ਔਰਤ ਦੀ ਸੁਰੱਖਿਆ
ਭਾਰਤ ਵਿਚ ਔਰਤਾਂ 'ਤੇ ਹੋਣ ਵਾਲੇ ਅਪਰਾਧ ਸਰਕਾਰੀ ਸਖ਼ਤੀ ਦੇ ਬਾਵਜੂਦ ਵੀ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਮੱਧ ਪ੍ਰਦੇਸ਼ ਵਿਚ ਦੋ ਔਰਤਾਂ ਨੂੰ ਜ਼ਮੀਨ ਵਿਚ ਗੱਡਣ ਦੀ ਘਟਨਾ ਘੁੰਮਦੀ ਰਹੀ, ਇਹ ਕੋਈ ਮਾਮੂਲੀ ਨਹੀਂ, ਸਗੋਂ ਬੇਹੱਦ ਗੰਭੀਰ ਮਾਮਲਾ ਹੈ। ਪਹਿਲਾਂ ਹੀ ਮੱਧ ਪ੍ਰਦੇਸ਼ ਵਿਚ ਔਰਤ 'ਤੇ ਵੱਧ ਜ਼ੁਲਮ ਹੁੰਦੇ ਹਨ। ਪੰਜਾਬ ਵੀ ਪਿੱਛੇ ਨਹੀਂ ਹੈ। ਨੈਸ਼ਨਲ ਕ੍ਰਾਈਮ ਬਿਊਰੋ ਦੇ ਅੰਕੜੇ ਮੁਤਾਬਕ ਮੱਧ ਪ੍ਰਦੇਸ਼ ਵਿਚ ਔਰਤ ਤੇ ਅਪਰਾਧ ਦੇ 30673 ਮਾਮਲੇ ਦਰਜ ਹਨ। ਸੜਕ ਕੱਢਣ ਦੇ ਮਾਮਲੇ ਤੋਂ ਚੱਲਦੇ ਵਿਵਾਦ ਕਾਰਨ ਘਰ ਵਿਚ ਇਕੱਲੀਆਂ ਔਰਤਾਂ ਨੂੰ ਦੂਜੀ ਧਿਰ ਨੇ ਜ਼ਮੀਨ ਵਿਚ ਗੱਡ ਦਿੱਤਾ। ਜਿਨ੍ਹਾਂ ਨੂੰ ਰੌਲੀ ਪਾਉਣ 'ਤੇ ਪਿੰਡ ਵਾਸੀਆਂ ਨੇ ਬਾਹਰ ਕੱਢਿਆ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਦੋਸ਼ੀ ਧਿਰ ਨੇ ਅਦਾਲਤ ਵਿਚ ਸਮਰਪਣ ਵੀ ਕੀਤਾ। ਜੋ ਵੀ ਹੋਵੇ ਔਰਤਾਂ ਨੂੰ ਧਰਤੀ 'ਚ ਗੱਡਣ ਦਾ ਅਧਿਕਾਰ ਇਨ੍ਹਾਂ ਨੂੰ ਕਿਸ ਮਾਨਸਿਕਤਾ ਨੇ ਦਿੱਤਾ? ਇਸ ਵਿਸ਼ੇ ਨੂੰ ਪਰਖਣ ਪੜਚੋਲਣ ਦੀ ਜ਼ਰੂਰਤ ਹੈ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਬੰਧਨ 'ਚ ਬੰਨਣ ਦੀ ਲੋੜ ਹੈ। ਇਸ ਦਿਲ ਕੰਬਾਊ ਘਟਨਾ ਤੋਂ ਦੂਜੇ ਸੂਬਿਆਂ ਨੂੰ ਇਸੇ ਤਰ੍ਹਾਂ ਸਬਕ ਸਿੱਖਣ ਦੀ ਜ਼ਰੂਰਤ ਹੈ। ਔਰਤ ਕਿੱਥੇ-ਕਿੱਥੇ ਆਪਣੀ ਰਾਖੀ ਕਰੇ। ਇਹ ਜ਼ਿੰਮੇਵਾਰੀ ਸਮਾਜ ਦੀ ਹੈ। ਆਪਣੇ ਖ਼ੂਨ ਦੇ ਰਿਸ਼ਤੇ ਤੋਂ ਬਿਨਾਂ ਅੱਜ ਔਰਤ ਨੂੰ ਹਰ ਥਾਂ ਵਹਿਸ਼ੀ ਮਾਹੌਲ ਵਿਚੋਂ ਗੁਜਰਨਾ ਪੈਂਦਾ ਹੈ। ਔਰਤ ਨਾਲ ਜ਼ਬਰਦਸਤੀ ਜਾਂ ਦਰਿੰਦਗੀ ਨੂੰ ਨੱਥ ਪਾਉਣ ਲਈ ਕਾਂ ਮਾਰ ਕੇ ਟੰਗਣ ਦੀ ਲੋੜ ਹੈ। ਇਸੇ ਤਰ੍ਹਾਂ ਪਹਿਲਾਂ ਮੌਜ ਮਸਤੀ ਕਰ ਕੇ ਬਾਅਦ ਵਿਚ ਇਲਜ਼ਾਮ ਲਗਾਉਣ ਵਾਲੀ ਔਰਤ ਨੂੰ ਵੀ ਸਜ਼ਾ ਦਿੱਤੀ ਜਾਵੇ।
-ਸੁਖਪਾਲ ਸਿੰਘ ਗਿੱਲ
ਅਭਿਆਣਾ ਕਲਾਂ, ਰੂਪਨਗਰ।
ਮਤਰੇਈ ਮਾਂ ਵਾਲਾ ਸਲੂਕ
ਪਿਛਲੇ ਦਿਨੀਂ ਸਿੱਖਿਆ ਵਿਭਾਗ ਵਲੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਬਤੌਰ ਪੰਜਾਬੀ ਲੈਕਚਰਾਰ ਕੀਤੀਆਂ ਗਈਆਂ ਹਨ, ਪਰ ਸਟੇਸ਼ਨ ਦੇਣ ਸਮੇਂ ਪੇਂਡੂ ਇਲਾਕੇ ਦੀਆਂ ਪੰਜਾਬੀ ਲੈਕਚਰਾਰ ਦੀਆਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਲਿਸਟ 'ਚ ਨਾ ਕਰਕੇ ਪੇਂਡੂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਪੜ੍ਹਾਈ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿਚ ਬਹੁਗਿਣਤੀ ਸਕੂਲਾਂ ਵਿਚ ਕੋਈ ਵੀ ਲੈਕਚਰਾਰ ਨਹੀਂ ਹੈ ਅਤੇ ਕਈ ਸਕੂਲਾਂ ਵਿਚ ਇਕ-ਇਕ ਲੈਕਚਰਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਲੈਕਚਰਾਰ ਦੀ ਖਾਲੀ ਪੋਸਟ ਨਹੀਂ ਭਰੀ ਗਈ। ਸੈਂਕੜੇ ਅਧਿਆਪਕਾਂ ਨੂੰ ਤਰੱਕੀ ਦੇ ਕੇ ਉਨ੍ਹਾਂ ਦੇ ਬਲਾਕ/ਤਹਿਸੀਲ ਅਤੇ ਜ਼ਿਲ੍ਹਿਆਂ ਵਿਚ ਖਾਲੀ ਪੋਸਟਾਂ ਦੇ ਬਾਵਜੂਦ ਉਨ੍ਹਾਂ ਨੂੰ 100-150 ਕਿਲੋਮੀਟਰ ਦੂਰ ਹੋਰ ਜ਼ਿਲ੍ਹਿਆਂ ਵਿਚ ਜਾਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਬਹੁਤੇ ਅਧਿਆਪਕ ਤਰੱਕੀ ਲੈਣ ਤੋਂ ਵਾਂਝੇ ਰਹਿ ਗਏ ਅਤੇ ਕੁਝ ਇਸ ਨੂੰ ਛੱਡਣ ਲਈ ਮਜਬੂਰ ਹੋ ਗਏ। ਤਰੱਕੀ ਪ੍ਰਾਪਤ ਅਧਿਆਪਕਾਂ ਦੀ ਸਿੱਖਿਆ ਮੰਤਰੀ ਨੂੰ ਬੇਨਤੀ ਹੈ ਕਿ ਜੋ ਪੰਜਾਬੀ ਲੈਕਚਰਾਰ ਸਟੇਸ਼ਨ ਚੋਣ ਤੋਂ ਰਹਿ ਗਏ ਜਾਂ ਦੂਰ ਲੱਗੇ ਅਧਿਆਪਕਾਂ ਨੂੰ ਦੁਬਾਰਾ ਮੌਕਾ ਦੇ ਕੇ ਉਨ੍ਹਾਂ ਸਕੂਲਾਂ ਬਲਾਕ, ਤਹਿਸੀਲਾਂ ਵਿਚ ਖਾਲੀ ਪੋਸਟਾਂ 'ਤੇ ਲਗਾ ਕੇ ਪੇਂਡੂ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਮੌਕਾ ਦਿੱਤਾ ਜਾਵੇ।
-ਪ੍ਰੇਮ ਲਾਲ ਆਹੂਜਾ
ਸਹੀ ਪੰਚਾਇਤ ਚੁਣੀਏ
ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ 'ਚ ਸਿਆਸੀ ਮਾਹੌਲ ਤੇਜ਼ ਹੋ ਚੁੱਕਾ ਹੈ। ਜੇਕਰ ਪੰਚਾਇਤ ਨੂੰ ਅਸੀਂ ਮਿੰਨੀ ਵਿਧਾਨ ਸਭਾ ਵੀ ਕਹਿ ਲਈਏ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਪਿੰਡਾਂ ਦੇ ਲੋਕ ਆਪੋ-ਆਪਣੇ ਪਿੰਡ ਲਈ ਵਧੀਆ ਪੰਚਾਇਤ ਚੁਣਨ ਲਈ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੇ ਮਨਾਂ ਵਿਚ ਇਕੋ ਹੀ ਗੱਲ ਹੈ ਕਿ ਸਾਡੇ ਪਿੰਡ ਦੀ ਪੰਚਾਇਤ ਪੜ੍ਹੀ ਲਿਖੀ, ਇਮਾਨਦਾਰ, ਸੱਚ 'ਤੇ ਪਹਿਰਾ ਦੇਣ ਵਾਲੀ, ਪਿੰਡ ਵਿਚ ਸੁਧਾਰ ਕਰਨ ਵਾਲੀ ਹੋਵੇ। ਪਿੰਡ ਦਾ ਸਰਪੰਚ ਵਧੀਆ ਪੜ੍ਹਿਆ-ਲਿਖਿਆ ਹੋਵੇ, ਉਸ ਨੂੰ ਆਪਣੀ ਤਾਕਤ ਦਾ ਪਤਾ ਹੋਵੇ, ਪੰਚਾਇਤ ਐਕਟ ਬਾਰੇ ਪੂਰਾ ਜਾਣਦਾ ਹੋਵੇ। ਉਹੀ ਪਿੰਡ ਦਾ ਵਿਕਾਸ ਕਰ ਸਕਦਾ ਹੈ। ਪਿੰਡ ਦੀ ਹਰ ਸਮੱਸਿਆ ਦਾ ਹੱਲ ਕਰ ਸਕਦਾ ਹੈ। ਬਹੁਤ ਸਾਰੇ ਲੋਕ ਲਾਲਚਵੱਸ ਹੋ ਕੇ ਸ਼ਰਾਬ, ਨਸ਼ੇ, ਅਤੇ ਪੇਸੈ ਲੈ ਕੇ ਗ਼ਲਤ ਲੋਕਾਂ ਦੀ ਚੋਣ ਕਰਕੇ ਵੱਡੀ ਗ਼ਲਤੀ ਕਰ ਲੈਂਦੇ ਹਨ। ਉਹ ਪਿੰਡ ਦੇ ਲੋਕ ਬਹੁਤ ਵੱਡੀ ਗ਼ਲਤੀ ਕਰ ਲੈਂਦੇ ਹਨ। ਅਜਿਹੇ ਵੀ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਦਾ।
ਆਓ ਸਾਰੇ ਕੋਸ਼ਿਸ਼ ਕਰੀਏ ਕੇ ਆਪੋ-ਆਪਣੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰੀਏ। ਸਰਬਸੰਮਤੀ ਕਰਨ ਨਾਲ ਸਾਰੇ ਪਿੰਡ ਦਾ ਆਪਸ ਵਿਚ ਪਿਆਰ ਅਤੇ ਭਾਈਚਾਰਾ ਕਇਮ ਰਹਿੰਦਾ ਹੈ। ਲੋਕਾਂ ਦੀ ਪਾਰਟੀਬਾਜ਼ੀ ਖ਼ਤਮ ਹੁੰਦੀ ਹੈ। ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਿੰਡ 'ਚ ਪੜ੍ਹੀ ਲਿਖੀ, ਇਮਾਨਦਾਰ ਅਤੇ ਸੱਚ ਦਾ ਸਾਥ ਦੇਣ ਵਾਲੀ ਪੰਚਾਇਤ ਦੀ ਹੀ ਚੋਣ ਕਰਨ। ਜੇਕਰ ਸਰਬਸੰਮਤੀ ਨਹੀਂ ਹੁੰਦੀ ਤਾਂ ਵੋਟਾਂ ਵਿਚ ਉਨ੍ਹਾਂ ਲੋਕਾਂ ਨੂੰ ਜਿਤਾਓ, ਜੋ ਵਧੀਆ ਕਿਰਦਾਰ, ਨਸ਼ਿਆਂ ਦੇ ਖਿਲਾਫ਼, ਮਿਹਨਤੀ ਅਤੇ ਇਮਾਨਦਾਰ ਹੋਣ। ਪਿੰਡ ਦਾ ਵਧੀਆ ਵਿਕਾਸ ਕਰਵਾ ਸਕਦੇ ਹੋਣ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਭੋਜਨ ਦੀ ਸੁਰੱਖਿਆ ਜ਼ਰੂਰੀ
ਸੰਤੁਲਿਤ ਭੋਜਨ ਜਿਥੇ ਸਰੀਰ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖ ਕੇ ਬਿਮਾਰੀਆਂ ਤੋਂ ਦੂਰ ਕਰਦਾ ਹੈ, ਉਥੇ ਬੇਹਾ ਅਤੇ ਜ਼ਹਿਰੀਲਾ ਭੋਜਨ ਜ਼ਹਿਰ ਬਣ ਕੇ ਸਰੀਰ ਨੂੰ ਕਈ ਪ੍ਰਕਾਰ ਦੇ ਰੋਗਾਂ ਦੇ ਹਵਾਲੇ ਕਰ ਦਿੰਦਾ ਹੈ। ਭੋਜਨ ਪਦਾਰਥਾਂ ਦੀ ਸਰੁੱਖਿਆ ਦਾ ਵਿਸ਼ਾ ਕੋਈ ਨਵਾਂ ਨਹੀਂ, ਇਸ ਲਈ ਸਮੇਂ-ਸਮੇਂ ਕਦਮ ਚੁੱਕੇ ਗਏ ਪ੍ਰੰਤੂ ਉਨ੍ਹਾਂ ਨੂੰ ਬੂਰ ਨਹੀਂ ਪਿਆ। ਪਟਿਆਲਾ ਵਿਚ ਵਾਪਰੀ ਇਕ ਘਟਨਾ ਦੌਰਾਨ ਕੇਕ ਖਾਣ ਨਾਲ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸੁਰਖ਼ੀ ਬਣੀ ਸੀ ਕਿ ਹੁਣ ਫਿਰ ਦਿੱਲੀ ਨਿਊਯਾਰਕ ਏਅਰ ਇੰਡੀਆ ਦੀ ਉਡਾਣ ਵਿਚ ਇਕ ਯਾਤਰੀ ਨੂੰ ਪਰੋਸੇ ਆਮਲੇਟ 'ਚੋਂ ਕਾਕਰੋਚ ਪਾਏ ਜਾਣ ਕਰਕੇ ਫ਼ੂਡ ਪੁਆਇਜ਼ਨਿੰਗ ਦਾ ਕੇਸ ਸਾਹਮਣੇ ਆਇਆ ਹੈ, ਜਿਸ ਨੇ ਇਕ ਵਾਰ ਫਿਰ ਭੋਜਨ ਦੀ ਸੁਰੱਖਿਆ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਮਨੁੱਖ ਕੋਲੋਂ ਕੰਮ ਕਰਦਿਆਂ ਗ਼ਲਤੀ ਹੋ ਜਾਂਦੀ ਹੈ, ਪਰੰਤੂ ਕਈ ਵਾਰ ਸਾਡੀ ਕੀਤੀ ਲਾਪਰਵਾਹੀ ਦੂਜੇ ਦੀ ਜਾਨ ਦਾ ਦੁਸ਼ਮਣ ਤੇ ਸਾਡੇ ਲਈ ਗੁਨਾਹ ਬਣ ਜਾਂਦੀ ਹੈ। ਭੋਜਨ ਦੀ ਸਰੁੱਖਿਆ ਪ੍ਰਤੀ ਸਰਕਾਰ ਨੂੰ ਜਿਥੇ ਸਖ਼ਤ ਕਦਮ ਚੁੱਕ ਕੇ ਹਕੀਕੀ ਜਾਮਾ ਪਹਿਨਾਉਣ ਦੀ ਲੋੜ ਹੈ, ਉਥੇ ਆਮ ਵਿਅਕਤੀ ਦਾ ਵੀ ਭੋਜ਼ਨ ਦੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਭਵਿੱਖ ਵਿਚ ਜ਼ਹਿਰੀਲੇ ਭੋਜਨ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨਾ ਵਾਪਰ ਸਕਣ।
-ਰਜਵਿੰਦਰ ਪਾਲ ਸ਼ਰਮਾ
ਹੱਥੀਂ ਕੀਤੇ ਕੰਮ ਦੀ ਅਹਿਮੀਅਤ
ਅਜੋਕੇ ਸਮੇਂ ਸਮਾਜ ਵਿਚ ਇਹ ਗੱਲ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਸੀਂ ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣ ਦੀ ਬਜਾਏ ਦੂਸਰਿਆਂ ਦੁਆਰਾ ਕੀਤੇ ਕੰਮ ਉਪਰ ਨਿਰਭਰ ਹੋ ਗਏ ਹਾਂ ਜੋ ਕਿ ਵਧੀਆ ਗੱਲ ਨਹੀਂ ਹੈ। ਪੁਰਾਣੇ ਸਮੇਂ ਸਾਡੇ ਬਜ਼ੁਰਗ ਆਪਣੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਸ਼ਾਇਦ ਇਸੇ ਕਾਰਨ ਅਸੀਂ ਪੁਰਾਣੇ ਬਜ਼ੁਰਗਾਂ ਦੇ ਮੁਕਾਬਲੇ ਜ਼ਿਆਦਾ ਸੋਹਲ ਅਤੇ ਆਰਾਮ ਪ੍ਰਸਤ ਹੋ ਗਏ ਹਾਂ। ਸਿੱਟੇ ਵਜੋਂ ਸਾਨੂੰ ਅਨੇਕ ਬਿਮਾਰੀਆਂ ਨੇ ਘੇਰ ਰੱਖਿਆ ਹੈ। ਕੋਈ ਸਮਾਂ ਸੀ ਜਦੋਂ ਪਿੰਡਾਂ ਵਿਚ ਸਾਰੇ ਦੇ ਸਾਰੇ ਪਰਿਵਾਰ ਇਕੱਠੇ ਰਹਿੰਦੇ ਸਨ ਅਤੇ ਇਕੱਠੇ ਹੀ ਖੇਤਾਂ ਵਿਚ ਕੰਮ ਕਰਦੇ ਸਨ। ਜਿਸ ਕਰਕੇ ਪਰਿਵਾਰ ਵਿਚ ਜਿਥੇ ਆਪਸੀ ਪਿਆਰ ਮੁਹੱਬਤ ਅਤੇ ਮਿਲਵਰਤਣ ਬਣੇ ਰਹਿੰਦੇ ਸਨ, ਉਥੇ ਪਰਿਵਾਰਕ ਮੈਂਬਰਾਂ ਦੀ ਸਿਹਤ ਵੀ ਨਰੋਈ ਅਤੇ ਤੰਦਰੁਸਤ ਰਹਿੰਦੀ ਸੀ। ਪਰ ਸਮੇਂ ਦੇ ਬੀਤਣ ਨਾਲ ਜਿਥੇ ਪਰਿਵਾਰਾਂ ਦੀ ਏਕਤਾ ਖ਼ਤਮ ਹੋ ਗਈ ਉਥੇ ਪਰਿਵਾਰ ਵਿਚ ਪਹਿਲਾਂ ਵਰਗਾ ਪਿਆਰ ਅਤੇ ਮਿਲਵਰਤਣ ਨਹੀਂ ਰਿਹਾ ਅਤੇ ਪਰਿਵਾਰਕ ਸਿਹਤ ਅਤੇ ਸੋਚ ਦੋਵੇਂ ਹੀ ਪ੍ਰਭਾਵਤ ਹੋ ਗਏ। ਸਾਇੰਸ ਨੇ ਮਸ਼ੀਨਰੀ ਦੀਆਂ ਕਾਢਾਂ ਮਨੁੱਖ ਦੀ ਸਹੂਲਤ ਵਾਸਤੇ ਕੱਢੀਆਂ ਸਨ, ਪਰ ਮਨੁੱਖ ਨੇ ਇਨ੍ਹਾਂ ਦੀ ਉਚਿਤ ਵਰਤੋਂ ਕਰਨ ਦੀ ਬਜਾਏ ਦੁਰਵਰਤੋਂ ਹੀ ਕੀਤੀ ਹੈ ਅਤੇ ਉਹ ਖ਼ੁਦ ਮਸ਼ੀਨਰੀ ਦਾ ਗੁਲਾਮ ਹੋ ਕੇ ਰਹਿ ਗਿਆ ਤੇ ਛੋਟੇ ਤੋਂ ਛੋਟਾ ਕੰਮ ਵੀ ਮਸ਼ੀਨਰੀ ਤੋਂ ਹੀ ਲੈਣ ਲੱਗ ਪਿਆ। ਜਿਹੜਾ ਕਿ ਉਹ ਹੱਥੀਂ ਕਰ ਸਕਦਾ ਸੀ। ਅਜਿਹਾ ਕਰਨ ਕਰਕੇ ਸਾਡੀ ਆਰਥਿਕਤਾ ਉੱਪਰ ਵੀ ਮਾੜਾ ਅਸਰ ਪਿਆ ਹੈ, ਅਰਥਾਤ ਸਾਡੇ ਖ਼ਰਚੇ ਤਾਂ ਵਧ ਗਏ, ਪਰ ਆਮਦਨ ਸੀਮਤ ਹੀ ਰਹਿ ਗਈ। ਸੋ, ਸਾਨੂੰ ਸਭ ਨੂੰ ਹੱਥੀਂ ਕੰਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੇ ਕੰਮ ਜਿਥੋਂ ਤਕ ਸੰਭਵ ਹੋ ਕੇ ਆਪਣੇ ਹੱਥੀਂ ਕਰਨ ਨੂੰ ਪਹਿਲ ਅਤੇ ਤਰਜੀਹ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿਥੇ ਸਾਡੇ ਖ਼ਰਚੇ ਘੱਟਣਗੇ, ਉਥੇ ਅਸੀਂ ਸਿਹਤਮੰਦ ਵੀ ਰਹਾਂਗੇ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾਅ ਸਕਾਂਗੇ ਤੇ ਸਿਹਤਮੰਦ ਸਮਾਜ ਸਿਰਜਣ ਵਿਚ ਸਹਾਈ ਹੋਵਾਂਗੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਨਸ਼ਿਆਂ ਦੀ ਦਲਦਲ
ਪੰਜਾਬ ਵਿਚ ਨਸ਼ਿਆਂ ਦਾ ਵਪਾਰ ਦਿਨੋ ਦਿਨ ਵਧ ਰਿਹਾ ਹੈ, ਜਿਸ ਦੇ ਬਹੁਤ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਕਿਤੇ ਨਾ ਕਿਤੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਨਸ਼ਿਆਂ ਦੇ ਆਦੀ ਹੋਏ ਨੌਜਵਾਨ ਗ਼ਲਤ ਰਾਹਾਂ 'ਤੇ ਚੱਲ ਕੇ ਡੂੰਘੀ ਦਲਦਲ ਵਿਚ ਫਸਦੇ ਜਾ ਰਹੇ ਹਨ। ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ। ਇਸ ਦੇ ਉਲਟ ਨਸ਼ਿਆਂ ਦੇ ਵਪਾਰੀਆਂ ਦਾ ਵਪਾਰ ਦਿਨੋ ਦਿਨ ਫੈਲਦਾ ਜਾ ਰਿਹਾ ਹੈ। ਰਾਜਨੀਤਕ ਪਾਰਟੀਆਂ ਵੋਟਾਂ ਲੈਣ ਸਮੇਂ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕਰਦੀਆਂ ਹਨ ਅਤੇ ਜਿੱਤਣ ਤੋਂ ਬਾਅਦ ਨਸ਼ਾ ਰੋਕਣ ਵਿਚ ਨਾਕਾਮ ਨਜ਼ਰ ਆਉਂਦੀਆਂ ਹਨ। ਪੰਜਾਬ ਸਰਕਾਰ ਨੂੰ ਪੂਰੀ ਇਮਾਨਦਾਰੀ ਨਾਲ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ।
-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਲੁਧਿਆਣਾ
ਮੁਫ਼ਤ ਦੀਆਂ ਰਿਓੜੀਆਂ
ਪਿਛਲੇ ਦਿਨੀਂ ਸ. ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਸੰਪਾਦਕੀ 'ਵਾਅਦਾ ਤੇਰਾ ਵਾਅਦਾ' ਪੜ੍ਹੀ। ਜਿਸ ਵਿਚ ਲੇਖਕ ਨੇ ਜਿਸ ਤਰ੍ਹਾਂ ਜੰਮੂ-ਕਸ਼ਮੀਰ ਤੇ ਹਰਿਆਣਾ ਵਿਚ ਹੋ ਰਹੀਆਂ ਚੋਣਾਂ ਦੌਰਾਨ ਮੁਫ਼ਤ ਖੋਰੀ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ ਜੋ ਕਾਬਲੇ ਗ਼ੌਰ ਤੇ ਕਾਬਲੇ-ਤਾਰੀਫ਼ ਹੈ। ਕਿੰਨਾ ਚੰਗਾ ਹੋਵੇ ਜੇ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸੂਬਿਆਂ ਵਿਚ ਕਾਰਖਾਨੇ ਲਗਾਏ ਤੇ ਲੋਕਾਂ ਨੂੰ ਨਕਾਰਾ ਹੋਣ ਤੋਂ ਬਚਾਏ। ਰੁਜ਼ਗਾਰ ਮਿਲਣ ਨਾਲ ਹਰ ਸ਼ਹਿਰੀ ਸਰਕਾਰ ਨੂੰ ਟੈਕਸ ਦੇਵੇਗਾ, ਜਿਸ ਨਾਲ ਰਾਜ ਦੀ ਆਮਦਨ ਵਧੇਗੀ ਅਤੇ ਉਹ ਆਪਣੇ ਆਪ ਹੀ ਸਿਹਤ ਤੇ ਮੁੱਢਲੀਆਂ ਸਹੂਲਤਾਂ ਲੈ ਸਕਦੇ ਹਨ। ਸੂਬੇ ਤੇ ਕਰਜ਼ ਨਹੀਂ ਚੜ੍ਹੇਗਾ। ਸੂਬਾ ਖ਼ੁਸ਼ਹਾਲ ਹੋਵੇਗਾ। ਲੋਕਾਂ 'ਤੇ ਟੈਕਸਾਂ ਦਾ ਵਾਧੂ ਬੋਝ ਨਹੀਂ ਪਵੇਗਾ। ਇਸ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਨੌਜਵਾਨੀ ਖਾ ਰਿਹਾ ਹੈ ਨਸ਼ਾ
ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਈ-ਰਿਕਸ਼ੇ ਵਾਲਾ ਨਸ਼ੇ ਵਿਚ ਧੁੱਤ ਮੂਧੇ ਮੂੰਹ ਰਿਕਸ਼ੇ ਵਿਚ ਪਿਆ ਸੀ | ਜ਼ਿਆਦਾਤਰ 18 ਤੋਂ 25 ਸਾਲ ਦੇ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮਰ ਰਹੇ ਹਨ | ਕੁਝ ਕੁ ਮਹੀਨੇ ਪਹਿਲਾਂ ਅੰਮਿ੍ਤਸਰ ਵਿਚ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ | ਹੁਣ ਤਾਂ ਕੁੜੀਆਂ ਵੀ ਚਿੱਟੇ ਦੀਆਂ ਸ਼ੌਕੀਨ ਹੋ ਚੁੱਕੀਆਂ ਹਨ | ਕਪੂਰਥਲਾ 'ਚ ਇਕ ਕੁੜੀ ਲੋਕਾਂ ਤੋਂ ਪੈਸੇ ਮੰਗ ਕੇ ਚਿੱਟੇ ਪੀਂਦੀ ਸੀ | ਜਿਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ਜੇਲ੍ਹ ਵਿਚ ਹੈ | ਹਾਲ ਹੀ ਵਿਚ ਚੋਹਲਾ ਸਾਹਿਬ ਵਿਖੇ ਇਕ ਕਿਸਾਨ ਪਰਿਵਾਰ ਦੇ ਦੋਵਾਂ ਪੁੱਤਰਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ | ਵੱਡੇ ਪੁੱਤਰ ਦੀਆਂ ਅੰਤਿਮ ਰਸਮਾਂ ਵੀ ਹਜੇ ਪੂਰੀਆਂ ਨਹੀਂ ਹੋਈਆਂ ਸਨ ਕਿ ਛੋਟੇ ਪੁੱਤਰ ਦੀ ਵੀ ਮੌਤ ਹੋ ਗਈ | ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀ.ਐਸ.ਐਫ. ਵਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ ਹਨ | ਨਸ਼ਾ ਕਰਨ ਵਾਲਿਆਂ ਦੇ ਘਰ ਵੀ ਤਬਾਹ ਹੋ ਰਹੇ ਹਨ | ਮਾਂ-ਪਿਉ ਮਰ-ਮਰ ਕੇ ਜੀਊਾਦੇ ਹਨ | ਨਸ਼ੇ ਦੀ ਪੂਰਤੀ ਲਈ ਕਈ ਨਸ਼ੇੜੀ ਘਰ ਦਾ ਸਾਮਾਨ ਤੱਕ ਵੇਚ ਦਿੰਦੇ ਹਨ | ਤਸਕਰ ਭਾਰਤ ਵਿਚ ਚੋਰ-ਮੋਰੀਆਂ ਰਾਹੀਂ ਹੈਰੋਈਨ ਪਹੁੰਚਾਉਣ 'ਚ ਕਾਮਯਾਬ ਹੋ ਰਹੇ ਹਨ |
ਪੰਜਾਬ ਵਿਚ ਹਜ਼ਾਰਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ | ਕੁਝ ਕੁ ਮਹੀਨੇ ਪਹਿਲਾਂ ਵੀ ਗੁਜਰਾਤ ਦੀ ਮੁੰਦਰਾ ਤੇ ਕਾਂਡਲਾ ਬੰਦਰਗਾਹਾਂ ਚਰਚਾ 'ਚ ਸੀ | ਸਰਕਾਰ ਵਲੋਂ ਨਸ਼ਿਆਂ 'ਤੇ ਨਕੇਲ ਕੱਸਣ ਲਈ ਸੂਬੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ | ਕੁਝ ਕੁ ਨਸ਼ਾ ਤਸਕਰਾਂ ਨੂੰ ਫੜਿਆ ਵੀ ਗਿਆ ਹੈ | ਦੇਸ਼ ਦਾ ਭਵਿੱਛ ਬਚਾਉਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ |
-ਸੰਜੀਵ ਸਿੰਘ ਸੈਣੀ
ਮੁਹਾਲੀ
ਹੱਕ ਤੇ ਵਿਰੋਧ
ਕੇਂਦਰ ਵਿਚ ਐਨ.ਡੀ.ਏ. ਸਰਕਾਰ ਦੁਆਰਾ ਆਪਣੇ ਪਿਛਲੇ ਕਾਰਜਕਾਲ ਵਿਚ 'ਇਕ ਦੇਸ਼-ਇਕ ਚੋਣ' ਸੰਬੰਧੀ ਬਣਾਈ ਗਈ ਕੋਵਿੰਦ ਕਮੇਟੀ ਦੀ ਰਿਪੋਰਟ ਦੇ ਅਨੁਸਾਰ, 47 ਰਾਜਨੀਤਕ ਪਾਰਟੀਆਂ ਨੇ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਵਿਚੋਂ 32 ਨੇ ਇੱਕੋ ਸਮੇਂ ਚੋਣਾਂ ਦਾ ਸਮਰਥਨ ਕੀਤਾ | ਹਾਲਾਂਕਿ, ਜ਼ਿਆਦਾਤਰ ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇੱਕੋ ਸਮੇਂ ਚੋਣਾਂ ਦੇ ਹੱਕ ਵਿਚ ਹੋ ਸਕਦੀਆਂ ਹਨ, ਪਰ ਕੁਝ ਪਾਰਟੀਆਂ ਇਸ ਵਿਚਾਰ ਦੇ ਵਿਰੁੱਧ ਵੀ ਦਲੀਲਾਂ ਦਿੰਦੀਆਂ ਹਨ | ਜਦੋਂ ਕਿ ਕੁਝ ਪਾਰਟੀਆਂ ਅਤੇ ਨੇਤਾਵਾਂ ਦੀ ਇਹ ਦਲੀਲ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇੱਕੋ ਸਮੇਂ ਚੋਣਾਂ ਵੋਟਰਾਂ ਨੂੰ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਵੋਟ ਦੇਣ ਲਈ ਪ੍ਰੇਰਿਤ ਕਰ ਸਕਦੀਆਂ ਹਨ ਅਤੇ ਇਹ ਸਾਡੇ ਗਣਤੰਤਰ ਦੇ ਸੰਘੀ ਚਰਿੱਤਰ ਨੂੰ ਕਮਜ਼ੋਰ ਕਰੇਗੀ, ਗ਼ੈਰਵਾਜਬ ਜਾਪਦੀ ਹੈ-ਕਿਉਂਕਿ ਆਪਣੇ ਵੋਟ ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹਨ | ਨਾਲ ਹੀ ਇਹ ਵੀ ਸੱਚ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ ਕਿ ਇਹ ਖਰਚੇ ਨੂੰ ਘਟਾਏਗਾ, ਸੁਰੱਖਿਆ ਬਲਾਂ ਸਮੇਤ ਸਰਕਾਰੀ ਸਰੋਤਾਂ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਏਗਾ ਅਤੇ ਇੱਕੋ ਸਮੇਂ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਯੋਜਨਾ ਬਣਾਉਣ 'ਚ ਮਦਦਗਾਰ ਹੋਵੇਗਾ |
ਇੱਥੇ ਇਹ ਵੀ ਵਰਣਨਯੋਗ ਹੈ ਕਿ ਵਾਰ-ਵਾਰ ਚੋਣਾਂ ਕਰਵਾਉਣ ਦੌਰਾਨ ਚੋਣ ਜ਼ਾਬਤਾ ਦੇ ਲਾਗੂ ਹੋਣ ਨਾਲ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਦੀ ਗਤੀ ਵੀ ਧੀਮੀ ਹੋ ਜਾਂਦੀ ਹੈ, ਅਤੇ ਇਸ ਵਜੋਂ ਵੀ ਦੇਸ਼ ਵਿਚ ਇਕੋ ਸਮੇਂ ਚੋਣਾਂ ਦੇ ਹੱਕ ਵਿਚ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ | ਸੱਤਾਧਾਰੀ ਭਾਜਪਾ ਨੂੰ ਇਸ ਮੁੱਦੇ 'ਤੇ ਆਪਣੀਆਂ ਸਹਿਯੋਗੀ ਪਾਰਟੀਆਂ ਅਤੇ ਵਿਰੋਧੀ ਧਿਰਾਂ ਤੱਕ ਪਹੁੰਚ ਕਰ ਕੇ ਸਹਿਮਤੀ ਬਣਾਉਣੀ ਪਵੇਗੀ |
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ |
ਔਰਤਾਂ ਪ੍ਰਤੀ ਨਜ਼ਰੀਆਂ ਬਦਲੀਏ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਭਾਰਤ 'ਚ ਹਰ 16 ਮਿੰਟ ਬਾਅਦ ਇਕ ਔਰਤ ਜਬਰ-ਜਨਾਹ ਦਾ ਸ਼ਿਕਾਰ ਹੁੰਦੀ ਹੈ | ਪਰ ਚਰਚਾ 'ਚ ਸਿਰਫ਼ ਇਕ ਜਾਂ ਦੋ ਕੇਸ ਹੀ ਆਉਂਦੇ ਹਨ, ਤੇ ਬਾਕੀ 'ਮੂਕ ਰਾਜਨੀਤੀ' ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ | ਕੋਲਕਾਤਾ ਕਾਂਡ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਵਾਪਰ ਚੁੱਕੀਆਂ ਹਨ |
ਨਿਰਭਿਆ ਕੇਸ ਨੂੰ ਯਾਦ ਕਰ ਧੀਆਂ ਦੇ ਮਾਪੇ ਅੱਜ ਵੀ ਭੈਭੀਤ ਹੋ ਜਾਂਦੇ ਹਨ | ਅੱਜ ਦੇ ਮਰਦ ਪ੍ਰਧਾਨ ਸਮਾਜ ਵਿਚ ਜਿਥੇ ਅਸੀਂ ਆਪਣੇ ਆਪ ਨੂੰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਢੋਂਗ ਕਰਦੇ ਆ ਰਹੇ ਹਾਂ, ਉਥੇ ਔਰਤ ਪ੍ਰਤੀ ਸਾਡੀ ਸੋਚ ਅਜੇ ਵੀ ਬਦਲੀ ਨਹੀਂ | ਅੱਜ ਵੀ ਔਰਤਾਂ ਨੂੰ ਸਮਾਜ ਵਿਚ ਬਣਦਾ ਦਰਜਾ ਤੇ ਸਤਿਕਾਰ ਨਹੀਂ ਦਿੱਤਾ ਜਾਂਦਾ ਤੇ ਸਦੀਆਂ ਪੁਰਾਣੀ ਰੂੜੀਵਾਦੀ ਸੋਚ ਲੜਕੀਆਂ ਪ੍ਰਤੀ ਪਹਿਲਾਂ ਵਾਲੀ ਹੀ ਬਣੀ ਹੋਈ ਹੈ | ਲੜਕੀ ਦੇ ਜੰਮਣ 'ਤੇ ਉਸ ਨੂੰ ਕੁੱਜੇ ਵਿਚ ਪਾ ਕੇ ਦਫ਼ਨ ਕਰਨ ਦੀ ਪਰੰਪਰਾ ਸੀ | ਪਰ ਅੱਜ ਉਸ ਨੂੰ ਆਪਾਂ ਜੰਮਣ ਤੋਂ ਪਹਿਲਾਂ ਹੀ ਹੱਤਿਆ ਕਰ ਦਿੱਤੀ ਜਾਂਦੀ ਹੈ, ਪਰ ਔਰਤ ਨੇ ਆਪਣੀ ਮਿਹਨਤ, ਲਗਨ, ਦਿ੍ੜ੍ਹ ਵਿਸ਼ਵਾਸ ਦੇ ਨਾਲ ਆਪਣੇ ਮੁਕਾਮ ਨੂੰ ਕਾਇਮ ਰੱਖਦਿਆਂ ਇਹ ਮਰਦ ਪ੍ਰਧਾਨ ਸਮਾਜ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਹਰ ਖੇਤਰ ਵਿਚ ਤਰੱਕੀ ਕੀਤੀ ਹੈ | ਇਸ ਨਾਲ ਹੀ ਸਮਾਜ ਵਿਚ ਬਦਲਾਅ ਆ ਸਕਦਾ ਹੈ |
-ਗੌਰਵ ਮੁੰਜਾਲ
ਪੀ.ਸੀ.ਐਸ. |
ਸੜਕ ਹਾਦਸਿਆਂ ਵਿਚ ਵਾਧਾ
ਅੱਜ ਕੱਲ ਸੜਕ ਹਾਦਸਿਆਂ ਨੇ ਅਖ਼ਬਾਰ ਦੇ ਹਰ ਪੰਨੇ 'ਤੇ ਆਪਣੀ ਜਗ੍ਹਾ ਬਣਾ ਲਈ ਹੈ। ਇਹ ਸੜਕ ਹਾਦਸੇ ਦਿਨੋ ਦਿਨ ਭਾਰਤ ਦੀ ਆਬਾਦੀ ਵਾਂਗ ਵਧ ਰਹੇ ਹਨ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਜਾਂ ਲੋਕਾਂ ਨੂੰ ਇਨ੍ਹਾਂ ਦਾ ਗਿਆਨ ਨਹੀਂ ਹੈ। ਜੇ ਗਿਆਨ ਹੈ ਤਾਂ ਇਹ ਸੜਕ ਹਾਦਸੇ ਕਿਉਂ ਨਹੀਂ ਰੁਕ ਰਹੇ। ਕੀ ਅੱਜ ਕੱਲ ਕਿਸੇ ਨੂੰ ਜ਼ਿੰਦਗੀ ਦੀ ਕੀਮਤ ਦਾ ਨਹੀਂ ਪਤਾ?
-ਮਨਪ੍ਰੀਤ ਕੌਰ, ਬਰਨਾਲਾ
ਪੰਚਾਇਤ ਸਰਬਸੰਮਤੀ ਨਾਲ ਬਣੇ
ਪੰਚਾਇਤੀ ਚੋਣਾਂ ਦਾ ਪੰਜਾਬ ਵਿਚ ਬਿਗਲ ਵੱਜ ਗਿਆ ਹੈ। ਸਰਬ-ਸੰਮਤੀ ਨਾਲ ਹੋਣ ਪੰਚਾਇਤੀ ਚੋਣਾਂ। ਪੰਜਾਬ ਸਰਕਾਰ ਨੇ ਇਸ ਸੰਬੰਧ ਵਿਚ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ। ਕਾਬਲੇ ਤਾਰੀਫ ਹੈ। ਪੰਚਾਇਤੀ ਚੋਣਾਂ ਸਰਬ ਸੰਮਤੀ ਨਾਲ ਹੋਣ ਕਾਰਨ ਇਮਾਨਦਾਰ ਤੇ ਪੜ੍ਹੇ ਲਿਖੇ ਉਮੀਦਵਾਰ ਦੀ ਚੋਣ ਹੋਵੇਗੀ। ਪਿੰਡਾਂ ਵਿਚ ਗੁਟਬੰਦੀ ਖ਼ਤਮ ਹੋਵੇਗੀ। ਪਿੰਡ ਦੇ ਵਿਕਾਸ ਦੇ ਕੰਮ ਹੋਣਗੇ। ਪਿੰਡਾਂ ਵਿਚ ਸਾਫ ਪਾਣੀ, ਸੀਵਰੇਜ, ਸੜਕਾਂ, ਪਾਰਕਾਂ, ਖੇਡ ਸਟੇਡੀਅਮ, ਸਕੂਲ, ਛੱਪੜਾਂ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਸਰਪੰਚ ਦੀ ਯੋਗਤਾ ਘੱਟੋ-ਘੱਟ ਮੈਟਰਿਕ ਕਰਨੀ ਚਾਹੀਦੀ ਹੈ। ਮਹਿਲਾ ਸਰਪੰਚ ਦੀ ਜਗ੍ਹਾ ਉਨ੍ਹਾਂ ਦੇ ਘਰ ਵਾਲੇ ਕੰਮ ਕਰਦੇ ਹਨ। ਇਹ ਰੁਝਾਨ ਖ਼ਤਮ ਕਰ ਕੇ ਕਾਬਲ ਮਹਿਲਾ ਨੂੰ ਸਰਬ ਸੰਮਤੀ ਨਾਲ ਜਿਥੇ ਮਹਿਲਾ ਦਾ ਕੋਟਾ ਹੈ ਚੁਣਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਮਿਲਾਵਟੀ ਦੁੱਧ 'ਤੇ ਸ਼ਿਕੰਜਾ ਜ਼ਰੂਰੀ
ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਿਲਾਵਟੀ ਦੁੱਧ ਦੇ ਦਿਨੋਂ ਦਿਨ ਵਧ ਰਹੇ ਕਾਰੋਬਾਰ ਬਾਰੇ ਟਿੱਪਣੀ ਸਭ ਨੂੰ ਸੁਚੇਤ ਕਰਦੀ ਹੋਈ ਲਾਮਬੰਦ ਹੋਣ ਦਾ ਹੋਕਾ ਦਿੰਦੀ ਦਿਖਾਈ ਦੇ ਰਹੀ ਹੈ। ਜੇਕਰ ਮਿਲਾਵਟ ਦਾ ਕਹਿਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸਲੀ ਦੁੱਧ ਦਾ ਉਤਪਾਦਨ ਬੰਦ ਹੋ ਕੇ ਡੋਰ ਪੂਰੀ ਤਰ੍ਹਾਂ ਨਕਲੀਆਂ ਦੇ ਹੱਥ ਆ ਜਾਵੇਗੀ। ਦੁੱਧ ਆਮ ਵਰਤਿਆ ਜਾਣ ਵਾਲਾ ਸਭ ਤੋਂ ਜ਼ਰੂਰੀ ਭੋਜਨ ਪਦਾਰਥਾਂ ਵਿਚੋਂ ਇਕ ਹੈ। ਦੁੱਧ ਨੂੰ ਇਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਕਿਉਂਕਿ ਦੁੱਧ ਵਿਚ ਕੈਲਸ਼ੀਅਮ, ਫੈਟ, ਖੰਡ, ਪਾਣੀ ਅਤੇ ਅਜਿਹੇ ਸਾਰੇ ਤੱਤ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਰੋਜ਼ਾਨਾ ਜ਼ਰੂਰਤ ਹੁੰਦੀ ਹੈ। ਫਲ ਫਰੂਟ ਅਤੇ ਸਬਜ਼ੀਆਂ ਨੂੰ ਹਰ ਇਕ ਵਿਅਕਤੀ ਵਧਦੀ ਮਹਿੰਗਾਈ ਕਰਕੇ ਰੋਜ਼ਾਨਾ ਖਰੀਦਣ ਤੋਂ ਅਸਮਰੱਥ ਹੁੰਦਾ ਹੈ ਪਰੰਤੂ ਦੁੱਧ ਦੀ ਵਰਤੋਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜੋ ਨਾ ਕਰਦਾ ਹੋਵੇ। ਦੁੱਧ ਸਸਤਾ ਤੇ ਅਸਾਨੀ ਨਾਲ ਮਿਲਣ ਵਾਲਾ ਪਦਾਰਥ ਹੈ। ਪਰੰਤੂ ਜੋ ਵਸਤੂ ਅਸਾਨੀ ਨਾਲ ਅਤੇ ਸੌਖੀ ਮਿਲ ਜਾਵੇ, ਉਹ ਕਈ ਵਾਰ ਸਿਹਤ ਲਈ ਹਾਨੀਕਾਰਕ ਵੀ ਸਿੱਧ ਹੁੰਦੀ ਹੈ। ਨਕਲੀ ਤੇ ਮਿਲਾਵਟੀ ਦੁੱਧ ਦੀ ਵਰਤੋਂ ਇਸ ਕਰਕੇ ਵਧ ਰਹੀ ਹੈ ਕਿਉਂਕਿ ਜਿੰਨੀ ਦੇਸ਼ ਵਿਚ ਦੁੱਧ ਦੀ ਖਪਤ ਹੁੰਦੀ ਹੈ। ਉਨ੍ਹਾਂ ਦੁੱਧ ਦੁਧਾਰੂ ਪਸ਼ੂਆਂ ਦੀ ਕਮੀ ਕਰਕੇ ਪੈਦਾ ਨਹੀਂ ਹੋ ਰਿਹਾ। ਦੁੱਧ ਦੀ ਵਧ ਰਹੀ ਮੰਗ ਦੀ ਪੂਰਤੀ ਕਰਨ ਲਈ ਹੀ ਨਕਲੀ ਦੁੱਧ ਦਾ ਗੋਰਖਧੰਦਾ ਚੱਲ ਰਿਹਾ ਹੈ। ਨਕਲੀ ਦੁੱਧ ਰੋਕਣ ਲਈ ਡੇਅਰੀ ਫਾਰਮਿੰਗ ਨੂੰ ਜਿਥੇ ਮੁੜ ਲੀਹਾਂ 'ਤੇ ਲੈ ਕੇ ਆਉਣ ਲਈ ਠੋਸ ਨੀਤੀ ਬਹੁਤ ਜ਼ਰੂਰੀ ਹੈ ਉਥੇ ਸਰਕਾਰ, ਅਧਿਕਾਰੀਆਂ ਅਤੇ ਸਮਾਜ ਨੂੰ ਵੀ ਸੁਹਿਰਦਤਾ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਮਿਲਾਵਟਖੋਰਾਂ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਇਸ ਮਿਲਾਵਟੀ ਦੁੱਧ ਦੀ ਧੰਦੇ ਨੂੰ ਨਕੇਲ ਪਾਈ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਸਹਿਣਸ਼ੀਲਤਾ
ਬਦਲ ਰਹੇ ਸੰਸਾਰ ਦੇ ਨਾਲ ਅੱਜ-ਕੱਲ ਮਨੁੱਖ ਦੇ ਸੁਭਾਅ 'ਚ ਕਾਫੀ ਬਦਲਾਅ ਆ ਗਿਆ ਹੈ। ਅਜੋਕੇ ਯੁੱਗ 'ਚ ਮਨੁੱਖ ਦੇ ਸੁਭਾਅ 'ਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਅਸੀਂ ਹਮੇਸ਼ਾ ਦੂਸਰਿਆਂ ਵਿਚ ਗਲਤੀ ਕੱਢਣ ਦੀ ਆਦਤ ਪਾ ਲਈ ਹੈ ਪਰ ਖ਼ੁਦ ਕਿਸੇ ਸਿਆਣੇ, ਸਮਝਦਾਰ ਵਿਅਕਤੀ ਦੀ ਸਹੀ ਗੱਲ ਵੀ ਨਹੀਂ ਕਰ ਸਕਦੇ। ਸੜਕ 'ਤੇ ਆਪਣੀ ਗੱਡੀ ਦੂਸਰੀ ਗੱਡੀ ਤੋਂ ਅੱਗੇ ਕੱਢਣ ਤੋਂ ਬਾਅਦ ਦੂਜੇ ਨੂੰ ਮੰਦਾ ਬੋਲਦੇ ਹਾਂ। ਇਸ ਤੋਂ ਇਲਾਵਾ ਦਸ ਬੰਦਿਆਂ ਦੀ ਲੱਗੀ ਹੋਈ ਕਤਾਰ ਵਿਚ ਅੱਗੇ ਆ ਕੇ ਲੱਗ ਜਾਂਦੇ ਹਾਂ ਤਾਂ ਕਿ ਪਹਿਲਾਂ ਸਾਡਾ ਕੰਮ ਬਣ ਜਾਏ, ਅਜਿਹੀ ਸਾਡੇ ਮਨ ਦੀ ਅਵਸਥਾ ਹੋ ਗਈ ਹੈ।
-ਨੀਲਾਕਸ਼ੀ, ਫਗਵਾੜਾ
ਬੇਟੀ ਬਚਾਓ ਬੇਟੀ ਪੜ੍ਹਾਓ
ਜਿਸ ਭਾਰਤ ਦੇਸ਼ ਵਿਚ ਕੁੜੀਆਂ ਨੂੰ ਦੇਵੀ ਮੰਨ ਕੇ ਪੂਜਿਆ ਜਾਂਦਾ ਸੀ, ਉਸ ਦੇਸ਼ ਵਿਚ ਅੱਜ ਅਣਜੰਮੀਆਂ ਧੀਆਂ ਨੂੰ ਕੁੱਖ ਅੰਦਰ ਹੀ ਮਾਰ ਦਿੱਤਾ ਜਾਂਦਾ ਹੈ। ਉਹ ਡਾਕਟਰ ਜਿਸ ਨੂੰ ਫਰਿਸ਼ਤੇ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਇਕ ਬੇਰਹਿਮ ਜਲਾਦ ਬਣਿਆ ਹੋਇਆ ਹੈ। ਇਕੱਲੀ ਸਰਕਾਰ ਦੇ ਦਮ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਸਫਲ ਨਹੀਂ ਹੋ ਸਕਦਾ। ਇਸ ਅਭਿਆਨ ਜ਼ਰੀਏ ਭਰੂਣ ਹੱਤਿਆ ਅਤੇ ਸਿੱਖਿਆ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਰੋਕਣਾ ਸਰਕਾਰ ਦਾ ਉਦੇਸ਼ ਸੀ। ਪਰ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ, ਤਾਂ ਅਨਪੜ੍ਹਤਾ, ਅਸਮਾਨਤਾ, ਕੁੜੀਆਂ ਦਾ ਜਿਨਸੀ ਸ਼ੋਸ਼ਣ ਆਦਿ ਮੁੱਦੇ ਔਰਤਾਂ ਦੇ ਵਿਕਾਸ ਦੀ ਕਮੀ ਵੱਲ ਇਸ਼ਾਰਾ ਕਰ ਰਹੇ ਹਨ। ਅਜੋਕੇ ਸਮੇਂ ਦੀ ਮੰਗ ਹੈ ਕਿ ਜਦੋਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੇ ਜ਼ਰੀਏ ਬੇਟੀ ਦੇ ਸਨਮਾਨ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ। ਭਾਰਤ ਵਿਚ ਸਰਕਾਰੀ ਫੁਰਮਾਨਾਂ ਤੋਂ ਜ਼ਿਆਦਾ ਅਸਰਦਾਰ ਸਮਾਜਿਕ ਅਤੇ ਪੰਚਾਇਤੀ ਸੰਸਥਾਵਾਂ ਦੀ ਆਵਾਜ਼ ਰਹੀ ਹੈ। ਜੇਕਰ ਇਸ ਸਮੇਂ ਵਿਚ ਇਸ ਦਿਸ਼ਾ ਵੱਲ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਇਸ ਦਾ ਅਸਰ ਪੂਰੀ ਮਾਨਵਤਾ 'ਤੇ ਹੋਵੇਗਾ।
-ਰਿੰਕਲ
ਮੁੱਖ ਅਧਿਆਪਕਾ, ਸ.ਹ.ਸ. ਸ਼ਰੀਹ ਵਾਲਾ ਬਰਾੜ, ਫਿਰੋਜ਼ਪੁਰ।
ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?
ਕੰਪਿਊਟਰ ਅਧਿਆਪਕ ਸਿੱਖਿਆ ਦੇ ਖੇਤਰ ਵਿਚ ਪੂਰੇ ਦਿਲ ਨਾਲ ਯੋਗਦਾਨ ਪਾ ਰਹੇ ਹਨ। 2005 ਤੋਂ ਪੰਜਾਬ ਸਰਕਾਰ ਨੇ ਕੰਪਿਊਟਰ ਸਿੱਖਿਆ ਨੂੰ ਸਰਕਾਰੀ ਸਕੂਲਾਂ ਵਿਚ ਲਾਜ਼ਮੀ ਵਿਸ਼ੇ ਵਜੋਂ ਸ਼ੁਰੂ ਕੀਤਾ ਸੀ। ਪਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਅਧਿਆਪਕਾਂ ਦੀ ਮੁੱਖ ਮੰਗ ਇਹ ਸੀ ਕਿ ਹੋਰ ਟੀਚਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਸਿੱਖਿਆ ਵਿਭਾਗ 'ਚ ਰੈਗੂਲਰ ਕੀਤਾ ਜਾਵੇ। ਇਸ ਲਈ ਲਗਾਤਾਰ ਕੰਪਿਊਟਰ ਅਧਿਆਪਕਾਂ ਦੁਆਰਾ ਕੀਤੇ ਗਏ ਸੰਘਰਸ਼ ਸਦਕਾ ਪੂਰੀ ਤਰ੍ਹਾਂ ਨਿਯਮਾਂ ਤਹਿਤ ਰਾਜਪਾਲ ਪੰਜਾਬ ਦੀ ਸਹਿਮਤੀ ਅਤੇ ਪੰਜਾਬ ਸਰਕਾਰ ਦੁਆਰਾ ਮੁੱਦਾ ਕੈਬਨਿਟ ਵਿਚ ਪਾਸ ਹੋਣ ਉਪਰੰਤ ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਦੁਆਰਾ ਸਾਲ 2011 ਵਿਚ ਰੈਗੂਲਰ ਕੀਤੇ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਤੇ ਇਹ ਅਧਿਆਪਕ ਆਪਣੇ ਹੱਕਾਂ ਤੋਂ ਵਾਂਝੇ ਹਨ। ਕੰਪਿਊਟਰ ਅਧਿਆਪਕਾਂ ਨੂੰ ਬਾਕੀ ਵਿਭਾਗੀ ਸਟਾਫ ਵਾਂਗ ਨਾ ਮੈਡੀਕਲ ਭੱਤਾ, ਇੰਕਰੀਮੈਂਟ ਤੇ ਨਾ ਹੀ ਦੀਵਾਲੀ, ਦੁਸਹਿਰੇ 'ਤੇ ਬੋਨਸ ਹਨ। ਇਨ੍ਹਾਂ ਅਧਿਆਪਕਾਂ ਦੇ ਪਰਿਵਾਰਾਂ ਨੂੰ ਹਾਦਸੇ ਜਾਂ ਬੇਵਕਤੀ ਮੌਤ ਤੋਂ ਬਾਅਦ ਕੋਈ ਸਹਾਇਤਾ ਨਹੀਂ ਮਿਲਦੀ ਹੈ। ਪਹਿਲੀਆਂ ਤੋਂ ਹੁਣ ਵਾਲੀ ਸਰਕਾਰ ਸਮੇਤ ਕਿਸੇ ਨੇ ਇਨ੍ਹਾਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਬਣਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ।
-ਪ੍ਰਸ਼ੋਤਮ ਪੱਤੋ
ਕੰਪਿਊਟਰ ਅਧਿਆਪਕਾ, ਮੋਗਾ।
ਬੱਚਤ
ਨਾਰੀ ਸੰਸਾਰ ਮੈਗਜ਼ੀਨ ਵਿਚ 'ਅਸ਼ਵਨੀ ਚਤਰਥ' ਦਾ ਲਿਖਿਆ ਲੇਖ ਪੜ੍ਹਨ ਨੂੰ ਮਿਲਿਆ, ਜੋ ਬਹੁਤ ਵਧੀਆ ਲੱਗਾ। ਸਾਨੂੰ ਆਪਣੇ ਜੀਵਨ ਵਿਚ ਬੱਚਤ ਕਰਨੀ ਚਾਹੀਦੀ ਹੈ। ਖ਼ਰਚ ਅਸੀਂ ਜਿੰਨਾ ਮਰਜ਼ੀ ਕਰ ਲਈਏ ਪਰੰਤੂ ਬੱਚਤ ਕਰਨੀ ਬਹੁਤ ਔਖੀ ਹੈ। ਸਾਨੂੰ ਆਪਣੇ ਜੀਵਨ 'ਚ ਜ਼ਿੰਦਗੀ ਨੂੰ ਤੋਰਨ ਵਾਸਤੇ ਇਕ ਖਾਕਾ ਤਿਆਰ ਕਰਨਾ ਚਾਹੀਦਾ ਹੈ। ਫਾਲਤੂ ਚੀਜ਼ਾਂ ਨੂੰ ਖਰੀਦਣ ਵਿਚ ਪੈਸਾ ਨਾ ਬਰਬਾਦ ਕਰੀਏ। ਉਨ੍ਹਾਂ ਚੀਜ਼ਾਂ ਨੂੰ ਖਰੀਦਣ ਨੂੰ ਤਰਜੀਹ ਦੇਵੋ ਜਿਨ੍ਹਾਂ ਬਗੈਰ ਸਾਡਾ ਸਰਦਾ ਨਹੀਂ। ਕਈ ਵਾਰ ਸੇਲ ਵਿਚ ਵਧੀਆ ਅਤੇ ਚੰਗੀਆਂ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਹਨ, ਜਿਸ ਦਾ ਸਾਨੂੰ ਲਾਭ ਹੁੰਦਾ ਹੈ। ਬੱਚਤ ਕੀਤੀ ਹੋਵੇ ਤਾਂ ਜੀਵਨ ਵਿਚ ਪੈਸਾ ਕੰਮ ਆ ਸਕਦਾ ਹੈ। ਇਸ ਕਰਕੇ ਡਾਕਖਾਨੇ ਵਿਚ ਬੱਚਤ ਸਕੀਮਾਂ ਚਲਾਈਆਂ ਹਨ, ਜਿਨ੍ਹਾਂ ਦਾ ਫਾਇਦਾ ਸਾਨੂੰ ਅਗਾਂਹ ਮਿਲਦਾ ਹੈ। ਬੱਚਤ ਕਰਨ ਵਾਸਤੇ ਬੇਲੋੜੀਆਂ ਖਾਹਿਸ਼ਾਂ ਨੂੰ ਜੀਵਨ ਵਿਚੋਂ ਪਾਸੇ ਕਰਨਾ ਪੈਂਦਾ ਹੈ। ਜੀਵਨ ਵਿਚ ਯੋਜਨਾ ਬਣਾ ਕੇ ਚੱਲੋ, ਸਫਲਤਾ ਜ਼ਰੂਰ ਮਿਲੇਗੀ। ਬੱਚਤ ਬਾਰੇ ਬੈਂਕਾਂ ਅਤੇ ਡਾਕਖਾਨੇ ਵਿਚੋਂ ਇਕ ਵਾਰ ਜ਼ਰੂਰ ਸਲਾਹ ਲਵੋ। ਬੱਚਤ ਕਰਨ ਨਾਲ ਘਰ ਵਿਚ ਤੰਗੀ ਸਮੇਂ ਬੱਚਤ ਨੂੰ ਵਰਤ ਸਕਦੇ ਹਾਂ। ਕਿਸੇ ਤੋਂ ਵਿਆਜ 'ਤੇ ਪੈਸੇ ਨਹੀਂ ਲੈਣੇ ਪੈਂਦੇ।
-ਰਾਮ ਸਿੰਘ ਪਾਠਕ
ਤਿਉਹਾਰੀ ਮਿਠਾਈ ਬਿਮਾਰੀ ਦਾ ਘਰ
ਕੋਈ ਵਕਤ ਸੀ ਜਦੋਂ ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਖਾਣ ਨੂੰ ਮਨ ਲਲਚਾਅ ਜਾਂਦਾ ਸੀ। ਘਰਾਂ ਵਿਚ ਸੁਆਣੀਆਂ ਬੱਚਿਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਕਈ ਕਿਸਮ ਦੇ ਦੁੱਧ, ਬਾਜਰੇ, ਮੱਕੀ ਆਦਿ ਦੇ ਖਾਣ ਵਾਲੇ ਪਦਾਰਥ ਤਿਆਰ ਕਰ ਲੈਂਦੀਆਂ ਸਨ, ਜੋ ਸਵਾਦ ਤੇ ਪੌਸ਼ਟਿਕਤਾ ਦੇ ਪੱਖ ਤੋਂ ਉੱਤਮ ਦਰਜੇ ਦੇ ਹੁੰਦੇ ਸਨ। ਜੇਕਰ ਅੱਜਕੱਲ ਬਜ਼ਾਰਾਂ 'ਚ ਸ਼ੀਸ਼ਿਆਂ ਵਿਚ ਸਜੀਆਂ ਪਈਆਂ ਮਠਿਆਈਆਂ ਦੇ ਤਿਆਰ ਹੋਣ ਦੀ ਅਸਲੀਅਤ ਜਾਣ ਲਈਏ ਤਾਂ ਪੜ੍ਹ-ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਕਿ ਕਿਵੇਂ ਕੁਝ ਲੋਕ ਆਪਣੇ ਸੌੜੇ ਨਿੱਜੀ ਮੁਫਾਦ ਲਈ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗੇ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਸਿਹਤ ਮਹਿਮੇ ਦੀਆਂ ਟੀਮਾਂ ਵੀ ਪਤਾ ਨਹੀਂ ਕਿੱਥੇ ਹੁੰਦੀਆਂ ਹਨ। ਜੋ ਇਹੋ ਜਿਹੀ ਮਠਿਆਈ ਸ਼ਰ੍ਹੇਆਮ ਵੇਚ ਕੇ ਮਨੁੱਖੀ ਸਰੀਰ ਨਾਲ ਖਿਲਵਾੜ ਕਰਨ ਵਾਲੇ ਧਨਾਢਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਤਾਂ ਹੋ ਸਕਦਾ ਹੈ ਕੁਝ ਬਚਾਅ ਹੋ ਸਕੇ। ਪਰ ਇਥੇ ਇਹ ਕਹਾਵਤ 'ਤਕੜੇ ਦਾ ਸੱਤੀ ਵੀਹੀਂ ਸੌ' ਸੱਚ ਹੁੰਦੀ ਹੈ। ਇਸ ਦਾ ਕਾਰਨ ਵੱਡੀ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਕਰਕੇ ਕਿਸੇ ਮਿਲਾਵਟ ਖੋਰ ਨੂੰ ਅਜੇ ਤਕ ਕੋਈ ਮਿਸਾਲੀ ਸਜ਼ਾ ਨਾ ਮਿਲਣਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.।
ਕੀ ਜ਼ਿੰਦਗੀ ਤੋਂ ਪਿਆਰੀ ਹੈ ਫ਼ੋਨ ਕਾਲ?
ਜੇਕਰ ਵਿਗਿਆਨ ਨੇ ਇਨਸਾਨ ਦੀ ਜ਼ਿੰਦਗੀ ਨੂੰ ਇਕ ਨਵਾਂ ਮੋੜ ਦੇ ਕੇ ਇਸ ਨੂੰ ਬਦਲ ਕੇ ਰੱਖ ਦਿੱਤਾ ਹੈ। ਅਸੀਂ ਸੱਤ ਸਮੁੰਦਰ ਪਾਰ ਵੀ ਗੱਲ ਕਰਨੀ ਹੋਵੇ ਤਾਂ ਹੁਣ ਕੁਝ ਹੀ ਮਿੰਟਾਂ-ਸਕਿੰਟਾਂ ਵਿਚ ਅਸੀਂ ਆਪਣਿਆਂ ਨਾਲ ਰੂਬਰੂ ਭਾਵ (ਵੀਡੀਓ ਕਾਲ) ਰਾਹੀਂ ਗੱਲ ਕਰ ਸਕਦੇ ਹਾਂ। ਵਿਗਿਆਨ ਨੇ ਸਾਡੀ ਜ਼ਿੰਦਗੀ ਬਹੁਤ ਹੀ ਸੁਖਾਲੀ ਕਰ ਦਿੱਤੀ ਹੈ। ਜੇਕਰ ਅਸੀਂ ਮੋਬਾਈਲ ਫੋਨ ਦੀ ਗੱਲ ਕਰੀਏ ਤਾਂ ਇਸ ਨੇ ਤਰੱਕੀ ਦੀ ਰਫਤਾਰ ਦੁੱਗਣੀ ਕਰ ਦਿੱਤੀ ਹੈ। ਭਾਵੇਂ ਕਿਸੇ ਨਾਲ ਗੱਲ ਕਰਨੀ ਹੋਵੇ, ਸੁਨੇਹਾ ਭੇਜਣਾ ਹੋਵੇ ਜਾਂ ਫਿਰ ਇਨਸਾਨ ਦੀ ਜ਼ਿੰਦਗੀ ਦੇ ਕੁਝ ਸੁਨਹਿਰੀ ਪਲ ਫੋਟੋਆਂ, ਵੀਡੀਓ ਕਾਲ ਦੇ ਰੂਪ ਵਿਚ ਕੈਦ ਕਰਨ ਦੀ ਹੋਵੇ। ਪਰੰਤੂ ਹਰ ਇਕ ਚੀਜ਼ ਦੇ ਕੁਝ ਫਾਇਦੇ ਤੇ ਕੁਝ ਨੁਕਸਾਨ ਵੀ ਹੁੰਦੇ ਹਨ। ਜੇਕਰ ਉਸ ਦੀ ਵਰਤੋਂ ਠੀਕ ਢੰਗ ਨਾਲ ਨਾ ਕੀਤੀ ਜਾਵੇ। ਸੋ, ਕੋਈ ਵੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੈ, ਜੋ ਕਾਨੂੰਨੀ ਅਪਰਾਧ ਵੀ ਹੈ। ਇਸ ਨਾਲ ਦੁਰਘਟਨਾਵਾਂ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਅਤੇ ਕਈ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਰਹੇ ਹਨ। ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਲਗਭਗ ਹਰ ਸਾਲ 14 ਲੱਖ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਸ ਮੋਬਾਈਲ ਨੇ ਆਪਣੇ ਵੱਸ ਵਿਚ ਕਰ ਲਿਆ ਹੈ। ਨੌਜਵਾਨ ਹਰ ਵੇਲੇ ਰੀਲਾਂ, ਵੀਡੀਓ, ਫੋਟੋਆਂ, ਸੋਸ਼ਲ ਮੀਡੀਆ 'ਤੇ ਕੁਝ ਲਾਈਕ ਲੈਣ ਦੇ ਚੱਕਰ ਵਿਚ ਆਪਣੀ ਕੀਮਤੀ ਜਾਨ ਨੂੰ ਹਰ ਵੇਲੇ ਖਤਰੇ ਵਿਚ ਪਾਈ ਰੱਖਦੇ ਹਨ। ਟੂ-ਵੀਲਰ ਜਾਂ ਫੋਰ ਵੀਲਰ ਚਲਾਉਂਦੇ ਸਮੇਂ ਇਸ ਦੀ ਵਰਤੋਂ ਨਾਲ ਅਸੀਂ ਆਪ ਤਾਂ ਖਤਰੇ ਵਿਚ ਹੁੰਦੇ ਹੀ ਹਾਂ, ਸਾਡੇ ਨਾਲ ਬੈਠੇ ਲੋਕ, ਪਰਿਵਾਰਕ ਮੈਂਬਰ ਅਤੇ ਸਾਹਮਣੇ ਸੜਕ ਤੋਂ ਆਉਂਦੇ ਹੋਰ ਯਾਤਰੀਆਂ ਦਾ ਵੀ ਜਾਨੀ ਨੁਕਸਾਨ ਕਰ ਦਿੰਦੇ ਹਾਂ। ਸਾਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਸੁਚੇਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਵਹੀਕਲ ਚਲਾਉਂਦੇ ਸਮੇਂ ਇਸ ਦੀ ਵਰਤੋਂ ਨਹੀਂ ਕਰਾਂਗੇ।
-ਬੀ.ਐਸ. ਸੁਹਾਵੀ
ਮਹਿੰਗਾਈ ਨੇ ਕੱਢੇ ਵੱਟ
ਮਹਿੰਗਾਈ ਬੇਲ਼ਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਹਰੀ ਸਬਜ਼ੀਆਂ 'ਤੇ ਤਾਂ ਹੱਥ ਤੱਕ ਨਹੀਂ ਟਿਕਦਾ। ਟਮਾਟਰ ਦੇ ਭਾਅ 60 ਰੁਪਏ ਕਿਲੋ ਤੱਕ ਹੋ ਚੁੱਕੇ ਹਨ। ਸਿਮਲਾ ਮਿਰਚਾਂ, ਗੋਭੀ, ਆਲੂ, ਪਿਆਜ਼ ਤਕਰੀਬਨ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਜੇਕਰ ਫਲਾਂ ਦੀ ਗੱਲ ਕਰੀਏ ਤਾਂ ਸੇਬ ਬਹੁਤੇ ਮਹਿੰਗੇ ਹਨ। ਚਾਵਲ, ਆਟਾ ਤੇ ਕਰਿਆਨਾ ਸਾਰਾ ਕੁੱਝ ਮਹਿੰਗਾ ਹੋ ਚੁੱਕਿਆ ਹੈ। ਬੰਦਾ ਇੰਨੀ ਮਹਿੰਗਾਈ ਵਿਚ ਦਿਲ ਖੋਲ੍ਹ ਕੇ ਖ਼ਰਚ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਵਿਚ ਰਿਕਾਰਡਤੋੜ ਵਾਧਾ ਹੋਇਆ ਹੈ। ਸਰੋਂ ਦੇ ਤੇਲ, ਰਿਫਾਇੰਡ ਦੀਆਂ ਕੀਮਤਾਂ ਵੀ ਵਧ ਹਨ। ਹਾਲਾਂਕਿ ਕੇਂਦਰ ਸਰਕਾਰ ਤਾਂ ਹਰ ਵਾਰ ਦਾਅਵਾ ਕਰਦੀ ਹੈ ਕਿ ਮਹਿੰਗਾਈ ਕੰਟਰੋਲ ਵਿਚ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਪਰਿਵਾਰ ਵਿਚ ਕਮਾਉਣ ਵਾਲਾ ਇਕ ਬੰਦਾ ਤੇ ਖਾਣ ਵਾਲੇ ਪੰਜ ਹੋਣ ਤਾਂ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਣਗੇ। ਰੱਬ ਨਾ ਕਰੇ ਜੇ ਕੋਈ ਬਿਮਾਰੀ ਆ ਜਾਵੇ ਤਾਂ ਇਲਾਜ ਵੀ ਕਰਵਾਉਣਾ ਹੈ। ਘਰ ਬਣਾਉਣ ਲਈ ਬਜਰੀ, ਰੇਤਾ, ਸੀਮਿੰਟ, ਇੱਟਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹੀਆਂ ਹੋਈਆਂ ਹਨ। ਖ਼ਰਚਾ ਕਰਨ ਤੋਂ ਪਹਿਲਾਂ ਬੰਦਾ ਸੌ ਵਾਰ ਸੋਚਦਾ ਹੈ। ਰੋਟੀ ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਸਰਕਾਰ ਨੂੰ ਮਹਿੰਗਾਈ ਨੂੰ ਰੋਕਣ ਲਈ ਠੋਸ ਨੀਤੀ ਘੜਨੀ ਚਾਹੀਦੀ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਬੰਦੀ ਸਿੰਘ ਰਿਹਾਅ ਹੋਣ
12 ਸਤੰਬਰ ਦਾ ਸੰਪਾਦਕੀ 'ਅਪ੍ਰੌੜ੍ਹ ਆਗੂ' ਦੇਸ਼ ਦੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਅਮਰੀਕਾ 'ਚ ਸਿੱਖਾਂ ਪ੍ਰਤੀ ਦਿੱਤੇ ਗਏ ਕਥਿਤ ਬਿਆਨ ਨੂੰ ਪੜਚੋਲਦਿਆਂ ਉਸ ਵਲੋਂ ਸਿੱਖਾਂ ਪ੍ਰਤੀ ਦਿੱਤੇ ਬਿਆਨ ਨੂੰ ਬਚਕਾਨਾ ਤੇ ਗ਼ੈਰ-ਜ਼ਿੰਮੇਵਾਰਨਾ ਕਰਾਰ ਦਿੰਦਾ ਹੈ।
ਉਨ੍ਹਾਂ ਇਸ ਬਿਆਨ ਨੂੰ ਸਹੀ ਨਹੀਂ ਆਖਿਆ ਜਾ ਸਕਦਾ, ਭਾਵੇਂ ਕਿ ਅੰਦਰੋਂ ਉਨ੍ਹਾਂ ਦੀ ਭਾਵਨਾ ਸਿੱਖਾਂ ਪ੍ਰਤੀ ਸਹੀ ਹੀ ਕਿਉਂ ਨਾ ਹੋਵੇ ਕਿਉਂਕਿ 1984 ਦੇ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਨੂੰ ਉਨ੍ਹਾਂ ਦੇ ਪਿਤਾ ਸਵਰਗੀ ਰਾਜੀਵ ਗਾਂਧੀ ਨੇ ਸਹੀ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਦੀ ਦਾਦੀ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰ ਕੇ ਸਿੱਖਾਂ ਦੇ ਦਿਲਾਂ 'ਤੇ ਡੂੰਘੀ ਸੱਟ ਹੀ ਨਹੀਂ ਮਾਰੀ ਸਗੋਂ ਸਿੱਖਾਂ ਨਾਲ ਦੁਸ਼ਮਣ ਦੇਸ਼ ਦੀ ਕੌਮ ਵਾਲਾ ਸਲੂਕ ਕਰ ਕੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਸੀ। ਪਰ ਇਸ ਦੇ ਬਾਵਜੂਦ ਭਾਜਪਾ ਅਤੇ ਆਰ.ਐਸ.ਐਸ. ਦੀ ਸਿੱਖਾਂ ਪ੍ਰਤੀ ਸੋਚ ਕਿੰਨੀ ਕੁ ਸਹੀ ਆਖਿਆ ਜਾਵੇ? ਕਿਉਂਕਿ ਭਾਜਪਾ ਦੇ ਰਾਜ 'ਚ ਦੇਸ਼ ਦੇ ਕਈ ਸੂਬਿਆਂ 'ਚ ਘੱਟ ਗਿਣਤੀ ਸਿੱਖ ਭਾਈਚਾਰੇ 'ਚ ਸਹਿਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ ਅਤੇ ਹਵਾਈ ਸਫ਼ਰ ਕਰਨ ਸਮੇਂ ਅਤੇ ਇਮਤਿਹਾਨ ਕੇਂਦਰਾਂ 'ਚ ਸਿੱਖਾਂ ਤੇ ਸਿੱਖ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਧਾਰਮਿਕ ਚਿੰਨ੍ਹ ਕ੍ਰਿਪਾਨ ਤੇ ਕੜਾ ਉਤਾਰ ਕੇ ਅੰਦਰ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ। ਬਹੁਤੀ ਥਾਈਂ ਸਿੱਖਾਂ ਦੀ ਦਸਤਾਰ ਦੇਖ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਟਰੋਲ ਕੀਤਾ ਜਾਂਦਾ ਹੈ। ਪਿਛਲੇ ਸਮੇਂ 'ਚ ਇਕ ਸਿੱਖ ਕ੍ਰਿਕਟ ਖਿਡਾਰੀ ਹੱਥੋਂ ਮੈਚ ਦੌਰਾਨ ਕੈਚ ਛੁੱਟਣ 'ਤੇ ਉਸ ਨੂੰ 'ਖ਼ਾਲਿਸਤਾਨੀ' ਆਖ ਕੇ ਟਰੋਲ ਕੀਤਾ ਗਿਆ। ਫਿਰ ਭਾਜਪਾ ਰਾਜ 'ਚ ਸਿੱਖਾਂ ਨਾਲ ਹੋ ਰਹੇ ਅਜਿਹੇ ਵਰਤਾਰੇ ਨੂੰ ਕੀ ਆਖਿਆ ਜਾਵੇ?
ਫੇਰ ਭਾਰਤ ਨੂੰ ਆਜ਼ਾਦ ਹੋਇਆਂ 77 ਸਾਲ ਬੀਤ ਜਾਣ ਦੇ ਬਾਵਜੂਦ ਸੰਵਿਧਾਨ ਦੀ ਧਾਰਾ 25 ਤਹਿਤ ਅਜੇ ਵੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਹੀ ਮੰਨਿਆ ਜਾ ਰਿਹਾ ਹੈ ਜਦੋਂ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਦੇਸ਼ ਦੀ ਜੰਗੇ ਆਜ਼ਾਦੀ 'ਚ ਸਿੱਖਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹਨ। ਪਰ ਫਿਰ ਵੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਆਖਿਆ ਸੀ। ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਉਤਾਰਨ ਲਈ ਮਜਬੂਰ ਕਰਨ ਵਾਲਿਆਂ ਦੇ ਖ਼ਿਲਾਫ਼ ਕਰੜੀ ਕਾਰਵਾਈ ਕਰੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਜੇਲ੍ਹਾਂ 'ਚੋਂ ਰਿਹਾਅ ਕਰੇ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)
ਇਕ ਦੇਸ਼ ਇਕ ਚੋਣ
20 ਸਤੰਬਰ ਦੇ ਅੰਕ ਦੀ ਸੰਪਾਦਕੀ 'ਇਕ ਦੇਸ਼ ਇਕ ਚੋਣ' ਪੜ੍ਹਿਆ ਕਿ ਸਾਡੇ ਦੇਸ਼ ਵਿਚ ਔਸਤਨ ਹਰ 5 ਮਹੀਨੇ ਬਾਅਦ ਇਕ ਵਿਧਾਨ ਸਭਾ ਜਾਂ ਲੋਕਲ ਚੋਣਾਂ ਹੁੰਦੀ ਰਹਿੰਦੀ ਹੈ। 2019 ਵਿਚ ਹੋਏ ਲੋਕ ਸਭਾ ਚੋਣਾਂ ਵਿਚ 55 ਤੋਂ 60 ਹਜ਼ਾਰ ਕਰੋੜ ਖ਼ਰਚ ਹੋਏ, ਦੁਨੀਆ ਦੇ ਸਭ ਤੋਂ ਮਹਿੰਗੀਆਂ ਚੋਣਾਂ ਸਾਬਤ ਹੋਈ। ਬਹੁਤ ਸਾਰੇ ਦੇਸ਼ਾਂ ਬੈਲਜ਼ੀਅਮ, ਸਵੀਡਨ, ਜਰਮਨੀ, ਸਾਊਤ ਅਫ਼ਰੀਕਾ ਵਿਚ ਇਹ ਵਿਵਸਥਾ ਪਹਿਲਾਂ ਹੀ ਲਾਗੂ ਹੈ। ਨਿਸਚਿਤ ਹੀ ਇਹ ਵਿਵਸਥਾ ਸਾਡੇ ਦੇਸ਼ ਵਿਚ ਲਾਗੂ ਹੋਣ ਨਾਲ ਅਨੇਕਾਂ ਪੱਖਾਂ ਤੋਂ ਫ਼ਾਇਦਾ ਹੋਵੇਗਾ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੀ ਆਰਥਿਕਤਾ ਨੂੰ ਸਥਿਰ ਰੱਖਣ ਲਈ ਸਰਕਾਰ ਦਾ ਇਹ ਕਦਮ ਮਹਾਨ ਅਤੇ ਕ੍ਰਾਂਤੀਕਾਰੀ ਸਾਬਤ ਹੋਵੇਗਾ। ਵਾਰ-ਵਾਰ ਚੋਣਾਂ ਹੋਣ ਨਾਲ ਦੇਸ਼ ਵਿਚ ਕਿਤੇ ਨਾ ਕਿਤੇ ਚੋਣ ਜ਼ਾਬਤਾ ਲੱਗਿਆ ਹੀ ਰਹਿੰਦਾ ਹੈ। ਸਰਕਾਰ ਦੇ ਸਰੋਤਾਂ ਤੇ ਸਮੇਂ ਦੀ ਬੱਚਤ ਹੋਵੇਗੀ। ਚੋਣਾਂ ਸਮੇਂ ਕਾਨੂੰਨ ਵਿਵਸਥਾ ਨੂੰ ਕਾਇਮ ਕਰਨਾ ਆਸਾਨ ਹੋਵੇਗਾ। ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵਾਰ-ਵਾਰ ਡਿਊਟੀ ਨਹੀਂ ਦੇਣੀ ਪਵੇਗੀ। ਸਕੂਲਾਂ ਤੇ ਸਿੱਖਿਆ ਸੰਸਥਾਵਾਂ ਵਿਚ ਬੱਚਿਆਂ ਦੀ ਪੜ੍ਹਾਈ ਵਾਰ-ਵਾਰ ਪ੍ਰਭਾਵਿਤ ਨਹੀਂ ਹੋਵੇਗੀ। ਸਭ ਰਾਜਸੀ ਪਾਰਟੀਆਂ ਨੂੰ ਦੇਸ਼ ਹਿੱਤ ਵਿਚ ਇਸ ਮੁੱਦੇ 'ਤੇ ਸੱਤਾਧਾਰੀ ਧਿਰ ਦਾ ਸਾਥ ਦੇਣਾ ਚਾਹੀਦਾ ਹੈ।
-ਚਰਨਜੀਤ ਸਿੰਘ,
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ
ਪੰਜਾਬ ਸਰਕਾਰ ਨੇ ਆਪਣੇ ਪਿਛਲੇ ਬਜਟ ਵਿਚ ਵੱਖਰੀਆਂ-ਵੱਖਰੀਆਂ ਮੱਦਾਂ ਉੱਪਰ ਪੈਸੇ ਖਰਚਾ ਕਰਨ ਦੀ ਗੱਲ ਕੀਤੀ ਸੀ ਪਰ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਆਮਦਨ ਦੇ ਸੋਮੇ ਕਿੱਥੋਂ ਪੈਦਾ ਕਰਨੇ ਹਨ। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੋਈ ਹੈ। ਪਹਿਲਾ ਅੱਤਵਾਦ, ਕਾਮਰੇਡਾਂ ਤੇ ਹੁਣ ਗੈਂਗਸਟਰਾਂ ਦੇ ਭਜਾਏ ਸ਼ਾਹੂਕਾਰ ਪੰਜਾਬ ਵਿਚ ਕਾਰਖਾਨੇ ਲਗਾਉਣ ਨੂੰ ਤਿਆਰ ਨਹੀਂ ਹਨ। ਨੌਜਵਾਨ ਵਰਗ ਬੇਰੁਜ਼ਗਾਰੀ ਦੇ ਆਲਮ ਵਿਚ ਬਾਹਰ ਜਾ ਰਿਹਾ ਹੈ। ਪਹਿਲਾਂ ਬਾਹਰੋਂ ਪੈਸਾ ਆਉਂਦਾ ਸੀ। ਉਲਟਾ ਹੁਣ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਮੁਲਾਜ਼ਮ ਵਰਗ ਦਾ ਜੋ ਬਕਾਇਆ ਬਣਦਾ ਹੈ, ਸਰਕਾਰ ਆਮਦਨ ਦੇ ਵਸੀਲੇ ਨਾ ਹੋਣ ਕਾਰਨ ਦੇਣ ਤੋਂ ਅਸਮਰੱਥ ਹੈ। ਮੁਫ਼ਤ ਰਿਊੜੀਆਂ ਵੰਡ ਲੋਕਾਂ ਨੂੰ ਨਕਾਰਾ ਬਣਾਇਆ ਜਾ ਰਿਹਾ ਹੈ। ਸਰਕਾਰੀ ਨੌਕਰੀ ਕਰ ਚੰਗੀਆਂ ਤਨਖਾਹਾਂ ਲੈ ਰਹੀਆਂ ਔਰਤਾਂ ਵੀ ਰੋਜ਼ਾਨਾ ਬਸ ਵਿਚ ਮੁਫ਼ਤ ਸਫਰ ਕਰਦੀਆਂ ਹਨ। ਇਹੀ ਹਾਲ ਬਿਜਲੀ ਮਹਿਕਮੇ ਦਾ ਹੈ। ਮੁਫ਼ਤ ਬਿਜਲੀ ਦੇਣ ਦੀ ਜਗ੍ਹਾ ਸਸਤੀ ਬਿਜਲੀ ਦੇ ਹਰ ਵਰਗ ਕੋਲ ਬਿੱਲ ਲੈ ਸਰਕਾਰ ਦਾ ਖਜ਼ਾਨਾ ਭਰਿਆ ਜਾਵੇ, ਕਰਜ਼ਾ ਲੈਣ ਦੀ ਬਜਾਏ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਨਵੇਂ ਵਿਦਿਆਰਥੀਆਂ ਦੇ ਸੁਪਨੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ 'ਤੇ ਪਿਛਲੇ 55 ਦਿਨ ਤੋਂ ਧਰਨਾ ਦੇ ਰਹੇ ਗੈਸਟ ਪ੍ਰੋਫ਼ੈਸਰਾਂ (ਕਾਂਸੀਚੂਐਂਟ ਅਤੇ ਨੇਬਰਹੁੱਡ ਕੈਂਪਸ) ਨਾਲ ਪੰਜਾਬੀ ਯੂਨੀਵਰਸਿਟੀ ਦਾ ਰਵੱਈਆ ਬਹੁਤ ਗ਼ੈਰ-ਸੰਵਿਧਾਨਿਕ ਹੈ। ਪੰਜਾਬੀ ਯੂਨੀਵਰਸਿਟੀ ਦੀ ਅਥਾਰਟੀ ਦੋ ਵਾਰ ਹਾਈ ਕੋਰਟ ਤੋਂ ਫਿਟਕਾਰ ਵੀ ਖਾ ਚੁੱਕੀ ਹੈ, ਫਿਰ ਵੀ ਉਹ ਇਨ੍ਹਾਂ ਪ੍ਰੋਫ਼ੈਸਰਾਂ ਪ੍ਰੋਫ਼ੈਸਰਾਂ ਨੂੰ ਬਣਦੇ ਹੱਕ ਨਹੀਂ ਦੇ ਰਹੀ। ਪੰਜਾਬ ਦੀ ਤ੍ਰਾਸਦੀ ਹੈ ਕਿ ਪੀ.ਐਚ.ਡੀ. ਕਰ ਚੁੱਕੇ ਅਤੇ ਨੈੱਟ ਪਾਸ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਸੜਕਾਂ 'ਤੇ ਰੁਲ ਰਹੇ ਹਨ। ਪਿਛਲੇ 10 ਸਾਲ ਤੋਂ ਕੰਮ ਕਰਦੇ ਇਨ੍ਹਾਂ ਪ੍ਰੋਫ਼ੈਸਰਾਂ ਨੂੰ ਇੰਨਾ ਸਮਾਂ ਕੰਮ ਕਰਨ ਤੋਂ ਬਾਅਦ ਵੀ ਆਪਣੀਆਂ ਨੌਕਰੀਆਂ ਲਈ ਲੜਨਾ ਪੈ ਰਿਹਾ ਹੈ। ਇਨ੍ਹਾਂ ਵਿਚੋਂ ਕਈ ਪ੍ਰੋਫ਼ੈਸਰ ਓਵਰਏਜ ਹੋ ਚੁੱਕੇ ਹਨ। ਜਦੋਂ ਪੰਜਾਬ ਵਿਚ ਪਿਛਲੇ 25 ਸਾਲਾਂ ਤੋਂ ਸਰਕਾਰੀ ਕਾਲਜ 'ਚ ਕੋਈ ਭਰਤੀ ਨਹੀਂ ਆਈ ਤਾਂ ਜਿਨ੍ਹਾਂ ਦੀ ਉਮਰ ਹੁਣ ਕਿਸੇ ਵੀ ਭਰਤੀ ਯੋਗ ਨਹੀਂ ਰਹੀ, ਉਹ ਕਿੱਥੇ ਜਾਣ? ਯੂ.ਜੀ.ਸੀ. ਦੇ ਅਨੁਸਾਰ ਇਨ੍ਹਾਂ ਪ੍ਰੋਫ਼ੈਸਰਾ ਦੀ ਤਨਖ਼ਾਹ 57 ਹਜ਼ਾਰ ਬੇਸਿਕ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੇ ਨੈਸ਼ਨਲ ਲੈਵਲ ਦਾ ਪੇਪਰ ਨੈੱਟ ਪਾਸ ਕੀਤਾ ਹੈ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹਾਂ ਨੂੰ ਚਾਰ ਮਹੀਨੇ ਸਿਰਫ਼ 20 ਹਜ਼ਾਰ ਅਤੇ ਅੱਠ ਮਹੀਨੇ 35 ਹਜ਼ਾਰ ਤਨਖ਼ਾਹ ਦੇ ਰਹੀ ਹੈ, ਕੀ ਇਹ ਇਕ ਤਰ੍ਹਾਂ ਦੀ ਕਿਰਤ ਦੀ ਲੁੱਟ ਨਹੀਂ ਹੈ? ਸਾਨੂੰ ਸੋਚਣਾ ਪਵੇਗਾ ਕਿ ਕੀ ਪੰਜਾਬ ਦੇ ਜੰਮੇ ਮੁੰਡੇ-ਕੁੜੀਆਂ ਪੰਜਾਬ ਵਿਚ ਪ੍ਰੋਫ਼ੈਸਰ ਬਣਨ ਦਾ ਸੁਪਨਾ ਨਹੀਂ ਲੈ ਸਕਦੇ? ਜਦੋਂ ਪੰਜਾਬ ਦੀ ਸਰਬ ਉੱਚ ਵਿੱਦਿਆ ਪ੍ਰਾਪਤ ਲੋਕ ਹੀ ਸੜਕਾਂ 'ਤੇ ਰੁਲ ਰਹੇ ਹਨ ਤਾਂ ਨਵੇਂ ਵਿਦਿਆਰਥੀ ਕੀ ਸਿੱਖਿਆ ਲੈਣਗੇ? ਕੀ ਪੰਜਾਬ ਸਰਕਾਰ ਇਸੇ ਸਿੱਖਿਆ ਮਾਡਲ ਦੀ ਗੱਲ ਕਰਦੀ ਹੈ? ਇਨ੍ਹਾਂ ਸਵਾਲਾਂ ਬਾਰੇ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ।
-ਗੁਰਵਿੰਦਰ
ਨਹੀਂ ਰੁਕ ਰਿਹਾ ਰਿਸ਼ਵਤ ਦਾ ਸਿਲਸਿਲਾ
ਭ੍ਰਿਸ਼ਟਾਚਾਰ ਸਿਖ਼ਰਾਂ 'ਤੇ ਹੈ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਾਉਣ ਲਈ ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਵਿਭਾਗ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾ ਰਿਹਾ ਹੈ। ਆਪ ਸਰਕਾਰ ਨੇ ਤਾਂ ਆਪਣੇ ਮੰਤਰੀ ਤੱਕ ਨਹੀਂ ਛੱਡੇ, ਫਿਰ ਮੁਲਾਜ਼ਮਾਂ 'ਤੇ ਕਾਰਵਾਈ ਕਿਉਂ ਨਾ ਹੋਵੇ। ਪਿੱਛੇ ਜਿਹੇ ਪੰਜਾਬ ਪੁਲਿਸ ਦਾ ਇਕ ਇੰਸਪੈਕਟਰ ਰਿਸ਼ਵਤ ਲੈਂਦੇ ਫੜਿਆ ਗਿਆ। ਦੋ ਕੁ ਦਿਨ ਪਹਿਲਾਂ ਇਕ ਤਹਿਸੀਲਦਾਰ 'ਤੇ 50,000 ਰਿਸ਼ਵਤ ਲੈਣ ਦੇ ਜੁਰਮ ਵਿਚ ਵਿਜੀਲੈਂਸ ਵਿਭਾਗ ਨੇ ਬਣਦੀ ਕਾਰਵਾਈ ਕੀਤੀ। ਹਾਲ ਹੀ ਵਿਚ 5000 ਰਿਸ਼ਵਤ ਲੈਂਦਾ ਗ੍ਰਾਮੀਣ ਰੁਜ਼ਗਾਰ ਸੇਵਕ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਮਨਰੇਗਾ ਵਿਚ ਕਿਸੇ ਨੂੰ ਦਿਹਾੜੀ 'ਤੇ ਰੱਖਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਇਨ੍ਹਾਂ ਲੋਕਾਂ ਨੂੰ ਆਪਣੀ ਨੌਕਰੀ ਦੀ ਅਹਿਮੀਅਤ ਕਿਉਂ ਨਹੀਂ ਪਤਾ? ਜਿਨ੍ਹਾਂ ਲੋਕਾਂ ਕੋਲ ਅੱਜ ਸਰਕਾਰੀ ਨੌਕਰੀ ਨਹੀਂ ਹੈ, ਉਨ੍ਹਾਂ ਨੂੰ ਪੁੱਛ ਕੇ ਦੇਖੋ। ਪਟਵਾਰੀਆਂ ਦੀ ਤਾਂ ਗੱਲ ਹੀ ਛੱਡ ਦਿਉ। 5 ਲੱਖ ਰਿਸ਼ਵਤ ਲੈਣ ਵਾਲਾ ਪਟਵਾਰੀ ਪੁਲਿਸ ਵਲੋਂ ਫੜਿਆ ਗਿਆ ਹੈ। ਇਸ ਪਟਵਾਰੀ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਗੈਰ-ਕਾਨੂੰਨੀ ਇੰਤਕਾਲ ਕਰ ਦਿੱਤਾ। ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਸੀ। 80,000 ਤਨਖ਼ਾਹ ਲੈਣ ਵਾਲਾ ਮੁਲਾਜ਼ਮ 400 ਰੁਪਏ ਦਿਹਾੜੀ ਲੈਣ ਵਾਲੇ ਤੋਂ ਰਿਸ਼ਵਤ ਲੈ ਰਿਹਾ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਸਿਆਸਤਦਾਨਾਂ 'ਚ ਹਲਚਲ
ਪਿਛਲੇ ਦਿਨੀਂ 'ਅਜੀਤ' (22 ਸਤੰਬਰ) ਦੇ ਅੰਕ ਵਿਚ ਸਤਨਾਮ ਸਿੰਘ ਮਾਣਕ ਹੋਰਾਂ ਵਲੋਂ ਲਿਖਿਆ ਲੇਖ 'ਦੇਸ਼ ਵਿਚ ਕਿੰਨੀਆਂ ਕੁ ਸੁਰੱਖਿਅਤ ਹਨ ਘੱਟ ਗਿਣਤੀਆਂ' ਨੇ ਆਮ ਲੋਕਾਂ ਤੋਂ ਲੈ ਕੇ ਸਿਆਸਤ ਦੇ ਉਨ੍ਹਾਂ ਘਾਗ ਸਿਆਸਤਦਾਨਾਂ 'ਚ ਹਲਚਲ ਪੈਦਾ ਕੀਤੀ ਹੈ, ਜੋ ਆਪਣੇ-ਆਪ ਨੂੰ ਦੇਸ਼ ਦੇ ਵੱਡੇ ਵਫਾਦਾਰ ਹੋਣ ਦਾ ਭਰਮ ਪਾਲ ਕੇ ਕੋਝੇ ਹੱਥ-ਕੰਡੇ ਵਰਤਦੇ ਦਿਖਾਈ ਦਿੰਦੇ ਹਨ। ਮੈਂ ਮਾਣਕ ਹੋਰਾਂ ਦੇ ਇਸ ਲੇਖ ਨੂੰ ਬੜੀ ਨੀਝ ਨਾਲ ਪੜ੍ਹਿਆ ਅਤੇ ਸਹਿਜੇ ਹੀ ਅੰਦਾਜ਼ਾ ਲਗਾਇਆ ਕਿ ਭਾਰਤ 'ਚ ਜੋ ਸਿੱਖਾਂ, ਮੁਸਲਿਮ ਸਮਾਜ ਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਨਾਲ ਵਖਰੇਵਾਂ ਭਾਜਪਾ ਦੀ ਅਖੌਤੀ ਸਰਕਾਰ ਵਲੋਂ ਕੀਤਾ ਜਾ ਰਿਹੈ, ਉਹ ਨਾ-ਕਾਬਲੇ ਬਰਦਾਸ਼ਤ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਦੀ ਸੋਚ ਨੂੰ ਜਿਵੇਂ ਇਸ ਲੇਖ ਰਾਹੀਂ ਬਿਆਨ ਕੀਤਾ ਗਿਆ ਹੈ, ਵੀ ਕਾਬਲੇ ਤਾਰੀਫ਼ ਹੈ। ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਸੁਝਾਅ ਵੀ ਇਸ ਲੇਖ ਦਾ ਖ਼ਾਸ ਪੱਖ ਪ੍ਰਗਟਾਉਂਦਾ ਹੈ। ਆਖਿਰ ਵਿਚ ਜੇਕਰ ਭਾਜਪਾ ਨੇ ਫਿਰਕੂ ਕਤਾਰਬੰਦੀ ਨਾ ਛੱਡੀ ਤਾਂ ਭਾਰਤ ਖਾਨਾਜੰਗੀ ਵੱਲ ਵਧ ਕੇ ਪਾਕਿਸਤਾਨ ਦੀ ਤਰ੍ਹਾਂ ਸੰਕਟਾਂ ਵਿਚ ਘਿਰ ਜਾਵੇਗਾ। ਭਾਜਪਾ ਨੂੰ ਆਪਣੀ ਕਹਿਣੀ ਅਤੇ ਕਰਨੀ 'ਚ ਬਦਲਾਓ ਕਰਨ ਦੀ ਫੌਰੀ ਲੋੜ ਹੈ।
-ਮੇਹਰ ਮਲਿਕ
ਸਰਕਾਰ ਸੋਚੇ
10 ਸਤੰਬਰ ਦੇ 'ਅਜੀਤ' ਦੇ 8ਵੇਂ ਪੰਨ੍ਹੇ 'ਤੇ ਛਪੀ ਖਬਰ 'ਕੇਂਦਰ ਤੋਂ 10 ਹਜ਼ਾਰ ਕਰੋੜ ਦੇ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਮਗਰੋਂ ਘਿਰੀ 'ਆਪ ਸਰਕਾਰ' ਨੂੰ ਪੜ੍ਹਨ ਅਤੇ ਵਾਚਣ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਡਾਵਾਂਡੋਲ ਹੋਈ ਆਰਥਿਕ ਹਾਲਤ ਸਪੱਸ਼ਟ ਝਲਕ ਰਹੀ ਹੈ। ਪੰਜਾਬ ਨੂੰ ਕਰਜ਼ਾ ਮੁਕਤ ਕਰਨ, ਖਜ਼ਾਨਾ ਨੱਕੋ ਨੱਕ ਭਰਨ, ਰੰਗਲਾ ਪੰਜਾਬ ਬਣਾਉਣ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਢੇਰ ਸਾਰੇ ਵਾਅਦਿਆਂ ਸਮੇਤ ਹੋਰ ਸਬਜ਼ਬਾਗ਼ ਦਿਖਾ ਕੇ ਸੱਤਾ 'ਚ ਆਏ ਪੰਜਾਬ ਦੀ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਰ ਹੁਣ ਕੇਂਦਰ ਸਰਕਾਰ ਤੋਂ 10 ਹਜ਼ਾਰ ਕਰੋੜ ਦੇ ਕਰਜ਼ੇ ਦੀ ਹੱਦ ਵਧਾਉਣ ਲਈ ਤਰਲੇ-ਮਿੰਨਤਾਂ ਕਰਨ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ ਹੈ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਧੂਰੀ।
ਹਥਿਆਰਾਂ ਦਾ ਵਧਦਾ ਰੁਝਾਨ
ਇਕ ਸਰਵੇ ਤੋਂ ਬਾਅਦ ਜਾਰੀ ਹੋਈ ਰਿਪੋਰਟ ਨੇ ਪੰਜਾਬ ਵਿਚ ਵਧ ਰਹੇ ਹਥਿਆਰਾਂ ਨੂੰ ਰੋਕਣ ਲਈ ਬੁੱਧੀਜੀਵੀਆਂ ਨੂੰ ਚਿੰਤਾ ਦੇ ਨਾਲ-ਨਾਲ ਚਿੰਤਨ ਕਰਨ ਲਈ ਵੀ ਮਜਬੂਰ ਕਰ ਦਿੱਤਾ ਹੈ। ਪੰਜਾਬ ਜੋ ਇਕ ਸਰਹੱਦੀ ਸੂਬਾ ਹੈ, ਇਥੇ ਕਰੀਬ 3,80,000 ਲਾਇਸੈਂਸੀ ਹਥਿਆਰ ਹਨ। ਬਠਿੰਡੇ ਵਿਚ 27000, ਮੋਗਾ 'ਚ 26000 ਅਤੇ ਤੀਜੇ ਨੰਬਰ 'ਤੇ ਪਟਿਆਲਾ ਜ਼ਿਲ੍ਹਾ ਆਉਂਦਾ ਹੈ। ਹਥਿਆਰ ਅਮਨ ਨਹੀਂ, ਜੰਗ ਦਾ ਸੁਨੇਹਾ ਦਿੰਦੇ ਹਨ। ਇਹ ਕਿਸੇ ਮਸਲੇ ਦਾ ਹੱਲ ਨਹੀਂ ਲੱਭਦੇ, ਇਹ ਤਾਂ ਖ਼ੁਦ ਇਕ ਮਸਲਾ ਹਨ। ਹਥਿਆਰਾਂ ਦੇ ਸ਼ੌਕ ਨੇ ਸਾਨੂੰ ਸਾਡੀ ਸੱਭਿਅਤਾ ਅਤੇ ਇਤਿਹਾਸ ਤੋਂ ਦੂਰ ਕਰ ਕੇ ਹਥਿਆਰ ਕਲਚਰ ਵੱਲ ਧੱਕ ਦਿੱਤਾ ਹੈ। ਹਥਿਆਰ ਚਲਾਉਣਾ ਮਜਬੂਰੀ ਹੋ ਸਕਦੀ ਹੈ ਪਰੰਤੂ ਇਸ ਦਾ ਸ਼ੌਕ ਜ਼ਿੰਦਗੀ ਤਬਾਹ ਵੀ ਕਰ ਸਕਦਾ ਹੈ। ਹਥਿਆਰਾਂ ਦੀ ਵਧ ਰਹੀ ਗਿਣਤੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਕੇ ਉਨ੍ਹਾਂ ਨੂੰ ਕੁਰਾਹੇ ਪਾ ਰਹੀ ਹੈ। ਫਿਲਮਾਂ ਅਤੇ ਗਾਣਿਆਂ ਵਿਚ ਬੰਦੂਕਾਂ ਅਤੇ ਹਥਿਆਰਾਂ ਨੂੰ ਨੌਜਵਾਨਾਂ ਦੀ ਸ਼ਾਨ ਵਿਖਾਇਆ ਜਾਂਦਾ ਹੈ। ਹਥਿਆਰ ਜਦੋਂ ਵੀ ਚੱਲਦਾ ਹੈ ਤਾਂ ਦੋ ਪਰਿਵਾਰਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦਾ ਹੈ। ਹਥਿਆਰ ਸਮਾਜ ਵਿਚ ਸ਼ਾਂਤੀ ਨੂੰ ਖੋਰਾ ਲਾਉਂਦੇ ਹੋਏ ਸਹਿਮ ਦਾ ਮਾਹੌਲ ਪੈਦਾ ਕਰ ਕੇ ਆਮ ਆਦਮੀ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਹਥਿਆਰਾਂ ਦੇ ਵਧ ਰਹੇ ਕਲਚਰ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਨੂੰ ਲਾਇਸੰਸ ਜਾਰੀ ਕਰਦੇ ਸਮੇਂ ਵਿਅਕਤੀ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਕੇ ਉਸ ਦੇ ਹਥਿਆਰ ਖਰੀਦਣ ਦੇ ਮੰਤਵ ਬਾਰੇ ਜਾਂਚ ਕਰ ਲੈਣੀ ਚਾਹੀਦੀ ਹੈ। ਅਪਰਾਧੀ ਵਿਅਕਤੀ ਨੂੰ ਜਾਰੀ ਕੀਤਾ ਅਸਲ੍ਹੇ ਦਾ ਲਾਇਸੰਸ ਸਮਾਜ ਵਿਚ ਅਸਥਿਰਤਾ ਪੈਦਾ ਕਰ ਕੇ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ। ਪ੍ਰਸ਼ਾਸਨ ਨੂੰ ਲਾਇਸੰਸ ਤੋਂ ਬਿਨਾਂ ਗੈਰ-ਕਾਨੂੰਨੀ ਤੌਰ 'ਤੇ ਕੀਤੀ ਜਾਂਦੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਸਖ਼ਤ ਤੋਂ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ।
-ਰਜਵਿੰਦਰ ਪਾਲ ਸ਼ਰਮਾ
ਸੂਬਾ ਸਰਕਾਰ ਗੌਰ ਕਰੇ
ਟੈਲੀਵਿਜ਼ਨ 'ਚ ਖ਼ਬਰ ਨਸ਼ਰ ਹੋ ਰਹੀ ਸੀ ਪੰਜਾਬ 'ਚ ਵੱਡਾ ਆਰਥਿਕ ਸੰਕਟ, ਹੋਰ ਕਰਜ਼ਾ ਚੁੱਕਣ ਦੀ ਤਿਆਰੀ ਵਿਚ ਪੰਜਾਬ ਸਰਕਾਰ। ਵਿੱਤੀ ਹਾਲਤ ਸੁਧਾਰਨ ਲਈ ਪੰਜਾਬ ਨੇ ਕੇਂਦਰ ਤੋਂ ਹੋਰ ਮੰਗੀ ਮਦਦ। ਦਸ ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ। ਕਾਬਲੇ ਗੌਰ ਸੀ। ਪੰਜਾਬ ਸਰਕਾਰ ਤੇ ਪਹਿਲਾਂ ਹੀ ਕਰਜ਼ਾ ਚੜ੍ਹਿਆ ਹੋਇਆ ਹੈ। ਪੰਜਾਬ ਪਹਿਲਾਂ ਹੀ ਆਰਥਿਕ ਮੰਦੀ ਵਿਚੋਂ ਗੁਜ਼ਰ ਰਿਹਾ ਹੈ। ਪਹਿਲਾਂ ਹਿੰਦ ਪਾਕਿ ਦੀ ਵੰਡ, ਫਿਰ ਹਿੰਦ ਪਾਕਿ ਲੜਾਈਆਂ।
ਪੰਜਾਬ ਵਿਚ ਅੱਤਵਾਦ ਦਾ ਕਾਲਾ ਦੌਰ, ਕੋਰੋਨਾ ਕਾਲ, ਕਿਸਾਨ ਅੰਦੋਲਨ ਨਾਲ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਹੈ। ਅੱਤਵਾਦ ਦੇ ਕਾਲੇ ਦੌਰ ਤੇ ਕਾਮਰੇਡਾਂ ਦੀਆਂ ਹੜਤਾਲਾਂ ਦੀ ਮਿਹਰਬਾਨੀ ਨਾਲ ਪੰਜਾਬ ਦੇ ਸਨਅਤਕਾਰ ਸਾਰੇ ਕਾਰਖਾਨੇ ਦੂਸਰੇ ਸੂਬਿਆਂ ਵਿਚ ਲੈ ਗਏ ਹਨ। ਕਦੇ ਅੰਮ੍ਰਿਤਸਰ ਬਟਾਲਾ ਰੋਡ ਤੇ ਫੈਕਟਰੀਆਂ ਦੀ ਭਰਮਾਰ ਹੁੰਦੀ ਸੀ। ਕੇਂਦਰ ਸਰਕਾਰ ਵਲੋਂ ਹਮੇਸ਼ਾ ਪੰਜਾਬ ਨਾਲ ਮਾੜਾ ਸਲੂਕ ਕੀਤਾ ਜਾਂਦਾ ਰਿਹਾ ਹੈ। ਪਹਿਲਾਂ ਅਕਾਲੀ ਸਰਕਾਰ ਨੇ ਬਿਜਲੀ ਮੁਫਤ, ਆਟਾ ਦਾਲ ਸਕੀਮ, ਫਿਰ ਕਾਂਗਰਸ ਵਲੋਂ ਬੱਸਾਂ ਵਿਚ ਮੁਫਤ ਸਹੂਲਤਾਂ।
ਹੁਣ ਆਪ ਸਰਕਾਰ ਵਲੋਂ ਲੋਕਾਂ ਨੂੰ ਮੁਫਤ ਸਹੂਲਤਾਂ ਦੇ ਪੰਜਾਬ ਨੂੰ ਨਕਾਰਾ ਤੇ ਕਰਜਾਈ ਬਣਾ ਦਿੱਤਾ ਹੈ। ਸਨਅਤਕਾਰ ਕਾਰਖਾਨੇ ਪੰਜਾਬ ਵਿਚ ਲਾਉਣ ਨੂੰ ਤਿਆਰ ਨਹੀਂ ਜਵਾਨੀ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੀ ਹੈ।
ਜੇ ਇਹੋ ਜਿਹਾ ਹੀ ਹਾਲ ਰਿਹਾ ਤਾਂ ਪੰਜਾਬ ਵਿਚ ਪ੍ਰਵਾਸੀਆਂ ਦਾ ਰਾਜ ਹੋਵੇਗਾ, ਬੁਢਾਪਾ ਰੁਲੇਗਾ। ਵੱਡੇ ਅਫਸਰ ਤੇ ਪੰਜਾਬ ਦੇ ਸਰਕਾਰੀ ਅਦਾਰੇ ਤੇ ਨਿੱਜੀ ਕੰਪਨੀਆਂ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੋਵੇਗਾ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਪੰਜਾਬ ਦੀ ਸਹਿਕਾਰਤਾ ਸਹਿਕ ਰਹੀ
ਸ: ਬਲਬੀਰ ਸਿੰਘ ਰਾਜੇਵਾਲ ਦਾ ਪੰਜਾਬ ਦੀ ਸਹਿਕਾਰੀ ਸਥਿਤੀ ਸੰਬੰਧੀ 10 ਤੇ 11 ਸਤੰਬਰ 2024 ਨੂੰ ਛਪਿਆ ਲੇਖ ਕਿਸੇ ਖਾਮੋਸ਼ੀ ਤੇ ਬੇਹੋਸ਼ੀ ਨੂੰ ਤੋੜਨ ਲਈ ਟੀਕੇ ਲਾਉਂਦਾ ਹੈ ਕਿ ਸਪਿਨਫੈੱਡ ਤੇ ਵੀਵਕੋ ਵਰਗੇ ਅਦਾਰੇ ਡੁੱਬ ਚੁੱਕੇ ਹਨ, ਮਾਰਕਫੈੱਡ ਘਾਟੇ ਵਿਚ ਹੈ ਅਤੇ ਹਾਊਸਫੈੱਡ ਵੀ ਵੈਂਟੀਲੇਟਰ 'ਤੇ ਹੈ। ਪੰਜਾਬ ਦੇ ਸਹਿਕਾਰੀ ਬੈਂਕ ਬੰਦ ਹੋਣ ਦੇ ਕਿਨਾਰੇ ਹਨ। 6 ਸਹਿਕਾਰੀ ਖੰਡ ਮਿੱਲਾਂ ਬੰਦ ਹੋ ਚੁੱਕੀਆਂ ਹਨ ਤੇ ਬਾਕੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਤਿਆਰੀ ਹੈ।
9 ਸਹਿਕਾਰੀ ਮਿਲਕ ਪਲਾਂਟ ਕਰੋੜਾਂ ਰੁਪਏ ਦੇ ਘਾਟੇ ਵਿਚ ਹਨ। ਉਨ੍ਹਾਂ ਰੋਜ਼ਗਾਰ ਦੀਆਂ ਬਿਹਤਰ ਵਿਵਸਥਾਵਾਂ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਸਾਲ 2009-10 ਵਿਚ 6 ਸਹਿਕਾਰੀ ਖੰਡ ਮਿੱਲਾਂ ਵਿਚ ਕਰੋੜਾਂ ਰੁਪਏ ਖ਼ਰਚ ਕੇ ਬਿਜਲੀ ਪੈਦਾ ਕਰਨ ਵਾਲੇ ਜੋ ਕੋ-ਜਨਰੇਸ਼ਨ ਪਲਾਂਟ ਲਗਾਏ ਗਏ ਸਨ, ਉਨ੍ਹਾਂ ਦੀ ਬਦੌਲਤ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ, ਪਰ ਉਨ੍ਹਾਂ 'ਚੋਂ ਇਕ ਵੀ ਨਹੀਂ ਚੱਲਿਆ। ਜਦ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਪਲਾਂਟ ਪੂਰੀ ਸਫ਼ਲਤਾ ਨਾਲ ਚੱਲ ਰਹੇ ਹਨ। ਇਸੇ ਤਰ੍ਹਾਂ ਪੰਜ ਸਹਿਕਾਰੀ ਮਿਲਕ ਪਲਾਂਟਾਂ ਵਿਚ ਲੱਗੇ ਪੰਜੀਰੀ ਪਲਾਂਟ ਮੁਨਾਫਾ ਦੇ ਰਹੇ ਸਨ, ਪਰ ਬੰਦ ਕਰਵਾ ਦਿੱਤੇ ਗਏ।
ਪੰਜਾਬ ਸਰਕਾਰ ਵਲੋਂ ਆਂਗਣਵਾੜੀ ਸੈਂਟਰਾਂ ਦੀ ਪੰਜੀਰੀ ਵਾਸਤੇ ਮਾਰਕਫੈੱਡ ਨੂੰ 240 ਕਰੋੜ ਦਾ ਆਰਡਰ ਹੈ ਪਰ ਮਾਰਕਫੈੱਡ ਵਲੋਂ ਇਹ ਆਰਡਰ ਅਜਿਹੀ ਪ੍ਰਾਈਵੇਟ ਫਰਮ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਵਿਚ ਮਿਲਕਫੈੱਡ ਦੇ ਅਧਿਕਾਰੀ ਰਿਟਾਇਰ ਹੋਣ ਤੋਂ ਬਾਅਦ ਨੌਕਰੀ ਕਰਦੇ ਹਨ। ਇਹੀ ਆਰਡਰ ਸਹਿਕਾਰੀ ਮਿਲਕ ਪਲਾਂਟਾਂ ਨੂੰ ਦਿੱਤਾ ਜਾਂਦਾ ਤਾਂ ਪੰਜੀਰੀ ਲਈ ਵੇਰਕਾ ਦਾ 800 ਟਨ ਦੇਸੀ ਘਿਉ ਵਰਤੋਂ ਵਿਚ ਆਉਣਾ ਸੀ, ਪਲਾਂਟਾਂ ਨੂੰ 40 ਕਰੋੜ ਦਾ ਮੁਨਾਫਾ ਹੁੰਦਾ।
-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।
ਰੇਲ ਹਾਦਸਿਆਂ ਦੀ ਸਾਜਿਸ਼
ਅੱਜ-ਕੱਲ੍ਹ ਨਿਊਜ਼ ਚੈਨਲਾਂ 'ਤੇ ਇਹ ਖ਼ਬਰ ਲਗਭਗ ਹਰ ਰੋਜ਼ ਨਸ਼ਰ ਹੋ ਰਹੀ ਹੈ ਕਿ ਰੇਲਵੇ ਲਾਈਨਾਂ 'ਤੇ ਕਿਸੇ ਨੇ ਸਿਲੰਡਰ ਰੱਖ ਦਿੱਤਾ, ਕਦੇ ਕੋਈ ਵੱਡਾ ਪੱਥਰ ਰੱਖ ਜਾਂਦਾ ਹੈ ਜਾਂ ਰੇਲਵੇ ਲਾਈਨ 'ਤੇ ਕੋਈ ਲਾਈਨ ਨੂੰ ਹੀ ਪੁੱਟ ਜਾਂਦਾ ਹੈ ਅਤੇ ਕਈ ਵਾਰ ਲਾਈਨਾਂ 'ਤੇ ਵੱਡੇ ਲੋਹੇ ਦੀ ਛੜੀ ਰੱਖ ਜਾਂਦਾ ਹੈ, ਹੋਰ ਤਾਂ ਹੋਰ ਇਕ ਜਗ੍ਹਾ 'ਤੇ ਤਾਂ ਬਕਾਇਦਾ ਟ੍ਰੇਨ ਉਡਾਉਣ ਦੀ ਸਾਜਿਸ਼ ਵੀ ਨਾਕਾਮ ਕੀਤੀ ਗਈ ਹੈ। ਇਹ ਸਾਰਾ ਕੁਝ ਜਾਣ-ਬੁੱਝ ਕੇ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਲਈ ਕੀਤਾ ਜਾ ਰਿਹਾ ਹੈ। ਟ੍ਰੇਨ ਵਿਚ ਸਫ਼ਰ ਕਰਨਾ ਹਰ ਕੋਈ ਸੁਰੱਖਿਅਤ ਸਮਝਦਾ ਹੈ ਪਰ ਦਿਨੋ-ਦਿਨ ਵਧ ਰਹੀਆਂ ਇਹੋ ਜਿਹੀਆਂ ਘਟਨਾਵਾਂ ਕਿਸੇ ਵੱਡੀ ਅਨਹੋਣੀ ਨੂੰ ਸੱਦਾ ਦੇ ਰਹੀਆਂ ਹਨ।
ਰੇਲਵੇ ਅਧਿਕਾਰੀਆਂ, ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਸਾਜਿਸ਼ ਨੂੰ ਨਾਕਾਮ ਕਰਨ ਦੇ ਨਾਲ-ਨਾਲ ਉਜਾਗਰ ਵੀ ਕਰਨਾ ਚਾਹੀਦਾ ਹੈ ਕਿ ਇਹ ਕਿਸ ਵਿਅਕਤੀ ਦੀ ਸਾਜਿਸ਼ ਹੈ ਅਤੇ ਇਸ ਸਾਜਿਸ਼ ਦਾ ਜੇਕਰ ਕੋਈ ਜ਼ਿੰਮੇਵਾਰ ਸਾਹਮਣੇ ਆਉਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ ਮਾਲ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
-ਅਸ਼ੀਸ਼ ਸ਼ਰਮਾ
ਜਲੰਧਰ
ਅਪਰਾਧ ਬਨਾਮ ਪੁਲਿਸ ਸੁਧਾਰ
ਅੰਮ੍ਰਿਤਸਰ ਦੇ ਜ਼ਿਆਦਾਤਰ ਥਾਣਿਆਂ ਦੀਆਂ ਨਾਂ ਹੀ ਬਿਲਡਿੰਗਾਂ ਹਨ, ਪੁਲਿਸ ਦੀ ਰਿਹਾਇਸ਼ ਤੇ ਬਾਥਰੂਮਾਂ ਦਾ ਕੋਈ ਸਮਾਧਾਨ ਨਹੀਂ ਹੈ। ਜਿਸ ਵਿਚ ਥਾਣਾ ਵੇਰਕਾ, ਵੱਲਾ, ਸਦਰ, ਸਿਵਲ ਲਾਈਨ, ਮੋਹਕਮਪੁਰਾ, ਮਜੀਠਾ ਰੋਡ, ਗੇਟ ਹਕੀਮਾਂ, ਕੋਟ ਖਾਲਸਾ, ਰਣਜੀਤ ਐਵਨਿਊ ਆਦਿ ਮੌਜੂਦ ਹਨ। ਮੁੱਖ ਅਫ਼ਸਰ ਥਾਣਾ ਤੋਂ ਇਲਾਵਾ ਕੋਈ ਹੋਰ ਸਰਕਾਰੀ ਗੱਡੀ ਥਾਣੇ 'ਤੇ ਚੌਂਕੀ ਵਿਚ ਮੌਜੂਦ ਨਹੀਂ ਹੈ। ਜਦੋਂ 5-6 ਦੋਸ਼ੀਆਂ ਨੂੰ ਪੇਸ਼ ਕਰਨਾ ਹੁੰਦਾ ਹੈ। ਪ੍ਰਾਈਵੇਟ ਵਹੀਕਲ ਦਾ ਇੰਤਜ਼ਾਮ ਕਰ ਕੇ ਪੇਸ਼ ਕਰਨੇ ਪੈਂਦੇ ਹਨ। ਇਸ ਨਾਲ ਦੋਸ਼ੀਆਂ ਦੇ ਭੱਜਣ ਦਾ ਖ਼ਤਰਾ ਵੀ ਰਹਿੰਦਾ ਹੈ। ਵੀ.ਆਈ.ਪੀ. ਰੂਟ 8-10 ਘੰਟੇ ਪਹਿਲਾਂ ਲਗਾ ਦਿੱਤਾ ਜਾਂਦਾ ਹੈ, ਜਦੋਂ ਕਿ ਵੀ.ਆਈ.ਪੀ. ਅਜੇ ਘਰ ਵਿਚ ਹੀ ਨਹਾ ਰਿਹਾ ਹੁੰਦਾ ਹੈ। ਨਸ਼ਿਆਂ 'ਤੇ ਕੰਟਰੋਲ ਕਰਨ ਲਈ ਰੈਗੂਲਰ ਪੜ੍ਹੇ ਲਿਖੇ ਤਜਰਬੇਕਾਰ ਇੰਟਰ, ਅੱਪਰ ਕੋਰਸ ਪਾਸ ਥਾਣੇਦਾਰ ਥਾਣਿਆਂ ਵਿਚ ਲਗਾਏ ਜਾਣ, ਜਿਨ੍ਹਾਂ ਦੀ ਕੋਈ ਵੀ.ਆਈ.ਪੀ. ਡਿਊਟੀ ਨਾ ਹੋਵੇ। ਵੀ.ਆਈ.ਪੀ. ਤੇ ਲਾਅ ਐਂਡ ਆਰਡਰ ਲਈ ਐਡਹਾਕ ਥਾਣੇਦਾਰ ਤੇ ਖੁੱਡਿਆਂ ਵਿਚ ਵੜੇ ਨਵੇਂ ਸਿਪਾਹੀ ਲਗਾਏ ਜਾਣ। ਥਾਣਿਆਂ ਦੀਆਂ ਬਿਲਡਿੰਗਾਂ ਬਣਾਈਆਂ ਜਾਣ ਇਸ ਨਾਲ ਲਾਅ ਐਂਡ ਆਰਡਰ ਵੀ ਕਾਇਮ ਹੋਵੇਗਾ ਤੇ ਅਪਰਾਧਾਂ ਵਿਚ ਕਮੀ ਆਵੇਗੀ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਖਾਧ ਪਦਾਰਥਾਂ ਦੀ ਵਧਦੀ ਮਿਲਾਵਟ
ਪਟਿਆਲਾ ਵਿਚ ਕੇਕ ਖਾਣ ਨਾਲ ਬਿਮਾਰ ਹੋਈ ਬੱਚੀ ਦੀ ਖਬਰ ਅਜੇ ਭੁੱਲੀ ਨਹੀਂ ਸੀ ਕਿ ਬੀਤੇ ਦਿਨ ਪਟਿਆਲਾ ਸ਼ਹਿਰ ਵਿਚ ਹੀ ਜਨਮ ਦਿਨ ਦਾ ਕੇਕ ਖਾਣ ਨਾਲ ਦਰਜਨ ਤੋਂ ਵਧ ਬੱਚੇ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਖਰਾਬ ਹੋਣ ਦੀ ਖਬਰ ਤਾਜ਼ਾ ਸੁਰਖੀ ਬਣ ਗਈ ਹੈ। ਫੂਡ ਵਿਭਾਗ ਘਟਨਾ ਵਾਪਰਨ ਤੋਂ ਬਾਅਦ ਗੂੜ੍ਹੀ ਨੀਂਦ ਵਿਚੋਂ ਜਾਗ ਚੁੱਕਿਆ ਹੈ ਅਤੇ ਉਨ੍ਹਾਂ ਨੇ ਸੈਂਪਲ ਇਕੱਠੇ ਕਰਕੇ ਲੈਬ ਭੇਜ ਕੇ ਆਪਣੇ ਗਲੋਂ ਗਲਾਵਾਂ ਲਾ ਦਿੱਤਾ ਹੈ ਪਰੰਤੂ ਸਵਾਲ ਤਾਂ ਇਹ ਪੈਦਾ ਹੋ ਰਿਹਾ ਹੈ ਕਿ ਵਿਭਾਗ ਉਦੋਂ ਹੀ ਕਿਉਂ ਜਾਗਦਾ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ, ਇਹ ਆਪਣੇ ਨਿੱਜੀ ਤੌਰ 'ਤੇ ਸੈਂਪਲ ਇਕੱਤਰ ਕਿਉਂ ਨਹੀਂ ਕਰਦਾ। ਜੇਕਰ ਕੋਈ ਟੀਮ ਸੈਂਪਲ ਇਕੱਠੇ ਕਰਨ ਚਲੀ ਵੀ ਜਾਵੇ ਤਾਂ ਉਹ ਵੱਢੀਖੋਰੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਵਧੇਰੇ ਮੁਨਾਫਾ ਕਮਾਉਣ ਲਈ ਮਿਲਾਵਟ ਦਾ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਪਰੰਤੂ ਇਨ੍ਹਾਂ ਨੂੰ ਰੋਕਣ ਵਾਲੇ ਵੀ ਇਨ੍ਹਾਂ ਦੀ ਹੀ ਸ਼ਹਿ 'ਤੇ ਕੰਮ ਕਰਦੇ ਵਿਖਾਈ ਦੇ ਰਹੇ ਹਨ। ਸਰਕਾਰ ਨੂੰ ਮਿਲਾਵਟ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਾਲੀਆਂ ਭੇਡਾਂ ਨੂੰ ਸਜ਼ਾ ਦੇਣ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨੂੰ ਵੀ ਬਾਜ਼ਾਰੀ ਵਸਤਾਂ ਖਰੀਦਣ ਸਮੇਂ ਚੌਕਸੀ ਵਰਤਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਮਿਲਾਵਟੀ ਵਸਤਾਂ ਦਾ ਸ਼ਿਕਾਰ ਨਾ ਹੋ ਸਕੇ।
-ਰਜਵਿੰਦਰ ਪਾਲ ਸ਼ਰਮਾ
ਵਧੀਆ ਲੇਖ
'ਨਜ਼ਰੀਆ' ਪੰਨੇ 'ਤੇ 11 ਸਤੰਬਰ ਨੂੰ ਛਪੇ ਬੱਬੂ ਤੀਰ ਦੇ 'ਬੜਾ ਫ਼ਰਕ ਹੈ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਨਜ਼ਰੀਏ ਵਿਚ' ਵਿਚ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਗੱਲ ਕੀਤੀ ਗਈ ਹੈ। ਨਵੀਂ ਪੀੜ੍ਹੀ ਰੋਕ-ਟੋਕ ਨੂੰ ਨਰਕ ਤੇ ਆਜ਼ਾਦੀ ਨੂੰ ਹੀ ਸਵਰਗ ਸਮਝਦੀ ਹੈ। ਇਸ ਵਿਚ ਔਰਤਾਂ ਬਾਰੇ ਵੀ ਕਿਹਾ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਚਲਦੇ ਮਾਹੌਲ ਵਿਚ ਤਬਦੀਲੀ ਆਉਣ 'ਤੇ ਸਾਰਿਆਂ ਨੂੰ ਆਪਣੀ ਮੰਜ਼ਿਲ ਤਾਂ ਦਿਸਣ ਲੱਗ ਪਈ ਹੈ, ਪਰ ਤੁਰਨ ਦਾ ਮੌਕਾ ਕਿਸੇ-ਕਿਸੇ ਨੂੰ ਹੀ ਮਿਲਿਆ। ਇਸ ਵਿਚ ਨਵੀਂ ਪੀੜ੍ਹੀ ਦੇ ਤਜਰਬੇ ਬਾਰੇ ਵੀ ਗੱਲ ਕੀਤੀ ਗਈ ਹੈ ਕਿ ਉਹ ਪੁਰਾਣੀ ਪੀੜ੍ਹੀ ਦੀ ਸੋਚ ਨਾਲ ਮੇਲ ਨਹੀਂ ਖਾਂਦੀ।
-ਨਵਨੀਤ ਕੌਰ
ਰਾਏਕੋਟ (ਲੁਧਿਆਣਾ)
ਮਹਿੰਗਾਈ ਦੀ ਮਾਰ
ਪੰਜਾਬ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਹੋਰ ਮਹਿੰਗਾ ਕਰ ਦਿੱਤਾ ਗਿਆ ਹੈ ਤੇ 7 ਕਿਲੋਵਾਟ ਤੱਕ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਤੋਂ 3 ਰੁਪਏ ਯੂਨਿਟ ਦੀ ਸਬਸਿਡੀ ਖ਼ਤਮ ਕਰ ਦਿੱਤੀ ਹੈ। ਪੈਟਰੋਲ, ਡੀਜ਼ਲ ਮਹਿੰਗਾ ਹੋਣ ਨਾਲ ਜ਼ਰੂਰੀ ਸੇਵਾਵਾਂ ਵੀ ਮਹਿੰਗੀਆਂ ਹੋਣਗੀਆਂ। ਪੰਜਾਬ ਪਹਿਲਾਂ ਹੀ ਕਰਜ਼ਾਈ ਹੈ, ਮੁਫ਼ਤ ਸਹੂਲਤਾਂ ਦੇਣ ਨਾਲ ਪੰਜਾਬ ਦਾ ਕਰਜ਼ਾ ਹੋਰ ਵਧ ਗਿਆ ਹੈ। ਬਿਜਲੀ ਦੇ ਬਿੱਲ ਵਧਣ ਨਾਲ ਤੇ ਸਬਸਿਡੀ ਖ਼ਤਮ ਹੋਣ ਨਾਲ ਉਨ੍ਹਾਂ ਲੋਕਾਂ 'ਤੇ ਅਸਰ ਪਵੇਗਾ ਜੋ ਬਿਜਲੀ ਦਾ ਬਿੱਲ ਦੇ ਰਹੇ ਹਨ। ਜਿਨ੍ਹਾਂ ਦਾ ਮਾਫ਼ ਹੈ ਉਨ੍ਹਾਂ ਦੇ ਬਿੱਲਾਂ ਦਾ ਬੋਝ ਵੀ ਬਿਜਲੀ ਦੇ ਬਿੱਲ ਦੇਣ ਵਾਲਿਆਂ 'ਤੇ ਪਵੇਗਾ। 300 ਯੂਨਿਟ ਤੋਂ ਵੱਧ ਬਿਜਲੀ ਬਾਲਣ ਨਾਲ ਉਨ੍ਹਾਂ ਦਾ ਵੀ ਬਿੱਲ ਆਵੇਗਾ ਅਤੇ ਬਿਜਲੀ ਦਰ ਵਧਣ ਨਾਲ ਹੋਰ ਵਾਧੂ ਬਿੱਲ ਆਵੇਗਾ। ਇਸ ਨਾਲ ਇਹ ਹੀ ਚੰਗਾ ਹੈ ਮੁਫ਼ਤ ਸਹੂਲਤਾਂ ਬੰਦ ਕਰ ਕੇ ਬਿਜਲੀ ਸਸਤੀ ਕੀਤੀ ਜਾਵੇ। ਇਸ ਨਾਲ ਸਰਕਾਰੀ ਖਜ਼ਾਨਾ ਭਰੇਗਾ ਤੇ ਪੰਜਾਬ ਦਾ ਕਰਜ਼ਾ ਵੀ ਲੱਥੇਗਾ। ਬਿਜਲੀ ਦੀ ਬਰਬਾਦੀ ਘਟੇਗੀ। ਜਦੋਂ ਬਾਹਰਲੇ ਮੁਲਕ ਵਾਂਗ ਹਰ ਸ਼ਹਿਰੀ ਟੈਕਸ ਭਰੇਗਾ ਆਪਣੇ ਆਪ ਲੋਕਾਂ ਨੂੰ ਮੁਫ਼ਤ ਸਹੂਲਤਾਂ ਮਿਲ ਜਾਣਗੀਆਂ। ਸਰਕਾਰੀ ਬੱਸਾਂ ਵਿਚ ਸਰਕਾਰੀ ਨੌਕਰੀ ਵਾਲੀਆਂ ਬੀਬੀਆਂ, ਜੇਬ ਕਤਰੀਆਂ, ਚੋਰਨੀਆਂ ਸਫ਼ਰ ਕਰਦੀਆਂ ਹਨ, ਰੋਜ਼ਾਨਾ ਮੋਬਾਈਲ ਤੇ ਪਰਸ ਚੋਰੀ ਹੋ ਰਹੇ ਹਨ ।ਰੋਡਵੇਜ਼ ਘਾਟੇ 'ਤੇ ਚੱਲ ਰਹੀ ਹੈ। ਕੰਟਕਟਰ ਖਿੜ ਕੇ ਔਰਤਾਂ ਨਾਲ ਮਾੜਾ ਵਰਥਾਉ ਕਰਦੇ ਹਨ। ਦਾਲ, ਕਣਕ, ਮੁਫਤ ਲੈਣ ਵਾਲੇ ਕੰਮ ਕਰ ਕੇ ਰਾਜ਼ੀ ਨਹੀਂ ਹਨ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੁਲਿਸ।
ਕਾਰਵਾਈ ਕਦੋਂ ਹੋਵੇਗੀ?
ਅੱਜ ਕੱਲ੍ਹ ਪੁਲਿਸ ਵਲੋਂ ਦੋ-ਪਹੀਆ ਵਾਹਨਾਂ ਦੇ ਬੜੇ ਜ਼ੋਰ-ਸ਼ੋਰ ਨਾਲ ਚਲਾਨ ਕੱਟੇ ਜਾ ਰਹੇ ਹਨ। ਸਕੂਲਾਂ ਵਿਚ ਟ੍ਰੈਫਿਕ ਪੁਲਿਸ ਵਲੋਂ ਸਕੂਲੀ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਅਤੇ ਹੁਣ ਪੁਲਿਸ ਵਲੋਂ ਬਾਕਾਇਦਾ ਸਕੂਟਰਾਂ, ਮੋਟਰਸਾਈਕਲਾਂ ਆਦਿ ਦੇ ਚਲਾਨ ਕੱਟੇ ਜਾ ਰਹੇ ਹਨ। ਨਾਬਾਲਗ ਬੱਚਿਆਂ ਵਲੋਂ ਚਲਾਏ ਜਾ ਰਹੇ ਦੋ-ਪਹੀਆ ਵਾਹਨਾਂ 'ਤੇ ਪੁਲਿਸ ਵਧੇਰੇ ਸਖ਼ਤੀ ਕਰ ਰਹੀ ਹੈ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਦੁਰਘਟਨਾਵਾਂ ਤੋਂ ਬਚਾਇਆ ਜਾ ਸਕੇ। ਪਰ ਸੋਚਣ ਵਾਲੀ ਗੱਲ ਹੈ ਕਿ ਜੀ.ਟੀ. ਰੋਡ 'ਤੇ ਚੱਲਣ ਵਾਲੇ ਵੱਡੇ ਵਾਹਨਾਂ 'ਚੋਂ ਹਰ ਚੌਥਾ ਵਾਹਨ ਟਿੱਪਰ ਹੁੰਦੇ ਹਨ। ਜੋ ਕਿ ਓਵਰਲੋਡ ਹੋ ਕੇ ਹੀ ਚੱਲਦੇ ਹਨ। ਇਹ ਟਿੱਪਰ ਸ਼ਹਿਰਾਂ ਵਿਚ ਵੀ ਆਮ ਚੱਲਦੇ ਵੇਖੇ ਜਾ ਸਕਦੇ ਹਨ। ਓਵਰਲੋਡ ਹੋਣ ਕਾਰਨ ਇਨ੍ਹਾਂ ਟਿੱਪਰਾਂ ਦੀ ਬ੍ਰੇਕ ਵੀ ਜਲਦੀ ਨਹੀਂ ਲੱਗਦੀ ਅਤੇ ਜ਼ਿਆਦਾਤਰ ਦੁਰਘਟਨਾ ਦਾ ਕਾਰਨ ਵੀ ਟਿੱਪਰ ਹੀ ਬਣਦੇ ਹਨ। ਪਰ ਪੁਲਿਸ ਵਲੋਂ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਕਾਰਵਾਈ ਦੌਰਾਨ ਸਿਰਫ਼ ਉਹ ਹੀ ਟਿੱਪਰ ਫੜੇ ਜਾਂਦੇ ਹਨ ਜੋ ਗ਼ੈਰ ਕਾਨੂੰਨੀ ਮਾਈਨਿੰਗ ਕਰਦੇ ਮੌਕੇ 'ਤੇ ਫੜੇ ਜਾਣ, ਪਰ ਜੋ ਟਿੱਪਰ ਜੀ.ਟੀ. ਰੋਡ 'ਤੇ ਚੱਲ ਰਹੇ ਹਨ ਕੀ ਕਦੇ ਉਨ੍ਹਾਂ ਦੀ ਚੈਕਿੰਗ ਹੁੰਦੀ ਹੈ ਕਿ ਉਹ ਕਿਥੋਂ ਰੇਤਾ-ਬਜਰੀ ਲੈ ਕੇ ਆਏ ਹਨ ਜਾਂ ਕਿਥੇ ਲੈ ਕੇ ਜਾ ਰਹੇ ਹਨ। ਇਸ ਬਾਰੇ ਪੁਲਿਸ ਵਲੋਂ ਕਦੇ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਵੱਡੇ ਵਾਹਨਾਂ ਦੀ ਪੁਲਿਸ ਵਲੋਂ ਜਾਂਚ ਕੀਤੀ ਜਾਵੇ ਅਤੇ ਉੱਚਿਤ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਆਮ ਲੋਕਾਂ ਨੂੰ ਦੁਰਘਟਨਾਵਾਂ 'ਤੋਂ ਬਚਾਇਆ ਜਾ ਸਕੇ।
-ਅਸ਼ੀਸ਼ ਸ਼ਰਮਾ ਜਲੰਧਰ
ਕਿਤਾਬਾਂ ਨਾਲ ਦੋਸਤੀ
ਕਿਤਾਬਾਂ ਪੜ੍ਹਨ ਦੀ ਆਦਤ ਸਾਨੂੰ ਇਕ ਸਫ਼ਲ ਮਨੁੱਖ ਬਣਨ ਵਿਚ ਮਦਦ ਕਰਦੀ ਹੈ। ਜੋ ਸਾਨੂੰ ਜੀਵਨ ਸੇਧ ਵੀ ਦਿੰਦੀ ਹੈ ਤੇ ਗਿਆਨ ਵੀ। ਹਰੇਕ ਮਨੁੱਖ ਚਾਹੁੰਦਾ ਹੈ ਕਿ ਉਸ ਨੂੰ ਕੋਈ ਰਾਹ ਦਿਖਾਉਣ ਵਾਲਾ ਹੋਵੇ, ਜਿਸ ਰਾਹ 'ਤੇ ਉਹ ਅੱਗੇ ਵਧ ਰਿਹਾ ਹੈ, ਉਹ ਉਸ ਲਈ ਸਹੀ ਹੋਵੇ। ਅਜਿਹੇ 'ਚ ਕਿਤਾਬਾਂ ਸਹੀ ਰੂਪ ਵਿਚ ਸਾਡੀਆਂ ਦੋਸਤ ਤਾਂ ਬਣਦੀਆਂ ਹਨ, ਜਦੋਂ ਅਸੀਂ ਸਹੀ ਕਿਤਾਬਾਂ ਦੀ ਚੋਣ ਕਰੀਏ। ਸਿੱਖਿਆ ਵਿਭਾਗ ਨੇ ਲਾਇਬ੍ਰੇਰੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਜਿਥੇ ਹਰ ਤਰ੍ਹਾਂ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ। ਕਿਤਾਬਾਂ ਪੜ੍ਹਨ ਦੀ ਆਦਤ ਸਾਡੇ ਆਮ ਗਿਆਨ ਵਿਚ ਵਾਧਾ ਕਰਦੀ ਹੈ। ਵਿਦਿਆਰਥੀ ਜੀਵਨ ਤੋਂ ਬਾਅਦ ਜ਼ਿੰਦਗੀ ਦਾ ਸਾਹਮਣਾ ਕਰਨ ਸਮੇਂ ਆਮ ਗਿਆਨ ਸਾਡੇ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਕਿਤਾਬਾਂ ਨਾ ਕੇਵਲ ਸਾਡਾ ਮਨੋਰੰਜਨ ਕਰਦੀਆਂ ਹਨ, ਸਾਨੂੰ ਸਿੱਖਿਆ ਵੀ ਦਿੰਦੀਆਂ ਹਨ। ਇਹ ਇਕ ਸੱਚੇ ਮਿੱਤਰ ਦਾ ਰੋਲ ਨਿਭਾਉਂਦੀਆਂ ਹਨ। ਹਰ ਮਾਤਾ-ਪਿਤਾ ਤੇ ਅਧਿਆਪਕ ਨੂੰ ਆਪਣੇ ਬੱਚੇ ਨੂੰ ਪੜ੍ਹਨ ਦੀ ਚੇਟਕ ਲਗਾਉਣ ਲਈ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.
ਸਟੰਟਬਾਜ਼ੀ ਦਾ ਖ਼ਤਰਨਾਕ ਰੁਝਾਨ
ਅਕਸਰ ਇਹ ਵੇਖਣ ਵਿਚ ਆਉਂਦਾ ਹੈ ਜਾਂ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ ਕਿ ਕਈ ਨੌਜਵਾਨ ਫੁਕਰਪੁਣੇ ਵਿਚ ਪਹਾੜਾਂ, ਰੇਲਵੇ ਪਟੜੀਆਂ, ਦਰਿਆਵਾਂ ਆਦਿ ਦੇ ਕੰਢਿਆਂ 'ਤੇ ਸੈਲਫੀਆਂ ਲੈਂਦਿਆਂ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸੇ ਹੀ ਤਰ੍ਹਾਂ ਟਰੈਕਟਰਾਂ, ਮੋਟਰਸਾਈਕਲਾਂ ਦੇ ਨਾਲ ਸੂਬੇ ਦੇ ਕਈ ਸ਼ਹਿਰਾਂ, ਪਿੰਡਾਂ ਵਿਚ ਸਟੰਟ ਕਰਦੇ ਹਨ, ਜਿਸ ਨਾਲ ਵੀ ਕਈ ਅਣਮੁੱਲੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਗੱਲ ਥਾਣਿਆਂ ਤੇ ਹਸਪਤਾਲਾਂ ਤੱਕ ਜਾ ਪਹੁੰਚਦੀ ਹੈ, ਕਿਉਂਕਿ ਇਨ੍ਹਾਂ ਹਾਦਸਿਆਂ ਵਿਚ ਕਿਸੇ ਦੇ ਪੁੱਤ, ਪਤੀ, ਪਿਤਾ, ਭਰਾ ਦੀ ਅਜਾਈਂ ਮੌਤ ਹੋ ਜਾਂਦੀ ਹੈ ਤੇ ਬਿਨਾਂ ਵਜ੍ਹਾ ਘਰਾਂ ਵਿਚ ਸੱਥਰ ਵਿਛ ਜਾਂਦੇ ਹਨ ਅਤੇ ਉਥੇ ਹੀ ਕੀਮਤੀ ਮਸ਼ੀਨਰੀ ਦਾ ਨੁਕਸਾਨ ਵੀ ਹੁੰਦਾ ਹੈ। ਵੇਖੋ ਮਸ਼ੀਨਰੀ ਨਾਲ ਜ਼ੋਰ-ਅਜ਼ਮਾਈ ਨਹੀਂ ਹੋ ਸਕਦੀ ਅਤੇ ਇਸ ਦਾ ਸਦਉਪਯੋਗ ਕਰਨਾ ਚਾਹੀਦਾ ਨਾ ਕਿ ਦੁਰਉਪਯੋਗ। ਜਿਥੇ ਨੌਜਵਾਨਾਂ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਅਜਿਹੇ ਕਰਤਬ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣਾ ਚਾਹੀਦਾ ਹੈ। ਅਜਿਹੇ ਸਟੰਟ ਕਰਨ ਵਾਲੇ ਨੌਜਵਾਨਾਂ ਨੂੰ ਰੋਕਣ ਵਾਲੇ ਕਿਸੇ ਵੀ ਭਲੇਮਾਣਸ ਦੀ ਕੁੱਟਮਾਰ ਕਰਨੀ ਜਾਂ ਉਸ ਉਪਰ ਆਪਣਾ ਵਾਹਨ ਚੜ੍ਹਾ ਕੇ ਉਸ ਨੂੰ ਕੁਚਲ ਦੇਣਾ ਆਮ ਹੀ ਗੱਲ ਹੋ ਗਈ ਹੈ। ਸੋ, ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਕੁਤਾਹੀ ਕਰਨ ਵਾਲਿਆਂ ਖਿਲਾਫ਼ ਛਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਕੋਈ ਮਦਭਾਗੀ ਘਟਨਾ ਨਾ ਵਾਪਰੇ।
-ਅਮਰੀਕ ਸਿੰਘ
ਗੁਰਦਾਸਪੁਰ।
ਔਰਤਾਂ ਖਿਲਾਫ਼ ਅਪਰਾਧ
ਪਿਛਲੇ ਦਿਨੀਂ 'ਅਜੀਤ' 'ਚ 'ਔਰਤਾਂ ਦੇ ਖਿਲਾਫ਼ ਅਪਰਾਧਾਂ ਦੇ ਮਾਮਲਿਆਂ 'ਚ ਤੇਜ ਨਿਆਂ ਪ੍ਰਕਿਰਿਆ ਦੀ ਲੋੜ' ਖ਼ਬਰ ਪੜ੍ਹੀ। ਜਲਦੀ ਫ਼ੈਸਲੇ ਆਉਣ ਨਾਲ ਔਰਤਾਂ ਨੂੰ ਸੁਰੱਖਿਆ 'ਚ ਯਕੀਨ ਬੱਝੇਗਾ। ਪ੍ਰਧਾਨ ਮੰਤਰੀ ਨੇ ਅਦਾਲਤਾਂ ਦੇ ਦੋ ਦਿਨਾ ਰਾਸ਼ਟਰੀ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਸੰਬੋਧਨ ਕੀਤਾ ਜੋ ਕਾਬਲ-ਏ-ਗ਼ੌਰ ਤੇ ਕਾਬਲ-ਏ-ਤਾਰੀਫ਼ ਹੈ। ਭਾਰਤ ਵਿਚ ਰੋਜ਼ਾਨਾ ਜਬਰ ਜਨਾਹ ਤੇ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਭਾਵੇਂ ਕਾਨੂੰਨ ਵਿਚ ਸੋਧ ਕਰਕੇ ਫਾਂਸੀ ਦੀ ਸਜ਼ਾ ਕਰ ਦਿੱਤੀ ਗਈ ਹੈ ਪਰ ਇਹ ਘਟਨਾਵਾਂ ਰੁਕਣ ਦੀ ਜਗ੍ਹਾ ਹੋਰ ਵੀ ਵਧ ਗਈਆਂ ਹਨ। ਕਲਕੱਤਾ ਮਹਿਲਾ ਟਰੇਨੀ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ, ਦੇਹਰਾਦੂਨ ਵਿਖੇ ਸੰਗਠਿਤ ਅਪਰਾਧ ਨਬਾਲਗ ਨਾਲ ਜਬਰ ਜਨਾਹ, ਬੈਂਗਲੁਰੂ ਵਿਚ ਵਿਦਿਆਰਥਣ ਨਾਲ ਮਾਰ-ਕੁਟਾਈ ਤੋਂ ਬਾਅਦ ਜਬਰ ਜਨਾਹ, ਜੋਧਪੁਰ ਵਿਚ ਤਿੰਨ ਸਾਲ ਦੀ ਬੱਚੀ ਨਾਲ ਜਬਰ ਜਨਾਹ ਆਦਿ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮਾੜਾ ਚੌਗਿਰਦਾ ਵੀ ਬੱਚੇ 'ਤੇ ਭੈੜਾ ਅਸਰ ਕਰਦਾ ਹੈ। ਅਕਸਰ ਵੇਖਿਆ ਹੈ ਕਿ ਬੱਚੇ-ਬੱਚੀਆਂ ਨਾਲ ਸੈਕਸ ਸੋਸ਼ਣ ਹੁੰਦੇ ਹਨ। ਉਨ੍ਹਾਂ 'ਚੋਂ ਬਹੁਤੇ ਤੁਹਾਡੇ ਆਪਣੇ ਰਿਸ਼ਤੇਦਾਰ, ਆਂਢ-ਗੁਆਂਢ, ਗਾਰਡੀਅਨ, ਸਕੂਲੀ ਪ੍ਰਬੰਧਕ, ਚਪੜਾਸੀ, ਡਰਾਈਵਰ ਆਦਿ ਹੁੰਦੇ ਹਨ। ਜਿਨ੍ਹਾਂ 'ਤੇ ਤੁਸੀਂ ਹੱਦ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹੋ। ਮਾਂ-ਪਿਓ ਨੂੰ ਆਪਣੀਆਂ ਅੱਖਾਂ ਖੋਲ੍ਹ ਬੱਚਿਆਂ ਦੇ ਰੋਜ਼ਾਨਾ ਦੇ ਵਿਹਾਰ ਬਾਰੇ ਜਾਣਕਾਰੀ ਲੈਣੀ ਹੋਵੇਗੀ। ਬੱਚਿਆਂ ਨੂੰ ਰਿਸ਼ਤੇਦਾਰਾਂ ਕੋਲ ਇਕੱਲੇ ਨਾ ਭੇਜੋ। ਸਾਡੇ ਅਦਾਲਤੀ ਕੇਸਾਂ ਦੀ ਪ੍ਰਕਿਰਿਆ ਏਨੀ ਲੰਬੀ ਹੈ ਕਿ ਪੀੜਤ ਇਨਸਾਫ਼ ਲਏ ਬਗੈਰ ਹੀ ਹਾਰ ਕੇ ਬੈਠ ਜਾਂਦਾ ਹੈ। ਮੁਸਲਮਾਨ ਦੇਸ਼ਾਂ ਵਾਂਗ ਇਹੋ ਜਿਹੇ ਕੇਸਾਂ ਵਿਚ ਇਨਸਾਫ਼ ਫਟਾਫਟ ਸਿਰ ਕਲਮ ਕਰਨ ਦਾ ਹੋਵੇ ਜਦੋਂ ਹੱਕੀ ਦੋਸ਼ੀ ਦਾ ਪਤਾ ਲੱਗ ਜਾਵੇ। ਅਜਿਹਾ ਨਾ ਹੋਵੇ ਮੁਕੱਦਮੇ ਦੀ ਸੁਣਵਾਈ ਸਾਲੋ-ਸਾਲ ਚੱਲਣ ਕਾਰਨ ਦੋਸ਼ੀ ਧਿਰ ਸਬੂਤ ਨਸ਼ਟ ਕਰ ਦੇਣ ਤੇ ਗਵਾਹਾਂ ਨੂੰ ਆਪਣੇ ਹੱਕ ਵਿਚ ਬਿਠਾ ਲੈਣ। ਮੇਰੀ ਪੁਲਿਸ ਦੀ ਨੌਕਰੀ ਵਿਚ ਜਬਰਜਨਾਹ ਦਾ ਕੇਸ ਸਾਹਮਣੇ ਆਇਆ ਸੀ, ਬਾਪ ਵਲੋਂ ਆਪਣੀ ਧੀ ਨਾਲ ਜਬਰ ਜਨਾਹ ਹੋਇਆ ਸੀ। ਤਫਤੀਸ਼ੀ ਅਫਸਰ ਨੇ ਪੀੜਤ ਦਾ ਬਿਆਨ 164 ਜ਼ਾਬਤਾ ਫ਼ੌਜਦਾਰੀ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਕਰਵਾਇਆ ਸੀ ਤਾਂ ਜੋ ਪੀੜਤ ਅਦਾਲਤ ਵਿਚ ਸੁਣਵਾਈ ਦੇ ਸਾਹਮਣੇ ਮੁੱਕਰ ਨਾ ਜਾਵੇ। ਪਰ ਗਵਾਹੀ ਸਮੇਂ ਪੀੜਤ ਔਰਤ ਜੱਜ ਦੇ ਕੋਲ ਜਾ ਕੇ ਮੁੱਕਰ ਗਈ ਤੇ ਦੋਸ਼ੀ ਬਾਪ ਬਰੀ ਹੋ ਗਿਆ। ਸਕੂਲ ਪੱਧਰ 'ਤੇ ਬੱਚੇ ਬੱਚੀਆਂ ਨੂੰ ਸੈਕਸ ਦੇ ਬਾਰੇ ਸਿੱਖਿਆ ਦਿੱਤੀ ਜਾਵੇ। ਮੋਬਾਈਲ ਸਿਰਫ਼ ਪੜ੍ਹਾਈ ਦੇ ਕੰਮ ਵਿਚ ਹੀ ਬੱਚੇ ਨੂੰ ਦੇਖਣ ਦੀ ਇਜਾਜ਼ਤ ਹੋਵੇ। ਮਾਂ ਪਿਓ ਆਪਣੀ ਤੀਸਰੀ ਅੱਖ ਖੋਲ੍ਹਣ।
-ਗੁਰਮੀਤ ਸਿੰਘ ਵੇਰਕਾ
ਪਿੰਡ ਤੋਂ ਨਾਨਕਿਆਂ ਤੱਕ
'ਪਿੰਡ ਤੇ ਨਾਨਕਿਆਂ ਤੱਕ' ਸੰਜੀਵ ਸਿੰਘ ਸੈਣੀ ਦਾ ਲੇਖ ਪੜ੍ਹਿਆ, ਜਿਸ ਵਿਚ ਨਾਨਕਿਆਂ ਦੇ ਪਿੰਡ ਦੀਆਂ ਯਾਦਾਂ, ਮੌਜ-ਮਸਤੀਆਂ ਦਾ ਜ਼ਿਕਰ ਸੀ, ਜੋ ਕਦੇ ਭੁੱਲ ਨਹੀਂ ਸਕਦੇ। ਮੈਨੂੰ ਕਦੇ ਨਾਨਕਿਆਂ ਦੇ ਪਿੰਡ ਦੀਆਂ ਯਾਦਾਂ ਨਹੀਂ ਭੁੱਲੀਆਂ। ਨਾਨਕਿਆਂ ਦੇ ਪਿੰਡ ਮੇਰੀ ਪੂਰੀ ਕਿਤਾਬ ਛਪੀ ਹੈ। ਜਿਸ ਵਿਚ ਨਾਨਕਿਆਂ ਦੇ ਪਿੰਡ ਦੀਆਂ ਯਾਦਾਂ ਨੂੰ ਬਿਆਨ ਕੀਤਾ ਹੈ। ਕਿਸੇ ਸਮੇਂ ਮੈਂ 26 ਰੁਪਏ ਵਿਚ 'ਪਿੰਡ ਤੋਂ ਨਾਨਕਿਆਂ ਤੱਕ' ਸਫਰ ਕੀਤਾ ਹੈ ਜੋ ਮੇਰੇ ਵਾਸਤੇ ਬਹੁਤ ਸੁਨਹਿਰੀ ਸਮਾਂ ਸੀ। ਬਹੁਤ ਸਾਰਾ ਵਕਤ ਨਾਨੀ-ਨਾਨਾ ਕੋਲ ਗੁਜ਼ਾਰਿਆ, ਜਿਸ ਨੇ ਬਾਲ ਕਵਿਤਾਵਾਂ ਲਿਖਣ ਦੀ ਪ੍ਰੇਰਨਾ ਦਿੱਤੀ ਹੈ। ਇਕ ਵਾਰ ਗਧੇ ਦੀ ਪੂਛ ਤੋਂ ਵਾਲ ਪੱਟਣ ਦੇ ਬਦਲੇ ਨਾਨੀ ਤੋਂ ਕੁੱਟ ਪਈ ਸੀ। ਨਾਨੀ ਦੀਆਂ ਚੱਪਲਾਂ ਦੀ ਕੁੱਟ ਕਦੇ ਨਹੀਂ ਭੁੱਲੀ ਤੇ ਨਵਾਂ ਲਿਖਣ ਦੀ ਪ੍ਰੇਰਨਾ ਦਿੰਦੀ ਹੈ। ਭਾਵੇਂ ਪਿੰਡਾਂ ਵਿਚ ਬਿਜਲੀ ਬਹੁਤ ਘੱਟ ਸੀ ਪਰ ਨਾਨਕੇ ਘਰ ਬਿਜਲੀ ਸੀ। ਸਾਰੀ ਦਿਹਾੜੀ ਬਲਬ ਬੰਦ ਕਰ ਕਰ ਕੇ ਵੇਖਣਾ। ਨਾਨੀ ਨੇ ਇਸ ਦੇ ਨੁਕਸਾਨ ਬਾਰੇ ਸਮਝਾਇਆ। ਨਾਨੀ ਤੋਂ ਚੰਗੀ ਸੇਵਾ ਹੋਈ। ਇਕ ਦਿਨ ਸ਼ਾਮ ਨੂੰ ਵਿਹੜੇ ਵਿਚ ਡਾਹੇ ਮੰਜਿਆਂ 'ਤੇ ਮੈਂ ਤੇ ਮੇਰਾ ਵੱਡਾ ਭਰਾ ਭੱਜਦੇ ਫਿਰਦੇ ਸੀ। ਨਾਨੀ ਨੇ ਝਿੜਕਿਆ ਪਰ ਅਸੀਂ ਗੱਲ ਨਾ ਸੁਣੀ ਆਖਰ ਮੇਰਾ ਮੱਥਾ ਪਾਵੇ ਨਾਲ ਵੱਜਿਆ ਤੇ ਮੇਰੇ ਮੱਥੇ 'ਤੇ ਸੱਟ ਵੱਜੀ। ਨਾਨੀ ਨੇ ਸੱਟੋਂ ਤੇ ਫੇਰ ਵੇਖੀ ਪਹਿਲਾਂ ਚੰਗੀ ਟਹਿਲ ਸੇਵਾ ਕੀਤੀ। ਉਸ ਸੱਟ ਦਾ ਨਿਸ਼ਾਨ ਅੱਜ ਵੀ ਮੇਰੇ ਮੱਥੇ 'ਤੇ ਹੈ। ਬਾਲ ਸਾਹਿਤ ਖੇਤਰ ਵਿਚ ਨਾਨਕਿਆਂ ਦੀ ਯਾਦ ਨੇ ਬਾਲ ਕਵਿਤਾਵਾਂ ਲਿਖਣ ਦੀ ਪ੍ਰੇਰਨਾ ਦਿੱਤੀ। ਜਲਦੀ ਹੀ ਮੇਰੀ ਬਾਲ ਕਾਵਿ ਸੰਗ੍ਰਹਿ 'ਪਿੰਡ ਤੋਂ ਨਾਨਕਿਆਂ ਤੱਕ' ਛਪ ਰਹ ੀਹੈ। ਨਾਨਕਿਆਂ ਦਾ ਪਿੰਡ ਹਮੇਸ਼ਾ ਚੇਤੇ ਰਹਿੰਦਾ ਹੈ। ਯਾਦਾਂ ਵਿਚ ਵਸਦਾ ਨਾਨਕਿਆਂ ਦਾ ਪਿੰਡ ਮੈਂ ਕਦੇ ਨਹੀਂ ਭੁੱਲ ਸਕਦਾ ਪਰ ਏਨੀਆਂ ਦੁਆਵਾਂ ਕਰਦਾ ਹਾਂ, ਨਾਨਕਿਆਂ ਦਾ ਪਿੰਡ ਘੁਗ ਵਸਦਾ ਰਹੇ।
-ਰਾਮ ਸਿੰਘ ਪਾਠਕ
ਵਿਆਹ ਅਤੇ ਖਾਣਾ ਹੋਰ ਅਨੰਦਮਈ ਕਿਵੇਂ ਬਣਾਈਏ
ਕੁਝ ਸਮਾਂ ਪਹਿਲਾਂ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਪੁਸਤਕ ਮੇਲੇ 'ਤੇ ਜਾਣ ਦਾ ਮੌਕਾ ਮਿਲਿਆ, ਜਿਥੇ ਇਕ ਬੈਨਰ ਲਿਖੇ ਸਲੋਗਨ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਨੂੰ ਪੜ੍ਹ ਕੇ ਮਨ ਨੂੰ ਹਲੂਣਾ ਮਿਲਿਆ। ਕਾਫੀ ਦੇਰ ਮੈਂ ਇਸੇ ਬਾਰੇ ਆਪਣੇ ਮਨ ਵਿਚ ਵਿਚਾਰ ਕਰਦਾ ਰਿਹਾ। ਯੂਨੀਵਰਸਿਟੀ ਤੋਂ ਵਾਪਸੀ ਸਮੇਂ ਰਸਤੇ ਵਿਚ ਮੇਰੀ ਨਜ਼ਰ ਵੱਡੇ-ਵੱਡੇ ਹੋਟਲ ਅਤੇ ਰਿਜੋਰਟਾਂ 'ਤੇ ਪਈ। ਯੂਨੀਵਰਸਿਟੀ ਵਿਚ ਖਰਚੀਲੇ ਵਿਆਹਾਂ ਨਾਲ 'ਕਰਜ਼ਾ' ਅਤੇ 'ਚਿੰਤਾ ਰੋਗ' ਆਉਣ ਦਾ ਖਿਆਲ ਆਇਆ ਭਾਵੇਂ ਵਿਆਹ ਹੋਵੇ, ਭਾਵੇਂ ਭੋਗ, ਅਸੀਂ ਕੁਝ ਘੰਟਿਆਂ ਵਿਚ ਹੀ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ। ਕਿੰਨਾ ਚੰਗਾ ਹੋਵੇ ਜੇਕਰ ਇਕ ਵਿਆਹ ਸਮਾਗਮ ਵਿਚ ਜ਼ਿਆਦਾ ਨਹੀਂ ਤਾਂ ਪੰਜ ਬੱਚਿਆਂ ਦੀ ਸਕੂਲੀ ਜਾਂ ਉਚੇਰੀ ਵਿੱਦਿਆ ਦੀ ਜ਼ਿੰਮੇਵਾਰੀ ਲੈ ਲਈ ਜਾਵੇ। ਜਿਹੜਾ ਪੈਸਾ ਅਸੀਂ ਕੁਝ ਦਿਨਾਂ ਦੇ ਤਾਮ-ਝਾਮ ਵਿਚ ਖਰਚ ਕਰਦੇ ਹਾਂ, ਉਹ ਉਨ੍ਹਾਂ ਬੱਚਿਆਂ 'ਤੇ ਖਰਚ ਕਰਕੇ ਜ਼ਿਆਦਾ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਇਸ ਨਾਲ ਪੰਜਾਬ ਵਿਚ ਵਿੱਦਿਆ ਦਾ ਪ੍ਰਸਾਰ ਵੀ ਹੋਵੇਗਾ ਅਤੇ ਅਸੀਂ ਬੇਲੋੜੇ ਖਰਚੇ ਤੋਂ ਵੀ ਬਚ ਜਾਵਾਂਗੇ। ਮੈਂ ਬਹੁਤ ਵਾਰੀ ਭੋਗਾਂ ਦੇ ਅੰਤਿਮ ਅਰਦਾਸਾਂ 'ਤੇ ਜਾਣ ਸਮੇਂ ਦੇਖਿਆ ਹੈ ਕਿ ਬਹੁਤ ਤਰ੍ਹਾਂ ਦੇ ਪਕਵਾਨ ਬਣੇ ਹੋਏ ਹਨ। ਅਸੀਂ ਸਾਦੀ ਦਾਲ ਤੇ ਸਾਦੇ ਫੁਲਕੇ ਨਾਲ ਵਾਧੂ ਖਰਚਾ ਬਚਾ ਕੇ ਕਈ ਬੱਚਿਆਂ ਦੀ ਪੜ੍ਹਾਈ 'ਤੇ ਲਗਾ ਕੇ ਕਿਸੇ ਦਾ ਭਲਾ ਕਰ ਸਕਦੇ ਹਾਂ।
-ਹਰਬੀਰ ਸਿੰਘ, ਲੁਧਿਆਣਾ।
ਨਹਾਉਣ ਗਏ ਡੁੱਬਦੇ ਕਿਉਂ
ਹੱਸਦੇ, ਖੇਡਦੇ, ਮੌਜਾਂ ਮਾਨਣ ਗਏ ਘਰ ਜਿਊਂਦੇ ਵਾਪਸ ਨਾ ਆਉਣ ਦੀਆਂ ਦਰਦਨਾਕ ਘਟਨਾਵਾਂ ਅੱਜਕਲ੍ਹ ਵਾਪਰ ਰਹੀਆਂ ਹਨ। ਇਨ੍ਹਾਂ ਲਈ ਕਸੂਰਵਾਰ ਕੋਈ ਵੀ ਹੋਵੇ ਪਰ ਇਹ ਵੱਡੀ ਲਾਪ੍ਰਵਾਹੀ ਦਾ ਨਤੀਜਾ ਹੈ। ਗ਼ਲਤੀ ਭਾਵੇਂ ਆਪਣੀ, ਸਾਥੀ ਜਾਂ ਪ੍ਰਬੰਧਕਾਂ ਦੀ ਹੋਵੇ ਪਰ ਹੀਰੇ ਵਰਗੀਆਂ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ। ਪੜ੍ਹੇ-ਲਿਖੇ ਨੌਜਵਾਨ ਨਹਾਉਂਦੇ ਹੋਏ, ਹਿਮਾਚਲ ਵੱਲ ਦਰਿਆਵਾਂ, ਨਹਿਰਾਂ, ਨਦੀਆਂ ਦੇ ਕੰਢੇ ਸੈਲਫੀਆਂ ਲੈਂਦੇ ਹੋਏ ਅਤੇ ਬੇੜੀਆਂ ਦੀ ਠੀਕ ਵਰਤੋਂ ਨਾ ਕਰਦੇ ਹੋਏ ਅਫ਼ਸਰ, ਮੁਲਾਜ਼ਮ, ਵਿਦਿਆਰਥੀ ਵਿਦੇਸ਼ਾਂ ਵਿਚ ਹੀ ਟੂਰ 'ਤੇ ਗਏ ਜਾਨਾਂ ਗੁਆ ਚੁੱਕੇ ਹਨ। ਹੋਰ ਤਾਂ ਹੋਰ ਕੀ ਘਰਾਂ ਵਿਚ ਵੀ ਟੱਬਾਂ, ਬਾਲਟੀਆਂ, ਖਾਲੇ, ਨਾਲੇ, ਛੱਪੜਾਂ, ਤਲਾਬਾਂ ਆਦਿ ਵਿਚ ਵੀ ਬਚੇ ਡੁੱਬ ਰਹੇ ਹਨ। ਸੋ, ਜਦੋਂ ਤੱਕ ਇਸ ਪਾਸੇ ਸਰਕਾਰ, ਪਰਿਵਾਰ, ਪ੍ਰਬੰਧਕ, ਸੁਧਾਰਕ ਨਿੱਜੀ ਤੌਰ 'ਤੇ ਤਵੱਜੋਂ ਨਾ ਦੇਣਗੇ ਤਾਂ ਇਹ ਸਿਲਸਿਲਾ ਜਾਰੀ ਰਹੇਗਾ। ਇਸ ਦੇ ਰੋਕਥਾਮ ਲਈ ਸਰਕਾਰਾਂ ਨੂੰ ਖ਼ਤਰਨਾਕ ਸਥਾਨਾਂ 'ਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਹੈ। ਦਰਿਆਵਾਂ, ਨਦੀਆਂ ਅਤੇ ਨਹਿਰਾਂ ਦੀ ਘਾਟ ਜਾਂ ਇਸ਼ਨਾਨ ਘਰ ਬਣਾਉਣੇ ਜ਼ਰੂਰੀ ਹਨ, ਜਿਨ੍ਹਾਂ ਨਾਲ ਸਰਕਾਰ ਨੂੰ ਪਿਕਨਿਕ ਪਾਰਕ ਦੀ ਆਮਦਨ ਵੀ ਹੋ ਸਕਦੀ ਹੈ ਅਤੇ ਖ਼ਤਰੇ ਤੋਂ ਬਚਿਆ ਵੀ ਜਾ ਸਕਦਾ ਹੈ। ਇਸ ਦੇ ਨਾਲ ਹੀ ਕਲੱਬਾਂ, ਸੁਸਾਇਟੀਆਂ, ਮਨੁੱਖੀ ਅਧਿਕਾਰ ਮੰਚਾਂ ਆਦਿ ਦੁਆਰਾ ਪਬਲਿਕ ਨੂੰ ਸਿੱਖਿਆ ਦੇ ਕੇ ਜਾਗਰੂਕ ਕਰਨ ਹਿਤ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
-ਰਘੁਵੀਰ ਸਿੰਘ ਬੈਂਸ
ਸੇਵਾਮੁਕਤ ਸੁਪਰਡੈਂਟ, ਸੇਵਾ ਸੁਸਾਇਟੀ, ਮਨੁੱਖੀ ਅਧਿਕਾਰ ਮੰਚ।
ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ
ਅੱਜ ਪੰਜਾਬ ਵਿਚ ਨਸ਼ਿਆਂ ਦੇ ਕਹਿਰ ਨੇ ਪੰਜਾਬੀਅਤ 'ਤੇ ਮਾਣ ਕਰਨ ਵਾਲੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਡੇ ਦੁਸ਼ਮਣ ਸਮੁੱਚੇ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਰੋਗੀ ਤੇ ਹੀਣੇ ਬਣਾਉਣ 'ਤੇ ਤੁਲੇ ਹੋਏ ਹਨ। ਪੰਜਾਬ ਦਾ ਸਮੁੱਚਾ ਰਾਜਤੰਤਰ ਅਮਨ ਕਾਨੂੰਨ ਵਿਵਸਥਾ ਦੇ ਜ਼ਿੰਮੇਵਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਤੇ ਮਾਪੇ, ਡਰੱਗ ਮਾਫੀਆ ਦੁਆਰਾ ਚਲਾਏ ਜਾ ਰਹੇ, ਜੋ ਨਸ਼ਾ ਤੰਤਰ ਸਾਹਮਣੇ ਬੇਵਸ ਹੋ ਗਏ ਜਾਪਦੇ ਹਨ। ਭੁੱਕੀ, ਗਾਂਜਾ, ਚਰਸ ਅਫੀਮ, ਮਾਰਫੀਨ ਦੇ ਟੀਕੇ, ਹੈਰੋਇਨ, ਸਿੰਥੈਟਿਕ ਨਸ਼ੇ ਤੇ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਪੰਜਾਬ ਵਿਚ ਬਹੁਤ ਵਿਕਣ ਲੱਗ ਪਈਆਂ ਹਨ। ਸਭ ਤੋਂ ਜ਼ਿਆਦਾ ਕਹਿਰ ਚਿੱਟੇ ਨਾਂਅ ਦੇ ਨਸ਼ੇ ਨੇ ਮਚਾਇਆ ਹੈ। ਦੋ-ਚਾਰ ਖ਼ਬਰਾਂ ਰੋਜ਼ਾਨਾ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤਾਂ ਦੀਆਂ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਸਰਕਾਰ ਅਤੇ ਸਮੁੱਚੇ ਪੰਜਾਬ ਦੇ ਹਿਤੈਸ਼ੀ ਵਰਗ ਨੂੰ ਇਸ ਮਹਾਂਮਾਰੀ ਵਿਰੁੱਧ ਇਕਮੁੱਠ ਹੋ ਕੇ ਸੰਘਰਸ਼ ਵਿੱਢਣਾ ਚਾਹੀਦਾ ਹੈ। ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਨੌਜਵਾਨ ਅਸਲ ਦੋਸ਼ੀ ਨਹੀਂ ਹਨ, ਸਗੋਂ ਉਹ ਤਾਂ ਲੋਕ ਮਾਰੂ ਨਵੀਆਂ, ਆਰਥਿਕ, ਸਨਅਤੀ ਤੇ ਖੇਤੀ ਨੀਤੀਆਂ ਤੇ ਨਿੱਜੀਕਰਨ ਕਾਰਨ ਬੇਰੁਜ਼ਗਾਰੀ, ਮਹਿੰਗਾਈ, ਜਬਰ-ਜ਼ੁਲਮ ਦੇ ਸਤਾਏ ਹੋਣ ਕਾਰਨ ਇਸ ਰਾਹ ਤੁਰੇ ਹੋਏ ਹਨ। ਤਲੱਸੀਬਖ਼ਸ਼ ਸਰੀਰਕ ਅਤੇ ਮਾਨਸਿਕ ਤੌਰ 'ਤੇ ਇਲਾਜ ਕਰਨ ਲਈ ਢੁਕਵੇਂ ਪ੍ਰਬੰਧ ਕਰਕੇ ਹੀ ਸਿਹਤਮੰਦ ਕੀਤਾ ਜਾ ਸਕਦਾ ਹੈ।
-ਗੌਰਵ ਮੁੰਜਾਲ
ਵਿਦੇਸ਼ਾਂ ਵਿਚ ਜਾਣ ਦੀ ਹੋੜ
ਪਿਛੇ ਜਿਹੇ ਟੈਲੀਵਿਜ਼ਨ 'ਚ ਖ਼ਬਰ ਨਸ਼ਰ ਹੋਈ ਕਿ ਇੰਮੀਗ੍ਰੇਸ਼ਨ ਕੰਪਨੀ ਲੋਕਾਂ ਦੇ ਕਰੋੜਾਂ ਰੁਪਏ ਡੱਕਾਰ ਕੇ ਹੋਈ ਫਰਾਰ। ਪੰਜਾਬੀ ਵਿਦੇਸ਼ ਸਟੱਡੀ ਬੇਸ ਜਾਂ ਗ਼ੈਰ-ਕਾਨੂੰਨੀ ਤੌਰ 'ਤੇ ਜਾ ਕੇ ਉਥੇ ਪੱਕੇ ਹੋਣ ਦੀ ਤਾਂਘ ਵਿਚ ਜਾਂਦੇ ਹਨ। ਪਿੱਛੇ ਜਿਹੇ ਅਖ਼ਬਾਰ ਦੀ ਖ਼ਬਰ ਪੜ੍ਹੀ ਕਿ ਅਮਰੀਕਾ 'ਚ ਇਕ ਸਾਲ 'ਚ 97 ਹਜ਼ਾਰ ਭਾਰਤੀ ਗ਼ੈਰ-ਕਾਨੂੰਨੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜੇ ਗਏ ਸੀ। ਗ਼ੈਰ-ਕਾਨੂੰਨੀ ਟਰੈਵਲ ਏਜੰਟ ਭਾਰਤੀਆਂ ਕੋਲੋਂ ਮੋਟੀ ਰਕਮ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਉਨ੍ਹਾਂ ਨੂੰ ਪਾਰ ਕਰਵਾਉਂਦੇ ਹਨ ਤੇ ਇਹ ਕਿ ਅਮਰੀਕਾ ਵਿਚ ਝੂਠ ਬੋਲ ਰਾਜਸੀ ਸ਼ਰਨ ਲੈਂਦੇ ਹਨ। ਇਸ ਤਰ੍ਹਾਂ ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਅਨੇਕਾਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆਂ ਹਨ। ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ। ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੌੜ ਲੱਗ ਗਈ ਹੈ, ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ-ਦੇਖੀ ਵਸਣਾ ਚਾਹੁੰਦਾ ਹੈ, ਜਦੋਂ ਕਿ ਪ੍ਰਵਾਸੀ ਬਿਹਾਰ ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ। ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਸਗੋਂ ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ। ਇਹੀ ਹਾਲ ਰਿਹਾ ਤਾਂ ਪ੍ਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ ਤੇ ਉਨ੍ਹਾਂ ਦਾ ਹੀ ਰਾਜ ਹੋਵੇਗਾ।
-ਗੁਰਮੀਤ ਸਿੰਘ ਵੇਰਕਾ
ਸ਼ੌਕ ਦਾ ਮੁੱਲ ਕੋਈ ਨਾ
ਖੇਡ ਸੰਸਾਰ ਮੈਗਜ਼ੀਨ ਵਿਚ ਫੋਟੋਗ੍ਰਾਫ਼ਰ ਸ਼ਿੰਗਾਰਾ ਸਿੰਘ ਸ਼ੇਰਗਿੱਲ ਦੇ ਜੀਵਨ ਬਾਰੇ ਪੜ੍ਹਿਆ, ਮਨ ਨੂੰ ਵਧੀਆ ਲੱਗਾ। ਉਨ੍ਹਾਂ ਲੰਬਾ ਸਮਾਂ ਫੋਟੋਗ੍ਰਾਫ਼ੀ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਇਸ ਨੂੰ ਕਿੱਤੇ ਵਜੋਂ ਨਹੀਂ, ਸਗੋਂ ਸ਼ੌਕੀਆ ਤੌਰ 'ਤੇ ਆਪਣੀ ਜ਼ਿੰਦਗੀ 'ਚ ਅਪਨਾਇਆ। ਜਿਵੇਂ ਕਹਾਵਤ ਹੈ 'ਸ਼ੌਕ ਦਾ ਮੁੱਲ ਕੋਈ ਨਾ' ਨੂੰ ਸਿੱਧ ਕਰ ਦਿੱਤਾ। ਫੋਟੋ ਦੁਆਰਾ ਮਨ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ। ਜਦੋਂ ਅਸੀਂ ਸ਼ੌਕ ਵਿਚ ਲਾਭ ਦੀ ਲਾਲਸ ਨੂੰ ਵੇਖਣ ਲੱਗ ਜਾਂਦੇ ਹਾਂ ਤਾਂ ਉਹ ਸ਼ੌਕ ਹੌਲੀ-ਹੌਲੀ ਮਨ ਵਿਚੋਂ ਵਿਸਰ ਜਾਂਦਾ ਹੈ। ਜ਼ਿੰਦਗੀ 'ਚ ਸ਼ੌਕ ਨੂੰ ਚਲਾਈ ਰੱਖਣ ਲਈ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ, ਜਿਸ ਦਾ ਸਬਕ ਸਾਨੂੰ ਸ਼ਿੰਗਾਰਾ ਸਿੰਘ ਵਰਗਿਆਂ ਤੋਂ ਮਿਲਦਾ ਹੈ, ਜੋ ਸਾਡੇ ਜੀਵਨ ਵਿਚ ਪ੍ਰੇਰਨਾ ਸਰੋਤ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਕੋਈ ਸ਼ੌਕ ਰੱਖਦੇ ਹੋ ਤਾਂ ਪ੍ਰੇਰਨਾ ਲੈ ਕੇ ਜੀਵਨ ਵਿਚ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਮੇਸ਼ਾ ਅੱਗੇ ਵਧਦੇ ਜਾਓ।
-ਰਾਮ ਸਿੰਘ ਪਾਠ
ਰਿਸ਼ਤੇ ਹੋਏ ਖ਼ਤਮ
ਹਾਲ ਹੀ ਵਿਚ ਪੁੱਤਰ ਵਲੋਂ ਆਪਣੇ ਪਿਓ ਦੀ ਹੱਤਿਆ ਕਰਨ ਲਈ ਖ਼ਬਰ ਪੜ੍ਹੀ। ਪੁੱਤਰ ਆਨਲਾਈਨ ਗੇਮ 'ਚ 25 ਲੱਖ ਰੁਪਿਆ ਹਾਰ ਗਿਆ ਸੀ ਤੇ ਪਿਓ ਵਾਰ-ਵਾਰ ਉਸ ਤੋਂ 25 ਲੱਖ ਦਾ ਹਿਸਾਬ ਮੰਗ ਰਿਹਾ ਸੀ। ਪੁੱਤਰ ਨੇ ਆਪਣੇ ਪਿਓ ਨੂੰ ਚੰਡੀਗੜ੍ਹ ਪੀ.ਜੀ.ਆਈ. ਦਵਾਈ ਦਿਵਾਉਣ ਜਾਣ ਸਮੇਂ ਸਾਜਿਸ ਤਹਿਤ ਚਾਕੂ ਮਾਰ ਕੇ ਪਿਓ ਦਾ ਕਤਲ ਕਰ ਦਿੱਤਾ. ਉਸ ਨੇ ਰੌਲਾ ਪਾਇਆ ਕਿ ਅਣਪਛਾਤਿਆਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਦੇ ਪਿਓ ਦੀ ਗਰਦਨ 'ਤੇ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਹਨ। ਪੁਲਿਸ ਰਿਮਾਂਡ ਦੌਰਾਨ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਦੋ ਕੁ ਮਹੀਨੇ ਪਹਿਲਾਂ ਪੁੱਤਰਾਂ ਵਲੋਂ ਕਹੀ ਮਾਰ ਕੇ ਆਪਣੇ ਪਿਓ ਦੀ ਹੱਤਿਆ ਦੀ ਖ਼ਬਰ ਵੀ ਪੜ੍ਹੀ ਸੀ। ਆਪਣੀ ਹੀ ਔਲਾਦ ਮਾਂ-ਬਾਪ ਦਾ ਕਾਤਲ ਬਣ ਰਹੀ ਹੈ। ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਘਰ ਵਿਚ ਰਹਿਣ ਲਈ ਬਜ਼ੁਰਗਾਂ ਨੂੰ ਥਾਂ ਤੱਕ ਨਹੀਂ ਹੈ। ਬਿਰਧ ਆਸ਼ਰਮ ਵਿਚ ਬਜ਼ੁਰਗ ਜਾ ਕੇ ਆਪਣਾ ਸਮਾਂ ਲੰਘਾ ਰਹੇ ਹਨ। ਮਾਂ-ਬਾਪ ਦਾ ਖ਼ੂਨ ਕਰਨ ਵਾਲੀ ਔਲਾਦ ਯਾਦ ਰੱਖੇ ਕਿ ਬੁਢਾਪਾ ਉਨ੍ਹਾਂ 'ਤੇ ਵੀ ਆਉਣਾ ਹੈ, ਜੋ ਬੀਜਾਂਗੇ ਉਹੀ ਵੱਢਣਾ ਪੈਣਾ ਹੈ।
-ਸੰਜੀਵ ਸਿੰਘ ਸੈਣੀ
ਮੋਹਾਲੀ।
ਦਲ ਬਦਲੂਆਂ 'ਤੇ ਇਤਬਾਰ ਨਾ ਕਰੋ
ਮੈਂ ਤਿੰਨ ਸੌ ਲੋਕਾਂ ਦੀ ਆਵਾਜ਼ ਬਣ ਕੇ 'ਅਜੀਤ' ਅਖ਼ਬਾਰ ਨੂੰ ਲਿਖ ਰਿਹਾ ਹਾਂ। ਸਾਡੀ ਰਾਇ ਹੈ ਕਿ ਦਲਬਦਲੀ ਦੇਸ਼ ਅਤੇ ਲੋਕਾਂ ਲਈ ਚੰਗੀ ਨਹੀਂ। ਜੇ ਕੋਈ ਐਮ.ਐਲ.ਏ. ਪਾਰਟੀ ਬਦਲ ਜਾਵੇ ਤਾਂ ਉਥੇ ਦੁਬਾਰਾ ਚੋਣ ਕਰਵਾਉਣ 'ਤੇ ਸਰਕਾਰ ਦਾ ਦੁਬਾਰਾ ਖਰਚ ਹੁੰਦਾ ਹੈ, ਜਿਨ੍ਹਾਂ ਲੋਕਾਂ ਨੇ ਕਿਸੇ ਲੀਡਰ ਨੂੰ ਕਿਸੇ ਪਾਰਟੀ ਲਈ ਚੁਣਿਆ ਹੋਵੇ, ਉਸ ਦੇ ਪਾਰਟੀ ਛੱਡਣ 'ਤੇ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਲੀਡਰਾਂ ਨੂੰ ਲੋਕਾਂ ਦਾ ਵਿਸ਼ਵਾਸ ਨਾ ਗਵਾਉਣਾ ਚਾਹੀਦਾ। ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਵਾਲੇ ਲੀਡਰ ਨੂੰ ਭਾਵੇਂ ਕਬੂਲ ਕਰ ਲਿਆ ਜਾਵੇ, ਪਰ ਜੇ ਉਹ ਦੁਬਾਰਾ ਉਸੇ ਪਾਰਟੀ ਵਿਚ ਘਰ ਵਾਪਸੀ ਕਹਿ ਕੇ ਮੁੜ ਆਉਂਦਾ ਹੈ ਤਾਂ ਪਾਰਟੀ ਪ੍ਰਧਾਨ ਵਲੋਂ ਉਸ ਨੂੰ ਦੁਬਾਰਾ ਆਪਣੀ ਪਾਰਟੀ ਵਿਚ ਜੀ ਆਇਆਂ ਕਹਿਣਾ ਗ਼ਲਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਨੇਤਾ ਨੂੰ ਦੁਬਾਰਾ ਨਾ ਜਿਤਾਇਆ ਜਾਵੇ।
-ਪ੍ਰਿੰ. ਕਰਤਾਰ ਸਿੰਘ ਬੇਰੀ
6614, ਗਲੀ ਨੰ: 3, ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ।
ਵਿਕਸਿਤ ਹੋਣ ਦਾ ਭਰਮ
ਅਸੀਂ ਜਿਉਂ-ਜਿਉਂ ਵਿਕਸਿਤ ਹੋਣ ਦਾ ਭਰਮ ਪਾਲ ਰਹੇ ਹਾਂ, ਤਿਉਂ-ਤਿਉਂ ਔਰਤਾਂ ਨਾਲ ਬਦਸਲੂਕੀ, ਛੇੜਛਾੜ, ਅਗਵਾ, ਮਾਰਕੁੱਟ, ਕਲਕੱਤੇ ਵਰਗਾ ਲੇਡੀ ਡਾਕਟਰ ਕਾਂਡ ਦਿੱਲੀ, ਨਿਰਭਿਆ ਕਾਂਡ, ਜਬਰ ਜੁਲਮ ਆਦਿ ਘਟਨਾਵਾਂ ਵਧ ਰਹੀਆਂ ਹਨ। ਪੱਛਮੀ ਬੰਗਾਲ, ਦਿੱਲੀ, ਮਨੀਪੁਰ, ਲੁਧਿਆਣਾ, ਰਾਜਸਥਾਨ ਤੇ ਸਮੁੱਚੇ ਹਿੱਸਿਆਂ ਵਿਚ ਹੀ ਹਾਲ ਵਿਚ ਵਾਪਰੀਆਂ ਔਰਤਾਂ ਵਿਰੁੱਧ ਘਟਨਾਵਾਂ ਨੇ ਸੂਝਵਾਨ ਨਾਗਰਿਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜਬਰ ਜਨਾਹ, ਔਰਤਾਂ ਨਾਲ ਛੇੜ, ਨਿਰਵਸਤਰ ਕਰਕੇ ਘੁੰਮਾਉਣ ਵਾਲੇ ਬਦਮਾਸ਼ ਆਪਣੀ ਧੌਂਸ ਜਮਾਉਣ ਖਾਤਰ ਔਰਤਾਂ ਦੀ ਇੱਜ਼ਤ ਆਬਰੂ ਨੂੰ ਲੁੱਟਦੇ ਹਨ ਤੇ ਕਿਤੇ ਤੇਜਾਬ ਪਾ ਰਹੇ ਹਨ। ਇਥੋਂ ਤੱਕ ਕਿ ਲੋਕਾਂ ਦੀ ਜਾਨ ਮਾਲ 'ਤੇ ਦੇਸ਼ ਦੀ ਰਾਖੀ ਕਰਨ ਵਾਲੇ ਪੁਲਿਸ ਫ਼ੌਜੀ ਜਵਾਨਾਂ ਨੂੰ ਵੀ ਆਪਣੀਆਂ ਧੀਆਂ-ਭੈਣਾਂ ਦੀ ਰਾਖੀ ਕਰਦੇ ਸਮੇਂ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਹ ਸਭ ਵਰਤਾਰੇ ਵਿਚੋਂ ਸਮੁੱਚੇ ਭਾਰਤ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਸਮਾਜ ਨੂੰ ਪਰਦੂਸ਼ਿਤ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ਸਰਕਾਰੀ ਪੱਧਰ 'ਤੇ ਸਖ਼ਤ ਕਾਨੂੰਨ ਅਤੇ ਫਾਸਟ ਟਰੈਕ ਅਦਾਲਤਾਂ ਬਣਾਉਣੀਆਂ ਚਾਹੀਦੀਆਂ ਹਨ। ਸਿਆਸੀ ਪਾਰਟੀਆਂ ਨੂੰ ਮਾੜੇ ਚਰਿੱਤਰ ਵਾਲੇ ਅਪਰਾਧੀਆਂ ਨੂੰ ਪਾਰਲੀਮੈਂਟ ਅਤੇ ਅਸੰਬਲੀ ਦੀਆਂ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਮੀਡੀਆ ਨੂੰ ਪੀਲੀ ਪੱਤਰਕਾਰੀ ਨਹੀਂ ਨਿਰਪੱਖ ਪੱਤਰਕਾਰੀ ਕਰਨੀ ਚਾਹੀਦੀ ਹੈ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਕੋਲਕਾਤਾ ਆਰ.ਜੀ. ਕਰ ਕਾਂਡ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਛਪਿਆ ਰਣਜੀਤ ਸਿੰਘ ਦਾ ਲੇਖ ਪੜ੍ਹਿਆ, ਜਿਸ ਨੂੰ ਪੜ੍ਹ ਕੇ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਜਿਸ ਤਨ ਲਾਗੇ ਸੋ ਤਨ ਜਾਣੇ ਕਿਉਂਕਿ ਲੋਕਾਂ ਦੀ ਸਮਝਣ ਸ਼ਕਤੀ ਖਤਮ ਹੋ ਗਈ ਹੈ। ਚੱਲ ਕੀ ਰਿਹਾ ਹੈ ਦੁਨੀਆ ਵਿਚ। ਜਾਂਚ ਤੋਂ ਬਾਅਦ ਵੀ ਹੋਰ ਅਰੋਪੀਆਂ ਦਾ ਕੋਈ ਪਤਾ ਨਹੀਂ ਚੱਲ ਪਾ ਰਿਹਾ। ਵਾਇਰਲ ਹੋਈ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਬਰ ਜਨਾਹ ਵਾਲੀ ਥਾਂ ਤੋਂ ਸਬੂਤ ਮਿਟਾਏ ਗਏ ਹਨ। ਡਾਕਟਰ ਕੁੜੀ ਦੇ ਮਾਪੇ ਜਿਨ੍ਹਾਂ ਦੇ ਆਪਣੀ ਬੇਟੀ ਨੂੰ ਪੜ੍ਹਾਇਆ-ਲਿਖਾਇਆ ਤਾਂ ਜੋ ਬੇਟੀ ਉਚੇ ਮੁਕਾਮ ਹਾਸਲ ਕਰ ਸਕੇ। ਦੋਸ਼ੀ ਦਰਿੰਦਿਆਂ ਜਿਨ੍ਹਾਂ ਉੱਪਰ ਹਵਸ ਦਾ ਭੂਤ ਸਵਾਰ ਸੀ, ਉਨ੍ਹਾਂ ਨੂੰ ਫੜ ਕੇ ਜਲਦ ਤੋਂ ਜਲਦ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ।
-ਲਵਪ੍ਰੀਤ ਕੌਰ
ਸੜਕ ਹਾਦਸਿਆਂ 'ਚ ਵਾਧਾ
ਅਕਸਰ ਹੀ ਪੰਜਾਬ ਵਿਚ ਸੜਕ ਹਾਦਸਿਆਂ ਬਾਰੇ ਪੜ੍ਹਨ-ਸੁਣਨ ਨੂੰ ਮਿਲਦਾ ਰਹਿੰਦਾ ਹੈ। ਵਾਪਰ ਰਹੇ ਹਾਦਸਿਆਂ ਪਿੱਛੇ ਕੀ ਕਾਰਨ ਹੋ ਸਕਦੇ ਹਨ। ਇਹ ਗੰਭੀਰਤਾ ਨਾਲ ਘੋਖ ਕਰਨ ਦਾ ਵਿਸ਼ਾ ਹੈ। ਜਿਸ 'ਤੇ ਤੁਰੰਤ ਅਮਲ ਹੋਣਾ ਚਾਹੀਦਾ ਹੈ। ਕਈ ਵਾਰ ਉਦੋਂ ਹਿਰਦੇ ਵਲੂੰਧਰੇ ਜਾਂਦੇ ਹਨ ਜਦੋਂ ਹਾਦਸਿਆਂ ਦੌਰਾਨ ਪਰਿਵਾਰਾਂ ਦੇ ਪਰਿਵਾਰ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਕਮੀਆਂ ਕਿਥੇ ਹਨ। ਕੀ ਕਾਨੂੰਨਾਂ 'ਚ ਕਮੀ ਹੈ ਜਾਂ ਫਿਰ ਲਾਗੂ ਕਾਨੂੰਨਾਂ 'ਤੇ ਅਮਲ ਕਰਨ 'ਚ ਕਮੀ ਹੈ। ਸਫ਼ਰ ਦੌਰਾਨ ਹਮੇਸ਼ਾ ਖ਼ੁਦ ਦੇ ਨਾਲ-ਨਾਲ ਦੂਸਰਿਆਂ ਦਾ ਵੀ ਖਿਆਲ ਰੱਖਿਆ ਜਾਵੇ। ਸਫ਼ਰ ਦੌਰਾਨ ਯਾਦ ਰੱਖਣਾ ਹੋਵੇਗਾ ਕਿ ਘਰ ਵਿਚ ਤੁਹਾਨੂੰ ਤੁਹਾਡੇ ਮਾਪੇ ਤੇ ਹੋਰ ਪਰਿਵਾਰਕ ਮੈਂਬਰ ਵੀ ਉਡੀਕ ਰਹੇ ਹਨ। ਸਫ਼ਰ ਦੌਰਾਨ ਵਰਤੀ ਹਰ ਤਰ੍ਹਾਂ ਦੀ ਸਾਵਧਾਨੀ ਹੀ ਸਾਨੂੰ ਸੁਰੱਖਿਅਤ ਰੱਖ ਸਕਦੀ ਹੈ। ਅਣਗਹਿਲੀ ਵਰਤਣਾ ਭਾਵ ਕਾਨੂੰਨ ਦੀ ਧੱਜੀ ਉਡਾਉਣਾ ਕਿਸੇ ਦੇ ਵੀ ਹਿਤ ਵਿਚ ਨਹੀਂ ਹੈ। ਅੱਜ ਹਰ ਪੱਖ ਤੋਂ ਵਰਤੀ ਸਾਵਧਾਨੀ ਜੇ ਹਾਦਸਿਆਂ ਨੂੰ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਸਕਦੀ ਤਾਂ ਕਾਫੀ ਹੱਦ ਤੱਕ ਘਟਾ ਜ਼ਰੂਰ ਸਕਦੀ ਹੈ।
-ਗੀਤਕਾਰ ਬੰਤ ਘੁਡਾਣੀ ਲੁਧਿਆਣਾ
ਪ੍ਰਵਾਸ
ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਕਿਸੇ ਲਈ ਆਪਣਾ ਘਰ-ਬਾਰ ਛੱਡਣਾ ਸੌਖਾ ਨਹੀਂ ਹੁੰਦਾ, ਪਰ ਅਨੇਕਾਂ ਮਜਬੂਰੀਆਂ ਕਰਕੇ ਹੀ ਉਸ ਨੂੰ ਆਪਣੀ ਧਰਤੀ ਤੋਂ ਵੱਖ ਹੋਣਾ ਪੈਂਦਾ ਹੈ। ਲੋਕ ਜ਼ਮੀਨ ਜਾਇਦਾਦ, ਘਰ-ਬਾਰ ਵੇਚ ਕੇ ਪਰਿਵਾਰਾਂ ਸਮੇਤ ਵਿਦੇਸ਼ਾਂ ਵਿਚ ਵਸਣ ਜਾ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਿਕ ਸੂਬੇ ਵਿਚ 75 ਲੱਖ ਤੋਂ ਵਧੇਰੇ ਲੋਕਾਂ ਕੋਲ ਪਾਸਪੋਰਟ ਹੈ। ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ, ਪਰਵਾਸ ਦਾ ਮੁੱਖ ਕਾਰਨ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਲਈ ਭੇਜਦੇ ਸਨ। ਹੁਣ ਇਕ ਵਾਰ ਵਿਦੇਸ਼ ਜਾਣ ਵਾਲਾ ਵਾਪਸ ਮੁੜ ਕੇ ਨਹੀਂ ਆਉਂਦਾ। ਹੁਣ ਤਾਂ ਪਿੰਡਾਂ ਦੇ ਆਮ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲੱਗ ਪਏ ਹਨ। ਪੰਜਾਬ 'ਚ ਹਜ਼ਾਰਾਂ ਨੌਜਵਾਨ ਆਈਲੈਟਸ ਸੈਂਟਰਾਂ ਦੀ ਫੀਸ ਭਰਦੇ ਹਨ, ਫਿਰ ਵਿਦੇਸ਼ਾਂ ਵਿਚ ਵਧੀਆ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖ਼ਲੇ ਲਈ ਲੱਖਾਂ ਰੁਪਏ ਫੀਸ ਭਰਨ ਲਈ ਮਜਬੂਰ ਹੁੰਦੇ ਹਨ। ਬੱਚਿਆਂ ਨੂੰ ਉਚੇਰੀ ਸਿੱਖਿਆ ਤੇ ਵਧੀਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਪ੍ਰਵਾਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ 'ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ। ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।
-ਸੰਜੀਵ ਸਿੰਘ ਸੈਣੀ ਮੋਹਾਲੀ।
ਪਿੰਡ-ਪਿੰਡ ਸੰਸਥਾ ਬਣੇ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦਾ ਵਾਤਾਵਰਨ ਬਹੁਤ ਜ਼ਿਆਦਾ ਗੰਧਲਾ ਹੁੰਦਾ ਜਾ ਰਿਹਾ ਹੈ। ਵਾਤਾਵਰਨ ਨੂੰ ਬਚਾਉਣ ਤੇ ਇਸ ਦੀ ਸ਼ੁੱਧਤਾ ਲਈ ਲੋਕਾਂ ਨੂੰ ਆਪ-ਮੁਹਾਰੇ ਅੱਗੇ ਆਉਣਾ ਪਵੇਗਾ। ਪੰਜਾਬ ਦੇ ਬਹੁਤੇ ਪਿੰਡਾਂ ਦਾ ਯੂਥ ਅੱਗੇ ਆਇਆ ਹੈ। ਬੂਟੇ ਲਗਾ ਰਿਹਾ ਹੈ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਕਰ ਰਿਹਾ ਹੈ। ਜਿਹੜਾ ਵੀ ਪੰਜਾਬੀ ਪੰਜਾਬ ਪ੍ਰਤੀ ਫਿਕਰਮੰਦ ਹੈ। ਉਹ ਆਲਸਪੁਣਾ ਛੱਡ ਕੇ ਅੱਗੇ ਆਵੇ। ਜਿਹੜੇ ਪੰਜਾਬੀ ਹਾਲੇ ਵੀ ਸਰਕਾਰਾਂ 'ਤੇ ਟੇਕ ਲਾਈ ਬੈਠੇ ਹਨ। ਉਹ ਉਮੀਦਾਂ ਛੱਡ ਦੇਣ। ਪੰਜਾਬ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਣਾ ਹਰ ਪੰਜਾਬੀ ਦਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ। ਅਸੀਂ ਸਰਕਾਰਾਂ ਜਾਂ ਸਿਆਸੀ ਜਮਾਤਾਂ ਨਹੀਂ ਬਚਾਉਣੀਆਂ। ਸਾਡਾ ਨਿਸ਼ਾਨਾ ਤਾਂ ਪੰਜਾਬ ਬਚਾਉਣਾ ਹੋਣਾ ਚਾਹੀਦਾ ਹੈ। ਅਸੀਂ ਪੌਣੀ ਸਦੀ ਤੋਂ ਸਰਕਾਰਾਂ ਤੇ ਸਿਆਸੀ ਲੋਕਾਂ ਨੂੰ ਬਚਾਉਂਦੇ ਆ ਰਹੇ ਹਾਂ। ਪਰ ਇਸ ਦੇ ਉਲਟ ਪੰਜਾਬ ਦਾ ਬਹੁਤਾ ਕੀਮਤੀ ਸਰਮਾਇਆ ਅਸੀਂ ਗੁਆ ਚੁੱਕੇ ਹਾਂ। ਜਿਸ ਦੀ ਪੂਰਤੀ ਨੇੜ ਭਵਿੱਖ 'ਚ ਹੋਣਾ ਅਸੰਭਵ ਹੈ। ਆਓ, ਸਾਰੇ ਰਲ ਮਿਲ ਕੇ ਵਾਤਾਵਰਨ ਪੱਖੋਂ ਪੰਜਾਬ ਨੂੰ ਇਕ ਨੰਬਰ 'ਤੇ ਲੈ ਕੇ ਆਈਏ। ਅਜਿਹਾ ਤਾਂ ਹੀ ਹੋ ਸਕੇਗਾ ਜੇ ਪੰਜਾਬ ਦੇ ਹਰ ਪਿੰਡ ਵਿਚ ਸੰਸਥਾ ਬਣਾਈ ਜਾਵੇ। ਜੋ ਆਪਣਾ ਕੰਮ ਨਿਰਸਵਾਰਥ ਹੋ ਕੇ ਨਿਰਵਿਘਨ ਕਰਦੀ ਰਹੇ।
-ਬੰਤ ਸਿੰਘ ਘੁਡਾਣੀ,
ਲੁਧਿਆਣਾ।
ਵਧ ਰਹੇ ਸੜਕ ਹਾਦਸੇ
ਅੱਜਕੱਲ੍ਹ ਸੜਕਾਂ 'ਤੇ ਵਧ ਰਹੇ ਹਾਦਸੇ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਹਰ ਰੋਜ਼ ਅਸੀਂ ਅਖ਼ਬਾਰਾਂ ਵਿਚ ਸੜਕ ਹਾਦਸਿਆਂ ਦੀਆਂ ਖਬਰਾਂ ਪੜ੍ਹਦੇ ਹਾਂ, ਜਿਨ੍ਹਾਂ ਵਿਚ ਕਈਆਂ ਦੀ ਜਾਨ ਜਾਂਦੀ ਹੈ। ਇਹ ਹਾਦਸੇ ਸਿਰਫ਼ ਕਿਸੇ ਇਕ ਵਿਅਕਤੀ ਦਾ ਨੁਕਸਾਨ ਨਹੀਂ ਕਰਦੇ ਸਗੋਂ ਕਈ ਪਰਿਵਾਰਾਂ ਨੂੰ ਉਜਾੜ ਦਿੰਦੇ ਹਨ। ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚ ਵਾਹਨਾਂ ਦੀ ਤੇਜ਼ ਰਫ਼ਤਾਰ, ਨਿਯਮਾਂ ਦੀ ਅਣਦੇਖੀ ਅਤੇ ਅਣਅਨੁਭਵੀ ਡਰਾਈਵਿੰਗ ਸ਼ਾਮਿਲ ਹਨ। ਜਦੋਂ ਸੜਕਾਂ 'ਤੇ ਡਰਾਈਵਰ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਨਤੀਜੇ ਵਜੋਂ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਨੂੰ ਘਟਾਉਣ ਲਈ ਸਾਨੂੰ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਸਿਰਫ਼ ਸਰਕਾਰ ਵਲੋਂ ਨਵੇਂ ਨਿਯਮ ਬਣਾਉਣਾ ਹੀ ਕਾਫ਼ੀ ਨਹੀਂ, ਸਾਡੇ ਸਮਾਜ ਨੂੰ ਵੀ ਇਸ ਵਿਚ ਸਹਿਭਾਗੀ ਹੋਣਾ ਪਵੇਗਾ। ਜਾਗਰੂਕਤਾ ਮੁਹਿੰਮਾਂ ਰਾਹੀਂ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ। ਅਸੀਂ ਸਾਰੇ ਮਿਲ ਕੇ ਹੀ ਸੜਕ ਹਾਦਸਿਆਂ ਨੂੰ ਘਟਾ ਸਕਦੇ ਹਾਂ ਅਤੇ ਆਪਣੀ ਜਾਨ ਨਾਲ-ਨਾਲ ਹੋਰਾਂ ਦੀ ਜਾਨ ਵੀ ਬਚਾ ਸਕਦੇ ਹਾਂ।
-ਵਿਸ਼ਾਲ ਜਲੰਧਰ।
ਸਾਈਬਰ ਧੱਕੇਸ਼ਾਹੀ ਕੀ ਹੈ?
ਜਦੋ ਕੋਈ ਵਿਅਕਤੀ ਇੰਟਰਨੈੱਟ ਜਾਂ ਹੋਰ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਕਰਦੇ ਹੋਏ ਕਿਸੇ ਹੋਰ ਵਿਅਕਤੀ ਬਾਰੇ ਨਕਾਰਾਤਮਿਕ, ਹਾਨੀਕਾਰਕ, ਝੂਠੀ ਜਾਂ ਮਾੜੀ ਸਮੱਗਰੀ ਈ-ਮੇਲ , ਟੈਕਸਟ ਮੈਸੇਜ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਪ੍ਰੇਸ਼ਾਨ ਕਰਦਾ ਹੈ ਤੇ ਇਸ ਨੂੰ ਸਾਈਬਰਬੁਲਿੰਗ ਜਾਂ ਸਾਈਬਰ ਧੱਕੇਸ਼ਾਹੀ ਕਿਹਾ ਜਾਂਦਾ ਹੈ। ਅਸੀਂ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫਾਈਲ ਦੇ ਪ੍ਰਾਈਵੇਸੀ ਸੈਟਿੰਗਜ਼ ਦੇ ਵਿਚ ਲੋੜੀਂਦੇ ਸੁਧਾਰ ਕਰਕੇ, ਆਪਣੇ ਸੋਸ਼ਲ ਮੀਡੀਆ ਖਾਤੇ ਨੂੰ ਪ੍ਰਾਈਵੇਟ ਕਰ ਕੇ, ਕਿਸੇ ਅਣਜਾਣ ਵਿਅਕਤੀ ਦੀ ਸੋਸ਼ਲ ਮੀਡੀਆ ਤੇ ਦੋਸਤ ਬੇਨਤੀ ਅਸਵੀਕਾਰ ਕਰਕੇ, ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਨੂੰ ਸਾਈਬਰਬੁਲਿੰਗ ਕਰਨ ਵਾਲੇ ਵਿਅਕਤੀ ਬਾਰੇ ਦੱਸ ਕੇ, ਕਿਸੇ ਅਣਜਾਣ ਵਿਅਕਤੀ ਵਲੋਂ ਭੇਜੀ ਗਈ ਨਕਾਰਾਤਮਿਕ, ਝੂਠੀ ਸਮੱਗਰੀ ਬਾਰੇ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ, ਸਾਨੂੰ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ, ਅਜਿਹੇ ਵਿਅਕਤੀ ਦੀ ਪ੍ਰੋਫਾਈਲ ਬਲਾਕ ਕਰਕੇ ਉਸ ਦਾ ਕੁਮੈਂਟ ਡਿਲੀਟ ਕਰਕੇ, ਉਸਦੀ ਫੋਨ ਕਾਲ, ਈ-ਮੇਲ ਨਾ ਪ੍ਰਾਪਤ ਕਰਕੇ ਉਸ ਦਾ ਫੋਨ ਨੰਬਰ ਬਲਾਕ ਕਰਕੇ ਅਤੇ ਈ-ਮੇਲ ਨੂੰ ਸਪੈਮ ਘੋਸ਼ਿਤ ਕਰਕੇ ਸਾਈਬਰਬੁਲਿੰਗ ਜਾਂ ਸਾਈਬਰ ਧੱਕੇਸ਼ਾਹੀ ਤੋਂ ਬਚ ਸਕਦੇ ਹਾਂ। ਸਾਈਬਰਬੁਲਿੰਗ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਕਾਨੂੰਨ ਬਣਾਏ ਹਨ ਜਿਵੇਂ :- Information Technology Act , 2000 ਦੇ Section 67 ਇਸ ਕਾਨੂੰਨ ਦੇ ਅਨੁਸਾਰ ਅਪਰਾਧੀ ਨੂੰ 3 ਸਾਲ ਦੀ ਕੈਦ ਅਤੇ 5 ਲੱਖ ਤਕ ਦਾ ਜੁਰਮਾਨਾ ਹੋ ਸਕਦਾ ਹੈ, Information Technology Act , 2000 ਦੇ Section 66E ਇਸ ਕਾਨੂੰਨ ਦੇ ਅਨੁਸਾਰ ਅਪਰਾਧੀ ਨੂੰ 3 ਸਾਲ ਦੀ ਕੈਦ ਅਤੇ 3 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ, The Indian Penal Code 1860 ਦੇ Section 507 ਇਸ ਕਾਨੂੰਨ ਦੇ ਅਨੁਸਾਰ ਅਪਰਾਧੀ ਨੂੰ 2 ਸਾਲ ਦੀ ਕੈਦ ਹੋ ਸਕਦੀ ਹੈ।
-ਅੰਮ੍ਰਿਤਬੀਰ ਸਿੰਘ
ਬਾਜ਼ ਆਵੇ ਪਾਕਿ
ਜੰਮੂ-ਕਸ਼ਮੀਰ 'ਚ ਵਿਗੜਦੇ ਹਾਲਾਤ ਨੂੰ ਵੇੇਖਦਿਆਂ 5 ਸਾਲ ਪਹਿਲਾਂ ਹੋਈ ਪੁਲਵਾਮਾ ਹਮਲੇ ਦੀ ਘਟਨਾ ਦੀ ਯਾਦ ਤਾਜ਼ਾ ਹੋ ਗਈ, ਜਿਸ ਵਿਚ ਸਾਡੇ 40 ਜਵਾਨ ਸ਼ਹੀਦ ਹੋ ਗਏ ਸਨ। ਹੁਣ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਜਾਂਬਾਜ਼ ਅਫ਼ਸਰਾਂ ਦੀ ਸ਼ਹਾਦਤ ਪਿੱਛੇ ਪਾਕਿ ਦੀ ਪੋਲ ਖੁੱਲ੍ਹਣਾ ਚਿੰਤਾ ਦਾ ਵਿਸ਼ਾ ਹੈ। ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚ 4000 ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕਰਨ ਦੇ ਫ਼ੈਸਲੇ ਬਾਰੇ ਅਸਰਦਾਰ ਕਾਰਵਾਈ ਅੱਤਵਾਦੀਆਂ ਨੂੰ ਠੱਲ੍ਹ ਪਾਉਣ ਵਿਚ ਮਦਦ ਕਰੇਗੀ। ਪਾਕਿ ਲਗਾਤਾਰ ਅੱਤਵਾਦੀਆਂ ਦੀ ਪੁਸ਼ਤ-ਪਨਾਹੀ ਕਰ ਕੇ? ਉਨ੍ਹਾਂ ਨੂੰ ਸ਼ਹਿ ਦਿੰਦਾ ਆ ਰਿਹਾ ਹੈ। ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਘਟਨਾਵਾਂ ਵਾਪਰਦੀਆਂ ਰਹਿੰਦੀਾਂ ਹਨ। ਪੁਲਵਾਮਾ 'ਚ ਅੱਤਵਾਦੀਆਂ ਨੇ ਕਸ਼ਮੀਰੀ ਹਿੰਦੂ ਦੀ ਹੱਤਿਆ ਕਰ ਦਿੱਤੀ। ਇਹ ਪਹਿਲੀ ਘਟਨਾ ਨਹੀਂ ਪਾਕਿ ਲਗਾਤਾਰ ਘੱਟ ਗਿਣਤੀਆਂ 'ਤੇ ਹਮਲੇ ਕਰਵਾ ਕੇ ਕਤਲੋ ਗਾਰਤ ਕਰਵਾ ਰਿਹਾ ਹੈ। ਪੂਰਾ ਵਿਸ਼ਵ ਜਾਣਦਾ ਹੈ ਕਿ ਪਾਕਿ ਅੱਤਵਾਦੀਆਂ ਨੂੰ ਪਾਲ ਕੇ ਉਨ੍ਹਾਂ ਦੇ ਅੱਤਵਾਦੀ ਅੱਡੇ ਚਲਾ ਕੇ ਪਨਾਹ ਦੇ ਰਿਹਾ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਮਾਮਲਿਆਂ 'ਤੇ ਇਸ ਸੰਬੰਧੀ ਸੰਜੀਦਗੀ ਨਾਲ ਵਿਚਾਰ ਕਰ ਪਾਕਿ 'ਤੇ ਨਕੇਲ ਕੱਸਣੀ ਚਾਹੀਦੀ ਹੈ। ਪਾਕਿ ਨੂੰ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ, ਪੰਜਾਬ ਪੁਲਿਸ।
ਕਸ਼ਮੀਰ ਬਣਿਆ ਨਾਸੂਰ
ਦੇਸ਼ ਦੀ 1947 ਦੀ ਵੰਡ ਤੋਂ ਤੁਰੰਤ ਬਾਅਦ ਪਾਕਿਸਤਾਨ ਦੀ ਫ਼ੌਜ ਅਤੇ ਧਾੜਵੀਆਂ ਨੇ 22 ਅਕਤੂਬਰ, 1947 ਨੂੰ ਕਸ਼ਮੀਰ 'ਤੇ ਕਬਜ਼ਾ ਕਰਨ ਲਈ ਧਾਵਾ ਬੋਲ ਦਿੱਤਾ। ਇਸ ਦੌਰਾਨ ਲੁੱਟ-ਘਸੁੱਟ, ਕਤਲੇਆਮ ਅਤੇ ਜਬਰਜਨਾਹ ਜਿਹੇ ਕਾਲੇ ਕਾਰਨਾਮੇ ਬਿਨਾਂ ਕਿਸੇ ਖੌਫ਼ ਨਾਲ ਵਾਪਰੇ। ਇਹ ਧਾੜਵੀ 25, 26 ਅਕਤੂਬਰ ਨੂੰ ਬਾਰਾਮੂਲਾ ਤੋਂ ਅੱਗੇ ਤੱਕ ਆ ਕੇ ਸ੍ਰੀਨਗਰ ਦੇ ਦੁਆਲੇ ਫੈਲ ਗਏ। ਸੋਚੀ-ਸਮਝੀ ਸਕੀਮ ਅਧੀਨ ਪਾਕਿਸਤਾਨ ਦਾ ਪ੍ਰਧਾਨ 26 ਅਕਤੂਬਰ ਨੂੰ ਲਾਹੌਰ ਪਹੁੰਚ ਗਿਆ ਤਾਂ ਜੋ ਸਮੇਂ ਸਿਰ ਸ੍ਰੀਨਗਰ ਜਿੱਤ ਦਾ ਝੰਡਾ ਲਹਿਰਾ ਕੇ ਪਾਕਿਸਤਾਨ ਦੀ ਜਿੱਤ ਦਾ ਐਲਾਨ ਕਰ ਸਕੇ। ਉਸੇ ਰਾਤ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਨਾਲ ਰੁਲੇਵੇਂ ਦੇ ਐਲਾਨ 'ਤੇ ਮੋਹਰ ਲਗਾ ਦਿੱਤੀ। 26 ਅਕਤੂਬਰ ਦੀ ਸਵੇਰ ਨੂੰ ਹੀ ਭਾਰਤ ਦੀ ਪਹਿਲੀ ਸਿੱਖ ਪਲਟਨ ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚ ਗਈ, ਨਾਲ ਹੀ ਤੋਪਖਾਨਾ ਅਤੇ ਹੋਰ ਪਲਟਨਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ। ਜਿਸ ਤੋਂ ਬਾਅਦ ਪਾਕਿਸਤਾਨੀ ਧਾੜਵੀਆਂ, ਫ਼ੌਜ ਨੇ ਵਾਪਸ ਭੱਜਣਾ ਸ਼ੁਰੂ ਕਰ ਦਿੱਤਾ। ਪਰ ਸਮੇਂ ਦੇ ਹਾਕਮਾਂ ਨੇ ਭਾਰਤੀ ਫ਼ੌਜ ਨੂੰ ਮੁਜਫਰਾਬਾਦ ਤੋਂ ਅੱਗੇ ਜਾਣ ਤੋਂ ਰੋਕ ਦਿੱਤਾ। ਜੇਕਰ ਭਾਰਤੀ ਫ਼ੌਜ ਨੂੰ ਪੂਰਾ ਕਸ਼ਮੀਰ ਕਵਰ ਕਰਨ ਦੀ ਆਗਿਆ ਦੇ ਦਿੱਤੀ ਜਾਂਦੀ ਤਾਂ ਅੱਜ ਇਹ ਸਥਿਤੀ ਨਾ ਹੁੰਦੀ, ਜੋ ਆਏ ਦਿਨ ਭਾਰਤੀ ਫ਼ੌਜੀ ਸ਼ਹੀਦ ਹੋ ਰਹੇ ਹਨ। ਸਾਲ 1971 ਦੀ ਭਾਰਤ-ਪਾਕਿ ਜੰਗ ਵਿਚ 92 ਹਜ਼ਾਰ ਪਾਕਿਸਤਾਨੀ ਫ਼ੌਜੀ ਜੰਗੀ ਕੈਦੀ ਬਣਾਏ ਗਏ ਸਨ। ਪਰ 1972 ਵਿਚ ਹੋਏ ਸ਼ਿਮਲਾ ਸਮਝੌਤੇ ਵਿਚ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਿਨਾਂ ਕਿਸੇ ਸ਼ਰਤ ਪਾਕਿਸਤਾਨੀ ਜੰਗੀ ਕੈਦੀਆਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਦੇ ਹਵਾਲੇ ਕਰ ਦਿੱਤਾ, ਜਦਕਿ ਇਨ੍ਹਾਂ ਕੈਦੀਆਂ ਦੀ ਰਿਹਾਈ ਬਦਲੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਸਾਰਾ ਇਲਾਕਾ ਪਾਕਿਸਤਾਨ ਤੋਂ ਵਾਪਸ ਲਿਆ ਜਾ ਸਕਦਾ ਸੀ। ਇਨ੍ਹਾਂ ਗ਼ਲਤੀਆਂ ਦੇ ਨਤੀਜੇ ਕਰਕੇ ਕਸ਼ਮੀਰ ਦੀ ਸਥਿਤੀ ਤੁਹਾਡੇ ਸਭ ਦੇ ਸਾਹਮਣੇ ਹੈ।
-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।
ਬਾਬੇ ਦਾ ਵਿਆਹ
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਤੇ ਸ੍ਰੀਮਤੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਦੀ ਬਰਾਤ ਹਰੇਕ ਸਾਲ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਨਗਰ ਕੀਰਤਨ ਦੇ ਰੂਪ ਵਿਚ ਸਜ-ਧਜ ਕੇ ਬਟਾਲੇ ਆਉਂਦੀ ਹੈ, ਜਿਸ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਹੈ ਅਤੇ ਰਸਤੇ ਵਿਚ ਪਿੰਡਾਂ ਵਾਲਿਆਂ ਵਲੋਂ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਜਾਂਦੇ ਹਨ। ਬਟਾਲਾ ਸ਼ਹਿਰ ਵਿਚ ਵਿਆਹ ਤੋਂ ਕੁਝ ਦਿਨ ਪਹਿਲਾਂ ਸਰਕਸ, ਪੰਘੂੜੇ ਤੇ ਵੱਖ-ਵੱਖ ਤਰ੍ਹਾਂ ਦੇ ਮਨੋਰੰਜਨ ਦੇ ਸਟਾਲ ਲੱਗ ਜਾਂਦੇ ਹਨ ਅਤੇ ਦੁਕਾਨਾਂ ਮਠਿਆਈਆਂ ਨਾਲ ਸਜ ਜਾਂਦੀਆਂ ਹਨ। ਪੂਰੇ ਸ਼ਹਿਰ ਨੂੰ ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਜਾਂਦਾ ਹੈ। ਲਗਭਗ ਹਰੇਕ ਧਰਮ ਦੇ ਲੋਕ ਦੂਰੋਂ-ਨੇੜਿਓਂ ਬਾਬੇ ਦਾ ਵਿਆਹ ਵੇਖਣ ਲਈ ਬਟਾਲਾ ਵਿਖੇ ਆਉਂਦੇ ਹਨ। ਵਿਆਹ ਦੀ ਖ਼ੁਸ਼ੀ ਵਿਚ ਸ੍ਰੀ ਕੰਧ ਸਾਹਿਬ ਤੇ ਡੇਹਰਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਸਾਰੀ ਰਾਤ ਦੀਵਾਨ ਸਜਾਏ ਜਾਂਦੇ ਹਨ, ਜਿਥੇ ਸੰਗਤਾਂ ਸ਼ਰਧਾ ਭਾਵਨਾ ਅਤੇ ਪੂਰੇ ਜੋਸ਼ੋ-ਖਰੋਸ਼ ਨਾਲ ਹਾਜ਼ਰੀ ਭਰਦੀਆਂ ਹਨ। ਇਸ ਸਾਲ ਵੀ ਅੱਜ (10 ਸਤੰਬਰ, 2024) ਨੂੰ ਬਾਬੇ ਦਾ ਵਿਆਹ ਪੁਰਬ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ, (ਜ਼ਿਲ੍ਹਾ ਗੁਰਦਾਸਪੁਰ)
ਕਰਜ਼ੇ ਦੀ ਪੰਡ
8 ਅਗਸਤ ਦਾ ਸੰਪਾਦਕੀ 'ਭਾਰੀ ਹੁੰਦੀ ਕਰਜੇ ਦੀ ਪੰਡ' ਨੂੰ ਵਾਚਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪੰਜਾਬ ਨੂੰ ਖ਼ੁਸ਼ਹਾਲ ਤੇ ਰੰਗਲਾ ਬਣਾਉਣ ਦੇ ਦਾਅਵੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸਗੋਂ ਉਲਟਾ ਕਰਜ਼ਾ ਲੈ-ਲੈ ਕੇ ਪੰਜਾਬ ਨੂੰ ਕੰਗਾਲ ਕਰਨ ਦੇ ਰਾਹ ਪਈ ਦਿਖਾਈ ਦੇ ਰਹੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪਹਿਲੀਆਂ ਸਰਕਾਰਾਂ 'ਤੇ ਪੰਜਾਬ ਨੂੰ ਕਰਜਾਈ ਕਰਨ ਤੇ ਲੁੱਟਣ ਦੇ ਦੋਸ਼ ਲਾਉਂਦਿਆਂ 'ਆਪ' ਦੀ ਸਰਕਾਰ ਬਣਨ 'ਤੇ ਵਾਧੂ ਵਿੱਤੀ ਵਸੀਲਿਆਂ ਅਤੇ ਫਾਲਤੂ ਖ਼ਰਚਿਆਂ 'ਚ ਕਟੌਤੀ ਕਰਕੇ ਪੰਜਾਬ ਨੂੰ ਕਰਜ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਦੇ ਸਬਜ਼ਬਾਗ ਦਿਖਾ ਕੇ ਸੱਤਾ ਪ੍ਰਾਪਤੀ ਕੀਤੀ ਸੀ, ਪਰ ਸੱਤਾ 'ਚ ਆ ਕੇ ਜਿਥੇ ਪਹਿਲੀਆਂ ਸਰਕਾਰਾਂ ਵਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਮੁਫ਼ਤ ਸਹੂਲਤਾਂ ਜਾਰੀ ਰੱਖੀਆਂ, ਉਥੋਂ ਖ਼ਰਚਿਆਂ 'ਚ ਕਟੌਤੀ ਕਰਨ ਦੀ ਬਜਾਏ, ਸਗੋਂ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇ ਕੇ ਪੰਜਾਬ ਦੇ ਖਜ਼ਾਨੇ 'ਤੇ ਵਾਧੂ ਵਿੱਤੀ ਬੋਝ ਪਾਉਣ ਦੇ ਨਾਲ-ਨਾਲ ਆਪਣੇ ਦਿੱਲੀ ਵਾਲੇ ਬਾਬੂ ਨੂੰ ਖ਼ੁਸ਼ ਕਰਨ ਲਈ ਪੰਜਾਬ ਦਾ ਸਰਮਾਇਆ ਇਸ਼ਤਿਹਾਰਬਾਜ਼ੀ 'ਤੇ ਲੁਟਾਇਆ ਅਤੇ ਭਗਵੰਤ ਮਾਨ ਦੀ ਅਜਿਹੀ ਆਕਾ ਖ਼ੁਸ਼ ਕਰੂ ਨੀਤੀ ਕਾਰਨ ਸਗੋਂ ਢਾਈ ਸਾਲ ਦੇ ਅਰਸੇ 'ਚ ਪੰਜਾਬ ਸਿਰ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਬਜਾਏ ਹੋਰ ਭਾਰੀ ਹੋ ਗਈ। ਇਹ ਵੀ ਸਪੱਸ਼ਟ ਹੈ ਕਿ ਜਦੋਂ ਤੱਕ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਵੋਟ ਰਾਜਨੀਤੀ ਤਹਿਤ ਸਕੀਮਾਂ ਬਣਦੀਆਂ ਰਹਿਣਗੀਆਂ ਉਦੋਂ ਤੱਕ ਸੂਬੇ ਦੀ ਆਰਥਿਕ ਮਜ਼ਬੂਤੀ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਇਸ ਲਈ ਸਰਕਾਰ ਨੂੰ ਕੌੜਾ ਘੁੱਟ ਭਰ ਕੇ ਲੋਕ ਲੁਭਾਊ ਤੇ ਮੁਫ਼ਤ ਸਕੀਮਾਂ ਬੰਦ ਕਰਕੇ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੈ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਧੂਰੀ (ਸੰਗਰੂਰ)
ਨਸੀਹਤ ਭਰੀ ਰਚਨਾ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਸਾਹਿਤ ਫੁਲਵਾੜੀ ਅੰਕ ਵਿਚ ਤੇਲੂ ਰਾਮ ਕੁਹਾੜਾ ਦੀ ਕਹਾਣੀ 'ਸ਼ਾਇਰ ਪਤੀ' ਪੜ੍ਹੀ। ਲੇਖਕ ਨੇ ਕਹਾਣੀ ਵਿਚਲੇ ਲੇਖਕ ਪਾਤਰ ਦਾ ਚਿਤਰਣ ਕਰਕੇ ਲੇਖਕ ਦੇ ਸੁਭਾਅ ਤੋਂ ਜਾਣੂ ਕਰਵਾ ਦਿੱਤਾ ਹੈ। ਇਹ ਬਿਲਕੁਲ ਸੱਚ ਹੈ ਕਿ ਕਿਸੇ ਲੇਖਕ ਦੀ ਕਿਤਾਬ ਨਾ ਛਪਣਾ ਹੀ ਉਸ ਲਈ ਸਭ ਤੋਂ ਵੱਡਾ ਸਦਮਾ ਹੁੰਦਾ ਹੈ। ਇਸੇ ਅੰਕ ਵਿਚ ਡਾ. ਇਕਬਾਲ ਸਿੰਘ ਸਰਕੌਦੀ ਦੀ ਰਚਨਾ 'ਬੁਢਾਪੇ ਦੇ ਪੜਾਅ ਨੂੰ ਖ਼ੁਸ਼ਗਵਾਰ ਬਣਾਈਏ' ਵੀ ਅੱਜ ਦੇ ਵਰਗ ਨੂੰ ਨਸੀਹਤ ਭਰੀ ਰਚਨਾ ਹੈ। 'ਜਿਹੋ ਜਿਹਾ ਬੀਜਾਂਗੇ, ਉਹੋ ਜਿਹਾ ਵੱਢਾਂਗੇ' ਦੀ ਕਹਾਵਤ ਵਾਂਗ ਜਦੋਂ ਅਸੀਂ ਆਪਣੇ ਬਜ਼ੁਰਗ ਮਾਪਿਆਂ ਦਾ ਉਨ੍ਹਾਂ ਦੇ ਬੁਢਾਪੇ ਵਿਚ ਧਿਆਨ ਨਹੀਂ ਰੱਖਿਆ ਤਾਂ ਫਿਰ ਅਸੀਂ ਆਪਣੇ ਬੱਚਿਆਂ ਤੋਂ ਕਿਉਂ ਉਮੀਦ ਰੱਖਦੇ ਹਾਂ।
-ਸ.ਸ. ਰਮਲਾ, ਸੰਗਰੂਰ।
ਨਵੀਂ ਜਾਣਕਾਰੀ
ਬੀਤੇ ਦਿਨੀਂ 'ਅਜੀਤ' ਮੈਗਜ਼ੀਨ 'ਚ ਲੇਖਕ ਬਹਾਦਰ ਸਿੰਘ ਗੋਸਲ ਦਾ ਲਿਖਿਆ ਲੇਖ 51 ਸਾਲਾਂ ਵਿਚ 52 ਵਾਰ ਲੁੱਟੀ ਗਈ ਸੀ ਦਿੱਲੀ ਪੜ੍ਹਿਆ। ਲੇਖ ਪੜ੍ਹ ਕੇ ਕੇਵਲ ਮੈਨੂੰ ਹੀ ਨਵੀਂ ਜਾਣਕਾਰੀ ਨਹੀਂ ਮਿਲੀ ਸਗੋਂ ਹਜ਼ਾਰਾਂ ਪਾਠਕਾਂ ਨੂੰ ਵੀ ਨਵੀਂ ਜਾਣਕਾਰੀ ਮਿਲੀ। ਲੇਖਕ ਬਹਾਦਰ ਸਿੰਘ ਗੋਸਲ ਵਧਾਈ ਦਾ ਪਾਤਰ ਹੈ, ਜਿਸ ਨੇ ਖੋਜ ਭਰਪੂਰ ਲੇਖ ਲਿਖਿਆ। ਪੰਦਰਾਂ ਵਾਰ ਤਾਂ ਸਿੰਘਾਂ ਨੇ ਹੀ ਦਿੱਲੀ ਉੱਤੇ ਜਿੱਤ ਪ੍ਰਾਪਤ ਕੀਤੀ। ਲੇਖਕ ਦੇ ਪ੍ਰਿੰਸੀਪਲ ਸਤਿਬੀਰ ਸਿੰਘ ਦੇ ਲਿਖਣ ਅਨੁਸਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ 1765 ਨੂੰ ਇਕ ਜਨਵਰੀ ਵਾਲੇ ਦਿਨ ਸਿੰਘ ਦਿੱਲੀ ਪੁੱਜ ਗਏ। ਬਾਦਸ਼ਾਹ ਸ਼ਾਹ ਆਲਮ ਨੇ ਸਰਦਾਰ ਬਘੇਲ ਸਿੰਘ ਨਾਲ ਸਮਝੌਤਾ ਕੀਤਾ। ਪਹਿਲਾਂ ਖ਼ਾਲਸੇ ਨੂੰ ਤਿੰਨ ਲੱਖ ਰੁਪਏ ਹਰਜਾਨੇ ਦੇ ਤੌਰ 'ਤੇ ਦਿੱਤੇ ਜਾਣ। ਦੂਜਾ ਸ਼ਹਿਰ ਦੀ ਕੋਤਵਾਲੀ ਅਤੇ ਚੁੰਗੀ ਵਸੂਲ ਕਰਨ ਦੀ ਅਧਿਕਾਰ ਸਰਦਾਰ ਬਘੇਲ ਸਿੰਘ ਦੇ ਹਵਾਲੇ ਕੀਤਾ ਜਾਵੇ। ਤੀਜਾ ਸਰਦਾਰ ਬਘੇਲ ਸਿੰਘ ਨੂੰ 4000 ਘੋੜ ਸਵਾਰ ਆਪਣੇ ਪਾਸ ਰੱਖਣ ਦੀ ਇਜਾਜ਼ਤ ਹੋਵੇ। ਇਸ ਫ਼ੈਸਲੇ ਨਾਲ ਸਿੰਘਾਂ ਦਾ ਮਾਣ-ਸਨਮਾਨ ਤੇ ਚੜ੍ਹਤ ਬਹਾਲ ਹੋ ਗਈ। ਜਿੰਨੀ ਦੇਰ ਤੱਕ ਭਾਵ 1802 ਤਕ ਸਰਦਾਰ ਬਘੇਲ ਸਿੰਘ ਜਿਊਂਦੇ ਰਹੇ, ਉਦੋਂ ਤੱਕ ਦਿੱਲੀ ਸ਼ਹਿਰ ਦੀ ਚੁੰਗੀ ਦਾ ਚੌਥਾ ਹਿੱਸਾ ਉਨ੍ਹਾਂ ਦੇ ਘਰ ਪਹੁੰਚਦਾ ਰਿਹਾ।
-ਜੋਗਿੰਦਰ ਸਿੰਘ ਲੋਹਾਮ
ਡਬਲਿਊ-37/275, ਜਮੀਅਤ ਸਿੰਘ ਰੋਡ, ਮੋਗਾ
ਆਤਮ-ਹੱਤਿਆਵਾਂ
ਅੱਜ ਕੱਲ੍ਹ ਆਤਮ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਆਤਮ ਹੱਤਿਆਵਾਂ ਦੀਆਂ ਖ਼ਬਰਾਂ ਅੱਜ ਕੱਲ੍ਹ ਰੋਜ਼ਾਨਾ ਅਖ਼ਬਾਰ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਸਾਡੇ ਸਮਾਜ ਸਾਹਮਣੇ ਅੱਜ ਇਹ ਸਭ ਤੋਂ ਵੱਡਾ ਸਵਾਲ ਹੈ। ਮਰਦ-ਔਰਤ, ਬੱਚੇ-ਬੁੱਢੇ, ਅਮੀਰ-ਗ਼ਰੀਬ ਸਭ ਵਰਗ ਵਿਚ ਇਹ ਵੇਖਣ ਸੁਣਨ ਨੂੰ ਮਿਲ ਰਿਹਾ ਹੈ। ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਕਿਹੜੀ ਚੀਜ਼ ਇਨਸਾਨ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਆਪਣਾ ਕਦਮ ਆਤਮਹੱਤਿਆ ਵੱਲ ਲੈ ਜਾਂਦਾ ਹੈ। ਜ਼ਿੰਦਗੀ ਇਨਸਾਨ ਨੂੰ ਕੋਈ ਵਾਰ-ਵਾਰ ਥੋੜ੍ਹਾ ਮਿਲਦੀ ਹੈ। ਇੰਝ ਲੱਗਦਾ ਹੈ ਜਿਵੇਂ ਇਨਸਾਨ ਦੀ ਜਗਿਆਸਾ, ਉਮੀਦਾਂ, ਤ੍ਰਿਸ਼ਨਾ, ਉਸ ਦੀਆਂ ਜ਼ਰੂਰਤਾਂ ਤੋਂ ਵਧ ਲੋੜਾਂ, ਉਸ ਦੀਆਂ ਉਮੀਦਾਂ ਹੀ ਬਹੁਤ ਵਧ ਗਈਆਂ ਹਨ, ਜੇ ਇਨ੍ਹਾਂ ਵਿਚੋਂ ਕੋਈ ਪੂਰੀ ਨਾ ਹੋਵੇ ਤਾਂ ਇਨਸਾਨ ਅੰਦਰ ਹੀ ਅੰਦਰ ਮਰਦਾ ਰਹਿੰਦਾ ਹੈ ਅਤੇ ਉਸ ਮੋੜ ਤੱਕ ਪਹੁੰਚ ਜਾਂਦਾ ਹੈ, ਜਿਸ 'ਤੇ ਜਾ ਕੇ ਉਹ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ, ਆਤਮ ਹੱਤਿਆ ਕਰਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ। ਅੱਜ ਜ਼ਰੂਰੀ ਹੈ ਇਹੋ ਜਿਹੀਆਂ ਘਟਨਾਵਾਂ 'ਤੇ ਚਿੰਤਾ ਕਰਨ ਅਤੇ ਸੋਚਣ ਦੀ। ਆਤਮ ਹੱਤਿਆਵਾਂ ਸਾਡੇ ਸਮੁੱਚੇ ਸਮਾਜ 'ਤੇ ਧੱਬਾ ਲਾ ਰਹੀਆਂ ਹਨ। ਮਨੁੱਖ ਨੂੰ ਦੁੱਖ ਜਾਂ ਮੁਸ਼ਕਿਲ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਉਸ ਮੁਸ਼ਕਿਲ ਦਾ ਹੱਲ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਜਿਵੇਂ ਦਿਨ ਤੋਂ ਰਾਤ ਅਤੇ ਹਨੇਰੇ ਤੋਂ ਬਾਅਦ ਚਾਨਣ ਨੇ ਆਉਣਾ ਹੀ ਹੁੰਦਾ ਹੈ। ਉਸੇ ਤਰ੍ਹਾਂ ਦੁੱਖ ਅਤੇ ਮੁਸ਼ਕਿਲ ਤੋਂ ਬਾਅਦ ਸੁੱਖ ਨੇ ਆਉਣਾ ਹੀ ਹੈ। ਸਾਨੂੰ ਹਰ ਮੁਸੀਬਤ ਦਾ ਨਿਡਰ ਹੋ ਕੇ ਹੌਸਲਾ ਬਣਾ ਕੇ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਆਤਮ ਹੱਤਿਆਵਾਂ ਵਰਗੀਆਂ ਘਟਨਾਵਾਂ ਤੋਂ ਪਾਸਾ ਵੱਟ ਲੈਣਾ ਚਾਹੀਦਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.
ਵਧ ਰਹੇ ਬਜ਼ੁਰਗ ਆਸ਼ਰਮ
ਮਨੁੱਖੀ ਰਿਸ਼ਤੇ ਦਾ ਆਪਣਾ-ਆਪਣਾ ਖ਼ਾਸ ਮਹੱਤਵ ਹੈ। ਔਲਾਦ ਦਾ ਆਪਣੇ ਮਾਤਾ-ਪਿਤਾ ਨਾਲ ਵੀ ਰਿਸ਼ਤਾ ਅਸੀਮ ਸੁੱਖ ਦੇਣ ਵਾਲਾ ਹੈ। ਦੁਨੀਆ ਦੀ ਬਹੁ-ਗਿਣਤੀ ਵਿਖਾਵੇ ਵਿਚ ਫਸੀ ਹੋਣ ਦੇ ਕਾਰਨ ਮਨੁੱਖੀ ਫਰਜ਼ਾਂ ਨੂੰ ਭੁਲਾਈ ਬੈਠੀ ਹੈ। ਅੱਜ ਤੋਂ ਕੁਝ ਚਿਰ ਪਹਿਲਾਂ ਪੰਜਾਬ ਅੰਦਰ ਬਿਰਧ ਆਸ਼ਰਮ ਨਾਂਅ ਦੀ ਕੋਈ ਵੀ ਸੰਸਥਾ ਵੇਖਣ ਨੂੰ ਨਹੀਂ ਸੀ ਮਿਲਦੀ ਪਰ ਅੱਜ ਪੰਜਾਬ ਵਿਚ ਵਧ ਰਹੀਆਂ ਬਿਰਧ ਆਸ਼ਰਮ ਨਾਂਅ ਦੀਆਂ ਸੰਸਥਾਵਾਂ ਪੰਜਾਬ ਦੇ ਮੱਥੇ 'ਤੇ ਕਲੰਕ ਹਨ। ਇਨ੍ਹਾਂ ਬਿਰਧ ਆਸ਼ਰਮਾਂ ਵਿਚ ਉਹ ਬਜ਼ੁਰਗ ਜਾਣ. ਜਿਨ੍ਹਾਂ ਦਾ ਕੋਈ ਧੀ-ਪੁੱਤਰ ਨਹੀਂ ਜਾਂ ਕੋਈ ਰਿਸ਼ਤੇਦਾਰ ਨਹੀਂ, ਤਾਂ ਕੋਈ ਹਰਜ਼ ਨਹੀਂ ਪਰ ਜ਼ਿਆਦਾਤਰ ਇਨ੍ਹਾਂ ਆਸ਼ਰਮਾਂ ਅੰਦਰ ਉਹ ਬਜ਼ੁਰਗ ਹਨ, ਜਿਹੜੇ ਖ਼ੁਦ ਔਲਾਦ ਵਾਲੇ ਹੁੰਦੇ ਹਨ ਪਰ ਕੀ ਕਾਰਨ ਹਨ ਕਿ ਇਨ੍ਹਾਂ ਦੇ ਬੱਚੇ ਇਨ੍ਹਾਂ ਨੂੰ ਘਰ ਰੱਖਣ ਲਈ ਤਿਆਰ ਨਹੀਂ? ਜਿਹੜੇ ਮਨੁੱਖ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ। ਸਾਡੇ ਬੱਚੇ ਵੀ ਸਾਡੇ ਨਾਲ ਇਹੋ ਜਿਹਾ ਹੀ ਸਲੂਕ ਕਰਨਗੇ? ਬਜ਼ੁਰਗਾਂ ਦੀ ਸੇਵਾ ਛੱਡ ਕੇ ਤੀਰਥਾਂ 'ਤੇ ਇਸ਼ਨਾਨ ਕਰਨੇ, ਪੁੰਨ ਦਾਨ ਕਰਨਾ ਸਭ ਵਿਅਰਥ ਹਨ। ਆਓ, ਪੰਜਾਬ ਵਾਸੀਓ, ਬਿਰਧ ਆਸ਼ਰਮ ਜੋ ਵਧ ਰਹੇ ਹਨ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਇਸ ਨੂੰ ਠੱਲ੍ਹ ਤਾਂ ਹੀ ਪਾਈ ਜਾ ਸਕਦੀ ਹੈ, ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਘਰਾਂ ਅੰਦਰ ਸਨਮਾਨ ਦੇਈਏ ਅਤੇ ਉਨ੍ਹਾਂ ਦਾ ਪਿਆਰ ਮਾਣੀਏ, ਇਹੋ ਹੀ ਬੈਕੁੰਠ ਹੈ।
-ਰਿੰਕਲ ਮੁੱਖ ਅਧਿਆਪਕਾ ਫਿਰੋਜ਼ਪੁਰ।
ਰੁੱਖ ਸੰਭਾਲੋ
ਅਜੋਕੇ ਮਨੁੱਖ ਦੀ ਮੁਢਲੀ ਲੋੜ ਰੁੱਖਾਂ ਨੂੰ ਬਚਾਉਣਾ ਹੈ। ਸਾਵਣ, ਭਾਦੋਂ ਦੋ ਮਹੀਨੇ ਰੁੱਖ ਲਗਾਉਣ ਦਾ ਵਧੀਆ ਸਮਾਂ ਹੈ। ਜਿੰਨਾ ਜ਼ਰੂਰੀ ਨਵੇਂ ਰੁੱਖਾਂ ਨੂੰ ਲਗਾਉਣਾ ਹੈ, ਉਸ ਤੋਂ ਵਧੇਰੇ ਲੱਗੇ ਹੋਏ ਰੁੱਖਾਂ ਨੂੰ ਸੰਭਾਲਨਾ ਜ਼ਰੂਰੀ ਹੈ। ਸਿਰਫ਼ ਦਿਖਾਵੇ ਅਤੇ ਗਿਣਤੀ ਲਈ ਰੁੱਖ ਲਗਾਉਣ ਦੀ ਬਜਾਏ, ਸੌ ਦੀ ਜਗ੍ਹਾ ਭਾਵੇਂ ਦੋ ਰੁੱਖ ਲਗਾ ਲਈਏ, ਪਰ ਉਨ੍ਹਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰੀਏ। ਰੁੱਖਾਂ ਦੇ ਵਧਣ-ਫੁੱਲਣ ਨਾਲ ਹੀ ਸਾਡੇ ਚੁਗਿਰਦੇ ਵਿਚ ਬਹਾਰ ਆਵੇਗੀ। ਸਾਡੇ ਲਗਾਏ ਦੋ ਰੁੱਖਾਂ ਦੀ ਅਹਿਮੀਅਤ ਅਨੇਕਾਂ ਉਨ੍ਹਾਂ ਖਿਲਾਰੇ ਬੀਜਾਂ ਤੋਂ ਵਧੇਰੇ ਹੋਵੇਗੀ, ਜੋ ਪੁੰਗਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਹਾਂ, ਇਹ ਜ਼ਰੂਰੀ ਹੈ ਕਿ ਹੁਣ ਟਾਵੇਂ ਟੱਲੇ ਰੁੱਖਾਂ ਨਾਲ ਗੁਜ਼ਾਰਾ ਨਹੀਂ ਹੋਣਾ। ਸਾਨੂੰ ਜੰਗਲ ਵਿਕਸਿਤ ਕਰਨ ਦੀ ਲੋੜ ਹੈ। ਜੰਗਲਾਂ ਨੂੰ ਮੁੜ ਵਿਕਸਿਤ ਕਰਨ ਲਈ ਬਹੁਤ ਹੀ ਜ਼ਿਆਦਾ ਯਤਨ ਕਰਨੇ ਪੈਣਗੇ, ਪਤਾ ਨਹੀਂ ਕਿੰਨੇ ਕੁ ਸਾਲ ਯਤਨ ਕਰਨ ਤੋਂ ਬਾਅਦ ਉਸ ਤਰ੍ਹਾਂ ਦੇ ਜੰਗਲ ਫਿਰ ਤੋਂ ਆਬਾਦ ਹੋ ਸਕਣਗੇ। ਅਜੋਕਾ ਮਨੁੱਖ ਇਹ ਭੁੱਲ ਰਿਹਾ ਹੈ, ਕਿ ਰੁੱਖਾਂ ਬਿਨਾਂ ਸਾਹ ਲੈਣਾ ਕਿੰਨਾ ਮੁਸ਼ਕਿਲ ਹੋ ਜਾਵੇਗਾ, ਆਪਣੇ ਨਿੱਜੀ ਸਵਾਰਥ ਲਈ ਰੁੱਖਾਂ ਨੂੰ ਵੱਢ ਕੇ ਨੁਕਸਾਨ ਪਹੁੰਚਾ ਰਿਹਾ ਹੈ, ਜੰਗਲਾਂ ਨੂੰ ਤਬਾਹ ਕਰ ਰਿਹਾ ਹੈ। ਜੋ ਲੋਕ ਰੁੱਖਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਰੁੱਖਾਂ ਨਾਲ ਵਧੀਕੀ ਕਰਨ ਵਾਲਿਆਂ ਵਿਰੁੱਧ ਜੋ ਕਾਨੂੰਨ ਬਣਿਆ ਹੈ ਉਸ ਨੂੰ ਕਾਗਜ਼ਾਂ ਵਿਚ ਦਫ਼ਨਾਉਣ ਦੀ ਬਜਾਏ ਅਮਲੀ ਜਾਮਾ ਪਹਿਨਾਇਆ ਜਾਵੇ।
-ਕਮਲਜੀਤ ਕੌਰ ਗੁੰਮਟੀ
ਬਰਨਾਲਾ
ਮੁਫ਼ਤ ਦੀਆਂ ਸਹੂਲਤਾਂ
ਹਰਿਆਣਾ, ਜੰਮੂ-ਕਸ਼ਮੀਰ 'ਚ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ। ਅਕਸਰ ਹੀ ਚੋਣਾਂ ਦੌਰਾਨ ਗੰਭੀਰ ਸਵਾਲ ਉੱਠਦੇ ਰਹਿੰਦੇ ਹਨ। ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫ਼ਤ ਦੀ ਸਹੂਲਤਾਂ ਦੇ ਲਾਲਚ ਦੇ ਚੋਣਾਂ ਸਮੇਂ ਦਾਅ ਖੇਡ ਪ੍ਰਦੇਸ਼ ਨੂੰ ਕਰਜ਼ਾਈ ਕਰ ਨਕਾਰਾ ਕਰ ਰਹੀਆਂ ਹਨ। ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਦੀ ਨੇਤਾ ਨੇ ਮੁਫਤ ਦੀਆਂ ਸਹੂਲਤਾਂ ਦੀ ਆਪਣੇ ਮੈਨੀਫੈਸਟੋ 'ਚ ਝੜੀ ਲਗਾ ਦਿੱਤੀ ਹੈ। ਅਪਰਾਧਿਕ ਪ੍ਰਵਿਰਤੀ ਵਾਲੇ ਉਮੀਦਵਾਰ ਚੋਣਾਂ ਜਿੱਤ ਮੁਲਕ ਨੂੰ ਲੁੱਟ ਕੇ ਖਾਂਦੇ ਹਨ। ਜਾਤ-ਪਾਤ 'ਚ ਵੰਡ ਪਾ ਵੋਟਾਂ ਬਟੋਰੀਆਂ ਜਾਂਦੀਆਂ ਹਨ। ਹੁਣ ਜਦੋਂ ਦੋ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਵੋਟਰਾਂ ਨੂੰ ਸੋਚ ਸਮਝ ਇਮਾਨਦਾਰ, ਪੜ੍ਹੇ-ਲਿਖੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਬੇਦਾਗ ਤੇ ਮੁਫ਼ਤ ਸਹੂਲਤਾਂ ਵੰਡਣ ਤੇ ਲੋਕਾਂ ਨੂੰ ਨਕਾਰਾ ਬਣਾਉਣ ਵਾਲਾ ਨਾ ਹੋਵੇ। ਭਾਜਪਾ, ਜੋ ਪੂਰਨ ਬਹੁਮਤ 'ਚ ਹੈ, ਨੂੰ ਸਦਨ 'ਚ ਕਾਨੂੰਨ ਬਣਾ ਦਾਗੀਆਂ ਦੇ ਚੋਣ ਲੜਨ 'ਤੇ ਪਾਬੰਦੀ ਲਗਾ ਮੁਫਤ ਰਿਓੜੀਆਂ ਦੇਣ 'ਤੇ ਪਾਬੰਦੀ ਲਗਾ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਘੱਟ ਤੋਂ ਘੱਟ ਉਮੀਦਵਾਰ ਦੀ ਤਲੀਮ ਮੈਟਰਿਕ ਕਰਨੀ ਚਾਹੀਦੀ ਹੈ। ਪੰਜਾਬ ਵਿਚ ਕਾਰਪੋਰੇਸ਼ਨਾਂ, ਪੰਚਾਇਤੀ ਚੋਣਾਂ ਪੈਣੀਆਂ ਹਨ। ਅਕਸਰ ਦੇਖਿਆ ਹੈ ਔਰਤ ਕੌਂਸਲਰ, ਸਰਪੰਚ ਦਾ ਘਰਵਾਲਾ ਹੀ ਸਰਪੰਚੀ ਤੇ ਕੌਂਸਲਰੀ ਕਰਦਾ ਹੈ। ਇਸ ਲਈ ਵੋਟਰ ਨੂੰ ਕਾਬਲ ਮਹਿਲਾ ਦੀ ਚੋਣ ਕਰਨੀ ਚਾਹੀਦੀ ਹੈ, ਜੋ ਆਪਣੇ ਘਰ ਵਾਲੇ ਤੇ ਨਿਰਭਰ ਨਾ ਹੋਵੇ ਤੇ ਉਸ ਵਿਚ ਖ਼ੁਦ ਕਾਬਲੀਅਤ ਹੋਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ,
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਪੰਜਾਬ ਦੀ ਆਰਥਿਕਤਾ ਬਚਾਓ
ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗ਼ੈਰ-ਜ਼ਰੂਰੀ ਮੁਫ਼ਤਖੋਰੀ 'ਤੇ ਆਧਾਰਿਤ ਯੋਜਨਾਵਾਂ ਲਾਗੂ ਕਰ ਕੇ ਸੂਬੇ ਨੂੰ ਭਾਰੇ ਕਰਜ਼ੇ ਹੇਠ ਦਬ ਦਿੱਤਾ ਹੈ, ਜਿਸ ਕਾਰਨ ਪੰਜਾਬ ਆਰਥਿਕ, ਸਮਾਜਿਕ ਤੇ ਰਾਜਨੀਤਕ ਪੱਖੋਂ ਕੰਗਾਲ ਹੋ ਗਿਆ ਹੈ। ਮੁੱਖ ਤੌਰ 'ਤੇ ਸਬਸਿਡੀਆਂ ਅਤੇ ਮੁਫ਼ਤ ਦੀਆਂ ਯੋਜਨਾਵਾਂ ਨੂੰ ਸੂਬੇ ਦੀ ਆਰਥਿਕ ਹਾਲਤ ਖਰਾਬ ਹੋਣ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ। ਫ਼ਸਲੀ ਵਿਭਿੰਨਤਾ ਦੀ ਯੋਜਨਾ ਤੇ ਫਾਈਲਾਂ ਤੱਕ ਹੀ ਸੀਮਤ ਰਹਿ ਗਈ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ। ਮੁਫ਼ਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰਨਾ ਹੁਣ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਕੈਮੀਕਲਾਂ ਨਾਲ ਅਸੀਂ ਪਾਣੀ ਦੂਸ਼ਿਤ ਕਰ ਰਹੇ ਹਾਂ, ਫੈਕਟਰੀਆਂ, ਭੱਠਿਆਂ ਦਾ ਧੂੰਆਂ, ਖੇਤੀ ਦੀ ਰਹਿੰਦ-ਖੂੰਹਦ ਨੂੰ ਲਾਈਆਂ ਅੱਗਾਂ, ਸਾਡੀ ਖ਼ੁਦਗਰਜ਼ੀ ਅਤੇ ਛੋਟੀ ਸੋਚ ਕਾਰਨ ਸਾਰਾ ਕੁਝ ਕੁਦਰਤ ਦੇ ਵਰਤਾਰੇ ਦੇ ਉਲਟ ਹੋ ਰਿਹਾ ਹੈ। ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬੀ ਕੰਮ ਕਰ ਕੇ ਖ਼ੁਸ਼ ਨਹੀਂ ਹਨ, ਜਿਸ ਕਾਰਨ ਸਾਰਾ ਕੰਮਕਾਰ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਚਲਾ ਗਿਆ ਹੈ। ਪੰਜਾਬੀ ਵਿਦੇਸ਼ਾਂ ਨੂੰ ਤੁਰੀ ਜਾ ਰਹੇ ਹਨ। ਪੰਜਾਬ ਦਾ ਪੈਸਾ ਵਿਦੇਸ਼ਾਂ ਨੂੰ ਜਾ ਰਿਹਾ ਹੈ। ਪੰਜਾਬ ਜਵਾਨੀ ਤੇ ਕਮਾਈ ਵਲੋਂ ਕੰਗਾਲ ਹੋ ਰਿਹਾ ਹੈ। ਘਰਾਂ ਦੇ ਘਰ ਖਾਲੀ ਹੋ ਰਹੇ ਹਨ ਅਤੇ ਪਿਛੇ ਸਿਰਫ਼ ਬਜ਼ੁਰਗ ਹੀ ਨਜ਼ਰ ਆਉਂਦੇ ਹਨ। ਕੁਝ ਜਵਾਨੀ ਨਸ਼ਿਆਂ ਵਿਚ ਗ਼ਲਤਾਨ ਹੈ ਜਾਂ ਲੁੱਟਾਂ-ਖੋਹਾਂ ਵਿਚ ਪੈ ਗਈ ਹੈ। ਆਮ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਕਿਸਾਨ ਗ਼ਲਤ ਨੀਤੀਆਂ ਕਾਰਨ ਕਰਜ਼ੇ ਦੇ ਜਾਲ ਵਿਚ ਫਸਿਆ ਹੈ। ਕਿਸਾਨ, ਮਜ਼ਦੂਰ ਗ਼ਰੀਬੀ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੈ। ਦਰਿਆਈ ਪਾਣੀਆਂ ਉੱਤੇ ਹੱਕ ਸਾਡਾ ਖੁਸਦਾ ਜਾ ਰਿਹਾ ਹੈ। ਸੋ, ਪੰਜਾਬ ਦੇ ਇਨ੍ਹਾਂ ਗੰਭੀਰ ਮਸਲਿਆਂ ਨੂੰ ਸੁਲਜਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ, ਧਾਰਮਿਕ ਸੰਪਰਦਾਵਾਂ, ਬੁੱਧੀਜੀਵੀਆਂ, ਵਿਦਵਾਨਾਂ, ਪੰਜਾਬ ਹੈਤਾਸ਼ੀਆਂ ਨੂੰ ਮਿਲ ਬੈਠ ਕੇ ਪੰਜਾਬ ਦੀ ਡੁਬਦੀ ਜਾਂਦੀ ਕਿਸ਼ਤੀ ਨੂੰ ਬਚਾਉਣ ਦੀ ਲੋੜ ਹੈ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਚਿੱਟ ਫੰਡ ਕੰਪਨੀਆਂ ਵਲੋਂ ਜਾਲ੍ਹਸਾਜ਼ੀ
ਪਰਲਜ਼ ਗਰੁੱਪ ਦੇ ਫਾਊਂਡਰ ਨਿਰਮਲ ਸਿੰਘ ਭੰਗੂ, ਜਿਨ੍ਹਾਂ ਦੀ ਕੰਪਨੀ ਵਿਚ ਲੋਕਾਂ ਨੇ ਕਰੋੜਾਂ ਰੁਪਏ ਲਾਏ ਸੀ, ਦਾ 25 ਅਗਸਤ ਨੂੰ ਦਿੱਲੀ ਵਿਖੇ ਦਿਹਾਂਤ ਹੋ ਗਿਆ। ਪਰਲਜ਼ ਗਰੁੱਪ ਵਰਗੀਆਂ ਕਈ ਕੰਪਨੀਆਂ ਨਿਵੇਸ਼ਕਾਂ ਨੂੰ ਪੰਜਾਬ ਵਿਚ ਲਗਾਤਾਰ ਲੋਕਾਂ ਨੂੰ ਵੱਧ ਵਿਆਜ ਦਾ ਝਾਂਸਾ ਦੇ ਕੇ ਲੁੱਟ ਰਹੀਆਂ ਸਨ। ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ, ਜੋ ਕੰਪਨੀ ਆਈ.ਆਰ.ਬੀ. ਦੀਆਂ ਹਦਾਇਤਾਂ ਤੋਂ ਵਧ ਵਿਆਜ ਦਿੰਦੀ ਹੈ ਉਹ ਧੋਖੇਬਾਜ਼ ਹੈ। ਮੇਰੀ ਪੁਲਿਸ ਦੀ ਨੌਕਰੀ ਦੌਰਾਨ ਮੇਰੇ ਕੋਲ ਇਕ ਪੜਤਾਲ ਆਈ ਸੀ, ਜਿਸ ਵਿਚ ਸ਼ਿਕਾਇਤ ਕਰਤਾ ਨੇ ਬੈਂਕ ਮੈਨੇਜਰ ਤੇ ਉਸ ਦੀ ਪਤਨੀ ਦੇ ਵਿਦੇਸ਼ ਭੇਜਣ ਦੇ ਨਾਂਅ 'ਤੇ 17 ਲੱਖ ਰੁਪਏ ਲੈਣ ਦਾ ਇਲਜ਼ਾਮ ਲਗਾਇਆ ਸੀ। ਪਰ ਪੜਤਾਲ 'ਚ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਤੇ ਬੈਂਕ ਮੈਨੇਜਰ ਨੇ ਵੀ ਇਕ ਕੰਪਨੀ ਵਿਚ ਪੈਸੇ ਲਾਏ ਸੀ, ਜੋ ਭੱਜ ਗਈ ਸੀ। ਸ਼ਿਕਾਇਤਕਰਤਾ ਕੋਲ ਕੰਪਨੀ ਖ਼ਿਲਾਫ਼ ਕੋਈ ਸਬੂਤ ਨਾ ਹੋਣ ਕਾਰਨ ਬੈਂਕ ਮੈਨੇਜਰ, ਜੋ ਸਰਕਾਰੀ ਮੁਲਾਜ਼ਮ ਸੀ ਕਿ ਡਰ ਕੇ ਪੈਸੇ ਦੇ ਦੇਵੇਗਾ ਬਾਹਰ ਦੀ ਝੂਠੀ ਕਹਾਣੀ ਬਣਾਈ. ਮੈਂ, ਜੋ ਅਸਲੀਅਤ ਸੀ, ਕੰਪਨੀ 'ਤੇ ਪਰਚਾ ਕਰਨ ਦੀ ਸਲਾਹ ਦਿੱਤੀ। ਇਹ ਸ਼ਾਤਿਰ ਲੋਕ ਸਬਜ਼ਬਾਗ ਵਿਖਾ ਕੇ ਸਵਾਰਥੀ ਤੇ ਲਾਲਚੀ ਮਨੁੱਖ ਨੂੰ ਆਪਣੇ ਝਾਂਸੇ ਵਿਚ ਲੈ ਆਉਂਦੇ ਹਨ, ਕੋਈ ਸਬੂਤ ਆਪਣੇ ਖ਼ਿਲਾਫ਼ ਨਹੀਂ ਛੱਡਦੇ। ਲੋਕਾਂ ਨੂੰ ਵੀ ਆਪਣੀ ਤੀਸਰੀ ਅੱਖ ਖੋਲ੍ਹਣੀ ਪਵੇਗੀ। ਅੱਖਾਂ ਮੀਟ ਕੇ ਪੈਸੇ ਇਨ੍ਹਾਂ ਕੰਪਨੀਆਂ 'ਚ ਨਾ ਲਾਉਣ। ਪੁਲਿਸ ਨੂੰ ਇਨ੍ਹਾਂ ਜਾਲ੍ਹਸਾਜ਼ਾਂ ਦੇ ਖ਼ਿਲਾਫ਼ ਇਨ੍ਹਾਂ ਦੀ ਜਾਇਦਾਦ ਦੀ ਰਿਕਵਰੀ ਕਰ ਲੁੱਟੇ ਹੋਏ ਲੋਕਾਂ ਵਿਚ ਵੰਡ ਦੇਣੀ ਚਾਹੀਦੀ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਯੂਨੀਫਾਈਡ ਪੈਨਸ਼ਨ ਸਕੀਮ
ਇਕ ਸਰਕਾਰੀ ਮੁਲਾਜ਼ਮ ਜੋ ਕਿ ਸਾਰੀ ਉਮਰ ਨੌਕਰੀ ਵਿਚ ਗੁਜ਼ਾਰ ਦਿੰਦਾ ਹੈ ਅਤੇ ਬੁਢਾਪੇ ਵਿਚ ਪੈਨਸ਼ਨ ਦੀ ਆਸ ਰੱਖਦਾ ਹੈ, ਤਾਂ ਜੋ ਕਿਸੇ ਉੱਪਰ ਨਿਰਭਰ ਨਾ ਹੋ ਸਕੇ। ਸਮੇਂ ਦੀਆਂ ਸਰਕਾਰਾਂ ਨੇ ਕਈ ਨਿਯਮ ਬਣਾ ਦਿੱਤੇ ਅਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਅਤੇ ਪੁਰਾਣੀ ਪੈਨਸ਼ਨ ਦੀ ਤਰਜ਼ 'ਤੇ ਐਨ.ਪੀ.ਐਸ. ਲਾਗੂ ਕਰ ਦਿੱਤੀ, ਜੋ ਕਿ ਮੁਲਾਜ਼ਮਾਂ ਲਈ ਇਕ ਘਾਤਕ ਪੈਨਸ਼ਨ ਸਕੀਮ ਸਾਬਤ ਹੋਈ। ਜਦ ਮੁਲਾਜ਼ਮ ਰਿਟਾਇਰ ਹੋਏ ਤਾਂ ਉਨ੍ਹਾਂ ਨੂੰ ਨਿਗੂਣੀ ਪੈਨਸ਼ਨ ਮਿਲਣੀ ਸ਼ੁਰੂ ਹੋਈ ਮੁਲਾਜ਼ਮਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਯੂ.ਪੀ.ਐਸ. ਪੈਨਸ਼ਨ ਲੈ ਕੇ ਆਈ, ਜੋ 1 ਅਪ੍ਰੈਲ, 2025 ਤੋਂ ਲਾਗੂ ਹਵੇਗੀ। ਇਕ ਵਿਧਾਇਕ ਐਮ.ਪੀ., ਜੋ ਸਿਰਫ਼ 5 ਸਾਲ ਲਈ ਚੁਣੇ ਜਾਂਦੇ ਹਨ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਂਦੀ ਹੈ। 'ਇਕ ਦੇਸ਼ ਇਕ ਕਾਨੂੰਨ' ਫਿਰ ਮੁਲਾਜ਼ਮਾਂ ਤੇ ਨੇਤਾ ਦੀ ਪੈਨਸ਼ਨ ਵਿਚ ਅੰਤਰ ਕਿਉਂ ਹੈ? ਪੁਰਾਣੀ ਪੈਨਸ਼ਨ ਸਰਕਾਰੀ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ। ਸਿੱਧੇ ਤੌਰ 'ਤੇ ਦੇਸ਼ ਦੀ ਵਾਗਡੋਰ ਇਨ੍ਹਾਂ ਨੇਤਾਵਾਂ ਦੇ ਹੱਥ ਵਿਚ ਹੈ, ਜੋ ਕਾਨੂੰਨ, ਲਾਭ ਮਿਲਦਾ ਹੈ, ਉਸ ਨੂੰ ਆਪਣੇ 'ਤੇ ਲਾਗੂ ਕਰ ਲੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਭ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣੀ ਚਾਹੀਦੀ ਹੈ ਅਤੇ ਮੁਲਾਜ਼ਮਾਂ ਦੇ ਪੈਸਿਆਂ ਦੀ ਲੁੱਟ ਖਸੁੱਟ, ਪੈਨਸ਼ਨ ਦੇ ਰੂਪ ਵਿਚ ਜੋ ਹੋ ਰਹੀ ਹੈ, ਇਸ ਨੂੰ ਬੰਦ ਕਰਨਾ ਚਾਹੀਦਾ ਹੈ।
-ਬਿਕਰਮਜੀਤ ਸਿੰਘ (ਸਠਿਆਲਾ)
ਬੀ.ਐੱਡ. ਅਧਿਆਪਕ ਫਰੰਟ, ਪੰਜਾਬ
ਬਰਾਬਰ ਹੱਕ ਦੀ ਮੰਗ
ਇੰਡੀਗੋ ਏਅਰਲਾਈਨ ਦਾ ਨਵਾਂ ਨਿਯਮ, ਜਿਸ ਵਿਚ ਮਹਿਲਾਵਾਂ ਨੂੰ ਪੁਰਸ਼ ਦੇ ਨਾਲ ਬੈਠਣ ਤੋਂ ਇਨਕਾਰ ਕਰਨ ਦਾ ਵਿਕਲਪ ਮਿਲਦਾ ਹੈ। ਇਹ ਨਿਯਮ ਮਹਿਲਾਵਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਮੱਥੇ ਰੱਖਦਿਆਂ ਸਹੀ ਦਿੱਸਦਾ ਹੈ। ਪਰ ਇਸ ਨਿਯਮ ਦਾ ਦੂਸਰਾ ਪੱਖ ਵੀ ਹੈ। ਕੁਝ ਲੋਕ ਇਸ ਨਿਯਮ ਨੂੰ ਪੁਰਸ਼ਾਂ ਨਾਲ ਵਿਤਕਰਾ ਮੰਨ ਰਹੇ ਹਨ। ਇਹ ਨਿਯਮ ਪੁਰਸ਼ਾਂ ਨੂੰ ਇਕ ਹਾਸ਼ੀਏ 'ਤੇ ਧੱਕ ਰਿਹਾ ਹੈ। ਇੱਥੇ ਇਹ ਸਵਾਲ ਉੱਠਦਾ ਹੈ ਕਿ ਇਹ ਵਿਵਸਥਾ ਪੁਰਸ਼ਾਂ ਲਈ ਵੀ ਲਾਗੂ ਹੋ ਸਕਦੀ ਹੈ, ਜਿਥੇ ਉਹ ਵੀ ਕਿਸੇ ਅਣਚਾਹੀ ਸਥਿਤੀ ਵਿਚ ਆਪਣਾ ਬੈਠਣ ਵਾਲਾ ਸਥਾਨ ਬਦਲ ਸਕਣ। ਮੇਰੇ ਵਿਚਾਰ ਵਿਚ ਇਹ ਨਿਯਮ ਬਰਾਬਰੀ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਲਿੰਗ ਦੇ ਯਾਤਰੀ ਨੂੰ ਤਕਲੀਫ਼ ਨਾ ਹੋਵੇ। ਇੰਡੀਗੋ ਨੂੰ ਇਸ ਨਿਯਮ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ, ਤਾਂ ਜੋ ਸਾਰੇ ਯਾਤਰੀਆਂ ਨੂੰ ਇਕੋ ਜਿਹੇ ਹੱਕ ਮਿਲਣ ਅਤੇ ਕੋਈ ਵੀ ਪੱਖਪਾਤੀ ਹਾਲਾਤ ਪੈਦਾ ਨਾ ਹੋਣ।
-ਸੌਰਵ ਕੁਮਾਰ ਰਾਜੂ, ਜਲੰਧਰ।
ਢਹਿ-ਢੇਰੀ ਹੁੰਦੀ ਕਾਨੂੰਨ ਵਿਵਸਥਾ
ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਹਾਲਾਤ ਏਦਾਂ ਦੇ ਬਣੇ ਹੋਏ ਹਨ ਕਿ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਰਦਾਤ ਹੋਈ ਹੀ ਰਹਿੰਦੀ ਹੈ। ਕਤਲ, ਲੁੱਟਾਂ-ਖੋਹਾਂ, ਫਿਰੌਤੀ ਲਈ ਫ਼ੋਨ, ਚੋਰੀਆਂ, ਡਕੈਤੀਆਂ ਆਮ ਗੱਲ ਹੋਈ ਪਈ ਹੈ। ਸ਼ਰਾਰਤੀ ਅਨਸਰਾਂ 'ਚ ਪੁਲਿਸ ਦਾ ਖ਼ੌਫ਼ ਬਿਲਕੁਲ ਵੀ ਨਹੀਂ ਰਿਹਾ। ਅਸੀਂ ਆਏ ਦਿਨ ਅਜਿਹੀਆਂ ਵੀਡੀਓਜ਼ ਦੇਖਦੇ ਰਹਿੰਦੇ ਹਾਂ ਕਿ ਕਿਸੇ ਨਾ ਕਿਸੇ ਦੀ ਪੁਲਿਸ ਨਾਲ ਬਹਿਸਬਾਜ਼ੀ ਹੁੰਦੀ ਰਹਿੰਦੀ ਹੈ। ਇਸ ਨਾਲ ਵੀ ਸ਼ਰਾਰਤੀ ਤੱਤਾਂ ਦਾ ਹੌਸਲਾ ਵੱਧਦਾ ਹੈ ਤੇ ਉਨ੍ਹਾਂ ਕਾਨੂੰਨ ਦਾ ਡਰ ਚੁੱਕਿਆ ਜਾਂਦਾ ਹੈ। ਆਮ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਪ੍ਰਸ਼ਾਸਨ ਨੂੰ ਸਮਾਜ 'ਚ ਅਸੰਤੁਲਿਤ ਪੈਦਾ ਕਰ ਰਹੇ ਅਜਿਹੇ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਪਾਉਣੀ ਚਾਹੀਦੀ ਹੈ, ਤਾਂ ਜੋ ਆਮ ਲੋਕ ਭੈਅ ਮੁਕਤ ਹੋ ਸਮਾਜ 'ਚ ਵਿਚਰ ਸਕਣ।
-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਸਰਕਾਰ ਪੁਖ਼ਤਾ ਪ੍ਰਬੰਧ ਕਰੇ
21 ਅਗਸਤ ਦਾ ਸੰਪਾਦਕੀ 'ਗੰਭੀਰ ਹੋ ਸਕਦੀ ਹੈ ਝੋਨੇ ਦੇ ਭੰਡਾਰਨ ਦੀ ਸਮੱਸਿਆ' ਝੋਨੇ ਦੇ ਆਗਾਮੀ ਸੀਜ਼ਨ 'ਚ ਝੋਨੇ ਦੇ ਭੰਡਾਰਨ ਲਈ ਦਿਖਾਈ ਦੇ ਰਹੀ ਸਮੱਸਿਆ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਹੁਣੇ ਤੋਂ ਹੀ ਸਮੱਸਿਆ ਨੂੰ ਹੱਲ ਕਰਨ ਲਈ ਠੋਸ ਯਤਨ ਕਰਨ ਲਈ ਸੁਚੇਤ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਝੋਨੇ ਦੇ ਲੰਘੇ ਸੀਜ਼ਨ 'ਚ ਸ਼ੈਲਰ ਮਾਲਕਾਂ ਕੋਲ ਮਿਲਿੰਗ ਕੀਤੇ ਚਾਵਲਾਂ ਦੇ ਵੱਡੇ ਭੰਡਾਰ ਮੌਜੂਦ ਹੋਣ ਕਾਰਨ ਆਗਾਮੀ ਸੀਜ਼ਨ 'ਚ ਸ਼ੈਲਰ ਮਾਲਕ ਭੰਡਾਰਨ ਦੀ ਦਿਖਾਈ ਦੇ ਰਹੀ ਸਮੱਸਿਆ ਨੂੰ ਭਾਂਪਦਿਆਂ ਮੰਡੀਆਂ 'ਚੋਂ ਝੋਨਾ ਚੁੱਕਣ ਤੋਂ ਕਤਰਾਉਣਗੇ, ਜਿਸ ਨਾਲ ਮੰਡੀਆਂ 'ਚੋਂ ਸਰਕਾਰੀ ਏਜੰਸੀਆਂ ਵਲੋਂ ਖਰੀਦਿਆ ਗਿਆ ਝੋਨਾ ਭਾਵੇਂ ਸ਼ੈਲਰ ਮਾਲਕਾਂ ਨੂੰ ਉਨ੍ਹਾਂ ਦੀ ਮਿਲਿੰਗ ਸਮਰੱਥਾ ਅਨੁਸਾਰ ਅਲਾਟ ਹੋਵੇਗਾ, ਪਰ ਸ਼ੈਲਰ ਮਾਲਕ ਪਹਿਲਾਂ ਹੀ ਆਪਣੇ ਸ਼ੈਲਰਾਂ 'ਚ ਮਿਲਿੰਗ ਕੀਤੇ ਭਾਰੀ ਮਾਤਰਾ 'ਚ ਪਏ ਚੌਲਾਂ ਕਾਰਨ ਮੰਡੀਆਂ 'ਚੋਂ ਝੋਨਾ ਕਿਵੇਂ ਚੁੱਕਣਗੇ? ਫਿਰ ਮੰਡੀਆਂ 'ਚੋਂ ਝੋਨਾ ਨਾ ਚੁੱਕੇ ਜਾਣ ਕਾਰਨ ਜਿੱਥੇ ਕਿਸਾਨ ਅਤੇ ਆੜ੍ਹਤੀ ਵਰਗ ਦੀਆਂ ਮੁਸ਼ਕਿਲਾਂ ਵਧਣਗੀਆਂ, ਉਥੇ ਲੋਡਿੰਗ ਤੇ ਅਨ ਲੋਡਿੰਗ ਕਰਨ ਵਾਲੀ ਲੇਬਰ ਅਤੇ ਝੋਨੇ ਦੀ ਭਰਾਈ ਕਰਨ ਵਾਲੀ ਲੇਬਰ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਮੰਡੀਆਂ 'ਚ ਝੋਨਾ ਰੁੱਲਣ ਦੀ ਨੌਬਤ ਵੀ ਆ ਸਕਦੀ ਹੈ। ਇਸ ਲਈ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਝੋਨੇ ਦੇ ਆਗਾਮੀ ਸੀਜ਼ਨ 'ਚ ਪੈਦਾ ਹੋਣ ਵਾਲੀਆਂ ਅਜਿਹੀਆਂ ਸਮੱਸਿਆਵਾਂ ਨੂੰ ਦੇਖਦਿਆਂ ਝੋਨੇ ਦੇ ਭੰਡਾਰਨ ਲਈ ਹੁਣੇ ਤੋਂ ਹੀ ਪੁਖ਼ਤਾ ਪ੍ਰਬੰਧ ਕਰਨ ਦੀ ਨਵਾਇਤ ਸ਼ੁਰੂ ਕਰ ਦੇਣੀ ਚਾਹੀਦੀ ਹੈ।
-ਮਨੋਹਰ ਸਿੰਘ ਸੱਗੂ,
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)
ਤੁਸੀਂ ਕਿਸੇ ਤੋਂ ਘੱਟ ਨਹੀਂ
ਹਰ ਇਨਸਾਨ 'ਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ। ਆਪਣੀ ਕਾਬਲੀਅਤ ਨੂੰ ਦੂਜਿਆਂ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ। ਜਿੰਨਾ ਵੀ ਸਾਡੇ ਕੋਲ ਹੈ, ਉਸ 'ਚ ਸਬਰ ਸੰਤੋਖ ਕਰਨਾ ਚਾਹੀਦਾ ਹੈ। ਆਪਣੇ ਆਸਪਾਸੇ ਵੀ ਝਾਤੀ ਮਾਰ ਕੇ ਦੇਖੋ, ਜਿਨ੍ਹਾਂ ਕੋਲ ਰਹਿਣ ਲਈ ਘਰ ਤੱਕ ਵੀ ਨਹੀਂ ਹਨ। ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਕਰੋ। ਪੈਸੇ ਦੀ ਹੋੜ ਜ਼ਿਆਦਾ ਹੈ।
ਅੱਜ ਦਾ ਇਨਸਾਨ ਇਕ-ਦੂਜੇ ਨੂੰ ਨੀਵਾਂ ਦਿਖਾਉਣ 'ਤੇ ਲੱਗਾ ਹੋਇਆ ਹੈ। ਅਸੀਂ ਆਪਣੇ ਨੂੰ ਸਮਾਂ ਨਹੀਂ ਦਿੰਦੇ। ਆਪਣੀ ਮਹੱਤਤਾ ਨੂੰ ਸਮਝੋ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ। ਘਰ 'ਚ ਸ਼ਾਂਤੀ ਦਾ ਮਾਹੌਲ ਰੱਖੋ। ਖੁਸ਼ੀ ਆਪਣੇ ਅੰਦਰੋਂ ਲੱਭੋ। ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਹੁੰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ, ਤਾਂ ਸਾਡੀ ਦੇਖਾਦੇਖੀ 'ਚ ਪਰਿਵਾਰਕ ਮੈਂਬਰ, ਦੋਸਤ ਆਪਣੇ ਆਪ ਨੂੰ ਬਦਲਣਗੇ। ਸਾਰਿਆਂ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਹੋਵੋ। ਜੇ ਤੁਹਾਨੂੰ ਅਸਫ਼ਲਤਾ ਮਿਲੀ ਹੈ, ਤਾਂ ਗਲਤੀਆਂ ਤੋਂ ਸਿੱਖੋ। ਗਲਤੀਆਂ ਨੂੰ ਨਾ ਦੋਹਰਾਓ। ਟੀਚਾ ਹਾਸਿਲ ਕਰਨ ਲਈ ਮਿਹਨਤ ਕਰਨੀ ਪੈਣੀ ਹੈ। ਕਿਸੇ ਨਾਲ ਨਫ਼ਰਤ ਨਾ ਕਰੋ। ਸਕਾਰਾਤਮਕ ਸੋਚ ਰੱਖੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ, ਜਿਸ ਨਾਲ ਜੀਵਨ ਨੂੰ ਸੇਧ ਮਿਲੇ। ਜੇ ਕਿਸੇ ਕੰਮ ਨੂੰ ਕਰਦੇ ਹੋਏ ਖੁਸ਼ੀ ਨਾ ਮਿਲੇ ਤਾਂ ਉਸ ਨੂੰ ਸਾਰਥਕ ਬਣਾਉਣ ਦਾ ਤਰੀਕਾ ਲਭੋ। ਲੋੜਵੰਦਾਂ ਦੀ ਮਦਦ ਕਰੋ। ਹਮੇਸ਼ਾ ਚੰਗਾ ਸੋਚੋ। ਕਿਸੇ ਨੂੰ ਬੇਵਜ੍ਹਾ ਤੰਗ ਨਾ ਕਰੋ। ਜੇ ਅਸੀਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਤਾਂ ਤਕਲੀਫ਼ ਤਾਂ ਸਾਨੂੰ ਵੀ ਹੁੰਦੀ ਹੈ। ਜੇ ਅਸੀਂ ਆਪਣੀ ਸਮਰਥਾ ਅਤੇ ਦਿਲਚਸਪੀ ਮੁਤਾਬਕ ਅੱਗੇ ਵਧਾਂਗੇ, ਤਾਂ ਸਫ਼ਲਤਾ ਵੀ ਜ਼ਰੂਰ ਮਿਲੇਗੀ।
-ਸੰਜੀਵ ਸਿੰਘ ਸੈਣੀ,
ਮੁਹਾਲੀ
ਮੀਂਹ ਦੇ ਪਾਣੀ ਨੂੰ ਸੰਭਾਲਣ ਦੀ ਲੋੜ
ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਤੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡੀ ਜੀਵਨ ਰੇਖਾ ਹੈ। ਪਾਣੀ ਤੋਂ ਬਿਨਾਂ ਧਰਤੀ 'ਤੇ ਜੀਵਨ ਅਸੰਭਵ ਹੈ। ਸਾਡੇ ਸਰੀਰ ਦਾ ਦੋ-ਤਿਹਾਈ ਹਿੱਸਾ ਪਾਣੀ ਹੈ। ਵਰਖਾ ਹੀ ਪਾਣੀ ਦਾ ਮੁਢਲਾ ਸੋਮਾ ਹੈ। ਹੋਰ ਸੋਮੇ ਜਿਨ੍ਹਾਂ ਵਿਚ ਪਾਣੀ ਹੈ ਜਾਂ ਉਹ ਪਾਣੀ ਦੀ ਕੋਈ ਵੀ ਹੋਰ ਵੰਨਗੀ (ਠੋਸ, ਤਰਲ ਤੇ ਗੈਸ) ਹੈ ਜਾਂ ਜਿਨ੍ਹਾਂ ਸਰੋਤਾਂ ਤੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ, ਸਾਰੇ ਦੇ ਸਾਰੇ ਦੋਇਮ ਦਰਜੇ ਦੇ ਸੋਮੇ ਹਨ। ਹਕੀਕਤ ਇਹ ਹੈ ਕਿ ਜੇ ਮੀਂਹ ਹੈ ਤਾਂ ਹੀ ਇਹ ਸੋਮੇ ਪ੍ਰਫੁਲਿਤ ਅਤੇ ਲਬਾ-ਲਬ ਰਹਿਣਗੇ। ਪੰਜਾਬ ਦਿਨੋ-ਦਿਨ ਸੋਕੇ ਵੱਲ ਵਧ ਰਿਹਾ ਹੈ, ਜਿਸ ਤੋਂ ਪੰਜਾਬੀ ਪੂਰੀ ਤਰ੍ਹਾਂ ਮੂੰਹ ਮੋੜੀ ਬੈਠੇ ਹਨ। 'ਵਾਟਰ ਹਾਰਵੈਸਟਿੰਗ' ਲਈ ਪੰਜਾਬ 'ਚ ਜਾਗਰੂਕਤਾ ਜ਼ਰੂਰੀ ਹੋ ਗਈ ਹੈ।
'ਵਾਟਰ ਹਾਰਵੈਸਟਿੰਗ' ਮੀਂਹ ਦੇ ਪਾਣੀ ਨੂੰ ਕਿਸੇ ਖਾਸ ਢੰਗ ਨਾਲ ਇਕੱਠਾ ਕਰ ਕੇ ਸੰਭਾਲਣ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਪੂਰੀ ਦੁਨੀਆ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰ ਕੇ ਇਸ ਨੂੰ ਸੰਭਾਲਣਾ ਸਮੇਂ ਦੀ ਲੋੜ ਬਣ ਗਿਆ ਹੈ। ਮੀਂਹ ਦੇ ਪਾਣੀ ਨੂੰ ਉਨ੍ਹਾਂ ਥਾਵਾਂ 'ਤੇ ਇਕੱਠਾ ਕੀਤਾ ਜਾ ਸਕਦਾ ਹੈ, ਜਿਥੇ ਸਾਲਾਨਾ ਘੱਟੋ-ਘੱਟ 200 ਮਿਮੀ ਵਰਖਾ ਹੁੰਦੀ ਹੋਵੇ। ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਨੂੰ ਵਾਹ ਕੇ ਖੁੱਲ੍ਹਾ ਛੱਡ ਦਿਓ ਤਾਂ ਕਿ ਜ਼ਮੀਨ ਦੀ ਪਾਣੀ ਜ਼ੀਰਨ ਅਤੇ ਪਾਣੀ ਸੰਭਾਲਣ ਦੀ ਸਮਰੱਥਾ ਵਧ ਜਾਵੇ।
-ਗੌਰਵ ਮੁੰਜਾਲ
ਪੀ.ਸੀ.ਐਸ.
ਪੰਜਾਬ ਲਈ ਚੁਣੌਤੀ
ਇਕ ਬੰਨੇ ਉੱਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਣ ਨਾਲ ਉਦਮੀ ਕਾਰਖਾਨੇ ਲਗਾ ਰਹੇ ਹਨ ਤੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸ ਦੇ ਉਲਟ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਚਲਦੇ ਕੋਈ ਉਦਮੀ ਕਾਰਖਾਨੇ ਲਾਉਣ ਨੂੰ ਤਿਆਰ ਨਹੀਂ ਹੈ। ਪੰਜਾਬ 'ਚ ਨਾਬਾਲਗਾਂ ਵਲੋਂ ਅਪਰਾਧ ਦੀ ਦੁਨੀਆ ਵਿਚ ਆਉਣਾ ਪ੍ਰਦੇਸ਼ ਵਾਸਤੇ ਗੰਭੀਰ ਤੇ ਚਿੰਤਾਜਨਕ ਮਾਮਲਾ ਹੈ। ਅੰਮ੍ਰਿਤਸਰ ਵਿਖੇ ਪਿਛੇ ਨਾਬਾਲਗ ਪਾਸੋਂ 15 ਕਿੱਲੋ ਹੈਰੋਇਨ 8.40 ਲੱਖ ਡਰੱਗ ਮਨੀ ਫੜਨਾ, ਇਸ ਤੋਂ ਪਹਿਲਾਂ ਵੀ ਥਾਣਾ ਸਰਹਾਲੀ ਵਿਚ ਰਾਕਟ ਲੈਂਚਰ ਨਾਲ ਹੋਏ ਹਮਲੇ ਵਿਚ ਨਾਬਾਲਗਾਂ ਦੀ ਸ਼ਮੂਲੀਅਤ ਪ੍ਰਦੇਸ਼ ਦੇ ਹਿਤ ਵਿਚ ਨਹੀਂ ਹਨ। ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪ੍ਰਦੇਸ਼ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਇਸ ਦਾ ਹੱਲ ਕਰਨਾ ਚਾਹੀਦਾ ਹੈ।
ਨੌਜਵਾਨ ਜੋ ਪੜ੍ਹੇ-ਲਿਖੇ ਹਨ ਰੁਜ਼ਗਾਰ ਦੇ ਕੇ ਇਨ੍ਹਾਂ ਦੇ ਬਾਹਰ ਦਾ ਪਸਾਰ ਰੋਕਣਾ ਚਾਹੀਦਾ ਹੈ ਤੇ ਜੋ ਬੇਰੁਜ਼ਗਾਰੀ ਦੇ ਆਲਮ ਵਿਚ ਨਸ਼ਿਆਂ ਦੇ ਆਦੀ ਹੋਏ ਹਨ ਅਤੇ ਗੈਂਗਸਟਰ ਬਣੇ ਹਨ, ਰੁਜ਼ਗਾਰ ਦੇ ਮੁੱਖ ਧਾਰਾ 'ਚ ਲਿਆਉਣਾ ਚਾਹੀਦਾ ਹੈ। ਨੌਜਵਾਨ ਸਾਡੇ ਮੁਲਕ ਦੀਆਂ ਬਾਹਾਂ ਹਨ।
ਇਨ੍ਹਾਂ ਨੂੰ ਭਟਕਣ ਤੋਂ ਰੋਕਣ ਲਈ ਉੱਤਰ ਪ੍ਰਦੇਸ਼ ਵਾਂਗ ਅਪਰਾਧ ਖ਼ਤਮ ਕਰ ਨਿਵੇਸ਼ਾਂ ਨੂੰ ਪੰਜਾਬ 'ਚ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਤੱਦ ਹੀ ਹੋ ਸਕੇਗਾ ਜਦੋਂ ਕਾਰੋਬਾਰੀਆਂ ਨੂੰ ਯਕੀਨ ਹੋ ਜਾਵੇ ਕਿ ਪੰਜਾਬ ਵਿਚ ਹੁਣ ਅਮਨ-ਅਮਾਨ ਹੈ। ਪੰਜਾਬ ਵਾਸਤੇ ਬੜੀ ਵੱਡੀ ਚੁਣੌਤੀ ਹੈ। ਇਸ ਲਈ ਪ੍ਰਦੇਸ਼ ਸਰਕਾਰ ਨੂੰ ਗੰਭੀਰ ਹੋ ਕੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ। ਪ੍ਰਦੇਸ਼ ਵਿਚ ਅਮਨ ਬਹਾਲ ਕਰਨਾ ਪਵੇਗਾ।
-ਗੁਰਮੀਤ ਸਿੰਘ ਵੇਰਕਾ
ਅੰਮ੍ਰਿਤਸਰ
ਸੀਵਰੇਜ ਪ੍ਰਣਾਲੀ ਕਰੋ ਦਰੁਸਤ
ਸੀਵਰੇਜ ਪ੍ਰਣਾਲੀ ਕਰੋ ਦਰੁਸਤ, ਵਰਖਾ ਦੇ ਇਨ੍ਹਾਂ ਦਿਨਾਂ ਵਿਚ ਆਮ ਹੀ ਦੇਖਿਆ ਜਾਂਦਾ ਹੈ ਕਿ ਸੀਵਰੇਜ ਅਕਸਰ ਹੀ ਬੰਦ ਹੋ ਜਾਂਦੇ ਹਨ, ਜਿਸ ਦੀ ਬਦੌਲਤ ਚਾਰੇ ਪਾਸੇ ਪਾਣੀ ਭਰ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾ ਸਮਾਂ ਪਾਣੀ ਖੜ੍ਹਨ ਕਾਰਨ ਮੱਛਰ ਵਧ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਅਨੇਕਾਂ ਬਿਮਾਰੀਆਂ ਫੈਲ ਜਾਂਦੀਆਂ ਹਨ।
ਸੀਵਰੇਜ ਪ੍ਰਣਾਲੀ ਨੂੰ ਹਮੇਸ਼ਾ ਦਰੁਸਤ ਰੱਖਣ ਲਈ ਸਰਕਾਰ ਅਤੇ ਆਮ ਲੋਕਾਂ ਨੂੰ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ।
ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੀਵਰੇਜ ਵਿਚ ਲਿਫ਼ਾਫ਼ੇ ਤੇ ਹੋਰ ਕੂੜਾ ਆਦਿ ਨਾ ਸੁੱਟਣ ਕਿਉਂਕਿ ਇਨ੍ਹਾਂ ਲਿਫ਼ਾਫ਼ਿਆਂ ਤੇ ਹੋਰ ਭਾਰੀ ਕੂੜੇ ਕਰਕੇ ਹੀ ਸੀਵਰੇਜ ਬੰਦ ਹੁੰਦਾ ਹੈ। ਜਿਸ ਦਾ ਖਮਿਆਜ਼ਾ ਹਰ ਕਿਸੇ ਨੂੰ ਬਿਨਾਂ ਕਸੂਰ ਹੀ ਭੁਗਤਣਾ ਪੈਂਦਾ ਹੈ।
-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।
ਕੂੜੇ-ਕਰਕਟ ਦਾ ਨਿਪਟਾਰਾ
ਘਰੇਲੂ ਕੂੜੇ-ਕਰਕਟ ਵਿਚ ਟੁੱਟੀਆਂ-ਭੱਜੀਆਂ ਮਸ਼ੀਨਾਂ ਦੇ ਪੁਰਜ਼ੇ, ਸਬਜ਼ੀਆਂ ਤੇ ਫਲਾਂ ਦੀ ਰਹਿੰਦ-ਖੂੰਹਦ, ਬਗੀਚੇ ਦਾ ਘਾਹ-ਫ਼ੂਸ, ਪੁਰਾਣੀਆਂ ਅਖ਼ਬਾਰਾਂ, ਕਾਪੀਆਂ, ਪੁਰਾਣੇ ਕੱਪੜੇ, ਤੇਲ ਦੀਆਂ ਖਾਲੀ ਬੋਤਲਾਂ ਆਦਿ ਸ਼ਾਮਿਲ ਹਨ। ਜੇਕਰ ਘਰ ਵਿਚ ਥੋੜ੍ਹੀ ਜਿਹੀ ਕੱਚੀ ਥਾਂ ਹੈ ਤਾਂ ਸਬਜ਼ੀਆਂ, ਫ਼ਲਾਂ ਦੀ ਰਹਿੰਦ-ਖੂੰਹਦ ਨੂੰ ਦਬਾ ਕੇ ਬਗੀਚੀ ਤੇ ਗਮਲੇ ਵਾਲੇ ਪੌਦਿਆਂ ਲਈ ਪੌਸ਼ਟਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਮਿਊਂਸੀਪਲ ਕਾਰਪੋਰੇਸ਼ਨ ਕੋਲ ਜਾਣ ਵਾਲੇ ਕਚਰੇ ਦੀ ਮਾਤਰਾ ਘਟਾਈ ਜਾ ਸਕਦੀ ਹੈ ਜਿਵੇਂ ਕਿ ਵਰਿਆਣਾ ਡੰਪ ਤੇ ਦਿੱਲੀ ਵਿਚ ਯਮੁਨਾ ਨੇੜੇ ਕੂੜੇ ਕਰਕਟ ਦਾ ਪਹਾੜ ਖ਼ਤਮ ਕਰਨਾ ਕੇਵਲ ਸਰਕਾਰ ਦਾ ਕੰਮ ਨਹੀਂ ਹੈ।
ਪਲਾਸਟਿਕ ਦੀਆਂ ਖਾਲੀ ਬੋਤਲਾਂ, ਡੱਬੇ-ਕੇਨੀਆਂ ਨੂੰ ਰੰਗ ਕੇ ਸੁੰਦਰ ਗ਼ਮਲੇ ਬਣਾਏ ਜਾ ਸਕਦੇ ਹਨ, ਜੋ ਕਿ ਬਗ਼ੀਚੇ ਦੀ ਸ਼ੋਭਾ ਵਧਾਉਂਦੇ ਹਨ। ਪੁਰਾਣੀਆਂ ਅਖ਼ਬਾਰਾਂ, ਕਾਪੀਆਂ ਅਤੇ ਕਿਤਾਬਾਂ ਕਬਾੜ ਵਾਲੇ ਨੂੰ ਵੇਚ ਕੇ ਪੈਸੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪੁਰਾਣੇ ਕੱਪੜੇ, ਜੁੱਤੀਆਂ ਦੇ ਕੇ ਬਰਤਨ ਆਦਿ ਲਏ ਜਾ ਸਕਦੇ ਹਨ।
ਪਲਾਸਟਿਕ ਦੇ ਲਿਫਾਫੇ ਘੱਟ ਤੋਂ ਘੱਟ ਵਰਤਣੇ ਚਾਹੀਦੇ ਹਨ। ਸਬਜ਼ੀ ਤੇ ਮਨਿਆਰੀ ਦਾ ਸਾਮਾਨ ਲਿਆਉਣ ਲਈ ਥੈਲੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਲਾਸਟਿਕ ਲਿਫਾਫੇ 100 ਸਾਲ ਵਿਚ ਵੀ ਨਹੀਂ ਗਲਦੇ। ਇਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਅਸੀਂ ਘਰੇਲੂ ਕੂੜੇ-ਕਰਕਟ ਨੂੰ ਘਟਾ ਵੀ ਸਕਦੇ ਹਾਂ ਅਤੇ ਵਾਯੂਮੰਡਲ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਵੀ ਸਕਦੇ ਹਾਂ।
-ਦਪਿੰਦਰ ਕੌਰ
147-ਆਰ, ਮਾਡਲ ਟਾਊਨ, ਜਲੰਧਰ।
ਜਾਗਰੂਕਤਾ ਦੀ ਲੋੜ
ਸੂਬਾ ਸਰਕਾਰ ਨੇ ਟ੍ਰੈਫਿਕ ਨਿਯਮਾਂ ਸੰਬੰਧੀ ਇਕ ਅਹਿਮ ਫ਼ੈਸਲਾ ਲੈਂਦਿਆਂ ਕਾਨੂੰਨ ਬਣਾਇਆ ਹੈ, ਜਿਸ ਨੂੰ ਅਮਲ ਵਿਚ ਲਿਆਉਣ ਲਈ ਪੰਜਾਬ ਦੇ ਏ.ਡੀ.ਜੀ.ਪੀ. (ਟ੍ਰੈਫਿਕ) ਦੁਆਰਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਪ੍ਰਸ਼ਾਸਨ ਤੇ ਸੜਕ ਸੁਰੱਖਿਆ ਨਾਲ ਜੁੜੇ ਮੁੱਖ ਅਧਿਕਾਰੀਆਂ ਨੂੰ ਲਿਖਤੀ ਵਿਚ ਫੁਰਮਾਨ ਜਾਰੀ ਕਰਦਿਆਂ ਹਦਾਇਤਾਂ ਕੀਤੀਆਂ ਹਨ ਕਿ ਸੜਕ ਸੁਰੱਖਿਆ ਦੇ ਮੱਦੇਨਜ਼ਰ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਕੋਈ ਵੀ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ 'ਤੇ ਸਖ਼ਤ ਪਾਬੰਦੀ ਲਾਉਂਦਿਆਂ ਇਹ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਦੇ ਘੱਟ ਉਮਰ ਦੇ ਨਾਬਾਲਗ ਬੱਚੇ ਕੋਈ ਵੀ ਵਾਹਨ ਚਲਾਉਂਦੇ ਮਿਲਦੇ ਹਨ ਤਾਂ ਉਨ੍ਹਾਂ ਦੇ ਮਾਪਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਦੌਰਾਨ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋਵੇਗਾ। ਕਿਸੇ ਕੋਲੋਂ ਮੰਗਵਾਂ ਲਿਆ ਕੇ ਵਾਹਨ ਚਲਾਉਂਦੇ ਫੜੇ ਜਾਣ 'ਤੇ ਵਾਹਨ ਮਾਲਕ 'ਤੇ ਉਪਰੋਕਤ ਕਾਰਵਾਈ ਹੋਵੇਗੀ।
ਜ਼ਿਲ੍ਹਿਆਂ ਦੇ ਸਮੂਹ ਐੱਸ.ਐੱਸ. ਪੀਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੂਰੇ ਟ੍ਰੈਫਿਕ ਅਮਲੇ ਨੂੰ ਆਮ ਲੋਕਾਂ ਨੂੰ ਇਸ ਕਾਨੂੰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਾਬੰਦ ਕਰਨ।
31 ਜੁਲਾਈ ਤੱਕ ਸਾਰੇ ਪਿੰਡਾਂ, ਸ਼ਹਿਰਾਂ, ਨਗਰਾਂ, ਕਸਬਿਆਂ ਆਦਿ 'ਤੇ ਸਾਰੀਆਂ ਵਿੱਦਿਅਕ ਸੰਸਥਾਵਾਂ ਤੇ ਹੋਰ ਜਨਤਕ ਸਥਾਨਾਂ 'ਤੇ ਅਭਿਆਨ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਇਸ ਕਾਨੂੰਨ ਨੂੰ ਅਮਲ ਵਿਚ ਲਿਆਂਦਾ ਜਾ ਸਕੇ। ਨਵਾਂ ਬਣਾਇਆ ਇਹ ਕਾਨੂੰਨ ਸ਼ਲਾਘਾਯੋਗ ਹੈ ਪਰ ਦੇਖਣ ਵਿਚ ਆ ਰਿਹਾ ਹੈ ਕਿ ਇਸ ਕਾਨੂੰਨ ਲਈ ਜਿੰਨਾ ਪ੍ਰਚਾਰ ਤੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਉਨ੍ਹਾਂ ਹੋ ਨਹੀਂ ਰਿਹਾ। ਲੋੜ ਹੈ ਇਸ ਪ੍ਰਤੀ ਸੰਜੀਦਾ ਹੋ ਕੇ ਸਾਰਿਆਂ ਨੂੰ ਆਪਣਾ ਫ਼ਰਜ਼ ਨਿਭਾਉਣ ਦੀ ਤਾਂ ਕਿ ਭਵਿੱਖ ਵਿਚ ਸੜਕ ਹਾਦਸਿਆਂ ਰਾਹੀਂ ਹੁੰਦੀਆਂ ਬੇਵਕਤੀ ਮੌਤਾਂ ਦੀ ਦਰ ਨੂੰ ਘੱਟ ਕੀਤਾ ਜਾ ਸਕੇ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਬੂਟੇ ਲਗਾਓ ਚੌਗਿਰਦਾ ਬਚਾਓ
ਰੁੱਖ ਕੁਦਰਤ ਵਲੋਂ ਦਿੱਤੀ ਗਈ ਸੁਗ਼ਾਤ ਹਨ ਅਤੇ ਇਨਸਾਨ ਦੇ ਚੰਗੇ ਦੋਸਤ ਹਨ। ਕਿਉਂਕਿ ਰੁੱਖ ਜਿਥੇ ਸਾਨੂੰ ਫੱਲ, ਫੁੱਲ, ਲੱਕੜ, ਬਾਲਣ, ਛਾਂ ਆਦਿ ਦਿੰਦੇ ਹਨ, ਉਥੇ ਹੀ ਵਾਤਾਵਰਨ ਵੀ ਸਾਫ-ਸੁਥਰਾ ਰੱਖਣ ਨਾਲ ਜ਼ਿਆਦਾ ਬਾਰਿਸ਼ਾਂ ਲਿਆਉਣ ਵਿਚ ਵੀ ਸਹਾਈ ਹੁੰਦੇ ਹਨ।
ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਤੇ ਹਰਿਆ ਭਰਿਆ ਬਣਾਉਣ ਲਈ ਹਰ ਮਨੁੱਖ ਨੂੰ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਪਾਲਣਾ ਕਰਨ ਦਾ ਵੀ ਅਹਿਦ ਲੈਣਾ ਚਾਹੀਦਾ ਹੈ। ਜੰਗਲਾਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਮੁਫ਼ਤ ਬੂਟੇ ਸਪਲਾਈ ਕਰਨ ਤਾਂ ਜੋ ਉਹ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਆਲੇ-ਦੁਆਲੇ ਫਲਦਾਰ ਅਤੇ ਲੰਬੀ ਉਮਰ ਵਾਲੇ ਬੂਟੇ ਵੰਡਣ। ਕਿਉਂਕਿ ਕਿਸਾਨ ਆਪਣੀ ਫਸਲ ਦੇ ਨਾਲ-ਨਾਲ ਬੂਟਿਆਂ ਦੀ ਵਧੀਆ ਪਰਵਰਿਸ਼ ਕਰ ਸਕਦੇ ਹਨ।
ਸੋ, ਪ੍ਰਸ਼ਾਸਨ, ਸੰਬੰਧਿਤ ਵਿਭਾਗ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਤੇ ਆਮ ਲੋਕਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਜਨਤਕ ਥਾਵਾਂ, ਸ਼ਮਸ਼ਾਨਘਾਟਾਂ, ਘਰਾਂ ਦੇ ਬਾਹਰ ਖਾਲੀ ਥਾਵਾਂ, ਸੜਕਾਂ, ਰੇਲ ਦੀਆਂ ਪਟੜੀਆਂ ਦੁਆਲੇ ਪਈਆਂ ਖਾਲੀ ਥਾਵਾਂ 'ਤੇ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਵਾਤਾਵਰਨ ਤੇ ਚੌਗਿਰਦਾ ਸਾਫ-ਸੁਥਰਾ ਬਣਾਉਣ ਵਿਚ ਆਪੋ-ਆਪਣਾ ਯੋਗਦਾਨ ਪਾਉਣ। ਜੇਕਰ ਬੂਟੇ ਲਗਾਵਾਂਗੇ ਤਾਂ ਉਹ ਆਉਣ ਵਾਲੇ ਸਮੇਂ ਵਿਚ ਰੁੱਖ ਬਣਨਗੇ ਅਤੇ ਬਰਸਾਤਾਂ ਨੂੰ ਲਿਆਉਣ ਵਿਚ ਸਹਾਈ ਹੋਣਗੇ ਅਤੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਵਿਚ ਰੁੱਖਾਂ ਦੀ ਬਦੌਲਤ ਬਾਰਿਸ਼ਾਂ ਆਪਣਾ ਯੋਗਦਾਨ ਪਾਉਣਗੀਆਂ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।
ਨਿਆਂ ਪ੍ਰਣਾਲੀ ਦੀ ਜਵਾਬਦੇਹੀ
ਭਾਰਤ ਦੀ ਨਿਆਂ ਪ੍ਰਣਾਲੀ ਦੀ ਸੁਸਤ ਰਫ਼ਤਾਰ ਤੋਂ ਤੰਗ ਆ ਲੋਕ ਰਾਜ਼ੀਨਾਮੇ ਨੂੰ ਤਰਜੀਹ ਦਿੰਦੇ ਹਨ, ਇਸ ਗੱਲ ਦਾ ਖੁਲਾਸਾ ਮਾਣਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਪਿੱਛੇ ਬਿਆਨ ਕੀਤਾ ਸੀ। ਮਾਣਯੋਗ ਸੁਪਰੀਮ ਕੋਰਟ ਨੂੰ ਨਿਆਂ ਪ੍ਰਬੰਧ ਦੀ ਤੈਅ ਹੋਵੇ ਜਵਾਬ ਦੇਹੀ ਇਸ ਬੰਧ 'ਚ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ, ਤਾਂ ਜੋ ਪੀੜਤ ਨੂੰ ਸਮੇਂ ਸਿਰ ਇਨਸਾਫ਼ ਮਿਲੇ ਤੇ ਉਸ ਨੂੰ ਸਮਝੌਤਾ ਕਰਨ ਦੀ ਨੌਬਤ ਨਾ ਆਵੇ। ਪੁਲਿਸ ਸਮੇਂ ਸੀਮਾ ਵਿਚ ਚਲਾਨ ਅਦਾਲਤ ਵਿਚ ਦੇ ਦਿੰਦੀ ਹੈ, ਜੇਕਰ ਨਹੀਂ ਦਿੰਦੀ ਤਾਂ ਤਫ਼ਤੀਸ਼ੀ ਅਫ਼ਸਰ ਦੀ ਵਿਭਾਗੀ ਕਾਰਵਾਈ ਖੁੱਲ੍ਹ ਜਾਂਦੀ ਹੈ। ਅਦਾਲਤਾਂ ਦੀ ਰਫ਼ਤਾਰ ਕੇਸਾਂ ਨੂੰ ਨਜਿੱਠਣ ਲਈ ਇੰਨੀ ਸੁਸਤ ਹੈ ਕਿ ਫਰਿਆਦੀ, ਪੀੜਤ ਨੂੰ ਕਈ-ਕਈ ਵਾਰ ਇਨਸਾਫ਼ ਲੈਣ 'ਚ ਵਰ੍ਹੇ ਲੱਗ ਜਾਂਦੇ ਹਨ। ਪੁਰਾਣਾ ਮੁਕੱਦਮਾ ਹੋਣ ਕਾਰਨ ਕਈ ਗਵਾਹ ਮਰ ਜਾਂਦੇ ਹਨ। ਬੰਦਾ ਇਨਸਾਫ਼ ਲੈਣ ਲਈ ਬੁੱਢਾ ਹੋ ਜਾਂਦਾ ਹੈ। ਪੀੜਤ ਅਦਾਲਤਾਂ ਦੇ ਚੱਕਰਾਂ ਤੋਂ ਤੰਗ ਆ ਕੇ ਅਦਾਲਤ ਦੇ ਲੰਬੀ ਪ੍ਰਕਿਰਿਆ ਤੋਂ ਬਚਣ ਲਈ ਦੋਸ਼ੀਆਂ ਨਾਲ ਰਾਜ਼ੀਨਾਮੇ ਵੀ ਕਰ ਲੈਂਦੇ ਹਨ। ਅਪਰਾਧਿਕ ਪ੍ਰਵਿਰਤੀ ਵਾਲੇ ਨੇਤਾ ਲੋਕ ਕਈ-ਕਈ ਸਾਲ ਮੁਕੱਦਮਿਆਂ ਨੂੰ ਦਬਾਅ ਲੈਂਦੇ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਕਿ ਕਈ ਵਾਰ ਤਫ਼ਤੀਸ਼ੀ ਦੀ ਗਵਾਹੀ ਨਾ ਹੋਣ ਕਾਰਨ ਅਦਾਲਤ ਦੋਸ਼ੀਆਂ ਨੂੰ ਬਰੀ ਕਰ ਦਿੰਦੀ ਹੈ, ਜਿਸ ਦਾ ਫਾਇਦਾ ਸ਼ਾਤਿਰ ਦੋਸ਼ੀ ਲੈ ਜਾਂਦੇ ਹਨ। ਕਈ ਵਾਰੀ ਦੋਸ਼ੀ ਪੀ.ਓ. ਹੋ ਜਾਂਦੇ ਹਨ ਪੁਰਾਣਾ ਕੇਸ ਹੋਣ ਕਾਰਨ ਮਿਸਲ 'ਤੇ ਗਵਾਹ ਨਹੀਂ ਮਿਲਦੇ, ਜੋ ਦੋਸ਼ੀ ਬਰੀ ਹੋ ਜਾਂਦੇ ਹਨ। ਸੰਗੀਨ ਜੁਰਮਾਂ 'ਚ ਕੇਂਦਰ ਨੂੰ ਸੰਸਦ ਵਿਚ ਕਾਨੂੰਨ ਬਣਾ ਫਾਸਟਰੈਕ ਕੋਰਟਾਂ ਰਾਹੀਂ ਸਮੇਂ ਸੀਮਾ ਵਿਚ ਨਿਆਂ ਪਾਲਿਕਾ ਨੂੰ ਸੁਣਵਾਈ ਕਰ ਜਵਾਬ ਦੇਹ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ, ਤਾਂ ਜੋ ਨਿਰਭੈਯਾ ਕਾਂਡ ਦੇ ਪੀੜਤਾਂ ਨੂੰ ਜਿਸ ਤਰ੍ਹਾਂ ਇਨਸਾਫ਼ ਲੈਣ ਲਈ ਦੇਰੀ ਹੋਈ ਹੈ ਨਾ ਹੋਵੇ, ਜਦੋਂ ਵੇਲੇ ਸਿਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਅਪਰਾਧ ਦਾ ਗ੍ਰਾਫ਼ ਘਟੇਗਾ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਤਗ਼ਮੇ ਤੋਂ ਖੁੰਝਿਆ ਭਾਰਤ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੁਆਰਾ ਆਪਣੀ ਅਯੋਗਤਾ ਵਿਰੁੱਧ ਖੇਡ ਸਾਲਸੀ ਅਦਾਲਤ ਵਿਚ ਕੀਤੀ ਹੋਈ ਅਪੀਲ ਖਾਰਜ ਹੋਣ ਕਰ ਕੇ ਨਾ ਕੇਵਲ ਭਾਰਤ ਇਕ ਹੋਰ ਤਗ਼ਮੇ ਤੋਂ ਵਾਂਝਾ ਰਹਿ ਗਿਆ, ਸਗੋਂ 140 ਕਰੋੜ ਤੋਂ ਵੱਧ ਲੋਕਾਂ ਦਾ ਦਿਲ ਵੀ ਟੁੱਟਿਆ। ਗ਼ਲਤੀ ਹੋਈ ਹੈ ਜਾਂ ਸਾਜਿਸ਼ ਇਸ ਦੀ ਜਾਂਚ ਤਾਂ ਜ਼ਰੂਰ ਹੋਣੀ ਚਾਹੀਦੀ ਹੈ।
ਵਿਨੇਸ਼ ਫੋਗਾਟ ਨਾਲ ਤਾਂ ਜੱਗੋਂ ਤੇਰ੍ਹਵੀਂ ਹੋਈ, ਸੋਨੇ ਦਾ ਤਗ਼ਮਾ ਆਉਂਦਾ-ਆਉਂਦਾ ਕਾਂਸੇ ਦਾ ਵੀ ਗਿਆ ਪਰੰਤੂ ਇਹ ਸਾਰੀ ਘਟਨਾ ਭਾਰਤੀ ਉਲੰਪਿਕ ਸੰਘ ਦੇ ਨਾਲ-ਨਾਲ ਖੇਡ ਖੇਤਰ ਨਾਲ ਜੁੜੇ ਹਰ ਇਕ ਵਿਅਕਤੀ ਦੀਆਂ ਅੱਖਾਂ ਖੋਲ੍ਹਣ ਦੇ ਨਾਲ-ਨਾਲ ਚਿੰਤਨ ਕਰਨ ਵਾਲੀ ਵੀ ਹੈ। ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਨਾਲ ਮੌਜੂਦ ਸਹਾਇਕ ਸਟਾਫ਼ ਲਈ ਭਵਿੱਖ ਵਿਚ ਇਹ ਚਿਤਾਵਨੀ ਵੀ ਹੈ ਕਿ ਉਨ੍ਹਾਂ ਦੀ ਛੋਟੀ ਤੋਂ ਛੋਟੀ ਗ਼ਲਤੀ ਦੇ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਜੋ ਫ਼ੈਸਲਾ ਆਇਆ ਉਸ ਨੂੰ ਬਦਲਿਆ ਜਾਣਾ ਤਾਂ ਬਹੁਤ ਮੁਸ਼ਕਿਲ ਹੈ ਪਰੰਤੂ ਜਿਨ੍ਹਾਂ ਹਾਲਾਤਾਂ ਵਿਚੋਂ ਗੁਜ਼ਰ ਕੇ ਉਹ ਉਲੰਪਿਕ ਦੇ ਫਾਈਨਲ ਤੱਕ ਪਹੁੰਚੀ, ਇਹ ਵੀ ਕਿਸੇ ਵਿਜੇਤਾ ਤੋਂ ਘੱਟ ਨਹੀਂ। ਉਸ ਨੇ ਤਗ਼ਮਾ ਨਹੀਂ ਜਿੱਤਿਆ, ਸਗੋਂ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਦੀ ਧੱਕੇਸ਼ਾਹੀ ਅਤੇ ਖਿਡਾਰਨਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਂਦੀ ਹੋਈ ਉਲੰਪਿਕ ਦੇ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਮਾਂ ਦੀ ਬੇਟੀ ਵਿਨੇਸ਼ ਫੋਗਾਟ ਦੀ ਕਹਾਣੀਆਂ ਆਉਣ ਵਾਲੇ ਸਮੇਂ ਵਿਚ ਫ਼ਿਲਮੀ ਪਰਦੇ ਅਤੇ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਿਲ ਹੋਣਗੀਆਂ, ਜਿਨ੍ਹਾਂ ਨੂੰ ਪੜ੍ਹ ਕੇ ਦੇਸ਼ ਦੀਆਂ ਬੇਟੀਆਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਬੁਲੰਦੀਆਂ ਨੂੰ ਛੂੰਹਦੀਆਂ ਹੋਈਆਂ ਨਾ ਕੇਵਲ ਔਰਤ ਨੂੰ ਕਮਜ਼ੋਰ ਸਮਝਣ ਵਾਲੇ ਲੋਕਾਂ ਦੇ ਮੂੰਹ 'ਤੇ ਕਾਮਯਾਬੀ ਦੀ ਚਪੇੜ ਮਾਰਨਗੀਆਂ, ਸਗੋਂ ਕਈ ਹੋਰ ਵਿਨੇਸ਼ ਫੋਗਾਟ ਬਣਨ ਲਈ ਵੀ ਰਾਹ ਪੱਧਰਾ ਕਰਨਗੀਆਂ।
-ਰਜਵਿੰਦਰ ਪਾਲ ਸ਼ਰਮਾ
ਵਧੀਆ ਲੇਖ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ 'ਰਾਸ਼ਟਰੀ ਲਾਇਬ੍ਰੇਰੀ ਦਿਵਸ' 'ਤੇ ਲੇਖਿਕਾ ਸ਼ੀਲਾ ਦੇਵੀ ਦਾ ਲੇਖ 'ਵਰਤਮਾਨ ਯੁੱਗ 'ਚ ਲਾਇਬ੍ਰੇਰੀਅਨ ਦੀ ਅਹਿਮੀਅਤ' ਪੜ੍ਹਿਆ ਤੇ ਮਨ ਨੂੰ ਬਹੁਤ ਵਧੀਆ ਲੱਗਾ। ਇਹ ਰਚਨਾ ਵਿਦਿਆਰਥੀਆਂ ਲਈ ਵਰਤਮਾਨ ਯੁੱਗ ਵਿਚ ਲਾਇਬ੍ਰੇਰੀ ਦੀ ਵਰਤੋਂ ਕਰਨ ਦਾ ਪ੍ਰੇਰਨਾ ਸਰੋਤ ਸੀ। ਲੇਖਿਕਾ ਸਾਨੂੰ ਆਪਣੇ ਜੀਵਨ ਵਿਚੋਂ ਮੋਬਾਈਲ ਯੁਗ ਤੋਂ ਪਰ੍ਹੇ ਲਾਇਬ੍ਰੇਰੀਆਂ ਵਿਚ ਜਾ ਕੇ ਚੰਗੀਆਂ ਪੁਸਤਕਾਂ ਪੜ੍ਹਨ ਲਈ ਜਾਗ੍ਰਿਤ ਕਰਦੀ ਹੈ। ਸੂਚਨਾ ਪ੍ਰਾਪਤੀ ਦੇ ਨਿਵੇਕਲੇ ਰਾਹ ਦਿਖਾਉਂਦੀ ਹੈ। ਸਾਨੂੰ ਆਪਣੇ ਜੀਵਨ ਵਿਚ ਮਜ਼ਬੂਤ ਹੋਣ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਕਿਤਾਬਾਂ ਹੀ ਮਨੁੱਖ ਦਾ ਸਭ ਤੋਂ ਚੰਗਾ ਸਾਥੀ ਹੈ। ਭਾਰਤ ਵਿਚ ਲਾਇਬ੍ਰੇਰੀ ਦੇ ਮੋਢੀ ਪ੍ਰੋ. ਐਸ.ਆਰ. ਰੰਗਨਾਥਨ ਦੀ ਯਾਦ ਵਿਚ ਰਾਸ਼ਟਰੀ ਲਾਇਬ੍ਰ੍ਰੇਰੀ ਦਿਵਸ ਮਨਾਇਆ ਜਾਂਦਾ ਹੈ। ਉਹ ਇਕ ਲੇਖਕ ਅਤੇ ਖੋਜਕਰਤਾ ਸਨ। ਉਨ੍ਹਾਂ ਲੰਬੇ ਸਮੇਂ ਤੱਕ ਲਿਖਣਾ ਤੇ ਕਿਤਾਬਾਂ ਦਾ ਪ੍ਰਕਾਸ਼ਨ ਜਾਰੀ ਰੱਖਿਆ। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ 60 ਤੋਂ ਵੀ ਵੱਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਲਾਇਬ੍ਰੇਰੀਅਨ ਵਜੋਂ ਰੰਗਨਾਥਨ ਦਾ ਮੁਢਲਾ ਉਦੇਸ਼ ਲੋਕਾਂ ਤੱਕ ਆਸਾਨੀ ਨਾਲ ਪਹੁੰਚਣਾ ਅਤੇ ਉਨ੍ਹਾਂ ਦੀਆਂ ਉਤਸੁਕਤਾਵਾਂ ਨੂੰ ਸ਼ਾਂਤ ਕਰਨਾ ਸੀ, ਇਸ ਲਈ ਉਨ੍ਹਾਂ ਵਿਚੋਂ ਲਾਇਬ੍ਰੇਰੀ ਦੇ ਪੰਜ ਨਿਯਮ ਵੀ ਬਣਾਏ ਗਏ ਸਨ ਤਾਂ ਜੋ ਘੱਟ ਸਮੇਂ ਵਿਚ ਪਾਠਕਾਂ ਨੂੰ ਉਨ੍ਹਾਂ ਦੀ ਪਸੰਦ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਸਕਣ।
ਸ੍ਰੀਮਤੀ ਸੁਮਨ ਬਾਲਾ
ਲਾਇਬ੍ਰੇਰੀਅਨ, ਹਿੰਦੂ ਕੰਨਿਆ ਕਾਲਜ,
ਧਾਰੀਵਾਲ।
ਮੋਬਾਈਲ ਫੋਨ ਦੇ ਆਦੀ ਹੋਏ ਬੱਚੇ
ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਜ਼ਿਆਦਾ ਸਮਾਂ ਨਹੀਂ ਹੈ। ਅਜਿਹੇ 'ਚ ਜਦੋਂ ਕੋਈ ਛੋਟਾ ਬੱਚਾ ਰੋਂਦਾ ਹੈ ਤਾਂ ਅਸੀਂ ਉਸ ਨੂੰ ਚੁੱਪ ਕਰਾਉਣ ਲਈ ਮੋਬਾਈਲ ਫੜਾ ਦਿੰਦੇ ਹਾਂ। ਜੇਕਰ ਬੱਚਾ ਨਹੀਂ ਖਾ ਰਿਹਾ ਹੈ ਤਾਂ ਉਸ ਨੂੰ ਖੁਆਉਣ ਲਈ ਅਸੀਂ ਉਸ ਨੂੰ ਮੋਬਾਈਲ 'ਤੇ ਕਾਰਟੂਨ ਜਾਂ ਵੀਡੀਓ ਲਗਾ ਕੇ ਬਿਠਾ ਦਿੰਦੇ ਹਾਂ। ਇਸ ਕਾਰਨ ਬੱਚਾ ਖਾਣਾ ਖਾ ਲੈਂਦਾ ਹੈ ਜਾਂ ਫਿਰ ਚੁੱਪ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਮੋਬਾਈਲ ਦੀ ਆਦਤ ਪਾ ਕੇ ਤੁਸੀਂ ਉਸ ਦੇ ਭਵਿੱਖ ਨਾਲ ਖੇਡ ਰਹੇ ਹੋ। ਮੋਬਾਈਲ ਦੀ ਲਤ ਨਸ਼ੇ ਵਾਂਗ ਹੈ। ਜਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ੇ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਉਸੇ ਤਰ੍ਹਾਂ ਮੋਬਾਈਲ ਫੋਨ ਦਾ ਆਦੀ ਹੋਣ ਤੋਂ ਬਾਅਦ ਵੀ ਅਜਿਹਾ ਹੀ ਹੁੰਦਾ ਹੈ। ਇਕ ਅਧਿਐਨ ਮੁਤਾਬਿਕ ਛੋਟੀ ਉਮਰ ਵਿਚ ਹੀ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਜਾਣ ਤਾਂ ਉਨ੍ਹਾਂ ਨੂੰ ਛੋਟੀ ਉਮਰ ਵਿਚ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮੋਬਾਈਲ ਅਤੇ ਟੀ.ਵੀ. ਦੇਖਣ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਖਾਣਾ ਖਾਂਦੇ ਸਮੇਂ ਅਤੇ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਦੇ ਵੀ ਮੋਬਾਈਲ ਨਾ ਦਿਉ। ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕਰੋ। ਬੱਚਿਆਂ ਦੀ ਭਲਾਈ ਲਈ ਚੰਗੇ ਨਿਯਮਾਂ ਨੂੰ ਲਾਗੂ ਕਰਦੇ ਹੋਏ ਉਨ੍ਹਾਂ ਦੀ ਖ਼ੁਦ ਵੀ ਪਾਲਣਾ ਕਰੋ ਅਤੇ ਉਨ੍ਹਾਂ ਨੂੰ ਵੀ ਸਿਖਾਓ।
-ਰਿੰਕਲ ਮੁੱਖ ਅਧਿਆਪਕਾ, ਫਿਰੋਜ਼ਪੁਰ।
ਪੰਜਾਬ ਨੂੰ ਲੀਹੇ ਪਾਓ
ਪੰਜਾਬ ਦੀ ਸਿਆਸੀ, ਸਮਾਜਿਕ ਤੇ ਆਰਥਿਕ ਸਥਿਤੀ ਜਿੰਨੀ ਚਿੰਤਾਜਨਕ ਇਸ ਵੇਲੇ ਹੈ ਅਤੇ ਜਿੰਨੇ ਮੁਸ਼ਕਿਲ ਦੌਰ 'ਚੋਂ ਪੰਜਾਬ ਲੰਘ ਰਿਹਾ ਹੈ, ਉਹ ਬਿਆਨ ਕਰਨਾ ਮੁਸ਼ਕਿਲ ਹੈ। ਜਵਾਨੀ ਨਸ਼ੇ 'ਚ ਗੁਆਚ ਰਹੀ ਹੈ, ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਪ੍ਰਵਾਸ ਜਾਰੀ ਹੈ। ਜਵਾਨੀ ਖ਼ਤਮ ਹੋ ਰਹੀ ਹੈ। ਵਿਦੇਸ਼ਾਂ ਦੀ ਹੋੜ ਕਾਰਨ ਜਵਾਨੀ ਪ੍ਰਵਾਸ ਕਰ ਚੁੱਕੀ ਹੈ। ਪੰਜਾਬ ਬੁੱਢਾ ਹੋ ਰਿਹਾ ਹੈ। ਬੇਰੁਜ਼ਗਾਰੀ ਦਿਨੋਂ-ਦਿਨ ਵਧ ਰਹੀ ਹੈ। ਲੁੱਟਾਂ-ਖੋਹਾਂ ਸ਼ਰੇਆਮ ਹੋ ਰਹੀਆਂ ਹਨ। ਕਤਲੋ-ਗਾਰਦ ਦਾ ਮਾਹੌਲ ਹੈ। ਪੰਜਾਬ ਦੇ ਪਾਣੀ ਜੋ ਕਿ ਗੰਦਲੇ, ਜ਼ਹਿਰੀਲੇ ਹੋ ਗਏ ਹਨ, ਨੂੰ ਬਚਾਉਣ ਅਤੇ ਪੰਜਾਬ ਦੀ ਮਿੱਟੀ ਜੋ ਕਿ ਸਪਰੇਆਂ ਤੇ ਕੈਮੀਕਲਾਂ ਨਾਲ ਜ਼ਹਿਰੀਲੀ ਹੋ ਚੁੱਕੀ ਹੈ, ਉਸ ਨੂੰ ਸਾਂਭਣ ਦੀ ਲੋੜ ਹੈ। ਦੁੱਧ 'ਚ ਮਿਲਾਵਟ ਜ਼ੋਰਾਂ 'ਤੇ ਹੈ। ਮਿਲਾਵਟੀ ਨਕਲੀ ਦੁੱਧ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸੂਬੇ ਦੇ ਪਾਣੀਆਂ ਨੂੰ ਸਾਂਭਣ ਦੀ ਲੋੜ ਹੈ। ਜੰਗਲ ਲਗਾਤਾਰ ਘਟ ਰਹੇ ਹਨ, ਦਰੱਖ਼ਤਾਂ ਦੀ ਅਣਹੋਂਦ ਕਾਰਨ ਬਾਰਿਸ਼ਾਂ ਘਟ ਰਹੀਆਂ ਹਨ। ਹਵਾ, ਮਿੱਟੀ, ਪਾਣੀ ਦੂਸ਼ਿਤ ਹੈ। ਧਰਤੀ ਹੇਠਲਾਂ ਪਾਣੀ ਲਗਾਤਾਰ ਘਟ ਰਿਹਾ ਹੈ। ਪੰਜਾਬ ਦਿਨੋਂ-ਦਿਨ ਕਰਜ਼ਾਈ ਹੋ ਰਿਹਾ ਹੈ। ਦੇਸ਼ ਦੇ ਦੂਜੇ ਰਾਜਾਂ ਤੋਂ ਪ੍ਰਵਾਸ ਜਾਰੀ ਹੈ। ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਹੈ। ਸਿਆਸੀ ਪਾਰਟੀਆਂ ਸਿਰਫ਼ ਸੱਤਾ ਦੀ ਹੋੜ ਵਿਚ ਲੱਗੀਆਂ ਹਨ। ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਲੋੜ ਹੈ ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀਆਂ ਤੇ ਸਿੱਖਿਆਵਾਨ ਲੋਕਾਂ ਨੂੰ ਅੱਗੇ ਆਉਣ ਦੀ। ਸੂਬੇ ਦੇ ਨਾਮਵਾਰ ਲੇਖਕਾਂ, ਸੰਪਾਦਕਾਂ ਤੇ ਸਾਹਿਤਕਾਰਾਂ ਨੂੰ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪੰਜਾਬ ਨੂੰ ਲੀਹੇ ਪਾਉਣ ਲਈ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਗੋਲਡ ਕਿ ਗੋਲਡਨ ਮੈਡਲ?
ਯੂਨੀਵਰਸਿਟੀ ਆਪਣੇ ਟਾਪਰ ਵਿਦਿਆਰਥੀਆਂ ਨੂੰ ਜਿਹੜਾ ਤਗ਼ਮਾ ਦਿੰਦੀ ਹੈ, ਉਸ ਨੂੰ 'ਗੋਲਡ ਮੈਡਲ' ਕਹਿੰਦੇ ਹਨ। ਇਸ ਉੱਪਰ ਵਿਦਿਆਰਥੀ ਦਾ ਨਾਂਅ, ਕਲਾਸ ਅਤੇ ਸਾਲ ਖੁਣਿਆ ਹੁੰਦਾ ਹੈ। ਪ੍ਰਾਪਤ ਕਰਤਾ ਮੈਡਲ ਪਹਿਨਣ ਦਾ ਹੱਕਦਾਰ ਹੈ, ਇਸ ਵਾਸਤੇ ਕਾਨਵੋਕੇਸ਼ਨ 'ਤੇ ਵੱਖਰਾ ਸਰਟੀਫਿਕੇਟ ਮਿਲਦਾ ਹੈ। ਇਕ ਦਿਨ ਮੈਂ ਆਪਣੇ ਬੀ.ਏ., ਐਮ.ਏ. ਦੇ ਦੋਵੇਂ ਮੈਡਲ ਸਨਿਆਰੇ ਕੋਲ ਲੈ ਗਿਆ। ਪਰਖ ਕਰਵਾਈ। ਸੋਨੇ ਦੇ ਨਹੀਂ, ਪਿੱਤਲ ਦੇ ਨਿਕਲੇ। ਸੋਨੇ ਦੀ ਝਾਲ ਚੜ੍ਹਾਈ ਹੋਈ ਹੈ। ਬੀ.ਏ. ਦਾ ਮੈਡਲ 10 ਗ੍ਰਾਮ ਦਾ, ਐਮ.ਏ. ਦਾ 7.5 ਗ੍ਰਾਮ। ਐਮ.ਏ. ਵਾਲਾ ਵੱਧ ਭਾਰਾ ਹੋਣਾ ਚਾਹੀਦਾ ਸੀ, ਹਲਕਾ ਕਿਉਂ ਹੋ ਗਿਆ? ਉਹੋ ਕਾਫਕਾ ਨੇ ਦੱਸਿਆ ਤਾਂ ਸੀ, ਕਾਲ ਪੈ ਜਾਵੇ ਤਾਂ ਰੋਟੀ ਦਾ ਆਕਾਰ ਘੱਟ ਜਾਂਦਾ ਹੈ। ਕੀ ਮੋਤੀਆਂ ਵਾਲੀਆਂ ਸਰਕਾਰਾਂ ਦੇ ਖ਼ਜ਼ਾਨਿਆਂ ਵਿਚੋਂ ਮੋਤੀਆਂ ਦਾ ਕਾਲ ਪੈ ਗਿਆ ਹੈ? ਨਹੀਂ, ਵੰਡਣ ਵਾਲੇ ਹੱਥ ਕੱਟੇ ਗਏ ਹਨ। ਗ਼ਲਤ ਤਰੀਕਾ ਅਪਣਾ ਕੇ ਧੋਖਾਧੜੀ ਨਾਲ ਵਿਦਿਆਰਥੀ ਇਮਤਿਹਾਨ ਪਾਸ ਕਰਨਾ ਚਾਹੇ ਤਾਂ ਯੂਨੀਵਰਸਿਟੀ ਉਸ ਵਿਰੁੱਧ ਕੇਸ ਦਰਜ ਕਰ ਕੇ ਸਜ਼ਾ ਦਿੰਦੀ ਹੈ। ਆਪ 'ਗੋਲਡਨ' ਨੂੰ 'ਗੋਲਡ' ਕਹਿ ਕੇ ਵੰਡੇ ਤਾਂ ਕੀ ਇਹ ਧੋਖਾਧੜੀ ਨਹੀਂ? ਮੁਕੱਦਮਾ ਦਾਨਿਸ਼ਵਰਾਂ ਦੀ ਅਦਾਲਤ ਵਿਚ ਦਾਇਰ।
-ਹਰਪਾਲ ਸਿੰਘ ਪੰਨੂੰ
ਸੁਪਰੀਮ ਕੋਰਟ ਦੀ ਚਿੰਤਾ
ਕੁਝ ਦਿਨ ਪਹਿਲਾਂ ਦਿੱਲੀ ਦੇ ਕੋਚਿੰਗ ਸੈਂਟਰ ਵਿਚ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਧੜਾ-ਧੜ ਖੁੱਲ੍ਹ ਰਹੇ ਕੋਚਿੰਗ ਸੈਂਟਰ, ਉਨ੍ਹਾਂ ਦੇ ਕੰਮ ਕਾਜ ਅਤੇ ਬਣਤਰ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਕੋਚਿੰਗ ਸੈਂਟਰ ਕੋਈ ਵੀ ਹੋਣ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਏ ਰਾਹੀਂ ਆਕਰਸ਼ਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀ ਇਮਤਿਹਾਨਾਂ ਦੀ ਤਿਆਰੀ ਲਈ ਦੇਖਾ-ਦੇਖੀ ਵਿਚ ਇਨ੍ਹਾਂ ਕੋਚਿੰਗ ਸੈਂਟਰਾਂ ਵਿਚ ਦਾਖ਼ਲਾ ਲੈਂਦੇ ਹਨ, ਜਿਨ੍ਹਾਂ ਦੀ ਦਸ਼ਾ ਹੌਲੀ-ਹੌਲੀ ਵਿਦਿਆਰਥੀਆਂ ਅਤੇ ਦੇਸ਼ ਦੇ ਸਾਹਮਣੇ ਆ ਰਹੀ ਹੈ। ਕੁਝ ਕੋਚਿੰਗ ਸੈਂਟਰ ਤਾਂ ਅਜਿਹੇ ਹਨ, ਜੋ ਪੈਸੇ ਦੀ ਦੁਕਾਨ ਤੋਂ ਵਧ ਕੇ ਕੁਝ ਨਹੀਂ, ਉਨ੍ਹਾਂ ਦਾ ਕੰਮ ਗਿਆਨ ਵੰਡਣਾ ਨਹੀਂ, ਸਗੋਂ ਨੌਜਵਾਨਾਂ ਨੂੰ ਚਿੰਤਾ, ਤਣਾਅ ਅਤੇ ਮੌਤ ਦੇ ਮੂੰਹ ਵਿਚ ਭੇਜਣਾ ਹੈ। ਦਿੱਲੀ ਹੀ ਨਹੀਂ ਪੂਰੇ ਦੇਸ਼ ਵਿਚ ਕੋਚਿੰਗ ਸੈਂਟਰਾਂ ਦੀ ਕਾਰਗੁਜ਼ਾਰੀ ਕਿਸੇ ਤੋਂ ਲੁਕੀ ਨਹੀਂ। ਸਿੱਖਿਆ ਦੇ ਹੱਬ ਵਜੋਂ ਜਾਣੇ ਜਾਂਦੇ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਵਿਦਿਆਰਥੀਆਂ ਦੀਆਂ ਲਗਾਤਾਰ ਆ ਰਹੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨੇ ਭਾਰਤ ਦੇ ਸਿੱਖਿਆ ਖੇਤਰ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਹ ਕਿਹੋ ਜਿਹੀ ਸਿੱਖਿਆ ਅਸੀਂ ਪ੍ਰਦਾਨ ਕਰ ਰਹੇ ਹਾਂ ਜੋ ਇਕ ਚੰਗਾ ਇੰਜੀਨੀਅਰ ਵਕੀਲ ਡਾਕਟਰ ਅਤੇ ਅਧਿਆਪਕ ਬਣਾਉਣ ਦੀ ਬਜਾਏ ਦੇਸ਼ ਦੀ ਨੌਜਵਾਨੀ ਨੂੰ ਮੌਤ ਦੇ ਮੂੰਹ ਵਿਚ ਧੱਕ ਰਿਹਾ ਹੈ। ਅਸਲੀਅਤ ਤਾਂ ਇਹ ਹੈ ਕਿ ਸਿੱਖਿਆ ਚਾਹੇ ਸਕੂਲੀ ਹੋਵੇ ਜਾਂ ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਸਰਕਾਰਾਂ ਉਸਾਰੂ ਅਤੇ ਕਾਰਗਰ ਨੀਤੀ ਬਣਾਉਣ ਵਿਚ ਹਮੇਸ਼ਾ ਨਾਕਾਮ ਰਹੀਆਂ ਹਨ। ਇਸ ਲਈ ਅੱਜ ਨੌਜਵਾਨਾਂ ਕੋਲ ਡਿਗਰੀਆਂ ਤਾਂ ਹਨ ਪਰੰਤੂ ਹੁਨਰ ਨਹੀਂ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਅਨੁਸਾਰ ਸਿੱਖਿਆ ਇਕ ਅਜਿਹਾ ਸਾਧਨ ਹੈ, ਜਿਸ ਦੀ ਮਦਦ ਨਾਲ ਅਸੀਂ ਸਮਾਜ ਵਿਚ ਕੋਈ ਵੀ ਬਦਲਾਅ ਲਿਆ ਸਕਦੇ ਹਾਂ ਪਰੰਤੂ ਇਹ ਉਦੋਂ ਹੀ ਹੋ ਸਕੇਗਾ, ਜਦੋਂ ਮਿਆਰੀ ਸਿੱਖਿਆ ਹਰ ਇਕ ਵਿਅਕਤੀ ਕੋਲ ਪਹੁੰਚੇ। ਵਪਾਰ ਅਤੇ ਪੈਸਾ ਕਮਾਉਣ ਦਾ ਸਾਧਨ ਬਣ ਚੁੱਕੀ ਸਿੱਖਿਆ ਦੇ ਸੁਧਾਰ ਲਈ ਅਜੇ ਹੋਰ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਵਿਦਿਆਰਥੀ ਘੱਟ ਪੈਸੇ ਵਿਚ ਤਣਾਅ ਰਹਿਤ ਰਹਿ ਕੇ ਮਿਆਰੀ ਸਿੱਖਿਆ ਦੀ ਮਦਦ ਨਾਲ ਰੁਜ਼ਗਾਰ ਹਾਸਿਲ ਕਰ ਕੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇ ਸਕਣ।
-ਰਜਵਿੰਦਰ ਪਾਲ ਸ਼ਰਮਾ
ਦਰਪੇਸ਼ ਚੁਣੌਤੀਆਂ
ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਦੇ ਰਾਹ ਪੈ ਗਿਆ ਹੈ। ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ, ਕਿ ਉਸ ਨੂੰ ਹੋਰ ਕੁਝ ਵੀ ਨਹੀਂ ਦਿਸਦਾ। ਕੋਰੋਨਾ ਮਹਾਂਮਾਰੀ ਨੇ ਆਰਥਿਕਤਾ ਨੂੰ ਨਪੀੜਿਆ ਹੈ। ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਿਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫ਼ੀਸਦੀ ਪਾਣੀ ਖਰਾਬ ਹੋ ਚੁੱਕਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ, ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਪੰਜਾਬ ਵਿਚ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੇ ਹਨ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ਼ ਜਾਣਾ ਖ਼ਤਰੇ ਦੀ ਘੰਟੀ ਹੈ। ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਡਿਗਰੀਆਂ ਹੱਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀ ਉਮੀਦਾਂ 'ਤੇ ਖ਼ਰਾ ਨਾ ਉਤਰਨਾ ਨਸ਼ੇ ਨੂੰ ਗ੍ਰਹਿਣ ਕਰਨ ਦਾ ਵੱਡਾ ਕਾਰਨ ਹੈ। ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਅਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ। ਪਿੰਡਾਂ ਵਿਚ ਤਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਇਹ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕ ਪੱਖੀ ਨੀਤੀਆਂ ਬਣਾਉਣ ਦੀ ਸਖ਼ਤ ਲੋੜ ਹੈ ਤਾਂ ਹੀ ਮੁੜ ਤੋਂ ਰੰਗਲਾ ਪੰਜਾਬ ਬਣ ਸਕੇਗਾ।
-ਸੰਜੀਵ ਸਿੰਘ ਸੈਣੀ ਮੁਹਾਲੀ
ਪੰਜਾਬ ਦੇ ਹਾਲਾਤ
ਪਿਛਲੇ ਦਿਨੀਂ ਅੰਮ੍ਰਿਤਸਰ ਦੇ ਕੋਲ ਇਕ ਐਨ.ਆਰ.ਆਈ. ਨੂੰ ਗੋਲੀਆਂ ਮਾਰਨ ਦਾ ਸਮਾਚਾਰ ਪੜ੍ਹਿਆ। ਹਾਲਾਂਕਿ ਗੋਲੀਆਂ ਮਾਰਨ ਵਾਲੇ ਪੁਲਿਸ ਵਲੋਂ ਫੜ ਲਏ ਗਏ ਹਨ ਪਰ ਇਨ੍ਹਾਂ ਅਨਸਰਾਂ ਦੇ ਹੌਂਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਜਦ ਪੁਲਿਸ ਇਨ੍ਹਾਂ ਨੂੰ ਲੈ ਕੇ ਹਥਿਆਰ ਬਰਾਮਦ ਕਰਨ ਗਈ ਤਾਂ ਇਨ੍ਹਾਂ ਵਲੋਂ ਪੁਲਿਸ 'ਤੇ ਵੀ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਨ੍ਹਾਂ ਦੇ ਵਧੇ ਹੋਏ ਹੋਂਸਲਿਆਂ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ ਕਾਫੀ ਖਰਾਬ ਹੈ। ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੂੰ ਸਾਡੀ ਅਪੀਲ ਹੈ ਕਿ ਤੁਰੰਤ ਇਨ੍ਹਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਚੈਨ ਦੀ ਨੀਂਦ ਸੋ ਸਕਣ।
-ਅਸ਼ੀਸ਼ ਸ਼ਰਮਾ (ਜਲੰਧਰ)
ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ
ਕੋਲਕਾਤਾ ਦੇ ਆਰਜ਼ੀ ਕਾਰ ਮੈਡੀਕਲ ਕਾਲਜ ਵਿਚ ਇਕ ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਘਟਨਾ 'ਚ ਦੋਸ਼ੀ ਸੰਜੇ ਰਾਏ ਦੇ ਖ਼ਿਲਾਫ਼ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਦੀ 2012 ਦੀ ਨਿਰਭੈਯਾ ਕਾਂਡ ਨਾਲ ਤੁਲਨਾ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਖ਼ਿਲਾਫ਼ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ ਪਰ ਇਕ ਪਿਤਾ ਦੀ ਆਪਣੀ ਧੀ ਖ਼ੌਫ਼ਨਾਕ ਹਾਲਤ ਦੇਖਣ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ। ਪਰਿਵਾਰ ਨੇ ਵੀ ਉਸ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਵੀ ਕੀਤੀ ਪਰ ਇਸ ਘਟਨਾ ਨੇ ਉਨ੍ਹਾਂ ਦੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਹੁਣ ਉਸ ਦੀ ਬੇਟੀ ਦੇ ਸੁਫ਼ਨੇ ਅਤੇ ਭਵਿੱਖ ਰਾਤੋਂ-ਰਾਤ ਹਨੇਰੇ ਵਿਚ ਬਦਲ ਗਏ ਹਨ। ਇਸ ਦੁਖਦਾਈ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦੀ ਆਸ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਵਿਰੁੱਦ ਠੋਸ ਕਦਮ ਚੁੱਕੇ ਜਾਣ।
ਸਰਕਾਰ ਲਈ ਸੋਚਣ ਦਾ ਸਮਾਂ ਨਹੀਂ ਹੈ, ਕੁਝ ਕਰਨ ਦਾ ਵੇਲਾ ਹੈ। ਬੰਦਾ ਵਹਿਸ਼ੀ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਡਾ ਕਾਨੂੰਨ ਅਤਿ ਕਮਜ਼ੋਰ ਤੇ ਕੀੜੀ ਦੀ ਤੋਰ ਤੁਰਨ ਵਾਲਾ ਹੈ। ਅੱਜ ਬਲਾਤਕਾਰੀ ਇਹ ਪਹਿਲਾਂ ਸੋਚਦਾ ਹੈ, 'ਜੋ ਮਰਜ਼ੀ ਕਰ ਲਵੋ ਕਾਨੂੰਨ ਕੋਲੋਂ ਕੁਝ ਵੀ ਨਹੀਂ ਹੋਣਾ' ਤੇ ਜਦੋਂ ਬੰਦਾ ਇੰਜ ਸੋਚੇਗਾ ਤਾਂ ਸ਼ਰੇਆਮ ਔਰਤਾਂ, ਜਵਾਨ ਕੁੜੀਆਂ ਤੇ ਦੋ-ਦੋ ਸਾਲ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਿਉਂ ਨਹੀਂ ਹੋਣਗੇ? ਜਦੋਂ ਤੱਕ ਸਮਾਜ ਵਿਚ ਵਿਚਰ ਰਹੇ ਪਸ਼ੂ ਬਿਰਤੀ ਵਾਲੇ ਬੰਦਿਆਂ ਦੇ ਗਲ਼ਾਂ ਵਿਚ ਫਾਂਸੀ ਦੇ ਰੱਸੇ ਪੈਣ ਦਾ ਡਰ ਸਾਹਮਣੇ ਨਹੀਂ ਹੈ, ਵਹਿਸ਼ੀ ਬੰਦਿਆਂ ਨੂੰ ਮੌਤ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਬਲਾਤਕਾਰ ਹੱਟ ਹੀ ਨਹੀਂ ਸਕਦੇ।
-ਗੌਰਵ ਮੁੰਜਾਲ
ਪੀ.ਪੀ.ਐਸ.
ਸੂਬੇ 'ਚ ਅਪਰਾਧੀ ਬੇਖੌਫ਼
ਬੀਤੇ ਦਿਨੀਂ ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖਿਆ ਸੰਪਾਦਕੀ ਲੇਖ 'ਸੁਰੱਖਿਆ ਸ਼ੀਸ਼ਿਆਂ ਦੀ ਮਾਨਸਿਕਤਾ' ਪੜ੍ਹਿਆ। ਜਿਸ ਬਾਰੇ ਲੇਖਕ ਨੇ ਆਜ਼ਾਦੀ ਦਿਵਸ 'ਤੇ ਮੁੱਖ ਮੰਤਰੀ ਵਲੋਂ ਬੁਲਟ ਪਰੂਫ਼ ਸ਼ੀਸ਼ਿਆਂ ਵਿਚ ਚੋਣਵੇਂ ਲੋਕਾਂ ਨੂੰ ਸੰਬੋਧਨ ਕਰਨ ਤੇ ਸੂਬੇ ਵਿਚ 'ਲਾਅ ਐਂਡ ਆਰਡਰ' ਦੇ ਵਿਗੜਦੇ ਹਾਲਾਤਾਂ ਬਾਰੇ ਵਿਸਥਾਰ ਨਾਲ ਲਿਖ ਕੇ ਚਿੰਤਾ ਜਤਾਈ ਹੈ।
ਕੁਝ ਦਿਨ ਪਹਿਲਾਂ ਥਾਣਾ ਵੇਰਕਾ ਦੀ ਮਹਿਲਾ ਮੁੱਖ ਥਾਣਾ ਅਫ਼ਸਰ ਕਿਸੇ ਝਗੜੇ ਨੂੰ ਲੈ ਕੇ ਮੌਕੇ 'ਤੇ ਪੁੱਜੀ ਤੇ ਆਪਣੀ ਡਿਊਟੀ ਨੂੰ ਨਿਭਾਉਂਦੇ ਸਮੇਂ ਝਗੜੇ ਨੂੰ ਨਿਪਟਾਉਣ ਦੇ ਚਲਦਿਆਂ ਜਿਸ ਤਰ੍ਹਾਂ ਅਪਰਾਧੀਆਂ ਨੇ ਉਸ ਉੱਤੇ ਹੀ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪ੍ਰਦੇਸ਼ ਵਿਚ ਅਪਰਾਧੀਆਂ ਦੇ ਹੌਸਲੇ ਕਿੰਨੇ ਵਧੇ ਹੋਏ ਹਨ।
ਰੋਜ਼ਾਨਾ ਪੁਲਿਸ 'ਤੇ ਹਮਲੇ ਹੋ ਰਹੇ ਹਨ। ਉਹ ਭਾਵੇਂ ਨਸ਼ੇ ਦੀ ਬਰਾਮਦਗੀ ਹੋਵੇ ਜਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਪੁਲਿਸ ਨੂੰ ਗੱਡੀਆਂ ਥੱਲ੍ਹੇ ਦਰੜਿਆ ਜਾ ਰਿਹਾ ਹੈ, ਜਿਸ ਪ੍ਰਦੇਸ਼ ਦੀ ਪੁਲਿਸ ਹੀ ਸੁਰੱਖਿਅਤ ਨਹੀਂ, ਜਿਸ ਨੇ 'ਲਾਅ ਐਂਡ ਆਰਡਰ' ਬਣਾ ਕੇ ਰੱਖਣਾ ਹੈ, ਆਮ ਜਨਤਾ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦੀ ਹੈ।
ਹੁਣ ਵਕਤ ਆ ਗਿਆ ਹੈ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਜੋ ਆਪ ਦੇ ਐਮ.ਐਲ.ਏ. ਹਨ, ਨੂੰ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ, ਜਿਨ੍ਹਾਂ ਦੀ ਪੁਲਿਸ ਦੀ ਨੌਕਰੀ ਦੌਰਾਨ ਅਪਰਾਧੀ ਡਰਦੇ ਮਾਰੇ ਰੂਪੋਸ਼ ਹੋ ਗਏ ਤੇ ਅਪਰਾਧ ਕਰਨੋ ਹਟ ਗਏ ਸਨ।
ਇਸ ਤੋਂ ਇਲਾਵਾ ਸਰਕਾਰ ਨੂੰ ਪੁਲਿਸ ਤੇ ਜਨਤਾ ਵਿਚਾਲੇ ਨੇੜਤਾ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਪੁਲਿਸ ਨੂੰ ਪੂਰਾ ਸਹਿਯੋਗ ਦੇਣ। ਇਸ ਨਾਲ ਆਪਣੇ ਆਪ ਅਪਰਾਧਾਂ 'ਤੇ ਕੰਟਰੋਲ ਹੋ ਜਾਵੇਗਾ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਸ਼ਾਹਕਾਰ ਰਚਨਾ
ਨਾਰੀ ਸੰਸਾਰ ਅੰਕ ਵਿਚ ਮੈਡਮ ਗੁਰਜੋਤ ਕੌਰ ਦਾ ਛਪਿਆ ਲੇਖ 'ਸੋਚ ਦਾ ਆਜ਼ਾਦੀ ਦਿਵਸ ਕਦੋਂ ਮਨਾਵਾਂਗੇ? ਸ਼ਾਹਕਾਰ ਰਚਨਾ ਹੈ।
ਇਸ ਲੇਖ ਨੇ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਆਪਣੀ ਸੋਚ ਨੂੰ ਆਜ਼ਾਦ ਕਦੋਂ ਕਰਾਂਗੇ। ਲੇਖ ਵਿਚ ਬਿਲਕੁਲ ਸਹੀ ਕਿਹਾ ਗਿਆ ਹੈ ਕਿ ਨਾਰੀ ਆਪਣੀ ਤਾਕਤ ਨੂੰ ਸਮਝ ਗਈ ਹੈ ਅਤੇ ਉਸ ਵਿੱਚ ਆਤਮ ਵਿਸ਼ਵਾਸ ਵਧਿਆ ਹੈ।
ਇਸ ਲੇਖ ਵਿੱਚ ਬਿਲਕੁਲ ਸੱਚ ਲਿਖਿਆ ਗਿਆ ਹੈ ਕਿ 21 ਵੀਂ ਸਦੀ ਦੀ ਆਜ਼ਾਦ ਮਹਿਲਾ ਆਪਣੇ ਬੱਚਿਆਂ ਦੇ ਨਾਲ ਮਾਂ ਬੋਲੀ ਵਿਚ ਗੱਲ ਨਹੀਂ ਕਰਦੀ, ਨਵੇਂ ਫੈਸ਼ਨ ਦੀ ਨਕਲ ਕਰਨ ਤੇ ਹੋਰ ਕਈ ਬੁਰਾਈਆਂ ਦੀ ਗੁਲਾਮ ਹੈ। ਇਸ ਲੇਖ ਵਿਚ ਸੱਚ ਲਿਖਣ ਦੀ ਦਲੇਰੀ ਦਿਖਾਈ ਗਈ ਹੈ ਅਤੇ ਇਹ ਲੇਖ ਇਕ ਸਾਂਭਣਯੋਗ ਦਸਤਾਵੇਜ਼ ਬਣ ਗਿਆ ਹੈ। ਉਮੀਦ ਹੈ ਕਿ ਮੈਡਮ ਗੁਰਜੋਤ ਕੌਰ ਅਜਿਹੇ ਹੀ ਗਿਆਨ ਭਰਪੂਰ ਲੇਖ ਲਗਾਤਾਰ ਲਿਖਦੇ ਰਹਿਣਗੇ ਅਤੇ ਪਾਠਕਾਂ ਨੂੰ ਨਵਾਂ ਰਾਹ ਦਿਖਾਉਂਦੇ ਰਹਿਣਗੇ।
-ਜਗਮੋਹਨ ਸਿੰਘ ਲੱਕੀ,
ਲੱਕੀ ਨਿਵਾਸ, 61 ਏ,
ਵਿੱਦਿਆ ਨਗਰ ਪਟਿਆਲਾ।
ਮੱਥੇ 'ਤੇ ਲੱਗਿਆ ਕਲੰਕ
ਹਾਲ ਹੀ 'ਚ ਕੋਲਕਾਤਾ ਵਿਖੇ ਜੂਨੀਅਰ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਮਾਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਮੱਥੇ 'ਤੇ ਇਕ ਵਾਰ ਫਿਰ ਕਲੰਕ ਲੱਗ ਚੁੱਕਾ ਹੈ। ਦਰਿੰਦਿਆਂ ਨੇ ਜਿਸ ਤਰ੍ਹਾਂ ਡਾਕਟਰ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਉਸ ਨੂੰ ਮਾਰਿਆ, ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ। ਸੂਬਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗਾ ਹੈ। ਆਖਰਕਾਰ ਸੁਪਰੀਮ ਕੋਰਟ ਨੇ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਇਹ ਕੇਸ ਆਪਣੇ ਹੱਥਾਂ 'ਚ ਲੈ ਲਿਆ ਹੈ। ਅਜੇ ਤੱਕ ਤਾਂ ਅਸੀਂ ਨਿਰਭੈਆ ਕੇਸ ਨੂੰ ਨਹੀਂ ਭੁੱਲੇ ਸਨ। ਦੋ ਸਾਲ ਪਹਿਲਾਂ ਤੇਲੰਗਾਨਾ 'ਚ ਵੈਟਰਨਰੀ ਡਾਕਟਰ ਨਾਲ ਵੀ ਦਰਿੰਦਿਆਂ ਨੇ ਜਬਰ-ਜਨਾਹ ਕਰ ਦਿੱਤਾ ਸੀ। ਉੱਥੋਂ ਦੀ ਪੁਲਿਸ ਦਾ ਸ਼ਲਾਘਾਯੋਗ ਕਦਮ ਰਿਹਾ ਕਿ ਉਨ੍ਹਾਂ ਨੇ ਦਰਿੰਦਿਆਂ ਦਾ ਐਨਕਾਊਂਟਰ ਕਰ ਦਿੱਤਾ। ਛੇੜਛਾੜ, ਜਬਰ ਜਨਾਹ ਤੇ ਤੇਜ਼ਾਬੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਕੱਲੇ ਸਾਲ 2022 'ਚ 30 ਹਜ਼ਾਰ ਤੋਂ ਵੱਧ ਜਬਰ ਜਨਾਹ ਦੇ ਕੇਸ ਦਰਜ ਕੀਤੇ ਗਏ। ਕਈ ਅਜਿਹੇ ਵੀ ਕੇਸ ਹੋਣੇ ਜੋ ਦਰਜ ਨਹੀਂ ਕੀਤੇ ਗਏ। ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਚੁੱਕਿਆ ਹੈ। ਰਾਖਸ਼ਸ਼ ਬਿਰਤੀ ਵਾਲੇ ਲੋਕ ਸਮਾਜ 'ਚ ਘੁੰਮ ਰਹੇ ਹਨ। ਇਸ ਬੱਚੀ ਦੇ ਮਾਂ-ਬਾਪ ਦੇ ਕਿੰਨੇ ਅਰਮਾਨ ਹੋਣੇ। ਫਾਸਟ ਟਰੈਕ ਅਦਾਲਤਾਂ 'ਚ ਅਜਿਹੇ ਮਾਮਲਿਆਂ ਦੀ ਤੁਰੰਤ ਸੁਣਵਾਈ ਕਰਕੇ ਦੋਸ਼ੀਆਂ ਨੂੰ ਫ਼ਾਂਸੀ ਦੇ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਦਰਿੰਦਾ ਅਜਿਹਾ ਕਦਮ ਚੁੱਕਣ ਤੋਂ ਪਹਿਲੇ ਹਜ਼ਾਰ ਵਾਰ ਸੋਚੇ। ਕਈ ਮੁਲਕਾਂ 'ਚ ਤਾਂ ਅਜਿਹੇ ਕੇਸਾਂ ਦਾ ਇਕ ਹਫ਼ਤੇ ਦੇ ਵਿਚ-ਵਿਚ ਨਿਪਟਾਰਾ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ।
-ਸੰਜੀਵ ਸਿੰਘ ਸੈਣੀ
ਮੋਹਾਲੀ
ਧੋਖਾਧੜੀ ਤੋਂ ਬਚੋ
ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ। ਹਰ ਰੋਜ਼ ਸਾਈਬਰ ਠੱਗ ਕਿਸੇ ਨਾ ਕਿਸੇ ਪਿੰਡ/ਸ਼ਹਿਰ 'ਚ ਲੋਕਾਂ ਨੂੰ ਫਸਾਉਂਦੇ ਰਹਿੰਦੇ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਚੇਤ ਕਰਨ ਦੇ ਬਾਵਜੂਦ ਅਨਪੜ੍ਹ/ਪੜ੍ਹੇ-ਲਿਖੇ ਲੋਕ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਸਮੇਂ-ਸਮੇਂ 'ਤੇ ਪ੍ਰਿੰਟ ਮੀਡੀਆ ਅਤੇ ਇਲੈੱਕਟ੍ਰੋਨਿਕਸ ਮੀਡੀਆ ਲੋਕਾਂ ਨੂੰ ਆਪਣਾ ਖਾਤਾ ਨੰਬਰ ਅਤੇ ਓ.ਟੀ.ਪੀ. ਨੰਬਰ ਕਿਸੇ ਨਾਲ ਸਾਂਝਾ ਨਾ ਕਰਨ ਦੀ ਹਦਾਇਤ ਦਿੰਦੇ ਰਹਿੰਦੇ ਹਨ। ਲੋਕਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ। ਵਿਦੇਸ਼ਾਂ 'ਚ ਰਿਸ਼ਤੇਦਾਰਾਂ ਦੇ ਨਾਂਅ ਲੈ ਕੇ ਧੋਖਾ ਦੇਣ ਵਾਲੇ ਠੱਗਾਂ ਤੋਂ ਬਚ ਕੇ ਰਹੋ। ਕਿਸੇ ਵੀ ਕਿਸਮ ਦੀ ਲਾਟਰੀ/ਇਨਾਮ ਤੋਂ ਗੁੰਮਰਾਹ ਨਾ ਹੋਵੋ ਪਰ ਬੇਹੱਦ ਅਫ਼ਸੋਸ, ਜਨਤਾ ਇਸ ਠੱਗੀ ਦਾ ਸ਼ਿਕਾਰ ਹੋ ਹੀ ਜਾਂਦੀ ਹੈ। ਸਾਈਬਰ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਠੱਗਣ ਦੇ ਆਪਣੇ ਤਰੀਕੇ ਬਦਲ ਰਹੇ ਹਨ। ਗੂਗਲ 'ਤੇ ਨੌਕਰੀ ਦੇ ਸੁਨੇਹੇ ਦੇਖ ਕੇ ਨੌਜਵਾਨ ਠੱਗਾਂ ਦੇ ਜਾਲ 'ਚ ਫਸਦੇ ਜਾ ਰਹੇ ਹਨ। ਬਿਨਾਂ ਸ਼ੱਕ, ਸਾਈਬਰ ਠੱਗਾਂ ਨੂੰ ਨੱਥ ਪਾਉਣ ਲਈ ਰਾਜਾਂ ਵਿਚ ਸਾਈਬਰ ਥਾਣੇ ਖੋਲ੍ਹੇ ਗਏ ਹਨ ਪਰ ਇਹ ਸਿਰਫ਼ ਦਿਖਾਵੇ ਦੀ ਗੱਲ ਹੈ। ਸਾਈਬਰ ਥਾਣੇ ਖੋਲ੍ਹਣ ਨਾਲ ਸਾਈਬਰ ਧੋਖਾਧੜੀ ਨਹੀਂ ਰੁਕੇਗੀ। ਇਸ ਦੇ ਲਈ ਸਾਨੂੰ ਆਪਣਾ ਧਿਆਨ ਖ਼ੁਦ ਰੱਖਣਾ ਹੋਵੇਗਾ। ਜੇਕਰ ਤੁਸੀਂ ਚੌਕਸ ਹੋ ਅਤੇ ਆਨਲਾਈਨ ਆਉਣ ਵਾਲੇ ਵੇਰਵਿਆਂ ਅਤੇ ਲਾਲਚੀ ਸੰਦੇਸ਼ਾਂ 'ਚੇ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਆਪਣੇ ਆਪ ਨੂੰ ਸਾਈਬਰ ਧੋਖਾਧੜੀ ਤੋਂ ਬਚਾ ਸਕਦੇ ਹੋ। ਤੁਹਾਨੂੰ ਇਕ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਜੇਕਰ ਅਸੀਂ ਇਨ੍ਹਾਂ ਦੇ ਜਾਲ 'ਚ ਫਸਦੇ ਰਹੇ ਤਾਂ ਇਹ ਠੱਗ ਸਾਨੂੰ ਬੜੀ ਆਸਾਨੀ ਨਾਲ ਠੱਗਦੇ ਰਹਿਣਗੇ। ਚੁਸਤ ਬਣੋ, ਸਾਵਧਾਨ ਰਹੋ ਅਤੇ ਲਾਲਚ ਛੱਡ ਦਿਉ।
-ਵਰਿੰਤਰ ਸ਼ਰਮਾ ਵਾਤਸਾਯਾਨ
ਊਨਾ, (ਹਿਮਾਚਲ ਪ੍ਰਦੇਸ਼)।
ਜ਼ਿੰਦਗੀ ਖ਼ੂਬਸੂਰਤ ਹੈ
ਕੋਈ ਗੋਰਾ ਹੈ, ਕੋਈ ਕਾਲਾ ਹੈ ਚਾਹੇ ਕੋਈ ਅਮੀਰ ਹੈ ਜਾਂ ਗਰੀਬ ਹੈ। ਸਭ ਨੇ ਇਕੋ ਰੰਗ ਦੀ ਸਵਾਹ ਬਣ ਜਾਣਾ ਹੈ। ਅਖ਼ੀਰ ਮਿੱਟੀ ਹੀ ਬਣ ਜਾਣਾ ਹੈ। ਅੱਜ ਤੱਕ ਕੋਈ ਵੀ ਨਹੀਂ ਹੋਇਆ ਜਿਹੜਾ ਆਪਣੇ ਨਾਲ ਕੁਝ ਲੈ ਗਿਆ ਹੋਵੇ। ਜਿਸ ਸਰੀਰ 'ਤੇ ਉਹ ਮਾਣ ਕਰਦਾ ਹੈ, ਉਹ ਸਰੀਰ ਵੀ ਲੋਥ ਬਣਿਆ ਹੋਇਆ ਵਿਹੜੇ ਵਿਚ ਪਿਆ ਰਹਿੰਦਾ ਹੈ, ਫਿਰ ਮਾਣ ਕਿਹੜੀ ਗੱਲ ਦਾ। ਜ਼ਿੰਦਗੀ ਲੰਮੀ ਨਹੀਂ ਖ਼ੂਬਸੂਰਤ ਹੋਣੀ ਚਾਹੀਦੀ ਹੈ। ਜਨਮ ਮਾਤਾ-ਪਿਤਾ ਨੇ ਦਿੱਤਾ। ਸਰੀਰ ਦਾ ਵਾਧਾ ਕੁਦਰਤੀ ਰੂਪ ਵਿਚ ਹੁੰਦਾ ਹੈ। ਸਾਹ ਪਰਮਾਤਮਾ ਨੇ ਦਿੱਤੇ ਹਨ। ਫਿਰ ਮੈਂ ਕਿੱਥੇ ਬਚਦੀ। ਇਮਾਨਦਾਰੀ ਨਾਲ ਉੱਦਮ ਕਰਨਾ ਮਿਹਨਤ ਕਰਨੀ, ਕਿਰਤ ਕਰਨੀ, ਜੋ ਬਾਬੇ ਨਾਨਕ ਦਾ ਫਲਸਫਾ ਹੈ। ਇਹ ਸਾਇੰਟਫਿਕ ਤੌਰ 'ਤੇ ਵੀ ਬਿਲਕੁਲ ਸਹੀ ਹੈ। ਉਸ 'ਤੇ ਚੱਲਣਾ ਚਾਹੀਦਾ ਹੈ। ਸੂਰਤ ਨਹੀਂ ਸੀਰਤ ਅੱਛੀ ਹੋਣੀ ਚਾਹੀਦੀ ਹੈ। ਸਰੀਰ ਤਾਂ ਉਨ੍ਹਾਂ ਦਾ ਵੀ ਬੁੱਢਾ ਹੋ ਗਿਆ ਜਿਹੜੇ ਭਸਮਾਂ ਅਤੇ ਸੋਨੇ ਦੇ ਬਰਤਨਾਂ ਵਿਚ ਕੀਮਤੀ ਮੋਤੀਆਂ ਨੂੰ ਰਗੜ-ਰਗੜ ਕੇ ਖਾਂਦੇ ਸਨ, ਮਰਨਾ ਤਾਂ ਉਨ੍ਹਾਂ ਨੇ ਵੀ ਹੈ, ਜਿਹੜੇ ਕਹਿੰਦੇ ਸੀ ਅਸੀਂ ਅਮਰ ਹਾਂ। ਸੋ, ਇਸ ਲਈ ਜ਼ਿੰਦਗੀ ਨੂੰ ਜੀਉ, ਇਮਾਨਦਾਰੀ ਨਾਲ ਆਪਣਾ ਜੋ ਵੀ ਫ਼ਰਜ਼ ਹੈ, ਜੋ ਵੀ ਕੰਮ ਮਿਲਿਆ ਹੈ, ਉਸ ਨੂੰ ਕਰੋ। ਅਖ਼ੀਰ ਇਕ ਹੀ ਹੈ। ਹੱਥ 'ਤੇ ਹੱਥ ਧਰ ਕੇ ਬੈਠਣ ਦਾ ਮਤਲਬ ਨਹੀਂ। ਤੁਹਾਡੇ ਪਰਿਵਾਰਕ ਜੀਵ, ਤੁਹਾਡੇ ਦੋਸਤ-ਮਿੱਤਰ ਜਿਨ੍ਹਾਂ ਨੂੰ ਤੁਹਾਡੇ ਉੱਪਰ ਆਸਾਂ ਹਨ, ਤੁਹਾਡੇ ਨਾਲ ਉਨ੍ਹਾਂ ਦੇ ਸੁਪਨੇ ਜੁੜੇ ਹੋਏ ਹਨ, ਉਨ੍ਹਾਂ ਦੀਆਂ ਆਸਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਕਿਉਂ ਨਾ ਜ਼ਿੰਦਗੀ ਨੂੰ ਸੱਚ ਅਤੇ ਇਮਾਨਦਾਰੀ ਨਾਲ ਜੀਅ ਕੇ ਵੇਖੀਏ।
-ਹਰਜਾਪ ਸਿੰਘ ਖੈਰਾਬਾਦ
ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।
ਅੰਗਦਾਨ ਦੀ ਮਹੱਤਤਾ
ਪਿਛਲੇ ਦਿਨੀਂ (13 ਅਗਸਤ) ਅੰਗਦਾਨ ਦਿਵਸ 'ਤੇ ਸੁਮੀਤ ਸਿੰਘ ਦਾ ਲੇਖ 'ਅੰਗ ਦਾਨ ਸੰਬੰਧੀ ਜਾਗਰੂਕਤਾ ਮੁਹਿੰਮ ਬੇਹੱਦ ਜ਼ਰੂਰੀ' ਸਮਾਜ ਦੇ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਇਨਸਾਨ ਨੂੰ ਮਰਨ ਉਪਰੰਤ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ। ਜਿਥੇ ਅਸੀਂ ਖ਼ੂਨਦਾਨ ਕਰਕੇ ਹਾਦਸਿਆਂ ਦਾ ਸ਼ਿਕਾਰ ਇਨਸਾਨਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ, ਉਥੇ ਅਸੀਂ ਮਰਨ ਉਪਰੰਤ ਗੁਰਦਾ, ਦਿਲ, ਫੇਫੜਾ ਅਤੇ ਜਿਗਰ (ਲੀਵਰ) ਵਰਗੇ ਆਪਣੇ ਅੰਗਦਾਨ ਕਰਕੇ ਕਿਸੇ ਦੂਜੇ ਦੀ ਜ਼ਿੰਦਗੀ ਬਚਾਉਣਾ 'ਚ ਸਹਾਈ ਹੋ ਸਕਦੇ ਹਾਂ ਅਤੇ ਅੱਖਾਂ ਦਾਨ ਕਰਕੇ ਇਕ ਇਨਸਾਨ ਦੋ ਇਨਸਾਨਾਂ ਨੂੰ ਰੰਗਲੀ ਦੁਨੀਆ ਦੇ ਦਰਸ਼ਨ ਕਰਵਾਉਣ ਦਾ ਪੁੰਨ ਕਮਾ ਸਕਦਾ ਹੈ। ਅੰਗ ਦਾਨ ਕਰਨ 'ਚ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਹੋ ਕੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ। ਤਰਕਸ਼ੀਲ ਸੁਸਾਇਟੀ ਭਾਵੇਂ ਇਸ ਪਾਸੇ ਪਿਛਲੇ ਲੰਮੇ ਸਮੇਂ ਤੋਂ ਪ੍ਰਚਾਰ ਕਰਦੀ ਆ ਰਹੀ ਹੈ, ਪਰ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅੰਗ ਟਰਾਂਸਪਲਾਂਟ ਵਰਗੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਵਾਲੇ ਪਾਸੇ ਠੋਸ ਕਦਮ ਚੁੱਕਣ ਤਾਂ ਕਿ ਜਿਥੇ ਅੰਗਦਾਨੀ ਅੰਗ ਦਾਨ ਕਰਨ ਲਈ ਜਾਗਰੂਕ ਹੋਣ ਉਥੇ ਅੰਗ ਟਰਾਂਸਪਲਾਂਟ ਕਰਵਾਉਣ ਵਾਲਿਆਂ ਦੀ ਆਰਥਿਕ ਲੁੱਟ ਰੋਕੀ ਜਾ ਸਕੇ।
-ਮਨੋਹਰ ਸਿੰਘ ਸੱਗੂ,
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)
ਨਵੀਂ ਸੋਚ
ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਕੁੜੀਆਂ ਲਈ ਕਿ ਤੂੰ ਅਗਲੇ ਘਰ ਜਾਣਾ ਤੇ ਕੰਮ 'ਚ ਹਮੇਸ਼ਾ ਜ਼ਿੰਮੇਵਾਰ ਬਣਨ ਬਾਰੇ ਆਖਿਆ ਜਾਂਦਾ ਹੈ। ਜਦੋਂ ਤੋਂ ਹੀ ਕੋਈ ਕੁੜੀ ਜਵਾਨ ਹੋਣ ਲੱਗਦੀ ਹੈ ਤਾਂ ਘਰ ਦੇ ਹਰ ਮੈਂਬਰ ਵਲੋਂ ਉਸ ਦੀ ਨਿੱਕੀ-ਮੋਟੀ ਹਰ ਗ਼ਲਤੀ 'ਤੇ ਇਹੀ ਬੋਲਿਆ ਜਾਂਦਾ ਹੈ। ਧਿਆਨ ਨਾਲ ਕਰਿਆ ਕਰ ਅਗਲੇ ਘਰ ਜਾਣੈ, ਉਸ ਨੂੰ ਹਰ ਕੰਮ ਸਿਖਾਇਆ ਜਾਂਦਾ ਕਿ ਸਾਨੂੰ ਕੋਈ ਉਲਾਂਭਾ ਨਾ ਆਵੇ। ਘਰ ਦਾ ਚੁੱਲ੍ਹਾ-ਚੌਂਕਾ, ਸਲਾਈ-ਕਢਾਈ ਤੋਂ ਲੈ ਕੇ ਮੱਝਾਂ-ਗਾਵਾਂ ਚੋਣ ਤੱਕ ਤੇ ਨਾਲ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਕੰਮ ਤਾਂ ਹਰ ਇਕ ਆਉਣਾ ਹੀ ਚਾਹੀਦੈ ਕੁੜੀਆਂ ਨੂੰ, ਬਿਗਾਨੇ ਘਰੇ ਜਾਣਾ, ਸੱਸ-ਨਨਾਣ ਵਿਚ ਰਹਿਣਾ ਅਕਸਰ। ਪਰ ਅਸੀਂ ਇਹ ਗੱਲ ਮੁੰਡਿਆਂ ਨੂੰ ਕਿਉਂ ਨਹੀਂ ਸਿਖਾਉਂਦੇ। ਕੁੜੀਆਂ ਨੂੰ ਸਿਖਾਉਂਦੇ-ਸਿਖਾਉਂਦੇ ਅਸੀਂ ਇਹ ਕਿਉਂ ਭੁੱਲ ਗਏ ਆਂ ਕਿ ਸਾਡੇ ਘਰ ਵੀ ਕਿਸੇ ਕੁੜੀ ਨੇ ਆਉਣੈ, ਅਸੀਂ ਵੀ ਮੁੰਡਾ ਵਿਆਹੁਣਾ, ਇਸ ਦਾ ਵੀ ਇਕ ਹੋਰ ਪਰਿਵਾਰ ਬਣਨਾ, ਇਕ ਕੁੜੀ ਦੀ ਤਰ੍ਹਾਂ ਹੀ, ਅਸੀਂ ਇਹ ਗੱਲਾਂ ਕਿਉਂ ਭੁੱਲ ਜਾਂਦੇ ਆਂ। ਸਾਨੂੰ ਮੁੰਡਿਆਂ ਨੂੰ ਵੀ ਉਹੀ ਸਭ ਸਿਖਾਉਣਾ ਚਾਹੀਦਾ ਕਿ ਕਿਵੇਂ ਤੂੰ ਬੈਠਣਾ, ਕਿੰਨੀ ਗੱਲ ਕਰਨੀ ਚਾਹੀਦੀ, ਲੋੜ ਪੈਣ 'ਤੇ ਘਰ ਦੇ ਕੰਮ ਕਿਵੇਂ ਕਰਨੇ ਨੇ, ਆਪਣੇ ਕੱਪੜਿਆਂ ਨੂੰ ਕਿਵੇਂ ਸੰਭਾਲੀ ਦਾ, ਕੀ ਫ਼ਰਕ ਪੈ ਜਾਂਦਾ ਜੇਕਰ ਘਰ ਦੀ ਔਰਤ ਵਿਹਲੀ ਨਹੀਂ ਤਾਂ ਮੁੰਡਾ ਕੱਪੜੇ ਪ੍ਰੈੱਸ ਕਰ ਲਓ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਖਰਕਾਰ ਇਕ ਕੁੜੀ ਨੇ ਇਕ ਨਵੇਂ ਪਰਿਵਾਰ ਵਿਚ ਆਉਣਾ, ਜੇਕਰ ਅਸੀਂ ਬਚਪਨ ਤੋਂ ਹੀ ਆਪਣੇ ਮੁੰਡਿਆਂ ਨੂੰ ਵੀ ਇਹ ਸਭ ਸਿਖਾਈਏ ਤਾਂ ਬਹੁਤ ਸਾਰੇ ਘਰਾਂ ਦੇ ਕਲੇਸ਼ ਮੁੱਕ ਜਾਣਗੇ।
-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫਿਰੋਜ਼ਪੁਰ।
ਉਲੰਪਿਕ 'ਚ ਅਸੀਂ ਕਿੱਥੇ ਖੜ੍ਹੇ ਹਾਂ?
ਪੈਰਿਸ ਉਲੰਪਿਕ ਵਿਚ ਭਾਰਤ ਨੇ 6 ਤਗਮੇ ਜਿੱਤ ਕੇ ਤਗਮਾ ਸੂਚੀ ਵਿਚ 69ਵਾਂ ਰੈਂਕ ਹਾਸਿਲ ਕੀਤਾ ਹੈ। ਚੀਨ ਅਤੇ ਅਮਰੀਕਾ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਹਨ। ਆਖਿਰ 1.4 ਅਰਬ ਦੀ ਆਬਾਦੀ ਵਾਲਾ ਦੇਸ਼ ਇਕ ਵੀ ਸੋਨੇ ਦਾ ਤਗਮਾ ਕਿਉਂ ਨਹੀਂ ਜਿੱਤ ਸਕਿਆ। ਪੈਰਿਸ ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਇਸ ਵਾਰ ਚਾਂਦੀ ਜਾਂ ਸੋਨੇ ਦੇ ਤਗਮੇ ਦੀ ਉਮੀਦ ਸੀ, ਚਲੋ ਫਿਰ ਵੀ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਮਨੂੰ ਭਾਕਰ ਇਕ ਅੰਕ ਨਾਲ ਤੀਜੇ ਤਗਮੇ ਤੋਂ ਰਹਿ ਗਈ। ਵਿਨੇਸ਼ ਫੋਗਾਟ ਨੇ ਸੈਮੀਫਾਈਨਲ ਵਿਚ ਵਧੀਆ ਪ੍ਰਦਰਸ਼ਨ ਕਰ ਲਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਪਰ ਪੂਰੇ ਭਾਰਤ ਨੇ ਉਸ ਬੇਟੀ ਦਾ ਹੌਸਲਾ ਢਹਿ-ਢੇਰੀ ਹੋਣ ਨਹੀਂ ਦਿੱਤਾ। ਕੀ ਏਨੀ ਵੱਡੀ ਆਬਾਦੀ ਵਾਲੇ ਦੇਸ਼ ਲਈ ਕੁੱਲ 6 ਤਗਮੇ ਹੀ ਕਾਫੀ ਨੇ? ਸਾਡੇ ਦੇਸ਼ ਵਿਚ ਸਿਆਸਤਦਾਨ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਲਈ ਗਰਾਂਟਾਂ ਉਥੇ ਦਿੰਦੇ ਹਨ, ਜਿਥੇ ਇਨ੍ਹਾਂ ਨੂੰ ਫਾਇਦਾ ਹੋਣਾ ਹੁੰਦਾ ਹੈ। ਕੇਂਦਰ ਵਲੋਂ ਸੂਬਿਆਂ ਨਾਲ ਬਜਟ ਅਲਾਟਮੈਂਟ ਵੇਲੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਖੇਡ ਸਟੇਡੀਅਮ, ਵਧੀਆ ਸਕੀਮਾਂ, ਵਧੀਆ ਕੋਚ ਹਰ ਸੂਬੇ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਹੀ ਉਲੰਪਿਕ ਪੱਧਰ ਦੇ ਖਿਡਾਰੀ ਤਿਆਰ ਹੋਣਗੇ। ਖੇਡਾਂ ਵੇਲੇ ਵੀ ਸਿਆਸਤਦਾਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।
-ਸੰਜੀਵ ਸਿੰਘ ਸੈਣੀ
ਮੋਹਾਲੀ।
ਸਰਕਾਰੀ ਜ਼ਮੀਨਾਂ 'ਤੇ ਰੁੱਖ ਲਾਵੇ ਸਰਕਾਰ
ਪੰਜਾਬ ਵਿਚ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਅਨੇਕਾਂ ਹੀ ਪਿੰਡਾਂ ਵਿਚ ਸਰਕਾਰੀ ਜ਼ਮੀਨਾਂ ਦਹਾਕਿਆਂ ਤੋਂ ਬਿਲਕੁਲ ਖਾਲੀ ਪਈਆਂ ਹੋਈਆਂ ਹਨ। ਦੂਜੇ ਪਾਸੇ, ਪੰਜਾਬ ਵਿਚ ਰੁੱਖਾਂ ਦੀ ਵੱਡੀ ਘਾਟ ਹੋਣ ਕਰਕੇ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਭਲੇ ਦੇ ਕੰਮ ਲਈ ਪਿੰਡਾਂ ਦੀਆਂ ਸਰਕਾਰੀ ਵਿਹਲੀਆਂ ਪਈਆਂ ਜ਼ਮੀਨਾਂ ਉੱਪਰ ਨਰੇਗਾ ਕਾਮਿਆਂ ਦੀ ਮਦਦ ਨਾਲ ਵੱਡੇ ਪੱਧਰ 'ਤੇ ਰੁੱਖ ਲਗਾਏ ਜਾਣ। ਅਜਿਹਾ ਹੋਣ ਨਾਲ ਕੁਝ ਸਮੇਂ ਵਿਚ ਹੀ ਪੂਰਾ ਪੰਜਾਬ ਜੰਗਲ ਦਾ ਰੂਪ ਧਾਰਨ ਕਰ ਕੇ ਹਰਿਆ-ਭਰਿਆ ਹੋ ਜਾਵੇਗਾ। ਲੋੜ ਹੈ, ਪੰਜਾਬ ਸਰਕਾਰ ਨੂੰ ਤੁਰੰਤ ਇਸ ਪਾਸੇ ਗੰਭੀਰਤਾ ਨਾਲ ਕਦਮ ਚੁੱਕਣ ਦੀ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਜਾਂਬਾਜ਼ ਖਿਡਾਰਨ ਵਿਨੇਸ਼ ਫੋਗਾਟ
ਉਲੰਪਿਕ ਦੇ ਕੁਸ਼ਤੀ ਮੁਕਾਬਲੇ 'ਚ ਫਾਈਨਲ ਵਿਚ ਪਹੁੰਚਣ ਵਾਲੀ ਵਿਨੇਸ਼ ਫੋਗਾਟ ਵਲੋਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਉਸ ਦੇ ਫਾਈਨਲ ਵਿਚ ਪਹੁੰਚਣ 'ਤੇ ਜਿਥੇ ਪੂਰੇ ਦੇਸ਼ 'ਚ ਖ਼ੁਸ਼ੀ ਦਾ ਆਲਮ ਬੱਝਿਆ ਸੀ ਹੁਣ ਇਕ ਦਮ ਨਿਰਾਸ਼ਾ ਤੇ ਉਦਾਸੀ ਦਾ ਮਾਹੌਲ ਹੈ। ਉਸ ਨੂੰ 100 ਗ੍ਰਾਮ ਭਾਰ ਵਧਣ ਕਰਕੇ ਅੰਤਿਮ ਮੁਕਾਬਲੇ 'ਚੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਕਿਤੇ ਇਸ ਲੜਕੀ ਨਾਲ ਕੋਈ ਰਾਜਨੀਤੀ ਤਾਂ ਨਹੀਂ ਖੇਡੀ ਗਈ ਸੀ, ਜੇ ਇਹ ਖੇਡ ਖੇਡੀ ਗਈ ਹੈ ਤਾਂ ਸਾਡੇ ਦੇਸ਼ ਲਈ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਪਿਛਲੇ ਸਮੇਂ ਵਿਚ ਇਸ ਖਿਡਾਰਨ ਨੇ ਮਹਿਲਾ ਖਿਡਾਰੀਆਂ ਵਲੋਂ ਆਪਣੇ ਨਾਲ ਹੁੰਦੇ ਦੁਰ ਵਿਵਹਾਰ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਵਿਚ ਹਿੱਸਾ ਲਿਆ ਸੀ, ਕਿਤੇ ਫੋਗਾਟ ਇਸ ਕਰਕੇ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋਈ। ਇਹ ਸਭ ਸੋਚਣ ਵਾਲੀ ਗੱਲ ਹੈ ਪਰ ਫਿਰ ਵੀ ਇਸ ਬਹਾਦਰ ਲੜਕੀ ਨੇ ਅਗਲੇ ਮੁਕਾਬਲੇ ਤੋਂ ਪਹਿਲਾਂ ਸਾਰੀ ਰਾਤ ਇਹ ਵਧਿਆ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਰ ਢੰਗ ਤਰੀਕਾ ਵਰਤਿਆ ਪਰ ਭਾਰ ਘਟ ਨਾ ਸਕਿਆ। ਅਸਲ ਵਿਚ ਇਹ ਉਸ ਦੀ ਹਾਰ ਨਹੀਂ ਇਹ ਸਾਡੀ ਹਾਰ ਹੈ, ਸਾਡੇ ਪੂਰੇ ਦੇਸ਼ ਦੀ ਹਾਰ ਹੈ। ਉਹ ਤਾਂ ਹਾਰ ਕੇ ਵੀ ਜਿੱਤ ਗਈ ਹੈ। ਸਾਨੂੰ ਸਭ ਨੂੰ ਤੇ ਉਸ ਨੂੰ ਚਾਹੁੰਣ ਵਾਲੇ ਉਸ ਦੇ ਅਸਲ ਪ੍ਰਸ਼ੰਸਕਾਂ ਨੂੰ ਇਸ ਜਾਂਬਾਜ਼ ਧੀ 'ਤੇ ਮਾਣ ਹੈ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਡਿਗਦੇ ਪਹਾੜਾਂ ਦਾ ਸੁਨੇਹਾ
ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿਚ ਬਰਸਾਤ ਦੇ ਦਿਨਾਂ ਵਿਚ ਪਹਾੜਾਂ ਦਾ ਡਿੱਗਣਾ ਹੁਣ ਆਮ ਗੱਲ ਹੋ ਗਈ ਹੈ। ਇਨ੍ਹਾਂ ਪਹਾੜਾਂ ਦਾ ਡਿੱਗਣਾ ਕੋਈ ਕੁਦਰਤੀ ਨਹੀਂ ਬਲਕਿ ਇਹ ਲੋਕਾਂ ਵਲੋਂ ਪਹਾੜਾਂ ਨਾਲ ਕੀਤੀ ਜਾਂਦੀ ਵੱਡੇ ਪੱਧਰ ਦੀ ਛੇੜਛਾੜ ਦਾ ਨਤੀਜਾ ਹੈ। ਜੇਕਰ ਪਹਾੜੀ ਖੇਤਰਾਂ ਦੀ ਗੱਲ ਕਰੀਏ ਤਾਂ ਬਰਸਾਤ ਦੇ ਮੌਸਮ ਤੋਂ ਬਾਅਦ ਪਹਾੜ ਸਾਨੂੰ ਹਰੇ-ਭਰੇ ਨਜ਼ਰ ਆਉਂਦੇ ਹਨ। ਇਨ੍ਹਾਂ ਦਿਨਾਂ ਵਿਚ ਜਿਸ ਪਾਸੇ ਵੀ ਨਜ਼ਰ ਮਾਰੀ ਜਾਵੇ, ਸਭ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਵੇਗੀ। ਪਰ ਜਿਵੇਂ ਹੀ ਇਹ ਬਰਸਾਤੀ ਮੌਸਮ ਗੁਜ਼ਰ ਜਾਵੇਗਾ ਤਾਂ ਉਸ ਤੋਂ ਬਾਅਦ ਇਸ ਨਾਲ ਛੇੜਛਾੜ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਆਉਣ ਵਾਲੀਆਂ ਗਰਮੀਆਂ (ਭਾਵ ਮਈ-ਜੂਨ) ਤੱਕ ਜਾਰੀ ਰਹਿੰਦੀ ਹੈ। ਇਨ੍ਹਾਂ ਇਲਾਕਿਆਂ ਦੇ ਕਈ ਸੂਝਵਾਨ ਲੋਕਾਂ ਅਨੁਸਾਰ ਠੇਕੇਦਾਰਾਂ ਵਲੋਂ ਸਰਕਾਰ ਕੋਲੋਂ ਤਾਂ ਬਹੁਤ ਥੋੜ੍ਹੇ ਰੁੱਖਾਂ ਨੂੰ ਕੱਟਣ ਦੀ ਮਨਜ਼ੂਰੀ ਲਈ ਜਾਂਦੀ ਹੈ ਪਰ ਮਿਲੀਭੁਗਤ ਕਰ ਕੇ ਉਸੇ ਮਨਜ਼ੂਰੀ ਦੀ ਆੜ ਵਿਚ ਜੰਗਲ 'ਚੋਂ ਹਜ਼ਾਰਾਂ ਹੀ ਰੁੱਖਾਂ ਨੂੰ ਕੱਟ ਲਿਆ ਜਾਂਦਾ ਹੈ ਅਤੇ ਉਸ ਲੱਕੜੀ ਨੂੰ ਛੋਟੀਆਂ ਗੱਡੀਆਂ ਵਿਚ ਲੋਡ ਕਰ ਕੇ ਦੂਜੇ ਰਾਜਾਂ ਵਿਚ ਵੇਚ ਵੀ ਦਿੱਤਾ ਜਾਂਦਾ ਹੈ। ਫਿਰ ਆਪਣੇ ਇਸ ਕਾਰੇ ਨੂੰ ਛੁਪਾਉਣ ਲਈ ਉਨ੍ਹਾਂ ਵਲੋਂ ਜੰਗਲਾਂ ਨੂੰ (ਗਰਮੀ ਨਾਲ ਲੱਗੀ ਅੱਗ ਦਾ ਬਹਾਨਾ ਬਣਾ ਕੇ) ਅੱਗ ਵੀ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਬਚੇ ਹੋਏ ਰੁੱਖ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਥੋਂ ਤੱਕ ਕਿ ਲੋਕਾਂ ਦਾ ਸਾਹ ਵੀ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਦੌਰਾਨ ਪਹਾੜ 'ਤੇ ਪਈ ਮਿੱਟੀ ਵੀ ਸੁਆਹ ਬਣ ਜਾਂਦੀ ਹੈ ਅਤੇ ਥੋੜ੍ਹੇ ਜਿਹੇ ਮੀਂਹ ਨਾਲ ਹੀ ਪੂਰੇ ਦਾ ਪੂਰਾ ਪਹਾੜ ਢਹਿ-ਢੇਰੀ ਹੋ ਜਾਂਦਾ ਹੈ। ਇਸ ਨੂੰ ਮਨੁੱਖ ਦਾ ਲਾਲਚ ਹੀ ਕਿਹਾ ਜਾ ਸਕਦਾ ਹੈ। ਜਦ ਪਹਾੜਾਂ 'ਤੇ ਰੁੱਖ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਤਾਂ ਪਹਾੜ ਵੀ ਹਰਿਆ-ਭਰਿਆ ਹੋਵੇਗਾ ਤਾਂ ਬਰਸਾਤ ਦੇ ਦਿਨਾਂ ਵਿਚ ਮਿੱਟੀ ਖੁਰਣ ਦਾ ਖਦਸ਼ਾ ਵੀ ਘਟ ਜਾਵੇਗਾ ਜਿਸ ਨਾਲ ਪਹਾੜ ਵੀ ਮਜ਼ਬੂਤੀ ਨਾਲ ਖੜ੍ਹੇ ਰਹਿ ਸਕਣਗੇ ਅਤੇ ਇਸ ਨਾਲ ਵਾਤਾਵਰਨ ਵੀ ਸ਼ੁੱਧ ਰਹੇਗਾ। ਸੋ, ਸਰਕਾਰਾਂ ਅਤੇ ਵਣ ਵਿਭਾਗ ਦੇ ਕਰਮਚਾਰੀਆਂ ਨੂੰ ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਨੂੰ ਰੋਕਣ ਲਈ ਪੂਰੀ ਇਮਾਨਦਾਰੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਪਵੇਗਾ ਤਾਂ ਹੀ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ।
-ਅਸ਼ੀਸ਼ ਸ਼ਰਮਾ ਜਲੰਧਰ।
ਸ਼ੋਰ ਪ੍ਰਦੂਸ਼ਣ ਨੂੰ ਠੱਲ੍ਹ ਪਾਓ
ਅੱਜ-ਕੱਲ੍ਹ ਜਿਸ ਪਾਸੇ ਮਰਜ਼ੀ ਚਲੇ ਜਾਓ, ਹਰ ਪਾਸੇ ਹਾਰਨਾਂ ਤੇ ਸਪੀਕਰਾਂ ਦੇ ਉੱਚੀ ਆਵਾਜ਼ ਵਿਚ ਹੁੰਦੇ ਸ਼ੋਰ ਪ੍ਰਦੂਸ਼ਣ ਤੋਂ ਸਮਾਜ ਦਾ ਤਕਰੀਬਨ ਹਰ ਵਰਗ ਹੀ ਬਹੁਤ ਜ਼ਿਆਦਾ ਦੁਖੀ ਹੈ। ਪਰੰਤੂ ਕੋਈ ਵੀ ਇਸ ਅਲਾਮਤ/ਬੁਰਾਈ ਨੂੰ ਖ਼ਤਮ ਕਰਨ ਲਈ ਖ਼ੁਦ ਤੋਂ ਪਹਿਲ ਨਹੀਂ ਕਰਦਾ ਤੇ ਨਾ ਹੀ ਹੋਰਾਂ ਨੂੰ ਇਸ ਪ੍ਰਤੀ ਜਾਗਰੂਕ ਕਰਦਾ ਹੈ। ਹੁਣ ਤਾਂ ਪਿੰਡਾਂ ਦੀਆਂ ਗਲੀਆਂ ਵਿਚ ਵੀ ਸਾਮਾਨ ਵੇਚਣ ਵਾਲੇ ਉੱਚੀ ਆਵਾਜ਼ ਵਿਚ ਸਪੀਕਰ ਬਿਨਾਂ ਕਿਸੇ ਡਰ-ਭੈਅ ਦੇ ਸ਼ਰ੍ਹੇਆਮ ਹੀ ਵਜਾਉਂਦੇ ਰਹਿੰਦੇ ਹਨ। ਜ਼ਿਆਦਾ ਸ਼ੋਰ ਪ੍ਰਦੂਸ਼ਣ ਕਾਰਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਦਿਲ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)।
ਰਾਮ ਰਹੀਮ ਨੂੰ ਫਿਰ ਫਰਲੋ
ਰਾਮ ਰਹੀਮ ਮੁੜ ਫਰਲੋ 'ਤੇ ਬਾਹਰ ਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ਵਿਚ ਪਰੋਲ ਨਾ ਦੇਣ ਸੰਬੰਧੀ ਰਿੱਟ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਰਿੱਟ ਨੂੰ ਰੱਦ ਕਰਦਿਆਂ ਸੂਬਾ ਸਰਕਾਰ ਨੂੰ ਇਸ 'ਤੇ ਫ਼ੈਸਲਾ ਲੈਣ ਦਾ ਹੁਕਮ ਦਿੱਤਾ ਸੀ। ਜਿਸ ਨਾਲ ਹਰਿਆਣਾ ਸਰਕਾਰ ਦਾ ਬਾਬੇ ਨੂੰ ਪਰੋਲ ਦੇਣ ਦਾ ਰਾਹ ਹੋਰ ਵੀ ਪੱਧਰਾ ਹੋ ਗਿਆ। ਪਹਿਲਾਂ ਵੀ ਪਰੋਲ 'ਤੇ ਆਉਣ ਤੇ ਵਿਰੋਧੀ ਪਾਰਟੀਆਂ ਵਲੋਂ ਵੱਖਰੀ-ਵੱਖਰੀ ਪ੍ਰਤੀਕਿਰਿਆ ਦਿੱਤੀ ਜਾਂਦੀ ਰਹੀ ਹੈ ਕਿ ਜਬਰ ਜਨਾਹ ਤੇ ਕਤਲ ਵਰਗੇ ਸੰਗੀਨ ਜੁਰਮਾਂ ਵਿਚ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਵੀ ਵੋਟਾਂ ਦਾ ਰਾਜਨੀਤੀ ਦਾ ਲਾਹਾ ਲੈਣ ਲਈ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ। ਹੁਣ ਜਦੋਂ ਹਰਿਆਣਾ 'ਚ ਚੋਣਾਂ ਦਾ ਇਲੈਕਸ਼ਨ ਕਮਿਸ਼ਨ ਵਲੋਂ ਐਲਾਨ ਹੋ ਗਿਆ ਹੈ ਤੇ ਚੋਣਾਂ ਹੋਣ ਜਾ ਰਹੀਆਂ ਹਨ। ਰਾਮ ਰਹੀਮ ਦੇ ਨਾਲ ਵੱਡੀ ਸੰਖਿਆ ਵਿਚ ਉਨ੍ਹਾਂ ਦੇ ਪੈਰੋਕਾਰ ਸ਼ਰਧਾਲੂ ਜੁੜੇ ਹਨ। ਇਸ ਦਾ ਹਰਿਆਣਾ ਸਰਕਾਰ ਨੂੰ ਵੋਟਾਂ ਵਿਚ ਫ਼ਾਇਦਾ ਮਿਲ ਸਕਦਾ ਹੈ ।ਲੋਕ ਅਜੇ ਵੀ ਆਸਥਾ ਦੇ ਨਾਂਅ 'ਤੇ ਮਨੁੱਖੀ ਦੇਹਧਾਰੀ ਬਾਬਿਆਂ ਦੀ ਪੂਜਾ ਕਰ ਰਹੇ ਹਨ। ਜਿਨ੍ਹਾਂ ਕਰ ਕੇ ਇਹ ਡੇਰੇ ਵੱਡੀ ਸੰਖਿਆ ਵਿਚ ਪ੍ਰਫੁੱਲਿਤ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਜੋ ਲੋਕ ਭਟਕ ਕੇ ਮਨੁੱਖ ਦੀ ਪੂਜਾ ਕਰ ਰਹੇ ਹਨ, ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੀਦਾ ਹੈ। ਧਰਮ ਪ੍ਰਚਾਰ ਤੇਜ਼ ਕਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX