ਸਰਕਾਰੀ ਸਕੂਲਾਂ ਦਾ ਹਾਲ
ਅੱਜ ਕੀ ਕੰਮ ਮਿਲਿਆ? ਮੈਂ ਕੋਲ ਬੈਠੀ ਕੁੜੀ ਨੂੰ ਪੁੱਛਿਆ, ਜੋ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਸੀ। ਕੁਝ ਵੀ ਨਹੀ ਦੀਦੀ ਅੱਜ ਸਕੂਲ 'ਚ ਬਿਜਲੀ ਨਹੀਂ ਸੀ ਤਾਂ ਅਧਿਆਪਕਾਂ ਨੇ ਪੜ੍ਹਾਇਆ ਹੀ ਨਹੀਂ। ਕਿਉਂ ਥੋਡੇ ਸਕੂਲ ਦੇ ਅਧਿਆਪਕ ਬਿਜਲੀ ਤੇ ਚਲਦੇ ਆ। ਕੋਲ ਬੈਠੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਮਜ਼ਾਕ ਕਰਦਿਆਂ ਆਖਿਆ, ਪਿਛਲੇ ਇਕ ਮਹੀਨੇ ਤੋ ਮੈਂ ਰੋਜ਼ ਕੰਮ ਨਾ ਮਿਲਣ ਦੇ ਨਵੇਂ ਹੀ ਬਹਾਨੇ ਸੁਣ ਰਹੀ ਸੀ। ਹੋਰ ਤਾਂ ਹੋਰ ਚੌਥੀ ਕਲਾਸ ਵਿਚ ਪੜ੍ਹ ਰਹੀ ਸੰਦੀਪ ਨੂੰ ਆਪਣਾ ਨਾਂਅ ਤੱਕ ਵੀ ਨਹੀਂ ਸੀ ਲਿਖਣਾ ਆਉਂਦਾ। ਮੈਨੂੰ ਲੱਗਦਾ ਸਰਕਾਰੀ ਤੇ ਪ੍ਰਾਇਮਰੀ ਸਕੂਲਾ ਦੇ ਅਧਿਆਪਕਾਂ ਨੂੰ ਬੱਸ ਨੌਕਰੀਆਂ ਲੈਣ ਦਾ ਹੀ ਸ਼ੌਕ ਆ ਪੜ੍ਹਾਉਣ ਦਾ ਨ੍ਹੀ। ਹਰ ਇਕ ਨਵੀਂ ਸਰਕਾਰ ਵੀ ਇਹੀ ਕਹਿੰਦੀ ਕਿ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਗੇ, ਪਰ ਅਫਸੋਸ ਕਿ ਉਨ੍ਹਾਂ ਦਾ ਧਿਆਨ ਸਿਰਫ ਇਮਾਰਤਾਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ।ਅਧਿਆਪਕਾਂ ਜਾਂ ਬੱਚਿਆ ਵੱਲ ਨਹੀਂ ਤੇ ਨਾ ਹੀ ਉਥੇ ਮਿਲ ਰਹੀ ਸਿੱਖਿਆ ਵੱਲ।
-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫ਼ਿਰੋਜ਼ਪੁਰ।
ਭਾਰਤ ਕੈਨੇਡਾ ਦੇ ਵਿਗੜਦੇ ਰਿਸ਼ਤੇ
ਅਜੀਤ ਦੀ ਸੰਪਾਦਕੀ 'ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤੇ' ਵਿਚ ਸਤਿਕਾਰਯੋਗ ਡਾ. ਬਰਜਿੰਦਰ ਸਿੰਘ ਹਮਦਰਦ ਜੀ ਨੇ ਭਾਰਤ ਤੇ ਕੈਨੇਡਾ ਵਿਚਾਲੇ ਮੌਜੂਦਾ ਤਣਾਅ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਤਣਾਅ ਨੂੰ ਘੱਟ ਕਰਨ ਦਾ ਸੁਝਾਅ ਵੀ ਦਿੱਤਾ ਹੈ। ਇਹ ਸੰਪਾਦਕੀ ਬਹੁਤ ਹੀ ਗਿਆਨ ਭਰਪੂਰ ਹੈ। ਕੈਨੇਡਾ ਪੰਜਾਬੀਆਂ ਦੀ ਸੁਪਨ ਨਗਰੀ ਹੈ ਅਤੇ ਹਰ ਪੰਜਾਬੀ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰੀ ਕੈਨੇਡਾ ਜ਼ਰੂਰ ਜਾਵੇ। ਅੰਕੜਿਆਂ ਅਨੁਸਾਰ ਇਸ ਸਮੇਂ ਕੈਨੇਡਾ ਵਿਚ ਕਰੀਬ 7 ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਹਨ ਅਤੇ ਕੈਨੇਡਾ ਦੇ ਕਈ ਇਲਾਕੇ ਤਾਂ ਪੰਜਾਬੀਆਂ ਦੇ ਗੜ੍ਹ ਹਨ, ਜਿਨ੍ਹਾਂ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਪੰਜਾਬ ਤੋਂ ਬਾਅਦ ਵੱਡੀ ਗਿਣਤੀ ਪੰਜਾਬੀ ਕੈਨੇਡਾ ਵਿਚ ਹੀ ਵਸਦੇ ਹਨ ਅਤੇ ਪੰਜਾਬ ਆ ਕੇ ਖ਼ਰੀਦਦਾਰੀ ਕਰਕੇ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ। ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਪੰਜਾਬ ਵਿਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਡਾਲਰ ਜਾਂ ਰੁਪਏ ਭੇਜੇ ਜਾਂਦੇ ਹਨ, ਜੋ ਕਿ ਪੰਜਾਬ ਨੂੰ ਆਰਥਿਕ ਪੱਧਰ 'ਤੇ ਮਜ਼ਬੂਤ ਕਰਦੇ ਹਨ। ਕੈਨੇਡਾ ਭਾਵੇਂ ਗੋਰਿਆਂ ਦਾ ਮੁਲਕ ਹੈ, ਪਰ ਪੰਜਾਬੀਆਂ ਨੂੰ ਉਹ ਹੁਣ ਆਪਣਾ ਹੀ ਦੂਜਾ ਘਰ ਲੱਗਣ ਲੱਗ ਪਿਆ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਤਾਜ਼ਾ ਕੂਟਨੀਤਕ ਤਣਾਅ ਕਾਰਨ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਪੰਜਾਬ ਰਹਿੰਦੇ ਪਰਿਵਾਰ ਚਿੰਤਤ ਹਨ ਅਤੇ ਇਨ੍ਹਾਂ ਪੰਜਾਬੀਆਂ ਨੂੰ ਚਿੰਤਾ ਹੋ ਰਹੀ ਹੈ ਕਿ ਕਿਤੇ ਉਨ੍ਹਾਂ ਨੂੰ ਕੈਨੇਡਾ ਦੇ ਵੀਜ਼ੇ ਮਿਲਣ ਵਿਚ ਮੁਸ਼ਕਿਲ ਨਾ ਆਉਣ ਲੱਗੇ। ਆਪਸੀ ਤਣਾਅ ਸਮਾਪਤ ਕਰਨ ਲਈ ਦੋਵੇਂ ਦੇਸ਼ਾਂ ਨੂੰ ਹੀ ਆਪਸੀ ਸਹਿਮਤੀ ਨਾਲ ਸਾਂਝੇ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਦੁਵੱਲੇ ਸਬੰਧ ਮਿੱਤਰਤਾਪੂਰਨ ਬਣਨ।
-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61-ਏ ਵਿੱਦਿਆ ਨਗਰ, ਪਟਿਆਲਾ।
ਅੰਨਦਾਤੇ ਦੀ ਬੇਕਦਰੀ
ਪਿਛਲੇ ਕੁਝ ਦਿਨਾਂ ਤੋਂ ਅਖ਼ਬਾਰਾਂ ਨੇ ਅੰਨਦਾਤੇ ਦੀ ਤਰਜਮਾਨੀ ਕਰਕੇ ਸਰਕਾਰ ਨੂੰ ਮੌਕਾ ਸਾਂਭਣ ਦੀ ਨਸੀਹਤ ਦਿੱਤੀ ਹੈ। ਇਹ ਤਾਂ ਮੌਸਮ ਦੀ ਮਿਹਰਬਾਨੀ ਹੈ ਜੋ ਠੀਕ ਰਿਹਾ ਨਹੀਂ ਤਾਂ ਸਰਕਾਰ ਦੇ ਅਕਸ ਨੂੰ ਹੋਰ ਵੀ ਢਾਹ ਲੱਗ ਜਾਣੀ ਸੀ। ਝੋਨੇ ਦੀ ਖਰੀਦਦਾਰੀ ਤੁਰੰਤ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨ ਦੇ ਹੌਸਲੇ ਬੁਲੰਦ ਰਹਿਣ। ਬਿਨਾਂ ਸ਼ੱਕ ਪੰਜਾਬ ਸਰਕਾਰ ਦੇ ਉਪਰਾਲੇ ਜਾਰੀ ਹਨ, ਪਰ ਸਿਆਸੀ ਸੌੜ ਸਾਜਿਸ਼ ਵੀ ਜਾਪਦੀ ਹੈ। ਕੁਝ ਵੀ ਹੋਵੇ ਮੁੱਖ ਮੰਤਰੀ ਸਾਹਿਬ ਦੇ ਭਰੋਸਾ ਵਧਾਉਣ ਵਾਲੇ ਯਤਨਾਂ ਵਿਚ ਅੜਿੱਕੇ ਪਾਉਣ ਨਾਲੋਂ ਗੰਭੀਰ ਸੰਕਟ ਮਿਲ ਬੈਠ ਕੇ ਮੌਸਮ ਦੀ ਕਰੋਪੀ ਹੋਣ ਤੋਂ ਪਹਿਲਾਂ ਮਾਮਲਾ ਨਿਬੇੜਿਆ ਜਾਵੇ। ਅੰਨਦਾਤੇ ਦੀ ਬੇਕਦਰੀ ਰੋਕਣ ਅਤੇ ਭਰੋਸਾ ਜਿੱਤਣਾ ਸਰਕਾਰ ਲਈ ਭਵਿੱਖੀ ਸੰਕਟਾਂ ਤੋਂ ਬਚਾਅ ਕਰ ਸਕਦਾ ਹੈ। ਫ਼ਸਲ ਦੀ ਵੇਚ ਵੱਟ ਤੋਂ ਬਿਨਾਂ ਮੰਡੀਆਂ 'ਚ ਜੱਟ ਅਤੇ ਚੁੱਲ੍ਹੇ ਮੂਹਰੇ ਔਰਤ ਰੁਲਦੀ ਹੀ ਰਹੇਗੀ। ਅੰਨਦਾਤੇ ਦੀ ਬੇਕਦਰੀ ਰੋਕਣ ਲਈ ਸਰਕਾਰ ਉਪਰਾਲੇ ਹੋਰ ਵੀ ਤੇਜ਼ ਕਰੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਸੁੰਦਰਤਾ ਦੀ ਅਹਿਮੀਅਤ
ਅਸੀਂ ਹਰ ਤਰ੍ਹਾਂ ਦੇ ਰੰਗ ਦਾ ਆਨੰਦ ਮਾਣਦੇ ਹਾਂ, ਸਮਾਜ ਵਿਚ ਵਿਚਰਦਿਆਂ। ਸੁੰਦਰ ਚਿਹਰਾ ਸਾਨੂੰ ਜਲਦੀ ਹੀ ਆਪਣੀ ਤਰਫ਼ ਖਿੱਚ ਲੈਂਦਾ ਹੈ। ਅਸੀਂ ਅਜਿਹੇ ਵਿਅਕਤੀ ਦੇ ਮੋਹ ਜਾਲ ਵਿਚ ਬੰਨ੍ਹੇ ਜਾਂਦੇ ਹਾਂ। ਪਰ ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਜ਼ਿਆਦਾ ਸੋਹਣੀ ਹੁੰਦੀ ਹੈ। ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਇਕ ਚੰਗੇ ਇਨਸਾਨ ਦੀ ਸੁੰਦਰਤਾ ਦੀਆਂ ਨਿਸ਼ਾਨੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੋ ਲੋਕ ਬਾਹਰੋਂ ਸੋਹਣੇ ਹੁੰਦੇ ਹਨ, ਉਹ ਅੰਦਰਲੋਂ ਕਾਲੇ ਦਿਲ ਵਾਲੇ ਹੁੰਦੇ ਹਨ। ਉਨ੍ਹਾਂ ਅੰਦਰ ਦੂਜਿਆਂ ਦਾ ਸਤਿਕਾਰ ਕਰਨ ਦੀ ਭਾਵਨਾ ਨਾ ਬਰਾਬਰ ਹੁੰਦੀ ਹੈ। ਉਹ ਸੁੰਦਰਤਾ ਕਾਰਨ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ। ਇਨਸਾਨ ਦੀ ਸੋਚ ਵਧੀਆ ਹੋਣੀ ਚਾਹੀਦੀ ਹੈ। ਇਹ ਸੁੰਦਰਤਾ ਚਿਹਰੇ 'ਤੇ ਨਿਰਭਰ ਨਹੀਂ ਕਰਦੀ। ਕਈ ਬੰਦੇ ਏਨੇ ਸੋਹਣੇ ਹੁੰਦੇ ਹਨ, ਪਰ ਉਨ੍ਹਾਂ ਦੀ ਬੋਲਬਾਣੀ ਦੂਜਿਆਂ ਦਾ ਤਨ ਮਨ ਫੂਕ ਦਿੰਦੀ ਹੈ। ਜੇ ਸਾਡੇ ਅੰਦਰ ਚੰਗੇ ਗੁਣ ਨਹੀਂ ਹਨ ਤਾਂ ਅਜਿਹੀ ਸੁੰਦਰਤਾ ਦਾ ਕੀ ਫਾਇਦਾ? ਚਿਹਰੇ ਦੀ ਸੁੰਦਰਤਾ ਸਮੇਂ ਨਾਲ ਘਟਦੀ ਜਾਂਦੀ ਹੈ ਪਰ ਹਿਰਦੇ ਦੀ ਸੁੰਦਰਤਾ ਹੈ, ਉਹ ਹਮੇਸ਼ਾ ਹੀ ਅਮਰ ਰਹਿੰਦੀ ਹੈ।
-ਸੰਜੀਵ ਸਿੰਘ ਸੈਣੀ ਮੁਹਾਲੀ।
ਪਖੰਡੀਆਂ ਦਾ ਸਾਮਰਾਜ
ਅੱਜ ਦਾ ਯੁਗ ਜਿਥੇ ਵਿਗਿਆਨਕ ਤੌਰ 'ਤੇ ਤਰੱਕੀ ਕਰਦਾ ਜਾ ਰਿਹਾ ਹੈ, ਪਰ ਦੂਜੇ ਪਾਸੇ ਪਖੰਡੀਆਂ ਦਾ ਸਾਮਰਾਜ ਵੀ ਵਧਦਾ-ਫੁਲਦਾ ਜਾ ਰਿਹਾ ਹੈ। ਦੁੱਖ ਦੀ ਗੱਲ ਇਙ ਹੈ ਕਿ ਇਸ ਸਾਮਰਾਜ ਦਾ ਸ਼ਿਕਾਰ ਅਨਪੜ੍ਹ ਹੀ ਨਹੀਂ ਸਗੋਂ ਪੜ੍ਹਿਆ-ਲਿਖਿਆ ਤਬਕਾ ਵੀ ਹੋ ਰਿਹਾ ਹੈ।
ਇਨ੍ਹਾਂ ਲੋਕਾਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਇਹ ਭੂਤਾਂ-ਪ੍ਰੇਤਾਂ ਦੇ ਨਾਂਅ 'ਤੇ ਲੋਕਾਂ ਦੀ ਭੀੜ ਨੇ ਵੀ ਕਤਲ ਕਰਨ ਤੋਂ ਝਿਜਕ ਨਹੀਂ ਦਿਖਾ ਰਹੇ। ਇਨ੍ਹਾਂ ਦੇ ਅਜਿਹੇ ਕਾਰਨਾਮਿਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹਨ। ਤਾਜ਼ੀ ਘਟਨਾ ਬਟਾਲਾ ਦੇ ਪਿੰਡ ਸਿੰਘਪੁਰਾ ਦੀ ਹੈ ਜਿਥੇ ਭੂਤਾਂ ਦੇ ਨਾਂਅ 'ਤੇ ਲੋਕਾਂ ਦੀ ਭੀੜ ਵਿਚ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਇਕ ਦਾਦਾ-ਦਾਦੀ ਨੇ ਅਜਿਹੇ ਲੋਕਾਂ ਦੇ ਝਾਂਸੇ 'ਚ ਆ ਕੇ ਬਲੀ ਦੇ ਨਾਂਅ 'ਤੇ ਨੰਨ੍ਹੇ-ਮੁੰਨੇ ਪੋਤਾ-ਪੋਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦ ਬੱਚਿਆਂ ਦੀ ਮਾਂ ਬੱਚਿਆਂ ਨੂੰ ਬਚਾਉਣ ਲਈ ਆਈ ਤਾਂ ਉਸ ਨੂੰ ਵੀ ਅਧ-ਮੋਇਆ ਕਰ ਦਿੱਤਾ। ਇਸੇ ਤਰ੍ਹਾਂ ਮੋਗੇ ਦੇ ਇਕ ਪਿੰਡ 'ਚ ਔਰਤ ਤਾਂਤਰਿਕ ਨੇ ਇਕ 8-10 ਸਾਲ ਦੀ ਬੱਚੀ ਨੂੰ ਪੂਰੇ ਪਿੰਡ ਦੀ ਹਾਜ਼ਰੀ 'ਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਲੋਕ ਆਪਣੇ ਬੱਚਿਆਂ ਨੂੰ ਇਨ੍ਹਾਂ ਹੱਥੋਂ ਮਰਵਾਉਂਦੇ ਰਹਿਣਗੇ। ਪ੍ਰਸ਼ਾਸਨ ਤੇ ਇਨਸਾਫ਼ ਪਸੰਦ ਲੋਕ ਕਦ ਤੱਕ ਇਸ ਜ਼ੁਲਮ ਨੂੰ ਅੱਖੀਂ ਵੇਖਦੇ ਰਹਿਣਗੇ।
-ਬੰਤ ਸਿੰਘ ਘੁਡਾਣੀ
ਲੁਧਿਆਣਾ।
ਸਮੇਂ ਦੀ ਬੱਚਤ
ਅਕਸਰ ਅਸੀਂ ਦੇਖਦੇ ਹਾਂ ਕਿ ਫਾਟਕ ਬੰਦ ਹੋਣ 'ਤੇ ਕਿਵੇਂ ਟਰੈਫਿਕ ਜਾਮ ਹੁੰਦਾ ਹੈ। ਸਾਨੂੰ ਫਾਟਕ ਬੰਦ ਹੋਣ 'ਤੇ ਜ਼ਰੂਰ ਰੁਕਣਾ ਪੈਂਦਾ ਹੈ। ਅਸੀਂ ਖੜ੍ਹੇ-ਖੜ੍ਹੇ ਦੇਖਦੇ ਹਾਂ ਕਿ ਕਿਵੇਂ ਲੋਕ ਇਕ ਦੂਸਰੇ ਤੋਂ ਅੱਗੇ ਵਧ ਕੇ ਆਪੋ-ਆਪਣਾ ਵਹੀਕਲ ਅੱਗੇ ਲੈ ਜਾਂਦੇ ਹਨ ਤੇ ਪੂਰੀ ਸੜਕ ਰੋਕ ਦਿੰਦੇ ਹਨ। ਆਪਣੀ ਲਾਈਨ ਵਿਚ ਬਹੁਤ ਘੱਟ ਲੋਕ ਖੜ੍ਹਦੇ ਹਨ। ਜੋ ਜ਼ਿਆਦਾਤਰ ਅੱਗੇ ਵਧ ਕੇ ਪੂਰਾ ਰਸਤਾ ਹੀ ਰੋਕ ਦਿੰਦੇ ਹਨ। ਇਹ ਮਾਹੌਲ ਦੋਨੋਂ ਪਾਸੇ ਹੀ ਹੁੰਦਾ ਹੈ, ਜਦੋਂ ਟ੍ਰੇਨ ਗੁਜ਼ਰਦੀ ਹੈ ਤਾਂ ਫਾਟਕ ਖੁਲ੍ਹਦੇ ਹੀ ਹਰ ਕੋਈ ਬਹੁਤ ਕਾਹਲੀ ਵਿਚ ਅੱਗੇ ਵੱਧਦਾ ਹੈ। ਦੋਹਾਂ ਪਾਸਿਆਂ ਤੋਂ ਬਰਾਬਰ ਆਉਣ-ਜਾਣ ਵਾਲੇ ਇਕ ਦੂਸਰੇ ਦਾ ਰਸਤਾ ਰੋਕ ਕੇ ਆਪਣਾ ਤੇ ਦੂਜਿਆਂ ਦਾ ਕਿੰਨਾ ਟਾਈਮ ਖ਼ਰਾਬ ਕਰਦੇ ਹਨ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਹਮਣੇ ਆਉਣ ਜਾਣ ਵਾਲਾ ਰਸਤਾ ਖਾਲੀ ਛੱਡ ਕੇ ਲਾਈਨ ਵਿਚ ਆਪੋ-ਆਪਣਾ ਵਹੀਕਲ ਖੜ੍ਹਾਵੇ ਤਾਂ ਹਰ ਕੋਈ ਆਸਾਨੀ ਨਾਲ ਲੰਘ ਕੇ ਆਪਣੇ ਟਾਈਮ ਦੀ ਬੱਚਤ ਕਰ ਸਕਦਾ ਹੈ।
-ਬਰਿੰਦਰ ਮਸੌਣ ਧੂਰੀ।
ਨਸ਼ੇ ਦੀ ਹਕੀਕਤ
ਪੰਜਾਬ ਵਿਚ ਹਰ ਪੰਜ ਸਾਲ ਬਾਅਦ ਰਾਜ ਦੀ ਸੱਤਾ ਦਾ ਪਰਿਵਰਤਨ ਹੁੰਦਾ ਹੈ, ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਅਤੇ ਲੀਡਰ ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦਿਆਂ ਪੰਜਾਬ ਨੂੰ ਸਵਰਗ ਬਣਾਉਣ ਤੇ ਨਸ਼ਾ ਮੁਕਤ ਬਣਾਉਣ ਦੇ ਲਾਰੇ ਲਗਾਉਂਦੇ ਹਨ, ਜੋ ਸਿਰਫ਼ ਲਾਰੇ ਹੀ ਰਹਿ ਜਾਂਦੇ ਹਨ। ਪੰਜਾਬ ਲੰਮੇ ਸਮੇਂ ਤੋਂ ਮੈਡੀਕਲ ਅਤੇ ਕੈਮੀਕਲ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ, ਪਰ ਹਾਲੇ ਤੱਕ ਸਥਿਤੀ ਜਿਉਂ ਦੀ ਤਿਉਂ ਹੈ। ਵਿਰੋਧੀ ਧਿਰ ਵਿਚ ਹੁੰਦਿਆਂ ਜੋ ਲੀਡਰ ਦੂਸਰੇ ਸਿਆਸੀ ਆਗੂਆਂ 'ਤੇ ਨਸ਼ਾ ਵੇਚਣ ਤੇ ਵਿਕਾਉਣ ਦੇ ਦੋਸ਼ ਲਗਾਉਂਦੇ ਹਨ ਤੇ ਖ਼ੁਦ ਸੱਤਾ ਵਿਚ ਆਉਣ ਤੋਂ ਬਾਅਦ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਨਸ਼ਾ ਬੰਦ ਹੋਣ ਦੇ ਸਿਆਸੀ ਦਾਅਵੇ ਕਰਦੇ ਹਨ। ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲੋਕ ਸਭਾ ਮੈਂਬਰ ਹੁੰਦਿਆਂ ਪੰਜਾਬ ਸਰਕਾਰ ਦੇ ਉਸ ਸਮੇਂ ਦੇ ਮੰਤਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਰਹੇ ਸਨ ਅਤੇ ਨਸ਼ਾ 24 ਘੰਟਿਆਂ ਵਿਚ ਬੰਦ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੇ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਨਸ਼ਾ ਬੰਦ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਹਾਲੇ ਤੱਕ ਉਨ੍ਹਾਂ 'ਤੇ ਅਮਲ ਨਹੀਂ ਹੋਇਆ ਤੇ ਹਾਲੇ ਵੀ ਨੌਜਵਾਨ ਟੀਕੇ ਲਗਾ ਕੇ ਮਰ ਰਹੇ ਹਨ। ਲੋਕਾਂ ਵਲੋਂ ਬਦਲਾਅ ਦੇ ਨਾਂਅ 'ਤੇ ਦਿੱਤਾ ਗਿਆ ਵੋਟ ਉਨ੍ਹਾਂ ਦੀਆਂ ਉਮੀਦਾਂ 'ਤੇ ਖ਼ਰਾ ਨਹੀਂ ਉਤਰਿਆ। ਹੁਣ ਸਮਾਂ ਹੈ ਕਿ 'ਆਪ' ਸਰਕਾਰ ਨਸ਼ੇ ਬਾਰੇ ਸਖ਼ਤੀ ਨਾਲ ਕੰਮ ਕਰੇ ਅਤੇ ਇਸ ਨੂੰ ਠੱਲ੍ਹ ਪਾਵੇ।
-ਰਾਮ ਸਿੰਘ ਕਲਿਆਣ
ਪਿੰਡ ਕਲਿਆਣ ਸੁੱਖਾ (ਬਠਿੰਡਾ)
ਮਿਲਾਵਟ ਭਰਪੂਰ ਪਦਾਰਥ
ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਖੁਰਾਕੀ ਪਦਾਰਥਾਂ ਦੀ ਸ਼ੁੱਧਤਾ ਤੇ ਅਕਸਰ ਪ੍ਰਸ਼ਨ ਚਿੰਨ੍ਹ ਲਗਦੇ ਰਹਿੰਦੇ ਹਨ, ਜਿਸ ਕਰਕੇ ਖੁਰਾਕੀ ਪਦਾਰਥਾਂ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਹਰ ਪਦਾਰਥ ਮਜਬੂਰੀਵਸ ਖਾਣਾ ਪੈ ਰਿਹਾ ਹੈ। ਭਾਵੇਂ ਖੁਰਾਕੀ ਪਦਾਰਥਾਂ 'ਚ ਹੁੰਦੀ ਮਿਲਾਵਟ ਨੂੰ ਰੋਕਣ ਲਈ ਦੇਸ਼ ਵਿਚ ਕਈ ਕਾਨੂੰਨ ਬਣੇ ਹੋਏ ਹਨ, ਪਰ ਮਿਲਾਵਟ ਕਰਨ ਵਾਲੇ ਆਪਣਾ ਕੰਮ ਬੜੇ ਬੇਖੌਫ਼ ਹੋ ਕੇ ਕਰ ਰਹੇ ਹਨ।
ਅਜਿਹਾ ਵਰਤਾਰਾ ਕਿਉਂ? ਜਿਵੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਅਕਸਰ ਮਿਲਾਵਟੀ ਪਦਾਰਥ ਫੜੇ ਜਾਣ ਬਾਰੇ ਖ਼ਬਰਾਂ ਮੱਥੇ ਲੱਗਦੀਆਂ ਰਹਿੰਦੀਆਂ ਹਨ, ਠੀਕ ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ 'ਚੋਂ ਖੁਰਾਕੀ ਪਦਾਰਥ ਦੁੱਧ, ਘਿਓ, ਪਨੀਰ ਆਦਿ ਵੱਡੀ ਤਾਦਾਦ ਵਿਚ ਫੜੇ ਗਏ ਹਨ, ਜੋ ਬੇਹੱਦ ਮਿਲਾਵਟ ਭਰਪੂਰ ਦੱਸੇਗਾ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜੋ ਕੈਮੀਕਲਾਂ ਦੀ ਇਨ੍ਹਾਂ ਪਦਾਰਥਾਂ 'ਚ ਮਿਲਾਵਟ ਦੱਸੀ ਜਾ ਰਹੀ ਹੈ। ਉਹ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਲੋੜ ਹੈ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਪੂਰੀ ਗੰਭੀਰਤਾ ਦੇ ਨਾਲ ਇਸ ਜਾਨ ਲੇਵਾ ਵਰਤਾਰੇ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ।
-ਬੰਤ ਸਿੰਘ ਘੁਡਾਣੀ ਲੁਧਿਆਣਾ।
ਪਰਾਲੀ ਦਾ ਧੂੰਆਂ
ਅਸਲ ਵਿਚ ਪਰਾਲੀ ਦਾ ਮੁੱਦਾ ਹੁਣ ਸਮਾਜਿਕ ਔਕੜਾਂ ਦੀ ਥਾਂ ਰਾਜਸੀ ਮੁੱਦਾ ਬਣ ਗਿਆ ਹੈ। ਪਰਾਲੀ ਦਾ ਧੂੰਆਂ ਪੰਜਾਬ ਤੇ ਹਰਿਆਣਾ ਨੂੰ ਲੰਘ ਕੇ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ? ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ।
ਦੁਸਹਿਰੇ ਤੇ ਦੀਵਾਲੀ ਵੇਲੇ ਚੱਲਦੇ ਅਰਬਾਂ ਦੇ ਪਟਾਕਿਆਂ ਬਾਰੇ ਜੇ ਕੋਈ ਗੱਲ ਕਰੇ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਲੱਖਾਂ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਦਾ ਧੂੰਆਂ, ਸੱਤਾਧਾਰੀਆਂ ਨੂੰ ਮਿਲਦੇ ਕਰੋੜਾਂ ਰੁਪਏ ਦੇ ਚੰਦੇ ਕਰਕੇ ਚਰਚਾ ਦਾ ਵਿਸ਼ਾ ਨਹੀਂ ਬਣਦਾ ਹੈ। ਆਪਣੇ-ਆਪ ਬਣੇ ਰਾਸ਼ਟਰੀ ਚੈਨਲਾਂ ਨੂੰ ਵੀ ਪਰਾਲੀ ਤੋਂ ਇਲਾਵਾ ਹਵਾ ਪ੍ਰਦੂਸ਼ਣ ਦਾ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ। ਕਿਸਾਨ ਜਥੇਬੰਦੀਆਂ ਨੂੰ ਇਸ ਬਾਰੇ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ। ਪਰਾਲੀ ਸਾੜ ਕੇ ਅਸੀਂ ਜ਼ਮੀਨ ਨੂੰ ਬੰਜਰ ਹੋਣ ਵੱਲ ਧੱਕ ਰਹੇ ਹਾਂ।
-ਐਡਵੋਕੇਟ ਕੰਵਲਜੀਤ ਸਿੰਘ ਕੁਟੀ
ਜ਼ਿਲ੍ਹਾ ਕਚਹਿਰੀਆਂ, ਬਠਿੰਡਾ।
ਪੋਲੀਓ ਅਤੇ ਜਾਗਰੂਕਤਾ
ਪਿਛਲੇ ਦਿਨੀਂ ਛਪੇ ਫੀਚਰ 'ਆਓ ਪੋਲੀਓ ਸੰਬੰਧੀ ਜਾਗਰੂਕ ਹੋਈਏ' ਜਿਸ 'ਚ ਰਾਜੇਸ਼ ਰਿਖੀ ਪੰਜਗਰਾਈਆਂ ਵਲੋਂ ਪੋਲੀਓ ਦੀ ਬਿਮਾਰੀ ਦੇ ਸਾਰੇ ਕਾਰਨਾਂ, ਲੱਛਣਾਂ ਅਤੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਹੈ। ਪੋਲੀਓ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜਿਸ ਦੀ ਗ੍ਰਿਫ਼ਤ ਵਿਚ ਆਉਣ ਤੋਂ ਬਾਅਦ ਇਸ ਦਾ ਇਲਾਜ ਵੀ ਸੰਭਵ ਨਹੀਂ। ਜਨਵਰੀ, 2014 ਵਿਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਗਿਆ ਸੀ, ਜੋ ਖ਼ੁਸ਼ੀ ਦੀ ਗੱਲ ਹੈ, ਪਰ ਭਾਰਤ ਦੀ ਤਰ੍ਹਾਂ ਹੋਰ ਦੇਸ਼ਾਂ ਵਿਚ ਵੀ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਜਿਸ ਲਈ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰੀਏ। ਇਹ ਇਕ ਚੰਗੇ ਨਾਗਰਿਕ ਦਾ ਕਰਤੱਵ ਹੈ।
-ਹਰਜੋਤ ਕੌਰ
ਦਸੌਂਧਾ ਸਿੰਘ ਵਾਲਾ, ਮਾਲੇਰਕੋਟਲਾ।
ਖਾਓ-ਪੀਓ ਜ਼ਰੂਰ, ਜ਼ਰਾ ਸੰਭਲ ਕੇ
ਸਿਹਤ ਸਿੱਧੀ ਖਾਣ-ਪੀਣ ਉੱਤੇ ਨਿਰਭਰ ਕਰਦੀ ਹੈ। ਅੱਜ ਦੇ ਇਲੈਕਟ੍ਰਾਨਿਕ ਯੁਗ ਵਿਚ ਮਨੁੱਖੀ ਜੀਵਨ ਤੇਜ਼ੀ ਨਾਲ ਚਲਦਾ ਹੈ। ਪਹਿਲਾਂ ਤਾਂ ਖਾਧ ਪਦਾਰਥ ਹੀ ਮਿਲਾਵਟੀ ਮਿਲਦੇ ਹਨ, ਉੱਤੋਂ ਸਾਡੇ ਖਾਣ ਦੇ ਤਰੀਕੇ ਗਲਤ ਹਨ। ਸਾਡੇ ਸਿਆਣੇ ਕਹਿੰਦੇ ਹੁੰਦੇ ਸਨ ਕਿ ਭੋਜਨ ਹਮੇਸ਼ਾ ਚੁਪ ਚਾਪ ਖਾਉ। ਅੱਜ ਦੇ ਸਮੇਂ ਮੋਬਾਈਲ ਫੋਨ ਅਤੇ ਟੀ.ਵੀ. ਨੇ ਸਾਡੇ ਖਾਣੇ ਨੂੰ ਆਪਣੀ ਗ੍ਰਿਫ਼ਤ ਵਿਚ ਕਰ ਲਿਆ ਹੈ। ਭੋਜਨ ਖਾਂਦੇ ਸਮੇਂ ਸਾਡਾ ਧਿਆਨ ਟੀ.ਵੀ. ਅਤੇ ਮੋਬਾਈਲ 'ਤੇ ਹੁੰਦਾ ਹੈ। ਖਾਣਾ ਪਰੋਸਣ ਤੋਂ ਖ਼ਤਮ ਹੁੰਦੇ ਦਾ ਪਤਾ ਹੁੰਦਾ ਹੈ, ਵਿਚ ਵਿਚਾਲੇ ਦਾ ਪਤਾ ਹੀ ਨਹੀਂ ਹੁੰਦਾ। ਬੱਚਿਆਂ ਨੂੰ ਇਸ ਵਰਤਾਰੇ ਤੋਂ ਬਚਾਉਣ ਦੀ ਖ਼ਾਸ ਜ਼ਰੂਰਤ ਹੈ। ਸਿਹਤ ਖਜ਼ਾਨੇ ਨੂੰ ਮੋਬਾਈਲ ਫੋਨ ਅਤੇ ਟੀ.ਵੀ. ਨੇ ਆਪਣੀ ਬੁੱਕਲ ਵਿਚ ਰੱਖ ਕੇ ਖਰਾਬ ਕਰ ਦਿੱਤਾ ਹੈ। ਬੇਧਿਆਨੀ ਨਾਲ ਖਾਣੇ ਦੇ ਰਸ, ਸਰੀਰ ਦੇ ਇਸ਼ਾਰੇ ਅਤੇ ਖਾਣੇ ਦੀ ਲੋੜ ਦਾ ਪਤਾ ਹੀ ਨਹੀਂ ਚਲਦਾ। ਇਸ ਤੋਂ ਇਲਾਵਾ ਬਿਨਾਂ ਚਬਾਏ ਵੀ ਖਾਣਾ ਨਿਗਲਿਆ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਧਿਆਨ ਅਤੇ ਚੁੱਪ ਨਾਲ ਖਾਧਾ ਖਾਣਾ ਸਵਾਦ ਅਤੇ ਰਸ ਪੈਦਾ ਕਰਕੇ ਸਰੀਰ ਨੂੰ ਊਰਜਾ ਦਿੰਦਾ ਹੈ। ਖਾਣੇ ਪੀਣੇ ਨਾਲ ਮੋਬਾਈਲ ਅਤੇ ਟੀ.ਵੀ. 'ਤੇ ਧਿਆਨ ਕੇਂਦਰਿਤ ਕਰਨ ਨਾਲ ਸਰੀਰਕ ਅਤੇ ਮਾਨਸਿਕ ਗਿਰਾਵਟ ਆਉਂਦੀ ਹੈ, ਜਿਸ ਨਾਲ ਮਨੁੱਖਤਾ ਦਾ ਵਿਕਾਸ ਰੁਕਦਾ ਹੈ। ਇਹ ਆਦਤ ਪਕੇਰੀ ਕਰਨ ਦੀ ਲੋੜ ਹੈ ਕਿ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਅੇਤ ਟੀ.ਵੀ. ਤੋਂ ਦੂਰ ਰਹੀਏ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਇਨਕਲਾਬੀ ਠੱਗੀ
ਪੰਜਾਬ, 1986 ਤੋਂ ਡਾਈਵਰਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਗਾਤਾਰ ਫ਼ਸਲੀ ਵਿਭਿੰਨਤਾ ਨੂੰ ਲਾਗੂ ਕਰ ਕੇ ਭਵਿੱਖੀ ਚੁਣੌਤੀਆਂ ਅਤੇ ਵੰਗਾਰਾਂ ਨਾਲ ਸਿੱਝਣ ਦਾ ਯਤਨ ਕਰ ਰਿਹਾ ਹੈ। ਭਾਵੇਂ ਇਹ ਸੁਸਤ ਚਾਲ ਨਾਲ ਚੱਲ ਰਿਹਾ ਹੈ। ਸਰਕਾਰੀ ਯਤਨ ਲੋਕਾਂ ਦੇ ਮੱਠੇ ਹੁੰਗਾਰੇ ਨਾਲ ਸੁਸਤ ਹੋ ਜਾਂਦੇ ਹਨ। ਹੁਣ ਸਰਕਾਰ ਦੀ ਫ਼ਸਲੀ ਵਿਭਿੰਨਤਾ ਮੱਕੀ ਦੀ ਬਿਜਾਈ ਦੀ ਜਾਅਲਸਾਜ਼ੀ ਨਾਲ ਫਿਰ ਵਿਵਾਦਾਂ ਵਿਚ ਘਿਰ ਗਈ ਹੈ। 1315 ਏਕੜ ਵਿਚ ਮੱਕੀ ਬਿਜਾਂਦ ਵਿਖਾ ਕੇ ਮੱਕੀ ਬੀਜ ਸੰਸਥਾ ਨੇ ਮੁਨਾਫ਼ਾਖੋਰਾਂ ਨਾਲ ਮਿਲ ਕੇ ਇਨਕਲਾਬੀ ਠੱਗੀ ਮਾਰੀ ਹੈ। ਪੰਜਾਬ ਸਰਕਾਰ ਦੀ ਵਿਸ਼ੇਸ਼ ਰੁਚੀ ਨੇ ਇਸ ਮਸਲੇ ਨੂੰ ਉਜਾਗਰ ਕਰ ਕੇ ਫ਼ਸਲੀ ਵਿਭਿੰਨਤਾ ਨੂੰ ਖੋਰਾ ਲੱਗਣ ਤੋਂ ਬਚਾਇਆ ਹੈ। ਇਸ ਸਭ ਕੁਝ ਪਿੱਛੇ ਖ਼ਾਸ ਕਾਰਨ ਹਨ, ਜਿਸ ਕਰਕੇ ਮਹਿਕਮਿਆਂ ਨੂੰ ਅਜਿਹੇ ਕੰਮ ਮਜਬੂਰੀ ਵੱਸ ਕਰਨੇ ਪੈਂਦੇ ਹਨ। ਸਰਕਾਰ ਦਾ ਕੰਮ ਹੈ ਕਿ ਬੇਲੋੜੇ ਬੋਝ, ਕਾਗਜ਼ੀ ਕਾਰਵਾਈਆਂ ਅਤੇ ਡਰਾ ਧਮਕਾ ਕੇ ਮੁਲਾਜ਼ਮਾਂ ਤੇ ਟੀਚੇ ਪੂਰੇ ਕਰਨ ਦਾ ਸਹਿਮ ਵੀ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ। ਸਮੇਂ ਅਤੇ ਹਾਲਾਤ ਦੀ ਪੜਤਾਲ ਤੋਂ ਬਿਨਾਂ ਟੀਚੇ ਠੋਸਣਾ ਅਤੇ ਉੱਚ ਅਧਿਕਾਰੀ ਨੂੰ ਬੇਬਾਕੀ ਨਾਲ ਆਪਣੀ ਜ਼ਮੀਨੀ ਹਕੀਕਤ ਨਾ ਦਸ ਸਕਣਾ ਇਸ ਦਾ ਦੂਜਾ ਕਾਰਨ ਹੈ। ਠੱਗੀ ਖੋਰੀ ਕਾਨੂੰਨਨ ਅਤੇ ਸ਼ਿਸ਼ਟਾਚਾਰੀ ਬੁਰਾਈ ਹੈ ਜੋ ਗੰਭੀਰ ਹੈ, ਪਰ ਇਸ ਗੋਰਖ ਮੱਕੀ ਬਿਜਾਈ ਧੰਦੇ ਦੇ ਹਰ ਪਹਿਲੂ ਨੂੰ ਘੋਖ ਕੇ ਪੁਖ਼ਤਾ ਇੰਤਜ਼ਾਮ ਅਤੇ ਮਾਪਦੰਡ ਤੈਅ ਕੀਤੇ ਜਾਣ ਜੋ ਭਵਿੱਖੀ ਅਸਰ ਹੇਠ ਹੋਣ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਭਾਰਤ-ਪਾਕਿ ਸੰਬੰਧ
ਸੰਨ 1947 ਨੂੰ ਹਿੰਦੁਸਤਾਨ ਦੀ ਵੰਡ ਭਾਰਤ ਤੇ ਪਾਕਿਸਤਾਨ ਦੇ ਰੂਪ ਵਿਚ ਹੋਈ ਸੀ। ਪਾਕਿਸਤਾਨ ਇਕ ਇਸਲਾਮਿਕ ਦੇਸ਼ ਬਣਿਆ ਸੀ ਤੇ ਭਾਰਤ ਇਕ ਸੈਕੂਲਰ ਦੇਸ਼। ਪਰ ਦੋਵਾਂ ਹੀ ਦੇਸ਼ਾਂ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਰਹਿੰਦੇ ਹਨ। ਭਾਰਤ ਵਿਚ ਖਾਸ ਕਰਕੇ 35 ਕਰੋੜ ਮੁਸਲਮਾਨ ਰਹਿੰਦੇ ਹਨ। ਵੰਡ ਤੋਂ ਬਾਅਦ ਕਸ਼ਮੀਰ ਦੇ ਮਸਲੇ ਕਾਰਨ ਇਨ੍ਹਾਂ ਦੇਸ਼ਾਂ ਵਿਚਕਾਰ ਤਿੰਨ ਜੰਗਾਂ ਹੋ ਚੁੱਕੀਆਂ ਹਨ। ਜੰਗ ਤੋਂ ਬਿਨਾਂ ਪਾਕਿਸਤਾਨੀ ਅੱਤਵਾਦੀ ਕਸ਼ਮੀਰ ਵਿਚ ਘੁਸਪੈਠ ਕਰਦੇ ਰਹਿੰਦੇ ਹਨ। ਫੌਜੀਆਂ, ਸ਼ਕਤੀ ਬਲਾਂ ਤੇ ਸਿਵਲੀਅਨ ਲੋਕਾਂ ਦੀਆਂ ਮੌਤਾਂ ਰੋਜ਼ਾਨਾ ਦੀ ਕਹਾਣੀ ਬਣ ਚੁੱਕੀ ਹੈ। ਜਦਕਿ ਸੰਸਾਰ ਦੇ ਉੱਨਤ ਦੇਸ਼ਾਂ ਵਿਚ ਰਹਿੰਦੇ ਭਾਰਤੀ ਤੇ ਪਾਕਿਸਤਾਨੀ ਨਾਗਰਿਕ ਅਮਨ ਤੇ ਮਿਲਜੁਲ ਕੇ ਰਹਿੰਦੇ ਹਨ। ਉਨ੍ਹਾਂ ਦੇਸ਼ਾਂ ਵਿਚ ਧਰਮ ਦੀ ਲੜਾਈ ਨਹੀਂ ਹੁੰਦੀ। ਸੰਸਾਰ ਦੇ ਬਦਲੇ ਹੋਏ ਹਾਲਾਤ ਅਨੁਸਾਰ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਣੇ ਰੰਜਿਸ਼ ਵਾਲੇ ਇਰਾਦੇ ਖ਼ਤਮ ਕਰ ਕੇ ਮੁੜ ਤੋਂ ਵਿਚਾਰ ਕਰਨੀ ਚਾਹੀਦੀ ਹੈ। ਇਸ ਨਾਲ ਇਸ ਖਿੱਤੇ ਵਿਚ ਅਮਨ-ਸ਼ਾਂਤੀ ਬਹਾਲ ਹੋਣ ਨਾਲ ਦੋਵਾਂ ਦੇਸ਼ਾਂ ਦੇ ਲੋਕ ਖੁਸ਼ਹਾਲ ਹੋ ਜਾਣਗੇ। ਦੋਵਾਂ ਦੇਸ਼ਾਂ ਦੇ ਅਮਨ ਪਸੰਦ ਲੋਕ ਭਾਰਤ-ਪਾਕਿ ਏਕਤਾ ਦਾ ਭਰਪੂਰ ਸੁਆਗਤ ਕਰਨਗੇ। ਸਾਰੀਆਂ ਲੜਾਈਆਂ-ਝਗੜੇ ਆਪਣੇ-ਆਪ ਖਤਮ ਹੋ ਜਾਣਗੇ।
-ਅਸ਼ੀਸ਼ ਸ਼ਰਮਾ
ਜਲੰਧਰ।
ਸਮਾਜ ਕਿੱਧਰ ਨੂੰ ਜਾ ਰਿਹਾ ਹੈ
ਅੱਜ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਵਿਚ ਅਹਿਮ ਥਾਂ ਬਣਾ ਲਈ ਹੈ। ਇੰਟਰਨੈੱਟ ਦੀ ਜ਼ਿਆਦਾ ਵਰਤੋਂ ਨਾਲ ਮਾਨਸਿਕ ਸਿਹਤ ਉੱਤੇ ਬਹੁਤ ਮਾੜੇ ਪ੍ਰਭਾਵ ਪੈ ਰਹੇ ਹਨ। ਕੁਝ ਹੱਦ ਤੱਕ ਮਾਂ-ਬਾਪ ਵੀ ਜ਼ਿੰਮੇਵਾਰ ਹਨ। ਅੱਜ ਆਨਲਾਈਨ ਗੇਮਾਂ ਬਿਨਾਂ ਬੱਚੇ ਰਹਿ ਨਹੀਂ ਪਾਉਂਦੇ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਮਾਂ ਗੁਜ਼ਾਰਨ ਤੇ ਇੰਟਰਨੈੱਟ ਦੀ ਵਰਤੋਂ ਸੀਮਤ ਸਮੇਂ ਲਈ ਕਰਨ ਦੇਣੀ ਚਾਹੀਦੀ ਹੈ। ਸਮਾਜ ਕਿੱਧਰ ਨੂੰ ਜਾ ਰਿਹਾ ਹੈ, ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਹਾਲ ਹੀ ਵਿਚ ਜ਼ੀਰਾ ਵਿਖੇ ਪੁੱਤਰਾਂ ਵਲੋਂ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਗੁਆਂਢੀ ਹੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਿਆ। ਦੇਖੋ ਪੁੱਤਰਾਂ ਹੱਥੋਂ ਪਿਓ ਦਾ ਕਤਲ ਹੋ ਰਿਹਾ ਹੈ। ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ। ਇਹ ਕੋਈ ਅਜਿਹੀ ਪਹਿਲੀ ਘਟਨਾ ਨਹੀਂ ਹੈ। ਰੋਜ਼ਾਨਾ ਕਿਸੇ ਨਾ ਕਿਸੇ ਵਿਭਾਗ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਇਕ ਤਹਿਸੀਲਦਾਰ ਫੜਿਆ ਗਿਆ, ਫਿਰ ਪਟਵਾਰੀ, ਕਾਨੂੰਗੋ। ਪਤਾ ਨਹੀਂ ਹੁਣ ਤੱਕ ਕਿੰਨੇ ਹੀ ਮੁਲਾਜ਼ਮ ਫੜੇ ਗਏ ਹਨ। ਵਿਚਾਰ ਕਰਨ ਵਾਲੀ ਗੱਲ ਹੈ ਕਿ ਲੱਖ ਦੇ ਕਰੀਬ ਤਨਖਾਹ ਲੈਣ ਵਾਲਾ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਲੈ ਰਿਹਾ ਹੈ। ਡੁੱਬ ਕੇ ਮਰ ਜਾਣਾ ਚਾਹੀਦਾ ਅਜਿਹੇ ਇਨਸਾਨਾਂ ਨੂੰ, ਜੋ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦੇ ਹਨ।
-ਸੰਜੀਵ ਸਿੰਘ ਸੈਣੀ ਮੁਹਾਲੀ।
ਡੇਂਗੂ ਦਾ ਕਹਿਰ
ਮੌਸਮ 'ਚ ਬਦਲਾਅ ਆਉਣ ਦੇ ਬਾਵਜੂਦ ਸੂਬੇ ਭਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਸਰਦੀ ਰੁੱਤ ਸ਼ੁਰੂ ਹੁੰਦਿਆਂ ਹੀ ਡੇਂਗੂ ਨੇ ਵੀ ਪੰਜਾਬ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਤੰਬਰ ਤੋਂ ਨਵੰਬਰ ਤੱਕ ਡੇਂਗੂ ਦਾ ਕਹਿਰ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ, ਡੇਂਗੂ ਬੁਖਾਰ ਸਾਫ਼ ਪਾਣੀ ਵਿਚ ਪੈਦਾ ਹੋਏ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ। ਮੱਛਰਾਂ ਨੂੰ ਮਾਰਨ ਲਈ ਸਰਕਾਰ ਸਮੇਂ-ਸਮੇਂ 'ਤੇ ਛਿੜਕਾਅ ਵੀ ਕਰਵਾਉਂਦੀ ਹੈ। ਪਰ ਸਿਆਣਿਆਂ ਦੀ ਕਹਾਵਤ ਹੈ ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਇਸ ਸਮੇਂ ਬਹੁਤ ਸਹੀ ਢੁਕਦੀ ਹੈ। ਡਾਕਟਰਾਂ ਵਲੋਂ ਡੇਂਗੂ ਤੋਂ ਬਚਣ ਲਈ ਸਾਨੂੰ ਪੈਰਾਂ ਤੋਂ ਉੱਪਰ ਤੱਕ ਸਰੀਰ ਢੱਕ ਕੇ ਰੱਖਣ ਲਈ ਕਿਹਾ ਜਾਂਦਾ ਹੈ ਪਰ ਅਸੀਂ ਲਾਪ੍ਰਵਾਹੀ ਵਰਤ ਜਾਂਦੇ ਹਾਂ। ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਫ਼-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ 'ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਇਹ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕੱਪੜੇ ਪਹਿਨਣੇ ਜਿਸ ਨਾਲ ਪੂਰਾ ਸਰੀਰ ਢਕਿਆ ਰਹੇ। ਸਰੀਰ ਟੁੱਟਣ ਵਰਗੇ ਲੱਛਣ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਡੇਂਗੂ ਦਾ ਟੈਸਟ ਤੇ ਇਲਾਜ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਡਰ ਦਾ ਮਾਹੌਲ
ਪੰਜਾਬ ਦੇ ਹਾਲਾਤ ਦਿਨ-ਬਦਿਨ ਖਰਾਬ ਹੁੰਦੇ ਜਾ ਰਹੇ ਹਨ। ਰੋਜ਼ਾਨਾ ਕਿਤੇ ਨਾ ਕਿਤੇ ਕਤਲ ਦੀਆਂ ਵਾਰਦਾਤਾਂ ਅਤੇ ਦਿਨ-ਦਿਹਾੜੇ ਹੀ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਤਲ ਸ਼ਰੇਆਮ ਖੂਨ ਦਾ ਨੰਗਾ ਨਾਚ ਖੇਡ ਰਹੇ ਹਨ। ਅਪਰਾਧੀਆਂ ਵਲੋਂ ਕਦੇ ਸੜਕਾਂ ਅਤੇ ਕਦੇ ਘਰਾਂ ਵਿਚ ਵੜ ਕੇ ਕਤਲ ਕਰਨ ਦੀਆਂ ਖਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਪੁਲਿਸ ਪ੍ਰਸ਼ਾਸਨ ਲੋਕਾਂ ਦੀ ਹਿਫ਼ਾਜਤ ਕਰਨ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਆਮ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। ਰਾਜਨੀਤਕ ਪਾਰਟੀਆਂ ਇਕ-ਦੂਸਰੇ ਨੂੰ ਦੋਸ਼ ਦੇ ਕੇ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ। ਰਾਜਨੀਤੀ ਤੋਂ ਉਪਰ ਉੱਠ ਕੇ ਪੁਲਿਸ ਸਖ਼ਤ ਪ੍ਰਬੰਧ ਕਰੇ ਅਤੇ ਗ਼ਲਤ ਅਨਸਰਾਂ ਨੂੰ ਨੱਥ ਪਾਵੇ, ਤਾਂ ਜੋ ਲੋਕ ਬੇਖੌਫ਼ ਹੋ ਕੇ ਵਿਚਰ ਸਕਣ।
-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਜ਼ਿਲ੍ਹਾ ਲੁਧਿਆਣਾ।
ਸੜਕਾਂ ਦਾ ਸੁਧਾਰ
ਆਵਾਜਾਈ ਵਾਸਤੇ ਅਤੇ ਜਨਤਾ ਦੀ ਸਹੂਲਤ ਲਈ ਸੜਕਾਂ ਪੱਕੀਆਂ ਅਤੇ ਵਧੀਆ ਹੋਣੀਆਂ ਚਾਹੀਦੀਆਂ ਹਨ। ਜਿਸ ਦੇਸ਼ ਵਿਚ ਰਾਜ ਵਿਚ, ਰਾਜ ਵਿਚ ਸੜਕਾਂ ਆਵਾਜਾਈ ਦੀ ਸੁੱਖ-ਸਹੂਲਤਾਂ ਹੁੰਦੀਆਂ ਹਨ, ਉਹ ਦੇਸ਼ ਬਹੁਤ ਉੱਨਤੀ 'ਤੇ ਹੋਵੇਗਾ। ਇਹ ਸਭ ਕੁਝ ਸਰਕਾਰਾਂ ਉੱਪਰ ਨਿਰਭਰ ਕਰਦਾ ਹੈ ਕਿ ਕਾਰਾਂ, ਟਰੱਕਾਂ ਅਤੇ ਹੋਰ ਵਹੀਕਲਾਂ ਸਭ ਸੁਰਖਿਅਤ ਹੋਣ ਕਿਉਂਕਿ ਸਰਕਾਰਾਂ ਸਾਰੇ ਵਹੀਕਲਾਂ ਪਾਸੋਂ ਰੋਡ ਟੈਕਸ ਲੈਂਦੀਆਂ ਹਨ ਅਤੇ ਸੜਕਾਂ ਦਾ ਸੁਧਾਰ ਕਰਨਾ ਵੀ ਸਰਕਾਰ ਦਾ ਫ਼ਰਜ਼ ਬਣਦਾ ਹੈ। ਪ੍ਰੰਤੂ ਸਰਕਾਰਾਂ ਪੂਰੀ ਤਰ੍ਹਾਂ ਆਪਣਾ ਫ਼ਰਜ਼ ਨਹੀਂ ਨਿਭਾਉਂਦੀਆਂ। ਜਿਵੇਂ ਇਕ ਪੌਦਾ ਲਗਾਇਆ ਜਾਂਦਾ ਹੈ, ਉਸ ਦਾ ਮਾਲਕ ਹਫ਼ਤੇ-ਪੰਦਰਾਂ ਅਤੇ ਮਹੀਨੇ ਬਾਅਦ ਨਹੀਂ ਦੇਖਦਾ ਉਹ ਪੌਦਾ ਸੁੱਕ ਜਾਂਦਾ ਹੈ। ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕਾਂ ਬਣਾਈਆਂ ਜਾਂਦੀਆਂ ਹਨ, ਸੜਕ ਬਣਨ ਉਪਰੰਤ ਨਾ ਸਰਕਾਰ ਦੇਖਦੀ ਹੈ ਨਾ ਪੀ.ਡਬਲਿਊ.ਡੀ. ਦੇ ਐਸ.ਡੀ.ਓ. ਦੇਖਦੇ ਹਨ। ਸੜਕ ਬਣਨ ਉਪਰੰਤ ਵੱਡੇ-ਵੱਡੇ ਟੋਏ ਪੈਣ ਕਾਰਨ ਸੜਕ ਉਪਰੋਂ ਲੰਘਣ ਦੀ ਬਹੁਤ ਮੁਸ਼ਕਿਲ ਆਉਂਦੀ ਹੈ, ਜਿਹੜੀਆਂ ਲਿੰਕ ਸੜਕਾਂ ਹਾਈਵੇ ਨਾਲ ਜੋੜਦੀਆਂ ਹਨ, ਬਹੁਤੀ ਗਿਣਤੀ ਵਿਚ ਟੁੱਟੀਆਂ ਹਨ। ਸੜਕਾਂ ਤਿਆਰ ਹੋਣ ਤੋਂ ਬਾਅਦ ਕਈ-ਕਈ ਸਾਲ ਉਨ੍ਹਾਂ ਦਾ ਹਾਲ ਨਹੀਂ ਪੁੱਛਿਆ ਜਾਂਦਾ ਹੈ। ਪਹਿਲਾਂ ਟੋਏ ਛੋਟੇ-ਛੋਟੇ ਹੁੰਦੇ ਹਨ। ਬਾਅਦ ਵਿਚ ਹੈਵੀ ਵਹੀਕਲ ਚਲਣ ਨਾਲ ਬਹੁਤ ਵੱਡੇ-ਵੱਡੇ ਟੋਏ ਪੈ ਜਾਂਦੇ ਹਨ, ਜਿਨ੍ਹਾਂ ਕਾਰਨ ਦੁਰਘਟਨਾਵਾਂ ਬਹੁਤ ਹੁੰਦੀਆਂ ਹਨ। ਗੱਡੀਆਂ ਅਤੇ ਮੋਟਰਸਾਈਕਲ ਵੀ ਟੁੱਟਦੇ ਹਨ। ਜਦੋਂ ਸਰਕਾਰ ਅਤੇ ਸੜਕ ਮਹਿਕਮੇ ਦੇ ਸੰਬੰਧੀ ਮੁਲਾਜ਼ਮਾਂ ਅਤੇ ਅਫ਼ਸਰ ਨਹੀਂ ਪੁੱਛਦੇ, ਉਸ ਤੋਂ ਬਾਅਦ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਕੇ ਕੁਝ ਮਾਇਆ ਇਕੱਠੀ ਕਰ ਕੇ ਸੜਕਾਂ ਦੇ ਟੋਏ ਪੂਰ ਕੇ ਸੁਧਾਰ ਕਰਦੇ ਹਨ। ਕੁਝ ਸਮੇਂ ਬਾਅਦ ਸ਼ੂਗਰ ਮਿੱਲਾਂ ਵਿਚ ਗੰਨੇ ਦੀ ਢੁਆਈ ਚਾਲੂ ਹੋਵੇਗੀ, ਵੱਡੇ-ਵੱਡੇ ਟੋਏ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰੀ ਗੰਨੇ ਦੀਆਂ ਟਰਾਲੀਆਂ ਉਲਟ ਵੀ ਜਾਂਦੀਆਂ ਹਨ, ਜਾਨ-ਮਾਲ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਅਸਲ ਵਿਚ ਬਣੀ ਹੋਈ ਸੜਕ ਨੂੰ ਠੀਕ ਰੱਖਣ ਦਾ ਫਾਰਮੂਲਾ ਇਹ ਹੈ ਕਿ ਪੀ.ਡਬਲਿਊ.ਡੀ. ਦੇ ਐਸ.ਡੀ.ਓ. ਨੂੰ ਸੜਕਾਂ ਦਾ ਏਰੀਆ ਵੰਡ ਕੇ ਦਿੱਤਾ ਜਾਵੇ। ਉਸ ਐਸ.ਡੀ.ਓ. ਅਤੇ ਠੇਕੇਦਾਰ ਸੜਕ ਨੂੰ ਬਣਾਉਣ ਦੀ ਜ਼ਿੰਮੇਵਾਰੀ ਹੋਵੇ। ਸੜਕਾਂ ਦੇ ਮੰਤਰੀ ਸਾਹਿਬਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪ ਜਾ ਕੇ ਜਾਂ ਕਿਸੇ ਅਫ਼ਸਰ ਨੂੰ ਭੇਜ ਕੇ ਸੜਕ ਦੀ ਰਿਪੋਟ ਲੈਣ ਉਪਰੰਤ ਐਸ.ਡੀ.ਓ. ਅਤੇ ਠੇਕੇਦਾਰ ਦੀ ਪੁੱਛਗਿੱਛ ਕੀਤੀ ਜਾਵੇ। ਇਸ ਤਰ੍ਹਾਂ ਸੜਕਾਂ ਦਾ ਸੁਧਾਰ ਹੋ ਸਕਦਾ ਹੈ ਅਤੇ ਸੜਕਾਂ ਨੂੰ ਬਣਾਉਣ ਦਾ ਖਰਚ ਵੀ ਘੱਟ ਹੋਵੇਗਾ। ਇਥੇ ਮੁਸ਼ਕਿਲ ਇਹ ਹੈ ਕਿ ਉਪਰ ਤੋਂ ਲੈ ਕੇ ਥੱਲੇ ਤੱਕ ਕੋਈ ਵੀ ਅਫ਼ਸਰ ਸੜਕਾਂ ਦੀ ਸਾਰ ਨਹੀਂ ਲੈਂਦਾ ਹੈ। ਇਸ ਕਰਕੇ ਜਨਤਾ ਬਹੁਤ ਦੁਖੀ ਹੈ। ਫਿਰ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਸਾਡੀਆਂ ਵੋਟਾਂ ਪਾਉਣ ਦੀ ਸਜ਼ਾ ਮਿਲ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਸੁਧਾਰਨ ਦੀ ਕਿਰਪਾਲਤਾ ਕਰਨ ਜੀ।
-ਮਾ. ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ: ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ।
ਆਓ, ਸਾਫ਼-ਸੁਥਰੀ ਦੀਵਾਲੀ ਮਨਾਈਏ
ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ, ਜਿਥੇ ਕਿਤੇ ਵੀ ਭਾਰਤ ਵਾਸੀ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਵਸੇ ਹਨ, ਉਥੇ ਪੂਰੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਬੱਚੇ, ਨੌਜਵਾਨ, ਬਜ਼ੁਰਗ ਇਸ ਤਿਉਹਾਰ ਨੂੰ ਆਪੋ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਇਹ ਤਿਉਹਾਰ ਧਾਰਮਿਕ ਪੱਖੋਂ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੋਸਤ, ਮਿੱਤਰ, ਸੱਜਣ, ਰਿਸ਼ਤੇਦਾਰ, ਸਰਕਾਰੀ, ਪ੍ਰਾਈਵੇਟ ਦਫ਼ਤਰ, ਕੰਪਨੀਆਂ ਦੇ ਅਹੁਦੇਦਾਰ ਜਾਂ ਕਰਮਚਾਰੀ ਇਕ-ਦੂਸਰੇ ਨੂੰ ਦੀਵਾਲੀ ਦੀ ਮੁਬਾਰਕਬਾਦ ਕੱਪੜੇ, ਮਠਿਆਈ, ਗਿਫਟ ਆਦਿ ਰਾਹੀਂ ਦਿੰਦੇ ਹਨ। ਬੱਚੇ ਇਸ ਤਿਉਹਾਰ ਨੂੰ ਪਟਾਕੇ, ਆਤਿਸ਼ਬਾਜ਼ੀ ਕਰਕੇ ਮਨਾਉਂਦੇ ਹਨ, ਪਰ ਇਸ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਅਨੇਕਾਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਜਾਂ ਕਈ ਲੋਕ ਇਸ ਪਵਿੱਤਰ ਤਿਉਹਾਰ ਨੂੰ ਸ਼ਰਾਬ, ਨਸ਼ੇ ਕਰਕੇ ਮਨਾਉਂਦੇ ਹਨ ਅਤੇ ਆਪਸ ਵਿਚ ਲੜਾਈਆਂ ਕਰਦੇ ਹਨ। ਸਭ ਨੂੰ ਚਾਹੀਦਾ ਹੈ ਕਿ ਅਸੀਂ ਦੀਵਾਲੀ ਨੂੰ ਸਾਫ਼-ਸੁਥਰਾ ਮਨਾਈਏ। ਜੇਕਰ ਪੈਸੇ ਪਟਾਕਿਆਂ, ਸ਼ਰਾਬਾਂ 'ਤੇ ਖਰਚਣੇ ਨੇ ਤਾਂ ਇਹ ਪੈਸੇ ਕਿਸੇ ਜ਼ਰੂਰਤਮੰਦ ਦੀ ਮਦਦ 'ਚ ਲਗਾਈਏ, ਇਹੀ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਹੋਵੇਗਾ। ਵਾਤਾਵਰਨ ਵੀ ਸਾਫ਼ ਰਹੇਗਾ। ਰੁੱਖ ਲਗਾ ਕੇ ਗਰੀਨ ਦੀਵਾਲੀ ਮਨਾਈਏ। ਜ਼ਰੂਰਤਮੰਦ ਗਰੀਬ ਬੱਚਿਆਂ ਦੀ ਪੜ੍ਹਾਈ 'ਚ ਮਦਦ ਕਰੀਏ। ਕੱਪੜੇ ਆਦਿ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਤੌਰ 'ਤੇ ਮਦਦ ਕਰੀਏ।
-ਗੁਰਪ੍ਰੀਤ ਹੈਪੀ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।
ਪ੍ਰਸ਼ਾਸਨ ਵਰਤੇ ਸਖ਼ਤੀ
ਦੀਵਾਲੀ ਤੇ ਹੋਰ ਤਿਉਹਾਰਾਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦੀਆਂ ਹਨ ਤੇ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਖੋਆ ਫੜਿਆ ਜਾਂਦਾ ਹੈ। ਕਈ ਹਲਵਾਈ ਨਕਲੀ ਦੁੱਧ, ਖੋਆ ਪਨੀਰ ਨਾਲ ਮਿਠਾਈਆਂ ਤਿਆਰ ਕਰਦੇ ਹਨ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੋਈ ਹਲਵਾਈ ਸਿੰਥੈਟਿਕ ਦੁੱਧ, ਨਕਲੀ ਖੋਆ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਹੁੰਦਾ ਹੈ। ਸਿਹਤ ਮੰਤਰਾਲੇ ਨੂੰ ਸਿਰਫ਼ ਤਿਉਹਾਰਾਂ ਵਿਚ ਹੀ ਨਹੀਂ, ਸਾਲ ਵਿਚ ਕਿਸੇ ਵੀ ਵਕਤ ਮਿਠਾਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਸਾਨੂੰ ਆਪਣੇ ਘਰ ਦੇ ਬਣੇ ਮਿੱਠੇ ਚੌਲ, ਦੇਸੀ ਘਿਉ ਦੀ ਦੇਗ਼ ਖਾਣੀ ਚਾਹੀਦੀ ਹੈ। ਰਿਸ਼ਤੇਦਾਰ ਕਰੀਬੀ ਮਿੱਤਰਾਂ ਨੂੰ ਮਹਿੰਗੇ ਤੋਹਫ਼ੇ ਦੇਣ ਤੋਂ ਗੁਰੇਜ਼ ਕਰੋ। ਲੋਕਾਂ ਨੇ ਘਰਾਂ ਦੀ ਸਫ਼ਾਈ ਵੀ ਕਰ ਲਈ ਹੈ। ਘਰਾਂ ਦੀ ਸਫ਼ਾਈ ਦੇ ਨਾਲ ਨਾਲ ਆਪਣੇ ਮਨਾਂ ਦੀ ਸਫ਼ਾਈ ਵੀ ਕਰੀਏ, ਕਿਉਂਕਿ ਪ੍ਰਦੂਸ਼ਣ ਚਾਹੇ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਵੇਂ ਹੀ ਖ਼ਤਰਨਾਕ ਹਨ।
-ਸੰਜੀਵ ਸਿੰਘ ਸੈਣੀ, ਮੋਹਾਲੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਈ ਸੀ। ਇਹ ਗੁਰਦੁਆਰਾ ਐਕਟ ਅਧੀਨ ਪੰਜ ਸਾਲ ਬਾਅਦ ਚੁਣੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧ ਅਤੇ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਦਾ ਮੁੱਖ ਉਦੇਸ਼ ਹੁੰਦਾ ਹੈ। ਚੋਣਾਂ, ਕੰਮਾਂ ਕਾਰਾਂ ਅਤੇ ਨੁਮਾਇੰਦਿਆਂ ਪ੍ਰਤੀ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਜਦੋਂ ਵੀ ਇਸ ਦੀਆਂ ਚੋਣਾਂ ਬਾਰੇ ਗੱਲ ਹੁੰਦੀ ਹੈ ਤਾਂ ਇਸ ਬਾਰੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦਾ ਦੌਰ ਚੱਲ ਰਿਹਾ ਹੈ। ਇਸ ਦੀਆਂ ਵੋਟਾਂ ਬਣਾਉਣ ਲਈ ਫਾਰਮ ਪੜ੍ਹ ਕੇ ਇਉਂ ਲੱਗਦਾ ਹੈ ਕਿ ਵੋਟਰ ਬਹੁਤ ਘੱਟ ਸੂਚੀਬੱਧ ਹੋਣਗੇ। ਖ਼ਾਲਸੇ ਦੀ ਜਨਮ ਭੂਮੀ ਦੇ ਖਿੱਤੇ ਵਿਚ ਇਨ੍ਹਾਂ ਵੋਟਾਂ ਪ੍ਰਤੀ ਤਿਉਹਾਰ ਜਿੰਨਾ ਉਤਸ਼ਾਹ ਹੋਣਾ ਚਾਹੀਦਾ ਹੈ ਜੋ ਕਿ ਨਹੀਂ ਹੈ। ਵੋਟਾਂ ਬਣਾਉਣ ਲਈ ਮਿਤੀਆਂ ਵਿਚ ਵਾਰ-ਵਾਰ ਵਾਧਾ ਹੁੰਦਾ ਜਾ ਰਿਹਾ ਹੈ। ਵੋਟਾਂ ਘੱਟ ਗਿਣਤੀ ਵਿਚ ਬਣ ਰਹੀਆਂ ਹਨ। ਔਰਤ ਵੋਟਰ ਯੋਗਤਾ ਪੱਖੋਂ ਵਧ ਸਕਦੇ ਹਨ ਪਰ ਫਿਰ ਵੀ ਉਤਸ਼ਾਹ ਨਹੀਂ ਦਿਖਾ ਰਹੇ। ਅਸਲ ਮਾਅਨਿਆਂ ਵਿਚ ਯੋਗਤਾ ਪੱਖੋਂ ਵੋਟਰਾਂ ਦੀ ਕਮੀ ਜ਼ਰੂਰ ਹੈ। ਇਸ ਯੋਗਤਾ ਲਈ ਕਿੱਥੇ ਕਮੀ ਹੈ? ਇਹ ਵਿਸ਼ਾ ਪੰਥਕ ਜਥੇਬੰਦੀਆਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਵਰਤਾਰੇ ਲਈ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਇਕ ਦੇਸ਼ ਇਕ ਚੋਣ
ਸਰਕਾਰ ਨੇ 'ਇਕ ਰਾਸ਼ਟਰ ਇਕ ਚੋਣ' ਕਰਵਾਉਣ ਬਾਰੇ ਕਮੇਟੀ ਬਣਾ ਕੇ ਉਸ ਦੀਆਂ ਸਿਫ਼ਾਰਸ਼ਾਂ ਵੀ ਲੈ ਲਈਆਂ ਹਨ, ਕਈ ਇਸ ਦੇ ਹੱਕ ਵਿਚ ਵੀ ਹਨ ਪਰ ਇਹ ਲੋਕਤੰਤਰ ਲਈ ਘਾਤਕ ਹੈ। ਜਿਹੜੀ ਥੋੜੀ ਬਹੁਤ ਵਕਤੀ ਆਜ਼ਾਦੀ ਦੀ ਖੁੱਲ੍ਹ ਮਿਲਦੀ ਹੈ, ਸਵਾਲ ਉਠਾਉਣ ਦਾ ਮੌਕਾ ਮਿਲਦਾ ਹੈ ਉਹ ਵੀ ਖ਼ਤਮ ਹੋ ਜਾਵੇਗਾ। ਦੇਸ਼ 'ਚ ਚੋਣ ਵੇਲੇ ਹੋਰ ਮੁੱਦੇ ਤੇ ਰਾਜਾਂ 'ਚ ਵਿਧਾਨ ਸਭਾ ਚੋਣਾਂ ਮੌਕੇ ਹੋਰ ਮਸਲੇ ਤੇ ਸਥਾਨਕ ਚੋਣਾਂ ਦੇ ਆਪਣੇ ਏਜੰਡੇ ਹੁੰਦੇ ਹਨ। ਸਾਰਿਆਂ ਨੂੰ ਇਕ ਬਰਾਬਰ ਨਹੀਂ ਰੱਖਿਆ ਜਾ ਸਕਦਾ। ਸਾਡਾ ਦੇਸ਼ ਵੰਨ ਸੁਵੰਨਤਾ ਦਾ ਗੁਲਦਸਤਾ ਹੈ ਜਿਥੇ ਵੱਖਰੇ ਰਾਜ, ਵੱਖਰੀ ਮਿੱਟੀ, ਸੱਭਿਆਚਾਰ ਤੇ ਲੋੜਾਂ ਹਨ। ਸਭ ਨੂੰ ਇਕੋ ਰੱਸੇ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਅਨੇਕਤਾ ਵਿਚ ਏਕਤਾ ਹੈ ਨਾ ਕਿ ਏਕਤਾ ਵਿਚ ਅਨੇਕਤਾ। ਕਦੇ ਇਕ ਰਾਸ਼ਟਰ ਇਕ ਭਾਸ਼ਾ, ਹੁਣ ਇਕ ਦੇਸ਼ ਇਕ ਚੋਣ, ਕਲ੍ਹ ਨੂੰ ਇਕ-ਇਕ ਕਰਨ ਲਈ ਕੀ ਬਾਕੀ ਰਹਿ ਜਾਵੇਗਾ? ਸਗੋਂ ਹੋਣਾ ਤੇ ਇਹ ਚਾਹੀਦਾ ਹੈ ਕਿ ਚੋਣ ਦੇ ਨਿਰਧਾਰਤ ਖ਼ਰਚੇ ਤੋਂ ਵੱਧ ਖ਼ਰਚ ਕਰਨ 'ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਸਮੇਂ ਦੀ ਗੱਲ ਹੈ ਤਾਂ ਇੰਨਾ ਸਮਾਂ ਬਰਬਾਦ ਕਰਨ ਦੀ ਲੋੜ ਹੀ ਨਹੀਂ, ਲੋਕਾਂ ਨੂੰ ਭਰਮਾਉਣਾ ਬੰਦ ਕਰ ਕੇ ਲਾਗੂ ਕਰ ਸਕਣ ਵਾਲਾ ਵਿਹਾਰਕ ਮੈਨੀਫੈਸਟੋ ਜਾਰੀ ਕੀਤਾ ਜਾਵੇ, ਜਿਸ ਦੀ ਬਾਅਦ 'ਚ ਕਾਨੂੰਨੀ ਪਾਲਣਾ ਵੀ ਹਰ ਹਾਲ ਵਿਚ ਹੋਣੀ ਚਾਹੀਦੀ ਹੈ। ਸਭ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬਰਾਬਰ ਦੇ ਮੌਕੇ ਦੇ ਕੇ ਬਰਾਬਰ ਸਮਾਂ ਦੇ ਕੇ ਸਰਕਾਰੀ ਟੈਲੀਵਿਜ਼ਨ 'ਤੇ ਗੱਲ ਕਹਿਣ ਦਾ ਪ੍ਰਬੰਧ ਕੀਤਾ ਜਾਵੇ। ਵੋਟਾਂ ਦੀ ਆਜ਼ਾਦੀ ਦਾ ਕੋਈ ਮੁੱਲ ਨਹੀਂ ਇਸ ਸਾਹਮਣੇ ਪੈਸੇ ਦੀ ਬੱਚਤ 'ਤੇ ਸਮੇਂ ਦੀ ਗਿਣਤੀ ਨਾਲ ਵਿਕਾਸ ਦਾ ਢੰਡੋਰਾ ਕੋਈ ਮਾਇਨੇ ਨਹੀਂ ਰੱਖਦਾ।
-ਸ਼ਮਸ਼ੇਰ ਸਿੰਘ ਘੁਮਾਣ
ਮਿਲਾਵਟੀ ਭੋਜਨ ਪਦਾਰਥ
ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸੋਨੇ ਤੋਂ ਲੈ ਕੇ ਰਸੋਈ ਤੱਕ ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਹਰ ਚੀਜ਼ ਵਿਚ ਮਿਲਾਵਟ ਆਮ ਗੱਲ ਹੋ ਗਈ ਹੈ। ਪਹਿਲਾਂ ਸਿਰਫ਼ ਦੁੱਧ 'ਚ ਪਾਣੀ ਅਤੇ ਦੇਸੀ ਘਿਓ 'ਚ ਵਨਸਪਤੀ (ਡਾਲਡਾ) ਦੀ ਮਿਲਾਵਟ ਦੀ ਗੱਲ ਸੁਣੀ ਜਾਂਦੀ ਸੀ, ਪਰ ਅੱਜ ਘਰ-ਘਰ ਵਿਚ ਲਗਭਗ ਹਰੇਕ ਚੀਜ਼ ਵਿਚ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ। ਮਿਲਾਵਟੀ ਪਦਾਰਥਾਂ ਨਾਲ ਹਰੇਕ ਸਾਲ ਹਜ਼ਾਰਾਂ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀ ਕੀਮਤੀ ਜਾਨ ਗੁਆ ਬਹਿੰਦੇ ਹਨ। ਸਾਡੇ ਦੇਸ਼ 'ਚ ਮਿਲਾਵਟ ਕਰਨ ਨੂੰ ਇਕ ਗੰਭੀਰ ਜ਼ੁਰਮ ਮੰਨਿਆ ਗਿਆ ਹੈ, ਮਿਲਾਵਟ ਸਾਬਤ ਹੋਣ 'ਤੇ ਭਾਰਤੀ ਕਾਨੂੰਨ ਦੀ ਧਾਰਾ 272 ਦੇ ਤਹਿਤ ਦੋਸ਼ੀ ਨੂੰ ਉਮਰ ਕੈਦ ਤੱਕ ਦੀ ਸਜ਼ਾ ਦੇਣ ਦਾ ਜ਼ਿਕਰ ਹੈ ਪਰ ਬਹੁਤ ਘੱਟ ਮਾਮਲਿਆਂ 'ਚ ਸਜ਼ਾ ਅਤੇ ਜੁਰਮਾਨਾ ਹੋ ਪਾਉਂਦਾ ਹੈ। ਮਿਲਾਵਟੀ ਮਠਿਆਈਆਂ ਨਾ ਸਿਰਫ਼ ਤਿਉਹਾਰਾਂ ਦੀ ਭਾਵਨਾ ਨੂੰ ਗੰਧਲਾ ਕਰਦੀਆਂ ਹਨ, ਸਗੋਂ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ। ਅਸੀਂ ਖ਼ਤਰਿਆਂ ਤੋਂ ਜਾਣੂ ਹੋ ਕੇ ਸਾਵਧਾਨੀ ਵਰਤਕੇ ਤਿਉਹਾਰਾਂ ਦੇ ਸੀਜ਼ਨ ਦਾ ਸੁਰੱਖਿਅਤ ਆਨੰਦ ਲੈ ਸਕਦੇ ਹਾਂ।
-ਅਸ਼ੀਸ਼ ਸ਼ਰਮਾ
ਜਲੰਧਰ
ਪੰਜਾਬ ਵਿਚ ਪੂੰਜੀ ਕਿਉਂ ਨਹੀਂ ਲਾਉਂਦੇ?
ਪੰਜਾਬ ਦੀ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਅਤੇ ਨਿੱਘਰਦੀ ਜਾ ਰਹੀ ਹੈ। ਪੰਜਾਬ ਵਿਚ ਹੁਣ ਪ੍ਰਵਾਸੀਆਂ ਵਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀਆਂ ਸੜਕਾਂ ਦੇ ਆਲੇ-ਦੁਆਲੇ ਵੀ ਰੇਹੜੀਆਂ, ਫੜੀਆਂ ਲਗਾ ਲਈਆਂ ਗਈਆਂ ਹਨ। ਰੁਜ਼ਗਾਰ ਦੀ ਭਾਲ 'ਚ ਪੰਜਾਬ ਦੀ ਨੌਜਵਾਨੀ ਵਿਦੇਸ਼ੀ ਉਡਾਰੀਆਂ ਮਾਰ ਰਹੀ ਹੈ। ਸਰਕਾਰਾਂ ਇਸ ਭਵਿੱਖੀ ਚੁਣੌਤੀ ਨੂੰ ਸਹਿਜ ਲੈ ਕੇ ਸਿਰਫ਼ ਵੋਟ ਬੈਂਕਾਂ ਦੀ ਸਥਾਪਿਤੀ ਲਈ ਯਤਨਸ਼ੀਲ ਹਨ। ਹਰ ਕੰਮ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਹਰ ਉਦਯੋਗਪਤੀ ਇਥੋਂ ਦੇ ਸਿਸਟਮ ਦੀ ਮਾਰ ਨਹੀਂ ਸਹਿ ਸਕਦਾ। ਮੌਕੇ ਦੀਆਂ ਸਰਕਾਰਾਂ ਨੂੰ ਆਪਣੀ ਠਾਠ-ਬਾਠ ਦੀ ਜ਼ਿੰਦਗੀ ਅਤੇ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸੂਬਿਆਂ ਦੀ ਭਲਾਈ ਲਈ ਸੁਹਿਰਦਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਪ੍ਰਵਾਸ ਨੂੰ ਰੋਕਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਥੇ ਜਿਹੜੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਛੋਟੇ-ਮੋਟੇ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਹੀ ਕੋਈ ਕੰਮ ਕਰਨ। ਜਿਸ ਨਾਲ ਪੰਜਾਬ ਦੀ ਨੌਜਵਾਨੀ ਜਿਥੇ ਵਿਦੇਸ਼ਾਂ ਵਿਚ ਧੱਕੇ ਖਾਣ ਲਈ ਮਜਬੂਰ ਨਹੀਂ ਹੋਵੇਗੀ ਉਥੇ ਵਿਦੇਸ਼ਾਂ ਵਿਚ ਜਾਣ ਲਈ ਕੀਤੇ ਜਾਣ ਵਾਲਾ ਲੱਖਾਂ ਰੁਪਏ ਵੀ ਬਚ ਸਕਦੇ ਹਨ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਫ਼ਰਕ ਪਵੇਗਾ।
-ਅਸ਼ੀਸ਼ ਸ਼ਰਮਾ
ਜਲੰਧਰ
ਮੇਲਿਆਂ ਦਾ ਘਟਦਾ ਰੁਝਾਨ
ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਸੰਬੰਧ ਸਾਡੇ ਸੱਭਿਆਚਾਰਕ, ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਕੋਈ ਮੇਲਾ ਨਾ ਲਗਦਾ ਹੋਵੇ। ਇਹ ਮੇਲੇ ਗੁਰੂਆਂ, ਪੀਰਾਂ, ਸਿੱਖ ਸ਼ਹੀਦਾਂ, ਹਕੀਕੀ ਇਸ਼ਕ ਕਰਨ ਵਾਲੇ ਆਸਕਾਂ, ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸੂਰਬੀਰਾਂ, ਵਾਤਾਵਰਨ ਪ੍ਰੇਮੀਆਂ ਜਾਂ ਵੱਖ-ਵੱਖ ਗੋਤਾਂ ਨਾਲ ਸੰਬੰਧਤ ਉਨ੍ਹਾਂ ਦੇ ਵੱਡ-ਵਡੇਰਿਆਂ ਦੀ ਯਾਦ ਵਿਚ ਮਨਾਏ ਜਾਂਦੇ ਹਨ। ਮੇਲੇ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ। ਹਰ ਮੇਲੇ ਵਿਚ ਹਰ ਧਰਮ ਜਾਤ ਗੋਤ ਨਾਲ ਸੰਬੰਧਤ ਲੋਕ ਪਹੁੰਚਦੇ ਹਨ, ਜਿਸ ਨਾਲ ਭਾਈਚਾਰਕ ਏਕਤਾ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਮੇਲੇ ਪੁਰਾਤਨ ਸੱਭਿਆਚਾਰ ਨੂੰ ਜਿਊਂਦਾ ਰੱਖਣ ਅਤੇ ਇਤਿਹਾਸ ਬਾਰੇ ਲੋਕਾਂ ਨੂੰ ਭਰਪੂਰ ਜਾਣਕਾਰੀ ਦੇਣ ਦੇ ਚੰਗੇ ਮਾਧਿਅਮ ਹਨ। ਪੁਰਾਣੇ ਸਮਿਆਂ 'ਚ ਮੇਲਿਆਂ ਤੇ ਸ਼ਰਧਾ ਭਾਰੂ ਰਹਿੰਦੀ ਸੀ, ਮਰਦ ਔਰਤਾਂ ਬੁੱਢੇ ਬੱਚੇ ਜਵਾਨ ਮੁਟਿਆਰਾਂ ਸਭ ਇਕੱਠੇ ਹੋ ਕੇ ਮੇਲਿਆਂ ਨੂੰ ਜਾਂਦੇ, ਗੀਤ ਗਾਉਂਦੇ ਭੰਗੜੇ ਪਾਉਂਦੇ। ਕਈ ਘੰਟੇ ਇਹ ਅਖਾੜਾ ਚਲਦਾ, ਇਸਦਾ ਅਨੰਦ ਮਾਣਨ ਵਾਲੇ ਵਧੇਰੇ ਕਰਕੇ ਨੌਜਵਾਨ ਹੀ ਹੁੰਦੇ। ਉਨ੍ਹਾਂ ਦੇ ਸਾਫ਼ ਸੁਥਰੇ ਮਨਾਂ 'ਤੇ ਕਦੇ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਸੀ ਮਿਲਦਾ, ਪਰ ਅੱਜ ਕੱਲ ਅਜਿਹਾ ਪਿਆਰ ਮੁਹੱਬਤ ਤੇ ਇਕੱਠ ਮੇਲਿਆਂ ਤੋਂ ਗਾਇਬ ਹਨ। ਮੇਲੇ ਚੋਂ ਵਾਪਸ ਜਾਂਦੇ ਬੱਚੇ ਹੱਥਾਂ ਵਿਚ ਖਿਡੌਣੇ, ਫੜੀ, ਸੀਟੀਆਂ ਜਾਂ ਬੰਸਰੀਆਂ ਵਜਾਉਂਦੇ ਘਰਾਂ ਨੂੰ ਜਾਂਦੇ ਸਨ। ਸਮੇਂ ਦੇ ਵਿਕਾਸ ਤੇ ਸਾਇੰਸ ਦੀ ਤਰੱਕੀ ਨੇ ਮੇਲਿਆਂ ਦੀ ਦਿੱਖ ਬਦਲ ਦਿੱਤੀ ਹੈ। ਦੁੱਖ ਇਸ ਗੱਲ ਦਾ ਹੈ ਕਿ ਮੇਲਿਆਂ 'ਚੋਂ ਪੁਰਾਤਨ ਸੱਭਿਆਚਾਰ ਖ਼ਤਮ ਹੋ ਰਿਹਾ ਹੈ, ਇਤਿਹਾਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਵਿਰਬਾ ਹੋ ਜਾਣਗੀਆਂ। ਮੇਲਿਆਂ ਦਾ ਜੋ ਮਕਸਦ ਹੁੰਦਾ ਸੀ, ਉਹ ਨਹੀਂ ਰਹਿਣਾ ਅਤੇ ਰੌਣਕਾਂ ਘਟਦੀਆਂ ਘਟਦੀਆਂ ਇਨ੍ਹਾਂ ਮੇਲਿਆਂ ਨੂੰ ਅੰਤ ਵੱਲ ਲੈ ਜਾਣਗੀਆਂ।
-ਗੌਰਵ ਮੁੰਜਾਲ ਪੀ.ਸੀ.ਐਸ.
ਲਾਪ੍ਰਵਾਹੀ ਬਨਾਮ ਹਾਦਸੇ
ਟ੍ਰੈਫਿਕ ਨਿਯਮਾਂ ਦੀ ਕੀਤੀ ਉਲੰਘਣਾ ਹਾਦਸਿਆਂ ਨੂੰ ਸੱਦਾ ਦਿੰਦੀ ਹੈ। ਸੁਰੱਖਿਆ ਹਟੀ ਦੁਰਘਟਨਾ ਘਟੀ ਦਾ ਨਿਯਮ ਸਰਵਵਿਆਪੀ ਹੈ। ਇਸੇ ਤਰ੍ਹਾਂ ਹੀ ਬੀਤੇ ਦਿਨ ਗੁਜ਼ਰਾਤ ਦੇ ਅੰਬਾਜੀ ਵਿਚ ਦੇਖਣ ਨੂੰ ਮਿਲਿਆ, ਜਿਥੇ ਇਕ ਸ਼ਰਾਬੀ ਹਾਲਤ ਵਿਚ ਰੀਲ ਬਣਾ ਰਹੇ ਬਸ ਡਰਾਈਵਰ ਦੁਆਰਾ ਬੱਸ ਪਲਟਾ ਦਿੱਤੀ ਗਈ, ਇਸ ਹਾਦਸੇ ਵਿਚ ਛੇ ਵਿਅਕਤੀਆਂ ਦੀ ਮੌਤ ਅਤੇ ਪੈਂਤੀ ਤੋਂ ਵੱਧ ਜ਼ਖ਼ਮੀ ਹੋਣ ਦੀ ਖ਼ਬਰ ਹੈ। ਨਸ਼ੇ ਅਤੇ ਡਰਾਈਵਿੰਗ ਦਾ ਆਪਸ ਵਿਚ ਕੋਈ ਸੰਬੰਧ ਨਹੀਂ। ਡਰਾਈਵਿੰਗ ਦੌਰਾਨ ਮੋਬੀਲ ਦੀ ਕੀਤੀ ਵਰਤੋਂ ਅਕਸਰ ਹਾਦਸਿਆਂ ਨੂੰ ਸੱਦਾ ਦਿੰਦੀ ਹੈ, ਪ੍ਰੰਤੂ ਸਿ ਘਟਨਾ ਵਿਚ ਤਾਂ ਲਾਪ੍ਰਵਾਹੀ ਦੀ ਹੱਦ ਹੋ ਗਈ। ਬੁੱਧੀਜੀਵੀਆਂ ਦੀ ਅੱਖਾਂ ਖੋਲ੍ਹਣ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਅਜਿਹੀਆਂ ਘਟਨਾਵਾਂ ਤਾਂ ਰੋਜ਼ਾਨਾ ਵਾਪਰਦੀਆਂ ਰਹਿੰਦੀਆਂ ਹਨ, ਜਿਸ ਵਿਚ ਕੋਈ ਇਕ ਵਿਅਕਤੀ ਲਾਪ੍ਰਵਾਹੀ ਨਾਲ ਸੈਂਕੜੇ ਵਿਅਕਤੀਆਂ ਦੀ ਜਾਨ ਜ਼ੋਖਮ ਵਿਚ ਪਾ ਦਿੰਦਾ ਹੈ। ਜੋ ਵਿਅਕਤੀ ਜ਼ਖ਼ਮੀ ਹੋਏ ਅਤੇ ਜੋ ਇਸ ਦੁਨੀਆ ਤੋਂ ਅਣਜਾਣੇ ਵਿਚ ਰੁਖ਼ਸਤ ਹੋਏ, ਉਨ੍ਹਾਂ ਦਾ ਕੀ ਕਸੂਰ ਸੀ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿਥੇ ਅਸੀਂ ਬੇਨਤੀ ਕਰਦੇ ਹਾਂ ਕਿ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਡਰਾਈਵਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਮੁਕੱਰਰ ਕਰਨੀ ਚਾਹੀਦੀ ਹੈ, ਉਥੇ ਅਜਿਹੇ ਸ਼ਰਾਬੀ ਅਤੇ ਲਾਪ੍ਰਵਾਹ ਡਰਾਈਵਰਾਂ ਖਿਲਾਫ਼ ਆਮ ਵਿਅਕਤੀ ਨੂੰ ਆ ਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤਾਂ ਜੋ ਕੋਈ ਵੀ ਬੇਕਸੂਰ ਵਿਅਕਤੀ ਇਨ੍ਹਾਂ ਦੀ ਲਾਪ੍ਰਵਾਹੀ ਦੀ ਬਲੀ ਨਾ ਚੜ੍ਹ ਸਕੇ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਤਹਿ ਤੇ ਜ਼ਿਲ੍ਹਾ ਬਠਿੰਡਾ।
ਕਦੋਂ ਖ਼ਤਮ ਹੋਵੇਗੀ...
ਪੰਜਾਬ ਦੇ ਸ਼ਹਿਰਾਂ, ਬਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ 'ਤੇ ਭੀਖ ਮੰਗਦੇ ਬੱਚੇ ਅਕਸਰ ਦੇਖਣ ਨੂੰ ਮਿਲਦੇ ਹਨ, ਜਦਕਿ ਇਨ੍ਹਾਂ ਦੀ ਉਮਰ ਖੇਡਣ, ਮੌਜ-ਮਸਤੀ ਮਾਨਣ ਅਤੇ ਪੜ੍ਹਾਈ ਕਰਨ ਦੀ ਹੁੰਦੀ ਹੈ। ਪਰ ਇਨ੍ਹਾਂ ਬੱਚਿਆਂ ਨੇ ਕਦੇ ਸਕੂਲ ਅੰਦਰ ਪੈਰ ਧਰ ਕੇ ਨਹੀਂ ਦੇਖਿਆ ਹੁੰਦਾ, ਪੜ੍ਹਾਈ ਹਾਸਲ ਕਰਨੀ ਤਾਂ ਇਨ੍ਹਾਂ ਲਈ ਬੜੀ ਦੂਰ ਦੀ ਗੱਲ ਹੈ। 10 ਤੋਂ 15 ਦੀ ਉਮਰ ਵਾਲੇ ਬੱਚੇ ਮੋਢਿਆਂ ਪਿਛੇ ਬੋਰੀਆਂ ਲਟਕਾਈ ਕੂੜੇ-ਕਰਕਟ ਦੇ ਢੇਰਾਂ 'ਚੋਂ ਕਾਗਜ਼ ਆਦਿ ਚੁਗਦੇ ਵੇਖੇ ਜਾ ਸਕਦੇ ਹਨ। ਦੂਜੇ ਪਾਸੇ ਬਾਲ ਮਜ਼ਦੂਰੀ ਖਤਮ ਕਰਨ ਦੀਆਂ ਬਿਆਨ-ਬਾਜ਼ੀਆਂ ਚਿਰਾਂ ਤੋਂ ਛਪ ਰਹੀਆਂ ਹਨ, ਪਰ ਬਾਲ ਮਜ਼ਦੂਰੀ ਉਸੇ ਤਰ੍ਹਾਂ ਜਾਰੀ ਹੈ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ' ਕਿਉਂ ਅਜਿਹੇ ਬੱਚਿਆਂ ਬਾਰੇ ਸਖ਼ਤ ਨੋਟਿਸ ਨਹੀਂ ਲੈ ਰਿਹਾ? ਉਹ ਕਿਹੜੀ ਡਿਊਟੀ ਨਿਭਾਅ ਰਹੇ ਹਨ? ਕੀ ਇਸ ਕਮਿਸ਼ਨ ਨੇ ਕਦੇ ਅਜਿਹੇ ਬੱਚਿਆਂ ਬਾਰੇ ਪੜਤਾਲ ਕੀਤੀ ਹੈ ਕਿ ਉਹ ਕਿਹੜੀ ਮਜਬੂਰੀ ਵਸ ਮਜ਼ਦੂਰੀ ਕਰ ਰਹੇ ਹਨ, ਲੋਕਾਂ ਤੋਂ ਲੇਲ੍ਹੜੀਆਂ ਕੱਢ-ਕੱਢ ਪੈਸਿਆਂ ਦੀ ਭੀਖ ਮੰਗ ਰਹੇ ਹਨ? ਅਜਿਹੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਪਾਸੋਂ ਕਿਉਂ ਕੰਮ ਕਰਵੇ ਰਹਨ। ਇਹ ਬੱਚਿਆਂ ਨੂੰ ਸਕੂਲ ਪੜ੍ਹਨ ਕਿਉਂ ਨਹੀਂ ਪਾਇਆ ਜਾ ਰਿਹਾ? ਕੀ ਕਮਿਸ਼ਨ 'ਤੇ ਆਸ ਰੱਖੀ ਜਾ ਸਕਦੀ ਹੈ ਕਿ ਉਹ ਆਪਣੇ ਫ਼ਰਜ਼ ਨੂੰ ਨਿਭਾਉਂਦਿਆਂ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਦਲੇਗਾ?
-ਭੋਲਾ ਨੂਰਪੁਰਾ
ਪਿੰਡ ਤੇ ਡਾਕ: ਨੂਰਪੁਰਾ, ਵਾਇਆ ਹਲਵਾਰਾ (ਲੁਧਿਆਣਾ)।
ਵਿਚਾਰੇ ਗ਼ਰੀਬ ਮਰੀਜ਼
ਦਿਨੋ-ਦਿਨ ਬਿਮਾਰੀਆਂ ਵਧ ਰਹੀਆਂ ਹਨ। ਇਕ ਬਿਮਾਰੀ ਦਾ ਹੱਲ ਨਹੀਂ ਹੁੰਦਾ, ਹੋਰ ਨਵੀਂ ਬਿਮਾਰੀ ਆ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗਣੀ ਜਾਂ ਬਿਮਾਰ ਹੋਣ ਦਾ ਹਰ ਇਕ ਨੂੰ ਡਰ ਰਹਿੰਦਾ ਹੈ। ਬਿਮਾਰੀਆਂ ਹਰ ਇਕ ਨੂੰ ਚਿੱਚੜ ਵਾਂਗ ਚਿੰਬੜ ਰਹੀਆਂ ਹਨ। ਜੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਮਰੀਜ਼ ਦਵਾਈ ਨਹੀਂ ਲੈ ਸਕਦਾ, ਕਿਉਂਕਿ ਦਵਾਈ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਲੋਕ ਸਰਕਾਰੀ ਹਸਪਤਾਲਾਂ ਵਿਚ ਜਾਂਦੇ ਹਨ। ਡਾਕਟਰ ਜਿਹੜੀ ਦਵਾਈ ਲਿਖਦਾ ਹੈ, ਉਹ ਦਵਾਈ ਹਸਪਤਾਲ ਵਿਚੋਂ ਨਹੀਂ ਮਿਲਦੀ। ਉਹ ਹਸਪਤਾਲ ਤੋਂ ਬਾਹਰ ਦਵਾਈਆਂ ਵਾਲੀ ਦੁਕਾਨ 'ਤੇ ਆਮ ਮਿਲ ਜਾਂਦੀ ਹੈ ਪਰ ਦੁਕਾਨਾਂ ਵਾਲੇ ਮਰੀਜ਼ਾਂ ਦੀ ਜੇਬ ਉੱਪਰ ਡਾਕਾ ਮਾਰਦੇ ਹਨ। ਮਰੀਜ਼ ਦਵਾਈ ਦੀ ਕੀਮਤ ਸੁਣ ਕੇ ਆਪਣੇ-ਆਪ ਨੂੰ ਕੋਸਦਾ ਰਹਿ ਜਾਂਦਾ ਹੈ। ਕਈ ਵਾਰ ਮਰੀਜ਼ਾਂ ਨੂੰ ਦਵਾਈ ਵੀ ਸਹੀ ਨਹੀਂ ਮਿਲਦੀ। ਨਕਲੀ ਦਵਾਈਆਂ ਖਾ-ਖਾ ਕੇ ਮਰੀਜ਼ ਠੀਕ ਹੋਣ ਦੀ ਥਾਂ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਖ਼ਾਸ ਕਰਕੇ ਅਨਪੜ੍ਹ ਵਿਅਕਤੀ ਨੂੰ ਇਸ ਪ੍ਰਤੀ ਬਹੁਤ ਪ੍ਰੇਸ਼ਾਨੀਆਂ ਆਉਂਦੀਆਂ ਹਨ। ਜੇ ਉਹ ਡਾਕਟਰ ਬਾਰੇ ਵੀ ਪੁੱਛਦਾ ਹੈ, ਤਾਂ ਉਸ ਨੂੰ ਕੋਈ ਦੱਸਣ ਲਈ ਤਿਆਰ ਨਹੀਂ। ਮਰੀਜ਼ਾਂ ਪ੍ਰਤੀ ਸਿਹਤ ਵਿਭਾਗ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਜ਼ਿੰਦਗੀ ਖੂਬਸੂਰਤ ਹੈ
ਜ਼ਿੰਦਗੀ ਦਾ ਹਰ ਪਲ ਖੂਬਸੂਰਤ ਹੈ। ਆਓ, ਹਰ ਪਲ ਖੁਸ਼ ਰਹਿ ਕੇ ਜ਼ਿੰਦਗੀ ਦਾ ਭਰਪੂਰ ਆਨੰਦ ਲਈਏ। ਅੱਜਕਲ੍ਹ ਦੀ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਛੋਟੀ ਹੋ ਚੁੱਕੀ ਹੈ, ਕੀ ਪਤਾ ਅਗਲਾ ਪਲ ਆਵੇਗਾ ਜਾਂ ਨਾ ਆਵੇ। ਇਸ ਕਰਕੇ ਕਿਸੇ ਪ੍ਰਤੀ ਮਨ ਵਿਚ ਵੈਰ ਨਫ਼ਰਤ ਨਾ ਰੱਖੀਏ। ਕਿਸੇ ਨਾਲ ਬਹਿਸ ਨਾ ਕਰੀਏ। ਆਪਣੇ-ਆਪ ਨੂੰ ਸਮਾਂ ਦੇ ਕੇ ਖ਼ੁਦ 'ਤੇ ਏਨਾ ਫੋਕਸ ਕਰੀਏ ਕਿ ਦੂਜੇ ਦੀ ਜ਼ਿੰਦਗੀ ਬਾਰੇ ਸੋਚਣ ਦਾ ਖਿਆਲ ਤੁਹਾਡੇ ਮਨ ਵਿਚ ਨਾ ਆਵੇ, ਕਿ ਉਹ ਕੀ ਕਰ ਰਿਹਾ ਹੈ? ਕਿਉਂ ਕਰ ਰਿਹਾ ਹੈ? ਕਿਥੇ ਜਾ ਰਿਹਾ ਹੈ? ਜੋ ਤੁਹਾਡੀਪਿੱਠ ਪਿਛੇ ਬੋਲਣ ਵਾਲਿਆਂ ਦੀਆਂ ਗੱਲਾਂ 'ਤੇ ਧਿਆਨ ਨਾ ਦਿਓ। ਅਸੀਂ ਹੋਰਾਂ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਹਾਂ ਪਰ ਆਪਣੇ-ਆਪ ਲਈ ਕਦੇ ਵੀ ਸਮਾਂ ਨੂੰ ਕੱਢਦੇ। ਜੇਕਰ ਅਸੀਂ ਆਪਣੇ ਲਈ ਸਮਾਂ ਕੱਢਾਂਗੇ, ਤਾਂ ਸਾਡੀ ਜ਼ਿੰਦਗੀ ਨਿਖਰਦੀ ਚਲੀ ਜਾਵੇਗੀ। ਆਪਣੇ ਸ਼ੌਕਾਂ ਨੂੰ ਪੂਰਾ ਕਰੋ। ਚੰਗਾ ਸੋਚੋ। ਆਪਣੇ ਹੁਨਰ ਨੂੰ ਦੂਜਿਆਂ ਸਾਹਮਣੇ ਲੈ ਕੇ ਆਓ। ਆਪਣੀ ਤੁਲਨਾ ਕਦੇ ਵੀ ਕਿਸੇ ਨਾਲ ਨਾ ਕਰੋ। ਆਪਣੀ ਅਹਿਮੀਅਤ ਨੂੰ ਸਮਝੋ। ਤੁਸੀਂ ਬਹੁਤ ਕੀਮਤੀ ਇਨਸਾਨ ਹੋ।
-ਸੰਜੀਵ ਸਿੰਘ ਸੈਣੀ, ਮੋਹਾਲੀ।
ਮੇਲਾ ਚਿਰਾਗ਼ਾਂ ਜਾਣਕਾਰੀ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਲਹਿੰਦੇ ਪੰਜਾਬ ਤੋਂ ਡਾ. ਤਾਹਿਰ ਮਹਿਮੂਦ ਹੁਰਾਂ ਦਾ ਇਕ ਖ਼ੂਬਸੂਰਤ ਲੇਖ 'ਮੇਲਾ ਚਿਰਾਗਾਂ ਲਾਹੌਰ' ਦੋ ਕਿਸ਼ਤਾਂ ਵਿਚ ਛਪਿਆ। ਸ਼ਾਹ ਹੁਸੈਨ ਅਤੇ ਉਨ੍ਹਾਂ ਦੇ ਸ਼ਾਗਿਰਦ ਮਾਧੋ ਲਾਲ ਹੁਸੈਨ ਦੇ ਗੁਰੂ ਚੇਲੇ ਦੇ ਰਿਸ਼ਤੇ ਨੂੰ ਡਾ. ਤਾਹਿਰ ਮਹਿਮੂਦ ਨੇ ਬੜੇ ਸੋਹਣੇ ਸ਼ਬਦਾਂ ਵਿਚ ਬਿਆਨ ਕੀਤਾ। ਗੁਰੂ ਅਤੇ ਚੇਲਾ ਦੋਵੇਂ ਅਲੱਗ-ਅਲੱਗ ਮਜ਼੍ਹਬ ਨਾਲ ਤਾਅਲੁਕ ਰੱਖਣ ਵਾਲੇ ਸਨ ਅਤੇ ਲੋੋਕਾਂ ਵਲੋਂ ਉਨ੍ਹਾਂ ਦੇ ਰਿਸ਼ਤੇ ਨੂੰ ਦਿੱਤੀ ਗ਼ਲਤ ਰੰਗਤ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਧੁਨ ਦੇ ਪੱਕੇ ਨਿਕਲੇ, ਜਿਸ ਕਰਕੇ ਅੱਜ ਵੀ ਦੋਵੇਂ ਇਕ-ਦੂਜੇ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਲਾਹੌਰ ਵਿਚ ਇਨ੍ਹਾਂ ਦੋਵਾਂ ਦੀ ਮਜ਼ਾਰ 'ਤੇ ਜਦੋਂ ਧਰਮ ਦੇ ਠੇਕੇਦਾਰਾਂ ਵਲੋਂ ਇਕ ਜਣੇ ਦਾ ਨਾਂਅ ਮਿਟਾਇਆ ਗਿਆ ਤਾਂ ਧਰਮਾਂ ਦੇ ਰੌਲੇ ਗੌਲੇ ਤੋਂ ਉੱਪਰ ਉਠ ਕੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੇ ਮੁੜ ਦੋਵਾਂ ਦੇ ਨਾਵਾਂ ਨੂੰ ਮੁੜ ਉਸੇ ਜਗ੍ਹਾ 'ਤੇ ਲਗਾਇਆ। ਧਰਮ ਦੇ ਨਾਂਅ 'ਤੇ ਵੰਡੇ ਗਏ ਪੰਜਾਬ ਨੂੰ ਅੱਜ ਸ਼ਾਹ ਹੁਸੈਨ ਤੇ ਮਾਧੋ ਲਾਲ ਵਰਗੇ ਪੰਜਾਬੀਆਂ ਦੀ ਬੜੀ ਲੋੜ ਹੈ। ਜੋ ਦੋਵੇਂ ਪਾਸੇ ਦੇ ਪੰਜਾਬੀਆਂ ਦੇ ਦਿਲਾਂ ਵਿਚ ਮੁਹੱਬਤ ਜਗਾਉਣ। ਮੁਹੱਬਤ ਵੰਡਣ ਵਾਲੇ ਇਸ ਖ਼ੂਬਸੂਰਤ ਲੇਖ ਲਈ 'ਅਜੀਤ' ਅਤੇ ਡਾ. ਤਾਹਿਰ ਮਹਿਮੂਦ ਜੀ ਦੋਵੇਂ ਵਧਾਈ ਦੇ ਪਾਤਰ ਹਨ।
-ਲਖਵਿੰਦਰ ਜੌਹਲ 'ਧੱਲੇਕੇ'
ਸਰਕਾਰ ਦਾ ਸਹੀ ਫ਼ੈਸਲਾ
ਪੰਜਾਬ ਮੰਤਰੀ ਮੰਡਲ ਦਾ ਵੱਡਾ ਫੈਸਲਾ ਪੰਜਾਬ ਪੰਚਾਇਤੀ ਰਾਜ ਰੂਲ 1994 'ਚ ਸੋਧ ਹੋਵੇਗੀ। ਸਿਆਸੀ ਪਾਰਟੀਆਂ ਦੇ ਚਿੰਨ੍ਹਾਂ 'ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ। ਬਿਨਾਂ ਕਿਸੇ ਰਾਜਨੀਤੀ ਦਬਾਅ ਤੇ ਨਿਰਪੱਖ ਹੋਣਗੀਆਂ ਪੰਚਾਇਤੀ ਪੰਚ, ਸਰਪੰਚ ਦੀਆਂ ਚੋਣਾਂ। ਪਿੰਡਾਂ ਦੀ ਖ਼ੁਸ਼ਹਾਲੀ ਵਾਸਤੇ ਪੰਚਾਇਤਾਂ ਦਾ ਗਠਨ ਹੋਇਆ ਸੀ। ਪੰਚਾਇਤਾਂ ਪਿੰਡ ਦੇ ਨਿੱਕੇ ਮੋਟੇ ਝਗੜੇ ਪਿੰਡ ਵਿਚ ਹੀ ਨਿਬੇੜ ਲੈਦੀਆਂ ਹਨ, ਥਾਣੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਬਾਕੀ ਹੋਰ ਪਿੰਡ ਦੇ ਵਿਕਾਸ ਵਾਸਤੇ ਪੰਚਾਇਤਾਂ ਨੂੰ ਫੰਡ ਮਿਲਦੇ ਹਨ ਜੋ ਪੰਚਾਇਤਾਂ ਪਿੰਡ ਦੀ ਗਲੀਆਂ, ਸੜਕਾਂ, ਨਾਲੀਆਂ ਤੇ ਹੋਰ ਪਿੰਡ ਦੇ ਵਿਕਾਸ ਵਾਸਤੇ ਅਹਿਮ ਰੋਲ ਅਦਾ ਕਰਦੀਆਂ ਹਨ। ਚੋਣ ਸਰਬਸੰਮਤੀ ਨਾਲ ਹੋਣ ਕਾਰਨ ਸਰਕਾਰ ਵਲੋਂ ਉਸ ਪਿੰਡ ਨੂੰ ਵੱਖਰੀ ਗ੍ਰਾਂਟ ਵੀ ਮਿਲਦੀ ਹੈ। ਇਸ ਕਰ ਕੇ ਹਰ ਪਿੰਡ ਨੂੰ ਸਰਬਸੰਮਤੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਕਰ ਚੋਣ ਕਰਨੀ ਵੀ ਪਏ ਪੜ੍ਹੇ ਲਿਖੇ, ਬੇਦਾਗ਼ ਜੋ ਪਿੰਡ ਵਿਚ ਸ਼ਰਾਬ ਤੇ ਪੈਸੇ ਨਾਂ ਵੰਡਣ ਪੰਚ, ਸਰਪੰਚ ਚੁਨਣੇ ਚਾਹੀਦੇ ਹਨ। ਪਿੰਡਾਂ ਵਿਚ 33 ਫ਼ੀਸਦੀ ਕੋਟਾ ਔਰਤਾਂ ਦਾ ਹੈ। ਇਸ ਲਈ ਯੋਗ ਇਸਤਰੀ ਸਰਪੰਚ ਦੀ ਚੋਣ ਕੀਤੀ ਜਾਵੇ ਜੋ ਆਪਣੇ ਬਲਬੂਤੇ ਤੇ ਸਰਪੰਚੀ ਕਰੇ ਨਾ ਕੇ ਆਪਣੇ ਘਰ ਵਾਲੇ ਦੇ ਬਲਬੂਤੇ 'ਤੇ। ਅਕਸਰ ਦੇਖਿਆ ਹੈ ਸਰਪੰਚ ਔਰਤ ਦਾ ਘਰ ਵਾਲਾ ਹੀ ਸਰਪੰਚੀ ਕਰਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ।
ਔਰਤਾਂ ਨਾਲ ਵਿਵਹਾਰ!
ਇਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਪ੍ਰਸ਼ਾਸਨ ਦੀ ਇੱਛਾ ਸ਼ਕਤੀ 'ਤੇ ਨਿਰਭਰ ਕਰਦਾ ਹੈ ਜੋ ਕਿਸੇ ਵੀ ਸਥਾਪਿਤ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਨਿਰਧਾਰਤ ਕਰਦਾ ਹੈ। ਜਿਵੇਂ ਕਿ ਔਰਤਾਂ ਵਿਰੁੱਧ ਲਗਾਤਾਰ ਹੋ ਰਹੇ ਜੁਰਮਾਂ ਤੋਂ ਰੇਖਾਂਕਿਤ ਹੁੰਦਾ ਹੈ ਕਿ ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਛਾ ਸ਼ਕਤੀ ਦਿਖਾਈ ਨਹੀਂ ਦੇ ਰਹੀ ਹੈ ਅਤੇ ਇੱਛਾ ਸ਼ਕਤੀ ਦੀ ਇਸ ਅਣਹੋਂਦ ਨੂੰ ਤਿੰਨ ਹਾਲੀਆ ਮਾਮਲਿਆਂ ਦੁਆਰਾ ਉਜਾਗਰ ਕਰ ਦਿੱਤਾ ਗਿਆ ਹੈ - ਕੋਲਕਾਤਾ ਵਿਚ ਇਕ ਡਾਕਟਰ ਦਾ ਬਲਾਤਕਾਰ ਅਤੇ ਕਤਲ, ਮਹਾਰਾਸ਼ਟਰ ਦੇ ਬਦਲਾਪੁਰ ਵਿਚ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਨਾਲ ਬਲਾਤਕਾਰ ਅਤੇ ਮਲਿਆਲਮ ਫ਼ਿਲਮ ਇੰਡਸਟਰੀ ਦੀ ਸ਼ਰਮਨਾਕ ਸਥਿਤੀ ਬਾਰੇ ਜਸਟਿਸ ਹੇਮਾ ਕਮੇਟੀ ਵਲੋਂ ਕੀਤੇ ਗਏ ਸ਼ਰਮਨਾਕ ਖੁਲਾਸੇ। ਇਹ ਵਿਚਾਰਨ ਦੀ ਗੱਲ ਹੈ ਕਿ ਜਿਸ ਦੇਸ਼ ਵਿਚ ਔਰਤਾਂ ਨੂੰ ਬਚਪਨ ਤੋਂ ਹੀ ਦੇਵੀਆਂ ਵਾਂਗ ਸਤਿਕਾਰਿਆ ਜਾਂਦਾ ਹੈ, ਉੱਥੇ ਔਰਤਾਂ 'ਤੇ ਜ਼ੁਲਮ ਬੇਰੋਕ ਜਾਰੀ ਹਨ। ਸਵਾਮੀ ਵਿਵੇਕਾਨੰਦ ਨੇ ਇਕ ਵਾਰ ਕਿਹਾ ਸੀ, 'ਕਿਸੇ ਰਾਸ਼ਟਰ ਦੀ ਤਰੱਕੀ ਦਾ ਸਭ ਤੋਂ ਵਧੀਆ ਥਰਮਾਮੀਟਰ ਉਸ ਦੀਆਂ ਔਰਤਾਂ ਨਾਲ ਉਸ ਦਾ ਵਿਵਹਾਰ ਹੈ।' ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਰਾਜਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਮੂਲੀਅਤ ਤੋਂ ਬਿਨਾਂ ਇਕ ਵੱਖਰੀ, ਸੁਤੰਤਰ ਅਤੇ ਚਾਕ-ਚੌਬੰਦ ਪ੍ਰਣਾਲੀ ਬਣਾਉਣ 'ਤੇ ਵਿਚਾਰ ਕੀਤਾ ਜਾਵੇ, ਜੋ ਪੀੜਤ ਔਰਤਾਂ ਪ੍ਰਤੀ ਸੰਵੇਦਨਸ਼ੀਲ ਅਤੇ ਸਸ਼ਕਤ ਹੋਵੇ ਤਾਂ ਜੋ ਸਾਡੇ ਦੇਸ਼ ਵਿਚ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
-ਇੰ. ਕ੍ਰਿਸ਼ਨ ਕਾਂਤ ਸੂਦ, ਨੰਗਲ।
ਹਾਲਾਤ ਕਾਫ਼ੀ ਵਿਗੜ ਚੁੱਕੇ ਹਨ
ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਵਿਗੜ ਚੁੱਕੇ ਹਨ। ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ, ਖ਼ਬਰਾਂ ਵਾਲੇ ਚੈਨਲ ਦੇਖਦੇ ਹਾਂ ਕਿ ਕਿਵੇਂ ਪੰਜਾਬ ਵਿਚ ਹਰ ਦਿਨ ਸ਼ਰੇਆਮ ਬਾਜ਼ਾਰਾਂ ਵਿਚ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਅਤੇ ਕਤਲ ਤੱਕ ਕੀਤੇ ਜਾ ਰਹੇ ਹਨ। ਸੋਚਣ ਵਾਲੀ ਗੱਲ ਹੈ ਕਿਇਨ੍ਹਾ ਲੋਕਾਂ ਕੋਲ ਇੰਨਾ ਅਸਲ੍ਹਾ ਕਿੱਥੋਂ ਆਇਆ, ਕਿਵੇਂ ਇਹ ਲੋਕ ਇੰਨਾ ਅਸਲ੍ਹਾ ਲੈ ਕੇ ਸ਼ਰੇਆਮ ਘੁੰਮ ਰਹੇ ਹਨ। ਕਦੀ ਨਹੀਂ ਸੋਚਿਆ ਸੀ ਕਿ ਪੰਜਾਬ ਨੂੰ ਵੀ ਕਦੇ ਇਹੋ ਜਿਹੇ ਹਾਲਾਤ ਦੇਖਣੇ ਪੈਣਗੇ। ਸਾਡੀ ਪੁਲਿਸ, ਖੁਫ਼ੀਆ ਵਿਭਾਗ ਅਤੇ ਹੋਰ ਸੁਰੱਖਿਆ ਵਿਭਾਗ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿਚ ਨਾਕਾਮ ਹੋ ਰਹੇ ਹਨ। ਆਮ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਅਜਿਹੀਆਂ ਘਟਨਾਵਾਂ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਔਰਤਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਕਾਂਟੇ, ਲੋਕਾਂ ਦੇ ਮੋਬਾਈਲ ਫੋਨ, ਕਾਰਾਂ ਮੋਟਰਸਾਈਕਲ ਚੋਰੀ ਹੋ ਰਹੇ ਹਨ। ਕਈ ਇਲਾਕਿਆਂ ਵਿਚ ਤਾਂ ਤੁਸੀਂ ਰਾਤ ਨੂੰ ਜਾ ਵੀ ਨਹੀਂ ਸਕਦੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਦਸ ਦਾ ਨੋਟ
ਦਸ ਦਾ ਨੋਟ ਅਹਿਸਾਨ ਚੜ੍ਹਾਉਣ ਦਾ ਅਹਿਸਾਸ ਹੁੰਦਾ ਹੈ। ਨੋਟ ਬੰਦੀ ਤਾਂ ਖਾਹਮਖਾਹ ਬਦਨਾਮ ਹੋ ਗਈ। ਚੰਗਾ ਹੁੰਦਾ ਜੇ ਸਿਰਫ਼ ਦਸ ਦਾ ਨੋਟ ਹੀ ਬੰਦ ਕਰ ਦਿੰਦੇ। ਅੱਜ ਛੋਟੀ ਅਤੇ ਸਹਿਣਯੋਗ ਰਾਸ਼ੀ ਦਸ ਦੇ ਨੋਟ ਵਿਚ ਛੁਪੀ ਪਈ ਹੈ। ਹਾਂ ਇਕ ਗੱਲ ਜ਼ਰੂਰ ਹੈ ਕਿ ਦਸ ਦਾ ਨੋਟ ਪਰਦੇ ਢੱਕ ਲੈਂਦਾ ਹੈ। ਅਸੀਂ ਜਦੋਂ ਧਾਰਮਿਕ ਅਸਥਾਨ ਜਾਂ ਸਮਾਗਮ ਵਿਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਜੇਬ ਵਿਚ ਦਸ ਦਾ ਨੋਟ ਫਰੋਲਦੇ ਹਾਂ। ਦਸ ਦਾ ਨੋਟ ਜੇ ਨਾ ਹੋਵੇ ਤਾਂ ਵੱਡਾ ਨੋਟ ਤੁੜਵਾਉਮ ਲਈ ਕਈ ਥਾਵਾਂ 'ਤੇ ਜਾਂਦੇ ਹਾਂ, ਨਾਲ ਹੀ ਸ਼ਰਤ ਲਾਉਂਦੇ ਹਾਂ ਕਿ ਦਸ ਦਾ ਨੋਟ ਵਿਚ ਜ਼ਰੂਰ ਹੋਵੇ। ਉਹੀ ਦਸ ਰੁਪਏ ਲੈ ਕੇ ਸਮਾਗਮ ਵਿਚ ਜਾਂਦੇ ਹਾਂ। ਸਮਾਜਿਕ ਪੈਂਹਠ ਅਤੇ ਮਾਲੀ ਨੁਕਸਾਨ ਬਚਾਉਣ ਲਈ ਦਸ ਦਾ ਨੋਟ ਸਹਾਈ ਹੁੰਦਾ ਹੈ। ਗੁਰੂ ਘ੍ਰ ਦੇ ਪਾਟੀਆਂ ਬਾਰੇ ਤਨਖਾਹ ਅਤੇ ਹੋਰ ਘਾਟਾਂ ਬਾਰੇ ਚਰਚਾਵਾਂ ਚਲਦੀਆਂ ਹਨ। ਚੜ੍ਹਾਉਂਦੇ ਅਸੀਂ ਦਸ ਰੁਪਏ ਹੀ ਹਾਂ। ਲਾਗੀਆਂ ਨੂੰ ਵੀ ਸਿਰਫ਼ ਦਸ ਰੁਪਏ ਦੇਣ ਦਾ ਮਾਪਦੰਡ ਹੈ। ਬੱਚੇ ਨੂੰ ਵਰਾਉਣ ਲਈ ਵੀ ਦਸ ਰੁਪਏ ਦਿੰਦੇ ਹਾਂ। ਇਸ ਸਭ ਕੁਝ ਦਾ ਅੰਤ ਹੋ ਜਾਂਦਾ ਜੇ ਨੋਟ ਬੰਦੀ ਦਸ ਰੁਪਏ ਦੀ ਕਰਕੇ ਸਿੱਧਾ ਸੌ ਦਾ ਨੋਟ ਸ਼ੁਰੂ ਕਰ ਦਿੰਦੇ। ਦਸ ਦਾ ਨੋਟ ਸੁੱਟ ਕੇ ੱਹਿਸਾਨ ਕਰ ਦਿੰਦੇ ਹਾਂ। ਇਹ ਨੋਟ ਦੋੇਵੰ ਪੱਖ ਢਕ ਵੀ ਲੈਂਦੇ ਹੈ। ਅਮੀਰ ਗਰੀਬ ਦੇ ਪਾੜੇ ਨੂੰ ਵੀ ਦਸ ਦਾ ਨੋਟ ਦਰਸਾ ਦਿੰਦਾ ਹੈ। ਖਾਧੀ ਪੀਤੀ ਵਿਚ ਵੀ ਇਹ ਸਭ ਤੋਂ ਵੱਧ ਉਲਰਦਾ ਹੈ। ਸ਼ਰਾਬੀ ਵੀ ਦਸ ਦੀ ਸੋਝੀ ਰੱਖਦਾ ਹੈ। ਦਸ ਦਾ ਨੋਟ ਗਰੀਬ ਦਾ ਸਹਾਰਾ ਅਤੇ ਅਮੀਰ ਦਾ ਕੰਜੂਸਪੁਣਾ ਦਰਸਾਉਣ ਦਾ ਇਕ ਮਾਤਰ ਸਾਧਨ ਹੈ। ਕੁਝ ਸਾਲ ਪਹਿਲਾਂ ਦਸ ਦਸ ਪਾ ਕੇ ਸ਼ਰਾਬ ਪੀਤੀ ਜਾਂਦੀ ਸੀ। ਹੁਣ ਮਹਿੰਗਾਈ ਕਰਕੇ ਸ਼ਰਾਬ ਦੀ ਦਸੀ ਬੰਦ ਹੋ ਚੁੱਕੀ ਹੈ। ਉਂਜ ਦਸ ਤੋਂ ਬਾਅਦ ਹੀ ਸੋ ਬਣਦਾ ਹੈ ਪਰ ਜਦੋਂ ਦਸ ਦੇ ਨੋਟ ਨੂੰ ਇਕ ਮਾਪਦੰਡ ਵਿਚ ਨਿਰਧਾਰਤ ਕੀਤਾ ਜਾਂਦਾ ਹੈ ਤਾਂ ਵਿਅੰਗ ਮੱਲੋਮੱਲੀ ਫੁਰਰਦਾ ਹੈ ਕਿ ਦਸ ਦੀ ਨੋਟ ਬੰਦੀ ਹੋਵੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਵਧ ਰਹੇ ਜਬਰ ਜਨਾਹ
ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ 'ਤੇ ਹੀ ਅਗਲੇਰੇ ਮਾਹੌਲ ਦੀ ਕਲਪਨਾ ਕੀਤੀ ਜਾਂਦੀ ਹੈ। ਪਰ ਵਰਤਮਾਨ ਸਮੇਂ ਵਿਚ ਬੱਚੇ ਬਚਪਨ 'ਚ ਵੀ ਬਹੁਤ ਸੰਤਾਪ ਹੰਢਾ ਰਹੇ ਹਨ। ਨਾਬਾਲਗ ਬੱਚੀਆਂ ਨਾਲ ਰੋਜ਼ਾਨਾ ਜਬਰ ਜਨਾਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ ਦੀ ਖ਼ਬਰ ਆ ਜਾਂਦੀ ਹੈ, ਜਿਥੇ ਦਰਿੰਦਿਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਮਾਪਿਆਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਹਰਜ਼ਾਨਾ ਬੱਚਚੀਆਂ ਨੂੰ ਭੁਗਤਣਾ ੈਪੰਦਾ ਹੈ ਕਿਉਂਕਿ ਡਰ ਦੇ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਇਸ ਮੁੱਦੇ ਨੂੰ ਗੰਭੀਰਤਾ ਨਾਲ ਪੜਚੋਲਿਆ ਜਾਣਾ ਚਾਹੀਦਾ ਹੈ ਅਤੇ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ।
-ਰਾਜਿੰਦਰ ਕੌਰ
ਐਸ.ਡੀ. ਕਾਲਜ, ਬਰਨਾਲਾ।
ਮੋਬਾਈਲ ਦੇਖਣ ਦੀ ਆਦਤ
ਅੱਜ ਦੇ ਸਮੇਂ ਵਿਚ ਮੋਬਾਈਲ ਇਕ ਅਜਿਹਾ ਯੰਤਰ ਹੈ ਜੋ ਸਾਡੀ ਬਹੁਤ ਵੱਡੀ ਜ਼ਰੂਰਤ ਬਣ ਗਿਆ ਹੈ। ਮੋਬਾਈਲ ਦੀ ਖੋਜ ਮਾਰਟਿਨ ਕੂਪਰ ਨੇ 1973 ਵਿੱਚ ਕੀਤੀ। ਮੋਬਾਈਲ ਫੋਨ ਸ਼ੁਰੂਆਤੀ ਦੌਰ ਵਿਚ ਕਾਲ ਕਰਨ ਲਈ ਤਿਆਰ ਕੀਤਾ ਗਿਆ, ਪਰ ਬਦਲਦੇ ਸਮੇਂ ਦੇ ਨਾਲ 1992 ਵਿਚ 'ਆਈ.ਬੀ.ਐਮ.' ਕੰਪਨੀ ਨੇ ਪਹਿਲਾ ਸਮਾਰਟ ਫੋਨ ਤਿਆਰ ਕੀਤਾ ਜਦਕਿ ਭਾਰਤ ਵਿੱਚ 2007 ਵਿੱਚ ਪਹਿਲਾ ਸਮਾਰਟ ਫੋਨ ਬਾਜ਼ਾਰ ਵਿੱਚ ਆਇਆ। ਬਿਨਾਂ ਸ਼ੱਕ ਮੋਬਾਈਲ ਅੱਜ ਦੇ ਯੁੱਗ ਵਿਚ ਬਹੁਤ ਵੱਡੀ ਸੰਚਾਰ ਕ੍ਰਾਂਤੀ ਹੈ। ਮੋਬਾਈਲ ਦੂਰਸੰਚਾਰ ਦਾ ਸਾਧਨ ਹੋਣ ਦੇ ਨਾਲ-ਨਾਲ ਕੰਪਿਊਟਰ ਦੀ ਤਰ੍ਹਾਂ ਵੀ ਵਰਤਿਆ ਜਾ ਰਿਹਾ ਹੈ ਅਤੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੈ। ਅੱਜ ਦੇ ਸੋਸ਼ਲ ਮੀਡੀਆ ਯੁੱਗ ਵਿਚ ਲੋਕ ਬਹੁਤ ਸਾਰਾ ਕੰਟੈਂਟ ਤਿਆਰ ਕਰਕੇ ਮੋਟੀ ਕਮਾਈ ਕਰ ਰਹੇ ਹਨ। ਵਿਦਿਆਰਥੀ ਵਰਗ ਅਤੇ ਕਰੋੜਾਂ ਲੋਕ ਮੋਬਾਈਲ ਦੀ ਵਰਤੋਂ ਕਰਕੇ ਹੈਲਥ, ਬਿਜ਼ਨੈੱਸ ਅਤੇ ਰਸੋਈ ਦੀ ਜਾਣਕਾਰੀ ਲੈ ਕੇ ਆਪਣਾ ਜੀਵਨ ਖ਼ੁਸ਼ਹਾਲ ਬਣਾ ਰਹੇ ਹਨ। ਮੋਬਾਈਲ ਘਰ ਬੈਠੇ ਹੀ ਬੈਂਕ ਦੇ ਕੰਮ ਕਰ ਰਿਹਾ ਹੈ ਬਿੱਲ ਭਰਨੇ, ਸ਼ਾਪਿੰਗ ਕਰਨੀ, ਪੈਸੇ ਦਾ ਲੈਣ-ਦੇਣ ਕਰਨ ਕਰਕੇ ਬੈਂਕਾਂ ਦਾ ਕੰਮ ਮੋਬਾਈਲ ਨੇ ਘਟਾ ਦਿੱਤਾ ਹੈ।
ਬੇਸ਼ੱਕ ਮੋਬਾਈਲ ਦੇ ਬਹੁਤ ਸਾਰੇ ਫਾਇਦੇ ਹਨ ਪਰ ਇਸ ਨੇ ਸਮਾਜ ਨੂੰ ਨੁਕਸਾਨ ਵੀ ਬਹੁਤ ਪਹੁੰਚਿਆ ਹੈ। ਮੋਬਾਈਲ 'ਤੇ ਸੋਸ਼ਲ ਮੀਡੀਆ ਦੀ ਭਰਮਾਰ ਹੋਣ ਕਰਕੇ ਬਹੁਤ ਸਾਰੇ ਲੋਕ ਸਾਰਾ ਦਿਨ ਆਪਣਾ ਸਮਾਂ ਮਨੋਰੰਜਨ ਦੇ ਨਾਂਅ 'ਤੇ ਵਿਅਰਥ ਗੁਆ ਦਿੰਦੇ ਹਨ। ਮਨੁੱਖ ਦੀ ਸਿਹਤ 'ਤੇ ਇਸਦੇ ਬਹੁਤ ਦੁਰਪ੍ਰਭਾਵ ਪਏ ਹਨ। ਸਭ ਤੋਂ ਵੱਧ ਨੁਕਸਾਨ ਸਾਡੇ ਬੱਚਿਆਂ ਦਾ ਹੋਇਆ ਹੈ ਇਕ ਸਾਲ ਦੇ ਜੰਮੇ ਹੋਏ ਬੱਚੇ ਨੂੰ ਚੁੱਪ ਕਰਵਾਉਣ ਲਈ ਜਾਂ ਕੁਝ ਖੁਆਉਣ ਲਈ ਮੋਬਾਈਲ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਮਾਵਾਂ ਦਾ ਕੰਮ ਤਾਂ ਬੇਸ਼ੱਕ ਘਟ ਗਿਆ ਹੈ, ਪਰ ਬੱਚੇ ਦੇ ਦਿਮਾਗ ਤੇ ਇਹ ਗੱਲਾਂ ਬਹੁਤ ਬੁਰਾ ਅਸਰ ਪਾ ਰਹੀਆਂ ਹਨ। ਬਹੁਤ ਸਾਰੇ ਬੱਚੇ ਮੋਬਾਈਲ ਦੀ ਪੱਕੀ ਆਦਤ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਮੋਬਾਈਲ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਬੌਧਿਕ ਅਤੇ ਸਰੀਰਕ ਵਿਕਾਸ ਕਿਵੇਂ ਹੋਵੇਗਾ ਜੋ ਇੱਕ ਪ੍ਰਸ਼ਨ ਚਿੰਨ ਹੈ।
ਸਮੇਂ ਦੀ ਲੋੜ ਹੈ ਕਿ ਅਸੀ ਆਪ ਵੀ ਮੋਬਾਈਲ ਦਾ ਸਦਉਪਯੋਗ ਕਰੀਏ ਤਾਂ ਜੋ ਬੱਚਿਆਂ ਨੂੰ ਵੀ ਅਸੀਂ ਜ਼ਿਆਦਾ ਮੋਬਾਈਲ ਵਰਤਣ ਤੋਂ ਹਟਾ ਸਕੀਏ ਤੇ ਬੱਚੇ ਨੂੰ ਮੋਬਾਈਲ ਦੀ ਸਾਰਥਕ ਵਰਤੋਂ ਕਰਨ ਬਾਰੇ ਸਮਝਾਈਏ ।
-ਧਿਆਨ ਸਿੰਘ
ਵਿਦਿਆਰਥੀ ਅਤੇ ਨਸ਼ੇ
ਨਸ਼ਾ ਇਕ ਅਜਿਹਾ ਜ਼ਹਿਰੀਲਾ ਅਤੇ ਨਸ਼ੀਲਾ ਪਦਾਰਥ ਹੈ, ਜੋ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਸਿੱਧ ਹੁੰਦਾ ਹੈ। ਜੋ ਦਿਮਾਗ਼ ਦੇ ਨਾੜੀ ਤੰਤਰ ਨੂੰ ਨਸ਼ਟ ਕਰ ਕੇ ਮਨੁੱਖ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦਾ ਹੈ ਤੇ ਉਸ ਦੇ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਜੀਵਨ ਨੂੰ ਨਿੰਦਣਯੋਗ ਬਣਾ ਦਿੰਦਾ ਹੈ। ਨਸ਼ਾ ਬੇਲੋੜੀ ਉਕਸਾਹਟ ਪੈਦਾ ਕਰ ਕੇ ਵਕਤੀ ਤੌਰ 'ਤੇ ਇਨਸਾਨ ਨੂੰ ਝੂਠਾ ਸੁੱਖ ਅਤੇ ਹੁਲਾਰਾ ਦੇ ਕੇ ਨਕਲੀ ਖ਼ੁਸ਼ੀ ਦਾ ਭਰਮ ਪੈਦਾ ਕਰਦਾ ਹੈ। ਵਿਦਿਆਰਥੀਆਂ ਵਿਚ ਵਧ ਰਿਹਾ ਨਸ਼ਿਆਂ ਦਾ ਸੇਵਨ ਚਿੰਤਾਜਨਕ ਹੈ। ਸ਼ਰਾਬ, ਨਸ਼ੀਲੀਆਂ ਗੋਲੀਆਂ, ਤੰਬਾਕੂ, ਹੈਰੋਇਨ, ਅਫ਼ੀਮ ਅਤੇ ਹੋਰ ਪਤਾ ਨਹੀਂ ਕੀ ਕੁਝ ਸਾਡੀ ਨਵੀਂ ਪੀੜ੍ਹੀ ਨੂੰ ਤਬਾਹੀ ਵੱਲ ਧੱਕ ਰਿਹਾ ਹੈ। ਕਿਸੇ ਵੀ ਬਿਮਾਰੀ ਦੇ ਇਲਾਜ ਲਈ ਉਸ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। 'ਜੈਸੀ ਸੰਗਤਿ ਵੈਸੀ ਰੰਗਤ' ਇਕ ਆਮ ਕਹਾਵਤ ਹੈ। ਪਰਿਵਾਰ ਤੋਂ ਬਾਅਦ ਵਿਦਿਆਰਥੀ 'ਤੇ ਉਸ ਦੀ ਸੰਗਤ ਦਾ ਸਭ ਤੋਂ ਵੱਧ ਅਸਰ ਹੁੰਦਾ ਹੈ ਜੋ ਕਿ ਉਹ ਸਹਿਜ ਸੁਭਾਅ ਆਪਣੇ ਦੋਸਤਾਂ ਦੀਆਂ ਆਦਤਾਂ ਗ੍ਰਹਿਣ ਕਰ ਲੈਂਦਾ ਹੈ। ਜਦ ਉਹ ਮਿੱਤਰਾਂ ਦੀ ਮੋਟਰ 'ਤੇ ਕੱਚ ਦੀ ਗਲਾਸੀ ਖੜਕਾ ਕੇ, ਦਾਰੂ ਪੀਣਾ ਕੰਮ ਜੱਟਾਂ ਦਾ, ਘਰ ਦੀ ਸ਼ਰਾਬ ਹੋਵੇ, ਚੌਥਾ ਪੈੱਗ ਪਾ ਕੇ ਤੇਰੀ ਬਾਂਹ ਫੜਨੀ ਅਜਿਹੇ ਗੀਤ ਸੁਣਦੇ ਹਨ ਤਾਂ ਉਹ ਨਕਲੀ 'ਹੀਰੋਇਜ਼ਮ' ਦੀ ਭਾਵਨਾ ਤਹਿਤ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ। ਨਸ਼ਿਆਂ ਦੇ ਵਪਾਰੀ ਤੇ ਉਨ੍ਹਾਂ ਦੇ ਏਜੰਟ ਸਕੂਲਾਂ, ਕਾਲਜਾਂ ਨੇੜੇ ਗੇੜੇ ਕੱਢਦੇ ਅਣਭੋਲ ਵਿਦਿਆਰਥੀਆਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ। ਪਹਿਲਾਂ ਸਿਰਫ਼ ਨਸ਼ੇ ਮੁੰਡੇ ਹੀ ਕਰਦੇ ਸਨ ਹੁਣ ਕੁੜੀਆਂ ਵੀ ਨਸ਼ੇ ਕਰਨ ਦੀਆਂ ਆਦੀਹੋ ਰਹੀਆਂ ਹਨ। ਨਸ਼ਿਆਂ ਦੀ ਬਿਮਾਰੀ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ ਏਡਜ਼, ਕੈਂਸਰ, ਲੀਵਰ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਹੱਸਦੇ ਵਸਦੇ ਘਰ ਉੱਜੜ ਰਹੇ ਹਨ ਸਾਨੂੰ ਪਤਾ ਹੈ ਕਿ ਬੰਜਰ ਧਰਤੀ ਉੱਤੇ ਕੁੱਝ ਨਹੀਂ ਉੱਗਦਾ। ਨਸ਼ੇ ਵਿਦਿਆਰਥੀਆਂ ਦੇ ਦਿਮਾਗ਼ ਨੂੰ ਬੰਜਰ ਬਣਾ ਰਹੇ ਹਨ।
-ਮੋਹਣ ਸਿੰਘ ਖਰੌੜ
ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ, ਪਟਿਆਲਾ।
ਲਾਟਰੀਆਂ ਬੰਦ ਹੋਣ
ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਲਾਟਰੀਆਂ ਸਮੁੱਚੇ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਕਾਰਨ ਘਰ ਤਬਾਹ ਹੋ ਰਹੇ ਹਨ, ਪਰਿਵਾਰ ਉੱਜੜ ਰਹੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪੈ ਰਿਹਾ ਹੈ।ਭਾਵੇਂ ਕੋਈ ਵੀ ਲਤ ਹਾਨੀਕਾਰਕ ਹੈ ਪਰ ਲਾਟਰੀ ਇਕ ਅਜਿਹਾ ਜੂਆ ਹੈ ਜੋ ਕਦੇ ਕਿਸੇ ਦਾ ਨਹੀਂ ਹੋਇਆ। ਹਰ ਲਾਟਰੀ ਖਰੀਦਣ ਵਾਲਾ ਹਮੇਸ਼ਾ ਇਹ ਸੋਚਦਾ ਹੈ ਕਿ ਉਹਦੀ ਲਾਟਰੀ ਨਿਕਲ ਆਵੇਗੀ ਪਰ ਹਰ ਕੋਈ ਖੁਸ਼ਕਿਸਮਤ ਨਹੀਂ ਹੋ ਸਕਦਾ। ਅਣਗਿਣਤ ਲੋਕਾਂ ਵਿੱਚੋਂ ਕਿਸੇ ਇੱਕ ਹੀ ਵਿਅਕਤੀ ਨੂੰ ਕਰੋੜ/ਡੇਢ ਕਰੋੜ ਦਾ ਇਨਾਮ ਮਿਲਣਾ ਹੈ ਤਾਂ ਕੀ ਅਜਿਹਾ ਪੈਸਾ ਮਨ ਨੂੰ ਸ਼ਾਂਤੀ ਦੇਵੇਗਾ? ਬਿਲਕੁਲ ਨਹੀਂ। ਦੋਸਤੋ! ਸਰਕਾਰਾਂ ਦੇ ਪਿੱਛੇ ਲੱਗ ਆਪਣਾ ਕੀਮਤੀ ਪੈਸਾ ਬਰਬਾਦ ਨਾ ਕਰੋ। ਸਾਨੂੰ ਆਪਣੇ ਆਪ ਨੂੰ ਸੰਭਾਲਣਾ ਹੋਵੇਗਾ ਕਿਉਂਕਿ ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਇੱਥੇ ਵਰਣਨਯੋਗ ਹੈ ਕਿ ਲਾਟਰੀ ਕਾਰਨ ਪਰਿਵਾਰਾਂ ਵਿਚ ਮੁਸੀਬਤਾਂ ਵਧ ਰਹੀਆਂ ਹਨ। ਲਾਟਰੀ ਖਿਡਾਰੀਆਂ ਦੇ ਘਰਾਂ ਵਿਚ ਵਧੇਰੇ ਕਰਕੇ ਔਰਤਾਂ ਮਜ਼ਦੂਰੀ ਕਰਨ ਲਈ ਮਜਬੂਰ ਹਨ ਅਤੇ ਮਰਦ ਆਪਣੀ ਕਮਾਈ ਦਾ ਬਹੁਤਾ ਹਿੱਸਾ ਲਾਟਰੀ ਟਿਕਟਾਂ ਖਰੀਦਣ ਵਿੱਚ ਖਰਚ ਕਰ ਰਹੇ ਹਨ। ਇੱਕ ਵਾਰ ਲਾਟਰੀ ਦੀ ਆਦਤ ਪੈਣ 'ਤੇ ਲਾਲਚ ਕਾਰਨ ਮਨੁੱਖ ਇਸ ਦਲਦਲ ਵਿੱਚ ਧਸਦਾ ਜਾਂਦਾ ਹੈ। ਭਾਵੇਂ ਕੋਈ ਲਾਟਰੀ ਵਿੱਚ ਇਨਾਮ ਵਜੋਂ ਥੋੜ੍ਹੀ ਜਿਹੀ ਰਕਮ ਜਿੱਤ ਲੈਂਦਾ ਹੈ ਤਾਂ ਉਹ ਦੁਬਾਰਾ ਲਾਟਰੀ ਟਿਕਟਾਂ ਖਰੀਦਣ ਵਿੱਚ ਉਕਤ ਰਕਮ ਦਾ ਨਿਵੇਸ਼ ਕਰਦਾ ਹੈ। ਸਰਕਾਰਾਂ ਨੂੰ ਇਸ ਸਮਾਜਿਕ ਬੁਰਾਈ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ। ਭਾਵੇਂ ਲਾਟਰੀ ਰਾਜ ਸਰਕਾਰਾਂ ਲਈ ਆਮਦਨ ਦਾ ਮੁੱਖ ਸਾਧਨ ਹੈ ਪਰ ਇਸ ਨੂੰ ਬੰਦ ਕਰਕੇ ਆਮਦਨ ਦੇ ਬਦਲਵੇਂ ਸਾਧਨ ਲੱਭੇ ਜਾਣੇ ਚਾਹੀਦੇ ਹਨ ਕਿਉਂਕਿ ਇਸ ਦਾ ਸਮੁੱਚੇ ਸਮਾਜ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
-ਵਰਿੰਦਰ ਸ਼ਰਮਾ
ਊਨਾ, (ਹਿਮਾਚਲ ਪ੍ਰਦੇਸ਼)
ਕਲਾ ਅਤੇ ਸੱਭਿਆਚਾਰ
ਸਾਡ ਜੀਵਨ ਵਿਚ ਕਲਾ ਤੇ ਸੱਭਿਆਚਾਰ ਦਾ ਬਹੁਤ ਮਹੱਤਵ ਹੈ। ਇਹ ਸਿਰਫ਼ ਲੋਕਾਂ ਦੀ ਪਛਾਣ ਹੀ ਨਹੀਂ, ਸਗੋਂ ਸਾਡੇ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ। ਸਥਾਨਕ ਕਲਾਕਾਰਾਂ ਨੂੰ ਸਹਾਰਾ ਦੇਣ ਅਤੇ ਉਨ੍ਹਾਂ ਦੇ ਕੰਮਾਂ ਨੂੰ ਪ੍ਰਮੋਟ ਕਰਨ ਲਈ ਸਾਨੂੰ ਵਧੇਰੇ ਮੰਚਾਂ ਦੀ ਲੋੜ ਹੁੰਦੀ ਹੈ। ਇਸ ਨਾਲ ਨਾ ਸਿਰਫ ਕਲਾਕਾਰੀ ਨੂੰ ਉਤਸ਼ਾਹ ਮਿਲੇਗਾ, ਬਲਕਿ ਨਵੀਆਂ ਪੀੜੀਆਂ ਨੂੰ ਵੀ ਕਲਾ ਨੂੰ ਪ੍ਰਗਟਾਉਣ ਦਾ ਮੌਕਾ ਮਿਲੇਗਾ। ਸਾਨੂੰ ਚਾਹੀਦਾ ਹੈ ਕਿ ਸਥਾਨਕ ਯੂਥ ਫੈਸਟੀਵਲ, ਕਲਾ ਪ੍ਰਦਰਸ਼ਨ ਅਤੇ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕੀਤਾ ਜਾਵੇ, ਤਾਂ ਜੋ ਸਾਡੇ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਸਾਂਝਾ ਕਰਨ ਦਾ ਮੌਕਾ ਮਿਲੇ। ਮੈਂ ਉਮੀਦ ਕਰਦੀ ਹਾਂ ਕਿ ਸਥਾਨਕ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਕੋਈ ਕਾਰਵਾਈ ਕਰਨ ਵਿਚ ਸਹਾਇਤਾ ਕਰੋਗੇ।
-ਨੀਲਾਕਸ਼ੀ ਫਗਵਾੜਾ।
ਡਿਸਪੋਜ਼ਲ ਦੀ ਵਰਤੋਂ ਘੱਟ ਕਰੋ
ਅੱਜਕਲ੍ਹ ਬਹੁਤੇ ਸਮਾਜਿਕ ਪ੍ਰੋਗਰਾਮਾਂ ਵਿਚ ਡਿਸਪੋਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਭਾਵੇਂ ਉਹ ਪਲਾਸਟਿਕ ਦੇ ਬਣੇ ਗਲਾਸ, ਚਮਚੇ ਜਾਂ ਕੌਲੀਆਂ ਹੋਣ। ਇਸ ਤੋਂ ਬਿਨਾਂ ਥਰਮਕੋਲ ਨਾਲ ਬਣਾਏ ਜਾਂਦੇ ਗਲਾਸ ਅਤੇ ਹੋਰ ਸਾਮਾਨ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪ੍ਰਕਾਰ ਦੇ ਡਿਸਪੋਜ਼ਲ ਵਿਚ ਖਾਣਾ ਖਾਣ ਨਾਲ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਕਿਉਂਕਿ ਪਲਾਸਟਿਕ ਜਾਂ ਥਰਮਾਕੋਲ ਨਾਲ ਬਣੇ ਬਰਤਨ ਦੀ ਵਰਤੋਂ ਖਾਣਾ ਖਾਣ ਲਈ ਜਾਂ ਪਾਣੀ ਪੀਣ ਲਈ ਕਰਨ ਨਾਲ ਇਹ ਆਪਣਾ ਕੁਝ ਨਾ ਕੁਝ ਅਸਰ ਛੱਡਦੇ ਹਨ, ਜੋ ਕਿ ਇਨਸਾਨੀ ਸਰੀਰ ਵਿਚ ਲਗਾਤਾਰ ਜਾ ਕੇ ਇਨਸਾਨ ਨੂੰ ਬਿਮਾਰ ਕਰਦਾ ਹੈ। ਅਕਸਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕ ਮੇਲਿਆਂ, ਦਿਨ ਤਿਉਹਾਰਾਂ 'ਤੇ ਲੰਗਰ ਲਗਾਉਂਦੇ ਹਨ ਇਤ ਇਸ ਦੌਰਾਨ ਉਹ ਡਿਸਪੋਜ਼ਲ ਵਿਚ ਖਾਣ ਪੀਣ ਦੇ ਪਦਾਰਥ ਵਰਤਦੇ ਹਨ। ਇਸ ਦੀ ਵਰਤੋਂ ਕਰਨ ਤੋਂ ਬਾਅਦ ਡਿਸਪੋਜ਼ਲ ਨੂੰ ਸੜਕਾਂ ਦੇ ਆਲੇ-ਦੁਆਲੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਇਹ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਦਾ ਹੈ, ਉਥੇ ਹੀ ਅਵਾਰਾ ਜਾਨਵਰਾਂ ਅਤੇ ਪੰਛੀਆਂ ਵਲੋਂ ਭੋਜਨ ਦੀ ਤਲਾਸ਼ ਵਿਚ ਇਸ ਜਗ੍ਹਾ 'ਤੇ ਆਪਣੇ ਡੇਰੇ ਲਾ ਲਏ ਜਾਂਦੇ ਹਨ। ਜੇ ਇਸ ਨੂੰ ਸਾੜਿਆ ਵੀ ਜਾਂਦਾ ਹੈ ਤਾਂ ਇਸ ਤੋਂ ਨਿਕਲਿਆ ਧੂੰਆਂ ਇਨਸਾਨੀ ਸਿਹਤ ਅਤੇ ਵਾਤਾਵਰਨ ਲਈ ਖ਼ਤਰਨਾਕ ਸਾਬਤ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਡਿਸਪੋਜ਼ਲ ਦੀ ਵਰਤੋਂ ਘੱਟ ਤੋਂ ਘੱਟ ਕਰੀਏ, ਇਸ ਨਾਲ ਅਸੀਂ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ।
-ਅਸ਼ੀਸ਼ ਸ਼ਰਮਾ ਜਲੰਧਰ
ਅਵਾਰਾ ਕੁੱਤੇ ਦੇ ਵੱਢਣ 'ਤੇ ਸਾਵਧਾਨੀਆਂ
ਅਵਾਰਾ ਕੁੱਤੇ ਦੇ ਵੱਢਣ ਸਮੇਂ ਜੇਕਰ ਤੁਰੰਤ ਡਾਕਟਰੀ ਸਹਾਇਤਾ ਨਾ ਮਿਲੇ, ਤਾਂ ਮੁੱਢਲੀ ਸਹਾਇਤਾ ਵਜੋਂ ਸਾਬਣ ਨਾਲ 15 ਮਿੰਟ ਵਗਦੇ ਪਾਣੀ ਨਾਲ ਜ਼ਖ਼ਮ ਧੋਣਾ ਚਾਹੀਦਾ ਹੈ। ਇਹ ਕੁੱਤੇ ਦੀ ਲਾਹਰ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਦਾ ਹੈ। ਰੇਬੀਜ਼ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਜ਼ਖ਼ਮਾਂ ਨੂੰ ਵੀ ਹੱਥ ਨਾ ਲਾਉ ।ਦਸਤਾਨੇ ਦੀ ਵਰਤੋਂ ਕਰੋ। ਮੁੱਢਲੀ ਡਾਕਟਰੀ ਸਹਾਇਤਾ ਜਿੰਨੀ ਜਲਦੀ ਹੋਵੇ ਲਓ, ਨਜ਼ਦੀਕੀ ਹਸਪਤਾਲ ਵਿਚ ਕੁੱਤੇ ਦਾ ਟੀਕਾ ਲਗਾਉਣਾ ਹੈ। 5 ਟੀਕੇ ਲਗਾਉ। ਜ਼ਖ਼ਮ 'ਤੇ ਕੋਈ ਮਰਮ ਪੱਟੀ ਬਿਟਾਡੀਨ ਨਹੀਂ ਲਗਾਉਣੀ। ਘਰੇਲੂ ਨੁਸਖਾ ਨਹੀਂ ਵਰਤਣਾ। ਜੇ ਕੋਈ ਜਾਨਵਰ ਬੀਮਾਰ ਜਾਂ ਜ਼ਖ਼ਮੀ ਹੈ ਉਸ ਤੋਂ ਦੂਰ ਰਹੋ। ਇਹ ਬਿਮਾਰੀ ਇਕ ਪ੍ਰਜਾਤੀ ਤੋਂ ਦੂਸਰੀ ਪ੍ਰਜਾਤੀ ਤੱਕ ਫੈਲਦੀ ਹੈ। ਕੁੱਤੇ ਦੇ ਜ਼ਖ਼ਮ ਵੱਡਾ ਹੈ ਤੇ ਟਾਂਕਿਆਂ ਦੀ ਵਰਤੋ ਨਾ ਕਰੋ। ਪਾਲਤੂ ਕੁੱਤਿਆਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਰੇਲ ਹਾਦਸੇ ਬਨਾਮ ਚੌਕਸੀ
ਰੇਲ ਪਟੜੀਆਂ 'ਤੇ ਸਿਲੰਡਰ, ਦਰੱਖਤਾਂ ਦੇ ਤਣੇ, ਸੀਮਿੰਟ ਦੇ ਬਲਾਕ, ਲੋਹੇ ਦੀਆਂ ਛੜਾਂ ਆਦਿ ਰੱਖਣ ਬਾਰੇ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਰੇਲ ਸਫਰ ਕਰਨ ਲੱਗਿਆਂ ਕਈ ਸਵਾਲ ਦਿਮਾਗ ਵਿਚ ਆਉਂਦੇ ਹਨ। ਇਨ੍ਹਾਂ ਰੇਲ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਤੰਤਰ ਨੂੰ ਚੁਸਤ ਦਰੁਸਤ ਕਰਨ ਦੀ ਲੋੜ ਹੈ। ਰੇਲ ਪਟੜੀਆਂ 'ਤੇ ਗਸ਼ਤ ਹੋਰ ਤੇਜ਼ ਕਰਨ ਦੀ ਲੋੜ ਹੈ। ਇਸ ਦੇ ਨਾਲ ਜਨਤਾ ਨੂੰ ਵੀ ਪੁਲਿਸ ਦਾ ਸਾਥ ਦੇਣਾ ਪਵੇਗਾ। ਜਦੋਂ ਵੀ ਕਿਤੇ ਰੇਲ ਪਟੜੀ 'ਤੇ ਸ਼ੱਕੀ ਵਿਅਕਤੀ ਵਲੋਂ ਕੋਈ ਚੀਜ਼ ਰੱਖਣ ਦਾ ਖ਼ਦਸ਼ਾ ਜਾਪੇ ਤਾਂ ਫੌਰੀ ਤੌਰ 'ਤੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਸੂਬੇ ਦੀਆਂ ਸਰਕਾਰਾਂ ਨਾਲ ਤਾਲਮੇਲ ਕਰ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ।
-ਗੁਰਮੀਤ ਸਿੰਘ ਵੇਰਕਾ
ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।
ਸਦਾ ਦਿਲਾਂ ਵਿਚ ਰਹਿਣਗੇ ਰਤਨ ਟਾਟਾ
ਕਾਰੋਬਾਰ ਤਾਂ ਬਹੁਤ ਲੋਕ ਕਰਦੇ ਹਨ ਤੇ ਦੁਨੀਆ 'ਚ ਵੱਡੇ ਉਦਯੋਗਪਤੀ ਵੀ ਬਣ ਜਾਂਦੇ ਹਨ ਪਰ ਸਾਡੇ ਤੋਂ ਸਰੀਰਕ ਤੌਰ 'ਤੇ ਵਿਛੜੇ ਰਤਨ ਟਾਟਾ ਵਾਕਿਆ ਹੀ ਵੱਡੇ ਉਦਯੋਗਪਤੀ ਹੀ ਨਹੀਂ, ਸਗੋਂ ਇਕ ਮਹਾਨ ਇਨਸਾਨ ਵੀ ਸਨ। ਉਹ ਇਕ ਅਜਿਹੇ ਉਦਯੋਗਪਤੀ ਸਨ ਜੋ ਆਪਣੇ ਮੁਲਾਜ਼ਮਾਂ ਨੂੰ ਮੁਲਾਜ਼ਮ ਨਹੀਂ, ਸਗੋਂ ਪਰਿਵਾਰਕ ਮੈਂਬਰ ਸਮਝਦੇ ਸਨ। ਇਹੋ ਜਿਹੀ ਸ਼ਖ਼ਸੀਅਤ ਦੇ ਮਾਲਕ ਬਹੁਤ ਘੱਟ ਲੋਕ ਹੁੰਦੇ ਹਨ, ਜੋ ਦੂਜਿਆਂ ਦੇ ਦਰਦ ਤੇ ਮੁਸ਼ਕਿਲ ਨੂੰ ਸਮਝਣ ਦੇ ਨਾਲ-ਨਾਲ ਉਸ ਦੇ ਹੱਕ ਲਈ ਕੰਮ ਵੀ ਕਰਦੇ ਸਨ। ਅੱਜ ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ 'ਤੇ ਹਰ ਅੱਖ ਨਮ ਹੈ। ਉਨ੍ਹਾਂ ਦੀ ਰਹਿਨੁਮਾਈ ਹੇਠ ਟਾਟਾ ਉਦਯੋਗ ਨੇ ਬਹੁਤ ਸਾਰੇ ਮੀਲ ਪੱਥਰ ਸਥਾਪਤ ਕੀਤੇ। ਉਹ ਅਜਿਹੇ ਇਨਸਾਨ ਸਨ, ਜੋ ਦਿਲ ਖੋਲ੍ਹ ਕੇ ਦਾਨ ਦਿੰਦੇ ਸਨ। ਉਨ੍ਹਾਂ ਨੇ ਉਦਯੋਗਾਂ ਤੋਂ ਇਲਾਵਾ ਹਸਪਤਾਲਾਂ ਦੀ ਇਕ ਲੜੀ ਵੀ ਸਥਾਪਿਤ ਕੀਤੀ, ਜਿਥੇ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਹ ਸਾਦਗੀ ਭਰਪੂਰ ਇਨਸਾਨ ਸਨ, ਜੋ ਲਗਜ਼ਰੀ ਆਰਾਮ ਦੀ ਬਜਾਇ ਇਕ ਸਾਦੇ ਮਕਾਨ ਵਿਚ ਰਹਿੰਦੇ ਸਨ। ਉਹ ਭਾਵੇਂ ਸਰੀਰਕ ਤੌਰ'ਤੇ ਸਾਡੇ ਕੋਲੋਂ ਵਿਛੜ ਗਏ ਹਨ, ਪਰ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਤੇ ਸਮੁੱਚੇ ਭਾਰਤ ਦੇ ਲੋਕਾਂ ਦੇ ਦਿਲਾਂ ਵਿਚ ਵਸੇ ਰਹਿਣਗੇ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਬੋਰਡ ਦਾ ਚੰਗਾ ਕਦਮ
ਪਿਛਲੇ ਦਿਨੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਲਾਂ ਦੀ ਕਟਾਈ ਤੇ ਤੇ ਰੰਗਾਈ ਦੇ ਪ੍ਰਦੂਸ਼ਣ ਨੂੰ ਲੈ ਕੇ ਕੁਝ ਸੈਲੂਨਾਂ ਨੂੰ ਨੋਟਿਸ ਕੱਢੇ ਹਨ। ਜਿਸ ਨੂੰ ਅਸੀਂ ਚੰਗਾ ਕਦਮ ਸਮਝਦੇ ਹਾਂ। ਕਿਉਂਕਿ ਪ੍ਰਦੂਸ਼ਣ ਦੇ ਨਾਂਅ 'ਤੇ ਕਿਸੇ ਵੀ ਤਰਵੰ ਦੀ ਕੁਤਾਹੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਅਸੀਂ ਬੋਰਡ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਜਿਵੇਂ ਹੁਣ ਤੁਸੀਂ ਕੁਝ ਸੈਲੂਨਾਂ ਨੂੰ ਨੋਟਿਸ ਕੱਢੇ ਹਨ। ਠੀਕ ਇਸੇ ਤਰ੍ਹਾਂ ਉਸ ਵਿਅਕਤੀ ਜਾਂ ਫੈਕਟਰੀ ਕਾਰਖਾਨੇ ਜਾਂ ਉਸ ਤਬਕੇ ਨੂੰ ਵੀ ਨੋਟਿਸ ਕੱਢੇ ਜਾਣ ਜੋ ਪ੍ਰਦੂਸ਼ਣ ਫੈਲਾਉਣ ਦੇ ਦੋਸ਼ੀ ਹਨ। ਅਜਿਹੇ ਕਦਮ ਗੰਭੀਰਤਾ ਨਾਲ ਚੁੱਕੇ ਜਾ, ਨਾ ਕਿ ਖਾਨਾਪੂਰਤੀਆਂ ਕੀਤੀਆਂ ਜਾਣ। ਪ੍ਰਦੂਸ਼ਣ ਨੂੰ ਲੈ ਕੇ ਬੋਰਡ ਲੰਮੇ ਸਮੇਂ ਬਾਅਦ ਹਰਕਤ 'ਚ ਆਇਆ ਹੈ। ਇਸ ਕਰਕੇ ਚੰਗੇ ਨਤੀਜਿਆਂ ਦੀ ਉਮੀਦ ਹੈ। ਨਹੀਂ ਤਾਂ ਲੋਕ ਇਹ ਕਹਿਣ ਲਈ ਮੁੜ ਮਜਬੂਰ ਹੋ ਜਾਣਗੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ।
-ਬੰਤ ਸਿੰਘ ਘੁਡਾਣੀ ਲੁਧਿਆਣਾ।
ਰਿਸ਼ਤਿਆਂ ਦਾ ਅੰਤ
ਸਮੇਂ ਦੇ ਨਾਲ ਇਨਸਾਨੀ ਰਿਸ਼ਤੇ ਕਿਵੇਂ ਬਦਲ ਜਾਂਦੇ ਹਨ, ਪਤਾ ਹੀ ਨਹੀਂ ਚਲਦਾ। ਟੈਕਨੋਲੋਜੀ ਨੇ ਸ਼ਾਇਦ ਰਿਸ਼ਤਿਆਂ ਦੀ ਉਮਰ ਘੱਟ ਕਰ ਦਿੱਤੀ ਹੈ । ਜਿਹੜੇ ਮਾਂ-ਬਾਪ ਬਚਪਨ ਵਿਚ ਬੱਚੇ ਲਈ ਕਿੰਨੇ ਜ਼ਰੂਰੀ ਹੁੰਦੇ ਨੇ ਬੱਚੇ ਦੀ ਵਧਦੀ ਉਮਰ ਉਸ ਨੂੰ ਆਪਣੇ ਮਾਂ-ਬਾਪ ਤੋਂ ਦੂਰ ਲੈ ਜਾਂਦੀ ਹੈ। ਬੱਚੇ ਦੀ 15-16 ਸਾਲ ਦੀ ਉਮਰ ਤੋਂ ਹੀ ਬੱਚੇ ਤੇ ਮਾਤਾ ਪਿਤਾ ਵਿੱਚ ਗੈਪ ਪੈਣਾ ਸ਼ੁਰੂ ਹੋ ਜਾਂਦਾ ਹੈ, ਮਾਤਾ ਪਿਤਾ ਦੀ ਥਾਂ ਉਸ ਦੇ ਦੋਸਤਾਂ ਤੇ ਟੈਕਨੋਲੋਜੀ ਲੈ ਲੈਂਦੀ ਹੈ। ਬੱਚੇ ਦੇ ਵਿਆਹ ਤੋਂ ਬਾਅਦ ਤਾਂ ਖਾਸ ਕਰਕੇ ਮੁੰਡਿਆਂ ਦਾ ਆਪਣੇ ਮਾਤਾ-ਪਿਤਾ ਨਾਲ ਮੋਹ ਬਹੁਤ ਘੱਟ ਜਾਂਦਾ ਹੈ ਇਸੇ ਤਰ੍ਹਾਂ ਨਾਲ ਦੇ ਜੰਮੇ ਭੈਣ-ਭਰਾ, ਜਿਨ੍ਹਾਂ ਬਿਨਾਂ ਬਚਪਨ ਵਿਚ ਬਿਨਾਂ ਜੀਣਾ ਮੁਸ਼ਕਿਲ ਹੁੰਦਾ ਹੈ, ਸਮੇਂ ਦੇ ਨਾਲ ਬਿਗਾਨੇ ਹੋਣ ਲੱਗਦੇ ਹਨ। ਹਰ ਇੱਕ ਦਾ ਸਵਾਰਥੀ ਹੋ ਜਾਣਾ ਤੇ ਸਿਰਫ ਆਪਣੇ ਬਾਰੇ ਸੋਚਣਾਂ ਰਿਸ਼ਤਿਆਂ ਦਾ ਗਲਾ ਘੁੱਟ ਰਿਹਾ ਹੈ। ਪਰਿਵਾਰ ਵਿੱਚ ਆਪਸ ਘੱਟ ਗੱਲਬਾਤ ਹੋਣੀ ਰਿਸ਼ਤਿਆਂ ਨੂੰ ਮਾਰ ਰਹੀ ਹੈ। ਜਨਰੇਸ਼ਨ ਗੈਪ ਕਰਕੇ ਰਿਸ਼ਤੇ ਤਾਲਮੇਲ ਨਹੀਂ ਬਿਠਾ ਪਾ ਰਹੇ। ਹੁਣ ਖੁੂਨ ਦੇ ਰਿਸ਼ਤਿਆਂ ਨਾਲੋਂ ਦੂਸਰੇ ਰਿਸ਼ਤੇ ਵਧੀਆ ਵਿਕਲਪ ਲੱਗਣ ਲੱਗ ਪਏ ਨੇ ਪਰ ਅਖੀਰ ਨੂੰ ਖ਼ੂੁਨ ਦਾ ਰਿਸ਼ਤਾ ਹੀ ਕੰਮ ਆਉਂਦਾ ਹੈ।
-ਧਿਆਨ ਸਿੰਘ
ਸੜਕ ਹਾਦਸੇ
ਅਸੀਂ ਰੋਜ਼ਾਨਾ ਅਖ਼ਬਾਰਾਂ, ਸੋਸ਼ਲ ਮੀਡੀਆ, ਨਿਊਜ਼ ਚੈਨਲਾਂ ਅਤੇ ਹੋਰ ਸੰਚਾਰ ਸਾਧਨਾਂ 'ਤੇ ਅਕਸਰ ਹਾਦਸਿਆਂ ਦੀਆਂ ਭਿਆਨਕ ਤਸਵੀਰਾਂ ਅਤੇ ਖ਼ਬਰਾਂ ਦੇਖਦੇ ਅਤੇ ਪੜ੍ਹਦੇ ਹਾਂ। ਜੋ ਪੜ੍ਹਨ 'ਤੇ ਦੇਖਣ ਵਾਲੇ ਨੂੰ ਦੁਖੀ ਤੇ ਪ੍ਰੇਸ਼ਾਨ ਕਰਦੀਆਂ ਹਨ। ਸੜਕ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਸਾਡੇ ਸਮਾਜ ਲਈ ਬਹੁਤ ਵੱਡੀ ਚਿੰਤਾ ਦਾ ਮਸਲਾ ਹੈ। ਵਿਕਾਸ ਦਾ ਪੱਧਰ ਵਧਣ ਕਰਕੇ ਆਵਾਜਾਈ ਦੇ ਸਾਧਨ ਵੀ ਬਹੁਤ ਵਧ ਰਹੇ ਹਨ। ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰੀ ਹੈ, ਜੋ ਕਿ ਸਭ ਤੋਂ ਵੱਧ ਮੌਤਾਂ ਦਾ ਇਕ ਕਾਰਨ ਹੈ। ਹੋਰ ਕਾਰਨ ਸ਼ਰਾਬ ਪੀ ਕੇ ਡਰਾਈਵਿੰਗ, ਅਵਾਰਾ ਪਸ਼ੂਆਂ ਦਾ ਟਕਰਾਉਣਾ, ਸੀਟ ਬੈਲਟ ਅਤੇ ਹੈਲਮਟ ਨਾ ਵਰਤਣਾ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਆਦਿ ਹਨ। ਪੰਜਾਬ ਸਰਕਾਰ ਵਲੋਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ। ਆਮ ਨਾਗਰਿਕ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸੜਕੀ ਨਿਯਮਾਂ ਦੀ ਹੂ-ਬ-ਹੂ ਪਾਲਣਾ ਕਰਨ। ਤਾਂ ਜੋ ਹਾਦਸਿਆਂ ਨੂੰ ਘਟਾ ਕੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।
-ਗੌਰਵ ਮੁੰਜਾਲ
ਪੀ.ਸੀ.ਐਸ.
ਅੰਗਹੀਣਾਂ ਦਾ ਸਤਿਕਾਰ ਕਰੋ
ਅਪਾਹਜ ਵਿਅਕਤੀਆਂ ਦੇ ਹੌਸਲੇ ਅੱਗੇ ਸਰੀਰਕ ਚੁਣੌਤੀਆਂ ਵੀ ਝੁਕ ਜਾਂਦੀਆਂ ਹਨ। ਜਿਨ੍ਹਾਂ ਨੇ ਅੰਗਹੀਣਤਾ ਨੂੰ ਆਪਣੇ ਹੌਸਲੇ 'ਤੇ ਕਦੀ ਹਾਵੀ ਨਹੀਂ ਹੋਣ ਦਿੱਤਾ। ਕਈ ਅਪਾਹਜ ਵਿਅਕਤੀਆਂ ਨੇ ਹਰ ਫੀਲਡ ਵਿਚ ਬਾਜੀ ਮਾਰੀ ਹੈ, ਪੈਰਾ ਉਲੰਪਿਕ ਖੇਡਾਂ ਵਿਚ ਆਪਣਾ ਲੋਹਾ ਮਨਵਾਇਆ ਹੈ। ਪੈਰਿਸ ਵਿਚ ਹਾਲ ਹੀ ਵਿਚ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ 7 ਗੋਲਡ ਮੈਡਲ ਸਮੇਤ 29 ਮੈਡਲ ਜਿੱਤਣ ਵਾਲੇ ਇਨ੍ਹਾਂ ਖਿਡਾਰੀਆਂ ਦੀ ਬੜੀ ਗਰਮ ਜੋਸ਼ੀ ਨਾਲ ਇੰਦਰਾ ਗਾਂਧੀ ਹਵਾਈ ਅੱਡੇ ਨਵੀਂ ਦਿੱਲੀ ਸਵਾਗਤ ਕੀਤਾ ਗਿਆ। ਲੋਕ ਖ਼ਾਸ ਕਰ ਨੇਤਾ ਲੋਕ ਅੰਗਹੀਣਾਂ ਪ੍ਰਤੀ ਤਰਸ ਕਰਨ ਲਈ ਅਜਿਹੇ ਲਫ਼ਜ਼ ਬੋਲਦੇ ਹਨ ਜਿਸ ਨਾਲ ਉਨ੍ਹਾਂ ਦੇ ਮਨ ਵਿਚ ਹੀਨ ਭਾਵਨਾ ਪੈਦਾ ਹੁੰਦੀ ਹੈ। ਸਰੀਰਕ ਤੌਰ 'ਤੇ ਅਪਾਹਜ ਲੋਕਾਂ ਦਾ ਕੋਝਾ ਮਜ਼ਾਕ ਆਪਣੀ ਆਪਣੀ ਅਪਾਹਜ ਸੋਚ ਹੁੰਦੀ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਲੋਕ ਸਾਡੇ ਸਮਾਜ ਦਾ ਅੰਗ ਹਨ। ਇਨ੍ਹਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਸਹੀ ਸਤਿਕਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਤਾਂ ਹੀ ਸਾਡੇ ਆਲਮੀ ਅੰਗਹੀਣ ਦਿਵਸ ਮਨਾਉਣ ਦਾ ਕੋਈ ਅਰਥ ਰਹਿ ਜਾਂਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੁਲਿਸ।
ਵਧਾਈ ਦੇ ਪਾਤਰ
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹੋਣਗੇ ਹਵਾਈ ਫ਼ੌਜ ਦੇ ਅਗਲੇ ਮੁਖੀ। ਨਰਿੰਦਰ ਮੋਦੀ ਸਰਕਾਰ ਵਧਾਈ ਦੀ ਪਾਤਰ ਹੈ, ਜਿਸ ਨੇ ਇਕ ਨਾਮਵਰ ਪਾਇਲਟ ਤੇ ਸੀਨੀਅਰਤਾ ਦੇ ਆਧਾਰ 'ਤੇ ਏਅਰਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਸਵਰਗਵਾਸੀ ਏਅਰ ਚੀਫ਼ ਮਾਰਸ਼ਲ, ਅਰਜਨ ਸਿੰਘ ਦੇ ਨਾਂਅ 'ਤੇ ਨਵੀਂ ਦਿੱਲੀ ਵਿਚ ਕਿਸੇ ਰੋਡ ਦਾ ਨਾਂਅ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਰੋਡ ਰੱਖਿਆ ਜਾਵੇ ਤੇ ਉਨ੍ਹਾਂ ਦਾ ਵੱਡੇ ਆਕਾਰ ਦਾ ਬੁੱਤ ਨਵੀਂ ਦਿੱਲੀ ਵਿਚ ਕਿਸੇ ਢੁਕਵੀਂ 'ਤਾਂ ਲਾਇਆ ਜਾਵੇ। ਆਤਿਸ਼ੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਹੈ, ਉਸ ਨੇ ਆਪਣੇ ਮੰਤਰੀ ਮੰਡਲ ਵਿਚ ਪੰਜੇ ਮੰਤਰੀ ਬਣਾਏ ਹਨ, ਪਰ ਉਨ੍ਹਾਂ ਵਿਚ ਇਕ ਵੀ ਸਿੱਖ ਮੰਤਰੀ ਨਹੀਂ ਲਿਆ, ਹਾਲਾਂਕਿ ਸਿੱਖ ਵਿਧਾਇਕ ਹਨ ਸ. ਜਰਨੈਲ ਸਿੰਘ ਤੇ ਵਿਕਰਮ ਸਿੰਘ ਸਾਹਨੀ ਜੀ। ਸ਼ੀਲਾ ਦੀਕਸ਼ਤ ਮੰਤਰੀ ਮੰਡਲ ਵਿਚ ਇਕ ਪੂਰਨ ਸਿੱਖ ਕੈਬਨਿਟ ਮੰਤਰੀ ਲਵਲੀ ਸਨ। ਆਤਿਸ਼ੀ ਆਪਣੇ ਮੰਤਰੀ ਮੰਡਲ ਵਿਚ ਇਕ ਸਿੱਖ ਨੂੰ ਮੰਤਰੀ ਮੰਡਲ ਵਿਚ ਲਵੇ। ਦਿੱਲੀ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਅਮਲੀ ਤੌਰ 'ਤੇ ਦਰਜਾ ਦਿੱਤਾ ਜੇਵ।
-ਨਰਿੰਦਰ ਸਿੰਘ
ਇੰਟਰਨੈਸ਼ਨਲ (ਸਮਾਜ ਸੇਵੀ), 3081-ਏ, ਸੈਕਟਰ 26 ਡੀ, ਚੰਡੀਗੜ੍ਹ।
ਬੇਖੌਫ਼ ਹੋਏ ਅਪਰਾਧੀ
ਅੰਮ੍ਰਿਤਸਰ 'ਅਜੀਤ' ਦੀ ਖਬਰ ਵੇਰਕਾ ਵਿਚ ਭਜਾਏ ਲੁਟੇਰਿਆਂ ਨੂੰ ਲੈ ਕੇ ਔਰਤ ਦੀ ਸ਼ਲਾਘਾ ਪੜ੍ਹੀ। ਕਾਬਲੇ ਗੌਰ ਸੀ। ਵੇਰਕਾ ਵਿਚ ਬਹਾਦਰ ਔਰਤ ਨੇ ਜਿਸ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਹੈ ਉਸ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ। ਰੋਜ਼ਾਨਾ ਗੈਂਗਸਟਰਾਂ ਵਲੋਂ ਫਿਰੌਤੀਾਂ, ਚੋਰਾਂ ਵਲੋਂ ਸਨੈਚਿੰਗ ਤੇ ਕਤਲਾਂ ਵਿਚ ਵਾਧਾ ਹੋ ਰਿਹਾ ਹੈ। ਰੋਜ਼ਾਨਾ ਕਿਤੇ ਨਾ ਕਿਤੇ ਬੇਅਦਬੀ ਦੀ ਘਟਨਾ, ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਫਿਰ ਲਾਂਬੂ ਲਗਾਉਣ ਬਾਰੇ ਸ਼ਰਾਰਤੀ ਤੱਤਾਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਬਾਰੇ ਪੂਰੇ ਪੰਜਾਬ ਵਾਸੀ ਸਹਿਮੇ ਹੋਏ ਹਨ। ਪੰਜਾਬ 'ਚ ਨਸ਼ਿਆਂ ਦੇ ਦਰਿਆ ਵਗ ਰਹੇ ਹਨ, ਨੌਜਵਾਨਾਂ ਦੇ ਨਾਲ ਜੋ ਜਵਾਨ ਕੁੜੀਆਂ ਨਸ਼ਿਆਂ ਦਾ ਸੇਵਨ ਕਰ ਰਹੀਆਂ ਹਨ, ਉਨ੍ਹਾਂ ਪਾਸੋਂ ਨਸ਼ਾ ਵੇਚਣ ਦਾ ਧੰਦਾ ਕਰਵਾਇਆ ਜਾ ਰਿਹਾ ਹੈ ਤਾਂ ਹੋਰ ਚਿੰਤਾ ਵਧ ਜਾਂਦੀ ਹੈ। ਇਸ ਔਰਤ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ ਦਾ ਮਨੋਬਲ ਵਧੇਗਾ ਤੇ ਲੁਟੇਰਿਆਂ ਨੂੰ ਠੱਲ੍ਹ ਪਵੇਗੀ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ, ਪੰਜਾਬ ਪੁਲਿਸ।
ਹਮੇਸ਼ਾ ਸਿੱਖਦੇ ਰਹੀਏ
ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਅੱਜ ਦੇ ਸਮੇਂ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਨ੍ਹਾਂ ਤੋਂ ਬਿਨਾਂ ਸਿੱਖਿਆ ਦਾ ਕੋਈ ਵੀ ਮਹੱਤਵ ਨਹੀਂ ਹੈ। ਨੈਤਿਕ ਕਦਰਾਂ ਕੀਮਤਾਂ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਅੱਜ ਦੇ ਜ਼ਮਾਨੇ ਵਿਚ ਬੱਚਿਆਂ ਨੂੰ, ਕਿਸ ਤਰ੍ਹਾਂ ਵੱਡਿਆਂ ਨਾਲ ਗੱਲ ਕਰਨੀ ਹੈ, ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ, ਕੁਦਰਤ ਦੇ ਕੀ ਕਾਇਦੇ ਕਾਨੂੰਨ ਹਨ, ਬਾਰੇ ਬਹੁਤ ਘੱਟ ਪਤਾ ਹੈ। ਮੋਬਾਈਲ ਨੇ ਬੱਚਿਆਂ ਦੇ ਮਨਾਂ ਅੰਦਰ ਘਰ ਕਰ ਲਿਆ ਹੈ। ਸਕੂਲ ਤੋਂ ਆਉਂਦੇ ਹੀ ਕੋਚਿੰਗ ਕਲਾਸਾਂ, ਕੋਚਿੰਗ ਕਲਾਸਾਂ ਤੋਂ ਬਾਅਦ ਸਿੱਧਾ ਹੀ ਮੋਬਾਈਲ ਨੂੰ ਫੜਦੇ ਹਨ। ਜਿਸ ਚੀਜ਼ ਦੇ ਫਾਇਦੇ ਹੁੰਦੇ ਹਨ, ਉਸ ਦੇ ਨੁਕਸਾਨ ਵੀ ਜ਼ਰੂਰ ਹੁੰਦੇ ਹਨ। ਦਿਨ ਪ੍ਰਤੀ ਦਿਨ ਮੋਬਾਈਲ ਸਮੱਸਿਆ ਦਾ ਕਾਰਨ ਹੀ ਬਣਦਾ ਜਾ ਰਿਹਾ ਹੈ। ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਘਟਦੀ ਜਾ ਰਹੀ ਹੈ। ਹੋਰ ਤਾਂ ਹੋਰ ਰਾਤ ਨੂੰ ਸੌਣ ਲੱਗੇ ਵੀ ਮੋਬਾਈਲ ਆਪਣੇ ਕੰਨ ਦੇ ਨੀਚੇ ਰੱਖ ਕੇ ਸੌਂਦੇ ਹਨ। ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਘਾਤਕ ਸਿੱਧ ਹੁੰਦੀ ਹੈ।
-ਸੰਜੀਵ ਸਿੰਘ ਸੈਣੀ,
ਮੁਹਾਲੀ
ਵਾਤਾਵਰਨ ਦੀ ਸਮੱਸਿਆ
ਅੱਜਕੱਲ੍ਹ ਦੇ ਸਮੇਂ ਵਿਚ ਵਾਤਾਵਰਨ ਦੇ ਬਦਤਰ ਹੋ ਰਹੇ ਹਾਲਾਤ ਸਾਡੇ ਸਾਰਿਆਂ ਲਈ ਇਕ ਚਿੰਤਾ ਦਾ ਵਿਸ਼ਾ ਹਨ, ਵਾਤਾਵਰਨ ਮਾਮਲਿਆਂ ਜਿਵੇਂ ਕਿ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਬਦਲਾਅ ਸਾਡੀ ਸਿਹਤ ਅਤੇ ਜੀਵਨ ਦੇ ਤਰੀਕੇ 'ਤੇ ਗੰਭੀਰ ਪ੍ਰਭਾਵ ਪਾ ਰਹੇ ਹਨ। ਸਾਡੀ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਵਾਤਾਵਾਰਣ ਦੀ ਸੁਰੱਖਿਆ ਲਈ ਕੁਝ ਪ੍ਰਭਾਵਸ਼ਾਲੀ ਕਦਮ ਉਠਾਉਣ ਦੇ ਨਾਲ-ਨਾਲ ਲੋਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨ ਅਤੇ ਸੰਤੁਲਿਤ ਵਿਕਾਸ ਦੇ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਨਾ ਸਿਰਫ ਸਾਡਾ ਵਾਤਾਵਰਨ ਸੁਧਾਰਿਆ ਜਾ ਸਕੇਗਾ, ਸਗੋਂ ਸਾਡੇ ਭਵਿੱਖ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਹੈ। ਉਮੀਦ ਹੈ ਕਿ ਇਸ ਮੁੱਦੇ 'ਤੇ ਜ਼ੋਰ ਦੇ ਕੇ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਪ੍ਰੇਰਿਤ ਕਰਨ ਵਿਚ ਸਹਾਇਤਾ ਕਰੋਗੇ।
-ਨੀਲਾਕਸ਼ੀ ਫਗਵਾੜਾ।
ਬੇਦਾਗ਼ ਸਰਪੰਚ
ਪੰਚਾਇਤੀ ਚੋਣਾਂ ਹੋਣ ਕਾਰਨ ਪੂਰੇ ਪਿੰਡ ਵਿਚ ਸਰਪੰਚ ਦੀ ਚੋਣ ਲਈ ਮੈਦਾਨ ਭਖਿਆ ਹੋਇਆ ਸੀ। ਪਹਿਲੀ ਧਿਰ ਦਾ ਉਮੀਦਵਾਰ ਪੜ੍ਹਿਆ-ਲਿਖਿਆ ਚੰਗੇ ਰਸੂਖ ਵਾਲਾ ਵਿਅਕਤੀ ਗੁਰਮੁੱਖ ਸਿੰਘ ਸੀ ਤੇ ਦੂਸਰੀ ਧਿਰ ਦਾ ਉਮੀਦਵਾਰ ਅਨਪੜ੍ਹ ਤੇ ਚਰਿੱਤਰਹੀਣ ਸੀ। ਗੁਰਮੁੱਖ ਸਿੰਘ ਨਾਲ ਬਹੁਗਿਣਤੀ ਲੋਕ ਸਹਿਮਤ ਸਨ ਤੇ ਉਹ ਸਰਪੰਚੀ ਲਈ ਕਾਬਿਲ ਮੰਨਿਆ ਜਾ ਰਿਹਾ ਸੀ। ਗੁਰਮੁੱਖ ਸਿੰਘ ਵੀ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਲੋਕਾਂ ਨਾਲ ਪੂਰਾ ਸਹਿਯੋਗ ਕਰ ਰਿਹਾ ਸੀ। ਗੁਰਮੁੱਖ ਸਿੰਘ ਲੋਕਾਂ ਨੂੰ ਸਮਝਾ ਰਿਹਾ ਸੀ ਕਿ ਇਸ ਵਾਰ ਪੰਚਾਇਤ ਚੋਣ ਸਹੀ ਢੰਗ ਨਾਲ ਹੋਵੇ, ਨਸ਼ੇ ਅਤੇ ਪੈਸੇ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਆਪਾਂ ਸਰਪੰਚ ਬਣ ਕੇ ਇਕੱਲੀ ਰਬੜ ਦੀ ਮੋਹਰ ਨਹੀਂ ਲੈਣੀ ਅਤੇ ਨਾਂ ਹੀ ਪੁਲਿਸ ਥਾਣੇ ਦਾ ਦਲਾਲ ਬਣਨਾ ਹੈ। ਆਪਾਂ ਤਾਂ ਬੇਦਾਗ਼ ਸਰਪੰਚ ਬਣ ਕੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਪੂਰੇ ਪਿੰਡ ਦਾ ਵਿਕਾਸ ਕਰਨਾ ਹੈ।
-ਗੁਰਪ੍ਰੀਤ ਮਾਨ, ਮੌੜ।
ਲੋਕਾਂ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਹੋਣ
ਅੱਜਕੱਲ੍ਹ ਬਠਿੰਡਾ ਸ਼ਹਿਰ ਦੀ ਸਾਫ਼-ਸਫ਼ਾਈ ਦਾ ਬਹੁਤ ਬੁਰਾ ਹਾਲ ਹੈ। ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਸਫਾਈ ਸੇਵਕ ਪਿਛਲੇ ਇਕ ਹਫਤੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ ਅਤੇ ਧਰਨੇ ਦੇ ਰਹੇ ਹਨ, ਪਰ ਨਗਰ ਨਿਗਮ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਨਹੀਂ ਦੇ ਰਿਹਾ। ਸਫਾਈ ਸੇਵਕਾਂ ਅਤੇ ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਹੋਣ ਕਰਕੇ ਲੋਕਾਂ ਦੇ ਘਰਾਂ ਵਿਚ ਕੂੜੇ ਦੇ ਢੇਰ ਲੱਗ ਗਏ ਹਨ। ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਕੂੜੇ ਕਰਕੇ ਮੱਛਰ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਜੀਵ ਜੰਤੂਆਂ ਦੇ ਲੜਨ ਕਰਕੇ ਕਈ ਤਰ੍ਹਾਂ ਦੇ ਬੁਖਾਰ, ਡੇਂਗੂ ਤੋਂ ਇਲਾਵਾ ਹੋਰ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਸਾਡੀ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਬੇਨਤੀ ਹੈ ਕਿ ਉਹ ਲੋਕਾਂ ਨੂੰ ਸਾਫ਼-ਸਫਾਈ ਅਤੇ ਘਰਾਂ ਵਿਚੋਂ ਕੂੜਾ ਚੁੱਕਣ ਦੀ ਆ ਰਹੀ ਮੁਸ਼ਕਿਲ ਦਾ ਤੁਰੰਤ ਹੱਲ ਕਰਨ। ਸ਼ਹਿਰ ਦੇ ਲੋਕਾਂ ਨੂੰ ਨਗਰ ਨਿਗਮ ਦੇ ਅਫਸਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਵੇ ਇਸ ਤੋਂ ਪਹਿਲਾਂ ਉਹ ਲੋਕਾਂ ਦੀ ਇਸ ਮੁਸ਼ਕਿਲ ਵੱਲ ਜਲਦੀ ਤੋਂ ਜਲਦੀ ਧਿਆਨ ਦੇਵੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ
ਅਜੋਕੇ ਸਮੇਂ ਵਿਚ ਜਦੋਂ ਨੈਤਿਕ ਕਦਰਾਂ ਕੀਮਤਾਂ ਅਤੇ ਸਹਿਣਸ਼ੀਲਤਾ ਦਮ ਤੋੜ ਰਹੀ ਹੈ ਅਤੇ ਦਿਨੋ-ਦਿਨ ਮਨੁੱਖ ਹਿੰਸਕ ਹੁੰਦਾ ਜਾ ਰਿਹਾ ਹੈ, ਅਜਿਹੇ ਸਮੇਂ ਅਹਿੰਸਾ ਦਿਵਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਕ ਲੇਖਕ ਦਾ ਕਥਨ ਹੈ ਕਿ 'ਜੰਗ ਕਿਆ ਮਸਲੋਂ ਕਾ ਹੱਲ ਹੋਗੀ, ਜੰਗ ਤੋਂ ਖ਼ੁਦ ਏਕ ਮਸਲਾ ਹੈ।' ਪਿਛਲੇ ਲੰਮੇ ਸਮੇਂ ਤੋਂ ਰੂਸ-ਯੂਕਰੇਨ ਵਿਚਕਾਰ ਯੁੱਧ ਚੱਲ ਰਿਹਾ ਹੈ। ਦੂਜੇ ਗੁਆਂਢੀ ਦੇਸ਼ ਇਨ੍ਹਾਂ ਦੀ ਮਦਦ ਕਰਦੇ ਹੋਏ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਮਸਰੂਫ਼ ਹਨ, ਕਿਸੇ ਨੂੰ ਵੀ ਮਨੁੱਖਤਾ ਦੇ ਹੋ ਰਹੇ ਘਾਣ ਬਾਰੇ ਕੋਈ ਚਿੰਤਾ ਨਹੀਂ ਅਤੇ ਕੋਈ ਵੀ ਦੇਸ਼ ਇਸ ਵਿਸ਼ੇ 'ਤੇ ਚਿੰਤਨ ਕਰਨ ਨੂੰ ਜ਼ਰੂਰੀ ਨਹੀਂ ਸਮਝਦਾ। ਯੁੱਧ ਦੋ ਦੇਸ਼ਾਂ ਦਾ ਹੁੰਦਾ ਹੁੰਦਾ ਕਦੋਂ ਇਸ ਦਾ ਸੇਕ ਸਾਡੀਆਂ ਬਰੂਹਾਂ ਤੱਕ ਪਹੁੰਚ ਜਾਵੇ, ਇਸ ਦਾ ਕੋਈ ਪਤਾ ਨਹੀਂ ਹੁੰਦਾ। ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਸ਼ੇਅਰ ਹੈ ਕਿ 'ਲੱਗੀ ਕਾਲਜੇ ਜੇ ਅਜੇ ਤੇਰੇ ਛੁਰੀ ਨਹੀਂ ਤਾਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ।' ਹਿੰਸਾ ਕਿਤੇ ਵੀ ਹੋਵੇ ਇਸ ਦਾ ਖਮਿਆਜ਼ਾ ਤਾਂ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਮਹਾਤਮਾ ਗਾਂਧੀ ਅਹਿੰਸਾ ਦੇ ਪੁਜਾਰੀ ਮੰਨੇ ਜਾਂਦੇ ਹਨ। ਉਨ੍ਹਾਂ ਭਾਰਤ ਛੱਡੋ ਅੰਦੋਲਨ, ਡਾਂਡੀ ਯਾਤਰਾ ਅਤੇ ਅਸਹਿਯੋਗ ਅੰਦੋਲਨਾਂ ਰਾਹੀਂ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਭਾਰਤ ਨੂੰ ਅੰਗਰੇਜ਼ ਹਕੂਮਤ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ। ਸੋਚਣ ਵਾਲੀ ਗੱਲ ਹੈ ਜਦੋਂ ਆਜ਼ਾਦੀ ਦੇ ਸੰਗਰਾਮ ਵਿਚ ਅਹਿੰਸਾ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ ਤਾਂ ਅਸੀਂ ਵੀ ਹਿੰਸਾ ਨੂੰ ਤਿਆਗ ਕੇ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ ਵੱਲ ਕਦਮ ਵਧਾ ਸਕਦੇ ਹਾਂ। ਛੋਟੀਆਂ ਛੋਟੀਆਂ ਗੱਲਾਂ 'ਤੇ ਕੀਤਾ ਗੁੱਸਾ ਵਧਦਾ-ਵਧਦਾ ਕਈ ਵਾਰ ਭਿਆਨਕ ਹਿੰਸਾ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਦਾ ਹਮੇਸ਼ਾ ਦੋਵੇਂ ਧਿਰਾਂ ਨੂੰ ਹੀ ਨੁਕਸਾਨ ਹੁੰਦਾ ਹੈ ਫਾਇਦਾ ਕਿਸੇ ਦਾ ਨਹੀਂ।
-ਰਜਵਿੰਦਰ ਪਾਲ ਸ਼ਰਮਾ
ਸੜਕ ਹਾਦਸੇ
ਸਾਡੇ ਪੰਜਾਬ ਵਿਚ ਵਧ ਰਹੇ ਸੜਕ ਹਾਦਸੇ ਸਿਰਫ਼ ਜੀਵਨ ਨੂੰ ਖ਼ਤਰੇ ਵਿਚ ਨਹੀਂ ਪਾ ਰਹੇ, ਸਗੋਂ ਕਈ ਪਰਿਵਾਰਾਂ ਨੂੰ ਤਬਾਹ ਕਰ ਰਹੇ ਹਨ। ਇਹ ਸੱਚ ਹੈ ਕਿ ਸੜਕਾਂ 'ਤੇ ਵਧ ਰਹੀ ਗੱਡੀਆਂ ਦੀ ਸੰਖਿਆ ਅਤੇ ਬੇਹਿਸਾਬੀ ਲਾਪਰਵਾਹੀ ਵਾਲੀ ਡਰਾਈਵਿੰਗ ਦੇ ਕਾਰਨ ਹਾਦਸੇ ਵਧ ਰਹੇ ਹਨ। ਬਹੁਤ ਸਾਰੇ ਡਰਾਈਵਰ ਬੇਹੱਦ ਤੇਜ਼ ਗਤੀ ਨਾਲ ਗੱਡੀਆਂ ਚਲਾਉਂਦੇ ਹਨ, ਜੋ ਕਿ ਇਕ ਵੱਡਾ ਖਤਰਾ ਹੈ। ਇਸ ਦੇ ਨਾਲ ਸੜਕਾਂ ਦੇ ਹਾਲਾਤ ਵੀ ਬਹੁਤ ਖਰਾਬ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ 'ਤੇ ਸੜਕਾਂ ਦੀ ਸੁਰੱਖਿਆ ਲਈ ਕਦਮ ਚੁੱਕੇ। ਸਾਡੇ ਲਈ ਜ਼ਰੂਰੀ ਹੈ ਕਿ ਸਾਨੂੰ ਸੜਕਾਂ 'ਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਅਤੇ ਸੜਕ 'ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
-ਨੀਲਾਕਸ਼ੀ
ਫਗਵਾੜਾ
ਜੰਮੂ-ਕਸ਼ਮੀਰ ਚੋਣਾਂ
ਜੰਮੂ ਕਸ਼ਮੀਰ 'ਚ ਪਿੱਛੇ ਜਿਹੇ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ। ਜੰਮੂ-ਕਸ਼ਮੀਰ ਵਿਚ ਲੋਕਾਂ ਨੇ ਏਨਾ ਵਧ-ਚੜ੍ਹ ਕੇ ਵੋਟਾਂ ਪਾਈਆਂ ਹਨ ਕਿ ਪੂਰੇ ਦੇਸ਼ ਵਿਚ ਏਨੇ ਵੱਡੇ ਪੱਧਰ 'ਤੇ ਲੋਕਾਂ ਵਲੋਂ ਵੋਟ ਪਾਉਣ ਵਿਚ ਦਿਲਚਸਪੀ ਨਹੀਂ ਦਿਖਾਈ ਗਈ। ਇਸ ਤੋਂ ਸਾਫ਼ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਉਥੇ ਹੋਏ ਵਿਕਾਸ ਅਤੇ ਉਥੇ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਨੂੰ ਪਸੰਦ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦੇ ਫੈਸਲੇ ਨੂੰ ਇਤਿਹਾਸਕ ਫੈਸਲਾ ਦੱਸਿਆ ਸੀ। ਰਾਸ਼ਟਰਪਤੀ ਦੇ ਫ਼ੈਸਲੇ ਨੂੰ ਕੋਈ ਚੁਣੌਤੀ ਨਹੀਂ, ਧਾਰਾ 370 ਨੂੰ ਖ਼ਤਮ ਕਰਨ ਦਾ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ। ਧਾਰਾ 370 ਖ਼ਤਮ ਹੋਣ ਨਾਲ ਜੰਮੂ-ਕਸ਼ਮੀਰ ਦੇ ਹਾਲਾਤ ਬਿਹਤਰ ਹੋਏ ਹਨ। ਸੂਬੇ ਵਿਚ ਇਸ ਸਮੇਂ ਨਵੇਂ ਮੁੱਖ ਮੰਤਰੀ ਦੀ ਚੋਣ ਹੋ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਇਹ ਸਰਕਾਰ ਦੇ ਆਉਣ ਨਾਲ ਆਵਾਮ ਖੁਸ਼ਹਾਲ ਹੋਵੇਗੀ।
-ਅਸ਼ੀਸ਼ ਸ਼ਰਮਾ
ਜਲੰਧਰ।
ਪਰ ਕਿਥੇ ਹੈ ਇਨਸਾਫ਼?
ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਉਵੇਂ-ਉਵੇਂ ਆਰ ਜੀ ਕਰ ਮੈਡੀਕਲ ਕਾਲਜ ਵਿਚ ਵਾਪਰੀ ਘਟਨਾ ਵੀ ਭੁੱਲਦੀ ਜਾ ਰਹੀ ਹੈ। ਇਹ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਵੀ ਕਈ ਵਾਰ ਔਰਤਾਂ ਨਾਲ ਅਜਿਹੀ ਬਦਸਲੂਕੀ ਹੋਈ ਹੈ ਤੇ ਛੇਤੀ ਹੀ ਲੋਕ ਉਸ ਨੂੰ ਭੁੱਲ ਵੀ ਗਏ। ਕਿਉਂਕਿ ਕਲਯੁਗ ਵਿਚ ਇਹ ਸਭ ਆਮ ਹੋ ਗਿਆ ਹੈ। ਆਰ ਜੀ ਕਰ ਮੈਡੀਕਲ ਕਾਲਜ ਦੀ ਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਫਿਰ ਵੀ ਜਬਰ ਜਨਾਹ ਰੁਕਣ ਦਾ ਨਾਂਅ ਨਹੀਂ ਲੈ ਰਹੇ। ਉਸ ਘਟਨਾ ਤੋਂ ਬਾਅਦ ਹੀ ਕਰੀਬ 20 ਅਜਿਹੀਆਂ ਖਬਰਾਂ ਆਈਆਂ ਨੇ ਜਿਸ ਵਿਚ ਔਰਤਾਂ, ਲੜਕੀਆਂ ਨਾਲ ਜਬਰ ਜਨਾਹ ਹੋਏ। ਇਥੋਂ ਤੱਕ ਕਿ ਬਜ਼ੁਰਗ ਔਰਤਾਂ ਤੱਕ ਇਸ ਦਾ ਸ਼ਿਕਾਰ ਹੋਈਆਂ ਹਨ। ਮੌਜੂਦਾ ਦੌਰ ਵਿਚ ਹਵਸ ਏਨੀ ਵਧ ਚੁੱਕੀ ਹੈ ਕਿ ਲੋਕ ਪਿਉ, ਧੀ, ਭੈਣ-ਭਰਾ ਦੇ ਰਿਸ਼ਤੇ ਭੁੱਲ ਗਏ ਹਨ। ਭਾਰਤ ਵਿਚ ਉਕਤ ਮੈਡੀਕਲ ਕਾਲਜ ਦੀ ਗੱਲ ਠੰਢੀ ਹੋਣਾ ਦਾ ਮਤਲਬ ਇਨਸਾਫ਼ ਨਾ ਮਿਲਣਾ ਹੈ ਤੇ ਅਜਿਹੀ ਘਟਨਾ ਲੋਕ ਭੁੱਲ ਜਾਂਦੇ ਹਨ ਪਰ ਪੀੜਤ ਤੇ ਉਨ੍ਹਾਂ ਦੇ ਮਾਪਿਆਂ ਲਈ ਹਮੇਸ਼ਾ ਤਾਜ਼ੀ ਰਹਿੰਦੀ ਹੈ। ਇਸ ਘਟਨਾ ਨੂੰ ਬੀਤਿਆਂ 2 ਮਹੀਨੇ ਹੋ ਚੁੱਕੇ ਹਨ ਪਰ ਅਜੇ ਵੀ ਇਨਸਾਫ਼ ਦੀ ਉਡੀਕ ਹੈ। ਕਿਉਂਕਿ ਇਹ ਹੈ ਸਾਡਾ ਭਾਰਤ ਦੇਸ਼ ਮਹਾਨ ਜਿੱਥੇ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ।
-ਕੀਮਤ ਪਾਲ ਕੌਰ
ਜਲੰਧਰ।
ਸਖ਼ਤ ਫ਼ੈਸਲੇ ਲੈਣ ਦੀ ਲੋੜ
ਬਦਲਾਅ ਦੀ ਚਾਹਤ ਹਰ ਕੋਈ ਰੱਖਦਾ ਹੈ। ਜ਼ਿੰਦਗੀ ਵਿਚ ਕੁਝ ਅਜਿਹਾ ਨਵਾਂਪਣ ਦੇਖਣ ਦੀ ਆਸ ਹਰੇਕ ਦੀ ਹੁੰਦੀ ਹੈ, ਜਿਸ ਨਾਲ ਉਸ ਨੂੰ ਦਰਪੇਸ਼ ਸਮੱਸਿਆਵਾਂ ਦਾ ਕੋਈ ਢੁਕਵਾਂ ਹੱਲ ਮਿਲ ਸਕੇ ਤੇ ਹਾਲਾਤ ਉਸ ਦੀਆਂ ਇੱਛਾਵਾਂ ਦੀ ਪੂਰਤੀ ਲਈ ਸਹਾਇਕ ਹੋਣ। ਪਿਛਲੇ ਸਮੇਂ ਵਿਚ ਬਦਲਾਅ ਚਾਹੁੰਣ ਵਾਲਿਆਂ ਨੇ ਸੱਤਾ ਦੀ ਵਾਗਡੋਰ ਨਵੀਂ ਧਿਰ ਨੂੰ ਸੌਂਪਣ ਲਈ ਅਜਿਹੀ ਲਹਿਰ ਬਣਾਈ, ਜਿਸ ਨਾਲ ਇਹ ਧਿਰ ਵੱਡੇ-ਵੱਡੇ ਥੰਮ੍ਹਾਂ ਨੂੰ ਡੇਗਣ ਵਿਚ ਕਾਮਯਾਬ ਰਹੀ।
ਲੋਕ ਇਕ ਅਜਿਹੀ ਦੁਨੀਆ ਦੇ ਸੁਪਨੇ ਦੇਖਣ ਲੱਗੇ, ਜਿਸ ਵਿਚ ਉਨ੍ਹਾਂ ਦੇ ਮਸਲੇ ਚੁਟਕੀਆਂ ਵਿਚ ਹੱਲ ਹੋ ਜਾਣਗੇ ਤੇ ਸੂਬੇ ਵਿਚ ਵਗ ਰਹੀ ਭ੍ਰਿਸ਼ਟਾਚਾਰ, ਨਸ਼ੇ, ਲੁੱਟ-ਖੋਹ, ਮਾਰਧਾੜ ਦੀ ਹਨ੍ਹੇਰੀ ਨੂੰ ਠੱਲ੍ਹ ਪੈ ਜਾਵੇਗੀ। ਪਰ ਇਨ੍ਹਾਂ ਸੁਪਨਿਆਂ ਦੇ ਮਹਿਲ ਧੜਾਧੜ ਕਰਕੇ ਡਿਗ ਰਹੇ ਹਨ। ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਘਰਾਂ ਵਿਚ ਤੇ ਬਾਹਰ ਕੋਈ ਵੀ ਥਾਂ ਸੁਰੱਖਿਅਤ ਨਹੀਂ। ਲੋਕਾਂ ਦੀ ਮਿਹਨਤ ਨਾਲ ਕਮਾਈ ਦੌਲਤ ਖੋਹਣ ਲਈ ਬੁਰੇ ਅਨਸਰਾਂ ਵਲੋਂ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭ੍ਰਿਸ਼ਟਾਚਾਰੀ ਦੈਂਤ ਦੇ ਦੰਦ ਦਿਨੋ-ਦਿਨ ਹੋਰ ਵੱਡੇ ਹੁੰਦੇ ਜਾ ਰਹੇ ਹਨ। ਕਿਸੇ ਨੂੰ ਕਿਸੇ ਦਾ ਕੋਈ ਖੌਫ਼ ਹੀ ਨਹੀਂ ਹੈ। ਲੋਕਾਂ ਨੇ ਅਜਿਹਾ ਬਦਲਾਅ ਨਹੀਂ ਚਾਹਿਆ ਸੀ। ਸਰਕਾਰ ਨੂੰ ਜਨਤਾ ਵਿਚ ਫੈਲ ਰਹੇ ਡਰ ਨੂੰ ਦੂਰ ਕਰਨ ਲਈ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ ਤਾਂ ਕਿ ਸੂਬੇ ਦੇ ਵਿਗੜੇ ਹਾਲਾਤ 'ਤੇ ਕਾਬੂ ਪਾਇਆ ਜਾ ਸਕੇ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਰੋਜ਼ਾਨਾ ਸਹਿਣਸ਼ੀਲਤਾ ਅਪਣਾਓ
ਅਸੀਂ ਆਪਣੇ ਆਲੇ-ਦੁਆਲੇ, ਅਖਬਾਰਾਂ ਵਿਚ ਖ਼ੁਦਕੁਸ਼ੀ ਦੀਆਂ ਖ਼ਬਰਾਂ ਪੜ੍ਹਦੇ ਹਾਂ। ਕਿਹੋ ਜਿਹਾ ਸਮਾਂ ਆ ਗਿਆ ਕਿ ਲੋਕਾਂ ਵਿਚ ਸਹਿਣਸ਼ੀਲਤਾ ਨਹੀਂ ਰਹੀ ਹੈ। ਕੋਈ ਆਪਣੇ ਘਰੇਲੂ ਝਗੜੇ ਕਾਰਨ ਤੇ ਕੋਈ ਆਪਣੇ ਦਫ਼ਤਰਾਂ ਵਿਚ ਸੀਨੀਅਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਨੂੰ ਤਰਜੀਹ ਦੇ ਰਿਹਾ ਹੈ। ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।
ਘਰ ਵਿਚ ਕਿਸੇ ਮੈਂਬਰ ਦਾ ਸੁਝਾਅ ਥੋੜ੍ਹਾ ਕੱਬਾ ਹੁੰਦਾ ਹੈ, ਜੇ ਉਸ ਦਾ ਸੁਭਾਅ ਗਰਮ ਹੈ ਤਾਂ ਬਾਕੀ ਮੈਂਬਰਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਕਿਹਾ ਜਾਂਦਾ ਕਿ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ। ਹੁਣ ਤਾਂ ਬੱਚਿਆਂ ਵਿਚ ਵੀ ਬਿਲਕੁਲ ਸਹਿਣਸ਼ੀਲਤਾ ਨਹੀਂ ਰਹੀ।
ਜੇ ਤੁਹਾਡਾ ਕਿਸੇ ਗੱਲ ਨੂੰ ਲੈ ਕੇ ਪਰਿਵਾਰ ਵਿਚ ਮਨਮੁਟਾਵ ਹੈ ਤਾਂ ਕਿਸੇ ਪਾਰਕ ਵਿਚ ਚਲੇ ਜਾਓ, ਗੁਰੂ ਘਰ ਚਲੇ ਜਾਓ। ਕਹਿਣ ਦਾ ਭਾਵ ਹੈ ਕਿ ਕੋਈ ਵੀ ਅਜਿਹਾ ਗਲਤ ਕਦਮ ਨਾ ਉਠਾਓ, ਜਿਸ ਨਾਲ ਕੱਲ ਨੂੰ ਪਰਿਵਾਰਕ ਮੈਂਬਰਾਂ ਨੂੰ ਸ਼ਰਮਿੰਦਾ ਹੋਣਾ ਪਵੇ। ਅੱਜ ਦੇ ਸਮੇਂ ਵਿਚ ਹਰ ਸਮੱਸਿਆ ਦਾ ਹੱਲ ਹੈ। ਘਰ ਵਿਚ ਆਪਣੇ ਬਜ਼ੁਰਗਾਂ ਤੇ ਕਰੀਬੀ ਦੋਸਤਾਂ ਨਾਲ ਸਲਾਹ ਕਰੋ। ਇੰਨੀ ਸੋਹਣੀ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰਨਾ ਚਾਹੀਦਾ ਹੈ। ਕਿਉਂ ਅਸੀਂ ਅਜਿਹੇ ਗਲਤ ਕਦਮ ਚੁੱਕਦੇ ਹਾਂ।
-ਸੰਜੀਵ ਸਿੰਘ ਸੈਣੀ
ਮੁਹਾਲੀ
ਭਿਖਾਰੀਆਂ ਦਾ ਵਧਣਾ
ਪੰਜਾਬ ਅਤੇ ਇਸ ਦੇ ਨਾਲ ਲੱਗਦੇ ਗੁਆਂਢੀ ਰਾਜਾਂ 'ਚ ਦਿਨੋ-ਦਿਨ ਮੰਗਤਿਆਂ ਦੀ ਤਦਾਦ ਵਧਦੀ ਹੀ ਜਾ ਰਹੀ ਹੈ। ਪਹਿਲਾਂ-ਪਹਿਲ ਕੋਈ ਵਿਰਲਾ ਹੀ ਮੰਗਤਾ ਹੁੰਦਾ ਸੀ ਅੰਗਹੀਣ ਦੇ ਨਾਲ-ਨਾਲ ਹੱਟੇ-ਕੱਟੇ ਵੀ ਭੀਖ ਮੰਗਣ ਲੱਗ ਪਏ ਹਨ। ਇੱਥੋਂ ਤੱਕ ਕਿ ਇਨ੍ਹਾਂ ਮੰਗਤਿਆਂ ਨੇ ਆਪਣੇ ਖੇਤਰ ਵੀ ਵੰਡੇ ਹੋਏ ਹਨ। ਉਹ ਇੱਕ-ਦੂਜੇ ਨੂੰ ਆਪਣੇ ਖੇਤਰ 'ਚ ਵੜਨ ਨਹੀਂ ਦਿੰਦੇ। ਇਸ ਦੀ ਪ੍ਰਤੱਖ ਉਦਾਹਰਨ ਜਲੰਧਰ ਸ਼ਹਿਰ 'ਚ ਕੁਝ ਮਹੀਨਾ ਪਹਿਲਾਂ ਵਾਪਰੀ ਇਕ ਘਟਨਾ ਹੈ। ਪੰਜਾਬ ਦੀਆਂ ਬੱਸਾਂ ਤੇ ਹੋਰ ਸਥਾਨਾਂ 'ਤੇ ਭੀਖ ਨਾ ਦੇਣ 'ਤੇ ਇਹ ਅਖੌਤੀ ਮੰਗਤੇ ਸਵਾਰੀਆਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਕਰਦੇ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਲੱਗਭਗ ਸਭ ਪ੍ਰਸਿੱਧ ਮੰਦਰਾਂ 'ਚ ਮੰਗਤੇ ਇਕੱਠੇ ਹੋ ਕੇ ਸ਼ਰਧਾਲੂਆਂ ਨੂੰ ਹਰ ਵੇਲੇ ਪ੍ਰੇਸ਼ਾਨ ਕਰਦੇ ਹਨ। ਹਿੰਦੂਆਂ ਦੇ ਪਵਿੱਤਰ ਸ਼ਹਿਰ ਹਰਿਦੁਆਰ 'ਚ ਤਾਂ ਭਿਖਾਰੀ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ 'ਤੋਂ ਭੀਖ ਲੈਂਦੇ ਹਨ। ਬਸ ਸਟੈਂਡ ਰੇਲਵੇ ਸਟੇਸ਼ਨ ਅਤੇ ਸਭ ਧਾਰਮਿਕ ਸਥਾਨਾਂ 'ਤੇ ਇਨ੍ਹਾਂ ਦਾ ਹੀ ਕਬਜ਼ਾ ਹੰਦਾ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕਦੇ ਹਨ। ਭੀਖ ਦੇ ਕੇ ਅਸੀਂ ਉਨ੍ਹਾਂ ਨੂੰ ਨਕਾਰਾ ਕਰ ਰਹੇ ਹਾਂ। ਦਫ਼ਤਰਾਂ/ਸਕੂਲਾਂ ਆਦਿ 'ਚ ਅਜਿਹੇ ਲੋਕ ਚੰਗਾ ਪਹਿਰਾਵਾ ਪਾ ਕੇ ਆਪਣੇ ਹੱਥ 'ਚ ਰਸੀਦਾਂ ਲੈ ਕੇ ਰੌਹਬ ਨਾਲ ਚੰਦੇ ਦੇ ਰੂਪ 'ਚ ਭੀਖ ਮੰਗਣ ਆਉਂਦੇ ਰਹਿੰਦੇ ਹਨ। ਸੈਲਾਨੀ ਸਥਾਨਾਂ 'ਤੇ ਵਿਦੇਸ਼ੀ ਸੈਲਾਨੀਆਂ ਦੇ ਸਾਹਮਣੇ ਜਦੋਂ ਇਹ ਮੰਗਤੇ ਹੱਥ ਅੱਡਦੇ ਹਨ ਤਾਂ ਭਾਰਤ ਦੀ ਤਸਵੀਰ ਧੁੰਦਲੀ ਹੁੰਦੀ ਹੈ। ਸਮੁੱਚੀ ਦੁਨੀਆ ਸਾਹਮਣੇ ਇਕ ਤਾਕਤਵਰ ਸ਼ਕਤੀ ਬਣ ਕੇ ਉਭਰ ਰਹੇ 'ਭਾਰਤ' ਦਾ ਅਕਸ ਖਰਾਬ ਹੁੰਦਾ ਹੈ। ਇਸ ਲਈ ਸਮੂਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ। ਭੀਖ ਮੰਗਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇ।
-ਵਰਿੰਦਰ ਸ਼ਰਮਾ
ਊਨਾ, (ਹਿਮਾਚਲ ਪ੍ਰਦੇਸ਼)
ਵਧੀਆ ਲੇਖ
ਪਿਛਲੇ ਦਿਨੀਂ ਅਜੀਤ 'ਚ ਸੰਜੀਵ ਸਿੰਘ ਸੈਣੀ ਦਾ ਲੇਖ 'ਅਣਗਿਣਤ ਜਾਨਾਂ ਦਾ ਖੌਅ ਬਣ ਰਹੀ ਮਿਲਾਵਟਖੋਰੀ' ਪੰਜਾਬ ਸਮੇਤ ਸਮੁੱਚੇ ਭਾਰਤ ਅੰਦਰ ਵਿਕ ਰਹੀਆਂ ਮਿਲਾਵਟਖੋਰੀ ਨਾਲ ਓਤਪੋਤ ਖੁਰਾਕੀ ਵਸਤਾਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਚਾਰ ਛਿੱਲੜ ਵਾਧੂ ਕਮਾਉਣ ਦੀ ਲਾਲਸਾ ਨਾਲ ਵਪਾਰੀ (ਭਾਵੇਂ ਸਾਰੇ ਵਪਾਰੀ ਇੱਕੋ ਜਿਹੀ ਨੀਯਤ ਦੇ ਨਹੀਂ) ਵਰਗ ਕਿਵੇਂ ਦੁੱਧ ਸਮੇਤ ਖਾਣ-ਪੀਣ ਵਾਲੇ ਪਦਾਰਥਾਂ 'ਚ ਮਿਲਾਵਟਖੋਰੀ ਕਰਕੇ ਮਨੁੱਖੀ ਜਾਨਾਂ ਨਾਲ ਦੁਸ਼ਮਣੀ ਕੱਢਣ 'ਤੇ ਤੁਲਿਆ ਹੋਇਆ ਹੈ। ਜਿੱਥੇ ਅੱਜ ਕੱਲ੍ਹ ਮਾਰਕੀਟ 'ਚ ਨਕਲੀ ਤੇ ਮਿਲਾਵਟੀ ਦੁੱਧ ਸ਼ਰੇਆਮ ਵਿਕ ਰਿਹਾ ਹੈ, ਉਥੇ ਅਜਿਹੇ ਦੁੱਧ ਤੋਂ ਤਿਆਰ ਹੋ ਕੇ ਵਿਕਦੇ ਉਤਪਾਦ ਵੀ ਇਨਸਾਨੀ ਜਾਨਾਂ ਲਈ ਖ਼ਤਰਨਾਕ ਹਨ, ਉਪਰੋਂ ਮੈਡੀਕਲ ਸਟੋਰਾਂ 'ਤੇ ਨਕਲੀ ਦਵਾਈਆਂ ਦੀ ਹੁੰਦੀ ਵਿੱਕਰੀ ਵੀ ਚਿੰਤਾ ਦਾ ਵਿਸ਼ਾ ਆਖੀ ਜਾ ਸਕਦੀ ਹੈ। ਜਿਥੇ ਨਕਲੀ ਦੁੱਧ ਤੋਂ ਤਿਆਰ ਉਤਪਾਦ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ, ਉਥੇ ਨਕਲੀ ਦਵਾਈਆਂ ਮਰੀਜ਼ਾਂ ਦਾ ਕੰਘਾ ਕਰਦੀਆਂ ਹਨ। ਅਜਿਹਾ ਮਿਲਾਵਟੀ ਵਰਤਾਰਾ ਰੋਕਣ ਲਈ ਜਿੱਥੇ ਸਿਹਤ ਵਿਭਾਗ ਨੂੰ ਬਾਰਾਂ ਮਹੀਨੇ ਤੀਹ ਦਿਨ ਅੱਖਾਂ ਖੋਲ੍ਹ ਕੇ ਚੱਲਣ ਦੀ ਲੋੜ ਹੈ, ਉਥੇ ਸਰਕਾਰਾਂ ਨੂੰ ਵੀ ਮਿਲਾਵਟਖੋਰੀ ਰੋਕਣ ਲਈ ਬਿਨਾਂ ਪੱਖਪਾਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)
ਸਾਫ਼-ਸੁਥਰੀ ਪੰਚਾਇਤ ਚੁਣੋ
ਪੰਚਾਇਤ ਚੋਣਾਂ ਦੀ ਸਰਗਰਮੀ ਬਾਰੇ ਸੰਪਾਦਕੀ ਪੜ੍ਹੀ। ਕਾਬਲੇ ਗ਼ੌਰ ਸੀ। ਜਦੋਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਪੰਚਾਇਤੀ ਸੁਧਾਰ ਤਹਿਤ ਪੰਜਾਬ ਸਰਕਾਰ ਨੇ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਨਾ ਲੜ ਸਕਣ ਤੇ ਸਰਬਸੰਮਤੀ ਵਾਲੀ ਪੰਚਾਇਤ ਨੂੰ ਵਾਧੂ ਫੰਡ ਦੇਣ ਬਾਰੇ ਕੀਤਾ ਐਲਾਨ ਸ਼ਲਾਘਾਯੋਗ ਉਪਰਾਲਾ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਕ ਤਾਂ ਪਿੰਡ ਵਿਚ ਪਾਰਟੀਬਾਜ਼ੀ ਖ਼ਤਮ ਹੋਵੇਗੀ, ਦੂਸਰਾ ਪੰਚਾਇਤਾਂ ਨੂੰ ਵਾਧੂ ਫੰਡ ਮਿਲਣ ਨਾਲ ਪਿੰਡ ਦਾ ਵਿਕਾਸ ਹੋਵੇਗਾ। ਜੋ ਪੰਚਾਇਤਾਂ ਵਿਚ ਔਰਤਾਂ ਦਾ 50 ਫ਼ੀਸਦੀ ਕੋਟਾ ਰੱਖਿਆ ਹੈ ਇਸ ਦਾ ਤਾਂ ਹੀ ਫਾਇਦਾ ਹੈ ਜੇਕਰ ਪੜ੍ਹੀ ਲਿਖੀ ਔਰਤ ਸਰਪੰਚ ਬਣ ਕੇ ਆਪਣੇ ਬਲਬੂਤੇ ਸਰਪੰਚੀ ਕਰੇ ਅਤੇ ਆਪਣੇ ਪਤੀ 'ਤੇ ਨਿਰਭਰ ਨਾ ਹੋਵੇ। ਸਰਬ ਸੰਮਤੀ ਦੀ ਪੰਚਾਇਤ ਨਾਲ ਸਾਰੇ ਫ਼ੈਸਲੇ ਪਿੰਡ ਵਿਚ ਨਜਿੱਠੇ ਜਾ ਸਕਦੇ ਹਨ। ਅਨਪੜ੍ਹ ਸਰਪੰਚ ਹੋਣ ਕਾਰਨ ਅਫਸਰਸ਼ਾਹੀ ਸਰਪੰਚਾਂ ਦਾ ਨਾਜਾਇਜ਼ ਫ਼ਾਇਦਾ ਚੁੱਕ ਕੇ ਭ੍ਰਿਸ਼ਟਾਚਾਰ ਕਰਦੀ ਸੀ। ਜਦੋਂ ਪੜ੍ਹੇ ਲਿਖੇ ਇਮਾਨਦਾਰ ਪੰਚ ਸਰਪੰਚ ਬਣਨਗੇ ਤਾਂ ਪਿੰਡਾਂ ਦੇ ਵਿਕਾਸ ਲਈ ਯੋਗ ਫੰਡ ਮਿਲਣਗੇ।
-ਗੁਰਮੀਤ ਸਿੰਘ ਵੇਰਕਾ
ਪਾਣੀ ਦੀ ਸੁਯੋਗ ਵਰਤੋਂ
ਬੀਤੇ ਦਿਨ ਪੰਜਾਬ ਦੀ ਆਵਾਜ਼ 'ਅਜੀਤ' ਵਿਚ ਡਾਕਟਰ ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਜੀ ਦਾ ਲਿਖਿਆ ਲੇਖ ਇਕ ਚੰਗਾ ਸੁਨੇਹਾ ਪੜ੍ਹਿਆ। ਉਸ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਮਨ ਕੀ ਬਾਤ ਪ੍ਰੋਗਰਾਮਾਂ ਵਿਚ ਕਈ ਵਾਰ ਛੋਟੇ ਤੋਂ ਛੋਟੇ ਹੁਨਰਮੰਦ ਲੋਕਾਂ ਦੀ ਗੱਲ ਕੀਤੀ ਸੀ। ਜਿਸ ਤਰ੍ਹਾਂ ਕਰੋੜਾਂ ਪਖਾਨਿਆਂ ਦਾ ਨਿਰਮਾਣ ਹੋ ਸਕਿਆ। ਇਨ੍ਹਾਂ ਪਖਾਨਿਆਂ ਦੇ ਨਿਰਮਾਣ ਕਰਕੇ ਹੀ ਕਰੋੜਾਂ ਔਰਤਾਂ ਨੂੰ ਬਾਹਰ ਖੇਤਾਂ ਵਿਚ, ਸੜਕਾਂ ਜਾਂ ਰੇਲ ਪਟੜੀਆਂ ਦੇ ਕਿਨਾਰੇ ਜਾਂ ਹੋਰ ਖੁੱਲ੍ਹੀਆਂ ਥਾਵਾਂ 'ਤੇ ਜਾਣ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਮਨਾਏ ਜਾ ਰਹੇ ਵਿਸ਼ਵ ਚੌਗਿਰਦਾ ਦਿਵਸ 'ਤੇ ਭਾਰਤ ਵਾਸੀਆਂ ਨੂੰ ਇਕ ਭਾਵੁਕ ਸੁਨੇਹਾ ਵੀ ਦਿੱਤਾ ਕਿ ਇੱਕ-ਇੱਕ ਰੁੱਖ ਆਪਣੀ ਮਾਂ ਦੇ ਨਾਂਅ 'ਤੇ ਜ਼ਰੂਰ ਲਗਾਉਣ, ਜੋ ਆਉਂਦੇ ਸਮੇਂ ਵਿਚ ਵਾਤਾਵਰਨ ਨੂੰ ਹਰਿਆਵਲ ਭਰਪੂਰ ਬਣਾਉਣ ਵਿਚ ਸਹਾਈ ਹੋ ਸਕੇਗਾ। ਬਰਜਿੰਦਰ ਸਿੰਘ ਹਮਦਰਦ ਇਸ ਗੱਲੋਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਪਾਣੀ ਦੀ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਹਰਿਆਵਲ ਤਦ ਹੀ ਕਾਇਮ ਰਹਿ ਸਕੇਗੀ, ਜੇ ਅਸੀਂ ਪਾਣੀ ਦੀ ਸਹੀ ਤੇ ਸੁਯੋਗ ਵਰਤੋਂ ਕਰਾਂਗੇ। ਹਮਦਰਦ ਜੀ ਨੇ ਲਿਖਿਆ ਦੇਸ਼ ਦੇ ਭਵਿੱਖ ਦੀ ਧੜਕਣ ਤਦ ਹੀ ਕਾਇਮ ਰਹਿ ਸਕੇਗੀ, ਜੇ ਅਸੀਂ ਪਾਣੀ ਦੀ ਸਹੀ ਤੇ ਸੁਯੋਗ ਵਰਤੋਂ ਕਰਾਂਗੇ।
-ਪ੍ਰਿੰ. ਜੋਗਿੰਦਰ ਸਿੰਘ ਲੋਹਾਮ
ਜਮੀਅਤ ਸਿੰਘ ਰੋਡ, ਮੋਗਾ।
ਚਿੱਟੇ ਤੇ ਰਿਸ਼ਵਤ ਦਾ ਬੋਲਬਾਲਾ
ਚਿੱਟੇ ਨੇ ਕਈ ਸਰਕਾਰ ਉਲਟ ਪੁਲਟ ਕਰ ਦਿੱਤੀਆਂ। ਜਿਹੜੀ ਧਿਰ ਵੀ ਸੱਤਾ ਵਿਚ ਆਈ ਉਸ ਨੇ ਨਸ਼ੇ ਰੋਕਣ ਲਈ ਪੂਰੀ ਵਾਹ ਲਾ ਕੇ ਜ਼ੋਰ ਅਜਮਾਇਸ਼ ਕੀਤੀ, ਪਰ ਅਸਫ਼ਲ ਹੀ ਰਹੀਆਂ ਅਤੇ ਕੋਈ ਨਤੀਜਾ ਹਾਸਿਲ ਨਹੀਂ ਹੋਇਆ। ਸੂਬੇ 'ਚ ਚਿੱਟਾ ਅੱਜ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵਿਕ ਰਿਹਾ ਹੈ। ਰੋਜ਼ਾਨਾ ਕਿਧਰੇ ਨਾ ਕਿਧਰੇ ਬਜ਼ੁਰਗ ਮਾਪੇ ਆਪਣੇ ਪੁੱਤਾਂ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਨਜ਼ਰ ਆਉਂਦੇ ਹਨ। ਅੱਗ ਦੇ ਭਾਂਬੜ ਬਹੁਤ ਉੱਚੀਆਂ-ਉੱਚੀਆਂ ਲਾਟਾਂ ਕੱਢ ਰਹੇ ਹਨ। ਦੂਜੇ ਪਾਸੇ ਰਿਸ਼ਵਤ ਵੀ ਆਪਣੀ ਪੂਰੀ ਧਾਕ ਜਮਾਈ ਬੈਠੀ ਹੈ। ਜਿਸ ਦੇ ਬੰਦ ਹੋਣ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਇਹ ਨਾ ਅੱਜ ਤੇ ਨਾ ਇਹ ਕੱਲ੍ਹ ਬੰਦ ਹੋਣੀ ਹੈ। ਹੁਣ ਚਿੱਟੇ ਤੇ ਰਿਸ਼ਵਤ ਨੂੰ ਬੰਦ ਕਰਵਾਉਣ ਵਿਚ ਲੋਕਾਂ ਨੂੰ ਅੱਗੇ ਆਉਣਾ ਪਵੇਗਾ? ਲੋਕ ਚਾਹੁੰਣ ਤਾਂ ਕੀ ਨਹੀਂ ਕਰ ਸਕਦੇ। ਜੇਕਰ ਲੋਕ ਚਾਹੁਣ ਤਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਭਲਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਰਾਜਨੀਤਕ ਪਾਰਟੀਆਂ ਤੋਂ ਉੱਪਰ ਉੱਠ ਕੇ ਰਿਸ਼ਵਤ ਨੂੰ ਨੱਥ ਪਾਉਣ ਤੇ ਚਿੱਟੇ ਦਾ ਕਾਰੋਬਾਰ ਬੰਦ ਕਰਵਾਉਣ ਲਈ ਮਿਲ ਕੇ ਹੰਭਲਾ ਮਾਰਨਾ ਹੋਵੇਗਾ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।
ਭੋਗ ਸਮਾਗਮਾਂ 'ਤੇ ਲੋਕ ਵਿਖਾਵਾ
ਸਾਡੇ ਜੀਵਨ ਵਿਚ ਰਿਸ਼ਤਿਆਂ 'ਚੋਂ ਨਿੱਘ ਘਟ ਰਿਹਾ ਹੈ ਅਤੇ ਸਾਡੇ ਰਸਮੋਂ ਰਿਵਾਜਾਂ ਵਿਚ ਲੋਕ-ਵਿਖਾਵਾ ਭਾਰੂ ਹੋ ਰਿਹਾ ਹੈ। ਖ਼ੁਸ਼ੀ ਵਿਆਹ ਦੇ ਮੌਕਿਆਂ 'ਤੇ ਤਾਂ ਅਜਿਹੇ ਵਿਖਾਵੇ ਆਮ ਹੀ ਹੋਣ ਲੱਗ ਪਏ ਹਨ, ਸਗੋਂ ਹੁਣ ਤਾਂ ਮਰਨੇ-ਪਰਨੇ ਦੇ ਭੋਗਾਂ 'ਤੇ ਵੀ ਇਕ ਦੂਜੇ ਤੋਂ ਵਧ ਕੇ ਖ਼ਰਚਾ ਕੀਤਾ ਜਾਂਦਾ ਹੈ। ਭਾਰਤ ਸਰਕਾਰ ਵਲੋਂ ਕਰਵਾਏ ਇਕ ਸਰਵੇਖਣ ਮੁਤਾਬਿਕ ਪੰਜਾਬੀ ਸਭ ਤੋਂ ਵੱਧ ਖਰਚੀਲੇ ਹਨ। ਇਸ ਸਰਵੇਖਣ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 75 ਫ਼ੀਸਦੀ ਖਰਚਾ ਸਿਰਫ਼ ਲੋਕ ਵਿਖਾਵੇ ਲਈ ਕੀਤਾ ਜਾਂਦਾ ਹੈ। ਇਸ ਸੋਚ ਦਾ ਸਭ ਤੋਂ ਮਾੜਾ ਪ੍ਰਭਾਵ ਗਰੀਬਾਂ, ਖ਼ਾਸ ਕਰਕੇ ਪਿੰਡਾਂ ਦੇ ਲੋਕਾਂ 'ਤੇ ਪਿਆ ਹੈ। ਸਮਾਜ ਵਿਚ ਆਪਣੀ ਫੋਕੀ ਸ਼ਾਨ ਬਣਾਉਣ ਲਈ ਇਹ ਲੋਕ ਵਿੱਤੋਂ ਵਧ ਖ਼ਰਚਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਗੁਰੂ ਸਾਹਿਬਾਨ ਨੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਜੋ ਜੀਵਨ ਫਲਸਫ਼ਾ ਸਾਨੂੰ ਦਿੱਤਾ ਸੀ, ਉਸ ਤੋਂ ਅਸੀਂ ਕੋਹਾਂ ਦੂਰ ਚਲੇ ਗਏ ਹਾਂ। ਸਤਿ, ਸੰਤੋਖ ਤੇ ਵੀਚਾਰ ਵਾਲੇ ਜੀਵਨ ਦੀ ਥਾਂ 'ਤੇ ਪੰਜਾਬੀਆਂ ਨੇ ਹੁਣ ਫੁਕਰੇਪਣ ਨੂੰ ਅਪਣਾ ਲਿਆ ਹੈ। ਲੋਕ ਵਿਖਾਵੇ ਵਿਚ ਫਸ ਕੇ ਭੋਗ ਜਿਹੀਆਂ ਸਧਾਰਨ ਰਸਮਾਂ ਵੀ ਸ਼ਾਨੋ-ਸ਼ੌਕਤ ਨਾਲ ਹੋ ਰਹੀਆਂ ਹਨ। 'ਸੁਕ੍ਰਿਤ ਟ੍ਰੱਸਟ' ਨੇ ਇਸ ਪ੍ਰਚਲਨ ਨੂੰ ਰੋਕਣ ਲਈ ਇਕ ਮੁਹਿੰਮ ਚਲਾਈ ਹੈ, ਜਿਸ ਦਾ ਨਾਅਰਾ ਹੈ, 'ਸਾਦੇ ਵਿਆਹ ਤੇ ਸਾਦੇ ਭੋਗ : ਨਾ ਕਰਜ਼ਾ ਨਾ ਚਿੰਤਾ ਰੋਗ।' ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਭ ਨੂੰ ਚਾਹੀਦਾ ਹੈ ਕਿ ਚਾਦਰ ਵੇਖ ਕੇ ਪੈਰ ਪਸਾਰੀਏ ਅਤੇ ਰੀਸੋ-ਰੀਸੀ ਅੱਡੀਆਂ ਚੁੱਕ ਕੇ ਫਾਹਾ ਨਾ ਲਈਏ।
-ਪ੍ਰੋ. ਨਵ ਸੰਗੀਤ ਸਿੰਘ
ਇਕ ਦੇਸ਼ ਇਕ ਚੋਣ
ਅਜੀਤ ਅਖ਼ਬਾਰ ਦੀ ਖ਼ਬਰ 'ਇਕ ਰਾਸ਼ਟਰ ਇਕ ਚੋਣ' ਪ੍ਰਸਤਾਵ ਨੂੰ ਕੇਂਦਰੀ ਮੰਤਰੀ ਮੰਡਲ ਵਲੋਂ ਮਨਜ਼ੂਰੀ ਪੜ੍ਹੀ, ਜੋ ਕਾਬਲੇ ਗ਼ੌਰ ਸੀ। ਇਕ ਦੇਸ਼ ਇਕ ਚੋਣ ਦੀ ਵਾਪਸੀ ਮੁਲਕ ਵਾਸਤੇ ਸ਼ੁੱਭ ਸੰਕੇਤ ਹਨ। ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਇਕੱਠੀਆਂ ਚੋਣਾਂ ਬਾਰੇ ਜੋ ਕਮੇਟੀ ਗਠਿਤ ਕੀਤੀ ਗਈ ਸੀ ਉਸ ਦੀਆਂ ਸਿਫ਼ਾਰਸ਼ਾਂ 'ਤੇ ਬੂਰ ਪਿਆ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਨਾਲ ਧਨ ਦੀ ਬਰਬਾਦੀ ਰੁਕੇਗੀ, ਸਮੇਂ ਦੀ ਬੱਚਤ ਹੋਵੇਗੀ, ਚੋਣ ਜ਼ਾਬਤੇ ਕਾਰਨ ਵਿਕਾਸ ਦੇ ਕੰਮਾਂ ਵਿਚ ਜੋ ਰੁਕਾਵਟ ਪੈਂਦੀ ਹੈ ਉਹ ਰੁਕ ਸਕੇਗੀ। ਜੋ ਰਾਜਨੀਤਕ ਪਾਰਟੀਆਂ ਇਸ ਦਾ ਵਿਰੋਧ ਕਰ ਕੇ ਸੌੜੀ ਰਾਜਨੀਤੀ ਕਰਨ ਦੀ ਬਜਾਏ ਕੇਂਦਰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਮੋਦੀ ਜੀ ਵਲੋਂ ਇਕੱਠੀਆਂ ਚੋਣਾਂ ਦੀ ਵਕਾਲਤ ਦੇਸ਼ ਤੇ ਲੋਕਾਂ ਦੇ ਹਿੱਤ ਵਿਚ ਹੈ। ਪੈਸਿਆਂ ਦੀ ਬਰਬਾਦੀ ਰੁਕੇਗੀ। ਇਹ ਪੈਸਾ ਮੁਲਕ ਦੇ ਵਿਕਾਸ ਦੇ ਕੰਮ ਆਵੇਗਾ। ਮੁਲਕ ਖ਼ੁਸ਼ਹਾਲ ਹੋਵੇਗਾ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਮੋਬਾਈਲ ਵਾਲੇ ਬੱਚੇ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਛਪਿਆ ਸੰਦੀਪ ਕੁਮਾਰ ਦਾ ਲੇਖ 'ਛੋਟੀ ਉਮਰ ਦੇ ਵਿਹਲੇ ਵਪਾਰੀ' ਬਹੁਤ ਅਨੋਖਾ ਲੱਗਿਆ। ਕਿਵੇਂ ਬੱਚੇ ਛੋਟੀ ਉਮਰ ਵਿਚ ਹੀ ਆਪਣੇ ਦਿਮਾਗ ਦੇ ਅੱਧੇ ਹਿੱਸੇ ਦਾ ਮੋਬਾਈਲ ਫੋਨਾਂ ਰਾਹੀਂ ਨੁਕਸਾਨ ਕਰ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਅਸੀਂ ਬੱਚਿਆਂ ਦੇ ਦਿਮਾਗ਼ ਨੂੰ ਮੋਬਾਈਲ ਫੋਨ ਕਹੀਏ। ਪੜ੍ਹਨ ਲਿਖਣ ਅਤੇ ਖੇਡਣ ਦੀ ਉਮਰ ਵਿਚ ਬੱਚੇ ਗੈਜੇਟਸ ਦੇ ਆਦੀ ਹੋ ਗਏ ਹਨ। ਬੱਚੇ ਹੈੱਡਫੋਨ ਲਗਾ ਕੇ ਹੀ ਰੱਖਦੇ ਹਨ, ਜਿਸ ਕਾਰਨ ਬੱਚਿਆਂ ਨੂੰ ਘੱਟ ਸੁਣਨ, ਸਿਰਦਰਦ ਰਹਿਣ ਵਰਗੀਆਂ, ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜ ਹੈ ਇਸ 'ਤੇ ਵਿਚਾਰ ਕਰਨ ਦੀ।
-ਲਵਪ੍ਰੀਤ ਕੌਰ
ਵਧ ਰਹੇ ਨਸ਼ੇ
ਅੱਜ ਦੇ ਸਮੇਂ ਵਿਚ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ। ਆਏ ਦਿਨ ਅਖ਼ਬਾਰਾਂ, ਨਿਊਜ਼ ਚੈਨਲਾਂ, ਸੋਸ਼ਲ ਮੀਡੀਆ ਆਦਿ ਤੋਂ ਨਸ਼ਿਆਂ ਕਰਕੇ ਹੋ ਰਹੀਆਂ ਮੌਤਾਂ ਬਾਰੇ ਪੜ੍ਹਦੇ ਹਾਂ। ਨੌਜਵਾਨਾਂ ਵਲੋਂ ਨਸ਼ੇ ਕਰਨ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਵਿਚੋਂ ਬੇਰੁਜ਼ਗਾਰੀ ਇਕ ਪ੍ਰਮੁੱਖ ਕਾਰਨ ਹੈ। ਦਿਨੋ-ਦਿਨ ਵਧ ਰਹੇ ਨਸ਼ੇ ਨੌਜਵਾਨਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਅਤੇ ਲੋਕਾਂ ਵਲੋਂ ਹਰ ਸੰਭਵ ਉਪਰਾਲੇ ਕਰਨ ਦੀ ਲੋੜ ਹੈ।
-ਗੁਰਪ੍ਰਤਾਪ ਸਿੰਘ
ਬੀ. ਵਾਕ (ਜੇ.ਐਮ.ਟੀ.) ਭਾਗ ਪਹਿਲਾ, ਐਸ.ਡੀ. ਕਾਲਜ, ਬਰਨਾਲਾ।
ਬੱਚੇ ਦੀ ਗ਼ਲਤੀ
ਮਾਂ ਹਮੇਸ਼ਾ ਆਪਣੇ ਬੱਚੇ ਦੀ ਗ਼ਲਤੀ ਨੂੰ ਮੁਆਫ਼ ਕਰ ਦਿੰਦੀ ਹੈ। ਲੈਣ-ਦੇਣ ਪਿੱਛੇ ਅਤੇ ਜਾਇਦਾਦਾਂ ਦੇ ਮਸਲਿਆਂ ਵਿਚ ਹੋਏ ਗ਼ਲਤ ਫ਼ੈਸਲਿਆਂ ਨੂੰ ਮੁਕੱਦਮੇਬਾਜ਼ੀ 'ਚ ਪੈਣ ਤੋਂ ਪਹਿਲਾਂ ਕਿਸੇ ਦੇ ਹੱਕ ਹਿਤ ਲਈ ਹੋਈਆਂ ਗ਼ਲਤ-ਫਹਿਮੀਆਂ ਨੂੰ ਮੁਆਫ਼ੀ ਦੇ ਕੇ ਜਾਂ ਮੰਗ ਕੇ ਭਵਿੱਖ ਵਿਚ ਮਨੁੱਖਤਾ ਲਈ ਮਿਸਾਲ ਬਣਿਆ ਜਾ ਸਕਦਾ ਹੈ ਅਤੇ ਬਿਹਤਰ ਸਮਾਜ ਸਿਰਜਿਆ ਜਾ ਸਕਦਾ ਹੈ। ਮੁਆਫ਼ੀ ਇਨਸਾਨ ਲਈ ਮੁੜ ਮਿਲਣ-ਗਿਲਣ ਅਤੇ ਜੁੜਨ ਦੇ ਮੌਕੇ ਪ੍ਰਦਾਨ ਕਰਦੀ ਹੈ। ਗ਼ਲਤੀ ਦੀ ਮੁਆਫ਼ੀ ਮੰਗਣ ਨਾਲ ਮੁਸੀਬਤ, ਮੁਸਕਰਾਹਟ 'ਚ ਬਦਲ ਜਾਂਦੀ ਹੈ। ਮੁਆਫ਼ੀ ਕੜਵਾਹਟ ਨੂੰ ਮਿਠਾਸ ਵਿਚ ਬਦਲ ਦਿੰਦੀ ਹੈ ਅਤੇ ਕੁੜੱਤਣ ਭਰੇ ਮਾਹੌਲ ਨੂੰ ਮੌਜ-ਮੇਲੇ ਵਾਲਾ ਅਤੇ ਮਹਾਨਤਾ ਨਾਲ ਭਰਿਆ ਹੋਇਆ ਸੁਖਾਲਾ ਬਣਾਉਂਦੀ ਹੈ। ਮੌਕੇ ਮੁਤਾਬਿਕ ਮੁਆਫ਼ੀ ਮੰਗਣ ਜਾਂ ਦੇਣ ਨਾਲ ਵੈਰੀ ਨੂੰ ਮਿੱਤਰ ਬਣਾਇਆ ਜਾ ਸਕਦਾ ਹੈ ਪਰ ਕਈ ਮੌਕਾਪ੍ਰਸਤ ਮਤਲਬੀ ਲੋਕ ਪੈਰ-ਪੈਰ ਉਪਰ ਮੁਆਫ਼ੀ ਮੰਗ ਲੈਂਦੇ ਹਨ। ਮਨ ਦੀ ਮਨੋਦਸ਼ਾ ਨੂੰ ਬਦਲਣ ਲਈ ਮੁਆਫ਼ੀ ਮੰਗਣ ਨਾਲ ਮਾੜੇ ਵਕਤ ਵਿਚੋਂ ਨਿਕਲਿਆਂ ਜਾ ਸਕਦਾ ਹੈ। ਮਾਤ-ਭੂਮੀ ਜਾਂ ਜਨਮ-ਭੂਮੀ ਲਈ ਹੋਏ ਮਨ ਭੇਦ ਅਤੇ ਮਤਭੇਦ ਮੁਆਫ਼ੀ ਦੇਣ ਜਾਂ ਮੰਗਣ ਨਾਲ ਦੂਰ ਕੀਤੇ ਜਾ ਸਕਦੇ ਹਨ। ਮਹਾਨ ਲੋਕ ਆਪਣੀ ਗ਼ਲਤੀ ਦੀ ਝੱਟ ਮੁਆਫ਼ੀ ਮੰਗ ਲੈਂਦੇ ਹਨ। ਕਈ ਪੜ੍ਹੇ-ਲਿਖੇ ਮੂਰਖ ਮਨੁੱਖ ਪੈਰ-ਪੈਰ ਉੱਪਰ ਝੂਠ ਬੋਲਣ ਦੇ ਆਦੀ ਹੋ। ਹਉਮੈ ਦੇ ਸ਼ਿਕਾਰ ਹੋਏ ਅਜਿਹੇ ਲੋਕ ਨਾ ਮੁਆਫ਼ੀ ਮੰਗਦੇ ਹਨ ਨਾ ਕਿਸੇ ਮੁਆਫ਼ ਕਰਦੇ ਹਨ। ਸਗੋਂ ਝੂਠ ਦੀ ਪੰਡ ਦੇ ਬੋਝ ਨੂੰ ਹਰ ਵੇਲੇ ਆਪਣੇ ਸਿਰ 'ਤੇ ਰੱਖ ਕੇ ਸੱਚ ਦਾ ਸਾਹਮਣਾ ਕਰਨ ਤੋਂ ਹਮੇਸ਼ਾ ਭੱਜਦੇ ਰਹਿੰਦੇ ਹਨ। ਸੱਚਾਈ ਨਾਲ ਗੱਲਬਾਤ ਕਰਨ ਦੀ ਹਿੰਮਤ ਨਹੀਂ ਕਰਦੇ। ਮਸਲੇ ਸੁਲਝਾਉਣ ਦੀ ਬਜਾਏ ਹੋਰ ਉਲਝਾਉਣ ਲਈ ਝੂਠ ਦਾ ਸਹਾਰਾ ਲੈਂਦੇ ਹਨ। ਸੋ ਇਸ ਚੱਲਣ-ਫਿਰਨ ਵਾਲੇ ਸੰਸਾਰ ਵਿਚ ਗ਼ਲਤੀਆਂ ਦੇ ਪੁਤਲੇ ਬਣੇ ਮਨੁੱਖ ਨੂੰ, ਮਨੁੱਖ ਹੀ ਮੁਆਫ਼ ਕਰਨ ਦਾ ਮਹਾਨ ਕਾਰਜ ਕਰਦਾ ਹੈ। ਇਕ ਦੂਜੇ ਕੋਲੋਂ ਜਿੰਦਗੀ ਨੂੰ ਜਿਊਣ ਦਾ ਹੁਨਰ ਸਿੱਖਦਾ ਹੈ।
-ਐੱਸ. ਮੀਲੂ 'ਫਰੌਰ'
ਜਾਅਲੀ ਡਿਗਰੀਆਂ 'ਤੇ ਸ਼ਿਕੰਜਾ
ਜਲੰਧਰ ਪੁਲਿਸ ਨੇ ਬੀਤੇ ਦਿਨ ਛਾਪਾ ਮਾਰ ਕੇ ਜਾਅਲੀ ਡਿਗਰੀਆਂ ਦਾ ਕਾਰੋਬਾਰ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਸਿੱਖਿਆ ਦੇ ਖ਼ੇਤਰ ਵਿਚ ਹੋ ਰਹੀਆਂ ਧਾਂਦਲੀਆਂ ਨੂੰ ਉਜ਼ਾਗਰ ਕੀਤਾ। ਜਾਅਲੀ ਡਿਗਰੀਆਂ ਦਾ ਕਾਰੋਬਾਰ ਜਿਥੇ ਸਿੱਖਿਆ ਦੇ ਖ਼ੇਤਰ ਨੂੰ ਖ਼ੋਰਾ ਲਾ ਰਿਹਾ ਹੈ ਉਥੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਕਰਕੇ, ਉਨ੍ਹਾਂ ਨੂੰ ਕੁਰਾਹੇ ਪਾ ਕੇ ਉਨ੍ਹਾਂ ਦੇ ਪੈਸੇ ਅਤੇ ਭਵਿੱਖ ਨੂੰ ਵੀ ਬਰਬਾਦ ਕਰ ਰਿਹਾ ਹੈ। ਸਰਕਾਰਾਂ ਵਲੋਂ ਜਾਅਲੀ ਸਮੇਂ-ਸਮੇਂ ਡਿਗਰੀਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਪੈੜ ਨੱਪੀ ਜਾਂਦੀ ਰਹੀ ਹੈ, ਪ੍ਰੰਤੂ ਇਸ ਨੂੰ ਜੜ੍ਹੋਂ ਪੁੱਟਣਾ ਅਜੇ ਮੁਸ਼ਕਿਲ ਜਾਪਦਾ ਹੈ। ਵਿਦਿਆਰਥੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਦਾ ਕੋਈ ਸ਼ਾਰਟਕੱਟ ਰਸਤਾ ਨਹੀਂ ਹੁੰਦਾ। ਘਰ ਬੈਠਿਆਂ ਨੂੰ ਡਿਗਰੀਆਂ ਦੇਣ ਵਾਲੇ ਆਪਣੀਆਂ ਜੇਬਾਂ ਤਾਂ ਭਰ ਲੈਂਦੇ ਹਨ, ਪ੍ਰੰਤੂ ਵਿਦਿਆਰਥੀ ਇਨ੍ਹਾਂ ਡਿਗਰੀਆਂ ਦੇ ਸਿਰ 'ਤੇ ਨੌਕਰੀ ਨਹੀਂ ਲੈ ਸਕਦੇ, ਜੇਕਰ ਕਦੇ ਨੌਕਰੀ ਲੈ ਵੀ ਲੈਂਦਾ ਹੈ ਤਾਂ ਉਹ ਗੁਨਾਹਗਾਰ ਬਣ ਕੇ ਸਾਰੀ ਉਮਰ ਕਿਸੇ ਕੰਮ ਦਾ ਨਹੀਂ ਰਹਿੰਦਾ। ਦੇਸ਼ 'ਚ ਜਾਅਲੀ ਡਿਗਰੀਆਂ ਦੇ ਚੱਲ ਰਹੇ ਗੋਰਖਧੰਦੇ ਨੂੰ ਨਕੇਲ ਪਾਉਣ ਲਈ ਬਣੇ ਕਾਨੂੰਨ ਸਖ਼ਤੀ ਨਾਲ ਲਾਗੂ ਕਰਦੇ ਨੌਜਵਾਨਾਂ ਦਾ ਕੀਮਤੀ ਭਵਿੱਖ ਬਚਾ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਨੌਜਵਾਨ ਸਰਪੰਚੀ ਚੋਣਾਂ ਲਈ ਅੱਗੇ ਆਉਣ
ਪੰਜਾਬ ਦੀ ਬਹੁਤੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ। ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਜ਼ਿੰਮੇਵਾਰੀ ਪੰਚਾਇਤਾਂ ਦੀ ਹੁੰਦੀ ਹੈ। ਅੱਜ ਦੇ ਡਿਜੀਟਲ ਕ੍ਰਾਂਤੀ ਵਾਲੇ ਯੁੱਗ ਵਿਚ ਸਰਪੰਚ ਦਾ ਪੜ੍ਹਿਆ-ਲਿਖਿਆ ਹੋਣਾ ਲਾਜ਼ਮੀ ਹੈ। ਸਿੱਖਿਆ ਦੀ ਮਨੁੱਖੀ ਜੀਵਨ ਵਿਚ ਸਭ ਤੋਂ ਵੱਧ ਅਹਿਮੀਅਤ ਹੈ। ਸਿੱਖਿਅਤ ਸਰਪੰਚ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਨ। ਅਨਪੜ੍ਹ ਸਰਪੰਚ ਦੇ ਬਿਨਾਂ ਪੜ੍ਹੇ ਤੋਂ ਕਿਸੇ ਵੀ ਕਾਗਜ਼ 'ਤੇ ਦਸਤਖ਼ਤ ਕਰਨ ਜਿਹੀਆਂ ਗ਼ਲਤੀਆਂ ਉਨ੍ਹਾਂ ਲਈ ਆਫ਼ਤ ਦਾ ਕਾਰਨ ਬਣਦੀਆਂ ਹਨ ਤੇ ਬਿਨਾਂ ਕਸੂਰ ਤੋਂ ਉਸ ਨੂੰ ਕਸੂਰਵਾਰ ਬਣਾ ਦਿੰਦੀਆਂ ਹਨ। ਜੇਕਰ ਪਿੰਡਾਂ ਤੋਂ ਉੱਪਰ ਉਠ ਕੇ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੋਵੇ ਤਾਂ ਹੋਰ ਵੀ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਬੇਰੁਜ਼ਗਾਰੀ ਵਿਚ ਧਸੇ ਨੌਜਵਾਨਾਂ ਨੂੰ ਅਜਿਹੇ ਅਹੁਦਿਆਂ 'ਤੇ ਲਿਆ ਕੇ ਉਨ੍ਹਾਂ ਦੀਆਂ ਤਨਖਾਹਾਂ ਨਿਰਧਾਰਿਤ ਕੀਤੀਆਂ ਜਾਣ।
ਸਰਕਾਰ ਵਲੋਂ ਸਰਪੰਚਾਂ ਨੂੰ ਹਲਕੀ-ਫੁਲਕੀ ਤਨਖਾਹ ਲਾਗੂ ਤਾਂ ਕੀਤੀ ਗਈ ਹੈ, ਪਰ ਇਹ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ। ਪੜ੍ਹੇ-ਲਿਖੇ ਸੂਝਵਾਨ, ਦੂਰਅੰਦੇਸ਼ੀ ਅਤੇ ਨਿਰਪੱਖ ਸੋਚ ਵਾਲੇ ਸਰਪੰਚ ਹੀ ਪਿੰਡਾਂ ਨੂੰ ਅੱਗੇ ਲਿਜਾ ਸਕਦੇ ਹਨ।
-ਗੌਰਵ ਮੁੰਜਾਲ
ਪੀ.ਸੀ.ਐਸ.
ਔਰਤ ਦੀ ਸੁਰੱਖਿਆ
ਭਾਰਤ ਵਿਚ ਔਰਤਾਂ 'ਤੇ ਹੋਣ ਵਾਲੇ ਅਪਰਾਧ ਸਰਕਾਰੀ ਸਖ਼ਤੀ ਦੇ ਬਾਵਜੂਦ ਵੀ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਮੱਧ ਪ੍ਰਦੇਸ਼ ਵਿਚ ਦੋ ਔਰਤਾਂ ਨੂੰ ਜ਼ਮੀਨ ਵਿਚ ਗੱਡਣ ਦੀ ਘਟਨਾ ਘੁੰਮਦੀ ਰਹੀ, ਇਹ ਕੋਈ ਮਾਮੂਲੀ ਨਹੀਂ, ਸਗੋਂ ਬੇਹੱਦ ਗੰਭੀਰ ਮਾਮਲਾ ਹੈ। ਪਹਿਲਾਂ ਹੀ ਮੱਧ ਪ੍ਰਦੇਸ਼ ਵਿਚ ਔਰਤ 'ਤੇ ਵੱਧ ਜ਼ੁਲਮ ਹੁੰਦੇ ਹਨ। ਪੰਜਾਬ ਵੀ ਪਿੱਛੇ ਨਹੀਂ ਹੈ। ਨੈਸ਼ਨਲ ਕ੍ਰਾਈਮ ਬਿਊਰੋ ਦੇ ਅੰਕੜੇ ਮੁਤਾਬਕ ਮੱਧ ਪ੍ਰਦੇਸ਼ ਵਿਚ ਔਰਤ ਤੇ ਅਪਰਾਧ ਦੇ 30673 ਮਾਮਲੇ ਦਰਜ ਹਨ। ਸੜਕ ਕੱਢਣ ਦੇ ਮਾਮਲੇ ਤੋਂ ਚੱਲਦੇ ਵਿਵਾਦ ਕਾਰਨ ਘਰ ਵਿਚ ਇਕੱਲੀਆਂ ਔਰਤਾਂ ਨੂੰ ਦੂਜੀ ਧਿਰ ਨੇ ਜ਼ਮੀਨ ਵਿਚ ਗੱਡ ਦਿੱਤਾ। ਜਿਨ੍ਹਾਂ ਨੂੰ ਰੌਲੀ ਪਾਉਣ 'ਤੇ ਪਿੰਡ ਵਾਸੀਆਂ ਨੇ ਬਾਹਰ ਕੱਢਿਆ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਦੋਸ਼ੀ ਧਿਰ ਨੇ ਅਦਾਲਤ ਵਿਚ ਸਮਰਪਣ ਵੀ ਕੀਤਾ। ਜੋ ਵੀ ਹੋਵੇ ਔਰਤਾਂ ਨੂੰ ਧਰਤੀ 'ਚ ਗੱਡਣ ਦਾ ਅਧਿਕਾਰ ਇਨ੍ਹਾਂ ਨੂੰ ਕਿਸ ਮਾਨਸਿਕਤਾ ਨੇ ਦਿੱਤਾ? ਇਸ ਵਿਸ਼ੇ ਨੂੰ ਪਰਖਣ ਪੜਚੋਲਣ ਦੀ ਜ਼ਰੂਰਤ ਹੈ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਬੰਧਨ 'ਚ ਬੰਨਣ ਦੀ ਲੋੜ ਹੈ। ਇਸ ਦਿਲ ਕੰਬਾਊ ਘਟਨਾ ਤੋਂ ਦੂਜੇ ਸੂਬਿਆਂ ਨੂੰ ਇਸੇ ਤਰ੍ਹਾਂ ਸਬਕ ਸਿੱਖਣ ਦੀ ਜ਼ਰੂਰਤ ਹੈ। ਔਰਤ ਕਿੱਥੇ-ਕਿੱਥੇ ਆਪਣੀ ਰਾਖੀ ਕਰੇ। ਇਹ ਜ਼ਿੰਮੇਵਾਰੀ ਸਮਾਜ ਦੀ ਹੈ। ਆਪਣੇ ਖ਼ੂਨ ਦੇ ਰਿਸ਼ਤੇ ਤੋਂ ਬਿਨਾਂ ਅੱਜ ਔਰਤ ਨੂੰ ਹਰ ਥਾਂ ਵਹਿਸ਼ੀ ਮਾਹੌਲ ਵਿਚੋਂ ਗੁਜਰਨਾ ਪੈਂਦਾ ਹੈ। ਔਰਤ ਨਾਲ ਜ਼ਬਰਦਸਤੀ ਜਾਂ ਦਰਿੰਦਗੀ ਨੂੰ ਨੱਥ ਪਾਉਣ ਲਈ ਕਾਂ ਮਾਰ ਕੇ ਟੰਗਣ ਦੀ ਲੋੜ ਹੈ। ਇਸੇ ਤਰ੍ਹਾਂ ਪਹਿਲਾਂ ਮੌਜ ਮਸਤੀ ਕਰ ਕੇ ਬਾਅਦ ਵਿਚ ਇਲਜ਼ਾਮ ਲਗਾਉਣ ਵਾਲੀ ਔਰਤ ਨੂੰ ਵੀ ਸਜ਼ਾ ਦਿੱਤੀ ਜਾਵੇ।
-ਸੁਖਪਾਲ ਸਿੰਘ ਗਿੱਲ
ਅਭਿਆਣਾ ਕਲਾਂ, ਰੂਪਨਗਰ।
ਮਤਰੇਈ ਮਾਂ ਵਾਲਾ ਸਲੂਕ
ਪਿਛਲੇ ਦਿਨੀਂ ਸਿੱਖਿਆ ਵਿਭਾਗ ਵਲੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਬਤੌਰ ਪੰਜਾਬੀ ਲੈਕਚਰਾਰ ਕੀਤੀਆਂ ਗਈਆਂ ਹਨ, ਪਰ ਸਟੇਸ਼ਨ ਦੇਣ ਸਮੇਂ ਪੇਂਡੂ ਇਲਾਕੇ ਦੀਆਂ ਪੰਜਾਬੀ ਲੈਕਚਰਾਰ ਦੀਆਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਲਿਸਟ 'ਚ ਨਾ ਕਰਕੇ ਪੇਂਡੂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਪੜ੍ਹਾਈ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿਚ ਬਹੁਗਿਣਤੀ ਸਕੂਲਾਂ ਵਿਚ ਕੋਈ ਵੀ ਲੈਕਚਰਾਰ ਨਹੀਂ ਹੈ ਅਤੇ ਕਈ ਸਕੂਲਾਂ ਵਿਚ ਇਕ-ਇਕ ਲੈਕਚਰਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਲੈਕਚਰਾਰ ਦੀ ਖਾਲੀ ਪੋਸਟ ਨਹੀਂ ਭਰੀ ਗਈ। ਸੈਂਕੜੇ ਅਧਿਆਪਕਾਂ ਨੂੰ ਤਰੱਕੀ ਦੇ ਕੇ ਉਨ੍ਹਾਂ ਦੇ ਬਲਾਕ/ਤਹਿਸੀਲ ਅਤੇ ਜ਼ਿਲ੍ਹਿਆਂ ਵਿਚ ਖਾਲੀ ਪੋਸਟਾਂ ਦੇ ਬਾਵਜੂਦ ਉਨ੍ਹਾਂ ਨੂੰ 100-150 ਕਿਲੋਮੀਟਰ ਦੂਰ ਹੋਰ ਜ਼ਿਲ੍ਹਿਆਂ ਵਿਚ ਜਾਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਬਹੁਤੇ ਅਧਿਆਪਕ ਤਰੱਕੀ ਲੈਣ ਤੋਂ ਵਾਂਝੇ ਰਹਿ ਗਏ ਅਤੇ ਕੁਝ ਇਸ ਨੂੰ ਛੱਡਣ ਲਈ ਮਜਬੂਰ ਹੋ ਗਏ। ਤਰੱਕੀ ਪ੍ਰਾਪਤ ਅਧਿਆਪਕਾਂ ਦੀ ਸਿੱਖਿਆ ਮੰਤਰੀ ਨੂੰ ਬੇਨਤੀ ਹੈ ਕਿ ਜੋ ਪੰਜਾਬੀ ਲੈਕਚਰਾਰ ਸਟੇਸ਼ਨ ਚੋਣ ਤੋਂ ਰਹਿ ਗਏ ਜਾਂ ਦੂਰ ਲੱਗੇ ਅਧਿਆਪਕਾਂ ਨੂੰ ਦੁਬਾਰਾ ਮੌਕਾ ਦੇ ਕੇ ਉਨ੍ਹਾਂ ਸਕੂਲਾਂ ਬਲਾਕ, ਤਹਿਸੀਲਾਂ ਵਿਚ ਖਾਲੀ ਪੋਸਟਾਂ 'ਤੇ ਲਗਾ ਕੇ ਪੇਂਡੂ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਮੌਕਾ ਦਿੱਤਾ ਜਾਵੇ।
-ਪ੍ਰੇਮ ਲਾਲ ਆਹੂਜਾ
ਸਹੀ ਪੰਚਾਇਤ ਚੁਣੀਏ
ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ 'ਚ ਸਿਆਸੀ ਮਾਹੌਲ ਤੇਜ਼ ਹੋ ਚੁੱਕਾ ਹੈ। ਜੇਕਰ ਪੰਚਾਇਤ ਨੂੰ ਅਸੀਂ ਮਿੰਨੀ ਵਿਧਾਨ ਸਭਾ ਵੀ ਕਹਿ ਲਈਏ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਪਿੰਡਾਂ ਦੇ ਲੋਕ ਆਪੋ-ਆਪਣੇ ਪਿੰਡ ਲਈ ਵਧੀਆ ਪੰਚਾਇਤ ਚੁਣਨ ਲਈ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੇ ਮਨਾਂ ਵਿਚ ਇਕੋ ਹੀ ਗੱਲ ਹੈ ਕਿ ਸਾਡੇ ਪਿੰਡ ਦੀ ਪੰਚਾਇਤ ਪੜ੍ਹੀ ਲਿਖੀ, ਇਮਾਨਦਾਰ, ਸੱਚ 'ਤੇ ਪਹਿਰਾ ਦੇਣ ਵਾਲੀ, ਪਿੰਡ ਵਿਚ ਸੁਧਾਰ ਕਰਨ ਵਾਲੀ ਹੋਵੇ। ਪਿੰਡ ਦਾ ਸਰਪੰਚ ਵਧੀਆ ਪੜ੍ਹਿਆ-ਲਿਖਿਆ ਹੋਵੇ, ਉਸ ਨੂੰ ਆਪਣੀ ਤਾਕਤ ਦਾ ਪਤਾ ਹੋਵੇ, ਪੰਚਾਇਤ ਐਕਟ ਬਾਰੇ ਪੂਰਾ ਜਾਣਦਾ ਹੋਵੇ। ਉਹੀ ਪਿੰਡ ਦਾ ਵਿਕਾਸ ਕਰ ਸਕਦਾ ਹੈ। ਪਿੰਡ ਦੀ ਹਰ ਸਮੱਸਿਆ ਦਾ ਹੱਲ ਕਰ ਸਕਦਾ ਹੈ। ਬਹੁਤ ਸਾਰੇ ਲੋਕ ਲਾਲਚਵੱਸ ਹੋ ਕੇ ਸ਼ਰਾਬ, ਨਸ਼ੇ, ਅਤੇ ਪੇਸੈ ਲੈ ਕੇ ਗ਼ਲਤ ਲੋਕਾਂ ਦੀ ਚੋਣ ਕਰਕੇ ਵੱਡੀ ਗ਼ਲਤੀ ਕਰ ਲੈਂਦੇ ਹਨ। ਉਹ ਪਿੰਡ ਦੇ ਲੋਕ ਬਹੁਤ ਵੱਡੀ ਗ਼ਲਤੀ ਕਰ ਲੈਂਦੇ ਹਨ। ਅਜਿਹੇ ਵੀ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਦਾ।
ਆਓ ਸਾਰੇ ਕੋਸ਼ਿਸ਼ ਕਰੀਏ ਕੇ ਆਪੋ-ਆਪਣੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰੀਏ। ਸਰਬਸੰਮਤੀ ਕਰਨ ਨਾਲ ਸਾਰੇ ਪਿੰਡ ਦਾ ਆਪਸ ਵਿਚ ਪਿਆਰ ਅਤੇ ਭਾਈਚਾਰਾ ਕਇਮ ਰਹਿੰਦਾ ਹੈ। ਲੋਕਾਂ ਦੀ ਪਾਰਟੀਬਾਜ਼ੀ ਖ਼ਤਮ ਹੁੰਦੀ ਹੈ। ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਿੰਡ 'ਚ ਪੜ੍ਹੀ ਲਿਖੀ, ਇਮਾਨਦਾਰ ਅਤੇ ਸੱਚ ਦਾ ਸਾਥ ਦੇਣ ਵਾਲੀ ਪੰਚਾਇਤ ਦੀ ਹੀ ਚੋਣ ਕਰਨ। ਜੇਕਰ ਸਰਬਸੰਮਤੀ ਨਹੀਂ ਹੁੰਦੀ ਤਾਂ ਵੋਟਾਂ ਵਿਚ ਉਨ੍ਹਾਂ ਲੋਕਾਂ ਨੂੰ ਜਿਤਾਓ, ਜੋ ਵਧੀਆ ਕਿਰਦਾਰ, ਨਸ਼ਿਆਂ ਦੇ ਖਿਲਾਫ਼, ਮਿਹਨਤੀ ਅਤੇ ਇਮਾਨਦਾਰ ਹੋਣ। ਪਿੰਡ ਦਾ ਵਧੀਆ ਵਿਕਾਸ ਕਰਵਾ ਸਕਦੇ ਹੋਣ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਭੋਜਨ ਦੀ ਸੁਰੱਖਿਆ ਜ਼ਰੂਰੀ
ਸੰਤੁਲਿਤ ਭੋਜਨ ਜਿਥੇ ਸਰੀਰ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖ ਕੇ ਬਿਮਾਰੀਆਂ ਤੋਂ ਦੂਰ ਕਰਦਾ ਹੈ, ਉਥੇ ਬੇਹਾ ਅਤੇ ਜ਼ਹਿਰੀਲਾ ਭੋਜਨ ਜ਼ਹਿਰ ਬਣ ਕੇ ਸਰੀਰ ਨੂੰ ਕਈ ਪ੍ਰਕਾਰ ਦੇ ਰੋਗਾਂ ਦੇ ਹਵਾਲੇ ਕਰ ਦਿੰਦਾ ਹੈ। ਭੋਜਨ ਪਦਾਰਥਾਂ ਦੀ ਸਰੁੱਖਿਆ ਦਾ ਵਿਸ਼ਾ ਕੋਈ ਨਵਾਂ ਨਹੀਂ, ਇਸ ਲਈ ਸਮੇਂ-ਸਮੇਂ ਕਦਮ ਚੁੱਕੇ ਗਏ ਪ੍ਰੰਤੂ ਉਨ੍ਹਾਂ ਨੂੰ ਬੂਰ ਨਹੀਂ ਪਿਆ। ਪਟਿਆਲਾ ਵਿਚ ਵਾਪਰੀ ਇਕ ਘਟਨਾ ਦੌਰਾਨ ਕੇਕ ਖਾਣ ਨਾਲ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸੁਰਖ਼ੀ ਬਣੀ ਸੀ ਕਿ ਹੁਣ ਫਿਰ ਦਿੱਲੀ ਨਿਊਯਾਰਕ ਏਅਰ ਇੰਡੀਆ ਦੀ ਉਡਾਣ ਵਿਚ ਇਕ ਯਾਤਰੀ ਨੂੰ ਪਰੋਸੇ ਆਮਲੇਟ 'ਚੋਂ ਕਾਕਰੋਚ ਪਾਏ ਜਾਣ ਕਰਕੇ ਫ਼ੂਡ ਪੁਆਇਜ਼ਨਿੰਗ ਦਾ ਕੇਸ ਸਾਹਮਣੇ ਆਇਆ ਹੈ, ਜਿਸ ਨੇ ਇਕ ਵਾਰ ਫਿਰ ਭੋਜਨ ਦੀ ਸੁਰੱਖਿਆ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਮਨੁੱਖ ਕੋਲੋਂ ਕੰਮ ਕਰਦਿਆਂ ਗ਼ਲਤੀ ਹੋ ਜਾਂਦੀ ਹੈ, ਪਰੰਤੂ ਕਈ ਵਾਰ ਸਾਡੀ ਕੀਤੀ ਲਾਪਰਵਾਹੀ ਦੂਜੇ ਦੀ ਜਾਨ ਦਾ ਦੁਸ਼ਮਣ ਤੇ ਸਾਡੇ ਲਈ ਗੁਨਾਹ ਬਣ ਜਾਂਦੀ ਹੈ। ਭੋਜਨ ਦੀ ਸਰੁੱਖਿਆ ਪ੍ਰਤੀ ਸਰਕਾਰ ਨੂੰ ਜਿਥੇ ਸਖ਼ਤ ਕਦਮ ਚੁੱਕ ਕੇ ਹਕੀਕੀ ਜਾਮਾ ਪਹਿਨਾਉਣ ਦੀ ਲੋੜ ਹੈ, ਉਥੇ ਆਮ ਵਿਅਕਤੀ ਦਾ ਵੀ ਭੋਜ਼ਨ ਦੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਭਵਿੱਖ ਵਿਚ ਜ਼ਹਿਰੀਲੇ ਭੋਜਨ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨਾ ਵਾਪਰ ਸਕਣ।
-ਰਜਵਿੰਦਰ ਪਾਲ ਸ਼ਰਮਾ
ਹੱਥੀਂ ਕੀਤੇ ਕੰਮ ਦੀ ਅਹਿਮੀਅਤ
ਅਜੋਕੇ ਸਮੇਂ ਸਮਾਜ ਵਿਚ ਇਹ ਗੱਲ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਸੀਂ ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣ ਦੀ ਬਜਾਏ ਦੂਸਰਿਆਂ ਦੁਆਰਾ ਕੀਤੇ ਕੰਮ ਉਪਰ ਨਿਰਭਰ ਹੋ ਗਏ ਹਾਂ ਜੋ ਕਿ ਵਧੀਆ ਗੱਲ ਨਹੀਂ ਹੈ। ਪੁਰਾਣੇ ਸਮੇਂ ਸਾਡੇ ਬਜ਼ੁਰਗ ਆਪਣੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਸ਼ਾਇਦ ਇਸੇ ਕਾਰਨ ਅਸੀਂ ਪੁਰਾਣੇ ਬਜ਼ੁਰਗਾਂ ਦੇ ਮੁਕਾਬਲੇ ਜ਼ਿਆਦਾ ਸੋਹਲ ਅਤੇ ਆਰਾਮ ਪ੍ਰਸਤ ਹੋ ਗਏ ਹਾਂ। ਸਿੱਟੇ ਵਜੋਂ ਸਾਨੂੰ ਅਨੇਕ ਬਿਮਾਰੀਆਂ ਨੇ ਘੇਰ ਰੱਖਿਆ ਹੈ। ਕੋਈ ਸਮਾਂ ਸੀ ਜਦੋਂ ਪਿੰਡਾਂ ਵਿਚ ਸਾਰੇ ਦੇ ਸਾਰੇ ਪਰਿਵਾਰ ਇਕੱਠੇ ਰਹਿੰਦੇ ਸਨ ਅਤੇ ਇਕੱਠੇ ਹੀ ਖੇਤਾਂ ਵਿਚ ਕੰਮ ਕਰਦੇ ਸਨ। ਜਿਸ ਕਰਕੇ ਪਰਿਵਾਰ ਵਿਚ ਜਿਥੇ ਆਪਸੀ ਪਿਆਰ ਮੁਹੱਬਤ ਅਤੇ ਮਿਲਵਰਤਣ ਬਣੇ ਰਹਿੰਦੇ ਸਨ, ਉਥੇ ਪਰਿਵਾਰਕ ਮੈਂਬਰਾਂ ਦੀ ਸਿਹਤ ਵੀ ਨਰੋਈ ਅਤੇ ਤੰਦਰੁਸਤ ਰਹਿੰਦੀ ਸੀ। ਪਰ ਸਮੇਂ ਦੇ ਬੀਤਣ ਨਾਲ ਜਿਥੇ ਪਰਿਵਾਰਾਂ ਦੀ ਏਕਤਾ ਖ਼ਤਮ ਹੋ ਗਈ ਉਥੇ ਪਰਿਵਾਰ ਵਿਚ ਪਹਿਲਾਂ ਵਰਗਾ ਪਿਆਰ ਅਤੇ ਮਿਲਵਰਤਣ ਨਹੀਂ ਰਿਹਾ ਅਤੇ ਪਰਿਵਾਰਕ ਸਿਹਤ ਅਤੇ ਸੋਚ ਦੋਵੇਂ ਹੀ ਪ੍ਰਭਾਵਤ ਹੋ ਗਏ। ਸਾਇੰਸ ਨੇ ਮਸ਼ੀਨਰੀ ਦੀਆਂ ਕਾਢਾਂ ਮਨੁੱਖ ਦੀ ਸਹੂਲਤ ਵਾਸਤੇ ਕੱਢੀਆਂ ਸਨ, ਪਰ ਮਨੁੱਖ ਨੇ ਇਨ੍ਹਾਂ ਦੀ ਉਚਿਤ ਵਰਤੋਂ ਕਰਨ ਦੀ ਬਜਾਏ ਦੁਰਵਰਤੋਂ ਹੀ ਕੀਤੀ ਹੈ ਅਤੇ ਉਹ ਖ਼ੁਦ ਮਸ਼ੀਨਰੀ ਦਾ ਗੁਲਾਮ ਹੋ ਕੇ ਰਹਿ ਗਿਆ ਤੇ ਛੋਟੇ ਤੋਂ ਛੋਟਾ ਕੰਮ ਵੀ ਮਸ਼ੀਨਰੀ ਤੋਂ ਹੀ ਲੈਣ ਲੱਗ ਪਿਆ। ਜਿਹੜਾ ਕਿ ਉਹ ਹੱਥੀਂ ਕਰ ਸਕਦਾ ਸੀ। ਅਜਿਹਾ ਕਰਨ ਕਰਕੇ ਸਾਡੀ ਆਰਥਿਕਤਾ ਉੱਪਰ ਵੀ ਮਾੜਾ ਅਸਰ ਪਿਆ ਹੈ, ਅਰਥਾਤ ਸਾਡੇ ਖ਼ਰਚੇ ਤਾਂ ਵਧ ਗਏ, ਪਰ ਆਮਦਨ ਸੀਮਤ ਹੀ ਰਹਿ ਗਈ। ਸੋ, ਸਾਨੂੰ ਸਭ ਨੂੰ ਹੱਥੀਂ ਕੰਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੇ ਕੰਮ ਜਿਥੋਂ ਤਕ ਸੰਭਵ ਹੋ ਕੇ ਆਪਣੇ ਹੱਥੀਂ ਕਰਨ ਨੂੰ ਪਹਿਲ ਅਤੇ ਤਰਜੀਹ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿਥੇ ਸਾਡੇ ਖ਼ਰਚੇ ਘੱਟਣਗੇ, ਉਥੇ ਅਸੀਂ ਸਿਹਤਮੰਦ ਵੀ ਰਹਾਂਗੇ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾਅ ਸਕਾਂਗੇ ਤੇ ਸਿਹਤਮੰਦ ਸਮਾਜ ਸਿਰਜਣ ਵਿਚ ਸਹਾਈ ਹੋਵਾਂਗੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਨਸ਼ਿਆਂ ਦੀ ਦਲਦਲ
ਪੰਜਾਬ ਵਿਚ ਨਸ਼ਿਆਂ ਦਾ ਵਪਾਰ ਦਿਨੋ ਦਿਨ ਵਧ ਰਿਹਾ ਹੈ, ਜਿਸ ਦੇ ਬਹੁਤ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਕਿਤੇ ਨਾ ਕਿਤੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਨਸ਼ਿਆਂ ਦੇ ਆਦੀ ਹੋਏ ਨੌਜਵਾਨ ਗ਼ਲਤ ਰਾਹਾਂ 'ਤੇ ਚੱਲ ਕੇ ਡੂੰਘੀ ਦਲਦਲ ਵਿਚ ਫਸਦੇ ਜਾ ਰਹੇ ਹਨ। ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ। ਇਸ ਦੇ ਉਲਟ ਨਸ਼ਿਆਂ ਦੇ ਵਪਾਰੀਆਂ ਦਾ ਵਪਾਰ ਦਿਨੋ ਦਿਨ ਫੈਲਦਾ ਜਾ ਰਿਹਾ ਹੈ। ਰਾਜਨੀਤਕ ਪਾਰਟੀਆਂ ਵੋਟਾਂ ਲੈਣ ਸਮੇਂ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕਰਦੀਆਂ ਹਨ ਅਤੇ ਜਿੱਤਣ ਤੋਂ ਬਾਅਦ ਨਸ਼ਾ ਰੋਕਣ ਵਿਚ ਨਾਕਾਮ ਨਜ਼ਰ ਆਉਂਦੀਆਂ ਹਨ। ਪੰਜਾਬ ਸਰਕਾਰ ਨੂੰ ਪੂਰੀ ਇਮਾਨਦਾਰੀ ਨਾਲ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ।
-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਲੁਧਿਆਣਾ
ਮੁਫ਼ਤ ਦੀਆਂ ਰਿਓੜੀਆਂ
ਪਿਛਲੇ ਦਿਨੀਂ ਸ. ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਸੰਪਾਦਕੀ 'ਵਾਅਦਾ ਤੇਰਾ ਵਾਅਦਾ' ਪੜ੍ਹੀ। ਜਿਸ ਵਿਚ ਲੇਖਕ ਨੇ ਜਿਸ ਤਰ੍ਹਾਂ ਜੰਮੂ-ਕਸ਼ਮੀਰ ਤੇ ਹਰਿਆਣਾ ਵਿਚ ਹੋ ਰਹੀਆਂ ਚੋਣਾਂ ਦੌਰਾਨ ਮੁਫ਼ਤ ਖੋਰੀ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ ਜੋ ਕਾਬਲੇ ਗ਼ੌਰ ਤੇ ਕਾਬਲੇ-ਤਾਰੀਫ਼ ਹੈ। ਕਿੰਨਾ ਚੰਗਾ ਹੋਵੇ ਜੇ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸੂਬਿਆਂ ਵਿਚ ਕਾਰਖਾਨੇ ਲਗਾਏ ਤੇ ਲੋਕਾਂ ਨੂੰ ਨਕਾਰਾ ਹੋਣ ਤੋਂ ਬਚਾਏ। ਰੁਜ਼ਗਾਰ ਮਿਲਣ ਨਾਲ ਹਰ ਸ਼ਹਿਰੀ ਸਰਕਾਰ ਨੂੰ ਟੈਕਸ ਦੇਵੇਗਾ, ਜਿਸ ਨਾਲ ਰਾਜ ਦੀ ਆਮਦਨ ਵਧੇਗੀ ਅਤੇ ਉਹ ਆਪਣੇ ਆਪ ਹੀ ਸਿਹਤ ਤੇ ਮੁੱਢਲੀਆਂ ਸਹੂਲਤਾਂ ਲੈ ਸਕਦੇ ਹਨ। ਸੂਬੇ ਤੇ ਕਰਜ਼ ਨਹੀਂ ਚੜ੍ਹੇਗਾ। ਸੂਬਾ ਖ਼ੁਸ਼ਹਾਲ ਹੋਵੇਗਾ। ਲੋਕਾਂ 'ਤੇ ਟੈਕਸਾਂ ਦਾ ਵਾਧੂ ਬੋਝ ਨਹੀਂ ਪਵੇਗਾ। ਇਸ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਨੌਜਵਾਨੀ ਖਾ ਰਿਹਾ ਹੈ ਨਸ਼ਾ
ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਈ-ਰਿਕਸ਼ੇ ਵਾਲਾ ਨਸ਼ੇ ਵਿਚ ਧੁੱਤ ਮੂਧੇ ਮੂੰਹ ਰਿਕਸ਼ੇ ਵਿਚ ਪਿਆ ਸੀ | ਜ਼ਿਆਦਾਤਰ 18 ਤੋਂ 25 ਸਾਲ ਦੇ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮਰ ਰਹੇ ਹਨ | ਕੁਝ ਕੁ ਮਹੀਨੇ ਪਹਿਲਾਂ ਅੰਮਿ੍ਤਸਰ ਵਿਚ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ | ਹੁਣ ਤਾਂ ਕੁੜੀਆਂ ਵੀ ਚਿੱਟੇ ਦੀਆਂ ਸ਼ੌਕੀਨ ਹੋ ਚੁੱਕੀਆਂ ਹਨ | ਕਪੂਰਥਲਾ 'ਚ ਇਕ ਕੁੜੀ ਲੋਕਾਂ ਤੋਂ ਪੈਸੇ ਮੰਗ ਕੇ ਚਿੱਟੇ ਪੀਂਦੀ ਸੀ | ਜਿਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ਜੇਲ੍ਹ ਵਿਚ ਹੈ | ਹਾਲ ਹੀ ਵਿਚ ਚੋਹਲਾ ਸਾਹਿਬ ਵਿਖੇ ਇਕ ਕਿਸਾਨ ਪਰਿਵਾਰ ਦੇ ਦੋਵਾਂ ਪੁੱਤਰਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ | ਵੱਡੇ ਪੁੱਤਰ ਦੀਆਂ ਅੰਤਿਮ ਰਸਮਾਂ ਵੀ ਹਜੇ ਪੂਰੀਆਂ ਨਹੀਂ ਹੋਈਆਂ ਸਨ ਕਿ ਛੋਟੇ ਪੁੱਤਰ ਦੀ ਵੀ ਮੌਤ ਹੋ ਗਈ | ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀ.ਐਸ.ਐਫ. ਵਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ ਹਨ | ਨਸ਼ਾ ਕਰਨ ਵਾਲਿਆਂ ਦੇ ਘਰ ਵੀ ਤਬਾਹ ਹੋ ਰਹੇ ਹਨ | ਮਾਂ-ਪਿਉ ਮਰ-ਮਰ ਕੇ ਜੀਊਾਦੇ ਹਨ | ਨਸ਼ੇ ਦੀ ਪੂਰਤੀ ਲਈ ਕਈ ਨਸ਼ੇੜੀ ਘਰ ਦਾ ਸਾਮਾਨ ਤੱਕ ਵੇਚ ਦਿੰਦੇ ਹਨ | ਤਸਕਰ ਭਾਰਤ ਵਿਚ ਚੋਰ-ਮੋਰੀਆਂ ਰਾਹੀਂ ਹੈਰੋਈਨ ਪਹੁੰਚਾਉਣ 'ਚ ਕਾਮਯਾਬ ਹੋ ਰਹੇ ਹਨ |
ਪੰਜਾਬ ਵਿਚ ਹਜ਼ਾਰਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ | ਕੁਝ ਕੁ ਮਹੀਨੇ ਪਹਿਲਾਂ ਵੀ ਗੁਜਰਾਤ ਦੀ ਮੁੰਦਰਾ ਤੇ ਕਾਂਡਲਾ ਬੰਦਰਗਾਹਾਂ ਚਰਚਾ 'ਚ ਸੀ | ਸਰਕਾਰ ਵਲੋਂ ਨਸ਼ਿਆਂ 'ਤੇ ਨਕੇਲ ਕੱਸਣ ਲਈ ਸੂਬੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ | ਕੁਝ ਕੁ ਨਸ਼ਾ ਤਸਕਰਾਂ ਨੂੰ ਫੜਿਆ ਵੀ ਗਿਆ ਹੈ | ਦੇਸ਼ ਦਾ ਭਵਿੱਛ ਬਚਾਉਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ |
-ਸੰਜੀਵ ਸਿੰਘ ਸੈਣੀ
ਮੁਹਾਲੀ
ਹੱਕ ਤੇ ਵਿਰੋਧ
ਕੇਂਦਰ ਵਿਚ ਐਨ.ਡੀ.ਏ. ਸਰਕਾਰ ਦੁਆਰਾ ਆਪਣੇ ਪਿਛਲੇ ਕਾਰਜਕਾਲ ਵਿਚ 'ਇਕ ਦੇਸ਼-ਇਕ ਚੋਣ' ਸੰਬੰਧੀ ਬਣਾਈ ਗਈ ਕੋਵਿੰਦ ਕਮੇਟੀ ਦੀ ਰਿਪੋਰਟ ਦੇ ਅਨੁਸਾਰ, 47 ਰਾਜਨੀਤਕ ਪਾਰਟੀਆਂ ਨੇ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਵਿਚੋਂ 32 ਨੇ ਇੱਕੋ ਸਮੇਂ ਚੋਣਾਂ ਦਾ ਸਮਰਥਨ ਕੀਤਾ | ਹਾਲਾਂਕਿ, ਜ਼ਿਆਦਾਤਰ ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇੱਕੋ ਸਮੇਂ ਚੋਣਾਂ ਦੇ ਹੱਕ ਵਿਚ ਹੋ ਸਕਦੀਆਂ ਹਨ, ਪਰ ਕੁਝ ਪਾਰਟੀਆਂ ਇਸ ਵਿਚਾਰ ਦੇ ਵਿਰੁੱਧ ਵੀ ਦਲੀਲਾਂ ਦਿੰਦੀਆਂ ਹਨ | ਜਦੋਂ ਕਿ ਕੁਝ ਪਾਰਟੀਆਂ ਅਤੇ ਨੇਤਾਵਾਂ ਦੀ ਇਹ ਦਲੀਲ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇੱਕੋ ਸਮੇਂ ਚੋਣਾਂ ਵੋਟਰਾਂ ਨੂੰ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਵੋਟ ਦੇਣ ਲਈ ਪ੍ਰੇਰਿਤ ਕਰ ਸਕਦੀਆਂ ਹਨ ਅਤੇ ਇਹ ਸਾਡੇ ਗਣਤੰਤਰ ਦੇ ਸੰਘੀ ਚਰਿੱਤਰ ਨੂੰ ਕਮਜ਼ੋਰ ਕਰੇਗੀ, ਗ਼ੈਰਵਾਜਬ ਜਾਪਦੀ ਹੈ-ਕਿਉਂਕਿ ਆਪਣੇ ਵੋਟ ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹਨ | ਨਾਲ ਹੀ ਇਹ ਵੀ ਸੱਚ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ ਕਿ ਇਹ ਖਰਚੇ ਨੂੰ ਘਟਾਏਗਾ, ਸੁਰੱਖਿਆ ਬਲਾਂ ਸਮੇਤ ਸਰਕਾਰੀ ਸਰੋਤਾਂ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਏਗਾ ਅਤੇ ਇੱਕੋ ਸਮੇਂ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਯੋਜਨਾ ਬਣਾਉਣ 'ਚ ਮਦਦਗਾਰ ਹੋਵੇਗਾ |
ਇੱਥੇ ਇਹ ਵੀ ਵਰਣਨਯੋਗ ਹੈ ਕਿ ਵਾਰ-ਵਾਰ ਚੋਣਾਂ ਕਰਵਾਉਣ ਦੌਰਾਨ ਚੋਣ ਜ਼ਾਬਤਾ ਦੇ ਲਾਗੂ ਹੋਣ ਨਾਲ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਦੀ ਗਤੀ ਵੀ ਧੀਮੀ ਹੋ ਜਾਂਦੀ ਹੈ, ਅਤੇ ਇਸ ਵਜੋਂ ਵੀ ਦੇਸ਼ ਵਿਚ ਇਕੋ ਸਮੇਂ ਚੋਣਾਂ ਦੇ ਹੱਕ ਵਿਚ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ | ਸੱਤਾਧਾਰੀ ਭਾਜਪਾ ਨੂੰ ਇਸ ਮੁੱਦੇ 'ਤੇ ਆਪਣੀਆਂ ਸਹਿਯੋਗੀ ਪਾਰਟੀਆਂ ਅਤੇ ਵਿਰੋਧੀ ਧਿਰਾਂ ਤੱਕ ਪਹੁੰਚ ਕਰ ਕੇ ਸਹਿਮਤੀ ਬਣਾਉਣੀ ਪਵੇਗੀ |
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ |
ਔਰਤਾਂ ਪ੍ਰਤੀ ਨਜ਼ਰੀਆਂ ਬਦਲੀਏ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਭਾਰਤ 'ਚ ਹਰ 16 ਮਿੰਟ ਬਾਅਦ ਇਕ ਔਰਤ ਜਬਰ-ਜਨਾਹ ਦਾ ਸ਼ਿਕਾਰ ਹੁੰਦੀ ਹੈ | ਪਰ ਚਰਚਾ 'ਚ ਸਿਰਫ਼ ਇਕ ਜਾਂ ਦੋ ਕੇਸ ਹੀ ਆਉਂਦੇ ਹਨ, ਤੇ ਬਾਕੀ 'ਮੂਕ ਰਾਜਨੀਤੀ' ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ | ਕੋਲਕਾਤਾ ਕਾਂਡ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਵਾਪਰ ਚੁੱਕੀਆਂ ਹਨ |
ਨਿਰਭਿਆ ਕੇਸ ਨੂੰ ਯਾਦ ਕਰ ਧੀਆਂ ਦੇ ਮਾਪੇ ਅੱਜ ਵੀ ਭੈਭੀਤ ਹੋ ਜਾਂਦੇ ਹਨ | ਅੱਜ ਦੇ ਮਰਦ ਪ੍ਰਧਾਨ ਸਮਾਜ ਵਿਚ ਜਿਥੇ ਅਸੀਂ ਆਪਣੇ ਆਪ ਨੂੰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਢੋਂਗ ਕਰਦੇ ਆ ਰਹੇ ਹਾਂ, ਉਥੇ ਔਰਤ ਪ੍ਰਤੀ ਸਾਡੀ ਸੋਚ ਅਜੇ ਵੀ ਬਦਲੀ ਨਹੀਂ | ਅੱਜ ਵੀ ਔਰਤਾਂ ਨੂੰ ਸਮਾਜ ਵਿਚ ਬਣਦਾ ਦਰਜਾ ਤੇ ਸਤਿਕਾਰ ਨਹੀਂ ਦਿੱਤਾ ਜਾਂਦਾ ਤੇ ਸਦੀਆਂ ਪੁਰਾਣੀ ਰੂੜੀਵਾਦੀ ਸੋਚ ਲੜਕੀਆਂ ਪ੍ਰਤੀ ਪਹਿਲਾਂ ਵਾਲੀ ਹੀ ਬਣੀ ਹੋਈ ਹੈ | ਲੜਕੀ ਦੇ ਜੰਮਣ 'ਤੇ ਉਸ ਨੂੰ ਕੁੱਜੇ ਵਿਚ ਪਾ ਕੇ ਦਫ਼ਨ ਕਰਨ ਦੀ ਪਰੰਪਰਾ ਸੀ | ਪਰ ਅੱਜ ਉਸ ਨੂੰ ਆਪਾਂ ਜੰਮਣ ਤੋਂ ਪਹਿਲਾਂ ਹੀ ਹੱਤਿਆ ਕਰ ਦਿੱਤੀ ਜਾਂਦੀ ਹੈ, ਪਰ ਔਰਤ ਨੇ ਆਪਣੀ ਮਿਹਨਤ, ਲਗਨ, ਦਿ੍ੜ੍ਹ ਵਿਸ਼ਵਾਸ ਦੇ ਨਾਲ ਆਪਣੇ ਮੁਕਾਮ ਨੂੰ ਕਾਇਮ ਰੱਖਦਿਆਂ ਇਹ ਮਰਦ ਪ੍ਰਧਾਨ ਸਮਾਜ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਹਰ ਖੇਤਰ ਵਿਚ ਤਰੱਕੀ ਕੀਤੀ ਹੈ | ਇਸ ਨਾਲ ਹੀ ਸਮਾਜ ਵਿਚ ਬਦਲਾਅ ਆ ਸਕਦਾ ਹੈ |
-ਗੌਰਵ ਮੁੰਜਾਲ
ਪੀ.ਸੀ.ਐਸ. |
ਸੜਕ ਹਾਦਸਿਆਂ ਵਿਚ ਵਾਧਾ
ਅੱਜ ਕੱਲ ਸੜਕ ਹਾਦਸਿਆਂ ਨੇ ਅਖ਼ਬਾਰ ਦੇ ਹਰ ਪੰਨੇ 'ਤੇ ਆਪਣੀ ਜਗ੍ਹਾ ਬਣਾ ਲਈ ਹੈ। ਇਹ ਸੜਕ ਹਾਦਸੇ ਦਿਨੋ ਦਿਨ ਭਾਰਤ ਦੀ ਆਬਾਦੀ ਵਾਂਗ ਵਧ ਰਹੇ ਹਨ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਜਾਂ ਲੋਕਾਂ ਨੂੰ ਇਨ੍ਹਾਂ ਦਾ ਗਿਆਨ ਨਹੀਂ ਹੈ। ਜੇ ਗਿਆਨ ਹੈ ਤਾਂ ਇਹ ਸੜਕ ਹਾਦਸੇ ਕਿਉਂ ਨਹੀਂ ਰੁਕ ਰਹੇ। ਕੀ ਅੱਜ ਕੱਲ ਕਿਸੇ ਨੂੰ ਜ਼ਿੰਦਗੀ ਦੀ ਕੀਮਤ ਦਾ ਨਹੀਂ ਪਤਾ?
-ਮਨਪ੍ਰੀਤ ਕੌਰ, ਬਰਨਾਲਾ
ਪੰਚਾਇਤ ਸਰਬਸੰਮਤੀ ਨਾਲ ਬਣੇ
ਪੰਚਾਇਤੀ ਚੋਣਾਂ ਦਾ ਪੰਜਾਬ ਵਿਚ ਬਿਗਲ ਵੱਜ ਗਿਆ ਹੈ। ਸਰਬ-ਸੰਮਤੀ ਨਾਲ ਹੋਣ ਪੰਚਾਇਤੀ ਚੋਣਾਂ। ਪੰਜਾਬ ਸਰਕਾਰ ਨੇ ਇਸ ਸੰਬੰਧ ਵਿਚ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ। ਕਾਬਲੇ ਤਾਰੀਫ ਹੈ। ਪੰਚਾਇਤੀ ਚੋਣਾਂ ਸਰਬ ਸੰਮਤੀ ਨਾਲ ਹੋਣ ਕਾਰਨ ਇਮਾਨਦਾਰ ਤੇ ਪੜ੍ਹੇ ਲਿਖੇ ਉਮੀਦਵਾਰ ਦੀ ਚੋਣ ਹੋਵੇਗੀ। ਪਿੰਡਾਂ ਵਿਚ ਗੁਟਬੰਦੀ ਖ਼ਤਮ ਹੋਵੇਗੀ। ਪਿੰਡ ਦੇ ਵਿਕਾਸ ਦੇ ਕੰਮ ਹੋਣਗੇ। ਪਿੰਡਾਂ ਵਿਚ ਸਾਫ ਪਾਣੀ, ਸੀਵਰੇਜ, ਸੜਕਾਂ, ਪਾਰਕਾਂ, ਖੇਡ ਸਟੇਡੀਅਮ, ਸਕੂਲ, ਛੱਪੜਾਂ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਸਰਪੰਚ ਦੀ ਯੋਗਤਾ ਘੱਟੋ-ਘੱਟ ਮੈਟਰਿਕ ਕਰਨੀ ਚਾਹੀਦੀ ਹੈ। ਮਹਿਲਾ ਸਰਪੰਚ ਦੀ ਜਗ੍ਹਾ ਉਨ੍ਹਾਂ ਦੇ ਘਰ ਵਾਲੇ ਕੰਮ ਕਰਦੇ ਹਨ। ਇਹ ਰੁਝਾਨ ਖ਼ਤਮ ਕਰ ਕੇ ਕਾਬਲ ਮਹਿਲਾ ਨੂੰ ਸਰਬ ਸੰਮਤੀ ਨਾਲ ਜਿਥੇ ਮਹਿਲਾ ਦਾ ਕੋਟਾ ਹੈ ਚੁਣਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਮਿਲਾਵਟੀ ਦੁੱਧ 'ਤੇ ਸ਼ਿਕੰਜਾ ਜ਼ਰੂਰੀ
ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਿਲਾਵਟੀ ਦੁੱਧ ਦੇ ਦਿਨੋਂ ਦਿਨ ਵਧ ਰਹੇ ਕਾਰੋਬਾਰ ਬਾਰੇ ਟਿੱਪਣੀ ਸਭ ਨੂੰ ਸੁਚੇਤ ਕਰਦੀ ਹੋਈ ਲਾਮਬੰਦ ਹੋਣ ਦਾ ਹੋਕਾ ਦਿੰਦੀ ਦਿਖਾਈ ਦੇ ਰਹੀ ਹੈ। ਜੇਕਰ ਮਿਲਾਵਟ ਦਾ ਕਹਿਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸਲੀ ਦੁੱਧ ਦਾ ਉਤਪਾਦਨ ਬੰਦ ਹੋ ਕੇ ਡੋਰ ਪੂਰੀ ਤਰ੍ਹਾਂ ਨਕਲੀਆਂ ਦੇ ਹੱਥ ਆ ਜਾਵੇਗੀ। ਦੁੱਧ ਆਮ ਵਰਤਿਆ ਜਾਣ ਵਾਲਾ ਸਭ ਤੋਂ ਜ਼ਰੂਰੀ ਭੋਜਨ ਪਦਾਰਥਾਂ ਵਿਚੋਂ ਇਕ ਹੈ। ਦੁੱਧ ਨੂੰ ਇਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਕਿਉਂਕਿ ਦੁੱਧ ਵਿਚ ਕੈਲਸ਼ੀਅਮ, ਫੈਟ, ਖੰਡ, ਪਾਣੀ ਅਤੇ ਅਜਿਹੇ ਸਾਰੇ ਤੱਤ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਰੋਜ਼ਾਨਾ ਜ਼ਰੂਰਤ ਹੁੰਦੀ ਹੈ। ਫਲ ਫਰੂਟ ਅਤੇ ਸਬਜ਼ੀਆਂ ਨੂੰ ਹਰ ਇਕ ਵਿਅਕਤੀ ਵਧਦੀ ਮਹਿੰਗਾਈ ਕਰਕੇ ਰੋਜ਼ਾਨਾ ਖਰੀਦਣ ਤੋਂ ਅਸਮਰੱਥ ਹੁੰਦਾ ਹੈ ਪਰੰਤੂ ਦੁੱਧ ਦੀ ਵਰਤੋਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜੋ ਨਾ ਕਰਦਾ ਹੋਵੇ। ਦੁੱਧ ਸਸਤਾ ਤੇ ਅਸਾਨੀ ਨਾਲ ਮਿਲਣ ਵਾਲਾ ਪਦਾਰਥ ਹੈ। ਪਰੰਤੂ ਜੋ ਵਸਤੂ ਅਸਾਨੀ ਨਾਲ ਅਤੇ ਸੌਖੀ ਮਿਲ ਜਾਵੇ, ਉਹ ਕਈ ਵਾਰ ਸਿਹਤ ਲਈ ਹਾਨੀਕਾਰਕ ਵੀ ਸਿੱਧ ਹੁੰਦੀ ਹੈ। ਨਕਲੀ ਤੇ ਮਿਲਾਵਟੀ ਦੁੱਧ ਦੀ ਵਰਤੋਂ ਇਸ ਕਰਕੇ ਵਧ ਰਹੀ ਹੈ ਕਿਉਂਕਿ ਜਿੰਨੀ ਦੇਸ਼ ਵਿਚ ਦੁੱਧ ਦੀ ਖਪਤ ਹੁੰਦੀ ਹੈ। ਉਨ੍ਹਾਂ ਦੁੱਧ ਦੁਧਾਰੂ ਪਸ਼ੂਆਂ ਦੀ ਕਮੀ ਕਰਕੇ ਪੈਦਾ ਨਹੀਂ ਹੋ ਰਿਹਾ। ਦੁੱਧ ਦੀ ਵਧ ਰਹੀ ਮੰਗ ਦੀ ਪੂਰਤੀ ਕਰਨ ਲਈ ਹੀ ਨਕਲੀ ਦੁੱਧ ਦਾ ਗੋਰਖਧੰਦਾ ਚੱਲ ਰਿਹਾ ਹੈ। ਨਕਲੀ ਦੁੱਧ ਰੋਕਣ ਲਈ ਡੇਅਰੀ ਫਾਰਮਿੰਗ ਨੂੰ ਜਿਥੇ ਮੁੜ ਲੀਹਾਂ 'ਤੇ ਲੈ ਕੇ ਆਉਣ ਲਈ ਠੋਸ ਨੀਤੀ ਬਹੁਤ ਜ਼ਰੂਰੀ ਹੈ ਉਥੇ ਸਰਕਾਰ, ਅਧਿਕਾਰੀਆਂ ਅਤੇ ਸਮਾਜ ਨੂੰ ਵੀ ਸੁਹਿਰਦਤਾ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਮਿਲਾਵਟਖੋਰਾਂ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਇਸ ਮਿਲਾਵਟੀ ਦੁੱਧ ਦੀ ਧੰਦੇ ਨੂੰ ਨਕੇਲ ਪਾਈ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਸਹਿਣਸ਼ੀਲਤਾ
ਬਦਲ ਰਹੇ ਸੰਸਾਰ ਦੇ ਨਾਲ ਅੱਜ-ਕੱਲ ਮਨੁੱਖ ਦੇ ਸੁਭਾਅ 'ਚ ਕਾਫੀ ਬਦਲਾਅ ਆ ਗਿਆ ਹੈ। ਅਜੋਕੇ ਯੁੱਗ 'ਚ ਮਨੁੱਖ ਦੇ ਸੁਭਾਅ 'ਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਅਸੀਂ ਹਮੇਸ਼ਾ ਦੂਸਰਿਆਂ ਵਿਚ ਗਲਤੀ ਕੱਢਣ ਦੀ ਆਦਤ ਪਾ ਲਈ ਹੈ ਪਰ ਖ਼ੁਦ ਕਿਸੇ ਸਿਆਣੇ, ਸਮਝਦਾਰ ਵਿਅਕਤੀ ਦੀ ਸਹੀ ਗੱਲ ਵੀ ਨਹੀਂ ਕਰ ਸਕਦੇ। ਸੜਕ 'ਤੇ ਆਪਣੀ ਗੱਡੀ ਦੂਸਰੀ ਗੱਡੀ ਤੋਂ ਅੱਗੇ ਕੱਢਣ ਤੋਂ ਬਾਅਦ ਦੂਜੇ ਨੂੰ ਮੰਦਾ ਬੋਲਦੇ ਹਾਂ। ਇਸ ਤੋਂ ਇਲਾਵਾ ਦਸ ਬੰਦਿਆਂ ਦੀ ਲੱਗੀ ਹੋਈ ਕਤਾਰ ਵਿਚ ਅੱਗੇ ਆ ਕੇ ਲੱਗ ਜਾਂਦੇ ਹਾਂ ਤਾਂ ਕਿ ਪਹਿਲਾਂ ਸਾਡਾ ਕੰਮ ਬਣ ਜਾਏ, ਅਜਿਹੀ ਸਾਡੇ ਮਨ ਦੀ ਅਵਸਥਾ ਹੋ ਗਈ ਹੈ।
-ਨੀਲਾਕਸ਼ੀ, ਫਗਵਾੜਾ
ਬੇਟੀ ਬਚਾਓ ਬੇਟੀ ਪੜ੍ਹਾਓ
ਜਿਸ ਭਾਰਤ ਦੇਸ਼ ਵਿਚ ਕੁੜੀਆਂ ਨੂੰ ਦੇਵੀ ਮੰਨ ਕੇ ਪੂਜਿਆ ਜਾਂਦਾ ਸੀ, ਉਸ ਦੇਸ਼ ਵਿਚ ਅੱਜ ਅਣਜੰਮੀਆਂ ਧੀਆਂ ਨੂੰ ਕੁੱਖ ਅੰਦਰ ਹੀ ਮਾਰ ਦਿੱਤਾ ਜਾਂਦਾ ਹੈ। ਉਹ ਡਾਕਟਰ ਜਿਸ ਨੂੰ ਫਰਿਸ਼ਤੇ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਇਕ ਬੇਰਹਿਮ ਜਲਾਦ ਬਣਿਆ ਹੋਇਆ ਹੈ। ਇਕੱਲੀ ਸਰਕਾਰ ਦੇ ਦਮ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਸਫਲ ਨਹੀਂ ਹੋ ਸਕਦਾ। ਇਸ ਅਭਿਆਨ ਜ਼ਰੀਏ ਭਰੂਣ ਹੱਤਿਆ ਅਤੇ ਸਿੱਖਿਆ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਰੋਕਣਾ ਸਰਕਾਰ ਦਾ ਉਦੇਸ਼ ਸੀ। ਪਰ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ, ਤਾਂ ਅਨਪੜ੍ਹਤਾ, ਅਸਮਾਨਤਾ, ਕੁੜੀਆਂ ਦਾ ਜਿਨਸੀ ਸ਼ੋਸ਼ਣ ਆਦਿ ਮੁੱਦੇ ਔਰਤਾਂ ਦੇ ਵਿਕਾਸ ਦੀ ਕਮੀ ਵੱਲ ਇਸ਼ਾਰਾ ਕਰ ਰਹੇ ਹਨ। ਅਜੋਕੇ ਸਮੇਂ ਦੀ ਮੰਗ ਹੈ ਕਿ ਜਦੋਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੇ ਜ਼ਰੀਏ ਬੇਟੀ ਦੇ ਸਨਮਾਨ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ। ਭਾਰਤ ਵਿਚ ਸਰਕਾਰੀ ਫੁਰਮਾਨਾਂ ਤੋਂ ਜ਼ਿਆਦਾ ਅਸਰਦਾਰ ਸਮਾਜਿਕ ਅਤੇ ਪੰਚਾਇਤੀ ਸੰਸਥਾਵਾਂ ਦੀ ਆਵਾਜ਼ ਰਹੀ ਹੈ। ਜੇਕਰ ਇਸ ਸਮੇਂ ਵਿਚ ਇਸ ਦਿਸ਼ਾ ਵੱਲ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਇਸ ਦਾ ਅਸਰ ਪੂਰੀ ਮਾਨਵਤਾ 'ਤੇ ਹੋਵੇਗਾ।
-ਰਿੰਕਲ
ਮੁੱਖ ਅਧਿਆਪਕਾ, ਸ.ਹ.ਸ. ਸ਼ਰੀਹ ਵਾਲਾ ਬਰਾੜ, ਫਿਰੋਜ਼ਪੁਰ।
ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?
ਕੰਪਿਊਟਰ ਅਧਿਆਪਕ ਸਿੱਖਿਆ ਦੇ ਖੇਤਰ ਵਿਚ ਪੂਰੇ ਦਿਲ ਨਾਲ ਯੋਗਦਾਨ ਪਾ ਰਹੇ ਹਨ। 2005 ਤੋਂ ਪੰਜਾਬ ਸਰਕਾਰ ਨੇ ਕੰਪਿਊਟਰ ਸਿੱਖਿਆ ਨੂੰ ਸਰਕਾਰੀ ਸਕੂਲਾਂ ਵਿਚ ਲਾਜ਼ਮੀ ਵਿਸ਼ੇ ਵਜੋਂ ਸ਼ੁਰੂ ਕੀਤਾ ਸੀ। ਪਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਅਧਿਆਪਕਾਂ ਦੀ ਮੁੱਖ ਮੰਗ ਇਹ ਸੀ ਕਿ ਹੋਰ ਟੀਚਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਸਿੱਖਿਆ ਵਿਭਾਗ 'ਚ ਰੈਗੂਲਰ ਕੀਤਾ ਜਾਵੇ। ਇਸ ਲਈ ਲਗਾਤਾਰ ਕੰਪਿਊਟਰ ਅਧਿਆਪਕਾਂ ਦੁਆਰਾ ਕੀਤੇ ਗਏ ਸੰਘਰਸ਼ ਸਦਕਾ ਪੂਰੀ ਤਰ੍ਹਾਂ ਨਿਯਮਾਂ ਤਹਿਤ ਰਾਜਪਾਲ ਪੰਜਾਬ ਦੀ ਸਹਿਮਤੀ ਅਤੇ ਪੰਜਾਬ ਸਰਕਾਰ ਦੁਆਰਾ ਮੁੱਦਾ ਕੈਬਨਿਟ ਵਿਚ ਪਾਸ ਹੋਣ ਉਪਰੰਤ ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਦੁਆਰਾ ਸਾਲ 2011 ਵਿਚ ਰੈਗੂਲਰ ਕੀਤੇ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਤੇ ਇਹ ਅਧਿਆਪਕ ਆਪਣੇ ਹੱਕਾਂ ਤੋਂ ਵਾਂਝੇ ਹਨ। ਕੰਪਿਊਟਰ ਅਧਿਆਪਕਾਂ ਨੂੰ ਬਾਕੀ ਵਿਭਾਗੀ ਸਟਾਫ ਵਾਂਗ ਨਾ ਮੈਡੀਕਲ ਭੱਤਾ, ਇੰਕਰੀਮੈਂਟ ਤੇ ਨਾ ਹੀ ਦੀਵਾਲੀ, ਦੁਸਹਿਰੇ 'ਤੇ ਬੋਨਸ ਹਨ। ਇਨ੍ਹਾਂ ਅਧਿਆਪਕਾਂ ਦੇ ਪਰਿਵਾਰਾਂ ਨੂੰ ਹਾਦਸੇ ਜਾਂ ਬੇਵਕਤੀ ਮੌਤ ਤੋਂ ਬਾਅਦ ਕੋਈ ਸਹਾਇਤਾ ਨਹੀਂ ਮਿਲਦੀ ਹੈ। ਪਹਿਲੀਆਂ ਤੋਂ ਹੁਣ ਵਾਲੀ ਸਰਕਾਰ ਸਮੇਤ ਕਿਸੇ ਨੇ ਇਨ੍ਹਾਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਬਣਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ।
-ਪ੍ਰਸ਼ੋਤਮ ਪੱਤੋ
ਕੰਪਿਊਟਰ ਅਧਿਆਪਕਾ, ਮੋਗਾ।
ਬੱਚਤ
ਨਾਰੀ ਸੰਸਾਰ ਮੈਗਜ਼ੀਨ ਵਿਚ 'ਅਸ਼ਵਨੀ ਚਤਰਥ' ਦਾ ਲਿਖਿਆ ਲੇਖ ਪੜ੍ਹਨ ਨੂੰ ਮਿਲਿਆ, ਜੋ ਬਹੁਤ ਵਧੀਆ ਲੱਗਾ। ਸਾਨੂੰ ਆਪਣੇ ਜੀਵਨ ਵਿਚ ਬੱਚਤ ਕਰਨੀ ਚਾਹੀਦੀ ਹੈ। ਖ਼ਰਚ ਅਸੀਂ ਜਿੰਨਾ ਮਰਜ਼ੀ ਕਰ ਲਈਏ ਪਰੰਤੂ ਬੱਚਤ ਕਰਨੀ ਬਹੁਤ ਔਖੀ ਹੈ। ਸਾਨੂੰ ਆਪਣੇ ਜੀਵਨ 'ਚ ਜ਼ਿੰਦਗੀ ਨੂੰ ਤੋਰਨ ਵਾਸਤੇ ਇਕ ਖਾਕਾ ਤਿਆਰ ਕਰਨਾ ਚਾਹੀਦਾ ਹੈ। ਫਾਲਤੂ ਚੀਜ਼ਾਂ ਨੂੰ ਖਰੀਦਣ ਵਿਚ ਪੈਸਾ ਨਾ ਬਰਬਾਦ ਕਰੀਏ। ਉਨ੍ਹਾਂ ਚੀਜ਼ਾਂ ਨੂੰ ਖਰੀਦਣ ਨੂੰ ਤਰਜੀਹ ਦੇਵੋ ਜਿਨ੍ਹਾਂ ਬਗੈਰ ਸਾਡਾ ਸਰਦਾ ਨਹੀਂ। ਕਈ ਵਾਰ ਸੇਲ ਵਿਚ ਵਧੀਆ ਅਤੇ ਚੰਗੀਆਂ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਹਨ, ਜਿਸ ਦਾ ਸਾਨੂੰ ਲਾਭ ਹੁੰਦਾ ਹੈ। ਬੱਚਤ ਕੀਤੀ ਹੋਵੇ ਤਾਂ ਜੀਵਨ ਵਿਚ ਪੈਸਾ ਕੰਮ ਆ ਸਕਦਾ ਹੈ। ਇਸ ਕਰਕੇ ਡਾਕਖਾਨੇ ਵਿਚ ਬੱਚਤ ਸਕੀਮਾਂ ਚਲਾਈਆਂ ਹਨ, ਜਿਨ੍ਹਾਂ ਦਾ ਫਾਇਦਾ ਸਾਨੂੰ ਅਗਾਂਹ ਮਿਲਦਾ ਹੈ। ਬੱਚਤ ਕਰਨ ਵਾਸਤੇ ਬੇਲੋੜੀਆਂ ਖਾਹਿਸ਼ਾਂ ਨੂੰ ਜੀਵਨ ਵਿਚੋਂ ਪਾਸੇ ਕਰਨਾ ਪੈਂਦਾ ਹੈ। ਜੀਵਨ ਵਿਚ ਯੋਜਨਾ ਬਣਾ ਕੇ ਚੱਲੋ, ਸਫਲਤਾ ਜ਼ਰੂਰ ਮਿਲੇਗੀ। ਬੱਚਤ ਬਾਰੇ ਬੈਂਕਾਂ ਅਤੇ ਡਾਕਖਾਨੇ ਵਿਚੋਂ ਇਕ ਵਾਰ ਜ਼ਰੂਰ ਸਲਾਹ ਲਵੋ। ਬੱਚਤ ਕਰਨ ਨਾਲ ਘਰ ਵਿਚ ਤੰਗੀ ਸਮੇਂ ਬੱਚਤ ਨੂੰ ਵਰਤ ਸਕਦੇ ਹਾਂ। ਕਿਸੇ ਤੋਂ ਵਿਆਜ 'ਤੇ ਪੈਸੇ ਨਹੀਂ ਲੈਣੇ ਪੈਂਦੇ।
-ਰਾਮ ਸਿੰਘ ਪਾਠਕ
ਤਿਉਹਾਰੀ ਮਿਠਾਈ ਬਿਮਾਰੀ ਦਾ ਘਰ
ਕੋਈ ਵਕਤ ਸੀ ਜਦੋਂ ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਖਾਣ ਨੂੰ ਮਨ ਲਲਚਾਅ ਜਾਂਦਾ ਸੀ। ਘਰਾਂ ਵਿਚ ਸੁਆਣੀਆਂ ਬੱਚਿਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਕਈ ਕਿਸਮ ਦੇ ਦੁੱਧ, ਬਾਜਰੇ, ਮੱਕੀ ਆਦਿ ਦੇ ਖਾਣ ਵਾਲੇ ਪਦਾਰਥ ਤਿਆਰ ਕਰ ਲੈਂਦੀਆਂ ਸਨ, ਜੋ ਸਵਾਦ ਤੇ ਪੌਸ਼ਟਿਕਤਾ ਦੇ ਪੱਖ ਤੋਂ ਉੱਤਮ ਦਰਜੇ ਦੇ ਹੁੰਦੇ ਸਨ। ਜੇਕਰ ਅੱਜਕੱਲ ਬਜ਼ਾਰਾਂ 'ਚ ਸ਼ੀਸ਼ਿਆਂ ਵਿਚ ਸਜੀਆਂ ਪਈਆਂ ਮਠਿਆਈਆਂ ਦੇ ਤਿਆਰ ਹੋਣ ਦੀ ਅਸਲੀਅਤ ਜਾਣ ਲਈਏ ਤਾਂ ਪੜ੍ਹ-ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਕਿ ਕਿਵੇਂ ਕੁਝ ਲੋਕ ਆਪਣੇ ਸੌੜੇ ਨਿੱਜੀ ਮੁਫਾਦ ਲਈ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗੇ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਸਿਹਤ ਮਹਿਮੇ ਦੀਆਂ ਟੀਮਾਂ ਵੀ ਪਤਾ ਨਹੀਂ ਕਿੱਥੇ ਹੁੰਦੀਆਂ ਹਨ। ਜੋ ਇਹੋ ਜਿਹੀ ਮਠਿਆਈ ਸ਼ਰ੍ਹੇਆਮ ਵੇਚ ਕੇ ਮਨੁੱਖੀ ਸਰੀਰ ਨਾਲ ਖਿਲਵਾੜ ਕਰਨ ਵਾਲੇ ਧਨਾਢਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਤਾਂ ਹੋ ਸਕਦਾ ਹੈ ਕੁਝ ਬਚਾਅ ਹੋ ਸਕੇ। ਪਰ ਇਥੇ ਇਹ ਕਹਾਵਤ 'ਤਕੜੇ ਦਾ ਸੱਤੀ ਵੀਹੀਂ ਸੌ' ਸੱਚ ਹੁੰਦੀ ਹੈ। ਇਸ ਦਾ ਕਾਰਨ ਵੱਡੀ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਕਰਕੇ ਕਿਸੇ ਮਿਲਾਵਟ ਖੋਰ ਨੂੰ ਅਜੇ ਤਕ ਕੋਈ ਮਿਸਾਲੀ ਸਜ਼ਾ ਨਾ ਮਿਲਣਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.।
ਕੀ ਜ਼ਿੰਦਗੀ ਤੋਂ ਪਿਆਰੀ ਹੈ ਫ਼ੋਨ ਕਾਲ?
ਜੇਕਰ ਵਿਗਿਆਨ ਨੇ ਇਨਸਾਨ ਦੀ ਜ਼ਿੰਦਗੀ ਨੂੰ ਇਕ ਨਵਾਂ ਮੋੜ ਦੇ ਕੇ ਇਸ ਨੂੰ ਬਦਲ ਕੇ ਰੱਖ ਦਿੱਤਾ ਹੈ। ਅਸੀਂ ਸੱਤ ਸਮੁੰਦਰ ਪਾਰ ਵੀ ਗੱਲ ਕਰਨੀ ਹੋਵੇ ਤਾਂ ਹੁਣ ਕੁਝ ਹੀ ਮਿੰਟਾਂ-ਸਕਿੰਟਾਂ ਵਿਚ ਅਸੀਂ ਆਪਣਿਆਂ ਨਾਲ ਰੂਬਰੂ ਭਾਵ (ਵੀਡੀਓ ਕਾਲ) ਰਾਹੀਂ ਗੱਲ ਕਰ ਸਕਦੇ ਹਾਂ। ਵਿਗਿਆਨ ਨੇ ਸਾਡੀ ਜ਼ਿੰਦਗੀ ਬਹੁਤ ਹੀ ਸੁਖਾਲੀ ਕਰ ਦਿੱਤੀ ਹੈ। ਜੇਕਰ ਅਸੀਂ ਮੋਬਾਈਲ ਫੋਨ ਦੀ ਗੱਲ ਕਰੀਏ ਤਾਂ ਇਸ ਨੇ ਤਰੱਕੀ ਦੀ ਰਫਤਾਰ ਦੁੱਗਣੀ ਕਰ ਦਿੱਤੀ ਹੈ। ਭਾਵੇਂ ਕਿਸੇ ਨਾਲ ਗੱਲ ਕਰਨੀ ਹੋਵੇ, ਸੁਨੇਹਾ ਭੇਜਣਾ ਹੋਵੇ ਜਾਂ ਫਿਰ ਇਨਸਾਨ ਦੀ ਜ਼ਿੰਦਗੀ ਦੇ ਕੁਝ ਸੁਨਹਿਰੀ ਪਲ ਫੋਟੋਆਂ, ਵੀਡੀਓ ਕਾਲ ਦੇ ਰੂਪ ਵਿਚ ਕੈਦ ਕਰਨ ਦੀ ਹੋਵੇ। ਪਰੰਤੂ ਹਰ ਇਕ ਚੀਜ਼ ਦੇ ਕੁਝ ਫਾਇਦੇ ਤੇ ਕੁਝ ਨੁਕਸਾਨ ਵੀ ਹੁੰਦੇ ਹਨ। ਜੇਕਰ ਉਸ ਦੀ ਵਰਤੋਂ ਠੀਕ ਢੰਗ ਨਾਲ ਨਾ ਕੀਤੀ ਜਾਵੇ। ਸੋ, ਕੋਈ ਵੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੈ, ਜੋ ਕਾਨੂੰਨੀ ਅਪਰਾਧ ਵੀ ਹੈ। ਇਸ ਨਾਲ ਦੁਰਘਟਨਾਵਾਂ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਅਤੇ ਕਈ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਰਹੇ ਹਨ। ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਲਗਭਗ ਹਰ ਸਾਲ 14 ਲੱਖ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਸ ਮੋਬਾਈਲ ਨੇ ਆਪਣੇ ਵੱਸ ਵਿਚ ਕਰ ਲਿਆ ਹੈ। ਨੌਜਵਾਨ ਹਰ ਵੇਲੇ ਰੀਲਾਂ, ਵੀਡੀਓ, ਫੋਟੋਆਂ, ਸੋਸ਼ਲ ਮੀਡੀਆ 'ਤੇ ਕੁਝ ਲਾਈਕ ਲੈਣ ਦੇ ਚੱਕਰ ਵਿਚ ਆਪਣੀ ਕੀਮਤੀ ਜਾਨ ਨੂੰ ਹਰ ਵੇਲੇ ਖਤਰੇ ਵਿਚ ਪਾਈ ਰੱਖਦੇ ਹਨ। ਟੂ-ਵੀਲਰ ਜਾਂ ਫੋਰ ਵੀਲਰ ਚਲਾਉਂਦੇ ਸਮੇਂ ਇਸ ਦੀ ਵਰਤੋਂ ਨਾਲ ਅਸੀਂ ਆਪ ਤਾਂ ਖਤਰੇ ਵਿਚ ਹੁੰਦੇ ਹੀ ਹਾਂ, ਸਾਡੇ ਨਾਲ ਬੈਠੇ ਲੋਕ, ਪਰਿਵਾਰਕ ਮੈਂਬਰ ਅਤੇ ਸਾਹਮਣੇ ਸੜਕ ਤੋਂ ਆਉਂਦੇ ਹੋਰ ਯਾਤਰੀਆਂ ਦਾ ਵੀ ਜਾਨੀ ਨੁਕਸਾਨ ਕਰ ਦਿੰਦੇ ਹਾਂ। ਸਾਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਸੁਚੇਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਵਹੀਕਲ ਚਲਾਉਂਦੇ ਸਮੇਂ ਇਸ ਦੀ ਵਰਤੋਂ ਨਹੀਂ ਕਰਾਂਗੇ।
-ਬੀ.ਐਸ. ਸੁਹਾਵੀ
ਮਹਿੰਗਾਈ ਨੇ ਕੱਢੇ ਵੱਟ
ਮਹਿੰਗਾਈ ਬੇਲ਼ਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਹਰੀ ਸਬਜ਼ੀਆਂ 'ਤੇ ਤਾਂ ਹੱਥ ਤੱਕ ਨਹੀਂ ਟਿਕਦਾ। ਟਮਾਟਰ ਦੇ ਭਾਅ 60 ਰੁਪਏ ਕਿਲੋ ਤੱਕ ਹੋ ਚੁੱਕੇ ਹਨ। ਸਿਮਲਾ ਮਿਰਚਾਂ, ਗੋਭੀ, ਆਲੂ, ਪਿਆਜ਼ ਤਕਰੀਬਨ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਜੇਕਰ ਫਲਾਂ ਦੀ ਗੱਲ ਕਰੀਏ ਤਾਂ ਸੇਬ ਬਹੁਤੇ ਮਹਿੰਗੇ ਹਨ। ਚਾਵਲ, ਆਟਾ ਤੇ ਕਰਿਆਨਾ ਸਾਰਾ ਕੁੱਝ ਮਹਿੰਗਾ ਹੋ ਚੁੱਕਿਆ ਹੈ। ਬੰਦਾ ਇੰਨੀ ਮਹਿੰਗਾਈ ਵਿਚ ਦਿਲ ਖੋਲ੍ਹ ਕੇ ਖ਼ਰਚ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਵਿਚ ਰਿਕਾਰਡਤੋੜ ਵਾਧਾ ਹੋਇਆ ਹੈ। ਸਰੋਂ ਦੇ ਤੇਲ, ਰਿਫਾਇੰਡ ਦੀਆਂ ਕੀਮਤਾਂ ਵੀ ਵਧ ਹਨ। ਹਾਲਾਂਕਿ ਕੇਂਦਰ ਸਰਕਾਰ ਤਾਂ ਹਰ ਵਾਰ ਦਾਅਵਾ ਕਰਦੀ ਹੈ ਕਿ ਮਹਿੰਗਾਈ ਕੰਟਰੋਲ ਵਿਚ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਪਰਿਵਾਰ ਵਿਚ ਕਮਾਉਣ ਵਾਲਾ ਇਕ ਬੰਦਾ ਤੇ ਖਾਣ ਵਾਲੇ ਪੰਜ ਹੋਣ ਤਾਂ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਣਗੇ। ਰੱਬ ਨਾ ਕਰੇ ਜੇ ਕੋਈ ਬਿਮਾਰੀ ਆ ਜਾਵੇ ਤਾਂ ਇਲਾਜ ਵੀ ਕਰਵਾਉਣਾ ਹੈ। ਘਰ ਬਣਾਉਣ ਲਈ ਬਜਰੀ, ਰੇਤਾ, ਸੀਮਿੰਟ, ਇੱਟਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹੀਆਂ ਹੋਈਆਂ ਹਨ। ਖ਼ਰਚਾ ਕਰਨ ਤੋਂ ਪਹਿਲਾਂ ਬੰਦਾ ਸੌ ਵਾਰ ਸੋਚਦਾ ਹੈ। ਰੋਟੀ ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਸਰਕਾਰ ਨੂੰ ਮਹਿੰਗਾਈ ਨੂੰ ਰੋਕਣ ਲਈ ਠੋਸ ਨੀਤੀ ਘੜਨੀ ਚਾਹੀਦੀ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਬੰਦੀ ਸਿੰਘ ਰਿਹਾਅ ਹੋਣ
12 ਸਤੰਬਰ ਦਾ ਸੰਪਾਦਕੀ 'ਅਪ੍ਰੌੜ੍ਹ ਆਗੂ' ਦੇਸ਼ ਦੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਅਮਰੀਕਾ 'ਚ ਸਿੱਖਾਂ ਪ੍ਰਤੀ ਦਿੱਤੇ ਗਏ ਕਥਿਤ ਬਿਆਨ ਨੂੰ ਪੜਚੋਲਦਿਆਂ ਉਸ ਵਲੋਂ ਸਿੱਖਾਂ ਪ੍ਰਤੀ ਦਿੱਤੇ ਬਿਆਨ ਨੂੰ ਬਚਕਾਨਾ ਤੇ ਗ਼ੈਰ-ਜ਼ਿੰਮੇਵਾਰਨਾ ਕਰਾਰ ਦਿੰਦਾ ਹੈ।
ਉਨ੍ਹਾਂ ਇਸ ਬਿਆਨ ਨੂੰ ਸਹੀ ਨਹੀਂ ਆਖਿਆ ਜਾ ਸਕਦਾ, ਭਾਵੇਂ ਕਿ ਅੰਦਰੋਂ ਉਨ੍ਹਾਂ ਦੀ ਭਾਵਨਾ ਸਿੱਖਾਂ ਪ੍ਰਤੀ ਸਹੀ ਹੀ ਕਿਉਂ ਨਾ ਹੋਵੇ ਕਿਉਂਕਿ 1984 ਦੇ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਨੂੰ ਉਨ੍ਹਾਂ ਦੇ ਪਿਤਾ ਸਵਰਗੀ ਰਾਜੀਵ ਗਾਂਧੀ ਨੇ ਸਹੀ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਦੀ ਦਾਦੀ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰ ਕੇ ਸਿੱਖਾਂ ਦੇ ਦਿਲਾਂ 'ਤੇ ਡੂੰਘੀ ਸੱਟ ਹੀ ਨਹੀਂ ਮਾਰੀ ਸਗੋਂ ਸਿੱਖਾਂ ਨਾਲ ਦੁਸ਼ਮਣ ਦੇਸ਼ ਦੀ ਕੌਮ ਵਾਲਾ ਸਲੂਕ ਕਰ ਕੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਸੀ। ਪਰ ਇਸ ਦੇ ਬਾਵਜੂਦ ਭਾਜਪਾ ਅਤੇ ਆਰ.ਐਸ.ਐਸ. ਦੀ ਸਿੱਖਾਂ ਪ੍ਰਤੀ ਸੋਚ ਕਿੰਨੀ ਕੁ ਸਹੀ ਆਖਿਆ ਜਾਵੇ? ਕਿਉਂਕਿ ਭਾਜਪਾ ਦੇ ਰਾਜ 'ਚ ਦੇਸ਼ ਦੇ ਕਈ ਸੂਬਿਆਂ 'ਚ ਘੱਟ ਗਿਣਤੀ ਸਿੱਖ ਭਾਈਚਾਰੇ 'ਚ ਸਹਿਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ ਅਤੇ ਹਵਾਈ ਸਫ਼ਰ ਕਰਨ ਸਮੇਂ ਅਤੇ ਇਮਤਿਹਾਨ ਕੇਂਦਰਾਂ 'ਚ ਸਿੱਖਾਂ ਤੇ ਸਿੱਖ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਧਾਰਮਿਕ ਚਿੰਨ੍ਹ ਕ੍ਰਿਪਾਨ ਤੇ ਕੜਾ ਉਤਾਰ ਕੇ ਅੰਦਰ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ। ਬਹੁਤੀ ਥਾਈਂ ਸਿੱਖਾਂ ਦੀ ਦਸਤਾਰ ਦੇਖ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਟਰੋਲ ਕੀਤਾ ਜਾਂਦਾ ਹੈ। ਪਿਛਲੇ ਸਮੇਂ 'ਚ ਇਕ ਸਿੱਖ ਕ੍ਰਿਕਟ ਖਿਡਾਰੀ ਹੱਥੋਂ ਮੈਚ ਦੌਰਾਨ ਕੈਚ ਛੁੱਟਣ 'ਤੇ ਉਸ ਨੂੰ 'ਖ਼ਾਲਿਸਤਾਨੀ' ਆਖ ਕੇ ਟਰੋਲ ਕੀਤਾ ਗਿਆ। ਫਿਰ ਭਾਜਪਾ ਰਾਜ 'ਚ ਸਿੱਖਾਂ ਨਾਲ ਹੋ ਰਹੇ ਅਜਿਹੇ ਵਰਤਾਰੇ ਨੂੰ ਕੀ ਆਖਿਆ ਜਾਵੇ?
ਫੇਰ ਭਾਰਤ ਨੂੰ ਆਜ਼ਾਦ ਹੋਇਆਂ 77 ਸਾਲ ਬੀਤ ਜਾਣ ਦੇ ਬਾਵਜੂਦ ਸੰਵਿਧਾਨ ਦੀ ਧਾਰਾ 25 ਤਹਿਤ ਅਜੇ ਵੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਹੀ ਮੰਨਿਆ ਜਾ ਰਿਹਾ ਹੈ ਜਦੋਂ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਦੇਸ਼ ਦੀ ਜੰਗੇ ਆਜ਼ਾਦੀ 'ਚ ਸਿੱਖਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹਨ। ਪਰ ਫਿਰ ਵੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਆਖਿਆ ਸੀ। ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਉਤਾਰਨ ਲਈ ਮਜਬੂਰ ਕਰਨ ਵਾਲਿਆਂ ਦੇ ਖ਼ਿਲਾਫ਼ ਕਰੜੀ ਕਾਰਵਾਈ ਕਰੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਜੇਲ੍ਹਾਂ 'ਚੋਂ ਰਿਹਾਅ ਕਰੇ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)
ਇਕ ਦੇਸ਼ ਇਕ ਚੋਣ
20 ਸਤੰਬਰ ਦੇ ਅੰਕ ਦੀ ਸੰਪਾਦਕੀ 'ਇਕ ਦੇਸ਼ ਇਕ ਚੋਣ' ਪੜ੍ਹਿਆ ਕਿ ਸਾਡੇ ਦੇਸ਼ ਵਿਚ ਔਸਤਨ ਹਰ 5 ਮਹੀਨੇ ਬਾਅਦ ਇਕ ਵਿਧਾਨ ਸਭਾ ਜਾਂ ਲੋਕਲ ਚੋਣਾਂ ਹੁੰਦੀ ਰਹਿੰਦੀ ਹੈ। 2019 ਵਿਚ ਹੋਏ ਲੋਕ ਸਭਾ ਚੋਣਾਂ ਵਿਚ 55 ਤੋਂ 60 ਹਜ਼ਾਰ ਕਰੋੜ ਖ਼ਰਚ ਹੋਏ, ਦੁਨੀਆ ਦੇ ਸਭ ਤੋਂ ਮਹਿੰਗੀਆਂ ਚੋਣਾਂ ਸਾਬਤ ਹੋਈ। ਬਹੁਤ ਸਾਰੇ ਦੇਸ਼ਾਂ ਬੈਲਜ਼ੀਅਮ, ਸਵੀਡਨ, ਜਰਮਨੀ, ਸਾਊਤ ਅਫ਼ਰੀਕਾ ਵਿਚ ਇਹ ਵਿਵਸਥਾ ਪਹਿਲਾਂ ਹੀ ਲਾਗੂ ਹੈ। ਨਿਸਚਿਤ ਹੀ ਇਹ ਵਿਵਸਥਾ ਸਾਡੇ ਦੇਸ਼ ਵਿਚ ਲਾਗੂ ਹੋਣ ਨਾਲ ਅਨੇਕਾਂ ਪੱਖਾਂ ਤੋਂ ਫ਼ਾਇਦਾ ਹੋਵੇਗਾ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੀ ਆਰਥਿਕਤਾ ਨੂੰ ਸਥਿਰ ਰੱਖਣ ਲਈ ਸਰਕਾਰ ਦਾ ਇਹ ਕਦਮ ਮਹਾਨ ਅਤੇ ਕ੍ਰਾਂਤੀਕਾਰੀ ਸਾਬਤ ਹੋਵੇਗਾ। ਵਾਰ-ਵਾਰ ਚੋਣਾਂ ਹੋਣ ਨਾਲ ਦੇਸ਼ ਵਿਚ ਕਿਤੇ ਨਾ ਕਿਤੇ ਚੋਣ ਜ਼ਾਬਤਾ ਲੱਗਿਆ ਹੀ ਰਹਿੰਦਾ ਹੈ। ਸਰਕਾਰ ਦੇ ਸਰੋਤਾਂ ਤੇ ਸਮੇਂ ਦੀ ਬੱਚਤ ਹੋਵੇਗੀ। ਚੋਣਾਂ ਸਮੇਂ ਕਾਨੂੰਨ ਵਿਵਸਥਾ ਨੂੰ ਕਾਇਮ ਕਰਨਾ ਆਸਾਨ ਹੋਵੇਗਾ। ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵਾਰ-ਵਾਰ ਡਿਊਟੀ ਨਹੀਂ ਦੇਣੀ ਪਵੇਗੀ। ਸਕੂਲਾਂ ਤੇ ਸਿੱਖਿਆ ਸੰਸਥਾਵਾਂ ਵਿਚ ਬੱਚਿਆਂ ਦੀ ਪੜ੍ਹਾਈ ਵਾਰ-ਵਾਰ ਪ੍ਰਭਾਵਿਤ ਨਹੀਂ ਹੋਵੇਗੀ। ਸਭ ਰਾਜਸੀ ਪਾਰਟੀਆਂ ਨੂੰ ਦੇਸ਼ ਹਿੱਤ ਵਿਚ ਇਸ ਮੁੱਦੇ 'ਤੇ ਸੱਤਾਧਾਰੀ ਧਿਰ ਦਾ ਸਾਥ ਦੇਣਾ ਚਾਹੀਦਾ ਹੈ।
-ਚਰਨਜੀਤ ਸਿੰਘ,
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ
ਪੰਜਾਬ ਸਰਕਾਰ ਨੇ ਆਪਣੇ ਪਿਛਲੇ ਬਜਟ ਵਿਚ ਵੱਖਰੀਆਂ-ਵੱਖਰੀਆਂ ਮੱਦਾਂ ਉੱਪਰ ਪੈਸੇ ਖਰਚਾ ਕਰਨ ਦੀ ਗੱਲ ਕੀਤੀ ਸੀ ਪਰ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਆਮਦਨ ਦੇ ਸੋਮੇ ਕਿੱਥੋਂ ਪੈਦਾ ਕਰਨੇ ਹਨ। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੋਈ ਹੈ। ਪਹਿਲਾ ਅੱਤਵਾਦ, ਕਾਮਰੇਡਾਂ ਤੇ ਹੁਣ ਗੈਂਗਸਟਰਾਂ ਦੇ ਭਜਾਏ ਸ਼ਾਹੂਕਾਰ ਪੰਜਾਬ ਵਿਚ ਕਾਰਖਾਨੇ ਲਗਾਉਣ ਨੂੰ ਤਿਆਰ ਨਹੀਂ ਹਨ। ਨੌਜਵਾਨ ਵਰਗ ਬੇਰੁਜ਼ਗਾਰੀ ਦੇ ਆਲਮ ਵਿਚ ਬਾਹਰ ਜਾ ਰਿਹਾ ਹੈ। ਪਹਿਲਾਂ ਬਾਹਰੋਂ ਪੈਸਾ ਆਉਂਦਾ ਸੀ। ਉਲਟਾ ਹੁਣ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਮੁਲਾਜ਼ਮ ਵਰਗ ਦਾ ਜੋ ਬਕਾਇਆ ਬਣਦਾ ਹੈ, ਸਰਕਾਰ ਆਮਦਨ ਦੇ ਵਸੀਲੇ ਨਾ ਹੋਣ ਕਾਰਨ ਦੇਣ ਤੋਂ ਅਸਮਰੱਥ ਹੈ। ਮੁਫ਼ਤ ਰਿਊੜੀਆਂ ਵੰਡ ਲੋਕਾਂ ਨੂੰ ਨਕਾਰਾ ਬਣਾਇਆ ਜਾ ਰਿਹਾ ਹੈ। ਸਰਕਾਰੀ ਨੌਕਰੀ ਕਰ ਚੰਗੀਆਂ ਤਨਖਾਹਾਂ ਲੈ ਰਹੀਆਂ ਔਰਤਾਂ ਵੀ ਰੋਜ਼ਾਨਾ ਬਸ ਵਿਚ ਮੁਫ਼ਤ ਸਫਰ ਕਰਦੀਆਂ ਹਨ। ਇਹੀ ਹਾਲ ਬਿਜਲੀ ਮਹਿਕਮੇ ਦਾ ਹੈ। ਮੁਫ਼ਤ ਬਿਜਲੀ ਦੇਣ ਦੀ ਜਗ੍ਹਾ ਸਸਤੀ ਬਿਜਲੀ ਦੇ ਹਰ ਵਰਗ ਕੋਲ ਬਿੱਲ ਲੈ ਸਰਕਾਰ ਦਾ ਖਜ਼ਾਨਾ ਭਰਿਆ ਜਾਵੇ, ਕਰਜ਼ਾ ਲੈਣ ਦੀ ਬਜਾਏ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਨਵੇਂ ਵਿਦਿਆਰਥੀਆਂ ਦੇ ਸੁਪਨੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ 'ਤੇ ਪਿਛਲੇ 55 ਦਿਨ ਤੋਂ ਧਰਨਾ ਦੇ ਰਹੇ ਗੈਸਟ ਪ੍ਰੋਫ਼ੈਸਰਾਂ (ਕਾਂਸੀਚੂਐਂਟ ਅਤੇ ਨੇਬਰਹੁੱਡ ਕੈਂਪਸ) ਨਾਲ ਪੰਜਾਬੀ ਯੂਨੀਵਰਸਿਟੀ ਦਾ ਰਵੱਈਆ ਬਹੁਤ ਗ਼ੈਰ-ਸੰਵਿਧਾਨਿਕ ਹੈ। ਪੰਜਾਬੀ ਯੂਨੀਵਰਸਿਟੀ ਦੀ ਅਥਾਰਟੀ ਦੋ ਵਾਰ ਹਾਈ ਕੋਰਟ ਤੋਂ ਫਿਟਕਾਰ ਵੀ ਖਾ ਚੁੱਕੀ ਹੈ, ਫਿਰ ਵੀ ਉਹ ਇਨ੍ਹਾਂ ਪ੍ਰੋਫ਼ੈਸਰਾਂ ਪ੍ਰੋਫ਼ੈਸਰਾਂ ਨੂੰ ਬਣਦੇ ਹੱਕ ਨਹੀਂ ਦੇ ਰਹੀ। ਪੰਜਾਬ ਦੀ ਤ੍ਰਾਸਦੀ ਹੈ ਕਿ ਪੀ.ਐਚ.ਡੀ. ਕਰ ਚੁੱਕੇ ਅਤੇ ਨੈੱਟ ਪਾਸ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਸੜਕਾਂ 'ਤੇ ਰੁਲ ਰਹੇ ਹਨ। ਪਿਛਲੇ 10 ਸਾਲ ਤੋਂ ਕੰਮ ਕਰਦੇ ਇਨ੍ਹਾਂ ਪ੍ਰੋਫ਼ੈਸਰਾਂ ਨੂੰ ਇੰਨਾ ਸਮਾਂ ਕੰਮ ਕਰਨ ਤੋਂ ਬਾਅਦ ਵੀ ਆਪਣੀਆਂ ਨੌਕਰੀਆਂ ਲਈ ਲੜਨਾ ਪੈ ਰਿਹਾ ਹੈ। ਇਨ੍ਹਾਂ ਵਿਚੋਂ ਕਈ ਪ੍ਰੋਫ਼ੈਸਰ ਓਵਰਏਜ ਹੋ ਚੁੱਕੇ ਹਨ। ਜਦੋਂ ਪੰਜਾਬ ਵਿਚ ਪਿਛਲੇ 25 ਸਾਲਾਂ ਤੋਂ ਸਰਕਾਰੀ ਕਾਲਜ 'ਚ ਕੋਈ ਭਰਤੀ ਨਹੀਂ ਆਈ ਤਾਂ ਜਿਨ੍ਹਾਂ ਦੀ ਉਮਰ ਹੁਣ ਕਿਸੇ ਵੀ ਭਰਤੀ ਯੋਗ ਨਹੀਂ ਰਹੀ, ਉਹ ਕਿੱਥੇ ਜਾਣ? ਯੂ.ਜੀ.ਸੀ. ਦੇ ਅਨੁਸਾਰ ਇਨ੍ਹਾਂ ਪ੍ਰੋਫ਼ੈਸਰਾ ਦੀ ਤਨਖ਼ਾਹ 57 ਹਜ਼ਾਰ ਬੇਸਿਕ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੇ ਨੈਸ਼ਨਲ ਲੈਵਲ ਦਾ ਪੇਪਰ ਨੈੱਟ ਪਾਸ ਕੀਤਾ ਹੈ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹਾਂ ਨੂੰ ਚਾਰ ਮਹੀਨੇ ਸਿਰਫ਼ 20 ਹਜ਼ਾਰ ਅਤੇ ਅੱਠ ਮਹੀਨੇ 35 ਹਜ਼ਾਰ ਤਨਖ਼ਾਹ ਦੇ ਰਹੀ ਹੈ, ਕੀ ਇਹ ਇਕ ਤਰ੍ਹਾਂ ਦੀ ਕਿਰਤ ਦੀ ਲੁੱਟ ਨਹੀਂ ਹੈ? ਸਾਨੂੰ ਸੋਚਣਾ ਪਵੇਗਾ ਕਿ ਕੀ ਪੰਜਾਬ ਦੇ ਜੰਮੇ ਮੁੰਡੇ-ਕੁੜੀਆਂ ਪੰਜਾਬ ਵਿਚ ਪ੍ਰੋਫ਼ੈਸਰ ਬਣਨ ਦਾ ਸੁਪਨਾ ਨਹੀਂ ਲੈ ਸਕਦੇ? ਜਦੋਂ ਪੰਜਾਬ ਦੀ ਸਰਬ ਉੱਚ ਵਿੱਦਿਆ ਪ੍ਰਾਪਤ ਲੋਕ ਹੀ ਸੜਕਾਂ 'ਤੇ ਰੁਲ ਰਹੇ ਹਨ ਤਾਂ ਨਵੇਂ ਵਿਦਿਆਰਥੀ ਕੀ ਸਿੱਖਿਆ ਲੈਣਗੇ? ਕੀ ਪੰਜਾਬ ਸਰਕਾਰ ਇਸੇ ਸਿੱਖਿਆ ਮਾਡਲ ਦੀ ਗੱਲ ਕਰਦੀ ਹੈ? ਇਨ੍ਹਾਂ ਸਵਾਲਾਂ ਬਾਰੇ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ।
-ਗੁਰਵਿੰਦਰ
ਨਹੀਂ ਰੁਕ ਰਿਹਾ ਰਿਸ਼ਵਤ ਦਾ ਸਿਲਸਿਲਾ
ਭ੍ਰਿਸ਼ਟਾਚਾਰ ਸਿਖ਼ਰਾਂ 'ਤੇ ਹੈ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਾਉਣ ਲਈ ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਵਿਭਾਗ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾ ਰਿਹਾ ਹੈ। ਆਪ ਸਰਕਾਰ ਨੇ ਤਾਂ ਆਪਣੇ ਮੰਤਰੀ ਤੱਕ ਨਹੀਂ ਛੱਡੇ, ਫਿਰ ਮੁਲਾਜ਼ਮਾਂ 'ਤੇ ਕਾਰਵਾਈ ਕਿਉਂ ਨਾ ਹੋਵੇ। ਪਿੱਛੇ ਜਿਹੇ ਪੰਜਾਬ ਪੁਲਿਸ ਦਾ ਇਕ ਇੰਸਪੈਕਟਰ ਰਿਸ਼ਵਤ ਲੈਂਦੇ ਫੜਿਆ ਗਿਆ। ਦੋ ਕੁ ਦਿਨ ਪਹਿਲਾਂ ਇਕ ਤਹਿਸੀਲਦਾਰ 'ਤੇ 50,000 ਰਿਸ਼ਵਤ ਲੈਣ ਦੇ ਜੁਰਮ ਵਿਚ ਵਿਜੀਲੈਂਸ ਵਿਭਾਗ ਨੇ ਬਣਦੀ ਕਾਰਵਾਈ ਕੀਤੀ। ਹਾਲ ਹੀ ਵਿਚ 5000 ਰਿਸ਼ਵਤ ਲੈਂਦਾ ਗ੍ਰਾਮੀਣ ਰੁਜ਼ਗਾਰ ਸੇਵਕ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਮਨਰੇਗਾ ਵਿਚ ਕਿਸੇ ਨੂੰ ਦਿਹਾੜੀ 'ਤੇ ਰੱਖਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਇਨ੍ਹਾਂ ਲੋਕਾਂ ਨੂੰ ਆਪਣੀ ਨੌਕਰੀ ਦੀ ਅਹਿਮੀਅਤ ਕਿਉਂ ਨਹੀਂ ਪਤਾ? ਜਿਨ੍ਹਾਂ ਲੋਕਾਂ ਕੋਲ ਅੱਜ ਸਰਕਾਰੀ ਨੌਕਰੀ ਨਹੀਂ ਹੈ, ਉਨ੍ਹਾਂ ਨੂੰ ਪੁੱਛ ਕੇ ਦੇਖੋ। ਪਟਵਾਰੀਆਂ ਦੀ ਤਾਂ ਗੱਲ ਹੀ ਛੱਡ ਦਿਉ। 5 ਲੱਖ ਰਿਸ਼ਵਤ ਲੈਣ ਵਾਲਾ ਪਟਵਾਰੀ ਪੁਲਿਸ ਵਲੋਂ ਫੜਿਆ ਗਿਆ ਹੈ। ਇਸ ਪਟਵਾਰੀ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਗੈਰ-ਕਾਨੂੰਨੀ ਇੰਤਕਾਲ ਕਰ ਦਿੱਤਾ। ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਸੀ। 80,000 ਤਨਖ਼ਾਹ ਲੈਣ ਵਾਲਾ ਮੁਲਾਜ਼ਮ 400 ਰੁਪਏ ਦਿਹਾੜੀ ਲੈਣ ਵਾਲੇ ਤੋਂ ਰਿਸ਼ਵਤ ਲੈ ਰਿਹਾ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਸਿਆਸਤਦਾਨਾਂ 'ਚ ਹਲਚਲ
ਪਿਛਲੇ ਦਿਨੀਂ 'ਅਜੀਤ' (22 ਸਤੰਬਰ) ਦੇ ਅੰਕ ਵਿਚ ਸਤਨਾਮ ਸਿੰਘ ਮਾਣਕ ਹੋਰਾਂ ਵਲੋਂ ਲਿਖਿਆ ਲੇਖ 'ਦੇਸ਼ ਵਿਚ ਕਿੰਨੀਆਂ ਕੁ ਸੁਰੱਖਿਅਤ ਹਨ ਘੱਟ ਗਿਣਤੀਆਂ' ਨੇ ਆਮ ਲੋਕਾਂ ਤੋਂ ਲੈ ਕੇ ਸਿਆਸਤ ਦੇ ਉਨ੍ਹਾਂ ਘਾਗ ਸਿਆਸਤਦਾਨਾਂ 'ਚ ਹਲਚਲ ਪੈਦਾ ਕੀਤੀ ਹੈ, ਜੋ ਆਪਣੇ-ਆਪ ਨੂੰ ਦੇਸ਼ ਦੇ ਵੱਡੇ ਵਫਾਦਾਰ ਹੋਣ ਦਾ ਭਰਮ ਪਾਲ ਕੇ ਕੋਝੇ ਹੱਥ-ਕੰਡੇ ਵਰਤਦੇ ਦਿਖਾਈ ਦਿੰਦੇ ਹਨ। ਮੈਂ ਮਾਣਕ ਹੋਰਾਂ ਦੇ ਇਸ ਲੇਖ ਨੂੰ ਬੜੀ ਨੀਝ ਨਾਲ ਪੜ੍ਹਿਆ ਅਤੇ ਸਹਿਜੇ ਹੀ ਅੰਦਾਜ਼ਾ ਲਗਾਇਆ ਕਿ ਭਾਰਤ 'ਚ ਜੋ ਸਿੱਖਾਂ, ਮੁਸਲਿਮ ਸਮਾਜ ਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਨਾਲ ਵਖਰੇਵਾਂ ਭਾਜਪਾ ਦੀ ਅਖੌਤੀ ਸਰਕਾਰ ਵਲੋਂ ਕੀਤਾ ਜਾ ਰਿਹੈ, ਉਹ ਨਾ-ਕਾਬਲੇ ਬਰਦਾਸ਼ਤ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਦੀ ਸੋਚ ਨੂੰ ਜਿਵੇਂ ਇਸ ਲੇਖ ਰਾਹੀਂ ਬਿਆਨ ਕੀਤਾ ਗਿਆ ਹੈ, ਵੀ ਕਾਬਲੇ ਤਾਰੀਫ਼ ਹੈ। ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਸੁਝਾਅ ਵੀ ਇਸ ਲੇਖ ਦਾ ਖ਼ਾਸ ਪੱਖ ਪ੍ਰਗਟਾਉਂਦਾ ਹੈ। ਆਖਿਰ ਵਿਚ ਜੇਕਰ ਭਾਜਪਾ ਨੇ ਫਿਰਕੂ ਕਤਾਰਬੰਦੀ ਨਾ ਛੱਡੀ ਤਾਂ ਭਾਰਤ ਖਾਨਾਜੰਗੀ ਵੱਲ ਵਧ ਕੇ ਪਾਕਿਸਤਾਨ ਦੀ ਤਰ੍ਹਾਂ ਸੰਕਟਾਂ ਵਿਚ ਘਿਰ ਜਾਵੇਗਾ। ਭਾਜਪਾ ਨੂੰ ਆਪਣੀ ਕਹਿਣੀ ਅਤੇ ਕਰਨੀ 'ਚ ਬਦਲਾਓ ਕਰਨ ਦੀ ਫੌਰੀ ਲੋੜ ਹੈ।
-ਮੇਹਰ ਮਲਿਕ
ਸਰਕਾਰ ਸੋਚੇ
10 ਸਤੰਬਰ ਦੇ 'ਅਜੀਤ' ਦੇ 8ਵੇਂ ਪੰਨ੍ਹੇ 'ਤੇ ਛਪੀ ਖਬਰ 'ਕੇਂਦਰ ਤੋਂ 10 ਹਜ਼ਾਰ ਕਰੋੜ ਦੇ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਮਗਰੋਂ ਘਿਰੀ 'ਆਪ ਸਰਕਾਰ' ਨੂੰ ਪੜ੍ਹਨ ਅਤੇ ਵਾਚਣ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਡਾਵਾਂਡੋਲ ਹੋਈ ਆਰਥਿਕ ਹਾਲਤ ਸਪੱਸ਼ਟ ਝਲਕ ਰਹੀ ਹੈ। ਪੰਜਾਬ ਨੂੰ ਕਰਜ਼ਾ ਮੁਕਤ ਕਰਨ, ਖਜ਼ਾਨਾ ਨੱਕੋ ਨੱਕ ਭਰਨ, ਰੰਗਲਾ ਪੰਜਾਬ ਬਣਾਉਣ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਢੇਰ ਸਾਰੇ ਵਾਅਦਿਆਂ ਸਮੇਤ ਹੋਰ ਸਬਜ਼ਬਾਗ਼ ਦਿਖਾ ਕੇ ਸੱਤਾ 'ਚ ਆਏ ਪੰਜਾਬ ਦੀ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਰ ਹੁਣ ਕੇਂਦਰ ਸਰਕਾਰ ਤੋਂ 10 ਹਜ਼ਾਰ ਕਰੋੜ ਦੇ ਕਰਜ਼ੇ ਦੀ ਹੱਦ ਵਧਾਉਣ ਲਈ ਤਰਲੇ-ਮਿੰਨਤਾਂ ਕਰਨ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ ਹੈ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਧੂਰੀ।
ਹਥਿਆਰਾਂ ਦਾ ਵਧਦਾ ਰੁਝਾਨ
ਇਕ ਸਰਵੇ ਤੋਂ ਬਾਅਦ ਜਾਰੀ ਹੋਈ ਰਿਪੋਰਟ ਨੇ ਪੰਜਾਬ ਵਿਚ ਵਧ ਰਹੇ ਹਥਿਆਰਾਂ ਨੂੰ ਰੋਕਣ ਲਈ ਬੁੱਧੀਜੀਵੀਆਂ ਨੂੰ ਚਿੰਤਾ ਦੇ ਨਾਲ-ਨਾਲ ਚਿੰਤਨ ਕਰਨ ਲਈ ਵੀ ਮਜਬੂਰ ਕਰ ਦਿੱਤਾ ਹੈ। ਪੰਜਾਬ ਜੋ ਇਕ ਸਰਹੱਦੀ ਸੂਬਾ ਹੈ, ਇਥੇ ਕਰੀਬ 3,80,000 ਲਾਇਸੈਂਸੀ ਹਥਿਆਰ ਹਨ। ਬਠਿੰਡੇ ਵਿਚ 27000, ਮੋਗਾ 'ਚ 26000 ਅਤੇ ਤੀਜੇ ਨੰਬਰ 'ਤੇ ਪਟਿਆਲਾ ਜ਼ਿਲ੍ਹਾ ਆਉਂਦਾ ਹੈ। ਹਥਿਆਰ ਅਮਨ ਨਹੀਂ, ਜੰਗ ਦਾ ਸੁਨੇਹਾ ਦਿੰਦੇ ਹਨ। ਇਹ ਕਿਸੇ ਮਸਲੇ ਦਾ ਹੱਲ ਨਹੀਂ ਲੱਭਦੇ, ਇਹ ਤਾਂ ਖ਼ੁਦ ਇਕ ਮਸਲਾ ਹਨ। ਹਥਿਆਰਾਂ ਦੇ ਸ਼ੌਕ ਨੇ ਸਾਨੂੰ ਸਾਡੀ ਸੱਭਿਅਤਾ ਅਤੇ ਇਤਿਹਾਸ ਤੋਂ ਦੂਰ ਕਰ ਕੇ ਹਥਿਆਰ ਕਲਚਰ ਵੱਲ ਧੱਕ ਦਿੱਤਾ ਹੈ। ਹਥਿਆਰ ਚਲਾਉਣਾ ਮਜਬੂਰੀ ਹੋ ਸਕਦੀ ਹੈ ਪਰੰਤੂ ਇਸ ਦਾ ਸ਼ੌਕ ਜ਼ਿੰਦਗੀ ਤਬਾਹ ਵੀ ਕਰ ਸਕਦਾ ਹੈ। ਹਥਿਆਰਾਂ ਦੀ ਵਧ ਰਹੀ ਗਿਣਤੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਕੇ ਉਨ੍ਹਾਂ ਨੂੰ ਕੁਰਾਹੇ ਪਾ ਰਹੀ ਹੈ। ਫਿਲਮਾਂ ਅਤੇ ਗਾਣਿਆਂ ਵਿਚ ਬੰਦੂਕਾਂ ਅਤੇ ਹਥਿਆਰਾਂ ਨੂੰ ਨੌਜਵਾਨਾਂ ਦੀ ਸ਼ਾਨ ਵਿਖਾਇਆ ਜਾਂਦਾ ਹੈ। ਹਥਿਆਰ ਜਦੋਂ ਵੀ ਚੱਲਦਾ ਹੈ ਤਾਂ ਦੋ ਪਰਿਵਾਰਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦਾ ਹੈ। ਹਥਿਆਰ ਸਮਾਜ ਵਿਚ ਸ਼ਾਂਤੀ ਨੂੰ ਖੋਰਾ ਲਾਉਂਦੇ ਹੋਏ ਸਹਿਮ ਦਾ ਮਾਹੌਲ ਪੈਦਾ ਕਰ ਕੇ ਆਮ ਆਦਮੀ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਹਥਿਆਰਾਂ ਦੇ ਵਧ ਰਹੇ ਕਲਚਰ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਨੂੰ ਲਾਇਸੰਸ ਜਾਰੀ ਕਰਦੇ ਸਮੇਂ ਵਿਅਕਤੀ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਕੇ ਉਸ ਦੇ ਹਥਿਆਰ ਖਰੀਦਣ ਦੇ ਮੰਤਵ ਬਾਰੇ ਜਾਂਚ ਕਰ ਲੈਣੀ ਚਾਹੀਦੀ ਹੈ। ਅਪਰਾਧੀ ਵਿਅਕਤੀ ਨੂੰ ਜਾਰੀ ਕੀਤਾ ਅਸਲ੍ਹੇ ਦਾ ਲਾਇਸੰਸ ਸਮਾਜ ਵਿਚ ਅਸਥਿਰਤਾ ਪੈਦਾ ਕਰ ਕੇ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ। ਪ੍ਰਸ਼ਾਸਨ ਨੂੰ ਲਾਇਸੰਸ ਤੋਂ ਬਿਨਾਂ ਗੈਰ-ਕਾਨੂੰਨੀ ਤੌਰ 'ਤੇ ਕੀਤੀ ਜਾਂਦੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਸਖ਼ਤ ਤੋਂ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ।
-ਰਜਵਿੰਦਰ ਪਾਲ ਸ਼ਰਮਾ
ਸੂਬਾ ਸਰਕਾਰ ਗੌਰ ਕਰੇ
ਟੈਲੀਵਿਜ਼ਨ 'ਚ ਖ਼ਬਰ ਨਸ਼ਰ ਹੋ ਰਹੀ ਸੀ ਪੰਜਾਬ 'ਚ ਵੱਡਾ ਆਰਥਿਕ ਸੰਕਟ, ਹੋਰ ਕਰਜ਼ਾ ਚੁੱਕਣ ਦੀ ਤਿਆਰੀ ਵਿਚ ਪੰਜਾਬ ਸਰਕਾਰ। ਵਿੱਤੀ ਹਾਲਤ ਸੁਧਾਰਨ ਲਈ ਪੰਜਾਬ ਨੇ ਕੇਂਦਰ ਤੋਂ ਹੋਰ ਮੰਗੀ ਮਦਦ। ਦਸ ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ। ਕਾਬਲੇ ਗੌਰ ਸੀ। ਪੰਜਾਬ ਸਰਕਾਰ ਤੇ ਪਹਿਲਾਂ ਹੀ ਕਰਜ਼ਾ ਚੜ੍ਹਿਆ ਹੋਇਆ ਹੈ। ਪੰਜਾਬ ਪਹਿਲਾਂ ਹੀ ਆਰਥਿਕ ਮੰਦੀ ਵਿਚੋਂ ਗੁਜ਼ਰ ਰਿਹਾ ਹੈ। ਪਹਿਲਾਂ ਹਿੰਦ ਪਾਕਿ ਦੀ ਵੰਡ, ਫਿਰ ਹਿੰਦ ਪਾਕਿ ਲੜਾਈਆਂ।
ਪੰਜਾਬ ਵਿਚ ਅੱਤਵਾਦ ਦਾ ਕਾਲਾ ਦੌਰ, ਕੋਰੋਨਾ ਕਾਲ, ਕਿਸਾਨ ਅੰਦੋਲਨ ਨਾਲ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਹੈ। ਅੱਤਵਾਦ ਦੇ ਕਾਲੇ ਦੌਰ ਤੇ ਕਾਮਰੇਡਾਂ ਦੀਆਂ ਹੜਤਾਲਾਂ ਦੀ ਮਿਹਰਬਾਨੀ ਨਾਲ ਪੰਜਾਬ ਦੇ ਸਨਅਤਕਾਰ ਸਾਰੇ ਕਾਰਖਾਨੇ ਦੂਸਰੇ ਸੂਬਿਆਂ ਵਿਚ ਲੈ ਗਏ ਹਨ। ਕਦੇ ਅੰਮ੍ਰਿਤਸਰ ਬਟਾਲਾ ਰੋਡ ਤੇ ਫੈਕਟਰੀਆਂ ਦੀ ਭਰਮਾਰ ਹੁੰਦੀ ਸੀ। ਕੇਂਦਰ ਸਰਕਾਰ ਵਲੋਂ ਹਮੇਸ਼ਾ ਪੰਜਾਬ ਨਾਲ ਮਾੜਾ ਸਲੂਕ ਕੀਤਾ ਜਾਂਦਾ ਰਿਹਾ ਹੈ। ਪਹਿਲਾਂ ਅਕਾਲੀ ਸਰਕਾਰ ਨੇ ਬਿਜਲੀ ਮੁਫਤ, ਆਟਾ ਦਾਲ ਸਕੀਮ, ਫਿਰ ਕਾਂਗਰਸ ਵਲੋਂ ਬੱਸਾਂ ਵਿਚ ਮੁਫਤ ਸਹੂਲਤਾਂ।
ਹੁਣ ਆਪ ਸਰਕਾਰ ਵਲੋਂ ਲੋਕਾਂ ਨੂੰ ਮੁਫਤ ਸਹੂਲਤਾਂ ਦੇ ਪੰਜਾਬ ਨੂੰ ਨਕਾਰਾ ਤੇ ਕਰਜਾਈ ਬਣਾ ਦਿੱਤਾ ਹੈ। ਸਨਅਤਕਾਰ ਕਾਰਖਾਨੇ ਪੰਜਾਬ ਵਿਚ ਲਾਉਣ ਨੂੰ ਤਿਆਰ ਨਹੀਂ ਜਵਾਨੀ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੀ ਹੈ।
ਜੇ ਇਹੋ ਜਿਹਾ ਹੀ ਹਾਲ ਰਿਹਾ ਤਾਂ ਪੰਜਾਬ ਵਿਚ ਪ੍ਰਵਾਸੀਆਂ ਦਾ ਰਾਜ ਹੋਵੇਗਾ, ਬੁਢਾਪਾ ਰੁਲੇਗਾ। ਵੱਡੇ ਅਫਸਰ ਤੇ ਪੰਜਾਬ ਦੇ ਸਰਕਾਰੀ ਅਦਾਰੇ ਤੇ ਨਿੱਜੀ ਕੰਪਨੀਆਂ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੋਵੇਗਾ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।
ਪੰਜਾਬ ਦੀ ਸਹਿਕਾਰਤਾ ਸਹਿਕ ਰਹੀ
ਸ: ਬਲਬੀਰ ਸਿੰਘ ਰਾਜੇਵਾਲ ਦਾ ਪੰਜਾਬ ਦੀ ਸਹਿਕਾਰੀ ਸਥਿਤੀ ਸੰਬੰਧੀ 10 ਤੇ 11 ਸਤੰਬਰ 2024 ਨੂੰ ਛਪਿਆ ਲੇਖ ਕਿਸੇ ਖਾਮੋਸ਼ੀ ਤੇ ਬੇਹੋਸ਼ੀ ਨੂੰ ਤੋੜਨ ਲਈ ਟੀਕੇ ਲਾਉਂਦਾ ਹੈ ਕਿ ਸਪਿਨਫੈੱਡ ਤੇ ਵੀਵਕੋ ਵਰਗੇ ਅਦਾਰੇ ਡੁੱਬ ਚੁੱਕੇ ਹਨ, ਮਾਰਕਫੈੱਡ ਘਾਟੇ ਵਿਚ ਹੈ ਅਤੇ ਹਾਊਸਫੈੱਡ ਵੀ ਵੈਂਟੀਲੇਟਰ 'ਤੇ ਹੈ। ਪੰਜਾਬ ਦੇ ਸਹਿਕਾਰੀ ਬੈਂਕ ਬੰਦ ਹੋਣ ਦੇ ਕਿਨਾਰੇ ਹਨ। 6 ਸਹਿਕਾਰੀ ਖੰਡ ਮਿੱਲਾਂ ਬੰਦ ਹੋ ਚੁੱਕੀਆਂ ਹਨ ਤੇ ਬਾਕੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਤਿਆਰੀ ਹੈ।
9 ਸਹਿਕਾਰੀ ਮਿਲਕ ਪਲਾਂਟ ਕਰੋੜਾਂ ਰੁਪਏ ਦੇ ਘਾਟੇ ਵਿਚ ਹਨ। ਉਨ੍ਹਾਂ ਰੋਜ਼ਗਾਰ ਦੀਆਂ ਬਿਹਤਰ ਵਿਵਸਥਾਵਾਂ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਸਾਲ 2009-10 ਵਿਚ 6 ਸਹਿਕਾਰੀ ਖੰਡ ਮਿੱਲਾਂ ਵਿਚ ਕਰੋੜਾਂ ਰੁਪਏ ਖ਼ਰਚ ਕੇ ਬਿਜਲੀ ਪੈਦਾ ਕਰਨ ਵਾਲੇ ਜੋ ਕੋ-ਜਨਰੇਸ਼ਨ ਪਲਾਂਟ ਲਗਾਏ ਗਏ ਸਨ, ਉਨ੍ਹਾਂ ਦੀ ਬਦੌਲਤ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ, ਪਰ ਉਨ੍ਹਾਂ 'ਚੋਂ ਇਕ ਵੀ ਨਹੀਂ ਚੱਲਿਆ। ਜਦ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਪਲਾਂਟ ਪੂਰੀ ਸਫ਼ਲਤਾ ਨਾਲ ਚੱਲ ਰਹੇ ਹਨ। ਇਸੇ ਤਰ੍ਹਾਂ ਪੰਜ ਸਹਿਕਾਰੀ ਮਿਲਕ ਪਲਾਂਟਾਂ ਵਿਚ ਲੱਗੇ ਪੰਜੀਰੀ ਪਲਾਂਟ ਮੁਨਾਫਾ ਦੇ ਰਹੇ ਸਨ, ਪਰ ਬੰਦ ਕਰਵਾ ਦਿੱਤੇ ਗਏ।
ਪੰਜਾਬ ਸਰਕਾਰ ਵਲੋਂ ਆਂਗਣਵਾੜੀ ਸੈਂਟਰਾਂ ਦੀ ਪੰਜੀਰੀ ਵਾਸਤੇ ਮਾਰਕਫੈੱਡ ਨੂੰ 240 ਕਰੋੜ ਦਾ ਆਰਡਰ ਹੈ ਪਰ ਮਾਰਕਫੈੱਡ ਵਲੋਂ ਇਹ ਆਰਡਰ ਅਜਿਹੀ ਪ੍ਰਾਈਵੇਟ ਫਰਮ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਵਿਚ ਮਿਲਕਫੈੱਡ ਦੇ ਅਧਿਕਾਰੀ ਰਿਟਾਇਰ ਹੋਣ ਤੋਂ ਬਾਅਦ ਨੌਕਰੀ ਕਰਦੇ ਹਨ। ਇਹੀ ਆਰਡਰ ਸਹਿਕਾਰੀ ਮਿਲਕ ਪਲਾਂਟਾਂ ਨੂੰ ਦਿੱਤਾ ਜਾਂਦਾ ਤਾਂ ਪੰਜੀਰੀ ਲਈ ਵੇਰਕਾ ਦਾ 800 ਟਨ ਦੇਸੀ ਘਿਉ ਵਰਤੋਂ ਵਿਚ ਆਉਣਾ ਸੀ, ਪਲਾਂਟਾਂ ਨੂੰ 40 ਕਰੋੜ ਦਾ ਮੁਨਾਫਾ ਹੁੰਦਾ।
-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।
ਰੇਲ ਹਾਦਸਿਆਂ ਦੀ ਸਾਜਿਸ਼
ਅੱਜ-ਕੱਲ੍ਹ ਨਿਊਜ਼ ਚੈਨਲਾਂ 'ਤੇ ਇਹ ਖ਼ਬਰ ਲਗਭਗ ਹਰ ਰੋਜ਼ ਨਸ਼ਰ ਹੋ ਰਹੀ ਹੈ ਕਿ ਰੇਲਵੇ ਲਾਈਨਾਂ 'ਤੇ ਕਿਸੇ ਨੇ ਸਿਲੰਡਰ ਰੱਖ ਦਿੱਤਾ, ਕਦੇ ਕੋਈ ਵੱਡਾ ਪੱਥਰ ਰੱਖ ਜਾਂਦਾ ਹੈ ਜਾਂ ਰੇਲਵੇ ਲਾਈਨ 'ਤੇ ਕੋਈ ਲਾਈਨ ਨੂੰ ਹੀ ਪੁੱਟ ਜਾਂਦਾ ਹੈ ਅਤੇ ਕਈ ਵਾਰ ਲਾਈਨਾਂ 'ਤੇ ਵੱਡੇ ਲੋਹੇ ਦੀ ਛੜੀ ਰੱਖ ਜਾਂਦਾ ਹੈ, ਹੋਰ ਤਾਂ ਹੋਰ ਇਕ ਜਗ੍ਹਾ 'ਤੇ ਤਾਂ ਬਕਾਇਦਾ ਟ੍ਰੇਨ ਉਡਾਉਣ ਦੀ ਸਾਜਿਸ਼ ਵੀ ਨਾਕਾਮ ਕੀਤੀ ਗਈ ਹੈ। ਇਹ ਸਾਰਾ ਕੁਝ ਜਾਣ-ਬੁੱਝ ਕੇ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਲਈ ਕੀਤਾ ਜਾ ਰਿਹਾ ਹੈ। ਟ੍ਰੇਨ ਵਿਚ ਸਫ਼ਰ ਕਰਨਾ ਹਰ ਕੋਈ ਸੁਰੱਖਿਅਤ ਸਮਝਦਾ ਹੈ ਪਰ ਦਿਨੋ-ਦਿਨ ਵਧ ਰਹੀਆਂ ਇਹੋ ਜਿਹੀਆਂ ਘਟਨਾਵਾਂ ਕਿਸੇ ਵੱਡੀ ਅਨਹੋਣੀ ਨੂੰ ਸੱਦਾ ਦੇ ਰਹੀਆਂ ਹਨ।
ਰੇਲਵੇ ਅਧਿਕਾਰੀਆਂ, ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਸਾਜਿਸ਼ ਨੂੰ ਨਾਕਾਮ ਕਰਨ ਦੇ ਨਾਲ-ਨਾਲ ਉਜਾਗਰ ਵੀ ਕਰਨਾ ਚਾਹੀਦਾ ਹੈ ਕਿ ਇਹ ਕਿਸ ਵਿਅਕਤੀ ਦੀ ਸਾਜਿਸ਼ ਹੈ ਅਤੇ ਇਸ ਸਾਜਿਸ਼ ਦਾ ਜੇਕਰ ਕੋਈ ਜ਼ਿੰਮੇਵਾਰ ਸਾਹਮਣੇ ਆਉਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ ਮਾਲ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
-ਅਸ਼ੀਸ਼ ਸ਼ਰਮਾ
ਜਲੰਧਰ
ਅਪਰਾਧ ਬਨਾਮ ਪੁਲਿਸ ਸੁਧਾਰ
ਅੰਮ੍ਰਿਤਸਰ ਦੇ ਜ਼ਿਆਦਾਤਰ ਥਾਣਿਆਂ ਦੀਆਂ ਨਾਂ ਹੀ ਬਿਲਡਿੰਗਾਂ ਹਨ, ਪੁਲਿਸ ਦੀ ਰਿਹਾਇਸ਼ ਤੇ ਬਾਥਰੂਮਾਂ ਦਾ ਕੋਈ ਸਮਾਧਾਨ ਨਹੀਂ ਹੈ। ਜਿਸ ਵਿਚ ਥਾਣਾ ਵੇਰਕਾ, ਵੱਲਾ, ਸਦਰ, ਸਿਵਲ ਲਾਈਨ, ਮੋਹਕਮਪੁਰਾ, ਮਜੀਠਾ ਰੋਡ, ਗੇਟ ਹਕੀਮਾਂ, ਕੋਟ ਖਾਲਸਾ, ਰਣਜੀਤ ਐਵਨਿਊ ਆਦਿ ਮੌਜੂਦ ਹਨ। ਮੁੱਖ ਅਫ਼ਸਰ ਥਾਣਾ ਤੋਂ ਇਲਾਵਾ ਕੋਈ ਹੋਰ ਸਰਕਾਰੀ ਗੱਡੀ ਥਾਣੇ 'ਤੇ ਚੌਂਕੀ ਵਿਚ ਮੌਜੂਦ ਨਹੀਂ ਹੈ। ਜਦੋਂ 5-6 ਦੋਸ਼ੀਆਂ ਨੂੰ ਪੇਸ਼ ਕਰਨਾ ਹੁੰਦਾ ਹੈ। ਪ੍ਰਾਈਵੇਟ ਵਹੀਕਲ ਦਾ ਇੰਤਜ਼ਾਮ ਕਰ ਕੇ ਪੇਸ਼ ਕਰਨੇ ਪੈਂਦੇ ਹਨ। ਇਸ ਨਾਲ ਦੋਸ਼ੀਆਂ ਦੇ ਭੱਜਣ ਦਾ ਖ਼ਤਰਾ ਵੀ ਰਹਿੰਦਾ ਹੈ। ਵੀ.ਆਈ.ਪੀ. ਰੂਟ 8-10 ਘੰਟੇ ਪਹਿਲਾਂ ਲਗਾ ਦਿੱਤਾ ਜਾਂਦਾ ਹੈ, ਜਦੋਂ ਕਿ ਵੀ.ਆਈ.ਪੀ. ਅਜੇ ਘਰ ਵਿਚ ਹੀ ਨਹਾ ਰਿਹਾ ਹੁੰਦਾ ਹੈ। ਨਸ਼ਿਆਂ 'ਤੇ ਕੰਟਰੋਲ ਕਰਨ ਲਈ ਰੈਗੂਲਰ ਪੜ੍ਹੇ ਲਿਖੇ ਤਜਰਬੇਕਾਰ ਇੰਟਰ, ਅੱਪਰ ਕੋਰਸ ਪਾਸ ਥਾਣੇਦਾਰ ਥਾਣਿਆਂ ਵਿਚ ਲਗਾਏ ਜਾਣ, ਜਿਨ੍ਹਾਂ ਦੀ ਕੋਈ ਵੀ.ਆਈ.ਪੀ. ਡਿਊਟੀ ਨਾ ਹੋਵੇ। ਵੀ.ਆਈ.ਪੀ. ਤੇ ਲਾਅ ਐਂਡ ਆਰਡਰ ਲਈ ਐਡਹਾਕ ਥਾਣੇਦਾਰ ਤੇ ਖੁੱਡਿਆਂ ਵਿਚ ਵੜੇ ਨਵੇਂ ਸਿਪਾਹੀ ਲਗਾਏ ਜਾਣ। ਥਾਣਿਆਂ ਦੀਆਂ ਬਿਲਡਿੰਗਾਂ ਬਣਾਈਆਂ ਜਾਣ ਇਸ ਨਾਲ ਲਾਅ ਐਂਡ ਆਰਡਰ ਵੀ ਕਾਇਮ ਹੋਵੇਗਾ ਤੇ ਅਪਰਾਧਾਂ ਵਿਚ ਕਮੀ ਆਵੇਗੀ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਖਾਧ ਪਦਾਰਥਾਂ ਦੀ ਵਧਦੀ ਮਿਲਾਵਟ
ਪਟਿਆਲਾ ਵਿਚ ਕੇਕ ਖਾਣ ਨਾਲ ਬਿਮਾਰ ਹੋਈ ਬੱਚੀ ਦੀ ਖਬਰ ਅਜੇ ਭੁੱਲੀ ਨਹੀਂ ਸੀ ਕਿ ਬੀਤੇ ਦਿਨ ਪਟਿਆਲਾ ਸ਼ਹਿਰ ਵਿਚ ਹੀ ਜਨਮ ਦਿਨ ਦਾ ਕੇਕ ਖਾਣ ਨਾਲ ਦਰਜਨ ਤੋਂ ਵਧ ਬੱਚੇ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਖਰਾਬ ਹੋਣ ਦੀ ਖਬਰ ਤਾਜ਼ਾ ਸੁਰਖੀ ਬਣ ਗਈ ਹੈ। ਫੂਡ ਵਿਭਾਗ ਘਟਨਾ ਵਾਪਰਨ ਤੋਂ ਬਾਅਦ ਗੂੜ੍ਹੀ ਨੀਂਦ ਵਿਚੋਂ ਜਾਗ ਚੁੱਕਿਆ ਹੈ ਅਤੇ ਉਨ੍ਹਾਂ ਨੇ ਸੈਂਪਲ ਇਕੱਠੇ ਕਰਕੇ ਲੈਬ ਭੇਜ ਕੇ ਆਪਣੇ ਗਲੋਂ ਗਲਾਵਾਂ ਲਾ ਦਿੱਤਾ ਹੈ ਪਰੰਤੂ ਸਵਾਲ ਤਾਂ ਇਹ ਪੈਦਾ ਹੋ ਰਿਹਾ ਹੈ ਕਿ ਵਿਭਾਗ ਉਦੋਂ ਹੀ ਕਿਉਂ ਜਾਗਦਾ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ, ਇਹ ਆਪਣੇ ਨਿੱਜੀ ਤੌਰ 'ਤੇ ਸੈਂਪਲ ਇਕੱਤਰ ਕਿਉਂ ਨਹੀਂ ਕਰਦਾ। ਜੇਕਰ ਕੋਈ ਟੀਮ ਸੈਂਪਲ ਇਕੱਠੇ ਕਰਨ ਚਲੀ ਵੀ ਜਾਵੇ ਤਾਂ ਉਹ ਵੱਢੀਖੋਰੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਵਧੇਰੇ ਮੁਨਾਫਾ ਕਮਾਉਣ ਲਈ ਮਿਲਾਵਟ ਦਾ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਪਰੰਤੂ ਇਨ੍ਹਾਂ ਨੂੰ ਰੋਕਣ ਵਾਲੇ ਵੀ ਇਨ੍ਹਾਂ ਦੀ ਹੀ ਸ਼ਹਿ 'ਤੇ ਕੰਮ ਕਰਦੇ ਵਿਖਾਈ ਦੇ ਰਹੇ ਹਨ। ਸਰਕਾਰ ਨੂੰ ਮਿਲਾਵਟ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਾਲੀਆਂ ਭੇਡਾਂ ਨੂੰ ਸਜ਼ਾ ਦੇਣ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨੂੰ ਵੀ ਬਾਜ਼ਾਰੀ ਵਸਤਾਂ ਖਰੀਦਣ ਸਮੇਂ ਚੌਕਸੀ ਵਰਤਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਮਿਲਾਵਟੀ ਵਸਤਾਂ ਦਾ ਸ਼ਿਕਾਰ ਨਾ ਹੋ ਸਕੇ।
-ਰਜਵਿੰਦਰ ਪਾਲ ਸ਼ਰਮਾ
ਵਧੀਆ ਲੇਖ
'ਨਜ਼ਰੀਆ' ਪੰਨੇ 'ਤੇ 11 ਸਤੰਬਰ ਨੂੰ ਛਪੇ ਬੱਬੂ ਤੀਰ ਦੇ 'ਬੜਾ ਫ਼ਰਕ ਹੈ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਨਜ਼ਰੀਏ ਵਿਚ' ਵਿਚ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਗੱਲ ਕੀਤੀ ਗਈ ਹੈ। ਨਵੀਂ ਪੀੜ੍ਹੀ ਰੋਕ-ਟੋਕ ਨੂੰ ਨਰਕ ਤੇ ਆਜ਼ਾਦੀ ਨੂੰ ਹੀ ਸਵਰਗ ਸਮਝਦੀ ਹੈ। ਇਸ ਵਿਚ ਔਰਤਾਂ ਬਾਰੇ ਵੀ ਕਿਹਾ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਚਲਦੇ ਮਾਹੌਲ ਵਿਚ ਤਬਦੀਲੀ ਆਉਣ 'ਤੇ ਸਾਰਿਆਂ ਨੂੰ ਆਪਣੀ ਮੰਜ਼ਿਲ ਤਾਂ ਦਿਸਣ ਲੱਗ ਪਈ ਹੈ, ਪਰ ਤੁਰਨ ਦਾ ਮੌਕਾ ਕਿਸੇ-ਕਿਸੇ ਨੂੰ ਹੀ ਮਿਲਿਆ। ਇਸ ਵਿਚ ਨਵੀਂ ਪੀੜ੍ਹੀ ਦੇ ਤਜਰਬੇ ਬਾਰੇ ਵੀ ਗੱਲ ਕੀਤੀ ਗਈ ਹੈ ਕਿ ਉਹ ਪੁਰਾਣੀ ਪੀੜ੍ਹੀ ਦੀ ਸੋਚ ਨਾਲ ਮੇਲ ਨਹੀਂ ਖਾਂਦੀ।
-ਨਵਨੀਤ ਕੌਰ
ਰਾਏਕੋਟ (ਲੁਧਿਆਣਾ)
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX