ਜੰਗਨਾਮਾ ਪੰਜਾਬ
ਕਵੀ : ਹਰਭਜਨ ਸਿੰਘ ਹੁੰਦਲ
ਸੰਪਾਦਕ : ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 80
ਸੰਪਰਕ : 94636-84511
ਹਰਭਜਨ ਸਿੰਘ ਹੁੰਦਲ (1934-2023) ਪੰਜਾਬੀ ਦਾ ਪ੍ਰਗਤੀਵਾਦੀ ਅਤੇ ਸੰਘਰਸ਼ਸ਼ੀਲ ਲੇਖਕ ਸੀ, ਜਿਸ ਨੇ ਵਿਭਿੰਨ ਸਾਹਿਤ ਰੂਪਾਂ ਵਿਚ ਨਿੱਠ ਕੇ ਸਿੱਕੇਬੰਦ ਲੇਖਣ ਕਾਰਜ ਕੀਤਾ। ਉਸ ਦੀ ਸਾਹਿਤਕਾਰੀ ਦਾ ਸਫ਼ਰ 1965 ਤੋਂ ਸ਼ੁਰੂ ਹੋ ਕੇ ਜੀਵਨ ਦੇ ਅੰਤ ਤੱਕ ਬਾਦਸਤੂਰ ਜਾਰੀ ਰਿਹਾ। ਉਸ ਨੇ ਕਵਿਤਾ (24), ਵਾਰਤਕ (23), ਆਲੋਚਨਾ (8), ਸੰਪਾਦਨਾ (7), ਕਾਵਿ ਅਨੁਵਾਦ (18), ਵਾਰਤਕ ਅਨੁਵਾਦ (11), ਉਰਦੂ (2), ਹਿੰਦੀ (1) ਅਤੇ ਅੰਗਰੇਜ਼ੀ (3) ਵਿਚ ਆਪਣੀ ਉਮਰ (89 ਸਾਲ) ਨਾਲੋਂ ਵਧੀਕ (97) ਪੁਸਤਕਾਂ ਲਿਖ ਕੇ ਜ਼ਿਕਰਯੋਗ ਤੇ ਪੁਖ਼ਤਾ ਸਾਹਿਤ ਰਚਨਾ ਕੀਤੀ। ਉਸ ਦਾ ਕਾਵਿ ਤੇ ਵਾਰਤਕ ਅੰਦਾਜ਼ ਬਹੁਤ ਵਿਲੱਖਣ ਹੈ। ਸਮੀਖਿਆ ਅਧੀਨ ਕਿਤਾਬ ਸਭ ਤੋਂ ਪਹਿਲਾਂ 1994 ਵਿਚ ਛਪੀ, ਜਿਸਦੇ 80 ਬੰਦ ਸਨ। ਮੌਜੂਦਾ ਸੰਸਕਰਨ ਵਿਚ 256 ਬੰਦ ਹਨ। ਲੇਖਕ ਨੇ ਇਸ ਨੂੰ ਉਰਦੂ ਵਿਚ (1998) ਵੀ ਛਪਵਾਇਆ। ਹੁਣ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਹੁੰਦਲ ਨੇ ਇਸ ਨੂੰ ਨਵੇਂ ਰੂਪ ਵਿਚ ਸਾਹਮਣੇ ਲਿਆਂਦਾ ਹੈ, ਜਿਸ ਵਿਚ ਮੂਲ ਰਚਨਾ ਦੇ ਨਾਲ ਅੰਤਕਾ ਵਜੋਂ ਪ੍ਰੋ. ਪ੍ਰੀਤਮ ਸਿੰਘ ਪਟਿਆਲਾ, ਡਾ. ਚਮਨ ਲਾਲ, ਨ੍ਰਿਪਇੰਦਰ ਰਤਨ ਅਤੇ ਪ੍ਰੀਤਮ ਸਿੰਘ ਚੰਡੀਗੜ੍ਹ ਦੇ ਵਿਚਾਰ ਸ਼ਾਮਿਲ ਹਨ ਅਤੇ ਨਾਲ ਹੀ ਪੁਸਤਕ ਦੇ ਵੱਖ-ਵੱਖ ਸਮੀਖਿਆਵਾਂ (ਸ਼ਫ਼ਕਤ ਤਨਵੀਰ ਮਿਰਜ਼ਾ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਸੁਰਜੀਤ ਹਾਂਸ, ਸ਼ਬਦੀਸ਼, ਸ਼ਾਮ ਸਿੰਘ) ਵਜੋਂ ਮੁੱਲਵਾਨ ਟਿੱਪਣੀਆਂ ਨੂੰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਕਿਤਾਬ ਦੇ ਮੁੱਢ ਵਿਚ ਪਿਆਰਾ ਸਿੰਘ ਸਹਿਰਾਈ, ਡਾ. ਹਰਿਭਜਨ ਸਿੰਘ ਭਾਟੀਆ ਅਤੇ ਹਰਪ੍ਰੀਤ ਸਿੰਘ ਹੁੰਦਲ ਵਲੋਂ ਸੰਖਿਪਤ ਜਾਣਕਾਰੀ ਦਿੱਤੀ ਗਈ ਹੈ। ਅਸਲ ਵਿਚ 'ਜੰਗਨਾਮਾ ਪੰਜਾਬ', 'ਜੰਗਨਾਮਾ ਸ਼ਾਹ ਮੁਹੰਮਦ' ਤੋਂ ਪ੍ਰਭਾਵਿਤ ਹੋ ਕੇ ਲਿਖੀ ਲੰਬੀ ਕਾਵਿ ਰਚਨਾ ਹੈ। ਬੈਂਤ ਛੰਦ ਵਿਚ ਲਿਖੇ ਇਸ ਜੰਗਨਾਮੇ ਦੀਆਂ ਹਰ ਬੰਦ ਵਿਚ ਚਾਰ-ਚਾਰ ਪੰਕਤੀਆਂ ਹਨ। ਬੰਦ ਦੀ ਆਖਰੀ ਪੰਕਤੀ ਵਿਚ ਕਵੀ ਨੇ ਆਪਣਾ ਨਾਂਅ ਲਿਖਣ ਦੀ ਥਾਂ ਸ਼ਾਹ ਮੁਹੰਮਦ ਦਾ ਹੀ ਨਾਂਅ ਲਿਖਿਆ ਹੈ। ਸਮੁੱਚਾ ਕਾਵਿ ਪੜ੍ਹ ਕੇ ਪਤਾ ਲੱਗਦਾ ਹੈ ਕਿ ਹੁੰਦਲ ਨੇ ਸਿਰਫ਼ ਸ਼ਾਹ ਮੁਹੰਮਦ ਦਾ ਜੰਗਨਾਮਾ ਹੀ ਨਹੀਂ ਪੜ੍ਹਿਆ, ਸਗੋਂ ਸਥਾਪਤ ਕਿੱਸਾਕਾਰਾਂ ਦੇ ਕਲਾਮ ਨੂੰ ਵੀ ਗ੍ਰਹਿਣ ਕੀਤਾ ਹੈ, ਜਿਵੇਂ ਆਖਰੀ ਬੰਦ ਦੇ ਇਕ ਵਾਕੰਸ਼ ਉੱਤੇ 'ਹੀਰ ਵਾਰਿਸ' ਦਾ ਸਪੱਸ਼ਟ ਪ੍ਰਭਾਵ ਵੇਖਿਆ ਜਾ ਸਕਦਾ ਹੈ :
ਸਾਡਾ ਬੋਲਿਆ ਚਾਲਿਆ ਮਾਫ਼ ਕਰਨਾ,
ਸੱਚ ਸੁਣੀਂਦਾ ਤੇ ਸੱਚ ਹੀ ਬੋਲਦੇ ਹਾਂ। (ਪੰਨਾ 65)
ਸਾਡਾ ਬੋਲਿਆ ਚਾਲਿਆ ਮਾਫ਼ ਕਰਨਾ,
ਪੰਜ ਰੋਜ਼ ਤੇਰੇ ਘਰ ਰਹਿ ਚੱਲੇ ਵੇ। (ਹੀਰ ਵਾਰਿਸ)
ਭਾਵੇਂ ਹੁੰਦਲ ਨੇ ਇਸ ਪੁਸਤਕ ਵਿਚ ਦੋ ਧਿਰਾਂ ਦੀ ਲੜਾਈ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਪੰਜਾਬ ਦੇ ਸਿਆਸੀ ਸੰਕਟ, ਚੁਰਾਸੀ ਦੇ ਹਾਲਾਤ, ਕੇਂਦਰ ਦਾ ਪੰਜਾਬ ਨਾਲ ਵਿਤਕਰਾ ਆਦਿ ਨੂੰ ਪ੍ਰਮੁੱਖਤਾ ਨਾਲ ਬਿਆਨ ਕੀਤਾ ਹੈ। ਜਿਸ ਸੰਵੇਦਨਾ, ਭਾਵੁਕਤਾ ਤੇ ਸੰਜੀਦਗੀ ਨਾਲ ਕਵਿਤਾ ਦੀ ਸਿਰਜਣਾ ਹੋਈ ਹੈ, ਉਹਨੂੰ ਪੜ੍ਹ ਕੇ ਕਈ ਥਾਂਵਾਂ 'ਤੇ ਆਪ-ਮੁਹਾਰੇ ਅੱਖਾਂ ਨਮ ਹੋ ਜਾਂਦੀਆਂ ਹਨ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-920015
ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ
ਤਿੜਕਦਾ ਮੋਤੀ
ਲੇਖਿਕਾ : ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 252
ਸੰਪਰਕ : 94638-36591
'ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ ਤਿੜਕਦਾ ਮੋਤੀ' ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਵਲੋਂ ਰਚਿਤ ਵਾਰਤਕ ਦੀ ਛੇਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਵਲੋਂ ਕਵਿਤਾ, ਕਹਾਣੀ, ਲੇਖ ਅਤੇ ਖੋਜ ਕਾਰਜ ਨਾਲ ਸੰਬੰਧਿਤ ਕ੍ਰਿਤਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਉਸ ਨੇ 54 ਨਿਬੰਧ ਸ਼ਾਮਿਲ ਕੀਤੇ ਹਨ। ਇਹ ਪੁਸਤਕ ਉਨ੍ਹਾਂ ਸੰਘਰਸ਼ਸ਼ੀਲ ਔਰਤਾਂ ਦੇ ਨਾਂਅ ਨੂੰ ਸਮਰਪਿਤ ਹੈ, ਜਿਹੜੀਆਂ ਆਪਣੇ ਹੱਕਾਂ ਲਈ ਡਟਦੀਆਂ, ਲੜਦੀਆਂ ਤੇ ਜੂਝਦੀਆਂ ਹਨ। ਇਸ ਪੁਸਤਕ ਦੇ ਨਾਂਅ ਤੋਂ ਹੀ ਭਲੀ-ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਵਿਚ ਜਿਸ ਢੰਗ ਨਾਲ ਨਿੱਕੀਆਂ ਬਾਲੜੀਆਂ, ਕਿਸ਼ੋਰੀਆਂ, ਮੁਟਿਆਰਾਂ, ਵਿਆਹੀਆਂ ਵਰੀਆਂ ਔਰਤਾਂ ਅਤੇ ਵਡੇਰੀ ਉਮਰ ਦੀਆਂ ਸੁਆਣੀਆਂ ਨੂੰ ਦਬਾਇਆ ਜਾ ਰਿਹਾ ਹੈ, ਥਾਂ-ਥਾਂ 'ਤੇ ਉਨ੍ਹਾਂ ਦਾ ਤ੍ਰਿਸਕਾਰ ਕੀਤਾ ਜਾ ਰਿਹਾ ਹੈ, ਪੈਰ-ਪੈਰ 'ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਨ੍ਹਾਂ ਨਾਲ ਪਸ਼ੂਆਂ ਤੋਂ ਵੀ ਵੱਧ ਭੈੜਾ ਸਲੂਕ ਕੀਤਾ ਜਾਂਦਾ ਹੈ, ਘਰਾਂ ਦੇ ਅੰਦਰ ਅਤੇ ਘਰਾਂ ਤੋਂ ਬਾਹਰ ਜਿਸ ਢੰਗ ਨਾਲ ਉਨ੍ਹਾਂ ਦਾ ਸਰੀਰਕ, ਮਾਨਸਿਕ, ਭਾਵਨਾਤਮਿਕ ਸ਼ੋਸ਼ਣ ਕੀਤਾ ਜਾਂਦਾ ਹੈ, ਪਹਿਲਾਂ ਉਨ੍ਹਾਂ ਨੂੰ ਅਗਵਾ ਕੀਤਾ ਜਾਂਦਾ ਹੈ, ਫ਼ਿਰ ਬਲਾਤਕਾਰ ਕੀਤਾ ਜਾਂਦਾ ਹੈ, ਅੰਤ ਵਿਚ ਕਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਵੀ ਵੱਧ ਘਿਨਾਉਣੀ ਕਰਤੂਤ ਭੀੜ ਵਲੋਂ ਉਨ੍ਹਾਂ ਨੂੰ ਨਗਨ ਕਰ ਕੇ ਨਿਰਵਸਤਰ ਪਰੇਡ ਕਰਵਾਈ ਜਾਂਦੀ ਹੈ, ਇਸ ਸਭ ਵਰਤਾਰੇ ਨੂੰ ਲੇਖਿਕਾ ਨੇ ਦਿਲ ਦੇ ਦਰਦ ਤੋਂ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਕੇ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਇਨ੍ਹਾਂ ਨਿਬੰਧਾਂ ਵਿਚ ਉਹ ਇਕ ਔਰਤ ਹੋਣ ਦੇ ਨਾਤੇ ਔਰਤਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਵਿਸ਼ੇ ਦੇ ਅਨੁਭਵ ਨੂੰ ਰੂਪਮਾਨ ਕਰਦੀ ਹੈ।
ਪੰਦਰ੍ਹਵੀਂ, ਸੋਲ੍ਹਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਪ੍ਰਤੀ ਹੋ ਰਹੇ ਵਿਤਕਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਦਸਮੇਸ਼ ਪਿਤਾ ਨੇ ਵੀ ਔਰਤਾਂ ਨੂੰ 'ਕੌਰ' ਦਾ ਦਰਜਾ ਦੇ ਕੇ ਮਰਦ ਦੇ ਬਰਾਬਰ ਦਾ ਅਧਿਕਾਰ ਦੇਣ ਦਾ ਐਲਾਨ ਕੀਤਾ ਸੀ। ਲੇਖਿਕਾ ਨੇ ਆਪਣੀ ਇਸ ਕ੍ਰਿਤ ਵਿਚ ਲੋਕਾਂ ਨੂੰ ਸਿੱਖ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਉੱਤੇ ਚੱਲਣ ਦੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਦੀ ਬੜੀ ਸੰਜੀਦਗੀ ਭਰੀ ਕੋਸ਼ਿਸ਼ ਕੀਤੀ ਹੈ। ਲੇਖਿਕਾ ਨੇ ਆਪਣੇ ਨਿਬੰਧਾਂ ਰਾਹੀਂ ਔਰਤ ਦੀ ਆਜ਼ਾਦ ਹਸਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਆਜ਼ਾਦ ਔਰਤ ਹੀ ਦੇਸ਼, ਸਮਾਜ, ਰਾਜ ਅਤੇ ਕੌਮ ਦੀ ਤਰੱਕੀ ਵਿਚ ਆਪਣਾ ਪੂਰਾ ਯੋਗਦਾਨ ਪਾ ਸਕਦੀ ਹੈ। ਧਾਲੀਵਾਲ ਵਲੋਂ ਸਮਾਜ ਦੀ ਹਰੇਕ ਧੀ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਪ੍ਰਕਾਰ ਉਸ ਨੇ ਜਿਥੇ ਸਮਾਜ ਨੂੰ ਚੰਗੀ ਸੇਧ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ, ਉੱਥੇ ਦਿਨੋਂ-ਦਿਨ ਔਰਤਾਂ ਦੇ ਵਿਰੁੱਧ ਵਧ ਰਹੇ ਅਪਰਾਧਾਂ ਤੋਂ ਸੁਚੇਤ ਵੀ ਕੀਤਾ ਹੈ। ਮੈਂ ਲੇਖਿਕਾ ਨੂੰ ਔਰਤਾਂ ਦੇ ਹੱਕ ਵਿਚ ਸਾਹਿਤਕ ਖੇਤਰ ਵਿਚ ਇਸ ਪੁਸਤਕ ਦੀ ਦੇਣ ਲਈ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੀ ਇਸ ਪੁਸਤਕ ਨੂੰ 'ਜੀ ਆਇਆਂ ਨੂੰ' ਆਖਦਾ ਹਾਂ। ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਪੁਸਤਕ ਸਮਾਜ ਲਈ ਇਕ ਜਾਗਰੂਕ ਲਹਿਰ ਬਣਨ ਲਈ ਪ੍ਰੇਰਨਾ ਦਾ ਹਿੱਸਾ ਬਣੇਗੀ। ਮੈਂ ਸਮਝਦਾਂ ਕਿ ਦਵਿੰਦਰ ਖ਼ੁਸ਼ ਧਾਲੀਵਾਲ ਦੀ ਇਹ ਪੁਸਤਕ ਹਰੇਕ ਪੰਜਾਬੀ ਔਰਤ-ਮਰਦ, ਨੌਜਵਾਨਾਂ, ਮੁਟਿਆਰਾਂ, ਬਜ਼ੁਰਗਾਂ ਅਤੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਔਰਤਾਂ ਪ੍ਰਤੀ ਹਾਂ-ਪੱਖੀ ਨਜ਼ਰੀਆ ਬਣ ਸਕੇ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਸੱਚ ਦੀ ਪਰਿਕਰਮਾ
ਲੇਖਕ : ਨਵਪ੍ਰੀਤ
ਪ੍ਰਕਾਸ਼ਕ : ਆਸ਼ਨਾ ਪਬਲੀਕੇਸ਼ਨਜ਼
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 97790-29258
ਹਥਲੀ ਪੁਸਤਕ ਦੇ ਲੇਖਕ ਵਲੋਂ ਇਹ ਕਾਵਿ-ਸੰਗ੍ਰਹਿ ਸਮਾਜਵਾਦ ਦਾ ਮੁੱਢ ਬੰਨ੍ਹਣ ਵਾਲੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ, ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਹੈ। ਛੇ ਦਰਜਨ ਤੋਂ ਵੱਧ ਉਨ੍ਹਾਂ ਭਾਵਪੂਰਤ ਅਤੇ ਮਨੁੱਖੀ ਹਿਰਦੇ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਦਾ ਸੰਗ੍ਰਹਿ ਕੀਤਾ ਹੈ। ਕਵੀ ਮੁਤਾਬਿਕ ਇਤਿਹਾਸ ਮਨੁੱਖ ਦੀ ਹੋਂਦ ਦਾ ਬਿਰਤਾਂਤ ਹੈ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਨੂਰ, ਅੱਜ ਵੀ ਸੰਸਾਰ ਨੂੰ ਚਾਨਣ ਦੇ ਰਿਹਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ। ਪੁਸਤਕ ਦੀ 'ਭੂਮਿਕਾ' ਵਿਚ ਲਿਖੇ 'ਦੋ ਸ਼ਬਦ' ਲਿਖਦਿਆਂ ਸਟੇਟ ਅਵਾਰਡੀ ਰੂਪ ਲਾਲ ਰੂਪ ਨੇ ਇਸ ਪੁਸਤਕ ਵਿਚ ਅਜੋਕੇ ਸਮਾਜ ਵਿਚ ਦੁੱਖਾਂ, ਤਕਲੀਫ਼ਾਂ, ਕਸ਼ਟਾਂ, ਥੁੜ੍ਹਾਂ, ਕਰਮਕਾਂਡਾਂ, ਜਾਤਪਾਤ, ਊਚ-ਨੀਚ, ਗ਼ਰੀਬੀ, ਬੇਰੁਜ਼ਗਾਰੀ ਆਦਿ ਦਾ ਹੱਲ ਬੇਗਮਪੁਰੇ ਦੇ ਸੁਪਨਸਾਜ਼ ਵਲੋਂ ਦਿੱਤਾ ਫ਼ਲਸਫ਼ਾ ਹੀ ਹੈ, ਜੋ ਲੇਖਕ ਦਾ ਪ੍ਰੇਰਨਾ ਸਰੋਤ ਹੈ। ਪੁਸਤਕ ਦੇ ਆਰੰਭ ਵਿਚ 'ਇਕ ਪ੍ਰਸੰਸਾਯੋਗ ਉਪਰਾਲਾ' ਵਿਚ ਲੇਖਕ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕਰਦਿਆਂ ਡਾ. ਜੀ.ਸੀ. ਕੌਲ ਨੇ ਕਵੀ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਆਰੰਭ ਵਿਚ ਪ੍ਰੋ. ਮਲਕੀਤ ਜੌੜਾ ਵਲੋਂ ਲੇਖਕ ਵਲੋਂ ਰਚੀ ਕਵਿਤਾ ਦੱਬੇ ਤੇ ਦਬਕੇ ਹੋਏ ਲੋਕਾਂ ਦੀ ਪੀੜਾ ਹੈ, ਜਿਹੜੀ ਲੋਕਾਂ ਲਈ ਮਸੀਹਾ ਬਣੇ ਰਹਿਬਰਾਂ ਪ੍ਰਤੀ ਅਕੀਦਤ ਕਹੀ ਜਾ ਸਕਦੀ ਹੈ। ਬੇਗਮਪੁਰਾ ਸੰਕਲਪ ਤੋਂ ਦੂਰ ਜਾ ਰਹੇ ਵਹਿਮਾਂ-ਭਰਮਾਂ ਵਿਚ ਫਸੇ ਕਰਮਕਾਂਡੀ ਲੋਕਾਂ ਲਈ ਕਵੀ ਦੀ ਪੁਕਾਰ ਹੈ-
ਤੈਨੂੰ ਫੁੱਲ ਤੇ ਧੂਫ਼ ਨੇ ਭੇਟ ਕਰਦੇ,
ਬੇਗਮਪੁਰਾ ਸੀ ਤੇਰਾ ਖੁਆਬ ਬਾਬਾ,
ਤੇਰੇ ਨਾਂ 'ਤੇ ਲੋਕ ਵਪਾਰ ਕਰਦੇ,
ਖੜ੍ਹੇ ਹੁੰਦੇ ਨੇ ਲੱਖ ਸਵਾਲ ਬਾਬਾ।
ਕਵੀ 'ਨਾਮ ਤੇਰੋ ਆਰਤੀ' ਸ਼ਬਦ ਵਿਚ ਮੂਰਤੀ ਪੂਜਾ ਅਤੇ ਆਰਤੀ ਵਿਰੋਧੀ ਵਿਚਾਰ ਕਵਿਤਾ ਵਿਚ ਰੂਪਮਾਨ ਕਰ ਰਿਹਾ ਹੈ-
ਤੁਸੀਂ ਮੂਰਤੀਆਂ ਨੂੰ ਹੋ ਯਾਦ ਕਰਦੇ
ਨਹੀਂ ਉਸਦਾ ਕੋਈ ਅਕਾਰ ਲੋਕੋ,
ਨਾ ਤੀਰਥ ਹੈ ਨਾ ਹੀ ਘਰ ਉਸ ਦਾ,
ਤੁਸੀਂ ਜਿਸਦੀ ਕਰਦੇ ਭਾਲ ਲੋਕੋ।
ਕਦੋਂ ਭਰਮਾਂ ਦੇ ਵਿਚੋਂ ਬਾਹਰ ਆਉਣਾ,
ਕਦ ਸਮਝੋਂਗੇ ਸਮੇਂ ਦੀ ਚਾਲ ਲੋਕੋ।
'ਦੁਖਾਂਤ' ਕਵਿਤਾ ਰਾਹੀਂ ਅਛੂਤਾਂ ਦੀ ਪੀੜਾ ਨੂੰ ਬਿਆਨ ਕਰਦਿਆਂ ਕਵੀ ਦੇ ਬੋਲ ਹਨ-
ਸਾਨੂੰ ਜਾਤਾਂ ਦੇ ਵਿਚ ਵੰਡ ਦਿੱਤਾ,
ਤੇ ਦੂਰ ਦੂਰ ਤੋਂ ਖੜ੍ਹਦੇ ਰਹੇ।
ਸਾਨੂੰ ਕੱਖੋਂ ਹੌਲੇ ਕਰ ਦਿੱਤਾ,
ਸਾਡੇ ਪਰਛਾਵੇਂ ਤੋਂ ਡਰਦੇ ਰਹੇ।
ਸਾਡੇ ਘਰਾਂ 'ਚ ਘੁੱਪ ਹਨੇਰਾ ਸੀ,
ਭਾਵੇਂ ਲੱਖਾਂ ਸੂਰਜ ਚੜ੍ਹਦੇ ਰਹੇ।
ਲਹਿੰਦੇ ਪਾਸੇ ਵੱਲ ਘਰ ਸਾਡੇ,
ਦੁੱਖਾਂ ਦੀ ਗਵਾਹੀ ਭਰਦੇ ਰਹੇ।
ਸਮੁੱਚੇ ਰੂਪ ਵਿਚ ਉੱਭਰ ਰਹੇ ਇਸ ਕਵੀ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਮਾਨਵੀ ਹੱਕਾਂ ਲਈ ਲੜ ਰਹੇ ਲੋਕਾਂ, ਭਾਈਚਾਰਕ ਸਾਂਝ ਲਈ ਅਖੌਤੀ ਉੱਚ ਜਾਤੀਆਂ, ਪੁਜਾਰੀਆਂ ਵਿਰੁੱਧ ਇਕ ਧੁਰ ਹਿਰਦੇ 'ਚੋਂ ਨਿਕਲੀ ਹੂਕ ਹੈ। ਨਿਕਟ ਭਵਿੱਖ ਵਿਚ ਕਵੀ ਤੋਂ ਨਵੀਆਂ ਤੇ ਸਮਾਜ ਸੁਧਾਰਕ ਵਿਚਾਰਾਂ ਨਾਲ ਓਤ-ਪੋਤ ਰਚਨਾਵਾਂ ਦੀ ਉਡੀਕ ਲਗਾਤਾਰ ਪਾਠਕ ਕਰਦੇ ਰਹਿਣਗੇ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਭਗਤੀ ਮੇਂ ਸ਼ਕਤੀ
ਲੇਖਕ : ਕਵੀਰਾਜ ਜੋਰਾ ਸਿੰਘ 'ਮੁਸਾਫ਼ਿਰ' (ਬਾਸੀਅਰਕ)
ਪ੍ਰਕਾਸ਼ਕ : ਜੇ.ਪੀ. ਪ੍ਰਕਾਸ਼ਨ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 73474-15933
ਵਿਚਾਰ-ਗੋਚਰੀ ਪੁਸਤਕ ਲੋਪੋਂ ਪੀਰਾਂ ਪਰੀ ਦੇ ਪੂਰਨ ਇਤਿਹਾਸ ਤੋਂ ਪਰਮਾਰਥ ਦੇ ਪਾਂਧੀਆਂ ਨੂੰ ਜਾਗਰੂਕ ਕਰਨ ਹਿਤ ਲਿਖੀ ਗਈ ਹੈ। ਲੋਪੋਂ ਨਗਰੀ ਨੂੰ ਛੇਵੇਂ ਪਾਤਿਸ਼ਾਹ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਹਰਿਗੋਬਿੰਦ ਸਾਹਿਬ ਦੀ ਵਰੋਸਾਈ ਪਾਵਨ ਨਗਰੀ ਲੋਪੋਂ, ਨਾਮ ਬਾਣੀ ਅਤੇ ਭਗਤੀ ਦਾ ਪ੍ਰਮੁੱਖ ਕੇਂਦਰ ਹੈ। ਮੌਜੂਦਾ ਸਮੇਂ ਸੰਤ ਜਗਜੀਤ ਸਿੰਘ, ਮਹਾਨ ਸੇਵਾਵਾਂ ਨਿਭਾ ਰਹੇ ਹਨ। ਇਹ ਪੁਸਤਕ ਸੰਤ ਬਾਬਾ ਜੋਰਾ ਸਿੰਘ ਦੀ ਪਾਵਨ ਯਾਦ ਨੂੰ ਸਮਰਪਿਤ ਹੈ। ਪੁਸਤਕ ਦੇ ਆਰੰਭ ਵਿਚ ਸੰਤ ਦਰਬਾਰਾ ਸਿੰਘ ਲੋਪੋਂ ਸਮੇਤ 16 ਪ੍ਰਮੁੱਖ ਸੰਤਾਂ ਮਹਾਂਪੁਰਖਾਂ ਅਤੇ ਅਜ਼ੀਮ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਹਨ। ਇਸ ਪੁਸਤਕ ਦੀ ਇਹ ਖ਼ੂਬੀ ਹੈ ਕਿ ਇਹ ਕਾਵਿ-ਕਲਾ ਅਤੇ ਵਾਰਤਕ ਦਾ ਸੁਮੇਲ ਹੈ। ਪੁਸਤਕ ਦੇ ਪੰਜ ਅਧਿਆਏ ਹਨ। ਪਹਿਲਾ ਅਧਿਆਏ ਬੰਦਨਾਂ ਅਤੇ ਸ਼ੇਅਰਾਂ ਨਾਲ ਆਰੰਭ ਹੁੰਦਾ ਹੈ।
'ਦਰਬਾਰ ਸਿੰਘ ਜੀ ਹੈ ਨਮਸਕਾਰ ਮੇਰੀ,
ਕਾਰਜ ਸੰਤਾਂ ਦੇ ਸਭ ਸੁਆਰਦੀ ਹੈ।' (ਪੰਨਾ 16)
ਪਹਿਲੇ ਅਧਿਆਏ ਵਿਚ ਪਰਉਪਕਾਰੀ, ਨਾਮ ਬਾਣੀ ਦੇ ਰਸੀਏ, ਬਾਬਾ ਦਰਬਾਰਾ ਸਿੰਘ ਦਾ ਜੀਵਨ ਬਿਰਤਾਂਤ ਵਿਸਥਾਰ ਨਾਲ ਬਿਆਨ ਕੀਤਾ ਗਿਆ ਹੈ। ਉਨ੍ਹਾਂ ਦੇ ਅਨੇਕਾਂ ਕੌਤਕਾਂ ਦਾ ਬਾਖ਼ੂਬੀ ਵਰਣਨ ਕੀਤਾ ਗਿਆ ਹੈ। ਕਾਵਿਕ ਦੇ ਅਨੇਕਾਂ ਰੂਪਾਂ, ਕਲੀ, ਛੰਦ, ਦੋਤਰਾ, ਬੈਂਤ, ਵਾਰ, ਛੰਦ ਤਰਜ਼ੀ, ਕੱਵਾਲੀ, ਤੀਨ ਤਾਲਿਕਾ ਛੰਦ, ਡੋਲੀ ਛੰਦ, ਡੂਢਾ ਛੰਦ, ਲੋਕ ਛੰਦ ਆਦਿ ਦੀ ਵਰਤੋਂ ਕੀਤੀ ਗਈ ਹੈ। ਅਗਲਾ ਅਧਿਆਏ ਗਵਾਲੀਅਰ ਦੇ ਕਿਲ੍ਹੇ ਬਾਰੇ ਹੈ। ਇਸ ਅਧਿਆਏ ਦੇ ਸਫ਼ਾ 60 'ਤੇ ਸੰਤ ਦਰਬਾਰਾ ਸਿੰਘ ਵਲੋਂ ਰਚਿਤ ਇਹ ਸ਼ੇਅਰ ਗ਼ੌਰ-ਤਲਬ ਹੈ:
'...ਇਨ੍ਹਾਂ ਆਸ਼ਕਾਂ ਨੂੰ ਦਰਬਾਰ ਸਿੰਘਾ,
ਪਹਿਲਾਂ ਮਰਕੇ, ਫੇਰ ਦੀਦਾਰ ਹੁੰਦੇ।'
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਵਜੋਂ ਰੱਖਣਾ, ਫੇਰ ਜਹਾਂਗੀਰ ਵਲੋਂ ਮਾਫ਼ੀ ਮੰਗ ਕੇ ਰਿਹਾਅ ਕਰਨਾ, ਬੰਦੀਛੋੜ ਦਾਤੇ ਵਲੋਂ 52 ਕੈਦੀ ਰਾਜਿਆਂ ਦੀ ਬੰਦ-ਖ਼ਲਾਸੀ ਨੂੰ ਢਾਡੀ ਵਾਰਾਂ ਸਮੇਤ ਕਲਮਬੰਦ ਕੀਤਾ ਗਿਆ ਹੈ। ਅਗਲਾ ਅਧਿਆਏ ਗੁਰੂ ਪਾਤਿਸ਼ਾਹ ਦੇ ਜਰਨੈਲ ਰਹੇ ਪੈਂਦੇ ਖ਼ਾਨ ਦੀ ਗੱਦਾਰੀ ਅਤੇ ਉਸ ਦੀ ਜੰਗ ਦੌਰਾਨ ਗੁਰੂ ਸਾਹਿਬ ਹੱਥੋਂ ਮੁਕਤੀ ਦਾ ਬਿਰਤਾਂਤ ਸਿਰਜਦਾ ਹੈ/ਵਿਚ ਚਾਰ ਤਸਵੀਰਾਂ ਵੀ ਹਨ।
ਅੰਤਿਮ ਅਧਿਆਏ ਭਗਤ ਧੰਨਾ ਦੀ ਪ੍ਰੇਮਾ-ਭਗਤੀ ਨੂੰ ਬੜੇ ਭਾਵ-ਪੂਰਤ ਲਫ਼ਜ਼ਾਂ ਵਿਚ ਬਿਆਨ ਕਰਦਾ ਹੈ। ਵਾਰਤਕ ਦੇ ਟੁਕੜੇ, ਸੋਨੇ 'ਤੇ ਸੁਹਾਗਾ ਹੈ।
ਦੋਹਿਰਾ :
'ਮਹਿਮਾਂ ਸੰਤ ਸਮਾਜ ਦੀ ਲਿਖ ਨਾ ਸਕਦਾ ਕੋਈ।
ਪੂਰਨ ਗੁਰੂ ਕਵਿਰਾਜ ਦੇ, ਆਪ ਲਿਖਾਰੀ ਹੋਏ'
(ਪੰਨਾ 118)
ਸ਼ੇਅਰ : ਮੰਦਬੁੱਧੀ ਨਾ ਕਿਸੇ ਦਾ ਭਲਾ ਕਰਦਾ, ਛਿੱਤਰ ਵਿਚ ਜਹਾਨ ਦੇ ਖ਼ਾਮਦਾ ਹੈ,
ਜਿਹਨੂੰ ਗੁਰੂ ਧਰਕਾਰਦਾ ਨਰੈਣ ਸਿੰਘਾ,
ਸਿੱਧਾ ਵਿਚ ਨਰਕਾਂ ਦੇ ਜਾਮਦਾ ਹੈ।'
ਇਹ ਪੁਸਤਕ ਬਹੁਤ ਗਿਆਨ ਭਰਪੂਰ,
ਰੌਚਿਕ ਅਤੇ ਨਰੋਈ ਸੇਧ ਦੇਣ ਵਾਲੀ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਜੰਗ, ਜਸ਼ਨ ਤੇ ਜੁਗਨੂੰ
ਕਵੀ : ਸੁਖਵਿੰਦਰ ਕੰਬੋਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 95011-45039
'ਜੰਗ ਜਸ਼ਨ ਤੇ ਜੁਗਨੂੰ' ਕਵੀ ਸੁਖਵਿੰਦਰ ਕੰਬੋਜ ਦੀ ਇਹ ਚੌਥੀ ਪੁਸਤਕ ਹੈ। ਇਹ ਪੁਸਤਕ ਉਨ੍ਹਾਂ ਆਪਣੀ ਜੀਵਨ ਸਾਥਣ ਨਵਦੀਪ ਨੂੰ ਸਮਰਪਿਤ ਕੀਤੀ ਹੈ। ਡਾ. ਜਸਵਿੰਦਰ ਸਿੰਘ ਨੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਸਮਕਾਲੀ ਜੀਵਨ ਚਾਹੇ ਉਹ ਭਾਰਤ-ਪੰਜਾਬ ਪ੍ਰਸੰਗ ਬਾਰੇ ਹੈ ਤੇ ਚਾਹੇ ਉਹ ਅਮਰੀਕੀ, ਉਸ ਦੀ ਤੀਖਣ ਤੇ ਤੇਜਸਵੀ ਦ੍ਰਿਸ਼ਟੀ ਦਾ ਪੜਚੋਲਵਾਂ ਸਰੋਕਾਰ ਬਣਦਾ ਹੈ। ਇਸ ਕਾਵਿ ਪੁਸਤਕ ਵਿਚ ਕੁੱਲ 47 ਕਵਿਤਾਵਾਂ ਹਨ। ਇਨ੍ਹਾਂ ਵਿਚੋਂ ਕੁਝ ਕਵਿਤਾਵਾਂ ਕਵੀ ਦੀ ਆਤਮਕ ਪੜਚੋਲ ਦਾ ਹਿੱਸਾ ਹਨ ਤੇ ਕੁਝ ਪਿੱਛੇ ਰਹਿ ਚੁੱਕੇ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਅਚੇਤ ਵਿਚ ਵਸਿਆ ਪ੍ਰਗਟਾਵਾ ਹੈ। ਨਸਲਕੁਸ਼ੀ ਰਚਨਾ ਪੰਜਾਬ ਵਿਚ ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ ਦਾ ਭਾਵਪੂਰਤ ਪ੍ਰਗਟਾਵਾ ਹੈ। ਡਾਲਰ ਮਾਇਆ ਰਚਨਾ ਪਰਵਾਸ ਹੰਢਾ ਰਹੇ ਪੰਜਾਬੀਆਂ ਦੀ ਮਨੋਵੇਦਨਾ ਹੈ। 'ਆਨੰਦ' ਨਾਂਅ ਦੀ ਰਚਨਾ ਕਵੀ ਦੇ ਪਰਵਾਸ ਹੰਢਾਉਣ ਦੇ ਦਰਦ ਦਾ ਸਹਿਜ ਪ੍ਰਗਟਾਵਾ ਹੈ, ਜੋ ਹਰ ਪਰਵਾਸੀ ਭਾਰਤੀ ਨੂੰ ਆਪਣਾ ਦੁੱਖ ਜਾਪਦੀ ਹੈ। ਸੁਖਵਿੰਦਰ ਕੰਬੋਜ ਸਾਮਰਾਜਵਾਦ ਦੇ ਚੱਕਰਵਿਊ ਵਿਚ ਫਸੇ ਕਾਮੇ ਮਜ਼ਦੂਰ ਦੀ ਮਜਬੂਰੀਆਂ ਭਰੀ ਜ਼ਿੰਦਗੀ ਬਾਰੇ ਸੰਵਾਦ ਰਚਾਉਂਦਾ ਪ੍ਰਸ਼ਨ ਉਠਾਉਂਦਾ ਹੈ। ਉਸ ਨੂੰ ਸਮਕਾਲੀ ਰਾਜਸੀ ਚੇਤਨਾ ਹੈ। ਭਾਰਤ-ਅਮਰੀਕੀ ਸੰਬੰਧਾਂ ਦੇ ਵਰਤਮਾਨ ਪ੍ਰਸੰਗ ਵਿਚ ਕਟਾਖਸ਼ ਭਰਪੂਰ ਰਚਨਾ ਕਰਦਾ ਉਹ ਭਾਰਤੀ ਸਮਾਜ ਦੀ ਤਸਵੀਰ ਚਿਤਰਦਾ ਹੈ। ਉਹ ਕਿਰਤੀ ਕਿਸਾਨ ਮਜ਼ਦੂਰ ਵਰਗ ਦਾ ਦਿਲੋਂ ਸਮਰਥਕ ਹੈ। ਸੁਖਵਿੰਦਰ ਕੰਬੋਜ ਦੀ ਇਹ ਕਾਵਿ-ਪੁਸਤਕ ਪਰਵਾਸ ਦੇ ਕਾਰਨਾਂ ਬਾਰੇ ਵੀ ਸੰਵੇਦਨਾ ਭਰਪੂਰ ਟਿੱਪਣੀ ਕਰਦੀ ਹੈ। ਬੱਚੇ ਤੇ ਹਥਿਆਰ, ਤਸਵੀਰ, ਗੁਲਾਲ, ਬਾਤ ਤੇ ਦਿਓ, ਜੰਗ ਜਸ਼ਨ ਤੇ ਜੁਗਨੂੰ, ਗੰਡੋਆ, ਪਤੰਗ, ਸ਼ਬਦ, ਸਟੋਰ ਮਾਲਕ ਬਹੁਤ ਧਿਆਨ ਮੰਗਦੀਆਂ ਰਚਨਾਵਾਂ ਹਨ। ਸੁਖਵਿੰਦਰ ਕੰਬੋਜ ਦੇ ਇਸ ਕਾਵਿ-ਸੰਗ੍ਰਹਿ ਵਿਚ ਚੇਤਨ ਵਿਅਕਤੀ ਦੇ ਅਹਿਸਾਸ ਹਨ, ਜੋ ਕਦੇ ਗਲੋਬਾਈਜੇਸ਼ਨ ਦੇ ਪ੍ਰਸੰਗ ਵਿਚ ਕਦੇ ਸਾਮਰਾਜਵਾਦ ਤੇ ਕਦੇ ਭਾਰਤ ਦੇ ਦੱਬੇ ਕੁਚਲੇ ਗ਼ਰੀਬ ਮਜ਼ਦੂਰਾਂ ਦੇ ਵਰਗ ਦਾ ਦੁਖਾਂਤ ਪੇਸ਼ ਕਰਦੇ ਹਨ। ਸਮੁੱਚੇ ਤੌਰ 'ਤੇ ਇਹ ਕਾਵਿ ਰਚਨਾ ਵਿਸ਼ਵ ਸ਼ਾਂਤੀ, ਵਿਸ਼ਵ ਚੁਣੌਤੀਆਂ ਬਾਰੇ ਤੇ ਕਵੀ ਦੀ ਮਾਨਵੀ ਸੰਵੇਦਨਾਵਾਂ ਦਾ ਭਾਵਪੂਰਤ ਪ੍ਰਗਟਾਵਾ ਹਨ।
-ਪ੍ਰੋ. ਕੁਲਜੀਤ ਕੌਰ
ਫੁੱਲਾਂ ਦੇ ਬੋਲ
ਲੇਖਕ : ਗੁਰਦੀਪ ਸਿੰਘ ਸੰਘਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 090070-32101
ਸ਼ਾਇਰ ਗੁਰਦੀਪ ਸਿੰਘ ਸੰਘਾ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਫੁੱਲਾਂ ਦੇ ਬੋਲ' ਨਾਲ ਪੰਜਾਬੀ ਸ਼ਾਇਰੀ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਆਪਣਾ ਗਰਾਂ ਦੁਸਾਂਝ ਕਲਾਂ (ਮੋਗਾ) ਛੱਡ ਕੇ ਪੰਜਾਬੀ ਡਰਾਈਵਰਾਂ ਦੀ ਰਾਜਧਾਨੀ ਕੋਲਕਾਤਾ ਵਿਖੇ ਬੜੀ ਹੀ ਸਫ਼ਲਤਾ ਨਾਲ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਚਲਾ ਰਿਹਾ ਹੈ। ਸ਼ਾਇਰ ਸਵ: ਹਰਦੇਵ ਸਿੰਘ ਗਰੇਵਾਲ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਕਲਕੱਤਾ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਫੁੱਲਾਂ ਦੇ ਬੋਲ' ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ। ਜਿਥੇ ਫੁੱਲ ਹੋਣਗੇ, ਉਥੇ ਖ਼ੁਸ਼ਬੂ ਦਾ ਬਸੇਰਾ ਹੋਵੇਗਾ। ਇਕ ਤਰ੍ਹਾਂ ਸ਼ਾਇਰ ਪ੍ਰਤੀਕ ਵਜੋਂ ਫੁੱਲ ਸ਼ਬਦ ਵਰਤ ਰਿਹਾ ਹੈ। ਸਾਡੀ ਜ਼ਿੰਦਗੀ ਵੀ ਇਕ 'ਫੁੱਲ' ਵਰਗੀ ਹੈ। ਜਿਥੇ ਕੰਡੇ ਤਾਂ ਹਨ ਪਰ ਖ਼ੁਸ਼ਬੂ ਭਰੀ ਜ਼ਿੰਦਗੀ ਜਿਊਣ ਲਈ ਰਾਹ ਦਸੇਰਾ ਵੀ ਬਣਦਾ ਹੈ। ਉਹ ਰੱਬ ਨੂੰ ਵੀ ਮੇਹਣੇ ਮਾਰਦਾ ਹੈ ਕਿ ਜੇ ਤੂੰ ਜ਼ਰੇ-ਜ਼ਰੇ ਵਿਚ ਵੱਸਦਾ ਹੈਂ ਤਾਂ ਜਾਤ-ਪਾਤ, ਨਫ਼ਰਤ ਤੇ ਗੰਧਲੀ ਸਿਆਸਤ ਵਿਚ ਵਾਸਾ ਕਿਵੇਂ ਕਰ ਲੈਂਦਾ ਹੈਂ? ਉਂਝ ਉਹ ਪਰਵਦਗਾਰ ਅਗਮ ਅਗੋਚਰ ਵਿਚ ਜਨੂੰਨ ਦੀ ਹੱਦ ਤੱਕ ਵਿਸ਼ਵਾਸ ਕਰਦਾ ਹੈ। ਉਹ ਅੱਜ ਦੀ ਧੀ-ਧਿਆਣੀ ਨੂੰ ਪਾਲਤੂ ਵਰਜਣਾਵਾਂ ਜੋ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ ਦੀ ਰਾਮ ਕਾਰ ਉਲੰਘਣ ਲਈ ਪ੍ਰੇਰਦਾ ਹੈ। ਉਹ ਆਧੁਨਿਕ ਰਾਂਝਿਆਂ ਅਤੇ ਹੀਰਾਂ 'ਤੇ ਵੀ ਵਿਅੰਗ ਦੇ ਨਸ਼ਤਰ ਚਲਾਉਂਦਾ ਹੈ। ਸ਼ਾਇਰ ਪ੍ਰਤੀਰੋਧ ਦੀ ਧੁਨੀ ਨਾਲ ਅੱਜ ਦੀ ਔਰਤ ਨੂੰ ਜਾਗਰੂਕ ਕਰਦਾ ਹੈ। ਸ਼ਾਇਰ ਸ਼ਿੰਗਾਰ ਰਸ ਵਿਚ ਗੁੰਨ੍ਹਿਆ ਹੋਇਆ ਆਟਾ ਹੈ, ਜਿਥੇ ਔਰਤ ਦੇ ਅੰਗਾਂ ਨੂੰ ਬਣਾਉਣ ਅਤੇ ਸੁਹੱਪਣ ਦੀ ਸਿਫ਼ਤ ਸਲਾਹ ਦੀ ਕਵਾਇਦ ਕਰਦਾ ਨਜ਼ਰ ਆਉਂਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਬਹਾਨੇ ਭੇਖੀ ਸਿੱਖਾਂ ਨੂੰ ਚੌਰਾਹੇ ਵਿਚ ਨੰਗਿਆਂ ਕਰਦਾ ਹੈ ਤੇ ਸਪਾਟ ਲਹਿਜ਼ੇ 'ਚ ਕਹਿੰਦਾ ਹੈ ਕਿ ਬਾਣੇ ਵਿਚੋਂ ਬਾਣੀ ਗ਼ਾਇਬ ਹੈ ਤੇ ਰੂਹ ਦੀ ਖ਼ੂਬਸੂਰਤੀ 'ਤੇ ਪਹਿਰਾ ਦਿੰਦਾ ਹੈ। ਕੋਰੋਨਾ ਕਾਲ ਵਿਚ ਆਪਣੇ ਹੀ ਦੇਸ਼ ਵਿਚ ਪ੍ਰਦੇਸੀਆਂ ਵਰਗੀ ਅਉਧ ਹੰਢਾਅ ਰਹੇ ਮਜ਼ਦੂਰਾਂ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਕਰਦਿਆਂ ਸਮੇਂ ਦੇ ਹਾਕਮ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ। ਉਹ ਦੇਸ਼ ਦੇ ਚੌਕੀਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਲਕਾਰਦਿਆਂ ਕਹਿੰਦਾ ਹੈ ਕਿ ਬਹੁਤ ਹੋ ਗਈ ਤੇਰੇ 'ਮਨ ਕੀ ਬਾਤ' ਕਦੇ ਕੰਮ ਦੀ ਗੱਲ ਵੀ ਕਰ ਲਿਆ ਕਰ।
-ਭਗਵਾਨ ਢਿੱਲੋਂ
ਮੋਬਾਈਲ : 098143-78254
ਦੁਨੀਆ ਪਰ੍ਹੇ ਤੋਂ ਪਰ੍ਹੇ
ਲੇਖਕ : ਇਕਬਾਲ ਮੁਹੰਮਦ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94786-55572
ਸੰਨ 2024 'ਚ ਪ੍ਰਕਾਸ਼ਿਤ 55 ਲੇਖਾਂ ਦੀ ਗਿਆਨ ਅਤੇ ਰੌਚਿਕ ਜਾਣਕਾਰੀ ਭਰਪੂਰ ਇਹ ਪੁਸਤਕ ਬੱਚਿਆਂ ਅਤੇ ਵੱਡਿਆਂ ਦੋਵਾਂ ਵਰਗਾਂ ਲਈ ਲਾਹੇਵੰਦ ਹੈ। ਇਸ ਪੁਸਤਕ ਦੇ ਲੇਖਾਂ ਬਾਰੇ ਆਰੰਭ ਵਿਚ ਡਾਕਟਰ ਹਰਨੇਕ ਸਿੰਘ ਕਲੇਰ ਵਲੋਂ ਬਹੁਤ ਹੀ ਰੌਚਕ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਪੁਸਤਕ ਦਾ ਵਿਲੱਖਣ ਪੱਖ ਇਹ ਵੀ ਹੈ ਕਿ ਇਹ ਪੁਸਤਕ ਜਿਥੇ ਬੱਚਿਆਂ ਨੂੰ ਦੁਨੀਆ ਦੀ ਭੂਗੋਲਿਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਮਨ ਅੰਦਰ ਕੁਦਰਤ ਦੇ ਅੰਗਾਂ ਚੰਨ, ਤਾਰਿਆਂ, ਪਹਾੜਾਂ, ਆਸਮਾਨ ਅਤੇ ਵਾਪਰਨ ਵਾਲੇ ਵਰਤਾਰਿਆਂ ਬਾਰੇ ਪੈਦਾ ਹੋਣ ਵਾਲੇ ਪ੍ਰਸ਼ਨਾਂ ਦਾ ਉੱਤਰ ਦਿੰਦੀ ਹੈ, ਉਥੇ ਉਨ੍ਹਾਂ ਨੂੰ ਪ੍ਰੀਖਿਆਵਾਂ ਲਈ ਤਿਆਰ ਕਰਦੀ ਹੋਈ ਉਨ੍ਹਾਂ ਦੇ ਆਉਣ ਵਾਲੇ ਜੀਵਨ ਲਈ ਤਿਆਰ ਵੀ ਕਰਦੀ ਹੈ ਕਿੳੁਂਕਿ ਇਹ ਲੇਖ ਉਨ੍ਹਾਂ ਦੇ ਪਾਠਕ੍ਰਮ ਦਾ ਹਿੱਸਾ ਹਨ। ਖੋਜੀ ਪ੍ਰਵਿਰਤੀ ਵਾਲੇ ਲੇਖਕ ਇਕਬਾਲ ਮੁਹੰਮਦ ਨੇ ਛੋਟੇ-ਛੋਟੇ ਲੇਖਾਂ ਦੇ ਮਾਧਿਅਮ ਰਾਹੀਂ ਮਾਨਵ ਜੀਵਨ ਅਤੇ ਕੁਦਰਤ ਵਿਚਕਾਰ ਰਾਬਤਾ ਕਾਇਮ ਕਰਨ ਲਈ ਅਹਿਮ ਉਪਰਾਲਾ ਕੀਤਾ ਹੈ। ਲੇਖਕ ਨੇ ਬੱਚਿਆਂ ਅਤੇ ਵੱਡਿਆਂ ਦੋਵਾਂ ਵਰਗਾਂ ਨੂੰ ਧਿਆਨ 'ਚ ਰੱਖਦਿਆਂ ਸਰਲ ਅਤੇ ਰੌਚਿਕ ਸ਼ਬਦਾਬਲੀ ਦੀ ਵਰਤੋਂ ਕਰਦਿਆਂ ਕੁਦਰਤ ਦੇ ਉਨ੍ਹਾਂ ਰਹੱਸਾਂ ਉਤੋਂ ਪਰਦਾ ਹਟਾਇਆ ਹੈ, ਜਿਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਹਰ ਕੋਈ ਵਿਸ਼ੇਸ਼ ਕਰਕੇ ਬੱਚੇ ਤਤਪਰ ਰਹਿੰਦੇ ਹਨ। ਪੁਸਤਕ ਦੇ ਲੇਖਾਂ ਵਿਚ ਸ਼ਾਮਿਲ ਲੇਖ ਹਰਮਨ ਪਿਆਰਾ ਖਿਡੌਣਾ, ਆਈਸਕ੍ਰੀਮ ਦਾ ਜਨਮ, ਕਾਗਜ਼ ਦਾ ਇਤਿਹਾਸ, ਚੰਦਰਮਾ ਬਾਰੇ ਰਹੱਸਮਈ ਜਾਣਕਾਰੀ, ਪੈਨਸਿਲ ਦੀ ਰੌਚਿਕ ਜਾਣਕਾਰੀ ਅਤੇ ਉਬਾਲੀ ਕਿਉਂ ਆਉਂਦੀ ਹੈ ਜਿੱਥੇ ਬੱਚਿਆਂ ਦਾ ਮਨੋਰੰਜਨ ਕਰਦੇ ਹਨ ਉਥੇ ਉਨ੍ਹਾਂ ਦੀ ਜਿਗਿਆਸਾ ਨੂੰ ਸ਼ਾਂਤ ਵੀ ਕਰਦੇ ਹਨ। ਲੇਖਕ ਨੇ ਪੁਸਤਕ 'ਚ ਹੈਰਾਨੀ ਭਰੇ ਤੱਥ ਪੇਸ਼ ਕਰ ਕੇ ਪਾਠਕਾਂ ਦੇ ਮਨਾਂ 'ਚ ਹੋਰ ਕੁਝ ਵੀ ਜਾਣਨ ਦੀ ਚਿਣਗ ਪੈਦਾ ਕੀਤੀ ਹੈ। ਪੁਸਤਕ ਨੂੰ ਪੜ੍ਹਦਿਆਂ ਲੇਖਕ ਦਾ ਜਿਗਿਆਸੂ, ਖੋਜੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨਜ਼ਰ ਆਉਂਦਾ ਹੈ। ਲੇਖਕ ਨੇ ਤੱਥਾਂ ਅਤੇ ਮੌਲਿਕਤਾ ਦਾ ਸੁਮੇਲ ਕਰਦਿਆਂ ਕੁੱਜੇ 'ਚ ਸਮੁੰਦਰ ਬੰਦ ਕੀਤਾ ਹੈ। ਇਹ ਪੁਸਤਕ ਹਰ ਵਿੱਦਿਅਕ ਅਦਾਰੇ ਦੀ ਲਾਇਬ੍ਰੇਰੀ ਵਿਚ ਹੋਣੀ ਚਾਹੀਦੀ ਹੈ ਤੇ ਹਰ ਅਧਿਆਪਕ ਅਤੇ ਬੱਚੇ ਨੂੰ ਪੜ੍ਹਨੀ ਚਾਹੀਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98736-27136
ਦਿਨ ਢਲੇ
ਸ਼ਾਇਰ : ਕੇਸਰ ਕਰਮਜੀਤ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 70097-67394
ਹਥਲੀ ਗ਼ਜ਼ਲ ਪੁਸਤਕ ਆਸਟ੍ਰੇਲੀਆ ਵੱਸਦੇ ਪੰਜਾਬੀ ਸ਼ਾਇਰ ਕੇਸਰ ਕਰਮਜੀਤ ਦੀਆਂ ਸਿਰਜੀਆਂ 61 ਗ਼ਜ਼ਲਾਂ ਹਨ। ਕੇਸਰ ਕਰਮਜੀਤ ਪੰਜਾਬੀ ਗ਼ਜ਼ਲ ਵਿਚ ਨਵਾਂ ਨਾਂਅ ਹੁੰਦਿਆਂ ਵੀ ਗ਼ਜ਼ਲ ਦਾ ਸੁਚਾਰੂ ਹਸਤਾਖ਼ਰ ਬਣ ਕੇ ਪੇਸ਼ ਹੋਇਆ ਹੈ। ਉਸ ਨੇ ਕ੍ਰਿਸ਼ਨ ਭਨੋਟ ਤੋਂ ਗ਼ਜ਼ਲ ਦੀ ਸਿੱਖਿਆ ਦੀਕਸ਼ਾ ਪ੍ਰਾਪਤ ਕੀਤੀ। ਕਰੜੀ ਘਾਲਣਾ ਨਾਲ ਕੇਸਰ ਨੇ ਗ਼ਜ਼ਲ ਵਿਧਾਨ ਅਤੇ ਛੰਦਾਂ ਬਹਿਰਾਂ ਵਿਚ ਪ੍ਰਬੀਨਤਾ ਹਾਸਿਲ ਕੀਤੀ ਹੈ। ਕੇਸਰ ਉਮਰ ਦਰਾਜ ਭਾਵ ਉਮਰ ਦੇ ਸੱਤਵੇਂ ਦਹਾਕੇ ਵਿਚ ਪ੍ਰਵੇਸ਼ ਹੋ ਕੇ ਗ਼ਜ਼ਲ ਵਿਚ ਪ੍ਰਵੇਸ਼ ਕਰਦਾ ਹੈ। ਇਸੇ ਲਈ ਉਸ ਦੇ ਸ਼ਿਅਰਾਂ ਵਿਚ ਪਕਿਆਈ ਅਤੇ ਲੈਅਯੁਕਤਾ ਹੈ। ਉਸ ਦੇ ਖਿਆਲ ਬਹਿਰਾਂ/ਛੰਦਾਂ ਵਿਚ ਢਲਦਿਆਂ ਖ਼ੂਬਸੂਰਤੀ ਪੇਸ਼ ਕਰਦੇ ਹਨ। ਉਸ ਦੇ ਕਾਫ਼ੀਏ ਅਤੇ ਰਕੀਫ਼ ਕਿੱਸੇ ਮੰਝੇ ਹੋਏ ਸ਼ਾਇਰ ਦੇ ਲਗਦੇ ਹਨ। ਜਸਵੀਰ ਰਾਣਾ ਜਿਹੇ ਜਹੀਨ ਲੇਖਕ ਦਾ ਉਹ ਰਿਸ਼ਤੇਦਾਰ ਹੈ ਤੇ ਜਸਵੀਰ ਲਿਖਦਾ ਹੈ ਕਿ ਜਦੋਂ ਮੈਂ ਉਸ ਦੀ ਗ਼ਜ਼ਲ ਦਾ ਪਾਠ ਕੀਤਾ, ਉਹ ਇਕ ਦਾਰਸ਼ਨਿਕ ਔਰੇ ਵਾਲਾ ਸ਼ਬਦ ਮੰਡਲ ਸਿਰਜਦਾ ਨਜ਼ਰ ਆਇਆ। ਉਸ ਦੀ ਇਕ ਇਕ ਗ਼ਜ਼ਲ ਵਿਚ ਖਿਆਲਾਂ ਦੇ ਅਨੇਕ ਤਬਕ ਦਰਜ ਹੁੰਦੇ ਹਨ। ਜਦੋਂ ਉਹ ਸ਼ਿਅਰ ਸਿਰਜਦਾ ਹੈ ਤਾਂ ਉਸ ਦਾ ਜੀਵਨ ਅਨੁਭਵ ਸਿਰ ਚੜ੍ਹ ਬੋਲਦਾ ਹੈ। ਸੁਪਨਿਆਂ ਤੇ ਯਥਾਰਥ ਦੀ ਦੁਨੀਆ ਨੂੰ ਜਿਸ ਟਕਰਾਵੀਂ ਅੰਤਰ-ਦ੍ਰਿਸ਼ਟੀ ਅਤੇ ਸਿਆਣਪ ਨਾਲ ਗ਼ਜ਼ਲ ਵਿਚ ਢਾਲਦਾ ਹੈ, ਉਹ ਉਸ ਨੂੰ ਪੰਜਾਬੀ ਦਾ ਪ੍ਰਮਾਣਿਕ ਰਚਨਾਕਾਰ ਬਣਾਉਂਦੀ ਹੈ। ਉਸ ਦੇ ਸ਼ਿਅਰ ਪ੍ਰਪੱਕਤਾ ਦੇ ਲਖਾਇਕ ਹਨ ਤੇ ਜ਼ਿੰਦਗੀ ਦਾ ਇਕ ਫ਼ਲਸਫ਼ਾ ਉਨ੍ਹਾਂ ਵਿਚ ਝਲਕਦਾ ਹੈ :
-ਕੋਈ ਸੌਖਾ ਨਹੀਂ ਹੈ ਮਨ ਦਾ ਜੰਗਲ ਪਾਰ ਹੋ ਜਾਣਾ,
ਕਿਸੇ ਇਨਸਾਨ ਦਾ ਇਨਸਾਨ ਤੋਂ ਕਿਰਦਾਰ ਹੋ ਜਾਣਾ।
-ਬੜੀ ਸ਼ਿੱਦਤ ਸ਼ਹਾਦਤ ਘਾਲਣਾ ਦੇ ਨਾਲ ਇਕ ਦਿਨ ਹੀ,
ਮਸ਼ਾਲਾਂ ਸਾਮ੍ਹਣੇ ਆਖ਼ਰ ਤਿਮਰ ਲਾਚਾਰ ਹੋ ਜਾਣਾ।
-ਇਸ ਘਰੇ ਮਹਿਮਾਨ ਹੋਏ ਇਕ ਜ਼ਮਾਨਾ ਹੋ ਗਿਆ,
ਪਹਿਨਣੇ ਵਾਲਾ ਉਹੀ ਵਸਤਰ ਪੁਰਾਣਾ ਹੋ ਗਿਆ।
ਕੇਸਰ ਕਰਮਜੀਤ ਨੇ ਭਾਵੇਂ ਛੰਦਾਂ / ਬਹਿਰਾਂ ਦਾ ਬਹੁਤਾ ਵਿਖਾਵਾ ਨਹੀਂ ਕੀਤਾ ਪਰ ਉਸ ਨੂੰ ਬਹਿਰਾਂ ਦੀ ਵੰਨ-ਸੁਵੰਨਤਾ ਦੀ ਸ਼ਕਤੀ ਦਾ ਗਿਆਨ ਹੈ। ਉਹ ਛੋਟੇ ਰਮਲ ਤੋਂ ਬਿਨਾਂ ਰਮਲ ਮਹਿਜੂਫ਼ ਵੀ ਬੜੀ ਖ਼ੂਬੀ ਨਾਲ ਨਿਭਾਉਂਦਾ ਹੈ ਜਿਵੇਂ ਇਹ ਸ਼ਿਅਰ ਵੇਖੋ ਜੋ ਕਿ ਰਮਲ ਤਿੰਨ ਰੁਕਨ ਵਿਚ ਹੈ :
-ਬੇਬਸੀ ਦੇ ਦੌਰ ਇਉਂ ਚੱਲਦੇ ਰਹੇ,
ਕਹਿਣ ਨੂੰ ਜ਼ਿੰਦਾ ਰਹੇ ਮਰਦੇ ਰਹੇ।
ਪਰ ਇਹ ਹੇਠਲਾ ਸ਼ਿਅਰ ਵੱਡੇ ਬਹਿਰ ਰਮਲ ਵਿਚ ਹੈ:
ਰੰਗਲੀ ਨਗਰੀ 'ਚ ਆਏ ਰੰਗਲੇ ਅਹਿਸਾਸ ਨੇ,
ਰੰਗਲੇ ਚਾਵਾਂ ਨੂੰ ਪੂਰਨ ਦਾ ਬਹਾਨਾ ਹੋ ਗਿਆ।
ਕਰਮਜੀਤ ਨੇ ਛੋਟੇ ਬਹਿਰਾਂ ਵਿਚ ਵੱਡੀਆਂ ਗੱਲਾਂ ਕੀਤੀਆਂ ਹਨ, ਜੋ ਕਿ ਦਿਲ ਤੋਂ ਹੋ ਕੇ ਮਨ-ਮਸਤਕ ਤੱਕ ਪਹੁੰਚਦੀਆਂ ਹਨ :
-ਪੀੜ ਮੈਂ ਏਦਾਂ ਸਹਾਰਾਂ ਜ਼ਿੰਦਗੀ।
ਤਾਰੇ ਗਿਣ ਗਿਣ ਕੇ ਗੁਜ਼ਾਰਾਂ ਜ਼ਿੰਦਗੀ।
-ਹਮਵਤਨ ਨੂੰ ਤੂੰ ਪਰਾਇਆ ਆਖਦੈਂ,
ਗ਼ੈਰਾਂ ਤੋਂ ਜਾ ਜਾ ਕੇ ਮੰਗੀ ਦੋਸਤੀ।
ਕਰਮਜੀਤ ਦੀਆਂ ਗ਼ਜ਼ਲਾਂ ਦੇ ਕਾਫ਼ੀਏ ਸੁੰਦਰ ਅਤੇ ਫੁੱਲਾਂ ਵਰਗੇ ਤਾਜ਼ਾ ਹਨ। ਉਸ ਨੇ ਜਿਥੇ ਵੀ ਰਕੀਫ਼ ਲਿਆ ਹੈ, ਉਹ ਵੀ ਕਾਫ਼ੀਏ ਦੀ ਨਾਲ ਦਰੁਸਤ ਅਰਥਾਂ ਵਿਚ ਨਿਭਦਾ ਹੈ, ਹੇਠਲੇ ਸ਼ਿਅਰ ਵਿਚ ਕਾਫ਼ੀਆ ਤਿਲਮਿਲਾਉਂਦਿਆਂ, ਮੁਸਕਰਾਉਂਦਿਆਂ, ਤਿਹਾਰਦਿਆਂ ਆਦਿ ਹਨ ਅਤੇ ਰਕੀਫ਼ 'ਬਾਦ ਵਿਚ' ਹੈ ਜਿਨ੍ਹਾਂ ਦੀ ਜੋੜੀ ਖ਼ੂਬ ਨਿਭੀ ਹੈ :
ਅੱਜ ਤੱਕ ਕਾਜੀ ਮੁਲਾਣੇ ਵੀ ਸਮਝ ਇਹ ਨਾ ਸਕੇ,
ਸੀਸ ਕਿਉਂ ਮਨਸੂਰ ਦਾ ਸੀ ਖਿਲਖਿਲਾਇਆ ਬਾਦ ਵਿਚ।
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਰਹਿ ਕੇ ਕੇਸਰ ਕਰਮਜੀਤ ਜਿਹੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ ਤਾਂ ਉਨ੍ਹਾਂ ਦਾ ਆਦਰ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਮੇਰਾ ਸਾਹਿਤਕ ਸਫ਼ਰ
ਸੰਪਾਦਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 98764-52223
ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਬਾਲ ਸਾਹਿਤ ਲੇਖਕ ਵਜੋਂ ਪੰਜਾਬੀ ਸਾਹਿਤ ਵਿਚ ਬਹੁਤ ਹੀ ਸਨਮਾਨਿਤ ਅਤੇ ਆਦਰਯੋਗ ਸਥਾਨ ਹੈ। ਉਨ੍ਹਾਂ ਨੇ ਹੁਣ ਤੱਕ ਕੋਈ ਸੌ ਦੇ ਕਰੀਬ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਭੰਡਾਰ ਨੂੰ ਭਰਪੂਰ ਕੀਤਾ ਹੈ।
'ਮੇਰਾ ਸਾਹਿਤਕ ਸਫ਼ਰ' ਉਨ੍ਹਾਂ ਵਲੋਂ ਸੰਪਾਦਿਤ ਕੀਤੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਅਸਲੋਂ ਨਵੀਂ ਕਿਤਾਬ ਹੈ, ਜਿਸ ਵਿਚ ਉਨ੍ਹਾਂ ਨੇ ਕੁਲ 28 ਲੇਖਕਾਂ ਨੂੰ ਸ਼ਾਮਿਲ ਕੀਤਾ ਹੈ। ਇਸ ਕਿਤਾਬ 'ਚ ਲੇਖਕਾਂ ਨੇ ਆਪੋ-ਆਪਣੇ ਸਾਹਿਤਕ ਅਨੁਭਵ ਅਤੇ ਸਿਰਜਣਾ ਦੇ ਆਯਾਮ ਦੱਸੇ ਹਨ। ਆਪਣੀਆਂ ਛਪੀਆਂ ਕਿਤਾਬਾਂ ਦੇ ਵੇਰਵੇ ਸਾਡੇ ਨਾਲ ਸਾਂਝੇ ਕੀਤੇ ਹਨ। ਲਿਖਣ ਲਈ ਅਤੇ ਜ਼ਿੰਦਗੀ ਵਿਚ ਕੀਤੇ ਸੰਘਰਸ਼ਾਂ ਦੀਆਂ ਕਹਾਣੀਆਂ ਦੱਸੀਆਂ ਹਨ।
ਇਸ ਪੁਸਤਕ ਵਿਚ ਸੰਪਾਦਕ ਹੁਰਾਂ ਕੁਝ ਨਵੇਂ ਅਤੇ ਹੰਢੇ ਹੋਏ ਲੇਖਕ ਜਿਵੇਂ ਗੁਰਦਰਸ਼ਨ ਸਿੰਘ ਮਾਵੀ, ਕਮਲਜੀਤ ਸਿੰਘ ਬਣਵੈਤ, ਡਾ. ਬਲਬੀਰ ਸਿੰਘ ਢੋਲ, ਖ਼ੁਦ ਬਹਾਦਰ ਸਿੰਘ ਗੋਸਲ, ਪ੍ਰਿੰ. ਨਸੀਬ ਸਿੰਘ ਸੇਵਕ, ਡਾ. ਪੰਨਾ ਲਾਲ ਮੁਸਤਫ਼ਾਵਾਦੀ ਆਦਿ ਜਿਹੇ ਲੇਖਕਾਂ ਨੂੰ ਥਾਂ ਦਿੱਤੀ ਹੈ ਤੇ ਕੁਝ ਰੁਪਿੰਦਰ ਮਾਨ ਮੁਕਤਸਰੀ ਜਿਹੇ ਅਸਲੋਂ ਹੀ ਨਵੇਂ ਲੇਖਕਾਂ ਦੀ ਸ਼ਮੂਲੀਅਤ ਕੀਤੀ ਹੈ। ਬਹੁਤੇ ਲੇਖਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਖਣ ਦੀ ਆਦਤ ਬਾਲ ਸਭਾਵਾਂ ਵਿਚ ਬੋਲ-ਬੋਲ ਕੇ ਹੀ ਪੈ ਗਈ ਸੀ। ਕੁਝ ਯੋਗ ਅਧਿਆਪਕਾਂ ਜਾਂ ਜ਼ਿੰਦਗੀ 'ਚ ਮਿਲੇ ਰਹਿਬਰਾਂ ਕਾਰਨ ਲਿਖਣ ਵਾਲੇ ਪਾਸੇ ਆ ਗਏ। ਪਰਿਵਾਰ ਦੇ ਮੈਂਬਰਾਂ ਨੇ ਵੀ ਕਈ ਲੇਖਕਾਂ ਨੂੰ ਲਿਖਣ ਲਈ ਉਤਸਾਹਿਤ ਕੀਤਾ ਪਰ ਕਈਆਂ 'ਤੇ ਪਰਿਵਾਰਾਂ ਵਿਚ, ਖ਼ਾਸ ਕਰ ਔਰਤਾਂ 'ਤੇ ਲਿਖਣ ਲਈ ਪਾਬੰਦੀਆਂ ਵੀ ਲਗਾਈਆਂ ਗਈਆਂ ਸਨ। ਕਈਆਂ ਨੂੰ ਪਹਿਲੀ ਪੁਸਤਕ ਦੀ ਛਪਾਈ ਨੇ ਹੀ ਹੁਲਾਰਾ ਦੇ ਕੇ ਹੋਰ ਪੁਸਤਕਾਂ ਲਿਖਣ ਲਈ ਰਾਹ ਖੋਲ੍ਹਿਆ। ਹਰ ਲੇਖਕ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਤੇ ਉਹ ਉਨ੍ਹਾਂ ਹਾਲਾਤ ਅਨੁਸਾਰ ਹੀ ਆਪਣੀ ਲੇਖਣੀ ਨੂੰ ਢਾਲਦਾ ਹੈ। ਇਸ ਪੁਸਤਕ ਵਿਚ ਬਹੁਤੇ ਲੇਖਕ ਸਿਖਾਂਦਰੂ ਹਨ ਪਰ ਇਹ ਪੁਸਤਕ ਉਨ੍ਹਾਂ ਲਈ ਨਵੇਂ ਰਾਹ ਖੋਲ੍ਹੇਗੀ ਤੇ ਉਹ ਭਵਿੱਖ ਵਿਚ ਚੰਗੇ ਲੇਖਕ ਸਿੱਧ ਹੋਣਗੇ। ਇਹੋ ਉਮੀਦ ਕੀਤੀ ਜਾ ਸਕਦੀ ਹੈ। ਰੰਗਦਾਰ ਤਸਵੀਰਾਂ ਕਿਤਾਬ ਦੀ ਦਿੱਖ ਵਿਚ ਵਾਧਾ ਕਰਦੀਆਂ ਹਨ।
-ਕੇ. ਐੱਲ. ਗਰਗ
ਮੋਬਾਈਲ : 94635-37050
ਸਿਆਣੀ ਕੀੜੀ
ਲੇਖਕ : ਪਰਮਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 98152-43917
ਬਾਲ-ਪਾਠਕਾਂ ਲਈ ਅਜਿਹੇ ਵਿਸ਼ੇ ਹਿਤਕਾਰੀ ਹੁੰਦੇ ਹਨ ਜੋ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਹੋਏ ਸਾਰਥਿਕ ਮਨੋਰੰਜਨ ਕਰਦੇ ਹੋਏ ਵਿਹਲੇ ਸਮੇਂ ਦੀ ਸੁਚੱਜੀ ਵਰਤੋਂ ਕਰਨ ਦਾ ਹੁਨਰ ਸਿਖਾਉਂਦੇ ਹਨ। ਇਸ ਸੰਦਰਭ ਵਿਚ ਕਾਵਿ-ਸੰਗ੍ਰਹਿ 'ਸਿਆਣੀ ਕੀੜੀ' ਉਲੇਖਯੋਗ ਹੈ, ਜਿਸ ਨੂੰ ਸਕੂਲੀ ਵਿਦਿਆਰਥੀ ਪਰਮਜੀਤ ਸਿੰਘ ਨੇ ਲਿਖਿਆ ਹੈ। ਲੇਖਕ ਨੇ ਇਸ ਪੁਸਤਕ ਵਿਚ ਸੰਮਿਲਿਤ 25 ਨਰਸਰੀ ਗੀਤਾਂ ਵਿਚ ਆਮ ਜਾਣੇ-ਪਛਾਣੇ ਵਿਸ਼ਿਆਂ ਨਾਲ ਸੰਬੰਧਿਤ ਵਸਤੂਆਂ ਨੂੰ ਆਧਾਰ ਬਣਾਇਆ ਹੈ। 'ਰੁੱਖ', 'ਫੁੱਲ', 'ਪਾਣੀ', 'ਬੱਦਲ', 'ਜਾਮਣਾਂ', 'ਕੇਲੇ' ਆਦਿ ਕਵਿਤਾਵਾਂ ਕੁਦਰਤੀ ਸੁੰਦਰਤਾ ਵਿਚ ਵਾਧਾ ਕਰਦੀਆਂ ਹੋਈਆਂ ਸੰਕੇਤ ਕਰਦੀਆਂ ਹਨ ਕਿ ਇਨ੍ਹਾਂ ਦਾ ਅਸਤਿੱਤਵ ਜੀਵ-ਜੰਤੂਆਂ ਪ੍ਰਤੀ ਕਿੰਨਾ ਲਾਭਕਾਰੀ ਹੈ। ਇਸੇ ਤਰ੍ਹਾਂ 'ਪੈਨ', 'ਮੇਰਾ ਬਸਤਾ', 'ਬੈਂਚ' ਕਵਿਤਾਵਾਂ ਵਿੱਦਿਅਕ-ਪ੍ਰਣਾਲੀ ਨਾਲ ਜੁੜੀਆਂ ਹੋਈਆਂ ਹਨ ਅਤੇ 'ਤੋਤਾ', 'ਕੁੱਤਾ', 'ਸੱਪ ਤੇ ਨਿਉਲਾ', 'ਸਿਆਣੀ ਕੀੜੀ' ਕਵਿਤਾਵਾਂ ਜੀਵ-ਜੰਤੂਆਂ ਦੇ ਅਨੋਖੇ ਸੰਸਾਰ ਬਾਰੇ ਵਾਕਫ਼ੀਅਤ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਪਰਸਪਰ ਵਿਵਹਾਰ ਅਤੇ ਰੰਗ-ਰੂਪ ਆਦਿ ਨੂੰ ਬਿਆਨਦੀਆਂ ਹਨ। ਕੁਝ ਹੋਰ ਫੁਟਕਲ ਕਵਿਤਾਵਾਂ ਵਿਚੋਂ 'ਜੂਨ ਮਹੀਨਾ', 'ਸਪੇਰਾ', 'ਮੇਰਾ ਸਾਈਕਲ', 'ਜਿੰਦਾ', 'ਘੜੀ', 'ਕੁਲਫ਼ੀ', 'ਕਾਗ਼ਜ਼ ਦੀ ਕਿਸ਼ਤੀ' ਅਤੇ 'ਸਿਆਣੀ ਬੱਕਰੀ' ਆਦਿ ਵਿਚੋਂ ਵੀ ਇਨ੍ਹਾਂ ਦਾ ਮਹੱਤਵ ਝਲਕਦਾ ਹੈ। ਲੇਖਕ ਸਵੱਛ ਵਾਤਾਵਰਨ ਪ੍ਰਤੀ ਚੇਤਨਾ ਰੱਖਦਾ ਹੈ। ਇਸ ਹਵਾਲੇ ਨਾਲ ਉਸ ਦੀ ਕਵਿਤਾ 'ਪ੍ਰਦੂਸ਼ਣ' ਮਨੁੱਖ ਨੂੰ ਜਾਗ੍ਰਿਤ ਕਰਦੀ ਪ੍ਰਤੀਤ ਹੁੰਦੀ ਹੈ:
ਸੁਣਨ ਸ਼ਕਤੀ ਇਹ ਘਟਾਵੇ
ਸੁਣ ਕੇ ਸ਼ੋਰ ਸਿਰ ਚਕਰਾਵੇ
ਟਰੱਕਾਂ ਦੇ ਜਦ ਹਾਰਨ ਵੱਜਦੇ
ਇੰਜ ਲਗਦਾ ਜਿਵੇਂ ਬੱਦਲ ਗੱਜਦੇ।
ਪ੍ਰਦੂਸ਼ਣ ਵੱਧ ਤੋਂ ਵੱਧ ਘਟਾਉ।
ਆਲਾ ਦੁਆਲਾ ਸਾਫ਼ ਬਣਾਉ। (ਪੰਨਾ 24)
ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਵਿਸ਼ੇਸ਼ ਲੱਛਣ ਇਨ੍ਹਾਂ ਦਾ ਸਰਲ ਅਤੇ ਸੰਖੇਪਮਈ ਹੋਣਾ ਹੈ। ਇਸ ਵਿਦਿਆਰਥੀ-ਲੇਖਕ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਅਜਿਹੇ ਅਣਛੋਹੇ ਵਿਸ਼ਿਆਂ ਨੂੰ ਵੀ ਛੋਹੇਗਾ, ਜੋ ਮਾਨਵਤਾ ਲਈ ਲਾਭਕਾਰੀ ਹਨ। ਇਨ੍ਹਾਂ ਕਵਿਤਾਵਾਂ ਨਾਲ ਢੁੱਕਵੇਂ ਚਿੱਤਰ ਵਿਦਿਆਰਥੀ-ਚਿੱਤਰਕਾਰ ਅਨਮੋਲਪ੍ਰੀਤ ਸਿੰਘ ਨੇ ਬਣਾਏ ਹਨ। ਇਸ ਪੁਸਤਕ ਦੀ ਦਿੱਖ ਚੰਗੀ ਹੈ ਪਰੰਤੂ ਕੇਵਲ 24 ਪੰਨਿਆਂ ਦੀ ਕੀਮਤ 80 ਰੁਪਏ ਨਿਰਧਾਰਤ ਕਰਨਾ ਬਾਲ-ਪਹੁੰਚ ਦੇ ਵਿੱਤੋਂ ਬਾਹਰੀ ਗੱਲ ਹੈ। ਇਸ ਪੱਖੋਂ ਪ੍ਰਕਾਸ਼ਕ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਸਫ਼ਲਤਾ ਦੀਆਂ ਪੌੜੀਆਂ
ਲੇਖਕ : ਨੈਪੋਲੀਅਨ ਹਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 220 ਰੁਪਏ, ਸਫ਼ੇ : 152
ਸੰਪਰਕ : 01679-233244
ਅੱਜ ਦਾ ਯੁੱਗ ਭੱਜ-ਦੌੜ ਅਤੇ ਪੈਸਾਵਾਦੀ ਕਦਰਾਂ-ਕੀਮਤਾਂ ਵਾਲਾ ਯੁੱਗ ਹੈ। ਹਰੇਕ ਮਨੁੱਖ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ, ਜਿਸ ਲਈ ਉਹ ਕਈ ਤਰ੍ਹਾਂ ਦੇ ਨਾਂਹ-ਵਾਦੀ ਅਤੇ ਹਾਂ-ਵਾਦੀ ਤਰੀਕੇ ਅਪਣਾਉਂਦਾ ਹੈ, ਪਰ ਕਿਸੇ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੀਤਾ ਗਿਆ ਕਾਰਜ ਸਾਨੂੰ ਸਫ਼ਲਤਾ ਵੀ ਦਿਵਾਉਂਦਾ ਹੈ ਅਤੇ ਸਮਾਜ ਵਿਚ ਸਾਡਾ ਰੁਤਬਾ ਵੀ ਬੁਲੰਦ ਕਰਦਾ ਹੈ। 'ਸਫ਼ਲਤਾ ਦੀਆਂ ਪੌੜੀਆਂ' ਨੈਪੋਲੀਅਨ ਹਿੱਲ ਦੁਆਰਾ ਲਿਖੀ ਅਤੇ ਅਨੂ ਸ਼ਰਮਾ ਦੁਆਰਾ ਅਨੁਵਾਦ ਕੀਤੀ ਪੁਸਤਕ ਹੈ, ਜਿਸ ਵਿਚ ਸਫ਼ਲਤਾ ਕਰਨ ਦੇ 17 ਚਮਤਕਾਰੀ ਨੁਕਤਿਆਂ ਦੀ ਰੌਸ਼ਨੀ ਪ੍ਰਾਪਤ ਕਰਦਾ ਹੈ ਅਤੇ ਆਪਣੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੁੰਦਾ ਹੈ। ਇਨ੍ਹਾਂ ਨੁਕਤਿਆਂ ਵਿਚ 'ਮਾਸਟਰ ਮਾਈਂਡ, ਇਕ ਸਪੱਸ਼ਟ ਪ੍ਰਮੁੱਖ ਉਦੇਸ਼, ਆਤਮ ਵਿਸ਼ਵਾਸ, ਬੱਚਤ ਦੀ ਆਦਤ, ਪਹਿਲਕਦਮੀ ਅਤੇ ਅਗਵਾਈ ਕਲਪਨਾ ਸ਼ਕਤੀ, ਉਤਸ਼ਾਹ, ਆਤਮ ਨਿਯੰਤਰਨ, ਤਨਖਾਹ ਤੋਂ ਜ਼ਿਆਦਾ ਕੰਮ ਕਰਨ ਦੀ ਆਦਤ, ਦਿਲਚਸਪੀ ਵਾਲਾ ਵਿਅਕਤਿੱਤਵ, ਸਟੀਕ ਸੋਚ, ਇਕਾਗਰਤਾ, ਸਹਿਯੋਗ, ਅਸਫ਼ਲਤਾ ਤੋਂ ਲਾਭ, ਸ਼ਹਿਣਸ਼ੀਲਤਾ, ਸੁਨਹਿਰੀ ਨਿਯਮ ਦਾ ਅਭਿਆਸ, ਤੰਦਰੁਸਤ ਰਹਿਣ ਦੀ ਆਦਤ, ਆਦਿ ਪ੍ਰਮੁੱਖ ਹਨ। ਇਹ ਸਾਰੇ ਹੀ ਨੁਕਤੇ ਕਿਸੇ ਸਿੱਧੇ ਜਾਂ ਸਪਾਟ ਰੂਪ ਵਿਚ ਪੇਸ਼ ਨਹੀਂ ਕੀਤੇ ਗਏ ਸਗੋਂ ਵਿਗਿਆਨਕ ਅਤੇ ਮਨੋਵਿਗਿਆਨਕ ਨਜ਼ਰੀਏ ਨਾਲ ਸਪੱਸ਼ਟ ਕੀਤੇ ਗਏ ਹਨ। ਹਰੇਕ ਸਿਧਾਂਤ ਬਾਰੇ ਪਹਿਲਾਂ ਸਾਰ ਰੂਪ ਵਿਚ ਇਕ ਪੈਰਾ ਪੇਸ਼ ਕੀਤਾ ਹੈ ਅਤੇ ਬਾਅਦ ਵਿਚ ਉਸ ਦਾ ਮੂਲ ਪਾਠ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਸਤਕ ਵਿਚ ਸੰਖੇਪ ਵਿਚ 30 ਉਨ੍ਹਾਂ ਕਾਰਨਾਂ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ, ਜਿਨ੍ਹਾਂ ਕਰਕੇ ਅਸੀਂ ਅਸਫ਼ਲ ਹੁੰਦੇ ਹਾਂ। ਇਸ ਤੋਂ ਇਲਾਵਾ ਪੈਸਾ ਬਣਾਉਣ ਲਈ 40 ਹੋਰ ਸੁਝਾਅ ਜਿਨ੍ਹਾਂ ਨੂੰ ਉਪਾਅ ਕਿਹਾ ਗਿਆ ਹੈ। ਉਹ ਵੀ ਪੁਸਤਕ ਵਿਚ ਸ਼ਾਮਿਲ ਹਨ। ਸਾਰੀ ਹੀ ਪੁਸਤਕ ਮਨੁੱਖੀ ਮਨੋਵਿਗਿਆਨ ਨੂੰ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਉਸ ਵਿਚ ਹਾਂ-ਵਾਦੀ ਰੁਚੀਆਂ ਭਰਨ ਅਤੇ ਭਰਪੂਰ ਜ਼ਿੰਦਗੀ ਜਿਊਣ ਲਈ ਗਿਆਨ ਪ੍ਰਦਾਨ ਕਰਨ ਵਾਲੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਜੋ ਬ੍ਰਹਮੰਡੇ ਸੋਈ ਪਿੰਡੇ
ਲੇਖਕ : ਜਸਵਿੰਦਰ ਸਿੰਘ ਛਿੰਦਾ ਦੇਹੜਕੇ
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 98721-93320
13 ਕਹਾਣੀਆਂ 'ਤੇ ਆਧਾਰਿਤ ਇਸ ਕਹਾਣੀ-ਸੰਗ੍ਰਹਿ 'ਜੋ ਬ੍ਰਹਮੰਡੇ ਸੋਈ ਪਿੰਡੇ' ਦਾ ਰਚੇਤਾ ਦੇਹੜਕਿਆਂ ਵਾਲਾ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਹੈ ਜੋ 'ਹਵਾਲਾਤ' ਨਾਵਲ ਲਿਖ ਕੇ ਪੰਜਾਬੀ ਸਾਹਿਤ ਦੇ ਖੇਮਿਆਂ ਵਿਚ ਚੰਗੀ ਥਾਂ ਬਣਾ ਚੁੱਕਾ ਹੈ। ਇਹ ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ। ਉਸ ਨੇ ਇਨ੍ਹਾਂ ਕਹਾਣੀਆਂ ਵਿਚ ਆਪਣੇ ਪੱਤਰਕਾਰੀ ਜੀਵਨ ਦੇ ਅਨੁਭਵਾਂ ਨੂੰ ਵਸਤੂ ਵਜੋਂ ਪੇਸ਼ ਕਰਦਾ ਹੈ ਅਤੇ ਗੁੰਝਲਦਾਰ ਸੂਖ਼ਮ ਵਿਸ਼ਿਆਂ ਨੂੰ ਕਲਾਤਮਿਕ ਸਰਲਤਾ ਨਾਲ ਚਿਤਰਦਾ ਹੈ ਕਿ ਇਹ ਰਚਨਾਵਾਂ ਸੱਚੀਆਂ ਜਾਪਦੀਆਂ ਹਨ। ਵਿਸ਼ੇ ਅਤੇ ਸ਼ੈਲੀ ਦੇ ਆਧਾਰ 'ਤੇ ਇਨ੍ਹਾਂ ਕਹਾਣੀਆਂ ਦੀ ਵੰਡ ਕੀਤਿਆਂ ਸਭ ਤੋਂ ਪਹਿਲਾਂ ਦੋ ਅਜਿਹੀਆਂ ਕਹਾਣੀਆਂ ਦੀ ਗੱਲ ਕਰਨੀ ਬਣਦੀ ਹੈ ਜਿਸ ਵਿਚ ਕਹਾਣੀਕਾਰ ਨੇ ਪ੍ਰਤੀਕਾਤਮਿਕ ਢੰਗ ਪਾਤਰ ਸਿਰਜ ਕੇ ਉਸ ਦੇ ਮੂੰਹੋਂ ਸੰਵਾਦ ਰਚਾ ਕੇ ਕਹਾਣੀਆਂ ਲਿਖੀਆਂ ਹਨ। ਪਹਿਲੀ ਕਹਾਣੀ 'ਜੱਟ ਤੇ ਜ਼ਮੀਨ' ਕਹਾਣੀ ਵਿਚ ਜ਼ਮੀਨ ਇਕ ਪਾਤਰ ਵਜੋਂ ਖ਼ੁਦਕੁਸ਼ੀ ਕਰ ਰਹੇ ਜੱਟ ਕਿਸਾਨ ਨਾਲ ਸੰਵਾਦ ਰਚਾਉਂਦੀ ਹੈ ਤੇ ਉਸ ਦੁਆਰਾ ਵਾਤਾਵਰਨ ਨੂੰ ਦੂਸ਼ਿਤ ਕਰਨਾ ਯਾਦ ਕਰਵਾ ਕੇ ਗ਼ਲਤੀਆਂ ਦਾ ਅਹਿਸਾਸ ਕਰਵਾਉਂਦੀ ਹੈ। ਦੂਜੀ ਕਹਾਣੀ 'ਜੋ ਬ੍ਰਹਮੰਡੇ ਸੋਈ ਪਿੰਡੇ' ਵਿਚ ਮਨੁੱਖ ਦੇ ਸਰੀਰ ਦੇ ਅੰਗ ਪਾਤਰ ਰੂਪ ਵਿਚ ਸੰਵਾਦ ਰਚਾ ਕੇ ਸਰੀਰਕ ਬਿਮਾਰੀਆਂ ਦੀ ਜੜ੍ਹ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਹਾਣੀ-ਸੰਗ੍ਰਹਿ ਦੀਆਂ ਦੋ ਕਹਾਣੀਆਂ 'ਭਾਂਬੜ' ਅਤੇ 'ਸਬੱਬੀਂ ਮੇਲਾ' ਅਸਲ ਵਿਚ ਯਾਦਾਂ ਰੂਪੀ ਕਹਾਣੀਆਂ ਹਨ, ਜੋ ਕਹਾਣੀਕਾਰ ਨੇ ਇਕ ਪੱਤਰਕਾਰ ਵਜੋਂ ਕੀਤੇ ਅਨੁਭਵਾਂ ਦੇ ਆਧਾਰ 'ਤੇ ਲਿਖੀਆਂ ਹਨ। 'ਇਕ ਕੁੜੀ ਇਕੱਲੀ', 'ਸਾਲਕੁ ਮਿਤੁ ਨ ਰਹਿਓ ਕੋਈ' ਅਤੇ 'ਬਾਬੁਲ ਦਾ ਵਿਹੜਾ' ਰਿਸ਼ਤਿਆਂ ਦੇ ਘਾਣ ਦੀਆਂ ਕਹਾਣੀਆਂ ਹਨ, ਜਿਸ ਦੇ ਪਾਤਰ ਮਤਰੇਈ ਧੀ ਦੇ ਜਿਨਸੀ-ਸ਼ੋਸ਼ਣ, ਬਿਰਧ ਸਹੁਰੇ ਦਾ ਕਤਲ ਅਤੇ ਆਪਣੇ ਸਕੇ ਬਾਪ ਦੇ ਪਿਆਰ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ। 'ਦੀਵਾਲੀ' ਅਤੇ 'ਲਿਓੜ' ਗ਼ਰੀਬੀ ਵਿਚ ਚੰਗੇ ਜੀਵਨ ਦੀ ਆਸ ਨੂੰ ਤਰਸ ਰਹੇ ਦਿਹਾੜੀਦਾਰਾਂ ਦੀਆਂ ਕਹਾਣੀਆਂ ਹਨ ਜੋ ਹਾਲਾਤ ਦੇ ਸਤਾਏ ਹੋਣ ਕਾਰਨ ਪਰਿਵਾਰਾਂ ਦੀ ਦੇਖ਼ਭਾਲ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਦੇ। 'ਬਦ-ਦੁਆ' ਤੇ 'ਭਾਂਬੜ' ਹੰਕਾਰੇ ਮਨੁੱਖਾਂ ਦੀਆਂ ਕਹਾਣੀਆਂ ਹਨ, ਜੋ ਸਮਾਂ ਬਦਲਣ 'ਤੇ ਰੱਬ ਦੀ ਮਾਰ ਨਾਲ ਹੀ ਆਪਣੇ ਕਰਮਾਂ ਦਾ ਫ਼ਲ ਭੋਗਦੇ ਹਨ। 'ਡਰ' ਕਹਾਣੀ ਮਨੁੱਖੀ ਮਨ ਦੇ ਡਰ ਭਾਵਾਂ ਨੂੰ ਦਰਸਾਉਂਦੀ ਕਹਾਣੀ ਹੈ। ਕਹਾਣੀ-ਸੰਗ੍ਰਹਿ ਦੀ ਭਾਸ਼ਾ ਸਰਲ ਅਤੇ ਖੇਤਰੀ ਹੈ ਅਤੇ ਕਹਾਣੀਕਾਰ ਵਲੋਂ ਪ੍ਰਤੀਕਾਤਮਿਕ, ਬਿਆਨੀਆ, ਮਨੋਵਿਗਿਆਨਕ ਅਤੇ ਵਰਨਣਾਤਮਿਕ ਸ਼ੈਲੀ ਅਤੇ ਬਿਰਤਾਂਤ ਉਸਾਰਨ ਲਈ ਲੋੜ ਅਨੁਸਾਰ ਸੰਖੇਪਤਾ, ਸਵੈ-ਵਾਰਤਾ, ਦ੍ਰਿਸ਼ ਜਾਂ ਵਰਨਣਾਤਮਿਕਤਾ ਦੀ ਵਰਤੋਂ ਕੀਤੀ ਗਈ ਹੈ। ਇਸ ਕਲਮ ਤੋਂ ਭਵਿੱਖ ਵਿਚ ਅਜਿਹੀਆਂ ਹੋਰ ਰਚਨਾਵਾਂ ਦੀ ਆਸ ਕੀਤੀ ਜਾਂਦੀ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਸਾਹਿਤ ਤੇ ਇਨਕਲਾਬ
ਲੇਖਕ : ਲੂ-ਸ਼ੁਨ
ਅਨੁਵਾਦ : ਮਹਿੰਦਰ ਰਾਮਪੁਰੀ
ਪ੍ਰਕਾਸ਼ਕ : ਸਪਰੈਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 160 ਰੁਪਏ, ਸਫ਼ੇ : 72
ਸੰਪਰਕ : 95016-60416
ਹਥਲੀ ਪੁਸਤਕ 'ਸਾਹਿਤ ਤੇ ਇਨਕਲਾਬ' ਚੀਨ ਦੇ ਪ੍ਰਸਿੱਧ ਲੇਖਕ ਲੂ-ਸ਼ੁਨ ਦਾ ਲੇਖ ਸੰਗ੍ਰਹਿ ਹੈ। ਲੇਖਕ ਅਨੁਸਾਰ ਇਨਕਲਾਬ ਹੀ ਸਾਹਿਤ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕ੍ਰਾਂਤੀ ਯੁੱਗ ਦਾ ਸਾਹਿਤ ਸਾਧਾਰਨ ਸਮੇਂ ਦੇ ਸਾਹਿਤ ਨਾਲੋਂ ਵੱਖਰਾ ਹੁੰਦਾ ਹੈ। ਕਿਉਂਕਿ ਕ੍ਰਾਂਤੀ ਦੇ ਨਾਲ-ਨਾਲ ਸਾਹਿਤ ਵਿਚ ਵੀ ਪਰਿਵਰਤਨ ਆਉਂਦੇ ਹਨ। 'ਇਨਕਲਾਬ ਵਾਸਤੇ ਉਲਟ ਇਨਕਲਾਬੀ ਵਿਆਕੁਲਤਾ' ਲੇਖ 'ਚ ਲੇਖਕ ਨੇ ਦੱਸਿਆ ਹੈ ਕਿ ਕਾਗਜ਼ੀ ਇਨਕਲਾਬੀ ਜੋ ਕਿ ਇਨਕਲਾਬ ਤੋਂ ਪਹਿਲਾਂ ਤਾਂ ਇਕ ਉਤਸ਼ਾਹੀ ਇਨਕਲਾਬੀ ਹੁੰਦੇ ਹਨ, ਅਚੇਤ ਰੂਪ ਵਿਚ ਚਾੜ੍ਹੇ ਮਖੌਟਿਆਂ ਨੂੰ ਉਸ ਵਕਤ ਲਾਹ ਸੁੱਟਦੇ ਹਨ, ਜਦੋਂ ਇਨਕਲਾਬ ਆਉਂਦਾ ਹੈ। 'ਸਾਹਿਤ ਤੇ ਇਨਕਲਾਬ' ਲੇਖ 'ਚ ਉਸ ਨੇ ਜ਼ਿਕਰ ਕੀਤਾ ਹੈ ਕਿ ਨਾਅਰੇ, ਸੂਚਨਾਵਾਂ, ਤਾਰਾਂ, ਪਾਠ-ਪੁਸਤਕਾਂ ਤੋਂ ਬਿਨਾਂ ਵੀ ਇਨਕਲਾਬ ਨੂੰ ਸਾਹਿਤ ਦੀ ਲੋੜ ਹੁੰਦੀ ਹੈ। 'ਮੈਂ ਕਹਾਣੀਆਂ ਕਿਵੇਂ ਲਿਖਣ ਲੱਗਾ' ਲੇਖ 'ਚ ਉਸ ਨੇ ਆਪਣੀ ਕਹਾਣੀ ਲਿਖਣ ਦੀ ਪ੍ਰਕਿਰਿਆ ਸੰਬੰਧੀ ਚਾਨਣਾ ਪਾਇਆ ਹੈ। 'ਵਾਮਪੰਥੀ ਲੇਖਕ ਸਭਾ ਦੇ ਬਾਰੇ ਵਿਚਾਰ' ਲੇਖ 'ਚ ਉਸ ਨੇ ਦਾਅਵਾ ਕੀਤਾ ਹੈ ਕਿ ਜੇ ਸਾਹਿਤ ਅਤੇ ਵਿਗਿਆਨ ਵਿਚ ਅਸੀਂ ਆਪਣਾ ਹਿੱਸਾ ਪਾਈਏ ਤਾਂ ਸਾਮਰਾਜਵਾਦੀਆਂ ਦੇ ਪੰਜੇ ਤੋਂ ਮੁਕਤ ਹੋਣ ਵਾਸਤੇ ਇਹ ਸਾਡੇ ਰਾਜਨੀਤਕ ਅੰਦੋਲਨ 'ਚ ਸਹਾਇਕ ਸਿੱਧ ਹੋ ਸਕੇਗਾ, ਪਰੰਤੂ ਸਾਹਿਤਕ ਖੇਤਰ ਵਿਚ ਕਿਸੇ ਦੇਣ ਵਾਸਤੇ ਲਚਕੀਲਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਲੇਖ ਸੰਗ੍ਰਹਿ 'ਚ 'ਸਾਹਿਤ ਤੇ ਪਸੀਨਾ' , 'ਵਿਅੰਗ ਕੀ ਹੈ?', 'ਆਲੋਚਕਾਂ ਦੇ ਆਲੋਚਕ', 'ਪੜ੍ਹਣ ਪਿੱਛੋਂ ਟਿੱਪਣੀਂ ', 'ਅੰਧੇਰੇ ਭਰੇ ਚੀਨ ਵਿਚ ਕਲਾ ਦੀ ਅਜੋਕੀ ਸਥਿਤੀ', 'ਨਵ ਸਾਹਿਤ ਬਾਰੇ ਕੁਝ ਵਿਚਾਰ', 'ਗਾਲਾਂ ਅਤੇ ਧਮਕੀਆਂ ਸੰਘਰਸ਼ ਨਹੀਂ ਹਨ', 'ਲਿਖਤ ਅਤੇ ਵਿਸ਼ਾ ਚੋਣ ਬਾਰੇ' ਆਦਿ ਲੇਖ ਵੀ ਭਾਵਪੂਰਤ ਹਨ। ਇਸ ਸੰਗ੍ਰਹਿ ਦੇ ਲੇਖ ਸੰਖੇਪ ਹੋਣ ਦੇ ਬਾਵਜੂਦ ਅਰਥ ਭਰਪੂਰ ਹਨ। ਮਹਿੰਦਰ ਰਾਮਪੁਰੀ ਨੇ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਬਾਖ਼ੂਬੀ ਕੀਤਾ ਹੈ, ਅਨੁਵਾਦਕ ਵਧਾਈ ਦਾ ਪਾਤਰ ਹੈ। ਹਥਲੀ ਪੁਸਤਕ 'ਸਾਹਿਤ 'ਤੇ ਇਨਕਲਾਬ' ਪਾਠਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਵਿਚਿੱਤਰ ਜੀਵ ਜਗਤ
(ਜੀਵ-ਜੰਤੂਆਂ ਬਾਰੇ ਵਿਚਿੱਤਰ ਅਤੇ ਰੌਚਕ ਗੱਲਾਂ)
ਲੇਖਕ : ਇਕਬਾਲ ਮੁਹੰਮਦ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94786-55572
ਲੇਖਕ ਨੇ ਇਸ ਕਿਤਾਬ ਵਿਚ ਵੱਖ-ਵੱਖ ਜੀਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ, ਉੱਡਣ ਵਾਲੇ, ਰੀਂਗਣ ਵਾਲੇ ਜੀਵਾਂ ਦਾ ਵਿਸਥਾਰ ਕਰਦਿਆਂ ਕੋਈ 70 ਦੇ ਕਰੀਬ ਜੀਵਾਂ ਬਾਰੇ ਇਹ ਕਿਤਾਬ ਵਿਚੋਂ ਅਨਮੁੱਲੀ ਦਿਲਚਸਪ ਜਾਣਕਾਰੀ ਪ੍ਰਾਪਤ ਹੁੰਦੀ ਹੈ। ਡਾਇਨਾਸੋਰ ਤੋਂ ਵੀ 32 ਗੁਣਾ ਮਜ਼ਬੂਤ ਹੈ ਕਾਕਰੋਚ ਦਾ ਸਰੀਰ, ਸਿਓਂਕ ਬਾਰੇ ਜਾਣਕਾਰੀ, ਕੀੜੀਆਂ ਦਾ ਅਨੋਖਾ ਸੰਸਾਰ, ਲੱਤਾਂ ਤੋਂ ਖੂਨ ਦੀ ਪਿਚਕਾਰੀ ਛੱਡਦਾ ਲੇਡੀ ਬਰਡ (ਫੇਲ੍ਹ-ਪਾਸ), ਭੌਂਕਣ ਵਾਲੀ ਗਲਹਿਰੀ, ਜੀਵਾਂ 'ਚ ਵੀ ਹੁੰਦੀ ਹੈ 'ਸਿਕਸਥ ਸੈਂਸ, ਜਾਨਵਰਾਂ ਦੀ ਅਨੋਖੀ ਮਮਤਾ, ਦੁਨੀਆ ਦੀ ਸਭ ਤੋਂ ਛੋਟੀ ਚਿੜੀ 'ਹਮਿੰਗ ਬਰਡ', ਦੂਜੇ ਪੰਛੀਆਂ ਦੀ ਨਕਲ ਕਰਨ 'ਚ ਮਾਹਿਰ ਹਿਲ ਮੈਨਾ, ਰੰਗੀਨ ਰੌਸ਼ਨੀ ਕੱਢਣ ਵਾਲੀ ਚਿੜੀ 'ਮਿੱਟਾ', ਹਰ ਸਾਲ 20000 ਮੀਲ ਸਫ਼ਰ ਤੈਅ ਕਰਦੀ 'ਟਰਨ ਚਿੜੀ', ਚੀਕਣ-ਚਿੱਲਾਉਣ ਵਾਲੀ ਬੱਤਖ਼, ਵਿਸ਼ਵ ਦਾ ਸਭ ਤੋਂ ਵੱਡਾ ਸਮੁੰਦਰੀ ਪੰਛੀ : 'ਸਮਾਰਟ ਪੈਂਗੁਇਨ', ਤਿਤਲੀਆਂ ਦੀ ਦੁਨੀਆ, ਮੱਖੀਆਂ ਅਤੇ ਮਧੂਮੱਖੀਆਂ, ਸਭ ਤੋਂ ਵੱਡੇ ਸਾਰਸ, ਵਸਤੂਆਂ ਦੇ ਹਿਸਾਬ ਨਾਲ ਰੰਗ ਬਦਲਦੇ ਗਿਰਗਿਟ, ਰੰਗ ਬਦਲਣ ਵਾਲੇ ਵਿਚਿੱਤਰ ਜੀਵ, ਰੰਗ ਬਦਲਣ ਵਾਲਾ ਡੱਡੂ, ਪੰਛੀ ਤੇ ਜਾਨਵਰਾਂ ਨੂੰ ਪਾਣੀ ਦੀ ਲੋੜ ਕਿਉਂ ਹੈ?, ਆਓ ਪੰਛੀਆਂ ਦੇ ਖੰਭਾਂ ਬਾਰੇ ਜਾਣੀਏ, ਚਿੜੀਆਘਰਾਂ ਦਾ ਇਤਿਹਾਸ, ਨਾ ਉੱਡਣਯੋਗ ਪੰਛੀ, ਸੱਪ ਕਿਉਂ ਉਤਾਰਦੇ ਹਨ ਕੁੰਜ?, ਜੀਭ ਨਾਲ ਸ਼ਿਕਾਰ ਦਾ ਪਤਾ ਲਗਾਉਂਦੇ ਹਨ ਏਡਰਸ ਸੱਪ, ਦੁਨੀਆ ਦਾ ਸਭ ਤੋਂ ਵੱਡਾ ਜੀਵ 'ਵੇਲ ਮੱਛੀ, ਖੂਨ ਚੂਸਣ ਵਾਲਾ ਪਰਜੀਵ 'ਪਿੱਸੂ', ਸੁਰਖ਼ਾਬ ਪੰਛੀ, ਰਾਸ਼ਟਰੀ ਪੰਛੀ ਮੋਰ, ਸ਼ਿਕਾਰੀ ਪੰਛੀ ਚਕੋਰ, ਦੁਨੀਆ ਦਾ ਸਭ ਤੋਂ ਮੂਰਖ ਜਾਨਵਰ ਉਪੋਸਮ, ਪੰਛੀ ਨੀਂਦ ਸਮੇਂ ਹੇਠਾਂ ਕਿਉਂ ਨਹੀਂ ਡਿਗਦੇ?, ਸਮੁੰਦਰ ਵਿਚ ਰਹਿਣ ਵਾਲੇ ਜੀਵ-ਜੰਤੂ, ਘੋੜਾ ਕਿਉਂ ਨਹੀਂ ਕਰਦਾ ਜੁਗਾਲ਼ੀ?, ਠੰਢੇ ਸੁਭਾਅ ਦਾ ਮਾਲਕ : ਕੱਛੂਕੁੰਮਾ, ਤਾਰੇ ਵਰਗੇ ਨੱਕ ਵਾਲੀ ਛਛੂੰਦਰ, ਪਾਣੀ 'ਤੇ ਦੌੜਨ ਵਾਲੀ ਕਿਰਲੀ, ਬੰਨ੍ਹ ਬਣਾਉਣ ਵਾਲਾ ਊਦਬਿਲਾਵ, ਕਿਸਾਨ ਦਾ ਮਿੱਤਰ ਜੀਵ ਟਿੱਡਾ, ਕੁਦਰਤੀ ਕਾਰੀਗਰ ਪੰਛੀ ਬਿਜੜਾ, ਪੇਟ ਉਤੇ ਥੈਲੀ ਵਾਲੇ ਜਾਨਵਰ, ਰੇਸ਼ਮ ਦਾ ਕੀੜਾ, ਦੁਰਲੱਭ ਪੰਛੀ : ਬੰਗਾਲ ਫਲੋਰੀਕਨ, ਪੰਛੀਆਂ ਦੀ ਪਾਠਸ਼ਾਲਾ : ਪੇਂਚ ਨੈਸ਼ਨਲ ਪਾਰਕ, ਭੂਰਾ ਤਿੱਤਰ, ਪੰਛੀਆਂ ਦੀ ਦੁਨੀਆ, ਸੋਹਣਾ ਪੰਛੀ ਬੁਲਬੁਲ, ਪੰਛੀ ਹਜ਼ਾਰਾਂ ਮੀਲ ਦਾ ਸਫ਼ਰ ਕਿਵੇਂ ਕਰਦੇ ਹਨ ?, ਸੰਸਾਰ ਦੀਆਂ ਪ੍ਰਸਿੱਧ ਨੈਸ਼ਨਲ ਸੈਂਚੁਰੀਜ਼, ਚਿੱਟੀ ਇੱਲ, ਪਰਵਾਸੀ ਪੰਛੀ ਕੂੰਜ, ਬਿੰਦੀ-ਚੁੰਝੀ ਮੁਰਗਾਬੀ, ਹੰਸ ਵਰਗਾ ਚਿੱਟਾ ਚਕਵਾ, ਅਜੀਬ ਜਾਨਵਰ ਬਿੱਜੂ, ਬਰਸਾਤੀ ਪਪੀਹਾ, ਸੁਨਹਿਰੀ ਉੱਲੂ, 'ਠੰਢੇ ਖੂਨ' ਵਾਲੇ ਜਾਨਵਰਾਂ ਦੀਆਂ ਦਿਲਚਸਪ ਗੱਲਾਂ, ਅਨੋਖੇ ਜੀਵ 'ਬਬੂਨ', ਛੋਟੀਆਂ ਬਿੱਲੀਆਂ ਦੀ ਦੁਨੀਆ, ਚਲਾਕ ਸ਼ਿਕਾਰੀ ਵੱਡੀਆਂ ਬਿੱਲੀਆਂ, ਦੁਨੀਆ ਦੇ ਸਭ ਤੋਂ ਖ਼ਤਰਨਾਕ ਪੰਛੀ, ਅਜੀਬੋ-ਗਰੀਬ ਤਰੀਕਾ ਹੈ ਜਾਨਵਰਾਂ ਦੇ ਸੌਣ ਦਾ, ਜੁਗਨੂੰ ਕਿਉਂ ਚਮਕਦੇ ਹਨ?, ਫੁਰਤੀਲਾ ਅਤੇ ਚਲਾਕ ਜਾਨਵਰ ਤੇਂਦੂਆ, ਅਜੀਬ ਜੀਵ ਬਿੱਛੂ, ਰੰਗ ਤੇ ਰੂਪ ਬਦਲਣ ਵਾਲੇ ਕੁਝ ਵਚਿੱਤਰ ਜੀਵ-ਜੰਤੂ, ਸਰਦੀਆਂ ਵਿਚ ਜੀਵ-ਜੰਤੂ ਅਕਸਰ ਕਿਉਂ ਛੁਪ ਜਾਂਦੇ ਹਨ?, ਤੋਤਿਆਂ ਦੀ ਰੰਗ-ਬਰੰਗੀ ਦੁਨੀਆ, ਥਣਧਾਰੀ ਉੱਡਣ ਵਾਲਾ ਜੀਵ ਚਮਗਿੱਦੜ, ਦਿਲਚਸਪ ਪੰਛੀ ਉੱਲੂ, ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪ, ਜਾਣਕਾਰੀ ਪੰਛੀਆਂ ਦੇ ਪੈਰਾਂ ਬਾਰੇ, ਡਾਇਨਾਸੋਰਾਂ ਦਾ ਯੁੱਗ, ਚਮਕੀਲਾ ਕਿੰਗਫ਼ਿਸ਼ਰ ਦਰਜ ਕੀਤਾ ਹੈ। ਲੇਖਕ ਨੇ ਪੁਸਤਕ ਵਿਚ ਉੱਡਣ ਵਾਲੇ ਸਭ ਤੋਂ ਛੋਟੇ ਕੀਟ ਪਤੰਗੇ ਮੱਖੀ, ਮਧੂ ਮੱਖੀ, ਤਿਤਲੀ, ਰੇਸ਼ਮ ਦੇ ਕੀੜੇ, ਟਿੱਡੇ, ਪੰਛੀਆਂ ਵਿਚ ਚਿੜੀ, ਮੈਨਾ, ਸੁਰਖ਼ਾਬ, ਚਕੋਰ, ਤਿੱਤਰ, ਬਿਜੜਾ, ਬੁਲਬੁਲ, ਕੂੰਜ, ਪਪੀਹੇ, ਚਕਵੇ ਤੇ ਮੋਰ ਆਦਿ ਬਾਰੇ ਹੈਰਾਨੀ ਭਰੀ ਜਾਣਕਾਰੀ ਸਾਂਝੀ ਕੀਤੀ ਹੈ। ਪਾਣੀ ਦੇ ਜੀਵ-ਜੰਤੂਆਂ ਦਾ ਆਪਣਾ ਸੰਸਾਰ ਹੁੰਦਾ ਹੈ। ਲੇਖਕ ਨੇ ਡੱਡੂ, ਕੱਛੂਕੁੰਮਾ, ਮੱਛੀਆਂ, ਵੇਲ ਮੱਛੀ ਤੇ ਪਾਣੀ ਵਿਚ ਰਹਿਣ ਵਾਲੀਆਂ ਹੋਰ ਪ੍ਰਜਾਤੀਆਂ ਦਾ ਵੀ ਵੇਰਵਾ ਦਿੱਤਾ ਹੈ। ਇੰਝ ਹੀ ਕੁਝ ਜੀਵ ਪਾਣੀ ਅਤੇ ਧਰਤੀ ਦੋਵਾਂ ਥਾਵਾਂ 'ਤੇ ਹੀ ਰਹਿੰਦੇ ਹਨ, ਜਿਵੇਂ ਬੱਤਖ਼, ਮੁਰਗਾਬੀ ਤੇ ਪੈਂਗੁਇਨ ਆਦਿ ਬਾਰੇ ਵੀ ਲਿਖਿਆ ਹੈ । ਲੇਖਕ ਨੇ ਰੰਗ ਬਦਲਣ ਵਾਲੇ ਜੀਵ, ਆਪਣੇ ਪੇਟ ਦੀ ਥੈਲੀ ਵਿਚ ਬੱਚੇ ਰੱਖਣ ਵਾਲੇ ਜਾਨਵਰ, ਖ਼ਾਸ ਤਰ੍ਹਾਂ ਦੀ ਸੁੰਘਣ-ਸ਼ਕਤੀ ਰੱਖਣ ਵਾਲੇ ਜੀਵਾਂ ਅਤੇ ਵਿਸ਼ੇਸ਼ ਕਿਸਮ ਦੀ ਮਮਤਾ ਰੱਖਣ ਵਾਲੇ ਜਾਨਵਰਾਂ ਦਾ ਵੀ ਵਿਵਰਣ ਪੇਸ਼ ਕੀਤਾ ਹੈ। ਇਸ ਤਰ੍ਹਾਂ ਇਸ ਪੁਸਤਕ ਵਿਚ ਉੱਡਣ ਵਾਲੇ ਪੰਛੀਆਂ, ਧਰਤੀ 'ਤੇ ਚੱਲਣ ਵਾਲੇ ਪੰਛੀਆਂ ਅਤੇ ਲੰਮਾ ਸਫ਼ਰ ਕਰਨ ਵਾਲੇ ਪੰਛੀਆਂ, ਕੀਟ-ਪਤੰਗਿਆਂ ਤੇ ਸ਼ਿਕਾਰੀ ਪੰਛੀਆਂ ਤੇ ਜਾਨਵਰਾਂ ਦੀਆਂ ਕਿਸਮਾਂ ਦਾ ਵੀ ਵਿਸਥਾਰ ਸਹਿਤ ਵਰਨਣ ਕੀਤਾ ਹੈ। ਇੰਝ ਇਹ ਪੁਸਤਕ ਬਾਲ ਤੇ ਕਿਸ਼ੋਰ ਵਰਗ ਦੇ ਬੱਚਿਆਂ ਲਈ ਮਨੋਰੰਜਨ ਨਾਲ ਹੀ ਭਰਪੂਰ ਨਹੀਂ, ਸਗੋਂ ਗਿਆਨ ਦਾ ਸੋਮਾ ਵੀ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਦੌਲਤ ਅਤੇ ਸਫ਼ਲਤਾ ਦੇ ਰਾਹ
ਲੇਖਕ : ਡਾ. ਜੋਸੇਫ ਮਰਫੀ,
ਅਨੁਵਾਦਕ : ਅਨੂ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 299 ਰੁਪਏ ਸਫ਼ੇ : 216
ਸੰਪਰਕ : 01679-233244
ਲੇਖਕ ਡਾ. ਜੋਸੇਫ ਮਰਫੀ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਵੈੱਲਥ ਐਂਡ ਸਕਸੈੱਸ' ਦਾ ਪੰਜਾਬੀ ਅਨੁਵਾਦ 'ਦੌਲਤ ਅਤੇ ਸਫ਼ਲਤਾ ਦੇ ਰਾਹ' ਅਨੂ ਸ਼ਰਮਾ ਵਲੋਂ ਕੀਤਾ ਗਿਆ ਹੈ। ਇਹ ਪੁਸਤਕ 1963 ਦੇ ਨੇੜੇ-ਤੇੜੇ ਪ੍ਰਕਾਸ਼ਿਤ ਹੋ ਕੇ ਵੱਡੇ ਪਾਠਕ ਵਰਗ ਵਲੋਂ ਪਸੰਦ ਕੀਤੀ ਗਈ ਸੀ। ਇਹ ਪੁਸਤਕ ਦੱਸਦੀ ਹੈ ਕਿ ਆਪਣੇ ਮਨ ਦੀ ਸ਼ਕਤੀ ਨੂੰ ਪਛਾਣ ਕੇ ਜ਼ਿੰਦਗੀ ਦੇ ਹਰੇਕ ਖੇਤਰ ਵਿਚ ਸਫਲਤਾ ਕਿਵੇਂ ਪ੍ਰਾਪਤ ਕਰੀਏ। ਲੇਖਕ ਦੌਲਤ ਨੂੰ ਜ਼ਿੰਦਗੀ ਦੀ ਮਾਸਟਰ ਚਾਬੀ ਦੱਸਦਿਆਂ ਜੀਵਨ ਨੂੰ ਵੱਧ ਤੋਂ ਵੱਧ ਦੌਲਤ ਕਮਾ ਕੇ ਖੁਸ਼ੀ, ਸੁੱਖ ਅਤੇ ਵਿਲਾਸਤਾਪੂਰਵਕ ਜਿਊਣ ਲਈ ਪ੍ਰੇਰਿਤ ਕਰਦਾ ਹੈ। ਇਸ ਲਈ ਉਹ ਮਨੁੱਖ ਨੂੰ ਆਪਣੀਆਂ ਅੰਦਰਲੀਆਂ ਸ਼ਕਤੀਆਂ ਜਗਾ ਕੇ ਉਨ੍ਹਾਂ ਦੀ ਸਦਵਰਤੋਂ ਕਰਦਿਆਂ ਇਹ ਟੀਚਾ ਹਾਸਿਲ ਕਰਨ ਦਾ ਰਾਹ ਦਰਸਾਉਂਦਾ ਹੈ। ਉਹ ਮਨੁੱਖ ਅੰਦਰ ਸਮਾਜਿਕ, ਮਾਨਸਿਕ, ਧਾਰਮਿਕ ਅਤੇ ਹੋਰ ਕਾਰਨਾਂ ਕਰਕੇ ਅਮੀਰ ਬਣਨ ਅਤੇ ਚੰਗਾ ਜੀਵਨ ਜਿਊਣ ਦੇ ਮਰ ਰਹੇ ਅਹਿਸਾਸ ਤੇ ਇੱਛਾ ਨੂੰ ਮੁੜ ਜਗਾਉਣ ਦਾ ਉਪਰਾਲਾ ਕਰਦਾ ਹੈ। ਮਨੁੱਖ ਦੇ ਅਵਚੇਤਨ ਮਨ ਅੰਦਰ ਲੁਕੀਆਂ ਅਥਾਹ ਸ਼ਕਤੀਆ ਦੇ ਪ੍ਰੋਗਰਾਮਿੰਗ ਕਰਨ ਦੀ ਸਲਾਹ ਦਿੰਦਾ ਹੈ। ਮਨੁੱਖ ਵਲੋਂ ਜੀਵਨ ਵਿਚ ਸਹੀ ਸਮੇਂ 'ਤੇ ਲਏ ਗਏ ਸਹੀ ਫ਼ੈਸਲੇ ਕਿੰਨਾ ਲਾਹੇਵੰਦ ਸਾਬਿਤ ਹੋ ਸਕਦੇ ਹਨ, ਫ਼ੈਸਲਾ ਲੈਣ ਦੀ ਇੱਛਾ ਸ਼ਕਤੀ ਵੱਲ ਵੀ ਲੇਖਕ ਇਸ਼ਾਰਾ ਕਰਦਾ ਹੈ। ਕੇਵਲ ਅਨੁਸ਼ਾਸਿਤ ਜੀਵਨ ਹੀ ਨਹੀਂ, ਕਲਪਨਾਵਾਂ ਦਾ ਵੀ ਅਨੁਸ਼ਾਸਿਤ ਹੋਣਾ ਜੀਵਨ ਦੀ ਸਫਲਤਾ ਲਈ ਕਿੰਨਾ ਜ਼ਰੂਰੀ ਹੈ, ਲੇਖਕ ਇਸ ਦੀ ਮਹੱਤਤਾ ਬਾਰੇ ਵੀ ਦੱਸਦਾ ਹੈ। ਕਿਸੇ ਵਿਅਕਤੀ ਵਲੋਂ ਕੀਤੇ ਗਏ ਛੋਟੇ ਤੋਂ ਛੋਟੇ ਯਤਨ ਦੀ ਢੁਕਵੀਂ ਸ਼ਲਾਘਾ ਉਸ ਨੂੰ ਸਫਲਤਾ ਅਤੇ ਖੁਸ਼ੀਆਂ ਦੇ ਸਿਖ਼ਰ ਤੱਕ ਲਿਜਾ ਸਕਦੀ ਹੈ। ਮਨੁੱਖੀ ਵਿਸ਼ਵਾਸ ਹੀ ਮਨੁੱਖ ਨੂੰ ਅਮੀਰ ਜਾਂ ਗ਼ਰੀਬ ਕਿਉਂ ਤੇ ਕਿਵੇਂ ਬਣਾਉਂਦੇ ਹਨ, ਇਸ 'ਤੇ ਵਿਚਾਰ ਕਰਨ ਦੀ ਲੋੜ ਬਾਰੇ ਦੱਸਿਆ ਗਿਆ ਹੈ। ਜ਼ਿੰਦਗੀ ਲਈ ਕੁਝ ਸੁਨਹਿਰੇ ਅਸੂਲਾਂ ਅਤੇ ਭਵਿੱਖ ਨੂੰ ਵੇਖਣ ਦੀ ਕਲਾ ਜਿਹੇ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੈਕਟੀਕਲ ਸੁਝਾਉ ਦਿੰਦੀ ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਪੜ੍ਹਣ ਅਤੇ ਅਮਲ ਕਰਨ ਦੇ ਯੋਗ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਪੱਤਝੜ ਮਗਰੋਂ
ਗ਼ਜ਼ਲਕਾਰ : ਜਗਜੀਤ ਗੁਰਮ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99152-64836
ਪੰਜਾਬੀ ਗ਼ਜ਼ਲ ਨੇ ਸ਼ਾਇਰੀ ਦੀਆਂ ਹੋਰ ਵਿਧਾਵਾਂ ਨੂੰ ਸੱਚਮੁਚ ਪਛਾੜ ਦਿੱਤਾ ਹੈ। ਸ਼ਾਇਰੀ ਨਾਲ ਸੰਬੰਧਿਤ ਪੰਜਾਬੀ ਵਿਚ ਛਪਣ ਵਾਲੀ ਹਰ ਤੀਸਰੀ ਪੁਸਤਕ ਦਾ ਗ਼ਜ਼ਲ-ਸੰਗ੍ਰਹਿ ਹੋਣਾ ਇਸ ਦਾ ਵੱਡਾ ਪ੍ਰਮਾਣ ਹੈ। ਨੌਜਵਾਨ ਕਵੀਆਂ ਦੀ ਇਹ ਚਹੇਤੀ ਸਿਨਫ਼ ਹੈ ਤੇ ਆਏ ਦਿਨ ਇਸ ਦਾ ਘੇਰਾ ਫ਼ੈਲ ਰਿਹਾ ਹੈ। ਜਗਜੀਤ ਗੁਰਮ ਵੀ ਪੰਜਾਬੀ ਗ਼ਜ਼ਲ ਦੀ ਨਵੀਂ ਫ਼ਸਲ ਹੈ, ਜਿਸ ਦਾ ਮੁਹਾਂਦਰਾ ਹਰਾ ਕਚੂਰ ਹੈ ਤੇ ਇਸ ਵਿਚ ਭਰਪੂਰ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ। 'ਪੱਤਝੜ ਮਗਰੋਂ' ਉਸ ਦਾ ਪਹਿਲਾ ਗ਼ਜ਼ਲ-ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਕਰੀਬ 106 ਗ਼ਜ਼ਲਾਂ ਛਪੀਆਂ ਮਿਲਦੀਆਂ ਹਨ। ਕਿਸੇ ਵੀ ਸ਼ਾਇਰ ਦੇ ਸ਼ੁਰੂਆਤੀ ਦੌਰ ਵਿਚ ਵਧੇਰੇ ਕਰਕੇ ਮੁਹੱਬਤ ਸਿਰਜਣਾ ਦਾ ਕੇਂਦਰੀ ਬਿੰਦੂ ਬਣਦੀ ਹੈ ਤੇ ਅਜਿਹਾ ਕੁਝ ਇਸ ਸੰਗ੍ਰਹਿ ਬਾਰੇ ਵੀ ਹੈ। ਉਹ ਆਖਦਾ ਹੈ ਅਜਿਹਾ ਨਹੀਂ ਹੈ ਕਿ ਮੈਨੂੰ ਉਸ ਨਾਲ ਮੁਹੱਬਤ ਨਹੀਂ ਹੈ, ਪਰ ਹਾਂ, ਮੈਂ ਹੁਣ ਪਹਿਲਾਂ ਵਾਂਗ ਉਡੀਕ ਨਹੀਂ ਕਰਦਾ। ਗ਼ਜ਼ਲਕਾਰ ਅਨੁਸਾਰ ਉਸ ਦਾ ਪਸੰਦੀਦਾ ਵਿਅਕਤੀਤਵ ਹਮੇਸ਼ਾ ਦਗ਼ਾ ਕਰਦਾ ਰਿਹਾ ਹੈ ਤੇ ਬੇਵਫ਼ਾਈ ਉਸ ਨੂੰ ਮੱਥੇ 'ਤੇ ਖੁਣਵਾਉਣੀ ਪਈ ਹੈ। ਉਸ ਦੇ ਮੁਹੱਬਤ ਸੰਬੰਧੀ ਸ਼ਿਅਰ ਦੁਬਿਧਾ ਤੇ ਅਜੀਬ ਖਿੱਚੋਤਾਣ ਵਿਚ ਹਨ। ਇਸ ਵਿਸ਼ੇ ਤੋਂ ਇਲਾਵਾ ਗੁਰਮ ਨੇ ਦੇਸ਼ ਦੀ ਸਮਾਜਿਕ ਤੇ ਰਾਜਨੀਤਕ ਨਬਜ਼ ਵੀ ਟੋਹੀ ਹੈ। ਉਹ ਪਰਵਾਸ ਨੂੰ ਤੁਰੇ ਬੱਚਿਆਂ ਦੇ ਭਵਿੱਖ ਤੋਂ ਚਿੰਤਤ ਹੈ ਤੇ ਇਸ ਦੇ ਸਿੱਟਿਆਂ ਬਾਰੇ ਭਲੀਭਾਂਤ ਜਾਣਦਾ ਹੈ। ਗ਼ਜ਼ਲਕਾਰ ਜਾਣਦਾ ਹੈ ਕਿ ਉੱਚੇ ਕਹਾਉਂਦੇ ਲੋਕਾਂ ਨਾਲ ਲੜਾਈ ਲੰਮੀ ਹੈ ਤੇ ਰਾਤ ਦੇ ਪਸਰ ਜਾਣ ਤੋਂ ਪਹਿਲਾਂ ਮਸ਼ਾਲਾਂ ਦਾ ਬਲਣਾ ਜ਼ਰੂਰੀ ਹੈ। ਉਸ ਮੁਤਾਬਿਕ ਚਿਰਾਗ਼ਾਂ ਨੂੰ ਜਗਾ ਕੇ ਨਦੀ ਵਿਚ ਵਹਾਉਣ ਨਾਲੋਂ ਬਨੇਰਿਆਂ 'ਤੇ ਧਰ ਦੇਣਾ ਕਿਤੇ ਬਿਹਤਰ ਹੈ। ਉਸ ਦੇ ਮਨ ਵਿਚ ਸਵਾਲ ਹੈ ਕਿ ਰਾਜਾਸ਼ਾਹੀ ਲੋਕਾਂ ਦੇ ਘਰ ਕਿਉਂ ਜਾਲ ਰਹੀ, ਇਸੇ ਸਵਾਲ ਦੇ ਕਈ ਜਵਾਬ ਉਸ ਦਿਆਂ ਵੱਖ-ਵੱਖ ਸ਼ਿਅਰਾਂ ਵਿਚੋਂ ਮਿਲ ਵੀ ਜਾਂਦੇ ਹਨ। ਜਗਜੀਤ ਗੁਰਮ ਤੋਂ ਹੋਰ ਬਿਹਤਰ ਗ਼ਜ਼ਲਕਾਰੀ ਦੀ ਆਸ ਰੱਖੀ ਜਾ ਸਕਦੀ ਹੈ। ਇਹ ਅਜੇ ਉਸ ਦਾ ਪਹਿਲਾ ਪੜਾਅ ਹੈ ਜਿਸ ਕਾਰਨ ਉਸ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। 'ਪੱਤਝੜ ਮਗਰੋਂ' ਵਿਚ ਕੁਝ ਅਜਿਹਾ ਵੀ ਹੈ ਜੋ ਸਮਾਂ ਬੀਤਣ 'ਤੇ ਪਰਪੱਕਤਾ ਨਾਲ ਦੂਰ ਹੋ ਜਾਵੇਗਾ। ਗੁਰਮ ਨੂੰ ਹੋਰ ਬਿਹਤਰ ਦੀ ਕੁੰਜੀ ਸੰਭਾਲ ਕੇ ਰੱਖਣੀ ਚਾਹੀਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਮਿੱਟੀ ਕਰੇ ਸੁਆਲ
ਲੇਖਕ : ਸੁਰਜੀਤ ਸਿੰਘ ਸਿਰੜੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 93154-86601
ਕਾਵਿ-ਸੰਗ੍ਰਹਿ 'ਮੱਥੇ ਸੂਰਜ ਧਰ ਰੱਖਿਆ ਏ' ਤੋਂ ਬਾਅਦ 'ਮਿੱਟੀ ਕਰੇ ਸੁਆਲ' ਸੁਰਜੀਤ ਸਿੰਘ ਸਿਰੜੀ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਪਾਠਕ ਉਨ੍ਹਾਂ ਦੀ ਰਚਨਾਤਮਿਕ ਅਤੇ ਵਿਚਾਰਧਾਰਕ ਪਹੁੰਚ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਠੰਢੇ-ਠਾਰ ਬੰਦ ਕਮਰਿਆਂ ਵਿਚ ਬਹਿ ਕੇ ਨਹੀਂ ਲਿਖੀ ਗਈ ਬਲਕਿ ਉਹ ਤਾਂ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਲੋਕਾਂ ਵਿਚ ਵਿਚਰ ਕੇ ਕਵਿਤਾ ਦੀ ਤਲਾਸ਼ ਕਰਦੇ ਹਨ:
ਮੈਂ ਕਹਾਣੀਆਂ, ਨਾਵਲਾਂ ਜਿਹੇ
ਲੋਕਾਂ ਵਿਚ, ਵਿਚਰਦਾ ਹਾਂ/ਕਵਿਤਾ ਭਾਲਦਾ ਹਾਂ।
ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ 1947 ਦਾ ਦਰਦਨਾਕ ਸੰਤਾਪ ਨਹੀਂ ਭੁੱਲਿਆ। ਬੇਸ਼ੱਕ ਅੰਗਰੇਜ਼ ਹੁਕਮਰਾਨ ਭਾਰਤ ਨੂੰ ਛੱਡ ਕੇ ਚਲੇ ਗਏ ਸਨ, ਪਰ ਪੰਜਾਬੀਆਂ ਨੂੰ ਇਸ ਆਜ਼ਾਦੀ ਦੀ ਬੜੀ ਵੱਡੀ ਕੀਮਤ ਚੁਕਾਉਣੀ ਪਈ। ਬੇਸ਼ੁਮਾਰ ਲੋਕਾਂ ਦੇ ਕਤਲ ਅਤੇ ਬੇਵੱਸ ਔਰਤਾਂ ਨਾਲ ਕੀਤੇ ਗਏ ਜਬਰ ਜਨਾਹ ਮਨੁੱਖਤਾ ਦੇ ਨਾਂਅ 'ਤੇ ਕਾਲਾ ਧੱਬਾ ਹਨ। ਸੁਰਜੀਤ ਸਿੰਘ ਸਿਰੜੀ ਮਹਿਸੂਸ ਕਰਦੇ ਹਨ ਕਿ ਪੰਜਾਬ ਦੇ ਵੰਡੇ ਜਾਣ ਦੇ ਬਾਵਜੂਦ ਵੀ ਪੰਜਾਬੀਆਂ ਦੀ ਸਾਂਝ ਹਮੇਸ਼ਾ ਬਰਕਰਾਰ ਰਹੇਗੀ:
ਮੈਂ ਚਨਾਬ ਬੋਲਦਾ ਹਾਂ
ਅੱਧਾ ਏਧਰੋਂ ਅੱਧਾ ਓਧਰੋਂ
ਪੰਜਾਬ ਬੋਲਦਾ ਹਾਂ।
ਸੁਰਜੀਤ ਸਿੰਘ ਸਿਰੜੀ ਦੇ ਇਸ ਸੰਗ੍ਰਹਿ ਵਿਚ ਸ਼ਾਮਿਲ ਸਾਰੀਆਂ ਹੀ ਕਵਿਤਾਵਾਂ ਇਕ-ਦੂਜੇ ਨਾਲੋਂ ਵਧ ਕੇ ਹਨ। ਕੋਈ ਵੀ ਕਵਿਤਾ ਅਜਿਹੀ ਦਿਖਾਈ ਨਹੀਂ ਦਿੰਦੀ, ਜਿਸ ਨੂੰ ਭਰਤੀ ਦੀ ਕਿਹਾ ਜਾ ਸਕਦਾ ਹੋਵੇ। ਉਨ੍ਹਾਂ ਦੀ ਕਾਮਨਾ ਹੈ ਕਿ ਸੰਸਾਰ ਦੇ ਸਾਰੇ ਲੋਕ ਅਮਨ-ਚੈਨ ਨਾਲ ਜ਼ਿੰਦਗੀ ਬਤੀਤ ਕਰਨ, ਕਿਰਤੀਆਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਕਿਰਤ ਦਾ ਪੂਰਾ ਮੁੱਲ ਮਿਲੇ, ਨਾ ਹੀ ਕੋਈ ਲੁੱਟਣ ਵਾਲਾ ਹੋਵੇ ਅਤੇ ਨਾ ਹੀ ਕੋਈ ਲੁੱਟਿਆ ਜਾਵੇ। ਉਨ੍ਹਾਂ ਦੀ ਹਰ ਕਵਿਤਾ ਮਨੁੱਖ ਨੂੰ ਸੰਜੀਦਗੀ ਨਾਲ ਆਪਣੀ ਮਿੱਟੀ ਦੀ ਮਹਿਕ ਨਾਲ ਇਕਸੁਰ ਹੋਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੀ ਇਸ ਕਲਿਆਣਕਾਰੀ ਕੋਸ਼ਿਸ਼ ਨੂੰ ਜੀ ਆਇਆਂ ਨੂੰ ਕਹਿਣਾ ਬਣਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਪੱਥਰਾਂ ਦੇ ਘਰ
ਲੇਖਕ : ਲਖਵੀਰ ਨਡਾਲੀ
ਪ੍ਰਕਾਸ਼ਕ : ਸੁੰਦਰ ਬੁੱਕ ਡਿੱਪੂ, ਜਲੰਧਰ
ਮੁੱਲ : 200 ਰੁਪਏ, ਸਫ਼ੇ : 72
ਸੰਪਰਕ : 97790-99315
'ਪੱਥਰਾਂ ਦੇ ਘਰ' ਕਾਵਿ-ਸੰਗ੍ਰਹਿ ਲਖਵੀਰ ਨਡਾਲੀ ਦਾ ਪਲੇਠਾ ਕਾਵਿ-ਸੰਗ੍ਰਹਿ ਅਤੇ ਮਿੰਨੀ ਕਹਾਣੀ-ਸੰਗ੍ਰਹਿ ਹੈ। ਇਸ ਪੁਸਤਕ ਵਿਚ ਉਸ ਨੇ 'ਕੱਖਾਂ ਦੀਆਂ ਕੁੱਲੀਆਂ' ਤੋਂ ਲੈ ਕੇ 'ਇਨਕਲਾਬ ਦੇ ਬੂਟੇ' ਤੱਕ 31 ਕਾਵਿਕ-ਰਚਨਾਵਾਂ ਅਤੇ 'ਕਰਜ਼ਾ' ਤੋਂ ਲੈ ਕੇ 'ਸ਼ਕਤੀ' ਤੱਕ 10 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਰਚਨਾਵਾਂ ਵਿਚ ਤਤਕਾਲੀ ਸਮੇਂ ਦੀ ਸਮਾਜਿਕ, ਸਾਹਿਤਕ, ਆਰਥਿਕ, ਰਾਜਨੀਤਕ, ਧਾਰਮਿਕ ਖੇਤਰ ਵਿਚ ਵਾਪਰਦੀਆਂ ਦੁੱਖਦਾਈ ਘਟਨਾਵਾਂ ਨਾਲ ਜੁੜੇ ਸਰੋਕਾਰਾਂ ਨੂੰ ਪੇਸ਼ ਕਰਨ ਦਾ ਉਚੇਚਾ ਯਤਨ ਕੀਤਾ ਗਿਆ ਹੈ। ਕਾਵਿਕ ਰਚਨਾਵਾਂ ਵਿਚ ਗੀਤ ਅਤੇ ਛੰਦ-ਬੱਧ ਰਚਨਾਵਾਂ ਹਨ, ਜੋ ਪਾਠਕ ਦਾ ਧਿਆਨ ਖਿੱਚਦੀਆਂ ਹਨ। ਸਮਾਜਿਕ ਰਿਸ਼ਤਿਆਂ : ਮਾਤਾ, ਪਿਤਾ, ਭੈਣ, ਭਰਾ, ਚਾਚੇ-ਤਾਏ, ਮਾਮੇ-ਮਾਮੀਆਂ, ਦਾਦਾ-ਦਾਦੀ, ਨਾਨਾ-ਨਾਨੀ ਨੂੰ ਸੱਭਿਆਚਾਰਕ ਪਿਛੋਕੜ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਕਿਰਤੀ ਦੇ ਖਿਲਵਾੜ ਨਾਲ 'ਧਰਤ ਸੁਹਾਵੀਏ', 'ਕੁਦਰਤ ਨਾਲ ਖਿਲਵਾੜ' ਅਤੇ ਪਾਣੀ ਕਵਿਤਾਵਾਂ ਸੰਬੰਧਿਤ ਹਨ। ਰੁੱਖ-ਮਨੁੱਖ ਦਾ ਰਿਸ਼ਤਾ ਅਜਲੀ ਹੈ, ਇਸ ਦੀ ਮਹੱਤਤਾ ਨੂੰ ਪਛਾਨਣ ਦੀ ਲੋੜ ਨੂੰ ਵੀ ਇਨ੍ਹਾਂ ਕਵਿਤਾਵਾਂ 'ਚ ਪੇਸ਼ ਕੀਤਾ ਗਿਆ ਹੈ। ਮਨੁੱਖੀ ਜੀਵਨ 'ਚ 'ਧਰਤੀ', 'ਪਾਣੀ', 'ਹਵਾ' ਦਾ ਵਿਸ਼ੇਸ਼ ਯੋਗਦਾਨ ਹੈ। ਬਾਬੇ ਨਾਨਕ ਦੀ ਬਾਣੀ ਦੇ ਹਵਾਲੇ ਨਾਲ ਦਿੱਤੀਆਂ ਹੇਠ ਲਿਖੀਆਂ ਸਤਰਾਂ ਵਿਚਾਰਨਯੋਗ ਹਨ :
ਪਵਨ ਗੁਰੂ ਪਾਣੀ ਪਿਤਾ
ਸੱਚੀ ਗੱਲ ਕਹਿੰਦੀ ਹੈ ਬਾਣੀ।
ਪਦਾਰਥਕ ਸੁੱਖਾਂ ਨੇ ਮਨੁੱਖੀ ਰਿਸ਼ਤਿਆਂ 'ਚ ਤ੍ਰੇੜਾਂ ਅਤੇ ਕੁੜੱਤਣ ਭਰਿਆ ਘੁਟਨ ਦਾ ਵਾਤਾਵਰਨ ਸਿਰਜ ਦਿੱਤਾ ਹੈ। ਸਮੂਹ ਦੀ ਭਲਾਈ ਦੀ ਥਾਂ ਨਿੱਜਤਾ ਪ੍ਰਧਾਨ ਹੋ ਗਈ ਹੈ ਪਰ ਕਵੀ ਸ਼ਬਦਾਂ ਰਾਹੀਂ ਇਸ ਘੁਟਨ ਭਰੇ ਮਾਹੌਲ 'ਚੋਂ 'ਪੱਥਰਾਂ ਦੇ ਘਰ' ਦੀਆਂ ਇਨ੍ਹਾਂ ਸਤਰਾਂ ਰਾਹੀਂ ਨਿਕਲਣ ਦੀ ਪ੍ਰੇਰਨਾ ਦਿੰਦਾ ਹੈ :
ਪੱਥਰਾਂ ਦੇ ਘਰ ਬੱਸ ਪੱਥਰ
ਜਿਹੇ ਬਣੇ ਲੋਕ ਸੀ /ਤਾਹੀਓਂ ਹਵਾ ਵਿਚ ਵੀ
ਮੈਂ ਰੰਗਾਂ ਨੂੰ ਘੋਲਦਾ ਰਿਹਾ (ਪੰਨਾ-34)
ਉਹ ਸਮਾਜਿਕ ਰਿਸ਼ਤਿਆਂ 'ਚ 'ਮਾਂ' ਦੇ ਰਿਸ਼ਤੇ ਨੂੰ ਸਰਬੋਤਮ ਮੰਨਦਾ ਹੈ ਜੋ ਆਪਣੀ ਔਲਾਦ ਦੇ ਭਲੇ ਹਿੱਤ ਹਮੇਸ਼ਾ ਹੱਸ-ਹੱਸ ਕੇ ਦੁੱਖੜੇ ਸਹਿੰਦੀ ਹੈ। ਕਹਾਣੀਆਂ 'ਚ ਵੀ ਉਪਰੋਕਤ ਵਰਣਿਤ ਵਿਸ਼ਿਆਂ ਦੀ ਪੇਸ਼ਕਾਰੀ ਹੈ। ਪੁਸਤਕ 'ਚ ਕਈ ਥਾਈਂ ਸ਼ਬਦ-ਜੋੜ ਸੁਨੇਹੇ ਨੂੰ ਸੰਕੋਚਦੇ ਹਨ। ਸਰਲ ਸਪੱਸ਼ਟ ਅਤੇ ਸਾਦਗੀ ਵਾਲੀ ਪੇਂਡੂ ਪਿਛੋਕੜ ਵਾਲੀ ਬੋਲੀ-ਸ਼ੈਲੀ ਪ੍ਰਭਾਵਿਤ ਕਰਦੀ ਹੈ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸਿੱਖੀ ਸਿਦਕ
ਕਵੀ : ਗੁਰਚਰਨ ਸਿੰਘ 'ਚਰਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 084480-34380
ਇਸ ਕਾਵਿ-ਸੰਗ੍ਰਹਿ ਵਿਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਸਾਹਿਤਕ ਰੰਗਣ ਦੇ ਗੀਤ, ਨਜ਼ਮਾਂ ਅਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਸਿੱਖੀ ਸਿਦਕ, ਸਿੱਖ ਇਤਿਹਾਸ ਅਮਨ, ਪ੍ਰੇਮ ਅਤੇ ਸਦਾਚਾਰ ਦੀ ਮਹਿਕ ਸਮੋਈ ਹੋਈ ਹੈ। ਆਓ, ਕੁਝ ਝਲਕਾਂ ਮਾਣੀਏ:
-ਭੁੱਲ ਨਹੀਂ ਸਕਦੀ ਦਸਮ ਪਿਤਾ ਜੀ ਮੈਂ ਤੇਰੇ ਉਪਕਾਰਾਂ ਨੂੰ।
ਪਾ ਕੇ ਰੱਤ ਜਿਗਰ ਦੀ ਸਤਿਗੁਰ ਰੰਗ ਦਿੱਤਾ ਗੁਲਜ਼ਾਰਾਂ ਨੂੰ।
-ਜਿਹੜੇ ਬਾਗ਼ ਦਾ ਮਾਲੀ ਨਿਸ਼ਕਾਮ ਹੋਵੇ, ਖਿੜਦਾ ਰਹੇ ਉਹ ਭਲਾ ਗੁਲਜ਼ਾਰ ਕਿਉਂ ਨਾ?
ਮੁੜ੍ਹਕਾ ਚੋਅ ਚੋਅ ਪਵੇ ਜਦ ਬੂਟਿਆਂ ਤੇ,
ਆਵੇ ਬੂਟਿਆਂ ਉੱਤੇ ਬਹਾਰ ਕਿਉਂ ਨਾ?
-ਹਿੰਦੂ ਸਿੱਖ ਜਾਂ ਮੁਸਲਮਾਨ ਹੈ ਭਾਵੇਂ ਕੋਈ ਇਸਾਈ ਹੈ।
ਨਹੀਂ ਬੇਗਾਨਾ ਏਥੇ ਕੋਈ, ਹਰ ਕੋਈ ਭਾਈ ਭਾਈ ਹੈ।
-ਪਿਆਰ ਵਾਲੀ ਮਹਿਕ ਸਾਰੇ ਜੱਗ 'ਤੇ ਖਿਲਾਰੀਏ।
ਵੈਰ ਤੇ ਵਿਰੋਧ ਤਾਈਂ ਮਨਾਂ 'ਚੋਂ ਵਿਸਾਰੀਏ।
-ਚੁਬਾਰਿਆਂ ਦੇ ਨਾਲ ਭਾਵੇਂ ਪਾਈ ਜਾ ਤੂੰ ਦੋਸਤੀ।
ਢਾਰਿਆਂ ਦੇ ਨਾਲ ਵੀ ਨਿਭਾਈ ਜਾ ਤੂੰ ਦੋਸਤੀ।
-ਇਕ ਨੇ ਉਪਾਇਆ ਜੱਗ ਜਦ ਇਕੋ ਹੀ ਨੂਰ ਹੈ
ਫਿਰ ਬੰਦਾ ਏਨਾ ਕਿਸ ਲਈ ਬੰਦੇ ਤੋਂ ਦੂਰ ਹੈ।
ਇਸ ਪੁਸਤਕ ਵਿਚ ਜਿਥੇ ਗੁਰਬਾਣੀ, ਇਤਿਹਾਸ ਅਤੇ ਦੇਸ਼-ਪਿਆਰ ਦੀਆਂ ਝਲਕਾਂ ਹਨ, ਉਥੇ ਹੀ ਸਮਾਜਿਕ ਸਮੱਸਿਆਵਾਂ ਪ੍ਰਤੀ ਸੁਚੇਤ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਕੁਝ ਕਵੀਆਂ ਵਲੋਂ ਕਵੀ ਗੁਰਚਰਨ ਸਿੰਘ 'ਚਰਨ' ਦੇ ਕਾਵਿ-ਚਿੱਤਰ ਪੇਸ਼ ਕੀਤੇ ਗਏ ਹਨ। ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਦੇ ਬੋਲ ਹਨ-
ਇਕ ਉੱਚੀ ਪਰਵਾਜ਼ ਦਾ ਨਾਂ ਹੈ ਗੁਰਚਰਨ ਸਿੰਘ 'ਚਰਨ'।
ਇਕ ਸੱਚੀ ਆਵਾਜ਼ ਦਾ ਨਾਂ ਹੈ ਗੁਰਚਰਨ ਸਿੰਘ 'ਚਰਨ'।
ਉਹ ਪੰਥਕ ਸਾਹਿਤਕ ਹਰ ਰੰਗ ਵਿਚ ਰੰਗਿਆ ਹੈ ਲੋਕੋ
ਇਕ ਸੁਰੀਲੇ ਸਾਜ਼ ਦਾ ਨਾਂ ਹੈ ਗੁਰਚਰਨ ਸਿੰਘ 'ਚਰਨ'।
ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਰਿਸਦੇ ਪੈਂਡੇ ਜ਼ਖ਼ਮੀ ਪੈੜਾਂ
(ਹਰਬੰਸ ਸਿੰਘ ਅਕਸ ਦੀਆਂ ਸਾਰੀਆਂ ਗ਼ਜ਼ਲਾਂ, ਗੀਤ ਤੇ ਕਵਿਤਾਵਾਂ)
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 595 ਰੁਪਏ, ਸਫ਼ੇ : 392
ਸੰਪਰਕ : 99588-31357
ਹਥਲੀ ਪੁਸਤਕ ਕਵੀ ਹਰਬੰਸ ਸਿੰਘ ਅਕਸ ਦੀ ਉਮਰ ਭਰ ਦੀ ਕਾਵਿ-ਘਾਲਣਾ ਅਤੇ ਕਮਾਈ ਹੈ, ਜਿਸ ਵਿਚ ਉਸ ਦੀਆਂ ਸਮੁੱਚੀਆਂ ਕਾਵਿ-ਰਚਨਾਵਾਂ ਹਨ। ਇਨ੍ਹਾਂ ਦੀ ਗਿਣਤੀ 529 ਹੈ। ਅਖਾੜਾ ਸਾਰੀ ਉਮਰ ਲਿਖਦਾ ਤਾਂ ਰਿਹਾ ਪਰ ਉਮਰ ਦੇ ਆਖਰੀ ਸਮੇਂ ਉਸ ਵਿਚਲੀ ਆਰਥਿਕਤਾ ਕਮਜ਼ੋਰ ਹੋ ਗਈ ਅਤੇ ਉਹ ਇਕ ਅਵਸਥਾ ਵਿਚ ਆ ਗਿਆ ਕਿ ਲੱਗਣ ਲੱਗਾ ਕਿ ਉਸ ਦੀਆਂ ਕਾਵਿ-ਰਚਨਾਵਾਂ ਅਣਛਪੀਆਂ ਤੇ ਖਿੰਡੀਆਂ ਪੁੰਡੀਆਂ ਹੀ ਰਹਿ ਜਾਣਗੀਆਂ। ਉਸ ਨੂੰ ਪਤਾ ਲੱਗਾ ਕਿ ਸਾਹਿਤ ਸੰਸਾਰ ਵਿਚ ਇਕ ਸਾਹਿਤਕ ਰਿਸ਼ੀ ਨਾਂਅ ਦਾ ਭਲਾ ਵਿਦਵਾਨ ਹੈ, ਜੋ ਸੈਂਕੜੇ ਲੋੜਵੰਦਾਂ ਦੀ ਮਦਦ ਕਰ ਚੁੱਕਾ ਹੈ। ਅਖਾੜਾ ਨੇ ਉਕਤ ਸਾਹਿਤਕ ਰਿਸ਼ੀ ਜੋ ਕਿ ਨੈਸ਼ਨਲ ਬੁੱਕ ਟਰੱਸਟ ਇੰਡੀਆ ਤੋਂ ਨਿਰਦੇਸ਼ਨ ਦੇ ਤੌਰ 'ਤੇ ਕਾਰਜਸ਼ੀਲ ਸੀ ਤੇ ਨਾਂਅ ਸੀ ਡਾ. ਬਲਦੇਵ ਸਿੰਘ ਬੱਦਨ, ਨਾਲ ਰਾਬਤਾ ਕੀਤਾ। ਡਾ. ਸ੍ਰੀ ਬਲਦੇਵ ਸਿੰਘ ਬੱਦਨ ਨੇ ਅਕਸ ਦੀਆਂ ਸਮੁੱਚੀਆਂ ਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਦਾ ਏਨੀ ਸੁੰਦਰਤਾ ਤੇ ਵਿਦਵਤਾ ਨਾਲ ਸੰਪਾਦਨ ਕੀਤਾ ਕਿ ਹਥਲੀ ਪੁਸਤਕ ਹੋਂਦ ਵਿਚ ਆ ਗਈ। ਸ੍ਰੀ ਬੱਦਨ ਨੇ ਅਨੇਕਾਂ ਐਸੀਆਂ ਪੁਸਤਕਾਂ ਦੀ ਸੰਪਾਦਨਾ ਕੀਤੀ ਅਤੇ ਆਪਣੇ ਅਸਾਸਿਆਂ ਨਾਲ ਪ੍ਰਕਾਸ਼ਿਤ ਕਰਵਾਈਆਂ ਕਿ ਉਨ੍ਹਾਂ ਦੀ ਬੇਮਿਸਾਲਤਾ ਕਾਇਮ ਹੋਈ। ਇਸ ਪੁਸਤਕ ਦੇ ਆਰੰਭ ਵਿਚ ਡਾ. ਬੱਦਨ ਨੇ ਜੋ 10 ਸਫ਼ੇ ਦੀ ਭੂਮਿਕਾ ਦਰਜ ਕੀਤੀ ਹੈ। ਉਹ ਅਕਸ ਦੀਆਂ ਸਮੁੱਚੀਆਂ ਕਾਵਿ-ਰਚਨਾਵਾਂ ਦਾ ਵਿਦਵਤਾ ਭਰਪੂਰ ਤਜਕਰਾ ਹੈ। ਪੁਸਤਕ ਦੀ ਸੰਪਾਦਨਾ ਡਾ. ਬੱਦਨ ਨੇ ਬੜੇ ਸਹਿਜ ਸਲੀਕੇ ਨਾਲ ਕੀਤੀ ਹੈ। ਉਸ ਨੇ ਪੁਸਤਕ ਤਿੰਨਾਂ ਭਾਗਾਂ ਵਿਚ ਵੰਡ ਕੇ ਪੇਸ਼ ਕੀਤੀ ਹੈ। ਪਹਿਲੇ ਭਾਗ ਵਿਚ 328 ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ ਹਨ। ਦੂਜਾ ਭਾਗ 'ਗੀਤ' ਦੇ ਅਨੁਵਾਨ ਹੇਠ ਹੈ, ਜਿਸ ਵਿਚ ਸ੍ਰੀ ਅਕਸ ਦੇ 152 ਸ਼ਾਨਦਾਰ ਅਤੇ ਜਜ਼ਬੇ ਭਰਪੂਰ ਗੀਤ ਸ਼ਾਮਿਲ ਕੀਤੇ ਗਏ ਹਨ। ਤੀਜਾ ਅਤੇ ਅੰਤਿਮ ਭਾਗ 'ਕਵਿਤਾਵਾਂ' ਦਾ ਹੈ, ਜਿਸ ਵਿਚ ਅਕਸ ਦੀਆਂ 51 ਕਵਿਤਾਵਾਂ ਹਨ। ਸ੍ਰੀ ਅਕਸ ਨੇ ਪੁਸਤਕ ਦੇ ਆਰੰਭ ਵਿਚ ਆਪਣੇ ਸਾਹਿਤਕ ਸਫ਼ਰ ਬਾਰੇ ਬੜੀ ਬੇਬਾਕੀ ਨਾਲ ਲਿਖਿਆ ਹੈ। ਉਸ ਨੇ 10 ਸਾਲ ਦੀ ਉਮਰ ਵਿਚ ਲਿਖਣਾ ਆਰੰਭਿਆ ਸੀ ਅਤੇ ਹੁਣ 86 ਸਾਲ ਦੀ ਉਮਰ ਵਿਚ ਵੀ ਉਹ ਲਿਖਦਾ ਆ ਰਿਹਾ ਹੈ। ਮੈਂ ਉਸ ਨੂੰ ਕਈ ਵਾਰ ਸਾਹਿਤਕ ਸਮਾਗਮਾਂ ਵਿਚ ਮਿਲਿਆ ਹਾਂ। ਉਹ ਸਿਹਤ ਪੱਖੋਂ ਭਾਵੇਂ ਕੁਝ ਤੰਦਰੁਸਤ ਨਹੀਂ ਪਰ ਕਾਵਿ ਸਿਰਜਣਾ ਵਿਚ ਪੂਰੀ ਸ਼ਕਤੀ ਨਾਲ ਪੇਸ਼ ਹੁੰਦਾ ਹੈ। ਇਕ ਵੇਰ ਉਹ ਡੀ. ਐਸ. ਪੀ. ਪੁਲਿਸ ਸਿਲੈਕਟ ਹੋ ਗਿਆ ਸੀ ਪਰ ਉਸ ਦੇ ਅਧਿਆਪਕ ਮੁਲਕ ਰਾਜ ਅਨੰਦ ਨੇ ਉਸ ਨੂੰ ਪੁਲਿਸ ਵਿਚ ਜਾਣੋਂ ਰੋਕ ਦਿੱਤਾ। ਅਕਸ ਮੂਲ ਰੂਪ ਵਿਚ ਉਰਦੂ ਦਾ ਸ਼ਾਇਰ ਹੈ ਅਤੇ ਬਕੌਲ ਉਸ ਦੇ ਉਸ ਨੇ ਸਾਢੇ ਸੱਤ ਹਜ਼ਾਰ ਗ਼ਜ਼ਲਾਂ, ਗੀਤ ਤੇ ਹੋਰ ਕਵਿਤਾਵਾਂ ਉਰਦੂ ਵਿਚ ਲਿਖੀਆਂ ਪਰ ਉਹ ਸਾਰੀਆਂ ਹੀ ਉਸ ਦੀਆਂ ਡਾਇਰੀਆਂ ਵਿਚ ਹੀ ਪਈਆਂ ਹਨ। ਉਸ ਦੀਆਂ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਦੇ ਕੁਝ ਅੰਸ਼ ਹਾਜ਼ਰ ਹਨ :
-ਰੱਬ ਤਾਂ ਇਕ ਲਫ਼ਜ਼ ਹੈ, ਬਸ
ਐਵੇਂ ਉਸ ਤੋਂ ਡਰ ਰਹੇ ਹਾਂ
-ਐਵੇਂ ਭਰਮ ਭੁਲੇਖੇ ਹੀ ਸਭ ਪਾਲੇ ਨੇ ਆਪਣੇ ਦਿਲ ਵਿਚ,
ਨਰਕ ਸੁਰਗ ਹੈ ਮਨ ਦੀ ਅਵਸਥਾ ਪੁੰਨ ਪਾਪ ਨੇ ਕਿਹੜੇ?
-ਜ਼ਿੰਦਗੀ ਤੋਂ ਬਾਅਦ ਵੀ ਹੈ ਜ਼ਿੰਦਗੀ
ਮੌਤ ਦਾ ਡਰ ਇਸ ਤਰ੍ਹਾਂ ਉਹ ਲਾਹ ਗਏ।
-ਸੋਚ ਰਹੇ ਨੇ ਦੇਸ਼ ਛੱਡ ਕੇ ਪਰਦੇਸੀਂ ਵੱਸਣ,
ਮੌਸਮ ਅੱਗੇ ਬੇਬੱਸ ਹੋ ਝੁੰਜਲਾਏ ਪੱਤੇ।
-ਢਿੱਡਲ ਸੰਤ ਪਲੰਘ 'ਤੇ ਬੈਠਾ
ਦੁਨੀਆ ਮੁੱਠੀਆਂ ਭਰਦੀ ਜਾਏ।
-ਮੇਰੀ ਉੱਚੀ ਹੈ ਸਭ ਤੋਂ ਸ਼ਾਨ ਮੈਂ ਪੰਜਾਬੀ ਹਾਂ
ਮੈਨੂੰ ਇਸ ਗੱਲ ਦਾ ਹੈ ਮਾਣ ਮੈਂ ਪੰਜਾਬੀ ਹਾਂ।
ਡਾ. ਬਲਦੇਵ ਸਿੰਘ ਬੱਦਨ ਨੇ ਸ੍ਰੀ ਹਰਬੰਸ ਸਿੰਘ ਅਕਸ ਦੀਆਂ 529 ਸ਼ਾਨਦਾਰ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਸੰਪਾਦਨ ਕਰਕੇ ਅਤੇ ਆਪਣੇ ਖ਼ਰਚੇ ਨਾਲ ਪੁਸਤਕ ਛਪਵਾ ਕੇ ਪਾਠਕਾਂ ਗੋਚਰੀ ਕੀਤੀ ਹੈ, ਜੋ ਕਿ ਭਲੇ ਦਾ ਕਾਰਜ ਹੈ। ਪੁਸਤਕ ਪੜ੍ਹਨਯੋਗ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਉਦਾਸੀ ਜਾਗਦੀ ਹੈ
ਗ਼ਜ਼ਲਕਾਰ : ਮਹਿਮਾ ਸਿੰਘ ਤੂਰ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 300 ਰੁੁਪਏ, ਸਫ਼ੇ : 88
ਸੰਪਰਕ : 95016-60416
ਮਹਿਮਾ ਸਿੰਘ ਤੂਰ ਤੇਜ਼ ਰਫ਼ਤਾਰੀ ਨਾਲ ਸਿਰਜਣਾ ਕਰਨ ਵਾਲਾ ਕਲਮਕਾਰ ਹੈ। ਉਸ ਨੇ ਭਾਵੇਂ ਕਹਾਣੀਆਂ ਤੇ ਕਵਿਤਾਵਾਂ ਵੀ ਲਿਖੀਆਂ ਹਨ ਪਰ ਉਸ ਦੀ ਪਹਿਚਾਣ ਇਕ ਗ਼ਜ਼ਲਕਾਰ ਦੇ ਤੌਰ 'ਤੇ ਵਧੇਰੇ ਉੱਘੜੀ ਹੈ। ਕਾਫ਼ੀ ਸਮੇਂ ਤੋਂ ਗ਼ਜ਼ਲ ਰਚ ਰਹੇ ਤੂਰ ਵਿਚ ਗ਼ਜ਼ਲ ਦੀ ਤਾਸੀਰ ਹੁਣ ਰਚ-ਮਿਚ ਗਈ ਹੈ। ਦੋ ਹੋਰ ਪੁਸਤਕਾਂ ਤੇ ਦੋ ਗ਼ਜ਼ਲ-ਸੰਗ੍ਰਹਿਆਂ ਤੋਂ ਬਾਅਦ 'ਉਦਾਸੀ ਜਾਗਦੀ ਹੈ' ਤੂਰ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਇਨ੍ਹਾਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਮਹਿਸੂਸ ਹੋਇਆ ਹੈ ਕਿ ਉਸ ਦੀ ਗ਼ਜ਼ਲਕਾਰੀ ਮੁਹੱਬਤ ਦੇ ਪ੍ਰਗਟਾਅ ਤੋਂ ਅਗੇਰੇ ਦਾ ਸਫ਼ਰ ਕਰ ਚੁੱਕੀ ਹੈ। ਉਹ ਮਾਨਵੀ ਕਦਰਾਂ ਕੀਮਤਾਂ, ਮਾਨਸਿਕ ਤੇ ਸਮਾਜਿਕ ਉਲਝਣਾਂ ਵੱਲ ਵਧੇਰੇ ਕੇਂਦਰਿਤ ਹੈ। ਇਹ ਮੁਕਾਮ ਹੰਢ ਵਰਤ ਕੇ ਪ੍ਰਾਪਤ ਹੁੰਦਾ ਹੈ। ਉਸ ਨੇ ਪਹਿਲੀ ਗ਼ਜ਼ਲ ਦੇ ਮਤਲੇ ਵਿਚ ਹੀ ਇਹ ਕੁਝ ਸਪੱਸ਼ਟ ਕਰ ਦਿੱਤਾ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਫ਼ਰੀਦ ਹੋਣ ਲਈ ਖ਼ੁਦ 'ਚੋਂ ਖ਼ੁਦ ਨੂੰ ਕਸ਼ੀਦ ਕਰਨਾ ਪੈਂਦਾ ਹੈ। ਇਸ ਤੋਂ ਅੱਗੇ ਉਹ ਆਖਦਾ ਹੈ ਜਿੱਥੇ ਸੋਚ ਮਾਨਵੀ ਹੁੰਦੀ ਹੈ ਉਥੇ ਹੀ ਪੌਣ ਪਾਣੀ ਮੁਫ਼ੀਦ ਹੁੰਦਾ ਹੈ। ਕਵਿਤਾ ਨੂੰ ਪਰਿਭਾਸ਼ਿਤ ਕਰਦਾ ਹੋਇਆ ਉਹ ਆਖਦਾ ਹੈ ਕਿ ਜਦੋਂ ਦਿਲ ਵਿਚ ਦੁੱਖ ਡੂੰਘੇ ਉਤਰ ਜਾਂਦੇ ਹਨ ਤਾਂ ਕਵਿਤਾ ਉਨ੍ਹਾਂ ਨੂੰ ਲੋਰੀ ਸੁਣਾਉਣ ਦਾ ਕਾਰਜ ਕਰਦੀ ਹੈ। ਉਸ ਮੁਤਾਬਿਕ ਜਿੰਨਾ ਮਰਜ਼ੀ ਹਨ੍ਹੇਰ ਪੈ ਜਾਵੇ, ਕੋਈ ਚਾਨਣ ਦੀ ਲੀਕ ਜ਼ਰੂਰ ਰਹਿੰਦੀ ਹੈ। ਸ਼ਬਦ 'ਤੇ ਕੇਂਦਰਿਤ ਉਸ ਦੀ ਗ਼ਜ਼ਲ 'ਫ਼ਲਸਫ਼ਾਨਾ' ਹੈ। ਉਹ ਕਹਿੰਦਾ ਹੈ, ਸ਼ਬਦ ਹਰ ਸ਼ਬਦ ਦਾ ਧਰਾਤਲ ਹੁੰਦਾ ਹੈ ਤੇ ਸ਼ਬਦ ਹੀ ਸ਼ਬਦ 'ਤੇ ਨਿਛਾਵਰ ਹੋਇਆ ਕਰਦਾ ਹੈ। ਪੁਸਤਕ ਵਿਚ ਸ਼ਾਮਿਲ ਤਮਾਮ ਗ਼ਜ਼ਲਾਂ 'ਚੋਂ ਕਈਆਂ ਉਲਝਣਾਂ ਦੇ ਉੱਤਰ ਮਿਲਦੇ ਹਨ ਤੇ ਪਾਠਕ ਨੂੰ ਦਿਸ਼ਾ ਪ੍ਰਾਪਤ ਹੁੰਦੀ ਹੈ। ਸਰਲਤਾ ਤੇ ਆਮਫ਼ਹਿਮ ਜ਼ੁਬਾਨਦਾਨੀ ਇਨ੍ਹਾਂ ਗ਼ਜ਼ਲਾਂ ਦਾ ਵਿਸ਼ੇਸ਼ ਗੁਣ ਹੈ। ਦਰਅਸਲ ਮਹਿਮਾ ਸਿੰਘ ਤੂਰ ਦੀ ਗ਼ਜ਼ਲ ਦਾ ਸਫ਼ਰ ਹੁਣ ਕਾਮਯਾਬ ਬਿੰਦੂ 'ਤੇ ਪਹੁੰਚ ਗਿਆ ਹੈ। 'ਉਦਾਸੀ ਜਾਗਦੀ ਹੈ' ਉਸ ਦੀਆਂ ਪਹਿਲੀਆਂ ਗ਼ਜ਼ਲਾਂ ਤੋਂ ਬਿਹਤਰ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਸਥਾਨ 'ਤੇ ਬਣੇ ਰਹਿਣਾ ਉਸ ਲਈ ਚੁਣੌਤੀ ਵੀ ਹੈ। ਕੁਝ ਜਗ੍ਹਾ ਮੈਨੂੰ ਉਸ ਦਾ ਅਵੇਸਲਾਪਨ ਵੀ ਨਜ਼ਰੀਂ ਆਇਆ ਹੈ ਪਰ ਮੈਨੂੰ ਆਸ ਹੈ ਕਿ ਭਵਿੱਖ ਵਿਚ ਅਜਿਹਾ ਵੀ ਨਹੀਂ ਹੋਵੇਗਾ। ਇਸ ਪੁਸਤਕ ਦੇ ਪ੍ਰਕਾਸ਼ਨ 'ਤੇ ਗ਼ਜ਼ਲਕਾਰ ਵਧਾਈ ਦਾ ਹੱਕਦਾਰ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਰੁਹਾਨੀ ਰਮਜ਼ਾਂ
ਕਵਿਤਰੀ : ਬੀਬੀ ਸੁਰਜੀਤ ਕੌਰ 'ਸੈਕਰਾਮੈਂਟੋ'
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ
ਮੁੱਲ : 325 ਰੁਪਏ, ਸਫ਼ੇ : 119
'ਰੂਹਾਨੀ ਰਮਜ਼ਾਂ' ਬੀਬੀ ਸੁਰਜੀਤ ਕੌਰ ਦੀ ਚੌਥੀ ਕਾਵਿ ਪੁਸਤਕ ਹੈ। ਇਹ ਪੁਸਤਕ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਵਿਚ ਕੁੱਲ 60 ਕਵਿਤਾਵਾਂ ਹਨ ਜੋ ਸ਼ਰਧਾ ਅਤੇ ਸਤਿਕਾਰ ਸਹਿਤ ਸਿੱਖ ਇਤਿਹਾਸ ਗੁਰੂ ਸਾਹਿਬਾਨਾਂ ਦੀ ਸਿੱਖਿਆ ਨਾਲ ਸੰਬੰਧਿਤ ਹਨ। ਇਕ ਸ਼ਖ਼ਸੀਅਤ ਦੇ ਤੌਰ 'ਤੇ ਵੀ ਬੀਬੀ ਸੁਰਜੀਤ ਕੌਰ ਸਿੱਖੀ ਰਹਿਤ ਮਰਿਆਦਾ, ਕੀਰਤਨ ਕਰਨਾ, ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦੇਣ ਵਾਲੀ ਸ਼ਖ਼ਸੀਅਤ ਹਨ। ਬੀਬੀ ਸੁਰਜੀਤ ਨੂੰ ਸਿੱਖ ਜਗਤ ਦੀ ਪਹਿਲੀ ਹੈੱਡ ਗ੍ਰੰਥੀ ਹੋਣ ਦਾ ਮਾਣ ਵੀ ਹਾਸਿਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਪਰਿਵਾਰ ਵਿਚ ਮਨਾਈਆਂ ਖ਼ੁਸ਼ੀਆਂ, ਸਮਾਜ ਵਿਚ ਹੋਏ ਸੱਚ ਦੇ ਪ੍ਰਕਾਸ਼ ਦਾ ਬੜੇ ਭਾਵਪੂਰਤ ਤੇ ਸ਼ਰਧਾ ਨਾਲ ਪ੍ਰਗਟਾਵਾ ਕੀਤਾ ਹੈ।
ਸਭ ਦਾ ਸਾਂਝਾ ਹੈ ਗੁਰੂ ਨਾਨਕ ਜਾਤ ਪਾਤ ਦੀ ਲੀਕ ਹਟਾਈ
ਤੇਰਾ ਤੇਰਾ ਤੋਲ ਤੋਲ ਕੇ ਜਿਸ ਨੇ ਜਗ ਦੀ ਭੁੱਖ ਮਿਟਾਈ
ਨਾ ਕੋ ਬੈਰੀ ਨਾ ਹੀ ਬਿਗਾਨਾ ਸਗਲ ਸੰਗ ਹਮ ਕਓ ਬਨਿ ਆਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰਕ ਰਿਸ਼ਤਿਆਂ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਕ ਤੇ ਤਾਂਘ ਦਾ ਵੀ ਬਹੁਤ ਵਧੀਆ ਵਰਣਨ ਕੀਤਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੂਜੇ ਗੁਰੂ ਵਜੋਂ ਮਿਲੀ ਗੁਰਗੱਦੀ ਦਾ ਵੀ ਬੜਾ ਸਹਿਜ ਵਰਣਨ ਲੇਖਿਕਾ ਨੇ ਕੀਤਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਬਹੁਤ ਵਧੀਆ ਗੀਤ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਗੁਰਗੱਦੀ ਧਾਰਨ ਕਰਨ ਦਾ ਦ੍ਰਿਸ਼, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਾਬਾ ਬਕਾਲਾ ਵਿਖੇ ਬਾਈ ਮੰਜੀਆਂ ਵਾਲੇ ਪ੍ਰਸੰਗ ਦਾ ਚਿਤਰਣ ਬਾਖ਼ੂਬੀ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵਿਤਰੀ ਲਿਖਦੀ ਹੈ :
ਸੁਣਿਐ ਆਨੰਦਪੁਰ ਤੋਂ ਚੱਲ ਕੇ ਵਾਪਸ ਕਰਨ ਅਮਾਨਤ ਆਇਐ
ਤਿਲਕ ਜੰਝੂ ਦੀ ਰਾਖੀ ਦੇ ਲਈ ਸਿਰ ਦੀ ਦੇਣ ਜ਼ਮਾਨਤ ਆਇਐ
ਸਿੱਖ ਧਰਮ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲੇ ਦੀ ਸ਼ਹਾਦਤ ਦੀ ਜਾਣਕਾਰੀ ਵੀ ਇਨ੍ਹਾਂ ਰਚਨਾਵਾਂ ਰਾਹੀਂ ਮਿਲਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਵੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪ੍ਰਗਟਾਈ ਹੈ :
ਵਿਚ ਪੁਰੀ ਆਨੰਦ ਬੈਠਾ,
ਇਕ ਬਾਲਕ ਜਗ ਤੋਂ ਨਿਆਰਾ
ਪੁੱਤ ਤੇਗ ਬਹਾਦਰ ਦਾ
ਜਿਸਦਾ ਗੋਬਿੰਦ ਨਾਮ ਪਿਆਰਾ
ਠੰਢੇ ਬੁਰਜ ਵਿਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਛੀਵਾੜੇ ਦੇ ਜੰਗਲਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨੋਅਵਸਥਾ ਦੀ ਪੇਸ਼ਕਾਰੀ ਵੀ ਬਹੁਤ ਭਾਵਪੂਰਤ ਹੈ। ਖ਼ਾਲਸਾ ਪੰਥ ਦਾ ਮਹੱਤਵ ਬਾਰੇ ਆਪ ਲਿਖਦੇ ਹਨ :
ਮੇਰੇ ਸੋਹਣੇ ਖ਼ਾਲਸਾ ਪੰਥ ਦੀ ਅੱਜ ਨਜ਼ਰ ਉਤਾਰੋ
ਉਠੋ ਵੇ ਧਰਮੀ ਯੋਧਿਓ ਸਿੰਘੋ ਸਰਦਾਰੋ।
ਇਸ ਤੋਂ ਇਲਾਵਾ ਬੀਬੀ ਸੁਰਜੀਤ ਕੌਰ ਨੇ ਜੂਨ 1984, ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਆਦਰ, ਗੁਰਬਾਣੀ ਇਸ ਯੁੱਗ ਦਾ ਚਾਨਣ, ਮੈਂ ਜੋ ਵੀ ਹੁਣ ਤੱਕ ਪਾਇਆ ਹੈ, ਗੁਰਬਾਣੀ ਦਾ ਗਿਆਨ ਵੀ, ਗੁਰਸਿੱਖ ਬਣ ਕੇ ਰਹਿਣਾ, ਅੱਜ ਕੌਮ ਦਾ ਹਸ਼ਰ ਵੇਖ ਕੇ ਕਵਿਤਾਵਾਂ ਰਾਹੀਂ ਸਿੱਖ ਧਰਮ ਦੀਆਂ ਵਰਤਮਾਨ ਚੁਣੌਤੀਆਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ।
-ਪ੍ਰੋ. ਕੁਲਜੀਤ ਕੌਰ
ਸਾਹਿਬਾਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ ਸਮਾਣਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98760-62329
ਸ਼ਾਇਰ ਧਰਮ ਸਿੰਘ ਕੰਮੇਆਣਾ ਇਕ ਬਹੁ-ਵਿਧਾਈ ਲੇਖਕ ਹੈ, ਜੋ ਕਾਵਿ-ਸੰਗ੍ਰਹਿ, ਗੀਤ-ਸੰਗ੍ਰਹਿ, ਵਾਰਤਕ, ਸਵੈ-ਜੀਵਨੀ, ਬਾਲ ਸਾਹਿਤ, ਨਾਵਲ ਤੇ ਮਿੰਨੀ ਕਹਾਣੀਆਂ ਦੀਆਂ ਹੁਣ ਤੱਕ ਲਗਭਗ 36 ਪੁਸਤਕਾਂ ਨਾਲ ਦਸਤਕ ਦੇ ਚੁੱਕਿਆ ਹੈ। ਹਥਲੀ ਕਿਤਾਬ 'ਸਾਹਿਬਾਂ' ਇਕ ਕਾਵਿ-ਨਾਟਕ ਹੈ ਜੋ ਸ਼ਾਇਰ ਨੇ ਆਪਣੀ ਗਭਰੇਟ ਉਮਰੇ 20 ਸਾਲ ਦੀ ਉਮਰ ਵਿਚ ਪ੍ਰਕਾਸ਼ਿਤ ਕਰਵਾਇਆ। ਇਹ ਕਾਵਿ-ਨਾਟਕ ਦਾ ਸੋਧਿਆ ਹੋਇਆ ਤੀਜਾ ਐਡੀਸ਼ਨ ਹੈ। ਡਾ. ਰਮਿੰਦਰ ਕੌਰ ਨੇ ਡਾ. ਰਘਬੀਰ ਕੌਰ ਦੀ ਅਗਵਾਈ ਹੇਠ ਇਸ ਕਾਵਿ-ਨਾਟਕ 'ਤੇ ਡਾਕਟਰੇਟ ਕੀਤੀ ਹੈ। ਗਭਰੇਟ ਉਮਰ ਦੇ ਵੀਹਵੇਂ ਸਾਲ ਵਿਚ ਜਜ਼ਬਾਤਾਂ ਦਾ ਪਹਾੜੀ ਨਦੀ ਦੇ ਵਹਾਅ ਵਾਂਗ ਤਰੰਗਤੀ ਵਹਿਣ ਹੁੰਦਾ ਹੈ ਤੇ ਉਸ ਉਮਰ ਵਿਚ ਅਜਿਹਾ ਕਾਵਿ-ਨਾਟਕ ਲਿਖ ਲੈਣਾ ਇਕ ਗਭਰੇਟ ਲਈ ਕ੍ਰਿਸ਼ਮਈ ਤਾਂ ਹੈ, ਵਡੇਰੀ ਉਮਰ ਵਿਚ ਸ਼ਾਇਦ ਸ਼ਾਇਰ ਤੋਂ ਅਜਿਹਾ ਕਾਵਿ-ਨਾਟਕ ਨਾ ਲਿਖਿਆ ਜਾਂਦਾ। ਵਾਰਸ ਸ਼ਾਹ ਪਿੰਡ ਮਲਕਾ ਹਾਂਸ ਦੀ ਮਸੀਤ ਵਿਚ ਜਦੋਂ ਹੀਰ ਦਾ ਕਿੱਸਾ ਲਿਖ ਰਿਹਾ ਸੀ ਤਾਂ ਦਰਅਸਲ ਉਹ ਆਪਣੀ ਮਾਸ਼ੂਕ ਭਾਗਭਰੀ ਦੇ ਦਰਦ ਦੀ ਦਾਸਤਾਨ ਹੀ ਲਿਖ ਰਿਹਾ ਸੀ, ਜਿਸ ਨੂੰ ਉਸ ਨੇ ਹੀਰ ਦਾ ਦਰਦ ਬਣਾ ਕੇ ਪੇਸ਼ ਕੀਤਾ। ਅਜਿਹੀਆਂ ਪ੍ਰਸਥਿਤੀਆਂ ਅਤੇ ਦੁਸ਼ਵਾਰੀਆਂ ਝੱਲਦਿਆਂ ਹੋਇਆਂ ਇਹ ਕਾਵਿ-ਨਾਟਕ ਲਿਖਿਆ ਇਸ ਦੇ ਅੱਠ ਅੰਕ ਹਨ, ਜਿਨ੍ਹਾਂ ਵਿਚ ਸਾਹਿਬਾਂ ਤੇ ਮਿਰਜਾ, ਮਾਂ ਸਲਮੀ ਤੇ ਸਾਹਿਬਾਂ, ਮਾਸੀ ਬੀਬੋ ਤੇ ਮਿਰਜਾ, ਦੋਸਤ ਕਰਨੂ ਤੇ ਮਿਰਜਾ ਅਤੇ ਪਿਤਾ ਬਿੰਜਲ ਅਤੇ ਮਿਰਜੇ ਦੇ ਕਾਵਿ-ਸੰਵਾਦ ਹਨ, ਜਿਸ ਵਿਚ ਇਸ ਲੋਕਧਰਾਈ ਪਾਤਰਾਂ ਨੇ ਜਿਸ ਜੁਰਅਤ ਅਤੇ ਸਾਫ਼ਮਈ ਨਾਲ ਤਰਕ-ਸੰਗਤ ਜਵਾਬ ਦਿੱਤੇ ਹਨ, ਉਹ ਬਾ-ਕਮਾਲ ਤੇ ਨਿਰਉੱਤਰ ਕਰਨ ਵਾਲੇ ਹਨ। ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੇ ਦਾਗ਼ ਧੋ ਦਿੱਤੇ ਹਨ। ਇਸੇ ਤਰ੍ਹਾਂ ਇਸ ਸ਼ਾਇਰ ਨੇ ਵੀ ਸਾਹਿਬਾਂ 'ਤੇ ਲੱਗੇ ਬੇਵਫ਼ਾਈ ਦੇ ਦਾਗ਼ ਧੋ ਦਿੱਤੇ ਹਨ। ਸਾਹਿਬਾਂ ਕਹਿੰਦੀ ਹੈ 'ਬੇਵਫ਼ਾ ਔਰਤ ਨਹੀਂ ਹੁੰਦੀ, ਬੇ-ਵਫ਼ਾ ਇਕ ਯੁੱਗ ਹੁੰਦਾ ਹੈ।' ਇਸ ਕਾਵਿ-ਨਾਟਕ ਦੇ ਜਦ ਗੰਭੀਰਤਾ ਨਾਲ ਪਾਠ ਵਿਚੋਂ ਗੁਜ਼ਰਦੇ ਹਾਂ ਤਾਂ ਇਹ ਕਾਵਿ-ਨਾਟਕ ਸ਼ਾਇਰ ਪੀਲੂ ਦਾ ਪ੍ਰਤੀਰੋਧ ਲਗਦਾ ਹੈ। ਪੀਲੂ ਤਾਂ ਇਥੋਂ ਤੱਕ ਕਹਿੰਦਾ ਹੈ ਕਿ 'ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ।' ਦਰਅਸਲ ਪੀਲੂ ਦੀਆਂ ਅੱਖਾਂ ਵਿਚ ਚਿੱਟਾ ਮੋਤੀਆ ਉਤਰਿਆ ਹੈ ਤੇ ਉਸ ਨੂੰ ਧੁੰਧਲਾ ਨਜ਼ਰ ਆਉਂਦਾ ਹੈ ਤੇ ਇਸ ਸ਼ਾਇਰ ਨੇ ਉਸ ਦੀ ਨਜ਼ਰ ਦਾ ਸਫ਼ਲ ਉਪਰੇਸ਼ਨ ਕਰ ਦਿੱਤਾ ਹੈ। ਸਾਹਿਬਾਂ ਨੂੰ ਮਿਰਜੇ ਦੀ ਸੂਰਮਗਤੀ ਦਾ ਪਤਾ ਹੈ ਤੇ ਭਰਾ ਖਾਨ ਸ਼ਮੀਰ ਨੂੰ ਵੀ ਮਰਿਆ ਨਹੀਂ ਦੇਖਣਾ ਚਾਹੁੰਦੀ ਤੇ ਇਸੇ ਦੁਬਿਧਾ ਵਿਚ ਉਹ ਕਾਨੀਆਂ ਭੰਨ੍ਹ ਦਿੰਦੀ ਹੈ ਤੇ ਆਖਿਰ 'ਅਣਖ ਦੇ ਵਾਇਰਸ, ਨਾਲ ਦੋਹਾਂ ਦਾ ਦੁਖਾਂਤਕ ਅੰਤ ਹੋ ਜਾਂਦਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਸ਼ਾਮ ਚੌਰਾਸੀ ਚੌਗਿਰਦੇ ਦੇ ਬੱਬਰ ਅਕਾਲੀ
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ, ਰਾਮ ਕਿਸ਼ਨ ਚੌਧਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 270 ਰੁੁਪਏ, ਸਫ਼ੇ : 200
ਸੰਪਰਕ : 94170-49417
ਦੇਸ਼ ਨੂੰ ਅੰਗਰੇਜ਼ਾਂ ਨੂੰ ਗ਼ੁਲਾਮੀ ਦੇ ਸੰਗਲਾਂ ਤੋਂ ਆਜ਼ਾਦ ਕਰਾਉਣ ਲਈ ਚੱਲੀਆਂ ਅਨੇਕਾਂ ਲਹਿਰਾਂ ਵਿਚ ਬੱਬਰ ਅਕਾਲੀ ਲਹਿਰ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਬੱਬਰ ਅਕਾਲੀ ਲਹਿਰ ਦੋਆਬੇ ਦੇ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਚੱਲੀ ਹਥਿਆਰਬੰਦ ਲਹਿਰ ਸੀ, ਜਿਸ ਵਿਚ ਸ਼ਾਮਿਲ ਸਿਰਲੱਥ ਸੂਰਮੇ, ਜ਼ਾਲਮ ਅੰਗਰੇਜ਼ਾਂ ਕਾਰਕੁੰਨਾਂ/ਅਫ਼ਸਰਾਂ ਅਤੇ ਉਨ੍ਹਾਂ ਦੇ ਪਿੱਠੂਆਂ (ਟੋਡੀਆਂ) ਦਾ ਸੋਧਾ ਲਾਉਂਦੇ ਸਨ। ਉਹ ਆਮ ਲੋਕਾਂ ਲਈ, ਲੋਕ ਭਲਾਈ ਦੇ ਕਾਰਜ ਵੀ ਕਰਦੇ ਸਨ ਜਿਵੇਂ ਲੋੜਵੰਦ ਬੱਚੀਆਂ ਦੇ ਵਿਆਹ ਕਰਨੇ, ਸ਼ਾਹੂਕਾਰਾਂ ਤੋਂ ਕਿਸਾਨਾਂ ਨੂੰ ਕਰਜ਼ਾ-ਮੁਕਤ ਕਰਾਉਣਾ ਆਦਿ।
ਵਿਚਾਰ-ਗੋਚਰੀ ਪੁਸਤਕ ਵਿਚ ਸ਼ਾਮਿਲ ਲੇਖਾਂ ਦੀ ਕੁੱਲ ਗਿਣਤੀ 26 ਹੈ। ਦੋਆਬੇ ਦੇ ਸ਼ਾਮ ਚੌਰਾਸੀ ਅਤੇ ਨਾਲ ਲਗਦੇ ਇਲਾਕਿਆਂ ਦੇ ਬੱਬਰ ਅਕਾਲੀ ਸੂਰਮੇ, ਬਹੁਤ ਸਰਗਰਮ ਤੇ ਜੁਝਾਰੂ ਸਨ। ਚਾਹੇ ਇਹ ਲਹਿਰ ਲੰਮੇਰਾ ਸਮਾਂ ਨਹੀਂ ਚੱਲੀ, ਪਰ ਜਿੰਨਾ ਚਿਰ ਵੀ ਚੱਲੀ ਬੱਬਰ ਅਕਾਲੀਆਂ ਨੇ, ਅਸਲੀ ਅਰਥਾਂ ਵਿਚ ਬੱਬਰ ਸ਼ੇਰ ਬਣ ਕੇ ਅੰਗਰੇਜ਼ੀ ਹਕੂਮਤ ਦੇ ਨੱਕ ਵਿਚ ਦਮ ਕਰੀ ਰੱਖਿਆ। ਪਹਿਲੇ ਆਧਿਆਏ ਰਾਹੀਂ ਬੱਬਰ ਅਕਾਲੀ ਲਹਿਰ ਬਾਰੇ ਮੁਢਲੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਗਈ ਹੈ। ਬੱਬਰਾਂ ਦੀਆਂ ਕਾਰਵਾਈਆਂ, ਪੁਲਿਸ ਦੇ ਜਬਰ, ਮੁਕੱਦਮਿਆਂ, ਸਜ਼ਾਵਾਂ ਅਤੇ ਸ਼ਹਾਦਤਾਂ ਬਾਰੇ ਮੁਕੰਮਲ ਜਾਣਕਾਰੀ ਦਰਜ ਹੈ। ਅਗਲੇ ਲੇਖ ਰਾਹੀਂ ਸ਼ਾਮ ਚੌਰਾਸੀ ਦੇ ਬੱਬਰਾਂ ਨੂੰ ਮਿਲੀਆਂ ਸਜ਼ਾਵਾਂ, ਉਨ੍ਹਾਂ ਦੇ ਜੇਲ੍ਹਾਂ ਵਿਚ ਸੰਘਰਸ਼, ਮੁਕੱਦਮਿਆਂ ਦੀ ਕਾਰਵਾਈ ਦੌਰਾਨ ਹੋਈਆਂ ਬਹਿਸਾਂ ਬਾਰੇ ਬੱਬਰਾਂ ਦੇ ਕੁਰਸੀਨਾਮੇ (ਬੰਸਾਵਲੀ), ਸ਼ਹਾਦਤਾਂ ਦੀਆਂ ਤਰੀਕਾਂ ਤੇ ਸੰਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ। ਹਰੇਕ ਅਧਿਆਏ ਵਿਚ ਅੰਗਰੇਜ਼ੀ ਪੈਰੇ ਵੀ ਸ਼ਾਮਿਲ ਹਨ। ਅੰਤ ਉੱਤੇ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਇਸ ਪੁਸਤਕ ਵਿਚ ਜਿਨ੍ਹਾਂ ਪ੍ਰਮੁੱਖ ਬੱਬਰ ਅਕਾਲੀਆਂ ਦਾ ਸੂਰਮਗਤੀ ਦੇ ਕਾਰਨਾਮਿਆਂ ਅਤੇ ਘਾਲਣਾਵਾਂ ਦਾ ਤਫ਼ਸ਼ੀਲੀ ਜ਼ਿਕਰ ਹੈ, ਉਹ ਹਨ-ਬੱਬਰ ਦਲੀਪ ਸਿੰਘ ਉਰਫ਼ ਦਲੀਪਾ ਉਰਫ਼ ਭਜੰਗੀ ਧਾਮੀਆਂ ਕਲਾਂ, ਬੱਬਰ ਸ਼ਹੀਦ ਬੰਤਾ ਸਿੰਘ ਧਾਮੀਆਂ ਕਲਾਂ, ਬੱਬਰ ਸ਼ਹੀਦ ਵਰਿਆਮ ਸਿੰਘ ਧੁੱਗਾ, ਬੱਬਰ ਸ਼ਹੀਦ ਬਾਬੂ ਦਲੀਪ ਸਿੰਘ ਧਾਮੀਆਂ ਕਲਾਂ, ਬੱਬਰ ਸ਼ਹੀਦ (ਸੰਤ) ਠਾਕੁਰ ਸਿੰਘ ਮੰਡਿਆਲ, ਬੱਬਰ ਪਿਆਰਾ ਸਿੰਘ ਧਾਮੀਆਂ ਕਲਾਂ, ਬੱਬਰ ਸੁਰੈਣ ਸਿੰਘ ਕੰਗ ਮਾਈ, ਬੱਬਰ ਕਿਸ਼ਨ ਸਿੰਘ ਸਾਂਧਰਾਂ, ਬੱਬਰ ਭੋਲਾ ਸਿੰਘ ਧਾਮੀਆਂ ਕਲਾਂ, ਬੱਬਰ ਭੋਲਾ ਸਿੰਘ ਕਾਠੇ, ਬੱਬਰ ਰਤਨ ਸਿੰਘ ਸਿੰਗੜੀਵਾਲ, ਬੱਬਰ ਦੁੱਮਣ ਸਿੰਘ ਪੰਡੋਰੀ ਮਹਾਤਮ, ਬੱਬਰ ਅਮਰ ਸਿੰਘ ਰਾਜੇਵਾਲ, ਬੱਬਰ ਸ਼ਾਮ ਸਿੰਘ ਰਾਇਸੀਵਾਲ, ਬੱਬਰ ਦੀਵਾਨ ਸਿੰਘ ਕਾਠੇ, ਬੱਬਰ ਸਾਧੂ ਸਿੰਘ ਸਾਂਧਰਾਂ, ਬੱਬਰ ਮਾਸਟਰ ਉਜਾਗਰ ਸਿੰਘ ਧਾਮੀਆਂ ਕਲਾਂ, ਬੱਬਰ ਜੀਵਨ ਸਿੰਘ ਧਾਮੀਆਂ ਕਲਾਂ ਅਤੇ ਬੱਬਰ ਧਰਮ ਸਿੰਘ ਧਾਮੀਆਂ ਕਲਾਂ।
ਇੰਜ ਪੁਸਤਕ ਨੂੰ ਪੜ੍ਹ ਕੇ, ਇਹ ਤੱਥ ਉਜਾਗਰ ਹੁੰਦਾ ਹੈ ਕਿ ਕੱਲੇ ਪਿੰਡ ਧਾਮੀਆਂ ਕਲਾਂ ਨੇ ਹੀ ਏਨੇ ਬੱਬਰ ਅਕਾਲੀ ਮਰਜੀਵੜੇ ਪੈਦਾ ਕੀਤੇ, ਜਿਹੜੇ ਦੇਸ਼ ਦੀ ਆਜ਼ਾਦੀ ਖ਼ਾਤਿਰ ਆਪਣੀਆਂ ਸੋਹਣੀਆਂ ਜਵਾਨੀਆਂ ਕੁਰਬਾਨ ਕਰ ਗਏ। ਬੱਬਰ ਅਕਾਲੀ ਲਹਿਰ ਦੇ ਮਹਾਨ ਯੋਗਦਾਨ ਨੂੰ ਡਾ. ਗੁਰਦੇਵ ਸਿੰਘ ਸਿੱਧੂ ਅਤੇ ਰਾਮ ਕਿਸ਼ਨ ਚੌਧਰੀ ਨੇ ਸਖ਼ਤ ਘਾਲਣਾ, ਖੋਜ ਤੇ ਲਗਨ ਨਾਲ ਪਾਠਕਾਂ ਲਈ ਪੁਸਤਕ ਰੂਪ ਵਿਚ ਸੰਭਾਲਿਆ ਹੈ। ਮੇਰੀ ਜਾਚੇ, ਹਰੇਕ ਨੂੰ ਖ਼ਾਸਕਰ ਦੇਸ਼-ਵਿਦੇਸ਼ ਦੇ ਪੰਜਾਬੀਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ। ਪੁਸਤਕ ਦੀ ਤਖ਼ਲੀਕ ਲਈ ਦੋਵੇਂ ਵਿਦਵਾਨ ਧੰਨਵਾਦ ਦੇ ਮੁਸਤਹਿਕ ਹਨ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਮਹਾਨ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 175 ਰੁਪਏ, ਸਫ਼ੇ : 111
ਸੰਪਰਕ : 98146-26726
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਬੁੱਢਾ ਦਲ ਦੇ ਛੇਵੇਂ ਮੁਖੀ ਜਥੇਦਾਰ ਹੋਏ ਹਨ, ਉਨ੍ਹਾਂ ਇਸ ਸੇਵਾ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ, ਕੌਮ ਨੂੰ ਸੁਯੋਗ ਯਾਦਗਾਰੀ ਅਗਵਾਈ ਦਿੱਤੀ। ਲੇਖਕ ਨੇ ਅੰਕਿਤ ਲੇਖਾਂ ਵਿਚ ਢੁੱਕਵੇਂ ਕਾਵਿ ਅੰਸ਼ ਵੀ ਸ਼ਾਮਿਲ ਕੀਤੇ ਹਨ। ਅਕਾਲੀ ਜੀ ਨਾਲ ਸੰਬੰਧਿਤ ਇਹ ਕਾਵਿਕ ਰਚਨਾ ਲੇਖਾਂ ਵਿਚ ਸੁਜਿੰਦ ਹੋਣ ਦਾ ਬਲ ਪਾਉਂਦੀ ਹੈ। ਜਿਵੇਂ:
ਜਿਉਣਾ ਮਰਨਾ ਦੇਸ਼ ਤੇ ਕੌਮ ਖਾਤਿਰ
ਵੈਰੀ ਪੰਥ ਅੱਗੇ ਨਹੀਂ ਖੜ੍ਹਨ ਦੇਣਾ
ਪਾੜ ਪਾੜ ਕੇ ਰੱਖਣਾ ਦੁਸ਼ਮਣਾਂ ਨੂੰ
ਗੁਰੂ ਧਾਮਾਂ 'ਚ ਜ਼ਾਲਮ ਨਹੀਂ ਵੜਨ ਦੇਣਾ
ਹਥਲੀ ਕਿਤਾਬ ਮਹਾਨ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਸੋਢੀ ਕੁਲਦੀਪ ਸਿੰਘ ਨੇ 19 ਭਾਗਾਂ ਵਿਚ ਵੰਡਿਆ ਹੈ ਭਾਵ ਅਕਾਲੀ ਜੀ ਦੇ ਜਨਮ ਤੋਂ ਸ਼ਹੀਦੀ ਤੀਕ ਦਾ ਇਤਿਹਾਸ ਸੰਖੇਪ ਰੂਪ ਵਿਚ ਭਾਵ ਪੂਰਤ ਤਰੀਕੇ ਨਾਲ ਦਰਜ ਕੀਤਾ ਹੈ। ਜਿਵੇਂ ਜਨਮ, ਅੰਮ੍ਰਿਤਸਰ, ਕਸੂਰ ਫ਼ਤਹਿ, ਅਹਿਦਨਾਮਾ, ਦਮਦਮਾ ਸਾਹਿਬ, ਨਿਰਭੈ ਜਥੇਦਾਰ, ਤਨਖਾਹੀਆ ਮਹਾਰਾਜਾ, ਸਤਿਗੁਰ ਦੀ ਸੇਵਾ, ਮੁਲਤਾਨ 'ਤੇ ਚੜ੍ਹਾਈ, ਮੁਲਤਾਨ ਦੀ ਜੰਗ, ਖ਼ਾਲਸਾ ਰਾਜ ਦੇ ਹੀਰੇ, ਮੁਲਤਾਨ ਫ਼ਤਹਿ, ਪਿਸ਼ਾਵਰ ਦੀ ਜਿੱਤ, ਕਸ਼ਮੀਰ, ਸਰਹੱਦੀ ਜੰਗਾਂ, ਅਟੱਲ ਗੁਰਮਤਾ, ਨੌਸ਼ਹਿਰੇ ਦੀ ਜੰਗ, ਸ਼ਹੀਦੀ, ਅਕਾਲੀ ਬਾਬਾ ਫੂਲਾ ਸਿੰਘ ਇੱਕ ਨਜ਼ਰ ਆਦਿ। ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਖ਼ਾਲਸਾ ਪੰਥ ਦੇ ਉਹ ਸ਼੍ਰੋਮਣੀ ਮੋਤੀ ਹਨ, ਜਿਸ ਬਿਨ ਇਹ ਸ਼ਹਾਦਤਾਂ ਦੇ ਸੂਹੇ ਫੁੱਲਾਂ ਦਾ ਹਾਰ ਅਧੂਰਾ ਜਾਪਦਾ ਹੈ। ਜਿੱਥੇ ਉਨ੍ਹਾਂ ਖ਼ਾਲਸਾ ਪੰਥ ਦੀ ਰਹਿਨੁਮਾਈ ਕਰਦਿਆਂ ਸਾਰਾ ਜੀਵਨ ਸਿੱਖ ਰਹਿਤ ਮਰਯਾਦਾ 'ਤੇ ਚਲਦਿਆਂ ਕਠਿਨ ਘਾਲਣਾਂ ਘਾਲਦਿਆਂ ਗੁਜ਼ਾਰਿਆ, ਉਥੇ ਉਹ ਸਿੱਖ ਰਾਜ ਦੇ ਮਹਾਨ ਜਰਨੈਲ ਜਥੇਦਾਰ ਹੋ ਨਿੱਬੜੇ। ਸਦਾ ਚੜ੍ਹਦੀ ਕਲਾ 'ਚ ਰਹਿੰਦਿਆਂ ਉਨ੍ਹਾਂ 'ਚ ਸਿੱਖ ਪੰਥ ਲਈ ਕੁਝ ਵੀ ਕਰ ਗੁਜ਼ਰਨ ਦੀ ਪ੍ਰਬਲ ਸ਼ਕਤੀ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੀ। ਉਹ ਗੁਰਬਾਣੀ ਦੇ ਗੂੜ੍ਹ ਗਿਆਨੀ, ਮਹਾਨ ਕਥਾਵਾਚਕ ਸਨ । ਜਦੋਂ ਸੰਗਤਾਂ ਨੂੰ ਸੰਬੋਧਨ ਕਰਦੇ ਤਾਂ ਸੰਗਤਾਂ ਸਾਹ ਰੋਕ ਉਨ੍ਹਾਂ ਦੇ ਸ਼ੁਭ ਬਚਨ ਸਰਵਣ ਕਰਦੀਆਂ । ਸਿੱਖ ਰਾਜ ਵਿਚ ਸ਼ੇਰੇ-ਪੰਜਾਬ ਨੇ ਦਰਬਾਰ ਵਿਚ ਉਨ੍ਹਾਂ ਦਾ ਪਹਿਲਾ ਕੌਤਕ ਸੰਨ 1801 ਵਿਚ ਅੰਮ੍ਰਿਤਸਰ ਨੂੰ ਖ਼ਾਲਸਾ ਰਾਜ ਵਿਚ ਮਿਲਾਉਣ ਵੇਲੇ ਡਿੱਠਾ । ਉਨ੍ਹਾਂ ਦੀ ਬਹਾਦਰੀ ਅਤੇ ਮਿਲਵਰਤਣ ਦਾ ਅਜਿਹਾ ਜਜ਼ਬਾ ਵੇਖ ਮਹਾਰਾਜਾ ਰਣਜੀਤ ਸਿੰਘ ਇਸ ਕਦਰ ਕਾਇਲ ਹੋਏ ਕਿ ਉਹ ਸਾਰੀ ਉਮਰ ਉਨ੍ਹਾਂ ਦੇ ਕਦਰਦਾਨ ਰਹੇ। ਖ਼ਾਲਸਾ ਰਾਜ ਦੀ ਉਸਾਰੀ ਵਿਚ ਅਕਾਲੀ ਬਾਬਾ ਫੂਲਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਸੂਰ ਆਦਿ ਦੀਆਂ ਪ੍ਰਸਿੱਧ ਜੰਗਾਂ ਵਿਚ ਆਪ ਦੀ ਕਾਰਗੁਜ਼ਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ । ਮੁਲਤਾਨ ਦੇ ਪ੍ਰਸਿੱਧ ਕਿਲ੍ਹੇ ਨੂੰ ਫ਼ਤਹਿ ਕਰਨ ਦਾ ਮਹਾਨ ਕਾਰਜ ਅਕਾਲੀ ਫੂਲਾ ਸਿੰਘ ਦੀ ਤੀਖਣ ਬੁੱਧੀ ਤੇ ਬਹਾਦਰੀ ਨੂੰ ਜੱਗ ਜਾਣਦਾ ਹੈ। ਆਪ ਦੇ ਜੀਵਨ ਬਿਰਤਾਂਤ ਨੂੰ ਪੜ੍ਹਦਿਆਂ ਪਤਾ ਲਗਦਾ ਹੈ ਕਿ ਆਪ ਕਿੰਨੇ ਵੱਡੇ ਜਰਨੈਲ ਸਨ । ਆਪ ਦੇ ਮਹਾਨ ਗੁਣਾਂ ਕਾਰਨ ਆਪ ਦੀ ਸਿਫ਼ਤ ਸਾਰਾ ਜਹਾਨ ਕਰਦਾ ਹੈ। ਲੇਖਕ ਨੇ ਕਿਤਾਬ ਖ਼ਾਲਸਾ ਪੰਥ ਦੇ ਦਰਦੀ ਸ਼ਹੀਦ ਸਿੰਘਾਂ ਦੇ ਨਾਂਅ ਕੀਤੀ ਹੈ। ਸੋਢੀ ਕੁਲਦੀਪ ਸਿੰਘ ਸਿੱਖ ਇਤਿਹਾਸ ਨੂੰ ਸਮਰਪਿਤ ਛੇ ਪੁਸਤਕਾਂ ਸਿੱਖ ਜਗਤ ਦੀ ਝੋਲੀ ਵਿਚ ਪਾਈਆਂ ਹਨ, ਜਿਨ੍ਹਾਂ ਵਿਚੋਂ ਸਾਖੀਆਂ ਗੁਰੂ ਨਾਨਕ ਦੇਵ ਜੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਜਾਂਬਾਜ਼ ਜਰਨੈਲ ਹਰੀ ਸਿੰਘ ਨਲੂਆ, ਨਿੱਕੇ ਸਰਦਾਰ, ਵੱਡੇ ਸਰਦਾਰ, ਸਿਰਲੱਥ ਸ਼ਹੀਦ ਬਾਬਾ ਦੀਪ ਸਿੰਘ ਆਦਿ ਹਨ। ਅਕਾਲੀ ਜੀ ਦੇ ਅੰਤਲੇ ਸੁਆਸਾਂ ਨੂੰ ਸਮਰਪਿਤ ਲੇਖਕ ਲਿਖਦਾ ਹੈ
ਫ਼ਤਹਿ ਖ਼ਾਲਸਾ ਜੀਓ ਸਾਡੇ ਕੁਛ ਡੇਰੇ
ਭੇਟ ਪੰਥ ਦੀ ਕੁੱਲ ਸਵਾਸ ਚੜ੍ਹ ਗਏ
ਕਿਤਾਬ ਅਕਾਲੀ ਜੀ ਦੇ ਇਤਿਹਾਸ ਨਾਲ ਸੰਬੰਧਿਤ ਆਪਣੀ ਵੇਦਨਾ ਪ੍ਰਗਟ ਕਰਦੀ ਇਤਿਹਾਸਕ ਸਰੋਤ ਵਜੋਂ ਪੇਸ਼ ਹੁੰਦੀ ਹੈ। ਲੇਖਕ ਵਧਾਈ ਦਾ ਹੱਕਦਾਰ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਮ੍ਰਿਗ ਤ੍ਰਿਸ਼ਨਾ
ਸ਼ਾਇਰਾ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 147
ਸੰਪਰਕ : 95019-80201
ਇਸ ਕਾਵਿ-ਸੰਗ੍ਰਹਿ ਵਿਚ ਬਹੁਤ ਦਿਲ-ਟੁੰਬਵੀਆਂ, ਸੰਵੇਦਨਸ਼ੀਲ ਨਜ਼ਮਾਂ ਅਤੇ ਗੀਤ ਜਜ਼ਬਾਤੀ ਅੱਖਰਾਂ ਵਿਚ ਪਰੋਏ ਹੋਏ ਹਨ। ਆਜ਼ਾਦੀ ਲਈ ਸਹਿਕਦੀ ਇਸ ਕਲਮ ਵਿਚ ਅੰਤਾਂ ਦੀ ਉਦਾਸੀ ਵੀ ਹੈ ਅਤੇ ਚੜ੍ਹਦੀ ਕਲਾ ਦੀ ਚੰਗਿਆੜੀ ਵੀ ਹੈ। ਆਓ, ਕੁਝ ਬੰਦਾਂ ਦੇ ਦਰਸ਼ਨ ਕਰੀਏ :
-ਕੁਝ ਰਿਸ਼ਤੇ ਮੈਨੂੰ ਅੰਬਰ ਲਗਦੇ,
ਕੁਝ ਅੰਬਰ ਦੀਆਂ ਛਾਵਾਂ।
ਕੁਝ ਲਗਦੇ ਚੰਨ ਸੂਰਜ ਵਰਗੇ,
ਕੁਝ ਲਗਦੇ ਚਾਰ ਦਿਸ਼ਾਵਾਂ।
-ਝਲਕਾਰਾ ਕਾਮਲਯਾਰ ਦਾ,
ਖਿੜੀ ਬਸੰਤ ਬਹਾਰ ਦਾ।
ਹੈਂ ਤੂੰ ਗੀਤਾਂ ਦਾ ਵਣਜਾਰਾ,
ਲਗਦਾ ਏਂ ਤੂੰ ਤਖ਼ਤ ਹਜ਼ਾਰਾ।
-ਉੱਚੜੇ ਮਹਿਲੀਂ ਯਾਰ ਵਸੇਂਦਾ,
ਕਿਵੇਂ ਮਿਲਣ ਨੂੰ ਜਾਵਾਂ।
ਬੂਹੇ ਪਹਿਰੇਦਾਰ ਖਲੋਤੇ,
ਕੀ ਦੱਸਾਂ ਸਿਰਨਾਵਾਂ।
-ਮੇਰੀ ਜਾਨ ਨਾ ਸੂਲੀ ਟੰਗ ਵੇ,
ਜੇ ਦਿਲ ਮੰਗਣਾ ਤਾਂ ਮੰਗ ਵੇ।
ਦੇ ਗ਼ੁਲਦਸਤਾ ਜਾਂ ਵੰਗ ਵੇ,
ਮੇਰੀ ਸੁਰਤ ਕਰੀਂ ਨਾ ਭੰਗ ਵੇ।
-ਧਰਮੀ ਬਾਬਲ ਮੈਨੂੰ ਦੇ ਗਿਆ,
ਬਿਰਹਾ ਰੂਪ ਵਿਦਾਇਗੀ।
ਬਚਪਨ ਤੋਂ ਹੁਣ ਤੀਕਰ ਮੈਂ,
ਕਰ ਨਾ ਸਕੀ ਅਦਾਇਗੀ।
ਇਨ੍ਹਾਂ ਕਵਿਤਾਵਾਂ ਵਿਚ ਔਰਤ ਦਾ ਦਰਦ ਸਮੋਇਆ ਹੋਇਆ ਹੈ। ਉਸ ਦੀ ਕਲਮ, ਉਸ ਦੇ ਅੱਖਰਾਂ, ਉਸ ਦੇ ਖ਼ਿਆਲਾਂ ਉੱਤੇ ਵੀ ਪਹਿਰਾ ਹੈ। ਅਨੇਕਾਂ ਪ੍ਰਤਿਭਾਵਾਨ ਨਾਰੀ ਸ਼ਖ਼ਸੀਅਤਾਂ, ਪਰਿਵਾਰਕ ਅਤੇ ਸਮਾਜਿਕ ਜੰਜਾਲਾਂ ਵਿਚ ਜਕੜੀਆਂ ਹੋਈਆਂ ਹਨ। ਮਰਿਆਦਾ ਦੀਆਂ ਜ਼ੰਜੀਰਾਂ ਉਨ੍ਹਾਂ ਨੂੰ ਅੰਬਰਾਂ ਵਿਚ ਉੱਡਣ ਤੋਂ, ਉੱਚੀ ਪਰਵਾਜ਼ ਭਰਨ ਤੋਂ ਰੋਕਦੀਆਂ ਹਨ। ਸ਼ਾਇਰਾ ਨੇ ਵੀ ਪੇਕੇ ਅਤੇ ਸਹੁਰੇ ਘਰ ਵਿਚ ਇਹ ਗ਼ੁਲਾਮੀ ਹੰਢਾਈ ਹੈ ਪਰ ਉਸ ਦੀ ਰੂਹ ਹਮੇਸ਼ਾ ਆਜ਼ਾਦ ਰਹੀ ਹੈ। ਇਨ੍ਹਾਂ ਕਵਿਤਾਵਾਂ ਵਿਚ ਇਕ ਜਿੰਦ ਧੜਕਦੀ ਹੈ, ਇਹ ਆਸ ਅੰਗੜਾਈ ਲੈ ਰਹੀ ਹੈ ਅਤੇ ਜ਼ਿੰਦਗੀ ਨੂੰ ਉਤਸਵ ਵਾਂਗੂੰ ਜਿਊਣ ਦੀ ਰੀਝ ਮਟਕ ਰਹੀ ਹੈ। ਇਸ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਅੱਧੇ ਆਕਾਸ਼ ਦਾ ਇੰਦਰਧਨੁੱਸ਼
ਸੰਪਾਦਨ ਅਤੇ ਅਨੁਵਾਦ : ਡਾ. ਅਮਰਜੀਤ ਕੌਂਕੇ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 98142-31698
ਡਾ. ਅਮਰਜੀਤ ਕੌਂਕੇ ਸਾਹਿਤ ਖੇਤਰ ਵਿਚ ਇਕ ਜਾਣਿਆ-ਪਹਿਚਾਣਿਆ ਨਾਂਅ ਹੈ। ਅਕਸਰ ਹੀ ਪੰਜਾਬੀ ਸਾਹਿਤ ਦੇ ਪਾਠਕ ਉਸ ਦੀਆਂ ਸਾਹਿਤਕ ਰਚਨਾਵਾਂ ਮੌਲਿਕ ਅਤੇ ਅਨੁਵਾਦਤ ਰੂਪ ਵਿਚ ਪੜ੍ਹ ਕੇ ਅਨੰਦ ਮਾਣਦੇ ਹਨ। 'ਪ੍ਰਤਿਮਾਨ' ਸਾਹਿਤਕ ਮੈਗਜ਼ੀਨ ਅਮਰਜੀਤ ਕੌਂਕੇ ਦੀ ਸਾਹਿਤ ਸੇਵਾ ਦੀ ਪ੍ਰਮੁੱਖ ਉਦਾਹਰਨ ਹੈ। ਵਿਚਾਰਧੀਨ ਪੁਸਤਕ 'ਅੱਧੇ ਆਕਾਸ਼ ਦਾ ਇੰਦਰਧਨੁੱਸ਼' ਡਾ. ਅਮਰਜੀਤ ਕੌਂਕੇ ਦੁਆਰਾ ਸੰਪਾਦਿਤ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ-ਸੰਗ੍ਰਹਿ ਵਿਚ 14 ਹਿੰਦੀ ਇਸਤਰੀ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਸਮੇਂ-ਸਮੇਂ 'ਤੇ ਡਾ. ਅਮਰਜੀਤ ਕੌਂਕੇ ਦੁਆਰਾ ਅਨੁਵਾਦਤ ਕਰਕੇ 'ਪ੍ਰਤਿਮਾਨ' ਮੈਗਜ਼ੀਨ ਦੇ ਅੰਕਾਂ ਵਿਚ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਕਹਾਣੀਕਾਰਾਂ ਵਿਚ ਊਸ਼ਾ ਯਾਦਵ (ਮੁਰਦਾ ਘਰ), ਡਾ. ਹੰਸਾਦੀਪ (ਹਰਾ ਪੱਤਾ ਪੀਲਾ ਪੱਤਾ), ਮੰਜੂ ਸ੍ਰੀ (ਆਤਿਸ਼-ਏ-ਚਿਨਾਰ), ਉਰਮਿਲਾ ਸ਼ਿਰੀਜ਼ (ਗੁਨਾਹ-ਏ-ਇਸ਼ਕ), ਡਾ. ਸ਼ਰਦ ਸਿੰਘ (ਘਰ ਤੋਂ ਭੱਜੀ ਹੋਈ ਕੁੜੀ), ਜਯੋਤੀ ਰੰਗਾਨਾਥਨ (ਇਸੇ ਤਰ੍ਹਾਂ ਸਾਰਾ ਕੁਝ), ਗੀਤਾ ਸ੍ਰੀ (ਉਦਾਸ ਪਾਣੀਆਂ ਵਿਚ ਹਾਸੇ ਦੇ ਪਰਛਾਵੇਂ), ਨੀਲਿਮਾ ਸ਼ਰਮਾ (ਅੰਤਰ ਯਾਤਰਾ), ਵੰਦਨਾ ਗੁਪਤਾ (ਉਹ ਹੁੰਦੀ ਤਾਂ...), ਮਨੀਸ਼ਾ ਕੁਲਸ਼੍ਰੇਸ਼ਠਾ (ਇਕ ਸਾਂਵਲੀ ਜਿਹੀ ਪਰਛਾਈ), ਪ੍ਰਗਿਆ ਰੋਹਿਣੀ (ਰੇਤ ਦੀ ਕੰਧ), ਦੀਪਤੀ ਸਾਰਸਵਤ ਪ੍ਰਤਿਮਾ (ਕੂਜੇ ਦਾ ਫੁੱਲ), ਡਾ. ਰੂਪਾ ਸਿੰਘ (ਸੰਨਾਟੇ ਦੀ ਗੰਧ), ਡਾ. ਸੁਨੀਤਾ (ਤਕਰਾਰ) ਆਦਿ ਕਹਾਣੀਕਾਰ ਪ੍ਰਮੁੱਖ ਹਨ। ਇਨ੍ਹਾਂ ਤਕਰੀਬਨ ਸਾਰੀਆਂ ਹੀ ਕਹਾਣੀਆਂ ਵਿਚ ਮਨੁੱਖੀ ਮਾਨਸਿਕਤਾ ਵਿਚੋਂ ਮਰਦੀਆਂ ਜਾ ਰਹੀਆਂ ਮਾਨਵੀ ਕਦਰਾਂ-ਕੀਮਤਾਂ, ਘਰ, ਸਮਾਜ ਅਤੇ ਪਰਿਵਾਰਕ ਰਿਸ਼ਤਿਆਂ ਦੀ ਕਸ਼ਮਕਸ਼ ਅਤੇ ਵਿਸ਼ੇਸ਼ ਕਰਕੇ ਮਨੁੱਖੀ ਮਨ ਦੀਆਂ ਵੱਖ-ਵੱਖ ਪਰਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਸਮਾਜਿਕ ਮਰਿਆਦਾ ਦੇ ਉਲਟ ਚੱਲ ਕੇ ਦੁੱਖ ਭੋਗਦੇ ਪਾਤਰ ਅਤੇ ਆਪਣਿਆਂ ਦੇ ਸੰਵੇਦਨਹੀਣ ਵਤੀਰੇ ਤੋਂ ਮਿਲੀ ਇਕੱਲਤਾ ਅਤੇ ਬੇਗ਼ਾਨਗੀ ਵੀ ਇਨ੍ਹਾਂ ਕਹਾਣੀਆਂ ਦਾ ਵਿਸ਼ਾਗਤ ਪਹਿਲੂ ਹੈ। ਡਾ. ਕੌਂਕੇ ਦੀ ਅਨੁਵਾਦ ਸ਼ੈਲੀ ਉਸ ਦੀ ਮੌਲਿਕਤਾ ਦਾ ਭਾਵਪੂਰਤ ਪ੍ਰਗਟਾਵਾ ਹੈ, ਇਸੇ ਕਰਕੇ ਪਾਠਕ ਜਦੋਂ ਕਿਸੇ ਵੀ ਕਹਾਣੀ ਨੂੰ ਪੜ੍ਹਦਾ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਉਹ ਅਨੁਵਾਦਤ ਨਹੀਂ ਮੌਲਿਕ ਰਚਨਾ ਹੀ ਪੜ੍ਹ ਰਿਹਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਜੀਅ ਕਰਦੈ
ਗ਼ਜ਼ਲਕਾਰ : ਸਿਮਰਨ ਅਕਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 0161-2413613
ਰੁੱਤਾਂ ਆਉਂਦੀਆਂ ਨੇ ਜਾਂਦੀਆਂ ਨੇ, ਮੌਸਮ ਬਦਲਦੇ ਹਨ, ਚੌਗਿਰਦਾ ਨਵੀਂ ਨੁਹਾਰ ਨਾਲ ਟਹਿਕਦਾ ਹੈ। ਅਦਬ ਦੇ ਖੇਤਰ ਵਿਚ ਪੁਰਾਣੀਆਂ ਮਿੱਥਾਂ ਟੁੱਟਦੀਆਂ ਨੇ ਤਾਂ ਨਵੀਆਂ ਜਨਮ ਲੈਂਦੀਆਂ ਹਨ। ਸਿਮਰਨ ਅਕਸ ਸ਼ਾਇਰੀ ਵਿਚ ਨਵੀਆਂ ਸੰਭਾਵਨਾਵਾਂ ਦੀ ਸਿਰਜਕ ਵਜੋਂ ਉੱਭਰੀ ਹੈ, ਜਿਸ ਨੇ ਆਪਣੀ ਕਲਮ ਲਈ ਗ਼ਜ਼ਲ ਵਰਗੀ ਥੋੜ੍ਹੀ ਮੁਸ਼ਕਿਲ ਵਿਧਾ ਨੂੰ ਚੁਣਿਆ ਹੈ। ਉਸ ਦੀਆਂ ਹੁਣ ਤੱਕ ਵਾਰਤਕ ਤੇ ਕਹਾਣੀ ਦੀਆਂ ਦੋ ਪੁਸਤਕਾਂ ਛਪੀਆਂ ਹਨ ਤੇ 'ਜੀਅ ਕਰਦੈ' ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਨੂੰ ਗੁਰਮੁਖੀ ਤੇ ਸ਼ਾਹਮੁਖੀ ਵਿਚ ਬਰਾਬਰ 'ਤੇ ਛਾਪਿਆ ਗਿਆ ਹੈ। ਇਹ ਤਜਰਬਾ ਕੁਝ ਅਦੀਬਾਂ ਵਲੋਂ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ। ਅਜਿਹੇ ਤਜਰਬੇ ਪਾਕਿਸਤਾਨੀ ਅਦਬੀ ਪਾਠਕਾਂ ਲਈ ਕੀਤੇ ਜਾਂਦੇ ਰਹੇ ਹਨ ਪਰ ਉਧਰ ਵੀ ਪਾਠਕਾਂ ਦੀ ਗਿਣਤੀ ਸੰਤੁਸ਼ਟੀਜਨਕ ਨਹੀਂ ਤੇ ਪੁਸਤਕਾਂ ਕੁਝ ਦਰਜਨਾਂ ਤੱਕ ਛਪਦੀਆਂ ਹਨ।
ਖ਼ੈਰ, ਸਿਮਰਨ ਦੀਆਂ ਇਨ੍ਹਾਂ ਗ਼ਜ਼ਲਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ, ਇਨ੍ਹਾਂ ਵਿਚ ਜ਼ਿੰਦਗੀ ਦਾ ਹਰ ਰੰਗ ਧੜਕਦਾ ਹੈ। ਗ਼ਜ਼ਲਾਂ ਦੇ ਬਹੁਤੇ ਸ਼ਿਅਰ ਮੁਹੱਬਤ ਵਿਚ ਖੀਵੇ ਨੇ, ਕਿਤੇ-ਕਿਤੇ ਹੰਝੂ-ਹੰਝੂ ਤੇ ਕਿਤੇ-ਕਿਤੇ ਕਿਸੇ ਦੇ ਦੀਦਾਰ ਤਾਂਘਦੇ ਤੇ ਕਿਧਰੇ ਮੁਸਕਰਾਉਂਦੇ, ਤ੍ਰਿਪਤ ਤੇ ਅਤ੍ਰਿਪਤ। ਉਹ ਆਖਦੀ ਹੈ ਕਿ ਕਿਸੇ ਲਈ ਖਾਮੋਸ਼ੀ ਮਸਲਾ ਹੈ ਤੇ ਕਿਸੇ ਲਈ ਸ਼ੋਰ ਸਮੱਸਿਆ ਹੈ ਪਰ ਮੇਰਾ ਮਸਲਾ ਕੁਝ ਹੋਰ ਹੈ। ਕਿਸੇ ਦੀ ਮੁਹੱਬਤ ਦਾ ਉਹ ਭਰਮ ਪਾਲਦੀ ਹੈ ਤੇ ਜਦ ਇਹ ਭਰਮ ਟੁੱਟਦਾ ਹੈ ਤਾਂ ਆਪ ਟੁੱਟ ਜਾਂਦੀ ਹੈ। ਇਹ ਟੁੱਟ-ਭੱਜ ਸਿਮਰਨ ਦੀਆਂ ਗ਼ਜ਼ਲਾਂ ਨੂੰ ਬੁਲੰਦੀ ਦਿੰਦੀ ਹੈ। ਉਹ ਸਾਦ-ਮੁਰਾਦੀ ਭਾਸ਼ਾ ਵਰਤਦੀ ਹੈ ਪਰ ਵੱਡੇ ਅਰਥ ਸਿਰਜਦੀ ਹੈ। ਉਸ ਅਨੁਸਾਰ ਇਸ਼ਕ ਉਹ ਪਹੇਲੀ ਹੈ, ਜੋ ਜੇ ਉਲਝ ਜਾਵੇ ਤਾਂ ਸਦੀਆਂ ਤੱਕ ਹੱਲ ਨਹੀਂ ਹੁੰਦੀ। ਇਸੇ ਖਿਆਲ ਤੋਂ ਗ਼ਜ਼ਲਕਾਰਾ ਦੀ ਸਮਰੱਥਾ ਦਾ ਪਤਾ ਲੱਗ ਜਾਂਦਾ ਹੈ। 'ਜੀਅ ਕਰਦੈ' ਦੀਆਂ ਗ਼ਜ਼ਲਾਂ ਵਿਚ ਬਹੁਤਾ ਕਰਕੇ ਮੁਹੱਬਤ ਦਾ ਰੰਗ ਹੀ ਉਦੈ ਹੁੰਦਾ ਹੈ, ਬਿਹਤਰ ਹੋਵੇਗਾ ਜੇ ਸਿਮਰਨ ਆਪਣੇ ਵਿਸ਼ਿਆਂ ਦੀ ਕੈਨਵਸ ਨੂੰ ਹੋਰ ਵਿਸ਼ਾਲਤਾ ਪ੍ਰਦਾਨ ਕਰੇ। ਉਸ ਦੀਆਂ ਗ਼ਜ਼ਲਾਂ ਵਿਚ ਮੈਨੂੰ ਲੱਭਣ 'ਤੇ ਵੀ ਨਾਮਾਤਰ ਹੀ ਕੁਤਾਹੀਆਂ ਮਿਲੀਆਂ ਹਨ, ਵੈਸੇ ਵੀ ਮੁਕੰਮਲ ਕੁਝ ਨਹੀਂ ਹੁੰਦਾ। ਉਂਜ ਇਹ ਪੁਸਤਕ ਨਿਸ਼ਚੇ ਹੀ ਸਿਮਰਨ ਦੇ ਕੱਦ ਨੂੰ ਉਚਾਣ ਤੇ ਪਹਿਚਾਣ ਦਿੰਦੀ ਹੈ। ਇਸ ਖੇਤਰ ਵਿਚ ਸਿਮਰਨ ਅਕਸ ਹੋਰ ਅੰਬਰ ਛੋਹੇਗੀ, ਮੈਨੂੰ ਪੂਰਨ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਰੰਗਲਾ-ਪੰਜਾਬ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਕ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053
'ਰੰਗਲਾ ਪੰਜਾਬ' ਜਗਜੀਤ ਮੁਕਤਸਰੀ ਦੀ ਦਸਵੀਂ ਕਾਵਿ-ਪੁਸਤਕ ਹੈ। ਇਸ ਤਾਂ ਪਹਿਲਾਂ ਉਸ ਨੇ 'ਰੱਬੀ ਜੋਤ', 'ਕਲਯੁਗ ਦੇ ਅਵਤਾਰ', 'ਸ਼ਹੀਦਾਂ ਦੇ ਸਿਰਤਾਜ', 'ਮੂੰਹੋਂ ਮੰਗੀਆਂ ਮੁਰਾਦਾਂ', 'ਲਾਲ ਗੁਰੂ ਦਸਮੇਸ਼ ਦੇ', 'ਸੱਚ ਲੈ ਜਾਉਗੀ', 'ਦਾਤਾਰ ਮਹਿਮਾ', 'ਸ਼ਾਨ ਪੰਜਾਬੀਆਂ ਦੀ', 'ਆਪੇ ਗੁਰਿ-ਚੇਲਾ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਸਾਹਿਤ ਦੀ ਝੋਲੀ ਪਾਏ ਹਨ। ਵਿਦਵਾਨਾਂ ਦੇ ਕਥਨਾਂ ਅਨੁਸਾਰ ਸੰਗੀਤਕ ਧੁਨਾਂ ਨਾਲ ਸ਼ਿੰਗਾਰੀ ਰਚਨਾ ਨੂੰ ਗੀਤ ਕਿਹਾ ਜਾਂਦਾ ਹੈ ਕਿਉਂਕਿ ਸੁਰ ਅਤੇ ਤਾਲ ਦਾ ਸੁਚੱਜਾ ਸੁਮੇਲ ਹੀ ਸ਼ਬਦਾਂ ਰਾਹੀਂ ਮਨੁੱਖੀ ਅਕਾਂਖਿਆਵਾਂ ਨੂੰ ਵਿਅਕਤ ਕਰਨ ਦੇ ਸਮਰੱਥ ਹੁੰਦਾ ਹੈ। ਪੰਜਾਬੀ ਬੋਲੀ ਵਿਚ ਗੀਤ ਲਿਖਣ ਦੀ ਲੰਬੀ ਪ੍ਰੰਪਰਾ ਹੈ। ਲੋਕ ਗੀਤ ਇਸ ਵੰਨਗੀ ਦੇ ਪ੍ਰਮੁੱਖ ਰੂਪ ਵਿਚ ਰਹੇ ਹਨ। ਹਥਲੇ ਸੰਗ੍ਰਹਿ ਵਿਚ ਜਗਜੀਤ ਮੁਕਤਸਰੀ ਨੇ ਆਪਣੀ ਸੁਪਤਨੀ ਜਸਪ੍ਰੀਤ ਕੌਰ ਦੇ ਲਿਖੇ ਤਿੰਨ ਗੀਤ ਸ਼ਾਮਿਲ ਕੀਤੇ ਹਨ। ਇਸ ਦੇ ਨਾਲ ਹੀ ਆਪਣੇ ਬੇਟੇ ਗੁਰਿੰਦਰਜੀਤ ਸਿੰਘ 'ਗੋਲਡੀ' ਮੁਕਤਸਰੀ ਦੇ ਗੀਤ ਅਤੇ ਟੱਪੇ ਵੀ ਸ਼ਮਿਲ ਕੀਤੇ ਹਨ। ਇਸ ਸੰਗ੍ਰਹਿ ਵਿਚਲੇ ਗੀਤ, ਟੱਪੇ ਪੰਜਾਬੀਆਂ ਦੀ ਪੁਰਾਤਨ ਰਹਿਤਲ-ਬਹਿਤਲ ਦਾ ਅਨੁਸਰਨ ਕਰਦਿਆਂ ਹੀ ਅਜੋਕੇ ਪੰਜਾਬੀ ਸੱਭਿਆਚਾਰ ਦੀਆਂ ਪਰਤਾਂ ਨੂੰ ਫਰੋਲਣ ਦਾ ਹੀਲਾ-ਵਸੀਲਾ ਬਣੇ ਹਨ। ਪੰਜਾਬੀਆਂ ਦੇ ਖੁੱਲ੍ਹ-ਦਿਲੇ, ਨਿਡਰ, ਬਹਾਦਰ, ਪਰਉਪਕਾਰੀ, ਦੂਜੇ ਦੇ ਕੰਮ ਆਉਣ ਵਾਲੇ ਸੁਭਾਅ ਦੇ ਧਾਰਨੀ ਹੋਣ ਦਾ ਸੰਕਲਪ ਪੇਸ਼ ਕੀਤਾ ਹੈ। ਸਦਾਚਾਰਕ ਕੀਮਤਾਂ ਦਾ ਸਮਾਜਿਕ ਤਾਣੇ-ਬਾਣੇ 'ਚ ਅਹਿਮ ਸਥਾਨ ਹੋਣ ਕਰਕੇ ਮਨੁੱਖ ਨੂੰ 'ਸਚਿਆਰਾ' ਬਣਨ ਦਾ ਉਪਦੇਸ਼ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਚ ਢੇਰ ਸਮਾਂ ਪਹਿਲਾਂ ਹੀ ਦੇ ਦਿੱਤਾ ਸੀ। 'ਮਾਇਆ' ਦੇ ਪ੍ਰਭਾਵ ਅਧੀਨ ਅਜੋਕੇ ਮਨੁੱਖ ਨੂੰ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਵੱਲ ਵਧੇਰੇ ਪ੍ਰੇਰਿਤ ਰਹੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਜੋਕਾ ਮਨੁੱਖ ਆਪਾ-ਧਾਪੀ, ਸਵਾਰਥ, ਊਚ-ਨੀਚ, ਆਦਿ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਲਈ ਜਗਜੀਤ ਮੁਕਤਸਰੀ 'ਮੈਂ ਖੈਰ ਮਨਾਵਾਂ', 'ਵਸਦੇ ਰਹਿਣ ਪੰਜਾਬੀ', 'ਪੰਜਾਬੀਆਂ ਦੀ ਸ਼ਾਨ' ਅਤੇ 'ਜੁੱਗ ਜੁੱਗ ਜਿਊਣ ਪੰਜਾਬੀ' ਗੀਤਾਂ ਵਿਚ ਉਹ ਮਾਂ ਬੋਲੀ ਪੰਜਾਬੀ, ਸਾਹਿਤ, ਸੱਭਿਆਚਾਰ ਦਾ ਪ੍ਰਸੰਗ ਛੇੜ ਕੇ ਇਨ੍ਹਾਂ ਸੰਬੰਧਿਤ ਵਿਸ਼ਿਆਂ ਨੂੰ ਛੂੰਹਦਾ ਹੈ। ਹੇਠਲਾ ਅੰਤਰਾ ਵਿਚਾਰਨਯੋਗ ਹੈ:
ਗਊ ਗਰੀਬ ਕੀ ਰੱਖਿਆ ਕਰਨਾ,
ਧਰਮ ਪੰਜਾਬੀਆਂ ਦਾ,
ਜਬਰ ਜ਼ੁਲਮ ਦੀ ਖਾਤਰ ਖੰਡਾ ਹੈ
ਸ਼ਾਨ ਪੰਜਾਬੀਆਂ ਦਾ।
ਜਗਜੀਤ ਮੁਕਤਸਰੀ ਦੇ ਗੀਤ, ਗਾਣਾ ਬਣਨ ਦੀ ਸਮਰੱਥਾ ਰੱਖਦੇ ਹਨ। ਸਰਲ, ਸਪੱਸ਼ਟ ਅਤੇ ਸਾਦਗੀ ਵਾਲੀ ਭਾਸ਼ਾ ਮੁਹਾਵਰਿਆਂ ਅਤੇ ਅਖਾਣਾਂ ਨਾਲ ਭਰਪੂਰ ਹੈ। ਮੁਬਾਰਕਬਾਦ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸ਼ਹੀਦਾਂ ਦੀ ਗਾਥਾ
ਲੇਖਕ-ਪਿਆਰਾ ਸਿੰਘ ਦਾਤਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 450 ਰੁਪਏ, ਸਫ਼ੇ : 216
ਸੰਪਰਕ : 098113-37763
ਪਿਆਰਾ ਸਿੰਘ ਦਾਤਾ, ਪੰਜਾਬੀ ਸਾਹਿਤਕ ਖੇਤਰ ਦਾ, ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਦੀਆਂ ਪੁਸਤਕਾਂ ਦਾ, ਪੰਜਾਬੀ ਸਾਹਿਤ ਜਗਤ ਵਿਚ ਵਿਸ਼ੇਸ਼ ਸਥਾਨ ਹੈ। ਉਹ ਬਹੁਵਿਧਾਈ ਲੇਖਕ ਹਨ, ਜਿਨ੍ਹਾਂ ਇਤਿਹਾਸ, ਜੀਵਨੀਆਂ, ਸਫ਼ਰਨਾਮੇ, ਬਾਲ-ਸਾਹਿਤ, ਹਾਸ-ਵਿਅੰਗ, ਸੰਪਾਦਨ ਅਤੇ ਅਨੁਵਾਦ ਦੀਆਂ ਪੁਸਤਕਾਂ ਦੇ ਨਾਲ-ਨਾਲ, ਅੰਗਰੇਜ਼ੀ ਅਤੇ ਹਿੰਦੀ ਪੁਸਤਕਾਂ ਵੀ ਲਿਖੀਆਂ। ਵਿਚਾਰ-ਗੋਚਰੀ ਪੁਸਤਕ 'ਸ਼ਹੀਦਾਂ ਦੀ ਗਾਥਾ' ਇਤਿਹਾਸਕ ਦਸਤਾਵੇਜ਼ ਹੈ। ਵਾਰਤਕ ਰੂਪੀ ਇਸ ਪੁਸਤਕ ਵਿਚ 49 ਲੇਖ ਸ਼ਾਮਿਲ ਹਨ। ਪੁਸਤਕ ਦਾ ਪਹਿਲਾ ਲੇਖ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੈ। ਅਗਲੇ ਲੇਖ, ਧਰਮ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ, ਸ਼ਹੀਦ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰਾ ਸਿੰਘ, ਭਾਈ ਮਨੀ ਸਿੰਘ ਜੀ, ਭਾਈ ਬੋਤਾ ਸਿੰਘ ਗਰਜਾ ਸਿੰਘ, ਸ. ਮਹਿਤਾਬ ਸਿੰਘ, ਸੁੱਖਾ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਸਿੱਖਾਂ ਦਾ ਕਤਲੇਆਮ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਰਾਮ ਸਿੰਘ ਜੀ ਬੇਦੀ, ਸਿੱਖ ਰਾਜ ਦੇ ਖਾਤਮੇ ਪਿਛੋਂ ਪੌਣੀ ਸਦੀ ਦੇ ਹਾਲਾਤ ਤੇ ਇਕ ਨਜ਼ਰ, ਨਨਕਾਣਾ ਸਾਹਿਬ ਦੇ ਸ਼ਹੀਦ, ਕਰਤਾਰ ਸਿੰਘ ਸਰਾਭਾ, ਭਾਨ ਸਿੰਘ, ਮਥਰਾ ਸਿੰਘ ਸ਼ਹੀਦ, ਬਾਬਾ ਰਾਮ ਸਿੰਘ ਜੀ, ਚੰਦਰ ਸ਼ੇਖਰ ਆਜ਼ਾਦ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਊਧਮ ਸਿੰਘ ਸੁਨਾਮ ਦੀਆਂ ਦੇਸ਼ ਧਰਮ ਖਾਤਰ ਕੀਤੀਆਂ ਕੁਰਬਾਨੀਆਂ ਨੂੰ ਬਹੁਤ ਬਾਰੀਕਬੀਨੀ ਨਾਲ ਬਿਆਨ ਕਰਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕੌਮੀ ਨਾਇਕਾਂ ਦਾ ਜ਼ਿਕਰ ਘੱਟ ਹੋਇਆ ਹੈ, ਜਿਵੇਂ ਰਾਮ ਪ੍ਰਸਾਦ 'ਬਿਸਮਿਲ', ਬਸੰਤ ਕੁਮਾਰ, ਮਦਨ ਲਾਲ ਢੀਂਗਰਾ, ਵਿਸ਼ਨੂੰ ਗਣੇਸ਼ ਪਿੰਗਲੇ, ਰਾਜਿੰਦਰ ਲਾਲ 'ਲਹਿਰੀ', ਅਵਧ ਬਿਹਾਰੀ, ਮੀਰ ਮਕਬੂਲ ਸ਼ੇਰਵਾਨੀ ਪ੍ਰਫੁੱਲ ਕੁਮਾਰ ਚਾਕੀ, ਖ਼ੁਦੀ ਰਾਮ ਬੋਸ, ਕਰਤਾਰ ਸਿੰਘ ਸਰਾਭਾ, ਬਾਬੂ ਹਰਨਾਮ ਸਿੰਘ ਲਹਿਰੀ, ਸੁਤਿੰਦਰ ਕੁਮਾਰ, ਦਾਮੋਦਰ ਦਾਵੇਕਰ, ਭਾਗ ਸਿੰਘ ਕੈਨੇਡੀਅਨ, ਮਾ. ਅਮੀਰ ਚੰਦ, ਭਾਈ ਬਾਲ ਮੁਕੰਦ, ਸੋਹਨ ਲਾਲ ਪਾਠਕ, ਰੋਸ਼ਨ ਸਿੰਘ, ਸੂਫੀ ਅੰਨਾ ਪ੍ਰਸਾਦ, ਜਤਿੰਦਰ ਨਾਥ ਦਾਸ, ਰਾਏ ਹਰੀ ਕ੍ਰਿਸ਼ਨ ਸਰਹੱਦੀ ਅਤੇ ਸ਼ਹੀਦ ਅਸਫਾਕ ਉੱਲਾ ਦੀਆਂ ਇਨਕਲਾਬੀ ਘਾਲਨਾਵਾਂ ਦਾ ਵੀ ਜ਼ਿਕਰ ਹੈ। ਇਹ, ਲੇਖਕ ਦੀ ਖੂਬੀ ਹੈ ਕਿ ਉਨ੍ਹਾਂ ਨੇ ਉਨ੍ਹਾਂ ਸ਼ਹੀਦਾਂ ਬਾਰੇ ਜਾਣਕਾਰੀ, ਪਾਠਕਾਂ ਨਾਲ ਸਾਂਝੀ ਕੀਤੀ ਹੈ, ਜਿਨ੍ਹਾਂ ਬਾਰੇ ਲੋਕਾਂ ਨੇ ਬਹੁਤ ਘੱਟ ਪੜ੍ਹਿਆ, ਸੁਣਿਆ ਹੈ। ਧਾਰਮਿਕ ਸ਼ਖ਼ਸੀਅਤਾਂ ਸੰਬੰਧੀ ਲੇਖਾਂ ਵਿਚ ਗੁਰਬਾਣੀ ਵਿਚੋਂ ਢੁੱਕਵੇਂ ਪ੍ਰਮਾਣ ਦਿੱਤੇ ਗਏ ਹਨ। ਹਰੇਕ ਲੇਖ ਦੇ ਅੰਤ 'ਚ, ਹਵਾਲੇ ਅਤੇ ਟਿੱਪਣੀਆਂ ਦਰਜ ਹਨ। ਚਾਲੀ ਮੁਕਤਿਆਂ ਵਾਲੇ ਲੇਖ ਵਿਚ ਸਾਰੇ ਚਾਲੀ ਸ਼ਹੀਦਾਂ ਸਿੰਘਾਂ ਦੇ ਨਾਂਅ ਦਿੱਤੇ ਗਏ ਹਨ। ਕਵੀ ਸੈਨਾਪਤੀ ਦੀਆਂ ਕਾਵਿਕ ਟੂਕਾਂ ਵੀ ਸ਼ਾਮਿਲ ਹਨ। 'ਵਾਇਸਰਾਏ ਪੁਰ ਟੀਣਾ' ਉਨਵਾਨ ਹੇਠ ਲੇਖ ਵੀ ਪੁਸਤਕ ਦਾ ਹਿੱਸਾ ਹਨ। ਟਾਈਟਲ ਪੰਨੇ ਉਤੇ 10 ਅਤੇ ਮਗਰਲੇ ਸਫ਼ੇ 'ਤੇ ਵੀ 10 ਰੰਗੀਨ ਤਸਵੀਰਾਂ, ਪੁਸਤਕ ਨੂੰ ਸੁੰਦਰ ਦਿੱਖ ਪ੍ਰਦਾਨ ਕਰਦੀਆਂ ਹਨ। ਇਸ ਪੁਸਤਕ ਦੇ ਅਧਿਐਨ ਨਾਲ, ਪਾਠਕਾਂ ਵਿਚ, ਦੇਸ਼ ਪ੍ਰੇਮ ਦਾ ਜਜ਼ਬਾ ਪ੍ਰਚੰਡ ਹੋਵੇਗਾ ਅਤੇ ਰਾਸ਼ਟਰੀ ਏਕਤਾ ਮਜ਼ਬੂਤ ਹੋਵੇਗੀ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਹੁਣ ਤਾਂ ਸ਼ਾਇਦ
ਗ਼ਜ਼ਲਕਾਰ : ਸ਼ਮਸ਼ੇਰ ਮੋਹੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94171-42415
ਪੰਜਾਬੀ ਗ਼ਜ਼ਲ ਨੇ ਪੰਜਾਬੀ ਅਦਬ ਵਿਚ ਆਪਣੀ ਜਗ੍ਹਾ ਬਣਾਉਣ ਲਈ ਤਕਰੀਬਨ ਢਾਈ ਦਹਾਕੇ ਤਿੱਖਾ ਤੇ ਤਰਕ ਭਰਪੂਰ ਸੰਘਰਸ਼ ਕੀਤਾ ਹੈ, ਬਹੁਤੇ ਸਦਮੇ ਇਸ ਨੂੰ ਆਪਣਿਆਂ ਨੇ ਦਿੱਤੇ ਹਨ ਜੋ ਕਿਤੇ ਨਾ ਕਿਤੇ ਅਜੇ ਵੀ ਜਾਰੀ ਹਨ। ਸ਼ਮਸ਼ੇਰ ਮੋਹੀ ਜਾਣਿਆ ਪਹਿਚਾਣਿਆ ਗ਼ਜ਼ਲਕਾਰ ਹੈ, ਜਿਸ ਨੂੰ ਬਹੁਤਿਆਂ ਵਾਂਗ ਗ਼ਜ਼ਲ ਲਈ ਤਿਆਰ-ਬਰ-ਤਿਆਰ ਜ਼ਮੀਨ ਮਿਲੀ ਹੈ। ਤਿੰਨ ਹੋਰ ਪੁਸਤਕਾਂ ਤੇ ਇਕ ਗ਼ਜ਼ਲ ਸੰਗ੍ਰਹਿ ਤੋਂ ਬਾਅਦ 'ਹੁਣ ਤਾਂ ਸ਼ਾਇਦ' ਉਸ ਦਾ ਦੂਸਰਾ ਨਿਰੋਲ ਮੌਲਿਕ ਗ਼ਜ਼ਲਾਂ ਦਾ ਮਜਮੂਆ ਹੈ। 'ਹੁਣ ਤਾਂ ਸ਼ਾਇਦ' ਵਿਚ ਅਠਵੰਜਾ ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਮਿਲਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਜਿੱਥੇ ਮੁਹੱਬਤੀ ਪ੍ਰਵਚਨ ਹਨ ਉਥੇ ਇਨ੍ਹਾਂ ਵਿਚ ਮਾਨਵੀ ਸਰੋਕਾਰਾਂ, ਵਿਗੜਦੀ ਮਾਨਵੀ ਜੀਵਨ ਸ਼ੈਲੀ, ਰਿਸ਼ਤਿਆਂ ਦੇ ਦੰਭ, ਦਮਨ, ਸਮਾਜਿਕ ਤੇ ਰਾਜਨੀਤਕ ਨਿਘਾਰਾਂ ਦਾ ਕਲਾਤਮਿਕ ਪ੍ਰਗਟਾਅ ਵੀ ਹੈ। ਉਸ ਮੁਤਾਬਿਕ ਦੁਨੀਆ ਵਿਚ ਮੁਹੱਬਤ ਬੇਘਰ ਹੋ ਗਈ ਹੈ ਤੇ ਹਰ ਮੋੜ 'ਤੇ ਸ਼ਾਤਰ ਸੁਦਾਗਰਾਂ ਦਾ ਬੋਲਬਾਲਾ ਹੈ। ਕੁਝ ਗ਼ਜ਼ਲਾਂ ਦੇ ਸ਼ਿਅਰ ਪ੍ਰਸ਼ਨਵਾਚਕ ਹਨ ਤੇ ਗ਼ਜ਼ਲਕਾਰ ਉਨ੍ਹਾਂ ਦੇ ਉੱਤਰ ਤਲਾਸ਼ਦਾ ਹੈ। ਇਹ ਉੱਤਰ ਭਵਿੱਖ ਦੀਆਂ ਕੁੰਦਰਾਂ 'ਚ ਛੁਪੇ ਹਨ, ਜੋ ਸ਼ਾਇਦ ਸਾਡੇ ਵਾਰਿਸ ਲੱਭ ਲੈਣ। ਉਹ ਰਿਸ਼ਤਿਆਂ ਦੇ ਬਣੇ ਰਹਿਣ ਜਾਂ ਢਹਿਣ ਸੰਬੰਧੀ ਝਾਉਲ਼ੇ 'ਚ ਹੈ ਤੇ ਕਿਸੇ ਦਾ 'ਭੁੱਲ ਜਾਹ' ਕਿਹਾ ਵੀ ਉਸ ਲਈ ਬੇਯਕੀਨੀ ਹੈ। ਉਹ ਜਾਣਦਾ ਹੈ ਅਜੇ ਖੁੱਲ੍ਹ ਕੇ ਜੀਣ ਦਾ ਮੌਸਮ ਨਹੀਂ ਹੈ ਤੇ ਰੁੱਤਾਂ ਦੇ ਰੰਗ ਹਸੀਨ ਨਹੀਂ ਹਨ। ਗ਼ਜ਼ਲਾਂ ਵਿਚ ਕਿਧਰੇ ਕਿਧਰੇ ਉਹ ਬਦਲਾਓ ਲਈ ਅਹੁਲਦਾ ਹੈ, ਜੋ ਵਕਤ ਦੀ ਜ਼ਰੂਰਤ ਵੀ ਹੈ ਤੇ ਕਿਸੇ ਕਲਮ ਦਾ ਫ਼ਰਜ਼ ਵੀ। 'ਹੁਣ ਤਾਂ ਸ਼ਾਇਦ' ਦੀ ਦੂਸਰੀ ਗ਼ਜ਼ਲ ਇਸ ਸੰਗ੍ਰਹਿ ਦਾ ਹਾਸਿਲ ਹੈ ਜੋ ਆਸ਼ਾਵਾਦੀ ਵੀ ਹੈ ਤੇ ਇਹ ਗ਼ਜ਼ਲਕਾਰ ਦੀ ਸਮਰੱਥਾ ਨੂੰ ਵੀ ਦਰਸਾਉਂਦੀ ਹੈ। ਗ਼ਜ਼ਲਕਾਰ ਆਖਦਾ ਹੈ ਕਿ ਕਿਸੇ ਚਿੱਤਰ ਵਿਚ 'ਨ੍ਹੇਰੇ ਦੀ ਜਗ੍ਹਾ 'ਤੇ ਚਾਨਣ ਵੀ ਭਰਿਆ ਜਾ ਸਕਦਾ ਹੈ ਤੇ ਕੋਸ਼ਿਸ਼ ਨਾਲ ਦੁਨੀਆ ਦਾ ਸਮੁੱਚਾ ਮੰਜ਼ਰ ਜੋ ਹੈ, ਇਸ ਤੋਂ ਵੀ ਬਿਹਤਰ ਬਣਾਇਆ ਜਾ ਸਕਦਾ ਹੈ। ਹੋਰਨਾਂ ਕਲਾਵਾਂ ਵਾਂਗ ਸ਼ਾਇਰੀ ਵਿਚ ਵੀ ਸੰਪੂਰਨਤਾ ਕਦੇ ਹਾਸਿਲ ਨਹੀਂ ਹੁੰਦੀ, ਨਾ ਦਾਅਵਾ ਕੀਤਾ ਜਾ ਸਕਦਾ ਹੈ, ਇਹ ਗੱਲ ਗ਼ਜ਼ਲਕਾਰ ਦੀ ਗ਼ਜ਼ਲਕਾਰੀ ਦੇ ਸੰਦਰਭ ਵਿਚ ਵੀ ਓਨੀ ਹੀ ਢੁਕਵੀਂ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਰੂਹ ਦਾ ਸਾਲ਼ਣੁ
ਲੇਖਕ : ਮੋਹਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 232
ਸੰਪਰਕ : 95011-45039
ਪ੍ਰਵਾਸੀ ਪੰਜਾਬੀ ਕਵੀ ਅਤੇ ਵਾਰਤਕ ਲੇਖਕ ਦੀ ਇਸ ਵਿਲੱਖਣ ਵਾਰਤਕ ਪੁਸਤਕ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਅਨਮੋਲ ਵਿਚਾਰ ਸਾਂਭੇ ਗਏ ਹਨ। ਹਰੇਕ ਮਨੋਹਰ ਵਿਚਾਰ ਪਾਠਕ ਦੇ ਮਨ-ਮਸਤਿਕ ਵਿਚ ਇਹ ਵਿਚਾਰ ਸਿਰਜਦਾ ਹੈ ਕਿ ਸਮਾਜਿਕ, ਮਾਨਸਿਕ ਅਤੇ ਸਰੀਰਕ ਸੁਧਾਰਾਂ ਲਈ ਇਹ ਕੀਮਤੀ ਵਿਚਾਰ ਅਜਿਹੇ ਹਥਿਆਰ ਸਾਬਤ ਹੋਣ ਦੇ ਕਾਬਲ ਹਨ, ਜਿਹੜੇ ਪਾਠਕ ਦੇ ਅੰਤਰ ਮਨ ਵਿਚ ਗਿਆਨ ਦੀ ਭਿੱਖੀ ਤੇ ਸਵੱਛ ਲੋਅ ਜਗਾਉਂਦੇ-ਫੈਲਾਉਂਦੇ ਹਨ। ਰੂਹ ਨੂੰ ਸ਼ਰਸ਼ਾਰ ਕਰਦੇ ਹਨ। ਐਸੇ ਵਿਚਾਰ, ਵਾਰਤਕਾਰ ਮੋਹਨ ਗਿੱਲ ਦੀ ਇਸ ਸਾਂਭਣਯੋਗ ਪੁਸਤਕ 'ਰੂਹ ਦਾ ਸਾਲਣੁ' ਦਾ ਹਿੱਸਾ ਹਨ, ਜੋ ਕਿਸੇ ਬੰਦੇ ਨੂੰ ਢਾਹ ਕੇ ਨਵੇਂ ਸਿਰਿਓਂ ਘੜਨ ਦੀ ਸਮਰੱਥਾ ਰੱਖਦੇ ਹਨ। ਇਕ-ਇਕ ਵਿਚਾਰ ਦਿਲ ਦੇ ਬੋਝੇ ਵਿਚ ਸਜਾ-ਸਜਾ ਕੇ ਰੱਖਣ ਦੇ ਯੋਗ ਹੈ। ਇਹ ਤੱਥ ਪਾਠਕ ਦਾ ਧਿਆਨ ਕੇਂਦਰਿਤ ਕਰਦਾ ਹੈ ਕਿ ਪੁਸਤਕ ਵਿਚ ਦਰਜ ਵਿਚਾਰਾਂ ਅਤੇ ਹਾਸੇ ਦਾ ਜੀਵਨ ਦਾ, ਪਿਆਰ ਦਾ, ਮਨੁੱਖੀ ਰਿਸ਼ਤਿਆਂ ਦਾ, ਫਿਕਰ-ਚਿੰਤਾ ਦਾ, ਦਿਲ ਦਾ, ਦਿਮਾਗ਼ ਦਾ, ਹਾਸੇ ਦਾ ਮੁਤਾਲਿਆ ਕਰਦਿਆਂ ਲਾਭਕਾਰੀ ਖ਼ਾਕਾ ਵਾਹਿਆ ਗਿਆ ਹੈ। ਇਸ ਮਹਾਨ ਪੁਸਤਕ ਨੂੰ ਸਭਨਾਂ ਲਾਇਬ੍ਰੇਰੀਆਂ ਦਾ ਹਿੱਸਾ ਬਣਾ ਕੇ ਇੰਜ ਸਾਂਭਿਆ ਜਾਵੇ ਕਿ ਇਸ ਵਿਚ ਦਰਜ ਅਨਮੋਲ ਵਚਨਾਂ ਦਾ ਨਿਤਾਪ੍ਰਤੀ ਪਾਠਕ ਕਰਨਾ ਲਾਜ਼ਮੀ ਬਣ ਜਾਵੇ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਮਹਾਨ ਦੇਸ਼ ਭਗਤਾਂ ਦੇ ਪਿੰਡ
ਲੇਖਕ: ਜਰਨੈਲ ਸਿੰਘ ਅੱਚਰਵਾਲ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਕੀਮਤ: 300 ਰੁਪਏ, ਸਫ਼ੇ : 207
ਸੰਪਰਕ: 98154-18851
ਸ. ਜਰਨੈਲ ਸਿੰਘ ਅੱਚਰਵਾਲ ਹੁਣ ਤੱਕ ਦਸ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਿਆ ਹੈ। ਚਾਰ ਕਵਿਤਾਵਾਂ ਦੀਆਂ, ਚਾਰ ਇਤਿਹਾਸਕ ਖੋਜ, ਦੋ ਇਤਿਹਾਸਕ ਜੀਵਨੀਆਂ ਅਤੇ ਸੰਪਾਦਨਾ ਨਾਲ ਸੰਬੰਧਿਤ ਪੁਸਤਕਾਂ ਤੋਂ ਬਾਅਦ ਹੱਥਲੀ ਗਿਆਰ੍ਹਵੀਂ ਕਿਤਾਬ ਹੈ। ਲੇਖਕ ਨੇ ਪੰਜਾਬ ਦੀ ਧਰਤੀ 'ਤੇ ਜੰਮੇ ਦੇਸ਼-ਪ੍ਰੇਮੀਆਂ, ਸਮਾਜਿਕ ਨਿਖਾਰ ਕਰਨ ਵਾਲੇ ਸੁਧਾਰਕਾਂ ਦੀ ਅਣਗਿਣਤ ਲੜੀ ਦਾ ਜ਼ਿਕਰ ਕੀਤਾ ਹੈ, ਜਿਸ ਦੀ ਝਲਕ ਇਸ ਕਿਤਾਬ ਵਿਚ ਮਿਲਦੀ ਹੈ। ਹੱਥਲੀ ਪੁਸਤਕ ਵਿਚ ਲੇਖਕ ਨੇ ਮਨਚਲੇ ਗ਼ਦਰੀ ਸ਼ਹੀਦ ਦਾ ਪਿੰਡ ਸਰਾਭਾ, ਪਰਜਾ ਮੰਡਲ ਦਾ ਮੁੱਢਲਾ ਪਿੰਡ ਠੀਕਰੀਵਾਲ, ਰੌਸ਼ਨੀ ਦੇ ਨਾਂਅ ਨਾਲ ਜਾਣਿਆ ਜਾਂਦਾ ਸ਼ਹਿਰ ਜਗਰਾਉਂ, ਗ਼ਦਰੀ ਬਾਬਾ ਰੂੜ ਸਿੰਘ ਦਾ ਪਿੰਡ ਚੂਹੜਚੱਕ, ਗ਼ਦਰੀ ਬਾਬਿਆਂ ਤੇ ਆਜ਼ਾਦੀ ਸੰਗਰਾਮੀਆਂ ਦਾ ਪਿੰਡ ਲਤਾਲਾ, ਗ਼ਦਰੀ ਬਾਬੇ ਬਚਿੱਤਰ ਸਿੰਘ ਤੇ ਨਰੈਣ ਸਿੰਘ ਦਾ ਪਿੰਡ ਨੱਥੋਵਾਲ, ਪਰਜਾ ਮੰਡਲ ਦੇ ਪ੍ਰਭਾਵ ਹੇਠਲਾ ਪਿੰਡ ਭੋਤਨਾ, ਮਾਲਵੇ ਦੇ ਪ੍ਰਸਿੱਧ ਡਾਕੂ ਮਿਲਖੀ ਸਿੰਘ ਕੁੰਭੜਵਾਲ ਨਾਲ ਮੁਲਾਕਾਤ, ਬੁੱਤ ਕਲਾ ਸਿਰਜਕ-ਤਾਰਾ ਸਿੰਘ ਰਾਏਕੋਟ ਨਾਲ ਮੁਲਾਕਾਤਾਂ ਦਰਜ ਕੀਤੀਆਂ ਹਨ। ਇਹ ਕਿਤਾਬ ਪਿੰਡਾਂ ਦਾ ਮੁੱਲਵਾਨ ਵਿਰਸਾ ਹੈ, ਜੋ ਸਾਨੂੰ ਅਤੀਤ ਨਾਲ ਜੋੜ ਕੇ ਅੱਜ ਦੇ ਸਵਾਲਾਂ ਦਾ ਉੱਤਰ ਲੱਭਣ ਲਈ ਆਖਦਾ ਹੈ। ਪੰਜਾਬ ਨੂੰ ਸਦਾ ਹੋਣੀਆਂ ਘੇਰਦੀਆਂ ਰਹੀਆਂ ਹਨ। ਇਨ੍ਹਾਂ ਹੋਣੀਆਂ ਨੂੰ ਲਲਕਾਰਨ ਵਾਲੇ ਬਹਾਦਰ ਲੋਕ ਕੌਣ ਸਨ? ਇਹ ਸਨ, ਕੱਚਿਆਂ ਘਰਾਂ, ਛੰਨਾਂ, ਢਾਰਿਆਂ ਵਿਚ ਰਹਿਣ ਵਾਲੇ ਸਾਡੇ ਪਿੰਡਾਂ ਦੇ ਪੁਰਖੇ ਜੋ ਇਸ ਬ੍ਰਹਿਮੰਡ ਵਿਚ ਆਪਣਾ ਅਣਲਿਖਿਆ ਇਤਿਹਾਸ ਛੱਡ ਗਏ। ਸਮੇਂ ਨੇ ਕਰਵਟ ਬਦਲੀ ਹੈ। ਇਨ੍ਹਾਂ ਮਹਾਨ ਲੋਕਾਂ ਨੂੰ ਪਿੰਡਾਂ ਦੀ ਮਿੱਟੀ ਵਿਚੋਂ ਫਰੋਲਿਆ ਜਾਣ ਲੱਗਾ ਹੈ। ਇਤਿਹਾਸ ਕੌਮ ਦਾ ਖ਼ਜ਼ਾਨਾ ਹੈ। ਵਰਤਮਾਨ ਕੌਮੀ ਸਪਿਰਟ ਇਤਿਹਾਸ ਵਿਚ ਜਮ੍ਹਾਂ ਪਈ ਹੈ। ਆਪਣੇ ਇਤਿਹਾਸ ਤੋਂ ਅਣਜਾਣ ਕੌਮਾਂ ਬੇ-ਗ਼ੈਰਤ ਤੇ ਸਤਿਆਹੀਣ ਹੋ ਜਾਂਦੀਆਂ ਹਨ। ਜਿਊਂਦੀਆਂ ਕੌਮਾਂ ਹੀ ਇਤਿਹਾਸ ਜਿਉਂਦਾ ਰੱਖਦੀਆਂ ਹਨ। ਇਹ ਕਿਤਾਬ ਸੁਤੰਤਰਤਾ ਸੰਗਰਾਮ ਨਾਲ ਜੋੜਦੀ ਹੈ, ਖ਼ਾਸ ਤੌਰ ਤੇ ਗ਼ਦਰ ਲਹਿਰ ਨਾਲ। ਗ਼ਦਰੀ ਬਾਬਿਆਂ ਦੀ ਗ਼ਦਰ ਲਹਿਰ ਸਰੋਤਾਂ ਦਾ ਸਰੋਤ ਹੈ। ਬਹੁਤੀਆਂ ਇਨਕਲਾਬੀ ਲਹਿਰਾਂ ਇਸ ਵਿਚੋਂ ਹੀ ਪਨਪਦੀਆਂ ਹਨ। ਆਜ਼ਾਦੀ ਸਾਰੇ ਭਾਰਤ ਨੂੰ ਮਿਲੀ ਪਰ ਆਰਾ ਪੰਜਾਬ ਦੇ ਸੀਨੇ 'ਤੇ ਚੱਲਿਆ। ਹੱਥਲੀ ਲਿਖਤ ਵਾਸਤੇ ਮਹੱਤਵਪੂਰਨ ਧਾਰਨਾ ਇਹ ਬਣਦੀ ਹੈ, ਕਿ ਸ. ਜਰਨੈਲ ਸਿੰਘ ਅੱਚਰਵਾਲ ਨੇ ਆਪਣੀਆਂ ਪੁਸਤਕਾਂ ਵਿਚ, ਆਪਣੇ ਜੀਵਨ ਦੇ ਮੌਲਿਕ ਅਨੁਭਵਾਂ ਦੇ ਆਧਾਰ 'ਤੇ, ਪ੍ਰਚੱਲਤ ਰਵਾਇਤੀ ਦ੍ਰਿਸ਼ਟੀਕੋਣਾਂ ਤੋਂ ਉੱਪਰ ਉੱਠ ਕੇ ਨਵੇਂ ਅਤੇ ਮੌਲਿਕ ਨੁਕਤੇ ਲੱਭੇ ਹਨ। ਬਹੁਤ ਥਾਵਾਂ 'ਤੇ ਇਕੋ ਨਾਂਅ ਦੇ ਪਿੰਡ ਨੇੜੇ-ਨੇੜੇ ਹੁੰਦੇ ਹਨ ਕਈਆਂ ਪਿੰਡਾਂ ਦੀ ਦੂਰੀ ਸੈਂਕੜੇ ਕਿਲੋਮੀਟਰ ਤੱਕ ਪਹੁੰਚ ਜਾਂਦੀ ਹੈ। ਇਨ੍ਹਾਂ ਦਾ ਆਪਸੀ ਸੰਬੰਧ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ। ਜਿਨ੍ਹਾਂ ਪਿੰਡਾਂ ਦੇ ਨਾਵਾਂ ਨਾਲ ਕਲਾਂ ਜਾਂ ਖੁਰਦ, ਵੱਡਾ ਜਾਂ ਛੋਟਾ ਲਾ ਦਿੱਤਾ ਜਾਂਦਾ ਹੈ, ਮਤਲਬ ਦੂਸਰਾ ਪਿੰਡ ਪਹਿਲੇ ਵਿਚੋਂ ਵਸਿਆ ਹੋਇਆ ਹੈ, ਪਰ ਦੂਰੀ ਵਾਲੇ ਪਿੰਡ ਦੀਆਂ ਪਰਤਾਂ ਵੀ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜੁੜਦੀਆਂ ਹਨ।
ਜਿਵੇ ਸ਼ਾਮ ਸਿੰਘ ਅਟਾਰੀ ਦੇ ਪੁਰਖਿਆਂ ਦਾ ਪਿੰਡ ਕਾਉਂਕੇ ਨੇੜੇ ਜਗਰਾਉਂ ਸੀ। ਜਦ ਉਹ ਇੱਥੋਂ ਉੱਠ ਕੇ ਮਾਝੇ ਵੱਲ ਗਏ ਤਾਂ ਉਨ੍ਹਾਂ ਆਪਣਾ ਨਵਾਂ ਪਿੰਡ ਵਸਾ ਲਿਆ ਜਿਸ ਦਾ ਨਾਂਅ ਵੀ ਕਾਉਂਕੇ ਰੱਖਿਆ, ਜੋ ਅਟਾਰੀ ਦੇ ਨੇੜੇ ਮੌਜੂਦ ਹੈ। ਦੂਸਰਾ ਜਦ ਅੰਗਰੇਜ਼ੀ ਰਾਜ ਸਮੇਂ ਨਹਿਰਾਂ ਕੱਢ ਜੰਗਲਾਂ ਨੂੰ ਆਬਾਦ ਕੀਤਾ ਗਿਆ, ਜਿਸ ਨੂੰ ਬਾਰਾਂ ਕਿਹਾ ਜਾਂਦਾ ਹੈ। ਪੂਰਬੀ ਪੰਜਾਬ ਦੇ ਫ਼ੌਜੀਆਂ ਤੇ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ। ਉਨ੍ਹਾਂ ਪਿੰਡਾਂ ਦੇ ਨਾਂਅ ਵੀ ਮੋੜ੍ਹੀਗੱਡਾਂ ਨੇ ਆਪਣੇ ਪਿਛਲੇ ਪਿੰਡਾਂ ਦੇ ਨਾਵਾਂ ਉੱਤੇ ਹੀ ਰੱਖੇ। ਸੱਥ ਦੀ ਚਰਚਾ ਹਰ ਇਨਸਾਨ ਦੇ ਮਨੋਵਿਗਿਆਨ 'ਤੇ ਕਿਨ੍ਹਾਂ ਵੱਡਾ ਅਸਰ ਕਰਦੀ ਹੈ ਅਤੇ ਇਸੇ ਚਰਚਾ ਦਾ ਹਰ ਇਨਸਾਨ ਦੀ ਵਿਚਾਰਧਾਰਾ ਵਿਚ ਵੱਡਮੁੱਲਾ ਯੋਗਦਾਨ ਹੁੰਦਾ ਹੈ। ਸਮੁੱਚੀ ਕਿਤਾਬ ਨੂੰ ਸੋਹਜ ਦ੍ਰਿਸ਼ਟੀ ਨਾਲ ਵਾਚਿਆ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਪੰਜਾਬ ਦੇ ਪਿਛੋਕੜ ਨੂੰ ਬਹੁਤ ਡੂੰਘਾਈ ਨਾਲ ਅਤੇ ਬਹੁਪੱਖੀ ਪਹਿਲੂ ਤੋਂ ਵਾਚਣ ਉਪਰੰਤ ਪੰਜਾਬ ਦੀ ਬਹੁਤ ਖੁੱਲ੍ਹੀ ਝਲਕ ਦਿਖਾਈ ਹੈ, ਜਿਸ ਵਿਚ ਜਨਜੀਵਨ ਦੇ ਹਰ ਪੱਖ ਨੂੰ ਖੰਘਾਲਿਆ ਹੈ ਅਤੇ ਪੰਜਾਬ ਦੇ ਸਮੇਂ-ਸਮੇਂ ਸਿਰ ਸੱਭਿਆਚਾਰਕ ਸਿਆਸੀ ਅਤੇ ਪਿੰਡ ਪੱਧਰ 'ਤੇ ਆਏ ਬਦਲਾਅ ਦੀ ਵਿਆਖਿਆ ਕੀਤੀ ਹੈ।
ਅੱਚਰਵਾਲ ਨੇ ਅਤੀਤ ਨੂੰ ਫਰੋਲਦਿਆਂ ਪੁਰਾਤਨ ਸਮੇਂ ਦੇ ਸਮਾਜਿਕ ਤਾਣੇ ਬਾਣੇ, ਲੋਕਾਂ ਦੇ ਜੀਵਨ, ਉਨ੍ਹਾਂ ਦੇ ਕੰਮ ਧੰਦੇ ਅਤੇ ਸੋਚ ਵਿਚਾਰਾਂ ਨੂੰ ਵੀ ਇਤਿਹਾਸ ਦੇ ਰੂਪ ਵਿਚ ਕਲਮਬੰਦ ਕੀਤਾ ਹੈ। ਪਿੰਡ ਦਾ ਇਤਿਹਾਸ ਪੰਜਾਬ ਦੇ ਪੁਰਾਤਨ ਪੇਂਡੂ ਸਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ। । ਅੱਚਰਵਾਲ ਦਾ ਇਹ ਯਤਨ ਪਿੰਡਾਂ ਬਾਰੇ ਇਤਿਹਾਸ ਨੂੰ ਪੜ੍ਹਨ ਦੀ ਚੇਟਕ ਪੈਦਾ ਕਰਦਾ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਪਾਗਲ ਆਦਮੀ
ਲੇਖਕ : ਖ਼ਲੀਲ ਜਿਬਰਾਨ
ਅਨੁਵਾਦਕ : ਅਮਰਿੰਦਰ ਸੋਹਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਸਫ਼ੇ : 48
ਸੰਪਰਕ : 95016-60416
ਕਹਾਣੀਆਂ ਦੀ ਇਹ ਪੁਸਤਕ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਖਲੀਲ ਜ਼ਿਬਰਾਨ ਦੀਆਂ ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਅਨੁਵਾਦ ਪੇਸ਼ ਕਰਦੀ ਹੈ। ਲੇਖਕ ਦੇ ਵਿਚਾਰ ਬਹੁਤ ਉੱਚੇ ਸੁੱਚੇ, ਪਵਿੱਤਰ, ਰਹੱਸਮਈ ਅਤੇ ਪ੍ਰਭਾਵਸ਼ਾਲੀ ਹਨ। ਉਹ ਲਿਖਦਾ ਹੈ ਕਿ ਰੱਬ ਹੀ ਮੇਰਾ ਉਦੇਸ਼ ਹੈ, ਰੱਬ ਹੀ ਮੇਰੀ ਸੰਪੂਰਨਤਾ ਹੈ, ਰੱਬ ਹੀ ਮੇਰਾ ਭੂਤ, ਵਰਤਮਾਨ ਅਤੇ ਭਵਿੱਖ ਹੈ। ਰੱਬ ਨੇ ਮੈਨੂੰ ਇਉਂ ਆਪਣੇ ਨਾਲ ਘੁੱਟਿਆ ਹੋਇਆ ਹੈ ਜਿਵੇਂ ਸਮੁੰਦਰ ਆਪਣੇ ਵੱਲ ਭੱਜੀ ਆਉਂਦੀ ਨਦੀ ਨੂੰ ਸੀਨੇ ਨਾਲ ਲਗਾ ਲੈਂਦਾ ਹੈ। ਇਨ੍ਹਾਂ ਕਹਾਣੀਆਂ ਵਿਚ ਡੂੰਘੇ ਅਰਥ ਅਤੇ ਰਮਜ਼ਾਂ ਛੁਪੀਆਂ ਹੋਈਆਂ ਹਨ। ਛੋਟੀਆਂ-ਛੋਟੀਆਂ ਕਹਾਣੀਆਂ ਵਿਚ ਵੱਡੇ-ਵੱਡੇ ਸੰਦੇਸ਼ ਲੁਕੇ ਹੋਏ ਹਨ। ਆਓ, ਕੁਝ ਝਲਕਾਂ ਮਾਣੀਏ:
ਮੇਰੀ ਆਤਮਾ ਅਤੇ ਮੈਂ ਇਕ ਵੱਡੇ ਸਮੁੰਦਰ ਵਿਚ ਨਹਾਉਣ ਲਈ ਗਏ। ਅਸੀਂ ਕਿਸੇ ਗੁਪਤ ਅਤੇ ਬੇਆਬਾਦ ਥਾਂ ਦੀ ਖੋਜ ਕਰਨ ਲੱਗੇ ਤਾਂ ਸਾਨੂੰ ਇਕ ਨਿਰਾਸ਼ਾਵਾਦੀ, ਇਕ ਆਸ਼ਾਵਾਦੀ, ਇਕ ਪਰਉਪਕਾਰੀ, ਇਕ ਰਹੱਸਵਾਦੀ ਇਕ ਆਦਰਸ਼ਵਾਦੀ ਅਤੇ ਕਿ ਯਥਾਰਥਵਾਦੀ ਮਿਲਿਆ। ਫਿਰ ਅਸੀਂ ਉਸ ਵੱਡੇ ਸਮੁੰਦਰ ਨੂੰ ਛੱਡ ਕੇ ਦੂਜੇ ਵਿਸ਼ਾਲ ਸਮੁੰਦਰ ਨੂੰ ਭਾਲਣ ਤੁਰ ਪਏ। ਇਥੇ ਮੈਂ ਆਪਣੇ ਭਾਈ 'ਪਹਾੜ' ਅਤੇ ਭੈਣ 'ਜਲਰਾਸ਼ੀ' ਦੇ ਵਿਚ ਬੈਠਾ ਹਾਂ। ਅਸੀਂ ਤਿੰਨੇ ਇਕਾਂਤ ਵਿਚ ਹਾਂ ਅਤੇ ਜਿਸ ਪਿਆਰ ਨੇ ਸਾਨੂੰ ਏਕਤਾ ਦੇ ਵਿਚ ਬੰਨ੍ਹ ਰੱਖਿਆ ਹੈ। ਉਹ ਡੂੰਘਾ, ਤਾਕਤਵਰ ਅਤੇ ਅਨੋਖਾ ਹੈ। ਅਫ਼ਕਾਰ ਨਾਮਕ ਸ਼ਹਿਰ ਵਿਚ ਇਕ ਨਾਸਤਿਕ ਅਤੇ ਇਕ ਆਸਤਿਕ ਰਹਿੰਦੇ ਸਨ। ਦੋਵਾਂ ਵਿਚ ਪਰਮਾਤਮਾ ਬਾਰੇ ਘੰਟਿਆਂਬੱਧੀ ਬਹਿਸ ਹੋਈ। ਉਸੇ ਸ਼ਾਮ ਆਸਤਿਕ ਤਾਂ ਨਾਸਤਿਕ ਬਣ ਗਿਆ ਅਤੇ ਨਾਸਤਿਕ ਆਸਤਿਕ ਬਣ ਗਿਆ। ਵਧੀਆ ਤਰਜਮੇ ਵਾਲੀ ਇਹ ਕਿਤਾਬ ਪੜ੍ਹਨਯੋਗ ਹੈ ਅਤੇ ਸੰਭਾਲਣਯੋਗ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਵਾਇਰਸ ਪੰਜਾਬ ਦੇ
ਕਵੀ : ਸੁਖਿੰਦਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 192
ਸੰਪਰਕ : 94638-36591
ਸੁਖਿੰਦਰ ਦੀ ਕਾਵਿ ਪੁਸਤਕ 'ਵਾਇਰਸ ਪੰਜਾਬ ਦੇ' ਸ਼ਾਇਰੀ ਦੀਆਂ ਬੁਲੰਦ ਆਵਾਜ਼ਾਂ ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਸ਼ੇਖ਼ ਫ਼ਰੀਦ, ਕਬੀਰ, ਸ਼ਾਹ ਹੁਸੈਨ ਅਤੇ ਮੀਆਂ ਮੁਹੰਮਦ ਬਖ਼ਸ਼ ਨੂੰ ਸਮਰਪਿਤ ਹੈ। ਇਸ ਕਾਵਿ ਪੁਸਤਕ ਵਿਚ ਕੁੱਲ 81 ਕਾਵਿਤਾਵਾਂ ਦਰਜ ਹਨ। ਕਵੀ ਕੈਨੇਡਾ ਦੀ ਧਰਤੀ 'ਤੇ ਵਸਦਾ ਹੈ। ਉਸ ਨੇ ਇਸ ਕਾਵਿ ਪੁਸਤਕ ਵਿਚ ਪੰਜਾਬ ਵਿਚ ਫੈਲੀਆਂ ਬਹੁਤ ਸਾਰੀਆਂ ਗ਼ਲਤ ਪ੍ਰਥਾਵਾਂ ਅਤੇ ਗ਼ੈਰ-ਅਨੁਸ਼ਾਸਨੀ ਗ਼ੈਰ-ਸਿਧਾਂਤਕ ਮਾਨਵੀ ਵਿਹਾਰ ਦੀਆਂ ਪਰਤਾਂ ਖੋਲ੍ਹੀਆਂ ਹਨ। ਕਵੀ ਦੀ ਸੁਰ ਵਿਅੰਗਾਤਮਿਕ ਹੈ, ਜਿਸ ਵਿਚ ਉਸ ਨੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੇ ਨਾਂਅ ਉੱਪਰ ਲਿਖੇ ਜਾਣ ਵਾਲੇ ਗ਼ੈਰ-ਮਿਆਰੀ ਸਾਹਿਤ, ਸਾਹਿਤ ਸਭਾਵਾਂ ਵਲੋਂ ਕਰਵਾਏ ਜਾਂਦੇ ਹਲਕੇ ਪੱਧਰ ਦੇ ਸਾਹਿਤਕ ਪ੍ਰੋਗਰਾਮਾਂ ਬਾਰੇ ਤਨਜ਼ਾਂ ਕੱਸੀਆਂ ਹਨ। ਰਾਜਨੀਤਕ ਖੇਤਰ ਵਿਚ ਦੇਸ਼ ਸੇਵਾ ਦੇ ਨਾਂਅ 'ਤੇ ਆਪਣੇ ਘਰ ਭਰਨ ਵਾਲੇ ਲੀਡਰਾਂ ਨੂੰ ਕਵੀ ਖੂਬ ਭੰਡਦਾ ਹੈ। ਉਨ੍ਹਾਂ ਦੁਆਰਾ ਕੀਤੇ ਜਾਂਦੇ ਵਿਖਾਵੇ ਦੁੰਭ ਅਤੇ ਪਾਖੰਡ ਨੂੰ ਪਾਠਕਾਂ ਸਾਹਮਣੇ ਲਿਆਉਂਦਾ ਹੈ। ਕੁਝ ਰਾਜਨੀਤਕ ਨੇਤਾ ਕੁਰਸੀ ਪ੍ਰਾਪਤ ਕਰਨ ਲਈ ਵੋਟਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਇਹ ਵੀ ਇਕ ਕੌੜਾ ਸੱਚ ਕਵੀ ਨੇ ਪੇਸ਼ ਕੀਤਾ ਹੈ। ਵਿੱਦਿਆ ਦੇ ਖੇਤਰ ਵਿਚ, ਕਾਨੂੰਨ ਦੇ ਖੇਤਰ ਵਿਚ ਧਾਰਮਿਕ ਸਥਾਨਾਂ ਵਿਚ ਭੇਖ ਪਾਖੰਡ ਵਿਖਾਵਾ ਸਭ ਕਵੀ ਨੂੰ ਨਿਰਾਸ਼ ਕਰਦਾ ਹੈ। ਉਹ ਬੜੇ ਹਿੰਮਤ ਤੇ ਹੌਸਲੇ ਨਾਲ ਪੰਜਾਬ ਦੇ ਇਸ ਦੁੱਖ ਦਾ ਕਵਿਤਾਵਾਂ ਰਾਹੀਂ ਬਿਆਨ ਕਰਦਾ ਹੈ। ਪੰਜਾਬ ਦੀ ਲੋਕ ਗਾਇਕੀ ਦਾ ਡਿਗਦਾ ਮਿਆਰ, ਗ਼ੈਂਗਸਟਰਵਾਦ ਦਾ ਵਧਦਾ ਫੈਸ਼ਨ, ਹਥਿਆਰ ਅਤੇ ਨਸ਼ਿਆਂ ਦਾ ਗੀਤਾਂ ਵਿਚ ਪ੍ਰਚਾਰ ਕਵੀ ਨੂੰ ਦੁਖੀ ਕਰਦਾ ਹੈ।
ਕਵੀ ਨੇ ਸੋਸ਼ਲ ਮੀਡੀਆ ਰਾਹੀਂ ਸਾਹਿਤ ਦੇ ਹੁੰਦੇ ਪ੍ਰਚਾਰ ਪ੍ਰਸਾਰ, ਜੂਮ ਮੀਟਿੰਗ ਪ੍ਰਤੀ ਵੀ ਨਕਾਰੂ ਸੋਚ ਪ੍ਰਗਟਾਈ ਹੈ। ਇਹ ਠੀਕ ਹੈ ਕਿ ਪੰਜਾਬ ਵਿਚ ਬਹੁਤਾ ਕੁਝ ਸਾਹਿਤ, ਰਾਜਨੀਤੀ, ਵਿੱਦਿਆ, ਧਰਮ, ਮੀਡੀਆ ਦੇ ਖੇਤਰ ਵਿਚ ਨਿੰਦਣਯੋਗ ਹੈ ਪਰ ਲੇਖਕ ਨੇ ਕਿਤੇ ਵੀ ਪਾਠਕ ਨੂੰ ਆਸ ਦੀ ਕਿਰਨ ਨਹੀਂ ਦਿਖਾਈ। ਕਿਸੇ ਵੀ ਸਾਹਿਤਕਾਰ ਦਾ ਫ਼ਰਜ਼ ਹੈ ਕਿ ਚੁਫੇਰੇ ਕੁਝ ਗ਼ਲਤ ਹੋਵੇ ਤਾਂ ਉਂਗਲ ਉਠਾਵੇ ਪਰ ਬਹੁਤ ਕੁਝ ਗ਼ਲਤ ਵਿਚੋਂ ਵੀ ਕੁਝ ਚੰਗਾ ਹੋ ਸਕਦਾ ਹੈ। ਇਸ ਪ੍ਰਤੀ ਕਵੀ ਸੁਖਿੰਦਰ ਨੇ ਕੋਈ ਰੁਚੀ ਨਹੀਂ ਦਿਖਾਈ, ਸਮੁੱਚੇ ਤੌਰ 'ਤੇ ਇਹ ਕਾਵਿ ਪੁਸਤਕ ਤਸਵੀਰ ਦਾ ਇਕ ਰੁੱਖ ਪ੍ਰਗਟਾਉਂਦੀ ਹੈ। ਕਵੀ ਦੀ ਚਿੰਤਾ ਜਾਇਜ਼ ਹੈ, ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਸਮੁੱਚੇ ਵਰਤਾਰਿਆਂ ਪ੍ਰਤੀ ਸੋਚਣ ਲਈ ਮਜਬੂਰ ਵੀ ਹੁੰਦੇ ਹਨ, ਕਵੀ ਨੇ ਖੁੱਲ੍ਹੀਆਂ ਕਵਿਤਾਵਾਂ ਰਾਹੀਂ ਲੋਕ ਮਸਲਿਆਂ ਨੂੰ ਸਰਲ ਸਾਦੇ ਢੰਗ ਨਾਲ ਪ੍ਰਗਟ ਕੀਤਾ ਹੈ।
-ਪ੍ਰੋ. ਕੁਲਜੀਤ ਕੌਰ
ਜਿਸ ਦਿਨ ਕਵਿਤਾ ਗੁਆਚ ਜਾਏਗੀ
ਲੇਖਕ : ਜੈਪਾਲ
ਪ੍ਰਕਾਸ਼ਕ : ਕੈਫੇ ਵਰਲਡ, ਮੰਡੀ ਕਲਾਂ, ਜਲੰਧਰ, ਬਠਿੰਡਾ
ਮੁੱਲ : 199 ਰੁਪਏ, ਸਫ਼ੇ : 72
ਸੰਪਰਕ : 094666-10508
ਜੈਪਾਲ ਸੂਖਮ ਭਾਵੀ ਬੌਧਿਕ ਮੁਹਾਵਰੇ ਦਾ ਸ਼ਾਇਰ ਹੈ ਤੇ ਅੱਜਕਲ੍ਹ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾਮੁਕਤ ਹੋ ਕੇ ਅੰਬਾਲਾ (ਹਰਿਆਣਾ) ਵਿਖੇ ਰਹਿ ਰਿਹਾ ਹੈ। ਸ਼ਾਇਰ ਮੂਲ ਰੂਪ ਵਿਚ ਹਿੰਦੀ ਦਾ ਸ਼ਾਇਰ ਹੈ, ਜਿਸ ਦੀਆਂ ਹਿੰਦੀ ਨਜ਼ਮਾਂ ਨੂੰ ਜਗਤਾਰ ਗਿੱਲ ਨੇ ਪੰਜਾਬੀ ਵਿਚ ਅਨੁਵਾਦ ਕਰਕੇ 'ਜਿਸ ਦਿਨ ਕਵਿਤਾ ਗੁਆਚ ਜਾਵੇਗੀ', ਕਾਵਿ ਸੰਗ੍ਰਹਿ ਦੇ ਰੂਪ ਵਿਚ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। ਅਨੁਵਾਦ ਤਾਂ ਬਾਕਮਾਲ ਹੈ ਤੇ ਕਿਤੇ ਵੀ ਇਹ ਭੁਲੇਖਾ ਨਹੀਂ ਪੈਂਦਾ ਕਿ ਇਹ ਅਨੁਵਾਦਿਤ ਨਜ਼ਮਾਂ ਹਨ ਬਸ ਪੰਜਾਬੀ ਦੀਆਂ ਹੀ ਨਜ਼ਮਾਂ ਲਗਦੀਆਂ ਹਨ। ਸ਼ਾਇਰ ਨੇ ਕੋਈ ਬੌਧਿਕ ਮਸ਼ਕ ਨਹੀਂ ਕੀਤੀ, ਸਗੋਂ ਜ਼ਿੰਦਗੀ ਨਾਲ ਵੰਗਾਰਿਆ ਹੈ। ਸਮੇਂ ਦਾ ਤਾਨਾਸ਼ਾਹ ਕਾਰਪੋਰੇਟ ਸੈਕਟਰ ਦੇ ਰੀਮੋਟ ਕੰਟਰੋਲ ਨਾਲ ਚਲਦਿਆਂ ਅਜਿਹਾ ਆੜ੍ਹਤੀਆ ਬਣ ਗਿਆ ਹੈ ਜੋ ਅਸਾਡੀ ਜ਼ਿੰਦਗੀ ਦੀ ਫ਼ਸਲ ਨੂੰ ਜੋ ਭੂਤਰਿਆ ਸਾਨ੍ਹ ਬੁਰਕ ਮਾਰ ਰਿਹਾ ਹੈ, ਨੂੰ ਨੱਥ ਪਾਉਣ ਲਈ ਆਪਣਾ ਕਾਵਿ ਧਰਮ ਨਿਭਾਅ ਰਿਹਾ ਹੈ। ਇਸ ਮੁਨਾਫ਼ੇ ਦੀ ਮੰਡੀ ਵਿਚ ਤਾਨਾਸ਼ਾਹ ਜੁਗਾੜ ਲਗਾ ਕੇ 'ਜੰਗ' ਜਗਾਉਣ ਦੀ ਜੁਗਤ ਵਰਤਦਾ ਹੈ, ਇਸ ਜੰਗ ਵਿਚ ਤਾਨਾਸ਼ਾਹ ਤਾਂ ਜਲ ਰਹੇ ਰੋਮ ਤੇ ਨੀਰੋ ਵਾਂਗ ਬੰਸਰੀ ਵਜਾਉਣ ਦੀ ਕਵਾਇਦ ਕਰਦਾ ਹੈ। ਜੰਗ ਵਿਚ ਮਾਵਾਂ ਦੇ ਪੁੱਤਾਂ ਨੂੰ ਤੋਪਾਂ ਦਾ ਚਾਰਾ ਬਣਾਇਆ ਜਾਂਦਾ ਹੈ ਤੇ ਕੁਝ ਜੰਗ ਤੋਂ ਬਾਅਦ ਬਚਦਾ ਹੈ, ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦਾ ਹੋਇਆ ਸ਼ਾਇਰ ਸਵਾਲ ਖੜ੍ਹਾ ਕਰਦਾ ਹੈ, ਕੋਇਲ ਦੀ ਕੂਕ ਤੇ ਜੰਗਲ ਵਿਚ ਅਠਖੇਲੀਆਂ ਭਰਦੀ ਗਲਹਿਰੀ ਦਾ ਮਾਸੂਮ ਬੱਚਾ ਕਿਵੇਂ ਬਚ ਸਕਦਾ ਹੈ। ਸ਼ਾਇਰ ਆਪੋ-ਆਪਣੇ ਭਗਵਾਨਾਂ ਨੂੰ ਵੀ ਮੇਹਣਾ ਮਾਰਦਾ ਹੈ ਕਿ ਟੁਕੜੇ-ਟੁਕੜੇ ਹੋਇਆ ਖੌਫ਼ਜ਼ਦਾ ਆਦਮੀ ਅਖੰਡ ਰਾਸ਼ਟਰ ਦੀ ਡਾਇਨਾਸੋਰੀ ਚਿੰਘਾੜ, ਧਰਮ, ਸੰਸਕ੍ਰਿਤੀ ਤੇ ਇਤਿਹਾਸ ਦਾ ਨਕਾਬ ਓੜੀ ਮਗਰਮੱਛ ਦੇ ਜਬਾੜੇ ਤੋਂ ਕਦੋਂ ਬਚਾਏਗਾ। ਉਹ ਸ਼ਾਇਰਾਂ ਨੂੰ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਇਹ ਠੀਕ ਹੈ ਕਿ ਕਿਤਾਬਾਂ ਚਾਨਣ ਵੰਡਦੀਆਂ ਹਨ ਪਰ ਚਾਨਣ ਵੰਡਦੀਆਂ ਕਿਤਾਬਾਂ ਕਦੋਂ ਲਿਖੋਗੇ, ਉਹ ਸਿਆਸੀ ਘੜੰਮ ਚੌਧਰੀਆਂ ਦੇ ਵੀ ਬਖੀਏ ਉਧੇੜਦਾ ਹੈ ਕਿ ਚੋਣਾਂ ਵੇਲੇ ਦਲਿਤਾਂ ਦੇ ਘਰ ਰੋਟੀ ਖਾਣ ਦਾ ਪਾਖੰਡ ਰਚਦੇ ਹਨ ਪਰ ਰਾਮ ਵਲੋਂ ਭੀਲਣੀ ਦੇ ਬੇਰ ਖਾਣ ਪਿਛੋਂ ਉਹੀ ਸ਼ੰਭੂਕ ਰਿਸ਼ੀ ਦੇ ਕਾਤਲ ਬਣਦੇ ਹਨ। ਕੋਰੋਨਾ ਕਾਲ ਵੇਲੇ ਆਪਣੇ ਹੀ ਦੇਸ਼ ਵਿਚ ਪ੍ਰਦੇਸੀ ਬਣੇ ਮਜ਼ਦੂਰਾਂ ਦੀਆਂ ਦੁਸ਼ਵਾਰੀਆਂ ਦਾ ਮਾਰਮਿਕ ਬਿਆਨ ਕਰਦਾ ਹੈ। ਕਿਤਾਬ ਦੇ ਅਖੀਰ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਵਾਲਿਆਂ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਨਵੇਂ ਸਾਲ ਨੂੰ ਕਿਉਂ ਜੀ ਆਇਆਂ ਆਖੀਏ ਜਦੋਂ ਕਿ ਕੈਲੰਡਰ ਤੇ ਸਾਲ ਹੀ ਬਦਲਦਾ ਹੈ, ਹੋਰ ਕੁਝ ਤਾਂ ਨਹੀਂ ਬਦਲਦਾ। ਸ਼ਾਇਰ ਨੂੰ ਤਾਨਾਸ਼ਾਹ ਦੀ ਘੰਡੀ ਤੇ ਅੰਗੂਠਾ ਰੱਖਣ ਵਾਲੀਆਂ ਨਜ਼ਮਾਂ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।
c c c
ਰੁੱਸ ਜਾਵੇ ਨਾ ਬਹਾਰ
ਲੇਖਕ : ਬਿੱਕਰ ਸਿੰਘ ਐਸ਼ੀ ਕੰਮੇਆਣਾ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨ ਦਿੱਲੀ
ਮੁੱਲ : 275 ਰੁਪਏ, ਸਫ਼ੇ : 104
ਸੰਪਰਕ : 098732-37223
ਸ਼ਾਇਰ ਬਿੱਕਰ ਸਿੰਘ ਐਸ਼ੀ ਕੰਮੇਆਣਾ ਆਪਣੇ ਹੱਥਲੇ ਗੀਤ ਸੰਗ੍ਰਹਿ 'ਰੁੱਸ ਜਾਵੇ ਨਾ ਬਹਾਰ' ਤੋਂ ਪਹਿਲਾਂ ਵੀ ਗੀਤ ਸੰਗ੍ਰਹਿ 'ਗੁੜ ਨਾਲੋਂ ਇਸ਼ਕ ਮਿੱਠਾ', 'ਵਿਦਿਆਰਥੀ ਸੰਘਰਸ਼ ਦਾ ਸੁਰਖ ਇਤਿਹਾਸ ਤੇ ਮੇਰੀ ਹੱਡ ਬੀਤੀ' ਅਤੇ ਦੋ ਨਾਵਲ 'ਬਿਨ ਖੰਭਾਂ ਪਰਵਾਜ਼', 'ਉਡਨ ਖਟੋਲਾ ਉਡਦਾ ਰਿਹਾ', 'ਇਤਿਹਾਸਕ ਮੋਗਾ ਘੋਲ ਦੇ ਜੁਝਾਰੂ ਪੰਨੇ' ਤੋਂ ਇਲਾਵਾ 'ਮੇਰੀ ਕਲਮ ਮੇਰੀ ਸੋਚ' ਰਾਹੀਂ ਸਾਹਿਤ ਜਗਤ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦਾ ਗਰਾਂ 'ਕੰਮੇਆਣਾ' ਗੀਤਕਾਰਾਂ ਦੀ ਜਰਖੇਜ਼ ਭੂਮੀ ਹੈ, ਜਿਸ ਨੇ ਅਨੇਕਾਂ ਗੀਤਕਾਰਾਂ ਨੂੰ ਸਰੋਤਿਆਂ ਅਤੇ ਪਾਠਕਾਂ ਦੇ ਰੂਬਰੂ ਕੀਤਾ ਹੈ। ਸ਼ਾਇਰ ਕੈਲੇਫੋਰਨੀਆ (ਅਮਰੀਕਾ) ਦਾ ਪੱਕਾ ਵਸਨੀਕ ਬਣ ਚੁੱਕਿਆ ਹੈ, ਜਿਸ ਕਾਰਨ ਗਲੋਬਲੀ ਚੇਤਨਾ ਨਾਲ ਲੈਸ ਹੋ ਜਾਣਾ ਸੁਭਾਵਿਕ ਹੀ ਹੈ। ਸ਼ਾਇਰ ਪਾਪੂਲਰ ਸ਼ਾਇਰੀ, ਕੈਸਿਟ ਕਲਚਰ ਅਤੇ ਸਟੇਜੀ ਰੁਮਾਂਟਿਕਤਾ ਦੇ ਗਾਡੀਰਾਹ ਤੇ ਚਲਦਾ ਹੋਇਆ ਨਜ਼ਰ ਆਉਂਦਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਗੀਤ ਸੰਗ੍ਰਹਿ ਦੇ ਨਾਂਅ 'ਰੁੱਸ ਜਾਵੇ ਨਾ ਬਹਾਰ' ਤੋਂ ਅਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ। ਜਿਵੇਂ ਸਾਲ ਭਰ ਹੋਰ ਰੁੱਤਾਂ ਆਉਂਦੀਆਂ ਹਨ, ਉਨ੍ਹਾਂ ਵਿਚੋਂ ਬਸੰਤ ਰੁੱਤ ਨੂੰ ਮੀਰੀ ਰੁੱਤ ਕਿਹਾ ਗਿਆ ਹੈ, ਜਿਸ ਵਿਚ ਬਹਾਰ ਵੀ ਜੀਵਨ ਦੀ ਇਕ ਰੁੱਤ ਹੀ ਹੈ ਤੇ ਇਸ ਨੂੰ ਰੁੱਸਣ ਨਾ ਦੇਣਾ ਵੀ ਜੀਵਨ ਜਾਚ ਦਾ ਹਿੱਸਾ ਹੈ। ਇਸ ਰੋਸੇ ਤੋਂ ਬਚਣ ਲਈ ਸ਼ਾਇਰ ਤਰੰਗਤੀ ਮੁਹੱਬਤ ਦੀ ਕਲਮਕਾਰੀ ਕਰਦਾ ਹੈ, ਜਿਥੇ ਰੋਸੇ, ਮੇਹਣੇ, ਮੰਨਣ ਮਨਾਉਣ ਅਤੇ ਆਪਣੀ ਮਾਸ਼ੂਕ ਦੀ ਸਿਫ਼ਤ ਕਰਨ ਲਈ ਹਮੇਸ਼ਾ ਤਤਪਰ ਰਹਿਣਾ ਪੈਂਦਾ ਹੈ। ਸ਼ਾਇਰ ਦੀ ਸ਼ਾਇਰੀ ਨੂੰ ਨਾਮਵਰ ਗੀਤਕਾਰਾਂ ਨੇ ਸਾਜ਼ ਤੇ ਆਵਾਜ਼ ਨਾਲ ਸਰੋਤਿਆਂ ਦੇ ਰੂਬਰੂ ਕੀਤਾ ਹੈ। ਸ਼ਾਇਰ ਪੰਜਾਬੀ ਮਾਂ ਬੋਲੀ ਨੂੰ ਜਾਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ ਤੇ ਹੋਰ ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦਾ ਹੋਇਆ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਤੇ ਹੰਝੂ ਵੀ ਵਰ੍ਹਾਉਂਦਾ ਹੈ ਤੇ ਇਸ ਨੂੰ ਠੱਲ੍ਹਣ ਲਈ ਆਪਣਾ ਕਾਵਿਕ ਧਰਮ ਵੀ ਨਿਭਾਉਂਦਾ ਹੈ। ਜੇਕਰ ਗੀਤਕਾਰ, ਗੀਤਕਾਰੀ ਤੋਂ ਵਿਥ ਸਿਰਜ ਕੇ ਸਾਹਿਤ ਦੇ ਪਿੜ ਅੰਦਰ ਆਉਣ ਲਈ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਨ ਉਪਰ ਆਪਣਾ ਸਥਾਨ ਨਿਸ਼ਚਿਤ ਕਰ ਲਵੇ ਤਾਂ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
-ਭਗਵਾਨ ਢਿੱਲੋਂ
ਮੋਬਾਈਲ : 098143-78254
ਗੀਨੂੰ ਗਾਂ
ਲੇਖਿਕਾ : ਰਮਨਪ੍ਰੀਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 98152-43917
'ਗੀਨੂੰ ਗਾਂ' ਬਾਲ ਪੁਸਤਕ ਵਿਚ ਕੁੱਲ ਚੌਵੀ ਬਾਲ ਕਵਿਤਾਵਾਂ ਅਤੇ ਗੀਤ ਹਨ। ਲੇਖਿਕਾ ਵਿਦਿਆਰਥਣ ਹੋਣ ਕਰਕੇ ਉਸ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ ਜਿਵੇਂ: 'ਰੁੱਖ, ਅੰਬ, ਮੇਰਾ ਬਸਤਾ, ਮਾਂ, ਤਿੱਤਲੀ, ਮੇਰਪਾਪਾ, ਗਾਂ, ਕਾਰ, ਤੋਤਾ, ਕੀੜੀ, ਦੀਵਾਲੀ, ਕਿਤਾਬਾਂ, ਫਰਾਕ, ਪੈੱਨ, ਆਦਿ। ਲੇਖਿਕਾ ਵਿਦਿਆਰਥਣ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਚੰਗੀਆਂ ਬਾਲ ਕਵਿਤਾਵਾਂ ਅਤੇ ਗੀਤ ਲਿਖੇ ਹਨ ਜਿਵੇਂ:-
-ਰੁੱਖ-
ਠੰਢੀ-ਠੰਢੀ ਹਵਾ ਨੇ ਦਿੰਦੇ,
ਮਿੱਠੇ-ਮਿੱਠੇ ਫਲ਼ ਵੀ ਦਿੰਦੇ।
ਆਕਸੀਜਨ ਦੀ ਸਭ ਨੂੰ ਭੁੱਖ,
ਰੁੱਖ ਦਾ ਸਭ ਤੋਂ ਚੰਗਾ ਸੁੱਖ।
ਰੁੱਖ ਨੇ ਠੰਢੀ ਛਾਂ ਦਿੰਦੇ,
ਮਹਿਕਾਂ ਵਾਲੇ ਫੁੱਲ ਨੇ ਦਿੰਦੇ।
ਦੁਨੀਆ 'ਤੇ ਨੇ ਬਹੁੁਤ ਹੀ ਰੁੱਖ,
ਰੁੱਖ ਦਾ ਸਭ ਤੋਂ ਚੰਗਾ ਸੁੱਖ।
ਏਵੇਂ ਹੀ 'ਕੀੜੀ' ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਹੈ:-
ਕੀੜੀ ਦਾ ਰੰਗ ਭੂਰਾ ਹੈ,
ਕੰਮ ਕਰਦੀ ਰਹਿੰਦੀ ਦਿਨ ਪੂਰਾ।
ਦਾਣਾ ਲੈ ਕੇ ਜਦ ਉਹ ਚਲਦੀ,
ਮੈਨੂੰ ਬਹੁਤ ਹੀ ਸੋਹਣੀ ਲਗਦੀ।
ਛੋਟਾ ਹੈ ਉਹਦਾ ਕੱਦ,
ਦੋ ਦਾਣੇ ਲੈਂਦੀ ਮੂੰਹ ਵਿਚ ਲੱਦ।
ਦਾਣਾ ਲੈ ਕੇ ਜਦ ਉਹ ਕੰਧ 'ਤੇ ਚੜ੍ਹਦੀ,
ਸੌ ਵਾਰ ਚੜ੍ਹਦੀ ਸੌ ਵਾਰ ਡਿੱਗਦੀ,
ਡਿੱਗ ਕੇ ਉਹ ਹੌਸਲਾ ਨਾ ਛੱਡਦੀ,
ਆਖਿਰ ਉਹ ਮੰਜ਼ਿਲ ਜਾ ਫੜ੍ਹਦੀ।
ਢੁਕਵੇਂ ਚਿੱਤਰਾਂ ਨੇ ਰਚਨਾਵਾਂ ਨੂੰ ਹੋਰ ਵੀ ਚਾਰ ਚੰਨ ਲਾਏ ਹੋਏ ਹਨ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ। ਨਵੀਂ ਬਾਲ ਲੇਖਿਕਾ ਤੇ ਪਹਿਲਾ ਉਪਰਾਲਾ ਹੋਣ ਕਰਕੇ ਵਜ਼ਨ ਤੋਲ ਤੁਕਾਂਤ ਦੀਆਂ ਕੁਝ ਕੁ ਕਮੀਆਂ ਹਨ ਪਰ ਫਿਰ ਵੀ ਇਸ ਬੱਚੀ ਵਿਚ ਭਵਿੱਖ ਦੀਆਂ ਸ਼ਾਨਦਾਰ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਮੈਂ ਇਨ੍ਹਾਂ ਦੇ ਅਧਿਆਪਕਾਂ ਨੂੰ ਬੇਨਤੀ ਕਰਾਂਗਾ ਕਿ ਪੁਸਤਕ ਦਾ ਖਰੜਾ ਆਪਣੇ ਇਲਾਕੇ ਦੇ ਕਿਸੇ ਨਾਮਵਰ ਬਾਲ ਸਾਹਿਤਕਾਰ ਨੂੰ ਜ਼ਰੂਰ ਪੜ੍ਹਾ ਲਿਆ ਕਰੋ ਪਰ ਫਿਰ ਵੀ ਮੈਂ ਇਨ੍ਹਾਂ ਬੱਚਿਆਂ ਦੇ ਸਕੂਲ ਅਧਿਆਪਕਾਂ ਦੀ ਪ੍ਰਸ਼ੰਸ਼ਾ ਕਰਦਾ ਹਾਂ, ਜਿਹੜੇ ਬਾਲਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ। ਬੱਚੀ ਵਲੋਂ ਐਨੀ ਛੋਟੀ ਉਮਰ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਈ ਹੈ ਮੈਂ ਸ਼ਾਬਾਸ਼ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਦੋ ਦੂਣੀ ਚਾਰ
ਲੇਖਕ : ਅਮਰੀਕ ਸਿੰਘ ਢੀਂਡਸਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 94635-39590
ਪੰਜਾਬੀ ਪੱਤਰਕਾਰੀ ਅਤੇ ਧਾਰਮਿਕ ਗੀਤਕਾਰੀ ਦੇ ਖੇਤਰਾਂ ਵਿਚ ਜਾਣੇ-ਪਛਾਣੇ ਜਾਂਦੇ ਅਮਰੀਕ ਸਿੰਘ ਢੀਂਡਸਾ ਨੇ ਹੁਣ ਬਾਲ ਸਾਹਿਤ ਦੇ ਖੇਤਰ ਵੱਲ ਵੀ ਆਪਣੀ ਕਲਮ ਦਾ ਰੁਖ਼ ਮੋੜਿਆ ਹੈ, ਜਿਸ ਦੀ ਪੰਜਾਬੀ ਭਾਸ਼ਾ ਵਿਚ ਆਮ ਤੌਰ 'ਤੇ ਘਾਟ ਰੜਕਦੀ ਆ ਰਹੀ ਹੈ। ਉਸ ਨੇ ਆਪਣੇ ਤਾਜ਼ਾਤਰੀਨ ਪ੍ਰਕਾਸ਼ਿਤ ਪਲੇਠੇ ਬਾਲ ਕਾਵਿ ਸੰਗ੍ਰਹਿ 'ਦੋ ਦੂਣੀ ਚਾਰ' ਵਿਚ ਮੁੱਢ ਕਦੀਮਾਂ ਤੋਂ ਬਾਲ ਮਨਾਂ ਦਾ ਪ੍ਰਚਾਵਾ ਕਰਦੇ ਆ ਰਹੇ ਅਤੇ ਗਿਆਨ-ਵਿਗਿਆਨ ਦੀ ਚਾਸ਼ਨੀ ਵਾਲੇ ਆਧੁਨਿਕ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ। ਇਹ ਕਵਿਤਾਵਾਂ 12 ਤੋਂ 16 ਸਾਲ ਉਮਰ ਵਰਗ ਦੇ ਬਾਲ ਪਾਠਕਾਂ ਨੂੰ ਧਿਆਨ ਵਿਚ ਰੱਖ ਕੇ ਰਚੀਆਂ ਗਈਆਂ ਹਨ। ਇਸ ਕਾਵਿ ਪੁਸਤਕ ਦੀ ਸ਼ੁਰੂਆਤ 'ਕਾਂ ਤੇ ਸੱਪ', 'ਸ਼ੇਰ ਤੇ ਚੂਹਾ', 'ਕਾਂ ਦੀ ਜੁਗਤ', 'ਚਿੜੀ ਦੀ ਸੋਚ' ਅਤੇ 'ਦੱਬਿਆ ਖ਼ਜ਼ਾਨਾ' ਆਦਿ ਕਾਵਿ-ਕਹਾਣੀਆਂ ਨਾਲ ਹੁੰਦੀ ਹੈ। ਪੰਚਤੰਤਰ ਅਤੇ ਈਸਪ ਵਰਗੇ ਸ੍ਰੋਤਾਂ ਦੀਆਂ ਇਨ੍ਹਾਂ ਰਵਾਇਤੀ ਕਥਾ-ਕਹਾਣੀਆਂ ਨੂੰ ਢੀਂਡਸਾ ਨੇ ਕਾਵਿਮਈ ਸ਼ੈਲੀ ਵਿਚ ਢਾਲ ਕੇ ਕਵਿਤਾ ਅਤੇ ਕਹਾਣੀ ਦੋਵਾਂ ਵੰਨਗੀਆਂ ਦਾ ਸੁੰਦਰ ਸੁਮੇਲ ਸਿਰਜ ਦਿੱਤਾ ਹੈ। ਇਨ੍ਹਾਂ ਕਾਵਿ-ਕਹਾਣੀਆਂ ਦੇ ਘਟਨਾਕ੍ਰਮ ਵਿਚੋਂ ਇਹ ਉਪਦੇਸ਼ਾਤਮਕ ਨਜ਼ਰੀਆ ਉਭਰਦਾ ਹੈ ਕਿ ਵਿਹਲੜ, ਕੰਮਚੋਰ, ਮੱਕਾਰ ਅਤੇ ਬੇਈਮਾਨ ਕਿਸਮ ਦੇ ਪਾਤਰਾਂ ਦਾ ਸਮਾਜ ਵਿਚ ਆਦਰ ਨਹੀਂ ਹੁੰਦਾ, ਜਦੋਂ ਕਿ ਮਿਹਨਤੀ, ਈਮਾਨਦਾਰੀ, ਲਗਨਸ਼ੀਲ, ਦੂਰਦ੍ਰਿਸ਼ਟ, ਸੂਝਵਾਨ ਅਤੇ ਸਿਰੜੀ ਵਿਅਕਤੀ ਹਮੇਸ਼ਾ ਸਮਾਜ ਵਿਚੋਂ ਮਾਣ-ਸਤਿਕਾਰ ਪਾਉਂਦੇ ਹਨ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਵਸਤੂ ਜਗਤ ਵੰਨ-ਸੁਵੰਨਾ ਹੈ। 'ਰੁੱਖ', 'ਪੰਛੀਆਂ ਦਾ ਸੰਸਾਰ', 'ਕੁਦਰਤ ਦੇ ਰੰਗ', 'ਊਰਜਾ ਦੇ ਸਰੋਤ' ਆਦਿ ਕਵਿਤਾਵਾਂ ਵਿਚੋਂ ਪ੍ਰਕਿਰਤਕ-ਸੌਂਦਰਯ ਦੇ ਨਜ਼ਾਰੇ ਵਿਖਾਈ ਦਿੰਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਭਾਂਤ-ਭਾਂਤ ਦੇ ਨਿੱਕੇ-ਵੱਡੇ ਅਤੇ ਰੰਗ-ਬਰੰਗੇ ਪੰਛੀਆਂ ਅਤੇ ਰੁੱਖਾਂ ਦੀ ਸੁੰਦਰਤਾ ਦਾ ਵਰਣਨ ਅਨੋਖਾ ਮਾਹੌਲ ਪੈਦਾ ਕਰਦਾ ਹੈ ਜਿਵੇਂ 'ਦੁਨੀਆ ਉਤੇ ਪੰਛੀਆਂ ਦਾ ਸੰਸਾਰ ਵੀ ਬੜਾ ਵਚਿੱਤਰ, ਮੋਰ ਕਬੂਤਰ ਘੁੱਗੀਆਂ ਤੋਤੇ, ਸਾਰੇ ਸਾਡੇ ਮਿੱਤਰ।' (ਕਵਿਤਾ 'ਪੰਛੀਆਂ ਦਾ ਸੰਸਾਰ', ਪੰਨਾ 34) ਜਾਂ 'ਕੁਦਰਤ ਦਾ ਅਣਮੁੱਲਾ ਤੋਹਫ਼ਾ, ਜੇ ਨਾ ਹੁੰਦੇ ਰੁੱਖ। ਹੋਰ ਜੀਵਾਂ ਨਾਲ ਧਰਤੀ ਉਤੇ, ਅੱਜ ਨਾ ਹੁੰਦਾ ਮਨੁੱਖ।' (ਕਵਿਤਾ 'ਰੁੱਖ', ਪੰਨਾ : 21) ਹਨ। ਕੁਝ ਹੋਰ ਕਵਿਤਾਵਾਂ ਵਿਚ ਪਰਬਤ, ਦਰਿਆ, ਝੀਲਾਂ, ਫਲ-ਫੁੱਲ, ਪੌਣ, ਮੈਦਾਨ ਆਦਿ ਕੁਦਰਤ ਦੇ ਸ਼ਿੰਗਾਰ ਵਿਚ ਵਾਧਾ ਕਰਦੇ ਦਿਖਾਈ ਦਿੰਦੇ ਹਨ। 'ਸਮਾਂ ਵਕਤ', 'ਅਨੁਸ਼ਾਸਨ ਨਿਯਮ', 'ਪੜ੍ਹਾਈ', 'ਸਬਕ' ਅਤੇ 'ਸਕੂਲ ਇਕ ਮੰਦਰ' ਵਰਗੀਆਂ ਕਵਿਤਾਵਾਂ ਵਿੱਦਿਆ ਅਤੇ ਵਕਤ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਅਜੋਕਾ ਯੁੱਗ ਗਿਆਨ-ਵਿਗਿਆਨ ਦੀ ਮੰਜ਼ਿਲ ਵੱਲ ਨਿਰੰਤਰ ਗਤੀਸ਼ੀਲ ਹੈ। ਢੀਂਡਸਾ ਨੇ ਬੱਚਿਆਂ ਦੀ ਸੋਚ ਨੂੰ ਆਧੁਨਿਕ ਯੁੱਗ ਦੀ ਹਾਣੀ ਬਣਾਉਣ ਵਾਸਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਵੀ ਮਹੱਤਵ ਪ੍ਰਦਾਨ ਕੀਤਾ ਹੈ, ਤਾਂ ਜੋ ਬਾਲ ਮਨਾਂ ਵਿਚ ਤਰਕਮਈ ਸੋਚਣੀ ਪੈਦਾ ਹੋ ਸਕੇ। ਅਜਿਹੇ ਰੰਗ ਵਾਲੀਆਂ ਬਾਲ ਕਵਿਤਾਵਾਂ ਵਿਚੋਂ 'ਬਿਜਲੀ ਦਾ ਬਲਬ' ਅਤੇ 'ਊਰਜਾ ਦੇ ਸਰੋਤ' ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕਵਿਤਾਵਾਂ ਨਾਲ ਢੁਕਵੇਂ ਚਿੱਤਰ ਵੀ ਦਿੱਤੇ ਗਏ ਹਨ। ਇਸ ਪ੍ਰਕਾਰ ਇਸ ਕਾਵਿ ਸੰਗ੍ਰਹਿ ਦੀਆਂ ਲਿਖਤਾਂ ਬਾਲ ਪਾਠਕ ਦੇ ਮਨ ਵਿਚ ਪੰਜਾਬੀ-ਪ੍ਰੇਮ ਤਾਂ ਪੈਦਾ ਕਰਦੀਆਂ ਹੀ ਹਨ, ਉਨ੍ਹਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦੀਆਂ ਹੋਈਆਂ ਚੰਗੇਰੇ ਨਾਗਰਿਕ ਬਣਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ।
ਉਮੀਦ ਹੈ, ਬੱਚੇ ਇਸ ਮਿਆਰੀ ਪੁਸਤਕ ਤੋਂ ਲਾਹਾ ਖੱਟਣਗੇ ਅਤੇ ਹੋਰਨਾਂ ਨੂੰ ਵੀ ਪੜ੍ਹਨ ਦੀ ਪ੍ਰੇਰਨਾ ਦੇਣਗੇ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਪੁੱਤ ! ਮੈਂ ਇੰਡੀਆ ਜਾਣੈਂ
ਲੇਖਕ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ: 295 ਰੁਪਏ, ਸਫ਼ੇ : 110
ਸੰਪਰਕ : 097797-16824
'ਪੁੱਤ! ਮੈਂ ਇੰਡੀਆ ਜਾਣੈਂ' ਸੁਰਿੰਦਰ ਸਿੰਘ ਰਾਏ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਹੈਲੋ ਇੰਡੀਅਨ, ਮਿਸ ਕਾਲ, ਪੱਗ, ਕੰਟਰੈਕਟ ਮੈਰਿਜ, ਸ਼ੋਅ ਪੀਸ, ਇਕ ਟੱਕ ਹੋਰ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਾ ਹੈ। ਹਥਲੇ ਕਹਾਣੀ ਸੰਗ੍ਰਹਿ 'ਪੁੱਤ! ਮੈਂ ਇੰਡੀਆ ਜਾਣੈਂ' ਵਿਚ ਮਾਮੀ ਜੀ, ਮਠਿਆਈ ਦਾ ਡੱਬਾ, ਓਹਦੇ ਬਦੇਸ਼ ਜਾਣ ਤੋਂ ਬਾਅਦ, ਉੱਚੀ ਅੱਡੀ ਵਾਲੇ ਬੂਟ, ਕੁੰਜੀਆਂ, ਨਕਦਾਂ ਦੀ ਹੱਟੀ, ਮਾਡਰਨ ਢਾਬਾ, ਖੁੱਡੇ, ਮੋਟੇ ਹੋਣ ਲਈ ਮਿਲੋ ਅਤੇ ਪੁੱਤ ਮੈਂ ਇੰਡੀਆ ਜਾਣੈਂ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। 'ਪੁੱਤ! ਮੈਂ ਇੰਡੀਆ ਜਾਣੈਂ' ਕਹਾਣੀ ਵਿਚ ਇਕ ਬਹੁਤ ਹੀ ਗੰਭੀਰ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ। ਬਹੁਤ ਸਾਰੇ ਪੰਜਾਬੀ ਰੋਜ਼ੀ ਰੋਟੀ ਲਈ ਬਾਹਰਲੇ ਮੁਲਕਾਂ ਵਿਚ ਪ੍ਰਵਾਸ ਕਰ ਗਏ ਹਨ। ਉਨ੍ਹਾਂ ਵਿਦੇਸ਼ਾਂ ਵਿਚ ਸਖ਼ਤ ਘਾਲਣਾਵਾਂ ਘਾਲ ਕੇ, ਮਿਹਨਤਾਂ ਕਰਕੇ, ਫ਼ਾਕੇ ਕੱਟ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਪਿੱਛੇ ਪੰਜਾਬ ਵਿਚ ਰਹਿੰਦੇ ਉਨ੍ਹਾਂ ਦੇ ਮਾਪੇ ਲੰਮੇ ਤਰਸੇਵੇਂ ਕੱਟਣ ਉਪਰੰਤ ਉਹ ਵੀ ਵਿਦੇਸ਼ੀ ਧਰਤੀ ਉੱਤੇ ਜਾ ਉੱਤਰਦੇ ਹਨ। ਨੂੰਹ-ਪੁੱਤਰ ਅਤੇ ਪੋਤੇ-ਪੋਤੀ ਨੂੰ ਵਧੀਆ ਅਤੇ ਆਨੰਦਦਾਇਕ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਵੇਖ ਕੇ ਪਹਿਲਾਂ ਤਾਂ ਪੰਜਾਬ ਤੋਂ ਗਏ ਮਾਪਿਆਂ ਨੂੰ ਬਹੁਤ ਖ਼ੁਸ਼ੀ ਭਰੀ ਤਸੱਲੀ ਹੁੰਦੀ ਹੈ, ਪ੍ਰੰਤੂ ਸਮਾਂ ਬੀਤਣ ਨਾਲ ਮਾਪਿਆਂ ਨੂੰ ਪੰਜਾਬ ਦੀ ਧਰਤੀ, ਪੰਜਾਬੀ ਭਾਸ਼ਾ, ਇੱਥੋਂ ਦਾ ਮੋਹ ਭਰਿਆ ਵਰਤ-ਵਰਤਾਰਾ, ਆਪਸੀ ਮਿਲਵਰਤਣ ਦੀ ਭਾਈਚਾਰਕ ਸਾਂਝ ਅਤੇ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਨ੍ਹਾਂ ਵਿਚ ਉਦਰੇਵਾਂ ਪੈਦਾ ਕਰ ਦਿੰਦਾ ਹੈ। ਜਿਹੜਾ ਉਨ੍ਹਾਂ ਨੂੰ ਚੈਨ ਨਾਲ ਨਹੀਂ ਬੈਠਣ ਦਿੰਦਾ। ਇਸ ਲਈ ਉਹ ਵਾਪਸ ਇੰਡੀਆ ਆਉਣਾ ਚਾਹੁੰਦੇ ਹਨ। ਕਹਾਣੀ ਵਿਚਲਾ 'ਮੈਂ' ਪਾਤਰ ਆਪਣੀ ਮਾਤਾ ਜੀ ਦੇ ਮਨ ਦੇ ਉਦਰੇਵੇਂ ਨੂੰ ਦੂਰ ਕਰਨ ਲਈ ਦੋ ਟਿਕਟਾਂ ਲੈ ਕੇ ਉਸ ਨੂੰ ਇੰਡੀਆ ਲੈ ਆਉਂਦਾ ਹੈ। ਪੁੱਤਰ ਤਾਂ ਆਪਣੇ ਕੈਨੇਡਾ ਵਿਚਲੇ ਕੰਮਾਂਕਾਰਾਂ ਕਾਰਨ ਬਹੁਤ ਜਲਦੀ ਵਾਪਸ ਮੁੜ ਜਾਂਦਾ ਹੈ, ਪ੍ਰੰਤੂ ਮਾਤਾ ਜੀ ਆਪਣੇ ਪਿੰਡ ਵਾਲੇ ਘਰ ਵਿਚ ਹੀ ਰਹਿਣ ਲਈ ਰੁਕ ਜਾਂਦੇ ਹਨ। ਕੁਝ ਦਿਨ ਤਾਂ ਪਿੰਡ ਦੇ ਲੋਕੀਂ ਮਾਤਾ ਜੀ ਨੂੰ ਮਿਲਣ ਆਉਂਦੇ ਰਹਿੰਦੇ ਹਨ ਪ੍ਰੰਤੂ ਫਿਰ ਉਹ ਵੀ ਆਪੋ-ਆਪਣੇ ਕੰਮਾਂ-ਧੰਦਿਆਂ ਵਿਚ ਰੁੱਝੇ ਹੋਏ ਹੋਣ ਕਾਰਨ ਮਿਲਣਾ-ਗਿਲਣਾ ਘੱਟ ਕਰ ਦਿੰਦੇ ਹਨ। ਮਾਤਾ ਜੀ ਆਪਣੇ ਪੇਕੀਂ ਘਰ ਆਪਣੇ ਵੀਰ ਅਤੇ ਭਾਬੀ ਕੋਲ ਰਹਿਣ ਲਈ ਜਾਂਦੇ ਹਨ ਤਾਂ ਵੀਰ ਦੀਆਂ ਪਰਿਵਾਰਕ ਤੰਗੀਆਂ-ਤੁਰਸ਼ੀਆਂ ਅਤੇ ਭਾਬੀ ਦੀ ਬਿਮਾਰੀ ਕਾਰਨ ਜਲਦੀ ਹੀ ਮਾਤਾ ਜੀ ਦਾ ਮਨ ਉਚਾਟ ਹੋ ਜਾਂਦਾ ਹੈ। ਫਿਰ ਮਾਤਾ ਜੀ ਆਪਣੀ ਵਿਆਹੀ ਵਰੀ ਭੈਣ ਕੋਲ ਰਹਿਣ ਲਈ ਜਾਂਦੇ ਹਨ, ਤਾਂ ਭੈਣ ਦੇ ਤਾਅਨੇ-ਮਿਹਣੇ ਸੁਣ ਕੇ ਉੱਥੋਂ ਵੀ ਵਾਪਸ ਪਿੰਡ ਵਾਲੇ ਘਰ ਵਿਚ ਆ ਜਾਂਦੇ ਹਨ। ਪਿੰਡ ਵਾਲੇ ਘਰ ਵਿਚ ਰਹਿੰਦਿਆਂ ਅਜੇ ਡੇਢ ਮਹੀਨਾ ਹੀ ਬੀਤਿਆ ਹੁੰਦਾ ਹੈ ਕਿ ਮਾਤਾ ਜੀ ਨੂੰ ਕੈਨੇਡਾ ਰਹਿੰਦੇ ਆਪਣੇ ਪੋਤੇ-ਪੋਤੀ ਨੂੰ ਮਿਲਣ ਦੀ ਸਿੱਕ ਮੁੜ ਜਾਗ ਉੱਠਦੀ ਹੈ। ਤਦ ਮਾਤਾ ਜੀ ਆਪਣੇ ਪੁੱਤਰ ਨੂੰ ਵਾਪਸ ਕੈਨੇਡਾ ਲਿਜਾਣ ਲਈ ਆਖ ਦਿੰਦੇ ਹਨ। ਕਹਾਣੀ ਯਕਦਮ ਸਿਖ਼ਰ ਉੱਤੇ ਉਦੋਂ ਪੁੱਜਦੀ ਹੈ, ਜਦੋਂ ਵਾਪਸ ਕੈਨੇਡਾ ਜਾਣ ਦੀ ਤਿਆਰੀ ਕਰਦੇ ਹੋਏ ਦੋ ਮੋਟਰਸਾਈਕਲ ਸਵਾਰ ਠੱਗ ਮਾਤਾ ਜੀ ਦੀ ਚੇਨੀ ਝਪਟ ਲੈਂਦੇ ਹਨ ਅਤੇ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੰਦੇ ਹਨ। ਹਸਪਤਾਲ ਵਿਚ ਦਾਖ਼ਲ ਮਾਤਾ ਅਰਧ ਬੇਹੋਸ਼ੀ ਦੀ ਹਾਲਤ ਵਿਚ 'ਪੁੱਤ! ਮੈਂ ਇੰਡੀਆ ਜਾਣੈਂ, ਮੈਂ ਇੰਡੀਆ ਜਾਣੈਂ' ਬਰੜਾਅ ਰਹੇ ਸਨ। ਇਸ ਤਰ੍ਹਾਂ ਜਿੱਥੇ ਅਸੀਂ ਸੁਰਿੰਦਰ ਸਿੰਘ ਰਾਏ ਦੇ ਕਹਾਣੀ ਸੰਗ੍ਰਹਿ ਪੁੱਤ 'ਮੈਂ! ਇੰਡੀਆ ਜਾਣੈਂ' ਦਾ ਸੁਆਗਤ ਕਰਦੇ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਕੀੜੀ ਕਹਿੰਦੀ ਏ...
ਲੇਖਿਕਾ : ਜੋਤੀ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 90 ਰੁਪਏ, ਸਫੇ :32
ਸੰਪਰਕ : 99151-03490
'ਕੀੜੀ ਕਹਿੰਦੀ ਏ' ਬਾਲ ਪੁਸਤਕ ਵਿਚ ਕੁੱਲ ਵੀਹ ਬਾਲ ਕਵਿਤਾਵਾਂ ਅਤੇ ਗੀਤ ਹਨ। ਲੇਖਿਕਾ ਵਿਦਿਆਰਥਣ ਹੋਣ ਕਰਕੇ ਉਸ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ ਜਿਵੇਂ:-'ਮਾਂ, ਰੁੱਖ, ਪੰਛੀ, ਰੱਖੜੀ, ਨਤੀਜਾ, ਪਾਣੀ, ਮੇਰਾ ਸਾਈਕਲ, ਚੰਗਾ ਦੋਸਤ, ਮੇਰਾ ਪਿੰਡ, ਵੱਡਾ ਵੀਰਾ ਤੇ ਅਧਿਆਪਕ ਆਦਿ। ਲੇਖਿਕਾ ਵਿਦਿਆਰਥਣ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫਿਰ ਵੀ ਚੰਗੀਆਂ ਬਾਲ ਕਵਿਤਾਵਾਂ ਅਤੇ ਗੀਤ ਲਿਖੇ ਹਨ। ਪਾਣੀ ਦਾ ਮਹੱਤਵ ਸਮਝਦਿਆਂ ਬੱਚੀ ਨੇ 'ਪਾਣੀ' 'ਤੇ ਵੀ ਸ਼ਾਨਦਾਰ ਕਵਿਤਾ ਲਿਖੀ ਹੈ:
-ਪਾਣੀ-
ਪਾਣੀ ਨੂੰ ਬਚਾ ਲਈਏ,
ਜੀਵਨ ਸਫਲ ਬਣਾ ਲਈਏ।
ਪਾਣੀ ਬਿਨ ਜ਼ਿੰਦਗੀ ਅਧੂਰੀ,
ਪਾਣੀ ਬਿਨ ਨਾ ਪੈਂਦੀ ਪੂਰੀ।
'ਜੋਤੀ' ਦਾ ਇਹ ਹੈ ਕਹਿਣਾ,
ਪਾਣੀ ਨੂੰ ਬਚਾਉਣਾ ਪੈਣਾ।
ਢੁਕਵੇਂ ਚਿੱਤਰਾਂ ਨੇ ਰਚਨਾਵਾਂ ਨੂੰ ਹੋਰ ਵੀ ਚਾਰ ਚੰਨ ਲਾਏ ਹੋਏ ਹਨ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ। ਨਵੀਂ ਬਾਲ ਲੇਖਿਕਾ ਤੇ ਪਹਿਲਾ ਉਪਰਾਲਾ ਹੋਣ ਕਰਕੇ ਕਵਿਤਾਵਾਂ ਵਿਚ ਵਜ਼ਨ ਤੋਲ ਤੁਕਾਂਤ ਦੀਆਂ ਕੁਝ ਕੁ ਕਮੀਆਂ ਹਨ ਪਰ ਫਿਰ ਵੀ ਇਸ ਬੱਚੀ ਵਿਚ ਭਵਿੱਖ ਦੀਆਂ ਸ਼ਾਨਦਾਰ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਮੈਂ ਇਨ੍ਹਾਂ ਦੇ ਅਧਿਆਪਕਾਂ ਨੂੰ ਬੇਨਤੀ ਕਰਾਂਗਾ ਕਿ ਪੁਸਤਕ ਦਾ ਖਰੜਾ ਆਪਣੇ ਇਲਾਕੇ ਦੇ ਕਿਸੇ ਨਾਮਵਰ ਬਾਲ ਸਾਹਿਤਕਾਰ ਨੂੰ ਜ਼ਰੂਰ ਪੜ੍ਹਾ ਲਿਆ ਕਰੋ ਪਰ ਫਿਰ ਵੀ ਮੈਂ ਇਨ੍ਹਾਂ ਬੱਚਿਆਂ ਦੇ ਸਕੂਲ ਅਧਿਆਪਕਾਂ ਦੀ ਪ੍ਰਸੰਸਾ ਕਰਦਾ ਹਾਂ, ਜਿਹੜੇ ਬਾਲਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ। ਬੱਚੀ ਵਲੋਂ ਐਨੀ ਛੋਟੀ ਉਮਰ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਈ ਹੈ, ਮੈਂ ਸ਼ਾਬਾਸ਼ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 9463542896
ਸਰੋਜ
ਇਕ ਦਾਸਤਾਨ
ਕਵੀ : ਸੁਭਾਸ਼ ਪਾਰਸ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 088949-45588
ਸੁਭਾਸ਼ ਪਾਰਸ ਤਹਿਸੀਲ ਊਨਾ ਦੇ ਪਿੰਡ ਸਲੋਹ ਦਾ ਵਸਨੀਕ ਪੰਜਾਬੀ ਕਵੀ ਹੈ। ਮੂਲ ਤੌਰ 'ਤੇ ਉਹ ਹਿੰਦੀ ਦਾ ਲੇਖਕ ਸੀ ਅਤੇ ਇਕ ਕਾਵਿ-ਪੁਸਤਕ ਉਸ ਨੇ 'ਫਰਿਸ਼ਤਾ' ਲਿਖ ਕੇ ਵਾਹ-ਵਾਹ ਖੱਟੀ ਸੀ। ਪਰ ਇਹ ਪੁਸਤਕ ਉਸ ਦੀ ਪੰਜਾਬੀ ਵਿਚ ਹੀ ਹੈ। ਅਸਲ ਵਿਚ ਸੁਭਾਸ਼ ਪਾਰਸ ਸਰੀਰਕ ਪੱਖੋਂ ਘੋਰ ਅੰਗਹੀਣ ਹੋ ਗਿਆ ਸੀ ਪਰ ਉਹ ਆਪਣੀ ਤੀਜੀ ਅੱਖ ਦੀ ਸ਼ਕਤੀ ਨਾਲ ਲਿਖਦਾ ਰਿਹਾ। ਕਪੂਰਥਲਾ ਨਿਵਾਸੀ ਲੇਖਿਕਾ ਪ੍ਰੋਮਿਲਾ ਅਰੋੜਾ ਨੇ ਉਸ ਦੀਆਂ ਕਵਿਤਾਵਾਂ ਨੂੰ ਪੁਸਤਕੀ ਰੂਪ ਦੇਣ ਵਿਚ ਬਹੁਤ ਮਦਦ ਕੀਤੀ। ਅਰੋੜਾ ਜੀ ਨੇ ਹੀ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਚਾਲਕ ਸੁੱਖੀ ਬਾਠ ਨਾਲ ਗੱਲ ਤੋਰੀ ਤੇ ਬਾਠ ਨੇ ਪੁਸਤਕ ਪ੍ਰਕਾਸ਼ਿਤ ਕਰਨ ਲਈ ਆਰਥਿਕ ਮਦਦ ਦਿੱਤੀ। ਇਸੇ ਮਦਦ ਨਾਲ 5 ਆਬ ਪ੍ਰਕਾਸ਼ਨ ਨੇ ਇਹ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਤੱਕ ਪਹੁੰਚਾਈ ਹੈ। ਸੁਰਜੀਤ ਪਾਤਰ ਨੇ ਇਸ ਪੁਸਤਕ ਬਾਰੇ ਦੋ ਸ਼ਬਦਾਂ ਦੀ ਵਡਿਆਈ ਖੱਟੀ ਹੈ। ਪਾਰਸ ਇਕ 'ਪਾਰਸ ਵਰਗਾ' ਸ਼ਾਇਰ ਹੈ ਅਤੇ ਦਿਲ ਟੁੰਬਵੀਆਂ ਕਵਿਤਾਵਾਂ ਦਾ ਕਵੀ ਹੈ। ਉਹ ਜ਼ਿੰਦਗੀ ਦਾ ਸ਼ਾਇਰ ਹੈ।
'ਸਰੋਜ' ਉਸ ਦੀ ਵੱਡੀ ਭੈਣ ਸੀ ਜੋ ਕਿ ਬਕੌਲ ਪਾਰਸ, ਉਹ ਦਾਜ ਦੀ ਬਲੀ ਚੜ੍ਹ ਗਈ ਸੀ। ਉਸ ਦਾ ਵਿਯੋਗ ਪਾਰਸ ਨੂੰ ਸਦਾ ਹੀ ਦੁਖੀ ਕਰਦਾ ਹੈ। ਉਸ ਭੈਣ ਦੀ ਮੌਤ ਪਿੱਛੋਂ ਪਾਰਸ ਨੇ ਜੋ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀ ਹਥਲੀ ਪੁਸਤਕ ਪੇਸ਼ ਕੀਤੀ ਅਤੇ ਉਸ ਦਾ ਨਾਂਅ ਹੀ 'ਸਰੋਜ' ਰੱਖਿਆ।
ਪੁਸਤਕ ਤਿੰਨ ਹਿੱਸਿਆਂ ਵਿਚ ਸੰਪੂਰਨ ਹੈ। ਪਹਿਲਾ ਹਿੱਸਾ ਕਵੀ ਨੇ ਅਲਿਫ਼ ਬੇ ਅਨੁਸਾਰ ਸੀਹਰਫ਼ੀਆਂ ਲਿਖੀਆਂ ਹਨ ਅਤੇ ਇਹ ਫ਼ਾਰਸੀ ਦੇ ਸਾਰੇ ਅੱਖਰਾਂ (ਅਬਜਦ) ਤੋਂ ਆਰੰਭ ਕੀਤੀਆਂ ਗਈਆਂ ਹਨ। ਜਿਵੇਂ:
ਹੇ ਹਾਸਿਲ ਹੋਣ ਖੁਸ਼ੀਆਂ ਕੁੱਲ ਬਸ਼ਰ ਨੂੰ
ਫੁਲਵਾੜੀ ਰਵ੍ਹੇ ਬਾਗ-ਓ-ਬਾਗ਼ ਸਤਿਗੁਰ
ਗੋਦੀ ਮਾਵਾਂ ਦੀ ਪਾਰਸ ਨਾਲ ਖੇਡਣ
ਯੁੱਗਾਂ ਲਈ ਜੀਵਨ ਸੁਹਾਗ ਸਤਿਗੁਰ।
ਇਨ੍ਹਾਂ ਸੀਹਰਫ਼ੀਆਂ ਦਾ ਅੰਦਾਜ਼ ਕਾਦਰਯਾਰ ਦੇ ਕਿੱਸੇ 'ਪੂਰਨ' ਵਰਗਾ ਬੈਂਤਕਾਰੀ ਵਿਚ ਹੈ ਜੋ ਜ਼ਿੰਦਗੀਨਾਮੇ ਦਾ ਸਰੂਪ ਹਨ।
ਇਹ ਸੀਹਰਣੀਆ ਕੁਝ ਤਾਂ ਬੈਂਤਾਂ ਵਿਚ ਹਨ, ਜਦੋਂ ਕਿ ਕੁਝ ਸੁਲਤਾਨ ਬਾਹੂ ਦੀਆਂ ਸੀਹਰਫ਼ੀਆਂ ਵਾਂਗ ਹਨ:
ਕਿਹੜੀ ਕਲਮ ਨਾਲ ਲਿਖਦਾ ਰੱਬਾ ਤੂੰ ਬੰਦਿਆ ਦੀਆਂ ਤਕਦੀਰਾਂ,
ਵਿਤਕਰਾ ਕਿਉਂ ਤੇਰੀ ਲੁਕਾਈ ਅੰਦਰ, ਮੈਦਾਨ-ਏ-ਜਿਹਨ ਚੱਲਣ ਸ਼ਮਸ਼ੀਰਾਂ। (ਸਫਾ : 41)
ਪੁਸਤਕ ਦੇ ਦੂਜੇ ਭਾਗ ਵਿਚ ਉਸ ਨੇ ਸਰੋਜ ਬਾਰੇ ਕੁਝ ਕਵਿਤਾਵਾਂ ਲਿਖੀਆਂ ਹਨ। ਇਹ ਬਿਰਹੜੇਨੁਮਾ ਕਵਿਤਾਵਾਂ ਗਿਆਰਾਂ ਸਫਿਆਂ ਵਿਚ ਹਨ। ਇਨ੍ਹਾਂ ਕਵਿਤਾਵਾਂ ਵਿਚ ਸਰੋਜ ਬਾਰੇ ਜਾਣਕਾਰੀ, ਮਾਂ ਨਾਲ ਪਿਆਰ, ਸਰੋਜ ਦਾ ਮਿੱਟੀ ਵਿਚ ਖੇਡਣਾ, ਪ੍ਰਾਇਮਰੀ ਸਕੂਲ ਪੜ੍ਹਨੇ ਪੈਣਾ, ਹਾਈ ਸਕੂਲ ਵਿਚ ਦਾਖਲਾ, ਲੈਣਾ ਆਦਿ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਸਰੋਜ ਦੀ ਪ੍ਰਥਾਇ ਧੀਆਂ ਦਾ ਗੁਣਗਾਣ ਕੀਤਾ ਗਿਆ ਹੈ:
ਧੀਆਂ ਵਿਚ ਕੀ ਕੀ ਜੌਹਰ ਛੁਪਾਏ
ਹਰੇਕ ਧੀ ਇਕ ਨਵਾਂ ਜਹਾਨ ਸਿਰਜੇ।
ਇਹ ਹਸਤਾਕਰ ਔਰਤਾਂ ਦੀ ਹੋਂਦ ਦੇ ਨੇ
ਕੀ ਹੋਏ ਜੇ ਧੀ ਨਾ ਭਗਵਾਨ ਸਿਰਜੇ।
ਬਾਅਦ ਦੀਆਂ ਕਵਿਤਾਵਾਂ ਵਿਚ ਮਾਂ-ਬੋਲੀ ਦੀ ਆਰਤੀ ਉਤਾਰੀ ਗਈ ਹੈ। ਕਿਸਾਨੀ ਦਾ ਸੰਘਰਸ਼, ਲਵ ਯੂ ਪੰਜਾਬ, ਨਾਨਕ ਦਾ ਵਿਹੜਾ, ਹਿੰਦੂ ਬੁਰਾ ਨਾ ਮੁਸਲਮਾਨ, 47 ਦੀ ਵੰਡ ਦਾ ਦੁੱਖ, ਅੰਨ ਦਾਤੇ, ਰੱਬ ਆਦਿ ਕਵਿਤਾਵਾਂ ਹਨ। ਸ਼ਾਇਰ ਨੇ ਅੰਤਿਮ 10 ਸਫਿਆਂ ਵਿਚ ਆਪਣੀ ਭੈਣ ਜੋ ਕਿ ਦਾਨ ਦੇ ਲੋਭੀਆਂ ਨੇ (ਬਕੌਲ ਸ਼ਾਇਰ) ਮਾਰ ਮੁਕਾਈ ਸੀ, ਦਾ ਕਵਿਤਾ ਵਿਚ ਜੀਵਨ ਲਿਖਿਆ ਹੈ ਜੋ ਕਿ ਬਹੁਤ ਮਾਰਮਿਕ ਹੈ। ਸਰੋਜ ਦਾ ਬਚਪਨ ਜਵਾਨੀ, ਵਿਆਹ ਅਤੇ ਦਾਜ ਦਾ ਦੁਖਾਂਤ ਕਵਿਤਾਵਾਂ ਬਹੁਤ ਡੂੰਘੇ ਭਾਵਾਂ ਵਾਲੀਆਂ ਹਨ।
ਪਲ 'ਚ ਵੈਰੀਆਂ ਨੇ ਰੰਗ ਵਟਾ ਲਏ
ਮਾਪਿਆਂ ਦੇ ਪਾਏ ਗਹਿਣੇ ਲਾਹ ਲਏ।....
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਜੀਵਨ ਜਿਉਣ ਦੀ ਜਾਚ
ਲੇਖਕ : ਬਲਵੰਤ ਸਿੰਘ ਮੌੜ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 53
ਸੰਪਰਕ : 94176-42785
'ਜੀਵਨ ਜਿਉਣ ਦੀ ਜਾਚ' ਬਲਵੰਤ ਸਿੰਘ ਮੌੜ ਦੀ ਲਿਖੀ ਪਲੇਠੀ ਪੁਸਤਕ ਜਾਪਦੀ ਹੈ। ਇਹ ਪੁਸਤਕ ਉਸ ਨੇ ਕੈਨੇਡਾ ਵਸਦੇ ਬੱਚਿਆਂ, ਜਵਾਨਾਂ, ਬਜ਼ੁਰਗਾਂ ਅਤੇ ਮਾਪਿਆਂ ਲਈ ਲਿਖੀ ਹੈ। ਲੇਖਕ ਨੇ ਆਪਣੇ ਤਜਰਬੇ ਰਾਹੀਂ ਕੁਝ ਤੱਤ ਅਤੇ ਤੱਥ ਇਕੱਠੇ ਕਰਕੇ, ਉਨ੍ਹਾਂ ਨੂੰ ਸੁਚੱਜੀ ਤਰਤੀਬ ਦੇ ਕੇ ਪ੍ਰਵਾਸੀਆਂ ਲਈ ਲਿਖਣ ਦਾ ਯਤਨ ਕੀਤਾ ਹੈ। ਇਸ ਕਾਰਜ ਲਈ ਉਸ ਨੇ ਬਹੁਤ ਹੀ ਸਰਲ ਅਤੇ ਸਿੱਧੀ-ਸਾਦੀ ਭਾਸ਼ਾ ਦੀ ਵਰਤੋਂ ਕੀਤੀ ਹੈ ਤਾਂ ਕਿ ਮੁਖਾਤਿਬ ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਦੀ ਚੰਗੀ ਤਰ੍ਹਾਂ ਸਮਝ ਪੈ ਸਕੇ।
ਇਸ ਥੀਸਿਸ ਵਿਚ ਲੇਖਕ ਇਕ ਸਾਲ ਤੋਂ ਲੈ ਕੇ ਸੌ ਵਰ੍ਹਿਆਂ ਤੱਕ ਦੀ ਤਨਕੀਦ ਕਰਦਾ ਹੈ। ਹਰ ਉਮਰ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਨਜਿੱਠਣ ਦੇ ਢੰਗ ਵੀ ਵੱਖੋ-ਵੱਖਰੇ ਹੁੰਦੇ ਹਨ। ਲੇਖਕ ਹਰ ਉਮਰ ਦੀ ਪੜਚੋਲ ਕਰ ਕੇ ਉਸ ਨੂੰ ਰਾਹੇ-ਰਾਸਤ ਲਿਆਉਣ ਲਈ ਢੰਗ ਵਸੀਲੇ ਵੀ ਦੱਸਦਾ ਹੈ। ਬਿਮਾਰੀ ਤਾਂ ਦੱਸਦਾ ਹੈ, ਉਸ ਦਾ ਸੌਖਾ ਅਤੇ ਸਰਲ ਇਲਾਜ ਵੀ ਦੱਸਣ ਦੀ ਕੋਸ਼ਿਸ਼ ਕਰਦਾ ਹੈ।
ਉਹ ਮੁੱਖ ਤੌਰ 'ਤੇ ਹਾਂ-ਪੱਖੀ ਸੋਚ ਧਾਰਨ ਕਰਨ, ਇਮਾਨਦਾਰੀ ਨਾਲ ਕੰਮ ਕਰਨ ਅਤੇ ਵਾਹਿਗੁਰੂ 'ਤੇ ਭਰੋਸਾ ਕਰਨ ਨੂੰ ਵੀ ਆਖਦਾ ਹੈ। ਉਹ ਬੇਈਮਾਨੀ ਦੇ ਪੈਸੇ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੰਦਾ ਹੈ। ਮਨੁੱਖ ਨੂੰ ਲਾਲਚ, ਈਰਖਾ ਅਤੇ ਹੋਰ ਨਾਂ-ਪੱਖੀ ਵਿਕਾਰਾਂ ਤੋਂ ਬਚਨ ਦੀ ਹਦਾਇਤ ਕਰਦਾ ਹੈ। ਹਰ ਉਮਰ ਦੀਆਂ ਆਪਣੀਆਂ ਖ਼ਸਲਤਾਂ, ਮੁਸੀਬਤਾਂ ਤੇ ਔਕੜਾਂ ਹੁੰਦੀਆਂ ਹਨ। ਉਹ ਉਨ੍ਹਾਂ ਤੋਂ ਪਾਰ ਜਾਣ ਦਾ ਬਲ ਵੀ ਦੱਸਦਾ ਹੈ। ਪੰਜਾਬੀ ਜੀਵਨ ਨੂੰ ਕੈਨੇਡੀਅਨ ਹਾਲਤਾਂ ਮੁਤਾਬਿਕ ਢਾਲਣ ਦੀ ਪੁਰਜ਼ੋਰ ਹਮਾਇਤ ਕਰਦਾ ਹੈ। 'ਜੈਸਾ ਦੇਸ ਵੈਸਾ ਭੇਸ' ਧਾਰਨ ਕਰਨ ਦੀ ਸਲਾਹ ਵੀ ਦਿੰਦਾ ਹੈ। ਲੇਖਕ ਨੂੰ ਜੋ ਨਿੱਜੀ ਅਨੁਭਵ ਹੋਇਆ, ਉਹੀ ਉਸ ਨੇ ਸਾਂਝੇ ਲਫ਼ਜ਼ਾਂ ਵਿਚ ਦੱਸ ਦਿੱਤਾ ਹੈ। ਲੇਖਕ ਦੀ ਇਕ ਤਰ੍ਹਾਂ ਨਾਲ ਇਹ ਨਿਰਮਾਣਤਾ ਹੀ ਹੈ ਕਿ ਉਹ ਆਪਣੇ-ਆਪ ਨੂੰ ਵੱਡਾ ਲੇਖਕ ਜਾਂ ਵਿਦਵਾਨ ਨਹੀਂ ਸਮਝਦਾ।
-ਕੇ. ਐਲ. ਗਰਗ
ਮੋਬਾਈਲ : 94635-37050
ਮਾਂ ਦੀ ਮਹਿਮਾ
ਸੰਪਾਦਕ : ਬਾਬੂ ਰਾਮ ਦੀਵਨਾ
ਸਹਿ-ਸੰਪਾਦਕਾ : ਸੁਧਾ ਜੈਨ ਸੁਦੀਪ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 99884-80376
ਮਾਂ ਦੀ ਮਹਿਮਾ ਕਾਵਿ ਪੁਸਤਕ ਦੀ ਸੰਪਾਦਨਾ ਸ੍ਰੀ ਬਾਬੂ ਰਾਮ ਦੀਵਾਨਾ ਨੇ ਆਪਣੀ ਸਵਰਗਵਾਸੀ ਮਾਤਾ ਭਾਗਵੰਤੀ ਦੀ ਯਾਦ ਨੂੰ ਸਮਰਪਿਤ ਕੀਤੀ ਹੈ ਤੇ ਸ. ਸੰਤ ਸਿੰਘ ਅਜਮਾਣ ਨੂੰ ਵੀ ਯਾਦ ਕੀਤਾ ਹੈ। ਇਸ ਕਾਵਿ ਪੁਸਤਕ ਵਿਚ ਕੁੱਲ 49 ਕਵੀ ਸ਼ਾਮਿਲ ਹਨ। ਇਨ੍ਹਾਂ ਸਭ ਕਵੀਆਂ ਨੇ ਮਾਂ ਦੀ ਮਮਤਾ ਨੂੰ ਪ੍ਰਣਾਮ ਕਰਦੇ ਹੋਏ ਇਹ ਕਾਵਿ ਰਚਨਾਵਾਂ ਰਚੀਆਂ ਹਨ। ਕਵੀ ਬਾਬੂ ਰਾਮ ਸਿੰਘ ਸਿੰਘ ਦੀਵਾਨਾ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਦੇ ਤੌਰ 'ਤੇ ਕਾਰਜਸ਼ੀਲ ਸ਼ਖ਼ਸੀਅਤ ਹਨ।
ਇਸ ਪੁਸਤਕ ਵਿਚ ਕੁਝ ਸਥਾਪਿਤ ਅਤੇ ਕੁਝ ਨਵੇਂ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਡਾ. ਸਰਬਜੀਤ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਡਾ. ਗੁਰਮਿੰਦਰ ਸਿੱਧੂ, ਡਾ. ਗੁਰਚਰਨ ਕੌਰ ਕੋਚਰ, ਡਾ. ਲਾਭ ਸਿੰਘ ਖੀਵਾ ਆਦਿ ਵਿਸ਼ੇਸ਼ ਨਾਂਅ ਹਨ। ਇਨ੍ਹਾਂ ਸਭ ਕਵੀਆਂ ਨੂੰ ਇਸ ਕਾਵਿ ਵਿਚ ਸ਼ਾਮਿਲ ਕਰਨ ਲਈ ਕਵੀ ਨੇ ਪੈਂਤੀ ਅੱਖਰ ਦੇ ਅੱਖਰ ਕ੍ਰਮਵਾਰ ਅਨੁਸਾਰ ਸਭ ਨੂੰ ਵਾਰੀ-ਵਾਰੀ ਸ਼ਾਮਿਲ ਕੀਤਾ ਹੈ। ਇਨ੍ਹਾਂ ਕਾਵਿ-ਰਚਨਾਵਾਂ ਰਾਹੀਂ ਕੁਝ ਕਵੀਆਂ ਨੇ ਆਪਣੀ ਮਾਂ ਦਾ ਸ਼ਬਦ ਚਿੱਤਰ ਹੂ-ਬਹੂ ਸਾਕਾਰ ਕਰ ਦਿੱਤਾ ਹੈ। ਸੁਰਜੀਤ ਸਿੰਘ ਜੀਤ ਨੇ ਮੋਰਿੰਡਾ ਤੋਂ ਆਪਣੀ ਮਾਂ ਪ੍ਰਤੀ ਸਨੇਹ ਬਹੁਤ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਡਾ. ਸੁਨੀਤਾ ਮਦਾਨ, ਸੁਖਵੀਰ ਸਿੰਘ ਮੋਹਾਲੀ, ਸੰਤੋਖ ਗਰਗ, ਕਰਮਜੀਤ ਬੱਗਾ, ਦਲਜੀਤ ਕੌਰ ਦਾਊਂ, ਮਨਜੀਤ ਮੀਤ, ਅਮਰਜੀਤ ਕੌਰ, ਅਸ਼ੋਕ ਭੰਡਾਰੀ, ਸਾਗਰ ਸੂਦ, ਸਿਮਰਜੀਤ ਕੌਰ ਗਰੇਵਾਲ, ਡਾ. ਸੁਖਚਰਨ ਕੌਰ ਭਾਟੀਆ, ਸੁਭਾਸ਼ ਭਾਸਕਰ, ਸੁਰਜੀਤ ਸਿੰਘ ਜੀਤ, ਸੁਖਵੀਰ ਸਿੰਘ, ਡਾ. ਗੁਰਮਿੰਦਰ ਸਿੱਧੂ, ਗੁਰਨਾਮ ਸਿੰਘ ਬਿਜਲੀ, ਗੁਰਦਰਸ਼ਨ ਸਿੰਘ ਮਾਵੀ, ਗੁਰਭੈ ਸਿੰਘ ਭਲਾਈਆਣਾ, ਗੁਰਦੀਪ ਗੁਲ ਧੀਰ, ਗੁਰਨਾਮ ਕੰਵਰ, ਜਸਵਿੰਦਰ ਸਿੰਘ ਕਾਈਨੌਰ, ਜਸਪਾਲ ਸਿੰਘ ਦੇਸ਼ਵੀ, ਦਵਿੰਦਰ ਕੌਰ ਢਿੱਲੋਂ, ਦਲਬੀਰ ਸਰੋਆ, ਦੀਪਕ ਸ਼ਰਮਾ ਚਰਨਾਥਲ, ਦਰਸ਼ਨ ਤਿਉਣਾ, ਦਲਜੀਤ ਕੌਰ ਦਾਉਂ, ਡਾ. ਨੀਨਾ ਸੈਣੀ, ਨੀਲਮ ਨਾਰੰਗ, ਪਰਮਜੀਤ ਪਰਮ, ਪਿਆਰਾ ਸਿੰਘ ਰਾਹੀ, ਪ੍ਰਭਜੋਤ ਕੌਰ ਜੋਤ, ਬਾਬੂ ਰਾਮ ਦੀਵਾਨਾ, ਬਲਜਿੰਦਰ ਕੌਰ ਸ਼ੇਰਗਿੱਲ, ਬਲਕਾਰ ਸਿੱਧੂ ਮੱਖਣਵਿੰਡੀ, ਬਹਾਦਰ ਸਿੰਘ ਗੋਸਲ, ਬਲਜੀਤ ਫੱਡਿਆਂਵਾਲਾ, ਬਲਵੰਤ ਸਿੰਘ ਮੁਸਾਫਿਰ, ਭਗਤ ਰਾਮ ਰੰਗਾੜਾ, ਮਨਜੀਤ ਮੀਤ, ਮਨਜੀਤ ਕੌਰ ਮੋਹਾਲੀ, ਮਲਕੀਤ ਬਸਰਾ, ਮਨਪ੍ਰੀਤ ਕੌਰ ਸੰਧੂ, ਰਾਜਵਿੰਦਰ ਸਿੰਘ ਗੱਡੂ, ਡਾ. ਲਾਭ ਸਿੰਘ ਖੀਵਾ, ਵਿਮਲਾ ਗੁਗਲਾਨੀ, ਸ਼ਾਇਰ ਭੱਟੀ ਕਵੀ ਸ਼ਾਮਿਲ ਹਨ। ਇਨ੍ਹਾਂ ਸਭ ਕਵੀਆਂ ਨੇ ਮਾਂ ਦੇ ਰਿਸ਼ਤੇ ਦੇ ਅਲੱਗ-ਅਲੱਗ ਅਹਿਸਾਸਾਂ ਦੀ ਪੇਸ਼ਕਾਰੀ ਕੀਤੀ ਹੈ। ਬੇਸ਼ੱਕ ਸਭ ਕਵੀਆਂ ਦੀ ਸ਼ਬਦਾਵਲੀ ਅਲੱਗ-ਅਲੱਗ ਹੈ ਪਰ ਸਭ ਕਵੀਆਂ ਦੇ ਅਹਿਸਾਸ ਸਾਂਝੇ ਹਨ। ਬਾਬੂ ਰਾਮ ਦੀਵਾਨਾ ਅਤੇ ਸੁਧਾ ਜੈਨ ਸੁਦੀਪ ਇਸ ਪੁਸਤਕ ਦੀ ਤਿਆਰੀ ਅਤੇ ਪੇਸ਼ਕਾਰੀ ਲਈ ਵਧਾਈ ਦੇ ਪਾਤਰ ਹਨ।
-ਪ੍ਰੋ. ਕੁਲਜੀਤ ਕੌਰ
ਯਾਦਾਂ ਤੇਰੀਆਂ
ਲੇਖਕ ਤੇ ਸੰਪਾਦਕ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ ਬਰਨਾਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 95010-00224
ਕਿਸੇ ਆਪਣੇ ਦਾ ਆਪਣਿਆਂ ਤੋਂ ਵਿਛੜ ਜਾਣਾ ਬੜਾ ਦੁਖਦਾਈ ਹੁੰਦਾ ਹੈ, ਜੋ ਬਹੁਤੀ ਵਾਰ ਅਸਹਿਣਯੋਗ ਪੀੜ੍ਹ ਵੀ ਦੇ ਜਾਂਦਾ ਹੈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਦੁੱਖ ਵੰਡਿਆ ਜਾਵੇ ਤਾਂ ਉਸ ਦੇ ਚੀਸ ਘਟ ਜਾਂਦੀ ਹੈ ਤੇ ਜੇਕਰ ਖ਼ੁਸ਼ੀ ਵੰਡੀ ਜਾਵੇ ਤਾਂ ਇਸ ਵਿਚ ਹੋਰ ਵੀ ਵਾਧਾ ਹੁੰਦਾ ਹੈ। ਸਾਹਿਤ ਵਿਚ ਅਜਿਹੀ ਸ਼ਕਤੀ ਹੈ ਕਿ ਸਾਹਿਤ ਦੇ ਰਚਨਹਾਰੇ ਆਪਣੇ ਦੁੱਖ-ਸੁੱਖ ਕਾਗਜ਼ਾਂ ਦੀ ਹਿੱਕ ਉਤੇ ਉਕਰ ਦਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਇਕ ਸਕੂਨਮਈ ਅਨੁਭਵ ਦਾ ਅਹਿਸਾਸ ਹੁੰਦਾ ਹੈ। ਤੇਜਿੰਦਰ ਚੰਡਿਹੋਕ ਦੀ ਪੁਸਤਕ 'ਯਾਦਾਂ ਤੇਰੀਆਂ' ਕੁਝ ਅਜਿਹੇ ਹੀ ਅਹਿਸਾਸਾਂ ਦੀ ਤਰਜ਼ਮਾਨੀ ਕਰਨ ਵਾਲੀ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੀ ਪਤਨੀ ਦੇ ਅਕਾਲ ਚਲਾਣੇ ਤੋਂ ਬਾਅਦ ਆਪਣੇ ਅਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀਆਂ ਉਹ ਯਾਦਾਂ ਸਾਂਝੀਆਂ ਕੀਤੀਆਂ ਹਨ, ਜੋ ਕਿਸੇ ਨਾ ਕਿਸੇ ਰੂਪ ਵਿਚ ਉਨ੍ਹਾਂ ਦੀ ਪਤਨੀ ਹਰਦੀਪ ਕੌਰ ਨਾਲ ਜੁੜੀਆਂ ਹੋਈਆਂ ਹਨ। ਤੇਜਿੰਦਰ ਚੰਡਿਹੋਕ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨਾਲ ਮਾਣੀ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਸ ਦੇ ਮਿਲੇ ਸਾਥ ਅਤੇ ਉਸ ਦੇ ਸੁਭਾਅ ਬਾਰੇ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ ਹਨ। ਇਸ ਤੋਂ ਬਾਅਦ ਉਸ ਦੇ ਧੀਆਂ-ਪੁੱਤਰਾਂ ਨਜ਼ਦੀਕੀ ਰਿਸ਼ਤੇਦਾਰਾਂ ਦੁਆਰਾ ਸੰਖੇਪ ਪਰ ਭਾਵਪੂਰਤ ਯਾਦਾਂ ਸ਼ਰਧਾਂਜਲੀ ਦੇ ਰੂਪ ਵਿਚ ਪੁਸਤਕ ਵਿਚ ਦਰਜ ਕੀਤੀਆਂ ਹਨ। ਪੁਸਤਕ ਦੇ ਦੋ ਭਾਗ ਹਨ, ਪਹਿਲੇ ਭਾਗ ਵਿਚ ਉਹ ਸਾਰੀਆਂ ਯਾਦਾਂ ਹਨ ਜੋ ਸ੍ਰੀਮਤੀ ਹਰਦੀਪ ਕੌਰ ਨਾਲ ਜੁੜੇ ਹੋਏ ਅਹਿਸਾਸਾਂ ਦੇ ਰੂਪ ਵਿਚ ਹਨ, ਦੂਜੇ ਭਾਗ ਵਿਚ ਕੁਝ ਕਵਿਤਾਵਾਂ ਦਰਜ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਕਵਿਤਾਵਾਂ ਵਿਚੋਂ ਵੀ ਬਿਰਹਾਮਈ ਧੁਨੀ ਹੀ ਉਪਜਦੀ ਹੈ। ਸੰਬੰਧੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਹਰਦੀਪ ਕੌਰ ਦੇ ਸਹਿਕਰਮੀਆਂ ਅਤੇ ਤੇਜਿੰਦਰ ਚੰਡਿਹੋਕ ਦੇ ਸ਼ੁੱਭਚਿੰਤਕਾਂ ਵਲੋਂ ਵੀ ਆਪਣੇ ਅਨੁਭਵ ਪੁਸਤਕ ਵਿਚ ਦਰਜ ਕੀਤੇ ਹਨ। ਰੰਗਦਾਰ ਤਸਵੀਰਾਂ ਵੀ ਪੁਸਤਕ ਵਿਚ ਹਰਦੀਪ ਕੌਰ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਹਵਾ ਵਿਚ ਲਟਕਦੀ ਕੁਰਸੀ
ਲੇਖਕ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫੇ: 120
ਸੰਪਰਕ : 97797-16824
'ਹਵਾ ਵਿਚ ਲਟਕਦੀ ਕੁਰਸੀ' ਸੁਰਿੰਦਰ ਸਿੰਘ ਰਾਏ ਦਾ ਦਸਵਾਂ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ ਨੌਂ ਕਹਾਣੀ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ ਹਨ। ਹਥਲੇ ਕਹਾਣੀ-ਸੰਗ੍ਰਹਿ ਵਿਚ ਕੁੱਲ 11 ਕਹਾਣੀਆਂ ਹਨ। ਮਨੁੱਖ ਦੀ ਅੰਦਰਲੀ ਗੱਲ ਨੂੰ ਬਾਹਰ ਕੱਢਣਾ ਹੀ ਕਹਾਣੀਕਾਰ ਦਾ ਹਾਸਿਲ ਹੈ। ਸਾਰੀਆਂ ਕਹਾਣੀਆਂ ਵਿਚ ਹੀ ਮਨੁੱਖ ਨੂੰ ਸੇਧ ਦੇਣ ਦੀ ਗੱਲ ਕੀਤੀ ਗਈ ਹੈ। ਜਿਵੇਂ ਪਹਿਲੀ ਕਹਾਣੀ 'ਹਵਾ ਵਿਚ ਲਟਕਦੀ ਕੁਰਸੀ' ਹੈ, ਜਿਸ ਵਿਚ ਕੁਰਸੀ ਦਾ ਘੁਮੰਡ ਦਿਖਾਇਆ ਗਿਆ ਹੈ। 'ਤੈਨੂੰ ਠਾਣੇਦਾਰ ਬੁਲਾਉਂਦੈ' ਕਹਾਣੀ ਵਿਚ ਬਾਹਰ ਜਾਣ ਵਾਲੇ ਲੋਕਾਂ ਨੂੰ ਵਰਜਿਆ ਗਿਆ ਹੈ। 'ਸੂਰਮਾ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਐਕਸੀਡੈਂਟ ਹੋਣ ਵਾਲੇ ਲੋਕਾਂ ਨੂੰ ਚੁੱਕਣ ਵਾਲੇ ਸੂਰਮੇ ਲੋਕ ਹੁੰਦੇ ਹਨ, ਜਿਨ੍ਹਾਂ ਦਾ ਜ਼ਿਕਰ ਤੱਕ ਅਖ਼ਬਾਰਾਂ ਵਿਚ ਨਹੀਂ ਕੀਤਾ ਜਾਂਦਾ ਅਤੇ ਹੋਰ ਕਿਸੇ ਸਿਆਸੀ ਲੀਡਰਾਂ ਨੂੰ ਹੀ ਸਨਮਾਨਿਤ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਅਸਲੀ ਹੱਕਦਾਰ ਵਾਂਝੇ ਰਹਿ ਜਾਂਦੇ ਹਨ ਤਾਂ ਇਥੇ ਕਿਹਾ ਜਾ ਸਕਦਾ ਹੈ ਕਿ ਤਕੜੇ ਦੀ ਸੱਤੀ ਵੀਹ ਖ਼ੈਰ। 'ਮੁਫ਼ਤ ਦੀ ਦਵਾਈ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਵਿਹਲੇ ਮੂੰਹ ਲਈ ਬੱਕਲੀਆਂ ਚਾਹੀਦੀਆਂ ਹਨ, ਖੜ੍ਹਾ ਤਾਂ ਪਾਣੀ ਵੀ ਬੋਅ ਮਾਰਨ ਲੱਗ ਜਾਂਦਾ ਹੈ ਕਿ ਕਿਸੇ ਦੇ ਬੱਚਿਆਂ ਬਾਰੇ ਗੱਲਾਂ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਅਤੇ ਕਿਸੇ ਬਾਰੇ ਫਾਲਤੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੁਕੀਰਤ ਡਾਕਟਰ ਬਣ ਜਾਂਦੀ ਹੈ ਪਰ ਆਂਡਣਾਂ-ਗੁਆਂਢਣਾਂ ਉਸ ਦੀਆਂ ਗੱਲਾਂ ਬਣਾਉਂਦੀਆਂ ਹਨ। 'ਕਰਲੋ ਘਿਓ ਨੂੰ ਭਾਂਡਾ' ਕਹਾਣੀ ਵਿਚ ਮਿਹਨਤਕਸ਼ ਲੋਕਾਂ ਦੀ ਤਰਜਮਾਨੀ ਕੀਤੀ ਗਈ ਹੈ। 'ਚੋਗਾ' ਕਹਾਣੀ ਵੀ ਬਹੁਤ ਖੂਬਸੂਰਤ ਕਹਾਣੀ ਹੈ, ਜਿਸ ਵਿਚ ਇਕ ਬੱਚਾ ਪ੍ਰਸ਼ਾਂਤ ਪੰਛੀਆਂ ਨੂੰ ਏਨਾ ਪਿਆਰ ਕਰਦਾ ਹੈ ਕਿ ਉਨ੍ਹਾਂ ਨੂੰ ਚੋਗਾ ਪਾਉਂਦਾ ਹੈ ਤੇ ਕਬੂਤਰ ਦੀ ਜਾਨ ਬਚਾਉਣ ਲਈ ਆਪਣੇ ਪਾਪਾ ਦੇ ਕੋਟ ਦੀ ਜੇਬ 'ਚੋਂ ਅੱਸੀ ਡਾਲਰ ਖਰਚ ਕਰਕੇ ਕਬੂਤਰ ਦਾ ਵੈਟ ਹਸਪਤਾਲ ਵਿਚੋਂ ਇਲਾਜ ਕਰਵਾਉਂਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਨੇ ਸਮਾਜ ਦੀ ਯਥਾਰਥਕ ਤਸਵੀਰ ਨੂੰ ਠੇਠ ਅਖਾਣਾਂ ਨਾਲ ਲਬਰੇਜ਼ ਕਰਕੇ ਆਪਣੀ ਗੱਲ ਕਹੀ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਬੂਟਾ ਸਿੰਘ ਚੌਹਾਨ ਦੇ ਨਾਵਲ
'ਉੱਜੜੇ ਖੂਹ ਦਾ ਪਾਣੀ'
ਦਾ ਰਚਨਾਤਮਕ ਵਿਵੇਕ
ਸੰਪਾਦਕ: ਨਿਰੰਜਣ ਬੋਹਾ
ਪ੍ਰਕਾਸ਼ਕ: ਅਜ਼ੀਜ਼ ਕਿਤਾਬ ਘਰ, ਪਟਿਆਲਾ
ਮੁੱਲ: 150 ਰੁਪਏ, ਸਫ਼ੇ: 139
ਸੰਪਰਕ: 91158-72450
'ਬੂਟਾ ਸਿੰਘ ਚੌਹਾਨ ਦੇ ਨਾਵਲ 'ਉੱਜੜੇ ਖੂਹ ਦਾ ਪਾਣੀ' ਦਾ ਰਚਨਾਤਮਕ ਵਿਵੇਕ' ਨਿਰੰਜਣ ਬੋਹਾ ਦੀ ਸੰਪਾਦਿਤ ਕੀਤੀ ਆਲੋਚਨਾਤਮਿਕ ਕ੍ਰਿਤ ਹੈ। ਜਿਸ ਵਿਚ ਸੰਪਾਦਕ ਤੋਂ ਇਲਾਵਾ ਤੇਰਾਂ ਹੋਰ ਵਿਦਵਾਨਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਹਥਲੀ ਪੁਸਤਕ ਬੂਟਾ ਸਿੰਘ ਚੌਹਾਨ ਦੇ ਨਾਵਲ 'ਉੱਜੜੇ ਖੂਹ ਦਾ ਪਾਣੀ' ਦਾ ਰਚਨਾਤਮਕ ਵਿਵੇਕ, ਬੋਹਾ ਦੀ ਸਾਹਿਤਕ ਸਾਧਨਾ ਅਤੇ ਸੰਪਾਦਕੀ ਹੁਨਰ ਦੀ ਪ੍ਰਤੱਖ ਮੂੰਹ ਬੋਲਦੀ ਤਸਵੀਰ ਹੈ। ਉਹ ਪੰਜਾਬੀ ਦਾ ਬਹੁ ਵਿਧਾਈ ਅਤੇ ਬਹੁ ਚਰਚਿਤ ਲੇਖਕ ਹੈ। ਬੂਟਾ ਸਿੰਘ ਚੌਹਾਨ ਜਿੱਥੇ ਪੰਜਾਬੀ ਦੇ ਮੋਢੀ ਗ਼ਜ਼ਲਕਾਰਾਂ ਵਿਚੋਂ ਇਕ ਹੈ, ਉੱਥੇ ਉਹ ਅਨੁਵਾਦਕ, ਵਾਰਤਕਕਾਰ, ਕਹਾਣੀਕਾਰ ਅਤੇ ਸਮਰੱਥ ਨਾਵਲਕਾਰ ਵੀ ਹੈ। ਨਿਰੰਜਣ ਬੋਹਾ ਨੇ ਪੰਜਾਬੀ ਦੇ ਇਸ ਸਥਾਪਤ ਸਾਹਿਤਕਾਰ ਬੂਟਾ ਸਿੰਘ ਚੌਹਾਨ ਦੇ ਪ੍ਰਸਿੱਧ ਨਾਵਲ 'ਉੱਜੜੇ ਖੂਹ ਦਾ ਪਾਣੀ' ਸੰਬੰਧੀ ਪੰਜਾਬੀ ਦੇ ਵੱਖ-ਵੱਖ ਆਲੋਚਕਾਂ ਤੋਂ ਲੇਖ ਲਿਖਵਾ ਕੇ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਇਨ੍ਹਾਂ ਲੇਖਾਂ ਵਿਚ ਸਾਰੇ ਚਿੰਤਕਾਂ ਨੇ ਇਸ ਨਾਵਲ ਨੂੰ ਵਿਕੋਲਿਤਰੇ ਪਰਿਪੇਖਾਂ ਤੋਂ ਵਾਚਣ ਦਾ ਯਤਨ ਕੀਤਾ ਹੈ। ਪੁਸਤਕ ਵਿਚ ਸ਼ਾਮਿਲ ਲੇਖ ਇਸ ਗੱਲ 'ਤੇ ਤਵੱਜੋ ਦਿੰਦੇ ਹਨ ਕਿ ਬੂਟਾ ਸਿੰਘ ਚੌਹਾਨ ਦਾ ਇਹ ਨਾਵਲ ਸਾਡੇ ਵਸਤੂ ਯਥਾਰਥ ਦੇ ਨਜ਼ਦੀਕ ਵਿਚਰਨ ਵਾਲ਼ਾ ਨਾਵਲ ਹੈ। ਇਸ ਨਾਵਲ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਇਹ ਕੇਵਲ ਯਥਾਰਥ ਦੀ ਪੇਸ਼ਕਾਰੀ ਹੀ ਨਹੀਂ ਕਰਦਾ, ਸਗੋਂ ਵੱਖ-ਵੱਖ ਸੰਕਟਾਂ ਦੇ ਯਥਾਰਥ ਦਾ ਮਹਾਂ ਦ੍ਰਿਸ਼ ਵੀ ਸਿਰਜਦਾ ਹੈ।
ਡਾ. ਲਾਭ ਸਿੰਘ ਖੀਵਾ ਦਾ ਮੰਨਣਾ ਹੈ ਕਿ ਉੱਜੜੇ ਖੂਹ ਦਾ ਪਾਣੀ ਨਾਵਲ ਦਾ ਪਾਤਰ ਸਮੂਹ ਇਕ ਸੰਗਠਿਤ ਕਥਾ ਵਿਧਾਨ ਵਿਚ ਸਰਗਰਮ ਅਤੇ ਕਿਰਿਆਸ਼ੀਲ ਹੋ ਕੇ ਰਚਨਾ ਦੇ ਵਿਸ਼ਾ ਵਸਤੂ ਨੂੰ ਸਾਰਥਿਕਤਾ ਪ੍ਰਦਾਨ ਕਰਦਾ ਹੈ। ਇਸ ਸਾਰਥਿਕਤਾ ਨੂੰ ਲੇਖਕ ਦੀ ਬਿਰਤਾਂਤਕ ਸ਼ੈਲੀ ਦਾ ਜਾਦੂ ਹੋਰ ਵੀ ਅਰਥ ਭਰਪੂਰ ਅਤੇ ਮੁੱਲਵਾਨ ਬਣਾ ਦਿੰਦਾ ਹੈ। ਡਾ. ਹਰਜਿੰਦਰ ਸਿੰਘ ਅਟਵਾਲ ਨਾਵਲ ਦੀ ਨਾਇਕਾ ਸ਼ਰਨ ਦੇ ਭਵਿੱਖ ਦੀ ਦਸ਼ਾ ਅਤੇ ਦਿਸ਼ਾ ਨੂੰ ਨਿਰਧਾਰਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲ਼ੀਆਂ ਉਸ ਅੰਦਰਲੀਆਂ ਪਿਘਲਣ ਅਤੇ ਵਿਗੜਨ ਦੀਆਂ ਪ੍ਰਵਿਰਤੀਆਂ ਨੂੰ ਆਪਣੇ ਕੇਂਦਰ ਵਿਚ ਰੱਖਦਾ ਹੈ। ਉਹ ਇਸ ਪ੍ਰਸ਼ਨ ਦਾ ਉੱਤਰ ਵੀ ਤਲਾਸ਼ਦਾ ਹੈ ਕਿ ਕਿਹੋ ਜਿਹੀਆਂ ਸਥਿਤੀਆਂ ਕਿਸੇ ਔਰਤ ਨੂੰ ਪਿਘਲਣ, ਵਿਗੜਨ ਲਈ ਮਜਬੂਰ ਕਰਦੀਆਂ ਹਨ। ਡਾ. ਅਰਵਿੰਦਰ ਕੌਰ ਕਾਕੜਾ ਅਨੁਸਾਰ ਇਹ ਨਾਵਲ ਸਮਾਜਿਕ ਕੈਨਵਸ ਵਿਚ ਰਿਸ਼ਤਿਆਂ ਦੀਆਂ ਉਲਝਦੀਆਂ ਜਾ ਰਹੀਆਂ ਤੰਦਾਂ ਨੂੰ ਰੂਪਮਾਨ ਵੀ ਕਰਦਾ ਹੈ। ਡਾ. ਅਮਰਜੀਤ ਕੌਂਕੇ ਅਨੁਸਾਰ ਇਹ ਨਾਵਲ ਅਜੋਕੇ ਨਵ ਪੂੰਜੀਵਾਦੀ ਯੁੱਗ ਵਿਚ ਅਰਥਹੀਣ ਸਾਬਤ ਹੋ ਰਹੇ ਰਿਸ਼ਤਾ ਨਾਤਾ ਪ੍ਰਬੰਧ ਦੀ ਸਚਾਈ ਨੂੰ ਬਿਆਨਦਾ ਹੈ ਤਾਂ ਇਹ ਉਦਾਸ ਕਰ ਦੇਣ ਵਾਲ਼ੀ ਤਸਵੀਰ ਉੱਭਰਦੀ ਹੈ ਕਿ ਅਜੋਕੇ ਸਮਾਜਿਕ ਅਤੇ ਪਰਿਵਾਰਕ ਵਿਵਸਥਾ ਵਿਚ ਮਾਪੇ, ਬੱਚੇ,ਪਤੀ-ਪਤਨੀ, ਭੈਣ-ਭਰਾ ਵਰਗੇ ਹੰਢਣਸਾਰ ਅਤੇ ਟਿਕਾਊ ਸਮਝੇ ਜਾਂਦੇ ਰਿਸ਼ਤੇ ਵੀ ਆਪਣੀ ਅਹਿਮੀਅਤ ਅਤੇ ਭਰੋਸੇਯੋਗਤਾ ਗੁਆ ਚੁੱਕੇ ਹਨ। ਅੱਜ ਦਾ ਸਮਾਜ ਬੜੀ ਤੇਜ਼ੀ ਨਾਲ਼ ਚੰਗਿਆਈ ਤੋਂ ਬੁਰਾਈ ਵੱਲ ਸਫ਼ਰ ਤੈਅ ਕਰ ਰਿਹਾ ਹੈ। ਨਿਰੰਜਣ ਬੋਹਾ ਅਨੁਸਾਰ ਜੇ ਸਮਾਜ ਦੀ ਪਰਿਵਾਰ ਰੂਪੀ ਇਕਾਈ ਦੇ ਸੰਸਥਾਗਤ ਰੂਪ ਵਿਚ ਆ ਰਹੀਆਂ ਗ਼ੈਰ ਮਾਨਵੀ ਤਬਦੀਲੀਆਂ ਦੇ ਲੁਪਤ ਕਾਰਨਾਂ ਨੂੰ ਸਮਝਿਆ ਅਤੇ ਵਿਚਾਰਿਆ ਨਾ ਗਿਆ ਤਾਂ ਸਮਾਜ ਦੀ ਇਹ ਮੁਢਲੀ ਇਕਾਈ ਪੂਰੀ ਤਰ੍ਹਾਂ ਟੁੱਟ ਅਤੇ ਬਿਖਰ ਜਾਵੇਗੀ। ਇਸ ਪ੍ਰਕਾਰ ਨਿਰੰਜਣ ਬੋਹਾ ਇਸ ਕ੍ਰਿਤ ਰਾਹੀਂ ਪੰਜਾਬੀ ਨਾਵਲ ਦੀ ਮੌਜੂਦਾ ਸਥਿਤੀ ਨੂੰ ਸਪੱਸ਼ਟ ਕਰਨ ਦਾ ਸਫ਼ਲ ਯਤਨ ਕਰਦਾ ਹੈ। ਜਿੱਥੇ ਇਹ ਪੁਸਤਕ ਬੂਟਾ ਸਿੰਘ ਚੌਹਾਨ ਦੇ ਨਾਵਲਾਂ ਸੰਬੰਧੀ ਖੋਜਾਰਥੀਆਂ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗੀ, ਉੱਥੇ ਪੰਜਾਬੀ ਦੇ ਚਿੰਤਨਸ਼ੀਲ ਵਿਅਕਤੀਆਂ ਨੂੰ ਵੀ ਗਿਆਨ, ਆਨੰਦ ਅਤੇ ਰੌਚਿਕਤਾ ਪ੍ਰਦਾਨ ਕਰੇਗੀ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਪਿੰਡਿਆਂ ਤੋਂ ਪਾਰ
ਲੇਖਿਕਾ : ਸ਼ਾਨ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 112
ਸੰਪਰਕ : 98762-07774
ਸ਼ਾਇਰਾ ਸ਼ਾਨ ਮਾਨ ਆਪਣੀ ਪਲੇਠੀ ਕਾਵਿ-ਕਿਤਾਬ 'ਪਿੰਡਿਆਂ ਤੋਂ ਪਾਰ' ਰਾਹੀਂ ਪੰਜਾਬੀ ਸ਼ਾਇਰੀ ਨਾਲ ਪੀਡੀ ਗੰਢ ਪਾਉਂਦੀ ਦਿਖਾਈ ਦਿੰਦੀ ਹੈ। ਸ਼ਾਇਰਾ ਈਰਾਨੀ ਫ਼ਾਰਸੀ ਸ਼ਾਇਰੀ ਦੀ ਪਰੰਪਰਾ ਦੇ ਗਾਡੀਰਾਹ ਚਲਦਿਆਂ ਆਪਣਾ ਕਾਵਿ-ਪ੍ਰਵਚਨ ਪੰਜਾਬੀ ਪਾਠਕਾਂ ਨਾਲ ਸਾਂਝਿਆਂ ਕਰ ਰਹੀ ਹੈ। ਈਰਾਨੀ ਫ਼ਾਰਸੀ ਸ਼ਾਇਰੀ ਵਿਚ ਪਹਿਲਾਂ ਪਹਿਲ ਇਹ ਪ੍ਰੰਪਰਾ ਰਹੀ ਹੈ ਕਿ ਸ਼ਾਇਰ ਆਪਣੀ ਨਜ਼ਮ ਜਾਂ ਗ਼ਜ਼ਲ ਕਹਿਣ ਤੋਂ ਪਹਿਲਾਂ ਕਾਵਿ-ਵੱਥ ਦਾ ਬਿਰਤਾਂਤ ਸਿਰਜਿਆ ਹੈ। ਸੋ ਸ਼ਾਇਰਾ ਦੀ ਸ਼ਾਇਰੀ ਤੇ ਵਾਰਤਕ ਇਕ ਦੂਜੇ ਵਿਚ ਰਲਗੱਡ ਹੋਏ ਮਹਿਸੂਸ ਹੁੰਦੇ ਹਨ। ਸ਼ਾਇਰਾ ਜੋ ਬ੍ਰਹਿਮੰਡੇ ਸੋਈ ਪਿੰਡੇ ਦੇ ਗਾਡੀ ਰਾਹ 'ਤੇ ਚਲਦਿਆਂ ਸ਼ਾਇਰ ਦਾ ਸਵੈ-ਕਥਨ ਹੈ 'ਰਹੂਾਂ ਦੀ ਇਕ ਵੱਖਰੀ ਦੁਨੀਆ ਹੁੰਦੀ ਹੈ। ਇਹ ਸਰੀਰ ਵਾਂਗ ਧਰਤੀ ਤੱਕ ਸੀਮਤ ਨਹੀਂ ਰਹਿੰਦੀਆਂ ਬਲਕਿ ਪੂਰਾ ਬ੍ਰਹਿਮੰਡ ਇਨ੍ਹਾਂ ਦਾ ਰੈਣ ਬਸੇਰਾ ਹੈ। ਇਨ੍ਹਾਂ ਦਾ ਸਫ਼ਰ ਪਿੰਡਿਆਂ ਤੋਂ ਪਾਰ ਦਾ ਹੈ। ਇਸ ਸਫ਼ਰ 'ਤੇ ਚੱਲਣ ਲਈ ਆਪਣੇ ਅੰਦਰ ਵਾਲੀ ਜੋਤਿ ਨੂੰ ਖੋਜਣਾ ਅਤੇ ਹੋਂਦ ਨੂੰ ਬਦਲਣਾ ਜ਼ਰੂਰੀ ਹੈ।' ਸ਼ਾਇਰਾ ਨੇ ਇਸ ਕਥਨ ਨੂੰ ਵਿਸਥਾਰਕ ਤੇ ਕਵਿਤਾਉਣ ਲਈ ਕਿਤਾਬ ਨੂੰ ਤਿੰਨ ਹਿੱਸਿਆਂ 'ਨਵੀਂ ਰੁੱਤ ਦੀ ਸਿਰਜਣਾ', 'ਇਕ ਸੰਪੂਰਨ ਰੂਹ ਲਈ ਜ਼ਰੂਰ' ਅਤੇ 'ਕਾਵਿਮਈ ਕਿੱਸਾ-ਰੂਹ ਦੇ ਹਰ ਕਤਰੇ 'ਚ ਕਵਿਤਾ ਵਿਚ ਵੰਡਿਆ ਹੈ। ਇਸ ਸ਼ਾਇਰੀ ਦੇ ਤਰੰਗਤੀ ਮੁਹੱਬਤ ਦੇ ਵੱਖ-ਵੱਖ ਰੰਗ ਕਵਿਤਾ ਵਿਚ ਦੇਖਣ ਨੂੰ ਮਿਲਦੇ ਹਨ। ਜਿਵੇਂ ਬਾਵਾ ਬਲਵੰਤ ਆਖਦਾ ਹੈ 'ਕਿਉਂਕਿ ਪਿਆਰਾਂ ਦੇ ਪੈਰੀਂ ਬੇੜੀਆਂ, ਜਦ ਹਵਾ ਤੇ ਖ਼ੁਸ਼ਬੂ ਤੇ ਬੰਧਨ ਨਹੀਂ ਹੈ।' ਅੰਮ੍ਰਿਤਾ ਆਖਦੀ ਹੈ, 'ਰੁਲ ਗਈ ਸੀ ਬੂੰਦ ਇਕ ਤੇਰੇ ਟਿਸਕਦੀ, ਏਸ ਲਈ ਜ਼ਿੰਦਗੀ ਦੀ ਸਾਰੀ ਕੁੜੱਤਣ ਪੀ ਲਈ।' ਬਕੌਲ ਮਿਰਜ਼ਾ ਗ਼ਾਲਿਬ 'ਗ਼ਾਲਿਬ ਯੇਹ ਵੋਹ ਆਤਿਸ਼ ਹੈ ਜੋ ਲਗਾਏਗਾ ਲੱਗੇ ਔਰ ਬੁਝਾਏ ਨਾ ਬਨੇ।' ਇਹ ਚੰਨ ਤੇ ਚਕੋਰ ਦਾ ਰਿਸ਼ਤਾ ਤਾਂ ਹੈ ਹੀ ਪਰ ਨਿਤਮੇ, ਦੇ ਕਥਨ ਅਨੁਸਾਰ ਸਮਾਜਿਕ ਵਰਜਣਾਵਾਂ ਜੋ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ, ਦੀ ਰਾਮਕਾਰ ਤਾਂ ਉਲੰਘਣੀ ਹੀ ਪੈਂਦੀ ਹੈ। ਉਹ ਆਖਦੀ ਹੈ ਇਸ਼ਕ ਸ਼ਹਿਦ ਵੀ ਹੈ, ਜ਼ਹਿਰ ਵੀ ਹੈ, ਸੁੱਖ ਵੀ ਹੈ ਦੁੱਖ ਵੀ ਹੈ, ਜੀਵਨ ਵੀ ਤੇ ਮੌਤ ਵੀ। ਰੂਹਾਂ ਦਾ ਮੇਲ ਵੀ ਹੈ ਤੇ ਜਿਸਮਾਂ ਦਾ ਖੇਲ੍ਹ ਵੀ, ਸ਼ਾਇਰਾ ਉਸ ਪਲ ਦੀ ਉਡੀਕ ਵਿਚ ਹੈ ਜਦੋਂ ਜਿਸਮਾਂ ਦਾ ਚੱਕਰ ਕੱਟ ਕੇ ਚੰਨ ਦੀ ਸੁਹਾਗਣ ਬਣ ਜਾਏਗੀ। ਲਗਦਾ ਹੈ ਸ਼ਾਇਰਾ ਸੂਖਮ ਤੋਂ ਸੂਖਮ ਅਹਿਸਾਸਾਂ ਨੂੰ ਕਸੀਦਿਆ ਹੈ ਤੇ ਇਸ ਦੇ ਤੱਥ ਵੱਥ ਤੱਕ ਪਹੁੰਚਣ ਲਈ ਓਨੇ ਹੀ ਸੂਖਮ ਪਾਠਕ ਹੀ ਬੌਧਿਕਤਾ ਦੀ ਲੋੜ ਹੈ। ਸ਼ਾਇਰੀ ਦੇ ਡੂੰਘ ਤੱਕ ਪਹੁੰਚਣ ਲਈ ਨਾਰੀਅਲ ਨੂੰ ਛਿਲ ਕੇ ਉਸ ਦੀ ਗੁੱਟੀ ਵਿਚ ਛੁਪੇ ਪਾਣੀ ਤੱਕ ਪਹੁੰਚਣ ਵਰਗਾ ਤਰੱਦਦ ਕਰਨਾ ਪੈਂਦਾ ਹੈ। ਇਸ ਅਤਿਅੰਤ ਸੂਖ਼ਮਤਾ ਨਾਲ ਲਬਰੇਜ਼ ਸ਼ਾਇਰਾਨ ਤਖੱਯਲ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 098143-78254
ਰੂਹਦਾਰੀਆਂ
ਲੇਖਕ : ਨਿਤਿਨ ਕੁਮਾਰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 99151-41606
ਨਿਤਿਨ ਕੁਮਾਰ ਵਲਵਲਿਆਂ ਭਰਪੂਰ ਸੰਭਾਵੀ ਸ਼ਾਇਰ ਹੈ। 'ਰੂਹਦਾਰੀਆਂ' ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜੋ ਉਸ ਨੇ ਉਨ੍ਹਾਂ ਪਾਕ ਰੂਹਾਂ ਨੂੰ ਸਮਰਪਿਤ ਕੀਤੀ ਹੈ, ਜੋ ਇਕਤਰਫ਼ਾ ਮੁਹੱਬਤ, ਰੱਬ ਨੂੰ ਪੂਜਣ ਵਾਂਗ ਆਪਣੇ ਚਿਤਵੇ ਪ੍ਰੇਮੀ ਨੂੰ ਕਰਦੇ ਹਨ। ਇਸ ਕਾਵਿ ਪੁਸਤਕ ਵਿਚ 'ਸਾਦਗੀ' ਤੋਂ ਲੈ ਕੇ 'ਜਾਂਦੀ ਵਾਰ ਦਾ ਸਲਾਮ' ਸਿਰਲੇਖ ਤੱਕ 79 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਕਵਿਤਾਵਾਂ ਦੇ ਸਿਰਲੇਖ 'ਹਕੀਕਤ', 'ਸੁਫ਼ਨਾਸ਼ 'ਕਾਸ਼', 'ਤੇਰਾ ਇਸ਼ਕ', 'ਮੁਸਕਾਨ', 'ਭੁਲੇਖਾ', 'ਅਣਖ', 'ਫਲਸਫਾ ਜ਼ਿੰਦਗੀ ਦਾ', 'ਅਫਸੋਸ', 'ਵਿਛੋੜਾ', 'ਕੌਣ ਸੀ ਉਹ', 'ਵਖ਼ਤ', 'ਪਛਤਾਵਾ' ਆਦਿ ਸ਼ਬਦ ਇਕ ਪਾਸੜ ਸੋਚ ਦੇ ਪ੍ਰਤੀਕ ਹਨ, ਜੋ ਕਿ ਮਨੁੱਖ ਨੂੰ ਜ਼ਿੰਦਗੀ ਪ੍ਰਤੀ ਸਾਰਥਿਕ ਅਤੇ ਉਸਾਰੂ ਸੋਚ ਨੂੰ ਪਨਪਣ 'ਚ ਸਹਾਇਕ ਬਣਦੇ ਹਨ। ਪੁਸਤਕ ਦੇ ਸਰਵਰਕ-ਮਰਦ ਔਰਤ ਦਾ ਇਕ ਦੂਜੇ ਤੋਂ ਮੁੱਖ ਮੋੜਨਾ, ਦਰਅਸਲ ਦੋਵਾਂ ਵਿਚ 'ਰੌਸ਼ਨੀ' ਤੋਂ ਮੁੱਖ ਮੋੜਨਾ ਹੈ। ਇਸ ਦੀ ਤਸਦੀਕ ਖ਼ੁਦ ਕਵੀ 'ਇਹ ਕਿਤਾਬ ਜੋ ਕਿ ਸਿਰਫ਼ ਇਕ ਕਿਤਾਬ ਨਹੀਂ, ਬਲਕਿ ਮੇਰੇ ਹੁਣ ਤੱਕ ਦੇ ਇਸ਼ਕ-ਨੁਮਾ ਸਫ਼ਰ ਦਾ ਫਲਸਫਾ ਹੈ।' ਇਸ ਵਾਕ ਰਾਹੀਂ ਕਰਦਾ ਹੈ। ਪੁਸਤਕ ਦਾ ਸਿਰਲੇਖ 'ਰੂਹਦਾਰੀਆਂ' ਦੋ ਸ਼ਬਦਾਂ 'ਰੂਹ+ਦਾਰ' ਹੈ। ਜਿਸ ਦਾ ਅਰਥ ਹੈ 'ਜ਼ਮੀਰ+ਮਾਲਕ' ਹੈ। ਰੂਹ ਦਾ ਮਾਲਕ ਵਿਅਕਤੀ ਨਾਂਹ-ਵਾਦੀ ਸੋਚ ਦਾ ਮਾਲਕ ਨਹੀਂ ਹੋ ਸਕਦਾ। ਮੁਹੱਬਤ ਸਰੀਰ ਤੋਂ ਰੂਹ ਤੱਕ ਦਾ ਸਫਰ ਹੈ। ਜਿਹੜੇ ਇਸ਼ਕ ਦੇ ਪਾਂਧੀ ਆਪਾ ਮਿਟਾ ਪਿਆਰੇ ਦੀ ਜਿੰਦ-ਜਾਨ ਬਣ ਜਾਂਦੇ ਹਨ, ਉਹੀ ਮੁਸਾਫਿਰ ਫਿਰ ਇਸ਼ਕ-ਮਜਾਜ਼ੀ ਤੋਂ ਇਸ਼ਕ-ਹਕੀਕੀ ਦੇ ਮਰਮ ਦਾ ਭੇਦ ਪਾ ਲੈਂਦੇ ਹਨ। ਨਿਤਿਨ ਦੀਆਂ ਕਵਿਤਾਵਾਂ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਕਿ ਉਹ ਨਿੱਜੀ ਦੁੱਖ ਦੀਆਂ ਵਲਗਣਾਂ 'ਚ ਘਿਰਿਆ ਆਪਣੇ-ਆਪ ਨੂੰ ਫਨਾਹ ਕਰਨ ਦੀ ਸਥਿਤੀ ਵੱਲ ਤੁਰ ਪਿਆ ਹੈ। ਇਤਿਹਾਸਕ-ਪ੍ਰਸੰਗਾਂ ਨੂੰ ਜੇਕਰ ਚਿੰਤਾ ਛੱਡ ਚਿੰਤਨ ਦੇ ਰਾਹ ਤੁਰਦਿਆਂ ਦੇਖਿਆ ਜਾਵੇ ਤਾਂ 'ਮਨੁੱਖੀ ਹੋਂਦ' ਦਾ ਪ੍ਰਸ਼ਨ ਅਜਲੀ ਹੈ। ਇਹ ਜੰਗ ਆਦਿ ਜੁਗਾਦੀ ਹੈ। ਇਹ ਉਦੋਂ ਤੱਕ ਚਲਦੀ ਰਹੇਗੀ, ਜਦੋਂ ਤੱਕ 'ਵਰਣ-ਵੰਡ' ਅਤੇ ਜਾਤੀ-ਪਾਤੀ ਵਿਵਸਥਾ ਕਾਇਮ ਰਹੇਗੀ। ਨਿਤਿਨ ਅੰਦਰ ਵਲਵਲਾ ਹੈ, ਜੋਸ਼ ਹੈ, ਸ਼ਬਦ ਹਨ, ਪਰ ਵਿਚਾਰਾਂ ਅਨੁਸਾਰ ਇਨ੍ਹਾਂ ਨੂੰ ਬੀੜਨ ਦੀ ਜਾਚ ਨਹੀਂ। ਇਤਿਹਾਸਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਪ੍ਰਸੰਗਾਂ ਦਾ ਗਹਿਨ-ਅਧਿਐਨ ਹੀ ਮਨੁੱਖ ਨੂੰ ਸਾਰਥਿਕ ਸੇਧ ਪ੍ਰਦਾਨ ਕਰ ਸਕਦਾ ਹੈ। ਨਿਤਿਨ ਅੰਦਰਲਾ ਕਵੀ ਪ੍ਰਬਲ ਹੈ। ਇਸ ਲਈ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਉਹ ਉਸਾਰੂ ਸੋਚ ਦੇ ਸਫ਼ਰ ਦਾ ਗਵਾਹ ਬਣੇਗਾ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਮਰਜੀਵੜੇ
(ਸ਼ਹੀਦੀ ਮਾਰਗ ਦੇ ਪਾਂਧੀ)
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 98551-05665
ਹਰਸਿਮਰਨ ਕੌਰ ਨੇ ਹਰ ਵਿਧਾ ਵਿਚ ਲਿਖਿਆ ਹੈ। ਉਸ ਦੀਆਂ ਨਾਵਲ, ਕਹਾਣੀਆਂ, ਵਾਰਤਕ, ਲੇਖਾਂ, ਮਿੰਨੀ ਕਹਾਣੀਆਂ ਅਤੇ ਬਾਲ ਸਾਹਿਤ ਸਮੇਤ 20 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਇਕ ਕਿਤਾਬ ਅੰਗਰੇਜ਼ੀ ਵਿਚ ਹੈ। ਵਿਚਾਰ-ਗੋਚਰੀ ਪੁਸਤਕ, ਨਵੀਂ ਪੀੜ੍ਹੀ ਨੂੰ, ਆਪਣੇ, ਮਾਣਮੱਤੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਵਾਲੀ, ਅਨੂਠੀ ਰਚਨਾ ਹੈ। ਪੁਸਤਕ ਦੇ ਸਾਰੇ ਲੇਖ, ਸਿੱਖ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਉਜਾਗਰ ਕਰਦੇ ਹਨ, ਜਿਨ੍ਹਾਂ ਨੇ ਅਣਖ ਅਤੇ ਕੌਮੀ ਸਵੈਮਾਣ ਉਤੇ ਪਹਿਰਾ ਦਿੰਦਿਆਂ ਧਰਮ ਹੇਤ ਆਪਣੀਆਂ ਜਾਨਾਂ ਕੁਰਬਾਨ ਕਰਕੇ, ਅਮਰ ਪਦਵੀ ਪ੍ਰਾਪਤ ਕੀਤੀ। ਪਹਿਲੇ ਅਧਿਆਇ ਵਿਚ ਬਾਬਾ ਦੀਪ ਸਿੰਘ ਜੀ ਸਮੇਤ ਅੱਠ ਮਹਾਨ ਸ਼ਹੀਦਾਂ ਦਾ ਸੰਖੇਪ ਜ਼ਿਕਰ ਹੈ। ਇਸ ਤੋਂ ਅਗਲਾ ਲੇਖ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਵੇਰਵਾ ਹੈ। ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਨੇੜਲੇ ਸਿੱਖਾਂ ਵਿਚੋਂ ਸੀ। (ਪੰਨਾ 19)। ਅਗਲੇ ਲੇਖ ਰਾਹੀਂ ਰੰਘਰੇਟੇ ਗੁਰੂ ਕੇ ਬੇਟੇ, ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਪਰਉਪਕਾਰੀ ਜੀਵਨ ਦੀ ਗਾਥਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਉਣ ਤੋਂ ਲੈ ਕੇ, ਚਮਕੌਰ ਸਾਹਿਬ ਵਿਚ ਉਨ੍ਹਾਂ ਦੀ ਸ਼ਹੀਦੀ ਦਾ ਭਾਵ ਪੂਰਨ ਬਿਰਤਾਂਤ, ਮਨਾਂ ਨੂੰ ਟੁੰਬਣ ਵਾਲਾ ਹੈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਬਾਰੇ ਲੇਖ ਵੀ ਦੁਰਲੱਭ ਜਾਣਕਾਰੀ ਪ੍ਰਦਾਨ ਕਰਦਾ ਹੈ। 'ਸਿੱਖ ਸ਼ਹੀਦਾਂ ਵਿਚੋਂ ਬਾਬਾ ਜੀ, ਉਮਰ ਦੇ ਲਿਹਾਜ਼ ਨਾਲ, ਸਭ ਤੋਂ ਵੱਡੇ ਸ਼ਹੀਦ ਹਨ।' (ਪੰਨਾ 30) ਇਕ ਸੰਖੇਪ ਲੇਖ, ਸ਼ਹੀਦ ਭਾਈ ਦਿਆਲਾ ਜੀ ਬਾਰੇ ਹੈ। ਇਸ ਤੋਂ ਅਗਲਾ ਲੇਖ ਭਾਈ ਤਾਰੂ ਸਿੰਘ ਜੀ ਦੇ ਜੀਵਨ, ਘਾਲਣਾ ਅਤੇ ਅਦੁੱਤੀ ਕੁਰਬਾਨੀ ਬਾਰੇ ਹੈ। ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ ਦੀਆਂ ਕੁਰਬਾਨੀਆਂ ਨੂੰ ਬਿਆਨਦੇ ਲੇਖ ਵੀ, ਸੋਚ ਨੂੰ ਟੁੰਬਣ ਵਾਲੇ ਹਨ। ਬਾਕੀ ਦੇ ਲੇਖ ਤਰਤੀਬਵਾਰ ਗ਼ਦਰੀ ਬਾਬਿਆਂ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਭਾਈ ਬਿਧੀ ਚੰਦ ਛੀਨਾ, ਸ਼ਹੀਦ ਬਾਬਾ ਸੰਗਤ ਸਿੰਘ ਜੀ, ਮਹਾਂਬਲੀ ਜੋਧੇ ਤੇ ਸਿੱਖ ਰਾਜ ਦੇ ਉਸਰੱਈਏ ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਹਨ। ਅੰਤਮ ਲੇਖ, ਦਿੱਲੀ ਫ਼ਤਹਿ ਕਰਨ ਵਾਲੇ ਸਿੱਖ ਜਰਨੈਲਾਂ ਵਿਚੋਂ ਪ੍ਰਮੁੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਹੈ। ਅਖੀਰ ਵਿਚ 'ਮਰਜੀਵੜੇ' ਸਿਰਲੇਖ ਹੇਠ ਇਕ ਕਵਿਤਾ ਦਰਜ ਹੈ। ਲੇਖਿਕਾ ਨੇ ਸੰਖੇਪ ਲੇਖਾਂ ਰਾਹੀਂ ਬਹੁਤ ਵਡਮੁੱਲੀ ਜਾਣਕਾਰੀ, ਪਾਠਕਾਂ ਨਾਲ ਸਾਂਝੀ ਕੀਤੀ ਹੈ। ਨਾਲ ਹੀ ਡਾ. ਹਰੀ ਰਾਮ ਗੁਪਤਾ, ਭਾਈ ਸੇਵਾ ਸਿੰਘ ਭੱਟ, ਇਤਿਹਾਸਕਾਰ ਭਗਤ ਸਿੰਘ, ਭੱਟ ਵਹੀ, ਕੁੰਦਨ ਕਵੀ, ਪ੍ਰਾਚੀਨ ਪੰਥ ਪ੍ਰਕਾਸ਼, ਪ੍ਰੋ. ਪੂਰਨ ਸਿੰਘ ਤੇ ਬੰਸਾਵਲੀਨਾਮਾ ਦੇ ਹਵਾਲਿਆਂ ਸਮੇਤ, ਗੁਰਬਾਣੀ 'ਚੋਂ ਵੀ ਪ੍ਰਮਾਣ ਦਿੱਤੇ ਗਏ ਹਨ। ਬੋਲੀ, ਸਰਲ ਅਤੇ ਕਾਵਿ-ਮਈ ਹੋਣ ਕਰਕੇ ਪੁਰਅਸਰ ਹੈ। ਲੇਖਿਕਾ ਨੇ ਸੰਖੇਪ ਪੁਸਤਕ ਰਾਹੀਂ 'ਕੁੱਜੇ ਵਿਚ ਸਮੁੰਦਰ' ਬੰਦ ਕੀਤਾ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ
ਲੇਖਕ : ਸੁਖਮਿੰਦਰ ਰਾਮਪੁਰੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ: 400 ਰੁਪਏ, ਸਫ਼ੇ : 216
ਸੰਪਰਕ : 95016-60416
ਸੁਖਮਿੰਦਰ ਰਾਮਪੁਰੀ ਪੰਜਾਬੀ ਸਾਹਿਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਉਨ੍ਹਾਂ ਨੇ ਕਵਿਤਾਵਾਂ ਵੀ ਲਿਖੀਆਂ, ਗ਼ਜ਼ਲ ਵੀ ਲਿਖੀ ਅਤੇ ਨਾਵਲ ਵੀ ਲਿਖਿਆ ਪਰ ਉਨ੍ਹਾਂ ਦੀ ਪਛਾਣ ਇਕ ਗੀਤਕਾਰ ਦੇ ਤੌਰ 'ਤੇ ਹੀ ਹੋਈ। ਉਨ੍ਹਾਂ ਦੇ ਗੀਤਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਹ ਗੀਤ ਲਿਖਣ ਲਈ ਹੀ ਪੈਦਾ ਹੋਏ ਸਨ। ਉਹ ਕੇਵਲ ਲਿਖਦੇ ਹੀ ਨਹੀਂ ਸਨ ਬਲਕਿ ਗਾਉਂਦੇ ਵੀ ਬੜਾ ਵਧੀਆ ਸਨ। ਬੇਸ਼ੱਕ ਅੱਜ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਸਾਡੇ ਚੇਤਿਆਂ ਵਿਚ ਗੂੰਜ ਰਹੇ ਹਨ:
ਦਿਨ ਚੜ੍ਹਨੇ ਤੇ ਰੋਜ਼
ਸ਼ਾਮਾਂ ਲਹਿਣੀਆਂ,
ਸ਼ਾਮਾਂ ਵੀ ਨਾ ਥਿਰ ਰਹਿਣੀਆਂ।
ਫੁੱਲ ਖਿੜਨੇ ਤੇ ਖਿੜ ਕੇ ਵੀ ਝੜਨੇ,
ਪੌਣਾਂ 'ਚ ਸੁਗੰਧਾਂ ਰਹਿਣੀਆਂ।
ਸੁਖਮਿੰਦਰ ਰਾਮਪੁਰੀ ਨੇ ਪੰਜਾਬੀ ਦੀ ਰਵਾਇਤੀ ਗੀਤ ਪਰੰਪਰਾ ਨੂੰ ਤੋੜ ਕੇ ਇਕ ਨਵੀਂ ਵਿਧਾ ਸਥਾਪਿਤ ਕੀਤੀ ਹੈ। ਉਨ੍ਹਾਂ ਦੇ ਗੀਤਾਂ ਦਾ ਅਧਿਐਨ ਕਰਨ ਲਈ ਰਵਾਇਤੀ ਕਾਵਿ-ਸ਼ਾਸਤਰ ਨਾਲ ਕੰਮ ਨਹੀਂ ਚੱਲ ਸਕਦਾ, ਕਿਉਂਕਿ ਉਨ੍ਹਾਂ ਦੇ ਗੀਤ ਪੰਜਾਬੀ ਦੇ ਕਾਵਿ-ਸ਼ਾਸਤਰ ਨੂੰ ਹੋਰ ਵਿਸਤਾਰ ਦਿੰਦੇ ਹਨ। ਰੂਪਕ ਪੱਖ ਦੇ ਨਾਲ-ਨਾਲ ਵਿਚਾਰਕ ਪੱਖ ਤੋਂ ਵੀ ਉਨ੍ਹਾਂ ਦੇ ਗੀਤ ਕਿਤੇ ਥਿੜਕਦੇ ਦਿਖਾਈ ਨਹੀਂ ਦਿੰਦੇ ਅਤੇ ਬੇਬਾਕ ਢੰਗ ਨਾਲ ਸੰਘਰਸ਼ੀ ਲੋਕਾਂ ਦੇ ਹੱਕ ਵਿਚ ਖੜ੍ਹਨ ਦੀ ਲਾਜਵਾਬ ਦਲੇਰੀ ਰੱਖਦੇ ਹਨ:
ਮੇਰੀ ਧਰਤ ਦੇ ਮੂੰਹ ਦਾ ਹਾਸਾ,
ਜੀਹਦੇ ਪੇਸ਼ ਪਿਆ ਚੌਮਾਸਾ।
ਕੋਈ ਐਸਾ ਚਾਰਾ ਕਰੀਏ,
ਇਸ ਹਾਸੇ ਦਾ ਦੁੱਖ ਹਰੀਏ।
ਸਵਰਗੀ ਸੁਖਮਿੰਦਰ ਰਾਮਪੁਰੀ ਅਤੇ ਉਨ੍ਹਾਂ ਦੀ ਸਵਰਗੀ ਪਤਨੀ ਸ੍ਰੀਮਤੀ ਹਰਵਿੰਦਰ ਕੌਰ ਨੂੰ ਸਮਰਪਿਤ ਸਮੂਹ ਪਰਿਵਾਰ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਇਸ ਖ਼ੂਬਸੂਰਤ ਪੁਸਤਕ ਤੋਂ ਪਹਿਲਾਂ ਉਨ੍ਹਾਂ ਦੀਆਂ ਗਿਆਰਾਂ ਮੌਲਿਕ ਅਤੇ ਚਾਰ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਸਾਹਿਤਕ ਹਲਕਿਆਂ ਵਿਚ ਬੇਹੱਦ ਸਲਾਹਿਆ ਗਿਆ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਗੀਤਾਂ ਵਿਚਲੀ ਵਿਲੱਖਣਤਾ ਪੰਜਾਬੀ ਆਲੋਚਕਾਂ ਅਤੇ ਪਾਠਕਾਂ ਧਿਆਨ ਜ਼ਰੂਰ ਖਿੱਚੇਗੀ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਰਣਜੀਤ ਸਿੰਘ ਖੜਗ ਦੀ ਮੁੱਢਲੇ ਦੌਰ ਦੀ ਕਵਿਤਾ
ਸੰਕਲਨ ਕਰਤਾ ਅਤੇ ਸੰਪਾਦਨ : ਡਾ. ਬਲਦੇਵ ਸਿੰਘ 'ਬੱਦਨ', ਡਾ. ਰੀਨਾ ਕੁਮਾਰੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 600 ਰੁਪਏ, ਸਫ਼ੇ : 404
ਸੰਪਰਕ : 99588-31357
ਵਿਚਾਰਾਧੀਨ ਪੁਸਤਕ ਰਣਜੀਤ ਸਿੰਘ ਖੜਗ ਦੀਆਂ ਮੁਢਲੇ ਦੌਰ ਦੀਆਂ ਕਵਿਤਾਵਾਂ (ਸੁਤੰਤਰਤਾ ਤੋਂ ਪਹਿਲਾਂ) ਦਾ ਸਮੁੱਚਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਕਵਿਤਾਵਾਂ ਵਧੇਰੇ ਲੰਮੀਆਂ ਅਤੇ ਨਿੱਕੀਆਂ ਵੀ ਸ਼ਾਮਿਲ ਹਨ। ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਉਸ ਨੇ ਲਗਭਗ ਹਰ ਸਮਕਾਲੀ ਵਿਸ਼ੇ 'ਤੇ ਕਲਮ ਚਲਾਈ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਜੋ ਵੀ ਉਸ ਨੂੰ ਚੇਤੇ ਆਇਆ ਜਾਂ ਅਨੁਭਵ ਕੀਤਾ, ਉਸੇ ਵਿਸ਼ੇ ਨੂੰ ਕਾਵਿ ਦਾ ਜਾਮਾ ਪਹਿਨਾ ਦਿੱਤਾ ਹੈ। ਉਸ ਲਈ ਕੋਈ ਵੀ ਵਿਸ਼ਾ ਮਹੱਤਵਹੀਣ ਨਹੀਂ ਜਾਪਦਾ। 'ਖੜਗ' ਦਾ ਅਸਤਿਤਵ ਧਾਰਮਿਕ ਹੈ। ਉਸ ਨੇ ਹਰ ਧਰਮ ਬਾਰੇ ਕਵਿਤਾਵਾਂ ਸਿਰਜੀਆਂ ਹਨ। ਇਸ ਪੱਖੋਂ ਉਹ 'ਸੈਕੂਲਰ ਕਵੀ' ਐਲਾਨਿਆ ਜਾ ਸਕਦਾ ਹੈ। ਉਹ ਕਾਵਿ ਸਿਰਜਣ ਤੋਂ ਪਹਿਲਾਂ ਆਪਣੇ ਇਸ਼ਟ ਦੀ ਅਰਾਧਨਾ ਕਰਦਾ ਹੈ। ਉਸ ਨੇ ਧਾਰਮਿਕ ਨਾਇਕਾਂ/ਨਾਇਕਾਵਾਂ ਦੀਆਂ ਕਵਿਤਾਵਾਂ ਸਿਰਜੀਆਂ ਹਨ। ਪ੍ਰਕਿਰਤੀ ਚਿਤਰਣ, ਦ੍ਰਿਸ਼ ਚਿਤਰਨ ਅਤੇ ਨਕਸ਼ ਚਿਤਰਨ ਵਿਚ ਉਹ ਸਿੱਧ-ਹਸਤ ਹੈ। ਉਸ ਨੇ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਬਾਰੇ ਗੌਲਣਯੋਗ ਨਜ਼ਮਾਂ ਸਿਰਜੀਆਂ ਹਨ। ਪੰਜਾਬ ਦੇ ਯੋਧਿਆਂ ਨੂੰ ਬੀਰਰਸੀ ਰੰਗ ਵਿਚ ਪੇਸ਼ ਕੀਤਾ ਹੈ, ਪੰਜਾਬ ਦੇ ਪ੍ਰੇਮੀ ਜੋੜੇ ਬੜੇ ਰਸਿਕ ਅੰਦਾਜ਼ ਵਿਚ ਸਿਰਜੇ ਹਨ, ਉਸ ਨੇ 'ਲੋਕ ਹਿਤੂ' ਕਵਿਤਾਵਾਂ ਸਿਰਜੀਆਂ ਹਨ। ਰਚਨਾਵਾਂ ਉਪਦੇਸ਼ਾਤਮਿਕ ਹਨ। ਉਸ ਨੇ ਸੁਪਨ-ਤਕਨੀਕ ਦਾ ਪ੍ਰਯੋਗ ਵੀ ਕਰ ਵਿਖਾਇਆ ਹੈ। ਨਵੀਂ ਦੁਨੀਆ ਸਿਰਜਣ ਦੇ ਖ਼ਾਬ ਲਏ ਨੇ। ਉਸ ਨੇ ਵਿਆਹਾਂ ਦੇ ਸਿਹਰੇ ਵੀ ਲਿਖੇ ਨੇ। ਵੀਹਵੀਂ ਸਦੀ ਦੀ ਕਾਵਿ ਰਾਹੀਂ ਵਿਰਾਸਤੀ ਸੰਭਾਲ ਕੀਤੀ ਹੈ। ਦੁਖਾਂਤ ਸਿਰਜਣ ਸਮੇਂ ਨਿਰਾਸ਼ ਵੀ ਹੋ ਜਾਂਦਾ ਹੈ ਪਰ ਮੁੱਖ ਰੂਪ ਵਿਚ ਆਸ਼ਾਵਾਦੀ ਹੈ। ਉਸ ਦੀਆਂ ਕਵਿਤਾਵਾਂ ਅਪ੍ਰਤਿਬਿੰਬਤ (ਅਨਰਿਫਲੈਕਟਿਡ ਕਾਂਸਸਨੈੱਸ) ਤੋਂ ਆਰੰਭ ਹੋ ਕੇ ਪ੍ਰਤਿਬਿੰਬਤ (ਰਿਫਲੈਕਟਿਡ ਚੇਤਨਾ) ਤੱਕ ਸਫ਼ਰ ਕਰਦੀਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਬਿਰਤਾਂਤਕ, ਵਰਣਨਾਤਮਿਕ ਅਤੇ ਵਿਆਖਿਆਤਮਕ ਤਿੰਨੇ ਗੁਣ ਵੇਖੇ ਜਾ ਸਕਦੇ ਹਨ। ਭਾਸ਼ਾ ਅਲੰਕ੍ਰਿਤ ਹੈ-ਵਿਸ਼ੇਸ਼ ਕਰਕੇ ਅਨੁਪ੍ਰਾਸ ਅਤੇ ਯਮਨ ਅਲੰਕਾਰਾਂ ਦੀ ਭਰਮਾਰ ਹੈ। ਅਨੇਕਾਂ ਕਵਿਤਾਵਾਂ ਵਿਚ ਸ਼ਿੰਗਾਰ ਰਸ, ਬੀਰ ਰਸ, ਅਦਭੁਤ ਰਸ ਅਤੇ ਕਰੁਣਾ ਰਸ ਆਦਿ ਨੋਟ ਕੀਤੇ ਜਾ ਸਕਦੇ ਹਨ। ਛੰਦਾਵਲੀ ਤੇ ਪੂਰਨ ਅਬੂਰ ਹਾਸਿਲ ਹੈ। ਬਿੰਬਾਵਲੀ ਕਮਾਲ ਹੈ। ਵਹਿੰਦੀਆਂ ਨਦੀਆਂ ਜੇਹੀ ਰਵਾਨਗੀ ਹੈ ਜੋ ਪਾਠਕਾਂ ਨੂੰ ਨਾਲ ਵਹਾ ਕੇ ਲੈ ਜਾਣ ਦੀ ਸਮਰੱਥਾ ਰੱਖਦੀ ਹੈ। ਇਸ ਕਾਵਿ ਸੰਗ੍ਰਹਿ ਵਿਚੋਂ ਅਨੇਕਾਂ ਅਲੋਪ ਹੋ ਚੁੱਕੇ ਸ਼ਬਦਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਭਾਵੇਂ ਅਜੋਕੇ ਸਮੇਂ ਤੱਕ ਪੰਜਾਬੀ ਕਾਵਿ ਅਨੇਕਾਂ ਕਰਵਟਾਂ ਲੈ ਚੁੱਕਾ ਹੈ ਤਾਂ ਵੀ 'ਖੜਗ' ਦੇ ਕਾਵਿ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। 404 ਪੰਨਿਆਂ ਦੀ ਪੁਸਤਕ ਦਾ ਅਧਿਐਨ ਕਰਦਿਆਂ ਜੋ ਮੁੱਖ ਗੱਲ ਪੱਲੇ ਪੈਂਦੀ ਹੈ, ਉਹ ਇਹ ਹੈ ਕਿ 'ਖੜਗ' ਨਿੱਗਰ/ਸਥੂਲ, ਸੁਖਮ/ਭਾਵਮਈ, ਵਿਅਕਤ/ਅਵਿਅਕਤ ਹਰ ਵਿਸ਼ੇ 'ਤੇ ਕਾਵਿ-ਸਿਰਜਣ ਦੀ ਵਿਸ਼ੇਸ਼ ਮੁਹਾਰਤ ਰੱਖਦਾ ਹੈ। ਉਸ ਦੇ ਸ਼ਬਦਾਂ ਵਿਚ 'ਕਵਿਤਾ ਅਤੇ ਕਵੀ' ਦੇ ਸੰਬੰਧਾਂ ਬਾਰੇ ਜਾਂ ਕਾਵਿ-ਸਿਰਜਣ ਪ੍ਰਕਿਰਿਆ ਬਾਰੇ ਉਸ ਦੀ ਦ੍ਰਿਸ਼ਟੀ ਨੋਟ ਕੀਤੀ ਜਾ ਸਕਦੀ ਹੈ:
ਪਰ ਸ਼ਾਇਰ ਜਾਂ ਕਾਨੀ ਚੁੱਕਦਾ ਹੈ,
ਨਾ ਤਾਰੇ ਅਰਸ਼ੋਂ ਤੋੜਨੋਂ ਉੱਕਦਾ,....
-0-
ਕਾਗਜ਼ ਉਤੇ ਰੀਝਾਂ ਸੱਧਰਾਂ,
ਰੱਖਦਾ ਕਵੀ ਸੁਜਾਨ,... (ਪੰਨਾ: 138)
ਸਥਾਨਾ ਭਾਵ ਦੇ ਕਾਰਨ 'ਖੜਗ ਕਾਵਿ' ਦੇ ਸਾਰੇ ਗੁਣਾਂ ਦੀ ਚਰਚਾ ਕਰਨੀ ਅਸੰਭਵ ਹੈ। ਅਜਿਹਾ ਵੱਖਰੇ ਪੇਪਰ ਵਿਚ ਹੀ ਸੰਭਵ ਹੋ ਸਕਦਾ ਹੈ। ਦੋਵੇਂ ਸੰਪਾਦਕ, ਮਿਹਨਤ ਲਈ ਪ੍ਰਸੰਸਾ ਦੇ ਅਧਿਕਾਰੀ ਹਨ।
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਚੁੱਪ ਦਾ ਜ਼ਹਿਰ
ਸ਼ਾਇਰ : ਰਾਊਫ਼ ਸ਼ੇਖ਼
ਲਿਪੀਅੰਤਰ : ਐੱਸ. ਨਸੀਮ
ਪ੍ਰਕਾਸ਼ਕ : ਸਪਰੈਂਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ)
ਮੁੱਲ : 400 ਰੁਪਏ, ਸਫ਼ੇ : 136
ਸੰਪਰਕ : 93572-88232
'ਚੁੱਪ ਦਾ ਜ਼ਹਿਰ' ਪਾਕਿਸਤਾਨੀ ਪੰਜਾਬੀ ਸ਼ਾਇਰ ਦਾ 65 ਗ਼ਜ਼ਲਾਂ ਦਾ ਗ਼ਜ਼ਲ ਸੰਗ੍ਰਹਿ ਹੈ। ਰਾਊਫ ਸ਼ੇਖ ਦਾ ਇਹ ਗ਼ਜ਼ਲ ਸੰਗ੍ਰਹਿ ਐੱਸ. ਨਸੀਮ ਨੇ ਗੁਰਮੁਖੀ ਅੱਖਰਾਂ ਵਿਚ ਲਿਪੀਅੰਤਰ ਕੀਤਾ ਹੈ। ਰਾਊਫ਼ 1933 ਵਿਚ ਹਾਫ਼ਜ਼ਾਬਾਦ ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਚ ਜਨਮਿਆ ਸੀ। ਪ੍ਰੰਤੂ ਬਾਅਦ ਵਿਚ ਲਾਹੌਰ ਆਣ ਵਸਿਆ। ਸ਼ਾਹਮੁਖੀ ਪੰਜਾਬੀ ਵਿਚ ਗ਼ਜ਼ਲਾਂ ਲਿਖਣ ਵਾਲਿਆਂ ਵਿਚ ਰਾਊਫ਼ ਸ਼ੇਖ ਦਾ ਉੱਘਾ ਨਾਂਅ ਹੈ। ਰਾਊਫ਼ ਨੇ ਹਰ ਗ਼ਜ਼ਲ ਦੇ 9 ਸ਼ਿਅਰ ਦਿੱਤੇ ਹਨ ਅਤੇ ਇਕ ਗ਼ਜ਼ਲ 2 ਸਫ਼ਿਆਂ ਵਿਚ ਪੇਸ਼ ਕੀਤੀ ਹੈ। ਪਾਕਿਸਤਾਨੀ ਪੰਜਾਬ ਵਿਚ ਜੋ ਗ਼ਜ਼ਲ ਰਚੀ ਜਾ ਰਹੀ ਹੈ, ਰਾਊਫ਼ ਸ਼ੇਖ਼ ਉਸ ਦਾ ਆਹਲਾ ਨਮੂਨਾ ਪੇਸ਼ ਕਰਦਾ ਹੈ। ਰਾਊਫ਼ ਦੀ ਗ਼ਜ਼ਲ ਜ਼ਿੰਦਗੀ ਦਾ ਫਲਸਫਾ ਪੇਸ਼ ਕਰਦੀ ਹੈ। ਸਾਦਗੀ ਭਰਪੂਰ ਸ਼ਬਦਾਂ ਵਿਚ ਇਹ ਗ਼ਜ਼ਲ ਡੂੰਘੇ ਅਹਿਸਾਸਾਂ ਦੀ ਪੇਸ਼ਕਾਰੀ ਕਰਦੀ ਹੈ। ਉਸ ਦੇ ਸ਼ਿਅਰ ਸਰਲਤਾ ਨਾਲ ਤਰਲਤਾ ਦੇ ਲਖਾਇਕ ਹਨ:
ਲਕੜੀ ਦਿਆਂ ਮਕਾਨਾਂ ਦੇ ਵਿਚ
ਸਾਰੀ ਉਮਰ ਗੁਜ਼ਾਰੀ,
ਜੁੱਸਿਆਂ ਵਿਚ ਵਲੇਟ ਕੇ ਰੱਖੇ
ਲਾਂਬੂ ਬਲਦੀ ਅੱਗ ਦੇ।
ਦੁਨੀਆ ਵਿਚ ਉਦੋਂ ਲੱਭੇਗਾ
ਸੁੱਖ ਦਾ ਸਾਹ ਇਨਸਾਨਾਂ ਨੂੰ,
ਜਦੋਂ ਹਿਯਾਤੀ ਦੇ ਪੈਰਾਂ 'ਚੋਂ
ਜ਼ੰਜੀਰਾਂ ਲਹਿ ਜਾਣਗੀਆਂ।
ਆਪਣੀ ਹਿੱਕ ਦੇ ਜ਼ੋਰ ਤੇ
ਦਰਿਆ ਚੀਰ ਕੇ ਤਰਦੇ ਪਏ ਆਂ,
ਡੁੱਬਣ ਲੱਗਿਆਂ ਘੁੰਮਣ ਘੇਰੀਆਂ ਵਿਚ
ਕਿਉਂ ਤੀਲੇ ਲੱਭੀਏ?
ਆਪਣੇ ਨਾਂਅ ਦੀ ਸ਼ੁਹਰਤ ਦੇ ਲਈ
ਫਨ ਦੇ ਪਾ ਲਏ ਚੋਲੇ
ਰਾਊਫ਼ ਅਤਾਈਆਂ ਦੇ
ਸ਼ਹਿਰ 'ਚੋਂ ਗੂਨ ਸੁਰੀਲੇ ਲੱਭੀਏ।
ਮੰਜ਼ਲ ਦੀ ਸੂਹ ਜਦ ਵੀ ਲੱਗੀ
ਘੁੰਮਣਘੇਰ 'ਚੋਂ ਲੱਭਣੀ ਏ,
ਕੰਢੇ ਨੇ ਧੋਖੇ ਦੇ ਦੀਵੇ ਕੋਲ
ਗਿਆਂ ਬੁਝ ਜਾਂਦੇ ਨੇ।
ਅੱਖੀਆਂ ਦੇ ਵਿਚ ਰਚਿਆ ਹੋਇਐ
ਵਿਰਸਾ ਗੂੜ੍ਹ ਹਨੇਰੇ ਦਾ,
ਏਸੇ ਲਈ ਤਾਂ ਸੂਰਜ
ਆਪਣਾ ਚਿਹਰਾ ਢਕਿਆ ਹੋਇਆ ਏ।
ਰਾਊਫ਼ ਸ਼ੇਖ ਦੀ ਗ਼ਜ਼ਲ ਦਾ ਰੂਪਕ ਪੱਖ ਪੰਜਾਬੀ ਯਾਨਿ ਪਿੰਗਲ ਦਾ ਅਨੁਸਾਰੀ ਹੈ। ਸਾਡੇ ਭਾਰਤੀ ਪੰਜਾਬੀ ਸ਼ਾਇਰ ਆਪਣੀਆਂ ਗ਼ਜ਼ਲਾਂ ਵਿਚ ਬਡੇ ਸੰਗਲਾਖ ਅਰੂਜੀ ਬਹਿਰ ਲੈਂਦੇ ਹਨ ਅਤੇ ਬਹਿਰੀ ਵਿਖਾਵੇ ਕਰਦੇ ਹਨ। ਕਈ ਤਾਂ ਅਰੂਜ ਦੇ 19 ਦੇ 19 ਬਹਿਰਾਂ ਵਿਚ ਕਿੱਲ੍ਹ-ਕਿੱਲ੍ਹ ਕੇ ਸ਼ਿਅਰ ਕਹਿੰਦੇ ਹਨ। ਪਰ ਮੈਂ ਪਾਕਿਸਤਾਨ ਜਾ ਕੇ ਇਹ ਵੇਖਿਆ ਹੈ ਕਿ ਪਾਕਿਸਤਾਨੀ ਪੰਜਾਬ ਦੇ ਗ਼ਜ਼ਲਕਾਰ ਪਿੰਗਲ ਦੇ ਸਾਦੇ ਬਹਿਰ ਲੈਂਦੇ ਹਨ। ਇਹ ਛੰਦ ਅਤੇ ਬਹਿਰ ਫੇਲੁਨ ਤੱਤ ਜੁਜ਼ ਦੇ ਹਨ। ਰਾਊਫ਼ ਨੇ ਆਪਣੀਆਂ ਅੱਧੀਆਂ ਤੋਂ ਵਧੇਰੇ ਗ਼ਜ਼ਲਾਂ, ਛੰਦ ਦੱਵਈਆ ਵਿਚ ਲਿਖੀਆਂ ਹਨ। ਵੱਖਰੀ ਗੱਲ ਹੈ ਕਿ ਇਹ ਦਵੱਈਆ ਵੀ ਤੇ ਸਵੱਈਆ ਵੀ ਮਾਤ੍ਰਿਕ ਨਾ ਹੋ ਕੇ ਫੇਲੁਨ ਵਿਚ ਪਰਿਪੂਰਨ ਹਨ। ਇਹ ਸ਼ਿਅਰ ਵੇਖੋ:
ਨਵੇਂ ਮਸ਼ੀਨੀ ਦੌਰ ਦੇ ਪਾਰੋਂ
ਵਸੋਂ ਮੋਕਲੀ ਹੋ ਗਈ ਏ
ਇਕ ਦੂਜੇ ਨਾਲ ਰਲ ਬੈਠਣ
ਦੀਆਂ ਰਸਮਾਂ ਦਾ ਜੰਜਾਲ ਗਿਆ
(ਸਰੂਪ ਸੱਤ ਫੇਲੁਨ +16=+14=30 ਮਾਤਰਾ ਬਹਿਰ ਕੁਕਭ)
ਫਨ ਨੂੰ ਪਰਕ ਦੇ ਢਕ ਦੇਣ ਦੀ ਉਡ ਗਈ ਰੀਤ ਜ਼ਮਾਨੇ ਤੋਂ,
ਹਰ ਕੋਈ ਉਸ ਦੇ ਗੁਣ ਗਾਉਂਦਾ ਏ
ਸ਼ੁਹਰਤ ਜਿਸ ਦੇ ਨਾਂਅ ਦੀ ਏ।
ਛੰਦ ਕੁਕਭ ਮਾਤਰਾ 16+14=30 ਮਾਤਰਾਂ ਰਾਊਫ ਦੀਆਂ ਸਾਰੀਆਂ ਗ਼ਜ਼ਲਾਂ ਦੇ ਛੰਦ ਪੰਜਾਬੀ ਕਵਿਤਾ ਦੀ ਪ੍ਰਥਾਇ ਹਨ ਤੇ ਮੂੰਹ ਚੜ੍ਹ ਬੋਲਦੇ ਹਨ। ਇਹ ਗ਼ਜ਼ਲ ਸੰਗ੍ਰਹਿ ਸਾਂਭਣਯੋਗ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਆਪਣਾ ਮੂਲ ਪਛਾਣ
ਲੇਖਕ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 94
ਸੰਪਰਕ : 95019-80201
ਇਹ ਨਾਵਲ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਦੀ ਕਹਾਣੀ ਹੈ। ਇਸ ਵਿਚ ਦੇਸ਼ ਵੰਡ ਦਾ ਦੁਖਾਂਤ, ਜ਼ੋਰ ਜ਼ਬਰਦਸਤੀਆਂ, ਇਸ਼ਕ, ਵਫ਼ਾ ਅਤੇ ਬੇਵਫ਼ਾਈ ਦੀ ਦਾਸਤਾਨ ਸਮੋਈ ਹੋਈ ਹੈ। ਸ਼ਰੀਕਾਂ ਦਾ ਦਖਲ, ਮੁਹੱਬਤਾਂ, ਨਫ਼ਰਤਾਂ, ਵਧੀਕੀਆਂ, ਮਿਹਰਬਾਨੀਆਂ, ਕਦਰਦਾਨੀਆਂ ਅਤੇ ਪਹਿਨਾਮੀਆਂ ਨਾਲ ਗੁੰਦੀ ਇਹ ਕਹਾਣੀ ਬਿਸ਼ਨੀ, ਗੁਲਾਬ ਸਿੰਘ, ਸਤਵੀਰ, ਲਾਲ ਅਤੇ ਹੀਰੇ ਦੁਆਲੇ ਘੁੰਮਦੀ ਹੈ। ਮਿਹਨਤਾਂ, ਮੁਸ਼ੱਕਤਾਂ ਨਾਲ ਵਿਧਵਾ ਮਾਂ ਵਲੋਂ ਪਾਲੇ ਹੋਏ ਗੁਲਾਬ ਸਿੰਘ ਨੂੰ ਐਮ.ਐਲ.ਏ. ਦੀ ਟਿਕਟ ਮਿਲ ਜਾਂਦੀ ਹੈ। ਪੈਸੇ ਅਤੇ ਤਾਕਤ ਦੇ ਨਸ਼ੇ ਵਿਚ ਉਸ ਦੇ ਬੱਚੇ ਵਿਗੜ ਜਾਂਦੇ ਹਨ। ਉਸ ਦੀ ਲੜਕੀ ਰਮਣੀਕ ਕਿਸੇ ਸੁਹੇਲ ਨਾਂਅ ਦੇ ਮੁਸਲਮਾਨ ਨਾਲ ਵਿਆਹ ਕਰਵਾ ਲੈਂਦੀ ਹੈ ਜੋ ਉਸ ਨੂੰ ਛੱਡ ਕੇ ਦੌੜ ਜਾਂਦਾ ਹੈ। ਆਖਰ ਉਹ ਆਪਣੇ ਬੱਚੇ ਜ਼ਮੀਲ ਨੂੰ ਲੈ ਕੇ ਪੇਕਿਆਂ ਦੇ ਘਰ ਪਹੁੰਚਦੀ ਹੈ। ਉਸ ਦੇ ਮਾਂ-ਬਾਪ ਉਸ ਨੂੰ ਪੜ੍ਹਾ ਕੇ ਵਿਆਹ ਦਿੰਦੇ ਹਨ। ਰਮਣੀਕ ਦੇ ਭਰਾ ਲਾਲ ਅਤੇ ਹੀਰਾ ਨਸ਼ਿਆਂ ਦੀ ਦਲਦਲ ਵਿਚ ਖੁੱਭ ਜਾਂਦੇ ਹਨ। ਹੌਲੀ-ਹੌਲੀ ਉਹ ਘਰ ਦਾ ਸਾਮਾਨ ਕਾਰ ਆਦਿ ਵੇਚ ਕੇ ਮਹਿੰਗੇ ਨਸ਼ੇ ਕਰਨ ਲੱਗੇ। ਇਕ ਵਾਰ ਤਾਂ ਉਹ ਆਪਣੇ ਪਿਓ ਨੂੰ ਮਾਰਨ ਹੀ ਲੱਗੇ ਸਨ। ਇਸ ਸਦਮੇ ਕਾਰਨ ਉਨ੍ਹਾਂ ਦੇ ਪਿਤਾ ਲਾਲ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਖਾਂਦੇ-ਪੀਂਦੇ ਘਰਾਣਿਆਂ ਦੇ ਮੁੰਡਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਪਰ ਉਹ ਉਥੋਂ ਵੀ ਦੌੜ ਗਏ। ਅਖੀਰ ਉਨ੍ਹਾਂ ਦੇ ਮਾਤਾ-ਪਿਤਾ ਰੱਬ ਦਾ ਲੜ ਫੜਦੇ ਹਨ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਫਿਰ ਉਹ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ। ਇਸ ਤਰ੍ਹਾਂ ਸੰਸਾਰ ਦੇ ਅਗਨ ਸਾਗਰ ਤੋਂ ਬਚ ਕੇ ਉਹ ਪਰਮਾਤਮਾ ਦੀ ਸ਼ਰਨ ਵਿਚ ਸੱਚਾ ਸੁੱਖ ਪ੍ਰਾਪਤ ਕਰਦੇ ਹਨ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ
ਚੋਣ ਕਰਤਾ/ ਸੰਪਾਦਕ: ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ: ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ: 400 ਰੁਪਏ, ਸਫ਼ੇ: 302
ਸੰਪਰਕ: 99588-31357
ਸਿਰਮੌਰ ਪੰਜਾਬੀ ਸਾਹਿਤਕਾਰ ਉਸਤਾਦ ਗ਼ਜ਼ਲਗੋ ਜ਼ਨਾਬ ਸੁਲੱਖਣ ਸਰਹੱਦੀ ਸਾਹਿਬ ਪੰਜਾਬੀ ਗ਼ਜ਼ਲ ਦੇ ਇਕਲੌਤੇ ਅਜਿਹੇ ਹਸਤਾਖ਼ਰ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਾਹਿਤ ਸਭਾਵਾਂ ਅਤੇ ਸਾਹਿਤਕ ਸੰਸਥਾਵਾਂ ਵਲੋਂ ਸਮੇਂ-ਸਮੇਂ 'ਤੇ ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜ, ਪੰਜਾਬੀ ਗ਼ਜ਼ਲ ਦਾ ਸ਼ਹਿਨਸ਼ਾਹ, ਪੰਜਾਬੀ ਗ਼ਜ਼ਲ ਦਾ ਧਰੂ-ਤਾਰਾ ਆਦਿ ਅਨੇਕਾਂ ਉਪਾਧੀਆਂ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੀ ਸ਼ਿਅਰਕਾਰੀ ਵਿਚ ਅੰਤਾਂ ਦੀ ਗਹਿਰਾਈ, ਸਹਿਜਤਾ, ਸਪੱਸ਼ਟਤਾ ਅਤੇ ਸਰਲਤਾ ਦਿਖਾਈ ਦਿੰਦੀ ਹੈ:
ਕਦੋਂ ਦੀ ਮਰ ਗਈ ਹੁੰਦੀ
ਜੇ ਹੁੰਦੀ ਥੀਸਿਸਾਂ ਅੰਦਰ।
ਗ਼ਜ਼ਲ ਮੁਟਿਆਰ ਹੋਈ ਹੈ
ਕਿ ਮਿੱਟੀ ਘਰਾਂ ਅੰਦਰ।
ਇਹ ਪ੍ਰਾਪਤੀ ਵੀ ਕੇਵਲ ਸਰਹੱਦੀ ਸਾਹਿਬ ਦੇ ਹੀ ਹਿੱਸੇ ਆਈ ਹੈ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਨਾਰੀ ਸੰਵੇਦਨਾ ਨਾਲ ਭਰਪੂਰ ਸੈਂਕੜੇ ਖ਼ੂਬਸੂਰਤ ਸ਼ਿਅਰ ਮਿਲਦੇ ਹਨ। ਧੀਆਂ-ਭੈਣਾਂ ਬਾਰੇ ਉਨ੍ਹਾਂ ਦੀ ਸੰਵੇਦਨਾ ਬੜੀ ਡੂੰਘੀ ਅਤੇ ਅਪਣੱਤ ਭਰੀ ਹੈ। ਸ਼ਾਇਦ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਖ਼ੁਦ ਤਿੰਨ ਧੀਆਂ ਦੇ ਪਿਤਾ ਹਨ। ਇਹ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹੀ ਕਮਾਲ ਹੈ ਕਿ ਇਨ੍ਹਾਂ ਸ਼ਿਅਰਾਂ ਨੂੰ ਵਾਰ-ਵਾਰ ਪੜ੍ਹਨ ਦੇ ਬਾਵਜੂਦ ਵੀ ਇਹ ਬਿਲਕੁਲ ਨਵੇਂ-ਨਵੇਲੇ ਮਹਿਸੂਸ ਹੁੰਦੇ ਹਨ:
ਇਹ ਕੁੜੀਆਂ ਵੀ ਧੂਫਾਂ ਨੇ
ਜੋ ਧੁਖ ਰਹੀਆਂ ਵੀ ਮਹਿਕਦੀਆਂ।
ਚਹੁੰ ਪਾਸੀਂ ਬਾਜ਼ਾਂ ਦੇ ਪਹਿਰੇ
ਫਿਰ ਵੀ ਚਿੜੀਆਂ ਚਹਿਕਦੀਆਂ।
ਸਰਹੱਦੀ ਸਾਹਿਬ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਸਾਢੇ ਅੱਠ ਸੌ ਪੰਨਿਆਂ ਦੇ 'ਪਿੰਗਲ ਤੇ ਅਰੂਜ਼ ਸੰਦਰਭ ਕੋਸ਼' ਦੀ ਬੇਮਿਸਾਲ ਪ੍ਰਸਿੱਧੀ ਤੋਂ ਬਾਅਦ ਹੱਥਲੀ ਪੁਸਤਕ 'ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ' ਵਿਚ ਉੱਘੇ ਪੰਜਾਬੀ ਸਾਹਿਤਕਾਰ ਡਾ. ਬਲਦੇਵ ਸਿੰਘ 'ਬੱਦਨ' ਵੱਲੋਂ ਉਨ੍ਹਾਂ ਦੇ ਲਗਭਗ ਤਿੰਨ ਹਜ਼ਾਰ ਚੋਣਵੇਂ ਸ਼ਿਅਰ ਸ਼ਾਮਿਲ ਕੀਤੇ ਗਏ ਹਨ। ਪੰਜਾਬੀ ਸਾਹਿਤਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਲਈ ਸੱਚਮੁੱਚ ਹੀ ਇਹ ਅਣਮੋਲ ਸੌਗਾਤ ਹੈ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਅਤੇ ਸਿੱਖਿਆਰਥੀਆਂ ਦੇ ਨਾਲ-ਨਾਲ ਖੋਜਾਰਥੀਆਂ ਲਈ ਵੀ ਇਕ ਵਰਦਾਨ ਸਾਬਤ ਹੋਵੇਗੀ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸੁਪਨਿਆਂ ਦੀ ਧਰਤੀ ਕੈਨੇਡਾ
ਲੇਖਕ : ਡਾ. ਸੰਦੀਪ ਘੰਡ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 98151-39576
ਸਫ਼ਰਨਾਮਾ ਸਾਹਿਤ ਦੀ ਇਕ ਅਜਿਹੀ ਵਿਧਾ ਹੈ, ਜਿਸ ਵਿਚ ਕੋਈ ਵਿਅਕਤੀ ਆਪਣੇ ਯਾਤਰਾ ਬਿਰਤਾਂਤ ਨੂੰ ਦਰਜ ਕਰਦਾ ਹੈ। ਮਨੁੱਖ ਦੀ ਹਮੇਸ਼ਾ ਹੀ ਇਹ ਇੱਛਾ ਹੁੰਦੀ ਹੈ ਕਿ ਉਹ ਪਰਾਈਆਂ ਧਰਤੀਆਂ ਨੂੰ ਘੁੰਮ ਫਿਰ ਕੇ ਦੇਖੇ ਅਤੇ ਉਥੋਂ ਦੇ ਲੋਕਾਂ ਦੇ ਰਹਿਣ-ਸਹਿਣ ਬਾਰੇ ਪੁਖਤਾ ਜਾਣਕਾਰੀ ਪ੍ਰਾਪਤ ਕਰੇ। 'ਸੁਪਨਿਆਂ ਦੀ ਧਰਤੀ ਕੈਨੇਡਾ' ਡਾ. ਸੰਦੀਪ ਘੰਡ ਦਾ ਅਜਿਹਾ ਹੀ ਸਫਰਨਾਮਾ ਹੈ, ਜਿਸ ਵਿਚ ਉਸ ਨੇ ਆਪਣੀ ਕੈਨੇਡਾ ਯਾਤਰਾ ਦੇ ਸਮਾਚਾਰ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਉਹ ਸ੍ਰੀ ਕਰਤਾਰਪੁਰ ਸਾਹਿਬ ਦੀ ਇਕ ਰੋਜ਼ਾ ਯਾਤਰਾ ਬਾਰੇ ਵੀ ਯਾਤਰਾ ਬਿਰਤਾਂਤ ਲਿਖ ਚੁੱਕਾ ਹੈ। ਭਾਵੇਂ ਕੈਨੇਡਾ ਦੀ ਧਰਤੀ ਬਾਰੇ ਪਹਿਲਾਂ ਵੀ ਸਫ਼ਰਨਾਮੇ ਲਿਖੇ ਜਾ ਚੁੱਕੇ ਹਨ ਪਰ ਹਰੇਕ ਵਿਅਕਤੀ ਦਾ ਨਜ਼ਰੀਆ ਅਤੇ ਯਾਤਰਾ ਕਰਨ ਦਾ ਸਬੱਬ ਦੂਜੇ ਨਾਲੋਂ ਵੱਖਰਾ ਹੁੰਦਾ ਹੈ, ਜੋ ਉਸ ਦੇ ਸਫ਼ਰਨਾਮੇ ਨੂੰ ਵੱਖਰਤਾ ਵੀ ਪ੍ਰਦਾਨ ਕਰਦਾ ਹੈ ਅਤੇ ਉਸ ਦੇ ਅਨੁਭਵ ਦੀ ਮੌਲਿਕਤਾ ਵੀ ਪੇਸ਼ ਕਰਦਾ ਹੈ। ਡਾ. ਸੰਦੀਪ ਘੰਡ ਦੀ ਕੈਨੇਡਾ ਯਾਤਰਾ ਇਸ ਸਫ਼ਰਨਾਮੇ ਦੀ ਜਾਣਕਾਰੀ ਮੁਤਾਬਿਕ ਦੂਜੀ ਵਾਰ ਸੀ, ਪਹਿਲੀ ਵਾਰ ਉਹ ਆਪਣੇ ਬੇਟੇ ਸਿਮਰਨ ਦੀ ਪੜ੍ਹਾਈ ਪੂਰੀ ਹੋਣ 'ਤੇ ਕਾਨਵੋਕੇਸ਼ਨ ਮੌਕੇ ਗਿਆ ਸੀ ਤੇ ਦੂਜੀ ਵਾਰ ਪਰਿਵਾਰਕ ਅਤੇ ਰਿਸ਼ਤੇਦਾਰੀ ਦੇ ਕਿਸੇ ਸਮਾਗਮ ਦੇ ਸੰਬੰਧ ਵਿਚ ਗਿਆ ਸੀ। ਲੇਖਕ ਨੇ ਆਪਣੇ ਕੈਨੇਡਾ ਜਾਣ ਦਾ ਕਾਰਨ ਇਸ ਸਫ਼ਰਨਾਮੇ ਵਿਚ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ। ਲੇਖਕ ਨੇ ਪਰਿਵਾਰਕ ਸਮਾਗਮਾਂ ਤੋਂ ਇਲਾਵਾ ਆਪਣੇ ਦੁਆਰਾ ਕੈਨੇਡਾ ਵਿਚ ਵੇਖੀਆਂ ਥਾਵਾਂ ਬਾਰੇ ਅਤੇ ਪਰਿਵਾਰਕ ਕਾਰਜਾਂ ਬਾਰੇ 20 ਭਾਗਾਂ ਵਿਚ ਵੰਡ ਕੇ ਜਾਣਕਾਰੀ ਪ੍ਰਸਤੁਤ ਕੀਤੀ ਹੈ। ਲੇਖਕ ਨੇ ਜਿਥੇ ਇਸ ਸਫਰਨਾਮੇ ਵਿਚ ਦੇਖਣਯੋਗ ਥਾਵਾਂ ਅਤੇ ਕਿਲ੍ਹਿਆਂ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਯਾਤਰਾ ਸਮੇਂ ਇੰਮੀਗ੍ਰੇਸ਼ਨ ਦੀ ਸਾਰੀ ਕਾਰਵਾਈ ਵੀ ਵਿਸਥਾਰ ਸਹਿਤ ਪੇਸ਼ ਕੀਤੀ ਹੈ, ਜੋ ਆਮ ਪਾਠਕ ਲਈ ਨਵੀਂ ਹੈ। ਇਸ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਅਤੇ ਸੰਬੰਧੀਆਂ ਦੇ ਮਾਣੇ ਸਾਥ ਵੀ ਲੇਖਕ ਨੇ ਰੌਚਿਕਤਾ ਭਰਪੂਰ ਬਿਰਤਾਂਤ ਪੇਸ਼ ਕੀਤਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
-@]-
ਜੱਗਜਣਨੀਆਂ
ਲੇਖਕ: ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ: ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ: 98146-28027
ਹੱਥਲੀ ਪੁਸਤਕ ਵਿਚ ਲੇਖਕ ਨੇ ਭਾਰਤ ਦੀਆਂ ਬਾਈ ਮਹਾਨ ਸੰਤ ਇਸਤਰੀਆਂ ਦਾ ਜੀਵਨ ਬਿਓਰਾ ਇਕੱਤਰ ਕਰਕੇ ਮਹੱਤਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਗਾਰਗੀ ਵਾਚਕਨਵੀ, ਮੈਤ੍ਰੇਈ, ਸੰਤ ਅੰਡਾਲ, ਹਜ਼ਰਤ ਰਾਬੀਆ, ਅੱਕਾ ਮਹਾਂਦੇਵੀ, ਸੰਤ ਮੁਕਤਾ ਬਾਈ, ਸੰਤ ਜਨਾ ਬਾਈ, ਸੰਤ ਸਖੂ ਬਾਈ, ਸੰਤ ਲੱਲੇਸ਼ਵਰੀ, ਸੰਤ ਕਾਨਹੋ ਪਾਤਰਾ, ਸੰਤ ਮੀਰਾ ਬਾਈ, ਸੰਤ ਬਹਿਣਾ ਬਾਈ, ਸੰਤ ਸਹਿਜੋ ਬਾਈ, ਹਜ਼ਰਤ ਬਾਬਾਜਾਨ, ਮਾਤਾ ਸ਼ਾਰਦਾ ਦੇਵੀ, ਸਿਸਟਰ ਨਿਵੇਦਿਤਾ, ਆਨੰਦਮਈ ਮਾਂ, ਮਾਤਾ ਅੰਮ੍ਰਿਤਾਨੰਦਮਈ, ਗੁਰੂਮਈ ਚਿਦਵਿਲਾਸਾਨੰਦਾ, ਅੰਮਾ ਸ੍ਰੀ ਕਰੁਣਾਮਈ, ਰਿਤੰਭਰਾ ਸਾਧਵੀ, ਆਨੰਦਮੂਰਤੀ ਗੁਰੂ ਮਾਂ ਅੰਕਿਤ ਹਨ। ਇਹ ਸੰਤ ਇਸਤਰੀਆਂ ਬਹੁਤੀਆਂ ਮਹਾਂਰਾਸਟਰ ਖੇਤਰ ਨਾਲ ਸੰਬੰਧਿਤ ਹਨ, ਵਿਦੇਸ਼ੀ ਹਮਲਾਵਰਾਂ ਵਲੋਂ ਭਾਰਤ 'ਤੇ ਨਿਰੰਤਰ ਹਮਲੇ ਹੁੰਦੇ ਰਹੇ, ਜਿਨ੍ਹਾਂ ਨੇ ਇੱਥੋਂ ਦੇ ਧਾਰਮਿਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰਾਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਇੱਥੋਂ ਦੀ ਸੋਚਣ ਸ਼ਕਤੀ ਨੂੰ ਵੀ ਕਮਜ਼ੋਰ ਕਰ ਦਿੱਤਾ। ਦੁਸ਼ਮਣਾਂ ਦੇ ਡਰ ਕਾਰਨ ਲੋਕਾਂ ਵਿਚ ਅਸੁਰੱਖਿਆ ਦਾ ਪ੍ਰਭਾਵ ਵਧਦਾ ਗਿਆ ਅਤੇ ਔਰਤਾਂ ਪ੍ਰਤੀ ਸੰਕੀਰਣਤਾ ਵਾਲੀ ਸੋਚ ਬਣਦੀ ਗਈ। ਔਰਤਾਂ ਦੀ ਸੁਤੰਤਰਤਾ 'ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋਈਆਂ ਅਤੇ ਔਰਤਾਂ ਨੂੰ ਘਰ ਦੀ ਚਾਰਦਿਵਾਰੀ ਤੱਕ ਸੀਮਤ ਕਰ ਦਿੱਤਾ ਗਿਆ। ਉਨ੍ਹਾਂ ਦਾ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਵੀ ਸਖ਼ਤੀ ਨਾਲ ਰੋਕ ਦਿੱਤਾ ਗਿਆ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਤਿਉਂ-ਤਿਉਂ ਉਨ੍ਹਾਂ ਦਾ ਆਤਮਵਿਸ਼ਵਾਸ ਖ਼ਤਮ ਹੁੰਦਾ ਗਿਆ ਅਤੇ ਉਹ ਆਪਣੇ-ਆਪ ਨੂੰ ਮਰਦਾਂ ਨਾਲੋਂ ਕਮਜ਼ੋਰ ਸਮਝਣ ਲੱਗੀਆਂ, ਪਰ ਭਾਰਤ ਵਿਚ ਔਰਤਾਂ ਦੀ ਹਾਲਤ ਹਮੇਸ਼ਾ ਹੀ ਅਜਿਹੀ ਨਹੀਂ ਰਹੀ। ਵੈਦਿਕ ਕਾਲ ਵਿਚ ਔਰਤਾਂ ਮਰਦਾਂ ਵਾਂਗ ਹੀ ਵੇਦਾਂ, ਸ਼ਾਸਤਰਾਂ ਆਦਿ ਗ੍ਰੰਥਾਂ ਦਾ ਕੇਵਲ ਗਿਆਨ ਹੀ ਨਹੀਂ ਰੱਖਦੀਆਂ ਸਨ, ਬਲਕਿ ਆਪਣੇ ਸਮਕਾਲੀ ਮਰਦ ਦਾਰਸ਼ਨਿਕਾਂ ਦੇ ਮੁਕਾਬਲੇ ਜ਼ਿਆਦਾ ਗਿਆਨਵਾਨ ਵੀ ਸਮਝੀਆਂ ਜਾਂਦੀਆਂ ਸਨ। ਉਸ ਸੁਨਹਿਰੇ ਦੌਰ ਵਿਚ ਔਰਤਾਂ ਦਰਸ਼ਨ, ਗਣਿਤ, ਸੰਗੀਤ ਅਤੇ ਸ਼ਿਲਪ ਆਦਿ ਤੋਂ ਇਲਾਵਾ ਤੀਰ-ਅੰਦਾਜ਼ੀ ਅਤੇ ਜੰਗੀ ਕਲਾ ਵਿਚ ਵੀ ਨਿਪੁੰਨ ਹੁੰਦੀਆਂ ਸਨ। ਮਰਦਾਂ ਵਾਂਗ ਉਨ੍ਹਾਂ ਨੂੰ ਵੀ ਬ੍ਰਹਮਚਾਰੀ ਜੀਵਨ ਦਾ ਪਾਲਣ ਕਰਦਿਆਂ ਅਧਿਐਨ ਕਰਨ ਦਾ ਹੱਕ ਪ੍ਰਾਪਤ ਸੀ। ਲੇਖਕ ਨੇ ਇਨ੍ਹਾਂ ਮਹਾਨ ਇਸਤਰੀ ਸੰਤਜਨਾਂ ਦਾ ਜੀਵਨ ਅੰਕਿਤ ਕਰ ਕੇ ਵੱਡੀ ਘਾਲਣਾ ਵਾਲਾ ਕਾਰਜ ਕੀਤਾ ਹੈ। ਸਾਹਿਤਕ ਪੱਧਰ 'ਤੇ ਵੀ ਇਨ੍ਹਾਂ ਵੱਲੋਂ ਰਚੇ ਗਏ ਸਾਹਿਤ ਕਾਰਜ ਨੂੰ ਪਾਠਕ ਜਨਤਕ ਪਹੁੰਚਾਉਣ ਦਾ ਸ਼ਾਇਦ ਇਹ ਚੰਗਾ ਉਪਰਾਲਾ ਹੈ। ਮਰਦ ਸੰਤਜਨਾਂ ਦੇ ਜੀਵਨ ਬਿਰਤਾਂਤ ਇਤਿਹਾਸ ਤੇ ਸਾਹਿਤ ਦੇ ਪਿੜ ਵਿਚ ਅਕਸਰ ਮਿਲ ਜਾਂਦਾ ਹੈ, ਪਰ ਇਸਤਰੀ ਸੰਤਾਂ ਬਾਰੇ ਇਹ ਕਿਤਾਬ ਮੁੱਲਵਾਨ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਧਰਤੀ ਦੀ ਕੰਬਣੀ
ਕਵੀ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98151-23900
ਮਨਮੋਹਨ ਸਿੰਘ ਦਾਊਂ ਪੰਜਾਬੀ ਕਵਿਤਾ ਦਾ ਇਕ ਸਸ਼ਕਤ ਹਸਤਾਖਰ ਹੈ। ਉਹ ਕਵਿਤਾ ਨੂੰ ਕੇਵਲ ਲਿਖਦਾ/ਸਿਰਜਦਾ ਹੀ ਨਹੀਂ, ਸਗੋਂ ਕਵਿਤਾ ਨੂੰ ਜੀਂਦਾ ਹੈ। ਉਹ ਲਗਾਤਾਰ ਸਿਰਜਣਾਤਮਿਕਤਾ ਵਿਚ ਰਹਿੰਦਾ ਅਤੇ ਸਿਰਜਣਾ ਉਤੇ ਮਾਣ ਕਰਦਾ ਹੈ। ਉਹ ਹਥਲੀ ਕਾਵਿ ਪੁਸਤਕ 'ਧਰਤੀ ਦੀ ਕੰਬਣੀ' ਤੋਂ ਪਹਿਲਾਂ 12 ਪੁਸਤਕਾਂ ਪੰਜਾਬੀ ਮਾਂ-ਬੋਲੀ ਨੂੰ ਭੇਟ ਕਰ ਚੁੱਕਾ ਹੈ। ਇਨ੍ਹਾਂ ਵਿਚ ਖ਼ਾਮੋਸ਼ ਚਸ਼ਮਾ (1971), ਦਰਦ ਸੰਗ ਦੋਸਤੀ (1975), ਮਿੱਟੀ ਦਾ ਰੁਦਨ (1986), ਰਾਤਾਂ ਪ੍ਰਭਾਤਾਂ (1988), ਅਗੰਮ ਆਗੋਚਰ (2003), ਸ਼ਾਇਰੀ ਦਾ ਸਰਵਰ (2007) ਆਦਿ ਕਾਵਿ ਸੰਗ੍ਰਹਿ ਪਾਠਕਾਂ ਵਲੋਂ ਸਲਾਹੇ ਗਏ। ਚਾਨਣ ਦੀ ਪੈੜ (2019) ਅਤੇ ਸਮਿਆਂ ਦੇ ਨਾਇਕ (2020) ਉਸ ਦੇ ਚਰਚਿਤ ਕਾਵਿ ਸੰਗ੍ਰਹਿ ਹਨ।
ਹਥਲੀ ਪੁਸਤਕ ਵਿਚ ਕਵੀ ਦਾਊਂ ਨੇ ਕੁੱਲ 86 ਸ਼ਾਨਦਾਰ ਅਤੇ ਜਾਨਦਾਰ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ 86 ਕਵਿਤਾਵਾਂ ਨੂੰ ਉਸ ਨੇ ਸਰਗਾਂ ਵਿਚ ਵੰਡ ਕੇ ਪੇਸ਼ ਕੀਤਾ ਹੈ। ਪਹਿਲੇ ਸਰਗ ਵਿਚ ਉਸ ਨੇ 40 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ ਤੇ ਇਸ ਸਰਗ ਦਾ ਨਾਂਅ ਉਸ ਨੇ 'ਚਤਨ ਤੇ ਸੰਵੇਦਨਾ ਸੰਗ ਤੁਰਦੇ ਤੁਰਦੇ' ਰੱਖਿਆ ਹੈ। ਦੂਜੇ ਸਰਗ ਨੂੰ ਉਸ ਨੇ 'ਅਤੀਤ ਦੀ ਖਿੜਕੀ' ਦਾ ਨਾਂਅ ਦਿੱਤਾ ਹੈ ਤੇ ਇਸ ਸਰਗ ਵਿਚ 10 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਤੀਜੇ ਤੇ ਆਖਰੀ ਸਰਗ ਦਾ ਕਾਵਿ ਸਿਰਨਾਵਾਂ ਕਵੀ ਨੇ 'ਨਿੱਕੀਆਂ ਕਵਿਤਾਵਾਂ/ਵਰਤਮਾਨ ਨਾਲ ਗੱਲਾਂ' ਰੱਖਿਆ ਹੈ। ਉਸ ਦਾ ਪਹਿਲਾ ਸਰਗ ਮਹੱਤਵਪੂਰਨ ਹੈ, ਜਿਸ ਵਿਚ ਉਸ ਵਲੋਂ 40 ਕਵਿਤਾਵਾਂ ਦਾ ਜਲੌਅ ਪੇਸ਼ ਕੀਤਾ ਗਿਆ। ਪਹਿਲੇ ਸਰਗ ਦੀ ਆਖਰੀ ਕਵਿਤਾ ਵਿਚ ਕਵੀ ਨੇ ਜੰਗਾਂ-ਯੁੱਧਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਆਪਣੇ ਸ਼ਬਦਾਂ ਨਾਲ ਹਿਕਾਰਤੀ ਬਣਾਇਆ ਹੈ ਭਾਵ ਜੰਗਾਂ ਤੋਂ ਨਫ਼ਰਤ ਉਪਜਾਈ ਹੈ।
ਸੰਸਾਰ ਅਮਨ ਦੇ ਨਾਂਅ 'ਜੰਗ ਕਰਦੀ, ਧਰਤੀ ਨੂੰ ਬਦਰੰਗ, ਕੰਬਦੀ ਹੈ ਧਰਤੀ, ਅੰਬਰ ਭਰਦਾ ਹੈ ਹਉਕੇ, ...ਸਾਗਰੀ ਜੀਵਾਂ 'ਤੇ ਕਹਿਰ ਢਹਿੰਦਾ, ਬਿਰਖ ਲੂਸ ਜਾਂਦੇ, ਵੈਣ ਪਾਉਂਦੇ,...ਬਲਿਹਾਰੀ ਕੁਦਰਤ ਜ਼ਖ਼ਮੀ ਹੁੰਦੀ/ ਮਿੱਟੀ ਦੀ ਕੁੱਖ ਸੜਦੀ, .... ਮਾਸੂਮ ਬੱਚੇ, ਅਬਲਾ ਲੋਕਾਈ, ਬੇਦੋਸ਼ੀ ਮਨੁੱਖਤਾ, ਲਹੂ 'ਚ ਲਥਪਥ ਹੁੰਦੇ... ਇਸ ਕਵਿਤਾ ਵਿਚ ਕਵੀ ਨੇ ਆਖਰੀ ਪਹਿਰੇ ਵਿਚ ਬੜਾ ਹੀ ਸਾਰਥਿਕ ਨਿਚੋੜ ਕੱਢਿਆ ਹੈ:
ਹਥਿਆਰਾਂ ਦੇ ਸੌਦਾਗਰੋ, ਐ ਜੰਗ ਬਾਜ਼ੋ, ਦੈਤੋਂ, ਕਰਿੰਦਿਓ, ਸੁਣੋ ਕੰਨ ਲਾ ਕੇ, ਜਨਤਾ ਹੈ ਕਹਿੰਦੀ : ਧਰਤੀ ਦੀ ਹੂਕ 'ਚ, ਸ਼ਕਤੀ ਬੜੀ ਹੈ, ਅਮਨਾਂ ਦੇ ਅਮਲ ਹੀ, ਮਸਲੇ ਨਜਿੱਠਣਗੇ ਕਵੀ ਦੀਆਂ ਸਮੁੱਚੀਆਂ ਕਵਿਤਾਵਾਂ ਵਿਚ ਮਨੁੱਖਤਾ ਦੇ ਹਿਤ ਵਿਚ ਜਜ਼ਬਾਤ ਪੇਸ਼ ਕੀਤੇ ਗਏ ਹਨ। ਜੀਵਨ ਜਾਚ ਨੂੰ ਉਜਾਗਰ ਕੀਤਾ ਗਿਆ ਹੈ:
ਜੀਵਨ ਕਾਲ : ਬਰਫ਼ ਦਾ ਡਲਾ ਪਿਘਲ ਕੇ, ਪਾਣੀ ਬਣ ਜਾਂਦਾ ਆਖਰ, ਪੱਥਰ ਬਣਿਆ ਕਠੋਰ ਦਿਲ ਜੇ, ਮੋਮ ਬਣ ਜਾਂਦੇ ਤਾਂ ਚੰਗਾ... (ਸਫ਼ਾ 95), ਮਾਂ ਨੂੰ ਕਾਵਿ ਸ਼ਰਧਾਂਜਲੀ ਪੇਸ਼ ਕਰਦਿਆਂ ਕਵੀ ਕਹਿੰਦਾ ਹੈ, 'ਮਮਤਾ ਦਾ ਨੂਰ ਕੁਰਬਾਨੀ ਦੀ ਪੁੰਜ, ਠੰਢੜੀ ਛਾਂ, ਕਿੰਨੇ ਸ਼ਬਦ ਚੇਤੇ ਕਰਵਾਉਂਦੀ ਹੈ ਮਾਂ, ਧੰਨ ਸ਼ਬਦਾਂ ਦੀ ਲੀਲਾ, ਕਿੰਜ ਮਾਂ ਤੋਂ ਸਦਕੇ ਜਾਂ... (ਸਫ਼ਾ 17)
ਮੁਹੱਬਤ ਦੀ ਜਰੀਬ ਕਵਿਤਾ ਵਿਚ ਕਵੀ ਚਾਹੁੰਦਾ ਹੈ ਕਿ ਮੁਹੱਬਤ ਮਾਪਣ ਲਈ ਵੀ ਕੋਈ ਇਲਾਹੀ ਜਰੀਬ ਜ਼ਰੂਰੀ ਹੈ 'ਰੁੱਖ ਬੂਟੇ, ਜੀਵ ਤੇ ਪੰਛੀ, ਥਾਂ ਕੁ ਥਾਂ ਲਈ ਕਦੇ ਨਾ ਲੜਦੇ, ਧਰਤੀ ਦੇ ਹਮਸਾਏ ਐਪਰ, ਕੱਖ ਕਾਨਿਆਂ ਵਾਂਗੂ ਸੜਦੇ, ਕਿਸ ਛੱਤ ਥੱਲੇ ਬੈਠ ਸਕੇਂਗਾ, ਜੇ ਚਾਨਣ ਦੀ ਕਿਰਨ ਹੀ ਖੋਦੀ, ਮੇਰੇ ਰਾਮ ਜੀਓ, ਘੋੜ ਜਰੀਬ ਮੁਹੱਬਤ ਕੋਈ...(ਸਫ਼ਾ 2)
'ਸ਼ਾਇਰੀ ਦੇ ਕਰਮ ਬਾਰੇ' ਕਵਿਤਾ ਵਿਚ ਕਵੀ ਨੇ ਕਵਿਤਾ ਦੀ ਪਰਿਭਾਸ਼ਾ ਵੀ ਦਿੱਤੀ ਹੈ ਐਪਰ ਉਸ ਦਾ ਕਰਮ ਵੀ ਖੇਤਰ ਵੀ ਨਿਸ਼ਚਿਤ ਕੀਤਾ ਹੈ। 'ਸ਼ਾਇਰੀ, ਸ਼ਬਦਾਂ ਦੀ ਦਰਗਾਹ ਤੇ... ਚਾਨਣ ਦੇ ਦੀਵੇ ਜਗਾਉਂਦੀ, ਸ਼ਾਇਰੀ, ਅਰਥਾਂ ਦੇ ਦਿਸਹੱਦਿਆਂ ਨੂੰ, ਸਾਗਰ ਨਾਲੇ ਮੇਲਦੀ, ਅਨੰਤਤਾ ਦੇ ਅਸੰਖ ਰੂਪ ਚਿਤਵਦੀ, ਕੁਲ ਆਲਮ ਨੂੰ ਕਲਾਵੇ ਵਿਚ ਲੈਂਦੀ, ਕਰਤਾ ਹੀ ਹੁਨਰ ਹੈ, ...ਜ਼ਿੰਦਗੀ ਦੇ ਸੁਪਨਿਆਂ ਦੀ ਵਰਣਮਾਲਾ... ਅੱਗ ਦੇ ਸਫੇ ਦਾ ਇਕ ਸਫਰ ਹੈ, ਉਦਾਸੀਆਂ ਲਈ ਗਾਉਂਦੀ ਰਬਾਬ ਹੈ। ਜੋ ਰੂਹਾਨੀ ਅੱਖਰਾਂ ਨੂੰ ਬ੍ਰਹਮ ਬਣਾਉਂਦੀ ਹੈ (ਸਫ਼ਾ : 25)
ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਬਹਿਰ, ਛੰਦ ਆਦਿ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਗਈ ਪਰ ਕਈ ਕਵਿਤਾਵਾਂ ਵਿਚ ਕਵੀ ਨੇ ਬੈਂਤ ਵਰਗੇ ਛੰਦ ਵਰਤ ਕੇ ਆਪਣੀ ਕਾਵਿ ਪ੍ਰਬੀਨਤਾ ਦਾ ਮੁਜ਼ਾਹਰਾ ਕੀਤਾ ਹੈ। ਸਾਰੀ ਕਵਿਤਾ ਮਨੁੱਖਤਾ ਦੇ ਭਲੇ ਵਾਸਤੇ ਤਾਂਘ ਹੈ। ਇਹ ਕਵਿਤਾ ਇਕ ਅਹਿਦਨਾਮਾ ਹੈ, ਜ਼ਿੰਦਗੀ ਦੀ ਨਿਰੰਤਰਤਾ ਹੈ। ਜਿਵੇਂ ਦਰਿਆ ਓਹੀ ਸਲਾਹੇ ਜਾਂਦੇ ਹਨ ਜੋ ਸ਼ਾਂਤ ਅਤੇ ਧਰਤੀ ਤੋਂ ਨੀਵੇਂ ਵਗਦਿਆਂ ਖੇਤਾਂ ਅਤੇ ਜ਼ਿੰਦਗੀ ਲਈ ਤ੍ਰਿਪਤੀ ਬਣਦੇ ਹਨ। ਮਨਮੋਹਨ ਸਿੰਘ ਦਾਊਂ ਦੀ ਇਹ ਕਵਿਤਾ ਵੀ ਜ਼ਿੰਦਗੀ ਦੀ ਪੁਸਤਕ ਦੀ ਵਰਣਮਾਲਾ ਹੈ।
c c c
ਤੇਰੇ ਕਰਕੇ
ਸ਼ਾਇਰ : ਜਸਵੀਰ ਫ਼ੀਰਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 84373-68027
'ਤੇਰੇ ਕਰਕੇ' ਗ਼ਜ਼ਲ ਸੰਗ੍ਰਹਿ ਜਸਵੀਰ ਫ਼ੀਰਾ ਦੀ ਪਹਿਲੀ ਸਾਹਿਤਕ ਪੁਸਤਕ ਹੈ ਜੋ ਕਿ ਗ਼ਜ਼ਲ ਸੰਗ੍ਰਹਿ ਹੈ। ਨੌਜਵਾਨ ਸ਼ਾਇਰ ਫ਼ੀਰਾ ਨੇ ਆਪਣੇ ਪਹਿਲ ਪਲੇਠੇ ਗ਼ਜ਼ਲ ਸੰਗ੍ਰਹਿ ਵਿਚ ਕੁੱਲ 66 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਪੰਜਾਬੀ ਗ਼ਜ਼ਲ ਦਾ ਸੂਰਜ ਇਸ ਵੱਲ ਪੰਜਾਬੀ ਕਾਵਿ ਦੇ ਗਗਨਾਂ ਵਿਚ ਐਨ ਸਿਰ ਉੱਪਰ ਹੈ। ਨਾਮਵਰ ਸ਼ਾਇਰ ਕੁਲਬੀਰ ਸਿੰਘ ਕੰਵਲ ਨੇ ਇਸ ਦੀ ਭੂਮਿਕਾ ਲਿਖੀ ਹੈ। ਭਾਵੇਂ ਪੰਜਾਬੀ ਗ਼ਜ਼ਲ ਬਹੁਤ ਤਰੱਕੀ ਕਰ ਚੁੱਕੀ ਹੈ ਪਰ ਨਵੀਆਂ ਕਲਮਾਂ ਦਾ ਕਦੇ-ਕਦੇ ਕਲਾਮ ਥੋੜ੍ਹਾ ਮਿਹਨਤ ਪੱਖੋਂ ਨਰਮ ਹੁੰਦਾ ਹੈ ਪਰ ਜਸਵੀਰ ਫ਼ੀਰਾ ਦੀ ਮਿਹਨਤ ਨੇ ਆਪਣਾ ਰੰਗ ਵਿਖਾਇਆ ਹੈ। ਬਲਬੀਰ ਕੌਰ ਬੱਬੂ ਸੈਣੀ ਪੁਸਤਕ ਦੇ ਬੈਕ ਟਾਈਟਲ ਉੱਤੇ ਲਿਖਦੇ ਹਨ ਕਿ ਜਸਵੀਰ ਫ਼ੀਰਾ ਨੂੰ ਸਮਾਜ ਵਿਚ ਜੋ ਮਸਲੇ ਪੇਸ਼ ਹਨ, ਸ਼ਾਇਰ ਨੇ ਉਨ੍ਹਾਂ ਉੱਤੇ ਆਪਣੀ ਕਲਮ ਚਲਾਈ ਹੈ।
ਜਸਵੀਰ ਦੀਆਂ ਗ਼ਜ਼ਲਾਂ ਦੀ ਵੱਡੀ ਖ਼ੂਬੀ ਉਸ ਦੀ ਸਰਲ ਭਾਸ਼ਾ ਦੀ ਸਹਿਜਤਾ ਹੈ। ਉਹ ਆਪਣੀ ਗੱਲ ਨੂੰ ਸ਼ਬਦਾਂ ਵਿਚ ਉਲਝਾਉਂਦਾ ਨਹੀਂ ਸਗੋਂ ਸਾਦਗੀ ਨਾਲ ਸ਼ਿਅਰਾਂ ਵਿਚ ਪੇਸ਼ ਕਰਦਾ ਹੈ, ਉਸ ਦੇ ਸ਼ਿਅਰਾਂ ਵਿਚ ਸਮਾਜਿਕ ਬੁਰਾਈਆਂ ਨੂੰ ਆੜੇ ਹੱਥੀਂ ਲਿਆ ਗਿਆ ਹੈ। ਸਮਾਜਿਕ ਲੁੱਟ-ਘਸੁੱਟ, ਸੀਨਾ ਜ਼ੋਰੀ ਅਤੇ ਰਾਜਨੀਤੀ ਵਿਚ ਧੱਕੇ-ਸ਼ਾਹੀਆਂ, ਬੇਰੁਜ਼ਗਾਰੀ, ਨਸ਼ਿਆਂ ਦਾ ਕਹਿਰ ਉਸ ਨੇ ਬੜੀ ਬੇਬਾਕੀ ਨਾਲ ਸ਼ਿਅਰਾਂ ਵਿਚ ਢਾਲਿਆ ਹੈ।
ਤੂੰ ਰੱਬਾ ਦੱਸਦੇ ਮਸਜਿਦ ਮੰਦਰ,
ਗੁਰਦੁਆਰੇ ਗਿਰਜਿਆਂ ਵਿਚ ਹੈ?
ਤੇਰਾ ਦਸ ਕੋਈ ਪਤਾ ਟਿਕਾਣਾ,
ਕੀ ਇਨਸਾਨਾਂ ਫਿਰਦਿਆਂ ਵਿਚ ਹੈ?
ਕੀ ਧਰਮ ਦੇ ਨਾਂਅ 'ਤੇ ਆਪਸ ਦੇ ਵਿਚ
ਬੰਦੇ ਲੜਦਿਆਂ ਭਿੜਦਿਆਂ ਵਿਚ ਹੈਂ?
ਉਸ ਦਾ ਸਫ਼ਰ ਨਿਰੰਤਰ ਜਾਰੀ ਹੈ :
ਸਫ਼ਰ ਨਿਰੰਤਰ ਜਾਰੀ ਮੰਜ਼ਲ ਦੂਰ ਨਹੀਂ
ਨਾਲ ਹਨੇਰੇ ਵੀ ਅੜਦਾ ਹਾਂ ਤੇਰੇ ਕਰਕੇ।
ਰਿਸ਼ਤਿਆਂ ਵਿਚ ਲਾਲਚ ਕਰਕੇ ਜੋ ਤ੍ਰੇੜਾਂ ਪੈ ਰਹੀਆਂ ਨੇ ਉਸ ਬਾਰੇ ਸ਼ਾਇਰ ਕਹਿੰਦਾ ਹੈ :
-ਅਕਸਰ ਕੰਧਾਂ ਵਿਚ ਤਰੇੜਾਂ ਹੁੰਦੀਆਂ ਨੇ
ਅੱਜ ਰਿਸ਼ਤਿਆਂ ਵਿਚ ਤ੍ਰੇੜਾਂ ਪੈ ਰਹੀਆਂ।
-ਦੁੱਖ ਵੇਲੇ ਕੀ ਵੈਣ ਕੀਰਨੇ ਪਾਉਣਗੀਆਂ,
ਭੈਣਾਂ ਹੀ ਭੈਣਾਂ ਨੂੰ ਸੌਂਕਣ ਕਹਿ ਰਹੀਆਂ।
ਕਿਸਾਨਾਂ ਦੀ ਖ਼ੁਦਕੁਸ਼ੀ ਬਾਰੇ ਸ਼ਾਇਰ ਕਹਿੰਦਾ ਹੈ:
-ਫਾਹੇ ਲੈ ਲੈ ਮਰਦੇ ਮਜ਼ਦੂਰ-ਕਿਸਾਨ ਵੇਖੇ ਮੈਂ,
ਮਹਿਲਾਂ ਦੇ ਮਾਲਕ ਬਣਦੇ ਠੱਗ ਬੇਈਮਾਨ ਵੇਖੇ ਮੈਂ।
ਰਾਜਨੀਤੀ ਬਾਰੇ ਸ਼ਾਇਰ ਕਹਿੰਦਾ ਹੈ :
ਹੁੰਦੀ ਰਾਜਨੀਤੀ ਵੀ
ਧਰਮਾਂ ਦੇ ਨਾਮ ਉੱਤੇ,
ਕੁਰਸੀ ਖ਼ਾਤਰ ਵਿਕਦੇ
ਇਮਾਨ ਵੇਖੇ ਮੈਂ।
ਬਚਪਨ ਵਿਚ ਹੋ ਰਹੀ ਦੁਰਦਸ਼ਾ ਬਾਰੇ ਫੀਰਾ ਲਿਖਦਾ ਹੈ :
ਵੇਖ ਕੇ ਗੰਦਗੀ ਚਿੱਤ
ਕਿਸੇ ਦਾ ਘਿਰਦਾ ਹੈ
ਓਥੇ ਬਚਪਨ ਜੂਠਨ
ਚੁਗਦਾ ਫਿਰਦਾ ਹੈ।
ਵਿਕਾਸ ਦੇ ਝੂਠੇ ਦਾਅਵਿਆਂ ਬਾਰੇ ਸ਼ਾਇਰ ਸੁਆਲ ਕਰਦਾ ਹੈ :
ਫੇਰ ਤਰੱਕੀ ਵੱਲ ਨਾ ਵਧਿਆ ਦੇਸ਼ ਕਿਉਂ
ਆਜ਼ਾਦ ਹੋਇਆ ਤਾਂ ਵੇਖੋ ਕਿੰਨੇ ਚਿਰ ਦਾ ਹੈ?
ਲਾਰਿਆਂ ਦੀ ਰਾਜਨੀਤੀ ਬਾਰੇ ਸ਼ਾਇਰ ਕਹਿੰਦਾ ਹੈ:
ਮਸਲੇ ਹੱਲ ਨਈਂ ਕਰਦਾ ਬਣਿਆ ਲੀਡਰ ਜੋ,
ਤਖ਼ਤੋਂ ਲਾਹ ਦਿਉ ਨੇਤਾ ਜਿਸ ਵੀ ਧਿਰ ਦਾ ਹੈ।
ਭਾਵੇਂ ਜਸਵੀਰ ਦੀਆਂ ਗ਼ਜ਼ਲਾਂ ਵਿਚ ਕਿਤੇ ਕਿਤੇ ਕੁਝ ਮਾਮੂਲੀ ਉਕਾਈਆਂ ਹਨ ਪਰ ਖਿਆਲਾਂ ਦੀ ਪੇਸ਼ਕਾਰੀ ਪੱਖੋਂ ਉਹ ਅਮੀਰ ਹੈ ਅਤੇ ਉਸ ਉੱਤੇ ਆਸ ਕੀਤੀ ਜਾ ਸਕਦੀ ਹੈ ਕਿ ਜੇਕਰ ਉਹ ਮਿਹਨਤ ਕਰਦਾ ਰਿਹਾ ਤਾਂ ਵਧੀਆ ਤੇ ਨਵ-ਪ੍ਰਤਿਭਾ ਦਾ ਲਖਾਇਕ ਗ਼ਜ਼ਲਗੋ ਬਣੇਗਾ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਉੱਲੂ ਤਾਂ ਹੁਣ
ਵੀ ਬੋਲ ਰਹੇ ਨੇ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299, ਸਫ਼ੇ : 183
ਸੰਪਰਕ : 99153-35032
ਕਿਤਾਬਾਂ ਤਾਂ ਨਿੱਤ ਹੀ ਪੜ੍ਹੀਂਦੀਆਂ ਨੇ ਪਰ ਹਥਲੀ ਵਿਚਾਰਧੀਨ ਪੁਸਤਕ ਲੇਖਕ ਦੇ ਵਿਲੱਖਣ ਅਸਤਿਤਵ ਦੀ ਦਾਸਤਾਨ ਹੈ। ਇਸ ਨੂੰ ਸਰਕਾਰੀ ਸਰਵਿਸ ਵਾਲੀ ਸਵੈ-ਜੀਵਨੀ/ਆਤਮ-ਕਥਾ ਵੀ ਕਿਹਾ ਜਾ ਸਕਦਾ ਹੈ ਹੈ। ਲੇਖਕ ਨੇ ਆਪਣੇ ਜੀਵਨ ਦੀਆਂ ਘਟਨਾਵਾਂ (ਅੱਖੀਂ ਵੇਖੀਆਂ, ਹੱਡੀਂ ਹੰਢਾਈਆਂ, ਅਨੁਭਵ ਕੀਤੀਆਂ) ਨੂੰ 26 ਸਿਰਲੇਖਾਂ ਹੇਠ ਬੜੀ ਕਲਾਤਮਿਕ, ਉੱਤਮ ਪੁਰਖੀ ਸ਼ੈਲੀ ਅਤੇ ਆਕਰਸ਼ਿਕ ਭਾਸ਼ਾ ਵਿਚ ਸਿਰਜਿਆ ਹੈ। ਲੇਖਕ ਨੇ ਆਪਣੇ ਦੱਬੇ-ਘੁੱਟੇ ਭਾਵਾਂ ਦਾ ਵਿਰੋਚਣ (ਕਥਾਹਸਿਸੀ) ਕੀਤਾ ਹੈ। ਲੇਖਕ ਐਮ.ਏ., ਐਮ. ਫਿਲ ਹੈ। ਉਹ ਕਾਨੂੰਨਗੋ ਤੋਂ ਤਰੱਕੀ ਕਰਦਾ ਹੋਇਆ, ਨਾਇਬ ਤਹਿਸੀਲਦਾਰ, ਤਹਿਸੀਲਦਾਰ, ਡਿਪਟੀ ਸੈਕਟਰੀ ਅਰਬਨ ਡਿਵੈੱਲਪਮੈਂਟ ਤੋਂ ਐਸ.ਡੀ.ਐਮ. ਤੱਕ ਆਪਣੇ ਅਸਤਿਤਵ ਦਾ ਵਿਕਾਸ ਕਰਦਾ ਹੈ। ਗ਼ਰੀਬੀ ਵਿਚ ਪੜ੍ਹਾਈ ਕਰਦਿਆਂ ਉਨ੍ਹਾਂ ਥਾਵਾਂ, ਪਿੰਡ ਦੇ ਖੇਤਾਂ ਨੂੰ ਯਾਦ ਕਰਦਾ ਹੈ, ਜਿੱਥੇ ਬੈਠ ਕੇ ਪੜ੍ਹਦਾ ਹੁੰਦਾ ਸੀ। ਕਈ ਸੌੜੀ ਸੋਚ ਵਾਲੇ ਸਮਝਦੇ ਹਨ ਕਿ ਉਹ ਰਾਖਵੇਂਕਰਨ ਕਰਕੇ ਤਰੱਕੀ ਕਰਦਾ ਗਿਆ ਪਰ ਉਸ ਦੀ ਸਖ਼ਤ ਮਿਹਨਤ ਨੂੰ ਅੱਖੋਂ-ਪਰੋਖੇ ਕਰ ਜਾਂਦੇ ਹਨ। ਰਾਮ ਸਿੰਘ ਮਾਲ ਵਿਭਾਗ ਵਿਚ ਆਪਣਾ ਰੋਲ ਨਿਭਾਉਂਦਿਆਂ ਆਪਣੀ ਹੋਂਦ, ਵਜੂਦੀਅਤ, ਅਸਤਿਤਵ ਨੂੰ ਅਨੇਕਾਂ ਵਾਰ ਖ਼ਤਰੇ ਵਿਚ ਪਾਉਂਦਾ ਹੈ ਪਰ ਸੱਚੇ ਮਾਰਗ ਚਲਦਿਆਂ ਆਪਣੀ ਜ਼ਮੀਰ ਦੀ ਕਦਰ ਕਰਦਾ ਹੋਇਆ, ਆਪਣੇ ਅਸਤਿਤਵ ਨੂੰ ਬੁਲੰਦ ਰੱਖਣ ਵਿਚ ਸਫਲ ਹੁੰਦਾ ਵੇਖਿਆ ਜਾ ਸਕਦਾ ਹੈ। ਉਹ ਜੀਵਨ ਦੀਆਂ ਸਾਧਾਰਨ ਘਟਨਾਵਾਂ ਵਿਚੋਂ ਡੂੰਘੇ ਅਰਥ ਤਲਾਸ਼ਦਾ ਹੈ। ਕਾਰਜਾਂ ਪਿੱਛੇ ਛੁਪੇ ਕਾਰਨਾਂ ਦੀ ਢੂੰਡ ਕਰਦਾ ਹੈ। ਮਾਲ ਵਿਭਾਗ ਦੀਆਂ ਦੁਖਦਾਈ, ਸੁਖਦਾਈ ਘਟਨਾਵਾਂ ਨੂੰ ਬੜੀ ਨਿਰਪੱਖ ਦ੍ਰਿਸ਼ਟੀ ਨਾਲ ਪੇਸ਼ ਕਰਦਾ ਹੈ, ਆਪਣੀ ਜਾਂ ਦੂਜੇ ਤੋਂ ਹੋਈ ਭੁੱਲ ਨੂੰ ਸਾਂਝੀ ਕਰਨ ਤੋਂ ਸੰਕੋਚ ਨਹੀਂ ਕਰਦਾ। ਕਈ ਵਾਰ ਅਫ਼ਸਰ, ਉਪਰਲੇ ਦਬਾਅ ਅਧੀਨ, ਪਹਿਲਾਂ ਲਏ ਫ਼ੈਸਲਿਆਂ ਤੋਂ ਪੈਰ ਖਿਸਕਾਉਂਦੇ ਨੋਟ ਕੀਤੇ ਜਾ ਸਕਦੇ ਨੇ, ਕਈ ਵਾਰ ਲੇਖਕ ਦੁਬਿਧਾ, ਫ਼ਿਕਰਾਂ ਵਿਚ, ਮਾਨਸਿਕ ਸਦਮੇ ਵਿਚ ਡੁੱਬ ਜਾਂਦਾ ਹੈ। ਉਸ ਦਾ ਸੰਬੰਧ ਲੋੜਵੰਦਾਂ, ਨੀਵਿਆਂ ਅਤੇ ਰੱਜਿਆ-ਪੁੱਜਿਆ ਨਾਲ ਵੀ ਰਿਹਾ ਹੈ। ਉਸ ਦੇ ਸੁਭਾਅ ਵਿਚ ਰਹਿਮਦਿਲੀ ਅਤੇ ਕਠੋਰਤਾ ਪ੍ਰਸਥਿਤੀਆਂ ਅਨੁਸਾਰ ਰੂਪ ਧਾਰਦੀ ਵੇਖੀ ਜਾ ਸਕਦੀ ਹੈ। ਗ਼ਮ ਨੂੰ ਭੁਲਾਉਣ ਲਈ ਉਹ ਸ਼ਰਾਬ ਦਾ ਪ੍ਰਯੋਗ ਵੀ ਕਰ ਲੈਂਦਾ ਹੈ। ਸੇਵਾ-ਮੁਕਤੀ ਉਪਰੰਤ ਆਪਣੇ ਪਿੰਡ ਦੇ ਲੋਕਾਂ ਵਿਚ ਵਿਚਰਦਾ ਹੈ। ਵਹਿਮਾਂ-ਭਰਮਾਂ, ਡੇਰਿਆਂ ਵਿਚ ਅਤੇ ਧਾਰਮਿਕ ਪਾਖੰਡਾਂ ਵਿਚ ਵਿਸ਼ਵਾਸ ਨਹੀਂ ਰੱਖਦਾ। ਬਿਰਤਾਂਤ ਵਿਚੋਂ ਅਟੱਲ ਸੱਚਾਈਆਂ ਸੁਭਾਵਿਕ ਹੀ ਰੂਪਮਾਨ ਹੋ ਜਾਂਦੀਆਂ ਹਨ। ਭਾਵ ਜਿਥੇ ਸਾਲੀ ਦਲੀਲ ਦੀ ਕਦਰ ਨਾ ਹੋਵੇ, ਉਥੇ ਕਾਹਦਾ ਰਹਿਮ। (ਪੰਨਾ : 180)
ਸੰਖੇਪ ਇਹ ਕਿ ਇਸ ਪੁਸਤਕ ਦਾ ਅਧਿਐਨ ਕਰਨ ਉਪਰੰਤ ਕੋਈ ਵੀ ਵਿਦਵਾਨ ਲੇਖਕ ਦਾ ਸ਼ਬਦ-ਚਿੱਤਰ ਉਲੀਕਣ ਦੇ ਸਮਰੱਥ ਹੋ ਸਕਦਾ ਹੈ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਗੰਜ-ਏ-ਸ਼ਹੀਦਾਂ
ਲੇਖਕ : ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ
ਅਨੁਵਾਦਕ : ਮਲਕੀਤ ਸਿੰਘ ਸੰਧੂ ਅਲਕੜਾ
ਪ੍ਰਕਾਸ਼ਕ : ਈਵਾਨ ਪ੍ਰਕਾਸ਼ਨ, ਬਰਨਾਲਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98722-85421
ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਰਚਿਤ ਦੋ ਮਰਸੀਏ 'ਸ਼ਹੀਦਾਨਿ-ਵਫ਼ਾ' ਅਤੇ 'ਗੰਜ-ਏ-ਸ਼ਹੀਦਾਂ', ਪੰਜਾਬੀਆਂ ਅਤੇ ਵਿਸ਼ੇਸ਼ ਕਰ ਸਿਦਕੀ ਸਿੱਖਾਂ ਵਿਚ ਬੇਹੱਦ ਮਕਬੂਲ ਹਨ। ਇਨ੍ਹਾਂ ਦੇ ਸਨਮੁਖ ਹੋ ਕੇ ਪ੍ਰੋ. ਪੂਰਨ ਸਿੰਘ ਦੀਆਂ ਕਾਵਿ-ਪੰਕਤੀਆਂ ਪਾਠਕਾਂ ਦੇ ਮਨ-ਮਸਤਿਕ ਵਿਚ ਝਿਲਮਿਲ ਕਰਨ ਲਗਦੀਆਂ ਹਨ : ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ 'ਤੇ। ਇਸ ਤੱਥ ਨੂੰ ਪੰਜਾਬ ਦੇ ਸੱਚੇ ਸਤਿਗੁਰਾਂ ਦੀ ਅਜ਼ਮਤ ਹੀ ਸਮਝੋ ਕਿ ਅਨੱਯ-ਧਰਮੀ ਲੋਕ ਵੀ ਪੰਜਾਬ ਦੇ ਹਕੀਕੀ ਪੈਗ਼ੰਬਰ/ਸਤਿਗੁਰੂ, ਸਿੱਖ ਗੁਰੂ ਸਾਹਿਬਾਨ ਨੂੰ ਹੀ ਸਮਝਦੇ ਹਨ। ਗੁਰੂ ਸਾਹਿਬਾਨ ਨੇ ਪੰਜਾਬੀਆਂ ਵਿਚ ਇਕ ਐਸੀ 'ਸਰਬੱਤ ਦੇ ਭਲੇ' ਵਾਲੀ ਸਪਿਰਿਟ ਭਰੀ ਕਿ ਪੂਰੀ ਦੁਨੀਆ ਦੇ ਲੋਕ ਇਨ੍ਹਾਂ ਤੋਂ ਵਾਰਨੇ ਜਾਂਦੇ ਹਨ। ਸ. ਮਲਕੀਤ ਸਿੰਘ ਸੰਧੂ ਅਲਕੜਾ ਨੇ ਇਸ ਪੁਸਤਕ ਦਾ ਅਨੁਵਾਦ ਅਤੇ ਲਿਪੀਆਂਤਰਨ ਕਰ ਕੇ ਬਹੁਤ ਸੁਚੱਜਾ ਕੰਮ ਕੀਤਾ ਹੈ। ਇਸ ਪੋਥੀ ਦੀ ਭਾਰੀ ਮੰਗ ਵੀ ਸੀ।
ਇਸ ਪੁਸਤਕ ਦੀ ਟੈਕਸਟ ਵਿਚ ਕੁੱਲ 118 ਅਸ਼ਆਰ ਹਨ, ਜੋ ਉਸ ਵਕਤ ਦੀ ਕੌਮੀ ਜ਼ਬਾਨ ਉਰਦੂ ਵਿਚ ਲਿਖੇ ਗਏ ਹਨ, ਜਿਸ ਵਿਚ ਉਰਦੂ ਤੋਂ ਬਿਨਾਂ ਫ਼ਾਰਸੀ-ਅਰਬੀ ਸ਼ਬਦਾਵਲੀ ਦੀ ਭਰਮਾਰ ਹੈ। ਅਜੋਕੀ ਪੀੜ੍ਹੀ ਨੂੰ ਫ਼ਾਰਸੀ-ਅਰਬੀ ਜ਼ੁਬਾਨਾਂ ਸਮਝ ਨਹੀਂ ਆਉਂਦੀਆਂ, ਜਿਸ ਕਾਰਨ ਉਹ ਇਸ ਟੈਕਸਟ ਦਾ ਪੂਰਾ ਰਸ ਅਤੇ ਅਨੰਦ ਮਾਣਨ ਤੋਂ ਮਹਿਰੂਮ ਰਹਿ ਜਾਂਦੇ ਸਨ। ਅਲਕੜਾ ਸਾਹਿਬ ਨੇ ਪਾਠਕਾਂ ਦੀ ਇਸ ਮੁਸ਼ਕਿਲ ਨੂੰ ਦੂਰ ਕਰ ਦਿੱਤਾ ਹੈ। ਇਸ ਟੈਕਸਟ ਵਿਚ ਚਮਕੌਰ ਦੀ ਜੰਗ ਸਮੇਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਦਿਖਾਈ ਲਾਸਾਨੀ ਸੂਰਬੀਰਤਾ ਅਤੇ ਨਿਰਭੈਤਾ ਦਾ ਕਾਵਿਕ ਵਰਣਨ ਹੈ, ਜਿਸ ਨੂੰ ਪੜ੍ਹ-ਸੁਣ ਕੇ ਪਾਠਕ ਸਹਿਜ-ਸੁਭਾਅ ਹੀ ਕੂਕ ਉੱਠਦਾ ਹੈ : ਬਸ ਏਕ ਹੀ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ। ਕਟਾਏ ਬਾਪ ਨੇ ਬੱਚੇ ਯਹਾਂ ਖ਼ੁਦਾ ਕੇ ਲੀਏ। ਪੁਸਤਕ ਦੀ ਵਿਉਂਤਬੰਦੀ ਇਸ ਪ੍ਰਕਾਰ ਹੈ। ਹਰ ਪੰਨੇ ਦੇ ਉੱਪਰ ਪਹਿਲਾਂ ਮੋਹਤਰਮ-ਜੋਗੀ ਦਾ ਉਰਦੂ ਸ਼ੇਅਰ ਦਰਜ ਹੈ, ਫਿਰ ਉਸ ਦਾ ਪੰਜਾਬੀ ਵਿਚ ਕਾਵਿ-ਅਨੁਵਾਦ, ਉਪਰੰਤ ਵਿਆਖਿਆ ਅਤੇ ਅੰਤ ਵਿਚ ਕਠਿਨ ਸ਼ਬਦਾਂ ਦੇ ਅਰਥ। ਭਾਵੇਂ ਅਲਕੜਾ ਖ਼ੁਦ ਇਕ ਸੁਚੱਜਾ ਕਵੀ ਵੀ ਹੈ, ਤਾਂ ਵੀ ਅਨੁਵਾਦ ਵਿਚ ਕੁਝ ਸੀਮਾਵਾਂ ਰਹਿ ਗਈਆਂ ਹਨ। ਪਰ ਇਸ ਦੇ ਬਾਵਜੂਦ ਇਸ ਰਚਨਾ ਦਾ ਸੁਹਜ-ਸਵਾਦ ਕਾਇਮ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਮੋਹ ਦੀਆਂ ਰਿਸ਼ਮਾਂ
ਲੇਖਕ : ਰਬਿੰਦਰ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 134
ਸੰਪਰਕ : 98146-67682
'ਮੋਹ ਦੀਆਂ ਤੰਦਾਂ' ਰਬਿੰਦਰ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਦਾ ਸਮਰਪਣ ਅਤੀਤ, ਵਰਤਮਾਨ ਅਤੇ ਭਵਿੱਖ ਵੱਲ ਸੰਕੇਤ ਕਰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕਵੀ ਨੇ 'ਚਾਲ' ਤੋਂ ਲੈ ਕੇ 'ਲਲਕਾਰ' ਤੱਕ ਲਗਭਗ 88 ਕਵਿਤਾਵਾਂ ਸੰਕਲਿਤ ਕੀਤੀਆਂ ਹਨ ਜੋ ਕਿ ਛੰਦ-ਬੱਧ ਵੀ ਹਨ ਅਤੇ ਕੁਝ ਗ਼ਜ਼ਲਾਂ ਦੇ ਰੂਪ ਵਿਚ ਵੀ ਹਨ। ਸਮਾਜ ਵਿਚ ਰਿਸ਼ਤਿਆਂ ਦੀ ਮਹੱਤਤਾ, ਲੋੜ ਅਤੇ ਥੋੜ ਦੇ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਜਿਥੇ ਮਨੁੱਖੀ ਰਿਸ਼ਤਿਆਂ ਵਿਚ 'ਮੋਹ' ਦੀ ਅਹਿਮੀਅਤ ਦਰਸਾਉਂਦੀਆਂ ਹਨ, ਉਥੇ ਨਾਲ ਹੀ ਮਨੁੱਖੀ ਰਿਸ਼ਤਿਆਂ 'ਚ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਵਖਰੇਵਿਆਂ ਕਾਰਨ ਅਜੋਕੇ ਸਮੇਂ ਵਿਚ ਟੁੱਟਦੀਆਂ 'ਮੋਹ ਦੀਆਂ ਤੰਦਾਂ' ਦੇ ਕਾਰਨ ਵੀ ਉਜਾਗਰ ਕਰਦੀਆਂ ਹਨ। ਕਵਿਤਾਵਾਂ ਦੇ ਸਿਰਲੇਖਾਂ 'ਚ ਵਰਤੇ ਸ਼ਬਦ : ਚਾਨਣ, ਜ਼ਿੰਦੜੀ, ਪੀੜ, ਧਰਮ ਨਿਰਪੱਖ, ਗਣਤੰਤਰ, ਰਾਖੇ, ਹਾਹਾਕਾਰ, ਚਰਖਾ, ਚਿੜੀ, ਮਜਬੂਰ ਕਾਮਾ ਆਦਿ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਸਰੋਕਾਰਾਂ ਦੀ ਨਿਸ਼ਾਨ-ਦੇਹੀ ਕਰਦੇ ਹਨ। ਇਸ ਕਾਵਿ-ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਦਾ ਰੰਗ ਲੋਕ-ਗੀਤਾਂ ਵਰਗਾ ਹੈ, ਸਰੋਦੀ ਹੈ, ਸੰਵਾਦੀ ਹੈ। ਭਾਸ਼ਾ ਸਰਲ, ਸਪੱਸ਼ਟ ਅਤੇ ਕਵੀ ਦਾ ਸੁਨੇਹਾ ਪਾਠਕਾਂ ਤੱਕ ਪਹੁੰਚਾਉਣ ਵਾਲੀ ਹੈ। 'ਮਨੁੱਖੀ ਧਰਮ', 'ਮਹਿਕ ਫੁੱਲਾਂ ਦੀ' ਅਤੇ ਹੋਰ ਕਵਿਤਾਵਾਂ ਜਿਥੇ ਉਪਦੇਸ਼ਾਤਮਕ ਹਨ, ਉਥੇ ਉਹ ਮਨੁੱਖ ਨੂੰ ਆਪਣੇ ਹੱਕਾਂ ਲਈ ਜਾਬਰ ਖ਼ਿਲਾਫ਼ ਸੰਘਰਸ਼ ਕਰਨ ਦਾ ਸੱਦਾ ਵੀ ਦਿੰਦੀਆਂ ਹਨ। 'ਵਕਤ' ਕਵਿਤਾ ਦੀਆਂ ਸਤਰਾਂ ਇਸ ਪ੍ਰਸੰਗ ਨੂੰ ਵਧੇਰੇ ਵਿਸਤਾਰਦੀਆਂ ਹਨ।
ਹੱਕ, ਸੱਚ 'ਤੇ ਖੜ੍ਹਨਾ ਸਿੱਖ ਲਉ,
ਧੋਖਾ ਖਾਅ ਖਿਲਾ ਕੇ ਕੀ ਕਰਨਾ।
ਰਬਿੰਦਰ ਸ਼ਰਮਾ ਨੂੰ ਬਹੁਤ-ਬਹੁਤ ਮੁਬਾਰਕਾਂ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-19096
ਅੱਜ ਮੈਂ ਤੇਰਾ ਸੁਫ਼ਨਾ ਬਣਨਾ
ਗ਼ਜ਼ਲਕਾਰਾ : ਡਾ. ਸੁਗ਼ਰਾ ਸੱਦਫ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 95011-45039
ੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਗ਼ਜ਼ਲ ਬਰਾਬਰ ਮਕਬੂਲ ਹੈ। ਕੁਝ ਵਰ੍ਹਿਆਂ ਤੋਂ ਦੋਹਾਂ ਪਾਸਿਆਂ ਦੇ ਗ਼ਜ਼ਲਕਾਰਾਂ ਵਿਚ ਨੇੜਤਾ ਵੀ ਵਧੀ ਹੈ ਅਤੇ ਗੁਰਮੁਖੀ ਤੇ ਸ਼ਾਹਮੁਖੀ ਵਿਚ ਪੁਸਤਕਾਂ ਦਾ ਅਦਾਨ ਪ੍ਰਦਾਨ ਵੀ ਹੋਇਆ ਹੈ। ਇਹ ਅਦਾਨ ਪ੍ਰਦਾਨ ਚੜ੍ਹਦੇ ਪੰਜਾਬ ਵਿਚ ਤੇਜ਼ੀ ਨਾਲ ਹੋਇਆ ਹੈ। 'ਅੱਜ ਮੈਂ ਤੇਰਾ ਸੁਫ਼ਨਾ ਬਣਨਾ' ਇਸੇ ਰੁਝਾਨ ਦਾ ਪ੍ਰਤੀਕ ਹੈ। ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਹੋਈ ਇਸ ਪੁਸਤਕ ਦੀ ਰਚੇਤਾ ਡਾ. ਸੁਗਰਾ ਸੱਦਫ਼ ਹੈ, ਜਿਸ ਦਾ ਪਾਕਿਸਤਾਨ ਵਿਚ ਚੋਖਾ ਨਾਂਅ ਹੈ। ਉਹ ਵੱਕਾਰੀ ਅਹੁਦਿਆਂ 'ਤੇ ਵੀ ਰਹੀ ਹੈ ਅਤੇ ਉਸ ਦੀਆਂ ਕਈ ਅਨੁਵਾਦ ਤੇ ਮੌਲਿਕ ਪੁਸਤਕਾਂ ਵੀ ਛਪੀਆਂ ਹਨ। 'ਅੱਜ ਮੈਂ ਤੇਰਾ ਸੁਫ਼ਨਾ ਬਣਨਾ' ਉਸ ਦੀ ਨਿਰੋਲ ਗ਼ਜ਼ਲਾਂ ਦੀ ਪੁਸਤਕ ਹੈ। ਗ਼ਜ਼ਲਕਾਰਾ ਦੀਆਂ ਇਨ੍ਹਾਂ ਗ਼ਜ਼ਲਾਂ ਵਿਚ ਹਲਕੇ-ਫੁਲਕੇ ਗਿਲੇ-ਸ਼ਿਕਵਿਆਂ ਤੋਂ ਲੈ ਕੇ ਮਨੁੱਖੀ ਜ਼ਿੰਦਗੀ ਨਾਲ ਸੰਬੰਧਿਤ ਗਹਿਰ ਗੰਭੀਰ ਮਸਲਿਆਂ ਦੀ ਮੰਜ਼ਰਕਸ਼ੀ ਹੈ। ਜਿਹੜੀ ਗ਼ਜ਼ਲਕਾਰਾ ਚੁੰਨੀ ਨੂੰ ਪਰਚਮ ਬਣਾਉਣ ਦਾ ਤੇ ਵੰਗ ਨੂੰ ਵੰਗ ਨਾਲ ਵਜਾਉਣ ਦੀ ਜੁਰਅਤ ਰੱਖਦੀ ਹੋਵੇ ਉਸ ਦੀਆਂ ਗ਼ਜ਼ਲਾਂ ਅੰਦਰਲੇ ਸੇਕ ਦਾ ਅਨੁਮਾਨ ਲਾਉਣਾ ਔਖਾ ਨਹੀਂ। ਸੱਦਫ਼ ਦੀਆਂ ਗ਼ਜ਼ਲਾਂ ਵਿਚ ਇਹ ਸੇਕ ਮੁਹੱਬਤ ਦਾ ਵੀ ਹੈ ਜੋ ਹੱਡਾਂ ਨੂੰ ਬਾਲ਼ੀ ਰੱਖਦਾ ਹੈ। ਮੁਹੱਬਤ ਤੋਂ ਬਿਨਾਂ ਗ਼ਜ਼ਲਕਾਰਾ ਜ਼ਿੰਦਗੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਵੀ ਆਪਣੇ ਸ਼ਿਅਰਾਂ ਦੇ ਵਿਸ਼ੇ ਬਣਾਉਂਦੀ ਹੈ। ਇਨ੍ਹਾਂ ਗ਼ਜ਼ਲਾਂ ਵਿਚ ਨਵੀਨਤਾ, ਸ਼ਾਲੀਨਤਾ, ਸਰਲਤਾ ਤੇ ਤਰਲਤਾ ਮਹਿਸੂਸ ਕੀਤੀ ਜਾ ਸਕਦੀ ਹੈ। ਤਮਾਮ ਸ਼ਿਅਰ ਗ਼ਜ਼ਲ ਦੇ ਅਕੀਦੇ ਤੇ ਸੁਭਾਅ ਦੀ ਨਿਸ਼ਾਨਦੇਹੀ ਦਾ ਪਾਲਣ ਕਰਦੇ ਹਨ। ਸੱਦਫ਼ ਨੇ ਹੋਰਨਾਂ ਪਾਕਿਸਤਾਨੀ ਗ਼ਜ਼ਲਕਾਰਾਂ ਵਾਂਗ ਗ਼ਜ਼ਲਾਂ ਵਿਚ 'ਫ਼ੇਲੁਨ' ਰੁਕਨ ਦਾ ਵਧੇਰੇ ਇਸਤੇਮਾਲ ਕੀਤਾ ਹੈ। ਇਹ ਰੁਕਨ ਜਿੱਥੇ ਸੌਖਾ ਹੈ, ਉੱਥੇ ਇਸ ਦੀ ਚੁਸਤੀ ਫੁਰਤੀ ਵੀ ਮਾਨਣ ਵਾਲੀ ਹੁੰਦੀ ਹੈ। ਲਹਿੰਦੇ ਪੰਜਾਬ ਵਿਚ ਗ਼ਜ਼ਲ ਦੀਆਂ ਬਹੁਤੀਆਂ ਬੰਦਿਸ਼ਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਤੇ ਕੁਝ ਖੁੱਲ੍ਹਾਂ ਸੱਦਫ਼ ਨੇ ਵੀ ਲਈਆਂ ਹਨ। ਵੱਡੀ ਗੱਲ ਇਹ ਵੀ ਹੈ ਕਿ ਕਿਸੇ ਵੇਲੇ ਗ਼ਜ਼ਲ ਦੇ ਖ਼ੇਤਰ ਵਿਚ ਖ਼ਵਾਤੀਨ ਦੀ ਗਿਣਤੀ ਨਾਮਾਤਰ ਸੀ ਡਾ. ਸੁਗ਼ਰਾ ਸੱਦਫ਼ ਵਰਗੀਆਂ ਪਰਪੱਕ ਕਲਮਾਂ ਨੇ ਗ਼ਜ਼ਲਕਾਰਾਂ ਵਿਚ ਸੰਤੁਲਨ ਪੈਦਾ ਕੀਤਾ ਹੈ। ਇਸ ਦੀ ਤਾਰੀਫ਼ ਕਰਨੀ ਬਣਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ
ਪੰਜਵਾਂ ਤਖ਼ਤ
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਬਾਬਾ ਬਲਬੀਰ ਸਿੰਘ ਅਕਾਲੀ ਛਿਆਨਵੇਂ ਕਰੋੜੀ
ਮੁੱਲ : 300 ਰੁਪਏ, ਸਫ਼ੇ : 132
ਸੰਪਰਕ : 98148-98570
ਦਿਲਜੀਤ ਸਿੰਘ ਬੇਦੀ, ਪੰਥਕ ਅਤੇ ਸਾਹਿਤਕ ਹਲਕਿਆਂ ਵਿਚ, ਜਾਣਿਆ-ਪਛਾਣਿਆ ਨਾਂਅ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਰਗੇ ਅਹਿਮ ਅਹੁਦੇ ਉੱਤੇ ਰਹਿੰਦਿਆਂ ਵੀ ਅਨੇਕਾਂ ਪੁਸਤਕਾਂ ਖੋਜ-ਪੱਤਰਾਂ ਤੇ ਸੋਵੀਨਾਰਾਂ ਜ਼ਰੀਏ ਆਪਣਾ ਨਿੱਗਰ ਯੋਗਦਾਨ ਪਾਇਆ ਹੈ। ਵਿਚਾਰ-ਗੋਚਰੀ ਪੁਸਤਕ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਨਿਹੰਗ ਸਿੰਘਾਂ ਦੀ ਜਥੇਬੰਦੀ, ਬੁੱਢਾ ਦਲ ਪੰਜਵਾਂ ਤਖ਼ਤ ਬਾਰੇ ਵਡਮੁੱਲੀ ਜਾਣਕਾਰੀ ਫ਼ਰਾਹਮ ਕਰਨ ਵਾਲੀ, ਖੋਜ-ਭਰਪੂਰ ਤੇ ਕਾਬਿਲੇ-ਗ਼ੌਰ ਰਚਨਾ ਹੈ, ਜਿਸ ਦਾ ਸੰਪਾਦਨ ਕਾਰਜ, ਦਿਲਜੀਤ ਸਿੰਘ ਬੇਦੀ ਨੇ ਕੀਤਾ ਹੈ। ਪੁਸਤਕ ਦੇ ਤਕਰੀਬਨ 25 ਅਧਿਆਇ ਹਨ, ਜਿਨ੍ਹਾਂ 'ਚ ਤਫ਼ਸੀਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ।
ਪੁਸਤਕ ਦੇ ਪਹਿਲੇ ਲੇਖ ਰਾਹੀਂ ਦਿਲਜੀਤ ਸਿੰਘ ਬੇਦੀ ਨੇ ਇਸ ਮਹਾਨ ਜਥੇਬੰਦੀ ਦੇ ਸਥਾਪਨਾ ਅਤੇ ਇਸ ਦੀ ਅਹਿਮੀਅਤ ਬਾਰੇ ਵੇਰਵੇ ਨਾਲ ਜਾਣਕਾਰੀ ਦਿੱਤੀ ਹੈ। ਲੇਖ ਵਿਚ ਦਿੱਤੀ ਜਾਣਕਾਰੀ ਮੁਤਾਬਿਕ, ਬਾਬਾ ਵਿਨੋਦ ਸਿੰਘ ਪਹਿਲੇ ਮੁਖੀ ਸਨ ਅਤੇ ਲੰਮੇ ਸਮੇਂ ਉੱਤੇ ਨਵਾਬ ਕਪੂਰ ਸਿੰਘ, ਜਨਰਲ ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ, ਬਾਬਾ ਹਨੂੰਮਾਨ ਸਿੰਘ, ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ, ਬੁੱਢਾ ਦਲ ਦੇ ਮੁਖੀ ਰਹੇ। ਮੌਜੂਦਾ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਹਨ। ਲੇਖ ਵਿਚ ਅਨੇਕ ਪੁਰਾਤਨ ਗ੍ਰੰਥਾਂ ਦੇ ਹਵਾਲੇ ਦਿੱਤੇ ਗਏ ਹਨ। ਅਗਲੇ ਲੇਖ ਰਾਹੀਂ ਭਾਈ ਸੁਖਜੀਤ ਸਿੰਘ ਕਨ੍ਹੱਈਆ ਨੇ ਪੰਚਮ ਤਖ਼ਤ ਬੁੱਢਾ ਦਲ ਉਨਵਾਨ ਤਹਿਤ ਬੜਾ ਅਹਿਮ ਨੁਕਤਾ ਸਾਂਝਾ ਕੀਤਾ ਹੈ ਕਿ 'ਨਿਹੰਗ ਸਿੰਘ ਉਹ ਹੈ ਜੋ ਮੁਕਤੀ ਦੇ ਸੰਕਲਪ ਤੋਂ ਉੱਪਰ ਹੈ।' (ਬਚਨ), 13ਵੇਂ ਮੁਖੀ ਬਾਬਾ ਸੰਤਾ ਸਿੰਘ ਜੀ (ਪੰਨਾ 51)। ਡਾ. ਸੋਬਧ ਕਪੂਰ ਦਾ ਅੰਗਰੇਜ਼ੀ ਪੈਰਾ ਵੀ ਬਾਕਾਮਾਲ ਹੈ। (ਪੰਨਾ 50)। ਪ੍ਰੋ. ਪਿਆਰਾ ਸਿੰਘ 'ਪਦਮ' ਦਾ ਲੇਖ, ਨਿਹੰਗ ਸਿੰਘਾਂ ਦੇ ਖਾਲਾਸਈ ਬੋਲਿਆਂ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼' ਦੀ ਇਕ ਵੱਡੀ ਕਾਵਿਕ ਰਚਨਾ ਰਾਹੀਂ ਉਜਾਗਰ ਕੀਤਾ ਹੈ। (ਪੰਨਾ 61 ਤੋਂ 63).
(ਮਾਨਿਤ ਸੁਪ ਆਦਿ ਬਨੇ ਕੋ। ਪਾਂਚ ਲਾਖ ਰਹਿ ਪਾਂਚ ਤਨੇ ਕੋ।
ਜੰਡ ਵਾਲੀ ਕੋ ਕਹਿਤ ਜਲੇਬੀ, ਬੇਰਨ ਕੋ ਖੂਰਮ ਬਡ ਸੇਬੀ।)
ਸਫ਼ਾ 65 ਤੋਂ 79 ਤੱਕ ਨਿਹੰਗ ਸਿੰਘਾਂ ਦੇ ਬੋਲਿਆਂ ਬਾਰੇ ਕਮਾਲ ਦੀ ਜਾਣਕਾਰੀ ਹੈ। 'ਕਹਨੀਨਾਮਾ' ਅਤੇ 'ਸ਼ਸਤਰਨਾਮ ਮਾਲਾ' ਵੀ ਬਹੁਤ ਜਾਣਕਾਰੀ ਭਰਪੂਰ ਅਧਿਆਏ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਮੌਜੂਦ ਇਤਿਹਾਸਕ ਸ਼ਸਤਰਾਂ ਦੀਆਂ, ਸ਼ਾਨਦਾਰ ਰੰਗੀਨ ਤਸਵੀਰਾਂ ਇਸ ਪੁਸਤਕ ਦੀ ਜ਼ੀਨਤ ਹਨ। (ਪੰਨਾ 89 ਤੋਂ 100 ਤੱਕ)। 'ਸਲੋਕ ਦੁਮਾਲੇ ਕਾ' ਰਚਨਾ, ਦੁਮਾਲਾ ਸਜਾਉਣ ਵੇਲੇ ਪੜ੍ਹੀ ਜਾਂਦੀ ਹੈ। (ਪੰਨਾ 101), ਖ਼ਾਲਸੇ ਦੀ ਉਸਤਤਿ ਵਿਚ ਰਚਿਤ ਇਕ ਸਵੈਯਾ ਪੰਨਾ 102 ਪੁਰ ਦਰਜ ਹੈ।
(ਖ਼ਾਲਸਾ ਮੂਲ ਮੰਤਰ) ਦੋਹਰਾ ਤੇ ਕੁੰਡਲੀਆਂ ਕਾਵਿ-ਛੰਦਾਂ ਵਿਚ ਹੈ। (ਪੰਨਾ 103)
ਬੁੱਢਾ ਦਲ ਜਥੇਬੰਦੀ ਦੇ ਗੁਰਸਿੱਖਾਂ ਦੀ ਪੁਰਾਤਨ ਮਰਿਯਾਦਾ ਬਾਰੇ ਸਫ਼ਾ 106 ਤੋਂ 111 ਤੱਕ ਦਰਜ ਅਹਿਮ ਲੇਖ ਵਿਚੋਂ ਪੜ੍ਹੀ ਜਾ ਸਕਦੀ ਹੈ। 'ਰਹਿਤਨਾਮਾ', ਸ਼ਹੀਦੀ ਦੇਗਾਂ ਦੇ ਸਲੋਕ', 'ਸੁਖਨਿਧਾਨ, 'ਸ਼ਹੀਦੀ ਦੇਗਾਂ' ਦੇ ਗੋਲੇ, 'ਨੁਗਦੇ ਦਾ ਸਲੋਕ', ਖ਼ਾਲਸਾ 'ਰਹਿਤਨਾਮਾ', ਸ੍ਰੀ ਭਗਉਤੀ ਅਸਤੋਤ੍ਰ, ਅਰਥ ਮੂਲ ਮੰਤਰ ਗੁਰੂ ਖ਼ਾਲਸਾ ਜੀ ਕਾ ਲਿਖਯਾਤ। ਵਾਹਿਗੁਰੂ ਗੁਰਮੰਤਰ ਦੀ ਮਹਿਮਾ ਵੀ ਪੜ੍ਹਨਯੋਗ ਸਮੱਗਰੀ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ (ਸੁਲਤਾਨ-ਉਲ-ਕੌਮ) ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿਲਜੀਤ ਸਿੰਘ ਬੇਦੀ ਵਲੋਂ ਬਤੌਰ ਮੁੱਖ ਸੰਪਾਦਕ ਸੋਵੀਨਾਰ (ਪੰਨਾ 129) ਦੇ ਰੀਵਿਊ ਨਾਲ ਪੁਸਤਕ ਦੀ ਸੰਪੂਰਨਤਾ ਹੁੰਦੀ ਹੈ। ਪੁਸਤਕ ਦੀ ਛਪਾਈ ਬੜੀ ਸੁੰਦਰ ਹੈ ਅਤੇ ਇਸ ਵਿਚ ਸ਼ਾਮਿਲ ਵੱਖ-ਵੱਖ ਸੁੰਦਰ ਰੰਗੀਨ ਅਤੇ ਕੁਝ ਬਲੈਕ ਐਂਡ ਵਾਈਟ ਤਸਵੀਰਾਂ ਇਸ ਪੁਸਤਕ ਨੂੰ ਹੋਰ ਦਿਲਕਸ਼ ਬਣਾਉਂਦੀਆਂ ਹਨ। ਇਸ ਬੇਸ਼ਕੀਮਤੀ ਅਤੇ ਗਿਆਨ-ਭਰਪੂਰ ਪੁਸਤਕ ਦੀ ਸੰਪਾਦਨਾ ਲਈ ਦਿਲਜੀਤ ਸਿੰਘ ਬੇਦੀ ਦੀ ਘਾਲਣਾ, ਸਲਾਹੁਣਯੋਗ ਹੈ, ਜਿਸ ਪਿੱਛੇ ਬੁੱਢਾ ਦਲ ਪੰਥ ਅਕਾਲੀ ਦਲ 96ਵੇਂ ਕਰੋੜੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ, ਬਾਬਾ ਬਲਬੀਰ ਸਿੰਘ ਹੋਰਾਂ ਦੀ ਅਸ਼ੀਰਵਾਦ ਵੀ ਸ਼ਾਮਿਲ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਕੁਦਰਤ ਕਾਰੀਗਰ ਹੈ
ਲੇਖਿਕਾ : ਕਿਰਨ ਕੌਰ
ਪ੍ਰਕਾਸ਼ਕ : ਗੋਲਡਨ ਕੀ ਪਬਲੀਕੇਸ਼ਨ ਰੱਖੜਾ (ਪਟਿਆਲਾ)
ਮੁੱਲ : 200 ਰੁਪਏ, ਸਫ਼ੇ : 125
ਸੰਪਰਕ : 94656-66693
ਸ਼ਾਇਰਾ ਕਿਰਨ ਕੌਰ ਆਪਣੀ ਪਲੇਠੀ ਕਾਵਿ ਕਿਰਤ 'ਕੁਦਰਤ ਕਾਰੀਗਰ ਹੈ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਾਵਿ ਕਿਤਾਬ ਦੇ ਨਾਂਅ 'ਕੁਦਰਤ ਕਾਰੀਗਰ ਹੈ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ। ਸ਼ਾਇਰਾ ਅਨੁਸਾਰ ਜੋ ਵੀ ਸੰਸਾਰ ਅੰਦਰ ਸੰਮਤੀ ਵਿਸੰਗਤੀ ਵਾਪਰ ਰਹੀ ਹੈ। ਉਹ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਵਾਪਰ ਰਹੀ ਹੈ, ਇਹ ਹੋਰ ਕੁਝ ਨਹੀਂ ਕੁਦਰਤ ਦੀ ਕਾਰੀਗਰੀ ਦਾ ਹੀ ਕਮਾਲ ਹੈ। ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡਾ ਲਿਹਾਜ਼ ਨਹੀਂ ਕਰੇਗੀ। ਸ਼ਾਇਰਾ ਅਧਿਆਤਮ ਦੇ ਆਭਾ ਮੰਡਲ ਦੀ ਥਾਹ ਪਾਉਣ ਲਈ ਸਿਖਾਂਦਰੂ ਪ੍ਰਯਤਨ ਵਿਚੋਂ ਗੁਜਰ ਰਹੀ ਹੈ। ਸ਼ਾਇਰਾ ਸਮਝਦੀ ਹੈ ਕਿ ਬੰਦਿਆਂ ਦੀ ਭੀੜ ਵਿਚ ਬੰਦਾ ਕਿਤੇ ਇਸ ਲਈ ਗੁਆਚ ਗਿਆ ਹੈ ਕਿ ਉਸ ਵਿਚੋਂ ਬੰਦਿਆਈ ਖਤਮ ਹੋ ਰਹੀ ਹੈ। ਜੀਵ ਵਿਗਿਆਨ ਦੀ ਉਤਪਤੀ ਦੱਸਦੀ ਹੈ ਕਿ ਇਥੇ ਕਦੀ ਵੱਡੇ-ਵੱਡੇ ਜਾਨਵਰ ਡਾਇਨਾਸੋਰ ਹੋਇਆ ਕਰਦੇ ਸਨ ਪਰ ਉਹ ਇਸ ਧਰਤੀ ਤੋਂ ਖਤਮ ਹੋ ਗਏ ਹਨ। ਇਸੇ ਤਰ੍ਹਾਂ ਜਦੋਂ ਤੋਂ ਇਹ ਇਨਸਾਨ ਧਰਤੀ 'ਤੇ ਆਇਆ ਹੈ ਜਿਸ ਵਿਚੋਂ ਸਹਿਜੇ-ਸਹਿਜੇ ਇਨਸਾਨੀਅਤ ਖ਼ਤਮ ਹੋ ਰਹੀ ਹੈ ਜੋ ਅਸਾਡੀ ਚਿੰਤਾ ਦਾ ਵਿਸ਼ਾ ਬਣਦੀ ਹੈ। ਸੋ ਇਨਸਾਨ ਤੋਂ ਇਨਸਾਨੀਅਤ ਖ਼ਤਮ ਨਾ ਹੋ ਜਾਵੇ, ਇਸ ਦਾ ਚਿੰਤਨ ਮੰਥਨ ਕਰਨਾ ਤਾਂ ਬਣਦਾ ਹੀ ਹੈ। ਬੰਦਾ ਜਾਤ-ਪਾਤ ਦੇ ਕੋਹਝ, ਨਫ਼ਰਤ ਦੇ ਚੱਕਰਵਿਊ ਵਿਚ ਫਸ ਚੁੱਕਿਆ ਹੈ ਤੇ ਹਰੇਕ ਧਰਮ ਦਾ ਬੰਦਾ ਦੂਜੇ ਧਰਮ ਵਾਲਿਆਂ ਨੂੰ ਕਾਫ਼ਿਰ ਕਹਿਣ ਤੱਕ ਦੀ ਹੱਦ ਤੱਕ ਚਲੇ ਜਾਂਦਾ ਹੈ। ਸ਼ਾਇਰਾ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਦੀ ਵਿਥ 'ਤੇ ਖੜ੍ਹ ਕੇ ਦੇਖਦੀ ਹੈ ਕਿ ਦਰਅਸਲ ਇਸ਼ਕ ਹਕੀਕੀ ਹੈ ਕੀ? ਸ਼ਾਇਰਾ ਦੱਸਦੀ ਹੈ ਕਿ ਬੰਦ-ਬੰਦ ਕਟਾਉਣ, ਚਰਖੜੀਆਂ 'ਤੇ ਚੜ੍ਹਨ 'ਤੇ ਤੱਤੀ ਤਵੀ 'ਤੇ ਬੈਠ ਕੇ ਭਾਣਾ ਮੰਨਣਾ ਹੀ ਦਰਅਸਲ ਅਸਲ ਇਸ਼ਕ ਹੈ। ਸ਼ਾਇਰਾ ਔਰਤ ਦੀ ਸੁਤੰਤਰ ਹੋਂਦ ਦੀ ਅਸਤਿਤਵ ਲਈ ਵਰਜਣਾਵਾਂ ਨਾਲ ਦਸਤਪੰਜਾ ਲੈਣ ਦਾ ਕਾਵਿਕ ਧਰਮ ਨਿਭਾਉਣ ਲਈ ਤਤਪਰ ਹੈ। ਬਚਪਨ ਤੋਂ ਕਿਸ਼ੋਰ ਅਵਸਥਾ ਤੱਕ ਪਹੁੰਚਦਿਆਂ ਜੋ ਬੱਚੀਆਂ ਵਿਚ ਕੁਦਰਤੀ ਸਰੀਰਕ ਤਬਦੀਲੀ ਆਉਂਦੀ ਹੈ, ਉਸ ਨੂੰ ਦੇਖਦਿਆਂ ਮਾਵਾਂ ਦੀ ਚਿੰਤਾ ਵਧ ਜਾਂਦੀ ਹੈ ਤੇ ਮਾਵਾਂ ਸਮਝੌਣੀਆਂ ਦੀ ਵਾਛੜ ਕਰਨ ਲੱਗ ਜਾਂਦੀਆਂ ਹਨ ਪਰ ਸ਼ਾਇਰਾ ਤਾਂ ਵੰਗ ਤੋਂ ਚੱਲ ਕੇ ਕੜੇ ਤੱਕ ਪਹੁੰਚਦਿਆਂ ਮਾਈ ਭਾਗੋ ਤੱਕ ਪਹੁੰਚਣ ਲਈ ਹੁੱਝ ਮਾਰਦੀ ਹੈ। ਸੋ, ਔਰਤ ਨੂੰ ਇਸ ਪੁਰਸਲਾਤ ਨੂੰ ਪਾਰ ਕਰਨ ਲਈ ਆਪਣੀ ਨਵੀਂ ਸੋਚ ਦਾ ਚੱਪੂ ਚਲਾਉਣ ਦਾ ਅਹਿਦ ਕਰਾਉਂਦੀ ਹੈ। ਸਮਕਾਲੀ ਅਧਿਆਤਮਵਾਦ ਰਾਹੀਂ ਇਸ਼ਕ ਦੀ ਪੌੜੀ ਚੜ੍ਹਾਉਣ ਵਾਲੀ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਜ਼ਿਬਹ ਹੁੰਦੇ ਪਲ
ਲੇਖਕ : ਪਰਮਜੀਤ
ਪ੍ਰਕਾਸ਼ਕ : ਪ੍ਰਤੀਕ ਪਬਲਿਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 80548-15746
'ਜ਼ਿਬਹ ਹੁੰਦੇ ਪਲ' ਕਹਾਣੀ-ਸੰਗ੍ਰਹਿ ਪਰਮਜੀਤ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਪੰਦਰਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਉਸ ਦੀਆਂ ਕਹਾਣੀਆਂ ਉਸ ਦੇ ਆਪਣੇ ਅਨੁਭਵ ਦੇ ਆਧਾਰ 'ਤੇ ਹੀ ਯਥਾਰਥੀ ਗਲਪੀ ਬਿੰਬ ਪੇਸ਼ ਕਰਦੀਆਂ ਹਨ, ਜਿਨ੍ਹਾਂ ਵਿਚ ਲੇਖਕ ਨੇ ਸਮਾਜਿਕ ਅਤੇ ਆਰਥਿਕ ਯਥਾਰਥ ਨੂੰ ਬਾਖ਼ੂਬੀ ਚਿਤਰਿਆ ਹੈ। ਸਾਰੀਆਂ ਕਹਾਣੀਆਂ ਵਿਚ ਆਮ ਜੀਵਨ ਦੀਆਂ ਘਟਨਾਵਾਂ ਦੀ ਤਰਜ਼ਮਾਨੀ ਕੀਤੀ ਗਈ ਹੈ, ਜਿਨ੍ਹਾਂ ਵਿਚ ਜ਼ਿੰਦਗੀ ਦੇ ਗੂੜ੍ਹੇ ਰਹੱਸ ਛੁਪੇ ਹੋਏ ਹਨ ਜਿਵੇਂ 'ਦੌੜ' ਕਹਾਣੀ ਵਿਚ ਪਰਿਵਾਰਕ ਰਿਸ਼ਤਿਆਂ ਵਿਚ ਮੰਦਹਾਲੀ ਕਾਰਨ ਪੈਦਾ ਹੋਏ ਤਣਾਅ ਨੂੰ ਪੇਸ਼ ਕੀਤਾ ਗਿਆ ਹੈ ਕਿ ਬਾਪੂ ਕਿਸ ਤਰ੍ਹਾਂ ਮਿਹਨਤ-ਮੁਸ਼ੱਕਤ ਕਰਦਾ ਰਿਹਾ ਪਰ ਅਖੀਰਲੇ ਸਮੇਂ ਉਸ ਦੀ ਹਾਲਤ ਕਿੰਨੀ ਤ੍ਰਾਸਦਿਕ ਹੋ ਗਈ, ਜੋ ਕਿ ਵੇਖੀ ਨਹੀਂ ਸੀ ਜਾਂਦੀ। ਅਗਲੀ ਕਹਾਣੀ 'ਮਰਨ ਰੁੱਤ' ਵਿਚ ਇਕ ਹੰਕਾਰੀ ਤੇ ਘਮੰਡੀ ਬਜ਼ੁਰਗ ਦੀ ਗਾਥਾ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਮਾਨਸਿਕ ਤੌਰ 'ਤੇ ਟੁੱਟੇ ਹੋਏ ਆਦਮੀ ਦੇ ਜੀਵਨ ਨੂੰ ਤਿਲਾਂਜਲੀ ਦਿੱਤੀ ਗਈ ਹੈ। ਇਸ ਤਰ੍ਹਾਂ 'ਬਾਪੂ' ਕਹਾਣੀ ਵਿਚ ਪਰਿਵਾਰਕ ਰਿਸ਼ਤਿਆਂ ਵਿਚਲੇ ਸ਼ੱਕ-ਸ਼ੰਕਿਆਂ ਤੋਂ ਉੱਪਰ ਉੱਠ ਕੇ ਪਰਿਵਾਰਕ ਸਾਂਝ ਦੇ ਹਾਂ-ਮੁਖੀ 'ਮੌਟਿਫ' ਨੂੰ ਉਭਾਰਿਆ ਗਿਆ ਹੈ।
'ਜ਼ਿਬਹ ਹੁੰਦੇ ਪਲ' ਜੋ ਟਾਈਟਲ ਕਹਾਣੀ ਹੈ, ਵਿਚ ਇਕ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਬਿਰਤਾਂਤ ਸਿਰਜਿਆ ਹੈ ਕਿ ਮੀਂਹ ਅਤੇ ਬੱਦਲ ਆਉਣ ਕਾਰਨ ਜਦੋਂ ਇਕ ਗ਼ਰੀਬ ਦੀ ਦਿਹਾੜੀ ਮਰਦੀ ਹੈ ਤਾਂ ਉਸ ਦੀ ਮਾਨਸਿਕਤਾ ਝੰਜੋੜੀ ਜਾਂਦੀ ਹੈ ਤੇ ਉਹ ਆਪਣੀ ਆਰਥਿਕਤਾ ਬਾਰੇ ਸੋਚਦਾ ਹੈ। ਇੱਥੋਂ ਤੱਕ ਕਿ ਉਸ ਦਾ ਬਿਮਾਰ ਪਿਆ ਪਿਓ ਵੀ ਬਾਰਿਸ਼ ਹਟਣ ਦੀ ਅਤੇ ਉਸ ਦੀ ਦਿਹਾੜੀ ਲੱਗ ਜਾਣ ਦੀ ਕਾਮਨਾ ਕਰਦਾ ਹੈ। ਇਸ ਕਹਾਣੀ ਵਿਚ ਸਾਡੇ ਸਮਾਜ ਵਿਚ ਰਿਸ਼ਤਿਆਂ ਦੇ ਮਾਨਸਿਕ ਅੰਤਰ-ਦਵੰਦਾਂ ਅਤੇ ਸਥਿਤੀਆਂ ਦੀ ਗਹਿਰੀ ਸਮਝ ਨੂੰ ਦਰਸਾਇਆ ਗਿਆ ਹੈ ਅਤੇ ਜੋ ਪਰਿਵਾਰ ਘੋਰ ਆਰਥਿਕ ਸੰਕਟ ਕਾਰਨ ਮਾਨਸਿਕ ਸੰਤਾਪ ਹੰਢਾ ਰਹੇ ਹਨ, ਉਨ੍ਹਾਂ ਦੀ ਮਾਨਸਿਕਤਾ ਨੂੰ ਬਾਖ਼ੂਬੀ ਉਭਾਰਿਆ ਗਿਆ ਹੈ। ਇਹ ਕਹਾਣੀ ਤਾਂ ਸਚੁਮੱਚ ਹੀ ਸਾਡੀ ਜ਼ਿੰਦਗੀ ਦੀ ਬੇਚੈਨੀ ਭਰੀ ਮਾਨਸਿਕਤਾ ਬਾਰੇ ਦੱਸਦੀ ਪ੍ਰਤੀਤ ਹੁੰਦੀ ਹੈ ਕਿ ਅਸੀਂ ਚਾਹੁੰਦੇ ਹੋਏ ਵੀ ਕਬੀਲਦਾਰੀਆਂ ਦੇ ਝੰਜਟ ਤੋਂ ਮੁਕਤ ਨਹੀਂ ਹੁੰਦੇ ਤੇ ਖਾਹ-ਮਖਾਹ ਦਾ ਡਰ ਸਾਡੇ ਜ਼ਿਹਨ ਵਿਚ ਘਰ ਕਰ ਜਾਂਦਾ ਹੈ, ਜਿਸ ਕਰਕੇ ਅਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੁੰਦੇ ਹਾਂ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਨੂੰ ਸਾਡੇ ਸਮਾਜ ਵਿਚਲੇ ਰਿਸ਼ਤਿਆਂ ਅਤੇ ਉਨ੍ਹਾਂ ਦੇ ਮਾਨਸਿਕ ਅੰਤਰ-ਦਵੰਦਾਂ ਅਤੇ ਸਥਿਤੀਆਂ ਦੀ ਗਹਿਰੀ ਸਮਝ ਹੈ ਜੋ ਨਿੱਕੀ ਤੋਂ ਨਿੱਕੀ ਮਾਨਸਿਕ ਉਲਝਨ ਨੂੰ ਫੜ ਕੇ ਕਹਾਣੀ ਦਾ ਤਾਣਾ-ਬਾਣਾ ਬੁਣਦਾ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161
ਪਰਾਧੀਨਤਾ ਪਾਪ ਹੈ
ਜਾਨ ਲੇਹੁ ਰੇ ਮੀਤ।
ਲੇਖਕ : ਰਾਜੇਸ਼ ਭਬਿਆਣਾ
ਪ੍ਰਕਾਸ਼ਕ : ਬਹੁਜਨ ਸਾਹਿਤ ਸੰਸਥਾ, ਪੰਜਾਬ
ਮੁੱਲ : 60 ਰੁਪਏ, ਸਫ਼ੇ : 88
ਸੰਪਰਕ : 62399-56927
ਇਸ ਹਥਲੀ ਪੁਸਤਕ ਦੇ ਲੇਖਕ ਨੇ ਇਸ ਕਾਵਿ-ਸੰਗ੍ਰਹਿ ਤੋਂ ਪੂਰਵ ਦੱਸਦੇ ਲਗਭਗ ਪੁਸਤਕਾਂ ਵਾਰਤਕ, ਜੀਵਨੀ ਤੇ ਕਾਵਿ ਰੂਪ ਵਿਚ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਇਸ ਕਾਵਿ ਸੰਗ੍ਰਹਿ ਵਿਚ ਕਵੀ ਵਲੋਂ ਸਤਿਗੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਸੁਨੇਹੇ ਦਾ ਹੋਕਾ ਦੇ ਕੇ ਮਾਨਵਤਾ ਦੇ ਭਲੇ ਲਈ ਇਨਕਲਾਬੀ ਵਿਚਾਰਧਾਰਾ ਨੂੰ ਹਰ ਇਨਸਾਨ ਤੱਕ ਪਹੁੰਚ ਕੇ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ। ਇਸ ਪੁਸਤਕ ਵਿਚ ਸੱਤ ਦਰਜਨ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਲੇਖਕ ਨੇ ਪੁਸਤਕ ਦੇ ਆਰੰਭ ਵਿਚਾਰ ਚਰਚਾ ਅਨੁਸਾਰ ਸਤਿਗੁਰੂ ਰਵਿਦਾਸ ਜੀ ਦੀ ਸੋਚ ਨੇ ਮਾਨਵਤਾ ਦੇ ਜੀਵਨ ਪੱਧਰ ਨੂੰ ਬਦਲਿਆ। ਬੁੱਧ ਧਰਮ ਦੇ ਪਤਨ ਤੋਂ ਬਾਅਦ ਸਥਾਪਿਤ ਬਿਪਰਾਵਾਦੀ ਸਾਜ਼ਿਸ਼ ਤਹਿਤ ਸਥਾਪਿਤ ਹੋਈ ਜਾਤੀ ਵਿਵਸਥਾ ਉਪਰ ਕਰਾਰੀ ਚੋਟ ਕਰਦਿਆਂ, ਕੁਦਰਤ ਦੇ ਸਿਧਾਂਤ ਨੂੰ ਸੰਸਾਰ ਦੇ ਲੋਕਾਂ ਵਿਚ ਪ੍ਰਚਾਰਿਆ। ਮਨੂਵਾਦੀ ਵਿਵਸਥਾ ਨੇ ਭਾਰਤ ਵਿਚੋਂ ਇਥੋਂ ਦੇ ਮੂਲਵਾਸੀਆਂ ਨੂੰ ਖਤਮ ਕਰਕੇ ਬੁੱਧ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੇ ਕੋਝੇ ਯਤਨ ਕੀਤੇ। ਅਸਲ ਵਿਚ ਸਤਿਗੁਰੂ ਰਵਿਦਾਸ ਜੀ ਦਾ ਜੀਵਨ ਸੰਘਰਸ਼ ਦੀ ਗਾਥਾ ਹੈ। ਉਸ ਸਮੇਂ ਦੇ ਅਨੇਕਾਂ ਰਾਜੇ ਰਾਣੀਆਂ ਉਨ੍ਹਾਂ ਦੇ ਸੇਵਕ ਬਣੇ। ਉਨ੍ਹਾਂ ਆਪਣਾ ਸਮੁੱਚਾ ਜੀਵਨ 'ਬੇਗਮਪੁਰਾ ਸ਼ਹਿਰ' ਦੇ ਸੰਕਲਪ ਨੂੰ ਪ੍ਰਚਾਰਨ ਲਈ ਸਮਰਪਿਤ ਕੀਤਾ। ਉਨ੍ਹਾਂ ਦੀ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਸ ਸਮੇਂ ਦੇ ਸਾਰੇ ਵਰਣਾਂ ਦੇ ਲੋਕ ਉਨ੍ਹਾਂ ਦੀ ਸ਼ਰਨ ਵਿਚ ਆਏ।
ਲੇਖਕ ਵਲੋਂ ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਹਰ ਕਵਿਤਾ ਪਾਠਕ ਨੂੰ ਧੁਰ ਹਿਰਦੇ ਤੱਕ ਹਲੂਣਾ ਦਿੰਦੀ ਪ੍ਰਤੀਤ ਹੁੰਦੀ ਹੈ। ਵੰਨਗੀ ਵਜੋਂ ਸ਼ਾਮਿਲ ਕੁਝ ਕੁ ਕਵਿਤਾਵਾਂ ਦੇ ਬੰਦ ਪਾਠਕਾਂ ਦੇ ਰੂ-ਬਰੂ ਹਨ:
ਗੁਰੂ ਜੀ ਤਾਂ ਕਹਿਦੇ ਹਰਿ ਬਿਨਾਂ ਝੂਠ ਪਸਾਰੇ ਨੇ
ਪਰ ਸਾਡੇ ਸਿਰ ਬਦਲਦੇ ਰੋਜ਼ ਹੀ ਦੁਆਰੇ ਨੇ
ਜਗਿਆ ਨਾ ਦੀਪ ਅਜੇ ਸਾਡੇ ਵਿਸ਼ਵਾਸ ਦਾ
ਮੰਨਿਆ ਨਾ ਕਹਿਣਾ ਆਪਾਂ ਗੁਰੂ ਰਵਿਦਾਸ ਦਾ।
(ਕਵਿਤਾ : ਮੰਨਿਆ ਨਾ ਕਹਿਣਾ)
ਰਾਜ ਸੱਤਾ ਵਿਚ ਆ ਜੇ ਧਰਮ ਫੈਲਾਉਣਾ,
ਮਿਸ਼ਨ ਸਭ ਤੋਂ ਮਹਿੰਗਾ ਪੈਂਦਾ ਜੋ ਕਮਾਉਣਾ
ਸਤਿਗੁਰੂ ਦੇ ਗੀਤਾਂ ਤੇ ਸਾਰੀ ਕੌਮ ਨੇ ਨੱਚਣਾ
ਖੋਹ ਲੈਣਾ ਖੋਹ ਹੁਣ ਕੁਝ ਨਹੀਂ ਮੰਗਣਾ।
(ਕਵਿਤਾ : ਖੋਹ ਲੈਣਾ ਪੋਹ)
ਸਾਡੇ ਹੱਕ ਵਿਚ ਗੂੰਜ ਉਠੇ ਬੁੱਧ ਦੇ ਬੋਲ ਪਿਆਰੇ,
ਵਾਲਮੀਕ ਜੀ ਨੇ ਸੱਚ ਦੇ ਪੰਨੇ ਸੱਚਮ ਝੂਠ ਨਿਤਾਰੇ
ਸੱਚ ਦੀ ਖਾਤਰ ਸ਼ੰਭੂਕ ਆਪਣਾ ਸੀਸ ਕਟਾਇਆ
ਭੁੱਲ ਨਾ ਜਾਇਓ ਰਹਿਬਰਾਂ ਨੂੰ ਜਿਨ੍ਹਾਂ ਹੱਕ ਦਵਾਇਆ।
(ਕਵਿਤਾ : ਭੁੱਲ ਨਾ ਜਾਇਓ ਰਹਿਬਰਾਂ ਨੂੰ)
ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਹਰ ਕਵਿਤਾ ਕਵੀ ਦੇ ਅੰਦਰੋਂ ਨਿਕਲੀ ਹੂਕ ਜਾਪਦੀ ਹੈ, ਜੋ ਕ੍ਰਾਂਤੀ ਦਾ ਸੁਨੇਹਾ ਦਿੰਦੀ ਹੈ।
ਕੁਟੀਆ ਅਗੰਮ ਸਾਹਿਬ
ਲੇਖਕ : ਬੱਗਾ ਸਿੰਘ ਚਿੱਤਰਕਾਰ
ਪ੍ਰਕਾਸ਼ਕ : ਨਿੱਕੀਆਂ ਕਰੂਬਲਾਂ ਪ੍ਰਕਾਸ਼ਨ, ਹੁਸ਼ਿਆਰਪੁਰ
ਮੁੱਲ : 295, ਸਫ਼ੇ : 302
ਸੰਪਰਕ : 90417-34604
ਹਥਲੀ ਪੁਸਤਕ ਦਾ ਲੇਖਕ ਅਜਿਹਾ ਆਰਟਿਸਟ ਹੈ, ਜਿਸ ਨੇ ਪਦਮਸ੍ਰੀ ਸ਼ੋਭਾ ਸਿੰਘ ਕੋਲੋਂ ਚਿੱਤਰਕਲਾ ਦਾ ਗਿਆਨ ਹਾਸਿਲ ਕਰਕੇ ਅਨੇਕਾਂ ਮਾਣ-ਸਨਮਾਨ ਹਾਸਿਲ ਕੀਤੇ। ਅਨੇਕਾਂ ਥਾਵਾਂ 'ਤੇ ਆਪਣੀ ਕਲਾਕ੍ਰਿਤਾਂ ਦੀਆਂ ਨੁਮਾਇਸ਼ਾਂ ਲਾ ਕੇ ਸੰਗਤ ਦੀ ਖ਼ੁਸ਼ਨੂਈ ਹਾਸਿਲ ਕੀਤੀ। ਹਥਲੀ ਪੁਸਤਕ ਅਜਿਹੀ ਖੋਜ ਭਰਪੂਰ ਕਿਤਾਬ ਹੈ, ਜੋ ਲੇਖਕ ਨੇ ਸਖ਼ਤ ਮਿਹਨਤ ਅਤੇ ਸ਼ਰਧਾ ਤੇ ਪ੍ਰੇਮ ਨਾਲ ਤਿਆਰ ਕੀਤੀ ਹੈ, ਜਿਸ ਵਿਚ ਸੰਤ ਮਹਾਂਪੁਰਸ਼ਾਂ ਦੀ ਜੀਵਨੀ ਤੋਂ ਇਲਾਵਾ ਜ਼ਿੰਦਗੀ ਜੀਊਣ ਦੇ ਸਲੀਕੇ ਨੂੰ ਵੀ ਦਰਸਾਉਣ ਦਾ ਉਪਰਾਲਾ ਕੀਤਾ ਹੈ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਪਹਿਲੇ ਹਿੱਸੇ ਵਿਚ ਦੁਆਬੇ ਦੀ ਧਰਤੀ ਵਿਸ਼ੇਸ਼ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਸਬਜ਼ ਇਲਾਕੇ ਨੂੰ ਸਾਧੂਆਂ, ਸੰਤਾਂ, ਪੀਰਾਂ ਫ਼ਕੀਰਾਂ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਹੋਣ ਦਾ ਜ਼ਿਕਰ ਕੀਤਾ ਹੈ। ਅਜਿਹੇ ਮਹਾਂਪੁਰਸ਼ਾਂ ਵਿਚੋਂ ਕੁਟੀਆ ਅਗੰਮਪੁਰ (ਗੋਂਦਪੁਰ) ਦੇ ਬਾਨੀ ਸੰਤ ਬਿਸ਼ਨ ਸਿੰਘ ਨੇ ਮਾਹਿਲਪੁਰ ਇਲਾਕੇ ਵਿਚ ਕੱਚੇ ਰਾਹਾਂ 'ਤੇ ਡੰਡੀਆਂ ਵਿਚ ਜਲ ਪਿਆਉ ਰਾਹੀਂ ਲੋਕਾਈ ਦੀ ਸੇਵਾ, ਲੋਕ ਭਲਾਈ ਦੇ ਕਾਰਜ ਕਰਦਿਆਂ ਜੀਵਨ ਬਤੀਤ ਕੀਤਾ। ਕੁੱਲੀ ਤੋਂ ਕੁਟੀਆ ਤੱਕ ਸਫ਼ਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਲੇਖਕ ਨੇ ਸ਼ਰਧਾਲੂ ਪਰਿਵਾਰਾਂ ਤੋਂ ਇਸ ਕੁਟੀਆ ਵਲੋਂ ਸੰਤ ਬਿਸ਼ਨ ਸਿੰਘ ਦੀ ਅਗਵਾਈ ਵਿਚ ਕੀਤੇ ਪਰਉਪਕਾਰੀ ਕਾਰਜਾਂ ਦਾ ਵੇਰਵਾ ਇਕੱਤਰ ਕਰਕੇ ਪਾਠਕਾਂ ਦੇ ਸਨਮੁੱਖ ਪੇਸ਼
ਅੰਮ੍ਰਿਤ ਕਾਲ ਤੱਕ
ਲੇਖਕ : ਨਵਤੇਜ ਗੜ੍ਹਦੀਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ ਸਫ਼ੇ : 116
ਸੰਪਰਕ : 94637-76985
ਨਵਤੇਜ ਗੜ੍ਹਦੀਵਾਲਾ ਦਾ ਅਜੋਕੀ ਪੰਜਾਬੀ ਸ਼ਾਇਰੀ 'ਚ ਉੱਘਾ ਨਾਂਅ ਹੈ। ਉਸ ਦੀ ਕਵਿਤਾ ਹਾਸ਼ੀਆਗ੍ਰਸਤ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਪ੍ਰਸੰਗਾਂ ਦੇ ਟੇਡ ਨੂੰ ਸਿੱਖਿਆ ਕਰ ਬਿਆਨਦੀ ਹੈ। 'ਅੰਮ੍ਰਿਤ ਕਾਲ ਤੱਕ' ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਧੁੱਪ ਦੀ ਤਲਾਸ਼' (2009) ਅਤੇ 'ਸੂਰਜ ਦਾ ਹਲਫੀਆ ਬਿਆਨ' (2014-2015) ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਦੋਵਾਂ ਕਾਵਿ ਸੰਗ੍ਰਹਿਆਂ 'ਚ 'ਧੁੱਪ' ਅਤੇ 'ਸੂਰਜ' ਸ਼ਬਦ ਸ਼ਕਤੀ ਜਾਂ ਊਰਜਾ ਅਤੇ ਰੌਸ਼ਨੀ ਜਾਂ ਚਾਨਣ ਦੇ ਸਮਰੂਪ ਹਨ। ਇਸੇ ਪ੍ਰਕਾਰ 'ਅੰਮ੍ਰਿਤ' ਸ਼ਬਦ ਦਾ ਸੰਬੰਧ ਸਤਯੁਗ ਤੋਂ ਲੈ ਕੇ ਅਜੋਕੇ ਯੁੱਗ 'ਕਲਯੁੱਗ' ਤੱਕ ਫੈਲੇ ਰਾਜ-ਸੱਤਾ, ਰਾਜ ਧਰਮ ਇਕ ਸਾਰ ਰੂਪ 'ਚ ਹੀ ਚਲਿਆ ਆ ਰਿਹਾ ਹੈ। 'ਅੰਮ੍ਰਿਤ ਕਾਲ ਤੱਕ' ਕਵਿਤਾ ਦੇ ਸੰਬੰਧ ਵਿਚ ਸਿਰਲੇਖ ਅਤੇ ਸੰਕਲਪ ਰਾਜਾ ਕੁਸ਼ਨਾਭ ਤੇ ਉਸ ਦੀਆਂ ਸੌ ਧੀਆਂ ਨੂੰ ਪਵਨ ਦੇਵ ਦੇ ਦਿੱਤੇ ਸਰਾਪ ਦੀ ਸਿਮਰਤੀ ਨਾਲ ਜੋੜਦਿਆਂ ਅਜੋਕੇ ਸੰਸਦ ਦੇਵ ਦੀਆਂ ਪਹਿਲਵਾਨ ਕੁੜੀਆਂ ਦੇ ਪ੍ਰਸੰਗ ਵਿਚ 'ਰਾਜ ਦੰਡ', 'ਰਾਜ ਸਰਾਪ' 'ਚ ਪਰਿਭਾਸ਼ਤ ਕੀਤਾ ਗਿਆ ਹੈ। ਇਸ ਕਾਵਿ ਸੰਗ੍ਰਹਿ ਵਿਚਲੀਆਂ 'ਊਠ 'ਤੇ ਚੜ੍ਹੇ ਨੇ' ਤੋਂ ਲੈ ਕੇ 'ਬੁੱਢਾ ਜਾਦੂਗਰ ਬੰਸਰੀ ਵਜਾ ਰਿਹਾ ਹੈ' ਤੱਕ ਦੀਆਂ 40 ਕਵਿਤਾਵਾਂ ਦੇ ਸਿਰਲੇਖਾਂ 'ਤੇ ਨਜ਼ਰ ਮਾਰਦਿਆਂ ਹੀ ਅਭਾਸ ਹੁੰਦਾ ਹੈ ਕਿ 'ਰਾਜ' ਦਾ 'ਧਰਮ' ਨਾਲ ਅਨੈਤਿਕ ਗੱਠਜੋੜ ਹਮੇਸ਼ਾ ਹੀ ਮਨੁੱਖ ਦੀ ਅੰਦਰੂਨੀ ਸ਼ਕਤੀ/ਸਮਰੱਥਾ ਨੂੰ ਖੀਣ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚਦਾ ਰਿਹਾ ਸੀ, ਰਚ ਰਿਹਾ ਹੈ। ਇਸ ਪ੍ਰਸੰਗ 'ਚ 'ਸ਼ੇਰ ਤੇ ਚੂਹਾ', 'ਗਊ ਦਾ ਜਾਇਆ', 'ਕੈਂਚੀ', 'ਮੇਰਾ ਰੱਬ', 'ਧਰਮ ਜੋੜਦਾ ਹੈ' ਆਦਿ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ਚਾਰ ਠੱਗਾਂ ਦੀ ਵਾਰਤਾ ਰਾਹੀਂ ਇਸ ਨੂੰ ਪ੍ਰਸੰਗ ਤੌਰ 'ਤੇ ਸਮਝਿਆ ਜਾ ਸਕਦਾ ਹੈ। 'ਨਾਰੀ' ਪ੍ਰਤੀ ਸਦੀਆਂ-ਸਦੀਆਂ ਤੋਂ ਰੂੜੀਗਤ ਧਾਰਨਾ ਨੂੰ ਸਾਡੇ ਸਮਾਜਿਕ ਸੱਭਿਆਚਾਰਕ ਸੰਦਰਭ 'ਚ 'ਭੁਲੇਖੇ ਵਿਚ ਰਿਸ਼ੀ' ਕਵਿਤਾ 'ਚ ਵਰਤੀਆਂ ਹੇਠਲੀਆਂ ਸਤਰਾਂ ਰਾਹੀਂ ਬਾਖੂਬੀ ਸਮਝਿਆ ਜਾ ਸਕਦਾ ਹੈ।
ਭੁਲੇਖੇ ਵਿਚ ਰਿਸ਼ੀ ਦੇਂਦਾ ਹੈ
ਰਿਸ਼ਵਤ ਦੇਵਤੇ ਤਾਈਂ
ਪਿਆ ਕੇ ਸੋਮਰਸ
ਉਸ ਨੂੰ ਮਸਤੀ ਚੜ੍ਹਾਉਂਦਾ ਹੈ
ਤੇ ਦਾਤਾਂ ਲੈਣ ਲਈ
ਪੁੱਤਰਾਂ ਦੀਆਂ ਪੱਲਾ ਫੈਲਾਉਂਦਾ ਹੈ
ਸ੍ਰਿਸ਼ਟੀ ਨੂੰ ਚਲਾਉਣ ਵਾਸਤੇ
ਕੁਦਰਤ ਨੇ ਦੋਹਾਂ ਨੂੰ
ਬਰਾਬਰ ਦੇ ਬਣਾਇਆ ਹੈ
ਅਜੇ ਵੀ ਗੇੜ ਵਿਚ ਉਸ ਦੇ
ਇਹੋ ਨੁਕਤਾ ਨਾ ਆਇਆ ਹੈ।
ਨਵਤੇਜ ਗੜ੍ਹਦੀਵਾਲਾ ਆਪਣੀਆਂ ਕਵਿਤਾਵਾਂ 'ਚ ਇਤਿਹਾਸਕ-ਮਿਥਿਹਾਸਕ ਵੇਰਵਿਆਂ ਦਾ ਹਵਾਲਾ ਦਿੰਦਿਆਂ ਇਸ ਦੇ ਕੱਖ ਨੂੰ ਰਾਜਨੀਤਕ ਰੰਗਣ ਦਿੰਦਾ ਹੈ। ਮਨੁੱਖ ਦੀ ਸਮਰੱਥਾ ਦੀ ਅਸਾਵੀਂ ਵੰਡ ਨੂੰ ਪੱਕਿਆਂ ਕਰਨ ਲਈ 'ਰਾਜ ਵਿਵਸਥਾ' ਧਰਮ, ਅਰਥ, ਕਾਮ, ਮੋਖਸ਼ ਦੇ ਤੱਤਾਂ ਰਾਹੀਂ ਮਨੁੱਖ ਦੀ ਕਸ਼-ਮ-ਕਸ਼, ਬੇ-ਚੈਨੀ, ਬੇ-ਤਰਤੀਬੀ ਦਬਾਉਣ ਲਈ ਯਤਨਸ਼ੀਲ ਹੈ, ਉਥੇ ਨਵਤੇਜ ਗੜ੍ਹਦੀਵਾਲਾ ਤਾਰਕਿਕ ਕਾਵਿਕ ਜੁਗਤਾਂ ਰਾਹੀਂ ਜ਼ੁਬਾਨ ਦਿੰਦਿਆਂ ਪ੍ਰਸਥਿਤੀਆਂ ਨੂੰ ਪਲਟਾਉਣ ਲਈ ਮਨੁੱਖੀ ਸੰਘਰਸ਼ ਅਤੇ ਏਕੇ ਦੀ ਵਕਾਲਤ ਕਰਦਾ ਹੈ। 'ਬੀਨਾ ਦਾ ਮੌਸਮ' ਕਵਿਤਾ ਦੇ ਹੇਠਲੀਆਂ ਸਤਰਾਂ 'ਜੇਤੂ' ਬਣਨ ਦੇ ਇਤਿਹਾਸਕ ਪ੍ਰਸੰਗ ਨੂੰ ਪੇਸ਼ ਕਰਦੀਆਂ ਹਨ:
ਅਸੀਂ ਜਿੱਤਾਂਗੇ
ਸਾਨੂੰ ਪਤਾ ਮੁੱਢ ਅਖੀਰ ਦਾ ਹੈ
ਅਸਾਂ ਨੂੰ ਥਾਪੜਾ
ਕਰਤਾਰਪੁਰ ਮੁੱਢ ਵਗਦੇ ਰਾਵੀ ਦੇ ਨੀਰ ਦਾ ਹੈ
ਅਸਾਂ ਨੂੰ ਹੌਸਲਾ
ਮੀਰੀ-ਪੀਰੀ ਦੀ ਤਲਵਾਰ ਦਾ ਹੈ
ਸਰਹੰਦ ਦੀ ਦੀਵਾਰ ਦਾ ਹੈ।
ਭਾਸ਼ਾ ਦੀ ਵਿਅੰਗਾਤਮਿਕ ਅਤੇ ਅਨੁ-ਪ੍ਰਾਸਸਕ ਅਲੰਕਾਰ ਦੀ ਸੁਚੱਜੀ ਵਰਤੋਂ ਨਵਤੇਜ ਦੀ ਕਵਿਤਾ ਦੇ ਮੀਰੀ ਗੁਣ ਹਨ। ਉਮੀਦ ਕਰਦਾ ਹਾਂ ਪੰਜਾਬੀ ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਭਰਪੂਰ ਸਮਰਥਨ ਦੇਣਗੇ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-19096
ਪਿੱਤਰ ਸੱਤਾ ਅਤੇ ਪਰਵਾਸ
ਲੇਖਕ : ਬਲਜਿੰਦਰ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 95011-45039
ਇਹ ਇਕ ਆਲੋਚਨਾ ਪੁਸਤਕ ਹੈ, ਜਿਸ ਵਿਚ ਲੇਖਕ ਨੇ ਕੁਝ ਲਿਖਾਰੀਆਂ ਦੀਆਂ ਕਿਤਾਬਾਂ ਬਾਰੇ ਚਰਚਾ ਕੀਤੀ ਹੈ। ਇਨ੍ਹਾਂ ਕਿਤਾਬਾਂ ਵਿਚ ਕਵੀ ਜਗਜੀਤ ਸੰਧੂ ਦੇ ਕਾਵਿ ਸੰਗ੍ਰਹਿ 'ਤਾਪਸੀ', ਮਹਿੰਦਰਪਾਲ ਸਿੰਘ ਦੀ ਨਵੀਂ ਕਿਤਾਬ 'ਤ੍ਰਿਵੈਣੀ' ਪਰਮਿੰਦਰ ਰਮਨ ਦੇ ਕਾਵਿ-ਸੰਗ੍ਰਹਿ 'ਕਵੀ ਕਾਮਰੇਡ ਤੇ ਕਾਮੇ', ਹਰੀਪਾਲ ਦੀ ਲੇਖ ਰਚਨਾ ਦੀ ਕਿਤਾਬ 'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ', ਲੇਖਿਕਾ ਜਸਬੀਰ ਮਾਨ ਦੀਆਂ ਕਹਾਣੀਆਂ ਦੀ ਕਿਤਾਬ 'ਸਾਜਨ ਕੀ ਬੇਟੀਆਂ', 'ਜਤਿੰਦਰ ਸਿੰਘ ਹਾਂਸ ਦੀ ਕਹਾਣੀ 'ਬੰਦਾ ਮਰਦਾ ਕਿਥੇ ਦੇਖ ਹੁੰਦਾ', ਪ੍ਰੋ. ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖਤ ਦਾ ਅਧਿਐਨ ਗੁਰਚਰਨ ਕੌਰ ਥਿੰਦ ਦੇ ਨਾਵਲ 'ਜਗਦੇ ਬੁਝਦੇ ਜੁਗਨੂੰ', ਬਹਾਦਰ ਡਾਲਵੀ ਦੀ ਬਾਲ ਸਾਹਿਤ ਦੀ ਪੁਸਤਕ 'ਆਓ ਬੱਚਿਓ ਰੁੱਖ ਲਗਾਓ' ਅਤੇ ਮਰਹੂਮ ਲੇਖਕ ਇਕਬਾਲ ਅਰਪਨ ਦੇ ਸਾਹਿਤਕ ਖੇਤਰ ਦਾ ਜ਼ਿਕਰ ਹੈ। ਆਲੋਚਕ ਨੇ ਬੜੀ ਬੇਬਾਕੀ ਅਤੇ ਇਮਾਨਦਾਰੀ ਨਾਲ ਇਨ੍ਹਾਂ ਪੁਸਤਕਾਂ ਬਾਬਤ ਆਪਣੀ ਰਾਇ ਦਿੱਤੀ ਹੈ। ਉਸ ਨੂੰ ਜਾਪਦਾ ਹੈ ਕਿ ਅੱਜ ਦਾ ਮਨੁੱਖ ਕੱਟੜਤਾ, ਹੰਕਾਰ, ਵਿਖਾਵਾ, ਲਾਈਲੱਗਪੁਣਾ ਅਤੇ ਬੌਧਿਕ ਕੰਗਾਲੀ ਦਾ ਸ਼ਿਕਾਰ ਹੈ। ਸੋਸ਼ਲ ਮੀਡੀਆ ਵਿਚ ਫਜ਼ੂਲ ਬਹਿਸਬਾਜ਼ੀ, ਹਉਮੈ ਅਤੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਪ੍ਰਵਿਰਤੀ ਨਜ਼ਰ ਆਉਂਦੀ ਹੈ। ਲੋਕੀਂ ਕਰਜ਼ੇ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਤੋਰਨ ਦੇ ਆਹਰ ਵਿਚ ਲੱਗੇ ਹੋਏ ਹਨ। ਇਸ ਤਰ੍ਹਾਂ ਚੰਗੇ ਭਲੇ ਵਸਦੇ ਹੱਸਦੇ ਘਰ ਪਰਿਵਾਰ ਆਪਣਾ ਦੇਸ਼ ਛੱਡ ਕੇ ਪਰਦੇਸਾਂ ਦੇ ਦੁੱਖ ਸੰਤਾਪ ਭੁਗਤ ਰਹੇ ਹਨ। ਸਵਾਰਥ, ਲਾਲਚ ਅਤੇ ਭਰਮਾਂ ਭੁਲੇਖਿਆਂ ਦੀ ਇਸ ਦੁਨੀਆ ਵਿਚੋਂ ਕੋਈ ਵਿਰਲਾ ਹੀ ਬਚ ਕੇ ਨਿਕਲਦਾ ਹੈ।
ਲੇਖਕ ਨੇ ਸੋਹਣੀ ਸ਼ੈਲੀ ਅਤੇ ਬੋਲੀ ਰਾਹੀਂ ਆਪਣੇ ਵਿਚਾਰ ਅਤੇ ਭਾਵਨਾਵਾਂ ਪ੍ਰਗਟ ਕੀਤੀਆਂ ਹਨ। ਇਸ ਪੁਸਤਕ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ-
ਅਣਖੀਲਾ ਧਰਤੀ ਪੁੱਤਰ
ਦੁੱਲਾ ਭੱਟੀ
ਵਿਆਖਿਆ : ਧਰਮ ਸਿੰਘ ਗੋਰਾਇਆ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 216
ਦੁੱਲਾ ਭੱਟੀ ਸੰਯੁਕਤ ਪੰਜਾਬ (ਪੱਛਮੀ ਤੇ ਪੂਰਬੀ) ਦਾ ਸਾਂਝਾ ਨਾਇਕ ਰਿਹਾ ਹੈ। ਸਾਡੇ ਪੇਂਡੂ ਸਮਾਜ ਵਿਚ ਹਰ ਸੁੰਦਰ ਤੇ ਸਜੀਲੇ ਨੌਜਵਾਨ ਨੂੰ ਦੁੱਲਾ ਜਾਂ 'ਦੂਲਾ' ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਅਰਬ ਰਾਜ ਵਿਚ ਇਕ ਸੱਭਿਆਚਾਰਕ ਪਰੰਪਰਾ ਰਹੀ ਹੈ ਕਿ ਨਵਜਾਤ ਲੜਕਿਆਂ ਨੂੰ ਸੂਝ ਅਤੇ ਚੇਤਨਾ ਪ੍ਰਦਾਨ ਕਰਨ ਲਈ ਪਿੰਡਾਂ ਵਿਚ ਰਹਿਣ ਵਾਲੀਆਂ ਰਿਸ਼ਟ-ਪੁਸ਼ਟ ਔਰਤਾਂ ਦਾ ਦੁੱਧ ਚੁੰਘਾਇਆ ਜਾਂਦਾ ਸੀ। ਇਸੇ ਹੀ ਕਥਿਤ ਪਰੰਪਰਾ ਦੇ ਕਾਰਨ ਅਕਬਰ ਪੁੱਤਰ ਸ਼ੇਖੂ (ਜਹਾਂਗੀਰ) ਦੁੱਲੇ ਦੀ ਮਾਤਾ ਲੱਧੀ ਦਾ ਦੁੱਧ ਚੁੰਘਦਾ ਰਿਹਾ ਸੀ।
ਪ੍ਰੰਤੂ ਸੱਤਾ ਕਦੋਂ ਦੁੱਧ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਕਾਇਮ ਤੇ ਬਰਕਰਾਰ ਰਹਿਣ ਦਿੰਦੀ ਹੈ? ਜਿਵੇਂ ਹੀ ਦੁੱਲਾ ਵੱਡਾ ਹੋ ਕੇ ਸਟੇਟ ਦੀਆਂ ਮਨਆਈਆਂ ਨੂੰ ਵੰਗਾਰਨ ਲੱਗਾ ਤਾਂ ਸੱਤਾ ਨੇ ਦੁੱਲੇ ਨੂੰ ਫ਼ਾਂਸੀ ਉਪਰ ਚੜ੍ਹਾ ਦਿੱਤਾ। ਸ. ਧਰਮ ਸਿੰਘ ਗੁਰਾਇਆ ਨੇ ਬੜੀ ਸਟੀਕਤਾ ਨਾਲ ਦੁੱਲੇ ਦੇ ਨਾਬਰੀ ਦੇ ਬਿਰਤਾਂਤ ਨੂੰ ਪੇਸ਼ ਕੀਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਦੁੱਲੇ ਨਾਲ ਸੰਬੰਧਿਤ ਬਹੁਤ ਸਾਰੀਆਂ ਧਾਰਨਾਵਾਂ ਮਨੋਕਲਪਿਤ ਅਤੇ ਮਿਥਿਆ ਹਨ ਕਿਉਂਕਿ ਜਹਾਂਗੀਰ ਨੇ ਕਦੇ ਵੀ ਮਾਈ ਲੱਧੀ ਦਾ ਦੁੱਧ ਨਹੀਂ ਚੁੰਘਿਆ (ਪੰਨਾ : 14)
ਧਰਮ ਸਿੰਘ ਗੁਰਾਇਆ ਨੇ ਦੁੱਲੇ ਦੀ ਲੀਜੈਂਡ ਨੂੰ ਪਾਕ ਅਤੇ ਸ਼ੁੱਧ ਰੱਖਣ ਦਾ ਬੀੜਾ ਉਠਾਈ ਰੱਖਿਆ ਹੈ। ਉਸ ਨੇ ਭੱਟੀਆਂ ਦੇ ਇਕ ਨੇੜਲੇ ਪਿੰਡ ਵਿਚ ਦੁੱਲਾ ਭੱਟੀ ਦਾ ਬੁੱਤ ਲਗਵਾਇਆ। ਮਾਰਚ 2003 ਈ. ਵਿਚ ਦੁੱਲਾ ਭੱਟੀ ਦਾ ਸ਼ਹੀਦੀ ਦਿਹਾੜੇ ਮੌਕੇ ਵੱਡੇ ਪੱਧਰ ਦਾ ਮੇਲਾ ਲਗਵਾਇਆ।
ਸ. ਗੁਰਾਇਆ ਅਨੁਸਾਰ ਉਹ ਦਿਨ ਦੂਰ ਨਹੀਂ, ਜਦੋਂ ਭਾਰਤੀ ਪੰਜਾਬ ਵਿਚ ਵੀ ਦੁੱਲਾ ਭੱਟੀ ਦਾ ਬੁੱਤ ਸਥਾਪਿਤ ਹੋਵੇਗਾ। ਸਾਂਦਲ ਬਾਰ ਵਿਚ ਬਾਬਰ ਦੀ ਮ੍ਰਿਤੂ ਉਪਰੰਤ ਪਹਿਲਾ ਕਿਸਾਨੀ ਵਿਦਰੋਹ ਸ਼ੁਰੂ ਹੋਇਆ ਸੀ। ਬਿਜਲੀ ਖਾਂ ਭੱਟੀ ਅਤੇ ਫ਼ਰੀਦ ਖਾਨ ਭੱਟੀ ਦਾ ਪਿੱਛਾ ਜੈਸਲਮੇਰ ਨਾਲ ਜੁੜਦਾ ਸੀ। ਭੱਟੀ ਰਾਜਪੂਤ ਬਹੁਤ ਜੰਗਜੂ, ਲੜਾਕੇ ਅਤੇ ਮਾਰਖੋਰੇ ਸਨ। ਦੁੱਲੇ ਦਾ ਜਨਮ ਫਰੀਦ ਖਾਨ ਭੱਟੀ ਅਤੇ ਮਾਈ ਲੱਧੀ ਦੇ ਗ੍ਰਹਿ ਵਿਖੇ ਹੋਇਆ। ਉਸ ਨੇ ਚੜ੍ਹਦੀ ਜਵਾਨੀ ਵਿਚ ਰਾਜਪੂਤੀ ਅਣਖ ਅਤੇ ਨਾਬਰੀ ਦੇ ਕੁਝ ਅਜਿਹੇ ਬਿਰਤਾਂਤ ਸਿਰਜੇ ਕਿ ਦੋਵਾਂ ਪੰਜਾਬਾਂ ਵਿਚ ਲੋਹੜੀ ਦੇ ਮੌਸਮੀ ਤਿਉਹਾਰ ਸਮੇਂ ਦੁੱਲੇ ਭੱਟੀ ਦੀ ਬੀਰਤਾ ਅਤੇ ਸ਼ਖਾਵਤ ਦੇ ਗੀਤ ਗਾਏ ਜਾਂਦੇ ਹਨ।
ਦੁੱਲਾ ਭੱਟੀ ਦੇ ਬਿਰਤਾਂਤ ਨੂੰ ਸਟੀਕ ਅਤੇ ਵਿਸ਼ਵਾਸਯੋਗ ਬਣਾਉਣ ਦੀ ਇਸ ਪੁਸਤਕ ਦੇ ਅੰਤਿਮ ਭਾਗ ਵਿਚ ਪੰਜਾਬੀ ਦੇ ਪ੍ਰਮੁੱਖ ਕਿੱਸਾ ਕਵੀ ਕਿਸ਼ਨ ਸਿੰਘ ਆਰਿਫ਼ ਦੁਆਰਾ ਰਚਿਤ ਕਿੱਸੇ 'ਦੁੱਲਾ ਭੱਟੀ' ਦੀ ਟੈਕਸਟ ਦਿੱਤੀ ਗਈ ਹੈ। ਬੇਸ਼ੱਕ ਇਸ ਟੈਕਸਟ ਦੇ ਬਹੁਤ ਸਾਰੇ ਵੇਰਵੇ ਗੋਰਾਇਆ ਸਾਹਿਬ ਦੀਆਂ ਧਾਰਨਾਵਾਂ ਦੇ ਉਲਟ ਜਾਂਦੇ ਹਨ ਪਰ ਤਾਂ ਵੀ ਇਹ ਪਾਠਕਾਂ ਵਿਚ ਖੂਬ ਪ੍ਰਚੱਲਿਤ ਹੈ ਅਤੇ ਦੁੱਲਾ ਭੱਟੀ ਦੇ ਜੀਵਨ ਨੂੰ ਪ੍ਰਮਾਣਿਤ ਕਰਦੀ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਬਲਦੇ ਰਾਹ
ਲੇਖਕ : ਡਾ. ਗੁਰਬੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 179
ਸੰਪਰਕ : 98780-34447
ਇਕ ਹੋਮਿਓਪੈਥਿਕ ਡਾਕਟਰ ਗੁਰਬੀਰ ਸਿੰਘ ਸਮਾਜ ਦੇ ਸੰਤਾਪਾਂ ਨੂੰ ਚਿੱਤਰਨ ਵਾਲਾ ਸਾਹਿਤਕਾਰ ਹੈ। ਉਹ ਆਪਣਾ ਪਹਿਲਾਂ ਨਾਵਲ 'ਪਰਵੀਨ' ਸਮਾਜ ਦੀਆਂ ਜੜ੍ਹਾਂ ਨੂੰ ਨਸ਼ਿਆਂ ਦੇ ਰੂਪ ਵਿਚ ਲੱਗੀ ਸਿਉਂਕ ਬਾਰੇ ਵੀ ਲਿਖ ਚੁੱਕਾ ਹੈ। ਵਿਚਾਰ ਅਧੀਨ ਨਾਵਲ 'ਬਲਦੇ ਰਾਹ' ਉਸ ਦਾ ਦੂਜਾ ਨਾਵਲ ਹੈ। ਇਹ ਨਾਵਲ ਤਿੰਨ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ਦੁਆਰਾ ਹੰਢਾਏ ਦਹਿਸ਼ਤੀ ਸੰਤਾਪ ਨੂੰ ਬਿਰਤਾਂਤ ਦਾ ਵਿਸ਼ਾ ਬਣਾ ਕੇ ਸਿਰਜਿਆ ਗਿਆ ਹੈ। ਇਸ ਨਾਵਲ ਵਿਚ ਸਿਰਜੇ ਕਈ ਦ੍ਰਿਸ਼ ਪਾਠਕ ਨੂੰ ਹਲੂਣ ਕੇ ਰੱਖਣ ਵਿਚ ਸਫ਼ਲ ਹੁੰਦੇ ਹਨ। ਜਿਨ੍ਹਾਂ ਪਾਠਕਾਂ ਨੇ ਇਹ ਸਮਾਂ ਵੇਖਿਆ ਹੈ ਤੇ ਇਹ ਸੰਤਾਪ ਆਪਣੇ ਤਨ 'ਤੇ ਹੰਢਾਇਆ ਹੈ, ਉਨ੍ਹਾਂ ਲਈ ਇਹ ਨਾਵਲ ਕਿਸੇ ਵਿਸ਼ੇਸ਼ ਵਿਅਕਤੀ ਦੀ ਜ਼ਿੰਦਗੀ ਤੇ ਉਸ ਸਮੇਂ ਦੇ ਕੌੜੇ ਤਜਰਬਿਆਂ ਨੂੰ ਯਾਦ ਕਰਨ ਦਾ ਵਸੀਲਾ ਬਣਦਾ ਹੈ। ਉਹ ਨੌਜਵਾਨ ਜੋ ਉਸ ਸਮੇਂ ਤੋਂ ਬਾਅਦ ਦੀ ਪੈਦਾਇਸ਼ ਹਨ, ਉਨ੍ਹਾਂ ਲਈ ਇਹ ਨਾਵਲ ਉਨ੍ਹਾਂ ਕਾਰਨਾਂ ਨੂੰ ਸਮਝਣ ਦਾ ਢੰਗ ਸਿੱਧ ਹੁੰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਨੂੰ ਇਹ ਸਮਾਂ ਵੇਖਣਾ ਪਿਆ ਸੀ ਅਤੇ ਅੱਗੇ ਚੱਲ ਕੇ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਮਾਝਾ ਖੇਤਰ ਜਿਥੇ ਇਹ ਦਹਿਸ਼ਤੀ ਮਹੌਲ ਸਭ ਤੋਂ ਵੱਧ ਸੀ, ਉਥੋਂ ਦੇ ਪਾਠਕ ਇਹ ਨਾਵਲ ਪੜ੍ਹਦਿਆਂ ਇਸ ਦੇ ਪਾਤਰ ਪਰਮਜੀਤ ਸਿੰਘ, ਬੂਟਾ ਸਿੰਘ, ਬਚਿੱਤਰ ਸਿੰਘ, ਤਰਸੇਮ ਲਾਲ, ਕੀਮਤ ਸਿੰਘ, ਪ੍ਰਸਿੰਨੀ, ਕਿੰਦਰ, ਜਿੰਦਰ ਅਤੇ ਜੀਤਾ ਆਦਿ ਨੂੰ ਆਪਣੇ ਆਲੇ-ਦੁਆਲੇ ਵਿਚਰਦਿਆਂ ਮਹਿਸੂਸ ਕਰਨਗੇ ਅਤੇ ਉਸ ਸਮੇਂ ਦੀ ਜ਼ਿੰਦਗੀ ਦੇ ਅਸਲ ਪਾਤਰਾਂ ਨਾਲ ਮੇਲ ਖਾਂਦੇ ਇਹ ਪਾਤਰ ਹਰ ਪਾਠਕ ਦੇ ਆਪਣੇ ਪਿੰਡ ਜਾਂ ਆਪਣੇ ਆਲੇ-ਦੁਆਲੇ ਦੀ ਬਾਤ ਸੁਣਾਉਂਦੇ ਲੱਗਣਗੇ। ਇਹ ਨਾਵਲ ਉਨ੍ਹਾਂ ਦਿਨਾਂ ਨੂੰ ਯਾਦ ਕਰਵਾ ਕੇ ਪਾਠਕ ਨੂੰ ਗ਼ਮਗੀਨ ਵੀ ਕਰ ਜਾਂਦਾ ਹੈ। ਉਸ ਦੀ ਭਾਸ਼ਾ ਦੀ ਮੁਹਾਰਤ ਮਾਝੀ ਭਾਸ਼ਾ ਦੇ ਸ਼ਬਦਾਂ ਨੂੰ ਸਹੀ ਮਾਅਨਿਆਂ ਵਿਚ ਸਹੀ ਥਾਵਾਂ 'ਤੇ ਵਰਤਣ ਨਾਲ ਸਿੱਧ ਹੁੰਦੀ ਹੈ। ਇਸ ਸੰਤਾਪ ਨੂੰ ਚਿਤਰਤ ਕਰਦੇ ਕਥਾ ਜਗਤ ਨੂੰ ਏਨੇ ਯਥਾਰਥਕ ਢੰਗ ਨਾਲ ਸਿਰਜਣ ਕਾਰਨ ਸਹੀ ਅਰਥਾਂ ਵਿਚ ਨਾਵਲਕਾਰ ਵਧਾਈ ਦਾ ਪਾਤਰ ਬਣਦਾ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਕਾਵਿਕ ਲਕੀਰਾਂ
ਸੰਪਾਦਕ : ਮਲਕੀਤ ਸਿੰਘ ਔਜਲਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 150
ਸੰਪਰਕ : 99149-92424
ਉੱਘੇ ਲੇਖਕ ਮਲਕੀਤ ਸਿੰਘ ਔਜਲਾ ਦੀ ਸੰਪਾਦਿਤ ਪੁਸਤਕ 'ਕਾਵਿਕ ਲਕੀਰਾਂ' ਵਿਚ 52 ਕਵੀਆਂ ਦੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਵਿਚ ਸੁਸ਼ੋਭਿਤ ਵੱਖ-ਵੱਖ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਵਿਚ ਵੱਖ-ਵੱਖ ਮੁੱਦਿਆਂ ਨੂੰ ਬੜੇ ਹੀ ਸਫ਼ਲ ਅਤੇ ਸੁਚੱਜੇ ਢੰਗ ਨਾਲ ਉਭਾਰਿਆ ਗਿਆ ਹੈ। ਕੁਦਰਤ ਨਾਲ ਛੇੜ-ਛਾੜ ਕਰਨ ਦੇ ਵਰਤਾਰੇ ਨੂੰ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਮੰਨਦਿਆਂ ਅਜਿਹੀ ਮਨਮਾਨੀ ਪ੍ਰਤੀ ਸੁਚੇਤ ਵੀ ਕੀਤਾ ਗਿਆ ਹੈ:
ਪਹਿਲਾਂ ਵਰਗਾ ਮੌਸਮ ਹੋ ਜਾਵੇ,
ਪਹਿਲਾਂ ਵਾਂਗੂ ਵਰਖਾ ਆਵੇ।
ਹਰ ਇਕ ਬੰਦਾ ਇਕ ਰੁੱਖ ਜੇ ਲਾਵੇ,
ਧਰਤੀ ਮਾਂ ਨੂੰ ਸਵਰਗ ਬਣਾਵੇ।
ਦੁਰਗਾ ਦੀ ਪੂਜਾ ਕਰਨ ਵਾਲੇ ਦੇਸ਼ ਵਿਚ ਜੇਕਰ ਭਰੂਣ ਹੱਤਿਆ ਵਰਗੀ ਸ਼ਰਮਨਾਕ ਬੁਰਾਈ ਨਿਰੰਤਰ ਜਾਰੀ ਹੈ, ਤਾਂ ਮੰਨ ਲੈਣਾ ਚਾਹੀਦਾ ਹੈ ਕਿ ਸਾਡੇ ਨਾਲੋਂ ਵੱਧ ਬੇਈਮਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਭਲਾ ਇਸ ਤੋਂ ਵੱਡਾ ਦੁਖਾਂਤ ਹੋਰ ਹੋ ਵੀ ਕੀ ਸਕਦਾ ਹੈ ਕਿ ਅਸੀਂ ਕੰਜਕਾਂ ਦੀ ਪੂਜਾ ਵੀ ਕਰਦੇ ਹਾਂ ਅਤੇ ਆਪਣੇ ਘਰਾਂ ਵਿਚ ਕੰਜਕਾਂ ਨੂੰ ਜਨਮ ਵੀ ਨਹੀਂ ਲੈਣ ਦੇ ਰਹੇ। ਸਾਡੀ ਕਹਿਣੀ ਅਤੇ ਕਰਨੀ ਦਾ ਇਹ ਅੰਤਰ ਹੀ ਸਾਡੇ ਸਮਾਜ ਲਈ ਇਕ ਭਿਆਨਕ ਚੁਣੌਤੀ ਦਾ ਰੂਪ ਧਾਰਨ ਕਰ ਗਿਆ ਹੈ:
ਖ਼ੁਦਾ ਦਾ ਵਾਸਤਾ ਲੋਕੋ,
ਕਰੋ ਕੁਝ ਕਦਰ ਕੁੜੀਆਂ ਦੀ।
ਮਾਂ ਦੀ ਕੁੱਖ ਨੂੰ ਆਖੋ,
ਬਣੇ ਨਾ ਕਬਰ ਕੁੜੀਆਂ ਦੀ।
ਮਲਕੀਤ ਸਿੰਘ ਔਜਲਾ ਵਲੋਂ ਸੰਪਾਦਿਤ ਇਸ ਪੁਸਤਕ ਵਿਚ ਬਹੁਤੀਆਂ ਰਚਨਾਵਾਂ ਪੰਜਾਬ ਸਿਵਲ ਸਕੱਤਰੇਤ ਅਤੇ ਹੋਰਨਾਂ ਦਫ਼ਤਰਾਂ ਵਿਚ ਕੰਮ ਕਰਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੀਆਂ ਹਨ। ਨਿਰਸੰਦੇਹ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਇਨ੍ਹਾਂ ਦੀਆਂ ਕਲਮਾਂ ਹੋਰ ਪ੍ਰਚੰਡ ਹੋਣਗੀਆਂ। ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਨੂੰ ਸੇਧ ਪ੍ਰਦਾਨ ਕਰਨ ਲਈ ਉਨ੍ਹਾਂ ਵਲੋਂ ਕੁਝ ਨਾਮਵਰ ਕਵੀਆਂ ਨੂੰ ਵੀ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਗਿਆ ਹੈ। ਜੇਕਰ ਕਿਹਾ ਜਾਵੇ ਕਿ ਪੁਸਤਕ ਵਿਚਲੀ ਹਰ ਰਚਨਾ ਇਕ-ਦੂਜੇ ਤੋਂ ਵਧ ਕੇ ਹੈ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸਪਤਸਿੰਧੂ ਦੇ ਏਕੀਕਰਨ ਦੇ ਮਹਾਂਨਾਇਕ
ਮਹਾਰਾਜਾ ਰਣਜੀਤ ਸਿੰਘ
ਸੰਪਾਦਕ : ਡਾ. ਕੁਲਦੀਪ ਚੰਦ ਅਗਨੀਹੋਤਰੀ
ਪ੍ਰਕਾਸ਼ਕ : ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ, ਪੰਚਕੂਲਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 0172-2972071
ਡਾ. ਕੁਲਦੀਪ ਚੰਦ ਅਗਨੀਹੋਤਰੀ ਵਲੋਂ ਸੰਪਾਦਿਤ ਇਸ ਤਾਰੀਖੀ ਪੁਸਤਕ ਨੂੰ ਪਾਠਕਾਂ ਸਾਹਵੇਂ ਕਰਨ ਦਾ ਸ਼ਲਾਘਾਯੋਗ ਉਪਰਾਲਾ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਨੇ ਕੀਤਾ ਹੈ। ਇਹ ਪੁਸਤਕ, ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਵਲੋਂ ਸਪਤਸਿੰਧੂ ਦੇ ਏਕੀਕਰਨ ਲਈ ਉਸ ਸਮੇਂ ਕੀਤੇ ਲਾਸਾਨੀ ਉਪਰਾਲੇ ਨੂੰ ਵਿਸਥਾਰ ਅਤੇ ਬਾਰੀਕਬੀਨੀ ਨਾਲ ਉਜਾਗਰ ਕਰਦੀ ਹੈ, ਜਦੋਂ ਈਸਟ ਇੰਡੀਆ ਕੰਪਨੀ, ਤਿਜਾਰਤ ਦੀ ਆੜ ਹੇਠ ਪੂਰੇ ਭਾਰਤ ਨੂੰ ਹੜੱਪਣ ਦੀਆਂ ਗੋਂਦਾਂ ਗੁੰਦ ਰਹੀ ਸੀ ਅਤੇ ਕਾਫੀ ਹੱਦ ਤੱਕ ਇਸ ਮਕਸਦ ਵਿਚ ਸਫਲ ਵੀ ਹੋ ਰਹੀ ਸੀ। ਉਸ ਬਿਖੜੇ ਦੌਰ ਵਿਚ ਸਿਰਫ਼ ਮਹਾਰਾਜਾ ਰਣਜੀਤ ਸਿੰਘ ਹੀ ਉਹ ਮਹਾਂਨਾਇਕ ਬਣ ਕੇ ਉਭਰੇ, ਜਿਨ੍ਹਾਂ ਨੇ ਸਪਤਸਿੰਧੂ ਦੇ ਏਕੀਕਰਨ ਵਰਗਾ ਮਹਾਨ ਕਾਰਜ ਕੀਤਾ।
ਵਿਚਾਰ ਗੋਚਰੀ ਪੁਸਤਕ ਵਿਚ 11 ਪ੍ਰਮੁੱਖ ਵਿਦਵਾਨਾਂ ਦੇ ਇਸ ਵਿਸ਼ੇ 'ਤੇ ਲਿਖੇ ਗਏ ਖੋਜ ਭਰਪੂਰ ਲੇਖ ਸ਼ਾਮਿਲ ਹਨ। 9 ਲੇਖ ਪੰਜਾਬੀ ਵਿਚ ਅਤੇ 3 ਲੇਖ ਅੰਗਰੇਜ਼ੀ ਵਿਚ ਹਨ। ਪ੍ਰਥਮ ਲੇਖ, ਉੱਘੇ ਇਤਿਹਾਸਕਾਰ ਸਵ. ਡਾ. ਗੰਡਾ ਸਿੰਘ ਹੋਰਾਂ ਦਾ ਹੈ, ਜਿਸ ਵਿਚ ਉਨ੍ਹਾਂ, ਉਸ ਵੇਲੇ ਦੇ ਪੰਜਾਬ ਦੀ ਭੂਗੋਲਿਕ ਅਤੇ ਇਤਿਹਾਸਕ ਸਥਿਤੀ ਨੂੰ ਬਾਖ਼ੂਬੀ ਕਲਮਬੰਦ ਕੀਤਾ ਹੈ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੇ ਲੇਖ ਦਾ ਉਨਵਾਨ ਹੈ-ਸਪਤ ਸਿੰਧੂ ਦੀ ਪਹਿਚਾਣ।' ਡਾ. ਅੰਜੂ ਸੂਰੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਤਲੁਜ ਉਰਾਰ ਸਿੱਖ ਰਿਆਸਤਾਂ ਪ੍ਰਤੀ ਨੀਤੀ ਦਾ ਵਿਸ਼ਲੇਸ਼ਣ ਕੀਤਾ। ਡਾ. ਕੁਲਦੀਪ ਚੰਦ ਅਗਨੀਹੋਤਰੀ ਦਾ ਲੇਖ, ਸ਼ੇਰ-ਏ-ਪੰਜਾਬ ਦੇ, ਸਪਤਸਿੰਧੂ ਦੇ ਏਕੀਕਰਨ ਲਈ ਵਿੱਢੇ, ਅਭਿਆਨ ਨੂੰ ਬਿਆਨਦਾ ਹੈ। ਲੇਖ ਵਿਚ, ਕੁਝ ਅੰਗਰੇਜ਼ੀ ਪੈਰੇ ਵੀ ਹਨ। ਡਾ. ਪਰਮਿੰਦਰ ਸਿੰਘ ਅਤੇ ਸ੍ਰੀ ਹੰਸ ਰਾਜ ਦੇ ਲੇਖ ਰਾਹੀਂ, ਪੰਜਾਬੀ ਲੋਕ-ਵਾਰਤਕ ਬਿਰਤਾਂਤ ਵਿਚ, ਮਹਾਰਾਜਾ ਸਾਹਿਬ ਦੇ ਬਿੰਬ ਬਾਰੇ ਚਾਨਣਾ ਪਾਉਂਦਾ ਹੈ। ਮਹਾਰਾਜਾ ਸਾਹਿਬ ਨਾਲ ਜੁੜੀਆਂ ਕੁਝ ਘਟਨਾਵਾਂ, ਲੇਖ ਵਿਚ, ਸ਼ਾਮਿਲ ਹਨ। ਡਾ. ਕਮਲਜੀਤ ਸਿੰਘ ਦਾ ਲੇਖ ਸ਼ਾਹ ਮੁਹੰਮਦ ਵਲੋਂ ਲਿਖੇ ਗਏ 'ਜੰਗਨਾਮਾ ਸਿੰਘਾ ਤੇ ਫਿਰੰਗੀਆਂ' ਬਾਰੇ, ਡਾ. ਅਨੁਰਾਗ ਸ਼ਰਮਾ ਦਾ ਲੇਖ ਦਾ ਉਨਵਾਨ ਹੈ 'ਮਹਾਰਾਜਾ ਰਣਜੀਤ ਸਿੰਘ, ਸ਼ੇਰ-ਏ-ਪੰਜਾਬ, ਸਪਤ ਸਿੰਧੂ, ਸ੍ਰੀਮਤੀ ਗੁਰਪ੍ਰੀਤ ਕੌਰ ਸੈਣੀ ਨੇ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਉਸ ਦੇ ਦਰਬਾਰੀ ਕਵੀਆਂ ਬਾਰੇ ਵਡਮੁੱਲੀ ਜਾਣਕਾਰੀ ਹੈ।
ਤਿੰਨ ਲੇਖ ਅੰਗਰੇਜ਼ੀ ਵਿਚ ਹਨ-ਡਾ. ਸੰਦੀਪ ਸਿੰਘ ਦਾ ÒUnification of Misls by Maharaja Ranjit Singh. The Road to Kashmir’s Liberation and Punjab Historical LagacyÓ ਡਾ. ਬਾਵਾ ਸਿੰਘ ਵਲੋਂ ਲਿਖਤ ÒMapping Maharaja Ranjit Singh’s Afghanistan Policy Consolidation and Expansion of Sikh EmpireÓ ਅਤੇ ਅਤੇ ਪ੍ਰੋਫ਼ੈਸਰ ਰਾਧਾ ਸ਼ਰਮਾ ਦਾ ਲੇਖ ÒThe Conquest and Consolidation of PeshawarÓ
ਹਰੇਕ ਲੇਖ, ਆਪਣੇ-ਆਪ ਵਿਚ ਖੋਜ ਅਤੇ ਦੁਰਲੱਭ ਜਾਣਕਾਰੀਆਂ ਦਾ ਬੇਸ਼ਕੀਮਤੀ ਖ਼ਜ਼ਾਨਾ ਹੈ। ਸਭ ਲੇਖਾਂ ਦੇ ਅੰਤ ਉੱਤੇ, ਹਵਾਲਿਆਂ, ਸਹਾਇਕ ਲਿਖਤਾਂ ਅਤੇ ਟਿੱਪਣੀਆਂ ਦੀਆਂ ਸੂਚੀਆਂ ਦਰਜ ਹਨ। ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਦੀ ਇਹ ਪ੍ਰਕਾਸ਼ਨਾ, ਤਾਰੀਖੀ ਅਤੇ ਬੇਜੋੜ ਤਖ਼ਲੀਕ ਹੈ, ਜਿਸ ਲਈ ਅਕਾਦਮੀ, ਮੁਬਾਰਕਬਾਦ ਦੀ ਹੱਕਦਾਰ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਸਾਹਾਂ ਦਾ ਜੰਗਲ
ਲੇਖਕ : ਗੁਰਚਰਨ ਸਿੰਘ 'ਤਖਤਰ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98557-28684
ਗੁਰਚਰਨ ਸਿੰਘ 'ਤਖਤਰ' ਇਕ ਸਮਰੱਥ ਗ਼ਜ਼ਲਕਾਰ ਸੀ ਜੋ ਕੁਝ ਸਮਾਂ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਸ ਦੇ ਜਿਊਂਦੇ ਜੀਅ ਉਸ ਦੇ ਦੋ ਗ਼ਜ਼ਲ-ਸੰਗ੍ਰਹਿ ਛਪੇ, ਤੀਸਰਾ ਗ਼ਜ਼ਲ-ਸੰਗ੍ਰਹਿ 'ਅਧੂਰੇ ਖ਼ਵਾਬ ਦੀ ਤਾਬੀਰ' ਉਸ ਦੇ ਜਾਣ ਤੋਂ ਬਾਅਦ ਛਪਿਆ ਤੇ ਵਿਚਾਰਨਯੋਗ ਚੌਥਾ ਗ਼ਜ਼ਲ-ਸੰਗ੍ਰਹਿ 'ਸਾਹਾਂ ਦਾ ਜੰਗਲ' ਹੁਣ ਸਾਹਮਣੇ ਆਇਆ ਹੈ। ਇਸ ਸੰਗ੍ਰਹਿ ਵਿਚ ਤਖਤਰ ਦੀਆਂ ਸੱਠ ਦੇ ਕਰੀਬ ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ, ਜਿਨ੍ਹਾਂ ਦੇ ਸ਼ਿਅਰਾਂ ਦੀ ਗਿਣਤੀ ਜ਼ਿਆਦਾਤਰ 12-12 ਹੈ। 2-2 ਸਫ਼ਿਆਂ ਤੱਕ ਫ਼ੈਲੀਆਂ ਗ਼ਜ਼ਲਾਂ ਤੋਂ ਪਤਾ ਚਲਦਾ ਹੈ ਕਿ ਗ਼ਜ਼ਲਕਾਰ ਦੀ ਕਲਮ ਵਿਚ ਲਿਖਣ ਦੀ ਸਮਰੱਥਾ ਤੇ ਊਰਜਾ ਕਿੰਨੀ ਪ੍ਰਬਲ ਸੀ। ਗ਼ਜ਼ਲ ਦਾ ਅਸਲ ਮੁਹੱਬਤ ਹੈ ਤੇ ਤਖਤਰ ਦੀਆਂ ਬਹੁਤੀਆਂ ਗ਼ਜ਼ਲਾਂ ਦਾ ਵਿਸ਼ਾ ਵੀ ਮੁਹੱਬਤ ਹੀ ਹੈ। ਪੁਸਤਕ ਦੀ ਪਹਿਲੀ ਗ਼ਜ਼ਲ ਗ਼ਜ਼ਲਕਾਰ ਦਾ ਖ਼ੁਦ ਨਾਲ ਸੰਵਾਦ ਹੈ, ਉਹ ਕਹਿੰਦਾ ਹੈ ਮੇਰੀ ਨਜ਼ਰ ਦਾ ਸ਼ੌਕ ਵੀ ਅਜੀਬ ਹੈ ਜੋ ਪੱਥਰ ਦੇ ਨਾਲ ਆਪਣੀ ਜ਼ਿੰਦਗੀ ਨੂੰ ਟਕਰਾ ਰਿਹਾ ਹਾਂ। ਦੂਸਰੀ ਗ਼ਜ਼ਲ ਵਿਚ ਉਹ ਆਪਣੇ ਪਿਆਰੇ ਨੂੰ ਸੰਬੋਧਿਤ ਹੋ ਕੇ ਨਜ਼ਰਾਂ ਮਟਕਾਉਣ ਤੋਂ ਵਰਜਦਾ ਹੈ ਤੇ ਮੁਹੱਬਤ ਦੀ ਪ੍ਰਾਪਤੀ ਲਈ ਤੜਪ ਨੂੰ ਜ਼ਰੂਰੀ ਕਰਾਰ ਦਿੰਦਾ ਹੈ। ਇੰਝ ਤਖਤਰ ਦੀਆਂ ਗ਼ਜ਼ਲਾਂ ਵਿਚ ਪਿਆਰ ਦੇ ਵੱਖ-ਵੱਖ ਰੰਗ ਉੱਘੜਦੇ ਹਨ ਤੇ ਇਨ੍ਹਾਂ ਦਾ ਆਪਣਾਪਨ ਪਾਠਕਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਉਡੀਕ, ਮੇਲ-ਮਿਲਾਪ, ਵਿਛੋੜੇ ਤੇ ਯਾਦਾਂ ਦਾ ਪ੍ਰਗਟਾਵਾ ਕਰਦੇ ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰ ਚੁਲਬੁਲੇ ਵੀ ਹਨ ਤੇ ਉਦਾਸ ਵੀ। ਮੁਹੱਬਤ ਜ਼ਿੰਦਗੀ ਦਾ ਜ਼ਰੂਰੀ ਤੱਤ ਹੈ, ਇਸ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ 'ਸਾਹਾਂ ਦਾ ਜੰਗਲ' ਪੜ੍ਹਦਿਆਂ ਇਹੋ ਮਹਿਸੂਸ ਹੁੰਦਾ ਹੈ। ਤਖਤਰ ਦੀ ਗ਼ਜ਼ਲਕਾਰੀ ਵਿਚ ਮੋਹ-ਪਿਆਰ ਨਿੱਜ ਤੱਕ ਹੀ ਸੀਮਤ ਨਹੀਂ ਹੈ, ਸ਼ਾਇਰ ਜੋ ਲਿਖਦਾ ਹੈ ਉਸੇ ਦ੍ਰਿਸ਼ਟੀ ਤੋਂ ਸਮਾਜ ਨੂੰ ਦੇਖਦਾ ਹੈ। ਜ਼ਿੰਦਗੀ ਦਾ ਇਹ ਲਾਜ਼ਮੀ ਤੱਤ ਜੇ ਫ਼ਿਜ਼ਾ ਵਿਚ ਫ਼ੈਲ ਜਾਏ ਤਾਂ ਸੰਸਾਰ ਦੇ ਬਹੁਤੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਗੁਰਚਰਨ ਸਿੰਘ 'ਤਖਤਰ' ਦੀ ਫ਼ਾਰਸੀ ਤੇ ਹਿੰਦੀ ਦੇ ਸ਼ਬਦਾਂ 'ਤੇ ਕਾਫ਼ੀ ਪਕੜ ਹੈ ਤੇ ਇਸ ਪੁਸਤਕ ਵਿਚ ਬਹੁਤੇ ਥਾਈਂ ਇਨ੍ਹਾਂ ਦਾ ਉਪਯੋਗ ਕੀਤਾ ਮਿਲਦਾ ਹੈ। 'ਸਾਹਾਂ ਦਾ ਜੰਗਲ' ਤਹਿਤ ਤਖਤਰ ਦੀਆਂ ਅਣਛਪੀਆਂ ਗ਼ਜ਼ਲਾਂ ਨੂੰ ਛਾਪ ਕੇ ਉਨ੍ਹਾਂ ਦੀ ਬੇਟੀ ਏਕਤਾ ਸਿੰਘ ਭੁਪਾਲ ਨੇ ਗ਼ਜ਼ਲ ਸਾਹਿਤ 'ਤੇ ਅਹਿਸਾਨ ਕੀਤਾ ਹੈ। ਇਸ ਦੀ ਪ੍ਰਸੰਸਾ ਹੋਣੀ ਚਾਹੀਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਤੋਕੜ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 100
ਸੰਪਰਕ : 98147-34035
ਸਾਹਿਤ ਅਤੇ ਪੱਤਰਕਾਰੀ ਦੇ ਚਰਚਿਤ ਹਸਤਾਖ਼ਰ ਕਮਲਜੀਤ ਬਨਵੈਤ ਦੀ ਇਸ ਪੁਸਤਕ ਵਿਚ ਕੁੱਲ 29 ਰਚਨਾਵਾਂ ਹਨ। ਕਹਾਣੀ, ਲੇਖ, ਖੋਜ ਨਿਬੰਧ, ਟੀ. ਵੀ. ਸੀਰੀਅਲ ਕਈ ਵਿਧਾਵਾਂ ਵਿਚ ਸਾਹਿਤ ਦੀ ਰਚਨਾ ਕਰਦਿਆਂ ਕਮਾਲਜੀਤ ਬਨਵੈਤ ਮਾਂ ਬੋਲੀ ਪੰਜਾਬੀ ਦੀ ਫੁਲਵਾੜੀ ਵਿਚ 12 ਪੁਸਤਕਾਂ ਪਾ ਚੁੱਕਾ ਹੈ। ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਣ ਵਾਲਾ, ਇਹ ਲੇਖਕ ਨਿਰੰਤਰ ਸਾਹਿਤ ਸਾਧਨਾ ਨੂੰ ਸਮਰਪਿਤ ਹੈ। ਸਮਾਜਿਕ ਵਰਤਾਰੇ, ਰਾਜਨੀਤੀ ਦੇ ਰੰਗਾਂ, ਲਾਚਾਰੀ, ਨੇਤਾਵਾਂ ਦੀ ਮਾਨਸਿਕਤਾ, ਅਫ਼ਸਰਸ਼ਾਹੀ, ਧਾਰਮਿਕ ਸੰਵੇਦਨਾ ਅਤੇ ਦੋਹਰੇ ਵਿਅਕਤੀਤਵ ਦੇ ਦੁਆਲੇ ਘੁੰਮਦੀਆਂ ਉਸ ਦੀਆਂ ਰਚਨਾਵਾਂ ਉਸ ਦੇ ਚੇਤੰਨ ਲੇਖਕ ਹੋਣ ਦੀ ਹਾਮੀ ਭਰਦੀਆਂ ਹਨ। ਉਸ ਦੀ ਪੇਸ਼ਕਾਰੀ ਵਿਚੋਂ ਸਮਾਜ ਦੀ ਸਚਾਈ ਨੂੰ ਸੰਜਮ, ਸੰਖੇਪ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਦਾ ਹੁਨਰ ਅਤੇ ਸਲੀਕਾ ਸਾਫ਼ ਨਜ਼ਰ ਆਉਂਦਾ ਹੈ। ਉਹ ਰਾਜਨੀਤੀ, ਅਫ਼ਸਰਸ਼ਾਹੀ ਅਤੇ ਦੋਹਰੀ ਮਾਨਸਿਕਤਾ ਦੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਨਿਧੜਕ ਹੋ ਕੇ ਆਪਣੀਆਂ ਰਚਨਾਵਾਂ ਵਿਚ ਉਜਾਗਰ ਕਰਦਾ ਨਜ਼ਰ ਆ ਰਿਹਾ ਹੈ। ਉਸ ਦੀ ਰਚਨਾ 'ਤੋਕੜ' ਦੇ ਪਾਤਰ ਬਚਨ ਸਿੰਘ ਦੀ ਜ਼ਿੰਦਗੀ ਦੇ ਇਰਦ-ਗਿਰਦ ਘੁੰਮਦੀ ਕਹਾਣੀ ਹੈ। ਇਹ ਰਚਨਾ ਜਿਥੇ ਉਸ ਦੇ ਪਿੰਡ ਤੋਂ ਅਸਾਮ ਅਤੇ ਚੰਡੀਗੜ੍ਹ ਦੇ ਜ਼ਿੰਦਗੀ ਦੇ ਸਫ਼ਰ ਦੇ ਪੱਖਾਂ ਅਤੇ ਪਰਿਵਾਰਕ ਜੀਵਨ ਨੂੰ ਦਰਸਾਉਂਦੀ ਹੈ, ਉਥੇ ਉਸ ਦੀ ਜ਼ਿੰਦਗੀ ਦੀ ਘਾਲਣਾ, ਦ੍ਰਿੜ੍ਹ ਇਰਾਦੇ, ਮਿਹਨਤ ਅਤੇ ਮਜਬੂਰੀਆਂ ਦੀ ਬਾਤ ਵੀ ਪਾਉਂਦੀ ਹੈ।
ਉਸ ਦੀਆਂ ਰਚਨਾਵਾਂ ਦੀਆਂ ਘਟਨਾਵਾਂ ਅਤੇ ਪਾਤਰ ਪਾਠਕਾਂ ਨੂੰ ਜਿੱਥੇ ਆਪਣੀ ਜ਼ਿੰਦਗੀ ਨਾਲ ਜੁੜੇ ਹੋਏ ਜਾਪਦੇ ਹਨ ਅਤੇ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦੇ ਹਨ। ਉਸ ਵਲੋਂ ਆਪਣੀਆਂ ਰਚਨਾਵਾਂ ਵਿਚ ਪ੍ਰਯੋਗ ਕੀਤੇ ਗਏ ਸ਼ਬਦ ਤੋਕੜ, ਆਲੇ, ਲੋਅ ਅਤੇ ਬਹੂ ਜਿੱਥੇ ਉਸਦੇ ਪੇਂਡੂ ਪਿਛੋਕੜ ਦੀ ਪਹਿਚਾਣ ਕਰਵਾਉਂਦੇ ਹਨ, ਉਥੇ ਸਾਨੂੰ ਇਨ੍ਹਾਂ ਸਭ ਦਾ ਚੇਤਾ ਵੀ ਕਰਵਾਉਂਦੇ ਹਨ। ਅੰਗਰੇਜ਼ੀ ਭਾਸ਼ਾਵਾਂ ਦੇ ਸ਼ਬਦ ਡਿਗਰੀ, ਬੋਰਿੰਗ, ਕਲੀਨਿਕ ਅਤੇ ਹਿੰਦੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਤਪਸ਼, ਬੇਟੇ ਅਤੇ ਵਾਹਨ ਉਸ ਉੱਤੇ ਸ਼ਹਿਰੀ ਪ੍ਰਭਾਵ ਅਤੇ ਬਹੁ ਭਾਸ਼ਾਈ ਗਿਆਨ ਨੂੰ ਦਰਸਾਉਂਦੇ ਹਨ। ਉਸ ਦੀ ਭਾਸ਼ਾ ਉੱਤੇ ਪਕੜ, ਪੇਸ਼ਕਾਰੀ, ਵਿਸ਼ਾ-ਵਸਤੂ ਦੀ ਚੋਣ ਅਤੇ ਪਾਤਰਾਂ ਦੀ ਮਾਨਸਿਕਤਾ ਅਨੁਸਾਰ ਸ਼ਬਦਾਂ ਦੀ ਚੋਣ ਉਸ ਦੇ ਇਕ ਸਫ਼ਲ ਲੇਖਕ ਹੋਣ ਦੀ ਗਵਾਹੀ ਭਰਦੇ ਹਨ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਸੁਪਨਿਆਂ ਦਾ ਸ਼ਹਿਰ
ਲੇਖਕ : ਰਤਨ ਟਾਹਲਵੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 136
ਸੰਪਰਕ : 81462-10637
ਲੇਖਕ ਦੀ ਇਹ 13ਵੀਂ ਪੁਸਤਕ ਹੈ। ਇਸ ਪੁਸਤਕ ਰਾਹੀਂ ਕਵੀ ਨੇ ਜ਼ਿੰਦਗੀ ਦੇ ਵੱਖ-ਵੱਖ ਸਰੋਕਾਰਾਂ ਨੂੰ ਪੇਸ਼ ਕੀਤਾ ਹੈ। ਕਵੀ ਨੇ ਇਸ ਪੁਸਤਕ ਰਾਹੀਂ ਸੂਫ਼ੀਆਨਾ ਦੋਹੜੇ ਲਿਖੇ ਹਨ। ਦੋਹੜੇ ਲਿਖਣਾ ਇਕ ਮੁਸ਼ਕਿਲ ਸਿਨਫ਼ ਹੈ ਪਰ ਕਵੀ ਰਤਨ ਟਾਹਲਵੀ ਨੇ ਇਸ ਸਿਨਫ਼ ਨੂੰ ਬਾਖ਼ੂਬੀ ਨਿਭਾਇਆ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬੀ ਸੂਫ਼ੀ ਸਾਹਿਤ ਵਿਚ ਹਾਸ਼ਮ ਸ਼ਾਹ ਅਤੇ ਸੁਲਤਾਨ ਬਾਹੂ ਨੇ ਦੋਹੜੇ ਰਚ ਕੇ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਨਾਮਣਾ ਖੱਟਿਆ ਹੈ। ਕਵੀ ਰਤਨ ਟਾਹਲਵੀ ਨੇ ਵੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਦੋਹੜੇ ਰਚਨਾ ਕਰਕੇ ਪਾਠਕਾਂ ਨੂੰ ਸੰਗੀਨ ਵਿਸ਼ਿਆਂ ਨਾਲ ਜੋੜਿਆ ਹੈ।
ਉਹ ਅਜੋਕੇ ਦੌਰ ਵਿਚ ਧਰਮ ਦੇ ਨਾਂਅ 'ਤੇ ਭੋਲੇ-ਭਾਲੇ ਲੋਕਾਂ ਨੂੰ ਪਿੱਛੇ ਲਾ ਕੇ ਗੁੰਮਰਾਹ ਕਰਨ ਵਾਲੇ ਪਾਖੰਡੀਆਂ ਬਾਰੇ ਬਾਖ਼ੂਬੀ ਲਿਖਦਾ ਹੈ :
ਹੰਸ ਦਾ ਰੂਪ ਬਣਾ ਕੇ ਬਗਲੇ ਦੁਨੀਆ ਪਿੱਛੇ ਲਾਈ ਹੂ
ਮਨ ਕਾਲਾ ਚੋਲਾ ਰੇਸ਼ਮ ਚੀਰਾ ਜਿਹੜਾ ਮਨ ਲੁਭਾਈ ਹੂ
ਮਨ ਵਿਚ ਖੋਟ ਦਲਿੱਦਰ ਲੋਕਾਂ, ਲੋਕਾਂ ਸਮਝ ਹੁਣ ਆਈ ਹੂ
ਰਤਨ ਲੋਕਾਈ ਭੋਲੀ ਨੂੰ ਜਦ, ਹੰਸਾਂ ਮੌਜ ਬਣਾਈ ਹੂ
ਸੂਫ਼ੀਆਨਾ ਦੋਹੜਿਆਂ ਦਾ ਵਿਸ਼ਾ ਜੀਵਨ ਦਾ ਦਾਰਸ਼ਨਿਕ ਚਿੰਤਨ ਹੈ। ਕਵੀ ਨੇ ਪ੍ਰਮਾਤਮਾ, ਸੰਸਾਰ, ਮਨੁੱਖ, ਪ੍ਰਕਿਰਤੀ ਦੇ ਰਹੱਸ ਬਾਰੇ ਅਤੇ ਅਟੱਲ ਸਚਾਈਆਂ ਬਾਰੇ ਦੋਹੜੇ ਲਿਖੇ ਹਨ। ਕਵੀ ਦੀ ਮੁੱਖ ਸੁਰ ਜੀਵਨ ਰਹੱਸ ਦੇ ਤੌਰ 'ਤੇ ਉੱਭਰਦੀ ਹੈ। ਉਹ ਹੰਕਾਰ ਦੇ ਤਿਆਗ ਅਤੇ ਸੰਸਾਰ ਦੀ ਨਾਸ਼ਮਾਨਤਾ ਬਾਰੇ ਲਿਖਦਾ ਹੈ :
ਜਿਸ ਗਲੀਏਂ ਤੂੰ ਆਕੜ ਤੁਰਦਾ,
ਮੁੜ ਕੇ ਫਿਰ ਨਾ ਆਉਣਾ ਹੂ
ਜਿਸ ਕਬਰੇ ਤੂੰ ਪਿਆ ਏਂ ਗਾਫ਼ਿਲ,
ਕਿਸੇ ਨਾ ਆਣ ਜਗਾਉਣਾ ਹੂ
ਵਕਤ ਗਵਾ ਕੇ ਪੱਛੋਤਾਣਾ
ਇਹ ਕੇਹਾ ਪਛਤਾਉਣਾ ਹੂ
ਰਤਨ ਸਮਝ ਜਾ ਇਹ ਹਕੀਕਤ,
ਜੇਕਰ ਸ਼ਹੁ ਨੂੰ ਪਾਉਣਾ ਹੂ
ਇਸ ਪੁਸਤਕ ਦੇ ਦੂਜੇ ਭਾਗ ਵਿਚ ਕਵਿਤਾਵਾਂ ਵੀ ਮਿਲਦੀਆਂ ਹਨ। ਕਵੀ ਨੇ ਧੀਆਂ ਦੀ ਮਹੱਤਤਾ, ਭੈਣ ਨਾਨਕੀ ਦਾ ਆਪਣੇ ਵੀਰ ਨਾਨਕ ਪ੍ਰਤੀ ਪਿਆਰ, ਬਾਬਾ ਦੀਪ ਸਿੰਘ, ਬਾਬਾ ਅਜੀਤ ਸਿੰਘ, ਦਸਮੇਸ਼ ਪਿਤਾ, ਚੰਨ ਚੜ੍ਹਿਆ, ਗੁਜਰੀ ਦੇ ਲਾਲ, ਨਨਕਾਣਾ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਬਾਬਾ ਬੰਦਾ ਬਹਾਦਰ, ਅਜੀਤ ਤੇ ਜੁਝਾਰ, ਸਾਈਂ ਮੀਆਂ ਮੀਰ ਜੀ, ਬੂਟਾ ਸਿੱਖੀ ਦਾ, ਸਰਵਣ ਆਦਿ ਧਾਰਮਿਕ ਕਵਿਤਾਵਾਂ ਲਿਖੀਆਂ ਹਨ। ਇਸ ਤੋਂ ਇਲਾਵਾ ਪਰਵਾਸ ਵਿਚ ਰੁਜ਼ਗਾਰ ਲਈ ਗਏ ਮਨੁੱਖ ਬਾਰੇ ਚੋਗ ਖਿਲਾਰੀ ਕਵਿਤਾ ਲਿਖੀ ਹੈ। 'ਸੁਪਨਿਆਂ ਦਾ ਸ਼ਹਿਰ' ਨਾਂਅ ਦੀ ਕਵਿਤਾ ਰਾਹੀਂ ਕਵੀ ਨੇ ਅਜਿਹੇ ਸ਼ਹਿਰ ਦੀ ਕਲਪਨਾ ਕੀਤੀ ਹੈ, ਜਿਥੇ ਹੱਕ ਸੱਚ ਦੀ ਆਵਾਜ਼ ਹੋਵੇ, ਸਾਂਝੀਵਾਲਤਾ, ਆਪਸੀ ਭਾਈਚਾਰਾ ਹੋਵੇ। ਕੁਝ ਰੁਮਾਂਟਿਕ ਵਿਸ਼ੇ ਵੀ ਕਵੀ ਨੇ ਨਿਭਾਏ ਹਨ। ਪਿਆਰ ਦੀ ਕਹਾਣੀ, ਚੀਚੀ ਵਾਲਾ ਛੱਲਾ ਆਦਿ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ 'ਸੁਪਨਿਆਂ ਦਾ ਸ਼ਹਿਰ' ਕਾਵਿ ਪੁਸਤਕ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਰੂਪ ਪੱਖੋਂ ਸਲਾਹੁਣਯੋਗ ਪੁਸਤਕ ਹੈ।
-ਪ੍ਰੋ. ਕੁਲਜੀਤ ਕੌਰ
ਐੱਚ.ਐੱਮ.ਵੀ. ਜਲੰਧਰ।
ਟਾਕੀਆਂ ਵਾਲਾ ਪਜਾਮਾ
ਲੇਖਕ : ਬਲਵਿੰਦਰ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 296
ਸੰਪਰਕ : 94644-18200
ਬਲਵਿੰਦਰ ਸਿੰਘ ਗਰੇਵਾਲ 2004 ਤੋਂ ਪੰਜਾਬੀ ਗਲਪ ਖੇਤਰ ਵਿਚ ਕਾਰਜਸ਼ੀਲ ਹੈ। ਉਹਦੇ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਵਿਚਾਰ ਅਧੀਨ ਪੁਸਤਕ ਉਸ ਦਾ ਪਹਿਲਾ ਨਾਵਲ ਹੈ, ਜੋ ਸੱਚੀ ਘਟਨਾ ਦਾ ਗਲਪੀਕਰਨ ਹੈ। ਇਸ ਨਾਵਲ ਦਾ ਮੁੱਖ ਪਾਤਰ ਗੁਰਮੇਲ ਸਿੰਘ ਗ਼ਰੀਬੀ 'ਚੋਂ ਉੱਠਿਆ ਇਕ ਮਿਹਨਤਕਸ਼ ਵਿਅਕਤੀ ਹੈ, ਜਿਸ ਨੇ ਸਖ਼ਤ ਮਿਹਨਤ, ਸੰਘਰਸ਼ ਅਤੇ ਤਰਕਸ਼ੀਲਤਾ ਦੇ ਬਲਬੂਤੇ ਉੱਚ ਪੜ੍ਹਾਈ ਕੀਤੀ ਤੇ ਫਿਰ ਬੈਂਕ ਅਧਿਕਾਰੀ ਦਾ ਅਹੁਦਾ ਹਾਸਲ ਕੀਤਾ। ਇਸ ਨਾਵਲ ਦੀ ਰੂਪ-ਰੇਖਾ 2015 ਵਿਚ ਗੁਰਮੇਲ ਸਿੰਘ ਨੇ ਡਾਇਰੀ ਦੇ ਰੂਪ ਵਿਚ ਲਿਖਣੀ ਸ਼ੁਰੂ ਕੀਤੀ। ਇਹ ਖਰੜਾ ਕਿਸੇ ਕਾਰਨ ਨਸ਼ਟ ਹੋ ਗਿਆ, ਫਿਰ 2020 ਵਿਚ ਲੈਪਟਾਪ 'ਤੇ ਟਾਈਪ ਕਰਨਾ ਸ਼ੁਰੂ ਕੀਤਾ। ਪਿੱਛੋਂ ਨਾਵਲਕਾਰ (ਬਲਵਿੰਦਰ ਸਿੰਘ ਗਰੇਵਾਲ) ਨੇ ਇਸ ਵੇਰਵੇ ਨੂੰ ਇਕ ਨਾਵਲ ਦੇ ਰੂਪ ਵਿਚ ਪੁਨਰਜੀਵਿਤ ਕਰ ਦਿੱਤਾ। ਇਸ ਨਾਵਲ ਦੇ ਕੁੱਲ 49 ਕਾਂਡ ਹਨ। ਸਿਰਫ ਪਹਿਲੇ ਕਾਂਡ ਨੂੰ ਹੀ ਨਾਂਅ ਦਿੱਤਾ ਗਿਆ ਹੈ, ਬਾਕੀ ਕਾਂਡਾਂ ਦੇ ਨੰ. ਹਨ (ਕਾਂਡ 2, ਕਾਂਡ 3...)। ਗੁਰਮੇਲ ਦੇ ਮਨ 'ਚ ਪ੍ਰੋਫੈਸਰ ਬਣਨ ਦੀ ਤਾਂਘ ਸੀ, ਉਹ ਬਣ ਬੈਂਕ ਮੁਲਾਜ਼ਮ ਗਿਆ। ਉਸ ਦੇ ਮਨ ਵਿਚ ਕਾਲਜ ਪ੍ਰੋਫ਼ੈਸਰ ਬਣਨ ਦੀ ਚਾਹਤ ਸੀ ਪਰ ਇਸ ਦੀ ਥਾਂ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਮੁਲਾਜ਼ਮਤ ਲੈਣੀ ਪਈ। ਨਾਵਲ ਦੇ ਦੋ ਭਾਗ ਬਣਾਏ ਗਏ ਹਨ। ਪਹਿਲਾ ਭਾਗ 1-29 ਕਾਂਡ, ਜਿਸ ਵਿਚ ਵਿਦਿਆਰਥੀ ਜੀਵਨ ਦੀਆਂ ਹੜਤਾਲਾਂ, ਧਰਨਿਆਂ, ਮੁਜ਼ਾਹਰਿਆਂ ਤੇ ਜਵਾਨੀ ਦੇ ਜੋਸ਼ ਦਾ ਜ਼ਿਕਰ ਹੈ। ਦੂਜਾ ਭਾਗ 30-49 ਕਾਂਡ, ਜਦੋਂ ਗੁਰਮੇਲ ਨੇ ਬੈਂਕ ਕਰਮਚਾਰੀ ਤੋਂ ਅਧਿਕਾਰੀ ਤੱਕ ਦਾ ਸਫ਼ਰ ਤੈਅ ਕੀਤਾ। ਯਾਨੀ ਗੁਰਮੇਲ ਹੱਕ ਤੇ ਇਨਸਾਫ਼ ਲਈ ਹਰ ਥਾਂ 'ਤੇ ਅੜਿਆ। ਯੂਨੀਵਰਸਿਟੀ ਪੜ੍ਹਦਿਆਂ ਉਸ ਨੇ ਤਿੰਨ ਗੱਲਾਂ ਨੂੰ ਤਰਜੀਹ ਦਿੱਤੀ-ਗਰਾਊਂਡ, ਯੂਨੀਅਨ ਤੇ ਪੜ੍ਹਾਈ, ਯਾਨੀ ਦੇਹ, ਦਲੇਰੀ ਤੇ ਦਿਮਾਗ਼। ਯੂਨੀਵਰਸਿਟੀ 'ਚ ਪ੍ਰੋ. ਬਾਂਸਲ ਅਤੇ ਬੈਂਕ 'ਚ ਮੁਲਾਜ਼ਮਤ ਸਮੇਂ ਉੱਚ ਅਧਿਕਾਰੀਆਂ ਨੇ ਉਸ ਨੂੰ ਯੂਨੀਅਨਬਾਜ਼ੀ ਤੋਂ ਬਚਣ ਦੀ ਸਲਾਹ ਦਿੱਤੀ ਪਰ ਗੁਰਮੇਲ ਨੇ ਪੀ. ਐੱਸ. ਯੂ./ਬੈਂਕ ਫੈਡਰੇਸ਼ਨ ਨਾਲੋਂ ਆਪਣਾ ਨਾਤਾ ਟੁੱਟਣ ਨਾ ਦਿੱਤਾ। ਪੰਮੀ (ਪਰਮਜੀਤ) ਨਾਲ ਸ਼ਾਦੀ ਵਿਚ ਉਹ ਅੱਠ ਜਣਿਆਂ ਦੀ ਬਰਾਤ ਲੈ ਕੇ ਗਿਆ, ਪਿੰਡ ਰੂਪਗੜ੍ਹ ਵਿਚ ਨੌਜਵਾਨ ਸਭਾ ਬਣਾਈ। ਸਕੂਲ ਪੜ੍ਹਦਿਆਂ ਕਿਸੇ ਕੁੜੀ ਵਲੋਂ 'ਟਾਕੀਆਂ ਵਾਲਾ ਪਜਾਮਾ' ਕਹੇ ਜਾਣ ਦੇ ਤਾਅਨੇ ਨੂੰ ਉਸ ਨੇ ਚੁਣੌਤੀ ਵਜੋਂ ਲਿਆ। ਮੁੱਖ ਪਾਤਰ ਗੁਰਮੇਲ ਤੋਂ ਬਿਨਾਂ ਹੋਰ ਪਾਤਰਾਂ ਦਿਆਲ ਕੌਰ, ਰਚਨਾ ਕਾਮਰੇਡ, ਪਾਸ਼ੋ, ਪੰਮੀ ਅਤੇ ਵਿਦਿਆਰਥੀ/ਮੁਲਾਜ਼ਮ ਆਗੂਆਂ ਦੇ ਵੇਰਵੇ ਗੌਣ ਰੂਪ ਵਿਚ ਆਏ ਹਨ। ਕਿਤੇ-ਕਿਤੇ ਨਾਵਲਕਾਰ ਨੇ ਆਪਣੇ ਮੌਲਿਕ ਵਿਚਾਰ ਵੀ ਪ੍ਰਗਟ ਕੀਤੇ ਹਨ - 'ਜ਼ਿੰਦਗੀ ਭਰ ਵੱਡੇ ਹੋਣ, ਵੱਡੇ ਕਹਾਉਣ ਦੀ ਲੜਾਈ 'ਚ ਰੁੱਝੇ ਬੰਦਿਆਂ ਨੂੰ ਮੌਤ ਇੱਕੋ ਜਹੇ ਕਰ ਦਿੰਦੀ ਹੈ' (23), 'ਮਨ ਕੋਈ ਮਿੱਟੀ ਨਹੀਂ ਹੁੰਦਾ ਕਿ ਉਸ ਨੂੰ ਛੋਹ ਕੇ ਜਾਂ ਤਲੀ ਤੇ ਡਲੀ ਭੋਰ ਕੇ ਉਸ ਦੀ ਨਮੀ ਪਰਖੀ ਜਾ ਸਕੇ' (41), 'ਸੁਪਨੇ ਕਿੰਨੇ ਵੀ ਅਸਮਾਨੀ ਕਿਉਂ ਨਾ ਹੋਣ, ਪੈਦਾ ਜ਼ਮੀਨ 'ਚੋਂ ਹੀ ਹੁੰਦੇ ਹਨ' (76), 'ਹਕੂਮਤ ਲੋਕਾਂ ਦੇ ਹੱਕ 'ਚ ਪੈਰ ਪਿੱਛੇ ਹਟਾ ਲੈਂਦੀ ਹੈ' (106), 'ਰਿਸ਼ਤਿਆਂ ਦੀ ਤਾਸੀਰ ਵੀ ਖੱਬਲ ਵਰਗੀ ਹੁੰਦੀ ਹੈ' (206), 'ਯਥਾਰਥ ਅਤੇ ਸੁਪਨੇ ਦਰਮਿਆਨ ਵੱਡੇ ਛੋਟੇ ਦਾ ਝਗੜਾ ਮੁੱਢ ਕਦੀਮੀ ਹੈ' (220), 'ਹਰ ਜ਼ਖ਼ਮ ਦੀ ਤਾਸੀਰ ਵੱਖਰੀ ਹੁੰਦੀ ਹੈ...।' (275)। ਛੋਟੇ-ਛੋਟੇ ਕਾਂਡਾਂ ਵਿਚ ਵਿਉਂਤਿਆ ਇਹ ਨਾਵਲ ਲੋਕ-ਪੱਖੀ ਤੇ ਇਨਕਲਾਬੀ ਸਰਗਰਮੀਆਂ ਦਾ ਚਿਹਰਾ ਮੁਹਰਾ ਪੇਸ਼ ਕਰਦਾ ਹੈ। ਕਿਤੇ-ਕਿਤੇ ਕਿਸੇ ਪ੍ਰਗਤੀਵਾਦੀ ਕਵੀ (ਸੰਤ ਰਾਮ ਉਦਾਸੀ ਆਦਿ) ਦੀਆਂ ਕਵਿਤਾਵਾਂ ਅਤੇ ਵਿਦਿਆਰਥੀ ਨਾਅਰਿਆਂ ਨਾਲ ਪਾਠਕਾਂ ਦੇ ਮਨਾਂ ਵਿਚ ਜੋਸ਼ ਤੇ ਸੰਗਰਾਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਸਵਾਲ ਬਰਕਰਾਰ ਹੈ
ਲੇਖਕ : ਕਰਨ ਸਿੰਘ 'ਤਾਲਿਬ' ਕਸ਼ਮੀਰੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 070069-66610
ਤਾਲਿਬ ਕਸ਼ਮੀਰੀ ਬਹੁ-ਪੱਖੀ ਪ੍ਰਤਿਭਾ ਦਾ ਸਵਾਮੀ ਹੈ। ਉਹ ਕਹਾਣੀਕਾਰ ਵੀ ਹੈ, ਕਵੀ ਵੀ ਹੈ, ਅਨੁਵਾਦਕ ਵੀ ਹੈ। ਉਸ ਦੀਆਂ ਕਥਾਵਾਂ ਦਾ ਪਿਛੋਕੜ ਜੰਮੂ-ਕਸ਼ਮੀਰ ਹੀ ਹੈ। ਸਮਕਾਲੀ ਅਤੇ ਅਤੀਤ ਦੀਆਂ ਯਾਦਾਂ ਉਸ ਦੇ ਕਥਾ ਜਗਤ ਨੂੰ ਸਮੱਗਰੀ ਪ੍ਰਦਾਨ ਕਰਦੀਆਂ ਹਨ। ਇਸੇ ਕਾਰਨ ਕਈ ਵਾਰੀ ਉਹ ਕਹਾਣੀਆਂ ਵਿਚ ਸਰਬ-ਵਿਆਪੀ ਹਾਜ਼ਰੀ ਲਵਾ ਜਾਂਦਾ ਹੈ। ਅਜਿਹਾ ਪ੍ਰਤੀਤ ਹੁੰਦਾ ਜਿਵੇਂ ਉਸ ਦੀਆਂ ਅੱਖੀਂ-ਡਿੱਠੀਆਂ, ਹੱਡੀਂ ਹੰਢਾਈਆਂ ਘਟਨਾਵਾਂ ਕਥਾ-ਰੂਪ ਧਾਰਨ ਕਰਕੇ ਪੇਸ਼ ਹੋ ਰਹੀਆਂ ਹੋਣ। ਹਥਲੇ ਸੰਗ੍ਰਹਿ ਵਿਚ ਉਸ ਦੀਆਂ ਨਿੱਕੀਆਂ ਅਤੇ ਮਿੰਨੀ ਕਹਾਣੀਆਂ ਦੀ ਕੁੱਲ ਗਿਣਤੀ 27 ਹੈ। ਵਿਚਾਰ ਅਧੀਨ ਕਹਾਣੀ-ਸੰਗ੍ਰਹਿ ਉਸ ਦੀ ਤੀਸਰੀ ਕਿਰਤ ਹੈ। ਇਸ ਤੋਂ ਪਹਿਲਾਂ ਉਹ ਦੋ ਕਹਾਣੀ ਸੰਗ੍ਰਹਿ (ਗੱਲਾਂ ਹੋਈਆਂ ਬੀਤੀਆਂ, ਸਾਂਝੇ ਅੱਥਰੂ) ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਹਥਲੀਆਂ ਕਹਾਣੀਆਂ ਦਾ ਗਹਿਨ ਅਧਿਐਨ ਕਰਦਿਆਂ ਇਨ੍ਹਾਂ ਦੇ 'ਕੇਂਦਰੀ ਸੂਰਤ' ਸਹਿਜੇ ਹੀ ਪਛਾਣੇ ਜਾ ਸਕਦੇ ਹਨ। ਜਿਵੇਂ : ਰਿਸ਼ਤੇ-ਨਾਤਿਆਂ ਦੀਆਂ ਟੁੱਟਦੀਆਂ ਤੰਦਾਂ, ਸਕੇ-ਸੰਬੰਧੀਆਂ ਦੀ ਰੂਹ ਦਾ ਦੂਸ਼ਿਤ ਹੋਣਾ, ਅਮਾਨਵੀ ਜੀਵਨ ਦਾ ਭਾਰੂ ਹੋਣਾ, ਮਾਪਿਆਂ ਦਾ ਸਤਿਕਾਰ ਜਾਂਦਾ ਰਿਹਾ, ਸਮਾਜਿਕ-ਧਾਰਮਿਕ ਮਰਿਆਦਾਵਾਂ ਦਾ ਉਲੰਘਣ ਹੋਣਾ, ਵੱਖ-ਵੱਖ ਧਾਰਮਿਕ ਸਾਂਝਾਂ ਦੀ ਟੁੱਟ-ਭੱਜ ਹੋਣਾ, ਦਹਿਸ਼ਤਗਰਦੀ, ਅੱਤਵਾਦ, ਅਲੱਗਵਾਦ ਦੀ ਸੋਚ ਦਾ ਭਾਰੂ ਹੋਣਾ, ਦੁੱਖਾਂ-ਸੁੱਖਾਂ ਦੀ ਸਾਂਝ ਜਾਂਦੀ ਰਹਿਣਾ, ਸਵਾਰਥਵਾਦ ਦਾ ਰੁਝਾਨ, ਪਤੀ-ਪਤਨੀ ਦੇ ਸੰਬੰਧਾਂ 'ਚ ਤ੍ਰੇੜਾਂ, ਉਧਾਰੇ ਸਪਰਮ ਤੋਂ ਪੈਦਾ ਹੋਏ ਬੱਚੇ ਪ੍ਰਤੀ ਮੋਹ ਨਾ ਹੋਣਾ ਭਾਵੇਂ ਘਰ ਦੀ ਇੱਜ਼ਤ ਘਰ ਵਿਚ ਹੀ ਰਹਿ ਜਾਵੇ, ਤੋਤਿਆਂ ਵਰਗੇ ਪੰਛੀਆਂ ਨੂੰ ਮਨੁੱਖੀ ਦਰਦ ਦੀ ਪਛਾਣ, ਇਕਲੌਤੀ ਧੀ ਦੀ ਵਿਦਾਇਗੀ, ਪਿਤਾ ਲਈ ਪੀੜ, ਬੰਦਾ ਆਪਣਾ ਕੰਮ ਤਾਂ ਛੱਡ ਸਕਦਾ ਪਰ ਕੰਮ ਦਾ, ਉਸ ਨੂੰ ਨਾ ਛੱਡਣਾ, ਬਿਗਾਨੇ ਬਸਤਰ ਪਹਿਨਣ ਦਾ ਦੁਖਾਂਤ, ਵੱਡੀ ਉਮਰ 'ਚੋਂ ਜਵਾਨੀ ਲੱਭਣਾ, ਵਿਧਵਾ ਬੁੱਢੀ ਔਰਤ ਦੀ ਨਿਰਾਦਰੀ, ਪਤਨੀ ਦੇ ਵਿਵਹਾਰ ਤੋਂ ਅਸਤਿਤਵ ਨੂੰ ਖ਼ਤਰਾ, ਅਜੋਕੇ ਸਮੇਂ ਦਾ ਸਟੇਟਸ ਮੋਬਾਈਲ ਆਦਿ।
ਲੇਖਕ ਦੇ ਬਿਰਤਾਂਤ ਵਿਚ ਸਰਲਤਾ ਹੈ ਕਿਉਂਕਿ ਉਹ ਪੰਜਾਬੀ ਦੇ ਚੌਥੀ ਕੂੰਟ ਦੇ ਕਹਾਣੀਕਾਰਾਂ ਵਾਂਗ ਜਟਿਲ ਬਿਰਤਾਂਤ ਨਹੀਂ ਸਿਰਜਦਾ। ਉਸ ਦੀਆਂ ਕਹਾਣੀਆਂ ਅਪ੍ਰਤੀਬਿੰਬਤ ਚੇਤਨਾ ਤੋਂ ਆਰੰਭ ਹੋ ਕੇ, ਇਧਰ-ਉਧਰ ਵਿਕਾਸ ਕਰਦੀਆਂ, ਪਦਲੋਪ ਸਿਰਜਦੀਆਂ, ਪ੍ਰਤੀਬਿੰਬਤ ਚੇਤਨਾ ਤੱਕ ਅੱਪੜਦੀਆਂ ਹਨ। ਕਾਲਕ੍ਰਮ ਅਨੁਸਾਰ ਵਿਕਾਸ ਕਰਦੀਆਂ ਹਨ। ਉਹ ਆਪਣੇ ਪਾਤਰ ਦਾ ਮਨੋ-ਵਿਸ਼ਲੇਸ਼ਣ ਕਰਦਾ ਹੈ। ਉਹ ਆਪਣੇ ਇਸਤਰੀ ਪਾਤਰਾਂ ਦੀ ਸੁੰਦਰਤਾ ਬਾਖ਼ੂਬੀ ਪ੍ਰਸਤੁਤ ਕਰਦਾ ਹੈ। ਰਤਾ ਵੇਖੋ : 'ਕਾਲਾ ਕੁੜਤਾ, ਸਫ਼ੈਦ ਚੂੜੀਦਾਰ ਪਜ਼ਾਮਾ, ਸਫ਼ੈਦ ਕਾਲੀਧਾਰ ਚੁੰਨੀ ਛਾਤੀਆਂ ਤੋਂ ਹੁੰਦੀ ਹੋਈ ਘੁਟਨਿਆਂ ਤੱਕ ਲਮਕਦੀ। ਛੋਟੇ ਹੀਲਦਾਰ ਸੈਂਡਲ ਸੂਟ ਨਾਲ ਮੈਚ ਕਰਦੇ... ਪੰਨਾ 55. 'ਤਾਲਿਬ' ਦਾ ਪ੍ਰਕਿਰਤੀ ਚਿਤਰਨ ਕਮਾਲ ਹੈ : 'ਜੀਨੀਆ, ਡਹਿਲੀਆ, ਰਾਤ ਦੀ ਰਾਣੀ ਅਤੇ ਭਿੰਨ-ਭਿੰਨ ਰੰਗਾਂ ਦੇ ਗੇਂਦੇ ਦੇ ਫੁੱਲ ਆਪਣੇ ਖ਼ੂਬਸੂਰਤ ਰੰਗਾਂ ਦੀ ਖ਼ੁਸ਼ਬੋਈ ਨਾਲ ਬੰਗਲੇ ਨੂੰ ਹੋਰ ਵੀ ਨਿਖਾਰਦੇ' ਪੰਨਾ 80. ਅਨੇਕਾਂ ਪਾਤਰਾਂ ਦੀ ਗੱਲ ਕਰਨ ਵੇਲੇ ਜੀਭ ਡੱਕੀ ਜਾਂਦੀ ਹੈ, ਜੋ ਕਹਿਣਾ ਹੈ ਕਹਿ ਨਹੀਂ ਸਕਦੇ। ਵਰਤਮਾਨ ਤੋਂ ਅਤੀਤ ਵੱਲ, ਮੁੜ ਫੇਰ ਵਰਤਮਾਨ ਵੱਲ ਬਿਰਤਾਂਤ ਚਲਦਾ ਹੈ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਪਾਠਕਾਂ ਨੂੰ ਆਕਰਸ਼ਿਤ ਕਰਦਾ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਅੰਤਰ ਯਾਤਰਾ
ਲੇਖਕ : ਡਾ: ਕਮਲ ਕੁਮਾਰ
ਅਨੁਵਾਦਕ : ਭਜਨਬੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 98556-75724
ਹਥਲੀ ਪੁਸਤਕ 'ਅੰਤਰ ਯਾਤਰਾ' ਕਹਾਣੀ-ਸੰਗ੍ਰਹਿ 'ਚ ਲੇਖਕ ਡਾ: ਕਮਲ ਕੁਮਾਰ ਦੀਆਂ 8 ਕਹਾਣੀਆਂ ਸ਼ਾਮਿਲ ਹਨ। ਇਸ ਸੰਗ੍ਰਹਿ ਦੀਆਂ ਜ਼ਿਆਦਾਤਰ ਕਹਾਣੀਆਂ ਦੇ ਵਿਸ਼ੇ ਔਰਤ ਦੀਆਂ ਉਲਝਣਾਂ 'ਚ ਗ੍ਰਸੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਪਰਤ-ਦਰ-ਪਰਤ ਉਜਾਗਰ ਕਰਦੇ ਪ੍ਰਤੀਤ ਹੁੰਦੇ ਹਨ। ਇਸ ਸੰਗ੍ਰਹਿ ਦੀ ਪਲੇਠੀ ਕਹਾਣੀ 'ਅੰਤਰ ਯਾਤਰਾ' ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ 'ਤੇ ਤਿੱਖੀ ਅਤੇ ਕਰਾਰੀ ਚੋਟ ਕਰਦੀ ਹੋਈ ਅਜੋਕੇ ਸਮਾਜ ਨੂੰ ਇਸ ਦੇ ਭਿਆਨਕ ਅਤੇ ਮਾਰੂ ਸਿੱਟਿਆਂ ਤੋਂ ਸੁਚੇਤ ਕਰਦੀ ਹੈ। 'ਪਛਾਣ' ਕਹਾਣੀ 'ਚ ਇਕ ਔਰਤ ਦੇ ਵਿਆਹੁਤਾ ਜ਼ਿੰਦਗੀ ਉਪਰੰਤ ਘਰ ਗ੍ਰਹਿਸਤੀ ਦੇ ਝਮੇਲਿਆਂ 'ਚ ਫਸ ਕੇ ਆਪਣੇ ਅੰਦਰਲੀ ਸੰਗੀਤਕ ਕਲਾ ਨੂੰ ਅੰਦਰੇ ਦਫਨ ਕਰ ਲੈਣ ਦੀ ਪੀੜ ਹੈ। 'ਜੰਗਲ' ਕਹਾਣੀ 'ਚ ਔਰਤ ਅਤੇ ਮਰਦ ਦੇ ਗ਼ੈਰ ਰਿਸ਼ਤੇ 'ਚ ਪਣਪਦੀਆਂ ਬਹੁਪਰਤੀ ਸਮੱਸਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। 'ਕਾਫਰ' ਕਹਾਣੀ 'ਚ ਧਰਮਾਂ-ਮਜ਼੍ਹਬਾਂ ਦੇ ਨਾਂਅ 'ਤੇ ਨਿਰੋਲ ਮਾਨਵਤਾ ਦੇ ਸੰਕਲਪ ਤੋਂ ਦੂਰ ਜਾ ਰਹੀ ਮਨੁੱਖਤਾ ਦਾ ਦਰਦ ਹੈ। 'ਮਹਿਕ' ਕਹਾਣੀ 1984 ਦੇ ਦੰਗਿਆਂ ਦੀ ਦਰਦਨਾਕ ਦਾਸਤਾਨ ਹੈ, ਜੋ ਕਿ ਪਾਠਕ ਦੀਆਂ ਅੱਖਾਂ ਨਮ ਕਰ ਦੇਣ ਦੇ ਸਮਰੱਥ ਹੈ। 'ਪਾਰਟਨਰ' ਕਹਾਣੀ ਜ਼ਿੰਦਗੀ 'ਚ ਇਕ ਵਧੀਆ ਜੀਵਨ ਸਾਥੀ ਦੀ ਅਹਿਮੀਅਤ ਨੂੰ ਬਿਆਨਦੀ ਹੈ। ਇਸ ਸੰਗ੍ਰਿਹ ਦੀਆਂ ਹੋਰ ਕਹਾਣੀਆਂ 'ਘਰ-ਬੇਘਰ' ਅਤੇ 'ਬੇਟੇ' ਆਦਿ ਵੀ ਕਾਬਲੇ-ਤਾਰੀਫ਼ ਹਨ। ਲੇਖਕ ਦੀ ਖ਼ੂਬੀ ਇਹ ਹੈ ਕਿ ਉਸ ਦੀ ਕਹਾਣੀ ਅੰਤਲੇ ਪੜਾਅ 'ਤੇ ਪਹੁੰਚ ਕੇ ਪਾਠਕ ਨੂੰ ਉਲਝਾਉਂਦੀ ਨਹੀਂ, ਸਗੋਂ ਬੜੀ ਹੀ ਸਹਿਜਤਾ ਨਾਲ ਕੋਈ ਨਾ ਕੋਈ ਸਾਰਥਕ ਸੁਨੇਹਾ ਦਿੰਦੀ ਸੰਪੂਰਨ ਹੁੰਦੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿਸ਼ਾ-ਵਸਤੂ ਪੱਖ ਤੋਂ ਮਜ਼ਬੂਤ ਅਤੇ ਰੌਚਿਕ ਸ਼ੈਲੀ ਹੋਣ ਕਰਕੇ ਪਾਠਕਾਂ ਉਪਰ ਗਹਿਰਾ ਪ੍ਰਭਾਵ ਛੱਡਦੀਆਂ ਹਨ। ਅਨੁਵਾਦਕ ਭਜਨਬੀਰ ਸਿੰਘ ਨੇ ਇਨ੍ਹਾਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਬਾਖ਼ੂਬੀ ਕੀਤਾ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਭਾਰਤ ਦੀ ਆਨ-ਬਾਨ-ਸ਼ਾਨ
ਸਮਰਾਟ ਪ੍ਰਿਥਵੀਰਾਜ ਚੌਹਾਨ
ਲੇਖਕ : ਭੁਪਿੰਦਰ ਉਪਰਾਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 73550-14055
ਚੌਹਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ, ਬਹਾਦਰ ਸਮਰਾਟ ਪ੍ਰਿਥਵੀਰਾਜ ਚੌਹਾਨ ਸੀ, ਜਿਸ ਨੇ 1179 ਈ. ਤੋਂ 1192 ਈ. ਤੱਕ ਰਾਜ ਕੀਤਾ। ਉਸ ਨੂੰ ਭਾਰਤ ਦਾ ਆਖ਼ਰੀ ਰਾਜਪੂਤ ਰਾਜਾ ਕਿਹਾ ਜਾਂਦਾ ਹੈ, ਕਿਉਂਕਿ ਉਸ ਦੀ ਮੌਤ ਤੋਂ ਬਾਅਦ ਇਥੇ ਵਿਦੇਸ਼ੀ ਹਮਲਾਵਰਾਂ ਦਾ ਰਾਜ ਹੋ ਗਿਆ। ਉਸ ਦਾ ਜਨਮ 1166 ਈ. ਵਿਚ ਅਜਮੇਰ ਵਿਖੇ ਹੋਇਆ। ਉਹ ਬਚਪਨ ਤੋਂ ਹੀ ਬਹੁਤ ਦਲੇਰ, ਹੋਣਹਾਰ ਅਤੇ ਬਹਾਦਰ ਸੀ। ਤੇਰਾਂ ਸਾਲ ਦੀ ਉਮਰ ਤੱਕ ਉਸ ਨੇ ਕਈ ਜੰਗਾਂ ਜਿੱਤ ਲਈਆਂ ਸਨ। ਦਿੱਲੀ ਦਾ ਸਿੰਘਾਸਣ ਵੀ ਉਸ ਨੂੰ ਪ੍ਰਾਪਤ ਹੋ ਗਿਆ ਸੀ। ਮੁਹੰਮਦ ਗੌਰੀ ਨੇ ਭਾਰਤ ਉੱਤੇ ਕਈ ਹਮਲੇ ਕੀਤੇ, ਪਰ ਪ੍ਰਿਥਵੀਰਾਜ ਚੌਹਾਨ ਹੱਥੋਂ ਕਰਾਰੀ ਹਾਰ ਖਾਧੀ। ਮੁਹੰਮਦ ਗੌਰੀ ਨੂੰ ਕੈਦ ਕਰ ਲਿਆ ਗਿਆ, ਪਰ ਫਿਰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਪ੍ਰਿਥਵੀਰਾਜ ਦੀ ਸੂਰਮਗਤੀ, ਧੀਰਜ, ਯੁੱਧ ਕਲਾ ਅਤੇ ਸਿਆਣਪ ਕਰਕੇ ਭਾਰਤ ਉੱਪਰ ਅਫ਼ਗਾਨ ਰਾਜ ਸਥਾਪਿਤ ਨਾ ਹੋ ਸਕਿਆ, ਪਰ ਹਿੰਦੂ ਰਾਜਿਆਂ ਦੀ ਫੁੱਟ ਕਰਕੇ ਅਤੇ ਮੁਹੰਮਦ ਗੌਰੀ ਦੀਆਂ ਨੀਚ ਚਲਾਕੀਆਂ ਅਤੇ ਚਾਲਾਂ ਕਰਕੇ ਸੰਨ 1192 ਵਿਚ ਤਰਾਇਨ ਦੀ ਲੜਾਈ ਵਿਚ ਪ੍ਰਿਥਵੀਚੰਦ ਹਾਰ ਗਿਆ ਅਤੇ ਮੁਹੰਮਦ ਗੌਰੀ ਨੇ ਉਸ ਨੂੰ ਕੈਦ ਕਰ ਕੇ ਅੰਨ੍ਹਾ ਕਰ ਦਿੱਤਾ। ਪ੍ਰਿਥਵੀਚੰਦ ਸ਼ਬਦ ਭੇਦੀ ਬਾਣ ਚਲਾਉਣ ਵਿਚ ਮਾਹਿਰ ਸੀ, ਜਿਸ ਕਰਕੇ ਉਸ ਨੇ ਸਿਰਫ਼ ਮੁਹੰਮਦ ਗੌਰੀ ਦੀ ਆਵਾਜ਼ ਸੁਣ ਕੇ ਉਸ ਉੱਤੇ ਤੀਰ ਚਲਾ ਦਿੱਤਾ ਸੀ। ਚੰਦਰਬਾਈ ਪ੍ਰਿਥਵੀਰਾਜ ਦਾ ਬਚਪਨ ਦਾ ਦੋਸਤ ਅਤੇ ਉਸ ਦਾ ਰਾਜ ਕਵੀ ਸੀ। ਉਸ ਨੇ 'ਪ੍ਰਿਥਵੀਰਾਜ ਰਾਸੋ' ਮਹਾਂਕਾਵਿ ਦੀ ਰਚਨਾ ਕੀਤੀ, ਜਿਸ ਵਿਚ ਇਸ ਮਹਾਨ ਵੀਰ ਦਾ ਜੀਵਨ ਚਰਿੱਤਰ ਹੈ। ਰਾਜਕੁਮਾਰੀ ਸੰਯੋਗਤਾ ਨਾਲ ਪ੍ਰੇਮ ਅਤੇ ਉਸ ਦੇ ਸਵੰਬਰ ਦੀਆਂ ਕਹਾਣੀਆਂ ਇਤਿਹਾਸ ਦਾ ਹਿੱਸਾ ਹਨ। ਰਾਜਕੁਮਾਰੀ ਦੇ ਪਿਤਾ ਜੈ ਚੰਦ ਨੇ ਵੀ ਪ੍ਰਿਥਵੀਰਾਜ ਨਾਲ ਧ੍ਰੋਹ ਕਮਾਇਆ। ਮੁਹੰਮਦ ਗੌਰੀ ਨੂੰ ਪ੍ਰਿਥਵੀਚੰਦ ਨੇ ਵਾਰ-ਵਾਰ ਕੈਦ ਕਰ ਕੇ, ਹਰਜਾਨਾ ਵਸੂਲ ਕੇ ਆਜ਼ਾਦ ਕੀਤਾ ਸੀ, ਉਸ ਨੇ ਚੌਹਾਨ ਰਾਜੇ ਨੂੰ ਮਰਵਾ ਦਿੱਤਾ ਅਤੇ ਉਸ ਦਾ ਦੁਖਦਾਈ ਅੰਤ ਹੋਇਆ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸੱਭਿਆਚਾਰ
ਤਿੰਨ ਮਾਵਾਂ ਦਾ ਪਸਾਰਾ
ਲੇਖਕ : ਅਮਨ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮ ਲਤਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98143-41746
ਇਹ ਪੁਸਤਕ ਅਮਨ ਗਰਗ ਅਤੇ ਪ੍ਰਿੰਸੀਪਲ ਪ੍ਰੇਮ ਲਤਾ ਵਲੋਂ ਸਾਂਝੇ ਤੌਰ 'ਤੇ ਲਿਖੀ ਗਈ ਹੈ। ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਨਿਬੰਧ, ਕਹਾਣੀ ਤੇ ਨਾਵਲ ਵਿਧਾਵਾਂ ਵਿਚ ਲਿਖੀ ਇਹ ਪੁਸਤਕ ਸੱਭਿਆਚਾਰ : ਤਿੰਨ ਮਾਵਾਂ ਦਾ ਪਸਾਰਾ ਨਿਬੰਧ ਇਸ ਪੁਸਤਕ ਦਾ ਇਕ ਲੇਖ ਹੈ ਅਤੇ ਇਸ ਨਿਬੰਧ ਦੇ ਨਾਂਅ 'ਤੇ ਹੀ ਇਸ ਪੁਸਤਕ ਦਾ ਸਿਰਲੇਖ ਰੱਖਿਆ ਗਿਆ ਹੈ। ਭਾਰਤੀ ਸੱਭਿਆਚਾਰ ਬਾਰੇ ਲਿਖੀ ਗਈ ਇਹ ਪੁਸਤਕ ਖੋਜ 'ਤੇ ਅਧਾਰਿਤ 29 ਨਿਬੰਧਾਂ ਦਾ ਸੰਗ੍ਰਿਹ ਹੈ। ਧਰਤੀ ਮਾਂ, ਜਨਮ ਦੇਣ ਵਾਲੀ ਮਾਂ ਅਤੇ ਗਊ ਮਾਤਾ। ਤਿੰਨ ਮਾਵਾਂ ਨੂੰ ਭਾਰਤੀ ਸੱਭਿਆਚਾਰ, ਸੰਸਕ੍ਰਿਤੀ ਅਤੇ ਹੋਰ ਸੱਭਿਆਚਾਰਾਂ ਦਾ ਪੰਘੂੜਾ ਜਾਂ ਧਰਾਤਲ ਮੰਨਿਆ ਗਿਆ ਹੈ। ਲੇਖਕਾਂ ਨੇ ਵੈਦਿਕ ਸਾਹਿਤ ਦਾ ਹਵਾਲਾ ਦਿੰਦਿੰਆਂ ਹੋਇਆਂ ਮਨੁੱਖੀ ਜ਼ਿੰਦਗੀ ਦੇ ਉਤਪਾਦਕ ਪੰਜ ਤੱਤਾਂ ਧਰਤੀ, ਆਕਾਸ਼, ਪਾਣੀ, ਹਵਾ, ਅਗਨੀ ਦੇ ਮੇਲ 'ਚੋਂ ਧਰਤੀ ਨੂੰ ਹੀ ਇਨ੍ਹਾਂ ਦਾ ਸੰਯੋਜਕ ਦੱਸਿਆ ਹੈ। ਮਨੁੱਖ ਦੇ ਰੀਂਘ ਕੇ ਚੱਲਣ ਵਾਲੇ ਜੀਵਾਂ ਤੋਂ ਲੈ ਕੇ ਰੀੜ੍ਹਧਾਰੀ ਸਿੱਧੇ ਹੋ ਕੇ ਚੱਲਣ ਵਾਲੇ ਮਨੁੱਖ ਤੱਕ ਦੀ ਵਿਕਾਸ ਯਾਤਰਾ ਧਰਤੀ ਉੱਤੇ ਹੀ ਸੰਪੂਰਨ ਹੋਈ ਹੈ, ਦਾ ਜ਼ਿਕਰ ਕਰਕੇ ਮਨੁੱਖ ਦੇ ਸੱਭਿਆਚਾਰਕ ਵਿਰਸੇ ਬਾਰੇ ਜਾਣਕਾਰੀ ਦਿੱਤੀ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੇ ਜੀਵਨ ਦੇ ਅੰਤ ਤੱਕ ਸੱਭਿਆਚਾਰ ਨਾਲ ਉਸ ਦਾ ਸੰਬੰਧ ਜੁੜਿਆ ਰਹਿੰਦਾ ਹੈ। ਸੱਭਿਆਚਾਰ ਦੀ ਬਦੌਲਤ ਹੀ ਵਿੱਦਿਆ ਅਤੇ ਕਲਾਵਾਂ ਹੋਂਦ 'ਚ ਆਉਂਦੀਆਂ ਹਨ। ਦੋਵੇਂ ਲੇਖਕਾਂ ਨੇ ਇਸ ਪੁਸਤਕ ਦੇ ਵੱਖ-ਵੱਖ ਨਿਬੰਧਾਂ ਵਿਚ ਪੰਜਾਬੀ ਸੱਭਿਆਚਾਰ ਦੀਆਂ ਤਿੰਨ ਮਾਵਾਂ ਦੀ ਕਹਾਣੀ, ਕਿਸੇ ਵੀ ਭਾਸ਼ਾ ਦੇ ਵਿਕਾਸ 'ਚ ਉਸ ਦੀ ਲਿੱਪੀ ਦੇ ਯੋਗਦਾਨ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿਚ ਵਿਵਾਦ ਦੇ ਦੇਸ਼ ਅਤੇ ਸਮਾਜ ਉਤੇ ਮਾੜੇ ਅਸਰ, ਅਸੱਭਿਆ ਅਤੇ ਹਲਕੇ ਗੀਤਾਂ ਦਾ ਪੰਜਾਬੀ ਭਾਸ਼ਾ ਉੱਤੇ ਬੁਰਾ ਪ੍ਰਭਾਵ, ਭਗਤੀ ਲਹਿਰ ਦੇ ਜਨਮਦਾਤਾ ਸੰਤ ਰਾਮਾਨੰਦ, ਏਂਜਲ ਦੇ ਸਿਧਾਂਤ ਬਾਂਦਰ ਤੋਂ ਮਨੁੱਖ ਤੱਕ ਕਿਰਤ ਦੀ ਭੂਮਿਕਾ, ਰਿਗਵੇਦ ਦੀਆਂ ਰਿਸ਼ੀਕਾਵਾਂ ਔਰਤਾਂ ਅਤੇ ਪੰਜਾਬੀ ਸੱਭਿਆਚਾਰ ਵਿਚ ਕਲਾ ਅਤੇ ਕਿਰਤ ਦੇ ਪ੍ਰਤੀਕ ਚਰਖੇ ਆਦਿ ਵਿਸ਼ਿਆਂ ਉੱਤੇ ਲਿਖੇ ਨਿਬੰਧ ਜਿੱਥੇ ਦੋਵੇਂ ਲੇਖਕਾਂ ਦੇ ਭਾਸ਼ਾਈ, ਇਤਿਹਾਸ, ਸੱਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਅਥਾਹ ਗਿਆਨ ਅਤੇ ਖੋਜ ਪ੍ਰਵਿਰਤੀ ਨੂੰ ਪ੍ਰਗਟਾਉਂਦੇ ਹਨ, ਉੱਥੇ ਉਨ੍ਹਾਂ ਦੇ ਮਿਹਨਤੀ ਸੁਭਾਅ, ਸਮਰਪਣ ਅਤੇ ਆਪਣੇ ਸੱਭਿਆਚਾਰ ਨਾਲ ਮਨੋਂ ਜੁੜੇ ਹੋਣ ਦੀ ਹਾਮੀ ਵੀ ਭਰਦੇ ਹਨ। ਇਸ ਪੁਸਤਕ ਦੀਆਂ ਇਹ ਸਤਰਾਂ ਸੱਭਿਆਚਾਰ ਜੀਵੰਤ ਹੁੰਦਾ ਹੈ ਅਤੇ ਸਭਿਅਤਾ, ਸੱਭਿਆਚਾਰ ਦੇ ਪਿੱਛੇ ਗੌਣ ਰੂਪ ਵਿਚ ਬਿਰਾਜਮਾਨ ਹੁੰਦੀ ਹੈ। ਕੋਮਲ ਕਲਾਵਾਂ ਨਾਲ ਮਨੁੱਖੀ ਮਨ ਦੀ ਤ੍ਰਿਪਤੀ ਹੁੰਦੀ ਹੈ,ਪ ਾਠਕਾਂ ਦੇ ਮਨਾਂ ਵਿਚ ਇਸ ਪੁਸਤਕ ਨੂੰ ਪੜ੍ਹਨ ਪ੍ਰਤੀ ਦਿਲਚਸਪੀ ਪੈਦਾ ਕਰਦੀਆਂ ਹਨ। ਇਹ ਪੁਸਤਕ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਵੀ ਜੋੜੇਗੀ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਮੰਮੀ ਜੀ ਇਕ
ਕੈਦਾ ਲੈ ਦਿਓ
ਲੇਖਿਕਾ : ਜਸਨੂਰ ਕੌਰ
ਪ੍ਰਕਾਸ਼ਕ : ਬਲਿਊਰੋਜ਼, ਨਿਊ ਦਿੱਲੀ
ਮੁੱਲ : 257 ਰੁਪਏ, ਸਫ਼ੇ : 37
ਸੰਪਰਕ : 88828-98898
ਲੇਖਿਕਾ ਆਪਣੀ ਬੱਚਿਆਂ ਲਈ ਲਿਖੀ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਰਾਹੀਂ ਆਪਣੇ ਵਿਰਸੇ ਦੀ ਗੱਲ ਕਰਦੀ ਹੈ ਤੇ ਨਵੇਂ ਸਮੇਂ ਮੁਤਾਬਿਕ ਚੱਲਣ ਕਰਕੇ ਸਾਡੇ ਸੱਭਿਆਚਾਰ, ਆਚਾਰ-ਵਿਹਾਰ ਤੇ ਰਹਿਣੀ-ਬਹਿਣੀ, ਕੁਦਰਤ ਤੋਂ ਦੂਰ ਹੋਣ, ਬੋਲੀ ਨੂੰ ਵਿਸਾਰਨ, ਕੁਦਰਤੀ ਜੀਵਾਂ, ਪਸ਼ੂ-ਪੰਛੀਆਂ ਤੇ ਹੋਰ ਜੀਵ-ਜੰਤੂਆਂ ਦੇ ਖ਼ਾਤਮੇ ਵੱਲ ਵਧਦੇ ਜਾਣ, ਕੁਦਰਤੀ ਦਾਤਾਂ ਪਾਣੀ, ਹਵਾ, ਜੰਗਲਾਂ ਦੇ ਹੋ ਰਹੇ ਨੁਕਸਾਨ ਦੀ ਬਾਤ ਪਾਉਂਦੀ ਹੈ। ਉਹ ਇਨ੍ਹਾਂ ਸਭ ਨੂੰ ਸੰਭਾਲਣ ਲਈ ਉੱਦਮ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਜਸਨੂਰ ਅਜੋਕੇ ਪਰਿਵਾਰਾਂ ਦੀ ਰੁਝੇਵੇਂ ਭਰੀ ਜ਼ਿੰਦਗੀ ਬਾਰੇ ਜ਼ਿਕਰ ਕਰਦੀ ਚੇਤੇ ਕਰਦੀ ਹੈ ਕਿ ਇਕ ਉਹ ਸਮਾਂ ਵੀ ਸੀ ਜਦੋਂ ਦਾਦੀ, ਨਾਨੀ ਬੱਚਿਆਂ ਨੂੰ ਬਾਤਾਂ ਸੁਣਾਉਂਦੇ-ਸੁਣਾਉਂਦੇ ਬੜੇ ਪਿਆਰ ਨਾਲ ਜੀਵਨ ਜਿਊਣ ਦੀ ਸਿੱਖਿਆ ਦੇ ਜਾਂਦੀਆਂ ਸਨ, ਪਰ ਅਜੋਕੇ ਰੁਝੇਵੇਂ ਭਰੇ ਸਮੇਂ 'ਚ ਮੋਬਾਈਲਾਂ ਤੇ ਇੰਟਰਨੈੱਟ ਨੇ ਪਰਿਵਾਰਾਂ 'ਚ ਇਕੱਲਤਾ ਭਰ ਦਿੱਤੀ ਹੈ। ਪਰਿਵਾਰ ਦਾ ਕੋਈ ਵੀ ਜੀਅ ਮਿਲ ਕੇ ਬੈਠਣਾ ਪਸੰਦ ਨਹੀਂ ਕਰਦਾ। ਲੇਖਿਕਾ ਨੇ ਜਿਹੜੇ ਵਿਸ਼ੇ ਇਸ ਪੁਸਤਕ 'ਚ ਕਵਿਤਾਵਾਂ ਰਾਹੀਂ ਛੋਹੇ ਹਨ, ਉਹ ਸਾਰੇ ਬੜੇ ਅਹਿਮ ਹਨ ਤੇ ਉਹ ਉਸ ਦੀ ਪ੍ਰੌੜ੍ਹ ਸੋਚ ਦੀ ਸ਼ਾਅਦੀ ਭਰਦੇ ਹਨ। ਲੇਖਿਕਾ ਨੂੰ ਕਵਿਤਾਵਾਂ ਦੇ ਰੂਪ ਵਿਚ ਲਿਖਣ ਲਈ ਕਿਸੇ ਮਾਹਿਰ ਕਾਵਿ-ਲੇਖਕ ਤੋਂ ਕਵਿਤਾ, ਗ਼ਜ਼ਲ ਤੇ ਗੀਤ ਲਿਖਣ ਦੀ ਵਿਧਾ ਸਿੱਖ ਲੈਣੀ ਚਾਹੀਦੀ ਹੈ ਤਾਂ ਕਿ ਉਸ ਦੀਆਂ ਲਿਖਤਾਂ 'ਚ ਹੋਰ ਨਿਖਾਰ ਆ ਸਕੇ ਅਤੇ ਉਸ ਦੀਆਂ ਲਿਖਤਾਂ ਦਾ ਪਾਠਕਾਂ 'ਤੇ ਹੋਰ ਵਧੇਰੇ ਪ੍ਰਭਾਵ ਪੈ ਸਕੇ। ਲੇਖਿਕਾ ਤੋਂ ਅੱਗੇ ਹੋਰ ਚੰਗੇ ਸਾਹਿਤ ਸਿਰਜਣ ਦੀ ਪੂਰੀ ਆਸ ਬੱਝਦੀ ਹੈ।\
-ਪਰਮਜੀਤ ਸਿੰਘ ਵਿਰਕ
ਮੋਬਾਈਲ : 98724-07744
ਭੂਰਾ ਸਿੰਘ ਕਲੇਰ ਦੀਆਂ ਸਾਰੀਆਂ ਕਹਾਣੀਆਂ
ਸੰਪਾਦਕ : ਅੰਮ੍ਰਿਤਪਾਲ ਕਲੇਰ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ, ਲੁਧਿਆਣਾ
ਮੁੱਲ : 700 ਰੁਪਏ, ਸਫ਼ੇ : 320
ਸੰਪਰਕ : 99157-80980
ਮਰਹੂਮ ਭੂਰਾ ਸਿੰਘ ਕਲੇਰ ਪੰਜਾਬੀ ਸਾਹਿਤ ਦਾ ਇਕ ਅਜਿਹਾ ਹਸਤਾਖ਼ਰ ਹੈ, ਜਿਸ ਨੂੰ ਪੰਜਾਬੀ ਸਾਹਿਤ ਵਿਚ ਦਲਿਤਾਂ ਦੇ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ। ਭੂਰਾ ਸਿੰਘ ਕਲੇਰ ਨੇ ਆਪਣੀਆਂ ਗਲਪ ਰਚਨਾਵਾਂ ਵਿਚ ਆਰਥਿਕ ਥੁੜਾਂ ਕਾਰਨ ਸੰਘਰਸ਼ ਕਰਦੇ ਲੋਕਾਂ ਦੀ ਗੱਲ ਕੀਤੀ ਹੈ। ਉਸ ਨੇ ਆਪ ਵੀ ਜ਼ਿੰਦਗੀ ਵਿਚ ਗ਼ਰੀਬੀ ਹੰਢਾਉਂਦਿਆਂ ਹਰ ਮੁਸੀਬਤ ਦਾ ਸਾਹਮਣਾ ਕੀਤਾ ਅਤੇ ਆਪਣੀ ਕਲਮ ਦੀ ਮਦਦ ਨਾਲ ਆਪਣੇ ਅਨੁਭਵਾਂ ਨੂੰ ਇਨ੍ਹਾਂ ਕਹਾਣੀਆਂ ਵਿਚ ਚਿੱਤਰਤ ਕੀਤਾ ਅਤੇ ਆਪਣੀ ਕਲਮ ਨਾਲ ਦਲਿਤ ਭਾਈਚਾਰੇ ਦੇ ਯਥਾਰਥ ਨੂੰ ਬਿਆਨ ਕਰਕੇ ਸਾਹਿਤ ਵਿਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ। ਭਾਵੇਂ ਇਕ ਸਾਹਿਤਕਾਰ ਦੇ ਤੌਰ 'ਤੇ ਪ੍ਰਸਿੱਧ ਭੂਰਾ ਸਿੰਘ ਕਲੇਰ ਨੇ ਸਾਹਿਤ ਦੀ ਹਰ ਵਿਧਾ ਨੂੰ ਛੋਹਿਆ ਹੈ, ਪਰ ਉਸ ਦੀਆਂ ਕਹਾਣੀਆਂ ਨੂੰ ਹੀ ਸਭ ਤੋਂ ਵੱਧ ਮਕਬੂਲੀਅਤ ਮਿਲੀ। ਇਹੀ ਕਾਰਨ ਹੈ ਕਿ 'ਭੂਰਾ ਸਿੰਘ ਕਲੇਰ ਦੀਆਂ ਸਾਰੀਆਂ ਕਹਾਣੀਆਂ' ਸਿਰਲੇਖ ਹੇਠ ਉਸ ਦੀ ਬੇਟੀ ਅੰਮ੍ਰਿਤਪਾਲ ਕਲੇਰ ਨੇ ਉਸ ਦੀਆਂ ਸਾਰੀਆਂ ਕਹਾਣੀਆਂ ਇਕੱਠੀਆਂ ਕਰ ਹਥਲੀ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਈਆਂ ਹਨ। ਚਾਰ ਕਹਾਣੀ-ਸੰਗ੍ਰਹਿ 'ਪੰਛੀਆਂ ਦੇ ਆਲ੍ਹਣੇ', 'ਟੁੱਟੇ ਪੱਤੇ', 'ਤਿਹਾਇਆ ਰੁੱਖ' ਅਤੇ 'ਬੇਗ਼ਮ ਫ਼ਾਤਮਾ' ਦੀਆਂ ਕੁੱਲ 49 ਕਹਾਣੀਆਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਉਸ ਦੇ ਕਥਾ ਸੰਸਾਰ ਵਿਚ ਊਣੀ ਜ਼ਿੰਦਗੀ ਜੀਅ ਰਹੇ ਪਾਤਰ ਆਰਥਿਕਤਾ ਦੇ ਪ੍ਰਭਾਵ ਹੇਠ ਸਿਰਜੇ ਜਾ ਰਹੇ ਬਿਰਤਾਂਤ ਵਿਚ ਆਪਣੀ ਥਾਂ ਬਣਾਉਂਦੇ ਹਨ ਅਤੇ ਥੁੜਾਂ ਮਾਰੀ ਜ਼ਿੰਦਗੀ ਦੀ ਮਾਨਸਿਕਤਾ ਨੂੰ ਚਿਤਰਤ ਕਰਨ ਦਾ ਜ਼ਰੀਆ ਬਣਦੇ ਹਨ। ਇਸ ਸੰਬੰਧ ਵਿਚ ਉਸ ਦੀਆਂ ਕਹਾਣੀਆਂ ਅੰਬਰ ਦੀ ਹੂਕ, ਮੋਠੂ ਬਦਮਾਸ਼, ਭੜਾਕੇ, ਚਿੱਟਾ ਕਮੀਜ਼, ਉਪ-ਗ੍ਰਹਿ ਨਹੀਂ ਮੁੜਿਆ, ਕੁੜੀਆਂ ਦਾ ਪਿੱਪਲ, ਮਾਸੀ ਰੱਜੋ, ਘੋੜਾ ਯੱਕਾ, ਟੁੱਟੀ ਵੰਗ, ਵਿਚਾਰਾ ਮੋਤੀ, ਬੇਵਸੀ, ਕੂੰਜ ਤਿਹਾਈ ਅਤੇ ਬੇਗ਼ਮ ਫ਼ਾਤਮਾ ਜ਼ਿਕਰਯੋਗ ਹਨ। ਇਨ੍ਹਾਂ ਕਹਾਣੀਆਂ ਵਿਚ ਉਸ ਦੁਆਰਾ ਅਸਲ ਵਿਅਕਤੀਆਂ ਦੇ ਅਸਲ ਅਨੁਭਵਾਂ ਤੋਂ ਪ੍ਰੇਰਿਤ ਹੋ ਕੇ ਕਾਟੀ, ਮੋਠੂ, ਮਿੰਦਰੂ, ਗਿਆਨ ਚੰਦ, ਪੀਤੂ ਅਮਲੀ, ਜੱਗਰ, ਚੰਦ, ਹੰਸਾ ਤੇ ਉਸ ਦੇ ਭਰਾ ਆਦਿ ਪਾਤਰ ਘੜੇ ਗਏ ਹਨ। ਉਸ ਦੀ ਸ਼ੈਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਹੋਕਾ ਦੇ ਕੇ ਹਾਸ਼ੀਆਗਤ ਲੋਕਾਂ ਦੀ ਹਾਲਤ ਬਿਆਨ ਨਹੀਂ ਕਰਦਾ, ਸਗੋਂ ਉਹ ਆਪਣੀ ਕਹਾਣੀ ਵਿਚ ਅਜਿਹਾ ਦ੍ਰਿਸ਼ ਸਿਰਜ ਦਿੰਦਾ ਹੈ ਜੋ ਪਾਠਕ ਨੂੰ ਧੁਰ ਅੰਦਰ ਤਕ ਝੰਜੋੜ ਦਿੰਦਾ ਹੈ ਅਤੇ ਪਾਠਕ ਉਸ ਪਾਤਰ ਦੇ ਦੁੱਖ ਵਿਚ ਵਹਿ ਤੁਰਦਾ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਇਕ ਥਾਂ ਇਕੱਠੀਆਂ ਹੋ ਜਾਣ ਨਾਲ ਪਾਠਕਾਂ ਅਤੇ ਖੋਜਾਰਥੀਆਂ ਨੂੰ ਲਾਭ ਹੋਵੇਗਾ ਅਤੇ ਸੰਪਾਦਨਾ ਦੇ ਇਸ ਕਾਰਜ ਲਈ ਅੰਮ੍ਰਿਤਪਾਲ ਕਲੇਰ ਵਧਾਈ ਦੀ ਪਾਤਰ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਤੋਪਿਆਂ ਵਾਲੀ ਕਮੀਜ਼
ਲੇਖਕ : ਰਣਬੀਰ ਸਿੰਘ ਪ੍ਰਿੰਸ
ਪ੍ਰਕਾਸ਼ਕ : ਸਾਦਿਕ ਪਬਲਿਕੇਸ਼ਨਜ਼
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98722-99613
'ਤੋਪਿਆਂ ਵਾਲੀ ਕਮੀਜ਼' ਕਹਾਣੀ-ਸੰਗ੍ਰਹਿ ਰਣਬੀਰ ਸਿੰਘ ਪ੍ਰਿੰਸ ਦਾ ਲਿਖਿਆ ਹੈ, ਜਿਸ ਵਿਚ ਉਸ ਨੇ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ 50-55 ਨਿੱਕੀਆਂ-ਵੱਡੀਆਂ ਕਹਾਣੀਆਂ ਦੀ ਬਾਖੂਬੀ ਸਿਰਜਣਾ ਕੀਤੀ ਹੈ। ਜਿਵੇਂ, 'ਠੇਸ', 'ਕਲੀਆਂ ਵਾਲੀ ਫਰਾਕ', 'ਕਰਨੀ ਵਾਲੇ ਸੰਤ' ਕਹਾਣੀਆਂ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਤਵੱਜੋ ਦਿੱਤੀ ਗਈ ਹੈ। 'ਤੋਪਿਆਂ ਵਾਲੀ ਕਮੀਜ਼' ਕਹਾਣੀ ਵਿਚ ਇਕ ਗ਼ਰੀਬ ਬੱਚੇ ਰੇਨੂ ਦੀ ਤ੍ਰਾਸਦਿਕ ਹਾਲਤ ਨੂੰ ਬਿਆਨ ਕੀਤਾ ਹੈ, ਜਿਸ ਨੂੰ ਉਸ ਦੀ ਹਿੰਦੀ ਵਾਲੀ ਮੈਡਮ ਨੇ ਤਿੰਨ-ਚਾਰ ਚਿੱਟੀਆਂ ਕਮੀਜ਼ਾਂ ਵੀ ਲਿਆ ਕੇ ਦਿੱਤੀਆਂ ਸਨ। ਅਗਲੀ ਕਹਾਣੀ 'ਕਰਨੀ ਵਾਲੇ ਸੰਤ' ਵਿਚ ਅੰਧ-ਵਿਸ਼ਵਾਸ ਦੀ ਆੜ ਵਿਚ ਤਰ੍ਹਾਂ-ਤਰ੍ਹਾਂ ਦੀ ਲੁੱਟ ਕਰਨ ਲਈ ਹਰ ਹਰਬਾ ਵਰਤਦੇ ਲੋਕਾਂ ਬਾਰੇ ਦੱਸਿਆ ਗਿਆ ਹੈ। ਗੱਲ ਕਿ ਰਣਬੀਰ ਸਿੰਘ ਪ੍ਰਿੰਸ ਦੀਆਂ ਸਾਰੀਆਂ ਕਹਾਣੀਆਂ ਹੀ ਬਹੁਤ ਪ੍ਰਭਾਵਪੂਰਤ ਹਨ, ਜਿਨ੍ਹਾਂ ਵਿਚੋਂ ਪ੍ਰੋੜ੍ਹਤਾ ਝਲਕਦੀ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ 'ਨਿੱਕੇ ਸ਼ਬਦਾਂ ਦੇ ਵੱਡੇ ਅਰਥ', 'ਤਰਲਾ', 'ਆਹਟ', 'ਕਿਰਦਾਰ', 'ਹਿੰਮਤ', 'ਰਿਸ਼ਤਿਆਂ ਦਾ ਘਾਣ', 'ਤੋਪਿਆਂ ਵਾਲੀ ਕਮੀਜ਼', 'ਧੀ ਹੋਣ ਦਾ ਅਹਿਸਾਸ', 'ਖੁੰਦਕ', 'ਭੁੱਖ', 'ਸ਼ੱਕ ਦੀ ਮੌਤ' ਅਤੇ ਸਾਂਝ ਹਨ ਜੋ ਸਾਰਥਕ ਹੱਲ ਲੱਭਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਇਸ ਨਿੱਘਰ ਰਹੇ ਸਮਾਜ ਦੇ ਪਾਠਕਾਂ ਨੂੰ ਸੁਨੇਹਾ ਦਿੰਦੀਆਂ ਹਨ। ਕਹਾਣੀਆਂ ਵਿਚ ਲੇਖਕ ਨੇ ਤਿੱਖਾ ਵਿਅੰਗ ਅਤੇ ਬੌਧਿਕਤਾ ਦੀ ਪੇਸ਼ਕਾਰੀ ਕੀਤੀ ਗਈ ਹੈ। ਜਿਵੇਂ 'ਧੀਆਂ ਦੀ ਪੰਡ' ਕਹਾਣੀ ਵਿਚ ਲੋਕਾਂ ਦੇ ਮਨ ਵਿਚ ਪੁੱਤਰ ਦੀ ਲਾਲਸਾ ਉਮੜਦੀ ਦਿਖਾਈ ਹੈ ਪਰ ਜਦੋਂ ਧੀਆਂ ਨੂੰ ਕੋਈ ਵੱਡੀ ਨੌਕਰੀ ਮਿਲ ਜਾਂਦੀ ਹੈ ਤੇ ਪੁੱਤਰ ਨਸ਼ੇੜੀ ਬਣ ਜਾਂਦੇ ਹਨ ਤਾਂ ਅਜਿਹੀ ਸੇਧ ਹੀ ਲੋਕਾਂ ਨੂੰ ਸਬਕ ਸਿਖਾਉਂਦੀ ਹੈ। ਇਸੇ ਤਰ੍ਹਾਂ ਅਗਲੀਆਂ ਕਹਾਣੀਆਂ 'ਖਰਚੇ ਤੇ ਪਰਚੇ', 'ਸੂਰਤ ਤੇ ਸੀਰਤ', 'ਬੇਗਾਨੇ ਬੋਹੜ ਦੀ ਛਾਂ' ਵਿਅੰਗਾਤਮਿਕ ਕਹਾਣੀਆਂ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਦੀਆਂ ਕਾਫੀ ਕਹਾਣੀਆਂ ਭਵਿੱਖ ਵਿਚ ਹੋਰ ਨਿਖਾਰ ਦੀ ਸੰਭਾਵਨਾ ਦੀ ਸ਼ਾਅਦੀ ਭਰਦੀਆਂ ਹਨ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਜ਼ਿੰਦਗੀਨਾਮਾ(ਫ਼ਾਰਸੀ ਮਸਨਵੀ)
(ਗ਼ਜ਼ਲਾਂ ਭਾਈ ਨੰਦ ਲਾਲ)/ਸਟੀਕ
ਲਿਪੀਆਂਤਰ ਅਤੇ ਪੰਜਾਬੀ ਅਨੁਵਾਦ : ਡਾ. ਗੁਰਪ੍ਰੀਤ ਸਿੰਘ ਸੋਢੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 98147-32198
ਦਸਮ ਪਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਆਪ ਅਜ਼ੀਮ ਸ਼ਾਇਰ ਅਤੇ ਸੰਗੀਤਕਾਰ ਸਨ, ਉਥੇ ਹੀ ਸ਼ਾਇਰਾਂ ਦੇ ਬਹੁਤ ਵੱਡੇ ਕਦਰਦਾਨ ਅਤੇ ਸਰਪ੍ਰਸਤ ਸਨ। ਆਪ ਦੇ ਦਰਬਾਰ ਦੇ 52 ਕਵੀਆਂ ਦੇ ਸਿਰਤਾਜ ਸਨ ਦੀਵਾਨ ਨੰਦ ਲਾਲ 'ਗੋਯਾ'। ਗੁਰੂ ਪਾਤਿਸ਼ਾਹ ਦੇ ਸਭ ਤੋਂ ਪਿਆਰੇ ਅਤੇ ਪਸੰਦੀਦਾ ਸਿੱਖ ਆਪ ਜੀ ਵਲੋਂ ਲਿਖੀਆਂ ਫ਼ਾਰਸੀ ਗ਼ਜ਼ਲਾਂ ਨੂੰ ਸਿੱਖ ਪੰਥ ਵਲੋਂ ਕੀਰਤਨ ਚੌਂਕੀਆਂ ਦੌਰਾਨ ਗਾਇਨ ਕਰਨ ਦੀ ਆਗਿਆ ਹੈ। ਪੁਰਾਤਨ ਰਾਗੀ, ਖ਼ਾਸਕਰ ਮਰਹੂਮ ਭਾਈ ਧਰਮ ਸਿੰਘ 'ਜ਼ਖ਼ਮੀ', ਉਨ੍ਹਾਂ ਦੀਆਂ ਫ਼ਾਰਸੀ ਰਚਨਾਵਾਂ ਗਾ ਕੇ ਸਮਾਂ ਬੰਨ੍ਹ ਦਿਆ ਕਰਦੇ ਸਨ। ਅਨੁਵਾਦਕ ਡਾ. ਗੁਰਪ੍ਰੀਤ ਸਿੰਘ ਸੋਢੀ ਨੇ ਦੀਵਾਨ ਨੰਦ ਲਾਲ ਦੀਆਂ ਗ਼ਜ਼ਲਾਂ ਦੇ ਇਕ-ਇਕ ਸ਼ੇਅਰ ਦਾ, ਭਵਪੂਰਤ ਲਿਪੀਆਂਤਰ ਕੀਤਾ ਹੈ। ਮਿਸਾਲ ਵਜੋਂ :-
'ਆਂ ਖ਼ੁਦਾਵੰਦ-ਏ-ਜ਼ਮੀਨ-ਓ-ਆਸਮਾਂ
ਜ਼ਿੰਦਗੀ ਬਖ਼ਸ਼-ਏ-ਵਜੂਦ-ਏ-ਇਨਸ-ਓ-ਜਾਂ।'
ਅਰਥ-ਉਹ (ਰੱਬ) ਧਰਤੀ ਤੇ ਆਕਾਸ਼ ਦਾ ਮਾਲਕ, ਮਨੁੱਖੀ ਵਜੂਦ ਅਤੇ ਜਾਨਦਾਰਾਂ ਦੀ ਜ਼ਿੰਦਗੀ ਬਖ਼ਸ਼ਣ ਵਾਲਾ ਹੈ। (ਪੰਨਾ 7)
ਈ ਲਿਬਾਸ-ਏ-ਦੁਨਿਆਵੀ ਫ਼ਾਨੀ ਬੱਵਦ
ਬਰ ਖੁਦਾਵੰਦੇਸ਼ ਅਰਜ਼ਾਨੀਂ ਬੱਵਦ (ਪੰਨਾ 19)
ਔਖੇ ਸ਼ਬਦ : ਈ-ਇਹ। ਲਿਬਾਸ ਦੁਨਿਆਵੀ-ਦੁਨਿਆਵੀ ਭੇਖ, ਫਾਨੀ ਬਵੱਦ-ਨਾਸ਼ਵਾਨ ਹੁੰਦਾ ਹੈ, ਬਰ ਖ਼ੁਦਾਵੰਦੇਸ਼-ਇਸ ਦਾ ਮਾਲਕ, ਅਰਜ਼ਾਨੀ ਬੱਵਦ-ਮਾਮੂਲੀ ਹੁੰਦਾ ਹੈ। (ਅਰਥ) : ਇਹ ਦੁਨਿਆਵੀ ਪਹਿਰਾਵਾ, ਨਾਸ਼ਵਾਨ ਹੈ, ਇਸ ਦਾ ਮਾਲਕ ਸਾਧਾਰਨ (ਮਾਮੂਲੀ) ਹੁੰਦਾ ਹੈ।
''ਹਰ ਕਿ ਖ਼ੁਦ ਰਾ ਸੂ-ਏ-ਹੱਕ ਮੀ ਆਰਦਸ਼
ਅਜ਼ ਰੁਖੇ-ਏ-ਊ ਨੂਰ-ਏ-ਹੱਕ ਮੀ ਬਾਦਰਸ਼''
(ਪੰਨਾ 82)
(ਅਰਥ:) ਜਿਹੜਾ ਵੀ ਆਪਣੇ ਆਪ ਨੂੰ, ਰੱਬ ਵੱਲ ਲਿਆਉਂਦਾ ਹੈ, ਉਸ ਦੇ ਮੁੱਖ ਤੋਂ ਸੱਚੇ ਨੂਰ ਦੀ ਵਰਖਾ ਹੁੰਦੀ ਹੈ।
ਆਖ਼ਰੀ ਸ਼ੇਅਰ : 'ਦੀਦਾ ਅਜ਼ ਦੀਦਾਰ-ਏ-ਹੱਕ ਪਰ ਨੂਰ ਕੁਨ
ਗ਼ੈਰ ਹੱਕ ਅਜ਼, ਖ਼ਾਤਿਰ-ਓ-ਦਿਲ ਦੂਰ ਕੂਨ'
(ਪੰਨਾ 176)
(ਅਰਥ) : ਤੂੰ ਅੱਖ ਨੂੰ ਰੱਬ ਦੇ ਦਰਸ਼ਨ ਨਾਲ, ਨੂਰੋ-ਨੂਰ ਕਰ, ਰੱਬ ਤੋਂ ਬਿਨਾਂ ਸਭ ਕੁਛ, ਦਿਲ ਤੋਂ ਦੂਰ ਕਰਦੇ।
ਡਾ. ਸੋਢੀ, ਅੱਜ ਦੇ ਦੌਰ ਵਿਚ, ਉਂਗਲਾਂ 'ਤੇ ਗਿਣੇ ਜਾਣ ਵਾਲੇ ਉਨ੍ਹਾਂ ਆਲਮਾਂ ਵਿਚ ਸ਼ੁਮਾਰ ਕੀਤੇ ਜਾਣਗੇ, ਜਿਨ੍ਹਾਂ ਨੇ ਫ਼ਾਰਸੀ ਵਰਗੀ ਅਮੀਰ ਜ਼ਬਾਨ 'ਤੇ ਅਬੂਰ ਹਾਸਿਲ ਕੀਤਾ ਹੈ। ਉਨ੍ਹਾਂ ਲਗਨ ਨਾਲ, ਫ਼ਾਰਸੀ ਭਾਸ਼ਾ ਵਿਚ ਐਮ.ਏ. ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਦਰੁਸਤ ਲਿਖਿਆ ਹੈ ਕਿ ਫ਼ਾਰਸੀ ਤੋਂ ਅਗਿਆਨਤਾ, ਸਾਨੂੰ ਭਾਈ ਨੰਦ ਲਾਲ ਦੇ ਮਹਿਲਾਂ ਤੋਂ ਦੂਰ ਰੱਖੇਗੀ।' ਇਸ ਪੁਸਤਕ ਨੂੰ ਮਨ ਚਿੱਤ ਲਾ ਕੇ ਪੜ੍ਹਨ ਅਤੇ ਸਮਝਣ ਨਾਲ ਹੀ, ਕੋਈ ਫਰੋਦ-ਬਸ਼ਰ, ਅਗਲ ਜੀਵਨ ਜਾਚ ਦੀ ਸੋਝੀ ਹਾਸਿਲ ਕਰਕੇ, ਕਾਮਿਲ ਮਨੁੱਖ ਬਣ ਸਕੇਗਾ, ਐਸਾ ਮੇਰਾ ਪੱਕਾ ਯਕੀਨ ਹੈ। ਟੇਢੀ ਭਾਵ-ਪੂਰਨ ਲਿਖ਼ਤ ਲਈ ਡਾ. ਸੋਢੀ ਧੰਨਵਾਦ ਦੇ ਪਾਤਰ ਹਨ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਦਾਰ
(1947 ਦੀ ਭਾਰਤ-ਪਾਕਿਸਤਾਨ ਵੰਡ ਬਾਰੇ ਲਿਖਿਆ ਸ਼ਾਹਕਾਰ ਨਾਵਲ)
ਲੇਖਕ : ਕ੍ਰਿਸ਼ਨ ਚੰਦਰ
ਅਨੁ : ਅਮਰ ਆਫ਼ਤਾਬ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼, ਰਾਮਪੁਰ (ਲੁਧਿਆਣਾ)
ਮੁੱਲ : 225 ਰੁਪਏ, ਸਫ਼ੇ : 80
ਸੰਪਰਕ : 95016-60416
ਭਾਰਤ-ਪਾਕਿਸਤਾਨ ਦੀ ਵੰਡ ਅੰਗਰੇਜ਼ ਸਰਕਾਰ ਦੀ ਪਾੜੋ ਅਤੇ ਰਾਜ ਕਰੋ ਦੀ ਫਿਰਕਾਪ੍ਰਸਤੀ ਦੀ ਨੀਤੀ ਕਾਰਨ ਹੋਈ। ਦੇਸ਼ਾਂ ਦੀਆਂ ਵੰਡਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਪਰ ਧਰਮ ਦੇ ਨਾਂਅ 'ਤੇ ਆਬਾਦੀ ਵਟਾਂਦਰਾ ਵੱਡਾ ਦੁਖਾਂਤ ਹੋ ਨਿੱਬੜਿਆ। ਸਿੱਖ-ਹਿੰਦੂ/ਮੁਸਲਮਾਨਾਂ ਵਿਚ ਕੁੜੱਤਣ ਇਸ ਹੱਦ ਤੱਕ ਵਧ ਗਈ ਸੀ ਕਿ ਵਿਰੋਧੀ ਧਰਮ ਦੇ ਕਾਫਲਿਆਂ ਦੇ ਕਾਫਲੇ ਮੌਤ ਦੇ ਘਾਟ ਉਤਾਰੇ ਗਏ। ਕਿਸੇ ਵੀ ਉਮਰ/ਲਿੰਗ ਨਾਲ ਕੋਈ ਤਰਸ ਨਾ ਵਿਖਾਇਆ ਗਿਆ। ਔਰਤਾਂ ਦੀ ਵਿਕਰੀ ਹੋਈ। ਧੀਆਂ ਦੀ ਪੱਤ ਲੁੱਟੀ ਗਈ। ਘਰ ਦਾ ਕੋਈ ਜੀਅ ਇਧਰ ਰਹਿ ਗਿਆ, ਕੋਈ ਉਧਰ। ਪੀਣ ਵਾਲਾ ਪਾਣੀ ਵੀ ਹਿੰਦੂ-ਪਾਣੀ/ਮੁਸਲਿਮ ਪਾਣੀ ਵਿਚ ਵੰਡਿਆ ਗਿਆ। ਉੱਜੜ ਕੇ ਆਏ ਹਿੰਦੂ ਸਿੱਖ ਸ਼ਰਨਾਰਥੀ ਅਖਵਾਏ, ਮੁਸਲਮਾਨ ਮੁਹਾਜਰ ਅਖਵਾਏ। ਨਾਇਕ ਗ਼ੱਦਾਰ ਅਖਵਾਇਆ ਜੋ ਦੋਵਾਂ ਸੱਭਿਆਚਾਰਾਂ 'ਚੋਂ ਕਿਸੇ ਧਿਰ ਦਾ ਨਾ ਹੋ ਸਕਿਆ। ਇਸ ਨਾਵਲ ਦੀ ਫੇਬੁਲਾ ਨਾਇਕ ਬੈਜਨਾਥ ਦੇ ਨਾਨਕੇ ਪਿੰਡ ਤੋਂ ਚੱਲ ਕੇ, ਲਾਹੌਰ ਹੁੰਦੀ ਹੋਈ, ਨਾਇਕ ਵਲੋਂ ਗੰਨਿਆਂ ਦੇ ਖੇਤਾਂ ਵਿਚ ਪਨਾਹ ਲੈਂਦੇ ਹੋਏ, ਉਸ ਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਹੁਦੀ ਹੋਈ, ਕਤਲੋਗਾਰਤ ਦੀਆਂ ਘਟਨਾਵਾਂ ਵੇਖਦੀ ਹੋਈ, ਵਿਭਿੰਨ ਘਟਨਾਵਾਂ ਦੇ ਉਤਰਾਅ-ਚੜ੍ਹਾਅ ਪ੍ਰਸਤੁਤਵ ਕਰਦੀ ਹੋਈ ਰਾਵੀ ਦਰਿਆ ਦੇ ਪੁਲ ਤੱਕ ਅੱਪੜਦੀ ਵਿਖਾਈ ਗਈ ਹੈ। ਰਾਵੀ ਦਰਿਆ ਦੇ ਇਕ ਪਾਸੇ ਲਾਸ਼ ਦੇ ਢੇਰਾਂ ਵਿਚ ਇਕ ਮਰੇ ਹੋਏ ਮੁਸਲਿਮ ਬਾਬੇ ਤੋਂ ਇਕ ਬੱਚਾ ਰੋਟੀ ਮੰਗਦਾ ਪੇਸ਼ ਕੀਤਾ ਗਿਆ ਹੈ। ਬ੍ਰਾਹਮਣ ਨਾਇਕ ਬੈਜਨਾਥ ਉਸ ਬੱਚੇ ਨੂੰ ਗੋਦੀ ਚੁੱਕ ਲੈਂਦਾ ਹੈ। ਬੱਚਾ ਉਸ ਨੂੰ ਪੁੱਛਦਾ ਹੈ (ਦੇਖੋ ਸੰਵਾਦ) 'ਤੂੰ ਕੌਣ ਏਂ?' ਮੈਂ ਕਿਹਾ, 'ਮੈਂ ਤੇਰਾ ਚਾਚਾ ਹਾਂ।' 'ਚਾਚਾ', ਬੱਚੇ ਨੇ ਡਰਦੇ-ਡਰਦੇ ਪੁੱਛਿਆ, 'ਤੂੰ ਮੈਨੂੰ ਲੋਤੀ ਦੇਵੇਂਗਾ।' 'ਹਾਂ ਮੈਂ ਤੈਨੂੰ ਰੋਟੀ ਦੇਵਾਂਗਾ।' ਮੈਂ ਭਰੜਾਈ ਆਵਾਜ਼ ਵਿਚ ਕਿਹਾ, 'ਇਸ ਹਿਰਦੇਵੇਧਕ ਸੰਵਾਦ ਨਾਲ ਇਹ ਲਘੂ ਨਾਵਲ ਆਪਣੇ ਅੰਤ ਤੱਕ ਅੱਪੜਦਾ ਹੈ। ਨਾਨਕੇ ਪਿੰਡ ਸਰਕੜੇ ਵਿਚ ਨਾਇਕ ਨਾਲ ਮੁਹੱਬਤ ਕਰਨ ਵਾਲੀ 'ਸ਼ਾਦਾਂ' ਦਾ ਦੋ ਵਾਰੀ ਜ਼ਿਕਰ ਹੈ। ਰੋਮੀ 'ਕੁੱਤੀ' ਨਾਇਕ ਦੀ ਮਰਨ ਤੱਕ ਵਫ਼ਾਦਾਰ ਹੋ ਨਿੱਬੜਦੀ। ਉਂਜ ਇਹ ਨਾਵਲ ਨਾਇਕ ਪ੍ਰਧਾਨ ਹੀ ਹੈ। ਨਾਇਕ ਹੀ ਉੱਤਮ ਪੁਰਖੀ ਸ਼ੈਲੀ ਵਿਚ ਸਾਰਾ ਬਿਰਤਾਂਤ ਕਹਿੰਦਾ ਹੈ। ਕਥਾਵਾਚਿਕ ਭਵਿੱਖਬਾਣੀ ਕਰਦਾ ਹੈ ਕਿ ਉਹ ਦਿਨ ਜ਼ਰੂਰ ਆਵੇਗਾ, ਜਦੋਂ ਮੁਲਕਾਂ/ਧਰਮਾਂ ਦੀਆਂ ਹੱਦਾਂ ਢਹਿ-ਢੇਰੀ ਹੋ ਜਾਣਗੀਆਂ। ਜਦੋਂ ਸੰਸਾਰ ਇਕ ਪਿੰਡ ਬਣ ਜਾਵੇਗਾ। ਇਹ ਲਘੂ ਨਾਵਲ ਕ੍ਰਮਵਾਰ (ਸਿੰਟਗਮੈਟਿਕ) ਤਕਨੀਕ ਰਾਹੀਂ ਲਿਖਿਆ, ਬੜਾ ਹੀ ਗੁੰਦਵਾਂ ਕਥਾਨਕ ਹੈ, ਪਾਤਰਾਂ ਦੇ ਨੈਣ-ਨਕਸ਼ ਬਾਖੂਬੀ ਉਲੀਕੇ ਗਏ ਹਨ। ਦਿਰਸ਼ ਚਿੱਤਰਨ ਸੰਜੀਵ ਹੈ। ਭਾਸ਼ਾ ਕਾਵਿ-ਮਈ ਹੈ। ਇਸ ਦੀਆਂ ਹੋਰ ਬਿਰਤਾਂਤਕ ਜੁਗਤਾਂ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਗੁਰੀਲਾ ਵਾਰ
ਸਿੱਖ ਲੋਕ ਯੁੱਧ 1699-1768
ਲੇਖਕ : ਅਰਜਨ ਦਾਸ ਮਲਕ
ਅਨੁਵਾਦਕ : ਸਵ: ਕਾਮਰੇਡ ਦੇਵਾ ਸਿੰਘ ਮਾਹਲਾ
ਪ੍ਰਕਾਸ਼ਕ : ਵਾਈਟ ਕ੍ਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 275 ਰੁਪਏ, ਸਫ਼ੇ : 175
ਸੰਪਰਕ : 97809-09077
ਪੁਰਾਤਨ ਕਾਲ ਤੋਂ ਦੁਨੀਆ ਵਿਚ ਜਦੋਂ ਵੀ ਰਾਜਿਆਂ, ਮਹਾਰਾਜਿਆਂ, ਸਾਮੰਤਾਂ, ਤਾਨਾਸ਼ਾਹਾਂ ਅਤੇ ਜਗੀਰਦਾਰਾਂ ਦੁਆਰਾ ਗ਼ਰੀਬਾਂ, ਮਜ਼ਲੂਮਾਂ ਅਤੇ ਨਿਹੱਥੇ ਲੋਕਾਂ ਉੱਪਰ ਅੱਤਿਆਚਾਰ ਕੀਤੇ ਗਏ ਤਾਂ ਉਨ੍ਹਾਂ ਲੋਕਾਂ ਦੁਆਰਾ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਲਈ ਸ਼ਾਂਤਮਈ ਵਿਦਰੋਹਾਂ ਦੇ ਨਾਲ-ਨਾਲ ਹਥਿਆਰਬੰਦ ਸੰਘਰਸ਼ ਵੀ ਜਾਰੀ ਰੱਖੇ ਗਏ ਹਨ। ਇਨ੍ਹਾਂ ਸੰਘਰਸ਼ਾਂ ਦੀਆਂ ਕੁਝ ਅਤਿ ਮਹੱਤਵਪੂਰਨ ਉਦਾਹਰਨਾਂ ਮੈਗਨਾ ਕਾਰਟਾ, ਫ਼ਰਾਂਸੀਸੀ ਕ੍ਰਾਂਤੀ, ਧਰਮ ਸੁਧਾਰ ਅੰਦੋਲਨ, ਅਮਰੀਕੀ ਕ੍ਰਾਂਤੀ, ਰੂਸੀ ਕ੍ਰਾਂਤੀ, ਚੀਨ ਦੀ ਕ੍ਰਾਂਤੀ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਆਦਿ ਹਨ। ਗੁਰੀਲਾ ਯੁੱਧ ਦੀ ਪ੍ਰਥਾ ਵੀ ਅਤਿ ਪੁਰਾਣੀ ਹੈ। ਪੰਜਾਬ ਕਿਉਂਕਿ ਉੱਤਰ-ਪੱਛਮੀ ਸਰਹੱਦੀ ਸੂਬਾ ਹੈ, ਇਥੇ ਕੇਂਦਰੀ ਏਸ਼ੀਆ ਤੋਂ ਅਨੇਕ ਹਮਲਾਵਰ ਪੁਰਾਤਨ ਕਾਲ ਤੋਂ ਆਉਂਦੇ ਰਹੇ ਹਨ। ਪੰਜਾਬੀਆਂ ਨੇ ਆਪਣੇ ਦੇਸ਼, ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਿਦੇਸ਼ੀ ਹਮਲਾਵਰਾਂ ਦਾ ਸਿੱਧੇ ਢੰਗ ਅਤੇ ਗੁਰੀਲਾ ਲੜਾਈਆਂ ਰਾਹੀਂ ਵਿਰੋਧ ਕੀਤਾ ਹੈ। ਇਹ ਕਿਤਾਬ ਅਰਜਨ ਦਾਸ ਮਲਕ ਦੁਆਰਾ ਮੁੱਢਲੇ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਸੀ। ਇਸ ਦਾ ਵਿਸ਼ਾ ਵਸਤੂ ਹਿੰਦੁਸਤਾਨੀ ਗੁਰੀਲਾ ਯੁੱਧ ਵਿਸ਼ੇਸ਼ ਕਰਕੇ ਸਿੱਖਾਂ ਦੁਆਰਾ ਲੜੀਆਂ ਗਈਆਂ ਲੜਾਈਆਂ 1699-1768 ਈਸਵੀ ਦੇ ਸੰਦਰਭ ਵਿਚ ਹੈ। ਮੂਲ ਰੂਪ ਵਿਚ ਇਸ ਕਿਤਾਬ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਭਾਗ ਪਹਿਲਾ ਗੁਰੀਲਾ ਯੁੱਧ ਦਾ ਮਤਲਬ, ਮੰਤਵ, ਗੁਰੀਲਾ ਯੁੱਧਾਂ ਵਿਚ ਭਾਗ ਲੈਣ ਵਾਲੇ ਲੋਕਾਂ ਦੇ ਅਧਿਕਾਰ ਸਾਧਨ, ਨੀਤੀਆਂ, ਮੂਲ ਸ਼ਰਤਾਂ, ਯੁੱਧ ਸਮੱਗਰੀ, ਮਨੁੱਖੀ ਸਹਾਇਤਾ, ਪੜਾਅ, ਅਨੁਸ਼ਾਸਨ ਅਤੇ ਆਮ ਪ੍ਰਚਲਿਤ ਅਸੂਲਾਂ ਨੂੰ ਵਰਨਣ ਕੀਤਾ ਗਿਆ ਹੈ। ਭਾਗ ਦੂਸਰਾ ਸਿੱਖ ਯੁੱਧਾਂ ਦੀ ਤਿਆਰੀ ਦਾ ਪਿਛੋਕੜ, ਗੁਰੂ ਨਾਨਕ ਦੇਵ ਜੀ ਦਾ ਫ਼ਲਸਫਾ, ਸਿੱਖ ਧਰਮ 8 ਦਰਸ਼ਨ ਸ਼ਾਸਤਰ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਰਾਜਨੀਤਕ-ਸਮਾਜਿਕ ਹਾਲਾਤ, ਪੰਜਾਬ ਦੇ ਲੋਕਾਂ ਦੇ ਮਸਲੇ, ਕਿਰਤੀਆਂ, ਮਜ਼ਲੂਮਾਂ ਦੇ ਹੱਕਾਂ ਵਿਚ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਬਾਰੇ ਮਿਲਦੇ ਇਤਿਹਾਸਕ ਸਰੋਤਾਂ 'ਤੇ ਆਧਾਰਿਤ ਹੈ। ਭਾਗ ਤੀਸਰਾ ਵਿਚ ਸਿੱਖ ਗੁਰੀਲਾ ਯੁੱਧ, ਸਿੱਖ ਸੰਪਰਦਾਵਾਂ, ਨਿਰਮਲੇ, ਅਧਿਆਤਮਵਾਦੀ ਫ਼ਿਰਕੇ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸਿੱਖਾਂ ਦੀ ਦਸ਼ਾ ਅਤੇ ਗੁਰੀਲਾ ਯੁੱਧਾਂ ਦੀਆਂ ਪ੍ਰਾਪਤੀਆਂ ਆਦਿ ਬਾਰੇ ਵਰਨਣ ਹਨ। ਭਾਗ ਚੌਥਾ ਚਲੰਤ ਯੁੱਧ ਦੇ ਪੜਾਅ 'ਤੇ ਆਧਾਰਿਤ ਹੈ। ਇਸ ਵਿਚ ਸਿੱਖਾਂ ਦੀ ਯੁੱਧ-ਨੀਤੀ ਅਤੇ ਦਾਅ ਪੇਚ, ਮਾਲਵੇ ਦੇ ਇਲਾਕੇ ਦਾ ਭੂਗੋਲਿਕ ਚਿੱਤਰਣ, ਮੁਗ਼ਲਾਂ ਵਿਰੁੱਧ ਯੁੱਧ ਨੀਤੀ, ਗੁਰੀਲਾ ਇਲਾਕੇ, ਅਹਿਮਦ ਸ਼ਾਹ ਅਬਦਾਲੀ ਵਿਰੁੱਧ ਯੁੱਧਨੀਤੀ ਅਤੇ ਜਥੇਬੰਦਕ ਢਾਂਚੇ ਆਦਿ ਵਿਸ਼ਿਆਂ 'ਤੇ ਆਧਾਰਿਤ ਹੈ। ਲੇਖਕ ਵਲੋਂ ਭਾਰਤੀ ਗੁਰੀਲਾ ਪ੍ਰਣਾਲੀ ਅਤੇ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਅਤੇ ਮੁੱਢਲੇ ਸੋਮਿਆਂ 'ਤੇ ਆਧਾਰਿਤ ਇਸ ਕਿਤਾਬ ਨੂੰ ਲਿਖਿਆ ਗਿਆ ਹੈ। ਜਿਸ ਵਿਚ ਕਿਰਤੀਆਂ, ਕਾਮਿਆਂ, ਮਜ਼ਲੂਮਾਂ, ਬੇਸਹਾਰਾ ਅਤੇ ਗ਼ਰੀਬ ਲੋਕਾਂ ਦੇ ਅਧਿਕਾਰਾਂ ਦੀ ਆਵਾਜ਼ ਅਤੇ ਸੰਘਰਸ਼ ਵੀ ਵਰਣਿਤ ਹਨ। ਅਨੁਵਾਦਕ ਕਾਮਰੇਡ ਦੇਵਾ ਸਿੰਘ ਮਾਹਲਾ ਦੁਆਰਾ ਕਿਤਾਬ ਦਾ ਅਨੁਵਾਦ ਬੜੇ ਸੁਚੱਜੇ ਅਤੇ ਮਿਹਨਤੀ ਢੰਗ ਨਾਲ ਕੀਤਾ ਗਿਆ ਹੈ। ਉਮੀਦ ਹੈ ਕਿ ਕਿਤਾਬ, ਇਤਿਹਾਸ, ਸਿੱਖ ਇਤਿਹਾਸ ਯੁੱਧ ਪ੍ਰਣਾਲੀ ਅਤੇ ਭੂਗੋਲਿਕ ਵਿਗਿਆਨ ਦੇ ਪੰਜਾਬੀ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਪੰਜਾਬੀ ਲੇਖ ਮਾਲਾ
ਲੇਖਕ : ਬਹਦਾਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 98764-52223
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ। ਪੰਜਾਬੀ ਸਾਹਿਤ ਦੇ ਵਿਕਾਸ ਹਿਤ 64 ਬਾਲ ਪੁਸਤਕਾਂ ਤੇ 29 ਵਾਰਤਕ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ। ਨਵੀਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਬਾਲ ਪੁਸਤਕਾਂ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ। ਜੇਕਰ ਜੜ੍ਹ ਮਜ਼ਬੂਤ ਹੋਵੇਗੀ ਤਾਂ ਨੌਜਵਾਨ ਪੀੜ੍ਹੀ ਡੋਲੇਗੀ ਨਹੀਂ। 28 ਵਾਰਤਕ ਪੁਸਤਕਾਂ ਵਿਚ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੇ ਸਿਧਾਂਤ ਨੂੰ ਪ੍ਰਚਾਰਿਆ ਗਿਆ ਹੈ। ਇਤਿਹਾਸ, ਧਰਮ, ਸੱਭਿਆਚਾਰ 'ਤੇ ਫੋਕਸ ਕੀਤਾ ਹੈ ਅਤੇ ਵਰਤਮਾਨ ਪ੍ਰਸਥਿਤੀਆਂ ਨੂੰ ਸਮਝਣ ਤੇ ਸਮੱਸਿਆਵਾਂ ਦੇ ਹੱਲ ਲਈ ਇਤਿਹਾਸ ਦਾ ਓਟ ਆਸਰਾ ਲਿਆ ਹੈ। ਸਮਾਜ ਦੇ ਬੁਨਿਆਦੀ ਸਰੋਕਾਰਾਂ ਦੀ ਸਮਝ ਹੋਣ ਕਰਕੇ ਉਸ ਦੀਆਂ ਪੁਸਤਕਾਂ ਵਿਚ ਵਿਚਾਰ-ਚਰਚਾ ਚੱਲਦੀ ਹੈ ਜੋ ਪਾਠਕਾਂ ਨਾਲ ਸੰਵਾਦ ਰਚਾਉਂਦੀ ਹੋਈ ਦਿਸ਼ਾ ਨਿਰਧਾਰਤ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ। ਪ੍ਰਿੰਸੀਪਲ ਗੋਸਲ ਦੀ ਪੁਸਤਕ 'ਪੰਜਾਬੀ ਲੇਖ ਮਾਲਾ' ਤਜਰਬਿਆਂ ਦੀ ਗਾਥਾ ਹੈ, ਜਿਸ ਵਿਚੋਂ ਉਸ ਦੇ ਦ੍ਰਿਸ਼ਟੀਕੋਣ ਦੇ ਨਿਵੇਕਲੇਪਣ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪੁਸਤਕ ਵਿਚ 27 ਲੇਖ ਦਰਜ ਹਨ। ਸਿੱਖ ਇਤਿਹਾਸ ਤੇ ਧਰਮ ਨਾਲ ਸੰਬੰਧਿਤ ਪ੍ਰਮੁੱਖ ਲੇਖ : ਗੁਰਸਿੱਖਾਂ ਦੇ ਜੀਵਨ ਲਈ ਮਹੱਤਵਪੂਰਨ ਹਨ, ਬਾਣੀ ਤੇ ਪਾਣੀ, ਸਿੱਖ ਇਤਿਹਾਸ 'ਚ ਪਾਪੀਆਂ ਦੀ ਸੂਚੀ 'ਚ ਖੜ੍ਹਾ ਮਹੰਤ ਨਰੈਣੂ, ਸਿੱਖ ਇਤਿਹਾਸ ਵਿਚ ਬਾਲ ਪਿਆਰ ਦੀ ਅਨੂਠੀ ਮਿਸਾਲ, ਸੰਗਤਾਂ ਦਾ ਸ਼ਰਧਾ ਸਥੱਲ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਝੀਵਰਹੇੜੀ ਯਮੁਨਾ ਨਗਰ, ਗੁਰੂ ਲਾਲਾਂ ਦੀ ਸੇਵਾ ਬਦਲੇ ਵਿਲੱਖਣ ਸ਼ਹੀਦੀ ਪਾਉਣ ਵਾਲਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ, ਸਿੱਖ ਇਤਿਹਾਸ ਦੀ ਵਿਲੱਖਣ ਘਟਨਾ ਨੂਰਜਹਾਂ ਦਾ ਮਾਤਾ ਗੰਗਾ ਜੀ ਨੂੰ ਮਿਲਣਾ, ਆਦਿ ਹਨ ਜੋ ਪਾਠਕਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਸਮਰੱਥਾ ਰੱਖਦੇ ਹਨ। ਲੇਖ 'ਰੁੱਖਾਂ ਅਤੇ ਸਿੱਖਿਆ ਲਈ ਬਾਬਾ ਸੇਵਾ ਸਿੰਘ ਜੀ ਦੀ ਸੋਚ ਨੂੰ ਸਲਾਮ, ਵਿਚ ਬਾਬਾ ਸੇਵਾ ਸਿੰਘ ਜੀ ਦੀ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਰੁੱਖ ਲਗਾਉਣ ਦੀ ਕੀਤੀ ਵਿਲੱਖਣ ਸੇਵਾ ਉਤੇ ਚਾਨਣਾ ਪਾਇਆ ਹੈ। ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵੱਲ ਜਾਂਦੀਆਂ ਸੜਕਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਕਸਬਿਆਂ, ਨਗਰਾਂ, ਸ਼ਹਿਰਾਂ ਵਿਚ ਵੀ ਰੁੱਖ ਲਗਾਏ ਹਨ। ਖਡੂਰ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਰੁੱਖਾਂ ਦਾ ਪ੍ਰਸ਼ਾਦ ਦੇ ਕੇ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। 550 ਜੰਗਲ ਲਗਾਉਣ ਦਾ ਉਪਰਾਲਾ ਕੀਤਾ ਜਾਵੇਗਾ, ਜਿਨ੍ਹਾਂ ਵਿਚ 129 ਜੰਗਲ ਲੱਗ ਚੁੱਕੇ ਹਨ। ਰੁੱਖਾਂ ਦੀ ਸੰਭਾਲ ਲਈ 12 ਪਾਣੀ ਦੇ ਟੈਂਕਰ ਤੇ 50 ਸੇਵਾਦਾਰ ਹਾਜ਼ਰ ਰਹਿੰਦੇ ਹਨ। 500 ਕਿਲੋਮੀਟਰ ਤੱਕ ਰੁੱਖ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਿੱਖਿਆ ਦੇਣ ਲਈ ਕਾਲਜ ਤੇ ਸਕੂਲ ਉਪਲਬਧ ਹਨ। ਵਰਤਮਾਨ ਵਿਚ ਨਸ਼ਿਆਂ ਦੀ ਭਰਮਾਰ ਵਧ ਰਹੀ ਹੈ, ਜਿਸ ਨੇ ਪੰਜਾਬ ਦੇ ਨੌਜਵਾਨ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਉਸ ਦੇ ਲੇਖ 'ਨਸ਼ੇ ਨੂੰ ਠੱਲ੍ਹ ਪਾਉਣ ਲਈ ਕਿਤਾਬਾਂ ਦੀ ਭੂਮਿਕਾ' ਵਿਚ ਨਸ਼ਿਆਂ ਨੂੰ ਰੋਕਣ ਲਈ ਕਿਤਾਬਾਂ ਦੇ ਲੜ ਲੱਗਣ ਦੀ ਤਾਕੀਦ ਕੀਤੀ ਹੈ। ਕਿਤਾਬਾਂ ਪੜ੍ਹਨ ਵਾਲੀ ਜੀਵਨ ਹਯਾਤੀ ਮਨੁੱਖ ਦੀ ਮਾਨਸਿਕਤਾ ਵਿਚ ਸਾਕਾਰਾਤਮਿਕ ਵਿਚਾਰਾਂ ਨੂੰ ਜਨਮ ਦਿੰਦੀ ਹੈ। ਉਸ ਦਾ ਵਿਚਾਰ ਹੈ, 'ਸਰਕਾਰ ਨੂੰ ਨਸ਼ਾ ਛੁਡਾਊ ਕੇਂਦਰਾਂ ਜਾਂ ਦਵਾਈਆਂ ਦੇ ਪ੍ਰਯੋਗ ਦੀ ਥਾਂ ਕਿਤਾਬਾਂ ਪੜ੍ਹਨ ਲਈ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੇ ਤਜਰਬਿਆਂ ਵਿਚੋਂ ਸਿਰਜਤ ਕਿਤਾਬਾਂ ਰੂਪੀ ਚਾਨਣ ਨੇ ਪਾਠਕਾਂ ਦੇ ਮਨ ਮਸਤਕ ਵਿਚ ਸਿੱਖਿਆ ਦਾ ਸੰਚਾਰ ਕਰਕੇ ਜਾਗਰੂਕ ਕੀਤਾ ਹੈ। ਵਾਰਤਕ ਪੁਸਤਕ 'ਪੰਜਾਬੀ ਲੇਖਮਾਲਾ' ਵਿਸ਼ੇਸ਼ ਅਧਿਐਨ ਦੀ ਮੰਗ ਕਰਦੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਭੂੰਡੀ ਉਡ ਗਈ
ਲੇਖਕ : ਜੋਗੇ ਭੰਗਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 44
ਸੰਪਰਕ : 94659-52938
ਪਿਛਲੇ ਲੰਮੇ ਅਰਸੇ ਤੋਂ ਕਾਵਿ, ਨਾਟਕ ਅਤੇ ਕਹਾਣੀ ਵਿਧਾ ਨਾਲ ਜੁੜੇ ਹੋਏ ਕਲਮਕਾਰ ਜੋਗੇ ਭੰਗਲ ਨੇ 'ਭੂੰਡੀ ਉਡ ਗਈ' ਕਾਵਿ-ਸੰਗ੍ਰਹਿ ਨਾਲ ਬਾਲ ਸਾਹਿਤ ਵਿਚ ਪ੍ਰਵੇਸ਼ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਪ੍ਰੌੜ੍ਹ ਪਾਠਕ ਵਰਗ ਦੇ ਨਾਲ-ਨਾਲ ਬਾਲ ਪਾਠਕਾਂ ਦੀ ਮਾਨਸਿਕਤਾ ਦੇ ਅਨੁਕੂਲ ਵੀ ਸਾਹਿਤ ਸਿਰਜਣਾ ਕਰਨਾ ਲੇਖਕ ਦਾ ਧਰਮ ਹੋਣਾ ਚਾਹੀਦਾ ਹੈ। ਇਸੇ ਸੋਚਣੀ ਦੇ ਮੱਦੇਨਜ਼ਰ ਉਸ ਨੇ ਆਪਣੀਆਂ ਵੱਖ-ਵੱਖ ਰੰਗਾਂ ਵਿਚ ਰੰਗੀਆਂ ਕਵਿਤਾਵਾਂ ਨੂੰ ਇਸ ਪੁਸਤਕ ਦਾ ਆਧਾਰ ਬਣਾਇਆ ਹੈ। ਇਹ ਕਵਿਤਾਵਾਂ ਛੰਦਬੱਧ ਰੂਪ ਵਿਚ ਵੀ ਹਨ ਅਤੇ ਆਜ਼ਾਦਾਨਾ ਭਾਵ ਖੁੱਲ੍ਹੇ ਰੂਪ ਵਿਚ ਵੀ। 'ਸ਼ੇਰ ਇੰਝ ਵੀ ਆਉਂਦਾ' ਕਵਿਤਾ ਜੰਗਲ ਬੇਲਿਆਂ ਦੀ ਤਬਾਹੀ ਦਾ ਪ੍ਰਤੀਕ ਹੈ। ਇਸ ਦੀਆਂ ਕੁਝ ਸਤਰਾਂ ਹਨ, ਜੋ ਬੱਚਿਆਂ ਦੇ ਨਾਲ-ਨਾਲ ਵੱਡੀ ਉਮਰ ਦੇ ਪਾਠਕਾਂ ਲਈ ਵੀ ਚਿੰਤਾਜਨਕ ਸਵਾਲ ਪੈਦਾ ਕਰਦੀਆਂ ਹਨ:
ਨਾ ਜੰਗਲ ਰਹੇ, ਨਾ ਚਰਾਂਦਾ ਰਹੀਆਂ।
ਫਿਰ ਸ਼ੇਰ ਕਿਵੇਂ ਰਹਿੰਦੇ?
ਹੁਣ ਚਰਵਾਹਾ ਸੋਚੇ, ਕਿਵੇਂ ਕਹੇ,
ਸ਼ੇਰ ਆਇਆ, ਸ਼ੇਰ ਆਇਆ? (ਸਫ਼ਾ 15)।
ਕਵੀ ਨੇ ਇਸ ਪੁਸਤਕ ਵਿਚ ਪੰਜਾਬੀ ਬਾਲ ਲੋਕ-ਖੇਡ ਪਰੰਪਰਾ ਨੂੰ ਵੀ ਪੁਨਰ-ਸੁਰਜੀਤ ਕਰਨ ਦਾ ਯਤਨ ਕੀਤਾ ਹੈ। ਇਸ ਸੰਦਰਭ ਵਿਚ 'ਬੇੜੀ, ਬੱਚੇ ਅਤੇ ਪੱਥਰ', 'ਸਨੀ-ਸਨੋਈ', 'ਬੱਚੇ ਖੇਡਣ ਚੋਰ ਸਿਪਾਹੀ', 'ਬੁੱਢੀ ਖ਼ੈਰ ਮਨਾਉਂਦੀ' ਆਦਿ ਕਵਿਤਾਵਾਂ ਵਿਚ ਪੰਜਾਬੀ ਸੱਭਿਆਚਾਰ ਦੀ ਖ਼ੁਰਦੀ ਜਾਂਦੀ ਪਛਾਣ ਪ੍ਰਤੀ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਗ਼ਿਲਾ ਪ੍ਰਗਟ ਕਰਦਾ ਹੈ ਕਿ ਅਜੋਕੇ ਮਨੁੱਖ ਨੇ ਬੱਚਿਆਂ ਕੋਲੋਂ ਉਨ੍ਹਾਂ ਦੀ ਵਿਰਾਸਤ ਅਤੇ ਪਿਆਰ-ਮੁਹੱਬਤ, ਜੰਗਲਾਂ ਕੋਲੋਂ ਜੀਵ-ਜੰਤੂ, ਪਿੰਡਾਂ ਕੋਲੋਂ ਭਾਈਚਾਰਕ ਸਾਂਝ, ਪੰਛੀਆਂ ਕੋਲੋਂ ਬੋਟ, ਰੁੱਖਾਂ ਕੋਲੋਂ ਫ਼ਲ ਅਤੇ ਦਰਿਆਵਾਂ ਕੋਲੋਂ ਪਾਣੀ ਖੋਹ ਲਿਆ ਹੈ। 'ਪਿੰਡਾਂ ਵਿਚ ਰੱਬ ਵੱਸਦਾ' ਕਵਿਤਾ ਵੀ ਸੁਪਨਾ ਬਣ ਕੇ ਰਹਿ ਗਏ ਸਾਂਝੇ ਪੰਜਾਬ ਦੀ ਰੌਣਕ ਅਤੇ ਵੁਸਅਤ ਨੂੰ ਯਾਦ ਕਰਵਾਉਂਦੀ ਹੈ। ਇਸ ਦੀਆਂ ਕੁਝ ਸਤਰਾਂ ਇਸ ਵੇਦਨਾ ਨੂੰ ਇਉਂ ਉਜਾਗਰ ਕਰਦੀਆਂ ਹਨ: 'ਪਿੰਡੋਂ ਚਲੇ ਗਏ ਸ਼ਹਿਰ ਨੂੰ, ਅਖੇ ਸ਼ਹਿਰ 'ਚ ਬੜਾ ਅਨੰਦ। ਦੇਖਾ ਦੇਖੀ ਪੈਰ ਪੁੱਟ ਲਿਆ, ਸਿਰ 'ਚ ਪਤਾ ਨਹੀਂ ਕੀ ਖੁੱਭ ਗਿਆ।..ਪਿਆ ਜਦੋਂ ਪਛਾਤਾਵਾ ਪੱਲੇ, ਆਪਣੇ ਆਪ ਨੂੰ ਪੁੱਛਦੇ, ਪਿੰਡ ਕਿਉਂ ਸਾਨੂੰ ਜੰਗਲ ਲੱਗਾ। ਚਾਅ ਸ਼ਹਿਰ ਦਾ ਮੰਗਲ ਲੱਗਾ। ਛੇਤੀਓਂ ਹੀ ਚਾਅ ਲਹਿਣ ਲੱਗਿਆ। ਜਦ ਗੁੰਮੇ ਵਿਚ ਭੀੜ ਭੜੱਕੇ। ਧੂੜ ਧੜੱਕੇ ਖਾੜ-ਖੜੱਕੇ। (ਸਫ਼ਾ 35)
ਇਸ ਪ੍ਰਕਾਰ ਹਰ ਕਵਿਤਾ ਕੋਈ ਨਾ ਕੋਈ ਸੰਦੇਸ਼ ਦਿੰਦੀ ਹੈ। ਇਨ੍ਹਾਂ ਕਵਿਤਾਵਾਂ ਨਾਲ ਕੰਪਿਊਟਰ ਦੁਆਰਾ ਬਣੇ ਢੁਕਵੇਂ ਚਿੱਤਰ ਵੀ ਬਾਲ ਮਨਾਂ ਦਾ ਪ੍ਰਚਾਵਾ ਕਰਦੇ ਹਨ। ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 9814423703
ਮੁਰਦਾ ਰੂਹਾਂ
ਲੇਖਕ: ਨਿਕੋਲਾਈ ਵਾਸਿਲੀਵਿਚ ਗੋਗੋਲ
ਅਨੁਵਾਦ : ਕੇ. ਐੱਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 495 ਰੁਪਏ, ਸਫ਼ੇ : 400
ਸੰਪਰਕ : 94635-37050
ਨਿਕੋਲਾਈ ਗੋਗੋਲ (1809-1852) ਰੂਸੀ ਸਾਹਿਤ ਦਾ ਚਰਚਿਤ ਨਾਂਅ ਹੈ। ਉਸ ਨੇ ਸਮਕਾਲੀ ਰੂਸ ਵਿਚ ਰਾਜਨੀਤਿਕ ਭ੍ਰਿਸ਼ਟਾਚਾਰ 'ਤੇ ਤਿੱਖਾ ਵਿਅੰਗ ਕੀਤਾ ਹੈ। ਉਸ ਦੀਆਂ ਲਿਖਤਾਂ ਪੰਜਾਬੀ ਸਮੇਤ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। 'ਮੁਰਦਾ ਰੂਹਾਂ' (ਮੂਲ ਰੂਸੀ ਨਾਂਅ 'ਮਯੋਰੱਤਵਯੇ ਦੁਸ਼ੀ', ਅੰਗਰੇਜ਼ੀ ਅਨੁਵਾਦ 'ਡੈੱਡ ਸੋਲਜ਼') ਉਸ ਦਾ ਕਲਾਸਿਕ ਨਾਵਲ ਹੈ, ਜਿਸ ਦਾ ਪੰਜਾਬੀ ਅਨੁਵਾਦ ਕੇ. ਐਲ. ਗਰਗ ਨੇ ਬੜੀ ਕੁਸ਼ਲਤਾ ਨਾਲ ਕੀਤਾ ਹੈ। ਨਾਵਲ ਦੀਆਂ ਦੋ ਜਿਲਦਾਂ ਹਨ, ਜਿਸ ਨੂੰ ਇਕੋ ਪੁਸਤਕ ਵਿਚ ਸੰਕਲਿਤ ਕੀਤਾ ਗਿਆ ਹੈ। ਪਹਿਲੀ ਜਿਲਦ ਦੇ 11 ਕਾਂਡ (9-260 ਪੰਨੇ) ਹਨ ਅਤੇ ਦੂਜੀ ਦੇ 4 ਕਾਂਡ+ਆਖਰੀ ਕਾਂਡ (262-400 ਪੰਨੇ)। ਪਹਿਲੀ ਜਿਲਦ ਮੱਧ ਵਰਗ ਦੇ ਇਕ ਵਿਅਕਤੀ ਚਿਚੀਕੋਵ ਦੇ ਕਾਰਨਾਮਿਆਂ ਤੇ ਆਧਾਰਿਤ ਹੈ, ਜੋ ਮੱਧ ਸਮਾਜਿਕ ਵਰਗ ਅਤੇ ਸਥਾਨਕ ਅਧਿਕਾਰੀਆਂ 'ਤੇ ਜ਼ਿਮੀਂਦਾਰਾਂ ਨੂੰ ਲੁਭਾਉਣ ਲਈ ਆਕਰਸ਼ਣ ਦੀ ਵਰਤੋਂ ਕਰਦਾ ਹੈ। ਉਹ ਆਪਣੇ ਅਤੀਤ ਜਾਂ ਆਪਣੇ ਉਦੇਸ਼ ਬਾਰੇ ਬਹੁਤ ਘੱਟ ਦੱਸਦਾ ਹੈ ਕਿਉਂਕਿ ਉਹ ਮੁਰਦਾ ਰੂਹਾਂ ਨੂੰ ਪ੍ਰਾਪਤ ਕਰਨ ਦੀ ਆਪਣੀ ਅਨੋਖੀ ਅਤੇ ਰਹੱਸਮਈ ਯੋਜਨਾ ਨੂੰ ਪੂਰਾ ਕਰਨ ਦੇ ਆਹਰ ਵਿਚ ਹੈ। ਨਾਵਲ ਦੀ ਦੂਜੀ ਜਿਲਦ ਵਿਚ ਚਿਚੀਕੋਵ ਰੂਸ ਦੇ ਦੂਜੇ ਹਿੱਸੇ ਵਿਚ ਭੱਜ ਜਾਂਦਾ ਹੈ ਅਤੇ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਬੇਕਾਰ ਜ਼ਿਮੀਂਦਾਰ ਟੇਂਟੇਟਨਿਕੋਵ ਨੂੰ ਜਨਰਲ ਬੈਟ੍ਰਿਸ਼ਚੇਵ ਦਾ ਪੱਖ ਲੈਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਟੇਂਟੇਟਨਿਕੋਵ ਜਨਰਲ ਦੀ ਬੇਟੀ ਉਲਿੰਕਾ ਨਾਲ ਸ਼ਾਦੀ ਕਰ ਸਕੇ। ਜਦ ਉਹ ਖਲੋਬੁਯੇਵ ਦੀ ਅਮੀਰ ਚਾਚੀ ਦੀ ਵਸੀਅਤ ਨੂੰ ਜਾਅਲੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਨੇਕ ਮੌਰਾਜ਼ੇਵ ਦੇ ਦਖ਼ਲ ਕਰਕੇ ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ ਪਰ ਉਸ ਨੂੰ ਪਿੰਡ ਤੋਂ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਨਾਵਲ ਵਿਚ-ਵਿਚਾਲੇ ਹੀ ਖਤਮ ਹੋ ਜਾਂਦਾ ਹੈ ਜਦੋਂ ਰਾਜਕੁਮਾਰ, ਜੀਹਨੇ ਚਿਚੀਕੋਵ ਦੀ ਗ੍ਰਿਫ਼ਤਾਰੀ ਦਾ ਪ੍ਰਬੰਧ ਕੀਤਾ ਸੀ, ਰੂਸੀ ਸਰਕਾਰ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ਼ ਇਕ ਸ਼ਾਨਦਾਰ ਭਾਸ਼ਨ ਦਿੰਦਾ ਹੈ। 'ਮੁਰਦਾ ਰੂਹਾਂ' ਉਸ ਜ਼ਮਾਨੇ ਦਾ ਨਾਵਲ ਹੈ, ਜਦੋਂ ਰੂਸ ਵਿਚ ਜ਼ਾਰਸ਼ਾਹੀ ਮੌਜੂਦ ਸੀ। ਸਮਾਜ ਉੱਚ, ਮੱਧ ਅਤੇ ਕਿਰਤੀ ਵਰਗ ਵਿਚ ਵੰਡਿਆ ਹੋਇਆ ਸੀ। ਵਿਅੰਗ ਦੀ ਪੁੱਠ ਦੇ ਬਾਵਜੂਦ ਇਸ ਗੰਭੀਰ ਨਾਵਲ ਵਿਚ ਗੋਗੋਲ ਨੇ ਰੂਸ ਦਾ ਜੀਵਨ ਚਿਤਰਿਆ ਹੈ ਅਤੇ ਤਤਕਾਲੀ ਯੁੱਗ ਦੀਆਂ ਸਾਰੀਆਂ ਬੁਰਾਈਆਂ ਦਾ ਵਿਆਪਕ ਚਿੱਤਰਣ ਕੀਤਾ ਹੈ। ਤਤਕਾਲੀ ਰੂਸੀ ਜੀਵਨ ਦੀ ਨੰਗੀ ਤਸਵੀਰ ਖਿੱਚਣ ਕਰਕੇ ਇਹ ਨਾਵਲ ਉਸ ਯੁੱਗ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ। ਕੇ. ਐੱਲ. ਗਰਗ ਨੇ ਇਸ ਲੰਮੇ ਨਾਵਲ ਨੂੰ ਬੜੀ ਹੀ ਸਰਲ ਤੇ ਸਾਹਿਤਕ ਸ਼ੈਲੀ ਵਿਚ ਅਨੁਵਾਦ ਕੀਤਾ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9417692015
ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦੀ
ਮਾਤਾ ਜਗਰਾਨੀ ਦੇਵੀ
ਲੇਖਕ : ਅਨਿਲ ਵਰਮਾ
ਅਨੁਵਾਦ : ਬਲਵੀਰ ਲੌਂਗੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 98153-17028
ਹੱਥਲੀ ਪੁਸਤਕ 'ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦੀ ਮਾਤਾ ਜਗਰਾਨੀ ਦੇਵੀ' ਦੇ ਲੇਖਕ ਅਨਿਲ ਵਰਮਾ ਭਾਰਤੀ ਸਾਹਿਤ ਜਗਤ ਦੇ ਇਕ ਨਾਮਵਰ ਲੇਖਕ ਹਨ। ਉਨ੍ਹਾਂ ਦੇ ਪੁਰਖਿਆਂ 'ਚੋਂ ਦਾਦਾ ਮਰਹੂਮ ਮੋਤੀ ਲਾਲ ਵਰਮਾ ਉੱਘੇ ਦੇਸ਼ ਭਗਤ ਅਤੇ ਆਜ਼ਾਦੀ ਸੰਗਰਾਮੀਏ ਸਨ, ਜਿਨ੍ਹਾਂ ਨੇ ਅਮਰ ਸ਼ਹੀਦ ਚੰਦਰਸ਼ੇਖ਼ਰ ਆਜ਼ਾਦ ਨਾਲ ਵੀ ਕੰਮ ਕੀਤਾ ਸੀ। ਹੱਥਲੀ ਪੁਸਤਕ ਅਮਰ ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦੀ ਮਾਤਾ ਜਗਰਾਨੀ ਦੇਵੀ ਦੀ ਜੀਵਨ ਗਾਥਾ ਹੈ। ਇਸ ਪੁਸਤਕ 'ਚ ਖੋਜ ਭਰਪੂਰ 12 ਕਾਂਡ ਹਨ। ਪਲੇਠੇ ਕਾਂਡ 'ਆਜ਼ਾਦ ਦੇ ਪੁਰਖੇ' ਵਿਚ ਲੇਖਕ ਨੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਪੂਰਵਜਾਂ ਬਾਰੇ ਖੋਜਬਿਰਤੀ ਨਾਲ ਚਾਨਣਾ ਪਾਇਆ ਹੈ। 'ਆਜ਼ਾਦ ਦਾ ਜਨਮ ਅਤੇ ਜਨਮ ਸਥਾਨ' ਸਿਰਲੇਖ 'ਚ ਵੱਖ-ਵੱਖ ਇਤਿਹਾਸਕ ਤੱਥਾਂ ਦਾ ਨਿਚੋੜ ਕੱਢਦਿਆਂ ਉਸ ਦੀ ਜਨਮ ਮਿਤੀ, ਸਾਲ ਅਤੇ ਜਨਮ ਸਥਾਨ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। 'ਮਮਤਾ ਦੀ ਬੁੱਕਲ ਵਿੱਚ ਸੰਵਰਦਾ ਬਚਪਨ' 'ਚ ਮਾਤਾ ਜੀ ਵਲੋਂ ਆਪਣੇ ਪੁੱਤਰ ਪ੍ਰਤੀ ਅਥਾਹ ਮਮਤਾ ਅਤੇ ਅਸੀਮ ਪਿਆਰ ਨੂੰ ਵਰਨਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਘਰ ਦੀਆਂ ਤੰਗੀਆਂ-ਤੁਰਸੀਆਂ ਦੇ ਬਾਵਜੂਦ ਵੀ ਆਪਣੇ ਪੁੱਤਰ ਦੇ ਬਚਪਨ ਵਿਚ ਸਾਰੇ ਚਾਅ-ਮਲਾਰ ਪੂਰੇ ਕੀਤੇ ਸਨ। 'ਕ੍ਰਾਂਤੀ ਰਾਹ ਦਾ ਰਾਹੀ ਬਣਿਆ ਆਜ਼ਾਦ' ਅਤੇ 'ਇਕ ਕ੍ਰਾਂਤੀਕਾਰੀ ਪੁੱਤਰ ਲਈ ਮਾਤਾ' ਕਾਂਡ ਵੀ ਵਡਮੁੱਲੀ ਜਾਣਕਾਰੀ ਨਾਲ ਲਬਰੇਜ਼ ਹਨ। 'ਮਾਤਾ ਨਾਲ ਆਜ਼ਾਦ ਦੀ ਉਹ ਆਖ਼ਰੀ ਮੁਲਾਕਾਤ' ਲੇਖ 'ਚ ਆਜ਼ਾਦ ਵਲੋਂ ਭਾਵਰਾ ਵਿਖੇ ਮਾਤਾ ਜੀ ਨਾਲ ਬਿਤਾਏ ਕੁਝ ਦਿਨਾਂ ਦੀਆਂ ਮਨ ਨੂੰ ਝੰਜੋੜਣ ਵਾਲੀਆਂ ਯਾਦਾਂ ਨੂੰ ਸੁੱਚੇ ਮੋਤੀਆਂ ਵਾਂਗ ਲੜੀਬੱਧ ਪਰੋਇਆ ਗਿਆ ਹੈ। 'ਬੇਟੇ ਦੀ ਸ਼ਹਾਦਤ ਅਤੇ ਮਾਂ ਦਾ ਜੀਵਨ ਸੰਘਰਸ਼' ਅਤੇ 'ਮਾਂ ਅਤੇ ਉਸਦਾ ਬੱਚੂ ਸਦੂ', 'ਮਾਤਾ ਦੇ ਰੁਦਨ ਨਾਲ ਗੂੰਜਿਆ ਸਾਤਾਰ ਤਟ', 'ਮਾਤਾ ਜੀ ਚਤੁਰਵੇਦੀ ਪਰਿਵਾਰ ਵਿੱਚ', 'ਸਾਕਾਰ ਹੋਇਆ ਤੀਰਥ ਯਾਤਰਾ ਦਾ ਸੁਪਨਾ' ਕਾਂਡ ਵੀ ਰੌਚਿਕ ਅਤੇ ਜਾਣਕਾਰੀ ਭਰਪੂਰ ਹਨ। 'ਅਲਵਿਦਾ ਮਾਤਾ ਜੀ' ਲੇਖ 'ਚ ਮਾਤਾ ਜਗਰਾਨੀ ਦੇਵੀ ਦੇ ਆਖ਼ਰੀ ਸਮੇਂ ਦਾ ਬੜਾ ਹੀ ਦਰਦਮਈ ਵਰਨਣ ਹੈ। ਸਮੁੱਚੀ ਪੁਸਤਕ ਪੜ੍ਹਨਯੋਗ ਵੀ ਹੈ ਅਤੇ ਇਤਿਹਾਸ ਦੇ ਪਾਠਕਾਂ ਲਈ ਬੇਹੱਦ ਵਡਮੁੱਲੀ ਕ੍ਰਿਤ ਹੈ। ਬਲਵੀਰ ਲੌਂਗੋਵਾਲ ਨੇ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਬਾਖ਼ੂਬੀ ਕੀਤਾ ਹੈ ਜੋ ਕਿ ਸਲਾਹੁਣਯੋਗ ਕਾਰਜ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਟੈਬੂ
ਲੇਖਿਕਾ : ਸੁਰਿੰਦਰ ਨੀਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 251
ਸੰਪਰਕ : 92220-06304
ਸੁਰਿੰਦਰ ਨੀਰ ਜੰਮੂ-ਕਸ਼ਮੀਰ ਦੀ ਸਥਾਪਿਤ ਗਲਪਕਾਰ ਹੈ। ਉਸ ਦੇ ਦੋ ਕਹਾਣੀ ਸੰਗ੍ਰਹਿ, ਦਸਤਕ ਦੀ ਉਡੀਕ, ਖੁੱਲ੍ਹ ਜਾ ਸਿਮ ਸਿਮ ਤੇ ਨਾਵਲ ਸ਼ਿਕਾਰਗਾਹ, ਮਾਇਆ ਤੇ ਚਸ਼ਮਿ-ਬੁਲਬੁਲ ਛਪੇ ਹਨ। ਇਹ ਤੀਸਰਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਸਤਾਰਾਂ ਕਹਾਣੀਆਂ ਹਨ। ਕਹਾਣੀਆਂ ਵਿਚ ਬਿਰਤਾਂਤ ਲੰਮਾ ਹੈ। ਆਕਾਰ ਵੀ 15-25 ਪੰਨਿਆਂ ਤਕ ਦਾ ਹੈ। ਆਲੋਚਕ ਡਾ. ਮਨਮੋਹਨ ਨੇ ਕਿਤਾਬ ਦੀ ਵਿਸਤਰਿਤ ਭੂਮਿਕਾ ਲਿਖੀ ਹੈ। ਡਾ. ਗੁਰਮੁਖ ਸਿੰਘ ਅਨੁਸਾਰ ਸੁਰਿੰਦਰ ਨੀਰ ਦੀਆਂ ਕਹਾਣੀਆਂ ਵਿਚ ਕਸ਼ਮੀਰ ਆਂਚਲ ਦੀ ਖੁਸ਼ਬੋ ਹੈ। ਕਹਾਣੀਆਂ ਦਾ ਇਹ ਮੀਰੀ ਗੁਣ ਹੈ। ਕਹਾਣੀਆਂ ਵਿਚ ਕਸ਼ਮੀਰੀ ਤੇ ਡੋਗਰੀ ਉਪਭਾਸ਼ਾ ਦੀ ਸੁਗੰਧੀ ਹੈ। ਖਾਸ ਗੁਣ ਇਹ ਹੈ ਕਹਾਣੀਆਂ ਵਿਚ ਔਰਤਾਂ, ਮਰਦ ਨਾਲ ਸੰਬੰਧਾਂ ਬਾਰੇ ਬੇਬਾਕ ਹਨ। ਟੈਬੂ ਕਹਾਣੀ ਦੀ ਮਾਂ-ਧੀ ਦੋਵੇਂ ਆਪੋ-ਆਪਣਾ ਨਿੱਜੀ ਜੀਵਨ ਜਿਉਣਾ ਚਾਹੁੰਦੀਆ ਹਨ। ਧੀ ਜਵਾਨ ਹੈ। ਮਾ ਵਿਧਵਾ ਹੈ। ਧੀ ਬਿਨਾਂ ਵਿਆਹ ਦੇ ਲਿਵ ਇਨ ਰਿਲੇਸ਼ਨ ਵਿਚ ਰਹਿਣਾ ਚਾਹੁੰਦੀ ਹੈ। ਮਾਂ ਆਪਣੀ ਜਵਾਨ ਧੀ ਨੂੰ ਸੱਭਿਆਚਾਰ ਦਾ ਪਾਠ ਪੜ੍ਹਾਉਂਦੀ ਹੈ, ਪਰ ਆਪਣਾ ਫੋਨ ਧੀ ਤੋਂ ਲੁਕੋ ਕੇ ਰੱਖਦੀ ਹੈ। ਵਿਆਹ ਬਾਰੇ ਧੀ ਦੇ ਬੋਲ ਹਨ 'ਮੈਂ ਆਪਣੀ ਆਜ਼ਾਦੀ ਕਿਸੇ ਕੋਲ ਸਰੈਂਡਰ ਨਹੀਂ ਕਰ ਸਕਦੀ।' ਕਹਾਣੀ ਅਤਿ ਆਧੁਨਿਕ ਪੱਛਮੀ ਜੀਵਨ ਸ਼ੈਲੀ ਦਾ ਬਿਰਤਾਂਤ ਹੈ। ਕਹਾਣੀ ਪੱਛਮੀ ਸੱਭਿਆਚਾਰ ਦੀ ਤਸਵੀਰ ਹੈ। ਸੰਗ੍ਰਹਿ ਦੀ ਕਹਾਣੀ 'ਭੂਮੀ' ਬਹੁਤ ਜ਼ਬਰਦਸਤ ਰਚਨਾ ਹੈ ਪਤੀ-ਪਤਨੀ ਦਾ ਝਗੜਾ ਅਦਾਲਤ ਵਿਚ ਹੈ। ਜੋੜੇ ਦੇ ਦੋ ਬੱਚੇ ਹਨ। ਪਤੀ ਆਪਣੀ ਪਤਨੀ ਤੋਂ ਜੋ ਖੁੱਲ੍ਹ ਚਾਹੁੰਦਾ ਹੈ, ਉਹ ਪਤਨੀ ਨਹੀਂ ਦੇ ਸਕਦੀ, ਉਸ ਨੇ ਦੋ ਨਿੱਕੇ-ਨਿੱਕੇ ਬੱਚੇ ਵੀ ਆਪਣਾ ਦੁੱਧ ਦੇ ਕੇ ਪਾਲਣੇ ਹਨ, ਪਰ ਪਤੀ ਦੁੱਧ 'ਤੇ ਆਪਣਾ ਹੱਕ ਸਮਝਦਾ ਹੈ। ਪਤਨੀ ਤੈਸ਼ 'ਚ ਹੈ ਤੇ ਉਹ ਭਰੀ ਅਦਾਲਤ ਵਿਚ ਆਪਣੀ ਅੰਗੀ ਖੋਲ੍ਹ ਕੇ ਪਤੀ ਦੇ ਮੂੰਹ 'ਤੇ ਮਾਰਦੀ ਹੈ। ਬਾਕੀ ਕਹਾਣੀ ਵਿਚ ਵੀ ਇਸੇ ਕਿਸਮ ਦੇ ਦ੍ਰਿਸ਼ ਹਨ। ਟੈਬੂ ਸ਼ਬਦ ਪਹਿਲੀ ਵਾਰ ਸਿਗਮੰਡ ਫਰਾਈਡ ਨੇ ਵਰਤਿਆ ਸੀ। ਸ਼ਬਦ ਦਾ ਸੰਬੰਧ ਕਿਸੇ ਦੀ ਨਿੱਜਤਾ ਨਾਲ ਹੈ। ਕਹਾਣੀਆਂ ਵਿਚ ਵੱਖ-ਵੱਖ ਨਾਰੀਵਾਦੀ ਸਰੋਕਾਰ ਹਨ। ਹਰੇਕ ਕਹਾਣੀ ਵਿਚ ਨਾਰੀਆਂ ਆਪੋ-ਆਪਣੇ ਜਲੌਅ ਵਿਚ ਹਨ। ਸੰਗ੍ਰਹਿ ਵਿਚ ਕਹਾਣੀ ਮਿੱਟੀ, ਅਨਾਰਕਲੀ ਦੀ ਔਰਤ ਦੇ ਦੁਖੜੇ , ਆਈਸਬਰਗ ਦੀ ਸਨੇਹ ਲਤਾ ਦੀ ਪਤੀ ਨਾਲ ਦੋ ਮਿੰਟ ਦੀ ਸਾਂਝ, ਕਾਤਲ ਵਿਚ ਔਰਤ ਵਲੋਂ ਕੀਤੀ ਵਾਰਦਾਤ ਦਾ ਵਿਸਥਾਰ ਕਹਾਣੀਆਂ ਦੀ ਰੂਹ ਹਨ। ਕਹਾਣੀ ਦਾਇਰੇ, ਸ਼ਾਂਤੀ, ਮਿੱਸ ਮਿਟੀ, ਰਾਮ ਸਨੇਹੀ, ਨਦੀਓਂ ਵਿਛੜੇ ਨੀਰ ਸੰਗ੍ਰਹਿ ਦੀਆਂ ਬਿਹਤਰੀਨ ਦਿਲਚਸਪ ਕਹਾਣੀਆਂ ਹਨ। ਪਾਠਕ ਇਸ ਸੰਗ੍ਰਹਿ ਨੂੰ ਪੜ੍ਹ ਕੇ ਪੰਜਾਬੀ ਕਹਾਣੀ ਦੇ ਨਵੇਂ ਅਲੋਕਾਰੀ ਸਰੋਕਾਰਾਂ ਨਾਲ ਰੂ-ਬਰੂ ਹੋ ਸਕਦੇ ਹਨ। ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160
ਤੂੰ ਠੀਕ ਕਿਹਾ ਸੀ
ਕਵਿੱਤਰੀ : ਕੌਰ ਸੁਖਰਾਜ
ਪ੍ਰਕਾਸ਼ਕ : ਸਪਰੈਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 225 ਰੁਪਏ, ਸਫ਼ੇ : 80
ਸੰਪਰਕ : 95016-60416
ਕੋਮਲਭਾਵੀ ਕਵਿੱਤਰੀ ਕੌਰ ਸੁਖਰਾਜ ਦੇ ਪਲੇਠੇ ਕਾਵਿ-ਸੰਗ੍ਰਹਿ, 'ਤੂੰ ਠੀਕ ਕਿਹਾ ਸੀ' ਵਿਚਲੀਆਂ 66 ਛੋਟੇ-ਵੱਡੇ ਆਕਾਰ ਦੀਆਂ ਕਵਿਤਾਵਾਂ ਪੜ੍ਹਣ ਉਪਰੰਤ ਮਹਿਸੂਸ ਹੁੰਦਾ ਹੈ ਕਿ ਪਰਵਾਸ ਕਰਦੀ ਕਵਿੱਤਰੀ ਨੇ ਆਪਣੇ ਸੱਚੇ-ਸੁੱਚੇ ਜਜ਼ਬਾਤਾਂ ਨੂੰ ਸਰਲ, ਸਪੱਸ਼ਟ, ਸਾਦੇ ਤੇ ਸਹਿਜ ਢੰਗ ਨਾਲ ਕਾਵਿਕ ਵਿਧਾ ਵਿਚ ਬਿਆਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਜਵਾਨੀ ਸਮੇਂ ਦੀਆਂ ਭਾਵਨਾਵਾਂ ਦਾ ਪ੍ਰਚੰਡ ਪ੍ਰਵੇਗ ਹੈ। ਕਵਿਤਾਵਾਂ ਵਿਚਲੇ ਅਹਿਸਾਸ ਨਿੱਜ ਪੀੜਾ ਤੋਂ ਪ੍ਰੇਰਿਤ ਹਨ। ਸਮਾਜ ਵਿਚ ਵਿਚਰਦਿਆਂ ਸੰਵੇਦਨਹੀਣ, ਸਵਾਰਥੀ, ਬੇਯਕੀਨੇ ਅਤੇ ਬੇਜ਼ਮੀਰੇ ਲੋਕਾਂ ਦੀ ਅਸੰਵੇਦਨਹੀਣਤਾ ਤੋਂ ਪੁੱਜੀ ਠੇਸ, ਵਲੂੰਧਰੀਆਂ ਭਾਵਨਾਵਾਂ ਦਾ ਵਾਰ-ਵਾਰ ਪ੍ਰਗਟਾਵਾ ਇਨ੍ਹਾਂ ਕਵਿਤਾਵਾਂ ਦੀ ਮੁੱਖ ਸੁਰ ਬਣ ਕੇ ਉੱਭਰਦਾ ਹੈ। ਜਿਵੇਂ-
'ਬਹੁਤ ਗ਼ਰੂਰ ਸੀ ਉਸਨੂੰ
ਆਵਦਾ ਪੱਥਰ ਜਿਹਾ ਹੋਣ 'ਤੇ
ਫਿਰ ਮੈਂ ਚੱਟਾਨ ਬਣ ਗਈ
ਤੇ ਉਹ ਢੇਰ ਹੋ ਗਿਆ।' (ਗ਼ਰੂਰ)
ਇਨ੍ਹਾਂ ਕਵਿਤਾਵਾਂ ਵਿਚ ਆਮ ਪਰਵਾਸੀ ਵਾਂਗ ਆਪਣੇ ਵਤਨ ਦੀ ਮਿੱਟੀ ਦਾ ਹੇਰਵਾ ਵੀ ਹੈ, ਆਪਣਿਆਂ ਤੋਂ ਵਿਛੜਣ ਦੀ ਹੂਕ ਵੀ ਹੈ। ਅਜੋਕੀ ਔਰਤ ਦੀ ਮਨੋਦਸ਼ਾ ਦਾ ਚਿੱਤਰਣ ਵੀ ਹੈ। ਸਮਾਜਿਕ ਵਿਵਸਥਾ ਦੀ ਮੰਜ਼ਰਕਸ਼ੀ ਵੀ ਹੈ, ਜਿਸ ਤੋਂ ਹਰ ਆਮ-ੳ-ਖ਼ਾਸ ਵਿਅਕਤੀ ਪੀੜਤ ਹੈ। ਲੋਕਾਂ ਦਾ ਦੋਗਲਾਪਣ, ਅਧੂਰੇ ਸੁਪਨੇ, ਰਿਸ਼ਤਿਆਂ ਦੀ ਛਿਣ ਭੰਗਰਤਾ, ਜੁਦਾਈ, ਉਡੀਕ ਆਦਿ ਨੂੰ ਪੂਰੀ ਸ਼ਿੱਦਤ ਨਾਲ ਲਫ਼ਜ਼ਾਂ ਵਿਚ ਪੇਸ਼ ਕਰਨ ਦੀ ਇਮਾਨਦਾਰਾਨਾ ਕੋਸ਼ਿਸ਼ ਕੀਤੀ ਗਈ ਹੈ। ਮਸਲਨ-
'ਦੋਗਲੀਆਂ ਜਿਹੀਆਂ ਜ਼ਿੰਦਗੀਆਂ
ਜੀਵਣ ਵਾਲੇ ਲੋਕ / ਚਿਹਰੇ ਚਿੱਟੇ
ਅੰਦਰੋਂ ਦਿਲ ਦੇ ਕਾਲੇ ਲੋਕ / ਦਿਲ ਵਿਚ ਵਸ ਕੇ
ਰੂਹ ਵੀ ਜ਼ਖਮੀ ਕਰ ਦਿੰਦੇ / ਸਮਝ ਨਾ ਪਾਈ
ਇਸ ਦੁਨੀਆ ਦੇ ਨਿਆਰੇ ਲੋਕ।' (ਦੋਗਲੇ ਲੋਕ)
ਸੰਗ੍ਰਹਿ ਦੀਆਂ ਕਈ ਕਵਿਤਾਵਾਂ ਵਿਚ ਕਵਿੱਤਰੀ ਸ਼ਿਵ ਨੂੰ ਸੰਬੋਧਨ ਹੁੰਦੀ ਹੈ। ਸ਼ਿਵ ਵਰਗੀ ਬਿਰਹੋਂ ਤਲਾਸ਼ਦੀ ਹੈ। ਆਪਣੀਆਂ ਕਵਿਤਾਵਾਂ ਵਿਚ ਸ਼ਿਵ ਵਰਗੀ ਪੀੜ ਤੇ ਡੂੰਘੀ ਸੰਵੇਦਨਾ ਭਾਲਦੀ ਹੈ।
'ਸ਼ਿਵ ਜੇ ਤੇਰੇ ਗੀਤ ਜਿਹਾ
ਮੈਂ ਵੀ ਕੋਈ ਗੀਤ ਲਿਖਾਂ
ਤੂੰ ਬਿਰਹਾ ਬਿਰਹਾ ਰੋਂਦਾ ਸੀ
ਬਿਰਹੇ ਦਾ ਤੈਨੂੰ ਸਾਥ ਵੀ ਸੀ
ਮੇਰੇ ਪੱਲੇ ਬਿਰਹਾ ਵੀ ਨਹੀਂ
ਮੈਂ ਕਿਸ ਨੂੰ ਆਪਣਾ ਮੀਤ ਲਿਖਾਂ।' (ਸ਼ਿਵ ਨੂੰ)
ਕਵਿੱਤਰੀ ਕੌਰ ਸੁਖਰਾਜ ਪਾਸ ਸੂਖਮ ਸੰਵੇਦਨਾ ਨੂੰ ਘੋਖਣ ਵਾਲੀ ਦ੍ਰਿਸ਼ਟੀ ਵੀ ਹੈ, ਜਜ਼ਬਾਤਾਂ ਦਾ ਹੜ੍ਹ ਵੀ ਹੈ। ਨਰੋਈ ਉਮਰ ਦੇ ਤੀਖਣ ਅਨੁਭਵਾਂ ਦਾ ਜ਼ਖੀਰਾ ਵੀ ਹੈ, ਇਨ੍ਹਾਂ ਦੇ ਪ੍ਰਗਟਾਅ ਲਈ ਵਿਹਵਲਤਾ ਵੀ ਹੈ, ਪਰ ਹੋਰ ਵਧੇਰੀ ਡੂੰਘੇ ਅਰਥਾਂ ਤੇ ਪਰਤਾਂ ਵਾਲੀ ਕਾਵਿ ਸਿਰਜਣਾ ਲਈ ਹੋਰ ਸ਼ਬਦ ਸਾਧਨਾ ਦੀ ਲੋੜ ਹੈ। ਇਸ ਸੰਭਾਵਨਾਵਾਂ ਭਰਪੂਰ ਕਵਿੱਤਰੀ ਦੀ ਜ਼ਰਖੇਜ਼ ਕਲਮ ਤੋਂ ਭਵਿੱਖ ਵਿਚ ਹੋਰ ਵੀ ਮਿਆਰੀ ਤੇ ਮੁੱਲਵਾਨ ਕਵਿਤਾ ਦੀ ਆਸ ਬਝਦੀ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761 56964
ਟਾਵੇਂ ਟਾਵੇਂ ਕਿਰਦੇ ਪੱਤਰ
ਕਵੀ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ ਲਾਂਬੜਾ, ਜਲੰਧਰ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98152-56266
ਹਥਲਾ ਕਾਵਿ-ਸੰਗ੍ਰਹਿ ਵੈਨਕੂਵਰ ਵਸਦੇ ਪੰਜਾਬੀ ਦੇ ਨਾਮਵਰ ਕਵੀ ਸਤਿਨਾਮ ਸਿੰਘ ਔਜਲਾ ਦੀ ਗਿਆਰਵੀਂ ਕਾਵਿ-ਪੁਸਤਕ ਹੈ। ਉਹ ਇਸ ਤੋਂ ਪਹਿਲਾਂ 'ਇਕ ਦਰਦ ਇਕ ਜ਼ਖ਼ਮ', 'ਪਿਘਲਦਾ ਹੋਇਆ ਆਦਮੀ', 'ਕੈਕਟਸ ਤੇ ਗੁਲਾਬ', 'ਪਰ ਕੱਟੇ ਪਰਿੰਦੇ', 'ਮਹਿਕਾਂ ਦੀ ਪਰਵਾਜ਼', 'ਖੰਡਰਾਂ 'ਚ ਉੱਗੇ ਬਿਰਖ', 'ਤਿੜਕੇ ਅੱਖਰਾਂ ਦਾ ਸ਼ੀਸ਼ ਮਹੱਲ', 'ਇਕ ਪੱਤਰ ਹਰਿਆਵਲਾ', 'ਬਿਰਧ ਅੱਖਾਂ ਦਾ ਸਫ਼ਰ', 'ਕਾਲੇ ਅੱਖਰ ਸਫੈਦ ਪੰਨੇ' ਕਾਵਿ ਸੰਗ੍ਰਹਿ ਪੰਜਾਬੀ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਹਥਲੀ ਪੁਸਤਕ ਨੂੰ ਹੋਂਦ ਵਿਚ ਲਿਆਉਣ ਲਈ ਪੰਜਾਬੀ ਸੱਥ ਲਾਂਬੜਾ ਨੇ ਸਹਾਇਤਾ ਰਾਸ਼ੀ ਦਿੱਤੀ ਹੈ। ਪੁਸਤਕ ਉੱਤੇ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਅਤੇ ਕੁਲਵਿੰਦਰ ਸਿੰਘ ਸਰਾਏ ਦੇ ਨਾਂਅ ਤੇ ਪਤੇ ਹਨ। ਕਵੀ ਔਜਲਾ ਨੇ ਹਥਲੀ ਪੁਸਤਕ ਵਿਚ 76 ਕਵਿਤਾਵਾਂ ਦਰਜ ਕੀਤੀਆਂ ਹਨ, ਜਦੋਂਕਿ ਉਸ ਨੇ 'ਕਕਹਿਰਾ' ਦੇ ਨਾਮਕਰਨ ਹੇਠ ਪੈਂਤੀ ਅੱਖਰਾਂ ਤੋਂ ਆਰੰਭ ਛੋਟੀਆਂ-ਛੋਟੀਆਂ ਸੀਹਰਫੀਆਂ ਵੀ ਦਰਜ ਕੀਤੀਆਂ ਹਨ। ਸਤਿਨਾਮ ਔਜਲਾ ਦੀਆਂ ਕਵਿਤਾਵਾਂ ਵੰਨ-ਸੁਵੰਨੇ ਵਿਸ਼ਿਆਂ ਨਾਲ ਭਰਪੂਰ ਹਨ। ਉਹ ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਧਾਰਮਿਕ ਆਧਾਰਾਂ ਉੱਤੇ ਬੇਬਾਕੀ ਨਾਲ ਕਲਮ ਚਲਾਉਂਦਾ ਹੈ। ਉਸ ਦੀ ਰਾਜਨੀਤੀ ਬਾਰੇ ਇਕ ਕਵਿਤਾ ਬੜੀ ਪ੍ਰਭਾਵੀ ਹੈ:
ਸਿਆਸੀ ਮੁਜਰਾ : ਬਾਜ਼ਾਰ 'ਚ, ਮਦਾਰੀ ਨੇ ਡੁਗਡੁਗੀ ਵਜਾਈ, ਭੀੜ ਇਕੱਠੀ ਹੋ ਗਈ, ਮਦਾਰੀ ਜੁਮਲੇ ਸੁਣਾਉਣ ਲੱਗਾ, ਹਰ ਜੁਮਲੇ ਤੇ ਲੋਕ, ਨਵੀਂ ਉਮੀਦ ਨਾਲ, ਵਾਹ! ਵਾਹ!! ਕਰਨ ਲੱਗੇ... ਇਕ ਦਿਨ ਸਜੇ ਮੰਚ ਤੋਂ, ਫਿਰ ਡੁਡੁਗੀ ਵੱਜੀ, ਮਦਾਰੀ ਨੇ ਫੇਰ, ਓਹੀ ਜੁਮਲੇ ਸੁਣਾਏ...ਮੰਚ ਸੰਚਾਲਕ ਨੇ, ਫਿਰ ਡੁਗਡੁਗੀ ਵਜਾਈ, ਪੂੰਜੀਵਾਦ ਦੇ ਠੁਮਕੇ, ਲੋਕ ਠੁਮਕਿਆਂ ਦੀਆਂ, ਮਸਤ ਆਦਾਵਾਂ.... ਉਸੇ ਮਦਾਰੀ ਨੇ ਫਿਰ ਡੁਗਡੁਗੀ ਵਜਾਈ।... ਅਸਲ ਵਿਚ ਮੰਚ ਸੰਚਾਲਕ, ਪੂੰਜੀਪਤੀਆਂ ਦਾ, ਰੰਗਦਾਰ ਖਿਡੌਣਾ ਹੈ...।
ਹਥਲਾ ਕਾਵਿ ਸੰਗ੍ਰਹਿ ਅਸਲ ਵਿਚ ਨਿੱਕੀ-ਮੋਟੀ ਉਕਾਈ ਨੂੰ ਛੱਡ ਕੇ ਇਕ ਸ਼ਾਨਦਾਰ ਗ਼ਜ਼ਲ ਸੰਗ੍ਰਹਿ ਹੀ ਹੈ, ਪਰ ਔਜਲਾ ਨੇ ਇਹ ਜ਼ਾਹਿਰ ਨਹੀਂ ਕੀਤਾ। ਕੁਝ ਸ਼ਿਅਰ ਜੋ ਵੱਖ-ਵੱਖ ਕਵਿਤਾਵਾਂ ਵਿਚੋਂ ਹਨ ਅਤੇ ਸ਼ਿਅਰ ਨਾਲ ਪੇਸ਼ ਹਨ:
ਭਰ ਹਉਕੇ ਭਾਸ਼ਨ 'ਚ ਦਸਦੇ ਦਰਦ ਆਪਣਾ
ਹੱਥੀਂ ਬਾਲ ਮਸ਼ਾਲਾਂ ਰਾਤ ਨੂੰ ਲੂੰਹਦੇ ਨੇ ਬਸਤੀਆਂ।
ਦਿਨ ਸ਼ਤਰੰਜ ਵਾਂਗ ਬਦਲਦਾ ਹੈ ਚਾਲ,
ਬਾਜ਼ੀ ਜਿੱਤ ਲਾਂ ਹਰ ਚਾਲ ਵਿਖਾ ਰਿਹਾ ਹਾਂ।
ਉਦਾਸੀ 'ਚ ਇਕਰਾਰ ਨਾ ਕਰਿਆ ਕਰ,
ਕੋਈ ਲੱਖ ਕਹਿ ਗਿਆ ਜਰਿਆ ਕਰ।
ਉਹ ਬੇਕਦਰ ਅਸੀਂ ਐਵੇਂ ਗ਼ਮ ਸੁਣਾ ਬੈਠੇ
ਦਿਲ 'ਚ ਉਦਾਸੀ ਐਵੇਂ ਜਗਾ ਬੈਠੇ।
ਸ਼ਹਿਰ ਵੀ ਉਹੋ ਮੇਰਾ ਦਿਲਦਾਰ ਬਦਲ ਗਏ,
ਦਿਲ ਦੇ ਕਰੀਬ ਦੇ ਰਾਜਦਾਰ ਬਦਲ ਗਏ।
ਸ਼ੀਸ਼ਾ ਅੰਦਰ ਹੈ ਪੜ੍ਹਦਾ ਸਾਹਮਣੇ ਖੜ੍ਹੇ ਚਿਹਰੇ ਦੀ,
ਦਰਅਸਲ ਸ਼ੀਸ਼ਾ ਚਿਹਰੇ 'ਤੇ ਕਿੰਨਾ ਹੈ ਸੋਚਦਾ।
ਕਵੀ ਨੇ ਜ਼ਿੰਦਗੀ ਦੇ ਹਰ ਰੰਗ ਉਤੇ ਕਵਿਤਾ ਪੇਸ਼ ਕੀਤੀ ਹੈ। ਖਿਆਲਾਂ ਦੀ ਉਡਾਣ ਅਤੇ ਪੇਸ਼ਕਾਰੀ ਦੀ ਗੰਭੀਰਤਾ ਦਾ ਸਵਾਗਤ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਆਰ ਕਿ ਪਾਰ
ਲੇਖਕ : ਸਤਵਿੰਦਰ ਬੇਗੋਵਾਲੀਆ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 160 ਰੁਪਏ, ਸਫ਼ੇ : 104
ਸੰਪਰਕ : 98154-65620
ਸਤਵਿੰਦਰ ਬੇਗੋਵਾਲੀਆ ਜਾਣਿਆ ਪਹਿਚਾਣਿਆ ਨਾਟਕਕਾਰ ਹੈ, ਜਿਸ ਦੇ ਛੇ ਸੱਤ ਨਾਟ-ਸੰਗ੍ਰਹਿ ਛਪ ਚੁੱਕੇ ਹਨ ਅਤੇ ਹੁਣ ਉਸ ਦਾ ਨਾਟਕ 'ਆਰ ਕਿ ਪਾਰ' ਸੁੰਦਰ ਬੁੱਕ ਡਿਪੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਦੁਨੀਆ ਦੀ ਚਕਾਚੌਂਧ ਨਾਲ ਜੁੜੀ ਮਨੁੱਖੀ ਮਾਨਸਿਕਤਾ ਦੇ ਆਧਾਰ 'ਤੇ ਨਾਟਕ 'ਆਰ ਕਿ ਪਾਰ' ਸਾਡੇ ਸਮਾਜ ਦਾ ਉਹ ਦ੍ਰਿਸ਼ ਪੇਸ਼ ਕਰਦਾ ਹੈ, ਜਿਸ ਵਿਚੋਂ ਪਦਾਰਥਵਾਦੀ ਸੋਚ ਦਾ ਝਲਕਾਰਾ ਸਾਹਮਣੇ ਆਉਂਦਾ ਹੈ। ਕਹਾਣੀ ਬੇਸ਼ੱਕ ਇਕ ਪਰਿਵਾਰ ਦੀ ਹੈ ਪਰ ਪਾਠਕ ਨਾਟਕ ਦਾ ਪਾਠ ਕਰਦਾ ਕਰਦਾ ਪਹਿਲਾਂ ਇਸ ਪਰਿਵਾਰ ਵਿਚ ਖ਼ੁਦ ਨੂੰ ਸ਼ਾਮਿਲ ਹੋਇਆ ਮਹਿਸੂਸ ਕਰਦਾ ਹੈ ਅਤੇ ਫਿਰ ਇਹ ਪਰਿਵਾਰ ਸਮਾਜ ਦਾ ਰੂਪ ਧਾਰ ਲੈਂਦਾ ਹੈ, ਕਿਉਂਕਿ ਪਰਿਵਾਰ ਤੋਂ ਬਾਹਰਲੇ ਪਾਤਰ ਭਾਵੇਂ ਉਹ ਰਿਸ਼ਤੇਦਾਰ ਹੋਣ, ਦੋਸਤ, ਹਕੀਮ, ਟਰੈਵਲ ਏਜੰਟ, ਆਂਢੀ-ਗੁਆਂਢੀ ਅਤੇ ਹੋਰ ਕੰਮ ਧੰਦਿਆਂ ਵਾਲੇ ਜਦੋਂ ਵਾਰਤਾਲਾਪ ਅਤੇ ਘਟਨਾਵਾਂ ਦਾ ਹਿੱਸਾ ਬਣਦੇ ਹਨ ਤਾਂ ਪਾਠਕ ਸਾਹਮਣੇ ਸਮੁੱਚੇ ਸਮਾਜ ਦਾ ਨਕਸ਼ਾ ਉੱਭਰਦਾ ਹੈ। ਭਾਵੇਂ ਹਾਲਾਤਵੱਸ, ਭਾਵੇਂ ਲਾਲਚਵੱਸ, ਪੁੱਤਰਾਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣਾ ਆਮ ਜਿਹੀ ਗੱਲ ਹੈ। ਪਰਾਈ ਧਰਤੀ 'ਤੇ ਕੰਮ, ਮਿਹਨਤ, ਪੈਸਾ, ਐਸ਼ ਪ੍ਰਸਤੀ, ਸੁੱਖ ਸਾਧਨ ਸਭ ਕੁਝ ਹੈ, ਪਰ ਜਨਮ ਭੂਮੀ ਦੀ ਮਹਿਕ ਅਤੇ ਆਪਣਿਆਂ ਦਾ ਸੰਗ ਨਾ ਮਿਲਣ ਕਰਕੇ ਬੰਦੇ ਮਸ਼ੀਨ ਬਣ ਜਾਂਦੇ ਆ। ਮਸਲਾ ਉਦੋਂ ਖੜ੍ਹਾ ਹੁੰਦਾ ਹੈ ਇਧਰ ਬੈਠੇ ਪੈਸਾ ਉਡੀਕਦੇ ਮਾਂ ਬਾਪ, ਭੈਣ-ਭਰਾ ਵੀ ਉਨ੍ਹਾਂ ਨੂੰ ਮਸ਼ੀਨ ਬਣਿਆ ਰਹਿਣ ਦੀਆਂ ਅਰਦਾਸਾਂ ਕਰਦੇ ਹਨ, ਪਰ ਇਹ ਮਸ਼ੀਨਾਂ ਅੰਦਰਲਾ ਲਾਵਾ ਕਦੇ ਨਾ ਕਦੇ ਤਾਂ ਫੁੱਟਦਾ ਹੀ ਹੈ।
ਸਤਵਿੰਦਰ ਬੇਗੋਵਾਲੀਆ ਦੇ ਇਸ ਨਾਟਕ ਦੀ ਪਾਤਰ ਕਮਲੇਸ਼ ਕੌਰ ਵੀ ਆਪਣੇ ਜਿਗਰ ਦੇ ਟੋਟਿਆਂ ਨੂੰ ਬੇਗਾਨੀ ਧਰਤੀ 'ਤੇ ਜਾ ਕੇ ਕਮਾਈਆਂ ਕਰਨ ਭੇਜਦੀ ਹੈ। ਭਾਵੇਂ ਲਾਲਚਵਸ ਹੀ ਸਹੀ, ਪਰ ਮਮਤਾ ਨੂੰ ਤਾਂ ਦੱਬ ਕੇ ਰੱਖਣਾ ਹੀ ਪੈਂਦਾ ਊਸ ਨੂੰ। ਪੁੱਤਰਾਂ ਦਾ ਬਾਪ ਸੁਰਜੀਤ ਸਿੰਘ ਵੀ ਬੇਵਸ ਇਸ ਫੈਸਲੇ ਵਿਚ ਸ਼ਾਮਿਲ ਹੁੰਦਾ ਹੈ। ਇਸ ਤਰ੍ਹਾਂ ਹਾਲਾਤ ਦੀ ਜਕੜ ਵਿਚ ਆਏ ਮੱਧ ਪਰਿਵਾਰਾਂ ਦੀ ਲੁੱਟ-ਖਸੁੱਟ ਕਰਦੇ ਏਜੰਟ, ਬਾਬਿਆਂ, ਦਲਾਲਾਂ ਦੇ ਨਕਸ਼ ਵੀ ਪਾਠਕ ਸਾਹਮਣੇ ਆਉਂਦੇ ਹਨ ਕਿ ਕਿਸ ਤਰ੍ਹਾਂ ਉਹ ਚੁਸਤੀਆਂ ਚਲਾਕੀਆਂ ਨਾਲ ਅਪਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਹਨ
ਭਗਤ-ਬਾਣੀ ਵਿਚਾਰ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਪਟਿਆਲਾ
ਮੁੱਲ : 395 ਰੁਪਏ, ਸਫੇ : 255
ਸੰਪਰਕ : 98149-01254
ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ, ਕਹਾਣੀ ਅਤੇ ਮਿੰਨੀ ਕਹਾਣੀ ਦੇ ਖੇਤਰ ਵਿਚ ਸ. ਸੁਖਦੇਵ ਸਿੰਘ ਸ਼ਾਂਤ ਦਾ ਚੰਗਾ ਨਾਂਅ ਹੈ। ਭਗਤ ਬਾਣੀ ਵਿਚਾਰ ਹੱਥਲੀ ਕਿਤਾਬ ਨੂੰ ਲੇਖਕ ਨੇ ਤਿੰਨ ਅਧਿਆਇਆਂ ਵਿਚ ਵੰਡਿਆ ਹੈ, ਪਹਿਲਾ ਅਧਿਆਇ ਭਗਤ-ਬਾਣੀ ਬਾਰੇ ਮੁਢਲੀ ਜਾਣਕਾਰੀ ਵਿਚ ਪੰਦਰਾਂ ਭਗਤ ਸਾਹਿਬਾਨ ਦੀ ਬਾਣੀ ਦਾ ਬਿਓਰਾ/ਵੇਰਵਾ, ਗੁਰੂ ਸਾਹਿਬਾਨ ਵਲੋਂ ਵੱਖ-ਵੱਖ ਭਗਤ ਸਾਹਿਬਾਨ ਦੀ ਉੱਚ-ਅਵਸਥਾ ਅਤੇ ਬਾਣੀ ਦੀ ਸਿਫਤ, ਭੱਟ ਸਾਹਿਬਾਨ ਦੀ ਬਾਣੀ ਵਿਚ ਵੱਖ-ਵੱਖ ਭਗਤ ਸਾਹਿਬਾਨ ਅਤੇ ਉਨ੍ਹਾਂ ਦੀ ਬਾਣੀ ਦੀ ਉਸਤਤਿ, ਭਗਤ-ਬਾਣੀ ਨਾਲ ਸੰਬੰਧਿਤ ਕੁਝ ਵਿਸ਼ੇਸ਼ ਸਿਰਲੇਖਾਂ ਬਾਰੇ ਵਿਚਾਰ। ਦੂਜਾ ਅਧਿਆਇ, ਭਗਤ ਬਾਣੀ ਦਾ ਵਿਸ਼ਾ-ਵਸਤੂ ਵਿਚ, ਪਰਮਾਤਮਾ ਇਕ ਹੈ ਅਤੇ ਸਰਬ-ਸ਼ਕਤੀਮਾਨ ਹੈ, ਪਰਮਾਤਮਾ ਸਰਬ-ਵਿਆਪਕ ਅਤੇ ਸਰਬ-ਕਾਲੀ ਹੈ ਪਰਮਾਤਮਾ ਅਜੂਨੀ ਅਤੇ ਸੈਭੰ ਹੈ, ਇਕ ਹੀ ਪਰਮਾਤਮਾ ਦੇ ਅਨੇਕ ਨਾਮ ਹਨ ਵਿਖਾਵੇ ਵਜੋਂ ਕੀਤੇ ਜਾਂਦੇ ਕਰਮ-ਕਾਂਡ ਅਤੇ ਵਹਿਮਾਂ-ਭਰਮਾਂ ਦਾ ਖੰਡਨ, ਸ਼ਰ੍ਹਾ/ਮਰਯਾਦਾ ਅਤੇ ਨੈਤਿਕਤਾ ਦਾ ਅਟੁੱਟ ਸੰਬੰਧ, ਪ੍ਰੇਮਾ-ਭਗਤੀ ਹੀ ਜੀਵਨ-ਮੁਕਤੀ ਦਾ ਸਾਧਨ, ਮਨੁੱਖੀ ਸਮਾਨਤਾ ਦਾ ਆਦਰਸ਼ ਤੇ ਇਨਸਾਨੀਅਤ ਦਾ ਉਪਦੇਸ਼, ਤੀਜਾ ਅਧਿਆਇ ਭਗਤ-ਬਾਣੀ ਦਾ ਸਾਹਿਤਕ ਪੱਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਾਹਿਤਕ ਪੱਖੋਂ ਅਧਿਐਨ ਦੀ ਲੋੜ ਅਤੇ ਮਹੱਤਤਾ, ਭਗਤ-ਬਾਣੀ ਵਿਚ ਵਰਤੇ ਗਏ ਮੁੱਖ-ਅਲੰਕਾਰ, ਭਗਤ-ਬਾਣੀ ਵਿਚ ਵਰਤੇ ਗਏ ਅਤੇ ਨਵੇਂ ਸਿਰਜੇ ਗਏ ਅਖਾਣ, ਭਗਤ-ਬਾਣੀ ਵਿਚ ਵਰਤੇ ਗਏ ਮੁਹਾਵਰੇ, ਭਗਤ-ਬਾਣੀ ਵਿਚ ਵਰਤੀ ਗਈ ਸ਼ਬਦਾਵਲੀ, ਭਗਤ-ਬਾਣੀ ਵਿਚ ਕਾਵਿ-ਰਸ, ਭਗਤ-ਬਾਣੀ ਵਿਚ ਕਾਵਿ-ਰੂਪ ਅਤੇ ਕਾਵਿ-ਛੰਦ ਦਰਜ ਕੀਤਾ ਹੈ।
ਲੇਖਕ ਨੇ ਭਗਤ ਸਾਹਿਬਾਨ ਦੀ ਬਾਣੀ ਦੀ ਕਾਵਿ-ਸ਼ੈਲੀ ਬਾਰੇ ਬਹੁਤ ਗਿਆਨ ਭਰਪੂਰ ਜਾਣਕਾਰੀ ਨਾਲ ਲਿਖਿਆ ਹੈ। ਉਸ ਨੇ ਭਗਤ-ਬਾਣੀ ਦੀ ਸਾਹਿਤਕ-ਅਮੀਰੀ ਨੂੰ ਪਾਠਕਾਂ ਤੱਕ ਹੋਰ ਉਜਾਗਰ ਕਰਨ ਲਈ ਬਾਣੀ ਵਿਚਲੇ ਅਲੰਕਾਰਾਂ, ਕਾਵਿ-ਰਸਾਂ, ਸ਼ਬਦਾਵਲੀ, ਅਖਾਣਾਂ, ਮੁਹਾਵਰਿਆਂ, ਕਾਵਿ-ਰੂਪਾਂ ਆਦਿ ਸੰਬੰਧੀ ਵਧੇਰੇ ਵਿਸਥਾਰ ਵਿਚ ਲਿਖੇ ਜਾਣ ਦੀ ਲੋੜ ਵੱਲ ਧਿਆਨ ਦਿਵਾਇਆ ਹੈ। ਭਗਤ-ਬਾਣੀ ਦੇ ਵਿਸ਼ਾ-ਵਸਤੂ ਵਿਚ ਕੁਝ ਵਿਸ਼ੇ ਬਾਣੀ ਵਿਚ ਪ੍ਰਤੱਖ ਤੌਰ 'ਤੇ ਸਾਂਝੇ ਹਨ। ਉਨ੍ਹਾਂ ਵਿਸ਼ਿਆਂ ਨੂੰ ਸਾਂਝੇ ਰੂਪ ਵਿਚ ਵੀ ਵਿਚਾਰੇ ਜਾਣ 'ਤੇ ਜ਼ੋਰ ਦਿੱਤਾ ਹੈ। ਲੇਖਕ ਦਾ ਮੰਨਣਾ ਹੈ ਕਿ ਇਸ ਢੰਗ ਨਾਲ ਭਗਤ ਸਾਹਿਬਾਨ ਦੀ ਬਾਣੀ ਦੀ ਅਧਿਆਤਮਿਕ ਅਤੇ ਵਿਚਾਰਧਾਰਕ ਸਾਂਝ ਨੂੰ ਪ੍ਰਗਟਾਇਆ ਅਤੇ ਵਿਚਾਰਿਆ ਜਾ ਸਕਦਾ ਹੈ। ਇਸ ਲਈ ਪੁਸਤਕ ਵਿਚ ਭਗਤ-ਬਾਣੀ ਦੇ ਸਾਹਿਤਕ ਪੱਖ ਨੂੰ ਵਿਚਾਰਨ ਦੇ ਨਾਲ-ਨਾਲ ਵਿਸ਼ਾ-ਵਸਤੂ ਨੂੰ ਵੀ ਸਾਂਝੇ ਰੂਪ ਵਿਚ ਵਿਚਾਰਿਆ ਗਿਆ ਹੈ। ਪੁਸਤਕ ਵਿਚ ਭਗਤ ਸਾਹਿਬਾਨ ਦੀਆਂ ਜੀਵਨੀਆਂ ਵੀ ਅੰਕਿਤ ਕੀਤੀਆਂ ਗਈਆਂ ਹਨ। ਇਸ ਪੁਸਤਕ ਦੇ ਅਖੀਰ ਵਿਚ ਅੰਤਿਕਾ-1 ਰਾਹੀਂ ਭਗਤ ਸਾਹਿਬਾਨ ਦੇ ਜੀਵਨ-ਵੇਰਵੇ ਬਹੁਤ ਸੰਖੇਪ ਵਿਚ ਦਰਜ ਕੀਤੇ ਗਏ ਹਨ।
ਗੁਰਮਤਿ ਸਾਹਿਤ ਵਿਚ ਲੇਖਕ ਨੇ ਪੰਦਰਾਂ ਭਗਤ ਸਾਹਿਬਾਨ, ਗੁਰਮਤਿ ਦ੍ਰਿਸ਼ਟੀ, ਗੁਰਬਾਣੀ ਇਕ ਜੀਵਨ-ਜਾਚ, ਤਿੰਨ ਪੁਸਤਕਾਂ ਬਾਲ-ਸਾਹਿਤ ਵਿਚ ਮਨ ਦਾ ਕੰਪਿਊਟਰ, ਗਾਓ ਬੱਚਿਓ ਗਾਓ, ਪਿੰਕੀ ਦੀ ਪੈਨਸਿਲ, ਅਮਰ ਕਥਾਵਾਂ (ਬਾਲ ਕਹਾਣੀਆਂ ਮਹਾਂਪੁਰਸ਼ਾਂ ਦੇ ਜੀਵਨ ਵਿਚੋਂ), ਕਿੰਨਾ ਪਿਆਰਾ ਲੱਗਦਾ ਬਚਪਨ (ਬਾਲ-ਕਾਵਿ ਸੰਗ੍ਰਹਿ) ਅਤੇ ਕੁਝ ਭੇਤ ਜ਼ਿੰਦਗੀ ਦੇ (ਕਾਵਿ-ਸੰਗ੍ਰਹਿ), ਮਿੰਨੀ ਕਹਾਣੀਆਂ ਵਿਚ ਚੂੜੀਆਂ, ਸਿੰਮਲ ਰੁੱਖ, ਨਵਾਂ ਆਦਮੀ ਤੋਂ ਇਲਾਵਾ ਸਿੱਖ ਧਰਮ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ਤੋਂ ਚਾਰ ਟ੍ਰੈਕਟ ਵੀ ਸੰਗਤ ਰੂਪੀ ਅਰਪਣ ਕੀਤੇ ਹਨ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਦਰਦ ਦਹਿਲੀਜ਼ਾਂ
ਲੇਖਿਕਾ : ਸੰਦੀਪ ਕੌਰ ਢਿੱਲੋਂ
ਪ੍ਰਕਾਸ਼ਕ : ਮਨੀਸ਼ ਪ੍ਰਕਾਸ਼ਨ, ਭੇਲ (ਜਲੰਧਰ)
ਮੁੱਲ : 200 ਰੁਪਏ, ਸਫ਼ੇ : 82
ਸੰਪਰਕ : bluestocking84sd@gmail.com
'ਦਰਦ ਦਹਿਲੀਜ਼ਾਂ' ਸੰਦੀਪ ਕੌਰ ਢਿੱਲੋਂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਉਸ ਤੋਂ ਵਿਛੜ ਚੁੱਕੇ ਉਨ੍ਹਾਂ ਦੇ ਆਪਣਿਆਂ ਨੂੰ ਸਮਰਪਿਤ ਕੀਤਾ ਹੈ ਜੋ ਸਰੀਰਕ ਤੌਰ 'ਤੇ ਉਸ ਤੋਂ ਸਦਾ ਲਈ ਹੱਥ ਛੁਡਾ ਕੇ ਚਲੇ ਗਏ ਹਨ ਪਰ ਚੇਤਿਆਂ ਵਿਚ ਉਸ ਦੇ ਹਮੇਸ਼ਾ ਅੰਗ-ਸੰਗ ਹਨ। ਉਨ੍ਹਾਂ ਚੇਤਿਆਂ/ਯਾਦਾਂ ਦੇ ਪਲਾਂ ਨੂੰ ਉਸ ਨੇ ਸ਼ਬਦਾਂ ਰਾਹੀਂ ਕਵਿਤਾਵਾਂ 'ਚ ਢਾਲਿਆ ਹੈ। ਇਹ ਸੰਸਾਰ ਰਿਸ਼ਤਿਆਂ ਦਾ ਸੰਸਾਰ ਹੈ। ਇਹ ਰਿਸ਼ਤੇ ਵੀ ਮਨੁੱਖੀ ਸਮਾਜ ਹੀ ਸਿਰਜਦਾ ਹੈ। ਕੁਝ ਆਪਣਿਆਂ ਦੇ ਤੇ ਕੁਝ ਬੇਗਾਨਿਆਂ ਦੇ। ਇਕ ਰਿਸ਼ਤਾ ਮਨੁੱਖ ਆਪ ਸਿਰਜਦਾ ਹੈ ਜੋ ਸਮਾਜ ਵਲੋਂ ਪ੍ਰਵਾਨਿਤ ਜਾਂ ਅਪ੍ਰਵਾਨਿਤ ਵੀ ਹੋ ਸਕਦਾ ਹੈ। ਇਸ ਕਾਵਿ-ਪੁਸਤਕ ਦੇ ਤਿੰਨ ਭਾਗ ਹਨ : ਪਹਿਲਾ 'ਕਵਿੱਤਰੀ ਦੀ ਸ਼ਖ਼ਸੀਅਤ' ਅਤੇ ਉਸ ਦੀ ਕਵਿਤਾ ਬਾਰੇ ਦੂਸਰਾ 'ਵਿਛੜ ਗਿਆਂ ਦੀ ਯਾਦ' 'ਚ ਲਿਖੀਆਂ ਨਜ਼ਮਾਂ ਦਾ ਅਤੇ ਤੀਸਰਾ ਭਾਗ 'ਕੌਣ ਆਖੇ ਸਾਈਂ ਨੂੰ'ਤੋਂ ਲੈ ਕੇ 'ਗੀਤ' ਤੱਕ ਦੀਆਂ 43 ਕਵਿਤਾਵਾਂ ਤੱਕ ਹੈ। ਇਸ ਸਮੁੱਚੇ ਕਾਵਿ-ਸੰਗ੍ਰਹਿ ਦੀ ਮੁੱਖ ਸੁਰ ਬਿਰਹਾ ਵਿਛੋੜਾ ਹੈ, ਜਿਸ ਬਾਰੇ ਬਾਬਾ ਫ਼ਰੀਦ 'ਬਿਰਹਾ' ਨੂੰ 'ਸੁਲਤਾਨ' ਦੀ ਸੰਗਿਆ ਦੇ ਦਿੰਦਾ ਹੈ। ਬਿਰਹਾ ਜਾਂ ਵਿਛੋੜੇ 'ਚ ਮਨੁੱਖੀ ਦਰਦ ਦਾ ਛਲਕਣਾ ਸੁਭਾਵਿਕ ਵਰਤਾਰਾ ਹੈ ਜੋ ਸੰਸਾਰ 'ਚ ਰਹਿੰਦੇ ਹਰ ਬਸ਼ਰ ਨੂੰ ਦੇਰ-ਸਵੇਰ ਸਹਿਣਾ ਹੀ ਪੈਂਦਾ ਹੈ। ਇਕ ਵਿਛੋੜਾ ਉਹ ਹੈ ਜੋ ਜਹਾਨ ਦੇ ਮਾਲਕ ਦੇ ਵਿਛੋੜੇ ਦਾ ਹੈ। ਕਵਿੱਤਰੀ ਨੇ ਬਿਰਹਾ ਦੇ ਭਾਵਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਰੁਦਨ ਰਾਹੀਂ, ਨਿਹੋਰੇ ਰਾਹੀਂ ਸ਼ਾਬਦਿਕ ਜਾਮਾ ਪਹਿਨਾ ਕਹਿਣ ਦੀ ਸਾਰਥਿਕ ਕੋਸ਼ਿਸ਼ ਕਰਦਿਆਂ ਬਿਰਹਨ ਦੇ ਅੰਦਰੂਨੀ ਦਰਦ ਦੀ ਮੰਜ਼ਰ-ਕਸ਼ੀ ਕੀਤੀ ਹੈ। ਵਿਛੜ ਚੁੱਕੇ ਮੇਰੇ ਬਾਬੁਲ ਸਰਦਾਰ ਅਮਰਜੀਤ ਸਿੰਘ ਢਿੱਲੋਂ ਦੇ ਨਾਂਅ 'ਸੁਣ ਮੇਰੇ ਬਾਬੁਲ', 'ਮੋਹ', 'ਯਾਦ ਝਰੋਖੇ' ਅਤੇ 'ਕਲਾਮ' ਉਪਰੋਕਤ ਭਾਵਾਂ ਨੂੰ ਦੇਖਿਆ ਜਾ ਸਕਦਾ ਹੈ। 'ਕਦਰ ਕੋਈ ਬੇਕਦਰ' ਕਵਿਤਾ ਮਨੁੱਖੀ ਕਿਰਦਾਰਾਂ ਉਪਰ ਕਈ ਤਰ੍ਹਾਂ ਦਾ ਕਿੰਤੂ-ਪ੍ਰੰਤੂ ਲਗਾਉਂਦੀ ਹੈ। ਕਵਿਤਾਵਾਂ ਨਾਲ ਬਣੇ ਚਿੱਤਰ ਰਚਨਾਵਾਂ ਨੂੰ ਦਿਲਚਸਪ ਬਣਾਉਂਦੇ ਹਨ। ਪ੍ਰਕਿਰਤੀ ਨਾਲ ਜੁੜੀ ਭਾਸ਼ਾ, ਸਰਲ, ਸਪੱਸ਼ਟ ਦਿਲ ਦੇ ਬਿਰਹਾ ਰਾਹੀਂ ਉਪਜੇ ਵੈਰਾਗ ਨੂੰ ਸਹੀ ਸੰਦਰਭ 'ਚ ਪੇਸ਼ ਕਰਦੀ ਹੈ। 'ਧੀ ਧਿਆਣੀ' ਕਵਿਤਾ ਬਹੁਤ ਪਿਆਰੀ ਹੈ ਜੋ ਜੰਮਣ ਤੋਂ ਤਾਂ 'ਮਰ ਜਾਣੀ' ਹੈ ਪਰ ਸੰਸਾਰ ਨੂੰ ਜਿਊਂਦਿਆਂ ਰੱਖਣ ਦਾ ਸੰਦੇਸ਼ ਦਿੰਦੀ ਹੈ। ਇਹ ਕਾਵਿ-ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ, ਅਜਿਹੀ ਮੇਰੀ ਦਿਲੀ ਇੱਛਾ ਹੈ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਪਥਰਾਟ
ਲੇਖਕ : ਡਾ. ਧਰਮਪਾਲ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 246
ਸੰਪਰਕ : 98761-56964
ਡਾ. ਧਰਮਪਾਲ ਸਾਹਿਲ ਇਕੋ ਸਮੇਂ ਪੰਜਾਬੀ ਤੇ ਹਿੰਦੀ ਵਿਚ ਲਿਖਣ ਵਾਲਾ ਲੇਖਕ ਹੈ। ਉਸ ਨੇ ਹੁਣ ਤੱਕ 5 ਨਾਵਲ, 2 ਕਹਾਣੀ ਸੰਗ੍ਰਹਿ, 2 ਮਿੰਨੀ ਕਹਾਣੀ ਸੰਗ੍ਰਹਿ, 2 ਯਾਤਰਾ ਪ੍ਰਸੰਗ, 3 ਕੰਢੀ ਖੇਤਰ ਨਾਲ ਸੰਬੰਧਿਤ ਕਿਤਾਬਾਂ, 2 ਕੋਸ਼ ਅਤੇ 1 ਕਾਵਿ-ਸੰਗ੍ਰਹਿ ਦੀ ਰਚਨਾ ਕੀਤੀ ਹੈ। ਵਿਚਾਰ ਅਧੀਨ ਨਾਵਲ 'ਪਥਰਾਟ' ਮੂਲ ਤੌਰ 'ਤੇ 2011 ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਹੁਣ ਇਸ ਦੀ ਦੂਜੀ ਐਡੀਸ਼ਨ ਛਪੀ ਹੈ। ਡਾ. ਸਾਹਿਲ ਦੀਆਂ ਕੁਝ ਹੋਰ ਕਿਤਾਬਾਂ (ਨਾਵਲ 'ਮਣੇ') ਵਾਂਗ ਇਹ ਨਾਵਲ ਵੀ ਕੰਢੀ ਖੇਤਰ ਨਾਲ ਸੰਬੰਧਿਤ ਹੈ, ਜਿਸ ਨੂੰ ਆਂਚਲਿਕ ਨਾਵਲ ਦੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਨਾਵਲ ਦੇ ਕੁੱਲ 30 ਕਾਂਡ ਹਨ, ਜਿਨ੍ਹਾਂ ਦੇ ਅੱਡ-ਅੱਡ ਸਿਰਲੇਖ ਦਿੱਤੇ ਗਏ ਹਨ। ਇਨ੍ਹਾਂ ਕਾਂਡਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨੂੰ ਸੁਤੰਤਰ ਕਹਾਣੀ ਵਾਂਗ ਵੀ ਪੜ੍ਹਿਆ ਅਤੇ ਮਾਣਿਆ ਜਾ ਸਕਦਾ ਹੈ। ਲੇਖਕ ਨੇ ਇਸ ਨੂੰ ਉੱਤਮ ਪੁਰਖ ਵਿਚ ਲਿਖਿਆ ਹੈ।
ਪੜ੍ਹਨ 'ਤੇ ਇਸ ਵਿਚੋਂ ਯਥਾਰਥਕਤਾ ਦਾ ਝਉਲਾ ਪੈਂਦਾ ਹੈ। ਨਾਵਲ ਦਾ ਨਾਇਕ ਕਈ ਵਰ੍ਹੇ ਪਹਿਲਾਂ ਕੰਢੀ ਖੇਤਰ ਵਿਚ ਕੱਚਾ ਅਧਿਆਪਕ ਰਹਿ ਚੁੱਕਾ ਹੈ ਤੇ ਹੁਣ ਕਰੀਬ 20 ਸਾਲ ਪਿੱਛੋਂ ਉਸ ਦੀ ਉਸੇ ਪਿੰਡ ਵਿਚ ਮਰਦਮਸ਼ੁਮਾਰੀ ਦੀ ਡਿਊਟੀ ਲੱਗੀ ਹੈ। ਨਾਵਲ ਵਿਚ ਜ਼ਿਆਦਾਤਰ ਘਟਨਾਵਾਂ ਅਤੀਤ ਨਾਲ ਸੰਬੰਧਿਤ ਹਨ। ਇਸ 'ਚੋਂ ਕੰਢੀ ਦੇ ਪਿੰਡਾਂ ਦੀ ਜ਼ਿੰਦਗੀ ਦਾ ਵਾਸਤਵਿਕ ਚਿੱਤਰਣ ਨਜ਼ਰ ਆਉਂਦਾ ਹੈ, ਜਿਵੇਂ ਕਿ ਅਨਪੜ੍ਹਤਾ, ਟੂਣੇ-ਟੋਟਕੇ, ਅੰਧ-ਵਿਸ਼ਵਾਸ, ਗ਼ਰੀਬੀ, ਸੰਸਕ੍ਰਿਤੀ, ਸੱਭਿਆਚਾਰ ਆਦਿ। ਪਿੰਡ ਦੇ ਲੋਕਾਂ ਦੀ ਸਾਦਗੀ, ਨਿਮਰਤਾ ਤੇ ਅਣਭੋਲਤਾ ਵੀ ਇਸ ਵਿਚੋਂ ਵਿਖਾਈ ਦਿੰਦੀ ਹੈ। ਨਾਇਕ ਦਾ ਗੌਰੀ ਨਾਲ ਪਿਆਰ, ਬਿੱਲੇ ਮਾਸਟਰ ਦਾ ਅੱਠਵੀਂ 'ਚ ਪੜ੍ਹਦੀ ਕੁੜੀ ਨਾਲ ਕਾਮ-ਸੰਬੰਧ, ਬਾਬਾ ਠੁਕਠੁਕੀਆ ਦਾ ਚਰਿੱਤਰ, ਕਥਾਵਾਚਕ ਦੀ ਅਸਲੀਅਤ, ਫ਼ੌਜੀ ਦੇ ਖ਼ੈਰਾਂ 'ਤੇ ਠੇਕੇਦਾਰ ਦਾ ਧੋਖੇ ਨਾਲ ਕਬਜ਼ਾ, ਆਧਰਮੀਆਂ ਦੀ ਕਮਲੋ ਨਾਲ ਪਿੰਡ ਦੇ ਉੱਚੀ ਜਾਤ ਵਾਲੇ ਮਾਨ ਸਿੰਘ ਵਲੋਂ ਬਲਾਤਕਾਰ, ਪੁਲਿਸ ਦਾ ਕਿਰਦਾਰ, ਕੁਸਮ ਦੇ ਵਿਆਹ ਦਾ ਦ੍ਰਿਸ਼ ਆਦਿ ਬਹੁਤ ਸਾਰੀਆਂ ਦਿਲਚਸਪ ਅਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਗਾਥਾਵਾਂ ਹਨ, ਜਿਨ੍ਹਾਂ ਨੂੰ ਪਾਠਕ ਬੜੀ ਉਤਸੁਕਤਾ ਨਾਲ ਪੜ੍ਹਦਾ ਹੈ। ਘਟਨਾਵਾਂ ਪੇਸ਼ ਕਰਨ ਦਾ ਢੰਗ ਬਹੁਤ ਕਮਾਲ ਦਾ ਹੈ, ਜਿਸ ਵਿਚ ਲੇਖਕ ਨੇ ਪਹਾੜੀ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਕਹਾਣੀ ਦੀ ਮੰਗ ਅਨੁਸਾਰ ਪਹਾੜੀ ਲੋਕਗੀਤ ਵੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦੇ ਸਰਵਰਕ 'ਤੇ ਨਾਵਲ ਬਾਰੇ ਉੱਚਕੋਟੀ ਦੇ ਵਿਦਵਾਨਾਂ ਦੀਆਂ ਸੰਖਿਪਤ ਟਿੱਪਣੀਆਂ ਦਰਜ ਹਨ। ਇਹ ਲੇਖਕ ਹਨ-ਰਜਨੀਸ਼ ਬਹਾਦਰ ਸਿੰਘ, ਡਾ. ਸੁਰਿੰਦਰ ਅਜਨਾਤ ਅਤੇ ਪ੍ਰੋ. ਨਿਰੰਜਨ ਤਸਨੀਮ, ਜਿਨ੍ਹਾਂ ਨੇ ਕ੍ਰਮਵਾਰ ਨਾਵਲ ਨੂੰ ਰਸੂਲ ਹਮਜ਼ਾਤੋਵ ਦੇ 'ਮੇਰਾ ਦਾਗ਼ਿਸਤਾਨ', ਫ਼ਣੀਸ਼ਵਰਨਾਥ ਰੇਣੂ ਦੇ 'ਮੈਲਾ ਆਂਚਲ' ਅਤੇ ਗ੍ਰਾਹਮ ਗਰੀਨ ਦੇ 'ਪਾਵਰ ਐਂਡ ਗਲੋਰੀ' ਨਾਲ ਤੁਲਨਾਇਆ ਹੈ। ਵਾਕਈ ਡਾ. ਧਰਮਪਾਲ ਸਾਹਿਲ ਨੇ ਪਹਾੜੀ ਖੇਤਰ ਨਾਲ ਜੁੜੀਆਂ ਘਟਨਾਵਾਂ ਨੂੰ ਇਸ ਨਾਵਲ ਰਾਹੀਂ ਪ੍ਰਸਤੁਤ ਕਰਕੇ ਨਿਵੇਕਲਾ ਕਾਰਜ ਕੀਤਾ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਅਹਿਸਾਸਾਂ ਦੀ ਖ਼ੁਸ਼ਬੂ
ਲੇਖਿਕਾ : ਅਮਰਜੀਤ ਕੌਰ ਮੋਰਿੰਡਾ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 78888-35400
'ਅਹਿਸਾਸਾਂ ਦੀ ਖ਼ੁਸ਼ਬੂ' ਅਮਰਜੀਤ ਕੌਰ ਮੋਰਿੰਡਾ ਦਾ ਦੂਜਾ ਗ਼ਜ਼ਲ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗ਼ਜ਼ਲ-ਸੰਗ੍ਰਹਿ 'ਇਕ ਲੱਪ ਕਿਰਨਾਂ ਦੀ' ਸਮੇਤ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੁਸਤਕ ਵਿਚਲੀਆਂ ਰਚਨਾਵਾਂ ਆਪਣੀ ਖ਼ੂਬਸੂਰਤ ਸ਼ਬਦਾਵਲੀ, ਅਲੰਕਾਰਾਂ ਅਤੇ ਬਿੰਬਾਂ ਰਾਹੀਂ ਸੱਚਮੁੱਚ ਅਹਿਸਾਸਾਂ ਦੀ ਖ਼ੁਸ਼ਬੂ ਬਿਖੇਰਦੀਆਂ ਪ੍ਰਤੀਤ ਹੁੰਦੀਆਂ ਹਨ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਗ਼ਜ਼ਲਕਾਰੀ ਕਿਸੇ ਹਾਲਤ ਵਿਚ ਵੀ ਉਮੀਦ ਦਾ ਪੱਲਾ ਛੱਡਦੀ ਦਿਖਾਈ ਨਹੀਂ ਦਿੰਦੀ:
ਕਿਉਂ ਫ਼ਿਕਰ ਨ੍ਹੇਰ ਦਾ
ਮਨਾ ਤੈਨੂੰ ਸਤਾ ਰਿਹਾ,
ਆਉਣੀ ਸਵੇਰ ਨ੍ਹੇਰ ਦਾ
ਉੱਡਣਾ ਗੁਬਾਰ ਹੈ।
ਅਜਿਹਾ ਤਾਂ ਨਹੀਂ ਹੋ ਸਕਦਾ ਕਿ ਅਮਰਜੀਤ ਕੌਰ ਮੋਰਿੰਡਾ ਨੂੰ ਗ਼ਜ਼ਲ ਵਿਧਾਨ ਦੇ ਬੁਨਿਆਦੀ ਨਿਯਮਾਂ ਦਾ ਗਿਆਨ ਨਾ ਹੋਵੇ ਪਰ ਹੇਠ ਲਿਖੇ ਮਤਲੇ ਵਿਚ ਉਹ 'ਚੁਰਾਉਣ' ਨਾਲ 'ਚਰਾਉਣ' ਕਾਫ਼ੀਆ ਮਿਲਾ ਕੇ ਚੱਲਦੇ ਹਨ ਪਰ ਗ਼ਜ਼ਲ ਦੇ ਅਗਲੇ ਸ਼ਿਅਰਾਂ ਵਿਚ ਉਨ੍ਹਾਂ ਵਲੋਂ ਨਿਭਾਉਣ, ਬਚਾਉਣ, ਵਜਾਉਣ, ਮਿਟਾਉਣ, ਸਤਾਉਣ ਅਤੇ ਕਮਾਉਣ ਵਰਗੇ ਕਾਫ਼ੀਏ ਵੀ ਘੜ ਲਏ ਜਾਂਦੇ ਹਨ, ਜਦੋਂ ਕਿ ਅਜਿਹਾ ਕਰਨਾ ਮਤਲੇ ਵਿਚ ਤੈਅ ਕੀਤੇ ਸਰੂਪ ਅਤੇ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ:
ਡੋਲੀ 'ਚ ਬਹਿ ਗਏ ਨੇ,
ਦਿਲ ਨੂੰ ਚੁਰਾਉਣ ਵਾਲੇ।
ਬੇਲੇ 'ਚ ਰੁਲ ਰਹੇ ਨੇ,
ਮੱਝਾਂ ਚਰਾਉਣ ਵਾਲੇ।
ਅਮਰਜੀਤ ਕੌਰ ਮੋਰਿੰਡਾ 'ਧੂਰੀ ਗ਼ਜ਼ਲ ਸਕੂਲ' ਦੇ ਪਹਿਲੇ ਵਿੱਦਿਅਕ ਸੈਸ਼ਨ ਦੇ ਮਾਣਮੱਤੇ ਸਿੱਖਿਆਰਥੀਆਂ ਵਿਚ ਸ਼ਾਮਿਲ ਸਨ ਅਤੇ ਗ਼ਜ਼ਲ ਕੋਰਸ ਪੂਰਾ ਕਰਨ ਤੋਂ ਬਾਅਦ ਮੌਲਿਕ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣ ਵਾਲਿਆਂ ਵਿਚ ਉਨ੍ਹਾਂ ਦਾ ਦੂਜਾ ਨੰਬਰ ਹੈ। ਨਿਰਸੰਦੇਹ ਉਨ੍ਹਾਂ ਦੀ ਗ਼ਜ਼ਲ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜੋ ਕਿਸੇ ਚੰਗੀ ਗ਼ਜ਼ਲ ਵਿਚ ਹੋਣੇ ਲਾਜ਼ਮੀ ਹੁੰਦੇ ਹਨ। ਉਨ੍ਹਾਂ ਵਲੋਂ ਔਰਤਾਂ ਦੀ ਦਸ਼ਾ, ਸਮਾਜਿਕ ਨਾ-ਬਰਾਬਰੀ, ਟੁੱਟਦੇ ਰਿਸ਼ਤੇ, ਆਰਥਿਕ ਲੁੱਟ-ਖਸੁੱਟ, ਪਖੰਡ, ਗ਼ਰੀਬੀ ਅਤੇ ਲਾਚਾਰੀ ਆਦਿ ਵਿਸ਼ਿਆਂ ਨੂੰ ਬੜੇ ਸਫ਼ਲ ਅਤੇ ਸੁਚੱਜੇ ਢੰਗ ਨਾਲ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਇਹ ਪੁਸਤਕ ਪੰਜਾਬੀ ਪਾਠਕਾਂ ਦੀ ਉਮੀਦਾਂ 'ਤੇ ਜ਼ਰੂਰ ਖਰੀ ਉੱਤਰੇਗੀ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
-
ਪੰਜਾਬ
(ਆਦਿ ਕਾਲ ਤੋਂ 1966 ਈ. ਤੱਕ)
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 499 ਰੁਪਏ, ਸਫ਼ੇ : 408
ਸੰਪਰਕ : 78379-11000
ਸ. ਜਗਤਾਰ ਸਿੰਘ ਪੜ੍ਹਾਈ-ਲਿਖਾਈ ਅਤੇ ਕਿੱਤੇ ਵਜੋਂ ਇਕ ਪਰਿਪੱਕ ਇਤਿਹਾਸਕਾਰ ਹੈ, ਪੰਜਾਬ ਦੇ ਸਿੱਖ ਇਤਿਹਾਸ ਬਾਰੇ ਉਸ ਨੇ ਅੱਠ-ਦਸ ਪੁਸਤਕਾਂ ਦੀ ਰਚਨਾ ਕੀਤੀ ਹੈ। ਉਸ ਦਾ ਬਹੁਤਾ ਕੰਮ ਸਿੱਖ ਇਤਿਹਾਸਕਾਰ ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨਾ ਦੀਆਂ ਰਚਨਾਵਾਂ ਦੀ ਸੰਪਾਦਨਾ ਦੇ ਖੇਤਰ ਨਾਲ ਸੰਬੰਧਿਤ ਹੈ, ਇਹ ਕੰਮ ਚਿਰੋਕਣਾ ਕਰਨ ਵਾਲਾ ਸੀ। ਭੰਗੂ ਸਾਹਿਬ ਦੀ ਮਿਹਨਤ ਅਤੇ ਸਿਰੜ ਦੇ ਅਸ਼ਕੇ। ਹਥਲੇ ਗ੍ਰੰਥ ਵਿਚ ਉਸ ਨੇ ਪੰਜਾਬ ਦੇ ਪ੍ਰਾਚੀਨ ਕਾਲ ਤੋਂ 1966 ਈ. ਦੇ ਇਤਿਹਾਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਤਿਹਾਸ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਉਸ ਨੇ ਸਾਹਿਤਕ ਅਤੇ ਲੋਕਯਾਨਿਕ ਸਰੋਤਾਂ ਦਾ ਪ੍ਰਯੋਗ ਕਰ ਕੇ ਇਕ ਨਵੀਂ ਪਰੰਪਰਾ ਚਲਾਈ ਹੈ। ਇਸ ਵਿਧੀ ਨਾਲ ਮੌਖਿਕ ਇਤਿਹਾਸ ਵੀ ਮੁੱਖ ਧਾਰਾ ਵਿਚ ਸੰਮਿਲਤ ਹੋ ਗਿਆ ਹੈ। ਪੁਸਤਕ ਵਿਚਲੀ ਸਮੱਗਰੀ ਨੂੰ 22 ਭਾਗਾਂ (ਚੈਪਟਰਾਂ) ਵਿਚ ਵੰਡਿਆ ਗਿਆ ਹੈ। ਕੁਝ ਮੁੱਖ ਅਧਿਆਇ ਹਨ : ਦੋ-ਆਬਿਆਂ ਦੀ ਧਰਤੀ, ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ, ਪੰਜਾਬ ਦਾ ਧਰਾਤਲ, ਭੂਮੀ ਤੇ ਮੌਸਮ, ਆਰੀਆਂ ਦੀ ਆਮਦ, ਸਿਕੰਦਰ ਦਾ ਹਮਲਾ, ਪੰਜਾਬ ਉਪਰ ਹੋਰ ਬਾਹਰੀ ਹਮਲੇ, ਸਿੱਖ ਧਰਮ ਦਾ ਜਨਮ ਤੇ ਵਿਕਾਸ, ਖ਼ਾਲਸੇ ਦੀ ਸਿਰਜਣਾ, ਬਾਬਾ ਬੰਦਾ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਦੀ ਹਕੂਮਤ, ਸੁਧਾਰਕ ਲਹਿਰਾਂ, ਜਲ੍ਹਿਆਂਵਾਲਾ ਕਾਂਡ, ਪੰਜਾਬ ਦੀ ਵੰਡ, ਪੰਜਾਬ ਤੇ ਹਰਿਆਣਾ ਦੀ ਕਾਣੀ ਵੰਡ : 1966 ਇਤਿਆਦਿ। ਪੁਸਤਕ ਦੇ ਪਹਿਲੇ ਆਧਿਆਇ ਵਿਚ ਲੇਖਕ ਸਪੱਸ਼ਟ ਕਰ ਦਿੰਦਾ ਹੈ ਕਿ ਜਦੋਂ ਅਸੀਂ 'ਪੰਜਾਬ' ਸ਼ਬਦ ਬੋਲਦੇ ਹਾਂ ਤਾਂ ਸਾਡਾ ਭਾਵ ਲਗਭਗ 13 ਕਰੋੜ ਦੀ ਆਬਾਦੀ ਵਾਲੇ ਉਨ੍ਹਾਂ ਦੇਸ਼ਾਂ ਤੋਂ ਹੁੰਦਾ ਹੈ। ਜਿਨ੍ਹਾਂ ਵਿਚ ਪੰਜਾਬੀ ਬੋਲੀ ਜਾਂਦੀ ਹੈ। ਲੇਖਕ ਅਨੁਸਾਰ ਪੰਜਾਬ ਨੇ ਜਿੰਨਾ ਇਤਿਹਾਸ ਸਿਰਜਿਆ ਹੈ, ਉਸ ਦੇ ਮੁਕਾਬਲੇ, ਲਿਖਤ ਵਿਚ ਬਹੁਤ ਘੱਟ ਮਿਲਦਾ ਹੈ। ਲੇਖਕ ਨੇ ਕੋਸ਼ਿਸ਼ ਕੀਤੀ ਹੈ ਕਿ ਕੁਝ ਖੱਪੇ ਪੂਰੇ ਜਾਣ। ਕਿਉਂਕਿ ਪੰਜਾਬ ਦੇ ਲਗਭਗ ਚਾਰ-ਪੰਜ ਹਜ਼ਾਰ ਵਰ੍ਹਿਆਂ ਵਿਚ ਫੈਲੇ ਹੋਏ ਮਾਣਮੱਤੇ ਇਤਿਹਾਸ ਨੂੰ ਚਾਰ-ਪੰਜ ਸੌ ਪੰਨਿਆਂ ਵਿਚ ਸਮੇਟਣਾ ਇਕ ਅਸੰਭਵ ਕਾਰਜ ਸੀ। ਇਸ ਕਾਰਨ ਕਈ ਬਿਰਤਾਂਤ (ਜਿਵੇਂ ਸੁਧਾਰਵਾਦੀ ਲਹਿਰਾਂ, ਜਲ੍ਹਿਆਂਵਾਲਾ ਕਾਂਡ, ਪੰਜਾਬ ਦੀ ਦੁਖਮਈ ਵੰਡ, ਪੰਜਾਬ ਹਰਿਆਣਾ ਦੀ ਕਾਣੀ ਵੰਡ) ਅਧੂਰੇ ਰਹਿ ਗਏ ਹਨ। ਲੇਖਕ ਨੂੰ ਇਨ੍ਹਾਂ ਦਾ ਪੁਨਰ ਲੇਖਣ ਕਰਨ ਦੀ ਲੋੜ ਹੈ ਤਾਂ ਵੀ ਇਸ ਗ੍ਰੰਥ ਵਿਚ ਪੰਜਾਬ ਬਾਰੇ ਕਾਫੀ ਸਮੱਗਰੀ ਅੰਕਿਤ ਹੋਈ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਐਥੇ-ਓਥੇ
ਲੇਖਕ : ਨਵਤੇਜ ਸ਼ਰਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 159
ਸੰਪਰਕ : 95018-00880
ਵਿਚਾਰਅਧੀਨ ਸਫ਼ਰਨਾਮਾ ਦਾ ਨਾਮਕਰਨ 'ਐਥੇ-ਓਥੇ' ਲੇਖਕ ਦੀ ਜੀਵਨ-ਸਾਥਣ ਰਾਧਿਆ ਨੇ ਕੀਤਾ ਹੈ। ਪ੍ਰਸਿੱਧ ਸਾਹਿਤਕਾਰ, ਕਲਮ ਦੇ ਧਨੀ ਗੁਰਬਚਨ ਸਿੰਘ ਭੁੱਲਰ ਨੇ ਯਾਤਰਾਨਾਮਾ ਵਿਧਾ ਦਾ ਮਹੱਤਵ ਅਤੇ ਇਤਿਹਾਸ ਉਲੀਕਦਿਆਂ ਨਵਤੇਜ ਸ਼ਰਮਾ ਦੀ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਹੈ। ਲੇਖਕ ਅਧਿਆਪਨ ਨਾਲ ਸੰਬੰਧਿਤ ਹੋਣ ਦੇ ਨਾਤੇ ਆਪਣੀਆਂ ਯਾਤਰਾਵਾਂ ਦਾ ਆਯੋਜਨ ਗਰਮੀ ਦੀਆਂ ਛੁੱਟੀਆਂ (ਜੂਨ) ਜਾਂ ਸਰਦੀਆਂ ਦੀਆਂ ਛੁੱਟੀਆਂ (ਦਸੰਬਰ) ਵਿਚ ਕਰਦਾ ਹੈ। ਮਿੱਤਰਾਂ-ਦੋਸਤਾਂ/ਪਰਿਵਾਰ ਨਾਲ ਵੀ ਕਿਸੇ ਸਥਾਨ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਕੇ ਆਪਣੇ ਸ਼ਹਿਰ ਖੰਨੇ ਤੋਂ ਚਾਲੇ ਪਾਉਂਦਾ ਹੈ। ਇਸ ਯਾਤਰਾਨਾਮੇ ਦੇ ਦਸ ਕਾਂਡਾਂ (ਕੁਦਰਤ ਦੇ ਨੇੜੇ, ਭੀੜ ਤੋਂ ਦੂਰ, ਬਰਫ਼ਾਨੀ ਸਿਖਰਾਂ 'ਤੇ, ਪਟਨਾ, ਬੋਧਗਾਯਾ-ਨਾਲੰਦਾ, ਡਲਹੌਜ਼ੀ, ਚੰਬਾ, ਕੁਦਰਤੀ ਖ਼ੂਬਸੂਰਤੀ ਦਾ ਮੁਜੱਸਮਾ (ਬੰਜਾਰ ਘਾਟੀ), ਪੂਰਬੀ ਰਾਜਸਥਾਨ ਦੀ ਯਾਤਰਾ, ਪੱਛਮੀ ਰਾਜਸਥਾਨ ਦੀ ਯਾਤਰਾ, ਦਵਾਰਕਾ-ਸੋਮਨਾਥ-ਦੀਵ, ਲੂਣ ਅਤੇ ਰੇਤ ਦੀ ਧਰਤੀ, ਜਾ ਕੋ ਰਾਖੇ ਸਾਈਆਂ ਆਦਿ। ਵਿਚ ਆਪਣੀਆਂ ਅੱਖੀਂ ਦੇਖੀਆਂ, ਹੱਡੀਂ ਹੰਢਾਈਆਂ ਖ਼ੂਬ ਮਾਣੀਆਂ ਘਟਨਾਵਾਂ ਦੀ ਲੇਖਕ ਬੜੀ ਰੌਚਿਕਸ਼ੈਲੀ ਵਿਚ ਬਿਰਤਾਂਤ ਸਿਰਜਦਾ ਤੁਰਿਆ ਜਾਂਦਾ ਪਾਠਕਾਂ ਨੂੰ ਨਾਲ ਲਈ ਜਾਂਦਾ ਨੋਟ ਕੀਤਾ ਜਾ ਸਕਦਾ ਹੈ। ਇਨ੍ਹਾਂ ਯਾਤਰਾਵਾਂ ਦੇ ਸੰਗ੍ਰਹਿ ਦਾ ਅਧਿਐਨ ਕਰਦਿਆਂ ਬਹੁਤ ਸਾਰੀਆਂ ਮਹੱਤਵ ਵਾਲੀਆਂ ਗੱਲਾਂ ਸਹਿਜੇ ਹੀ ਪਾਠਕ ਦੇ ਮਾਨਸਿਕ ਮੰਚ 'ਤੇ ਆ ਜਾਂਦੀਆਂ ਹਨ।
ਭਾਵ ਯਾਤਰਾਵਾਂ ਕਾਰ, ਰੇਲ ਗੱਡੀ, ਟੈਕਸੀ, ਪੈਦਲ, ਖੱਚਰਾਂ, ਪਾਲਕੀਆਂ, ਆਟੋ, ਊਠਾਂ ਆਦਿ ਰਾਹੀਂ ਮਾਣੀਆਂ ਜਾਂਦੀਆਂ ਹਨ। ਵਿਭਿੰਨ ਮਾਰਗਾਂ 'ਤੇ ਚਲਦਿਆਂ ਹੋਰਨਾਂ ਆਕਰਸ਼ਕ ਥਾਵਾਂ/ਸੰਸਥਾਵਾਂ ਤੋਂ ਬਿਨਾਂ ਜ਼ਿਆਦਾਤਰ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ, ਚਰਚਾਂ, ਬੋਧੀਆਂ, ਜੈਨੀਆਂ ਦੇ ਮੰਦਰ, ਸ਼ਰਧਾ ਪੂਰਵਕ ਨਤਮਸਤਕ ਹੁੰਦਿਆਂ ਰੂਹਾਨੀਅਤ ਦਾ ਆਨੰਦ ਲੈਂਦਿਆਂ ਲੇਖਕ ਅਤੇ ਹਮਸਫ਼ਰਾਂ ਨੂੰ ਸ਼ਾਂਤ ਮਨ ਹੁੰਦਿਆਂ ਵੇਖਿਆ ਜਾ ਸਕਦਾ ਹੈ। ਲੇਖਕ ਦਾ ਅਸਤਿਤਵ ਧਾਰਮਿਕ ਬਿਰਤੀ ਵਾਲਾ ਹੈ। ਉਸ ਦੇ ਲਈ ਸਰਬ, ਧਾਰਮਿਕ ਸਾਂਝਾ ਪਿਆਰੀਆਂ ਹਨ। ਉਹ ਇਤਿਹਾਸਕ, ਮਿਥਿਹਾਸਕ, ਦੰਤ-ਕਥਾਵਾਂ ਦੇ ਹਵਾਲੇ ਵੀ ਦਿੰਦਾ ਹੈ। ਭੂਗੋਲ ਦਾ ਵਿਦਿਆਰਥੀ ਹੋਣ ਕਰਕੇ ਜਾਣਕਾਰੀ ਦਿੰਦਾ ਹੈ-ਕਿਹੜਾ ਸਥਾਨ ਸਮੁੰਦਰੀ ਤਲ ਤੋਂ ਕਿੰਨੀ ਉਚਾਈ 'ਤੇ ਸਥਿਤ ਹੈ। ਕਿਹੜਾ ਧਾਰਮਿਕ ਸਥਾਨ, ਕਿਹੜਾ ਸ਼ਹਿਰ, ਕਿਲ੍ਹਾ ਕਿਸ ਨੇ, ਕਦੋਂ, ਕਿਸ ਦੀ ਯਾਦ ਵਿਚ ਉਸਾਰਿਆ? ਕਿਥੇ ਸਵੇਰ, ਕਿਥੇ ਦੁਪਹਿਰ, ਕਿਥੇ ਸ਼ਾਮ, ਕਿੱਥੇ ਰਾਤ ਪਈ? ਕਿਤੇ ਸਾਮਾਨ ਰੱਖ ਕੇ ਟਿਕਾਣਾ ਕੀਤਾ। ਡੁੱਬਦੇ ਸੂਰਜ ਦਾ ਨਜ਼ਾਰਾ ਲਗਭਗ ਹਰ ਯਾਤਰਾ ਵਿਚ ਮਾਣਿਆ ਹੈ। ਵਰਡਜ਼ਵਰਥ ਅਤੇ ਕੀਟਸ ਕਵੀਆਂ ਵਾਂਗੂੰ ਪ੍ਰਾਕ੍ਰਿਤਕ ਆਨੰਦ ਦਾ ਲੁਤਫ਼ ਲਿਆ ਹੈ। ਰਚਨਾਵਾਂ/ਯਾਤਰਾਵਾਂ ਵਿਚ ਹਾਸ-ਵਿਅੰਗ ਦੀਆਂ ਪ੍ਰਸਥਿਤੀਆਂ ਵੀ ਹਨ। ਨਵੀਨ ਜਾਣਕਾਰੀ ਵੀ ਹੈ। ਖ਼ਤਰਨਾਕ ਮੋੜ ਵੀ ਹਨ। ਕਿਧਰੇ ਗਾਈਡ ਮਾਰਗ ਦਰਸ਼ਨ ਕਰਦੇ ਨੇ, ਕਿਥੇ ਖੱਬੇ ਮੁੜੇ, ਕਿਥੋਂ ਸੱਜੇ ਮੁੜੇ? ਕਿਥੇ ਕਿਹੜਾ ਖਾਣਾ ਖਾਧਾ? ਲੇਖਕ ਨੇ ਸਾਰਾ ਬਿਰਤਾਂਤ ਉੱਤਮ ਪੁਰਖੀ ਸ਼ੈਲੀ ਵਿਚ ਸਿਰਜਿਆ ਹੈ। ਦਸੰਬਰ, 2004 ਵਿਚ ਸੁਭਾਗ ਨਾਲ ਹੀ ਚੇਨਈ (ਮਦਰਾਸ) ਦੀ ਯਾਤਰਾ ਰੱਦ ਹੋ ਗਈ, ਜਿਸ ਨਾਲ ਬੰਗਾਲ ਦੀ ਖਾੜੀ ਵਿਚ ਆਈ ਭਿਆਨਕ ਸੁਨਾਮੀ ਤੋਂ ਬਚਾਅ ਹੋ ਗਿਆ। ਸੱਚ ਹੈ 'ਜਾ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋਇ।' ਇਕ ਯਾਤਰਾ ਸਮੇਂ ਚਿੱਟੇ ਚੂਹੇ ਦੇ ਦਰਸ਼ਨ ਕਰਨ ਨਾਲ ਕਰਾਮਾਤ ਵਾਪਰ ਗਈ। ਸਾਥੀ ਲੈਕਚਰਾਰ ਪਰੋਮੋਟ ਹੋ ਗਿਆ। ਲੇਖਕ ਪ੍ਰਿੰਸੀਪਲ ਬਣ ਗਿਆ। ਪੰਨਾ : 103.
ਇਹ ਯਾਤਰਾਨਾਮਾ ਭਾਰਤ ਦੀਆਂ ਹੱਦਾਂ ਤੱਕ ਸੀਮਤ ਹੈ। ਵਿਦੇਸ਼ ਯਾਤਰਾ ਵੱਲ ਨਹੀਂ ਜਾਂਦਾ। ਘਟਨਾਵਾਂ ਏਨੀਆਂ ਯਥਾਰਥਕ ਹਨ ਜਿਵੇਂ ਲੇਖਕ ਨੇ ਡਾਇਰੀ ਦਾ ਪ੍ਰਯੋਗ ਕੀਤਾ ਹੋਵੇ। ਇਸ ਯਾਤਰਾਨਾਮਾ ਵਿਧਾ ਵਿਚ ਸਵੈਜੀਵਨੀ ਅੰਸ਼ ਵੀ ਸ਼ਾਮਿਲ ਹੈ। ਮਿੱਤਰਾਂ ਦੇ ਨਾਵਾਂ ਤੋਂ ਬਿਨਾਂ ਬੇਟੀ ਵਿਪਾਸ਼ਾ, ਬੇਦਾ ਹੇਮੰਤ, ਮਾਪਿਆਂ ਆਦਿ ਦੇ ਸੰਕੇਤ ਵੀ ਹਨ। ਇਸ ਸਫ਼ਰਨਾਮੇ ਦੀ ਭਾਸ਼ਾ ਨਾਲ ਅਤੇ ਰਵਾਨਗੀ ਭਰਪੂਰ ਹੈ। ਕੁੱਲ ਮਿਲਾ ਕੇ ਇਹ ਯਾਤਰਾਨਾਮਾ ਰੂਹ ਨੂੰ ਸਕੂਨ ਦੇਣ ਵਾਲਾ ਅਤੇ ਗਿਆਨ ਵਰਧਕ ਦਸਤਾਵੇਜ਼ ਹੋ ਨਿਬੜਿਆ ਹੈ। ਲੇਖਕ ਨੇ 16 ਪੰਨਿਆਂ ਵਿਚ ਤਸਵੀਰਾਂ ਦੇ ਕੇ ਆਪਣੀਆਂ ਯਾਤਰਾਵਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਰੰਗੀਨ ਗੰਡੀਰਾ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52223
ਬਹਾਦਰ ਸਿੰਘ ਗੋਸਲ (ਪ੍ਰਿੰ.) ਪੰਜਾਬੀ ਬਾਲ ਸਾਹਿਤ ਦੇ ਪ੍ਰਤਿਨਿਧ ਲਿਖਾਰੀਆਂ ਵਿਚੋਂ ਇਕ ਹੈ, ਜਿਸ ਨੇ ਭਿੰਨ ਭਿੰਨ-ਵੰਨਗੀਆਂ ਵਿਚ ਬਾਲ-ਉਪਯੋਗੀ ਕ੍ਰਿਤਾਂ ਬਾਲ ਹੱਥਾਂ ਤੱਕ ਪਹੁੰਚਾਈਆਂ ਹਨ। ਹੁਣੇ-ਹੁਣੇ ਉਸ ਦਾ ਬਾਲ ਕਹਾਣੀ ਸੰਗ੍ਰਹਿ 'ਰੰਗੀਨ ਗੰਡੀਰਾ' ਛਪ ਕੇ ਸਾਹਮਣੇ ਆਇਆ ਹੈ, ਜਿਸ ਵਿਚ ਢੁਕਵੇਂ ਚਿੱਤਰਾਂ ਨਾਲ ਸੁਸੱਜਿਤ ਕੁੱਲ 8 ਕਹਾਣੀਆਂ ਅੰਕਿਤ ਹਨ। ਇਸ ਪੁਸਤਕ ਦੀ ਪਹਿਲੀ ਕਹਾਣੀ 'ਅੱਗ ਤਾਂ ਹੈ' ਅੰਧਵਿਸ਼ਵਾਸੀ ਕਦਰਾਂ ਕੀਮਤਾਂ ਅਤੇ ਪਖੰਡੀ ਮਾਨਸਿਕਤਾ ਵਾਲੇ ਸ਼ਾਤਰ ਵਿਅਕਤੀਆਂ ਦੀ ਅਮਾਨਵੀ ਸੋਚ ਦਾ ਤਿਆਗ ਕਰਕੇ ਕਿਰਤ, ਨਿਮਰਤਾ ਅਤੇ ਇਕ-ਦੂਜੇ ਨਾਲ ਸਨੇਹ ਕਰਨ ਵਰਗੇ ਮਾਨਵੀ ਗੁਣ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ। 'ਘਰ ਦੀ ਵੰਡ' ਕਹਾਣੀ ਦਾ ਬੁਨਿਆਦੀ ਆਸ਼ਾ ਇਹ ਸੰਕੇਤ ਕਰਦਾ ਹੈ ਕਿ ਜੀਵਨ ਵਿਚ ਬੁਲੰਦੀ ਅਤੇ ਜੱਸ ਖੱਟਣ ਲਈ ਵਿਹਲੜਪੁਣੇ, ਆਲਸ ਅਤੇ ਕੰਮ ਚੋਰੀ ਤੋਂ ਪੱਲਾ ਛੁਡਾਉਣਾ ਹੀ ਕਿਸੇ ਵਿਅਕਤੀ ਦੇ ਹਿਤ ਵਿਚ ਹੈ। 'ਰੰਗੀਨ ਗੰਡੀਰਾ' ਕਹਾਣੀ ਬੱਚਿਆਂ ਦੀਆਂ ਖੇਡ-ਖਿਡੌਣਿਆਂ ਕਾਰਨ ਪਰਸਪਰ ਲੜਾਈ-ਝਗੜਾ ਕਰਨਾ ਉਚਿਤ ਨਹੀਂ ਹੁੰਦਾ, ਸਗੋਂ ਜਿਨ੍ਹਾਂ ਬੱਚਿਆਂ ਕੋਲ ਖੇਡ 'ਚ ਖਿਡੌਣੇ ਨਹੀਂ ਹੁੰਦੇ, ਦੂਜੇ ਬੱਚਿਆਂ ਨੂੰ ਉਨ੍ਹਾਂ ਨੂੰ ਆਪਣੇ ਖਿਡੌਣੇ ਮਨਪ੍ਰਚਾਵਾ ਕਰਨ ਲਈ ਦੇ ਦੇਣੇ ਚਾਹੀਦੇ ਹਨ। ਅਜਿਹੇ ਮਿਲਵਰਤਣ, ਸਾਂਝ ਅਤੇ ਪਿਆਰ ਦਾ ਰਿਸ਼ਤਾ ਮਾਹੌਲ ਨੂੰ ਹੋਰ ਰੌਚਿਕ ਬਣਾਉਂਦਾ ਹੈ। 'ਗ਼ੁਲਾਬ ਦੇ ਫੁੱਲ ਦੀ ਸਿੱਖਿਆ' ਕਹਾਣੀ ਦੇ ਮਾਧਿਅਮ ਦੁਆਰਾ ਫੁੱਲ, ਪਾਣੀ, ਟਾਹਣੀ, ਬੱਦਲ ਅਤੇ ਸੂਰਜ ਆਦਿ ਪ੍ਰਕਿਰਤਕ-ਕਿਰਦਾਰਾਂ ਰਾਹੀਂ ਇਸ ਸੁਨੇਹੇ ਦਾ ਸੰਚਾਰ ਹੁੰਦਾ ਹੈ ਕਿ ਸਮੁੱਚੀ ਪ੍ਰਕਿਰਤੀ ਅਨੁਸ਼ਾਸਨ ਦੇ ਅਸੂਲਾਂ ਵਿਚ ਬੱਝੀ ਹੋਈ ਹੈ। ਅਨੁਸ਼ਾਸਨ-ਰਹਿਤ ਵਰਤਾਰੇ ਨਾਲ ਸੰਤੁਲਨ ਵਿਚ ਵਿਗਾੜ ਆ ਜਾਣ ਕਾਰਨ ਨੁਕਸਾਨ ਸਹਿਣਾ ਪੈਂਦਾ ਹੈ। 'ਸੋਨੇ ਦੇ ਮੁੱਠੇ ਵਾਲੀ ਕੈਂਚੀ' ਦਾ ਬਿਰਤਾਂਤ ਪ੍ਰਤੀਕਾਤਮਿਕ ਅਰਥਾਂ ਵਿਚ ਕੈਂਚੀ ਦੀ ਥਾਂ ਸੂਈ ਨੂੰ ਵਧੇਰੇ ਮਹੱਤਵ ਦਿੰਦਾ ਹੈ, ਜੋ ਕੱਟਣ ਵੱਢਣ ਦੀ ਥਾਂ ਜੋੜਨ ਦੀ ਭੂਮਿਕਾ ਨਿਭਾਉਂਦੀ ਹੈ। 'ਰੱਬ ਨਾਲ ਮਿਲਾਪ' ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਵਧੇਰੇ ਚੁਸਤ ਚਲਾਕ ਸਮਝਣ ਵਾਲੇ ਵਿਅਕਤੀ ਕਈ ਵਾਰੀ ਖ਼ੁਦ ਧੋਖਾ ਖਾ ਜਾਂਦੇ ਹਨ। 'ਮੋਬਾਈਲ ਵਾਲੀ ਮਾਈ' ਅਤੇ 'ਕਰੋੜਪਤੀ ਤਾਈ' ਕਹਾਣੀਆਂ ਵੱਖ-ਵੱਖ ਘਟਨਾਵਾਂ ਦੀ ਸਿਰਜਣਾ ਰਾਹੀਂ ਬੱਚਿਆਂ ਵਿਚ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਜਗਾਉਂਦੀਆਂ ਹਨ ਅਤੇ ਠੋਸ ਜੀਵਨ ਮੁੱਲ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਸੰਵਾਦ ਦਿਲਚਸਪ ਹਨ। ਕੁੱਲ ਮਿਲਾ ਕੇ ਇਹ ਪੁਸਤਕ ਬੱਚਿਆਂ ਲਈ ਦਿਲਚਸਪ ਹੈ ਅਤੇ ਉਨ੍ਹਾਂ ਦੇ ਮਨਾਂ ਅੰਦਰ ਮਾਤ ਭਾਸ਼ਾ ਪ੍ਰਤੀ ਸਨੇਹ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਤਿਤਲੀਆਂ ਮਾਯੂਸ ਹਨ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 127
ਸੰਪਰਕ : 98147-32198
ਪੁਸਤਕ ਵਿਚ ਛੋਟੇ ਆਕਾਰ ਦੀਆਂ 39 ਰਚਨਾਵਾਂ ਹਨ, ਜਿਨ੍ਹਾਂ ਨੂੰ ਲੇਖਕ ਨੇ ਕਹਾਣੀਆਂ ਕਿਹਾ ਹੈ। ਰਚਨਾਵਾਂ ਵਿਚ ਕਥਾ ਰਸ ਹੈ, ਜਿਸ ਕਰਕੇ ਕਥਾਵਾਂ ਹਨ। ਪਰ ਅਕਾਰ ਵਲੋਂ ਇਹ ਮਿੰਨੀ ਕਹਾਣੀਆਂ ਹਨ। ਲੇਖਕ ਨੇ ਆਪਣੇ ਵਲੋਂ ਜੋ ਲਿਖਿਆ ਹੈ ਉਸ ਅਨੁਸਾਰ ਇਹ ਰਚਨਾਵਾਂ ਅਖਬਾਰਾਂ ਵਿਚ ਛਪੀਆਂ ਹਨ। ਨਾਲ ਹੀ ਉਸ ਨੂੰ ਖੁਸ਼ੀ ਹੈ ਕਿ ਪੇਂਡੂ ਪਾਠਕਾਂ ਨੇ ਉਸ ਨੂੰ ਉਤਸ਼ਾਹਤ ਕੀਤਾ ਹੈ। ਪਰ ਸ਼ਹਿਰੀ ਪਾਠਕਾਂ 'ਤੇ ਉਸ ਨੂੰ ਗਿਲ੍ਹਾ ਹੈ। ਪਰ ਨਾਲ ਹੀ ਨਾਮਵਰ ਸ਼ਹਿਰੀ ਸਾਹਿਤਕਾਰ ਉਸ ਦੇ ਪ੍ਰਸੰਸਕ ਹਨ। ਕਾਮਰੇਡ ਗੁਰਨਾਮ ਸਿੰਘ ਨੇ ਮੁੱਖ ਬੰਧ ਵਿਚ ਲਿਖਿਆ ਹੈ ਕਿ; ਲੇਖਕ ਨੇ 150 ਦੇ ਕਰੀਬ ਲਘੂ ਰਚਨਾਵਾਂ ਲਿਖੀਆਂ ਹਨ। ਕਰਮਜੀਤ ਸਿੰਘ ਔਜਲਾ ਨੇ ਲੇਖਕ ਦੀਆਂ 6 ਲਘੂ ਪੁਸਤਕਾਂ ਦੀ ਚਰਚਾ ਕੀਤੀ ਹੈ। ਉਂਜ ਲੇਖਕ ਦੀ ਇਹ 13ਵੀਂ ਕਿਤਾਬ ਹੈ। ਲੇਖਕ ਬਹੁਪੱਖੀ ਕਲਮਕਾਰ ਹੈ। ਲੇਖਕ ਦੀਆ ਲਘੂ ਕਥਾਵਾਂ ਦੀਆ ਬਾਕੀ ਕਿਤਾਬਾਂ ਵਿਚ ਵੀ 'ਤਿੱਤਲੀਆ' ਮੁੱਖ ਸ਼ਬਦ ਹੈ। ਇਸ ਪੁਸਤਕ ਦੀ ਰਚਨਾ ਮਾਯੂਸ ਤਿੱਤਲੀਆਂ (ਪੰਨਾ 32) ਵਿਚ ਤਿੰਨ ਭੈਣਾਂ ਹਨ। ਇਕੋ ਸਕੂਲ ਵਿਚ ਪੜ੍ਹ ਰਹੀਆਂ ਹਨ। ਵੱਡੀ ਨੂੰ ਗਾਉਣ ਦਾ ਸ਼ੌਕ ਹੈ। ਉਸ ਦੀ ਆਵਾਜ਼ ਮਿੱਠੀ ਹੈ। ਨਾਮਵਰ ਸੰਗੀਤ ਕੰਪਨੀ ਉਸ ਨੂੰ ਗਾਇਕੀ ਲਈ ਦੇਸ਼-ਵਿਦੇਸ਼ ਤੱਕ ਲਿਜਾਂਦੀ ਹੈ। ਕਰੋੜਾਂ ਰੁਪਏ ਉਹ ਕਮਾਉਂਦੀ ਹੈ। ਮਾਪੇ ਸਮੇਂ ਨਾਲ ਮਰ ਜਾਂਦੇ ਹਨ। ਮਾਪਿਆਂ ਦੀ ਮੌਤ ਤੋਂ ਉਹ ਮਾਯੂਸ ਹਨ। ਅਸਲ ਵਿਚ ਮਾਯੂਸੀ ਉਸ ਦੇ ਗੀਤਾਂ ਵਿਚ ਰਚ ਜਾਂਦੀ ਹੈ। ਲੋਕ ਉਨ੍ਹਾਂ ਨੂੰ ਮਾਯੂਸ ਤਿੱਤਲੀਆਂ ਕਹਿਣ ਲੱਗ ਪੈਂਦੇ ਹਨ। ਪੁਸਤਕ ਦੀਆ ਰਚਨਾਵਾਂ ਵਿਚ ਸੋਹਣੀਆਂ ਕੁੜੀਆਂ, ਔਰਤਾਂ, ਵਿਆਹੇ ਜੋੜੇ, ਬੇਔਲਾਦ ਜੋੜੇ, ਬੱਚੇ ਗੋਦ ਲੈ ਕੇ ਜਿਉਂਦੀਆਂ ਔਰਤਾਂ, ਬੱਸਾਂ ਦੇ ਸਫਰ ਵਿਚ ਰੁਮਾਂਸ ਕਰਦੇ ਨੌਜਵਾਨ ਜੋੜੇ, ਰੱਖੜੀ ਬੰਨ੍ਹ ਕੇ ਭਰਾ ਬਣਾ ਰਹੀ ਵਿਆਹੀ ਕੁੜੀ, ਸਹੁਰਿਆਂ ਤੋਂ ਪਤੀ ਨਾਲ ਲੜ ਕੇ ਪੇਕਿਆਂ ਦੇ ਆਈ ਕੁੜੀ, ਕੁੜੀ ਦੀ ਭੂਆ ਭਤੀਜੀ ਨੂੰ ਮਨਾ ਕੇ ਸਹੁਰੇ ਛਡਦੀ, ਵਿਦੇਸ਼ਾਂ ਵਿਚ ਉਡਾਰੀ ਮਾਰਦੇ ਨੌਜਵਾਨ ਤੇ ਔਰਤਾਂ ਦੀਆਂ ਕਈ ਸਰੀਰਕ ਮਾਨਸਿਕ ਉਲਝਣਾਂ ਜਿਹੇ ਵਿਸ਼ੇ ਹਨ। ਰਚਨਾਵਾਂ ਦੇ ਸਿਰਲੇਖ ਸਾਧਾਰਨ ਹਨ। ਰਚਨਾਵਾਂ ਦੀ ਉਸਾਰੀ ਲਈ ਪਾਤਰੀ ਸੰਵਾਦ, ਸਸਪੈਂਸ, ਬਿਰਤਾਂਤਕ ਜੁਗਤਾਂ ਵਰਤੀਆਂ ਹਨ। ਰਚਨਾਵਾਂ ਵਿਚ ਰੁਮਾਂਟਿਕ ਸੁਰ ਆਮ ਹੈ। ਸੰਗ੍ਰਹਿ ਵਿਚ ਗੁਲਾਬੀ ਤਿੱਤਲੀਆਂ, ਸੱਚੀ ਮੁਹੱਬਤ, ਭਾਗਾਂ ਵਾਲੀ ਤਾਂਤੀਆ, ਪਿਆਰ ਦੀ ਤਾਜ਼ਗੀ, ਸੋਚ ਦੀ ਦਿਸ਼ਾ, ਵਕਤ ਦਾ ਮਿਜਾਜ਼, ਪਿਆਰ ਵਟਾਂਦਰਾ ਰਚਨਾਵਾਂ ਆਮ ਪਾਠਕ ਲਈ ਦਿਲਚਸਪ ਹਨ। ਰੁਮਾਂਸ ਦੇ ਨਾਲ ਲੇਖਕ ਕੁਝ ਆਰਥਿਕ ਮਸਲਿਆਂ ਵੱਲ ਵੀ ਧਿਆਨ ਦੇਵੇ ਤੇ ਕਹਾਣੀ ਦਾ ਕਲਾ ਪੱਖ ਹੋਰ ਮਜ਼ਬੂਤ ਬਣਾਵੇ। ਪੁਸਤਕ ਦਾ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160
ਰਾਗ ਧਿਆਨ ਪਰੰਪਰਾ
(ਇਕ ਵਿਸ਼ਲੇਸ਼ਨਾਤਮਿਕ ਅਧਿਐਨ)
ਲੇਖਕ : ਡਾ. ਮਨੋਨੀਤ ਖੇੜਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 94638-36591
ਇਸ ਪੁਸਤਕ ਦੀ ਲੇਖਿਕਾ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ (ਪੰਜਾਬ) 'ਚ ਸੰਗੀਤ ਵਿਭਾਗ ਵਿਚ ਕਾਰਜਸ਼ੀਲ ਹੈ। ਲੇਖਿਕਾ ਨੇ ਇਸ ਛੋਟੀ ਤੇ ਬਹੁਪਰਤੀ ਪੁਸਤਕ ਵਿਚ ਰਾਗ ਧਿਆਨ ਪਰੰਪਰਾ ਉੱਪਰ ਇਕ ਵਿਸ਼ਲੇਸ਼ਨਾਤਮਿਕ ਅਧਿਐਨ ਦੇ ਅੰਤਰਗਤ ਕਲਾ ਦੀ ਉਤਪਤੀ ਤੋਂ ਲੈ ਕੇ ਰਾਗ-ਬਿਆਨਾਂ ਦੀ ਰਚਨਾਤਮਿਕਤਾ ਤੱਕ ਹਰ ਇਕ ਪੱਖ ਦਾ ਕ੍ਰਮਵਾਰ ਅਧਿਐਨ ਕੀਤਾ ਹੈ। ਲੇਖਿਕਾ ਮੁਤਾਬਿਕ ਸੰਗੀਤ ਸ਼ਾਸਤਰੀਆਂ ਅਨੁਸਾਰ ਗੁਣ, ਪ੍ਰਕਿਰਤੀ ਅਤੇ ਭਾਵ ਅਨੁਸਾਰ ਭਾਰਤੀ ਸੁਰ-ਸੰਗਤੀਆਂ ਨੂੰ ਰਾਗ ਅਤੇ ਰਾਗਣੀਆਂ ਦੋ ਹਿੱਸਿਆਂ ਵਿਚ ਵੰਡਿਆ ਹੈ। ਰਾਗ ਪੁਰਸ਼ ਦੇ ਗੁਣਾਂ ਦੇ ਧਾਰਕ ਅਤੇ ਰਾਗਣੀਆਂ ਇਸਤਰੀ ਦੀ ਪ੍ਰਕਿਰਤੀ ਦੇ ਗੁਣਾਂ ਦਾ ਧਾਰਕ ਹਨ। ਇਨ੍ਹਾਂ ਵਿਚ 6 ਰਾਗ ਅਤੇ ਉਨ੍ਹਾਂ ਨਾਲ ਪੰਜ-ਪੰਜ ਜਾਂ ਛੇ-ਛੇ ਰਾਗਣੀਆਂ ਦਾ ਵਰਨਣ ਮਿਲਦਾ ਹੈ। ਇਨ੍ਹਾਂ ਹੀ ਰਾਗ-ਰਾਗਣੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਚਿੱਤਰਕਾਰਾਂ ਨੇ ਰਾਗ-ਰਾਗਣੀਆਂ ਦੇ ਵਿਸ਼ੇਸ਼ ਗੁਣਾਂ, ਪ੍ਰਕਿਰਤੀ ਅਤੇ ਭਾਵ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਤਰ੍ਹਾਂ ਦੇ ਚਿੱਤਰ ਬਣਾਏ ਹਨ। ਇਸ ਪੁਸਤਕ ਵਿਚ ਲੇਖਿਕਾ ਨੇ ਸੰਬੰਧਿਤ ਵਿਸ਼ੇ ਅਧੀਨ ਕੀਤੇ ਖੋਜ ਪ੍ਰਬੰਧ ਨੂੰ ਮੁੱਖ ਰੂਪ ਵਿਚ ਤਿੰਨ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਅਧੀਨ ਕਲਾ ਦੇ ਉਦਰਾਮ ਅਤੇ ਵਿਕਾਸ ਉੱਪਰ ਸੰਗੀਤਕ ਕਲਾ ਅਤੇ ਚਿੱਤਰਕਲਾ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਅਧਿਐਨ ਕੀਤਾ ਗਿਆ ਹੈ। ਦੂਸਰੇ ਹਿੱਸੇ ਵਿਚ ਅਧੀਨ ਰਾਗ ਧਿਆਨ ਪਰੰਪਰਾ ਅਤੇ ਮੁੱਖ ਆਧਾਰ ਵਜੋਂ ਰਾਗ-ਰਾਗਣੀ ਪਰੰਪਰਾ, ਨਾਇਕ-ਨਾਇਕਾ ਭੇਦ ਅਤੇ ਰਾਗ ਦੀ ਚਿੱਤਰਾਤਮਿਕ ਅਭਿਵਿਅੰਜਨਾ ਲਈ ਪ੍ਰਯੁਕਤ ਵਿਸ਼ੇਸ਼ ਰਸਾਂ ਅਤੇ ਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਵਿਸ਼ੇ ਦੇ ਕੇਂਦਰੀ ਕਾਰਜ ਵਜੋਂ ਤੀਸਰੇ ਅਧਿਆਇ ਅਧੀਨ ਚਿੱਤਰਕਲਾ ਨਾਲ ਵੱਖ-ਵੱਖ ਸਕੂਲਾਂ ਦਾ ਵਰਨਣ ਕਰਦੇ ਹੋਏ ਮੁੱਖ ਛੇ ਰਾਗਾਂ, ਉਨ੍ਹਾਂ ਦੀਆਂ ਰਾਗਣੀਆਂ ਦੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਚਿੱਤਰ, ਰਾਗ ਧਿਆਨਾਂ ਸੰਬੰਧੀ ਪ੍ਰਾਪਤ ਕਾਵਿ, ਵੱਖਰੇ-ਵੱਖਰੇ ਮੱਧਕਾਲੀਨ ਗ੍ਰੰਥਾਂ ਵਿਚੋਂ ਪ੍ਰਾਪਤ ਸੰਬੰਧਿਤ ਸਮੱਗਰੀ ਅਤੇ ਮਿਲੇ ਤੱਥਾਂ ਉੱਪਰ ਵਿਵੇਚਨਾਤਮਿਕ ਅਤੇ ਆਲੋਚਨਾਤਮਿਕ ਵੇਰਵਾ ਵੀ ਮਿਲਦਾ ਹੈ। ਪੁਸਤਕ ਦੇ ਅੰਤ ਵਿਚ ਉਪ-ਸੰਹਾਰ ਦੇ ਰੂਪ ਵਿਚ ਪ੍ਰਾਪਤ ਸਿੱਟਿਆਂ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਰੰਗਦਾਰ ਤਸਵੀਰਾਂ ਵਿਚ ਰਾਗ-ਦੀਪਕ, ਰਾਗਨੀ ਮਧੂਮਧਿਆਈ, ਰਾਗ ਹਿੰਡੋਲ, ਰਾਗਨੀ ਸੈਨਧਿਆਈ, ਰਾਗ ਮਾਲ ਕੌਲ, ਰਾਗਨੀ ਭੈਰਵੀ, ਰਾਗਨੀ ਬੰਗਾਲੀ, ਰਾਗ ਭੈਰਵ ਦੇ ਚਿੱਤਰ ਸ਼ਾਮਿਲ ਕੀਤੇ ਗਏ ਹਨ। ਅੰਤ ਵਿਚ ਲੇਖਿਕਾ ਨੇ ਇਸ ਅਧਿਐਨ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵਿਚ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਪੰਜਾਬੀ ਤੋਂ ਇਲਾਵਾ ਪੱਤ੍ਰਿਕਾਵਾਂ ਅਤੇ ਵਿਸ਼ੇਸ਼ ਅੰਕ, ਸੋਧ ਪ੍ਰਬੰਧ ਦਾ ਵੇਰਵਾ ਵੀ ਦਿੱਤਾ ਹੈ। ਰਾਗ ਵਿੱਦਿਆ ਨਾਲ ਜੁੜੀਆਂ ਹਸਤੀਆਂ ਤੇ ਵਿਦਵਾਨ ਇਸ ਪੁਸਤਕ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮੈਨੂੰ ਹੱਸਣਾ ਭੁੱਲ ਗਿਆ ਮਾਂ
ਤੇ ਹੋਰ ਕਵਿਤਾਵਾਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98760-62329
ਧਰਮ ਸਿੰਘ ਕੰਮੇਆਣਾ ਪੰਜਾਬੀ ਸਾਹਿਤ ਦਾ ਬਹੁ-ਚਰਚਿਤ ਅਤੇ ਬਹੁ-ਵਿਧਾਈ ਸਾਹਿਤਕਾਰ ਹੈ। ਉਸ ਨੇ ਕਾਵਿ-ਸੰਗ੍ਰਹਿ, ਗੀਤ-ਸੰਗ੍ਰਹਿ, ਕਾਵਿ-ਨਾਟ, ਵਾਰਤਕ, ਸਵੈ-ਜੀਵਨੀ, ਨਾਵਲ, ਬਾਲ-ਸਾਹਿਤ ਸਫ਼ਰਨਾਮਾ, ਮਿੰਨੀ ਕਹਾਣੀਆਂ ਆਦਿ ਵਿਧਾਵਾਂ ਵਿਚ ਲਗਭਗ ਤਿੰਨ ਦਰਜਨ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। ਮੈਨੂੰ ਹੱਸਣਾ ਭੁੱਲ ਗਿਆ ਮਾਂ ਕਾਵਿ ਸੰਗ੍ਰਹਿ 1982 ਵਿਚ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕਰਵਾਇਆ ਗਿਆ ਸੀ। ਕਵੀ ਦੇ ਕਥਨ ਅਨੁਸਾਰ 'ਮੈਨੂੰ ਹੱਸਣਾ ਭੁੱਲ ਗਿਆ ਮਾਂ ਅਤੇ ਹੋਰ ਕਵਿਤਾਵਾਂ' ਕਾਵਿ-ਸੰਗ੍ਰਹਿ 'ਚ ਸ਼ਾਮਿਲ ਕਵਿਤਾਵਾਂ ਦਾ ਲਿਖਣ ਕਾਲ ਸੰਨ 1981 ਤੋਂ 2004 ਤੱਕ ਦਾ ਹੈ। ਪਹਿਲੇ ਭਾਗ ਵਿਚ 1992 ਤੋਂ 2004 ਤੱਕ ਦੇ ਸਮੇਂ ਦੀਆਂ ਕਵਿਤਾਵਾਂ ਹਨ, ਜਿਸ ਵਿਚ ਪੇਂਡੂ ਜੀਵਨ ਤੋਂ ਸ਼ਹਿਰੀ ਜੀਵਨ ਵਿਚ ਪਰਵਰਤਿਤ ਹੋਏ ਬੰਦੇ ਦੀ ਜਿਥੇ ਮਾਨਸਿਕਤਾ ਪ੍ਰਕਾਸ਼ਮਾਨ ਹੁੰਦੀ ਹੈ, ਉਥੇ ਸ਼ਹਿਰੀ ਜੀਵਨ ਦੀ ਦੁਬਿਧਾ ਗ੍ਰਸਤ ਜ਼ਿੰਦਗੀ ਨੂੰ ਵੀ ਵਿਅੰਗਤਾਮਿਕ ਸ਼ੈਲੀ ਵਿਚ ਪ੍ਰਗਟਾਇਆ ਗਿਆ ਹੈ। ਦੂਸਰੇ ਭਾਗ ਦੀਆਂ ਕਵਿਤਾਵਾਂ 'ਅੱਗ ਦੇ ਫੁੱਲ', 'ਨਵੀਆਂ ਪੈੜਾਂ' ਅਤੇ 'ਉਪਰਾਮ ਮੌਸਮ' ਵਿਚੋਂ ਲਈਆਂ ਗਈਆਂ ਹਨ। ਇਸ ਦਾ ਕਾਵਿ-ਮੁਹਾਂਦਰਾ ਜੁਝਾਰਵਾਦੀ ਸ਼ੈਲੀ ਵਾਲਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮਜ਼ਦੂਰਾਂ, ਕਿਸਾਨਾਂ ਦੀ ਅਣਮਨੁੱਖੀ ਜ਼ਿੰਦਗੀ, ਬੇ-ਰੁਜ਼ਗਾਰੀ, ਨੌਜਵਾਨਾਂ ਦੇ ਸੁਪਨਿਆਂ ਦੇ ਮਰ ਜਾਣ ਨਾਲ ਸੰਬੰਧਿਤ ਹਨ। ਇਸ ਸਮੇਂ ਨੂੰ ਕਾਲੇ ਦੌਰ 'ਤੇ ਵੀ ਜਾਣਿਆ ਸਮਝਿਆ ਜਾਂਦਾ ਹੈ। ਇਸ ਸਮੇਂ ਮਾਨਵ-ਦੋਖੀਆਂ ਦੇ ਵਿਰੋਧ 'ਚ ਰਚੀਆਂ ਰਚਨਾਵਾਂ ਵਿਚ ਮਾਨਵ-ਹਿਤੈਸ਼ੀ ਸਮਾਜ ਸਿਰਜਣ ਦੀ ਧੁਨੀ ਵਧੇਰੇ ਤਿੱਖੇ ਰੂਪ ਵਿਚ ਪ੍ਰਜਵਲਿਤ, ਦੀਵੇ ਦੀ ਬਲਦੀ ਲਾਟ ਵਾਂਗ ਸ਼ਬਦੀ ਤੇਲ ਰਾਹੀਂ ਪ੍ਰਕਾਸ਼ਮਾਨ ਕਰਨ ਦੇ ਹੀਲੇ-ਵਸੀਲੇ ਦੇ ਤੌਰ 'ਤੇ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। 'ਮੈਨੂੰ ਹੱਸਣਾ ਭੁੱਲ ਗਿਆ ਮਾਂ' ਕਵੀ ਦੀ ਕਾਵਿਕ ਸਵੈਜੀਵਨੀ ਦੇ ਤੌਰ 'ਤੇ ਬਚਪਨ, ਕਿਸ਼ੋਰ ਅਵਸਥਾ, ਜਵਾਨੀ, ਬੁਢਾਪੇ ਤੱਕ ਦੇ ਬਿਰਤਾਤਾਂ ਨੂੰ ਸ਼ਬਦੀ ਚਿੱਤਰਾਂ ਰਾਹੀਂ ਪਾਠਕ ਇਨ੍ਹਾਂ ਬਣਦੇ ਮੰਜ਼ਰਾਂ ਨੂੰ ਦੇਖ, ਮਹਿਸੂਸ ਅਤੇ ਸੋਚਣ ਦੀ ਪ੍ਰਕਿਰਿਆ ਥੀਂ ਗੁਜ਼ਰਦਾ ਹੈ। ਇਹ ਸਤਰਾਂ ਬਹੁ-ਦਿਸ਼ਾਈ ਦੁਸ਼ਵਾਰੀਆਂ ਸਨਮੁੱਖ ਪਾਠਕ ਨੂੰ ਖਲਿਆਂਦੀਆਂ ਹਨ:
ਮੈਂ ਜਿਸ ਦਿਨ ਦਾ...
.....ਹੇ ਮਾਂ। / ਮੈਂ ਅਕਸਰ ਸੋਚਦਾ ਹਾਂ
ਕਿ ਰੋਟੀ ਖਾਣਾ ਤੇ ਸੌ ਜਾਣਾ
ਕਿ ਇਹੀ ਹੈ ਜ਼ਿੰਦਗੀ ਦਾ ਨਾਂਅ?
ਨਹੀਂ ਨਹੀਂ। ਮਾਂ!
ਜ਼ਿੰਦਗੀ ਦੇ ਅਰਥ ਬੜੇ ਲੰਮੇ ਨੇ
ਉਪਰੋਕਤ ਸਤਰਾਂ ਮਨੁੱਖ ਦੇ 'ਹੱਸਣ' ਅਤੇ ਹੱਸਣਾ ਭੁੱਲ ਜਾਣ ਦਾ' ਅਜਿਹਾ ਬਿਰਤਾਂਤ ਸਿਰਜਦੀਆਂ ਹਨ, ਜਿਸ ਨੂੰ 'ਸਥਾਪਤੀ' ਦੇ ਚਾਰ ਥੰਮ੍ਹ ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ ਅਤੇ ਸੁਤੰਤਰ ਸੋਚ ਦੀ ਧਾਰਨੀ ਪ੍ਰੈੱਸ ਵਲੋਂ ਨਿਭਾਏ ਰੋਲ ਨੂੰ ਸਮਝੇ, ਪਰਖੇ ਅਤੇ ਨਿਰਣੇ ਤੱਕ ਪਹੁੰਚ ਦੇ ਪ੍ਰਸੰਗਾਂ ਰਾਹੀਂ ਹੀ ਅਨੁਭਵ ਅਤੇ ਪ੍ਰਗਟਾਇਆ ਜਾ ਸਕਦਾ ਹੈ। ਹੇਠਲੀਆਂ ਸਤਰਾਂ ਵਰਤਮਾਨ ਦੇ ਹਾਲਾਤ ਵਧੇਰੇ ਸਸ਼ਕਤ ਰੂਪ ਵਿਚ ਬਿਆਨਦੀਆਂ ਹਨ:
ਆਪਣੇ ਆਪ ਦੇ ਨਾਲ ਬੋਲਿਆਂ
ਵਰ੍ਹੇ ਨੇ ਜਾਂਦੇ ਬੀਤ
ਕਿਸੇ ਹੋਰ ਸੰਗ ਬੋਲਣ ਜੋਗਾ
ਵਕਤ ਹੈ ਕੀਹਦੇ ਕੋਲ।
ਧਰਮ ਸਿੰਘ ਕੰਮੇਆਣਾ ਸੰਵੇਦਨਸ਼ੀਲ ਜ਼ਿੰਮੇਵਾਰ, ਜਾਗਰੂਕ ਅਤੇ ਪ੍ਰਤੀਬੱਧ ਕਵੀ ਹੈ। ਤਹਿ-ਦਿਲੋਂ ਮੁਬਾਰਕ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
1857 ਦੀਆਂ ਹੈਰਤ ਅੰਗੇਜ਼ ਦਾਸਤਾਨਾਂ
ਲੇਖਕ : ਸ਼ਮਸੁਲ ਇਸਲਾਮ
ਅਨੁ : ਪਰਮਜੀਤ ਸਿੰਘ ਢੀਂਗਰਾ
ਪ੍ਰਕਾਸ਼ਕ : ਦੀਪਕ ਪਬਲੀਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 174
ਸੰਪਰਕ : 0181-2214196
25 ਫ਼ਰਵਰੀ 1857 ਈਸਵੀ ਨੂੰ ਸ਼ੁਰੂ ਹੋਈ ਆਜ਼ਾਦੀ ਦੀ ਪਹਿਲੀ ਲੜਾਈ ਮਈ 1857 ਈਸਵੀ ਭਾਰਤ ਦੇ ਵੱਖ-ਵੱਖ ਸੂਬਿਆਂ ਤੱਕ ਫੈਲ ਗਈ ਸੀ। ਇਸ ਲੜਾਈ ਦਾ ਤਤਕਾਲੀ ਕਾਰਨ ਜਾਨਵਰਾਂ ਦੀ ਚਰਬੀ ਤੋਂ ਤਿਆਰ ਕੀਤੇ ਕਾਰਤੂਸ ਸਨ। ਇਹ ਲੜਾਈ ਦਿੱਲੀ, ਅੰਬਾਲਾ, ਅਯੁੱਧਿਆ, ਰਾਜਸਥਾਨ, ਪੰਜਾਬ ਅਤੇ ਭਾਰਤ ਦੇ ਹੋਰ ਕੇਂਦਰੀ ਸੂਬਿਆਂ ਤੱਕ ਪਹੁੰਚ ਗਈ ਸੀ। ਇਸ ਨੇ ਫ਼ੌਰੀ ਤੌਰ 'ਤੇ ਬਰਤਾਨਵੀ ਸਾਮਰਾਜ ਨੂੰ ਮਹਾਰਾਣੀ ਦਾ ਘੋਸ਼ਣਾ ਪੱਤਰ ਜਾਰੀ ਕਰਨ ਲਈ ਮਜਬੂਰ ਕੀਤਾ ਅਤੇ ਭਾਰਤੀ ਸ਼ਾਸਨ ਪ੍ਰਣਾਲੀ ਈਸਟ ਇੰਡੀਆ ਕੰਪਨੀ ਤੋਂ ਸਿੱਧੀ ਬਰਤਾਨਵੀ ਰਾਜ ਅਧੀਨ ਹੋ ਗਈ ਸੀ। ਇਸ ਦੇ ਨਾਲ ਹੀ ਅੰਗਰੇਜ਼ ਹਕੂਮਤ ਦੁਆਰਾ ਭਾਰਤੀਆਂ ਉੱਪਰ ਅੱਤਿਆਚਾਰ ਹੋਰ ਵਧਾਉਣੇ ਸ਼ੁਰੂ ਕੀਤੇ ਗਏ। ਇਸ ਉਪਰੰਤ ਅਖ਼ਬਾਰਾਂ ਤੇ ਹੋਰ ਲਿਖਤਾਂ 'ਤੇ ਪਾਬੰਦੀ ਆਦਿ ਤੋਂ ਇਲਾਵਾ ਜਲਿਆਂਵਾਲੇ ਬਾਗ਼ ਦੇ ਸਾਕੇ ਵਰਗੀਆਂ ਘਟਨਾਵਾਂ ਵਾਪਰੀਆਂ ਸਨ। 1947 ਈਸਵੀ ਵਿਚ ਭਾਰਤੀ ਆਜ਼ਾਦੀ ਉਪਰੰਤ 1857 ਦੀ ਪਹਿਲੀ ਲੜਾਈ ਬਾਰੇ ਵੱਖ-ਵੱਖ ਵਿਸ਼ਿਆਂ ਵਿਚ ਅਨੇਕਾਂ ਕਿਤਾਬਾਂ ਅਤੇ ਖੋਜਾਂ ਹੋਈਆਂ ਹਨ। ਇਨ੍ਹਾਂ ਖੋਜਾਂ ਦਾ ਮੰਤਵ ਲੜਾਈ ਦੇ ਤਤਕਾਲੀ ਕਾਰਨ, ਮਨੋਵਿਗਿਆਨਕ ਵਿਸ਼ਲੇਸ਼ਣ, ਰਾਜਨੀਤਕ ਪ੍ਰਭਾਵ, ਇਤਿਹਾਸਕ ਪਿਛੋਕੜ, ਸਮਾਜਿਕ ਵਰਤਾਰੇ ਅਤੇ ਭਾਰਤੀ ਰਿਆਸਤਾਂ ਦੇ ਰਾਜਿਆਂ ਦੇ ਨਵਾਬਾਂ ਆਦਿ ਦੇ ਪ੍ਰਤੀਕਰਮਾਂ ਦਾ ਮੁਲਾਂਕਣ ਕਰਨਾ ਸੀ। ਸ਼ਮਸਿਲ ਇਸਲਾਮ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿਖੇ ਪ੍ਰੋਫ਼ੈਸਰ ਰਹੇ ਹਨ। ਭਾਰਤੀ ਆਜ਼ਾਦੀ ਸੰਗਰਾਮ ਦੇ ਵੱਖ-ਵੱਖ ਪੱਖਾਂ ਬਾਰੇ ਉਨ੍ਹਾਂ ਦੀਆਂ ਪਹਿਲਾਂ ਕਈ ਵਿਸ਼ਵ ਪੱਧਰ 'ਤੇ ਮਕਬੂਲ ਕਿਤਾਬਾਂ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਸ਼ਮਸੁਲ ਇਸਲਾਮ ਨੂੰ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਅਰਬੀ ਆਦਿ ਭਾਸ਼ਾਵਾਂ ਦਾ ਪੂਰਨ ਗਿਆਨ ਹੈ। ਇਹ ਕਿਤਾਬ '1857 ਦੀਆਂ ਹੈਰਤ ਅੰਗੇਜ਼ ਦਾਸਤਾਨਾਂ' ਦਾ ਵਿਸ਼ਾ ਵਸਤੂ ਬੜਾ ਅਨੋਖਾ ਅਤੇ ਦਿਲਚਸਪ ਵੀ ਹੈ। ਲੇਖਕ ਵਲੋਂ ਉਨ੍ਹਾਂ ਵਿਸ਼ਿਆਂ ਬਾਰੇ ਪਾਠਕਾਂ ਨਾਲ ਗਿਆਨ ਸਾਂਝਾ ਕਰਨ ਦਾ ਯਤਨ ਕੀਤਾ ਗਿਆ ਹੈ ਜੋ ਇਤਿਹਾਸਕ ਕਾਲ ਦੌਰਾਨ ਜਾਣੇ-ਅਣਜਾਣੇ ਵਿਚ ਲੇਖਕਾਂ ਵਲੋਂ ਅੱਖੋਂ-ਪਰੋਖੇ ਕੀਤੇ ਗਏ ਹਨ। ਕੁਝ ਮਹੱਤਵਪੂਰਨ ਵਿਸ਼ੇ 1857 ਦੀ ਲੜਾਈ ਦੌਰਾਨ ਮੁਸਲਿਮ ਔਰਤਾਂ ਦੀ ਭੂਮਿਕਾ; ਹਿੰਦੂ-ਮੁਸਲਿਮ ਅਤੇ ਸਿੱਖਾਂ ਦੀ ਏਕਤਾ; ਰਾਜੇ-ਰਜਵਾੜੇ ਜਿਨ੍ਹਾਂ ਨੇ ਆਜ਼ਾਦ ਹਿੰਦੁਸਤਾਨ ਵਿਚ ਵੀ ਰਾਜ ਕੀਤਾ; ਵੱਖ-ਵੱਖ ਜਿੱਤਾਂ ਤੇ ਹਾਰਾਂ, ਦੌਲਤ ਦੀਆਂ ਖਾਣਾਂ, ਲਾਲਚ, ਕੀਮਤੀ ਖਜ਼ਾਨਿਆਂ ਦੀ ਭਾਲ, ਲੁਕਣ ਦੀਆਂ ਵੱਖ-ਵੱਖ ਥਾਵਾਂ ਅਤੇ ਲੁੱਟ ਦੇ ਸਾਮਾਨ ਦੀ ਵਿਕਰੀ ਹਨ। ਭਾਵੇਂ 1857 ਈਸਵੀ ਦੀ ਲੜਾਈ ਬਾਰੇ ਸਾਨੂੰ ਅਨੇਕਾਂ ਇਤਿਹਾਸਕ ਸ੍ਰੋਤ ਉਪਲਬਧ ਹਨ, ਪਰੰਤੂ ਵੱਖ-ਵੱਖ ਭਾਸ਼ਾਵਾਂ ਦੇ ਸਮਕਾਲੀ ਸੋਮਿਆਂ 'ਤੇ ਆਧਾਰਿਤ ਇਸ ਕਿਤਾਬ ਨੇ ਕੁਝ ਮਹੱਤਵਪੂਰਨ 'ਤੇ ਨਵੇਂ ਪਹਿਲੂ ਪਾਠਕਾਂ ਦੇ ਸਨਮੁੱਖ ਰੱਖੇ ਹਨ। ਲੇਖਕ ਨੇ ਭਾਰਤੀ ਭਾਸ਼ਾਵਾਂ ਦੇ ਨਾਲ ਬਰਤਾਨਵੀ ਲੇਖਕਾਂ ਦੀਆਂ ਲਿਖਤਾਂ ਦਾ ਵੀ ਤੁਲਨਾਤਮਿਕ ਅਧਿਐਨ ਕੀਤਾ ਹੈ। ਕਿਤਾਬ ਨੂੰ ਹਿੰਦੀ ਭਾਸ਼ਾ ਤੋਂ ਪੰਜਾਬੀ ਵਿਚ ਅਨੁਵਾਦ ਡਾ. ਪਰਮਜੀਤ ਸਿੰਘ ਢੀਂਗਰਾ ਵਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਸੰਖੇਪ ਵਿਚ 1857 ਦੀ ਲੜਾਈ ਬਾਰੇ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ, ਮਿਸ਼ਰਤ ਸੱਭਿਆਚਾਰ ਆਦਿ ਵਿਸ਼ਿਆਂ ਦੇ ਇਤਿਹਾਸਕ ਅਧਿਐਨ ਲਈ ਪੰਜਾਬੀ ਭਾਸ਼ਾ ਦੇ ਪਾਠਕਾਂ ਲਈ ਇਹ ਮਹੱਤਵਪੂਰਨ ਸ੍ਰੋਤ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜੀਵਨ ਜੜ੍ਹਾਂ
ਲੇਖਕ : ਸੁਰਿੰਦਰ ਮਕਸੂਦਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 99887-10234
ਮੂਲ ਤੌਰ 'ਤੇ ਕਵੀ ਅਤੇ ਪੰਜਾਬੀ ਮਿੰਨੀ ਕਹਾਣੀ ਲੇਖਕ ਸੁਰਿੰਦਰ ਮਕਸੂਦਪੁਰੀ ਨਵੇਂ ਮਿੰਨੀ ਕਹਾਣੀ ਸੰਗ੍ਰਹਿ 'ਜੀਵਨ ਜੜ੍ਹਾਂ' ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਇਸ ਸੰਗ੍ਰਹਿ ਦੀਆਂ 81 ਮਿੰਨੀ ਕਹਾਣੀਆਂ ਦੇ ਪਾਠ ਮਗਰੋਂ ਇਹ ਪਰਿਦ੍ਰਿਸ਼ ਉੱਘੜਦਾ ਹੈ ਕਿ ਲੇਖਕ ਮਿੰਨੀ ਕਹਾਣੀ ਦੇ ਪਰੰਪਰਾਗਤ ਰੂਪ ਵਿਧਾਨ ਤੋਂ ਭਲੀਭਾਂਤ ਜਾਣੂ ਹੈ। ਉਹ ਮਿੱਥੇ ਹੋਏ ਉਦੇਸ਼ ਦੀ ਪੂਰਤੀ ਲਈ ਕਾਵਿਕਤਾ ਦਾ ਸਹਾਰਾ ਲੈ ਕੇ ਉਸ ਵਿਚ ਕਾਵਿਕ ਰਵਾਨੀ ਅਤੇ ਕਥਾਰਸ ਦੋਵੇਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਨਾਲ ਪਾਠਕ ਨੂੰ ਇਕੋ ਸਮੇਂ ਕਾਵਿ-ਕਥਾ ਦੋਵਾਂ ਦੀ ਸਾਹਿਤਕ ਸੰਤੁਸ਼ਟੀ ਹਾਸਿਲ ਹੁੰਦੀ ਹੈ। ਇਹ ਸ਼ੈਲੀ ਲੇਖਕ ਦੀ ਵੱਖਰੀ ਪਛਾਣ ਬਣਾਉਣ ਵਿਚ ਸਹਾਈ ਹੁੰਦੀ ਹੈ। ਲੇਖਕ ਨੇ ਪੁਸਤਕ ਦੇ ਸ਼ੁਰੂ ਵਿਚ ਲਿਖੇ 'ਕਹਾਣੀ ਕੀ ਕਹਿੰਦੀ ਹੈ?' ਆਪਣੇ ਲੇਖ ਦੇ ਕੇਂਦਰੀ ਭਾਵ ਦੀ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ੇ ਬੇਸ਼ੱਕ ਨਵੇਂ ਨਹੀਂ ਹਨ ਪਰ ਇਸ ਬਦਲਦੇ ਦੌਰ ਵਿਚ ਬਹੁਤ ਤੀਬਰ ਗਤੀ ਨਾਲ ਬਦਲ ਰਹੀਆਂ ਪ੍ਰਸਥਿਤੀਆਂ ਤੋਂ ਉਪਜੇ ਵਿਕਰਤ, ਵਿਖੰਡਤ, ਵਿਰੂਪਤ, ਵਿਸਥਾਪਤ, ਯਥਾਰਥ ਨੂੰ ਫੜਣ ਦੀ ਕੋਸ਼ਿਸ਼ ਕੀਤੀ ਹੈ। ਇਸ ਬਦਲਦੇ ਦੌਰ ਵਿਚ ਉੱਭਰ ਰਹੀਆਂ ਨਵੀਆਂ ਮਨੁੱਖੀ ਕਦਰਾਂ-ਕੀਮਤਾ, ਨਿੱਘਰਦੀ ਨੈਤਿਕਤਾ, ਮਨੁੱਖ ਦੀ ਮਨੁੱਖ ਪ੍ਰਤੀ ਸੋਚ, ਬਾਜ਼ਾਰੂ ਅਤੇ ਵਪਾਰੀਕਰਨ ਦੇ ਮਾਹੌਲ ਵਿਚ ਮਨੁੱਖੀ ਰਿਸ਼ਤਿਆਂ ਪ੍ਰਤੀ ਬਦਲਦਾ ਨਜ਼ਰੀਆ, ਅਜੋਕੇ ਆਪਾਧਾਪੀ ਅਤੇ ਸਵਾਰਥੀ ਸਮਾਜ ਵਿਚ ਤਿੜਕ ਰਹੀਆਂ ਰਿਸ਼ਤਿਆਂ ਦੀਆਂ ਕੰਧਾ ਆਦਿ ਨੂੰ ਲੇਖਕ ਨੇ ਅਲੱਗ-ਅਲੱਗ ਮਿੰਨੀ ਕਹਾਣੀਆਂ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਸੰਗ੍ਰਹਿ ਦੀਆਂ ਉਦਾਸ ਫੁੱਲ, ਸਦੀਵੀ ਜਾਇਦਾਦ, ਸ਼ੀਸ਼ੇ ਦਾ ਘਰ, ਹਾਦਸਿਆਂ ਦਾ ਸਫਰ, ਕੱਠਪੁਤਲੀ, ਜੀਵਨ ਜੜ੍ਹਾਂ, ਪੱਗ ਦੀ ਲਾਜ, ਪੀਲਾ ਕਾਰਡ, ਮਨ ਦੀ ਕੈਨਵਸ, ਵੋਟਾਂ ਦਾ ਰਾਜ਼ ਆਦਿ ਮਿੰਨੀ ਕਹਾਣੀਆਂ ਉਪਰੋਕਤ ਕਥਨ ਦੀ ਹੂਬਹੂ ਗਵਾਹੀ ਭਰਦੀਆਂ ਹਨ। ਕਈ ਪ੍ਰਤੀਕਾਤਮਿਕ ਸਿਰਲੇਖ, ਪ੍ਰਾਕਿਰਤਕ ਪ੍ਰਤੀਕਾਂ ਦੀ ਵਰਤੋਂ 'ਤੇ ਕੁਦਰਤੀ ਚਿਤਰਣ, ਸਾਧਾਰਨ ਪਾਤਰਾਂ 'ਚੋਂ ਅਸਾਧਾਰਨਤਾ ਦੀ ਤਲਾਸ਼ ਕਰਦੀਆਂ ਇਹ ਮਿੰਨੀ ਕਹਾਣੀਆਂ ਨਿਸਚਿਤ ਤੌਰ 'ਤੇ ਪਾਠਕਾਂ ਵਲੋਂ ਪਸੰਦ ਕੀਤੀਆਂ ਜਾਣਗੀਆਂ ਅਤੇ ਇਹ ਮਿੰਨੀ ਕਹਾਣੀ ਸੰਗ੍ਰਹਿ ਨਵੇਂ ਮਿੰਨੀ ਕਹਾਣੀ ਲੇਖਕਾਂ ਲਈ ਰਾਹ ਦਸੇਰੇ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਜ਼ਿੰਦਗੀ ਦੇ ਰੂ-ਬ-ਰੂ
ਲੇਖਕ : ਕੰਵਲਜੀਤ ਸਿੰਘ 'ਕੰਵਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 98775-66190ਸ਼ਾਇਰ ਕੰਵਲਜੀਤ ਸਿੰਘ 'ਕੰਵਲ' ਹੱਥਲੀ ਕਿਤਾਬ 'ਜ਼ਿੰਦਗੀ ਦੇ ਰੂਬਰੂ' ਤੋਂ ਪਹਿਲਾਂ ਵੀ ਦੋ ਕਾਵਿ-ਪਰਾਗੇ 'ਸਫ਼ਰ ਜ਼ਿੰਦਗੀ ਕਾ' (ਹਿੰਦੀ) ਅਤੇ 'ਜ਼ਿੰਦਗੀ ਦੇ ਰੰਗ' (ਪੰਜਾਬੀ) ਸਾਹਿਤ ਜਗਤ ਦੇ ਰੂਬਰੂ ਕਰਾ ਚੁੱਕਿਆ ਹੈ, ਸ਼ਾਇਰ ਦੇਸਾਂ-ਪ੍ਰਦੇਸਾਂ ਦਾ ਭ੍ਰਮਣ ਕਰ ਚੁੱਕਿਆ ਹੈ, ਜਿਸ ਕਾਰਨ ਉਨ੍ਹਾਂ ਦਾ ਗਲੋਬਲ ਵਿਜ਼ਨ (ਆਲਮੀ ਦ੍ਰਿਸ਼ਟੀਕੋਣ) ਪੂਰਨ ਤੌਰ 'ਤੇ ਪ੍ਰਬੀਨ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਦੀ ਸ਼ਾਇਰੀ ਵਿਚ ਆਏ ਵਾਰ-ਵਾਰ ਸ਼ਬਦ ਜ਼ਿੰਦਗੀ ਤੋਂ ਅਸਾਡੇ ਹੱਥ ਆ ਜਾਂਦੀ ਹੈ। ਜ਼ਿੰਦਗੀ ਦੇ ਰੂਬਰੂ ਹੁੰਦਿਆਂ ਜ਼ਿੰਦਗੀ ਦੀਆਂ ਵਿਸੰਗਤੀਆਂ ਨਾਲ ਦਸਤਪੰਜਾ ਲੈਂਦਾ ਹੈ। ਉਹ ਸ਼ਾਬਦਿਕ ਕਲਾਬਾਜ਼ੀਆਂ ਵਿਚ ਨਹੀਂ ਪੈਂਦਾ ਤੇ ਸਪਾਟ ਸ਼ਬਦਾਵਲੀ ਰਾਹੀਂ ਆਪਣਾ ਕਾਵਿ-ਧਰਮ ਨਿਭਾਅ ਰਿਹਾ ਹੈ। ਪਹਿਲੀ ਨਜ਼ਰੇ ਉਸ ਦੀਆਂ ਨਜ਼ਮਾਂ ਸਿੱਧ ਪੱਧਰੀਆਂ ਨਜ਼ਰ ਆਉਂਦੀਆਂ ਹਨ ਤਾਂ ਜਿਉਂ ਤੁਸੀਂ ਉਸ ਦੇ ਡੂੰਘ ਵਿਚ ਜਾਂਦਾ ਹੋ ਤਾਂ ਅਰਥਾਂ ਦਾ ਚਿਤਰਪਟ ਗੂੜ੍ਹਾ ਹੁੰਦਾ ਚਲੇ ਜਾਂਦਾ ਹੈ। ਸ਼ਾਇਰ 'ਚੁੱਪ ਦੇ ਕਫ਼ਨ' ਤੋਂ ਬਾਹਰ ਆ ਕੇ ਸਵਾਲ ਖੜ੍ਹੇ ਕਰਦਾ ਹੈ ਕਿ ਬੰਦਾ ਚੰਦਰਯਾਨ ਰਾਹੀਂ ਚੰਦ 'ਤੇ ਤਾਂ ਪਹੁੰਚ ਗਿਆ ਹੈ ਕਿ ਠੀਕ ਹੈ। ਮਨੁੱਖ ਦੀ ਇਹ ਵੱਡੀ ਪੁਲਾਂਘ ਹੈ ਪਰ ਕੀ ਹੁਣ ਤੱਕ ਅੱਜ ਦਾ ਮਨੁੱਖ ਕੁੱਲੀ, ਜੁੱਲੀ ਤੇ ਗੁੱਲੀ ਦਾ ਮਸਲਾ ਹੱਲ ਕਰ ਚੁੱਕਿਆ ਹੈ। ਉਹ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਦੀ ਖੁਰਦਬੀਨ ਨਾਲ ਸਕੈਨਿੰਗ ਹੀ ਨਹੀਂ ਕਰਦਾ ਤੇ ਨਾਲ ਹੀ ਡਾਇਗਨੋਜ਼ ਵੀ ਕਰਦਾ ਹੈ ਕਿ ਕੱਚੇ ਕੋਠੇ ਜਾਗ ਰਹੇ ਹਨ ਜੋ ਪੱਕੀਆਂ ਅਟਾਰੀਆਂ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਣਗੇ, ਸ਼ਾਇਰ ਬੰਦਿਆਂ ਦੀ ਭੀੜ ਵਿਚੋਂ ਬੰਦਿਆਈ ਦੇ ਕਣ ਲੱਭਣ ਲਈ ਸਵਾਲ ਖੜ੍ਹਾ ਕਰਦਾ ਹੈ ਕਿ ਬੰਦਾ ਹੈ ਕਿੱਥੇ ਹੈ। ਬੰਦਾ ਤਾਂ ਹੱਡ ਮਾਸ ਦਾ ਸੰਦ ਬਣ ਕੇ ਰਹਿ ਗਿਆ ਹੈ। ਜਿਸ ਵਿਚੋਂ ਅਹਿਸਾਸ ਸੰਵੇਦਨਾ ਤੇ ਭਾਵਨਾ ਦੇ ਕਣ ਕਾਫੂਰ ਹੋ ਰਹੇ ਹਨ ਤੇ ਇਹੀ ਅਹਿਸਾਸ ਇਕ ਫੇਰੀ ਵੇਚਣ ਦਾ ਹੋਕਾ ਦੇ ਰਿਹਾ ਹੈ ਪਰ ਅਜਿਹੀ ਸੂਖ਼ਮਤਾ ਦਾ ਕੋਈ ਖਰੀਦਦਾਰ ਹੀ ਨਹੀਂ ਹੈ ਪਰ ਦੂਜੇ ਪਾਸੇ ਇਹ ਭੌਤਿਕੀ ਸੰਦ ਰੋਬੋਟ ਵਿਚ ਅਜਿਹੀ ਸੰਵੇਦਨਾ ਭਰਨ ਦੀ ਕੋਸ਼ਿਸ਼ ਵਿਚ ਹੈ, ਜਿਥੇ ਪਦਾਰਥੀ ਚਕਾਚੌਂਧ ਵਿਚ ਅਜਿਹਾ ਹੋਣਾ ਮੁਸ਼ਕਿਲ ਲੱਗਦਾ ਹੈ। ਇਹ ਨਗਰੀ ਜਿਊਂਦੇ ਬੰਦਿਆਂ ਦੀ ਕਬਰਗਾਹ ਹੈ, ਜਿਥੇ ਥਾਂ-ਥਾਂ ਨਫ਼ਰਤ ਦੀ ਪ੍ਰਯੋਗਸ਼ਾਲਾ ਹੈ। ਸ਼ਾਇਰ ਰੰਗਲੇ ਪੰਜਾਬ ਅੰਦਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ 'ਤੇ ਹੰਝੂ ਤਾਂ ਕੇਰਦਾ ਹੈ ਤੇ ਨਾਲ ਹੀ ਸਮੇਂ ਦੇ ਹਾਕਮ ਨੂੰ ਤਾੜਨਾ ਵੀ ਕਰਦਾ ਹੈ। ਪੰਜਾਬ ਦੇ ਨੌਜਵਾਨ ਪੀੜ੍ਹੀ ਦੇ ਪ੍ਰਵਾਸ ਦੇ ਵਹਿਣ ਨੂੰ ਵੀ ਉਹ ਗੰਭੀਰਤਾ ਨਾਲ ਲੈਂਦਾ ਹੈ ਤੇ ਇਸ ਪਰਵਾਸ ਦੀ ਜ਼ਿੰਮੇਵਾਰੀ ਵੀ ਉਹ ਸਮੇਂ ਦੇ ਹਾਕਮਾਂ ਸਿਰ ਧਰਦਾ ਹੈ ਕਿ ਜਦੋਂ ਇਥੇ ਰੁਜ਼ਗਾਰ ਉਹੀ ਮੁਹੱਈਆ ਨਹੀਂ ਕਰਾ ਸਕਦੇ ਤਾਂ ਇਸ ਵਿਚ ਨੌਜਵਾਨ ਪੀੜ੍ਹੀ ਦਾ ਕੋਈ ਕਸੂਰ ਨਹੀਂ ਹੈ। ਸ਼ਾਇਰ ਆਪਣੇ ਤਖੱਲਸ 'ਕੰਵਲ' ਦੀ ਵੀ ਲੱਜ ਪਾਲ ਰਿਹਾ ਹੈ ਕਿ ਕੰਵਲ ਚਿੱਕੜ ਵਿਚ ਵੀ ਖਿੜ ਜਾਂਦਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਬਹੁਤ ਬੁਰਾ ਲੱਗਦੈ
ਲੇਖਕ : ਬਲਵਿੰਦਰ ਸਿੰਘ ਫ਼ਤਿਹਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 236
ਸੰਪਰਕ : 94631-70369
ਇਸ ਪੁਸਤਕ ਵਿਚ ਲੇਖਕ ਵਿਵੇਕਸ਼ੀਲ ਅਤੇ ਤਰਕਸ਼ੀਲ ਦ੍ਰਿਸ਼ਟੀ ਨਾਲ ਪੁਰਾਤਨ ਅਤੇ ਅਜੋਕੇ ਸਮਾਜਿਕ ਮੁੱਲਾਂ, ਕਦਰਾਂ-ਕੀਮਤਾਂ ਅਤੇ ਗਿਰਾਵਟ ਦਾ ਵਿਸ਼ਲੇਸ਼ਣ ਕਰਦਾ ਹੈ। ਭਾਵੇਂ ਸਾਡਾ ਇਤਿਹਾਸ, ਸੱਭਿਆਚਾਰ ਅਤੇ ਪਿਛੋਕੜ ਬਹੁਤ ਮਾਣਮੱਤਾ ਹੈ, ਪਰ ਕੁਝ ਰਾਜਿਆਂ ਦੀ ਕਾਇਰਤਾ ਕਾਰਨ ਮੁੱਠੀ ਭਰ ਵਿਦੇਸ਼ੀ ਹਮਲਾਵਰ ਸਾਡੇ ਦੇਸ਼ 'ਤੇ ਕਾਬਜ਼ ਹੋ ਗਏ। ਸਦੀਆਂ ਤੱਕ ਭਾਰਤ ਗ਼ੁਲਾਮੀ ਦੀ ਜ਼ਲਾਲਤ ਹੰਢਾਉਂਦਾ ਰਿਹਾ। ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਸਿੰਘ ਬਹਾਦਰ, ਸ਼ਿਵਾਜੀ ਅਤੇ ਰਾਣਾ ਪ੍ਰਤਾਪ ਵਰਗੇ ਸੂਰਮੇ ਸਾਡੀ ਸੁੱਤੀ ਹੋਈ ਅਣਖ ਨਾ ਜਗਾਉਂਦੇ ਤਾਂ ਇਹ ਦੇਸ਼ ਕਦੇ ਆਜ਼ਾਦੀ ਨਾ ਮਾਣ ਰਿਹਾ ਹੁੰਦਾ। ਅੱਜ ਵੀ ਭਾਰਤ ਦੀ ਵਾਗਡੋਰ ਭ੍ਰਿਸ਼ਟ, ਲਾਲਚੀ ਅਤੇ ਸਵਾਰਥੀ ਲੋਕਾਂ ਦੇ ਹੱਥ ਹੈ। ਭਾਵੇਂ ਅਸੀਂ ਰਾਜਨੀਤਕ ਤੌਰ 'ਤੇ ਆਜ਼ਾਦ ਹਾਂ, ਪਰ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ 'ਤੇ ਹਾਲੇ ਵੀ ਗ਼ੁਲਾਮ ਹਾਂ। ਅੰਧ-ਵਿਸ਼ਵਾਸਾਂ ਅਤੇ ਕਰਮਕਾਂਡਾਂ ਨੇ, ਨਸ਼ਿਆਂ ਅਤੇ ਜਹਾਲਤ ਨੇ ਸਾਡੀ ਮੱਤ ਮਾਰੀ ਹੋਈ ਹੈ। ਦਲਿਤ ਲੋਕਾਂ ਨਾਲ ਹਾਲੇ ਵੀ ਵਿਤਕਰਾ ਹੋ ਰਿਹਾ ਹੈ। ਫਜ਼ੂਲ ਦੀਆਂ ਰਸਮਾਂ, ਵਹਿਮਾਂ-ਭਰਮਾਂ ਅਤੇ ਸਦਾਚਾਰਕ ਕਮਜ਼ੋਰੀਆਂ ਨੇ ਸਾਡੇ ਅੰਦਰ ਗਿਰਾਵਟ ਲਿਆ ਦਿੱਤੀ ਹੈ। ਧਾਰਮਿਕ ਕੱਟੜਵਾਦ ਅਤੇ ਹਿੰਦੂਵਾਦ ਦੀਆਂ ਨੀਤੀਆਂ ਨੇ ਧਰਮਾਂ ਵਿਚ ਨਫ਼ਰਤ ਫੈਲਾਈ ਹੈ। ਇਹ ਸਾਰਾ ਵਰਤਾਰਾ ਲੇਖਕ ਨੂੰ ਬਹੁਤ ਬੁਰਾ ਲਗਦਾ ਹੈ। ਉਹ ਸਾਨੂੰ ਸੁਚੇਤ, ਸਾਵਧਾਨ ਅਤੇ ਜਾਗਰੂਕ ਕਰਨਾ ਚਾਹੁੰਦਾ ਹੈ। ਮਜ਼ਬੂਤ ਆਤਮਾਵਾਂ ਹੀ ਸਾਡੇ ਅੰਦਰ ਜ਼ਿੰਦਾਦਿਲੀ, ਅਣਖ ਅਤੇ ਚੜ੍ਹਦੀ ਕਲਾ ਦਾ ਸੰਚਾਰ ਕਰ ਸਕਦੀਆਂ ਹਨ। ਲੇਖਕ ਨੇ ਇਸ ਪੁਸਤਕ ਦੇ ਮਾਧਿਅਮ ਰਾਹੀਂ ਆਪਣੇ ਵਿਚਾਰ ਬੜੀ ਦਲੇਰੀ ਅਤੇ ਬੇਬਾਕੀ ਨਾਲ ਪੇਸ਼ ਕੀਤੇ ਹਨ। ਉਹ ਇਕ ਨਰੋਏ, ਆਦਰਸ਼ ਅਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਾਨੂੰ ਪ੍ਰੇਰਿਤ ਕਰਦਾ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸੈਲਫੀਆਂ ਲੈਂਦੀ ਧੁੱਪ
ਲੇਖਕ : ਸੁਖਦੇਵ ਸਿੰਘ ਅਰਮਾਨ
ਪ੍ਰਕਾਸ਼ਕ : ਗੋਲਡਮਾਈਨ ਪਬਲੀਕੇਸ਼ਨ
ਮੁੱਲ : 200 ਰੁਪਏ, ਸਫ਼ੇ : 101
ਸੰਪਰਕ : 73470-60392
ਸਥਾਪਤੀ ਲਈ ਤਾਂਘਦੀ ਪੰਜਾਬੀ ਗ਼ਜ਼ਲ ਦੇ ਦੌਰ ਵਿਚ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਇਹ ਇਸ ਕਦਰ ਬੁਲੰਦੀਆਂ 'ਤੇ ਪਹੁੰਚ ਜਾਵੇਗੀ। ਉਦੋਂ ਗ਼ਜ਼ਲ ਲਿਖਣ ਵਾਲੇ ਗਿਣਵੇਂ-ਚੁਣਵੇਂ ਸਨ ਤੇ ਬਹੁਤੇ ਆਲੋਚਕ ਵੀ ਅੜਿੱਕਾ ਸਨ। ਵੀਹਵੀਂ ਸਦੀ ਦੇ ਅੰਤ ਤੱਕ ਪੰਜਾਬੀ ਗ਼ਜ਼ਲਕਾਰਾਂ ਦਾ ਕਾਫ਼ਲਾ ਬੜੀ ਜਲਦੀ ਵਸੀਹ ਹੋਇਆ ਤੇ ਇਸ ਵਿਚ ਸੁਖਦੇਵ ਸਿੰਘ ਅਰਮਾਨ ਵਰਗੇ ਸਮਰੱਥ ਕਲਮਕਾਰ ਰਲਦੇ ਗਏ। ਅਰਮਾਨ ਨੇ ਔਖੀਆਂ ਘੜੀਆਂ ਵੇਲੇ ਵੀ ਗ਼ਜ਼ਲ ਸਿਰਜਣਾ ਵਿਚ ਨਿਰੰਤਰਤਾ ਬਣਾਈ ਰੱਖੀ। ਉਸ ਦੇ ਸਵੈਕਥਨ ਅਨੁਸਾਰ ਅਰਮਾਨ ਨੇ ਅਨੇਕਾਂ ਦੁਸ਼ਵਾਰੀਆਂ ਦੇਖੀਆਂ ਹਨ ਤੇ ਤੰਗਦਸਤੀ ਦਾ ਸੰਤਾਪ ਵੀ ਹੰਢਾਇਆ ਹੈ। ਦਰਅਸਲ ਅਜਿਹੀਆਂ ਪ੍ਰਸਥਿਤੀਆਂ ਬਹੁਤੀ ਵਾਰ ਇਕ ਅਦੀਬ ਲਈ ਵਰਦਾਨ ਵੀ ਸਾਬਿਤ ਹੁੰਦੀਆਂ ਹਨ। ਆਪਣੇ ਸੰਘਰਸ਼ਮਈ ਪਿਛੋਕੜ ਕਾਰਨ ਹੀ ਉਸ ਦੀ ਗ਼ਜ਼ਲ ਵਿਚ ਸਹਿਜਤਾ ਤੇ ਸ਼ਿੱਦਤ ਆ ਸਕੀ ਹੈ। ਪਛੜ ਕੇ ਛਪੀ ਉਸ ਦੀ ਇਸ ਪਹਿਲੀ ਪੁਸਤਕ ਵਿਚ 88 ਗ਼ਜ਼ਲਾਂ ਛਪੀਆਂ ਮਿਲਦੀਆਂ ਹਨ। ਇਹ ਤਮਾਮ ਗ਼ਜ਼ਲਾਂ ਮਹਿਬੂਬ ਦੀ ਤਾਰੀਫ਼ ਲਈ ਸਿਰਜੇ ਬਿੰਬ ਨਹੀਂ ਹਨ, ਬਲਕਿ ਇਨ੍ਹਾਂ ਵਿਚ ਜ਼ਿੰਦਗੀ ਦੇ ਅਕਸ ਤੈਰਦੇ ਹਨ। ਇਹ ਅਕਸ ਉੱਜਲੇ ਨਹੀਂ ਹਨ, ਸਗੋਂ ਇਨ੍ਹਾਂ ਦੀ ਦਿੱਖ ਘਸਮੈਲ਼ੀ, ਬੁਦਬੁਦੀ ਤੇ ਤਰਸਮਈ ਹੈ। ਅਰਮਾਨ ਦੇ ਵਿਸ਼ੇ ਬ੍ਰਹਿਮੰਡੀ ਨਹੀਂ ਧਰਤੀ ਨਾਲ ਜੁੜੇ ਹੋਏ ਹਨ। ਉਸ ਦੇ ਸ਼ਿਅਰ ਸ਼ੋਸ਼ਣਕਰਤਾਵਾਂ 'ਤੇ ਸਿਆਸਤ ਦੇ ਬੁਣੇ ਕਈ ਚੱਕਰਵਿਊ ਤੋੜਦੇ ਹਨ। ਆਪਣੇ ਸ਼ਿਅਰਾਂ ਵਿਚ ਉਹ ਜਾਗਦੇ ਰਹਿਣ ਲਈ ਪੈਰਾਂ ਹੇਠ ਕੰਕਰ ਤੇ ਨਿੱਘ ਮਾਣਨ ਲਈ ਛਿਲਤਰਾਂ ਦੀ ਲੋਚਾ ਕਰਦਾ ਹੈ। ਉਸ ਨੂੰ ਖ਼ਾਮੋਸ਼ ਹੋ ਗਈਆਂ ਲਹਿਰਾਂ ਦੀ ਤਕਲੀਫ਼ ਹੈ ਤੇ ਸ਼ਹਿਰ ਵਿਚ ਹੁੰਦੀ ਮਾਰੋ-ਮਾਰ ਪ੍ਰੇਸ਼ਾਨ ਕਰਦੀ ਹੈ। ਧੂੰਆਂ-ਧੂੰਆਂ ਹੋਏ ਚੌਗਿਰਦੇ ਕਾਰਨ ਪ੍ਰੇਸ਼ਾਨ ਹੋਇਆ ਉਹ ਕਿਤੇ-ਕਿਤੇ ਆਪਣੇ ਪਿਆਰੇ ਨਾਲ ਵੀ ਸੰਵਾਦ ਰਚਾਉਂਦਾ ਹੈ। ਅਰਮਾਨ ਗ਼ਜ਼ਲ ਦੀ ਰੂਹ ਨੂੰ ਸਮਝਦਾ ਹੈ ਤੇ ਉਸ ਦੀਆਂ ਗ਼ਜ਼ਲਾਂ ਵਿਚ ਬੁਝਾਰਤਾਂਨੁਮਾ ਸ਼ਿਅਰਾਂ ਲਈ ਕੋਈ ਥਾਂ ਨਹੀਂ ਹੈ। ਮਨ ਦੇ ਵੇਗ ਵਿਚ ਕਿਤੇ-ਕਿਤੇ ਉਹ ਕਿਨਾਰਿਆਂ ਨਾਲ ਖਹਿੰਦਾ ਵੀ ਮਹਿਸੂਸ ਹੁੰਦਾ ਹੈ। ਗ਼ਜ਼ਲਕਾਰ ਦੀ ਹੌਸਲਾ ਅਫ਼ਜ਼ਾਈ, ਸ਼ੈਲੀ ਤੇ ਸਮਰਪਿਤ ਭਾਵਨਾ ਨਮਿਤ 'ਸੈਲਫੀਆਂ ਲੈਂਦੀ ਧੁੱਪ' ਗ਼ਜ਼ਲ ਸੰਗ੍ਰਹਿ ਪਾਠਕਾਂ ਵਲੋਂ ਸਰਾਹਿਆ ਜਾਏਗਾ, ਅਜਿਹੀ ਮੈਨੂੰ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਅਦਬ
ਗ਼ਜ਼ਲਕਾਰ : ਡਾ. ਚਰਨ ਸਿੰਘ
ਪ੍ਰਕਾਸ਼ਕ: ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 70
ਸੰਪਰਕ : 94640-49982
ਪੰਜਾਬੀ ਕਾਵਿ ਦਾ ਅਜੋਕਾ ਦੌਰ ਗ਼ਜ਼ਲ ਨੂੰ ਸਮਰਪਿਤ ਹੈ, ਗ਼ਜ਼ਲ ਦੀ ਏਨੀ ਮਕਬੂਲੀਅਤ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਪੰਜਾਬੀ ਦਾ ਹਰ ਤੀਸਰਾ ਲੇਖਕ ਗ਼ਜ਼ਲਕਾਰ ਹੈ ਤੇ ਹਰ ਤੀਸਰੀ ਪੁਸਤਕ ਵਿਚ ਗ਼ਜ਼ਲਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਆਏ ਦਿਨ ਨਵੇਂ ਗ਼ਜ਼ਲਕਾਰ ਇਸ ਕਾਫ਼ਿਲੇ ਵਿਚ ਸ਼ਮੂਲੀਅਤ ਕਰ ਰਹੇ ਹਨ ਤੇ ਗ਼ਜ਼ਲ ਦਾ ਦਾਇਰਾ ਵਸੀਹ ਹੋ ਰਿਹਾ ਹੈ। ਕੁਝ ਭਰਮ ਭੁਲੇਖੇ ਟੁੱਟ ਰਹੇ ਹਨ ਤੇ ਗ਼ਜ਼ਲ ਨੂੰ ਹੁਣ ਓਨੀ ਔਖੀ ਸਿਨਫ਼ ਨਹੀਂ ਸਮਝਿਆ ਜਾ ਰਿਹਾ। 'ਅਦਬ' ਡਾ. ਚਰਨ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 54 ਗ਼ਜ਼ਲਾਂ ਛਪੀਆਂ ਹਨ। ਡਾ. ਚਰਨ ਸਿੰਘ ਲੰਮਾ ਸਮਾਂ ਗ਼ਜ਼ਲਕਾਰਾਂ ਦੀ ਸੰਗਤ ਵਿਚ ਰਿਹਾ ਤੇ ਖ਼ੁਦ ਗ਼ਜ਼ਲਗੋਅ ਹੋ ਗਿਆ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਬੜਾ ਛੋਟਾ ਹੈ ਪਰ ਉਹ ਜਿਸ ਸੋਚ ਤੇ ਇਰਾਦੇ ਨਾਲ ਤੁਰਿਆ ਹੈ, ਉਸ ਤੋਂ ਉਸ ਦੀ ਸਫ਼ਲਤਾ ਦੀ ਆਸ ਬੱਝਦੀ ਹੈ। 'ਅਦਬ' ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਦੇ ਵਿਸ਼ੇ ਮਿਸ਼ਰਤ ਹਨ ਪਰ ਇਨ੍ਹਾਂ ਵਿਚ ਜ਼ਿਆਦਾਤਰ ਲੋਕ ਧਾਰਾਈ ਸਮੱਸਿਆਵਾਂ ਨੂੰ ਉਭਾਰਿਆ ਗਿਆ ਹੈ। ਜਿੱਥੇ ਉਸ ਨੇ ਪੰਜਾਬ ਦੀਆਂ ਮੁਸ਼ਕਿਲਾਂ ਨੂੰ ਕਲਮਬਧ ਕੀਤਾ ਹੈ, ਉਥੇ ਉਸ ਨੇ ਸੰਸਾਰ ਪੱਧਰੀ ਘਟਨਾਵਾਂ ਦੀ ਵੀ ਨਜ਼ਰਸਾਨੀ ਕੀਤੀ ਹੈ। ਉਹ ਜ਼ਿੰਦਗੀ ਦੇ ਕੁਹਰਾਮ ਤੋਂ ਪ੍ਰੇਸ਼ਾਨ ਹੈ, ਬੇਆਰਾਮੀ ਤੇ ਬੇਚੈਨੀ ਉਸ ਨੂੰ ਚੁੱਭਦੀ ਹੈ। ਆਪਣੀਆਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਜੂਝਦਾ, ਤਾਂਘਦਾ, ਜਾਗਦਾ ਤੇ ਸੱਚ ਦਾ ਪਰਚਮ ਉਠਾਉਂਦਾ ਨਜ਼ਰੀਂ ਆ ਰਿਹਾ ਹੈ। ਮੁਖੜਾ ਮੋੜਨ ਵਾਲੇ ਨਾਲ ਉਹ ਮਿਹਣੋਂ-ਮਿਹਣੀ ਵੀ ਹੁੰਦਾ ਹੈ। ਉਸ ਦੀ ਗ਼ਜ਼ਲ ਵਿਚ ਕੁਝ ਘਾਟੇ-ਵਾਧੇ ਹਨ ਪਰ ਕੋਸ਼ਿਸ਼ਾਂ ਨਾਲ ਕਟਾਈ ਵੀ ਆ ਜਾਂਦੀ ਹੈ ਤੇ ਸਿਲਾਈ ਵੀ। ਡਾ. ਚਰਨ ਸਿੰਘ ਦੀਆਂ ਗ਼ਜ਼ਲਾਂ ਵਿਚ ਮੁਹੱਬਤ ਦਾ ਇਜ਼ਹਾਰ ਵੀ ਹੈ ਤੇ ਇਸ 'ਚੋਂ ਉਪਜੇ ਮਿਲਣ ਤੇ ਵਿਛੜਨ ਦੇ ਪਲਾਂ ਦੀ ਦਾਸਤਾਨ ਵੀ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ 'ਤੇ ਸੁਲੱਖਣ ਸਰਹੱਦੀ ਦਾ ਮੁੱਖ ਬੰਦ ਗ਼ਜ਼ਲਕਾਰ ਬਾਰੇ ਸੀਮਤ ਜਾਣਕਾਰੀ ਦਿੰਦਾ ਹੈ ਪਰ ਚਰਚਾਵਾਂ ਵਧੇਰੇ ਛੇੜਦਾ ਹੈ। ਡਾ. ਚਰਨ ਸਿੰਘ ਦੀ ਸ਼ਿਅਰਕਾਰੀ ਭਾਵੇਂ ਅਜੇ ਮੁਢਲੀ ਅਵਸਥਾ ਵਿਚ ਹੈ ਪਰ ਅਭਿਆਸ ਨਾਲ ਇਹ ਹੋਰ ਬਿਹਤਰ ਹੋਵੇਗੀ, ਮੈਨੂੰ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਇਕੋ ਤੇਰਾ ਨਾਮ ਦਾਤਿਆ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053
ਗਾਇਕ ਤੇ ਗੀਤਕਾਰ ਜਗਜੀਤ ਮੁਕਤਸਰੀ ਦੀਆਂ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚਲੇ ਬਹੁਤ ਸਾਰੇ ਗੀਤ ਰਿਕਾਰਡ ਹੋ ਚੁੱਕੇ ਹਨ। ਹਥਲੀ ਪੁਸਤਕ ਵਿਚ ਦਰਜ ਗੀਤਾਂ ਦਾ ਵਿਸ਼ਾ ਸਿੱਖ ਵਿਰਸੇ ਅਤੇ ਸੱਭਿਆਚਾਰਕ ਨਾਲ ਸੰਬੰਧ ਰੱਖਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਲਈ ਇਹ ਪੁਸਤਕ ਉਪਯੋਗੀ ਹੈ। ਗੀਤਕਾਰ ਨੇ ਗੀਤਾਂ ਦੀ ਭਾਸ਼ਾ ਬੜੀ ਸਰਲ ਤੇ ਠੇਠ ਵਰਤੀ ਹੈ। ਨਮੂਨੇ ਵਜੋਂ ਕੁਝ ਗੀਤਾਂ ਦੀਆਂ ਸਤਰਾਂ ਇਸ ਤਰ੍ਹਾਂ ਹਨ:
ਸਾਰੇ ਰੋਗਾਂ ਦੀ ਦਵਾਈ ਇਕੋ-ਇਕ ਹੈ,
ਇਕੋ ਤੇਰਾ ਨਾਮ ਦਾਤਿਆ।
ਪੂਰੀ ਦੁਨੀਆ ਦੇ ਵਿਚ ਇਕੋ-ਇਕ ਹੈ,
ਇਕੋ ਤੇਰਾ ਧਾਮ ਦਾਤਿਆ।
ਬੇੜਾ ਪਾਰ ਲਗਾ ਲੈ ਤੂੰ,
ਪੱਲਾ ਗੁਰੂ ਦੇ ਦਰ ਦਾ ਫੜ ਕੇ।
ਆਪਣੇ ਭਾਗ ਜਗਾ ਲੈ ਤੂੰ,
ਬਾਣੀ ਅੰਮ੍ਰਿਤ-ਬਾਣੀ ਪੜ੍ਹ ਕੇ।
ਤੀਰਥਾਂ 'ਤੇ ਜਾਣ ਵਾਲਿਆਂ,
ਤੇਰੇ ਅੰਦਰੋਂ ਮੈਲ ਨਹੀਂ ਜਾਣੀ।
ਤੂੰ ਹਉਮੈ ਵਾਲਾ ਰੋਗ ਲਾ ਲਿਆ,
ਪਹਿਲਾਂ ਪੜ੍ਹ ਲੈ ਗੁਰਾਂ ਦੀ ਬਾਣੀ।
ਤਕੜੀ 'ਚ ਤੁਲ ਜਾਣਗੇ,
ਪੁੰਨ-ਪਾਪ ਇਹ ਜਿੰਦਗੜੀਏ ਤੇਰੇ।
ਨੀ ਭਾਗ ਤੇਰੇ ਖੁੱਲ੍ਹ ਜਾਣਗੇ,
ਜਾਪ ਜਪ ਲੈ ਤੂੰ ਉਠ ਕੇ ਸਵੇਰੇ।
ਅੱਜ ਦੇ ਵਪਾਰਕ ਤੇ ਰੌਲੇ-ਰੱਪੇ ਵਾਲੇ ਦੌਰ ਵਿਚ ਇਸ ਤਰ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀ ਪੁਸਤਕ ਦੀ ਬੜੀ ਲੋੜ ਹੈ। ਸਮੇਂ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਗੀਤਕਾਰ ਜਗਜੀਤ ਮੁਕਤਸਰੀ ਵਧਾਈ ਦਾ ਪਾਤਰ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਸ਼ੇਰ-ਏ-ਪੰਜਾਬ
ਮਹਾਰਾਜਾ ਰਣਜੀਤ ਸਿੰਘ
ਜਨਮ ਤੇ ਮਾਤਾ ਰਾਜ ਕੌਰ ਸਬੰਧੀ
ਫ਼ੈਲਾਇਆ ਝੂਠ ਤੇ ਸੱਚ
ਲੇਖਕ : ਮਹਿੰਦਰ ਸਿੰਘ ਗੋਸਲ
ਪ੍ਰਕਾਸ਼ਕ : ਸ਼ਿਵਾ ਪ੍ਰਿੰਟਰਜ਼, ਸੰਗਰੂਰ
ਮੁੱਲ : 300 ਰੁਪਏ, ਸਫ਼ੇ : 220
ਸੰਪਰਕ : 99148-64300
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉੱਪਰ ਲਗਭਗ 40 ਸਾਲ ਰਾਜ ਕੀਤਾ ਸੀ। ਭਾਰਤ ਵਿਚ ਮੁਗ਼ਲ ਰਾਜ ਦੇ ਪਤਨ ਅਤੇ ਈਸਟ ਇੰਡੀਆ ਕੰਪਨੀ ਦੇ ਵਿਸਥਾਰ ਕਾਲ ਦੌਰਾਨ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਸ਼ਕਤੀ ਰਾਹੀਂ ਪੰਜਾਬ ਵਿਚ ਰਾਜ ਸਥਾਪਿਤ ਕੀਤਾ ਸੀ। ਉਸ ਦੇ ਰਾਜ ਦੀਆਂ 6 ਵਿਲੱਖਣਤਾਵਾਂ ਇਹ ਹਨ ਕਿ ਉਸ ਨੇ ਧਰਮ ਨਿਰਪੱਖਤਾ ਅਤੇ ਯੋਗਤਾ 'ਤੇ ਆਧਾਰਿਤ ਰਾਜ ਦੀ ਸਥਾਪਨਾ ਕੀਤੀ ਸੀ। ਰਣਜੀਤ ਸਿੰਘ ਦੇ ਰਾਜ, ਰਾਜਨੀਤੀ, ਕੂਟਨੀਤੀ, ਲੜਾਈਆਂ, ਉਸ ਦੇ ਗੁਆਂਢੀ ਰਿਆਸਤਾਂ ਨਾਲ ਸੰਬੰਧਾਂ, ਵਿਦੇਸ਼ੀ ਯਾਤਰੀਆਂ, ਸੈਨਿਕਾਂ, ਜਰਨੈਲਾਂ ਅਤੇ ਰਾਜ ਦੇ ਪਤਨ ਬਾਰੇ ਅਨੇਕਾਂ ਸਮਕਾਲੀਨ ਅਤੇ ਤਤਕਾਲੀਨ ਇਤਿਹਾਸਕਾਰਾਂ ਦੀਆਂ ਲਿਖਤਾਂ ਵੱਖ-ਵੱਖ ਭਾਸ਼ਾਵਾਂ ਵਿਚ ਮਿਲਦੀਆਂ ਹਨ। ਮੁਢਲੀਆਂ ਲਿਖਤਾਂ ਖ਼ਾਸ ਕਰਕੇ ਯੂਰਪੀ ਅਤੇ ਫ਼ਾਰਸੀ ਸਰੋਤਾਂ ਵਿਚ ਬਹੁਤ ਸਾਰੀਆਂ ਘਟਨਾਵਾਂ, ਤੱਥਾਂ, ਲੜਾਈਆਂ, ਪਰਿਵਾਰਕ ਸੰਬੰਧਾਂ ਅਤੇ ਰਣਜੀਤ ਸਿੰਘ ਦੇ ਨਿੱਜੀ ਜੀਵਨ ਬਾਰੇ ਜਾਣਕਾਰੀ ਇਤਿਹਾਸਕ ਦ੍ਰਿਸ਼ਟੀ ਤੋਂ ਦਰੁਸਤ ਅਤੇ ਪਾਰਦਰਸ਼ੀ ਨਹੀਂ ਮਿਲਦੀ। ਇਸ ਦੇ ਮੁੱਢਲੇ ਤੌਰ 'ਤੇ ਦੋ ਕਾਰਨ ਸਮਝ ਆਉਂਦੇ ਹਨ। ਪਹਿਲਾ ਜਾਣਬੁੱਝ ਕੇ ਤੱਥਾਂ ਅਤੇ ਘਟਨਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ। ਦੂਸਰਾ ਭਾਸ਼ਾਈ ਅਤੇ ਸੱਭਿਆਚਾਰਕ ਤੌਰ 'ਤੇ ਯੂਰਪੀ ਅਤੇ ਮੁਸਲਿਮ ਲੇਖਕਾਂ ਦਾ ਰਣਜੀਤ ਸਿੰਘ ਬਾਰੇ ਅਣਜਾਣ ਹੋਣਾ ਸੀ। ਇਹ ਕਿਤਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀਆਂ ਗਈਆਂ ਵੱਖ-ਵੱਖ ਭਾਸ਼ਾਵਾਂ ਫ਼ਾਰਸੀ, ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਕਿਤਾਬਾਂ ਦੀ ਤੁਲਨਾਤਮਿਕ ਪੜਚੋਲ ਹੈ। ਲੇਖਕ ਵਲੋਂ ਉਨ੍ਹਾਂ ਵਿਸ਼ਿਆਂ ਉੱਪਰ ਚਾਨਣਾ ਪਾਇਆ ਗਿਆ ਹੈ, ਜਿਨ੍ਹਾਂ ਬਾਰੇ ਪਹਿਲਾਂ ਬਹੁਤ ਘੱਟ ਲਿਖਿਆ ਗਿਆ ਹੈ ਜਾਂ ਗ਼ਲਤ ਢੰਗ ਨਾਲ ਬਿਆਨ ਕੀਤਾ ਹੈ। ਉਦਾਹਰਨ ਵਜੋਂ ਰਣਜੀਤ ਸਿੰਘ ਦੀ ਮਾਂ ਅਤੇ ਦਾਦੀ ਦਾ ਕਤਲ, ਹਕੀਕਤ ਸਿੰਘ ਦਾ ਰਾਜ ਭਾਗ ਤੋਂ ਲਾਂਭੇ ਹੋਣਾ, ਵਿਦੇਸ਼ੀਆਂ ਦਾ ਉੱਚ ਅਹੁਦਿਆਂ 'ਤੇ ਨਿਯੁਕਤ ਹੋਣਾ, ਰਣਜੀਤ ਸਿੰਘ ਦਾ ਮਹਾਰਾਣੀ ਜਿੰਦਾਂ ਨਾਲ ਵਿਆਹ ਹੋਣਾ ਆਦਿ ਹਨ। ਕੁਝ ਮਹੱਤਵਪੂਰਨ ਇਤਿਹਾਸਕ ਸਰੋਤ, ਜਿਨ੍ਹਾਂ ਨੂੰ ਇਸ ਕਿਤਾਬ ਵਿਚ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਦੇ ਮਮੇਕਗਰੇਗਰ ਦੀ ਹਿਸਟਰੀ ਆਫ਼ ਸਿੱਖਸ, ਲੈਪਲ ਗਰਿਫ਼ਨ ਦੀ ਰਣਜੀਤ ਸਿੰਘ, ਸੱਯਦ ਮੁਹੰਮਦ ਲਤੀਫ਼ ਦੀ ਹਿਸਟਰੀ ਆਫ਼ ਪੰਜਾਬ; ਘਨੱਈਆ ਲਾਲ ਦੀ ਤਾਰੀਖ਼-ਏ-ਪੰਜਾਬ; ਕੈਪਟਨ ਅਮਰਿੰਦਰ ਸਿੰਘ ਦੀ ਆਖ਼ਰੀ ਲਮਹੇ ਦੀ ਦਾਸਤਾਨ ਅਤੇ ਪੰਡਤ ਦੇਵੀ ਪ੍ਰਸਾਦ ਦੀ ਗੁਲਸ਼ਨ-ਏ-ਪੰਜਾਬ ਆਦਿ ਕੁਝ ਮਹੱਤਵਪੂਰਨ ਹਨ। ਸੰਖੇਪ ਵਿਚ ਇਹ ਕਿਤਾਬ ਰਣਜੀਤ ਸਿੰਘ ਦੇ ਜੀਵਨ, ਕਾਲ, ਰਾਜਕਾਲ ਅਤੇ ਪਰਿਵਾਰਕ ਜੀਵਨ ਬਾਰੇ ਪਾਏ ਜਾਂਦੇ ਭਰਮ ਭੁਲੇਖਿਆਂ, ਤਾਰੀਖ਼ਾਂ ਦੀਆਂ ਗ਼ਲਤੀਆਂ, ਘਟਨਾਵਾਂ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਲਿਖਣ ਆਦਿ ਵਿਸ਼ਿਆਂ ਬਾਰੇ ਇਤਿਹਾਸ ਦੀ ਕਸਵੱਟੀ ਤੋਂ ਅਹਿਮ ਉਪਰਾਲਾ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜਿਊਣ ਦਾ ਹੁਨਰ
ਲੇਖਕ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98550-51099
ਗੁਰਚਰਨ ਨੂਰਪੁਰ ਪੇਸ਼ੇ ਤੋਂ ਇਕ ਸਫ਼ਲ ਡਾਕਟਰ ਹੈ। ਪਰ ਡਾਕਟਰ ਤੋਂ ਇਲਾਵਾ ਉਹ ਸਫ਼ਲ ਲੇਖਕ ਵੀ ਹੈ। 'ਅਜੀਤ' ਅਤੇ ਕੁਝ ਹੋਰ ਅਖ਼ਬਾਰਾਂ ਵਿਚ ਉਸ ਦੇ ਲੇਖ ਨਿਰੰਤਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਉਸ ਦੀ ਸੋਚ ਸਮੁੱਚਵਾਦੀ ਹੈ, ਉਸ ਦਾ ਵਿਚਾਰ ਹੈ ਕਿ ਮਨੁੱਖ ਦੀ ਦੇਹੀ ਅਤੇ ਮਨ ਦੀਆਂ ਅਹੁਰਾਂ ਬਾਰੇ ਕੋਈ ਖੰਡਿਤ ਨਹੀਂ, ਬਲਕਿ ਸਮੁੱਚਵਾਦੀ ਪਹੁੰਚ-ਵਿਧੀ ਅਪਣਾਉਣੀ ਚਾਹੀਦੀ ਹੈ ਕਿਉਂਕਿ ਮਨੁੱਖ ਦਾ ਸਮੁੱਚਾ ਵਜੂਦ, ਅੰਗ ਪ੍ਰਤੀਅੰਗ-ਪਰਸਪਰ ਜੁੜਿਆ ਹੋਇਆ ਹੈ। 'ਜਿਊਣ ਦਾ ਹੁਨਰ' ਪੁਸਤਕ ਦੀ ਮਾਰਫ਼ਤ ਉਹ ਆਪਣੇ ਪਾਠਕਾਂ ਨੂੰ ਸਮਝਾਉਂਦਾ ਹੈ ਕਿ ਚੰਗੇਰੇ ਅਤੇ ਸਫ਼ਲ ਜੀਵਨ ਦੀ ਪ੍ਰਾਪਤੀ ਵੀ ਇਕ ਕਲਾ ਹੈ। ਜਿਹੜਾ ਮਨੁੱਖ ਇਸ ਤੱਥ ਨੂੰ ਸਮਝ ਲੈਂਦਾ ਹੈ, ਉਹ ਸਦਾ ਪ੍ਰਸੰਨ ਅਤੇ ਸੰਤੁਸ਼ਟ ਰਹਿੰਦਾ ਹੈ। ਬੇਚੈਨੀ ਅਤੇ ਚਿੰਤਾਵਾਂ ਤੋਂ ਬਚਿਆ ਰਹਿੰਦਾ ਹੈ।
ਗੁਰਚਰਨ ਨੂਰਪੁਰ ਪੰਜਾਬੀ ਅਤੇ ਵਿਸ਼ਵ-ਸਾਹਿਤ ਦਾ ਇਕ ਗੰਭੀਰ ਪਾਠਕ ਹੈ। ਉਹ ਦੱਸਦਾ ਹੈ ਕਿ ਜਿਸ ਮਨੁੱਖ ਦਾ ਆਪਣੇ ਜੀਵਨ ਵਿਚ ਕੋਈ ਪਰਿਯੋਜਨ ਨਹੀਂ ਹੁੰਦਾ, ਉਹ ਸਦਾ ਬੇਚੈਨ ਅਤੇ ਅਸ਼ਾਂਤ ਰਹਿੰਦਾ ਹੈ। ਇਸ ਕਾਰਨ ਹਰ ਮਨੁੱਖ ਨੂੰ ਆਪਣੇ ਵਿੱਤ ਅਤੇ ਪਰਿਸਥਿਤੀਆਂ ਦੀ ਮੰਗ ਅਨੁਸਾਰ ਕੋਈ ਪਰਿਯੋਜਨ, ਵਜ੍ਹਾ ਜਾਂ 'ਇਕਾਗਾਈ' (ਜਾਪਾਨੀ ਸੰਕਲਪ) ਜ਼ਰੂਰ ਬਣਾਉਣਾ ਚਾਹੀਦਾ ਹੈ। ਅਜਿਹਾ ਮਨੁੱਖ ਤਨ ਅਤੇ ਮਨ ਦੋਹਾਂ ਪੱਖਾਂ ਤੋਂ ਸਦਾ ਖ਼ੁਸ਼ ਰਹਿੰਦਾ ਹੈ। (ਪੰ. 11), 'ਪਰਿਯੋਜਨ' ਬਾਰੇ ਉਸ ਦਾ ਸੰਕਲਪ ਅਤੇ ਸੋਚ ਸਰਵਾਰਥੀ ਹੈ। ਅਰਥਾਤ ਉਸ ਦਾ ਪ੍ਰਯੋਜਨ 'ਸਰਬੱਤ ਕੇ ਭਲੇ' ਵਾਸਤੇ ਸਮਰਪਿਤ ਹੋਣਾ ਚਾਹੀਦਾ ਹੈ। ਜਿਊਣ ਦੇ ਅਰਥ, ਆਪਣੇ-ਆਪ ਲਈ ਜਿਊਣ ਤੱਕ ਹੀ ਸੀਮਤ ਨਹੀਂ ਹਨ ਬਲਕਿ ਸਮਾਜ, ਧਰਤੀ ਅਤੇ ਆਲੇ-ਦੁਆਲੇ ਲਈ ਵੀ ਜੀਵਿਆ ਜਾਵੇ। (ਪੰਨਾ 99).
ਉਹ ਗਾਹੇ-ਬਗਾਹੇ ਆਪਣੇ ਲੇਖਾਂ ਵਿਚ ਦੱਸਦਾ ਰਹਿੰਦਾ ਹੈ ਕਿ ਅਜੋਕੇ ਦੌਰ ਦੀਆਂ ਬਹੁਤੀਆਂ ਸਮੱਸਿਆਵਾਂ ਪੂੰਜੀਵਾਦੀ-ਵਿਵਸਥਾ ਦੇ ਕਾਰਨ ਪੈਦਾ ਹੋਈਆਂ ਹਨ, ਜਿਸ ਨੇ ਮਨੁੱਖ ਨੂੰ ਲੋਭੀ-ਲਾਲਚੀ ਬਣਾ ਰੱਖਿਆ ਹੈ। ਉਹ ਆਪਣੇ ਪਾਠਕਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਸੋ ਸਾਨੂੰ ਅਜਿਹੀ ਤਬਦੀਲੀ ਲਈ ਪੂਰਨ ਤਤਪਰ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਹ ਮੌਜੂਦਾ ਸਰਕਾਰਾਂ ਨੂੰ ਵੀ ਬੜੇ ਸੁਚੱਜੇ ਸੁਝਾਅ ਦਿੰਦਾ ਹੈ। ਪੁਸਤਕ ਵਿਚ ਸੰਕਲਿਤ ਸਾਰੇ 35 ਲੇਖਾਂ ਦੀ ਸੁਰ ਅਤੇ ਸੋਚ ਆਸ਼ਾਵਾਦੀ ਹੈ। ਇਹ ਲੇਖ ਸਹਿਜ-ਭਾਵ ਅਤੇ ਇਕਾਗਰਚਿੱਤ ਹੋ ਕੇ ਪੜ੍ਹਨ ਵਾਲੇ ਹਨ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਸ਼ਹੀਦਾਂ-ਏ-ਵਫ਼ਾ
ਲੇਖਕ : ਅੱਲਾ ਯਾਰ ਖ਼ਾਂ ਜੋਗੀ
ਅਨੁਵਾਦਕ : ਮਲਕੀਤ ਸਿੰਘ ਸੰਧੂ ਅਲਕੜਾ
ਸੰਪਾਦਕ : ਜਗਰਾਜ ਧੌਲਾ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ ਬਰਨਾਲਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98722-85421
ਸ਼ਹੀਦਾਂ-ਏ-ਵਫ਼ਾ ਵਿਚ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਵਲੋਂ ਸਰਹੰਦ ਵਿਖੇ ਦਿੱਤੀ ਗਈ ਸ਼ਹਾਦਤ ਦੀ ਦਾਸਤਾਂ ਕਾਵਿਕ ਰੂਪ ਵਿਚ ਅੰਕਿਤ ਕੀਤੀ ਹੈ। ਬੀਤੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਸਾਫ਼ ਪਤਾ ਲਗਦਾ ਹੈ ਕਿ ਸਾਕਾ ਗੜ੍ਹੀ ਚਮਕੌਰ ਅਤੇ ਸਾਕਾ ਸਰਹੰਦ 1705 ਈਸਵੀਂ ਸੰਨ ਨੂੰ ਜ਼ਾਲਮ ਤੇ ਜਰਵਾਣਿਆਂ ਵਰਤਾਇਆ। ਇਹ ਸਾਕਾ ਜਾਬਰਾਂ ਵਲੋਂ ਨਾਬਰ ਹੋਏ ਲੋਕਾਂ ਨੂੰ ਦਬਾਉਣ ਵਾਸਤੇ, ਡਰਾਉਣ ਵਾਸਤੇ ਅਤੇ ਆਪਣੀ ਰਾਜਸ਼ਾਹੀ ਹੀ ਉਮਰ ਵਧਾਉਣ ਦੇ ਵਾਸਤੇ ਵਰਤਾਏ ਗਏ ਸਨ। ਨਾਬਰ ਤੋਂ ਹਮੇਸ਼ਾ ਜਾਬਰ ਡਰਦਾ ਹੁੰਦਾ ਹੈ। ਇਸੇ ਕਾਰਨ ਜਾਬਰ ਨਾਬਰ ਨੂੰ ਜ਼ੁਲਮਾਂ ਰਾਹੀਂ ਦਬਾਉਣ ਦੀ ਕਿਰਿਆ ਕਰਦਾ ਹੈ। ਪਰ ਸਰਹੰਦ ਦਾ ਸਾਕਾ ਅਜਿਹਾ ਸਾਕਾ ਕਿ ਬੱਚਿਆਂ ਦੀ ਤਾਂ ਉਮਰ ਹੀ ਖੇਡਣ ਵਾਲੀ ਸੀ ਪਰ ਜ਼ਾਲਮ ਆਖਦੇ ਸਨ, ''ਕੁੰਢਲੀਏ ਸੱਪਾਂ ਦੇ ਬੱਚਿਆਂ ਦੀਆਂ ਸਿਰੀਆਂ ਜੰਮਦਿਆਂ ਦੀਆਂ ਹੀ ਸਿੱਧ ਦੇਣੀਆਂ ਚਾਹੀਦੀਆਂ ਹਨ। ਉਹ ਭੁੱਲ ਜਾਂਦੇ ਜਾਬਰ ਤੋਂ ਨਾਬਰ ਹੋਏ ਮਨੁੱਖ ਨੂੰ ਨਾਇਕ ਮੰਨਦੇ ਹਨ ਲੋਕ ਨਾਇਕ ਜਦੋਂ ਮਾਰੇ ਜਾਂਦੇ ਹਨ ਤਾਂ ਲੋਕ ਮਨਾਂ ਉਪਰ ਉਹ ਸ਼ਹੀਦ ਦਾ ਰੁਤਬਾ ਪਾ ਜਾਂਦੇ ਹਨ। ਆਉਣ ਵਾਲੇ ਲੋਕਾਂ ਵਿਚ ਸਦਾ ਉਨ੍ਹਾਂ ਦੀ ਸ਼ਹਾਦਤ ਡਰਨ ਦੀ ਥਾਵੇਂ ਰਾਹ ਦਸੇਰਾ ਬਣ ਜਾਂਦੀ ਹੈ। ਤਿੰਨ ਸੌ ਸਾਲ ਤੋਂ ਵੱਧ ਅਰਸਾ ਹੋ ਗਿਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਲਾਲਾਂ ਦੀ ਸ਼ਹਾਦਤ ਦੀ ਚੀਸ ਅਜੇ ਲੋਕ ਮਨਾਂ ਵਿਚੋਂ ਨਹੀਂ ਗਈ। ਬਜੀਦੇ ਅਤੇ ਸੁੱਚਾ ਨੰਦ ਨੂੰ ਲੋਕ ਅੱਜ ਵੀ ਫਿਟਕਾਰ ਪਾਉਂਦੇ ਵੇਖੇ ਜਾ ਸਕਦੇ ਹਨ। ਅੱਲਾ ਯਾਰ ਖਾਂ ਜੋਗੀ ਉਸ ਦੇ ਅੰਦਰੋਂ ਚੀਸ ਨਿਕਲੀ ਤਾਂ ਉਸ ਦੀ ਕਲਮ ਰੋ ਉਠੀ। ਉਸ ਨੇ ਉਹ ਵੈਣ ਪਾਏ ਕਿ ਸਰਹੰਦ ਦੀਆਂ ਗਲੀਆਂ ਜਿਵੇਂ 1705 ਨੂੰ ਰੋਈਆਂ ਸਨ ਉਸ ਤਰ੍ਹਾਂ ਜੋਗੀ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਦੇ ਨੈਣਾਂ ਵਿਚੋਂ ਹੰਝੂ ਡਿਗਣ ਲਾ ਦਿੱਤੇ। ਜੋਗੀ ਜੀ ਦੇ ਦੋਵੇਂ ਮਰਸੀਏ ਮਨੁੱਖ ਮਨ ਅੰਦਰ ਦਰਦ ਗ਼ਮ, ਦੁੱਖ ਹੀ ਨਹੀਂ ਭਰਦੇ, ਸਗੋਂ ਉਹ ਤਾਂ ਇਸ ਦੀ ਵੇਦਨਾ ਅੰਦਰੋਂ ਨਫ਼ਰਤ ਰੋਸ ਤੇ ਜੋਸ਼ ਵੀ ਉਪਜਾ ਦਿੰਦਾ ਹੈ ਉਹ ਕਾਵਿਕ ਸ਼ੇਅਰਾਂ ਰਾਹੀਂ ਸਾਖ਼ਸ਼ਾਤ ਸਰੀਕ ਅੱਖਾਂ ਅੱਗੇ ਤਸਵੀਰ ਹੀ ਨਹੀਂ ਖਿਚਦੇ ਸਗੋਂ ਰੂਬਰੂ ਦਰਸ਼ਨ ਵੀ ਕਰਵਾ ਦਿੰਦੇ ਹਨ।
ਪਹਿਲਾਂ ਸ਼ਹੀਦਾਨਿ-ਵਫ਼ਾ ਦੀ 110 ਸ਼ੇਅਰਾਂ ਰਚਨਾ ਸੰਨ 1913 ਵਿਚ ਕਰਦੇ ਹਨ। ਸੰਨ 1915 ਨੂੰ ਉਹ ਗੰਜਿ-ਸ਼ਹੀਦਾਂ ਵੀ ਤਿਆਰ ਕਰ ਲੈਂਦੇ ਹਨ ਤੇ ਇਸ ਅੰਦਰ 117 ਸ਼ੇਅਰ ਆਖਦੇ ਹਨ। ਦੋਹਾਂ ਮਰਸੀਆਂ ਦੀ ਭਾਸ਼ਾ ਮੂਲ ਉਰਦੂ ਹੈ ਪਰ ਉਰਦੂ ਅੰਦਰ ਉਨ੍ਹਾਂ ਨੇ ਫ਼ਾਰਸੀ ਦੀ ਵਰਤੋਂ ਭਰਪੂਰ ਰੂਪ ਵਿਚ ਕੀਤੀ ਹੈ। ਕਿਉਂਕਿ ਆਪ ਫ਼ਾਰਸੀ ਦੇ ਆਲਮ-ਫਾਜ਼ਲ ਸਨ। ਉਰਦੂ ਉਸ ਦੀ ਮਾਤ-ਭਾਸ਼ਾ ਸੀ। ਉਨ੍ਹਾਂ ਨੂੰ ਲਾਹੌਰ ਸ਼ਹਿਰ ਵਿਚ ਰਹਿਣ ਕਰਕੇ ਪੰਜਾਬੀ ਸੱਭਿਆਚਾਰ, ਲੋਕਧਾਰਾ, ਇਤਿਹਾਸ, ਮਿਥਿਹਾਥ ਦੀ ਵੀ ਪੂਰੀ ਮੁਹਾਰਤ ਸੀ। ਜਿਹੜਾ ਉਨ੍ਹਾਂ ਦੀ ਰਚਨਾ ਅੰਦਰੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ।
ਪੁਸਤਕ ਸੰਪਾਦਕ ਲਿਖਦੇ ਹਨ ''ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਜਾਂ ਉਨ੍ਹਾਂ ਦਾ ਘੇਰਾ ਸੀਮਤ ਹੋ ਜਾਂਦਾ ਹੈ। ਇਹੀ ਭਾਣਾ ਵਰਤਿਆ ਜੋਗੀ ਨਾਲ। ਕਿਉਂਕਿ ਇਹ ਦੋਵੇਂ ਰਚਨਾਵਾਂ ਉਰਦੂ ਵਿਚ ਸਨ ਤਾਂ ਹੀ ਇਹ ਪੰਜਾਬੀ ਅੱਖਾਂ ਤੋਂ ਪਰ੍ਹੇ ਰਹੀਆਂ। ਸ਼ਾਇਦ ਇਹ ਵੀ ਹੋ ਜਾਂਦਾ ਕਿ ਇਨ੍ਹਾਂ ਸ਼ਾਹਕਾਰ ਰਚਨਾਵਾਂ ਨੂੰ ਸਿਉਂਕ ਹੀ ਖਾ ਜਾਂਦੀ ਜੇਕਰ ਵੀਹਵੀਂ ਸਦੀ ਦੇ ਮੁੱਢ ਵਿਚ ਚਮਕੌਰ ਸਾਹਿਬ ਦੇ ਵਾਸੀ ਬਾਬਾ ਵੀਰ ਸਿੰਘ ਜੀ ਇਸ ਦਾ ਨੋਟਿਸ ਨਾ ਲੈਂਦੇ। ਬਾਬਾ ਵੀਰ ਸਿੰਘ ਜੀ ਨੇ ਇਕ ਕਮੇਟੀ ਬਣਾਈ। ਆਪਣੇ ਸਮੇਂ ਦਾ ਸ਼ਾਇਰ ਅੱਲਾ ਯਾਰ ਖਾਂ ਜੋਗੀ ਜੀ ਦੇ ਦੀਵਾਨ ਉਰਦੂ ਵਿਚ ਤਰਜਮਾਇਆ। ਸ਼ਹੀਦਾਨਿ-ਵਫ਼ਾ ਉਰਦੂ ਵਿਚ ਛਾਇਆ ਹੋਣ ਦਾ ਪੂਰਾ ਪੂਰਾ ਮੌਕਾ ਮੇਲ ਮਿਲ ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਉਨ੍ਹਾਂ ਦਾ ਘੇਰਾ ਸੀਮਤ ਰਹਿ ਜਾਂਦਾ ਹੈ। ਪੁਸਤਕਾਂ 'ਸ਼ਹੀਦਾਂ-ਏ-ਵਫ਼ਾ' ਅਤੇ 'ਗੰਜ-ਏ-ਸ਼ਹੀਦਾਂ' ਲਿਖਤਾਂ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨਾਲ ਵੀ ਇਹੀ ਹੋਣਾ ਸੀ ਜੇ ਵੀਹਵੀਂ ਸਦੀ ਦੇ ਮੁੱਢ ਵਿਚ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਾਬਾ ਵੀਰ ਸਿੰਘ ਜੀ ਇਸ ਦਾ ਨੋਟਿਸ ਨਾ ਲੈਂਦੇ। ਇਹ ਸ਼ਾਹਕਾਰ ਰਚਨਾਵਾਂ ਰੁਲ ਜਾਣੀਆਂ ਸਨ ਜੇ ਉਹ ਇਨ੍ਹਾਂ ਨੂੰ ਉਰਦੂ ਅੰਦਰ ਨਾ ਲਿਖਵਾਉਂਦੇ। 'ਗੰਜ-ਏ-ਸ਼ਹੀਦਾਂ' ਉਨ੍ਹਾਂ ਦੀ ਪਹਿਲੀ ਕਿਤਾਬ ਸੀ। ਹਕੀਮ ਅੱਲਾ ਯਾਰ ਖਾਂ ਜੋਗੀ ਨੇ ਇਸ ਅੰਦਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕੀਤਾ ਹੈ। ਪੁਸਤਕ ਦੀ ਭਾਸ਼ਾ ਉਰਦੂ ਹੈ ਪਰ ਉਹ ਆਪਣੇ ਦੀਵਾਨ ਨੂੰ ਅਰਬੀ ਫ਼ਾਰਸੀ ਦੀ ਪੁੱਠ ਵੀ ਦਿੰਦੇ ਹਨ। ਭਾਵੇਂ ਜੋਗੀ ਜੀ ਦੇ ਵਡਾਰੂ ਦੱਖਣ ਵਲੋਂ ਆ ਕੇ ਲਾਹੌਰ ਵਸ ਗਏ ਪਰ ਜੋਗੀ ਜੀ ਦਾ ਸੰਬੰਧ ਲਾਹੌਰ ਨਾਲ ਹੀ ਹੈ। ਦੱਸਦੇ ਹਨ ਕਿ ਆਪ ਰਈਸਾਨਾ ਪੌਸ਼ਾਕ ਸ਼ੇਰਵਾਨੀ ਪਹਿਨਦੇ ਸਨ ਆਪ ਮਸ਼ਹੂਰ ਹਕੀਮ ਸਨ ਤੇ ਨਾਲ-ਨਾਲ ਕਲਮ ਵੀ ਚਲਾਉਂਦੇ ਸਨ। ਆਪ ਜੀ ਦੀ ਤਬੀਅਤ ਸੂਫ਼ੀਆਨਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਨਾਲ ਆਪਦਾ ਸਿਦਕ ਇਸ਼ਕ-ਹਕੀਕੀ ਦੇ ਮਕਾਮ ਵਾਲਾ ਸੀ। ਮਾਸਟਰ ਮਲਕੀਤ ਸਿੰਘ ਸੰਧੂ ਅਲਕੜਾ ਨੇ ਜੋਗੀ ਜੀ ਦੇ ਸ਼ੇਅਰਾਂ ਨੂੰ ਪੰਜਾਬੀ ਵਿਚ ਤਰਜਮਾ ਕਰਨ ਦੇ ਨਾਲ ਹੀ ਉਨ੍ਹਾਂ ਦੀ ਵਿਆਖਿਆ ਵੀ ਕੀਤੀ ਹੈ। ਉਨ੍ਹਾਂ ਉਰਦੂ, ਫ਼ਾਰਸੀ, ਅਰਬੀ ਦੇ ਔਖੇ ਅਲਫਾਜ਼ਾਂ ਦੇ ਸੌਖੇ ਅਤੇ ਆਮ ਸਮਝ ਵਿਚ ਆਉਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਵੀ ਇਸ ਪੁਸਤਕ ਵਿਚ ਲਿਖੇ ਹਨ। ਇਸ ਤਰ੍ਹਾਂ ਸੰਧੂ ਨੇ ਕਈ ਕਾਰਜ ਇਕੱਠੇ ਕਰਨ ਦਾ ਮਾਅਰਕਾ ਮਾਰਿਆ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਮੋਨੀ
ਲੇਖਕ : ਗਿਆਨੀ ਮੁਖਤਿਆਰ ਸਿੰਘ ਵੰਗੜ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 81463-36696
ਹਥਲੀ ਪੁਸਤਕ ਦਾ ਲੇਖਕ ਸੰਤ-ਸੇਵੀ ਹੋਣ ਕਰਕੇ ਇਸ ਪੁਸਤਕ ਵਿਚ ਸ਼ਾਮਿਲ ਹਰ ਘਟਨਾ ਦਾ ਵਰਣਨ ਕਰਦਿਆਂ ਪਾਠਕਾਂ ਦੇ ਸਨਮੁੱਖ ਹੁੰਦਿਆਂ ਉੱਘੇ ਧਾਰਮਿਕ ਹਸਤੀ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਦੀ ਜੀਵਨ ਗਾਥਾ ਨੂੰ ਪੇਸ਼ ਕਰਦਿਆਂ ਸ਼ਰਧਾ ਤੇ ਪ੍ਰੇਮ ਨਾਲ ਭਿੱਜੇ ਆਪਣੇ ਵਿਚਾਰਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਲੇਖਕ ਮੁਤਾਬਿਕ ਇਸ ਹਥਲੀ ਪੁਸਤਕ ਵਿਚ ਸ਼ਾਮਿਲ ਹਰ ਘਟਨਾ ਦਾ ਉਹ ਚਸ਼ਮਦੀਦ ਗਵਾਹ ਹੈ। ਲੇਖਕ ਮੁਤਾਬਿਕ ਜਦੋਂ ਕੋਈ ਕਲਾਕਾਰ ਜਾਂ ਮੁਸੱਵਰ ਕਿਸੇ ਤਸਵੀਰ ਨੂੰ ਕੈਨਵਸ 'ਤੇ ਉਤਾਰਦਾ ਹੈ ਤਾਂ ਉਸ ਤਸਵੀਰ ਵਾਲੀ ਹਸਤੀ ਨੂੰ ਮਨ ਦੀ ਕੈਨਵਸ 'ਤੇ ਉਤਾਰਦਾ ਹੈ। ਇਸ ਪੁਸਤਕ ਦੇ ਆਰੰਭਿਕ ਸ਼ਬਦ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਵਲੋਂ ਅੰਕਿਤ ਕੀਤੇ ਗਏ ਹਨ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਘਨਟਾਵਾਂ ਤੇ ਬਿਰਤਾਂਤਾਂ ਨੂੰ ਤਿੰਨ ਦਰਜਨ ਵੱਖ-ਵੱਖ ਸਿਰਲੇਖਾਂ ਅਧੀਨ ਵੰਡਿਆ ਗਿਆ ਹੈ। ਇਨ੍ਹਾਂ ਵਿਚ ਬਾਬਾ ਜੀ ਦਾ ਜਨਮ ਸਥਾਨ, ਬਾਬਾ ਜੀ ਨਾਲ ਲੇਖਕ ਦਾ ਮਿਲਾਪ, 26 ਜੇਠ ਦੇ ਮੇਲੇ ਦੀ ਮਹੱਤਤਾ, ਬਾਬਾ ਜੀ ਦਾ ਗ੍ਰਹਿਸਤ ਜੀਵਨ, ਬਾਬਾ ਜੀ ਦੇ ਜੀਵਨ ਵਿਚ ਸਮੇਂ ਦੀ ਪਾਬੰਦੀ, ਬਾਉਲੀ ਸਾਹਿਬ ਦਾ ਸ਼ੁੱਭ ਆਰੰਭ, ਗੁ: ਟਿੱਬਾ ਸਾਹਿਬ ਤਪਾ-ਦਰਾਜ, ਕੇਂਦਰੀ ਮੰਤਰੀ ਬੂਟਾ ਸਿੰਘ ਵਲੋਂ ਅਸੀਸ ਪ੍ਰਾਪਤ ਕਰਨਾ, ਗੁ: ਨਰੈਣ ਸਰ ਮੁਹਾਲੀ ਵਿਖੇ ਲੰਗਰ ਹਾਲ ਦੀ ਆਰੰਭਰਤਾ, ਮਰਿਯਾਦਾ ਵਿਚ ਪਰਪੱਕਤਾ, ਬਾਬਾ ਜੀ ਜਵਾਨੀ ਸਮੇਂ ਪਹਿਲਵਾਨੀ ਕਰਦੇ ਸਨ, ਬਾਬਾ ਜੀ ਵਲੋਂ ਗਊਆਂ ਦੀ ਸੇਵਾ, ਸੇਵਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਾ, ਰੱਬੀ ਰੂਹਾਂ ਦੇ ਕਦਰਦਾਨ, ਟਿੱਬਾ ਸਾਹਿਬ ਤੋਂ ਸ਼ਾਨਦਾਰ ਨਗਰ ਕੀਰਤਨ, ਗ੍ਰਹਿਸਤ ਆਸ਼ਰਮ ਦੇ ਕਦਰਦਾਨ, ਘੋਰ ਬੰਦਗੀ ਦੀ ਘਟਨਾ, ਤੀਰਥ ਯਾਤਰਾ, ਮੁਹਾਲੀ ਵਿਖੇ ਪਰਿਵਾਰ ਨਾਲ ਮਿਲਾਪ, ਜੇਲ੍ਹਾਂ ਵਿਚ ਗੁਰਦੁਆਰਿਆਂ ਦੀ ਸਥਾਪਨਾ, ਬਾਬਾ ਜੀ ਦੀ ਸ਼ਖ਼ਸੀਅਤ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਲੇਖਕ ਵਲੋਂ ਲਿਖੀ ਹਰ ਘਟਨਾ ਵਿਚੋਂ ਸ਼ਰਧਾ ਤੇ ਪ੍ਰੇਮ ਦੀ ਝਲਕ ਮਿਲਦੀ ਹੈ। ਮੋਨੀ ਸ਼ਬਦ ਬਾਬਾ ਜੀ ਨਾਲ ਉਸ ਸਮੇਂ ਜੁੜਿਆ ਜਦੋਂ 12 ਸਾਲ ਕੀਤੀ ਘੋਰ ਤਪੱਸਿਆ ਤੇ ਬੰਦਗੀ ਸਮੇਂ ਆਪ ਚੁੱਪ ਦੇ ਧਾਰਨੀ ਹੋ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਚੌਰਾਸੀ ਦੇ ਘੱਲੂਘਾਰੇ ਸਮੇਂ ਸ਼ਹੀਦਾਂ ਦੀ ਯਾਦ ਵਿਚ ਇਕ ਸੌ ਇਕ ਸ੍ਰੀ ਅਖੰਡ ਪਾਠ ਸਾਹਿਬ ਵੀ ਗੁ: ਨਰੈਣਸਰ ਮੁਹਾਲੀ ਵਿਖੇ ਕਰਵਾਏ ਗਏ। ਧਰਮ ਯੁੱਧ ਸਮੇਂ ਆਪ ਨੇ ਸੈਂਕੜੇ ਗੁਰਸਿੱਖਾਂ ਨੂੰ ਨਾਲ ਲੈ ਗ੍ਰਿਫ਼ਤਾਰ ਵੀ ਹੋਏ। ਲੇਖਕ ਨੇ ਆਕਾਰ ਪੱਖੋਂ ਛੋਟੀ ਪੁਸਤਕ ਨੂੰ ਭਾਗ ਪਹਿਲਾ ਵਜੋਂ ਸ਼ਰਧਾਲੂ ਸੰਗਤ ਨੂੰ ਭੇਟ ਕੀਤਾ ਹੈ। ਨੇੜ ਭਵਿੱਖ ਵਿਚ ਪਾਠਕ ਵਿਸਥਾਰ ਸਹਿਤ ਦੂਜੇ ਭਾਗ ਦੀ ਉਡੀਕ ਕਰਨਗੇ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅੱਗੇ ਵਧਦੇ ਜਾਵਾਂਗੇ
ਲੇਖਕ : ਮਹਿੰਦਰ ਸਿੰਘ ਮਾਨੂੰਪੁਰੀ
ਪ੍ਰਕਾਸ਼ਕ : ਗ੍ਰੇਸੀਅਸ ਬੁੱਕਸ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 98764-33008
ਵੱਖ-ਵੱਖ ਵਿਧਾਵਾਂ ਦੀਆਂ ਇਕ ਦਰਜਨ ਕਿਤਾਬਾਂ ਦੇ ਰਚੈਤਾ ਮਹਿੰਦਰ ਸਿੰਘ ਮਾਨੂੰਪੁਰੀ ਬਾਲ-ਸਾਹਿਤ ਦੇ ਇਕ ਸਮਰੱਥ ਅਤੇ ਸਿਰਮੌਰ ਹਸਤਾਖ਼ਰ ਹਨ। ਹਥਲੀ ਪੁਸਤਕ 'ਅੱਗੇ ਵਧਦੇ ਜਾਵਾਂਗੇ' ਵਿਚ ਉਨ੍ਹਾਂ ਨੇ ਆਪਣੀਆਂ 204 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਪੁਸਤਕ ਨੂੰ ਇਕਾਗਰ-ਚਿੱਤ ਹੋ ਕੇ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਨੂੰ ਬਾਲ-ਸਾਹਿਤ ਦੇ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਦੇ ਨਾਲ-ਨਾਲ ਬਾਲ ਮਨੋਵਿਗਿਆਨ ਦੀ ਸੂਖਮ ਸੂਝ-ਬੂਝ ਵੀ ਹੈ:
ਜਾਗੋ! ਜਾਗੋ! ਜੱਗ ਦੇ ਬੰਦਿਓ,
ਸੱਚ ਸੁਣਾਉਂਦੀਆਂ ਬਾਲੜੀਆਂ।
ਸੁੰਨਮ-ਸੁੰਨਾ ਜੱਗ ਇਹ ਹੁੰਦਾ,
ਜੇ ਨਾ ਆਉਂਦੀਆਂ ਬਾਲੜੀਆਂ।
ਮਹਿੰਦਰ ਸਿੰਘ ਮਾਨੂੰਪੁਰੀ ਸਮਝਦੇ ਹਨ ਕਿ ਤੰਦਰੁਸਤ ਦਿਮਾਗ ਤੋਂ ਬਿਨਾਂ ਤੰਦਰੁਸਤ ਸਰੀਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਰ ਸਾਡੇ ਸਮਾਜ ਵਿਚੋਂ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਨਹੀਂ ਹੋ ਜਾਂਦਾ, ਓਨਾ ਚਿਰ ਨਰੋਏ ਸਮਾਜ ਦੀ ਉਸਾਰੀ ਵੀ ਨਹੀਂ ਕੀਤੀ ਜਾ ਸਕਦੀ। ਨਰੋਏ ਸਮਾਜ ਦੀ ਉਸਾਰੀ ਲਈ ਮਨੁੱਖ ਨੂੰ ਬਚਪਨ ਤੋਂ ਹੀ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਬਣਾਇਆ ਜਾਣਾ ਅਜੋਕੇ ਸਮੇਂ ਦੀ ਅਣਸਰਦੀ ਲੋੜ ਹੈ:
ਮੈਂ ਵੱਡਾ ਵਿਗਿਆਨੀ ਬਣ ਕੇ,
ਜੱਗ ਨੂੰ ਚਾਨਣ ਵੰਡਾਂਗਾ।
ਅੰਧਵਿਸ਼ਵਾਸੀ ਵਾਲੇ ਨ੍ਹੇਰੇ,
ਵਿੱਦਿਆ ਪੜ੍ਹ ਕੇ ਛੰਡਾਂਗਾ।
ਮਹਿੰਦਰ ਸਿੰਘ ਮਾਨੂੰਪੁਰੀ ਦੇ ਮਿੱਤਰ-ਪਿਆਰੇ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਉਨ੍ਹਾਂ ਕੋਲ ਪੁਸਤਕਾਂ ਦਾ ਵਡਮੁੱਲਾ ਭੰਡਾਰ ਸੀ। ਆਪਣੇ ਪਿੰਡ ਵਿਚ ਉਨ੍ਹਾਂ ਨੇ ਇਕ ਵਿਸ਼ਾਲ ਲਾਇਬ੍ਰੇਰੀ ਬਣਾਈ ਹੋਈ ਸੀ। ਹਰ ਮਿਲਣ ਵਾਲੇ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਉਨ੍ਹਾਂ ਦਾ ਸੁਭਾਅ ਬਣ ਗਿਆ ਸੀ। ਪੰਜਾਬ ਸਰਕਾਰ ਵਲੋਂ ਬਾਲ ਸਾਹਿਤ ਦੀ ਪ੍ਰਫ਼ੁੱਲਤਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸ਼੍ਰੋਮਣੀ ਬਾਲ ਸਾਹਿਤਕਾਰ ਵਜੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਹ ਵੀ ਉਨ੍ਹਾਂ ਦੀ ਸਿਰਜਣਾ ਦਾ ਹੀ ਹਾਸਿਲ ਹੈ ਕਿ ਪਾਠਕ ਉਨ੍ਹਾਂ ਦੀ ਪੁਸਤਕ ਨੂੰ ਇਕੋ ਬੈਠਕ ਵਿਚ ਹੀ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਝੱਲੀ ਦਾ ਝੱਲ
ਕਵੀ : ਡਾ. ਮਨਜ਼ੂਰ ਏਜਾਜ਼
ਸੰਪਾਦਕ : ਰਵਿੰਦਰ ਸਹਿਰਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 80
ਸੰਪਰਕ : 95011-45039
ਡਾ. ਮਨਜ਼ੂਰ ਏਜਾਜ਼ ਪਾਕਿਸਤਾਨ ਮੂਲ ਦਾ ਪੰਜਾਬੀ ਸ਼ਾਇਰ ਹੈ ਜੋ ਕਿ ਅਮਰੀਕਾ ਜਾ ਵਸਿਆ ਸੀ। ਇਹ ਹਥਲੀ ਪੁਸਤਕ ਉਸ ਦੀ 12ਵੀਂ ਪੰਜਾਬੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਦੀ ਲੋਕ ਤਾਰੀਖ, ਵਾਰਿਸਨਾਮਾ (5 ਜਿਲਦਾਂ), ਬੁੱਲ੍ਹਾਨਾਮਾ, ਇਨਕਲਾਬ ਜੋ ਆ ਚੁੱਕਾ ਹੈ, ਸਵੈ-ਜੀਵਨੀ, ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ, ਗਾਲਿਬਨਾਮਾ, ਫ਼ਲਸਫ਼ੇ ਦੀ ਤਾਰੀਖ, ਵੱਡੀ ਜਗਤ ਸ਼ਾਇਰੀ, ਪੰਜਾਬ ਦਾ ਲੋਕ ਇਤਿਹਾਸ ਅਤੇ ਬੁੱਲ੍ਹਾਨਾਮਾ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਪੁਸਤਕ ਵਿਚ ਕੁੱਲ 44 ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਹਨ, ਜਿਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਰਵਿੰਦਰ ਸਹਿਰਾਅ ਨੇ ਸਿਆਣਪ ਨਾਲ ਸੰਪਾਦਨ ਦਾ ਕਾਰਜ ਕੀਤਾ ਹੈ। ਡਾ. ਏਜਾਜ਼ ਨੇ ਅਮਰੀਕਾ ਵਰਗੇ ਖ਼ੁਸ਼ਹਾਲ ਦੇਸ਼ ਵਿਚ ਭਾਵੇਂ ਅਰਥ ਸ਼ਾਸਤਰ ਦੀ ਐੱਮ.ਏ. ਅਤੇ ਪੀ.ਐੱਚ.ਡੀ. ਕੀਤੀ ਅਤੇ ਵੱਕਾਰੀ ਨੌਕਰੀ ਵੀ ਕੀਤੀ ਪਰ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਣਾਇਆ ਰਿਹਾ। ਉਸ ਦੀਆਂ ਪੂਰਵ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਪੰਜਾਬੀ ਲੋਕ ਦਰਸ਼ਨ ਬੋਲਦਾ ਹੈ, ਉਸ ਨੇ ਪੰਜਾਬ ਦੇ ਇਤਿਹਾਸ ਨੂੰ ਵੀ ਬੇਲਾਗ ਹੋ ਕੇ ਲਿਖਿਆ ਅਤੇ ਗੁਰੂ ਨਾਨਕ, ਵਾਰਿਸ, ਹੁਸੈਨ, ਬੁੱਲ੍ਹਾ ਅਤੇ ਹੋਰ ਸੂਫ਼ੀ ਕਵੀਆਂ ਦੀਆਂ ਨਵੀਆਂ ਪਰਤਾਂ ਖੋਲ੍ਹੀਆਂ।
ਕਵੀ ਏਜਾਜ਼ ਦੀਆਂ ਕਵਿਤਾਵਾਂ ਦੇ ਨਾਂਅ ਵੀ ਪੰਜਾਬੀ ਰਹਿਤਲ ਦੇ ਅਨੁਸਾਰੀ ਹਨ ਜਿਵੇਂ ਧਮੂੜੀ, ਹੁੱਸੜ, ਝੇੜੇ, ਚੂੜੇ ਕੱਜੇ ਚੂੜਿਆਂ ਵਾਲੀਆਂ, ਰੱਪੜ, ਕਪੂਰੀ ਰਿਓੜੀ ਕਿਉਂ ਕਰ ਲੜੇ, ਸ਼ਦਾਈ, ਝੱਲਾ ਆਦਿ ਉਸ ਦੀਆਂ ਕਵਿਤਾਵਾਂ ਵਾਰਤਕ ਕਾਵਿ ਚੰਦ ਵਿਚ ਹਨ ਪਰ ਉਸ ਦੇ ਸ਼ਬਦਾਂ ਦੀ ਮਹਿਕ ਐਸੀ ਹੈ ਕਿ ਪਾਠਕ ਨੂੰ ਇਨ੍ਹਾਂ ਦੇ ਬਹਿਰਾਂ ਛੰਦਾਂ ਦੀ ਲੋੜ ਹੀ ਨਹੀਂ ਪੈਂਦੀ। ਉਸ ਦੀਆਂ ਕਵਿਤਾਵਾਂ ਵਿਚ ਪੰਜਾਬੀ ਭਾਸ਼ਾ ਦਾ ਮੋਹ ਅਤੇ ਪੰਜਾਬੀ ਪੁੱਤਾਂ ਦਾ ਪੰਜਾਬੀ ਤੋਂ ਪਰ੍ਹਾਂ ਖਲੋਣ ਦਾ ਝੱਲ ਅਤੇ ਦੁੱਖ ਟਪਕਦਾ ਹੈ। ਕੁਝ ਕਵਿਤਾਵਾਂ ਦੀਆਂ ਟੂਕਾਂ ਹਾਜ਼ਰ ਹਨ, ਜਿਨ੍ਹਾਂ ਵਿਚ ਅਰਥਚਾਰਾ ਆਪ ਹੀ ਝਰਦਾ ਹੈ :
-'ਤੇਰੇ ਮੇਰੇ ਝੇੜੇ ਵੱਖਰੇ / ਵਿਚ ਨਿਆਈਂ ਕੋਇ ਨਾ / ਆ ਹੁਣ ਆਪਣੀਆਂ ਕਬਰਾਂ ਉੱਪਰ / ਆਪਣੇ ਆਪ ਸਿਆਪੇ ਕਰ ਕਰ / ਖੱਟੀਏ ਤਰਸ ਦੀ ਖੱਟੀ / ਕੁਤਬ ਮੀਨਾਰ ਬਣਾਈਏ (ਝੇੜੇ ਸਫ਼ਾ 22)
-ਆਪਣੇ ਚੁੰਭੇ ਬਣਦੇ ਗੁੜ ਦੀ ਮਹਿਕ ਨਿਰਾਲੀ / ਆਪਣੇ ਖਾਣ ਲਈ ਬਣਿਆ / ਜਿਸ ਵਿਚ / ਰੰਗ ਕਾਟ ਨਾ ਸੋਡਾ / ਸਾਦ ਮੁਰਾਦਾ ਕੁਝ ਬਦਰੰਗਾ / ਸ਼ਕਲੋਂ ਕੋਹਝਾ / ਹਰਫ਼ਾਂ ਵਿਚ ਸਫੈਦੀ ਵਾਲੇ, ਭੇਤ ਸੈਨਤਾਂ / ਕਹੀਆਂ ਅੰਦਰ ਅਣ-ਕਹੀਆਂ ਦੇ ਖੁਰੇ ਛਡੀਵਣ... ਲਿਖਤਾਂ (ਸਫ਼ਾ 25)
ਕਵੀ ਏਜਾਜ਼ ਅਜੀਬ ਬਿੰਬਾਂ ਚਿੰਨ੍ਹਾਂ ਰਾਹੀਂ ਆਪਣੀ ਗੱਲ ਨੂੰ ਸਾਰਥਕ ਬਣਾਉਣ ਦਾ ਯਤਨ ਕਰਦਾ ਹੈ ਪਰ ਉਹ ਮਿਸਾਲ ਦਿੰਦਾ ਪਾਠਕ ਸੁਰਤ ਤੋਂ ਦੂਰ ਚਲਾ ਜਾਂਦਾ ਹੈ। ਉਕਤ ਕਵਿਤਾ ਵਿਚ ਉਹ ਗੁੜ ਦੀ ਗੱਲ ਲਿਖਤਾਂ ਨਾਲ ਪੇਸ਼ ਕਰਦਾ ਹੈ।
-'ਆਪਣੇ ਡਰ ਵਿਚ' ਕਵਿਤਾ ਦਾ ਉਸ ਨੇ ਜੋ ਅਰਥਚਾਰਾ ਘੜਿਆ ਹੈ ਉਹ ਵੀ ਵੇਖੋ :
'ਸੱਪ ਦੋਮੂਹੀਆਂ, ਠੂਹੇ ਬਿੱਛੂ / ਸਭ ਬਲਵਾਨ ਨੇ ਉਰਲੇ ਦੇ / ਜਿਵੇਂ ਜ਼ਰ ਦੇ ਮਾਲਕ ਮੁੱਲਾਂ ਕਾਜ਼ੀ ਬਾਕੀ / ਆਪਣੇ ਡਰ ਵਿਚ ਆਪਣੇ ਭੈਅ ਤੋਂ / ਡੰਗ ਮਰੀਂਦੇ / ਜਾਤ ਦੀਆਂ ਬਸ ਕੋਹੜ ਕਿਰਲੀਆਂ / ਜੱਫਿਆਂ ਵਿਚ ਸ਼ਹਿਤੀਰ ਬਲਾਵਣ / ਸਾਡੀ ਉਲਟੀ ਮੌਤ ਤੋਂ ਰਲ ਮਿਲ / ਹਸਦੀਆਂ ਜਾਵਣ' (ਸਫ਼ਾ 28)
-ਏਜਾਜ਼ ਦੀ ਕਵਿਤਾ-ਸ਼ਬਦਾਵਲੀ ਕੇਂਦਰੀ ਪੰਜਾਬੀ ਤੋਂ ਪਰ੍ਹਾਂ ਦੀ ਹੈ ਇਹ ਸ਼ਾਇਦ ਸ਼ਰਾਇਕੀ ਦੀ ਵੀ ਅਗਾਂਹ ਉਪਬੋਲੀ ਲਗਦੀ ਹੈ :
'ਕਿੰਨੀ ਵੇਰੀਂ ਝਾਕੀ ਦੇ ਦੇ ਲੰਘੀਆਂ / ਹਾਠਾਂ ਜੋੜ ਕੇ ਝੰਬਰ ਪਾਉਂਦੇ ਆਏ ਬੱਦਲ / ਗਰਜ ਉਨ੍ਹਾਂ ਦੀ ਆਸਮਾਨਾਂ ਨੂੰ ਪਾੜ ਉਧੇੜੇ / ਚੂੜੇ ਕੱਜੇ ਚੂੜੇ ਵਾਲੀਆਂ / ਤੂਰ ਪਹਾੜ ਦੀ ਯਾਦ ਦਿਵਾਂਦੀ / ਇਸ਼ਕ ਇਨ੍ਹਾਂ ਦੀ / ਪਰ ਤ੍ਰਿਹਾਈ, ਤਿੱਸੀ ਧਰਤੀ ਅੱਖ ਬੇਸ਼ਰਮੀ' / ਚੂੜੇ ਕੱਜੇ ਚੂੜੇ ਵਾਲੀਆਂ' (ਸਫ਼ਾ 29)
ਕਵੀ ਏਜਾਜ਼ ਦੀ ਕਵਿਤਾ ਵਿਚ ਕਿਤੇ-ਕਿਤੇ ਚੰਗੀਆਂ ਤੇ ਸਾਰਥਕ ਗੱਲਾਂ ਵੀ ਹਨ : 'ਬਾਹਰ ਝੰਡਾ ਮਜ਼ਹਬ ਵਾਲਾ / ਅੰਦਰ ਹੱਟ ਦਲਾਲੀ / ਘਰੀਂ ਵਸਾਈ ਚਾਚੇ ਦੀ ਧੀ / ਦਿਲ ਦੇ ਅੰਦਰ ਸਾਲੀ / ਸਾਵੀਂ ਚੱਦਰ ਲੈ ਬਿਸਤਰ 'ਤੇ / ਤਸਬੀ ਕਰੇ ਜੁਗਲੀ...' ਅੱਲਾ ਵਾਲੀ (ਸਫ਼ਾ 66).
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਸੋਚ ਦੇ ਅੱਖਰ
ਗ਼ਜ਼ਲਕਾਰ : ਕਾਸਿਫ਼ ਤਨਵੀਰ ਕਾਸਿਫ਼
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 81950-46082
ਪੌਣੀ ਸਦੀ ਪਹਿਲਾਂ ਪੰਜਾਬ ਦਾ ਜਿਸਮ ਵੰਡਿਆ ਗਿਆ ਸੀ, ਇਕ ਪੂਰਬੀ ਪੰਜਾਬ ਤੇ ਦੂਸਰਾ ਪੱਛਮੀ ਪੰਜਾਬ ਹੋਂਦ ਵਿਚ ਆਏ। ਪਰ ਇਨ੍ਹਾਂ ਦੋਵਾਂ ਹਿੱਸਿਆਂ ਦਾ ਦੁੱਖ ਸੁਖ, ਵਿਰਸਾ, ਸਕਾਫ਼ਤ, ਰਹੁ ਰੀਤਾਂ ਤੇ ਆਦਤਾਂ ਅਜੇ ਵੀ ਸਮਾਨ ਹੀ ਹਨ। ਚੰਗੀ ਗੱਲ ਇਹ ਵੀ ਹੈ ਕਿ ਦੋਵਾਂ ਪੰਜਾਬਾਂ ਵਿਚ ਸਾਹਿਤ ਰਾਹੀਂ ਵਿਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ ਤੇ ਇਸ ਕਾਰਨ ਸਾਂਝਾਂ ਦਾ ਪੁਲ਼ ਬਣਿਆਂ ਹੋਇਆ ਹੈ। ਏਧਰ ਓਧਰ ਇਕ ਦੂਸਰੇ ਦੇ ਸਾਹਿਤ ਨੂੰ ਛਾਪਣ ਦੀ ਰਵਾਇਤ ਵੀ ਚਿਰੋਕੀ ਹੈ। 'ਸੋਚ ਦੇ ਅੱਖਰ' ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਇਸੇ ਭਾਵਨਾ ਤਹਿਤ ਹੋਈ ਪ੍ਰਤੀਤ ਹੁੰਦੀ ਹੈ, ਜਿਸ ਦੇ ਗ਼ਜ਼ਲਕਾਰ ਕਾਸਿਫ਼ ਤਨਵੀਰ ਕਾਸਿਫ਼ ਹਨ। ਇਸ ਪੇਸ਼ਕਾਰੀ ਲਈ ਪੰਜਾਬੀ ਵਿਰਸਾ ਟਰੱਸਟ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀ ਪੰਜਾਬੀ ਗ਼ਜ਼ਲਕਾਰ ਜ਼ਿਆਦਾਤਰ ਘੁਮਾ ਫਿਰਾ ਕੇ ਗੱਲ ਕਰਨ ਵਿਚ ਯਕੀਨ ਨਹੀਂ ਰੱਖਦੇ, ਸਗੋਂ ਉਹ ਸਿੱਧੀ ਤੇ ਸਾਦੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਕਾਸਿਫ਼ ਦੀ ਗ਼ਜ਼ਲ ਵੀ ਇਸੇ ਸ਼੍ਰੇਣੀ ਵਿਚ ਆਉਂਦੀ ਹੈ। ਇਸੇ ਲਈ ਕਾਸਿਫ਼ ਕਿਧਰੇ ਡੰਗਰ ਚਾਰਨ ਦੀ ਗੱਲ ਕਰਦਾ ਹੈ ਕਿਧਰੇ ਵਿਹੜੇ ਵਿਚ ਲੀਕਾਂ ਮਾਰਨ ਦੀ ਤੇ ਕਿਧਰੇ ਉਹ ਖਾਲਮ ਖ਼ਾਲੀ ਕਾਸਿਆਂ ਦਾ ਵਰਨਣ ਕਰਦਾ ਹੈ। ਗ਼ਜ਼ਲਕਾਰ ਆਪਣੇ ਦੇਸ਼ ਤੋਂ ਦੂਰ ਰਹਿੰਦਾ ਹੈ ਇਸੇ ਲਈ ਉਸ ਨੂੰ ਆਪਣਾ ਪਿੰਡ ਤਖ਼ਤ ਹਜ਼ਾਰਾ ਮੁੜ-ਮੁੜ ਯਾਦ ਆਉਂਦਾ ਹੈ ਤੇ ਉੱਥੋਂ ਦੇ ਬੋਹੜ ਤੇ ਪਿੱਪਲ ਅਜੇ ਵੀ ਉਸ ਦੀ ਸਿਮ੍ਰਤੀ ਵਿਚ ਹਨ। ਆਪਣੀਆਂ ਗ਼ਜ਼ਲਾਂ ਵਿਚ ਕਾਸਿਫ਼ ਨੇ ਹੋਰਾਂ ਹਮਵਤਨਾਂ ਵਾਂਗ ਪੰਜਾਬੀ ਦੇ ਭੁੱਲੇ ਵਿਸਰੇ ਠੇਠ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ। ਇੱਧਰਲੇ ਪੰਜਾਬ ਦੇ ਕੁਝ ਅਸਲੋਂ ਅਲੋਪ ਹੋ ਗਏ ਸ਼ਬਦ ਵੀ ਇਨ੍ਹਾਂ ਗ਼ਜ਼ਲਾਂ ਦਾ ਸ਼ਿੰਗਾਰ ਹਨ। ਗ਼ਜ਼ਲਕਾਰ ਦੀ ਬਹੁਤੀ ਗ਼ਜ਼ਲਕਾਰੀ ਵਿਚ ਮੁਹੱਬਤ ਦੀ ਚਾਸ਼ਨੀ ਹੈ ਤੇ ਇਸ ਵਿਚ ਆਪਣੇ ਚਾਹਵਾਨ ਨਾਲ ਸੰਵਾਦ ਹਨ। ਸ਼ਾਇਦ ਇਹ ਰੰਗ ਇਸ ਲਈ ਵੀ ਭਾਰੂ ਹੈ ਕਿ ਉਹ ਝਨਾਅ ਦੇ ਕੰਢੇ ਵਸੇ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦੀ ਪੈਦਾਇਸ਼ ਹੈ। ਇਸ ਮਿੱਟੀ 'ਚੋਂ ਪੈਦਾ ਹੋ ਕੇ ਜੇ ਮੁਹੱਬਤ ਦੀ ਗੱਲ ਨਾ ਤੁਰੇ ਤਾਂ ਉਸ ਭੋਇੰ ਨਾਲ ਇਹ ਬੇਇਨਸਾਫ਼ੀ ਹੈ। ਪੁਸਤਕ ਦੀਆਂ ਗ਼ਜ਼ਲਾਂ ਸਵਾਦਲੀਆਂ, ਮੁਹੱਬਤ ਦੇ ਖ਼ੁਮਾਰ ਵਿਚ ਰੰਗੀਆਂ ਤੇ ਵਿਰਸੇ ਨਾਲ ਜੁੜੀਆਂ ਹੋਈਆਂ ਹਨ। ਕੁਝ ਥਾਈਂ ਗ਼ਜ਼ਲ ਦਾ ਅਨੁਸ਼ਾਸਨ ਡੋਲਿਆ ਹੈ ਪਰ ਪਾਕਿਸਤਾਨ ਵਿਚ ਇਸ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਕੁਝ ਨਵਾਂ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਕੇ. ਪਬਲੀਕੇਸ਼ਨ, ਮਾਨਸਾ
ਮੁੱਲ : 245 ਰੁਪਏ, ਸਫ਼ੇ : 122
ਸੰਪਰਕ : 94640-76257
ਪ੍ਰਤਿਸ਼ਠਤ ਲੇਖਕ ਬਿਕਰਮਜੀਤ ਨੂਰ ਨੇ ਬੇਸ਼ੱਕ ਨਾਵਲ, ਜੀਵਨੀ, ਕਵਿਤਾ ਵਾਰਤਕ ਆਦਿ ਸਾਹਿਤਕ ਵਿਧਾਵਾਂ 'ਤੇ ਕਲਮ ਚਲਾਈ ਹੈ, ਪਰ ਉਹ ਮੂਲ ਤੌਰ 'ਤੇ ਪ੍ਰਤੀਬੱਧ ਮਿੰਨੀ ਕਹਾਣੀ ਲੇਖਕ ਹੈ। ਉਸ ਦੇ ਹੁਣ ਤੱਕ ਕਾਤਰਾਂ, ਸ਼ਨਾਖਤ, ਅਣਕਿਹਾ, ਮੰਜ਼ਿਲ, ਮੇਰੀਆਂ ਮਿੰਨੀ ਕਹਾਣੀਆਂ, ਮੂਕ ਸ਼ਬਦਾਂ ਦੀ ਵਾਪਸੀ, ਦਸ ਸਾਲ ਹੋਰ, ਰੰਗ ਅਤੇ ਬਸਤੀ ਉਦਾਸ ਹੈ ਆਦਿ ਨੌ ਮਿੰਨੀ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਸਾਹਿਤ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਝਾਕ ਵਿਚ ਰਹਿੰਦਾ ਹੈ। ਇਸੇ ਲੜੀ ਵਿਚ ਉਸ ਦਾ 45 ਮਿੰਨੀ ਕਹਾਣੀਆਂ ਦਾ ਦਸਵਾਂ ਸੰਗ੍ਰਹਿ 'ਕੁਝ ਨਵਾਂ' ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ ਹੈ। ਲੇਖਕ ਬੀਤੇ 8-10 ਸਾਲ ਤੋਂ ਪ੍ਰਵਾਸੀ ਹੋ ਗਿਆ ਹੈ, ਇਸ ਲਈ ਉਸ ਦੇ ਅਨੁਭਵ ਵਿਚ ਵਿਦੇਸ਼ੀ ਸੱਭਿਆਚਾਰ, ਸੋਚ ਅਤੇ ਆਧੁਨਿਕਤਾ ਸ਼ਾਮਿਲ ਹੋਈ ਹੈ, ਨਾਲ ਦੀ ਨਾਲ ਵਿਦੇਸ਼ ਅਤੇ ਸਵਦੇਸ਼ ਦਾ ਤੁਲਨਾਤਮਿਕ ਮੁਲਾਂਕਣ ਉਸ ਦੀਆਂ ਨਵੀਆਂ ਰਚਨਾਵਾਂ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਮਿੰਨੀ ਕਹਾਣੀ ਦੇ ਮੁਢਲੇ ਦੌਰ ਦਾ ਇਹ ਪਾਂਧੀ ਮਿੰਨੀ ਕਹਾਣੀ ਦੇ ਸ਼ਿਲਪ ਤੇ ਰੂਪਕ ਪੱਖ ਤੋਂ ਪੂਰੀ ਤਰ੍ਹਾਂ ਜਾਣੂ ਹੈ, ਸਗੋਂ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਉਸ ਦੀ ਪੁਸ਼ਟੀ ਵੀ ਕਰਦਾ ਹੈ। ਨੂਰ ਦੀਆਂ ਮਿੰਨੀ ਕਹਾਣੀਆਂ ਨੇ ਵੀ ਬੀਤੇ ਚਾਰ ਕੁ ਦਹਾਕਿਆਂ ਤੋਂ ਕਥਨ ਅਤੇ ਕਹਿਣ ਦੀ ਦ੍ਰਿਸ਼ਟੀ ਤੋਂ ਵਿਕਾਸ ਕੀਤਾ ਹੈ। ਹਥਲੇ ਸੰਗ੍ਰਹਿ ਦੀਆਂ ਅਹੁਦਾ, ਇਕਾਂਤਵਾਸ, ਸੋਚ, ਹਾਦਸਾ, ਗਰਮ ਖ਼ੂਨ, ਛੋਟਾ ਬੰਦਾ, ਦੋ ਪਾਤਰ, ਮਿੱਟੀ, ਰੋਟੀ ਸ਼ੈਰੀ ਦਾ ਸ਼ੌਕ ਆਦਿ ਮਿੰਨੀ ਕਹਾਣੀਆਂ ਨਾ ਸਿਰਫ ਨੂਰ ਦੀ ਮਿੰਨੀ ਕਹਾਣੀ ਯਾਤਰਾ ਦੀਆਂ ਮੀਲ ਪੱਥਰ ਹਨ, ਸਗੋਂ ਪੰਜਾਬੀ ਮਿੰਨੀ ਕਹਾਣੀ ਦਾ ਹਾਸਿਲ ਵੀ ਕਹੀਆਂ ਜਾ ਸਕਦੀਆਂ ਹਨ। ਬਾਕੀ ਮਿੰਨੀ ਕਹਾਣੀਆਂ ਵੀ ਆਪਣੇ ਉਦੇਸ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੂਰਤੀ ਕਰਦੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ੇ ਭਾਰਤੀ ਸਮਾਜ ਦੇ ਕਰੂਰ ਯਥਾਰਥ ਦਾ ਸੂਖ਼ਮ ਪ੍ਰਗਟਾਅ ਤਾਂ ਕਰਦੇ ਹੀ ਹਨ। ਭੂਮੰਡਲੀਕਰਨ ਅਤੇ ਵਪਾਰੀਕਰਨ ਦੇ ਇਸ ਭਿਆਨਕ ਦੌਰ ਵਿਚ ਪਲ-ਪਲ ਖੰਡਿਤ ਹੋ ਰਹੀ ਮਨੁੱਖੀ ਮਾਨਸਿਕਤਾ ਅਤੇ ਤਿੜਕ ਰਹੇ ਮਨੱਖੀ ਰਿਸ਼ਤਿਆਂ, ਵਧ ਰਹੀ ਸੰਵੇਦਨਹੀਣਤਾ ਅਤੇ ਮਨੁੱਖ ਤੋਂ ਮਨੁੱਖ ਦੀ ਦੂਰੀ ਅਤੇ ਇਸ ਤੋਂ ਪੈਦਾ ਹੋ ਰਿਹਾ ਤਣਾਅ, ਇਕੱਲਾਪਣ ਤੇ ਉਪਰਾਮਤਾ ਦਾ ਨੂਰ ਦੀ ਕਲਮ ਨੇ ਬੜੀ ਹੀ ਸੂਖਮਤਾ ਨਾਲ ਵਿਸ਼ਲੇਸ਼ਣ ਅਤੇ ਚਿਤਰਣ ਕੀਤਾ ਹੈ। ਇੰਜ ਨੂਰ ਆਪਣੇ ਸਮਕਾਲੀਆਂ ਤੋਂ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਫਲ ਹੁੰਦਾ ਹੈ। 'ਕੁਝ ਨਵਾਂ' ਸਚਮੁੱਚ ਜਿੱਥੇ ਪਾਠਕਾਂ ਨੂੰ ਨਵੇਂ ਅਹਿਸਾਸਾਤ ਨਾਲ ਸਰਸ਼ਾਰ ਕਰਨ ਦੇ ਸਮਰੱਥ ਹੈ ਉੱਥੇ ਨਵੇਂ ਮਿੰਨੀ ਕਹਾਣੀ ਲੇਖਕਾਂ ਲਈ ਇਕ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਉਣ ਦੇ ਸਮਰੱਥ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ
ਲੇਖਿਕਾ : ਮਨਜੀਤ ਕੌਰ ਮੀਤ
ਮੁੱਲ : 200 ਰੁਪਏ, ਸਫ਼ੇ : 108
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਸੰਪਰਕ : 84277-21143
ਲੇਖਿਕਾ ਲੰਬੇ ਅਰਸੇ ਤੋਂ ਲਿਖਣ-ਕਾਰਜ ਵਿਚ ਜੁਟੀ ਹੋਈ ਹੈ। ਉਸ ਦੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਤਿੰਨ ਛਪਾਈ ਅਧੀਨ ਹਨ। ਮੂਲ ਰੂਪ ਵਿਚ ਉਹ ਮਿੰਨੀ ਕਹਾਣੀਆਂ, ਕਹਾਣੀ ਅਤੇ ਕਵਿਤਾ ਲਿਖਣ ਵੱਲ ਰੁਚਿਤ ਹੈ। ਸਾਹਿਤ ਸਭਾਵਾਂ ਨਾਲ ਵੀ ਉਹ ਬਰਾਬਰ ਨਿਭਦੀ ਨਜ਼ਰ ਆਉਂਦੀ ਹੈ। ਵਿਚਾਰ ਅਧੀਨ ਪੁਸਤਕ ਉਸ ਦੇ ਜੀਵਨ ਤਜਰਬਿਆਂ ਨਾਲ ਸੰਬੰਧਿਤ ਹੈ ਅਤੇ ਪਾਠਕਾਂ ਨਾਲ ਉਸ ਜਜ਼ਬਾਤੀ ਸਾਂਝ ਪਾਉਣ ਦਾ ਸੁਹਿਰਦ ਯਤਨ ਕੀਤਾ ਹੈ। ਉਸ ਦਾ ਪਤੀ ਪਹਿਲਾਂ ਫ਼ੌਜ ਵਿਚ ਰਿਹਾ ਅਤੇ ਫਿਰ ਉਸ ਨੇ ਸਿਵਲ ਵਿਚ ਵੀ ਸੇਵਾਵਾਂ ਨਿਭਾਈਆਂ। ਮਨਜੀਤ ਨੂੰ ਕਿਉਂਕਿ ਵਿਦਿਆਰਥੀ ਜੀਵਨ ਤੋਂ ਹੀ ਫ਼ੌਜੀ ਪਸੰਦ ਸਨ ਤੇ ਉਸ ਨੇ ਆਪਣੇ ਮਨਪਸੰਦ ਇਕ ਫ਼ੌਜੀ ਅਫ਼ਸਰ ਨਾਲ ਹੀ ਆਪਣੀ ਵਿਆਹ ਕਰਵਾਉਣ ਦੀ ਜ਼ਿੱਦ ਪੁਗਾਈ।
ਪੁਸਤਕ ਦੇ 15 ਕਾਂਡ ਹਨ। ਇਨ੍ਹਾਂ ਨਿੱਕੇ-ਨਿੱਕੇ ਲੇਖਾਂ ਨੂੰ ਉਸ ਭਾਵਾਨਾਤਮਕ ਢੰਗ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਵਿਆਹ ਲਈ ਹਾਮੀ ਲੇਖ ਵਿਚ ਉਹ ਦੱਸਦੀ ਹੈ ਕਿ ਜਦੋਂ ਛੋਟੀ ਉਮਰ ਵਿਚ ਹੀ ਉਸ ਨੂੰ ਭਾਸ਼ਾ ਵਿਭਾਗ ਵਿਚ ਨੌਕਰੀ ਮਿਲੀ ਤਾਂ ਉਸ ਦਾ ਗੁਰਦੇਵ ਸਿੰਘ ਨਾਲ ਵਿਆਹ ਹੋ ਗਿਆ ਤੇ ਉਹ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ। ਉਹ ਆਪਣੀ ਪਤਨੀ ਤੇ ਪਰਿਵਾਰ ਦਾ ਪੂਰਾ ਖ਼ਿਆਲ ਰੱਖਦਾ ਸੀ ਪਰ ਹੌਲੀ-ਹੌਲੀ ਹਾਲਾਤ ਦੇ ਮੱਦੇਨਜ਼ਰ ਉਹ ਨਿੱਤ ਸ਼ਰਾਬ ਵੀ ਪੀਣ ਲੱਗਾ ਸੀ। ਸ਼ਾਇਦ ਇਹੋ ਕਾਰਨ ਬਣ ਗਿਆ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਜਲਦੀ ਹੀ ਉਸ ਦਾ ਸਾਥ ਛੱਡ ਗਿਆ। ਜਵਾਨੀ ਵੇਲੇ ਉਹ ਉਸ ਨਾਲ ਪੰਜਾਬ ਤੇ ਭਾਰਤ ਦੇ ਕਈ ਥਾਵਾਂ 'ਤੇ ਘੁੰਮੀ-ਫਿਰੀ ਤੇ ਜੀਵਨ ਦਾ ਅਨੰਦ ਲਿਆ। ਖ਼ੁਸ਼ੀਆਂ-ਗ਼ਮੀਆਂ ਸੰਗ ਵਿਚਰਦਿਆਂ ਮਨਜੀਤ ਨੇ ਲਿਖਣਾ ਨਾ ਛੱਡਿਆ ਤੇ ਸਾਹਿਤ ਨਾਲ ਆਪਣੀ ਪ੍ਰੀਤ ਬਣਾਈ ਰੱਖੀ।
ਇਸ ਪੁਸਤਕ ਦੇ ਸਾਰੇ ਹੀ ਲੇਖ ਪੜ੍ਹਨਯੋਗ ਹਨ ਤੇ ਲੇਖਿਕਾ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ। ਫ਼ੌਜਣ ਬਣ ਕੇ ਮਾਣ ਖੱਟਿਆ, ਤਾਜ ਮਹਿਲ ਦੀ ਸੁੰਦਰਤਾ, ਜਬਲਪੁਰ ਦੀ ਪੋਸਟਿੰਗ, ਨਾਭੇ ਦਾ ਸਫ਼ਰ, ਚੰਡੀਮੰਦਰ ਦਾ ਨਜ਼ਾਰਾ, ਵਿਦਾਇਗੀ ਤੋਂ ਬਾਅਦ ਲਗਭਗ ਸਾਰੇ ਹੀ ਲੇਖਾਂ ਨੂੰ ਪਾਠਕ ਆਪਣੇ ਹਿਸਾਬ ਨਾਲ ਮਾਣ ਸਕਦਾ ਹੈ। ਇਨ੍ਹਾਂ ਹੀ ਅਰਥਾਂ ਵਿਚ ਪੁਸਤਕ ਦਾ ਸਵਾਗਤ ਵੀ ਹੈ ਤੇ ਸੁਹਿਰਦ ਲੇਖਿਕਾ ਮਨਜੀਤ ਕੌਰ ਮੀਤ ਨੂੰ ਮੁਬਾਰਕ ਪੇਸ਼ ਕਰਨੀ ਵੀ ਬਣਦੀ ਹੈ। ਪੰਜਾਬੀ ਸਾਹਿਤ ਜਗਤ ਉਸ ਤੋਂ ਭਵਿੱਖ ਵਿਚ ਹੋਰ ਵੀ ਉਮੀਦ ਰੱਖਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਸੁਰਿੰਦਰ ਗੀਤ ਦੀਆਂ ਕਹਾਣੀਆਂ-ਪਰਵਾਸੀ ਪ੍ਰਵਚਨ
ਸੰਪਾਦਕ : ਡਾ ਨਰੇਸ਼ ਕੁਮਾਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 098788-89269
ਕਵਿਤਰੀ ਸੁਰਿੰਦਰ ਗੀਤ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਾਸੀ ਹੈ। ਕੁਝ ਸਮੇਂ ਤੋਂ ਉਹ ਕਹਾਣੀਆਂ ਲਿਖ ਰਹੀ ਹੈ। ਨਾਮਵਰ ਅਖ਼ਬਾਰਾਂ ਵਿਚ ਉਸ ਦੀ ਕਹਾਣੀ ਛਪ ਰਹੀ ਹੈ। ਪ੍ਰਸਿੱਧ ਆਲੋਚਕਾਂ ਨੇ ਉਸ ਦੀ ਕਹਾਣੀ ਦਾ ਨੋਟਿਸ ਲਿਆ ਹੈ। ਸੁਰਿੰਦਰ ਗੀਤ ਦਾ ਪਹਿਲਾ ਕਹਾਣੀ ਸੰਗ੍ਰਹਿ 'ਤੋਹਫ਼ਾ' ਛਪਿਆ, ਜਿਸ ਵਿਚ 17 ਕਹਾਣੀਆਂ ਹਨ। ਸਾਹਿਤਕਾਰ ਬਲਬੀਰ ਮਾਧੋਪੁਰੀ ਨੇ ਕਹਾਣੀ ਸੰਗ੍ਰਹਿ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਹਥਲੀ ਪੁਸਤਕ ਉਸ ਦੇ ਕਹਾਣੀ ਸੰਗ੍ਰਹਿ ਬਾਰੇ 12 ਆਲੋਚਨਾਤਮਿਕ ਲੇਖਾਂ ਦੀ ਸੰਪਾਦਿਤ ਕਿਤਾਬ ਹੈ। ਇਸ ਆਲੋਚਨਾਤਮਿਕ ਕਿਤਾਬ ਦਾ ਸਿਰਲੇਖ 'ਪਰਵਾਸੀ ਪ੍ਰਵਚਨ' ਆਪਣੇ ਆਪ ਵਿਚ ਕਹਾਣੀਆਂ ਦੇ ਪਰਵਾਸੀ ਸਰੋਕਾਰਾਂ ਦੀ ਸੂਹ ਦੇ ਰਿਹਾ ਹੈ। ਇਨ੍ਹਾਂ ਬਾਰਾਂ ਚਿੰਤਨਸ਼ੀਲ ਲੇਖਾਂ ਵਿਚ ਇਕ ਲੇਖ ਸੰਪਾਦਕ ਦੀ ਕਲਮ ਤੋਂ ਹੈ। ਕਿਤਾਬ ਦਾ ਸਮਰਪਨ ਵੀ ਪਰਵਾਸੀ ਧੀਆਂ-ਪੁੱਤਰਾਂ ਦੇ ਨਾਂਅ ਹੈ। ਆਦਿਕਾ ਵਿਚ ਸੰਪਾਦਕ ਨੇ ਲਿਖਿਆ ਹੈ --- ਇਸ ਕਿਤਾਬ ਦਾ ਮਨੋਰਥ ਸੁਰਿੰਦਰ ਗੀਤ ਦੀਆਂ ਕਹਾਣੀਆਂ ਦੀਆਂ ਜੁਗਤਾਂ ਦੀ ਨਿਸ਼ਾਨ ਦੇਹੀ ਕਰਨਾ ਹੈ। ਸੁਹਿਰਦ ਆਲੋਚਕਾਂ ਵਿਚ ਡਾ. ਭੀਮ ਇੰਦਰ ਸਿੰਘ ਨੇ ਕਿਤਾਬ ਤੋਹਫਾ ਵਿਚ ਸ਼ਾਮਿਲ ਕਹਾਣੀ 'ਤਾਏ ਕੇ ਚੋਰ ਉਚੱਕੇ ਨਹੀਂ' ਦਾ ਚਿੰਤਨਮਈ ਵਿਸ਼ਲੇਸ਼ਣ ਕੀਤਾ ਹੈ। ਤਾਏ ਕੇ ਐਗਲੋ ਇੰਡੀਅਨ ਲੋਕ ਹਨ ਜੋ ਹਮਦਰਦੀ ਦੇ ਪਾਤਰ ਹਨ। ਸੁਖਵਿੰਦਰ ਕੰਬੋਜ ਦੀ ਧਾਰਨਾ ਹੈ ਕਿ ਲੇਖਿਕਾ ਸਮਾਜਿਕ ਯਥਾਰਥ ਨੂੰ ਇਕ ਵਿੱਥ 'ਤੇ ਖਲੋ ਕੇ ਵੇਖਦੀ ਹੈ। ਗ਼ਰੀਬ ਔਰਤ ਨਾਲ ਉਸ ਦੀ ਹਮਦਰਦੀ ਹੈ। ਸੰਗ੍ਰਹਿ ਦੀਆਂ ਚਰਚਿਤ ਕਹਾਣੀਆਂ ਕੈਨੇਡਾ ਦੀ ਟਿਕਟ, ਧੀ ਦਾ ਕਰਜ਼, ਬਦਲਦੇ ਰਿਸ਼ਤੇ, ਖੇਤ ਦੀ ਨੁੱਕਰੇ, ਗੁਨਾਹ, ਦੇਵਤਾ, ਮੈਂ ਚੰਗੀ ਮਾਂ ਹਾਂ, ਨਵੀਂ ਜੁੱਤੀ, ਬੇਘਰੇ, ਕੁਰਬਾਨੀ, ਕੀ ਲੋੜ ਸੀ ਪਾਪੜ ਵੇਲਣ ਦੀ, ਤਿੰਨ ਪੀੜ੍ਹੀਆਂ, ਮਾਂ, ਇਕ ਅੰਤ ਇਕ ਸ਼ੁਰੂਆਤ, ਬਾਰੇ ਪੂੰਜੀਵਾਦੀ ਵਿਸ਼ਵੀਕਰਨ ਦੇ ਯਥਾਰਥ ਦੇ ਨਜ਼ਰੀਏ ਤੋਂ ਡਾ. ਸੁਰਜੀਤ ਬਰਾੜ ਨੇ ਚਰਚਾ ਕੀਤੀ ਹੈ। ਡਾ. ਬਰਿੰਦਰ ਕੌਰ ਨੇ ਕਹਾਣੀਆਂ ਦਾ ਵਿਸ਼ਾਗਤ ਅਧਿਐਨ ਕੀਤਾ ਹੈ। ਆਲੋਚਕ ਨਿਰੰਜਨ ਬੋਹਾ ਨੇ ਕਹਾਣੀਆਂ ਵਿਚ ਬੇਤਰਤੀਬੀ ਜ਼ਿੰਦਗੀ ਦਾ ਚਿਤਰਣ ਪਾਤਰਾਂ ਦੇ ਹਵਾਲੇ ਨਾਲ ਕੀਤਾ ਹੈ। ਡਾ. ਹੀਰਾ ਸਿੰਘ ਦੇਸ਼-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਪੀੜਾ ਨੂੰ ਮਹਿਸੂਸ ਕਰਦਾ ਹੈ। ਨਾਰੀ ਸਸ਼ਕਤੀਕਰਨ ਦੀ ਚਰਚਾ ਡਾ. ਪਰਦੀਪ ਕੌਰ ਨੇ ਕੀਤੀ ਹੈ। ਨਾਰੀ ਮਨ ਬਾਰੇ ਡਾ. ਸਤਿੰਦਰ ਕੌਰ ਨੇ ਪਾਤਰਾਂ ਦੀ ਮਾਨਸਿਕਤਾ ਨੂੰ ਛੋਹਿਆ ਹੈ। ਕਹਾਣੀ 'ਧੀ ਦਾ ਕਰਜ਼' ਦਾ ਵਿਸ਼ਲੇਸ਼ਣ ਡਾ ਗੁਰਵੰਤ ਸਿੰਘ ਨੇ ਪੇਸ਼ ਕੀਤਾ ਹੈ। ਗੁਰਦੀਪ ਸਿੰਘ ਭੁੱਲਰ ਦਾ ਕਹਾਣੀਆਂ ਦਾ ਬਹੁਪੱਖੀ ਅਧਿਐਨ ਹੈ। ਜਸਵਿੰਦਰ ਕੌਰ ਬਿੰਦਰਾ ਦਾ ਕਹਿਣਾ ਹੈ ਕਿ ਲੇਖਿਕਾ ਨਿੱਜੀ ਅਨੁਭਵਾਂ ਤੋਂ ਪਾਰ ਜਾ ਕੇ ਕਹਾਣੀ ਲਿਖੇ ਤਾਂ ਕਹਾਣੀ ਲੰਮਾ ਜੀਵਨ ਜਿਉਣ ਦੇ ਯੋਗ ਬਣੇਗੀ। ਪੁਸਤਕ ਵਿਦਿਆਰਥੀ ਵਰਗ ਤੇ ਕਹਾਣੀ ਨਾਲ ਜੁੜੇ ਚਿੰਤਕਾਂ ਲਈ ਲਾਹੇਵੰਦ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼
ਸਾਥ ਸਾਥ
ਲੇਖਕ : ਗ.ਸ. ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 150 ਰੁਪਏ ਪੰਨੇ 123
ਸੰਪਰਕ : 81469-10997
ਪ੍ਰਕਿਰਤੀ ਅਤੇ ਮਨੁੱਖ ਦਾ ਕਦੀਮੀ ਤਾਅਲੁਕ ਹੈ। ਗ.ਸ. ਨਕਸ਼ਦੀਪ ਪੰਜਕੋਹਾ ਨੇ ਆਪਣੇ ਹਥਲੇ ਬਾਲ ਨਾਵਲ 'ਸਾਥ ਸਾਥ' ਵਿਚ ਇਸੇ ਰਿਸ਼ਤੇ ਦੀਆਂ ਭਿੰਨ-ਭਿੰਨ ਤਹਿਆਂ ਫੋਲਦਿਆਂ ਇਹ ਚਿੰਤਾਜਨਕ ਪੱਖ ਸਾਹਮਣੇ ਲਿਆਂਦਾ ਹੈ ਕਿ ਵਰਤਮਾਨ ਮਨੁੱਖ ਆਪਣੀ ਲੋਭ-ਲਾਲਸਾ ਅਤੇ ਲਾਲਚੀ ਪ੍ਰਵਿਰਤੀਆਂ ਕਾਰਨ ਹਰੇ ਭਰੇ ਜੰਗਲ ਰੂਪੀ ਜ਼ਖ਼ੀਰਿਆਂ ਨੂੰ ਤਹਿਸ-ਨਹਿਸ ਹੀ ਨਹੀਂ ਕਰ ਰਿਹਾ, ਸਗੋਂ ਜੀਵ-ਜੰਤੂਆਂ ਲਈ ਸੰਕਟ ਅਤੇ ਸਹਿਮ ਪੈਦਾ ਕਰਕੇ ਆਪਣੇ ਅਤੇ ਪ੍ਰਕਿਰਤੀ ਦੇ ਕਦੀਮੀ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਰਿਹਾ ਹੈ।
ਇਸ ਬਾਲ ਨਾਵਲ ਦੇ ਆਰੰਭਕ ਕਾਂਡ ਵਿਚ ਬਾਲ ਪਾਤਰ ਸੋਨਾ ਅਤੇ ਟਿਲਕੂ ਇਕ ਪੰਛੀ ਦੇ ਆਲ੍ਹਣੇ ਵਿਚ ਆਂਡਿਆਂ ਅਤੇ ਫਿਰ ਉਨ੍ਹਾਂ ਵਿਚੋਂ ਨਿਕਲੇ ਬੋਟਾਂ ਨੂੰ ਕਾਂਵਾਂ-ਸੱਪ ਆਦਿ ਤੋਂ ਬੜੀ ਮੁਸਤੈਦੀ ਨਾਲ ਸੁਰੱਖਿਆ ਪ੍ਰਦਾਨ ਕਰਕੇ ਜ਼ਿੰਮੇਵਾਰੀ ਨਿਭਾਉਂਦੇ ਹਨ। ਇੱਥੋਂ ਹੀ ਉਨ੍ਹਾਂ ਦੇ ਅੰਦਰ ਜੀਵ-ਜੰਤੂਆਂ ਪ੍ਰਤੀ ਸਨੇਹ ਦੀ ਭਾਵਨਾ ਉਤਪੰਨ ਹੋਣ ਲਗਦੀ ਹੈ। ਨਤੀਜਤਨ ਉਹ ਜੰਗਲਾਂ ਅਤੇ ਉਨ੍ਹਾਂ ਵਿਚ ਰਹਿੰਦੇ ਜੀਵ-ਜੰਤੂਆਂ ਦੀ ਰਖਵਾਲੀ ਦਾ ਅਹਿਦ ਲੈਂਦੇ ਹੋਏ ਸਮੁੱਚੀ ਪ੍ਰਕਿਰਤੀ ਨੂੰ ਬਚਾਉਣ ਲਈ ਤਾਣ ਲਗਾ ਦਿੰਦੇ ਹਨ।
ਸੋਨਾ ਅਤੇ ਟਿਲਕੂ ਨਾਲ ਉਨ੍ਹਾਂ ਦੀ ਇਕ ਦੋਸਤ ਜੀਤੀ ਵੀ ਉਨ੍ਹਾਂ ਦੇ ਪ੍ਰਕਿਰਤੀ ਬਚਾਉਣ ਦੇ ਮਿਸ਼ਨ ਨੂੰ ਕਾਮਯਾਬ ਬਣਾਉਣ ਵਿਚ ਉਪਯੋਗੀ ਭੂਮਿਕਾ ਨਿਭਾਉਂਦੀ ਹੈ। ਇਹ ਪਾਤਰ ਜੰਗਲ ਵਿਚ ਜਾ ਕੇ ਗਧੇ, ਤੋਤੇ, ਗਿੱਦੜ, ਹਾਥੀ, ਖ਼ਰਗੋਸ਼ ਅਤੇ ਕੱਛੂਕੁੰਮੇ ਆਦਿ ਜੀਵਾਂ ਨੂੰ ਆਪਣੀ ਮਿੱਤਰਤਾ ਅਤੇ ਸਨੇਹ ਕਾਇਮ ਕਰਦੇ ਹਨ। ਜੰਗਲ ਵਿਚ ਵਿਚਰਦਿਆਂ ਸੋਨਾ ਹੋਰੀਂ ਭਾਂਤ-ਭਾਂਤ ਦੇ ਜੀਵ ਜੰਤੂਆਂ ਦੇ ਵਿਵਹਾਰ, ਖਾਣ ਪੀਣ, ਰਹਿਣ-ਸਹਿਣ, ਉਨ੍ਹਾਂ ਦੀ ਸਰੀਰਕ ਡੀਲ-ਡੌਲ ਅਤੇ ਰੰਗ-ਰੂਪ ਨੂੰ ਬਹੁਤ ਨੇੜਿਓਂ ਤੱਕਦੇ ਹਨ ਅਤੇ ਅਨੁਭਵ ਕਰਦੇ ਹਨ ਕਿ ਪਰਿਵਾਰ ਵਾਂਗ ਵਿਚਰਨ ਵਾਲੇ ਇਨ੍ਹਾਂ ਜੀਵ-ਜੰਤੂਆਂ ਅੰਦਰ ਮਨੁੱਖ ਦੇ ਜ਼ਾਲਮਾਨਾ, ਲਾਲਚੀ ਅਤੇ ਮਤਲਬਪ੍ਰਸਤੀ ਵਿਵਹਾਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਰਕੇ ਉਹ ਮਨੁੱਖ ਨਾਲੋਂ ਦੂਰੀ ਬਣਾ ਕੇ ਰਹਿਣ ਲੱਗ ਪਏ ਹਨ ਅਤੇ ਦੋਵਾਂ ਧਿਰਾਂ ਦਰਮਿਆਨ ਹਮਲਾਵਰ-ਸਥਿਤੀ ਪੈਦਾ ਹੋ ਗਈ ਹੈ। ਇਸੇ ਦੌਰਾਨ ਜੰਗਲਾਤ ਅਫ਼ਸਰ ਦੇਸ਼ਮੁਖ ਇਨ੍ਹਾਂ ਬਾਲ ਪਾਤਰਾਂ ਦਾ ਜੀਵ ਜੰਤੂਆਂ ਅਤੇ ਜੰਗਲ ਪ੍ਰਤੀ ਪਾਕੀਜ਼ ਭਾਵਨਾ ਮਹਿਸੂਸ ਕਰਕੇ ਉਨ੍ਹਾਂ ਲਈ ਮਦਦਗਾਰ ਬਣਦਾ ਹੈ। ਉਹ ਆਪਣੇ ਇਨ੍ਹਾਂ ਦੋਸਤਾਂ ਨਾਲ ਮਿਲ ਕੇ ਨਾ ਕੇਵਲ ਜੰਗਲੀ ਜੀਵ ਜੰਤੂਆਂ ਸਗੋਂ ਪਾਣੀ ਹਵਾ ਆਦਿ ਕੁਦਰਤੀ ਸ੍ਰੋਤਾਂ ਨੂੰ ਸਵੱਛ ਬਣਾਉਣ ਵਿਚ ਪ੍ਰੇਰਕ ਬਣਦਾ ਹੈ। ਸੋਨਾ, ਟਿਲਕੂ ਅਤੇ ਜੀਤੀ ਦੀਆਂ ਪ੍ਰਕਿਰਤੀ ਨੂੰ ਬਚਾਉਣ ਲਈ ਘੜੀਆਂ ਉਸਾਰੂ ਵਿਉਂਤਬੰਦੀਆਂ ਦੀ ਮਹਿਕ ਦੂਰ ਤੱਕ ਫੈਲਣ ਲਗਦੀ ਹੈ ਅਤੇ ਮਨੁੱਖਾਂ ਵਲੋਂ 'ਹਰ ਇਕ ਨੂੰ ਜਿਊਣ ਦਾ ਹੱਕ ਹੈ' ਦੇ ਨਾਅਰੇ ਦਾ ਅਨੁਮੋਦਨ ਕੀਤਾ ਜਾਣ ਲਗਦਾ ਹੈ। ਇਸ ਬਾਲ ਨਾਵਲ ਵਿਚ ਸੋਨਾ ਹੋਰੀਂ ਜੰਗਲਾਤ ਅਫ਼ਸਰ ਦੀ ਨਿਗਰਾਨੀ ਅਧੀਨ ਖੂੰਖਾਰ ਜਾਨਵਰਾਂ ਨਾਲ ਵੀ ਹਮਦਰਦੀ ਅਤੇ ਪਿਆਰ ਦਾ ਰਿਸ਼ਤਾ ਗੰਢਦੇ ਹੋਏ ਸਮੁੱਚਾ ਵਾਤਾਵਰਨ ਖ਼ੁਸ਼ਗਵਾਰ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਸੋਨਾ ਵੱਡਾ ਹੋ ਕੇ ਖ਼ੁਦ ਜੰਗਲਾਤ ਅਫ਼ਸਰ ਬਣਦਾ ਹੈ ਅਤੇ ਉਸ ਦੀ ਸਮੁੱਚੀ ਟੀਮ ਸੂਬੇ ਦੀ ਟੀਮ ਤੋਂ ਜੀਵ ਜੰਤੂਆਂ ਪ੍ਰਤੀ ਕਲਿਆਣਕਾਰੀ ਕਾਰਜਾਂ ਸਦਕਾ ਸਨਮਾਨ ਵੀ ਪ੍ਰਾਪਤ ਕਰਦੀ ਹੈ। ਇਸ ਬਾਲ ਨਾਵਲ ਰਾਹੀਂ ਸਲੋਥ, ਰੀਨੋ, ਪੈਂਗਲਿਨਸ, ਬੋਅਰ, ਗੂਜ਼, ਔਕ, ਮੁਰੇਲਟ, ਰੇਜ਼ਰਬਿੱਲ, ਚਿਕਾਡੀਜ਼, ਫਿੰਚਜ਼, ਗੁੱਲਜ਼, ਜੇਜ਼, ਪਿੰਜੀਅਮ, ਸਾਵੈਲੋਜ਼, ਸਿਫ਼ਟਜ਼, ਵਾਰਬਲਜ਼, ਸਕੂਏਡ, ਕੋਰਲ ਆਦਿ ਅਨੇਕ ਜੰਗਲੀ ਅਤੇ ਸਮੁੰਦਰੀ ਜੀਵ ਜੰਤੂਆਂ ਬਾਰੇ ਪਹਿਲੀ ਵਾਰੀ ਜਾਣਕਾਰੀ ਮਿਲਦੀ ਹੈ।
ਕੁੱਲ ਮਿਲਾ ਕੇ ਇਹ ਬਾਲ ਨਾਵਲ ਜੰਗਲ ਦੀ ਸੁਰੱਖਿਆ ਲਈ ਬਣੇ ਕਾਨੂੰਨ ਦਾ ਪਾਲਣ ਕਰਨ ਅਤੇ ਹਰ ਪ੍ਰਾਣੀ ਦੇ ਜਿਊਣ ਲਈ ਸਾਫ਼-ਸੁਥਰਾ ਵਾਤਾਵਰਨ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਜੀਵ ਜੰਤੂਆਂ ਨਾਲ ਸੰਬੰਧਿਤ ਨੀਤੀ ਕਥਾ ਸਰੋਤ 'ਪੰਚਤੰਤਰ' ਵਾਂਗ ਜੀਵ-ਜੰਤੂਆਂ ਦੇ ਆਪਸੀ ਸੰਵਾਦ ਨਾਲ ਇਸ ਬਾਲ ਨਾਵਲ ਨੂੰ ਦਿਲਚਸਪ ਬਣਾਇਆ ਗਿਆ ਹੈ। ਢੁਕਵੇਂ ਚਿੱਤਰਾਂ ਅਤੇ ਬਾਲ ਕਵਿਤਾਵਾਂ ਸਦਕਾ 'ਅੱਗੋਂ ਕੀ ਹੋਇਆ?' ਬਾਰੇ ਜਾਣਨ ਦੀ ਜਿਗਿਆਸਾ ਨਿਰੰਤਰ ਬਰਕਰਾਰ ਰਹਿੰਦੀ ਹੈ। ਇਸ ਕ੍ਰਿਤ ਦੀ ਆਮਦ ਨਾਲ ਪੰਜਾਬੀ ਬਾਲ-ਨਾਵਲ ਪਰੰਪਰਾ ਵਿਚ ਨਿੱਗਰ ਵਾਧਾ ਹੁੰਦਾ ਹੈ। ਮੈਂ ਬਾਲ-ਪਾਠਕਾਂ ਨੂੰ ਇਹ ਨਾਵਲ ਪੜ੍ਹਨ ਦੀ ਭਰਪੂਰ ਸਿਫ਼ਾਰਸ਼ ਕਰਦਾ ਹਾਂ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ
ਸੰਪਾਦਕ : ਅਮਰ ਸੂਫੀ, ਵਿਜੇ ਕੁਮਾਰ ਮਿੱਤਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 98555-43660
'ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ' ਪੁਸਤਕ ਦੇ ਸੰਪਾਦਕ ਅਮਰ ਸੂਫੀ ਤੇ ਵਿਜੇ ਕੁਮਾਰ ਮਿੱਤਲ ਹਨ। ਸੰਪਾਦਕ ਦੀ ਕਲਾਤਮਕਤਾ ਇਹ ਹੈ ਕਿ ਸ਼ੇਰ ਜੰਗ ਜਾਂਗਲੀ ਦੀ ਜੀਵਨ ਹਿਯਾਤੀ ਨੂੰ ਸਮਝਣ ਲਈ ਵਿਨੈ, ਗਾਇਤਰੀ, ਜਗਤਾਰ, ਕੇ.ਐੱਲ. ਗਰਗ, ਵਿਨੋਦ ਸ਼ਰਮਾ, ਜਸਵੰਤ ਕੰਵਲ, ਜਸਵੰਤ ਵਿਰਦੀ, ਅਰਸ਼ਦਮੀਰ, ਜਗਜੀਤ ਆਨੰਦ, ਪ੍ਰੋਫੈਸਰ ਗੋਪਾਲ ਬੁੱਟਰ, ਸੋਹਣ ਜੋਸ਼, ਕਨ੍ਹਈਆ ਲਾਲ ਕਪੂਰ, ਪਿਆਰਾ ਸਿੰਘ ਦਾਤਾ, ਨਿਰੰਜਨ ਨੂਰ, ਜਤਿੰਦਰ ਪੰਨੂ, ਜੋਗਿੰਦਰ ਨਿਰਾਲਾ, ਮਨਮੋਹਨ ਦਾਊਂ, ਸਵਰਨ ਚੰਦਨ, ਪ੍ਰੋਫ਼ੈਸਰ ਜਸਵੰਤ ਕੈਲਫੀ, ਦੇਵਿੰਦਰ ਕੌਰ, ਸਾਥੀ ਲੁਧਿਆਣਵੀ, ਹਰਜੀਤ ਅਟਵਾਲ, ਕੇ.ਸੀ. ਮੋਹਨ, ਸ਼ਕੁੰਤਲਾ ਰਾਣੋ, ਗਿਆਨ ਸੈਦਪੁਰੀ ਤੇ ਸੁੱਚਾ ਸਿੰਘ ਜਰਮਨੀ ਦੇ ਵਿਚਾਰ ਦਰਜ ਕੀਤੇ ਹਨ। ਇਨ੍ਹਾਂ ਵਿਦਵਾਨਾਂ ਨੇ ਸ਼ੇਰ ਜੰਗ ਜਾਂਗਲੀ ਦੀ ਸੰਗਤ ਨੂੰ ਮਾਣਿਆ ਹੈ। ਉਹ ਹਾਸ- ਵਿਅੰਗ ਲੇਖਾਂ ਦੇ ਧਨੀ ਸਨ। ਉਨ੍ਹਾਂ ਦੀ ਪਹਿਲੀ ਹਾਸ-ਵਿਅੰਗ ਪੁਸਤਕ ਝੁਰ ਝੁਰ ਸੀ। ਮੋਹਨ ਸਿੰਘ ਜੋਸ਼ ਦਾ ਵਿਚਾਰ ਸੀ, ਪੰਜਾਬੀ ਸਾਹਿਤ ਨੂੰ ਦਰਜਨਾਂ ਸ਼ੇਰ ਜੰਗ ਜਾਂਗਲੀਆਂ ਦੀ ਲੋੜ ਹੈ।
ਹਾਸ-ਵਿਅੰਗ ਨੂੰ ਪੰਜਵਾਂ ਟਾਇਰ ਸਮਝਿਆ ਜਾਂਦਾ ਸੀ। ਇਹੋ ਕਾਰਨ ਸੀ ਕਿ ਹਾਸ ਵਿਅੰਗ ਦਾ ਆਲੋਚਨਾਤਮਕ ਅਧਿਐਨ ਨਾਂਹ ਦੇ ਬਰਾਬਰ ਹੈ। ਸ਼ੇਰ ਜੰਗ ਜਾਂਗਲੀ ਬੇਬਾਕੀ ਨਾਲ ਕਹਿੰਦਾ ਹੈ, ਪੰਜਾਬੀ ਸਾਹਿਤ ਦੇ ਅਖੌਤੀ ਬੁੱਧੀਜੀਵੀ ਜਾਂ ਆਲੋਚਕ ਹਾਸ-ਵਿਅੰਗ ਲੇਖਾਂ ਨੂੰ ਇਸ ਲਈ ਤਾਂ ਨਜ਼ਰ ਅੰਦਾਜ਼ ਨਹੀਂ ਕਰ ਰਹੇ ਕਿ ਕਈ ਹਾਸ-ਵਿਅੰਗ ਲੇਖਕਾਂ ਨੇ ਆਪਣੇ ਲੇਖਾਂ ਵਿਚ ਇਨ੍ਹਾਂ ਦੇ ਮਖੌਟੇ ਲਾਏ ਹਨ। ਉਹ ਹਾਸ-ਵਿਅੰਗ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਦੁਖੀ ਹੁੰਦਾ ਸੀ। ਡਾ. ਜਗਤਾਰ ਨੇ ਆਪਣੇ ਰੇਖਾ ਚਿੱਤਰ ਰਾਹੀਂ ਸ਼ੇਰ ਜੰਗ ਜਾਂਗਲੀ ਦੀ ਫੱਕਰ ਤੇ ਆਜ਼ਾਦਰਾਨਾ ਤਬੀਅਤ ਦੇ ਦਰਸ਼ਨ ਕਰਵਾਏ ਹਨ। ਉਸ ਦਾ ਵਿਰੋਧੀ ਪ੍ਰਸਥਿਤੀਆਂ ਵਿਚ ਵੀ ਚੜ੍ਹਦੀ ਕਲਾ ਵਰਗਾ ਸੁਭਾਅ ਉਜਾਗਰ ਹੁੰਦਾ ਹੈ। ਜਗਤਾਰ ਨੇ ਸ਼ੇਰ ਜੰਗ ਜਾਂਗਲੀ ਦੇ ਜੀਣ-ਥੀਣ ਦੇ ਤਜਰਬਿਆਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਸੇਖੋਂ, ਮੀਸ਼ਾ, ਗੁਰਦਿਆਲ ਸਿੰਘ ਤੇ ਸ਼ਿਵ ਕੁਮਾਰ 'ਤੇ ਵੀ ਟਿੱਪਣੀ ਕਰਦਾ ਹੈ, ਜੋ ਪੁਰਸਕਾਰਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਰਦੇ ਸਨ। ਪੁਸਤਕ ਵਿਦਿਆਰਥੀਆਂ, ਖੋਜ ਵਿਦਿਆਰਥੀਆਂ ਤੇ ਚਿੰਤਕਾਂ ਲਈ ਵਾਚਣਯੋਗ ਹੈ, ਤਾਂ ਜੋ ਜੀਵਨ ਮੁੱਲਾਂ ਨੂੰ ਸਮਝਿਆ ਜਾ ਸਕੇ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਧੁੱਪ ਛਾਂ ਦੇ ਖ਼ਤ
ਲੇਖਕ : ਹਰਵਿੰਦਰ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 98550-36890
ਹਰਵਿੰਦਰ ਭੰਡਾਲ ਪੰਜਾਬੀ ਦਾ ਚਰਚਿਤ ਲੇਖਕ ਹੈ। ਉਸ ਨੇ ਸਾਹਿਤ ਦੀ ਲਗਭਗ ਹਰ ਵਿਧਾ ਵਿਚ ਲਿਖਿਆ ਹੈ। ਮੁੱਖ ਤੌਰ 'ਤੇ ਉਹ ਕਵੀ ਹੈ ਤੇ ਉਸ ਦੀਆਂ ਚਾਰ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਨਾਵਲ (2), ਚਿੰਤਨ (4), ਜੀਵਨੀ (1), ਸਫ਼ਰਨਾਮਾ (1), ਇਤਿਹਾਸ (4), ਅਨੁਵਾਦ (3), ਸੰਪਾਦਨ (3), ਸਿੱਖਿਆ (5), ਸਹਿ-ਸੰਪਾਦਨ (4) ਵਿਚ ਵੀ ਉਸ ਨੇ ਜ਼ਿਕਰਯੋਗ ਕੰਮ ਕੀਤਾ ਹੈ। ਹਥਲਾ ਨਾਵਲ ਵੱਖਰੀ ਭਾਂਤ ਦਾ ਹੈ, ਜਿਸ ਵਿਚ ਉਸ ਨੇ ਖ਼ਤਾਂ ਰਾਹੀਂ ਨਾਰੀ-ਮਨ ਦੀ ਵੇਦਨਾ, ਅਭਿਲਾਖਾ ਤੇ ਕਾਮਨਾ ਨੂੰ ਅਭਿਵਿਅਕਤੀ ਦਿੱਤੀ ਹੈ। ਇਸ ਵਿਚ ਲੰਮੇ-ਲੰਮੇ (ਕ੍ਰਮਵਾਰ 62, 62 ਅਤੇ 54 ਪੰਨੇ ਦੇ) ਤਿੰਨ ਖ਼ਤਾਂ ਦਾ ਵੇਰਵਾ ਹੈ, ਜੋ ਕੁਲਜੀਤ, ਦਿਵਿਆ ਅਤੇ ਨੇਹਾ ਵਲੋਂ ਆਪਣੇ ਅਧਿਆਪਕ ਨੂੰ ਲਿਖੇ ਗਏ ਹਨ। ਇਨ੍ਹਾਂ ਖ਼ਤਾਂ ਉੱਤੇ ਮਿਤੀਆਂ ਅਤੇ ਸਥਾਨ ਦਾ ਵੀ ਜ਼ਿਕਰ ਹੈ, ਅਜਿਹੀਆਂ ਥਾਂਵਾਂ ਜੋ ਖ਼ਤਾਂ ਦੀਆਂ ਲੇਖਕਾਵਾਂ ਦੀ ਮਾਨਸਿਕ ਹਾਲਤ ਨੂੰ ਦਰਸਾਉਂਦੀਆਂ ਹਨ। ਸਾਰੇ ਹੀ ਖ਼ਤਾਂ ਦੇ ਮੁੱਢ ਵਿਚ ਸੁਰਜੀਤ ਪਾਤਰ ਦੀ ਗ਼ਜ਼ਲ ਦਾ ਇਕ-ਇਕ ਸ਼ੇਅਰ ਹੈ। ਇਹ ਸਾਰੇ ਖ਼ਤ ਪੜ੍ਹਨ ਵਾਲੀਆਂ ਕੁੜੀਆਂ ਵਲੋਂ ਆਪਣੇ ਅਧਿਆਪਕ ਨੂੰ ਲਿਖੇ ਗਏ ਹਨ। ਪਹਿਲੇ ਦੋ ਖ਼ਤਾਂ ਵਿਚ ਅਧਿਆਪਕ ਦਾ ਨਾਂਅ ਨਹੀਂ ਆਇਆ ਸਿਰਫ਼ ਤੀਜੇ ਖ਼ਤ ਵਿਚ ਨਾਂਅ ਲਿਖਿਆ ਹੈ-ਕਰਮਜੀਤ ਸਿੰਘ। ਸੰਭਵ ਹੈ ਕਿ ਇਹ ਤਿੰਨੇ ਕੁੜੀਆਂ ਇਕੋ ਅਧਿਆਪਕ ਨੂੰ ਸੰਬੋਧਿਤ ਹੋਣ। ਅਸਲ ਵਿਚ ਖ਼ਤਾਂ ਰਾਹੀਂ ਪਿੱਤਰ ਸੱਤਾ/ਮਰਦ ਪ੍ਰਧਾਨ ਸਮਾਜ ਤੇ ਡੂੰਘਾ ਪ੍ਰਹਾਰ ਕੀਤਾ ਗਿਆ ਹੈ, ਜਿਸ ਵਿਚ ਮਰਦਾਂ/ਭਰਾਵਾਂ ਵਲੋਂ ਕੁਝ ਵੀ ਕਰਨ ਦੀ ਖੁੱਲ੍ਹ ਹੈ ਪਰ ਕੁੜੀਆਂ/ਮਾਵਾਂ ਨੂੰ ਕੁਝ ਕਰਨ ਲਈ ਮਰਦਾਂ/ਭਰਾਵਾਂ ਦੇ ਮੂੰਹ ਵੱਲ ਝਾਕਣਾ ਪੈਂਦਾ ਹੈ। ਕਿਤੇ-ਕਿਤੇ ਦਾਦੀਆਂ ਵੀ ਪੋਤੀਆਂ ਦੇ ਰਾਹਾਂ ਵਿਚ ਕੰਡੇ ਖਿਲਾਰਦੀਆਂ ਹਨ। ਜਿੱਥੇ ਕਿਤੇ ਵੀ ਧੀ-ਧਿਆਣੀ ਨੇ ਕੋਈ ਖੁੱਲ੍ਹ ਲਈ, ਉਸ ਨੂੰ ਮੌਤ ਦੀ ਸਜ਼ਾ ਮਿਲੀ। ਕਿਤਾਬਾਂ, ਅਖ਼ਬਾਰ, ਟੀ.ਵੀ., ਫ਼ਿਲਮਾਂ ਤੇ ਅਧਿਆਪਕ ਜ਼ਿੰਦਗੀ/ਸਾਹ ਲੈਣ ਵੱਲ ਖੁੱਲ੍ਹਦੀਆਂ ਖਿੜਕੀਆਂ ਹਨ, ਜਿਨ੍ਹਾਂ ਰਾਹੀਂ ਆਜ਼ਾਦੀ ਤੇ ਬਰਾਬਰੀ ਦੇ ਅਰਥ ਪਤਾ ਲੱਗਦੇ ਹਨ, ਨਾਵਲ ਵਿਚ ਨਾਰੀ-ਮਨ ਦੀ ਛੁਪੀ ਸਤਹਿ ਦਾ ਮਾਰਮਿਕ ਅਵਲੋਕਨ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕਿੱਸਾ ਕਾਕਾ ਪਰਤਾਪੀ
ਲੇਖਕ : ਸੁੱਖੀ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 336
ਸੰਪਰਕ : 98154-88909
'ਕਿੱਸਾ ਕਾਕਾ ਪ੍ਰਤਾਪੀ' ਇਕ ਸੱਚੀ ਪ੍ਰੇਮ ਕਹਾਣੀ 'ਤੇ ਆਧਾਰਿਤ ਨਾਵਲ ਹੈ। ਇਹ ਪ੍ਰੇਮ ਗਾਥਾ ਦੀ ਘਟਨਾ ਨਾਭਾ ਰਿਆਸਤ ਦੇ ਖੰਨਾ, ਸਮਰਾਲਾ, ਰੁਪਾਲੋਂ ਤੇ ਲੋਪੋਂ ਦੇ ਮਲਵਈ ਟਿੱਬਿਆਂ ਦੇ ਇਲਾਕੇ ਵਿਚ ਕਰੀਬ ਡੇਢ ਕੁ ਸਦੀ ਪਹਿਲਾਂ ਮਹਾਰਾਜਾ ਹੀਰਾ ਸਿੰਘ ਦੇ ਸਮੇਂ ਵਾਪਰੀ ਦੱਸਦੀ ਹੈ। ਇਸ ਨਾਵਲ ਦੀ ਗਾਥਾ ਅਨੁਸਾਰ ਘਰ ਪਰਿਵਾਰ ਵਲੋਂ (ਪਰਤਾਪੀ) ਦੇ ਜਨਮ ਨੂੰ ਅਸ਼ੁਭ ਸਮਝਣ ਦੇ ਬਾਵਜੂਦ ਵੀ ਮਾਂ ਨੇ ਪਾਲਣ ਪੋਸ਼ਣ ਲਈ ਪੂਰੀ ਜਦੋਜਹਿਦ ਕੀਤੀ। ਇਹ ਨੰਨ੍ਹੀ ਪਰੀ ਜਿਉਂ-ਜਿਉਂ ਜਵਾਨੀ ਵੱਲ ਪੈਰ ਧਰਦੀ ਗਈ, ਤਿਉਂ-ਤਿਉਂ ਹੁਸਨਾਂ ਦਾ ਜਾਦੂ ਆਲੇ-ਦੁਆਲੇ ਦੇ ਸਿਰ ਚੜ੍ਹ ਕੇ ਬੋਲਣ ਲੱਗਾ। ਉਧਰ ਰੁਪਾਲੋਂ ਦੇ ਵੱਡੇ ਘਰ (ਜ਼ੈਲਦਾਰ ਸਰਦਾਰ) ਦਾ ਕਾਕਾ ਛੈਲ-ਛਬੀਲਾ ਗੱਭਰੂ ਕਿਰਪਾਲ ਸਿੰਘ ਉਰਫ਼ ਕਾਕਾ ਆਪਣੇ ਜੀਵਨ ਦੀ ਮੌਜ਼ ਮਸਤੀ ਨੂੰ ਮਾਣ ਰਿਹਾ ਹੈ। ਤੀਆਂ ਦੇ ਤਿਉਹਾਰ ਸਮੇਂ ਸਬੱਬੀਂ ਕਾਕੇ ਤੇ ਪਰਤਾਪੀ ਦੇ ਜਿਉਂ ਹੀ ਪਹਿਲੀ ਵਾਰ ਨੈਣ ਮਿਲਦੇ ਹਨ ਤਾਂ ਉਹ ਇਕ-ਦੂਜੇ ਦੇ ਹੋ ਕੇ ਰਹਿ ਗਏ। ਫਿਰ ਆਨੇ-ਬਹਾਨੇ ਮਿਲ ਕੇ ਕਈ ਕੌਲ ਇਕਰਾਰ ਵੀ ਕਰ ਲਏ ਗਏ। ਪਰ ਜਾਤ ਪਾਤ ਦੇ ਅੜਿੱਕੇ ਨੇ ਇਨ੍ਹਾਂ ਦੇ ਰਿਸ਼ਤੇ 'ਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ। ਪਰਤਾਪੀ ਦਾ ਪਿਉ ਨੇ ਬਰਾਦਰੀ ਤੋਂ ਬਾਹਰਲੇ ਰਿਸ਼ਤੇ ਨੂੰ ਨੱਕ ਦਾ ਸੁਆਲ ਬਣਾ ਲਿਆ ਤੇ ਆਪਣੀ ਹੱਤਕ ਸਮਝਦਿਆਂ ਉਹ ਪਰਤਾਪੀ ਦੀ ਮਰਜ਼ੀ ਦੇ ਉਲਟ ਰਿਸ਼ਤਾ ਆਪਣੀ ਬਰਾਦਰੀ ਜਾਤ ਵਿਚ ਹੀ ਤੈਅ ਕਰ ਆਇਆ। ਜੋ ਪਰਤਾਪੀ ਤੇ ਕਾਕੇ ਨੂੰ ਉੱਕਾ ਮਨਜ਼ੂਰ ਨਹੀਂ ਸੀ। ਅਣਮੰਨੇ ਨਾਲ ਵਿਆਹੀ ਗਈ ਪਰਤਾਪੀ ਦੀ ਡੋਲੀ ਨੂੰ ਜਦ ਕਾਕੇ ਨੇ ਆਪਣੀ ਢਾਣੀ ਦੇ ਹਿੱਕ ਦੇ ਜ਼ੋਰ ਨਾਲ ਖੋਹ ਲਿਆ ਤੇ ਪਰਤਾਪੀ ਮਨੋਂ ਬਹੁਤ ਖ਼ੁਸ਼ ਸੀ। ਪਰ ਲੁੱਟ ਦੇ ਸ਼ਿਕਾਰ ਉਸ ਦੇ ਸਹੁਰਿਆਂ ਨੇ ਇਸ ਨੂੰ ਆਪਣੀ ਇਕ ਵੱਡੀ ਬੇਇੱਜ਼ਤੀ ਸਮਝਦਿਆਂ ਠਾਣੇ ਜਾ ਸ਼ਿਕਾਇਤ ਕੀਤੀ ਪਰ ਵਿਕਾਊ ਠਾਣੇਦਾਰ ਨੇ ਜ਼ੈਲਦਾਰਾਂ ਦੀ ਪੂਰੀ ਪੁਸ਼ਤ ਪਨਾਹੀ ਕਰਦਿਆਂ ਪੀੜਤ ਮੁਦਈ ਨੂੰ ਹੱਥਕੜੀਆਂ ਲਾ ਕੇ ਬੇਨਿਆਈਂ/ਬੇਇਨਸਾਫ਼ੀ ਦੀ ਇੰਤਾਹ ਹੀ ਕਰ ਦਿੱਤੀ। ਪਰਤਾਪੀ ਦੇ ਮਾਪੇ ਅਤੇ ਸਹੁਰੇ ਦੀ ਹਾਲਤ ਨਾ ਮਰਿਆਂ 'ਚ ਵਾਲੀ ਹੋ ਗਈ। ਕਾਕੇ ਦੀ ਮਾਂ ਜ਼ੈਲਦਾਰਨੀ ਅਤਰੀ ਵਲੋਂ ਕਮੀਣੀ ਜਾਤ ਦੇ ਮੁੱਦੇ ਨੂੰ ਲੈ ਕੇ ਪਰਤਾਪੀ ਤੇ ਕਾਕੇ ਦੇ ਇਸ ਪ੍ਰੇਮ ਰਿਸ਼ਤੇ ਨਾਲ ਕਾਟੋ ਕਲੇਸ਼ ਪਾ ਦਿੱਤੀ ਜਿਸ ਕਰਕੇ ਕਾਕੇ ਤੇ ਪਰਤਾਪੀ ਨੂੰ ਘਰੋਂ ਬੇਘਰ ਹੋਣਾ ਪਿਆ। ਆਪਣੇ ਪਿਆਰ ਪਰਤਾਪੀ ਨੂੰ ਰਿਸ਼ਤੇਦਾਰਾਂ ਵਿਚ ਛੱਡ ਕੇ ਕਾਕਾ ਫ਼ੌਜ ਵਿਚ ਭਰਤੀ ਹੋ ਗਿਆ। ਜ਼ੈਲਦਾਰਨੀ ਨੇ ਪੈਸੇ ਦੇ ਜ਼ੋਰ ਨਾਲ ਪਰਤਾਪੀ ਦਾ ਫਾਹਾ ਵਢਾ ਦਿੱਤਾ ਹੈ।
ਇਸ ਨਾਵਲ ਵਿਚ ਸਾਰਥਿਕ ਸੰਦੇਸ਼ ਇਹ ਵੀ ਮਿਲਦਾ ਹੈ ਕਿ ਬਹੁਤ ਸਾਰੀਆਂ ਬੁਰਾਈਆਂ ਵਿਚ ਫਸੇ ਵਿਅਕਤੀ ਵੀ ਪ੍ਰੇਮ ਪਿਆਰ ਦੇ ਵੇਗ ਨਾਲ ਸਾਕਾਰਾਤਮਕ ਕੰਮਾਂ ਅਤੇ ਜੀਵਨ ਵਿਚ ਉਪਲੱਬਧੀਆਂ ਕਮਾਉਣ ਵੱਲ ਸੇਧਤ ਹੋ ਸਕਦੇ ਹਨ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਿੱਟੀ ਦਾ ਮੋਰ
ਗੀਤਕਾਰ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 185
ਸੰਪਰਕ : 98760-62329
ਇਸ ਗੀਤ ਸੰਗ੍ਰਹਿ ਵਿਚ ਸਾਹਿਤਕ ਅਤੇ ਸੱਭਿਆਚਾਰਕ ਰੰਗ ਦੇ ਰਿਕਾਰਡ ਹੋਏ ਗੀਤ ਸ਼ਾਮਿਲ ਕੀਤੇ ਗਏ ਹਨ। ਇਹ ਸਾਫ਼-ਸੁਥਰੇ ਗੀਤ ਪ੍ਰਸਿੱਧ ਗਾਇਕ ਗਾਇਕਾਵਾਂ ਨੇ ਗਾਏ ਹਨ। ਲਗਭਗ ਸਾਰੇ ਗੀਤ ਦੁਨਿਆਵੀ ਪਿਆਰ ਮੁਹੱਬਤ ਦੁਆਲੇ ਘੁੰਮਦੇ ਹਨ। ਆਓ, ਕੁਝ ਝਲਕਾਂ ਮਾਣੀਏ:
ਤੇਰਾ ਮੇਰਾ ਝਗੜਾ ਹੈ ਹੋਰ ਮਾਹੀਆ
ਵੇ ਤੂੰ ਗੜਵਾ ਮੈਂ ਤੇਰੀ ਡੋਰ ਮਾਹੀਆ।
ਜਦ ਪ੍ਰਦੇਸਾਂ ਵਿਚ ਯਾਦ ਵਤਨ ਦੀ ਆਉਂਦੀ ਏ
ਡਾਰੋਂ ਵਿਛੜੀ ਕੂੰਜ ਦੇ ਵਾਂਗੂੰ ਰੂਹ ਕੁਰਲਾਉਂਦੀ ਏ।
ਮੋਤੀਓਂ ਮਹਿੰਗਾ ਹਰਫ਼ ਇਸ਼ਕ ਦਾ
ਤੂੰ ਕੀ ਜਾਣੇ ਸਾਰਾਂ ਵੇ।
ਰੂਹਾਂ ਨੂੰ ਜਦ ਹਾਣੀ ਲੱਭਦੇ
ਕੀ ਜਿੱਤਾਂ ਕੀ ਹਾਰਾਂ ਵੇ।
ਭੈਣ ਮਰੇ ਤਾਂ ਰੱਖੜੀ ਮਰਦੀ
ਤੇ ਵੀਰ ਮਰਨ ਤਾਂ ਬਾਹਵਾਂ।
ਬਾਪ ਮਰੇ ਬੇਫਿਕਰੀ ਮਰਦੀ,
ਤੇ ਮਾਂ ਮਰਦੀ ਤਾਂ ਛਾਵਾਂ।
ਸਾਰੇ ਜਗ ਦੀ ਉਦਾਸੀ
ਮੇਰੀ ਝੋਲੀ ਵਿਚ ਪਾ ਕੇ
ਇਕ ਵੈਰੀ ਮੇਰੇ ਹਾਸਿਆਂ
ਨੂੰ ਲੈ ਗਿਆ ਚੁਰਾ ਕੇ।
ਅੱਜਕਲ੍ਹ ਬਹੁਤੇ ਗੀਤਾਂ ਵਿਚੋਂ ਅਸ਼ਲੀਲਤਾ ਅਤੇ ਬੇਸਿਰ-ਪੈਰੀ ਤੁਕਬੰਦੀ ਹੀ ਲੱਭਦੀ ਹੈ। ਇਹ ਪੁਸਤਕ ਵਧੀਆ ਗੀਤਕਾਰੀ ਦੀ ਝਲਕ ਪੇਸ਼ ਕਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸਦਾ ਮੁਸਕਰਾਉਂਦੇ ਰਹੋ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 98141-45047
'ਸਦਾ ਮੁਸਕਰਾਉਂਦੇ ਰਹੋ' ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਨਵ-ਪ੍ਰਕਾਸ਼ਿਤ ਕ੍ਰਿਤ ਹੈ, ਜੋ ਬ੍ਰਹਮ ਕੁਮਾਰੀ ਮਿਸ਼ਨ ਤੋਂ ਪ੍ਰੇਰਨਾ ਅਤੇ ਪ੍ਰਭਾਵ ਗ੍ਰਹਿਣ ਕਰ ਕੇ ਰਚੀ ਗਈ ਹੈ। ਲੇਖਿਕਾ ਨੇ ਇਸ ਨਿਬੰਧ ਸੰਗ੍ਰਹਿ ਨੂੰ ਵੀਹ ਅਧਿਆਇਆਂ ਵਿਚ ਵੰਡਿਆ ਹੈ। ਬੇਸ਼ੱਕ ਇਹ ਸਾਰੇ ਅਧਿਆਇ ਆਪਣੇ-ਆਪ ਵਿਚ ਸੰਪੂਰਨ ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਇਹ ਸਾਰੇ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ। ਹਥਲੀ ਪੁਸਤਕ ਪ੍ਰੇਮ (ਪਿਆਰ) ਅਤੇ ਖ਼ੁਸ਼ੀ ਦੇ ਭਾਵਾਂ ਨੂੰ ਬੜੀ ਖੂਬਸੂਰਤੀ ਅਤੇ ਸ਼ਿੱਦਤ ਨਾਲ ਉਜਾਗਰ ਕਰਦੀ ਹੈ। ਡਾ. ਮਿਨਹਾਸ ਵਲੋਂ ਰਚਨਾ ਦੇ ਆਰੰਭ ਵਿਚ ਦਰਜ ਕੀਤੇ ਸ਼ਬਦ ਪੁਸਤਕ ਲਿਖਣ ਦਾ ਅਸਲੀ ਮੰਤਵ ਸਹਿਜ ਰੂਪ ਵਿਚ ਉਜਾਗਰ ਕਰ ਦਿੰਦੇ ਹਨ, 'ਸਾਰਾ ਸੰਸਾਰ ਪਿਆਰ ਦਾ ਭੁੱਖਾ ਹੈ। ਸਾਨੂੰ ਆਪਣੇ-ਆਪ ਨੂੰ ਪਿਆਰ ਨਾਲ ਭਰ ਕੇ ਉਦੋਂ ਤੱਕ ਇਸ ਨੂੰ ਵੰਡਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਅਸੀਂ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਨਾ ਲੈ ਲਈਏ। ਫਿਰ ਹੀ ਅਸੀਂ ਸਹੀ ਸ਼ਬਦਾਂ ਵਿਚ ਸੱਚੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ।' ਲੇਖਿਕਾ ਨੇ ਆਪਣੇ ਇਕ ਨਿਬੰਧ 'ਖੁਸ਼ੀ ਸਭ ਤੋਂ ਚੰਗੀ ਖੁਰਾਕ' ਵਿਚ ਖੁਸ਼ੀ ਹਾਸਿਲ ਕਰਨ ਲਈ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਲਿਖਿਆ ਹੈ, 'ਹਰ ਵਿਅਕਤੀ ਆਪਣੇ ਜੀਵਨ ਵਿਚ ਖੁਸ਼ ਰਹਿਣਾ ਚਾਹੁੰਦਾ ਹੈ। ਖੁਸ਼ੀ ਨੂੰ ਪ੍ਰਾਪਤ ਕਰਨ ਦਾ ਸਰਲ ਅਤੇ ਸਿੱਧਾ ਤਰੀਕਾ ਇਹ ਹੈ ਕਿ ਖ਼ੁਸ਼ੀ ਵਾਲੀਆਂ ਬੀਤੀਆਂ ਘੜੀਆਂ ਬਾਰੇ ਸੋਚਣ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ। ਆਪਣੇ ਜੀਵਨ ਵਿਚ ਖੁਸ਼ ਰਹਿਣ ਲਈ ਸਾਨੂੰ ਸ੍ਰੇਸ਼ਠ ਧਾਰਨਾਵਾਂ ਨੂੰ ਆਪਣੇ ਮਨ, ਵਚਨ ਅਤੇ ਕਰਮ ਵਿਚ ਧਾਰਨ ਕਰਨਾ ਹੋਵੇਗਾ। ਸ੍ਰੇਸ਼ਠ ਧਾਰਨਾਵਾਂ ਅਤੇ ਖੁਸ਼ੀ ਦਾ ਆਪਸ ਵਿਚ ਸੂਰਜ ਅਤੇ ਕਿਰਨ ਵਾਲਾ ਸੰਬੰਧ ਹੈ। ਜੇ ਅਸੀਂ ਕਿਸੇ ਦੀ ਨਿੰਦਾ ਨਾ ਕਰੀਏ, ਸੁਣੀਆਂ-ਸੁਣਾਈਆਂ ਗੱਲਾਂ ਉੱਪਰ ਵਿਸ਼ਵਾਸ ਨਾ ਕਰੀਏ, ਕਿਸੇ ਲਈ ਬਦਲੇ ਦੀ ਭਾਵਨਾ ਆਪਣੇ ਅੰਦਰ ਨਾ ਰੱਖੀਏ, ਸੇਵਾ ਕਰਨ ਨੂੰ ਮਹੱਤਵ ਦੇਈਏ, ਆਪਣੇ ਅਧਿਕਾਰਾਂ ਅਤੇ ਕਰਤਵਾਂ ਵਿਚ ਸੰਤੁਲਨ ਬਣਾ ਕੇ ਰੱਖੀਏ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਊ ਸਕਦੇ ਹਾਂ।' ਇਸ ਰਚਨਾ ਦੇ ਹੋਰ ਨਿਬੰਧਾਂ ਵਿਚੋਂ 'ਦੁਆਵਾਂ ਦਿਓ ਦੁਆਵਾਂ ਲਓ', 'ਸਦਾ ਰੂਹਾਨੀ ਨਸ਼ੇ ਵਿਚ ਰਹੋ', 'ਮਨੁੱਖ ਵਿਚ ਪਰਿਵਰਤਨ ਨਾਲ ਹੋਰ ਪਰਿਵਰਤਨ', 'ਅਸਲੀ ਐਸ਼ ਆਰਾਮ ਕੀ ਹੈ?', 'ਕਰਮ ਸਿਧਾਂਤ', 'ਆਪਣੇ-ਆਪ ਨੂੰ ਆਤਮਾ ਸਮਝੋ', 'ਜਨਮ ਤੇ ਮਰਨ ਰੱਬ ਦਾ ਅਟੱਲ ਨਿਯਮ', 'ਜੈਸੀ ਸੰਗਤ ਤੈਸੀ ਰੰਗਤ', 'ਆਤਮਾ ਰੂਪੀ ਬੈਟਰੀ ਨੂੰ ਚਾਰਜ ਰੱਖੋ', 'ਸਦਾ ਮੁਸਕਰਾਉਂਦੇ ਰਹੋ', 'ਹਊਮੈ ਇਕ ਰਾਵਣ', 'ਪਰਮ ਪਿਤਾ ਪਰਮਾਤਮਾ ਦੀਆਂ ਵਡਿਆਈਆਂ', 'ਪਰਮਾਤਮਾ ਨਾਲ ਪਿਆਰ ਜਿਹਾ ਰਿਸ਼ਤਾ', 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ', 'ਬਾਬਾ ਲੇਖ ਰਾਜ ਜੀ ਤੇ ਉਨ੍ਹਾਂ ਦੇ ਅਨਮੋਲ ਵਚਨ', 'ਸੱਚੀ ਖੁਸ਼ੀ', 'ਮੇਰੀ ਮਾਊਂਟ ਆਬੂ ਦੀ ਯਾਤਰਾ' ਵਿਚ ਸਾਫ਼-ਸੁਥਰੀ ਪਾਕਿ ਪਵਿੱਤਰ ਜ਼ਿੰਦਗੀ ਜਿਊਣ ਦਾ ਢੰਗ ਸਰਲਤਾ ਸਹਿਤ ਸਪੱਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਦੁੱਲਾ ਭੱਟੀ
ਲੇਖਕ : ਦਲਬਾਰ ਸਿੰਘ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਸ਼ਰਜ਼ ਦਿੱਲੀ
ਮੁੱਲ : 200 ਰੁਪਏ, ਸਫ਼ੇ : 92
ਸੰਪਰਕ : 95921-94705
ਦੁੱਲਾ ਭੱਟੀ ਦੀ ਲੋਕ ਗਾਥਾ ਨੂੰ ਮਲਵਈ ਗਿੱਧਾ ਨਾਟ-ਰੂਪ ਰਾਹੀਂ ਪੇਸ਼ ਕਰਨ ਦੀ ਪਹਿਲ ਕਦਮੀ ਦਲਬਾਰ ਸਿੰਘ ਨੇ ਕੀਤੀ ਹੈ। ਮਲਵਈ ਗਿੱਧਾ ਮਰਦਾਂ ਦਾ ਲੋਕ ਨਾਚ ਹੈ ਜਿਸ ਦੀ ਸ਼ੁਰੂਆਤ ਮਾਲਵੇ ਵਿਚੋਂ ਹੋਈ ਅਤੇ ਦਲਬਾਰ ਸਿੰਘ ਮਲਵਈ ਗਿੱਧੇ ਨੂੰ ਮੰਚ 'ਤੇ ਲਿਆਉਣ ਵਾਲੇ ਮੋਢੀਆਂ ਵਿਚੋਂ ਹੈ। ਦੁੱਲਾ ਭੱਟੀ ਗਾਥਾ ਨੂੰ ਨਾਟਕੀ ਰੂਪ ਦਿੰਦਿਆਂ ਉਸ ਨੇ ਮਲਵਈ ਬੋਲੀਆਂ ਰਾਹੀਂ ਸੰਵਾਦ ਰਚਾਇਆ ਹੈ। ਪੰਜਾਬ ਦੀ ਇਸ ਸੂਰਮਗਤੀ ਗਾਥਾ ਦਾ ਮਰਦਾਂ ਦੇ ਗਿੱਧੇ ਦੀ ਪੇਸ਼ਕਾਰੀ ਦੀ ਵਿਧਾ ਨਾਲ ਸੁਤੰਤਰ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਤ ਹੋਣਾ ਅਨੋਖਾ ਵੀ ਹੈ, ਪਲੇਠਾ ਵੀ ਅਤੇ ਦਿਲਚਸਪ ਵੀ। ਨਾਟਕ ਦੇ ਖੇਤਰ ਵਿਚ ਦਲਬਾਰ ਸਿੰਘ ਦਾ ਇਹ ਮੌਲਿਕ ਅਤੇ ਨਵੀਨ ਤਜਰਬਾ ਹੈ। ਦਲਬਾਰ ਸਿੰਘ ਨੇ ਮਲਵਈ ਗਿੱਧੇ ਦੀ ਪੇਸ਼ਕਾਰੀ ਅਨੁਸਾਰ ਹੀ ਇਸ ਗਾਥਾ ਨੂੰ ਮੰਚਿਤ ਕਰਨ ਦੀ ਵਿਧੀ ਦਿੱਤੀ ਹੈ। ਸਾਰੀ ਦੀ ਸਾਰੀ ਵਾਰਤਾਲਾਪ ਅਤੇ ਕਥਾਨਕ ਬੋਲੀਆਂ ਵਿਚ ਉਸਾਰਿਆ ਗਿਆ ਹੈ। ਇਸ ਕਰਕੇ ਬਾਕੀ ਨਾਟਕਾਂ ਨਾਲੋਂ ਵਿਲੱਖਣਤਾ ਇਹ ਹੈ ਕਿ ਅਦਾਕਾਰੀ ਅਤੇ ਲੋਕ ਨਾਚ ਦੋਵਾਂ ਦੀ ਮੁਹਾਰਤ ਰੱਖਣ ਵਾਲੇ ਨਿਰਦੇਸ਼ਕ ਅਤੇ ਕਲਾਕਾਰ ਹੀ ਸਫ਼ਲਤਾ ਨਾਲ ਇਸ ਨਾਟਕ ਨੂੰ ਮੰਚਿਤ ਕਰ ਸਕਦੇ ਹਨ। ਮਲਵਈ ਗਿੱਧੇ ਵਾਂਗ ਮੰਗਲਾ ਚਰਨ ਦੀ ਬੋਲੀ ਨਾਲ ਹੀ ਨਾਟਕ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ; 'ਪਹਿਲ ਪ੍ਰਿਥਮੇਂ ਸਿਮਰਾਂ ਪ੍ਰਭੂ, ਕਾਨੀ ਫੇਰ ਉਠਾਵਾਂ; ਦਸਾਂ ਗੁਰੂਆਂ ਦੀ ਓਟ ਤਕਾਈ, ਚਰਨੀ ਸੀਸ ਨਿਵਾਵਾਂ; ਗੁਰੂ ਗ੍ਰੰਥ ਦੀ ਪੜ੍ਹ ਕੇ ਬਾਣੀ, ਅਗਿਆਨ ਅੰਧੇਰ ਮਿਟਾਵਾਂ; ਦੁੱਲੇ ਭੱਟੀ ਦਾ ਕਿੱਸਾ ਜੋੜ ਸਣਾਵਾਂ..... ਦੁੱਲੇ ਭੱਟੀ ਦਾ ਕਿੱਸਾ ਜੋੜ ਸੁਣਾਵਾਂ'। ਨਾਟਕ ਦੇ ਪ੍ਰਸੰਗ ਨੂੰ ਅੱਗੇ ਤੋਰਦੇ ਸੰਵਾਦ ਦੀਆਂ ਬੋਲੀਆਂ ਸੂਤਰਧਾਰ ਪਾਉਂਦਾ ਹੈ। ਇਸੇ ਤਰ੍ਹਾਂ ਮਲਵਈ ਗਿੱਧੇ ਦੇ ਬਾਕੀ ਅਦਾਕਾਰ ਆਪਣੇ-ਆਪਣੇ ਕਿਰਦਾਰ ਵਾਲੀਆਂ ਬੋਲੀਆਂ ਪਾਉਂਦੇ ਹਨ। ਜਿਵੇਂ ਦੁੱਲਾ ਕਾਜ਼ੀ ਨਾਲ ਗੱਲ ਕਰਦਾ ਹੈ, 'ਹੱਥ ਜੋੜ ਕੇ ਕਾਜ਼ੀ ਤਾਈਂ ਦੁੱਲਾ ਵਚਨ ਸੁਣਾਵੇ, ਵੱਡੀ ਰੂਹ ਨਾ ਕਰਦੀ ਮੇਰੀ ਪੜ੍ਹਨਾਂ ਚਿੱਤ ਨਾ ਭਾਵੇ, ਵਿਚ ਦੁਨੀਆ ਦੇ ਜਾਗਰ ਹੋਵਾਂ ਇਹ ਮੇਰਾ ਦਿਲ ਚਾਹਵੇ, ਐਸੀ ਜੁਗਤ ਦੱਸੋ ਨਾਂਅ ਰੌਸ਼ਨ ਹੋ ਜਾਵੇ।' ਪੰਜਾਬ ਦੇ ਲੋਕ ਨਾਚਾਂ ਵਿਚ ਮਲਵਈ ਗਿੱਧਾ ਇਕ ਐਸਾ ਲੋਕ ਨਾਚ ਹੈ ਜਿਸ ਵਿਚ ਦਰਸ਼ਕ ਬੋਲੀਆਂ ਦੀ ਸ਼ਬਦਾਵਲੀ ਦਾ ਅਤੇ ਪੇਸ਼ਕਰਤਾ ਦੀਆਂ ਅਦਾਵਾਂ ਦਾ ਅਨੰਦ ਮਾਣਦੇ ਹਨ। ਇਸ ਨਾਟਕ ਦਾ ਪਾਠ ਕਰਦਿਆਂ ਵੀ ਮਹਿਸੂਸ ਹੁੰਦਾ ਹੈ ਮੰਚਣ ਵੇਲੇ ਦਰਸ਼ਕ ਬੋਲੀਆਂ ਰਾਹੀਂ ਇਸ ਗਾਥਾ ਦਾ ਅਨੰਦ ਵੀ ਮਾਣਨਗੇ ਅਤੇ ਕਹਾਣੀ ਨੂੰ ਵੀ ਸਰਲਤਾ ਨਾਲ ਸਮਝਣਗੇ। ਪੰਜਾਬੀ ਪਾਠਕ, ਕਲਾਕਾਰ, ਰੰਗ ਕਰਮੀ, ਨਾਟ ਵਿਦਾਵਾਂ 'ਤੇ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਇਹ ਪੁਸਤਕ ਮੁਲਵਾਨ ਹੋਵੇਗੀ।
-ਨਿਰਮਲ ਜੌੜਾ
ਮੋਬਾਈਲ : 98140-78799
ਤਿੰਨ ਸਹੇਲੀਆਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 55
ਸੰਪਰਕ : 98760-62329
ਹਥਲੀ ਪੁਸਤਕ 'ਤਿੰਨ ਸਹੇਲੀਆਂ' ਧਰਮ ਸਿੰਘ ਕੰਮੇਆਣਾ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਹੈ। ਇਸ ਵਿਚ ਕੁੱਲ ਤੇਰਾਂ ਬਾਲ ਕਹਾਣੀਆਂ ਹਨ ਲੇਖਕ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਉਪਰ ਇਸ ਤੋਂ ਪਹਿਲਾਂ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਪਹਿਲੀ ਕਹਾਣੀ 'ਪਰੀ' ਇਨਾਇਤ ਬੱਚੀ ਨਾਲ ਸੰਬੰਧਿਤ ਹੈ ਜੋ ਕਿ ਮਾਂ ਬਾਪ ਦੀ ਇਕਲੌਤੀ ਬੇਟੀ ਹੈ। ਪੜ੍ਹਨ ਅਤੇ ਖੇਡਾਂ ਵਿਚ ਬਹੁਤ ਰੁਚੀ ਲੈ ਰਹੀ ਹੈ। ਦਾਦਾ-ਦਾਦੀ ਦੇ ਕੋਲ ਜ਼ਿਆਦਾ ਚਿਰ ਰਹਿੰਦੀ ਹੈ ਉਨ੍ਹਾਂ ਤੋਂ ਬਾਤਾਂ ਸੁਣਦੀ ਹੈ। ਇਕ ਦਿਨ ਉਸ ਦੇ ਸੁਪਨੇ ਵਿਚ ਪਰੀ ਆਈ ਉਹ ਉਸ ਨੂੰ ਉੱਡਣ ਲਈ ਕਹਿੰਦੀ ਹੈ ਪਰੀ ਉਸ ਨੂੰ ਮੰਤਰ ਮਾਰ ਕੇ ਕਹਿੰਦੀ ਹੈ ਹੁਣ ਤੇਰੇ ਵੀ ਖੰਭ ਲੱਗ ਗਏ ਹਨ ਚੱਲ ਮੇਰੇ ਨਾਲ ਉੱਡ ਤੈਨੂੰ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਾਵਾਂ। ਉਸ ਨਾਲ ਜਦੋਂ ਵੱਖ-ਵੱਖ ਥਾਵਾਂ ਵੇਖ ਰਹੀ ਸੀ ਤਾਂ ਦਾਦੀ ਨੇ ਉਸ ਨੂੰ ਉੱਠਣ ਲਈ ਆਵਾਜ਼ ਲਗਾਈ ਉਹ ਉੱਠ ਕੇ ਦਾਦੀ ਨੂੰ ਸੁਪਨਾ ਸੁਣਾਉਣ ਲੱਗੀ ਤਾਂ ਦਾਦੀ ਨੇ ਸਮਝਾਇਆ ਬੰਦੇ ਦੇ ਉੱਡਣ ਲਈ ਉਸ ਦੇ ਖੰਭ 'ਵਿੱਦਿਆ' ਹੀ ਹੈ ਚੰਗੀ ਵਿੱਦਿਆ ਪੜ੍ਹ ਕੇ ਬੰਦਾ ਬਿਨ ਖੰਭੋਂ ਵੀ ਉਡ ਸਕਦਾ ਹੈ। ਇਨਾਇਤ ਵਿੱਦਿਆ ਦਾ ਮਹੱਤਵ ਸਮਝ ਗਈ ਸੀ। ਇਵੇਂ ਹੀ 'ਤਿੰਨ ਸਹੇਲੀਆਂ' ਵੀ ਬਹੁਤ ਪਿਆਰੀ ਅਤੇ ਸਿੱਖਿਆਦਾਇਕ ਕਹਾਣੀ ਹੈ ਤਿੰਨ ਸਹੇਲੀਆਂ ਹਨ ਐਨੀ, ਸੀਮਾ ਅਤੇ ਤੇਜੀ ਤਿੰਨਾਂ ਦਾ ਬਹੁਤ ਪਿਆਰ ਹੈ ਹਰ ਸਮੇਂ ਇਕੱਠੀਆਂ ਖੇਡਦੀਆਂ ਹਨ ਅਤੇ ਇਕ ਦਿਨ ਗੱਲਾਂ-ਗੱਲਾਂ ਵਿਚ ਸੈਰ ਕਰਨ ਦੂਰ ਨਿਕਲ ਗਈਆਂ ਤੇ ਵਾਪਸੀ ਸਮੇਂ ਮੀਂਹ ਹਨੇਰੀ ਆ ਗਈ ਇਕ ਝੌਂਪੜੀ ਵਿਚ ਵੜ੍ਹ ਗਈਆਂ। ਮੀਂਹ ਹਟਣ ਤੋਂ ਬਾਅਦ ਬਾਹਰ ਨਿਕਲੀਆਂ ਭੁੱਖ ਲੱਗੀ ਹੋਈ ਸੀ ਨੇੜੇ ਹੀ ਅੰਬ ਦਾ ਰੁੱਖ ਸੀ ਬੜੇ ਸੋਹਣੇ ਅੰਬ ਲੱਗੇ ਹੋਏ ਸਨ ਕੁਝ ਥੱਲੇ ਪਏ ਸਨ ਜਦੋਂ ਖਾ ਰਹੀਆਂ ਸਨ ਬਾਗ਼ ਦੇ ਮਾਲਕ ਦੀ ਪੈੜ ਚਾਲ ਸੁਣ ਕੇ ਤਿੰਨੋਂ ਲੁੱਕ ਗਈਆਂ ਸਨ ਪਰ ਬਾਗ਼ ਦਾ ਮਾਲਕ ਉੱਥੇ ਪਏ ਮੰਜੇ ਉਪਰ ਪੈ ਗਿਆ ਤਾਂ ਤਿੰਨਾਂ ਨੂੰ ਇਕ ਤਰਕੀਬ ਸੁੱਝੀ ਕਿ ਆਪਾਂ ਭੂਤਾਂ ਵਾਂਗ ਆਵਾਜ਼ਾਂ ਕੱਢੀਏ ਜੋ ਕਿ ਉਨ੍ਹਾਂ ਟੀ.ਵੀ. ਸੀਰੀਅਲ ਵਿਚ ਸੁਣੀਆਂ ਹੋਈਆਂ ਸਨ। ਇਹ ਡਰ ਕੇ ਭੱਜ ਜਾਵੇਗਾ ਉੇਨ੍ਹਾਂ ਇਸੇ ਤਰ੍ਹਾਂ ਹੀ ਕੀਤਾ ਤੇ ਮਾਲਕ ਡਰਦਾ ਮਾਰਾ ਘਰ ਨੂੰ ਭੱਜ ਗਿਆ। ਤਿੰਨੋਂ ਖ਼ੁਸ਼-ਖ਼ੁਸ਼ ਘਰ ਨੂੰ ਵਾਪਸ ਆ ਰਹੀਆਂ ਕਹਿ ਰਹੀਆਂ ਸਨ ਕਿ ਆਪਾਂ ਅੱਜ ਤੋਂ ਪ੍ਰਣ ਕਰੀਏ ਕਿ ਇਸ ਤਰ੍ਹਾਂ ਕੁਵੇਲੇ ਦੂਰ ਤੱਕ ਸੈਰ ਕਰਨ ਨਹੀਂ ਜਾਵਾਂਗੀਆਂ। ਐਵੇਂ ਹੀ 'ਮਾਡਰਨ ਕਾਂ ਦੀ ਕਹਾਣੀ' ਵੀ ਬੜੀ ਦਿਲਚਸਪ ਹੈ ਪੁਰਾਣੇ ਸਮੇਂ ਵਿਚ ਲੋਕ ਅਨਪੜ੍ਹ ਸਨ ਬੱਚੇ ਵੀ ਭੋਲੇ-ਭਾਲੇ ਸਨ ਭਾਵ ਲਕੀਰ ਦੇ ਫ਼ਕੀਰ ਸਨ ਇਸ ਕਹਾਣੀ ਵਿਚ ਮਾਡਰਨ ਕਾਂ ਹੈ ਪੁਰਾਣੇ ਕਾਂਵਾਂ ਵਾਂਗ ਭੋਲਾ ਭਾਲਾ ਨਹੀਂ ਹੈ ਪਿਆਸੇ ਕਾਂ ਵਾਲੀ ਕਹਾਣੀ 'ਚ ਵੀ ਕਾਂ ਦੀ ਸਿਆਣਪ ਵਿਖਾਈ ਹੈ ਕਿ ਕਿਵੇਂ ਉਸ ਨੇ ਪਾਣੀ ਪੀਤਾ ਸੀ। ਅੱਗੇ ਜਾ ਕੇ ਤਾਂ ਕਮਾਲ ਹੀ ਕਰ ਦਿੱਤੀ, ਹੁਣ ਤੱਕ ਲੂੰਬੜੀ ਕਾਂ ਨੂੰ ਬੇਵਕੂਫ਼ ਬਣਾਉਂਦੀ ਆਈ ਸੀ ਪਰ ਅੱਜਕਲ੍ਹ ਦੇ ਤੇਜ਼ ਤਰਾਰ ਜ਼ਮਾਨੇ ਵਿਚ ਕਾਂ ਲੂੰਬੜੀ ਨਾਲੋਂ ਵੀ ਚਲਾਕ ਨਿਕਲਿਆ ਹੈ ਉਸ ਦੇ ਮੂੰਹ ਵਿਚ ਪਨੀਰ ਦਾ ਟੁੱਕੜਾ ਸੀ ਰੁੱਖ ਦੇ ਹੇਠ ਲਲਚਾਈਆਂ ਨਜ਼ਰਾਂ ਨਾਲ ਲੂੰਬੜੀ ਕਾਂ ਨੂੰ ਵੇਖ ਰਹੀ ਸੀ ਉਸ ਨੂੰ ਆਪਣੀ ਦਾਦੀ ਦੀ ਸੁਣਾਈ ਕਹਾਣੀ ਯਾਦ ਆ ਗਈ ਕਾਂ ਨੂੰ ਕਹਿੰਦੀ ਤੂੰ ਕਿੰਨਾ ਸੋਹਣਾ ਕਿੰਨੀ ਤੇਰੀ ਆਵਾਜ਼ ਪਿਆਰੀ ਹੈ ਇਹ ਵੀ ਪਤਾ ਲੱਗਾ ਕਿ ਤੂੰ ਗੀਤ ਵੀ ਬਹੁਤ ਵਧੀਆ ਗਾ ਲੈਂਨਾ ਏਂ ਮੈਨੂੰ ਇਕ ਗੀਤ ਹੀ ਸੁਣਾ ਦੇ ਕਾਂ ਮਾਡਰਨ ਸੀ ਪਨੀਰ ਦਾ ਟੁੱਕੜਾ ਖਾ ਕੇ ਕਹਿੰਦਾ ਹਾਂ ਮਾਸੀ ਜੀ ਹੁਣ ਦੱਸੋ ਕਿਹੜਾ ਗੀਤ ਸੁਣਨਾ ਹੈ ਲੂੰਬੜੀ ਕੱਚੀ ਜਿਹੀ ਹੋ ਕੇ ਤੁਰਦੀ ਬਣੀ। ਬਹੁਤ ਹੀ ਦਿਲਚਸਪ ਕਹਾਣੀ ਹੈ ਇਵੇਂ ਹੀ ਸਾਰੀਆਂ ਕਹਾਣੀਆਂ ਬੱਚਿਆਂ ਨੂੰ ਜਿੱਥੇ ਸਮੇਂ ਦੇ ਹਾਣੀ ਹੋਣ ਦੀ ਪ੍ਰੇਰਨਾ ਦੇ ਰਹੀਆਂ ਹਨ ਓਵੇਂ ਬੱਚਿਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਦੀ ਨੈਤਿਕ ਸਿੱਖਿਆ ਵੀ ਦਿੰਦੀਆਂ ਹਨ। ਕਹਾਣੀਆਂ ਨਾਲ ਢੁੱਕਵੀਆਂ ਤਸਵੀਰਾਂ ਬਣ ਜਾਂਦੀਆਂ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋਣਾ ਸੀ ਕਿਉਂਕਿ ਬੱਚਿਆਂ ਦੀ ਦਿਲਚਸਪੀ ਪੁਸਤਕ ਵਿਚ ਹੋਰ ਵੀ ਵਧ ਜਾਣੀ ਸੀ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896
ਆਤਮੈਂ ਦੇ ਆਰਪਾਰ
ਲੇਖਕ : ਡਾ. ਹਰਦੀਪ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 94171-46113
ਇਸ ਪੁਸਤਕ ਦਾ ਲੇਖਕ ਇਕੋ ਸਮੇਂ ਦੰਦਾਂ ਦਾ ਡਾਕਟਰ, ਚਿੱਤਰਕਾਰ, ਬੁੱਤ ਤਰਾਸ਼ ਅਤੇ ਕੁਦਰਤ ਪ੍ਰੇਮੀ ਵੀ ਹੈ, ਇਸ ਨਾਵਲ ਤੋਂ ਪਹਿਲਾਂ ਉਸ ਨੇ ਦੋ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਕੁਦਰਤ ਪ੍ਰੇਮੀ ਅਤੇ ਕਲਾ ਪੁਜਾਰੀ ਹੋਣ ਕਰਕੇ ਲੇਖਕ ਦੀ ਇਹ ਰਚਨਾ ਵੀ ਕੁਦਰਤ ਨੂੰ ਮਾਂ ਹੀ ਤਸਲੀਮ ਕਰਦੀ ਹੈ, ਜਿਸ ਦੀ ਗੋਦ ਵਿਚ ਸਮੁੱਚੀ ਕਾਇਨਾਤ ਉਸ ਦੇ ਗੁਣਗਾਨ ਕਰਦੀ ਹੈ। ਸਮੁੱਚੇ ਤੌਰ 'ਤੇ ਇਹ ਨਾਵਲ ਕੁਦਰਤ ਮਾਂ ਦੀ ਕਥਾ ਦਾ ਵਿਖਿਆਨ ਹੀ ਹੈ, ਇਸ ਦੇ ਹਰ ਪੰਨੇ ਵਿਚੋਂ ਪਾਠਕ ਨੂੰ ਮਾਂ ਕੁਦਰਤ ਦੇ ਰੰਗਾਂ ਦੀ ਗੱਲ ਸੁਣਾਈ ਦਿੰਦੀ ਹੈ। ਲੇਖਕ ਮੁਤਾਬਿਕ ਇਨ੍ਹਾਂ ਰੰਗਾਂ ਅਤੇ ਉਸ ਦੀ ਸੁੰਦਰਤਾ ਜਦੋਂ ਮੈਨੂੰ ਪ੍ਰਭਾਵਿਤ ਕਰਦੀ ਹੈ, ਤਾਂ ਮੈਂ ਮੰਤਰ-ਮੁਗਧ ਹੋ ਜਾਂਦਾ ਹੈ। ਮੈਨੂੰ ਬਹੁਤ ਧੀਮੀ ਆਵਾਜ਼ ਵਿਚ ਕੁਦਰਤ ਸੰਬੋਧਨ ਹੁੰਦੀ ਹੈ, ਜਿਸ ਆਵਾਜ਼ ਨੂੰ ਤਨ, ਮਨ ਤੇ ਅੰਦਰੂਨੀ ਕੰਨਾਂ ਨਾਲ ਹੀ ਸੁਣਿਆ ਜਾ ਸਕਦਾ ਹੈ। ਲੇਖਕ ਅਨੁਸਾਰ ਅਸਲ ਜਦੋਂ ਕੰਨ ਇਸ ਉਤਕ੍ਰਿਸ਼ਟ ਰਚਨਾ ਦੇ ਨਾਦ ਨੂੰ ਸੁਣਦੇ ਹਨ ਤਾਂ ਅੱਖਾਂ ਵੀ ਉਸ ਨਾਲ ਇਕਮਿਕ ਹੋਣਾ ਲੋਚਦੀਆਂ ਹਨ। ਇਸ ਨਾਵਲ ਦੇ ਹਰ ਪੰਨੇ ਤੋਂ ਇਨ੍ਹਾਂ ਬਹੁ-ਰੰਗੀ ਕੁਦਰਤੀ ਪਰਤਾਂ ਵਿਚੋਂ ਰੰਗਾਂ ਨੂੰ ਸੁਣਨ ਤੇ ਵੇਖਣ ਦਾ ਸੁਪਰਸ਼ ਹੁੰਦਾ ਵਿਖਾਈ ਦਿੰਦਾ ਹੈ। ਜਦੋਂ ਤੁਹਾਡੀ ਪਹੁੰਚ ਇਸ ਅਕਾਸ਼ੀ ਖਲਾਅ ਨੂੰ ਮਹਿਸੂਸ ਕਰਨ ਲੱਗ ਪਈ, ਤਾਂ ਉਸ ਕੁਦਰਤ ਦੇ ਕਾਦਰ ਦੇ ਦਰਸ਼ਨਾਂ ਦੀ ਦੂਰੀ ਵੀ ਸਮਾਪਤ ਹੋ ਜਾਵੇਗੀ। ਨਾਵਲ ਦੇ ਆਰੰਭ ਵਿਚ ਲੇਖਕ ਨੇ ਆਤਮ-ਗਿਆਨ ਸੰਬੰਧੀ ਵਿਚਾਰਾਂ ਦੀ ਲੜੀ ਨੂੰ ਆਰੰਭ ਕਰਦਿਆਂ ਕਿਹਾ ਹੈ ਕਿ 'ਆਤਮ ਗਿਆਨ ਤੇਰੇ ਮੇਰੇ ਤੇ ਸਭ ਲਈ ਉਪਲੱਬਧ ਹੈ, ਇਸ ਧਰਤੀ ਦਾ ਹਰ ਜੀਵ ਇਸ ਨੂੰ ਪਾਉਣ ਦਾ ਅਧਿਕਾਰੀ ਹੈ ਅਤੇ ਹਰ ਜੀਵਤ ਪ੍ਰਾਣੀ ਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ। ਮਰਨ ਤੋਂ ਪਹਿਲਾਂ ਹਰ ਉਸ ਬੰਦਗੀ ਵਾਲੇ ਨੂੰ ਉਸ ਬ੍ਰਹਮ ਗਿਆਨ ਦਾ ਦਰਸ਼ਨ ਵੀ ਹੁੰਦਾ ਹੈ। ਹਰ ਪ੍ਰਾਣੀ ਨੂੰ ਆਤਮਿਕ ਤੌਰ 'ਤੇ ਜਾਗ੍ਰਿਤ ਹੋਣਾ ਪਵੇਗਾ, ਬ੍ਰਹਮ ਦਰਸ਼ਨ ਉਸ ਨੂੰ ਜੀਵਨ ਸਫ਼ਰ ਦੌਰਾਨ ਕਦੋਂ ਹੋਵੇ, ਪਹਿਲੇ ਜੀਵਨ ਪੜਾਅ ਸਫ਼ਰ ਦੌਰਾਨ ਜਾਂ ਫੇਰ ਦੇਰ ਨਾਲ ਜਾਂ ਫਿਰ ਜੀਵਨ ਸਫ਼ਰ ਮੁਕਾਉਣ ਸਮੇਂ। ਇਹ ਨਿਰਭਰ ਕਰਦਾ ਹੈ, ਉਸ ਦੀ ਦਰਸ਼ਨ ਕਰਨ ਦੀ ਇੱਛਾ ਸ਼ਕਤੀ ਉੱਪਰ। ਲੇਖਕ ਮੁਤਾਬਿਕ ਜੇ ਸਮੇਂ ਸਿਰ ਗਿਆਨ ਹੋ ਜਾਵੇ ਤਾਂ ਇਸ ਉੱਤਮ ਸਮੇਂ 'ਤੇ ਬ੍ਰਹਮ ਦਰਸ਼ਨ ਵੀ ਹੋ ਜਾਂਦਾ ਹੈ। ਫਿਰ ਬਾਕੀ ਜੀਵਨ ਪਰਮ-ਅਨੰਦ ਵਿਚ ਬੀਤ ਜਾਂਦਾ ਹੈ। ਕਈ ਵਾਰ ਅਸੀਂ ਉਸ ਬ੍ਰਹਮ ਦੇ ਦਰਸ਼ਨਾਂ ਲਈ ਧਾਰਮਿਕ ਅਸਥਾਨਾਂ ਦੇ ਦਰਾਂ ਤੋਂ ਹੀ ਮੁੜਦੇ ਰਹੇ। ਸੱਚ ਦੇ ਪਾਂਧੀ ਹਮੇਸ਼ਾ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ। ਜਿਨ੍ਹਾਂ ਨੇ ਪਾਰ-ਬ੍ਰਹਮ ਦੇ ਦਰਸ਼ਨ ਕਰਨੇ ਸਨ, ਉਹ ਗੁਰੂ ਦਰਾਂ ਦਾ ਲਾਂਘਾ ਵੀ ਪਾਰ ਨਾ ਕਰ ਸਕੇ। ਇਸ ਸਮੁੱਚੀ ਗਾਥਾ 'ਤੇ ਆਧਾਰਿਤ ਇਸ ਨਾਵਲ ਨੂੰ ਪਾਠਕਾਂ ਦੇ ਸਨਮੁੱਖ ਰੱਖਿਆ ਗਿਆ ਹੈ। ਹਉਮੈ ਅਧੀਨ ਜੀਵਤ ਪ੍ਰਾਣੀ ਮੈਂ ਦੇ ਦਰਵਾਜ਼ੇ ਨੂੰ ਪਾਰ ਕਰ ਕੇ 'ਤੂੰ' ਤੋਂ ਦੂਰ ਹੁੰਦਾ ਗਿਆ। ਆਤਮਾ ਦੇ ਆਰ-ਪਾਰ ਦੇ ਸਫ਼ਰ ਨੂੰ ਤੈਅ ਕਰਨ ਵਾਲੇ ਗਹਿਰ ਗੰਭੀਰ ਪਾਠਕਾਂ ਲਈ ਲੇਖਕ ਦਾ ਇਹ ਉਪਰਾਲਾ ਵਧੀਆ ਉੱਦਮ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅੱਖਰਾਂ ਦੀ ਵਿਸ਼ਾਲਤਾ
ਲੇਖਕ : ਸੰਤ ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ
ਪ੍ਰਕਾਸ਼ਕ : ਸੱਚ ਕੀ ਬੇਲਾ ਪਿੰਡ ਦੀਵਾਨਾ ਜ਼ਿਲ੍ਹਾ ਬਰਨਾਲਾ
ਮੁੱਲ : 300 ਰੁਪਏ, ਸਫ਼ੇ : 300
ਸੰਪਰਕ : 98762-04624
ਇਸ ਅਧਿਆਤਮਿਕ ਪੁਸਤਕ ਦੀ ਪ੍ਰਸੰਸਾ ਕਰਦੇ ਹੋਏ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਿਲਕੁਲ ਸਹੀ ਫਰਮਾਇਆ ਹੈ 'ਪੱਟੀ ਬਾਣੀ' ਅੰਦਰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਗਿਆਨੀ ਗੁਰਮੀਤ ਸਿੰਘ ਵਲੋਂ ਲਿਖੀ ਹਥਲੀ ਪੁਸਤਕ ਗੁਰਮੁਖੀ 'ਅੱਖਰਾਂ ਦੀ ਵਿਸ਼ਾਲਤਾ' ਬਹੁਤ ਹੀ ਗਿਆਨ ਭਰਪੂਰ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਧਿਆਤਮਿਕ ਖੇਤਰ ਦੇ ਪਾਂਧੀ ਦਾ ਇਹ ਸਹੀ ਮਾਰਗ ਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ। 'ਸ' ਅੱਖਰ ਤੋਂ ਵਰਣਮਾਲਾ ਦਾ ਆਰੰਭ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਪ੍ਰਾਣੀ ਮਾਤਰ ਨੂੰ ਸੂਝ ਪ੍ਰਦਾਨ ਕਰਨ ਲਈ ਸ਼ਰਧਾ ਦਾ ਮਾਰਗ ਪ੍ਰਦਾਨ ਕੀਤਾ ਹੈ। ਲੇਖਕ ਨੇ ਆਪਣੇ ਅਧਿਆਤਮਿਕ ਮਾਰਗ ਨੂੰ ਰੌਸ਼ਨ ਕਰਨ ਵਾਲੇ ਮਹਾਂਪੁਰਖਾਂ ਨੂੰ ਸ਼ਰਧਾ ਭੇਟ ਕਰਨ ਉਪਰੰਤ ਲਿਖਿਆ ਹੈ, 'ਇਸ ਪੁਸਤਕ ਦਾ ਮੁੱਖ ਪ੍ਰਯੋਜਨ, ਪੱਟੀ ਬਾਣੀ ਵਿਚ ਰਹਾਓ ਦੀ ਪੰਕਤੀ ਇਸੇ ਸੰਸਾਰ ਜੀਵਨ ਦੇ ਗੱਡੀ ਦੇ ਧੁਰੇ ਵੱਲ ਆਕਰਸ਼ਿਤ ਰੱਖਦੀ ਹੈ।' ਪੰਨਾ 13 ਲੇਖਕ ਪੰਜਾਬ ਅਤੇ ਪੰਜਾਬੀ ਬੋਲੀ ਨੂੰ ਬੇਹੱਦ ਪਿਆਰ ਕਰਦਾ ਹੈ, ਇਸੇ ਲਈ ਭਾਸ਼ਾ ਦੇ ਮਸਲਿਆਂ ਬਾਰੇ ਕੌਮਾਂਤਰੀ ਖੋਜ ਕਰਨ ਲਈ ਡਾ. ਜੋਗਾ ਸਿੰਘ ਯੂ.ਕੇ. ਦੀ ਪ੍ਰਸੰਸਾ ਕਰਦਾ ਹੈ। ਪੰਨਾ : 299. ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਆਤਮ-ਪਰਮਾਤਮਾ, ਇਕਸੁਰਤਾ ਅਨੁਭਵ ਕਰਦਿਆਂ 'ਪੱਟੀ ਬਾਣੀ' ਉਚਾਰਨ ਕੀਤੀ ਹੈ। ਇਹ ਪੁਸਤਕ ਬੜੀ ਡੂੰਘੀ ਖੋਜ ਦਾ ਪ੍ਰਮਾਣ ਪ੍ਰਸਤੁਤ ਕਰਦੀ ਹੈ। ਇਸ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਲੇਖਕ ਦਾ ਅਧਿਐਨ ਬੜਾ ਵਿਸ਼ਾਲ ਪ੍ਰਤੀਤ ਹੁੰਦਾ ਹੈ। ਆਪਣੇ ਵਿਚਾਰਾਂ ਦੀ ਲੇਖਕ ਨੇ ਗੁਰਬਾਣੀ 'ਚੋਂ ਬੇਸ਼ੁਮਾਰ ਹਵਾਲੇ ਦੇ ਕੇ, ਵਿਸਤ੍ਰਿਤ ਵਿਆਖਿਆ ਕੀਤੀ ਹੈ। ਵਿਚਾਰਾਂ ਦੀ ਪੁਸ਼ਟੀ ਲਈ ਅਨੇਕਾਂ ਵਿਦਵਾਨਾਂ ਦੇ ਹਵਾਲੇ ਦਿੱਤੇ ਹਨ, ਭਾਵ ਪ੍ਰੋ. ਸਾਹਿਬ ਸਿੰਘ, ਬਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ. ਰਤਨ ਸਿੰਘ ਜੱਗੀ, ਪ੍ਰਿੰ. ਸਤਬੀਰ ਸਿੰਘ, ਪ੍ਰਿੰ. ਗੰਗਾ ਸਿੰਘ, ਜੋਗੀਰਾਜ ਭਰਥਰੀ ਹਰੀ, ਭਾਈ ਗੁਰਦਾਸ, ਭਗਤ ਕਬੀਰ, ਕਨਿੰਘਮ, ਜਾਦੂ ਨਾਥ ਸਰਕਾਰ ਇਤਿਆਦਿ। ਅਜੋਕੇ ਕਵੀਆਂ/ਵਿਦਵਾਨਾਂ ਸ਼ਿਵ ਕੁਮਾਰ ਬਟਾਲਵੀ, ਡਾ. ਨਾਹਰ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ ਆਦਿ ਨੋਟ ਕੀਤੇ ਜਾ ਸਕਦੇ ਹਨ। ਸੂਫੀ ਦਾਰਸ਼ਨਿਕ ਸਰਮੱਦ ਅਤੇ ਮੌਲਾਨਾ ਰੂਮ ਦੇ ਵਿਚਾਰ ਵੀ ਪੇਸ਼ ਕੀਤੇ ਹਨ। ਅਜਿਹੇ ਵਿਸ਼ਾਲ ਅਧਿਐਨ ਦੀ ਮੁਕਤ-ਕੰਠ ਪ੍ਰਸੰਸਾ ਕਰਨੀ ਬਣਦੀ ਹੈ। 'ਪੱਟੀ ਬਾਣੀ' ਦੀ ਸਾਰੀ ਦੀ ਸਾਰੀ ਗੁਰਬਾਣੀ ਆਧਾਰਿਤ ਵਿਆਖਿਆ ਇਸ ਲੋਕ ਨੂੰ ਪਰਲੋਕ ਨਾਲ ਇਕਸੁਰ ਕਰਦੀ ਪ੍ਰਤੀਤ ਹੁੰਦੀ ਹੈ। ਆਮ ਜੀਵਨ ਵਿਚੋਂ ਉਦਾਹਰਨਾਂ ਦੇਣੀਆਂ ਵਿਦਵਾਨ ਲੇਖਕ ਦਾ ਇਕ ਹੋਰ ਹਾਸਲ ਹੈ। 'ਪੱਟੀ ਬਾਣੀ' ਦੇ ਅੱਖਰ ਨਾਲ ਆਰੰਭ ਹੁੰਦੀਆਂ ਸਤਰਾਂ ਦੇ ਕੇ ਪਹਿਲਾਂ 'ਅਰਥ' ਅਤੇ ਫਿਰ 'ਭਾਵ ਅਰਥ' ਦਿੰਦਿਆਂ ਫਿਰ ਚੱਲ ਸੋ ਚੱਲ ਪਵਿੱਤਰ ਬਾਣੀ ਦੇ ਸ਼ਬਦਾਂ ਨਾਲ ਵਿਸਤ੍ਰਤ ਵਿਆਖਿਆ ਸਹਿਤ, ਡੂੰਘੀ ਵਿਦਵਤਾ ਨਾਲ ਆਪਣਾ ਕਾਰਜ ਸਫਲਤਾ ਸਹਿਤ ਸੰਪੰਨ ਕੀਤਾ ਹੈ। ਲੇਖਕ ਦਾ ਅਸਤਿਤਵ ਆਪਣੀ ਉਮਰ ਦੇ 54ਵੇਂ ਸਾਲ ਵਿਚ ਇਕਸੁਰਤਾ ਨਾਲ ਪਰਮਾਤਮਾ ਨਾਲ ਜੁੜਿਆ ਮਹਿਸੂਸ ਹੁੰਦਾ ਹੈ। ਇਹ ਪੁਸਤਕ ਪੱਟੀ ਬਾਣੀ 'ਤੇ ਮਹਾਨ ਖੋਜ ਕਾਰਜ ਉਪਾਧੀ-ਨਿਰਪੇਖ ਥੀਸਿਸ ਹੋ ਨਿੱਬੜਿਆ ਹੈ, ਲੇਖਕ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਤਿਰੰਗੇ ਦੇ ਰੰਗ
ਲੇਖਕ : ਅਮਰਜੀਤ ਸਿੰਘ 'ਤੂਰ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98784-69639
'ਤਿਰੰਗੇ ਦੇ ਰੰਗ' ਕਾਵਿ ਸੰਗ੍ਰਹਿ ਅਮਰਜੀਤ ਸਿੰਘ ਤੂਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਗੁਰਦੁਆਰਾ ਨਾਨਕਸਰ ਸਾਹਿਬ' ਤੋਂ ਲੈ ਕੇ ਆਨਲਾਈਨ ਅਖ਼ਬਾਰਾਂ ਚਲਾਵਾਈਏ ਤੱਕ ਲਗਭਗ 103 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਹ ਪੁਸਤਕ ਉਨ੍ਹਾਂ ਨੇ ਜਗਤ ਗੁਰੂ ਪਰਮਾਤਮਾ, ਮਾਤਾ, ਪਿਤਾ, ਪਤਨੀ, ਭੈਣ ਅਤੇ ਹੋਰ ਸਮਾਜਿਕ ਰਿਸ਼ਤਿਆਂ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਜਿਥੇ ਦੁਨਿਆਵੀ ਸੰਸਾਰ ਨਾਲ ਸੰਬੰਧਿਤ ਹਨ, ਉਥੇ ਇਨ੍ਹਾਂ ਦੇ ਸਰੋਕਾਰ ਅਦਿੱਖ ਸ਼ਕਤੀ ਪਰਮ-ਸ਼ਕਤੀ ਨਾਲ ਵੀ ਜੁੜੇ ਹੋਏ ਹਨ। 'ਤਿਰੰਗਾ ਝੰਡਾ' ਕਵਿਤਾ ਦਾ ਕੇਂਦਰੀ ਸਾਰ ਇਹ ਕਿ ਇਸ ਵਿਚਲੇ ਤਿੰਨ ਰੰਗ ਅਤੇ ਚੱਕਰ ਮਨੁੱਖੀ ਸੰਘਰਸ਼ ਦੀ ਗਾਥਾ ਨਾਲ ਸੰਬੰਧਿਤ ਹਨ। ਬਹੁਤੀਆਂ ਕਵਿਤਾਵਾਂ ਦੁਨਿਆਵੀ ਅਤੇ ਅਧਿਆਤਮਿਕ, ਧਾਰਮਿਕ ਜੀਵਨੀਆਂ ਨਾਲ ਸੰਬੰਧਿਤ ਹਨ। ਅਜਿਹੇ ਖਿਆਲਾਤ ਇਨ੍ਹਾਂ ਕਵਿਤਾਵਾਂ 'ਚ ਵਰਤੀਂਦੇ ਸ਼ਬਦ : ਮਾਂ, ਬਾਪ, ਭੈਣ, ਭਰਾ, ਮਾਮਾ, ਮਾਸੀ, ਪ੍ਰਤਾਪ ਸਿੰਘ ਬਾਗੀ, ਗੁਰੂ ਨਾਨਕ ਦੇਵ ਜੀ, ਡਾ. ਮਿਹਰ ਸਿੰਘ ਗਿੱਲ, ਡਾ. ਸਵਾਮੀਨਾਥਨ, ਰਾਸ਼ਟਰਪਤੀ ਅਬਦੁਲ ਕਲਾਮ, ਗੁਰੂ ਗੋਬਿੰਦ ਸਿੰਘ ਜੀ, ਭਗਤ ਰਵਿਦਾਸ ਜੀ, ਰਾਜਕੁਮਾਰ ਗੌਤਮ ਬੁੱਧ, ਰਾਮਜੀਦਾਸ ਉਰਫ਼ ਭਗਤ ਪੂਰਨ ਸਿੰਘ, ਸ੍ਰੀ ਗੁਰੂ ਅਰਜਨ ਦੇਵ ਜੀ, ਰੰਘਰੇਟਾ ਗੁਰੂ ਕਾ ਬੇਟਾ ਆਦਿ ਸ਼ਬਦਾਂ ਰਾਹੀਂ ਮਹਿਸੂਸੇ ਜਾ ਸਕਦੇ ਹਨ। ਇਸ ਤੋਂ ਇਲਾਵਾ ਊਚ-ਨੀਚ, ਭਰਮ-ਭੁਲੇਖੇ, ਵਖਰੇਵਿਆਂ ਦਾ ਸੰਸਾਰ, ਅਮੀਰੀ-ਗ਼ਰੀਬੀ, ਫ਼ਿਰਕਾਪ੍ਰਸਤੀ, ਭਰੂਣ ਹੱਤਿਆ, ਰਾਜਨੀਤਕ, ਧੌਂਸਵਾਦੀ ਆਦਿ ਵਿਸ਼ਿਆਂ ਨੂੰ ਵੀ ਇਨ੍ਹਾਂ ਕਵਿਤਾਵਾਂ 'ਚ ਪ੍ਰਗਟਾਉਣ ਦਾ ਸਮਰੱਥਾ ਅਨੁਸਾਰ ਯਤਨ ਕੀਤਾ ਗਿਆ ਹੈ। ਕਿਰਤ ਦੀ ਲੁੱਟ ਅਤੇ ਹੋਰ ਧੱਕੇਸ਼ਾਹੀ ਦਾ ਬਿਰਤਾਂਤ ਸਿਰਜਦਿਆਂ ਜਿਥੇ ਵਿਅੰਗਾਤਮਿਕ ਪਹੁੰਚ ਅਪਣਾਈ ਗਈ ਹੈ, ਉਥੇ ਬਹੁਤ ਸਰਲ, ਸਪੱਸ਼ਟ ਅਤੇ ਸਾਦਗੀ ਸ਼ਬਦਾਵਲੀ ਰਾਹੀਂ ਪੰਜਾਬੀ ਭਾਸ਼ਾ, ਸੱਭਿਆਚਾਰਕ ਹਵਾਲਿਆਂ ਰਾਹੀਂ ਪ੍ਰਗਟਾਉਣ ਦਾ ਸਾਰਥਿਕ ਯਤਨ ਕੀਤਾ ਗਿਆ ਹੈ। 'ਅਦਿੱਖ ਸ਼ਕਤੀ' ਦੇ ਪ੍ਰਭਾਵ ਹੇਠ ਹੁੰਦੇ ਅਨਾਚਾਰ ਨੂੰ 'ਮਨੁੱਖ' ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਕਿਤੇ-ਕਿਤੇ ਕਾਵਿਕ, ਲੈਅ ਅਤੇ ਛੰਦਾ-ਬੰਦੀ ਦੀ ਤਾਲ ਵੀ ਥਿੜਕਦੀ ਜਾਪਦੀ ਹੈ। ਪ੍ਰੰਤੂ ਭਾਵਾਂ ਦੀ ਤੀਬਰਤਾ ਆਮ ਕਾਵਿਕ-ਪਾਰਕ ਨੂੰ ਇਨ੍ਹਾਂ ਕਮੀਆਂ ਦਾ ਅਹਿਸਾਸ ਨਹੀਂ ਹੋਣ ਦਿੰਦੀ। 'ਸੰਗਕਾਰੀ ਮਨੁੱਖ' ਕਵਿਤਾ ਦੀ ਦੀ ਹੇਠ ਲਿਖੀਆਂ ਸਤਰਾਂ ਬਹੁਤ ਕੁਝ ਬਿਆਨ ਕਰਦੀਆਂ ਹਨ : ਖ਼ੁਸ਼ੀਆਂ ਵੰਡੋ, ਖ਼ੁਸ਼ੀਆਂ ਪਾਓ:
ਹਸੰਦਿਆਂ ਖੇਲਦਿਆਂ ਜੀਵਨ ਲੰਘਾਓ।
ਹਿਸਾਬ ਕਿਤਾਬ ਪਰਵਰਦਗਾਰ ਕੋਲ
ਆਪਣੇ ਚੰਗੇ ਲੇਖ ਲਿਖਾਓ।
ਅਮਰਜੀਤ ਸਿੰਘ ਤੂਰ ਹੁਰਾਂ ਨੂੰ ਦਿਲੀ ਮੁਬਾਰਕਬਾਦ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਇਕ ਕਮਰੇ ਦਾ ਸ਼ਾਇਰ
ਗ਼ਜ਼ਲਕਾਰ : ਸੁਖਦੀਪ ਔਜਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 96
ਸੰਪਰਕ : 98557-19465
'ਇਕ ਕਮਰੇ ਦਾ ਸ਼ਾਇਰ' ਗ਼ਜ਼ਲ-ਸੰਗ੍ਰਹਿ ਨੌਜਵਾਨ ਅਤੇੇ ਨਵ ਭਾਵਬੋਧ ਦੇ ਸ਼ਾਇਰ ਸੁਖਦੀਪ ਔਜਲਾ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸ਼ਾਇਰ ਨੇ ਆਪਣੀਆਂ 76 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਪੰਜਾਬੀ ਗ਼ਜ਼ਲ ਦੀ ਲੰਮੇਰੀ ਉਮਰ ਦੀ ਇਹ ਗਰੰਟੀ ਹੈ ਕਿ ਇਸ ਦੇ ਨਵੇਂ ਲਿਖਣਹਾਰ ਸ਼ਾਇਰ ਇਸ ਵਿਚ ਲਗਾਤਾਰ ਸੂਹਾ ਰੰਗ ਲੈ ਕੇ ਸ਼ਾਮਿਲ ਹੋ ਰਹੇ ਹਨ। ਜ਼ਿੰਦਗੀ ਅਤੇ ਇਸ਼ਕ ਦੀ ਨਵੀਉਂ ਨਵੀਂ ਬਹਾਰ ਰਹਿਣੀ ਹੁੰਦੀ ਹੈ। ਪੁਰਾਣੇ ਖਿਆਲਾਂ ਦੀ ਥਾਂ ਨਵੇਂ ਖਿਆਲ ਖਿੜ੍ਹਦੇ ਹਨ। ਨਵੇਂ ਬਿੰਬ, ਨਵੀਆਂ ਤਸ਼ਬੀਹਾਂ ਅਤੇ ਨਵੇਂ ਪ੍ਰਤੀਕ ਉਪਜਦੇ ਅਤੇ ਸਥਾਪਿਤ ਹੁੰਦੇ ਹਨ। ਪੰਜਾਬੀ ਗ਼ਜ਼ਲ ਨੇ ਆਪਣੀ ਹੋਂਦ ਕਵਿਤਾ ਦੀ ਪ੍ਰਥਾਇ ਲੋਕਾਂ ਵਿਚ ਵਧਾਈ ਹੈ। ਦਿਲ ਨੂੰ ਮੋਹਣ ਵਾਲੀਆਂ ਪੇਸ਼ਕਾਰੀਆਂ ਹੁੰਦੀਆਂ ਹਨ। ਲਹਿਜੇ ਬਦਲਦੇ ਹਨ ਅਤੇ ਸ਼ਿਅਰਾਂ ਵਿਚ ਉਡਾਣ ਦੇ ਨਾਲ-ਨਾਲ ਡੂੰਘਾਈ ਆਉਂਦੀ ਹੈ। ਕਹਿਣਾ ਬਣਦਾ ਹੈ ਕਿ ਗ਼ਜ਼ਲ ਨੇ ਆਪਣੇ ਜ਼ੋਰ ਨਾਲ ਆਪਣਾ ਲੋਹਾ ਮੰਨਵਾਇਆ ਹੈ। ਸੁਖਦੀਪ ਐਸਾ ਗ਼ਜ਼ਲਕਾਰ ਹੈ ਕਿ ਜਿਸ ਦੀਆਂ ਗ਼ਜ਼ਲਾਂ ਦਾ ਰੰਗ ਅਤੇ ਮਹਿਕ ਸੁਖਾਵੀਂ ਹੈ। ਭਾਵੇਂ ਉਸ ਦੇ ਸ਼ਿਅਰ ਉਸ ਦੇ ਨਿੱਜ ਦੁਆਲੇ ਹੀ ਘੁੰਮਦੇ ਹਨ ਪ੍ਰੰਤੂ ਇਸ ਨਿੱਜ ਵਿਚੋਂ ਹੀ ਲੋਕਤਾ ਦੀ ਹੂਕ ਸੁਣਾਈ ਦਿੰਦੀ ਹੈ। ਉਸ ਦੇ ਕੁਝ ਸ਼ਿਅਰ ਹਾਜ਼ਰ ਹਨ ਜੋ ਵਿਲੱਖਣਤਾ ਭਰਪੂਰ ਹਨ :
-ਮੇਰੇ ਬਟੂਏ ਦੀ ਖਸਤਾ ਦੇਖ ਹਾਲਤ,
ਉਦ੍ਹੀ ਫੋਟੋ ਨੂੰ ਮੁੜਕਾ ਆ ਗਿਆ ਹੈ।
-ਨਾਮ ਤੇਰਾ ਪੱਥਰ 'ਤੇ ਲਿਖਿਆ ਰਹਿ ਜਾਵੇ,
ਕੁਝ ਤਾਂ ਇਸ ਦੁਨੀਆ 'ਚ ਚੰਗਾ ਰਹਿ ਜਾਵੇ।
-ਕਦੇ-ਕਦਾਈਂ ਖ਼ੁਦ ਨੂੰ ਲੱਭਣਾ ਪੈ ਸਕਦੈ,
ਘਰ ਦੀ ਕਿਸੇ ਦੀਵਾਰ ਤੇ ਸ਼ੀਸ਼ਾ ਰਹਿ ਜਾਵੇ।
-ਦੋ ਪਰਿੰਦੇ ਲੜ ਰਹੇ ਸਨ ਇਸ਼ਕ ਦੀ ਇਕ ਕੈਦ ਅੰਦਰ,
ਜੇ ਇਹ ਪਿੰਜਰੇ ਟੁੱਟ ਗਏ ਤਾਂ ਸਮਝੋ ਵਧੀਆ ਹੋ ਗਿਆ
-ਲੱਖਾਂ ਛਿੱਟੇ ਮਾਰੇ ਤਾਂ ਵੀ ਲੱਥਾ ਨਈ,
ਮੇਰੀਆਂ ਅੱਖਾਂ 'ਤੇ ਇਕ ਸੁਪਨਾ ਲੱਗਾ ਹੈ।
ਪੰਜਾਬੀ ਕਵਿਤਾ ਦਾ ਪਾਠਕ ਨਹੀਂ ਹੈ। ਸ਼ਾਇਰ ਅੱਕਿਆ ਪਿਆ ਹੈ ਕਿ ਉਸ ਦੀ ਸ਼ਾਇਰੀ ਦੀ ਕੋਈ ਕੀਮਤ ਨਹੀਂ। ਅਸਲ ਵਿਚ ਲੋਕਾਂ ਨੂੰ ਤਾਂ ਮੁਜ਼ਰਿਆਂ ਦਾ ਚਸਕਾ ਪਾ ਕੇ ਹਾਕਮ ਸੁਰਖਰੂ ਹੋ ਜਾਂਦਾ ਹੈ ਤਾਂ ਕਿ ਲੋਕ ਅਵਚੇਤਨ ਵਿਚ ਹੀ ਰਹਿਣ :
ਸ਼ਾਇਦ ਇਕ ਸ਼ਾਇਰ ਨੇ ਅੱਜ ਗ਼ਜ਼ਲਾਂ ਦੀ ਕਾਪੀ ਪਾੜਤੀ,
ਹਰ ਗਲੀ ਹਰ ਮੋੜ 'ਤੇ ਸ਼ਿਅਰਾਂ ਦੇ ਜੋ ਟੁਕੜੇ ਪਏ।
ਆਦਮੀ ਕੌਣ ਹੈ, ਉਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਸੰਸਾਰ ਦੀਆਂ ਹੋਣੀਆਂ ਇਸੇ ਅਣਗਹਿਲੀ ਦੀ ਭਰੂੰਦ ਹੈ :
ਅਫ਼ਸੋਸ ਕੀ ਜੇ ਸ਼ਹਿਰ ਵਿਚ ਰੌਲਾ ਪਿਆ ਨਹੀਂ,
ਮੈਂ ਲਾਪਤਾ ਹਾਂ ਹਾਲੇ ਮੈਨੂੰ ਵੀ ਪਤਾ ਨਹੀਂ।
ਕਾਦਰ ਦੀ ਕੁਦਰਤ ਤੋਂ ਦੂਰੀ ਤੇ ਬੇਗ਼ਾਨਗੀ ਹੀ ਆਦਮੀ ਨੂੰ ਮੁੜ ਕੇ ਪਥਰਾਹਟ ਯੁੱਗ ਵਿਚ ਲੈ ਜਾਵੇਗੀ ਸ਼ਾਇਰ ਸੁਖਦੀਪ ਠੀਕ ਤਾਂ ਕਹਿੰਦਾ ਹੈ :
ਕਿੰਨੇ ਦਿਨਾਂ ਤੋਂ ਝੀਲ ਦਾ ਵੀ ਦਿਲ ਉਦਾਸ ਹੈ
ਕਿੰਨੇ ਦਿਨਾਂ ਤੋਂ ਮੈਂ ਵੀ ਉਸ ਕੋਲ ਬੈਠਿਆ ਨਹੀਂ
ਗ਼ਜ਼ਲ ਦੀ ਸਿਰਜਣਾ ਮਨ ਦੀ ਉਦਾਸੀ ਦੀ ਲਹਿਰ ਹੈ ਲੋਕ ਕਿਸੇ ਹਿਜਰ ਵਿਛੋੜੇ ਦਾ ਐਵੇਂ ਪਰਦਾ ਸਿਰਜਦੇ ਹਨ:
ਸਾਡਾ ਤਾਂ ਬਚਪਨੇ ਤੋਂ ਗ਼ਜ਼ਲ ਨਾਲ ਇਸ਼ਕ ਹੈ,
ਇਸ ਵਿਚ ਤੇਰੇ ਹਿਜਰ ਦਾ ਕੋਈ ਸ਼ੁਕਰੀਆ ਨਹੀਂ
ਸੁਖਦੀਪ ਔਜਲਾ ਦੀ ਸ਼ਾਇਰ ਗ਼ਜ਼ਲ ਦੇ ਨਵੇਂ ਯੁੱਗ ਦੇ ਨਵੀਨ ਭਾਵ ਬੋਧ ਦਾ ਦਰਵਾਜ਼ਾ ਖੋਲ੍ਹਦੀ ਲਗਦੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਰਾਸ ਰੰਗ
ਲੇਖਕ : ਡਾ. ਸਾਹਿਬ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 212
ਸੰਪਰਕ : 98880-11096
ਡਾ. ਸਾਹਿਬ ਸਿੰਘ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਹਸਤਾਖਰ ਹੈ। ਵਿਚਾਰ ਅਧੀਨ ਪੁਸਤਕ ਵਿਚਲੇ ਸਾਰੇ 60 ਲੇਖ ਪਹਿਲਾਂ ਪੰਜਾਬੀ ਟ੍ਰਿਬਿਊਨ ਵਿਚ ਛਪ ਚੁੱਕੇ ਹਨ। ਇਹ ਸਾਰੇ ਹੀ ਲੇਖ ਖੇਡੇ ਗਏ ਨਾਟਕਾਂ, ਨਿਰਦੇਸ਼ਕਾਂ, ਰੰਗਮੰਚ ਅਤੇ ਦਰਸ਼ਕਾਂ ਬਾਰੇ ਹਨ। ਭਾਵੇਂ ਸਾਹਿਬ ਸਿੰਘ ਖ਼ੁਦ ਇਕ ਨਾਟਕਕਾਰ, ਅਦਾਕਾਰ ਅਤੇ ਨਿਰਦੇਸ਼ਕ ਵਜੋਂ ਗਤੀਸ਼ੀਲ ਹੈ ਪਰ ਇਸ ਪੁਸਤਕ ਰਾਹੀਂ ਉਸ ਦਾ ਸਮੀਖਿਅਕ ਦਾ ਰੂਪ ਸਾਹਮਣੇ ਆਉਂਦਾ ਹੈ। ਇਸ ਪੁਸਤਕ ਵਿਚ ਉਸ ਨੇ ਅਸਗਰ ਵਜਾਹਤ, ਅੰਮ੍ਰਿਤਾ ਪ੍ਰੀਤਮ, ਨੀਲਮ ਮਾਨ ਸਿੰਘ, ਅਜਮੇਰ ਔਲਖ, ਕਿਰਪਾਲ ਕਜ਼ਾਕ, ਲੱਖਾ ਲਹਿਰੀ, ਸ਼ੈਕਸਪੀਅਰ, ਸਆਦਤ ਹਸਨ ਮੰਟੋ, ਹਰਸਰਨ ਸਿੰਘ, ਆਤਮਜੀਤ, ਜੀਵੇਸ਼ ਸਿੰਘ, ਬਲਵੰਤ ਗਾਰਗੀ, ਦਵਿੰਦਰ ਦਮਨ, ਨੌਰਾ ਰਿਚਰਡਜ਼, ਨਾਨਕ ਸਿੰਘ, ਸਵਦੇਸ਼ ਦੀਪਕ, ਗੁਰਸ਼ਰਨ ਸਿੰਘ, ਮੰਜਰੀ ਚਤੁਰਵੇਦੀ, ਗਿਰੀਸ਼ ਕਰਨਾਡ, ਓਮ ਪ੍ਰਕਾਸ਼ ਗਾਸੋ, ਨਾਦਿਰਾ ਜ਼ਹੀਰ ਬੱਬਰ, ਕੇਵਲ ਧਾਲੀਵਾਲ, ਵੈਂਕਟੇਸ਼ ਮਡਗਾਉਕਰ, ਚਕਰੇਸ਼ ਕੁਮਾਰ, ਕਾਮਤਾਨਾਥ, ਸੰਗੀਤਾ ਗੁਪਤਾ, ਕ੍ਰਿਸ਼ਨ ਚੰਦਰ, ਬਲਦੇਵ ਧਾਲੀਵਾਲ, ਮੁਨਸ਼ੀ ਪ੍ਰੇਮ ਚੰਦ, ਆਸਿਫ਼ ਅਲੀ, ਸ਼ਾਹਿਦ ਨਦੀਮ, ਜਸਵੀਰ ਰਾਣਾ, ਵਰਿਆਮ ਸੰਧੂ, ਜੋਗਿੰਦਰ ਬਾਹਰਲਾ, ਰਾਣਾ ਰਣਬੀਰ, ਡਾ. ਦਵਿੰਦਰ ਕੁਮਾਰ, ਸ਼ਬਦੀਸ਼, ਵਿਜੇ ਕਪੂਰ, ਬਨਿੰਦਰਜੀਤ ਸਿੰਘ ਬਨੀ ਜਿਹੇ ਚਰਚਿਤ ਨਾਟਕਕਾਰਾਂ, ਲੇਖਕਾਂ, ਨਿਰਦੇਸ਼ਕਾਂ, ਸਾਹਿਤਕਾਰਾਂ ਆਦਿ ਦੁਆਰਾ ਸਿਰਜੇ ਨਾਟ-ਸੰਸਾਰ ਦੀ ਬਾਤ ਪਾਈ ਹੈ। ਇਹ ਸਾਰਾ ਕਾਰਜ ਸਾਹਿਬ ਸਿੰਘ ਨੇ ਇਕ ਦਰਸ਼ਕ ਵਜੋਂ ਕੀਤਾ ਹੈ, ਜਿਸ ਵਿਚੋਂ ਉਸ ਦੀ ਬਹੁਪਰਤੀ ਸ਼ਖ਼ਸੀਅਤ ਵੀ ਪ੍ਰਤਿਧੁਨਿਤ ਹੋਈ ਹੈ। ਉਸ ਨੇ ਰੰਗਮੰਚ ਨੂੰ ਮਨੁੱਖ ਦੇ ਜੀਵਨ ਨਾਲ ਇਸ ਕਦਰ ਜੋੜ ਕੇ ਵਿਖਾਇਆ ਹੈ ਕਿ ਇਸ ਵਿਚੋਂ ਉਸ ਦੇ ਸਾਹ ਲੈਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਸ ਨੇ ਸਰਲ, ਸਪੱਸ਼ਟ ਤੇ ਆਮ ਲੋਕ-ਭਾਸ਼ਾ ਵਿਚ ਇਨ੍ਹਾਂ ਲਿਖਤਾਂ ਨੂੰ ਜੋ ਜ਼ਬਾਨ ਦਿੱਤੀ ਹੈ, ਉਹ ਸੁਣਨ ਨਾਲੋਂ ਵੇਖਣ ਦੇ ਬਹੁਤ ਨੇੜੇ ਜਾਪਦਾ ਹੈ। ਲਿਖੇ ਹੋਏ ਨੂੰ ਵੇਖਣਯੋਗ ਬਣਾਉਣਾ ਡਾ. ਸਾਹਿਬ ਸਿੰਘ ਦੀ ਪ੍ਰਤਿਭਾ ਦਾ ਹਾਸਿਲ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਭਗਤੀ ਅੰਦੋਲਨ ਅਤੇ ਸੂਫ਼ੀਅਤ
ਲੇਖਕ : ਪ੍ਰਿੰ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 94634-63193
ਇਸ ਪੁਸਤਕ ਦਾ ਲੇਖਕ, ਜਿਸ ਨੇ ਸੂਫ਼ੀਅਤ ਉੱਪਰ ਵੱਡਾ ਖੋਜ ਕਾਰਜ ਕੀਤਾ ਹੈ। ਇਸ ਪੁਸਤਕ ਤੋਂ ਇਲਾਵਾ ਲੇਖਕ ਨੇ ਦਸ ਹੋਰ ਖੋਜ-ਭਰਪੂਰ ਕਿਤਾਬਾਂ ਸਮੇਂ-ਸਮੇਂ 'ਤੇ ਪਾਠਕਾਂ ਦੇ ਸਨਮੁੱਖ ਕੀਤੀਆਂ ਹਨ। ਸੰਸਾਰ ਦੇ ਹਰ ਛੋਟੇ-ਵੱਡੇ ਧਰਮ ਨੇ ਸੰਸਾਰੀ ਲੋਕਾਂ ਨੂੰ ਰੱਬ ਦੀ ਬੰਦਗੀ ਦਾ ਸੁਖੈਨ, ਸੱਚਾ ਅਤੇ ਅਸਲ ਸਹੀ ਮਾਰਗ ਦਰਸਾਉਣ ਖ਼ਾਤਰ ਆਪਣੇ ਜੀਵਨ ਅਰਪਿਤ ਕੀਤੇ। ਅਲੱਗ-ਅਲੱਗ ਧਰਮਾਂ ਗੁਰੂਆਂ, ਪੀਰਾਂ, ਨਬੀਆਂ, ਔਲੀਆਂ, ਰਸੂਲਾਂ, ਸੰਤਾਂ-ਮਹਾਂਪੁਰਸ਼ਾਂ, ਭਗਤਾਂ, ਸੂਫ਼ੀ ਦਰਵੇਸ਼ਾਂ ਨੇ ਸੰਸਾਰੀਆਂ ਨੂੰ ਵਹਿਮਾਂ-ਭਰਮਾਂ, ਪਾਖੰਡਾਂ, ਅਗਿਆਨਤਾ ਦੇ ਹਨੇਰੇ ਖੂਹ ਵਿਚੋਂ ਕੱਢ ਕੇ ਸੱਚ ਦਾ ਮਾਰਗ ਦਰਸਾਉਣ ਦਾ ਯਤਨ ਕੀਤਾ। ਲੋਕਾਂ ਨੂੰ ਜੀਵਨ-ਜਾਚ, ਸਦਾਚਾਰਕ ਨਿਯਮ ਸਿਖਾਉਣ ਦੇ ਨਾਲ-ਨਾਲ ਲੋਕਾਈ ਨੂੰ ਬੁਰਾਈ ਤੋਂ ਬਚਣ ਲਈ ਵੀ ਮਾਰਗ ਦਰਸ਼ਨ ਕੀਤਾ ਹੈ। ਲੇਖਕ ਦਾ ਮੰਨਣਾ ਹੈ ਕਿ ਧਰਮ ਨੂੰ, ਦੂਰ-ਦ੍ਰਿਸ਼ਟੀ ਨਾਲ ਮੰਨਣ ਚੰਗੇ ਇਨਸਾਨ ਹਮੇਸ਼ਾ ਬੇ-ਦੀਨੇ ਅਤੇ ਅਧਰਮੀ ਲੋਕਾਂ ਤੋਂ ਅਕਸਰ ਅਸੂਲਾਂ ਦੇ ਪੱਕੇ, ਵਾਅਦਾ ਨਿਭਾਉਣ ਵਾਲੇ, ਆਪਣੇ ਫ਼ਰਜ਼ਾਂ ਅਤੇ ਕਰੱਤਵਾਂ ਪ੍ਰਤੀ ਇਮਾਨਦਾਰ ਅਤੇ ਸੰਸਾਰੀ ਲੋਕਾਂ ਤੇ ਜੀਵ-ਜੰਤੂਆਂ ਤੇ ਬਨਸਪਤੀ ਦਾ ਭਲਾ ਮੰਗਣ ਵਾਲੇ ਹੁੰਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਜਿਹੜੇ ਆਸਤਿਕ ਨਹੀਂ ਉਹ ਮਾੜੇ ਹੁੰਦੇ ਹਨ। ਚੰਗੇ ਲੋਕ ਕਿਤੇ ਵੀ ਚੰਗੇ ਹੋ ਸਕਦੇ ਹਨ। ਹਥਲੀ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਪੰਦਰਾਂ ਭਗਤਾਂ ਦੇ ਜੀਵਨ ਅਤੇ ਬਾਣੀ ਨੂੰ ਆਧਾਰ ਬਣਾਇਆ ਗਿਆ ਹੈ। ਸੂਫ਼ੀਅਤ ਬਾਰੇ ਉਨ੍ਹਾਂ ਸੂਫ਼ੀ ਸੰਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਵਿਦਵਾਨਾਂ ਵਲੋਂ ਅਣਗੌਲੇ ਰਹੇ। ਪੁਸਤਕ ਨੂੰ ਦਸ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ, ਦੂਜੇ ਅਤੇ ਤੀਜੇ ਹਿੱਸੇ ਵਿਚ ਭਗਤੀ ਮੱਤ, ਭਗਤੀ ਮੱਤ ਦੇ ਪ੍ਰਮੁੱਖ ਸਿਧਾਂਤ, ਭਗਤੀ ਅੰਦੋਲਨ ਦਾ ਕ੍ਰਾਂਤੀਕਾਰੀ ਵਿਕਾਸ ਉੱਪਰ ਗਹਿਰ ਗੰਭੀਰ ਵਿਚਾਰ ਪੇਸ਼ ਕੀਤੇ ਹਨ। ਪੁਸਤਕ ਦੇ ਚੌਥੇ ਹਿੱਸੇ ਵਿਚ ਸ੍ਰੀ ਆਦਿ ਗ੍ਰੰਥ ਵਿਚ ਦਰਜ ਭਗਤ ਸਾਹਿਬਾਨ ਅਤੇ ਉਨ੍ਹਾਂ ਦੀ ਬਾਣੀ ਸੰਬੰਧੀ ਵਿਚਾਰਾਂ ਦੀ ਲੜੀ ਅੱਗੇ ਤੋਰਿਆ ਗਿਆ ਹੈ। ਇਨ੍ਹਾਂ ਪੰਦਰਾਂ ਭਗਤਾਂ ਵਿਚ ਸੰਤ ਕਬੀਰ ਜੀ, ਸੰਤ ਨਾਮਦੇਵ ਜੀ, ਸੰਤ ਰਵਿਦਾਸ ਜੀ, ਸੁਆਮੀ ਰਾਮਾਨੰਦ ਜੀ, ਭਗਤ ਜੈ ਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਪਰਮਾਨੰਦ ਜੀ, ਭਗਤ ਧੰਨਾ ਜੀ, ਭਗਤ ਰਾਜਾ ਪੀਪਾ ਜੀ, ਭਗਤ ਰੈਣ ਜੀ, ਭਗਤ ਸਧਨਾ ਜੀ, ਭਗਤ ਸੂਰਦਾਸ ਜੀ, ਭਗਤ ਸ਼ੇਖ ਭੀਖਨ ਜੀ, ਹਜ਼ਰਤ ਬਾਬਾ ਸ਼ੇਖ ਫ਼ਰੀਦ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਸੰਬੰਧੀ ਪਾਠਕਾਂ ਨਾਲ ਸਾਂਝ ਪਾਈ ਗਈ ਹੈ। ਪੁਸਤਕ ਦੇ ਅਗਲੇ ਅਤੇ ਪੰਜਵੇਂ ਭਾਗ ਵਿਚ ਸੂਫ਼ੀ ਵਿਚਾਰਧਾਰਾਂ, ਛੇਵੇਂ ਹਿੱਸੇ ਵਿਚ ਪੰਜਾਬ ਵਿਚ ਸੂਫ਼ੀਅਤ ਦਾ ਪ੍ਰਵੇਸ਼ ਤੇ ਪ੍ਰਸਾਰ ਸੱਤਵੇਂ ਹਿੱਸੇ ਵਿਚ ਸੂਫ਼ੀ ਦਰਵੇਸ਼ਾਂ ਦੀਆਂ ਪ੍ਰਮੁੱਖ ਸਿੱਖਿਆਵਾਂ ਵਿਚ ਸੂਫ਼ੀ ਮੱਤ ਦੀਆਂ ਸਿੱਖਿਆਵਾਂ ਅਤੇ ਫਿਲਾਸਫ਼ੀ ਨੂੰ ਵਿਚਾਰਿਆ ਗਿਆ ਹੈ।
ਪੁਸਤਕ ਦੇ ਅੱਠਵੇਂ ਭਾਗ ਵਿਚ ਅਣਗੌਲੇ ਸੂਫ਼ੀ ਦਰਵੇਸ਼ਾਂ ਵਿਚੋਂ 20 ਦੇ ਕਰੀਬ ਸੂਫ਼ੀ ਦਰਵੇਸ਼ਾਂ ਦੇ ਜੀਵਨ ਅਤੇ ਉਨ੍ਹਾਂ ਦੇ ਬੰਦਗੀ ਸੰਬੰਧੀ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਦਾ ਸਫ਼ਲ ਯਤਨ ਕੀਤਾ ਹੈ, ਜਿਨ੍ਹਾਂ ਵਿਚ ਹਜ਼ਰਤ ਸੱਯਦ ਅਹਿਮਦ ਸੁਲਤਾਨ ਲੱਖਦਾਤਾ ਪੀਰ, ਹਜ਼ਰਤ ਸੱਯਦ ਕੁਤਬ ਅਲੀ ਸ਼ਾਹ ਦੂਲੋ, ਹਜ਼ਰਤ ਜਨਾਬ ਪੰਡਤ ਯੋਗਰਾਜ, ਹਜ਼ਰਤ ਬਾਬਾ ਮੌਲੇ ਸ਼ਾਹ, ਹਜ਼ਰਤ ਸਾਈਂ ਮਨਜ਼ੂਰ ਸ਼ਾਹ, ਹਜ਼ਰਤ ਸਾਈਂ ਵਰਿੰਦਰਪਾਲ ਕੌਸ਼ਲ, ਹਜ਼ਰਤ ਸੱਯਦ ਅਬਦੁੱਲਾ ਸ਼ਾਹ ਕਾਦਰੀ, ਮੰਢਾਲੀ ਸ਼ਰੀਫ਼, ਹਜ਼ਰਤ ਦਾਤਾ ਗੁਲਾਮੀ ਸ਼ਾਹ, ਹਜ਼ਰਤ ਦਾਤਾ ਅਲੀ ਅਹਿਮਦ ਕਾਦਰੀ, ਹਜ਼ਰਤ ਸਯਦ ਪੀਰ ਹਸਨ ਮੁਹੰਮਦ ਸ਼ਾਹ, ਹਜ਼ਰਤ ਸਯਦ ਸਾਈਂ ਜੁਮਲੇ ਸ਼ਾਹ ਉਦੇਸੀਆਂ ਸ਼ਰੀਫ਼, ਹਜ਼ਰਤ ਗੁਲਾਮ ਮਹੀਉਂਦੀਨ ਖਾਨ ਕਾਦਰੀ, ਹਜ਼ਰਤ ਸਾਈਂ ਲੱਭੂ ਸ਼ਾਹ, ਹਜ਼ਰਤ ਜਨਾਬ ਜੋਹ ਅਲੀ ਸ਼ਾਹ ਦੇ ਸੂਫ਼ੀ ਸੰਤ, ਹਜ਼ਰਤ ਬਾਬਾ ਮੌਲਾ ਰਾਮ ਬੰਸਰੀ ਵਾਲੇ, ਹਜ਼ਰਤ ਦਾਤਾ ਮਲੰਗ ਸ਼ਾਹ ਚੱਠਿਆਂ ਵਾਲੇ, ਹਜ਼ਰਤ ਬਾਬਾ ਆਤੂ ਸ਼ਾਹ ਚਿਸ਼ਤੀ, ਹਜ਼ਰਤ ਬਾਬਾ ਮਾਧੋ ਸ਼ਾਹ ਚਿਸ਼ਤੀ, ਹਜ਼ਰਤ ਬਾਬਾ ਮੌਲਾ ਸ਼ਾਹ, ਚਿਸ਼ਤੀ ਸਾਬਰੀ, ਹਜ਼ਰਤ ਬਾਬਾ ਮਸਤਾਨ ਸ਼ਾਹ ਧੋਲਪੁਰ ਖ਼ਤੀਬ ਵਾਲੇ ਸ਼ਾਮਿਲ ਹਨ। ਪੁਸਤਕ ਦੇ ਅੰਤ ਵਿਚ ਭਗਤੀ ਅੰਦੋਲਨ ਅਤੇ ਸੂਫ਼ੀਅਤ : ਤੁਲਨਾਤਮਕ ਅਧਿਐਨ, ਭਗਤੀ ਅੰਦੋਲਨ ਅਤੇ ਸੂਫ਼ੀਅਤ ਪ੍ਰਭਾਵ ਅਤੇ ਪ੍ਰਾਸੰਗਿਕਤਾ ਦੇ ਵਿਸ਼ੇ ਵੀ ਵਿਚਾਰੇ ਗਏ ਹਨ। ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਵਿਦਵਾਨਾਂ ਲਈ ਇਹ ਪੁਸਤਕ ਸਾਂਭਣਯੋਗ ਤੇ ਵਿਚਾਰਨਯੋਗ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਗਿਆਨ ਅੰਮ੍ਰਿਤ
ਲੇਖਕ : ਡਾ. ਕੇ. ਐਲ. ਗੋਇਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 98764-82548
ਮਨੁੱਖਾ ਜਨਮ ਬਹੁਤ ਨਿਰਮੋਲਕ ਹੈ ਕਿਉਂਕਿ ਇਸ ਕਰਮ ਜੂਨੀ ਵਿਚ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਬੰਦਗੀ ਕਰਕੇ ਇਸੇ ਜਨਮ ਵਿਚ ਮੁਕਤ ਹੋ ਸਕਦਾ ਹੈ। ਰੂਹਾਨੀਅਤ ਅਤੇ ਇਨਸਾਨੀਅਤ ਦੀ ਖੁਸ਼ਬੂ ਸਾਡੇ ਜੀਵਨ ਨੂੰ ਸਫਲ ਅਤੇ ਸਕਾਰਥਾ ਕਰ ਦਿੰਦੀ ਹੈ। ਲੇਖਕ ਨੇ ਸ਼ਰਧਾ ਭਾਵਨਾ ਨਾਲ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਪੁਸਤਕ ਦੇ ਵੱਖੋ-ਵੱਖਰੇ ਲੇਖ ਅਧਿਆਤਮ ਅਤੇ ਸਦਾਚਾਰ ਦੁਆਲੇ ਘੁੰਮਦੇ ਹਨ। ਇਨ੍ਹਾਂ ਦੇ ਵਿਸ਼ੇ ਬਹੁਤ ਸੁੰਦਰ ਹਨ, ਜਿਵੇਂ ਰੱਬ ਦੀ ਹੋਂਦ ਅਤੇ ਜਾਣਕਾਰੀ, ਬ੍ਰਹਮ ਦਾ ਸਰੂਪ ਅਤੇ ਪ੍ਰਾਪਤੀ, ਸਾਧੂ, ਸਤਿਗੁਰੂ, ਨਿਰੰਕਾਰ ਪ੍ਰਤੀ ਸਮਰਪਣ, ਸਹਿਣਸ਼ੀਲਤਾ, ਗੁਰਸਿੱਖੀ ਪਰੰਪਰਾ ਵਿਚ ਮਰਿਆਦਾ ਪਾਲਣ, ਵਿਸ਼ਵਾਸ, ਭਗਤੀ, ਅਨੰਦ ਨਾਲ ਜੀਵਨ ਵਿਚ ਰੂਪਾਂਤਰਣ, ਸਕੂਨ, ਨਾਰੀ ਸ਼ਕਤੀ ਦਾ ਵਿਕਾਸ, ਚਰਿੱਤਰ ਨਿਰਮਾਣ, ਮਾਨਵਤਾ ਦੀ ਰਾਹ ਆਦਿ। ਲੇਖਕ ਨੇ ਨਿਰੰਕਾਰੀ ਮਿਸ਼ਨ ਅਧਿਆਤਮਿਕ ਵਿਚਾਰਾਂ ਦਾ ਵਿਗਿਆਨਕ ਵਿਸ਼ਲੇਸ਼ਣ ਕਰਦਿਆਂ ਬ੍ਰਹਮ ਗਿਆਨ ਅਤੇ ਆਦਰਸ਼ਕ ਸਮਾਜ ਦਾ ਨਕਸ਼ਾ ਖਿੱਚਿਆ ਹੈ। ਦੁਖੀਆਂ ਦੇ ਦੁੱਖ ਵੰਡਾਉਣਾ, ਵਿਸ਼ਵ ਵਿਚ ਸ਼ਾਂਤੀ ਕਾਇਮ ਕਰਨਾ, ਨਸ਼ਿਆਂ ਤੋਂ ਬਚਾਉਣਾ ਅਤੇ ਭਾਈਚਾਰਕ ਸਾਂਝ ਪੈਦਾ ਕਰਨਾ ਇਸ ਮਿਸ਼ਨ ਦਾ ਉਦੇਸ਼ ਹੈ। ਕਈ ਥਾਈਂ ਗੁਰਬਾਣੀ ਦੇ ਹਵਾਲੇ ਦਿੱਤੇ ਗਏ ਹਨ, ਪਰ ਬਾਣੀ ਦੀ ਸ਼ੁੱਧਤਾ ਦਾ ਧਿਆਨ ਨਹੀਂ ਰੱਖਿਆ ਗਿਆ। ਅੰਤ ਵਿਚ ਸੰਤ ਸਮਾਗਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਸਮੁੱਚੇ ਤੌਰ 'ਤੇ ਅਧਿਆਤਮ ਜਗਿਆਸੂਆਂ ਅਤੇ ਖ਼ਾਸ ਕਰਕੇ ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਲਈ ਇਹ ਇਕ ਵਧੀਆ ਸਮੱਗਰੀ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਰਾਵੀ ਦੇ ਆਰ ਪਾਰ
ਲੇਖਕ : ਮਾ: ਗੁਰਮੀਤ ਸਿੰਘ ਤੰਬੜ ਨੰਦਾ ਚੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 116
ਸੰਪਰਕ : 98141-39065
ਰਾਵੀ ਦੇ ਆਰ ਪਾਰ ਪੁਸਤਕ ਮਾਸਟਰ ਗੁਰਮੀਤ ਸਿੰਘ ਤੰਬੜ ਨੰਦਾ ਚੌਰ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਦੇ ਤਜਰਬੇ ਰਾਵੀ ਦੇ ਆਰ ਪਾਰ ਦੀ ਗਾਥਾ ਨੂੰ ਬਿਆਨ ਕਰਦੇ ਹਨ। ਇਸ ਵਿਚ ਵੰਡ ਤੋਂ ਪਹਿਲਾਂ ਦੀ ਸਮਾਜਿਕ, ਭੂਗੋਲਿਕ, ਸੱਭਿਆਚਾਰਕ, ਆਰਥਿਕ ਤੇ ਵਿੱਦਿਅਕ ਪ੍ਰਣਾਲੀ ਦਾ ਜ਼ਿਕਰ ਕੀਤਾ ਗਿਆ ਹੈ। ਪੁਸਤਕ ਦੇ ਪ੍ਰਮੁੱਖ ਸਿਰਲੇਖ ਪੰਜਾਬ ਦੇ ਦੁਆਬੇ, ਬਾਰ ਦਾ ਖੇਸ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਿਆ ਦਾ ਮਿਆਰ, ਗ਼ਮ ਦੇ ਗੋਲੇ, ਬਰਫ਼ ਮਲਾਈ ਵਾਲਾ, ਨੌਦਾ, ਨੌਧਾ, ਜ਼ਮੀਰ ਜਾਗੇਗੀ, ਸਵਰਗ ਤੋਂ ਨਰਕ ਤਕ, ਚਾਹ, ਲੱਕੜ ਦੀ ਫੱਟੀ, ਸੈਣੀਆਂ ਦੀ ਬਾਰ, ਭਾਰਤ ਦੇ ਹਿਟਲਰ, ਰਾਣੀ ਜ਼ਿੰਦਾ ਨੂੰ ਦੇਸ਼ ਨਿਕਾਲੇ ਦਾ ਹੁਕਮ ਅਤੇ ਕਵਿਤਾਵਾਂ ਕਨੋਲੇ ਦੀ ਗੰਦਲ, ਪਰਛਾਵਾਂ, ਮੇਰੀ ਗੱਲ ਸੁਣ ਕੇ ਜਾਇਓ, ਕਿੱਥੇ ਵੱਸਦਾ ਆਦਿ ਦਰਜ ਹਨ।
ਮਾਸਟਰ ਗੁਰਮੀਤ ਸਿੰਘ ਦੇ ਬਜ਼ੁਰਗਾਂ ਨੇ ਮੁੜ ਵਸੇਬੇ ਲਈ ਚੱਜ ਦੁਆਬ ਦੇ ਇਲਾਕਿਆਂ ਵਿਚਲੇ ਜੰਗਲਾਂ ਨੂੰ ਸਾਫ਼ ਕੀਤਾ ਅਤੇ ਆਬਾਦ ਕਰਕੇ ਜੀਣ-ਥੀਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ। ਇਥੇ ਸਿੱਖਿਆ ਲਈ ਸਕੂਲ ਤੇ ਕਾਲਜ ਖੋਲ੍ਹੇ, ਤਾਂ ਜੋ ਮਨੁੱਖ ਮਾਨਸਿਕ ਪੱਖੋਂ ਸਕਾਰਾਤਮਕ ਗੁਣਾਂ ਦੇ ਧਾਰਨੀ ਬਣ ਸਕਣ, ਜਦਕਿ ਰਾਜਨੀਤੀਵਾਨਾਂ ਨੇ ਆਮ ਮਨੁੱਖਤਾ ਦਾ ਘਾਣ ਕੀਤਾ ਤੇ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਸਾਂਝਾ ਨੂੰ ਤੋੜਿਆ। ਦੋਵਾਂ ਪੰਜਾਬਾਂ ਦੇ ਲੋਕ ਅੱਜ ਵੀ ਇਕ-ਦੂਜੇ ਨੂੰ ਮਿਲਣ ਲਈ ਤਰਸ ਰਹੇ ਹਨ। ਦੋਵਾਂ ਪਾਸਿਆਂ ਦੇ ਲੋਕ ਇਕ-ਦੂਜੇ ਦੀ ਖ਼ੈਰ ਮੰਗਦੇ ਹਨ ਅਤੇ ਪੰਜਾਬੀ ਬੋਲੀ ਦਾ ਸਤਿਕਾਰ ਕਰਦੇ ਹਨ।
ਇਸ ਤੋਂ ਇਲਾਵਾ ਪਰਵਾਸ ਦੀਆਂ ਸਮੱਸਿਆਵਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਵਿਦੇਸ਼ਾਂ ਵੱਲ ਜਾਣ ਦਾ ਵੱਧ ਰਿਹਾ ਰੁਝਾਨ ਮਨੁੱਖ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਖ਼ਤਮ ਕਰ ਰਿਹਾ ਹੈ। ਪਰੰਪਰਾ ਤੋਂ ਆਧੁਨਿਕਤਾ ਤੱਕ ਦਾ ਸਫ਼ਰ ਜੀਵ ਦੀ ਬਦਲ ਰਹੀ ਚਾਲ ਨੂੰ ਰੂਪਮਾਨ ਕਰਦਾ ਹੈ। ਵਰਤਮਾਨ ਵਿਚ ਵਿਚਰਦੇ ਹੋਏ ਵੀ ਸੰਤਾਲੀ ਤੋਂ ਪਹਿਲਾਂ ਦੀਆਂ ਭਾਈਚਾਰਕ ਸਾਂਝਾਂ ਅਤੇ ਸੰਤਾਲੀ ਦੀ ਵੰਡ ਦਾ ਸੰਤਾਪ ਅਜੇ ਵੀ ਮਨੁੱਖ ਦੀ ਮਾਨਸਿਕਤਾ ਵਿਚ ਕਾਇਮ ਹੈ। ਪੁਸਤਕ 'ਰਾਵੀ ਦੇ ਆਰ ਪਾਰ' ਵਿਚਲਾ ਬਿਰਤਾਂਤ ਭਾਈਚਾਰਕ ਸਾਂਝਾਂ ਦੇ ਪੁਲ ਵਜੋਂ ਮਨੁੱਖ ਦੀ ਮਾਨਸਿਕਤਾ ਤੇ ਦਿਲਾਂ ਵਿਚ ਪਿਆਰ ਕਾਇਮ ਰੱਖਣ ਲਈ ਸਾਰਥਕਤਾ ਦਾ ਧਾਰਨੀ ਬਣੇਗਾ। ਪੁਸਤਕ ਵਿਚਲੀ ਕਾਵਿਕਤਾ ਰਾਹੀਂ ਪਰਵਾਸ ਦੇ ਸੰਤਾਪ ਦੀ ਤਸਵੀਰਕਸ਼ੀ:
ਉਥੇ ਚੱਲਣਾ ਫਿਰਨਾ ਵੱਖਰਾ / ਉਥੇ ਦੇ ਸਿਰਨਾਵੇਂ ਵੱਖਰੇ।
ਉਥੇ ਦਾ ਸੰਗੀਤ ਹੈ ਵੱਖਰਾ, / ਉਥੇ ਦੇ ਤਿਉਹਾਰ ਨੇ ਵੱਖਰੇ।
ਵੱਖਰੀ ਸੱਭਿਅਤਾ ਹੈ ਉਥੇ ਦੀ, / ਉਸ ਵਿਚ ਕਿਤੇ ਨਾ ਗੋਤੇ ਖਾਇਓ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਸੁਰਮਈ ਪੈੜਾਂ
ਲੇਖਕ : ਡਾ. ਮਨਮੋਹਨ ਸਿੰਘ ਤੀਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 295 ਰੁਪਏ, ਸਫ਼ੇ : 156
ਸੰਪਰਕ : 94647-30555
ਸੁਰਮਈ ਪੈੜਾਂ ਡਾ. ਮਨਮੋਹਨ ਸਿੰਘ ਤੀਰ ਦੀ ਜ਼ਿੰਦਗੀ ਦੀਆਂ ਅਮੁੱਲ ਯਾਦਾਂ ਹਨ, ਜਿਹੜੀਆਂ ਉਸ ਨੇ ਆਪਣੇ ਜੀਵਨ ਵਿਚ, ਉਸ ਨੇ ਆਪ ਹੰਢਾਈਆਂ ਹਨ, ਜੋ ਇਸ ਤਰ੍ਹਾਂ ਹਨ : ਫਿਰੋਜ਼ਸ਼ਾਹ ਤੋਂ ਮਹਿਲਪੁਰ, ਨਵੀਆਂ ਚੁਣੌਤੀਆਂ ਦੇ ਅੰਗ-ਸੰਗ, ਗੱਟੂ ਨਾਲ ਦੋਸਤੀ, ਨਵੇਂ ਆਸ਼ੀਆਨੇ ਦੀ ਤਲਾਸ਼, ਲਕਸ਼ਮਣੀ ਥੀਏਟਰ ਵਿਚ ਵੇਖੀ ਪਹਿਲੀ ਫ਼ਿਲਮ, ਪਿੰਡ ਤੋਂ ਸ਼ਹਿਰ ਦੀ ਯਾਤਰਾ ਫਗਵਾੜੇ ਮਾਡਲ ਟਾਊਨ ਵਿਚ, ਲਕਸ਼ਮੀ ਨਗਰ ਹੁਸ਼ਿਆਰਪੁਰ, ਅਵਤਾਰ ਸੰਧੂ ਨਾਲ ਦੋਸਤੀ, ਮਾਤਾ ਜੀ ਦਾ ਵਿਛੋੜਾ। ਗਿਆਨੀ ਕਾਲਜ ਦੀ ਸ਼ੁਰੂਆਤ, ਓ.ਟੀ. ਕਲਾਸ ਵਿਚ ਪਹਿਲਾ ਦਿਨ, ਆਸੀਨੇ ਦੀ ਤਲਾਸ਼, ਸਕੂਲ ਤੋਂ ਕਾਲਜ ਤੱਕ ਦਾ ਸੰਘਰਸ਼, ਇਕ ਸੈਮੀਨਾਰ ਤੋਂ ਦੂਜੇ ਸੈਮੀਨਾਰ ਤੱਕ, ਆਸ਼ਾ ਨਿਰਾਸ਼ਾ ਦੀ ਘੁੰਮਣ-ਘੇਰੀ, ਤਲਵਾੜੇ ਕਾਲਜ ਵਿਚ ਪਹਿਲਾ ਦਿਨ, ਨਵੇਂ ਸੰਘਰਸ਼ ਦੀ ਸ਼ੁਰੂਆਤ, ਸਰਕਾਰੀ ਕਾਲਜ ਹੁਸ਼ਿਆਰਪੁਰ, ਖੁੱਲ੍ਹੇ ਅਸਮਾਨ ਵਿਚ ਉਡਾਰੀ, ਕੁੱਲੂ ਮੁਨਾਲੀ ਦੀਆਂ ਖ਼ੂਬਸੂਰਤ ਵਾਦੀਆਂ ਵਿਚ, ਕੁੱਲ ਇਕ ਅਭੁੱਲ ਯਾਦਾਂ ਹਨ, ਜਿਨ੍ਹਾਂ ਨੂੰ ਅਸੀਂ ਉਸ ਦੀ ਜ਼ਿੰਦਗੀ ਦੀ ਪ੍ਰਾਪਤੀ ਕਹਿ ਸਕਦੇ ਹਾਂ, ਜਾਂ ਸੰਘਰਸ਼ ਦੇ ਵੱਖ-ਵੱਖ ਪੜਾਅ ਕਹਿ ਸਕਦੇ ਹਾਂ, ਜਿਨ੍ਹਾਂ ਤੋਂ ਉਸ ਨੂੰ ਨਵੇਂ ਤਜਰਬੇ ਪ੍ਰਾਪਤ ਹੋਏ। ਜ਼ਿੰਦਗੀ ਇਕ ਸੰਘਰਸ਼ ਹੈ। ਉਸ ਨੇ ਸੰਘਰਸ਼ ਕੀਤਾ ਹੈ। ਹੰਢਾਇਆ ਹੈ। ਨਵੀਆਂ ਪ੍ਰਾਪਤੀਆਂ ਕੀਤੀਆਂ ਹਨ। ਜੋ ਪ੍ਰਾਪਤ ਕੀਤਾ ਹੈ, ਲਿਖ ਦਿੱਤਾ ਹੈ। ਬਹੁਤ ਕੁਝ ਸਿੱਖਿਆ ਹੈ, ਪ੍ਰਾਪਤ ਕੀਤਾ ਹੈ। ਜ਼ਿੰਦਗੀ ਇਕ ਸੰਘਰਸ਼ ਹੈ। ਇਸ ਸੰਘਰਸ਼ ਨੂੰ ਉਸ ਨੇ ਸੁਰਮਈ ਪੈੜਾਂ ਕਿਹਾ ਹੈ। ਇਨ੍ਹਾਂ ਸੁਰਮਈ ਪੈੜਾਂ ਨੂੰ ਜੋ ਪਾਠਕ ਪੜ੍ਹੇਗਾ, ਸਿੱਖੇਗਾ ਵੀ, ਸਿਖਾਏਗਾ। ਜ਼ਿੰਦਗੀ ਲੰਮੀ ਯਾਤਰਾ ਹੈ। ਜੋ ਵਿਅਕਤੀ, ਉਮਰ ਭੋਗਦਾ ਹੈ, ਬਹੁਤ ਕੁਝ ਸਿਖਦਾ ਹੈ, ਸਿਖਾਉਂਦਾ ਹੈ। ਸੁਰਮਈ ਪੈੜਾਂ ਕਰਦਿਆਂ ਡਾ. ਮਨਮੋਹਨ ਸਿੰਘ ਨੇ ਵੀ ਬਹੁਤ ਕੁਝ ਸਿੱਖਿਆ ਹੋਵੇਗਾ, ਜਿਨ੍ਹਾਂ ਤਜਰਬਿਆਂ ਨੂੰ ਉਸ ਨੇ ਭੋਗਿਆ ਹੈ। ਹੰਢਾਇਆ ਹੈ, ਉਨ੍ਹਾਂ ਤੋਂ ਸਿੱਖਿਆ ਹੈ। ਇਹ ਸਿੱਖਿਆ ਹੋਇਆ ਲੇਖਕ ਨੇ ਜਿਥੇ ਆਪ ਸਿੱਖਿਆ ਹੋਵੇਗਾ, ਉਥੇ ਦੂਜਿਆਂ ਨੂੰ ਸਿਖਾਇਆ ਹੋਵੇਗਾ, ਇਹੋ ਉਸ ਦੀ ਕਮਾਈ ਦੌਲਤ ਹੈ।
-ਡਾ. ਅਮਰ ਕੋਮਲ
ਮੋਬਾਈਲ : 88376-84173
1857 ਦਾ ਗ਼ਦਰ ਅਤੇ ਸਿੱਖ
ਲੇਖਕ : ਡਾ. ਜਸਮਿੰਦਰ ਸਿੰਘ ਘੁਮਾਣ,
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 217
ਸੰਪਰਕ : 98146-40063
'1857 ਦਾ ਗ਼ਦਰ ਅਤੇ ਸਿੱਖ' ਇਸ ਕਿਤਾਬ ਨੂੰ ਲੇਖਕ ਵਲੋਂ ਅੱਠ ਭਾਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਦੇ ਨਾਂਅ ਕ੍ਰਮਵਾਰ 'ਧਰਮ ਚਲਾਵਨ ਸੰਤ ਉਬਾਰਨ; 1857 ਦਾ ਗ਼ਦਰ ਤੇ ਜੰਗੇ ਆਜ਼ਾਦੀ 'ਤੇ ਸਿੱਖਾਂ ਦਾ ਯੋਗਦਾਨ; ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਕਠਪੁਤਲੀ ਬਾਦਸ਼ਾਹ; ਗ਼ਦਰ ਦੇ ਆਗੂ ਤੇ ਉਨ੍ਹਾਂ ਦੇ ਮੰਤਵ; 1857 ਦਾ ਗ਼ਦਰ ਤੇ ਸਿੱਖਾਂ ਦਾ ਕਿਰਦਾਰ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਕੁਰਬਾਨੀ; 1857 ਦੇ ਗ਼ਦਰ ਬਾਰੇ ਇਤਿਹਾਸਕ ਤੱਥਾਂ ਦੀ ਪੜਚੋਲ'; ਅਤੇ 'ਆਜ਼ਾਦ ਦੇਸ਼ ਦੇ ਬਾਸ਼ਿੰਦੇ ਗ਼ਦਾਰ ਕਿਉਂ?' ਹਨ। ਕਿਤਾਬ ਦਾ ਮੁਢਲਾ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ, ਸਿੱਖ ਧਰਮ, ਦਰਸ਼ਨ ਸ਼ਾਸਤਰ ਆਦਿ 'ਤੇ ਆਧਾਰਿਤ ਹੈ, ਜਿਸ ਵਿਚ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦੁਆਰਾ ਬਰਤਾਨਵੀ ਸਾਮਰਾਜ ਵਿਰੁੱਧ ਸੰਘਰਸ਼, ਲੜਾਈਆਂ, ਸ਼ਹਾਦਤਾਂ ਅਤੇ ਪ੍ਰਾਪਤੀਆਂ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਵਿਚੋਂ ਕੁਝ ਪ੍ਰਮੁੱਖ ਲੜਾਈਆਂ, ਚੇਲਿਆਂਵਾਲੀ ਦਾ ਯੁੱਧ, ਸਾਰਾਗੜ੍ਹੀ ਦੀ ਲੜਾਈ, ਗ਼ਦਰੀ ਕ੍ਰਾਂਤੀਕਾਰੀਆਂ ਦਾ ਸੰਘਰਸ਼ ਅਤੇ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਰਾਸ਼ਟਰੀ ਸੁਤੰਤਰਤਾ ਸੰਗਰਾਮੀਆਂ ਦੇ ਜੀਵਨ ਬਾਰੇ ਵਰਣਨ ਹੈ। ਇਸ ਦੇ ਨਾਲ ਹੀ 1857 ਈਸਵੀ ਦੇ ਗ਼ਦਰ ਦੌਰਾਨ ਸਿੱਖਾਂ ਦੇ ਵੱਖ-ਵੱਖ ਵਰਗਾਂ ਦੀ ਭੂਮਿਕਾ, ਸਿੰਧੀਆਂ, ਹੋਲਕਰ ਤੇ ਮਰਾਠਿਆਂ ਦੁਆਰਾ ਬਰਤਾਨਵੀ ਸਾਮਰਾਜ ਦੀ ਵਿਰੋਧਤਾ, ਪੂਰਬੀ ਪ੍ਰਾਤਾਂ ਦੇ ਲੋਕਾਂ ਦੀ ਵਿਰੋਧਤਾ, ਅਮਰੀਕਨ ਗ਼ਦਰੀ ਲਹਿਰ ਅਤੇ ਬਾਬਾ ਆਲਾ ਸਿੰਘ ਦੇ ਜੀਵਨ ਅਤੇ ਦਲ ਖ਼ਾਲਸਾ ਆਦਿ ਬਾਰੇ ਵਰਣਨ ਹੈ। ਵਿਸਥਾਰ ਪੂਰਵਕ ਜਾਣਕਾਰੀ ਹੈ। ਲੇਖਕ ਵਲੋਂ ਕਿਤਾਬ ਵਿਚ ਬਹੁਤ ਵੱਡੇ-ਵੱਡੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਮੁੱਖ ਇਤਿਹਾਸਕਾਰਾਂ ਡਾ. ਗੰਡਾ ਸਿੰਘ ਵਰਗੇ ਇਤਿਹਾਸਕਾਰਾਂ ਦੇ ਵਿਚਾਰਾਂ ਨੂੰ ਵੀ ਪੜਚੋਲਿਆ ਗਿਆ ਹੈ। ਲੇਖਕ ਨੇ ਅੰਤਿਮ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਬਾਰੇ ਵੀ 4 ਆਪਣੇ ਵਿਚਾਰ ਲਿਖਤੀ ਰੂਪ ਵਿਚ ਪ੍ਰਗਟ ਕੀਤੇ ਹਨ। ਇਤਿਹਾਸ ਲੇਖਨ ਕਲਾ ਵਿਚ ਤੱਥਾਂ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ। ਵਧੇਰੇ ਚੰਗਾ ਹੁੰਦਾ ਜੇਕਰ ਲੇਖਕ ਵਲੋਂ ਆਪਣੇ ਵਿਚਾਰਾਂ ਦੇ ਹੱਕ ਵਿਚ ਇਤਿਹਾਸਕ ਤੱਥਾਂ, ਘਟਨਾਵਾਂ ਅਤੇ ਰਿਪੋਰਟਾਂ ਨੂੰ ਵਰਣਨ ਕੀਤਾ ਜਾਂਦਾ ਤਾਂ ਜੋ ਇਹ ਕਿਤਾਬ ਇਤਿਹਾਸ ਦਾ ਇਕ ਪ੍ਰਮਾਣਿਕ ਸਰੋਤ ਬਣ ਸਕਦੀ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਗ਼ਦਰ ਦਾ ਦੂਜਾ ਪੱਖ
(ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼)
ਲੇਖਕ : ਗੁਰੂਮੇਲ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 327
ਸੰਪਰਕ : 95011-45039
ਗੁਰੂਮੇਲ ਸਿੱਧੂ ਨੇ ਆਪਣਾ ਜੀਵਨ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਅਮਰੀਕਾ ਜਾ ਕੇ ਸ਼ੁਰੂ ਕੀਤਾ ਸੀ। ਸਟੇਟ ਯੂਨੀਵਰਸਿਟੀ ਫਰੈਜ਼ਨੋ, ਕੈਲੀਫੋਰਨੀਆ, ਅਮਰੀਕਾ ਅਤੇ ਕੈਨੇਡਾ ਦੀਆਂ ਹੋਰ ਯੂਨੀਵਰਸਿਟੀਆਂ ਵਿਚ ਉਸ ਨੇ ਲਗਭਗ ਪੰਜਾਹ ਸਾਲ ਅਧਿਆਪਕ ਵਜੋਂ ਸੇਵਾ ਨਿਭਾਈ ਹੈ। ਉਸ ਦੀਆਂ ਗਿਆਨ ਸਾਹਿਤ ਦੇ ਖੇਤਰ ਵਿਚ ਚਾਰ ਕਿਤਾਬਾਂ, ਪੰਜਾਬੀ ਕਵਿਤਾ ਦੀ ਆਲੋਚਨਾ ਦੇ ਖੇਤਰ ਵਿਚ ਦੋ ਅਤੇ ਦਸ ਕਿਤਾਬਾਂ ਕਵਿਤਾ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਰਾਸ਼ਟਰੀ, ਅੰਤਰ-ਰਾਸ਼ਟਰੀ ਸਾਹਿਤਕ ਸੰਸਥਾਵਾਂ ਤੋਂ ਅਨੇਕਾਂ ਮਾਣ-ਸਨਮਾਣ ਪ੍ਰਾਪਤ ਡਾ. ਗੁਰੂਮੇਲ ਸਿੱਧੂ 10 ਜੁਲਾਈ, 2022 ਨੂੰ ਸਵਰਗਵਾਸ ਹੋ ਗਏ ਹਨ। ਇਸ ਕਿਤਾਬ ਗ਼ਦਰ ਦਾ ਦੂਜਾ ਪੱਖ (ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼) ਨੂੰ ਗੁਰੂਮੇਲ ਸਿੱਧੂ ਦੇ ਸਵਰਗਵਾਸ ਉਪਰੰਤ ਮੌਜੂਦਾ ਪੰਜਾਬੀ ਗੀਤਕਾਰੀ ਦੇ ਸਿਰਮੌਰ ਹਸਤਾਖਰ ਹਰਜਿੰਦਰ ਕੰਗ ਵਲੋਂ ਇੰਡੋ-ਅਮੈਰੀਕਨ ਹੈਰੀਟੇਜ ਫੋਰਮ, ਅਮਰੀਕਾ ਅਤੇ ਸਿੱਧੂ ਪਰਿਵਾਰ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸੰਸਕਰਨ ਵਿਚ ਡਾ. ਗੁਰੂਮੇਲ ਸਿੱਧੂ ਦੀਆਂ ਅੰਗਰੇਜ਼ੀ ਭਾਸ਼ਾ ਵਿਚ ਛਪੀਆਂ ਕਿਤਾਬਾਂ ਵਿਚੋਂ ਦੋ ਲੇਖ 'ਕਾਮਾਗਾਟਾ ਮਾਰੂ ਅਤੇ ਗ਼ਦਰ ਲਹਿਰ ਵਿਚ ਇਸ ਦੀ ਭੂਮਿਕਾ' ਅਤੇ 'ਜੇ.ਜੇ. ਸਿੰਘ ਅਮਰੀਕਰਨ ਨਾਗਰਿਕਤਾ ਦਾ ਨਿਰਮਾਣਕਾਰ' ਸੁਖਜਿੰਦਰ ਫ਼ਿਰੋਜ਼ਪੁਰ ਦੁਆਰਾ ਅਨੁਵਾਦ ਕਰਨ ਉਪਰੰਤ ਸ਼ਾਮਿਲ ਕੀਤੇ ਗਏ ਹਨ। ਗ਼ਦਰ ਲਹਿਰ ਦੀ ਸਥਾਪਨਾ, ਸੰਘਰਸ਼, ਪ੍ਰਾਪਤੀਆਂ ਦੇ ਇਤਿਹਾਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਭਾਗ ਪਹਿਲਾ ਗ਼ਦਰ ਲਹਿਰ ਦਾ ਹੋਂਦ ਵਿਚ ਆਉਣਾ, ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਅਮਰੀਕਾ, ਕੈਨੇਡਾ, ਯੂਰਪ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਗ਼ਦਰੀ ਯੋਧਿਆਂ ਦੁਆਰਾ ਇਕ-ਦੂਸਰੇ ਨਾਲ ਸੰਬੰਧ ਸਥਾਪਤ ਕਰਨੇ, ਗੁਪਤ ਰੂਪ ਵਿਚ ਪੈਸਾ, ਹਥਿਆਰ ਅਤੇ ਹੋਰ ਸਾਧਨ ਇਕੱਠੇ ਕਰਨੇ ਅਤੇ ਬਦਲਾ ਲੈਣ ਲਈ ਜੱਦੋ-ਜਹਿਦ ਕਰਨਾ ਸੀ। ਦੇਸ਼ਾਂ-ਵਿਦੇਸ਼ਾਂ ਵਿਚ ਇਹ ਸੰਘਰਸ਼ 1907 ਤੋਂ 1947 ਈਸਵੀ ਤੱਕ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਿਹਾ ਸੀ। ਗ਼ਦਰ ਲਹਿਰ 2 ਦੀਆਂ ਇਸ ਕਾਲ ਦੌਰਾਨ ਕੁਝ ਅਤਿ-ਮਹੱਤਵਪੂਰਨ ਪ੍ਰਾਪਤੀਆਂ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦੀ ਸਥਾਪਨਾ, 1913 ਈਸਵੀ ਦੌਰਾਨ ਗ਼ਦਰ ਪਾਰਟੀ ਦਾ ਸਾਨਫਰਾਂਸਿਸਕੋ ਵਿਖੇ ਦਫ਼ਤਰ 'ਯੁਗਾਂਤਰ ਆਸ਼ਰਮ' ਦੀ ਸਥਾਪਨਾ ਆਦਿ ਹੋਣਾ ਸੀ। ਗ਼ਦਰ ਲਹਿਰ ਦੀਆਂ ਗਤੀਵਿਧੀਆਂ ਦਾ ਦੂਸਰਾ ਪੱਖ ਹੈ ਭਾਵ ਅਨੇਕਾਂ ਗ਼ਦਰੀ ਯੋਧੇ ਕ੍ਰਾਂਤੀਕਾਰੀ ਕੰਮਾਂ ਵਿਚ ਭਾਗ ਲੈਣ ਲਈ ਵਿਦੇਸ਼ਾਂ ਖ਼ਾਸ ਕਰਕੇ ਅਮਰੀਕਾ ਗਏ, ਪਰੰਤੂ ਵਾਪਸ ਨਹੀਂ ਪਰਤੇ ਸਨ। ਉਨ੍ਹਾਂ ਵਿਦੇਸ਼ੀ ਗਏ ਲੋਕਾਂ ਵਿਚ ਅਨੇਕਾਂ ਪੰਜਾਬੀ ਸਿੱਖ ਵੀ ਸਨ ਜਿਨ੍ਹਾਂ ਨੇ ਕੈਲੇਫੋਰਨੀਆ ਸੂਬੇ ਵਿਚ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਸੀ। ਉਸ ਸਮੇਂ ਦੇ ਅਮਰੀਕੀ ਕਾਨੂੰਨ ਅਨੁਸਾਰ ਵਿਦੇਸ਼ੀਆਂ ਵਿਸ਼ੇਸ਼ ਕਰਕੇ ਦੱਖਣ ਏਸ਼ੀਆ ਦੇ ਲੋਕਾਂ ਨੂੰ ਅਮਰੀਕਾ ਵਿਚ ਜ਼ਮੀਨ ਖਰੀਦਣ ਅਤੇ ਹੋਰ ਮੁਢਲੇ ਅਧਿਕਾਰ ਵੀ ਪ੍ਰਾਪਤ ਨਹੀਂ ਸਨ। ਅਮਰੀਕਾ ਵਿਚ ਉਸ ਸਮੇਂ ਪੰਜਾਬਆਂ ਖ਼ਾਸ ਕਰਕੇ ਸਿੱਖਾਂ ਨੇ ਜ਼ਮੀਨਾਂ ਨੂੰ ਠੇਕੇ 'ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਸਮੇਂ ਦੌਰਾਨ ਜ਼ਮੀਨਾਂ, ਜਾਇਦਾਦਾਂ, ਆਪਣੇ ਹੱਕਾਂ, ਮੁਢਲੇ ਅਧਿਕਾਰਾਂ, ਸਿੱਖਿਆ ਅਤੇ ਨਾਗਰਿਕਤਾ ਆਦਿ ਦੇ ਅਧਿਕਾਰ ਪ੍ਰਾਪਤ ਕਰਨ ਲਈ ਮੁਢਲੇ ਸੰਘਰਸ਼ ਦੀ ਸ਼ੁਰੂਆਤ ਭਗਤ ਸਿੰਘ ਥਿੰਦ ਨੇ ਕੀਤੀ ਸੀ। ਭਗਤ ਸਿੰਘ ਕੰਬੋਅ ਜਾਤੀ ਦੇ ਥਿੰਦ ਗੋਤ ਨਾਲ ਸੰਬੰਧਿਤ ਸੀ। ਉਸ ਦੇ ਦਾਦੇ-ਪੜਦਾਦੇ ਗੁਰੂ ਗੋਬਿੰਦ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਸੈਨਾਵਾਂ ਵਿਚ ਭਰਤੀ ਸਨ। ਭਗਤ ਸਿੰਘ ਦੇ ਪਿਤਾ ਸ. ਬੂਟਾ ਸਿੰਘ ਥਿੰਦ ਬਰਤਾਨਵੀ ਸਾਮਰਾਜ ਦੌਰਾਨ ਭਾਰਤੀਆਂ ਨਾਲ ਅੰਗਰੇਜ਼ ਅਫ਼ਸਰਾਂ ਦੀਆਂ ਬਦਸਲੂਕੀਆਂ ਵਿਰੁੱਧ ਆਵਾਜ਼ ਉਠਾਈ ਸੀ। ਸਮੁੰਦਰੀ ਰਸਤਿਆਂ ਰਾਹੀਂ ਅਮਰੀਕਾ ਵਿਚ ਪਹੁੰਚਣ ਤੋਂ ਬਾਅਦ ਭਗਤ ਸਿੰਘ ਨੇ ਪੰਜਾਬੀਆਂ, ਭਾਰਤੀਆਂ ਅਤੇ ਦੱਖਣੀ ਏਸ਼ੀਆਂ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ, ਜੇਲ੍ਹਾਂ ਕੱਟੀਆਂ, ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਪਰੰਤੂ ਅੰਤ ਵਿਚ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ। ਭਾਰਤੀ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ, ਗ਼ਦਰ ਪਾਰਟੀ, ਭਗਤ ਸਿੰਘ ਥਿੰਦ ਦੇ ਜੀਵਨ, ਅਧਿਆਤਮਿਕਤਾ, ਪਾਖਰ ਸਿੰਘ ਗਿੱਲ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਪਰਿਵਾਰਾਂ ਦੇ ਜੀਵਨ ਅਤੇ ਮੁਸ਼ਕਿਲਾਂ ਬਾਰੇ ਸਾਹਿਤਕ ਅਤੇ ਇਤਿਹਾਸਕ ਤੱਥਾਂ ਤੇ ਆਧਾਰਿਤ ਇਹ ਮਹੱਤਵਪੂਰਨ ਖੋਜ ਕਿਤਾਬ ਹੈ। ਇਹ ਕਿਤਾਬ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਵਿਦੇਸ਼ਾਂ ਵਿਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਪੰਜਾਬੀ ਭਾਸ਼ਾ ਵਿਚ ਪਾਠਕਾਂ ਦੇ ਪੜ੍ਹਨ ਲਈ ਅਤੇ ਗਿਆਨ ਵਿਚ ਵਾਧਾ ਕਰਨ ਦਾ ਮਹੱਤਵਪੂਰਨ ਇਤਿਹਾਸਕ ਸ੍ਰੋਤ ਸਾਬਤ ਹੋਵੇਗੀ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜੇ ਬੰਦਾ 'ਬੰਦਾ' ਬਣ ਜਾਏ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਕੇ. ਪਬਲੀਕੇਸ਼ਨਜ਼, ਬੁਢਲਾਡਾ, ਮਾਨਸਾ
ਮੁੱਲ : 295 ਰੁਪਏ, ਸਫ਼ੇ : 122
ਸੰਪਰਕ : 94640-76257
ਬਹੁਵਿਧਾਵੀ ਲੇਖਕ ਬਿਕਰਮਜੀਤ ਨੂਰ ਦੇ ਹੁਣ ਤੱਕ 9 ਮਿੰਨੀ-ਸੰਗ੍ਰਹਿ, 4 ਕਾਵਿ-ਸੰਗ੍ਰਹਿ 4 ਨਾਵਲ ਅਤੇ ਇਕ ਜੀਵਨੀ, ਇਕ ਬਾਲ ਸਾਹਿਤ ਅਤੇ ਸਵੈ-ਜੀਵਨੀ ਆਦਿ ਪ੍ਰਕਾਸ਼ਿਤ ਹੋ ਚੁੱਕੇ ਹਨ। ਲੇਖਕ ਦੇ ਪਹਿਲੇ ਲੇਖ ਸੰਗ੍ਰਹਿ 'ਜੇ ਬੰਦਾ 'ਬੰਦਾ' ਬਣ ਜਾਏ' ਵਿਚ ਤਿੰਨ ਦਰਜਨ ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਲੇਖ ਮੁੱਖ ਤੌਰ 'ਤੇ ਆਤਮ ਕਥਾਤਮਿਕ ਹਨ। ਇਨ੍ਹਾਂ ਵਿਚ ਲੇਖਕ ਦਾ ਡੂੰਘਾ ਜੀਵਨ ਅਨੁਭਵ ਝਲਕਦਾ ਹੈ। ਲੇਖਕ ਦਾ ਇਹ ਅਨੁਭਵ ਸੰਸਾਰ ਉਸ ਦੇ ਬਚਪਨ, ਲੜਕਪਨ, ਸਕੂਲੀ ਜੀਵਨ, ਪ੍ਰੀਖਿਆਵਾਂ ਦਾ ਕੱਚ-ਸੱਚ, ਜਵਾਨੀ, ਬੁਢਾਪਾ, ਮਾਤਾ-ਪਿਤਾ, ਸਮਾਜ, ਵਹਿਮਾਂ-ਭਰਮਾਂ, ਸੰਚਾਰ ਕ੍ਰਾਂਤੀ, ਸਾਹਿਤਕਾਰੀ ਅਤੇ ਸਾਹਿਤ ਸਭਾਵਾਂ, ਅਧਿਆਪਕੀ ਕਿੱਤਾ, ਕਿਤਾਬੀ ਦੁਨੀਆ, ਗੁਰੂਆਂ-ਪੀਰਾਂ, ਵਿਦੇਸ਼ ਯਾਤਰਾ, ਜੀਵਨ ਦੀਆਂ ਗੁੱਝੀਆਂ ਰਮਜਾਂ, ਨਸ਼ਿਆਂ ਦੇ ਸ਼ਰੀਰਕ, ਆਰਥਿਕ ਅਤੇ ਸਮਾਜਿਕ ਪ੍ਰਭਾਵ ਆਦਿ ਵਿਸ਼ਿਆਂ ਤੱਕ ਫੈਲਿਆ ਹੋਇਆ ਹੈ। ਲੇਖਕ ਮਾਂ-ਬੋਲੀ ਪੰਜਾਬੀ ਬਾਰੇ ਵੀ ਬਹੁਤ ਗੰਭੀਰ ਹੈ। ਆਪਣੇ ਦੇਸ਼ ਪ੍ਰਤੀ ਵੀ ਚਿੰਤਤ ਹੈ, ਜਿਨ੍ਹਾਂ ਵਿਚ ਸਦਾਚਾਰਕ ਕਦਰਾਂ-ਕੀਮਤਾਂ, ਸੰਸਕ੍ਰਿਤੀ ਸੱਭਿਆਚਾਰ, ਅਜੋਕੇ ਸਮੇਂ ਦੀਆਂ ਚੁਣੌਤੀਆਂ ਅਤੇ ਜੀਵਨ ਸੰਘਰਸ਼ ਦੇ ਵੱਖੋ-ਵੱਖਰੇ ਪਹਿਲੂਆਂ ਦੇ ਦਰਸ਼ਨ ਹੁੰਦੇ ਹਨ। ਬੀਤੇ ਸਮੇਂ ਦੀ ਬਾਤ ਬਣਦੇ ਜਾ ਰਹੇ ਸਾਡੇ ਅਮੀਰ ਵਿਰਸੇ ਦੀ ਦਿਲ ਖਿਚਵੀਂ ਦਾਸਤਾਨ ਵੀ ਅੰਕਿਤ ਹੈ ਅਤੇ ਇਸ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੱਤਾ ਗਿਆ ਹੈ। ਹਥਲੇ-ਸੰਗ੍ਰਹਿ ਦਾ ਹਰੇਕ ਲੇਖ ਪੜ੍ਹਣ, ਮਾਣਨ ਅਤੇ ਸਾਂਭਣ ਯੋਗ ਹੈ। ਫਿਰ ਵੀ ਉਨ੍ਹਾਂ ਸਾਹਿਤਕ ਸਮਾਗਮ ਕਰਾਇਆ, ਸ਼ਰਾਬ ਆਪੋ-ਆਪਣਾ ਦ੍ਰਿਸ਼ਟੀਕੋਣ, ਸੈਣਤਾ ਹਨ ਜਾਣਕਾਰਾਂ ਵਾਸਤੇ, ਆਓ ਦਾਗ਼ਿਸਤਾਨੀ ਬਣੀਏ, ਜੇ ਬੰਦਾ 'ਬੰਦਾ' ਬਣ ਜਾਏ, ਘੁੰਡ ਚਕਾਈ ਦਾ ਪੰਗਾ, ਬੁਢਾਪੇ ਦਾ ਅਨੰਦ ਅਤੇ ਦੁੱਕੀਆਂ, ਪੰਜੀਆਂ ਦਸੀਆਂ, ਪਵਿੱਤਰ-ਪਾਪੀ ਦਾ ਕਿਰਦਾਰ ਨਾਥ, ਚਾਚੇ ਦੀਆਂ ਗੱਲਾਂ ਆਦਿ ਲੇਖ ਵਾਰ-ਵਾਰ ਪੜ੍ਹਣ ਨੂੰ ਚਿੱਤ ਕਰਦਾ ਹੈ। ਹਰੇਕ ਲੇਖ ਨੂੰ ਪੜ੍ਹਦਿਆਂ ਉਸ ਵਿਚ ਪਾਠਕ ਵੀ ਆਪਣਾ ਭੂਤ-ਵਰਤਮਾਨ ਅਤੇ ਭਵਿੱਖ ਦੇਖਣ ਲਗਦਾ ਹੈ। ਉਸ ਨੂੰ ਡੰਘੀਆਂ ਪਰਿਵਾਰਕ, ਸਮਾਜਿਕ ਅਤੇ ਕੁਦਰਤ ਦੀਆਂ ਰਮਜਾਂ ਦਾ ਗਿਆਨ ਹੋਣ ਲਗਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਇਤਿਹਾਸਕ, ਮਿਥਿਆਸਕ, ਵਿਗਿਆਨਕ, ਸਾਹਿਤਕ, ਸੱਭਿਆਚਾਰਕ ਅਖਾੜੇ ਅਤੇ ਦ੍ਰਿਸ਼ਟਾਂਤ ਸੰਜੋ ਕੇ ਦਿਲਚਸਪ ਅਤੇ ਗਿਆਨਵਰਧਕ ਬਣਾਇਆ ਹੈ। ਬੇਸ਼ੱਕ ਭਾਸ਼ਾ ਸਰਲ, ਸਹਿਜ ਤੇ ਮੁਹਾਵਰੇਦਾਰ ਹੈ। ਪੁਆਧ ਦੀ ਪਛਾਣ ਦਾ ਜ਼ਿਕਰ ਵੀ ਲਾਹੇਵੰਦ ਹੈ। ਛੋਟੇ ਆਕਾਰ ਦੇ ਇਨ੍ਹਾਂ ਲੇਖਾਂ ਵਿਚ ਕਈ ਲੇਖਕਾਂ, ਕਵੀਆਂ ਅਤੇ ਚਿੰਤਕਾਂ ਦੇ ਹਵਾਲੇ ਦੇ ਕੇ ਆਪਣੇ ਕਥਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ। ਇਹ ਲੇਖ ਹਰ ਉਮਰ ਦੇ ਪਾਠਕ ਦੇ ਪੜ੍ਹਣਯੋਗ ਹਨ ਅਤੇ ਰਾਹ ਦਸੇਰੇ ਦਾ ਰੁਤਬਾ ਵੀ ਹਾਸਿਲ ਕਰਦੇ ਹਨ। ਪੁਸਤਕ ਪੜ੍ਹਦਿਆਂ ਪਾਠਕ ਇਕ ਵੱਖਰੇ ਹੀ ਸੰਸਾਰ ਵਿਚ ਵਿਚਰਣ ਲਗਦਾ ਹੈ। ਇਹ ਕਿਤਾਬ ਪੜ੍ਹਣ ਮਗਰੋਂ ਪਾਠਕ ਲੇਖਕ ਦੀਆਂ ਹੋਰ ਪੁਸਤਕਾਂ ਪੜ੍ਹਣ ਲਈ ਪ੍ਰੇਰਿਤ ਕਰਦਾ ਹੈ। ਜਿਗਿਆਸਾ ਪੈਦਾ ਕਰਦਾ ਹੈ। ਦ੍ਰਿਸ਼ਟਾਂਤ ਅਤੇ ਚਰਿੱਤਰ ਦੀ ਉਸਾਰੀ ਪਾਠਕ ਨੂੰ ਕੀਲ੍ਹ ਲੈਂਦੀ ਹੈ। ਲੇਖਕ ਇਸ ਪਲੇਠੇ ਉੱਦਮ ਲਈ ਵਧਾਈ ਦਾ ਪਾਤਰ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਗੁਨਾਹਗਾਰ ਕੌਣ
ਲੇਖਕ : ਡਾ. ਇਕਬਾਲ ਸਿੰਘ ਸਕਰੌਦੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 177
ਸੰਪਰਕ : 84276-85020
ਡਾ. ਇਕਬਾਲ ਸਿੰਘ ਸਕਰੌਦੀ ਆਲੋਚਨਾ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਹਥਲੀ ਪੁਸਤਕ ਗੁਨਾਹਗਾਰ ਕੌਣ ਉਸ ਦੀ ਪਲੇਠੀ ਗਲਪ ਪੁਸਤਕ ਹੈ, ਜੋ 24 ਕਹਾਣੀਆਂ 'ਤੇ ਆਧਾਰਿਤ ਹੈ। ਇਸ ਪੁਸਤਕ ਦੀ ਸ਼ੁਰੂਆਤ ਵਿਚ ਮੁੱਖ ਸ਼ਬਦ ਸਾਹਿਤ ਰਤਨ ਡਾ. ਤੇਜਵੰਤ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਕ ਆਲੋਚਨਾ ਲੇਖ ਵਿਚ ਡਾ. ਜਸਵੀਰ ਰਾਣਾ ਨੇ ਕਹਾਣੀਕਾਰ ਸਕਰੌਦੀ ਦੀ ਕਥਾ ਚੇਤਨਾ ਬਾਰੇ ਗੱਲ ਕੀਤੀ ਹੈ। ਉਹ ਕਹਾਣੀਕਾਰ ਬਾਰੇ ਲਿਖਦਾ ਹੈ ਡਾ. ਇਕਬਾਲ ਸਿੰਘ ਮੂਲ ਰੂਪ ਵਿਚ ਪਿੰਡ ਦਾ ਬੰਦਾ ਹੈ। ਆਪਣੇ ਨਾਂਅ ਦੇ ਪਿੱਛੇ ਸਕਰੌਦੀ ਲਾ ਕੇ ਉਹ ਪਿੰਡ ਦੇ ਨਾਂਅ ਨਾਲ ਆਪਣੇ-ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਆਤਮ-ਸ਼ਨਾਖ਼ਤ ਦਾ ਇਹ ਕਥਾ-ਪ੍ਰਵਚਨ ਉਸ ਦੀਆਂ ਕਹਾਣੀਆਂ ਵਿਚ ਇਕ ਐਸੇ ਪਿੰਡ ਦੀ ਸਥਾਪਨਾ ਕਰਦਾ ਹੈ, ਜਿਸ ਵਿਚ ਬੰਦਾ ਬੰਦੇ ਨੂੰ ਮਿਲ ਕੇ ਖ਼ੁਦ ਨੂੰ ਮਿਲ ਲੈਣ ਵਰਗਾ ਅਹਿਸਾਸ ਹੰਢਾਉਂਦਾ ਹੈ। ਡਾ. ਇਕਬਾਲ ਇਕ ਅਧਿਆਪਕ ਤੋਂ ਪ੍ਰਿੰਸੀਪਲ ਤੱਕ ਦੇ ਅਹੁਦੇ ਤੱਕ ਪਹੁੰਚੇ ਸਿੱਖਿਆ ਸ਼ਾਸਤਰੀ ਦਾ ਨਾਂਅ ਹੀ ਨਹੀਂ, ਸਗੋਂ ਸਹੀ ਅਰਥਾਂ ਵਿਚ ਉਹ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਇਨਸਾਨ ਹੈ। ਇਹ ਸੱਚ ਹੈ। ਕਹਾਣੀਕਾਰ ਸਕਰੌਦੀ ਦਾ ਕਥਾ ਜਗਤ ਮਾਨਵਵਾਦੀ ਆਦਰਸ਼ ਸਮਾਜ ਦੇ ਹੱਕ ਵਿਚ ਹਾਮੀ ਭਰਦਾ ਹੈ ਤੇ ਆਪਣੀਆਂ ਕਹਾਣੀਆਂ ਰਾਹੀਂ ਪਾਠਕ ਨੂੰ ਇਸ ਆਦਰਸ਼ ਸਮਾਜ ਨੂੰ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੰਦਾ ਹੈ। ਇਨ੍ਹਾਂ ਕਹਾਣੀਆਂ ਨੂੰ ਜੇ ਵਿਸ਼ਿਆਂ ਦੇ ਆਧਾਰ 'ਤੇ ਵੰਡਿਆ ਜਾਵੇ ਤਾਂ ਪਹਿਲਾ ਵਰਗ ਸੱਚੀ ਦੋਸਤੀ ਨਾਲ ਸੰਬੰਧਿਤ ਕਹਾਣੀਆਂ ਹੋਣਗੀਆਂ ਜਿਸ ਵਿਚ ਦੋਸਤੀ ਦਾ ਨਿੱਘ, ਸ਼ੁਕਰਾਨਾ ਅਤੇ ਅੱਖਾਂ ਵਿਚੋਂ ਕਿਰਦੇ ਹੰਝੂ ਕਹਾਣੀਆਂ ਨੂੰ ਰੱਖਿਆ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਸੱਚੀ ਦੋਸਤੀ ਨੂੰ ਅਮੀਰੀ-ਗ਼ਰੀਬੀ ਤੋਂ ਨਾ ਪ੍ਰਭਾਵਿਤ ਹੋਣ ਵਾਲਾ ਅਹਿਸਾਸ ਮੰਨਿਆ ਹੈ। ਦੂਜੇ ਵਰਗ ਵਿਚ ਉਹ ਕਹਾਣੀਆਂ ਵਰਗਿਤ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਵਿਸ਼ੇ ਪਰਿਵਾਰਕ ਜਾਂ ਸਮਾਜਿਕ ਹਨ ਅਤੇ ਜੋ ਪਾਠਕ ਨੂੰ ਅਸਲੀ ਆਦਰਸ਼ਵਾਦੀ ਸਮਾਜ ਦੇ ਦਰਸ਼ਨ ਕਰਵਾਉਂਦੀਆਂ ਹਨ। ਚਿੱਠੀਆਂ ਦਾ ਮੋਹ, ਮੋਹ ਦੇ ਰਿਸ਼ਤੇ, ਨਾਨਕਿਆਂ ਦਾ ਮੋਹ, ਫੇਰ ਹੁਣ, ਫੌਜੀ ਦੀ ਧੀ, ਨਵੀਆਂ ਪਿਰਤਾਂ, ਅਸ਼ੀਰਵਾਦ, ਸੱਚੀ ਖ਼ੁਸ਼ੀ, ਪ੍ਰਾਸ਼ਚਿੱਤ, ਵਫ਼ਾਦਾਰੀ ਅਤੇ ਧੀ ਦੇ ਬੋਲ ਅਜਿਹੀਆਂ ਹੀ ਕਹਾਣੀਆਂ ਹਨ। ਤੀਜੀ ਵਰਗ ਵੰਡ ਅਧਿਆਪਕ ਵਰਗ ਅਤੇ ਵਿੱਦਿਅਕ ਪ੍ਰਣਾਲੀ ਨਾਲ ਸੰਬੰਧਿਤ ਕਹਾਣੀਆਂ ਹਨ, ਜਿਨ੍ਹਾਂ ਵਿਚਲੀਆਂ ਕਥਾਵਾਂ ਇਸ ਵਿੱਦਿਅਕ ਢਾਂਚੇ ਨੂੰ ਦਰੁੱਸਤ ਕਰਨ ਵੱਲ ਪ੍ਰੇਰਿਤ ਕਰਦੀਆਂ ਹਨ। ਕਾਮਨ ਰੂਮ, ਗੁਨਾਹਗਾਰ ਕੌਣ, ਰੱਬ ਦਾ ਸ਼ੁਕਰਾਨਾ, ਅਸਲੀ ਖ਼ੁਸ਼ੀ ਅਤੇ ਕਿਆਮਤ ਦਾ ਹੁਸਨ ਇਸ ਵਰਗ ਅੰਦਰ ਆਉਂਦੀਆਂ ਕਹਾਣੀਆਂ ਹਨ। ਅੰਤ ਵਿਚ ਪੰਜ ਮਿੰਨੀ ਕਹਾਣੀਆਂ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਥਾ ਜਗਤ ਦੇ ਪਾਤਰ ਵੀ ਆਦਰਸ਼ ਚਰਿੱਤਰਾਂ ਦੀ ਹਾਮੀ ਭਰਦੇ ਹਨ। ਪੁਸਤਕ ਦੀ ਭਾਸ਼ਾ ਸਰਲ ਹੈ ਅਤੇ ਲਿਖਣ ਸ਼ੈਲੀ ਬਿਆਨੀ ਹੈ। ਆਸ ਹੈ ਇਨ੍ਹਾਂ ਕਹਾਣੀਆਂ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਨਾਰੀ-ਪਰਵਾਜ਼
ਲੇਖਿਕਾ : ਡਾ. ਰਾਜਵੰਤ ਕੌਰ ਪੰਜਾਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 85678-86223
ਕਰੜੀ ਮਿਹਨਤ, ਲਗਨਤਾ ਤੇ ਸਿਰਜਤਾ ਨਾਲ ਪੰਜਾਬੀ ਲੋਕ-ਯਾਨ ਲਈ ਨਿਸ਼ਠਾਵਾਨ ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ 'ਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾਵਾਂ ਨਿਭਾਅ ਰਹੀ ਹੈ। ਉਸ ਨੇ ਮੌਲਿਕ, ਸਾਂਝੇ ਸੰਗ੍ਰਹਿ, ਅਨੁਵਾਦਤ/ਲਿਪੀਅੰਤ੍ਰਿਤ ਸੰਗ੍ਰਹਿ ਤੇ ਸੰਪਾਦਿਕ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਵਿਚ ਯੋਗਦਾਨ ਪਾਇਆ ਹੈ। ਨਾਰੀ ਚੇਤਨਾ ਜਗਾਉਣ ਲਈ ਉਸ ਦੀ ਖੋਜ ਪੁਸਤਕ 'ਨਾਰੀ ਪਰਵਾਜ਼' ਇਕ ਨਿਵੇਕਲੀ ਪਹਿਲ-ਕਦਮੀ ਹੈ, ਜਿਸ ਵਿਚ ਪੰਜਾਬ, ਭਾਰਤ ਅਤੇ ਜਗਤ ਪ੍ਰਸਿੱਧ 28 ਨਾਮਵਰ ਔਰਤ ਸ਼ਖ਼ਸੀਅਤਾਂ ਬਾਰੇ ਭਰਪੂਰ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਨ੍ਹਾਂ ਸ਼ਖ਼ਸੀਅਤਾਂ ਨੇ ਆਪਣੇ-ਆਪਣੇ ਸਮਿਆਂ ਵਿਚ ਇਸਤਰੀ-ਜਾਤੀ ਦਾ ਗੌਰਵ ਅਤੇ ਰੁਤਬਾ ਬੁਲੰਦ ਕਰਨ ਲਈ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਹਰ ਸ਼ਖ਼ਸੀਅਤ ਬਾਰੇ ਲੇਖਿਕਾ ਨੇ ਵੱਧ ਤੋਂ ਵੱਧ ਸਟੀਕ ਜਾਣਕਾਰੀ ਗ੍ਰੰਥਾਂ, ਪੁਸਤਕਾਂ, ਰਿਸਾਲਿਆਂ ਅਤੇ ਅਖ਼ਬਾਰਾਂ 'ਚੋਂ ਉਪਲਬੱਧ ਕੀਤੀ ਹੈ। ਲੇਖਾਂ ਦੀ ਤਰਤੀਬ ਜਨਮ-ਮਿਤੀ ਤੇ ਆਧਾਰਿਤ ਹੈ ਅਤੇ ਹਰ ਸ਼ਖ਼ਸੀਅਤ ਦੀ ਤਸਵੀਰ ਅੰਕਿਤ ਕੀਤੀ ਗਈ ਹੈ। ਲੋੜ ਅਨੁਸਾਰ ਜਾਣਕਾਰੀ ਦੇ ਪ੍ਰਸੰਗ ਵੀ ਦਿੱਤੇ ਗਏ ਹਨ। ਹਰ ਵਰਗ ਦੇ ਖੇਤਰ 'ਚੋਂ ਚੋਣ ਕੀਤੀ ਗਈ ਹੈ। ਬਹੁ-ਵੰਨਗੀ ਪੜ੍ਹਨ ਨੂੰ ਮਿਲਦੀ ਤੇ ਰੌਚਿਕਤਾ ਬਣੀ ਰਹਿੰਦੀ ਹੈ। ਸਮੁੱਚੀ ਨਾਰੀ ਜਗਤ ਦਾ ਉਜਵਲ ਇਤਿਹਾਸ ਸਿਰਜਣ ਵਿਚ ਇਨ੍ਹਾਂ 28 ਸ਼ਖ਼ਸੀਅਤਾਂ ਨੇ ਚਮਤਕਾਰੀ ਤੇ ਯਾਦਗਾਰੀ ਭੂਮਿਕਾ ਨਿਭਾਈ ਹੈ। ਪ੍ਰਾਰੰਭ ਰਾਬੀਆ ਜੋ ਸ਼ਹਿਰ ਬਸਰਾ ਦੀ ਪਹਿਲੀ ਸੂਫ਼ੀ ਸ਼ਾਇਰਾ ਬਣੀ ਤੇ ਖ਼ੁਦਾ ਦੀ ਸੱਚੀ ਪੈਰੋਕਾਰ ਬਣੀ। ਰਜ਼ੀਆ ਸੁਲਤਾਨ ਮੁਸਲਮਾਨ ਬਾਦਸ਼ਾਹ ਇਲਤੁਤਮਸ ਦੀ ਬੇਟੀ ਪਹਿਲੀ ਸੁਲਤਾਨ ਮਹਿਲਾ ਬਣੀ। ਦੌਲਤਾਂ ਦਾਈ, ਜਗਤ ਗੁਰੂ ਨਾਨਕ ਦੇ ਪ੍ਰਥਮ ਦਰਸ਼ਨ ਕਰਕੇ ਭਾਗਾਂਵਾਲੀ ਬਣੀ। ਬੇਬੇ ਨਾਨਕੀ ਆਪਣੇ ਵੀਰ ਨਾਨਕ ਦੇ ਰੱਬੀ ਨੂਰ ਨੂੰ ਪਛਾਨਣ ਵਾਲੀ ਆਤਮਾ ਸੀ, ਰਬਾਬ ਭੇਟਾ ਕੀਤੀ ਅਤੇ ਜਸ ਖੱਟਿਆ। ਮੀਰਾਬਾਈ ਦਾ ਗਾਇਨ ਜੋ ਭਗਤੀ ਅਤੇ ਕਵਿਤਾ ਦਾ ਸੁਮੇਲ ਸੀ। ਜੀਜਾ ਬਾਈ ਇਕ ਆਦਰਸ਼ਕ ਮਾਂ ਸੀ, ਜਿਸ ਨੇ ਆਪਣੇ ਪੁੱਤਰ ਛਤਰਪਤੀ ਸ਼ਿਵਾਜੀ ਨੂੰ ਸਿੱਖਿਅਤ ਕਰਕੇ ਇਕ ਨਿਰਭੈ ਜੋਧਾ ਤੇ ਸਫਲ ਸਾਸ਼ਕ ਬਣਾਇਆ। ਮਾਤਾ ਯਸੀ ਜਿਸ ਪਤੀ ਪਿਆਰ ਦੀ ਮਿਸਾਲ ਪੈਦਾ ਕੀਤੀ। ਪਿੰਡ ਚੌਂਕੀ (ਮਹਾਰਾਸ਼ਟਰ) ਦੀ ਜੰਮਪਲ ਅਹਿੱਲਿਆ ਬਾਈ ਹੋਲਕਰ ਨੇ ਇੰਦੌਰ ਦੀ ਸ਼ਾਸਕ ਬਣ ਕੇ ਨਾਮਣਾ ਖੱਟਿਆ। ਸਵਰਨਕਾਰ ਭਾਈਚਾਰੇ ਦਾ ਮਾਣ ਮਾਤਾ ਕਿਸ਼ਨ ਕੌਰ ਜੈਤੋ ਮੋਰਚੇ ਦੀ ਮੋਹਰੀ ਨਾਇਕਾ ਸੀ। ਮਹਾਰਾਸ਼ਟਰ ਦੇ ਬੁੱਧੀਮਾਨ ਪਰਿਵਾਰ ਦੀ ਪੰਡਿਤਾ ਰਾਮਾਬਾਈ ਮੁਕਤੀ ਮਿਸ਼ਨ ਦੀ ਸੰਸਥਾਪਕ ਮੋਢੀ ਮਹਿਲਾ ਲੀਡਰਾਂ ਵਿਚੋਂ ਇਕ ਸੀ। ਸੁਭੱਦਰਾ ਕੁਮਾਰੀ ਚੌਹਾਨ ਹਿੰਦੀ ਦੀ ਸੁਪ੍ਰਸਿੱਧ ਸੰਵੇਦਨਸ਼ੀਲ ਕਵਿਤ੍ਰੀ/ਲੇਖਿਕਾ ਸੀ, ਮਹਾਦੇਵੀ ਵਰਮਾ ਦਾ ਨਾਂਅ ਹਿੰਦੀ ਦੇ ਪ੍ਰਸਿੱਧ/ਸ੍ਰੇਸ਼ਠ ਕਵਿੱਤਰੀਆਂ ਵਿਚ ਸ਼ੁਮਾਰ ਹੈ।
ਗਿਆਨ ਪੀਠ ਸਨਮਾਨ, ਪਦਮ ਭੂਸ਼ਨ, ਪਦਮ ਵਿਭੂਸ਼ਨ ਤੇ ਡੀ. ਲਿਟ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਆਸ਼ਾਪੂਰਨਾ ਦੇਵੀ ਨੂੰ ਸਰਸਵਤੀ ਸਟੈਨੋ ਕਰਕੇ ਯਾਦ ਕੀਤਾ ਜਾਂਦਾ ਹੈ, ਬਲਰਾਜ ਸਾਹਨੀ ਦੀ ਪਤਨੀ ਸੰਤੋਸ਼ ਸਾਹਨੀ ਸ਼੍ਰੋਮਣੀ ਬਾਲ ਸਾਹਿਤ ਲੇਖਿਕਾ, ਮਹਾ ਸ਼ਵੇਤਾ ਦੇਵੀ, ਉੱਘੀ ਲੇਖਿਕਾ ਜਿਸ ਨੂੰ ਮੈਗਾਸਾਸੇ ਐਵਾਰਡ ਮਿਲਿਆ। ਫ਼ਿਲਮੀ ਦੁਨੀਆ ਵਿਚ ਅਦਾਕਾਰਾ ਨਰਗਿਸ ਦੱਤ, ਗਣਿਤ ਵਿਸ਼ੇ ਦੀ ਮਹਾਂਰਥੀ ਸ਼ਕੁੰਤਲਾ ਦੇਵੀ ਨੇ ਅਲੋਕਾਰੀ ਯਾਦ ਸ਼ਕਤੀ ਲਈ, ਫਰੀਦਾ ਖ਼ਾਨੁਮ (ਗਾਇਕਾ), ਲੀਲਾ ਸੇਠ (ਮਹਿਲਾ ਮੁੱਖ ਜੱਜ), ਸੋਨਲ ਮਾਨ ਸਿੰਘ (ਸੰਗੀਤ ਅਤੇ ਨ੍ਰਿਤ ਖੇਤਰ), ਕਿਰਨ ਬੇਦੀ (ਪਹਿਲੀ ਇੰਸਪੈਕਟਰ ਜਨਰਲ ਪੁਲਿਸ ਵਿਭਾਗ), ਮਲਿਕਾ ਸਾਰਾਭਾਈ (ਭਾਰਤ ਨਾਟਯਮ), ਸਮਿਤਾ ਪਾਟਿਲ (ਫ਼ਿਲਮੀ ਦੁਨੀਆ) ਸ਼ਖ਼ਸੀਅਤਾਂ ਵਿਚ ਇੰਦਰਾ ਕ੍ਰਿਸ਼ਨਾਮੂਰਤੀ ਨੂਈ, ਅਰੁੰਧਤੀ ਰਾਏ, ਤਸਲੀਮਾ ਨਸਰੀਨ, ਟੈਸੀ ਥਾਮਸ ਅਤੇ ਕੈਥੀ ਜਾਰਵਿਜ਼ ਬਾਰੇ ਪੜ੍ਹਨਯੋਗ ਵੇਰਵੇ ਦਿੱਤੇ ਗਏ ਹਨ। ਇੰਜ ਇਹ ਪੁਸਤਕ ਨਾਰੀ ਪਰਵਾਜ਼ ਦਾ ਕੋਸ਼ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਸੰਵੇਦਨਾ
ਲੇਖਕ : ਗਿਆਨ ਸਿੰਘ 'ਦਰਦੀ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 89688-37829
ਗਿਆਨ ਸਿੰਘ ਦਰਦੀ ਦੇ ਗ਼ਜ਼ਲ-ਸੰਗ੍ਰਹਿ 'ਸੰਵੇਦਨਾ' ਨੂੰ ਮੰਥਨ ਕਰਦਿਆਂ ਸਹਿਜੇ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲਿਖਣਾ ਉਨ੍ਹਾਂ ਲਈ ਕੋਈ ਵਕਤ ਬਿਤਾਉਣ ਵਾਲੀ ਗੱਲ ਨਹੀਂ ਕਿਉਂਕਿ ਉਨ੍ਹਾਂ ਦੀ ਸਾਹਿਤਕ ਸਿਰਜਣਾ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਆਦਮੀ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦੀ ਹੈ। ਉਹ ਕਲਾ, ਕਲਾ ਲਈ ਨਹੀਂ ਬਲਕਿ ਕਲਾ ਲੋਕਾਂ ਲਈ ਦੇ ਸਿਧਾਂਤ ਨੂੰ ਸਮਰਪਿਤ ਹਨ ਅਤੇ ਨਿਰਪੱਖ ਹੋਣ ਦਾ ਪਰਪੰਚ ਰਚਣ ਨਾਲੋਂ ਉਹ ਪਾਲੇ ਦੇ ਇਕ ਪਾਸੇ ਖੜ੍ਹਨਾ ਪਸੰਦ ਕਰਦੇ ਹਨ:
ਮਾਰਦਾ ਅਵਾਮ ਦੇ ਹੈ ਹੱਕਾਂ
ਉੱਤੇ ਜਿਹੜਾ ਡਾਕਾ,
ਇਸ ਤਰ੍ਹਾਂ ਦਾ ਰਾਜ ਤੇ
ਕਾਨੂੰਨ ਨਹੀਂ ਪ੍ਰਵਾਨ ਮੈਨੂੰ।
ਗਿਆਨ ਸਿੰਘ ਦਰਦੀ ਗੁਰੂ ਨਾਨਕ ਸਾਹਿਬ ਦੇ ਨਾਂਅ ਜਪਣ ਦੇ ਨਾਲ-ਨਾਲ ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਫ਼ਲਸਫ਼ੇ ਦੇ ਧਾਰਨੀ ਹਨ। ਜੇਕਰ ਮਨੁੱਖ ਨਿੱਜ ਤੋਂ ਉੱਪਰ ਉੱਠ ਕੇ ਥੋੜ੍ਹਾ ਜਿਹਾ ਹੋਰਨਾਂ ਲਈ ਵੀ ਜਿਊਣਾ ਸ਼ੁਰੂ ਕਰ ਦੇਵੇ, ਤਾਂ ਸਾਨੂੰ ਝੂਠੇ-ਮੂਠੇ ਕਿਸੇ ਸਵਰਗ ਦੀ ਕਲਪਨਾ ਕਰਨ ਦੀ ਜ਼ਰੂਰਤ ਨਹੀਂ ਰਹੇਗੀ ਬਲਕਿ ਇਹ ਧਰਤੀ ਹੀ ਸਾਡੇ ਲਈ ਸਹੀ ਅਰਥਾਂ ਵਿਚ ਸਵਰਗ ਬਣ ਜਾਵੇਗੀ। ਥੋੜ੍ਹੇ ਜਿਹੇ ਸ਼ਬਦਾਂ ਵਿਚ ਵੱਡੀ ਗੱਲ ਕਹਿ ਜਾਣਾ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹਾਸਲ ਹੈ:
ਲੋੜ ਤੋਂ ਵੱਧ ਕੋਲ ਜਿਹੜਾ,
ਵੰਡ ਗ਼ਰੀਬਾਂ ਗੁਰਬਿਆਂ ਵਿਚ,
ਕੋਲ ਆਪਣੇ ਖਾਣ ਤੇ ਬਸ
ਪੀਣ ਜੋਗਾ ਮਾਲ ਰੱਖਣਾ।
ਫੁੱਲਾਂ ਨਾਲ ਪਿਆਰ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਪਰ ਗਿਆਨ ਸਿੰਘ ਦਰਦੀ ਇਕ ਅਜਿਹੇ ਬਾਕਮਾਲ ਗ਼ਜ਼ਲਕਾਰ ਹਨ, ਜੋ ਫੁੱਲਾਂ ਦੇ ਨਾਲ-ਨਾਲ ਕੰਡਿਆਂ ਨੂੰ ਵੀ ਓਨਾ ਹੀ ਪਿਆਰ ਕਰਦੇ ਹਨ। ਆਪਣਿਆਂ ਨਾਲ ਉਨ੍ਹਾਂ ਦੀ ਮੁਹੱਬਤ ਤਾਂ ਹੈ ਪਰ ਉਹ ਗ਼ੈਰਾਂ ਨੂੰ ਵੀ ਨਫ਼ਰਤ ਨਹੀਂ ਕਰਦੇ। ਉਨ੍ਹਾਂ ਦੀ ਗ਼ਜ਼ਲਕਾਰੀ ਲੋਕ-ਮਨਾਂ ਵਿਚੋਂ ਹਰ ਤਰ੍ਹਾਂ ਦੀ ਕੁੜੱਤਣ ਖ਼ਤਮ ਕਰਨ ਲਈ ਯਤਨਸ਼ੀਲ ਹੈ ਅਤੇ ਅਜੋਕੇ ਪਦਾਰਥਵਾਦੀ ਯੁੱਗ ਦੇ ਘੁੱਪ ਹਨੇਰੇ ਵਿਚ ਆਸ਼ਾ ਦੀ ਕਿਰਨ ਵਾਂਗ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਇਸ ਕਲਿਆਣਕਾਰੀ ਉਪਰਾਲੇ ਨੂੰ ਭਰਪੂਰ ਹੁੰਗਾਰਾ ਮਿਲਣਾ ਚਾਹੀਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਅਲੋਪ ਰੌਣਕਾਂ
ਲੇਖਕ : ਬੇਅੰਤ ਸਿੰਘ ਮਲੂਕਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 71
ਸੰਪਰਕ : 98720-89538
ਸ਼ਾਇਰ ਬੇਅੰਤ ਸਿੰਘ ਮਲੂਕਾ ਜਿਨ੍ਹਾਂ ਨੂੰ ਵਿੱਦਿਆ ਲਈ ਸਮਰਪਿਤ ਪਾਰਦਰਸ਼ੀ ਕਾਰਜਸ਼ੈਲੀ ਬਦਲੇ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਆਪਣੀ ਪਲੇਠੀ ਪੁਸਤਕ 'ਅਲੋਪ ਰੌਣਕਾਂ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਉਸ ਦੀ ਨਜ਼ਮ 'ਅਲੋਪ ਰੌਣਕਾਂ' ਤੋਂ ਸਾਡੇ ਹੱਥ ਆ ਜਾਂਦੀ ਹੈ, ਜਿਥੇ ਉਹ ਪੰਜਾਬੀ ਸੱਭਿਆਚਾਰ ਵਿਚ ਅਲੋਪ ਹੋ ਰਹੀਆਂ ਵਸਤਾਂ ਪ੍ਰਤੀ ਹੇਰਵਾ ਦਿਖਾਉਂਦਾ ਹੈ। ਉਸ ਨੂੰ ਮਧਾਣੀਆਂ, ਕੌਲੀਆਂ, ਪਿੱਪਲਾਂ ਦੀਆਂ ਛਾਵਾਂ, ਹੱਟੀਆਂ ਭੱਠੀਆਂ ਅਤੇ ਖੱਦਰ ਦੇ ਪੌਣੇ ਨਜ਼ਰ ਨਹੀਂ ਆਉਂਦੇ। ਪਦਾਰਥਕ ਚਕਾਚੌਂਧ ਵਿਚ ਅਜਿਹੀਆਂ ਵਿਰਾਸਤੀ ਨਿਸ਼ਾਨੀਆਂ ਦਾ ਖ਼ਤਮ ਹੋ ਜਾਣਾ ਸੁਭਾਵਿਕ ਹੀ ਹੈ ਕਿਉਂਕਿ ਸੱਭਿਆਚਾਰ ਵਿਚ ਕਦੇ ਖੜ੍ਹੋਤ ਨਹੀਂ ਆਉਂਦੀ ਅਤੇ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਸ਼ਾਇਰ ਧੀਆਂ ਦੀ ਕਿਲਕਾਰੀ ਸੁਣਨ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕੀਤੇ ਜਾਣ ਨੂੰ ਵੱਡਾ ਕਲੰਕ ਸਮਝਦਾ ਹੈ। ਬਾਬੇ ਨਾਨਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ 'ਸੋ ਕਿ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।' ਇਸ ਕਾਵਿ ਕਿਤਾਬ ਵਿਚ ਸ਼ਾਇਰ ਵਲੋਂ ਮਮਤਾ ਦੀ ਮੂਰਤ ਮਾਂ ਬਾਰੇ ਜੋ ਨਜ਼ਮ ਲਿਖੀ ਹੈ, ਉਹ ਵਾਕਿਆ ਹੀ ਸਲਾਹੁਣਯੋਗ ਹੈ। ਪੰਜਾਬੀ ਵਿਚ ਪ੍ਰੋ. ਮੋਹਣ ਸਿੰਘ, ਉਰਦੂ ਵਿਚ ਮੁਨੱਵਰ ਰਾਣਾ ਅਤੇ ਅੰਗਰੇਜ਼ੀ ਵਿਚ ਖਲੀਲ ਜਿਬਰਾਨ ਨੇ ਕਿਹਾ ਹੈ ਕਿ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਵਿਚ ਜੇ ਕੋਈ ਸੁੱਚਮਤਾ ਵਾਲਾ ਸ਼ਬਦ ਹੈ ਤਾਂ ਉਹ ਸ਼ਬਦ ਹੈ 'ਮਾਂ'। ਕੁਰਾਨ ਮਜੀਦ ਵਿਚ ਲਿਖਿਆ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੁੰਦੀ ਹੈ, ਸ਼ਾਇਰ ਆਖਦਾ ਹੈ ਕਿ ਜੀਵਨ ਵਿਚ ਤਰੰਗਤੀ ਮੁਹੱਬਤ ਦੇ ਬਹੁਤ ਸਾਰੇ ਅਵਸਰ ਮਿਲਦੇ ਹਨ ਪਰ ਜੋ ਸਕੂਨ ਤੁਹਾਨੂੰ ਆਪਣੇ ਹਮਸਫ਼ਰ ਤੋਂ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲ ਸਕਦਾ। ਧੰਨੇ ਭਗਤ ਨੇ ਵੀ ਮੋਹਰ ਲਗਾ ਦਿੱਤੀ ਹੈ ਕਿ ''ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ।'' ਇਸ ਪਦਾਰਥਵਾਦੀ ਯੁੱਗ ਵਿਚ ਭਾਵੇਂ ਰਿਸ਼ਤਿਆਂ ਦਾ ਗ੍ਰਾਫ਼ ਹੇਠਾਂ ਜਾ ਰਿਹਾ ਹੈ, ਪਰ ਜੋ ਰਿਸ਼ਤਾ ਭੈਣ ਭਰਾ ਦਾ ਹੈ, ਉਹ ਤਾਂ ਪੂਜਣ ਯੋਗ ਹੈ। ਮਜ਼ਦੂਰ ਜਿਸ ਢੰਗ ਨਾਲ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਕੇ ਜ਼ਿੰਦਗੀ ਗੁਜ਼ਰ ਬਸਰ ਕਰ ਰਿਹਾ ਉਸ ਦੇ ਬੁਲੰਦ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ, ਸ਼ਾਇਰ ਰੁੱਖਾਂ ਨੂੰ ਵੀ ਅਧਿਆਪਕ ਮੰਨਦਾ ਹੈ ਤੇ ਉਨ੍ਹਾਂ ਤੋਂ 'ਜੀਰਾਂਦ' ਸਿਰਜਣ ਦੀ ਸਲਾਹ ਦਿੰਦਾ ਹੈ। ਜ਼ਿੰਦਗੀ ਦਾ ਫਲਸਫ਼ਾ ਸਮਝਣ ਲਈ ਉਸ ਦੀ ਨਜ਼ਮ 'ਜ਼ਿੰਦਗੀ' ਰਾਹ ਦਸੇਰਾ ਬਣਦੀ ਹੈ। ਹੋਰ ਵਿਭਿੰਨ ਸਰੋਕਰਾਂ ਨਾਲ ਵੀ ਸ਼ਾਇਰ ਨੇ ਕਾਵਿਕ ਦਸਤਪੰਜਾ ਲਿਆ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਉਹ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਕਿ ਭਵਿੱਖ ਵਿਚੋਂ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਅਸਾਡੇ ਸਨਮੁੱਖ ਕਰਾ ਸਕੇ। ਸ਼ਾਇਰ ਦੀ ਪਲੇਠੀ ਕਾਵਿ-ਕਿਰਤ ਨੂੰ ਹੌਸਲਾ ਅਫ਼ਜ਼ਾਈ ਥਾਪੜਾ ਦੇਣਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਉਲਝੇ ਤਾਣੇ-ਬਾਣੇ
ਲੇਖਕ : ਵਰਿੰਦਰ ਟੱਲੇਵਾਲੀਆ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 94179-23777
ਪੁਸਤਕ ਦੇ ਦੋ ਭਾਗ ਹਨ। ਪਹਿਲਾ ਭਾਗ 34 ਕਹਾਣੀਆਂ, ਕਹਾਣੀਆਂ ਨੁਮਾ ਰਚਨਾਵਾਂ ਦਾ ਹੈ। ਦੂਸਰੇ ਭਾਗ ਵਿਚ 32 ਕਾਵਿ ਰਚਨਾਵਾਂ ਹਨ। ਲੇਖਕ ਨੇ ਦਿਲ ਦੀ ਗੱਲ ਤਹਿਤ ਲਿਖਿਆ ਹੈ ਕਿ ਇਹ ਕਹਾਣੀਆਂ ਹੱਡਬੀਤੀਆਂ ਜਾਂ ਅੱਖੀਂ ਵੇਖੀਆਂ ਘਟਨਾਵਾਂ 'ਤੇ ਆਧਾਰਿਤ ਹਨ। ਪ੍ਰਸਿੱਧ ਲੇਖਕ ਅਜਾਇਬ ਟੱਲੇਵਾਲੀਆ ਨੇ ਲੇਖਕ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ ਹੈ। ਤਤਕਰੇ ਤੋਂ ਪਹਿਲਾਂ ਲੇਖਕ ਨੇ ਆਪਣੇ ਬਚਪਨ, ਪਿੰਡਾਂ ਨਾਲ ਸਾਂਝ, ਸਿੱਖਿਆ, ਪੰਜਾਬੀ ਭਾਸ਼ਾ ਨਾਲ ਪਿਆਰ, ਨੌਕਰੀ, ਪੁਸਤਕ ਛਪਵਾਉਣ ਲਈ ਮਿਲੀ ਪ੍ਰੇਰਨਾ ਆਦਿ ਦਾ ਜ਼ਿਕਰ ਕੀਤਾ ਹੈ। ਆਪਣੇ ਪਿੰਡ ਟੱਲੇਵਾਲ ਬਾਰੇ ਭਰਵੀਂ ਜਾਣਕਾਰੀ 8 ਪੰਨਿਆਂ (17-24) 'ਤੇ ਲਿਖੀ ਹੈ। ਪਿੰਡ ਟੱਲੇਵਾਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਪਿੰਡ ਨਾਲ ਪਿਆਰ, ਪਿੰਡ ਦਾ ਵਿਕਾਸ, ਪ੍ਰਮੁੱਖ ਅਦਾਰੇ, ਪਿੰਡ ਦੀ ਮੁਹੱਬਤ, ਦਾਦਾ ਜੀ ਨਾਲ ਪਿਆਰ, ਪਰਿਵਾਰ, ਬਚਪਨ ਦੀਆਂ ਦਿਲਚਸਪ ਯਾਦਾਂ ਤੇ ਹੋਰ ਬਹੁਤ ਕੁਝ ਹੈ। ਦੋਵੇਂ ਲੇਖਾਂ ਵਿਚ ਰਵਾਨਗੀ ਤੇ ਰੌਚਿਕਤਾ ਹੈ। ਕਹਾਣੀ 'ਰਿਸ਼ਤਾ' ਵਿਚ ਪਿੰਡ ਦੇ ਮੇਲੇ ਵਿਚ ਦੋ ਜਵਾਨ ਦਿਲਾਂ ਦੀ ਮੁਹੱਬਤ ਹੈ। ਕਹਾਣੀ 'ਫਰਿਸ਼ਤਾ' ਦੀ ਰਜ਼ੀਆ ਮੈਡਮ ਆਪਣੀ ਜ਼ਿੰਦਗੀ ਦੇ ਦੁੱਖਾਂ ਦੀ ਗੱਲ ਕਰਦੀ ਹੈ। ਉਹ ਦਿਲੋਂ ਉਦਾਸ ਹੈ। 'ਧਰਤੀ ਹੇਠਲਾ ਬਲਦ' ਵਿਚ ਔਲਾਦ ਕੋਲੋਂ ਦੁਖੀ ਮਾਪਿਆਂ ਦੀ ਦਾਸਤਾਨ ਹੈ। ਇਕ ਰਚਨਾ ਪੰਜਾਬੀ ਗਾਇਕੀ ਦੇ ਬੋਹੜ ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਨਾਲ ਨੇੜਤਾ ਦਾ ਦਿਲਚਸਪ ਜ਼ਿਕਰ ਹੈ। ਲੇਖਕ ਉਸ ਸਮੇਂ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਸੀ ਤੇ ਯਮਲਾ ਜੀ ਦੇ ਘਰ ਦਾ ਬਿਜਲੀ ਮੀਟਰ ਸੜ ਗਿਆ ਸੀ। ਇਸ ਕਹਾਣੀ ਵਿਚ ਯਮਲਾ ਜੀ ਦੇ ਗੀਤਾਂ ਦਾ ਵਿਆਖਿਆ ਸਹਿਤ ਜ਼ਿਕਰ ਹੈ। ਰਚਨਾ 'ਮੈਂ ਕਿਉਂ ਲਿਖਦਾ ਹਾਂ?' ਸੰਨ 1980 ਦੀ ਲਿਖਤ ਹੈ। ਪੜ੍ਹਨ ਵਾਲੀ ਰਚਨਾ ਹੈ। ਕਹਾਣੀਆਂ ਵਿਚ ਸੰਵਾਦ, ਬਿਰਤਾਂਤ, ਦਿਲਚਸਪ ਕਥਾ ਰਸ ਹੈ। ਕਹਾਣੀਆਂ, ਨਿੱਜੀ ਨਾ ਹੋ ਕੇ ਸਮਾਜ ਦੀ ਬਹੁਪੱਖੀ ਤਸਵੀਰ ਹਨ। ਰਚਨਾ 'ਵਿਗਿਆਨ ਤੋਂ ਦੂਰ' ਵਿਚ ਪੰਜ ਹੈਰਾਨੀਜਨਕ ਘਟਨਾਵਾਂ ਹਨ। ਰਚਨਾਵਾਂ ਦਾ ਆਕਾਰ ਇਕ ਪੈਰੇ ਤੋਂ ਤਿੰਨ ਪੰਨਿਆਂ ਤੱਕ ਹੈ। ਕੁਝ ਰਚਨਾਵਾਂ ਵਿਚ ਮਿੰਨੀ ਰਚਨਾਵਾਂ ਦੀ ਨੁਹਾਰ ਹੈ।
ਕਿਤਾਬ ਦੇ ਦੂਸਰੇ ਭਾਗ ਦੀ ਕਾਵਿ-ਰਚਨਾਵਾਂ ਵਿਚ ਰੁਮਾਂਟਿਕ ਗੀਤ, ਗ਼ਜ਼ਲਾਂ, ਰੁਬਾਈਆਂ, ਟੱਪੇ ਤੇ ਬੋਲੀਆਂ ਹਨ। ਕਾਵਿ-ਰਚਨਾਵਾਂ ਦੇ ਵਿਸ਼ੇ ਸਮਾਜਿਕ ਤੇ ਰੂਹਾਨੀ ਹਨ। ਪੁਸਤਕ ਸਿਰਲੇਖ ਜ਼ਿੰਦਗੀ ਦੀਆਂ ਉਲਝਣਾਂ ਨਾਲ ਜੋੜਿਆ ਹੈ। (ਤੈਨੂੰ ਅੱਖੀਆਂ ਨਾਲ ਪੰਨਾ 112) ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸੰਪੂਰਨ ਸਿੰਘ ਟੱਲੇਵਾਲੀਆ ਨੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਵੱਖ-ਵੱਖ ਵਿਧਾਵਾਂ ਵਾਲੀ ਪੁਸਤਕ ਦਾ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160
ਰਣਜੋਧ ਸਿੰਘ ਦੇ ਹਲਕੇ ਫੁਲਕੇ ਅਤੇ ਵਜ਼ਨਦਾਰ ਟੋਟਕੇ
ਲੇਖਕ : ਰਣਜੋਧ ਸਿੰਘ
ਪ੍ਰਕਾਸ਼ਕ : ਵਿਜਡਮ ਕਲੈਕਸ਼ਨ, ਲੁਧਿਆਣਾ
ਮੁੱਲ : 151 ਰੁਪਏ, ਸਫ਼ੇ : 150
ਸੰਪਰਕ : 98144-22744
ਹਥਲੀ ਪੁਸਤਕ ਲੇਖਕ ਦੇ ਨਾਮਕਰਨ ਅਨੁਸਾਰ ਟੋਟਕਿਆਂ ਦੀ ਕਿਤਾਬ ਹੈ। ਅਸਲ ਵਿਚ ਪੰਜਾਬੀ ਵਿਚ ਅਜੇ ਇਸ ਵਿਧਾ ਦਾ ਢੁਕਵਾਂ ਨਾਮਕਰਨ ਹੀ ਨਹੀਂ ਹੋਇਆ। ਇਨ੍ਹਾਂ ਟੋਟਕਿਆਂ ਨੂੰ ਸਿਆਣਪਾਂ ਜਾਂ ਸਿਆਣੀਆਂ ਗੱਲਾਂ ਵੀ ਕਿਹਾ ਜਾ ਸਕਦਾ ਹੈ। ਪੰਜਾਬ ਦੇ ਬਹੁਤ ਸਾਰੇ ਗੀਤਾਂ ਦੇ ਮੁਖੜੇ ਖ਼ੁਦ ਸਿਆਣਪਾਂ ਪੇਸ਼ ਕਰਦੇ ਹਨ। ਕਈ ਮੁਹਾਵਰੇ ਅਤੇ ਅਖਾਉਤਾਂ ਵੀ ਇਹੀ ਸਿਆਣਪਾਂ ਹਨ। ਪਿਛਲੇ ਸਮੇਂ ਪੰਜਾਬੀ ਦੇ ਕਈ ਲੇਖਕਾਂ ਨੇ ਅਜਿਹੇ ਹੀ ਟੋਟਕਿਆਂ ਦੇ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਕਈ ਲੇਖਕ ਜਿਵੇਂ ਸ. ਨਰਿੰਦਰ ਸਿੰਘ ਕਪੂਰ ਇਸ ਵਿਧਾ ਦੇ ਸਿਰ ਉੱਤੇ ਸੰਸਾਰ ਪ੍ਰਸਿੱਧ ਹੋ ਗਏ ਹਨ। ਉਸ ਦੀਆਂ ਅਜਿਹੀਆਂ ਹੀ ਪੁਸਤਕਾਂ ਦੀ ਮੰਗ ਰਹਿੰਦੀ ਹੈ। ਇਨ੍ਹਾਂ ਟੋਟਕਿਆਂ ਬਾਰੇ ਇਹੀ ਗੱਲ ਹੈ ਕਿ ਜਿਵੇਂ ਹਰ ਸ਼ਾਇਰ ਸਾਰੇ (ਸ਼ੇਅਰ ਆਪਣੇ ਤਨ-ਮਨ ਉੱਤੇ ਹੰਢਾਉਂਦੇ ਨਹੀਂ, ਸਗੋਂ ਖਿਆਲਤ ਨੂੰ ਸ਼ਬਦਾਂ ਦੇ ਵਸਤਰ ਦਿੰਦਾ ਹੈ) ਇਸੇ ਤਰ੍ਹਾਂ ਇਹ ਟੋਟਕੇ ਵੀ ਕੋਈ ਲੇਖਕ ਜੀਵਨ ਵਿਚ ਪਰਖ ਕੇ ਨਹੀਂ ਵੇਖਦਾ, ਸਗੋਂ ਖਿਆਲ ਕਰਕੇ ਲਿਖ ਹੀ ਦਿੰਦਾ ਹੈ। ਕਿਤਾਬ ਵਿਚ ਤਤਕਰਾ ਨਹੀਂ ਹੈ। ਇਨ੍ਹਾਂ ਦਾ ਤਤਕਰਾ ਸਹਿਜ ਨਹੀਂ। ਹਾਂ, ਇਨ੍ਹਾਂ ਨੂੰ ਕਲਾਸੀਫਾਈਡ ਕਰਕੇ ਵੱਖ-ਵੱਖ ਸਿਰਲੇਖਾਂ ਹੇਠ ਰੱਖ ਕੇ ਇਨ੍ਹਾਂ ਦਾ ਤਤਕਰਾ ਬਣ ਵੀ ਸਕਦਾ ਹੈ ਪਰ ਇਸ ਕਾਰਜ ਵਾਸਤੇ ਵੱਡੀ ਮਿਹਨਤ ਜ਼ਰੂਰੀ ਸੀ, ਜੋ ਕਿ ਲੇਖਕ ਨੇ ਨਹੀਂ ਕੀਤੀ। ਲੇਖਕ ਰਣਜੋਧ ਸਿੰਘ ਇਨ੍ਹਾਂ ਟੋਟਕਿਆਂ ਦਾ ਸੋਮਾ ਫੇਸਬੁੱਕ ਨੂੰ ਮੰਨਦਾ ਹੈ। ਫੇਸਬੁੱਕ ਉੱਤੇ ਆਹਮੋ-ਸਾਹਮਣੇ ਕਿਸੇ ਟੋਟਕੇ ਦਾ ਮੁੱਲ ਪੈ ਸਕਦਾ ਹੈ। ਆਓ ਉਸ ਦੇ ਕੁਝ ਟੋਟਕਿਆਂ ਦਾ ਸੁਆਦ ਚਖਦੇ ਹਾਂ।
-ਆਪਣੇ ਦੋਸਤ ਵੱਲ ਦੋਸਤੀ ਦਾ ਹੱਥ ਵਧਾਓ ਪਰ ਇਸ ਦੇ ਹੱਥ ਵਿਚ ਪਿਸਤੌਲ ਦੇਣਾ ਮੂਰਖਤਾ ਹੈ।
-ਜਿੰਨੇ ਸਿਆਣੇ ਸਭ ਲੁਧਿਆਣੇ।
-ਅਸਲੀ ਗਿਆਨ, ਆਪਣੀ ਗਿਆਨਤਾ ਦੀ ਹੱਦ ਦਾ ਪਤਾ ਹੋਣਾ ਹੈ।
-ਜੀਵਨ ਅਨੰਦ ਹੈ ਰੱਬ ਦਾ ਪਿਆਰ ਪਰਮਾਨੰਦ।
-ਭਰੀ ਹੋਈ ਜੇਬ ਨੇ ਦੁਨੀਆ ਦੀ ਪਹਿਚਾਣ ਕਰਵਾ ਦਿੱਤੀ ਤੇ ਖਾਲੀ ਜੇਬ ਨੇ ਇਨਸਾਨਾਂ ਦੀ।
-ਮੈਂ ਇਕੱਲੇ ਰਹਿਣਾ ਪਸੰਦ ਕਰਾਂਗਾ, ਖਾਹ-ਮਖਾਹ ਦੀ ਭੀੜ ਨਾਲੋਂ।
-ਨਫ਼ਰਤ ਓਥੇ ਹੀ ਵਧਦੀ ਹੈ, ਜਿਥੇ ਪਿਆਰ ਦੀ ਘਾਟ ਹੋਵੇ।
-550 ਸਾਲ ਬਾਣੀ ਤੇ ਬਾਣੇ ਨਾਲ
-ਜੀਵਨ ਜਿੰਨਾ ਸਾਦਾ ਰਹੇਗਾ, ਓਨਾ ਹੀ ਘਰ ਕਾਬਾ ਰਹੇਗਾ।
-ਜਿੱਤ ਹਾਸਿਲ ਕਰਨੀ ਹੈ ਤਾਂ ਕਾਬਲੀਅਤ ਵਧਾਓ, ਕਿਸਮਤ ਨਾਲ ਤਾਂ ਲਾਟਰੀ ਹੀ ਨਿਕਲਦੀ ਹੈ।
ਇਸ ਪੁਸਤਕ ਵਿਚ ਕਰੀਬ 150 ਸਫ਼ੇ ਹਨ ਅਤੇ ਔਸਤ ਹਰ ਸਫ਼ੇ ਉੱਤੇ 6 ਟੋਟਕੇ ਹਨ। ਇਸ ਹਿਸਾਬ ਨਾਲ 900 ਟੋਟਕੇ ਹਨ। ਜੇਕਰ ਕੋਈ ਪਾਠਕ ਇਨ੍ਹਾਂ ਟੋਟਕਿਆਂ ਤੋਂ ਸੇਧ ਲੈਣੀ ਚਾਹੇ ਤਾਂ ਉਹ ਅਸਾਨੀ ਨਾਲ ਮਿਲ ਸਕਦੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਹੱਕ : ਪਿਰਤ ਤੇ ਪਰਤਾਂ
ਸੰਪਾਦਕ: ਡਾ. ਜਤਿੰਦਰ ਸਿੰਘ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 300 ਰੁਪਏ ਸਫ਼ੇ: 152
ਸੰਪਰਕ : 94174-78446
ਸਵਰਾਜਬੀਰ ਦੇ ਅੱਠਵੇਂ ਚਰਚਿਤ ਨਾਟਕ 'ਹੱਕ' ਦੀ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਖ/ ਪੜਚੋਲ ਕਰਦੀ ਇਸ ਪੁਸਤਕ 'ਹੱਕ: ਪਿਰਤ ਤੇ ਪਰਤਾਂ' ਵਿਚ ਨਾਟਕ ਕਲਾ ਬਾਰੇ ਗੂੜ੍ਹ ਗਿਆਨ ਰੱਖਦੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਉਘੇ ਲੇਖਕਾਂ ਦੇ ਘੋਖਵੇਂ ਨਜ਼ਰੀਏ ਪੇਸ਼ ਕੀਤੇ ਗਏ ਹਨ। ਰੰਗਮੰਚ ਸਿਰਮੌਰ ਨਿਰਦੇਸ਼ਕ ਕੇਵਲ ਧਾਲੀਵਾਲ ਦਾ ਕਥਨ ਅਨੁਸਾਰ 'ਹੱਕ' ਨਾਟਕ ਦੀ ਪੇਸ਼ਕਾਰੀ ਨੇ ਵੰਗਾਰ ਪੈਦਾ ਕਰ ਦਿੱਤੀ ਹੈ ਕਿ ਮਨੁੱਖੀ ਜ਼ਿੰਦਗੀ ਦੇ ਵਲਵਲਿਆਂ ਦੀ ਕਲਾਤਮਿਕ ਰੂਪ ਦੀ ਪੇਸ਼ਕਾਰੀ ਲਈ ਪੰਜਾਬੀ ਰੰਗਮੰਚ ਨੂੰ ਨਵੇਂ ਵਿਸ਼ਿਆਂ ਦੇ ਖੋਜਾਰਥੀ ਬਣਨਾ ਪਵੇਗਾ। ਹੱਕੀ ਸਮਾਜ ਦੀ ਗੱਲ ਤੋਰਦਿਆਂ ਦੇਸਰਾਜ ਕਾਲੀ ਨੇ ਜਾਤਾਂ-ਪਾਤਾਂ ਵਿਚਲੇ ਅਸਾਵੇਂ ਹੱਕਾਂ ਉਪਰ ਬੇਬਾਕੀ ਨਾਲ ਉਂਗਲ ਧਰੀ ਹੈ। ਸਤਿਆਪਾਲ ਗੌਤਮ ਨੇ 'ਮੰਝਿ ਵਿਸੂਲਾ ਬਾਗ' ਸਿਰਲੇਖ ਰਾਹੀਂ ਕੁਦਰਤੀ ਹਰਿਆਵਲ/ ਰੁੱਖਾਂ ਦੀ ਸੋਹਜਮਈ ਸੁੰਦਰਤਾ ਦੀ ਬਰਾਬਰੀ ਸ਼ਹਿਰ ਦੀ ਬਨਾਉਟੀ/ਅਖੌਤੀ ਖੂਬਸੂਰਤੀ ਕਦਾਚਿਤ ਮੁਕਾਬਲਾ ਨਹੀਂ ਕਰ ਸਕਦੀ, ਦੀ ਗੱਲ ਕੀਤੀ ਹੈ। ਪ੍ਰੋਫ਼ੈਸਰ ਰਾਕੇਸ਼ ਰਮਨਾ ਅਨੁਸਾਰ ਨਵੀਂ ਬਹਿਸ ਛੇੜਨ ਵਾਲਾ 'ਹੱਕ' ਨਾਟਕ ਪਿੰਡਾਂ 'ਚੋਂ ਗੁਆਚ ਰਿਹਾ ਅਸਲ ਪਿੰਡ, ਗ਼ੈਰ ਬਰਾਬਰੀ, ਹਿੰਸਾ ਅਤੇ ਅਨਿਆਂ ਖ਼ਿਲਾਫ਼ ਰੋਸ ਸੰਘਰਸ਼ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਦਾ ਇਕ ਕਿੱਸਾ ਹੈ। ਐਸ਼ ਭਰੇ ਕੁਕਰਮਾਂ ਦੀ ਭਾਈਵਾਲੀ ਜਦ ਆਪਣੀ ਹੀ ਇੱਜ਼ਤ ਉਤੇ ਹਮਲਾਵਰ ਹੋ ਜਾਏ ਤਾਂ ਕੁਕਰਮ ਅਸਲ ਰੂਪ ਵਿਚ ਦਿਸਣ ਲੱਗ ਜਾਂਦੇ ਹਨ। ਇਸ ਕੋਹਜ ਭਰੀ ਭਾਈਵਾਲੀ ਦੀ ਭਾਗੀਦਾਰੀ ਦੇ ਸਿੱਟੇ ਕਰਕੇ ਹੀ ਬਚਨੇ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਡਾ. ਅਮਨਦੀਪ ਕੌਰ ਦੇ ਵਿਚਾਰਾਂ ਵਿਚ 'ਹੱਕ' ਨਾਟਕ ਕੁਦਰਤੀ ਵਸੀਲਿਆਂ, ਮਨੁੱਖੀ ਰਿਸ਼ਤਿਆਂ ਦੀ ਨੈਤਿਕਤਾ ਤੇ ਅਨੈਤਿਕਤਾ ਸਾਂਝ, ਧਰਮ ਤੇ ਇਸ ਨਾਲ ਜੁੜੇ ਕਰਮਕਾਂਡ ਦੀ ਦਵੰਦਮਈ ਵਿਰੋਧਾਭਾਸੀ ਸਬੰਧਾਂ ਦਾ ਉਭਾਰ ਹੈ।
ਹਰਵਿੰਦਰ ਸਿੰਘ ਰੋਡੇ ਨੇ ਪਰਾਏ ਹੱਕਾਂ ਉਤੇ ਡਾਕਾ ਮਾਰਨਾ ਜਗੀਰੂ ਸੋਚ ਵਲੋਂ ਆਪਣਾ ਜੱਦੀ ਪੁਸ਼ਤੀ ਹੱਕ ਸਮਝਣ, ਗੁਰਪ੍ਰੀਤ ਸਿੰਘ ਨੇ 'ਹਕੂਕ ਲਈ ਜੂਝਦੀ ਔਰਤ ਦਾ ਬਿਰਤਾਂਤ : ਹੱਕ', ਸਤਵਿੰਦਰ ਕੌਰ ਨੇ ਨਾਟਕ 'ਹੱਕ' ਵਿਚਲੇ ਲੋਕਧਾਰਾਈ ਪਾਸਾਰ (ਧਾਗੇ ਤਵੀਤਾਂ ਤੇ ਅਥਾਹ ਵਿਸ਼ਵਾਸ, ਅਣਖੀ ਤੇ ਬੇਅਣਖੀ ਬਿਰਤੀ ਆਦਿ), ਕਿਰਪਾਲ ਸਿੰਘ ਯੁੱਗ ਪਰਿਵਰਤਨ ਦੀ ਗਾਥਾ ਨਾਟਕ 'ਹੱਕ' ਦੀ ਗੱਲ ਕੀਤੀ ਹੈ ਉਥੇ ਖੁਦ ਨਾਟਕਕਾਰ ਸਵਰਾਜਬੀਰ ਨੇ ਮੰਨਿਆ ਹੈ ਕਿ ਇਸ ਨਾਟਕ ਦੀ ਲੇਖਣੀ ਸਮੇਂ 'ਹੱਕ' ਦੇ ਕਿਰਦਾਰ ਅਤੇ ਕਿਰਦਾਰਾਂ ਦਾ ਹੱਕ ਬਦੋ ਬਦੀ ਆਪ-ਮੁਹਾਰੇ ਹੀ ਫੁੱਟਦਾ ਗਿਆ ਤੇ ਆਲੇ ਦੁਆਲੇ ਰਚਦਾ ਮਿਚਦਾ ਗਿਆ। ਇਸ ਪੁਸਤਕ ਦੇ ਆਖਰ ਵਿਚ ਅੰਗਰੇਜ਼ੀ ਭਾਸ਼ਾ ਵਿਚ ਭਗਵਾਨ ਜੋਸ਼, ਮਾਧਵੀ ਕਟਾਰੀਆ , ਮੁਹੰਮਦ ਸੋਹਲ, ਅਮਨਦੀਪ ਕੌਰ ਦੇ ਤਿੰਨ ਲੇਖ ਤੇ ਸਪਨਪ੍ਰੀਤ ਕੌਰ ਵਲੋਂ ਸਵਰਾਜਬੀਰ ਨਾਲ ਇੰਟਰਵਿਊ ਨਾਟਕ 'ਹੱਕ' ਦੀ ਅਲੋਚਨਾ ਨੂੰ ਹੋਰ ਵੀ ਭਾਵਪੂਰਤ ਤੇ ਵਿਸ਼ਾਲ ਬਣਾਉਣ ਵਿਚ ਸਹਾਈ ਹੁੰਦੇ ਹਨ ਕਿ ਹੱਕਾਂ ਦੀ ਰਾਖੀ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਮਨੋਮਨੀ ਜੂਝਣਾ ਹੀ ਪੈਂਦਾ ਹੈ। ਧਨ ਕੁਬੇਰਾਂ ਵਲੋਂ ਮਿਹਨਤਕਸ਼ਾਂ ਨੂੰ ਲਿਤਾੜਨ ਤੇ ਉਨ੍ਹਾਂ ਦੀ ਲੁੱਟ ਖਸੁੱਟ ਦੀ ਇਹ ਤ੍ਰਾਸਦੀ ਯੁੱਗ ਯੁਗਾਂਤਰਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਹੀ ਆ ਰਹੀ ਹੈ।
-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਾਂ ਦੀਆਂ ਲਾਡਾਂ
ਲੇਖਕ : ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98726-37177
'ਮਾਂ ਦੀਆਂ ਲਾਡਾਂ' ਕਾਵਿ ਸੰਗ੍ਰਹਿ ਉਜਾਗਰ ਸਿੰਘ ਭੰਡਾਲ ਹੁਰਾਂ ਦੀ ਕਿਰਤ ਹੈ। ਇਸ ਕਾਵਿ ਸੰਗ੍ਰਹਿ ਵਿਚ 'ਮਾਂ ਦੀ ਲਾਡਾਂ' ਤੋਂ ਲੈ ਕੇ 'ਪਿਆਰ ਦੀ ਕਦਰ' ਤੱਕ ਲਗਭਗ 81 ਸਰੋਦੀ ਕਵਿਤਾਵਾਂ ਹਨ, ਜਿਨ੍ਹਾਂ ਨੂੰ ਗੀਤ, ਗ਼ਜ਼ਲ ਅਤੇ ਸਰੋਦੀ ਕਵਿਤਾਵਾਂ ਆਦਿ ਕਾਵਿ-ਰੂਪਾਂ ਦੀ ਸੁਚੱਜੀ ਵਰਤੋਂ ਕਰਦਿਆਂ 'ਮਾਂ' ਦੀਆਂ ਰਹਿਮਤਾਂ ਅਤੇ ਮਮਤਾ ਭਰੀ ਵੇਦਨਾ ਦਾ ਪ੍ਰਗਟਾ ਕੀਤਾ ਹੈ। ਸਮਰਪਣ ਵਿਚ ਹੀ ਤਿੰਨ ਇਸਤਰੀ ਰੂਪਾਂ : ਮਾਂ, ਭੈਣ ਅਤੇ ਪਤਨੀ ਦੇ ਨਿੱਘੇ ਪਿਆਰ, ਮੋਹ-ਮਮਤਾ ਅਤੇ ਰਿਸ਼ਤਿਆਂ ਦੀ ਪਾਕੀਜ਼ਦਗੀ ਦੇ ਅਨੁਭਵ ਨੂੰ ਪ੍ਰਗਟਾਉਂਦਿਆਂ, ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਰਿਸ਼ਤਿਆਂ, ਸਮਾਜਿਕ ਮੁੱਦਿਆਂ , ਭਾਈਚਾਰਕ ਸਾਂਝ, ਸੱਭਿਆਚਾਰਕ ਰਵਾਇਤਾਂ, ਸਮੇਂ ਦੀ ਅਨੁਕੂਲਤਾ ਅਨੁਸਾਰ ਸਰੋਕਾਰਾਂ ਨੂੰ ਕਾਵਿਕ-ਜੁਗਤਾਂ ਰਾਹੀਂ ਪੇਸ਼ ਕੀਤਾ ਹੈ। ਕਵੀ ਦੀਆਂ ਇਹ ਸਤਰਾਂ ਪ੍ਰਸੰਗਿਕ ਵਿਸ਼ਿਆਂ ਦੀ ਪੇਸ਼ਕਾਰੀ ਨੂੰ ਸਮਝਣ ਵਿਚ ਜਿਥੇ ਸਹਾਇਕ ਰੂਪ ਵਿਚ ਮਾਰਗ ਦਰਸ਼ਨ ਕਰਦੀਆਂ ਹਨ, ਉਥੇ ਹੀ ਕਵੀ ਦੇ ਕਰਤੱਵ ਵਲ ਵੀ ਸੰਕੇਤ ਕਰਦੀਆਂ ਹਨ। 'ਕਵੀ ਲਿਖ ਕੇ' ਕਵਿਤਾ ਨੇ ਛੱਡ ਜਾਂਦੇ, ਬੋਲ ਜਿਨ੍ਹਾਂ ਨੇ ਸਦੀਆਂ ਤੱਕ ਗੂੰਜਦੇ ਨੇ, ਕਵੀ ਮਿੱਤਰ ਨੇ ਹੱਸਦੇ ਹਸਾਉਂਦਿਆਂ ਦੇ, ਕਵੀ ਰੋਂਦਿਆਂ ਦੇ ਹੰਝੂ ਪੂੰਝਦੇ ਨੇ। ਮਾਂ ਦੀ ਮਮਤਾ ਨਾਲ ਹੀ 'ਮਾਂ ਦੀਆਂ ਲਾਡਾਂ', 'ਮਾਂ ਦੀ ਮਮਤਾ', 'ਮਾਵਾਂ ਠੰਢੀਆਂ ਛਾਵਾਂ', 'ਮਾਂ' ਆਦਿ ਕਵਿਤਾਵਾਂ ਸੰਬੰਧਿਤ ਹਨ। ਮਨੁੱਖ ਦੀਆਂ ਤਿੰਨ ਮਾਵਾਂ : ਮਾਂ ਜਣਨੀ, ਮਾਂ ਬੋਲੀ ਅਤੇ ਮਾਂ ਧਰਤੀ ਨਾਲ 'ਮਾਂ ਬੋਲੀ ਪੰਜਾਬੀ', 'ਪੰਜਾਬ ਦੀ ਮਿੱਟੀ', 'ਨੀ ਮਿੱਟੀਏ', 'ਵਤਨ ਦੀ ਮਿੱਟੀ', 'ਨੀ ਕਲਮੇ', 'ਦੁੱਖ ਪਰਦੇਸਾਂ ਦੇ', 'ਆਪਣਾ ਵਤਨ', 'ਮਾਂ ਬੋਲੀ ਦਾ ਆਸ਼ਕ' ਆਦਿ ਕਵਿਤਾਵਾਂ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ ਹਨ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਸੰਬੰਧ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਿਆਂ : ਮਾਂ, ਪਿਓ, ਧੀ, ਪੁੱਤਰ, ਮਾਂ ਬੋਲੀ, ਮਾਂ ਧਰਤੀ ਨਾਲ ਸੰਬੰਧਿਤ ਵੇਦਨਾਵਾਂ, ਸੰਵੇਦਨਾਵਾਂ ਦਾ ਮਾਰਮਿਕ ਪ੍ਰਗਟਾ ਹੈ। ਇਸ ਦੇ ਨਾਲ ਹੀ 'ਲਹੂ' ਅਤੇ 'ਅ-ਲਹੂ' ਦੇ ਸਮਾਜਿਕ ਰਿਸ਼ਤਿਆਂ ਦੀ ਪਹਿਚਾਣ, ਸਾਰਥਿਕਤਾ ਅਤੇ ਅਨੁਭਵ ਨਾਲ ਸੰਬੰਧਿਤ ਮੰਨੇ ਜਾ ਸਕਦੇ ਹਨ। ਕਾਵਿ-ਭਾਸ਼ਾ ਦੀ ਸਰਲਤਾ, ਸਾਦਗੀ ਵੀ ਪ੍ਰਮੁੱਖ ਗੁਣ ਅਨੁਭਵ ਕਾਵਿ-ਪਾਠਕ ਮਹਿਸੂਸ ਕਰੇਗਾ। 'ਬੰਦੇ ਦੇ ਪੈਰੀ' ਕਵਿਤਾ ਦੇ ਹੇਠ ਲਿਖੇ ਬੋਲ ਇਸ ਪ੍ਰਸੰਗ 'ਚ ਦੇਖੇ ਜਾ ਸਕਦੇ ਹਨ:
ਧਰਮ ਦੇ ਨਾਂਅ 'ਤੇ ਖ਼ੂਨ ਖ਼ਰਾਬਾ
ਕਰਦੇ ਧਰਮਾਂ ਵਾਲੇ ਲੋਕ
ਰੱਬ ਦੀ ਜੇਬ ਵੀ ਕੱਟ ਲੈਂਦੇ,
ਗੋਲਕ ਦੇ ਤੋੜ ਤਾਲੇ ਲੋਕ।
ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ। ਉਜਾਗਰ ਸਿੰਘ ਭੰਡਾਲ ਹੁਰਾਂ ਨੂੰ ਹਾਰਦਿਕ ਵਧਾਈ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਕੂੰਜਾਂ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 376
ਸੰਪਰਕ : 95011-45039
ਜਸਵਿੰਦਰ ਰੱਤੀਆਂ ਦੀਆਂ ਪ੍ਰਮੁੱਖ ਰਚਨਾਵਾਂ ਨਵ ਕਿਰਨ (ਨਾਵਲ) 1996, ਹੱਥੀਂ ਤੋਰੇ ਸੱਜਣਾਂ ਨੂੰ (ਨਾਵਲ ) 2001, ਨਜੂਮੀ (ਕਹਾਣੀ ਸੰਗ੍ਰਹਿ) 2015, ਕੰਡਿਆਲੇ ਸਾਕ (ਨਾਵਲ) 2021 ਆਦਿ ਹਨ। ਹੱਥਲਾ ਨਾਵਲ ਕੂੰਜਾਂ ਜਸਵਿੰਦਰ ਰੱਤੀਆਂ ਦੇ ਜੀਵਨ ਤਜਰਬਿਆਂ ਵਿਚੋਂ ਹੋਂਦ ਗ੍ਰਹਿਣ ਕਰਦਾ ਹੈ। ਕੂੰਜਾਂ ਦੀ ਉਡਾਰੀ ਦੂਜੇ ਦੇਸ਼ਾਂ ਦੇ ਸਫ਼ਰ ਦੀ ਰਹੀ ਹੈ। ਕੂੰਜਾਂ ਸਰਦ ਰੁੱਤ ਵਿਚ ਗਰਮ ਦੇਸ਼ਾਂ ਵੱਲ ਪਰਵਾਸ ਕਰਦੀਆਂ ਹਨ। 'ਕੂੰਜਾਂ' ਨੂੰ ਪ੍ਰਤੀਕ ਵਜੋਂ ਵਰਤ ਕੇ ਪਰਵਾਸ ਦੇ ਜੀਵਨ ਦੀ ਕਾਰਜ-ਪ੍ਰਣਾਲੀ ਨੂੰ ਰੂਪਮਾਨ ਕੀਤਾ ਹੈ। ਨਾਵਲ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ ਪਹਿਲਾ ਭਾਗ ਪ੍ਰਧਾਨ ਕਥਾਨਕ ਦੇਸੀ ਕੂੰਜਾਂ ਵਜੋਂ ਉਭਰਦਾ ਹੈ ਤੇ ਉਪ ਕਥਾਨਕ ਜੀਵਨ ਹਯਾਤੀ ਤੇ ਸੰਸਾਰ ਨਾਲ ਦਵੰਦ ਰਚਾਉਂਦੇ ਹਨ। ਬਿਰਤਾਂਤ ਅੰਦਰ ਬਿਰਤਾਂਤ ਦੀ ਜੁਗਤ ਨਾਲ ਕਰੋਨਾ ਮਹਾਂਮਾਰੀ ਕਾਰਨ ਸੰਸਾਰ ਦੀ ਨਿਰਾਸ਼ ਤਸਵੀਰ ਉਭਰਦੀ ਹੈ। ਕਰੋਨਾ ਕਾਰਨ ਪਰਿਵਾਰਾਂ ਦੇ ਪਰਿਵਾਰ ਮੌਤ ਦੇ ਮੂੰਹ ਜਾ ਪਏ। ਚਾਰੇ ਪਾਸੇ ਸਹਿਮ ਤੇ ਡਰ ਦੇ ਮਾਹੌਲ ਨੇ ਭਾਈਚਾਰਕ ਸਾਂਝਾ ਨੂੰ ਤੋੜਿਆ ਪਰ ਕਿਸਾਨ ਅੰਦੋਲਨ ਨੇ ਆਸ ਦੀ ਕਿਰਨ ਪੈਦਾ ਕੀਤੀ। ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਦਿੱਲੀ ਬਾਰਡਰਾਂ ਉੱਤੇ ਹੱਕ-ਸੱਚ ਤੇ ਆਪਣੇ ਖੇਤਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਜਾਰੀ ਰੱਖਿਆ। ਕਰੋਨਾ ਦੀ ਦਹਿਸ਼ਤ ਖ਼ਤਮ ਹੋਣ ਲੱਗੀ ਤੇ ਸਰਕਾਰੀ ਨੀਤੀਆਂ ਦਾ ਪਰਦਾਫਾਸ਼ ਹੋਇਆ। ਨਾਵਲ ਦੀ ਪਾਤਰ ਬਲਜੀਤ ਕੌਰ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੁੰਦੀ ਹੈ, ਜਿਸ ਨਾਲ ਨਾਰੀ ਸ਼ਕਤੀ, ਕਿਸਾਨੀ ਅੰਦੋਲਨ ਨੂੰ ਹਲੂਣਾ ਦਿੰਦੀ ਹੈ। ਨਾਵਲੀ ਬਿਰਤਾਂਤ ਆਮ ਜੀਵਨ ਦੀ ਤਸਵੀਰਕਸ਼ੀ ਕਰਦਾ ਹੋਇਆ ਮਨੁੱਖਤਾ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਾ ਤੇ ਇਸ ਦੇ ਹੱਲ ਲਈ ਪ੍ਰਸ਼ਨ ਉਠਾਉਂਦਾ ਹੈ ਤਾਂ ਜੋ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਛੱਡ ਕੇ ਆਮ ਲੋਕਾਈ ਦੇ ਵਿਕਾਸ ਲਈ ਸੋਚਣ। ਪਿੰਡਾਂ ਵਿਚ ਵਧ ਰਹੀ ਨਸ਼ਿਆਂ ਦੀ ਭਰਮਾਰ ਨੂੰ ਵੀ ਉਜਾਗਰ ਕੀਤਾ ਹੈ। ਨਸ਼ਿਆਂ ਦਾ ਧੰਦਾ ਕਰਨ ਵਾਲੇ ਸਰਪੰਚ ਦੇ ਪਿੱਛੇ ਪੁਲਿਸ ਤੰਤਰ ਤੇ ਨੇਤਾ ਖੜ੍ਹੇ ਹਨ ਪਰ ਬਲਜੀਤ ਦੁਆਰਾ ਇਨ੍ਹਾਂ ਵਿਰੁੱਧ ਆਰੰਭਿਆ ਸੰਘਰਸ਼ ਕਾਮਯਾਬ ਹੁੰਦਾ ਹੈ ਤੇ ਉਹ ਸਰਪੰਚ ਨੂੰ ਸਜ਼ਾ ਦਿਵਾਉਣ ਵਿਚ ਸਫ਼ਲ ਹੁੰਦੀ ਹੈ। ਇਥੇ ਨਾਵਲ ਦਾ ਸਾਕਾਰਾਤਮਕ ਪੱਖ ਉਭਰਦਾ ਹੈ ਜਿੱਥੇ 'ਪਾਪ ਦਾ ਖਾਤਮਾ' ਤੇ 'ਸੱਚ' ਦੀ ਜਿੱਤ ਹੁੰਦੀ ਹੈ।
ਦੂਜਾ ਭਾਗ 'ਵਲਾਇਤੀ ਕੂੰਜਾਂ' ਬਿਰਤਾਂਤ ਅਧੀਨ ਜਗਮੀਤ ਇੰਗਲੈਂਡ ਪਹੁੰਚ ਜਾਂਦਾ ਹੈ। ਇਸ ਭਾਗ ਵਿਚ ਪਰਵਾਸ ਦੀਆਂ ਸਮੱਸਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇੰਗਲੈਂਡ ਵਿਚ ਤਿੰਨ ਪੀੜ੍ਹੀਆਂ ਦੀ ਜੀਵਨ ਹਯਾਤੀ ਤੇ ਖਿਚੋਤਾਣ ਦਾ ਜ਼ਿਕਰ ਮਿਲਦਾ ਹੈ। ਵਿਕਰਮ, ਚੰਨੀ ਤੇ ਸ਼ਰਨ ਵਰਗੇ ਪਾਤਰ ਪੰਜਾਬ ਤੋਂ ਇੰਗਲੈਂਡ ਆ ਵਸੇ ਹਨ ਤੇ ਉਨ੍ਹਾਂ ਦੀ ਸੋਚ ਰਵਾਇਤੀ ਕਿਸਮ ਦੀ ਹੋਣ ਕਰਕੇ ਜੈਟੀ ਵਰਗੇ ਪਾਤਰਾਂ ਦੇ ਵਿਰੋਧ ਵਜੋਂ ਕਾਇਮ ਰਹਿੰਦੀ ਹੈ। ਇਸ ਤੋਂ ਇਲਾਵਾ ਸਟੱਡੀ ਬੇਸ ਉੱਤੇ ਆਏ ਵਿਦਿਆਰਥੀ ਕਾਨੂੰਨੀ ਤੇ ਗ਼ੈਰ-ਕਾਨੂੰਨੀ
ਪਾਪਾ, ਵੀ ਆਰ ਫਰੈਂਡ ਯਾਰ!
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 304
ਸੰਪਰਕ : 98720-92101
ਅਨੇਮਨ ਸਿੰਘ ਪੰਜਾਬੀ ਕਹਾਣੀ ਵਿਚ ਜ਼ਿਕਰਯੋਗ ਨਾਂਅ ਹੈ। ਉਸ ਨੇ 4 ਮੌਲਿਕ ਕਿਤਾਬਾਂ ਤੋਂ ਇਲਾਵਾ ਸੰਪਾਦਨਾ (4), ਸਹਿ ਸੰਪਾਦਨਾ (3) ਅਤੇ ਅਨੁਵਾਦ (4) ਦੇ ਖੇਤਰ ਵਿਚ ਵੀ ਚੰਗਾ ਕੰਮ ਕੀਤਾ ਹੈ। ਉਸ ਦੀ ਇਕ ਕਹਾਣੀ ਤੇ ਫ਼ਿਲਮ ਵੀ ਬਣ ਰਹੀ ਹੈ। ਸਮੀਖਿਆ ਅਧੀਨ ਕਿਤਾਬ ਵਿਚ ਪਿਤਾ 'ਤੇ ਕੇਂਦਰਿਤ 31 ਕਹਾਣੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਨੂੰ ਸੰਪਾਦਕ ਨੇ ਲੇਖਕਾਂ ਦੇ ਨਾਂਅ (ੳ, ਅ, ੲ ਕ੍ਰਮ) ਅਨੁਸਾਰ ਤਰਤੀਬ ਦਿੱਤੀ ਹੈ। ਇਸ ਸੰਗ੍ਰਹਿ ਵਿਚਲੇ ਸਾਰੇ ਹੀ ਕਥਾਕਾਰ ਇਸ ਖੇਤਰ ਦੇ ਥੰਮ੍ਹ ਹਨ, ਜਿਨ੍ਹਾਂ ਨੇ ਪਿਤਾ ਨੂੰ ਕੇਂਦਰ ਵਿਚ ਰੱਖ ਕੇ ਵੱਖ-ਵੱਖ ਵਿਸ਼ਿਆਂ ਤੇ ਕਹਾਣੀ-ਸਿਰਜਣਾ ਕੀਤੀ ਹੈ। ਇਹ ਕਥਾਕਾਰ ਕੁਝ ਯੁਵਾ ਹਨ, ਕੁਝ ਸਥਾਪਤ। ਕੁਝ ਪੁਰਸਕਾਰ ਜੇਤੂ ਹਨ, ਕੁਝ ਪਰਵਾਸੀ। ਮੈਨੂੰ ਇਸ ਵਿਚੋਂ ਕੋਈ ਵੀ ਕਹਾਣੀਕਾਰ ਅਜਿਹਾ ਨਹੀਂ ਮਿਲਿਆ ਜਿਹੜਾ ਅਸਲੋਂ ਹੀ ਅਣਗੌਲਿਆ ਹੋਵੇ। ਇਸ ਲਈ ਇਕ-ਦੋ ਕਹਾਣੀਕਾਰਾਂ ਦਾ ਨਾਂਅ ਲੈ ਕੇ ਦੂਜਿਆਂ ਦੀ ਅਵਹੇਲਨਾ ਕਰਨਾ ਸ਼ੋਭਨੀਕ ਨਹੀਂ ਹੈ। ਕੁਝ ਕਥਾਕਾਰਾਂ ਦੀਆਂ ਕਹਾਣੀਆਂ ਕਿਸੇ ਨਾ ਕਿਸੇ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਵੀ ਹਨ। ਅਨੇਮਨ ਨੇ ਇਸ ਪੁਸਤਕ ਦੀ ਸੰਖਿਪਤ ਭੂਮਿਕਾ ਵਿਚ ਮਾਪਿਆਂ, ਵਿਸ਼ੇਸ਼ ਕਰਕੇ ਪਿਤਾ ਦੇ ਯੋਗਦਾਨ ਨੂੰ ਅੰਕਿਆ ਹੈ। ਸੰਪਾਦਕ ਨੇ ਖਾਸ ਤੌਰ 'ਤੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਜੇ ਸਾਡੇ ਮਾਪੇ ਬਿਰਧ ਆਸ਼ਰਮਾਂ ਵਿਚ ਰੁਲਣ ਲਈ ਮਜਬੂਰ ਹਨ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਆਪਣਾ ਬੁਢਾਪਾ ਵੀ ਦਾਅ 'ਤੇ ਲੱਗਿਆ ਹੋਇਆ ਹੈ। ਜਿਵੇਂ ਪਿਤਾ ਧੀ ਲਈ ਉਸ ਦੇ ਜੀਵਨ ਵਿਚ ਆਉਣ ਵਾਲਾ ਪਹਿਲਾ ਹੀਰੋ ਹੁੰਦਾ ਹੈ, ਉਸੇ ਤਰ੍ਹਾਂ ਪੁੱਤਰ ਲਈ ਪਹਿਲਾ ਦੋਸਤ ਹੁੰਦਾ ਹੈ। ਸੰਪਾਦਕ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਹੈ ਕਿ ਸੰਤਾਨ ਦੇ ਜੀਵਨ ਵਿਚ ਪਿਤਾ ਵਲੋਂ ਨਿਭਾਈ ਭੂਮਿਕਾ ਆਪਣੀ ਸਮੁੱਚਤਾ ਸਮੇਤ ਉੱਭਰ ਕੇ ਪ੍ਰਸਤੁਤ ਹੋਵੇ। ਅਨੇਮਨ ਨੂੰ ਇਸ ਵੱਡਆਕਾਰੀ ਪੁਸਤਕ ਅਤੇ ਇਕੋ ਵਿਸ਼ੇ ਦੀਆਂ ਕਹਾਣੀਆਂ ਇਕੱਠੀਆਂ ਕਰਨ ਲਈ ਖ਼ੂਬ ਮਿਹਨਤ ਕਰਨੀ ਪਈ ਹੈ, ਜਿਸ ਲਈ ਉਸ ਨੂੰ ਦਾਦ ਦੇਣੀ ਬਣਦੀ ਹੈ। ਪਿਤਾ ਦੇ ਵੱਖ-ਵੱਖ ਰੰਗਾਂ ਰੂਪਾਂ ਨੂੰ ਚਿੱਤਰਦੀਆਂ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਜ਼ਿੰਦਗੀ ਵਿਚ ਪਿਤਾ ਦੇ ਮਹੱਤਵ, ਲੋੜ, ਮੁਸ਼ੱਕਤ, ਜ਼ਿੰਮੇਵਾਰੀ, ਵੰਗਾਰ, ਸੀਮਾ, ਸੰਭਾਵਨਾ ਆਦਿ ਪਹਿਲੂਆਂ ਦੀ ਬੇਬਾਕੀ ਨਾਲ ਨਿਸ਼ਾਨਦੇਹੀ ਕਰਨ ਦੇ ਸਮਰੱਥ ਹਨ। ਅੰਤਿਕਾ ਵਿਚ ਜੇ ਸਾਰੇ ਕਹਾਣੀਕਾਰਾਂ ਦਾ ਸੰਖਿਪਤ ਪਰਿਚੈ, ਪਤਾ, ਫੋਟੋ ਦੇ ਦਿੱਤੀ ਜਾਂਦੀ ਤਾਂ ਸੋਨੇ 'ਤੇ ਸੁਹਾਗਾ ਹੋਣਾ ਸੀ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਜਦੋਂ ਦੀਵੇ ਸੂਰਜ ਬਣਨਗੇ...!
ਲੇਖਕ : ਸਰਬਜੀਤ ਉੱਖਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 94650-27799
ਹਥਲੀ ਪੁਸਤਕ ਦੇ ਲੇਖਕ ਵਿਵੇਕਪੂਰਨ ਸੋਚ ਸਦਕਾ ਉਸ ਦਾ ਨਜ਼ਰੀਆ ਵਿਗਿਆਨਕ ਤੇ ਪਰਪੱਕ ਹੋਇਆ ਹੈ। ਉਹ ਸਮਾਜਿਕ ਕਾਰਕੁੰਨ ਵਜੋਂ ਆਪਣਾ ਨਾਂਅ ਸਥਾਪਿਤ ਕਰ ਚੁੱਕਿਆ ਹੈ ਅਤੇ ਇਕ ਪ੍ਰਗਤੀਵਾਦੀ ਲੇਖਕ ਵਜੋਂ ਵੀ ਸਥਾਪਿਤ ਹੁੰਦਾ ਨਜ਼ਰੀ ਪੈਂਦਾ ਹੈ।' ਜਦੋਂ ਦੀਵੇ ਸੂਰਜ ਬਣਨਗੇ' ਉਸ ਦੀ ਚੌਥੀ ਮੌਲਿਕ ਪੁਸਤਕ ਹੈ ਉਸ ਦੀ ਲੇਖਣੀ ਤੇ ਸੋਚ 'ਚ ਪਰਪੱਕਤਾ ਝਲਕਦੀ ਹੈ। ਪਹਿਲੀਆਂ ਤਿੰਨ ਪੁਸਤਕਾਂ ਵਹਿਮਾਂ-ਭਰਮਾਂ ਅਤੇ ਭ੍ਰਿਸ਼ਟ ਸਿਆਸੀ ਤੰਤਰ ਦੇ ਵਿਰੁੱਧ ਲੋਕ-ਲਾਮਬੰਦੀ 'ਤੇ ਸੇਧਿਤ ਸਨ। ਪੁਸਤਕ 'ਜਦੋਂ ਦੀਵੇ ਸੂਰਜ ਬਣਨਗੇ' ਵਿਚ ਉਸ ਨੇ ਮੁੱਢ-ਕਦੀਮ ਤੋਂ ਲੈ ਕੇ ਅਜੋਕੇ ਦੌਰ ਤੱਕ, ਮਨੁੱਖੀ ਦੁਸ਼ਵਾਰੀਆਂ ਦੀ ਪਛਾਣ, ਕਾਰਨ ਅਤੇ ਇਨ੍ਹਾਂ ਦੇ ਇਲਾਜ ਵੱਲ ਆਪਣੀ ਕਲਮ ਦਾ ਮੂੰਹ ਮੋੜਿਆ ਹੈ। ਲੇਖਕ ਨੂੰ ਆਪਣੇ ਹਮਵਤਨੀਆਂ ਦੀ ਸਮਾਜਿਕ ਮੰਦਹਾਲੀ ਦੀ ਫ਼ਿਕਰਮੰਦੀ ਹੈ। ਉਹ ਸਮਾਜਿਕ ਬੁਰਾਈਆਂ, ਅੰਧ-ਵਿਸ਼ਵਾਸਾਂ, ਵਕਤ ਵਿਹਾਅ ਚੁੱਕੇ ਰੀਤੀ-ਰਿਵਾਜਾਂ ਵਿਰੁੱਧ ਆਪਣੀ ਜੱਦੋ-ਜਹਿਦ ਜਾਰੀ ਰੱਖਦਾ ਹੈ। ਉੱਥੇ ਹੀ ਅਖੌਤੀ ਆਧੁਨਿਕੀਕਰਨ 'ਚੋਂ ਉਪਜੀਆਂ ਬੁਰਾਈਆਂ ਜਿਵੇਂ ਕਿ ਸ਼ੋਰ-ਪ੍ਰਦੂਸ਼ਣ ਵਰਗੇ ਵਿਕਾਰਾਂ ਨੂੰ ਦੂਰ ਕਰਨ ਲਈ ਪ੍ਰਚਾਰ ਕਰਨ ਹਿਤ ਆਪ ਰਿਕਸ਼ਾ-ਰੇਹੜੀਆਂ 'ਤੇ ਵੀ ਫੇਰੀਆਂ ਲਾਉਣ ਤੋਂ ਨਹੀਂ ਝਿਜਕਦਾ। ਆਪਣੇ ਕਾਰਜ ਦੀ ਪੂਰਤੀ ਲਈ ਨਵੀਂ ਪੀੜ੍ਹੀ ਤੱਕ ਪਹੁੰਚ ਬਣਾਉਣ ਵਾਸਤੇ ਸਕੂਲਾਂ ਦੇ ਗੇੜੇ ਲਾਉਂਦਾ ਹੈ। ਹਥਲੀ ਪੁਸਤਕ ਉਸ ਦੇ ਸਮਾਜਿਕ ਸਰੋਕਾਰਾਂ 'ਚੋਂ ਉਪਜੀ ਹੋਈ ਆਵਾਜ਼ ਹੈ। ਇਹ ਪੁਸਤਕ 'ਜਦੋਂ ਦੀਵੇ ਸੂਰਜ ਬਣਨਗੇ' 'ਚ ਪੁਰਾਤਨ ਵਿਸ਼ਵਾਸ ਅਤੇ ਵਿਗਿਆਨਕ ਸੋਚ ਦਰਮਿਆਨ ਸੱਚ ਦੇ ਨਿਤਾਰੇ ਲਈ ਸੰਵਾਦ ਦੀ ਵਿਧੀ ਅਪਣਾਉਂਦਾ ਹੈ। ਸਮਕਾਲੀ ਜੀਵਨ ਦੇ ਹਾਕਮਾਂ ਤੋਂ ਧਾਰਮਿਕ ਮੁਖੌਟਾ ਲਾਹੁੰਦਿਆਂ ਆਪਣੇ ਪਾਤਰ ਖੋਜੀ ਦੇ ਮੂੰਹੋਂ ਅਖਵਾਉਂਦਾ ਹੈ ਕਿ 'ਜੇਕਰ ਸੱਤਾ ਦਾ ਸੁੱਖ ਮਾਣਨ ਲਈ ਉਤਾਵਲੇ ਰਹਿਣ ਵਾਲੇ ਲੋਕ 'ਫ਼ਖ਼ਰ-ਏ-ਕੌਮ' ਹੋਣਗੇ ਤਾਂ, 'ਹਸ਼ਰ-ਏ-ਕੌਮ' ਕੌਣ ਹੋਵੇਗਾ?' ਇਸ ਤਰ੍ਹਾਂ ਉਹ ਧਾਰਮਿਕ ਅਤੇ ਰਾਜਨੀਤਕ ਲੋਕਾਂ ਦੇ ਗੱਠਜੋੜ ਨੂੰ ਨੰਗਿਆ ਕਰਦਾ ਹੈ। ਇਸ ਤਰ੍ਹਾਂ ਅੱਗੇ ਜਾ ਕੇ ਉਹ ਫਿਰ ਧਾਰਮਿਕ ਅਕੀਦਿਆਂ ਅਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਸਵਾਲ ਖੜ੍ਹਾ ਕਰਦਾ ਹੈ, ਜਿਨ੍ਹਾਂ ਅਨੁਸਾਰ 'ਇਸ ਜੱਗ 'ਤੇ ਕੋਈ ਕਿਸੇ ਦਾ ਸੰਗੀ ਨਹੀਂ, ਆਦਮੀ ਇਕੱਲਾ ਆਇਆ ਹੈ ਤੇ ਇਕੱਲੇ ਨੇ ਹੀ ਜਾਣਾ ਹੈ' ਆਦਿ।
ਉੱਖਲਾ ਆਧੁਨਿਕ ਤਕਨੀਕੀ ਯੁੱਗ ਨੂੰ ਮਨੁੱਖ ਦੀ ਮੁਕਤੀ ਵਜੋਂ ਹੀ ਨਹੀਂ ਦੇਖਦਾ, ਉਹ ਇਸ ਰਾਹੀਂ ਮਨੁੱਖ ਦੀ ਲੁੱਟ ਦੀ ਜੁਗਤਕਾਰੀ ਵੱਲ ਵੀ ਇਸ਼ਾਰਾ ਕਰਦਾ ਹੈ, 'ਆਧੁਨਿਕ ਸੰਚਾਰ-ਸਾਧਨਾਂ ਰਾਹੀਂ ਤਿੱਕੜੀ', (ਧਨ, ਰਾਜ-ਸੱਤਾ ਤੇ ਧਰਮ) ਦੇ ਛੜਯੰਤਰ ਦਾ ਜਾਲ ਸਾਡੇ ਡ੍ਰਾਇੰਗ ਰੂਮ ਅਤੇ ਬੈੱਡ ਰੂਮ ਤੱਕ ਵਿਛ ਚੁੱਕਾ ਹੈ। ਮਾਸ-ਮੀਡੀਆ ਦੇ ਸਾਧਨ ਟੀ.ਵੀ., ਅਖ਼ਬਾਰ, ਰੇਡੀਓ, ਖ਼ਪਤ ਸੱਭਿਆਚਾਰ, ਅੰਧ-ਵਿਸ਼ਵਾਸ ਤੇ ਭੈਅ ਫ਼ੈਲਾਉਣ ਵੱਲ ਸੇਧਿਤ ਹਨ ਤੇ ਬੜੀ ਸਫ਼ਲਤਾ ਨਾਲ ਆਪਣਾ ਟੀਚਾ ਹਾਸਿਲ ਕਰ ਰਹੇ ਹਨ। ਉਹ ਸਮਾਜਿਕ ਬੁਰਾਈਆਂ ਅਤੇ ਇਨ੍ਹਾਂ ਪਿੱਛੇ ਕਈ ਕਾਰਨਾਂ 'ਤੇ ਹੀ ਚਾਨਣਾ ਨਹੀਂ ਪਾਉਂਦਾ, ਸਗੋਂ ਇਨ੍ਹਾਂ ਦਾ ਹੱਲ ਵੀ ਸੁਝਾਉਂਦਾ ਹੈ:
ਕਿਤਾਬ ਨੂੰ ਉਸ ਨੇ ਛੋਟੇ-ਛੋਟੇ 91 ਉਪ-ਸਿਰਲੇਖਾਂ ਵਿਚ ਵੰਡਿਆਂ ਹੈ। ਜਿਵੇਂ ਚੁਰਾਸੀ ਲੱਖ ਜੂਨਾਂ, ਪੁਨਰ-ਜਨਮ, ਆਤਮਾ, ਜਨਮ-ਦਰ-ਜਨਮ, ਮੋਹ-ਮਾਇਆ ਦਾ ਜਾਲ, ਅੰਮ੍ਰਿਤ ਵੇਲਾ, ਬ੍ਰਹਮ-ਗਿਆਨੀ, ਰੱਬ ਦਾ ਸਰੂਪ, ਰੱਬ ਦੀ ਤਲਾਸ਼, ਸਰਬ-ਵਿਆਪੀ, ਵਸੀਲਾ ਬਨਾਮ ਉਦੇਸ਼, ਸੂਨਯ ਦੀ ਅਵਸਥਾ, ਦੇਵੀ-ਦੇਵਤੇ, ਬ੍ਰਹਮ-ਰਹੱਸ, ਧਰਮੀ-ਪੁਰਖ਼, ਤਿੱਕੜੀ ਦਾ ਗੱਠਜੋੜ, ਨਰਕ-ਸੁਰਗ, ਤਾਣਾ-ਬਾਣਾ, ਸਰਬੱਤ ਦਾ ਭਲਾ, ਸ਼ਬਦ-ਸਰੂਪ, ਨਿਤਨੇਮ, ਸ਼ਰਧਾ ਤੇ ਅੰਧ-ਵਿਸ਼ਵਾਸ, ਇਸ਼ਟ, ਜ਼ਿੰਦਗੀ, ਮੌਤ, ਹਨੇਰਾ, ਜਿਊਣਾ ਝੂਠ ਤੇ ਮਰਨਾ ਸੱਚ, ਡਰ ਵੇਲੇ ਮਨ ਦੀ ਸਥਿਤੀ, ਬੁੱਧੀ ਦੀ ਪਹੁੰਚ ਭੌਤਿਕ ਪਰਾ-ਭੌਤਿਕ, ਰਾਜੇ ਬਨਾਮ ਦੇਵਤੇ, ਅੱਜ ਦੇ ਦੇਵਤੇ, ਬਹਾਦਰ ਤੇ ਡਰਪੋਕ, ਦਾਨ ਦੀ ਮਹਿਮਾ, ਕਿਰਤ ਬਨਾਮ ਨਾਮ, ਜਾਤ-ਪਾਤ, ਸਰਬ-ਵਿਆਪੀ ਸੱਚ, ਨਾਮ-ਸਿਮਰਨ ਫ਼ਜ਼ੂਲ ਕਿਉਂ ? ਮਨ ਅਤੇ ਸ਼ਾਂਤੀ, ਦੁਕਾਨਦਾਰੀਆਂ, ਰੱਬ ਦੀ ਕਲਪਨਾ, ਤਿੰਨ ਵਰਗ, ਧਰਮੀ-ਬੇਧਰਮੀ, ਵਿਚਾਰਧਾਰਾ ਦੀ ਮੱਮੀ, ਰੱਬ ਤੇ ਕੁਦਰਤ, ਮੁਕਤੀ ਆਦਿ ਦਰਜ ਹਨ। ਸਰਬਜੀਤ ਉੱਖਲਾ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਸਾਹਿਤ ਰਚਨਾ ਕਰਨ ਵਾਲਾ ਵਾਲਾ ਮੂਲ ਰੂਪ ਵਿਚ ਇਕ ਪੱਤਰਕਾਰ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸਰਾਜੀਤ
ਲੇਖਕ : ਗੁਰਦੇਵ ਸਿੰਘ ਘਾਰੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 170
ਸੰਪਰਕ : 98885-26776
ਨਾਵਲਕਾਰ ਅਤੇ ਗੀਤਕਾਰ ਗੁਰਦੇਵ ਸਿੰਘ ਘਾਰੂ ਆਪਣੇ ਚੌਥੇ ਨਾਵਲ 'ਸਰਾਜੀਤ' ਨਾਲ ਇਕ ਵਾਰ ਫਿਰ ਪਾਠਕਾਂ ਦੇ ਰੂਬਰੂ ਹੋਇਆ ਹੈ। ਲੇਖਕ ਦੀ ਹਥਲੀ ਰਚਨਾ ਅਜੋਕੇ ਸਮਾਜ ਵਿਚਲੇ ਕਰੂਰ ਯਥਾਰਥ ਦਾ ਬੇਬਾਕ ਚਿਤਰਣ ਹੈ। ਪੀੜਤ, ਸ਼ੋਸ਼ਿਤ, ਲਿਤਾੜੀ ਅਤੇ ਦੁਤਕਾਰੀ ਧਿਰ ਨਾਲ ਖੜੋਤੇ ਲੇਖਕ ਨੇ ਆਪਣੇ ਇਸ ਨਾਵਲ ਵਿਚ ਸੰਤਾਨਹੀਣ ਮੰਗਲ ਸਿੰਘ ਅਤੇ ਬਸੰਤ ਕੌਰ ਵਲੋਂ ਗੋਦ ਲਏ ਗੁਰਨਾਮ ਸਿੰਘ ਉਰਫ਼ ਗਾਮਾ ਅਤੇ ਭਤੀਜੇ ਰੂਪਾ ਨੂੰ ਲੈ ਕੇ ਸਾਰਾ ਕਥਾਨਕ ਬੁਣਿਆ ਹੈ। ਨਾਟਕੀ ਢੰਗ ਨਾਲ ਗਾਮਾ ਅਤੇ ਰੂਪਾ ਨੂੰ ਗੋਦ ਲੈਣਾ, ਉਨ੍ਹਾਂ ਨੂੰ ਪੜ੍ਹਾਈ ਖ਼ਾਤਿਰ ਰਾਜਸਥਾਨ ਭੇਜਣਾ, ਗਾਮੇ ਵਲੋਂ ਸੰਗਤਰਾਸ਼ੀ ਵਿਚ ਮੁਹਾਰਤ ਹਾਸਿਲ ਕਰ ਲੈਣੀ ਅਤੇ ਸ਼ਰਾਰਤੀ ਰੂਪਾ ਵਲੋਂ ਆਪਣੇ ਆਪਹੁਦਰੇਪਣ ਕਰਕੇ ਕੁਰਾਹੇ ਪੈ ਜਾਣਾ ਤੇ ਗ਼ਲਤ ਅਲਾਮਤਾਂ ਦਾ ਸ਼ਿਕਾਰ ਹੋ ਜਾਣਾ। ਹਾਲਾਂਕਿ ਮੰਗਲ ਸਿੰਘ ਦਾ ਰੂਪੇ ਨਾਲ ਇਕ ਤਰ੍ਹਾਂ ਨਾਲ ਖ਼ੁੂਨ ਦਾ ਰਿਸ਼ਤਾ ਹੈ ਅਤੇ ਗਾਮਾ ਇਕਦਮ ਗ਼ੈਰ-ਪਰਿਵਾਰ 'ਚੋਂ ਹਾਸਿਲ ਕੀਤਾ ਗਿਆ ਹੈ। ਇਨ੍ਹਾਂ ਦੀਆਂ ਗਤੀਵਿਧੀਆਂ ਅਤੇ ਆਚਰਣ ਕਰਕੇ ਜਿੱਥੇ ਗਾਮਾ ਮੰਗਲ ਸਿੰਘ ਦੇ ਪਰਿਵਾਰ ਲਈ ਵਫ਼ਾਦਾਰ ਅਤੇ ਸ਼ੁੱਭਚਿੰਤਕ ਸਾਬਿਤ ਹੁੰਦਾ ਹੈ, ਉੱਥੇ ਇਕੋ ਪਰਿਵਾਰ ਵਿਚ ਇਕੋ ਜਿਹੀ ਪਰਵਰਿਸ਼ ਪ੍ਰਾਪਤ ਕਰਕੇ ਵੀ ਰੂਪਾ ਆਪਣੇ-ਆਪ ਨੂੰ ਮੰਗਲ ਪਰਿਵਾਰ ਲਈ ਅਮੰਗਲਕਾਰੀ ਸਿੱਧ ਕਰਦਾ ਹੈ। ਇਕ ਪਾਸੇ ਗਾਮੇ ਦਾ ਬੁੱਤ ਤਰਾਸ਼ੀ ਲਈ ਸਮਰਪਣ ਤੇ ਧਨਾਢ ਪਰਿਵਾਰ ਦੀ ਅਮਨਦੀਪ ਵਲੋਂ ਇਸ ਕਲਾ 'ਤੇ ਰੀਝ ਕੇ ਆਪਾ ਵਾਰ ਦੇਣਾ ਨਾਵਲ ਵਿਚ ਰੁਮਾਂਟਕਿਤਾ ਦਾ ਅਹਿਸਾਸ ਪੈਦਾ ਕਰਦਾ ਹੈ। ਇਸ ਦੇ ਸਮਾਨਾਂਤਰ ਨਸ਼ਿਆਂ ਵਿਚ ਗਲਤਾਨ ਰੂਪਾ ਨੌਕਰ ਸ਼ਕਤੀ ਨਾਲ ਮਿਲ ਕੇ ਸਾਜਿਸ਼ ਘੜਦਾ ਹੈ। ਉਹ ਨਾ ਸਿਰਫ਼ ਫੈਕਟਰੀ ਦੇ ਹਿਤਾਂ ਦੇ ਉਲਟ ਭੁਗਤਦਾ ਹੈ ਸਗੋਂ ਫੈਕਟਰੀ ਘਾਟੇ ਵਿਚ ਚਲੀ ਜਾਣ ਦਾ ਕਾਰਨ ਬਣਦਾ ਹੈ। ਆਪਣੇ ਅੰਨ੍ਹੇ ਸੁਆਰਥ ਦੀ ਪੂਰਤੀ ਲਈ ਉਹ ਆਪਣੇ ਵਲੋਂ ਆਪਣੇ ਹੀ ਭਾਈ ਦਾ ਕਤਲ ਕਰਨੋਂ ਵੀ ਗੁਰੇਜ਼ ਨਹੀਂ ਕਰਦਾ। ਲੇਕਿਨ ਗੁਰਦੇਵ ਘਾਰੂ ਨੇ ਨਾਟਕੀ ਜੁਗਤ ਦਾ ਸਹਾਰਾ ਲੈਂਦਿਆਂ ਆਖ਼ਿਰ ਵਿਚ ਗਾਮੇ ਦੇ ਹੀ ਬੁੱਤ ਨੂੰ ਤੁੜਵਾ ਕੇ ਰੂਪ ਬਦਲੇ ਹੋਏ ਗਾਮੇ ਨੂੰ ਜਿਉਂਦਿਆਂ ਦੱਸ ਕੇ ਕਹਾਣੀ ਨੂੰ ਨਵਾਂ ਮੋੜ ਦਿੱਤਾ ਹੈ ਅਤੇ ਬੱਚੇ ਨੂੰ ਅਗਵਾ ਕਰਨ ਦੇ ਨਾਟਕ ਰਾਹੀਂ ਰੂਪਾ ਅਤੇ ਉਸ ਦੇ ਗਰੋਹ ਦਾ ਪਰਦਾਫਾਸ਼ ਕਰ ਕੇ ਨਾਵਲ ਦਾ ਅੰਤ ਸੁਖਾਂਤ ਕਰ ਦਿੱਤਾ ਹੈ। ਨਾਵਲ 'ਸਰਾਜੀਤ' ਰਾਹੀਂ ਲੇਖਕ ਇਹ ਵਿਚਾਰ ਪੁਖ਼ਤਾ ਕਰਨ ਵਿਚ ਕਾਮਯਾਬ ਹੋਇਆ ਹੈ ਕਿ ਆਪਣਿਆਂ ਨਾਲੋਂ ਬਿਗਾਨੇ ਸਮਝੇ ਜਾਂਦੇ ਰਿਸ਼ਤੇ ਵੱਧ ਵਫਾਦਾਰ ਅਤੇ ਅਪਨਤ ਭਰੇ ਹੁੰਦੇ ਹਨ। ਨਾਵਲਕਾਰ ਨਾਵਲ ਵਿਚ ਸਰਲ ਪਰ ਮੁਹਾਵਰੇਦਾਰ ਭਾਸ਼ਾ, ਰੌਚਿਕਤਾ ਅਤੇ ਰਹੱਸ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਹੈ। ਨਾਵਲ ਪਾਠਕ ਮਨਾਂ 'ਤੇ ਆਪਣੀ ਛਾਪ ਛੱਡਣ ਵਿਚ ਸਫਲ ਹੋਵੇਗਾ।
- ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਭੂਤਾਂ ਵਾਲਾ ਤੂਤ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52223
ਹਥਲੀ ਪੁਸਤਕ 'ਭੂਤਾਂ ਵਾਲਾ ਤੂਤ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਾਲਾਂ ਨੂੰ ਨੈਤਿਕ ਸਿੱਖਿਆਵਾਂ ਨਾਲ ਭਰਪੂਰ ਕਰਦੀ ਹੈ। ਇਹ ਬਹੁਤ ਹੀ ਪਿਆਰੀ, ਨਿਆਰੀ ਤੇ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁ-ਮੁੱਲੀ ਪੁਸਤਕ ਹੈ। ਪਹਿਲੀ ਕਹਾਣੀ 'ਭੂਤਾਂ ਵਾਲਾ ਤੂਤ' ਵਿਚ ਭਾਨ ਸਿਓਂ ਅਤੇ ਦਾਨ ਸਿਓਂ ਦੇ ਪਰਿਵਾਰ ਦੀ ਕਹਾਣੀ ਹੈ। ਦਾਦੀ ਪ੍ਰਤਾਪੀ ਪੁਰਾਣੇ ਖਿਆਲਾਂ ਦੀ ਹੈ ਘਰ ਦੇ ਕੋਲ਼ ਬਹੁਤ ਵੱਡਾ ਤੂਤ ਹੈ ਉੱਥੇ ਉਸ ਦੇ ਪੋਤੇ-ਪੋਤਰੀਆਂ ਸਾਰਾ ਦਿਨ ਖੇਡਦੇ ਹਨ। ਪਿੰਡ ਦੀ ਪੁਰਾਣੇ ਖਿਆਲਾਂ ਦੀ ਮਾਈ ਠਾਕਰੀ ਨੇ ਇਹ ਗੱਲ ਪਿੰਡ ਵਿਚ ਉਡਾ ਦਿੱਤੀ ਕਿ ਤੂਤ 'ਤੇ ਭੂਤਾਂ ਰਹਿੰਦੀਆਂ ਹਨ। ਪ੍ਰਤਾਪੀ ਆਪਣੇ ਪੋਤਰੇ ਦੀਪੂ ਨੂੰ ਉੱਥੇ ਖੇਡਣ ਤੋਂ ਵਰਜਦੀ ਹੈ। ਉਸ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਦਾਦੀ ਨੂੰ ਭੂਤਾਂ ਬਾਰੇ ਹੋਰ ਵੀ ਪੱਕ ਹੋ ਜਾਂਦਾ ਹੈ। ਉਹ ਰੌਲਾ ਪਾਉਂਦੀ ਹੈ। ਉਸ ਦੀ ਪੋਤੀ ਦੀਪੀ ਉਸ ਨੂੰ ਸਮਝਾਉਂਦੀ ਹੈ ਕਿ ਸਕੂਲੇ ਸਾਡੀ ਮੈਡਮ ਨੇ ਦੱਸਿਆ ਸੀ ਕਿ ਕੋਈ ਭੂਤ-ਪ੍ਰੇਤ ਨਹੀਂ ਹੁੰਦੇ, ਇਹ ਤਾਂ ਸਿਰਫ਼ ਮਨ ਦਾ ਵਹਿਮ ਹੁੰਦਾ ਹੈ। ਏਵੇਂ ਹੀ 'ਰਾਜੇ ਦੀ ਰਾਜਨੀਤੀ' ਕਹਾਣੀ ਵੀ ਬੜੀ ਦਿਲਚਸਪ ਹੈ। ਸਕੂੁਲ ਵਿਚ ਮਾਸਟਰ ਮਨਦੀਪ ਸਿੰਘ ਬੱਚਿਆਂ ਨੂੰ ਪੁੱਛਦਾ ਹੈ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਤਾਂ ਦੀਪਾ ਬੋਲ ਪਿਆ, ਸਰ ਜੀ, ਭੋਲਾ ਨੇਤਾ ਬਣਨਾ ਚਾਹੁੰਦਾ ਹੈ। ਦੀਪੇ ਦੀ ਗੱਲ ਨੂੰ ਹੋਰ ਪੱਕਾ ਕਰਨ ਲਈ ਜੀਤੂ ਕਹਿਣ ਲੱਗਿਆ ਕਿ ਹਾਂ ਸਰ ਜੀ ਭੋਲਾ ਝੂਠ ਬਹੁਤ ਬੋਲਦਾ ਹੈ, ਬੱਚਿਆਂ ਨੂੰ ਆਪਸ ਵਿਚ ਲੜਾ ਵੀ ਦਿੰਦਾ ਹੈ। ਇਹ ਗੱਲ ਸੁਣ ਕੇ ਮਾਸਟਰ ਜੀ ਕਹਿੰਦੇ ਨੇਤਾ ਬਣਨਾ ਵੀ ਕੋਈ ਸੌਖਾ ਨਹੀਂ ਹੈ, ਰਾਜਨੀਤੀ ਸਿੱਖਣੀ ਪੈਂਦੀ ਹੈ ਮਾਸਟਰ ਜੀ ਨੇ ਇਕ ਰਾਜੇ ਦੀ ਰਾਜਨੀਤੀ ਦੀ ਕਹਾਣੀ ਸੁਣਾਈ ਕਿ ਇਕ ਗ਼ਰੀਬ ਵਿਅਕਤੀ ਤੰਦੂਰ 'ਤੇ ਰੋਟੀਆਂ ਬਣਾ ਕੇ ਲੋਕਾਂ ਨੂੰ ਪੰਜ ਰੁਪਏ ਦੀ ਰੋਟੀ ਵੇਚ ਕੇ ਗੁਜ਼ਰਾ ਕਰਦਾ ਸੀ। ਉਸ ਨੂੰ ਵੇਖ ਕੇ ਹੋਰ ਗ਼ਰੀਬਾਂ ਨੇ ਵੀ ਇਹ ਧੰਦਾ ਅਪਣਾ ਲਿਆ ਸੀ। ਅਚਾਨਕ ਮਹਿੰਗਾਈ ਵੱਧ ਗਈ ਉਸ ਨੇ ਸੋਚਿਆਂ ਕਿ ਜੇ ਮੈਂ ਰੋਟੀ ਦਸ ਰੁਪਏ ਕਰ ਦਿੱਤੀ ਤਾਂ ਗਾਹਕਾਂ ਵਿਚ ਹਾਹਾਕਾਰ ਮੱਚ ਜਾਵੇਗੀ ਉਸ ਨੇ ਆਪਣੀ ਸਮੱਸਿਆ ਰਾਜੇ ਨੂੰ ਜਾ ਦੱਸੀ। ਰਾਜੇ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਕਿ ਅੱਜ ਤੋਂ ਰੋਟੀ ਦਾ ਰੇਟ 30 ਰੁਪਏ ਹੋਵੇਗਾ ਉਸ ਗ਼ਰੀਬ ਨੇ ਰਾਜੇ ਦਾ ਹੁਕਮ ਮੰਨ ਕੇ ਰੋਟੀ ਦਾ ਰੇਟ ਤੀਹ ਰੁਪਏ ਕਰ ਦਿੱਤਾ ਤਾਂ ਗਾਹਕਾਂ ਵਿਚ ਹਾਹਾਕਾਰ ਮੱਚ ਗਈ ਤਾਂ ਉਨ੍ਹਾਂ ਨੇ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ ਤਾਂ ਰਾਜੇ ਨੇ ਉਨ੍ਹਾਂ ਦੀ ਮੁਸ਼ਕਿਲ ਸੁਣ ਕੇ ਰੋਟੀ ਦਾ ਮੁੱਲ ਤੀਹ ਤੋਂ ਪੰਦਰਾਂ ਰੁਪਏ ਕਰ ਦਿੱਤਾ। ਉਹ ਬਾਗ਼ੋ-ਬਾਗ਼ ਹੋ ਗਏ। ਓਧਰ ਰੋਟੀਆਂ ਬਣਾਉਣ ਵਾਲੇ ਗ਼ਰੀਬ ਲੋਕ ਬਾਗ਼ੋ-ਬਾਗ਼ ਹੋ ਗਏ ਮਾਸਟਰ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਵੇਖਿਆ ਰਾਜਨੀਤੀ ਕੀਹਨੂੰ ਕਹਿੰਦੇ ਨੇ। ਏਵੇਂ ਹੀ 'ਭਲੇ ਘਰ ਦੀ ਧੀ' ਕਹਾਣੀ ਵਿਚ ਇਹ ਸਿੱਖਿਆ ਦੇਣ ਦਾ ਯਤਨ ਕੀਤਾ ਹੈ ਕਿ ਸਹੁਰੇ ਘਰ ਜਾਣ ਤੋਂ ਪਹਿਲਾਂ ਬੱਚੀਆਂ ਨੂੰੰ ਚੰਗੇ ਸੰਸਕਾਰ ਅਤੇ ਗੁਣ ਦਿਓ ਤਾਂ ਹੀ ਉਹ 'ਭਲੇ ਘਰ ਦੀਆਂ ਧੀਆਂ' ਅਖਵਾ ਸਕਦੀਆਂ ਹਨ। ਉਹ ਸਹੁਰੇ ਘਰ ਦੇ ਵਿਗੜੇ ਮਹੌਲ ਨੂੰ ਵੀ ਖ਼ੂਬਸੂਰਤ ਬਣਾ ਸਕਦੀਆਂ ਹਨ ਏਵੇਂ ਹੀ ਸਾਰੀਆਂ ਕਹਾਣੀਆਂ ਬਾਲਾਂ ਨੂੰ ਮਨੋਰੰਜਨ ਦੇ ਨਾਲ -ਨਾਲ ਸੁਭਾਵਿਕ ਹੀ ਉੱਚੀ-ਸੁੱਚੀ ਸਿੱਖਿਆ ਦਿੰਦੀਆਂ ਹਨ। ਇਸ ਤੋਂ ਪਹਿਲਾਂ ਲੇਖਕ ਪੰਜ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਮਾਂ-ਬੋਲੀ ਅਤੇ ਬਾਲਾਂ ਦੀ ਝੋਲੀ ਪਾ ਚੁੱਕੇ ਹਨ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਆਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਭੁੱਖ
ਲੇਖਕ : ਕਨੂਤ ਹਾਮਸੁਨ
ਅਨੁਵਾਦਕ : ਵਿਪਨ ਗਿੱਲ
ਪ੍ਰਕਾਸ਼ਕ : ਵਾਈਟ ਕਰੋ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 94632-23251
ਸਾਲ 1800 'ਚ ਸਾਹਿਤ ਦੇ ਚਰਚਿਤ ਹਸਤਾਖਰ ਕੂਨਰ ਹਾਮਰਸਨ ਵਲੋਂ ਲਿਖਿਆ ਨਾਵਲ 'ਭੁੱਖ' ਅਤੇ ਵਿਪਨ ਗਿੱਲ ਵਲੋਂ ਅਨੁਵਾਦਿਤ ਸੰਨ 2022 ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਚਾਰ ਭਾਗਾਂ 'ਚ ਵੰਡੇ ਗਏ ਇਸ ਨਾਵਲ ਦੀ ਵਿਸ਼ਾ ਵਸਤੂ ਕਿਸਤਿਆਨੀਆ ਸ਼ਹਿਰ ਦੀਆਂ ਗਲੀਆਂ 'ਚ ਭਟਕਦੇ ਇਕ ਅਜਿਹੇ ਅਣਖੀਲੇ ਨੌਜਵਾਨ ਦੀ ਜ਼ਿੰਦਗੀ ਦੇ ਇਰਦ-ਗਿਰਦ ਘੁੰਮਦੀ ਹੈ ਜੋ ਬੇਰੁਜ਼ਗਾਰੀ, ਮੰਦਹਾਲੀ, ਲਾਚਾਰੀ ਅਤੇ ਭੁੱਖ ਦਾ ਸ਼ਿਕਾਰ ਹੈ। ਇਸ ਨਾਵਲ ਦਾ ਮੁੱਖ ਪਾਤਰ ਇਕ ਅਣਖੀਲਾ ਨੌਜਵਾਨ ਫਟੇ ਹੋਏ ਕੱਪੜਿਆਂ ਵਿਚ ਕਿਰਾਏ ਦੇ ਮਕਾਨ 'ਚ ਰਹਿਣ ਵਾਲਾ ਅਤੇ ਦੋ ਵਕਤ ਦੀ ਰੋਟੀ ਲਈ ਤਰਸਦਾ, ਇਕ ਅਖ਼ਬਾਰ ਲਈ ਲੇਖ ਲਿਖ ਕੇ ਆਪਣੀ ਰੋਟੀ ਰੋਜ਼ੀ ਕਮਾਉਂਦਾ ਦੱਸਿਆ ਗਿਆ ਹੈ। ਲੇਖਕ ਨੇ ਇਸ ਨਾਵਲ ਵਿਚ ਇਕ ਅਣਖੀਲੇ ਨੌਜਵਾਨ ਦੀ ਜ਼ਿੰਦਗੀ ਦੇ ਮਾਧਿਅਮ ਰਾਹੀਂ ਬੇਰੁਜ਼ਗਾਰੀ ਦੇ ਸ਼ਿਕਾਰ ਕਰੋੜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਦਾਸਤਾਨ ਨੂੰ ਬਿਆਨਦਿਆਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਬੇਰੁਜ਼ਗਾਰੀ ਕਿੰਨੀ ਭਿਆਨਕ ਸਮੱਸਿਆ ਹੈ। ਭਾਵੇਂ ਇਹ ਬੇਰੁਜ਼ਗਾਰ ਨੌਜਵਾਨ ਨਾਵਲ ਦਾ ਇਕ ਪਾਤਰ ਹੈ ਪਰ ਇਹ ਤਿਲ ਤਿਲ ਕਰਕੇ ਵੰਡਿਆ ਹੋਇਆ ਹਰ ਘਰ 'ਚ ਬੈਠਾ ਨਜ਼ਰ ਆਉਂਦਾ ਹੈ। ਲੇਖਕ ਨੇ ਇਕ ਕਮਰੇ 'ਚ ਖਿੜਕੀ ਅੱਗੇ ਬੈਠੇ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਦੀ ਜ਼ਿੰਦਗੀ ਦੀ ਲਾਚਾਰੀ ਅਤੇ ਹੋਰ ਪੱਖਾਂ ਨੂੰ ਬਾਖੂਬੀ ਚਿਤਰਿਆ ਹੈ। ਨਾਵਲ ਦੀਆਂ ਇਨ੍ਹਾਂ ਸਤਰਾਂ, 'ਮੈ ਉੱਠ ਕੇ ਪਲੰਘ ਕੋਲ ਪਈ ਗੰਢ ਨੂੰ ਫਰੋਲਣ ਲੱਗ ਪਿਆ ਪਰ ਮੇਰੀ ਆਸ ਦੇ ਉਲਟ ਉਸ ਵਿਚ ਨਾਸ਼ਤੇ ਦੇ ਪ੍ਰਬੰਧ ਲਈ ਕੁਝ ਨਾ ਲੱਭਿਆ।' 'ਮੈਂ ਸੋਚ ਰਿਹਾ ਸੀ ਕਿ ਸ਼ਾਇਦ ਰੱਬ ਹੀ ਜਾਣਦਾ ਹੈ ਕਿ ਮੈਨੂੰ ਨੌਕਰੀ ਲੱਭਣ ਦਾ ਕੋਈ ਫਾਇਦਾ ਹੈ ਕਿ ਨਹੀਂ। ਵਾਰ ਵਾਰ ਨਾਂਹ ਹੋਣ ਕਰਕੇ, ਮੈਂ ਬਚੀ ਖੁਚੀ ਹਿੰਮਤ ਵੀ ਗੁਆ ਬੈਠਾ ਸੀ। ' ਦੇ ਮਾਧਿਅਮ ਰਾਹੀਂ ਉਸ ਨੌਜਵਾਨ ਦੀ ਮਾਨਸਿਕਤਾ ਨੂੰ ਚਿਤਰਨ ਦਾ ਢੰਗ ਪਾਠਕਾਂ ਦੀ ਨਾਵਲ 'ਚ ਰੁਚੀ ਪੈਦਾ ਕਰਦਾ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਕਿਸੀ ਪੁਸਤਕ ਦਾ ਅਨੁਵਾਦ ਕਰਨ ਲਈ ਦੋਹਾਂ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਵਲ ਦੇ ਅਨੁਵਾਦਕ ਵਿਪਨ ਗਿੱਲ ਦੀ ਦੋਵਾਂ ਭਾਸ਼ਾਵਾਂ ਉੱਤੇ ਪਕੜ ਹੈ ਤੇ ਉਹ ਇਸ ਨਾਵਲ ਦਾ ਅਨੁਵਾਦ ਕਰਨ 'ਚ ਸਫ਼ਲ ਰਿਹਾ ਹੈ। ਨਾਵਲ ਵਿਚ ਹਿੰਦੀ ਭਾਸ਼ਾ ਦੇ ਸ਼ਬਦ, ਪ੍ਰਾਣੀ, ਸਵੱਛ, ਚਿਪਕੇ, ਮੁਕਤ ਉਰਦੂ ਦੇ ਸ਼ੈਅ ਫਿਜ਼ਾ ਅੰਗਰੇਜ਼ੀ ਦੇ ਰੌਕਿੰਗ ਰੈੱਡ ਚੇਅਰ, ਟ੍ਰੈਫਿਕ ਵੀ ਪੜ੍ਹਨ ਨੂੰ ਮਿਲਦੇ ਹਨ। ਸ਼ਬਦ ਜੋੜ ਅਜੀਬ ਗ਼ਰੀਬ, ਮਾੜੀ ਮੋਟੀ, ਊਲ ਜਲੂਲ ਅਤੇ ਅੱਧ ਪਚੱਧਾ ਲੇਖਕ ਦੀ ਕਥਾ ਵਸਤੂ ਨੂੰ ਗੁੰਦਣ ਦੀ ਮੁਹਾਰਤ ਨੂੰ ਦਰਸਾਉਂਦੇ ਹਨ। ਅਨੁਵਾਦਕ, ਲੇਖਕ ਦੇ ਉਦੇਸ਼ ਨੂੰ ਪਾਠਕਾਂ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਨਾ-ਫ਼ਰਮਾਨ
ਲੇਖਕ : ਪ੍ਰੀਕਸ਼ਤ ਸਾਹਨੀ
ਅਨੁਵਾਦ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 240
ਸੰਪਰਕ : jodha.js@gmail.com
ਇਹ ਯਾਦਾਂ ਬਲਰਾਜ ਸਾਹਨੀ ਦੀ ਮੌਤ ਤੋਂ 40 ਸਾਲ ਬਾਅਦ ਉਨ੍ਹਾਂ ਦੇ ਸਪੁੱਤਰ ਪ੍ਰੀਕਸ਼ਤ ਸਾਹਨੀ ਵਲੋਂ ਅਨੇਕਾਂ ਦੋਸਤਾਂ ਦੇ ਕਹਿਣ 'ਤੇ ਹੋਂਦ ਵਿਚ ਆਈਆਂ ਹਨ। ਇਸੇ ਕਰਕੇ ਇਨ੍ਹਾਂ ਯਾਦਾਂ ਵਿਚ ਹਰ ਥਾਂ ਹਾਜ਼ਰ ਵੇਖਿਆ ਜਾ ਸਕਦਾ ਹੈ। ਇਹ ਯਾਦਾਂ ਜਿਥੇ ਬਲਰਾਜ ਸਾਹਨੀ ਦੀ ਸ਼ਖ਼ਸੀਅਤ ਨੂੰ ਵਾਸਤਵਿਕ ਰੂਪ ਵਿਚ ਪੇਸ਼ ਕਰਦੀਆਂ ਹਨ, ਉਥੇ ਨਾਲ ਹੀ ਲੇਖਕ ਦੀਆਂ ਪ੍ਰਮੁੱਖ ਜੀਵਨ ਘਟਨਾਵਾਂ, ਉਸ ਦੇ ਪਰਿਵਾਰਕ ਅਤੇ ਸੰਪਰਕ ਵਿਚ ਆਉਣ ਵਾਲੀਆਂ ਹੋਰ ਸ਼ਖ਼ਸੀਅਤਾਂ ਨੂੰ ਉਜਾਗਰ ਕਰਦੀਆਂ ਹਨ। ਭਾਵ ਲੇਖਕ ਦੇ ਦਾਦੀ, ਦਾਦੀ (ਸ਼ੀਲਾ ਜੀ), ਪਤਨੀ ਭੀਸ਼ਮ ਜੀ, ਦੰਮੋ ਜੀ (ਬਲਰਾਜ ਦੀ ਪਹਿਲੀ ਪਤਨੀ), ਸੰਤੋਸ਼ ਕਸ਼ਅਪ (ਬਲਰਾਜ ਦੀ ਦੂਜੀ ਪਤਨੀ), ਅਰੁਣਾ ਜੀ (ਲੇਖਕ ਦੀ ਜੀਵਨ ਸਾਥਣ), ਸ਼ਬਨਮ (ਲੇਖਕ ਦੀ ਭੈਣ) ਆਦਿ ਤੋਂ ਬਿਨਾਂ ਅਨੇਕਾਂ ਅਸਾਧਾਰਨ ਵਿਅਕਤੀਆਂ : ਭਾਵ ਸੰਜੀਵ ਕੁਮਾਰ, ਨੂਤਨ, ਦਲੀਪ ਕੁਮਾਰ, ਦੇਵ ਆਨੰਦ, ਰਾਜ ਕਪੂਰ ਅਤੇ ਅਮਿਤਾਭ ਬੱਚਨ ਜਿਨ੍ਹਾਂ ਤੋਂ ਲੇਖਕ ਨੂੰ ਅਨੇਕਾਂ ਅਨੁਭਵ ਪ੍ਰਾਪਤ ਹੋਏ ਸੋਵੀਅਤ ਰੂਸ ਦੀਆਂ ਘਟਨਾਵਾਂ, ਗਿਆਨੀ ਜ਼ੈਲ ਸਿੰਘ ਨਾਲ ਬਲਰਾਜ ਦੇ ਸੰਬੰਧ, ਪਾਕਿਸਤਾਨ ਦਾ ਖ਼ੂਨ ਖਰਾਬਾ, ਕਸ਼ਮੀਰ ਅਤੇ ਸ਼ਿਮਲੇ ਦੀਆਂ ਯਾਦਾਂ ਵੀ ਸ਼ਾਮਿਲ ਹਨ। ਯਾਦਾਂ ਦੇ ਮੁੱਖ ਨਾਇਕ ਬਲਰਾਜ ਸਾਹਨੀ ਦਾ ਅਸਤਿਤਵ ਗੁਣਾਂ ਔਗੁਣਾਂ ਸਮੇਤ ਪੇਸ਼ ਕੀਤਾ ਗਿਆ ਹੈ। ਬਲਰਾਜ ਜੀ ਸਾਦਾ ਜੀਵਨ ਉੱਚੀ ਸੋਚ ਵਾਲੇ, ਇਮਾਨਦਾਰ, ਬੇਬਾਕ, ਦ੍ਰਿੜ੍ਹ ਇਰਾਦੇ ਵਾਲੇ, ਫਿਲਮੀ ਸੈੱਟ ਨੂੰ ਪੂਜਾ ਸਥਾਨ ਸਮਝਣ ਵਾਲੇ, ਕੱਟੜ ਮਾਰਕਸਵਾਦੀ, ਪ੍ਰੋਲਤਾਰੀ ਨੂੰ ਪਿਆਰ ਕਰਨ ਵਾਲੇ, ਬੁਰਜੂਆਵਾਦੀਆਂ ਨੂੰ ਨਫ਼ਰਤ ਕਰਨ ਵਾਲੇ, ਨੀਲੀਆਂ ਅੱਖਾਂ, ਗੋਰੇ ਰੰਗ ਵਾਲੀਆਂ ਔਰਤਾਂ ਦੇ ਚਹੇਤਾ, ਨਾਸਤਿਕ ਤੋਂ ਬਿਨਾਂ ਕਲਾ ਨੂੰ ਸਮਰਪਿਤ ਸਿੱਧ ਕੀਤੇ ਗਏ ਹਨ। ਬਲਰਾਜ ਜੀ ਲੈਨਿਨ ਦੀਆਂ ਲਿਖਤਾਂ ਜਾਂ ਸਰਮਾਇਆ ਪੜ੍ਹ ਕੇ ਹੀ ਸੋਵੀਅਤ ਰਾਜ ਦੇ ਪ੍ਰਸੰਸਕ ਨਹੀਂ ਬਣੇ ਬਲਕਿ ਸੋਵੀਅਤ ਫ਼ਿਲਮਾਂ ਦੇਖ ਕੇ ਇਹ ਚੇਟਕ ਲੱਗੀ ਸੀ। ਪੰ. 54 ਇਸ ਪੁਸਤਕ ਨੂੰ ਮੁੱਖ ਤੌਰ 'ਤੇ 12 ਕਾਂਡਾਂ ਵਿਚ ਵੰਡਿਆ ਗਿਆ ਹੈ : ਮੁਢਲੀਆਂ ਯਾਦਾਂ, ਬੁਰਜੁਆਜ਼ੀ, ਮਾਰਕਸਵਾਦ, ਦੋਵੇਂ ਭਰਾ, ਅਦਾਕਾਰ, ਕਸ਼ਮੀਰ, ਦੋਸਤ, ਇਕ ਬਾਪ, ਵਿਰੋਧਾ ਭਾਸ, ਅਸਾਧਾਰਨ ਲੋਕ, ਇਕਰਾਮ, ਸਾਰ-ਅੰਸ਼ ਆਦਿ। ਭੀਸ਼ਮ ਜੀ ਮਿੱਠ-ਬੋਲੜੇ ਪਰ ਬਲਰਾਜ ਜੀ ਬੜਬੋਲੇ ਅਤੇ ਮਖੌਲੀਆ. ਇੰਜ ਦੋਵਾਂ ਭਰਾਵਾਂ ਦੀਆਂ ਸਮਾਨਤਾਵਾਂ/ਅਸਮਾਨਤਾਵਾਂ ਦੱਸੀਆਂ ਹਨ। ਲੇਖਕ ਨੇ ਆਪਣੇ ਬਾਲ ਮਨ ਦੀਆਂ ਸੋਚਾਂ ਨੂੰ ਵਡੇਰੀ ਆਯੂ ਵਿਚ ਫੋਕਸੀਕਰਨ ਰਾਹੀਂ ਪੇਸ਼ ਕੀਤਾ ਹੈ।
ਬਲਰਾਜ ਨੇ ਆਪਣੇ ਅਕੀਦਿਆਂ ਦੇ ਵਿਰੁੱਧ ਵੀ ਕਈ ਕੁਝ ਕੀਤਾ... ਜੀਵਨ ਦੇ ਸਾਰੇ ਸੁਆਦਾਂ ਕੋਲ ਗਏ... ਇਸ ਕਾਰਨ ਕਈਆਂ ਨੇ ਉਨ੍ਹਾਂ ਨੂੰ 'ਸੋਧ ਵਾਦੀ' ਤੇ 'ਮਾਰਕਸਵਾਦੀ ਵਿਰੋਧੀ ਰਿਹਾ।' ਉਨ੍ਹਾਂ ਮਹਿਲਨੁਮਾ ਘਰ 'ਇਕਰਾਮ' ਬਣਾਇਆ। ਉਸ ਥਾਂ 'ਤੇ ਬਰਤਾਨਵੀ ਲੋਕਾਂ ਦੀਆਂ ਕਬਰਗਾਹਾਂ ਸਨ। ਇਕ ਬੁੱਢੀ ਬਾਰੇ, ਇਹ ਵੀ ਕਿਹਾ ਗਿਆ ਹੈ, ਕਿ ਉਸ ਨੂੰ ਉਥੋਂ ਉਜਾੜਿਆ ਗਿਆ। ਉਹ ਉਜੜਣ ਵੇਲੇ ਇਥੇ ਰਹਿਣ ਵਾਲਿਆਂ ਨੂੰ ਸਰਾਪ ਦੇ ਗਈ ਸੀ। ਇਹ ਸਰਾਪ ਸੱਚ ਹੋ ਨਿਬੜਿਆ। 'ਇਕਰਾਮ' ਮਹਿਲ ਵਿਚ ਸ਼ਾਇਦ ਇਸੇ ਸਰਾਪ ਕਾਰਨ ਲੜੀਵਾਰ ਹਿਰਦੇਧਕ ਮੌਤਾਂ ਹੋਈਆਂ, ਦੱੱਸਿਆ ਗਿਆ। 'ਇਕਰਾਮ' ਮਹਿਲ ਨੇ ਆਪਣਾ ਆਖਰੀ ਸ਼ਿਕਾਰ ਘਰ ਦੇ ਮਾਲਕ ਵਜੋਂ ਕਰ ਲਿਆ ਸੀ?' ਪੰ: 237।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਸੁਰਜੀਤ ਸਖੀ ਕਾਵਿ :
ਵਸਤੂ ਵਿਧੀ ਤੇ ਵਿਚਾਰਧਾਰਾ
ਸੰਪਾਦਕ : ਡਾ. ਸ਼ਮਸ਼ੇਰ ਮੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 123
ਸੰਪਰਕ : 94171-42415
'ਸੁਰਜੀਤ ਸਖੀ ਕਾਵਿ : ਵਸਤੂ ਵਿਧੀ ਤੇ ਵਿਚਾਰਧਾਰਾ' ਡਾ. ਸ਼ਮਸ਼ੇਰ ਮੋਹੀ ਦੁਆਰਾ ਸੰਪਾਦਿਤ ਕੀਤਾ ਲੇਖ ਸੰਗ੍ਰਹਿ ਹੈ, ਜਿਸ ਵਿਚ ਸੰਪਾਦਕ ਤੋਂ ਇਲਾਵਾ ਨੌਂ ਹੋਰ ਚਿੰਤਕਾਂ ਦੇ ਲੇਖ ਦਰਜ ਕੀਤੇ ਗਏ ਹਨ। ਇਸ ਆਲੋਚਨਾਤਮਕ ਪੁਸਤਕ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਸੰਪਾਦਕ ਨੇ ਇਹ ਰਚਨਾ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ ਹੈ, ਜਿਹੜੇ ਸੋਹਣੇ ਸਮਾਜ ਦਾ ਸੁਪਨਾ ਵੇਖਦੇ ਹਨ। ਇਸੇ ਸੰਦਰਭ ਵਿਚ ਜਦੋਂ ਅਸੀਂ ਸੁਰਜੀਤ ਸਖੀ ਦੀ ਸ਼ਾਇਰੀ ਦਾ ਅਧਿਐਨ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਗੱਲ ਭਲੀਭਾਂਤ ਉਜਾਗਰ ਹੋ ਜਾਂਦੀ ਹੈ ਕਿ ਉਸ ਦੇ ਰਚੇ ਪਹਿਲੇ ਕਾਵਿ ਸੰਗ੍ਰਹਿ 'ਕਿਰਨਾਂ' ਤੋਂ ਆਰੰਭ ਕਰਕੇ 'ਮੈਂ ਸਿਕੰਦਰ ਨਹੀਂ', 'ਅੰਗੂਠੇ ਦਾ ਨਿਸ਼ਾਨ', 'ਜਵਾਬੀ ਖ਼ਤ' ਆਦਿ ਕਾਵਿ ਸੰਗ੍ਰਿਹਾਂ ਵਿਚ ਜਿੱਥੇ ਜੁਆਨੀ ਪਹਿਰ ਦੇ ਮੁਹੱਬਤੀ ਅਹਿਸਾਸ ਹਨ, ਸੰਦਲੀ ਸੁਪਨਿਆਂ ਦੀ ਮਹਿਕ ਹੈ, ਉੱਜਲੇ ਭਵਿੱਖ ਦੇ ਸੁਪਨਿਆਂ ਦੀ ਸਤਰੰਗੀ ਪੀਂਘ ਹੈ, ਜੀਵਨ ਦੇ ਹਨੇਰੇ ਪੱਖਾਂ ਦੀ ਫ਼ਿਕਰਮੰਦੀ ਹੈ, ਤਿੜਕੇ ਸੁਪਨਿਆਂ ਦਾ ਗ਼ਮ ਹੈ, ਨੀਂਦ, ਖ਼ੁਸ਼ੀਆਂ, ਸੁੱਖ, ਬੇਪਰਵਾਹੀਆਂ ਖੋਹ ਕੇ ਦੁੱਖ ਚਿੰਤਾ ਅਤੇ ਬੇਆਰਾਮੀ ਦੇਣ ਵਾਲੀਆਂ ਸਾਜ਼ਿਸ਼ੀ ਸ਼ਕਤੀਆਂ ਦੀ ਤਸਵੀਰ ਨੂੰ ਉਹ ਆਪਣੀ ਕਵਿਤਾ ਵਿਚ ਬੜੇ ਸੁਹਜ ਅਤੇ ਸੂਖ਼ਮਤਾ ਸਹਿਤ ਪੇਸ਼ ਕਰਦੀ ਹੈ। ਮਸਲਿਆਂ ਵਿਹੂਣੀ ਸਿਆਸਤ ਦੇ ਦੌਰ ਵਿਚ ਹਾਸ਼ੀਏ ਉੱਤੇ ਧੱਕੇ ਲੋਕਾਂ ਦੀ ਅਣਦੇਖੀ ਅਤੇ ਉਤਪੀੜਨ ਵੀ ਸਖੀ ਦੀ ਸ਼ਾਇਰੀ ਦਾ ਵਸਤੂ ਬਣਦਾ ਹੈ। ਉਹ ਆਪਣੀ ਸਮੁੱਚੀ ਸ਼ਾਇਰੀ (ਕਵਿਤਾ ਅਤੇ ਗ਼ਜ਼ਲ) ਵਿਚ ਸੁਚੇਤ ਅਤੇ ਸੁਹਜ ਭਰਪੂਰ ਕਵਿੱਤਰੀ ਵਜੋਂ ਆਪਣੀ ਪਛਾਣ ਬਣਾਉਣ ਵਿਚ ਸਫ਼ਲ ਹੁੰਦੀ ਹੈ।
ਆਲੋਚਨਾ ਦੀ ਇਸ ਪੁਸਤਕ ਵਿਚ ਸੁਰਜੀਤ ਸਖੀ ਦੇ ਸਮੁੱਚੇ ਕਲਾਮ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ, ਪਰਖਣ, ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਸਤਕ ਦੇ ਪਹਿਲੇ ਲੇਖ 'ਮੈਂ ਸਿਕੰਦਰ ਨਹੀਂ' ਦੇ ਵਿਸ਼ਾ ਵਸਤੂ ਦੀ ਰੂਪ-ਰੇਖਾ ਵਿਚ ਲੇਖਕ ਗੁਰੂਮੇਲ ਨੇ ਕਵਿੱਤਰੀ ਦੀ ਗ਼ਜ਼ਲ ਦੇ ਫ਼ਲਸਫ਼ੇ ਦੀਆਂ ਬਾਰੀਕ ਤੰਦਾਂ ਫ਼ੜਨ ਦੇ ਨਾਲ-ਨਾਲ ਗ਼ਜ਼ਲ ਦੀ ਕਾਵਿ-ਭਾਸ਼ਾ ਬਾਰੇ ਵੀ ਬੜੀਆਂ ਮੁੱਲਵਾਨ ਗੱਲਾਂ ਕੀਤੀਆਂ ਹਨ। ਹਰਜਿੰਦਰ ਕੰਗ ਨੇ ਸਖੀ ਦੇ ਗ਼ਜ਼ਲ ਸੰਗ੍ਰਹਿ 'ਮੈਂ ਸਿਕੰਦਰ ਨਹੀਂ' ਨੂੰ ਆਧਾਰ ਬਣਾ ਕੇ ਉਸ ਦੀ ਗ਼ਜ਼ਲ ਦੀਆਂ ਬਹਿਰਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਹੈ। ਹਰਦਿਆਲ ਸਾਗਰ ਨੇ 'ਮੈਂ ਸਿਕੰਦਰ ਨਹੀਂ' ਪੁਸਤਕ ਵਿਚਲੀ ਸ਼ਾਇਰੀ ਨੂੰ ਭਾਰਤੀ ਕਾਵਿ-ਸ਼ਾਸਤਰ ਦੀਆਂ ਧਾਰਨਾਵਾਂ ਦੀ ਰੌਸ਼ਨੀ ਦੇ ਪ੍ਰਸੰਗ ਵਿਚ ਪੜਚੋਲਦਿਆਂ ਇਸ ਨੂੰ ਪੰਜਾਬੀ ਦੀ ਪਰਪੱਕ ਸ਼ਾਇਰੀ ਅਤੇ ਪੰਜਾਬੀ ਗ਼ਜ਼ਲ ਦੀ ਧਰੋਹਰ ਕਿਹਾ ਹੈ। ਦੀਪਕ ਧਲੇਵਾਂ ਨੇ ਸੁਖਜੀਤ ਸਖੀ ਦੀਆਂ 'ਧੁੰਦ', 'ਮੈਂ ਸਿਕੰਦਰ ਨਹੀਂ' ਦੋ ਰਚਨਾਵਾਂ ਨੂੰ ਆਧਾਰ ਬਣਾ ਕੇ ਕਵਿੱਤਰੀ ਦੀ ਸ਼ਾਇਰੀ ਨੂੰ ਨਾਰੀਵਾਦ ਅਤੇ ਉਸ ਦੇ ਸਮਕਾਲ ਬੋਧ ਦੇ ਪ੍ਰਸੰਗ ਵਿਚ ਸੰਜੀਦਾ ਪੜਚੋਲ ਕੀਤੀ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ 'ਜਵਾਬੀ ਖ਼ਤ ਅਤੇ ਹੋਰ ਕਵਿਤਾਵਾਂ' ਦੇ ਪ੍ਰਸੰਗ ਵਿਚ ਸਖੀ ਦੀ ਸ਼ਾਇਰੀ ਦਾ ਅਧਿਐਨ ਕਰਦਿਆਂ ਸਖੀ ਦੀ ਮਾਨਵੀ ਹੋਂਦ, ਹੋਣੀ, ਸੰਤਾਪ, ਨਾਬਰੀ ਦੀਆਂ ਤਰੰਗਾਂ ਨੂੰ ਫ਼ੜਨ ਦਾ ਸਫ਼ਲ ਉਪਰਾਲਾ ਕੀਤਾ ਹੈ। ਡਾ. ਨਰੇਸ਼ ਨੇ ਸਖੀ ਕਾਵਿ ਦੇ ਦਾਰਸ਼ਨਿਕ ਪਹਿਲੂਆਂ ਨੂੰ ਵਿਚਾਰਦਿਆਂ ਉਸ ਦੀ ਪੰਜਾਬ ਸੰਕਟ ਪ੍ਰਤੀ ਪਹੁੰਚ, ਹਾਸ਼ੀਏ ਉੱਤੇ ਧੱਕੀ ਨਿਮਨ ਸ਼੍ਰੇਣੀ ਦੀ ਦਰਦਨਾਕ ਸਮਾਜਿਕ ਆਰਥਿਕ ਦਸ਼ਾ ਅਤੇ ਇਸਤਰੀ ਦੀ ਦੁਜੈਲੀ ਸਥਿਤੀ ਸੰਬੰਧੀ ਉਸ ਦੀ ਪੇਸ਼ਕਾਰੀ ਨੂੰ ਸਾਡੇ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ। ਸੁਰਜੀਤ ਜੱਜ ਸਖੀ ਦੀ ਸ਼ਾਇਰੀ ਨੂੰ ਵਿਸ਼ੇਸ਼ ਤੌਰ ਉੱਤੇ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖਦਾ ਹੈ। ਜਗਵਿੰਦਰ ਜੋਧਾ ਨੇ ਕਵਿੱਤਰੀ ਦੀ ਗ਼ਜ਼ਲ ਵਿਚਲੇ ਨਾਰੀਵਾਦ ਨੂੰ ਬੜੀ ਸੂਖ਼ਮਤਾ ਨਾਲ ਵਿਸ਼ਲੇਸ਼ਿਤ ਕੀਤਾ ਹੈ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ 'ਸੁਰਜੀਤ ਸਖੀ ਕਾਵਿ: ਵਸਤੂ ਵਿਧੀ ਤੇ ਵਿਚਾਰਧਾਰਾ' ਪੁਸਤਕ ਜਿਥੇ ਸਾਹਿਤ ਦੇ ਰਸੀਆਂ ਨੂੰ ਸੁਰਜੀਤ ਸਖੀ ਦੀ ਸ਼ਾਇਰੀ ਮਾਨਣ ਲਈ ਪ੍ਰੇਰਿਤ ਕਰੇਗੀ, ਉੱਥੇ ਪੰਜਾਬੀ ਆਲੋਚਨਾ ਨਾਲ ਜੁੜੀਆਂ ਹਸਤੀਆਂ ਵੀ ਸੁਰਜੀਤ ਸਖੀ ਦੀ ਸ਼ਾਇਰੀ ਨੂੰ ਉਸੇ ਗੰਭੀਰਤਾ ਅਤੇ ਸ਼ਿੱਦਤ ਨਾਲ ਲੈਣਗੀਆਂ, ਜਿਸ ਸ਼ਿੱਦਤ ਨਾਲ ਕਵਿੱਤਰੀ ਨੇ ਸ਼ਾਇਰੀ ਨੂੰ ਸਿਰਜਿਆ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਸ਼ਾਹਣੀ ਕੌਲਾਂ
ਸੰਪਾਦਨਾ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ 184
ਸੰਪਰਕ : 94171-40380
9 ਖੋਜ ਪੁਸਤਕਾਂ, ਦੋ ਆਲੋਚਨਾ ਦੀਆਂ ਪੁਸਤਕਾਂ ਅਤੇ 3 ਨਾਵਲ ਰਚਣ ਵਾਲਾ ਹਰਨੇਕ ਸਿੰਘ ਹੇਅਰ ਇਸ ਸੰਪਾਦਿਤ ਕੀਤੀ ਪੁਸਤਕ 'ਸ਼ਾਹਣੀ ਕੌਲਾਂ' ਦੀ ਭੂਮਿਕਾ ਪੂਰਨ ਅਤੇ ਕੌਲਾਂ ਦੇ ਜੀਵਨ ਤੇ ਚਰਿਤਰ ਦੀ ਤੁਲਨਾ ਕਰਦੇ ਹੋਏ ਲਿਖਦਾ ਹੈ। ਸ਼ਾਹਣੀ ਕੌਲਾਂ ਦੀ ਕਥਾ ਲੜੀ ਰਚਣ ਵਾਲੇ ਸਾਰੇ ਸਿਰਜਕਾਂ ਵਿਚੋਂ ਉਹ ਮੈਂਗਲ ਸਿੰਘ ਤੇ ਦੀਵਾਨ ਸਿੰਘ ਦੀਆਂ ਰਚਨਾਵਾਂ ਨੂੰ ਉੱਤਮ ਮੰਨਦਾ ਹੈ। ਇਸ ਤੋਂ ਅਗਲੇ ਅਧਿਆਇ ਵਿਚ ਉਹ ਇਸ ਕਥਾ ਲੜੀ ਦੀ ਸਮੀਖਿਆ ਬਿਰਤਾਂਤ ਸ਼ਾਸਤਰੀ ਪਰਿਪੇਖ ਵਿਚ ਕਰਦਾ ਹੈ। ਸੰਪਾਦਕ ਅਤੇ ਸਮੀਖਿਅਕ ਹਰਨੇਕ ਸਿੰਘ ਹੇਅਰ ਬਿਰਤਾਂਤ ਸ਼ਾਸਤਰ ਦੇ ਸੰਕਲਪਾਂ ਅਤੇ ਪਰਤਾਂ ਦੀ ਵਿਆਖਿਆ ਕਰਦੇ ਹੋਏ ਇਸ ਲੋਕ ਕਥਾ ਦੇ ਅੰਸ਼ ਵੀ ਬਿਆਨਦਾ ਹੈ। ਲੋਕ ਕਥਾ ਦਾ ਮਾਨਵਵਾਦੀ ਅਧਿਐਨ ਕਰਦੇ ਹੋਏ ਪਾਤਰਾਂ ਦੇ ਚਰਿੱਤਰ ਚਿਤਰਣ ਦੀਆਂ ਤਕਨੀਕਾਂ ਦਾ ਅਧਿਐਨ ਵੀ ਕਰਦਾ ਹੈ। ਉਹ ਵਿਆਖਿਆ ਕਰਦਾ ਹੈ ਕਿ ਰਚਨਾਕਾਰ ਨੇ ਵਾਰਤਾਲਾਪ, ਕਾਰਜ ਅਤੇ ਮਾਨਸਿਕਤਾ ਰਾਹੀਂ ਪਾਤਰ ਕਿਵੇਂ ਚਿਤਰੇ ਹਨ ਅਤੇ ਉਹ ਉਦਾਹਰਨਾਂ ਸਹਿਤ ਆਪਣੀ ਗੱਲ ਸਿੱਧ ਕਰਦਾ ਹੈ। ਅਗਲੇ ਪੜਾਅ 'ਤੇ ਉਹ ਇਸ ਲੋਕ ਕਥਾ ਵਿਚ ਵਰਤੀ ਸ਼ੈਲੀ ਅਤੇ ਭਾਸ਼ਾ ਦੀ ਗੱਲ ਵੀ ਕਰਦਾ ਹੈ ਅਤੇ ਕਥਾ ਤੇ ਪਾਠ ਦੇ ਅੰਤਰ ਸੰਬੰਧਾਂ ਨੂੰ ਬਿਆਨਦਾ ਹੋਇਆ ਬਿਰਤਾਂਤ ਸ਼ਾਸ਼ਤਰੀ ਤਕਨੀਕਾਂ (ਦ੍ਰਿਸ਼, ਫੈਲਾਓ, ਖੱਪਾ ਅਤੇ ਸੰਖੇਪ) ਦੀਆਂ ਉਦਾਹਰਨਾਂ ਦੇ ਕੇ ਵਿਆਖਿਆ ਕਰਦਾ ਹੈ। ਅਗਲੇ ਪੱਧਰ 'ਤੇ ਉਹ ਬਿਰਤਾਂਤੀਕਰਨ, ਫੋਕਸੀਕਰਨ ਅਤੇ ਆਨੰਦੀ ਪਾਠ-ਪਾਠ ਆਨੰਦ ਵਰਗੇ ਸੰਕਲਪਾਂ ਦੀ ਵਿਆਖਿਆ ਕਰਦਾ ਹੋਇਆ ਪ੍ਰਾਪਤ ਲੋਕ ਕਥਾ ਲੜੀ ਵਿਚੋਂ ਪ੍ਰਾਪਤ ਹੋਏ ਸਿੱਟੇ ਵੀ ਬਿਆਨਦਾ ਹੈ। ਇਸ ਸਮੀਖਿਆ ਤੋਂ ਬਾਅਦ 'ਸ਼ਾਹਣੀ ਕੌਲਾਂ' ਲੋਕ ਕਥਾ ਦਾ ਸਗਲ ਪਾਠ ਇਸ ਪੁਸਤਕ ਦੇ ਅਗਲੇ ਹਿੱਸੇ ਵਿਚ ਬਿਆਨ ਕੀਤਾ ਗਿਆ ਹੈ। ਸੰਪਾਦਕ ਦੁਆਰਾ ਕੀਤੀ ਸਮੀਖਿਆ ਤੋਂ ਬਾਅਦ ਇਸ ਪਾਠ ਨੂੰ ਇਕ ਵੱਖਰੇ ਨਜ਼ਰੀਏ ਤੋਂ ਪੜ੍ਹਦਾ ਹੈ, ਸਮਝਦਾ ਹੈ ਅਤੇ ਇਸ ਪਾਠ ਵਿਚ ਗੁਆਚਦਾ ਜਾਂਦਾ ਹੈ। ਅੰਤਲੇ ਸਫ਼ਿਆਂ 'ਤੇ ਔਖੇ ਸ਼ਬਦਾਂ ਦੇ ਅਰਥ ਦੇ ਕੇ ਸੰਪਾਦਕ ਨੇ ਪਾਠਕ ਦਾ ਕੰਮ ਹੋਰ ਆਸਾਨ ਕਰ ਦਿੱਤਾ ਹੈ। ਸੰਪਾਦਕ ਦੇ ਤਕਨੀਕੀ ਅਤੇ ਸੰਵੇਦਨਸ਼ੀਲ ਅਧਿਐਨ ਤੇ ਵਿਚਾਰ ਸ਼ਕਤੀ ਨੂੰ ਸਲਾਮ....
-ਡਾ. ਸੰਦੀਪ ਰਾਣਾ
ਮੋਬਾਈਲ : 98728-87551ਪੰਡਿਤ ਕਸਤੂਰੀ ਲਾਲ
'ਕੈਸ' ਕੜਿਆਲਵੀ ਦੀਆਂ ਗ਼ਜ਼ਲਾਂ
ਸੰਪਾਦਕ : ਗੁਰਬਖ਼ਸ਼ ਸਿੰਘ
ਸਫ਼ੇ: 244
ਦੁਨੀਆ ਵਿਚ ਅਜਿਹੇ ਵਿਅਕਤੀ ਬਹੁਤ ਘੱਟ ਹਨ, ਜਿਨ੍ਹਾਂ ਨੇ ਲੋੜਵੰਦ ਲੋਕਾਂ ਦੀ ਸੇਵਾ ਦਾ ਰਾਹ ਚੁਣਿਆ ਹੋਵੇ। ਵੱਡੀ ਗਿਣਤੀ ਅਜਿਹੇ ਵਿਅਕਤੀ ਹੀ ਮਿਲਦੇ ਹਨ, ਜਿਹੜੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਮਨੁੱਖਤਾ ਨੂੰ ਲਹੂ-ਲੁਹਾਣ ਕਰਨ ਤੋਂ ਵੀ ਨਹੀਂ ਝਿਜਕਦੇ। ਅਜਿਹੇ ਵਿਅਕਤੀ ਘਟ-ਘਟ ਵਿਚ ਪ੍ਰਮਾਤਮਾ ਹੋਣ ਦਾ ਢੰਡੋਰਾ ਵੀ ਪਿੱਟਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਸਤਾਉਣਾ ਵੀ ਜਾਰੀ ਰੱਖਦੇ ਹਨ। ਪੰਡਿਤ ਕਸਤੂਰੀ ਲਾਲ 'ਕੈਸ' ਆਪਣੀਆਂ ਗ਼ਜ਼ਲਾਂ ਵਿਚ ਅਜਿਹੇ ਲੋਕਾਂ ਨੂੰ ਹੀ ਖ਼ਬਰਦਾਰ ਕਰਦੇ ਹਨ:
ਭਗਤੀ ਕਰਨਾ ਚਾਹੇਂ ਜੇ ਭਗਵਾਨ ਦੀ,
ਦਿਲ ਕਿਸੇ ਨਾ ਜੀਵ ਜੰਤੂ ਦਾ ਦੁਖਾ।
ਹਰ ਬੰਦਾ ਚਾਹੁੰਦਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਸੁਖੀ ਰਹੇ, ਪਰ ਸ਼ਾਇਦ ਅਜਿਹਾ ਕਰਕੇ ਉਹ ਸੁਖ ਦੇ ਗਣਿਤ ਨੂੰ ਸਮਝਣ ਤੋਂ ਕਿਨਾਰਾ ਕਰ ਜਾਂਦਾ ਹੈ। ਪੰਡਿਤ ਕਸਤੂਰੀ ਲਾਲ 'ਕੈਸ' ਭਲੀ-ਭਾਂਤ ਸਮਝਦੇ ਹਨ ਕਿ ਕੋਈ ਵੀ ਸੁਖ ਹਮੇਸ਼ਾ ਨਹੀਂ ਰਹਿੰਦਾ ਅਤੇ ਹਰ ਸੁਖ ਤੋਂ ਬਾਅਦ ਦੁੱਖ ਆਉਣਾ ਲਾਜ਼ਮੀ ਹੁੰਦਾ ਹੈ। ਜਿਹੜੇ ਲੋਕ ਜੀਵਨ ਦੇ ਸੱਚ ਨੂੰ ਪਛਾਣ ਲੈਂਦੇ ਹਨ, ਕੇਵਲ ਉਹੀ ਸਦੀਵੀ ਅਨੰਦ ਦੀ ਅਵਸਥਾ ਵਿਚ ਵਿਚਰਦੇ ਦਿਖਾਈ ਦਿੰਦੇ ਹਨ ਕਿਉਂਕਿ ਅਨੰਦ ਦਾ ਉਲਟਾ ਕੁਝ ਵੀ ਨਹੀਂ ਹੁੰਦਾ:
ਸਭ ਜ਼ਹਿਰ ਤਾਂ ਸੁਕਰਾਤ ਅਰ
ਮੀਰਾ ਨੇ ਪੀ ਲਿਆ,
ਤੂੰ ਹੋ ਸਕੇ ਤਾਂ ਹੋਰ ਰਸਤਾ ਟੋਲ ਜਿੰਦੜੀਏ।
ਪੰਡਿਤ ਕਸਤੂਰੀ ਲਾਲ 'ਕੈਸ' ਪੰਜਾਬੀ ਦੇ ਅਜਿਹੇ ਲਾਜਵਾਬ ਗ਼ਜ਼ਲਕਾਰ ਸਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਬੜੀਆਂ ਖ਼ੂਬਸੂਰਤ ਗ਼ਜ਼ਲਾਂ ਲਿਖੀਆਂ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਨਾ ਤਾਂ ਜਿਊਂਦੇ ਜੀਅ ਆਪਣੀ ਕੋਈ ਪੁਸਤਕ ਹੀ ਛਪਵਾ ਸਕੇ ਅਤੇ ਨਾ ਹੀ ਉਨ੍ਹਾਂ ਦੀ ਕੋਈ ਗ਼ਜ਼ਲ ਕਿਸੇ ਅਖ਼ਬਾਰ ਜਾਂ ਪਰਚੇ ਵਿਚ ਹੀ ਪ੍ਰਕਾਸ਼ਿਤ ਹੋ ਸਕੀ। ਉਨ੍ਹਾਂ ਦੇ ਸਰੀਰ ਛੱਡ ਜਾਣ ਤੋਂ ਬਾਅਦ ਗੁਰਬਖ਼ਸ਼ ਸਿੰਘ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਇਹ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਪਾਠਕਾਂ ਲਈ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਕਾਰਜ ਕੀਤਾ ਹੈ, ਜਿਸ ਦਾ ਪੁਰਜ਼ੋਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਕਿੱਕਰਾਂ ਦੇ ਅੰਬ
ਲੇਖਕ : ਅਮਰਿੰਦਰ ਸਿੰਘ ਸੋਹਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 95016-60416
ਵਿਦਵਾਨ ਸੱਜਣਾਂ ਦਾ ਮੰਨਣਾ ਹੈ ਕਿ ਸਵੈ-ਜੀਵਨੀ ਜਾਂ ਆਤਮ ਕਥਾ ਲੇਖਕ ਦੇ ਜੀਵਨ ਦਾ ਕ੍ਰਮਬੱਧ ਬਿਰਤਾਂਤ ਹੁੰਦਾ ਹੈ, ਜਿਸ ਵਿਚ ਉਸ ਦੇ ਆਤਮ-ਚਿੰਤਨ ਜਾਂ ਜ਼ਿੰਦਗੀ ਦੀ ਵਿਸ਼ਾਲ ਪਿੱਠ ਭੂਮੀ ਵਿਚ ਉਸ ਦੀ ਹੋਂਦ ਦੀ ਵਿਸ਼ੇਸ਼ਤਾ ਤੇ ਮਹੱਤਤਾ ਦਿੱਤੀ ਹੁੰਦੀ ਹੈ। ਅਮਰਿੰਦਰ ਸਿੰਘ ਸੋਹਲ ਦੀ ਸਵੈ-ਜੀਵਨੀ 'ਕਿੱਕਰਾਂ ਦੇ ਅੰਬ' ਦਾ ਸੁਭਾਅ ਸਵੈ-ਜੀਵਨੀ ਬਾਰੇ ਵਿਦਵਾਨਾਂ ਦੇ ਇਸ ਵਿਚਾਰ ਨਾਲ ਕਾਫੀ ਮਿਲਦਾ ਹੈ। ਕੁੱਲ 24 ਚੈਪਟਰਾਂ 'ਚ ਸੰਪੂਰਨ ਕੀਤੀ ਗਈ ਇਸ ਪੁਸਤਕ ਦਾ ਵੱਡਾ ਗੁਣ ਇਸ ਦੀ ਰੌਚਿਕਤਾ ਹੈ। ਰਚਨਾਕਾਰ ਮੂਲ ਰੂਪ 'ਚ ਸ਼ਾਇਰ ਹੈ। ਉਸ ਦੀ ਵਾਰਤਕ 'ਚ ਵੀ ਕਾਵਿਕਤਾ ਕਾਰਜਸ਼ੀਲ ਹੈ। ਪੁਸਤਕ ਦਾ ਹਰ ਚੈਪਟਰ ਭਾਵੇਂ ਆਪਣੇ-ਆਪ 'ਚ ਵਿਸ਼ੇ ਦੀ ਆਂਤ੍ਰਿਕਤਾ ਨਾਲ ਖਾਸਾ ਇਨਸਾਫ਼ ਕਰਦਾ ਹੈ ਪਰ ਫਿਰ ਵੀ 'ਘਰ ਤੂੰ ਉਦਾਸ ਨਾ ਹੋਈਂ' 'ਕਵਿਤਾ ਦਾ ਪਿਛੋਕੜ', 'ਜ਼ਿੰਦਗੀ ਦਾ ਨਵਾਂ ਮੋੜ', 'ਸੰਵੇਦਨਾ ਦੇ ਬੀਜ', 'ਵੇਸਵਾਵਾਂ ਦਾ ਅੱਡਾ', 'ਕੁੜੀਆਂ ਦੀ ਆਸ਼ਕੀ', 'ਮੌਤ ਦੀ ਪਟੜੀ ਤੋਂ ਜੀਵਨ ਦੀ ਲੀਹ ਤੱਕ', 'ਸਿੱਖਿਆ ਖੇਤਰ ਵਿਚ ਵਿਚਰਦਿਆਂ' ਤੇ 'ਮਨੀਪੁਰ ਕਵੀ ਦਰਬਾਰ ਵਿਚੋਂ ਕੁਝ ਵੱਧ ਅਦਬੀ ਅੰਤਰੀਵਤਾ ਆਤਮਸਾਤ ਕੀਤੀ ਜਾ ਸਕਦੀ ਹੈ। ਨਿਰਸੰਦੇਹ ਅਮਰਿੰਦਰ ਸਿੰਘ ਸੋਹਲ ਅੰਦਰ ਇਕ ਉੱਚ ਪਾਏ ਦਾ ਵਾਰਤਕਾਰ ਬਣਨ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹਨ। 'ਕਿੱਕਰਾਂ ਦੇ ਅੰਬ' ਦੀ ਅੰਤਰਝਾਤ ਹਿਤ ਇਸ ਵਿਚੋਂ ਕੁਝ ਅੰਸ਼ ਵੀ ਇਥੇ ਸਾਂਝੇ ਕਰਦੇ ਹਾਂ:
-ਕੋਈ ਲੇਖਕ ਚਾਹੇ ਉਤੋਂ ਲੱਖ ਆਖੇ, ਪਰ ਜੇ ਉਸ ਨੂੰ ਆਪਣੀਆਂ ਸਾਰੀਆਂ ਲਿਖਤਾਂ ਨਾਲ ਪਿਆਰ ਨਹੀਂ ਤਾਂ ਕੁਝ ਇਕ ਰਚਨਾਵਾਂ ਨਾਲ ਜ਼ਰੂਰ ਹੁੰਦਾ ਹੈ, ਜਿਵੇਂ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਨੂੰ ਸਿਆਣੇ ਬੰਦੇ ਇਸ਼ਕ ਕਰਨ ਤੋਂ ਵਰਜਦੇ ਹਨ। ਪਰ ਇਸ਼ਕ ਕੌਣ ਕਰਦਾ ਹੈ? ਇਹ ਤਾਂ ਸੁਭਾਵਿਕ ਹੀ ਹੋ ਜਾਂਦਾ ਹੈ।
-ਇਹ ਗਿੱਠਮੁਠੀਏ ਸਾਹਿਤਕਾਰ ਬਸ ਉਥੇ ਦੇ ਉਥੇ ਹੀ ਖੜ੍ਹੇ ਰਹੇ, ਉਨ੍ਹਾਂ ਨੇ ਦੂਜੇ ਨੂੰ ਅੱਗੇ ਕੀ ਵਧਣ ਦੇਣਾ ਸੀ।
'ਨੈਣਾਂ ਵਿਚਲਾ ਟਾਪੂ' (ਗ਼ਜ਼ਲ ਸੰਗ੍ਰਹਿ) ਤੇ 'ਪੱਤਿਆਂ ਦੀ ਪੈੜ ਚਾਲ' (ਕਾਵਿ ਸੰਗ੍ਰਹਿ) ਦੇ ਕਰਤੇ ਅਮਰਿੰਦਰ ਸਿੰਘ ਸੋਹਲ ਨੇ ਭਾਰਤ ਦੇ ਧੁਰ ਪੂਰਬ ਤੱਕ ਭ੍ਰਮਣ ਕੀਤਾ ਹੋਇਆ ਹੈ। ਹੁਣ 'ਕਿੱਕਰਾਂ ਦੇ ਅੰਬ' ਰਾਹੀਂ ਉਸ ਨੇ ਆਪਣੇ ਅਨੁਭਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਿਆ ਹੈ। ਲੇਖਕ ਬਾਰੇ ਬਹੁ-ਪੱਖੀ ਜਾਣਕਾਰੀ ਲਈ ਪੂਰੀ ਸਵੈ-ਜੀਵਨੀ ਪੜ੍ਹਨੀ ਜ਼ਰੂਰੀ ਹੈ। ਇਕ ਬਦਕਿਸਮਤ ਚਿੜੀ ਨੂੰ ਸਮਰਪਿਤ ਇਸ ਸਵੈ-ਜੀਵਨੀ ਦਾ ਨਾਂਅ 'ਕਿੱਕਰਾਂ ਦੇ ਅੰਬ' ਵੀ ਆਪਣੇ-ਆਪ 'ਚ ਬੜਾ ਅਰਥ ਭਰਪੂਰ ਹੈ। ਭਾਵੇਂ ਕਿੱਕਰਾਂ ਨੂੰ ਕਦੇ ਅੰਬ ਨਹੀਂ ਲਗਦੇ ਪਰ ਇਥੇ ਭਾਵ ਅਰਥ ਕੁੜੱਤਣ ਤੇ ਮਿਠਾਸ ਦੇ ਹਨ। ਕਲਮਕਾਰ ਨੇ ਆਪਣੀ ਹੁਣ ਤੱਕ ਦੀ ਹਯਾਤੀ 'ਚ ਜ਼ਿੰਦਗੀ ਦੀਆਂ ਤਲਖ਼ਤ ਹਕੀਕਤਾਂ ਭਰੀ ਕੁੜੱਤਣ 'ਚੋਂ ਆਪਣੇ ਹਿੱਸੇ ਦੇ ਸੁਖ ਦੇ ਸਾਹ ਕਿਵੇਂ ਕਾਇਮ ਕੀਤੇ ਹਨ, ਕਿਵੇਂ ਕੌੜੀ ਆਬੋ-ਹਵਾ ਵਿਚ ਵਿਚਰਦਿਆਂ ਵੀ ਉਸ ਦੇ ਮਨ ਮੁਸਤਕ ਨੇ ਕੁਝ ਕੁ ਮਿਲੀ ਮਿਠਾਸ ਨਾਲ ਪੀਢੀ ਗੰਢ ਪਾਈ ਹੈ। ਇਹ ਸਭ ਇਸ ਆਤਮ-ਕਥਾ 'ਚੋਂ ਜਾਣਿਆ ਜਾ ਸਕਦਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਕਰਤਾਰ ਸਿੰਘ ਸਰਾਭਾ ਅਤੇ ਹੋਰ ਯੋਧਿਆਂ ਦੀਆਂ ਵਾਰਾਂ
ਲੇਖਕ : ਮਾ. ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 94170-49417
ਇਸ ਪੁਸਤਕ ਵਿਚ ਵਾਰਾਂ ਦੇ ਮਾਧਿਅਮ ਰਾਹੀਂ ਜਿਥੇ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਅਕਾਲੀ ਫੂਲਾ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਲੀ ਵਾਲੇ ਨੂੰ ਸ਼ਰਧਾਂਜਲੀ ਦਿੱਤੀ ਹੈ, ਉਥੇ ਹੀ ਡਾਕੂ ਸੁੰਦਰੀ ਫੂਲਾਂ ਦੇਵੀ ਦੀ ਵੀ ਵਾਰ ਲਿਖੀ ਹੈ। ਪੁਸਤਕ ਦੇ ਸਿਰਲੇਖ ਵਿਚ ਕਰਤਾਰ ਸਰਾਭਾ ਦਾ ਅੱਧਾ ਨਾਮ ਖਟਕਦਾ ਹੈ। ਸ਼ਹੀਦਾਂ ਦੀਆਂ ਵਾਰਾਂ ਪੜ੍ਹਨ ਵਾਲੇ ਦੇ ਦਿਲ ਵਿਚ ਬੀਰ ਰਸ ਪੈਦਾ ਕਰਦੀਆਂ ਹਨ। ਸ਼ਹੀਦ ਊਧਮ ਸਿੰਘ, ਸ਼ਹੀਦ ਬੀਬੀ ਗੁਲਾਬ ਕੌਰ, ਸ਼ਹੀਦ ਨਛੱਤਰ ਸਿੰਘ ਧਾਲੀਵਾਲ, ਸ਼ਹੀਦ ਭਗਤ ਸਿੰਘ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਦੀਆਂ ਵਾਰਾਂ ਦੇ ਕੁਝ ਨਮੂਨੇ ਦੇਖੋ:
ਵਗਦੀ ਏ ਰਾਵੀ, ਜਾਪੇ ਕੁਝ ਕਹਿੰਦੀ ਭੈਣੇ
ਸਿਰੋਂ ਗੁਲਾਮੀ ਬਿਨ ਲੜਿਆਂ ਨਾ ਲਹਿੰਦੀ ਭੈਣੇ।
ਪਿਆਰੇ ਸਤਲੁਜ ਦੇ ਪਾਣੀ ਦੀ ਸਹੁੰ ਸਾਨੂੰ
ਖ਼ੂਨ ਆਪਣਾ ਤੂੰ ਜਿਸ ਵਿਚ ਡੋਲਿਆ ਸੀ।
ਨਾਅਰਾ ਭੁੱਲਾਂਗੇ ਨਹੀਂ ਇਨਕਲਾਬ ਵਾਲਾ,
ਜੋ ਤੂੰ ਫਾਂਸੀ ਦੇ ਤਖ਼ਤੇ ਤੋਂ ਬੋਲਿਆ ਸੀ।
ਪੰਜਾਬ ਦੀਏ ਪਾਕ ਧਰਤੀਏ,
ਮੇਰੀ ਨਮਸਕਾਰ ਲੱਖ ਵਾਰੀ।
ਦੇਸ਼ ਭਗਤ ਤੈਂ ਜਣੇ ਸੂਰਮੇ,
ਯੋਧੇ ਅਤੇ ਲਿਖਾਰੀ।
ਕਵੀ ਨੇ ਮਾਤਾ ਵਿੱਦਿਆਵਤੀ, ਕਾਮਰੇਡ ਤੇਜਾ ਸਿੰਘ ਸੁਤੰਤਰ, ਕਵੀਸ਼ਰ ਕਰਨੈਲ ਪਾਰਸ, ਸੰਤ ਰਾਮ ਉਦਾਸੀ, ਬੰਤ ਰਾਮ ਸਿੰਘ ਅਲੀਸ਼ੇਰ, ਕਾਮਰੇਡ ਪੂਰਨ ਸਿੰਘ ਸਿਰਸੀਵਾਲਾ ਅਤੇ ਨਕਸਲੀ ਸ਼ਹੀਦਾਂ ਨੂੰ ਵੀ ਭਾਵ ਪੂਰਤ ਸ਼ਬਦਾਂ ਵਿਚ ਕਾਵਿਕ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਪੁਸਤਕ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਚੁੱਪ ਦੇ ਟੁਕੜੇ
ਲੇਖਕ : ਹਰਜਿੰਦਰ ਕੰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 95011-45039
ਹਰਜਿੰਦਰ ਕੰਗ ਪੰਜਾਬੀ ਨੌਜਵਾਨ ਹੈ, ਜੋ ਕਿ ਅੱਜਕਲ੍ਹ ਕੈਨੇਡਾ ਦਾ ਨਿਵਾਸੀ ਹੈ। ਹਥਲੀ ਪੁਸਤਕ ਤੋਂ ਪਹਿਲਾਂ ਕੰਗ ਦੋ ਗ਼ਜ਼ਲ-ਸੰਗ੍ਰਹਿ ਸਿਰਜ ਚੁੱਕਾ ਹੈ। 'ਸਵਾਂਤੀ ਬੂੰਦ' (ਗ਼ਜ਼ਲ ਸੰਗ੍ਰਹਿ) 1992 ਵਿਚ ਆਇਆ ਸੀ ਜਦੋਂ ਕਿ 'ਠੀਕਰੀ ਪਹਿਰਾ' ਗ਼ਜ਼ਲ ਸੰਗ੍ਰਹਿ 1996 ਵਿਚ ਆਇਆ। ਇਸ ਤਰ੍ਹਾਂ ਕੰਗ ਇਕ ਜਾਣਿਆ-ਪਛਾਣਿਆਂ ਸ਼ਿਅਰਕਾਰ ਹੈ। ਹਥਲੀ ਪੁਸਤਕ ਦਾ ਪਹਿਲਾ ਐਡੀਸ਼ਨ 2006 ਵਿਚ ਛਪਿਆ ਸੀ। ਇਸ ਸਾਲ 2024 ਵਿਚ ਦੂਜਾ ਐਡੀਸ਼ਨ ਪ੍ਰਕਾਸ਼ਿਤ ਹੋਇਆ ਹੈ। ਹਰਜਿੰਦਰ ਕੰਗ ਦੀ ਸ਼ਾਇਰੀ ਸਮਕਾਲ ਨੂੰ ਸੰਬੋਧਿਤ ਹੁੰਦੀ ਹੈ। ਭਾਵੇਂ ਉਹ ਕੈਨੇਡਾ ਵਿਚ ਕਈ ਸਾਲਾਂ ਤੋਂ ਵਸ ਰਿਹਾ ਹੈ ਪਰ ਉਸ ਦੇ ਅੰਦਰ ਪੰਜਾਬ ਵੀ ਵੱਸਦਾ ਹੈ। ਉਹ ਜੋ ਵੀ ਸ਼ਿਅਰ ਸਿਰਜਦਾ ਹੈ, ਉਸ ਦੇ ਡੂੰਘੇ ਅਰਥ ਹੁੰਦੇ ਹਨ। ਉਹ ਕਦੇ ਵੀ ਕਲਾ ਦਾ ਪੱਲਾ ਨਹੀਂ ਛੱਡਦਾ ਅਤੇ ਗ਼ਜ਼ਲ ਤਕਨੀਕ ਦੀ ਪੈਰਵੀ ਕਰਦਾ ਹੈ :
-ਪਿੰਜਰੇ ਦਾ ਮੂੰਹ ਹਵਾ ਵਿਚ
ਅੱਡਿਆ ਹੀ ਰਹਿ ਗਿਆ,
ਸਤਰੰਗੀ ਪੀਂਘ ਤੇ ਚਿੜੀਆਂ ਦਾ
ਚੰਬਾ ਬਹਿ ਗਿਆ।
ਕੰਗ ਆਪਣੀ ਉਦਾਸੀ ਨੂੰ ਜਗ ਨਸ਼ਰ ਨਹੀਂ ਕਰਨਾ ਚਾਹੁੰਦਾ ਸਗੋਂ ਇਸ ਤਨਹਾਈ ਨੂੰ ਵੀ ਮੀਤ ਬਣਾਉਣਾ ਲੋਚਦਾ ਹੈ :
ਸ਼ਾਮ ਢਲੀ ਇਕ ਸੂਰਜ ਡੁੱਬਾ
ਚੜਿਆ ਇਕ ਤਨਿਹਾਈ ਦਾ
ਬੁੱਕਲ ਦੇ ਵਿਚ ਲੈ ਕੇ ਸੌਂ ਜਾਹ ਜਗ ਨੂੰ ਨਹੀਂ ਵਿਖਾਈਦਾ।
ਕੰਗ ਦੇ ਸ਼ਿਅਰਾਂ ਵਿਚੋਂ ਸ਼ਬਦਾਂ ਦੀ ਮਹਿਕ ਅਤੇ ਖਿਆਲ ਦੀ ਗੂੰਜਣ ਸੁਣਾਈ ਦਿੰਦੀ ਹੈ :
ਉਹ ਕਿਹੜੀ ਸ਼ਾਮ ਹੈ ਜਿਸ ਦਾ ਅਜੇ ਸੂਰਜ ਨਹੀਂ ਡੁੱਬਾ,
ਸੁਲਘਦੀ ਯਾਦ ਰਹਿੰਦੀ ਹੈ ਮੇਰੇ ਸੀਨੇ 'ਚ ਸਾਰਾ ਦਿਨ।
ਸੁਰਜੀਤ ਪਾਤਰ ਹਰਜਿੰਦਰ ਕੰਗ ਬਾਰੇ ਪੁਸਤਕ ਦੀ ਭੂਮਿਕਾ ਵਿਚ ਉਸ ਦੀ ਸ਼ਾਇਰੀ ਦੀ ਪ੍ਰਸੰਸਾ ਕਰਦਾ ਹੈ। ਅਸਲ ਵਿਚ ਕੰਗ ਭਾਵੇਂ ਗ਼ਜ਼ਲ ਲਿਖੇ, ਨਜ਼ਮ ਲਿਖੇ ਜਾਂ ਗੀਤ ਉਹ ਕਵਿਤਾ ਦੀ ਸੰਗੀਤਕਤਾ ਤੋਂ ਨਹੀਂ ਥਿੜਕਦਾ। ਕਈ ਲੋਕ ਗ਼ਜ਼ਲ ਵਿਚ ਬਹਿਰ ਛੰਦ ਨੂੰ ਬੰਦਸ਼ ਸਮਝਦੇ ਹਨ ਪਰ ਦਰਹਕੀਕਤ ਘਰ ਦਾ ਕੁੰਡਾ ਘਰ ਦੀ ਆਜ਼ਾਦੀ ਵੀ ਹੁੰਦਾ ਹੈ। ਬਹਿਰ ਤੇ ਛੰਦ ਗ਼ਜ਼ਲ ਦੇ ਖੰਭ ਹਨ, ਜਿਸ ਗੱਲ ਨੂੰ ਹਰਜਿੰਦਰ ਕੰਗ ਬਾਖ਼ੂਬੀ ਸਮਝਦਾ ਹੈ। ਉਸ ਦੇ ਕੁਝ ਸ਼ਿਅਰ ਪਾਠਕਾਂ ਲਈ ਹਾਜ਼ਰ ਹਨ :
-ਕੱਚੀਆਂ ਤੰਦਾਂ ਦੀ ਡੋਰੀ ਜ਼ਿੰਦਗੀ,
ਸਿਸਕਦੀ ਹੋਈ ਹੈ ਝੋਰੀ ਜ਼ਿੰਦਗੀ।
ਢਿਡ ਤੋਂ ਭੁੱਖੇ ਕਿਸੇ ਕਿਰਸਾਨ ਦੇ
ਸਿਰ ਧਰੀ ਕਰਜ਼ੇ ਦੀ ਬੋਰੀ ਜ਼ਿੰਦਗੀ।
-ਦਰ ਖੜਕੇ ਨਿਤ ਕੋਈ ਅੰਦਰ ਹੋਵੇ ਨਾ,
ਏਨਾ ਸੁੰਨਾ ਵੀ ਕੋਈ ਘਰ ਹੋਵੇ ਨਾ।
-ਫਿਰ ਸਜ਼ਾ ਲਗਦਾ ਹੈ ਪਰਦੇਸਾਂ ਦਾ ਰਹਿਣਾ,
ਵਿਛੜੇ ਆਉਂਦੇ ਨੇ ਜਦ ਪਰਿਵਾਰ ਚੇਤੇ।
-ਆਪਣੀ ਮਿੱਟੀ ਹੇਠ ਨਾ ਦੱਬ ਗੁਨਾਹਾਂ ਨੂੰ,
ਜ਼ਹਿਰ ਚੜੇਗੀ ਤੇਰੇ ਆਪਣੇ ਸਾਹਾਂ ਨੂੰ।
-ਹਵਾਲੇ ਪਤਝੜਾਂ ਦੇ ਹੋ ਗਏ ਸਭ ਚੇਤ ਮੇਰੇ
ਕਿਸੇ ਮੰਡੀ 'ਚ ਨਹੀਂ ਲੱਭਦੇ ਗੁਆਚੇ ਖੇਤ ਮੇਰੇ।
ਕੰਗ ਦੀਆਂ ਗ਼ਜ਼ਲਾਂ ਵਰਗੀ ਗਹਿਰੀ, ਸਾਦਗੀ ਅਤੇ ਅਰਸ਼ਾਂ ਦੀ ਬੁਲੰਦੀ ਘਟ ਹੀ ਸ਼ਾਇਰਾਂ ਨੂੰ ਮਿਲਦੀ ਹੈ।
ਗ਼ਜ਼ਲ ਪੁਸਤਕ ਵਿਚ 58 ਰਚਨਾਵਾਂ ਹਨ, ਜਿਨ੍ਹਾਂ ਵਿਚੋਂ ਕੇਵਲ 10 ਕੁ ਕਵਿਤਾਵਾਂ ਅਤੇ ਗੀਤ ਹਨ। ਇਹ ਪੁਸਤਕ ਇਕ ਸ਼ਾਨਦਾਰ ਗ਼ਜ਼ਲ-ਸੰਗ੍ਰਹਿ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਵਿਚਾਰਾਂ ਦਾ ਸੰਗ੍ਰਹਿ
ਸੰਗ੍ਰਹਿ ਕਰਤਾ : ਗੁਰਬਖਸ਼ ਸਿੰਘ 'ਢੱਟ'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98147-32198
ਜੀਵਨ ਦੇ ਕਿਸੇ ਵੀ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੇ ਜ਼ਿੰਦਗੀ ਵਿਚ ਜੋ ਸੰਘਰਸ਼ ਕੀਤਾ ਹੁੰਦਾ ਹੈ, ਉਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਜਾਂ ਪ੍ਰਾਪਤੀਆਂ ਤੋਂ ਪ੍ਰਤੱਖ ਦਿਸ ਪੈਂਦੀ ਹੈ। ਅਜਿਹੇ ਵਿਚਾਰਵਾਨਾਂ ਦੇ ਜੀਵਨ ਅਨੁਭਵ 'ਚੋਂ ਉਪਜੇ ਉੱਚ-ਵਿਚਾਰ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਇਸ ਪੁਸਤਕ ਦੇ ਲੇਖਕ ਗੁਰਬਖਸ਼ ਸਿੰਘ 'ਢੱਟ' ਨੇ ਸਮੇਂ-ਸਮੇਂ ਪੜ੍ਹੀਆਂ ਅਨੇਕਾਂ ਪੁਸਤਕਾਂ ਵਿਚੋਂ ਵਿਚਾਰਵਾਨਾਂ ਦੇ ਵਿਚਾਰਾਂ ਨੂੰ ਇਕ ਥਾਂ ਇਕੱਤਰ ਕਰਨ ਤੇ ਛਪਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਨ੍ਹਾਂ ਚਿੰਤਕਾਂ ਵਿਚੋਂ ਕੁਝ ਉੱਚ-ਕੋਟੀ ਦੇ ਵਿਦਵਾਨਾਂ ਦੇ ਕਥਨ ਪਾਠਕਾਂ ਦੀ ਰੌਚਕ ਜਾਣਕਾਰੀ ਲਈ ਪੇਸ਼ ਕੀਤੇ ਜਾ ਰਹੇ ਹਨ:
-ਇਕ ਚੰਗੀ ਮਾਂ ਸੌ ਅਧਿਆਪਕਾਂ ਦੇ ਬਰਾਬਰ ਹੈ (ਜਾਰਜ ਹਰਬਟ)
-ਜਿਥੇ ਡਰ ਤੇ ਚਿੰਤਾ ਹੈ, ਉਥੇ ਨੀਂਦ ਦਾ ਵਾਸਾ ਨਹੀਂ (ਸ਼ੈਕਸਪੀਅਰ)
-ਅਸੰਭਵ ਸ਼ਬਦ ਮੂਰਖਾਂ ਦੇ ਸ਼ਬਦ-ਕੋਸ਼ ਵਿਚ ਹੁੰਦਾ ਹੈ (ਨਿਪੋਲੀਅਨ)
-ਕਈ ਵਾਰੀ ਸ਼ੱਕ ਦੀ ਇਕ ਨਿੱਕੀ ਜਿਹੀ ਚੰਗਿਆੜੀ ਪਿਆਰ ਦੇ ਖਲਵਾੜੇ ਦੀ ਸੁਆਹ ਕਰ ਦਿੰਦੀ ਹੈ। (ਨਾਨਕ ਸਿੰਘ)
-ਬੁੱਧੀ ਰੱਬ ਦੀ ਖੋਜ ਨਹੀਂ ਕਰ ਸਕਦੀ। ਰੱਬ ਸਿਰਫ਼ ਭੋਲੇਪਨ ਅਤੇ ਬੱਚਿਆਂ ਵਰਗੇ ਯਕੀਨ ਵਿਚ ਹੀ ਪਾਇਆ ਜਾ ਸਕਦਾ ਹੈ। (ਜੈਕੋਬੀ)
-ਜਿਸ ਮਿਹਨਤ ਤੋਂ ਸਾਨੂੰ ਆਨੰਦ ਮਿਲਦਾ ਹੈ, ਉਹ ਸਾਡੇ ਰੋਗਾਂ ਲਈ ਅੰਮ੍ਰਿਤ ਹੈ। (ਸ਼ੈਕਸਪੀਅਰ)
-ਮਜ਼ਦੂਰ ਨੂੰ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦੇਣੀ ਚਾਹੀਦੀ ਹੈ।
(ਲੈਨਿਨ)
-ਮੌਤ ਜੀਵਨ ਦੀ ਸੁਨਹਿਰੀ ਸ਼ਾਮ ਹੈ।
ਸ਼ਬਦ ਅਤੇ ਸਮਾਜਕਤਾ
ਲੇਖਕ : ਡਾ. ਸਰਬਜੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 208
ਸੰਪਰਕ : 98155-74144
ਸਾਹਿਤ ਅਤੇ ਸਮਾਜ ਦਾ ਰਿਸ਼ਤਾ ਬੜਾ ਡੂੰਘਾ ਤੇ ਅਨਿੱਖੜਵਾਂ ਹੁੰਦਾ ਹੈ। ਇਕ ਲੇਖਕ ਸਾਹਿਤ ਦੇ ਕਿਸੇ ਵੀ ਰੂਪ ਵਿਚ ਜਦ ਲਿਖ ਰਿਹਾ ਹੁੰਦਾ ਹੈ, ਉਹ ਆਪਣੀ ਕਲਾਮਈ ਸ਼ੈਲੀ ਦੁਆਰਾ ਆਪਣੇ ਸਮੇਂ ਦੇ ਹਾਲਾਤ ਦਾ ਚਿੱਤਰਣ ਕਰਦਾ ਹੈ। ਨਾਲ-ਨਾਲ ਉਸ ਨੇ ਇਸ ਵਿਚ ਦਖਲਅੰਦਾਜ਼ੀ ਵੀ ਕਰਨੀ ਹੁੰਦੀ ਹੈ। ਡਾ. ਸਰਬਜੀਤ ਸਿੰਘ ਨੇ ਇਸ ਪੁਸਤਕ ਵਿਚ ਸਾਹਿਤਕਾਰ ਰਾਹੀਂ ਸਿਰਜੇ ਗਏ ਕਾਵਿ-ਸ਼ਬਦ ਦੀ ਸਮਾਜਕਤਾ ਨਾਲ ਸਾਂਝ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਵਿਤਾ ਆਪਣੇ ਯੁੱਗ ਵਿਚ ਸਾਕਾਰ ਹੋ ਕੇ ਗਤੀਸ਼ੀਲ ਰਹਿੰਦੀ ਹੈ। ਪਹਿਲੇ ਲੇਖ ਵਿਚ ਲੇਖਕ ਦਸਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਧਾਰਮਿਕ ਕਰਮ-ਕਾਂਡ ਅਤੇ ਰੀਤੀਆਂ ਨੂੰ ਮਨੁੱਖੀ ਗੁਣਾਂ ਵਿਚ ਪਲਟ ਕੇ ਨਵੇਂ ਜੀਵਨ ਸਿਧਾਂਤ ਦੀ ਸਿਰਜਣਾ ਕੀਤੀ। ਆਪ ਜੀ ਰਚਿਤ 'ਬਾਬਰਬਾਣੀ' ਉਸ ਦੌਰ ਦੀ ਰਾਜਸੀ ਸਥਿਤੀ ਨੂੰ ਪ੍ਰਗਟ ਕਰਦੀ ਹੈ:
'ਰਾਜੇ ਸੀਹ ਮਕਦਮ ਕੁਤੇ॥ ਜਾਇ ਜਗਾਇਨ੍ ਬੈਠੇ ਸੁਤੇ॥
'ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਅਗਲੇ ਲੇਖ ਵਿਚ ਗੁਰੂ ਤੇਗ ਬਹਾਦਰ ਰਚਿਤ ਬਾਣੀ ਬਾਰੇ ਵਰਨਣ ਕੀਤਾ ਹੈ ਕਿ ਆਪ ਦੀ ਬਾਣੀ ਵਿਚ ਮਨੁੱਖੀ ਦੇਹ ਕੇਂਦਰ ਬਿੰਦੂ ਹੈ। ਇਹ ਦੇਹ ਅਨਮੋਲ ਜੀਵਨ ਦੀ ਲਖਾਇਕ ਹੈ। ਮਾਇਆਧਾਰੀ ਜੀਵਨ ਸ਼ੈਲੀ ਤੋਂ ਮੁਕਤ ਹੋ ਕੇ ਹੀ ਮਨੁੱਖ ਨਿਰਵਾਣ ਪ੍ਰਾਪਤੀ ਤੱਕ ਪਹੁੰਚ ਸਕਦਾ ਹੈ। ਪੁਸਤਕ ਦੇ ਅਗਲੇ ਪੰਨਿਆਂ ਦੇ ਹੇਠ ਲਿਖੇ ਲੇਖਾਂ ਵਿਚ ਲੇਖਕ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਦਰਸਾਏ ਹਨ:
-ਪ੍ਰਗਤੀਵਾਦ ਅਤੇ ਬਾਵਾ ਬਲਵੰਤ ਦੀ ਕਵਿਤਾ
-ਸ਼ਿਵ ਕੁਮਾਰ : ਅਤੀਤ ਅਤੇ ਵਰਤਮਾਨ
-ਡਾ. ਜਗਤਾਰ : ਕ੍ਰਾਂਤੀਕਾਰੀ ਚੇਤਨਾ ਦਾ ਸਿਰਜਕ
-ਸੁਖਵਿੰਦਰ ਕੰਬੋਜ਼ : ਸ਼ਬਦਾਂ ਦਾ ਸਫਰ
-ਅੱਗ ਦੀ ਤਵਾਰੀਖ : ਜਿਊਣਾ
-ਦਲਵੀਰ ਕੌਰ : ਨਾਰੀ ਵਜੂਦ ਦਾ ਸੁਆਲੀਆ ਪ੍ਰਵਚਨ
ਪੁਸਤਕ ਨੂੰ ਖੂਬਸੂਰਤ ਬਣਾਉਣ ਲਈ ਲੇਖਕ ਤੇ ਪ੍ਰਕਾਸ਼ਕ ਨੇ ਪ੍ਰਸੰਸਾਯੋਗ ਮਿਹਨਤ ਕੀਤੀ ਹੈ। ਕਿਤਾਬ ਦੀ ਛਪਾਈ ਵਿਚ ਸ਼ਬਦ ਜੋੜਾਂ ਅਤੇ ਪਰੂਫ ਰੀਡਿੰਗ ਦੀਆਂ ਉਕਾਈਆਂ ਅਕਸਰ ਰਹਿ ਜਾਂਦੀਆਂ ਹਨ। ਪਰ ਜਦੋਂ ਗੁਰਬਾਣੀ ਦੀਆਂ ਪਾਵਨ ਤੁਕਾਂ ਵਿਚ ਇਸ ਤਰ੍ਹਾਂ ਦੀਆਂ ਅਸ਼ੁੱਧੀਆਂ ਨਜ਼ਰ ਆਉਣ ਤਾਂ ਮਨ ਨੂੰ ਜ਼ਰੂਰ ਠੇਸ ਪਹੁੰਚਦੀ ਹੈ। ਹੇਠਾਂ ਬ੍ਰੈਕਟਾਂ ਵਿਚ ਅਜਿਹੀਆਂ ਗ਼ਲਤੀਆਂ ਦਰਸਾਈਆਂ ਜਾ ਰਹੀਆਂ ਹਨ:
-ਮਨ ਰੇ ਕਹਾ ਭਇਓ (ਹੈ) ਤੈ ਬਉਰਾ॥
ਅਹਿਨਿਸਿ (ਅਹਿਨਿਸ) ਅਉਧ (ਅਊਧ) ਘਟੈ (ਘਟੇ) ਨਹੀ ਜਾਨੈ
ਭਇਓ ਲੋਭ ਸੰਗਿ (ਸੰਗ) ਹਉਰਾ॥
ਜੋ ਤਨੁ ਤੈ ਅਪਨੋ ਕਰਿ ਮਾਨਿਓ (ਮਾਨਿਉ)
ਅਰੁ (ਅਰ) ਸੁੰਦਰ ਗ੍ਰਿਹ ਨਾਰੀ॥
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ (ਵਿਚਾਰੀ)॥
-ਸਾਧੋ ਮਨ ਕਾ ਮਾਨ ਕਾ ਮਾਨੁ ਤਿਆਗਉ
ਕਾਮੁ ਕ੍ਰੋਧੁ (ਕ੍ਰੋਧ) ਸੰਗਤਿ ਦੁਰਜਨ ਕੀਤਾ ਤੇ ਅਹਿਨਿਸਿ (ਅਹਿਨਸ) ਭਾਗ ਉ॥
ਹਰਖ ਸੋਗ ਤੇ ਰਹੈ (ਰਹੇ) ਅਤੀਤਾ...
ਜਨ (ਜੁਨ) ਨਾਨਕ ਇਹੁ (ਕਿਹੁ)
ਖੇਲੁ ਕਠਨੁ (ਕਠੁਨ) ਹੈ
ਕਿਨ ਹੂ (ਕਿਨਹੂ) ਗੁਰਮੁਖਿ ਜਾਨਾ॥
-ਲੋਭਿ (ਲੋਭ) ਗ੍ਰਸਿਓ ਦਸ ਹੂ (ਦਸਹੁ)
ਦਿਸ (ਇਸ) ਧਾਵਤ...
ਲਾਜ (ਲਾਗ) ਨ (ਨਾ) ਲੋਕ ਹਸਨ ਕੀ॥
ਨਾਨਕ ਹਰਿ (ਹਰੁ) ਜਸੁ ਕਿਉ ਨਹੀ (ਨਹ) ਗਾਵਤ...
ਮੇਰ ਉ ਮੇਰ ਉ (ਮੇਰੋ ਮੇਰੋ) ਸਭੈ (ਸਭੇ)
ਕਹਤ (ਕਹਿਤ) ਹੈ
ਮਨ ਮੂਰਖ ਅਜਹੂ (ਅਜਹੁ)...
ਜਉ ਗਾਵੈ (ਗਾਣੈ) ਪ੍ਰਭ ਕੇ ਗੀਤ
-ਚਾਰਿ (ਚਾਰ) ਵਰਨਿ (ਵਰਣਿ)...
ਜਗਿ ਵਿਚਿ (ਵਿਚ)
ਮਕਾ ਕਾਬਾ (ਕਾਅਬਾ)
ਸੁੰਨਤਿ ਮੁਸਲਮਾਣ (ਮੁਸਲਮਾਨ) ਕੀ...
ਤਿਲਕ ਜੰਞੂ (ਜੰਝੂ)
-ਇਕ ਨਾਮੁ (ਇਕ ਨਾਮ) / -ਮੋਹੇ (ਮੋਹੈ) ਲਾਲਚ
-ਆਵਣਿ ਜਾਣੇ (ਜਾਵੇ)।
-ਕਲਿ ਕਾਤੀ ਰਾਜੇ ਕਾਸਾਈ (ਕਸਾਈ)
ਕੂੜੁ (ਕੂੜ) ਅਮਾਵਸ
ਵਿਚਿ ਹਉਮੈ (ਹਓਮੇ)... ਗਤਿ ਹੋਈ (ਹੋਇ)।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਸ੍ਰੀ ਹਰਿਕ੍ਰਿਸ਼ਨ ਧਿਆਇਐ
ਲੇਖਕ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98141-45047
ਡਾ. ਕੁਲਵਿੰਦਰ ਕੌਰ ਮਿਨਹਾਸ ਪੰਜਾਬੀ ਸਾਹਿਤ ਦੀ ਅਜਿਹੀ ਲੇਖਕਾ ਹੈ ਜਿਸ ਨੇ ਵਾਰਤਕ, ਨਾਵਲ, ਧਾਰਮਿਕ ਪੁਸਤਕਾਂ ਤੇ ਜੀਵਨੀ ਵਿਧਾ ਲਿਖ ਕੇ ਸਾਹਿਤ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਸ ਨੇ ਕਈ ਪੁਸਤਕਾਂ ਹਿੰਦੀ ਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਤੇ ਖੋਜ-ਪੱਤਰ ਵੀ ਲਿਖੇ। ਉਹ ਅਧਿਐਨ ਤੇ ਅਧਿਆਪਨ ਦੇ ਕਾਰਜ ਨਾਲ ਜੁੜੀ ਹੋਈ ਮਾਣ-ਮੱਤੀ ਸ਼ਖ਼ਸੀਅਤ ਹੈ। ਉਸ ਦੀਆਂ ਹੁਣ ਤੱਕ ਦੋ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਉਸ ਦੇ ਨਾਵਲਾਂ ਦੇ ਵਿਸ਼ੇ ਜ਼ਿਆਦਾਤਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਇਕ ਲੇਖਿਕਾ ਹੋਣ ਦੇ ਨਾਲ ਸੇਵਾ ਤੇ ਸਿਮਰਨ ਉਸ ਦੀ ਸ਼ਖ਼ਸੀਅਤ ਦੇ ਅਭਿੰਨ ਅੰਗ ਹਨ। ਉਹ ਪਿਛਲੇ ਦਸ ਸਾਲਾਂ ਤੋਂ ਲੋੜਵੰਦ ਤੇ ਝੁੱਗੀਆਂ, ਝੌਂਪੜੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਸੇਵਾ ਨਿਭਾ ਰਹੀ ਹੈ।
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਬਾਰੇ ਇਸ ਹਥਲੀ ਕਿਤਾਬ ਨੂੰ ਲੇਖਕਾ ਨੇ ਬਾਰਾਂ ਅਧਿਆਇਆਂ ਵਿਚ ਵੰਡਿਆ ਹੈ। ਗੁਰੂ ਜੀ ਦੀ ਜੀਵਨ ਗਾਥਾ ਨੂੰ ਬਹੁਤ ਸਾਦੇ ਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ। ਪਹਿਲੇ ਅਧਿਆਏ ਵਿਚ ਸ੍ਰੀ ਹਰਿਕ੍ਰਿਸ਼ਨ ਧਿਆਇਐ ਕਿਤਾਬ ਲਿਖਣ ਦਾ ਮੰਤਵ ਕਿਵੇਂ ਫੁਰਿਆ। ਕੋਰੋਨਾ ਸਮੇਂ ਸਮਾਜਿਕ ਰਿਸ਼ਤੇ ਕਿਵੇਂ ਤਾਰ-ਤਾਰ ਹੋਏ, ਕਿਵੇਂ ਸਮਾਜ ਸੇਵੀ ਅਤੇ ਗੁਰੂਘਰਾਂ ਵਿਚ ਸੇਵਕਾਂ ਨੇ ਸੇਵਾਵਾਂ ਅਰਪਿਤ ਕੀਤੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਦੂਜੇ ਅਧਿਆਇ ਵਿਚ ਗੁਰੂ ਜੀ ਦਾ ਆਗਮਨ, ਤੀਜੇ ਵਿਚ ਗੁਰਤਾਗੱਦੀ, ਚੌਥਾ, ਬਾਬਾ ਰਾਮਰਾਇ ਵੱਲੋਂ 72 ਤੋਂ ਵੱਧ ਕੀਤੀਆਂ ਕਰਾਮਾਤਾਂ ਦਾ ਵੇਰਵਾ ਦਰਜ ਹੈ। ਸਿੱਖ ਮਤ ਕਰਾਮਾਤਾਂ ਦਾ ਜ਼ੋਰਦਾਰ ਖੰਡਨ ਕਰਦਾ ਹੈ। ਪੰਜਵੇਂ ਅਧਿਆਇ ਵਿਚ ਗੁਰਤਾਗੱਦੀ ਬਾਬਾ ਰਾਮਰਾਇ ਨੂੰ ਕਿਉਂ ਨਹੀਂ? ਛੇਵੇਂ ਵਿਚ ਬਾਬਾ ਰਾਮਰਾਇ ਵਲੋਂ ਗੁਰਤਾਗੱਦੀ ਪ੍ਰਾਪਤੀ ਦੇ ਯਤਨ, ਸਤਵੇਂ ਅਧਿਆਇ ਵਿਚ ਔਰੰਗਜ਼ੇਬ ਕੋਲ ਸ਼ਿਕਾਇਤ, ਅੱਠਵੇਂ ਵਿਚ ਬਾਦਸ਼ਾਹ ਵਲੋਂ ਗੁਰੂ ਜੀ ਨੂੰ ਦਿੱਲੀ ਬੁਲਾਉਣਾ, ਨੌਵੇਂ ਅਧਿਆਇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਦੀ ਦਿੱਲੀ ਲਈ ਰਵਾਨਗੀ, ਦਸਵੇਂ ਵਿਚ ਸ੍ਰੀ ਹਰਿਕ੍ਰਿਸ਼ਨ ਜੀ ਦਾ ਦਿੱਲੀ ਪੁੱਜਣਾ, ਗਿਆਰਵੇਂ ਭਾਗ 'ਚ ਰਾਜੇ ਵਲੋਂ ਬਾਲਾ ਪ੍ਰੀਤਮ ਜੀ ਦੀ ਪਰਖ ਅਤੇ ਬਾਰਵੇਂ ਵਿਚ ਬਾਬਾ ਬਕਾਲੇ ਦੀ ਵਿਥਿਆ ਦਰਜ ਹੈ। ਕਿਤਾਬ ਵਿਚ ਗੁਰੂ ਜੀ ਅਨਪੜ ਛੱਜੂ ਨੂੰ ਗਿਆਨ ਦੀ ਦਾਤ ਪ੍ਰਦਾਨ ਕਰਦਿਆਂ, ਗੁਰਦੁਆਰਾ ਪੰਜੋਖਰਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ ਮਹਲ ਸਾਹਿਬ ਦੀਆਂ ਰੰਗਦਾਰ ਤਸਵੀਰਾਂ ਛਾਪੀਆਂ ਗਈਆਂ ਹਨ। ਪੁਸਤਕ ਗਿਆਨ ਵਰਧਕ ਅਤੇ ਪੜ੍ਹਨਯੋਗ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਹੱਥਾਂ 'ਚੋਂ ਕਿਰਦੀ ਰੇਤ
ਲੇਖਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 172
ਸੰਪਰਕ : 94638-36591
ਹੱਥਾਂ 'ਚੋਂ ਕਿਰਦੀ ਰੇਤ ਕਹਾਣੀ-ਸੰਗ੍ਰਹਿ ਰਵਿੰਦਰ ਸਿੰਘ ਸੋਢੀ ਦੁਆਰਾ ਰਚਿਤ ਹੈ ਜਿਸ ਵਿਚ ਉਸ ਨੇ ਕੁੱਲ 14 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਸਾਰੀਆਂ ਕਹਾਣੀਆਂ ਹੀ ਵਿਦੇਸ਼ਾਂ ਅਤੇ ਪੰਜਾਬ ਦੀ ਧਰਤੀ ਉੱਤੇ ਵਾਪਰਦੀਆਂ ਘਟਨਾਵਾਂ ਦਾ ਸੁਮੇਲ ਹਨ। 'ਮੈਨੂੰ ਫੋਨ ਕਰ ਲਈਂ' ਕਹਾਣੀ ਅਜੋਕੇ ਦੌਰ ਦੀ ਕਹਾਣੀ ਹੈ ਜਿਸ ਵਿਚ ਇਕ ਪਤੀ-ਪਤਨੀ ਦੇ ਤਲਾਕ ਦੀ ਸਥਿਤੀ ਵਿਚ ਉਨ੍ਹਾਂ ਨੂੰ ਮੁੜ ਤੋਂ ਇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਹਾਣੀ ਵਿਚ ਸ਼ੈਲੀ ਤੇ ਸ਼ਿਫਾਲੀ ਦੀ ਵਾਰਤਾਲਾਪ ਹੁੰਦੀ ਹੈ। ਸ਼ੈਲੀ ਇਕ ਮੈਰਿਜ ਕਾਊਂਸਲਰ ਹੈ ਜੋ ਅਰਜਨ ਤੇ ਸ਼ਿਫਾਲੀ ਦਾ ਸਮਝੌਤਾ ਕਰਵਾਉਣਾ ਚਾਹੁੰਦੀ ਹੈ। ਸ਼ੈਲੀ ਨੇ ਬਹੁਤ ਸਮਝਦਾਰੀ ਤੋਂ ਕੰਮ ਲੈ ਕੇ ਸ਼ਿਫਾਲੀ ਦੇ ਮੂੰਹੋਂ ਸਭ ਕੁਝ ਸੱਚ-ਸੱਚ ਕਢਵਾ ਲਿਆ ਹੈ। ਇਸ ਤਰ੍ਹਾਂ 'ਮੈਨੂੰ ਫੋਨ ਕਰ ਲਈਂ' ਕਹਾਣੀ ਰਾਹੀਂ ਤਲਾਕ ਲੈਣ ਵਾਲੇ ਲੋਕਾਂ ਨੂੰ ਸੇਧ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਅਤੇ ਪ੍ਰਸੰਸਾਯੋਗ ਕਹਾਣੀ ਹੋ ਨਿਬੜਦੀ ਹੈ। ਅਗਲੀ ਕਹਾਣੀ 'ਇਕ ਲੰਬਾ ਹਉਕਾ' ਹੈ, ਇਸ ਵਿਚ ਇਕ ਧੀ ਦੁਆਰਾ ਆਪਣੇ ਪਿਓ ਦੀ ਜ਼ਿੰਦਗੀ ਨੂੰ ਹੁਲਾਰਾ ਦਿੱਤਾ ਗਿਆ ਹੈ, ਜਿਸ ਦੀ ਘਰਵਾਲੀ ਸੀਮਾ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਉਹ ਆਪਣੀ ਫਰੈਂਡ ਹਲੇਰੀ ਨਾਲ ਜੀਵਨ ਬਤੀਤ ਕਰਦਾ ਹੈ। ਕਹਾਣੀ 'ਉਫ! ਉਹ ਤਕਨੀ' ਵਿਚ ਇਕ ਪਤੀ ਪਤਨੀ ਦੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ, ਜਿਸ ਵਿਚ ਅੱਖਾਂ ਦੀ ਤਕਨੀ ਰਾਹੀਂ ਹੀ ਸਭ ਕੁਝ ਸਮਝ ਲਿਆ ਜਾਂਦਾ ਹੈ। 'ਹੱਥਾਂ 'ਚੋਂ ਕਿਰਦੀ ਰੇਤ' ਕਹਾਣੀ ਵਿਚ ਪਰਵਾਸ ਦੀ ਧਰਤੀ ਤੇ ਵਾਪਰਦੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜਿਥੇ ਬੱਚੇ ਮਾਂ-ਪਿਓ ਤੋਂ ਵਾਰ੍ਹੇ ਹੋ ਰਹੇ ਹਨ ਤੇ ਆਪਣੀ ਮਨ-ਮਰਜ਼ੀ ਅਤੇ ਖੁੱਲ੍ਹ ਭਾਲਦੇ ਹਨ, ਜਿਸ ਵਿਚ ਗੁਰਨਾਮੋ ਅਤੇ ਨਿਹਾਲ ਸਿੰਘ ਪਤੀ ਪਤਨੀ ਹਨ, ਜਿਨ੍ਹਾਂ ਦਾ ਮੁੰਡਾ ਗੁਰੀ ਤੇ ਇਕ ਧੀ ਸੈਮੀ ਹੈ ਜੋ ਆਪਣੇ ਮਾਂ-ਬਾਪ ਦੀ ਕੋਈ ਵੀ ਆਖੀ ਗੱਲ ਨਹੀਂ ਸਹਾਰਦੇ ਤਾਂ ਉਨ੍ਹਾਂ ਦੇ ਮਾਂ-ਪਿਓ ਪਛਤਾਉਂਦੇ ਹਨ ਅਤੇ ਕਹਾਣੀ ਰਾਹੀਂ ਬਾਹਰ ਰਹਿ ਕੇ ਪਿੰਡਾਂ ਦੀ ਸੋਚ ਨੂੰ ਛੱਡਣ ਅਤੇ ਬੱਚਿਆਂ ਦੇ ਹਾਣ ਦਾ ਹੋਣ ਦੀ ਤਾਕੀਦ ਕੀਤੀ ਗਈ ਹੈ। ਅਗਲੀ ਕਹਾਣੀ 'ਹਟਕੋਰੇ ਲੈਂਦੀ ਜ਼ਿੰਦਗੀ' ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਵਿਚ ਪੈਸਾ ਕਮਾਉਣਾ ਬਹੁਤ ਔਖਾ ਹੈ ਅਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਸਿੰਘ ਸੋਢੀ ਨੇ ਵਿਦੇਸ਼ਾਂ ਦੇ ਅਸਲ ਯਥਾਰਥ ਨੂੰ ਬਿਆਨਦੀਆਂ ਕਹਾਣੀਆਂ ਦੀ ਪੇਸ਼ਕਾਰੀ ਬਾਖੂਬੀ ਕੀਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਰਵਿੰਦਰ ਰਵੀ ਦੇ ਕਾਵਿ-ਨਾਟਕ
(ਸਮਾਜਵਾਦੀ ਦ੍ਰਿਸ਼ਟੀ ਤੋਂ)
ਲੇਖਿਕਾ : ਡਾ. ਇੰਦਰਜੀਤ ਕੌਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 600 ਰੁਪਏ, ਸਫ਼ੇ : 303
ਸੰਪਰਕ : 94170-85785
'ਰਵਿੰਦਰ ਰਵੀ ਦੇ ਕਾਵਿ-ਨਾਟਕ' ਡਾ. ਇੰਦਰਜੀਤ ਕੌਰ ਦੀ ਖੋਜ ਭਰਪੂਰ ਕ੍ਰਿਤ ਹੈ। ਉਹ ਪਿਛਲੇ 25 ਸਾਲ ਤੋਂ ਪੰਜਾਬੀ ਨਾਟ-ਸਾਹਿਤ ਨਾਲ ਬੜੀ ਡੂੰਘੀ ਦਿਲਚਸਪੀ ਸਹਿਤ ਜੁੜੀ ਹੋਈ ਹੈ। ਹਥਲੀ ਪੁਸਤਕ ਵਿਚ ਉਸ ਨੇ ਰਵਿੰਦਰ ਰਵੀ ਦੇ ਸਾਰੇ ਦੇ ਸਾਰੇ 16 ਨਾਟਕਾਂ ਵਿਚਲੇ ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਮਸਲਿਆਂ ਅਤੇ ਔਰਤ ਦੀ ਸਮਾਜਿਕ ਸਥਿਤੀ ਦਾ ਸਮਾਜਵਾਦੀ ਦ੍ਰਿਸ਼ਟੀ ਤੋਂ ਗਹਿਣ ਗੰਭੀਰ ਅਧਿਐਨ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਨਾਟ ਆਲੋਚਨਾ ਦੇ ਖੇਤਰ ਵਿਚ ਇਹ ਲੇਖਿਕਾ ਦੀ ਮੁੱਲਵਾਨ ਪ੍ਰਾਪਤੀ ਹੈ।
ਰਵਿੰਦਰ ਰਵੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਹੈ। ਉਹ ਹੁਣ ਤੱਕ ਬਿਮਾਰ ਸਦੀ, ਦਰ ਦੀਵਾਰਾਂ, ਅੱਧੀ ਰਾਤ ਦੁਪਹਿਰ, ਚੌਕ ਨਾਟਕ, ਰੂਹ ਪੰਜਾਬ ਦੀ, ਸਿਫ਼ਰ ਨਾਟਕ, ਮੱਕੜੀ ਨਾਟਕ, ਰੁਕੇ ਹੋਏ ਯਥਾਰਥ, ਪਛਾਣ ਨਾਟਕ, ਮਨ ਦੇ ਹਾਣੀ, ਮਖੌਟੇ ਤੇ ਹਾਦਸੇ, ਚੱਕਰਵਿਊ ਤੇ ਪਿਰਾਮਿਡ, ਆਪੋ ਆਪਣੇ ਦਰਿਆ, ਹੋਂਦ ਨਿਹੋਂਦ, ਭਰਮ ਜਾਲ, ਸਿਆਸੀ ਦੰਦ ਕਥਾ 16 ਕਾਵਿ-ਨਾਟਕਾਂ ਦੀ ਸਿਰਜਣਾ ਕਰ ਚੁੱਕਾ ਹੈ, ਜੋ ਕਿ ਭਾਰਤ ਵਿਚ ਨਾਮਵਰ ਰੰਗ ਕਰਮੀਆਂ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਬੜੀ ਸਫ਼ਲਤਾ ਸਹਿਤ ਖੇਡੇ ਜਾ ਚੁੱਕੇ ਹਨ। ਲੇਖਿਕਾ ਨੇ ਆਪਣੀ ਇਸ ਰਚਨਾ ਵਿਚ ਰਵੀ ਦੇ ਕਾਵਿ-ਨਾਟਕਾਂ ਦੇ ਥੀਮ, ਸਰੂਪ, ਤਕਨੀਕ, ਬਣਤਰ, ਮੰਚਨ ਵਿਧੀਆਂ ਅਤੇ ਮੰਚਨ ਬਾਰੇ ਬੜਾ ਹੀ ਵਚਿੱਤਰ, ਸਰਬਪੱਖੀ, ਵਿਲੱਖਣ, ਸਾਰਥਕ ਅਧਿਐਨ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ। ਡਾ. ਇੰਦਰਜੀਤ ਕੌਰ ਨੇ ਇਸ ਖੋਜ ਭਰਪੂਰ ਪੁਸਤਕ ਨੂੰ ਛੇ ਅਧਿਆਇਆਂ ਵਿਚ ਵੰਡਿਆ ਹੈ। ਉਸ ਨੇ ਦੱਸਿਆ ਹੈ ਕਿ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀ ਮੂਲ ਸਮੱਸਿਆ ਇਹ ਹੈ ਕਿ ਅਜੋਕੇ ਪਦਾਰਥਕ ਵਾਤਵਰਨ ਵਾਲੇ ਯੁੱਗ ਵਿਚ ਮਨੁੱਖ ਪਹਿਲਾਂ ਆਪਣੇ ਨਿੱਜੀ ਹਿਤਾਂ ਬਾਰੇ ਸੋਚਦਾ ਹੈ। ਉਹ ਵਿਅਕਤੀਗਤ ਲਾਲਸਾ ਕਾਰਨ ਪੈਸੇ ਦੀ ਹਵਸ ਵਿਚ ਪਰਿਵਾਰਕ ਰਿਸ਼ਤਿਆਂ ਵਿਚਲੇ ਪਿਆਰ, ਨਿੱਘ, ਮੋਹ, ਮਮਤਾ, ਮੁਹੱਬਤ ਨੂੰ ਵਿਸਾਰ ਰਿਹਾ ਹੈ। ਇਸ ਦੇ ਨਾਲ ਹੀ ਇਕੱਲਤਾ ਅਤੇ ਬੇਗਾਨਗੀ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ। ਉਹ ਵਧੇਰੇ ਭੋਗ ਵਿਲਾਸ ਵਿਚ ਗੁਆਚ ਕੇ ਵਧੇਰੇ ਤਣਾਅ ਮਈ ਮਾਹੌਲ ਦੀ ਦਲਦਲ ਵਿਚ ਉਲਝਦਾ ਜਾ ਰਿਹਾ ਹੈ। ਰਵਿੰਦਰ ਰਵੀ ਆਧੁਨਿਕ ਮਨੁੱਖ ਦੇ ਮਨ ਦੀਆਂ ਮਨੋ-ਗੁੰਝਲਾਂ ਅਤੇ ਅਪਰਾਧੀ ਭਾਵਨਾਵਾਂ ਨੂੰ ਪੇਸ਼ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਨ੍ਹਾਂ ਦੇ ਕਾਰਨਾਂ ਨੂੰ ਜਾਣਨ, ਸਮਝਣ ਲਈ ਵੀ ਰੁਚਿਤ ਹੈ। ਔਰਤ ਪੁਰਸ਼ ਦੇ ਰਿਸ਼ਤੇ ਨੂੰ ਆਦਰਸ਼ ਸਮਾਜ ਦਾ ਆਧਾਰ ਸਵੀਕਾਰ ਕੀਤਾ ਗਿਆ ਹੈ। ਪ੍ਰੰਤੂ ਹੁਣ ਜਦੋਂ ਇਸ ਰਿਸ਼ਤੇ ਨੂੰ ਕੇਵਲ ਕਾਮ ਪੂਰਤੀ ਦਾ ਆਧਾਰ ਸਮਝਿਆ ਜਾਣ ਲੱਗਾ ਹੈ ਤਾਂ ਨਾਟਕਕਾਰ ਔਰਤ ਪੁਰਸ਼ ਦੇ ਇਸ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਨ ਉੱਤੇ ਜ਼ੋਰ ਦਿੰਦਾ ਹੈ। ਉਹ ਔਰਤ ਨੂੰ ਪੁਰਸ਼ ਦੇ ਸਮਾਨ ਇਕ ਧਿਰ ਮੰਨਦਾ ਹੈ। ਔਰਤ ਦੀ ਆਜ਼ਾਦੀ, ਸਮਾਨਤਾ, ਉਸ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਹੀ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕਦੀ ਹੈ। ਸਦੀਆਂ ਤੋਂ ਪੁਰਸ਼ ਪ੍ਰਧਾਨ ਸਮਾਜ ਨੇ ਪੁਰਸ਼ ਦੀ ਅਜਾਰੇਦਾਰੀ ਕਾਇਮ ਰੱਖਣ ਲਈ ਔਰਤ ਨੂੰ ਹਮੇਸ਼ਾ ਉਸ ਉੱਤੇ ਨਿਰਭਰ ਬਣਾ ਕੇ ਰੱਖਿਆ ਹੈ। ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਕਦਰਾਂ-ਕੀਮਤਾਂ ਤਹਿਤ ਔਰਤ ਦੇ ਸੁਤੰਤਰ ਰੂਪ ਵਿਚ ਵਿਚਰਨ, ਸੋਚਣ, ਸਮਝਣ ਦੇ ਢੰਗ ਉੱਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਰਹੀਆਂ ਹਨ, ਜੋ ਅੱਜ ਵੀ ਸੂਖ਼ਮ ਰੂਪ ਵਿਚ ਬਰਕਰਾਰ ਹਨ। ਇਸ ਪ੍ਰਕਾਰ ਰਵਿੰਦਰ ਰਵੀ ਆਪਣੇ ਕਾਵਿ-ਨਾਟਕਾਂ ਰਾਹੀਂ ਮਰਦ ਪ੍ਰਧਾਨ ਸੋਚ ਨੂੰ ਉਜਾਗਰ ਕਰਦਾ ਹੋਇਆ ਇਸ ਉੱਤੇ ਵਿਅੰਗ ਕਰਦਾ ਹੈ। ਉਸ ਦੇ ਕਾਵਿ-ਨਾਟਕਾਂ ਵਿਚ ਕੀਤਾ ਇਹੋ ਵਿਅੰਗ ਪਾਠਕਾਂ ਅਤੇ ਦਰਸ਼ਕਾਂ ਨੂੰ ਸੋਚਣ-ਸਮਝਣ, ਵਿਚਾਰਨ, ਸਮੇਂ ਅਨੁਸਾਰ ਬਦਲਣ ਲਈ ਜਾਗਰੂਕ ਅਤੇ ਚੇਤਨ ਕਰਦਾ ਹੈ।
ਨਿਸਚੇ ਹੀ ਡਾ. ਇੰਦਰਜੀਤ ਕੌਰ ਦਾ ਇਹ ਖੋਜ ਕਾਰਜ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀ ਸਮਾਜਵਾਦੀ ਦ੍ਰਿਸ਼ਟੀ ਦੇ ਭਿੰਨ-ਭਿੰਨ ਪਾਸਾਰਾਂ ਦੇ ਸੰਦਰਭ ਵਿਚ ਵਿਗਿਆਨਕ ਅਤੇ ਪ੍ਰਮਾਣਿਕ ਪਹੁੰਚ ਅਪਣਾ ਕੇ ਸਾਰਥਕ ਸਿੱਟੇ ਕੱਢਣ ਦਾ ਸ਼ਲਾਘਾਯੋਗ ਉਪਰਾਲਾ ਹੈ। ਨਾਟ ਆਲੋਚਨਾ ਦੇ ਖੇਤਰ ਵਿਚ ਇਹ ਲੇਖਿਕਾ ਦਾ ਵੱਡਾ ਉੱਦਮ ਹੈ, ਜਿਸ ਦਾ ਸਾਹਿਤ ਪ੍ਰੇਮੀਆਂ ਨੂੰ ਭਰਪੂਰ ਹੁੰਘਾਰਾ ਭਰਨਾ ਬਣਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਗੱਡੀਆਂ ਵਾਲੇ (ਰਾਜਸਥਾਨੀ)
ਲੇਖਕ : ਹਰਬੰਸ ਸਿੰਘ ਮੂੰਡੀ ਚਣਕੋਈਆਂ ਵਾਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98156-45240
ਇਸ ਕਾਵਿ-ਸੰਗ੍ਰਹਿ ਵਿਚ ਜ਼ਿੰਦਗੀ ਦੇ ਵਿਸ਼ਾਲ ਕੈਨਵਸ 'ਤੇ ਬਿੱਖਰੇ ਹੋਏ ਵੱਖੋ-ਵੱਖਰੇ ਰੰਗਾਂ ਦੀ ਬਾਤ ਪਾਈ ਗਈ ਹੈ। ਇਨ੍ਹਾਂ ਕਵਿਤਾਵਾਂ ਵਿਚ ਜ਼ਿੰਦਗੀ ਦੇ ਦੁੱਖ-ਦਰਦ, ਧੁੱਪਾਂ ਛਾਵਾਂ, ਰਿਸ਼ਤਿਆਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਵਿਦਮਾਨ ਹਨ। ਆਓ ਕੁਝ ਝਲਕਾਂ ਮਾਣੀਏ :
ਇਕ ਚਿੜੀ ਟਾਹਣੀ 'ਤੇ ਜਾ ਬਹਿੰਦੀ ਏ।
ਦੂਜੀ ਚਿੜੀ ਟੀਸੀ 'ਤੇ ਹੁਲਾਰੇ ਲੈਂਦੀ ਏ।
ਚੀਂ ਚੀਂ ਕਰਕੇ ਇਕ ਦੂਜੇ ਨਾਲ ਕਰਨ ਵਿਚਾਰਾਂ।
ਕੁੜੀਆਂ ਇਉਂ ਹੁੰਦੀਆਂ ਜਿਉਂ ਚਿੜੀਆਂ ਦੀਆਂ ਡਾਰਾਂ।
-ਐ ਨੌਜਵਾਨੋ ਨਸ਼ਿਆਂ ਪਿੱਛੇ ਕਿਉਂ ਭੱਜਦੇ ਹੋ।
ਸੋਨੇ ਵਰਗੀ ਜ਼ਿੰਦਗੀ ਐਵੇਂ ਬਰਬਾਦ ਕਰਦੇ ਹੋ।
-ਮਾਂ ਸੁਰਗ ਦਾ ਝੂਟਾ ਜਿਸ ਵਿਚ ਦੁਨੀਆ ਸਮੋਈ।
ਮਾਂ ਜਿੱਡਾ ਦੁਨੀਆ ਵਿਚ ਦਿਸੇ ਨਾ ਕੋਈ।
-ਗੱਡੀਆਂ ਵਾਲੇ ਕਹਿਣ ਅਸੀਂ ਰਾਜਸਥਾਨੋਂ ਆਏ ਹਾਂ।
ਫ਼ਖਰ ਕਰਦੇ ਨੇ ਵੀਰ ਰਾਣਾ ਪ੍ਰਤਾਪ ਦੇ ਜਾਏ ਹਾਂ।
-ਇਹ ਫਾਨੀ ਜੱਗ ਛੱਡ ਜਾਣਾ ਮਨ ਸਮਝਾਉਣਾ ਪੈਂਦਾ ਹੈ
ਫਿੱਕਾ ਬੋਲਾ ਨਾ ਬੋਲੀਏ ਪਿੱਛੋਂ ਪਛਤਾਉਣਾ ਪੈਂਦਾ ਹੈ।
ਇਨ੍ਹਾਂ ਕਵਿਤਾਵਾਂ ਵਿਚ ਜੀਵਨ ਦੀਆਂ ਅਟੱਲ ਸਚਿਆਈਆਂ ਅਤੇ ਸੁੰਦਰ ਸੁਨੇਹੇ ਛੁਪੇ ਹੋਏ ਹਨ। ਇਸ ਕਾਵਿ-ਸੰਗ੍ਰਹਿ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਖੇਡ ਪੁਲਾਂਘਾਂ
ਲੇਖਕ : ਪ੍ਰੋ. ਹਰਦੀਪ ਸਿੰਘ ਸੰਗਰੂਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 94174-60316
ਖੇਡ ਖੇਤਰ ਇਕ ਅਜਿਹਾ ਖੇਤਰ ਜੋ ਸਾਡੀ ਸਰੀਰਕ ਤੰਦਰੁਸਤੀ ਤਾਂ ਬਰਕਰਾਰ ਰੱਖਦਾ ਹੀ ਹੈ, ਨਾਲ ਦੀ ਨਾਲ ਸਾਡੀ ਮਾਨਸਿਕਤਾ ਵੀ ਮਜ਼ਬੂਤ ਹੁੰਦੀ ਹੈ ਅਤੇ ਮਨੋਬਲ ਵੀ ਉੱਚਾ ਰਹਿੰਦਾ ਹੈ। ਖੇਡ ਖੇਤਰ ਵੱਲ ਕਿਸੇ ਨੂੰ ਕੀਤੀ ਗਈ ਪ੍ਰੇਰਨਾ ਕਿਸੇ ਪਰਉਪਕਾਰ ਨਾਲੋਂ ਘੱਟ ਨਹੀਂ ਤੇ ਇਹ ਪ੍ਰੇਰਨਾ ਸਰੋਤ ਬਣਦਾ ਹੈ ਖੇਡ ਖੇਤਰ ਸੰਬੰਧੀ ਰਚਿਆ ਗਿਆ ਸਾਹਿਤ। 'ਖੇਡ ਪੁਲਾਂਘਾਂ+ ਖੇਡ ਖੇਤਰ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਪ੍ਰੋ. ਹਰਦੀਪ ਸਿੰਘ ਸੰਗਰੂਰ ਦੀ ਵਿਸ਼ੇਸ਼ ਪੁਸਤਕ ਹੈ। ਬਹੁਤੇ ਖਿਡਾਰੀ ਕੇਵਲ ਖੇਡ ਮੈਦਾਨ ਨਾਲ ਹੀ ਸੀਮਤ ਹੁੰਦੇ ਹਨ ਪਰ ਕੁਝ ਖਿਡਾਰੀ ਖੇਡ ਚਿੰਤਕ ਵੀ ਹੁੰਦੇ ਹਨ ਅਤੇ ਆਪਣੇ ਤਜਰਬੇ ਨਿਰੰਤਰ ਰੂਪ ਵਿਚ ਪਾਠਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹਰਦੀਪ ਸਿੰਘ ਸੰਗਰੂਰ ਵੀ ਅਜਿਹਾ ਹੀ ਖੇਡ ਲੇਖਕ ਹੈ, ਜਿਸ ਨੇ ਆਪਣੀ ਇਸ ਪੁਸਤਕ ਵਿਚ ਜਿਥੇ ਖੇਡਾਂ ਬਾਰੇ ਸਿਧਾਂਤਕ ਜਾਣਕਾਰੀ ਪ੍ਰਦਾਨ ਕੀਤੀ ਹੈ, ਉਥੇ ਵਿਹਾਰਕ ਰੂਪ ਵਿਚ ਖੇਡ ਖੇਤਰ ਦੇ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਹੈ। ਖੇਡਾਂ ਨਾਲ ਜੁੜ ਕੇ ਵਿਦਿਆਰਥੀ ਜਾਂ ਵਿਅਕਤੀ ਜਿਥੇ ਨਾਮਣਾ ਖੱਟਦਾ ਹੈ, ਉਥੇ ਉਸ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ। ਇਸ ਪੁਸਤਕ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਪਹਿਲਾਂ ਖੇਡਾਂ ਕੇਵਲ ਮਨੋਰੰਜਨ ਦਾ ਹੀ ਸਾਧਨ ਸਨ ਪਰ ਹੁਣ ਜਦੋਂ ਖਿਡਾਰੀ ਖੇਡਾਂ ਵਿਚ ਨਾਮਣਾ ਖੱਟਦੇ ਹਨ ਤਾਂ ਉਹ ਦੇਸ਼ ਦਾ ਨਾਂਅ ਵੀ ਉੱਚਾ ਕਰਦੇ ਹਨ। ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਵੀ ਦਿੰਦੇ ਹਨ। ਲੇਖਕ ਦੱਸਦਾ ਹੈ ਕਿ ਖੇਡਾਂ ਬਹਾਦਰੀ ਦਾ ਵੀ ਪ੍ਰਤੀਕ ਬਣਦੀਆਂ ਹਨ। ਅੱਜ ਤਕਨਾਲੋਜੀ ਦਾ ਵਰਤਾਰਾ ਏਨਾ ਵਧ ਚੁੱਕਾ ਹੈ ਕਿ ਖੇਡ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਪਰ ਆਧੁਨਿਕਤਾ ਦੀ ਦੌੜ ਵਿਚ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਹੋ ਰਹੇ ਹਾਂ। ਲੇਖਕ ਨੇ ਆਪਣੀ ਇਸ ਪੁਸਤਕ ਵਿਚ ਕੁਝ ਇਕ ਉਨ੍ਹਾਂ ਖਿਡਾਰੀਆਂ ਦੀ ਮਾਰੀਆਂ ਮੱਲਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਆਪਣੀ ਖੇਡ ਪ੍ਰਤਿਭਾ ਦਾ ਝੰਡਾ ਬੁਲੰਦ ਕੀਤਾ। ਇਸ ਤੋਂ ਇਲਾਵਾ ਖੇਡ ਲੇਖਕਾਂ ਵਲੋਂ ਵੱਖ-ਵੱਖ ਖਿਡਾਰੀਆਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਲਿਖੀਆਂ ਪੁਸਤਕਾਂ ਬਾਰੇ ਵੀ ਸੰਖੇਪ ਜਾਣਕਾਰੀ ਪੁਸਤਕ ਵਿਚ ਉਪਲਬਧ ਕਰਵਾਈ ਗਈ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਕਲੀਆਂ ਹੀਰ ਦੀਆਂ
ਕਵੀ : ਚਮਕੌਰ ਸਿੰਘ ਭੋਤਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 98784-34738
ਚਮਕੌਰ ਸਿੰਘ ਭੋਤਨਾ ਪੰਜਾਬੀ ਦਾ ਪ੍ਰਸਿੱਧ ਕਵੀ ਹੈ। ਇਹ ਅੱਜਕਲ੍ਹ ਕੈਨੇਡਾ ਜਾ ਵਸਿਆ ਹੈ। ਭੋਤਨਾ ਨੇ ਹਥਲੀ ਪੁਸਤਕ ਤੋਂ ਪਹਿਲਾਂ 5 ਹੋਰ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ : ਵਾਰਾਂ ਗੁਰ ਇਤਿਹਾਸ ਦੀਆਂ (ਕਵਿਤਾ) 2016, ਯੋਧਿਆਂ ਦੀਆਂ ਵਾਰਾਂ (ਕਵਿਤਾ) 2017, ਖਾਲੀ ਪਿਆ ਪੰਜਾਬ ਕੁੜੇ (ਕਵਿਤਾ) 2022, ਸੰਘਰਸ਼ੀ ਯੋਧੇ (ਕਵਿਤਾ) 2022 ਅਤੇ ਸੂਰਮੇ ਕਿ ਡਾਕੂ (ਕਵਿਤਾ-ਵਾਰਤਕ) 2023.
ਹਥਲੀ ਪੁਸਤਕ ਭੋਤਨਾ ਨੇ ਕਿੱਸਾ ਹੀਰ ਆਪਣੇ ਹੀ ਢੰਗ ਨਾਲ ਲਿਖੀ ਹੈ। ਅਸਲ ਵਿਚ ਪੰਜਾਬੀ ਸੱਭਿਆਚਾਰ ਅਤੇ ਲੋਕ ਸੁਰਤ ਵਿਚ ਹੀਰ ਦਾ ਕਿੱਸਾ ਬਹੁਤ ਮਹੱਤਵਪੂਰਨ ਹੈ। ਹੀਰ ਦਾ ਕਿੱਸਾ ਦਮੋਦਰ ਤੋਂ ਲੈ ਕੇ ਹੁਣ ਤੀਕ ਸੈਂਕੜੇ ਕਵੀਆਂ ਕਿੱਸਾਕਾਰਾਂ ਨੇ ਲਿਖਿਆ। ਕਈਆਂ ਨੇ ਇਸ ਨੂੰ ਹਾਸ ਵਿਅੰਗ ਵਿਚ ਵੀ ਲਿਖਿਆ। ਇਹ ਪ੍ਰੇਮ ਕਹਾਣੀ ਪੰਜਾਬੀਆਂ ਵਿਚ ਐਨੀ ਅਪਣੱਤ ਭਰੀ ਤੇ ਹਰਮਨਪਿਆਰੀ ਹੈ ਕਿ ਪ੍ਰੋ. ਪੂਰਨ ਸਿੰਘ ਵੀ ਹੀਰ ਨੂੰ ਭੈਣ ਅਤੇ ਰਾਂਝੇ ਨੂੰ ਵੀਰ ਕਹਿੰਦਾ ਹੈ। ਇਹ ਕਹਾਣੀ ਖੇਤੀਹਰ ਲੋਕਾਂ ਦੀ ਹੈ। ਹੀਰ ਨਾਲ ਸੰਬੰਧਿਤ ਤਿੰਨੇ ਪਿੰਡ ਜੱਟ ਸਨ। ਜੱਟਾਂ ਦੇ ਜ਼ਮੀਨ ਆਦਿ ਦੇ ਵੇਰਵੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਰਹੇ ਹਨ। ਦਸਮੇਸ਼ ਪਿਤਾ ਨੇ ਵੀ ਇਸ ਕਥਾ ਦਾ ਅੰਸ਼ ਪੇਸ਼ ਕੀਤਾ। ਹਥਲੀ ਪੁਸਤਕ 'ਕਲੀਆਂ ਹੀਰ ਦੀਆਂ' ਕਵੀਸ਼ਰੀ ਦੇ ਛੰਦਾਂ ਵਿਚ ਪਰਿਪੂਰਨ ਹੈ। ਲੇਖਕ ਖ਼ੁਦ ਵੀ ਕਵੀਸ਼ਰੀ ਨੂੰ ਪਿਆਰ ਕਰਦਾ ਹੈ। 'ਕਲੀ' ਇਕ ਛੰਦ ਹੈ, ਜਿਸ ਦੀਆਂ 22 ਮਾਤਰਾਂ ਹੁੰਦੀਆਂ ਹਨ, ਇਹ ਜਿਥੇ ਛੰਦ ਹੈ, ਉਥੇ ਕਾਵਿ-ਰੂਪ ਵੀ ਹੈ। ਪੰਜਾਬ ਵਿਚ ਇਨ੍ਹਾਂ ਕਲੀਆਂ ਨੇ ਕਈ ਕਵੀਆਂ ਨੂੰ ਬਾਦਸ਼ਾਹ (ਕਲੀਆਂ ਦਾ) ਬਣਾ ਦਿੱਤਾ। ਮਾਲਵੇ ਵਿਚ ਮੋਦਨ ਨਾਮੀ ਕਵੀਸ਼ਰ ਗਾਇਕ ਨੇ ਇਸ ਛੰਦ ਨੂੰ ਘਰ-ਘਰ ਪਹੁੰਚਾਇਆ। ਸੋਹਣ ਸਿੰਘ ਸੀਤਲ ਨੇ ਕਲੀਆਂ ਛੰਦ ਨੂੰ ਧਾਰਮਿਕ ਮਸ਼ਹੂਰੀ ਦਿੱਤੀ, ਇਸ ਕਲੀਆਂ ਛੰਦ ਦੀਆਂ ਕੁਝ ਖ਼ਾਸ ਸਤਰਾਂ ਦੀ ਪੈਰਵੀ ਕਰਕੇ ਵੱਖਰੀ ਸਟੇਜੀ ਸੁੰਦਰਤਾ ਹੈ। ਸੋਹਣ ਸਿੰਘ ਸੀਤਲ ਨੇ ਇਸ ਕਲੀ ਛੰਦ ਨੂੰ ਕਲਾਸੀਕਲ ਰੂਪ ਦਿੱਤਾ। ਸੱਤਵੀਂ ਸਤਰ ਦੇ ਅਖੀਰ ਮੈਂ ਵਾਰੀ, ਤੂੰ ਧੰਨ ਹੈ ਆਦਿ ਵਿਸਤਾਰੀ ਸ਼ਬਦ ਲਾ ਕੇ ਇਸ ਨੂੰ ਵੱਖਰਾ ਤੇ ਤਾਜ਼ਗੀ ਭਰਿਆ ਸਰੂਪ ਬਖ਼ਸ਼ਿਆ। ਕਰਤਾਰ ਸਿੰਘ ਕਾਲੜਾ ਨੇ 52 ਕਲੀਆਂ ਕਲਾਸੀਕਲ ਸਰੂਪ ਦੀਆਂ ਲਿਖੀਆਂ ਹਨ। ਪਰ ਹਥਲੀ ਪੁਸਤਕ ਵਿਚ ਆਮ ਰਵਾਇਤ ਅਨੁਸਾਰ ਹਰ ਕਾਂਡ ਵਿਚ 8 ਤੋਂ 10 ਸਤਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੱਗੇ ਚਲ ਕੇ ਕਵੀ ਨੇ ਕਬਿੱਤ ਵਿਚ ਵੀ ਕੁਝ ਅਧਿਆਏ ਲਿਖੇ ਹਨ। ਉਸ ਝੋਕ ਅਤੇ ਬੈਂਤ ਦੀ ਵੀ ਵਰਤੋਂ ਕੀਤੀ ਹੈ। ਕੁੱਲ ਮਿਲਾ ਕੇ ਕਵੀ ਭੋਤਨਾ ਨੇ ਕਲੀ ਛੰਦ ਨੂੰ ਉੱਚ ਮਿਆਰ ਦੀ ਬਣਾ ਕੇ ਪੇਸ਼ ਕੀਤਾ ਹੈ। ਕਵੀ ਭੋਤਨਾ ਨੇ ਸੈਂਕੜੇ ਹੋਰ ਲਿਖੀਆਂ ਗਈਆਂ ਹੀਰਾਂ ਵਾਂਗ ਸਿਰਲੇਖ ਪ੍ਰਚਲਿਤ ਹੀ ਦਿੱਤੇ ਹਨ ਹਾਂ ਵੇਰਵਿਆਂ ਵਿਚ ਅੰਤਰ ਹੈ, ਉਸ ਦੇ ਸਿਰਲੇਖ ਹਨ ਹੀਰ ਜਨਮੀ, ਮੌਜੂ ਦੀ ਮੌਤ, ਧੀਦੋ ਨੇ ਘਰ ਛੱਡਣਾ, ਲੁੱਡਣ ਮਲਾਹ ਦੀ ਵਾਰਤਾ, ਹੀਰ ਨੇ 60 ਸਹੇਲੀਆਂ ਲੈ ਕੇ ਆਉਣਾ, ਹੀਰ ਦੀ ਡੋਲੀ ਤੁਰੀ, ਹੀਰ ਵਲੋਂ ਕਾਜੀ ਨੂੰ ਪ੍ਰਸ਼ਨ, ਜੋਗੀ ਰਾਂਝਾ ਗਿਆ ਖੇੜੇ, ਹੀਰ ਅਤੇ ਰਾਂਝੇ ਦੀ ਮੌਤ ਆਦਿ। ਦੂਜੇ ਕਿੱਸਿਆਂ ਵਾਂਗ ਭੋਤਨਾ ਦੇ ਹਥਲੇ ਕਿੱਸੇ ਦਾ ਅੰਤ ਵੀ ਦੁਖਾਂਤਕ ਹੈ।
ਭੋਤਨਾ ਨੇ ਜੋ ਕਲੀਆਂ ਦਾ ਛੰਦ ਵਰਤਿਆ ਹੈ। ਉਸ ਦੀਆਂ ਆਮ ਕਰਕੇ 16+10 ਮਾਤਰਾ ਹਨ (6 ਫੇਲੁਨ+ਫੇ)।
- ਤਖਤ ਹਜਾਰੇ ਦੀ ਸਿਫਤ ਸੁਣਾਵਾਂ ਦੋਸਤੋ
ਸਵਰਗੋਂ ਸੋਹਣਾ ਸੁਅੱਰਗ ਹੈ ਧਰਤੀ ਤੇ ਸੰਸਾਰ ਦਾ
-ਖੇਡਾਂ ਖੇਡਦੀ ਦਾ ਬਚਪਨ ਲੰਘ ਗਿਆ ਹੀਰ ਦਾ
ਵਧਦੀ ਵੇਲ ਵਾਂਗਰਾਂ ਨਿਤ ਉਠਦੀ ਜਦ ਤੜਕੇ
-ਵੱਡਾ ਭਾਈ ਧੀਦੋ ਨੂੰ ਅੱਗੇ ਹੋ ਕੇ ਰੋਕਦਾ
ਘਰ ਛੱਡ ਚੱਲਿਐਂ ਕਾਹਤੋਂ ਸਾਡੇ ਸਿਰ ਸੁਆਹ ਪਾ ਕੇ
-ਖੂਹ ਤੋਂ ਪਾਣੀ ਭਰਦੀਆਂ ਕੁੜੀਆਂ ਰੂਪ ਦੇਖ ਕੇ ਨਾਥ ਦਾ
ਅੱਖਾਂ ਅੱਡੀਆ ਰਹਿ ਗਈਆਂ ਅੱਲੜਾਂ ਦੀਆਂ ਨਸ਼ਿਆਈਆਂ
ਪੁਸਤਕ ਬਹੁਤ ਦਿਲਚਸਪੀ ਭਰਪੂਰ ਅਤੇ ਹੋਰ ਕਿੱਸਿਆਂ ਦੀ ਨਿਆਈ ਹੈ। ਕਵੀ ਨੇ ਬੜੇ ਵਧੀਆ ਵਿਸਤਾਰ ਵੀ ਕੀਤੇ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਪੁਸਤਕ ਦੀ ਭੂਮਿਕਾ ਵਿਚ ਬੜੇ ਗਿਆਨ ਦੀਆਂ ਗੱਲਾਂ ਕਰਦਾ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਜੰਗਲੀ ਫੁੱਲ
ਲੇਖਕ : ਸੁਰਿੰਦਰ ਸਿੰਘ ਕੰਗਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 107
ਸੰਪਰਕ : 94178-03488
'ਜੰਗਲੀ ਫੁੱਲ' ਸੁਰਿੰਦਰ ਸਿੰਘ ਕੰਗਣੀ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਹ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਕੰਗਣੀ ਦੀ ਕਵਿਤਾ ਸਮਾਜ ਦੇ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਸਦੀਆਂ ਤੋਂ ਦੱਬੇ-ਕੁਚਲੇ ਤੇ ਅਣਗੌਲੇ ਹਨ। 107 ਸਫ਼ਿਆਂ ਦੀ ਇਸ ਪੁਸਤਕ ਦੇ ਮੁੱਖ ਵਿਸ਼ੇ ਮਾਨਵਵਾਦੀ ਪਸਾਰਾਂ ਦੇ ਲਖਾਇਕ ਹਨ। ਉਹ ਨਿਰਾਸ਼ ਪ੍ਰਸਥਿਤੀਆਂ ਵਿਚ ਵੀ ਆਸ ਦਾ ਪੱਲਾ ਨਹੀਂ ਛੱਡਦਾ ਤੇ ਭਵਿੱਖ ਮੁਖੀ ਸੋਚ ਰੱਖਦਾ ਹੈ।
ਭਾਵੇਂ ਪਿੱਪਲ ਉਦਾਸ ਹੈ, ਇਕ ਇਕ ਕਰਕੇ ਕਿਰ ਗਏ
ਉਸ ਦੇ ਆਪਣੇ ਪੱਤੇ
ਕੁਝ ਦਿਨਾਂ ਬਾਅਦ ਨਵੀਆਂ ਕਰੂੰਬਲਾਂ
ਸਬਜ਼ ਰੰਗੀ ਪਰਤ ਆਉਣਗੀਆਂ
ਉਹ ਰਾਜਨੀਤਕ ਅਤੇ ਸਮਾਜਿਕ ਸਰੋਕਾਰਾਂ ਤੋਂ ਵੀ ਚੇਤੰਨ ਹੈ।
ਹਾਕਮਾਂ ਦੇ ਵਾਸਤੇ ਭਾਵੇਂ ਸਵੇਰਾ ਹੋ ਰਿਹਾ ਦੂਰ
ਪਰ ਝੁੱਗੀਆਂ 'ਚੋਂ ਹਾਲੇ ਨਹੀਂ ਹਨੇਰਾ ਹੋ ਰਿਹਾ।
ਕੁਰਬਾਨੀ ਅਤੇ ਤਿਆਗ ਨਾਲ ਜੁੜੇ ਵਿਸ਼ਿਆਂ ਰਾਹੀਂ ਕਵੀ ਸਮਾਜਿਕ ਚੇਤਨਾ ਅਤੇ ਬਦਲਾਅ ਦੀ ਗੱਲ ਕਰਦਾ ਹੈ। ਮਾਂ-ਬੋਲੀ ਪ੍ਰਤੀ ਕਵੀ ਆਪਣੀ ਸੰਵੇਦਨਾ ਜ਼ਾਹਿਰ ਕਰਦਾ ਲਿਖਦਾ ਹੈ :
ਮਾਂ ਬੋਲੀ ਲਈ ਕਰਾਂ ਦੁਆਵਾਂ
ਦੂਰ ਹੋਣ ਇਸ ਦੀਆਂ ਬਲਾਵਾਂ
ਵਿਛੋੜੇ ਦੇ ਸੂਖਮ ਅਹਿਸਾਸ ਨੂੰ ਕਵੀ ਬੜੀ ਵੇਦਨਾ ਨਾਲ ਪ੍ਰਗਟ ਕਰਦਾ ਹੈ :
ਤੇਰੇ ਬਗ਼ੈਰ ਦੱਸ ਜ਼ਿੰਦਗੀ ਨੂੰ ਕੀ ਕਰੀਏ
ਜੀਏ ਤਾਂ ਕਿੰਝ ਜੀਏ ਮਰੀਏ ਤਾਂ ਕਿੰਝ ਮਰੀਏ
ਖਾਬ ਅੱਖੀਆਂ ਨੂੰ ਵਿਖਾ ਕੇ, ਦਰ 'ਤੇ ਕਿ ਸਮੁੰਦਰ, ਪੁੱਛ ਲਈ ਦਰਦ ਕਹਾਣੀ, ਸਾਨੂੰ ਹੱਸਦਾ ਵੱਸਦਾ ਪੰਜਾਬ ਦਿਓ, ਇਹ ਤਾਂ ਤੇਰੀ ਮਰਜ਼ੀ ਸੱਜਣਾ, ਦੋਸਤ ਜਦ ਦੁਸ਼ਮਣ ਬਣ ਜਾਂਦੇ ਨੇ, ਗ਼ਜ਼ਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਮਾਏ ਨੀ ਮੇਰੀ ਅੱਖੀਆਂ ਦੇ ਵਿਚ
ਹੜ ਹੰਝੂਆਂ ਦਾ ਆਇਆ
ਉੱਡ ਗਏ ਬੁੱਲ੍ਹੀਆਂ ਤੋਂ ਹਾਸੇ
ਹੁਣ ਗ਼ਮਾਂ ਨੇ ਡੇਰਾ ਲਾਇਆ।
ਵਰਗੀਆਂ ਰਚਨਾਵਾਂ ਕਵੀ ਦੇ ਪ੍ਰੇਮ ਭਾਵਾਂ ਦਾ ਬਿਆਨ ਕਰਨ ਦੇ ਨਾਲ-ਨਾਲ ਲੋਕ ਰੰਗ ਨੂੰ ਵੀ ਪ੍ਰਗਟਾਉਂਦੀਆਂ ਹਨ।
ਰਿਸ਼ਤੇ, ਭਰਮ, ਸੂਰਜ, ਚੰਨ, ਤਾਰੇ, ਝੁਲਸਿਆ ਬਿਰਖ, ਇੱਛਾ ਦੇ ਪਰਛਾਵੇਂ, ਕੁਝ ਨਹੀਂ ਬੋਲਿਆ ਆਦਿ ਰਚਨਾਵਾਂ ਵੀ ਬਹੁਤ ਪ੍ਰਭਾਵਸ਼ਾਲੀ ਹਨ। ਮਾਂ ਕਵਿਤਾ ਰਾਹੀਂ ਕਵੀ ਨੇ ਮਾਂ ਦੁਆਰਾ ਬੱਚੇ ਲਈ ਕੀਤੇ ਜਾਂਦੇ ਕਾਰਜ ਅਤੇ ਜ਼ਿੰਮੇਵਾਰੀਆਂ ਰਾਹੀਂ ਮਾਂ ਪ੍ਰੇਮ ਦੀ ਬਾਤ ਛੋਹੀ ਹੈ। ਸਮਾਜ ਦੀ ਦਕਿਆਨੂਸੀ ਸੋਚ, ਜਾਤ ਪਾਤ ਦੇ ਵਿਤਕਰੇ ਕਵੀ ਨੂੰ ਉਦਾਸ ਕਰਦੇ ਹਨ। ਤਾਲਾਬੰਦੀ ਦੇ ਦਿਨਾਂ ਦੀਆਂ ਯਾਦਾਂ ਨੂੰ ਵੀ ਕਵੀ ਨੇ ਕਾਵਿ ਘੇਰੇ ਵਿਚ ਲਿਆਂਦਾ ਹੈ। ਸਮੁੱਚੇ ਤੌਰ 'ਤੇ ਜੰਗਲੀ ਫੁੱਲ ਕਾਵਿ ਸੰਗ੍ਰਹਿ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਕਵੀ ਸੁਰਿੰਦਰ ਸਿੰਘ ਕੰਗਣੀ ਵਧਾਈ ਦਾ ਹੱਕਦਾਰ ਹੈ।
-ਪ੍ਰੋ. ਕੁਲਜੀਤ ਕੌਰ
ਇਕ ਮੇਰੀ ਅੱਖ ਕਾਸ਼ਣੀ...
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 343
ਸੰਪਰਕ : 98147-32198
ਦੋ ਦਰਜਨ ਦੇ ਕਰੀਬ ਨਾਵਲ ਅਤੇ ਪੰਜ ਕਹਾਣੀ-ਸੰਗ੍ਰਹਿ ਰਚ ਕੇ ਸ਼ਿਵਚਰਨ ਜੱਗੀ ਕੁੱਸਾ ਪੰਜਾਬੀ ਗਲਪ ਸਾਹਿਤ ਜਗਤ ਵਿਚ ਸਥਾਪਤ ਹਸਤਾਖ਼ਰ ਹੈ। ਵਿਚਾਰ ਅਧੀਨ ਨਾਵਲ 'ਇਕ ਮੇਰੀ ਅੱਖ ਕਾਸ਼ਣੀ... ' ਉਸ ਦਾ ਅਜੋਕੇ ਸਮਾਜ ਦੀਆਂ ਤ੍ਰਾਸਦੀਆਂ ਨੂੰ ਤਸਵੀਰਦਾ ਨਾਵਲ ਹੈ, ਜਿਸ ਵਿਚ ਆਧੁਨਿਕ ਸਮਾਜ ਨੂੰ ਸਾਰਥਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਔਰਤ ਪ੍ਰਤੀ ਸਮਾਜ ਦੇ ਰਵੱਈਏ ਅਤੇ ਔਰਤਾਂ ਦੀ ਬਦਲ ਰਹੀ ਮਾਨਸਿਕਤਾ ਨੂੰ ਦਰਸਾਉਂਦਾ ਇਹ ਨਾਵਲ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ 'ਤੇ ਗਹਿਰੀ ਸੱਟ ਮਾਰਦਾ ਹੈ। ਇਸ ਨਾਵਲ ਵਿਚ ਉਸ ਨੇ ਵਿਦੇਸ਼ੀ ਧਰਤੀ 'ਤੇ ਜਾ ਵੱਸਣ ਦਾ ਲਾਲਚ ਅਤੇ ਉਸ ਲਈ ਖ਼ਾਸ ਰੂਪ ਵਿਚ ਪਰਿਵਾਰ ਦੀਆਂ ਕੁੜੀਆਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਂਦਾ ਹੈ। ਪੰਜਾਬ ਦੀ ਧਰਤੀ 'ਤੇ ਧੀਆਂ ਨੂੰ ਬੰਦਿਸ਼ਾਂ ਵਿਚ ਰੱਖਣ ਵਾਲੇ ਪਰਿਵਾਰ ਵਿਦੇਸ਼ ਜਾਣ ਦੇ ਲਾਲਚ ਵਿਚ ਕੁੜੀਆਂ ਨੂੰ ਖੁੱਲ੍ਹੀ ਆਜ਼ਾਦੀ ਦਿੰਦੇ ਹੋਏ ਦਾਅ 'ਤੇ ਲਾ ਦਿੰਦੇ ਹਨ ਅਤੇ ਜਿਨ੍ਹਾਂ ਕੁੜੀਆਂ ਨੂੰ ਆਪਣੀਆਂ ਸਹੇਲੀਆਂ ਚੁਣਨ ਦੀ ਵੀ ਖੁਲ੍ਹ ਨਹੀਂ ਹੁੰਦੀ, ਉਹ ਵਿਦੇਸ਼ੀ ਧਰਤੀ 'ਤੇ ਆਪਣੀ ਰੋਜ਼ੀ-ਰੋਟੀ ਲਈ ਕੀ-ਕੀ ਕੰਮ ਕਰਦੀਆਂ ਹਨ ਤੇ ਕਿਵੇਂ ਉਨ੍ਹਾਂ ਦੇ ਆਪਣੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ, ਅਜਿਹੀ ਦਾਸਤਾਨ ਦੀ ਬਾਤ ਇਸ ਨਾਵਲ ਵਿਚ ਚਿਤਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਫ਼ਿਲਮੀ ਦੁਨੀਆ ਵਿਚ ਮਸ਼ਹੂਰ ਹੋਣ ਦਾ ਲਾਲਚ, ਕੋਰੋਨਾ ਮਹਾਂਮਾਰੀ ਦੀ ਮਾਰ ਅਤੇ ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਦਾ ਵਧ ਰਿਹਾ ਰੁਝਾਨ ਇਸ ਨਾਵਲ ਦਾ ਵਿਸ਼ਾ ਬਣਿਆ ਹੈ। ਪੱਛਮੀ ਦੇਸ਼ਾਂ ਵਿਚ ਵਸਣ ਤੋਂ ਬਾਅਦ ਉਸ ਸੱਭਿਆਚਾਰ ਦੇ ਪ੍ਰਭਾਵ ਹੇਠ ਪਾਤਰਾਂ ਦੀ ਬਦਲਦੀ ਮਾਨਸਿਕਤਾ ਨੂੰ ਜਿਥੇ ਇਸ ਨਾਵਲ ਵਿਚ ਚਿਤਰਤ ਕੀਤਾ ਗਿਆ ਹੈ, ਉਥੇ ਇਸਤਰੀ ਪਾਤਰਾਂ ਦੇ ਚਿੱਤਰਣ ਸਮੇਂ ਕੁਝ ਹੱਦ ਤਕ ਫ਼ਿਲਮੀ ਪਾਤਰਾਂ ਦਾ ਭੁਲੇਖਾ ਪੈਂਦਾ ਹੈ। ਪਾਇਲ ਵਰਗੀ ਕੁੜੀ ਆਪਣੇ ਜਬਰ ਜਨਾਹ ਵਾਲੇ ਨੂੰ ਪਿਆਰ ਕਰਨ ਲਗਦੀ ਹੈ ਅਤੇ ਅਮਨ ਆਪਣੇ ਕੋਚ ਦੇ ਹੱਥਾਂ ਵਿਚ ਖੇਡਦੀ ਹੈ ਜਦੋਂ ਕਿ ਉਹ ਉਸ ਬਾਰੇ ਸਭ ਕੁਝ ਜਾਣਦੀ ਹੁੰਦੀ ਹੈ। ਲੇਖਣ ਸ਼ੈਲੀ ਅਤੇ ਭਾਸ਼ਾ ਦੀ ਗੱਲ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਾਵਲਕਾਰ ਸਿੱਧੀ ਸਰਲ ਭਾਸ਼ਾ ਵਿਚ ਬਿਰਤਾਂਤ ਸਿਰਜਦਾ ਹੈ। ਜਿਸ ਗੱਲ ਵੱਲ ਉਹ ਪਾਠਕ ਦਾ ਖ਼ਾਸ ਧਿਆਨ ਦਿਵਾਉਣਾ ਚਾਹੁੰਦਾ ਹੈ ਉਸ ਨੂੰ ਉਹ ਕਾਮਿਆਂ ਵਿਚ ਲਿਖਦਾ ਹੈ। ਦ੍ਰਿਸ਼ ਅਤੇ ਵਾਰਤਾਲਾਪ ਫ਼ਿਲਮੀ ਹੋਣ ਦਾ ਭੁਲੇਖਾ ਪਾਉਂਦੇ ਹਨ। ਸੋ ਕਹਾਣੀ ਰਸ ਭਰੇ ਇਸ ਨਾਵਲ ਨੂੰ ਪਾਠਕ ਬਹੁਤ ਪਸੰਦ ਕਰਣਗੇ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਕੁਦੇਸਣ
ਲੇਖਕ : ਪ੍ਰੀਤਮ ਸਿੰਘ ਪੰਛੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 96
ਮੋਬਾਈਲ : 95605-92463
ਪ੍ਰੀਤਮ ਸਿੰਘ ਪੰਛੀ ਦਾ ਨਾਵਲ 'ਕੁਦੇਸਣ' ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਨਾਵਲ, ਪੰਜ ਕਹਾਣੀ-ਸੰਗ੍ਰਹਿ, ਕੁਝ ਹਿੰਦੀ ਅਤੇ ਅਨੁਵਾਦਿਤ ਪੁਸਤਕਾਂ ਮਾਂ-ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਸਮੁੱਚਾ ਨਾਵਲ ਕੁੱਲ 15 ਕਾਂਡਾਂ ਵਿਚ ਤਕਸੀਮ ਕੀਤਾ ਗਿਆ ਹੈ ਤੇ ਅਖੀਰ ਵਿਚ ਇਕ ਕਹਾਣੀ ਘੁੰਗਰੂ ਹੈ। ਕੁਦੇਸਣ ਨਾਵਲ ਵਿਚ ਉਸ ਨੇ ਔਰਤ ਦੀ ਥੁੜ ਨੂੰ ਬਿਆਨ ਕੀਤਾ ਹੈ ਕਿ ਜਿਨ੍ਹਾਂ ਪੁਰਸ਼ਾਂ ਦੇ ਵਿਆਹ ਨਹੀਂ ਸੀ ਹੁੰਦੇ ਤੇ ਉਹ ਆਪਣਾ ਘਰ ਵਸਾਉਣ ਵਿਚ ਅਸਮਰੱਥ ਸਨ ਤਾਂ ਉਹ ਆਪਣਾ ਘਰ ਵਸਾਉਣ ਲਈ ਹਰ ਹਰਬਾ ਅਪਣਾਉਂਦੇ ਸਨ, ਜਿਸ ਦੇ ਇਵਜ਼ ਵਿਚ ਉਹ ਗ਼ੈਰ-ਪੰਜਾਬੀ ਔਰਤਾਂ ਨੂੰ ਮੁੱਲ ਲਿਆ ਕੇ ਆਪਣਾ ਘਰ ਵਸਾ ਲੈਂਦੇ ਸਨ, ਜਿਸ ਨੂੰ 'ਕੁਦੇਸਣ' ਕਿਹਾ ਜਾਂਦਾ ਸੀ ਪਰ ਅਜਿਹੀਆਂ 'ਕੁਦੇਸਣ' ਔਰਤਾਂ ਨੂੰ ਇਕ ਥਾਂ 'ਤੇ ਵਸਣਾ ਨਸੀਬ ਨਹੀਂ ਸੀ ਹੁੰਦਾ ਤੇ ਉਨ੍ਹਾਂ ਨੂੰ ਪਸ਼ੂਆਂ ਵਾਂਗ ਅੱਗੇ ਦੀ ਅੱਗੇ ਵਿਕਣਾ ਪੈਂਦਾ ਸੀ। ਅਜਿਹੀ ਔਰਤ ਦੀ ਤ੍ਰਾਸਦੀ ਹੀ ਇਸ ਨਾਵਲ ਦਾ ਵਿਸ਼ਾ ਹੈ। 'ਕੁਦੇਸਣ' ਨਾਵਲ ਵਿਚ ਵਰਿਆਮੇ ਨੇ ਮੰਗੋ ਨੂੰ ਆਪਣੇ ਘਰ ਲੈ ਆਂਦਾ ਸੀ ਪਰ ਵਰਿਆਮੇ ਦੇ ਘਰ ਦੇ ਨੇੜੇ ਹੀ ਸੁਲੱਖਣ ਦਾ ਘਰ ਸੀ ਤਾਂ ਸੁਲੱਖਣ ਆਨੇ-ਬਹਾਨੇ ਵਰਿਆਮੇ ਦੇ ਘਰ ਗੇੜੇ ਮਾਰਦਾ ਰਹਿੰਦਾ ਸੀ ਜਿਸ ਕਰਕੇ ਸੁਲੱਖਣ ਮੰਗੋ ਨੂੰ ਪਿਆਰ ਕਰਨ ਲੱਗਦਾ ਹੈ। ਇਸ ਪ੍ਰਕਾਰ ਵਰਿਆਮਾ ਚਾਹੁੰਦਾ ਹੈ ਕਿ ਉਸ ਦੀ ਜਾਇਦਾਦ ਦਾ ਵਾਰਸ ਪੈਦਾ ਹੋ ਜਾਵੇ ਤੇ ਉਸ ਨੂੰ ਬਹੁਤ ਸਾਰੇ ਹੀਲੇ ਅਤੇ ਪਾਪੜ ਵੇਲਣੇ ਪੈਂਦੇ ਹਨ। ਇਹ ਸਮੱਸਿਆ ਆਮ ਕਿਸਾਨਾਂ ਦੀ ਸੀ, ਜਿਸ ਕਰਕੇ ਅਨੇਕਾਂ ਪੁਰਸ਼ਾਂ ਵਾਸਤੇ ਘਰ ਵਸਾਉਣਾ ਸੌਖਾ ਨਹੀਂ ਸੀ ਹੁੰਦਾ, ਪਰ ਬਦਨਸੀਬ ਕੁਦੇਸਣਾਂ ਨੂੰ ਵੀ ਇਕ ਘਰ ਟਿਕਣਾ ਨਸੀਬ ਨਹੀਂ ਸੀ ਹੁੰਦਾ। ਇਸ ਤਰ੍ਹਾਂ ਵਰਿਆਮਾ ਵੀ ਮੰਗੋ ਨੂੰ ਅੱਗੇ ਵੇਚ ਦਿੰਦਾ ਹੈ, ਜੋ ਔਰਤ ਦੇ ਸੰਤਾਪ ਦੀ ਗਾਥਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਵਿਚ ਨਾਵਲਕਾਰ ਨੇ ਦਹਾਕਿਆਂ ਤੋਂ ਮੁੱਕੇ ਹੋਏ ਵਿਸ਼ੇ ਨੂੰ ਪਾਠਕਾਂ ਨਾਲ ਰੂ-ਬਰੂ ਕਰਵਾਇਆ ਹੈ। ਇਹ ਨਾਵਲ ਸ਼ਲਾਘਾਯੋਗ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਜਦੋਂ ਵੀ ਸੋਚੋ ਵੱਡਾ ਸੋਚੋ
ਲੇਖਕ : ਐਨ.ਰਘੁਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 128
ਸੰਪਰਕ : 181-2214196
ਇਸ ਜਗਤ ਤਮਾਸ਼ੇ /ਕਾਰੋਬਾਰ ਵਿਚ ਵਿਚਰਨ ਲਈ ਮਾਨਸਿਕ ਸਥਿਤੀ ਬੁੱਧੀ/ਵਿਵੇਕ ਤੇ ਸਿਆਣਪ ਦਾ ਇਕ ਵੱਡਾ ਹੱਥ ਹੁੰਦਾ ਹੈ। ਆਉਣ ਵਾਲੇ ਸਮੇਂ ਬਾਰੇ ਸੂਝ ਭਰੀ ਅਗਾਊਂ ਯੋਜਨਾ ਦੀ ਘਾੜਤ/ਉਸਾਰੀ ਵਿਚ ਸੋਚ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਰਥਿਕ ਸੋਚ ਦੇ ਨਤੀਜੇ ਵੀ ਸਾਰਥਿਕ ਹੀ ਨਿਕਲਦੇ ਹਨ। ਸਿਰਮੌਰ ਅਖ਼ਬਾਰਾਂ ਦੇ ਰਹਿ ਚੁੱਕੇ ਸੰਪਾਦਕ ਅਨੁਭਵੀ ਲੇਖਕ ਐਨ.ਰਘੁਰਾਮਨ ਦੁਆਰਾ ਰਚਿਤ ਇਹ ਪੁਸਤਕ 'ਜਦੋਂ ਵੀ ਸੋਚੋ ਵੱਡਾ ਸੋਚੋ' ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੀ ਹੈ।
ਕਰੀਬ ਡੇਢ ਕੁ ਸੌ ਸਿਰਲੇਖਾਂ ਵਾਲੀ ਇਸ ਪੁਸਤਕ ਦੀ ਸ਼ੁਰੂਆਤ ਹੀ ਪਾਲਣਹਾਰੀ ਧਰਤੀ ਮਾਂ ਦੀ ਨਰੋਈ ਸਿਹਤ ਨੂੰ ਲੈ ਕੇ ਕੀਤੀ ਗਈ ਹੈ ਕਿ ਵਿਕਾਸ ਦੇ ਨਾਂਅ ਉਤੇ ਵਿਨਾਸ਼ ਸਹੇੜਨਾ ਸਭ ਤਰ੍ਹਾਂ ਦੀ ਜੀਵਨ ਰਚਨਾ ਦੇ ਪੱਖ ਵਿਚ ਕਦੇ ਵੀ ਨਹੀਂ ਭੁਗਤਦਾ। ਸਗੋਂ ਇਹ ਇਕ ਘਾਟੇਵੰਦਾ ਸੌਦਾ ਹੈ। ਪਰ ਕੁਝ ਮਾਣ ਮੱਤੇ ਲੋਕ ਆਪਣੇ ਕਾਰੋਬਾਰ ਦੇ ਨਾਲ-ਨਾਲ ਹੀ ਕੁਦਰਤ ਦੇ ਇਸ ਅਨਮੋਲ ਤੇ ਅਨੋਖੇ ਗ੍ਰਹਿ ਦੀ ਸਿਹਤ ਦਾ ਖਿਆਲ ਰੱਖਣ ਲਈ ਤਨਦੇਹੀ ਨਾਲ ਡਟੇ ਹੋਏ ਹਨ। ਜਿਨ੍ਹਾਂ ਦੇ ਉੱਦਮ ਤੇ ਸਖਤ ਘਾਲਣਾ ਸਦਕਾ ਅਸੰਭਵ ਤੇ ਪ੍ਰਤੀਕੂਲ ਪ੍ਰਸਥਿਤੀਆਂ ਨੂੰ ਸੰਭਵ ਤੇ ਅਨਕੂਲ ਪ੍ਰਸਥਿਤੀਆਂ ਵਿਚ ਬਦਲ ਕੇ ਅਨੋਖੇ ਮੀਲ ਪੱਥਰ ਗੱਡ ਰਹੇ ਹਨ। ਬੰਗਲੌਰ ਦੇ ਨਾਇਕ ਰਜੇਸ਼ ਕੁਮਾਰ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ, ਜਿਸ ਨੇ ਬੰਜਰ ਧਰਤੀ ਨੂੰ ਹਰਿਆ ਭਰਿਆ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਏਅਰ ਕੰਡੀਸ਼ਨਰਾਂ ਦਾ ਵਾਤਾਵਰਨ ਤੇ ਜਲਵਾਯੂ ਨੂੰ ਖਰਾਬ ਕਰਨ ਵਿਚ ਇਕ ਵੱਡਾ ਹਿੱਸਾ ਬਣ ਰਿਹਾ ਹੈ, ਦਾ ਕੁਦਰਤੀ ਬਦਲ ਲੱਭਣ ਵਿਚ ਸਫਲ ਹੋ ਰਹੇ ਸਰਬਜੀਤ ਬੈਨਰਜੀ ਨਾਲ ਆਮ ਗੁਫਤਗੂ ਦਾ ਜ਼ਿਕਰ ਵੀ ਖ਼ਾਸ ਸੁਨੇਹਾ ਦਿੰਦਾ ਹੈ ਕਿ ਕੁਦਰਤ ਨਾਲ ਨੇੜਤਾ ਹੀ ਸਭ ਲਈ ਹਮੇਸ਼ਾ ਲਾਹੇਵੰਦ ਹੁੰਦੀ ਹੈ। ਭੋਜਨ ਬਣਾਉਣ ਦੀ ਸਾਫ਼ ਸਫ਼ਾਈ ਵਧੇਰੇ ਕਮਾਈ, ਵਰਤਮਾਨ ਚੰਗਾ ਬਣਾਉਣ ਲਈ ਭੂਤਕਾਲ ਤੇ ਭਵਿੱਖ ਦਾ ਆਪਸੀ ਤਾਲਮੇਲ ਬਿਠਾਉਣ , ਦ੍ਰਿੜ੍ਹਤਾ ਭਰੇ ਉੱਦਮ ਨਾਲ ਕੂੜੇ / ਗੰਦਗੀ ਦੇ ਪਹਾੜ ਵਰਗੇ ਗੰਭੀਰ ਮਸਲਿਆਂ ਨਾਲ ਨਜਿੱਠਣ ਦੀ ਮੁੰਬਈ ਦੇ ਫੋਰਟ ਵਰਗੇ ਇਲਾਕੇ ਦੀ ਉਦਾਹਰਨ ਪਾਠਕਾਂ ਵਿਚ ਸਾਰਥਿਕਤਾ ਭਰਿਆ ਸੁਨੇਹਾ, ਵਪਾਰਕ ਤਰੱਕੀ ਲਈ ਪੁਰਾਣੀਆਂ ਘਸੀਆਂ ਪਿੱਟੀਆਂ ਪ੍ਰੰਪਰਾਵਾਂ ਨਾਲ ਆਧੁਨਿਕ ਢੰਗ ਤਰੀਕਿਆਂ ਨਾਲ ਜੁੜਨ, ਮੋਬਾਇਲ ਦੀ ਹੱਦੋਂ ਵੱਧ ਦੁਰਵਰਤੋਂ ਮਨੁੱਖੀ ਰਿਸ਼ਤਿਆਂ ਦੇ ਮੇਲਜੋਲ ਨੂੰ ਤਾਰ ਤਾਰ ਕਰਨ ਦਾ ਸਬੱਬ ਬਣਨ,ਇੱਕ ਜਗ੍ਹਾ 'ਤੇ ਸੈਰ ਕਰਦਿਆਂ ਵੱਖ ਵੱਖ ਦੇਸ਼ਾਂ /ਸੱਭਿਆਚਾਰ ਦਾ ਪ੍ਰਦਰਸ਼ਨ ਕਰਨ ਵਾਲੇ ਵਿਲੱਖਣ ਪ੍ਰੋਜੈਕਟ, ਲਕੀਰ ਦੇ ਫ਼ਕੀਰ ਵਾਲੀ ਦੀ ਸੋਚ ਤੋਂ ਪਰ੍ਹੇ ਵਾਲੇ ਕੰਮ/ ਧੰਦਿਆਂ ਨਾਲ ਰੁਜ਼ਗਾਰ ਦਾ ਦਾਇਰਾ ਵਧਣ , ਸਰੀਰਕ ਤੇ ਮਾਨਸਿਕ ਸ਼ਕਤੀ ਨੂੰ ਜੋੜ ਕੇ ਟੀਚੇ 'ਤੇ ਕੇਂਦਰਤ ਕਰਕੇ ਹੀ ਕੁਝ ਖਾਸ ਹਾਸਲ ਦੀ ਪ੍ਰਾਪਤੀ ਆਦਿ ਦੇ ਪੂਰਨ ਵਿਸ਼ੇ /ਸਹਿ ਵਿਸ਼ੇ ਇਸ ਪੁਸਤਕ ਦੀ ਸਾਰਥਿਕਤਾ ਨੂੰ ਪਾਠਕ ਦੇ ਸਨਮੁਖ ਕਰਦੇ ਹਨ। ਘਰਾਂ ਵਿਚ ਪਈਆਂ ਵਾਧੂ ਤੇ ਬੇਲੋੜੀਆਂ ਵਸਤਾਂ ਦਾ ਦਾਨ ਵੀ ਕਿਸੇ ਹੋਰ ਦਾਨ ਤੋਂ ਕਦੇ ਘੱਟ ਨਹੀ ਹੁੰਦਾ। ਸਗੋਂ ਇਹ ਦਾਨ ਵੀ ਲੋੜਵੰਦ ਲੋਕਾਂ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਵੀ ਹੋ ਨਿਬੜਦਾ ਹੈ। ਕਿਤਾਬੀ ਗਿਆਨ ਸਿਰਫ ਇਮਤਿਹਾਨ ਪਾਸ ਕਰਨ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਜ਼ਿੰਦਗੀ ਜਿਊਣ ਦੇ ਰਹੱਸ ਮਾਨਣ ਅਭਿਆਸੀ ਕਰਮ ਦੇ ਵਲ /ਢੰਗ ਸਿੱਖਣ ਦੇ ਯਤਨਾਂ ਲਈ ਕਾਰਗਰ ਸਾਬਤ ਹੁੰਦਾ ਹੈ।
ਕੀਮਤੀ ਵਸਤਾਂ ਹੀਰੇ ਜਵਾਹਰਾਤ ਸੋਨਾ ਚਾਂਦੀ ਤੋਂ ਵਸੂਲੀ (ਆਮਦਨ) ਵਧਾਉਣ ਦੇ ਗੁਰ ਸਮਝਾਉਣ ਦੇ ਯਤਨ ਅਤੇ ਜੀਵਨ ਦੀ ਟਿਮਟਿਮਾਉਂਦੀ ਲਾਟ ਨੂੰ ਜਗਦੀ ਰੱਖਣ ਲਈ ਅੰਗਦਾਨ ਦੀ ਮਹੱਤਤਾ ਦਾ ਪ੍ਰਚਾਰ ਤੇ ਪ੍ਰਸਾਰ ਇਸ ਪੁਸਤਕ 'ਜਦੋਂ ਵੀ ਸੋਚੋ ਵੱਡਾ ਸੋਚੋ' ਦਾ ਵੀ ਇਕ ਨਿਵੇਕਲਾ ਹਾਸਲ ਹੈ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਅਰਦਾਸ
ਲੇਖਕ : ਪ੍ਰਿੰ: ਚੰਨਣ ਸਿੰਘ 'ਚਮਨ' ਸ੍ਰੀ ਹਰਿਗੋਬਿੰਦਪੁਰੀ
ਸੰਪਾਦਕ : ਡਾ. ਸੁਰਿੰਦਰ ਕੌਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 495 ਰੁਪਏ, ਸਫ਼ੇ : 295
ਸੰਪਰਕ : 94176-94527
ਹਥਲਾ ਕਾਵਿ-ਸੰਗ੍ਰਹਿ ਪੰਜਾਬੀ ਦੇ ਉੱਘੇ ਹਾਸਰਸ ਕਵੀ ਪ੍ਰਿੰਸੀਪਲ ਚੰਨਣ ਸਿੰਘ 'ਚਮਨ' ਸ੍ਰੀ ਹਰਿਗੋਬਿੰਦਪੁਰੀ (ਮਰਹੂਮ) ਦੀ ਸੰਪਾਦਕ ਡਾ. ਸੁਰਿੰਦਰ ਕੌਰ ਵਲੋਂ ਸੰਪਾਦਿਤ ਚੋਣਵੀਆਂ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਵਿਦਵਾਨ ਸੰਪਾਦਕ ਵਲੋਂ ਉਨ੍ਹਾਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੰਜਾਬ ਦਾ ਸਮੁੱਚਾ ਇਤਿਹਾਸਕ ਵਿਰਸਾ, ਸਿੱਖ ਇਤਿਹਾਸਕ ਸ਼ਖ਼ਸੀਅਤਾਂ ਦੀ ਸਿਰਜਣਾ ਤੇ ਯੋਗਦਾਨ ਸਿੱਖ ਗੁਰੂ ਸਾਹਿਬਾਨ ਵਲੋਂ ਮਨੁੱਖ ਦੀ ਧਾਰਮਿਕ ਆਜ਼ਾਦੀ ਲਈ ਵਡਮੁੱਲਾ ਯੋਗਦਾਨ, ਬਿਪਰਵਾਦ ਦੀ ਗ਼ੁਲਾਮੀ ਦਾ ਵਿਰੋਧ, ਮਾਨਵਵਾਦ ਦਾ ਸੁਨੇਹਾ, ਸਿੱਖਾਂ ਵਲੋਂ ਜੰਗੀ ਦ੍ਰਿਸ਼ਟੀਕੋਣ, ਸਿਧਾਂਤ ਨੂੰ ਸਪੱਸ਼ਟ ਕਰਦੀਆਂ ਰਚਨਾਵਾਂ ਨਿਆਰੇ ਤੇ ਸੰਪੂਰਨ ਮਨੁੱਖ ਦਾ ਨਿਰਮਾਣ, ਅਜੋਕੇ ਮਨੁੱਖ ਦੀ ਸਾਰਥਿਕਤਾ ਆਦਿ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਚੋਣਵੀਆਂ 49 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਦੂਜੇ ਭਾਗ ਵਿਚ ਕਵੀ ਵਲੋਂ 9 ਗੀਤ ਸ਼ਾਮਿਲ ਕੀਤੇ ਗਏ ਹਨ। ਕਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਆਪਣੀ ਹਯਾਤੀ ਦੌਰਾਨ ਕਵੀ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਹਥਲਾ ਕਾਵਿ-ਸੰਗ੍ਰਹਿ ਕੇਵਲ ਨਿਰੋਲ ਕਵਿਤਾਵਾਂ 'ਤੇ ਆਧਾਰਿਤ ਹੈ। ਕਵੀ ਦੀ ਕਾਵਿ-ਸ਼ੈਲੀ ਵਿਚ ਕਵਿਤਾ ਦੇ ਨੌਂ-ਰਸਾਂ ਵਿਚੋਂ ਉਚੇਚੇ ਤੌਰ 'ਤੇ ਹਾਸ ਰਸ, ਵੀਰ ਰਸ, ਸ਼ਿੰਗਾਰ ਰਸ, ਉਪਮਾ ਅਲੰਕਾਰ ਤੇ ਅਨੁਪ੍ਰਾਸ ਅਲੰਕਾਰ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਸਮੁੱਚੇ ਕਾਵਿ-ਸੰਗ੍ਰਹਿ ਨੂੰ ਦੇਖਦਿਆਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਹਾਸ-ਰਸ ਲਿਖਣ ਵਿਚ ਇਸ ਕਵੀ ਦਾ ਕੋਈ ਸਾਨੀ ਨਹੀਂ ਹੈ, ਸਭ ਤੋਂ ਕਠਿਨ ਹੁੰਦਾ ਹੈ ਕਾਵਿ-ਵਿਅੰਗ ਲਿਖਣ ਸਮੇਂ ਧਾਰਮਿਕ ਸੀਮਾਵਾਂ ਦੀ ਬੰਦਿਸ਼ ਦੀ ਉਲੰਘਣਾ ਤੋਂ ਬਚ ਕੇ ਰਹਿਣਾ। ਮਰਹੂਮ 'ਚਮਨ' ਜਦੋਂ ਕਵਿਤਾ, ਸਟੇਜ ਤੋਂ ਪੇਸ਼ ਕਰਦੇ ਸਨ ਤਾਂ ਖ਼ੁਦ ਤਾਂ ਗੰਭੀਰ ਮੁਦਰਾ ਵਿਚ ਟਿਕੇ ਰਹਿੰਦੇ ਸਨ, ਪਰ ਸਰੋਤੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੇ ਸਨ। ਹਾਸ ਰਸ ਭਰਪੂਰ ਹਰ ਕਵਿਤਾ ਆਖਰ ਵਿਚ ਇਕ ਸੰਜੀਦਗੀ ਭਰਿਆ ਸੰਦੇਸ਼ ਦੇ ਕੇ ਸੰਪੂਰਨਤਾ ਵੱਲ ਨੂੰ ਜਾਂਦੀ ਹੈ। ਕਲਾ ਪੱਖ ਤੋਂ ਜਦੋਂ ਇਸ ਕਾਵਿ-ਸੰਗ੍ਰਹਿ ਨੂੰ ਪਾਠਕ ਵਾਚੇਗਾ ਤਾਂ ਇਸ ਵਿਚ ਸ਼ਾਮਿਲ ਕਵਿਤਾਵਾਂ ਉੱਤਮ ਕ੍ਰਿਤ ਵਾਲੀਆਂ ਸਾਰੀਆਂ ਖੂਬੀਆਂ ਸਮੋਈ ਬੈਠੀਆਂ ਨਜ਼ਰ ਆਉਣਗੀਆਂ। ਹਰ ਕਵਿਤਾ ਵਿਚ ਵਿਸ਼ੇ ਦੀ ਬੰਦਿਸ਼ ਵਿਚ ਰਹਿੰਦਿਆਂ ਭਾਸ਼ਾ, ਬਿੰਬ, ਪ੍ਰਤੀਕ, ਛੰਦ, ਰਸ, ਅਲੰਕਾਰ ਤੋਂ ਇਲਾਵਾ ਤੁਕਾਂਤਮੇਲ ਦਾ ਵੀ ਖ਼ਾਸ ਖਿਆਲ ਰੱਖਿਆ ਗਿਆ ਹੈ। ਕਵਿਤਾਵਾਂ ਵਿਚ ਵਰਤੀ ਗਈ ਭਾਸ਼ਾ ਸਰਲ ਅਤੇ ਠੇਠ ਪੰਜਾਬੀ ਹੈ। ਕੋਈ ਰਚਨਾ ਵੀ ਬੋਝਲ ਨਹੀਂ ਜਾਪਦੀ। ਪੁਸਤਕ ਦੇ ਆਰੰਭ ਵਿਚ ਕਾਵਿ-ਸੰਗ੍ਰਹਿ ਸੰਬੰਧੀ ਉੱਘੇ ਸਿੱਖ ਚਿੰਤਕ ਤੇ ਕਵੀ ਡਾ. ਇੰਦਰਜੀਤ ਸਿੰਘ ਵਾਸੂ ਵਲੋਂ 'ਸਿੱਖੀ ਸੱਭਿਆਚਾਰ ਦਾ ਪ੍ਰਤੀਕ 'ਅਰਦਾਸ' ਕਾਵਿ ਸੰਗ੍ਰਹਿ ਸੰਬੰਧੀ ਅਤੇ ਸੰਪਾਦਕਾ ਵਲੋਂ ਇਸ ਸਿਰਜਣਾਤਮਿਕ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਉੱਘੇ ਕਵੀ ਪ੍ਰੋ. ਜੋਗਿੰਦਰ ਸਿੰਘ ਕੰਗ ਵਲੋਂ ਕਾਵਿ ਸੰਗ੍ਰਹਿ 'ਅਰਦਾਸ' ਇਕ ਸਾਹਿਤਕ ਸਰਵੇਖਣ ਵਿਚ ਕਵੀ ਚੰਨਣ ਸਿੰਘ 'ਚਮਨ' ਦੀ ਕਵਿਤਾ ਵਿਚਲੀ ਰਵਾਨਗੀ, ਲੈਅ ਤੇ ਸੰਗੀਤਕਾ ਸੰਬੰਧੀ ਵਿਚਾਰ ਕਰਦਿਆਂ ਕਵਿਤਾ ਦੇ ਵਲਵਲਿਆਂ, ਜਜ਼ਬਿਆਂ, ਖਿਆਲਾਂ, ਕਲਿਪਨਾਵਾਂ ਅਤੇ ਬੌਧਿਕਤਾ ਦੇ ਸੁਮੇਲ ਵਾਲੀ ਕੋਮਲ ਕਲਾ ਦਾ ਵਿਸ਼ੇਸ਼ ਵਰਣਨ ਕੀਤਾ ਹੈ। ਪ੍ਰਸਿੱਧ ਕਵੀ ਇੰਜੀਨੀਅਰ ਕਰਮਜੀਤ ਸਿੰਘ 'ਨੂਰ' ਵਲੋਂ ਹਾਸ ਰਸ ਦਾ ਸਿਰਮੌਰ ਕਵੀ 'ਚਮਨ ਹਰਗੋਬਿੰਦਪੁਰੀ' ਦੇ ਵਿਲੱਖਣ ਮੁਕਾਮ ਦੀ ਗੱਲ ਕੀਤੀ ਹੈ। ਹਾਸਿਆਂ ਦਾ ਵਣਜਾਰਾ 'ਚਮਨ ਹਰਿਗੋਬਿੰਦਪੁਰੀ' ਦੀ ਹਾਸ ਰਸ ਦੇ ਖੇਤਰ ਵਿਚ ਕਵੀ ਦੇ ਯੋਗਦਾਨ ਸੰਬੰਧੀ ਜ਼ਿਕਰ ਉਸ ਦੇ ਸਾਹਿਤਕ ਜੀਵਨ ਸੰਬੰਧੀ ਵਿਚਾਰ ਕਰਦਿਆਂ 'ਅਰਦਾਸ' ਕਾਵਿ-ਸੰਗ੍ਰਹਿ ਵਿਚ ਕਵੀ ਦੇ ਵਿਸ਼ਾਲ ਗਿਆਨ ਭੰਡਾਰ ਅਤੇ ਵਿਦਵਤਾ ਦਾ ਜ਼ਿਕਰ ਕਰਦਿਆਂ ਕਵੀ ਦਾ ਬਹੁ-ਭਾਸ਼ਾਈ ਵਿਦਵਾਨ ਹੋਣਾ ਉਸ ਦਾ ਮੀਰੀ ਗੁਣ ਸੀ। 'ਅਰਦਾਸ' ਕਾਵਿ-ਸੰਗ੍ਰਹਿ ਦੀਆਂ ਵੱਖ-ਵੱਖ ਵੰਨਗੀਆਂ :-
-ਸਬਜ਼ੀ ਰਿਝ ਗਈ ਏ, ਤੜਕੇ ਲੱਗ ਰਹੇ ਨੇ,
ਲੋਹਾਂ ਤਪਦੀਆਂ ਨੇ, ਫੁਲਕੇ ਪੱਕ ਰਹੇ ਨੇ।
ਨਰਮ ਨਰਮ ਕੁਣਕਾ, ਗਰਮ ਗਰਮ ਦਾਲਾਂ,
ਲੰਗਰ ਵਿਚ ਬੈਠੇ ਲੋਕੀਂ ਛਕ ਰਹੇ ਨੇ।
(ਕਵਿਤਾ ਜੇਠਾ ਜੀ)
-ਬਿਟ ਬਿਟ ਤਕਦੇ ਸਿਤਾਰੇ ਨੇ ਅਕਾਸ਼ ਦੇ,
ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਦੇ।
ਪੁੱਤਰਾਂ ਦੇ ਦੁੱਖ ਜਿਸ ਖਿੜੇ ਮੱਥੇ ਸਏ ਨੇ,
ਕੱਫ਼ਨੋਂ ਬਗ਼ੈਰ ਪੁੱਤਰ ਅੱਖਾਂ ਸਾਹਵੇਂ ਪਏ ਨੇ।
(ਕਵਿਤਾ ਬੰਦਾ ਬਹਾਦਰ)
ਸਮੁੱਚੇ ਰੂਪ ਵਿਚ ਇਹ ਕਾਵਿ-ਸੰਗ੍ਰਹਿ ਦੀ ਸੰਪਾਦਨਾ ਪਾਠਕਾਂ ਤੇ ਨਵੇਂ ਉੱਭਰ ਰਹੇ ਕਵੀਆਂ ਲਈ ਪ੍ਰੇਰਨਾ ਦੇ ਨਵੇਂ ਦਿਸ-ਹੱਦੇ ਸਿਰਜਣ ਵਿਚ ਯੋਗਦਾਨ ਪਾਵੇਗੀ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਤੀਸਰੀ ਅੱਖ
ਲੇਖਕ : ਗੁਰਬਚਨ ਸਿੰਘ ਵਿਰਦੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150 ਰੁਪਏ
ਸੰਪਰਕ : 98760-21122
ਇਹ ਪੁਸਤਕ ਲੇਖਕ ਦੀ ਪੰਜਵੀਂ ਪੁਸਤਕ ਹੈ, ਜਿਸ ਵਿਚ ਉਸ ਦੇ 21 ਨਿਬੰਧ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਬ੍ਰਹਿਮੰਡ ਤੇ ਧਰਤੀ, ਵਿੱਦਿਆ-ਵਿਚਾਰੀ, ਕਲਗੀ ਦਾ ਵਾਰਿਸ : ਸ਼ਹੀਦ ਸੰਗਤ ਸਿੰਘ, ਵਿੱਦਿਆ ਵਿਚਾਰੀ, ਭਾਗੋ ਨਾਮ ਦੀਆਂ ਤਿੰਨ ਸ਼ਖ਼ਸੀਅਤਾਂ ਤੇ ਸਿੱਖ ਗੁਰੂ, ਬਾਬਾ ਨਾਨਕ ਦੀ ਰੋਮ ਫੇਰੀ, ਅੰਗਰੇਜ਼ੀ ਮਹੀਨਿਆਂ ਦੇ ਨਾਂਅ ਕਿਵੇਂ ਰੱਖੇ ਗਏ, ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਆਏ ਕੁਝ ਮੁਸਲਮਾਨ ਮਹਿਮਾਨ, ਕੁੱਲ 21 ਨਿਬੰਧ ਹਨ। ਇਨ੍ਹਾਂ ਨਿਬੰਧਾਂ ਵਿਚ ਨਵਾਂ 'ਕੁਝ ਵੀ ਹੈ' ਜੋ ਪਹਿਲੀ ਵਾਰ ਵਿਰਦੀ ਦੀ ਕਲਮ ਨੇ ਲਿਖਿਆ ਹੈ। ਉਹ ਹੈ 'ਜੁਗਨੀ, ਜਗਦੀ ਲੋਅ, ਮੁਗ਼ਲ ਸ਼ਹਿਰ ਸਰਹਿੰਦ ਦੀਆਂ ਯਾਦਗਾਰਾਂ' ਖੋਜ ਭਰਪੂਰ ਰਚਨਾਵਾਂ ਹਨ। ਆਪ ਨੇ 'ਅਧੂਰੀ ਕਵਿਤਾ' ਸਾਹਿਤ ਜਗਤ ਦੇ ਹਿੱਸੇ ਪਾਈ ਹੈ। ਇਸ ਦਾ ਪਹਿਲਾ 24 ਨਿਬੰਧਾਂ ਦਾ ਪਰਾਗਾ 'ਤੀਸਰੀ ਅੱਖ' ਪੁਸਤਕ ਵਿਚ ਸ਼ਾਮਿਲ ਹਨ। ਆਪ ਨੇ ਗੁਰੂ ਨਾਨਕ ਦਾ ਜਨਮ ਪੁਰਬ ਸੰਬੰਧੀ ਜੋ ਨਿਬੰਧ ਦੀ ਰਚਨਾ ਕੀਤੀ ਹੈ, ਉਸ ਦੀ ਵੱਖਰੀ ਪਰਖ ਤੇ ਪਛਾਣ ਹੈ। ਪਹਿਲਾਂ ਗੁਰੂ ਨਾਨਕ ਦੇਵ ਦਾ ਜਨਮ ਦਿਵਸ 15 ਅਪ੍ਰੈਲ, 1469 ਈ. ਲਿਖੀ ਹੁੰਦੀ ਸੀ। ਇਹ ਦੱਸਿਆ ਹੁੰਦਾ ਸੀ ਕਿ ਆਪ ਦਾ ਜਨਮ ਪੁਰਬ ਕਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਕਾਰਨ, ਵਿਸਾਖੀ ਦਾ ਤਿਉਹਾਰ ਤੇ ਜਨਮ ਦਿਵਸ ਨੇੜੇ ਹੁੰਦੇ ਸਨ। ਇਕ-ਓਂਕਾਰਤਾ ਦੀ ਵਿਆਪਤਾ ਸਰਬਜਨਕ ਹੈ। ਗੁਰੂ ਨਾਨਕ ਨੇ ਪ੍ਰਭੂ ਨੂੰ ਇਕ ਪਰਵਾਨ ਕੇ, ਪਰਸਾਰਿਆ ਹੈ। ਇਕ ਅਮਰੀਕਨ, ਚਿੰਤਕ ਅਨੁਸਾਰ ਭਾਰਤ ਵਿਚ ਪਰਾਲੀ ਸਾੜਨ ਨਾਲ, ਤੀਹ ਅਰਬ ਡਾਲਰ ਭਾਵ ਦੋ ਲੱਖ ਡਾਲਰ ਦਾ ਨੁਕਸਾਨ ਹੁੰਦਾ ਹੈ। ਆਪ ਨੇ ਪੁਸਤਕ ਵਿਚ ਉਸ ਨੌਜਵਾਨ ਦਾ ਜ਼ਿਕਰ ਕੀਤਾ ਹੈ, ਜਿਸ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਪਿੱਠ ਲਾਉਣ ਦੀ ਹਿੰਮਤ ਕੀਤੀ। ਆਪ ਨੇ ਪਹਿਲੀ ਵਾਰ ਸਿੱਖ ਗੁਰੂਆਂ ਦੀਆਂ ਰਿਸ਼ਤੇਦਾਰੀਆਂ ਦਾ ਜ਼ਿਕਰ ਕੀਤਾ ਹੈ। ਆਪ ਨੇ ਧਰਮ-ਪ੍ਰਚਾਰ ਲਈ ਮਸੰਦ ਪਦ ਚਾਲੂ ਕੀਤੀ। ਆਪ ਦਾ ਨਿਬੰਧ ਵਿੱਦਿਆ ਵਿਚਾਰੀ, ਚਿੰਤਨ ਅਤੇ ਚੇਤਨਾ, ਵੰਡਦਾ ਨਿਬੰਧ ਹੈ। ਆਪ ਨੇ ਦੇਸ਼ ਪੰਜਾਬ ਦੇ ਦਲੇਰ ਯੋਧਿਆਂ ਬਾਰੇ ਨਿੱਠ ਕੇ ਪਹਿਲੀ ਵਾਰ ਲਿਖਿਆ ਹੈ।
-ਡਾ. ਅਮਰ ਕੋਮਲ
ਮੋਬਾਈਲ : 84378-73565
ਪੰਜਾਬ ਏਜੰਡਾ
ਪੰਜਾਬ ਦੀ ਵਿਸਮਾਦੀ ਨਵ-ਉਸਾਰੀ ਦਾ ਮਾਡਲ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 184
ਸੰਪਰਕ : 98725-91713
ਭਾਈ ਹਰਿਸਿਮਰਨ ਸਿੰਘ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਿੱਖ ਧਰਮ ਦੀ ਅੰਤਰ-ਆਤਮਾ ਅਤੇ ਤਤਕਾਲੀ ਸੰਦਰਭਾਂ ਨੂੰ ਅਧਾਰ ਬਣਾ ਕੇ ਗੁਰਮਤਿ ਦਾ ਵਿਵੇਚਨ ਕਰ ਰਿਹਾ ਹੈ, ਉਹ ਆਧੁਨਿਕ ਯੁੱਗ ਦਾ ਇਕ 'ਰਿਸ਼ੀ' ਹੈ, ਜਿਸ ਦੇ ਆਸ਼ਰਮ ਵਿਚ ਗੁਰਮਤਿ ਬਾਰੇ ਵਿਖਿਆਨ ਅਤੇ ਸੰਵਾਦ ਨਿਰੰਤਰ ਚਲਦਾ ਰਹਿੰਦਾ ਹੈ। ਕੁਝ ਵਰ੍ਹੇ ਪਹਿਲਾਂ ਉਸ ਨੇ ਗੁਰਮਤਿ ਦੇ ਵਿਸਮਾਦੀ ਮਾਡਲ ਬਾਰੇ ਚਾਰ ਵੱਡਆਕਾਰੀ ਗ੍ਰੰਥਾਂ ਦੀ ਰਚਨਾ ਵੀ ਕੀਤੀ ਸੀ, ਜਿਸ ਵਿਚ ਗਲੋਬਲ-ਸਰੋਕਾਰਾਂ ਦੀ ਸਾਰਥਿਕਤਾ ਅਤੇ ਪਹੁੰਚ ਵਿਧੀ ਨੂੰ ਵੰਗਾਰਿਆ ਗਿਆ ਸੀ। ਅੱਜਕਲ੍ਹ ਉਹ ਸਿੱਖ ਧਰਮ ਦੇ 'ਕਰਤਾਰਪੁਰੀ ਮਾਡਲ' ਨੂੰ ਨਿਖਾਰਨ ਪ੍ਰਚਾਰਨ ਦੇ ਸ਼ੁੱਭ ਕਰਮ ਵਿਚ ਰੁੱਝਾ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਮੱਧ ਏਸ਼ੀਆ ਦੇ ਕੁਝ ਪ੍ਰਮੁੱਖ ਮੁਲਕਾਂ ਵਿਚ ਯਾਤਰਾਵਾਂ (ਉਦਾਸੀਆਂ) ਕਰਨ ਉਪਰੰਤ ਕਰਤਾਰਪੁਰ ਸਾਹਿਬ ਵਿਖੇ ਆਪਣੇ ਇਕ ਨਵੇਂ ਨਗਰ ਦਾ ਨਿਰਮਾਣ ਕਰ ਕੇ ਮਨੁੱਖ ਨੂੰ ਸਹੀ ਜੀਵਨ ਜਾਚ ਦੀ ਵਿਧੀ ਸਿਖਾਈ-ਸਮਝਾਈ ਸੀ। ਇਸੇ ਵਿਧੀ ਦੇ ਬਲਿਊ ਪ੍ਰਿੰਟ ਨੂੰ ਲੇਖਕ 'ਕਰਤਾਰਪੁਰੀ ਮਾਡਲ' ਦਾ ਨਾਂਅ ਦਿੰਦਾ ਹੈ। ਇਸ ਮਾਡਲ ਦੇ ਛੇ ਨਕਸ਼ਾਂ ਬਾਰੇ ਚਰਚਾ ਕੀਤੀ ਗਈ : 1. ਰੂਹਾਨੀ ਵਿਗਾਸ ਅਤੇ ਪਦਾਰਥਕ ਸੰਤੁਸ਼ਟੀ ਵਾਲੇ ਵਿਸਮਾਦੀ ਮਨੁੱਖ ਦੀ ਸਿਰਜਣਾ, 2. ਬਹੁ-ਸੱਭਿਆਚਾਰੀ ਜੀਵਨ, 3. ਸਾਂਝੀ ਖੇਤੀ ਅਤੇ ਵਾਪਰ, 4. ਸੱਚੀ-ਸੁੱਚੀ ਕਿਰਤ ਵਾਲੇ ਸੱਭਿਆਚਾਰ ਦੀ ਲੋੜ, 5. ਸਰਬੱਤ ਦੇ ਭਲੇ ਦਾ ਆਹਰ ਕਰਨ ਵਾਲਾ ਸਮਾਜ ਅਤੇ 6. ਜੀਵਨ ਦੀ ਸੁਰੱਖਿਆ, ਸਿਰਜਣਾਤਮਿਕਤਾ ਵਾਲੀ ਬੇਗ਼ਮਪੁਰੀ ਸਮਾਜਿਕ ਵਿਵਸਥਾ। ਲੇਖਕ ਗੁਰਬਾਣੀ ਅਤੇ ਗੁਰਮਤਿ ਦੇ ਪੁਨਰ ਵਿਸ਼ਲੇਸ਼ਣ ਦੁਆਰਾ ਵਿਸ਼ਵ ਵਿਚ ਇਕ ਨਵੇਂ ਨਿਜ਼ਾਮ ਦੀ ਸਿਰਜਣਾ ਅਤੇ ਸਥਾਪਨਾ ਲਈ ਪ੍ਰਤੀਬੱਧ ਹੈ। ਉਸ ਨੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਖੋਜ ਕੇਂਦਰ ਸਥਾਪਿਤ ਕੀਤਾ ਹੋਇਆ ਹੈ, ਜਿਥੇ ਬੈਠ ਕੇ ਉਹ 'ਆਪ' ਅਤੇ ਕੁਝ ਹੋਰ ਜਗਿਆਸੂ ਇਸ ਮੰਤਵ ਲਈ ਕਾਰਜਸ਼ੀਲ ਰਹਿੰਦੇ ਹਨ। ਉਸ ਨੂੰ ਲਗਦਾ ਹੈ ਕਿ ਪਿਛਲੀਆਂ ਕੁਝ ਸਦੀਆਂ ਤੋਂ ਮਨੁੱਖੀ ਸੋਚ ਅਤੇ ਜੀਵਨ ਵਿਚ ਇਕ ਖੜੋਤ (ਜੜ੍ਹਤਾ) ਆ ਚੁੱਕੀ ਹੈ, ਜਿਸ ਨੂੰ ਤੋੜ ਕੇ ਤਬਦੀਲੀ ਲਿਆਉਣਾ ਉਸ ਦਾ ਮਿਸ਼ਨ ਹੈ। ਉਸ ਅਨੁਸਾਰ ਵਿਸਮਾਦੀ ਚਿੰਤਨ ਬਾਰੇ ਗੁਰੂ ਸਿਧਾਂਤ ਇਹ ਹੈ : ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੇ ਜਾਈ॥ ਉਹ ਆਰਥਿਕਤਾ ਦੇ ਇਸ ਸਿਧਾਂਤ-ਸੂਤਰ ਨੂੰ ਬੜੀ ਨਿਸ਼ਠਾ ਨਾਲ ਵਿਉਂਤਬੱਧ ਕਰ ਰਿਹਾ ਹੈ। ਸ਼ੁੱਭ ਕਾਮਨਾਵਾਂ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਰਾਤ ਦੇ ਉਹਲੇ
ਕਹਾਣੀਕਾਰਾ : ਸਿਮਰਜੀਤ ਜੱਸੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 93170-05005
'ਰਾਤ ਦੇ ਉਹਲੇ' ਸਿਮਰਜੀਤ ਜੱਸੀ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਹਨ। ਇਸ ਸੰਗ੍ਰਹਿ ਦੇ ਪਹਿਲੇ ਹਿੱਸੇ ਵਿਚ ਲੰਮੀਆਂ ਕਹਾਣੀਆਂ ਸ਼ਾਮਿਲ ਹਨ ਅਤੇ ਪਿਛਲੇਰੇ ਹਿੱਸੇ ਵਿਚ ਆਕਾਰ ਪੱਖੋਂ ਛੋਟੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਕਹਾਣੀ-ਸੰਗ੍ਰਹਿ ਵਿਚ ਸ਼ਾਮਿਲ ਤਕਰੀਬਨ ਸਾਰੀਆਂ ਹੀ ਕਹਾਣੀਆਂ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਅਨੈਤਿਕ ਸੰਬੰਧਾਂ ਦੀ ਆੜ ਹੇਠ ਸਮਾਜਿਕ ਮਰਿਆਦਾ ਭੰਗ ਹੁੰਦੀ ਹੈ ਤਾਂ ਇਸ ਨਾਲ ਮਨੁੱਖੀ ਜ਼ਿੰਦਗੀ ਵੀ ਉਥਲ-ਪੁਥਲਮਈ ਪ੍ਰਸਥਿਤੀਆਂ ਦੇ ਰੂ-ਬਰੂ ਹੁੰਦੀ ਹੈ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ 'ਤੇ 'ਉਹ ਘਰ ਖੰਡਰ ਹੋ ਗਿਆ' ਵਿਚ ਦੱਸਿਆ ਗਿਆ ਹੈ ਕਿ ਕੀਤੇ ਹੋਏ ਗੁਨਾਹ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦੇ। 'ਰਾਤ ਦੇ ਉਹਲੇ' ਕਹਾਣੀ ਅਨੈਤਿਕ ਸੰਬੰਧਾਂ ਬਾਰੇ ਬਿਰਤਾਂਤ ਪੇਸ਼ ਕਰਦੀ ਹੈ, ਜਿਥੇ ਕਹਾਣੀਕਾਰ ਨੇ ਮੌਕਾ ਮੇਲ ਦੀ ਜੁਗਤ ਰਾਹੀਂ ਦੁਖਾਂਤ ਨੂੰ ਸੁਖਾਂਤ ਵਿਚ ਬਦਲਿਆ ਹੈ। 'ਚਾਨਣ ਦੀ ਕਾਤਰ' ਕਹਾਣੀ ਹੀਜੜਾ ਹੋਣ ਦੇ ਦੁਖਾਂਤ ਨੂੰ ਪੇਸ਼ ਕਰਦੀ ਵੱਖਰੀ ਭਾਂਤ ਦੀ ਕਹਾਣੀ ਹੈ। 'ਠਰੀਆਂ ਰਾਤਾਂ' ਕਹਾਣੀ ਜਿਥੇ ਉੱਤਮਪੁਰਖੀ ਬਿਰਤਾਂਤ ਵਿਚ ਲਿਖੀ ਦਿਲਚਸਪ ਕਹਾਣੀ ਹੈ, ਉਥੇ 'ਰੁਖਸਾਰ' ਕਹਾਣੀ ਵਿਚ ਔਰਤ ਦੇ ਸ਼ਸ਼ਕਤ ਹੋਣ ਦਾ ਬਿਸ਼ਾਗਤ ਪਹਿਲੂ ਸਿਰਜਿਆ ਗਿਆ ਹੈ। ਰੁਖਸਾਨਾ ਅਤੇ ਤ੍ਰਿਪਤੀ ਦੇ ਪ੍ਰਸੰਗ ਵਿਚ ਇਹ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ 'ਆਪਣਾ ਆਪਣਾ ਅੰਬਰ' ਕਹਾਣੀ ਵਿਚ ਮਰਦ ਦੀ ਪਰਿਵਾਰਕ ਰਿਸ਼ਤਿਆਂ ਪ੍ਰਤੀ ਗ਼ੈਰ-ਜ਼ਿੰਮੇਦਾਰਾਨਾ ਪਹੁੰਚ ਅਤੇ ਸੰਜਮ ਵਰਗੀ ਔਰਤ ਦਾ ਗੁਰਵੰਤ ਵਰਗੇ ਮਰਦ ਦੀ ਵਧੀਕੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਪੇਸ਼ ਕੀਤਾ ਗਿਆ ਹੈ। ਜਿਥੇ 'ਉਧਲ ਗਿਓਂ ਚਾਨਣਾ' ਅਤੇ 'ਕੋਠੀ ਆਲੀ ਤਾਈ ਜਮਾਲੋ' ਕਹਾਣੀਆਂ ਔਰਤ ਦੀ ਸਮਾਜਿਕ ਦਸ਼ਾ ਬਾਰੇ ਬਿਆਨ ਕਰਦੀਆਂ ਹਨ, ਉਥੇ 'ਮੋਹ ਦੇ ਕਿਣਕੇ' ਕਹਾਣੀ ਵਿਚ ਮਨੁੱਖਾਂ ਅਤੇ ਪੰਛੀਆਂ ਦੇ ਭਾਵੁਕ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ। 'ਬਾਗਾਂ ਦਾ ਰਾਖਾ' ਕਹਾਣੀ ਵਿਚ ਮਾਪਿਆਂ ਦੀ ਬੱਚਿਆਂ ਪ੍ਰਤੀ ਅਣਗਹਿਲੀ ਅਤੇ ਅਵੇਸਲਾਪਨ ਹੀ ਉਨ੍ਹਾਂ ਨੂੰ ਭਟਕਣਾ ਦੇ ਹਨੇਰੇ ਵਿਚ ਲੈ ਜਾਂਦਾ ਹੈ, ਵਿਸ਼ਾ ਪੇਸ਼ ਹੋਇਆ ਹੈ। 'ਸੂਰਜ ਡੁੱਬਣ ਤੋਂ ਪਹਿਲਾਂ' ਕਹਾਣੀ ਭਾਵੁਕ ਭਾਵਨਾਵਾਂ ਦੇ ਮਰ ਜਾਣ ਦਾ ਬਿਰਤਾਂਤ ਸਿਰਜਦੀ ਹੈ। ਕਹਾਣੀਕਾਰਾ ਨੇ ਸੰਗ੍ਰਹਿ ਦੀਆਂ ਪਹਿਲੀਆਂ ਪੰਜ ਕਹਾਣੀਆਂ ਨੂੰ 'ਲੜੀਵਾਰ' ਸਿਰਲੇਖ ਤਹਿਤ ਪੇਸ਼ ਕੀਤਾ ਹੈ। ਕਹਾਣੀਆਂ ਕਥਾ ਰਸ ਦੀ ਭਰਪੂਰਤਾ ਹੈ ਅਤੇ ਵਿਸ਼ਿਆਂ ਦੀ ਵੰਨ-ਸੁਵੰਨਤਾ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਪ੍ਰਛਾਵੇਂ ਨ੍ਹੀਂ ਮਰਦੇ
ਲੇਖਕ : ਆਰ. ਐੱਸ. ਰਾਜਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 100
ਸੰਪਰਕ : 98584-77296
ਲੇਖਕ ਲੰਮੇ ਅਰਸੇ ਤੋਂ ਕਹਾਣੀਆਂ ਲਿਖਦਾ ਆ ਰਿਹਾ ਹੈ। ਹੁਣ ਤੱਕ ਉਸ ਦੇ ਤਿੰਨ ਕਹਾਣੀ-ਸੰਗ੍ਰਹਿ ਤੇ ਇਕ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਸੰਗ੍ਰਹਿ ਵਿਚ ਉਸ ਆਪਣੀਆਂ 13 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਜੋ ਅਲੱਗ-ਅਲੱਗ ਵਿਸ਼ਿਆਂ ਦੀ ਪੇਸ਼ਕਾਰੀ ਹਨ। ਕਹਾਣੀ ਪਾਸਾਰ ਵਿਚ ਹੀ ਉਸ ਦੇ ਕਹਾਣੀ ਦੇ ਤਿੱਖੇਪਣ ਤੇ ਨਿਵੇਕਲੇਪਨ ਨੂੰ ਸਮਝਿਆ ਜਾ ਸਕਦਾ ਹੈ। ਫੁੱਲਾਂ ਦੀ ਬਾਤ ਪਾਉਂਦਾ ਉਹ ਇਕ ਥਾਂ ਗੁਲਦਸਤੇ ਵਿਚ ਫੁੱਲ ਪਰੋਣ ਦੀ ਗੱਲ ਕਰਦਿਆਂ ਇਸ ਦੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦੇ ਜਾਂਦਾ ਹੈ ਜਿਵੇਂ ਭੰਨਤੋੜ, ਟੇਂਕਬਟਨੀਆਂ, ਗੁਛਾਂਦੇ ਦਾ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਸੱਜੀ ਪੁੰਗਰ ਰਹੀ ਖੱਬਲ ਵੀ ਫੁੱਲਾਂ ਨਿਆਈਂ ਹੀ ਹੁੰਦੀ ਹੈ। ਸਰਕਾਰੀ ਸਿਸਟਮ 'ਤੇ ਸ਼ਾਇਰ ਵੀ ਦੇਖਣਯੋਗ ਬਣਦਾ ਹੈ, ਜਦੋਂ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ 'ਚੋਂ ਜਾਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਸਕੂਲ, ਪੁਲ ਤੇ ਸਰਕਾਰੀ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਉਸਾਰਨਾ ਸ਼ੁਰੂ ਕੀਤਾ। ਸਾਰੀਆਂ ਕਹਾਣੀਆਂ ਦੇ ਵਿਸ਼ਿਆਂ ਵਿਚ ਵਖਰੇਵਾਂ ਹੈ ਪ੍ਰੰਤੂ ਮਾਹੌਲ ਤੇ ਵਿਸ਼ਿਆਂ ਵਿਚ ਇਕ ਸਾਂਝ ਵੀ ਨਜ਼ਰ ਆਉਂਦੀ ਹੈ। ਸ਼ਾਇਦ ਇਹ ਲੇਖਕ ਦੀ ਸ਼ੈਲੀ ਤੇ ਉਸ ਦੇ ਵਾਤਾਵਰਨ ਸਿਰਜਣ ਅਤੇ ਗੱਲ ਕਰਨ ਦੇ ਲਹਿਜ਼ੇ ਕਰਕੇ ਅਜਿਹਾ ਅਲੱਗ ਵਰਤਾਰਾ ਵਾਪਰਦਾ ਪ੍ਰਤੀਤ ਹੁੰਦਾ ਹੈ। ਅਤੀਤ ਕਦੇ ਮੁੜਿਆ ਨਹੀਂ ਆਪਣੇ ਟਾਈਟਲ ਦੀ ਹੀ ਤਰਜਮਾਨੀ ਕਰਦੀ ਜਾਪਦੀ ਹੈ। ਬੇਸ਼ੱਕ ਅਸੀਂ ਵਰਤਮਾਨ ਨਾਲੋਂ ਅਤੀਤ ਵਿਚ ਵਧੇਰੇ ਵਿਚਰਦੇ ਹਾਂ ਪਰ ਦਰਹਕੀਕਤ ਬੀਤਿਆ ਜਾਂ ਅਤੀਤ ਕਦੇ ਵਾਪਸ ਨਹੀਂ ਪਰਤਦਾ? ਕਹਾਣੀਆਂ ਸਾਰੀਆਂ ਹੀ ਪੜ੍ਹਨਯੋਗ ਹਨ ਅਤੇ ਅਜੋਕੀ ਕਹਾਣੀ ਤੋਂ ਸਮਾਨਾਂਤਰ ਆਪਣਾ ਮੁਕਾਮ ਖ਼ੁਦ ਉਸਾਰਦੀਆਂ ਹਨ। ਡਾਰੋਂ ਵਿਛੜੀ ਕੂੰਜ ਦਾ ਇਕ ਡਾਇਲਾਗ ਵੀ ਦੇਖਿਆਂ ਹੀ ਬਣਦਾ ਹੈ ਅਨਵਰ ਪੁੱਤਰ ਅਸੀਂ ਆਪਸ ਵਿਚ ਗੁਆਂਢੀ ਹਾਂ। ਗੁਆਂਢੀ ਤਾਂ ਇਕੋ ਮਾਂ-ਪਿਓ ਦੇ ਜੰਮੇ ਆਖੇ ਜਾਂਦੇ ਨੇ। ਤੂੰ ਇਹ ਜ਼ੁਲਮ ਨਾ ਕਰ। ਮੈਂ ਤੇਰੇ ਪਿਓ ਨੂੰ ਸ਼ਿਕਾਇਤ ਕਰਾਂਗਾ, ਨਾਲੇ ਸੀਬੋ ਅਜੇ ਬਾਲੜੀ ਹੈ। ਛੱਡ ਦੇਵੋ ਸਾਨੂੰ। ਬਹੁਤ ਥਾਈਂ ਕਹਾਣੀਆਂ ਵਿਚ ਆਤੰਕ ਤੇ ਦਹਿਸ਼ਤ ਦੇ ਪਰਛਾਵੇਂ ਦੇਖਣ ਨੂੰ ਮਿਲਦੇ ਹਨ। ਦਰਅਸਲ ਕਹਾਣੀਕਾਰ ਜਿਸ ਖਿੱਤੇ ਵਿਚ ਰਹਿੰਦਾ ਤੇ ਵਿਚਰਦਾ ਹੈ, ਉਥੋਂ ਦੇ ਮਾਹੌਲ ਮੁਤਾਬਿਕ ਹੀ ਉਹ ਕਹਾਣੀ ਕਹਿਣ ਵੱਲ ਰੁਚਿਤ ਰਿਹਾ ਹੈ। ਇਹ ਚੰਗੀ ਗੱਲ ਵੀ ਹੈ ਚੂੰਕਿ ਜਿਵੇਂ ਆਲਾ-ਦੁਆਲਾ ਹੁੰਦਾ ਹੈ, ਉਸੇ ਅਨੁਸਾਰ ਕੋਈ ਲੇਖਕ ਵਧੇਰੇ ਸ਼ਿੱਦਤ ਨਾਲ ਆਪਣੀ ਗੱਲ ਕਹਿ ਸਕਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਜੀਵਨ ਦਰਿਆ
ਲੇਖਕ : ਅਨੋਖ ਸਿੰਘ ਵਿਰਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 62837-33100
'ਜੀਵਨ ਦਰਿਆ' ਅਨੋਖ ਸਿੰਘ ਵਿਰਕ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਜੀਵਨ ਦੀਆਂ ਚੋਣਵੀਆਂ ਯਾਦਾਂ ਅਤੇ ਘਟਨਾਵਾਂ ਦਰਜ ਕੀਤੀਆਂ ਹਨ। ਲੇਖਕ ਵੀਹ ਸਾਲ ਫ਼ੌਜ ਵਿਚ ਅਤੇ ਪੰਦਰਾਂ ਵਰ੍ਹੇ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਰਿਹਾ ਹੈ। ਪੇਂਡੂ ਰਹਿਤਲ ਦਾ ਜੰਮਪਲ ਹੈ। ਬਚਪਨ ਪੰਜਾਬ ਦੇ ਪਿੰਡ ਵਿਚ ਹੀ ਗੁਜ਼ਾਰਿਆ ਹੈ। ਇਨ੍ਹਾਂ ਯਾਦਾਂ ਨੂੰ ਟੋਟਿਆਂ ਵਿਚ ਲਿਖੀ ਸਵੈ-ਜੀਵਨੀ ਵੀ ਆਖਿਆ ਜਾ ਸਕਦਾ, ਜਿਸ ਤੋਂ ਲੇਖਕ ਦੇ ਚਰਿੱਤਰ ਦੀ ਮੋਟੀ-ਮੋਟੀ ਭਿਣਕ ਮਿਲ ਜਾਂਦੀ ਹੈ। ਇਨ੍ਹਾਂ ਯਾਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੇਖਕ ਫ਼ੌਜ ਅਤੇ ਪੁਲਿਸ 'ਚ ਨੌਕਰੀ ਕਰਦਿਆਂ ਵੀ ਸ਼ਰਾਬ ਪੀਣ ਦਾ ਆਦੀ ਨਹੀਂ। ਬਲਕਿ ਸ਼ਰਾਬ ਪੀਂਦਾ ਹੀ ਨਹੀਂ। ਉਸ ਦੀ ਫ਼ਿਤਰਤ ਹਾਸੇ-ਮਜ਼ਾਕ ਵਾਲੀ ਹੈ। ਉਸ ਦੇ ਮਿਜਾਜ਼ 'ਚ ਠਰ੍ਹੰਮਾ ਹੈ ਤੇ ਉਹ ਆਪਣੀ ਡਿਊਟੀ ਪ੍ਰਤੀ ਪੂਰਨ ਤੌਰ 'ਤੇ ਪ੍ਰਤੀਬੱਧ ਹੈ। ਹਰ ਕੰਮ ਨੂੰ ਸਹਿਜਤਾ ਨਾਲ ਕਰਦਾ ਹੈ ਤੇ ਇਮਾਨਦਾਰੀ ਉਸ ਦੇ ਹਮੇਸ਼ਾ ਅੰਗ-ਸੰਗ ਰਹਿੰਦੀ ਹੈ।
ਇਸ ਪੁਸਤਕ ਵਿਚ ਉਸ ਨੇ ਕੁਝ ਹਾਸ-ਰਸੀ ਘਟਨਾਵਾਂ ਦਰਜ ਕੀਤੀਆਂ ਹਨ ਜਿਵੇਂ ਜੰਦਰਾ ਖੋਲ੍ਹਣ ਦੀ ਕਾਰੀਗਰੀ, ਨਿੱਕਰ, ਇਸ਼ਕ ਦਾ ਜਾਦੂ, ਡਿੱਗਿਆ ਨਹੀਂ ਛਾਲ ਮਾਰੀ ਹੈ, ਰੋਲ ਨੰਬਰ, ਚੂੜੀਆਂ ਦੀ ਬਰਾਮਦਗੀ, ਟੂਣੇ ਦਾ ਲੱਡੂ, ਇਕ ਤਸਵੀਰ ਦਾ ਸਫ਼ਰ, ਇੰਸਪੈਕਟਰ ਸਾਹਿਬ, ਨਵੀਂ ਵਹੁਟੀ ਦੇ ਪੈਸੇ ਆਦਿ। ਇਨ੍ਹਾਂ ਘਟਨਾਵਾਂ ਦਾ ਵਰਣਨ ਕਰਦਿਆਂ ਲੇਖਕ ਮਾਸੂਮ ਹਾਸਾ ਪੈਦਾ ਕਰਦਾ ਹੈ। ਨਾ ਉਸ ਦੇ ਤੇ ਨਾ ਹੀ ਪਾਠਕ ਦੇ ਦੰਦ ਦਿਸਦੇ ਹਨ। ਘਟਨਾ ਦੀ ਪੇਸ਼ਕਾਰੀ ਕਾਰਨ ਬੁੱਲ੍ਹ ਜਾਂ ਅੱਖਾਂ ਹੀ ਮੁਸਕਰਾਉਂਦੀਆਂ ਦਿਸਦੀਆਂ ਹਨ। ਠਾਹ-ਸੋਟਾ ਹਾਸਾ ਕਿਤੇ ਨਹੀਂ ਝਲਕਦਾ।
ਜਲਿਆ ਪਿੰਜਰ, ਓਵਰਸੀਅਰ, ਨੇਵੀ ਦੀ ਭਰਤੀ, ਦੁੱਧ ਜਲੇਬੀਆਂ, ਪਹਿਲਾ ਕੋਟ, ਅਡੈਂਟੀ ਕਾਰਡ, ਰੀਚਾਰਜ ਜਿਹੀਆਂ ਅਜਿਹੀਆਂ ਯਾਦਾਂ ਹਨ, ਜਿਨ੍ਹਾਂ ਵਿਚੋਂ ਲੇਖਕ ਦੀ ਬੇਵਸੀ ਅਤੇ ਆਨਾਜ਼ਾਰੀ ਝਲਕਦੀ ਹੈ। ਉਸ ਦੀ ਪੀੜ ਦਿਖਾਈ ਦਿੰਦੀ ਹੈ। ਪੁਲਿਸ ਦੀ ਨੌਕਰੀ ਦੌਰਾਨ ਵੀ ਉਸ ਨੂੰ ਆਮ ਤੌਰ 'ਤੇ ਦੁਰਘਟਨਾ ਨਾਲ ਹੋਈਆਂ ਮੌਤਾਂ, ਪ੍ਰੇਮੀਆਂ ਦੇ ਘਰੋਂ ਨੱਸਣ ਦੀਆਂ ਵਾਰਦਾਤਾਂ, ਸਕੂਟਰ ਜਾਂ ਹੋਰ ਵਾਹਨਾਂ ਦੇ ਚੋਰੀ ਦੀਆਂ ਘਟਨਾਵਾਂ ਆਦਿ ਨਾਲ ਹੀ ਦਸਤਪੰਜਾ ਲੈਣਾ ਪੈਂਦਾ ਹੈ, ਪਰ ਉਹ ਇਨ੍ਹਾਂ ਵਾਰਦਾਤਾਂ ਦੌਰਾਨ ਵੀ ਬਹੁਤ ਹੀ ਠਰ੍ਹੰਮੇ ਅਤੇ ਸਹਿਜਤਾ ਨਾਲ ਵਰਤਾਰਾ ਕਰਦਾ ਦਿਖਾਈ ਦਿੰਦਾ ਹੈ। ਕਾਨੂੰਨ ਦੇ ਘੇਰੇ ਤੋਂ ਬਾਹਰ ਨਹੀਂ ਜਾਂਦਾ। ਆਮ ਪੁਲਸੀਆਂ ਵਾਂਗ ਮੁਜ਼ਰਮਾਂ ਨਾਲ ਗਾਲ੍ਹੀ-ਗਲੋਚ ਨਹੀਂ ਕਰਦਾ।
ਆਪਣੇ ਬਿਰਤਾਂਤ ਲਈ ਉਹ ਬਹੁਤ ਹੀ ਸਰਲ ਅਤੇ ਸਹਿਜ ਭਾਸ਼ਾ ਦੀ ਵਰਤੋਂ ਕਰਦਾ ਹੈ। ਆਪਣੀ ਵਾਰਤਕ ਨੂੰ ਮੁਹਾਵਰਿਆਂ, ਅਖਾਣਾਂ ਦੀ ਵਰਤੋਂ ਕਰਕੇ ਬੋਝਲ ਨਹੀਂ ਬਣਾਉਂਦਾ, ਪਾਠਕ ਸਰਲ ਭਾਸ਼ਾ ਨੂੰ, ਹਾਸ-ਰਸੀ ਬਿਰਤਾਂਤ ਨੂੰ ਸਹਿਜਤਾ ਨਾਲ ਪੜ੍ਹਦਾ ਜਾਂਦਾ ਹੈ। ਪੁਸਤਕ ਦਿਲਚਸਪ ਹੈ। ਪੜ੍ਹਨਯੋਗ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਜਿਹੜੇ ਰਾਹੀਂ
ਮੈਂ ਗਿਆ
ਲੇਖਕ : ਜਗੀਰ ਜੋਸਣ
ਪ੍ਰਕਾਸ਼ਕ : ਬਾਗਪੁਰ ਪ੍ਰਕਾਸ਼ਨ
ਮੁੱਲ : 250 ਰੁਪਏ, ਸਫ਼ੇ : 254
ਸੰਪਰਕ : 98144-83001
ਇਹ ਪੁਸਤਕ ਜਗੀਰ ਜੋਸਣ ਦਾ ਇਕ ਸਫ਼ਰਨਾਮਾ ਹੈ, ਜਿਸ ਵਿਚ ਏਸ਼ੀਆ ਅਤੇ ਯੂਰਪ ਦੇ ਲਗਭਗ 30 ਦੇਸ਼ਾਂ ਦੀ ਯਾਤਰਾ ਦਾ ਇਕ ਰੌਚਕ ਬਿਰਤਾਂਤ ਦਰਜ ਹੈ। ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਅਤੇ ਇਥੋਂ ਦੀ ਰਾਜਨੀਤਕ ਵਿਵਸਥਾ ਤੋਂ ਤੰਗ ਆ ਕੇ ਵਿਦੇਸ਼ਾਂ ਵੱਲ ਪਲਾਇਨ ਕਰਦੇ ਹਨ। ਜਗੀਰ ਜੋਸਣ ਦਾ ਪਿਤਾ ਇਕ ਸਕੂਲ ਅਧਿਆਪਕ ਸੀ। ਬਹੁਤੇ ਦੁਆਬੀਆਂ ਵਾਂਗ ਉਸ ਪਾਸ ਜ਼ਮੀਨ ਦੀ ਇਕ ਛੋਟੀ ਜਿਹੀ ਢੇਰੀ ਹੀ ਸੀ। ਉਸ ਦੇ ਬਾਲ-ਬੱਚਿਆਂ ਨੂੰ ਅੱਗੋਂ ਕੋਈ ਨੌਕਰੀ ਮਿਲਣ ਦੀ ਆਸ ਨਹੀਂ ਸੀ। ਜਗੀਰ ਜੋਸਣ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਵਿਚ ਐੱਮ.ਏ. ਤਾਂ ਕਰ ਰੱਖੀ ਸੀ ਪਰ ਕਿਸੇ ਨੌਕਰੀ ਨੂੰ ਹੱਥ ਨਾ ਪੈਂਦਾ ਦੇਖ ਉਸ ਨੇ ਬਾਹਰ ਜਾਣ ਦਾ ਫ਼ੈਸਲਾ ਕਰ ਲਿਆ। ਇਸ ਪੁਸਤਕ ਵਿਚ ਅਫ਼ਗਾਨਿਸਤਾਨ, ਬੁਲਗਾਰੀਆ, ਤਹਿਰਾਨ, ਈਰਾਨ, ਇਟਲੀ, ਹੈਮਬਰਗ, ਵੈਨਜੁਏਲਾ, ਫ਼ਰਾਂਸ, ਮੋਰੱਕੋ, ਹਾਲੈਂਡ, ਬ੍ਰਾਜ਼ੀਲ, ਕਿਊਬਾ, ਆਇਰਲੈਂਡ, ਸਪੇਨ ਅਤੇ ਮਿਸਰ ਆਦਿ ਮੁਲਕਾਂ ਦੇ ਸਫ਼ਰ ਦਾ ਵਰਨਣ ਹੈ। 'ਜਿਹੜੇ ਰਾਹੀਂ ਮੈਂ ਗਿਆ' ਨਿਪੁੰਨ ਵਰਗ ਦੇ ਇਕ ਪੜ੍ਹੇ-ਲਿਖੇ ਨੌਜਵਾਨ ਦੀਆਂ ਸੱਧਰਾਂ ਅਤੇ ਹਸਰਤਾਂ ਦਾ ਇਕ ਉਲਝਦਾ ਹੋਇਆ ਦਸਤਾਵੇਜ਼ ਹੈ। ਇਸ ਵਰਗ ਦੇ ਲੋਕ ਕਿਵੇਂ ਆਪਣੀਆਂ ਛੋਟੀਆਂ-ਛੋਟੀਆਂ ਖਾਹਿਸ਼ਾਂ ਨੂੰ ਵੀ ਸਰਅੰਜਾਮ ਸਕਦੇ। ਇਹ ਬਿਰਤਾਂਤ ਭਾਰਤ ਵਰਗੇ ਵੱਡੇ ਅਤੇ ਜ਼ਰਖ਼ੇਜ਼ ਮੁਲਕ ਦੇ ਨੇਤਾਵਾਂ ਦੇ ਮੂੰਹ ਉੱਪਰ ਇਕ ਕਰਾਰਾ ਥੱਪੜ ਹੈ, ਜੋ ਆਪਣੀ ਅਰਥਵਿਵਸਥਾ ਨੂੰ ਤੀਜੇ-ਚੌਥੇ ਨੰਬਰ ਉੱਪਰ ਲੈ ਜਾਣ ਦਾ ਦਾਅਵਾ ਕਰਦੇ ਹਨ, ਪਰ ਜਨਤਾ ਦੀ ਭੁੱਖ-ਬਿਰਤੀ ਪੱਖੋਂ ਸੌ ਮੁਲਕਾਂ ਤੋਂ ਵੀ ਪਿੱਛੇ ਹੈ। ਇਥੋਂ ਦੀ ਪੈਂਤੀ-ਚਾਲੀ ਫ਼ੀਸਦੀ ਆਬਾਦੀ ਨੂੰ ਦੋ ਵਕਤ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ ਅਤੇ ਦਾਅਵੇ ਚੰਦਰਮਾ ਉੱਪਰ ਇਕ ਨਵੀਂ ਦੁਨੀਆ ਵਸਾਉਣ ਦੇ ਪਏ ਕਰਦੇ ਹਨ। ਜਗੀਰ ਜੋਸਣ ਕਈ ਵਰ੍ਹੇ ਇਕ ਸਮੁੰਦਰੀ ਜਹਾਜ਼ ਉੱਪਰ ਨੌਕਰੀ ਕਰਦਾ ਰਿਹਾ। ਇਸ ਕਾਰਨ ਉਸ ਨੂੰ ਦੁਨੀਆ ਦੇ ਕਈ ਦੇਸ਼ ਘੁੰਮਣ ਦਾ ਮੌਕਾ ਮਿਲ ਗਿਆ। ਕਈ ਥਾਵਾਂ ਨਵੀਆਂ ਦੋਸਤੀਆਂ ਵੀ ਪਈਆਂ, ਜਿਥੋਂ ਪਤਾ ਚਲਦਾ ਹੈ ਕਿ ਸਾਰੀ ਦੁਨੀਆ ਦੇ ਗ਼ਰੀਬ ਲੋਕ ਇਕੋ ਵਰਗੇ ਹੀ ਹੁੰਦੇ ਹਨ। ਹਰ ਕੋਈ ਦੂਸਰੇ ਦੀ ਮਦਦ ਕਰਨ ਲਈ ਅੱਗੇ ਹੋ ਕੇ ਬਹੁੜਦਾ ਹੈ। ਇਸ ਸਫ਼ਰਨਾਮੇ ਤੋਂ ਸਿੱਧ ਹੋ ਜਾਂਦਾ ਹੈ ਕਿ 'ਮਾਨਵ ਕੀ ਜਾਤ ਸਬੈ ਏਕੈ ਪਹਿਚਾਨਬੋ'। ਕਈ ਵਰ੍ਹੇ ਵਿਦੇਸ਼ੀ ਧਰਤੀ ਉੱਪਰ ਰੁਲ ਕੇ ਵੀ ਲੇਖਕ ਆਪਣਾ ਭਾਗ ਨਹੀਂ ਬਦਲ ਸਕਿਆ ਕਿਉਂਕਿ ਪੂੰਜੀਵਾਦੀ ਦੇਸ਼ਾਂ ਵਿਚ ਗ਼ਰੀਬਾਂ ਦੀ ਮਿਹਨਤ ਨੂੰ ਪੂੰਜੀਪਤੀ ਲੁੱਟ-ਖਸੁੱਟ ਕੇ ਖਾ ਜਾਂਦੇ ਹਨ। ਇਹ ਇਕ ਮਾਣਨਯੋਗ ਰਚਨਾ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਚਮੇਲੀ ਦੇ ਫੁੱਲ
ਲੇਖਕ : ਜਸਵੰਤ ਸਿੰਘ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 198
ਸੰਪਰਕ : 80540-04977
'ਚਮੇਲੀ ਦੇ ਫੁੱਲ' ਪੁਸਤਕ 'ਆਪਣਾ ਮੂਲ ਪਛਾਣ' ਅਰਥਾਤ ਅਸਹਿਤਤਵਾਦੀ ਦ੍ਰਿਸ਼ਟੀ ਤੋਂ ਸਮਝੇ ਜਾਣ ਦੇ ਯੋਗ ਹੈ। ਨਿਕੋਲਸ ਬਰਦੀਏਵ ਦਾ ਕਥਨ ਹੈ-'ਮੈਂ' ਦੀ ਸਮਝ ਲਈ ਡੂੰਘਾਈ ਵਿਚ ਜਾ ਕੇ ਮੈਂ - ਤੂੰ - ਉਹ ਨਾਲ ਸੰਵਾਦ ਰਚਾ ਕੇ ਦੁਨਿਆਵੀ ਵਿਵਹਾਰਿਕ ਸਮਝ ਪੱਲੇ ਪੈਂਦੀ ਹੈ। ਫਰਾਇਡ ਦਾ ਮਨੋਵਿਗਿਆਨ ਵੀ ਇਸ ਰਚਨਾ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। ਲੇਖਕ ਨੇ ਆਪਣੀ ਪੁਸਤਕ ਨੂੰ ਤਸਵੀਰਾਂ ਨਾਲ ਸੁਸਜਿਤ ਕਰਦਿਆਂ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਲੇਖਕ ਨੇ ਬਾਰਾਂ ਸਾਲਾਂ ਵਿਚ ਲਿਖੇ ਆਪਣੇ ਲਗਭਗ 181 ਅਨੁਭਵ ਸੰਖੇਪ ਰੂਪ ਵਿਚ ਪੇਸ਼ ਕੀਤੇ ਹਨ। ਇਹ ਅਨੁਭਵ ਫ੍ਰੈਡਰਿਕ ਨੀਤਸ਼ੇ ਦੀ ਰਚਨਾ 'ਦੱਸ ਸਪੇਨ (ਭਾਵ ਸਪੋਕ) ਜਰਥੁਸਟਰਾ' ਦੀ ਯਾਦ ਦਿਵਾਉਂਦੇ ਹਨ। ਇਸ ਭਾਗ ਦੀ ਤਕਨੀਕ ਵੀ ਵੱਖਰੀ ਹੈ ਜਿਸ ਸ਼ਬਦ ਦਾ ਸਿਰਲੇਖ ਦਿੱਤਾ ਹੈ, ਉਸੇ ਸ਼ਬਦ ਨਾਲ ਅਨੁਭਵ ਦਾ ਆਰੰਭ ਕੀਤਾ ਹੈ। ਦੂਜੇ ਭਾਗ ਵਿਚ 'ਕਲਾ ਦੇ ਜੈ' ਤੋਂ ਲੈ ਕੇ 'ਬੋਲਿ ਬੋਲਿ ਗਵਾਈਐ' ਤੱਕ 56 ਮੁੱਲਵਾਨ ਖ਼ਿਆਲ ਪ੍ਰਸਤੁਤ ਕੀਤੇ ਹਨ। ਅਨੇਕਾਂ ਅਨੁਭਵਾਂ ਨੂੰ ਕਵਿਤਾਇਆ ਵੀ ਜਾ ਸਕਦਾ ਹੈ। ਸਥਾਨਾਭਾਵ ਦੇ ਕਾਰਨ ਇਨ੍ਹਾਂ ਵਿਚੋਂ ਕੁਝ ਕੁ ਅਨੁਭਵਾਂ ਦੇ 'ਕੇਂਦਰੀ ਸੂਤਰ' ਪਹਿਚਾਣੇ ਜਾ ਸਕਦੇ ਹਨ। ਜਿਵੇਂ ਨਫ਼ਰਤ, ਈਰਖਾ, ਦਵੈਸ ਨੂੰ ਤਿਆਗਣ ਦਾ ਨਾਂਅ ਮੁਹੱਬਤ ਹੈ, ਬਚਪਨ ਤੋਂ ਬਾਅਦ ਪਿਆਰ ਵੀ ਰੋਟੀ ਵਾਂਗ ਕਮਾਉਣਾ ਪੈਂਦਾ ਹੈ, ਸਰੀਰਕ ਕਮਜ਼ੋਰੀ ਨਾਲ ਮਾਨਸਿਕ ਕਮਜ਼ੋਰੀ ਪੈਦਾ ਹੁੰਦੀ ਹੈ, ਮੌਤ ਉਹ ਹੁੰਦੀ ਹੈ ਜੋ ਮੇਰੀ ਸਿਫ਼ਤ ਕਰਨ ਵੇਲੇ ਤੈਨੂੰ ਪੈਂਦੀ ਹੈ, ਬੁਰਿਆਂ ਦੀ ਬੁਰਾਈ ਕਰਦਿਆਂ ਅਸੀਂ ਆਪ ਬੁਰੇ ਹੋ ਜਾਂਦੇ ਹਾਂ, ਕਿਸੇ ਦਾ ਮਜ਼ਾਕ ਉਡਦਾ ਵੇਖ ਕੇ ਸਾਡੇ ਅਦਿੱਖ ਜ਼ਖ਼ਮਾਂ ਨੂੰ ਆਰਾਮ ਮਿਲਦਾ ਹੈ, ਆਪਣੇ ਓਪੀਨੀਅਨ ਨੂੰ ਸਚਾਈ ਸਮਝਣਾ ਦੁਨੀਆ ਦਾ ਸਭ ਤੋਂ ਵੱਡਾ ਅੰਧ-ਵਿਸ਼ਵਾਸ ਹੈ, ਮਨ ਦੇ ਐਂਪਲੀਫਾਇਰ ਦੀ ਦਿਸ਼ਾ ਬਦਲਣੀ ਚਾਹੀਦੀ ਹੈ, ਨਿੰਦਿਆ ਅਤੇ ਚੁਗਲੀ ਉਹ ਸੱਚ ਹੁੰਦਾ ਹੈ ਜਿਸ ਦੇ ਪਿੱਛੇ ਉਦੇਸ਼ ਸ਼ੁੱਭ ਨਹੀਂ ਹੁੰਦਾ, ਅਸੀਂ ਸਿਰਫ਼ ਅੰਨ-ਪਾਣੀ ਦੇ ਬਣੇ ਨਹੀਂ ਹੁੰਦੇ, ਸਗੋਂ ਬੋਲ-ਬਾਣੀ ਦੇ ਵੀ ਬਣੇ ਹੋਏ ਹਾਂ, ਜਿਹੜੀ ਸਿੱਖਿਆ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਸ ਦੀ ਸਭ ਤੋਂ ਵੱਧ ਲੋੜ ਸਾਨੂੰ ਹੁੰਦੀ ਹੈ-ਇਤਿਆਦਿ।
ਲੇਖਕ ਨੇ ਭਾਸ਼ਾ ਵਿਗਿਆਨੀ ਹੋਣ ਦੇ ਅਨੇਕਾਂ ਪ੍ਰਮਾਣ ਪੇਸ਼ ਕੀਤੇ ਹਨ। ਧਰਮਾਂ ਸੰੰਬੰਧੀ ਨਿਰਪੱਖ ਸੋਚ ਅਪਣਾਈ ਹੈ। ਹਿੰਦ-ਪਾਕਿ ਸੰਬੰਧਾਂ, ਸਿਆਸੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਹੈ। ਭਾਈਚਾਰੇ ਦੀ ਸਭ ਤੋਂ ਵੱਧ ਮਹੱਤਵਪੂਰਨ ਅਤੇ ਸਾਂਝੀ ਚੀਜ਼ ਭਾਸ਼ਾ ਹੁੰਦੀ ਹੈ। ਪੰਜਾਬ ਦੇ ਲੋਕ ਪ੍ਰਵਾਸ ਵੱਲ ਦੌੜ ਰਹੇ ਹਨ। ਵਾਲਟ ਵਿਟਮੈਨ ਪੰਜਾਬ ਵਿਚ ਪੈਦਾ ਹੋਇਆ ਗੋਰਾ ਸਿੱਖ ਸੀ।
ਦਰਅਸਲ ਇਹ ਪੁਸਤਕ ਵਿਲੱਖਣ ਅਨੁਭਵਾਂ ਦੁਆਰਾ ਲੇਖਕ ਦੇ ਸਵੈ-ਜੀਵਨੀ ਅੰਸ਼ਾਂ ਨਾਲ ਲਬਰੇਜ਼ ਹੈ। ਉਸ ਦੀ ਬੇਟੀ ਦਾ ਨਾਂਅ 'ਕੀਰਤੀ' ਹੈ ਅਤੇ ਬੇਟੇ ਦਾ ਨਾਂਅ 'ਵਿਵੇਕ' ਹੈ। ਇੰਜੀਨੀਅਰ ਵਜੋਂ ਸੇਵਾ ਨਿਭਾਉਂਦਿਆਂ ਲੇਖਕ ਨੇ ਆਪਣੀਆਂ ਅਨੇਕਾਂ ਨਿੱਜੀ ਗੱਲਾਂ ਕੀਤੀਆਂ ਹਨ। ਸੰਖੇਪ ਇਹ ਕਿ ਇਸ ਪੁਸਤਕ ਦੇ ਗਹਿਨ ਅਧਿਐਨ ਦੁਆਰਾ ਕੋਈ ਵੀ ਵਿਦਵਾਨ 'ਜ਼ਫ਼ਰ' ਦਾ ਸ਼ਬਦ-ਚਿੱਤਰ ਉਲੀਕ ਸਕਦਾ ਹੈ। ਇਸ ਪੁਸਤਕ ਦੀ ਉੱਘੇ ਦਾਨਿਸ਼ਵਾਰ ਸਰਦਾਰਾ ਸਿੰਘ ਜੌਹਲ ਨੇ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com