ਸਰਕਾਰ ਦਾ ਵਧੀਆ ਉਪਰਾਲਾ
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਫਰਿਸ਼ਤੇ ਸਕੀਮ' ਸਰਕਾਰ ਦਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਸਕੀਮ ਮੁਤਾਬਕ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਨੂੰ 2000 ਰੁਪਏ ਮਿਲਣਗੇ ਤੇ ਨਾਲ ਹੀ ਪੁਲਿਸ ਜਾਂ ਹਸਪਤਾਲ ਪ੍ਰਸ਼ਾਸਨ ਮਦਦ ਕਰਨ ਵਾਲੇ ਤੋਂ ਕੋਈ ਪੁੱਛਗਿੱਛ ਨਹੀਂ ਕਰੇਗਾ, ਜਦੋਂ ਤੱਕ ਉਹ ਖ਼ੁਦ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ। ਦੱਸ ਦੇਈਏ ਇਹ ਸਕੀਮ ਪੰਜਾਬ ਸਰਕਾਰ ਵਲੋਂ ਇਸ ਲਈ ਲਾਗੂ ਕੀਤੀ ਗਈ ਹੈ ਕਿ ਸੜਕ ਹਾਦਸਿਆਂ ਵਿਚ ਲੋਕਾਂ ਦੀਆਂ ਜਾਨਾਂ ਨਾ ਜਾਣ ਤੇ ਉਨ੍ਹਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਵਿਅਕਤੀ ਬਿਨਾਂ ਕਿਸੇ ਡਰੋਂ ਜ਼ਖ਼ਮੀਆਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਉਣ। ਹਾਦਸਿਆਂ ਦੇ ਪੀੜਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਸਕਦਾ ਹੈ। ਉੱਥੇ ਉਸ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਲੋਕ ਅਕਸਰ ਕਿਸੇ ਵੀ ਪੀੜਤ ਦੀ ਮਦਦ ਕਰਨ ਤੋਂ ਇਹ ਸੋਚ ਕੇ ਪਿੱਛੇ ਹਟ ਜਾਂਦੇ ਸੀ ਕਿ ਉਨ੍ਹਾਂ ਨੂੰ ਪੁਲਿਸ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ, ਜਾਂ ਕੋਰਟ ਕਚਹਿਰੀਆਂ ਦੇ ਚੱਕਰਾਂ ਵਿਚ ਪੈਣਾ ਪਵੇਗਾ। ਪਰ ਹੁਣ ਫਰਿਸ਼ਤੇ ਸਕੀਮ ਤਹਿਤ ਲੋਕਾਂ ਦੀਆਂ ਜਾਨਾਂ ਬਚਾਅ ਸਕਦੇ ਹਨ ਤੇ ਨਾਲ ਹੀ ਉਨ੍ਹਾਂ ਨੂੰ 2000 ਰੁਪਏ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਸਕੀਮ ਰਾਹੀਂ ਲੋਕਾਂ ਵਿਚ ਜਾਗਰੂਕਤਾ ਵਧੇਗੀ ਅਤੇ ਲੋਕ ਕਿਸੇ ਵੀ ਜ਼ਖ਼ਮੀ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਕਿਸੇ ਡਰ ਕਿਸੇ ਭੈਅ ਤੋਂ ਮੁਕਤ ਹੋ ਕੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆਉਣਗੇ।
-ਗੌਰਵ ਮੁੰਜਾਲ
ਪੀ.ਸੀ.ਐਸ.
ਹੜ੍ਹ ਵਰਗੇ ਹਾਲਾਤ
ਬੀਤੇ ਦਿਨੀਂ ਉੱਤਰੀ ਭਾਰਤ 'ਚ ਹੋਈ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਇਹ ਬਰਸਾਤ ਚਾਹੇ 2-3 ਘੰਟੇ ਲਈ ਹੀ ਹੋਈ ਪਰ ਇਸ ਨੇ ਪੰਜਾਬ ਸਹਿਤ ਹੋਰ ਰਾਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਬਰਸਾਤ ਕਾਰਨ ਪੰਜਾਬ ਵਿਚ ਤਾਂ ਜਗ੍ਹਾ-ਜਗ੍ਹਾ ਪਾਣੀ ਏਨਾ ਕੁ ਜ਼ਿਆਦਾ ਭਰ ਗਿਆ ਕਿ ਗਲੀਆਂ, ਬਾਜ਼ਾਰਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣ ਗਏ। ਇਸ ਥੋੜ੍ਹੀ ਜਿਹੀ ਬਰਸਾਤ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਤਾਂ 9 ਲੋਕਾਂ ਦੀ ਮੌਤ ਵੀ ਹੋ ਗਈ। ਜੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਸ ਬਰਸਾਤ ਨੇ ਦੁਆਬੇ ਵਿਚ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਬਰਸਾਤ ਵਿਚ ਨਾ ਸਿਰਫ਼ ਸਰਕਾਰੀ ਤੰਤਰ ਹੀ ਨਹੀਂ ਫੇਲ੍ਹ ਹੋਇਆ ਬਲਕਿ ਇਸ ਬਰਸਾਤ ਵਿਚ ਸਾਫ਼ ਤੌਰ 'ਤੇ ਲੋਕਾਂ ਵਲੋਂ ਵਰਤੀਆਂ ਗਈਆਂ ਅਣਗਹਿਲੀਆਂ ਵੀ ਨਜ਼ਰ ਆ ਰਹੀਆਂ ਸਨ। ਕਿਉਂਕਿ ਲੋਕਾਂ ਵਲੋਂ ਆਮ ਹੀ ਗਲੀਆਂ-ਨਾਲੀਆਂ ਵਿਚ ਸੁੱਟਿਆ ਜਾਂਦਾ ਕੂੜਾ ਹੀ ਪਾਣੀ ਦੇ ਖੜ੍ਹੇ ਹੋਣ ਦਾ ਵੱਡਾ ਕਾਰਨ ਬਣਿਆ। ਸਾਡੀ ਲੋਕਾਂ ਅਤੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਕਿ ਦੁਬਾਰਾ ਬਾਰਿਸ਼ ਹੋਵੇ ਸਰਕਾਰ ਅਤੇ ਲੋਕਾਂ ਨੂੰ ਆਪਣੀ ਇਹ ਗਲਤੀ ਸੁਧਾਰ ਲੈਣੀ ਚਾਹੀਦੀ ਹੈ ਤਾਂਕਿ ਪਾਣੀ ਦੀ ਨਿਕਾਸੀ ਆਰਾਮ ਨਾਲ ਹੋ ਸਕੇ।
-ਅਸ਼ੀਸ ਸ਼ਰਮਾ
ਜਲੰਧਰ।
ਕੇਂਦਰ ਬਨਾਮ ਰਾਜ ਸਰਕਾਰਾਂ
ਮਿਤੀ 31 ਜੁਲਾਈ ਦੇ ਅੰਕ ਵਿਚ ਪ੍ਰੋ. ਰਣਜੀਤ ਸਿੰਘ ਧਨੋਆ ਦਾ ਲੇਖ 'ਸੂਬੇ ਦੇ ਹਿੱਤ ਵਿਚ ਨਹੀਂ ਕੇਂਦਰ ਅਤੇ ਪੰਜਾਬ ਸਰਕਾਰ ਵਿਚਕਾਰ ਵਧਦਾ ਤਣਾਅ' ਪੜ੍ਹਿਆ, ਜਿਸ ਵਿਚ ਕਿ ਕੇਂਦਰ ਸਰਕਾਰ ਦੀ ਸਕੂਲਾਂ ਬਾਰੇ ਪੀਐਮ ਸ੍ਰੀ ਯੋਜਨਾ ਨੂੰ ਪਿਛਲੇ ਸਾਲ ਕੁਝ ਰਾਜਾਂ ਦੁਆਰਾ ਇਹ ਸਕੀਮ ਲੈਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਦੱਸਿਆ ਗਿਆ ਸੀ। ਪੂਰੇ ਦੇਸ਼ ਦੇ ਸਕੂਲਾਂ ਵਿਚ ਸੁਧਾਰ ਬਾਰੇ ਕੇਂਦਰ ਸਰਕਾਰ ਦੀ ਇਸ ਯੋਜਨਾ ਵਿਚ 60 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਨੇ ਪਾਉਣਾ ਸੀ ਅਤੇ ਬਾਕੀ 40 ਫ਼ੀਸਦੀ ਹਿੱਸਾ ਰਾਜਾਂ ਦੀਆਂ ਸਰਕਾਰਾਂ ਨੇ ਪਾਉਣਾ ਸੀ। ਪਰ ਰਾਜਾਂ ਦੀਆਂ ਸਰਕਾਰਾਂ ਵਲੋਂ ਇਨਕਾਰ ਕਰਨ ਤੋਂ ਬਾਅਦ ਪੰਜਾਬ ਵਿਚ ਵੀ ਕੇਂਦਰ ਨੇ ਸਮੱਗਰ ਸ਼ਿਕਸ਼ਾ ਅਭਿਆਨ ਦੇ ਤਹਿਤ ਮਿਲਣ ਵਾਲੇ ਕਰੋੜਾਂ ਰੁਪਏ ਪਿਛਲੇ ਸਾਲ ਰੋਕ ਲਏ ਸਨ, ਜਿਸ ਕਰਕੇ ਸਕੂਲਾਂ ਵਿਚ ਅਧਿਆਪਕਾਂ ਦੇ ਹੱਥੋਂ ਖ਼ਰਚੇ ਹਜ਼ਾਰਾਂ ਲੱਖਾਂ ਰੁਪਏ ਹਾਲੇ ਤੱਕ ਬਕਾਇਆ ਪਏ ਹਨ। ਹੁਣ ਪੰਜਾਬ ਸਰਕਾਰ ਨੇ ਰਾਜ ਵਿਚ ਇਹ ਯੋਜਨਾ ਲਾਗੂ ਕਰਨਾ ਮੰਨ ਲਿਆ ਹੈ। ਕੇਂਦਰ ਅਤੇ ਸੂਬਿਆਂ ਵਿਚਕਾਰ ਰਾਜਨੀਤੀ ਕਾਰਨ ਜਿਸ ਤਰ੍ਹਾਂ ਤਣਾਅ ਵੱਧਦਾ ਜਾ ਰਿਹਾ ਹੈ। ਉਹ ਕੇਂਦਰ ਅਤੇ ਰਾਜਾਂ ਦੋਵਾਂ ਦੇ ਹਿੱਤ ਵਿਚ ਨਹੀਂ ਹੈ। ਰਾਜਾਂ ਦਾ ਦੋਸ਼ ਹੈ ਕਿ ਰਾਜ ਦੇ ਸਰੋਤਾਂ ਤੋਂ ਜੋ ਆਮਦਨ ਹੁੰਦੀ ਹੈ ਤੇ ਕੇਂਦਰ ਸਰਕਾਰ ਉਸ ਕਮਾਈ ਨੂੰ ਲੈ ਜਾਂਦੀ ਹੈ ਅਤੇ ਜੀ.ਐਸ.ਟੀ. ਵਿਚ ਓਨੇ ਪੈਸੇ ਵਾਪਸ ਨਹੀਂ ਭੇਜੇ ਜਾਂਦੇ ਜਿੰਨੇ ਕਿ ਮਿਲਣੇ ਚਾਹੀਦੇ ਹਨ। ਇਸ ਤਰ੍ਹਾਂ ਰਾਜਾਂ ਕੋਲ ਆਪਣਾ ਢਾਂਚਾ ਵਿਕਸਿਤ ਕਰਨ ਲਈ ਫੰਡ ਹੀ ਨਹੀਂ ਬਚਦਾ। ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਆਪਣੇ ਇਕ ਆਦੇਸ਼ ਰਾਹੀਂ ਇਹ ਫ਼ੈਸਲਾ ਸੁਣਾਇਆ ਹੈ ਕਿ ਵੱਖ-ਵੱਖ ਰਾਜਾਂ ਵਿਚ ਸਥਿਤ ਖਦਾਨਾਂ 'ਤੇ ਟੈਕਸ ਲਗਾਉਣ ਦਾ ਹੱਕ ਰਾਜਾਂ ਦਾ ਹੈ ਨਾ ਕਿ ਕੇਂਦਰ ਸਰਕਾਰ ਦਾ। ਕੇਂਦਰ ਸਰਕਾਰ ਦੁਆਰਾ ਇਹ ਇਤਰਾਜ਼ ਲਗਾਇਆ ਜਾਂਦਾ ਹੈ ਕਿ ਕੁਝ ਰਾਜ ਕੇਂਦਰ ਵਲੋਂ ਭੇਜੇ ਗਏ ਫੰਡਾਂ ਦੀ ਉਚਿਤ ਵਰਤੋਂ ਨਹੀਂ ਕਰਦੇ, ਪਰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿੱਦਿਅਕ ਖੇਤਰ ਵਿਚ ਰਾਜਨੀਤਕ ਤਾਕਤ ਲਈ ਨਹੀਂ ਵਰਤਿਆ ਜਾਣਾ ਚਾਹੀਦਾ, ਕਿਉਂਕਿ ਇਨ੍ਹਾਂ ਨਾਲ ਸਕੂਲਾਂ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਗ਼ਰੀਬਾਂ ਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ।
-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ, ਸ.ਪ੍ਰ.ਸ. ਝਬੇਲਵਾਲੀ,
ਜ਼ਿਲਾ ਸ੍ਰੀ ਮੁਕਤਸਰ ਸਾਹਿਬ।
ਆਵਾਰਾ ਪਸ਼ੂਆਂ ਦਾ ਖ਼ੌਫ਼
ਹਰ ਰੋਜ਼ ਖ਼ਬਰਾਂ ਸੁਣਦੇ ਹਾਂ ਕਿ ਅਵਾਰਾ ਕੁੱਤੇ ਬੱਚੇ ਨੂੰ ਨੋਚ ਕੇ ਖਾ ਗਏ ਤੇ ਅਵਾਰਾ ਪਸ਼ੂ ਵੀ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਜਾਨ ਲੈਂਦੇ ਹਨ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਪਰ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਕਮੇਟੀ ਵਾਲੇ ਮੁਲਾਜ਼ਮ ਪਿੰਡਾਂ ਵਿਚ ਇਕ ਕੜਾਹ ਰੂਪੀ ਜ਼ਹਿਰ ਕੁੱਤਿਆਂ ਨੂੰ ਸੁੱਟਦੇ ਸੀ ਤੇ 30 ਮਿੰਟਾਂ ਮਗਰੋਂ ਕੁੱਤੇ ਨੂੰ ਰੱਸੀ ਨਾਲ ਬੰਨ੍ਹ ਕੇ ਟੋਆ ਪੁੱਟ ਕੇ ਕਈ ਸਾਰੇ ਕੁੱਤੇ ਦੱਬ ਦਿੱਤੇ ਜਾਂਦੇ ਸਨ, ਪਰ ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਹੈ, ਕਿਸੇ ਦੇ ਕੁੱਤੇ ਦੇ ਵੱਟਾ ਵੀ ਮਾਰੋ ਤਾਂ ਚਲਾਨ ਕਰ ਦਿੰਦੇ ਹਨ ਪਰ ਦੇਖੋ ਜੇ ਉਹੀ ਕੁੱਤੇ ਬੰਦੇ ਨੂੰ ਨੋਚ-ਨੋਚ ਕੇ ਮਾਰ ਦੇਣ ਤਾਂ ਕੋਈ ਸਜ਼ਾ ਨਹੀਂ। ਸਾਡਾ ਅੰਧਵਿਸ਼ਵਾਸ ਏਨਾ ਵਧ ਚੁੱਕਾ ਹੈ ਕਿ ਲੋਕ ਸਵੇਰੇ ਵੇਲੇ ਝੋਲਿਆਂ ਵਿਚ ਰੋਟੀਆਂ ਬਿਸੁਕਟ ਬਰੈੱਡ ਆਦਿ ਆਮ ਹੀ ਕੁੱਤਿਆਂ ਨੂੰ ਵੰਡਦੇ ਮਿਲ ਜਾਣਗੇ ਪਰ ਕਿਸੇ ਗ਼ਰੀਬ ਜਾਂ ਭੁੱਖੇ ਨੂੰ ਰੋਟੀ ਦੇਣਾ ਉਹ ਪਾਪ ਹੀ ਮੰਨਦੇ ਹਨ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਵਾਰਾ ਪਸ਼ੂਆਂ ਦੀ ਗੰਭੀਰ ਹੁੰਦੀ ਸਮੱਸਿਆ ਨੂੰ ਨੱਥ ਪਾਈ ਜਾਵੇ ਅਤੇ ਆਮ ਲੋਕਾਂ ਦੀ ਜਾਨ ਬਚਾਈ ਜਾਵੇ।
-ਬਲਦੇਵ ਸਿੰਘ ਵਿਰਕ
ਝੁਰੜ ਖੇੜਾ।
ਚੰਗੇ ਕੰਮਾਂ ਤੋਂ ਟਾਲ-ਮਟੋਲ ਨਾ ਕਰੋ
ਚੰਗਾ ਕੰਮ ਕਰਨ ਵਿਚ ਬਹੁਤ ਸੰਘਰਸ਼ ਹੈ। ਪਰ ਸੰਘਰਸ਼ ਕਰਨ ਤੋਂ ਡਰੋ ਨਾ ਕਿਉਂਕਿ ਜੋ ਡਰਿਆ, ਉਹ ਮਰਿਆ। ਮ੍ਰਿਤਕ ਵਿਅਕਤੀ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਜੋ ਸੰਘਰਸ਼ ਕਰਦਾ ਹੈ, ਉਹੀ ਜੀਵਨ ਵਿਚ ਤਰੱਕੀ ਕਰਦਾ ਹੈ। ਉਹੀ ਜਿਊਂਦਾ ਹੈ। ਪਰੰਤੂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਚੰਗੇ ਕੰਮ ਟਾਲਣ ਦੇ ਬਹਾਨੇ ਲੱਭਦੀ ਫਿਰਦੀ ਹੈ। ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ। ਟਾਲਣ ਦੇ ਮਾਮਲੇ 'ਚ ਲਗਦਾ ਹੈ ਕਿ ਲੋਕਾਂ ਨੇ ਇਸ ਗੱਲ ਦੀ ਮੁਹਾਰਤ ਹਾਸਿਲ ਕਰਨ ਲਈ ਹੈ। ਬਿੱਲ ਜਮ੍ਹਾਂ ਕਰਾਉਣਾ ਹੋਵੇ ਜਾਂ ਡਾਕਟਰ ਕੋਲ ਜਾਣਾ ਹੋਵੇ, ਇਮਤਿਹਾਨ ਦੀ ਤਿਆਰੀ ਕਰਨੀ ਹੋਵੇ ਜਾਂ ਮੁਕਾਬਲੇ ਦੀ ਪ੍ਰੀਖਿਆ ਦੇਣੀ ਹੋਵੇ, ਹਰ ਕੰਮ 'ਚ ਅੱਜਕੱਲ੍ਹ ਨੌਜਵਾਨ ਟਾਲ ਮਟੋਲ ਕਰਦੇ ਹਨ। ਪਰ ਸਾਨੂੰ ਚੰਗੇ ਕੰਮ ਕਰਨ ਤੋਂ ਟਾਲਾ ਨਹੀਂ ਵੱਟਣਾ ਚਾਹੀਦਾ ਤੇ ਬਹਾਨੇ ਨਹੀਂ ਬਣਾਉਣੇ ਚਾਹੀਦੇ। ਚੰਗੇ ਕਰਮ ਕਰਨ ਵਾਲਾ ਅੰਦਰ ਤੋਂ ਮਜ਼ਬੂਤ, ਸੰਤੁਸ਼ਟ, ਪ੍ਰਸੰਨ ਰਹਿੰਦਾ ਹੈ। ਬੁਰਾ ਕਰਮ ਕਰਨ ਵਾਲਾ ਚੰਗੇ ਕਰਮ ਕਰਨ ਵਾਲੇ ਦੀ ਕਦੇ ਵੀ ਬਰਾਬਰੀ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਉਹ ਚੰਗਾ ਕਰਮ ਕਰਨ ਵਾਲਿਆਂ ਦੀ ਤਰ੍ਹਾਂ ਪ੍ਰਸੰਨ ਅਤੇ ਨਿਡਰ ਬਣਿਆ ਰਹਿ ਸਕਦਾ ਹੈ। ਨੇਕ ਕੰਮ ਕਰਨ ਵਾਲੇ ਦੀ ਹੋਂਦ ਕਦੇ ਨਸ਼ਟ ਨਹੀਂ ਹੁੰਦੀ। ਸਾਨੂੰ ਕਦੇ ਵੀ ਚੰਗੇ ਕੰਮਾਂ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ। ਚੰਗੇ ਕੰਮਾਂ ਨੂੰ ਪਹਿਲ ਦੇ ਕੇ ਪ੍ਰਮੁੱਖਤਾ ਨਾਲ ਕਰਨਾ ਚਾਹੀਦਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਬੇਖ਼ੌਫ਼ ਲੁਟੇਰੇ
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਹਨ। ਸਾਨੂੰ ਰੋਜ਼ ਅਖ਼ਬਾਰਾਂ ਵਿਚ ਲੁੱਟ ਖੋਹ, ਚੋਰੀ-ਡਕੈਤੀ ਤੇ ਕਤਲ ਆਦਿ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕੋਈ ਨਾ ਕੋਈ ਚੋਰੀ ਦੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੰਜਾਬ ਵਿਚ ਬੈਂਕ ਲੁੱਟਣ ਦਾ ਕੰਮ ਤਾਂ ਜ਼ੋਰਾਂ-ਸ਼ੋਰਾਂ 'ਤੇ ਲੱਗਾ ਹੋਇਆ ਹੈ। ਜਦੋਂ ਦੇਖੋ ਰੋਜ਼ਾਨਾ ਅਖ਼ਬਾਰਾਂ ਵਿਚ ਦੋ ਤਿੰਨ ਬੈਂਕ ਲੁੱਟਣ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਰਾਹ ਚੱਲਦੇ ਮੁਸਾਫ਼ਰਾਂ ਨੂੰ ਪਿਸਤੌਲ ਦਿਖਾ ਕੇ ਲੁੱਟਿਆ ਜਾ ਰਿਹਾ ਹੈ। ਅੱਜ-ਕੱਲ੍ਹ ਮੋਬਾਈਲ ਲੁੱਟਣ ਦੀਆਂ ਘਟਨਾਵਾਂ ਵੀ ਬਹੁਤ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਪੁਲਿਸ ਦੀ ਨਰਮੀ ਹੈ। ਪੁਲਿਸ ਇਨ੍ਹਾਂ ਲੁਟੇਰੀਆਂ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਹੀਂ ਕਰਦੀ, ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਪੁਲਿਸ ਨੂੰ ਸਖ਼ਤੀ ਨਾਲ ਇਨ੍ਹਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਤੇ ਇਸ ਸਮੱਸਿਆ ਦਾ ਪੱਕਾ ਹੱਲ ਕਰੇ। ਸਰਕਾਰ ਦੀ ਸਖ਼ਤੀ ਨਾਲ ਹੀ ਇਨ੍ਹਾਂ ਚੋਰਾਂ, ਲੁਟੇਰਿਆਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਚੰਗੀਆਂ ਕਿਤਾਬਾਂ ਪੜ੍ਹੋ
ਨਾਰੀ ਸੰਸਾਰ ਵਿਚ ਸੰਜੀਵ ਸਿੰਘ ਸੈਣੀ ਦਾ ਲੇਖ 'ਆਪਣੇ ਲਈ ਹਮੇਸ਼ਾ ਨਵੇਂ ਰਸਤੇ ਚੁਣੋ' ਪੜ੍ਹਿਆ ਮਨ ਨੂੰ ਵਧੀਆ ਲੱਗਾ। ਇਹ ਰਚਨਾ ਪ੍ਰੇਰਨਾ ਸੋਰਤ ਸੀ। ਸਾਨੂੰ ਜੀਵਨ ਵਿਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਸੂਝ-ਬੂਝ ਦੀ ਜ਼ਰੂਰਤ ਹੁੰਦੀ ਹੈ। ਗਿਆਨ ਬਿਨਾਂ ਸਾਨੂੰ ਸੂਝ-ਬੂਝ ਨਹੀਂ ਆਵੇਗੀ। ਸਾਨੂੰ ਜੀਵਨ ਵਿਚ ਮਜ਼ਬੂਤ ਹੋਣ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਕਿਤਾਬਾਂ ਸਾਡੇ ਮਨ ਵਿਚ ਵਿਸ਼ਵਾਸ ਪੈਦਾ ਕਰਦੀਆਂ ਹਨ। ਵਿਸ਼ਵਾਸ ਕਰਕੇ ਹੀ ਅਸੀਂ ਮੁਸ਼ਕਿਲਾਂ ਨੂੰ ਹੱਲ ਕਰ ਸਕਦੇ ਹਾਂ। ਸਾਨੂੰ ਆਪਣੇ ਜੀਵਨ ਵਿਚ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਆਪਣੇ ਵਿੱਤ ਅਨੁਸਾਰ ਜ਼ਿੰਦਗੀ ਜਿਊਣੀ ਚਾਹੀਦੀ ਹੈ।
ਬੇਲੋੜੀਆਂ ਇੱਛਾਵਾਂ ਸਾਨੂੰ ਤੰਗ ਕਰਦੀਆਂ ਹਨ। ਇਨ੍ਹਾਂ ਬੇਲੋੜੀਆਂ ਇੱਛਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਸਿਰਫ਼ ਉਹ ਇੱਛਾਵਾਂ ਨੂੰ ਰੱਖੋ ਜਿਨ੍ਹਾਂ ਨੂੰ ਅਸੀਂ ਪੂਰਾ ਕਰ ਸਕੀਏ। ਅਸੀਂ ਕਿਸੇ ਨੂੰ ਵੇਖ ਕੇ ਜੀਵਨ ਜੀਅ ਨਹੀਂ ਸਕਦੇ। ਬੇਲੋੜੀਆਂ ਇੱਛਾਵਾਂ ਤੰਗੀਆਂ ਤੁਰਸ਼ੀਆਂ ਪੈਦਾ ਕਰਦੀਆਂ ਹਨ। ਚੰਗੀ ਜ਼ਿੰਦਗੀ ਜਿਉਣ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਸਾਰਿਆਂ ਦਾ ਸਤਿਕਾਰ ਕਰੀਏ। ਕਦੇ ਕਿਸੇ ਨਾਲ ਧੋਖਾ ਨਾ ਕਰੀਏ। ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜਾਰੋ। ਛੋਟੀਆਂ-ਛੋਟੀਆਂ ਖ਼ੁਸ਼ੀਆਂ ਵਿਚੋਂ ਅਨੰਦ ਮਾਣੋ, ਕਿਸੇ ਦੀ ਜ਼ਿੰਦਗੀ ਵਿਚ ਦਖ਼ਲ ਅੰਦਾਜ਼ੀ ਨਾ ਕਰੋ। ਹਰ ਪਲ ਖ਼ੁਸ਼ ਰਹਿ ਕੇ ਗੁਜ਼ਾਰੋ। ਤੁਹਾਨੂੰ ਜ਼ਿੰਦਗੀ ਪ੍ਰਤੀ ਸ਼ਕਾਇਤ ਨਹੀਂ ਰਹੇਗੀ। ਇਹੀ ਖ਼ੂਬਸੂਰਤ ਜ਼ਿੰਦਗੀ ਦਾ ਰਾਜ਼ ਹੈ।
-ਰਾਮ ਸਿੰਘ ਪਾਠਕ
ਅਪਰਾਧਾਂ 'ਤੇ ਲਗਾਮ ਲਗਾਉਣੀ ਜ਼ਰੂਰੀ
ਸੂਬੇ 'ਚ ਪਿਛਲੇ ਕਈ ਦਿਨਾਂ ਤੋਂ ਨਿਹੰਗਾਂ ਦੇ ਭੇਖ ਵਿਚ ਅਪਰਾਧੀਆਂ ਵਲੋਂ ਹਮਲੇ ਕਰਨ ਦੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੱਗਦਾ ਹੈ ਕਿ ਪੰਜਾਬ 'ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ। ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦਾ ਕੋਈ ਹੱਕ ਨਹੀਂ ਹੈ। ਹੁਣ ਫਿਰ ਪੱਟੀ 'ਚ ਪੈਸਿਆਂ ਦੇ ਲੈਣ-ਦੇਣ ਪਿੱਛੇ ਅਪਰਾਧੀਆਂ ਵਲੋਂ ਕਿਰਪਾਨਾਂ ਨਾਲ ਹਮਲਾ ਕਰ ਇਕ ਕਾਰੋਬਾਰੀ ਦੀ ਹੱਤਿਆ ਤੇ ਉਸ ਦੇ ਪੁੱਤਰ, ਭਤੀਜੇ ਨੂੰ ਜ਼ਖ਼ਮੀ ਕਰ ਦਿੱਤਾ ਹੈ। ਪਿੱਛੇ ਵੀ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ 2 ਨਿਹੰਗ ਗ੍ਰਿਫ਼ਤਾਰ ਕੀਤੇ ਗਏ ਸਨ। ਪ੍ਰਦੇਸ਼ ਵਿਚ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ 'ਚ ਲੁੱਟ-ਖਸੁੱਟ, ਕਤਲੋਗਾਰਤ, ਫਿਰੌਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਫ਼ੋਨ 'ਤੇ ਧਮਕੀਆਂ ਦੇ ਕੇ ਲੋਕਾਂ ਵਿਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ।
ਉਪਰੋਕਤ ਕਾਤਲਾਨਾ ਹਮਲੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਪਰਾਧੀਆਂ ਨੂੰ ਰੱਤੀ ਭਰ ਵੀ ਪੁਲਿਸ ਦਾ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਜਾਨ-ਲੇਵਾ ਹਮਲੇ ਕਰ ਰਹੇ ਹਨ। ਲੁਟੇਰੇ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਨਸ਼ਿਆਂ ਦੀ ਬਰਾਮਦਗੀ, ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕਰਦੇ ਪੁਲਿਸ 'ਤੇ ਹਮਲੇ ਹੋ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਅਤੇ ਲਾਅ ਐਂਡ ਆਰਡਰ ਕਾਇਮ ਰੱਖਣਾ ਹੈ। ਕਾਨੂੰਨ ਦਾ ਰਾਜ ਐਲਾਨਾਂ ਤੱਕ ਨਹੀਂ, ਦਿਸਣਾ ਵੀ ਚਾਹੀਦਾ ਹੈ। ਸਾਡੇ ਮੁਲਕ 'ਚ ਨਿਆਂ ਪ੍ਰਣਾਲੀ ਦੀ ਰਫ਼ਤਾਰ ਇੰਨੀ ਸੁਸਤ ਹੈ, ਪੀੜਤ ਵਿਅਕਤੀ ਹਾਰ-ਹੰਭ ਕੇ ਬੈਠ ਜਾਂਦਾ ਹੈ। ਅਪਰਾਧੀ ਇਸ ਦਾ ਫ਼ਾਇਦਾ ਲੈਂਦੇ ਹਨ। ਕਾਨੂੰਨ ਅੰਗਰੇਜ਼ ਦੇ ਸਮੇਂ ਦਾ ਹੈ ਸਦਨ ਵਿਚ ਕਾਨੂੰਨ ਬਣਾ ਇਹੋ ਜਿਹੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਪਹਿਲਾਂ ਅਪਰਾਧੀਆਂ ਨੂੰ ਪੁਲਿਸ ਦੀ ਕੁੱਟ ਦਾ ਡਰ ਹੁੰਦਾ ਸੀ। ਹੁਣ ਪੁਲਿਸ ਨੇ ਕਿਸੇ ਨੂੰ ਕੀ ਮਾਰਨਾ ਆਪ ਕੁੱਟ ਖਾ ਰਹੀ ਹੈ, ਅਪਰਾਧੀ ਗੱਡੀਆਂ ਥੱਲੇ ਦਰੜੇ ਜਾ ਰਹੇ ਹਨ। ਕਾਨੂੰਨ ਦੀ ਰਫ਼ਤਾਰ ਤੇਜ਼ ਕਰ ਪੀੜਤ ਨੂੰ ਇਨਸਾਫ਼ ਸਮੇਂ ਸੀਮਾ ਸਿਰ ਦੇਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।
ਘਰੇਲੂ ਵੰਡ-ਵੰਡਾਈ
ਕਿਸੇ ਵੀ ਕਿਸਮ ਦੀ ਘਰੇਲੂ ਵੰਡ-ਵੰਡਾਈ ਸਮੇਂ ਵਤੀਰਾ ਸਹੀ ਅਤੇ ਵਕਤ ਅਨੁਸਾਰ ਹੋਣਾ ਚਾਹੀਦਾ ਹੈ। ਗ਼ਲਤ ਵਿਉਂਤਬੰਦੀ ਅਤੇ ਕੀਤੀ ਹੋਈ 'ਕਾਣੀ ਵੰਡ', ਵਕਤ ਦੇ ਨਾਲ ਚੱਲਦਿਆਂ ਵੈਰ-ਵਿਰੋਧ ਦਾ ਕਾਰਨ ਬਣਦੀ ਹੈ। ਕਿਸੇ ਆਪਣੇ ਨਾਲ ਘਰੇਲੂ ਵੰਡ ਸਮੇਂ ਕੀਤੇ ਬਚਨ-ਵਿਲਾਸ ਸਥਿਰ ਹੋਣੇ ਚਾਹੀਦੇ ਹਨ। ਕਈ ਘਰ-ਪਰਿਵਾਰਾਂ ਵਿਚ ਸਿਆਣੇ ਅਤੇ ਵੱਡੇ ਲੋਕ ਇਕ ਦੂਜੇ ਦੇ ਵਿਸ਼ਵਾਸ ਦੇ ਪਾਤਰ ਬਣ ਗ਼ਲਤ ਵੰਡ-ਵੰਡਾਈ ਤੀਕ ਨੌਬਤ ਹੀ ਨਹੀਂ ਆਉਣ ਦਿੰਦੇ। ਸਗੋਂ ਰਿਸ਼ਤਿਆਂ ਵਿਚ ਪੁਲ ਬਣ ਇਕ-ਦੂਜੇ ਨੂੰ ਜੋੜਦੇ ਹਨ। ਕਿਸੇ ਵੀ ਕਿਸਮ ਦਾ ਵਾਦ-ਵਿਵਾਦ ਖੜ੍ਹਾ ਹੀ ਨਹੀਂ ਹੋਣ ਦਿੰਦੇ। ਸਹੀ ਵੰਡ ਕਰ ਕੇ ਸਮਾਜ ਵਿਚ ਵਾਹ-ਵਾਹ ਖੱਟਦੇ ਹਨ। ਕਈ ਵਾਰ ਕਈ ਘਰਾਂ ਵਿਚ ਘਰੇਲੂ ਵੰਡ ਕਰਨ ਲਈ ਬੁਲਾਇਆ ਵਿਚੋਲਾ ਹੀ ਪੱਖਪਾਤ ਕਰ ਕੇ ਮਸਲੇ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾ ਕੇ ਰਿਸ਼ਟ-ਪੁਸ਼ਟ ਰਿਸ਼ਤਿਆਂ ਨੂੰ ਕਰੋਧੀ ਅਤੇ ਵਿਰੋਧੀ ਬਣਾ ਦਿੰਦਾ ਹੈ। ਸਿਆਣੇ ਬੰਦੇ ਆਪਸੀ ਰਿਸ਼ਤੇ ਟੁੱਟਣ-ਤਿੜਕਣ ਨਹੀਂ ਦਿੰਦੇ।
ਸੋ, ਵਰਤਮਾਨ ਵਿੱਚ ਕਿਸੇ ਵੀ ਕਲੇ-ਕਹਿਰੇ ਵਿਅਕਤੀ ਨਾਲ ਘਰੇਲੂ ਵੰਡ ਵਿੱਚ ਕਦੇ ਵੀ ਕਾਣੀ ਵੰਡ-ਵੰਡਾਈ ਨਾ ਕਰੋ, ਨਾ ਹੀ ਭਵਿੱਖ ਲਈ ਲਹਣਤਾਂ ਖੱਟੋ। ਇਸ ਤਰ੍ਹਾਂ ਕਿਸੇ ਦਾ ਵੀ ਪਾਰ ਉਤਾਰਾ ਨਹੀਂ ਹੁੰਦਾ। ਕਿਸੇ ਆਪਣੇ ਲਈ ਮੋਹ-ਜਾਲ 'ਚ ਫਸ ਕੇ ਕਿਸੇ ਭੈਣ-ਭਾਈ ਦਾ ਹੱਕ ਮਾਰਨਾ ਸਭ ਤੋਂ ਵੱਡਾ ਪਾਪ ਹੁੰਦਾ ਹੈ।
-ਐੱਸ.ਮੀਲੂ
ਫਰੌਰ।
ਰੰਜੀਤ ਰੰਜਨ ਵਧਾਈ ਦੀ ਪਾਤਰ
ਰੰਜੀਤ ਰੰਜਨ, ਮੈਂਬਰ ਰਾਜ ਸਭਾ ਵਧਾਈ ਦੀ ਪਾਤਰ ਹੈ, ਜਿਸ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਣ ਦਾ ਰਾਜ ਸਭਾ ਵਿਚ ਅਹਿਮ ਮੁੱਦਾ ਚੁੱਕਿਆ। 'ਅਜੀਤ' ਪੰਜਾਬੀ ਵੀ ਵਧਾਈ ਦਾ ਪਾਤਰ ਜਿਸ ਨੇ ਇਹ ਅਹਿਮ ਖ਼ਬਰ ਉਸ ਦੀ ਫੋਟੋ ਸਹਿਤ ਛਾਪੀ ਹੈ। ਭਾਰਤ ਸਰਕਾਰ ਦੇ ਰੇਲਵੇ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਇਸ ਬਾਰੇ ਤੁਰੰਤ ਕਾਰਵਾਈ ਕਰਨ। ਭਾਰਤ ਸਰਕਾਰ ਨੇ ਪਿਛਲੇ ਦਿਨੀਂ ਕਈ ਵਿਅਕਤੀਆਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਨਿਵਾਜਿਆ ਹੈ, ਪਰ ਹਾਲੇ ਤਕ ਕਿਸੇ ਨਾਮਵਰ ਸਿੱਖ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਨਹੀਂ ਨਿਵਾਜਿਆ ਗਿਆ। ਉੱਡਣਾ ਸਿੱਖ (ਸਪੋਰਟਸ ਲੀਜੈਂਡ) ਮਿਲਖਾ ਸਿੰਘ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਵੇ। ਨਵੀਂ ਦਿੱਲੀ ਵਿਚ ਕਿਸੇ ਰੋਡ ਦਾ ਨਾਂਅ ਫਲਾਇੰਗ ਸਿੱਖ ਰੋਡ ਰੱਖਿਆ ਜਾਵੇ।
-ਨਰਿੰਦਰ ਸਿੰਘ
ਇੰਟਰਨੈਸ਼ਨਲ (ਸਮਾਜ ਸੇਵੀ), 3081-ਏ, ਸੈਕਟਰ-20 ਚੰਡੀਗੜ੍ਹ।
ਅਮਰੀਕਾ ਡਾਇਰੀ
ਐਸ. ਅਸ਼ੋਕ ਭੌਰਾ ਵਲੋਂ 'ਅਜੀਤ' ਅਖ਼ਬਾਰ ਵਿਚ ਅਮਰੀਕਾ ਡਾਇਰੀ ਦੇ ਸਿਰਲੇਖ ਹੇਠ 'ਚਰਨਜੀਤ ਚੰਨੀ ਦੀ ਬੱਲੇ-ਬੱਲੇ' ਬਾਰੇ ਜੋ ਸੱਚਾਈ ਪੇਸ਼ ਕੀਤੀ ਹੈ, ਕਾਬਲੇ ਤਾਰੀਫ਼ ਹੈ। ਭੌਰਾ ਜੀ ਨੇ ਸਾਫ਼ ਲਿਖਿਆ ਹੈ ਕਿ ਚਰਨਜੀਤ ਚੰਨੀ ਨੇ ਅਮਰੀਕਾ ਵਿਚ ਪਿਛਲੇ ਡੇਢ ਕੁ ਸਾਲ ਪਹਿਲਾਂ ਦੋ-ਢਾਈ ਮਹੀਨੇ ਵਧੀਆ ਸਮਾਂ ਬਤੀਤ ਕੀਤਾ ਸੀ। ਚੰਨੀ ਨੇ ਆਪਣੀ ਸ਼ਖ਼ਸੀਅਤ ਨਾਲ ਅਮਰੀਕਾ ਵਿਚਲੇ ਪੰਜਾਬੀ ਭਾਈਚਾਰੇ ਵਿਚ ਬੱਲੇ-ਬੱਲੇ ਕਰਵਾਈ ਹੈ। ਚਰਨਜੀਤ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਹਰੇਕ ਵਰਗ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰਕੇ ਪੰਜਾਬ ਵਿਚ ਬੱਲੇ-ਬੱਲੇ ਕਰਵਾਈ ਸੀ। ਹਰੇਕ ਦੇ ਮੂੰਹ 'ਤੇ ਸ. ਚੰਨੀ ਦਾ ਨਾਂਅ ਬੋਲਦਾ ਸੀ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੁਲਨਾ ਚੰਨੀ ਸਰਕਾਰ ਨਾਲ ਕੀਤੀ ਜਾਵੇ ਤਾਂ ਦਿਨੇ ਹਨੇਰਾ ਹੋ ਜਾਂਦਾ ਹੈ। ਇਸ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਇਕ ਰਾਤ ਪਹਿਲਾਂ ਘਰੇਲੂ ਡਿਫਾਲਟਰਾਂ ਦੇ ਬਿਜਲੀ ਦੇ ਮੀਟਰ ਕੱਟ ਲਏ ਹਨ। ਇਨ੍ਹਾਂ ਬੀ.ਪੀ.ਐਲ./ਐਸ.ਸੀ./ਬੀ.ਸੀ. ਵਰਗ ਦੇ ਲੋਕਾਂ ਦੇ ਲੰਮੀ ਬਿਮਾਰੀ ਜਾਂ ਹੋਰ ਕਿਸੇ ਆਫ਼ਤ ਕਰਕੇ ਬਿਜਲੀ ਬਿੱਲ ਬਕਾਇਆ ਰਹਿ ਗਏ ਸਨ। ਇਸ ਸਰਕਾਰ ਨੇ ਬਿਨਾਂ ਨੋਟਿਸ ਦਿੱਤੇ ਬਿਨਾਂ ਕੋਈ ਕਾਰਨ ਪੁੱਛੇ ਮੀਟਰ ਕੱਟ ਦਿੱਤੇ ਹਨ। ਇਹ ਸਰਕਾਰ ਆਮ ਆਦਮੀ ਪਾਰਟੀ ਕਿਵੇਂ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਦਾ ਮੁਕਾਬਲਾ ਕਰ ਸਕਦੀ ਹੈ। ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਪੱਛਮੀ ਤੋਂ ਸਿਰਫ਼ 41 ਫ਼ੀਸਦੀ ਵੋਟ ਪੋਲ ਹੋਈਆਂ ਹਨ। ਇਹ ਨਤੀਜਾ ਭੁਗਤਣ ਲਈ ਲੋਕਾਂ ਨੇ ਪਹਿਲਾਂ ਹੀ ਸਰਕਾਰ ਨੂੰ ਆਗਾਹ ਕਰ ਦਿੱਤਾ ਸੀ ਪਰ ਫਿਰ ਵੀ ਲੋਕਾਂ ਦੀ ਸਿਹਤ ਸਹੂਲਤ ਇਸ ਸਰਕਾਰ ਦੀ ਸਮਝ ਤੋਂ ਬਾਹਰ ਹੈ। ਚੰਗਾ ਹੋਵੇ ਜੇਕਰ ਸਰਕਾਰ ਐਸ.ਸੀ./ ਬੀ.ਸੀ./ ਬੀ.ਪੀ.ਐਲ. ਲੋਕਾਂ ਦੇ ਕੱਟੇ ਬਿਜਲੀ ਮੀਟਰ ਲਗਾ ਕੇ ਵਾਹ-ਵਾਹ ਖੱਟ ਲਵੇ ਤਾਂ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਕੁਝ ਵਧੀਆ ਪ੍ਰਦਰਸ਼ਨ ਕਰ ਸਕੇ।
-ਨੱਥਾ ਸਿੰਘ
ਡੇਰਾ ਬਾਬਾ ਦਰਸ਼ਨ ਸਿੰਘ, ਰਾਮ ਤੀਰਥ ਰੋਡ, ਅੰਮ੍ਰਿਤਸਰ।
ਮੀਂਹ ਦਾ ਕਹਿਰ
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਮੀਂਹ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ। ਬਹੁਤ ਸਾਰੇ ਇਲਾਕਿਆਂ ਵਿਚ ਪਾਣੀ ਜ਼ਿਆਦਾ ਭਰ ਜਾਣ ਕਰਕੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਿਮਾਚਲ ਦੇ ਕਈ ਇਲਾਕਿਆਂ ਵਿਚ ਬੱਦਲ ਫੱਟਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸਾਰੇ ਲੋਕਾਂ ਨੂੰ ਮੀਂਹ ਦਾ ਮੌਸਮ ਧਿਆਨ ਵਿਚ ਰਖਦੇ ਹੋਏ ਚੌਕਸ ਰਹਿਣਾ ਚਾਹੀਦਾ ਹੈ। ਸਾਡੀ ਲੋਕਾਂ ਨੂੰ ਵੀ ਬੇਨਤੀ ਹੈ ਕਿ ਉਹ ਬਾਹਰ ਘੁੰਮਣ ਲਈ ਖ਼ਾਸ ਕਰਕੇ ਹਿਮਾਚਲ ਅਤੇ ਹੋਰ ਪਹਾੜੀ ਇਲਾਕਿਆਂ ਵਿਚ ਨਾ ਜਾਣ। ਸਾਰੇ ਹੀ ਨਦੀਆਂ, ਨਾਲਿਆਂ ਅਤੇ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ। ਜੋ ਬਹੁਤ ਹੀ ਖ਼ਤਰਨਾਕ ਰੂਪ ਧਾਰਨ ਕਰ ਚੁੱਕੇ ਹਨ। ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਮੀਂਹ ਦੇ ਮੌਸਮ ਨੂੰ ਧਿਆਨ ਰੱਖਦੇ ਹੋਏ ਵਿੱਚ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਖ਼ੁਦ ਫਿਕਰਮੰਦ ਹੋਵੋ
ਪੰਜਾਬ ਦੀ ਧਰਤੀ ਜਿਥੇ ਕਦੀ ਗਿੱਧਿਆਂ, ਭੰਗੜਿਆਂ, ਮੇਲਿਆਂ, ਤਿਉਹਾਰਾਂ, ਛਿੰਝਾਂ, ਚਾਵਾਂ, ਮਲਾਰਾਂ ਦੇ ਜਸ਼ਨ ਮਨਾਏ ਜਾਂਦੇ ਸਨ ਉਥੇ ਹੀ ਹੁਣ ਨਸ਼ਿਆਂ, ਲੁੱਟਾਂ-ਖੋਹਾਂ ਦਾ ਬੋਲਬਾਲਾ ਹੈ। ਇਥੋਂ ਦੀ ਨੌਜਵਾਨੀ ਪ੍ਰਵਾਸ ਦੇ ਸੰਤਾਪ ਕਰਕੇ ਤਣਾਅ ਵਿਚ ਹੈ। ਇਥੋਂ ਦੀ ਨੌਜਵਾਨੀ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਤਾ ਰਿਹਾ ਹੈ। ਪੰਜਾਬ ਦੇ ਵਿਹੜਿਆਂ ਵਿਚ ਸੁੰਨ ਪਸਰ ਰਹੀ ਹੈ। ਛੋਟੇ ਕਿਸਾਨ ਕਿਸਾਨੀ ਤੋਂ ਦੂਰ ਹੋ ਰਹੇ ਹਨ। ਲੋਕ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮਾਪਿਆਂ ਕੋਲ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਦਿਸਦਾ ਨਹੀਂ ਹੈ। ਸਾਰੀਆਂ ਰਾਜਸੀ ਪਾਰਟੀਆਂ ਇਕ ਦੂਜੇ ਤੋਂ ਵੱਧ ਖੈਰਾਤਾਂ ਦੇ ਕੇ ਆਪਣਾ ਵੋਟ ਬੈਂਕ ਵਧਾ ਰਹੀਆਂ ਹਨ। ਅਸੀਂ ਮੁਫ਼ਤ ਦੀਆਂ ਖ਼ੈਰਾਤਾਂ ਲੈ ਕੇ ਆਪਣੇ ਭਵਿੱਖ ਤਬਾਹ ਕਰ ਰਹੇ ਹਾਂ। ਨੌਜਵਾਨ ਆਲਸੀ ਤੇ ਬੇਕਾਰ ਹੁੰਦੇ ਜਾ ਰਹੇ ਹਨ ਅਤੇ ਨਸ਼ਿਆਂ ਦੇ ਕੋਹੜ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਸਾਰੇ ਪੜ੍ਹੇ-ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੱਕੀਆਂ ਨੌਕਰੀਆਂ ਦੇਣ ਲਈ ਕੋਈ ਪ੍ਰੋਗਰਾਮ ਨਹੀਂ ਹੈ। ਸਮਾਜ ਵਿਚ ਸਮੱਸਿਆਵਾਂ ਤੇ ਅਲਾਮਤਾਂ ਦਿਨੋ-ਦਿਨ ਵਧ ਰਹੀਆਂ ਹਨ ਜੋ ਕਿ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ। ਪੰਜਾਬ ਵਿਚ ਜੰਗਲ ਕੱਟਦੇ ਜਾ ਰਹੇ ਹਨ। ਪੰਚਾਇਤੀ ਜ਼ਮੀਨਾਂ ਤੇ ਜੰਗਲ ਲਗਾਉਣੇ ਚਾਹੀਦੇ ਹਨ। ਵਾਤਾਵਰਨ ਸੰਕਟ ਵਿਚ ਹੈ ਕਿਉਂਕਿ ਰੁੱਖ ਘਟਦੇ ਜਾ ਰਹੇ ਹਨ। ਸਾਡੀ ਨੌਜਵਾਨੀ ਨੂੰ ਆਪਣੇ ਪੰਜਾਬ ਵਿਚ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ। ਅਸੀਂ ਸਰੀਰਕ ਤੇ ਮਾਨਸਿਕ ਪੱਖੋਂ ਵੀ ਸਿਹਤਮੰਦ ਨਹੀਂ ਰਹੇ। ਪੰਜਾਬ ਕਰਜ਼ਾਈ ਹੈ। ਹਰ ਪੰਜਾਬੀ ਦੇ ਸਿਰ ਚੜ੍ਹਿਆ ਕਰਜ਼ਾ ਦਿਨੋ-ਦਿਨ ਵਧ ਰਿਹਾ ਹੈ। ਕਰਜੇ ਥੱਲੇ ਦੱਬਿਆ ਪੰਜਾਬ ਤਰੱਕੀ ਕਿਵੇਂ ਕਰੇਗਾ, ਜੋ ਕਿ ਸੋਚਣ ਵਾਲੀ ਗੱਲ ਹੈ। ਪੰਜਾਬ ਦੇ ਲੋਕਾਂ ਨੂੰ ਆਪਣੀ ਧਰਤੀ ਤੇ ਨੌਜਵਾਨੀ ਨੂੰ ਬਚਾਉਣ ਲਈ ਖ਼ੁਦ ਹੀ ਫਿਕਰਮੰਦ ਹੋਣ ਦੀ ਲੋੜ ਹੈ।
-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।
ਉੱਚ ਜ਼ਿੰਮੇਵਾਰੀ ਭੱਤਾ ਜਾਰੀ ਕਰੇ ਸਰਕਾਰ
ਪੰਜਾਬ ਸਰਕਾਰ ਜਿਥੇ ਤਨਖ਼ਾਹ ਕਮਿਸ਼ਨ ਅਤੇ ਮਹਿੰਗਾਈ ਭੱਤੇ ਦੇ ਲਾਭਾਂ 'ਤੇ ਚੁੱਪ ਵੱਟੀ ਬੈਠੀ ਹੈ, ਉੱਥੇ ਸਿੱਧੀ ਭਰਤੀ ਦੇ ਤਹਿਤ ਸਰਕਾਰੀ ਸਕੂਲਾਂ ਵਿਚ ਭਰਤੀ ਹੋਏ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਨੂੰ ਬਣਦੇ ਹੱਕੀ ਉੱਚ ਜ਼ਿੰਮੇਵਾਰੀ ਭੱਤੇ 'ਤੇ ਵੀ ਜ਼ੁਬਾਨੀ ਰੋਕ ਲਗਾਈ ਗਈ ਹੈ। ਸੀ.ਐਸ.ਆਰ. ਦੇ ਰੂਲਾਂ ਤਹਿਤ ਅਤੇ ਵਿਭਾਗ ਵਲੋਂ ਜਾਰੀ ਹੋਏ ਪੱਤਰਾਂ ਅਨੁਸਾਰ ਸਿੱਧੀ ਭਰਤੀ ਦੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਉਪਰੰਤ ਉੱਚ ਜ਼ਿੰਮੇਵਾਰੀ ਭੱਤਾ ਦੇਣਾ ਬਣਦਾ ਹੈ ਪਰ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਵਿਚ ਅੱਧੇ ਤੋਂ ਵੱਧ ਜ਼ਿਲ੍ਹੇ ਇਹ ਭੱਤਾ ਅਜਿਹੀ ਭਰਤੀ ਦੇ ਮੁਲਾਜ਼ਮਾਂ ਨੂੰ ਦੇ ਰਹੇ ਹਨ ਪਰ ਬਾਕੀ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿਚ ਇਹ ਭੱਤਾ ਨਹੀਂ ਮਿਲ ਰਿਹਾ। ਅਜਿਹੇ ਮੁਲਾਜ਼ਮਾਂ ਨਾਲ ਅਜਿਹਾ ਧੱਕਾ ਕਿਉਂ ਹੋ ਰਿਹਾ ਹੈ। ਇਸ ਤਰ੍ਹਾਂ ਨਾਲ ਇਹ ਮੁਲਾਜ਼ਮ ਆਪਣੇ ਤੋਂ ਬਾਅਦ ਵਿਚ ਭਰਤੀ ਹੋਏ ਮੁਲਾਜ਼ਮਾਂ ਤੋਂ ਵੀ ਘੱਟ ਤਨਖਾਹ ਲੈ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਜ਼ੁਬਾਨੀ ਰੋਕੇ ਗਏ ਭੱਤੇ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਇਸ ਭਰਤੀ ਦੇ ਤਹਿਤ ਭਰਤੀ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।
-ਚਰਨਜੀਤ ਸਿੰਘ
ਸ.ਪ੍ਰਾ.ਸ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਕਿਹੋ ਜਿਹਾ ਸਮਾਂ ਆ ਗਿਆ?
ਜੋ ਅੱਜ-ਕੱਲ੍ਹ ਦੀ ਦੋਸਤੀ ਹੈ, ਉਹ ਮਤਲਬ ਦੀ ਰਹਿ ਚੁੱਕੀ ਹੈ। ਲੋਕ ਦੇਖਦੇ ਹਨ ਕਿ ਇਸ ਬੰਦੇ ਤੋਂ ਮੈਂ ਆਪਣਾ ਕਿਹੜਾ ਕੰਮ ਕਰਾਉਣਾ ਹੈ। ਪਿਆਰ ਦੇ ਬਹਾਨੇ ਤੁਹਾਡੇ ਨੇੜੇ ਆਉਂਦੇ ਹਨ। ਤੁਹਾਡੀ ਪੂਰੀ ਵਰਤੋਂ ਕਰਦੇ ਹਨ, ਜਦੋਂ ਤੁਹਾਡੇ ਤੋਂ ਕੰਮ ਨਿਕਲ ਜਾਂਦਾ ਹੈ, ਫਿਰ ਤੁਹਾਡੀ ਸ਼ਕਲ ਦੇਖਣੀ ਵੀ ਉਹ ਪਸੰਦ ਨਹੀਂ ਕਰਦੇ। ਝੂਠ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਲੋਕਾਂ ਅੰਦਰ ਬਿਲਕੁਲ ਵੀ ਸਹਿਣਸ਼ੀਲਤਾ ਨਹੀਂ ਰਹੀ ਹੈ। ਨਿਮਰਤਾ, ਪ੍ਰੀਤ ਪਿਆਰ ਲੋਕਾਂ ਦੇ ਅੰਦਰ ਬਿਲਕੁਲ ਵੀ ਨਹੀਂ ਰਿਹਾ ਹੈ। ਵੱਡਿਆਂ ਦਾ ਸਤਿਕਾਰ ਘੱਟ ਗਿਆ ਹੈ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਬਜ਼ੁਰਗਾਂ ਦੀ ਬੇਕਦਰੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਘਰ ਵਿਚ ਜੋ ਬਜ਼ੁਰਗ ਵਧੀਆ ਪੈਨਸ਼ਨ ਲੈਂਦੇ ਹਨ, ਉਨ੍ਹਾਂ ਨੂੰ ਘਰ ਵਿਚ ਰਹਿਣ ਲਈ ਥਾਂ ਤੱਕ ਨਹੀਂ ਹੈ। ਹਰ ਰੋਜ਼ ਦੋ-ਚਾਰ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਕਿ ਬਜ਼ੁਰਗਾਂ ਨਾਲ ਉਨ੍ਹਾਂ ਦੇ ਬੱਚੇ ਬਦਸਲੂਕੀ ਕਰ ਰਹੇ ਹਨ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ? ਬਜ਼ੁਰਗਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ, ਪਰ ਅੱਜ ਉਨ੍ਹਾਂ ਦੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਹੈ?
-ਸੰਜੀਵ ਸਿੰਘ ਸੈਣੀ,
ਮੁਹਾਲੀ
ਵਪਾਰੀਆਂ ਨੂੰ ਨੱਥ ਪਾਈ ਜਾਵੇ
ਵਧੀ ਮਹਿੰਗਾਈ ਦਾ ਕਾਰਨ ਅਤੇ ਦੇਸ਼ ਦੇ ਕਈ ਇਲਾਕਿਆਂ ਦੇ ਹੜ੍ਹਾਂ ਦੀ ਮਾਰ ਹੇਠ ਵਿਚ ਆਉਣ ਨਾਲ ਪੰਜਾਬ 'ਚ ਜ਼ਰੂਰੀ ਵਸਤਾਂ ਤੇ ਸਬਜ਼ੀਆਂ ਦੇ ਭਾਅ ਲੋਕਾਂ ਦੇ ਆਮ ਬਜਟ ਤੋਂ ਬਾਹਰ ਹੋ ਗਏ ਹਨ। ਮਹਿੰਗਾਈ ਨੂੰ ਕੰਟਰੋਲ ਕਰਨਾ ਖ਼ਾਸ ਕਰਕੇ ਜ਼ਰੂਰੀ ਵਸਤੂਆਂ, ਸਬਜ਼ੀਆਂ ਆਦਿ ਜੋ ਸਿਖਰਾਂ 'ਤੇ ਪਹੁੰਚ ਗਈਆਂ ਹਨ, ਸਰਕਾਰ ਦੀ ਅਹਿਮ ਜ਼ਿੰਮੇਵਾਰ ਹੁੰਦੀ ਹੈ। ਹਰ ਖਾਣ-ਪੀਣ ਵਾਲੀਆਂ ਜ਼ਰੂਰੀ ਵਸਤੂਆਂ ਦੇ ਮਹਿੰਗੇ ਹੋਣ ਦਾ ਵੱਡਾ ਕਾਰਨ ਸ਼ਾਹੂਕਾਰਾਂ, ਵਪਾਰੀਆਂ ਵਲੋਂ ਵੀ ਵੱਡੀ ਮਾਤਰਾ 'ਤੇ ਸਟੋਰ ਕਰਨਾ ਹੈ। ਇਨ੍ਹਾਂ ਨੂੰ ਨੱਥ ਪਾਉਣ ਲਈ ਸੰਬੰਧਿਤ ਮਹਿਕਮਿਆਂ ਨੂੰ ਸਰਕਾਰ ਵਲੋਂ ਹਦਾਇਤਾਂ ਦੇ ਕੇ ਨੱਥ ਪਾਉਣੀ ਚਾਹੀਦੀ ਹੈ। ਜੇਕਰ ਇਨ੍ਹਾਂ ਕਾਲਾ ਬਾਜ਼ਾਰੀ ਕਰਨ ਵਾਲਿਆਂ 'ਤੇ ਸਖ਼ਤੀ ਕੀਤੀ ਜਾਵੇ ਤਾਂ ਕੀਮਤਾਂ ਦੇ ਭਾਅ ਸਥਿਰ ਹੋ ਸਕਦੇ ਹਨ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ, ਪੰਜਾਬ ਪੁਲਿਸ।
ਸਭ ਨੂੰ ਹੱਸ ਕੇ ਮਿਲੋ
ਇਸ ਸੰਸਾਰ ਵਿਚ ਮੌਜੂਦ ਹਰੇਕ ਜੀਵ ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ, ਪਸ਼ੂ ਹੋਵੇ ਜਾਂ ਪੰਛੀ ਹਰ ਕੋਈ ਪਿਆਰ ਦੇ ਮਿੱਠੜੇ ਬੋਲਾਂ ਦਾ ਭੁੱਖਾ ਹੈ। ਕਹਿੰਦੇ ਹਨ ਕਿ ਪਿਆਰ ਦੇ ਬੋਲ ਤਾਂ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਮਿੱਠਜ਼ੇ ਬੋਲ ਬੋਲਣ ਵਾਲਾ ਵਿਅਕਤੀ ਸਭਨਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿਆਰ ਮੁਹੱਬਤ ਦੇ ਹਥਿਆਰ ਸਦਕਾ ਪ੍ਰਜਾ ਦਾ ਦਿਲ ਜਿੱਤਿਆ. ਹਰਮਨ ਪਿਆਰੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਜਨਤਾ ਵਿਚ ਵਿਚਰ ਕੇ ਦੁਖੀਆਂ ਦੇ ਦਰਦ ਵੰਡਾਉਂਦੇ ਸੀ। ਪਿਆਰ ਦੇ ਦੋ ਮਿੱਠੜੇ ਬੋਲ ਤਾਂ ਦੁਖੀਏ ਦਾ ਦਰਦ ਵੀ ਘਟਾ ਦਿੰਦੇ ਹਨ। ਮੰਨਿਆ ਗਿਆ ਹੈ ਕਿ ਸੁੱਖ ਵੰਡਣ ਨਾਲ ਵਧਦੇ ਹਨ ਅਤੇ ਦੁੱਖ ਵੰਡਣ ਨਾਲ ਘਟਦੇ ਹਨ। ਹਮੇਸ਼ਾ ਦੁਖੀ ਬੰਦੇ ਦੇ ਹਮਦਰਦ ਬਣੋ ਅਤੇ ਉਸ ਨੂੰ ਦਿਲਾਸਾ ਦੇਣ ਦਾ ਯਤਨ ਕਰੋ ਕਿਉਂਕਿ ਦੁਖੀ ਵਿਅਕਤੀ ਨੂੰ ਦੁੱਖ ਦੀ ਘੜੀ ਵਿਚ ਮਿਲਿਆ ਸਾਥ ਅਤੇ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਦੁੱਖ ਖ਼ਤਮ ਤਾਂ ਨਹੀਂ ਕਰ ਸਕਦਾ ਪਰ ਦੁੱਖ ਘਟਾ ਜ਼ਰੂਰ ਸਕਦਾ ਹੈ। ਕਿਸੇ ਨੂੰ ਦੁੱਖ ਵਿਚ ਵੇਖ ਕੇ ਖ਼ੁਸ਼ ਨਾ ਹੋਵੋ, ਦੁੱਖ-ਸੁੱਖ ਤਾਂ ਪਰਮਾਤਮਾ ਦੇ ਹੱਥ ਵਸ ਹਨ ਅਤੇ ਸਮੇਂ ਦਾ ਕੋਈ ਮਾਣ ਨਹੀਂ ਕਿਉਂਕਿ ਚੰਗਾ-ਮਾੜਾ ਸਮਾਂ ਤਾਂ ਸਭ 'ਤੇ ਆਉਂਦਾ ਹੈ। ਸੋ, ਪੁੰਨ ਖੱਟਣ ਲਈ ਰੋਜ਼ਾਨਾ ਘੱਟੋ-ਘੱਟ ਕਿਸੇ ਇਕ ਰੋਂਦੇ ਹੋਏ ਵਿਅਕਤੀ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਕਿਉਂਕਿ ਹੌਂਸਲਾ 'ਤੇ ਹਮਦਰਦੀ ਜਿਤਾ ਕੇ ਦੁੱਖੀਏ ਦਾ ਦਰਦ ਘਟਾਉਣਾ ਅਤੇ ਕਿਸੇ ਦੇ ਦਿਲ ਨੂੰ ਖ਼ੁਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਹਮੇਸ਼ਾ ਯਾਦ ਰੱਖੋ ਜਿਹੜਾ ਮਨੁੱਖ ਦੂਜਿਆਂ ਲਈ ਭਲਾ 'ਤੇ ਖ਼ੁਸ਼ੀਆਂ ਮੰਗਦਾ ਹੈ ਰੱਬ ਉਸ ਦੀ ਝੋਲੀ ਕਦੇ ਵੀ ਖ਼ੁਸ਼ੀਆਂ 'ਤੇ ਬਰਕਤਾਂ ਤੋਂ ਵਾਂਝੀ ਨਹੀਂ ਰਹਿਣ ਦਿੰਦਾ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਮੁਫਤ ਸਹੂਲਤਾਂ ਬੰਦ ਹੋਣ
ਪੰਜਾਬ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੀ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਮੁਫਤ ਸਹੂਲਤਾਂ ਦੇ ਗੱਫੇ ਦਿੱਤੇ ਜਾ ਰਹੇ ਹਨ,ਜਿਸ ਦਾ ਉਲਟਾ ਅਸਰ ਸਾਡੀ ਭੋਲੀ-ਭਾਲੀ ਜਨਤਾ ਦੀ ਆਰਥਿਕਤਾ 'ਤੇ ਹੀ ਪੈ ਰਿਹਾ ਹੈ। ਆਮ ਆਦਮੀ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫੀ ਦਿੱਤੀ ਗਈ ਹੈ, ਜਿਸ ਨਾਲ ਜਿੱਥੇ ਬਿਜਲੀ ਮਹਿਕਮਾ ਘਾਟੇ ਵਿੱਚ ਜਾ ਰਿਹਾ ਹੈ ਉਥੇ ਹੀ ਜਨਤਾ ਵੱਲੋਂ ਵੀ ਬਿਜਲੀ ਦੀ ਨਜਾਇਜ਼ ਵਰਤੋਂ ਹੋ ਰਹੀ ਹੈ ਅਤੇ ਇਸ ਦਾ ਖਮਿਆਜ਼ਾ ਦੁਕਾਨਦਾਰਾਂ, ਵਪਾਰਕ ਅਦਾਰਿਆਂ ਅਤੇ ਕਾਰਖਾਨੇਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਵਪਾਰਕ ਅਦਾਰਿਆਂ ਨੂੰ ਬਿਜਲੀ ਬਿੱਲ ਦੁੱਗਣੇ ਲੱਗ ਕੇ ਆ ਰਹੇ ਹਨ। ਸੋ, ਪੰਜਾਬ ਦੀ ਜਨਤਾ ਦੀ ਬੇਨਤੀ ਹੈ ਕਿ ਇਹ ਸਾਰੀਆਂ ਮੁਫਤ ਸਹੂਲਤਾਂ ਨੂੰ ਬੰਦ ਕਰਕੇ ਸਾਰਿਆਂ ਨੂੰ ਬਿਜਲੀ ਯੂਨਿਟ ਦੇ ਰੇਟ ਘਟਾ ਕੇ 3 ਜਾਂ 4 ਰੁਪਏ ਕੀਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਬਿਜਲੀ ਦੀ ਦੁਰਵਰਤੋਂ ਘੱਟ ਹੋਵੇਗੀ, ਇਸ ਤੋਂ ਇਲਾਵਾ ਬਿਜਲੀ ਮਹਿਕਮਾਂ ਵੀ ਸਰਪਲੱਸ ਹੋਵੇਗਾ ਅਤੇ ਸਰਕਾਰ ਦਾ ਖਜ਼ਾਨਾ ਵੀ ਭਰਿਆ ਰਹੇਗਾ। ਇਸ ਤੋਂ ਇਲਾਵਾ ਜਨਾਨੀਆਂ ਲਈ ਮੁਫਤ ਬੱਸ ਸਫਰ ਬੰਦ ਕਰਕੇ ਔਰਤਾਂ ਦੀ ਅੱਧੀ ਟਿਕਟ ਕੀਤੀ ਜਾਵੇ। ਇਸ ਨਾਲ ਤਿੰਨ ਫਾਇਦੇ ਹਨ ਪਹਿਲਾ ਸਰਕਾਰੀ ਟਰਾਂਸਪੋਰਟ ਅਤੇ ਸਰਕਾਰ ਮੁਨਾਫੇ ਵਿੱਚ ਹੋਵੇਗੀ ਅਤੇ ਔਰਤਾਂ ਵੀ ਕੰਮ ਮਤਲਬ ਤੇ ਸੋਚ ਸਮਝ ਕੇ ਬਾਹਰ ਅੰਦਰ ਜਾਣਗੀਆਂ।
-ਮਨਜੀਤ ਪਿਉਰੀ ਗਿੱਦੜਬਾਹਾ।
ਨੇੜੇ ਭਾਰੂ ਗੇਟ ਗਿੱਦੜਬਾਹਾ
ਸਿਵਲ ਸੇਵਾ ਪ੍ਰੀਖਿਆ 'ਤੇ ਸਵਾਲੀਆ ਨਿਸ਼ਾਨ
ਮਹਾਰਾਸ਼ਟਰ ਵਿਚ ਟਰੇਨੀ ਆਈ.ਏ.ਐਸ. ਅਧਿਕਾਰੀ ਪੂਜਾ ਖੇਡਕਰ ਦੁਆਰਾ ਫਰਜ਼ੀ ਸਰਟੀਫਿਕੇਟ 'ਤੇ ਨੌਕਰੀ ਹਾਸਿਲ ਕਰਨਾ ਸ਼ਰਮਨਾਕ ਹੈ। ਸਾਲ 2023 ਵਿਚ ਇਸ ਅਧਿਕਾਰੀ ਦੀ ਫਰਜ਼ੀ ਓ.ਬੀ.ਸੀ. ਅਤੇ ਫਰਜ਼ੀ ਸਰੀਰਕ ਅਪੰਗਤਾ ਦੇ ਸਰਟੀਫਿਕੇਟ ਦੁਆਰਾ ਚੋਣ ਹੋਈ ਸੀ, ਜੋ ਕਿ ਯੂ.ਪੀ.ਐਸ.ਸੀ. ਦੀ ਚੋਣ ਪ੍ਰਕਿਰਿਆ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਇਸ ਦੇ ਪਿਤਾ ਇਕ ਸੇਵਾ ਮੁਕਤ ਆਈ.ਏ.ਐਸ. ਅਫ਼ਸਰ ਸਨ ਤੇ ਵਿਧਾਇਕ ਦੀ ਚੋਣ ਵੀ ਲੜ ਚੁੱਕੇ ਹਨ। ਚੋਣ ਲੜਨ ਸਮੇਂ ਆਪਣੀ ਸੰਪਤੀ 30 ਕਰੋੜ ਦੱਸੀ ਸੀ ਅਤੇ ਇਹ ਅਧਿਕਾਰੀ ਵੀ ਜ਼ਮੀਨ, ਫਲੈਟ, ਦੁਕਾਨਾਂ ਤੇ ਸੋਨਾ ਸਮੇਤ 17 ਕਰੋੜ ਦੀ ਮਾਲਕਣ ਹੈ। ਓ.ਬੀ.ਸੀ. ਸਰਟੀਫਿਕੇਟ ਬਣਾਉਣ ਲਈ ਆਮਦਨ 8 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦੋਂ ਕਿ ਇਨ੍ਹਾਂ ਦੀ ਆਮਦਨ ਕਰੋੜਾਂ ਵਿਚ ਹੈ। ਇਹ ਅਧਿਕਾਰੀ ਪ੍ਰੋਬੇਸ਼ਨ ਦੌਰਾਨ ਹੀ ਆਪਣੀ ਨਿੱਜੀ ਔਡੀ ਕਾਰ 'ਤੇ ਲਾਲ ਬੱਤੀ ਲਗਾ ਕੇ ਘੁੰਮਦੀ ਹੈ। ਆਈ.ਏ.ਐਸ. ਅਫ਼ਸਰ ਜਿਨ੍ਹਾਂ ਦੇ ਅਹੁਦੇ ਅੱਗੇ ਹੀ ਸੇਵਾ ਲੱਗਾ ਹੁੰਦਾ ਹੈ। ਉਹ ਲੋਕਾਂ ਦੀ ਕਿੰਨੀ ਕੁ ਸੇਵਾ ਕਰਦੇ ਹਨ, ਸਭ ਨੂੰ ਪਤਾ ਹੈ। ਕੀ ਅਜਿਹੇ ਅਫ਼ਸਰ ਵਿਖਾਵਾ ਕਰਨ ਲਈ ਹੀ ਸਿਵਲ ਸੇਵਾ ਵਿਚ ਆਉਂਦੇ ਹਨ? ਸਰਕਾਰ ਅਫ਼ਸਰਾਂ ਨੂੰ ਪਾਵਰ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਨ ਲਈ ਦਿੰਦੀ ਹੈ ਨਾ ਕਿ ਵਿਖਾਵਾ ਕਰਨ ਲਈ। ਸਭ ਤੋਂ ਖ਼ਤਰਨਾਕ ਰੁਝਾਨ ਜਦੋਂ ਅਜਿਹੇ ਲੋਕ ਰਾਖਵੇਂਕਰਨ ਦਾ ਗ਼ਲਤ ਲਾਭ ਲੈ ਜਾਂਦੇ ਹਨ ਤਾਂ ਅਸਲ ਹੱਕਦਾਰ ਪਿੱਛੇ ਰਹਿ ਜਾਂਦੇ ਹਨ। ਲੱਖਾਂ ਗਰੀਬ ਬੱਚੇ ਜੋ ਕਾਬਲੀਅਤ ਰੱਖਦੇ ਹਨ ਉਨ੍ਹਾਂ ਦੇ ਮਨ 'ਤੇ ਅਜਿਹੀਆਂ ਘਟਨਾਵਾਂ ਨਾਲ ਡੂੰਘੀ ਸੱਟ ਵੱਜਦੀ ਹੈ।
-ਚਰਨਜੀਤ ਸਿੰਘ ਮੁਕਤਸਰ
ਝਬੇਲਵਾਲੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ।
ਵਧ ਰਹੇ ਹਾਦਸੇ
ਹਰ ਰੋਜ਼ ਸੜਕ ਹਾਦਸਿਆਂ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਨੌਜਵਾਨ ਵਾਹਨ ਚਲਾਉਣ ਸਮੇਂ ਸਾਵਧਾਨੀ ਨਹੀਂ ਵਰਤਦੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਜੇਕਰ ਅਸੀਂ ਹੌਲੀ ਰਫ਼ਤਾਰ ਨਾਲ ਚੱਲਾਂਗੇ ਤਾਂ ਹਾਦਸਾ ਨਹੀਂ ਵਾਪਰਦਾ। ਓਵਰਟੇਕਿੰਗ ਵੀ ਹਾਦਸੇ ਦਾ ਕਾਰਨ ਬਣਦੀ ਹੈ। ਹਾਦਸਿਆਂ ਨੂੰ ਟਾਲਣ ਵਾਸਤੇ ਸਾਡਾ ਵੀ ਮੁਢਲਾ ਫਰਜ਼ ਬਣਦਾ ਹੈ, ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਫਿਰ ਹਾਦਸਾ ਬਹੁਤ ਘੱਟ ਵਾਪਰੇਗਾ। ਡਿਊਟੀ ਜਾਣ ਵੇਲੇ ਘਰੋਂ 10 ਮਿੰਟ ਪਹਿਲਾਂ ਤੁਰੋ। ਹਮੇਸ਼ਾ ਕਾਹਲ ਹੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਆਉ, ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹਾਦਸਿਆਂ ਨੂੰ ਘੱਟ ਰਕੀਏ। ਇਹ ਜੀਵਨ ਬਹੁਤ ਕੀਮਤੀ ਹੈ। ਇਸ ਨੂੰ ਐਵੇਂ ਹੀ ਹਾਦਸਿਆਂ ਦੇ ਰੂਪ ਵਿਚ ਨਾ ਗੁਆ ਦੇਈਏ। ਜੀਵਨ ਸਾਨੂੰ ਇਕ ਵਾਰ ਮਿਲਦਾ ਹੈ। 'ਕਾਹਲ ਨਾਲੋਂ ਦੇਰ ਚੰਗੀ।' ਸਿਧਾਂਤ ਨੂੰ ਜੀਵਨ ਵਿਚ ਲਾਗੂ ਕਰਕੇ ਹਾਦਸਿਆਂ ਤੋਂ ਮੁਕਤੀ ਪਾਈਏ।
-ਰਾਮ ਸਿੰਘ ਪਾਠਕ।
ਰੀਲ ਨੇ ਲਈ ਜਾਨ
ਨੌਜਵਾਨਾਂ ਵਿਚ ਸੋਸ਼ਲ ਮੀਡੀਆ ਦਾ ਰੁਝਾਨ ਇਸ ਤਰ੍ਹਾਂ ਵਧ ਚੁੱਕਿਆ ਹੈ ਕਿ ਹੁਣ ਕੋਈ ਵੀ ਪ੍ਰੋਗਰਾਮ ਹੋਵੇ ਜਾਂ ਕੋਈ ਵੀ ਸਥਾਨ ਹੋਵੇ, ਸੜਕ ਹੋਵੇ ਜਾਂ ਰੇਲਵੇ ਟਰੈਕ ਹੋਵੇ ਨੌਜਵਾਨ ਆਪਣੀ ਪ੍ਰਸਿੱਧੀ ਵਧਾਉਣ ਅਤੇ ਵਧੇਰੇ ਲਾਈਕ ਪ੍ਰਾਪਤ ਕਰਨ ਲਈ ਰੀਲ੍ਹ ਬਣਾ ਰਹੇ ਹੁੰਦੇ ਹਨ। ਨੌਜਵਾਨਾਂ ਲਈ ਰੋਟੀ ਨਾਲੋਂ ਜ਼ਿਆਦਾ ਜ਼ਰੂਰੀ ਰੀਲ੍ਹ ਬਣਾਉਣਾ ਹੋ ਗਿਆ ਹੈ। ਫਿਰ ਚਾਹੇ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਨੌਜਵਾਨਾਂ ਉੱਪਰ ਰੀਲ੍ਹ ਬਣਾਉਣ ਦਾ ਭੂਤ ਉਨ੍ਹਾਂ ਨੂੰ ਕੁਰਾਹੇ ਪਾ ਕੇ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਵੀ ਧੱਕ ਰਿਹਾ ਹੈ। ਅਜਿਹੀ ਹੀ ਇਕ ਘਟਨਾ ਬੀਤੇ ਦਿਨ ਰੀਲ੍ਹ ਬਣਾਉਣ ਵਿਚ ਮਸਰੂਫ਼ ਅਨਵੀ ਕਾਮਦਾਰ ਨਾਲ ਮਹਾਰਾਸ਼ਟਰ ਵਿਚ ਵਾਪਰੀ, ਜੋ ਰੀਲ੍ਹ ਬਣਾਉਂਦੀ-ਬਣਾਉਂਦੀ ਤਿੰਨ ਸੌ ਫੁੱਟ ਡੂੰਘੀ ਖੱਡ ਵਿਚ ਡਿਗਣ ਕਾਰਨ ਮੌਤ ਦੇ ਮੂੰਹ ਵਿਚ ਚਲੀ ਗਈ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਕੇ ਰਹਿ ਜਾਂਦੀਆਂ ਹਨ। ਘਟਨਾ ਵਾਪਰਦੀ ਹੈ ਉਸ ਦਾ ਅਫ਼ਸੋਸ ਜ਼ਾਹਰ ਕੀਤਾ ਜਾਂਦਾ ਹੈ, ਹੱਲ ਕੋਈ ਨਹੀਂ ਲੱਭਦਾ। ਪ੍ਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਨੌਜਵਾਨਾਂ ਵਿਚ ਵਧ ਰਹੀ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਜ਼ਿਆਦਾਤਰ ਮਾਤਾ-ਪਿਤਾ ਹੀ ਜ਼ਿੰਮੇਵਾਰ ਹੁੰਦੇ ਹਨ। ਜੋ ਬਚਪਨ ਵਿਚ ਹੀ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਫੜਾ ਦਿੰਦੇ ਹਨ। ਹੁਣ ਨੌਜਵਾਨਾਂ ਵਿਚ ਵਧ ਰਹੀ ਸੋਸ਼ਲ ਮੀਡੀਏ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਮਾਤਾ-ਪਿਤਾ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਫ਼ੋਨ ਦੀ ਦੁਰਵਰਤੋਂ ਦੇ ਪ੍ਰਭਾਵਾਂ ਪ੍ਰਤੀ ਨੌਜਵਾਨ ਖ਼ਾਸ ਕਰਕੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਕੀਮਤੀ ਜਾਨ ਬਚਾ ਕੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਬਠਿੰਡਾ
ਘਰ ਦਾ ਸ਼ਿੰਗਾਰ ਧੀਆਂ
ਘਰ ਦਾ ਅਸਲੀ ਚਿਰਾਗ ਧੀਆਂ ਹੀ ਹੁੰਦੀਆਂ ਹਨ, ਜੋ ਇਕ ਨਹੀਂ ਬਲਕਿ ਦੋ-ਦੋ ਕੁੱਲਾਂ ਨੂੰ ਰੁਸ਼ਨਾਉਂਦੀਆਂ ਹਨ। ਬਚਪਨ ਤੋਂ ਹੀ ਧੀ ਨੂੰ ਹਰ ਸਮੇਂ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਬੇਗਾਨਾ ਧਨ ਹੈ, ਉਸ ਨੇ ਬੇਗਾਨੇ ਘਰ ਜਾਣਾ ਹੈ। ਉਹੀ ਧੀ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਤੇ ਉੱਥੇ ਉਸ ਨੂੰ ਇਹ ਕਹਿ ਕੇ ਬੇਗਾਨੀ ਕਰ ਦਿੱਤਾ ਜਾਂਦਾ ਹੈ ਕਿ ਉਹ ਬੇਗਾਨੇ ਘਰੋਂ ਆਈ ਹੈ, ਪਰ ਫਿਰ ਵੀ ਉਹ ਧੀ ਆਪਣੇ ਹਰ ਸਾਹ ਨਾਲ ਆਪਣੇ ਪੇਕੇ ਅਤੇ ਸਹੁਰੇ ਦੋਵਾਂ ਘਰਾਂ ਦੀ ਸੁੱਖ ਹੀ ਮੰਗਦੀ ਹੈ। ਧੀਆਂ ਤਾਂ ਉਸ ਘਣਛਾਵੇਂ ਬੂਟੇ ਦੀ ਤਰ੍ਹਾਂ ਹੁੰਦੀਆਂ ਹਨ, ਜੋ ਹਮੇਸ਼ਾ ਠੰਢੀਆਂ ਛਾਵਾਂ ਹੀ ਦਿੰਦਾ ਹੈ। ਜਿਨ੍ਹਾਂ ਘਰਾਂ ਵਿਚ ਧੀਆਂ ਦੇ ਹਾਸੇ ਗੂੰਜਦੇ ਹਨ, ਉਹ ਘਰ ਧਰਤੀ 'ਤੇ ਸਵਰਗ ਹੁੰਦੇ ਹਨ। ਧੀਆਂ ਘਰ ਦੀ ਬਰਕਤ ਹੁੰਦੀਆਂ ਹਨ। ਜਿਸ ਘਰ ਵਿਚ ਧੀ ਨਹੀਂ ਹੁੰਦੀ, ਉਹ ਘਰ, ਘਰ ਨਹੀਂ ਮਕਾਨ ਹੁੰਦਾ ਹੈ। ਧੀਆਂ ਤਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਹਨ. ਅੱਜ ਤਾਂ ਕੁੜੀਆਂ-ਮੁੰਡੀਆਂ ਨਾਲੋਂ ਹਰ ਖੇਤਰ ਵਿਚ ਅੱਗੇ ਹਨ। ਅੱਜ ਦੀ ਨਾਰੀ ਤਾਂ ਚੰਦ ਤੱਕ ਪਹੁੰਚ ਗਈ ਹੈ, ਫਿਰ ਇਹ ਧੀਆਂ-ਪੁੱਤਰਾਂ ਵਾਲਾ ਵਿਤਕਰਾ ਕਿਸ ਲਈ? ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਧੀਆਂ ਪ੍ਰਤੀ ਆਪਣੀ ਸੌੜੀ ਸੋਚ ਨੂੰ ਬਦਲੀਏ ਅਤੇ ਧੀਆਂ ਨੂੰ ਵੀ ਉਹੀ ਪਿਆਰ ਅਤੇ ਸਤਿਕਾਰ ਦੇਈਏ, ਜਿਸ ਦੀਆਂ ਉਹ ਹੱਕਦਾਰ ਹਨ।
-ਰਿੰਕਲ
ਮੁੱਖ ਅਧਿਆਪਕਾ, ਫ਼ਿਰੋਜ਼ਪੁਰ
ਆਓ ਰੁੱਖ ਲਗਾਈਏ
ਕਾਫੀ ਦਿਨਾਂ ਤੋਂ ਹਵਾ ਵਿਚ ਨਮੀ ਤੇ ਮੌਸਮ ਹੁੰਮਸ ਵਾਲਾ ਬਣਿਆ ਹੋਇਆ ਹੈ। ਗਰਮੀ ਤੇ ਪਸੀਨੇ ਨੇ ਸਭ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ। ਜਿੱਧਰ ਵੀ ਜਾਈਏ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਗਰਮੀ ਬਹੁਤ ਹੋ ਗਈ ਹੈ, ਦਮ ਘੁਟਣ ਵਾਲਾ ਆਲਮ ਹੋਇਆ ਪਿਆ ਹੈ। ਸ਼ਾਇਦ ਸਾਰੇ ਇਹ ਵੀ ਜਾਣਦੇ ਹਨ ਕਿ ਇੰਨੀ ਗਰਮੀ ਕਿਉਂ ਹੋ ਰਹੀ ਹੈ, ਕਾਰਨਾਂ ਦਾ ਸਭ ਨੂੰ ਪਤਾ ਹੈ। ਅਸੀਂ ਇਨ੍ਹਾਂ ਕਾਰਨਾਂ ਦੇ ਹੱਲ ਵੱਲ ਵਧਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਹੈ। ਤਕਨਾਲੋਜੀ ਨੇ ਸੁੱਖ ਦੇ ਨਾਲ-ਨਾਲ ਚੁਣੌਤੀਆਂ ਵੀ ਦਿੱਤੀਆਂ ਹਨ। ਅਸੀਂ ਇਨ੍ਹਾਂ ਚੁਣੌਤੀਆਂ ਬਾਰੇ ਕਿੰਨਾ ਕੁ ਸੰਜੀਦਗੀ ਨਾਲ ਸੋਚ ਵਿਚਾਰ ਕਰਦੇ ਹਾਂ, ਬਸ ਮਸਲਾ ਇਹ ਹੀ ਹੈ। ਵਾਤਾਵਰਨ ਵਿਚ ਤਪਸ਼ ਦਿਨ ਪ੍ਰਤੀ ਦਿਨ ਵਧ ਰਹੀ ਹੈ। ਗਲੇਸ਼ੀਅਰ ਪਿਘਲ ਰਹੇ ਹਨ। ਸਮੁੰਦਰੀ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ, ਜੋ ਇਨ੍ਹਾਂ ਦੇ ਕੰਢੇ ਵਸਣ ਵਾਲੇ ਨਗਰਾਂ ਲਈ ਖ਼ਤਰਾ ਬਣ ਰਿਹਾ ਹੈ। ਬਹੁਤੀ ਵਾਰ ਜਾਨੀ ਤੇ ਮਾਲੀ ਨੁਕਸਾਨ ਦਾ ਜੋਖ਼ਮ ਵੀ ਝੱਲਣਾ ਪੈਂਦਾ ਹੈ। ਇਨ੍ਹਾਂ ਜੋਖ਼ਮਾਂ ਨੂੰ ਘੱਟ ਕਰਨ ਲਈ ਘੱਟੋ-ਘੱਟ ਜੋ ਸਾਡੇ ਵਸ ਹੈ ਉਹ ਤਾਂ ਅਸੀਂ ਕਰ ਹੀ ਸਕਦੇ ਹਾਂ ਬਲਕਿ ਸਾਨੂੰ ਕਰਨਾ ਹੀ ਚਾਹੀਦਾ ਹੈ ਕਿ ਆਪਣੇ ਆਲੇ-ਦੁਆਲੇ ਘਰਾਂ, ਖੇਤਾਂ, ਸਾਂਝੀਆਂ ਥਾਵਾਂ, ਸੜਕਾਂ ਦੇ ਕੰਢੇ, ਸੂਇਆਂ ਦੇ ਨਾਲ-ਨਾਲ ਜਿਥੇ ਵੀ ਖਾਲੀ ਥਾਂ ਮਿਲਦੀ ਹੈ ਵੱਧ ਤੋਂ ਵੱਧ ਰੁੱਖ ਲਾਈਏ ਤੇ ਇਨ੍ਹਾਂ ਦੀ ਸੰਭਾਲ ਕਰੀਏ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਵਿਚ ਸ਼ਾਇਦ ਤਪਸ਼ ਨੂੰ ਕੁੱਝ ਘੱਟ ਕਰ ਸਕੀਏ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਹੜ੍ਹਾਂ ਦਾ ਖ਼ਤਰਾ
ਅੱਜ-ਕੱਲ੍ਹ ਹਿਮਾਚਲ 'ਚ ਭਾਰੀ ਮੀਂਹ ਪੈ ਰਹੇ ਹਨ, ਕਈ ਥਾਈਂ ਤਾਂ ਬੱਦਲ ਵੀ ਫਟੇ ਹਨ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵੀ ਕਾਫੀ ਵਧਿਆ ਹੋਇਆ ਹੈ ਅਤੇ ਡੈਮ ਵੀ ਓਵਰਫਲੋ ਹੋਣ ਵਾਲੇ ਹਨ। ਜਿਸ ਕਾਰਨ ਡੈਮਾਂ ਤੋਂ ਪਾਣੀ ਵੀ ਛੱਡਿਆ ਜਾ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਆਉਣ ਵਾਲੇ ਖ਼ਤਰੇ ਤੋਂ ਪਹਿਲਾਂ ਹੀ ਚੌਕੰਨੇ ਹੋ ਜਾਣਾ ਚਾਾਹੀਦਾ ਹੈ। ਪੰਜਾਬ ਦਰਿਆਵਾਂ ਅਤੇ ਨਹਿਰਾਂ ਲਾਗੇ ਰਹਿਣ ਵਾਲੇ ਲੋਕਾਂ ਨੂੰ ਸਾਡੀ ਇਹ ਸਲਾਹ ਵੀ ਹੈ ਕਿ ਉਹ ਸਮਾਂ ਰਹਿੰਦੇ ਉੱਚੀਆਂ ਥਾਵਾਂ 'ਤੇ ਚਲੇ ਜਾਣ। ਤਾ ਕਿ ਵਾਧੂ ਪਾਣੀ ਆਉਣ 'ਤੇ ਜਾਨ-ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋ ਸਕੇ। ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਖ਼ੁਦ ਆਪਣੇ ਅਧਿਕਾਰੀਆਂ ਦੀ ਇਹ ਡਿਊਟੀ ਲਗਾਵੇ ਕਿ ਕੋਈ ਵੀ ਦਰਿਆਵਾਂ ਦੇ ਕੰਢੇ ਨਾ ਜਾਵੇ।
-ਅਸ਼ੀਸ਼ ਸ਼ਰਮਾ ਜਲੰਧਰ।
ਵੱਧ ਤੋਂ ਵੱਧ ਲਗਾਓ ਬੂਟੇ
ਘੱਟ ਰਹੇ ਰੁੱਖਾਂ ਕਾਰਨ ਮੌਸਮ ਸੰਤੁਲਨ ਪੂਰੀ ਤਰ੍ਹਾਂ ਵਿਗੜਿਆ ਹੋਇਆ ਹੈ। ਇਸ ਵਾਰ ਪੈ ਰਹੀ ਗਰਮੀ ਵੀ ਰੁੱਖਾਂ ਦੀ ਘਟੀ ਗਿਣਤੀ ਦਾ ਹੀ ਨਤੀਜਾ ਹੈ। ਮੀਂਹ ਵੀ ਉਮੀਦ ਤੋਂ ਕਿਤੇ ਘੱਟ ਪਏ ਹਨ। ਜੇਕਰ ਅਸੀਂ ਦੇਖੀਏ ਤਾਂ ਰੁੱਖ ਬਚਿਆ ਵੀ ਕਿੱਥੇ ਹੈ। ਰੁੱਖਾਂ ਹੇਠ ਰਕਬਾ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਦਰੱਖਤਾਂ ਦੀ ਕਟਾਈ ਧੜਾਧੜ ਜਾਰੀ ਹੈ। ਹਨੇਰੀ ਝੱਖੜ ਵੀ ਰੁੱਖਾਂ ਨੂੰ ਘਟਾਉਣ ਦਾ ਇਕ ਕਾਰਨ ਬਣਦੀ ਹੈ ਪਰ ਇਹ ਕਾਰਨ ਮਨੁੱਖ ਦੇ ਹੱਥ ਵੱਸ ਨਹੀਂ ਪਰ ਜੋ ਹੱਥ ਵੱਸ ਹੈ ਉਸ ਨੂੰ ਸਾਂਭੀਏ। ਰੁੱਖਾਂ ਨੂੰ ਕੱਟਣ ਤੋਂ ਪਰਹੇਜ਼ ਤਾਂ ਕਰੋ ਹੀ ਸਗੋਂ ਵੱਧੋ-ਵੱਧ ਬੂਟੇ ਵੀ ਲਗਾਓ। ਉਨ੍ਹਾਂ ਦੀ ਸਹੀ ਸਾਂਭ-ਸੰਭਾਲ ਕਰੋ ਤਾਂ ਜੋ ਸਾਡਾ ਵਾਤਾਵਰਨ ਮੁੜ ਤੋਂ ਹਰਿਆ ਭਰਿਆ ਹੋ ਸਕੇ, ਵਿਗੜਦੇ ਮੌਸਮ ਦੇ ਮਿਜਾਜ਼ ਨੂੰ ਸਾਂਭਿਆ ਜਾ ਸਕੇ। ਇਸ ਵਿਚ ਹੀ ਮਨੁੱਖਤਾ ਦੀ ਭਲਾਈ ਹੈ।
-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ,
ਜ਼ਿਲਾ ਲੁਧਿਆਣਾ।
ਲੜਾਈ-ਝਗੜੇ
ਪੰਜਾਬ ਵਿਚ ਲੋਕ ਅੱਜ-ਕੱਲ੍ਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ ਹਨ। ਅਸੀਂ ਅਖ਼ਬਾਰਾਂ, ਚੈਨਲਾਂ ਅਤੇ ਲੋਕਾਂ ਤੋਂ ਪੜ੍ਹਦੇ ਸੁਣਦੇ ਤੇ ਦੇਖਦੇ ਹਾਂ ਕਿ ਲੋਕ ਕਿਵੇਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਆਪਣੇ ਗੁੱਸੇ 'ਤੇ ਕਾਬੂ ਨਾ ਰੱਖਣ ਕਰਕੇ ਇਕ ਦੂਜੇ 'ਤੇ ਹਮਲੇ ਕਰ ਕੇ ਗੋਲੀਆਂ ਚਲਾ ਕੇ ਜਾਨ ਲੈਣ ਲਈ ਤਿਆਰ ਹੋ ਜਾਂਦੇ ਹਨ। ਅੱਜ-ਕੱਲ੍ਹ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਕਈ ਵਾਰ ਲੋਕ ਬਹੁਤ ਥੋੜ੍ਹੀ ਜਿਹੀ ਜ਼ਮੀਨ ਦੇ ਝਗੜੇ ਲਈ ਆਪਣੇ ਭਰਾਵਾਂ, ਚਾਚੇ-ਤਾਇਆਂ, ਗੁਆਂਢੀਆਂ ਅਤੇ ਹੋਰ ਰਿਸ਼ਤੇਦਾਰਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਕੁੱਟ ਮਾਰ ਅਤੇ ਉਨ੍ਹਾਂ ਦੇ ਕਤਲ ਤੱਕ ਕਰ ਰਹੇ ਹਨ। ਹਰ ਦਿਨ ਹੀ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਿਵੇਂ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇਕ-ਦੂਜੀ ਧਿਰ ਨੂੰ ਕਤਲ ਅਤੇ ਜ਼ਖ਼ਮੀ ਕਰ ਰਹੇ ਹਨ। ਕਈ ਘਟਨਾਵਾਂ ਵਿਚ ਇਕ-ਦੂਜੀ ਧਿਰ ਵਲੋਂ ਤਿੰਨ-ਤਿੰਨ, ਚਾਰ-ਚਾਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ। ਕਈ ਥਾਵਾਂ 'ਤੇ ਦਿਨ-ਦਿਹਾੜੇ ਪੁਰਾਣੀਆਂ ਦੁਸ਼ਮਣੀਆਂ ਵਾਲੇ ਲੋਕ ਇਕ-ਦੂਜੇ ਨੂੰ ਕੁੱਟ-ਕੁੱਟ ਮਾਰ ਰਹੇ ਹਨ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਵਿਚ ਰੋਜ਼ ਹੀ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਕਿਵੇਂ ਲੋਕ ਗੋਲੀਆਂ ਚਲਾ ਕੇ ਆਪਣਿਆਂ ਦੀ ਹੱਤਿਆ ਕਰ ਰਹੇ ਹਨ। ਰੋਜ਼ਾਨਾ ਹੀ ਕਿਤੇ ਨਾ ਕਿਤੇ ਇਹ ਖ਼ੂਨ ਕਾਂਡ ਵਾਪਰ ਰਹੇ ਹਨ। ਇਨ੍ਹਾਂ ਘਟਨਾਵਾਂ ਰੋਕਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਘਟਨਾਵਾਂ ਨੂੰ ਰੋਕੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਸਹੀ ਫੈਸਲਾ
ਨਾਬਾਲਗ ਵਾਹਨ ਚਲਾਉਂਦਾ ਮਿਲਿਆ ਤਾਂ ਮਾਪਿਆਂ ਨੂੰ ਜੇਲ੍ਹ ਪੱਕੀ। 3 ਸਾਲ ਦੀ ਜੇਲ੍ਹ ਤੋਂ ਇਲਾਵਾ 25000 ਰੁਪਏ ਜੁਰਮਾਨਾ ਹੋਵੇਗਾ। ਇਸ ਬਾਰੇ ਨਵਾਂ ਕਾਨੂੰਨ ਦੇਸ਼ ਭਰ ਵਿਚ ਪਹਿਲੀ ਅਗਸਤ ਤੋਂ ਅਮਲ 'ਚ ਆਵੇਗਾ। ਇਸ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਹਨ। ਰੋਜ਼ਾਨਾ ਇਕ ਮਿੰਟ ਵਿਚ ਕਈ ਮਨੁੱਖੀ ਜਾਨਾਂ ਜਾ ਰਹੀਆਂ ਹਨ। ਪ੍ਰਦੇਸ਼ ਵਿਚ ਹਰ ਸਾਲ ਪੰਜ ਹਜ਼ਾਰ ਤੋਂ ਵੱਧ ਮੌਤਾਂ ਸਿਰਫ਼ ਸੜਕ ਹਾਦਸਿਆਂ ਨਾਲ ਹੋ ਰਹੀਆਂ ਹਨ। ਜਿਸ ਦਾ ਕਾਰਨ ਬੇਤਹਾਸ਼ਾ ਤੇਜ਼ ਰਫ਼ਤਾਰ, ਲਾਪਰਵਾਹੀ ਨਾਲ ਗੱਡੀਆਂ ਚਲਾਉਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ, ਜੋ ਕਾਨੂੰਨ ਅੰਗਰੇਜ਼ ਦੇ ਸਮੇਂ ਦਾ ਬਣਿਆ ਹੈ ਇਸ ਜੁਰਮ ਦੀ ਨਾਂ-ਮਾਤਰ ਇਕ ਦੋ ਸਾਲ 279, 304 ਏ ਆਈ.ਪੀ.ਸੀ. ਵਿਚ ਸਜ਼ਾ ਹੈ। ਹੁਣ ਜੋ ਤਫਤੀਸ਼ੀ ਨੂੰ ਜਦੋਂ ਪਤਾ ਲੱਗਦਾ ਹੈ। ਇਹ ਲਾਪਰਵਾਹੀ ਵਾਲਾ ਐਕਸੀਡੈਂਟ ਕੇਸ ਨਹੀਂ ਹੈ ਜਾਣ-ਬੁਝ ਕੇ ਪਹਿਲੇ ਜਾਣਦੇ ਹੋਏ ਕਿ ਮੇਰੀ ਤੇਜ਼ ਗੱਡੀ ਚਲਾਉਣ ਨਾਲ ਭਾਵੇਂ ਉਹ ਸ਼ਰਾਬ ਪੀ ਕੇ ਚਲਾਈ ਗਈ ਹੈ ਬੰਦਾ ਮਰ ਸਕਦਾ ਹੈ। ਉਸ 'ਤੇ ਦੰਡ ਯੋਗ ਮਨੁੱਖੀ ਹੱਤਿਆ ਦਾ ਪਰਚਾ 304 ਆਈ.ਪੀ.ਸੀ. ਦਾ ਕੀਤਾ ਜਾਂਦਾ ਹੈ। ਕਈ ਮਾਂ-ਪਿਉ ਆਪਣੇ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਗੱਡੀਆਂ ਲੈ ਕੇ ਦੇ ਰਹੇ ਹਨ। ਆਪ ਹੀ ਜਾਚ ਸਿਖਾ ਬੜੇ ਖ਼ੁਸ਼ ਹੁੰਦੇ ਹਨ, ਜਦੋਂ ਉਹ ਰੋਡ 'ਤੇ ਚਲਦੇ ਹਨ ਮੌਤ ਤੋਂ ਅਣਜਾਣ ਫੁੱਲ ਸਪੀਡ ਵਿਚ ਪ੍ਰੈਸ਼ਰ ਹਾਰਨ ਮਾਰ ਗੱਡੀਆਂ ਚਲਾਉਂਦੇ ਹਨ। ਇਹ ਕਾਨੂੰਨ ਪਹਿਲਾਂ ਹੀ ਲਾਗੂ ਹੋਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ। ਇਸ ਕਾਨੂੰਨ ਨਾਲ ਸੜਕ ਹਾਦਸਿਆਂ ਨੂੰ ਠੱਲ੍ਹ ਤਾਂ ਜ਼ਰੂਰ ਪਵੇਗੀ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।
ਬਚਪਨ ਦੀ ਅਮੀਰੀ
ਬਚਪਨ ਦੀ ਅਮੀਰੀ ਵਾਕਿਆ ਹੀ ਕੋਈ ਨਹੀਂ ਭੁੱਲ ਸਕਦਾ। ਹਰੇਕ ਇਨਸਾਨ ਅਕਸਰ ਇਹੀ ਲੋਚਦਾ ਹੈ ਕਿ ਬਚਪਨ ਵਾਪਸ ਆ ਜਾਵੇ ਅਤੇ ਅਸੀਂ ਫਿਰ ਬੱਚੇ ਬਣ ਜਾਈਏ ਅਤੇ ਜ਼ਿੰਦਗੀ ਦੀਆਂ ਤਕਲੀਫ਼ਾ ਤੋਂ ਨਿਜਾਤ ਪਾਈਏ। ਬਚਪਨ ਦੇ ਉਸ ਪੁਰਾਣੇ ਜ਼ਮਾਨੇ ਦੀਆਂ ਖੇਡਾਂ ਨੂੰ ਯਾਦ ਕਰਦਿਆਂ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ 'ਬਚਪਨ ਵਿਚ ਆਪਾਂ ਕਿੰਨੇ ਅਮੀਰ ਸਾਂ' ਦੁਆਰਾ ਜਿਸ ਤਰ੍ਹਾਂ ਸਭ ਦਾ ਬਚਪਨ ਹੀ ਤਾਜ਼ਾ ਕਰ ਦਿੱਤਾ। ਬਚਪਨ ਦੇ ਉਹ ਅਹਿਮ ਪਲ, ਨਿੱਕੀਆਂ-ਨਿੱਕੀਆਂ ਹਰਕਤਾਂ ਅਤੇ ਆਦਤਾਂ ਦਾ ਇੰਨੀ ਬਾਰੀਕੀ ਅਤੇ ਸੰਜੀਦਗੀ ਨਾਲ ਵੇਰਵਾ ਪਾਇਆ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸਭ ਹਰੇਕ ਦੇ ਜੀਵਨ ਵਿਚ ਜ਼ਰੂਰ ਹੀ ਵਾਪਰਿਆ ਹੈ। ਨਾਲ ਹੀ ਮਾਪਿਆਂ ਅਤੇ ਭੈਣ-ਭਰਾਵਾਂ ਦਾ ਰੋਲ ਵੀ ਸਾਹਮਣੇ ਲਿਆਂਦਾ ਹੈ। ਮਾਪਿਆਂ ਪ੍ਰਤੀ ਵੀ ਸਾਕਾਰਾਤਮਿਕ ਰਾਏ ਦਿੱਤੀ ਹੈ ਕਿ ਬੱਚਿਆਂ ਦੇ ਮਾਮਲੇ ਵਿਚ ਜਾਂ ਝਗੜੇ ਵਿਚ ਪੈਣ ਤੋਂ ਉਨ੍ਹਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਸੋ, ਬਚਪਨ ਹਰੇਕ ਤਰ੍ਹਾਂ ਦੇ ਵੈਰ, ਵਿਰੋਧ, ਈਰਖਾ, ਸਾੜੇ ਤੋਂ ਮੁਕਤ ਹੁੰਦਾ ਹੈ ਅਤੇ ਇਨਸਾਨ ਚਾਹ ਕੇ ਵੀ ਆਪਣੇ ਜੀਵਨ ਵਿਚ ਇਸ ਤਰ੍ਹਾਂ ਦਾ ਦੁਬਾਰਾ ਨਹੀਂ ਬਣ ਸਕਦਾ।
-ਦਵਿੰਦਰ ਕੌਰ
ਸ.ਸ. ਅਧਿਆਪਕਾ, ਸਸਸ ਸਕੂਲ ਰੱਲੀ (ਮਾਨਸਾ)
ਕੈਂਸਰ ਤੋਂ ਬਚਾਉਣਾ
ਪਿਛਲੇ ਸਮੇਂ ਵਿਚ ਮਾਲਵਾ ਖੇਤਰ ਵਿਚ ਪੀਣ ਵਾਲੇ ਪਾਣੀ ਦੀ ਕਮੀ ਪਾਈ ਗਈ ਹੈ। ਬੇਥਾਹ ਪਾਣੀ ਦੀ ਵਰਤੋਂ ਕਰ ਕੇ ਅਸੀਂ ਚੰਗਾ ਪਾਣੀ ਗੁਆ ਲਿਆ ਹੈ। ਮਾਲਵਾ ਖੇਤਰ ਵਿਚੋਂ ਪਾਣੀ ਦੇ ਸੈਂਪਲ ਲਏ ਗਏ ਸੀ। ਇਸ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧ ਹੈ। ਇਹ ਪਾਣੀ ਸਾਨੂੰ ਬਿਮਾਰੀਆਂ ਵੰਡ ਰਿਹਾ ਹੈ। ਮਾਲਵਾ ਖੇਤਰ ਵਿਚ ਮੁਕਤਸਰ, ਫਿਰੋਜ਼ਪੁਰ, ਬਠਿੰਡਾ ਸ਼ਾਮਿਲ ਹੈ। ਖ਼ਾਸ ਕਰਕੇ ਵਿਸ਼ੇਸ਼ ਬਠਿੰਡਾ ਜ਼ਿਲੇ ਦੇ ਪਾਣੀ ਵਿਚ ਜ਼ਿਆਦਾ ਯੂਰੇਨੀਅਮ ਹੈ। ਇਸ ਦਾ ਖ਼ਤਰਾ ਭਾਰੀ ਹੈ। ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਇਸ ਮਸਲੇ ਵਿਚ ਹਾਈ ਕੋਰਟ ਨੇ ਸਰਕਾਰ ਨੂੰ ਕੋਈ ਬਦਲ ਲੱਭਣ ਵਾਸਤੇ ਕਿਹਾ ਸੀ। ਪਰ ਮੌਜੂਦਾ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਇਹ ਮਸਲਾ ਬੇਹੱਦ ਗੰਭੀਰ ਹੈ। ਸਰਕਾਰ ਨੂੰ ਇਸ ਪਿੱਛੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।
-ਰਾਮ ਸਿੰਘ ਪਾਠਕ
ਵੰਡ ਦੇ ਸਤਾਏ
ਐਤਵਾਰ, 7 ਜੁਲਾਈ ਨੂੰ 'ਅਜੀਤ' ਮੈਗਜ਼ੀਨ ਵਿਚ ਡਾ. ਨਰੇਸ਼ ਦਾ ਲੇਖ 'ਪੰਜਾਬ, ਪੰਜਾਬੀ ਅਤੇ ਪਾਕਿਸਤਾਨ' ਬਹੁਤ ਵਧੀਆ ਲੱਗਾ। ਲੇਖਕ ਨੇ ਸਹੀ ਕਿਹਾ ਹੈ ਕਿ ਸਿਆਸੀ ਸੋਚ ਦੋਵਾਂ ਵਿਛੜੇ ਭਾਈਚਾਰਿਆਂ 'ਚ ਵਖਰੇਵਾਂ ਖੜ੍ਹਾ ਕਰਦੀ ਹੈ। ਪਰ ਸਰਹੱਦ ਦੇ ਆਰ-ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਦੀ ਸਾਂਝ ਪੀੜੀ ਹੈ। ਉਹ ਸਰਹੱਦ ਪਾਰ ਵੱਸਦੇ ਪੰਜਾਬੀਆਂ ਨੂੰ ਗਲਵਕੜੀ ਪਾਉਣ ਨੂੰ ਬਾਹਾਂ ਉਲਾਰ ਇੰਤਜ਼ਾਰ ਕਰਦੇ ਹਨ ਕਿ ਕਦੋਂ ਵਿਛੜੇ ਇਲਾਕੇ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਮਨ ਦੀਆਂ ਹਸਰਤਾਂ ਪੂਰੀਆਂ ਕਰਨ। ਅੱਜ ਵੀ ਪੂਰਬੀ ਤੇ ਪੱਛਮੀ ਪੰਜਾਬ ਦੇ ਉੱਜੜੇ ਲੋਕ ਆਪਣੀ ਜਨਮ ਭੂਮੀ ਨੂੰ ਵੇਖਣ ਲਈ ਤਰਸਦੇ ਹਨ। ਜਦੋਂ ਵੀ ਕੋਈ ਉਧਰੋਂ ਇਧਰ ਜਾਂ ਇਧਰੋਂ ਉਧਰ ਜਾਂਦਾ ਹੈ ਤਾਂ ਆਪਣੇ ਵਿਛੜੇ ਵਤਨ ਅਤੇ ਆਪਣੀ ਜਨਮ ਭੂਮੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਸਾਂਝੇ ਪੰਜਾਬ ਦੀਆਂ ਜੜ੍ਹਾਂ, ਵਿਰਾਸਤ, ਸਾਹਿਤ, ਪੈਗ਼ੰਬਰ ਆਦਿ ਸਾਂਝੇ ਹਨ। ਇਹ ਦੋ ਸਰੀਰ ਤੇ ਇਕ ਜਾਨ ਹਨ। ਇਕ ਦੂਸਰੇ ਦੇ ਸਾਹਾਂ ਵਿਚ ਸਾਹ ਲੈਂਦੇ ਹਨ। ਦੋਨਾਂ ਪਾਸਿਓਂ ਮੁਹੱਬਤ ਦੀਆਂ ਠੰਢੀਆਂ ਤੇ ਨਿੱਘੀਆਂ ਹਵਾਵਾਂ ਆਉਂਦੀਆਂ ਹਨ। ਅੱਜ ਵੀ ਅਸੀਂ ਇੰਤਜ਼ਾਰ ਵਿਚ ਹਾਂ ਕਿ ਕਦ ਇਹ ਸਰਹੱਦੀ ਦੀਵਾਰਾਂ ਖੁੱਲ੍ਹਣ ਤੇ ਅਸੀਂ ਲਾਹੌਰ ਨੂੰ ਹਵਾ ਬਣ ਦੌੜੀਏ ਤੇ ਲਾਹੌਰੀਏ ਅੰਮ੍ਰਿਤਸਰ ਨੂੰ ਹਵਾ ਬਣ ਦੌੜਨ।
-ਹਰਨੰਦ ਸਿੰਘ
ਬੱਲਿਆਂਵਾਲਾ, ਤਰਨਤਾਰਨ
ਕੌਣ ਜ਼ਿੰਮੇਵਾਰ
25 ਜੁਲਾਈ ਨੂੰ ਲਗਭਗ ਸਾਰੀਆਂ ਅਖ਼ਬਾਰਾਂ ਵਿਚ ਇਕ ਖਬਰ ਛਪੀ ਕਿ ਨਵਾਂਸ਼ਹਿਰ ਦੇ ਕੋਲ ਇਕ ਪਿੰਡ ਵਿਚ ਘਰਵਾਲੇ ਦੀ ਸ਼ਰਾਬ ਦੀ ਆਦਤ ਤੋਂ ਤੰਗ ਆ ਕੇ ਪਤਨੀ ਅਤੇ ਬੇਟੀ ਨੇ ਜ਼ਹਿਰ ਖਾ ਲਿਆ। ਪਤਾ ਚੱਲਣ 'ਤੇ ਉਸ ਪਤੀ ਵਲੋਂ ਵੀ ਜ਼ਹਿਰ ਖਾ ਲਿਆ ਗਿਆ। ਗੁਆਂਢੀਆਂ ਨੂੰ ਪਤਾ ਲੱਗਣ 'ਤੇ ਘਰ ਦੇ ਤਿੰਨਾਂ ਜੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਕਿਸੇ ਦੀ ਵੀ ਜਾਨ ਨਹੀਂ ਬਚ ਸਕੀ। ਹੁਣ ਇਨ੍ਹਾਂ ਤਿੰਨਾਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ। ਅਸੀਂ ਪੰਜਾਬ ਵਿਚ ਵਧਦੇ ਨਸ਼ੇ ਤੋਂ ਤਾਂ ਚਿੰਤਿਤ ਹਾਂ, ਪੰਜਾਬ ਸਰਕਾਰ, ਕੇਂਦਰ ਸਰਕਾਰ, ਧਾਰਮਿਕ, ਰਾਜਨੀਤਕ ਸਮਾਜਿਕ ਸੰਸਥਾਵਾਂ ਪੰਜਾਬ ਵਿਚ ਵਧਦੇ ਨਸ਼ੇ 'ਤੇ ਚਿੰਤਾ ਜਾਹਿਰ ਕਰਦੀਆਂ ਰਹਿੰਦੀਆਂ ਹਨ। ਕਿਉਂਕਿ ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਨਾਲ ਲਗਭਗ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਮਰ ਰਿਹਾ ਹੈ ਅਤੇ ਅਸੀਂ ਸਾਰੇ ਸਰਕਾਰ ਨੂੰ ਕਹਿੰਦੇ ਰਹਿੰਦੇ ਹਾਂ ਕਿ ਸਰਕਾਰ ਕੁਝ ਨਹੀਂ ਕਰਦੀ। ਪਰ ਇਹ ਸ਼ਰਾਬ ਤਾਂ ਸਰਕਾਰ ਖ਼ੁਦ ਹੀ ਵੇਚਦੀ ਹੈ ਅਤੇ ਨਾ ਸਿਰਫ਼ ਬੇਚਦੀ ਹੈ ਬਲਕਿ ਪੂਰੀ ਤਰ੍ਹਾਂ ਇਸ ਦੀ ਹਿਮਾਇਤ ਵੀ ਕਰਦੀ ਹੈ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਕੋਈ ਸਮਾਂ ਨਹੀਂ ਹੈ। ਇਹ ਸਵੇਰੇ 6 ਵਜੇ ਖੁੱਲ੍ਹ ਜਾਂਦੇ ਹਨ ਅਤੇ ਰਾਤ ਦੇ 11 ਵਜੇ ਤੱਕ ਵੀ ਖੁੱਲ੍ਹੇ ਰਹਿੰਦੇ ਹਨ। ਦੂਸਰਾ ਜੇਕਰ ਤੁਸੀਂ ਕਿਸੇ ਅਣਜਾਨ ਬਾਜ਼ਾਰ ਵਿਚ ਦੁੱਧ ਲੈਣ ਜਾਣਾ ਹੋਵੇ ਤਾਂ ਤੁਹਾਨੂੰ ਲਗਭਗ 8-10 ਦੁਕਾਨਾਂ ਤੋਂ ਪੁੱਛਣਾ ਪਵੇਗਾ ਕਿ ਦੁੱਧ ਕਿਥੋਂ ਮਿਲੇਗਾ ਪਰ ਇਕ ਵਾਰ ਅੱਡੀਆਂ ਚੁੱਕ ਕੇ ਕਿਸੇ ਵੀ ਬਾਜ਼ਾਰ ਵਿਚ ਦੂਰ ਤੱਕ ਨਿਗ੍ਹਾ ਮਾਰੋ ਜਿਥੇ ਦਰਜਨਾਂ ਬਲਬ ਜਗ ਰਹੇ ਹੋਣਗੇ, ਤੁਹਾਨੂੰ ਉਥੇ ਠੇਕਾ ਜਰੂਰ ਮਿਲ ਜਾਵੇਗਾ। ਹੁਣ ਇਨ੍ਹਾਂ ਮੌਤਾਂ ਬਾਰੇ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ। ਕਿਉਂਕਿ ਸਰਕਾਰ ਦੀ ਮਨਜ਼ੂਰੀ ਨਾਲ ਹੀ ਮਨਜ਼ੂਰਸ਼ੁਦਾ ਠੇਕੇ ਖੁੱਲ੍ਹਦੇ ਹਨ ਤਾਂ ਕਿ ਲੋਕ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਅੱਖਾਂ ਬੰਦ ਹੋਣ ਤੱਕ ਸ਼ਰਾਬ ਜ਼ਰੂਰ ਪੀਣ ਤਾਂ ਜੋ ਸਰਕਾਰ ਦਾ ਮਾਲੀਆ ਵਧਦਾ ਰਹੇ। ਬੰਦਿਆਂ ਦਾ ਤਾਂ ਰੱਬ ਹੀ ਰਾਖਾ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਪ੍ਰਸੰਸਾਯੋਗ ਲੇਖ
20 ਜੁਲਾਈ, 2024 ਨੂੰ ਰੋਜ਼ਾਨਾ ਅਜੀਤ ਅਖ਼ਬਾਰ ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ, ਜੋ ਕਿ ਸ਼ਲਾਘਾਯੋਗ ਹੈ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ ਅਤੇ ਇਸ ਜਾਗਰੂਕਤਾ ਲਹਿਰ ਨੂੰ ਪੂਰੇ ਦੇਸ਼ ਵਿਚ ਛੇੜੀਏ। ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਉਪਰੰਤ ਸਰੀਰ ਨੂੰ ਸਾੜ ਜਾਂ ਦਫ਼ਨਾ ਕੇ ਮਿੱਟੀ ਹੋ ਜਾਣਾ ਹੈ ਕਿਉਂ ਨਾ ਜਿਊਂਦੇ ਜੀਅ ਆਪਣੀ ਬਾਡੀ (ਮਰਨ ਉਪਰੰਤ) ਦਾਨ ਕਰਨ ਦਾ ਅਹਿਦ ਕਰੀਏ। ਜਿਵੇਂ ਪੂਜਾ ਆਪਣੇ ਅੰਗ ਦਾਨ ਕਰਕੇ ਅਮਰ ਹੋ ਗਏ ਹਨ ਆਪਾਂ ਵੀ ਅੰਗਦਾਨ ਕਰਨ ਦੀ ਮੁਹਿੰਮ ਦਾ ਹਿੱਸਾ ਬਣੀਏ।
-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ, ਦੀਨਾਨਗਰ (ਗੁਰਦਾਸਪੁਰ)
ਬਜਟ ਨੇ ਕੀਤਾ ਨਿਰਾਸ਼
ਕੇਂਦਰੀ ਬਜਟ ਵਿਚ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿਚ ਕੇਂਦਰ ਸਰਕਾਰ ਪ੍ਰਤੀ ਭਾਰੀ ਗੁੱਸਾ ਅਤੇ ਰੋਸ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਮੰਗ ਸੀ ਕਿ ਵਧਦੀ ਮਹਿੰਗਾਈ ਨੂੰ ਦੇਖਦਿਆਂ ਆਮਦਨ ਕਰ ਛੋਟ ਦੀ ਹੱਦ ਘੱਟੋ-ਘੱਟ 10 ਲੱਖ ਰੁਪਏ ਕੀਤੀ ਜਾਵੇ, ਜਦੋਂ ਕਿ ਬਜਟ ਵਿਚ ਇਸ ਪ੍ਰਤੀ ਕੀਤੇ ਗਏ ਐਲਾਨ ਨਾ-ਮਾਤਰ ਹੀ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਸਾਲ 2024 ਤੋਂ ਬਾਅਦ ਭਰਤੀ ਸਰਕਾਰੀ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਵਰਗੇ ਅਹਿਮ ਮੁੱਦੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਅਤੇ ਵਿੱਤ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਬਣਾਈ ਗਈ ਕਮੇਟੀ ਦਾ ਕੇਵਲ ਜ਼ਿਕਰ ਕਰਕੇ ਇਸ ਮੁੱਦੇ ਪ੍ਰਤੀ ਸਰਕਾਰ ਨੇ ਆਪਣੀ ਮਨਸ਼ਾ ਨੂੰ ਜ਼ਾਹਿਰ ਕਰ ਦਿੱਤਾ ਹੈ, ਜਿਸ ਤੋਂ ਦੇਸ਼ ਦੇ 77 ਲੱਖ ਮੁਲਾਜ਼ਮਾਂ ਨੂੰ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਮੋਦੀ ਸਰਕਾਰ ਮੁਲਾਜ਼ਮਾਂ ਦੀ ਬੁਢਾਪੇ ਦੀ ਲਾਠੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਬਿਲਕੁਲ ਵੀ ਗੰਭੀਰ ਨਹੀਂ ਹੈ।
-ਸੁਖਦੀਪ ਸਿੰਘ ਗਿੱਲ,
ਮਾਨਸਾ।
ਅਕਾਲੀ ਦਲ ਦੇ ਸੰਕਟ ਲਈ ਜ਼ਿੰਮੇਵਾਰ ਕੌਣ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਸ. ਪ੍ਰਕਾਸ਼ ਸਿੰਘ ਬਾਦਲ ਨੇ 1996 'ਚ ਕੇਂਦਰ 'ਚ ਬਣੀ ਗ਼ੈਰ-ਕਾਂਗਰਸੀ ਵਾਜਪਾਈ (ਭਾਜਪਾ) ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰਕੇ ਵੱਡੀ ਸਿਆਸੀ ਗ਼ਲਤੀ ਕੀਤੀ ਸੀ, ਕਿਉਂਕਿ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਦੀ ਭਾਜਪਾ ਨਾਲ ਨਾ ਤਾਂ ਕੋਈ ਵਿਚਾਰਧਾਰਕ ਸਾਂਝ ਮੇਲ ਖਾਂਦੀ ਸੀ ਅਤੇ ਨਾ ਹੀ ਕੋਈ ਸਿਧਾਂਤਕ ਮੇਲ ਸੀ, ਸਗੋਂ ਇਹ ਚਿੱਟੇ ਦਿਨ ਵਾਂਗ ਸਾਫ ਸੀ ਕਿ ਭਾਜਪਾ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖ਼ਤਰਾ ਹੈ। ਪਰ ਸ. ਬਾਦਲ ਨੇ ਆਪਣੀ ਸੱਤਾ ਦੀ ਭੁੱਖ ਪੂਰੀ ਕਰਨ ਲਈ ਭਾਜਪਾ ਨਾਲ ਗ਼ੈਰ-ਸਿਧਾਂਤਕ ਗੱਠਜੋੜ ਕਰਕੇ ਸਿੱਖ ਧਰਮ ਦਾ ਭਾਰੀ ਨੁਕਸਾਨ ਹੀ ਨਹੀਂ ਕੀਤਾ, ਸਗੋਂ ਭਾਜਪਾ ਦੇ ਪੁਰਾਣੇ ਪਿਛੋਕੜ ਆਰ.ਐਸ.ਐਸ. ਨੂੰ ਇਤਿਹਾਸਕ ਗੁਰਦੁਆਰਿਆਂ 'ਚ ਦਖ਼ਲਅੰਦਾਜ਼ੀ ਕਰਨ ਦੇ ਮੌਕੇ ਦਿੱਤੇ। ਸ. ਬਾਦਲ ਵਲੋਂ ਸੱਤਾ ਭੁੱਖ ਪੂਰੀ ਕਰਨ ਲਈ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੀ ਉਸ ਵੇਲੇ ਕੀਤੀ ਗ਼ਲਤੀ ਦੀ ਬਦੌਲਤ ਅੱਜ ਅਕਾਲੀ ਦਲ ਹਾਸ਼ੀਏ 'ਤੇ ਹੈ। ਭਾਵੇਂ ਹੁਣ ਅਕਾਲੀ ਦਲ ਦੇ ਇਕ ਵੱਡੇ ਧੜੇ ਵਲੋਂ ਬਾਦਲ ਪਰਿਵਾਰ ਦੀ ਅਜ਼ਾਰੇਦਾਰੀ ਖ਼ਤਮ ਕਰਨ ਅਤੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਰਗੇ ਮੁੱਦੇ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋਣ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਪਰ ਕੀ ਵਿਰੋਧੀ ਧੜਾ ਇਹ ਦੱਸੇਗਾ ਕਿ ਉਨ੍ਹਾਂ ਦੇ ਮੂੰਹ ਉਦੋਂ ਕਿਉਂ ਨਾ ਖੁੱਲ੍ਹੇ? ਫਿਰ ਕੀ ਵਿਰੋਧੀ ਵੀ ਉਸ ਗ਼ਲਤੀਆਂ ਕਾਰਨ ਦੇ ਮਾਮਲੇ ਵਿਚ ਸ਼ਾਮਿਲ ਨਹੀਂ? ਅਨਜਾਣੇ 'ਚ ਹੋਈ ਗ਼ਲਤੀ ਅਤੇ ਅਨਜਾਣੇ 'ਚ ਦਿੱਤਾ ਗ਼ਲਤ ਵਿਅਕਤੀ ਦਾ ਸਾਥ ਕਿਸੇ ਹੱਦ ਤੱਕ ਮੁਆਫ਼ੀ ਯੋਗ ਹੋ ਸਕਦਾ ਹੈ ਪਰ ਜਾਣ-ਬੁੱਝ ਕੇ ਮਤਲਬਪ੍ਰਸਤੀ ਅਤੇ ਆਪਣ ਹਿਤ ਪੂਰਨ ਲਈ ਗ਼ਲਤੀਆਂ 'ਚ ਗ਼ਲਤੀ ਕਰਨ ਵਾਲੇ ਦਾ ਸਾਥ ਦੇਣ ਵਾਲੇ ਵੀ ਓਨੇ ਹੀ ਕਸੂਰਵਾਰ ਤੇ ਗੁਨਾਹਗਾਰ ਆਖੇ ਜਾ ਸਕਦੇ ਨੇ, ਜਿੰਨਾ ਗ਼ਲਤੀਆਂ ਕਰਨ ਵਾਲਾ। ਫਿਰ ਕੀ ਹੁਣ ਅਕਾਲੀ ਦਲ ਦਾ ਵਿਰੋਧੀ ਧੜਾ ਅੰਦਰਖਾਤੇ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਨਹੀਂ ਹੋ ਰਿਹਾ? ਵਿਰੋਧੀ ਧੜੇ ਦੀਆਂ ਸਰਗਰਮੀਆਂ ਤੋਂ ਕੀ ਇੰਜ ਨਹੀਂ ਲਗਦਾ ਕਿ ਵਿਰੋਧੀ ਧੜੇ ਦੇ ਕਈ ਬਜ਼ੁਰਗ ਆਗੂ ਆਪਣੀ ਸਿਆਸਤ 'ਚ ਕੁੱਦੀ ਔਲਾਦ ਨੂੰ ਕੇਂਦਰ ਸਰਕਾਰ ਦੀ ਸੱਤਾ 'ਚ ਭਾਈਵਾਲ ਬਣਾਉਣ ਲਈ ਕਾਹਲੇ ਨਹੀਂ ਜਾਪਦੇ?
-ਮਾਨ ਸਿੰਘ ਅਨਪੜ੍ਹ
ਬੇਹੱਦ ਗੰਭੀਰ ਮਸਲਾ
ਅੱਜ-ਕੱਲ੍ਹ ਨੌਕਰੀਆਂ ਅਤੇ ਵੱਡੀਆਂ ਪੜ੍ਹਾਈਆਂ ਜਿਵੇਂ ਡਾਕਟਰੀ, ਆਈ.ਏ.ਐਸ., ਆਈ.ਪੀ.ਐਸ. ਦੇ ਕੋਰਸਾਂ ਤੋਂ ਇਲਾਵਾ ਹੋਰ ਅਲੱਗ-ਅਲੱਗ ਸੂਬਿਆਂ ਵਿਚ ਸਰਕਾਰੀ ਅਤੇ ਅਰਧ-ਸਰਕਾਰੀ ਨੌਕਰੀਆਂ ਲਈ ਸਰਕਾਰਾਂ ਪੇਪਰ ਲੈਂਦੀਆਂ ਹਨ। ਸਾਡੇ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਪੇਪਰਾਂ ਦੀ ਤਿਆਰੀ ਲਈ ਦਿਨ-ਰਾਤ ਇਕ ਕਰ ਕੇ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ। ਨੌਜਵਾਨਾਂ ਦੇ ਮਾਪਿਆਂ ਵਲੋਂ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਉਣ ਲਈ ਬਹੁਤ ਜ਼ਿਆਦਾ ਪੈਸੇ ਖ਼ਰਚ ਕੇ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਪਰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਪਤਾ ਚੱਲਦਾ ਹੈ ਕਿ ਇਹ ਪੇਪਰ ਪਹਿਲਾਂ ਹੀ ਲੀਕ ਹੋ ਚੁੱਕਾ ਹੈ। ਇਨ੍ਹਾਂ ਪੇਪਰਾਂ ਦਾ ਲੀਕ ਹੋਣਾ ਸਾਡੀ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਲਈ ਬਹੁਤ ਹੀ ਜ਼ਿਆਦਾ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ। ਇਸ ਤਰ੍ਹਾਂ ਪੇਪਰ ਲੀਕ ਹੋਣ ਨਾਲ ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਲੱਗਦੀ ਹੈ। ਸਾਡੀ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਜੋ ਲੋਕ ਪੈਸੇ ਦੇ ਲਾਲਚ ਵਿਚ ਆ ਕੇ ਅਜਿਹੇ ਪੇਪਰ ਲੀਕ ਕਰਨ ਦਾ ਕੰਮ ਕਰ ਰਹੇ ਹਨ, ਉਨ੍ਹਾਂ ਗਰੋਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਫਿਰ ਤੋਂ ਕਦੀ ਵੀ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਦੁੱਖ-ਸੁਖ ਦੇ ਸਾਥੀ ਬਣੋ
ਇਸ ਸੰਸਾਰ ਵਿਚ ਮੌਜੂਦ ਹਰੇਕ ਜੀਵ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ, ਪਸ਼ੂ ਹੋਵੇ ਜਾਂ ਪੰਛੀ, ਹਰ ਕੋਈ ਪਿਆਰ ਦੇ ਮਿੱਠੜੇ ਬੋਲਾਂ ਦਾ ਭੁੱਖਾ ਹੈ। ਕਹਿੰਦੇ ਹਨ ਕਿ ਪਿਆਰ ਦੇ ਬੋਲ ਤਾਂ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਮਿੱਠੜੇ ਬੋਲ ਬੋਲਣ ਵਾਲਾ ਵਿਅਕਤੀ ਸਭਨਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿਆਰ- ਮੁਹੱਬਤ ਦੇ ਹਥਿਆਰ ਸਦਕਾ ਪਰਜਾ ਦਾ ਦਿਲ ਜਿੱਤਿਆ। ਹਰਮਨ ਪਿਆਰੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਜਨਤਾ ਵਿਚ ਵਿਚਰ ਕੇ ਦੁਖੀਆਂ ਦੇ ਦਰਦ ਵੰਡਾਉਂਦੇ ਸਨ। ਪਿਆਰ ਦੇ ਦੋ ਮਿੱਠੜੇ ਬੋਲ ਤਾਂ ਦੁਖੀਏ ਦਾ ਦਰਦ ਵੀ ਘਟਾ ਦਿੰਦੇ ਹਨ। ਮੰਨਿਆ ਗਿਆ ਹੈ ਕਿ ਸੁਖ ਵੰਡਣ ਨਾਲ ਵਧਦੇ ਹਨ ਅਤੇ ਦੁੱਖ ਵੰਡਣ ਨਾਲ ਘਟਦੇ ਹਨ। ਹਮੇਸ਼ਾ ਦੁਖੀ ਬੰਦੇ ਦੇ ਹਮਦਰਦ ਬਣੋ ਅਤੇ ਉਸ ਨੂੰ ਦਿਲਾਸਾ ਦੇਣ ਦਾ ਯਤਨ ਕਰੋ, ਕਿਉਂਕਿ ਦੁਖੀ ਵਿਅਕਤੀ ਨੂੰ ਦੁੱਖ ਦੀ ਘੜੀ ਵਿਚ ਮਿਲਿਆ ਸਾਥ ਅਤੇ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਦੁੱਖ ਖ਼ਤਮ ਤਾਂ ਨਹੀਂ ਕਰ ਸਕਦਾ ਪਰ ਦੁੱਖ ਘਟਾ ਜ਼ਰੂਰ ਸਕਦਾ ਹੈ। ਕਿਸੇ ਨੂੰ ਦੁੱਖ ਵਿਚ ਵੇਖ ਕੇ ਖੁਸ਼ ਨਾ ਹੋਵੋ, ਦੁੱਖ-ਸੁਖ ਤਾਂ ਪਰਮਾਤਮਾ ਦੇ ਹੱਥ ਵਸ ਹਨ ਅਤੇ ਸਮੇਂ ਦਾ ਕੋਈ ਮਾਣ ਨਹੀਂ ਕਿਉਂਕਿ ਚੰਗਾ-ਮਾੜਾ ਸਮਾਂ ਤਾਂ ਸਭ 'ਤੇ ਆਉਂਦਾ ਹੈ। ਸੋ, ਪੁੰਨ ਖੱਟਣ ਲਈ ਰੋਜ਼ਾਨਾ ਘੱਟੋ-ਘੱਟ ਕਿਸੇ ਇਕ ਰੌਂਦੇ ਹੋਏ ਵਿਅਕਤੀ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਕਿਉਂਕਿ ਹੌਂਸਲਾ ਤੇ ਹਮਦਰਦੀ ਜਿਤਾ ਕੇ ਦੁਖੀਏ ਦਾ ਦਰਦ ਘਟਾਉਣਾ ਅਤੇ ਕਿਸੇ ਦੇ ਦਿਲ ਨੂੰ ਖ਼ੁਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਹਮੇਸ਼ ਯਾਦ ਰੱਖੋ ਜਿਹੜਾ ਮਨੁੱਖ ਦੂਜਿਆਂ ਲਈ ਭਲਾ ਤੇ ਖ਼ੁਸ਼ੀਆਂ ਮੰਗਦਾ ਹੈ ਰੱਬ ਉਸ ਦੀ ਝੋਲੀ ਕਦੇ ਵੀ ਖ਼ੁਸ਼ੀਆਂ 'ਤੇ ਬਰਕਤਾਂ ਤੋਂ ਵਾਂਝੀ ਨਹੀਂ ਰਹਿਣ ਦਿੰਦਾ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ
ਅਫ਼ਵਾਹਾਂ ਕਈ ਵਾਰ ਸੱਚ ਵੀ ਹੁੰਦੀਆਂ ਹਨ, ਜ਼ਿਆਦਾਤਰ ਝੂਠ ਹੀ ਹੁੰਦੀਆਂ ਹਨ, ਜਦੋਂ ਤੱਕ ਪੂਰੀ ਤਰ੍ਹਾਂ ਸੱਚ ਝੂਠ ਦਾ ਪਤਾ ਨਾ ਲੱਗਦਾ ਹੋਵੇ, ਅੱਗੇ ਨਾ ਵਧੋ। ਕੁਝ ਲੋਕ ਲੜਾਉਣ ਲਈ ਵੀ ਘਰਾਂ ਵਿਚ ਅਫ਼ਵਾਹਾਂ ਫੈਲਾ ਦਿੰਦੇ ਹਨ। ਹਾਥਰਸ ਭਾਜੜ ਵਰਗੀ ਵਾਲੀ ਘਟਨਾ 'ਚ ਕਿੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਕ ਅਫ਼ਵਾਹ ਤਖਤ ਪਲਟ ਸਕਦੀ ਹੈ।
ਪਹਿਲਾਂ ਏਨੀ ਭੀੜ ਵਿਚ ਜਾਣਾ ਨਹੀਂ ਚਾਹੀਦਾ। ਭਾਵਨਾਵਾਂ ਹਰ ਕਿਸੇ ਦੀਆਂ ਹਰ ਧਾਰਮਿਕ ਅਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਹੋ ਜਿਹੀਆਂ ਅਫ਼ਵਾਹਾਂ ਗ਼ਲਤ ਅਨਸਰਾਂ ਵਲੋਂ ਫੈਲਾਏ ਜਾਣਾ ਗ਼ਲਤ ਹੈ, ਇਹੋ ਜਿਹੀ ਘਟਨਾਵਾਂ ਦੇਸ਼ ਦਾ ਅਮਨ ਭੰਗ ਕਰਦੀਆਂ ਹਨ। ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ, ਇਨ੍ਹਾਂ ਗ਼ਲਤ ਅਨਸਰਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਹਾਥਰਸ ਵਾਲੀਆਂ ਘਟਨਾਵਾਂ ਜਨਮ ਦਿੰਦੀਆਂ ਜਾਂ ਲੈਂਦੀਆਂ ਰਹਿੰਦੀਆਂ ਹਨ।
-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਅੰਧ-ਵਿਸ਼ਵਾਸ ਦਾ ਬੋਲਬਾਲਾ
ਬੇਸ਼ੱਕ ਭਾਰਤ ਅੱਜ ਚੰਦ 'ਤੇ ਪੁੱਜ ਗਿਆ ਹੈ। ਪਰ ਦੇਸ਼ ਵਿਚ ਅੱਜ ਵੀ 76.32 ਫ਼ੀਸਦੀ ਲੋਕ ਜਾਗਰੂਕਤਾ ਦੀ ਘਾਟ ਕਾਰਨ ਵਹਿਮ-ਭਰਮ ਵਿਚ ਫਸੇ ਹੋਏ ਹਨ। ਦੇਸ਼ ਦੇ ਕਈ ਹਿੱਸੇ ਜਿਵੇਂ ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਅੱਜ ਵੀ ਅੰਧ-ਵਿਸ਼ਵਾਸ ਦੀ ਭਾਵਨਾ ਸਿਖਰ 'ਤੇ ਹੈ। ਪਿਛਲੇ ਦਿਨੀਂ ਲੋਕਾਂ ਦੇ ਅੰਧ-ਵਿਸ਼ਵਾਸ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਫੁਲਰਈ ਪਿੰਡ ਵਿਚ ਇਕ ਧਾਰਮਿਕ ਸਮਾਗਮ 'ਚ ਅਫੜਾ-ਤਫ਼ਰੀ ਕਾਰਨ ਦਰਦਨਾਕ ਘਟਨਾ ਵਾਪਰੀ। ਬਾਬਾ ਸੂਰਜਪਾਲ ਉਰਫ਼ ਸਾਕਾਰ ਵਿਸ਼ਵ ਹਰਿ ਦੇ ਪੈਰਾਂ ਦੀ ਮਿੱਟੀ ਇਕੱਤਰ ਕਰਨ ਦੇ ਚੱਕਰ ਵਿਚ ਲੋਕ ਆਪਣੀ ਹੀ ਜਾਨ ਤੋਂ ਹੱਥ ਧੋ ਬੈਠੇ। ਸਮਾਗਮ ਦੌਰਾਨ ਅੰਧ-ਵਿਸ਼ਵਾਸ ਦੇ ਨਸ਼ੇ ਵਿਚ ਡੁੱਬੇ ਲੋਕਾਂ ਦੀ ਭੀੜ ਏਨੀ ਕੁ ਹੱਦ ਤੱਕ ਵਧ ਗਈ ਕਿ ਲੋਕ ਆਪਸ ਵਿਚ ਇਕ-ਦੂਜੇ ਦੇ ਹੇਠਾਂ ਆ ਕੇ ਹੀ ਦੱਬੇ-ਕੁਚਲੇ ਗਏ ਅਤੇ 123 ਦੇ ਕਰੀਬ ਲੋਕ ਮੌਤ ਦੇ ਮੂੰਹ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਭਾਰਤੀ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਅਤੇ ਅੰਧ-ਵਿਸ਼ਵਾਸ ਦੀ ਭਾਵਨਾ ਦੀ ਗਵਾਹੀ ਭਰਦਾ ਹੈ। ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਭਾਰਤੀਆਂ ਦੀ ਤਰੱਕੀ ਦੇ ਰਾਹ ਵਿਚ ਰੋੜਾ ਹੈ। ਅਜਿਹੀਆਂ ਘਟਨਾਵਾਂ ਭਾਰਤ ਦੀ ਤਸਵੀਰ ਸ਼ਰਮਸਾਰ ਕਰਦੀਆਂ ਹਨ। ਸਰਕਾਰ ਨੂੰ ਅਪੀਲ ਹੈ ਕਿ ਢੌਂਗੀ ਅਤੇ ਪਾਖੰਡੀ ਬਾਬਿਆਂ ਦੇ ਡੇਰਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਲੋਕ ਵਹਿਮ-ਭਰਮ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅੰਧ-ਵਿਸ਼ਵਾਸ ਨੂੰ ਆਪਣੇ ਉਤੇ ਹਾਵੀ ਨਾ ਹੋਣ ਦੇਣ ਅਤੇ ਤਰਕ ਸਦਕਾ ਸਹੀ-ਗ਼ਲਤ ਦੀ ਪਹਿਚਾਣ ਕਰਨ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਆਓ, ਹਰ ਘਰ ਵਿਚ ਬੂਟਾ ਲਾਈਏ
ਪੰਜਾਬ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਇਸ ਦੇ ਕਈ ਕਾਰਨ ਹਨ, ਚਾਹੇ ਫੈਕਟਰੀਆਂ, ਕਾਰਖਾਨਿਆਂ ਦਾ ਧੂੰਆਂ ਹੋਵੇ, ਚਾਹੇ ਫ਼ਸਲਾਂ ਉਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਇਨ੍ਹਾਂ ਸਭ ਕਾਰਨਾਂ ਤੋਂ ਵੀ ਉੱਪਰ ਹੈ, ਪੰਜਾਬ ਦੀ ਧਰਤੀ ਉਤੇ ਰੁੱਖਾਂ ਦਾ ਘਟਨਾ। ਇਕ ਸਮਾਂ ਸੀ, ਜਦੋਂ ਸਾਨੂੰ ਸਾਡੀ ਧਰਤੀ ਵਹਿੰਦੇ ਦਰਿਆਵਾਂ ਦੇ ਨਿਰਮਲ ਪਾਣੀਆਂ ਅਤੇ ਬੇਅੰਤ ਜੰਗਲ ਬੇਲਿਆਂ ਉਤੇ ਮਾਣ ਹੁੰਦਾ ਸੀ ਪਰ ਸਮੇਂ ਦੀ ਮਾਰ ਅਤੇ ਮਨੁੱਖ ਦੇ ਵਧ ਰਹੇ ਲਾਲਚ ਨੇ ਇਹ ਬੇਸ਼ਕੀਮਤੀ ਕੁਦਰਤੀ ਸੌਗਾਤਾਂ, ਸਾਡੇ ਹੱਥੋਂ ਖੁਸਦੀਆਂ ਜਾਂਦੀਆਂ ਨੇ। ਇਹ ਉਹ ਧਰਤੀ ਹੈ, ਜਿਥੇ ਗੁਰੂ-ਪੀਰਾਂ ਨੇ ਰੁੱਖਾਂ ਹੇਠਾਂ ਬੈਠ ਭਗਤੀ ਕੀਤੀ, ਇਨ੍ਹਾਂ ਰੁੱਖਾਂ ਨੂੰ ਪਵਿੱਤਰ ਮੰਨਿਆ ਗਿਆ ਹੈ, ਪਰ ਅੱਜ ਦਾ ਮਨੁੱਖ ਤਰੱਕੀ ਦੀ ਆੜ ਲੈ ਕੇ, ਪੁਰਾਣੇ ਤੋਂ ਪੁਰਾਣੇ ਰੁੱਖਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਰਿਹਾ ਹੈ। ਅਸੀਂ ਹਰ ਕੰਮ ਵਿਚ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਾਂ, ਪਰ ਆਮ ਦੇਖਿਆ ਗਿਆ ਹੈ ਕਿ ਬਾਹਰਲੇ ਮੁਲਕਾਂ ਵਿਚ ਜੇ ਇਕ ਰੁੱਖ ਕੱਟਿਆ ਜਾਂਦਾ ਹੈ ਤਾਂ ਉਸ ਦੀ ਥਾਂ 'ਤੇ ਨਵੇਂ ਰੁੱਖ ਲਾ ਦਿੱਤੇ ਜਾਂਦੇ ਹਨ, ਫਿਰ ਅਸੀਂ ਇਹੋ ਜਿਹੇ ਨੇਕ ਕਾਰਜਾਂ ਵਿਚ ਉਨ੍ਹਾਂ ਦੀ ਰੀਸ ਕਰਨ ਤੋਂ ਗੁਰੇਜ਼ ਕਿਉਂ ਕਰਦੇ ਹਾਂ। ਪੁਰਾਣੇ ਸਮੇਂ ਵਿਚ ਸਾਡੇ ਖੇਤਾਂ ਦੇ ਵੱਟਾਂ ਬੰਨ੍ਹਿਆ ਉਤੇ ਟਾਹਲੀ, ਅੰਬ, ਨਿੰਮ ਆਦਿ ਦੇ ਬੇਸ਼ੁਮਾਰ ਰੁੱਖ ਸਨ, ਪਰ ਫਸਲ ਨੂੰ ਨੁਕਸਾਨ ਹੁੰਦਾ ਹੈ ਦਾ ਬਹਾਨਾ ਲਾ ਕੇ ਰੁੱਖ ਵੱਢਦਿੱਤੇ ਗਏ ਹਨ। ਕੁਝ ਸਮਾਜ ਸੇਵੀ ਸੰਸਥਾਵਾਂ ਸੜਕਾਂ ਦੇ ਕਿਨਾਰਿਆਂ ਉਤੇ ਰੁੱਖ ਲਾ ਰਹੀਆਂ ਨੇ ਪਰ ਸਾਡੇ ਵਲੋਂ ਲਗਾਈਆਂ ਗਈਆਂ ਅੱਗਾਂ ਇਨ੍ਹਾਂ ਰੁੱਖਾਂ ਨੂੰ ਸਾੜ ਕੇ ਨੁਕਸਾਨ ਕਰਦੀਆਂ ਹਨ। ਜੇਕਰ ਪੰਜਾਬ ਨੂੰ ਫਿਰ ਤੋਂ ਖ਼ੁਸ਼ਹਾਲ ਅਤੇ ਹਰਿਆ-ਭਰਿਆ ਦੇਖਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
-ਰਣਜੀਤ ਕੌਰ ਰਤਨ
ਮੁੱਖ ਅਧਿਆਪਕਾ, ਸ. ਅ.ਸ. ਮੀਆਂਵਿੰਡ, ਤਰਨ ਤਾਰਨ।
ਪੰਜਾਬ ਦਾ ਉਜਾੜਾ
ਅੱਜਕਲ੍ਹ ਪਾਣੀ ਦੀ ਘਾਟ ਵਰਗੇ ਗੰਭੀਰ ਵਿਸ਼ੇ 'ਤੇ ਰੋਜ਼ਾਨਾ ਲੇਖ ਪੜ੍ਹਨ ਵਾਸਤੇ ਮਿਲ ਰਹੇ ਹਨ। ਪਾਣੀ ਨਾਲ ਸਾਡਾ ਜੀਵਨ ਜੁੜਿਆ ਹੈ। ਅਸੀਂ ਪਾਣੀ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ, ਪਹਿਲਾਂ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ਅਤੇ ਹੁਣ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦਾ ਲੇਖ ਪੜ੍ਹਿਆ, ਜਿਸ ਵਿਚ ਪਾਣੀ ਖ਼ਤਮ ਹੋਣ ਦੇ ਕਿਨਾਰੇ 'ਤੇ ਆ ਗਿਆ ਹੈ। ਪੰਜਾਬ ਵਿਚ ਝੋਨੇ ਦੀ ਫ਼ਸਲ ਪੰਜਾਬ ਦੇ ਪਾਣੀ ਨੂੰ ਦਿਨੋ-ਦਿਨ ਨਿਗਲ ਰਹੀ ਹੈ। ਸਰਕਾਰਾਂ ਵੀ ਇਸ ਵਿਸ਼ੇ 'ਤੇ ਚੁੱਪ ਧਾਰੀ ਬੈਠੀਆਂ ਹਨ। ਮੁਫ਼ਤ ਬਿਜਲੀ ਦਾ ਲਾਲਚ ਪਾਣੀ ਨੂੰ ਖੋਰਾ ਲਾ ਰਿਹਾ ਹੈ। ਇਸ ਤਰ੍ਹਾਂ ਹੀ ਵਰਤਾਰਾ ਚਲਦਾ ਰਿਹਾ ਤਾਂ ਪਾਣੀ ਦੀ ਕਿੱਲਤ ਆ ਜਾਵੇਗੀ। ਪਾਣੀ ਬਚਾਉਣ ਲਈ ਸਰਕਾਰ ਨੂੰ ਜਲਦੀ ਉਪਰਾਲਾ ਕਰਨਾ ਚਾਹੀਦਾ ਹੈ। ਪਿਛਲੇ ਦਿਨਾਂ ਵਿਚ ਕੁਝ ਜ਼ਿਲ੍ਹਿਆਂ ਨੂੰ ਜਲ ਦੇ ਸੰਕਟ ਵਜੋਂ ਐਲਾਨਿਆ ਗਿਆ ਹੈ। ਖ਼ਤਰੇ ਦੀ ਘੰਟੀ ਵਜ ਗਈ ਹੈ। ਅਸੀਂ ਸਮਝ ਨਹੀਂ ਰਹੇ, ਜੇਕਰ ਅਸੀਂ ਸਮਾਂ ਨਾ ਵਿਚਾਰਿਆ ਤਾਂ ਜ਼ਿੰਦਗੀ ਨੂੰ ਖ਼ਤਰੇ ਵੱਲ ਧੱਕਣ ਲਈ ਮਜਬੂਰ ਹੋਣਾ ਹੋਵਾਂਗੇ। ਸਾਰੇ ਕਿਸਾਨਾਂ ਨੂੰ ਹੋਰ ਫ਼ਸਲਾਂ ਵੀ ਬੀਜਣੀਆਂ ਚਾਹੀਦੀਆਂ ਹਨ। ਜਿਹੜੀਆਂ ਘੱਟ ਤੋਂ ਘੱਟ ਪਾਣੀ ਲੈਂਦੀਆਂ ਹੋਣ, ਇਸ ਨਾਲ ਸਾਡਾ ਜੀਵਨ ਬਚ ਸਕਦਾ ਹੈ। ਕਿਸੇ ਦਿਨ ਸਾਨੂੰ ਪਾਣੀ ਪੀਣ ਜੋਗਾ ਵੀ ਨਹੀਂ ਮਿਲਣਾ।
-ਰਾਮ ਸਿੰਘ ਪਾਠਕ
ਅਪਰਾਧੀ ਬੇਖੌਫ਼
'ਅਜੀਤ' ਦੀ ਖਬਰ 'ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ-2 ਨਿਹੰਗ ਗ੍ਰਿਫ਼ਤਾਰ' ਪੜ੍ਹੀ। ਦਿਲ ਬੜਾ ਦੁਖੀ ਹੋਇਆ। ਸੂਬੇ ਵਿਚ ਰੋਜ਼ਾਨਾਂ ਵੱਖ-ਵੱਖ ਜ਼ਿਲ੍ਹਿਆਂ 'ਚ ਲੁੱਟ-ਖਸੁੱਟ, ਕਤਲੋ ਗਾਰਤ, ਫਿਰੌਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਫ਼ੋਨ 'ਤੇ ਧਮਕੀਆਂ ਦੇ ਕੇ ਲੋਕਾਂ ਵਿਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ। ਉਪਰੋਕਤ ਕਾਤਲਾਨਾ ਹਮਲੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਪਰਾਧੀਆਂ ਨੂੰ ਰੱਤੀ ਭਰ ਵੀ ਪੁਲਿਸ ਦਾ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਜਾਨ ਲੇਵਾ ਹਮਲੇ ਕਰ ਰਹੇ ਹਨ। ਲੁਟੇਰੇ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਨਸ਼ਿਆਂ ਦੀ ਬਰਾਮਦਗੀ, ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕਰਦੇ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਹੋ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਅਤੇ ਲਾਅ ਐਂਡ ਆਰਡਰ ਕਾਇਮ ਕਰਨਾ ਹੁੰਦਾ ਹੈ। ਪਰ ਸੂਬਾ ਸਰਕਾਰ ਨਕਾਮ ਰਹੀ ਹੈ। ਪਰ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਕੁੰਵਰ ਵਿਜੈ ਪ੍ਰਤਾਪ ਜੋ 'ਆਪ' ਦੇ ਐਮ.ਐਲ.ਏ. ਹਨ, ਨੂੰ ਗ੍ਰਹਿ ਵਿਭਾਗ ਦੀ ਵਾਗਡੋਰ ਦੇ ਦਿੱਤੀ ਜਾਵੇ, ਜੋ ਅਪਰਾਧੀਆਂ ਦੀਆਂ ਗਤੀਵਿਧੀਆਂ 'ਤੇ ਪੁਲਿਸ ਦੀ ਕਾਰਜਸ਼ੈਲੀ ਬਾਰੇ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਅਪਰਾਧੀ ਦੂਸਰੇ ਰਾਜਾਂ 'ਚ ਚਲੇ ਗਏ ਸਨ। ਹੁਣ ਵੇਲਾ ਆ ਗਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ। ਪੁਲਿਸ ਨੂੰ ਰਾਜਨੀਤੀ ਤੋਂ ਆਜ਼ਾਦ ਕਰ ਜਵਾਬਦੇਹ ਬਣਾਇਆ ਜਾਵੇ, ਜੇਕਰ ਫਿਰ ਵੀ ਖਾਕੀ ਤੇ ਖਾਦੀ ਦੀ ਮਿਲੀਭੁਗਤ ਸਾਹਮਣੇ ਆਵੇ ਤਾਂ ਸਖ਼ਤ ਕਾਨੂੰਨ ਬਣਾ ਸਜ਼ਾਵਾਂ ਦਿਵਾਈਆਂ ਜਾਣ। ਕਾਨੂੰਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ। ਇਸ ਵਿਚ ਸੋਧ ਕਰ ਸਖ਼ਤ ਕਾਨੂੰਨ ਸਦਨ ਵਿਚ ਬਣਾਇਆ ਜਾਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਨਵੇਂ ਅਪਰਾਧਿਕ ਕਾਨੂੰਨ
ਪਿਛਲੇ ਦਿਨੀਂ (12 ਜੁਲਾਈ) ਦੇ 'ਅਜੀਤ' ਦੇ ਕਾਲਮ 'ਸਰਗੋਸ਼ੀਆਂ' ਤਹਿਤ ਹਰਜਿੰਦਰ ਸਿੰਘ ਲਾਲ ਵਲੋਂ ਲਿਖੇ ਗਏ ਲੇਖ 'ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਸਰਕਾਰ' ਪੜ੍ਹਿਆ। ਦੇਸ਼ 'ਚ ਪਹਿਲੀ ਜੁਲਾਈ ਤੋਂ ਲਾਗੂ ਹੋਏ ਨਵੇਂ ਤਿੰਨ ਅਪਰਾਧਿਕ ਕਾਨੂੰਨਾਂ ਸੰਬੰਧੀ ਕਈ ਹਾਂ ਪੱਖੀ ਅਤੇ ਕਈ ਨਾਂਹ ਪੱਖੀ ਪ੍ਰਤੀਕਿਰਿਆਵਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ। ਪਰ ਸਮੇਂ ਦੇ ਬਦਲਾਅ ਅਨੁਸਾਰ ਇਨ੍ਹਾਂ ਕਾਨੂੰਨਾਂ ਦਾ ਬਦਲਣਾ ਸਹੀ ਹੈ। ਪਰ ਇਨ੍ਹਾਂ 'ਚ ਜੋ ਵੀ ਕਮੀਆਂ ਸਾਹਮਣੇ ਆ ਰਹੀਆ ਹਨ ਉਨ੍ਹਾਂ ਨੂੰ ਮਾਹਿਰਾਂ ਦੀ ਸਲਾਹ ਨਾਲ ਬਦਲਣਾ ਵੀ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਕਾਨੂੰਨਾਂ 'ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਇਸ 'ਚ ਪੁਲਿਸ ਦੀਆਂ ਸ਼ਕਤੀਆਂ ਵਿਚ ਪਹਿਲਾਂ ਨਾਲੋਂ ਵੱਡਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪੁਲਿਸ ਵਲੋਂ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਰਨ ਤੋਂ ਇਲਾਵਾ ਰਿਸ਼ਵਤਖੋਰੀ ਦੇ ਵਧਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਸਭ ਤੋਂ ਅਹਿਮ ਮੁੱਦਾ ਇਹ ਹੈ ਕਿ ਪੁਲਿਸ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਅਤੇ 90 ਦਿਨ ਤੱਕ ਹਿਰਾਸਤ ਵਿਚ ਰੱਖਣ ਦੀ ਅਧਿਕਾਰੀ ਬਣ ਗਈ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਨਵੇਂ ਕਾਨੂੰਨਾਂ ਵਿਚ ਜੋ ਵੀ ਇਤਰਾਜ਼ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਜਲਦੀ ਦੂਰ ਕਰੇ।
-ਇੰਜੀ: ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਸਾਡੇ ਫ਼ੌਜੀ 'ਜ਼ਿੰਦਾਬਾਦ'
ਪਿਛਲੇ ਦਿਨੀਂ (16 ਜੁਲਾਈ) ਜੰਮੂ ਦੇ ਡੋਡਾ ਜ਼ਿਲ੍ਹੇ ਦੇ ਜੰਗਲਾਂ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਭਾਰਤੀ ਫ਼ੌਜ ਦਾ ਇਕ ਕੈਪਟਨ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਵਰਨਣਯੋਗ ਹੈ ਕਿ ਸ਼ਹੀਦ ਕੈਪਟਨ ਬ੍ਰਿਜੇਸ਼ ਥਾਪਾ ਦੀ ਮਾਤਾ ਨੀਲਿਮਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਅਤੇ ਸ਼ਾਂਤ ਲਹਿਜ਼ੇ ਵਿਚ ਬਿਲਕੁਲ ਠੀਕ ਕਿਹਾ ਕਿ ਇਹ ਦੇਸ਼ ਦੀਆਂ ਸਰਹੱਦਾਂ 'ਤੇ ਭਾਰਤੀ ਫ਼ੌਜ ਦੇ ਜਵਾਨ ਹੀ ਹਨ, ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਦੇਸ਼ ਦੇ ਨਾਗਰਿਕ ਸੁਰੱਖਿਅਤ ਹਨ। ਉਸ ਦੇ ਪਿਤਾ, ਸੇਵਾਮੁਕਤ ਸੈਨਾ ਅਧਿਕਾਰੀ ਕਰਨਲ ਭੁਵਨੇਸ਼ ਥਾਪਾ ਨੇ ਦਲੇਰੀ ਨਾਲ ਆਪਣੀਆਂ ਪ੍ਰੇਰਨਾਦਾਇਕ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਕਿਹਾ, 'ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ', ਸਤਿਕਾਰਯੋਗ ਥਾਪਾ ਪਰਿਵਾਰ ਇਕ ਦੇਸ਼ ਵਜੋਂ ਸਾਨੂੰ ਤੁਹਾਡੇ ਸ਼ਹੀਦ ਪੁੱਤਰ ਕੈਪਟਨ ਬ੍ਰਿਜੇਸ਼ ਥਾਪਾ ਅਤੇ ਤੁਹਾਡੇ ਦੋਵਾਂ 'ਤੇ ਮਾਣ ਹੈ। ਬੇਸ਼ੱਕ, ਅਸੀਂ ਆਪਣੀ ਗਹਿਰੀ ਅਤੇ ਸੁਰੱਖਿਅਤ ਨੀਂਦ ਲਈ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੇ ਦੇਣਦਾਰ ਹਾਂ। ਸਾਡੇ ਫ਼ੌਜੀ 'ਜ਼ਿੰਦਾਬਾਦ।'
-ਇੰਜ. ਕ੍ਰਿਸ਼ਨ ਕਾਂਤ ਸੂਦ, ਨੰਗਲ।
ਹਾਕੀ ਲਈ ਸ਼ੁੱਭਕਾਮਨਾਵਾਂ
ਹਾਕੀ ਸਾਡੀ ਰਾਸ਼ਟਰੀ ਖੇਡ ਹੈ, ਇਸ ਵਿਚ ਰੁਚੀ ਹੋਣਾ ਸੁਭਾਵਿਕ ਹੈ, ਬਾਕੀ ਸਾਡਾ 'ਹਾਕੀ ਇਤਿਹਾਸ' ਵੀ ਗੌਰਵਸ਼ਾਲੀ ਹੈ। 33ਵੀਆਂ ਉਲੰਪਿਕ ਖੇਡਾਂ ਜੋ ਇਸ ਵਾਰ ਪੈਰਿਸ (ਫਰਾਂਸ) ਵਿਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਜਾ ਰਹੀਆਂ ਹਨ, ਉਸ ਵਿਚ ਭਾਗ ਲੈਣ ਲਈ ਇਕ ਵੱਡਾ 'ਖੇਡ ਦਲ' ਭਾਰਤ ਵਲੋਂ ਪਹੁੰਚਿਆ ਹੈ। ਜਿਨ੍ਹਾਂ ਵਿਚੋਂ ਅਹਿਮ ਹੈ 'ਭਾਰਤੀ ਹਾਕੀ' ਜਿਸ ਤੋਂ ਵੱਡੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ , ਕਿਉਂਕਿ ਇਸ ਟੀਮ ਵਿਚ ਇਸ ਵਾਰ ਦਸ ਖਿਡਾਰੀ ਪੰਜਾਬ ਦੇ ਖੇਡਣਗੇ। ਜੋ ਪੰਜਾਬ ਲਈ ਫਖਰ ਵਾਲੀ ਗੱਲ ਹੈ। 2020 ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਨੇ ਲੰਮੇ ਅਰਸੇ ਮਗਰੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ 'ਭਾਰਤੀ ਹਾਕੀ' ਆਪਣੇ ਤਗਮੇ ਦਾ ਰੰਗ ਬਦਲਣ ਲਈ ਜ਼ੋਰ ਅਜ਼ਮਾਇਸ਼ ਕਰੇਗੀ, ਪਰ ਉਸ ਦੇ ਲਈ ਉਸ ਨੂੰ ਬੇਹੱਦ ਔਖੇ 'ਪੂਲ' 'ਚੋਂ ਉਪਰ ਜਾਣ ਲਈ 'ਅਗਨੀ ਪ੍ਰੀਖਿਆ' ਦੇਣੀ ਹੋਵੇਗੀ। 27 ਜੁਲਾਈ ਨੂੰ ਭਾਰਤ ਨਿਊਜ਼ੀਲੈਂਡ ਨਾਲ ਆਪਣਾ ਪਹਿਲਾ ਮੈਚ ਖੇਡੇਗਾ। ਨਿਊਜ਼ੀਲੈਂਡ ਵਿਚ ਹਾਕੀ ਦਾ ਕਰੇਜ਼ ਸਾਥੋਂ ਵੱਧ ਹੈ। ਇਕ ਸਮਾਂ ਨਿਊਜ਼ੀਲੈਂਡ ਵਿਚ ਅਜਿਹਾ ਸੀ ਕਿ ਉਥੋਂ ਦੇ ਲੋਕਾਂ ਨੇ ਹਾਕੀ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਤੱਕ ਵੇਚਣ ਦਾ ਅਹਿਦ ਲਿਆ। 29 ਨੂੰ ਭਾਰਤ ਹਾਕੀ ਜਗਤ ਦੀ ਸਭ ਤੋਂ ਵੱਡੀ ਤੋਪ ਅਰਜਨਟੀਨਾ ਨਾਲ ਲੋਹਾ ਲਵੇਗੀ। ਇਕ ਅਗਸਤ ਨੂੰ ਬੈਲਜੀਅਮ ਨਾਲ ਅੰਕਾਂ ਦੇ ਆਧਾਰ 'ਤੇ ਕੁਆਰਟਰ ਫਾਈਨਲ ਲਈ ਟੀਮਾਂ ਅੱਗੇ ਜਾਣਗੀਆਂ। ਸੋ, ਭਾਰਤੀ ਹਾਕੀ ਲਈ ਸ਼ੁੱਭਕਾਮਨਾਵਾਂ ਹਨ, ਜਿਸ ਤੋਂ ਤਗਮੇ ਦੀਆਂ ਵੱਡੀਆਂ ਉਮੀਦਾਂ ਹਨ। ਇਕ ਵਾਰ ਫਿਰ ਇਤਿਹਾਸ ਦੁਹਰਾਇਆ ਜਾਵੇਗਾ, ਜਦ ਜੂੜਿਆਂ ਵਾਲੇ ਪੰਜਾਬੀ ਆਪਣਾ ਪਸੀਨਾ ਭਾਰਤ ਦੀ ਆਨ ਤੇ ਸ਼ਾਨ ਲਈ ਵਹਾਉਣਗੇ।
-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਰਾਏਕੋਟ, ਲੁਧਿਆਣਾ।
ਸਫਲਤਾ ਪ੍ਰਾਪਤੀ ਦੇ ਭੇਤ
ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਕਿਸੇ ਵੀ ਟੀਚੇ ਦਾ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਉਸ ਟੀਚੇ 'ਤੇ ਪਹੁੰਚਣ ਲਈ ਇਨਸਾਨ ਲਗਾਤਾਰ ਮਿਹਨਤ ਕਰਦਾ ਰਹਿੰਦਾ ਹੈ। ਬਹੁਤ ਵਾਰ ਅਸਫਲਤਾ ਵੀ ਮਿਲਦੀ ਹੈ। ਸਫਲ ਨਾ ਹੋਣ ਕਾਰਨ ਇਨਸਾਨ ਦੁੱਖ, ਬੇਚੈਨੀ ਮਹਿਸੂਸ ਕਰਦਾ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ। ਸਾਨੂੰ ਸਫਲ ਹੋਏ ਇਨਸਾਨਾਂ ਦੀ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਖਿਰ ਆਪਣੇ ਟੀਚੇ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ। ਅਜਿਹੀਆਂ ਮਿਸਾਲਾਂ ਸਾਨੂੰ ਹਮੇਸ਼ਾ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹਿੰਦੀਆਂ ਹਨ। ਸਫਲਤਾ ਦਾ ਰਾਹ ਕਦੇ ਵੀ ਸਰਲ ਅਤੇ ਸਿੱਧਾ ਨਹੀਂ ਹੁੰਦਾ। ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਹੁੰਦੀ। ਨਾਂਹ-ਪੱਖੀ ਵਿਚਾਰਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਮੁਕਾਬਲੇ ਦੀ ਪ੍ਰੀਖਿਆ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸਫਲਤਾ ਸਾਨੂੰ ਸਾਡੀ ਗ਼ਲਤੀਆਂ ਤੋਂ ਜਾਣੂ ਕਰਵਾਉਂਦੀ ਹੈ। ਇਬਰਾਹਮ ਲਿੰਕਨ ਦਾ ਬਚਪਨ ਅਥਾਹ ਗਰੀਬੀ ਵਿਚ ਬੀਤਿਆ। ਮਜ਼ਬੂਤ ਇਰਾਦੇ ਨਾਲ ਉਸ ਨੇ ਇਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਹਾਸਿਲ ਕੀਤਾ। ਮਜ਼ਬੂਤ ਇਰਾਦੇ, ਸਾਕਾਰਾਤਮਿਕ ਸੋਚ ਨਾਲ ਤੁਸੀਂ ਅਸਫਲਤਾਵਾਂ ਨੂੰ ਵੀ ਸਫਲਤਾ ਵਿਚ ਬਦਲ ਸਕਦੇ ਹੋ। ਟੀਚਾ ਮਿੱਥ ਕੇ ਹੀ ਉਸ ਨੂੰ ਅਭਿਆਸ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ।
-ਸੰਜੀਵ ਸਿੰਘ ਸੈਣੀ
ਮੋਹਾਲੀ।
ਪ੍ਰਸੰਸਾਯੋਗ ਲੇਖ
ਪਿਛਲੇ ਦਿਨੀਂ (20 ਜੁਲਾਈ) ਨੂੰ 'ਅਜੀਤ' ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਅਨੰਦ ਆਇਆ ਅਤੇ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ ਜੋ ਕਿ ਸ਼ਲਾਘਾਯੋਗ ਹੈ। ਮੈਡਮ ਪੂਜਾ ਅਰੋੜਾ ਤਾਂ ਦਿਮਾਗੀ ਤੌਰ 'ਤੇ ਬਿਮਾਰ ਹੀ ਸਨ, ਪਰ ਉਨ੍ਹਾਂ ਦੇ ਅੰਗ ਦਾਨ ਨਾਲ ਕਰਨ ਨਾਲ ਘੱਟੋ-ਘੱਟ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। ਜਿਨ੍ਹਾਂ ਮਰੀਜ਼ਾਂ ਨੂੰ ਅੰਗ ਦਾਨ ਕੀਤੇ ਗਏ ਹਨ, ਉਹ ਵਿਅਕਤੀ ਜਦ ਤੱਕ ਜਿਊਂਦੇ ਰਹਿਣਗੇ, ਤਦ ਤੱਕ ਪੂਜਾ ਅਰੋੜਾ ਜਿਊਂਦੀ ਰਹੇਗੀ। ਜਿਨ੍ਹਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਉਨ੍ਹਾਂ ਨੂੰ ਵੀ ਪੂਜਾ ਅਰੋੜਾ ਦੇ ਪਰਿਵਾਰ ਦਾ ਰਿਣੀ ਰਹਿਣਾ ਚਾਹੀਦਾ ਹੈ। ਇਸ ਲੇਖ ਤੋਂ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲੇਗੀ ਅਤੇ ਹੋਰ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ।
-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।
ਕਦੋਂ ਬੰਦ ਹੋਣਗੇ ਬਾਲਾਂ 'ਤੇ ਜ਼ੁਲਮ
ਪੰਜਾਬ ਦੇ ਸ਼ਹਿਰਾਂ, ਬਾਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ 'ਤੇ ਭੀਖ ਮੰਗਦੇ ਬੱਚੇ ਅਕਸਰ ਦੇਖਣ ਨੂੰ ਮਿਲਦੇ ਹਨ, ਜਦਕਿ ਇਨ੍ਹਾਂ ਦੀ ਉਮਰ ਖੇਡਣ, ਮੌਜਮਸਤੀ ਮਾਨਣ ਅਤੇ ਪੜ੍ਹਾਈ ਕਰਨ ਦੀ ਹੁੰਦੀ ਹੈ, ਪਰ ਇਨ੍ਹਾਂ ਬੱਚਿਆਂ ਨੇ ਕਦੇ ਸਕੂਲ ਅੰਦਰ ਪੈਰ ਧਰ ਕੇ ਨਹੀਂ ਦੇਖਿਆ ਹੁੰਦਾ, ਪੜ੍ਹਾਈ ਹਾਸਿਲ ਕਰਨੀ ਤਾਂ ਇਨ੍ਹਾਂ ਲਈ ਬੜੀ ਦੂਰ ਦੀ ਗੱਲ ਹੈ। 10 ਤੋਂ 15 ਸਾਲ ਦੀ ਉਮਰ ਵਾਲੇ ਬੱਚੇ ਮੋਢਿਆਂ ਪਿਛੇ ਬੋਰੀਆਂ ਲਟਕਾਈ, ਕੂੜੇ-ਕਰਕਟ ਦੇ ਢੇਰਾਂ 'ਚੋਂ ਕਾਗਜ਼ ਆਦਿ ਚੁਗਦੇ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਬਾਲ ਮਜ਼ਦੂਰੀ ਖਤਮ ਕਰਨ ਦੀਆਂ ਬਿਆਨਬਾਜ਼ੀਆਂ ਚਿਰਾਂ ਤੋਂ ਛਪ ਰਹੀਆਂ ਹਨ ਪਰ ਬਾਲ ਮਜ਼ਦੂਰੀ ਉਸੇ ਤਰ੍ਹਾਂ ਹੋ ਰਹੀ ਹੈ। ਕਈ ਔਰਤਾਂ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਗੋਦੀ ਚੁੱਕ ਕੇ ਉਨ੍ਹਾਂ ਦੇ ਨਾਂਅ 'ਤੇ ਪੈਸੇ ਲੈਣ ਲਈ ਲੋਕਾਂ ਮੂਹਰੇ ਹੱਥ ਅੱਡਦੀਆਂ ਹਨ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ 'ਕਿਉਂ ਨਹੀਂ ਅਜਿਹੇ ਬੱਚਿਆਂ ਬਾਰੇ ਸਖ਼ਤ ਨੋਟਿਸ ਲੈ ਰਿਹਾ? ਉਹ ਕੀ ਡਿਊਟੀ ਨਿਭਾਅ ਰਿਹਾ ਹੈ? ਉਹ ਕਿਸ ਡਿਊਟੀ ਬਦਲੇ ਸਰਕਾਰੀ ਸਹੂਲਤਾਂ ਅਤੇ ਮੋਟੀਆਂ ਤਨਖਾਹਾਂ ਲੈ ਰਿਹਾ ਹੈ? ਕੀ ਇਸ ਕਮਿਸ਼ਨ ਨੇ ਤਨਦੇਹੀ ਨਾਲ ਅਜਿਹੇ ਬੱਚਿਆਂ ਬਾਰੇ ਪੜਤਾਲ ਕੀਤੀ ਹੈ ਕਿ ਉਹ ਕਿਹੜੀ ਮਜਬੂਰੀਵੱਸ ਮਜ਼ਦੂਰੀ ਕਰ ਰਹੇ ਹਨ, ਲੋਕਾਂ ਤੋਂ ਲੇਲ੍ਹੜੀਆਂ ਕੱਢ-ਕੱਢ ਪੈਸਿਆਂ ਦੀ ਭੀਖ ਮੰਗ ਰਹੇ ਹਨ। ਪੜਤਾਲ ਅਨੁਸਾਰ ਜੇਕਰ ਅਜਿਹੇ ਬੱਚਿਆਂ ਦੇ ਮਾਪੇ ਜਾਣ-ਬੁੱਝ ਕੇ ਆਪਣੇ ਬੱਚਿਆਂ ਪਾਸੋਂ ਇਹ ਕੰਮ ਕਰਵਾ ਰਹੇ ਹਨ ਤਾਂ ਉਨ੍ਹਾਂ ਵਿਰੁੱਧ ਬਣਦਾ ਕਾਨੂੰਨ ਵਰਤ ਕੇ, ਬੱਚਿਆਂ ਨੂੰ ਸਕੂਲ ਪੜ੍ਹਨੇ ਕਿਉਂ ਨਹੀਂ ਪਾਇਆ ਜਾ ਰਿਹਾ? ਜੇਕਰ ਕਿਸੇ ਘਰ ਵਿਚ ਹਾਲਾਤ ਹੀ ਐਸੇ ਹਨ ਕਿ ਉਨ੍ਹਾਂ ਦਾ ਬੱਚਾ ਮਜਬੂਰੀਵੱਸ ਮਜ਼ਦੂਰੀ ਜਾਂ ਭੀਖ ਮੰਗਦਾ ਹੈ ਤਾਂ ਸਰਕਾਰਾਂ ਅਜਿਹੇ ਬੱਚਿਆਂ ਦੇ ਪਰਿਵਾਰਾਂ ਦੀ ਸਾਰ ਕਿਉਂ ਨਹੀਂ ਲੈ ਰਹੀਆਂ? ਕੀ ਕਮਿਸ਼ਨ 'ਤੇ ਆਸ ਰੱਖੀ ਜਾ ਸਕਦੀ ਹੈ ਕਿ ਉਹ ਆਪਣੇ ਫ਼ਰਜ਼ ਨੂੰ ਪੂਰਾ ਕਰਦਿਆਂ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਦਲੇਗੀ? ਨਹੀਂ ਤਾਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ, ਅੱਗੋਂ ਵੀ ਹੁੰਦੀ ਰਹੇਗੀ।
-ਭੋਲਾ ਨੂਰਪੁਰਾ
ਪਿੰਡ ਤੇ ਡਾਕ: ਨੂਰਪੁਰਾ
ਸਵੈ ਪੜਚੋਲ
ਅੱਜਕਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਸਵੈ-ਪੜਚੋਲ ਬਹੁਤ ਜ਼ਰੂਰੀ ਹੈ। ਸਵੈ ਪੜਚੋਲ ਨਾਲ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਹੁੰਦੀ ਹੈ ਅਤੇ ਜੀਵਨ ਨੂੰ ਤਣਾਅ ਮੁਕਤ ਹੋ ਕੇ ਚਲਾਉਣ ਦਾ ਅਨੰਦ ਪ੍ਰਾਪਤ ਹੁੰਦਾ ਹੈ। ਸਵੈ ਪੜਚੋਲ ਨਾਲ ਇਹ ਵੀ ਪਤਾ ਲਗਦਾ ਹੈ ਕਿ ਸਭ ਕੁਝ ਉਵੇਂ ਹੀ ਹੋ ਰਿਹਾ ਹੈ, ਜਿਵੇਂ ਅਸੀਂ ਚਾਹੁੰਦੇ ਹਾਂ। ਕਮੀਆਂ ਨੂੰ ਦੂਰ ਕਰਕੇ ਅਸੀਂ ਇਸ ਨੂੰ ਮੁੜ ਲੀਹ 'ਤੇ ਪਾ ਸਕਦੇ ਹਾਂ। ਕਿਸੇ ਨੂੰ ਪ੍ਰੇਸ਼ਾਨ ਕਰਕੇ ਅਸੀਂ ਕਦੇ ਵੀ ਸਵੈ ਪੜਚੋਲ ਨਹੀਂ ਕਰ ਸਕਦੇ। ਸਾਡੀ ਸਫਲਤਾ ਬਹੁਤ ਕਰਕੇ ਆਤਮ-ਵਿਸ਼ਵਾਸ ਉਤੇ ਨਿਰਭਰ ਕਰਦੀ ਹੈ। ਜੋ ਮਨੁੱਖ ਸਵੈ ਪੜਚੋਲ ਕਰਦੇ ਹਨ, ਉਹ ਸਫਲਤਾ ਜਲਦੀ ਹਾਸਲ ਕਰ ਜਾਂਦੇ ਹਨ, ਕਿਉਂਕਿ ਨਿੱਕੀਆਂ-ਨਿੱਕੀਆਂ ਸਫਲਤਾਵਾਂ ਦੇ ਅਨੁਭਵ ਅਤੇ ਨਵਾਂ ਗਿਆਨ ਮਨੁੱਖੀ ਦਿਮਾਗ ਵਿਚ ਜਮ੍ਹਾਂ ਕਰਦੇ ਜਾਣਾ ਚਾਹੀਦਾ ਹੈ। ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਸਵੈ ਪੜਚੋਲ ਕਿਵੇਂ ਕੀਤੀ ਜਾਵੇ। ਰੋਜ਼ਾਨਾ ਆਪਣੇ ਲਈ ਕੁਝ ਸਮਾਂ ਰਾਖਵਾਂ ਰੱਖੋ, ਕੁਝ ਸਮੇਂ ਲਈ ਆਪਣੇ ਨਾਲ ਗੱਲਾਂ ਕਰੋ, ਇਕਾਂਤਵਾਸ ਵਿਚ ਰਹੋ ਜੇਕਰ ਹੋਰ ਕੁਝ ਨਹੀਂ ਕਰ ਸਕਦੇ ਹੋ ਤਾਂ ਆਪਣੇ ਨਾਲ ਸੰਵਾਦ ਰਚਾਵੋ, ਸਾਰੇ ਦਿਨ ਦੀ ਕਾਰਗੁਜ਼ਾਰੀ 'ਤੇ ਇਕ ਝਾਤ ਮਾਰੋ, ਆਪਣੀ ਗ਼ਲਤੀਆਂ ਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ, ਸਾਰੇ ਦਿਨ 'ਚ ਕੀ ਨਹੀਂ ਹੋ ਸਕਿਆ ਤੇ ਕੀ ਹੋ ਸਕਦਾ ਸੀ, ਇਨ੍ਹਾਂ ਦਾ ਵਿਸਥਾਰ ਲਿਖੋ ਅਤੇ ਅਗਲੇ ਦਿਨ ਲਈ ਯੋਜਨਾ ਉਲੀਕੋ। ਸਵੈ-ਪੜਚੋਲ ਨਾਲ ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.
ਆਦਤਾਂ ਤੇ ਆਚਰਣ
ਤਜਰਬੇ ਅਤੇ ਖੋਜ ਨੇ ਇਹ ਗੱਲ ਪੂਰਨ ਤੌਰ 'ਤੇ ਸਿੱਧ ਕਰ ਦਿੱਤੀ ਹੈ ਕਿ ਆਦਤ ਸਾਡੇ ਕੰਮ ਕਰਨ ਨੂੰ ਹੀ ਨਹੀਂ ਕਹਿੰਦੇ। ਆਦਤ ਸਾਡੇ ਵਿਅਕਤੀਤਵ ਅਤੇ ਆਚਰਣ ਦੀ ਜੜ੍ਹ ਤੱਕ ਆਪਣਾ ਪ੍ਰਭਾਵ ਰੱਖਦੀ ਹੈ। ਮਿਸਾਲ ਦੇ ਤੌਰ 'ਤੇ ਖ਼ੁਸ਼ ਰਹਿਣ ਦੀ ਆਦਤ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ਅਤੇ ਉਸ ਨੂੰ ਆਸ਼ਾਵਾਂ ਨਾਲ ਭਰਿਆ ਹੋਇਆ ਇਕ ਖੁਸ਼ੀ ਭਰਪੂਰ ਵਿਅਕਤੀਤਵ ਵੀ ਪ੍ਰਦਾਨ ਕਰਦੀ ਹੈ। ਸਾਫ਼ ਰਹਿਣ ਦੀ ਆਦਤ ਨਾਲ ਦਿਮਾਗ਼ ਕਾਬੂ ਵਿਚ ਰਹਿੰਦਾ ਹੈ ਅਤੇ ਤਰਕ-ਸ਼ਕਤੀ ਵੀ ਵਧਦੀ ਹੈ। ਅਸੀਂ ਸਾਰੇ ਆਪਣੇ ਨਿੱਜੀ ਤਜਰਬਿਆਂ ਤੋਂ ਜਾਣਦੇ ਹਾਂ ਕਿ ਉਮਰ ਦੇ ਵਧਣ ਨਾਲ ਕੋਈ ਨਵੀਂ ਆਦਤ ਪਾਉਣਾ ਬਿਲਕੁਲ ਕਠਿਨ ਹੈ। ਮਾਨਸਿਕ ਜਾਂ ਸਰੀਰਕ ਆਦਤਾਂ ਜੋ ਸਾਡੇ ਆਚਰਣਾਂ ਨੂੰ ਬਣਾਉਂਦੀਆਂ ਹਨ ਜਾਂ ਵਿਗਾੜਦੀਆਂ ਹਨ, ਜਿਹੜੀਆਂ ਸਾਡੇ ਜੀਵਨ ਵਿਚ ਤਬਦੀਲੀਆਂ ਲਿਆਉਂਦੀਆਂ ਹਨ ਅਤੇ ਸ਼ਾਇਦ ਸਾਡੀ ਕਿਸਮਤ ਵੀ ਬਣਾਉਂਦੀਆਂ ਤੇ ਵਿਗਾੜਦੀਆਂ ਹਨ, ਉਹ ਸਾਰੀਆਂ ਸਾਡੀ ਬਾਲ ਅਵਸਥਾ ਜਾਂ ਚੜ੍ਹਦੀ ਜਵਾਨੀ ਦੀ ਕੱਚੀ ਉਮਰ ਵਿਚ ਪੈਂਦੀਆਂ ਹਨ। ਬਾਲ ਅਵਸਥਾ ਸਾਡੀ ਅਕਲ ਅਤੇ ਚਰਿੱਤਰ ਚੰਗੇ ਜਾਂ ਭੈੜੇ ਆਚਰਣਾਂ ਦੇ ਉਨ੍ਹਾਂ ਬੀਜਾਂ ਨੂੰ ਗ੍ਰਹਿਣ ਕਰਨ ਦੇ ਯੋਗ ਹੁੰਦੇ ਹਨ।
-ਜੁਝਾਰ ਸਿੰਘ ਖੁਸ਼ਦਿਲ
ਹਰੀਗੜ੍ਹ, ਬਰਨਾਲਾ।
ਵਿਦੇਸ਼ਾਂ ਵਿਚ ਔਕੜਾਂ
ਬੁੱਧਵਾਰ 10 ਜੁਲਾਈ ਨੂੰ 'ਅਜੀਤ' ਦੇ ਪੰਨਾ ਨੰਬਰ ਚਾਰ 'ਤੇ ਛਪੇ ਲੇਖ 'ਕੈਨੇਡਾ ਰਹਿ ਕੇ ਕੌਣ ਰਾਜ਼ੀ ਏ' ਵਿਚ ਲੇਖਕ ਨੇ ਕੈਨੇਡਾ ਵਿਚ ਪੰਜਾਬੀਆਂ ਦੇ ਜੀਵਨ ਦੀਆਂ ਔਕੜਾਂ ਦਾ ਪਰਦਾਫ਼ਾਸ਼ ਕੀਤਾ ਹੈ। ਬੇਸ਼ਕ ਲੇਖਕ ਮਨਿੰਦਰ ਸਿੰਘ ਗਿੱਲ (ਕੈਪਟਨ) ਨੇ ਕੈਨੇਡਾ ਵਿਚ ਪੰਜਾਬੀਆਂ ਨੂੰ ਆਉਂਦੀਆਂ ਔਕੜਾਂ ਅਤੇ ਉਨ੍ਹਾਂ ਦੇ ਨੀਰਸ ਮਾਪਿਆਂ, ਪਿੰਡ ਤੋਂ ਬਾਹਰਲੇ ਜੀਵਨ ਦਾ ਚਿੱਤਰ ਪੇਸ਼ ਕੀਤਾ ਹੈ ਪਰ ਉਨ੍ਹਾਂ ਨੇ ਨਾਲ-ਨਾਲ ਕੈਨੇਡੀਅਨ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ, ਸਗੋਂ ਇਸ ਦੀ ਤਾਰੀਫ਼ ਵੀ ਕੀਤੀ ਹੈ, ਜਿਸ ਕਰਕੇ ਇਸ ਲੇਖ ਤੋਂ ਪਤਾ ਚੱਲਦਾ ਹੈ ਕਿ ਬੇਸ਼ੱਕ ਬੰਦੇ ਨੂੰ ਆਪਣੇ ਮਾਂ-ਬਾਪ, ਰਿਸ਼ਤੇਦਾਰ ਤੇ ਪਿੰਡ ਵਾਲੀਆਂ ਮੌਜਾਂ ਨਹੀਂ ਮਿਲਦੀਆਂ, ਨਾ ਹੀ ਕਿਸੇ ਕੋਲ ਸਮਾਂ ਹੈ। ਸੱਥਾਂ ਵਿਚ ਬੈਠ ਕੇ ਗੱਲਾਂ ਮਾਰਨ ਦਾ। ਬੰਦਾ ਸਾਰੀ ਉਮਰ ਕਰਜ਼ਾ ਉਤਾਰਨ ਦੇ ਮਾਇਆ ਜਾਲ ਵਿਚ ਹੀ ਫਸਿਆ ਰਹਿੰਦਾ ਹੈ। ਬੇਸ਼ੱਕ ਪਿੱਛੇ ਪਿੰਡ ਵਿਚ ਕੁੱਝ ਵੀ ਹੋਈ ਜਾਵੇ। ਕੈਨੇਡੀਅਨ ਜੀਵਨ ਸ਼ੈਲੀ ਦੇ ਗੁਣ ਮਿੱਠੀ ਬੋਲੀ, ਬਰਾਬਰਤਾ, ਹੰਕਾਰ ਰਹਿਤ ਲੋਕ ਅਤੇ ਕਾਮੇ ਤੇ ਮਿਹਨਤਕਸ਼ ਲੋਕ ਮਿਲਦੇ ਹਨ ਜੋ ਜੀਵਨ ਜਾਂਚ ਸਿਖਾਉਂਦੇ ਹਨ।
-ਸੁਖਦੀਪ ਸਿੰਘ ਗਿੱਲ, ਮਾਨਸਾ।
ਆਵਾਰਾ ਪਸ਼ੂ ਬਣੇ ਖ਼ੌਫ਼
ਰੋਜ਼ਾਨਾ ਆਵਾਰਾ ਜਾਨਵਰਾਂ ਨਾਲ ਸੜਕਾਂ 'ਤੇ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਹੋ ਰਿਹਾ ਹੈ। ਇਸ ਪ੍ਰਤੀ ਸਰਕਾਰ ਵਲੋਂ ਇਕ ਢੁੱਕਵੀਂ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ ਜ਼ਿਕਰ ਕੀਤਾ ਸੀ ਕਿ ਇਸ ਸੰਬੰਧ ਵਿਚ ਕਮੇਟੀ ਗਠਿਤ ਕੀਤੀ ਜਾਵੇਗੀ, ਆਵਾਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਭੇਜਿਆ ਜਾਵੇਗਾ। ਟ੍ਰੈਕਿੰਗ ਸਿਸਟਮ ਬਣਾਇਆ ਜਾਵੇਗਾ। ਆਵਾਰਾ ਪਸ਼ੂਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪਰ ਪਰਨਾਲਾ ਅਜੇ ਉੱਥੇ ਦਾ ਉੱਥੇ ਹੀ ਹੈ। ਪਿੱਛੇ ਜੋ ਖ਼ਬਰਾਂ ਨਸ਼ਰ ਹੋ ਰਹੀਆਂ ਸਨ ਕਿ ਕਿਸਾਨਾਂ ਨੇ ਆਵਾਰਾ ਪਸ਼ੂ ਟਰਾਲੀਆਂ ਵਿਚ ਲਿਆ ਕੇ ਜੋ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ ਤੇ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ, ਡੀ.ਸੀ. ਮੋਗਾ ਦੇ ਦਫ਼ਤਰ ਵਿਚ ਲਿਆ ਕੇ ਵੱਖਰੀ ਕਿਸਮ ਦਾ ਮੁਜ਼ਾਹਰਾ ਤੇ ਰੋਸ ਪ੍ਰਗਟ ਕੀਤਾ ਹੈ। ਸਰਕਾਰ ਵਲੋਂ ਜੋ ਗਊਸ਼ਾਲਾ ਬਣੀਆਂ ਹਨ, ਫਿਜੀਕਲ ਚੈਕਿੰਗ ਕਰ ਸਮਾਜ ਜਥੇਬੰਦੀਆਂ ਨੂੰ ਨਾਲ ਲੈ ਇਸ ਦਾ ਛੇਤੀ ਹੱਲ ਕਰਨ ਦੀ ਲੋੜ ਹੈ। ਕਮੇਟੀ ਕਾਗਜ਼ਾਂ ਤੱਕ ਸੀਮਤ ਨਾ ਰਹੇ, ਇਸ ਨੂੰ ਅਮਲੀਜਾਮਾ ਪਹਿਣਾ ਰੋਜ਼ਾਨਾ ਹੋਣ ਵਾਲੀਆਂ ਅਜਾਈਂ ਮੌਤਾਂ ਨੂੰ ਰੋਕਿਆ ਜਾਵੇ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੁਲਿਸ।
ਮੌਨਸੂਨ ਦੀ ਦਸਤਕ
ਮੌਨਸੂਨ ਦੇ ਆਉਣ ਦੇ ਨਾਲ ਹੀ ਲਗਭਗ ਰੋਜ਼ਾਨਾ ਹੀ ਮਾਲਵੇ ਖੇਤਰ ਵਿਚ ਕਿਤੇ ਨਾ ਕਿਤੇ ਨਹਿਰਾਂ, ਸੂਇਆਂ ਵਿਚ ਪਾੜ ਪੈ ਜਾਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਨਹਿਰਾਂ, ਰਜਬਾਹਿਆਂ, ਸੂਇਆਂ ਨੂੰ ਸਮਾਂ ਰਹਿੰਦਿਆਂ ਹੀ ਇਨ੍ਹਾਂ ਦੀ ਸਾਫ਼-ਸਫ਼ਾਈ ਹੋਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਵਿਚ ਜੜ੍ਹੀ-ਬੂਟੀਆਂ ਦੀ ਭਰਮਾਰ ਹੋਣ ਕਾਰਨ ਡਾਫ਼ ਲੱਗ ਜਾਣ ਨਾਲ ਨਹਿਰਾਂ ਦੇ ਬੰਨ੍ਹ ਟੁੱਟ ਜਾਂਦੇ ਹਨ ਅਤੇ ਪਾਣੀ ਖੇਤਾਂ, ਘਰਾਂ ਵਿਚ ਚਲਾ ਜਾਂਦਾ ਹੈ, ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਮਜਬੂਰੀ ਵਸ ਕਿਸਾਨ ਖੁੱਦ ਹੀ ਜੇ.ਸੀ.ਬੀ. ਦੀ ਮਦਦ ਨਾਲ ਜਾਂ ਮਿੱਟੀ ਦੀਆਂ ਬੋਰੀਆਂ ਭਰ ਕੇ ਪਾੜ ਪੂਰ ਰਹੇ ਹਨ।
ਅਕਸਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਮਾਨਸੂਨ ਦੌਰਾਨ ਵੱਡੇ ਪੱਧਰ 'ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿੱਥੇ ਰਜਬਾਹਿਆਂ, ਕੱਸੀਆਂ, ਡਰੇਨਾਂ ਆਦਿ ਦਾ ਪਾਣੀ ਅਚਾਨਕ ਵਧ ਜਾਂਦਾ ਹੈ, ਉਥੇ ਹੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਵੀ ਕਿਨਾਰਿਆਂ ਤੋਂ ਟੱਪ ਜਾਂਦਾ ਹੈ, ਜਿਸ ਨਾਲ ਆਲੇ-ਦੁਆਲੇ ਫ਼ਸਲਾਂ 'ਤੇ ਸਾਨ੍ਹ-ਡੰਗਰਾਂ ਦਾ ਨੁਕਸਾਨ ਹੁੰਦਾ ਹੈ। ਜੇਕਰ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਸਮੇਂ ਸਿਰ ਨਾ ਹੋਵੇ ਤਾਂ ਇਹ ਆਫ਼ਤ ਦਾ ਕਾਰਨ ਬਣਦੇ ਹਨ। ਪਿਛਲੇ ਸਾਲ ਮੌਨਸੂਨ ਦੇ ਸੀਜ਼ਨ ਵਿਚ ਸੂਬੇ ਨੂੰ ਦੋ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਭਾਰੀ ਨੁਕਸਾਨ ਹੋਇਆ ਸੀ।
ਸੂਬੇ ਦੇ ਰਜਬਾਹਿਆਂ, ਡਰੇਨਾਂ, ਨਦੀਆਂ, ਨਾਲਿਆਂ, ਸੂਇਆਂ ਦੀ ਸਫ਼ਾਈ ਜਿਥੇ-ਜਿਥੇ ਵੀ ਅਜੇ ਤੱਕ ਨਹੀਂ ਹੋਈ ਉਹ ਸੰਬੰਧਿਤ ਵਿਭਾਗ ਨੂੰ ਤੁਰੰਤ ਜੰਗੀ ਪੱਧਰ 'ਤੇ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਬਾਰਿਸ਼ਾਂ ਵਿਚ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।
-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।
ਨਵੇਂ ਕਾਨੂੰਨ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ 'ਚ ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੀ ਗਈ ਸੰਪਾਦਕੀ 'ਚ 'ਨਵੇਂ ਕਾਨੂੰਨਾਂ ਤੋਂ ਆਸ' ਪੜ੍ਹੀ, ਜੋ ਕਿ ਬਹੁਤ ਹੀ ਵਧੀਆ 'ਤੇ ਜਾਣਕਾਰੀ ਭਰਪੂਰ ਸੀ। ਅੰਗਰੇਜਾਂ ਦੇ ਸਮੇਂ ਤੋਂ ਚੱਲੇ ਆ ਰਹੇ ਕਾਨੂੰਨਾਂ ਨੂੰ 77 ਸਾਲਾ ਬਾਅਦ ਸਾਡੇ ਦੇਸ਼ 'ਚ ਬਦਲਾਅ ਕਰ ਕੇ ਇਨ੍ਹਾਂ ਨੂੰ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਗਿਆ ਹੈ। ਸਮੇਂ ਦੀ ਲੋੜ ਮੁਤਾਬਿਕ ਪੁਰਾਣੇ ਕਾਨੂੰਨਾਂ ਨੂੰ ਬਦਲਣਾ ਜ਼ਰੂਰੀ ਸੀ। ਇਨ੍ਹਾਂ ਨਵੇਂ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪ੍ਰਭਾਸ਼ਿਤ ਕਰਕੇ ਉਨ੍ਹਾਂ ਲਈ ਸਜ਼ਾ ਤੈਅ ਕਰਨਾ ਅਤੇ ਜਿਹੜੀਆਂ ਧਾਰਾਵਾਂ ਜੁਰਮ ਦੀ ਪਹਿਚਾਣ ਬਣ ਚੁੱਕੀਆ ਸਨ। ਹੁਣ ਨਵੇਂ ਕਾਨੂੰਨਾਂ ਵਿਚ ਬਦਲ ਦਿੱਤਾ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਹੈ ਕਿ ਹੁਣ ਸਜ਼ਾ ਦੀ ਥਾਂ ਇਨਸਾਫ਼ ਹੋਵੇਗਾ ਦੇਰੀ ਦੀ ਥਾਂ ਤੇਜ਼ੀ ਨਾਲ ਸੁਣਵਾਈ ਹੋਵੇਗੀ। ਇਨ੍ਹਾਂ ਕਾਨੂੰਨਾਂ ਨਾਲ ਨਿਆਂ ਦੇ ਖੇਤਰ ਵਿਚ ਇਕ ਨਵੀਂ ਸ਼ੁਰੂਆਤ ਹੋਈ ਹੈ। ਨਵੇਂ ਕਾਨੂੰਨਾਂ 'ਚ ਕਿਸੇ ਵੀ ਕੇਸ ਦਾ ਸਮਾਂ ਬੱਧ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਸਮੁੱਚੀ ਪ੍ਰਕਿਰਿਆ ਅਧੀਨ ਉਸ ਦਾ ਨਿਪਟਾਰਾ ਤਿੰਨ ਸਾਲ ਵਿਚ ਹੋਣਾ ਜ਼ਰੂਰੀ ਕੀਤਾ ਗਿਆ ਹੈ। ਪਾਰਦਰਸ਼ਤਾ ਲਈ ਤਲਾਸ਼ੀ ਜਾਂ ਜ਼ਬਤੀ ਦੀ ਵੀਡੀਓ ਗ੍ਰਾਫ਼ੀ ਹੋਣੀ ਲਾਜ਼ਮੀ ਕੀਤੀ ਗਈ ਹੈ। ਇਨ੍ਹਾਂ ਨਵੇਂ ਕਾਨੂੰਨਾਂ 'ਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧ ਰੋਕਣ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਕਾਨੂੰਨਾਂ 'ਚ ਪੁਲਿਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਸ਼ਕਤੀਆਂ ਦਿੱਤੀਆਂ ਗਈਆ ਹਨ ਜਿਸ ਸੰਬੰਧੀ ਇਸ ਦੇ ਦੁਰਉਪਯੋਗ ਹੋਣ ਅਤੇ ਰਿਸ਼ਵਤਖੋਰੀ ਹੋਰ ਵੱਧਣ ਦੇ ਕਿਆਸ ਲਗਾਏ ਜਾ ਰਹੇ ਹਨ। ਸਮਾਜ ਦੇ ਕਈ ਵਰਗਾਂ ਵਲੋਂ ਨਵੇਂ ਕਾਨੂੰਨਾਂ ਨੂੰ ਸਹੀ ਨਾ ਮੰਨ ਕੇ ਵਾਪਸ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜੇਕਰ ਨਵੇਂ ਕਾਨੂੰਨਾਂ 'ਚ ਕੋਈ ਕਮੀਆਂ ਹਨ ਤਾਂ ਮਾਹਿਰਾਂ ਦੀ ਸਲਾਹ ਨਾਲ ਇਨ੍ਹਾਂ ਵਿਚ ਤਰੁੰਤ ਬਦਲਾਅ ਕਰਨਾ ਚਾਹੀਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਨਵੇਂ ਤਿੰਨ ਅਪਰਾਧਿਕ ਕਾਨੂੰਨ ਦੇਸ਼ ਦੇ ਲੋਕਾਂ ਨੂੰ ਸਹੀ ਅਤੇ ਜਲਦੀ ਇਨਸਾਫ਼ ਦੇਣਗੇ।
-ਇੰਜੀ. ਲਖਵਿੰਦਰ ਪਾਲ ਗਰਗ।
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਜਾਣਕਾਰੀ ਭਰਪੂਰ ਲੇਖ
ਬੁੱਧਵਾਰ 3 ਜੁਲਾਈ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਸਾਬਕਾ ਡੀਨ ਅਤੇ ਪ੍ਰੋਫ਼ੈਸਰ ਡਾ. ਕੇਸਰ ਸਿੰਘ ਭੰਗੂ ਵੱਲੋਂ ਲਿਖੇ ਲੇਖ਼ 'ਕਰਜ਼ੇ ਦੇ ਜਾਲ 'ਚ ਫਸ ਗਿਆ ਹੈ ਪੰਜਾਬ' ਪੜ੍ਹਿਆ ਜੋ ਬਹੁਤ ਹੀ ਜਾਣਕਾਰੀ ਭਰਪੂਰ ਲੇਖ ਸੀ। ਲੇਖ਼ਕ ਨੇ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਤੱਥਾਂ 'ਤੇ ਆਧਾਰਿਤ ਵਿਸਥਾਰਪੂਰਵਕ ਦੱਸਣ ਅਤੇ ਇਸ ਜਾਲ ਵਿਚੋਂ ਬਾਹਰ ਨਿਕਲਣ ਸੰਬੰਧੀ ਵੀ ਚੰਗੇ ਸੁਝਾਅ ਦਿੱਤੇ ਗਏ ਹਨ। ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਮੁਫ਼ਤ ਬਿਜਲੀ ਸਹੂਲਤਾਂ ਅਤੇ ਸਬਸਿਡੀਆਂ ਨੇ ਸੂਬੇ ਦੀ ਵਿੱਤੀ ਹਾਲਤ ਨੂੰ ਬਹੁਤ ਹੀ ਕਮਜ਼ੋਰ ਬਣਾ ਦਿੱਤਾ ਹੈ। ਸਿਆਸੀ ਪਾਰਟੀਆਂ ਸੱਤਾ ਹਾਸਿਲ ਕਰਨ ਦੇ ਲਾਲਚ 'ਚ ਵੱਖ-ਵੱਖ ਵਰਗਾਂ ਨੂੰ ਮੁਫ਼ਤ ਬਿਜਲੀ ਅਤੇ ਸਬਸਿਡੀਆਂ ਦੀਆਂ ਸਹੂਲਤਾਂ ਦਿੰਦੀਆਂ ਆ ਰਹੀਆਂ ਹਨ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਮੁਫ਼ਤ ਬਿਜਲੀ ਵੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨੀਵਾਂ ਕਰਨ ਲਈ ਜ਼ਿੰਮੇਵਾਰ ਹੈ। ਸਾਡੇ ਸੂਬੇ 'ਚ ਸਮੇਂ-ਸਮੇਂ ਦੀਆਂ ਸਰਕਾਰਾਂ, ਨੇਤਾਵਾਂ ਅਤੇ ਪਾਰਟੀਆਂ ਨੇ ਸੱਤਾ ਹਾਸਿਲ ਕਰਨ ਦੇ ਮਨਸ਼ਿਆਂ ਕਾਰਨ ਸੂਬੇ ਦੇ ਹਿਤਾਂ ਨੂੰ ਦਰਕਿਨਾਰ ਕਰਕੇ ਰੱਖਿਆ ਹੈ ਜੋ ਹੁਣ ਵੀ ਲਗਾਤਾਰ ਜਾਰੀ ਹੈ। ਜਿਸ ਕਾਰਨ ਸੂਬਾ ਬੇਰੁਜ਼ਗਾਰੀ, ਨੌਜਵਾਨੀ ਦਾ ਵਿਦੇਸ਼ਾਂ 'ਚ ਪ੍ਰਵਾਸ ਕਰਨਾ, ਨੌਜਵਾਨਾਂ 'ਚ ਨਸ਼ਿਆਂ ਦਾ ਵਧਣਾ, ਖੇਤੀ ਸੰਕਟ, ਕਰਜ਼ੇ ਦੀ ਮਾਰ ਦੀ ਦਲਦਲ 'ਚ ਧਸਦਾ ਜਾ ਰਿਹਾ ਹੈ। ਪੰਜਾਬ ਸੂਬੇ ਨੂੰ ਹੋਰ ਕਰਜ਼ੇ ਦੀ ਮਾਰ ਤੋਂ ਬਚਾਉਣ ਲਈ ਮੁਫ਼ਤ ਬਿਜਲੀ ਸਹੂਲਤਾਂ ਅਤੇ ਸਬਸਿਡੀਆਂ ਨੂੰ ਮਾਹਿਰਾਂ ਦੀ ਸਲਾਹ ਨਾਲ ਤੁਰੰਤ ਬੰਦ ਕਰਨ ਜਾਂ ਤਰਕਸੰਗਤ ਬਣਾਉਣਾ ਚਾਹੀਦਾ ਹੈ। ਜੇਕਰ ਹੁਣ ਵੀ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਸੰਬੰਧੀ ਸਰਕਾਰ ਅਤੇ ਮਾਹਿਰਾਂ ਨੇ ਕੋਈ ਫ਼ੈਸਲਾ ਨਾ ਲਿਆ ਤਾਂ ਭਵਿੱਖ 'ਚ ਪੰਜਾਬ ਕੋਲ ਸਿਰਫ਼ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ।
-ਇੰਜੀ : ਲਖਵਿੰਦਰ ਪਾਲ ਗਰਗ।
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਪਹਾੜਾਂ 'ਤੇ ਜਾਣ ਤੋਂ ਗੁਰੇਜ਼ ਕਰੋ
ਇਨ੍ਹਾਂ ਦਿਨਾਂ ਵਿਚ ਜਦੋਂ ਪੰਜਾਬ 'ਚ ਜ਼ੋਰਦਾਰ ਗਰਮੀ ਪੈ ਰਹੀ ਹੈ। ਹਰ ਕੋਈ ਠੰਢੀ ਜਗ੍ਹਾ ਜਾਣਾ ਚਾਹੁੰਦਾ ਹੈ। ਹਰ ਇਕ ਦਾ ਵਿਚਾਰ ਹੁੰਦਾ ਹੈ ਪਹਾੜੀ ਇਲਾਕੇ ਵਿਚ ਪਹਾੜਾਂ ਦੀਆਂ ਸੁੰਦਰ ਵਾਦੀਆਂ 'ਚ ਠੰਢੀਆਂ ਹਵਾਵਾਂ ਵਿਚ ਰੰਗ ਮਾਣੀਏ, ਜੋ ਡਲਹੌਜ਼ੀ, ਮਨਾਲੀ ਤੇ ਸ਼ਿਮਲਾ ਜਾਣਾ ਚਾਹੁੰਦਾ ਹੈ। ਬੀਬੀਆਂ ਦਾ ਕਿਰਾਇਆ ਮੁਆਫ਼ ਹੋਣ ਕਾਰਨ ਬੀਬੀਆਂ ਵੀ ਵਾਦੀਆਂ ਦਾ ਲੁਤਫ਼ ਉਠਾਉਣਾ ਚਾਹੁੰਦੀਆਂ ਹਨ। ਹੁਣ ਜਦੋਂ ਮੀਹਾਂ ਦਾ ਮੌਸਮ ਹੈ। ਮੌਸਮ ਖਰਾਬ ਕਾਰਨ ਰਸਤੇ ਬਲਾਕ ਹੋ ਜਾਂਦੇ ਹਨ। ਪਹਾੜਾਂ ਵਿਚੋਂ ਢਿਗਾ ਡਿਗਣ ਕਾਰਨ ਹਾਦਸੇ ਹੋ ਸਕਦੇ ਹਨ। ਇਸ ਕਰਕੇ ਇਨ੍ਹਾਂ ਦਿਨਾਂ ਵਿਚ ਪਹਾੜਾਂ 'ਚ ਜਾਣ ਤੋਂ ਗੁਰੇਜ਼ ਕਰੋ। ਜੇਕਰ ਕਿਸੇ ਦਾ ਪ੍ਰੋਗਰਾਮ ਬਣਿਆ ਹੈ ਤਾਂ ਰੱਦ ਕਰ ਦਿੱਤਾ ਜਾਵੇ, ਕਿਉਂਕਿ ਪਹਾੜਾਂ ਵਿਚ ਢਿਗਾਂ ਡਿਗਣ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦਾ ਅਕਸਰ ਸ਼ੰਕਾ ਬਣਿਆ ਰਹਿੰਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਬੂਟਿਆਂ ਦੇ ਲੰਗਰ
ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਰੁੱਖਾਂ ਦੀ ਹੋਈ ਅੰਨ੍ਹੇਵਾਹ ਕਟਾਈ ਕਾਰਨ ਅੱਜ ਅਤਿ ਦਰਜੇ ਦੀ ਗਰਮੀ ਪੈ ਰਹੀ ਹੈ। ਦਿਨ-ਬ-ਦਿਨ ਇਸ ਵਧ ਰਹੀ ਤਪਸ਼ ਪ੍ਰਤੀ ਫ਼ਿਕਰਮੰਦ ਹੋਏ ਬਹੁਤ ਸਾਰੀਆਂ ਪੰਚਾਇਤਾਂ, ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਬੂਟਿਆਂ ਦੇ ਲੰਗਰ ਲਗਾਏ ਜਾ ਰਹੇ ਹਨ। ਇਸ ਨਵੀਂ ਪਈ ਪਿਰਤ ਅਧੀਨ ਮੇਰੇ ਗੁਆਂਢੀ ਪਿੰਡ ਜੈਤੂ ਖੋਸਾ ਦੇ ਅਜਮੇਰ ਸਿੰਘ ਸੈਕਟਰੀ ਵਲੋਂ ਆਪਣੀ ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਮੌਕੇ ਬੂਟਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਨਵੀਂ ਪਈ ਪਿਰਤ ਦੀ ਹਰੇਕ ਵਿਅਕਤੀ ਵਲੋਂ ਖ਼ੂਬ ਸ਼ਲਾਘਾ ਕੀਤੀ ਗਈ। ਸੋ, ਆਓ ਅਸੀਂ ਸਭ ਅਜਿਹੇ ਉਪਰਾਲੇ ਕਰ ਕੇ ਪੰਜਾਬ ਨੂੰ ਮੁੜ ਹਰਾ-ਭਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।
-ਰਾਜਾ ਗਿੱਲ (ਚੜਿੱਕ)
ਵਧੀਆ ਲੇਖ
ਮੰਗਲਵਾਰ, 9 ਜੁਲਾਈ ਨੂੰ 'ਅਜੀਤ' ਵਿਚ ਲੇਖਕ ਭਗਵਾਨ ਦਾਸ ਹੁਰਾਂ ਦਾ ਲੇਖ 'ਹੁਣ ਢੁੱਕਵਾਂ ਸਮਾਂ ਹੈ ਰੁੱਖ ਲਗਾਉਣ ਦਾ' ਪੜ੍ਹਿਆ, ਬਹੁਤ ਵਧੀਆ ਲੱਗਾ। ਲੇਖਕ ਨੇ ਦੱਸਿਆ ਕਿ ਇਸ ਜੁਲਾਈ ਦੇ ਮਹੀਨੇ ਰੁੱਖ ਲਗਾਉਣ ਦਾ ਸਹੀ ਸਮਾਂ ਹੈ। ਇਸ ਤੋਂ ਪਹਿਲਾਂ ਮਈ-ਜੂਨ ਵਿਚ ਲਗਾਏ ਬੂਟੇ ਅੱਤ ਦੀ ਗਰਮੀ ਦੁਆਰਾ ਵਾਸ਼ਪੀਕਰਨ ਰਾਹੀਂ ਸੋਕ ਲਏ ਜਾਣ ਕਾਰਨ ਸੁੱਕ ਜਾਂਦੇ ਹਨ। ਜੁਲਾਈ ਵਿਚ 15-20 ਤਾਰੀਕ ਤੱਕ ਇਹ ਕੰਮ ਕਰ ਲੈਣਾ ਚਾਹੀਦਾ ਹੈ। ਇਸ ਦੇ ਲਈ ਚੰਗੀ ਖਾਦ ਤਿਆਰ ਕਰ ਕੇ ਰੁੱਖ ਲਗਾ ਦੇਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ 'ਤੇ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਪਾਲਣ ਪੋਸ਼ਣ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਕਸਰ ਹੀ ਬੂਟੇ ਲਗਾਉਣ ਦੀਆਂ ਤਸਵੀਰਾਂ ਖਿੱਚ ਕੇ ਖ਼ਬਰਾਂ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਾਰ ਨਾ ਲੈਣ ਕਾਰਨ ਪੰਜਾਬ ਵਿਚ ਹਰ ਸਾਲ ਲੱਖਾਂ ਰੁੱਖ ਲਗਾਉਣ ਤੋਂ ਬਾਅਦ ਮਰ ਜਾਂਦੇ ਹਨ। ਇਸ ਲਈ ਸਾਰੀਆਂ ਥਾਵਾਂ 'ਤੇ ਲਗਾਏ ਜਾਣ ਵਾਲੇ ਰੁੱਖਾਂ ਦੀ ਸਾਂਭ ਸੰਭਾਲ ਲਈ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਲਗਾਈ ਜਾਣੀ ਜ਼ਰੂਰੀ ਹੈ।
-ਸੁਖਦੀਪ ਸਿੰਘ ਗਿੱਲ,
ਮਾਨਸਾ।
ਬਸ ਇਕ ਬੂਟਾ
ਅੱਜ ਵਧਦੀ ਗਰਮੀ ਨੇ ਜੋ ਲੋਕਾਂ ਦੇ ਵੱਟ ਕਢਵਾਏ ਹੋਏ ਹਨ। ਅਸੀਂ ਗਰਮੀ ਦਾ ਰੋਣਾ ਰੋਂਦਿਆਂ ਹੋਇਆਂ ਇਸ ਦਾ ਹੱਲ ਵੀ ਇਕ-ਦੂਜੇ ਨੂੰ ਦੱਸਦੇ ਹਾਂ ਪਰ ਇਹ ਗੱਲਾਂ ਵਿਚੋਂ ਸਿਰਫ਼ ਗੱਲ ਹੀ ਰਹਿ ਜਾਂਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਧਦੀ ਗਰਮੀ ਦਾ ਹੱਲ ਕੀ ਹੈ। ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਤਾਂ ਜੋ ਵਾਤਾਵਰਨ ਥੋੜ੍ਹਾ ਸਾਫ਼ ਹੋ ਜਾਵੇ। ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾਂਦੀ ਹੈ। ਪਹਿਲਾਂ ਤਾਂ ਰਾਜ ਵਿਚ ਵਸਦੇ ਪ੍ਰਵਾਸੀ ਮਜ਼ਦੂਰ ਜੋ ਸੜਕਾਂ ਕੰਢੇ ਰੁੱਖ ਲੱਗੇ ਹੋਏ ਹਨ ਉਨ੍ਹਾਂ ਨੂੰ ਕੱਟ ਕੱਟ ਕੇ ਆਪਣਾ ਚੂਲ੍ਹਾ ਚੌਂਕਾ ਚਲਾਉਂਦੇ ਹਨ।
ਉਹ ਪ੍ਰਵਾਸੀ ਜੋ ਰੇਹੜੀਆਂ, ਫੜੀਆਂ ਲਗਾ ਕੇ ਹਜ਼ਾਰਾਂ ਰੁਪਏ ਰੋਜ਼ਾਨਾ ਵੀ ਕਮਾਉਂਦੇ ਹਨ ਪਰ ਉਹ ਗਰੀਬੀ ਦਾ ਬਹਾਨਾ ਬਣਾ ਕੇ ਸਿਲੰਡਰ ਲੈਣ ਤੋਂ ਵਰਜਦੇ ਹਨ ਅਤੇ ਸੜਕਾਂ ਕੰਢੇ ਲੱਗੇ ਰੁੱਖਾਂ ਦੀ ਕਾਂਟ-ਝਾਂਟ ਕਰਦੇ ਰਹਿੰਦੇ ਹਨ। ਦੂਜਾ ਕਿਸਾਨਾਂ ਵਲੋਂ ਵੀ ਲਗਾਈ ਜਾਂਦੀ ਅੱਗ ਨੇ ਸੜਕਾਂ ਦੇ ਕੰਢਿਆਂ ਤੋਂ ਕਈ ਰੁਖ ਸਾੜ ਸੁੱਟੇ ਹਨ। ਬਾਕੀ ਬਚਿਆ ਖੁਚਿਆ ਕੰਮ ਖੇਤਾਂ ਵਿਚ ਰੁੱਖਾਂ ਦੀ ਕਟਾਈ ਕਰਕੇ ਲੱਕੜੀ ਵੇਚਣ ਵਾਲੇ ਕਰ ਜਾਂਦੇ ਹਨ। ਹੁਣ ਜਦੋਂ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਅਸੀਂ ਸਾਰੇ ਗਰਮੀ ਦੀ ਦੁਹਾਈ ਦੇਣ ਲੱਗ ਪੈਂਦੇ ਹਨ। ਇਕ ਦੂਜੇ ਨੂੰ ਲਗਭਗ ਹਰ ਰੋਜ਼ ਆਖਦੇ ਹਾਂ ਅੱਜ ਗਰਮੀ ਬਹੁਤ ਹੈ। ਹੱਲ ਵੀ ਸਾਨੂੰ ਪਤਾ ਹੈ ਪਰ ਸਾਡੀ ਸੁਸਤੀ ਸਾਨੂੰ ਇਹ ਹੱਲ ਕਰਨ ਤੋਂ ਵਰਜਦੀ ਰਹਿੰਦੀ ਹੈ।
ਸੋ, ਅੱਜ ਲੋੜ ਹੈ ਦਿਲ ਨਾਲ ਇਕ ਬੂਟਾ ਲਗਾਉਣ ਦੀ ਜਿਸ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਲਈ ਜਾਵੇ। ਉਹ ਚਾਹੇ ਘਰ ਵਿਚ ਲਗਾਵੋ, ਸੜਕ ਕੰਢੇ ਲਗਾਵੋ, ਖੇਤਾਂ ਵਿਚ ਲਗਾਵੋ ਜਾਂ ਜਿਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਉਥੇ ਲਗਾ ਦੇਵੋ। ਬਸ ਕਰਨਾ ਇਹ ਹੈ ਕਿ ਉਸ ਬੂਟੇ ਨੂੰ ਥੋੜ੍ਹੇ ਦਿਨ ਪਾਣੀ ਜ਼ਰੂਰ ਦੇਣਾ ਹੈ ਅਤੇ ਉਸ ਦੇ ਆਲੇ-ਦੁਆਲੇ ਇਕ ਛੋਟਾ ਜਿਹਾ ਜੰਗਲਾ ਲਗਾਉਣਾ ਹੈ ਤਾਂ ਕਿ ਸੜਕਾਂ 'ਤੇ ਘੁੰਮ ਰਹੇ ਮਵੇਸ਼ੀ ਉਸ ਨੂੰ ਖਾ ਨਾ ਲੈਣ। ਜੇਕਰ ਅਸੀਂ ਸਾਰੇ ਇਹ ਉਪਰਾਲਾ ਕਰ ਲਈਏ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਾਇਦ ਸਾਨੂੰ ਹੋਰ ਵਧ ਗਰਮੀ ਦਾ ਸੰਤਾਪ ਨਾ ਭੋਗਣਾ ਪਵੇ।
-ਅਸ਼ੀਸ਼ ਸ਼ਰਮਾ
ਜਲ-ਸੰਕਟ
16 ਜੂਨ, ਐਤਵਾਰ 'ਵਿਜੇ ਬੰਬੇਲੀ' ਦਾ ਲੇਖ 'ਭਿਆਨਕ ਜਲ ਸੰਕਟ ਵਲ ਵਧ ਰਹੇ ਹਾਂ ਅਸੀਂ।' ਪਾਣੀ ਦੇ ਮੁੱਦੇ 'ਤੇ ਡੂੰਘੀ ਝਾਤ ਪਾ ਗਿਆ। ਮੰਨਿਆ ਕਿ ਖੇਤੀ ਸਾਡੀ ਸਾਹ-ਰਗ ਹੈ, ਪਰ ਜੇ ਪਾਣੀ ਹੀ ਨਾ ਬਚਿਆ ਤਾਂ ਸਾਡੀ ਸਾਹ ਰਗ ਕੱਟੀ ਹੀ ਜਾਵੇਗੀ। ਬਹੁਤ ਸਾਰੇ ਬੁੱਧੀਜੀਵੀਆਂ, ਭੂ-ਵਿਗਿਆਨੀਆਂ ਅਤੇ ਹੋਰ ਕਈ ਕੁਦਰਤ ਪ੍ਰਤੀ ਫਿਕਰ ਰੱਖਣ ਵਾਲਿਆਂ ਵਲੋਂ ਰੌਲਾ ਪਾਇਆ ਜਾ ਰਿਹਾ ਹੈ, ਪਰ ਸਾਡੇ ਲੋਕ ਦੂਜੇ ਦੇ ਲੱਗੀ ਨੂੰ ਬਸੰਤਰ ਸਮਝਦੇ ਨੇ। ਸਾਥੋਂ ਹਾਲੇ ਤਕ ਝੋਨੇ ਦਾ ਬਦਲ ਨਹੀਂ ਲੱਭਿਆ ਗਿਆ। 'ਤੂੜੀ' ਦਾ ਬਦਲ ਜ਼ਰੂਰ ਲੱਭ ਲਿਆ। ਆਏ ਸਾਲ ਗਰਮੀ 'ਚ ਪਾਣੀ ਦਾ ਸੰਕਟ ਦਾ ਰੌਲਾ ਪੈਂਦਾ ਹੈ, ਥੋੜ੍ਹੇ ਸਮੇਂ ਬਾਅਦ ਸਭ ਸ਼ਾਂਤ ਹੋ ਜਾਂਦਾ ਹੈ। ਪੰਜਾਬ 'ਚ ਸਰਕਾਰ ਲੋਕਾਂ ਨੂੰ ਨਹੀਂ ਚਲਾਉਂਦੀ, ਲੋਕ ਸਰਕਾਰ ਚਲਾਉਂਦੇ ਨੇ। ਪਾਣੀ ਪ੍ਰਤੀ ਜ਼ਿੰਮੇਵਾਰ ਬਣਨਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ। ਕਿਸਾਨਾਂ ਨੂੰ ਵਾਹੀਯੋਗ ਜ਼ਮੀਨ ਵਿਚ ਰੁੱਖਾਂ ਦਾ ਲਾਉਣਾ ਜ਼ਰੂਰੀ ਹੈ। ਲਾਲਚੀ ਬਿਰਤੀ ਤਿਆਗਣੀ ਹੋਵੇਗੀ, ਜੇਕਰ ਅਸੀਂ ਜਿਊਂਦੇ ਰਹਿਣਾ ਚਾਹੁੰਦੇ ਹਾਂ, ਨਹੀਂ ਤਾਂ ਪੰਜਾਬ ਨੂੰ ਮਾਰੂਥਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਆਓ! ਫਿਰ ਲੇਖ ਅਨੁਸਾਰ ਪਾਣੀ ਬਚਾਉਣ ਤੇ ਸਾਂਭਣ ਲਈ ਫਿਕਰਮੰਦ ਹੋਈਏ ਤਾਂ ਆਉਂਦੀਆਂ ਨਸਲਾਂ ਦੇ ਪਾਣੀ ਖੁਣੋਂ ਸੰਘ ਨਾ ਸੁੱਕਣ। ਕੀ ਤੁਸੀਂ ਇਸ ਨਾਲ ਸਹਿਮਤ ਹੋ?
-ਜਸਬੀਰ ਦੱਧਾਹੂਰ
ਪਿੰਡ ਤੇ ਡਾ. ਦੱਧਾਹੂਰ, ਰਾਏਕੋਟ (ਲੁਧਿਆਣਾ)
ਬੰਦ ਹੋਵੇ ਮੁਫ਼ਤ ਬੱਸ ਸੇਵਾ
ਭਾਵੇਂ ਪੰਜਾਬ ਸਰਕਾਰ ਸੂਬੇ ਵਿਚ ਵਿੱਤੀ ਹਾਲਾਤ ਠੀਕ ਹੋਣ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਦੱਸਦੀ ਹੈ ਕਿ ਪੰਜਾਬ ਇਕ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਬਸਿਡੀਆਂ ਇਸ ਸੰਕਟ ਨੂੰ ਹੋਰ ਵਧਾ ਰਹੀਆਂ ਹਨ। ਪੰਜਾਬ ਵਿਚ ਔਰਤਾਂ ਨੂੰ ਮੁਫ਼ਤ ਬਸ ਸਫ਼ਰ ਕਾਰਨ ਪੰਜਾਬ ਰੋਡਵੇਜ਼ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ, ਜੋ ਕਿ ਇਕ ਮਹੀਨੇ ਵਿਚ 25-30 ਕਰੋੜ ਤਕ ਦਾ ਹੈ। ਬੱਸਾਂ ਵਿਚ ਵੱਧ ਭੀੜ ਕਾਰਨ ਅਕਸਰ ਲੜਾਈਆਂ ਤੇ ਦੁਰਘਟਨਾਵਾਂ ਹੋ ਜਾਂਦੀਆਂ ਹਨ। ਸਰਕਾਰ ਦੀ ਇਸ ਸਕੀਮ ਤੋਂ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉਥੇ ਬੱਸਾਂ ਦੇ ਡਰਾਈਵਰ, ਕੰਡਕਟਰ ਵੀ ਪ੍ਰੇਸ਼ਾਨ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਵਿਚ ਅਨੇਕਾਂ ਅਮੀਰ ਤੇ ਨੌਕਰੀ ਪੇਸ਼ਾ ਵੀ ਹੁੰਦੀਆਂ ਹਨ, ਜਦੋਂ ਕਿ ਇਹ ਸਹੂਲਤ ਸਿਰਫ਼ ਲੋੜਵੰਦਾਂ ਤੇ ਗਰੀਬ ਔਰਤਾਂ ਲਈ ਹੀ ਹੋਣੀ ਚਾਹੀਦੀ ਹੈ। ਪਰ ਇਸ ਹਾਲਤ ਵਿਚ ਵੀ ਲੋਕ ਇਸ ਸਹੂਲਤ ਦਾ ਗ਼ਲਤ ਫਾਇਦਾ ਚੁੱਕ ਜਾਂਦੇ ਹਨ। ਸਰਕਾਰਾਂ ਵੋਟ ਬੈਂਕ ਖ਼ਾਤਰ ਅਜਿਹੀਆਂ ਲੋਕ ਲੁਭਾਉਣੀਆਂ ਸਕੀਮਾਂ ਲੈ ਕੇ ਆਉਂਦੀਆਂ ਹਨ। ਜੇਕਰ ਕਿਸੇ ਸਟੇਟ ਨੇ ਤਰੱਕੀ ਕਰਨੀ ਹੈ ਤਾਂ ਅਜਿਹੀਆਂ ਮੁਫ਼ਤ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ।
-ਚਰਨਜੀਤ ਸਿੰਘ, ਮੁਕਤਸਰ ਸਾਹਿਬ।
ਸਰਕਾਰ ਨੂੰ ਅਪੀਲ
ਮਾਨਸਾ ਤੇ ਬਠਿੰਡਾ ਜ਼ਿਲੇ ਦੇ ਕਈ ਸ਼ਹਿਰਾਂ ਦੇ ਸੀਵਰੇਜ ਸਿਸਟਮ ਦੇ ਫੇਲ੍ਹ ਹੋਣ ਦੀਆਂ ਖ਼ਬਰਾਂ ਅਖਬਾਰਾਂ ਵਿਚ ਆਈਆਂ ਹਨ। ਇਹ ਖਬਰਾਂ ਬਹੁਤ ਮਾੜੀਆਂ ਹਨ। ਕਿਉਂਕਿ ਸਾਨੂੰ ਪਤਾ ਹੈ ਕਿ ਸੀਵਰੇਜ ਦਾ ਪਾਣੀ ਜਦ ਗਲੀਆਂ-ਨਾਲੀਆਂ ਵਿਚ ਖੜ੍ਹ ਜਾਂਦਾ ਹੈ ਤਾਂ ਲੰਘਣ ਵਾਲਿਆਂ ਨੂੰ ਕਿੰਨੀ ਮੁਸ਼ਕਿਲ ਪੇਸ਼ ਆਉਂਦੀ ਹੈ। ਗੰਦਾ ਪਾਣੀ ਖੜ੍ਹੇ ਰਹਿਣ ਕਾਰਨ ਸੜਾਂਦ ਮਾਰਦਾ ਹੈ। ਇਹ ਬਹੁਤ ਦੁਰਘਟਨਾਵਾਂ ਨੂੰ ਸੱਦਾ ਦਿੰਦਾ ਹੈ। ਮਾਨਸਾ ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਦੀਆਂ ਕਈ-ਕਈ ਗਲੀਆਂ ਦੇ ਸੀਵਰੇਜ ਓਵਰ ਫਲੋਅ ਹੋ ਰਹੇ ਹਨ। ਸਾਰਾ ਦਿਨ ਗੰਦਾ ਪਾਣੀ ਸੜਕਾਂ 'ਤੇ ਭਰਦਾ ਰਹਿੰਦਾ ਹੈ। ਆਮ ਲੋਕਾਂ ਨੂੰ ਇਸ ਸੰਤਾਪ ਤੋਂ ਨਿਜਾਤ ਦਿਵਾਉਣ ਲਈ ਸਰਕਾਰ ਨੂੰ ਅਪੀਲ ਹੈ ਕਿ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ ਸੀਵਰੇਜ ਸਿਸਟਮ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ।
-ਸੁਖਦੀਪ ਸਿੰਘ ਗਿੱਲ,
ਮਾਨਸਾ।
ਤਨਖਾਹਾਂ ਵਿਚ ਦੇਰੀ ਕਿਉਂ?
ਪੰਜਾਬ ਸਰਕਾਰ ਦੁਆਰਾ ਤਨਖਾਹ ਕਮਿਸ਼ਨ ਦੇ ਬਕਾਏ ਅਤੇ ਭੱਤਿਆਂ ਦੀ ਕਟੌਤੀ ਤੋਂ ਬਾਅਦ ਸਮੇਂ ਸਿਰ ਤਨਖਾਹਾਂ ਜਾਰੀ ਨਾ ਕਰਨਾ ਬਹੁਤ ਮੰਦਭਾਗਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮਹੀਨਾ ਮੁੱਕਣ ਸਾਰ ਖਜ਼ਾਨਾ ਦਫਤਰਾਂ ਤੇ ਤਨਖਾਹਾਂ ਨਾ ਜਾਰੀ ਕਰਨ ਬਾਰੇ ਜ਼ੁਬਾਨੀ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਇਕ ਤਾਰੀਖ ਨੂੰ ਆਉਣ ਵਾਲੀ ਤਨਖਾਹ ਚਾਰ-ਪੰਜ ਤਾਰੀਕ ਤੱਕ ਜਾਰੀ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਖਜ਼ਾਨਾ ਭਰਿਆ ਹੈ, ਪੰਜਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਸੰਕਟ ਨਹੀਂ ਤਾਂ ਫਿਰ ਅਜਿਹਾ ਮੁਲਾਜ਼ਮ ਵਿਰੋਧੀ ਵਤੀਰਾ ਕਿਉਂ?
ਸਰਕਾਰ ਦੇ ਇਸ ਗ਼ਲਤ ਵਤੀਰੇ ਕਾਰਨ ਹਜ਼ਾਰਾਂ ਮੁਲਾਜ਼ਮਾਂ ਦੀਆਂ ਬੈਂਕਾਂ ਦੀਆਂ ਕਿਸ਼ਤਾਂ ਬਾਊਂਸ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਹਰਜਾਨਾ ਭਰਨਾ ਪੈਂਦਾ ਹੈ। ਸਰਕਾਰ ਦੁਆਰਾ ਸਕੂਲਾਂ ਵਿਚ ਭਰਤੀ ਹੋਏ ਸਫਾਈ ਸੇਵਕਾਂ ਦੀਆਂ ਤਨਖਾਹਾਂ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਨਹੀਂ ਹੋਈਆਂ।
ਜਦੋਂ ਪੰਜਾਬ ਦੇ ਮੁੱਖ ਮੰਤਰੀ ਖਜ਼ਾਨਾ ਭਰੇ ਹੋਣ ਦਾ ਦਾਅਵਾ ਕਰਦੇ ਹਨ ਤਾਂ ਫਿਰ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਬੇਲੋੜੀ ਦੇਰੀ ਕਿਉਂ ਕੀਤੀ ਜਾਂਦੀ ਹੈ।
-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸਪਸ ਝਬੇਲਵਾਲੀ।
ਪਿੰਡਾਂ ਦੀਆਂ ਬੱਸਾਂ
ਅੱਜ ਪਿੰਡਾਂ ਵਿਚ ਰੁਜ਼ਗਾਰ ਦੇ ਸਾਧਨ ਬਹੁਤ ਘਟ ਚੁੱਕੇ ਹਨ। ਕਿਉਂਕਿ ਪੜ੍ਹਿਆ ਲਿਖਿਆ ਵਰਗ ਚਾਹੇ ਉਹ +2 ਵੀ ਪਾਸ ਹੋਵੇ ਖੇਤਾਂ ਵਿਚ ਜਾਂ ਘਰਾਂ ਦੀ ਮਜ਼ਦੂਰੀ ਕਰਨ ਤੋਂ ਵਰਜਦਾ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਕੋਈ ਅਜਿਹਾ ਕੰਮ ਮਿਲ ਜਾਵੇ ਜਿਸ ਵਿਚ ਉਹ ਕਿਸੇ ਫੈਕਟਰੀ ਜਾਂ ਕਿਸੇ ਵੱਡੇ ਮਾਲ ਜਾਂ ਵੱਡੀ ਦੁਕਾਨ ਵਿਚ ਹੀ ਕੰਮ ਕਿਉਂ ਨਾ ਹੋਵੇ ਕਰ ਲਵੇ।
ਪਰ ਇਹ ਕੰਮ ਉਸ ਤੋਂ ਕਾਫ਼ੀ ਜ਼ਿਆਦਾ ਦੂਰ ਹਨ ਕਿਉਂਕਿ ਇਸ ਲਈ ਉਸ ਨੂੰ ਸ਼ਹਿਰ ਵਿਚ ਆਉਣਾ-ਜਾਣਾ ਪਵੇਗਾ ਅਤੇ ਘਰ ਤੋਂ ਛੇਤੀ ਜਾਣ ਜਾਂ ਘਰ ਦੇਰੀ ਨਾਲ ਪਹੁੰਚਣ ਲਈ ਉਸ ਨੂੰ ਕਿਸੇ ਸਾਧਨ ਦੀ ਜ਼ਰੂਰਤ ਪਵੇਗੀ। ਇਸ ਲਈ ਉਹ ਜੇਕਰ ਕੋਸ਼ਿਸ਼ ਵੀ ਕਰੇ ਤਾਂ ਉਸ ਨੂੰ ਉਸ ਸਾਧਨ ਕਰਕੇ ਇਹੋ ਜਿਹੀਆਂ ਨੌਕਰੀਆਂ ਛੱਡਣੀਆਂ ਪੈਂਦੀਆਂ ਹਨ। ਕਿਉਂਕਿ ਮਾਲਾਂ, ਵੱਡੇ ਦੁਕਾਨਦਾਰਾਂ ਜਾਂ ਫੈਕਟਰੀਆਂ ਵਿਚੋਂ ਜੋ ਤਨਖ਼ਾਹਾਂ ਮਿਲਦੀਆਂ ਹਨ ਉਸ ਲਈ ਉਹ ਜੇਕਰ ਆਪਣਾ ਸਾਧਨ ਇਸਤੇਮਾਲ ਕਰੇ ਤਾਂ ਉਸ ਦੀ ਸਾਰੀ ਤਨਖ਼ਾਹ ਇਸੇ ਕੰਮ 'ਤੇ ਖ਼ਰਚ ਹੋ ਜਾਵੇਗੀ ਪਰ ਇਹੀ ਜੇਕਰ ਸਰਕਾਰਾਂ ਇਨ੍ਹਾਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਨੂੰ ਚਲਾਉਣਾ ਯਕੀਨੀ ਕਰਦੀ ਹੈ ਤਾਂ ਯਕੀਨਨ ਪਿੰਡਾਂ ਵਿਚੋਂ ਬੇਰੁਜ਼ਗਾਰੀ 'ਤੇ ਕੁਝ ਹੱਦ ਤਕ ਰੋਕ ਲੱਗ ਸਕਦੀ ਹੈ ਅਤੇ ਫੈਕਟਰੀਆਂ, ਦੁਕਾਨਦਾਰਾਂ ਨੂੰ ਵੀ ਆਪਣੇ ਰਾਜ ਤੋਂ ਹੀ ਕੰਮ ਕਰਨ ਵਾਲੇ ਮਿਲ ਜਾਣਗੇ।
ਸਾਡੀ ਸਰਕਾਰ ਨੂੰ ਇਹ ਅਪੀਲ ਹੈ ਕਿ ਸ਼ਹਿਰਾਂ ਤੋਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਹਨਤ ਕਰਨ ਦੇ ਮੌਕੇ ਮਿਲ ਸਕਣ।
-ਅਸ਼ੀਸ਼ ਸ਼ਰਮਾ
ਜਲੰਧਰ
ਗਿਆਨ ਭਰਪੂਰ ਲੇਖ
ਬੀਤੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਡਾ. ਅਮਨਪ੍ਰੀਤ ਸਿੰਘ ਬਰਾੜ ਅਤੇ ਸੰਦੀਪ ਸਿੰਘ ਬਰਾੜ ਦਾ ਛਪਿਆ ਲੇਖ 'ਮਾਪਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਕਾਨੂੰਨ ਅਤੇ ਵਸੀਅਤ' ਪੜ੍ਹਿਆ ,ਜੋ ਕਿ ਬਹੁਤ ਹੀ ਗਿਆਨ ਭਰਪੂਰ ਹੈ। ਇਨ੍ਹਾਂ ਗੱਲਾਂ ਦਾ ਸਾਡੀ ਜ਼ਿੰਦਗੀ 'ਚ ਖ਼ਾਸ ਕਰ ਬਜ਼ੁਰਗਾਂ ਲਈ ਬਹੁਤ ਮਹੱਤਵ ਹੈ। ਇਸ ਲਈ ਅਜਿਹੀ ਜਾਣਕਾਰੀ ਸਾਨੂੰ ਅਪਣੇ ਬਜ਼ੁਰਗਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਅਗਲੇਰੀ ਜ਼ਿੰਦਗੀ ਵੀ ਪਰਿਵਾਰ ਸਮੇਤ ਖ਼ੁਸ਼ਹਾਲ ਜੀਅ ਸਕਣ ਅਤੇ ਕਿਸੇ ਵੀ ਬਜ਼ੁਰਗ ਨੂੰ ਸਭ ਕੁਝ ਹੁੰਦੇ ਹੋਏ ਵੀ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ।
-ਡਾ. ਮੁਹੰਮਦ ਇਰਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਬੱਸ ਸਟੈਂਡ ਦੀ ਬੁਰੀ ਹਾਲਤ
ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵਿਚ ਬਾਥਰੂਮਾਂ (ਪਖਾਨਿਆਂ) ਦਾ ਬਹੁਤ ਮਾੜਾ ਹਾਲ ਹੈ।
ਸਾਰੇ ਬੱਸ ਸਟੈਂਡ ਵਿਚ ਸਫਾਈ ਦਾ ਬਹੁਤ ਮਾੜਾ ਹਾਲ ਹੈ। ਪਹਿਲੀ ਗੱਲ ਤਾਂ ਏਡੇ ਵੱਡੇ ਬਸ ਸਟੈਂਡ ਵਿਚ ਸਿਰਫ਼ ਇਕ ਹੀ ਬਾਥਰੂਮ ਹੈ, ਜਿਸ ਵਿਚ ਵੀ ਮੁਸ਼ਕ ਤੇ ਗੰਦਗੀ ਦੀ ਭਰਮਾਰ ਹੈ। ਲੈਟਰੀਨ, ਫਲੱਸ਼ ਦੇ ਦਰਵਾਜ਼ੇ ਅੱਧੇ ਟੁੱਟੇ ਹੋਏ ਹਨ।
ਬਸ ਸਟੈਂਡ ਵਿਚ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਕ ਛੋਟੇ ਜਿਹੇ ਵਾਟਰ ਕੂਲਰ ਵਿਚ ਗਰਮ ਪਾਣੀ ਪੀਣ ਲਈ ਯਾਤਰੀ ਮਜਬੂਰ ਹਨ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਦਾ ਧਿਆਨ ਅਜਿਹੀਆਂ ਬੁਨਿਆਦੀ ਸਹੂਲਤਾਂ ਵੱਲ ਕਿਉਂ ਨਹੀਂ ਜਾਂਦਾ। ਸਰਕਾਰ ਵਲੋਂ ਇਸ਼ਤਿਹਾਰਾਂ ਵਿਚ ਵੱਡੇ-ਵੱਡੇ ਮਾਅਰਕੇ ਮਾਰੇ ਜਾ ਰਹੇ ਹਨ, ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
-ਚਰਨਜੀਤ ਸਿੰਘ
ਸੈਂਟਰ ਮੁੱਖ ਅਧਿਆਪਕ, ਸ.ਪ.ਸ. ਝਬੇਲਵਾਲੀ।
ਜਾਣਕਾਰੀ ਭਰਪੂਰ ਲੇਖ
ਵੀਰਵਾਰ 4 ਜੁਲਾਈ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਡਾ. ਅਮਨਪ੍ਰੀਤ ਸਿੰਘ ਬਰਾੜ ਅਤੇ ਐਡਵੋਕੇਟ ਸੰਦੀਪ ਸਿੰਘ ਬਰਾੜ ਵਲੋਂ ਲਿਖੇ ਗਏ ਲੇਖ 'ਮਾਪਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਕਾਨੂੰਨ ਅਤੇ ਵਸੀਅਤ' ਪੜ੍ਹਿਆ, ਜੋ ਕਿ ਬਹੁਤ ਹੀ ਵਧੀਆ 'ਤੇ ਜਾਣਕਾਰੀ ਭਰਪੂਰ ਸੀ। ਮੰਝਧਾਰ 'ਚ ਫਸੇ ਬਜ਼ੁਰਗਾਂ ਲਈ ਸਰਕਾਰ ਵਲੋਂ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਬਣਾਏ ਕਾਨੂੰਨ 2007 ਅਤੇ ਇਹ ਕਾਨੂੰਨ ਪੰਜਾਬ 'ਚ 2012 ਤੋਂ ਲਾਗੂ ਹੈ। ਜਿਸ ਤਹਿਤ ਔਲਾਦ ਦਾ ਫਰਜ਼ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰੇ। ਅਗਰ ਕਿਸੇ ਕੇਸ 'ਚ ਕਿਸੇ ਦੇ ਕੋਈ ਔਲਾਦ ਨਹੀਂ ਹੈ ਤਾਂ ਇਹ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉਹ ਬਜ਼ੁਰਗਾਂ ਨੂੰ ਬਿਰਧ ਆਸ਼ਰਮ 'ਚ ਰੱਖ ਕੇ ਉਨ੍ਹਾਂ ਦੀ ਦੇਖ਼ਭਾਲ ਕਰੇ। ਜੇਰ ਕੋਈ ਔਲਾਦ/ਵਾਰਸ ਬਜ਼ੁਰਗਾਂ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਬਜ਼ੁਰਗ ਆਪਣੇ ਇਲਾਕੇ ਦੇ ਐਸ.ਡੀ.ਐਮ ਕੋਲੋ ਸ਼ਿਕਾਇਤ ਕਰ ਸਕਦੇ ਹਨ, ਜਿਸ ਦਾ ਐਸ.ਡੀ.ਐਮ. ਨੇ ਨਿਪਟਾਰਾ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨਾ ਹੁੰਦਾ ਹੈ। ਕਈ ਵਾਰੀ ਵਾਰਿਸ ਆਪਣੇ ਬਜ਼ੁਰਗਾਂ ਤੋਂ ਜਾਇਦਾਦ ਆਪਣੇ ਨਾਂਅ ਕਰਵਾ ਕੇ ਬਾਅਦ 'ਚ ਬਜ਼ੁਰਗਾਂ ਪ੍ਰਤੀ ਵਤੀਰਾ ਬਦਲ ਜਾਂਦਾ ਹੈ ਤਾਂ ਬਜ਼ੁਰਗ ਆਪਣੀ ਦਿੱਤੀ ਹੋਈ ਜਾਇਦਾਦ ਇਸ ਕਾਨੂੰਨ ਰਾਹੀਂ ਵਾਪਸ ਵੀ ਲੈ ਸਕਦੇ ਹਨ। ਵਸੀਅਤ ਸਾਦੇ ਕਾਗਜ਼ 'ਤੇ ਲਿਖੀ ਜਾਂਦੀ ਹੈ ਅਤੇ ਇਹ ਰਜਿਸਟਰਡ ਅਤੇ ਅਨਰਜਿਸਟਰਡ ਦੋ ਤਰ੍ਹਾਂ ਦੀ ਹੁੰਦੀ ਹੈ।
-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਆਓ, ਆਪਣਾ ਫਰਜ਼ ਨਿਭਾਈਏ
ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੀਏ। ਸਾਡੇ ਘਰਾਂ ਦਾ ਜਿੰਨਾ ਵੀ ਕੂੜਾ ਕਰਕਟ ਇਕੱਠਾ ਹੁੰਦਾ ਹੈ। ਉਸ ਨੂੰ ਇਕ ਜਗ੍ਹਾ 'ਤੇ ਇਕੱਠਾ ਕਰਕੇ ਕੂੜਾ ਚੁੱਕਣ ਵਾਲੇ ਸਫਾਈ ਸੇਵਕਾਂ ਨੂੰ ਚੁਕਾ ਦੇਈਏ। ਕੁਝ ਲੋਕ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਆਪਣੇ ਘਰਾਂ ਦੇ ਨਾਲ ਲਗਦੇ ਖਾਲੀ ਪਲਾਟਾਂ ਵਿਚ ਜਾਂ ਜਨਤਕ ਥਾਵਾਂ 'ਤੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਇਹ ਲੋਕ ਆਪਣੇ ਘਰ ਤੋਂ ਇਲਾਵਾ ਹੋਰ ਨਾਲ ਲਗਦੇ ਦੂਜੇ ਘਰਾਂ ਨੂੰ ਵੀ ਬਿਮਾਰੀਆਂ ਵੰਡਦੇ ਹਨ ਕਿਉਂਕਿ ਖਾਲੀ ਪਏ ਪਲਾਟਾਂ ਵਿਚ ਕੂੜੇ ਵਿਚੋਂ ਕੁਝ ਦੇਰ ਬਾਅਦ ਬਦਬੂ ਲੱਗ ਜਾਂਦੀ ਹੈ। ਇਸ ਕੂੜੇ ਵਿਚ ਬਹੁਤ ਸਾਰੇ ਮੱਖੀਆਂ ਮੱਛਰ ਅਤੇ ਹੋਰ ਕਈ ਪ੍ਰਕਾਰ ਦੇ ਜ਼ਹਿਰੀਲੇ ਜੀਵ-ਜੰਤੂ ਪੈਦਾ ਹੁੰਦੇ ਹਨ। ਜਿਨ੍ਹਾਂ ਦੇ ਕੱਟਣ ਨਾਲ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਡੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੋ। ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲੇ ਲੋਕਾਂ ਅਤੇ ਜੋ ਵੀ ਲੋਕ ਆਪਣੇ ਘਰਾਂ ਦੇ ਨੇੜੇ ਖਾਲੀ ਪਲਾਟਾਂ ਵਿਚ ਕੂੜਾ ਸੁੱਟਦੇ ਹਨ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਆਓ, ਆਪਾਂ ਸਾਰੇ ਰਲ ਕੇ ਆਪਣਾ ਫਰਜ਼ ਨਿਭਾਈਏ, ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਈਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਨਵੇਂ ਅਪਰਾਧਕ ਕਾਨੂੰਨ
1 ਜੁਲਾਈ ਤੋਂ ਦੇਸ਼ ਭਰ ਵਿਚ ਨਵੇਂ ਅਪਰਾਧਕ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ। ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਹੋਰ ਤਰੀਕ 'ਤੇ ਤਰੀਕ ਨਹੀਂ ਪਵੇਗੀ ਅਤੇ ਨਾ ਹੀ ਹੁਣ ਅਦਾਲਤਾਂ ਦੇ ਚੱਕਰ ਮਾਰ-ਮਾਰ ਕੇ ਉਮਰਾਂ ਗਾਲਣੀਆਂ ਪੈਣਗੀਆਂ ਕਿਉਂਕਿ ਹੁਣ ਸਮੇਂ ਦੀ ਮੰਗ ਮੁਤਾਬਿਕ ਅਤੇ ਅਪਰਾਧਾਂ ਦੇ ਬਦਲਦੇ ਰੂਪ ਨੂੰ ਦੇਖਦਿਆਂ ਸਦੀਆਂ ਤੋਂ ਆਜ਼ਾਦੀ ਤੋਂ ਪਹਿਲਾਂ ਵਾਲੇ ਅੰਗਰੇਜ਼ਾਂ ਦੁਆਰਾ ਬਣਾਏ ਗਏ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਆਈ.ਪੀ.ਸੀ., ਸੀ.ਆਰ.ਪੀ.ਸੀ. 'ਤੇ ਭਾਰਤੀ ਸਬੂਤ ਐਕਟ ਦੀ ਥਾਂ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਂ ਸਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 'ਤੇ ਭਾਰਤੀ ਸਾਕਸ਼ਯ ਐਕਟ ਲਾਗੂ ਹੋਣਗੇ। ਹੁਣ ਸਮੇਂ ਦੀ ਬਰਬਾਦੀ ਨੂੰ ਰੋਕਦਿਆਂ ਹੋਇਆ ਐੱਫ.ਆਈ.ਆਰ. ਦਰਜ ਕਰਨ ਤੋਂ ਲੈ ਕੇ ਫ਼ੈਸਲਾ ਸੁਣਾਉਣ ਤੱਕ ਦਾ ਸਮਾਂ ਹੱਦ ਤੈਅ ਕੀਤਾ ਗਿਆ ਹੈ। ਪਹਿਲਾਂ ਮੁਕੱਦਮੇ ਪੀੜ੍ਹੀ ਦਰ ਪੀੜ੍ਹੀ ਲਟਕਦੇ ਰਹਿੰਦੇ ਸੀ ਪਰ ਹੁਣ ਨਵੇਂ ਅਪਰਾਧਕ ਕਾਨੂੰਨਾਂ ਦੇ ਮੁਤਾਬਕ ਤਾਰੀਖ਼ਾਂ 'ਤੇ ਤਾਰੀਖਾਂ ਨਹੀਂ ਮਿਲਣਗੀਆਂ।
ਨਵੇਂ ਅਪਰਾਧਕ ਕਾਨੂੰਨ ਮੁਤਾਬਿਕ ਐਫ.ਆਈ.ਆਰ., ਕੇਸ ਡਾਇਰੀ, ਚਾਰਜਸ਼ੀਟ, ਜੱਜਮੈਂਟ ਸਾਰੇ ਡਿਜੀਟਲ ਕੀਤੇ ਜਾਣਗੇ। ਪਹਿਲਾਂ ਪੀੜਤ ਦੀ ਸਾਰੀ ਉਮਰ ਸਬੂਤ ਇਕੱਤਰ ਕਰਦਿਆਂ ਅਤੇ ਬਿਆਨ ਪੇਸ਼ ਕਰਦਿਆਂ ਗੁਜ਼ਰ ਜਾਂਦੀ ਸੀ ਪਰ ਹੁਣ ਸਮੇਂ ਦੀ ਲੋੜ ਮੁਤਾਬਿਕ ਤੇਜ਼ ਗਵਾਹੀ ਲਈ ਗਵਾਹੀ ਭਰਨ ਉਪਰੰਤ ਆਡੀਓ-ਵੀਡੀਓ ਰਾਹੀਂ ਬਿਆਨ ਦਰਜ ਕੀਤੇ ਜਾਣਗੇ ਅਤੇ ਤਲਾਸ਼ੀ 'ਤੇ ਜ਼ਬਤੀ 'ਚ ਆਡੀਓ-ਵੀਡੀਓ ਰਿਕਾਰਡਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਅੱਤਵਾਦ, ਮੌਬ-ਲਿਚਿੰਗ, ਪੇਪਰ ਲੀਕ ਦਾ ਮਾਮਲਾ, ਪੌਂਜੀ ਸਕੀਮ ਕੇਸ, ਵਿਆਹ ਦਾ ਝੂਠਾ ਵਾਅਦਾ ਕਰਕੇ ਮੁੱਕਰ ਜਾਣਾ ਇਹ ਸਾਰੇ ਨਵੇਂ ਜ਼ਮਾਨੇ ਦੇ ਅਪਰਾਧ ਭਾਰਤੀ ਨਿਆਂ ਸੰਹਿਤਾ ਵਿਚ ਦਰਜ ਕੀਤੇ ਗਏ ਹਨ ਅਤੇ ਭਾਰਤੀ ਸੁਰੱਖਿਆ ਸੰਹਿਤਾ ਤਹਿਤ ਇਨ੍ਹਾਂ ਦੀ ਸਜ਼ਾ ਵੀ ਨਿਰਧਾਰਿਤ ਕੀਤੀ ਗਈ ਹੈ। ਉਮੀਦ ਹੈ ਕਿ ਨਵੇਂ ਅਪਰਾਧਕ ਕਾਨੂੰਨਾਂ ਤਹਿਤ ਤਰੁੱਟੀਆਂ ਖਤਮ ਹੋ ਸਕਣਗੀਆਂ, ਨਿਆਂਪਾਲਿਕਾ ਦਾ ਵਾਧੂ ਬੋਝ ਘਟੇਗਾ ਤੇ ਲੋਕਾਂ ਨੂੰ ਜਲਦ ਨਿਆਂ ਮਿਲੇਗਾ।
-ਸਿਰਮਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ
ਅਕਸਰ ਹੀ ਲੋਕ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਵੇਲੇ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਇਕ ਦਿਨ ਦਾ ਕੰਮ ਇਕ ਹਫ਼ਤੇ 'ਚ ਹੋਵੇਗਾ, ਇਸ ਦਾ ਮੁੱਖ ਕਾਰਨ ਹੈ ਮੁਲਾਜ਼ਮਾਂ ਦੀ ਘਾਟ, ਦੂਸਰਾ ਜੇਕਰ ਕੰਮ ਕਰਨ ਵਾਲਾ ਅਧਿਕਾਰੀ ਮੌਜੂਦ ਵੀ ਹੋਵੇ ਤਾਂ ਉਹ ਕੰਮ ਕਰਵਾਉਣ ਵਾਲਿਆਂ ਤੋਂ ਸੇਵਾ ਪਾਣੀ ਦੀ ਝਾਕ ਕਰਕੇ ਕੰਮ 'ਚ ਨੁਕਸ ਕੱਢਣੇ ਸ਼ੁਰੂ ਕਰ ਦਿੰਦਾ ਹੈ ਕਿ ਤੁਹਾਡੇ ਕਾਗਜ਼ਾਤ ਅਧੂਰੇ ਹਨ, ਜਦੋਂ ਚਾਹ-ਪਾਣੀ ਮਿਲ ਜਾਏ ਤਾਂ ਇਹ ਅਧੂਰੇ ਕਾਗਜ਼ਾਤ ਪੂਰੇ ਹੋ ਜਾਂਦੇ ਹਨ, ਇਸ ਤਰ੍ਹਾਂ ਦੇ ਅਧਿਕਾਰੀਆਂ ਨਾਲ ਇਕ ਤਾਂ ਮਹਿਕਮੇ ਦੀ ਬਦਨਾਮੀ ਹੁੰਦੀ ਹੈ, ਦੂਸਰਾ ਸਰਕਾਰ ਦੀ। ਇਸ ਲਈ ਸਰਕਾਰ ਨੂੰ ਪ੍ਰਾਈਵੇਟ ਅਦਾਰਿਆਂ ਦੀ ਤਰਜੀਹ 'ਤੇ ਕੰਮ ਕਰਨ ਦੀ ਲੋੜ ਹੈ ਕਿ ਹਰੇਕ ਕੰਮ ਕਰਵਾਉਣ ਵਾਲੇ ਵਿਅਕਤੀ ਦੀ ਐਂਟਰੀ ਕੀਤੀ ਜਾਵੇ। ਇਸ ਦਾ ਕੰਮ ਕਦੋਂ ਸ਼ੁਰੂ ਹੋਇਆ ਤੇ ਕਦੋਂ ਖ਼ਤਮ ਹੋਇਆ।
ਕਰਮਚਾਰੀਆਂ ਦੀ ਰਿਪੋਰਟ ਕੰਮ ਕਰਵਾਉਣ ਵਾਲੇ ਵਿਅਕਤੀ ਦੁਆਰਾ ਕੀਤੀ ਜਾਵੇ, ਇਸ ਰਿਪੋਰਟ ਦੇ ਆਧਾਰ 'ਤੇ ਹੀ ਸੰਬੰਧਿਤ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਤਰੱਕੀਆਂ ਵਿਚ ਵਾਧਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਉਪਰਾਲੇ ਨਾਲ ਸਰਕਾਰ ਅਤੇ ਆਮ ਜਨਤਾ ਨੂੰ ਬੇਹੱਦ ਫਾਇਦਾ ਹੋਵੇਗਾ।
ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਰਿਸ਼ਵਤਖੋਰੀ ਅਤੇ ਸਰਕਾਰੀ ਕੰਮਾਂ 'ਚ ਹੁੰਦੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ।
-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।
ਮਨੁੱਖ ਦਾ ਰੁੱਖਾਂ ਨਾਲ ਰਿਸ਼ਤਾ
ਰੁੱਖ ਅਤੇ ਮਨੁੱਖ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕੇਵਲ ਮਨੁੱਖ ਹੀ ਨਹੀਂ ਪਸ਼ੂ ਅਤੇ ਪੰਛੀ ਰੁੱਖਾਂ 'ਤੇ ਨਿਰਭਰ ਹਨ। ਰੁੱਖਾਂ ਤੋਂ ਸਾਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ। ਜਿਸ ਤੋਂ ਬਿਨਾਂ ਕੋਈ ਵੀ ਮਨੁੱਖ ਜੀਊਂਦਾ ਨਹੀਂ ਰਹਿ ਸਕਦਾ। ਮੌਜੂਦਾ ਸਮੇਂ ਏ.ਸੀ., ਕੂਲਰ, ਪੱਖੇ ਅਸੀਂ ਗਰਮੀ ਤੋਂ ਰਾਹਤ ਪਾਉਣ ਲਈ ਖ਼ਰੀਦ ਰਹੇ ਹਾਂ, ਜੋ ਸਾਡੀ ਮਜਬੂਰੀ ਹੈ ਜੋ ਕਿ ਚੱਲਣ ਸਮੇਂ ਹੀ ਸਾਨੂੰ ਗਰਮੀ ਤੋਂ ਰਾਹਤ ਦਿੰਦੇ ਹਨ। ਰੁੱਖਾਂ ਦੀਆਂ ਠੰਢੀਆਂ ਛਾਵਾਂ ਅਤੇ ਹਵਾਵਾਂ ਲੰਮੇ ਸਮੇਂ ਤਕ ਸਾਨੂੰ ਗਰਮੀ ਤੋਂ ਰਾਹਤ ਦਿੰਦੇ ਹਨ। ਜੇਕਰ ਸਦੀਆਂ ਪਹਿਲਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਉਨ੍ਹਾਂ ਸਮਿਆਂ ਵਿਚ ਰੁੱਖਾਂ ਦੀ ਗਿਣਤੀ ਵਧੇਰੇ ਹੋਣ ਕਰਕੇ ਵਾਤਾਵਰਨ ਬਹੁਤ ਸਾਫ਼ ਸੀ। ਹੁਣ ਵੀ ਮੌਜੂਦਾ ਸਮੇਂ ਜੇਕਰ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤਾਂ ਗਰਮੀ ਤੋਂ ਸਾਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ।
ਸਾਨੂੰ ਯਾਦ ਰੱਖਣਾ ਹੋਵੇਗਾ ਕਿ ਠੰਢੀਆਂ ਹਵਾਵਾਂ ਅਤੇ ਛਾਵਾਂ ਰੁੱਖਾਂ ਤੋਂ ਹੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਸ ਲਈ ਰੁੱਖਾਂ ਨੂੰ ਲਗਾਉਣ ਲਈ ਵੱਡੇ ਯਤਨ ਬਹੁਤ ਜ਼ਰੂਰੀ ਹਨ। ਸਾਨੂੰ ਸਭ ਨੂੰ ਵਧੇਰੇ ਰੁੱਖ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸਾਡਾ ਵਾਤਾਵਰਨ ਸਾਫ਼ ਰਹਿ ਸਕੇ। ਇਸ ਲਈ ਜਾਗਰੂਕਤਾ ਮੁਹਿੰਮ ਆਮ ਲੋਕਾਂ ਵਿਚ ਫੈਲਾਉਣ ਦੀ ਲੋੜ ਹੈ।
-ਬਲਰਾਮਜੀਤ ਸਿੰਘ ਵੜੈਚ
ਮ.ਨੰ. 738, ਮੁਹੱਲਾ ਧਰਮਪੁਰਾ, ਕਾਦੀਆਂ (ਗੁਰਦਾਸਪੁਰ)
ਸੂਬੇ ਦੀ ਤ੍ਰਾਸਦੀ
ਅੱਜ ਹਵਾ, ਪਾਣੀ ਦੇ ਪ੍ਰਦੂਸ਼ਣ ਤੋਂ ਬਾਅਦ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਦੀ ਚਰਚਾ ਹੋ ਰਹੀ ਹੈ। ਟਿਊਬਵੈੱਲ ਦੇ ਬੋਰਾਂ ਨੂੰ ਹੋਰ ਡੂੰਘਾ ਕਰਨਾ ਵੀ ਕੋਈ ਹੱਲ ਨਹੀਂ ਹੈ। ਅਸਲ ਵਿਚ ਸਮੇਂ ਦੀਆਂ ਸਰਕਾਰਾਂ ਦੀ ਸੋਚ ਪੰਜਾਬ ਦੇ ਅਜਿਹੇ ਅਹਿਮ ਮਸਲੇ ਪ੍ਰਤੀ ਸਹੀ ਨਹੀਂ ਰਹੀ। ਉਦਯੋਗ, ਖੇਤੀਬਾੜੀ ਤੇ ਘਰੇਲੂ ਵਰਤੋਂ ਲਈ ਪਾਣੀ ਦੀ ਘਾਟ ਹੋਰ ਤੰਗ ਕਰੇਗੀ। ਝੋਨੇ ਦੀ ਖੇਤੀ ਵੀ ਬਹੁਤ ਪਾਣੀ ਦੀ ਮੰਗ ਕਰਦੀ ਹੈ। ਖੇਤੀ ਵਿਭਿੰਨਤਾ ਦੀ ਕੋਈ ਵੀ ਪਹਿਲ ਕਰਨ ਤੋਂ ਸਰਕਾਰਾਂ ਝਿਜਕ ਰਹੀਆਂ ਹਨ। ਅੱਜ 114 ਬਲਾਕਾਂ ਦਾ ਪਾਣੀ ਬੇਹੱਦ ਡੂੰਘਾ ਹੋ ਰਿਹਾ ਹੈ ਤਾਂ ਅਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ। ਸੋਸ਼ਲ ਮੀਡੀਆ 'ਤੇ ਬਹੁਤ ਸ਼ੋਰ ਹੈ ਪਰ ਕਦੋਂ ਖੇਤੀ ਵਿਗਿਆਨੀ, ਸੂਬਾ ਸਰਕਾਰ ਤੇ ਕੇਂਦਰ ਸਰਕਾਰ ਸਿਰ ਜੋੜ ਕੇ ਬੈਠਣਗੀਆਂ ਤੇ ਪੰਜਾਬ ਨੂੰ ਮੁੜ ਉਸ ਦੌਰ ਵਿਚ ਲੈ ਕੇ ਜਾਣ ਲਈ ਉਪਰਾਲੇ ਕਰਨਗੀਆਂ ਜਦੋਂ ਸ. ਪ੍ਰਤਾਪ ਸਿੰਘ ਕੈਰੋਂ ਤੇ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਹਿਤੈਸ਼ੀਆਂ ਨੇ ਪੰਜਾਬ ਦਾ ਮੂੰਹ-ਮੱਥਾ ਸੰਵਾਰਿਆ ਸੀ। ਜੇ ਪੰਜਾਬ ਨੂੰ ਇਕ ਖੁਸ਼ਹਾਲ ਤੇ ਅਗਾਂਹਵਧੂ ਸੂਬਾ ਬਣਾਉਣਾ ਹੈ ਤਾਂ ਤੁਰੰਤ ਯਤਨ ਕਰਨੇ ਪੈਣਗੇ।
-ਰਵੀ ਕੁਮਾਰ
1817 ਗੋਬਿੰਦ ਨਗਰ, ਸੁਭਾਸ਼ ਰੋਡ,
ਛੇਹਰਟਾ (ਅੰਮ੍ਰਿਤਸਰ)
ਪਾਣੀ ਦੀ ਮਹੱਤਤਾ
ਪੰਜ ਦਰਿਆਵਾਂ ਦੇ ਰਾਖੇ ਕਹਾਉਣ ਵਾਲੇ ਪੰਜਾਬੀਆਂ ਦੀ ਪਾਣੀ ਪੱਖੋਂ ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰ ਸਰਕਾਰ ਤੇ ਲੋਕ ਇਸ ਪ੍ਰਤੀ ਗੰਭੀਰ ਨਾ ਹੋਏ ਤਾਂ ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਪੰਜ ਦਰਿਆਵਾਂ ਦੇ ਰਾਖੇ ਪੰਜਾਬੀਆਂ ਨੂੰ ਪਾਣੀ ਤੋਂ ਹੱਥ ਧੋਣੇ ਪੈ ਸਕਦੇ ਹਨ। ਸੂਬੇ ਵਿਚ 22 ਫ਼ੀਸਦੀ ਪਾਣੀ ਲੂਣੇ ਅਤੇ 54 ਫ਼ੀਸਦੀ ਪਾਣੀ ਖਾਰੇ ਹਨ। ਬਾਕੀ ਬਚੇ 24 ਫ਼ੀਸਦੀ ਪਾਣੀ ਵਿਚ ਦੋਨੋਂ ਹੀ ਬਰਾਬਰ ਦੀਆਂ ਕਿਸਮਾਂ ਪਾਈਆਂ ਜਾ ਰਹੀਆਂ ਹਨ। ਪਾਣੀ ਦੀ ਬੇਲੋੜੀ ਵਰਤੋਂ ਕਾਰਨ ਹਰ ਸਾਲ ਧਰਤੀ ਹੇਠਲਾ ਪਾਣੀ ਲਗਭਗ 50 ਤੋਂ 55 ਸੈਂਟੀਮੀਟਰ ਡੂੰਘਾ ਹੋ ਰਿਹਾ ਹੈ। ਜੋ ਆਉਣ ਵਾਲੇ ਸਮੇਂ ਵਿਚ ਗੰਭੀਰ ਰੂਪ ਧਾਰਨ ਕਰ ਸਕਦਾ ਹੈ।
ਹਜ਼ਾਰਾਂ ਸਰਵਿਸ ਸਟੇਸ਼ਨ ਹਰ ਰੋਜ਼ ਲੱਖਾਂ ਲੀਟਰ ਪਾਣੀ ਬਰਬਾਦ ਕਰ ਰਹੇ ਹਨ। ਲੁਧਿਆਣਾ ਵਰਗੇ ਸਨਅਤੀ ਸ਼ਹਿਰ ਵਿਚ ਫੈਕਟਰੀਆਂ ਤੇ ਕਾਰਖਾਨੇ ਸਮਾਨ ਨੂੰ ਸਾਫ਼ ਕਰਨ ਲਈ ਲੱਖਾਂ ਲੀਟਰ ਪਾਣੀ ਬਰਬਾਦ ਕਰ ਦਿੰਦੇ ਹਨ। ਧਰਤੀ ਦੀ ਹਿੱਕ ਵਿਚੋਂ ਹਰ ਰੋਜ਼ ਪਤਾ ਨਹੀਂ ਕਿੰਨੇ ਲੱਖ ਲੀਟਰ ਪਾਣੀ ਕੱਢਿਆ ਜਾਂਦਾ ਹੈ। ਸਾਡੇ ਪੁਰਖਿਆਂ ਨੇ ਖੂਹਾਂ ਤੋਂ ਪਾਣੀ ਪੀਤਾ ਹੈ, ਤੇ ਸਾਡੇ ਪਿਉਆਂ ਨੇ ਨਲਕੇ ਦਾ, ਸਾਡੀ ਪੀੜ੍ਹੀ ਸਬਮਰਸੀਬਲ ਮੋਟਰਾਂ ਦਾ ਪਾਣੀ ਪੀ ਰਹੀ ਹੈ, ਉਹ ਵੀ ਕਈ ਸੌ ਫੁੱਟ ਡੂੰਘੇ ਬੋਰਾਂ ਤੋਂ। ਪਰ ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਪਾਣੀ ਪੱਖੋਂ ਬਹੁਤ ਗੰਭੀਰ ਨਜ਼ਰ ਆ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਘੱਟ ਪਾਣੀ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਕਿਸਾਨ ਨਕਾਰ ਚੁੱਕੇ ਹਨ। ਫਸਲੀ ਚੱਕਰ ਵਿਚੋਂ ਕੱਢਣ ਲਈ ਸਰਕਾਰ ਵੀ ਕੋਈ ਠੋਸ ਉਪਰਾਲੇ ਨਹੀਂ ਕਰ ਰਹੀ। ਇਹ ਮਸਲਾ ਬਹੁਤ ਗੰਭੀਰ ਹੈ। ਸਭ ਨੂੰ ਰਲ ਮਿਲ ਕੇ ਪਾਣੀ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਪਾਣੀ ਬਿਨਾਂ ਜੀਵਨ ਸੰਭਵ ਨਹੀਂ।
-ਇੰਦਰਜੀਤ ਸਿੰਘ ਗੁਰ
ਲੁਧਿਆਣਾ।
ਸੁਵਿਧਾ ਬਨਾਮ ਦੁਬਿਧਾ
ਪੰਜਾਬ ਵਿਚ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਦੇਣ ਲਈ ਕਰੋੜਾਂ ਰੁਪਏ ਖ਼ਰਚ ਕੇ ਕਾਫ਼ੀ ਸ਼ਹਿਰਾਂ ਦੇ ਵਿਚ ਅੰਡਰ ਗਰਾਊਂਡ ਪੁਲ ਬਣਾਏ ਹਨ। ਇਹ ਪੁਲ ਜ਼ਿਆਦਾ ਕਰਕੇ ਰੇਲਵੇ ਲਾਈਨ ਜਾਂ ਛਾਉਣੀ ਖੇਤਰ ਹੋਣ ਕਰਕੇ ਬਣਾਏ ਗਏ ਹਨ, ਪਰ ਇਹ ਪੁਲ ਲੋਕਾਂ ਲਈ ਸੁਵਿਧਾ ਘੱਟ ਤੇ ਦੁਵਿਧਾ ਜ਼ਿਆਦਾ ਸਾਬਤ ਹੋ ਰਹੇ ਹਨ। ਇਹ ਪੁਲ ਪਤਾ ਨਹੀਂ ਕਿਸ ਇੰਜੀਨੀਅਰ ਨੇ ਡਿਜ਼ਾਈਨ ਕੀਤੇ ਹਨ। ਇਨ੍ਹਾਂ ਪੁਲਾਂ ਹੇਠ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਵਧੀਆ ਪ੍ਰਬੰਧ ਨਹੀਂ ਕੀਤਾ ਗਿਆ। ਜੇਕਰ ਮੈਂ ਬਠਿੰਡਾ ਸ਼ਹਿਰ ਦੇ ਦੋ ਪੁਲਾਂ ਦੀ ਗੱਲ ਕਰਾਂ ਤਾਂ ਜਦੋਂ ਵੀ ਮੀਂਹ ਪੈਂਦਾ ਹੈ ਇਨ੍ਹਾਂ ਪੁਲਾਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ। ਇਕ ਪੁਲ ਤਾਂ ਬਠਿੰਡਾ ਮਾਨਸਾ ਰੋਡ ਅਤੇ ਦੂਜਾ ਲਾਲ ਸਿੰਘ ਬਸਤੀ ਵਿਚ ਬਣਿਆ ਹੈ। ਜਦੋਂ ਮੀਂਹ ਵੀ ਪੈਂਦਾ ਹੈ ਤਾਂ ਇਹ ਦੋਵੇਂ ਪੁਲ ਬੰਦ ਹੋ ਜਾਂਦੇ ਹਨ। ਲੋਕਾਂ ਨੂੰ ਹੋਰ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣਾ ਪੈਂਦਾ ਹੈ। ਇਨ੍ਹਾਂ ਪੁਲਾਂ ਵਿਚ ਅੱਠ ਤੋਂ ਨੌਂ ਫੁੱਟ ਤੱਕ ਮੀਂਹ ਦਾ ਪਾਣੀ ਭਰ ਜਾਂਦਾ ਹੈ। ਇਸ ਨੂੰ ਪਾਰ ਕਰਨਾ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲਾ ਕੰਮ ਹੈ। ਇਸ ਵਿਚ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਹਮੇਸ਼ਾਂ ਹੀ ਡਰ ਬਣਿਆ ਰਹਿੰਦਾ ਹੈ। ਸਰਕਾਰ ਵਲੋਂ ਬਣਾਏ ਇਹ ਪੁਲ ਸੁਵਿਧਾ ਘੱਟ ਤੇ ਦੁਵਿਧਾ ਜ਼ਿਆਦਾ ਲਗਦੇ ਹਨ। ਬਹੁਤ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਇਨ੍ਹਾਂ ਪੁਲਾਂ ਹੇਠੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਗਏ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਅੰਡਰ ਗਰਾਊਂਡ ਪੁਲਾਂ ਹੇਠਲੇ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਅਤੇ ਯੋਗ ਪ੍ਰਬੰਧ ਕੀਤਾ ਜਾਵੇ। ਇਸ ਨਾਲ ਲੋਕਾਂ ਦੇ ਹੋਣ ਵਾਲੇ ਜਾਨੀ, ਮਾਲੀ ਨੁਕਸਾਨ ਅਤੇ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਬਚਾਇਆ ਜਾਵੇ। ਲੋਕਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਵਿਚ ਕੋਈ ਦਿੱਕਤ ਨਾ ਆਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਪ੍ਰਸ਼ਾਸਨ ਧਿਆਨ ਦੇਵੇ
ਸਥਾਨਕ ਨਗਰ ਕੌਂਸਲ ਅਹਿਮਦਗੜ੍ਹ ਦੀ ਹਦੂਦ ਅੰਦਰ ਪੈਂਦਾ ਛਪਾਰ ਰੋਡ 'ਤੇ ਬਣਿਆ ਪਾਰਕ ਜੋ ਕਦੇ ਲੋਕਾਂ ਦੀ ਖਿੱਚ ਦਾ ਕੇਂਦਰ ਹੁੰਦਾ ਸੀ, ਉਹ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਅਤੇ ਬੇਵਸੀ ਕਾਰਨ ਉਜਾੜ ਬਣ ਗਿਆ ਹੈ। ਨਗਰ ਕੌਂਸਲ ਅਹਿਮਦਗੜ੍ਹ ਦੀ ਹੱਦ ਅੰਦਰ ਛਪਾਰ ਰੋਡ 'ਤੇ ਪੈਂਦੇ ਇਸ ਪਾਰਕ ਵਿਚ ਲੱਖਾਂ ਰੁਪਏ ਲਗਾ ਕੇ ਬੱਚਿਆਂ ਦੇ ਝੂਲੇ, ਮਿਊਜ਼ਿਕ ਸਿਸਟਮ ਨਾਲ ਚੱਲਦਾ ਫੁਹਾਰਾ ਅਤੇ ਕਈ ਦਰੱਖ਼ਤ ਅਤੇ ਬੂਟੇ ਲਗਾਏ ਗਏ ਹਨ। ਪਰ ਅੱਜ ਦੇ ਸਮੇਂ ਵਿਚ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਬਹੁਤੇ ਝੂਲੇ ਟੁੱਟ ਚੁੱਕੇ ਹਨ, ਮਿਊਜ਼ਿਕਲ ਫਾਊਂਟੇਨ ਖਰਾਬ ਹੋ ਚੁੱਕਿਆ ਹੈ ਅਤੇ ਬਹੁਤੇ ਦਰੱਖ਼ਤ ਅਤੇ ਬੂਟੇ ਬਿਲਕੁਲ ਸੁੱਕ ਚੁੱਕੇ ਹਨ। ਇਥੋਂ ਤੱਕ ਕਿ ਪਾਣੀ ਵਾਲੀ ਮੋਟਰ ਵੀ ਪਿਛਲੇ ਤਿੰਨ ਮਹੀਨੇ ਤੋਂ ਖ਼ਰਾਬ ਹੈ, ਉਸ ਨੂੰ ਵੀ ਠੀਕ ਕਰਵਾਉਣ ਲਈ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਬੀੜਾ ਨਹੀਂ ਚੁੱਕਿਆ। ਪਾਰਕ ਅੰਦਰ ਬਣੇ ਪਖ਼ਾਨਿਆਂ ਦਾ ਵੀ ਬੁਰਾ ਹਾਲ ਹੈ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਜਦੋਂ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਮੋਟਰ ਬੋਰ ਵਿਚ ਡਿੱਗ ਚੁੱਕੀ ਹੈ। ਇਸ ਲਈ ਇਸ ਨੂੰ ਠੀਕ ਕਰਵਾਉਣਾ ਸੰਭਵ ਨਹੀਂ। ਮੰਡੀ ਅਹਿਮਦਗੜ੍ਹ ਦੇ ਸੋਸ਼ਲ ਵਰਕਰ ਰਾਜੇਸ਼ ਕੁਮਾਰ ਸੇਠੀ ਅਤੇ ਸੀਨੀਅਰ ਸਿਟੀਜ਼ਨ ਪਵਨ ਗੁਪਤਾ ਨੇ ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਇਸ ਪਾਰਕ ਨੂੰ ਸੁਚੱਜਾ ਰੱਖਣ ਅਤੇ ਇਸ ਦੀ ਠੀਕ ਢੰਗ ਨਾਲ ਨਿਗਰਾਨੀ ਕਰਨ ਲਈ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਡਿਊਟੀ ਫਿਕਸ ਕੀਤੀ ਜਾਵੇ ਅਤੇ ਇਸ ਪਾਰਕ ਦੇ ਝੂਲੇ, ਮਿਊਜ਼ਿਕ ਸਿਸਟਮ, ਵਾਸ਼ਰੂਮ ਅਤੇ ਪਾਣੀ ਵਾਲੀ ਮੋਟਰ ਤੁਰੰਤ ਠੀਕ ਕਰਵਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਅਤੇ ਬੱਚਿਆਂ ਲਈ ਬਣੇ ਇਸ ਮਨੋਰੰਜਨ ਦੇ ਸਾਧਨ ਪਾਰਕ ਵਿਚ ਲੋਕਾਂ ਦੀ ਆਵਾਜਾਈ ਆਮ ਵਾਂਗ ਬਹਾਲ ਹੋ ਸਕੇ ਅਤੇ ਲੋਕ ਇਸ ਪਾਰਕ ਦਾ ਅਨੰਦ ਲੈ ਸਕਣ।
-ਪਵਨ ਗੁਪਤਾ
ਪਾਣੀ ਦਾ ਸੰਕਟ
ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ ਦਿਨ ਥੱਲੇ ਜਾ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਮੇਰਾ ਮੰਨਣਾ ਹੈ ਕਿ ਇਸ ਪਾਣੀ ਦੇ ਸੰਕਟ ਦਾ ਮੁੱਖ ਕਾਰਨ ਮੁਫਤ ਬਿਜਲੀ ਹੈ, ਜਿਸ ਕਾਰਨ ਅਸੀਂ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਪਾਣੀ ਜਿਹੜੀਆਂ ਫ਼ਸਲਾਂ ਵਿਚ ਜ਼ਿਆਦਾ ਖਪਤ ਹੁੰਦਾ ਹੈ ਜਿਵੇਂ ਗੰਨਾ, ਕਣਕ, ਝੋਨਾ ਆਦਿ ਇਸ ਦੀ ਜਗ੍ਹਾ ਨਰਮਾ, ਬਾਸਮਤੀ, ਮੱਕੀ, ਦਾਲਾਂ ਆਦਿ ਲਗਾ ਕੇ ਉਸ ਦਾ ਸਰਕਾਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ। ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਬਾਹਰਲੇ ਮੁਲਕਾਂ ਵਿਚ ਸਟੋਰ ਹੁੰਦਾ ਹੈ, ਇਸ ਤਰ੍ਹਾਂ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ। ਆਰ.ਓ. ਦੇ ਬਰਬਾਦ ਹੋ ਰਹੇ ਪਾਣੀ ਨੂੰ ਬੂਟਿਆਂ ਤੇ ਭਾਂਡੇ ਧੋਣ ਵਾਸਤੇ ਇਸਤੇਮਾਲ ਕਰੋ। ਪਾਣੀ ਦੀ ਟੂਟੀ ਖੁੱਲ੍ਹੀ ਨਾ ਛੱਡੋ। ਕਈ ਪ੍ਰੇਮੀ ਆਸਥਾ ਦੇ ਨਾਂਅ 'ਤੇ ਬਾਲਟੀਆਂ ਭਰ-ਭਰ ਧਾਰਮਿਕ ਥਾਵਾਂ ਨੂੰ ਧੋਂਦੇ ਹਨ। ਕਿਸਾਨਾਂ ਨੂੰ ਟਿਊਬਵੈਲਾਂ ਦਾ ਕੁਨੈਕਸ਼ਨ ਦੇਣ ਲੱਗਿਆਂ ਘੱਟੋ-ਘੱਟ ਚਾਰ ਬੂਟੇ ਲਵਾਉਣੇ ਚਾਹੀਦੇ ਹਨ। ਇਨਸਾਨ ਜੇ ਆਪ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਕਰੇਗਾ ਤਾਂ ਕਿਸੇ ਹੱਦ ਤਕ ਪਾਣੀ ਦੇ ਘਟਦੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ। ਪਾਣੀ ਦੇ ਸੰਕਟ ਬਾਰੇ ਖੇਤੀਬਾੜੀ ਮਹਿਕਮੇ ਨੂੰ ਸਮੇਂ-ਸਮੇਂ ਸਿਰ ਜਾਗਰੂਕ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਰੁੱਖ ਤੇ ਬਾਰਿਸ਼
ਰੁੱਖ ਸਾਡੀ ਹੋਂਦ ਲਈ ਜੀਵਨ ਦਾ ਮੂਲ ਆਧਾਰ ਹਨ, ਪੁਰਾਤਨ ਸਮਿਆਂ ਵਿਚ ਮੰਦਰਾਂ, ਗੁਰਦੁਆਰਿਆਂ, ਧਰਮਸ਼ਾਲਾ, ਸ਼ਮਸ਼ਾਨਘਾਟਾਂ ਵਿਚ ਬੋਹੜ, ਪਿੱਪਲ ਦੇ ਛਾਂਦਾਰ ਦਰੱਖਤ ਲਗਾਏ ਜਾਂਦੇ ਸਨ, ਜਿਸ ਵਿਚ ਪਿੱਪਲ ਖ਼ਾਸ ਕਰਕੇ ਰਾਤ ਨੂੰ ਵੀ ਆਕਸੀਜਨ ਦਿੰਦਾ ਰਹਿੰਦਾ ਸੀ ਜੋ ਕਿ ਮਨੁੱਖ ਦਾ ਮਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦੀ ਕਈ ਲੋਕ ਪੂਜਾ ਵੀ ਕਰਦੇ ਹਨ। ਜੇਕਰ ਪਿੰਡ ਦੇ ਲਾਗੇ ਬਾਗ਼ ਲੱਗਾ ਹੁੰਦਾ ਤਾਂ ਪਿੰਡ ਦਾ ਵਾਤਾਵਰਨ ਵੀ ਬਹੁਤ ਸੁਹਾਵਨਾ ਬਣਿਆ ਰਹਿੰਦਾ ਸੀ। ਪੁਰਾਣੇ ਬਜ਼ੁਰਗ ਤਾਂ ਰਾਤ ਨੂੰ ਰੁੱਖ ਦੀ ਟਾਹਣੀ ਨੂੰ ਹੱਥ ਵੀ ਨਹੀਂ ਲਗਾਉਣ ਦਿੰਦੇ ਸਨ ਕਿ ਰੁੱਖ ਰਾਤ ਨੂੰ ਸੌਂ ਰਿਹਾ ਹੈ, ਪਰ ਹੁਣ ਤਾਂ ਦਿਨ-ਰਾਤ ਰੁੱਖਾਂ ਦੀ ਕਟਾਈ ਹੁੰਦੀ ਹੈ। ਕਦੀ ਸਮਾਂ ਸੀ ਕਿ ਖੇਤਾਂ ਵਿਚ ਵੀ ਵੱਡੇ-ਵਿੱਡੇ ਢਿਊ, ਅੰਬਾਂ ਦੇ ਦਰੱਖਤ ਹੁੰਦੇ ਸਨ। ਜੰਗਲਾਂ, ਖੇਤਾਂ ਦੇ ਰੁੱਖਾਂ, ਸੜਕਾਂ 'ਤੇ ਲੱਗੇ ਰੁੱਖਾਂ ਦਾ ਕਾਫੀ ਹੱਦ ਤੱਕ ਸਫਾਇਆ ਹੋ ਗਿਆ ਹੈ, ਜੋ ਕਿ ਮਨੁੱਖ ਤੇ ਜੀਵ ਜੰਤੂਆਂ ਲਈ ਖ਼ਤਰੇ ਦੀ ਘੰਟੀ ਹੈ। ਰਹਿੰਦੀ-ਖੂੰਹਦੀ ਕਸਰ ਇਸ ਵਾਰ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਰੁੱਖਾਂ ਨੂੰ ਝੁਲਸ ਕੇ ਰੱਖ ਦਿੱਤਾ ਹੈ, ਜਿਸ ਨਾਲ ਤਪਸ਼ ਦਿਨੋ-ਦਿਨ ਵਧਦੀ ਜਾ ਰਹੀ ਹੈ। ਧਰਤੀ 'ਤੇ ਰੁੱਖ ਹੋਣਗੇ ਤਾਂ ਹੀ ਧਰਤੀ 'ਤੇ ਸਾਡਾ ਜੀਵਨ ਬਚਿਆ ਰਹੇਗਾ। ਸੋ, ਸਾਰਿਆਂ ਨੂੰ ਰੁੱਖ ਲਗਾ ਕੇ ਪਾਲਣਹਾਰਾ ਬਣਨ ਦਾ ਅਹਿਦ ਲੈਣਾ ਪਵੇਗਾ ਤਾਂ ਹੀ ਕਾਲੇ ਬੱਦਲ ਆਉਣਗੇ ਤੇ ਝੜੀਆਂ ਲੱਗਣਗੀਆਂ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
ਹਾਲ ਵਿਚ ਹੋਈ ਭਾਰੀ ਬਾਰਿਸ਼ ਨਾਲ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ 'ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਪਾਣੀ ਦੇ ਨਾਲ ਹੜ੍ਹਾਂ ਵਰਗੇ ਹਾਲਾਤ ਨਾ ਬਣਨ, ਬਰਸਾਤਾਂ ਤੋਂ ਪਹਿਲਾਂ ਨਖਾਸੂ, ਨਾਲੇ ਨਦੀਆਂ, ਨਹਿਰਾਂ, ਦਰਿਆ, ਛੱਪੜਾਂ, ਟੋਇਆਂ ਦੀ ਕ੍ਰੇਨ ਨਾਲ ਖੁਦਾਈ ਕੀਤੀ ਜਾਂਦੀ ਸੀ। ਸਾਡੇ ਖੇਤਾਂ ਨੇੜਿਓਂ ਦੋ ਨਖਾਸੂ ਲੰਘਦੇ ਸੀ, ਪਾਣੀ ਦੇ ਨਿਕਾਸ ਵਾਸਤੇ ਪਿੰਡਾਂ ਦੇ ਚਾਰ-ਚੁਫੇਰੇ ਛੱਪੜ ਸਨ। ਅਸੀਂ ਝਲਾਰ ਰਾਹੀਂ ਨਖਾਸੂ ਵਿਚੋਂ ਪਾਣੀ ਕੱਢ ਫ਼ਸਲਾਂ ਦੀ ਸਿੰਚਾਈ ਕਰਦੇ ਸੀ ਜਾਂ ਝੱਟੇ ਰਾਹੀਂ ਪਾਣੀ ਨਖਾਸੂ ਵਿਚੋਂ ਕੱਢਦੇ ਸੀ। ਬਾਰਿਸ਼ਾਂ ਬੜੀਆਂ ਹੁੰਦੀਆਂ ਸਨ। ਹੜ੍ਹ ਆ ਜਾਂਦੇ ਸਨ। ਇਸ ਕਰਕੇ ਦੋਵਾਂ ਨਖਾਸੂਆਂ ਦੀ ਖਲਾਈ ਹੁੰਦੀ ਅਸੀਂ ਦੇਖਦੇ ਰਹੇ ਹਾਂ। ਪਰ ਹੁਣ ਬਰਸਾਤਾਂ ਘੱਟ ਹੋਣ ਨਾਲ ਪ੍ਰਸ਼ਾਸਨ ਖਲਾਈ ਵੱਲ ਧਿਆਨ ਨਹੀਂ ਦਿੰਦਾ, ਜਿਸ ਕਾਰਨ ਬਾਰਿਸ਼ ਹੋਣ ਨਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਛੱਪੜ ਲੋਕਾਂ ਨੇ ਪੂਰ ਲਏ ਹਨ। ਬਾਹਰ ਘਟਨਾ ਵਾਪਰਨ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਦੇ ਹਨ, ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰਦੀ। ਬਾਹਰ ਬਾਰਿਸ਼ ਦੇ ਪਾਣੀ ਨੂੰ ਸਟੋਰ ਕਰ ਪੀਣ ਲਈ ਵਰਤਿਆ ਜਾਂਦਾ ਹੈ। ਹੁਣ ਜਦੋਂ ਧਰਤੀ ਦਾ ਪਾਣੀ ਹੇਠਾਂ ਜਾ ਰਿਹਾ ਹੈ ਬਾਹਰ ਵਾਂਗ ਪਾਣੀ ਸਟੋਰ ਕਰਨਾ ਚਾਹੀਦਾ ਹੈ। ਇਸ ਨਾਲ ਪਾਣੀ ਦਾ ਲੈਵਲ ਵੀ ਠੀਕ ਰਹੇਗਾ ਤੇ ਹੜ੍ਹਾਂ ਵਰਗੇ ਹਾਲਾਤ ਨਹੀਂ ਬਣਨਗੇ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ ਫਿਰ ਮੰਥਨ ਹੁੰਦਾ ਹੈ। ਰਾਜਨੀਤੀ ਹੋਣ ਲੱਗ ਪੈਂਦੀ ਹੈ। ਭਵਿੱਖ ਵਿਚ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ ਸੰਬੰਧਿਤ ਮਹਿਕਮੇ ਨਾਲ ਤਾਲਮੇਲ ਕਰਕੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕੀਤੀ ਜਾਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।
ਲੁੱਟਾਂ ਖੋਹਾਂ ਦਾ ਖੌਫ਼
ਪੰਜਾਬ ਵਿਚ ਅੱਜਕੱਲ੍ਹ ਪਿੰਡਾਂ, ਸ਼ਹਿਰਾਂ, ਕਸਬਿਆਂ, ਸੁੰਨਸਾਨ ਸੜਕਾਂ 'ਤੇ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਖ਼ੌਫ਼ ਪੈਦਾ ਹੋ ਚੁੱਕਾ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਲਗਭਗ ਹਰ ਪਿੰਡ ਜਾਂ ਕਸਬੇ ਵਿਚ ਲੁੱਟ-ਖੋਹ ਦੀ ਵਾਰਦਾਤ ਹੋ ਚੁੱਕੀ ਹੈ ਜਾਂ ਇੰਝ ਕਹਿ ਲਈਏ ਕਿ ਹੁਣ ਹਰ ਪਿੰਡ ਜਾਂ ਕਸਬੇ ਵਿਚ ਕੋਈ ਨਾ ਕੋਈ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੱਥੇ ਚੜ੍ਹ ਚੁੱਕਾ ਹੈ ਅਤੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਕੋਲੋਂ ਲੁਟਾ ਚੁੱਕਿਆ ਹੈ। ਕਈ ਵਾਰ ਤਾਂ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਵਲੋਂ ਹਥਿਆਰਾਂ ਨਾਲ ਵਾਰ ਕਰ ਕੇ ਰਾਹਗੀਰਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਹਾਲਾਤ ਇਹ ਹਨ ਕਿ ਜੇਕਰ ਤੁਸੀਂ ਆਪਣੇ ਕਿਸੇ ਵਾਹਨ ਜਿਵੇਂ ਸਕੂਟਰ, ਮੋਟਰਸਾਈਕਲ, ਐਕਟਿਵਾ ਆਦਿ 'ਤੇ ਜਾ ਰਹੇ ਹੋ ਉਸ ਵੇਲੇ ਜੇਕਰ ਖਾਲੀ ਸੜਕ 'ਤੇ ਤੁਹਾਡੇ ਕੋਲ ਕੋਈ ਮੋਟਰਸਾਈਕਲ, ਐਕਟਿਵਾ ਸਵਾਰ ਤੁਹਾਡੇ ਪਿੱਛੇ ਆ ਰਿਹਾ ਹੁੰਦਾ ਹੈ ਤਾਂ ਮਨ ਵਿਚ ਖੌਫ਼ ਪੈਦਾ ਹੋ ਜਾਂਦਾ ਹੈ ਕਿ ਕਿਤੇ ਲੁੱਟ ਖੋਹ ਵਾਲੇ ਨਾ ਹੋਣ। ਇਹ ਡਰ ਲੋਕਾਂ ਵਿਚ ਏਨਾ ਵਧ ਚੁੱਕਾ ਹੈ ਕਿ ਸਵੇਰ ਸ਼ਾਮ ਵੇਲੇ ਤਾਂ ਇਹੋ ਜਿਹੇ ਮਾਹੌਲ ਵਿਚ ਆਮ ਬੰਦੇ ਦਾ ਸਾਹ ਸੂਤੇ ਜਾਂਦੇ ਹਨ। ਇਹ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਹੀ ਹੈ ਕਿ ਲੁੱਟਾਂ ਖੋਹਾਂ ਕਰਨ ਵਾਲੇ ਆਮ ਘੁੰਮ ਰਹੇ ਹਨ ਜਦਕਿ ਲੋਕਾਂ ਨੂੰ ਆਪਣੀ ਜਾਣ ਜ਼ੋਖਮ ਵਿਚ ਪਾ ਕੇ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਬਹੁਤੀ ਵਾਰ ਤਾਂ ਲੋਕਾਂ ਵਲੋਂ ਪੁਲਿਸ ਰਿਪੋਰਟ ਵੀ ਨਹੀਂ ਲਿਖਾਈ ਜਾਂਦੀ। ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ, ਜੋ ਮਿੰਟਾਂ-ਸਕਿਟਾਂ ਵਿਚ ਹੀ ਆਮ ਘਰਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਕੇ ਲੈ ਜਾਂਦੇ ਹਨ, ਫੜ੍ਹ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।
-ਅਸ਼ੀਸ਼ ਸ਼ਰਮਾ, ਜਲੰਧਰ
ਪੇਪਰ ਲੀਕ ਇਕ ਗੰਭੀਰ ਸਮੱਸਿਆ
ਜਿਥੇ ਇਕ ਪਾਸੇ ਦੁਨੀਆ ਵਿਚ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੇਸ਼ ਸਭ ਤੋਂ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ ਉੱਥੇ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਵਿਚ ਪੇਪਰ ਲੀਕ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ। ਮੌਜੂਦਾ ਪੇਪਰ ਲੀਕ ਕਾਂਡ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਵਿਸ਼ਵ ਗੁਰੂ ਬਣਨ ਦਾ ਦਾਅਵਾ ਕਰਨ ਵਾਲੇ ਦੇਸ਼ ਲਈ ਸਰਕਾਰੀ ਨੌਕਰੀ ਦੀ ਪ੍ਰਕਿਰਿਆ ਅਤੇ ਨੀਟ ਵਰਗੀ ਉੱਚ ਪੱਧਰੀ ਪ੍ਰੀਖਿਆ ਕਰਵਾਉਣਾ ਚੁਣੌਤੀ ਕਿਉਂ ਬਣ ਰਿਹਾ ਹੈ? ਪੇਪਰ ਲੀਕ ਘਪਲੇ ਦਾ ਮਾਮਲਾ ਨਵਾਂ ਨਹੀਂ ਹੈ। ਰਾਜਸਥਾਨ, ਉੱਤਰਾਖੰਡ, ਬਿਹਾਰ, ਝਾਰਖੰਡ, ਤੇਲੰਗਾਨਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਬੜੇ ਸ਼ਰਮ ਦੀ ਗੱਲ ਹੈ ਕਿ ਅਜੇ ਤਕ ਕੋਈ ਸਥਾਈ ਹੱਲ ਨਹੀਂ ਨਿਕਲਿਆ। ਇਹ ਦੇਸ਼ ਦੀ ਨੌਜਵਾਨ ਆਬਾਦੀ ਦੇ ਭਵਿੱਖ ਨਾਲ ਜੁੜਿਆ ਇਕ ਮਹੱਤਵਪੂਰਨ ਵਿਸ਼ਾ ਹੈ। ਪੇਪਰ ਲੀਕ ਦੇ ਪੂਰੇ ਭਾਰਤ ਵਿਚ ਫੈਲਣ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਪੇਪਰ ਲੀਕ ਨੂੰ ਇਕ ਸੰਗਠਿਤ ਅਪਰਾਧ ਮੰਨਿਆ ਜਾਵੇ। ਪਰ ਜਾਂਚ ਕੇਂਦਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ। ਪੇਪਰ ਲੀਕ ਮਾਫ਼ੀਆ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਨੌਕਰੀ ਦੀ ਪ੍ਰੀਖਿਆ ਕਰਵਾਉਣ ਵਾਲੇ ਕਮਿਸ਼ਨ ਵਿਚ ਯੋਗ ਅਤੇ ਨਿਰਪੱਖ ਨਿਯੁਕਤੀ ਹੋਣੀ ਚਾਹੀਦੀ ਹੈ। ਫੁੱਲ ਪਰੂਫ਼ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਨੌਕਰੀਆਂ ਦਾ ਕੇਂਦਰੀ ਕੈਲੰਡਰ ਬਣਾਇਆ ਜਾਣਾ ਚਾਹੀਦਾ ਹੈ। ਯੂ.ਪੀ.ਐਸ.ਸੀ. ਵਾਂਗ, ਇਕ ਏਜੰਸੀ ਨੂੰ ਸਾਰੇ ਰਾਜਾਂ ਦੀਆਂ ਨੌਕਰੀਆਂ ਦੀ ਚੋਣ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਸਿੱਖਿਆ ਨੂੰ ਨੌਕਰੀ ਸਮਝ ਕੇ ਸਮਾਜਿਕ ਸੋਚ ਨੂੰ ਖ਼ਤਮ ਕਰਨਾ ਹੋਵੇਗਾ। ਰੁਜ਼ਗਾਰ ਲਈ ਹੁਨਰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
-ਗੌਰਵ ਮੁੰਜਾਲ, ਪੀ.ਸੀ.ਐਸ.।
ਬੁਢਾਪਾ ਆਉਂਦਾ ਹੈ, ਜਾਂਦਾ ਨਹੀਂ
ਬੁਢਾਪਾ ਜੀਵਨ ਦਾ ਹਿੱਸਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ, ਅਤੇ ਬੁਢਾਪੇ ਵਿਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਇਨ੍ਹਾਂ ਤਿੰਨਾਂ ਅਵਸਥਾਵਾਂ ਵਿਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ, ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਤ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿਚ ਕਰ ਲੈਂਦੇ ਹਨ। ਇਸ ਕਰਕੇ ਇਸ ਨੂੰ ਸਰਾਪ ਵੀ ਮੰਨਿਆ ਜਾਂਦਾ ਹੈ। ਘਰ ਪਰਿਵਾਰ ਵਿਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਅਨੰਦ ਮਾਣਦਾ ਹੈ। ਜਵਾਨੀ ਵਿਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿਚ ਇਹ ਸਹਾਰਨਯੋਗ ਨਹੀਂ ਹੁੰਦੀਆਂ। ਇਹ ਇਕੱਲਤਾ ਹੰਢਾਉਂਦਾ ਹੈ, ਪਰ ਇਸ ਅਵਸਥਾ ਵਿਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ। ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ, ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ 'ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿਚ ਕੀਤੀਆਂ ਚੇਤੇ ਆਉਂਦੀਆਂ ਹਨ, ਹੋ ਕੁਝ ਵੀ ਨਹੀਂ ਸਕਦਾ। ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ। ਘਰ ਦੀ ਵਾਗਡੋਰ ਵੀ ਬਜ਼ੁਰਗ ਸਾਂਭਿਆ ਕਰਦੇ ਸਨ। ਅੱਜ ਬੁਢਾਪਾ ਰੁਲਦਾ ਤਾਂ ਆਮ ਵੇਖਿਆ ਪਰ ਜਿੱਥੇ ਬਜ਼ੁਰਗ ਦਾ ਸਤਿਕਾਰ ਹੋਵੇ ਉਹ ਲੱਭਣਾ ਪੈਂਦਾ ਹੈ। ਮੈਂ ਖ਼ੁਦਗਰਜ਼ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰੋ, ਕਿਉਂਕਿ ਇਕ ਦਿਨ ਬੁਢਾਪਾ ਤੁਹਾਡੇ 'ਤੇ ਵੀ ਆਉਣਾ ਹੈ ਅਤੇ ਤੁਹਾਡੇ ਬੱਚੇ ਤੁਹਾਨੂੰ ਵੇਖ ਕੇ ਤੁਹਾਡੇ ਨਾਲ ਵੀ ਉਹੋ ਵਤੀਰਾ ਕਰਨਗੇ ਜੋ ਤੁਸੀਂ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹੋ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਆਖ਼ਰ ਕਦੋਂ ਰੁਕਣਗੇ ਘੁਟਾਲੇ
ਨੀਟ ਅਤੇ ਨੈੱਟ ਪੇਪਰ ਵਿਚ ਜੋ ਗੜਬੜੀ ਅਤੇ ਘੁਟਾਲਾ ਦੇਸ਼ ਵਿਚ ਹੋਇਆ ਹੈ। ਇਸ ਘੁਟਾਲੇ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਹ ਅੱਜ ਤੱਕ ਦਾ ਸਿੱਖਿਆ ਖੇਤਰ ਵਿਚ ਦੇਸ਼ ਸਭ ਤੋਂ ਵੱਡਾ ਘੁਟਾਲਾ ਹੈ। ਇਹ ਸਾਡੇ ਦੇਸ਼ ਦੇ ਭਵਿੱਖ ਕਾਬਲ ਅਤੇ ਮਿਹਨਤੀ ਨੌਜਵਾਨਾਂ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਹੋਇਆ ਹੈ। ਕਿਵੇਂ ਕੁਝ ਲੋਕ ਮੋਟਾ ਪੈਸਾ ਲੈ ਕੇ ਨਾਲਾਇਕ ਬੱਚਿਆਂ ਨੂੰ ਨੀਟ ਅਤੇ ਨੈੱਟ ਦੀ ਪ੍ਰੀਖਿਆ ਵਿਚ ਪਾਸ ਕਰਾਉਣ ਲਈ ਯਤਨ ਕਰ ਰਹੇ ਹਨ। ਇਸ ਘੁਟਾਲੇ ਨੇ ਕੇਂਦਰ ਸਰਕਾਰ ਦੀ ਇਮਾਨਦਾਰੀ ਅਤੇ ਨੀਅਤ 'ਤੇ ਜ਼ਰੂਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਸਰਕਾਰ ਆਪਣੇ-ਆਪ ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਸਰਕਾਰ ਦੱਸ ਰਹੀ ਹੈ। ਇਹ ਨੌਜਵਾਨਾਂ ਦੇ ਭਵਿੱਖ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਬਹੁਤ ਵੱਡਾ ਖਿਲਵਾੜ ਹੋਇਆ ਹੈ। ਜੋ ਆਪਣੇ ਖ਼ੂਨ-ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਇਸ ਟੈਸਟ ਦੀ ਤਿਆਰੀ ਕਰਾ ਰਹੇ ਹਨ। ਇਸ ਘੁਟਾਲੇ ਨੇ ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਹੁਣ ਨੌਜਵਾਨ ਇਨਸਾਫ਼ ਲੈਣ ਲਈ ਕਿੱਥੇ ਜਾਣ? ਜਿਸ ਏਜੰਸੀ ਜਾਂ ਕਮੇਟੀ ਨੇ ਜਾਂਚ ਕਰਨੀ ਹੈ ਉਹ ਵੀ ਤਾਂ ਕੇਂਦਰ ਸਰਕਾਰ ਦੇ ਹੀ ਅਧੀਨ ਹੈ। ਸਾਡੀ ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਇਸ ਟੈਸਟ ਨੂੰ ਰੱਦ ਕਰ ਦਿੱਤਾ ਜਾਵੇ। ਇਹ ਟੈਸਟ ਫਿਰ ਤੋਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਲਿਆ ਜਾਵੇ। ਕਿਸੇ ਵੀ ਨੌਜਵਾਨ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ। ਜਿਸ ਨਾਲ ਕਾਬਲ ਅਤੇ ਮਿਹਨਤੀ ਨੌਜਵਾਨਾਂ ਨੂੰ ਹੀ ਅੱਗੇ ਆਉਣ ਦਾ ਮੌਕਾ ਮਿਲੇ। ਇਸ ਘਪਲੇ 'ਚ ਸ਼ਾਮਿਲ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ
ਹਾਏ ਲਾਊਡ ਸਪੀਕਰ
ਅੱਜਕੱਲ੍ਹ ਪਿੰਡਾਂ, ਸ਼ਹਿਰਾਂ ਕਸਬਿਆਂ ਵਿਚ ਹਰ ਆਮ ਸਬਜ਼ੀ ਵਾਲਾ, ਰੇਹੜੀ ਵਾਲਾ, ਰੱਦੀ ਖਰੀਦਣ ਵਾਲਾ, ਵਾਲ ਵੇਚਣ ਵਾਲਾ, ਗਲੀਆਂ ਵਿਚ ਕੁਝ ਵੀ ਸਾਮਾਨ ਵੇਚਣ ਵਾਲੇ ਹਰ ਕੋਈ ਆਪਣੀ ਰਿਕਸ਼ਾ, ਸਾਈਕਲ, ਮੋਟਰਸਾਈਕਲ 'ਤੇ ਰਿਕਾਰਡਿੰਗ ਕਰਕੇ ਲਾਊਡ ਸਪੀਕਰ ਚਲਾ ਕੇ ਘੁੰਮਦੇ ਹਨ। ਇਸ ਨਾਲ ਇਕ ਤਾਂ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ ਦੂਜਾ ਕਈ ਘਰਾਂ ਵਿਚ ਜੋ ਲੋਕ ਬਿਮਾਰ ਹੁੰਦੇ ਹਨ ਉਨ੍ਹਾਂ ਨੂੰ ਵੀ ਇਨ੍ਹਾਂ ਸਪੀਕਰਾਂ ਤੋਂ ਬੜੀ ਪ੍ਰੇਸ਼ਾਨੀ ਹੁੰਦੀ ਹੈ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਲਾਊਡ ਸਪੀਕਰਾਂ ਨੂੰ ਬੰਦ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ।
-ਅਸ਼ੀਸ਼ ਸ਼ਰਮਾ
ਜਲੰਧਰ
ਸੋਸ਼ਲ ਮੀਡੀਆ ਦੀ ਵਰਤੋਂ
30 ਜੂਨ ਦੇ ਪੰਨਾ ਚਾਰ 'ਤੇ ਛਪਿਆ ਸੋਸ਼ਲ ਮੀਡੀਆ ਦਿਵਸ 'ਤੇ ਵਿਸ਼ੇਸ਼ ਜਗਜੀਤ ਸਿੰਘ ਗਣੇਸ਼ਪੁਰ ਦਾ ਲੇਖ ਸੋਸ਼ਲ ਮੀਡੀਆ: ਕਿੰਨੀ ਹਕੀਕਤ ਕਿੰਨਾ ਦਿਖਾਵਾ? ਅੱਜ ਦੇ ਸਮੇਂ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਕਿਉਂਕਿ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੌਜੂਦਾ ਸਮੇਂ ਤਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋ ਚੁੱਕੇ ਹਨ। ਇਹ ਇੱਕ ਅਜਿਹਾ ਪਲੇਟਫ਼ਾਰਮ ਹੈ ਜਿਸ ਦੀ 95 ਫ਼ੀਸਦੀ ਨੌਜਵਾਨ ਵਰਤੋਂ ਕਰ ਰਹੇ ਹਨ। ਲੇਖਕ ਨੇ ਵੀ ਬਹੁਤ ਹੀ ਡੁੰਘਾਈ ਨਾਲ ਆਪਣੀ ਗੱਲ ਰੱਖੀ ਹੈ। ਸਾਨੂੰ ਸਭ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਦੀ ਹਰ ਗੱਲ 'ਤੇ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਭਰੋਸਾ ਕਰਨਾ ਚਾਹੀਦਾ ਹੈ।
-ਡਾ. ਮੁਹੰਮਦ ਇਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕਿਰਾਏਦਾਰਾਂ ਬਾਰੇ ਜਾਣਕਾਰੀ
ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਪੁਲਿਸ ਦੇ ਸਾਂਝ ਕੇਂਦਰਾਂ ਵਿਚ ਮਕਾਨ ਮਾਲਕਾਂ ਨੂੰ ਘਰਾਂ ਵਿਚ ਰੱਖੇ ਕਿਰਾਏਦਾਰ, ਪੀ.ਜੀ. ਮਾਲਕਾਂ ਵਲੋਂ ਰਖੇ ਗਏ ਕਿਰਾਏ 'ਤੇ ਲੋਕਾਂ, ਘਰੇਲੂ ਨੌਕਰਾਂ ਅਤੇ ਹੋਰ ਕਾਮਿਆਂ ਸੰਬੰਧੀ ਜਾਣਕਾਰੀ ਦੇਣ ਉਪਰੰਤ ਹੀ ਕਿਰਾਏ 'ਤੇ ਰੱਖੇ ਜਾਣ ਬਾਰੇ ਕਿਹਾ ਜਾਂਦਾ ਹੈ, ਪਰੰਤੂ ਫਿਰ ਵੀ ਕਈ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿਸ ਕਾਰਨ ਅਕਸਰ ਅਪਰਾਧਿਕ ਵਾਰਦਾਤਾਂ ਵਾਪਰ ਜਾਣ 'ਤੇ ਅਜਿਹੇ ਅਨਸਰਾਂ ਨੂੰ ਲੱਭਣ ਵਿਚ ਮੁਸ਼ਕਿਲ ਆਉਂਦੀ ਹੈ। ਸ਼ਹਿਰਾਂ ਵਿਚ ਲਗਭਗ ਕਈ ਲੋਕਾਂ ਨੇ ਅਜਿਹੇ ਕਿਰਾਏਦਾਰ ਰੱਖੇ ਹੁੰਦੇ ਹਨ ਜੋ ਘਿਨਾਉਣੇ ਕਾਰੇ ਕਰਕੇ ਰਫ਼ੂ-ਚੱਕਰ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਘਰ ਤੋਂ ਦੂਰ ਸ਼ਹਿਰਾਂ ਵਿਚ ਕੰਮ ਜਾਂ ਨੌਕਰੀ ਸੰਬੰਧੀ, ਪੜ੍ਹਾਈ ਆਦਿ ਕਰਨ, ਪੀ.ਜੀ. ਆਦਿ ਵਿਚ ਰਹਿਣਾ ਪੈਂਦਾ ਹੈ, ਉਥੇ ਹੀ ਕਈ ਲੋਕਾਂ ਨੇ ਆਪਣੀ ਸੰਪਤੀ ਦੀ ਸਾਂਭ-ਸੰਭਾਲ ਲਈ ਕੇਅਰ ਟੇਕਰ ਵੀ ਰੱਖੇ ਹੁੰਦੇ ਹਨ। ਖਾਲੀ ਪਲਾਟਾਂ ਵਿਚ ਮਾਲਕਾਂ ਨੇ ਸ਼ੈੱਡ ਬਣਾ ਕੇ ਪ੍ਰਵਾਸੀ ਭਾਈਚਾਰਾ ਰੱਖਿਆ ਹੁੰਦਾ ਹੈ, ਉਨ੍ਹਾਂ ਸੰਬੰਧੀ ਵੀ ਕਈ ਮਾਲਕਾਂ ਵਲੋਂ ਸੂਚਨਾ ਸੰਬੰਧਿਤ ਥਾਣੇ ਵਿਚ ਨਹੀਂ ਦਿੱਤੀ ਜਾਂਦੀ। ਸੋ, ਆਪਣੇ ਕਿਰਾਏਦਾਰਾਂ ਆਦਿ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੰਬੰਧਿਤ ਸਾਂਝ ਕੇਂਦਰਾਂ ਵਿਚ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰਖਵਾਲੀ ਹੋ ਸਕੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਸਰਾਪਾਂ ਤੋਂ ਮੁਕਤੀ
ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਕਈ ਅਹਿਮ ਫ਼ੈਸਲੇ ਲਏ ਗਏ ਸਨ, ਜਿਵੇਂ ਕਿ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਨਸ਼ੇ ਜਿਹੇ ਸਰਾਪ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ। ਫ਼ੈਸਲੇ ਲੈਣਾ ਚੰਗੀ ਗੱਲ ਹੈ, ਪਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਹਰ ਵਾਰਟੇਢੀ ਖੀਰ ਸਾਬਿਤ ਹੁੰਦਾ ਹੈ। ਭ੍ਰਿਸ਼ਟਾਚਾਰ ਤੇ ਨਸ਼ਾ ਸਮਾਜ 'ਚ ਅਜਿਹੀਆਂ ਭੈੜੀਆਂ ਅਲਾਮਤਾਂ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਿਰਫ਼ ਫ਼ੈਸਲੇ ਲੈਣੇ ਹੀ ਕਾਫ਼ੀ ਨਹੀਂ, ਇਹ ਅਲਾਮਤਾਂ ਕਿਉਂ ਪਨਪਦੀਆਂ ਹਨ? ਇਨ੍ਹਾਂ ਪਿੱਛੇ ਕੀ ਕਾਰਨ ਹਨ? ਕਿਉਂ ਇਹ ਦਿਨੋਂ-ਦਿਨ ਸਮਾਜ ਨੂੰ ਆਪਣੀ ਜਕੜਨ 'ਚ ਲੈ ਕੇ ਨਿਗਲ ਰਹੀਆਂ ਹਨ? ਇਨ੍ਹਾਂ ਸਾਰੇ ਕਾਰਨਾਂ ਦੀ ਪੂਰੀ ਘੋਖ ਕਰਨੀ ਬਣਦੀ ਹੈ। ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਇੰਨੀ ਭ੍ਰਿਸ਼ਟਾਚਾਰੀ ਕਿਉਂ ਹੈ? ਕਿਉਂ ਅਜੇ ਵੀ ਆਮ ਲੋਕਾਂ ਨੂੰ ਸਾਧਾਰਨ ਕੰਮਾਂ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ? ਇਹ ਘੋਖਣ ਦਾ ਵਿਸ਼ਾ ਹੈ ਅਤੇ ਘੋਖ ਕਰਨ ਤੋਂ ਬਾਅਦ ਹੀ ਅਸਲ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ। ਫਿਰ ਹੀ ਇਨ੍ਹਾਂ ਸਰਾਪਾਂ ਤੋਂ ਮੁਕਤੀ ਸੰਭਵ ਹੋਵੇਗੀ, ਨਹੀਂ ਤਾਂ ਫਿਰ ਅਸੀਂ ਸਿਰਫ਼ ਗੱਲਾਂ ਕਰਨ ਜੋਗੇ ਤੇ ਕਾਗਜ਼ੀ ਕਾਰਵਾਈਆਂ ਤੱਕ ਹੀ ਸਿਮਟ ਕੇ ਰਹਿ ਜਾਵਾਂਗੇ।
-ਲਾਭ ਸਿੰਘ ਸ਼ੇਰਗਿੱਲ, ਸੰਗਰੂਰ।
ਸੋਸ਼ਲ ਮੀਡੀਆ ਦੀ ਵਰਤੋਂ
'ਅਜੀਤ' ਦੇ 30 ਜੂਨ ਦੇ ਪੰਨਾ ਨੰਬਰ ਚਾਰ 'ਤੇ ਜਗਜੀਤ ਸਿੰਘ ਗਣੇਸ਼ਪੁਰ ਦਾ ਛਪਿਆ ਸੋਸ਼ਲ ਮੀਡੀਆ ਦਿਵਸ 'ਤੇ ਵਿਸ਼ੇਸ਼ ਲੇਖ 'ਸੋਸ਼ਲ ਮੀਡੀਆ: ਕਿੰਨੀ ਹਕੀਕਤ ਕਿੰਨਾ ਦਿਖਾਵਾ?' ਅੱਜ ਦੇ ਸਮੇਂ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਕਿਉਂਕਿ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੌਜੂਦਾ ਸਮੇਂ ਤਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋ ਚੁੱਕੇ ਹਨ। ਇਹ ਇਕ ਅਜਿਹਾ ਪਲੇਟਫ਼ਾਰਮ ਹੈ, ਜਿਸ ਦੀ 95 ਫ਼ੀਸਦੀ ਨੌਜਵਾਨ ਵਰਤੋਂ ਕਰ ਰਹੇ ਹਨ। ਲੇਖਕ ਨੇ ਵੀ ਬਹੁਤ ਹੀ ਡੂੰਘਾਈ ਨਾਲ ਅਪਣੀ ਗੱਲ ਰੱਖੀ ਹੈ। ਸਾਨੂੰ ਸਭ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਦੀ ਹਰ ਗੱਲ 'ਤੇ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਭਰੋਸਾ ਕਰਨਾ ਚਾਹੀਦਾ ਹੈ।
-ਡਾ. ਮੁਹੰਮਦ ਇਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਚੰਗਾ-ਕਰਮ
ਹਰੇਕ ਇਨਸਾਨ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਚੰਗਾ ਕਰਮ ਕਰਨ ਵਾਲੇ ਇਨਸਾਨ ਨੂੰ ਚੰਗਾ ਫਲ ਇਕ ਨਾ ਇਕ ਦਿਨ ਜ਼ਰੂਰ ਮਿਲੇਗਾ। ਜੇਕਰ ਤੁਸੀਂ ਕਿਸੇ ਗਰੀਬ ਵਿਅਕਤੀ ਦਾ ਭਲਾ ਕਰਦੇ ਹੋ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਹੈ ਅਤੇ ਤੁਹਾਡਾ ਇਕ ਚੰਗਾ ਕਰਮ ਇਕ ਖਜ਼ਾਨੇ ਵਿਚ ਜਮ੍ਹਾਂ ਹੋ ਜਾਂਦਾ ਹੈ। ਪਰਮਾਤਮਾ ਹਰੇਕ ਇਨਸਾਨ ਦੇ ਕਣ-ਕਣ ਵਿਚ ਵਸਦਾ ਹੈ, ਕਹਿੰਦੇ ਹਨ ਕਿ ਜੇਕਰ ਤੁਹਾਡੇ ਦਰ 'ਤੇ ਕੋਈ ਬਿਖਾਰੀ ਮੰਗਣ ਲਈ ਆ ਜਾਵੇ ਤਾ ਉਸ ਭਿਖਾਰੀ ਨੂੰ ਮੰਦਾ ਨਾ ਬੋਲੋ, ਕਿਉਂਕਿ ਪਤਾ ਨਹੀਂ ਉਹ ਪਰਮਾਤਮਾ ਕਿਸੇ ਇਨਸਾਨ ਦੇ ਭੇਸ ਵਿਚ ਹੀ ਤੁਹਾਡੇ ਕੋਲ ਆਇਆ ਹੋਵੇ। ਕਦੇ ਵੀ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਤੁਹਾਡੇ ਕੋਲ ਹੈ ਉਹ ਸਭ ਪਰਮਾਤਮਾ ਦੀ ਦੇਣ ਹੈ। ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਬਿਲਕੁਲ ਤੰਦਰੁਸਤ ਹੋ, ਕਿਉਂਕਿ ਵੱਡੇ-ਵੱਡੇ ਹਸਪਤਾਲ ਇਨਸਾਨ ਦੇ ਮਾੜੇ ਕਰਮਾਂ ਕਾਰਨ ਭਰੇ ਪਏ ਹਨ। ਤੁਹਾਡੇ ਕੋਲ ਜੋ ਵੀ ਸੁੱੱਖ- ਸਹੂਲਤਾਂ ਹਨ ਉਹ ਸਭ ਪਰਮਾਤਮਾ ਦੀ ਕ੍ਰਿਪਾ ਦਾ ਹੀ ਫਲ ਹੈ।
-ਵਿਵੇਕ ਗਰਗ
ਮੰਡੀ ਮੁੱਲਾਂਪੁਰ।
ਪੰਛੀਆਂ ਲਈ ਪਾਣੀ
ਮਨੁੱਖ ਦੀ ਤਰ੍ਹਾਂ ਜੀਵ-ਜੰਤੂ ਤੇ ਪਸ਼ੂ, ਪੰਛੀਆਂ ਤੇ ਹਰ ਤਰ੍ਹਾਂ ਦੀ ਪ੍ਰਾਣੀ ਲਈ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ। ਪੰਛੀਆਂ ਲਈ ਪਾਣੀ ਦੇ ਕੁਦਰਤੀ ਸੋਮੇ ਜਿਵੇਂ ਛੱਪੜ, ਛੋਟੇ ਟੋਬੇ, ਹੱਥ ਨਲਕੇ ਤਾਂ ਖ਼ਤਮ ਹੋ ਗਏ ਹਨ, ਜਿਸ ਕਰਕੇ ਪੰਛੀਆਂ ਨੂੰ ਪਾਣੀ ਪ੍ਰਾਪਤ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ਦੇ ਮੌਸਮ ਵਿਚ ਮਨੁੱਖ ਦਾ ਫਰਜ਼ ਬਣਦਾ ਹੈ ਬੇਸਹਾਰਾ ਪੰਛੀਆਂ ਲਈ ਪਾਣੀ ਤੇ ਰਹਿਣ ਬਸੇਰੇ ਦਾ ਪ੍ਰਬੰਧ ਕਰੇ, ਤਾਂ ਜੋ ਮਨੁੱਖ ਦੀ ਤਰ੍ਹਾਂ ਪੰਛੀ ਵੀ ਆਪਣੀ ਪਾਣੀ ਦੀ ਪਿਆਸ ਨੂੰ ਬੁਝਾਅ ਸਕਣ। ਪਾਣੀ ਅਜਿਹੇ ਥਾਂ 'ਤੇ ਰੱਖਿਆ ਜਾਵੇ, ਜਿਥੇ ਧੁੱਪ ਤੇ ਮਿੱਟੀ ਨਾ ਆਵੇ। ਪੰਛੀਆਂ ਲਈ ਜਗ੍ਹਾ ਸੁਰੱਖਿਅਤ ਹੋਵੇ। ਪਾਣੀ ਮਿੱਟੀ ਦੇ ਭਾਂਡਿਆਂ ਵਿਚ ਰੱਖਿਆ ਜਾਵੇ। ਪਾਣੀ ਦਿਨ ਵਿਚ ਇਕ ਵਾਰ ਜ਼ਰੂਰ ਬਦਲਿਆ ਜਾਵੇ। ਪੰਛੀਆਂ ਨੂੰ ਤਾਜ਼ਾ, ਸਾਫ਼ ਤੇ ਠੰਢਾ ਪਾਣੀ ਮਿਲ ਸਕੇ। ਆਓ, ਆਪਣੇ ਬੱਚਿਆਂ ਦੀ ਤਰ੍ਹਾਂ ਇਨ੍ਹਾਂ ਪੰਛੀਆਂ ਦਾ ਧਿਆਨ ਰੱਖੀਏ। ਇਨ੍ਹਾਂ ਬੇਸਹਾਰਾ ਪੰਛੀਆਂ ਨੂੰ ਬਚਾਉਣ ਵਿਚ ਆਪਣਾ ਵੱਧ ਤੋਂ ਵਧ ਯੋਗਦਾਨ ਪਾਈਏ।
-ਰੇਸ਼ਮ ਸਿੰਘ
ਸਰਕਾਰ ਦੇ ਧਿਆਨ ਹਿਤ
ਪੰਜਾਬ ਸਰਕਾਰ ਵਲੋਂ ਪੰਜਾਬੀਆਂ ਨੂੰ ਸਹੂਲਤਾਂ ਦੇਣ ਦੀ ਬਜਾਏ ਘਰੇਲੂ ਖਪਤਕਾਰਾਂ ਲਈ 10 ਪੈਸੇ ਤੇ ਸਨਅਤਾਂ ਲਈ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਮਹਿੰਗਾਈ ਵਿਚ ਹੋਰ ਵਾਧਾ ਹੋਵੇਗਾ। ਕਰੋੜਾਂ ਦਾ ਭਾਰ ਪੈਣ ਨਾਲ ਸਨਅਤਕਾਰਾਂ ਨੂੰ ਸਾਮਾਨ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਅੱਜ ਤੋਂ ਦੋ ਸਾਲ ਪਹਿਲਾਂ ਸਰਕਾਰ ਬਣਾਉਣ ਸਮੇਂ ਝੂਠੀਆਂ ਸਹੁਆਂ ਖਾਧੀਆਂ ਕਿ ਨਸ਼ੇ ਕੁਝ ਦਿਨਾਂ ਵਿਚ ਹੀ ਬੰਦ ਕਰਾਂਗੇ। ਹਰ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਬੱਚੇ ਯਤੀਮ ਹੋ ਰਹੇ ਹਨ। ਭਾਰੀ ਗਿਣਤੀ ਵਿਚ ਬੱਚਿਆਂ ਦਾ ਵਿਦੇਸ਼ ਜਾਣਾ ਇਸ ਗੱਲ ਦਾ ਸਬੂਤ ਹੈ। ਸੋ, ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਨਸ਼ੇ ਬੰਦ ਕਰਵਾਉਣੇ ਚਾਹੀਦੇ ਹਨ।
-ਜੋਗਿੰਦਰ ਸਿੰਘ ਲੋਹਾਮ
ਜਮੀਅਤ ਸਿੰਘ ਰੋਡ, ਮੋਗਾ।
ਨਿੰਦਣਯੋਗ ਘਟਨਾਵਾਂ
ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਨੂੰ ਹਿਮਾਚਲ ਸਮੇਤ ਕੁਝ ਹੋਰ ਸੂਬਿਆਂ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਹੁਤ ਥਾਵਾਂ 'ਤੇ ਪੰਜਾਬ ਤੇ ਵਿਦੇਸ਼ਾਂ ਤੋਂ ਆਏ ਪੰਜਾਬੀਆਂ ਜੋ ਆਪਣੇ ਪਰਿਵਾਰਾਂ ਸਮੇਤ ਹਿਮਾਚਲ ਵਿਚ ਘੁੰਮਣ ਲਈ ਗਏ ਸਨ ਹਿਮਾਚਲੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ 'ਤੇ ਹਮਲੇ ਕਰਕੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਅਤੇ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ। ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀਆਂ ਘਟਨਾਵਾਂ ਹਨ। ਸਾਡੀ ਹਿਮਾਚਲ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ। ਕਿਸੇ ਵੀ ਬਾਹਰੀ ਸੂਬਿਆਂ ਤੋਂ ਘੁੰਮਣ ਲਈ ਆਏ ਹੋਏ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਨ੍ਹਾਂ ਨਫ਼ਰਤ ਫੈਲਾਅ ਰਹੇ ਗੁੰਡਾ ਅਨਸਰਾਂ ਦੀ ਪਹਿਚਾਣ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ। ਇਹ ਨਾ ਹੋਵੇ ਕਿ ਹਿਮਾਚਲ ਵਾਲਾ ਮਾਹੌਲ ਪੰਜਾਬ ਵਿਚ ਵੀ ਬਣ ਜਾਵੇ, ਕਿਉਂਕਿ ਨਫ਼ਰਤੀ ਅੱਗ ਫੈਲਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਸਾਡੀ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਹਿਮਾਚਲੀ ਗੁੰਡਿਆਂ ਵਲੋਂ ਬੇਗੁਨਾਹ ਲੋਕਾਂ ਨਾਲ ਹੋ ਰਹੇ ਧੱਕੇ ਅਤੇ ਗੁੰਡਾਗਰਦੀ ਨੂੰ ਤੁਰੰਤ ਰੋਕਿਆ ਜਾਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਸਾਦਗੀ ਭਰਿਆ ਜੀਵਨ ਜੀਓ
ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ। ਜੇ ਅਸੀਂ 20 ਕੁ ਸਾਲ ਪਹਿਲਾਂ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਸਾਦਗੀ ਭਰਿਆ ਜੀਵਨ ਸੀ। ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ। ਇਕ-ਦੂਜੇ ਦਾ ਆਦਰ-ਸਤਿਕਾਰ ਕੀਤਾ ਜਾਂਦਾ ਸੀ। ਪੈਸੇ-ਧੇਲੇ ਨਾਲ ਇਕ-ਦੂਜੇ ਦੀ ਮਦਦ ਵੀ ਕਰ ਦਿੱਤੀ ਜਾਂਦੀ ਸੀ। ਖਾਣਾ-ਪੀਣਾ, ਪੌਣ-ਪਾਣੀ ਸਭ ਕੁਝ ਸ਼ੁੱਧ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਬਿਲਕੁਲ ਵੀ ਹੋੜ ਨਹੀਂ ਸੀ। ਜਿਵੇਂ-ਜਿਵੇਂ ਸਮਾਂ ਬਦਲਿਆ ਪੈਸੇ ਨੇ ਲੋਕਾਂ ਦਾ ਦਿਮਾਗ ਖਰਾਬ ਕਰ ਦਿੱਤਾ, ਜਿਨ੍ਹਾਂ ਨੇ ਕਦੇ ਸਾਰੀ ਜ਼ਿੰਦਗੀ ਲੱਖ ਰੁਪਏ ਤੱਕ ਨਹੀਂ ਦੇਖਿਆ ਸੀ, ਉਨ੍ਹਾਂ ਦੇ ਖਾਤਿਆਂ 'ਚ ਕਰੋੜਾਂ ਰੁਪਏ ਆ ਗਏ। ਭਾਵ ਉਨ੍ਹਾਂ ਨੇ ਮਹਿੰਗੇ ਰੇਟਾਂ 'ਤੇ ਜ਼ਮੀਨਾਂ ਵੇਚੀਆਂ। ਮੁਹਾਲੀ ਦੇ ਖੇਤਰ 'ਚ 10 ਕਰੋੜ ਤੱਕ ਦਾ ਕਿੱਲਾ ਵਿਕਿਆ। ਰਿਸ਼ਤਿਆਂ ਦਾ ਘਾਣ ਹੋਇਆ। ਭਰਾ ਹੱਥੋਂ ਭਰਾ ਦਾ ਕਤਲ ਹੋਣ ਦੀਆਂ ਖ਼ਬਰਾਂ ਅਸੀਂ ਆਮ ਸੁਣਦੇ ਹਾਂ। ਇਨਸਾਨ ਦੀ ਸੋਚ ਕਿਹੋ ਜਿਹੀ ਹੋ ਚੁੱਕੀ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਲੋਭ-ਲਾਲਚ ਛੱਡ ਕੇ ਸਾਦਗੀ ਭਰਿਆ ਜੀਵਨ ਜੀਓ, ਕਿਉਂਕਿ ਧਨ-ਦੌਲਤ ਅੱਜ ਹੈ ਕੱਲ੍ਹ ਨਹੀਂ। ਇਸ ਲਈ ਸਭ ਨਾਲ ਰਲ-ਮਿਲ ਕੇ ਰਹੋ ਅਤੇ ਸਾਦਗੀ ਭਰੀ ਜ਼ਿੰਦਗੀ ਬਸਰ ਕਰੋ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਚੰਗੇ ਸੰਬੰਧ
ਬੀਤੇ ਦਿਨੀਂ 'ਅਜੀਤ' ਵਿਚ ਸੋਨੀ ਮਲਹੋਤਰਾ ਦੀ ਛਪੀ ਰਚਨਾ 'ਸਮਾਜਿਕ ਸੰਬੰਧ' ਪੜ੍ਹੀ, ਜਿਸ ਵਿਚ ਲੇਖਿਕਾ ਨੇ ਸਮਾਜਿਕ ਸੰਬੰਧਾਂ ਦਾ ਸਾਡੀ ਜ਼ਿੰਦਗੀ 'ਤੇ ਪੈਂਦੇ ਅਸਰ ਬਾਰੇ ਲਿਖਿਆ ਸੀ। ਬਹੁਤ ਵਧੀਆ ਰਚਨਾ ਸੀ। ਸਮਾਜਿਕ ਸੰਬੰਧ ਹੀ ਸਾਡੀ ਜ਼ਿੰਦਗੀ ਦੇ ਦਾਇਰੇ ਨੂੰ ਪ੍ਰਭਾਵਿਤ ਕਰਦੇ ਹਾਂ। ਜੇਕਰ ਸਮਾਜ ਵਿਚ ਸਾਡੇ ਚੰਗੇ ਸੰਬੰਧ ਨਹੀਂ ਤਾਂ ਸਾਡੇ ਜੀਵਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਮਾਜ ਵਿਚ ਰਹਿੰਦਿਆਂ ਲੰਮੀ ਜ਼ਿੰਦਗੀ ਜਿਊਣ ਲਈ ਚੰਗੇ ਸੰਬੰਧਾਂ ਦੀ ਬਹੁਤ ਜ਼ਰੂਰਤ ਹੈ। ਜੇਕਰ ਪਰਿਵਾਰ ਤੇ ਸਮਾਜ ਵਿਚ ਚੰਗੇ ਸੰਬੰਧ ਨਹੀਂ ਤਾਂ ਅਸੀਂ ਗਿਰਾਵਟ ਵੱਲ ਚਲੇ ਜਾਵਾਂਗੇ। ਜਿਥੋਂ ਅਸੀਂ ਕਦੇ ਵਾਪਸ ਆ ਨਹੀਂ ਸਕਦੇ। ਚੰਗੇ ਸੰਬੰਧ ਜੀਵਨ ਵਿਚ ਲੋੜ ਵੇਲੇ ਕੰਮ ਆਉਂਦੇ ਹਨ। ਦੁੱਖ ਤਕਲੀਫ਼ਾਂ ਵੇਲੇ ਸਾਨੂੰ ਆਸਰਾ ਵੀ ਦਿੰਦੇ ਹਨ। ਚੰਗੇ ਸੰਬੰਧ ਪੈਦਾ ਕਰਨ ਵਾਸਤੇ ਸਾਨੂੰ ਇਕ-ਦੂਸਰੇ ਦੀ ਲੋੜ ਪੈਣ ਯਤੇ ਸਹਾਇਤਾ ਕਰਨੀ ਚਾਹੀਦੀ ਹੈ। ਕਿਸੇ ਨੂੰ ਆਸਰਾ ਦੇਣਾ ਹੀ ਸਮਾਜਿਕ ਸੰਬੰਧਾਂ ਨੂੰ ਗੂੜ੍ਹਾ ਕਰਦਾ ਹੈ। ਇਕੱਲਾਪਣ ਆਦਮੀ ਨੂੰ ਬਿਮਾਰੀਆਂ ਵੱਲ ਲੈ ਜਾਂਦਾ ਹੈ। ਆਦਮੀ ਵਿਚ ਨਿਰਾਸ਼ਤਾ ਪੈਦਾ ਹੁੰਦੀ ਹੈ। ਨਿਰਾਸ਼ਤਾ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਆਪਣੀ ਰੂਹ ਨੂੰ ਤੰਦਰੁਸਤ ਰੱਖਣ ਵਾਸਤੇ ਸਮਾਜਿਕ ਸੰਬੰਧ ਬਹੁਤ ਜ਼ਰੂਰੀ ਹੈ। ਚੰਗੀ ਸੰਗਤ ਸਾਡੇ ਵਾਸਤੇ ਰੂਹ ਦੀ ਖ਼ੁਰਾਕ ਹੈ। ਸਾਰਿਆਂ ਨਾਲ ਘੁਲ-ਮਿਲ ਕੇ ਰਹੋ। ਲੰਮੀ ਜ਼ਿੰਦਗੀ ਜਿਊਣ ਲਈ ਚੰਗੇ ਸੰਬੰਧ ਬਣਾਈ ਰੱਖੋ।
-ਰਾਮ ਸਿੰਘ ਪਾਠਕ
ਆਤਮ-ਚਿੰਤਨ ਦੀ ਲੋੜ
ਵਿਸ਼ਵ ਪੱਧਰ 'ਤੇ ਪਾਣੀ ਦਾ ਸੰਕਟ ਬਹੁਤ ਗਹਿਰਾ ਹੋ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਾਨੂੰ ਦੂਜੇ ਉੱਪਰ ਦੋਸ਼ ਦੇਣ ਦੀ ਬਜਾਏ ਆਤਮ ਚਿੰਤਨ ਕਰਨਾ ਚਾਹੀਦਾ ਹੈ। ਅਸੀਂ ਸ਼ੁਰੂ ਤੋਂ ਹੀ ਪਾਣੀ ਦੀ ਬੱਚਤ ਬਾਰੇ ਅਵੇਸਲੇ ਹੋ ਚੁੱਕੇ ਹਾਂ।
ਸ਼ਹਿਰਾਂ ਵਿਚ ਪਾਣੀ ਦੀ ਦੁਰਵਰਤੋਂ ਬੇਤਹਾਸ਼ਾ ਕੀਤੀ ਜਾਂਦੀ ਹੈ। ਸਾਰੇ ਘਰਾਂ ਵਿਚ ਪਾਣੀ ਵਰਤਣ ਨੂੰ ਰੋਕਣ ਲਈ ਮੀਟਰ ਲਗਾ ਕੇ ਵੱਧ ਪਾਣੀ ਵਰਤਣ ਵਾਲਿਆਂ ਨੂੰ ਵੱਧ ਬਿੱਲ ਦੇਣਾ ਚਾਹੀਦਾ ਹੈ। ਪਾਣੀ ਦੀ ਨਾਜਾਇਜ਼ ਵਰਤੋਂ ਹੋਣ 'ਤੇ ਜੁਰਮਾਨਾ ਜ਼ਰੂਰ ਹੋਣਾ ਚਾਹੀਦਾ ਹੈ।
ਪਾਣੀ ਦੀ ਸਦਵਰਤੋਂ ਕਰਨ ਵਾਲਿਆਂ ਨੂੰ ਸਾਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਨਹਿਰੀ ਪਾਣੀ ਦੀ ਵਰਤੋਂ ਬਹੁਤ ਹੀ ਮਾਤਰਾ ਵਿਚ ਕਰਨੀ ਚਾਹੀਦੀ ਹੈ। ਅਖ਼ਬਾਰਾਂ ਵਲੋਂ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਵਰਤ ਕੇ ਲੋਕ ਹਿੱਤਾਂ ਵਿਚ ਪਾਣੀ ਸੰਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਦੇ ਸੈਮੀਨਾਰ ਲੱਗਣੇ ਚਾਹੀਦੇ ਹਨ ਅਤੇ ਪਾਣੀ ਦੀ ਬੱਚਤ ਬਾਰੇ ਚਰਚਾ ਕੀਤੀ ਜਾਵੇ। ਧਾਰਮਿਕ ਜਥੇਬੰਦੀਆਂ ਪਾਣੀ ਦੀ ਬੱਚਤ ਕਰਨ ਵਿਚ ਸਹਿਯੋਗ ਦੇ ਸਕਦੀਆਂ ਹਨ। ਸੰਸਥਾਵਾਂ ਦੇ ਮੁਖੀ ਅਤੇ ਪ੍ਰਬੰਧਕ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇ ਸਕਦੇ ਹਨ।
-ਸੰਤ ਸਿੰਘ
ਬੀਲਾ ਈਸੜਾ, ਧੂਰੀ, ਸੰਗਰੂਰ।
ਕਦੋਂ ਖ਼ਤਮ ਹੋਵੇਗਾ ਨਸ਼ਾ
ਪੰਜਾਬ 'ਚ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ ਪਰ ਸਰਕਾਰ ਨਸ਼ੇ ਰੋਕਣ 'ਚ ਅਸਫ਼ਲ ਸਾਬਤ ਹੋ ਰਹੀ ਹੈ। ਹਾਲਾਤ ਇਹ ਹਨ ਕਿ ਅੱਜ ਕੋਈ ਵੀ ਪਿੰਡ, ਸ਼ਹਿਰ, ਕਸਬਾ ਅਜਿਹਾ ਨਹੀਂ ਬਚਿਆ, ਜਿਥੇ ਨਸ਼ਿਆਂ ਕਾਰਨ ਕਿਸੇ ਦੀ ਮੌਤ ਨਾ ਹੋਈ ਹੋਵੇ। ਜਦਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਨਸ਼ਾ ਉੱਥੇ ਦਾ ਉੱਥੇ ਹੀ ਹੈ।
ਸਰਕਾਰੀ ਦਾਅਵੇ ਮੁਤਾਬਿਕ ਰਾਜ ਅੰਦਰ 10 ਲੱਖ ਵਿਅਕਤੀ ਨਸ਼ਿਆਂ ਦੇ ਆਦੀ ਹਨ, ਜਿਨ੍ਹਾਂ ਵਿਚੋਂ 2.62 ਲੱਖ ਸਰਕਾਰੀ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਵਾ ਰਹੇ ਹਨ। ਜਦਕਿ 6.12 ਲੱਖ ਹਸਪਤਾਲਾਂ ਤੋਂ ਇਸ ਸਮੇਂ ਇਲਾਜ ਕਰਵਾ ਰਹੇ ਹਨ।
ਇਸ ਦੇ ਬਾਵਜੂਦ ਵੀ ਸਰਕਾਰ ਨਸ਼ਾ ਰੋਕਣ ਵਿਚ ਹਾਲੇ ਕਾਮਯਾਬ ਨਹੀਂ ਹੁੰਦੀ ਦਿਸ ਰਹੀ, ਜਦਕਿ ਇਲਾਜ ਉਪਰੰਤ ਹੀ ਜ਼ਿਆਦਾਤਰ ਮਰੀਜ਼ ਮੁੜ ਨਸ਼ੇ ਦੇ ਰਾਹ 'ਤੇ ਪੈ ਜਾਂਦੇ ਹਨ। ਜਿਥੇ ਇਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਹਰ ਉਹ ਹੀਲਾ ਅਪਣਾਉਣ ਦੀ ਲੋੜ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਸਿਰਫ਼ ਸਰਕਾਰ ਦਾ ਫਰਜ਼ ਹੀ ਨਹੀਂ ਬਣਦਾ, ਜਦਕਿ ਸਾਡਾ ਆਪਣਾ ਵੀ ਫਰਜ ਬਣਦਾ ਹੈ ਕਿ ਨਸ਼ੇ ਦੇ ਰਾਹ ਪਏ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਸਹੀ ਧਾਰਾ ਵਿਚ ਲਿਆਂਦਾ ਜਾ ਸਕੇ।
ਨਸ਼ੇ ਦੇ ਮਾੜੂ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਸਿਰਫ਼ ਬਿਆਨਾਂ ਰਾਹੀਂ ਹੀ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਸਾਨੂੰ ਰਲ-ਮਿਲ ਕੇ ਨਸ਼ਿਆਂ ਖ਼ਿਲਾਫ਼ ਹੰਭਲਾ ਮਾਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਘਰ 'ਚੋਂ ਕੋਈ ਵੀ ਜੀ ਨਸ਼ੇ ਕਰਕੇ ਨਾ ਮਰੇ।
-ਗੌਰਵ ਮੁੰਜਾਲ
ਪੀ.ਸੀ.ਐਸ.।
ਪਾਣੀ ਦਾ ਸੰਕਟ
ਮੌਸਮ ਦਾ ਮਿਜਾਜ਼ ਕੁਝ ਇਸ ਕਦਰ ਬਦਲ ਚੁੱਕਿਆ ਹੈ ਕਿ ਦੇਸ਼ ਦੇ ਆਸਾਮ ਵਿਚ ਤਾਂ ਮੀਂਹ ਨਾਲ ਹੜ੍ਹ ਆ ਰਹੇ ਹਨ ਤੇ ਦੂਜੇ ਪਾਸੇ ਦਿੱਲੀ ਅਤੇ ਉੱਤਰੀ ਭਾਰਤ ਗਰਮੀ ਦੇ ਪ੍ਰਕੋਪ ਅਤੇ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਹੁਣ ਪੀਣ ਲਈ ਪਾਣੀ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਥਿਤੀ ਤਾਂ ਇਹ ਹੋ ਗਈ ਹੈ ਕਿ ਬੀਤੇ ਦਿਨ ਅਦਾਲਤ ਵਲੋਂ ਗੁਆਂਢੀ ਰਾਜਾਂ ਤੋਂ ਦਿੱਲੀ ਨੂੰ ਪਾਣੀ ਦੇਣ ਦਾ ਆਦੇਸ਼ ਦਿੱਤਾ ਗਿਆ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਜੋ ਸਾਨੂੰ ਬਿਨਾਂ ਕਿਸੇ ਪੈਸੇ ਅਤੇ ਸੇਵਾ ਤੋਂ ਮੁਫ਼ਤ ਵਿਚ ਮਿਲਿਆ ਪਰੰਤੂ ਲਾਲਚੀ ਮਨੁੱਖ ਉਸ ਨੂੰ ਸਾਂਭ ਨਾ ਸਕਿਆ। ਆਪਣੇ ਫਾਇਦੇ ਲਈ ਫੈਕਟਰੀਆਂ ਦਾ ਗੰਦਾ ਪਾਣੀ ਸਾਫ਼ ਪਾਣੀ ਦੇ ਸੋਮਿਆਂ ਵਿਚ ਛੱਡਿਆ।
ਮਨੁੱਖ ਨੇ ਕੇਵਲ ਆਪਣੇ ਲਈ ਸੰਕਟ ਨਹੀਂ ਵਿੱਢਿਆ, ਸਗੋਂ ਜੀਵ-ਜੰਤੂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਅਖ਼ੌਤੀ ਵਿਕਾਸ ਦੇ ਨਾਂਅ 'ਤੇ ਕੀਤਾ ਗਿਆ ਵਾਤਾਵਰਨ ਦੇ ਵਿਨਾਸ਼ ਨੇ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ। ਉੱਤਰੀ ਭਾਰਤ ਵਿਚ ਪੈ ਰਹੀ ਗਰਮੀ ਨੂੰ ਦੇਖਦੇ ਮੀਂਹ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਮੌਸਮੀ ਭਵਿੱਖਬਾਣੀ ਅਨੁਸਾਰ ਮੀਂਹ ਵੀ ਜਲਦ ਦਸਤਕ ਦੇਵੇਗਾ, ਪਰੰਤੂ ੳਸ ਦਾ ਫਾਇਦਾ ਫਿਰ ਹੀ ਹੋਵੇਗਾ ਜੇਕਰ ਮਨੁੱਖ ਮੀਂਹ ਦੇ ਪਾਣੀ ਨੂੰ ਸਟੋਰੇਜ ਕਰਨ ਲਈ ਪਹਿਲਕਦਮੀ ਕਰੇ।
ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਪਾਣੀ ਦੇ ਸੰਕਟ ਨਾਲ ਜੂਝਣ ਵਿਚ ਸਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
-ਰਜਵਿੰਦਰ ਪਾਲ ਸ਼ਰਮਾ
ਪੰਜਾਬੀ ਹਲਕੇ 'ਤੇ ਹਿੰਦੀ ਦਾ ਪ੍ਰਭਾਵ
ਲੋਕ ਸਭਾ ਚੋਣਾਂ 2024 ਵਿਚ ਵਿਧਾਨ ਸਭਾ ਹਲਕਾ ਤਲਵੰਡੀ ਬੂਥ ਨੰ. 41 ਰਾਮਾ ਸ.ਸ.ਸ.ਸ. (ਕੁੜੀਆਂ) ਵਿਚ ਪੀ.ਓ. ਦੀ ਡਿਊਟੀ ਸੀ। ਮੌਕਪੋਲ ਤੋਂ ਬਾਅਦ ਪੂਰੇ 7 ਵਜੇ ਵੋਟ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਵੋਟ ਪਾਉਣ ਆਇਆ ਵੋਟਰ ਜਿਸ ਨੇ ਹਿੰਦੀ ਵਿਚ ਦਸਤਖ਼ਤ ਕੀਤੇ ਸੀ।
ਮੈਂ, ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨ ਬਾਰੇ ਪੁੱਛਿਆ ਉਸ ਨੇ ਕਿਹਾ, ਸਰ ਅਸੀਂ ਪੰਜਾਬੀ ਬੋਲਦੇ ਵੀ ਘੱਟ ਹਾਂ, ਹਿੰਦੀ ਦੀ ਵੱਧ ਵਰਤੋਂ ਕਰਦੇ ਹਾਂ. ਮੈਂ ਕੰਮ ਕਰਦੇ ਸਮੇਂ ਮਨ ਵਿਚ ਇਹ ਸੋਚਿਆ ਇਹ ਅਜੀਬ ਗੱਲ ਹੈ। ਪੰਜਾਬੀ ਲੋਕ ਹਿੰਦੀ ਦੀ ਵੱਧ ਵਰਤੋਂ ਕਰਦੇ ਹਨ। ਕੰਮ ਪੂਰੇ ਜ਼ੋਰ ਨਾਲ ਚਾਲੂ ਸੀ। ਵੋਟਰ ਦੀ ਜਾਣਕਾਰੀ ਦਰਜ ਕਰ ਕੇ ਪੰਜਾਬੀ ਵਿਚ ਦਸਤਖ਼ਤ ਕਰਨ ਵਾਸਤੇ ਕਹਿੰਦਾ ਸੀ। ਵੋਟਰ ਹਿੰਦੀ ਵਿਚ ਦਸਤਖ਼ਤ ਕਰ ਜਾਂਦਾ ਸੀ।
ਮੈਂ ਵੋਟਰ ਨਾਲ ਗੱਲ ਕਰ ਲੈਂਦਾ ਪੰਜਾਬੀ ਵਿਚ ਦਸਤਖ਼ਤ ਕਿਉਂ ਨਹੀਂ ਕੀਤੇ ਹਾਲਾਂਕਿ ਅਸੀਂ ਪੰਜਾਬੀ ਹਾਂ, ਵੋਟਰ ਕਹਿੰਦਾ 'ਸਰ ਅਸੀਂ ਪੰਜਾਬੀ ਦੀ ਵਰਤੋਂ ਘੱਟ ਕਰਦੇ ਹਾਂ, ਵੋਟਰ ਨਾਲ ਗੱਲ ਕਰਨ 'ਤੇ ਵੋਟਰ ਖ਼ੁਸ਼ ਹੋ ਜਾਂਦਾ ਸੀ। ਜਿਹੜਾ ਵੀ ਵੋਟਰ ਆਉਂਦਾ ਭਾਵੇਂ ਅਨਪੜ੍ਹ ਸੀ ਪਰ ਹਿੰਦੀ ਵਿਚ ਦਸਤਖ਼ਤ ਜ਼ਰੂਰ ਕਰ ਲੈਂਦਾ ਸੀ। ਵੋਟਰਾਂ ਦਾ ਰਿਕਾਰਡ ਦਰਜ ਕਰਦੇ ਸਮੇਂ ਰਜਿਸਟਰ 'ਤੇ ਪਿਛਲੇ ਪੰਨੇ 'ਤੇ ਝਾਤੀ ਮਾਰੀ, ਪੰਜਾਬੀ ਵਿਚ ਕੋਈ ਦਸਤਖ਼ਤ ਨਜ਼ਰ ਨਹੀਂ ਆਇਆ। ਮੈਂ ਮਨ ਹੀ ਮਨ ਵਿਚ ਸੋਚ ਰਿਹਾ ਸੀ ਪੰਜਾਬੀ ਹਲਕੇ 'ਤੇ ਹਿੰਦੀ ਦਾ ਪ੍ਰਭਾਵ ਦਿਖਾਈ ਦੇ ਰਿਹਾ ਸੀ। ਬਹੁਤ ਘੱਟ ਪੰਜਾਬੀ ਵਿਚ ਦਸਤਖ਼ਤ ਸੀ। ਇਹ ਤਸਵੀਰ ਦਾ ਦੂਸਰਾ ਪਾਸਾ ਇਹ ਵੀ ਹੈ। ਪੱਗ ਵਾਲੇ ਬਹੁਤ ਘੱਟ ਵੋਟਰ ਆਏ, ਇਕ ਪਰਿਵਾਰ ਵੋਟ ਪਾਉਣ ਆਇਆ, ਜਿਨ੍ਹਾਂ ਦੇ ਪੱਗਾਂ ਬੰਨ੍ਹੀਆਂ ਸਨ, ਉਨ੍ਹਾਂ ਦੇ ਚਿਹਰਿਆਂ 'ਤੇ ਬੜੀ ਰੌਣਕ ਝਲਕ ਰਹੀ ਸੀ। ਪੰਜਾਬੀ ਵਿਚ ਦਸਤਖ਼ਤ ਤੋਂ ਇਲਾਵਾ ਪੱਗ ਬੰਨ੍ਹਣ ਵਾਲੇ ਹੀ ਮੈਨੂੰ ਘੱਟ ਨਜ਼ਰ ਆਏ। ਅਚਾਨਕ ਇਕ ਬੀਬੀ ਵੋਟ ਪਾਉਣ ਆਈ, ਉਹ ਪੰਜਾਬੀ ਨੌਕਰੀ ਪੇਸ਼ਾ ਸੀ। ਉਸ ਦਾ ਰਿਕਾਰਡ ਦਰਜ ਕੀਤਾ। ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨ ਲਈ ਕਿਹਾ ਉਹ ਪੰਜਾਬੀ ਵਿਚ ਦਸਤਖ਼ਤ ਕਰ ਕੇ ਬਹੁਤ ਖ਼ੁਸ਼ ਹੋਈ। ਇਕ ਮਿੰਟ ਵਿਚ ਰਜਿਸਟਰ 'ਤੇ ਝਾਤੀ ਮਰਵਾਈ, ਪੰਜਾਬੀ ਵਿਚ ਕੋਈ ਦਸਤਖ਼ਤ ਨਹੀਂ ਦਿਸਿਆ। ਮੈਂ ਉਸ ਨਾਲ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਸਾਰਿਆਂ ਦਾ ਪਿਛੋਕੜ ਹਰਿਆਣੇ ਨਾਲ ਹੈ। ਸਾਰੇ ਬੋਲਦੇ ਭਾਵੇਂ ਪੰਜਾਬੀ ਹਨ ਪਰ ਦਸਤਖ਼ਤ ਹਿੰਦੀ ਵਿਚ ਕਰਦੇ ਹਨ। ਇਸ ਕਰਕੇ ਇਨ੍ਹਾਂ 'ਤੇ ਹਿੰਦੀ ਭਾਸ਼ਾ ਦਾ ਅਸਰ ਅੱਜ ਵੀ ਦਿਖਾਈ ਦੇ ਰਿਹਾ ਹੈ। ਇਹ ਵਰਤਾਰਾ ਚਲਦਾ ਰਿਹਾ ਤਾਂ ਇਹ ਹਲਕੇ ਵਿਚ ਪੰਜਾਬੀ ਖ਼ਤਮ ਹੋ ਜਾਵੇਗੀ।
ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਵਰਤੋਂ ਹੀ ਨਹੀਂ ਕਰਦੇ ਇਹ ਇਲਾਕਾ ਹਰਿਆਣੇ ਨਾਲ ਵੀ ਜੁੜਦਾ ਹੈ। ਇਹ ਦੋ ਗੱਲਾਂ ਕਰ ਕੇ ਹਿੰਦੀ ਨੇ ਪੰਜਾਬੀ ਬੋਲਣ ਵਾਲੇ ਦੇ ਜਨ-ਜੀਵਨ 'ਤੇ ਗਹਿਰਾ ਅਸਰ ਪਾਇਆ ਹੈ। ਇਹ ਵਰਤਾਰਾ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਪੰਜਾਬੀ ਹਲਕਿਆਂ ਵਿਚ ਪੰਜਾਬੀ ਖ਼ਤਮ ਹੋਈ ਸੁਣਾਂਗੇ। ਇਹ ਗੱਲ ਨੂੰ ਗੰਭੀਰ ਰੂਪ ਵਿਚ ਵਿਚਾਰਨਾ ਪਵੇਗਾ। ਇਨ੍ਹਾਂ ਹਲਕਿਆਂ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ।
-ਰਾਮ ਸਿੰਘ ਪਾਠਕ
ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ?
ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਬਿਜਲੀ ਮਹਿਕਮੇ ਨੇ ਮੀਟਰ ਲੋਕਾਂ ਦੇ ਘਰਾਂ ਤੋਂ ਬਾਹਰ ਲਗਾ ਦਿੱਤੇ, ਇਹ ਇਕ ਚੰਗਾ ਉਪਰਾਲਾ ਹੈ ਪਰ ਕਈ ਜਗ੍ਹਾ 'ਤੇ ਇਹ ਮੀਟਰ ਗਲੀ ਵਿਚ ਲੱਗੇ ਬਿਜਲੀ ਦੇ ਖੰਭੇ ਉੱਪਰ ਲੱਗੇ ਹਨ, ਜਿਹੜੇ ਕਿ ਇੰਨੀ ਕੁ ਉੱਚਾਈ 'ਤੇ ਹਨ ਕਿ ਕਿਸੇ ਵੀ ਵਿਅਕਤੀ ਦਾ ਹੱਥ ਇਨ੍ਹਾਂ ਨੂੰ ਲੱਗ ਸਕਦਾ ਹੈ, ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਕਈ ਵਾਰ ਉਸਾਰੀ ਵਾਲੀ ਥਾਂ 'ਤੇ ਰੇਤਾ ਬਜਰੀ ਦੀਆਂ ਟਰਾਲੀਆਂ ਇਨ੍ਹਾਂ ਮੀਟਰ ਬਕਸਿਆਂ ਨਾਲ ਅੜ ਕੇ ਇਨ੍ਹਾਂ ਨੂੰ ਥੱਲੇ ਲਮਕਾ ਦਿੰਦੀਆਂ ਹਨ, ਜਿਸ ਨਾਲ ਗਲੀ ਵਿਚ ਖੇਡਦੇ ਬੱਚਿਆਂ ਤੇ ਬੇਜ਼ੁਬਾਨ ਜਾਨਵਰਾਂ ਦੀ ਜਾਨ ਜਾਣ ਦਾ ਡਰ ਬਣਿਆ ਰਹਿੰਦਾ ਹੈ। ਮੇਰੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ ਸਾਰੇ ਸ਼ਹਿਰ ਅੰਦਰ ਇਹ ਮੀਟਰ ਬਕਸੇ ਇੰਨੀ ਕੁ ਉਚਾਈ 'ਤੇ ਲਗਵਾਏ ਜਾਣ ਕਿ ਇਕ ਬਾਲਗ ਵਿਅਕਤੀ ਦੀ ਹੀ ਉਸ ਤੱਕ ਪਹੁੰਚ ਹੋਵੇ, ਇਸ ਦੇ ਨਾਲ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕੋਈ ਉਪਰਾਲਾ ਕੀਤਾ ਜਾਵੇ।
-ਦਰਸ਼ਨ ਸਿੰਘ ਤਨੇਜਾ
ਲੈਕਚਰਾਰ, ਫਿਜੀਕਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੂਈਖੇੜਾ।
ਨੈਤਿਕ ਕਦਰਾਂ-ਕੀਮਤਾਂ
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਜਸਵਿੰਦਰ ਪਾਲ ਸ਼ਰਮਾ ਦੀ ਲਿਖਤ ਪੜ੍ਹੀ, ਜਿਸ ਵਿਚ ਲੇਖਕ ਨੇ ਨੈਤਿਕ ਕਦਰਾਂ-ਕੀਮਤਾਂ ਦੇ ਘੱਟ ਹੋਣ ਬਾਰੇ ਲਿਖਿਆ, ਜੋ ਕਿ ਇਕ ਬਹੁਤ ਹੀ ਗੰਭੀਰ ਵਿਸ਼ਾ ਹੈ।
ਨੈਤਿਕ ਕਦਰਾਂ-ਕੀਮਤਾਂ ਅਸੀਂ ਬੱਚਿਆਂ ਵਿਚ ਘਰ ਤੋਂ ਸ਼ੁਰੂ ਕਰ ਸਕਦੇ ਹਾਂ। ਅੱਜ ਦੇ ਸਮੇਂ ਵਿਚ ਪਰਿਵਾਰਾਂ ਵਿਚ ਘੱਟ ਮੇਲ ਮਿਲਾਪ ਕਾਰਨ ਸਹਿਚਾਰ ਦੀ ਭਾਵਨਾ ਘੱਟ ਵੇਖਣ ਨੂੰ ਮਿਲਦੀ ਹੈ। ਮਾਡਰਨ ਬੱਚਿਆਂ 'ਤੇ ਬਜ਼ੁਰਗਾਂ ਵਿਚ ਗੈਪ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਅਸੀਂ ਵਿਚਾਰ ਕਰ ਸਕਦੇ ਹਾਂ, ਬੱਚੇ ਦਾਦੀ/ਦਾਦੀ ਜੀ ਕੋਲ ਸਮਾਂ ਘੱਟ ਗੁਜ਼ਾਰਦੇ ਹਨ, ਜਿਸ ਦਾ ਭੈੜਾ ਅਸਰ ਮਿਲ ਰਿਹਾ ਹੈ। ਅੱਜ ਪਰਿਵਾਰ ਇਕੱਠਾ ਨਹੀਂ ਰਹਿ ਗਿਆ। ਬੇਟਾ ਅਲੱਗ ਮਾਂ-ਪਿਉ ਤੋਂ ਰਹਿ ਰਿਹਾ ਹੈ। ਜੇਕਰ ਪਰਿਵਾਰ ਵਿਚ ਸਨੇਹ ਪਿਆਰ ਨਹੀਂ ਤਾਂ ਕਦਰਾਂ ਕੀਮਤਾਂ ਕਿਥੋਂ ਪੈਦਾ ਹੋਣਗੀਆਂ। ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਵਾਸਤੇ ਮਾਂ-ਪਿਉ ਦਾ ਬਹੁਤ ਮਹੱਤਵਪੂਰਨ ਫਰਜ਼ ਹੈ। ਮਾਂ-ਪਿਉ ਬੱਚਿਆਂ ਨੂੰ ਸਮਾਜਿਕ ਰਿਸ਼ਤਿਆਂ ਬਾਰੇ ਗਿਆਨ ਦੇਵੇ। ਵੱਡਿਆਂ ਦਾ ਸਤਿਕਾਰ ਕਰਨਾ ਸਿਖਾਵੇ।
ਬੱਚਿਆਂ ਨਾਲ ਵੱਧ ਤੋਂ ਵਧ ਸਮਾਂ ਗੁਜ਼ਾਰੇ। ਇਕ ਅਧਿਆਪਕ ਵਾਂਗ ਆਪਣੇ ਬੱਚਿਆਂ ਦੀ ਜਮਾਤ ਲਾਵੇ, ਮਾਪੇ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਗੁਜ਼ਾਰਨ। ਬੱਚਿਆਂ ਨੂੰ ਰਿਸ਼ਤਿਆਂ ਦੀ ਪਹਿਚਾਣ ਕਰਵਾਉਣ। ਬੱਚਿਆਂ ਵਿਚ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਜਾਵੇ, ਸਮਾਜ ਵਿਚ ਵਿਚਰਨਾ ਸਿਖਾਇਆ ਜਾਵੇ। ਪ੍ਰੇਰਨਾ ਸਰੋਤ ਕਹਾਣੀਆਂ ਨੈਤਿਕ ਕਦਰਾਂ ਪੈਦਾ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਚੰਗੀਆਂ ਗੱਲਾਂ ਬੱਚਿਆਂ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ, ਵਿਚਾਰ ਕਰਨ ਨਾਲ ਬੱਚਿਆਂ ਦਾ ਵਧੀਆ ਸੰਸਾਰ ਬਣੇਗਾ।
-ਰਾਮ ਸਿੰਘ
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX