ਤਾਜਾ ਖ਼ਬਰਾਂ


ਭਾਜਪਾ ਵਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 8 ਸਤੰਬਰ - ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਆਰ.ਐਸ. ਪਠਾਨੀਆ ਊਧਮਪੁਰ ਪੂਰਬੀ ਤੋਂ, ਨਸੀਰ ਅਹਿਮਦ ਲੋਨ...
ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
. . .  1 day ago
ਚੰਡੀਗੜ੍ਹ, 8 ਸਤੰਬਰ - ਕਾਂਗਰਸ ਨੇ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ...
60 ਲੱਖ ਦੀ ਰਿਸ਼ਵਤ ਲਈ ਕਾਰੋਬਾਰੀ ਨੂੰ ਸਾਰੀ ਰਾਤ ਬੰਧਕ ਬਣਾ ਕੇ ਰੱਖਿਆ
. . .  1 day ago
ਮੁੰਬਈ,8 ਸਤੰਬਰ - ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਸੀ.ਬੀ.ਆਈ. ਨੇ ਸੀ.ਜੀ.ਐਸ.ਟੀ (ਐਂਟੀ-ਇਵੇਸ਼ਨ) ਮੁੰਬਈ ਪੱਛਮੀ ਕਮਿਸ਼ਨਰੇਟ ਦੇ ਇਕ ਸੁਪਰਡੈਂਟ ਅਤੇ ਇਕ ਸੀ.ਏ. ਸਮੇਤ ਤਿੰਨ ਮੁਲਜ਼ਮਾਂ ਵਿਰੁੱਧ ਕਾਰਵਾਈ ...
ਭਾਰਤੀ ਟੀਮ ਨੇ ਚੀਨ ਨੂੰ 3-0 ਨਾਲ ਬੁਰੀ ਤਰ੍ਹਾਂ ਹਰਾਇਆ, ਜਿੱਤ ਨਾਲ ਕੀਤੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,8 ਸਤੰਬਰ- ਭਾਰਤੀ ਪੁਰਸ਼ ਹਾਕੀ ਟੀਮ ਨੇ ਮੇਜ਼ਬਾਨ ਚੀਨ ਨੂੰ 3-0 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਕੀਤੀ। ਭਾਰਤ ਲਈ ਸੁਖਜੀਤ ਸਿੰਘ (14ਵੇਂ ਮਿੰਟ), ਉੱਤਮ ਸਿੰਘ (27ਵੇਂ ਮਿੰਟ) ...
ਗੁਆਂਢੀਆਂ ਨਾਲ ਚੰਗੇ ਰਿਸ਼ਤੇ ਕੌਣ ਨਹੀਂ ਚਾਹੁੰਦਾ - ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 8 ਸਤੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਚੋਣ ਪ੍ਰਚਾਰ ਲਈ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਬਨਿਹਾਲ ਪਹੁੰਚੇ। ਉਨ੍ਹਾਂ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਰਤ ਅੱਤਵਾਦ ...
ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਾਗੀਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੱਲ੍ਹ ਪੇਸ਼ ਹੋਣਗੇ
. . .  1 day ago
ਚੰਡੀਗੜ੍ਹ, 8 ਸਤੰਬਰ -ਬੀਬੀ ਜਾਗੀਰ ਕੌਰ ਨੇ ਸਾਰੇ ਅਹੁਦੇ ਤਿਆਗ ਕੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਵੀ ...
ਕਾਂਗਰਸ ਛੱਡੋ ਨਹੀਂ ਤਾਂ...ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਫੋਨ 'ਤੇ ਆਇਆ ਮੈਸੇਜ
. . .  1 day ago
ਨਵੀਂ ਦਿੱਲੀ, 8 ਸਤੰਬਰ- ਦੇਸ਼ ਦੇ ਮਸ਼ਹੂਰ ਪਹਿਲਵਾਨ ਅਤੇ ਹਾਲ ਹੀ ਵਿਚ ਕਿਸਾਨ ਕਾਂਗਰਸ ਦੇ ਪ੍ਰਧਾਨ ਬਣੇ ਬਜਰੰਗ ਪੂਨੀਆ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਵਟਸਐਪ 'ਤੇ ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੰਬਈ ਪੁੱਜੇ
. . .  1 day ago
ਮੁੰਬਈ, 8 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੰਬਈ ਪਹੁੰਚ ਗਏ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਲੰਬੇ ਦਾੜ੍ਹੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ ਪਾਕਿਸਤਾਨ ਦੀ ਹੱਦ ਦਿੱਲੀ ਤੱਕ ਹੁੰਦੀ - ਜਥੇਦਾਰ ਹਰਪ੍ਰੀਤ ਸਿੰਘ ਸਿੱਖ
. . .  1 day ago
ਕਰਨਾਲ ,8 ਸਤੰਬਰ (ਗੁਰਮੀਤ ਸਿੰਘ ਸੱਗੂ) - ਸਿੱਖਾਂ ਦੇ ਲੰਬੇ ਦਾੜ੍ਹੇ ਅਤੇ ਦਸਤਾਰ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਅਗਰ ਇਹ ਲੰਬੇ ਦਾੜ੍ਹੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ ...
ਉ.ਸੀ.ਏ. ਪੰਜ ਉਲੰਪਿਕ ਮਹਾਂਦੀਪਾਂ ਵਿਚੋਂ ਸਭ ਤੋਂ ਮਜ਼ਬੂਤ - ਉ.ਸੀ.ਏ. ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਰਣਧੀਰ ਸਿੰਘ
. . .  1 day ago
ਨਵੀਂ ਦਿੱਲੀ, 8 ਸਤੰਬਰ (ਏ.ਐਨ.ਆਈ.) ਉਲੰਪਿਕ ਕੌਂਸਲ ਆਫ ਏਸ਼ੀਆ (ਉ.ਸੀ.ਏ. ) ਦੇ ਨਵ-ਨਿਯੁਕਤ ਪ੍ਰਧਾਨ ਰਣਧੀਰ ਸਿੰਘ ਨੇ ਆਪਣੀ ਚੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਹ ਵੀ ਕਿਹਾ ਕਿ ਉ.ਸੀ.ਏ. ...
ਹਰਿਆਣਾ ਵਿਚ ਤੀਜੀ ਵਾਰ ਬਣੇਗੀ ਭਾਜਪਾ ਦੀ ਸਰਕਾਰ - ਸੁਰੇਸ਼ ਰਾਣਾ
. . .  1 day ago
ਯਮੁਨਾਨਗਰ (ਕੁਲਦੀਪ ਸੈਣੀ), 8 ਸਤੰਬਰ - ਯਮੁਨਾਨਗਰ ਦੀ ਜਗਾਧਰੀ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਅਤੇ ਹਰਿਆਣਾ ਸਰਕਾਰ 'ਚ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ ਨੇ ਜਗਾਧਰੀ ਵਿਧਾਨ ਸਭਾ 'ਚ ਚੋਣ ...
ਰਾਹੁਲ ਗਾਂਧੀ ਦੇ ਅਮਰੀਕਾ ਪੁੱਜਣ 'ਤੇ ਸ਼ਾਨਦਾਰ ਸਵਾਗਤ
. . .  1 day ago
ਅਬੂ ਧਾਬੀ ਦੇ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦਿੱਲੀ ਪਹੁੰਚੇ
. . .  1 day ago
ਨਵੀਂ ਦਿੱਲੀ , 8 ਸਤੰਬਰ - ਅਬੂ ਧਾਬੀ ਦੇ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦਿੱਲੀ ਪਹੁੰਚੇ। ਇਸ ਦੌਰਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਉਨ੍ਹਾਂ ਦਾ ਸਵਾਗਤ ...
ਅਭਿਨੇਤਾ ਵਿਕਾਸ ਸੇਠੀ ਦਾ ਨਾਸਿਕ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
. . .  1 day ago
ਮੁੰਬਈ, 8 ਸਤੰਬਰ - ਅਭਿਨੇਤਾ ਵਿਕਾਸ ਸੇਠੀ ਦਾ ਨਾਸਿਕ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਉਹ 48 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਜਾਨਵੀ ਸੇਠੀ ਦੇ ...
ਪਰਮਿੰਦਰ ਸਿੰਘ ਢੀਂਡਸਾ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਦੇਣਗੇ ਸਪਸ਼ਟੀਕਰਨ
. . .  1 day ago
ਚੰਡੀਗੜ੍ਹ ,8 ਸਤੰਬਰ -ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ੍ਰੀ ਅਕਲ ਤਖ਼ਤ ਸਾਹਿਬ ਵਲੋਂ ਮੇਰੋ ਤੋਂ ਬਤੌਰ ਸਾਬਕਾ ਕੈਬਨਿਟ ਮੰਤਰੀ ਰਹਿੰਦਿਆਂ ਸਪਸ਼ਟੀਕਰਨ ਮੰਗਿਆ ਗਿਆ ਹੈ। ਉਸ ਸਪਸ਼ਟੀਕਰਨ ਦੇਣ ਲਈ ...
ਖੇਮਕਰਨ ਦਾ ਨੌਜਵਾਨ 525 ਗ੍ਰਾਮ ਹੈਰੋਇਨ ਸਮੇਤ ਕਾਬੂ
. . .  1 day ago
ਖੇਮਕਰਨ (ਤਰਨ ਤਾਰਨ) , 8 ਸਤੰਬਰ (ਰਾਕੇਸ਼ ਬਿੱਲਾ) -ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਪਾਰਟੀ ਨੇ ਏ. ਐਸ. ਆਈ. ਪਰਮਦੀਪ ਸਿੰਘ ਦੀ ਅਗਵਾਈ ਖੇਮਕਰਨ ਸ਼ਹਿਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਮੇਨ ਸੜਕ 'ਤੇ ਪੈਂਦੇ ਪੁਲ ...
ਬ੍ਰਿਜਭੂਸ਼ਣ ਦੇਸ਼ ਨਹੀਂ ਹੈ, ਮੇਰੇ ਆਪਣੇ ਲੋਕ ਮੇਰੇ ਨਾਲ ਖੜ੍ਹੇ ਹਨ - ਕਾਂਗਰਸ ਨੇਤਾ ਵਿਨੇਸ਼ ਫੋਗਾਟ
. . .  1 day ago
ਚੰਡੀਗੜ੍ਹ, 8 ਸਤੰਬਰ- ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਜੁਲਾਨਾ ਸੀਟ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੈਦਾਨ ਵਿਚ ਉਤਾਰਿਆ ਹੈ। ਵਿਨੇਸ਼ ਨੇ ਹੁਣ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਰਕਰਾਂ ਅਤੇ ਸਮਰਥਕਾਂ ਨੇ ...
ਦਿੱਲੀ ਦੇ 3 ਵੱਡੇ ਬੱਸ ਸਟੈਂਡਾਂ 'ਚ ਫਾਸਟੈਗ ਤੋਂ ਬਿਨਾਂ ਐਂਟਰੀ 'ਤੇ ਲੱਗੇਗੀ ਪਾਬੰਦੀ
. . .  1 day ago
ਨਵੀਂ ਦਿੱਲੀ ,8 ਸਤੰਬਰ- ਦਿੱਲੀ ਵਿਚ 3 ਅੰਤਰਰਾਜੀ ਬੱਸ ਸਟੈਂਡ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਕਸ਼ਮੀਰੀ ਗੇਟ ਬੱਸ ਟਰਮੀਨਲ, ਆਨੰਦ ਵਿਹਾਰ ਬੱਸ ਟਰਮੀਨਲ ਅਤੇ ਸਰਾਏ ਕਾਲੇ ਖ਼ਾਨ ਅੰਤਰਰਾਜੀ ਬੱਸ ...
ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੇ
. . .  1 day ago
ਨਵੀ ਦਿੱਲੀ ,8 ਸਤੰਬਰ - ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਬਾਰੇ ਖ਼ਬਰਾਂ ਹਨ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਕਨ੍ਹਈਆ ਮਿੱਤਲ ਜੋ 'ਰਾਮ ਕੋ ਲਾਏ ਹੈਂ ਹਮ ਉਨਕੋ ਲਾਏਂਗੇ 'ਗੀਤ ...
ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ
. . .  1 day ago
ਜੀਂਦ (ਹਰਿਆਣਾ), 8 ਸਤੰਬਰ (ਏ.ਐਨ.ਆਈ.)- ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦੇ ਦੋ ਦਿਨ ਬਾਅਦ, ਪਹਿਲਵਾਨ ਵਿਨੇਸ਼ ਫੋਗਾਟ ਨੇ ਐਤਵਾਰ ਨੂੰ ਹਰਿਆਣਾ ਦੇ ਜੀਂਦ ਖੇਤਰ ...
ਟੀ.ਐਮ.ਸੀ. ਸੰਸਦ ਮੈਂਬਰ ਜਵਾਹਰ ਸਿਰਕਾਰ ਨੇ ਬੰਗਾਲ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ
. . .  1 day ago
ਕੋਲਕਾਤਾ (ਪੱਛਮੀ ਬੰਗਾਲ), 8 ਸਤੰਬਰ (ਏਐਨਆਈ): ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਸੰਸਦ ਮੈਂਬਰ ਜਵਾਹਰ ਸਿਰਕਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਮਮਤਾ ਬੈਨਰਜੀ ਨੂੰ ਪੱਤਰ ...
ਕਾਰ ਸਵਾਰ ਚਾਰ ਨੌਜਵਾਨ ਅੱਧਾ ਕਿਲੋ ਅਫ਼ੀਮ ਸਮੇਤ ਚੜ੍ਹੇ ਪੁਲਿਸ ਦੇ ਅੜਿੱਕੇ
. . .  1 day ago
ਸੰਗਤ ਮੰਡੀ, 8 ਸਤੰਬਰ (ਦੀਪਕ ਸ਼ਰਮਾ) - ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਹਰਿਆਣਾ ਦੀ ਹੱਦ 'ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਅੱਧਾ ਕਿਲੋ ਅਫ਼ੀਮ ਸਮੇਤ...
ਰਣਵੀਰ-ਦੀਪਿਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਧੀ ਦਾ ਹੋਇਆ ਜਨਮ
. . .  1 day ago
ਮੁੰਬਈ, 8 ਸਤੰਬਰ - ਫ਼ਿਲਮੀ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੂਕੋਣਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਪਾਦੂਕੋਣ ਨੇ ਮੁੰਬਈ ਦੇ ਹਸਪਤਾਲ ਵਿਚ ਬੇਟੀ ਨੂੰ ਜਨਮ...
ਲਖਨਊ ਇਮਾਰਤ ਹਾਦਸਾ : ਹਰਮਿਲਾਪ ਬਿਲਡਿੰਗ ਦੇ ਮਾਲਕ ਰਾਕੇਸ਼ ਸਿੰਘਲ ਖ਼ਿਲਾਫ਼ ਕੇਸ ਦਰਜ
. . .  1 day ago
ਲਖਨਊ, 8 ਸਤੰਬਰ - ਲਖਨਊ ਇਮਾਰਤ ਹਾਦਸੇ ਨੂੰ ਲੈ ਕੇ ਟਰਾਂਸਪੋਰਟ ਨਗਰ ਚੌਕੀ ਇੰਚਾਰਜ ਐਮ.ਕੇ. ਸਿੰਘ ਦੀ ਸ਼ਿਕਾਇਤ ’ਤੇ ਹਰਮਿਲਾਪ ਬਿਲਡਿੰਗ ਦੇ ਮਾਲਕ ਰਾਕੇਸ਼ ਸਿੰਘਲ ਖ਼ਿਲਾਫ਼ ਕੇਸ ਦਰਜ ਕੀਤਾ...
ਮੋਟੀ ਰਿਸ਼ਵਤ ਦੇ ਦੋਸ਼ ਹੇਠ ਤਹਿਸੀਲਦਾਰ ਨੂੰ ਅਦਾਲਤ ਨੇ ਪੁਲਿਸ ਰਿਮਾਂਡ ’ਤੇ ਭੇਜਿਆ
. . .  1 day ago
ਗੁਰਦਾਸਪੁਰ, 8 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ) - ਵਿਜੀਲੈਂਸ ਪੁਲਿਸ ਵਲੋਂ 50 ਹਜ਼ਾਰ ਰਿਸ਼ਵਤ ਲੈਂਦੇ ਹੋਇਆਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਉਸ ਦੇ ਡਰਾਈਵਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਭਾਦੋਂ ਸੰਮਤ 556
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਤੁਹਾਡੇ ਖ਼ਤ

05-09-2024

 ਪੰਜਾਬ ਦੀ ਆਰਥਿਕਤਾ ਬਚਾਓ

ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗ਼ੈਰ-ਜ਼ਰੂਰੀ ਮੁਫ਼ਤਖੋਰੀ 'ਤੇ ਆਧਾਰਿਤ ਯੋਜਨਾਵਾਂ ਲਾਗੂ ਕਰ ਕੇ ਸੂਬੇ ਨੂੰ ਭਾਰੇ ਕਰਜ਼ੇ ਹੇਠ ਦਬ ਦਿੱਤਾ ਹੈ, ਜਿਸ ਕਾਰਨ ਪੰਜਾਬ ਆਰਥਿਕ, ਸਮਾਜਿਕ ਤੇ ਰਾਜਨੀਤਕ ਪੱਖੋਂ ਕੰਗਾਲ ਹੋ ਗਿਆ ਹੈ। ਮੁੱਖ ਤੌਰ 'ਤੇ ਸਬਸਿਡੀਆਂ ਅਤੇ ਮੁਫ਼ਤ ਦੀਆਂ ਯੋਜਨਾਵਾਂ ਨੂੰ ਸੂਬੇ ਦੀ ਆਰਥਿਕ ਹਾਲਤ ਖਰਾਬ ਹੋਣ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ। ਫ਼ਸਲੀ ਵਿਭਿੰਨਤਾ ਦੀ ਯੋਜਨਾ ਤੇ ਫਾਈਲਾਂ ਤੱਕ ਹੀ ਸੀਮਤ ਰਹਿ ਗਈ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ। ਮੁਫ਼ਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰਨਾ ਹੁਣ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਕੈਮੀਕਲਾਂ ਨਾਲ ਅਸੀਂ ਪਾਣੀ ਦੂਸ਼ਿਤ ਕਰ ਰਹੇ ਹਾਂ, ਫੈਕਟਰੀਆਂ, ਭੱਠਿਆਂ ਦਾ ਧੂੰਆਂ, ਖੇਤੀ ਦੀ ਰਹਿੰਦ-ਖੂੰਹਦ ਨੂੰ ਲਾਈਆਂ ਅੱਗਾਂ, ਸਾਡੀ ਖ਼ੁਦਗਰਜ਼ੀ ਅਤੇ ਛੋਟੀ ਸੋਚ ਕਾਰਨ ਸਾਰਾ ਕੁਝ ਕੁਦਰਤ ਦੇ ਵਰਤਾਰੇ ਦੇ ਉਲਟ ਹੋ ਰਿਹਾ ਹੈ। ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬੀ ਕੰਮ ਕਰ ਕੇ ਖ਼ੁਸ਼ ਨਹੀਂ ਹਨ, ਜਿਸ ਕਾਰਨ ਸਾਰਾ ਕੰਮਕਾਰ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਚਲਾ ਗਿਆ ਹੈ। ਪੰਜਾਬੀ ਵਿਦੇਸ਼ਾਂ ਨੂੰ ਤੁਰੀ ਜਾ ਰਹੇ ਹਨ। ਪੰਜਾਬ ਦਾ ਪੈਸਾ ਵਿਦੇਸ਼ਾਂ ਨੂੰ ਜਾ ਰਿਹਾ ਹੈ। ਪੰਜਾਬ ਜਵਾਨੀ ਤੇ ਕਮਾਈ ਵਲੋਂ ਕੰਗਾਲ ਹੋ ਰਿਹਾ ਹੈ। ਘਰਾਂ ਦੇ ਘਰ ਖਾਲੀ ਹੋ ਰਹੇ ਹਨ ਅਤੇ ਪਿਛੇ ਸਿਰਫ਼ ਬਜ਼ੁਰਗ ਹੀ ਨਜ਼ਰ ਆਉਂਦੇ ਹਨ। ਕੁਝ ਜਵਾਨੀ ਨਸ਼ਿਆਂ ਵਿਚ ਗ਼ਲਤਾਨ ਹੈ ਜਾਂ ਲੁੱਟਾਂ-ਖੋਹਾਂ ਵਿਚ ਪੈ ਗਈ ਹੈ। ਆਮ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਕਿਸਾਨ ਗ਼ਲਤ ਨੀਤੀਆਂ ਕਾਰਨ ਕਰਜ਼ੇ ਦੇ ਜਾਲ ਵਿਚ ਫਸਿਆ ਹੈ। ਕਿਸਾਨ, ਮਜ਼ਦੂਰ ਗ਼ਰੀਬੀ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੈ। ਦਰਿਆਈ ਪਾਣੀਆਂ ਉੱਤੇ ਹੱਕ ਸਾਡਾ ਖੁਸਦਾ ਜਾ ਰਿਹਾ ਹੈ। ਸੋ, ਪੰਜਾਬ ਦੇ ਇਨ੍ਹਾਂ ਗੰਭੀਰ ਮਸਲਿਆਂ ਨੂੰ ਸੁਲਜਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ, ਧਾਰਮਿਕ ਸੰਪਰਦਾਵਾਂ, ਬੁੱਧੀਜੀਵੀਆਂ, ਵਿਦਵਾਨਾਂ, ਪੰਜਾਬ ਹੈਤਾਸ਼ੀਆਂ ਨੂੰ ਮਿਲ ਬੈਠ ਕੇ ਪੰਜਾਬ ਦੀ ਡੁਬਦੀ ਜਾਂਦੀ ਕਿਸ਼ਤੀ ਨੂੰ ਬਚਾਉਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਚਿੱਟ ਫੰਡ ਕੰਪਨੀਆਂ ਵਲੋਂ ਜਾਲ੍ਹਸਾਜ਼ੀ

ਪਰਲਜ਼ ਗਰੁੱਪ ਦੇ ਫਾਊਂਡਰ ਨਿਰਮਲ ਸਿੰਘ ਭੰਗੂ, ਜਿਨ੍ਹਾਂ ਦੀ ਕੰਪਨੀ ਵਿਚ ਲੋਕਾਂ ਨੇ ਕਰੋੜਾਂ ਰੁਪਏ ਲਾਏ ਸੀ, ਦਾ 25 ਅਗਸਤ ਨੂੰ ਦਿੱਲੀ ਵਿਖੇ ਦਿਹਾਂਤ ਹੋ ਗਿਆ। ਪਰਲਜ਼ ਗਰੁੱਪ ਵਰਗੀਆਂ ਕਈ ਕੰਪਨੀਆਂ ਨਿਵੇਸ਼ਕਾਂ ਨੂੰ ਪੰਜਾਬ ਵਿਚ ਲਗਾਤਾਰ ਲੋਕਾਂ ਨੂੰ ਵੱਧ ਵਿਆਜ ਦਾ ਝਾਂਸਾ ਦੇ ਕੇ ਲੁੱਟ ਰਹੀਆਂ ਸਨ। ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ, ਜੋ ਕੰਪਨੀ ਆਈ.ਆਰ.ਬੀ. ਦੀਆਂ ਹਦਾਇਤਾਂ ਤੋਂ ਵਧ ਵਿਆਜ ਦਿੰਦੀ ਹੈ ਉਹ ਧੋਖੇਬਾਜ਼ ਹੈ। ਮੇਰੀ ਪੁਲਿਸ ਦੀ ਨੌਕਰੀ ਦੌਰਾਨ ਮੇਰੇ ਕੋਲ ਇਕ ਪੜਤਾਲ ਆਈ ਸੀ, ਜਿਸ ਵਿਚ ਸ਼ਿਕਾਇਤ ਕਰਤਾ ਨੇ ਬੈਂਕ ਮੈਨੇਜਰ ਤੇ ਉਸ ਦੀ ਪਤਨੀ ਦੇ ਵਿਦੇਸ਼ ਭੇਜਣ ਦੇ ਨਾਂਅ 'ਤੇ 17 ਲੱਖ ਰੁਪਏ ਲੈਣ ਦਾ ਇਲਜ਼ਾਮ ਲਗਾਇਆ ਸੀ। ਪਰ ਪੜਤਾਲ 'ਚ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਤੇ ਬੈਂਕ ਮੈਨੇਜਰ ਨੇ ਵੀ ਇਕ ਕੰਪਨੀ ਵਿਚ ਪੈਸੇ ਲਾਏ ਸੀ, ਜੋ ਭੱਜ ਗਈ ਸੀ। ਸ਼ਿਕਾਇਤਕਰਤਾ ਕੋਲ ਕੰਪਨੀ ਖ਼ਿਲਾਫ਼ ਕੋਈ ਸਬੂਤ ਨਾ ਹੋਣ ਕਾਰਨ ਬੈਂਕ ਮੈਨੇਜਰ, ਜੋ ਸਰਕਾਰੀ ਮੁਲਾਜ਼ਮ ਸੀ ਕਿ ਡਰ ਕੇ ਪੈਸੇ ਦੇ ਦੇਵੇਗਾ ਬਾਹਰ ਦੀ ਝੂਠੀ ਕਹਾਣੀ ਬਣਾਈ. ਮੈਂ, ਜੋ ਅਸਲੀਅਤ ਸੀ, ਕੰਪਨੀ 'ਤੇ ਪਰਚਾ ਕਰਨ ਦੀ ਸਲਾਹ ਦਿੱਤੀ। ਇਹ ਸ਼ਾਤਿਰ ਲੋਕ ਸਬਜ਼ਬਾਗ ਵਿਖਾ ਕੇ ਸਵਾਰਥੀ ਤੇ ਲਾਲਚੀ ਮਨੁੱਖ ਨੂੰ ਆਪਣੇ ਝਾਂਸੇ ਵਿਚ ਲੈ ਆਉਂਦੇ ਹਨ, ਕੋਈ ਸਬੂਤ ਆਪਣੇ ਖ਼ਿਲਾਫ਼ ਨਹੀਂ ਛੱਡਦੇ। ਲੋਕਾਂ ਨੂੰ ਵੀ ਆਪਣੀ ਤੀਸਰੀ ਅੱਖ ਖੋਲ੍ਹਣੀ ਪਵੇਗੀ। ਅੱਖਾਂ ਮੀਟ ਕੇ ਪੈਸੇ ਇਨ੍ਹਾਂ ਕੰਪਨੀਆਂ 'ਚ ਨਾ ਲਾਉਣ। ਪੁਲਿਸ ਨੂੰ ਇਨ੍ਹਾਂ ਜਾਲ੍ਹਸਾਜ਼ਾਂ ਦੇ ਖ਼ਿਲਾਫ਼ ਇਨ੍ਹਾਂ ਦੀ ਜਾਇਦਾਦ ਦੀ ਰਿਕਵਰੀ ਕਰ ਲੁੱਟੇ ਹੋਏ ਲੋਕਾਂ ਵਿਚ ਵੰਡ ਦੇਣੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਯੂਨੀਫਾਈਡ ਪੈਨਸ਼ਨ ਸਕੀਮ

ਇਕ ਸਰਕਾਰੀ ਮੁਲਾਜ਼ਮ ਜੋ ਕਿ ਸਾਰੀ ਉਮਰ ਨੌਕਰੀ ਵਿਚ ਗੁਜ਼ਾਰ ਦਿੰਦਾ ਹੈ ਅਤੇ ਬੁਢਾਪੇ ਵਿਚ ਪੈਨਸ਼ਨ ਦੀ ਆਸ ਰੱਖਦਾ ਹੈ, ਤਾਂ ਜੋ ਕਿਸੇ ਉੱਪਰ ਨਿਰਭਰ ਨਾ ਹੋ ਸਕੇ। ਸਮੇਂ ਦੀਆਂ ਸਰਕਾਰਾਂ ਨੇ ਕਈ ਨਿਯਮ ਬਣਾ ਦਿੱਤੇ ਅਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਅਤੇ ਪੁਰਾਣੀ ਪੈਨਸ਼ਨ ਦੀ ਤਰਜ਼ 'ਤੇ ਐਨ.ਪੀ.ਐਸ. ਲਾਗੂ ਕਰ ਦਿੱਤੀ, ਜੋ ਕਿ ਮੁਲਾਜ਼ਮਾਂ ਲਈ ਇਕ ਘਾਤਕ ਪੈਨਸ਼ਨ ਸਕੀਮ ਸਾਬਤ ਹੋਈ। ਜਦ ਮੁਲਾਜ਼ਮ ਰਿਟਾਇਰ ਹੋਏ ਤਾਂ ਉਨ੍ਹਾਂ ਨੂੰ ਨਿਗੂਣੀ ਪੈਨਸ਼ਨ ਮਿਲਣੀ ਸ਼ੁਰੂ ਹੋਈ ਮੁਲਾਜ਼ਮਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਯੂ.ਪੀ.ਐਸ. ਪੈਨਸ਼ਨ ਲੈ ਕੇ ਆਈ, ਜੋ 1 ਅਪ੍ਰੈਲ, 2025 ਤੋਂ ਲਾਗੂ ਹਵੇਗੀ। ਇਕ ਵਿਧਾਇਕ ਐਮ.ਪੀ., ਜੋ ਸਿਰਫ਼ 5 ਸਾਲ ਲਈ ਚੁਣੇ ਜਾਂਦੇ ਹਨ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਂਦੀ ਹੈ। 'ਇਕ ਦੇਸ਼ ਇਕ ਕਾਨੂੰਨ' ਫਿਰ ਮੁਲਾਜ਼ਮਾਂ ਤੇ ਨੇਤਾ ਦੀ ਪੈਨਸ਼ਨ ਵਿਚ ਅੰਤਰ ਕਿਉਂ ਹੈ? ਪੁਰਾਣੀ ਪੈਨਸ਼ਨ ਸਰਕਾਰੀ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ। ਸਿੱਧੇ ਤੌਰ 'ਤੇ ਦੇਸ਼ ਦੀ ਵਾਗਡੋਰ ਇਨ੍ਹਾਂ ਨੇਤਾਵਾਂ ਦੇ ਹੱਥ ਵਿਚ ਹੈ, ਜੋ ਕਾਨੂੰਨ, ਲਾਭ ਮਿਲਦਾ ਹੈ, ਉਸ ਨੂੰ ਆਪਣੇ 'ਤੇ ਲਾਗੂ ਕਰ ਲੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਭ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣੀ ਚਾਹੀਦੀ ਹੈ ਅਤੇ ਮੁਲਾਜ਼ਮਾਂ ਦੇ ਪੈਸਿਆਂ ਦੀ ਲੁੱਟ ਖਸੁੱਟ, ਪੈਨਸ਼ਨ ਦੇ ਰੂਪ ਵਿਚ ਜੋ ਹੋ ਰਹੀ ਹੈ, ਇਸ ਨੂੰ ਬੰਦ ਕਰਨਾ ਚਾਹੀਦਾ ਹੈ।

-ਬਿਕਰਮਜੀਤ ਸਿੰਘ (ਸਠਿਆਲਾ)
ਬੀ.ਐੱਡ. ਅਧਿਆਪਕ ਫਰੰਟ, ਪੰਜਾਬ

04-09-2024

 ਬਰਾਬਰ ਹੱਕ ਦੀ ਮੰਗ

ਇੰਡੀਗੋ ਏਅਰਲਾਈਨ ਦਾ ਨਵਾਂ ਨਿਯਮ, ਜਿਸ ਵਿਚ ਮਹਿਲਾਵਾਂ ਨੂੰ ਪੁਰਸ਼ ਦੇ ਨਾਲ ਬੈਠਣ ਤੋਂ ਇਨਕਾਰ ਕਰਨ ਦਾ ਵਿਕਲਪ ਮਿਲਦਾ ਹੈ। ਇਹ ਨਿਯਮ ਮਹਿਲਾਵਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਮੱਥੇ ਰੱਖਦਿਆਂ ਸਹੀ ਦਿੱਸਦਾ ਹੈ। ਪਰ ਇਸ ਨਿਯਮ ਦਾ ਦੂਸਰਾ ਪੱਖ ਵੀ ਹੈ। ਕੁਝ ਲੋਕ ਇਸ ਨਿਯਮ ਨੂੰ ਪੁਰਸ਼ਾਂ ਨਾਲ ਵਿਤਕਰਾ ਮੰਨ ਰਹੇ ਹਨ। ਇਹ ਨਿਯਮ ਪੁਰਸ਼ਾਂ ਨੂੰ ਇਕ ਹਾਸ਼ੀਏ 'ਤੇ ਧੱਕ ਰਿਹਾ ਹੈ। ਇੱਥੇ ਇਹ ਸਵਾਲ ਉੱਠਦਾ ਹੈ ਕਿ ਇਹ ਵਿਵਸਥਾ ਪੁਰਸ਼ਾਂ ਲਈ ਵੀ ਲਾਗੂ ਹੋ ਸਕਦੀ ਹੈ, ਜਿਥੇ ਉਹ ਵੀ ਕਿਸੇ ਅਣਚਾਹੀ ਸਥਿਤੀ ਵਿਚ ਆਪਣਾ ਬੈਠਣ ਵਾਲਾ ਸਥਾਨ ਬਦਲ ਸਕਣ। ਮੇਰੇ ਵਿਚਾਰ ਵਿਚ ਇਹ ਨਿਯਮ ਬਰਾਬਰੀ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਲਿੰਗ ਦੇ ਯਾਤਰੀ ਨੂੰ ਤਕਲੀਫ਼ ਨਾ ਹੋਵੇ। ਇੰਡੀਗੋ ਨੂੰ ਇਸ ਨਿਯਮ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ, ਤਾਂ ਜੋ ਸਾਰੇ ਯਾਤਰੀਆਂ ਨੂੰ ਇਕੋ ਜਿਹੇ ਹੱਕ ਮਿਲਣ ਅਤੇ ਕੋਈ ਵੀ ਪੱਖਪਾਤੀ ਹਾਲਾਤ ਪੈਦਾ ਨਾ ਹੋਣ।

-ਸੌਰਵ ਕੁਮਾਰ ਰਾਜੂ, ਜਲੰਧਰ।

ਢਹਿ-ਢੇਰੀ ਹੁੰਦੀ ਕਾਨੂੰਨ ਵਿਵਸਥਾ

ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਹਾਲਾਤ ਏਦਾਂ ਦੇ ਬਣੇ ਹੋਏ ਹਨ ਕਿ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਰਦਾਤ ਹੋਈ ਹੀ ਰਹਿੰਦੀ ਹੈ। ਕਤਲ, ਲੁੱਟਾਂ-ਖੋਹਾਂ, ਫਿਰੌਤੀ ਲਈ ਫ਼ੋਨ, ਚੋਰੀਆਂ, ਡਕੈਤੀਆਂ ਆਮ ਗੱਲ ਹੋਈ ਪਈ ਹੈ। ਸ਼ਰਾਰਤੀ ਅਨਸਰਾਂ 'ਚ ਪੁਲਿਸ ਦਾ ਖ਼ੌਫ਼ ਬਿਲਕੁਲ ਵੀ ਨਹੀਂ ਰਿਹਾ। ਅਸੀਂ ਆਏ ਦਿਨ ਅਜਿਹੀਆਂ ਵੀਡੀਓਜ਼ ਦੇਖਦੇ ਰਹਿੰਦੇ ਹਾਂ ਕਿ ਕਿਸੇ ਨਾ ਕਿਸੇ ਦੀ ਪੁਲਿਸ ਨਾਲ ਬਹਿਸਬਾਜ਼ੀ ਹੁੰਦੀ ਰਹਿੰਦੀ ਹੈ। ਇਸ ਨਾਲ ਵੀ ਸ਼ਰਾਰਤੀ ਤੱਤਾਂ ਦਾ ਹੌਸਲਾ ਵੱਧਦਾ ਹੈ ਤੇ ਉਨ੍ਹਾਂ ਕਾਨੂੰਨ ਦਾ ਡਰ ਚੁੱਕਿਆ ਜਾਂਦਾ ਹੈ। ਆਮ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਪ੍ਰਸ਼ਾਸਨ ਨੂੰ ਸਮਾਜ 'ਚ ਅਸੰਤੁਲਿਤ ਪੈਦਾ ਕਰ ਰਹੇ ਅਜਿਹੇ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਪਾਉਣੀ ਚਾਹੀਦੀ ਹੈ, ਤਾਂ ਜੋ ਆਮ ਲੋਕ ਭੈਅ ਮੁਕਤ ਹੋ ਸਮਾਜ 'ਚ ਵਿਚਰ ਸਕਣ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।

ਸਰਕਾਰ ਪੁਖ਼ਤਾ ਪ੍ਰਬੰਧ ਕਰੇ

21 ਅਗਸਤ ਦਾ ਸੰਪਾਦਕੀ 'ਗੰਭੀਰ ਹੋ ਸਕਦੀ ਹੈ ਝੋਨੇ ਦੇ ਭੰਡਾਰਨ ਦੀ ਸਮੱਸਿਆ' ਝੋਨੇ ਦੇ ਆਗਾਮੀ ਸੀਜ਼ਨ 'ਚ ਝੋਨੇ ਦੇ ਭੰਡਾਰਨ ਲਈ ਦਿਖਾਈ ਦੇ ਰਹੀ ਸਮੱਸਿਆ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਹੁਣੇ ਤੋਂ ਹੀ ਸਮੱਸਿਆ ਨੂੰ ਹੱਲ ਕਰਨ ਲਈ ਠੋਸ ਯਤਨ ਕਰਨ ਲਈ ਸੁਚੇਤ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਝੋਨੇ ਦੇ ਲੰਘੇ ਸੀਜ਼ਨ 'ਚ ਸ਼ੈਲਰ ਮਾਲਕਾਂ ਕੋਲ ਮਿਲਿੰਗ ਕੀਤੇ ਚਾਵਲਾਂ ਦੇ ਵੱਡੇ ਭੰਡਾਰ ਮੌਜੂਦ ਹੋਣ ਕਾਰਨ ਆਗਾਮੀ ਸੀਜ਼ਨ 'ਚ ਸ਼ੈਲਰ ਮਾਲਕ ਭੰਡਾਰਨ ਦੀ ਦਿਖਾਈ ਦੇ ਰਹੀ ਸਮੱਸਿਆ ਨੂੰ ਭਾਂਪਦਿਆਂ ਮੰਡੀਆਂ 'ਚੋਂ ਝੋਨਾ ਚੁੱਕਣ ਤੋਂ ਕਤਰਾਉਣਗੇ, ਜਿਸ ਨਾਲ ਮੰਡੀਆਂ 'ਚੋਂ ਸਰਕਾਰੀ ਏਜੰਸੀਆਂ ਵਲੋਂ ਖਰੀਦਿਆ ਗਿਆ ਝੋਨਾ ਭਾਵੇਂ ਸ਼ੈਲਰ ਮਾਲਕਾਂ ਨੂੰ ਉਨ੍ਹਾਂ ਦੀ ਮਿਲਿੰਗ ਸਮਰੱਥਾ ਅਨੁਸਾਰ ਅਲਾਟ ਹੋਵੇਗਾ, ਪਰ ਸ਼ੈਲਰ ਮਾਲਕ ਪਹਿਲਾਂ ਹੀ ਆਪਣੇ ਸ਼ੈਲਰਾਂ 'ਚ ਮਿਲਿੰਗ ਕੀਤੇ ਭਾਰੀ ਮਾਤਰਾ 'ਚ ਪਏ ਚੌਲਾਂ ਕਾਰਨ ਮੰਡੀਆਂ 'ਚੋਂ ਝੋਨਾ ਕਿਵੇਂ ਚੁੱਕਣਗੇ? ਫਿਰ ਮੰਡੀਆਂ 'ਚੋਂ ਝੋਨਾ ਨਾ ਚੁੱਕੇ ਜਾਣ ਕਾਰਨ ਜਿੱਥੇ ਕਿਸਾਨ ਅਤੇ ਆੜ੍ਹਤੀ ਵਰਗ ਦੀਆਂ ਮੁਸ਼ਕਿਲਾਂ ਵਧਣਗੀਆਂ, ਉਥੇ ਲੋਡਿੰਗ ਤੇ ਅਨ ਲੋਡਿੰਗ ਕਰਨ ਵਾਲੀ ਲੇਬਰ ਅਤੇ ਝੋਨੇ ਦੀ ਭਰਾਈ ਕਰਨ ਵਾਲੀ ਲੇਬਰ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਮੰਡੀਆਂ 'ਚ ਝੋਨਾ ਰੁੱਲਣ ਦੀ ਨੌਬਤ ਵੀ ਆ ਸਕਦੀ ਹੈ। ਇਸ ਲਈ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਝੋਨੇ ਦੇ ਆਗਾਮੀ ਸੀਜ਼ਨ 'ਚ ਪੈਦਾ ਹੋਣ ਵਾਲੀਆਂ ਅਜਿਹੀਆਂ ਸਮੱਸਿਆਵਾਂ ਨੂੰ ਦੇਖਦਿਆਂ ਝੋਨੇ ਦੇ ਭੰਡਾਰਨ ਲਈ ਹੁਣੇ ਤੋਂ ਹੀ ਪੁਖ਼ਤਾ ਪ੍ਰਬੰਧ ਕਰਨ ਦੀ ਨਵਾਇਤ ਸ਼ੁਰੂ ਕਰ ਦੇਣੀ ਚਾਹੀਦੀ ਹੈ।

-ਮਨੋਹਰ ਸਿੰਘ ਸੱਗੂ,
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)

03-09-2024

 ਤੁਸੀਂ ਕਿਸੇ ਤੋਂ ਘੱਟ ਨਹੀਂ

ਹਰ ਇਨਸਾਨ 'ਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ। ਆਪਣੀ ਕਾਬਲੀਅਤ ਨੂੰ ਦੂਜਿਆਂ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ। ਜਿੰਨਾ ਵੀ ਸਾਡੇ ਕੋਲ ਹੈ, ਉਸ 'ਚ ਸਬਰ ਸੰਤੋਖ ਕਰਨਾ ਚਾਹੀਦਾ ਹੈ। ਆਪਣੇ ਆਸਪਾਸੇ ਵੀ ਝਾਤੀ ਮਾਰ ਕੇ ਦੇਖੋ, ਜਿਨ੍ਹਾਂ ਕੋਲ ਰਹਿਣ ਲਈ ਘਰ ਤੱਕ ਵੀ ਨਹੀਂ ਹਨ। ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਕਰੋ। ਪੈਸੇ ਦੀ ਹੋੜ ਜ਼ਿਆਦਾ ਹੈ।
ਅੱਜ ਦਾ ਇਨਸਾਨ ਇਕ-ਦੂਜੇ ਨੂੰ ਨੀਵਾਂ ਦਿਖਾਉਣ 'ਤੇ ਲੱਗਾ ਹੋਇਆ ਹੈ। ਅਸੀਂ ਆਪਣੇ ਨੂੰ ਸਮਾਂ ਨਹੀਂ ਦਿੰਦੇ। ਆਪਣੀ ਮਹੱਤਤਾ ਨੂੰ ਸਮਝੋ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ। ਘਰ 'ਚ ਸ਼ਾਂਤੀ ਦਾ ਮਾਹੌਲ ਰੱਖੋ। ਖੁਸ਼ੀ ਆਪਣੇ ਅੰਦਰੋਂ ਲੱਭੋ। ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਹੁੰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ, ਤਾਂ ਸਾਡੀ ਦੇਖਾਦੇਖੀ 'ਚ ਪਰਿਵਾਰਕ ਮੈਂਬਰ, ਦੋਸਤ ਆਪਣੇ ਆਪ ਨੂੰ ਬਦਲਣਗੇ। ਸਾਰਿਆਂ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਹੋਵੋ। ਜੇ ਤੁਹਾਨੂੰ ਅਸਫ਼ਲਤਾ ਮਿਲੀ ਹੈ, ਤਾਂ ਗਲਤੀਆਂ ਤੋਂ ਸਿੱਖੋ। ਗਲਤੀਆਂ ਨੂੰ ਨਾ ਦੋਹਰਾਓ। ਟੀਚਾ ਹਾਸਿਲ ਕਰਨ ਲਈ ਮਿਹਨਤ ਕਰਨੀ ਪੈਣੀ ਹੈ। ਕਿਸੇ ਨਾਲ ਨਫ਼ਰਤ ਨਾ ਕਰੋ। ਸਕਾਰਾਤਮਕ ਸੋਚ ਰੱਖੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ, ਜਿਸ ਨਾਲ ਜੀਵਨ ਨੂੰ ਸੇਧ ਮਿਲੇ। ਜੇ ਕਿਸੇ ਕੰਮ ਨੂੰ ਕਰਦੇ ਹੋਏ ਖੁਸ਼ੀ ਨਾ ਮਿਲੇ ਤਾਂ ਉਸ ਨੂੰ ਸਾਰਥਕ ਬਣਾਉਣ ਦਾ ਤਰੀਕਾ ਲਭੋ। ਲੋੜਵੰਦਾਂ ਦੀ ਮਦਦ ਕਰੋ। ਹਮੇਸ਼ਾ ਚੰਗਾ ਸੋਚੋ। ਕਿਸੇ ਨੂੰ ਬੇਵਜ੍ਹਾ ਤੰਗ ਨਾ ਕਰੋ। ਜੇ ਅਸੀਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਤਾਂ ਤਕਲੀਫ਼ ਤਾਂ ਸਾਨੂੰ ਵੀ ਹੁੰਦੀ ਹੈ। ਜੇ ਅਸੀਂ ਆਪਣੀ ਸਮਰਥਾ ਅਤੇ ਦਿਲਚਸਪੀ ਮੁਤਾਬਕ ਅੱਗੇ ਵਧਾਂਗੇ, ਤਾਂ ਸਫ਼ਲਤਾ ਵੀ ਜ਼ਰੂਰ ਮਿਲੇਗੀ।

-ਸੰਜੀਵ ਸਿੰਘ ਸੈਣੀ,
ਮੁਹਾਲੀ

ਮੀਂਹ ਦੇ ਪਾਣੀ ਨੂੰ ਸੰਭਾਲਣ ਦੀ ਲੋੜ

ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਤੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡੀ ਜੀਵਨ ਰੇਖਾ ਹੈ। ਪਾਣੀ ਤੋਂ ਬਿਨਾਂ ਧਰਤੀ 'ਤੇ ਜੀਵਨ ਅਸੰਭਵ ਹੈ। ਸਾਡੇ ਸਰੀਰ ਦਾ ਦੋ-ਤਿਹਾਈ ਹਿੱਸਾ ਪਾਣੀ ਹੈ। ਵਰਖਾ ਹੀ ਪਾਣੀ ਦਾ ਮੁਢਲਾ ਸੋਮਾ ਹੈ। ਹੋਰ ਸੋਮੇ ਜਿਨ੍ਹਾਂ ਵਿਚ ਪਾਣੀ ਹੈ ਜਾਂ ਉਹ ਪਾਣੀ ਦੀ ਕੋਈ ਵੀ ਹੋਰ ਵੰਨਗੀ (ਠੋਸ, ਤਰਲ ਤੇ ਗੈਸ) ਹੈ ਜਾਂ ਜਿਨ੍ਹਾਂ ਸਰੋਤਾਂ ਤੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ, ਸਾਰੇ ਦੇ ਸਾਰੇ ਦੋਇਮ ਦਰਜੇ ਦੇ ਸੋਮੇ ਹਨ। ਹਕੀਕਤ ਇਹ ਹੈ ਕਿ ਜੇ ਮੀਂਹ ਹੈ ਤਾਂ ਹੀ ਇਹ ਸੋਮੇ ਪ੍ਰਫੁਲਿਤ ਅਤੇ ਲਬਾ-ਲਬ ਰਹਿਣਗੇ। ਪੰਜਾਬ ਦਿਨੋ-ਦਿਨ ਸੋਕੇ ਵੱਲ ਵਧ ਰਿਹਾ ਹੈ, ਜਿਸ ਤੋਂ ਪੰਜਾਬੀ ਪੂਰੀ ਤਰ੍ਹਾਂ ਮੂੰਹ ਮੋੜੀ ਬੈਠੇ ਹਨ। 'ਵਾਟਰ ਹਾਰਵੈਸਟਿੰਗ' ਲਈ ਪੰਜਾਬ 'ਚ ਜਾਗਰੂਕਤਾ ਜ਼ਰੂਰੀ ਹੋ ਗਈ ਹੈ।
'ਵਾਟਰ ਹਾਰਵੈਸਟਿੰਗ' ਮੀਂਹ ਦੇ ਪਾਣੀ ਨੂੰ ਕਿਸੇ ਖਾਸ ਢੰਗ ਨਾਲ ਇਕੱਠਾ ਕਰ ਕੇ ਸੰਭਾਲਣ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਪੂਰੀ ਦੁਨੀਆ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰ ਕੇ ਇਸ ਨੂੰ ਸੰਭਾਲਣਾ ਸਮੇਂ ਦੀ ਲੋੜ ਬਣ ਗਿਆ ਹੈ। ਮੀਂਹ ਦੇ ਪਾਣੀ ਨੂੰ ਉਨ੍ਹਾਂ ਥਾਵਾਂ 'ਤੇ ਇਕੱਠਾ ਕੀਤਾ ਜਾ ਸਕਦਾ ਹੈ, ਜਿਥੇ ਸਾਲਾਨਾ ਘੱਟੋ-ਘੱਟ 200 ਮਿਮੀ ਵਰਖਾ ਹੁੰਦੀ ਹੋਵੇ। ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਨੂੰ ਵਾਹ ਕੇ ਖੁੱਲ੍ਹਾ ਛੱਡ ਦਿਓ ਤਾਂ ਕਿ ਜ਼ਮੀਨ ਦੀ ਪਾਣੀ ਜ਼ੀਰਨ ਅਤੇ ਪਾਣੀ ਸੰਭਾਲਣ ਦੀ ਸਮਰੱਥਾ ਵਧ ਜਾਵੇ।

-ਗੌਰਵ ਮੁੰਜਾਲ
ਪੀ.ਸੀ.ਐਸ.

ਪੰਜਾਬ ਲਈ ਚੁਣੌਤੀ

ਇਕ ਬੰਨੇ ਉੱਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਣ ਨਾਲ ਉਦਮੀ ਕਾਰਖਾਨੇ ਲਗਾ ਰਹੇ ਹਨ ਤੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸ ਦੇ ਉਲਟ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਚਲਦੇ ਕੋਈ ਉਦਮੀ ਕਾਰਖਾਨੇ ਲਾਉਣ ਨੂੰ ਤਿਆਰ ਨਹੀਂ ਹੈ। ਪੰਜਾਬ 'ਚ ਨਾਬਾਲਗਾਂ ਵਲੋਂ ਅਪਰਾਧ ਦੀ ਦੁਨੀਆ ਵਿਚ ਆਉਣਾ ਪ੍ਰਦੇਸ਼ ਵਾਸਤੇ ਗੰਭੀਰ ਤੇ ਚਿੰਤਾਜਨਕ ਮਾਮਲਾ ਹੈ। ਅੰਮ੍ਰਿਤਸਰ ਵਿਖੇ ਪਿਛੇ ਨਾਬਾਲਗ ਪਾਸੋਂ 15 ਕਿੱਲੋ ਹੈਰੋਇਨ 8.40 ਲੱਖ ਡਰੱਗ ਮਨੀ ਫੜਨਾ, ਇਸ ਤੋਂ ਪਹਿਲਾਂ ਵੀ ਥਾਣਾ ਸਰਹਾਲੀ ਵਿਚ ਰਾਕਟ ਲੈਂਚਰ ਨਾਲ ਹੋਏ ਹਮਲੇ ਵਿਚ ਨਾਬਾਲਗਾਂ ਦੀ ਸ਼ਮੂਲੀਅਤ ਪ੍ਰਦੇਸ਼ ਦੇ ਹਿਤ ਵਿਚ ਨਹੀਂ ਹਨ। ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪ੍ਰਦੇਸ਼ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਇਸ ਦਾ ਹੱਲ ਕਰਨਾ ਚਾਹੀਦਾ ਹੈ।
ਨੌਜਵਾਨ ਜੋ ਪੜ੍ਹੇ-ਲਿਖੇ ਹਨ ਰੁਜ਼ਗਾਰ ਦੇ ਕੇ ਇਨ੍ਹਾਂ ਦੇ ਬਾਹਰ ਦਾ ਪਸਾਰ ਰੋਕਣਾ ਚਾਹੀਦਾ ਹੈ ਤੇ ਜੋ ਬੇਰੁਜ਼ਗਾਰੀ ਦੇ ਆਲਮ ਵਿਚ ਨਸ਼ਿਆਂ ਦੇ ਆਦੀ ਹੋਏ ਹਨ ਅਤੇ ਗੈਂਗਸਟਰ ਬਣੇ ਹਨ, ਰੁਜ਼ਗਾਰ ਦੇ ਮੁੱਖ ਧਾਰਾ 'ਚ ਲਿਆਉਣਾ ਚਾਹੀਦਾ ਹੈ। ਨੌਜਵਾਨ ਸਾਡੇ ਮੁਲਕ ਦੀਆਂ ਬਾਹਾਂ ਹਨ।
ਇਨ੍ਹਾਂ ਨੂੰ ਭਟਕਣ ਤੋਂ ਰੋਕਣ ਲਈ ਉੱਤਰ ਪ੍ਰਦੇਸ਼ ਵਾਂਗ ਅਪਰਾਧ ਖ਼ਤਮ ਕਰ ਨਿਵੇਸ਼ਾਂ ਨੂੰ ਪੰਜਾਬ 'ਚ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਤੱਦ ਹੀ ਹੋ ਸਕੇਗਾ ਜਦੋਂ ਕਾਰੋਬਾਰੀਆਂ ਨੂੰ ਯਕੀਨ ਹੋ ਜਾਵੇ ਕਿ ਪੰਜਾਬ ਵਿਚ ਹੁਣ ਅਮਨ-ਅਮਾਨ ਹੈ। ਪੰਜਾਬ ਵਾਸਤੇ ਬੜੀ ਵੱਡੀ ਚੁਣੌਤੀ ਹੈ। ਇਸ ਲਈ ਪ੍ਰਦੇਸ਼ ਸਰਕਾਰ ਨੂੰ ਗੰਭੀਰ ਹੋ ਕੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ। ਪ੍ਰਦੇਸ਼ ਵਿਚ ਅਮਨ ਬਹਾਲ ਕਰਨਾ ਪਵੇਗਾ।

-ਗੁਰਮੀਤ ਸਿੰਘ ਵੇਰਕਾ
ਅੰਮ੍ਰਿਤਸਰ

ਸੀਵਰੇਜ ਪ੍ਰਣਾਲੀ ਕਰੋ ਦਰੁਸਤ

ਸੀਵਰੇਜ ਪ੍ਰਣਾਲੀ ਕਰੋ ਦਰੁਸਤ, ਵਰਖਾ ਦੇ ਇਨ੍ਹਾਂ ਦਿਨਾਂ ਵਿਚ ਆਮ ਹੀ ਦੇਖਿਆ ਜਾਂਦਾ ਹੈ ਕਿ ਸੀਵਰੇਜ ਅਕਸਰ ਹੀ ਬੰਦ ਹੋ ਜਾਂਦੇ ਹਨ, ਜਿਸ ਦੀ ਬਦੌਲਤ ਚਾਰੇ ਪਾਸੇ ਪਾਣੀ ਭਰ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾ ਸਮਾਂ ਪਾਣੀ ਖੜ੍ਹਨ ਕਾਰਨ ਮੱਛਰ ਵਧ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਅਨੇਕਾਂ ਬਿਮਾਰੀਆਂ ਫੈਲ ਜਾਂਦੀਆਂ ਹਨ।
ਸੀਵਰੇਜ ਪ੍ਰਣਾਲੀ ਨੂੰ ਹਮੇਸ਼ਾ ਦਰੁਸਤ ਰੱਖਣ ਲਈ ਸਰਕਾਰ ਅਤੇ ਆਮ ਲੋਕਾਂ ਨੂੰ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ।
ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੀਵਰੇਜ ਵਿਚ ਲਿਫ਼ਾਫ਼ੇ ਤੇ ਹੋਰ ਕੂੜਾ ਆਦਿ ਨਾ ਸੁੱਟਣ ਕਿਉਂਕਿ ਇਨ੍ਹਾਂ ਲਿਫ਼ਾਫ਼ਿਆਂ ਤੇ ਹੋਰ ਭਾਰੀ ਕੂੜੇ ਕਰਕੇ ਹੀ ਸੀਵਰੇਜ ਬੰਦ ਹੁੰਦਾ ਹੈ। ਜਿਸ ਦਾ ਖਮਿਆਜ਼ਾ ਹਰ ਕਿਸੇ ਨੂੰ ਬਿਨਾਂ ਕਸੂਰ ਹੀ ਭੁਗਤਣਾ ਪੈਂਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

02-09-2024

 ਕੂੜੇ-ਕਰਕਟ ਦਾ ਨਿਪਟਾਰਾ
ਘਰੇਲੂ ਕੂੜੇ-ਕਰਕਟ ਵਿਚ ਟੁੱਟੀਆਂ-ਭੱਜੀਆਂ ਮਸ਼ੀਨਾਂ ਦੇ ਪੁਰਜ਼ੇ, ਸਬਜ਼ੀਆਂ ਤੇ ਫਲਾਂ ਦੀ ਰਹਿੰਦ-ਖੂੰਹਦ, ਬਗੀਚੇ ਦਾ ਘਾਹ-ਫ਼ੂਸ, ਪੁਰਾਣੀਆਂ ਅਖ਼ਬਾਰਾਂ, ਕਾਪੀਆਂ, ਪੁਰਾਣੇ ਕੱਪੜੇ, ਤੇਲ ਦੀਆਂ ਖਾਲੀ ਬੋਤਲਾਂ ਆਦਿ ਸ਼ਾਮਿਲ ਹਨ। ਜੇਕਰ ਘਰ ਵਿਚ ਥੋੜ੍ਹੀ ਜਿਹੀ ਕੱਚੀ ਥਾਂ ਹੈ ਤਾਂ ਸਬਜ਼ੀਆਂ, ਫ਼ਲਾਂ ਦੀ ਰਹਿੰਦ-ਖੂੰਹਦ ਨੂੰ ਦਬਾ ਕੇ ਬਗੀਚੀ ਤੇ ਗਮਲੇ ਵਾਲੇ ਪੌਦਿਆਂ ਲਈ ਪੌਸ਼ਟਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਮਿਊਂਸੀਪਲ ਕਾਰਪੋਰੇਸ਼ਨ ਕੋਲ ਜਾਣ ਵਾਲੇ ਕਚਰੇ ਦੀ ਮਾਤਰਾ ਘਟਾਈ ਜਾ ਸਕਦੀ ਹੈ ਜਿਵੇਂ ਕਿ ਵਰਿਆਣਾ ਡੰਪ ਤੇ ਦਿੱਲੀ ਵਿਚ ਯਮੁਨਾ ਨੇੜੇ ਕੂੜੇ ਕਰਕਟ ਦਾ ਪਹਾੜ ਖ਼ਤਮ ਕਰਨਾ ਕੇਵਲ ਸਰਕਾਰ ਦਾ ਕੰਮ ਨਹੀਂ ਹੈ।
ਪਲਾਸਟਿਕ ਦੀਆਂ ਖਾਲੀ ਬੋਤਲਾਂ, ਡੱਬੇ-ਕੇਨੀਆਂ ਨੂੰ ਰੰਗ ਕੇ ਸੁੰਦਰ ਗ਼ਮਲੇ ਬਣਾਏ ਜਾ ਸਕਦੇ ਹਨ, ਜੋ ਕਿ ਬਗ਼ੀਚੇ ਦੀ ਸ਼ੋਭਾ ਵਧਾਉਂਦੇ ਹਨ। ਪੁਰਾਣੀਆਂ ਅਖ਼ਬਾਰਾਂ, ਕਾਪੀਆਂ ਅਤੇ ਕਿਤਾਬਾਂ ਕਬਾੜ ਵਾਲੇ ਨੂੰ ਵੇਚ ਕੇ ਪੈਸੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪੁਰਾਣੇ ਕੱਪੜੇ, ਜੁੱਤੀਆਂ ਦੇ ਕੇ ਬਰਤਨ ਆਦਿ ਲਏ ਜਾ ਸਕਦੇ ਹਨ।
ਪਲਾਸਟਿਕ ਦੇ ਲਿਫਾਫੇ ਘੱਟ ਤੋਂ ਘੱਟ ਵਰਤਣੇ ਚਾਹੀਦੇ ਹਨ। ਸਬਜ਼ੀ ਤੇ ਮਨਿਆਰੀ ਦਾ ਸਾਮਾਨ ਲਿਆਉਣ ਲਈ ਥੈਲੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਲਾਸਟਿਕ ਲਿਫਾਫੇ 100 ਸਾਲ ਵਿਚ ਵੀ ਨਹੀਂ ਗਲਦੇ। ਇਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਅਸੀਂ ਘਰੇਲੂ ਕੂੜੇ-ਕਰਕਟ ਨੂੰ ਘਟਾ ਵੀ ਸਕਦੇ ਹਾਂ ਅਤੇ ਵਾਯੂਮੰਡਲ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਵੀ ਸਕਦੇ ਹਾਂ।

-ਦਪਿੰਦਰ ਕੌਰ
147-ਆਰ, ਮਾਡਲ ਟਾਊਨ, ਜਲੰਧਰ।

ਜਾਗਰੂਕਤਾ ਦੀ ਲੋੜ
ਸੂਬਾ ਸਰਕਾਰ ਨੇ ਟ੍ਰੈਫਿਕ ਨਿਯਮਾਂ ਸੰਬੰਧੀ ਇਕ ਅਹਿਮ ਫ਼ੈਸਲਾ ਲੈਂਦਿਆਂ ਕਾਨੂੰਨ ਬਣਾਇਆ ਹੈ, ਜਿਸ ਨੂੰ ਅਮਲ ਵਿਚ ਲਿਆਉਣ ਲਈ ਪੰਜਾਬ ਦੇ ਏ.ਡੀ.ਜੀ.ਪੀ. (ਟ੍ਰੈਫਿਕ) ਦੁਆਰਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਪ੍ਰਸ਼ਾਸਨ ਤੇ ਸੜਕ ਸੁਰੱਖਿਆ ਨਾਲ ਜੁੜੇ ਮੁੱਖ ਅਧਿਕਾਰੀਆਂ ਨੂੰ ਲਿਖਤੀ ਵਿਚ ਫੁਰਮਾਨ ਜਾਰੀ ਕਰਦਿਆਂ ਹਦਾਇਤਾਂ ਕੀਤੀਆਂ ਹਨ ਕਿ ਸੜਕ ਸੁਰੱਖਿਆ ਦੇ ਮੱਦੇਨਜ਼ਰ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਕੋਈ ਵੀ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ 'ਤੇ ਸਖ਼ਤ ਪਾਬੰਦੀ ਲਾਉਂਦਿਆਂ ਇਹ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਦੇ ਘੱਟ ਉਮਰ ਦੇ ਨਾਬਾਲਗ ਬੱਚੇ ਕੋਈ ਵੀ ਵਾਹਨ ਚਲਾਉਂਦੇ ਮਿਲਦੇ ਹਨ ਤਾਂ ਉਨ੍ਹਾਂ ਦੇ ਮਾਪਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਦੌਰਾਨ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋਵੇਗਾ। ਕਿਸੇ ਕੋਲੋਂ ਮੰਗਵਾਂ ਲਿਆ ਕੇ ਵਾਹਨ ਚਲਾਉਂਦੇ ਫੜੇ ਜਾਣ 'ਤੇ ਵਾਹਨ ਮਾਲਕ 'ਤੇ ਉਪਰੋਕਤ ਕਾਰਵਾਈ ਹੋਵੇਗੀ।
ਜ਼ਿਲ੍ਹਿਆਂ ਦੇ ਸਮੂਹ ਐੱਸ.ਐੱਸ. ਪੀਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੂਰੇ ਟ੍ਰੈਫਿਕ ਅਮਲੇ ਨੂੰ ਆਮ ਲੋਕਾਂ ਨੂੰ ਇਸ ਕਾਨੂੰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਾਬੰਦ ਕਰਨ।
31 ਜੁਲਾਈ ਤੱਕ ਸਾਰੇ ਪਿੰਡਾਂ, ਸ਼ਹਿਰਾਂ, ਨਗਰਾਂ, ਕਸਬਿਆਂ ਆਦਿ 'ਤੇ ਸਾਰੀਆਂ ਵਿੱਦਿਅਕ ਸੰਸਥਾਵਾਂ ਤੇ ਹੋਰ ਜਨਤਕ ਸਥਾਨਾਂ 'ਤੇ ਅਭਿਆਨ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਇਸ ਕਾਨੂੰਨ ਨੂੰ ਅਮਲ ਵਿਚ ਲਿਆਂਦਾ ਜਾ ਸਕੇ। ਨਵਾਂ ਬਣਾਇਆ ਇਹ ਕਾਨੂੰਨ ਸ਼ਲਾਘਾਯੋਗ ਹੈ ਪਰ ਦੇਖਣ ਵਿਚ ਆ ਰਿਹਾ ਹੈ ਕਿ ਇਸ ਕਾਨੂੰਨ ਲਈ ਜਿੰਨਾ ਪ੍ਰਚਾਰ ਤੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਉਨ੍ਹਾਂ ਹੋ ਨਹੀਂ ਰਿਹਾ। ਲੋੜ ਹੈ ਇਸ ਪ੍ਰਤੀ ਸੰਜੀਦਾ ਹੋ ਕੇ ਸਾਰਿਆਂ ਨੂੰ ਆਪਣਾ ਫ਼ਰਜ਼ ਨਿਭਾਉਣ ਦੀ ਤਾਂ ਕਿ ਭਵਿੱਖ ਵਿਚ ਸੜਕ ਹਾਦਸਿਆਂ ਰਾਹੀਂ ਹੁੰਦੀਆਂ ਬੇਵਕਤੀ ਮੌਤਾਂ ਦੀ ਦਰ ਨੂੰ ਘੱਟ ਕੀਤਾ ਜਾ ਸਕੇ।

-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।

ਬੂਟੇ ਲਗਾਓ ਚੌਗਿਰਦਾ ਬਚਾਓ
ਰੁੱਖ ਕੁਦਰਤ ਵਲੋਂ ਦਿੱਤੀ ਗਈ ਸੁਗ਼ਾਤ ਹਨ ਅਤੇ ਇਨਸਾਨ ਦੇ ਚੰਗੇ ਦੋਸਤ ਹਨ। ਕਿਉਂਕਿ ਰੁੱਖ ਜਿਥੇ ਸਾਨੂੰ ਫੱਲ, ਫੁੱਲ, ਲੱਕੜ, ਬਾਲਣ, ਛਾਂ ਆਦਿ ਦਿੰਦੇ ਹਨ, ਉਥੇ ਹੀ ਵਾਤਾਵਰਨ ਵੀ ਸਾਫ-ਸੁਥਰਾ ਰੱਖਣ ਨਾਲ ਜ਼ਿਆਦਾ ਬਾਰਿਸ਼ਾਂ ਲਿਆਉਣ ਵਿਚ ਵੀ ਸਹਾਈ ਹੁੰਦੇ ਹਨ।
ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਤੇ ਹਰਿਆ ਭਰਿਆ ਬਣਾਉਣ ਲਈ ਹਰ ਮਨੁੱਖ ਨੂੰ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਪਾਲਣਾ ਕਰਨ ਦਾ ਵੀ ਅਹਿਦ ਲੈਣਾ ਚਾਹੀਦਾ ਹੈ। ਜੰਗਲਾਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਮੁਫ਼ਤ ਬੂਟੇ ਸਪਲਾਈ ਕਰਨ ਤਾਂ ਜੋ ਉਹ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਆਲੇ-ਦੁਆਲੇ ਫਲਦਾਰ ਅਤੇ ਲੰਬੀ ਉਮਰ ਵਾਲੇ ਬੂਟੇ ਵੰਡਣ। ਕਿਉਂਕਿ ਕਿਸਾਨ ਆਪਣੀ ਫਸਲ ਦੇ ਨਾਲ-ਨਾਲ ਬੂਟਿਆਂ ਦੀ ਵਧੀਆ ਪਰਵਰਿਸ਼ ਕਰ ਸਕਦੇ ਹਨ।
ਸੋ, ਪ੍ਰਸ਼ਾਸਨ, ਸੰਬੰਧਿਤ ਵਿਭਾਗ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਤੇ ਆਮ ਲੋਕਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਜਨਤਕ ਥਾਵਾਂ, ਸ਼ਮਸ਼ਾਨਘਾਟਾਂ, ਘਰਾਂ ਦੇ ਬਾਹਰ ਖਾਲੀ ਥਾਵਾਂ, ਸੜਕਾਂ, ਰੇਲ ਦੀਆਂ ਪਟੜੀਆਂ ਦੁਆਲੇ ਪਈਆਂ ਖਾਲੀ ਥਾਵਾਂ 'ਤੇ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਵਾਤਾਵਰਨ ਤੇ ਚੌਗਿਰਦਾ ਸਾਫ-ਸੁਥਰਾ ਬਣਾਉਣ ਵਿਚ ਆਪੋ-ਆਪਣਾ ਯੋਗਦਾਨ ਪਾਉਣ। ਜੇਕਰ ਬੂਟੇ ਲਗਾਵਾਂਗੇ ਤਾਂ ਉਹ ਆਉਣ ਵਾਲੇ ਸਮੇਂ ਵਿਚ ਰੁੱਖ ਬਣਨਗੇ ਅਤੇ ਬਰਸਾਤਾਂ ਨੂੰ ਲਿਆਉਣ ਵਿਚ ਸਹਾਈ ਹੋਣਗੇ ਅਤੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਵਿਚ ਰੁੱਖਾਂ ਦੀ ਬਦੌਲਤ ਬਾਰਿਸ਼ਾਂ ਆਪਣਾ ਯੋਗਦਾਨ ਪਾਉਣਗੀਆਂ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

30-08-2024

 ਨਿਆਂ ਪ੍ਰਣਾਲੀ ਦੀ ਜਵਾਬਦੇਹੀ

ਭਾਰਤ ਦੀ ਨਿਆਂ ਪ੍ਰਣਾਲੀ ਦੀ ਸੁਸਤ ਰਫ਼ਤਾਰ ਤੋਂ ਤੰਗ ਆ ਲੋਕ ਰਾਜ਼ੀਨਾਮੇ ਨੂੰ ਤਰਜੀਹ ਦਿੰਦੇ ਹਨ, ਇਸ ਗੱਲ ਦਾ ਖੁਲਾਸਾ ਮਾਣਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਪਿੱਛੇ ਬਿਆਨ ਕੀਤਾ ਸੀ। ਮਾਣਯੋਗ ਸੁਪਰੀਮ ਕੋਰਟ ਨੂੰ ਨਿਆਂ ਪ੍ਰਬੰਧ ਦੀ ਤੈਅ ਹੋਵੇ ਜਵਾਬ ਦੇਹੀ ਇਸ ਬੰਧ 'ਚ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ, ਤਾਂ ਜੋ ਪੀੜਤ ਨੂੰ ਸਮੇਂ ਸਿਰ ਇਨਸਾਫ਼ ਮਿਲੇ ਤੇ ਉਸ ਨੂੰ ਸਮਝੌਤਾ ਕਰਨ ਦੀ ਨੌਬਤ ਨਾ ਆਵੇ। ਪੁਲਿਸ ਸਮੇਂ ਸੀਮਾ ਵਿਚ ਚਲਾਨ ਅਦਾਲਤ ਵਿਚ ਦੇ ਦਿੰਦੀ ਹੈ, ਜੇਕਰ ਨਹੀਂ ਦਿੰਦੀ ਤਾਂ ਤਫ਼ਤੀਸ਼ੀ ਅਫ਼ਸਰ ਦੀ ਵਿਭਾਗੀ ਕਾਰਵਾਈ ਖੁੱਲ੍ਹ ਜਾਂਦੀ ਹੈ। ਅਦਾਲਤਾਂ ਦੀ ਰਫ਼ਤਾਰ ਕੇਸਾਂ ਨੂੰ ਨਜਿੱਠਣ ਲਈ ਇੰਨੀ ਸੁਸਤ ਹੈ ਕਿ ਫਰਿਆਦੀ, ਪੀੜਤ ਨੂੰ ਕਈ-ਕਈ ਵਾਰ ਇਨਸਾਫ਼ ਲੈਣ 'ਚ ਵਰ੍ਹੇ ਲੱਗ ਜਾਂਦੇ ਹਨ। ਪੁਰਾਣਾ ਮੁਕੱਦਮਾ ਹੋਣ ਕਾਰਨ ਕਈ ਗਵਾਹ ਮਰ ਜਾਂਦੇ ਹਨ। ਬੰਦਾ ਇਨਸਾਫ਼ ਲੈਣ ਲਈ ਬੁੱਢਾ ਹੋ ਜਾਂਦਾ ਹੈ। ਪੀੜਤ ਅਦਾਲਤਾਂ ਦੇ ਚੱਕਰਾਂ ਤੋਂ ਤੰਗ ਆ ਕੇ ਅਦਾਲਤ ਦੇ ਲੰਬੀ ਪ੍ਰਕਿਰਿਆ ਤੋਂ ਬਚਣ ਲਈ ਦੋਸ਼ੀਆਂ ਨਾਲ ਰਾਜ਼ੀਨਾਮੇ ਵੀ ਕਰ ਲੈਂਦੇ ਹਨ। ਅਪਰਾਧਿਕ ਪ੍ਰਵਿਰਤੀ ਵਾਲੇ ਨੇਤਾ ਲੋਕ ਕਈ-ਕਈ ਸਾਲ ਮੁਕੱਦਮਿਆਂ ਨੂੰ ਦਬਾਅ ਲੈਂਦੇ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਕਿ ਕਈ ਵਾਰ ਤਫ਼ਤੀਸ਼ੀ ਦੀ ਗਵਾਹੀ ਨਾ ਹੋਣ ਕਾਰਨ ਅਦਾਲਤ ਦੋਸ਼ੀਆਂ ਨੂੰ ਬਰੀ ਕਰ ਦਿੰਦੀ ਹੈ, ਜਿਸ ਦਾ ਫਾਇਦਾ ਸ਼ਾਤਿਰ ਦੋਸ਼ੀ ਲੈ ਜਾਂਦੇ ਹਨ। ਕਈ ਵਾਰੀ ਦੋਸ਼ੀ ਪੀ.ਓ. ਹੋ ਜਾਂਦੇ ਹਨ ਪੁਰਾਣਾ ਕੇਸ ਹੋਣ ਕਾਰਨ ਮਿਸਲ 'ਤੇ ਗਵਾਹ ਨਹੀਂ ਮਿਲਦੇ, ਜੋ ਦੋਸ਼ੀ ਬਰੀ ਹੋ ਜਾਂਦੇ ਹਨ। ਸੰਗੀਨ ਜੁਰਮਾਂ 'ਚ ਕੇਂਦਰ ਨੂੰ ਸੰਸਦ ਵਿਚ ਕਾਨੂੰਨ ਬਣਾ ਫਾਸਟਰੈਕ ਕੋਰਟਾਂ ਰਾਹੀਂ ਸਮੇਂ ਸੀਮਾ ਵਿਚ ਨਿਆਂ ਪਾਲਿਕਾ ਨੂੰ ਸੁਣਵਾਈ ਕਰ ਜਵਾਬ ਦੇਹ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ, ਤਾਂ ਜੋ ਨਿਰਭੈਯਾ ਕਾਂਡ ਦੇ ਪੀੜਤਾਂ ਨੂੰ ਜਿਸ ਤਰ੍ਹਾਂ ਇਨਸਾਫ਼ ਲੈਣ ਲਈ ਦੇਰੀ ਹੋਈ ਹੈ ਨਾ ਹੋਵੇ, ਜਦੋਂ ਵੇਲੇ ਸਿਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਅਪਰਾਧ ਦਾ ਗ੍ਰਾਫ਼ ਘਟੇਗਾ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਤਗ਼ਮੇ ਤੋਂ ਖੁੰਝਿਆ ਭਾਰਤ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੁਆਰਾ ਆਪਣੀ ਅਯੋਗਤਾ ਵਿਰੁੱਧ ਖੇਡ ਸਾਲਸੀ ਅਦਾਲਤ ਵਿਚ ਕੀਤੀ ਹੋਈ ਅਪੀਲ ਖਾਰਜ ਹੋਣ ਕਰ ਕੇ ਨਾ ਕੇਵਲ ਭਾਰਤ ਇਕ ਹੋਰ ਤਗ਼ਮੇ ਤੋਂ ਵਾਂਝਾ ਰਹਿ ਗਿਆ, ਸਗੋਂ 140 ਕਰੋੜ ਤੋਂ ਵੱਧ ਲੋਕਾਂ ਦਾ ਦਿਲ ਵੀ ਟੁੱਟਿਆ। ਗ਼ਲਤੀ ਹੋਈ ਹੈ ਜਾਂ ਸਾਜਿਸ਼ ਇਸ ਦੀ ਜਾਂਚ ਤਾਂ ਜ਼ਰੂਰ ਹੋਣੀ ਚਾਹੀਦੀ ਹੈ।
ਵਿਨੇਸ਼ ਫੋਗਾਟ ਨਾਲ ਤਾਂ ਜੱਗੋਂ ਤੇਰ੍ਹਵੀਂ ਹੋਈ, ਸੋਨੇ ਦਾ ਤਗ਼ਮਾ ਆਉਂਦਾ-ਆਉਂਦਾ ਕਾਂਸੇ ਦਾ ਵੀ ਗਿਆ ਪਰੰਤੂ ਇਹ ਸਾਰੀ ਘਟਨਾ ਭਾਰਤੀ ਉਲੰਪਿਕ ਸੰਘ ਦੇ ਨਾਲ-ਨਾਲ ਖੇਡ ਖੇਤਰ ਨਾਲ ਜੁੜੇ ਹਰ ਇਕ ਵਿਅਕਤੀ ਦੀਆਂ ਅੱਖਾਂ ਖੋਲ੍ਹਣ ਦੇ ਨਾਲ-ਨਾਲ ਚਿੰਤਨ ਕਰਨ ਵਾਲੀ ਵੀ ਹੈ। ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਨਾਲ ਮੌਜੂਦ ਸਹਾਇਕ ਸਟਾਫ਼ ਲਈ ਭਵਿੱਖ ਵਿਚ ਇਹ ਚਿਤਾਵਨੀ ਵੀ ਹੈ ਕਿ ਉਨ੍ਹਾਂ ਦੀ ਛੋਟੀ ਤੋਂ ਛੋਟੀ ਗ਼ਲਤੀ ਦੇ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਜੋ ਫ਼ੈਸਲਾ ਆਇਆ ਉਸ ਨੂੰ ਬਦਲਿਆ ਜਾਣਾ ਤਾਂ ਬਹੁਤ ਮੁਸ਼ਕਿਲ ਹੈ ਪਰੰਤੂ ਜਿਨ੍ਹਾਂ ਹਾਲਾਤਾਂ ਵਿਚੋਂ ਗੁਜ਼ਰ ਕੇ ਉਹ ਉਲੰਪਿਕ ਦੇ ਫਾਈਨਲ ਤੱਕ ਪਹੁੰਚੀ, ਇਹ ਵੀ ਕਿਸੇ ਵਿਜੇਤਾ ਤੋਂ ਘੱਟ ਨਹੀਂ। ਉਸ ਨੇ ਤਗ਼ਮਾ ਨਹੀਂ ਜਿੱਤਿਆ, ਸਗੋਂ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਦੀ ਧੱਕੇਸ਼ਾਹੀ ਅਤੇ ਖਿਡਾਰਨਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਂਦੀ ਹੋਈ ਉਲੰਪਿਕ ਦੇ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਮਾਂ ਦੀ ਬੇਟੀ ਵਿਨੇਸ਼ ਫੋਗਾਟ ਦੀ ਕਹਾਣੀਆਂ ਆਉਣ ਵਾਲੇ ਸਮੇਂ ਵਿਚ ਫ਼ਿਲਮੀ ਪਰਦੇ ਅਤੇ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਿਲ ਹੋਣਗੀਆਂ, ਜਿਨ੍ਹਾਂ ਨੂੰ ਪੜ੍ਹ ਕੇ ਦੇਸ਼ ਦੀਆਂ ਬੇਟੀਆਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਬੁਲੰਦੀਆਂ ਨੂੰ ਛੂੰਹਦੀਆਂ ਹੋਈਆਂ ਨਾ ਕੇਵਲ ਔਰਤ ਨੂੰ ਕਮਜ਼ੋਰ ਸਮਝਣ ਵਾਲੇ ਲੋਕਾਂ ਦੇ ਮੂੰਹ 'ਤੇ ਕਾਮਯਾਬੀ ਦੀ ਚਪੇੜ ਮਾਰਨਗੀਆਂ, ਸਗੋਂ ਕਈ ਹੋਰ ਵਿਨੇਸ਼ ਫੋਗਾਟ ਬਣਨ ਲਈ ਵੀ ਰਾਹ ਪੱਧਰਾ ਕਰਨਗੀਆਂ।

-ਰਜਵਿੰਦਰ ਪਾਲ ਸ਼ਰਮਾ

29-08-2024

 ਵਧੀਆ ਲੇਖ

ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ 'ਰਾਸ਼ਟਰੀ ਲਾਇਬ੍ਰੇਰੀ ਦਿਵਸ' 'ਤੇ ਲੇਖਿਕਾ ਸ਼ੀਲਾ ਦੇਵੀ ਦਾ ਲੇਖ 'ਵਰਤਮਾਨ ਯੁੱਗ 'ਚ ਲਾਇਬ੍ਰੇਰੀਅਨ ਦੀ ਅਹਿਮੀਅਤ' ਪੜ੍ਹਿਆ ਤੇ ਮਨ ਨੂੰ ਬਹੁਤ ਵਧੀਆ ਲੱਗਾ। ਇਹ ਰਚਨਾ ਵਿਦਿਆਰਥੀਆਂ ਲਈ ਵਰਤਮਾਨ ਯੁੱਗ ਵਿਚ ਲਾਇਬ੍ਰੇਰੀ ਦੀ ਵਰਤੋਂ ਕਰਨ ਦਾ ਪ੍ਰੇਰਨਾ ਸਰੋਤ ਸੀ। ਲੇਖਿਕਾ ਸਾਨੂੰ ਆਪਣੇ ਜੀਵਨ ਵਿਚੋਂ ਮੋਬਾਈਲ ਯੁਗ ਤੋਂ ਪਰ੍ਹੇ ਲਾਇਬ੍ਰੇਰੀਆਂ ਵਿਚ ਜਾ ਕੇ ਚੰਗੀਆਂ ਪੁਸਤਕਾਂ ਪੜ੍ਹਨ ਲਈ ਜਾਗ੍ਰਿਤ ਕਰਦੀ ਹੈ। ਸੂਚਨਾ ਪ੍ਰਾਪਤੀ ਦੇ ਨਿਵੇਕਲੇ ਰਾਹ ਦਿਖਾਉਂਦੀ ਹੈ। ਸਾਨੂੰ ਆਪਣੇ ਜੀਵਨ ਵਿਚ ਮਜ਼ਬੂਤ ਹੋਣ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਕਿਤਾਬਾਂ ਹੀ ਮਨੁੱਖ ਦਾ ਸਭ ਤੋਂ ਚੰਗਾ ਸਾਥੀ ਹੈ। ਭਾਰਤ ਵਿਚ ਲਾਇਬ੍ਰੇਰੀ ਦੇ ਮੋਢੀ ਪ੍ਰੋ. ਐਸ.ਆਰ. ਰੰਗਨਾਥਨ ਦੀ ਯਾਦ ਵਿਚ ਰਾਸ਼ਟਰੀ ਲਾਇਬ੍ਰ੍ਰੇਰੀ ਦਿਵਸ ਮਨਾਇਆ ਜਾਂਦਾ ਹੈ। ਉਹ ਇਕ ਲੇਖਕ ਅਤੇ ਖੋਜਕਰਤਾ ਸਨ। ਉਨ੍ਹਾਂ ਲੰਬੇ ਸਮੇਂ ਤੱਕ ਲਿਖਣਾ ਤੇ ਕਿਤਾਬਾਂ ਦਾ ਪ੍ਰਕਾਸ਼ਨ ਜਾਰੀ ਰੱਖਿਆ। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ 60 ਤੋਂ ਵੀ ਵੱਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਲਾਇਬ੍ਰੇਰੀਅਨ ਵਜੋਂ ਰੰਗਨਾਥਨ ਦਾ ਮੁਢਲਾ ਉਦੇਸ਼ ਲੋਕਾਂ ਤੱਕ ਆਸਾਨੀ ਨਾਲ ਪਹੁੰਚਣਾ ਅਤੇ ਉਨ੍ਹਾਂ ਦੀਆਂ ਉਤਸੁਕਤਾਵਾਂ ਨੂੰ ਸ਼ਾਂਤ ਕਰਨਾ ਸੀ, ਇਸ ਲਈ ਉਨ੍ਹਾਂ ਵਿਚੋਂ ਲਾਇਬ੍ਰੇਰੀ ਦੇ ਪੰਜ ਨਿਯਮ ਵੀ ਬਣਾਏ ਗਏ ਸਨ ਤਾਂ ਜੋ ਘੱਟ ਸਮੇਂ ਵਿਚ ਪਾਠਕਾਂ ਨੂੰ ਉਨ੍ਹਾਂ ਦੀ ਪਸੰਦ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਸਕਣ।

ਸ੍ਰੀਮਤੀ ਸੁਮਨ ਬਾਲਾ
ਲਾਇਬ੍ਰੇਰੀਅਨ, ਹਿੰਦੂ ਕੰਨਿਆ ਕਾਲਜ,
ਧਾਰੀਵਾਲ।

ਮੋਬਾਈਲ ਫੋਨ ਦੇ ਆਦੀ ਹੋਏ ਬੱਚੇ

ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਜ਼ਿਆਦਾ ਸਮਾਂ ਨਹੀਂ ਹੈ। ਅਜਿਹੇ 'ਚ ਜਦੋਂ ਕੋਈ ਛੋਟਾ ਬੱਚਾ ਰੋਂਦਾ ਹੈ ਤਾਂ ਅਸੀਂ ਉਸ ਨੂੰ ਚੁੱਪ ਕਰਾਉਣ ਲਈ ਮੋਬਾਈਲ ਫੜਾ ਦਿੰਦੇ ਹਾਂ। ਜੇਕਰ ਬੱਚਾ ਨਹੀਂ ਖਾ ਰਿਹਾ ਹੈ ਤਾਂ ਉਸ ਨੂੰ ਖੁਆਉਣ ਲਈ ਅਸੀਂ ਉਸ ਨੂੰ ਮੋਬਾਈਲ 'ਤੇ ਕਾਰਟੂਨ ਜਾਂ ਵੀਡੀਓ ਲਗਾ ਕੇ ਬਿਠਾ ਦਿੰਦੇ ਹਾਂ। ਇਸ ਕਾਰਨ ਬੱਚਾ ਖਾਣਾ ਖਾ ਲੈਂਦਾ ਹੈ ਜਾਂ ਫਿਰ ਚੁੱਪ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਮੋਬਾਈਲ ਦੀ ਆਦਤ ਪਾ ਕੇ ਤੁਸੀਂ ਉਸ ਦੇ ਭਵਿੱਖ ਨਾਲ ਖੇਡ ਰਹੇ ਹੋ। ਮੋਬਾਈਲ ਦੀ ਲਤ ਨਸ਼ੇ ਵਾਂਗ ਹੈ। ਜਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ੇ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਉਸੇ ਤਰ੍ਹਾਂ ਮੋਬਾਈਲ ਫੋਨ ਦਾ ਆਦੀ ਹੋਣ ਤੋਂ ਬਾਅਦ ਵੀ ਅਜਿਹਾ ਹੀ ਹੁੰਦਾ ਹੈ। ਇਕ ਅਧਿਐਨ ਮੁਤਾਬਿਕ ਛੋਟੀ ਉਮਰ ਵਿਚ ਹੀ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਜਾਣ ਤਾਂ ਉਨ੍ਹਾਂ ਨੂੰ ਛੋਟੀ ਉਮਰ ਵਿਚ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮੋਬਾਈਲ ਅਤੇ ਟੀ.ਵੀ. ਦੇਖਣ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਖਾਣਾ ਖਾਂਦੇ ਸਮੇਂ ਅਤੇ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਦੇ ਵੀ ਮੋਬਾਈਲ ਨਾ ਦਿਉ। ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕਰੋ। ਬੱਚਿਆਂ ਦੀ ਭਲਾਈ ਲਈ ਚੰਗੇ ਨਿਯਮਾਂ ਨੂੰ ਲਾਗੂ ਕਰਦੇ ਹੋਏ ਉਨ੍ਹਾਂ ਦੀ ਖ਼ੁਦ ਵੀ ਪਾਲਣਾ ਕਰੋ ਅਤੇ ਉਨ੍ਹਾਂ ਨੂੰ ਵੀ ਸਿਖਾਓ।

-ਰਿੰਕਲ ਮੁੱਖ ਅਧਿਆਪਕਾ, ਫਿਰੋਜ਼ਪੁਰ।

ਪੰਜਾਬ ਨੂੰ ਲੀਹੇ ਪਾਓ

ਪੰਜਾਬ ਦੀ ਸਿਆਸੀ, ਸਮਾਜਿਕ ਤੇ ਆਰਥਿਕ ਸਥਿਤੀ ਜਿੰਨੀ ਚਿੰਤਾਜਨਕ ਇਸ ਵੇਲੇ ਹੈ ਅਤੇ ਜਿੰਨੇ ਮੁਸ਼ਕਿਲ ਦੌਰ 'ਚੋਂ ਪੰਜਾਬ ਲੰਘ ਰਿਹਾ ਹੈ, ਉਹ ਬਿਆਨ ਕਰਨਾ ਮੁਸ਼ਕਿਲ ਹੈ। ਜਵਾਨੀ ਨਸ਼ੇ 'ਚ ਗੁਆਚ ਰਹੀ ਹੈ, ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਪ੍ਰਵਾਸ ਜਾਰੀ ਹੈ। ਜਵਾਨੀ ਖ਼ਤਮ ਹੋ ਰਹੀ ਹੈ। ਵਿਦੇਸ਼ਾਂ ਦੀ ਹੋੜ ਕਾਰਨ ਜਵਾਨੀ ਪ੍ਰਵਾਸ ਕਰ ਚੁੱਕੀ ਹੈ। ਪੰਜਾਬ ਬੁੱਢਾ ਹੋ ਰਿਹਾ ਹੈ। ਬੇਰੁਜ਼ਗਾਰੀ ਦਿਨੋਂ-ਦਿਨ ਵਧ ਰਹੀ ਹੈ। ਲੁੱਟਾਂ-ਖੋਹਾਂ ਸ਼ਰੇਆਮ ਹੋ ਰਹੀਆਂ ਹਨ। ਕਤਲੋ-ਗਾਰਦ ਦਾ ਮਾਹੌਲ ਹੈ। ਪੰਜਾਬ ਦੇ ਪਾਣੀ ਜੋ ਕਿ ਗੰਦਲੇ, ਜ਼ਹਿਰੀਲੇ ਹੋ ਗਏ ਹਨ, ਨੂੰ ਬਚਾਉਣ ਅਤੇ ਪੰਜਾਬ ਦੀ ਮਿੱਟੀ ਜੋ ਕਿ ਸਪਰੇਆਂ ਤੇ ਕੈਮੀਕਲਾਂ ਨਾਲ ਜ਼ਹਿਰੀਲੀ ਹੋ ਚੁੱਕੀ ਹੈ, ਉਸ ਨੂੰ ਸਾਂਭਣ ਦੀ ਲੋੜ ਹੈ। ਦੁੱਧ 'ਚ ਮਿਲਾਵਟ ਜ਼ੋਰਾਂ 'ਤੇ ਹੈ। ਮਿਲਾਵਟੀ ਨਕਲੀ ਦੁੱਧ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸੂਬੇ ਦੇ ਪਾਣੀਆਂ ਨੂੰ ਸਾਂਭਣ ਦੀ ਲੋੜ ਹੈ। ਜੰਗਲ ਲਗਾਤਾਰ ਘਟ ਰਹੇ ਹਨ, ਦਰੱਖ਼ਤਾਂ ਦੀ ਅਣਹੋਂਦ ਕਾਰਨ ਬਾਰਿਸ਼ਾਂ ਘਟ ਰਹੀਆਂ ਹਨ। ਹਵਾ, ਮਿੱਟੀ, ਪਾਣੀ ਦੂਸ਼ਿਤ ਹੈ। ਧਰਤੀ ਹੇਠਲਾਂ ਪਾਣੀ ਲਗਾਤਾਰ ਘਟ ਰਿਹਾ ਹੈ। ਪੰਜਾਬ ਦਿਨੋਂ-ਦਿਨ ਕਰਜ਼ਾਈ ਹੋ ਰਿਹਾ ਹੈ। ਦੇਸ਼ ਦੇ ਦੂਜੇ ਰਾਜਾਂ ਤੋਂ ਪ੍ਰਵਾਸ ਜਾਰੀ ਹੈ। ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਹੈ। ਸਿਆਸੀ ਪਾਰਟੀਆਂ ਸਿਰਫ਼ ਸੱਤਾ ਦੀ ਹੋੜ ਵਿਚ ਲੱਗੀਆਂ ਹਨ। ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਲੋੜ ਹੈ ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀਆਂ ਤੇ ਸਿੱਖਿਆਵਾਨ ਲੋਕਾਂ ਨੂੰ ਅੱਗੇ ਆਉਣ ਦੀ। ਸੂਬੇ ਦੇ ਨਾਮਵਾਰ ਲੇਖਕਾਂ, ਸੰਪਾਦਕਾਂ ਤੇ ਸਾਹਿਤਕਾਰਾਂ ਨੂੰ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪੰਜਾਬ ਨੂੰ ਲੀਹੇ ਪਾਉਣ ਲਈ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਗੋਲਡ ਕਿ ਗੋਲਡਨ ਮੈਡਲ?

ਯੂਨੀਵਰਸਿਟੀ ਆਪਣੇ ਟਾਪਰ ਵਿਦਿਆਰਥੀਆਂ ਨੂੰ ਜਿਹੜਾ ਤਗ਼ਮਾ ਦਿੰਦੀ ਹੈ, ਉਸ ਨੂੰ 'ਗੋਲਡ ਮੈਡਲ' ਕਹਿੰਦੇ ਹਨ। ਇਸ ਉੱਪਰ ਵਿਦਿਆਰਥੀ ਦਾ ਨਾਂਅ, ਕਲਾਸ ਅਤੇ ਸਾਲ ਖੁਣਿਆ ਹੁੰਦਾ ਹੈ। ਪ੍ਰਾਪਤ ਕਰਤਾ ਮੈਡਲ ਪਹਿਨਣ ਦਾ ਹੱਕਦਾਰ ਹੈ, ਇਸ ਵਾਸਤੇ ਕਾਨਵੋਕੇਸ਼ਨ 'ਤੇ ਵੱਖਰਾ ਸਰਟੀਫਿਕੇਟ ਮਿਲਦਾ ਹੈ। ਇਕ ਦਿਨ ਮੈਂ ਆਪਣੇ ਬੀ.ਏ., ਐਮ.ਏ. ਦੇ ਦੋਵੇਂ ਮੈਡਲ ਸਨਿਆਰੇ ਕੋਲ ਲੈ ਗਿਆ। ਪਰਖ ਕਰਵਾਈ। ਸੋਨੇ ਦੇ ਨਹੀਂ, ਪਿੱਤਲ ਦੇ ਨਿਕਲੇ। ਸੋਨੇ ਦੀ ਝਾਲ ਚੜ੍ਹਾਈ ਹੋਈ ਹੈ। ਬੀ.ਏ. ਦਾ ਮੈਡਲ 10 ਗ੍ਰਾਮ ਦਾ, ਐਮ.ਏ. ਦਾ 7.5 ਗ੍ਰਾਮ। ਐਮ.ਏ. ਵਾਲਾ ਵੱਧ ਭਾਰਾ ਹੋਣਾ ਚਾਹੀਦਾ ਸੀ, ਹਲਕਾ ਕਿਉਂ ਹੋ ਗਿਆ? ਉਹੋ ਕਾਫਕਾ ਨੇ ਦੱਸਿਆ ਤਾਂ ਸੀ, ਕਾਲ ਪੈ ਜਾਵੇ ਤਾਂ ਰੋਟੀ ਦਾ ਆਕਾਰ ਘੱਟ ਜਾਂਦਾ ਹੈ। ਕੀ ਮੋਤੀਆਂ ਵਾਲੀਆਂ ਸਰਕਾਰਾਂ ਦੇ ਖ਼ਜ਼ਾਨਿਆਂ ਵਿਚੋਂ ਮੋਤੀਆਂ ਦਾ ਕਾਲ ਪੈ ਗਿਆ ਹੈ? ਨਹੀਂ, ਵੰਡਣ ਵਾਲੇ ਹੱਥ ਕੱਟੇ ਗਏ ਹਨ। ਗ਼ਲਤ ਤਰੀਕਾ ਅਪਣਾ ਕੇ ਧੋਖਾਧੜੀ ਨਾਲ ਵਿਦਿਆਰਥੀ ਇਮਤਿਹਾਨ ਪਾਸ ਕਰਨਾ ਚਾਹੇ ਤਾਂ ਯੂਨੀਵਰਸਿਟੀ ਉਸ ਵਿਰੁੱਧ ਕੇਸ ਦਰਜ ਕਰ ਕੇ ਸਜ਼ਾ ਦਿੰਦੀ ਹੈ। ਆਪ 'ਗੋਲਡਨ' ਨੂੰ 'ਗੋਲਡ' ਕਹਿ ਕੇ ਵੰਡੇ ਤਾਂ ਕੀ ਇਹ ਧੋਖਾਧੜੀ ਨਹੀਂ? ਮੁਕੱਦਮਾ ਦਾਨਿਸ਼ਵਰਾਂ ਦੀ ਅਦਾਲਤ ਵਿਚ ਦਾਇਰ।

-ਹਰਪਾਲ ਸਿੰਘ ਪੰਨੂੰ

28-08-2024

 ਸੁਪਰੀਮ ਕੋਰਟ ਦੀ ਚਿੰਤਾ

ਕੁਝ ਦਿਨ ਪਹਿਲਾਂ ਦਿੱਲੀ ਦੇ ਕੋਚਿੰਗ ਸੈਂਟਰ ਵਿਚ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਧੜਾ-ਧੜ ਖੁੱਲ੍ਹ ਰਹੇ ਕੋਚਿੰਗ ਸੈਂਟਰ, ਉਨ੍ਹਾਂ ਦੇ ਕੰਮ ਕਾਜ ਅਤੇ ਬਣਤਰ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਕੋਚਿੰਗ ਸੈਂਟਰ ਕੋਈ ਵੀ ਹੋਣ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਏ ਰਾਹੀਂ ਆਕਰਸ਼ਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀ ਇਮਤਿਹਾਨਾਂ ਦੀ ਤਿਆਰੀ ਲਈ ਦੇਖਾ-ਦੇਖੀ ਵਿਚ ਇਨ੍ਹਾਂ ਕੋਚਿੰਗ ਸੈਂਟਰਾਂ ਵਿਚ ਦਾਖ਼ਲਾ ਲੈਂਦੇ ਹਨ, ਜਿਨ੍ਹਾਂ ਦੀ ਦਸ਼ਾ ਹੌਲੀ-ਹੌਲੀ ਵਿਦਿਆਰਥੀਆਂ ਅਤੇ ਦੇਸ਼ ਦੇ ਸਾਹਮਣੇ ਆ ਰਹੀ ਹੈ। ਕੁਝ ਕੋਚਿੰਗ ਸੈਂਟਰ ਤਾਂ ਅਜਿਹੇ ਹਨ, ਜੋ ਪੈਸੇ ਦੀ ਦੁਕਾਨ ਤੋਂ ਵਧ ਕੇ ਕੁਝ ਨਹੀਂ, ਉਨ੍ਹਾਂ ਦਾ ਕੰਮ ਗਿਆਨ ਵੰਡਣਾ ਨਹੀਂ, ਸਗੋਂ ਨੌਜਵਾਨਾਂ ਨੂੰ ਚਿੰਤਾ, ਤਣਾਅ ਅਤੇ ਮੌਤ ਦੇ ਮੂੰਹ ਵਿਚ ਭੇਜਣਾ ਹੈ। ਦਿੱਲੀ ਹੀ ਨਹੀਂ ਪੂਰੇ ਦੇਸ਼ ਵਿਚ ਕੋਚਿੰਗ ਸੈਂਟਰਾਂ ਦੀ ਕਾਰਗੁਜ਼ਾਰੀ ਕਿਸੇ ਤੋਂ ਲੁਕੀ ਨਹੀਂ। ਸਿੱਖਿਆ ਦੇ ਹੱਬ ਵਜੋਂ ਜਾਣੇ ਜਾਂਦੇ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਵਿਦਿਆਰਥੀਆਂ ਦੀਆਂ ਲਗਾਤਾਰ ਆ ਰਹੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨੇ ਭਾਰਤ ਦੇ ਸਿੱਖਿਆ ਖੇਤਰ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਹ ਕਿਹੋ ਜਿਹੀ ਸਿੱਖਿਆ ਅਸੀਂ ਪ੍ਰਦਾਨ ਕਰ ਰਹੇ ਹਾਂ ਜੋ ਇਕ ਚੰਗਾ ਇੰਜੀਨੀਅਰ ਵਕੀਲ ਡਾਕਟਰ ਅਤੇ ਅਧਿਆਪਕ ਬਣਾਉਣ ਦੀ ਬਜਾਏ ਦੇਸ਼ ਦੀ ਨੌਜਵਾਨੀ ਨੂੰ ਮੌਤ ਦੇ ਮੂੰਹ ਵਿਚ ਧੱਕ ਰਿਹਾ ਹੈ। ਅਸਲੀਅਤ ਤਾਂ ਇਹ ਹੈ ਕਿ ਸਿੱਖਿਆ ਚਾਹੇ ਸਕੂਲੀ ਹੋਵੇ ਜਾਂ ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਸਰਕਾਰਾਂ ਉਸਾਰੂ ਅਤੇ ਕਾਰਗਰ ਨੀਤੀ ਬਣਾਉਣ ਵਿਚ ਹਮੇਸ਼ਾ ਨਾਕਾਮ ਰਹੀਆਂ ਹਨ। ਇਸ ਲਈ ਅੱਜ ਨੌਜਵਾਨਾਂ ਕੋਲ ਡਿਗਰੀਆਂ ਤਾਂ ਹਨ ਪਰੰਤੂ ਹੁਨਰ ਨਹੀਂ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਅਨੁਸਾਰ ਸਿੱਖਿਆ ਇਕ ਅਜਿਹਾ ਸਾਧਨ ਹੈ, ਜਿਸ ਦੀ ਮਦਦ ਨਾਲ ਅਸੀਂ ਸਮਾਜ ਵਿਚ ਕੋਈ ਵੀ ਬਦਲਾਅ ਲਿਆ ਸਕਦੇ ਹਾਂ ਪਰੰਤੂ ਇਹ ਉਦੋਂ ਹੀ ਹੋ ਸਕੇਗਾ, ਜਦੋਂ ਮਿਆਰੀ ਸਿੱਖਿਆ ਹਰ ਇਕ ਵਿਅਕਤੀ ਕੋਲ ਪਹੁੰਚੇ। ਵਪਾਰ ਅਤੇ ਪੈਸਾ ਕਮਾਉਣ ਦਾ ਸਾਧਨ ਬਣ ਚੁੱਕੀ ਸਿੱਖਿਆ ਦੇ ਸੁਧਾਰ ਲਈ ਅਜੇ ਹੋਰ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਵਿਦਿਆਰਥੀ ਘੱਟ ਪੈਸੇ ਵਿਚ ਤਣਾਅ ਰਹਿਤ ਰਹਿ ਕੇ ਮਿਆਰੀ ਸਿੱਖਿਆ ਦੀ ਮਦਦ ਨਾਲ ਰੁਜ਼ਗਾਰ ਹਾਸਿਲ ਕਰ ਕੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇ ਸਕਣ।

-ਰਜਵਿੰਦਰ ਪਾਲ ਸ਼ਰਮਾ

ਦਰਪੇਸ਼ ਚੁਣੌਤੀਆਂ

 

ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਦੇ ਰਾਹ ਪੈ ਗਿਆ ਹੈ। ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ, ਕਿ ਉਸ ਨੂੰ ਹੋਰ ਕੁਝ ਵੀ ਨਹੀਂ ਦਿਸਦਾ। ਕੋਰੋਨਾ ਮਹਾਂਮਾਰੀ ਨੇ ਆਰਥਿਕਤਾ ਨੂੰ ਨਪੀੜਿਆ ਹੈ। ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਿਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫ਼ੀਸਦੀ ਪਾਣੀ ਖਰਾਬ ਹੋ ਚੁੱਕਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ, ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਪੰਜਾਬ ਵਿਚ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੇ ਹਨ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ਼ ਜਾਣਾ ਖ਼ਤਰੇ ਦੀ ਘੰਟੀ ਹੈ। ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਡਿਗਰੀਆਂ ਹੱਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀ ਉਮੀਦਾਂ 'ਤੇ ਖ਼ਰਾ ਨਾ ਉਤਰਨਾ ਨਸ਼ੇ ਨੂੰ ਗ੍ਰਹਿਣ ਕਰਨ ਦਾ ਵੱਡਾ ਕਾਰਨ ਹੈ। ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਅਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ। ਪਿੰਡਾਂ ਵਿਚ ਤਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਇਹ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕ ਪੱਖੀ ਨੀਤੀਆਂ ਬਣਾਉਣ ਦੀ ਸਖ਼ਤ ਲੋੜ ਹੈ ਤਾਂ ਹੀ ਮੁੜ ਤੋਂ ਰੰਗਲਾ ਪੰਜਾਬ ਬਣ ਸਕੇਗਾ।

-ਸੰਜੀਵ ਸਿੰਘ ਸੈਣੀ ਮੁਹਾਲੀ

ਪੰਜਾਬ ਦੇ ਹਾਲਾਤ

ਪਿਛਲੇ ਦਿਨੀਂ ਅੰਮ੍ਰਿਤਸਰ ਦੇ ਕੋਲ ਇਕ ਐਨ.ਆਰ.ਆਈ. ਨੂੰ ਗੋਲੀਆਂ ਮਾਰਨ ਦਾ ਸਮਾਚਾਰ ਪੜ੍ਹਿਆ। ਹਾਲਾਂਕਿ ਗੋਲੀਆਂ ਮਾਰਨ ਵਾਲੇ ਪੁਲਿਸ ਵਲੋਂ ਫੜ ਲਏ ਗਏ ਹਨ ਪਰ ਇਨ੍ਹਾਂ ਅਨਸਰਾਂ ਦੇ ਹੌਂਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਜਦ ਪੁਲਿਸ ਇਨ੍ਹਾਂ ਨੂੰ ਲੈ ਕੇ ਹਥਿਆਰ ਬਰਾਮਦ ਕਰਨ ਗਈ ਤਾਂ ਇਨ੍ਹਾਂ ਵਲੋਂ ਪੁਲਿਸ 'ਤੇ ਵੀ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਨ੍ਹਾਂ ਦੇ ਵਧੇ ਹੋਏ ਹੋਂਸਲਿਆਂ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ ਕਾਫੀ ਖਰਾਬ ਹੈ। ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੂੰ ਸਾਡੀ ਅਪੀਲ ਹੈ ਕਿ ਤੁਰੰਤ ਇਨ੍ਹਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਚੈਨ ਦੀ ਨੀਂਦ ਸੋ ਸਕਣ।

-ਅਸ਼ੀਸ਼ ਸ਼ਰਮਾ (ਜਲੰਧਰ)

27-08-2024

 ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ

ਕੋਲਕਾਤਾ ਦੇ ਆਰਜ਼ੀ ਕਾਰ ਮੈਡੀਕਲ ਕਾਲਜ ਵਿਚ ਇਕ ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਘਟਨਾ 'ਚ ਦੋਸ਼ੀ ਸੰਜੇ ਰਾਏ ਦੇ ਖ਼ਿਲਾਫ਼ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਦੀ 2012 ਦੀ ਨਿਰਭੈਯਾ ਕਾਂਡ ਨਾਲ ਤੁਲਨਾ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਖ਼ਿਲਾਫ਼ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ ਪਰ ਇਕ ਪਿਤਾ ਦੀ ਆਪਣੀ ਧੀ ਖ਼ੌਫ਼ਨਾਕ ਹਾਲਤ ਦੇਖਣ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ। ਪਰਿਵਾਰ ਨੇ ਵੀ ਉਸ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਵੀ ਕੀਤੀ ਪਰ ਇਸ ਘਟਨਾ ਨੇ ਉਨ੍ਹਾਂ ਦੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਹੁਣ ਉਸ ਦੀ ਬੇਟੀ ਦੇ ਸੁਫ਼ਨੇ ਅਤੇ ਭਵਿੱਖ ਰਾਤੋਂ-ਰਾਤ ਹਨੇਰੇ ਵਿਚ ਬਦਲ ਗਏ ਹਨ। ਇਸ ਦੁਖਦਾਈ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦੀ ਆਸ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਵਿਰੁੱਦ ਠੋਸ ਕਦਮ ਚੁੱਕੇ ਜਾਣ।
ਸਰਕਾਰ ਲਈ ਸੋਚਣ ਦਾ ਸਮਾਂ ਨਹੀਂ ਹੈ, ਕੁਝ ਕਰਨ ਦਾ ਵੇਲਾ ਹੈ। ਬੰਦਾ ਵਹਿਸ਼ੀ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਡਾ ਕਾਨੂੰਨ ਅਤਿ ਕਮਜ਼ੋਰ ਤੇ ਕੀੜੀ ਦੀ ਤੋਰ ਤੁਰਨ ਵਾਲਾ ਹੈ। ਅੱਜ ਬਲਾਤਕਾਰੀ ਇਹ ਪਹਿਲਾਂ ਸੋਚਦਾ ਹੈ, 'ਜੋ ਮਰਜ਼ੀ ਕਰ ਲਵੋ ਕਾਨੂੰਨ ਕੋਲੋਂ ਕੁਝ ਵੀ ਨਹੀਂ ਹੋਣਾ' ਤੇ ਜਦੋਂ ਬੰਦਾ ਇੰਜ ਸੋਚੇਗਾ ਤਾਂ ਸ਼ਰੇਆਮ ਔਰਤਾਂ, ਜਵਾਨ ਕੁੜੀਆਂ ਤੇ ਦੋ-ਦੋ ਸਾਲ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਿਉਂ ਨਹੀਂ ਹੋਣਗੇ? ਜਦੋਂ ਤੱਕ ਸਮਾਜ ਵਿਚ ਵਿਚਰ ਰਹੇ ਪਸ਼ੂ ਬਿਰਤੀ ਵਾਲੇ ਬੰਦਿਆਂ ਦੇ ਗਲ਼ਾਂ ਵਿਚ ਫਾਂਸੀ ਦੇ ਰੱਸੇ ਪੈਣ ਦਾ ਡਰ ਸਾਹਮਣੇ ਨਹੀਂ ਹੈ, ਵਹਿਸ਼ੀ ਬੰਦਿਆਂ ਨੂੰ ਮੌਤ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਬਲਾਤਕਾਰ ਹੱਟ ਹੀ ਨਹੀਂ ਸਕਦੇ।

-ਗੌਰਵ ਮੁੰਜਾਲ
ਪੀ.ਪੀ.ਐਸ.

ਸੂਬੇ 'ਚ ਅਪਰਾਧੀ ਬੇਖੌਫ਼

ਬੀਤੇ ਦਿਨੀਂ ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖਿਆ ਸੰਪਾਦਕੀ ਲੇਖ 'ਸੁਰੱਖਿਆ ਸ਼ੀਸ਼ਿਆਂ ਦੀ ਮਾਨਸਿਕਤਾ' ਪੜ੍ਹਿਆ। ਜਿਸ ਬਾਰੇ ਲੇਖਕ ਨੇ ਆਜ਼ਾਦੀ ਦਿਵਸ 'ਤੇ ਮੁੱਖ ਮੰਤਰੀ ਵਲੋਂ ਬੁਲਟ ਪਰੂਫ਼ ਸ਼ੀਸ਼ਿਆਂ ਵਿਚ ਚੋਣਵੇਂ ਲੋਕਾਂ ਨੂੰ ਸੰਬੋਧਨ ਕਰਨ ਤੇ ਸੂਬੇ ਵਿਚ 'ਲਾਅ ਐਂਡ ਆਰਡਰ' ਦੇ ਵਿਗੜਦੇ ਹਾਲਾਤਾਂ ਬਾਰੇ ਵਿਸਥਾਰ ਨਾਲ ਲਿਖ ਕੇ ਚਿੰਤਾ ਜਤਾਈ ਹੈ।
ਕੁਝ ਦਿਨ ਪਹਿਲਾਂ ਥਾਣਾ ਵੇਰਕਾ ਦੀ ਮਹਿਲਾ ਮੁੱਖ ਥਾਣਾ ਅਫ਼ਸਰ ਕਿਸੇ ਝਗੜੇ ਨੂੰ ਲੈ ਕੇ ਮੌਕੇ 'ਤੇ ਪੁੱਜੀ ਤੇ ਆਪਣੀ ਡਿਊਟੀ ਨੂੰ ਨਿਭਾਉਂਦੇ ਸਮੇਂ ਝਗੜੇ ਨੂੰ ਨਿਪਟਾਉਣ ਦੇ ਚਲਦਿਆਂ ਜਿਸ ਤਰ੍ਹਾਂ ਅਪਰਾਧੀਆਂ ਨੇ ਉਸ ਉੱਤੇ ਹੀ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪ੍ਰਦੇਸ਼ ਵਿਚ ਅਪਰਾਧੀਆਂ ਦੇ ਹੌਸਲੇ ਕਿੰਨੇ ਵਧੇ ਹੋਏ ਹਨ।
ਰੋਜ਼ਾਨਾ ਪੁਲਿਸ 'ਤੇ ਹਮਲੇ ਹੋ ਰਹੇ ਹਨ। ਉਹ ਭਾਵੇਂ ਨਸ਼ੇ ਦੀ ਬਰਾਮਦਗੀ ਹੋਵੇ ਜਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਪੁਲਿਸ ਨੂੰ ਗੱਡੀਆਂ ਥੱਲ੍ਹੇ ਦਰੜਿਆ ਜਾ ਰਿਹਾ ਹੈ, ਜਿਸ ਪ੍ਰਦੇਸ਼ ਦੀ ਪੁਲਿਸ ਹੀ ਸੁਰੱਖਿਅਤ ਨਹੀਂ, ਜਿਸ ਨੇ 'ਲਾਅ ਐਂਡ ਆਰਡਰ' ਬਣਾ ਕੇ ਰੱਖਣਾ ਹੈ, ਆਮ ਜਨਤਾ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦੀ ਹੈ।
ਹੁਣ ਵਕਤ ਆ ਗਿਆ ਹੈ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਜੋ ਆਪ ਦੇ ਐਮ.ਐਲ.ਏ. ਹਨ, ਨੂੰ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ, ਜਿਨ੍ਹਾਂ ਦੀ ਪੁਲਿਸ ਦੀ ਨੌਕਰੀ ਦੌਰਾਨ ਅਪਰਾਧੀ ਡਰਦੇ ਮਾਰੇ ਰੂਪੋਸ਼ ਹੋ ਗਏ ਤੇ ਅਪਰਾਧ ਕਰਨੋ ਹਟ ਗਏ ਸਨ।
ਇਸ ਤੋਂ ਇਲਾਵਾ ਸਰਕਾਰ ਨੂੰ ਪੁਲਿਸ ਤੇ ਜਨਤਾ ਵਿਚਾਲੇ ਨੇੜਤਾ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਪੁਲਿਸ ਨੂੰ ਪੂਰਾ ਸਹਿਯੋਗ ਦੇਣ। ਇਸ ਨਾਲ ਆਪਣੇ ਆਪ ਅਪਰਾਧਾਂ 'ਤੇ ਕੰਟਰੋਲ ਹੋ ਜਾਵੇਗਾ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਸ਼ਾਹਕਾਰ ਰਚਨਾ

ਨਾਰੀ ਸੰਸਾਰ ਅੰਕ ਵਿਚ ਮੈਡਮ ਗੁਰਜੋਤ ਕੌਰ ਦਾ ਛਪਿਆ ਲੇਖ 'ਸੋਚ ਦਾ ਆਜ਼ਾਦੀ ਦਿਵਸ ਕਦੋਂ ਮਨਾਵਾਂਗੇ? ਸ਼ਾਹਕਾਰ ਰਚਨਾ ਹੈ।
ਇਸ ਲੇਖ ਨੇ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਆਪਣੀ ਸੋਚ ਨੂੰ ਆਜ਼ਾਦ ਕਦੋਂ ਕਰਾਂਗੇ। ਲੇਖ ਵਿਚ ਬਿਲਕੁਲ ਸਹੀ ਕਿਹਾ ਗਿਆ ਹੈ ਕਿ ਨਾਰੀ ਆਪਣੀ ਤਾਕਤ ਨੂੰ ਸਮਝ ਗਈ ਹੈ ਅਤੇ ਉਸ ਵਿੱਚ ਆਤਮ ਵਿਸ਼ਵਾਸ ਵਧਿਆ ਹੈ।
ਇਸ ਲੇਖ ਵਿੱਚ ਬਿਲਕੁਲ ਸੱਚ ਲਿਖਿਆ ਗਿਆ ਹੈ ਕਿ 21 ਵੀਂ ਸਦੀ ਦੀ ਆਜ਼ਾਦ ਮਹਿਲਾ ਆਪਣੇ ਬੱਚਿਆਂ ਦੇ ਨਾਲ ਮਾਂ ਬੋਲੀ ਵਿਚ ਗੱਲ ਨਹੀਂ ਕਰਦੀ, ਨਵੇਂ ਫੈਸ਼ਨ ਦੀ ਨਕਲ ਕਰਨ ਤੇ ਹੋਰ ਕਈ ਬੁਰਾਈਆਂ ਦੀ ਗੁਲਾਮ ਹੈ। ਇਸ ਲੇਖ ਵਿਚ ਸੱਚ ਲਿਖਣ ਦੀ ਦਲੇਰੀ ਦਿਖਾਈ ਗਈ ਹੈ ਅਤੇ ਇਹ ਲੇਖ ਇਕ ਸਾਂਭਣਯੋਗ ਦਸਤਾਵੇਜ਼ ਬਣ ਗਿਆ ਹੈ। ਉਮੀਦ ਹੈ ਕਿ ਮੈਡਮ ਗੁਰਜੋਤ ਕੌਰ ਅਜਿਹੇ ਹੀ ਗਿਆਨ ਭਰਪੂਰ ਲੇਖ ਲਗਾਤਾਰ ਲਿਖਦੇ ਰਹਿਣਗੇ ਅਤੇ ਪਾਠਕਾਂ ਨੂੰ ਨਵਾਂ ਰਾਹ ਦਿਖਾਉਂਦੇ ਰਹਿਣਗੇ।

-ਜਗਮੋਹਨ ਸਿੰਘ ਲੱਕੀ,
ਲੱਕੀ ਨਿਵਾਸ, 61 ਏ,
ਵਿੱਦਿਆ ਨਗਰ ਪਟਿਆਲਾ।

26-08-2024

 ਮੱਥੇ 'ਤੇ ਲੱਗਿਆ ਕਲੰਕ
ਹਾਲ ਹੀ 'ਚ ਕੋਲਕਾਤਾ ਵਿਖੇ ਜੂਨੀਅਰ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਮਾਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਮੱਥੇ 'ਤੇ ਇਕ ਵਾਰ ਫਿਰ ਕਲੰਕ ਲੱਗ ਚੁੱਕਾ ਹੈ। ਦਰਿੰਦਿਆਂ ਨੇ ਜਿਸ ਤਰ੍ਹਾਂ ਡਾਕਟਰ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਉਸ ਨੂੰ ਮਾਰਿਆ, ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ। ਸੂਬਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗਾ ਹੈ। ਆਖਰਕਾਰ ਸੁਪਰੀਮ ਕੋਰਟ ਨੇ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਇਹ ਕੇਸ ਆਪਣੇ ਹੱਥਾਂ 'ਚ ਲੈ ਲਿਆ ਹੈ। ਅਜੇ ਤੱਕ ਤਾਂ ਅਸੀਂ ਨਿਰਭੈਆ ਕੇਸ ਨੂੰ ਨਹੀਂ ਭੁੱਲੇ ਸਨ। ਦੋ ਸਾਲ ਪਹਿਲਾਂ ਤੇਲੰਗਾਨਾ 'ਚ ਵੈਟਰਨਰੀ ਡਾਕਟਰ ਨਾਲ ਵੀ ਦਰਿੰਦਿਆਂ ਨੇ ਜਬਰ-ਜਨਾਹ ਕਰ ਦਿੱਤਾ ਸੀ। ਉੱਥੋਂ ਦੀ ਪੁਲਿਸ ਦਾ ਸ਼ਲਾਘਾਯੋਗ ਕਦਮ ਰਿਹਾ ਕਿ ਉਨ੍ਹਾਂ ਨੇ ਦਰਿੰਦਿਆਂ ਦਾ ਐਨਕਾਊਂਟਰ ਕਰ ਦਿੱਤਾ। ਛੇੜਛਾੜ, ਜਬਰ ਜਨਾਹ ਤੇ ਤੇਜ਼ਾਬੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਕੱਲੇ ਸਾਲ 2022 'ਚ 30 ਹਜ਼ਾਰ ਤੋਂ ਵੱਧ ਜਬਰ ਜਨਾਹ ਦੇ ਕੇਸ ਦਰਜ ਕੀਤੇ ਗਏ। ਕਈ ਅਜਿਹੇ ਵੀ ਕੇਸ ਹੋਣੇ ਜੋ ਦਰਜ ਨਹੀਂ ਕੀਤੇ ਗਏ। ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਚੁੱਕਿਆ ਹੈ। ਰਾਖਸ਼ਸ਼ ਬਿਰਤੀ ਵਾਲੇ ਲੋਕ ਸਮਾਜ 'ਚ ਘੁੰਮ ਰਹੇ ਹਨ। ਇਸ ਬੱਚੀ ਦੇ ਮਾਂ-ਬਾਪ ਦੇ ਕਿੰਨੇ ਅਰਮਾਨ ਹੋਣੇ। ਫਾਸਟ ਟਰੈਕ ਅਦਾਲਤਾਂ 'ਚ ਅਜਿਹੇ ਮਾਮਲਿਆਂ ਦੀ ਤੁਰੰਤ ਸੁਣਵਾਈ ਕਰਕੇ ਦੋਸ਼ੀਆਂ ਨੂੰ ਫ਼ਾਂਸੀ ਦੇ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਦਰਿੰਦਾ ਅਜਿਹਾ ਕਦਮ ਚੁੱਕਣ ਤੋਂ ਪਹਿਲੇ ਹਜ਼ਾਰ ਵਾਰ ਸੋਚੇ। ਕਈ ਮੁਲਕਾਂ 'ਚ ਤਾਂ ਅਜਿਹੇ ਕੇਸਾਂ ਦਾ ਇਕ ਹਫ਼ਤੇ ਦੇ ਵਿਚ-ਵਿਚ ਨਿਪਟਾਰਾ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ

ਧੋਖਾਧੜੀ ਤੋਂ ਬਚੋ
ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ। ਹਰ ਰੋਜ਼ ਸਾਈਬਰ ਠੱਗ ਕਿਸੇ ਨਾ ਕਿਸੇ ਪਿੰਡ/ਸ਼ਹਿਰ 'ਚ ਲੋਕਾਂ ਨੂੰ ਫਸਾਉਂਦੇ ਰਹਿੰਦੇ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਚੇਤ ਕਰਨ ਦੇ ਬਾਵਜੂਦ ਅਨਪੜ੍ਹ/ਪੜ੍ਹੇ-ਲਿਖੇ ਲੋਕ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਸਮੇਂ-ਸਮੇਂ 'ਤੇ ਪ੍ਰਿੰਟ ਮੀਡੀਆ ਅਤੇ ਇਲੈੱਕਟ੍ਰੋਨਿਕਸ ਮੀਡੀਆ ਲੋਕਾਂ ਨੂੰ ਆਪਣਾ ਖਾਤਾ ਨੰਬਰ ਅਤੇ ਓ.ਟੀ.ਪੀ. ਨੰਬਰ ਕਿਸੇ ਨਾਲ ਸਾਂਝਾ ਨਾ ਕਰਨ ਦੀ ਹਦਾਇਤ ਦਿੰਦੇ ਰਹਿੰਦੇ ਹਨ। ਲੋਕਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ। ਵਿਦੇਸ਼ਾਂ 'ਚ ਰਿਸ਼ਤੇਦਾਰਾਂ ਦੇ ਨਾਂਅ ਲੈ ਕੇ ਧੋਖਾ ਦੇਣ ਵਾਲੇ ਠੱਗਾਂ ਤੋਂ ਬਚ ਕੇ ਰਹੋ। ਕਿਸੇ ਵੀ ਕਿਸਮ ਦੀ ਲਾਟਰੀ/ਇਨਾਮ ਤੋਂ ਗੁੰਮਰਾਹ ਨਾ ਹੋਵੋ ਪਰ ਬੇਹੱਦ ਅਫ਼ਸੋਸ, ਜਨਤਾ ਇਸ ਠੱਗੀ ਦਾ ਸ਼ਿਕਾਰ ਹੋ ਹੀ ਜਾਂਦੀ ਹੈ। ਸਾਈਬਰ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਠੱਗਣ ਦੇ ਆਪਣੇ ਤਰੀਕੇ ਬਦਲ ਰਹੇ ਹਨ। ਗੂਗਲ 'ਤੇ ਨੌਕਰੀ ਦੇ ਸੁਨੇਹੇ ਦੇਖ ਕੇ ਨੌਜਵਾਨ ਠੱਗਾਂ ਦੇ ਜਾਲ 'ਚ ਫਸਦੇ ਜਾ ਰਹੇ ਹਨ। ਬਿਨਾਂ ਸ਼ੱਕ, ਸਾਈਬਰ ਠੱਗਾਂ ਨੂੰ ਨੱਥ ਪਾਉਣ ਲਈ ਰਾਜਾਂ ਵਿਚ ਸਾਈਬਰ ਥਾਣੇ ਖੋਲ੍ਹੇ ਗਏ ਹਨ ਪਰ ਇਹ ਸਿਰਫ਼ ਦਿਖਾਵੇ ਦੀ ਗੱਲ ਹੈ। ਸਾਈਬਰ ਥਾਣੇ ਖੋਲ੍ਹਣ ਨਾਲ ਸਾਈਬਰ ਧੋਖਾਧੜੀ ਨਹੀਂ ਰੁਕੇਗੀ। ਇਸ ਦੇ ਲਈ ਸਾਨੂੰ ਆਪਣਾ ਧਿਆਨ ਖ਼ੁਦ ਰੱਖਣਾ ਹੋਵੇਗਾ। ਜੇਕਰ ਤੁਸੀਂ ਚੌਕਸ ਹੋ ਅਤੇ ਆਨਲਾਈਨ ਆਉਣ ਵਾਲੇ ਵੇਰਵਿਆਂ ਅਤੇ ਲਾਲਚੀ ਸੰਦੇਸ਼ਾਂ 'ਚੇ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਆਪਣੇ ਆਪ ਨੂੰ ਸਾਈਬਰ ਧੋਖਾਧੜੀ ਤੋਂ ਬਚਾ ਸਕਦੇ ਹੋ। ਤੁਹਾਨੂੰ ਇਕ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਜੇਕਰ ਅਸੀਂ ਇਨ੍ਹਾਂ ਦੇ ਜਾਲ 'ਚ ਫਸਦੇ ਰਹੇ ਤਾਂ ਇਹ ਠੱਗ ਸਾਨੂੰ ਬੜੀ ਆਸਾਨੀ ਨਾਲ ਠੱਗਦੇ ਰਹਿਣਗੇ। ਚੁਸਤ ਬਣੋ, ਸਾਵਧਾਨ ਰਹੋ ਅਤੇ ਲਾਲਚ ਛੱਡ ਦਿਉ।

-ਵਰਿੰਤਰ ਸ਼ਰਮਾ ਵਾਤਸਾਯਾਨ
ਊਨਾ, (ਹਿਮਾਚਲ ਪ੍ਰਦੇਸ਼)।

ਜ਼ਿੰਦਗੀ ਖ਼ੂਬਸੂਰਤ ਹੈ
ਕੋਈ ਗੋਰਾ ਹੈ, ਕੋਈ ਕਾਲਾ ਹੈ ਚਾਹੇ ਕੋਈ ਅਮੀਰ ਹੈ ਜਾਂ ਗਰੀਬ ਹੈ। ਸਭ ਨੇ ਇਕੋ ਰੰਗ ਦੀ ਸਵਾਹ ਬਣ ਜਾਣਾ ਹੈ। ਅਖ਼ੀਰ ਮਿੱਟੀ ਹੀ ਬਣ ਜਾਣਾ ਹੈ। ਅੱਜ ਤੱਕ ਕੋਈ ਵੀ ਨਹੀਂ ਹੋਇਆ ਜਿਹੜਾ ਆਪਣੇ ਨਾਲ ਕੁਝ ਲੈ ਗਿਆ ਹੋਵੇ। ਜਿਸ ਸਰੀਰ 'ਤੇ ਉਹ ਮਾਣ ਕਰਦਾ ਹੈ, ਉਹ ਸਰੀਰ ਵੀ ਲੋਥ ਬਣਿਆ ਹੋਇਆ ਵਿਹੜੇ ਵਿਚ ਪਿਆ ਰਹਿੰਦਾ ਹੈ, ਫਿਰ ਮਾਣ ਕਿਹੜੀ ਗੱਲ ਦਾ। ਜ਼ਿੰਦਗੀ ਲੰਮੀ ਨਹੀਂ ਖ਼ੂਬਸੂਰਤ ਹੋਣੀ ਚਾਹੀਦੀ ਹੈ। ਜਨਮ ਮਾਤਾ-ਪਿਤਾ ਨੇ ਦਿੱਤਾ। ਸਰੀਰ ਦਾ ਵਾਧਾ ਕੁਦਰਤੀ ਰੂਪ ਵਿਚ ਹੁੰਦਾ ਹੈ। ਸਾਹ ਪਰਮਾਤਮਾ ਨੇ ਦਿੱਤੇ ਹਨ। ਫਿਰ ਮੈਂ ਕਿੱਥੇ ਬਚਦੀ। ਇਮਾਨਦਾਰੀ ਨਾਲ ਉੱਦਮ ਕਰਨਾ ਮਿਹਨਤ ਕਰਨੀ, ਕਿਰਤ ਕਰਨੀ, ਜੋ ਬਾਬੇ ਨਾਨਕ ਦਾ ਫਲਸਫਾ ਹੈ। ਇਹ ਸਾਇੰਟਫਿਕ ਤੌਰ 'ਤੇ ਵੀ ਬਿਲਕੁਲ ਸਹੀ ਹੈ। ਉਸ 'ਤੇ ਚੱਲਣਾ ਚਾਹੀਦਾ ਹੈ। ਸੂਰਤ ਨਹੀਂ ਸੀਰਤ ਅੱਛੀ ਹੋਣੀ ਚਾਹੀਦੀ ਹੈ। ਸਰੀਰ ਤਾਂ ਉਨ੍ਹਾਂ ਦਾ ਵੀ ਬੁੱਢਾ ਹੋ ਗਿਆ ਜਿਹੜੇ ਭਸਮਾਂ ਅਤੇ ਸੋਨੇ ਦੇ ਬਰਤਨਾਂ ਵਿਚ ਕੀਮਤੀ ਮੋਤੀਆਂ ਨੂੰ ਰਗੜ-ਰਗੜ ਕੇ ਖਾਂਦੇ ਸਨ, ਮਰਨਾ ਤਾਂ ਉਨ੍ਹਾਂ ਨੇ ਵੀ ਹੈ, ਜਿਹੜੇ ਕਹਿੰਦੇ ਸੀ ਅਸੀਂ ਅਮਰ ਹਾਂ। ਸੋ, ਇਸ ਲਈ ਜ਼ਿੰਦਗੀ ਨੂੰ ਜੀਉ, ਇਮਾਨਦਾਰੀ ਨਾਲ ਆਪਣਾ ਜੋ ਵੀ ਫ਼ਰਜ਼ ਹੈ, ਜੋ ਵੀ ਕੰਮ ਮਿਲਿਆ ਹੈ, ਉਸ ਨੂੰ ਕਰੋ। ਅਖ਼ੀਰ ਇਕ ਹੀ ਹੈ। ਹੱਥ 'ਤੇ ਹੱਥ ਧਰ ਕੇ ਬੈਠਣ ਦਾ ਮਤਲਬ ਨਹੀਂ। ਤੁਹਾਡੇ ਪਰਿਵਾਰਕ ਜੀਵ, ਤੁਹਾਡੇ ਦੋਸਤ-ਮਿੱਤਰ ਜਿਨ੍ਹਾਂ ਨੂੰ ਤੁਹਾਡੇ ਉੱਪਰ ਆਸਾਂ ਹਨ, ਤੁਹਾਡੇ ਨਾਲ ਉਨ੍ਹਾਂ ਦੇ ਸੁਪਨੇ ਜੁੜੇ ਹੋਏ ਹਨ, ਉਨ੍ਹਾਂ ਦੀਆਂ ਆਸਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਕਿਉਂ ਨਾ ਜ਼ਿੰਦਗੀ ਨੂੰ ਸੱਚ ਅਤੇ ਇਮਾਨਦਾਰੀ ਨਾਲ ਜੀਅ ਕੇ ਵੇਖੀਏ।

-ਹਰਜਾਪ ਸਿੰਘ ਖੈਰਾਬਾਦ
ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਅੰਗਦਾਨ ਦੀ ਮਹੱਤਤਾ
ਪਿਛਲੇ ਦਿਨੀਂ (13 ਅਗਸਤ) ਅੰਗਦਾਨ ਦਿਵਸ 'ਤੇ ਸੁਮੀਤ ਸਿੰਘ ਦਾ ਲੇਖ 'ਅੰਗ ਦਾਨ ਸੰਬੰਧੀ ਜਾਗਰੂਕਤਾ ਮੁਹਿੰਮ ਬੇਹੱਦ ਜ਼ਰੂਰੀ' ਸਮਾਜ ਦੇ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਇਨਸਾਨ ਨੂੰ ਮਰਨ ਉਪਰੰਤ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ। ਜਿਥੇ ਅਸੀਂ ਖ਼ੂਨਦਾਨ ਕਰਕੇ ਹਾਦਸਿਆਂ ਦਾ ਸ਼ਿਕਾਰ ਇਨਸਾਨਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ, ਉਥੇ ਅਸੀਂ ਮਰਨ ਉਪਰੰਤ ਗੁਰਦਾ, ਦਿਲ, ਫੇਫੜਾ ਅਤੇ ਜਿਗਰ (ਲੀਵਰ) ਵਰਗੇ ਆਪਣੇ ਅੰਗਦਾਨ ਕਰਕੇ ਕਿਸੇ ਦੂਜੇ ਦੀ ਜ਼ਿੰਦਗੀ ਬਚਾਉਣਾ 'ਚ ਸਹਾਈ ਹੋ ਸਕਦੇ ਹਾਂ ਅਤੇ ਅੱਖਾਂ ਦਾਨ ਕਰਕੇ ਇਕ ਇਨਸਾਨ ਦੋ ਇਨਸਾਨਾਂ ਨੂੰ ਰੰਗਲੀ ਦੁਨੀਆ ਦੇ ਦਰਸ਼ਨ ਕਰਵਾਉਣ ਦਾ ਪੁੰਨ ਕਮਾ ਸਕਦਾ ਹੈ। ਅੰਗ ਦਾਨ ਕਰਨ 'ਚ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਹੋ ਕੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ। ਤਰਕਸ਼ੀਲ ਸੁਸਾਇਟੀ ਭਾਵੇਂ ਇਸ ਪਾਸੇ ਪਿਛਲੇ ਲੰਮੇ ਸਮੇਂ ਤੋਂ ਪ੍ਰਚਾਰ ਕਰਦੀ ਆ ਰਹੀ ਹੈ, ਪਰ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅੰਗ ਟਰਾਂਸਪਲਾਂਟ ਵਰਗੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਵਾਲੇ ਪਾਸੇ ਠੋਸ ਕਦਮ ਚੁੱਕਣ ਤਾਂ ਕਿ ਜਿਥੇ ਅੰਗਦਾਨੀ ਅੰਗ ਦਾਨ ਕਰਨ ਲਈ ਜਾਗਰੂਕ ਹੋਣ ਉਥੇ ਅੰਗ ਟਰਾਂਸਪਲਾਂਟ ਕਰਵਾਉਣ ਵਾਲਿਆਂ ਦੀ ਆਰਥਿਕ ਲੁੱਟ ਰੋਕੀ ਜਾ ਸਕੇ।

-ਮਨੋਹਰ ਸਿੰਘ ਸੱਗੂ,
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)

23-08-2024

 ਨਵੀਂ ਸੋਚ

ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਕੁੜੀਆਂ ਲਈ ਕਿ ਤੂੰ ਅਗਲੇ ਘਰ ਜਾਣਾ ਤੇ ਕੰਮ 'ਚ ਹਮੇਸ਼ਾ ਜ਼ਿੰਮੇਵਾਰ ਬਣਨ ਬਾਰੇ ਆਖਿਆ ਜਾਂਦਾ ਹੈ। ਜਦੋਂ ਤੋਂ ਹੀ ਕੋਈ ਕੁੜੀ ਜਵਾਨ ਹੋਣ ਲੱਗਦੀ ਹੈ ਤਾਂ ਘਰ ਦੇ ਹਰ ਮੈਂਬਰ ਵਲੋਂ ਉਸ ਦੀ ਨਿੱਕੀ-ਮੋਟੀ ਹਰ ਗ਼ਲਤੀ 'ਤੇ ਇਹੀ ਬੋਲਿਆ ਜਾਂਦਾ ਹੈ। ਧਿਆਨ ਨਾਲ ਕਰਿਆ ਕਰ ਅਗਲੇ ਘਰ ਜਾਣੈ, ਉਸ ਨੂੰ ਹਰ ਕੰਮ ਸਿਖਾਇਆ ਜਾਂਦਾ ਕਿ ਸਾਨੂੰ ਕੋਈ ਉਲਾਂਭਾ ਨਾ ਆਵੇ। ਘਰ ਦਾ ਚੁੱਲ੍ਹਾ-ਚੌਂਕਾ, ਸਲਾਈ-ਕਢਾਈ ਤੋਂ ਲੈ ਕੇ ਮੱਝਾਂ-ਗਾਵਾਂ ਚੋਣ ਤੱਕ ਤੇ ਨਾਲ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਕੰਮ ਤਾਂ ਹਰ ਇਕ ਆਉਣਾ ਹੀ ਚਾਹੀਦੈ ਕੁੜੀਆਂ ਨੂੰ, ਬਿਗਾਨੇ ਘਰੇ ਜਾਣਾ, ਸੱਸ-ਨਨਾਣ ਵਿਚ ਰਹਿਣਾ ਅਕਸਰ। ਪਰ ਅਸੀਂ ਇਹ ਗੱਲ ਮੁੰਡਿਆਂ ਨੂੰ ਕਿਉਂ ਨਹੀਂ ਸਿਖਾਉਂਦੇ। ਕੁੜੀਆਂ ਨੂੰ ਸਿਖਾਉਂਦੇ-ਸਿਖਾਉਂਦੇ ਅਸੀਂ ਇਹ ਕਿਉਂ ਭੁੱਲ ਗਏ ਆਂ ਕਿ ਸਾਡੇ ਘਰ ਵੀ ਕਿਸੇ ਕੁੜੀ ਨੇ ਆਉਣੈ, ਅਸੀਂ ਵੀ ਮੁੰਡਾ ਵਿਆਹੁਣਾ, ਇਸ ਦਾ ਵੀ ਇਕ ਹੋਰ ਪਰਿਵਾਰ ਬਣਨਾ, ਇਕ ਕੁੜੀ ਦੀ ਤਰ੍ਹਾਂ ਹੀ, ਅਸੀਂ ਇਹ ਗੱਲਾਂ ਕਿਉਂ ਭੁੱਲ ਜਾਂਦੇ ਆਂ। ਸਾਨੂੰ ਮੁੰਡਿਆਂ ਨੂੰ ਵੀ ਉਹੀ ਸਭ ਸਿਖਾਉਣਾ ਚਾਹੀਦਾ ਕਿ ਕਿਵੇਂ ਤੂੰ ਬੈਠਣਾ, ਕਿੰਨੀ ਗੱਲ ਕਰਨੀ ਚਾਹੀਦੀ, ਲੋੜ ਪੈਣ 'ਤੇ ਘਰ ਦੇ ਕੰਮ ਕਿਵੇਂ ਕਰਨੇ ਨੇ, ਆਪਣੇ ਕੱਪੜਿਆਂ ਨੂੰ ਕਿਵੇਂ ਸੰਭਾਲੀ ਦਾ, ਕੀ ਫ਼ਰਕ ਪੈ ਜਾਂਦਾ ਜੇਕਰ ਘਰ ਦੀ ਔਰਤ ਵਿਹਲੀ ਨਹੀਂ ਤਾਂ ਮੁੰਡਾ ਕੱਪੜੇ ਪ੍ਰੈੱਸ ਕਰ ਲਓ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਖਰਕਾਰ ਇਕ ਕੁੜੀ ਨੇ ਇਕ ਨਵੇਂ ਪਰਿਵਾਰ ਵਿਚ ਆਉਣਾ, ਜੇਕਰ ਅਸੀਂ ਬਚਪਨ ਤੋਂ ਹੀ ਆਪਣੇ ਮੁੰਡਿਆਂ ਨੂੰ ਵੀ ਇਹ ਸਭ ਸਿਖਾਈਏ ਤਾਂ ਬਹੁਤ ਸਾਰੇ ਘਰਾਂ ਦੇ ਕਲੇਸ਼ ਮੁੱਕ ਜਾਣਗੇ।

-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫਿਰੋਜ਼ਪੁਰ।

ਉਲੰਪਿਕ 'ਚ ਅਸੀਂ ਕਿੱਥੇ ਖੜ੍ਹੇ ਹਾਂ?

ਪੈਰਿਸ ਉਲੰਪਿਕ ਵਿਚ ਭਾਰਤ ਨੇ 6 ਤਗਮੇ ਜਿੱਤ ਕੇ ਤਗਮਾ ਸੂਚੀ ਵਿਚ 69ਵਾਂ ਰੈਂਕ ਹਾਸਿਲ ਕੀਤਾ ਹੈ। ਚੀਨ ਅਤੇ ਅਮਰੀਕਾ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਹਨ। ਆਖਿਰ 1.4 ਅਰਬ ਦੀ ਆਬਾਦੀ ਵਾਲਾ ਦੇਸ਼ ਇਕ ਵੀ ਸੋਨੇ ਦਾ ਤਗਮਾ ਕਿਉਂ ਨਹੀਂ ਜਿੱਤ ਸਕਿਆ। ਪੈਰਿਸ ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਇਸ ਵਾਰ ਚਾਂਦੀ ਜਾਂ ਸੋਨੇ ਦੇ ਤਗਮੇ ਦੀ ਉਮੀਦ ਸੀ, ਚਲੋ ਫਿਰ ਵੀ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਮਨੂੰ ਭਾਕਰ ਇਕ ਅੰਕ ਨਾਲ ਤੀਜੇ ਤਗਮੇ ਤੋਂ ਰਹਿ ਗਈ। ਵਿਨੇਸ਼ ਫੋਗਾਟ ਨੇ ਸੈਮੀਫਾਈਨਲ ਵਿਚ ਵਧੀਆ ਪ੍ਰਦਰਸ਼ਨ ਕਰ ਲਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਪਰ ਪੂਰੇ ਭਾਰਤ ਨੇ ਉਸ ਬੇਟੀ ਦਾ ਹੌਸਲਾ ਢਹਿ-ਢੇਰੀ ਹੋਣ ਨਹੀਂ ਦਿੱਤਾ। ਕੀ ਏਨੀ ਵੱਡੀ ਆਬਾਦੀ ਵਾਲੇ ਦੇਸ਼ ਲਈ ਕੁੱਲ 6 ਤਗਮੇ ਹੀ ਕਾਫੀ ਨੇ? ਸਾਡੇ ਦੇਸ਼ ਵਿਚ ਸਿਆਸਤਦਾਨ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਲਈ ਗਰਾਂਟਾਂ ਉਥੇ ਦਿੰਦੇ ਹਨ, ਜਿਥੇ ਇਨ੍ਹਾਂ ਨੂੰ ਫਾਇਦਾ ਹੋਣਾ ਹੁੰਦਾ ਹੈ। ਕੇਂਦਰ ਵਲੋਂ ਸੂਬਿਆਂ ਨਾਲ ਬਜਟ ਅਲਾਟਮੈਂਟ ਵੇਲੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਖੇਡ ਸਟੇਡੀਅਮ, ਵਧੀਆ ਸਕੀਮਾਂ, ਵਧੀਆ ਕੋਚ ਹਰ ਸੂਬੇ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਹੀ ਉਲੰਪਿਕ ਪੱਧਰ ਦੇ ਖਿਡਾਰੀ ਤਿਆਰ ਹੋਣਗੇ। ਖੇਡਾਂ ਵੇਲੇ ਵੀ ਸਿਆਸਤਦਾਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਸਰਕਾਰੀ ਜ਼ਮੀਨਾਂ 'ਤੇ ਰੁੱਖ ਲਾਵੇ ਸਰਕਾਰ

ਪੰਜਾਬ ਵਿਚ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਅਨੇਕਾਂ ਹੀ ਪਿੰਡਾਂ ਵਿਚ ਸਰਕਾਰੀ ਜ਼ਮੀਨਾਂ ਦਹਾਕਿਆਂ ਤੋਂ ਬਿਲਕੁਲ ਖਾਲੀ ਪਈਆਂ ਹੋਈਆਂ ਹਨ। ਦੂਜੇ ਪਾਸੇ, ਪੰਜਾਬ ਵਿਚ ਰੁੱਖਾਂ ਦੀ ਵੱਡੀ ਘਾਟ ਹੋਣ ਕਰਕੇ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਭਲੇ ਦੇ ਕੰਮ ਲਈ ਪਿੰਡਾਂ ਦੀਆਂ ਸਰਕਾਰੀ ਵਿਹਲੀਆਂ ਪਈਆਂ ਜ਼ਮੀਨਾਂ ਉੱਪਰ ਨਰੇਗਾ ਕਾਮਿਆਂ ਦੀ ਮਦਦ ਨਾਲ ਵੱਡੇ ਪੱਧਰ 'ਤੇ ਰੁੱਖ ਲਗਾਏ ਜਾਣ। ਅਜਿਹਾ ਹੋਣ ਨਾਲ ਕੁਝ ਸਮੇਂ ਵਿਚ ਹੀ ਪੂਰਾ ਪੰਜਾਬ ਜੰਗਲ ਦਾ ਰੂਪ ਧਾਰਨ ਕਰ ਕੇ ਹਰਿਆ-ਭਰਿਆ ਹੋ ਜਾਵੇਗਾ। ਲੋੜ ਹੈ, ਪੰਜਾਬ ਸਰਕਾਰ ਨੂੰ ਤੁਰੰਤ ਇਸ ਪਾਸੇ ਗੰਭੀਰਤਾ ਨਾਲ ਕਦਮ ਚੁੱਕਣ ਦੀ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

22-08-2024

 ਜਾਂਬਾਜ਼ ਖਿਡਾਰਨ ਵਿਨੇਸ਼ ਫੋਗਾਟ

ਉਲੰਪਿਕ ਦੇ ਕੁਸ਼ਤੀ ਮੁਕਾਬਲੇ 'ਚ ਫਾਈਨਲ ਵਿਚ ਪਹੁੰਚਣ ਵਾਲੀ ਵਿਨੇਸ਼ ਫੋਗਾਟ ਵਲੋਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਉਸ ਦੇ ਫਾਈਨਲ ਵਿਚ ਪਹੁੰਚਣ 'ਤੇ ਜਿਥੇ ਪੂਰੇ ਦੇਸ਼ 'ਚ ਖ਼ੁਸ਼ੀ ਦਾ ਆਲਮ ਬੱਝਿਆ ਸੀ ਹੁਣ ਇਕ ਦਮ ਨਿਰਾਸ਼ਾ ਤੇ ਉਦਾਸੀ ਦਾ ਮਾਹੌਲ ਹੈ। ਉਸ ਨੂੰ 100 ਗ੍ਰਾਮ ਭਾਰ ਵਧਣ ਕਰਕੇ ਅੰਤਿਮ ਮੁਕਾਬਲੇ 'ਚੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਕਿਤੇ ਇਸ ਲੜਕੀ ਨਾਲ ਕੋਈ ਰਾਜਨੀਤੀ ਤਾਂ ਨਹੀਂ ਖੇਡੀ ਗਈ ਸੀ, ਜੇ ਇਹ ਖੇਡ ਖੇਡੀ ਗਈ ਹੈ ਤਾਂ ਸਾਡੇ ਦੇਸ਼ ਲਈ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਪਿਛਲੇ ਸਮੇਂ ਵਿਚ ਇਸ ਖਿਡਾਰਨ ਨੇ ਮਹਿਲਾ ਖਿਡਾਰੀਆਂ ਵਲੋਂ ਆਪਣੇ ਨਾਲ ਹੁੰਦੇ ਦੁਰ ਵਿਵਹਾਰ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਵਿਚ ਹਿੱਸਾ ਲਿਆ ਸੀ, ਕਿਤੇ ਫੋਗਾਟ ਇਸ ਕਰਕੇ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋਈ। ਇਹ ਸਭ ਸੋਚਣ ਵਾਲੀ ਗੱਲ ਹੈ ਪਰ ਫਿਰ ਵੀ ਇਸ ਬਹਾਦਰ ਲੜਕੀ ਨੇ ਅਗਲੇ ਮੁਕਾਬਲੇ ਤੋਂ ਪਹਿਲਾਂ ਸਾਰੀ ਰਾਤ ਇਹ ਵਧਿਆ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਰ ਢੰਗ ਤਰੀਕਾ ਵਰਤਿਆ ਪਰ ਭਾਰ ਘਟ ਨਾ ਸਕਿਆ। ਅਸਲ ਵਿਚ ਇਹ ਉਸ ਦੀ ਹਾਰ ਨਹੀਂ ਇਹ ਸਾਡੀ ਹਾਰ ਹੈ, ਸਾਡੇ ਪੂਰੇ ਦੇਸ਼ ਦੀ ਹਾਰ ਹੈ। ਉਹ ਤਾਂ ਹਾਰ ਕੇ ਵੀ ਜਿੱਤ ਗਈ ਹੈ। ਸਾਨੂੰ ਸਭ ਨੂੰ ਤੇ ਉਸ ਨੂੰ ਚਾਹੁੰਣ ਵਾਲੇ ਉਸ ਦੇ ਅਸਲ ਪ੍ਰਸ਼ੰਸਕਾਂ ਨੂੰ ਇਸ ਜਾਂਬਾਜ਼ ਧੀ 'ਤੇ ਮਾਣ ਹੈ।

-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।

ਡਿਗਦੇ ਪਹਾੜਾਂ ਦਾ ਸੁਨੇਹਾ

ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿਚ ਬਰਸਾਤ ਦੇ ਦਿਨਾਂ ਵਿਚ ਪਹਾੜਾਂ ਦਾ ਡਿੱਗਣਾ ਹੁਣ ਆਮ ਗੱਲ ਹੋ ਗਈ ਹੈ। ਇਨ੍ਹਾਂ ਪਹਾੜਾਂ ਦਾ ਡਿੱਗਣਾ ਕੋਈ ਕੁਦਰਤੀ ਨਹੀਂ ਬਲਕਿ ਇਹ ਲੋਕਾਂ ਵਲੋਂ ਪਹਾੜਾਂ ਨਾਲ ਕੀਤੀ ਜਾਂਦੀ ਵੱਡੇ ਪੱਧਰ ਦੀ ਛੇੜਛਾੜ ਦਾ ਨਤੀਜਾ ਹੈ। ਜੇਕਰ ਪਹਾੜੀ ਖੇਤਰਾਂ ਦੀ ਗੱਲ ਕਰੀਏ ਤਾਂ ਬਰਸਾਤ ਦੇ ਮੌਸਮ ਤੋਂ ਬਾਅਦ ਪਹਾੜ ਸਾਨੂੰ ਹਰੇ-ਭਰੇ ਨਜ਼ਰ ਆਉਂਦੇ ਹਨ। ਇਨ੍ਹਾਂ ਦਿਨਾਂ ਵਿਚ ਜਿਸ ਪਾਸੇ ਵੀ ਨਜ਼ਰ ਮਾਰੀ ਜਾਵੇ, ਸਭ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਵੇਗੀ। ਪਰ ਜਿਵੇਂ ਹੀ ਇਹ ਬਰਸਾਤੀ ਮੌਸਮ ਗੁਜ਼ਰ ਜਾਵੇਗਾ ਤਾਂ ਉਸ ਤੋਂ ਬਾਅਦ ਇਸ ਨਾਲ ਛੇੜਛਾੜ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਆਉਣ ਵਾਲੀਆਂ ਗਰਮੀਆਂ (ਭਾਵ ਮਈ-ਜੂਨ) ਤੱਕ ਜਾਰੀ ਰਹਿੰਦੀ ਹੈ। ਇਨ੍ਹਾਂ ਇਲਾਕਿਆਂ ਦੇ ਕਈ ਸੂਝਵਾਨ ਲੋਕਾਂ ਅਨੁਸਾਰ ਠੇਕੇਦਾਰਾਂ ਵਲੋਂ ਸਰਕਾਰ ਕੋਲੋਂ ਤਾਂ ਬਹੁਤ ਥੋੜ੍ਹੇ ਰੁੱਖਾਂ ਨੂੰ ਕੱਟਣ ਦੀ ਮਨਜ਼ੂਰੀ ਲਈ ਜਾਂਦੀ ਹੈ ਪਰ ਮਿਲੀਭੁਗਤ ਕਰ ਕੇ ਉਸੇ ਮਨਜ਼ੂਰੀ ਦੀ ਆੜ ਵਿਚ ਜੰਗਲ 'ਚੋਂ ਹਜ਼ਾਰਾਂ ਹੀ ਰੁੱਖਾਂ ਨੂੰ ਕੱਟ ਲਿਆ ਜਾਂਦਾ ਹੈ ਅਤੇ ਉਸ ਲੱਕੜੀ ਨੂੰ ਛੋਟੀਆਂ ਗੱਡੀਆਂ ਵਿਚ ਲੋਡ ਕਰ ਕੇ ਦੂਜੇ ਰਾਜਾਂ ਵਿਚ ਵੇਚ ਵੀ ਦਿੱਤਾ ਜਾਂਦਾ ਹੈ। ਫਿਰ ਆਪਣੇ ਇਸ ਕਾਰੇ ਨੂੰ ਛੁਪਾਉਣ ਲਈ ਉਨ੍ਹਾਂ ਵਲੋਂ ਜੰਗਲਾਂ ਨੂੰ (ਗਰਮੀ ਨਾਲ ਲੱਗੀ ਅੱਗ ਦਾ ਬਹਾਨਾ ਬਣਾ ਕੇ) ਅੱਗ ਵੀ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਬਚੇ ਹੋਏ ਰੁੱਖ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਥੋਂ ਤੱਕ ਕਿ ਲੋਕਾਂ ਦਾ ਸਾਹ ਵੀ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਦੌਰਾਨ ਪਹਾੜ 'ਤੇ ਪਈ ਮਿੱਟੀ ਵੀ ਸੁਆਹ ਬਣ ਜਾਂਦੀ ਹੈ ਅਤੇ ਥੋੜ੍ਹੇ ਜਿਹੇ ਮੀਂਹ ਨਾਲ ਹੀ ਪੂਰੇ ਦਾ ਪੂਰਾ ਪਹਾੜ ਢਹਿ-ਢੇਰੀ ਹੋ ਜਾਂਦਾ ਹੈ। ਇਸ ਨੂੰ ਮਨੁੱਖ ਦਾ ਲਾਲਚ ਹੀ ਕਿਹਾ ਜਾ ਸਕਦਾ ਹੈ। ਜਦ ਪਹਾੜਾਂ 'ਤੇ ਰੁੱਖ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਤਾਂ ਪਹਾੜ ਵੀ ਹਰਿਆ-ਭਰਿਆ ਹੋਵੇਗਾ ਤਾਂ ਬਰਸਾਤ ਦੇ ਦਿਨਾਂ ਵਿਚ ਮਿੱਟੀ ਖੁਰਣ ਦਾ ਖਦਸ਼ਾ ਵੀ ਘਟ ਜਾਵੇਗਾ ਜਿਸ ਨਾਲ ਪਹਾੜ ਵੀ ਮਜ਼ਬੂਤੀ ਨਾਲ ਖੜ੍ਹੇ ਰਹਿ ਸਕਣਗੇ ਅਤੇ ਇਸ ਨਾਲ ਵਾਤਾਵਰਨ ਵੀ ਸ਼ੁੱਧ ਰਹੇਗਾ। ਸੋ, ਸਰਕਾਰਾਂ ਅਤੇ ਵਣ ਵਿਭਾਗ ਦੇ ਕਰਮਚਾਰੀਆਂ ਨੂੰ ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਨੂੰ ਰੋਕਣ ਲਈ ਪੂਰੀ ਇਮਾਨਦਾਰੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਪਵੇਗਾ ਤਾਂ ਹੀ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ।

-ਅਸ਼ੀਸ਼ ਸ਼ਰਮਾ ਜਲੰਧਰ।

ਸ਼ੋਰ ਪ੍ਰਦੂਸ਼ਣ ਨੂੰ ਠੱਲ੍ਹ ਪਾਓ

ਅੱਜ-ਕੱਲ੍ਹ ਜਿਸ ਪਾਸੇ ਮਰਜ਼ੀ ਚਲੇ ਜਾਓ, ਹਰ ਪਾਸੇ ਹਾਰਨਾਂ ਤੇ ਸਪੀਕਰਾਂ ਦੇ ਉੱਚੀ ਆਵਾਜ਼ ਵਿਚ ਹੁੰਦੇ ਸ਼ੋਰ ਪ੍ਰਦੂਸ਼ਣ ਤੋਂ ਸਮਾਜ ਦਾ ਤਕਰੀਬਨ ਹਰ ਵਰਗ ਹੀ ਬਹੁਤ ਜ਼ਿਆਦਾ ਦੁਖੀ ਹੈ। ਪਰੰਤੂ ਕੋਈ ਵੀ ਇਸ ਅਲਾਮਤ/ਬੁਰਾਈ ਨੂੰ ਖ਼ਤਮ ਕਰਨ ਲਈ ਖ਼ੁਦ ਤੋਂ ਪਹਿਲ ਨਹੀਂ ਕਰਦਾ ਤੇ ਨਾ ਹੀ ਹੋਰਾਂ ਨੂੰ ਇਸ ਪ੍ਰਤੀ ਜਾਗਰੂਕ ਕਰਦਾ ਹੈ। ਹੁਣ ਤਾਂ ਪਿੰਡਾਂ ਦੀਆਂ ਗਲੀਆਂ ਵਿਚ ਵੀ ਸਾਮਾਨ ਵੇਚਣ ਵਾਲੇ ਉੱਚੀ ਆਵਾਜ਼ ਵਿਚ ਸਪੀਕਰ ਬਿਨਾਂ ਕਿਸੇ ਡਰ-ਭੈਅ ਦੇ ਸ਼ਰ੍ਹੇਆਮ ਹੀ ਵਜਾਉਂਦੇ ਰਹਿੰਦੇ ਹਨ। ਜ਼ਿਆਦਾ ਸ਼ੋਰ ਪ੍ਰਦੂਸ਼ਣ ਕਾਰਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਦਿਲ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)।

ਰਾਮ ਰਹੀਮ ਨੂੰ ਫਿਰ ਫਰਲੋ

ਰਾਮ ਰਹੀਮ ਮੁੜ ਫਰਲੋ 'ਤੇ ਬਾਹਰ ਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ਵਿਚ ਪਰੋਲ ਨਾ ਦੇਣ ਸੰਬੰਧੀ ਰਿੱਟ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਰਿੱਟ ਨੂੰ ਰੱਦ ਕਰਦਿਆਂ ਸੂਬਾ ਸਰਕਾਰ ਨੂੰ ਇਸ 'ਤੇ ਫ਼ੈਸਲਾ ਲੈਣ ਦਾ ਹੁਕਮ ਦਿੱਤਾ ਸੀ। ਜਿਸ ਨਾਲ ਹਰਿਆਣਾ ਸਰਕਾਰ ਦਾ ਬਾਬੇ ਨੂੰ ਪਰੋਲ ਦੇਣ ਦਾ ਰਾਹ ਹੋਰ ਵੀ ਪੱਧਰਾ ਹੋ ਗਿਆ। ਪਹਿਲਾਂ ਵੀ ਪਰੋਲ 'ਤੇ ਆਉਣ ਤੇ ਵਿਰੋਧੀ ਪਾਰਟੀਆਂ ਵਲੋਂ ਵੱਖਰੀ-ਵੱਖਰੀ ਪ੍ਰਤੀਕਿਰਿਆ ਦਿੱਤੀ ਜਾਂਦੀ ਰਹੀ ਹੈ ਕਿ ਜਬਰ ਜਨਾਹ ਤੇ ਕਤਲ ਵਰਗੇ ਸੰਗੀਨ ਜੁਰਮਾਂ ਵਿਚ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਵੀ ਵੋਟਾਂ ਦਾ ਰਾਜਨੀਤੀ ਦਾ ਲਾਹਾ ਲੈਣ ਲਈ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ। ਹੁਣ ਜਦੋਂ ਹਰਿਆਣਾ 'ਚ ਚੋਣਾਂ ਦਾ ਇਲੈਕਸ਼ਨ ਕਮਿਸ਼ਨ ਵਲੋਂ ਐਲਾਨ ਹੋ ਗਿਆ ਹੈ ਤੇ ਚੋਣਾਂ ਹੋਣ ਜਾ ਰਹੀਆਂ ਹਨ। ਰਾਮ ਰਹੀਮ ਦੇ ਨਾਲ ਵੱਡੀ ਸੰਖਿਆ ਵਿਚ ਉਨ੍ਹਾਂ ਦੇ ਪੈਰੋਕਾਰ ਸ਼ਰਧਾਲੂ ਜੁੜੇ ਹਨ। ਇਸ ਦਾ ਹਰਿਆਣਾ ਸਰਕਾਰ ਨੂੰ ਵੋਟਾਂ ਵਿਚ ਫ਼ਾਇਦਾ ਮਿਲ ਸਕਦਾ ਹੈ ।ਲੋਕ ਅਜੇ ਵੀ ਆਸਥਾ ਦੇ ਨਾਂਅ 'ਤੇ ਮਨੁੱਖੀ ਦੇਹਧਾਰੀ ਬਾਬਿਆਂ ਦੀ ਪੂਜਾ ਕਰ ਰਹੇ ਹਨ। ਜਿਨ੍ਹਾਂ ਕਰ ਕੇ ਇਹ ਡੇਰੇ ਵੱਡੀ ਸੰਖਿਆ ਵਿਚ ਪ੍ਰਫੁੱਲਿਤ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਜੋ ਲੋਕ ਭਟਕ ਕੇ ਮਨੁੱਖ ਦੀ ਪੂਜਾ ਕਰ ਰਹੇ ਹਨ, ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੀਦਾ ਹੈ। ਧਰਮ ਪ੍ਰਚਾਰ ਤੇਜ਼ ਕਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।

21-08-2024

 ਸਰਕਾਰ ਧਿਆਨ ਦੇਵੇ

ਅੱਜ-ਕੱਲ੍ਹ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ ਵਿਚ ਬਰਸਾਤਾਂ ਹੋਣ ਕਰਕੇ ਕਈ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਬਰਸਾਤ ਦਾ ਪਾਣੀ ਭਰ ਜਾਂਦਾ ਹੈ। ਇਹ ਪਾਣੀ ਬਹੁਤ ਸਾਰੇ ਇਲਾਕਿਆਂ ਵਿਚ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਕਈ-ਕਈ ਦਿਨ ਤੱਕ ਇਕੱਠਾ ਹੋ ਕੇ ਖੜ੍ਹਿਆ ਰਹਿੰਦਾ ਹੈ। ਫਿਰ ਇਹ ਬਦਬੂ ਮਾਰਨ ਲੱਗ ਜਾਂਦਾ ਹੈ, ਇਸ ਪਾਣੀ ਤੋਂ ਮੱਛਰ, ਮੱਖੀਆਂ ਪੈਦਾ ਹੋ ਜਾਂਦੇ ਹਨ, ਜਿਸ ਦੇ ਲੜਨ ਨਾਲ ਲੋਕਾਂ ਨੂੰ ਡੇਂਗੂ, ਮਲੇਰੀਆ ਵਰਗੀਆਂ ਹੋਰ ਬਹੁਤ ਸਾਰੀਆਂ ਖ਼ਤਰਨਾਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਡੀ ਸਰਕਾਰ ਅਤੇ ਸੰਬੰਧਿਤ ਮਹਿਕਮਿਆਂ ਨੂੰ ਬੇਨਤੀ ਹੈ ਕਿ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਦਾ ਪੂਰਾ-ਪੂਰਾ ਪ੍ਰਬੰਧ ਕੀਤਾ ਜਾਵੇ। ਜਿੱਥੇ ਵੀ ਬਰਸਾਤੀ ਪਾਣੀ ਜਮ੍ਹਾ ਹੋ ਕੇ ਕਈ-ਕਈ ਦਿਨ ਤੱਕ ਨਹੀਂ ਕਿਸੇ ਵੀ ਪਾਸੇ ਨਹੀਂ ਨਿਕਲਦਾ, ਉਥੇ ਪੈਦਾ ਹੋਏ ਮੱਖੀਆਂ, ਮੱਛਰ ਅਤੇ ਹੋਰ ਜ਼ਹਿਰੀਲੇ ਜੀਵ ਜੰਤੂਆਂ ਤੋਂ ਲੋਕਾਂ ਨੂੰ ਬਚਾਉਣ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਦੂਸਰਾ ਉਹ ਮਸ਼ੀਨੀ ਧੂੰਆਂ ਵੀ ਹਰ ਗਲੀ-ਮੁਹੱਲਿਆਂ ਵਿਚ ਕੀਤਾ ਜਾਵੇ, ਜਿਸ ਨਾਲ ਲੋਕ ਡੇਂਗੂ, ਮਲੇਰੀਆ ਅਤੇ ਹੋਰ ਖ਼ਤਰਨਾਕ ਬਿਮਾਰੀਆਂ ਤੋਂ ਬਚ ਸਕਣ। ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਮੱਖੀਆਂ, ਮੱਛਰਾਂ ਅਤੇ ਹੋਰ ਜ਼ਹਿਰੀਲੇ ਜੀਵ ਜੰਤੂਆਂ ਤੋਂ ਅਪਣਾ ਬਚਾਅ ਕਰੀਏ। ਆਪਣੇ ਘਰਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖੀਏ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਮਹਿਲਾ ਡਾਕਟਰ ਨਾਲ ਦਰਿੰਦਗੀ

ਕੋਲਕਾਤਾ 'ਚ ਇਕ ਸਿਖਿਆਰਥੀ ਮਹਿਲਾ ਡਾਕਟਰ ਦੀ ਦਰਿੰਦਗੀ ਦੇ ਖਿਲਾਫ਼ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ। ਇਸ ਘਟਨਾ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜ੍ਹੀ ਹੈ। ਪੁਲਿਸ ਨੂੰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਫਾਹੇ ਲਾਉਣਾ ਚਾਹੀਦਾ ਹੈ। ਮੈਡੀਕਲ ਕਰਮੀ ਜਿਨ੍ਹਾਂ ਦੀ ਡਿਊਟੀ ਵੇਲੇ ਕੁਵੇਲੇ ਹੁੰਦੀ ਹੈ ਯਕੀਨਨ ਸੁਰੱਖਿਆ 'ਚ ਕੁਤਾਹੀ ਰਹਿ ਗਈ ਹੈ। ਹਸਪਤਾਲ ਦੇ ਪ੍ਰਬੰਧਕ ਆਪਣੀ ਇਸ ਲਾਪਰਵਾਹੀ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਇਸ ਘਟਨਾ ਨਾਲ ਮਹਿਲਾ ਡਾਕਟਰਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਸਾਡੇ ਦੇਸ਼ ਵਿਚ ਬੱਚਿਆਂ ਦੇ ਸ਼ੋਸ਼ਣ ਅਤੇ ਬੱਚੀਆਂ ਨਾਲ ਜਬਰ ਜਨਾਹ ਵਿਚ ਵਧ ਰਹੇ ਜੁਰਮਾਂ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਆਪਣੀ ਪੁਲਿਸ ਦੀ ਨੌਕਰੀ 'ਚ ਇਹ ਮਹਿਸੂਸ ਕੀਤਾ ਹੈ, ਜਬਰ ਜਨਾਹ ਦੇ ਜੋ ਜੁਰਮ ਹੁੰਦੇ ਹਨ, ਉਹ ਲੋਕਾਂ ਦੇ ਆਪਣੇ ਜਾਨਣ ਵਾਲੇ ਕਰੀਬੀ, ਗੁਆਂਢੀ, ਰਿਸ਼ਤੇਦਾਰ, ਗਾਰਡੀਅਨ, ਟੀਚਰ, ਚਪੜਾਸੀ, ਡਰਾਈਵਰ ਆਦਿ ਹੁੰਦੇ ਹਨ, ਜਿਨ੍ਹਾਂ 'ਤੇ ਉਹ ਲੋਕ ਹੱਦ ਤੋਂ ਜ਼ਿਆਦਾ ਯਕੀਨ ਕਰਦੇ ਹਨ। ਉਪਰੋਕਤ ਕੇਸ ਦੀ ਮਮਤਾ ਬੈਨਰਜੀ ਸਰਕਾਰ ਕਿਸੇ ਆਜ਼ਾਦਾਨਾ ਏਜੰਸੀ ਤੋਂ ਪੜਤਾਲ ਕਰਵਾਏ ਜੋ ਵੀ ਜ਼ਿੰਮੇਵਾਰ ਹਨ, ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਤਾਂ ਜੋ ਅਪਰਾਧੀ ਜੁਰਮ ਕਰਨ ਲੱਗਿਆਂ ਕਈ ਵਾਰੀ ਸੋਚੇ। ਫਾਸਟਰੈਕ ਕੋਰਟ ਰਾਹੀਂ ਜਲਦੀ ਫ਼ੈਸਲਾ ਲੈ ਕੇ ਦੋਸ਼ੀ ਨੂੰ ਫਾਹੇ ਲਾਇਆ ਜਾਵੇ। ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।

ਕਹਿਣੀ ਅਤੇ ਕਰਨੀ 'ਚ ਫ਼ਰਕ

17 ਅਗਸਤ ਦੇ 'ਅਜੀਤ' ਦੀ ਪਹਿਲੇ ਪੰਨੇ ਦੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਮਨ ਕਾਨੂੰਨ ਵਿਵਸਥਾ ਬਾਰੇ ਕੀਤੇ ਜਾ ਰਹੇ ਦਾਅਵਿਆਂ ਦੀ ਫ਼ੂਕ ਕੱਢਦੀ ਹੈ।
ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਹੋਣ ਦੇ ਦਾਅਵੇ ਕਰਦੇ ਹਨ। ਫਿਰ ਦੂਜੇ ਪਾਸੇ ਉਹ ਖ਼ੁਦ ਨੂੰ ਹੀ ਮਹਿਫੂਜ਼ ਕਿਉਂ ਨਹੀ ਸਮਝਦੇ ਅਤੇ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ 16 ਲੱਖ ਰੁਪਏ ਦੀ ਲਾਗਤ ਵਾਲੇ ਬੁਲਟ ਪਰੂਫ਼ ਸ਼ੀਸ਼ੇ ਦੇ ਪਿੱਛੇ ਖੜ੍ਹ ਕੇ ਭਾਸ਼ਣ ਦੇਣ ਲਈ ਮਜਬੂਰ ਕਿਉਂ ਹੋਏ?
ਉਨ੍ਹਾਂ ਦੀਆਂ ਅਜਿਹੀਆਂ ਗੱਲਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਉਹ ਪੁਲਿਸ ਦੀ ਭਾਰੀ ਸੁਰੱਖਿਆ ਦੇ ਬਾਵਜੂਦ ਵੀ ਡਰ ਰਹੇ ਹਨ। ਜਦੋਂ ਕਿ ਉਹ ਪਹਿਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਵਲੋਂ ਦੌਰਿਆਂ ਸਮੇਂ ਲਾਮ ਲਸ਼ਕਰ ਲੈ ਕੇ ਘੁੰਮਣ 'ਤੇ ਤੰਜ਼ ਕੱਸਦਿਆਂ ਉਨ੍ਹਾਂ ਨੂੰ ਮੁਰਗੀਖਾਨੇ ਖੋਲ੍ਹਣ ਦੀ ਨਸੀਹਤ ਦਿੰਦੇ ਸਨ। ਫਿਰ ਹੁਣ ਉਹ ਆਪਣੇ ਦੌਰਿਆਂ ਸਮੇਂ ਵੱਡੀ ਗਿਣਤੀ 'ਚ ਪੁਲਿਸ ਸੁਰੱਖਿਆ ਲੈ ਕੇ ਕਿਉਂ ਘੁੰਮਦੇ ਹਨ? ਫਿਰ ਕੀ ਉਹ ਹੁਣ ਆਪ ਮੁਰਗੀਖਾਨਾ ਖੋਲ੍ਹਣਗੇ? ਫਿਰ ਭਗਵੰਤ ਮਾਨ ਆਪਣੇ ਦੁਆਲੇ ਪੁਲਿਸ ਸੁਰੱਖਿਆ ਦਾ ਘੇਰਾ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਮਹਿਫ਼ੂਜ਼ ਕਿਉਂ ਨਹੀਂ ਸਮਝਦੇ?
ਜੇ ਸਮਝਦੇ ਹਨ ਤਾਂ ਫਿਰ ਸੰਬੋਧਨ ਸਮੇਂ ਡੈਸ਼ ਮੋਹਰੇ ਬੁਲਟ ਪਰੂਫ਼ ਸ਼ੀਸ਼ਾ ਲਗਾਉਣ ਲਈ ਮਜਬੂਰ ਕਿਉਂ ਹੋਣਾ ਪਿਆ? ਜਾਂ ਫਿਰ ਉਨ੍ਹਾਂ ਨੂੰ ਆਪਣੇ ਸੁਰੱਖਿਆ ਅਮਲੇ 'ਤੇ ਭਰੋਸਾ ਨਹੀਂ? ਜਿਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿਣੀ ਤੇ ਕਥਨੀ ਦੇ ਵੀ ਪੱਕੇ ਨਹੀਂ। ਸਗੋਂ ਉਨ੍ਹਾਂ ਵਲੋਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਵੀ ਕਾਇਮ ਨਹੀਂ ਰੱਖੀ ਜਾ ਰਹੀ।

-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)

20-08-2024

 ਨਕਲੀ ਦੁੱਧ ਦਾ ਕਾਰੋਬਾਰ
5 ਅਗਸਤ 'ਅਜੀਤ' ਸੰਪਾਦਕੀ 'ਨਕਲੀ ਦੁੱਧ-ਘਿਉਂ ਦੀ ਗੰਭੀਰ ਸਮੱਸਿਆ' ਪੰਜਾਬ ਅੰਦਰ ਵੱਡੀ ਪੱਧਰ 'ਤੇ ਚੱਲਦੇ ਨਕਲੀ (ਸੰਥੈਟਿਕ) ਦੁੱਧ ਦੇ ਕਾਰੋਬਾਰ ਨੂੰ ਗੰਭੀਰਤਾ ਅਤੇ ਸਖ਼ਤੀ ਨਾਲ ਰੋਕਣ ਦੀ ਮੰਗ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੰਦਰ ਦੁੱਧ ਦੇ ਉਤਪਾਦਨ ਦੇ ਮੁਕਾਬਲੇ ਮੰਗ ਕਿਤੇ ਵੱਧ ਹੈ ਅਤੇ ਚਰਚਿਆਂ ਅਨੁਸਾਰ ਕਰੀਬ 55-60 ਫ਼ੀਸਦੀ ਸੰਥੈਟਿਕ (ਨਕਲੀ) ਦੁੱਧ ਤਿਆਰ ਹੁੰਦਾ ਹੈ। ਫਿਰ ਅਜਿਹੇ ਨਕਲੀ ਦੁੱਧ ਤੋਂ ਬਣਨ ਵਾਲੇ ਉਤਪਾਦ ਖੋਆ ਤੇ ਪਨੀਰ ਖਾਲਸ ਕਿਵੇਂ ਹੋ ਸਕਦੇ ਹਨ? ਅਜਿਹੇ ਉਤਪਾਦਾਂ ਦਾ ਸੇਵਨ ਕਰਨ ਨਾਲ ਇਨਸਾਨ ਦਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋਣਾ ਵੀ ਸੁਭਾਵਿਕ ਹੈ। ਅਸੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤਿਉਹਾਰੀ ਸੀਜ਼ਨ 'ਚ ਦੁੱਧ ਦੀ ਮੰਗ ਹੋਰ ਵੀ ਵਧੇਰੇ ਹੁੰਦੀ ਹੈ। ਫਿਰ ਉਤਪਾਦਨ ਤੋਂ ਵਧ ਦੁੱਧ ਕਿੱਥੋਂ ਤੇ ਕਿਵੇਂ ਆਉਂਦਾ ਹੈ? ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸੂਬੇ ਅੰਦਰ ਹੁਣ ਰੱਖੜੀ ਦਾ ਤਿਉਹਾਰ ਸਿਰ 'ਤੇ ਹੈ ਅਤੇ ਦੀਵਾਲੀ ਤੇ ਦੁਸਹਿਰਾ ਸਮੇਤ ਹੋਰ ਤਿਉਹਾਰਾਂ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਨਕਲੀ ਦੁੱਧ ਦੀ ਆਮਦ 'ਤੇ ਇਸ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਨੂੰ ਰੋਕਣ ਲਈ ਹੁਣੇ ਤੋਂ ਹੀ ਇਮਾਨਦਾਰੀ ਨਾਲ ਛਾਪੇਮਾਰੀ ਸ਼ੁਰੂ ਕੀਤੀ ਜਾਵੇ। ਸਿਹਤ ਅਧਿਕਾਰੀਆਂ ਨੂੰ ਮਨੁੱਖਤਾਵਾਦੀ ਸੋਚ ਅਪਣਾਉਂਦਿਆਂ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਅਜਿਹੇ ਉਤਪਾਦਨ ਉਨ੍ਹਾਂ ਦੇ ਜੁਆਕ ਵੀ ਖਾਂਦੇ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਨਕਲੀ ਦੁੱਧ ਦੇ ਕਾਰੋਬਾਰ ਨੂੰ ਰੋਕਣ ਲਈ ਸਖ਼ਤ ਰੁਖ਼ ਅਪਣਾਏ ਅਤੇ ਅਣਗਹਿਲੀ ਵਰਤਣ ਵਾਲੇ ਸਿਹਤ ਅਧਿਕਾਰੀਆਂ ਦੇ ਖ਼ਿਲਾਫ਼ ਵੀ ਕਰੜੀ ਕਾਰਵਾਈ ਕੀਤੀ ਜਾਵੇ, ਤਾਂ ਕਿ ਅਜਿਹੇ ਕਾਰੋਬਾਰ 'ਚ ਲੱਗੇ ਵਪਾਰੀਆਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਰੋਕਿਆ ਜਾ ਸਕੇ।

-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)

ਨਾਨੀ ਬਿਨਾਂ ਅਧੂਰੀ ਜ਼ਿੰਦਗੀ
ਪਿਛਲੇ ਦਿਨੀਂ ਅਜੀਤ ਮੈਗਜ਼ੀਨ ਵਿਚ ਛਪੀ ਬਿਕਰਮਜੀਤ ਨੂਰ ਦੀ ਕਹਾਣੀ 'ਨਾਨੀ' ਪੜ੍ਹੀ, ਮਨ ਨੂੰ ਵਧੀਆ ਲੱਗੀ। ਸਾਡੇ ਜੀਵਨ ਵਿਚ ਨਾਨੀ ਦੀ ਬਹੁਤ ਅਹਿਮੀਅਤ ਹੈ। ਨਾਨੀ ਬਿਨਾਂ ਤਾਂ ਜ਼ਿੰਦਗੀ ਅਧੂਰੀ ਲਗਦੀ ਹੈ। ਨਾਨੀ ਜੀ ਕੋਲ ਛੁਪਿਆ ਖਜ਼ਾਨਾ ਹੁੰਦਾ ਹੈ। ਬਾਲ ਕਹਾਣੀਆਂ ਅਸੀਂ ਆਪਣੀ ਨਾਨੀ ਜੀ ਤੋਂ ਹੀ ਸੁਣਦੇ ਹਾਂ। ਨਾਨੀ ਕੋਲੋਂ ਸੁਣੀਆਂ ਬਹੁਤ ਸਾਰੀਆਂ ਕਹਾਣੀਆਂ ਮੈਨੂੰ ਅੱਜ ਵੀ ਮਨ ਵਿਚ ਚੇਤੇ ਹਨ।
ਜੀਵਨ ਵਿਚ ਬਹੁਤ ਵਾਰ ਨਾਨੀ ਜੀ ਕੋਲੋਂ ਕੁੱਟ ਵੀ ਖਾਧੀ ਪਰ ਉਸ ਕੁੱਟ ਨੇ ਬਾਲ ਕਵਿਤਾਵਾਂ ਲਿਖਣ ਲਈ ਪ੍ਰੇਰਨਾ ਦਿੱਤੀ। ਨਾਨੀ ਜੀ ਨਾਲ ਗੁਜ਼ਾਰੇ ਪਲ ਨਾਨਕਿਆਂ ਦੀ ਯਾਦਾਂ ਨੇ ਪੂਰਾ ਬਾਲ ਸੰਗ੍ਰਹਿ 'ਨਾਨਕਿਆਂ ਦੇ ਪਿੰਡ' ਲਿਖਣ ਦੀ ਪ੍ਰੇਰਨਾ ਮਿਲੀ। ਨਾਨਕਿਆਂ ਦੀਆਂ ਯਾਦਾਂ ਨੂੰ ਕਿਤਾਬ ਦੇ ਰੂਪ ਵਿਚ ਸੰਭਾਲਿਆ ਹੈ।

-ਰਾਮ ਸਿੰਘ

ਲਾਇਬ੍ਰੇਰੀਅਨ ਦੀ ਮਹੱਤਤਾ
ਪਿਛਲੇ ਦਿਨੀਂ 'ਅਜੀਤ' ਵਿਚ ਛਪਿਆ ਸ਼ੀਲਾ ਦੇਵੀ ਦਾ ਲੇਖ 'ਵਰਤਮਾਨ ਯੁੱਗ 'ਚ ਲਾਇਬ੍ਰੇਰੀਅਨ ਦੀ ਅਹਿਮੀਅਤ' ਪੜ੍ਹਿਆ। ਵਾਕਿਆ ਹੀ ਅੱਜ ਦੇ ਯੁੱਗ 'ਚ ਲਾਇਬ੍ਰੇਰੀਅਨ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਹਾਲਾਂਕਿ ਸਾਡੇ ਸਮਿਆਂ 'ਚ ਏਨੀ ਨਹੀਂ ਸੀ। ਉਦੋਂ ਸਿਰਫ਼ ਕਿਤਾਬਾਂਦੀ ਸਾਂਭ ਸੰਭਾਲ ਤਕ ਸੀਮਤ ਸੀ। ਜਾਂ ਫਿਰ ਵਿਦਿਆਰਥੀਆਂ ਨੂੰ ਕਿਤਾਬਾਂ ਦੇਣ ਤਕ। ਪਰ ਅੱਜ ਡਿਜੀਟਲ ਯੁੱਗ ਹੈ।
ਇਸ ਵਾਸਤੇ ਲਾਇਬ੍ਰੇਰੀਅਨ ਦੀ ਮਹੱਤਤਾ ਬੇਹੱਦ ਵਧ ਗਈ ਹੈ, ਜਿਸ ਨੂੰ ਸਮਝਣ ਦੀ ਜ਼ਰੂਰਤ ਹੈ। ਉਸ ਦਾ ਫਾਇਦਾ ਉਠਾਉਣ ਦੀ ਲੋੜ ਹੈ।

-ਲੈਕਚਰਾਰ ਅਜੀਤ ਖੰਨਾ

ਤਸਵੀਰਾਂ ਤਕ ਸੀਮਿਤ ਨਾ ਰਹੋ
ਬਰਸਾਤ ਦੇ ਇਨ੍ਹਾਂ ਦਿਨਾਂ ਵਿਚ ਹਰ ਰੋਜ਼ ਅਖ਼ਬਾਰਾਂ, ਟੀ.ਵੀ. ਚੈਨਲਾਂ, ਸੋਸ਼ਲ ਮੀਡੀਆ 'ਤੇ ਹੋਰ ਸੰਚਾਰ ਦੇ ਵਿਭਿੰਨ ਸਾਧਨਾਂ ਰਾਹੀਂ ਬੂਟੇ ਲਾਉਣ ਦੀਆਂ ਖ਼ਬਰਾਂ ਤੇ ਤਸਵੀਰਾਂ ਦੀ ਕਾਫ਼ੀ ਭਰਮਾਰ ਦੇਖੀ ਜਾ ਰਹੀ ਹੈ, ਜਿਸ ਤੋਂ ਇਕ ਵਾਰ ਤਾਂ ਇਹ ਲਗਦਾ ਹੈ ਕਿ ਥੋੜ੍ਹੀ ਬਹੁਤੀ ਬੁੱਧੀ ਰੱਖਣ ਵਾਲੇ ਇਨਸਾਨ ਵਾਤਾਵਰਨ ਪ੍ਰਤੀ ਜਾਗਰੂਕ ਤੇ ਚੇਤੰਨ ਹਨ ਅਤੇ ਉਨ੍ਹਾਂ ਵਿਚ ਵਾਤਾਵਰਨ ਪ੍ਰੇਮੀ ਹੋਣ ਦੀ ਝਲਕ ਦਿਖਾਈ ਪੈਂਦੀ ਹੈ ਜੋ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਜਾਣੇ-ਅਣਜਾਣੇ ਕੁਦਰਤ ਦਾ ਜਿੰਨਾ ਨੁਕਸਾਨ ਅਸੀਂ ਹੁਣ ਤਕ ਕੀਤਾ ਹੈ ੳਸ ਦੀ ਭਰਪਾਈ ਹੋਣੀ ਬੇਸ਼ੱਕ ਸੰਭਵ ਜਿਹੀ ਜਾਪਦੀ ਹੈ ਪਰ ਕਹਿੰਦੇ ਹੁੰਦੇ ਹਨ ਕਿ ਲੱਗਿਆਂ ਤਾਂ ਕੀੜੀ ਵੀ ਮਾਨ ਨਹੀਂ ਹੁੰਦੀ ਅਸੀਂ ਤਾਂ ਫਿਰ ਵੀ ਇਨਸਾਨ ਹਾਂ। ਕੀੜੀ ਵੀ ਜੇਕਰ ਹਿੰਮਤ ਕਰ ਲਏ ਤਾਂ ਪਹਾੜ ਢਾਹ ਦਿੰਦੀ ਹੈ।
ਜਿਵੇਂ ਆਲੇ-ਦੁਆਲੇ ਸਵੈ=ਸੇਵੀ ਸੰਸਥਾਵਾਂ, ਕਲੱਬਾਂ, ਪੰਚਾਇਤਾਂ ਤੇ ਹੋਰ ਨਿੱਜੀ ਰੂਪ ਵਿਚ ਪਿੰਡਾਂ, ਸ਼ਹਿਰਾਂ 'ਚ ਰੁੱਖ ਬੂਟੇ ਲਗਾਏ ਜਾ ਰਹੇ ਹਨ ਇਸ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਆਉਣ ਵਾਲੇ ਕੁੱਝ ਵਰ੍ਹਿਆਂ ਵਿਚ ਹਰ ਪਾਸਾ ਹਰਿਆਵਲ ਭਰਪੂਰ ਨਜ਼ਰ ਆਵੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਵੱਲੋਂ ਇਹੀ ਇਕ ਬਹੁਤ ਵੱਡਾ ਨਿਵੇਸ਼ ਹੋਵੇਗਾ ਜਿਸ ਸਦਕੇ ਉਹ ਸ਼ੁੱਧ 'ਤੇ ਸਾਫ਼ ਹਵਾ ਲੈ ਸਕਣਗੇ ਤੇ ਸ਼ਾਇਦ ਸਾਡਾ ਇਸ ਪੀੜ੍ਹੀ ਦਾ ਨਾਂ ਕੁੱਝ ਸਤਿਕਾਰ ਨਾਲ ਲੈਣਗੇ।
ਹਾਂ ਇਥੇ ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਅਸੀਂ ਬੂਟੇ ਲਾਉਣ ਦੀਆਂ ਫੋਟੋਆਂ ਖਿਚਵਾਉਣ ਤੱਕ ਹੀ ਨਾ ਸਿਮਟ ਕੇ ਰਹੀਏ, ਸਗੋਂ ਲਾਏ ਬੂਟਿਆਂ ਦੀ ਹਰ ਤਰ੍ਹਾਂ ਸਾਂਭ ਸੰਭਾਲ ਕਰੀਏ ਫਿਰ ਹੀ ਲਗਾਏ ਇਨ੍ਹਾਂ ਬੂਟਿਆਂ ਦਾ ਸੁਖ ਅਸੀਂ ਤੇ ਸਾਡੇ ਬੱਚੇ ਮਾਣ ਸਕਣਗੇ।

-ਲਾਭ ਸਿੰਘ ਸ਼ੇਰਗਿਲ
ਸੰਗਰੂਰ।

19-08-2024

 ਚਲਦੇ ਰਹਿਣਾ ਹੀ ਜ਼ਿੰਦਗੀ
ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਦੋਂ ਕਿਸੇ ਥਾਂ 'ਤੇ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ 'ਚੋਂ ਕੁਝ ਸਮੇਂ ਬਾਅਦ ਮੁਸ਼ਕ (ਬਦਬੂ) ਆਉਣੀ ਸ਼ੁਰੂ ਹੋ ਜਾਂਦੀ ਹੈ। ਪਾਣੀ ਸਾਫ਼ ਸੁਥਰਾ ਵਗਦਾ ਹੀ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਜ਼ਿੰਦਗੀ 'ਚ ਜੇ ਅਸਫ਼ਲ ਹੋਏ, ਤਾਂ ਮਾਯੂਸ ਹੋ ਕੇ ਪੈਰ ਪਿੱਛੇ ਨਹੀਂ ਕਰਨੇ ਚਾਹੀਦੇ। ਲੋਕਾਂ ਨੇ ਤਾਂ ਤੁਹਾਨੂੰ ਬਥੇਰਾ ਕਹਿਣਾ ਹੈ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ। ਤੂੰ ਹੋਰ ਕੋਈ ਕੰਮ ਕਰ ਲੈ। ਕਈ ਵਾਰ ਇਨਸਾਨ ਅਜਿਹੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਆਪਣੇ ਮੁਕਾਮ ਤੋਂ ਭਟਕ ਜਾਂਦੇ ਹਨ। ਜਦੋਂ ਤੁਸੀਂ ਆਪਣੇ ਮਨ ਤੋਂ ਹਾਰ ਜਾਂਦੇ ਹੋ, ਤਾਂ ਤੁਸੀਂ ਉਸ ਮੁਕਾਮ ਨੂੰ ਕਦੇ ਵੀ ਹਾਸਿਲ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਸੁਣ ਰਹੇ ਹੋ। ਜਦੋਂ ਤੁਹਾਨੂੰ ਦ੍ਰਿੜ੍ਹ ਵਿਸ਼ਵਾਸ ਹੋਵੇ ਕਿ ਤੁਸੀਂ ਉਸ ਮੁਕਾਮ ਨੂੰ ਹਾਸਿਲ ਕਰ ਲੈਣਾ ਹੈ, ਚਾਹੇ ਜਿੰਨੀਆਂ ਮਰਜ਼ੀ ਔਂਕੜਾਂ ਦਾ ਤੁਹਾਨੂੰ ਸਾਹਮਣਾ ਕਿਉਂ ਨਾ ਕਰਨਾ ਪਵੇ, ਤੁਸੀਂ ਉਸ ਨੂੰ ਹਾਸਿਲ ਕਰ ਸਕਦੇ ਹੋ। ਇਸ ਕਰਕੇ ਅਜਿਹੇ ਨਕਾਰਾਤਮਿਕ ਲੋਕ ਜੋ ਤੁਹਾਨੂੰ ਕਮਜ਼ੋਰ ਕਰ ਦਿੰਦੇ ਹਨ, ਉਨ੍ਹਾਂ ਤੋਂ ਦੂਰ ਰਹੋ ਅਤੇ ਆਪਣੇ ਨਿਸ਼ਾਨੇ ਨੂੰ ਆਪਣੇ ਦਿਮਾਗ਼ 'ਚ ਰੱਖੋ। ਇੰਜ ਕਰਨ ਨਾਲ ਹਮੇਸ਼ਾ ਸਫਲਤਾ ਹਾਸਿਲ ਹੁੰਦੀ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਬਿਮਾਰੀਆਂ ਤੋਂ ਬਚਾਅ
ਬਰਸਾਤ ਦੇ ਦਿਨਾਂ ਵਿਚ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਘਰ ਵਿਚ ਰੱਖੇ ਗ਼ਮਲਿਆਂ ਜਾਂ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਭਾਂਡਿਆਂ ਨੂੰ ਵੀ ਇਕ-ਦੋ ਦਿਨ ਬਾਅਦ ਬਦਲ ਦੇਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਵਿਚ ਮੱਛਰ ਦਾ ਲਾਰਵਾ ਨਾ ਪੈਦਾ ਹੋ ਸਕੇ। ਬਰਸਾਤ ਦੇ ਦਿਨਾਂ ਵਿਚ ਡੇਂਗੂ, ਮਲੇਰੀਆ, ਪੀਲੀਆ, ਡਾਇਰੀਆ ਆਦਿ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸੋ, ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਜਿੱਥੇ ਅਸੀਂ ਆਪਣੇ ਘਰ ਦੇ ਲੋਕਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਸਕਦੇ ਹਾਂ, ਉਥੇ ਇਸ ਨਾਲ ਸਾਡੀ ਡਾਕਟਰਾਂ ਕੋਲ ਹੁੰਦੀ ਪੈਸੇ ਦੀ ਬਰਬਾਦੀ ਵੀ ਬਚ ਸਕੇਗੀ।

-ਅਸ਼ੀਸ਼ ਸ਼ਰਮਾ
ਜਲੰਧਰ।

15-08-2024

 ਮਨੂੰ ਭਾਕਰ ਤੇ ਸਰਬਜੋਤ ਨੂੰ ਵਧਾਈ

28 ਜੁਲਾਈ ਨੂੰ ਪੈਰਿਸ ਉਲੰਪਿਕ ਵਿਚ ਭਾਰਤ ਲਈ ਪਹਿਲਾ ਤਗ਼ਮਾ ਜਿੱਤਣ ਲਈ ਮਨੂੰ ਭਾਕਰ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੈ। ਸਾਰੇ ਭਾਰਤੀਆਂ ਨੂੰ ਉਸ ਦੀ ਸਫ਼ਲਤਾ 'ਤੇ ਮਾਣ ਹੈ ਕਿਉਂਕਿ ਉਹ ਭਾਰਤ ਲਈ ਨਿਸ਼ਾਨੇਬਾਜ਼ੀ ਵਿਚ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਹੈ। ਇਸ ਨਾਲ ਭਾਕਰ ਨੇ 2 ਜੁਲਾਈ ਨੂੰ ਪੈਰਿਸ ਉਲੰਪਿਕ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੋਡੀਅਮ ਤੱਕ ਪਹੁੰਚਣ ਵਾਲਾ ਦੇਸ਼ ਦਾ ਪਹਿਲਾ ਨਿਸ਼ਾਨੇਬਾਜ਼ ਬਣ ਕੇ ਉਲੰਪਿਕ ਵਿਚ ਨਿਸ਼ਾਨੇਬਾਜ਼ੀ ਦੇ ਤਗ਼ਮੇ ਲਈ ਭਾਰਤ ਦਾ 12 ਸਾਲਾਂ ਦਾ ਇੰਤਜ਼ਾਰ ਖ਼ਤਮ ਕੀਤਾ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 30 ਜੁਲਾਈ ਮੰਗਲਵਾਰ ਨੂੰ ਪੈਰਿਸ ਉਲੰਪਿਕ 'ਚ 10 ਮੀਟਰ ਮਿਕਸਡ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਕੋ ਉਲੰਪਿਕ ਖੇਡਾਂ ਵਿਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਲਈ ਮਨੂੰ ਭਾਕਰ ਨੂੰ ਬਹੁਤ-ਬਹੁਤ ਵਧਾਈਆਂ।

-ਪਵਨ ਗੁਪਤਾ
ਸਮਾਜ ਸੇਵੀ, ਮੰਡੀ ਅਹਿਮਦਗੜ੍ਹ।

ਸਿੱਖਿਆ ਦੇ ਦਾਅਵੇ

ਪਿਛਲੇ ਦਿਨੀਂ 'ਸੂਬੇ ਵਿਚ ਸਿੱਖਿਆ ਖੇਤਰ ਵਿਚ ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ' ਸਿਰਲੇਖ ਹੇਠ ਛਪੀ ਖ਼ਬਰ ਪੜ੍ਹੀ, ਜਿਸ ਵਿਚ ਕਿ ਮੁੱਖ ਤੌਰ 'ਤੇ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ 740 ਅਸਾਮੀਆਂ ਖਾਲੀ ਹੋਣ ਬਾਰੇ ਦੱਸਿਆ ਗਿਆ ਹੈ। ਬੜੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਵਿਸ਼ਵ ਪੱਧਰ ਦੇ ਸਕੂਲ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਆਪਣੇ ਸਮੇਂ ਦੌਰਾਨ ਇਕ ਵੀ ਪ੍ਰਿੰਸੀਪਲ ਭਰਤੀ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਲਗਾਇਆ ਹੈ। ਵਿਭਾਗ ਦੇ ਕੁੰਭਕਰਨੀ ਨੀਂਦ 'ਚ ਸੁੱਤੇ ਹੋਣ ਕਰਕੇ ਸੈਂਕੜੇ ਲੈਕਚਰਾਰ ਤਰੱਕੀ ਦੀ ਉਡੀਕ ਕਰਦੇ ਥੱਕ-ਹਾਰ ਕੇ ਸੇਵਾ ਮੁਕਤ ਹੁੰਦੇ ਜਾ ਰਹੇ ਹਨ। ਇਕ ਪਾਸੇ ਸਰਕਾਰ ਪ੍ਰਿੰਸੀਪਲਾਂ ਨੂੰ ਸਿੰਘਾਪੁਰ ਟ੍ਰੇਨਿੰਗ 'ਤੇ ਭੇਜ ਰਹੀ ਹੈ ਤੇ ਦੂਜੇ ਪਾਸੇ ਸੈਂਕੜੇ ਸਕੂਲਾਂ 'ਚ ਨਾਲ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਵਾਧੂ ਚਾਰਜ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਪੀ.ਪੀ.ਐਸ.ਸੀ. ਦੁਆਰਾ 2 ਵਾਰ ਪ੍ਰਿੰਸੀਪਲ ਦੀ ਭਰਤੀ ਦਾ ਟੈੱਸਟ ਲਿਆ ਜਾ ਚੁੱਕਿਆ ਹੈ, ਜਿਸ ਨੂੰ ਚਾਰ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ। ਇਸ ਦੇ ਸੰਬੰਧੀ ਹਾਈ ਕੋਰਟ ਵਿਚ ਰਿੱਟ ਕਾਰਨ ਭਰਤੀ ਸਿਰੇ ਨਹੀਂ ਚੜ੍ਹ ਰਹੀ ਹੈ। ਸਰਕਾਰ ਵੀ ਇਸ ਦੀ ਪੈਰਵੀ ਲਈ ਸੰਜੀਦਾ ਨਹੀਂ ਹੈ। ਸਰਕਾਰ ਨੂੰ ਜਲਦ ਤੋਂ ਜਲਦ ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਜਾਂ ਇਸ ਲਈ ਤਰੱਕੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਨਹੀਂ ਤਾਂ ਸਿੱਖਿਆ ਕ੍ਰਾਂਤੀ ਸਿਰਫ਼ ਕਾਗਜ਼ਾਂ 'ਚ ਹੀ ਨਜ਼ਰ ਆਵੇਗੀ।

-ਚਰਨਜੀਤ ਸਿੰਘ ਮੁਕਤਸਰ,
ਤਿਲਕ ਨਗਰ, ਗਲੀ ਨੰਬਰ-1, ਸ੍ਰੀ ਮੁਕਤਸਰ ਸਾਹਿਬ।

ਸਮੇਂ ਦੀ ਕਦਰ

ਅਜੋਕੇ ਸਮੇਂ ਸਮਾਜ ਵਿਚ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਸੀਂ ਸਮੇਂ ਦੀ ਕਦਰ ਕਰਨ ਦੀ ਬਜਾਏ ਬੇਕਦਰੀ ਕਰਦੇ ਹਾਂ। ਕੋਈ ਵੀ ਕੰਮ ਜੇਕਰ ਮਿੱਥੇ ਅਤੇ ਦਿੱਤੇ ਸਮੇਂ 'ਤੇ ਕੀਤਾ ਜਾਵੇ ਤਾਂ ਉਸ ਵਰਗੀ ਕੋਈ ਰੀਸ ਨਹੀਂ ਹੁੰਦੀ ਅਤੇ ਕੰਮ ਵੀ ਸਫ਼ਲਤਾ ਪੂਰਬਕ ਨੇਪਰੇ ਚੜ੍ਹਦਾ ਹੈ। ਪਰ ਪਤਾ ਨਹੀਂ ਕਿਉਂ ਅਸੀਂ ਮਿੱਥੇ ਸਮੇਂ 'ਤੇ ਕੀਤੇ ਜਾਣ ਵਾਲੇ ਕੰਮ ਅਤੇ ਦਿੱਤੇ ਸਮੇਂ 'ਤੇ ਆਉਣ-ਜਾਣ ਵਿਚ ਦੇਰੀ ਕਰਨ ਵਿਚ ਜ਼ਿਆਦਾ ਫ਼ਖ਼ਰ ਮਹਿਸੂਸ ਕਰਦੇ ਹਾਂ। ਕੋਈ ਖ਼ਾਸ ਵਜ੍ਹਾ ਜਾਂ ਮਜਬੂਰੀ ਹੋ ਜਾਵੇ ਤਾਂ ਦੇਰੀ ਦੀ ਗੱਲ ਸਮਝ ਵਿਚ ਆਉਂਦੀ ਹੈ, ਪਰ ਜਾਣ-ਬੁੱਝ ਕੇ ਦੇਰੀ ਕਰਨਾ ਕਿਵੇਂ ਵੀ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ। ਸਮਾਂ ਆਪਣੀ ਚਾਲੇ ਚੱਲੀ ਜਾ ਰਿਹਾ ਹੈ, ਉਸ ਨੇ (ਸਮੇਂ ਨੇ) ਤਾਂ ਸਾਡੀ ਇੰਤਜ਼ਾਰ ਨਹੀਂ ਕਰਨੀ, ਬਲਕਿ ਸਾਨੂੰ ਹੀ ਸਮੇਂ ਦੀ ਕਦਰ ਕਰਦਿਆਂ ਕਿਸੇ ਕੰਮ ਲਈ ਮਿੱਥੇ ਸਮੇਂ ਅਤੇ ਪ੍ਰੋਗਰਾਮ ਅਨੁਸਾਰ ਚੱਲਣ ਦੀ ਲੋੜ ਹੈ। ਸਿਆਣੇ ਆਖਦੇ ਹਨ ਕਿ 'ਵਕਤ ਉਨ੍ਹਾਂ ਦੀ ਕਦਰ ਕਰਦਾ ਹੈ, ਜੋ ਵਕਤ ਦੀ ਕਦਰ ਕਰਦੇ ਹਨ', ਸੋ, ਲੋੜ ਹੈ ਸਾਨੂੰ ਸਭ ਨੂੰ ਸਮੇਂ ਦੀ ਕਦਰ ਕਰਦਿਆਂ ਹਰ ਕੰਮ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਮਿੱਥੇ ਸਮੇਂ 'ਤੇ ਕਰਨਾ ਚਾਹੀਦਾ ਹੈ। ਅਜਿਹਾ ਕਰਕੇ ਹੀ ਅਸੀਂ ਸਮਾਜ ਲਈ ਸਹੀ ਮਿਸਾਲ ਕਾਇਮ ਕਰ ਸਕਦੇ ਹਾਂ।

-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

14-08-2024

 ਸਰਕਾਰ ਦਾ ਵਧੀਆ ਉਪਰਾਲਾ

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਫਰਿਸ਼ਤੇ ਸਕੀਮ' ਸਰਕਾਰ ਦਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਸਕੀਮ ਮੁਤਾਬਕ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਨੂੰ 2000 ਰੁਪਏ ਮਿਲਣਗੇ ਤੇ ਨਾਲ ਹੀ ਪੁਲਿਸ ਜਾਂ ਹਸਪਤਾਲ ਪ੍ਰਸ਼ਾਸਨ ਮਦਦ ਕਰਨ ਵਾਲੇ ਤੋਂ ਕੋਈ ਪੁੱਛਗਿੱਛ ਨਹੀਂ ਕਰੇਗਾ, ਜਦੋਂ ਤੱਕ ਉਹ ਖ਼ੁਦ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ। ਦੱਸ ਦੇਈਏ ਇਹ ਸਕੀਮ ਪੰਜਾਬ ਸਰਕਾਰ ਵਲੋਂ ਇਸ ਲਈ ਲਾਗੂ ਕੀਤੀ ਗਈ ਹੈ ਕਿ ਸੜਕ ਹਾਦਸਿਆਂ ਵਿਚ ਲੋਕਾਂ ਦੀਆਂ ਜਾਨਾਂ ਨਾ ਜਾਣ ਤੇ ਉਨ੍ਹਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਵਿਅਕਤੀ ਬਿਨਾਂ ਕਿਸੇ ਡਰੋਂ ਜ਼ਖ਼ਮੀਆਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਉਣ। ਹਾਦਸਿਆਂ ਦੇ ਪੀੜਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਸਕਦਾ ਹੈ। ਉੱਥੇ ਉਸ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਲੋਕ ਅਕਸਰ ਕਿਸੇ ਵੀ ਪੀੜਤ ਦੀ ਮਦਦ ਕਰਨ ਤੋਂ ਇਹ ਸੋਚ ਕੇ ਪਿੱਛੇ ਹਟ ਜਾਂਦੇ ਸੀ ਕਿ ਉਨ੍ਹਾਂ ਨੂੰ ਪੁਲਿਸ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ, ਜਾਂ ਕੋਰਟ ਕਚਹਿਰੀਆਂ ਦੇ ਚੱਕਰਾਂ ਵਿਚ ਪੈਣਾ ਪਵੇਗਾ। ਪਰ ਹੁਣ ਫਰਿਸ਼ਤੇ ਸਕੀਮ ਤਹਿਤ ਲੋਕਾਂ ਦੀਆਂ ਜਾਨਾਂ ਬਚਾਅ ਸਕਦੇ ਹਨ ਤੇ ਨਾਲ ਹੀ ਉਨ੍ਹਾਂ ਨੂੰ 2000 ਰੁਪਏ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਸਕੀਮ ਰਾਹੀਂ ਲੋਕਾਂ ਵਿਚ ਜਾਗਰੂਕਤਾ ਵਧੇਗੀ ਅਤੇ ਲੋਕ ਕਿਸੇ ਵੀ ਜ਼ਖ਼ਮੀ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਕਿਸੇ ਡਰ ਕਿਸੇ ਭੈਅ ਤੋਂ ਮੁਕਤ ਹੋ ਕੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆਉਣਗੇ।

-ਗੌਰਵ ਮੁੰਜਾਲ
ਪੀ.ਸੀ.ਐਸ.

ਹੜ੍ਹ ਵਰਗੇ ਹਾਲਾਤ

ਬੀਤੇ ਦਿਨੀਂ ਉੱਤਰੀ ਭਾਰਤ 'ਚ ਹੋਈ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਇਹ ਬਰਸਾਤ ਚਾਹੇ 2-3 ਘੰਟੇ ਲਈ ਹੀ ਹੋਈ ਪਰ ਇਸ ਨੇ ਪੰਜਾਬ ਸਹਿਤ ਹੋਰ ਰਾਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਬਰਸਾਤ ਕਾਰਨ ਪੰਜਾਬ ਵਿਚ ਤਾਂ ਜਗ੍ਹਾ-ਜਗ੍ਹਾ ਪਾਣੀ ਏਨਾ ਕੁ ਜ਼ਿਆਦਾ ਭਰ ਗਿਆ ਕਿ ਗਲੀਆਂ, ਬਾਜ਼ਾਰਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣ ਗਏ। ਇਸ ਥੋੜ੍ਹੀ ਜਿਹੀ ਬਰਸਾਤ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਤਾਂ 9 ਲੋਕਾਂ ਦੀ ਮੌਤ ਵੀ ਹੋ ਗਈ। ਜੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਸ ਬਰਸਾਤ ਨੇ ਦੁਆਬੇ ਵਿਚ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਬਰਸਾਤ ਵਿਚ ਨਾ ਸਿਰਫ਼ ਸਰਕਾਰੀ ਤੰਤਰ ਹੀ ਨਹੀਂ ਫੇਲ੍ਹ ਹੋਇਆ ਬਲਕਿ ਇਸ ਬਰਸਾਤ ਵਿਚ ਸਾਫ਼ ਤੌਰ 'ਤੇ ਲੋਕਾਂ ਵਲੋਂ ਵਰਤੀਆਂ ਗਈਆਂ ਅਣਗਹਿਲੀਆਂ ਵੀ ਨਜ਼ਰ ਆ ਰਹੀਆਂ ਸਨ। ਕਿਉਂਕਿ ਲੋਕਾਂ ਵਲੋਂ ਆਮ ਹੀ ਗਲੀਆਂ-ਨਾਲੀਆਂ ਵਿਚ ਸੁੱਟਿਆ ਜਾਂਦਾ ਕੂੜਾ ਹੀ ਪਾਣੀ ਦੇ ਖੜ੍ਹੇ ਹੋਣ ਦਾ ਵੱਡਾ ਕਾਰਨ ਬਣਿਆ। ਸਾਡੀ ਲੋਕਾਂ ਅਤੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਕਿ ਦੁਬਾਰਾ ਬਾਰਿਸ਼ ਹੋਵੇ ਸਰਕਾਰ ਅਤੇ ਲੋਕਾਂ ਨੂੰ ਆਪਣੀ ਇਹ ਗਲਤੀ ਸੁਧਾਰ ਲੈਣੀ ਚਾਹੀਦੀ ਹੈ ਤਾਂਕਿ ਪਾਣੀ ਦੀ ਨਿਕਾਸੀ ਆਰਾਮ ਨਾਲ ਹੋ ਸਕੇ।

-ਅਸ਼ੀਸ ਸ਼ਰਮਾ
ਜਲੰਧਰ।

13-08-2024

 ਕੇਂਦਰ ਬਨਾਮ ਰਾਜ ਸਰਕਾਰਾਂ

ਮਿਤੀ 31 ਜੁਲਾਈ ਦੇ ਅੰਕ ਵਿਚ ਪ੍ਰੋ. ਰਣਜੀਤ ਸਿੰਘ ਧਨੋਆ ਦਾ ਲੇਖ 'ਸੂਬੇ ਦੇ ਹਿੱਤ ਵਿਚ ਨਹੀਂ ਕੇਂਦਰ ਅਤੇ ਪੰਜਾਬ ਸਰਕਾਰ ਵਿਚਕਾਰ ਵਧਦਾ ਤਣਾਅ' ਪੜ੍ਹਿਆ, ਜਿਸ ਵਿਚ ਕਿ ਕੇਂਦਰ ਸਰਕਾਰ ਦੀ ਸਕੂਲਾਂ ਬਾਰੇ ਪੀਐਮ ਸ੍ਰੀ ਯੋਜਨਾ ਨੂੰ ਪਿਛਲੇ ਸਾਲ ਕੁਝ ਰਾਜਾਂ ਦੁਆਰਾ ਇਹ ਸਕੀਮ ਲੈਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਦੱਸਿਆ ਗਿਆ ਸੀ। ਪੂਰੇ ਦੇਸ਼ ਦੇ ਸਕੂਲਾਂ ਵਿਚ ਸੁਧਾਰ ਬਾਰੇ ਕੇਂਦਰ ਸਰਕਾਰ ਦੀ ਇਸ ਯੋਜਨਾ ਵਿਚ 60 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਨੇ ਪਾਉਣਾ ਸੀ ਅਤੇ ਬਾਕੀ 40 ਫ਼ੀਸਦੀ ਹਿੱਸਾ ਰਾਜਾਂ ਦੀਆਂ ਸਰਕਾਰਾਂ ਨੇ ਪਾਉਣਾ ਸੀ। ਪਰ ਰਾਜਾਂ ਦੀਆਂ ਸਰਕਾਰਾਂ ਵਲੋਂ ਇਨਕਾਰ ਕਰਨ ਤੋਂ ਬਾਅਦ ਪੰਜਾਬ ਵਿਚ ਵੀ ਕੇਂਦਰ ਨੇ ਸਮੱਗਰ ਸ਼ਿਕਸ਼ਾ ਅਭਿਆਨ ਦੇ ਤਹਿਤ ਮਿਲਣ ਵਾਲੇ ਕਰੋੜਾਂ ਰੁਪਏ ਪਿਛਲੇ ਸਾਲ ਰੋਕ ਲਏ ਸਨ, ਜਿਸ ਕਰਕੇ ਸਕੂਲਾਂ ਵਿਚ ਅਧਿਆਪਕਾਂ ਦੇ ਹੱਥੋਂ ਖ਼ਰਚੇ ਹਜ਼ਾਰਾਂ ਲੱਖਾਂ ਰੁਪਏ ਹਾਲੇ ਤੱਕ ਬਕਾਇਆ ਪਏ ਹਨ। ਹੁਣ ਪੰਜਾਬ ਸਰਕਾਰ ਨੇ ਰਾਜ ਵਿਚ ਇਹ ਯੋਜਨਾ ਲਾਗੂ ਕਰਨਾ ਮੰਨ ਲਿਆ ਹੈ। ਕੇਂਦਰ ਅਤੇ ਸੂਬਿਆਂ ਵਿਚਕਾਰ ਰਾਜਨੀਤੀ ਕਾਰਨ ਜਿਸ ਤਰ੍ਹਾਂ ਤਣਾਅ ਵੱਧਦਾ ਜਾ ਰਿਹਾ ਹੈ। ਉਹ ਕੇਂਦਰ ਅਤੇ ਰਾਜਾਂ ਦੋਵਾਂ ਦੇ ਹਿੱਤ ਵਿਚ ਨਹੀਂ ਹੈ। ਰਾਜਾਂ ਦਾ ਦੋਸ਼ ਹੈ ਕਿ ਰਾਜ ਦੇ ਸਰੋਤਾਂ ਤੋਂ ਜੋ ਆਮਦਨ ਹੁੰਦੀ ਹੈ ਤੇ ਕੇਂਦਰ ਸਰਕਾਰ ਉਸ ਕਮਾਈ ਨੂੰ ਲੈ ਜਾਂਦੀ ਹੈ ਅਤੇ ਜੀ.ਐਸ.ਟੀ. ਵਿਚ ਓਨੇ ਪੈਸੇ ਵਾਪਸ ਨਹੀਂ ਭੇਜੇ ਜਾਂਦੇ ਜਿੰਨੇ ਕਿ ਮਿਲਣੇ ਚਾਹੀਦੇ ਹਨ। ਇਸ ਤਰ੍ਹਾਂ ਰਾਜਾਂ ਕੋਲ ਆਪਣਾ ਢਾਂਚਾ ਵਿਕਸਿਤ ਕਰਨ ਲਈ ਫੰਡ ਹੀ ਨਹੀਂ ਬਚਦਾ। ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਆਪਣੇ ਇਕ ਆਦੇਸ਼ ਰਾਹੀਂ ਇਹ ਫ਼ੈਸਲਾ ਸੁਣਾਇਆ ਹੈ ਕਿ ਵੱਖ-ਵੱਖ ਰਾਜਾਂ ਵਿਚ ਸਥਿਤ ਖਦਾਨਾਂ 'ਤੇ ਟੈਕਸ ਲਗਾਉਣ ਦਾ ਹੱਕ ਰਾਜਾਂ ਦਾ ਹੈ ਨਾ ਕਿ ਕੇਂਦਰ ਸਰਕਾਰ ਦਾ। ਕੇਂਦਰ ਸਰਕਾਰ ਦੁਆਰਾ ਇਹ ਇਤਰਾਜ਼ ਲਗਾਇਆ ਜਾਂਦਾ ਹੈ ਕਿ ਕੁਝ ਰਾਜ ਕੇਂਦਰ ਵਲੋਂ ਭੇਜੇ ਗਏ ਫੰਡਾਂ ਦੀ ਉਚਿਤ ਵਰਤੋਂ ਨਹੀਂ ਕਰਦੇ, ਪਰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿੱਦਿਅਕ ਖੇਤਰ ਵਿਚ ਰਾਜਨੀਤਕ ਤਾਕਤ ਲਈ ਨਹੀਂ ਵਰਤਿਆ ਜਾਣਾ ਚਾਹੀਦਾ, ਕਿਉਂਕਿ ਇਨ੍ਹਾਂ ਨਾਲ ਸਕੂਲਾਂ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਗ਼ਰੀਬਾਂ ਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ, ਸ.ਪ੍ਰ.ਸ. ਝਬੇਲਵਾਲੀ,
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਆਵਾਰਾ ਪਸ਼ੂਆਂ ਦਾ ਖ਼ੌਫ਼

ਹਰ ਰੋਜ਼ ਖ਼ਬਰਾਂ ਸੁਣਦੇ ਹਾਂ ਕਿ ਅਵਾਰਾ ਕੁੱਤੇ ਬੱਚੇ ਨੂੰ ਨੋਚ ਕੇ ਖਾ ਗਏ ਤੇ ਅਵਾਰਾ ਪਸ਼ੂ ਵੀ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਜਾਨ ਲੈਂਦੇ ਹਨ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਪਰ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਕਮੇਟੀ ਵਾਲੇ ਮੁਲਾਜ਼ਮ ਪਿੰਡਾਂ ਵਿਚ ਇਕ ਕੜਾਹ ਰੂਪੀ ਜ਼ਹਿਰ ਕੁੱਤਿਆਂ ਨੂੰ ਸੁੱਟਦੇ ਸੀ ਤੇ 30 ਮਿੰਟਾਂ ਮਗਰੋਂ ਕੁੱਤੇ ਨੂੰ ਰੱਸੀ ਨਾਲ ਬੰਨ੍ਹ ਕੇ ਟੋਆ ਪੁੱਟ ਕੇ ਕਈ ਸਾਰੇ ਕੁੱਤੇ ਦੱਬ ਦਿੱਤੇ ਜਾਂਦੇ ਸਨ, ਪਰ ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਹੈ, ਕਿਸੇ ਦੇ ਕੁੱਤੇ ਦੇ ਵੱਟਾ ਵੀ ਮਾਰੋ ਤਾਂ ਚਲਾਨ ਕਰ ਦਿੰਦੇ ਹਨ ਪਰ ਦੇਖੋ ਜੇ ਉਹੀ ਕੁੱਤੇ ਬੰਦੇ ਨੂੰ ਨੋਚ-ਨੋਚ ਕੇ ਮਾਰ ਦੇਣ ਤਾਂ ਕੋਈ ਸਜ਼ਾ ਨਹੀਂ। ਸਾਡਾ ਅੰਧਵਿਸ਼ਵਾਸ ਏਨਾ ਵਧ ਚੁੱਕਾ ਹੈ ਕਿ ਲੋਕ ਸਵੇਰੇ ਵੇਲੇ ਝੋਲਿਆਂ ਵਿਚ ਰੋਟੀਆਂ ਬਿਸੁਕਟ ਬਰੈੱਡ ਆਦਿ ਆਮ ਹੀ ਕੁੱਤਿਆਂ ਨੂੰ ਵੰਡਦੇ ਮਿਲ ਜਾਣਗੇ ਪਰ ਕਿਸੇ ਗ਼ਰੀਬ ਜਾਂ ਭੁੱਖੇ ਨੂੰ ਰੋਟੀ ਦੇਣਾ ਉਹ ਪਾਪ ਹੀ ਮੰਨਦੇ ਹਨ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਵਾਰਾ ਪਸ਼ੂਆਂ ਦੀ ਗੰਭੀਰ ਹੁੰਦੀ ਸਮੱਸਿਆ ਨੂੰ ਨੱਥ ਪਾਈ ਜਾਵੇ ਅਤੇ ਆਮ ਲੋਕਾਂ ਦੀ ਜਾਨ ਬਚਾਈ ਜਾਵੇ।

-ਬਲਦੇਵ ਸਿੰਘ ਵਿਰਕ
ਝੁਰੜ ਖੇੜਾ।

ਚੰਗੇ ਕੰਮਾਂ ਤੋਂ ਟਾਲ-ਮਟੋਲ ਨਾ ਕਰੋ

ਚੰਗਾ ਕੰਮ ਕਰਨ ਵਿਚ ਬਹੁਤ ਸੰਘਰਸ਼ ਹੈ। ਪਰ ਸੰਘਰਸ਼ ਕਰਨ ਤੋਂ ਡਰੋ ਨਾ ਕਿਉਂਕਿ ਜੋ ਡਰਿਆ, ਉਹ ਮਰਿਆ। ਮ੍ਰਿਤਕ ਵਿਅਕਤੀ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਜੋ ਸੰਘਰਸ਼ ਕਰਦਾ ਹੈ, ਉਹੀ ਜੀਵਨ ਵਿਚ ਤਰੱਕੀ ਕਰਦਾ ਹੈ। ਉਹੀ ਜਿਊਂਦਾ ਹੈ। ਪਰੰਤੂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਚੰਗੇ ਕੰਮ ਟਾਲਣ ਦੇ ਬਹਾਨੇ ਲੱਭਦੀ ਫਿਰਦੀ ਹੈ। ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ। ਟਾਲਣ ਦੇ ਮਾਮਲੇ 'ਚ ਲਗਦਾ ਹੈ ਕਿ ਲੋਕਾਂ ਨੇ ਇਸ ਗੱਲ ਦੀ ਮੁਹਾਰਤ ਹਾਸਿਲ ਕਰਨ ਲਈ ਹੈ। ਬਿੱਲ ਜਮ੍ਹਾਂ ਕਰਾਉਣਾ ਹੋਵੇ ਜਾਂ ਡਾਕਟਰ ਕੋਲ ਜਾਣਾ ਹੋਵੇ, ਇਮਤਿਹਾਨ ਦੀ ਤਿਆਰੀ ਕਰਨੀ ਹੋਵੇ ਜਾਂ ਮੁਕਾਬਲੇ ਦੀ ਪ੍ਰੀਖਿਆ ਦੇਣੀ ਹੋਵੇ, ਹਰ ਕੰਮ 'ਚ ਅੱਜਕੱਲ੍ਹ ਨੌਜਵਾਨ ਟਾਲ ਮਟੋਲ ਕਰਦੇ ਹਨ। ਪਰ ਸਾਨੂੰ ਚੰਗੇ ਕੰਮ ਕਰਨ ਤੋਂ ਟਾਲਾ ਨਹੀਂ ਵੱਟਣਾ ਚਾਹੀਦਾ ਤੇ ਬਹਾਨੇ ਨਹੀਂ ਬਣਾਉਣੇ ਚਾਹੀਦੇ। ਚੰਗੇ ਕਰਮ ਕਰਨ ਵਾਲਾ ਅੰਦਰ ਤੋਂ ਮਜ਼ਬੂਤ, ਸੰਤੁਸ਼ਟ, ਪ੍ਰਸੰਨ ਰਹਿੰਦਾ ਹੈ। ਬੁਰਾ ਕਰਮ ਕਰਨ ਵਾਲਾ ਚੰਗੇ ਕਰਮ ਕਰਨ ਵਾਲੇ ਦੀ ਕਦੇ ਵੀ ਬਰਾਬਰੀ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਉਹ ਚੰਗਾ ਕਰਮ ਕਰਨ ਵਾਲਿਆਂ ਦੀ ਤਰ੍ਹਾਂ ਪ੍ਰਸੰਨ ਅਤੇ ਨਿਡਰ ਬਣਿਆ ਰਹਿ ਸਕਦਾ ਹੈ। ਨੇਕ ਕੰਮ ਕਰਨ ਵਾਲੇ ਦੀ ਹੋਂਦ ਕਦੇ ਨਸ਼ਟ ਨਹੀਂ ਹੁੰਦੀ। ਸਾਨੂੰ ਕਦੇ ਵੀ ਚੰਗੇ ਕੰਮਾਂ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ। ਚੰਗੇ ਕੰਮਾਂ ਨੂੰ ਪਹਿਲ ਦੇ ਕੇ ਪ੍ਰਮੁੱਖਤਾ ਨਾਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.

12-08-2024

 ਬੇਖ਼ੌਫ਼ ਲੁਟੇਰੇ
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਹਨ। ਸਾਨੂੰ ਰੋਜ਼ ਅਖ਼ਬਾਰਾਂ ਵਿਚ ਲੁੱਟ ਖੋਹ, ਚੋਰੀ-ਡਕੈਤੀ ਤੇ ਕਤਲ ਆਦਿ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕੋਈ ਨਾ ਕੋਈ ਚੋਰੀ ਦੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੰਜਾਬ ਵਿਚ ਬੈਂਕ ਲੁੱਟਣ ਦਾ ਕੰਮ ਤਾਂ ਜ਼ੋਰਾਂ-ਸ਼ੋਰਾਂ 'ਤੇ ਲੱਗਾ ਹੋਇਆ ਹੈ। ਜਦੋਂ ਦੇਖੋ ਰੋਜ਼ਾਨਾ ਅਖ਼ਬਾਰਾਂ ਵਿਚ ਦੋ ਤਿੰਨ ਬੈਂਕ ਲੁੱਟਣ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਰਾਹ ਚੱਲਦੇ ਮੁਸਾਫ਼ਰਾਂ ਨੂੰ ਪਿਸਤੌਲ ਦਿਖਾ ਕੇ ਲੁੱਟਿਆ ਜਾ ਰਿਹਾ ਹੈ। ਅੱਜ-ਕੱਲ੍ਹ ਮੋਬਾਈਲ ਲੁੱਟਣ ਦੀਆਂ ਘਟਨਾਵਾਂ ਵੀ ਬਹੁਤ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਪੁਲਿਸ ਦੀ ਨਰਮੀ ਹੈ। ਪੁਲਿਸ ਇਨ੍ਹਾਂ ਲੁਟੇਰੀਆਂ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਹੀਂ ਕਰਦੀ, ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਪੁਲਿਸ ਨੂੰ ਸਖ਼ਤੀ ਨਾਲ ਇਨ੍ਹਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਤੇ ਇਸ ਸਮੱਸਿਆ ਦਾ ਪੱਕਾ ਹੱਲ ਕਰੇ। ਸਰਕਾਰ ਦੀ ਸਖ਼ਤੀ ਨਾਲ ਹੀ ਇਨ੍ਹਾਂ ਚੋਰਾਂ, ਲੁਟੇਰਿਆਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.

ਚੰਗੀਆਂ ਕਿਤਾਬਾਂ ਪੜ੍ਹੋ
ਨਾਰੀ ਸੰਸਾਰ ਵਿਚ ਸੰਜੀਵ ਸਿੰਘ ਸੈਣੀ ਦਾ ਲੇਖ 'ਆਪਣੇ ਲਈ ਹਮੇਸ਼ਾ ਨਵੇਂ ਰਸਤੇ ਚੁਣੋ' ਪੜ੍ਹਿਆ ਮਨ ਨੂੰ ਵਧੀਆ ਲੱਗਾ। ਇਹ ਰਚਨਾ ਪ੍ਰੇਰਨਾ ਸੋਰਤ ਸੀ। ਸਾਨੂੰ ਜੀਵਨ ਵਿਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਸੂਝ-ਬੂਝ ਦੀ ਜ਼ਰੂਰਤ ਹੁੰਦੀ ਹੈ। ਗਿਆਨ ਬਿਨਾਂ ਸਾਨੂੰ ਸੂਝ-ਬੂਝ ਨਹੀਂ ਆਵੇਗੀ। ਸਾਨੂੰ ਜੀਵਨ ਵਿਚ ਮਜ਼ਬੂਤ ਹੋਣ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਕਿਤਾਬਾਂ ਸਾਡੇ ਮਨ ਵਿਚ ਵਿਸ਼ਵਾਸ ਪੈਦਾ ਕਰਦੀਆਂ ਹਨ। ਵਿਸ਼ਵਾਸ ਕਰਕੇ ਹੀ ਅਸੀਂ ਮੁਸ਼ਕਿਲਾਂ ਨੂੰ ਹੱਲ ਕਰ ਸਕਦੇ ਹਾਂ। ਸਾਨੂੰ ਆਪਣੇ ਜੀਵਨ ਵਿਚ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਆਪਣੇ ਵਿੱਤ ਅਨੁਸਾਰ ਜ਼ਿੰਦਗੀ ਜਿਊਣੀ ਚਾਹੀਦੀ ਹੈ।
ਬੇਲੋੜੀਆਂ ਇੱਛਾਵਾਂ ਸਾਨੂੰ ਤੰਗ ਕਰਦੀਆਂ ਹਨ। ਇਨ੍ਹਾਂ ਬੇਲੋੜੀਆਂ ਇੱਛਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਸਿਰਫ਼ ਉਹ ਇੱਛਾਵਾਂ ਨੂੰ ਰੱਖੋ ਜਿਨ੍ਹਾਂ ਨੂੰ ਅਸੀਂ ਪੂਰਾ ਕਰ ਸਕੀਏ। ਅਸੀਂ ਕਿਸੇ ਨੂੰ ਵੇਖ ਕੇ ਜੀਵਨ ਜੀਅ ਨਹੀਂ ਸਕਦੇ। ਬੇਲੋੜੀਆਂ ਇੱਛਾਵਾਂ ਤੰਗੀਆਂ ਤੁਰਸ਼ੀਆਂ ਪੈਦਾ ਕਰਦੀਆਂ ਹਨ। ਚੰਗੀ ਜ਼ਿੰਦਗੀ ਜਿਉਣ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਸਾਰਿਆਂ ਦਾ ਸਤਿਕਾਰ ਕਰੀਏ। ਕਦੇ ਕਿਸੇ ਨਾਲ ਧੋਖਾ ਨਾ ਕਰੀਏ। ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜਾਰੋ। ਛੋਟੀਆਂ-ਛੋਟੀਆਂ ਖ਼ੁਸ਼ੀਆਂ ਵਿਚੋਂ ਅਨੰਦ ਮਾਣੋ, ਕਿਸੇ ਦੀ ਜ਼ਿੰਦਗੀ ਵਿਚ ਦਖ਼ਲ ਅੰਦਾਜ਼ੀ ਨਾ ਕਰੋ। ਹਰ ਪਲ ਖ਼ੁਸ਼ ਰਹਿ ਕੇ ਗੁਜ਼ਾਰੋ। ਤੁਹਾਨੂੰ ਜ਼ਿੰਦਗੀ ਪ੍ਰਤੀ ਸ਼ਕਾਇਤ ਨਹੀਂ ਰਹੇਗੀ। ਇਹੀ ਖ਼ੂਬਸੂਰਤ ਜ਼ਿੰਦਗੀ ਦਾ ਰਾਜ਼ ਹੈ।

-ਰਾਮ ਸਿੰਘ ਪਾਠਕ

ਅਪਰਾਧਾਂ 'ਤੇ ਲਗਾਮ ਲਗਾਉਣੀ ਜ਼ਰੂਰੀ
ਸੂਬੇ 'ਚ ਪਿਛਲੇ ਕਈ ਦਿਨਾਂ ਤੋਂ ਨਿਹੰਗਾਂ ਦੇ ਭੇਖ ਵਿਚ ਅਪਰਾਧੀਆਂ ਵਲੋਂ ਹਮਲੇ ਕਰਨ ਦੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੱਗਦਾ ਹੈ ਕਿ ਪੰਜਾਬ 'ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ। ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦਾ ਕੋਈ ਹੱਕ ਨਹੀਂ ਹੈ। ਹੁਣ ਫਿਰ ਪੱਟੀ 'ਚ ਪੈਸਿਆਂ ਦੇ ਲੈਣ-ਦੇਣ ਪਿੱਛੇ ਅਪਰਾਧੀਆਂ ਵਲੋਂ ਕਿਰਪਾਨਾਂ ਨਾਲ ਹਮਲਾ ਕਰ ਇਕ ਕਾਰੋਬਾਰੀ ਦੀ ਹੱਤਿਆ ਤੇ ਉਸ ਦੇ ਪੁੱਤਰ, ਭਤੀਜੇ ਨੂੰ ਜ਼ਖ਼ਮੀ ਕਰ ਦਿੱਤਾ ਹੈ। ਪਿੱਛੇ ਵੀ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ 2 ਨਿਹੰਗ ਗ੍ਰਿਫ਼ਤਾਰ ਕੀਤੇ ਗਏ ਸਨ। ਪ੍ਰਦੇਸ਼ ਵਿਚ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ 'ਚ ਲੁੱਟ-ਖਸੁੱਟ, ਕਤਲੋਗਾਰਤ, ਫਿਰੌਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਫ਼ੋਨ 'ਤੇ ਧਮਕੀਆਂ ਦੇ ਕੇ ਲੋਕਾਂ ਵਿਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ।
ਉਪਰੋਕਤ ਕਾਤਲਾਨਾ ਹਮਲੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਪਰਾਧੀਆਂ ਨੂੰ ਰੱਤੀ ਭਰ ਵੀ ਪੁਲਿਸ ਦਾ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਜਾਨ-ਲੇਵਾ ਹਮਲੇ ਕਰ ਰਹੇ ਹਨ। ਲੁਟੇਰੇ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਨਸ਼ਿਆਂ ਦੀ ਬਰਾਮਦਗੀ, ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕਰਦੇ ਪੁਲਿਸ 'ਤੇ ਹਮਲੇ ਹੋ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਅਤੇ ਲਾਅ ਐਂਡ ਆਰਡਰ ਕਾਇਮ ਰੱਖਣਾ ਹੈ। ਕਾਨੂੰਨ ਦਾ ਰਾਜ ਐਲਾਨਾਂ ਤੱਕ ਨਹੀਂ, ਦਿਸਣਾ ਵੀ ਚਾਹੀਦਾ ਹੈ। ਸਾਡੇ ਮੁਲਕ 'ਚ ਨਿਆਂ ਪ੍ਰਣਾਲੀ ਦੀ ਰਫ਼ਤਾਰ ਇੰਨੀ ਸੁਸਤ ਹੈ, ਪੀੜਤ ਵਿਅਕਤੀ ਹਾਰ-ਹੰਭ ਕੇ ਬੈਠ ਜਾਂਦਾ ਹੈ। ਅਪਰਾਧੀ ਇਸ ਦਾ ਫ਼ਾਇਦਾ ਲੈਂਦੇ ਹਨ। ਕਾਨੂੰਨ ਅੰਗਰੇਜ਼ ਦੇ ਸਮੇਂ ਦਾ ਹੈ ਸਦਨ ਵਿਚ ਕਾਨੂੰਨ ਬਣਾ ਇਹੋ ਜਿਹੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਪਹਿਲਾਂ ਅਪਰਾਧੀਆਂ ਨੂੰ ਪੁਲਿਸ ਦੀ ਕੁੱਟ ਦਾ ਡਰ ਹੁੰਦਾ ਸੀ। ਹੁਣ ਪੁਲਿਸ ਨੇ ਕਿਸੇ ਨੂੰ ਕੀ ਮਾਰਨਾ ਆਪ ਕੁੱਟ ਖਾ ਰਹੀ ਹੈ, ਅਪਰਾਧੀ ਗੱਡੀਆਂ ਥੱਲੇ ਦਰੜੇ ਜਾ ਰਹੇ ਹਨ। ਕਾਨੂੰਨ ਦੀ ਰਫ਼ਤਾਰ ਤੇਜ਼ ਕਰ ਪੀੜਤ ਨੂੰ ਇਨਸਾਫ਼ ਸਮੇਂ ਸੀਮਾ ਸਿਰ ਦੇਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।

ਘਰੇਲੂ ਵੰਡ-ਵੰਡਾਈ
ਕਿਸੇ ਵੀ ਕਿਸਮ ਦੀ ਘਰੇਲੂ ਵੰਡ-ਵੰਡਾਈ ਸਮੇਂ ਵਤੀਰਾ ਸਹੀ ਅਤੇ ਵਕਤ ਅਨੁਸਾਰ ਹੋਣਾ ਚਾਹੀਦਾ ਹੈ। ਗ਼ਲਤ ਵਿਉਂਤਬੰਦੀ ਅਤੇ ਕੀਤੀ ਹੋਈ 'ਕਾਣੀ ਵੰਡ', ਵਕਤ ਦੇ ਨਾਲ ਚੱਲਦਿਆਂ ਵੈਰ-ਵਿਰੋਧ ਦਾ ਕਾਰਨ ਬਣਦੀ ਹੈ। ਕਿਸੇ ਆਪਣੇ ਨਾਲ ਘਰੇਲੂ ਵੰਡ ਸਮੇਂ ਕੀਤੇ ਬਚਨ-ਵਿਲਾਸ ਸਥਿਰ ਹੋਣੇ ਚਾਹੀਦੇ ਹਨ। ਕਈ ਘਰ-ਪਰਿਵਾਰਾਂ ਵਿਚ ਸਿਆਣੇ ਅਤੇ ਵੱਡੇ ਲੋਕ ਇਕ ਦੂਜੇ ਦੇ ਵਿਸ਼ਵਾਸ ਦੇ ਪਾਤਰ ਬਣ ਗ਼ਲਤ ਵੰਡ-ਵੰਡਾਈ ਤੀਕ ਨੌਬਤ ਹੀ ਨਹੀਂ ਆਉਣ ਦਿੰਦੇ। ਸਗੋਂ ਰਿਸ਼ਤਿਆਂ ਵਿਚ ਪੁਲ ਬਣ ਇਕ-ਦੂਜੇ ਨੂੰ ਜੋੜਦੇ ਹਨ। ਕਿਸੇ ਵੀ ਕਿਸਮ ਦਾ ਵਾਦ-ਵਿਵਾਦ ਖੜ੍ਹਾ ਹੀ ਨਹੀਂ ਹੋਣ ਦਿੰਦੇ। ਸਹੀ ਵੰਡ ਕਰ ਕੇ ਸਮਾਜ ਵਿਚ ਵਾਹ-ਵਾਹ ਖੱਟਦੇ ਹਨ। ਕਈ ਵਾਰ ਕਈ ਘਰਾਂ ਵਿਚ ਘਰੇਲੂ ਵੰਡ ਕਰਨ ਲਈ ਬੁਲਾਇਆ ਵਿਚੋਲਾ ਹੀ ਪੱਖਪਾਤ ਕਰ ਕੇ ਮਸਲੇ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾ ਕੇ ਰਿਸ਼ਟ-ਪੁਸ਼ਟ ਰਿਸ਼ਤਿਆਂ ਨੂੰ ਕਰੋਧੀ ਅਤੇ ਵਿਰੋਧੀ ਬਣਾ ਦਿੰਦਾ ਹੈ। ਸਿਆਣੇ ਬੰਦੇ ਆਪਸੀ ਰਿਸ਼ਤੇ ਟੁੱਟਣ-ਤਿੜਕਣ ਨਹੀਂ ਦਿੰਦੇ।
ਸੋ, ਵਰਤਮਾਨ ਵਿੱਚ ਕਿਸੇ ਵੀ ਕਲੇ-ਕਹਿਰੇ ਵਿਅਕਤੀ ਨਾਲ ਘਰੇਲੂ ਵੰਡ ਵਿੱਚ ਕਦੇ ਵੀ ਕਾਣੀ ਵੰਡ-ਵੰਡਾਈ ਨਾ ਕਰੋ, ਨਾ ਹੀ ਭਵਿੱਖ ਲਈ ਲਹਣਤਾਂ ਖੱਟੋ। ਇਸ ਤਰ੍ਹਾਂ ਕਿਸੇ ਦਾ ਵੀ ਪਾਰ ਉਤਾਰਾ ਨਹੀਂ ਹੁੰਦਾ। ਕਿਸੇ ਆਪਣੇ ਲਈ ਮੋਹ-ਜਾਲ 'ਚ ਫਸ ਕੇ ਕਿਸੇ ਭੈਣ-ਭਾਈ ਦਾ ਹੱਕ ਮਾਰਨਾ ਸਭ ਤੋਂ ਵੱਡਾ ਪਾਪ ਹੁੰਦਾ ਹੈ।

-ਐੱਸ.ਮੀਲੂ
ਫਰੌਰ।

09-08-2024

 ਰੰਜੀਤ ਰੰਜਨ ਵਧਾਈ ਦੀ ਪਾਤਰ

ਰੰਜੀਤ ਰੰਜਨ, ਮੈਂਬਰ ਰਾਜ ਸਭਾ ਵਧਾਈ ਦੀ ਪਾਤਰ ਹੈ, ਜਿਸ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਣ ਦਾ ਰਾਜ ਸਭਾ ਵਿਚ ਅਹਿਮ ਮੁੱਦਾ ਚੁੱਕਿਆ। 'ਅਜੀਤ' ਪੰਜਾਬੀ ਵੀ ਵਧਾਈ ਦਾ ਪਾਤਰ ਜਿਸ ਨੇ ਇਹ ਅਹਿਮ ਖ਼ਬਰ ਉਸ ਦੀ ਫੋਟੋ ਸਹਿਤ ਛਾਪੀ ਹੈ। ਭਾਰਤ ਸਰਕਾਰ ਦੇ ਰੇਲਵੇ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਇਸ ਬਾਰੇ ਤੁਰੰਤ ਕਾਰਵਾਈ ਕਰਨ। ਭਾਰਤ ਸਰਕਾਰ ਨੇ ਪਿਛਲੇ ਦਿਨੀਂ ਕਈ ਵਿਅਕਤੀਆਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਨਿਵਾਜਿਆ ਹੈ, ਪਰ ਹਾਲੇ ਤਕ ਕਿਸੇ ਨਾਮਵਰ ਸਿੱਖ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਨਹੀਂ ਨਿਵਾਜਿਆ ਗਿਆ। ਉੱਡਣਾ ਸਿੱਖ (ਸਪੋਰਟਸ ਲੀਜੈਂਡ) ਮਿਲਖਾ ਸਿੰਘ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਵੇ। ਨਵੀਂ ਦਿੱਲੀ ਵਿਚ ਕਿਸੇ ਰੋਡ ਦਾ ਨਾਂਅ ਫਲਾਇੰਗ ਸਿੱਖ ਰੋਡ ਰੱਖਿਆ ਜਾਵੇ।

-ਨਰਿੰਦਰ ਸਿੰਘ
ਇੰਟਰਨੈਸ਼ਨਲ (ਸਮਾਜ ਸੇਵੀ), 3081-ਏ, ਸੈਕਟਰ-20 ਚੰਡੀਗੜ੍ਹ।

ਅਮਰੀਕਾ ਡਾਇਰੀ

ਐਸ. ਅਸ਼ੋਕ ਭੌਰਾ ਵਲੋਂ 'ਅਜੀਤ' ਅਖ਼ਬਾਰ ਵਿਚ ਅਮਰੀਕਾ ਡਾਇਰੀ ਦੇ ਸਿਰਲੇਖ ਹੇਠ 'ਚਰਨਜੀਤ ਚੰਨੀ ਦੀ ਬੱਲੇ-ਬੱਲੇ' ਬਾਰੇ ਜੋ ਸੱਚਾਈ ਪੇਸ਼ ਕੀਤੀ ਹੈ, ਕਾਬਲੇ ਤਾਰੀਫ਼ ਹੈ। ਭੌਰਾ ਜੀ ਨੇ ਸਾਫ਼ ਲਿਖਿਆ ਹੈ ਕਿ ਚਰਨਜੀਤ ਚੰਨੀ ਨੇ ਅਮਰੀਕਾ ਵਿਚ ਪਿਛਲੇ ਡੇਢ ਕੁ ਸਾਲ ਪਹਿਲਾਂ ਦੋ-ਢਾਈ ਮਹੀਨੇ ਵਧੀਆ ਸਮਾਂ ਬਤੀਤ ਕੀਤਾ ਸੀ। ਚੰਨੀ ਨੇ ਆਪਣੀ ਸ਼ਖ਼ਸੀਅਤ ਨਾਲ ਅਮਰੀਕਾ ਵਿਚਲੇ ਪੰਜਾਬੀ ਭਾਈਚਾਰੇ ਵਿਚ ਬੱਲੇ-ਬੱਲੇ ਕਰਵਾਈ ਹੈ। ਚਰਨਜੀਤ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਹਰੇਕ ਵਰਗ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰਕੇ ਪੰਜਾਬ ਵਿਚ ਬੱਲੇ-ਬੱਲੇ ਕਰਵਾਈ ਸੀ। ਹਰੇਕ ਦੇ ਮੂੰਹ 'ਤੇ ਸ. ਚੰਨੀ ਦਾ ਨਾਂਅ ਬੋਲਦਾ ਸੀ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੁਲਨਾ ਚੰਨੀ ਸਰਕਾਰ ਨਾਲ ਕੀਤੀ ਜਾਵੇ ਤਾਂ ਦਿਨੇ ਹਨੇਰਾ ਹੋ ਜਾਂਦਾ ਹੈ। ਇਸ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਇਕ ਰਾਤ ਪਹਿਲਾਂ ਘਰੇਲੂ ਡਿਫਾਲਟਰਾਂ ਦੇ ਬਿਜਲੀ ਦੇ ਮੀਟਰ ਕੱਟ ਲਏ ਹਨ। ਇਨ੍ਹਾਂ ਬੀ.ਪੀ.ਐਲ./ਐਸ.ਸੀ./ਬੀ.ਸੀ. ਵਰਗ ਦੇ ਲੋਕਾਂ ਦੇ ਲੰਮੀ ਬਿਮਾਰੀ ਜਾਂ ਹੋਰ ਕਿਸੇ ਆਫ਼ਤ ਕਰਕੇ ਬਿਜਲੀ ਬਿੱਲ ਬਕਾਇਆ ਰਹਿ ਗਏ ਸਨ। ਇਸ ਸਰਕਾਰ ਨੇ ਬਿਨਾਂ ਨੋਟਿਸ ਦਿੱਤੇ ਬਿਨਾਂ ਕੋਈ ਕਾਰਨ ਪੁੱਛੇ ਮੀਟਰ ਕੱਟ ਦਿੱਤੇ ਹਨ। ਇਹ ਸਰਕਾਰ ਆਮ ਆਦਮੀ ਪਾਰਟੀ ਕਿਵੇਂ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਦਾ ਮੁਕਾਬਲਾ ਕਰ ਸਕਦੀ ਹੈ। ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਪੱਛਮੀ ਤੋਂ ਸਿਰਫ਼ 41 ਫ਼ੀਸਦੀ ਵੋਟ ਪੋਲ ਹੋਈਆਂ ਹਨ। ਇਹ ਨਤੀਜਾ ਭੁਗਤਣ ਲਈ ਲੋਕਾਂ ਨੇ ਪਹਿਲਾਂ ਹੀ ਸਰਕਾਰ ਨੂੰ ਆਗਾਹ ਕਰ ਦਿੱਤਾ ਸੀ ਪਰ ਫਿਰ ਵੀ ਲੋਕਾਂ ਦੀ ਸਿਹਤ ਸਹੂਲਤ ਇਸ ਸਰਕਾਰ ਦੀ ਸਮਝ ਤੋਂ ਬਾਹਰ ਹੈ। ਚੰਗਾ ਹੋਵੇ ਜੇਕਰ ਸਰਕਾਰ ਐਸ.ਸੀ./ ਬੀ.ਸੀ./ ਬੀ.ਪੀ.ਐਲ. ਲੋਕਾਂ ਦੇ ਕੱਟੇ ਬਿਜਲੀ ਮੀਟਰ ਲਗਾ ਕੇ ਵਾਹ-ਵਾਹ ਖੱਟ ਲਵੇ ਤਾਂ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਕੁਝ ਵਧੀਆ ਪ੍ਰਦਰਸ਼ਨ ਕਰ ਸਕੇ।

-ਨੱਥਾ ਸਿੰਘ
ਡੇਰਾ ਬਾਬਾ ਦਰਸ਼ਨ ਸਿੰਘ, ਰਾਮ ਤੀਰਥ ਰੋਡ, ਅੰਮ੍ਰਿਤਸਰ।

ਮੀਂਹ ਦਾ ਕਹਿਰ

ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਮੀਂਹ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ। ਬਹੁਤ ਸਾਰੇ ਇਲਾਕਿਆਂ ਵਿਚ ਪਾਣੀ ਜ਼ਿਆਦਾ ਭਰ ਜਾਣ ਕਰਕੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਿਮਾਚਲ ਦੇ ਕਈ ਇਲਾਕਿਆਂ ਵਿਚ ਬੱਦਲ ਫੱਟਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸਾਰੇ ਲੋਕਾਂ ਨੂੰ ਮੀਂਹ ਦਾ ਮੌਸਮ ਧਿਆਨ ਵਿਚ ਰਖਦੇ ਹੋਏ ਚੌਕਸ ਰਹਿਣਾ ਚਾਹੀਦਾ ਹੈ। ਸਾਡੀ ਲੋਕਾਂ ਨੂੰ ਵੀ ਬੇਨਤੀ ਹੈ ਕਿ ਉਹ ਬਾਹਰ ਘੁੰਮਣ ਲਈ ਖ਼ਾਸ ਕਰਕੇ ਹਿਮਾਚਲ ਅਤੇ ਹੋਰ ਪਹਾੜੀ ਇਲਾਕਿਆਂ ਵਿਚ ਨਾ ਜਾਣ। ਸਾਰੇ ਹੀ ਨਦੀਆਂ, ਨਾਲਿਆਂ ਅਤੇ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ। ਜੋ ਬਹੁਤ ਹੀ ਖ਼ਤਰਨਾਕ ਰੂਪ ਧਾਰਨ ਕਰ ਚੁੱਕੇ ਹਨ। ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਮੀਂਹ ਦੇ ਮੌਸਮ ਨੂੰ ਧਿਆਨ ਰੱਖਦੇ ਹੋਏ ਵਿੱਚ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਖ਼ੁਦ ਫਿਕਰਮੰਦ ਹੋਵੋ

ਪੰਜਾਬ ਦੀ ਧਰਤੀ ਜਿਥੇ ਕਦੀ ਗਿੱਧਿਆਂ, ਭੰਗੜਿਆਂ, ਮੇਲਿਆਂ, ਤਿਉਹਾਰਾਂ, ਛਿੰਝਾਂ, ਚਾਵਾਂ, ਮਲਾਰਾਂ ਦੇ ਜਸ਼ਨ ਮਨਾਏ ਜਾਂਦੇ ਸਨ ਉਥੇ ਹੀ ਹੁਣ ਨਸ਼ਿਆਂ, ਲੁੱਟਾਂ-ਖੋਹਾਂ ਦਾ ਬੋਲਬਾਲਾ ਹੈ। ਇਥੋਂ ਦੀ ਨੌਜਵਾਨੀ ਪ੍ਰਵਾਸ ਦੇ ਸੰਤਾਪ ਕਰਕੇ ਤਣਾਅ ਵਿਚ ਹੈ। ਇਥੋਂ ਦੀ ਨੌਜਵਾਨੀ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਤਾ ਰਿਹਾ ਹੈ। ਪੰਜਾਬ ਦੇ ਵਿਹੜਿਆਂ ਵਿਚ ਸੁੰਨ ਪਸਰ ਰਹੀ ਹੈ। ਛੋਟੇ ਕਿਸਾਨ ਕਿਸਾਨੀ ਤੋਂ ਦੂਰ ਹੋ ਰਹੇ ਹਨ। ਲੋਕ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮਾਪਿਆਂ ਕੋਲ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਦਿਸਦਾ ਨਹੀਂ ਹੈ। ਸਾਰੀਆਂ ਰਾਜਸੀ ਪਾਰਟੀਆਂ ਇਕ ਦੂਜੇ ਤੋਂ ਵੱਧ ਖੈਰਾਤਾਂ ਦੇ ਕੇ ਆਪਣਾ ਵੋਟ ਬੈਂਕ ਵਧਾ ਰਹੀਆਂ ਹਨ। ਅਸੀਂ ਮੁਫ਼ਤ ਦੀਆਂ ਖ਼ੈਰਾਤਾਂ ਲੈ ਕੇ ਆਪਣੇ ਭਵਿੱਖ ਤਬਾਹ ਕਰ ਰਹੇ ਹਾਂ। ਨੌਜਵਾਨ ਆਲਸੀ ਤੇ ਬੇਕਾਰ ਹੁੰਦੇ ਜਾ ਰਹੇ ਹਨ ਅਤੇ ਨਸ਼ਿਆਂ ਦੇ ਕੋਹੜ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਸਾਰੇ ਪੜ੍ਹੇ-ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੱਕੀਆਂ ਨੌਕਰੀਆਂ ਦੇਣ ਲਈ ਕੋਈ ਪ੍ਰੋਗਰਾਮ ਨਹੀਂ ਹੈ। ਸਮਾਜ ਵਿਚ ਸਮੱਸਿਆਵਾਂ ਤੇ ਅਲਾਮਤਾਂ ਦਿਨੋ-ਦਿਨ ਵਧ ਰਹੀਆਂ ਹਨ ਜੋ ਕਿ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ। ਪੰਜਾਬ ਵਿਚ ਜੰਗਲ ਕੱਟਦੇ ਜਾ ਰਹੇ ਹਨ। ਪੰਚਾਇਤੀ ਜ਼ਮੀਨਾਂ ਤੇ ਜੰਗਲ ਲਗਾਉਣੇ ਚਾਹੀਦੇ ਹਨ। ਵਾਤਾਵਰਨ ਸੰਕਟ ਵਿਚ ਹੈ ਕਿਉਂਕਿ ਰੁੱਖ ਘਟਦੇ ਜਾ ਰਹੇ ਹਨ। ਸਾਡੀ ਨੌਜਵਾਨੀ ਨੂੰ ਆਪਣੇ ਪੰਜਾਬ ਵਿਚ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ। ਅਸੀਂ ਸਰੀਰਕ ਤੇ ਮਾਨਸਿਕ ਪੱਖੋਂ ਵੀ ਸਿਹਤਮੰਦ ਨਹੀਂ ਰਹੇ। ਪੰਜਾਬ ਕਰਜ਼ਾਈ ਹੈ। ਹਰ ਪੰਜਾਬੀ ਦੇ ਸਿਰ ਚੜ੍ਹਿਆ ਕਰਜ਼ਾ ਦਿਨੋ-ਦਿਨ ਵਧ ਰਿਹਾ ਹੈ। ਕਰਜੇ ਥੱਲੇ ਦੱਬਿਆ ਪੰਜਾਬ ਤਰੱਕੀ ਕਿਵੇਂ ਕਰੇਗਾ, ਜੋ ਕਿ ਸੋਚਣ ਵਾਲੀ ਗੱਲ ਹੈ। ਪੰਜਾਬ ਦੇ ਲੋਕਾਂ ਨੂੰ ਆਪਣੀ ਧਰਤੀ ਤੇ ਨੌਜਵਾਨੀ ਨੂੰ ਬਚਾਉਣ ਲਈ ਖ਼ੁਦ ਹੀ ਫਿਕਰਮੰਦ ਹੋਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।

08-08-2024

 ਉੱਚ ਜ਼ਿੰਮੇਵਾਰੀ ਭੱਤਾ ਜਾਰੀ ਕਰੇ ਸਰਕਾਰ
ਪੰਜਾਬ ਸਰਕਾਰ ਜਿਥੇ ਤਨਖ਼ਾਹ ਕਮਿਸ਼ਨ ਅਤੇ ਮਹਿੰਗਾਈ ਭੱਤੇ ਦੇ ਲਾਭਾਂ 'ਤੇ ਚੁੱਪ ਵੱਟੀ ਬੈਠੀ ਹੈ, ਉੱਥੇ ਸਿੱਧੀ ਭਰਤੀ ਦੇ ਤਹਿਤ ਸਰਕਾਰੀ ਸਕੂਲਾਂ ਵਿਚ ਭਰਤੀ ਹੋਏ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਨੂੰ ਬਣਦੇ ਹੱਕੀ ਉੱਚ ਜ਼ਿੰਮੇਵਾਰੀ ਭੱਤੇ 'ਤੇ ਵੀ ਜ਼ੁਬਾਨੀ ਰੋਕ ਲਗਾਈ ਗਈ ਹੈ। ਸੀ.ਐਸ.ਆਰ. ਦੇ ਰੂਲਾਂ ਤਹਿਤ ਅਤੇ ਵਿਭਾਗ ਵਲੋਂ ਜਾਰੀ ਹੋਏ ਪੱਤਰਾਂ ਅਨੁਸਾਰ ਸਿੱਧੀ ਭਰਤੀ ਦੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਉਪਰੰਤ ਉੱਚ ਜ਼ਿੰਮੇਵਾਰੀ ਭੱਤਾ ਦੇਣਾ ਬਣਦਾ ਹੈ ਪਰ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਵਿਚ ਅੱਧੇ ਤੋਂ ਵੱਧ ਜ਼ਿਲ੍ਹੇ ਇਹ ਭੱਤਾ ਅਜਿਹੀ ਭਰਤੀ ਦੇ ਮੁਲਾਜ਼ਮਾਂ ਨੂੰ ਦੇ ਰਹੇ ਹਨ ਪਰ ਬਾਕੀ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿਚ ਇਹ ਭੱਤਾ ਨਹੀਂ ਮਿਲ ਰਿਹਾ। ਅਜਿਹੇ ਮੁਲਾਜ਼ਮਾਂ ਨਾਲ ਅਜਿਹਾ ਧੱਕਾ ਕਿਉਂ ਹੋ ਰਿਹਾ ਹੈ। ਇਸ ਤਰ੍ਹਾਂ ਨਾਲ ਇਹ ਮੁਲਾਜ਼ਮ ਆਪਣੇ ਤੋਂ ਬਾਅਦ ਵਿਚ ਭਰਤੀ ਹੋਏ ਮੁਲਾਜ਼ਮਾਂ ਤੋਂ ਵੀ ਘੱਟ ਤਨਖਾਹ ਲੈ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਜ਼ੁਬਾਨੀ ਰੋਕੇ ਗਏ ਭੱਤੇ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਇਸ ਭਰਤੀ ਦੇ ਤਹਿਤ ਭਰਤੀ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।

-ਚਰਨਜੀਤ ਸਿੰਘ
ਸ.ਪ੍ਰਾ.ਸ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਕਿਹੋ ਜਿਹਾ ਸਮਾਂ ਆ ਗਿਆ?
ਜੋ ਅੱਜ-ਕੱਲ੍ਹ ਦੀ ਦੋਸਤੀ ਹੈ, ਉਹ ਮਤਲਬ ਦੀ ਰਹਿ ਚੁੱਕੀ ਹੈ। ਲੋਕ ਦੇਖਦੇ ਹਨ ਕਿ ਇਸ ਬੰਦੇ ਤੋਂ ਮੈਂ ਆਪਣਾ ਕਿਹੜਾ ਕੰਮ ਕਰਾਉਣਾ ਹੈ। ਪਿਆਰ ਦੇ ਬਹਾਨੇ ਤੁਹਾਡੇ ਨੇੜੇ ਆਉਂਦੇ ਹਨ। ਤੁਹਾਡੀ ਪੂਰੀ ਵਰਤੋਂ ਕਰਦੇ ਹਨ, ਜਦੋਂ ਤੁਹਾਡੇ ਤੋਂ ਕੰਮ ਨਿਕਲ ਜਾਂਦਾ ਹੈ, ਫਿਰ ਤੁਹਾਡੀ ਸ਼ਕਲ ਦੇਖਣੀ ਵੀ ਉਹ ਪਸੰਦ ਨਹੀਂ ਕਰਦੇ। ਝੂਠ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਲੋਕਾਂ ਅੰਦਰ ਬਿਲਕੁਲ ਵੀ ਸਹਿਣਸ਼ੀਲਤਾ ਨਹੀਂ ਰਹੀ ਹੈ। ਨਿਮਰਤਾ, ਪ੍ਰੀਤ ਪਿਆਰ ਲੋਕਾਂ ਦੇ ਅੰਦਰ ਬਿਲਕੁਲ ਵੀ ਨਹੀਂ ਰਿਹਾ ਹੈ। ਵੱਡਿਆਂ ਦਾ ਸਤਿਕਾਰ ਘੱਟ ਗਿਆ ਹੈ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਬਜ਼ੁਰਗਾਂ ਦੀ ਬੇਕਦਰੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਘਰ ਵਿਚ ਜੋ ਬਜ਼ੁਰਗ ਵਧੀਆ ਪੈਨਸ਼ਨ ਲੈਂਦੇ ਹਨ, ਉਨ੍ਹਾਂ ਨੂੰ ਘਰ ਵਿਚ ਰਹਿਣ ਲਈ ਥਾਂ ਤੱਕ ਨਹੀਂ ਹੈ। ਹਰ ਰੋਜ਼ ਦੋ-ਚਾਰ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਕਿ ਬਜ਼ੁਰਗਾਂ ਨਾਲ ਉਨ੍ਹਾਂ ਦੇ ਬੱਚੇ ਬਦਸਲੂਕੀ ਕਰ ਰਹੇ ਹਨ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ? ਬਜ਼ੁਰਗਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ, ਪਰ ਅੱਜ ਉਨ੍ਹਾਂ ਦੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਹੈ?

-ਸੰਜੀਵ ਸਿੰਘ ਸੈਣੀ,
ਮੁਹਾਲੀ

ਵਪਾਰੀਆਂ ਨੂੰ ਨੱਥ ਪਾਈ ਜਾਵੇ
ਵਧੀ ਮਹਿੰਗਾਈ ਦਾ ਕਾਰਨ ਅਤੇ ਦੇਸ਼ ਦੇ ਕਈ ਇਲਾਕਿਆਂ ਦੇ ਹੜ੍ਹਾਂ ਦੀ ਮਾਰ ਹੇਠ ਵਿਚ ਆਉਣ ਨਾਲ ਪੰਜਾਬ 'ਚ ਜ਼ਰੂਰੀ ਵਸਤਾਂ ਤੇ ਸਬਜ਼ੀਆਂ ਦੇ ਭਾਅ ਲੋਕਾਂ ਦੇ ਆਮ ਬਜਟ ਤੋਂ ਬਾਹਰ ਹੋ ਗਏ ਹਨ। ਮਹਿੰਗਾਈ ਨੂੰ ਕੰਟਰੋਲ ਕਰਨਾ ਖ਼ਾਸ ਕਰਕੇ ਜ਼ਰੂਰੀ ਵਸਤੂਆਂ, ਸਬਜ਼ੀਆਂ ਆਦਿ ਜੋ ਸਿਖਰਾਂ 'ਤੇ ਪਹੁੰਚ ਗਈਆਂ ਹਨ, ਸਰਕਾਰ ਦੀ ਅਹਿਮ ਜ਼ਿੰਮੇਵਾਰ ਹੁੰਦੀ ਹੈ। ਹਰ ਖਾਣ-ਪੀਣ ਵਾਲੀਆਂ ਜ਼ਰੂਰੀ ਵਸਤੂਆਂ ਦੇ ਮਹਿੰਗੇ ਹੋਣ ਦਾ ਵੱਡਾ ਕਾਰਨ ਸ਼ਾਹੂਕਾਰਾਂ, ਵਪਾਰੀਆਂ ਵਲੋਂ ਵੀ ਵੱਡੀ ਮਾਤਰਾ 'ਤੇ ਸਟੋਰ ਕਰਨਾ ਹੈ। ਇਨ੍ਹਾਂ ਨੂੰ ਨੱਥ ਪਾਉਣ ਲਈ ਸੰਬੰਧਿਤ ਮਹਿਕਮਿਆਂ ਨੂੰ ਸਰਕਾਰ ਵਲੋਂ ਹਦਾਇਤਾਂ ਦੇ ਕੇ ਨੱਥ ਪਾਉਣੀ ਚਾਹੀਦੀ ਹੈ। ਜੇਕਰ ਇਨ੍ਹਾਂ ਕਾਲਾ ਬਾਜ਼ਾਰੀ ਕਰਨ ਵਾਲਿਆਂ 'ਤੇ ਸਖ਼ਤੀ ਕੀਤੀ ਜਾਵੇ ਤਾਂ ਕੀਮਤਾਂ ਦੇ ਭਾਅ ਸਥਿਰ ਹੋ ਸਕਦੇ ਹਨ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ, ਪੰਜਾਬ ਪੁਲਿਸ।

07-08-2024

 ਸਭ ਨੂੰ ਹੱਸ ਕੇ ਮਿਲੋ

ਇਸ ਸੰਸਾਰ ਵਿਚ ਮੌਜੂਦ ਹਰੇਕ ਜੀਵ ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ, ਪਸ਼ੂ ਹੋਵੇ ਜਾਂ ਪੰਛੀ ਹਰ ਕੋਈ ਪਿਆਰ ਦੇ ਮਿੱਠੜੇ ਬੋਲਾਂ ਦਾ ਭੁੱਖਾ ਹੈ। ਕਹਿੰਦੇ ਹਨ ਕਿ ਪਿਆਰ ਦੇ ਬੋਲ ਤਾਂ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਮਿੱਠਜ਼ੇ ਬੋਲ ਬੋਲਣ ਵਾਲਾ ਵਿਅਕਤੀ ਸਭਨਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿਆਰ ਮੁਹੱਬਤ ਦੇ ਹਥਿਆਰ ਸਦਕਾ ਪ੍ਰਜਾ ਦਾ ਦਿਲ ਜਿੱਤਿਆ. ਹਰਮਨ ਪਿਆਰੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਜਨਤਾ ਵਿਚ ਵਿਚਰ ਕੇ ਦੁਖੀਆਂ ਦੇ ਦਰਦ ਵੰਡਾਉਂਦੇ ਸੀ। ਪਿਆਰ ਦੇ ਦੋ ਮਿੱਠੜੇ ਬੋਲ ਤਾਂ ਦੁਖੀਏ ਦਾ ਦਰਦ ਵੀ ਘਟਾ ਦਿੰਦੇ ਹਨ। ਮੰਨਿਆ ਗਿਆ ਹੈ ਕਿ ਸੁੱਖ ਵੰਡਣ ਨਾਲ ਵਧਦੇ ਹਨ ਅਤੇ ਦੁੱਖ ਵੰਡਣ ਨਾਲ ਘਟਦੇ ਹਨ। ਹਮੇਸ਼ਾ ਦੁਖੀ ਬੰਦੇ ਦੇ ਹਮਦਰਦ ਬਣੋ ਅਤੇ ਉਸ ਨੂੰ ਦਿਲਾਸਾ ਦੇਣ ਦਾ ਯਤਨ ਕਰੋ ਕਿਉਂਕਿ ਦੁਖੀ ਵਿਅਕਤੀ ਨੂੰ ਦੁੱਖ ਦੀ ਘੜੀ ਵਿਚ ਮਿਲਿਆ ਸਾਥ ਅਤੇ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਦੁੱਖ ਖ਼ਤਮ ਤਾਂ ਨਹੀਂ ਕਰ ਸਕਦਾ ਪਰ ਦੁੱਖ ਘਟਾ ਜ਼ਰੂਰ ਸਕਦਾ ਹੈ। ਕਿਸੇ ਨੂੰ ਦੁੱਖ ਵਿਚ ਵੇਖ ਕੇ ਖ਼ੁਸ਼ ਨਾ ਹੋਵੋ, ਦੁੱਖ-ਸੁੱਖ ਤਾਂ ਪਰਮਾਤਮਾ ਦੇ ਹੱਥ ਵਸ ਹਨ ਅਤੇ ਸਮੇਂ ਦਾ ਕੋਈ ਮਾਣ ਨਹੀਂ ਕਿਉਂਕਿ ਚੰਗਾ-ਮਾੜਾ ਸਮਾਂ ਤਾਂ ਸਭ 'ਤੇ ਆਉਂਦਾ ਹੈ। ਸੋ, ਪੁੰਨ ਖੱਟਣ ਲਈ ਰੋਜ਼ਾਨਾ ਘੱਟੋ-ਘੱਟ ਕਿਸੇ ਇਕ ਰੋਂਦੇ ਹੋਏ ਵਿਅਕਤੀ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਕਿਉਂਕਿ ਹੌਂਸਲਾ 'ਤੇ ਹਮਦਰਦੀ ਜਿਤਾ ਕੇ ਦੁੱਖੀਏ ਦਾ ਦਰਦ ਘਟਾਉਣਾ ਅਤੇ ਕਿਸੇ ਦੇ ਦਿਲ ਨੂੰ ਖ਼ੁਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਹਮੇਸ਼ਾ ਯਾਦ ਰੱਖੋ ਜਿਹੜਾ ਮਨੁੱਖ ਦੂਜਿਆਂ ਲਈ ਭਲਾ 'ਤੇ ਖ਼ੁਸ਼ੀਆਂ ਮੰਗਦਾ ਹੈ ਰੱਬ ਉਸ ਦੀ ਝੋਲੀ ਕਦੇ ਵੀ ਖ਼ੁਸ਼ੀਆਂ 'ਤੇ ਬਰਕਤਾਂ ਤੋਂ ਵਾਂਝੀ ਨਹੀਂ ਰਹਿਣ ਦਿੰਦਾ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਮੁਫਤ ਸਹੂਲਤਾਂ ਬੰਦ ਹੋਣ

ਪੰਜਾਬ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੀ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਮੁਫਤ ਸਹੂਲਤਾਂ ਦੇ ਗੱਫੇ ਦਿੱਤੇ ਜਾ ਰਹੇ ਹਨ,ਜਿਸ ਦਾ ਉਲਟਾ ਅਸਰ ਸਾਡੀ ਭੋਲੀ-ਭਾਲੀ ਜਨਤਾ ਦੀ ਆਰਥਿਕਤਾ 'ਤੇ ਹੀ ਪੈ ਰਿਹਾ ਹੈ। ਆਮ ਆਦਮੀ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫੀ ਦਿੱਤੀ ਗਈ ਹੈ, ਜਿਸ ਨਾਲ ਜਿੱਥੇ ਬਿਜਲੀ ਮਹਿਕਮਾ ਘਾਟੇ ਵਿੱਚ ਜਾ ਰਿਹਾ ਹੈ ਉਥੇ ਹੀ ਜਨਤਾ ਵੱਲੋਂ ਵੀ ਬਿਜਲੀ ਦੀ ਨਜਾਇਜ਼ ਵਰਤੋਂ ਹੋ ਰਹੀ ਹੈ ਅਤੇ ਇਸ ਦਾ ਖਮਿਆਜ਼ਾ ਦੁਕਾਨਦਾਰਾਂ, ਵਪਾਰਕ ਅਦਾਰਿਆਂ ਅਤੇ ਕਾਰਖਾਨੇਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਵਪਾਰਕ ਅਦਾਰਿਆਂ ਨੂੰ ਬਿਜਲੀ ਬਿੱਲ ਦੁੱਗਣੇ ਲੱਗ ਕੇ ਆ ਰਹੇ ਹਨ। ਸੋ, ਪੰਜਾਬ ਦੀ ਜਨਤਾ ਦੀ ਬੇਨਤੀ ਹੈ ਕਿ ਇਹ ਸਾਰੀਆਂ ਮੁਫਤ ਸਹੂਲਤਾਂ ਨੂੰ ਬੰਦ ਕਰਕੇ ਸਾਰਿਆਂ ਨੂੰ ਬਿਜਲੀ ਯੂਨਿਟ ਦੇ ਰੇਟ ਘਟਾ ਕੇ 3 ਜਾਂ 4 ਰੁਪਏ ਕੀਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਬਿਜਲੀ ਦੀ ਦੁਰਵਰਤੋਂ ਘੱਟ ਹੋਵੇਗੀ, ਇਸ ਤੋਂ ਇਲਾਵਾ ਬਿਜਲੀ ਮਹਿਕਮਾਂ ਵੀ ਸਰਪਲੱਸ ਹੋਵੇਗਾ ਅਤੇ ਸਰਕਾਰ ਦਾ ਖਜ਼ਾਨਾ ਵੀ ਭਰਿਆ ਰਹੇਗਾ। ਇਸ ਤੋਂ ਇਲਾਵਾ ਜਨਾਨੀਆਂ ਲਈ ਮੁਫਤ ਬੱਸ ਸਫਰ ਬੰਦ ਕਰਕੇ ਔਰਤਾਂ ਦੀ ਅੱਧੀ ਟਿਕਟ ਕੀਤੀ ਜਾਵੇ। ਇਸ ਨਾਲ ਤਿੰਨ ਫਾਇਦੇ ਹਨ ਪਹਿਲਾ ਸਰਕਾਰੀ ਟਰਾਂਸਪੋਰਟ ਅਤੇ ਸਰਕਾਰ ਮੁਨਾਫੇ ਵਿੱਚ ਹੋਵੇਗੀ ਅਤੇ ਔਰਤਾਂ ਵੀ ਕੰਮ ਮਤਲਬ ਤੇ ਸੋਚ ਸਮਝ ਕੇ ਬਾਹਰ ਅੰਦਰ ਜਾਣਗੀਆਂ।

-ਮਨਜੀਤ ਪਿਉਰੀ ਗਿੱਦੜਬਾਹਾ।
ਨੇੜੇ ਭਾਰੂ ਗੇਟ ਗਿੱਦੜਬਾਹਾ

06-08-2024

 ਸਿਵਲ ਸੇਵਾ ਪ੍ਰੀਖਿਆ 'ਤੇ ਸਵਾਲੀਆ ਨਿਸ਼ਾਨ

ਮਹਾਰਾਸ਼ਟਰ ਵਿਚ ਟਰੇਨੀ ਆਈ.ਏ.ਐਸ. ਅਧਿਕਾਰੀ ਪੂਜਾ ਖੇਡਕਰ ਦੁਆਰਾ ਫਰਜ਼ੀ ਸਰਟੀਫਿਕੇਟ 'ਤੇ ਨੌਕਰੀ ਹਾਸਿਲ ਕਰਨਾ ਸ਼ਰਮਨਾਕ ਹੈ। ਸਾਲ 2023 ਵਿਚ ਇਸ ਅਧਿਕਾਰੀ ਦੀ ਫਰਜ਼ੀ ਓ.ਬੀ.ਸੀ. ਅਤੇ ਫਰਜ਼ੀ ਸਰੀਰਕ ਅਪੰਗਤਾ ਦੇ ਸਰਟੀਫਿਕੇਟ ਦੁਆਰਾ ਚੋਣ ਹੋਈ ਸੀ, ਜੋ ਕਿ ਯੂ.ਪੀ.ਐਸ.ਸੀ. ਦੀ ਚੋਣ ਪ੍ਰਕਿਰਿਆ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਇਸ ਦੇ ਪਿਤਾ ਇਕ ਸੇਵਾ ਮੁਕਤ ਆਈ.ਏ.ਐਸ. ਅਫ਼ਸਰ ਸਨ ਤੇ ਵਿਧਾਇਕ ਦੀ ਚੋਣ ਵੀ ਲੜ ਚੁੱਕੇ ਹਨ। ਚੋਣ ਲੜਨ ਸਮੇਂ ਆਪਣੀ ਸੰਪਤੀ 30 ਕਰੋੜ ਦੱਸੀ ਸੀ ਅਤੇ ਇਹ ਅਧਿਕਾਰੀ ਵੀ ਜ਼ਮੀਨ, ਫਲੈਟ, ਦੁਕਾਨਾਂ ਤੇ ਸੋਨਾ ਸਮੇਤ 17 ਕਰੋੜ ਦੀ ਮਾਲਕਣ ਹੈ। ਓ.ਬੀ.ਸੀ. ਸਰਟੀਫਿਕੇਟ ਬਣਾਉਣ ਲਈ ਆਮਦਨ 8 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦੋਂ ਕਿ ਇਨ੍ਹਾਂ ਦੀ ਆਮਦਨ ਕਰੋੜਾਂ ਵਿਚ ਹੈ। ਇਹ ਅਧਿਕਾਰੀ ਪ੍ਰੋਬੇਸ਼ਨ ਦੌਰਾਨ ਹੀ ਆਪਣੀ ਨਿੱਜੀ ਔਡੀ ਕਾਰ 'ਤੇ ਲਾਲ ਬੱਤੀ ਲਗਾ ਕੇ ਘੁੰਮਦੀ ਹੈ। ਆਈ.ਏ.ਐਸ. ਅਫ਼ਸਰ ਜਿਨ੍ਹਾਂ ਦੇ ਅਹੁਦੇ ਅੱਗੇ ਹੀ ਸੇਵਾ ਲੱਗਾ ਹੁੰਦਾ ਹੈ। ਉਹ ਲੋਕਾਂ ਦੀ ਕਿੰਨੀ ਕੁ ਸੇਵਾ ਕਰਦੇ ਹਨ, ਸਭ ਨੂੰ ਪਤਾ ਹੈ। ਕੀ ਅਜਿਹੇ ਅਫ਼ਸਰ ਵਿਖਾਵਾ ਕਰਨ ਲਈ ਹੀ ਸਿਵਲ ਸੇਵਾ ਵਿਚ ਆਉਂਦੇ ਹਨ? ਸਰਕਾਰ ਅਫ਼ਸਰਾਂ ਨੂੰ ਪਾਵਰ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਨ ਲਈ ਦਿੰਦੀ ਹੈ ਨਾ ਕਿ ਵਿਖਾਵਾ ਕਰਨ ਲਈ। ਸਭ ਤੋਂ ਖ਼ਤਰਨਾਕ ਰੁਝਾਨ ਜਦੋਂ ਅਜਿਹੇ ਲੋਕ ਰਾਖਵੇਂਕਰਨ ਦਾ ਗ਼ਲਤ ਲਾਭ ਲੈ ਜਾਂਦੇ ਹਨ ਤਾਂ ਅਸਲ ਹੱਕਦਾਰ ਪਿੱਛੇ ਰਹਿ ਜਾਂਦੇ ਹਨ। ਲੱਖਾਂ ਗਰੀਬ ਬੱਚੇ ਜੋ ਕਾਬਲੀਅਤ ਰੱਖਦੇ ਹਨ ਉਨ੍ਹਾਂ ਦੇ ਮਨ 'ਤੇ ਅਜਿਹੀਆਂ ਘਟਨਾਵਾਂ ਨਾਲ ਡੂੰਘੀ ਸੱਟ ਵੱਜਦੀ ਹੈ।

-ਚਰਨਜੀਤ ਸਿੰਘ ਮੁਕਤਸਰ
ਝਬੇਲਵਾਲੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਧ ਰਹੇ ਹਾਦਸੇ

 

ਹਰ ਰੋਜ਼ ਸੜਕ ਹਾਦਸਿਆਂ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਨੌਜਵਾਨ ਵਾਹਨ ਚਲਾਉਣ ਸਮੇਂ ਸਾਵਧਾਨੀ ਨਹੀਂ ਵਰਤਦੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਜੇਕਰ ਅਸੀਂ ਹੌਲੀ ਰਫ਼ਤਾਰ ਨਾਲ ਚੱਲਾਂਗੇ ਤਾਂ ਹਾਦਸਾ ਨਹੀਂ ਵਾਪਰਦਾ। ਓਵਰਟੇਕਿੰਗ ਵੀ ਹਾਦਸੇ ਦਾ ਕਾਰਨ ਬਣਦੀ ਹੈ। ਹਾਦਸਿਆਂ ਨੂੰ ਟਾਲਣ ਵਾਸਤੇ ਸਾਡਾ ਵੀ ਮੁਢਲਾ ਫਰਜ਼ ਬਣਦਾ ਹੈ, ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਫਿਰ ਹਾਦਸਾ ਬਹੁਤ ਘੱਟ ਵਾਪਰੇਗਾ। ਡਿਊਟੀ ਜਾਣ ਵੇਲੇ ਘਰੋਂ 10 ਮਿੰਟ ਪਹਿਲਾਂ ਤੁਰੋ। ਹਮੇਸ਼ਾ ਕਾਹਲ ਹੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਆਉ, ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹਾਦਸਿਆਂ ਨੂੰ ਘੱਟ ਰਕੀਏ। ਇਹ ਜੀਵਨ ਬਹੁਤ ਕੀਮਤੀ ਹੈ। ਇਸ ਨੂੰ ਐਵੇਂ ਹੀ ਹਾਦਸਿਆਂ ਦੇ ਰੂਪ ਵਿਚ ਨਾ ਗੁਆ ਦੇਈਏ। ਜੀਵਨ ਸਾਨੂੰ ਇਕ ਵਾਰ ਮਿਲਦਾ ਹੈ। 'ਕਾਹਲ ਨਾਲੋਂ ਦੇਰ ਚੰਗੀ।' ਸਿਧਾਂਤ ਨੂੰ ਜੀਵਨ ਵਿਚ ਲਾਗੂ ਕਰਕੇ ਹਾਦਸਿਆਂ ਤੋਂ ਮੁਕਤੀ ਪਾਈਏ।

-ਰਾਮ ਸਿੰਘ ਪਾਠਕ।

ਰੀਲ ਨੇ ਲਈ ਜਾਨ

ਨੌਜਵਾਨਾਂ ਵਿਚ ਸੋਸ਼ਲ ਮੀਡੀਆ ਦਾ ਰੁਝਾਨ ਇਸ ਤਰ੍ਹਾਂ ਵਧ ਚੁੱਕਿਆ ਹੈ ਕਿ ਹੁਣ ਕੋਈ ਵੀ ਪ੍ਰੋਗਰਾਮ ਹੋਵੇ ਜਾਂ ਕੋਈ ਵੀ ਸਥਾਨ ਹੋਵੇ, ਸੜਕ ਹੋਵੇ ਜਾਂ ਰੇਲਵੇ ਟਰੈਕ ਹੋਵੇ ਨੌਜਵਾਨ ਆਪਣੀ ਪ੍ਰਸਿੱਧੀ ਵਧਾਉਣ ਅਤੇ ਵਧੇਰੇ ਲਾਈਕ ਪ੍ਰਾਪਤ ਕਰਨ ਲਈ ਰੀਲ੍ਹ ਬਣਾ ਰਹੇ ਹੁੰਦੇ ਹਨ। ਨੌਜਵਾਨਾਂ ਲਈ ਰੋਟੀ ਨਾਲੋਂ ਜ਼ਿਆਦਾ ਜ਼ਰੂਰੀ ਰੀਲ੍ਹ ਬਣਾਉਣਾ ਹੋ ਗਿਆ ਹੈ। ਫਿਰ ਚਾਹੇ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਨੌਜਵਾਨਾਂ ਉੱਪਰ ਰੀਲ੍ਹ ਬਣਾਉਣ ਦਾ ਭੂਤ ਉਨ੍ਹਾਂ ਨੂੰ ਕੁਰਾਹੇ ਪਾ ਕੇ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਵੀ ਧੱਕ ਰਿਹਾ ਹੈ। ਅਜਿਹੀ ਹੀ ਇਕ ਘਟਨਾ ਬੀਤੇ ਦਿਨ ਰੀਲ੍ਹ ਬਣਾਉਣ ਵਿਚ ਮਸਰੂਫ਼ ਅਨਵੀ ਕਾਮਦਾਰ ਨਾਲ ਮਹਾਰਾਸ਼ਟਰ ਵਿਚ ਵਾਪਰੀ, ਜੋ ਰੀਲ੍ਹ ਬਣਾਉਂਦੀ-ਬਣਾਉਂਦੀ ਤਿੰਨ ਸੌ ਫੁੱਟ ਡੂੰਘੀ ਖੱਡ ਵਿਚ ਡਿਗਣ ਕਾਰਨ ਮੌਤ ਦੇ ਮੂੰਹ ਵਿਚ ਚਲੀ ਗਈ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਕੇ ਰਹਿ ਜਾਂਦੀਆਂ ਹਨ। ਘਟਨਾ ਵਾਪਰਦੀ ਹੈ ਉਸ ਦਾ ਅਫ਼ਸੋਸ ਜ਼ਾਹਰ ਕੀਤਾ ਜਾਂਦਾ ਹੈ, ਹੱਲ ਕੋਈ ਨਹੀਂ ਲੱਭਦਾ। ਪ੍ਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਨੌਜਵਾਨਾਂ ਵਿਚ ਵਧ ਰਹੀ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਜ਼ਿਆਦਾਤਰ ਮਾਤਾ-ਪਿਤਾ ਹੀ ਜ਼ਿੰਮੇਵਾਰ ਹੁੰਦੇ ਹਨ। ਜੋ ਬਚਪਨ ਵਿਚ ਹੀ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਫੜਾ ਦਿੰਦੇ ਹਨ। ਹੁਣ ਨੌਜਵਾਨਾਂ ਵਿਚ ਵਧ ਰਹੀ ਸੋਸ਼ਲ ਮੀਡੀਏ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਮਾਤਾ-ਪਿਤਾ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਫ਼ੋਨ ਦੀ ਦੁਰਵਰਤੋਂ ਦੇ ਪ੍ਰਭਾਵਾਂ ਪ੍ਰਤੀ ਨੌਜਵਾਨ ਖ਼ਾਸ ਕਰਕੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਕੀਮਤੀ ਜਾਨ ਬਚਾ ਕੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਬਠਿੰਡਾ

05-08-2024

 ਘਰ ਦਾ ਸ਼ਿੰਗਾਰ ਧੀਆਂ
ਘਰ ਦਾ ਅਸਲੀ ਚਿਰਾਗ ਧੀਆਂ ਹੀ ਹੁੰਦੀਆਂ ਹਨ, ਜੋ ਇਕ ਨਹੀਂ ਬਲਕਿ ਦੋ-ਦੋ ਕੁੱਲਾਂ ਨੂੰ ਰੁਸ਼ਨਾਉਂਦੀਆਂ ਹਨ। ਬਚਪਨ ਤੋਂ ਹੀ ਧੀ ਨੂੰ ਹਰ ਸਮੇਂ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਬੇਗਾਨਾ ਧਨ ਹੈ, ਉਸ ਨੇ ਬੇਗਾਨੇ ਘਰ ਜਾਣਾ ਹੈ। ਉਹੀ ਧੀ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਤੇ ਉੱਥੇ ਉਸ ਨੂੰ ਇਹ ਕਹਿ ਕੇ ਬੇਗਾਨੀ ਕਰ ਦਿੱਤਾ ਜਾਂਦਾ ਹੈ ਕਿ ਉਹ ਬੇਗਾਨੇ ਘਰੋਂ ਆਈ ਹੈ, ਪਰ ਫਿਰ ਵੀ ਉਹ ਧੀ ਆਪਣੇ ਹਰ ਸਾਹ ਨਾਲ ਆਪਣੇ ਪੇਕੇ ਅਤੇ ਸਹੁਰੇ ਦੋਵਾਂ ਘਰਾਂ ਦੀ ਸੁੱਖ ਹੀ ਮੰਗਦੀ ਹੈ। ਧੀਆਂ ਤਾਂ ਉਸ ਘਣਛਾਵੇਂ ਬੂਟੇ ਦੀ ਤਰ੍ਹਾਂ ਹੁੰਦੀਆਂ ਹਨ, ਜੋ ਹਮੇਸ਼ਾ ਠੰਢੀਆਂ ਛਾਵਾਂ ਹੀ ਦਿੰਦਾ ਹੈ। ਜਿਨ੍ਹਾਂ ਘਰਾਂ ਵਿਚ ਧੀਆਂ ਦੇ ਹਾਸੇ ਗੂੰਜਦੇ ਹਨ, ਉਹ ਘਰ ਧਰਤੀ 'ਤੇ ਸਵਰਗ ਹੁੰਦੇ ਹਨ। ਧੀਆਂ ਘਰ ਦੀ ਬਰਕਤ ਹੁੰਦੀਆਂ ਹਨ। ਜਿਸ ਘਰ ਵਿਚ ਧੀ ਨਹੀਂ ਹੁੰਦੀ, ਉਹ ਘਰ, ਘਰ ਨਹੀਂ ਮਕਾਨ ਹੁੰਦਾ ਹੈ। ਧੀਆਂ ਤਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਹਨ. ਅੱਜ ਤਾਂ ਕੁੜੀਆਂ-ਮੁੰਡੀਆਂ ਨਾਲੋਂ ਹਰ ਖੇਤਰ ਵਿਚ ਅੱਗੇ ਹਨ। ਅੱਜ ਦੀ ਨਾਰੀ ਤਾਂ ਚੰਦ ਤੱਕ ਪਹੁੰਚ ਗਈ ਹੈ, ਫਿਰ ਇਹ ਧੀਆਂ-ਪੁੱਤਰਾਂ ਵਾਲਾ ਵਿਤਕਰਾ ਕਿਸ ਲਈ? ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਧੀਆਂ ਪ੍ਰਤੀ ਆਪਣੀ ਸੌੜੀ ਸੋਚ ਨੂੰ ਬਦਲੀਏ ਅਤੇ ਧੀਆਂ ਨੂੰ ਵੀ ਉਹੀ ਪਿਆਰ ਅਤੇ ਸਤਿਕਾਰ ਦੇਈਏ, ਜਿਸ ਦੀਆਂ ਉਹ ਹੱਕਦਾਰ ਹਨ।

-ਰਿੰਕਲ
ਮੁੱਖ ਅਧਿਆਪਕਾ, ਫ਼ਿਰੋਜ਼ਪੁਰ

ਆਓ ਰੁੱਖ ਲਗਾਈਏ
ਕਾਫੀ ਦਿਨਾਂ ਤੋਂ ਹਵਾ ਵਿਚ ਨਮੀ ਤੇ ਮੌਸਮ ਹੁੰਮਸ ਵਾਲਾ ਬਣਿਆ ਹੋਇਆ ਹੈ। ਗਰਮੀ ਤੇ ਪਸੀਨੇ ਨੇ ਸਭ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ। ਜਿੱਧਰ ਵੀ ਜਾਈਏ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਗਰਮੀ ਬਹੁਤ ਹੋ ਗਈ ਹੈ, ਦਮ ਘੁਟਣ ਵਾਲਾ ਆਲਮ ਹੋਇਆ ਪਿਆ ਹੈ। ਸ਼ਾਇਦ ਸਾਰੇ ਇਹ ਵੀ ਜਾਣਦੇ ਹਨ ਕਿ ਇੰਨੀ ਗਰਮੀ ਕਿਉਂ ਹੋ ਰਹੀ ਹੈ, ਕਾਰਨਾਂ ਦਾ ਸਭ ਨੂੰ ਪਤਾ ਹੈ। ਅਸੀਂ ਇਨ੍ਹਾਂ ਕਾਰਨਾਂ ਦੇ ਹੱਲ ਵੱਲ ਵਧਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਹੈ। ਤਕਨਾਲੋਜੀ ਨੇ ਸੁੱਖ ਦੇ ਨਾਲ-ਨਾਲ ਚੁਣੌਤੀਆਂ ਵੀ ਦਿੱਤੀਆਂ ਹਨ। ਅਸੀਂ ਇਨ੍ਹਾਂ ਚੁਣੌਤੀਆਂ ਬਾਰੇ ਕਿੰਨਾ ਕੁ ਸੰਜੀਦਗੀ ਨਾਲ ਸੋਚ ਵਿਚਾਰ ਕਰਦੇ ਹਾਂ, ਬਸ ਮਸਲਾ ਇਹ ਹੀ ਹੈ। ਵਾਤਾਵਰਨ ਵਿਚ ਤਪਸ਼ ਦਿਨ ਪ੍ਰਤੀ ਦਿਨ ਵਧ ਰਹੀ ਹੈ। ਗਲੇਸ਼ੀਅਰ ਪਿਘਲ ਰਹੇ ਹਨ। ਸਮੁੰਦਰੀ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ, ਜੋ ਇਨ੍ਹਾਂ ਦੇ ਕੰਢੇ ਵਸਣ ਵਾਲੇ ਨਗਰਾਂ ਲਈ ਖ਼ਤਰਾ ਬਣ ਰਿਹਾ ਹੈ। ਬਹੁਤੀ ਵਾਰ ਜਾਨੀ ਤੇ ਮਾਲੀ ਨੁਕਸਾਨ ਦਾ ਜੋਖ਼ਮ ਵੀ ਝੱਲਣਾ ਪੈਂਦਾ ਹੈ। ਇਨ੍ਹਾਂ ਜੋਖ਼ਮਾਂ ਨੂੰ ਘੱਟ ਕਰਨ ਲਈ ਘੱਟੋ-ਘੱਟ ਜੋ ਸਾਡੇ ਵਸ ਹੈ ਉਹ ਤਾਂ ਅਸੀਂ ਕਰ ਹੀ ਸਕਦੇ ਹਾਂ ਬਲਕਿ ਸਾਨੂੰ ਕਰਨਾ ਹੀ ਚਾਹੀਦਾ ਹੈ ਕਿ ਆਪਣੇ ਆਲੇ-ਦੁਆਲੇ ਘਰਾਂ, ਖੇਤਾਂ, ਸਾਂਝੀਆਂ ਥਾਵਾਂ, ਸੜਕਾਂ ਦੇ ਕੰਢੇ, ਸੂਇਆਂ ਦੇ ਨਾਲ-ਨਾਲ ਜਿਥੇ ਵੀ ਖਾਲੀ ਥਾਂ ਮਿਲਦੀ ਹੈ ਵੱਧ ਤੋਂ ਵੱਧ ਰੁੱਖ ਲਾਈਏ ਤੇ ਇਨ੍ਹਾਂ ਦੀ ਸੰਭਾਲ ਕਰੀਏ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਵਿਚ ਸ਼ਾਇਦ ਤਪਸ਼ ਨੂੰ ਕੁੱਝ ਘੱਟ ਕਰ ਸਕੀਏ।

-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।

ਹੜ੍ਹਾਂ ਦਾ ਖ਼ਤਰਾ
ਅੱਜ-ਕੱਲ੍ਹ ਹਿਮਾਚਲ 'ਚ ਭਾਰੀ ਮੀਂਹ ਪੈ ਰਹੇ ਹਨ, ਕਈ ਥਾਈਂ ਤਾਂ ਬੱਦਲ ਵੀ ਫਟੇ ਹਨ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵੀ ਕਾਫੀ ਵਧਿਆ ਹੋਇਆ ਹੈ ਅਤੇ ਡੈਮ ਵੀ ਓਵਰਫਲੋ ਹੋਣ ਵਾਲੇ ਹਨ। ਜਿਸ ਕਾਰਨ ਡੈਮਾਂ ਤੋਂ ਪਾਣੀ ਵੀ ਛੱਡਿਆ ਜਾ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਆਉਣ ਵਾਲੇ ਖ਼ਤਰੇ ਤੋਂ ਪਹਿਲਾਂ ਹੀ ਚੌਕੰਨੇ ਹੋ ਜਾਣਾ ਚਾਾਹੀਦਾ ਹੈ। ਪੰਜਾਬ ਦਰਿਆਵਾਂ ਅਤੇ ਨਹਿਰਾਂ ਲਾਗੇ ਰਹਿਣ ਵਾਲੇ ਲੋਕਾਂ ਨੂੰ ਸਾਡੀ ਇਹ ਸਲਾਹ ਵੀ ਹੈ ਕਿ ਉਹ ਸਮਾਂ ਰਹਿੰਦੇ ਉੱਚੀਆਂ ਥਾਵਾਂ 'ਤੇ ਚਲੇ ਜਾਣ। ਤਾ ਕਿ ਵਾਧੂ ਪਾਣੀ ਆਉਣ 'ਤੇ ਜਾਨ-ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋ ਸਕੇ। ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਖ਼ੁਦ ਆਪਣੇ ਅਧਿਕਾਰੀਆਂ ਦੀ ਇਹ ਡਿਊਟੀ ਲਗਾਵੇ ਕਿ ਕੋਈ ਵੀ ਦਰਿਆਵਾਂ ਦੇ ਕੰਢੇ ਨਾ ਜਾਵੇ।

-ਅਸ਼ੀਸ਼ ਸ਼ਰਮਾ ਜਲੰਧਰ।

ਵੱਧ ਤੋਂ ਵੱਧ ਲਗਾਓ ਬੂਟੇ
ਘੱਟ ਰਹੇ ਰੁੱਖਾਂ ਕਾਰਨ ਮੌਸਮ ਸੰਤੁਲਨ ਪੂਰੀ ਤਰ੍ਹਾਂ ਵਿਗੜਿਆ ਹੋਇਆ ਹੈ। ਇਸ ਵਾਰ ਪੈ ਰਹੀ ਗਰਮੀ ਵੀ ਰੁੱਖਾਂ ਦੀ ਘਟੀ ਗਿਣਤੀ ਦਾ ਹੀ ਨਤੀਜਾ ਹੈ। ਮੀਂਹ ਵੀ ਉਮੀਦ ਤੋਂ ਕਿਤੇ ਘੱਟ ਪਏ ਹਨ। ਜੇਕਰ ਅਸੀਂ ਦੇਖੀਏ ਤਾਂ ਰੁੱਖ ਬਚਿਆ ਵੀ ਕਿੱਥੇ ਹੈ। ਰੁੱਖਾਂ ਹੇਠ ਰਕਬਾ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਦਰੱਖਤਾਂ ਦੀ ਕਟਾਈ ਧੜਾਧੜ ਜਾਰੀ ਹੈ। ਹਨੇਰੀ ਝੱਖੜ ਵੀ ਰੁੱਖਾਂ ਨੂੰ ਘਟਾਉਣ ਦਾ ਇਕ ਕਾਰਨ ਬਣਦੀ ਹੈ ਪਰ ਇਹ ਕਾਰਨ ਮਨੁੱਖ ਦੇ ਹੱਥ ਵੱਸ ਨਹੀਂ ਪਰ ਜੋ ਹੱਥ ਵੱਸ ਹੈ ਉਸ ਨੂੰ ਸਾਂਭੀਏ। ਰੁੱਖਾਂ ਨੂੰ ਕੱਟਣ ਤੋਂ ਪਰਹੇਜ਼ ਤਾਂ ਕਰੋ ਹੀ ਸਗੋਂ ਵੱਧੋ-ਵੱਧ ਬੂਟੇ ਵੀ ਲਗਾਓ। ਉਨ੍ਹਾਂ ਦੀ ਸਹੀ ਸਾਂਭ-ਸੰਭਾਲ ਕਰੋ ਤਾਂ ਜੋ ਸਾਡਾ ਵਾਤਾਵਰਨ ਮੁੜ ਤੋਂ ਹਰਿਆ ਭਰਿਆ ਹੋ ਸਕੇ, ਵਿਗੜਦੇ ਮੌਸਮ ਦੇ ਮਿਜਾਜ਼ ਨੂੰ ਸਾਂਭਿਆ ਜਾ ਸਕੇ। ਇਸ ਵਿਚ ਹੀ ਮਨੁੱਖਤਾ ਦੀ ਭਲਾਈ ਹੈ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ,
ਜ਼ਿਲਾ ਲੁਧਿਆਣਾ।

02-08-2024

 ਲੜਾਈ-ਝਗੜੇ

ਪੰਜਾਬ ਵਿਚ ਲੋਕ ਅੱਜ-ਕੱਲ੍ਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ ਹਨ। ਅਸੀਂ ਅਖ਼ਬਾਰਾਂ, ਚੈਨਲਾਂ ਅਤੇ ਲੋਕਾਂ ਤੋਂ ਪੜ੍ਹਦੇ ਸੁਣਦੇ ਤੇ ਦੇਖਦੇ ਹਾਂ ਕਿ ਲੋਕ ਕਿਵੇਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਆਪਣੇ ਗੁੱਸੇ 'ਤੇ ਕਾਬੂ ਨਾ ਰੱਖਣ ਕਰਕੇ ਇਕ ਦੂਜੇ 'ਤੇ ਹਮਲੇ ਕਰ ਕੇ ਗੋਲੀਆਂ ਚਲਾ ਕੇ ਜਾਨ ਲੈਣ ਲਈ ਤਿਆਰ ਹੋ ਜਾਂਦੇ ਹਨ। ਅੱਜ-ਕੱਲ੍ਹ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਕਈ ਵਾਰ ਲੋਕ ਬਹੁਤ ਥੋੜ੍ਹੀ ਜਿਹੀ ਜ਼ਮੀਨ ਦੇ ਝਗੜੇ ਲਈ ਆਪਣੇ ਭਰਾਵਾਂ, ਚਾਚੇ-ਤਾਇਆਂ, ਗੁਆਂਢੀਆਂ ਅਤੇ ਹੋਰ ਰਿਸ਼ਤੇਦਾਰਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਕੁੱਟ ਮਾਰ ਅਤੇ ਉਨ੍ਹਾਂ ਦੇ ਕਤਲ ਤੱਕ ਕਰ ਰਹੇ ਹਨ। ਹਰ ਦਿਨ ਹੀ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਿਵੇਂ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇਕ-ਦੂਜੀ ਧਿਰ ਨੂੰ ਕਤਲ ਅਤੇ ਜ਼ਖ਼ਮੀ ਕਰ ਰਹੇ ਹਨ। ਕਈ ਘਟਨਾਵਾਂ ਵਿਚ ਇਕ-ਦੂਜੀ ਧਿਰ ਵਲੋਂ ਤਿੰਨ-ਤਿੰਨ, ਚਾਰ-ਚਾਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ। ਕਈ ਥਾਵਾਂ 'ਤੇ ਦਿਨ-ਦਿਹਾੜੇ ਪੁਰਾਣੀਆਂ ਦੁਸ਼ਮਣੀਆਂ ਵਾਲੇ ਲੋਕ ਇਕ-ਦੂਜੇ ਨੂੰ ਕੁੱਟ-ਕੁੱਟ ਮਾਰ ਰਹੇ ਹਨ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਵਿਚ ਰੋਜ਼ ਹੀ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਕਿਵੇਂ ਲੋਕ ਗੋਲੀਆਂ ਚਲਾ ਕੇ ਆਪਣਿਆਂ ਦੀ ਹੱਤਿਆ ਕਰ ਰਹੇ ਹਨ। ਰੋਜ਼ਾਨਾ ਹੀ ਕਿਤੇ ਨਾ ਕਿਤੇ ਇਹ ਖ਼ੂਨ ਕਾਂਡ ਵਾਪਰ ਰਹੇ ਹਨ। ਇਨ੍ਹਾਂ ਘਟਨਾਵਾਂ ਰੋਕਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਘਟਨਾਵਾਂ ਨੂੰ ਰੋਕੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਸਹੀ ਫੈਸਲਾ

ਨਾਬਾਲਗ ਵਾਹਨ ਚਲਾਉਂਦਾ ਮਿਲਿਆ ਤਾਂ ਮਾਪਿਆਂ ਨੂੰ ਜੇਲ੍ਹ ਪੱਕੀ। 3 ਸਾਲ ਦੀ ਜੇਲ੍ਹ ਤੋਂ ਇਲਾਵਾ 25000 ਰੁਪਏ ਜੁਰਮਾਨਾ ਹੋਵੇਗਾ। ਇਸ ਬਾਰੇ ਨਵਾਂ ਕਾਨੂੰਨ ਦੇਸ਼ ਭਰ ਵਿਚ ਪਹਿਲੀ ਅਗਸਤ ਤੋਂ ਅਮਲ 'ਚ ਆਵੇਗਾ। ਇਸ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਹਨ। ਰੋਜ਼ਾਨਾ ਇਕ ਮਿੰਟ ਵਿਚ ਕਈ ਮਨੁੱਖੀ ਜਾਨਾਂ ਜਾ ਰਹੀਆਂ ਹਨ। ਪ੍ਰਦੇਸ਼ ਵਿਚ ਹਰ ਸਾਲ ਪੰਜ ਹਜ਼ਾਰ ਤੋਂ ਵੱਧ ਮੌਤਾਂ ਸਿਰਫ਼ ਸੜਕ ਹਾਦਸਿਆਂ ਨਾਲ ਹੋ ਰਹੀਆਂ ਹਨ। ਜਿਸ ਦਾ ਕਾਰਨ ਬੇਤਹਾਸ਼ਾ ਤੇਜ਼ ਰਫ਼ਤਾਰ, ਲਾਪਰਵਾਹੀ ਨਾਲ ਗੱਡੀਆਂ ਚਲਾਉਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ, ਜੋ ਕਾਨੂੰਨ ਅੰਗਰੇਜ਼ ਦੇ ਸਮੇਂ ਦਾ ਬਣਿਆ ਹੈ ਇਸ ਜੁਰਮ ਦੀ ਨਾਂ-ਮਾਤਰ ਇਕ ਦੋ ਸਾਲ 279, 304 ਏ ਆਈ.ਪੀ.ਸੀ. ਵਿਚ ਸਜ਼ਾ ਹੈ। ਹੁਣ ਜੋ ਤਫਤੀਸ਼ੀ ਨੂੰ ਜਦੋਂ ਪਤਾ ਲੱਗਦਾ ਹੈ। ਇਹ ਲਾਪਰਵਾਹੀ ਵਾਲਾ ਐਕਸੀਡੈਂਟ ਕੇਸ ਨਹੀਂ ਹੈ ਜਾਣ-ਬੁਝ ਕੇ ਪਹਿਲੇ ਜਾਣਦੇ ਹੋਏ ਕਿ ਮੇਰੀ ਤੇਜ਼ ਗੱਡੀ ਚਲਾਉਣ ਨਾਲ ਭਾਵੇਂ ਉਹ ਸ਼ਰਾਬ ਪੀ ਕੇ ਚਲਾਈ ਗਈ ਹੈ ਬੰਦਾ ਮਰ ਸਕਦਾ ਹੈ। ਉਸ 'ਤੇ ਦੰਡ ਯੋਗ ਮਨੁੱਖੀ ਹੱਤਿਆ ਦਾ ਪਰਚਾ 304 ਆਈ.ਪੀ.ਸੀ. ਦਾ ਕੀਤਾ ਜਾਂਦਾ ਹੈ। ਕਈ ਮਾਂ-ਪਿਉ ਆਪਣੇ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਗੱਡੀਆਂ ਲੈ ਕੇ ਦੇ ਰਹੇ ਹਨ। ਆਪ ਹੀ ਜਾਚ ਸਿਖਾ ਬੜੇ ਖ਼ੁਸ਼ ਹੁੰਦੇ ਹਨ, ਜਦੋਂ ਉਹ ਰੋਡ 'ਤੇ ਚਲਦੇ ਹਨ ਮੌਤ ਤੋਂ ਅਣਜਾਣ ਫੁੱਲ ਸਪੀਡ ਵਿਚ ਪ੍ਰੈਸ਼ਰ ਹਾਰਨ ਮਾਰ ਗੱਡੀਆਂ ਚਲਾਉਂਦੇ ਹਨ। ਇਹ ਕਾਨੂੰਨ ਪਹਿਲਾਂ ਹੀ ਲਾਗੂ ਹੋਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ। ਇਸ ਕਾਨੂੰਨ ਨਾਲ ਸੜਕ ਹਾਦਸਿਆਂ ਨੂੰ ਠੱਲ੍ਹ ਤਾਂ ਜ਼ਰੂਰ ਪਵੇਗੀ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।

ਬਚਪਨ ਦੀ ਅਮੀਰੀ

ਬਚਪਨ ਦੀ ਅਮੀਰੀ ਵਾਕਿਆ ਹੀ ਕੋਈ ਨਹੀਂ ਭੁੱਲ ਸਕਦਾ। ਹਰੇਕ ਇਨਸਾਨ ਅਕਸਰ ਇਹੀ ਲੋਚਦਾ ਹੈ ਕਿ ਬਚਪਨ ਵਾਪਸ ਆ ਜਾਵੇ ਅਤੇ ਅਸੀਂ ਫਿਰ ਬੱਚੇ ਬਣ ਜਾਈਏ ਅਤੇ ਜ਼ਿੰਦਗੀ ਦੀਆਂ ਤਕਲੀਫ਼ਾ ਤੋਂ ਨਿਜਾਤ ਪਾਈਏ। ਬਚਪਨ ਦੇ ਉਸ ਪੁਰਾਣੇ ਜ਼ਮਾਨੇ ਦੀਆਂ ਖੇਡਾਂ ਨੂੰ ਯਾਦ ਕਰਦਿਆਂ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ 'ਬਚਪਨ ਵਿਚ ਆਪਾਂ ਕਿੰਨੇ ਅਮੀਰ ਸਾਂ' ਦੁਆਰਾ ਜਿਸ ਤਰ੍ਹਾਂ ਸਭ ਦਾ ਬਚਪਨ ਹੀ ਤਾਜ਼ਾ ਕਰ ਦਿੱਤਾ। ਬਚਪਨ ਦੇ ਉਹ ਅਹਿਮ ਪਲ, ਨਿੱਕੀਆਂ-ਨਿੱਕੀਆਂ ਹਰਕਤਾਂ ਅਤੇ ਆਦਤਾਂ ਦਾ ਇੰਨੀ ਬਾਰੀਕੀ ਅਤੇ ਸੰਜੀਦਗੀ ਨਾਲ ਵੇਰਵਾ ਪਾਇਆ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸਭ ਹਰੇਕ ਦੇ ਜੀਵਨ ਵਿਚ ਜ਼ਰੂਰ ਹੀ ਵਾਪਰਿਆ ਹੈ। ਨਾਲ ਹੀ ਮਾਪਿਆਂ ਅਤੇ ਭੈਣ-ਭਰਾਵਾਂ ਦਾ ਰੋਲ ਵੀ ਸਾਹਮਣੇ ਲਿਆਂਦਾ ਹੈ। ਮਾਪਿਆਂ ਪ੍ਰਤੀ ਵੀ ਸਾਕਾਰਾਤਮਿਕ ਰਾਏ ਦਿੱਤੀ ਹੈ ਕਿ ਬੱਚਿਆਂ ਦੇ ਮਾਮਲੇ ਵਿਚ ਜਾਂ ਝਗੜੇ ਵਿਚ ਪੈਣ ਤੋਂ ਉਨ੍ਹਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਸੋ, ਬਚਪਨ ਹਰੇਕ ਤਰ੍ਹਾਂ ਦੇ ਵੈਰ, ਵਿਰੋਧ, ਈਰਖਾ, ਸਾੜੇ ਤੋਂ ਮੁਕਤ ਹੁੰਦਾ ਹੈ ਅਤੇ ਇਨਸਾਨ ਚਾਹ ਕੇ ਵੀ ਆਪਣੇ ਜੀਵਨ ਵਿਚ ਇਸ ਤਰ੍ਹਾਂ ਦਾ ਦੁਬਾਰਾ ਨਹੀਂ ਬਣ ਸਕਦਾ।

-ਦਵਿੰਦਰ ਕੌਰ
ਸ.ਸ. ਅਧਿਆਪਕਾ, ਸਸਸ ਸਕੂਲ ਰੱਲੀ (ਮਾਨਸਾ)

ਕੈਂਸਰ ਤੋਂ ਬਚਾਉਣਾ

ਪਿਛਲੇ ਸਮੇਂ ਵਿਚ ਮਾਲਵਾ ਖੇਤਰ ਵਿਚ ਪੀਣ ਵਾਲੇ ਪਾਣੀ ਦੀ ਕਮੀ ਪਾਈ ਗਈ ਹੈ। ਬੇਥਾਹ ਪਾਣੀ ਦੀ ਵਰਤੋਂ ਕਰ ਕੇ ਅਸੀਂ ਚੰਗਾ ਪਾਣੀ ਗੁਆ ਲਿਆ ਹੈ। ਮਾਲਵਾ ਖੇਤਰ ਵਿਚੋਂ ਪਾਣੀ ਦੇ ਸੈਂਪਲ ਲਏ ਗਏ ਸੀ। ਇਸ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧ ਹੈ। ਇਹ ਪਾਣੀ ਸਾਨੂੰ ਬਿਮਾਰੀਆਂ ਵੰਡ ਰਿਹਾ ਹੈ। ਮਾਲਵਾ ਖੇਤਰ ਵਿਚ ਮੁਕਤਸਰ, ਫਿਰੋਜ਼ਪੁਰ, ਬਠਿੰਡਾ ਸ਼ਾਮਿਲ ਹੈ। ਖ਼ਾਸ ਕਰਕੇ ਵਿਸ਼ੇਸ਼ ਬਠਿੰਡਾ ਜ਼ਿਲੇ ਦੇ ਪਾਣੀ ਵਿਚ ਜ਼ਿਆਦਾ ਯੂਰੇਨੀਅਮ ਹੈ। ਇਸ ਦਾ ਖ਼ਤਰਾ ਭਾਰੀ ਹੈ। ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਇਸ ਮਸਲੇ ਵਿਚ ਹਾਈ ਕੋਰਟ ਨੇ ਸਰਕਾਰ ਨੂੰ ਕੋਈ ਬਦਲ ਲੱਭਣ ਵਾਸਤੇ ਕਿਹਾ ਸੀ। ਪਰ ਮੌਜੂਦਾ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਇਹ ਮਸਲਾ ਬੇਹੱਦ ਗੰਭੀਰ ਹੈ। ਸਰਕਾਰ ਨੂੰ ਇਸ ਪਿੱਛੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।

-ਰਾਮ ਸਿੰਘ ਪਾਠਕ

01-08-2024

 ਵੰਡ ਦੇ ਸਤਾਏ
ਐਤਵਾਰ, 7 ਜੁਲਾਈ ਨੂੰ 'ਅਜੀਤ' ਮੈਗਜ਼ੀਨ ਵਿਚ ਡਾ. ਨਰੇਸ਼ ਦਾ ਲੇਖ 'ਪੰਜਾਬ, ਪੰਜਾਬੀ ਅਤੇ ਪਾਕਿਸਤਾਨ' ਬਹੁਤ ਵਧੀਆ ਲੱਗਾ। ਲੇਖਕ ਨੇ ਸਹੀ ਕਿਹਾ ਹੈ ਕਿ ਸਿਆਸੀ ਸੋਚ ਦੋਵਾਂ ਵਿਛੜੇ ਭਾਈਚਾਰਿਆਂ 'ਚ ਵਖਰੇਵਾਂ ਖੜ੍ਹਾ ਕਰਦੀ ਹੈ। ਪਰ ਸਰਹੱਦ ਦੇ ਆਰ-ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਦੀ ਸਾਂਝ ਪੀੜੀ ਹੈ। ਉਹ ਸਰਹੱਦ ਪਾਰ ਵੱਸਦੇ ਪੰਜਾਬੀਆਂ ਨੂੰ ਗਲਵਕੜੀ ਪਾਉਣ ਨੂੰ ਬਾਹਾਂ ਉਲਾਰ ਇੰਤਜ਼ਾਰ ਕਰਦੇ ਹਨ ਕਿ ਕਦੋਂ ਵਿਛੜੇ ਇਲਾਕੇ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਮਨ ਦੀਆਂ ਹਸਰਤਾਂ ਪੂਰੀਆਂ ਕਰਨ। ਅੱਜ ਵੀ ਪੂਰਬੀ ਤੇ ਪੱਛਮੀ ਪੰਜਾਬ ਦੇ ਉੱਜੜੇ ਲੋਕ ਆਪਣੀ ਜਨਮ ਭੂਮੀ ਨੂੰ ਵੇਖਣ ਲਈ ਤਰਸਦੇ ਹਨ। ਜਦੋਂ ਵੀ ਕੋਈ ਉਧਰੋਂ ਇਧਰ ਜਾਂ ਇਧਰੋਂ ਉਧਰ ਜਾਂਦਾ ਹੈ ਤਾਂ ਆਪਣੇ ਵਿਛੜੇ ਵਤਨ ਅਤੇ ਆਪਣੀ ਜਨਮ ਭੂਮੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਸਾਂਝੇ ਪੰਜਾਬ ਦੀਆਂ ਜੜ੍ਹਾਂ, ਵਿਰਾਸਤ, ਸਾਹਿਤ, ਪੈਗ਼ੰਬਰ ਆਦਿ ਸਾਂਝੇ ਹਨ। ਇਹ ਦੋ ਸਰੀਰ ਤੇ ਇਕ ਜਾਨ ਹਨ। ਇਕ ਦੂਸਰੇ ਦੇ ਸਾਹਾਂ ਵਿਚ ਸਾਹ ਲੈਂਦੇ ਹਨ। ਦੋਨਾਂ ਪਾਸਿਓਂ ਮੁਹੱਬਤ ਦੀਆਂ ਠੰਢੀਆਂ ਤੇ ਨਿੱਘੀਆਂ ਹਵਾਵਾਂ ਆਉਂਦੀਆਂ ਹਨ। ਅੱਜ ਵੀ ਅਸੀਂ ਇੰਤਜ਼ਾਰ ਵਿਚ ਹਾਂ ਕਿ ਕਦ ਇਹ ਸਰਹੱਦੀ ਦੀਵਾਰਾਂ ਖੁੱਲ੍ਹਣ ਤੇ ਅਸੀਂ ਲਾਹੌਰ ਨੂੰ ਹਵਾ ਬਣ ਦੌੜੀਏ ਤੇ ਲਾਹੌਰੀਏ ਅੰਮ੍ਰਿਤਸਰ ਨੂੰ ਹਵਾ ਬਣ ਦੌੜਨ।

-ਹਰਨੰਦ ਸਿੰਘ
ਬੱਲਿਆਂਵਾਲਾ, ਤਰਨਤਾਰਨ

ਕੌਣ ਜ਼ਿੰਮੇਵਾਰ
25 ਜੁਲਾਈ ਨੂੰ ਲਗਭਗ ਸਾਰੀਆਂ ਅਖ਼ਬਾਰਾਂ ਵਿਚ ਇਕ ਖਬਰ ਛਪੀ ਕਿ ਨਵਾਂਸ਼ਹਿਰ ਦੇ ਕੋਲ ਇਕ ਪਿੰਡ ਵਿਚ ਘਰਵਾਲੇ ਦੀ ਸ਼ਰਾਬ ਦੀ ਆਦਤ ਤੋਂ ਤੰਗ ਆ ਕੇ ਪਤਨੀ ਅਤੇ ਬੇਟੀ ਨੇ ਜ਼ਹਿਰ ਖਾ ਲਿਆ। ਪਤਾ ਚੱਲਣ 'ਤੇ ਉਸ ਪਤੀ ਵਲੋਂ ਵੀ ਜ਼ਹਿਰ ਖਾ ਲਿਆ ਗਿਆ। ਗੁਆਂਢੀਆਂ ਨੂੰ ਪਤਾ ਲੱਗਣ 'ਤੇ ਘਰ ਦੇ ਤਿੰਨਾਂ ਜੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਕਿਸੇ ਦੀ ਵੀ ਜਾਨ ਨਹੀਂ ਬਚ ਸਕੀ। ਹੁਣ ਇਨ੍ਹਾਂ ਤਿੰਨਾਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ। ਅਸੀਂ ਪੰਜਾਬ ਵਿਚ ਵਧਦੇ ਨਸ਼ੇ ਤੋਂ ਤਾਂ ਚਿੰਤਿਤ ਹਾਂ, ਪੰਜਾਬ ਸਰਕਾਰ, ਕੇਂਦਰ ਸਰਕਾਰ, ਧਾਰਮਿਕ, ਰਾਜਨੀਤਕ ਸਮਾਜਿਕ ਸੰਸਥਾਵਾਂ ਪੰਜਾਬ ਵਿਚ ਵਧਦੇ ਨਸ਼ੇ 'ਤੇ ਚਿੰਤਾ ਜਾਹਿਰ ਕਰਦੀਆਂ ਰਹਿੰਦੀਆਂ ਹਨ। ਕਿਉਂਕਿ ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਨਾਲ ਲਗਭਗ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਮਰ ਰਿਹਾ ਹੈ ਅਤੇ ਅਸੀਂ ਸਾਰੇ ਸਰਕਾਰ ਨੂੰ ਕਹਿੰਦੇ ਰਹਿੰਦੇ ਹਾਂ ਕਿ ਸਰਕਾਰ ਕੁਝ ਨਹੀਂ ਕਰਦੀ। ਪਰ ਇਹ ਸ਼ਰਾਬ ਤਾਂ ਸਰਕਾਰ ਖ਼ੁਦ ਹੀ ਵੇਚਦੀ ਹੈ ਅਤੇ ਨਾ ਸਿਰਫ਼ ਬੇਚਦੀ ਹੈ ਬਲਕਿ ਪੂਰੀ ਤਰ੍ਹਾਂ ਇਸ ਦੀ ਹਿਮਾਇਤ ਵੀ ਕਰਦੀ ਹੈ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਕੋਈ ਸਮਾਂ ਨਹੀਂ ਹੈ। ਇਹ ਸਵੇਰੇ 6 ਵਜੇ ਖੁੱਲ੍ਹ ਜਾਂਦੇ ਹਨ ਅਤੇ ਰਾਤ ਦੇ 11 ਵਜੇ ਤੱਕ ਵੀ ਖੁੱਲ੍ਹੇ ਰਹਿੰਦੇ ਹਨ। ਦੂਸਰਾ ਜੇਕਰ ਤੁਸੀਂ ਕਿਸੇ ਅਣਜਾਨ ਬਾਜ਼ਾਰ ਵਿਚ ਦੁੱਧ ਲੈਣ ਜਾਣਾ ਹੋਵੇ ਤਾਂ ਤੁਹਾਨੂੰ ਲਗਭਗ 8-10 ਦੁਕਾਨਾਂ ਤੋਂ ਪੁੱਛਣਾ ਪਵੇਗਾ ਕਿ ਦੁੱਧ ਕਿਥੋਂ ਮਿਲੇਗਾ ਪਰ ਇਕ ਵਾਰ ਅੱਡੀਆਂ ਚੁੱਕ ਕੇ ਕਿਸੇ ਵੀ ਬਾਜ਼ਾਰ ਵਿਚ ਦੂਰ ਤੱਕ ਨਿਗ੍ਹਾ ਮਾਰੋ ਜਿਥੇ ਦਰਜਨਾਂ ਬਲਬ ਜਗ ਰਹੇ ਹੋਣਗੇ, ਤੁਹਾਨੂੰ ਉਥੇ ਠੇਕਾ ਜਰੂਰ ਮਿਲ ਜਾਵੇਗਾ। ਹੁਣ ਇਨ੍ਹਾਂ ਮੌਤਾਂ ਬਾਰੇ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ। ਕਿਉਂਕਿ ਸਰਕਾਰ ਦੀ ਮਨਜ਼ੂਰੀ ਨਾਲ ਹੀ ਮਨਜ਼ੂਰਸ਼ੁਦਾ ਠੇਕੇ ਖੁੱਲ੍ਹਦੇ ਹਨ ਤਾਂ ਕਿ ਲੋਕ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਅੱਖਾਂ ਬੰਦ ਹੋਣ ਤੱਕ ਸ਼ਰਾਬ ਜ਼ਰੂਰ ਪੀਣ ਤਾਂ ਜੋ ਸਰਕਾਰ ਦਾ ਮਾਲੀਆ ਵਧਦਾ ਰਹੇ। ਬੰਦਿਆਂ ਦਾ ਤਾਂ ਰੱਬ ਹੀ ਰਾਖਾ ਹੈ।

-ਅਸ਼ੀਸ਼ ਸ਼ਰਮਾ
ਜਲੰਧਰ।

ਪ੍ਰਸੰਸਾਯੋਗ ਲੇਖ
20 ਜੁਲਾਈ, 2024 ਨੂੰ ਰੋਜ਼ਾਨਾ ਅਜੀਤ ਅਖ਼ਬਾਰ ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ, ਜੋ ਕਿ ਸ਼ਲਾਘਾਯੋਗ ਹੈ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ ਅਤੇ ਇਸ ਜਾਗਰੂਕਤਾ ਲਹਿਰ ਨੂੰ ਪੂਰੇ ਦੇਸ਼ ਵਿਚ ਛੇੜੀਏ। ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਉਪਰੰਤ ਸਰੀਰ ਨੂੰ ਸਾੜ ਜਾਂ ਦਫ਼ਨਾ ਕੇ ਮਿੱਟੀ ਹੋ ਜਾਣਾ ਹੈ ਕਿਉਂ ਨਾ ਜਿਊਂਦੇ ਜੀਅ ਆਪਣੀ ਬਾਡੀ (ਮਰਨ ਉਪਰੰਤ) ਦਾਨ ਕਰਨ ਦਾ ਅਹਿਦ ਕਰੀਏ। ਜਿਵੇਂ ਪੂਜਾ ਆਪਣੇ ਅੰਗ ਦਾਨ ਕਰਕੇ ਅਮਰ ਹੋ ਗਏ ਹਨ ਆਪਾਂ ਵੀ ਅੰਗਦਾਨ ਕਰਨ ਦੀ ਮੁਹਿੰਮ ਦਾ ਹਿੱਸਾ ਬਣੀਏ।

-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ, ਦੀਨਾਨਗਰ (ਗੁਰਦਾਸਪੁਰ)

ਬਜਟ ਨੇ ਕੀਤਾ ਨਿਰਾਸ਼
ਕੇਂਦਰੀ ਬਜਟ ਵਿਚ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿਚ ਕੇਂਦਰ ਸਰਕਾਰ ਪ੍ਰਤੀ ਭਾਰੀ ਗੁੱਸਾ ਅਤੇ ਰੋਸ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਮੰਗ ਸੀ ਕਿ ਵਧਦੀ ਮਹਿੰਗਾਈ ਨੂੰ ਦੇਖਦਿਆਂ ਆਮਦਨ ਕਰ ਛੋਟ ਦੀ ਹੱਦ ਘੱਟੋ-ਘੱਟ 10 ਲੱਖ ਰੁਪਏ ਕੀਤੀ ਜਾਵੇ, ਜਦੋਂ ਕਿ ਬਜਟ ਵਿਚ ਇਸ ਪ੍ਰਤੀ ਕੀਤੇ ਗਏ ਐਲਾਨ ਨਾ-ਮਾਤਰ ਹੀ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਸਾਲ 2024 ਤੋਂ ਬਾਅਦ ਭਰਤੀ ਸਰਕਾਰੀ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਵਰਗੇ ਅਹਿਮ ਮੁੱਦੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਅਤੇ ਵਿੱਤ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਬਣਾਈ ਗਈ ਕਮੇਟੀ ਦਾ ਕੇਵਲ ਜ਼ਿਕਰ ਕਰਕੇ ਇਸ ਮੁੱਦੇ ਪ੍ਰਤੀ ਸਰਕਾਰ ਨੇ ਆਪਣੀ ਮਨਸ਼ਾ ਨੂੰ ਜ਼ਾਹਿਰ ਕਰ ਦਿੱਤਾ ਹੈ, ਜਿਸ ਤੋਂ ਦੇਸ਼ ਦੇ 77 ਲੱਖ ਮੁਲਾਜ਼ਮਾਂ ਨੂੰ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਮੋਦੀ ਸਰਕਾਰ ਮੁਲਾਜ਼ਮਾਂ ਦੀ ਬੁਢਾਪੇ ਦੀ ਲਾਠੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਬਿਲਕੁਲ ਵੀ ਗੰਭੀਰ ਨਹੀਂ ਹੈ।

-ਸੁਖਦੀਪ ਸਿੰਘ ਗਿੱਲ,
ਮਾਨਸਾ।

30-07-2024

 ਅਕਾਲੀ ਦਲ ਦੇ ਸੰਕਟ ਲਈ ਜ਼ਿੰਮੇਵਾਰ ਕੌਣ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਸ. ਪ੍ਰਕਾਸ਼ ਸਿੰਘ ਬਾਦਲ ਨੇ 1996 'ਚ ਕੇਂਦਰ 'ਚ ਬਣੀ ਗ਼ੈਰ-ਕਾਂਗਰਸੀ ਵਾਜਪਾਈ (ਭਾਜਪਾ) ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰਕੇ ਵੱਡੀ ਸਿਆਸੀ ਗ਼ਲਤੀ ਕੀਤੀ ਸੀ, ਕਿਉਂਕਿ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਦੀ ਭਾਜਪਾ ਨਾਲ ਨਾ ਤਾਂ ਕੋਈ ਵਿਚਾਰਧਾਰਕ ਸਾਂਝ ਮੇਲ ਖਾਂਦੀ ਸੀ ਅਤੇ ਨਾ ਹੀ ਕੋਈ ਸਿਧਾਂਤਕ ਮੇਲ ਸੀ, ਸਗੋਂ ਇਹ ਚਿੱਟੇ ਦਿਨ ਵਾਂਗ ਸਾਫ ਸੀ ਕਿ ਭਾਜਪਾ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖ਼ਤਰਾ ਹੈ। ਪਰ ਸ. ਬਾਦਲ ਨੇ ਆਪਣੀ ਸੱਤਾ ਦੀ ਭੁੱਖ ਪੂਰੀ ਕਰਨ ਲਈ ਭਾਜਪਾ ਨਾਲ ਗ਼ੈਰ-ਸਿਧਾਂਤਕ ਗੱਠਜੋੜ ਕਰਕੇ ਸਿੱਖ ਧਰਮ ਦਾ ਭਾਰੀ ਨੁਕਸਾਨ ਹੀ ਨਹੀਂ ਕੀਤਾ, ਸਗੋਂ ਭਾਜਪਾ ਦੇ ਪੁਰਾਣੇ ਪਿਛੋਕੜ ਆਰ.ਐਸ.ਐਸ. ਨੂੰ ਇਤਿਹਾਸਕ ਗੁਰਦੁਆਰਿਆਂ 'ਚ ਦਖ਼ਲਅੰਦਾਜ਼ੀ ਕਰਨ ਦੇ ਮੌਕੇ ਦਿੱਤੇ। ਸ. ਬਾਦਲ ਵਲੋਂ ਸੱਤਾ ਭੁੱਖ ਪੂਰੀ ਕਰਨ ਲਈ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੀ ਉਸ ਵੇਲੇ ਕੀਤੀ ਗ਼ਲਤੀ ਦੀ ਬਦੌਲਤ ਅੱਜ ਅਕਾਲੀ ਦਲ ਹਾਸ਼ੀਏ 'ਤੇ ਹੈ। ਭਾਵੇਂ ਹੁਣ ਅਕਾਲੀ ਦਲ ਦੇ ਇਕ ਵੱਡੇ ਧੜੇ ਵਲੋਂ ਬਾਦਲ ਪਰਿਵਾਰ ਦੀ ਅਜ਼ਾਰੇਦਾਰੀ ਖ਼ਤਮ ਕਰਨ ਅਤੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਰਗੇ ਮੁੱਦੇ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋਣ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਪਰ ਕੀ ਵਿਰੋਧੀ ਧੜਾ ਇਹ ਦੱਸੇਗਾ ਕਿ ਉਨ੍ਹਾਂ ਦੇ ਮੂੰਹ ਉਦੋਂ ਕਿਉਂ ਨਾ ਖੁੱਲ੍ਹੇ? ਫਿਰ ਕੀ ਵਿਰੋਧੀ ਵੀ ਉਸ ਗ਼ਲਤੀਆਂ ਕਾਰਨ ਦੇ ਮਾਮਲੇ ਵਿਚ ਸ਼ਾਮਿਲ ਨਹੀਂ? ਅਨਜਾਣੇ 'ਚ ਹੋਈ ਗ਼ਲਤੀ ਅਤੇ ਅਨਜਾਣੇ 'ਚ ਦਿੱਤਾ ਗ਼ਲਤ ਵਿਅਕਤੀ ਦਾ ਸਾਥ ਕਿਸੇ ਹੱਦ ਤੱਕ ਮੁਆਫ਼ੀ ਯੋਗ ਹੋ ਸਕਦਾ ਹੈ ਪਰ ਜਾਣ-ਬੁੱਝ ਕੇ ਮਤਲਬਪ੍ਰਸਤੀ ਅਤੇ ਆਪਣ ਹਿਤ ਪੂਰਨ ਲਈ ਗ਼ਲਤੀਆਂ 'ਚ ਗ਼ਲਤੀ ਕਰਨ ਵਾਲੇ ਦਾ ਸਾਥ ਦੇਣ ਵਾਲੇ ਵੀ ਓਨੇ ਹੀ ਕਸੂਰਵਾਰ ਤੇ ਗੁਨਾਹਗਾਰ ਆਖੇ ਜਾ ਸਕਦੇ ਨੇ, ਜਿੰਨਾ ਗ਼ਲਤੀਆਂ ਕਰਨ ਵਾਲਾ। ਫਿਰ ਕੀ ਹੁਣ ਅਕਾਲੀ ਦਲ ਦਾ ਵਿਰੋਧੀ ਧੜਾ ਅੰਦਰਖਾਤੇ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਨਹੀਂ ਹੋ ਰਿਹਾ? ਵਿਰੋਧੀ ਧੜੇ ਦੀਆਂ ਸਰਗਰਮੀਆਂ ਤੋਂ ਕੀ ਇੰਜ ਨਹੀਂ ਲਗਦਾ ਕਿ ਵਿਰੋਧੀ ਧੜੇ ਦੇ ਕਈ ਬਜ਼ੁਰਗ ਆਗੂ ਆਪਣੀ ਸਿਆਸਤ 'ਚ ਕੁੱਦੀ ਔਲਾਦ ਨੂੰ ਕੇਂਦਰ ਸਰਕਾਰ ਦੀ ਸੱਤਾ 'ਚ ਭਾਈਵਾਲ ਬਣਾਉਣ ਲਈ ਕਾਹਲੇ ਨਹੀਂ ਜਾਪਦੇ?

-ਮਾਨ ਸਿੰਘ ਅਨਪੜ੍ਹ

ਬੇਹੱਦ ਗੰਭੀਰ ਮਸਲਾ
ਅੱਜ-ਕੱਲ੍ਹ ਨੌਕਰੀਆਂ ਅਤੇ ਵੱਡੀਆਂ ਪੜ੍ਹਾਈਆਂ ਜਿਵੇਂ ਡਾਕਟਰੀ, ਆਈ.ਏ.ਐਸ., ਆਈ.ਪੀ.ਐਸ. ਦੇ ਕੋਰਸਾਂ ਤੋਂ ਇਲਾਵਾ ਹੋਰ ਅਲੱਗ-ਅਲੱਗ ਸੂਬਿਆਂ ਵਿਚ ਸਰਕਾਰੀ ਅਤੇ ਅਰਧ-ਸਰਕਾਰੀ ਨੌਕਰੀਆਂ ਲਈ ਸਰਕਾਰਾਂ ਪੇਪਰ ਲੈਂਦੀਆਂ ਹਨ। ਸਾਡੇ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਪੇਪਰਾਂ ਦੀ ਤਿਆਰੀ ਲਈ ਦਿਨ-ਰਾਤ ਇਕ ਕਰ ਕੇ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ। ਨੌਜਵਾਨਾਂ ਦੇ ਮਾਪਿਆਂ ਵਲੋਂ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਉਣ ਲਈ ਬਹੁਤ ਜ਼ਿਆਦਾ ਪੈਸੇ ਖ਼ਰਚ ਕੇ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਪਰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਪਤਾ ਚੱਲਦਾ ਹੈ ਕਿ ਇਹ ਪੇਪਰ ਪਹਿਲਾਂ ਹੀ ਲੀਕ ਹੋ ਚੁੱਕਾ ਹੈ। ਇਨ੍ਹਾਂ ਪੇਪਰਾਂ ਦਾ ਲੀਕ ਹੋਣਾ ਸਾਡੀ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਲਈ ਬਹੁਤ ਹੀ ਜ਼ਿਆਦਾ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ। ਇਸ ਤਰ੍ਹਾਂ ਪੇਪਰ ਲੀਕ ਹੋਣ ਨਾਲ ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਲੱਗਦੀ ਹੈ। ਸਾਡੀ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਜੋ ਲੋਕ ਪੈਸੇ ਦੇ ਲਾਲਚ ਵਿਚ ਆ ਕੇ ਅਜਿਹੇ ਪੇਪਰ ਲੀਕ ਕਰਨ ਦਾ ਕੰਮ ਕਰ ਰਹੇ ਹਨ, ਉਨ੍ਹਾਂ ਗਰੋਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਫਿਰ ਤੋਂ ਕਦੀ ਵੀ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਦੁੱਖ-ਸੁਖ ਦੇ ਸਾਥੀ ਬਣੋ
ਇਸ ਸੰਸਾਰ ਵਿਚ ਮੌਜੂਦ ਹਰੇਕ ਜੀਵ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ, ਪਸ਼ੂ ਹੋਵੇ ਜਾਂ ਪੰਛੀ, ਹਰ ਕੋਈ ਪਿਆਰ ਦੇ ਮਿੱਠੜੇ ਬੋਲਾਂ ਦਾ ਭੁੱਖਾ ਹੈ। ਕਹਿੰਦੇ ਹਨ ਕਿ ਪਿਆਰ ਦੇ ਬੋਲ ਤਾਂ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਮਿੱਠੜੇ ਬੋਲ ਬੋਲਣ ਵਾਲਾ ਵਿਅਕਤੀ ਸਭਨਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿਆਰ- ਮੁਹੱਬਤ ਦੇ ਹਥਿਆਰ ਸਦਕਾ ਪਰਜਾ ਦਾ ਦਿਲ ਜਿੱਤਿਆ। ਹਰਮਨ ਪਿਆਰੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਜਨਤਾ ਵਿਚ ਵਿਚਰ ਕੇ ਦੁਖੀਆਂ ਦੇ ਦਰਦ ਵੰਡਾਉਂਦੇ ਸਨ। ਪਿਆਰ ਦੇ ਦੋ ਮਿੱਠੜੇ ਬੋਲ ਤਾਂ ਦੁਖੀਏ ਦਾ ਦਰਦ ਵੀ ਘਟਾ ਦਿੰਦੇ ਹਨ। ਮੰਨਿਆ ਗਿਆ ਹੈ ਕਿ ਸੁਖ ਵੰਡਣ ਨਾਲ ਵਧਦੇ ਹਨ ਅਤੇ ਦੁੱਖ ਵੰਡਣ ਨਾਲ ਘਟਦੇ ਹਨ। ਹਮੇਸ਼ਾ ਦੁਖੀ ਬੰਦੇ ਦੇ ਹਮਦਰਦ ਬਣੋ ਅਤੇ ਉਸ ਨੂੰ ਦਿਲਾਸਾ ਦੇਣ ਦਾ ਯਤਨ ਕਰੋ, ਕਿਉਂਕਿ ਦੁਖੀ ਵਿਅਕਤੀ ਨੂੰ ਦੁੱਖ ਦੀ ਘੜੀ ਵਿਚ ਮਿਲਿਆ ਸਾਥ ਅਤੇ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਦੁੱਖ ਖ਼ਤਮ ਤਾਂ ਨਹੀਂ ਕਰ ਸਕਦਾ ਪਰ ਦੁੱਖ ਘਟਾ ਜ਼ਰੂਰ ਸਕਦਾ ਹੈ। ਕਿਸੇ ਨੂੰ ਦੁੱਖ ਵਿਚ ਵੇਖ ਕੇ ਖੁਸ਼ ਨਾ ਹੋਵੋ, ਦੁੱਖ-ਸੁਖ ਤਾਂ ਪਰਮਾਤਮਾ ਦੇ ਹੱਥ ਵਸ ਹਨ ਅਤੇ ਸਮੇਂ ਦਾ ਕੋਈ ਮਾਣ ਨਹੀਂ ਕਿਉਂਕਿ ਚੰਗਾ-ਮਾੜਾ ਸਮਾਂ ਤਾਂ ਸਭ 'ਤੇ ਆਉਂਦਾ ਹੈ। ਸੋ, ਪੁੰਨ ਖੱਟਣ ਲਈ ਰੋਜ਼ਾਨਾ ਘੱਟੋ-ਘੱਟ ਕਿਸੇ ਇਕ ਰੌਂਦੇ ਹੋਏ ਵਿਅਕਤੀ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਕਿਉਂਕਿ ਹੌਂਸਲਾ ਤੇ ਹਮਦਰਦੀ ਜਿਤਾ ਕੇ ਦੁਖੀਏ ਦਾ ਦਰਦ ਘਟਾਉਣਾ ਅਤੇ ਕਿਸੇ ਦੇ ਦਿਲ ਨੂੰ ਖ਼ੁਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਹਮੇਸ਼ ਯਾਦ ਰੱਖੋ ਜਿਹੜਾ ਮਨੁੱਖ ਦੂਜਿਆਂ ਲਈ ਭਲਾ ਤੇ ਖ਼ੁਸ਼ੀਆਂ ਮੰਗਦਾ ਹੈ ਰੱਬ ਉਸ ਦੀ ਝੋਲੀ ਕਦੇ ਵੀ ਖ਼ੁਸ਼ੀਆਂ 'ਤੇ ਬਰਕਤਾਂ ਤੋਂ ਵਾਂਝੀ ਨਹੀਂ ਰਹਿਣ ਦਿੰਦਾ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ
ਅਫ਼ਵਾਹਾਂ ਕਈ ਵਾਰ ਸੱਚ ਵੀ ਹੁੰਦੀਆਂ ਹਨ, ਜ਼ਿਆਦਾਤਰ ਝੂਠ ਹੀ ਹੁੰਦੀਆਂ ਹਨ, ਜਦੋਂ ਤੱਕ ਪੂਰੀ ਤਰ੍ਹਾਂ ਸੱਚ ਝੂਠ ਦਾ ਪਤਾ ਨਾ ਲੱਗਦਾ ਹੋਵੇ, ਅੱਗੇ ਨਾ ਵਧੋ। ਕੁਝ ਲੋਕ ਲੜਾਉਣ ਲਈ ਵੀ ਘਰਾਂ ਵਿਚ ਅਫ਼ਵਾਹਾਂ ਫੈਲਾ ਦਿੰਦੇ ਹਨ। ਹਾਥਰਸ ਭਾਜੜ ਵਰਗੀ ਵਾਲੀ ਘਟਨਾ 'ਚ ਕਿੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਕ ਅਫ਼ਵਾਹ ਤਖਤ ਪਲਟ ਸਕਦੀ ਹੈ।
ਪਹਿਲਾਂ ਏਨੀ ਭੀੜ ਵਿਚ ਜਾਣਾ ਨਹੀਂ ਚਾਹੀਦਾ। ਭਾਵਨਾਵਾਂ ਹਰ ਕਿਸੇ ਦੀਆਂ ਹਰ ਧਾਰਮਿਕ ਅਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਹੋ ਜਿਹੀਆਂ ਅਫ਼ਵਾਹਾਂ ਗ਼ਲਤ ਅਨਸਰਾਂ ਵਲੋਂ ਫੈਲਾਏ ਜਾਣਾ ਗ਼ਲਤ ਹੈ, ਇਹੋ ਜਿਹੀ ਘਟਨਾਵਾਂ ਦੇਸ਼ ਦਾ ਅਮਨ ਭੰਗ ਕਰਦੀਆਂ ਹਨ। ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ, ਇਨ੍ਹਾਂ ਗ਼ਲਤ ਅਨਸਰਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਹਾਥਰਸ ਵਾਲੀਆਂ ਘਟਨਾਵਾਂ ਜਨਮ ਦਿੰਦੀਆਂ ਜਾਂ ਲੈਂਦੀਆਂ ਰਹਿੰਦੀਆਂ ਹਨ।

-ਦਵਿੰਦਰ ਕੌਰ ਖ਼ੁਸ਼ ਧਾਲੀਵਾਲ

29-07-2024

 ਅੰਧ-ਵਿਸ਼ਵਾਸ ਦਾ ਬੋਲਬਾਲਾ
ਬੇਸ਼ੱਕ ਭਾਰਤ ਅੱਜ ਚੰਦ 'ਤੇ ਪੁੱਜ ਗਿਆ ਹੈ। ਪਰ ਦੇਸ਼ ਵਿਚ ਅੱਜ ਵੀ 76.32 ਫ਼ੀਸਦੀ ਲੋਕ ਜਾਗਰੂਕਤਾ ਦੀ ਘਾਟ ਕਾਰਨ ਵਹਿਮ-ਭਰਮ ਵਿਚ ਫਸੇ ਹੋਏ ਹਨ। ਦੇਸ਼ ਦੇ ਕਈ ਹਿੱਸੇ ਜਿਵੇਂ ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਅੱਜ ਵੀ ਅੰਧ-ਵਿਸ਼ਵਾਸ ਦੀ ਭਾਵਨਾ ਸਿਖਰ 'ਤੇ ਹੈ। ਪਿਛਲੇ ਦਿਨੀਂ ਲੋਕਾਂ ਦੇ ਅੰਧ-ਵਿਸ਼ਵਾਸ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਫੁਲਰਈ ਪਿੰਡ ਵਿਚ ਇਕ ਧਾਰਮਿਕ ਸਮਾਗਮ 'ਚ ਅਫੜਾ-ਤਫ਼ਰੀ ਕਾਰਨ ਦਰਦਨਾਕ ਘਟਨਾ ਵਾਪਰੀ। ਬਾਬਾ ਸੂਰਜਪਾਲ ਉਰਫ਼ ਸਾਕਾਰ ਵਿਸ਼ਵ ਹਰਿ ਦੇ ਪੈਰਾਂ ਦੀ ਮਿੱਟੀ ਇਕੱਤਰ ਕਰਨ ਦੇ ਚੱਕਰ ਵਿਚ ਲੋਕ ਆਪਣੀ ਹੀ ਜਾਨ ਤੋਂ ਹੱਥ ਧੋ ਬੈਠੇ। ਸਮਾਗਮ ਦੌਰਾਨ ਅੰਧ-ਵਿਸ਼ਵਾਸ ਦੇ ਨਸ਼ੇ ਵਿਚ ਡੁੱਬੇ ਲੋਕਾਂ ਦੀ ਭੀੜ ਏਨੀ ਕੁ ਹੱਦ ਤੱਕ ਵਧ ਗਈ ਕਿ ਲੋਕ ਆਪਸ ਵਿਚ ਇਕ-ਦੂਜੇ ਦੇ ਹੇਠਾਂ ਆ ਕੇ ਹੀ ਦੱਬੇ-ਕੁਚਲੇ ਗਏ ਅਤੇ 123 ਦੇ ਕਰੀਬ ਲੋਕ ਮੌਤ ਦੇ ਮੂੰਹ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਭਾਰਤੀ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਅਤੇ ਅੰਧ-ਵਿਸ਼ਵਾਸ ਦੀ ਭਾਵਨਾ ਦੀ ਗਵਾਹੀ ਭਰਦਾ ਹੈ। ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਭਾਰਤੀਆਂ ਦੀ ਤਰੱਕੀ ਦੇ ਰਾਹ ਵਿਚ ਰੋੜਾ ਹੈ। ਅਜਿਹੀਆਂ ਘਟਨਾਵਾਂ ਭਾਰਤ ਦੀ ਤਸਵੀਰ ਸ਼ਰਮਸਾਰ ਕਰਦੀਆਂ ਹਨ। ਸਰਕਾਰ ਨੂੰ ਅਪੀਲ ਹੈ ਕਿ ਢੌਂਗੀ ਅਤੇ ਪਾਖੰਡੀ ਬਾਬਿਆਂ ਦੇ ਡੇਰਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਲੋਕ ਵਹਿਮ-ਭਰਮ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅੰਧ-ਵਿਸ਼ਵਾਸ ਨੂੰ ਆਪਣੇ ਉਤੇ ਹਾਵੀ ਨਾ ਹੋਣ ਦੇਣ ਅਤੇ ਤਰਕ ਸਦਕਾ ਸਹੀ-ਗ਼ਲਤ ਦੀ ਪਹਿਚਾਣ ਕਰਨ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਆਓ, ਹਰ ਘਰ ਵਿਚ ਬੂਟਾ ਲਾਈਏ
ਪੰਜਾਬ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਇਸ ਦੇ ਕਈ ਕਾਰਨ ਹਨ, ਚਾਹੇ ਫੈਕਟਰੀਆਂ, ਕਾਰਖਾਨਿਆਂ ਦਾ ਧੂੰਆਂ ਹੋਵੇ, ਚਾਹੇ ਫ਼ਸਲਾਂ ਉਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਇਨ੍ਹਾਂ ਸਭ ਕਾਰਨਾਂ ਤੋਂ ਵੀ ਉੱਪਰ ਹੈ, ਪੰਜਾਬ ਦੀ ਧਰਤੀ ਉਤੇ ਰੁੱਖਾਂ ਦਾ ਘਟਨਾ। ਇਕ ਸਮਾਂ ਸੀ, ਜਦੋਂ ਸਾਨੂੰ ਸਾਡੀ ਧਰਤੀ ਵਹਿੰਦੇ ਦਰਿਆਵਾਂ ਦੇ ਨਿਰਮਲ ਪਾਣੀਆਂ ਅਤੇ ਬੇਅੰਤ ਜੰਗਲ ਬੇਲਿਆਂ ਉਤੇ ਮਾਣ ਹੁੰਦਾ ਸੀ ਪਰ ਸਮੇਂ ਦੀ ਮਾਰ ਅਤੇ ਮਨੁੱਖ ਦੇ ਵਧ ਰਹੇ ਲਾਲਚ ਨੇ ਇਹ ਬੇਸ਼ਕੀਮਤੀ ਕੁਦਰਤੀ ਸੌਗਾਤਾਂ, ਸਾਡੇ ਹੱਥੋਂ ਖੁਸਦੀਆਂ ਜਾਂਦੀਆਂ ਨੇ। ਇਹ ਉਹ ਧਰਤੀ ਹੈ, ਜਿਥੇ ਗੁਰੂ-ਪੀਰਾਂ ਨੇ ਰੁੱਖਾਂ ਹੇਠਾਂ ਬੈਠ ਭਗਤੀ ਕੀਤੀ, ਇਨ੍ਹਾਂ ਰੁੱਖਾਂ ਨੂੰ ਪਵਿੱਤਰ ਮੰਨਿਆ ਗਿਆ ਹੈ, ਪਰ ਅੱਜ ਦਾ ਮਨੁੱਖ ਤਰੱਕੀ ਦੀ ਆੜ ਲੈ ਕੇ, ਪੁਰਾਣੇ ਤੋਂ ਪੁਰਾਣੇ ਰੁੱਖਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਰਿਹਾ ਹੈ। ਅਸੀਂ ਹਰ ਕੰਮ ਵਿਚ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਾਂ, ਪਰ ਆਮ ਦੇਖਿਆ ਗਿਆ ਹੈ ਕਿ ਬਾਹਰਲੇ ਮੁਲਕਾਂ ਵਿਚ ਜੇ ਇਕ ਰੁੱਖ ਕੱਟਿਆ ਜਾਂਦਾ ਹੈ ਤਾਂ ਉਸ ਦੀ ਥਾਂ 'ਤੇ ਨਵੇਂ ਰੁੱਖ ਲਾ ਦਿੱਤੇ ਜਾਂਦੇ ਹਨ, ਫਿਰ ਅਸੀਂ ਇਹੋ ਜਿਹੇ ਨੇਕ ਕਾਰਜਾਂ ਵਿਚ ਉਨ੍ਹਾਂ ਦੀ ਰੀਸ ਕਰਨ ਤੋਂ ਗੁਰੇਜ਼ ਕਿਉਂ ਕਰਦੇ ਹਾਂ। ਪੁਰਾਣੇ ਸਮੇਂ ਵਿਚ ਸਾਡੇ ਖੇਤਾਂ ਦੇ ਵੱਟਾਂ ਬੰਨ੍ਹਿਆ ਉਤੇ ਟਾਹਲੀ, ਅੰਬ, ਨਿੰਮ ਆਦਿ ਦੇ ਬੇਸ਼ੁਮਾਰ ਰੁੱਖ ਸਨ, ਪਰ ਫਸਲ ਨੂੰ ਨੁਕਸਾਨ ਹੁੰਦਾ ਹੈ ਦਾ ਬਹਾਨਾ ਲਾ ਕੇ ਰੁੱਖ ਵੱਢਦਿੱਤੇ ਗਏ ਹਨ। ਕੁਝ ਸਮਾਜ ਸੇਵੀ ਸੰਸਥਾਵਾਂ ਸੜਕਾਂ ਦੇ ਕਿਨਾਰਿਆਂ ਉਤੇ ਰੁੱਖ ਲਾ ਰਹੀਆਂ ਨੇ ਪਰ ਸਾਡੇ ਵਲੋਂ ਲਗਾਈਆਂ ਗਈਆਂ ਅੱਗਾਂ ਇਨ੍ਹਾਂ ਰੁੱਖਾਂ ਨੂੰ ਸਾੜ ਕੇ ਨੁਕਸਾਨ ਕਰਦੀਆਂ ਹਨ। ਜੇਕਰ ਪੰਜਾਬ ਨੂੰ ਫਿਰ ਤੋਂ ਖ਼ੁਸ਼ਹਾਲ ਅਤੇ ਹਰਿਆ-ਭਰਿਆ ਦੇਖਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

-ਰਣਜੀਤ ਕੌਰ ਰਤਨ
ਮੁੱਖ ਅਧਿਆਪਕਾ, ਸ. ਅ.ਸ. ਮੀਆਂਵਿੰਡ, ਤਰਨ ਤਾਰਨ।

ਪੰਜਾਬ ਦਾ ਉਜਾੜਾ
ਅੱਜਕਲ੍ਹ ਪਾਣੀ ਦੀ ਘਾਟ ਵਰਗੇ ਗੰਭੀਰ ਵਿਸ਼ੇ 'ਤੇ ਰੋਜ਼ਾਨਾ ਲੇਖ ਪੜ੍ਹਨ ਵਾਸਤੇ ਮਿਲ ਰਹੇ ਹਨ। ਪਾਣੀ ਨਾਲ ਸਾਡਾ ਜੀਵਨ ਜੁੜਿਆ ਹੈ। ਅਸੀਂ ਪਾਣੀ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ, ਪਹਿਲਾਂ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ਅਤੇ ਹੁਣ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦਾ ਲੇਖ ਪੜ੍ਹਿਆ, ਜਿਸ ਵਿਚ ਪਾਣੀ ਖ਼ਤਮ ਹੋਣ ਦੇ ਕਿਨਾਰੇ 'ਤੇ ਆ ਗਿਆ ਹੈ। ਪੰਜਾਬ ਵਿਚ ਝੋਨੇ ਦੀ ਫ਼ਸਲ ਪੰਜਾਬ ਦੇ ਪਾਣੀ ਨੂੰ ਦਿਨੋ-ਦਿਨ ਨਿਗਲ ਰਹੀ ਹੈ। ਸਰਕਾਰਾਂ ਵੀ ਇਸ ਵਿਸ਼ੇ 'ਤੇ ਚੁੱਪ ਧਾਰੀ ਬੈਠੀਆਂ ਹਨ। ਮੁਫ਼ਤ ਬਿਜਲੀ ਦਾ ਲਾਲਚ ਪਾਣੀ ਨੂੰ ਖੋਰਾ ਲਾ ਰਿਹਾ ਹੈ। ਇਸ ਤਰ੍ਹਾਂ ਹੀ ਵਰਤਾਰਾ ਚਲਦਾ ਰਿਹਾ ਤਾਂ ਪਾਣੀ ਦੀ ਕਿੱਲਤ ਆ ਜਾਵੇਗੀ। ਪਾਣੀ ਬਚਾਉਣ ਲਈ ਸਰਕਾਰ ਨੂੰ ਜਲਦੀ ਉਪਰਾਲਾ ਕਰਨਾ ਚਾਹੀਦਾ ਹੈ। ਪਿਛਲੇ ਦਿਨਾਂ ਵਿਚ ਕੁਝ ਜ਼ਿਲ੍ਹਿਆਂ ਨੂੰ ਜਲ ਦੇ ਸੰਕਟ ਵਜੋਂ ਐਲਾਨਿਆ ਗਿਆ ਹੈ। ਖ਼ਤਰੇ ਦੀ ਘੰਟੀ ਵਜ ਗਈ ਹੈ। ਅਸੀਂ ਸਮਝ ਨਹੀਂ ਰਹੇ, ਜੇਕਰ ਅਸੀਂ ਸਮਾਂ ਨਾ ਵਿਚਾਰਿਆ ਤਾਂ ਜ਼ਿੰਦਗੀ ਨੂੰ ਖ਼ਤਰੇ ਵੱਲ ਧੱਕਣ ਲਈ ਮਜਬੂਰ ਹੋਣਾ ਹੋਵਾਂਗੇ। ਸਾਰੇ ਕਿਸਾਨਾਂ ਨੂੰ ਹੋਰ ਫ਼ਸਲਾਂ ਵੀ ਬੀਜਣੀਆਂ ਚਾਹੀਦੀਆਂ ਹਨ। ਜਿਹੜੀਆਂ ਘੱਟ ਤੋਂ ਘੱਟ ਪਾਣੀ ਲੈਂਦੀਆਂ ਹੋਣ, ਇਸ ਨਾਲ ਸਾਡਾ ਜੀਵਨ ਬਚ ਸਕਦਾ ਹੈ। ਕਿਸੇ ਦਿਨ ਸਾਨੂੰ ਪਾਣੀ ਪੀਣ ਜੋਗਾ ਵੀ ਨਹੀਂ ਮਿਲਣਾ।

-ਰਾਮ ਸਿੰਘ ਪਾਠਕ

26-07-2024

 ਅਪਰਾਧੀ ਬੇਖੌਫ਼

'ਅਜੀਤ' ਦੀ ਖਬਰ 'ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ-2 ਨਿਹੰਗ ਗ੍ਰਿਫ਼ਤਾਰ' ਪੜ੍ਹੀ। ਦਿਲ ਬੜਾ ਦੁਖੀ ਹੋਇਆ। ਸੂਬੇ ਵਿਚ ਰੋਜ਼ਾਨਾਂ ਵੱਖ-ਵੱਖ ਜ਼ਿਲ੍ਹਿਆਂ 'ਚ ਲੁੱਟ-ਖਸੁੱਟ, ਕਤਲੋ ਗਾਰਤ, ਫਿਰੌਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਫ਼ੋਨ 'ਤੇ ਧਮਕੀਆਂ ਦੇ ਕੇ ਲੋਕਾਂ ਵਿਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ। ਉਪਰੋਕਤ ਕਾਤਲਾਨਾ ਹਮਲੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਪਰਾਧੀਆਂ ਨੂੰ ਰੱਤੀ ਭਰ ਵੀ ਪੁਲਿਸ ਦਾ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਜਾਨ ਲੇਵਾ ਹਮਲੇ ਕਰ ਰਹੇ ਹਨ। ਲੁਟੇਰੇ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਨਸ਼ਿਆਂ ਦੀ ਬਰਾਮਦਗੀ, ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕਰਦੇ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਹੋ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਅਤੇ ਲਾਅ ਐਂਡ ਆਰਡਰ ਕਾਇਮ ਕਰਨਾ ਹੁੰਦਾ ਹੈ। ਪਰ ਸੂਬਾ ਸਰਕਾਰ ਨਕਾਮ ਰਹੀ ਹੈ। ਪਰ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਕੁੰਵਰ ਵਿਜੈ ਪ੍ਰਤਾਪ ਜੋ 'ਆਪ' ਦੇ ਐਮ.ਐਲ.ਏ. ਹਨ, ਨੂੰ ਗ੍ਰਹਿ ਵਿਭਾਗ ਦੀ ਵਾਗਡੋਰ ਦੇ ਦਿੱਤੀ ਜਾਵੇ, ਜੋ ਅਪਰਾਧੀਆਂ ਦੀਆਂ ਗਤੀਵਿਧੀਆਂ 'ਤੇ ਪੁਲਿਸ ਦੀ ਕਾਰਜਸ਼ੈਲੀ ਬਾਰੇ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਅਪਰਾਧੀ ਦੂਸਰੇ ਰਾਜਾਂ 'ਚ ਚਲੇ ਗਏ ਸਨ। ਹੁਣ ਵੇਲਾ ਆ ਗਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ। ਪੁਲਿਸ ਨੂੰ ਰਾਜਨੀਤੀ ਤੋਂ ਆਜ਼ਾਦ ਕਰ ਜਵਾਬਦੇਹ ਬਣਾਇਆ ਜਾਵੇ, ਜੇਕਰ ਫਿਰ ਵੀ ਖਾਕੀ ਤੇ ਖਾਦੀ ਦੀ ਮਿਲੀਭੁਗਤ ਸਾਹਮਣੇ ਆਵੇ ਤਾਂ ਸਖ਼ਤ ਕਾਨੂੰਨ ਬਣਾ ਸਜ਼ਾਵਾਂ ਦਿਵਾਈਆਂ ਜਾਣ। ਕਾਨੂੰਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ। ਇਸ ਵਿਚ ਸੋਧ ਕਰ ਸਖ਼ਤ ਕਾਨੂੰਨ ਸਦਨ ਵਿਚ ਬਣਾਇਆ ਜਾਵੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਨਵੇਂ ਅਪਰਾਧਿਕ ਕਾਨੂੰਨ

ਪਿਛਲੇ ਦਿਨੀਂ (12 ਜੁਲਾਈ) ਦੇ 'ਅਜੀਤ' ਦੇ ਕਾਲਮ 'ਸਰਗੋਸ਼ੀਆਂ' ਤਹਿਤ ਹਰਜਿੰਦਰ ਸਿੰਘ ਲਾਲ ਵਲੋਂ ਲਿਖੇ ਗਏ ਲੇਖ 'ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਸਰਕਾਰ' ਪੜ੍ਹਿਆ। ਦੇਸ਼ 'ਚ ਪਹਿਲੀ ਜੁਲਾਈ ਤੋਂ ਲਾਗੂ ਹੋਏ ਨਵੇਂ ਤਿੰਨ ਅਪਰਾਧਿਕ ਕਾਨੂੰਨਾਂ ਸੰਬੰਧੀ ਕਈ ਹਾਂ ਪੱਖੀ ਅਤੇ ਕਈ ਨਾਂਹ ਪੱਖੀ ਪ੍ਰਤੀਕਿਰਿਆਵਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ। ਪਰ ਸਮੇਂ ਦੇ ਬਦਲਾਅ ਅਨੁਸਾਰ ਇਨ੍ਹਾਂ ਕਾਨੂੰਨਾਂ ਦਾ ਬਦਲਣਾ ਸਹੀ ਹੈ। ਪਰ ਇਨ੍ਹਾਂ 'ਚ ਜੋ ਵੀ ਕਮੀਆਂ ਸਾਹਮਣੇ ਆ ਰਹੀਆ ਹਨ ਉਨ੍ਹਾਂ ਨੂੰ ਮਾਹਿਰਾਂ ਦੀ ਸਲਾਹ ਨਾਲ ਬਦਲਣਾ ਵੀ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਕਾਨੂੰਨਾਂ 'ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਇਸ 'ਚ ਪੁਲਿਸ ਦੀਆਂ ਸ਼ਕਤੀਆਂ ਵਿਚ ਪਹਿਲਾਂ ਨਾਲੋਂ ਵੱਡਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪੁਲਿਸ ਵਲੋਂ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਰਨ ਤੋਂ ਇਲਾਵਾ ਰਿਸ਼ਵਤਖੋਰੀ ਦੇ ਵਧਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਸਭ ਤੋਂ ਅਹਿਮ ਮੁੱਦਾ ਇਹ ਹੈ ਕਿ ਪੁਲਿਸ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਅਤੇ 90 ਦਿਨ ਤੱਕ ਹਿਰਾਸਤ ਵਿਚ ਰੱਖਣ ਦੀ ਅਧਿਕਾਰੀ ਬਣ ਗਈ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਨਵੇਂ ਕਾਨੂੰਨਾਂ ਵਿਚ ਜੋ ਵੀ ਇਤਰਾਜ਼ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਜਲਦੀ ਦੂਰ ਕਰੇ।

-ਇੰਜੀ: ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।

ਸਾਡੇ ਫ਼ੌਜੀ 'ਜ਼ਿੰਦਾਬਾਦ'

ਪਿਛਲੇ ਦਿਨੀਂ (16 ਜੁਲਾਈ) ਜੰਮੂ ਦੇ ਡੋਡਾ ਜ਼ਿਲ੍ਹੇ ਦੇ ਜੰਗਲਾਂ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਭਾਰਤੀ ਫ਼ੌਜ ਦਾ ਇਕ ਕੈਪਟਨ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਵਰਨਣਯੋਗ ਹੈ ਕਿ ਸ਼ਹੀਦ ਕੈਪਟਨ ਬ੍ਰਿਜੇਸ਼ ਥਾਪਾ ਦੀ ਮਾਤਾ ਨੀਲਿਮਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਅਤੇ ਸ਼ਾਂਤ ਲਹਿਜ਼ੇ ਵਿਚ ਬਿਲਕੁਲ ਠੀਕ ਕਿਹਾ ਕਿ ਇਹ ਦੇਸ਼ ਦੀਆਂ ਸਰਹੱਦਾਂ 'ਤੇ ਭਾਰਤੀ ਫ਼ੌਜ ਦੇ ਜਵਾਨ ਹੀ ਹਨ, ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਦੇਸ਼ ਦੇ ਨਾਗਰਿਕ ਸੁਰੱਖਿਅਤ ਹਨ। ਉਸ ਦੇ ਪਿਤਾ, ਸੇਵਾਮੁਕਤ ਸੈਨਾ ਅਧਿਕਾਰੀ ਕਰਨਲ ਭੁਵਨੇਸ਼ ਥਾਪਾ ਨੇ ਦਲੇਰੀ ਨਾਲ ਆਪਣੀਆਂ ਪ੍ਰੇਰਨਾਦਾਇਕ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਕਿਹਾ, 'ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ', ਸਤਿਕਾਰਯੋਗ ਥਾਪਾ ਪਰਿਵਾਰ ਇਕ ਦੇਸ਼ ਵਜੋਂ ਸਾਨੂੰ ਤੁਹਾਡੇ ਸ਼ਹੀਦ ਪੁੱਤਰ ਕੈਪਟਨ ਬ੍ਰਿਜੇਸ਼ ਥਾਪਾ ਅਤੇ ਤੁਹਾਡੇ ਦੋਵਾਂ 'ਤੇ ਮਾਣ ਹੈ। ਬੇਸ਼ੱਕ, ਅਸੀਂ ਆਪਣੀ ਗਹਿਰੀ ਅਤੇ ਸੁਰੱਖਿਅਤ ਨੀਂਦ ਲਈ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੇ ਦੇਣਦਾਰ ਹਾਂ। ਸਾਡੇ ਫ਼ੌਜੀ 'ਜ਼ਿੰਦਾਬਾਦ।'

-ਇੰਜ. ਕ੍ਰਿਸ਼ਨ ਕਾਂਤ ਸੂਦ, ਨੰਗਲ।

25-07-2024

 ਹਾਕੀ ਲਈ ਸ਼ੁੱਭਕਾਮਨਾਵਾਂ

ਹਾਕੀ ਸਾਡੀ ਰਾਸ਼ਟਰੀ ਖੇਡ ਹੈ, ਇਸ ਵਿਚ ਰੁਚੀ ਹੋਣਾ ਸੁਭਾਵਿਕ ਹੈ, ਬਾਕੀ ਸਾਡਾ 'ਹਾਕੀ ਇਤਿਹਾਸ' ਵੀ ਗੌਰਵਸ਼ਾਲੀ ਹੈ। 33ਵੀਆਂ ਉਲੰਪਿਕ ਖੇਡਾਂ ਜੋ ਇਸ ਵਾਰ ਪੈਰਿਸ (ਫਰਾਂਸ) ਵਿਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਜਾ ਰਹੀਆਂ ਹਨ, ਉਸ ਵਿਚ ਭਾਗ ਲੈਣ ਲਈ ਇਕ ਵੱਡਾ 'ਖੇਡ ਦਲ' ਭਾਰਤ ਵਲੋਂ ਪਹੁੰਚਿਆ ਹੈ। ਜਿਨ੍ਹਾਂ ਵਿਚੋਂ ਅਹਿਮ ਹੈ 'ਭਾਰਤੀ ਹਾਕੀ' ਜਿਸ ਤੋਂ ਵੱਡੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ , ਕਿਉਂਕਿ ਇਸ ਟੀਮ ਵਿਚ ਇਸ ਵਾਰ ਦਸ ਖਿਡਾਰੀ ਪੰਜਾਬ ਦੇ ਖੇਡਣਗੇ। ਜੋ ਪੰਜਾਬ ਲਈ ਫਖਰ ਵਾਲੀ ਗੱਲ ਹੈ। 2020 ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਨੇ ਲੰਮੇ ਅਰਸੇ ਮਗਰੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ 'ਭਾਰਤੀ ਹਾਕੀ' ਆਪਣੇ ਤਗਮੇ ਦਾ ਰੰਗ ਬਦਲਣ ਲਈ ਜ਼ੋਰ ਅਜ਼ਮਾਇਸ਼ ਕਰੇਗੀ, ਪਰ ਉਸ ਦੇ ਲਈ ਉਸ ਨੂੰ ਬੇਹੱਦ ਔਖੇ 'ਪੂਲ' 'ਚੋਂ ਉਪਰ ਜਾਣ ਲਈ 'ਅਗਨੀ ਪ੍ਰੀਖਿਆ' ਦੇਣੀ ਹੋਵੇਗੀ। 27 ਜੁਲਾਈ ਨੂੰ ਭਾਰਤ ਨਿਊਜ਼ੀਲੈਂਡ ਨਾਲ ਆਪਣਾ ਪਹਿਲਾ ਮੈਚ ਖੇਡੇਗਾ। ਨਿਊਜ਼ੀਲੈਂਡ ਵਿਚ ਹਾਕੀ ਦਾ ਕਰੇਜ਼ ਸਾਥੋਂ ਵੱਧ ਹੈ। ਇਕ ਸਮਾਂ ਨਿਊਜ਼ੀਲੈਂਡ ਵਿਚ ਅਜਿਹਾ ਸੀ ਕਿ ਉਥੋਂ ਦੇ ਲੋਕਾਂ ਨੇ ਹਾਕੀ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਤੱਕ ਵੇਚਣ ਦਾ ਅਹਿਦ ਲਿਆ। 29 ਨੂੰ ਭਾਰਤ ਹਾਕੀ ਜਗਤ ਦੀ ਸਭ ਤੋਂ ਵੱਡੀ ਤੋਪ ਅਰਜਨਟੀਨਾ ਨਾਲ ਲੋਹਾ ਲਵੇਗੀ। ਇਕ ਅਗਸਤ ਨੂੰ ਬੈਲਜੀਅਮ ਨਾਲ ਅੰਕਾਂ ਦੇ ਆਧਾਰ 'ਤੇ ਕੁਆਰਟਰ ਫਾਈਨਲ ਲਈ ਟੀਮਾਂ ਅੱਗੇ ਜਾਣਗੀਆਂ। ਸੋ, ਭਾਰਤੀ ਹਾਕੀ ਲਈ ਸ਼ੁੱਭਕਾਮਨਾਵਾਂ ਹਨ, ਜਿਸ ਤੋਂ ਤਗਮੇ ਦੀਆਂ ਵੱਡੀਆਂ ਉਮੀਦਾਂ ਹਨ। ਇਕ ਵਾਰ ਫਿਰ ਇਤਿਹਾਸ ਦੁਹਰਾਇਆ ਜਾਵੇਗਾ, ਜਦ ਜੂੜਿਆਂ ਵਾਲੇ ਪੰਜਾਬੀ ਆਪਣਾ ਪਸੀਨਾ ਭਾਰਤ ਦੀ ਆਨ ਤੇ ਸ਼ਾਨ ਲਈ ਵਹਾਉਣਗੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਰਾਏਕੋਟ, ਲੁਧਿਆਣਾ।

ਸਫਲਤਾ ਪ੍ਰਾਪਤੀ ਦੇ ਭੇਤ

ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਕਿਸੇ ਵੀ ਟੀਚੇ ਦਾ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਉਸ ਟੀਚੇ 'ਤੇ ਪਹੁੰਚਣ ਲਈ ਇਨਸਾਨ ਲਗਾਤਾਰ ਮਿਹਨਤ ਕਰਦਾ ਰਹਿੰਦਾ ਹੈ। ਬਹੁਤ ਵਾਰ ਅਸਫਲਤਾ ਵੀ ਮਿਲਦੀ ਹੈ। ਸਫਲ ਨਾ ਹੋਣ ਕਾਰਨ ਇਨਸਾਨ ਦੁੱਖ, ਬੇਚੈਨੀ ਮਹਿਸੂਸ ਕਰਦਾ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ। ਸਾਨੂੰ ਸਫਲ ਹੋਏ ਇਨਸਾਨਾਂ ਦੀ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਖਿਰ ਆਪਣੇ ਟੀਚੇ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ। ਅਜਿਹੀਆਂ ਮਿਸਾਲਾਂ ਸਾਨੂੰ ਹਮੇਸ਼ਾ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹਿੰਦੀਆਂ ਹਨ। ਸਫਲਤਾ ਦਾ ਰਾਹ ਕਦੇ ਵੀ ਸਰਲ ਅਤੇ ਸਿੱਧਾ ਨਹੀਂ ਹੁੰਦਾ। ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਹੁੰਦੀ। ਨਾਂਹ-ਪੱਖੀ ਵਿਚਾਰਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਮੁਕਾਬਲੇ ਦੀ ਪ੍ਰੀਖਿਆ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸਫਲਤਾ ਸਾਨੂੰ ਸਾਡੀ ਗ਼ਲਤੀਆਂ ਤੋਂ ਜਾਣੂ ਕਰਵਾਉਂਦੀ ਹੈ। ਇਬਰਾਹਮ ਲਿੰਕਨ ਦਾ ਬਚਪਨ ਅਥਾਹ ਗਰੀਬੀ ਵਿਚ ਬੀਤਿਆ। ਮਜ਼ਬੂਤ ਇਰਾਦੇ ਨਾਲ ਉਸ ਨੇ ਇਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਹਾਸਿਲ ਕੀਤਾ। ਮਜ਼ਬੂਤ ਇਰਾਦੇ, ਸਾਕਾਰਾਤਮਿਕ ਸੋਚ ਨਾਲ ਤੁਸੀਂ ਅਸਫਲਤਾਵਾਂ ਨੂੰ ਵੀ ਸਫਲਤਾ ਵਿਚ ਬਦਲ ਸਕਦੇ ਹੋ। ਟੀਚਾ ਮਿੱਥ ਕੇ ਹੀ ਉਸ ਨੂੰ ਅਭਿਆਸ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਪ੍ਰਸੰਸਾਯੋਗ ਲੇਖ

ਪਿਛਲੇ ਦਿਨੀਂ (20 ਜੁਲਾਈ) ਨੂੰ 'ਅਜੀਤ' ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਅਨੰਦ ਆਇਆ ਅਤੇ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ ਜੋ ਕਿ ਸ਼ਲਾਘਾਯੋਗ ਹੈ। ਮੈਡਮ ਪੂਜਾ ਅਰੋੜਾ ਤਾਂ ਦਿਮਾਗੀ ਤੌਰ 'ਤੇ ਬਿਮਾਰ ਹੀ ਸਨ, ਪਰ ਉਨ੍ਹਾਂ ਦੇ ਅੰਗ ਦਾਨ ਨਾਲ ਕਰਨ ਨਾਲ ਘੱਟੋ-ਘੱਟ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। ਜਿਨ੍ਹਾਂ ਮਰੀਜ਼ਾਂ ਨੂੰ ਅੰਗ ਦਾਨ ਕੀਤੇ ਗਏ ਹਨ, ਉਹ ਵਿਅਕਤੀ ਜਦ ਤੱਕ ਜਿਊਂਦੇ ਰਹਿਣਗੇ, ਤਦ ਤੱਕ ਪੂਜਾ ਅਰੋੜਾ ਜਿਊਂਦੀ ਰਹੇਗੀ। ਜਿਨ੍ਹਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਉਨ੍ਹਾਂ ਨੂੰ ਵੀ ਪੂਜਾ ਅਰੋੜਾ ਦੇ ਪਰਿਵਾਰ ਦਾ ਰਿਣੀ ਰਹਿਣਾ ਚਾਹੀਦਾ ਹੈ। ਇਸ ਲੇਖ ਤੋਂ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲੇਗੀ ਅਤੇ ਹੋਰ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ।

-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।

24-07-2024

 ਕਦੋਂ ਬੰਦ ਹੋਣਗੇ ਬਾਲਾਂ 'ਤੇ ਜ਼ੁਲਮ

ਪੰਜਾਬ ਦੇ ਸ਼ਹਿਰਾਂ, ਬਾਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ 'ਤੇ ਭੀਖ ਮੰਗਦੇ ਬੱਚੇ ਅਕਸਰ ਦੇਖਣ ਨੂੰ ਮਿਲਦੇ ਹਨ, ਜਦਕਿ ਇਨ੍ਹਾਂ ਦੀ ਉਮਰ ਖੇਡਣ, ਮੌਜਮਸਤੀ ਮਾਨਣ ਅਤੇ ਪੜ੍ਹਾਈ ਕਰਨ ਦੀ ਹੁੰਦੀ ਹੈ, ਪਰ ਇਨ੍ਹਾਂ ਬੱਚਿਆਂ ਨੇ ਕਦੇ ਸਕੂਲ ਅੰਦਰ ਪੈਰ ਧਰ ਕੇ ਨਹੀਂ ਦੇਖਿਆ ਹੁੰਦਾ, ਪੜ੍ਹਾਈ ਹਾਸਿਲ ਕਰਨੀ ਤਾਂ ਇਨ੍ਹਾਂ ਲਈ ਬੜੀ ਦੂਰ ਦੀ ਗੱਲ ਹੈ। 10 ਤੋਂ 15 ਸਾਲ ਦੀ ਉਮਰ ਵਾਲੇ ਬੱਚੇ ਮੋਢਿਆਂ ਪਿਛੇ ਬੋਰੀਆਂ ਲਟਕਾਈ, ਕੂੜੇ-ਕਰਕਟ ਦੇ ਢੇਰਾਂ 'ਚੋਂ ਕਾਗਜ਼ ਆਦਿ ਚੁਗਦੇ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਬਾਲ ਮਜ਼ਦੂਰੀ ਖਤਮ ਕਰਨ ਦੀਆਂ ਬਿਆਨਬਾਜ਼ੀਆਂ ਚਿਰਾਂ ਤੋਂ ਛਪ ਰਹੀਆਂ ਹਨ ਪਰ ਬਾਲ ਮਜ਼ਦੂਰੀ ਉਸੇ ਤਰ੍ਹਾਂ ਹੋ ਰਹੀ ਹੈ। ਕਈ ਔਰਤਾਂ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਗੋਦੀ ਚੁੱਕ ਕੇ ਉਨ੍ਹਾਂ ਦੇ ਨਾਂਅ 'ਤੇ ਪੈਸੇ ਲੈਣ ਲਈ ਲੋਕਾਂ ਮੂਹਰੇ ਹੱਥ ਅੱਡਦੀਆਂ ਹਨ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ 'ਕਿਉਂ ਨਹੀਂ ਅਜਿਹੇ ਬੱਚਿਆਂ ਬਾਰੇ ਸਖ਼ਤ ਨੋਟਿਸ ਲੈ ਰਿਹਾ? ਉਹ ਕੀ ਡਿਊਟੀ ਨਿਭਾਅ ਰਿਹਾ ਹੈ? ਉਹ ਕਿਸ ਡਿਊਟੀ ਬਦਲੇ ਸਰਕਾਰੀ ਸਹੂਲਤਾਂ ਅਤੇ ਮੋਟੀਆਂ ਤਨਖਾਹਾਂ ਲੈ ਰਿਹਾ ਹੈ? ਕੀ ਇਸ ਕਮਿਸ਼ਨ ਨੇ ਤਨਦੇਹੀ ਨਾਲ ਅਜਿਹੇ ਬੱਚਿਆਂ ਬਾਰੇ ਪੜਤਾਲ ਕੀਤੀ ਹੈ ਕਿ ਉਹ ਕਿਹੜੀ ਮਜਬੂਰੀਵੱਸ ਮਜ਼ਦੂਰੀ ਕਰ ਰਹੇ ਹਨ, ਲੋਕਾਂ ਤੋਂ ਲੇਲ੍ਹੜੀਆਂ ਕੱਢ-ਕੱਢ ਪੈਸਿਆਂ ਦੀ ਭੀਖ ਮੰਗ ਰਹੇ ਹਨ। ਪੜਤਾਲ ਅਨੁਸਾਰ ਜੇਕਰ ਅਜਿਹੇ ਬੱਚਿਆਂ ਦੇ ਮਾਪੇ ਜਾਣ-ਬੁੱਝ ਕੇ ਆਪਣੇ ਬੱਚਿਆਂ ਪਾਸੋਂ ਇਹ ਕੰਮ ਕਰਵਾ ਰਹੇ ਹਨ ਤਾਂ ਉਨ੍ਹਾਂ ਵਿਰੁੱਧ ਬਣਦਾ ਕਾਨੂੰਨ ਵਰਤ ਕੇ, ਬੱਚਿਆਂ ਨੂੰ ਸਕੂਲ ਪੜ੍ਹਨੇ ਕਿਉਂ ਨਹੀਂ ਪਾਇਆ ਜਾ ਰਿਹਾ? ਜੇਕਰ ਕਿਸੇ ਘਰ ਵਿਚ ਹਾਲਾਤ ਹੀ ਐਸੇ ਹਨ ਕਿ ਉਨ੍ਹਾਂ ਦਾ ਬੱਚਾ ਮਜਬੂਰੀਵੱਸ ਮਜ਼ਦੂਰੀ ਜਾਂ ਭੀਖ ਮੰਗਦਾ ਹੈ ਤਾਂ ਸਰਕਾਰਾਂ ਅਜਿਹੇ ਬੱਚਿਆਂ ਦੇ ਪਰਿਵਾਰਾਂ ਦੀ ਸਾਰ ਕਿਉਂ ਨਹੀਂ ਲੈ ਰਹੀਆਂ? ਕੀ ਕਮਿਸ਼ਨ 'ਤੇ ਆਸ ਰੱਖੀ ਜਾ ਸਕਦੀ ਹੈ ਕਿ ਉਹ ਆਪਣੇ ਫ਼ਰਜ਼ ਨੂੰ ਪੂਰਾ ਕਰਦਿਆਂ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਦਲੇਗੀ? ਨਹੀਂ ਤਾਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ, ਅੱਗੋਂ ਵੀ ਹੁੰਦੀ ਰਹੇਗੀ।

-ਭੋਲਾ ਨੂਰਪੁਰਾ
ਪਿੰਡ ਤੇ ਡਾਕ: ਨੂਰਪੁਰਾ

ਸਵੈ ਪੜਚੋਲ

ਅੱਜਕਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਸਵੈ-ਪੜਚੋਲ ਬਹੁਤ ਜ਼ਰੂਰੀ ਹੈ। ਸਵੈ ਪੜਚੋਲ ਨਾਲ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਹੁੰਦੀ ਹੈ ਅਤੇ ਜੀਵਨ ਨੂੰ ਤਣਾਅ ਮੁਕਤ ਹੋ ਕੇ ਚਲਾਉਣ ਦਾ ਅਨੰਦ ਪ੍ਰਾਪਤ ਹੁੰਦਾ ਹੈ। ਸਵੈ ਪੜਚੋਲ ਨਾਲ ਇਹ ਵੀ ਪਤਾ ਲਗਦਾ ਹੈ ਕਿ ਸਭ ਕੁਝ ਉਵੇਂ ਹੀ ਹੋ ਰਿਹਾ ਹੈ, ਜਿਵੇਂ ਅਸੀਂ ਚਾਹੁੰਦੇ ਹਾਂ। ਕਮੀਆਂ ਨੂੰ ਦੂਰ ਕਰਕੇ ਅਸੀਂ ਇਸ ਨੂੰ ਮੁੜ ਲੀਹ 'ਤੇ ਪਾ ਸਕਦੇ ਹਾਂ। ਕਿਸੇ ਨੂੰ ਪ੍ਰੇਸ਼ਾਨ ਕਰਕੇ ਅਸੀਂ ਕਦੇ ਵੀ ਸਵੈ ਪੜਚੋਲ ਨਹੀਂ ਕਰ ਸਕਦੇ। ਸਾਡੀ ਸਫਲਤਾ ਬਹੁਤ ਕਰਕੇ ਆਤਮ-ਵਿਸ਼ਵਾਸ ਉਤੇ ਨਿਰਭਰ ਕਰਦੀ ਹੈ। ਜੋ ਮਨੁੱਖ ਸਵੈ ਪੜਚੋਲ ਕਰਦੇ ਹਨ, ਉਹ ਸਫਲਤਾ ਜਲਦੀ ਹਾਸਲ ਕਰ ਜਾਂਦੇ ਹਨ, ਕਿਉਂਕਿ ਨਿੱਕੀਆਂ-ਨਿੱਕੀਆਂ ਸਫਲਤਾਵਾਂ ਦੇ ਅਨੁਭਵ ਅਤੇ ਨਵਾਂ ਗਿਆਨ ਮਨੁੱਖੀ ਦਿਮਾਗ ਵਿਚ ਜਮ੍ਹਾਂ ਕਰਦੇ ਜਾਣਾ ਚਾਹੀਦਾ ਹੈ। ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਸਵੈ ਪੜਚੋਲ ਕਿਵੇਂ ਕੀਤੀ ਜਾਵੇ। ਰੋਜ਼ਾਨਾ ਆਪਣੇ ਲਈ ਕੁਝ ਸਮਾਂ ਰਾਖਵਾਂ ਰੱਖੋ, ਕੁਝ ਸਮੇਂ ਲਈ ਆਪਣੇ ਨਾਲ ਗੱਲਾਂ ਕਰੋ, ਇਕਾਂਤਵਾਸ ਵਿਚ ਰਹੋ ਜੇਕਰ ਹੋਰ ਕੁਝ ਨਹੀਂ ਕਰ ਸਕਦੇ ਹੋ ਤਾਂ ਆਪਣੇ ਨਾਲ ਸੰਵਾਦ ਰਚਾਵੋ, ਸਾਰੇ ਦਿਨ ਦੀ ਕਾਰਗੁਜ਼ਾਰੀ 'ਤੇ ਇਕ ਝਾਤ ਮਾਰੋ, ਆਪਣੀ ਗ਼ਲਤੀਆਂ ਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ, ਸਾਰੇ ਦਿਨ 'ਚ ਕੀ ਨਹੀਂ ਹੋ ਸਕਿਆ ਤੇ ਕੀ ਹੋ ਸਕਦਾ ਸੀ, ਇਨ੍ਹਾਂ ਦਾ ਵਿਸਥਾਰ ਲਿਖੋ ਅਤੇ ਅਗਲੇ ਦਿਨ ਲਈ ਯੋਜਨਾ ਉਲੀਕੋ। ਸਵੈ-ਪੜਚੋਲ ਨਾਲ ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਸੁਧਾਰ ਕੀਤਾ ਜਾ ਸਕਦਾ ਹੈ।

-ਗੌਰਵ ਮੁੰਜਾਲ ਪੀ.ਸੀ.ਐਸ.

ਆਦਤਾਂ ਤੇ ਆਚਰਣ

ਤਜਰਬੇ ਅਤੇ ਖੋਜ ਨੇ ਇਹ ਗੱਲ ਪੂਰਨ ਤੌਰ 'ਤੇ ਸਿੱਧ ਕਰ ਦਿੱਤੀ ਹੈ ਕਿ ਆਦਤ ਸਾਡੇ ਕੰਮ ਕਰਨ ਨੂੰ ਹੀ ਨਹੀਂ ਕਹਿੰਦੇ। ਆਦਤ ਸਾਡੇ ਵਿਅਕਤੀਤਵ ਅਤੇ ਆਚਰਣ ਦੀ ਜੜ੍ਹ ਤੱਕ ਆਪਣਾ ਪ੍ਰਭਾਵ ਰੱਖਦੀ ਹੈ। ਮਿਸਾਲ ਦੇ ਤੌਰ 'ਤੇ ਖ਼ੁਸ਼ ਰਹਿਣ ਦੀ ਆਦਤ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ਅਤੇ ਉਸ ਨੂੰ ਆਸ਼ਾਵਾਂ ਨਾਲ ਭਰਿਆ ਹੋਇਆ ਇਕ ਖੁਸ਼ੀ ਭਰਪੂਰ ਵਿਅਕਤੀਤਵ ਵੀ ਪ੍ਰਦਾਨ ਕਰਦੀ ਹੈ। ਸਾਫ਼ ਰਹਿਣ ਦੀ ਆਦਤ ਨਾਲ ਦਿਮਾਗ਼ ਕਾਬੂ ਵਿਚ ਰਹਿੰਦਾ ਹੈ ਅਤੇ ਤਰਕ-ਸ਼ਕਤੀ ਵੀ ਵਧਦੀ ਹੈ। ਅਸੀਂ ਸਾਰੇ ਆਪਣੇ ਨਿੱਜੀ ਤਜਰਬਿਆਂ ਤੋਂ ਜਾਣਦੇ ਹਾਂ ਕਿ ਉਮਰ ਦੇ ਵਧਣ ਨਾਲ ਕੋਈ ਨਵੀਂ ਆਦਤ ਪਾਉਣਾ ਬਿਲਕੁਲ ਕਠਿਨ ਹੈ। ਮਾਨਸਿਕ ਜਾਂ ਸਰੀਰਕ ਆਦਤਾਂ ਜੋ ਸਾਡੇ ਆਚਰਣਾਂ ਨੂੰ ਬਣਾਉਂਦੀਆਂ ਹਨ ਜਾਂ ਵਿਗਾੜਦੀਆਂ ਹਨ, ਜਿਹੜੀਆਂ ਸਾਡੇ ਜੀਵਨ ਵਿਚ ਤਬਦੀਲੀਆਂ ਲਿਆਉਂਦੀਆਂ ਹਨ ਅਤੇ ਸ਼ਾਇਦ ਸਾਡੀ ਕਿਸਮਤ ਵੀ ਬਣਾਉਂਦੀਆਂ ਤੇ ਵਿਗਾੜਦੀਆਂ ਹਨ, ਉਹ ਸਾਰੀਆਂ ਸਾਡੀ ਬਾਲ ਅਵਸਥਾ ਜਾਂ ਚੜ੍ਹਦੀ ਜਵਾਨੀ ਦੀ ਕੱਚੀ ਉਮਰ ਵਿਚ ਪੈਂਦੀਆਂ ਹਨ। ਬਾਲ ਅਵਸਥਾ ਸਾਡੀ ਅਕਲ ਅਤੇ ਚਰਿੱਤਰ ਚੰਗੇ ਜਾਂ ਭੈੜੇ ਆਚਰਣਾਂ ਦੇ ਉਨ੍ਹਾਂ ਬੀਜਾਂ ਨੂੰ ਗ੍ਰਹਿਣ ਕਰਨ ਦੇ ਯੋਗ ਹੁੰਦੇ ਹਨ।

-ਜੁਝਾਰ ਸਿੰਘ ਖੁਸ਼ਦਿਲ
ਹਰੀਗੜ੍ਹ, ਬਰਨਾਲਾ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX