਰੁੱਖ ਲਗਾ ਦੇਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ 'ਤੇ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਪਾਲਣ ਪੋਸ਼ਣ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਕਸਰ ਹੀ ਬੂਟੇ ਲਗਾਉਣ ਦੀਆਂ ਤਸਵੀਰਾਂ ਖਿੱਚ ਕੇ ਖ਼ਬਰਾਂ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਾਰ ਨਾ ਲੈਣ ਕਾਰਨ ਪੰਜਾਬ ਵਿਚ ਹਰ ਸਾਲ ਲੱਖਾਂ ਰੁੱਖ ਲਗਾਉਣ ਤੋਂ ਬਾਅਦ ਮਰ ਜਾਂਦੇ ਹਨ। ਇਸ ਲਈ ਸਾਰੀਆਂ ਥਾਵਾਂ 'ਤੇ ਲਗਾਏ ਜਾਣ ਵਾਲੇ ਰੁੱਖਾਂ ਦੀ ਸਾਂਭ ਸੰਭਾਲ ਲਈ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਲਗਾਈ ਜਾਣੀ ਜ਼ਰੂਰੀ ਹੈ।
-ਸੁਖਦੀਪ ਸਿੰਘ ਗਿੱਲ,
ਮਾਨਸਾ।
ਬਸ ਇਕ ਬੂਟਾ
ਅੱਜ ਵਧਦੀ ਗਰਮੀ ਨੇ ਜੋ ਲੋਕਾਂ ਦੇ ਵੱਟ ਕਢਵਾਏ ਹੋਏ ਹਨ। ਅਸੀਂ ਗਰਮੀ ਦਾ ਰੋਣਾ ਰੋਂਦਿਆਂ ਹੋਇਆਂ ਇਸ ਦਾ ਹੱਲ ਵੀ ਇਕ-ਦੂਜੇ ਨੂੰ ਦੱਸਦੇ ਹਾਂ ਪਰ ਇਹ ਗੱਲਾਂ ਵਿਚੋਂ ਸਿਰਫ਼ ਗੱਲ ਹੀ ਰਹਿ ਜਾਂਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਧਦੀ ਗਰਮੀ ਦਾ ਹੱਲ ਕੀ ਹੈ। ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਤਾਂ ਜੋ ਵਾਤਾਵਰਨ ਥੋੜ੍ਹਾ ਸਾਫ਼ ਹੋ ਜਾਵੇ। ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾਂਦੀ ਹੈ। ਪਹਿਲਾਂ ਤਾਂ ਰਾਜ ਵਿਚ ਵਸਦੇ ਪ੍ਰਵਾਸੀ ਮਜ਼ਦੂਰ ਜੋ ਸੜਕਾਂ ਕੰਢੇ ਰੁੱਖ ਲੱਗੇ ਹੋਏ ਹਨ ਉਨ੍ਹਾਂ ਨੂੰ ਕੱਟ ਕੱਟ ਕੇ ਆਪਣਾ ਚੂਲ੍ਹਾ ਚੌਂਕਾ ਚਲਾਉਂਦੇ ਹਨ।
ਉਹ ਪ੍ਰਵਾਸੀ ਜੋ ਰੇਹੜੀਆਂ, ਫੜੀਆਂ ਲਗਾ ਕੇ ਹਜ਼ਾਰਾਂ ਰੁਪਏ ਰੋਜ਼ਾਨਾ ਵੀ ਕਮਾਉਂਦੇ ਹਨ ਪਰ ਉਹ ਗਰੀਬੀ ਦਾ ਬਹਾਨਾ ਬਣਾ ਕੇ ਸਿਲੰਡਰ ਲੈਣ ਤੋਂ ਵਰਜਦੇ ਹਨ ਅਤੇ ਸੜਕਾਂ ਕੰਢੇ ਲੱਗੇ ਰੁੱਖਾਂ ਦੀ ਕਾਂਟ-ਝਾਂਟ ਕਰਦੇ ਰਹਿੰਦੇ ਹਨ। ਦੂਜਾ ਕਿਸਾਨਾਂ ਵਲੋਂ ਵੀ ਲਗਾਈ ਜਾਂਦੀ ਅੱਗ ਨੇ ਸੜਕਾਂ ਦੇ ਕੰਢਿਆਂ ਤੋਂ ਕਈ ਰੁਖ ਸਾੜ ਸੁੱਟੇ ਹਨ। ਬਾਕੀ ਬਚਿਆ ਖੁਚਿਆ ਕੰਮ ਖੇਤਾਂ ਵਿਚ ਰੁੱਖਾਂ ਦੀ ਕਟਾਈ ਕਰਕੇ ਲੱਕੜੀ ਵੇਚਣ ਵਾਲੇ ਕਰ ਜਾਂਦੇ ਹਨ। ਹੁਣ ਜਦੋਂ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਅਸੀਂ ਸਾਰੇ ਗਰਮੀ ਦੀ ਦੁਹਾਈ ਦੇਣ ਲੱਗ ਪੈਂਦੇ ਹਨ। ਇਕ ਦੂਜੇ ਨੂੰ ਲਗਭਗ ਹਰ ਰੋਜ਼ ਆਖਦੇ ਹਾਂ ਅੱਜ ਗਰਮੀ ਬਹੁਤ ਹੈ। ਹੱਲ ਵੀ ਸਾਨੂੰ ਪਤਾ ਹੈ ਪਰ ਸਾਡੀ ਸੁਸਤੀ ਸਾਨੂੰ ਇਹ ਹੱਲ ਕਰਨ ਤੋਂ ਵਰਜਦੀ ਰਹਿੰਦੀ ਹੈ।
ਸੋ, ਅੱਜ ਲੋੜ ਹੈ ਦਿਲ ਨਾਲ ਇਕ ਬੂਟਾ ਲਗਾਉਣ ਦੀ ਜਿਸ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਲਈ ਜਾਵੇ। ਉਹ ਚਾਹੇ ਘਰ ਵਿਚ ਲਗਾਵੋ, ਸੜਕ ਕੰਢੇ ਲਗਾਵੋ, ਖੇਤਾਂ ਵਿਚ ਲਗਾਵੋ ਜਾਂ ਜਿਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਉਥੇ ਲਗਾ ਦੇਵੋ। ਬਸ ਕਰਨਾ ਇਹ ਹੈ ਕਿ ਉਸ ਬੂਟੇ ਨੂੰ ਥੋੜ੍ਹੇ ਦਿਨ ਪਾਣੀ ਜ਼ਰੂਰ ਦੇਣਾ ਹੈ ਅਤੇ ਉਸ ਦੇ ਆਲੇ-ਦੁਆਲੇ ਇਕ ਛੋਟਾ ਜਿਹਾ ਜੰਗਲਾ ਲਗਾਉਣਾ ਹੈ ਤਾਂ ਕਿ ਸੜਕਾਂ 'ਤੇ ਘੁੰਮ ਰਹੇ ਮਵੇਸ਼ੀ ਉਸ ਨੂੰ ਖਾ ਨਾ ਲੈਣ। ਜੇਕਰ ਅਸੀਂ ਸਾਰੇ ਇਹ ਉਪਰਾਲਾ ਕਰ ਲਈਏ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਾਇਦ ਸਾਨੂੰ ਹੋਰ ਵਧ ਗਰਮੀ ਦਾ ਸੰਤਾਪ ਨਾ ਭੋਗਣਾ ਪਵੇ।
-ਅਸ਼ੀਸ਼ ਸ਼ਰਮਾ
ਜਲ-ਸੰਕਟ
16 ਜੂਨ, ਐਤਵਾਰ 'ਵਿਜੇ ਬੰਬੇਲੀ' ਦਾ ਲੇਖ 'ਭਿਆਨਕ ਜਲ ਸੰਕਟ ਵਲ ਵਧ ਰਹੇ ਹਾਂ ਅਸੀਂ।' ਪਾਣੀ ਦੇ ਮੁੱਦੇ 'ਤੇ ਡੂੰਘੀ ਝਾਤ ਪਾ ਗਿਆ। ਮੰਨਿਆ ਕਿ ਖੇਤੀ ਸਾਡੀ ਸਾਹ-ਰਗ ਹੈ, ਪਰ ਜੇ ਪਾਣੀ ਹੀ ਨਾ ਬਚਿਆ ਤਾਂ ਸਾਡੀ ਸਾਹ ਰਗ ਕੱਟੀ ਹੀ ਜਾਵੇਗੀ। ਬਹੁਤ ਸਾਰੇ ਬੁੱਧੀਜੀਵੀਆਂ, ਭੂ-ਵਿਗਿਆਨੀਆਂ ਅਤੇ ਹੋਰ ਕਈ ਕੁਦਰਤ ਪ੍ਰਤੀ ਫਿਕਰ ਰੱਖਣ ਵਾਲਿਆਂ ਵਲੋਂ ਰੌਲਾ ਪਾਇਆ ਜਾ ਰਿਹਾ ਹੈ, ਪਰ ਸਾਡੇ ਲੋਕ ਦੂਜੇ ਦੇ ਲੱਗੀ ਨੂੰ ਬਸੰਤਰ ਸਮਝਦੇ ਨੇ। ਸਾਥੋਂ ਹਾਲੇ ਤਕ ਝੋਨੇ ਦਾ ਬਦਲ ਨਹੀਂ ਲੱਭਿਆ ਗਿਆ। 'ਤੂੜੀ' ਦਾ ਬਦਲ ਜ਼ਰੂਰ ਲੱਭ ਲਿਆ। ਆਏ ਸਾਲ ਗਰਮੀ 'ਚ ਪਾਣੀ ਦਾ ਸੰਕਟ ਦਾ ਰੌਲਾ ਪੈਂਦਾ ਹੈ, ਥੋੜ੍ਹੇ ਸਮੇਂ ਬਾਅਦ ਸਭ ਸ਼ਾਂਤ ਹੋ ਜਾਂਦਾ ਹੈ। ਪੰਜਾਬ 'ਚ ਸਰਕਾਰ ਲੋਕਾਂ ਨੂੰ ਨਹੀਂ ਚਲਾਉਂਦੀ, ਲੋਕ ਸਰਕਾਰ ਚਲਾਉਂਦੇ ਨੇ। ਪਾਣੀ ਪ੍ਰਤੀ ਜ਼ਿੰਮੇਵਾਰ ਬਣਨਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ। ਕਿਸਾਨਾਂ ਨੂੰ ਵਾਹੀਯੋਗ ਜ਼ਮੀਨ ਵਿਚ ਰੁੱਖਾਂ ਦਾ ਲਾਉਣਾ ਜ਼ਰੂਰੀ ਹੈ। ਲਾਲਚੀ ਬਿਰਤੀ ਤਿਆਗਣੀ ਹੋਵੇਗੀ, ਜੇਕਰ ਅਸੀਂ ਜਿਊਂਦੇ ਰਹਿਣਾ ਚਾਹੁੰਦੇ ਹਾਂ, ਨਹੀਂ ਤਾਂ ਪੰਜਾਬ ਨੂੰ ਮਾਰੂਥਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਆਓ! ਫਿਰ ਲੇਖ ਅਨੁਸਾਰ ਪਾਣੀ ਬਚਾਉਣ ਤੇ ਸਾਂਭਣ ਲਈ ਫਿਕਰਮੰਦ ਹੋਈਏ ਤਾਂ ਆਉਂਦੀਆਂ ਨਸਲਾਂ ਦੇ ਪਾਣੀ ਖੁਣੋਂ ਸੰਘ ਨਾ ਸੁੱਕਣ। ਕੀ ਤੁਸੀਂ ਇਸ ਨਾਲ ਸਹਿਮਤ ਹੋ?
-ਜਸਬੀਰ ਦੱਧਾਹੂਰ
ਪਿੰਡ ਤੇ ਡਾ. ਦੱਧਾਹੂਰ, ਰਾਏਕੋਟ (ਲੁਧਿਆਣਾ)
ਬੰਦ ਹੋਵੇ ਮੁਫ਼ਤ ਬੱਸ ਸੇਵਾ
ਭਾਵੇਂ ਪੰਜਾਬ ਸਰਕਾਰ ਸੂਬੇ ਵਿਚ ਵਿੱਤੀ ਹਾਲਾਤ ਠੀਕ ਹੋਣ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਦੱਸਦੀ ਹੈ ਕਿ ਪੰਜਾਬ ਇਕ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਬਸਿਡੀਆਂ ਇਸ ਸੰਕਟ ਨੂੰ ਹੋਰ ਵਧਾ ਰਹੀਆਂ ਹਨ। ਪੰਜਾਬ ਵਿਚ ਔਰਤਾਂ ਨੂੰ ਮੁਫ਼ਤ ਬਸ ਸਫ਼ਰ ਕਾਰਨ ਪੰਜਾਬ ਰੋਡਵੇਜ਼ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ, ਜੋ ਕਿ ਇਕ ਮਹੀਨੇ ਵਿਚ 25-30 ਕਰੋੜ ਤਕ ਦਾ ਹੈ। ਬੱਸਾਂ ਵਿਚ ਵੱਧ ਭੀੜ ਕਾਰਨ ਅਕਸਰ ਲੜਾਈਆਂ ਤੇ ਦੁਰਘਟਨਾਵਾਂ ਹੋ ਜਾਂਦੀਆਂ ਹਨ। ਸਰਕਾਰ ਦੀ ਇਸ ਸਕੀਮ ਤੋਂ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉਥੇ ਬੱਸਾਂ ਦੇ ਡਰਾਈਵਰ, ਕੰਡਕਟਰ ਵੀ ਪ੍ਰੇਸ਼ਾਨ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਵਿਚ ਅਨੇਕਾਂ ਅਮੀਰ ਤੇ ਨੌਕਰੀ ਪੇਸ਼ਾ ਵੀ ਹੁੰਦੀਆਂ ਹਨ, ਜਦੋਂ ਕਿ ਇਹ ਸਹੂਲਤ ਸਿਰਫ਼ ਲੋੜਵੰਦਾਂ ਤੇ ਗਰੀਬ ਔਰਤਾਂ ਲਈ ਹੀ ਹੋਣੀ ਚਾਹੀਦੀ ਹੈ। ਪਰ ਇਸ ਹਾਲਤ ਵਿਚ ਵੀ ਲੋਕ ਇਸ ਸਹੂਲਤ ਦਾ ਗ਼ਲਤ ਫਾਇਦਾ ਚੁੱਕ ਜਾਂਦੇ ਹਨ। ਸਰਕਾਰਾਂ ਵੋਟ ਬੈਂਕ ਖ਼ਾਤਰ ਅਜਿਹੀਆਂ ਲੋਕ ਲੁਭਾਉਣੀਆਂ ਸਕੀਮਾਂ ਲੈ ਕੇ ਆਉਂਦੀਆਂ ਹਨ। ਜੇਕਰ ਕਿਸੇ ਸਟੇਟ ਨੇ ਤਰੱਕੀ ਕਰਨੀ ਹੈ ਤਾਂ ਅਜਿਹੀਆਂ ਮੁਫ਼ਤ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ।
-ਚਰਨਜੀਤ ਸਿੰਘ, ਮੁਕਤਸਰ ਸਾਹਿਬ।
ਸਰਕਾਰ ਨੂੰ ਅਪੀਲ
ਮਾਨਸਾ ਤੇ ਬਠਿੰਡਾ ਜ਼ਿਲੇ ਦੇ ਕਈ ਸ਼ਹਿਰਾਂ ਦੇ ਸੀਵਰੇਜ ਸਿਸਟਮ ਦੇ ਫੇਲ੍ਹ ਹੋਣ ਦੀਆਂ ਖ਼ਬਰਾਂ ਅਖਬਾਰਾਂ ਵਿਚ ਆਈਆਂ ਹਨ। ਇਹ ਖਬਰਾਂ ਬਹੁਤ ਮਾੜੀਆਂ ਹਨ। ਕਿਉਂਕਿ ਸਾਨੂੰ ਪਤਾ ਹੈ ਕਿ ਸੀਵਰੇਜ ਦਾ ਪਾਣੀ ਜਦ ਗਲੀਆਂ-ਨਾਲੀਆਂ ਵਿਚ ਖੜ੍ਹ ਜਾਂਦਾ ਹੈ ਤਾਂ ਲੰਘਣ ਵਾਲਿਆਂ ਨੂੰ ਕਿੰਨੀ ਮੁਸ਼ਕਿਲ ਪੇਸ਼ ਆਉਂਦੀ ਹੈ। ਗੰਦਾ ਪਾਣੀ ਖੜ੍ਹੇ ਰਹਿਣ ਕਾਰਨ ਸੜਾਂਦ ਮਾਰਦਾ ਹੈ। ਇਹ ਬਹੁਤ ਦੁਰਘਟਨਾਵਾਂ ਨੂੰ ਸੱਦਾ ਦਿੰਦਾ ਹੈ। ਮਾਨਸਾ ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਦੀਆਂ ਕਈ-ਕਈ ਗਲੀਆਂ ਦੇ ਸੀਵਰੇਜ ਓਵਰ ਫਲੋਅ ਹੋ ਰਹੇ ਹਨ। ਸਾਰਾ ਦਿਨ ਗੰਦਾ ਪਾਣੀ ਸੜਕਾਂ 'ਤੇ ਭਰਦਾ ਰਹਿੰਦਾ ਹੈ। ਆਮ ਲੋਕਾਂ ਨੂੰ ਇਸ ਸੰਤਾਪ ਤੋਂ ਨਿਜਾਤ ਦਿਵਾਉਣ ਲਈ ਸਰਕਾਰ ਨੂੰ ਅਪੀਲ ਹੈ ਕਿ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ ਸੀਵਰੇਜ ਸਿਸਟਮ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ।
-ਸੁਖਦੀਪ ਸਿੰਘ ਗਿੱਲ,
ਮਾਨਸਾ।
ਤਨਖਾਹਾਂ ਵਿਚ ਦੇਰੀ ਕਿਉਂ?
ਪੰਜਾਬ ਸਰਕਾਰ ਦੁਆਰਾ ਤਨਖਾਹ ਕਮਿਸ਼ਨ ਦੇ ਬਕਾਏ ਅਤੇ ਭੱਤਿਆਂ ਦੀ ਕਟੌਤੀ ਤੋਂ ਬਾਅਦ ਸਮੇਂ ਸਿਰ ਤਨਖਾਹਾਂ ਜਾਰੀ ਨਾ ਕਰਨਾ ਬਹੁਤ ਮੰਦਭਾਗਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮਹੀਨਾ ਮੁੱਕਣ ਸਾਰ ਖਜ਼ਾਨਾ ਦਫਤਰਾਂ ਤੇ ਤਨਖਾਹਾਂ ਨਾ ਜਾਰੀ ਕਰਨ ਬਾਰੇ ਜ਼ੁਬਾਨੀ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਇਕ ਤਾਰੀਖ ਨੂੰ ਆਉਣ ਵਾਲੀ ਤਨਖਾਹ ਚਾਰ-ਪੰਜ ਤਾਰੀਕ ਤੱਕ ਜਾਰੀ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਖਜ਼ਾਨਾ ਭਰਿਆ ਹੈ, ਪੰਜਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਸੰਕਟ ਨਹੀਂ ਤਾਂ ਫਿਰ ਅਜਿਹਾ ਮੁਲਾਜ਼ਮ ਵਿਰੋਧੀ ਵਤੀਰਾ ਕਿਉਂ?
ਸਰਕਾਰ ਦੇ ਇਸ ਗ਼ਲਤ ਵਤੀਰੇ ਕਾਰਨ ਹਜ਼ਾਰਾਂ ਮੁਲਾਜ਼ਮਾਂ ਦੀਆਂ ਬੈਂਕਾਂ ਦੀਆਂ ਕਿਸ਼ਤਾਂ ਬਾਊਂਸ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਹਰਜਾਨਾ ਭਰਨਾ ਪੈਂਦਾ ਹੈ। ਸਰਕਾਰ ਦੁਆਰਾ ਸਕੂਲਾਂ ਵਿਚ ਭਰਤੀ ਹੋਏ ਸਫਾਈ ਸੇਵਕਾਂ ਦੀਆਂ ਤਨਖਾਹਾਂ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਨਹੀਂ ਹੋਈਆਂ।
ਜਦੋਂ ਪੰਜਾਬ ਦੇ ਮੁੱਖ ਮੰਤਰੀ ਖਜ਼ਾਨਾ ਭਰੇ ਹੋਣ ਦਾ ਦਾਅਵਾ ਕਰਦੇ ਹਨ ਤਾਂ ਫਿਰ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਬੇਲੋੜੀ ਦੇਰੀ ਕਿਉਂ ਕੀਤੀ ਜਾਂਦੀ ਹੈ।
-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸਪਸ ਝਬੇਲਵਾਲੀ।
ਪਿੰਡਾਂ ਦੀਆਂ ਬੱਸਾਂ
ਅੱਜ ਪਿੰਡਾਂ ਵਿਚ ਰੁਜ਼ਗਾਰ ਦੇ ਸਾਧਨ ਬਹੁਤ ਘਟ ਚੁੱਕੇ ਹਨ। ਕਿਉਂਕਿ ਪੜ੍ਹਿਆ ਲਿਖਿਆ ਵਰਗ ਚਾਹੇ ਉਹ +2 ਵੀ ਪਾਸ ਹੋਵੇ ਖੇਤਾਂ ਵਿਚ ਜਾਂ ਘਰਾਂ ਦੀ ਮਜ਼ਦੂਰੀ ਕਰਨ ਤੋਂ ਵਰਜਦਾ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਕੋਈ ਅਜਿਹਾ ਕੰਮ ਮਿਲ ਜਾਵੇ ਜਿਸ ਵਿਚ ਉਹ ਕਿਸੇ ਫੈਕਟਰੀ ਜਾਂ ਕਿਸੇ ਵੱਡੇ ਮਾਲ ਜਾਂ ਵੱਡੀ ਦੁਕਾਨ ਵਿਚ ਹੀ ਕੰਮ ਕਿਉਂ ਨਾ ਹੋਵੇ ਕਰ ਲਵੇ।
ਪਰ ਇਹ ਕੰਮ ਉਸ ਤੋਂ ਕਾਫ਼ੀ ਜ਼ਿਆਦਾ ਦੂਰ ਹਨ ਕਿਉਂਕਿ ਇਸ ਲਈ ਉਸ ਨੂੰ ਸ਼ਹਿਰ ਵਿਚ ਆਉਣਾ-ਜਾਣਾ ਪਵੇਗਾ ਅਤੇ ਘਰ ਤੋਂ ਛੇਤੀ ਜਾਣ ਜਾਂ ਘਰ ਦੇਰੀ ਨਾਲ ਪਹੁੰਚਣ ਲਈ ਉਸ ਨੂੰ ਕਿਸੇ ਸਾਧਨ ਦੀ ਜ਼ਰੂਰਤ ਪਵੇਗੀ। ਇਸ ਲਈ ਉਹ ਜੇਕਰ ਕੋਸ਼ਿਸ਼ ਵੀ ਕਰੇ ਤਾਂ ਉਸ ਨੂੰ ਉਸ ਸਾਧਨ ਕਰਕੇ ਇਹੋ ਜਿਹੀਆਂ ਨੌਕਰੀਆਂ ਛੱਡਣੀਆਂ ਪੈਂਦੀਆਂ ਹਨ। ਕਿਉਂਕਿ ਮਾਲਾਂ, ਵੱਡੇ ਦੁਕਾਨਦਾਰਾਂ ਜਾਂ ਫੈਕਟਰੀਆਂ ਵਿਚੋਂ ਜੋ ਤਨਖ਼ਾਹਾਂ ਮਿਲਦੀਆਂ ਹਨ ਉਸ ਲਈ ਉਹ ਜੇਕਰ ਆਪਣਾ ਸਾਧਨ ਇਸਤੇਮਾਲ ਕਰੇ ਤਾਂ ਉਸ ਦੀ ਸਾਰੀ ਤਨਖ਼ਾਹ ਇਸੇ ਕੰਮ 'ਤੇ ਖ਼ਰਚ ਹੋ ਜਾਵੇਗੀ ਪਰ ਇਹੀ ਜੇਕਰ ਸਰਕਾਰਾਂ ਇਨ੍ਹਾਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਨੂੰ ਚਲਾਉਣਾ ਯਕੀਨੀ ਕਰਦੀ ਹੈ ਤਾਂ ਯਕੀਨਨ ਪਿੰਡਾਂ ਵਿਚੋਂ ਬੇਰੁਜ਼ਗਾਰੀ 'ਤੇ ਕੁਝ ਹੱਦ ਤਕ ਰੋਕ ਲੱਗ ਸਕਦੀ ਹੈ ਅਤੇ ਫੈਕਟਰੀਆਂ, ਦੁਕਾਨਦਾਰਾਂ ਨੂੰ ਵੀ ਆਪਣੇ ਰਾਜ ਤੋਂ ਹੀ ਕੰਮ ਕਰਨ ਵਾਲੇ ਮਿਲ ਜਾਣਗੇ।
ਸਾਡੀ ਸਰਕਾਰ ਨੂੰ ਇਹ ਅਪੀਲ ਹੈ ਕਿ ਸ਼ਹਿਰਾਂ ਤੋਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਹਨਤ ਕਰਨ ਦੇ ਮੌਕੇ ਮਿਲ ਸਕਣ।
-ਅਸ਼ੀਸ਼ ਸ਼ਰਮਾ
ਜਲੰਧਰ
ਗਿਆਨ ਭਰਪੂਰ ਲੇਖ
ਬੀਤੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਡਾ. ਅਮਨਪ੍ਰੀਤ ਸਿੰਘ ਬਰਾੜ ਅਤੇ ਸੰਦੀਪ ਸਿੰਘ ਬਰਾੜ ਦਾ ਛਪਿਆ ਲੇਖ 'ਮਾਪਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਕਾਨੂੰਨ ਅਤੇ ਵਸੀਅਤ' ਪੜ੍ਹਿਆ ,ਜੋ ਕਿ ਬਹੁਤ ਹੀ ਗਿਆਨ ਭਰਪੂਰ ਹੈ। ਇਨ੍ਹਾਂ ਗੱਲਾਂ ਦਾ ਸਾਡੀ ਜ਼ਿੰਦਗੀ 'ਚ ਖ਼ਾਸ ਕਰ ਬਜ਼ੁਰਗਾਂ ਲਈ ਬਹੁਤ ਮਹੱਤਵ ਹੈ। ਇਸ ਲਈ ਅਜਿਹੀ ਜਾਣਕਾਰੀ ਸਾਨੂੰ ਅਪਣੇ ਬਜ਼ੁਰਗਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਅਗਲੇਰੀ ਜ਼ਿੰਦਗੀ ਵੀ ਪਰਿਵਾਰ ਸਮੇਤ ਖ਼ੁਸ਼ਹਾਲ ਜੀਅ ਸਕਣ ਅਤੇ ਕਿਸੇ ਵੀ ਬਜ਼ੁਰਗ ਨੂੰ ਸਭ ਕੁਝ ਹੁੰਦੇ ਹੋਏ ਵੀ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ।
-ਡਾ. ਮੁਹੰਮਦ ਇਰਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਬੱਸ ਸਟੈਂਡ ਦੀ ਬੁਰੀ ਹਾਲਤ
ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵਿਚ ਬਾਥਰੂਮਾਂ (ਪਖਾਨਿਆਂ) ਦਾ ਬਹੁਤ ਮਾੜਾ ਹਾਲ ਹੈ।
ਸਾਰੇ ਬੱਸ ਸਟੈਂਡ ਵਿਚ ਸਫਾਈ ਦਾ ਬਹੁਤ ਮਾੜਾ ਹਾਲ ਹੈ। ਪਹਿਲੀ ਗੱਲ ਤਾਂ ਏਡੇ ਵੱਡੇ ਬਸ ਸਟੈਂਡ ਵਿਚ ਸਿਰਫ਼ ਇਕ ਹੀ ਬਾਥਰੂਮ ਹੈ, ਜਿਸ ਵਿਚ ਵੀ ਮੁਸ਼ਕ ਤੇ ਗੰਦਗੀ ਦੀ ਭਰਮਾਰ ਹੈ। ਲੈਟਰੀਨ, ਫਲੱਸ਼ ਦੇ ਦਰਵਾਜ਼ੇ ਅੱਧੇ ਟੁੱਟੇ ਹੋਏ ਹਨ।
ਬਸ ਸਟੈਂਡ ਵਿਚ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਕ ਛੋਟੇ ਜਿਹੇ ਵਾਟਰ ਕੂਲਰ ਵਿਚ ਗਰਮ ਪਾਣੀ ਪੀਣ ਲਈ ਯਾਤਰੀ ਮਜਬੂਰ ਹਨ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਦਾ ਧਿਆਨ ਅਜਿਹੀਆਂ ਬੁਨਿਆਦੀ ਸਹੂਲਤਾਂ ਵੱਲ ਕਿਉਂ ਨਹੀਂ ਜਾਂਦਾ। ਸਰਕਾਰ ਵਲੋਂ ਇਸ਼ਤਿਹਾਰਾਂ ਵਿਚ ਵੱਡੇ-ਵੱਡੇ ਮਾਅਰਕੇ ਮਾਰੇ ਜਾ ਰਹੇ ਹਨ, ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
-ਚਰਨਜੀਤ ਸਿੰਘ
ਸੈਂਟਰ ਮੁੱਖ ਅਧਿਆਪਕ, ਸ.ਪ.ਸ. ਝਬੇਲਵਾਲੀ।
ਜਾਣਕਾਰੀ ਭਰਪੂਰ ਲੇਖ
ਵੀਰਵਾਰ 4 ਜੁਲਾਈ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਡਾ. ਅਮਨਪ੍ਰੀਤ ਸਿੰਘ ਬਰਾੜ ਅਤੇ ਐਡਵੋਕੇਟ ਸੰਦੀਪ ਸਿੰਘ ਬਰਾੜ ਵਲੋਂ ਲਿਖੇ ਗਏ ਲੇਖ 'ਮਾਪਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਕਾਨੂੰਨ ਅਤੇ ਵਸੀਅਤ' ਪੜ੍ਹਿਆ, ਜੋ ਕਿ ਬਹੁਤ ਹੀ ਵਧੀਆ 'ਤੇ ਜਾਣਕਾਰੀ ਭਰਪੂਰ ਸੀ। ਮੰਝਧਾਰ 'ਚ ਫਸੇ ਬਜ਼ੁਰਗਾਂ ਲਈ ਸਰਕਾਰ ਵਲੋਂ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਬਣਾਏ ਕਾਨੂੰਨ 2007 ਅਤੇ ਇਹ ਕਾਨੂੰਨ ਪੰਜਾਬ 'ਚ 2012 ਤੋਂ ਲਾਗੂ ਹੈ। ਜਿਸ ਤਹਿਤ ਔਲਾਦ ਦਾ ਫਰਜ਼ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰੇ। ਅਗਰ ਕਿਸੇ ਕੇਸ 'ਚ ਕਿਸੇ ਦੇ ਕੋਈ ਔਲਾਦ ਨਹੀਂ ਹੈ ਤਾਂ ਇਹ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉਹ ਬਜ਼ੁਰਗਾਂ ਨੂੰ ਬਿਰਧ ਆਸ਼ਰਮ 'ਚ ਰੱਖ ਕੇ ਉਨ੍ਹਾਂ ਦੀ ਦੇਖ਼ਭਾਲ ਕਰੇ। ਜੇਰ ਕੋਈ ਔਲਾਦ/ਵਾਰਸ ਬਜ਼ੁਰਗਾਂ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਬਜ਼ੁਰਗ ਆਪਣੇ ਇਲਾਕੇ ਦੇ ਐਸ.ਡੀ.ਐਮ ਕੋਲੋ ਸ਼ਿਕਾਇਤ ਕਰ ਸਕਦੇ ਹਨ, ਜਿਸ ਦਾ ਐਸ.ਡੀ.ਐਮ. ਨੇ ਨਿਪਟਾਰਾ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨਾ ਹੁੰਦਾ ਹੈ। ਕਈ ਵਾਰੀ ਵਾਰਿਸ ਆਪਣੇ ਬਜ਼ੁਰਗਾਂ ਤੋਂ ਜਾਇਦਾਦ ਆਪਣੇ ਨਾਂਅ ਕਰਵਾ ਕੇ ਬਾਅਦ 'ਚ ਬਜ਼ੁਰਗਾਂ ਪ੍ਰਤੀ ਵਤੀਰਾ ਬਦਲ ਜਾਂਦਾ ਹੈ ਤਾਂ ਬਜ਼ੁਰਗ ਆਪਣੀ ਦਿੱਤੀ ਹੋਈ ਜਾਇਦਾਦ ਇਸ ਕਾਨੂੰਨ ਰਾਹੀਂ ਵਾਪਸ ਵੀ ਲੈ ਸਕਦੇ ਹਨ। ਵਸੀਅਤ ਸਾਦੇ ਕਾਗਜ਼ 'ਤੇ ਲਿਖੀ ਜਾਂਦੀ ਹੈ ਅਤੇ ਇਹ ਰਜਿਸਟਰਡ ਅਤੇ ਅਨਰਜਿਸਟਰਡ ਦੋ ਤਰ੍ਹਾਂ ਦੀ ਹੁੰਦੀ ਹੈ।
-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਆਓ, ਆਪਣਾ ਫਰਜ਼ ਨਿਭਾਈਏ
ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੀਏ। ਸਾਡੇ ਘਰਾਂ ਦਾ ਜਿੰਨਾ ਵੀ ਕੂੜਾ ਕਰਕਟ ਇਕੱਠਾ ਹੁੰਦਾ ਹੈ। ਉਸ ਨੂੰ ਇਕ ਜਗ੍ਹਾ 'ਤੇ ਇਕੱਠਾ ਕਰਕੇ ਕੂੜਾ ਚੁੱਕਣ ਵਾਲੇ ਸਫਾਈ ਸੇਵਕਾਂ ਨੂੰ ਚੁਕਾ ਦੇਈਏ। ਕੁਝ ਲੋਕ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਆਪਣੇ ਘਰਾਂ ਦੇ ਨਾਲ ਲਗਦੇ ਖਾਲੀ ਪਲਾਟਾਂ ਵਿਚ ਜਾਂ ਜਨਤਕ ਥਾਵਾਂ 'ਤੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਇਹ ਲੋਕ ਆਪਣੇ ਘਰ ਤੋਂ ਇਲਾਵਾ ਹੋਰ ਨਾਲ ਲਗਦੇ ਦੂਜੇ ਘਰਾਂ ਨੂੰ ਵੀ ਬਿਮਾਰੀਆਂ ਵੰਡਦੇ ਹਨ ਕਿਉਂਕਿ ਖਾਲੀ ਪਏ ਪਲਾਟਾਂ ਵਿਚ ਕੂੜੇ ਵਿਚੋਂ ਕੁਝ ਦੇਰ ਬਾਅਦ ਬਦਬੂ ਲੱਗ ਜਾਂਦੀ ਹੈ। ਇਸ ਕੂੜੇ ਵਿਚ ਬਹੁਤ ਸਾਰੇ ਮੱਖੀਆਂ ਮੱਛਰ ਅਤੇ ਹੋਰ ਕਈ ਪ੍ਰਕਾਰ ਦੇ ਜ਼ਹਿਰੀਲੇ ਜੀਵ-ਜੰਤੂ ਪੈਦਾ ਹੁੰਦੇ ਹਨ। ਜਿਨ੍ਹਾਂ ਦੇ ਕੱਟਣ ਨਾਲ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਡੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੋ। ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲੇ ਲੋਕਾਂ ਅਤੇ ਜੋ ਵੀ ਲੋਕ ਆਪਣੇ ਘਰਾਂ ਦੇ ਨੇੜੇ ਖਾਲੀ ਪਲਾਟਾਂ ਵਿਚ ਕੂੜਾ ਸੁੱਟਦੇ ਹਨ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਆਓ, ਆਪਾਂ ਸਾਰੇ ਰਲ ਕੇ ਆਪਣਾ ਫਰਜ਼ ਨਿਭਾਈਏ, ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਈਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਨਵੇਂ ਅਪਰਾਧਕ ਕਾਨੂੰਨ
1 ਜੁਲਾਈ ਤੋਂ ਦੇਸ਼ ਭਰ ਵਿਚ ਨਵੇਂ ਅਪਰਾਧਕ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ। ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਹੋਰ ਤਰੀਕ 'ਤੇ ਤਰੀਕ ਨਹੀਂ ਪਵੇਗੀ ਅਤੇ ਨਾ ਹੀ ਹੁਣ ਅਦਾਲਤਾਂ ਦੇ ਚੱਕਰ ਮਾਰ-ਮਾਰ ਕੇ ਉਮਰਾਂ ਗਾਲਣੀਆਂ ਪੈਣਗੀਆਂ ਕਿਉਂਕਿ ਹੁਣ ਸਮੇਂ ਦੀ ਮੰਗ ਮੁਤਾਬਿਕ ਅਤੇ ਅਪਰਾਧਾਂ ਦੇ ਬਦਲਦੇ ਰੂਪ ਨੂੰ ਦੇਖਦਿਆਂ ਸਦੀਆਂ ਤੋਂ ਆਜ਼ਾਦੀ ਤੋਂ ਪਹਿਲਾਂ ਵਾਲੇ ਅੰਗਰੇਜ਼ਾਂ ਦੁਆਰਾ ਬਣਾਏ ਗਏ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਆਈ.ਪੀ.ਸੀ., ਸੀ.ਆਰ.ਪੀ.ਸੀ. 'ਤੇ ਭਾਰਤੀ ਸਬੂਤ ਐਕਟ ਦੀ ਥਾਂ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਂ ਸਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 'ਤੇ ਭਾਰਤੀ ਸਾਕਸ਼ਯ ਐਕਟ ਲਾਗੂ ਹੋਣਗੇ। ਹੁਣ ਸਮੇਂ ਦੀ ਬਰਬਾਦੀ ਨੂੰ ਰੋਕਦਿਆਂ ਹੋਇਆ ਐੱਫ.ਆਈ.ਆਰ. ਦਰਜ ਕਰਨ ਤੋਂ ਲੈ ਕੇ ਫ਼ੈਸਲਾ ਸੁਣਾਉਣ ਤੱਕ ਦਾ ਸਮਾਂ ਹੱਦ ਤੈਅ ਕੀਤਾ ਗਿਆ ਹੈ। ਪਹਿਲਾਂ ਮੁਕੱਦਮੇ ਪੀੜ੍ਹੀ ਦਰ ਪੀੜ੍ਹੀ ਲਟਕਦੇ ਰਹਿੰਦੇ ਸੀ ਪਰ ਹੁਣ ਨਵੇਂ ਅਪਰਾਧਕ ਕਾਨੂੰਨਾਂ ਦੇ ਮੁਤਾਬਕ ਤਾਰੀਖ਼ਾਂ 'ਤੇ ਤਾਰੀਖਾਂ ਨਹੀਂ ਮਿਲਣਗੀਆਂ।
ਨਵੇਂ ਅਪਰਾਧਕ ਕਾਨੂੰਨ ਮੁਤਾਬਿਕ ਐਫ.ਆਈ.ਆਰ., ਕੇਸ ਡਾਇਰੀ, ਚਾਰਜਸ਼ੀਟ, ਜੱਜਮੈਂਟ ਸਾਰੇ ਡਿਜੀਟਲ ਕੀਤੇ ਜਾਣਗੇ। ਪਹਿਲਾਂ ਪੀੜਤ ਦੀ ਸਾਰੀ ਉਮਰ ਸਬੂਤ ਇਕੱਤਰ ਕਰਦਿਆਂ ਅਤੇ ਬਿਆਨ ਪੇਸ਼ ਕਰਦਿਆਂ ਗੁਜ਼ਰ ਜਾਂਦੀ ਸੀ ਪਰ ਹੁਣ ਸਮੇਂ ਦੀ ਲੋੜ ਮੁਤਾਬਿਕ ਤੇਜ਼ ਗਵਾਹੀ ਲਈ ਗਵਾਹੀ ਭਰਨ ਉਪਰੰਤ ਆਡੀਓ-ਵੀਡੀਓ ਰਾਹੀਂ ਬਿਆਨ ਦਰਜ ਕੀਤੇ ਜਾਣਗੇ ਅਤੇ ਤਲਾਸ਼ੀ 'ਤੇ ਜ਼ਬਤੀ 'ਚ ਆਡੀਓ-ਵੀਡੀਓ ਰਿਕਾਰਡਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਅੱਤਵਾਦ, ਮੌਬ-ਲਿਚਿੰਗ, ਪੇਪਰ ਲੀਕ ਦਾ ਮਾਮਲਾ, ਪੌਂਜੀ ਸਕੀਮ ਕੇਸ, ਵਿਆਹ ਦਾ ਝੂਠਾ ਵਾਅਦਾ ਕਰਕੇ ਮੁੱਕਰ ਜਾਣਾ ਇਹ ਸਾਰੇ ਨਵੇਂ ਜ਼ਮਾਨੇ ਦੇ ਅਪਰਾਧ ਭਾਰਤੀ ਨਿਆਂ ਸੰਹਿਤਾ ਵਿਚ ਦਰਜ ਕੀਤੇ ਗਏ ਹਨ ਅਤੇ ਭਾਰਤੀ ਸੁਰੱਖਿਆ ਸੰਹਿਤਾ ਤਹਿਤ ਇਨ੍ਹਾਂ ਦੀ ਸਜ਼ਾ ਵੀ ਨਿਰਧਾਰਿਤ ਕੀਤੀ ਗਈ ਹੈ। ਉਮੀਦ ਹੈ ਕਿ ਨਵੇਂ ਅਪਰਾਧਕ ਕਾਨੂੰਨਾਂ ਤਹਿਤ ਤਰੁੱਟੀਆਂ ਖਤਮ ਹੋ ਸਕਣਗੀਆਂ, ਨਿਆਂਪਾਲਿਕਾ ਦਾ ਵਾਧੂ ਬੋਝ ਘਟੇਗਾ ਤੇ ਲੋਕਾਂ ਨੂੰ ਜਲਦ ਨਿਆਂ ਮਿਲੇਗਾ।
-ਸਿਰਮਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ
ਅਕਸਰ ਹੀ ਲੋਕ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਵੇਲੇ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਇਕ ਦਿਨ ਦਾ ਕੰਮ ਇਕ ਹਫ਼ਤੇ 'ਚ ਹੋਵੇਗਾ, ਇਸ ਦਾ ਮੁੱਖ ਕਾਰਨ ਹੈ ਮੁਲਾਜ਼ਮਾਂ ਦੀ ਘਾਟ, ਦੂਸਰਾ ਜੇਕਰ ਕੰਮ ਕਰਨ ਵਾਲਾ ਅਧਿਕਾਰੀ ਮੌਜੂਦ ਵੀ ਹੋਵੇ ਤਾਂ ਉਹ ਕੰਮ ਕਰਵਾਉਣ ਵਾਲਿਆਂ ਤੋਂ ਸੇਵਾ ਪਾਣੀ ਦੀ ਝਾਕ ਕਰਕੇ ਕੰਮ 'ਚ ਨੁਕਸ ਕੱਢਣੇ ਸ਼ੁਰੂ ਕਰ ਦਿੰਦਾ ਹੈ ਕਿ ਤੁਹਾਡੇ ਕਾਗਜ਼ਾਤ ਅਧੂਰੇ ਹਨ, ਜਦੋਂ ਚਾਹ-ਪਾਣੀ ਮਿਲ ਜਾਏ ਤਾਂ ਇਹ ਅਧੂਰੇ ਕਾਗਜ਼ਾਤ ਪੂਰੇ ਹੋ ਜਾਂਦੇ ਹਨ, ਇਸ ਤਰ੍ਹਾਂ ਦੇ ਅਧਿਕਾਰੀਆਂ ਨਾਲ ਇਕ ਤਾਂ ਮਹਿਕਮੇ ਦੀ ਬਦਨਾਮੀ ਹੁੰਦੀ ਹੈ, ਦੂਸਰਾ ਸਰਕਾਰ ਦੀ। ਇਸ ਲਈ ਸਰਕਾਰ ਨੂੰ ਪ੍ਰਾਈਵੇਟ ਅਦਾਰਿਆਂ ਦੀ ਤਰਜੀਹ 'ਤੇ ਕੰਮ ਕਰਨ ਦੀ ਲੋੜ ਹੈ ਕਿ ਹਰੇਕ ਕੰਮ ਕਰਵਾਉਣ ਵਾਲੇ ਵਿਅਕਤੀ ਦੀ ਐਂਟਰੀ ਕੀਤੀ ਜਾਵੇ। ਇਸ ਦਾ ਕੰਮ ਕਦੋਂ ਸ਼ੁਰੂ ਹੋਇਆ ਤੇ ਕਦੋਂ ਖ਼ਤਮ ਹੋਇਆ।
ਕਰਮਚਾਰੀਆਂ ਦੀ ਰਿਪੋਰਟ ਕੰਮ ਕਰਵਾਉਣ ਵਾਲੇ ਵਿਅਕਤੀ ਦੁਆਰਾ ਕੀਤੀ ਜਾਵੇ, ਇਸ ਰਿਪੋਰਟ ਦੇ ਆਧਾਰ 'ਤੇ ਹੀ ਸੰਬੰਧਿਤ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਤਰੱਕੀਆਂ ਵਿਚ ਵਾਧਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਉਪਰਾਲੇ ਨਾਲ ਸਰਕਾਰ ਅਤੇ ਆਮ ਜਨਤਾ ਨੂੰ ਬੇਹੱਦ ਫਾਇਦਾ ਹੋਵੇਗਾ।
ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਰਿਸ਼ਵਤਖੋਰੀ ਅਤੇ ਸਰਕਾਰੀ ਕੰਮਾਂ 'ਚ ਹੁੰਦੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ।
-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।
ਮਨੁੱਖ ਦਾ ਰੁੱਖਾਂ ਨਾਲ ਰਿਸ਼ਤਾ
ਰੁੱਖ ਅਤੇ ਮਨੁੱਖ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕੇਵਲ ਮਨੁੱਖ ਹੀ ਨਹੀਂ ਪਸ਼ੂ ਅਤੇ ਪੰਛੀ ਰੁੱਖਾਂ 'ਤੇ ਨਿਰਭਰ ਹਨ। ਰੁੱਖਾਂ ਤੋਂ ਸਾਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ। ਜਿਸ ਤੋਂ ਬਿਨਾਂ ਕੋਈ ਵੀ ਮਨੁੱਖ ਜੀਊਂਦਾ ਨਹੀਂ ਰਹਿ ਸਕਦਾ। ਮੌਜੂਦਾ ਸਮੇਂ ਏ.ਸੀ., ਕੂਲਰ, ਪੱਖੇ ਅਸੀਂ ਗਰਮੀ ਤੋਂ ਰਾਹਤ ਪਾਉਣ ਲਈ ਖ਼ਰੀਦ ਰਹੇ ਹਾਂ, ਜੋ ਸਾਡੀ ਮਜਬੂਰੀ ਹੈ ਜੋ ਕਿ ਚੱਲਣ ਸਮੇਂ ਹੀ ਸਾਨੂੰ ਗਰਮੀ ਤੋਂ ਰਾਹਤ ਦਿੰਦੇ ਹਨ। ਰੁੱਖਾਂ ਦੀਆਂ ਠੰਢੀਆਂ ਛਾਵਾਂ ਅਤੇ ਹਵਾਵਾਂ ਲੰਮੇ ਸਮੇਂ ਤਕ ਸਾਨੂੰ ਗਰਮੀ ਤੋਂ ਰਾਹਤ ਦਿੰਦੇ ਹਨ। ਜੇਕਰ ਸਦੀਆਂ ਪਹਿਲਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਉਨ੍ਹਾਂ ਸਮਿਆਂ ਵਿਚ ਰੁੱਖਾਂ ਦੀ ਗਿਣਤੀ ਵਧੇਰੇ ਹੋਣ ਕਰਕੇ ਵਾਤਾਵਰਨ ਬਹੁਤ ਸਾਫ਼ ਸੀ। ਹੁਣ ਵੀ ਮੌਜੂਦਾ ਸਮੇਂ ਜੇਕਰ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤਾਂ ਗਰਮੀ ਤੋਂ ਸਾਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ।
ਸਾਨੂੰ ਯਾਦ ਰੱਖਣਾ ਹੋਵੇਗਾ ਕਿ ਠੰਢੀਆਂ ਹਵਾਵਾਂ ਅਤੇ ਛਾਵਾਂ ਰੁੱਖਾਂ ਤੋਂ ਹੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਸ ਲਈ ਰੁੱਖਾਂ ਨੂੰ ਲਗਾਉਣ ਲਈ ਵੱਡੇ ਯਤਨ ਬਹੁਤ ਜ਼ਰੂਰੀ ਹਨ। ਸਾਨੂੰ ਸਭ ਨੂੰ ਵਧੇਰੇ ਰੁੱਖ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸਾਡਾ ਵਾਤਾਵਰਨ ਸਾਫ਼ ਰਹਿ ਸਕੇ। ਇਸ ਲਈ ਜਾਗਰੂਕਤਾ ਮੁਹਿੰਮ ਆਮ ਲੋਕਾਂ ਵਿਚ ਫੈਲਾਉਣ ਦੀ ਲੋੜ ਹੈ।
-ਬਲਰਾਮਜੀਤ ਸਿੰਘ ਵੜੈਚ
ਮ.ਨੰ. 738, ਮੁਹੱਲਾ ਧਰਮਪੁਰਾ, ਕਾਦੀਆਂ (ਗੁਰਦਾਸਪੁਰ)
ਸੂਬੇ ਦੀ ਤ੍ਰਾਸਦੀ
ਅੱਜ ਹਵਾ, ਪਾਣੀ ਦੇ ਪ੍ਰਦੂਸ਼ਣ ਤੋਂ ਬਾਅਦ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਦੀ ਚਰਚਾ ਹੋ ਰਹੀ ਹੈ। ਟਿਊਬਵੈੱਲ ਦੇ ਬੋਰਾਂ ਨੂੰ ਹੋਰ ਡੂੰਘਾ ਕਰਨਾ ਵੀ ਕੋਈ ਹੱਲ ਨਹੀਂ ਹੈ। ਅਸਲ ਵਿਚ ਸਮੇਂ ਦੀਆਂ ਸਰਕਾਰਾਂ ਦੀ ਸੋਚ ਪੰਜਾਬ ਦੇ ਅਜਿਹੇ ਅਹਿਮ ਮਸਲੇ ਪ੍ਰਤੀ ਸਹੀ ਨਹੀਂ ਰਹੀ। ਉਦਯੋਗ, ਖੇਤੀਬਾੜੀ ਤੇ ਘਰੇਲੂ ਵਰਤੋਂ ਲਈ ਪਾਣੀ ਦੀ ਘਾਟ ਹੋਰ ਤੰਗ ਕਰੇਗੀ। ਝੋਨੇ ਦੀ ਖੇਤੀ ਵੀ ਬਹੁਤ ਪਾਣੀ ਦੀ ਮੰਗ ਕਰਦੀ ਹੈ। ਖੇਤੀ ਵਿਭਿੰਨਤਾ ਦੀ ਕੋਈ ਵੀ ਪਹਿਲ ਕਰਨ ਤੋਂ ਸਰਕਾਰਾਂ ਝਿਜਕ ਰਹੀਆਂ ਹਨ। ਅੱਜ 114 ਬਲਾਕਾਂ ਦਾ ਪਾਣੀ ਬੇਹੱਦ ਡੂੰਘਾ ਹੋ ਰਿਹਾ ਹੈ ਤਾਂ ਅਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ। ਸੋਸ਼ਲ ਮੀਡੀਆ 'ਤੇ ਬਹੁਤ ਸ਼ੋਰ ਹੈ ਪਰ ਕਦੋਂ ਖੇਤੀ ਵਿਗਿਆਨੀ, ਸੂਬਾ ਸਰਕਾਰ ਤੇ ਕੇਂਦਰ ਸਰਕਾਰ ਸਿਰ ਜੋੜ ਕੇ ਬੈਠਣਗੀਆਂ ਤੇ ਪੰਜਾਬ ਨੂੰ ਮੁੜ ਉਸ ਦੌਰ ਵਿਚ ਲੈ ਕੇ ਜਾਣ ਲਈ ਉਪਰਾਲੇ ਕਰਨਗੀਆਂ ਜਦੋਂ ਸ. ਪ੍ਰਤਾਪ ਸਿੰਘ ਕੈਰੋਂ ਤੇ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਹਿਤੈਸ਼ੀਆਂ ਨੇ ਪੰਜਾਬ ਦਾ ਮੂੰਹ-ਮੱਥਾ ਸੰਵਾਰਿਆ ਸੀ। ਜੇ ਪੰਜਾਬ ਨੂੰ ਇਕ ਖੁਸ਼ਹਾਲ ਤੇ ਅਗਾਂਹਵਧੂ ਸੂਬਾ ਬਣਾਉਣਾ ਹੈ ਤਾਂ ਤੁਰੰਤ ਯਤਨ ਕਰਨੇ ਪੈਣਗੇ।
-ਰਵੀ ਕੁਮਾਰ
1817 ਗੋਬਿੰਦ ਨਗਰ, ਸੁਭਾਸ਼ ਰੋਡ,
ਛੇਹਰਟਾ (ਅੰਮ੍ਰਿਤਸਰ)
ਪਾਣੀ ਦੀ ਮਹੱਤਤਾ
ਪੰਜ ਦਰਿਆਵਾਂ ਦੇ ਰਾਖੇ ਕਹਾਉਣ ਵਾਲੇ ਪੰਜਾਬੀਆਂ ਦੀ ਪਾਣੀ ਪੱਖੋਂ ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰ ਸਰਕਾਰ ਤੇ ਲੋਕ ਇਸ ਪ੍ਰਤੀ ਗੰਭੀਰ ਨਾ ਹੋਏ ਤਾਂ ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਪੰਜ ਦਰਿਆਵਾਂ ਦੇ ਰਾਖੇ ਪੰਜਾਬੀਆਂ ਨੂੰ ਪਾਣੀ ਤੋਂ ਹੱਥ ਧੋਣੇ ਪੈ ਸਕਦੇ ਹਨ। ਸੂਬੇ ਵਿਚ 22 ਫ਼ੀਸਦੀ ਪਾਣੀ ਲੂਣੇ ਅਤੇ 54 ਫ਼ੀਸਦੀ ਪਾਣੀ ਖਾਰੇ ਹਨ। ਬਾਕੀ ਬਚੇ 24 ਫ਼ੀਸਦੀ ਪਾਣੀ ਵਿਚ ਦੋਨੋਂ ਹੀ ਬਰਾਬਰ ਦੀਆਂ ਕਿਸਮਾਂ ਪਾਈਆਂ ਜਾ ਰਹੀਆਂ ਹਨ। ਪਾਣੀ ਦੀ ਬੇਲੋੜੀ ਵਰਤੋਂ ਕਾਰਨ ਹਰ ਸਾਲ ਧਰਤੀ ਹੇਠਲਾ ਪਾਣੀ ਲਗਭਗ 50 ਤੋਂ 55 ਸੈਂਟੀਮੀਟਰ ਡੂੰਘਾ ਹੋ ਰਿਹਾ ਹੈ। ਜੋ ਆਉਣ ਵਾਲੇ ਸਮੇਂ ਵਿਚ ਗੰਭੀਰ ਰੂਪ ਧਾਰਨ ਕਰ ਸਕਦਾ ਹੈ।
ਹਜ਼ਾਰਾਂ ਸਰਵਿਸ ਸਟੇਸ਼ਨ ਹਰ ਰੋਜ਼ ਲੱਖਾਂ ਲੀਟਰ ਪਾਣੀ ਬਰਬਾਦ ਕਰ ਰਹੇ ਹਨ। ਲੁਧਿਆਣਾ ਵਰਗੇ ਸਨਅਤੀ ਸ਼ਹਿਰ ਵਿਚ ਫੈਕਟਰੀਆਂ ਤੇ ਕਾਰਖਾਨੇ ਸਮਾਨ ਨੂੰ ਸਾਫ਼ ਕਰਨ ਲਈ ਲੱਖਾਂ ਲੀਟਰ ਪਾਣੀ ਬਰਬਾਦ ਕਰ ਦਿੰਦੇ ਹਨ। ਧਰਤੀ ਦੀ ਹਿੱਕ ਵਿਚੋਂ ਹਰ ਰੋਜ਼ ਪਤਾ ਨਹੀਂ ਕਿੰਨੇ ਲੱਖ ਲੀਟਰ ਪਾਣੀ ਕੱਢਿਆ ਜਾਂਦਾ ਹੈ। ਸਾਡੇ ਪੁਰਖਿਆਂ ਨੇ ਖੂਹਾਂ ਤੋਂ ਪਾਣੀ ਪੀਤਾ ਹੈ, ਤੇ ਸਾਡੇ ਪਿਉਆਂ ਨੇ ਨਲਕੇ ਦਾ, ਸਾਡੀ ਪੀੜ੍ਹੀ ਸਬਮਰਸੀਬਲ ਮੋਟਰਾਂ ਦਾ ਪਾਣੀ ਪੀ ਰਹੀ ਹੈ, ਉਹ ਵੀ ਕਈ ਸੌ ਫੁੱਟ ਡੂੰਘੇ ਬੋਰਾਂ ਤੋਂ। ਪਰ ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਪਾਣੀ ਪੱਖੋਂ ਬਹੁਤ ਗੰਭੀਰ ਨਜ਼ਰ ਆ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਘੱਟ ਪਾਣੀ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਕਿਸਾਨ ਨਕਾਰ ਚੁੱਕੇ ਹਨ। ਫਸਲੀ ਚੱਕਰ ਵਿਚੋਂ ਕੱਢਣ ਲਈ ਸਰਕਾਰ ਵੀ ਕੋਈ ਠੋਸ ਉਪਰਾਲੇ ਨਹੀਂ ਕਰ ਰਹੀ। ਇਹ ਮਸਲਾ ਬਹੁਤ ਗੰਭੀਰ ਹੈ। ਸਭ ਨੂੰ ਰਲ ਮਿਲ ਕੇ ਪਾਣੀ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਪਾਣੀ ਬਿਨਾਂ ਜੀਵਨ ਸੰਭਵ ਨਹੀਂ।
-ਇੰਦਰਜੀਤ ਸਿੰਘ ਗੁਰ
ਲੁਧਿਆਣਾ।
ਸੁਵਿਧਾ ਬਨਾਮ ਦੁਬਿਧਾ
ਪੰਜਾਬ ਵਿਚ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਦੇਣ ਲਈ ਕਰੋੜਾਂ ਰੁਪਏ ਖ਼ਰਚ ਕੇ ਕਾਫ਼ੀ ਸ਼ਹਿਰਾਂ ਦੇ ਵਿਚ ਅੰਡਰ ਗਰਾਊਂਡ ਪੁਲ ਬਣਾਏ ਹਨ। ਇਹ ਪੁਲ ਜ਼ਿਆਦਾ ਕਰਕੇ ਰੇਲਵੇ ਲਾਈਨ ਜਾਂ ਛਾਉਣੀ ਖੇਤਰ ਹੋਣ ਕਰਕੇ ਬਣਾਏ ਗਏ ਹਨ, ਪਰ ਇਹ ਪੁਲ ਲੋਕਾਂ ਲਈ ਸੁਵਿਧਾ ਘੱਟ ਤੇ ਦੁਵਿਧਾ ਜ਼ਿਆਦਾ ਸਾਬਤ ਹੋ ਰਹੇ ਹਨ। ਇਹ ਪੁਲ ਪਤਾ ਨਹੀਂ ਕਿਸ ਇੰਜੀਨੀਅਰ ਨੇ ਡਿਜ਼ਾਈਨ ਕੀਤੇ ਹਨ। ਇਨ੍ਹਾਂ ਪੁਲਾਂ ਹੇਠ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਵਧੀਆ ਪ੍ਰਬੰਧ ਨਹੀਂ ਕੀਤਾ ਗਿਆ। ਜੇਕਰ ਮੈਂ ਬਠਿੰਡਾ ਸ਼ਹਿਰ ਦੇ ਦੋ ਪੁਲਾਂ ਦੀ ਗੱਲ ਕਰਾਂ ਤਾਂ ਜਦੋਂ ਵੀ ਮੀਂਹ ਪੈਂਦਾ ਹੈ ਇਨ੍ਹਾਂ ਪੁਲਾਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ। ਇਕ ਪੁਲ ਤਾਂ ਬਠਿੰਡਾ ਮਾਨਸਾ ਰੋਡ ਅਤੇ ਦੂਜਾ ਲਾਲ ਸਿੰਘ ਬਸਤੀ ਵਿਚ ਬਣਿਆ ਹੈ। ਜਦੋਂ ਮੀਂਹ ਵੀ ਪੈਂਦਾ ਹੈ ਤਾਂ ਇਹ ਦੋਵੇਂ ਪੁਲ ਬੰਦ ਹੋ ਜਾਂਦੇ ਹਨ। ਲੋਕਾਂ ਨੂੰ ਹੋਰ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣਾ ਪੈਂਦਾ ਹੈ। ਇਨ੍ਹਾਂ ਪੁਲਾਂ ਵਿਚ ਅੱਠ ਤੋਂ ਨੌਂ ਫੁੱਟ ਤੱਕ ਮੀਂਹ ਦਾ ਪਾਣੀ ਭਰ ਜਾਂਦਾ ਹੈ। ਇਸ ਨੂੰ ਪਾਰ ਕਰਨਾ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲਾ ਕੰਮ ਹੈ। ਇਸ ਵਿਚ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਹਮੇਸ਼ਾਂ ਹੀ ਡਰ ਬਣਿਆ ਰਹਿੰਦਾ ਹੈ। ਸਰਕਾਰ ਵਲੋਂ ਬਣਾਏ ਇਹ ਪੁਲ ਸੁਵਿਧਾ ਘੱਟ ਤੇ ਦੁਵਿਧਾ ਜ਼ਿਆਦਾ ਲਗਦੇ ਹਨ। ਬਹੁਤ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਇਨ੍ਹਾਂ ਪੁਲਾਂ ਹੇਠੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਗਏ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਅੰਡਰ ਗਰਾਊਂਡ ਪੁਲਾਂ ਹੇਠਲੇ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਅਤੇ ਯੋਗ ਪ੍ਰਬੰਧ ਕੀਤਾ ਜਾਵੇ। ਇਸ ਨਾਲ ਲੋਕਾਂ ਦੇ ਹੋਣ ਵਾਲੇ ਜਾਨੀ, ਮਾਲੀ ਨੁਕਸਾਨ ਅਤੇ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਬਚਾਇਆ ਜਾਵੇ। ਲੋਕਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਵਿਚ ਕੋਈ ਦਿੱਕਤ ਨਾ ਆਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਪ੍ਰਸ਼ਾਸਨ ਧਿਆਨ ਦੇਵੇ
ਸਥਾਨਕ ਨਗਰ ਕੌਂਸਲ ਅਹਿਮਦਗੜ੍ਹ ਦੀ ਹਦੂਦ ਅੰਦਰ ਪੈਂਦਾ ਛਪਾਰ ਰੋਡ 'ਤੇ ਬਣਿਆ ਪਾਰਕ ਜੋ ਕਦੇ ਲੋਕਾਂ ਦੀ ਖਿੱਚ ਦਾ ਕੇਂਦਰ ਹੁੰਦਾ ਸੀ, ਉਹ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਅਤੇ ਬੇਵਸੀ ਕਾਰਨ ਉਜਾੜ ਬਣ ਗਿਆ ਹੈ। ਨਗਰ ਕੌਂਸਲ ਅਹਿਮਦਗੜ੍ਹ ਦੀ ਹੱਦ ਅੰਦਰ ਛਪਾਰ ਰੋਡ 'ਤੇ ਪੈਂਦੇ ਇਸ ਪਾਰਕ ਵਿਚ ਲੱਖਾਂ ਰੁਪਏ ਲਗਾ ਕੇ ਬੱਚਿਆਂ ਦੇ ਝੂਲੇ, ਮਿਊਜ਼ਿਕ ਸਿਸਟਮ ਨਾਲ ਚੱਲਦਾ ਫੁਹਾਰਾ ਅਤੇ ਕਈ ਦਰੱਖ਼ਤ ਅਤੇ ਬੂਟੇ ਲਗਾਏ ਗਏ ਹਨ। ਪਰ ਅੱਜ ਦੇ ਸਮੇਂ ਵਿਚ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਬਹੁਤੇ ਝੂਲੇ ਟੁੱਟ ਚੁੱਕੇ ਹਨ, ਮਿਊਜ਼ਿਕਲ ਫਾਊਂਟੇਨ ਖਰਾਬ ਹੋ ਚੁੱਕਿਆ ਹੈ ਅਤੇ ਬਹੁਤੇ ਦਰੱਖ਼ਤ ਅਤੇ ਬੂਟੇ ਬਿਲਕੁਲ ਸੁੱਕ ਚੁੱਕੇ ਹਨ। ਇਥੋਂ ਤੱਕ ਕਿ ਪਾਣੀ ਵਾਲੀ ਮੋਟਰ ਵੀ ਪਿਛਲੇ ਤਿੰਨ ਮਹੀਨੇ ਤੋਂ ਖ਼ਰਾਬ ਹੈ, ਉਸ ਨੂੰ ਵੀ ਠੀਕ ਕਰਵਾਉਣ ਲਈ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਬੀੜਾ ਨਹੀਂ ਚੁੱਕਿਆ। ਪਾਰਕ ਅੰਦਰ ਬਣੇ ਪਖ਼ਾਨਿਆਂ ਦਾ ਵੀ ਬੁਰਾ ਹਾਲ ਹੈ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਜਦੋਂ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਮੋਟਰ ਬੋਰ ਵਿਚ ਡਿੱਗ ਚੁੱਕੀ ਹੈ। ਇਸ ਲਈ ਇਸ ਨੂੰ ਠੀਕ ਕਰਵਾਉਣਾ ਸੰਭਵ ਨਹੀਂ। ਮੰਡੀ ਅਹਿਮਦਗੜ੍ਹ ਦੇ ਸੋਸ਼ਲ ਵਰਕਰ ਰਾਜੇਸ਼ ਕੁਮਾਰ ਸੇਠੀ ਅਤੇ ਸੀਨੀਅਰ ਸਿਟੀਜ਼ਨ ਪਵਨ ਗੁਪਤਾ ਨੇ ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਇਸ ਪਾਰਕ ਨੂੰ ਸੁਚੱਜਾ ਰੱਖਣ ਅਤੇ ਇਸ ਦੀ ਠੀਕ ਢੰਗ ਨਾਲ ਨਿਗਰਾਨੀ ਕਰਨ ਲਈ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਡਿਊਟੀ ਫਿਕਸ ਕੀਤੀ ਜਾਵੇ ਅਤੇ ਇਸ ਪਾਰਕ ਦੇ ਝੂਲੇ, ਮਿਊਜ਼ਿਕ ਸਿਸਟਮ, ਵਾਸ਼ਰੂਮ ਅਤੇ ਪਾਣੀ ਵਾਲੀ ਮੋਟਰ ਤੁਰੰਤ ਠੀਕ ਕਰਵਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਅਤੇ ਬੱਚਿਆਂ ਲਈ ਬਣੇ ਇਸ ਮਨੋਰੰਜਨ ਦੇ ਸਾਧਨ ਪਾਰਕ ਵਿਚ ਲੋਕਾਂ ਦੀ ਆਵਾਜਾਈ ਆਮ ਵਾਂਗ ਬਹਾਲ ਹੋ ਸਕੇ ਅਤੇ ਲੋਕ ਇਸ ਪਾਰਕ ਦਾ ਅਨੰਦ ਲੈ ਸਕਣ।
-ਪਵਨ ਗੁਪਤਾ
ਪਾਣੀ ਦਾ ਸੰਕਟ
ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ ਦਿਨ ਥੱਲੇ ਜਾ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਮੇਰਾ ਮੰਨਣਾ ਹੈ ਕਿ ਇਸ ਪਾਣੀ ਦੇ ਸੰਕਟ ਦਾ ਮੁੱਖ ਕਾਰਨ ਮੁਫਤ ਬਿਜਲੀ ਹੈ, ਜਿਸ ਕਾਰਨ ਅਸੀਂ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਪਾਣੀ ਜਿਹੜੀਆਂ ਫ਼ਸਲਾਂ ਵਿਚ ਜ਼ਿਆਦਾ ਖਪਤ ਹੁੰਦਾ ਹੈ ਜਿਵੇਂ ਗੰਨਾ, ਕਣਕ, ਝੋਨਾ ਆਦਿ ਇਸ ਦੀ ਜਗ੍ਹਾ ਨਰਮਾ, ਬਾਸਮਤੀ, ਮੱਕੀ, ਦਾਲਾਂ ਆਦਿ ਲਗਾ ਕੇ ਉਸ ਦਾ ਸਰਕਾਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ। ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਬਾਹਰਲੇ ਮੁਲਕਾਂ ਵਿਚ ਸਟੋਰ ਹੁੰਦਾ ਹੈ, ਇਸ ਤਰ੍ਹਾਂ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ। ਆਰ.ਓ. ਦੇ ਬਰਬਾਦ ਹੋ ਰਹੇ ਪਾਣੀ ਨੂੰ ਬੂਟਿਆਂ ਤੇ ਭਾਂਡੇ ਧੋਣ ਵਾਸਤੇ ਇਸਤੇਮਾਲ ਕਰੋ। ਪਾਣੀ ਦੀ ਟੂਟੀ ਖੁੱਲ੍ਹੀ ਨਾ ਛੱਡੋ। ਕਈ ਪ੍ਰੇਮੀ ਆਸਥਾ ਦੇ ਨਾਂਅ 'ਤੇ ਬਾਲਟੀਆਂ ਭਰ-ਭਰ ਧਾਰਮਿਕ ਥਾਵਾਂ ਨੂੰ ਧੋਂਦੇ ਹਨ। ਕਿਸਾਨਾਂ ਨੂੰ ਟਿਊਬਵੈਲਾਂ ਦਾ ਕੁਨੈਕਸ਼ਨ ਦੇਣ ਲੱਗਿਆਂ ਘੱਟੋ-ਘੱਟ ਚਾਰ ਬੂਟੇ ਲਵਾਉਣੇ ਚਾਹੀਦੇ ਹਨ। ਇਨਸਾਨ ਜੇ ਆਪ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਕਰੇਗਾ ਤਾਂ ਕਿਸੇ ਹੱਦ ਤਕ ਪਾਣੀ ਦੇ ਘਟਦੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ। ਪਾਣੀ ਦੇ ਸੰਕਟ ਬਾਰੇ ਖੇਤੀਬਾੜੀ ਮਹਿਕਮੇ ਨੂੰ ਸਮੇਂ-ਸਮੇਂ ਸਿਰ ਜਾਗਰੂਕ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਰੁੱਖ ਤੇ ਬਾਰਿਸ਼
ਰੁੱਖ ਸਾਡੀ ਹੋਂਦ ਲਈ ਜੀਵਨ ਦਾ ਮੂਲ ਆਧਾਰ ਹਨ, ਪੁਰਾਤਨ ਸਮਿਆਂ ਵਿਚ ਮੰਦਰਾਂ, ਗੁਰਦੁਆਰਿਆਂ, ਧਰਮਸ਼ਾਲਾ, ਸ਼ਮਸ਼ਾਨਘਾਟਾਂ ਵਿਚ ਬੋਹੜ, ਪਿੱਪਲ ਦੇ ਛਾਂਦਾਰ ਦਰੱਖਤ ਲਗਾਏ ਜਾਂਦੇ ਸਨ, ਜਿਸ ਵਿਚ ਪਿੱਪਲ ਖ਼ਾਸ ਕਰਕੇ ਰਾਤ ਨੂੰ ਵੀ ਆਕਸੀਜਨ ਦਿੰਦਾ ਰਹਿੰਦਾ ਸੀ ਜੋ ਕਿ ਮਨੁੱਖ ਦਾ ਮਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦੀ ਕਈ ਲੋਕ ਪੂਜਾ ਵੀ ਕਰਦੇ ਹਨ। ਜੇਕਰ ਪਿੰਡ ਦੇ ਲਾਗੇ ਬਾਗ਼ ਲੱਗਾ ਹੁੰਦਾ ਤਾਂ ਪਿੰਡ ਦਾ ਵਾਤਾਵਰਨ ਵੀ ਬਹੁਤ ਸੁਹਾਵਨਾ ਬਣਿਆ ਰਹਿੰਦਾ ਸੀ। ਪੁਰਾਣੇ ਬਜ਼ੁਰਗ ਤਾਂ ਰਾਤ ਨੂੰ ਰੁੱਖ ਦੀ ਟਾਹਣੀ ਨੂੰ ਹੱਥ ਵੀ ਨਹੀਂ ਲਗਾਉਣ ਦਿੰਦੇ ਸਨ ਕਿ ਰੁੱਖ ਰਾਤ ਨੂੰ ਸੌਂ ਰਿਹਾ ਹੈ, ਪਰ ਹੁਣ ਤਾਂ ਦਿਨ-ਰਾਤ ਰੁੱਖਾਂ ਦੀ ਕਟਾਈ ਹੁੰਦੀ ਹੈ। ਕਦੀ ਸਮਾਂ ਸੀ ਕਿ ਖੇਤਾਂ ਵਿਚ ਵੀ ਵੱਡੇ-ਵਿੱਡੇ ਢਿਊ, ਅੰਬਾਂ ਦੇ ਦਰੱਖਤ ਹੁੰਦੇ ਸਨ। ਜੰਗਲਾਂ, ਖੇਤਾਂ ਦੇ ਰੁੱਖਾਂ, ਸੜਕਾਂ 'ਤੇ ਲੱਗੇ ਰੁੱਖਾਂ ਦਾ ਕਾਫੀ ਹੱਦ ਤੱਕ ਸਫਾਇਆ ਹੋ ਗਿਆ ਹੈ, ਜੋ ਕਿ ਮਨੁੱਖ ਤੇ ਜੀਵ ਜੰਤੂਆਂ ਲਈ ਖ਼ਤਰੇ ਦੀ ਘੰਟੀ ਹੈ। ਰਹਿੰਦੀ-ਖੂੰਹਦੀ ਕਸਰ ਇਸ ਵਾਰ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਰੁੱਖਾਂ ਨੂੰ ਝੁਲਸ ਕੇ ਰੱਖ ਦਿੱਤਾ ਹੈ, ਜਿਸ ਨਾਲ ਤਪਸ਼ ਦਿਨੋ-ਦਿਨ ਵਧਦੀ ਜਾ ਰਹੀ ਹੈ। ਧਰਤੀ 'ਤੇ ਰੁੱਖ ਹੋਣਗੇ ਤਾਂ ਹੀ ਧਰਤੀ 'ਤੇ ਸਾਡਾ ਜੀਵਨ ਬਚਿਆ ਰਹੇਗਾ। ਸੋ, ਸਾਰਿਆਂ ਨੂੰ ਰੁੱਖ ਲਗਾ ਕੇ ਪਾਲਣਹਾਰਾ ਬਣਨ ਦਾ ਅਹਿਦ ਲੈਣਾ ਪਵੇਗਾ ਤਾਂ ਹੀ ਕਾਲੇ ਬੱਦਲ ਆਉਣਗੇ ਤੇ ਝੜੀਆਂ ਲੱਗਣਗੀਆਂ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
ਹਾਲ ਵਿਚ ਹੋਈ ਭਾਰੀ ਬਾਰਿਸ਼ ਨਾਲ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ 'ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਪਾਣੀ ਦੇ ਨਾਲ ਹੜ੍ਹਾਂ ਵਰਗੇ ਹਾਲਾਤ ਨਾ ਬਣਨ, ਬਰਸਾਤਾਂ ਤੋਂ ਪਹਿਲਾਂ ਨਖਾਸੂ, ਨਾਲੇ ਨਦੀਆਂ, ਨਹਿਰਾਂ, ਦਰਿਆ, ਛੱਪੜਾਂ, ਟੋਇਆਂ ਦੀ ਕ੍ਰੇਨ ਨਾਲ ਖੁਦਾਈ ਕੀਤੀ ਜਾਂਦੀ ਸੀ। ਸਾਡੇ ਖੇਤਾਂ ਨੇੜਿਓਂ ਦੋ ਨਖਾਸੂ ਲੰਘਦੇ ਸੀ, ਪਾਣੀ ਦੇ ਨਿਕਾਸ ਵਾਸਤੇ ਪਿੰਡਾਂ ਦੇ ਚਾਰ-ਚੁਫੇਰੇ ਛੱਪੜ ਸਨ। ਅਸੀਂ ਝਲਾਰ ਰਾਹੀਂ ਨਖਾਸੂ ਵਿਚੋਂ ਪਾਣੀ ਕੱਢ ਫ਼ਸਲਾਂ ਦੀ ਸਿੰਚਾਈ ਕਰਦੇ ਸੀ ਜਾਂ ਝੱਟੇ ਰਾਹੀਂ ਪਾਣੀ ਨਖਾਸੂ ਵਿਚੋਂ ਕੱਢਦੇ ਸੀ। ਬਾਰਿਸ਼ਾਂ ਬੜੀਆਂ ਹੁੰਦੀਆਂ ਸਨ। ਹੜ੍ਹ ਆ ਜਾਂਦੇ ਸਨ। ਇਸ ਕਰਕੇ ਦੋਵਾਂ ਨਖਾਸੂਆਂ ਦੀ ਖਲਾਈ ਹੁੰਦੀ ਅਸੀਂ ਦੇਖਦੇ ਰਹੇ ਹਾਂ। ਪਰ ਹੁਣ ਬਰਸਾਤਾਂ ਘੱਟ ਹੋਣ ਨਾਲ ਪ੍ਰਸ਼ਾਸਨ ਖਲਾਈ ਵੱਲ ਧਿਆਨ ਨਹੀਂ ਦਿੰਦਾ, ਜਿਸ ਕਾਰਨ ਬਾਰਿਸ਼ ਹੋਣ ਨਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਛੱਪੜ ਲੋਕਾਂ ਨੇ ਪੂਰ ਲਏ ਹਨ। ਬਾਹਰ ਘਟਨਾ ਵਾਪਰਨ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਦੇ ਹਨ, ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰਦੀ। ਬਾਹਰ ਬਾਰਿਸ਼ ਦੇ ਪਾਣੀ ਨੂੰ ਸਟੋਰ ਕਰ ਪੀਣ ਲਈ ਵਰਤਿਆ ਜਾਂਦਾ ਹੈ। ਹੁਣ ਜਦੋਂ ਧਰਤੀ ਦਾ ਪਾਣੀ ਹੇਠਾਂ ਜਾ ਰਿਹਾ ਹੈ ਬਾਹਰ ਵਾਂਗ ਪਾਣੀ ਸਟੋਰ ਕਰਨਾ ਚਾਹੀਦਾ ਹੈ। ਇਸ ਨਾਲ ਪਾਣੀ ਦਾ ਲੈਵਲ ਵੀ ਠੀਕ ਰਹੇਗਾ ਤੇ ਹੜ੍ਹਾਂ ਵਰਗੇ ਹਾਲਾਤ ਨਹੀਂ ਬਣਨਗੇ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ ਫਿਰ ਮੰਥਨ ਹੁੰਦਾ ਹੈ। ਰਾਜਨੀਤੀ ਹੋਣ ਲੱਗ ਪੈਂਦੀ ਹੈ। ਭਵਿੱਖ ਵਿਚ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ ਸੰਬੰਧਿਤ ਮਹਿਕਮੇ ਨਾਲ ਤਾਲਮੇਲ ਕਰਕੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕੀਤੀ ਜਾਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।
ਲੁੱਟਾਂ ਖੋਹਾਂ ਦਾ ਖੌਫ਼
ਪੰਜਾਬ ਵਿਚ ਅੱਜਕੱਲ੍ਹ ਪਿੰਡਾਂ, ਸ਼ਹਿਰਾਂ, ਕਸਬਿਆਂ, ਸੁੰਨਸਾਨ ਸੜਕਾਂ 'ਤੇ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਖ਼ੌਫ਼ ਪੈਦਾ ਹੋ ਚੁੱਕਾ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਲਗਭਗ ਹਰ ਪਿੰਡ ਜਾਂ ਕਸਬੇ ਵਿਚ ਲੁੱਟ-ਖੋਹ ਦੀ ਵਾਰਦਾਤ ਹੋ ਚੁੱਕੀ ਹੈ ਜਾਂ ਇੰਝ ਕਹਿ ਲਈਏ ਕਿ ਹੁਣ ਹਰ ਪਿੰਡ ਜਾਂ ਕਸਬੇ ਵਿਚ ਕੋਈ ਨਾ ਕੋਈ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੱਥੇ ਚੜ੍ਹ ਚੁੱਕਾ ਹੈ ਅਤੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਕੋਲੋਂ ਲੁਟਾ ਚੁੱਕਿਆ ਹੈ। ਕਈ ਵਾਰ ਤਾਂ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਵਲੋਂ ਹਥਿਆਰਾਂ ਨਾਲ ਵਾਰ ਕਰ ਕੇ ਰਾਹਗੀਰਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਹਾਲਾਤ ਇਹ ਹਨ ਕਿ ਜੇਕਰ ਤੁਸੀਂ ਆਪਣੇ ਕਿਸੇ ਵਾਹਨ ਜਿਵੇਂ ਸਕੂਟਰ, ਮੋਟਰਸਾਈਕਲ, ਐਕਟਿਵਾ ਆਦਿ 'ਤੇ ਜਾ ਰਹੇ ਹੋ ਉਸ ਵੇਲੇ ਜੇਕਰ ਖਾਲੀ ਸੜਕ 'ਤੇ ਤੁਹਾਡੇ ਕੋਲ ਕੋਈ ਮੋਟਰਸਾਈਕਲ, ਐਕਟਿਵਾ ਸਵਾਰ ਤੁਹਾਡੇ ਪਿੱਛੇ ਆ ਰਿਹਾ ਹੁੰਦਾ ਹੈ ਤਾਂ ਮਨ ਵਿਚ ਖੌਫ਼ ਪੈਦਾ ਹੋ ਜਾਂਦਾ ਹੈ ਕਿ ਕਿਤੇ ਲੁੱਟ ਖੋਹ ਵਾਲੇ ਨਾ ਹੋਣ। ਇਹ ਡਰ ਲੋਕਾਂ ਵਿਚ ਏਨਾ ਵਧ ਚੁੱਕਾ ਹੈ ਕਿ ਸਵੇਰ ਸ਼ਾਮ ਵੇਲੇ ਤਾਂ ਇਹੋ ਜਿਹੇ ਮਾਹੌਲ ਵਿਚ ਆਮ ਬੰਦੇ ਦਾ ਸਾਹ ਸੂਤੇ ਜਾਂਦੇ ਹਨ। ਇਹ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਹੀ ਹੈ ਕਿ ਲੁੱਟਾਂ ਖੋਹਾਂ ਕਰਨ ਵਾਲੇ ਆਮ ਘੁੰਮ ਰਹੇ ਹਨ ਜਦਕਿ ਲੋਕਾਂ ਨੂੰ ਆਪਣੀ ਜਾਣ ਜ਼ੋਖਮ ਵਿਚ ਪਾ ਕੇ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਬਹੁਤੀ ਵਾਰ ਤਾਂ ਲੋਕਾਂ ਵਲੋਂ ਪੁਲਿਸ ਰਿਪੋਰਟ ਵੀ ਨਹੀਂ ਲਿਖਾਈ ਜਾਂਦੀ। ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ, ਜੋ ਮਿੰਟਾਂ-ਸਕਿਟਾਂ ਵਿਚ ਹੀ ਆਮ ਘਰਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਕੇ ਲੈ ਜਾਂਦੇ ਹਨ, ਫੜ੍ਹ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।
-ਅਸ਼ੀਸ਼ ਸ਼ਰਮਾ, ਜਲੰਧਰ
ਪੇਪਰ ਲੀਕ ਇਕ ਗੰਭੀਰ ਸਮੱਸਿਆ
ਜਿਥੇ ਇਕ ਪਾਸੇ ਦੁਨੀਆ ਵਿਚ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੇਸ਼ ਸਭ ਤੋਂ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ ਉੱਥੇ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਵਿਚ ਪੇਪਰ ਲੀਕ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ। ਮੌਜੂਦਾ ਪੇਪਰ ਲੀਕ ਕਾਂਡ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਵਿਸ਼ਵ ਗੁਰੂ ਬਣਨ ਦਾ ਦਾਅਵਾ ਕਰਨ ਵਾਲੇ ਦੇਸ਼ ਲਈ ਸਰਕਾਰੀ ਨੌਕਰੀ ਦੀ ਪ੍ਰਕਿਰਿਆ ਅਤੇ ਨੀਟ ਵਰਗੀ ਉੱਚ ਪੱਧਰੀ ਪ੍ਰੀਖਿਆ ਕਰਵਾਉਣਾ ਚੁਣੌਤੀ ਕਿਉਂ ਬਣ ਰਿਹਾ ਹੈ? ਪੇਪਰ ਲੀਕ ਘਪਲੇ ਦਾ ਮਾਮਲਾ ਨਵਾਂ ਨਹੀਂ ਹੈ। ਰਾਜਸਥਾਨ, ਉੱਤਰਾਖੰਡ, ਬਿਹਾਰ, ਝਾਰਖੰਡ, ਤੇਲੰਗਾਨਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਬੜੇ ਸ਼ਰਮ ਦੀ ਗੱਲ ਹੈ ਕਿ ਅਜੇ ਤਕ ਕੋਈ ਸਥਾਈ ਹੱਲ ਨਹੀਂ ਨਿਕਲਿਆ। ਇਹ ਦੇਸ਼ ਦੀ ਨੌਜਵਾਨ ਆਬਾਦੀ ਦੇ ਭਵਿੱਖ ਨਾਲ ਜੁੜਿਆ ਇਕ ਮਹੱਤਵਪੂਰਨ ਵਿਸ਼ਾ ਹੈ। ਪੇਪਰ ਲੀਕ ਦੇ ਪੂਰੇ ਭਾਰਤ ਵਿਚ ਫੈਲਣ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਪੇਪਰ ਲੀਕ ਨੂੰ ਇਕ ਸੰਗਠਿਤ ਅਪਰਾਧ ਮੰਨਿਆ ਜਾਵੇ। ਪਰ ਜਾਂਚ ਕੇਂਦਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ। ਪੇਪਰ ਲੀਕ ਮਾਫ਼ੀਆ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਨੌਕਰੀ ਦੀ ਪ੍ਰੀਖਿਆ ਕਰਵਾਉਣ ਵਾਲੇ ਕਮਿਸ਼ਨ ਵਿਚ ਯੋਗ ਅਤੇ ਨਿਰਪੱਖ ਨਿਯੁਕਤੀ ਹੋਣੀ ਚਾਹੀਦੀ ਹੈ। ਫੁੱਲ ਪਰੂਫ਼ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਨੌਕਰੀਆਂ ਦਾ ਕੇਂਦਰੀ ਕੈਲੰਡਰ ਬਣਾਇਆ ਜਾਣਾ ਚਾਹੀਦਾ ਹੈ। ਯੂ.ਪੀ.ਐਸ.ਸੀ. ਵਾਂਗ, ਇਕ ਏਜੰਸੀ ਨੂੰ ਸਾਰੇ ਰਾਜਾਂ ਦੀਆਂ ਨੌਕਰੀਆਂ ਦੀ ਚੋਣ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਸਿੱਖਿਆ ਨੂੰ ਨੌਕਰੀ ਸਮਝ ਕੇ ਸਮਾਜਿਕ ਸੋਚ ਨੂੰ ਖ਼ਤਮ ਕਰਨਾ ਹੋਵੇਗਾ। ਰੁਜ਼ਗਾਰ ਲਈ ਹੁਨਰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
-ਗੌਰਵ ਮੁੰਜਾਲ, ਪੀ.ਸੀ.ਐਸ.।
ਬੁਢਾਪਾ ਆਉਂਦਾ ਹੈ, ਜਾਂਦਾ ਨਹੀਂ
ਬੁਢਾਪਾ ਜੀਵਨ ਦਾ ਹਿੱਸਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ, ਅਤੇ ਬੁਢਾਪੇ ਵਿਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਇਨ੍ਹਾਂ ਤਿੰਨਾਂ ਅਵਸਥਾਵਾਂ ਵਿਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ, ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਤ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿਚ ਕਰ ਲੈਂਦੇ ਹਨ। ਇਸ ਕਰਕੇ ਇਸ ਨੂੰ ਸਰਾਪ ਵੀ ਮੰਨਿਆ ਜਾਂਦਾ ਹੈ। ਘਰ ਪਰਿਵਾਰ ਵਿਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਅਨੰਦ ਮਾਣਦਾ ਹੈ। ਜਵਾਨੀ ਵਿਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿਚ ਇਹ ਸਹਾਰਨਯੋਗ ਨਹੀਂ ਹੁੰਦੀਆਂ। ਇਹ ਇਕੱਲਤਾ ਹੰਢਾਉਂਦਾ ਹੈ, ਪਰ ਇਸ ਅਵਸਥਾ ਵਿਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ। ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ, ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ 'ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿਚ ਕੀਤੀਆਂ ਚੇਤੇ ਆਉਂਦੀਆਂ ਹਨ, ਹੋ ਕੁਝ ਵੀ ਨਹੀਂ ਸਕਦਾ। ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ। ਘਰ ਦੀ ਵਾਗਡੋਰ ਵੀ ਬਜ਼ੁਰਗ ਸਾਂਭਿਆ ਕਰਦੇ ਸਨ। ਅੱਜ ਬੁਢਾਪਾ ਰੁਲਦਾ ਤਾਂ ਆਮ ਵੇਖਿਆ ਪਰ ਜਿੱਥੇ ਬਜ਼ੁਰਗ ਦਾ ਸਤਿਕਾਰ ਹੋਵੇ ਉਹ ਲੱਭਣਾ ਪੈਂਦਾ ਹੈ। ਮੈਂ ਖ਼ੁਦਗਰਜ਼ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰੋ, ਕਿਉਂਕਿ ਇਕ ਦਿਨ ਬੁਢਾਪਾ ਤੁਹਾਡੇ 'ਤੇ ਵੀ ਆਉਣਾ ਹੈ ਅਤੇ ਤੁਹਾਡੇ ਬੱਚੇ ਤੁਹਾਨੂੰ ਵੇਖ ਕੇ ਤੁਹਾਡੇ ਨਾਲ ਵੀ ਉਹੋ ਵਤੀਰਾ ਕਰਨਗੇ ਜੋ ਤੁਸੀਂ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹੋ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਆਖ਼ਰ ਕਦੋਂ ਰੁਕਣਗੇ ਘੁਟਾਲੇ
ਨੀਟ ਅਤੇ ਨੈੱਟ ਪੇਪਰ ਵਿਚ ਜੋ ਗੜਬੜੀ ਅਤੇ ਘੁਟਾਲਾ ਦੇਸ਼ ਵਿਚ ਹੋਇਆ ਹੈ। ਇਸ ਘੁਟਾਲੇ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਹ ਅੱਜ ਤੱਕ ਦਾ ਸਿੱਖਿਆ ਖੇਤਰ ਵਿਚ ਦੇਸ਼ ਸਭ ਤੋਂ ਵੱਡਾ ਘੁਟਾਲਾ ਹੈ। ਇਹ ਸਾਡੇ ਦੇਸ਼ ਦੇ ਭਵਿੱਖ ਕਾਬਲ ਅਤੇ ਮਿਹਨਤੀ ਨੌਜਵਾਨਾਂ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਹੋਇਆ ਹੈ। ਕਿਵੇਂ ਕੁਝ ਲੋਕ ਮੋਟਾ ਪੈਸਾ ਲੈ ਕੇ ਨਾਲਾਇਕ ਬੱਚਿਆਂ ਨੂੰ ਨੀਟ ਅਤੇ ਨੈੱਟ ਦੀ ਪ੍ਰੀਖਿਆ ਵਿਚ ਪਾਸ ਕਰਾਉਣ ਲਈ ਯਤਨ ਕਰ ਰਹੇ ਹਨ। ਇਸ ਘੁਟਾਲੇ ਨੇ ਕੇਂਦਰ ਸਰਕਾਰ ਦੀ ਇਮਾਨਦਾਰੀ ਅਤੇ ਨੀਅਤ 'ਤੇ ਜ਼ਰੂਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਸਰਕਾਰ ਆਪਣੇ-ਆਪ ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਸਰਕਾਰ ਦੱਸ ਰਹੀ ਹੈ। ਇਹ ਨੌਜਵਾਨਾਂ ਦੇ ਭਵਿੱਖ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਬਹੁਤ ਵੱਡਾ ਖਿਲਵਾੜ ਹੋਇਆ ਹੈ। ਜੋ ਆਪਣੇ ਖ਼ੂਨ-ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਇਸ ਟੈਸਟ ਦੀ ਤਿਆਰੀ ਕਰਾ ਰਹੇ ਹਨ। ਇਸ ਘੁਟਾਲੇ ਨੇ ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਹੁਣ ਨੌਜਵਾਨ ਇਨਸਾਫ਼ ਲੈਣ ਲਈ ਕਿੱਥੇ ਜਾਣ? ਜਿਸ ਏਜੰਸੀ ਜਾਂ ਕਮੇਟੀ ਨੇ ਜਾਂਚ ਕਰਨੀ ਹੈ ਉਹ ਵੀ ਤਾਂ ਕੇਂਦਰ ਸਰਕਾਰ ਦੇ ਹੀ ਅਧੀਨ ਹੈ। ਸਾਡੀ ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਇਸ ਟੈਸਟ ਨੂੰ ਰੱਦ ਕਰ ਦਿੱਤਾ ਜਾਵੇ। ਇਹ ਟੈਸਟ ਫਿਰ ਤੋਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਲਿਆ ਜਾਵੇ। ਕਿਸੇ ਵੀ ਨੌਜਵਾਨ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ। ਜਿਸ ਨਾਲ ਕਾਬਲ ਅਤੇ ਮਿਹਨਤੀ ਨੌਜਵਾਨਾਂ ਨੂੰ ਹੀ ਅੱਗੇ ਆਉਣ ਦਾ ਮੌਕਾ ਮਿਲੇ। ਇਸ ਘਪਲੇ 'ਚ ਸ਼ਾਮਿਲ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ
ਹਾਏ ਲਾਊਡ ਸਪੀਕਰ
ਅੱਜਕੱਲ੍ਹ ਪਿੰਡਾਂ, ਸ਼ਹਿਰਾਂ ਕਸਬਿਆਂ ਵਿਚ ਹਰ ਆਮ ਸਬਜ਼ੀ ਵਾਲਾ, ਰੇਹੜੀ ਵਾਲਾ, ਰੱਦੀ ਖਰੀਦਣ ਵਾਲਾ, ਵਾਲ ਵੇਚਣ ਵਾਲਾ, ਗਲੀਆਂ ਵਿਚ ਕੁਝ ਵੀ ਸਾਮਾਨ ਵੇਚਣ ਵਾਲੇ ਹਰ ਕੋਈ ਆਪਣੀ ਰਿਕਸ਼ਾ, ਸਾਈਕਲ, ਮੋਟਰਸਾਈਕਲ 'ਤੇ ਰਿਕਾਰਡਿੰਗ ਕਰਕੇ ਲਾਊਡ ਸਪੀਕਰ ਚਲਾ ਕੇ ਘੁੰਮਦੇ ਹਨ। ਇਸ ਨਾਲ ਇਕ ਤਾਂ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ ਦੂਜਾ ਕਈ ਘਰਾਂ ਵਿਚ ਜੋ ਲੋਕ ਬਿਮਾਰ ਹੁੰਦੇ ਹਨ ਉਨ੍ਹਾਂ ਨੂੰ ਵੀ ਇਨ੍ਹਾਂ ਸਪੀਕਰਾਂ ਤੋਂ ਬੜੀ ਪ੍ਰੇਸ਼ਾਨੀ ਹੁੰਦੀ ਹੈ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਲਾਊਡ ਸਪੀਕਰਾਂ ਨੂੰ ਬੰਦ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ।
-ਅਸ਼ੀਸ਼ ਸ਼ਰਮਾ
ਜਲੰਧਰ
ਸੋਸ਼ਲ ਮੀਡੀਆ ਦੀ ਵਰਤੋਂ
30 ਜੂਨ ਦੇ ਪੰਨਾ ਚਾਰ 'ਤੇ ਛਪਿਆ ਸੋਸ਼ਲ ਮੀਡੀਆ ਦਿਵਸ 'ਤੇ ਵਿਸ਼ੇਸ਼ ਜਗਜੀਤ ਸਿੰਘ ਗਣੇਸ਼ਪੁਰ ਦਾ ਲੇਖ ਸੋਸ਼ਲ ਮੀਡੀਆ: ਕਿੰਨੀ ਹਕੀਕਤ ਕਿੰਨਾ ਦਿਖਾਵਾ? ਅੱਜ ਦੇ ਸਮੇਂ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਕਿਉਂਕਿ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੌਜੂਦਾ ਸਮੇਂ ਤਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋ ਚੁੱਕੇ ਹਨ। ਇਹ ਇੱਕ ਅਜਿਹਾ ਪਲੇਟਫ਼ਾਰਮ ਹੈ ਜਿਸ ਦੀ 95 ਫ਼ੀਸਦੀ ਨੌਜਵਾਨ ਵਰਤੋਂ ਕਰ ਰਹੇ ਹਨ। ਲੇਖਕ ਨੇ ਵੀ ਬਹੁਤ ਹੀ ਡੁੰਘਾਈ ਨਾਲ ਆਪਣੀ ਗੱਲ ਰੱਖੀ ਹੈ। ਸਾਨੂੰ ਸਭ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਦੀ ਹਰ ਗੱਲ 'ਤੇ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਭਰੋਸਾ ਕਰਨਾ ਚਾਹੀਦਾ ਹੈ।
-ਡਾ. ਮੁਹੰਮਦ ਇਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕਿਰਾਏਦਾਰਾਂ ਬਾਰੇ ਜਾਣਕਾਰੀ
ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਪੁਲਿਸ ਦੇ ਸਾਂਝ ਕੇਂਦਰਾਂ ਵਿਚ ਮਕਾਨ ਮਾਲਕਾਂ ਨੂੰ ਘਰਾਂ ਵਿਚ ਰੱਖੇ ਕਿਰਾਏਦਾਰ, ਪੀ.ਜੀ. ਮਾਲਕਾਂ ਵਲੋਂ ਰਖੇ ਗਏ ਕਿਰਾਏ 'ਤੇ ਲੋਕਾਂ, ਘਰੇਲੂ ਨੌਕਰਾਂ ਅਤੇ ਹੋਰ ਕਾਮਿਆਂ ਸੰਬੰਧੀ ਜਾਣਕਾਰੀ ਦੇਣ ਉਪਰੰਤ ਹੀ ਕਿਰਾਏ 'ਤੇ ਰੱਖੇ ਜਾਣ ਬਾਰੇ ਕਿਹਾ ਜਾਂਦਾ ਹੈ, ਪਰੰਤੂ ਫਿਰ ਵੀ ਕਈ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿਸ ਕਾਰਨ ਅਕਸਰ ਅਪਰਾਧਿਕ ਵਾਰਦਾਤਾਂ ਵਾਪਰ ਜਾਣ 'ਤੇ ਅਜਿਹੇ ਅਨਸਰਾਂ ਨੂੰ ਲੱਭਣ ਵਿਚ ਮੁਸ਼ਕਿਲ ਆਉਂਦੀ ਹੈ। ਸ਼ਹਿਰਾਂ ਵਿਚ ਲਗਭਗ ਕਈ ਲੋਕਾਂ ਨੇ ਅਜਿਹੇ ਕਿਰਾਏਦਾਰ ਰੱਖੇ ਹੁੰਦੇ ਹਨ ਜੋ ਘਿਨਾਉਣੇ ਕਾਰੇ ਕਰਕੇ ਰਫ਼ੂ-ਚੱਕਰ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਘਰ ਤੋਂ ਦੂਰ ਸ਼ਹਿਰਾਂ ਵਿਚ ਕੰਮ ਜਾਂ ਨੌਕਰੀ ਸੰਬੰਧੀ, ਪੜ੍ਹਾਈ ਆਦਿ ਕਰਨ, ਪੀ.ਜੀ. ਆਦਿ ਵਿਚ ਰਹਿਣਾ ਪੈਂਦਾ ਹੈ, ਉਥੇ ਹੀ ਕਈ ਲੋਕਾਂ ਨੇ ਆਪਣੀ ਸੰਪਤੀ ਦੀ ਸਾਂਭ-ਸੰਭਾਲ ਲਈ ਕੇਅਰ ਟੇਕਰ ਵੀ ਰੱਖੇ ਹੁੰਦੇ ਹਨ। ਖਾਲੀ ਪਲਾਟਾਂ ਵਿਚ ਮਾਲਕਾਂ ਨੇ ਸ਼ੈੱਡ ਬਣਾ ਕੇ ਪ੍ਰਵਾਸੀ ਭਾਈਚਾਰਾ ਰੱਖਿਆ ਹੁੰਦਾ ਹੈ, ਉਨ੍ਹਾਂ ਸੰਬੰਧੀ ਵੀ ਕਈ ਮਾਲਕਾਂ ਵਲੋਂ ਸੂਚਨਾ ਸੰਬੰਧਿਤ ਥਾਣੇ ਵਿਚ ਨਹੀਂ ਦਿੱਤੀ ਜਾਂਦੀ। ਸੋ, ਆਪਣੇ ਕਿਰਾਏਦਾਰਾਂ ਆਦਿ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੰਬੰਧਿਤ ਸਾਂਝ ਕੇਂਦਰਾਂ ਵਿਚ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰਖਵਾਲੀ ਹੋ ਸਕੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਸਰਾਪਾਂ ਤੋਂ ਮੁਕਤੀ
ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਕਈ ਅਹਿਮ ਫ਼ੈਸਲੇ ਲਏ ਗਏ ਸਨ, ਜਿਵੇਂ ਕਿ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਨਸ਼ੇ ਜਿਹੇ ਸਰਾਪ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ। ਫ਼ੈਸਲੇ ਲੈਣਾ ਚੰਗੀ ਗੱਲ ਹੈ, ਪਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਹਰ ਵਾਰਟੇਢੀ ਖੀਰ ਸਾਬਿਤ ਹੁੰਦਾ ਹੈ। ਭ੍ਰਿਸ਼ਟਾਚਾਰ ਤੇ ਨਸ਼ਾ ਸਮਾਜ 'ਚ ਅਜਿਹੀਆਂ ਭੈੜੀਆਂ ਅਲਾਮਤਾਂ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਿਰਫ਼ ਫ਼ੈਸਲੇ ਲੈਣੇ ਹੀ ਕਾਫ਼ੀ ਨਹੀਂ, ਇਹ ਅਲਾਮਤਾਂ ਕਿਉਂ ਪਨਪਦੀਆਂ ਹਨ? ਇਨ੍ਹਾਂ ਪਿੱਛੇ ਕੀ ਕਾਰਨ ਹਨ? ਕਿਉਂ ਇਹ ਦਿਨੋਂ-ਦਿਨ ਸਮਾਜ ਨੂੰ ਆਪਣੀ ਜਕੜਨ 'ਚ ਲੈ ਕੇ ਨਿਗਲ ਰਹੀਆਂ ਹਨ? ਇਨ੍ਹਾਂ ਸਾਰੇ ਕਾਰਨਾਂ ਦੀ ਪੂਰੀ ਘੋਖ ਕਰਨੀ ਬਣਦੀ ਹੈ। ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਇੰਨੀ ਭ੍ਰਿਸ਼ਟਾਚਾਰੀ ਕਿਉਂ ਹੈ? ਕਿਉਂ ਅਜੇ ਵੀ ਆਮ ਲੋਕਾਂ ਨੂੰ ਸਾਧਾਰਨ ਕੰਮਾਂ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ? ਇਹ ਘੋਖਣ ਦਾ ਵਿਸ਼ਾ ਹੈ ਅਤੇ ਘੋਖ ਕਰਨ ਤੋਂ ਬਾਅਦ ਹੀ ਅਸਲ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ। ਫਿਰ ਹੀ ਇਨ੍ਹਾਂ ਸਰਾਪਾਂ ਤੋਂ ਮੁਕਤੀ ਸੰਭਵ ਹੋਵੇਗੀ, ਨਹੀਂ ਤਾਂ ਫਿਰ ਅਸੀਂ ਸਿਰਫ਼ ਗੱਲਾਂ ਕਰਨ ਜੋਗੇ ਤੇ ਕਾਗਜ਼ੀ ਕਾਰਵਾਈਆਂ ਤੱਕ ਹੀ ਸਿਮਟ ਕੇ ਰਹਿ ਜਾਵਾਂਗੇ।
-ਲਾਭ ਸਿੰਘ ਸ਼ੇਰਗਿੱਲ, ਸੰਗਰੂਰ।
ਸੋਸ਼ਲ ਮੀਡੀਆ ਦੀ ਵਰਤੋਂ
'ਅਜੀਤ' ਦੇ 30 ਜੂਨ ਦੇ ਪੰਨਾ ਨੰਬਰ ਚਾਰ 'ਤੇ ਜਗਜੀਤ ਸਿੰਘ ਗਣੇਸ਼ਪੁਰ ਦਾ ਛਪਿਆ ਸੋਸ਼ਲ ਮੀਡੀਆ ਦਿਵਸ 'ਤੇ ਵਿਸ਼ੇਸ਼ ਲੇਖ 'ਸੋਸ਼ਲ ਮੀਡੀਆ: ਕਿੰਨੀ ਹਕੀਕਤ ਕਿੰਨਾ ਦਿਖਾਵਾ?' ਅੱਜ ਦੇ ਸਮੇਂ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਕਿਉਂਕਿ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੌਜੂਦਾ ਸਮੇਂ ਤਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋ ਚੁੱਕੇ ਹਨ। ਇਹ ਇਕ ਅਜਿਹਾ ਪਲੇਟਫ਼ਾਰਮ ਹੈ, ਜਿਸ ਦੀ 95 ਫ਼ੀਸਦੀ ਨੌਜਵਾਨ ਵਰਤੋਂ ਕਰ ਰਹੇ ਹਨ। ਲੇਖਕ ਨੇ ਵੀ ਬਹੁਤ ਹੀ ਡੂੰਘਾਈ ਨਾਲ ਅਪਣੀ ਗੱਲ ਰੱਖੀ ਹੈ। ਸਾਨੂੰ ਸਭ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਦੀ ਹਰ ਗੱਲ 'ਤੇ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਭਰੋਸਾ ਕਰਨਾ ਚਾਹੀਦਾ ਹੈ।
-ਡਾ. ਮੁਹੰਮਦ ਇਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਚੰਗਾ-ਕਰਮ
ਹਰੇਕ ਇਨਸਾਨ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਚੰਗਾ ਕਰਮ ਕਰਨ ਵਾਲੇ ਇਨਸਾਨ ਨੂੰ ਚੰਗਾ ਫਲ ਇਕ ਨਾ ਇਕ ਦਿਨ ਜ਼ਰੂਰ ਮਿਲੇਗਾ। ਜੇਕਰ ਤੁਸੀਂ ਕਿਸੇ ਗਰੀਬ ਵਿਅਕਤੀ ਦਾ ਭਲਾ ਕਰਦੇ ਹੋ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਹੈ ਅਤੇ ਤੁਹਾਡਾ ਇਕ ਚੰਗਾ ਕਰਮ ਇਕ ਖਜ਼ਾਨੇ ਵਿਚ ਜਮ੍ਹਾਂ ਹੋ ਜਾਂਦਾ ਹੈ। ਪਰਮਾਤਮਾ ਹਰੇਕ ਇਨਸਾਨ ਦੇ ਕਣ-ਕਣ ਵਿਚ ਵਸਦਾ ਹੈ, ਕਹਿੰਦੇ ਹਨ ਕਿ ਜੇਕਰ ਤੁਹਾਡੇ ਦਰ 'ਤੇ ਕੋਈ ਬਿਖਾਰੀ ਮੰਗਣ ਲਈ ਆ ਜਾਵੇ ਤਾ ਉਸ ਭਿਖਾਰੀ ਨੂੰ ਮੰਦਾ ਨਾ ਬੋਲੋ, ਕਿਉਂਕਿ ਪਤਾ ਨਹੀਂ ਉਹ ਪਰਮਾਤਮਾ ਕਿਸੇ ਇਨਸਾਨ ਦੇ ਭੇਸ ਵਿਚ ਹੀ ਤੁਹਾਡੇ ਕੋਲ ਆਇਆ ਹੋਵੇ। ਕਦੇ ਵੀ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਤੁਹਾਡੇ ਕੋਲ ਹੈ ਉਹ ਸਭ ਪਰਮਾਤਮਾ ਦੀ ਦੇਣ ਹੈ। ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਬਿਲਕੁਲ ਤੰਦਰੁਸਤ ਹੋ, ਕਿਉਂਕਿ ਵੱਡੇ-ਵੱਡੇ ਹਸਪਤਾਲ ਇਨਸਾਨ ਦੇ ਮਾੜੇ ਕਰਮਾਂ ਕਾਰਨ ਭਰੇ ਪਏ ਹਨ। ਤੁਹਾਡੇ ਕੋਲ ਜੋ ਵੀ ਸੁੱੱਖ- ਸਹੂਲਤਾਂ ਹਨ ਉਹ ਸਭ ਪਰਮਾਤਮਾ ਦੀ ਕ੍ਰਿਪਾ ਦਾ ਹੀ ਫਲ ਹੈ।
-ਵਿਵੇਕ ਗਰਗ
ਮੰਡੀ ਮੁੱਲਾਂਪੁਰ।
ਪੰਛੀਆਂ ਲਈ ਪਾਣੀ
ਮਨੁੱਖ ਦੀ ਤਰ੍ਹਾਂ ਜੀਵ-ਜੰਤੂ ਤੇ ਪਸ਼ੂ, ਪੰਛੀਆਂ ਤੇ ਹਰ ਤਰ੍ਹਾਂ ਦੀ ਪ੍ਰਾਣੀ ਲਈ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ। ਪੰਛੀਆਂ ਲਈ ਪਾਣੀ ਦੇ ਕੁਦਰਤੀ ਸੋਮੇ ਜਿਵੇਂ ਛੱਪੜ, ਛੋਟੇ ਟੋਬੇ, ਹੱਥ ਨਲਕੇ ਤਾਂ ਖ਼ਤਮ ਹੋ ਗਏ ਹਨ, ਜਿਸ ਕਰਕੇ ਪੰਛੀਆਂ ਨੂੰ ਪਾਣੀ ਪ੍ਰਾਪਤ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ਦੇ ਮੌਸਮ ਵਿਚ ਮਨੁੱਖ ਦਾ ਫਰਜ਼ ਬਣਦਾ ਹੈ ਬੇਸਹਾਰਾ ਪੰਛੀਆਂ ਲਈ ਪਾਣੀ ਤੇ ਰਹਿਣ ਬਸੇਰੇ ਦਾ ਪ੍ਰਬੰਧ ਕਰੇ, ਤਾਂ ਜੋ ਮਨੁੱਖ ਦੀ ਤਰ੍ਹਾਂ ਪੰਛੀ ਵੀ ਆਪਣੀ ਪਾਣੀ ਦੀ ਪਿਆਸ ਨੂੰ ਬੁਝਾਅ ਸਕਣ। ਪਾਣੀ ਅਜਿਹੇ ਥਾਂ 'ਤੇ ਰੱਖਿਆ ਜਾਵੇ, ਜਿਥੇ ਧੁੱਪ ਤੇ ਮਿੱਟੀ ਨਾ ਆਵੇ। ਪੰਛੀਆਂ ਲਈ ਜਗ੍ਹਾ ਸੁਰੱਖਿਅਤ ਹੋਵੇ। ਪਾਣੀ ਮਿੱਟੀ ਦੇ ਭਾਂਡਿਆਂ ਵਿਚ ਰੱਖਿਆ ਜਾਵੇ। ਪਾਣੀ ਦਿਨ ਵਿਚ ਇਕ ਵਾਰ ਜ਼ਰੂਰ ਬਦਲਿਆ ਜਾਵੇ। ਪੰਛੀਆਂ ਨੂੰ ਤਾਜ਼ਾ, ਸਾਫ਼ ਤੇ ਠੰਢਾ ਪਾਣੀ ਮਿਲ ਸਕੇ। ਆਓ, ਆਪਣੇ ਬੱਚਿਆਂ ਦੀ ਤਰ੍ਹਾਂ ਇਨ੍ਹਾਂ ਪੰਛੀਆਂ ਦਾ ਧਿਆਨ ਰੱਖੀਏ। ਇਨ੍ਹਾਂ ਬੇਸਹਾਰਾ ਪੰਛੀਆਂ ਨੂੰ ਬਚਾਉਣ ਵਿਚ ਆਪਣਾ ਵੱਧ ਤੋਂ ਵਧ ਯੋਗਦਾਨ ਪਾਈਏ।
-ਰੇਸ਼ਮ ਸਿੰਘ
ਸਰਕਾਰ ਦੇ ਧਿਆਨ ਹਿਤ
ਪੰਜਾਬ ਸਰਕਾਰ ਵਲੋਂ ਪੰਜਾਬੀਆਂ ਨੂੰ ਸਹੂਲਤਾਂ ਦੇਣ ਦੀ ਬਜਾਏ ਘਰੇਲੂ ਖਪਤਕਾਰਾਂ ਲਈ 10 ਪੈਸੇ ਤੇ ਸਨਅਤਾਂ ਲਈ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਮਹਿੰਗਾਈ ਵਿਚ ਹੋਰ ਵਾਧਾ ਹੋਵੇਗਾ। ਕਰੋੜਾਂ ਦਾ ਭਾਰ ਪੈਣ ਨਾਲ ਸਨਅਤਕਾਰਾਂ ਨੂੰ ਸਾਮਾਨ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਅੱਜ ਤੋਂ ਦੋ ਸਾਲ ਪਹਿਲਾਂ ਸਰਕਾਰ ਬਣਾਉਣ ਸਮੇਂ ਝੂਠੀਆਂ ਸਹੁਆਂ ਖਾਧੀਆਂ ਕਿ ਨਸ਼ੇ ਕੁਝ ਦਿਨਾਂ ਵਿਚ ਹੀ ਬੰਦ ਕਰਾਂਗੇ। ਹਰ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਬੱਚੇ ਯਤੀਮ ਹੋ ਰਹੇ ਹਨ। ਭਾਰੀ ਗਿਣਤੀ ਵਿਚ ਬੱਚਿਆਂ ਦਾ ਵਿਦੇਸ਼ ਜਾਣਾ ਇਸ ਗੱਲ ਦਾ ਸਬੂਤ ਹੈ। ਸੋ, ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਨਸ਼ੇ ਬੰਦ ਕਰਵਾਉਣੇ ਚਾਹੀਦੇ ਹਨ।
-ਜੋਗਿੰਦਰ ਸਿੰਘ ਲੋਹਾਮ
ਜਮੀਅਤ ਸਿੰਘ ਰੋਡ, ਮੋਗਾ।
ਨਿੰਦਣਯੋਗ ਘਟਨਾਵਾਂ
ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਨੂੰ ਹਿਮਾਚਲ ਸਮੇਤ ਕੁਝ ਹੋਰ ਸੂਬਿਆਂ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਹੁਤ ਥਾਵਾਂ 'ਤੇ ਪੰਜਾਬ ਤੇ ਵਿਦੇਸ਼ਾਂ ਤੋਂ ਆਏ ਪੰਜਾਬੀਆਂ ਜੋ ਆਪਣੇ ਪਰਿਵਾਰਾਂ ਸਮੇਤ ਹਿਮਾਚਲ ਵਿਚ ਘੁੰਮਣ ਲਈ ਗਏ ਸਨ ਹਿਮਾਚਲੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ 'ਤੇ ਹਮਲੇ ਕਰਕੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਅਤੇ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ। ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀਆਂ ਘਟਨਾਵਾਂ ਹਨ। ਸਾਡੀ ਹਿਮਾਚਲ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ। ਕਿਸੇ ਵੀ ਬਾਹਰੀ ਸੂਬਿਆਂ ਤੋਂ ਘੁੰਮਣ ਲਈ ਆਏ ਹੋਏ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਨ੍ਹਾਂ ਨਫ਼ਰਤ ਫੈਲਾਅ ਰਹੇ ਗੁੰਡਾ ਅਨਸਰਾਂ ਦੀ ਪਹਿਚਾਣ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ। ਇਹ ਨਾ ਹੋਵੇ ਕਿ ਹਿਮਾਚਲ ਵਾਲਾ ਮਾਹੌਲ ਪੰਜਾਬ ਵਿਚ ਵੀ ਬਣ ਜਾਵੇ, ਕਿਉਂਕਿ ਨਫ਼ਰਤੀ ਅੱਗ ਫੈਲਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਸਾਡੀ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਹਿਮਾਚਲੀ ਗੁੰਡਿਆਂ ਵਲੋਂ ਬੇਗੁਨਾਹ ਲੋਕਾਂ ਨਾਲ ਹੋ ਰਹੇ ਧੱਕੇ ਅਤੇ ਗੁੰਡਾਗਰਦੀ ਨੂੰ ਤੁਰੰਤ ਰੋਕਿਆ ਜਾਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਸਾਦਗੀ ਭਰਿਆ ਜੀਵਨ ਜੀਓ
ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ। ਜੇ ਅਸੀਂ 20 ਕੁ ਸਾਲ ਪਹਿਲਾਂ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਸਾਦਗੀ ਭਰਿਆ ਜੀਵਨ ਸੀ। ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ। ਇਕ-ਦੂਜੇ ਦਾ ਆਦਰ-ਸਤਿਕਾਰ ਕੀਤਾ ਜਾਂਦਾ ਸੀ। ਪੈਸੇ-ਧੇਲੇ ਨਾਲ ਇਕ-ਦੂਜੇ ਦੀ ਮਦਦ ਵੀ ਕਰ ਦਿੱਤੀ ਜਾਂਦੀ ਸੀ। ਖਾਣਾ-ਪੀਣਾ, ਪੌਣ-ਪਾਣੀ ਸਭ ਕੁਝ ਸ਼ੁੱਧ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਬਿਲਕੁਲ ਵੀ ਹੋੜ ਨਹੀਂ ਸੀ। ਜਿਵੇਂ-ਜਿਵੇਂ ਸਮਾਂ ਬਦਲਿਆ ਪੈਸੇ ਨੇ ਲੋਕਾਂ ਦਾ ਦਿਮਾਗ ਖਰਾਬ ਕਰ ਦਿੱਤਾ, ਜਿਨ੍ਹਾਂ ਨੇ ਕਦੇ ਸਾਰੀ ਜ਼ਿੰਦਗੀ ਲੱਖ ਰੁਪਏ ਤੱਕ ਨਹੀਂ ਦੇਖਿਆ ਸੀ, ਉਨ੍ਹਾਂ ਦੇ ਖਾਤਿਆਂ 'ਚ ਕਰੋੜਾਂ ਰੁਪਏ ਆ ਗਏ। ਭਾਵ ਉਨ੍ਹਾਂ ਨੇ ਮਹਿੰਗੇ ਰੇਟਾਂ 'ਤੇ ਜ਼ਮੀਨਾਂ ਵੇਚੀਆਂ। ਮੁਹਾਲੀ ਦੇ ਖੇਤਰ 'ਚ 10 ਕਰੋੜ ਤੱਕ ਦਾ ਕਿੱਲਾ ਵਿਕਿਆ। ਰਿਸ਼ਤਿਆਂ ਦਾ ਘਾਣ ਹੋਇਆ। ਭਰਾ ਹੱਥੋਂ ਭਰਾ ਦਾ ਕਤਲ ਹੋਣ ਦੀਆਂ ਖ਼ਬਰਾਂ ਅਸੀਂ ਆਮ ਸੁਣਦੇ ਹਾਂ। ਇਨਸਾਨ ਦੀ ਸੋਚ ਕਿਹੋ ਜਿਹੀ ਹੋ ਚੁੱਕੀ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਲੋਭ-ਲਾਲਚ ਛੱਡ ਕੇ ਸਾਦਗੀ ਭਰਿਆ ਜੀਵਨ ਜੀਓ, ਕਿਉਂਕਿ ਧਨ-ਦੌਲਤ ਅੱਜ ਹੈ ਕੱਲ੍ਹ ਨਹੀਂ। ਇਸ ਲਈ ਸਭ ਨਾਲ ਰਲ-ਮਿਲ ਕੇ ਰਹੋ ਅਤੇ ਸਾਦਗੀ ਭਰੀ ਜ਼ਿੰਦਗੀ ਬਸਰ ਕਰੋ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਚੰਗੇ ਸੰਬੰਧ
ਬੀਤੇ ਦਿਨੀਂ 'ਅਜੀਤ' ਵਿਚ ਸੋਨੀ ਮਲਹੋਤਰਾ ਦੀ ਛਪੀ ਰਚਨਾ 'ਸਮਾਜਿਕ ਸੰਬੰਧ' ਪੜ੍ਹੀ, ਜਿਸ ਵਿਚ ਲੇਖਿਕਾ ਨੇ ਸਮਾਜਿਕ ਸੰਬੰਧਾਂ ਦਾ ਸਾਡੀ ਜ਼ਿੰਦਗੀ 'ਤੇ ਪੈਂਦੇ ਅਸਰ ਬਾਰੇ ਲਿਖਿਆ ਸੀ। ਬਹੁਤ ਵਧੀਆ ਰਚਨਾ ਸੀ। ਸਮਾਜਿਕ ਸੰਬੰਧ ਹੀ ਸਾਡੀ ਜ਼ਿੰਦਗੀ ਦੇ ਦਾਇਰੇ ਨੂੰ ਪ੍ਰਭਾਵਿਤ ਕਰਦੇ ਹਾਂ। ਜੇਕਰ ਸਮਾਜ ਵਿਚ ਸਾਡੇ ਚੰਗੇ ਸੰਬੰਧ ਨਹੀਂ ਤਾਂ ਸਾਡੇ ਜੀਵਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਮਾਜ ਵਿਚ ਰਹਿੰਦਿਆਂ ਲੰਮੀ ਜ਼ਿੰਦਗੀ ਜਿਊਣ ਲਈ ਚੰਗੇ ਸੰਬੰਧਾਂ ਦੀ ਬਹੁਤ ਜ਼ਰੂਰਤ ਹੈ। ਜੇਕਰ ਪਰਿਵਾਰ ਤੇ ਸਮਾਜ ਵਿਚ ਚੰਗੇ ਸੰਬੰਧ ਨਹੀਂ ਤਾਂ ਅਸੀਂ ਗਿਰਾਵਟ ਵੱਲ ਚਲੇ ਜਾਵਾਂਗੇ। ਜਿਥੋਂ ਅਸੀਂ ਕਦੇ ਵਾਪਸ ਆ ਨਹੀਂ ਸਕਦੇ। ਚੰਗੇ ਸੰਬੰਧ ਜੀਵਨ ਵਿਚ ਲੋੜ ਵੇਲੇ ਕੰਮ ਆਉਂਦੇ ਹਨ। ਦੁੱਖ ਤਕਲੀਫ਼ਾਂ ਵੇਲੇ ਸਾਨੂੰ ਆਸਰਾ ਵੀ ਦਿੰਦੇ ਹਨ। ਚੰਗੇ ਸੰਬੰਧ ਪੈਦਾ ਕਰਨ ਵਾਸਤੇ ਸਾਨੂੰ ਇਕ-ਦੂਸਰੇ ਦੀ ਲੋੜ ਪੈਣ ਯਤੇ ਸਹਾਇਤਾ ਕਰਨੀ ਚਾਹੀਦੀ ਹੈ। ਕਿਸੇ ਨੂੰ ਆਸਰਾ ਦੇਣਾ ਹੀ ਸਮਾਜਿਕ ਸੰਬੰਧਾਂ ਨੂੰ ਗੂੜ੍ਹਾ ਕਰਦਾ ਹੈ। ਇਕੱਲਾਪਣ ਆਦਮੀ ਨੂੰ ਬਿਮਾਰੀਆਂ ਵੱਲ ਲੈ ਜਾਂਦਾ ਹੈ। ਆਦਮੀ ਵਿਚ ਨਿਰਾਸ਼ਤਾ ਪੈਦਾ ਹੁੰਦੀ ਹੈ। ਨਿਰਾਸ਼ਤਾ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਆਪਣੀ ਰੂਹ ਨੂੰ ਤੰਦਰੁਸਤ ਰੱਖਣ ਵਾਸਤੇ ਸਮਾਜਿਕ ਸੰਬੰਧ ਬਹੁਤ ਜ਼ਰੂਰੀ ਹੈ। ਚੰਗੀ ਸੰਗਤ ਸਾਡੇ ਵਾਸਤੇ ਰੂਹ ਦੀ ਖ਼ੁਰਾਕ ਹੈ। ਸਾਰਿਆਂ ਨਾਲ ਘੁਲ-ਮਿਲ ਕੇ ਰਹੋ। ਲੰਮੀ ਜ਼ਿੰਦਗੀ ਜਿਊਣ ਲਈ ਚੰਗੇ ਸੰਬੰਧ ਬਣਾਈ ਰੱਖੋ।
-ਰਾਮ ਸਿੰਘ ਪਾਠਕ
ਆਤਮ-ਚਿੰਤਨ ਦੀ ਲੋੜ
ਵਿਸ਼ਵ ਪੱਧਰ 'ਤੇ ਪਾਣੀ ਦਾ ਸੰਕਟ ਬਹੁਤ ਗਹਿਰਾ ਹੋ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਾਨੂੰ ਦੂਜੇ ਉੱਪਰ ਦੋਸ਼ ਦੇਣ ਦੀ ਬਜਾਏ ਆਤਮ ਚਿੰਤਨ ਕਰਨਾ ਚਾਹੀਦਾ ਹੈ। ਅਸੀਂ ਸ਼ੁਰੂ ਤੋਂ ਹੀ ਪਾਣੀ ਦੀ ਬੱਚਤ ਬਾਰੇ ਅਵੇਸਲੇ ਹੋ ਚੁੱਕੇ ਹਾਂ।
ਸ਼ਹਿਰਾਂ ਵਿਚ ਪਾਣੀ ਦੀ ਦੁਰਵਰਤੋਂ ਬੇਤਹਾਸ਼ਾ ਕੀਤੀ ਜਾਂਦੀ ਹੈ। ਸਾਰੇ ਘਰਾਂ ਵਿਚ ਪਾਣੀ ਵਰਤਣ ਨੂੰ ਰੋਕਣ ਲਈ ਮੀਟਰ ਲਗਾ ਕੇ ਵੱਧ ਪਾਣੀ ਵਰਤਣ ਵਾਲਿਆਂ ਨੂੰ ਵੱਧ ਬਿੱਲ ਦੇਣਾ ਚਾਹੀਦਾ ਹੈ। ਪਾਣੀ ਦੀ ਨਾਜਾਇਜ਼ ਵਰਤੋਂ ਹੋਣ 'ਤੇ ਜੁਰਮਾਨਾ ਜ਼ਰੂਰ ਹੋਣਾ ਚਾਹੀਦਾ ਹੈ।
ਪਾਣੀ ਦੀ ਸਦਵਰਤੋਂ ਕਰਨ ਵਾਲਿਆਂ ਨੂੰ ਸਾਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਨਹਿਰੀ ਪਾਣੀ ਦੀ ਵਰਤੋਂ ਬਹੁਤ ਹੀ ਮਾਤਰਾ ਵਿਚ ਕਰਨੀ ਚਾਹੀਦੀ ਹੈ। ਅਖ਼ਬਾਰਾਂ ਵਲੋਂ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਵਰਤ ਕੇ ਲੋਕ ਹਿੱਤਾਂ ਵਿਚ ਪਾਣੀ ਸੰਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਦੇ ਸੈਮੀਨਾਰ ਲੱਗਣੇ ਚਾਹੀਦੇ ਹਨ ਅਤੇ ਪਾਣੀ ਦੀ ਬੱਚਤ ਬਾਰੇ ਚਰਚਾ ਕੀਤੀ ਜਾਵੇ। ਧਾਰਮਿਕ ਜਥੇਬੰਦੀਆਂ ਪਾਣੀ ਦੀ ਬੱਚਤ ਕਰਨ ਵਿਚ ਸਹਿਯੋਗ ਦੇ ਸਕਦੀਆਂ ਹਨ। ਸੰਸਥਾਵਾਂ ਦੇ ਮੁਖੀ ਅਤੇ ਪ੍ਰਬੰਧਕ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇ ਸਕਦੇ ਹਨ।
-ਸੰਤ ਸਿੰਘ
ਬੀਲਾ ਈਸੜਾ, ਧੂਰੀ, ਸੰਗਰੂਰ।
ਕਦੋਂ ਖ਼ਤਮ ਹੋਵੇਗਾ ਨਸ਼ਾ
ਪੰਜਾਬ 'ਚ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ ਪਰ ਸਰਕਾਰ ਨਸ਼ੇ ਰੋਕਣ 'ਚ ਅਸਫ਼ਲ ਸਾਬਤ ਹੋ ਰਹੀ ਹੈ। ਹਾਲਾਤ ਇਹ ਹਨ ਕਿ ਅੱਜ ਕੋਈ ਵੀ ਪਿੰਡ, ਸ਼ਹਿਰ, ਕਸਬਾ ਅਜਿਹਾ ਨਹੀਂ ਬਚਿਆ, ਜਿਥੇ ਨਸ਼ਿਆਂ ਕਾਰਨ ਕਿਸੇ ਦੀ ਮੌਤ ਨਾ ਹੋਈ ਹੋਵੇ। ਜਦਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਨਸ਼ਾ ਉੱਥੇ ਦਾ ਉੱਥੇ ਹੀ ਹੈ।
ਸਰਕਾਰੀ ਦਾਅਵੇ ਮੁਤਾਬਿਕ ਰਾਜ ਅੰਦਰ 10 ਲੱਖ ਵਿਅਕਤੀ ਨਸ਼ਿਆਂ ਦੇ ਆਦੀ ਹਨ, ਜਿਨ੍ਹਾਂ ਵਿਚੋਂ 2.62 ਲੱਖ ਸਰਕਾਰੀ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਵਾ ਰਹੇ ਹਨ। ਜਦਕਿ 6.12 ਲੱਖ ਹਸਪਤਾਲਾਂ ਤੋਂ ਇਸ ਸਮੇਂ ਇਲਾਜ ਕਰਵਾ ਰਹੇ ਹਨ।
ਇਸ ਦੇ ਬਾਵਜੂਦ ਵੀ ਸਰਕਾਰ ਨਸ਼ਾ ਰੋਕਣ ਵਿਚ ਹਾਲੇ ਕਾਮਯਾਬ ਨਹੀਂ ਹੁੰਦੀ ਦਿਸ ਰਹੀ, ਜਦਕਿ ਇਲਾਜ ਉਪਰੰਤ ਹੀ ਜ਼ਿਆਦਾਤਰ ਮਰੀਜ਼ ਮੁੜ ਨਸ਼ੇ ਦੇ ਰਾਹ 'ਤੇ ਪੈ ਜਾਂਦੇ ਹਨ। ਜਿਥੇ ਇਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਹਰ ਉਹ ਹੀਲਾ ਅਪਣਾਉਣ ਦੀ ਲੋੜ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਸਿਰਫ਼ ਸਰਕਾਰ ਦਾ ਫਰਜ਼ ਹੀ ਨਹੀਂ ਬਣਦਾ, ਜਦਕਿ ਸਾਡਾ ਆਪਣਾ ਵੀ ਫਰਜ ਬਣਦਾ ਹੈ ਕਿ ਨਸ਼ੇ ਦੇ ਰਾਹ ਪਏ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਸਹੀ ਧਾਰਾ ਵਿਚ ਲਿਆਂਦਾ ਜਾ ਸਕੇ।
ਨਸ਼ੇ ਦੇ ਮਾੜੂ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਸਿਰਫ਼ ਬਿਆਨਾਂ ਰਾਹੀਂ ਹੀ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਸਾਨੂੰ ਰਲ-ਮਿਲ ਕੇ ਨਸ਼ਿਆਂ ਖ਼ਿਲਾਫ਼ ਹੰਭਲਾ ਮਾਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਘਰ 'ਚੋਂ ਕੋਈ ਵੀ ਜੀ ਨਸ਼ੇ ਕਰਕੇ ਨਾ ਮਰੇ।
-ਗੌਰਵ ਮੁੰਜਾਲ
ਪੀ.ਸੀ.ਐਸ.।
ਪਾਣੀ ਦਾ ਸੰਕਟ
ਮੌਸਮ ਦਾ ਮਿਜਾਜ਼ ਕੁਝ ਇਸ ਕਦਰ ਬਦਲ ਚੁੱਕਿਆ ਹੈ ਕਿ ਦੇਸ਼ ਦੇ ਆਸਾਮ ਵਿਚ ਤਾਂ ਮੀਂਹ ਨਾਲ ਹੜ੍ਹ ਆ ਰਹੇ ਹਨ ਤੇ ਦੂਜੇ ਪਾਸੇ ਦਿੱਲੀ ਅਤੇ ਉੱਤਰੀ ਭਾਰਤ ਗਰਮੀ ਦੇ ਪ੍ਰਕੋਪ ਅਤੇ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਹੁਣ ਪੀਣ ਲਈ ਪਾਣੀ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਥਿਤੀ ਤਾਂ ਇਹ ਹੋ ਗਈ ਹੈ ਕਿ ਬੀਤੇ ਦਿਨ ਅਦਾਲਤ ਵਲੋਂ ਗੁਆਂਢੀ ਰਾਜਾਂ ਤੋਂ ਦਿੱਲੀ ਨੂੰ ਪਾਣੀ ਦੇਣ ਦਾ ਆਦੇਸ਼ ਦਿੱਤਾ ਗਿਆ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਜੋ ਸਾਨੂੰ ਬਿਨਾਂ ਕਿਸੇ ਪੈਸੇ ਅਤੇ ਸੇਵਾ ਤੋਂ ਮੁਫ਼ਤ ਵਿਚ ਮਿਲਿਆ ਪਰੰਤੂ ਲਾਲਚੀ ਮਨੁੱਖ ਉਸ ਨੂੰ ਸਾਂਭ ਨਾ ਸਕਿਆ। ਆਪਣੇ ਫਾਇਦੇ ਲਈ ਫੈਕਟਰੀਆਂ ਦਾ ਗੰਦਾ ਪਾਣੀ ਸਾਫ਼ ਪਾਣੀ ਦੇ ਸੋਮਿਆਂ ਵਿਚ ਛੱਡਿਆ।
ਮਨੁੱਖ ਨੇ ਕੇਵਲ ਆਪਣੇ ਲਈ ਸੰਕਟ ਨਹੀਂ ਵਿੱਢਿਆ, ਸਗੋਂ ਜੀਵ-ਜੰਤੂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਅਖ਼ੌਤੀ ਵਿਕਾਸ ਦੇ ਨਾਂਅ 'ਤੇ ਕੀਤਾ ਗਿਆ ਵਾਤਾਵਰਨ ਦੇ ਵਿਨਾਸ਼ ਨੇ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ। ਉੱਤਰੀ ਭਾਰਤ ਵਿਚ ਪੈ ਰਹੀ ਗਰਮੀ ਨੂੰ ਦੇਖਦੇ ਮੀਂਹ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਮੌਸਮੀ ਭਵਿੱਖਬਾਣੀ ਅਨੁਸਾਰ ਮੀਂਹ ਵੀ ਜਲਦ ਦਸਤਕ ਦੇਵੇਗਾ, ਪਰੰਤੂ ੳਸ ਦਾ ਫਾਇਦਾ ਫਿਰ ਹੀ ਹੋਵੇਗਾ ਜੇਕਰ ਮਨੁੱਖ ਮੀਂਹ ਦੇ ਪਾਣੀ ਨੂੰ ਸਟੋਰੇਜ ਕਰਨ ਲਈ ਪਹਿਲਕਦਮੀ ਕਰੇ।
ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਪਾਣੀ ਦੇ ਸੰਕਟ ਨਾਲ ਜੂਝਣ ਵਿਚ ਸਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
-ਰਜਵਿੰਦਰ ਪਾਲ ਸ਼ਰਮਾ
ਪੰਜਾਬੀ ਹਲਕੇ 'ਤੇ ਹਿੰਦੀ ਦਾ ਪ੍ਰਭਾਵ
ਲੋਕ ਸਭਾ ਚੋਣਾਂ 2024 ਵਿਚ ਵਿਧਾਨ ਸਭਾ ਹਲਕਾ ਤਲਵੰਡੀ ਬੂਥ ਨੰ. 41 ਰਾਮਾ ਸ.ਸ.ਸ.ਸ. (ਕੁੜੀਆਂ) ਵਿਚ ਪੀ.ਓ. ਦੀ ਡਿਊਟੀ ਸੀ। ਮੌਕਪੋਲ ਤੋਂ ਬਾਅਦ ਪੂਰੇ 7 ਵਜੇ ਵੋਟ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਵੋਟ ਪਾਉਣ ਆਇਆ ਵੋਟਰ ਜਿਸ ਨੇ ਹਿੰਦੀ ਵਿਚ ਦਸਤਖ਼ਤ ਕੀਤੇ ਸੀ।
ਮੈਂ, ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨ ਬਾਰੇ ਪੁੱਛਿਆ ਉਸ ਨੇ ਕਿਹਾ, ਸਰ ਅਸੀਂ ਪੰਜਾਬੀ ਬੋਲਦੇ ਵੀ ਘੱਟ ਹਾਂ, ਹਿੰਦੀ ਦੀ ਵੱਧ ਵਰਤੋਂ ਕਰਦੇ ਹਾਂ. ਮੈਂ ਕੰਮ ਕਰਦੇ ਸਮੇਂ ਮਨ ਵਿਚ ਇਹ ਸੋਚਿਆ ਇਹ ਅਜੀਬ ਗੱਲ ਹੈ। ਪੰਜਾਬੀ ਲੋਕ ਹਿੰਦੀ ਦੀ ਵੱਧ ਵਰਤੋਂ ਕਰਦੇ ਹਨ। ਕੰਮ ਪੂਰੇ ਜ਼ੋਰ ਨਾਲ ਚਾਲੂ ਸੀ। ਵੋਟਰ ਦੀ ਜਾਣਕਾਰੀ ਦਰਜ ਕਰ ਕੇ ਪੰਜਾਬੀ ਵਿਚ ਦਸਤਖ਼ਤ ਕਰਨ ਵਾਸਤੇ ਕਹਿੰਦਾ ਸੀ। ਵੋਟਰ ਹਿੰਦੀ ਵਿਚ ਦਸਤਖ਼ਤ ਕਰ ਜਾਂਦਾ ਸੀ।
ਮੈਂ ਵੋਟਰ ਨਾਲ ਗੱਲ ਕਰ ਲੈਂਦਾ ਪੰਜਾਬੀ ਵਿਚ ਦਸਤਖ਼ਤ ਕਿਉਂ ਨਹੀਂ ਕੀਤੇ ਹਾਲਾਂਕਿ ਅਸੀਂ ਪੰਜਾਬੀ ਹਾਂ, ਵੋਟਰ ਕਹਿੰਦਾ 'ਸਰ ਅਸੀਂ ਪੰਜਾਬੀ ਦੀ ਵਰਤੋਂ ਘੱਟ ਕਰਦੇ ਹਾਂ, ਵੋਟਰ ਨਾਲ ਗੱਲ ਕਰਨ 'ਤੇ ਵੋਟਰ ਖ਼ੁਸ਼ ਹੋ ਜਾਂਦਾ ਸੀ। ਜਿਹੜਾ ਵੀ ਵੋਟਰ ਆਉਂਦਾ ਭਾਵੇਂ ਅਨਪੜ੍ਹ ਸੀ ਪਰ ਹਿੰਦੀ ਵਿਚ ਦਸਤਖ਼ਤ ਜ਼ਰੂਰ ਕਰ ਲੈਂਦਾ ਸੀ। ਵੋਟਰਾਂ ਦਾ ਰਿਕਾਰਡ ਦਰਜ ਕਰਦੇ ਸਮੇਂ ਰਜਿਸਟਰ 'ਤੇ ਪਿਛਲੇ ਪੰਨੇ 'ਤੇ ਝਾਤੀ ਮਾਰੀ, ਪੰਜਾਬੀ ਵਿਚ ਕੋਈ ਦਸਤਖ਼ਤ ਨਜ਼ਰ ਨਹੀਂ ਆਇਆ। ਮੈਂ ਮਨ ਹੀ ਮਨ ਵਿਚ ਸੋਚ ਰਿਹਾ ਸੀ ਪੰਜਾਬੀ ਹਲਕੇ 'ਤੇ ਹਿੰਦੀ ਦਾ ਪ੍ਰਭਾਵ ਦਿਖਾਈ ਦੇ ਰਿਹਾ ਸੀ। ਬਹੁਤ ਘੱਟ ਪੰਜਾਬੀ ਵਿਚ ਦਸਤਖ਼ਤ ਸੀ। ਇਹ ਤਸਵੀਰ ਦਾ ਦੂਸਰਾ ਪਾਸਾ ਇਹ ਵੀ ਹੈ। ਪੱਗ ਵਾਲੇ ਬਹੁਤ ਘੱਟ ਵੋਟਰ ਆਏ, ਇਕ ਪਰਿਵਾਰ ਵੋਟ ਪਾਉਣ ਆਇਆ, ਜਿਨ੍ਹਾਂ ਦੇ ਪੱਗਾਂ ਬੰਨ੍ਹੀਆਂ ਸਨ, ਉਨ੍ਹਾਂ ਦੇ ਚਿਹਰਿਆਂ 'ਤੇ ਬੜੀ ਰੌਣਕ ਝਲਕ ਰਹੀ ਸੀ। ਪੰਜਾਬੀ ਵਿਚ ਦਸਤਖ਼ਤ ਤੋਂ ਇਲਾਵਾ ਪੱਗ ਬੰਨ੍ਹਣ ਵਾਲੇ ਹੀ ਮੈਨੂੰ ਘੱਟ ਨਜ਼ਰ ਆਏ। ਅਚਾਨਕ ਇਕ ਬੀਬੀ ਵੋਟ ਪਾਉਣ ਆਈ, ਉਹ ਪੰਜਾਬੀ ਨੌਕਰੀ ਪੇਸ਼ਾ ਸੀ। ਉਸ ਦਾ ਰਿਕਾਰਡ ਦਰਜ ਕੀਤਾ। ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨ ਲਈ ਕਿਹਾ ਉਹ ਪੰਜਾਬੀ ਵਿਚ ਦਸਤਖ਼ਤ ਕਰ ਕੇ ਬਹੁਤ ਖ਼ੁਸ਼ ਹੋਈ। ਇਕ ਮਿੰਟ ਵਿਚ ਰਜਿਸਟਰ 'ਤੇ ਝਾਤੀ ਮਰਵਾਈ, ਪੰਜਾਬੀ ਵਿਚ ਕੋਈ ਦਸਤਖ਼ਤ ਨਹੀਂ ਦਿਸਿਆ। ਮੈਂ ਉਸ ਨਾਲ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਸਾਰਿਆਂ ਦਾ ਪਿਛੋਕੜ ਹਰਿਆਣੇ ਨਾਲ ਹੈ। ਸਾਰੇ ਬੋਲਦੇ ਭਾਵੇਂ ਪੰਜਾਬੀ ਹਨ ਪਰ ਦਸਤਖ਼ਤ ਹਿੰਦੀ ਵਿਚ ਕਰਦੇ ਹਨ। ਇਸ ਕਰਕੇ ਇਨ੍ਹਾਂ 'ਤੇ ਹਿੰਦੀ ਭਾਸ਼ਾ ਦਾ ਅਸਰ ਅੱਜ ਵੀ ਦਿਖਾਈ ਦੇ ਰਿਹਾ ਹੈ। ਇਹ ਵਰਤਾਰਾ ਚਲਦਾ ਰਿਹਾ ਤਾਂ ਇਹ ਹਲਕੇ ਵਿਚ ਪੰਜਾਬੀ ਖ਼ਤਮ ਹੋ ਜਾਵੇਗੀ।
ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਵਰਤੋਂ ਹੀ ਨਹੀਂ ਕਰਦੇ ਇਹ ਇਲਾਕਾ ਹਰਿਆਣੇ ਨਾਲ ਵੀ ਜੁੜਦਾ ਹੈ। ਇਹ ਦੋ ਗੱਲਾਂ ਕਰ ਕੇ ਹਿੰਦੀ ਨੇ ਪੰਜਾਬੀ ਬੋਲਣ ਵਾਲੇ ਦੇ ਜਨ-ਜੀਵਨ 'ਤੇ ਗਹਿਰਾ ਅਸਰ ਪਾਇਆ ਹੈ। ਇਹ ਵਰਤਾਰਾ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਪੰਜਾਬੀ ਹਲਕਿਆਂ ਵਿਚ ਪੰਜਾਬੀ ਖ਼ਤਮ ਹੋਈ ਸੁਣਾਂਗੇ। ਇਹ ਗੱਲ ਨੂੰ ਗੰਭੀਰ ਰੂਪ ਵਿਚ ਵਿਚਾਰਨਾ ਪਵੇਗਾ। ਇਨ੍ਹਾਂ ਹਲਕਿਆਂ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ।
-ਰਾਮ ਸਿੰਘ ਪਾਠਕ
ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ?
ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਬਿਜਲੀ ਮਹਿਕਮੇ ਨੇ ਮੀਟਰ ਲੋਕਾਂ ਦੇ ਘਰਾਂ ਤੋਂ ਬਾਹਰ ਲਗਾ ਦਿੱਤੇ, ਇਹ ਇਕ ਚੰਗਾ ਉਪਰਾਲਾ ਹੈ ਪਰ ਕਈ ਜਗ੍ਹਾ 'ਤੇ ਇਹ ਮੀਟਰ ਗਲੀ ਵਿਚ ਲੱਗੇ ਬਿਜਲੀ ਦੇ ਖੰਭੇ ਉੱਪਰ ਲੱਗੇ ਹਨ, ਜਿਹੜੇ ਕਿ ਇੰਨੀ ਕੁ ਉੱਚਾਈ 'ਤੇ ਹਨ ਕਿ ਕਿਸੇ ਵੀ ਵਿਅਕਤੀ ਦਾ ਹੱਥ ਇਨ੍ਹਾਂ ਨੂੰ ਲੱਗ ਸਕਦਾ ਹੈ, ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਕਈ ਵਾਰ ਉਸਾਰੀ ਵਾਲੀ ਥਾਂ 'ਤੇ ਰੇਤਾ ਬਜਰੀ ਦੀਆਂ ਟਰਾਲੀਆਂ ਇਨ੍ਹਾਂ ਮੀਟਰ ਬਕਸਿਆਂ ਨਾਲ ਅੜ ਕੇ ਇਨ੍ਹਾਂ ਨੂੰ ਥੱਲੇ ਲਮਕਾ ਦਿੰਦੀਆਂ ਹਨ, ਜਿਸ ਨਾਲ ਗਲੀ ਵਿਚ ਖੇਡਦੇ ਬੱਚਿਆਂ ਤੇ ਬੇਜ਼ੁਬਾਨ ਜਾਨਵਰਾਂ ਦੀ ਜਾਨ ਜਾਣ ਦਾ ਡਰ ਬਣਿਆ ਰਹਿੰਦਾ ਹੈ। ਮੇਰੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ ਸਾਰੇ ਸ਼ਹਿਰ ਅੰਦਰ ਇਹ ਮੀਟਰ ਬਕਸੇ ਇੰਨੀ ਕੁ ਉਚਾਈ 'ਤੇ ਲਗਵਾਏ ਜਾਣ ਕਿ ਇਕ ਬਾਲਗ ਵਿਅਕਤੀ ਦੀ ਹੀ ਉਸ ਤੱਕ ਪਹੁੰਚ ਹੋਵੇ, ਇਸ ਦੇ ਨਾਲ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕੋਈ ਉਪਰਾਲਾ ਕੀਤਾ ਜਾਵੇ।
-ਦਰਸ਼ਨ ਸਿੰਘ ਤਨੇਜਾ
ਲੈਕਚਰਾਰ, ਫਿਜੀਕਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੂਈਖੇੜਾ।
ਨੈਤਿਕ ਕਦਰਾਂ-ਕੀਮਤਾਂ
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਜਸਵਿੰਦਰ ਪਾਲ ਸ਼ਰਮਾ ਦੀ ਲਿਖਤ ਪੜ੍ਹੀ, ਜਿਸ ਵਿਚ ਲੇਖਕ ਨੇ ਨੈਤਿਕ ਕਦਰਾਂ-ਕੀਮਤਾਂ ਦੇ ਘੱਟ ਹੋਣ ਬਾਰੇ ਲਿਖਿਆ, ਜੋ ਕਿ ਇਕ ਬਹੁਤ ਹੀ ਗੰਭੀਰ ਵਿਸ਼ਾ ਹੈ।
ਨੈਤਿਕ ਕਦਰਾਂ-ਕੀਮਤਾਂ ਅਸੀਂ ਬੱਚਿਆਂ ਵਿਚ ਘਰ ਤੋਂ ਸ਼ੁਰੂ ਕਰ ਸਕਦੇ ਹਾਂ। ਅੱਜ ਦੇ ਸਮੇਂ ਵਿਚ ਪਰਿਵਾਰਾਂ ਵਿਚ ਘੱਟ ਮੇਲ ਮਿਲਾਪ ਕਾਰਨ ਸਹਿਚਾਰ ਦੀ ਭਾਵਨਾ ਘੱਟ ਵੇਖਣ ਨੂੰ ਮਿਲਦੀ ਹੈ। ਮਾਡਰਨ ਬੱਚਿਆਂ 'ਤੇ ਬਜ਼ੁਰਗਾਂ ਵਿਚ ਗੈਪ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਅਸੀਂ ਵਿਚਾਰ ਕਰ ਸਕਦੇ ਹਾਂ, ਬੱਚੇ ਦਾਦੀ/ਦਾਦੀ ਜੀ ਕੋਲ ਸਮਾਂ ਘੱਟ ਗੁਜ਼ਾਰਦੇ ਹਨ, ਜਿਸ ਦਾ ਭੈੜਾ ਅਸਰ ਮਿਲ ਰਿਹਾ ਹੈ। ਅੱਜ ਪਰਿਵਾਰ ਇਕੱਠਾ ਨਹੀਂ ਰਹਿ ਗਿਆ। ਬੇਟਾ ਅਲੱਗ ਮਾਂ-ਪਿਉ ਤੋਂ ਰਹਿ ਰਿਹਾ ਹੈ। ਜੇਕਰ ਪਰਿਵਾਰ ਵਿਚ ਸਨੇਹ ਪਿਆਰ ਨਹੀਂ ਤਾਂ ਕਦਰਾਂ ਕੀਮਤਾਂ ਕਿਥੋਂ ਪੈਦਾ ਹੋਣਗੀਆਂ। ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਵਾਸਤੇ ਮਾਂ-ਪਿਉ ਦਾ ਬਹੁਤ ਮਹੱਤਵਪੂਰਨ ਫਰਜ਼ ਹੈ। ਮਾਂ-ਪਿਉ ਬੱਚਿਆਂ ਨੂੰ ਸਮਾਜਿਕ ਰਿਸ਼ਤਿਆਂ ਬਾਰੇ ਗਿਆਨ ਦੇਵੇ। ਵੱਡਿਆਂ ਦਾ ਸਤਿਕਾਰ ਕਰਨਾ ਸਿਖਾਵੇ।
ਬੱਚਿਆਂ ਨਾਲ ਵੱਧ ਤੋਂ ਵਧ ਸਮਾਂ ਗੁਜ਼ਾਰੇ। ਇਕ ਅਧਿਆਪਕ ਵਾਂਗ ਆਪਣੇ ਬੱਚਿਆਂ ਦੀ ਜਮਾਤ ਲਾਵੇ, ਮਾਪੇ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਗੁਜ਼ਾਰਨ। ਬੱਚਿਆਂ ਨੂੰ ਰਿਸ਼ਤਿਆਂ ਦੀ ਪਹਿਚਾਣ ਕਰਵਾਉਣ। ਬੱਚਿਆਂ ਵਿਚ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਜਾਵੇ, ਸਮਾਜ ਵਿਚ ਵਿਚਰਨਾ ਸਿਖਾਇਆ ਜਾਵੇ। ਪ੍ਰੇਰਨਾ ਸਰੋਤ ਕਹਾਣੀਆਂ ਨੈਤਿਕ ਕਦਰਾਂ ਪੈਦਾ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਚੰਗੀਆਂ ਗੱਲਾਂ ਬੱਚਿਆਂ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ, ਵਿਚਾਰ ਕਰਨ ਨਾਲ ਬੱਚਿਆਂ ਦਾ ਵਧੀਆ ਸੰਸਾਰ ਬਣੇਗਾ।
-ਰਾਮ ਸਿੰਘ
ਅਵਾਰਾ ਕੁੱਤਿਆਂ ਦੀ ਸਮੱਸਿਆ
ਬੱਚਿਆਂ ਅਤੇ ਬਜ਼ੁਰਗਾਂ 'ਤੇ ਅਵਾਰਾ ਕੁੱਤੇ ਲਗਾਤਾਰ ਹਮਲਾਵਰ ਹੋ ਰਹੇ ਹਨ, ਇਸ ਨਾਲ ਹੁਣ ਤੱਕ ਕਾਫੀ ਜਾਨਾਂ ਜਾ ਚੁੱਕੀਆਂ ਹਨ, ਜਦੋਂ ਗਲੀਆਂ ਵਿੱਚ ਘੁੰਮ ਰਹੇ ਜਾਂ ਖੇਡ ਰਹੇ ਬੱਚਿਆਂ ਦੀਆਂ ਅਵਾਰਾ ਕੁੱਤਿਆਂ ਜਾਂ ਪਿਟਬੁਲ ਵਲੋਂ ਹਮਲੇ ਸਮੇਂ ਦੀਆਂ ਵੀਡਿਓ ਵਾਇਰਲ ਹੁੰਦੀਆਂ ਹਨ ਤਾਂ ਇਕ ਵਾਰ ਦਿਲ ਕੰਬ ਜਾਂਦਾ ਹੈ। ਭਾਵੇਂ ਸਰਕਾਰਾਂ ਵਲੋਂ ਇਸ 'ਤੇ ਕਾਬੂ ਪਾਉਣ ਲਈ ਸਜ਼ਾ ਅਤੇ ਜੁਰਮਾਨਾ ਵੀ ਰੱਖਿਆ ਗਿਆ ਹੈ, ਫਿਰ ਵੀ ਇਹ ਸਭ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਨੂੰ ਕਾਬੂ ਪਾਉਣ ਲਈ ਅਜੇ ਹੋਰ ਉਪਰਾਲੇ ਕਰਨ ਦੀ ਬਹੁਤ ਸਖ਼ਤ ਜ਼ਰੂਰਤ ਹੈ।
ਇਸ ਤੋਂ ਇਲਾਵਾ ਸਟੰਟਬਾਜ਼ੀ 'ਤੇ ਵੀ ਸਰਕਾਰਾਂ ਨੂੰ ਪੂਰਨ ਰੋਕ ਲਗਾਉਣੀ ਚਾਹੀਦੀ ਹੈ। ਜੇਕਰ ਕਿਸੇ ਦੀ ਸਟੰਟਬਾਜ਼ੀ ਦੀ ਵੀਡਿਓ ਵਾਇਰਲ ਹੁੰਦੀ ਹੈ ਤਾਂ ਉਸ ਵੀਡਿਓ ਦੀ ਛਾਣਬੀਣ ਕਰਕੇ ਸੰਬੰਧਿਤ ਆਰੋਪੀ ਨੂੰ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਹੋਵੇ, ਤਾਂ ਜੋ ਹੋਰਾਂ ਨੂੰ ਇਸ ਤੋਂ ਸਬਕ ਮਿਲ ਸਕੇ।
-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ
ਪਾਣੀ ਨੂੰ ਬਚਾਉਣਾ ਸਾਂਝੀ ਜ਼ਿੰਮੇਵਾਰੀ
ਅੱਜ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਾਲ 2017 ਦੀ ਇਕ ਰਿਪੋਰਟ ਮੁਤਾਬਕ 2029 ਤੱਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 100 ਮੀਟਰ ਹੇਠਾਂ ਅਤੇ 2039 ਤੱਕ 300 ਮੀਟਰ ਹੇਠਾਂ ਚਲਿਆ ਜਾਵੇਗਾ।
'ਅਜੀਤ' ਅਖ਼ਬਾਰ 'ਚ ਮਿਤੀ 18 ਜੂਨ, 2024 ਨੂੰ ਛਪੀ ਇਕ ਖਬਰ ਦੇ ਮੁਤਾਬਕ ਪਤਾ ਚਲਿਆ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 138 ਬਲਾਕਾਂ 'ਚੋਂ 109 ਬਲਾਕਾਂ ਨੂੰ ਧਰਤੀ ਹੇਠਲਾ ਪਾਣੀ ਵੱਡੀ ਪੱਧਰ 'ਤੇ ਕੱਢੇ ਜਾਣ ਕਾਰਨ ਜ਼ਿਆਦਾ ਖਪਤ ਕਰਨ ਵਾਲੇ ਬਲਾਕ ਐਲਾਨ ਦਿੱਤਾ ਗਿਆ ਹੈ। ਇਹ ਅੰਕੜੇ ਡਰਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਬਿਨਾਂ ਸ਼ੱਕ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿਚ ਬਦਲਣ ਤੋਂ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਹੀ ਨਹੀਂ, ਸਗੋਂ ਇਸ ਨੂੰ ਉੱਪਰ ਲਿਆਉਣ ਲਈ ਵੀ ਸਾਰਥਕ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ।
ਪਰ ਅਸੀਂ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਜ਼ਮੀਨ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਰਿਆਂ ਦੀ ਸਾਂਝੀ ਅਤੇ ਮੁਢਲੀ ਜ਼ਿੰਮੇਵਾਰੀ ਹੈ।
ਆਪਣੇ ਘਰਾਂ ਅਤੇ ਕੰਮਕਾਜ ਦੇ ਸਥਾਨਾਂ ਵਿਚ 'ਰੇਨ ਹਾਰਵੈਸਟਿੰਗ' ਦੀ ਤਕਨੀਕ ਨੂੰ ਅਪਣਾਈਏ, ਦੰਦ ਬੁਰਸ਼ ਦਾਤਣ ਕਰਨ, ਮੂੰਹ ਦੀ ਸ਼ੇਵ ਕਰਨ, ਨਹਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਜਾਂ ਕਾਰ-ਸਕੂਟਰ ਧੋਣ ਆਦਿ ਸਮੇਂ ਨਲ ਨੂੰ ਬਿਨਾਂ ਜ਼ਰੂਰਤ ਖੁੱਲ੍ਹਾ ਨਾ ਛੱਡ ਕੇ ਅਸੀਂ ਆਮ ਨਾਗਰਿਕ ਇਸ ਦਿਸ਼ਾ ਵਿਚ ਯੋਗਦਾਨ ਪਾ ਸਕਦੇ ਹਾਂ।
ਕਿਸਾਨ ਭਰਾਵਾਂ ਤੋਂ ਵੀ ਉਮੀਦ ਹੈ ਕਿ ਪਾਣੀ ਦੇ ਮੌਜੂਦਾ ਗੰਭੀਰ ਸੰਕਟ ਦੇ ਮੱਦੇਨਜ਼ਰ ਉਹ ਰਿਵਾਇਤੀ ਫ਼ਸਲ ਦੇ ਮੁਕਾਬਲੇ ਹੋਰ ਫ਼ਸਲਾਂ ਬੀਜਣ ਦੇ ਵਿਕਲਪਾਂ ਨੂੰ ਤਰਜੀਹ ਦੇਣ ਬਾਰੇ ਜ਼ਰੂਰ ਵਿਚਾਰ ਕਰਨਗੇ।
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।
ਆਓ, ਹਰਿਆਵਲ ਲਹਿਰ ਚਲਾਈਏ
ਪਾਰੇ ਦੇ 46 ਡਿਗਰੀ ਪਾਰ ਹੋਣ 'ਤੇ ਗਰਮੀ ਵਧਣ ਨਾਲ ਮਨੁੱਖ, ਪਸ਼ੂ-ਪੰਛੀ, ਜੀਵ-ਜੰਤੂ ਸਭ ਹਾਲੋਂ-ਬੇਹਾਲ ਹੋ ਰਹੇ ਹਨ। ਇਹ ਤਾਂ ਹੋਣਾ ਹੀ ਹੈ ਜਦੋਂ ਅਸੀਂ ਕੁਦਰਤ ਦੇ ਸੰਤੁਲਨ ਨੂੰ ਵਿਗਾੜਾਂਗੇ ਤਾਂ ਉਸ ਲਈ ਹਰਜਾਨਾ ਤਾਂ ਭਰਨਾ ਹੀ ਪਵੇਗਾ। ਆਪਣੀ ਸਹੂਲਤ ਲਈ ਅਸੀਂ ਘਰਾਂ, ਦਫ਼ਤਰਾਂ, ਹੋਰ ਕਾਰੋਬਾਰੀ ਥਾਵਾਂ 'ਤੇ ਏਅਰਕੰਡੀਸ਼ਨਰ, ਫਰਿੱਜਾਂ ਆਦਿ ਦੀ ਵਰਤੋਂ ਕਰ ਰਹੇ ਹਾਂ। ਇਨ੍ਹਾਂ ਉਪਕਰਨਾਂ ਦੁਆਰਾ ਛੱਡੀ ਜਾਂਦੀ ਕਲੋਰੋਫਲੋਰੋਕਾਰਬਨ (ਸੀ.ਐਫ.ਸੀ.) ਵਾਤਾਵਰਨ ਵਿਚ ਤਪਸ਼ ਨੂੰ ਹੋਰ ਵਧਾ ਰਹੀ ਹੈ। ਸਹੂਲਤਾਂ ਦੇ ਅਸੀਂ ਆਦੀ ਹੋ ਗਏ ਹਾਂ, ਇਨ੍ਹਾਂ ਦੀ ਵਰਤੋਂ ਅਸੀਂ ਛੱਡ ਨਹੀਂ ਸਕਦੇ। ਦਿਨੋ-ਦਿਨ ਵਧ ਰਹੀ ਤਪਸ਼ ਨੂੰ ਘਟਾਉਣ ਲਈ ਜੇ ਅਸੀਂ ਦਿਲੋਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਸਹੂਲਤੀ ਉਪਕਰਨਾਂ ਵਿਚੋਂ ਖ਼ਾਸ ਕਰਕੇ ਏ.ਸੀ. ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ 'ਤੇ ਇਕ ਤਾਂ ਬਿਜਲੀ ਦੀ ਬੱਚਤ ਹੋਵੇਗੀ ਤੇ ਦੂਜਾ ਵਾਤਾਵਰਨ 'ਚ ਹੋ ਰਹੇ ਵਿਗਾੜ ਨੂੰ ਕੁਝ ਘਟਾਇਆ ਜਾ ਸਕੇਗਾ। ਜੇ ਅਸੀਂ ਇਨ੍ਹਾਂ ਸੁੱਖ ਸਹੂਲਤਾਂ ਨੂੰ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਦੇ ਬਦਲੇ ਘੱਟੋ-ਘੱਟ ਪੰਜ-ਸੱਤ ਰੁੱਖ ਜ਼ਰੂਰ ਲਾਉਣੇ ਤੇ ਪਾਲਣੇ ਚਾਹੀਦੇ ਹਨ, ਨਹੀਂ ਤਾਂ ਸਾਨੂੰ ਇਨ੍ਹਾਂ ਸੁੱਖ ਸੁਵਿਧਾਵਾਂ ਨੂੰ ਮਾਨਣ ਦਾ ਕੋਈ ਹੱਕ ਨਹੀਂ। ਇਥੇ ਜੋ ਸਭ ਤੋਂ ਮਹੱਤਵਪੂਰਨ ਗੱਲ ਕਹਿਣੀ ਬਣਦੀ ਹੈ ਉਹ ਇਹ ਹੈ ਕਿ ਇਸ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ ਲਈ ਵਧ ਤੋਂ ਵੱਧ ਰੁੱਖ ਲਗਾਏ ਜਾਣ। ਜਿਵੇਂ ਆਪਣੇ ਹੱਕਾਂ ਲਈ ਅਸੀਂ ਵੱਖ-ਵੱਖ ਅੰਦੋਲਨ ਕਰਦੇ ਹਾਂ ਸਾਨੂੰ ਬਿਲਕੁਲ ਉਵੇਂ ਹੀ ਰੁੱਖ ਲਗਾਓ ਲਹਿਰ ਚਲਾਉਣ ਦੀ ਲੋੜ ਹੈ। ਇਹ ਉਦੋਂ ਤੱਕ ਚੱਲੇ ਜਦੋਂ ਤੱਕ ਸਾਨੂੰ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਨਹੀਂ ਹੁੰਦਾ ਤੇ ਇਹ ਧਰਤੀ ਮੁੜ ਹਰੀ-ਭਰੀ ਨਜ਼ਰ ਨਹੀਂ ਆਉਂਦੀ।
-ਲਾਭ ਸਿੰਘ ਸ਼ੇਰਗਿਲ
ਸੰਗਰੂਰ।
ਰੁੱਖ ਨਾ ਵੱਢੋ
ਸਾਡਾ ਅੰਮ੍ਰਿਤਸਰ ਸ਼ਹਿਰ ਤਰੱਕੀਆਂ ਦੇ ਰਾਹਾਂ 'ਤੇ ਹੈ। ਬਹੁਤ ਸਾਰੇ ਨਵੇਂ ਪ੍ਰੋਜੈਕਟ ਜਿਵੇਂ ਹੋਟਲ, ਨਵੀਆਂ ਕਾਲੋਨੀਆਂ ਵੱਖੋ-ਵੱਖ ਰਾਜਾਂ ਨੂੰ ਜੋੜਨ ਵਾਲੀਆਂ ਸੜਕਾਂ ਬਣ ਰਹੀਆਂ ਹਨ। ਪੰਜਾਬ 'ਚੋਂ ਅੰਮ੍ਰਿਤਸਰ ਟੂਰਿਸਟ ਹੱਬ ਬਣਨ ਦੇ ਰਾਹਾਂ 'ਤੇ ਹੈ। ਇਸ ਨਾਲ ਸਾਡੇ ਅੰਮ੍ਰਿਤਸਰ ਨੂੰ ਬਹੁਤ ਵੱਡਾ ਰੁਜ਼ਗਾਰ ਮਿਲ ਰਿਹਾ ਹੈ, ਪਰ ਇਸ ਸਭ ਕੁਝ ਦੇ ਨਾਲ ਅਸੀਂ ਕੁਦਰਤ ਦਾ ਨੁਕਸਾਨ ਵੀ ਕਰ ਰਹੇ ਹਾਂ। ਅਸੀਂ ਰੁੱਖਾਂ ਨੂੰ ਵੱਢ ਕੇ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਹੇ ਹਾਂ। ਇਸ ਵਾਰ ਪੈ ਰਹੀ ਅਤਿ ਦੀ ਗਰਮੀ ਅਤੇ ਵਧਦੇ ਤਾਪਮਾਨ ਨੇ ਸਾਨੂੰ ਇਹ ਇਸ਼ਾਰਾ ਦੇ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਸਾਡਾ ਪੰਜਾਬ ਧਰਤੀ ਦੇ ਸਭ ਤੋਂ ਗਰਮ ਸੂਬਿਆਂ 'ਚ ਦੂਸਰੇ, ਤੀਸਰੇ ਨੰਬਰ 'ਤੇ ਆ ਜਾਵੇਗਾ। ਇਥੇ ਜ਼ਿੰਮੇਵਾਰ ਇਕੱਲੇ ਸ਼ਹਿਰ ਦੇ ਲੋਕ ਨਹੀਂ, ਪਿੰਡਾਂ ਵਾਲੇ ਵੀ ਬਰਾਬਰ ਦੇ ਹਿੱਸੇਦਾਰ ਨੇ ਤੇ ਸਰਕਾਰਾਂ ਵੀ। ਜਦੋਂ ਸਾਨੂੰ ਰੁੱਖ ਵੱਢਣ ਦੇ ਬਦਲੇ ਥੋੜ੍ਹੇ ਜਿਹੇ ਪੈਸੇ ਵੱਧ ਦਿੱਤੇ ਜਾਂਦੇ ਨੇ ਤਾਂ ਅਸੀਂ ਪੁਰਾਣੇ ਤੋਂ ਪੁਰਾਣੇ ਰੁੱਖ ਵੀ ਵਢਾ ਦਿੰਦੇ ਹਾਂ। ਪਹਿਲਾਂ ਵੱਟਾਂ 'ਤੇ ਰੁੱਖ ਲਾਉਣ ਦਾ ਬਹੁਤ ਰਿਵਾਜ ਹੁੰਦਾ ਸੀ, ਟਾਹਲੀਆਂ, ਕਿੱਕਰ, ਤੂਤ, ਪਿੱਪਲ ਇਹ ਰੁੱਖ ਆਮ ਹੁੰਦੇ ਸਨ, ਹੁਣ ਅਸੀਂ ਰੁੱਖ ਇਸ ਕਰਕੇ ਵੀ ਵੱਟਾਂ ਤੋਂ ਵਢਾ ਦਿੱਤੇ ਕਿ ਇਨ੍ਹਾਂ ਦੀ ਛਾਂ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਕ ਗੱਲ ਯਾਦ ਰਹੇ ਕਿ ਜੇ ਰੁੱਖ ਨਾ ਰਹੇ ਤਾਂ ਪਾਣੀ ਵੀ ਖ਼ਤਮ ਹੋ ਜਾਵੇਗਾ। ਇਸ ਲਈ ਆਓ, ਕੁਦਰਤ ਨਾਲ ਖਿਲਵਾੜ ਬੰਦ ਕਰਕੇ ਕੁਦਰਤ ਦਾ ਸਤਿਕਾਰ ਕਰੀਏ। ਰੁੱਖਾਂ ਦੀ ਕਟਾਈ ਕਰਨ ਤੋਂ ਬਾਅਦ ਰੁੱਖ ਲਗਾਉਣ ਪ੍ਰਤੀ ਸਰਕਾਰਾਂ ਵੀ ਦੋਸ਼ੀ ਹਨ, ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਕਾਰ ਵੀ ਇਸ ਪ੍ਰਤੀ ਪੂਰੀ ਤਰ੍ਹਾਂ ਅਵੇਸਲੀ ਹੈ।
-ਹਰਮਨਪ੍ਰੀਤ ਸਿੰਘ (ਸਮਾਜ ਸੇਵੀ
ਕਾਲੇ ਘਨੂਪੁਰ (ਅੰਮ੍ਰਿਤਸਰ)
ਭਾਈਚਾਰਕ ਸਾਂਝ
ਪਿੱਛੇ ਜਿਹੇ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਇਸ 'ਤੇ ਵੱਖ-ਵੱਖ ਮਾਹਿਰਾਂ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਵੱਖ-ਵੱਖ ਪਾਰਟੀਆਂ ਨੇ ਵੀ ਆਪਣੇ ਤੌਰ 'ਤੇ ਵੋਟਾਂ ਘੱਟ-ਵੱਧ ਪੈਣ ਦੀ ਸਮੀਖਿਆ ਕੀਤੀ। ਪਰ ਮੇਰੇ ਦੇਖਣ ਵਿਚ ਆਇਆ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਬੇਸ਼ੱਕ ਪੰਥਕ ਲਹਿਰ ਦੀ ਇਕ ਹਨੇਰੀ ਚੱਲੀ ਸੀ। ਬਿਨਾਂ ਸ਼ੱਕ ਭਾਈ ਸਰਬਜੀਤ ਸਿੰਘ ਖ਼ਾਲਸਾ ਇਥੋਂ ਕਰੀਬ 70 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਪਰ ਜਦੋਂ ਮੈਂ ਪਿੰਡਾਂ ਦੀਆਂ ਵੱਖ-ਵੱਖ ਵਾਰਡਾਂ ਦੀਆਂ ਚੋਣਾਂ ਨੂੰ ਚੰਗੀ ਤਰ੍ਹਾਂ ਘੋਖਿਆ ਤਾਂ ਮੇਰੇ ਦੇਖਣ ਵਿਚ ਆਇਆ ਕਿ ਹਰ ਪਿੰਡ ਦੀ ਗ਼ਰੀਬ ਵੋਟ ਭਾਜਪਾ ਵੱਲ ਵੱਧ ਭੁਗਤੀ। ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਗ਼ਰੀਬ ਲੋਕ ਪੰਥਕ ਲਹਿਰ ਵਿਚ ਕਿਉਂ ਨਹੀਂ ਕੁੱਦੇ। ਮੈਨੂੰ ਲੱਗਾ ਕਿ ਗ਼ਰੀਬ ਲੋਕ ਹਲੇ ਵੀ ਆਪਣੇ ਆਪ ਨੂੰ ਨਿਤਾਣੇ ਪੱਛੜੇ ਹੋਏ ਸਮਝ ਰਹੇ ਹਨ ਤੇ ਪੰਥ ਨੂੰ ਇਕੱਲੇ ਇਕ ਭਾਈਚਾਰੇ ਤੱਕ ਹੀ ਸੀਮਤ ਸਮਝਦੇ ਹਨ ਜਾਂ ਇਹ ਕਹਿ ਲਉ ਕਿ ਤਕੜੇ ਲੋਕ ਇਨ੍ਹਾਂ ਨੂੰ ਆਪਣੇ ਨਾਲ ਨਹੀਂ ਰਲਾ ਰਹੇ ਜਿਸ ਕਰਕੇ ਪਿੰਡਾਂ ਵਿਚ ਭਾਰੀ ਵਿਰੋਧ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਭਾਜਪਾ ਵੱਲ ਵੋਟ ਪਾਈ। ਮੈਂ ਆਪਣੇ ਪੇਂਡੂ ਵੀਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੇ ਪਿੰਡਾਂ ਵਿਚ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਿਓ ਅਤੇ ਖ਼ਾਸ ਕਰਕੇ ਆਪਣੇ ਆਪ ਨੂੰ ਉੱਚ ਜਾਤੀ ਜਾਂ ਧਨਾਢ ਸਮਝਣ ਵਾਲਿਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਵੀਰੋ ਪਹਿਲਾਂ ਅਸੀਂ ਇਨ੍ਹਾਂ ਗਰੀਬ ਲੋਕਾਂ ਨੂੰ ਆਪੋ ਆਪਣੇ ਗੁਰੂ ਘਰ ਬਣਾਉਣ ਲਈ ਮਜਬੂਰ ਕੀਤਾ ਤੇ ਹੁਣ ਵੀ ਜੇ ਅਸੀਂ ਇਨ੍ਹਾਂ ਨੂੰ ਬਣਦਾ ਮਾਣ-ਤਾਣ ਨਾ ਦਿੱਤਾ ਤਾਂ ਸਾਡੇ ਸਮਾਜ ਵਿਚ ਖਾਈ ਪੈ ਸਕਦੀ ਹੈ, ਜਿਸ ਦਾ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਸੋ, ਲੋਕਾਂ ਨੂੰ ਅਪੀਲ ਹੈ ਕਿ ਇਹ ਆਪਣੇ ਪਿਆਰ ਵਿਚ ਆਪਣੇ ਭਾਈਚਾਰਕ ਸਾਂਝ ਵਿਚ ਕਦੇ ਵੀ ਫ਼ਰਕ ਨਾ ਪੈਣ ਦੇਣ।
-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, ਜ਼ਿਲਾ ਮੋਗਾ।
ਫ਼ੌਜੀਆਂ ਦਾ ਸਨਮਾਨ ਕਰੋ
ਮੇਰੇ ਦੇਸ਼ ਵਾਸੀਓ, ਤੁਸੀਂ ਅਰਾਮ ਨਾਲ ਸੌਂ ਜਾਓ ਮੈਂ ਬਾਰਡਰ 'ਤੇ ਖੜ੍ਹਾ ਹਾਂ। ਇਹ ਸੁਨੇਹਾ ਹਰ ਰੋਜ਼ ਬਾਰਡਰ ਤੋਂ ਫ਼ੌਜੀ ਵੀ ਦੇਸ਼ ਵਾਸੀਆਂ ਨੂੰ ਦਿੰਦਾ ਹੈ। ਭਾਰਤ ਮਾਤਾ ਦੀ ਅੰਦਰੂਨੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਬੁਨਿਆਦ ਸਾਡੀ ਪਵਿਤਰ ਕੌਮ ਫ਼ੌਜੀ ਵੀਰ ਹਨ। ਜੋ ਲੋਕ ਬੇਹੁਦੇ ਵਿਅੰਗ ਕਰਦੇ ਹਨ ਉਹ ਦਿਮਾਗ਼ ਤੋਂ ਪੈਦਲ ਦੇਸ਼ ਉੱਤੇ ਬੋਝ ਹਨ। ਲਾਲ ਬਹਾਦਰ ਸ਼ਾਸਤਰੀ ਨੇ 'ਜੈ ਜਵਾਨ' ਦਾ ਸਬਕ ਸਿਖਾ ਕੇ ਜਨਤਾ ਨੂੰ ਫ਼ੌਜੀ ਦਾ ਸਨਮਾਨ ਕਰਨਾ ਸਿਖਾਇਆ ਸੀ। ਫ਼ੌਜੀ ਦੇ ਜਜ਼ਬੇ ਨੂੰ ਸਾਹਿਤ ਨੇ ਸਦੀਵੀ ਬਣਾਇਆ ਜਦੋਂ ਫ਼ੌਜੀ ਆਪਣੀ ਪਤਨੀ ਨੂੰ ਵੀ ਦੇਸ਼ ਦੇ ਹਿੱਤਾਂ ਤੋਂ ਪਰ੍ਹੇ ਕਰ ਦਿੰਦਾ ਹੈ 'ਵਾਗਾਂ ਛੱਡ ਕੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ 'ਤੇ ਬਣੀ ਹੈ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ' ਫ਼ੌਜ ਦੇ ਜਵਾਨ ਦੀ ਕਦਰ ਕਰਨਾ ਸਾਡਾ ਇਖ਼ਲਾਕ ਚਾਹੀਦਾ ਹੈ। ਭੂਗੌਲਿਕ ਤੌਰ 'ਤੇ ਸਾਡੇ ਦੇਸ਼ ਦੀ ਉਦਾਹਰਨ ਜਿਸਮ ਅਤੇ ਰੂਹ ਵਾਲੀ ਹੈ। ਦੋਵੇਂ ਇਕ ਦੂਜੇ ਤੋਂ ਬਿਨਾਂ ਨਹੀਂ ਹੋ ਸਕਦੇ। ਇਹੀ ਤੱਥ ਦੇਸ਼ ਅਤੇ ਫ਼ੌਜ ਦਾ ਹੈ। ਫ਼ੌਜ ਨੇ ਕੁਦਰਤੀ ਆਫ਼ਤਾਂ ਸਮੇਂ ਸ਼ਲਾਘਾਯੋਗ ਕੰਮ ਕੀਤੇ। ਫ਼ੌਜੀ ਦੇਸ਼ ਦਾ ਸਰਮਾਇਆ ਅਤੇ ਪੁੱਤਰ ਹੁੰਦਾ ਹੈ। ਦੇਸ਼ ਲਈ ਯੋਗਦਾਨ ਪਾਉਂਦਾ ਫ਼ੌਜੀ ਮਾਂ-ਪਿਉ ਤੋਂ ਪਹਿਲਾਂ ਭਾਰਤ ਦਾ ਸਪੂਤ ਹੁੰਦਾ ਹੈ। ਫ਼ੌਜੀ ਦੀ ਸਮੱਸਿਆ ਨੂੰ ਉਹ ਖ਼ੁਦ ਹੀ ਸਮਝ ਸਕਦਾ ਹੈ, ਬਾਕੀ ਬੰਦੇ ਤਾਂ ਆਪਣੇ ਲਈ ਜੀਊਂਦੇ ਹਨ। ਆਓ, ਦੇਸ਼ ਪ੍ਰੇਮ ਲਈ ਫ਼ੌਜੀ ਅਤੇ ਫ਼ੌਜੀ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਆਪਣੇ ਅੰਦਰੋਂ ਆਵਾਜ਼ ਬੁਲੰਦ ਕਰੀਏ। ਜੈ ਜਵਾਨ, ਜੈ ਕਿਸਾਨ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਅੱਤਵਾਦ ਦਾ ਮੁੱਦਾ
ਪਿਛਲੇ ਦਿਨੀਂ ਜੰਮੂ-ਡਵੀਜ਼ਨ ਤੋਂ ਪਰਤ ਰਹੇ ਸ਼ਰਧਾਲੂਆਂ 'ਤੇ ਹਮਲੇ ਦੀ ਸਾਜਿਸ਼ ਬਾਰੇ ਖ਼ੁਲਾਸਾ ਹੋਇਆ ਹੈ। ਇਹ ਹਮਲਾ ਖ਼ੂਫੀਆ ਏਜੰਸੀ ਆਈ.ਐਸ.ਆਈ. ਦੀ ਸ਼ਹਿ 'ਤੇ ਅੱਤਵਾਦੀ ਸੰਗਠਨ 'ਲਸ਼ਕਰ-ਏ-ਤੋਇਬਾ' ਨੇ ਕਰਵਾਇਆ ਸੀ। ਅੱਤਵਾਦ ਦੇਸ਼ ਲਈ ਇਕ ਚਿੰਤਾ ਦਾ ਵਿਸ਼ਾ ਹੈ। ਅੱਤਵਾਦ ਸਦਕਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਕੋਈ ਵੀ ਦੇਸ਼ ਆਪਣੇ ਨਿੱਜੀ ਮਕਸਦ ਦੀ ਪੂਰਤੀ ਨਹੀਂ ਕਰ ਸਕਦਾ, ਕਿਉਂਕਿ ਹਿੰਸਾ ਸਦਕਾ ਮਸਲੇ ਵਧਦੇ ਹਨ ਘਟਦੇ ਨਹੀਂ। ਇਸ ਲਈ ਪਾਕਿਸਤਾਨ ਵਰਗੇ ਮੁਲਕ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਭਾਰਤ ਨਾਲ ਆਪਣੇ ਆਪਸੀ ਵਿਵਾਦ ਸ਼ਾਂਤਮਈ ਬੈਠਕ ਸਦਕਾ ਸੁਲਝਾਉਣੇ ਚਾਹੀਦੇ ਹਨ। ਜੰਗ, ਅੱਤਵਾਦ ਅਤੇ ਹਿੰਸਕ ਘਟਨਾਵਾਂ ਨੂੰ ਪਹਿਲ ਦੇਣ ਵਾਲਾ ਮੁਲਕ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ ਕਾਰਨ 100 ਸਾਲ ਪਿੱਛੇ ਚਲਾ ਜਾਂਦਾ ਹੈ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਜਦ ਤੱਕ ਦੇਸ਼ ਦੇ ਨਾਗਰਿਕ ਅੱਤਵਾਦ ਦੇ ਡਰ ਤੋਂ ਮੁਕਤ ਹੋ ਕੇ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਤਦ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਬਜਾਏ ਆਪਣੇ ਦੇਸ਼ ਦੀ ਅਵਾਮ ਦੀਆਂ ਨਿੱਜੀ ਸਮੱਸਿਆਵਾਂ ਨੂੰ ਹੱਲ ਕਰਨ ਵਲ ਗ਼ੌਰ ਫੁਰਮਾਉਣਾ ਚਾਹੀਦਾ ਹੈ।
ਦੋਵੇਂ ਦੇਸ਼ਾਂ ਨੂੰ ਇਕ-ਦੂਜੇ ਵੱਲ ਦੋਸਤੀ ਦਾ ਹੱਥ ਫੈਲਾਉਣਾ ਚਾਹੀਦਾ ਹੈ ਅਤੇ ਅੱਤਵਾਦ ਦੀ ਬਜਾਏ ਵਪਾਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿਉਂਕਿ ਇਕ-ਦੂਜੇ ਨਾਲ ਨਫ਼ਰਤ ਸਦਕਾ ਤਾਂ ਦੋਵੇਂ ਦੇਸ਼ਾਂ ਨੂੰ ਕੋਈ ਲਾਭ ਨਹੀਂ ਹੋਵੇਗਾ ਪਰ ਜੇਕਰ ਦੋਵੇਂ ਮੁਲਕਾਂ ਵਿਚਾਲੇ ਵਪਾਰ ਦੀ ਨੀਤੀ ਮਜ਼ਬੂਤ ਹੋ ਗਈ ਤਾਂ ਫਿਰ ਦੋਵਾਂ ਨੂੰ ਆਰਥਿਕ ਲਾਭ ਜ਼ਰੂਰ ਹੋ ਸਕਦਾ ਹੈ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਸਿਹਤ ਨਾਲ ਖਿਲਵਾੜ
14 ਜੂਨ ਦੇ ਸੰਪਾਦਕੀ ਪੰਨੇ 'ਤੇ ਰਿਸਰਚ ਐਸੋਸੀਏਟ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦਾ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਕੰਪਨੀਆਂ ਸੰਬੰਧੀ ਲੱਗਿਆ ਲੇਖ ਕਾਬਲੇ ਤਾਰੀਫ਼ ਤੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਲਾ ਸੀ। ਜਿਸ ਤਰ੍ਹਾਂ ਲੇਖਕਾਂ ਨੇ ਵੱਖ-ਵੱਖ ਸਮਿਆਂ ਦੇ ਅੰਕੜੇ ਤੇ ਕੰਪਨੀਆਂ ਦੇ ਫੇਲ੍ਹ ਹੋਏ ਨਮੂਨਿਆਂ ਦੀਆਂ ਉਦਾਹਰਨਾਂ ਦਿੱਤੀਆਂ ਹਨ ਤਾਂ ਉਸ ਤੋਂ ਲੱਗਦਾ ਹੈ ਕਿ ਅਜੇ ਤੱਕ ਸਰਕਾਰੀ ਪੱਧਰ 'ਤੇ ਇਸ ਬਾਰੇ ਮਾੜੀ-ਮੋਟੀ ਖਾਨਾਪੂਰਤੀ ਤੱਕ ਹੀ ਗੱਲ ਅੱਪੜੀ ਹੋਵੇਗੀ ਜਾਂ ਉਹ ਵੀ ਨਹੀਂ।
ਵਿਦੇਸ਼ੀ ਖ਼ੁਰਾਕ ਸੁਰੱਖਿਆ ਵਿਭਾਗਾਂ ਨੇ ਸਾਡੇ ਦੇਸ਼ ਵਿਚ ਬਣਨ ਵਾਲੇ ਡੱਬਾ-ਬੰਦ ਖਾਦ ਪਦਾਰਥਾਂ ਅਤੇ ਮਸਾਲਿਆਂ ਆਦਿ ਦੇ ਨਮੂਨੇ ਇਸ ਲਈ ਫੇਲ੍ਹ ਕਰ ਦਿੱਤੇ ਹਨ ਕਿ ਇਨ੍ਹਾਂ ਨੂੰ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਇਨ੍ਹਾਂ ਵਿਚ ਰਸਾਇਣਾਂ ਦੀ ਵੱਧ ਮਾਤਰਾ ਦਾ ਇਸਤੇਮਾਲ ਕੀਤਾ ਹੈ।
ਹੋਰ ਤਾਂ ਹੋਰ, ਨਵੇਂ ਜੰਮੇ ਬੱਚਿਆਂ ਲਈ ਵੱਖ-ਵੱਖ ਆਹਾਰ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਉਨ੍ਹਾਂ ਵਿਚ ਵੱਧ ਮਾਤਰਾ ਵਿਚ ਸ਼ੂਗਰ ਪਾ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ। ਹੁਣ ਸਵਾਲ ਇਹ ਹੈ ਕਿ ਵਿਦੇਸ਼ਾਂ ਨੇ ਤਾਂ ਆਪਣੇ ਪਾਰਦਰਸ਼ੀ ਸਿਸਟਮ ਤਹਿਤ ਇਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕੀ ਸਾਡੀਆਂ ਕੇਂਦਰੀ ਜਾਂ ਸੂਬਾਈ ਸਰਕਾਰਾਂ ਨੇ ਉਨ੍ਹਾਂ ਕੰਪਨੀਆਂ ਨੂੰ ਕੋਈ ਨੋਟਿਸ ਵਗੈਰਾ ਜਾਂ ਨਮੂਨੇ ਜਾਚਣ ਸੰਬੰਧੀ ਕੋਈ ਕਾਰਵਾਈ ਵੀ ਕੀਤੀ ਹੈ?
ਸਿਰਫ਼ ਦੀਵਾਲੀ-ਦੁਸਹਿਰੇ ਦੇ ਤਿਉਹਾਰਾਂ ਨੇੜੇ ਖ਼ੁਰਾਕੀ ਵਸਤਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਨਾ ਇਸ ਦਾ ਕੋਈ ਠੋਸ ਹੱਲ ਨਹੀਂ ਹੈ। ਇਹ ਕੰਮ ਸਰਕਾਰਾਂ ਦੇ ਮੁੱਖ ਏਜੰਡੇ 'ਤੇ ਹੋਣਾ ਚਾਹੀਦਾ ਹੈ। ਖੁਰਾਕੀ ਵਸਤਾਂ ਦੀ ਸ਼ੁੱਧ ਗੁਣਵੱਤਾ ਵੀ ਬਹੁਤ ਜ਼ਰੂਰੀ ਹੈ। ਨਵੀਂ ਚੁਣੀ ਸਾਡੇ ਦੇਸ਼ ਦੀ ਸਰਕਾਰ ਜਾਂ ਇਨਕਲਾਬ 'ਚੋਂ ਨਿਕਲ ਕੇ ਆਈ ਸੂਬਾਈ ਸਰਕਾਰ ਇਸ ਵੱਲ ਕਿੰਨਾ ਕੁ ਧਿਆਨ ਦਿੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ?
-ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ. ਬਾਸੀਆਂ ਬੇਟ (ਲੁਧਿਆਣਾ)
ਜਨਤਾ ਦਾ ਬੁਲਡੋਜ਼ਰ
ਉੱਤਰ-ਪ੍ਰਦੇਸ਼ ਦੇ ਮੁੱਖ-ਮੰਤਰੀ ਆਦਿੱਤਿਆ ਯੋਗੀ ਵਲੋਂ ਛੋਟੇ-ਵੱਡੇ ਅਪਰਾਧੀਆਂ ਦੀ ਪ੍ਰਾਪਰਟੀ ਜ਼ਬਤ ਕਰ ਕੇ ਬੁਲਡੋਜ਼ਰ ਫੇਰ ਦੇਣ ਦੀਆਂ ਖਬਰਾਂ ਨੇ ਬਹੁਤ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰੀਆਂ ਹਨ।
ਕਿਸੇ ਵੀ ਅਪਰਾਧ ਦੀ ਸਜ਼ਾ ਦੇਣ ਲਈ ਸਾਡੇ ਸੰਵਿਧਾਨ ਨੇ ਮਾਣਯੋਗ ਅਦਾਲਤ ਦੀ ਵਿਵਸਥਾ ਕੀਤੀ ਹੈ ਪਰ ਜੇਕਰ ਇਹ ਰਾਜਨੀਤਕ ਲੋਕ ਅਦਾਲਤ ਦਾ ਕੰਮ ਕਰਨ ਦਾ ਅਧਿਕਾਰ ਆਪਣੇ ਹੱਥ ਵਿਚ ਲੈਣ ਦੀ ਹਿਮਾਕਤ ਕਰਣਗੇ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਵੀ ਤਿਆਰ ਰਹਿਣਾ ਹੋਵੇਗਾ। ਜਿੱਥੇ ਯੋਗੀ ਨੇ ਬੁਲਡੋਜ਼ਰ ਫਿਰਵਾਏ ਉੱਥੇ ਮੁਲਜ਼ਮ ਦੇ ਪਰਿਵਾਰਕ ਮੈਂਬਰ ਤਾਂ ਦੋਸ਼ੀ ਨਹੀਂ, ਅਜਿਹੀ ਸਜ਼ਾ ਉਨ੍ਹਾਂ ਨੂੰ ਵੀ ਭੁਗਤਣੀ ਪਈ ਜੋ ਕਿ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ ਠਹਿਰਾਈ ਜਾ ਸਕਦੀ।
ਇਸ ਤਰ੍ਹਾਂ ਦੀਆਂ ਕਾਰਵਾਈਆਂ ਵਿਚੋਂ ਜਨਤਕ ਰੋਹ ਉਪਜਦਾ ਹੈ ਅਤੇ ਲੋਕ-ਰੋਹ ਦਾ ਸਭ ਤੋਂ ਵੱਡਾ ਹਥਿਆਰ ਹੈ ਲੋਕਤੰਤਰਿਕ ਪ੍ਰਣਾਲੀ ਭਾਵ 'ਵੋਟਾਂ' ਯੋਗੀ ਵਲੋਂ ਚਲਾਏ ਬੁਲਡੋਜ਼ਰਾਂ ਦਾ ਜਵਾਬ ਲੋਕਾਂ ਨੇ ਆਪਣਾ ਬੁਲਡੋਜ਼ਰ ਵੋਟਾਂ ਦੇ ਰੂਪ ਵਿਚ ਚਲਾਇਆ ਅਤੇ ਮੁੱਖ ਮੰਤਰੀ ਦੀ ਪਾਰਟੀ ਜਨਤਾ ਦਾ ਬੁਲਡੋਜ਼ਰ ਵੇਖ ਹੱਕੀ-ਵੱਕੀ ਰਹਿ ਗਈ।
-ਜਗਤਾਰ ਸਿੰਘ (ਰਿਟ.ਲੈਕ)
287, ਸ਼ੇਖੂਪੁਰਾ ਇਨਕਲੇਵ, ਸੰਗਰੂਰ।
ਹਰਿਆ ਭਰਿਆ ਵਾਤਾਵਰਨ
ਅੱਜ ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ।ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇਕੁਦਰਤ ਨਾਲ ਛੇੜਖਾਨੀ ਕੀਤੀ ਹੈ। ਪਹਾੜੀ ਖੇਤਰਾਂ 'ਚ ਵੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ। ਜਨਸੰਖਿਆਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ। ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ ਪਹਿਲਾਂ 2005 'ਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ। 2012 'ਚ ਉੱਤਰਾਖੰਡ 'ਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ। ਹੁਣ ਪਿਛਲੇ ਮਹੀਨੇ ਫਿਰ ਉੱਤਰਾਖੰਡ 'ਚ ਬੱਦਲ ਫਟੱਣ ਕਾਰਨ ਜੋ ਤਬਾਹੀ ਮੱਚੀ ਸੀ, ਉਸ ਨੇ ਦਿਲ ਕੰਬਾ ਦਿੱਤਾ। ਕਿੰਨੇ ਲੋਕਾਂ ਦੀ ਜਾਨ ਚੱਲੀ ਗਈ। ਕਈ ਲੋਕ ਤਾਂ ਪਾਣੀ 'ਚ ਹੀ ਵਹਿ ਗਏ। ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ। ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। 2020 'ਚ ਜਦੋਂ ਕੋਰੋਨਾ ਮਹਾਂਮਰੀ ਨੇ ਭਾਰਤ 'ਚ ਦਸਤਕ ਦਿੱਤੀ ਤਾਂ ਪੂਰੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ ਗਈ, ਜਿਸ ਨਾਲ ਸਭ ਕੁਝ ਰੁਕ ਗਿਆ ਅਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਵਾਤਾਵਰਣਸਾਫ ਸੁਥਰਾ ਹੋ ਗਿਆ। ਇਸ ਮਹਾਂਮਾਰੀ ਦੌਰਾਨ ਅਨੇਕਾਂ ਲੋਕ ਆਕਸੀਜਨ ਦੀ ਕਮੀ ਨਾਲ ਹੀ ਮਰ ਗਏ। ਜੇਕਰ ਅਸੀਂ ਵੱਡੀ ਪੱਧਰ 'ਤੇ ਰੁਖ ਲਗਾਏ ਹੁੰਦੇ ਤਾਂ ਆਕਸੀਜਨ ਦੀ ਕਮੀ ਹੋਣੀ ਨਹੀਂ ਸੀ। ਸੋ, ਆਓ ਅਸੀਂ ਸਾਰੇ ਹੀ ਪ੍ਰਣ ਕਰੀਏ ਕਿਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖੀਏ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਆਨੰਦ ਮਾਣ ਸਕਣ।
-ਸੰਜੀਵ ਸਿੰਘ ਸੈਣੀ
ਮੋਹਾਲੀ
ਨੀਟ ਨਤੀਜੇ ਦੇ ਸ਼ੰਕੇ
ਭਾਰਤ ਵਿਚ ਇਹ ਦੁਖਾਂਤ ਦੌਰ ਵਾਪਰ ਰਿਹਾ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਯੋਗ ਵਿਦਿਆਰਥੀਆਂ ਨੂੰ ਵਾਰ-ਵਾਰ ਪ੍ਰੀਖਿਆ ਦੀ ਬੇਭਰੋਸਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਵਿਦਿਆਰਥੀਆਂ 'ਚ ਲਾਚਾਰੀ ਅਤੇ ਨਿਰਾਸ਼ਾ ਵਧਦੀ ਹੈ। ਡਾਕਟਰੀ ਪ੍ਰਦਾਨ ਕਰਨ ਵਾਲੀ ਪ੍ਰੀਖਿਆ (ਨੀਟ) ਸੰਬੰਧੀ ਵਿਵਾਦ ਦੇਸ਼ ਦੀ ਸਮੁੱਚੀ ਸਿੱਖਿਆ ਪ੍ਰਣਾਲੀ 'ਤੇ ਬਦਨੁਮਾ ਦਾਗ਼ ਹੈ ਅਤੇ ਇਸ 'ਚ ਜਲਦ ਤੋਂ ਜਲਦ ਇਨਸਾਫ਼ ਹੋਣਾ ਚਾਹੀਦਾ ਹੈ। ਮਾਪਿਆਂ ਨੇ ਨੀਟ ਦੇ ਨਤੀਜਿਆਂ ਬਾਰੇ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ। ਇਥੋਂ ਤਕ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵੀ ਕੀਤੀ ਗਈ ਜੋ ਕਿ ਸਰਬਉੱਚ ਅਦਾਲਤ ਦੁਆਰਾ ਰੱਦ ਕਰ ਦਿੱਤੀ ਗਈ ਹੈ ਪਰ ਇਕ ਵੱਡਾ ਵਿਵਾਦ ਨੀਟ ਦਾ ਪੇਪਰ ਲੀਕ ਹੋਣ ਦਾ ਵੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਿਲਾਂ ਪੇਪਰ ਲੀਕ ਹੋਏ, ਹੁਣ ਨਤੀਜਿਆਂ 'ਚ ਵੀ ਘਪਲਾ ਹੋਇਆ ਹੈ। ਸਰਕਾਰ ਨੂੰ ਲੱਖਾਂ ਵਿਦਿਆਰਥੀਆਂ ਦੀ ਸੁਣਨੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਦੇ ਸਾਰੇ ਸ਼ੰਕੇ ਦੂਰ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਨਿਰੋਏਪਣ ਦਾ ਸੰਕੇਤ ਦਿੱਤਾ ਜਾ ਸਕੇ।
-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਮੋਗਾ।
ਸਰਕਾਰ ਧਿਆਨ ਦੇਵੇ
ਹੁਸ਼ਿਆਰਪੁਰ ਤੋਂ ਊਨਾ ਜਾਣ ਵੇਲੇ ਸਾਧੂ ਚੱਕ ਤੋਂ ਅੱਗੇ ਪੰਜਾਬ ਵਾਲੇ ਪਾਸੇ ਦੀ ਸੜਕ ਸਰਕਾਰ ਦੀ ਅਣਦੇਖੀ ਦੀ ਹਾਲਤ ਆਪਣੇ ਆਪ ਬਿਆਨ ਕਰਦੀ ਹੈ। ਇਸ ਸੜਕ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਕਿਸੇ ਵੇਲੇ ਵੀ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਇੰਨੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਕਿ ਇਸ ਸੜਕ ਤੋਂ ਗੱਡੀ ਕੱਚੇ ਰਸਤੇ 'ਤੇ ਜੇਕਰ ਇਕ ਵਾਰ ਉਤਰ ਜਾਵੇ ਤਾਂ ਉਸ ਨੂੰ ਦੁਬਾਰਾ ਜੇ.ਸੀ.ਬੀ. ਦੀ ਮਦਦ ਨਾਲ ਹੀ ਉੱਪਰ ਚੜ੍ਹਾਇਆ ਜਾ ਸਕਦਾ ਹੈ। ਹੋਰ ਤਾਂ ਹੋਰ, ਜੇਕਰ ਇਕ ਚੰਗੀ ਬਰਸਾਤ ਹੋ ਜਾਵੇ ਤਾਂ ਇਹ ਸੜਕ ਵੀ ਕਾਫੀ ਹੱਦ ਤੱਕ ਨਜ਼ਰ ਨਹੀਂ ਆਵੇਗੀ। ਕਿਉਂਕਿ ਬਿਨਾਂ ਕਿਨਾਰਿਆਂ ਤੋਂ ਸੜਕ ਕਿੰਨੀ ਦੇਰ ਤੱਕ ਰਹਿ ਸਕਦੀ ਹੈ, ਇਸ ਦਾ ਅੰਦਾਜ਼ਾ ਇਸ ਸੜਕ 'ਤੇ ਜਾ ਕੇ ਹੀ ਲਗਾਇਆ ਜਾ ਸਕਦਾ ਹੈ।
ਇਥੇ ਇਹ ਵੀ ਵਰਣਨਯੋਗ ਹੈ ਕਿ ਇਹ ਸੜਕ ਪੰਜਾਬ ਨੂੰ ਹਿਮਾਚਲ ਨਾਲ ਜੋੜਦੀ ਹੈ ਜਿਸ ਰਾਹੀਂ ਪੰਜਾਬ ਦੇ ਲੋਕ ਊਨਾ, ਕੁੱਲੂ-ਮਨਾਲੀ ਇਸੇ ਰਸਤੇ ਤੋਂ ਹੋ ਕੇ ਜਾਂਦੇ ਹਨ ਅਤੇ ਹਿਮਾਚਲ ਦੇ ਲੋਕ ਵੀ ਇਸੇ ਰਸਤੇ ਰਾਹੀਂ ਪੰਜਾਬ ਵਿਚ ਆਉਂਦੇ ਹਨ। ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਹੈ ਅਤੇ ਬਰਸਾਤੀ ਮੌਸਮ ਦੀ ਇਕ ਬਰਸਾਤ ਤੋਂ ਬਾਅਦ ਇਹ ਦੋਵਾਂ ਰਾਜਾਂ ਦਾ ਸੰਪਰਕ ਆਪਸ ਵਿਚ ਟੁੱਟ ਸਕਦਾ ਹੈ। ਸੋ, ਸਰਕਾਰ ਨੂੰ ਬੇਨਤੀ ਹੈ ਕਿ ਇਸ ਸੜਕ ਵੱਲ ਸਮਾਂ ਰਹਿੰਦੇ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂਕਿ ਆਉਣ ਵਾਲੀ ਮੁਸੀਬਤ ਨਾਲ ਸਮਾਂ ਰਹਿੰਦਿਆਂ ਪਹਿਲਾਂ ਹੀ ਨਜਿੱਠਿਆ ਜਾ ਸਕੇ।
-ਅਸ਼ੀਸ਼ ਸ਼ਰਮਾ
ਜਲੰਧਰ।
ਪੁਲਿਸ ਸੁਧਾਰ
ਬੀਤੇ ਦਿਨੀਂ 'ਅਜੀਤ' ਵਿਚ ਛਪੀ ਸੁਹਜਪ੍ਰੀਤ ਸਿੰਘ ਦੀ ਰਚਨਾ 'ਪੁਲਿਸ ਪ੍ਰਣਾਲੀ 'ਚ ਅਹਿਮ ਸੁਧਾਰਾਂ ਦੀ ਲੋੜ' ਪੜ੍ਹੀ। ਕਾਬਲੇ ਗੌਰ ਸੀ। ਸਭ ਤੋਂ ਪਹਿਲਾਂ ਪੁਲਿਸ ਦੇ ਸੁਧਾਰ ਵਾਸਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ 1861 ਵਾਲਾ ਕਾਨੂੰਨ ਬਦਲਿਆ ਜਾਵੇ। ਹੁਣ ਜਦੋਂ ਸੂਬੇ ਵਿਚ ਗੈਂਗਸਟਰ, ਤਸਕਰਾਂ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ, ਦਾ ਮੁਕਾਬਲਾ ਕਰਨ ਲਈ ਪੁਲਿਸ ਨੂੰ ਆਧੁਨਿਕ ਹਥਿਆਰ, ਵਹੀਕਲ, ਫੌਰੈਂਸਿੰਗ ਲੈਬੋਰਟਰੀਆਂ ਮੁਹੱਈਆਂ ਕੀਤੀਆਂ ਜਾਣ। ਸਾਈਬਰ ਕ੍ਰਾਇਮ ਨੂੰ ਕੰਟਰੋਲ ਕਰਨ ਲਈ ਨਵੀਨ ਉਪਕਰਨ, ਪੁਲਿਸ ਦੀ ਨਫਰੀ ਵਿਚ ਆਬਾਦੀ ਦੇ ਲਿਹਾਜ਼ ਨਾਲ ਵਾਧਾ ਕਰਨਾ ਬਹੁਤ ਜਰੂਰੀ ਹੈ। ਪੁਲਿਸ ਨੂੰ ਰਾਜਨੀਤਕ ਦਖਲਅੰਦਾਜ਼ੀ ਤੋਂ ਪਰ੍ਹੇ ਹਟ ਜਵਾਬਦੇਹ ਬਣਾਇਆ ਜਾਵੇ।
ਪੀੜਤ ਥਾਣੇ ਜਾਣ ਤੋਂ ਨਾਂ ਡਰੇ। ਉਸ ਨਾਲ ਹਲੀਮੀ ਨਾਲ ਗੱਲ ਕਰ ਪਾਣੀ ਪਿਆ ਉਸ ਦੀ ਗੱਲ ਸੁਣਨ ਉਪਰੰਤ ਕਾਨੂੰਨ ਅਨੁਸਾਰ ਪਰਚਾ ਦਰਜ ਕਰੇ। ਮੁਜ਼ਰਮਾਂ 'ਤੇ ਸਖ਼ਤੀ ਕੀਤੀ ਜਾਵੇ। ਲੋਕਾਂ ਵਿਚ ਇਸ ਗੱਲ ਦਾ ਵਿਸ਼ਵਾਸ ਪੈਦਾ ਕੀਤਾ ਜਾਵੇ ਕਿ ਪੁਲਿਸ ਜਨਤਾ ਦੀ ਮਿੱਤਰ ਹੈ। ਲਾਅ ਐਂਡ ਆਰਡਰ ਪਰ ਨਵੀਂ ਪੁਲਿਸ ਤੇ ਐਡਹਾਕ ਥਾਣੇਦਾਰ ਲਗਾਏ ਜਾਣ। ਤਫ਼ਤੀਸ਼ ਵਿਚ ਲੋਅਰ ਇੰਟਰ ਅੱਪਰ ਪਾਸ ਹੌਲਦਾਰ ਥਾਣੇਦਾਰ ਤਫ਼ਤੀਸ਼ ਲਈ ਥਾਣਿਆਂ ਵਿਚ ਲਗਾਏ ਜਾਣ। ਉਨ੍ਹਾਂ ਦੀ ਤਫ਼ਤੀਸ਼ ਤੋਂ ਇਲਾਵਾ ਹੋਰ ਕੋਈ ਡਿਊਟੀ ਨਾ ਲਗਾਈ ਜਾਵੇ। ਇਸ ਤੋਂ ਇਲਾਵਾ ਪੁਲਿਸ ਤੇ ਆਮ ਜਨਤਾ ਵਿਚਕਾਰ ਸੈਮੀਨਾਰ ਲਗਾ ਕੇ ਦੂਰੀ ਦੂਰ ਕੀਤੀ ਜਾਵੇ। ਇਸ ਨਾਲ ਅਪਰਾਧਾਂ ਵਿਚ ਕਮੀ ਆਵੇਗੀ ਤੇ ਪੀੜਤ ਨੂੰ ਇਨਸਾਫ਼ ਮਿਲੇਗਾ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਬਾਜ਼ਾਰੀ ਖਾਣ-ਪੀਣ ਅਤੇ ਗੁਣਵੱਤਾ
ਅੱਜ ਹਰ ਬੰਦਾ ਚਟਪਟਾ ਮਜ਼ੇਦਰ ਖਾਣ ਦਾ ਸ਼ੌਕੀਨ ਹੈ ਅਤ ਇਸੇ ਕਰਕੇ ਹਰ ਛੋਟੇ ਸ਼ਹਿਰ ਜਾਂ ਅੱਡੇ ਉੱਤੇ ਸਾਨੂੰ ਰੇਹੜੀਆਂ ਉੱਤੇ ਪ੍ਰਵਾਸੀ ਲੋਕ ਕੁਝ ਨਾ ਕੁਝ ਬਣਾਉਂਦੇ ਦਿਸਦੇ ਹਨ ਅਤੇ ਤਕਰੀਬਨ ਸਾਰੀਆਂ ਰੇਹੜੀਆਂ 'ਤੇ ਹੀ ਲੋਕ ਕੁਝ ਨਾ ਕੁਝ ਖਾਣ ਲਈ ਖੜ੍ਹੇ ਹੁੰਦੇ ਹਨ, ਪਰ ਅੱਜਕਲ ਲੋਕ ਖਾਣ ਲੱਗੇ ਨਾ ਤਾਂ ਚੀਜ਼ ਦੀ ਗੁਣਵੱਤਾ ਵੱਲ ਧਿਆਨ ਦਿੰਦੇ ਹਨ ਅਤੇ ਨਾ ਸ਼ੁੱਧਤਾ ਵੱਲ ਪਰ ਅੱਜ ਦਾ ਯੁਗ ਆਧੁਨਿਕ ਹੋਣ ਕਰਕੇ ਕੁਝ ਕੁ ਅਜਿਹੇ ਲੋਕ ਵੀ ਹਨ ਜਿਹੜੇ ਕਿ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਵੇਲੇ ਵਰਤੀਆਂ ਲਾਪਰਵਾਹੀਆਂ ਨੂੰ ਕੈਮਰੇ ਵਿਚ ਕੈਦ ਕਰਦੇ ਹਨ ਕਿਉਂਕਿ ਅਸੀਂ ਆਮ ਹੀ ਵੇਖਦੇ ਹਾਂ ਕਿ ਰੇਹੜੀ ਜਾਂ ਕੋਈ ਹੋਟਲ ਵਾਲੇ ਪੀਣ ਵਾਲੇ ਪਾਣੀ ਵਿਚ ਹੀ ਹੱਥ ਧੋ ਰਹੇ ਹਨ ਜਾਂ ਗਲੇ ਹੋਏ ਆਲੂ ਅਤੇ ਹੋਰ ਸਬਜ਼ੀਆਂ ਦੀ ਵਰਤੋਂ ਕਰਦੇ ਹਨ।
ਪਿਛਲੇ ਦਿਨੀਂ ਹੀ ਇਕ ਵੀਡਿਓ ਅੰਦਰ ਇਕ ਪ੍ਰਵਾਸੀ ਔਰਤ ਵਲੋਂ ਆਲੂਆਂ ਨੂੰ ਪੈਰਾਂ ਨਾਲ ਗੁੰਨ੍ਹਿਆ ਜਾ ਰਿਹਾ ਸੀ।
ਦੱਸੋ ਭਲਾ ਖਾਣ ਵਾਲਿਆਂ ਦੀ ਸਿਹਤ ਨਾਲ ਇਹ ਖਿਲਵਾੜ ਚੰਗਾ ਹੈ, ਜਦੋਂ ਗ੍ਰਾਹਕ ਦੁਕਾਨਦਾਰ ਨੂੰ ਮੂੰਹੋਂ ਮੰਗੀ ਰਕਮ ਦਿੰਦਾ ਹੈ ਤਾਂ ਫਿਰ ਦੁਕਾਨਦਾਰ ਨੂੰ ਅਜਿਹੀ ਗਲਤੀ ਜਾਣਬੁੱਝ ਕੇ ਕਰਨਾ ਸ਼ੋਭਾ ਨਹੀਂ ਦਿੰਦਾ, ਕਦੇ ਕੁਲਫ਼ੀਆਂ ਵਿਚੋਂ ਕਿਰਲੀ ਨਿਕਲਦੀ ਹੈ ਤੇ ਕਦੇ ਪੀਜ਼ੇ ਵਿਚੋਂ ਸੁੰਡੀਆਂ। ਜਿਹੜੇ ਵੀ ਲੋਕ ਫਾਸਟ ਫੂਡ ਆਦਿ ਦੀਆਂ ਦੁਕਾਨਾਂ ਕਰਦੇ ਹਨ ਸਿਹਤ ਵਿਭਾਗ ਨੂੰ ਉਨ੍ਹਾਂ ਦੀ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਐ ਅਤੇ ਬਾਕੀ ਲੋਕਾਂ ਨੂੰ ਵੀ ਇਨ੍ਹਾਂ ਤੋਂ ਲੈ ਕੇ ਖਾਣਾ ਘੱਟ ਕਰਨਾ ਚਾਹੀਦਾ ਏ। ਜੇਕਰ ਇਨ੍ਹਾਂ ਦੀ ਵਿੱਕਰੀ 'ਤੇ ਫਰਕ ਪਵੇਗਾ ਤਾਂ ਇਹ ਜ਼ਰੂਰ ਸਫ਼ਾਈ ਵੱਲ ਧਿਆਨ ਦੇਣਗੇ ਅਤੇ ਮਨਮਰਜ਼ੀਆਂ ਕਰਨੋਂ ਹਟਣਗੇ।
-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ
ਮੋਦੀ 3.0
ਇਹ ਸੱਚ ਹੈ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਲਗਾਤਾਰ ਤੀਜੇ ਕਾਰਜਕਾਲ ਵਿਚ, ਅਸਲ 'ਚ ਪਹਿਲੀ ਵਾਰ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ, ਕਿਉਂਕਿ 2014 ਅਤੇ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ 543 ਮੈਂਬਰੀਂ ਲੋਕ ਸਭਾ ਵਿਚ 272 ਸੰਸਦ ਮੈਂਬਰਾਂ ਦੇ ਸਧਾਰਨ ਬਹੁਮਤ ਦੇ ਅੰਕੜੇ ਨੂੰ ਇਕੱਲਿਆਂ ਹੀ ਪਾਰ ਕਰ ਲਿਆ ਸੀ।
ਫਿਰ ਵੀ ਮੈਨੂੰ ਲਗਦਾ ਹੈ ਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਬਣੇ ਐਨ.ਡੀ.ਏ. ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ 293 ਸੰਸਦ ਮੈਂਬਰਾਂ ਨਾਲ ਮੋਦੀ ਲਈ ਸਰਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਇੰਨਾ ਮੁਸ਼ਕਿਲ ਨਹੀਂ ਹੋਵੇਗਾ।
ਉਨ੍ਹਾਂ ਦਾ ਆਪਣਾ ਲੰਮਾ ਸਿਆਸੀ ਤਜਰਬਾ, ਅਮਿਤ ਸ਼ਾਹ ਵਰਗੇ ਲੋਕਾਂ ਦੀ ਨਿਪੁੰਨਤਾ, ਰਾਜਨਾਥ ਸਿੰਘ ਵਰਗੇ ਲੋਕਾਂ ਦੀ ਪਰਿਪੱਕਤਾ, ਨਿਤਿਨ ਗਡਕਰੀ ਵਰਗੇ ਲੋਕਾਂ ਦੀ ਲਿਆਕਤ, ਐਸ. ਜੈਸ਼ੰਕਰ ਦੀ ਸੂਝ ਬੂਝ ਸਮੇਤ ਹੋਰ ਕਈ ਸਾਥੀ ਸਹਿਯੋਗੀਆਂ ਦੀ ਇਮਾਨਦਾਰੀ, ਨਿਸ਼ਠਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਗੀਦਾਰੀ ਨਾਲ ਮੋਦੀ ਨੂੰ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ਅਤੇ ਉਹ ਗੱਠਜੋੜ ਸਰਕਾਰ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ।
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।
ਅਪਰਾਧਿਕ ਘਟਨਾਵਾਂ
ਸੂਬੇ ਵਿਚ ਜਿਥੇ ਰੋਜ਼ਾਨਾ ਕਤਲਾਂ, ਹੱਤਿਆਵਾਂ ਦਾ ਸਿਲਸਿਲਾ ਵਧ ਰਿਹਾ ਹੈ ਉਥੇ ਹੀ ਲੁੱਟਾਂ-ਖੋਹਾਂ, ਝਪਟਮਾਰੀ ਆਦਿ ਦੀਆਂ ਅਪਰਾਧਿਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਮੁਹਾਲੀ ਵਿਚ ਦਿਨ-ਦਿਹਾੜੇ ਇਕ ਜਵਾਨ ਲੜਕੀ 'ਤੇ ਤਲਵਾਰ ਨਾਲ ਕਈ ਵਾਰ ਕਰਕੇ ਇਕ ਨੌਜਵਾਨ ਵਲੋਂ ਕਤਲ ਕਰ ਦਿੱਤਾ ਗਿਆ।
ਪਠਾਨਕੋਟ ਵਿਚ ਵੀ ਮਾਮੂਲੀ ਗੱਲ ਨੂੰ ਲੈ ਕੇ ਆਟੋ ਚਾਲਕ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਜਲੰਧਰ 'ਚੋਂ ਵੀ ਇਕ ਸ਼ਮਸ਼ਾਨਘਾਟ ਵਿਚ ਇਕ ਵਿਅਕਤੀ ਦੀ ਲਾਸ਼ ਮਿਲੀ। ਗੁਰਦਾਸਪੁਰ ਵਿਚ ਵੀ ਆੜ੍ਹਤੀਆਂ ਤੇ ਟਰੱਕ ਚਾਲਕਾਂ ਵਿਚ ਆਪਸੀ ਵਿਵਾਦ ਕਾਰਨ ਟਰੱਕ ਚਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਤਰ੍ਹਾਂ ਨਿੱਤ ਦਿਨ ਝਪਟਮਾਰੀਆਂ ਤੇ ਲੁੱਟਾਂ ਖੋਹਾਂ ਦੀਆਂ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਵਾਪਰਨ ਨਾਲ ਲੋਕਾਂ ਦਾ ਸਰਕਾਰੀ ਮੱਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਜੇਕਰ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਸੂਬਾ ਬੜੀ ਤੇਜ਼ੀ ਨਾਲ ਅਰਾਜਕਤਾ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਸੋ ਸਰਕਾਰ, ਪ੍ਰਸ਼ਾਸਨ ਨੂੰ ਮੁਸਤੈਦੀ ਨਾਲ ਲੋਕਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕਰਨ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦਾ ਵਿਸ਼ਵਾਸ ਸਰਕਾਰ 'ਤੇ ਬਣਿਆ ਰਹੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਮੋਦੀ 3.0
ਇਹ ਸੱਚ ਹੈ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਲਗਾਤਾਰ ਤੀਜੇ ਕਾਰਜਕਾਲ ਵਿਚ, ਅਸਲ 'ਚ ਪਹਿਲੀ ਵਾਰ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ, ਕਿਉਂਕਿ 2014 ਅਤੇ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ 543 ਮੈਂਬਰੀਂ ਲੋਕ ਸਭਾ ਵਿਚ 272 ਸੰਸਦ ਮੈਂਬਰਾਂ ਦੇ ਸਧਾਰਨ ਬਹੁਮਤ ਦੇ ਅੰਕੜੇ ਨੂੰ ਇਕੱਲਿਆਂ ਹੀ ਪਾਰ ਕਰ ਲਿਆ ਸੀ।
ਫਿਰ ਵੀ ਮੈਨੂੰ ਲਗਦਾ ਹੈ ਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਬਣੇ ਐਨ.ਡੀ.ਏ. ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ 293 ਸੰਸਦ ਮੈਂਬਰਾਂ ਨਾਲ ਮੋਦੀ ਲਈ ਸਰਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਇੰਨਾ ਮੁਸ਼ਕਿਲ ਨਹੀਂ ਹੋਵੇਗਾ।
ਉਨ੍ਹਾਂ ਦਾ ਆਪਣਾ ਲੰਮਾ ਸਿਆਸੀ ਤਜਰਬਾ, ਅਮਿਤ ਸ਼ਾਹ ਵਰਗੇ ਲੋਕਾਂ ਦੀ ਨਿਪੁੰਨਤਾ, ਰਾਜਨਾਥ ਸਿੰਘ ਵਰਗੇ ਲੋਕਾਂ ਦੀ ਪਰਿਪੱਕਤਾ, ਨਿਤਿਨ ਗਡਕਰੀ ਵਰਗੇ ਲੋਕਾਂ ਦੀ ਲਿਆਕਤ, ਐਸ. ਜੈਸ਼ੰਕਰ ਦੀ ਸੂਝ ਬੂਝ ਸਮੇਤ ਹੋਰ ਕਈ ਸਾਥੀ ਸਹਿਯੋਗੀਆਂ ਦੀ ਇਮਾਨਦਾਰੀ, ਨਿਸ਼ਠਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਗੀਦਾਰੀ ਨਾਲ ਮੋਦੀ ਨੂੰ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ਅਤੇ ਉਹ ਗੱਠਜੋੜ ਸਰਕਾਰ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ।
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।
ਡੁੱਬਣ ਦੀਆਂ ਘਟਨਾਵਾਂ ਚਿੰਤਾਜਨਕ
ਬੀਤੇ ਐਤਵਾਰ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ 'ਚ ਨਹਿਰ ਵਿਚ ਨਹਾਉਣ ਗਏ 3 ਬੱਚੇ ਡੁੱਬ ਗਏ। ਇਨ੍ਹਾਂ ਤਿੰਨਾਂ ਬੱਚਿਆਂ ਦੀ ਉਮਰ 13-14 ਸਾਲ ਵਿਚਕਾਰ ਦੱਸੀ ਜਾਂਦੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਸਤਲੁਜ 'ਚ ਨਹਾਉਣ ਗਏ 4 ਨੌਜਵਾਨ ਡੁੱਬ ਗਏ। ਉਸ ਤੋਂ ਪਹਿਲਾਂ ਇਕ ਹੋਰ ਟੈਲੀਵਿਜ਼ਨ 'ਤੇ ਖ਼ਬਰ ਨਸ਼ਰ ਹੋਈ ਕਿ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜੋ ਘਰੋਂ ਕ੍ਰਿਕਟ ਦੇ ਮੈਚ ਖੇਡਣ ਦਾ ਬਹਾਨਾ ਲਾ ਕੇ ਗਏ ਸੀ।
ਅਕਸਰ ਹੀ ਜਦੋਂ ਗਰਮੀਆਂ ਆਉਂਦੀਆਂ ਹਨ, ਬੱਚੇ ਨਹਿਰਾਂ, ਨਦੀਆਂ, ਦਰਿਆ ਵਿਚ ਨਹਾਉਣ ਜਾਂਦੇ ਹਨ ਤੇ ਪਾਣੀ ਦੇ ਤੇਜ਼ ਬਹਾਵ ਕਾਰਨ ਰੁੜ੍ਹ ਜਾਂਦੇ ਹਨ।
ਹਰ ਸਾਲ ਡੁੱਬਣ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਬੱਚੇ ਨਾ ਮਾਂ-ਪਿਉ ਤੇ ਨਾ ਹੀ ਅਧਿਆਪਕਾਂ ਦੇ ਆਖੇ ਲਗਦੇ ਹਨ। ਆਪਣੀ ਮਨਮਾਨੀ ਕਰਦੇ ਹਨ। ਮਾਂ-ਪਿਉ, ਇਕੋ ਇਕ ਔਲਾਦ ਹੋਣ ਕਾਰਨ ਬੱਚਿਆਂ ਅੱਗੇ ਮਜਬੂਰ ਤੇ ਲਾਚਾਰ ਹਨ।
ਆਪਣੀਆਂ ਮੰਗਾਂ ਮੋਬਾਇਲ, ਮੋਟਰਸਾਈਕਲ ਸੰਘੀ 'ਚ ਅੰਗੂਠਾ ਦੇ ਕੇ ਲੈਂਦੇ ਹਨ। ਤਿੰਨ-ਤਿੰਨ, ਚਾਰ-ਚਾਰ ਮੋਟਰਸਾਈਕਲ 'ਤੇ ਬੈਠ ਪ੍ਰੈਸ਼ਰ ਹਾਰਨ ਵਜਾਉਂਦੇ ਹਰਲ-ਹਰਲ ਕਰਦੇ ਫੁੱਲ ਸਪੀਡ ਵਿਚ ਮੌਤ ਤੋਂ ਅਨਜਾਣ ਮੌਤ ਨੂੰ ਆਵਾਜ਼ਾਂ ਮਾਰਦੇ ਹਨ। ਜਦੋਂ ਹਾਦਸਾ ਹੁੰਦਾ ਹੈ ਪਰਚਾ ਵੱਡੀ ਗੱਡੀ 'ਤੇ ਹੋ ਜਾਂਦਾ ਹੈ।
ਬੱਚਿਆਂ ਨੂੰ ਸਕੂਲ ਪੱਧਰ 'ਤੇ ਜਾਗਰੂਕ ਕਰ ਸਖ਼ਤੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਵੀ ਆਪਣੇ ਮਾਂ ਪਿਉ ਤੇ ਅਧਿਆਪਕਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਜਿਸ ਮਾਂ-ਪਿਉ ਦਾ ਚਿਰਾਗ ਜਾਂਦਾ ਹੈ, ਉਸ ਨੂੰ ਹੀ ਉਸ ਦੀ ਪੀੜਾ ਦਾ ਅਹਿਸਾਸ ਹੁੰਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਸੋਸ਼ਲ ਮੀਡੀਆ ਦੀ ਦੁਰਵਰਤੋਂ
ਮਨੁੱਖ ਨੇ ਆਪਣੇ ਜੀਵਨ ਨੂੰ ਸੁੱਖ ਭਰਪੂਰ ਬਣਾਉਣ ਲਈ ਬਹੁਤ ਸਾਰੀਆਂ ਕਾਢਾਂ ਕੱਢੀਆਂ ਹਨ। ਇਸ ਦਿਸ਼ਾ ਵਿਚ ਹੀ ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪ ਮੋਬਾਈਲ ਫੋਨ, ਫੇਸਬੁੱਕ, ਯੂ-ਟਿਊਬ, ਟਵਿੱਟਰ, ਵਟਸਐਪ ਆਦਿ ਵਿਕਸਿਤ ਹੋਏ ਹਨ।
ਇਸ ਦੇ ਫਾਇਦੇ ਵੀ ਹਨ। ਪਰ ਕੁਝ ਲੋਕ ਇਨ੍ਹਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ। ਇਸ ਦੀ ਸਭ ਤੋਂ ਜ਼ਿਆਦਾ ਦੁਰਵਰਤੋਂ ਵਿਦਿਆਰਥੀ ਕਰ ਰਹੇ ਹਨ, ਇਸ ਕਰਕੇ ਉਹ ਪੜ੍ਹਾਈ ਵਿਚ ਪਿੱਛੇ ਰਹਿ ਜਾਂਦੇ ਹਨ। ਵਿਦਿਆਰਥੀਆਂ ਵਿਚ ਅੱਜਕਲ੍ਹ ਫੇਸਬੁੱਕ ਦੀ ਬਿਮਾਰੀ ਚੱਲੀ ਹੋਈ ਹੈ। ਫੇਸਬੁੱਕ ਜਨਤਕ ਮੰਚ ਹੋਣ ਕਰਕੇ ਸਾਨੂੰ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਨਾਬਾਲਗਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਉਤੇ ਸ਼ਰਾਰਤੀ ਅਨਸਰਾਂ ਵਲੋਂ ਭੇਜੀਆਂ ਤਸਵੀਰਾਂ ਟਿੱਪਣੀਆਂ ਤੇ ਅਫਵਾਹਾਂ ਉਤੇ ਅੰਨ੍ਹੇਵਾਹ ਯਕੀਨ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX