ਯਤਨ ਜਾਰੀ ਰੱਖੋ
ਸਾਡੇ ਜੀਵਨ ਵਿਚ ਸਫਲਤਾ ਸਾਡੇ ਯਤਨਾਂ 'ਤੇ ਨਿਰਭਰ ਕਰਦੀ ਹੈ। ਸਾਰਥਿਕ ਯਤਨਾਂ ਦਾ ਨਤੀਜਾ ਦੇਰ ਨਾਲ ਪਰ ਵਧੀਆ ਮਿਲਦਾ ਹੈ। ਨਵਾਂ-ਨਵਾਂ ਕਾਰੋਬਾਰ ਜਲਦੀ ਰਫ਼ਤਾਰ ਨਹੀਂ ਫੜਦਾ ਹੁੰਦਾ। ਜਦੋਂ ਮੈਂ 'ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲ ਵਿਚ ਸਹਾਇਕ ਕਰਮਚਾਰੀ ਲੱਗਾ ਸੀ ਉਦੋਂ ਮੇਰੀ ਪੜ੍ਹਾਈ ਬਾਰ੍ਹਵੀਂ ਪਾਸ ਸੀ। ਸਕੂਲ ਵਿਚ ਕੰਮ ਕਰਦਿਆਂ ਬਹੁਤ ਦੇਰ ਬਾਅਦ ਪੜ੍ਹਾਈ ਦੇ ਮਹੱਤਵ ਦੀ ਸਮਝ ਆਈ। ਫਿਰ ਮੈਂ ਪ੍ਰਾਈਵੇਟ ਬੀ.ਏ. ਕਰਨ ਦਾ ਯਤਨ ਕੀਤਾ ਤੇ ਪੰਜਾਬ ਯੂਨੀਵਰਸਿਟੀ 'ਚ ਦਾਖ਼ਲਾ ਭਰਿਆ। ਬੀ.ਏ. ਭਾਗ ਪਹਿਲਾ ਵਧੀਆ ਨੰਬਰਾਂ 'ਚ ਪਾਸ ਕੀਤਾ ਪਰ ਇਕ ਅਧਿਆਪਕ ਨੇ ਮੇਰੀ ਪੜ੍ਹਾਈ ਛੁਡਵਾ ਕੇ ਹੋਰ ਕਿਸੇ ਰਸਤੇ ਪਾ ਦਿੱਤਾ। ਫਿਰ ਮੇਰੀ ਬੀ.ਏ. ਦੀ ਪੜਾਈ ਵਿਚ ਖੜੌਤ ਆ ਗਈ। ਸਕੂਲ ਵਿਚ ਕੰਮ ਬਹੁਤ ਹੁੰਦਾ ਸੀ। ਪੜ੍ਹਾਈ ਦਾ ਸਮਾਂ ਨਹੀਂ ਰਿਹਾ ਸੀ। ਜਦੋਂ ਮੇਰੀ ਪਤਨੀ ਈ.ਟੀ.ਟੀ. ਅਧਿਆਪਕ ਲੱਗ ਗਈ ਤਾਂ ਉਸ ਨੇ ਮੈਨੂੰ ਪੜ੍ਹਨ ਲਈ ਪ੍ਰੇਰਿਆ। ਮੈਂ ਈ.ਟੀ.ਟੀ. ਡਾਈਟ ਸ੍ਰੀ ਮੁਕਤਸਰ ਤੋਂ ਕਰ ਕੇ ਬੀ.ਏ. ਕਰ ਲਈ ਫਿਰ ਈ.ਟੀ.ਟੀ. ਕਰਨ ਤੋਂ ਬਾਅਦ ਅਧਿਆਪਕ ਲੱਗ ਗਿਆ। ਉਸ ਤੋਂ ਬਾਅਦ ਮੈਂ ਲਵਲੀ ਯੂਨੀਵਰਸਿਟੀ ਤੋਂ ਬੀ.ਲਿਬ/ਐਮ.ਲਿਬ ਕਰ ਗਿਆ। ਹਮੇਸ਼ਾ ਯਤਨ ਜਾਰੀ ਰੱਖੋ, ਮਿਹਨਤ ਤੋਂ ਕਦੇ ਟਾਲਾ ਨਾ ਵੱਟੋ।
-ਰਾਮ ਸਿੰਘ ਪਾਠਕ
ਵਿਦੇਸ਼ ਜਾਣ ਦਾ ਰੁਝਾਨ
ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਨੂੰ ਉਡਾਰੀ ਜਾਰੀ ਹੈ। ਕਿਸੇ ਲਈ ਵੀ ਆਪਣਾ ਘਰ-ਬਾਰ ਛੱਡਣਾ ਸੌਖਾ ਨਹੀਂ ਹੁੰਦਾ, ਅਨੇਕਾਂ ਮਜਬੂਰੀਆਂ ਕਰਕੇ ਹੀ ਆਪਣੀ ਧਰਤੀ ਤੋਂ ਵੱਖ ਹੋਣਾ ਪੈਂਦਾ ਹੈ। ਲੋਕ ਜ਼ਮੀਨ ਜਾਇਦਾਦ, ਘਰ-ਬਾਰ ਵੇਚ ਕੇ ਪਰਿਵਾਰ ਸਮੇਤ ਵਿਦੇਸ਼ਾਂ 'ਚ ਵੱਸਣ ਲਈ ਭੱਜ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਕ ਸੂਬੇ ਵਿਚ 85 ਲੱਖ ਤੋਂ ਵਧੇ ਲੋਕਾਂ ਕੋਲ ਪਾਸਪੋਰਟ ਹਨ। ਸੂਬੇ 'ਚ ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ ਪ੍ਰਵਾਸ ਦੇ ਮੁੱਖ ਕਾਰਨ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਲਈ ਭੇਜਦੇ ਸਨ, ਜੋ ਪੜ੍ਹਾਈ ਕਰ ਕੇ ਵਾਪਸ ਪੰਜਾਬ ਆ ਕੇ ਇਥੇ ਹੀ ਨੌਕਰੀ ਕਰਦੇ ਸਨ। ਹੁਣ ਤਾਂ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ।
ਪੰਜਾਬ 'ਚ ਹਜ਼ਾਰਾਂ ਨੌਜਵਾਨ ਆਈਲਟਸ ਟੈਸਟ ਦੇ ਰਹੇ ਹਨ। ਤਾਂ ਜੋ ਵਿਦੇਸ਼ਾਂ ਵਿਚ ਵਧੀਆ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖ਼ਲਾ ਲਿਆ ਜਾ ਸਕੇ। ਬੱਚਿਆਂ ਨੂੰ ਉਚੇਰੀ ਸਿੱਖਿਆ ਤੇ ਵਧੀਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰਾਂ ਨੂੰ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਹੀ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।
-ਸੰਜੀਵ ਸਿੰਘ ਸੈਣੀ
ਮੁਹਾਲੀ
ਡਰਾਈਵਿੰਗ ਦੌਰਾਨ ਮੋਬਾਈਲ ਦੀ ਦੁਰਵਰਤੋਂ
ਮੋਬਾਈਲ ਫੋਨ ਵਿਗਿਆਨ ਦੀ ਇਕ ਅਦਭੁੱਤ ਖੋਜ ਹੈ ਤੇ ਇਸ ਨੇ ਮਨੁੱਖ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਪਰ ਵਿਗਿਆਨ ਦੀ ਹਰੇਕ ਖੋਜ ਦੀ ਤਰ੍ਹਾਂ ਮੋਬਾਈਲ ਨੇ ਜਿੱਥੇ ਸਾਨੂੰ ਅਨੇਕਾਂ ਫ਼ਾਇਦੇ ਪਹੁੰਚਾਏ ਹਨ, ਉੱਥੇ ਹੀ ਇਸ ਨੇ ਸਾਡੀ ਜ਼ਿੰਦਗੀ 'ਚ ਅਨੇਕਾਂ ਪ੍ਰੇਸ਼ਾਨੀਆਂ ਵੀ ਪੈਦਾ ਕੀਤੀਆਂ ਹਨ। ਇਹ ਜਾਣਨ ਦੀ ਲੋੜ ਹੈ ਕਿ ਇਸ ਦੀ ਸੁਚੱਜੀ ਵਰਤੋਂ ਦੇ ਨਾਲ ਨਾਲ ਇਸ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਅੱਜ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਇਸ ਦਾ ਚਸਕਾ ਲੱਗ ਚੁੱਕਾ ਹੈ। ਬੱਚੇ ਵੀ ਇਸ ਦੀ ਬੁਰੀ ਆਦਤ ਤੋਂ ਪਿੱਛੇ ਨਹੀਂ ਰਹੇ ਹਨ। ਇਸ ਦੀ ਦੁਰਵਰਤੋਂ ਦੀ ਇਕ ਵੱਡੀ ਉਦਾਹਰਣ ਹੈ ਡਰਾਈਵਿੰਗ ਕਰਦਿਆਂ ਮੋਬਾਈਲ ਦੀ ਵਰਤੋਂ ਕਰਨਾ।
ਬਹੁਤ ਸਾਰੇ ਲੋਕਾਂ ਨੂੰ ਡਰਾਈਵਿੰਗ ਕਰਨ ਦੌਰਾਨ ਮੋਬਾਈਲ ਵਰਤਣ ਦੀ ਆਦਤ ਪੈ ਚੁੱਕੀ ਹੈ ਜੋ ਕਿ ਵਰਤਣ ਵਾਲੇ ਵਿਅਕਤੀ ਲਈ ਖ਼ਤਰਨਾਕ ਹੋਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿਚ ਪਾ ਸਕਦਾ ਹੈ। ਡਰਾਈਵਿੰਗ ਦੌਰਾਨ ਮੋਬਈਲ ਵਰਤਣਾ ਬੇਹੱਦ ਲਾਪਰਵਾਹੀ ਵਾਲਾ ਵਰਤਾਰਾ ਹੈ। ਜ਼ਿਕਰਯੋਗ ਹੈ ਕਿ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕਰਨਾ 'ਮੋਟਰ ਵਹੀਕਲ ਐਕਟ' ਦੀ ਧਾਰਾ 184 ਤਹਿਤ ਦੋਸ਼ੀ ਨੂੰ ਜੁਰਮਾਨਾ ਤੇ ਜੇਲ੍ਹ ਕਰਨ ਦੀ ਵਿਵਸਥਾ ਹੈ, ਇਸ ਐਕਟ ਵਿਚ ਸਾਲ 2019 ਵਿਚ ਕੀਤੀ ਗਈ ਸੋਧ ਦੇ ਤਹਿਤ (ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ) ਨੂੰ 'ਖ਼ਤਰਨਾਕ ਡਰਾਈਵਿੰਗ' ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਿਸ ਦੇ ਤਹਿਤ ਦੋਸ਼ੀ ਨੂੰ ਪੰਜ ਹਜ਼ਾਰ ਰੁਪਏ ਤੱਕ ਜੁਰਮਾਨਾ ਤੇ ਇਕ ਸਾਲ ਤੱਕ ਦੀ ਸਜ਼ਾ ਦੇਣ ਦੀ ਵਿਵਸਥਾ ਹੈ। ਭਾਰਤ ਵਿਚ ਕੀਤੇ ਗਏ ਇਕ ਸਰਵੇ ਵਿਚ 47 ਫ਼ੀਸਦ ਵਾਹਨ ਚਾਲਕਾਂ ਨੇ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕਰਨ ਦੀ ਗੱਲ ਸਵੀਕਾਰੀ ਹੈ ਜਨਤਕ ਟਰਾਂਸਪੋਰਟ (ਬੱਸ) 'ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਡਰਾਈਵਰਾਂ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਕਾਰਨ ਬੇਹੱਦ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਸੰਸਾਰ ਦੇ 200 ਦੇ ਕਰੀਬ ਦੇਸ਼ਾਂ ਤੋਂ ਲਏ ਗਏ ਸੜਕੀ-ਦੁਰਘਟਨਾਵਾਂ ਦੇ ਅੰਕੜਿਆਂ 'ਚ ਭਾਰਤ ਪਹਿਲੇ ਨੰਬਰ 'ਤੇ ਆਉਂਦਾ ਹੈ ਤੇ ਸੰਸਾਰ ਭਰ ਦੀਆਂ ਸੜਕੀ ਦੁਰਘਟਨਾਵਾਂ ਦੀਆਂ ਮੌਤਾਂ ਦਾ 11 ਫ਼ੀਸਦ ਮੌਤਾਂ ਭਾਰਤ ਵਿਚ ਹੀ ਹੁੰਦੀਆਂ ਹਨ। ਸਾਲ 2022 ਦੌਰਾਨ ਭਾਰਤ 'ਚ 4,61,312 ਤੋਂ ਵੱਧ ਸੜਕੀ ਦੁਰਘਟਨਾਵਾਂ ਹੋਈਆਂ ਸਨ ਜਿਨ੍ਹਾਂ 'ਚ 1,68,491 ਦੇ ਕਰੀਬ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਤੇ 5 ਲੱਖ ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ। ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਦੁਰਘਟਨਾਵਾਂ 'ਚ 11.9 ਫ਼ੀਸਦ ਵਾਧਾ, ਮੌਤਾਂ ਦੀ ਦਰ 'ਚ 9.4 ਫ਼ੀਸਦ ਵਾਧਾ ਤੇ ਜ਼ਖ਼ਮੀਆਂ ਦੀ ਦਰ 'ਚ 15.3 ਫ਼ੀਸਦ ਵਾਧਾ ਹੋਇਆ ਹੈ। ਜ਼ਿਕਰਯੋਗ ਕਿ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਕਾਨੂੰਨ 'ਚ ਸੋਧ ਕਰ ਕੇ ਚਾਲਕਾਂ ਨੂੰ ਸਫ਼ਰ ਦੌਰਾਨ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸਿਰਫ ਰਸਤਾ ਲੱਭਣ ਭਾਵ 'ਨੇਵੀਗੇਸ਼ਨ' ਲਈ ਦਿੱਤੀ ਗਈ ਹੈ। ਇਸ ਦੌਰਾਨ ਮੋਬਾਈਲ ਨੂੰ ਡੈਸ਼ ਬੋਰਡ 'ਤੇ ਰੱਖਣਾ ਹੁੰਦਾ ਹੈ।
ਵੈਸੇ ਕਾਨੂੰਨੀ ਤੌਰ 'ਤੇ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ 999 ਜਾਂ 112 ਨੰਬਰ ਡਾਇਲ ਕਰਨ ਭਾਵ 'ਐਮਰਜੰਸੀ ਸਹਾਇਤਾ' ਪ੍ਰਾਪਤ ਕਰਨ ਲਈ ਹੀ ਕੀਤੀ ਜਾ ਸਕਦੀ ਹੈ ਤੇ ਡਰਾਈਵਿੰਗ ਕਰਦਿਆਂ ਮੋਬਾਈਲ ਨੂੰ ਹੱਥ 'ਚ ਫੜਣਾ ਵੀ ਕਾਨੂੰਨੀ ਜੁਰਮ ਹੈ।
-ਅਸ਼ਵਨੀ ਚਤਰਥ
ਸੇਵਾ ਮੁਕਤ ਲੈਕਚਰਾਰ
ਚੰਦਰ ਨਗਰ, ਬਟਾਲਾ
ਮੋਬਾ ਨੰ: 6284220595
ਹੁਣ ਤੂੰ ਪਿੰਡ ਆ ਜਾਹ
ਮੈਂ, ਅਜੀਤ ਮੈਗਜ਼ੀਨ ਨਾਲ ਕਾਫੀ ਲੰਮੇ ਚਿਰ ਤੋਂ ਜੁੜਿਆ ਹਾਂ। ਸਾਰੀਆਂ ਰਚਨਾਵਾਂ ਉੱਚ ਪਾਏ ਦੀਆਂ ਛੱਪਦੀਆਂ ਹਨ। ਪਰੰਤੂ ਕਈ ਰਚਨਾਵਾਂ ਮਨ ਵਿਚ ਵਸ ਜਾਂਦੀਆਂ ਹਨ। ਭੁਪਿੰਦਰ ਸਿੰਘ ਦੀ ਰਚਨਾ 'ਜ਼ਿੰਮੇਵਾਰ ਕੌਣ।' ਵਿਚ ਸਮੇਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਨਵੀਂ ਪੀੜ੍ਹੀ ਪੜ੍ਹਾਈ ਲਈ ਵਿਦੇਸ਼ ਵੱਲ ਜਾ ਰਹੀ ਹੈ, ਹੌਲੀ-ਹੌਲੀ ਵਿਦੇਸ਼ ਵਿਚ ਪੱਕੇ ਪੈਰੀਂ ਵੀ ਹੋ ਜਾਂਦੇ ਹਨ। ਉਹ ਬੱਚੇ ਘਰ ਵਾਪਸ ਨਹੀਂ ਮੁੜਦੇ। ਪਿੱਛੇ ਮਾਂ-ਪਿਉ ਆਪਣੇ ਬੱਚਿਆਂ ਨੂੰ ਉਡੀਕਦੇ-ਉਡੀਕਦੇ ਸੰਸਾਰ 'ਚੋਂ ਚਲੇ ਜਾਂਦੇ ਹਨ। ਬਜ਼ੁਰਗ ਮਾਂ-ਪਿਉ ਬੱਚਿਆਂ ਨੂੰ ਇਹ ਕਹਿੰਦੇ 'ਹੁਣ ਤੂੰ ਪਿੰਡ ਆ ਜਾਹ' ਉਨ੍ਹਾਂ ਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ। ਇਹ ਰਚਨਾ ਨੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਜਦੋਂ ਮੈਂ ਆਪਣੇ ਪਿੰਡ ਗਿਲਜੇਵਾਲਾ ਤੋਂ ਬਠਿੰਡਾ ਸ਼ਿਫ਼ਟ ਕੀਤਾ ਤਾਂ ਆਸ-ਪਾਸ ਦੇ ਲੋਕਾਂ ਨੂੰ ਇੰਝ ਲੱਗਿਆ ਜਿਵੇਂ ਮੈਂ ਵਿਦੇਸ਼ ਜਾ ਰਿਹਾ ਹੋਵਾਂਗਾ। ਮੈਨੂੰ ਕਿਸੇ ਨੇ ਚੰਗੀ ਸਲਾਹ ਨਹੀਂ ਦਿੱਤੀ। ਨਕਾਰਾਤਮਿਕ ਵਿਚਾਰ ਹੀ ਸਾਂਝੇ ਕੀਤੇ। ਮੈਨੂੰ ਸਵਾਲ ਬਹੁਤ ਕੀਤੇ ਕਿਸੇ ਨੂੰ ਨਿਰਾਸ਼ ਨਾ ਕੀਤਾ ਹੱਸ ਕੇ ਵਿਚਾਰ ਸੁਣ ਲੈਂਦਾ। ਹਮੇਸ਼ਾ ਮੈਨੂੰ ਪਿੰਡ ਬਤਾਇਆ ਬਚਪਨ ਚੇਤੇ ਰਹੇਗਾ, ਮੈਂ ਸੱਚੇ ਦਿਲੋਂ ਦੁਆ ਕਰਦਾ ਹਾਂ ਮੇਰਾ ਪਿੰਡ ਵਧੇ-ਫੁੱਲੇ, ਤਰੱਕੀਆਂ ਕਰੇ।
-ਰਾਮ ਸਿੰਘ ਪਾਠਕ
ਸ਼ਰਾਬ ਦੇ ਬਰਾਂਡਾਂ 'ਚੋਂ 'ਪੰਜਾਬ' ਤੇ 'ਮਾਲਵਾ' ਸ਼ਬਦ ਹਟਾਏ ਜਾਣ
ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਸ਼ਰਾਬ ਦੇ ਵੱਖ-ਵੱਖ ਬਰਾਂਡਾਂ 'ਚੋਂ 'ਪੰਜਾਬ ਅਤੇ ਮਾਲਵਾ' ਸ਼ਬਦ ਹਟਾਉਣ ਦੀ ਮੰਗ ਕਰਦਾ ਹਾਂ। ਇਸ ਸਮੇਂ ਸ਼ਰਾਬ ਦੇ ਕਈ ਬ੍ਰਾਂਡ ਆਪਣੀ ਬ੍ਰਾਂਡਿੰਗ 'ਚ 'ਪੰਜਾਬ ਤੇ ਮਾਲਵਾ' ਨਾਂਅ ਦੀ ਵਰਤੋਂ ਕਰਦੇ ਹਨ, ਜੋ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਸਾਡਾ ਪੰਜਾਬ ਆਪਣੇ ਅਮੀਰ ਸੱਭਿਆਚਾਰਕ ਵਿਰਾਸਤ, ਖੇਤੀ ਭਰਪੂਰਤਾ ਤੇ ਜੀਵੰਤ ਪਰੰਪਰਾਵਾਂ ਲਈ ਮਸ਼ਹੂਰ ਹੈ। ਜਦਕਿ ਸ਼ਰਾਬ ਦੇ ਬ੍ਰਾਂਡਾਂ ਨਾਲ ਸਾਡੇ ਰਾਜ ਦੇ ਨਾਂਅ ਦੀ ਸਾਂਝ ਇਕ ਨਕਾਰਾਤਮਿਕ ਧਾਰਨਾ ਪੈਦਾ ਕਰ ਸਕਦੀ ਹੈ। ਸ਼ਰਾਬ ਦੇ ਬਰਾਂਡ ਨਾਵਾਂ 'ਚ 'ਪੰਜਾਬ' ਦੀ ਮੌਜੂਦਗੀ ਅਣਜਾਣੇ 'ਚ ਇਸ ਧਾਰਨਾ ਨੂੰ ਪ੍ਰਚਾਰਦੀ ਹੈ ਕਿ ਸਾਡਾ ਰਾਜ ਸ਼ਰਾਬ ਪੀਣ ਤੇ ਨਸ਼ਾਖੋਰੀ ਦਾ ਸਮਾਨਾਰਥੀ ਹੈ, ਜੋ ਅਸਲੀਅਤ ਤੋਂ ਕੋਹਾਂ ਦੂਰ ਹੈ। ਇਹ ਧਾਰਨਾ ਸਾਡੇ ਖੇਤਰ 'ਚ ਸੈਰ-ਸਪਾਟੇ ਤੇ ਨਿਵੇਸ਼ ਦੇ ਰਸਤੇ 'ਚ ਰੁਕਾਵਟ ਬਣ ਸਕਦੀ ਹੈ, ਜੋ ਕਿ ਸਾਡੇ ਆਰਥਿਕ ਵਿਕਾਸ ਤੇ ਸੱਭਿਆਚਾਰਕ ਸੰਭਾਲ ਲਈ ਮਹੱਤਵਪੂਰਨ ਹੈ।
-ਐਡਵੋਕੇਟ ਰਾਜੇਸ਼ਵਰ ਚੌਧਰੀ
ਰੇਲਵੇ ਰੋਡ, ਧੂਰੀ।
ਧੁੰਦ ਤੋਂ ਰਹੋ ਸਾਵਧਾਨ
ਸਰਦੀ ਦੇ ਮੌਸਮ 'ਚ ਧੁੰਦ ਹੋਣ ਕਰਕੇ ਸੜਕਾਂ 'ਤੇ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਦਿਨਾਂ 'ਚ ਰਾਹਗੀਰਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਧੁੰਦ 'ਚ ਕਦੇ ਵੀ ਕਾਹਲੀ ਨਾ ਕਰੋ, ਰੋਜ਼ਾਨਾ ਕੰਮ-ਧੰਦਿਆਂ 'ਤੇ ਜਾਣ ਵਾਲਿਆਂ ਨੂੰ ਵੀ ਆਪਣੇ ਤੈਅ ਸਮੇਂ ਤੋਂ ਥੋੜ੍ਹਾ ਪਹਿਲਾਂ ਘਰ ਤੋਂ ਨਿਕਲਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਪਹੁੰਚਣ 'ਚ ਕੋਈ ਮੁਸ਼ਕਿਲ ਨਾ ਹੋਵੇ। ਆਪਣੇ ਵਾਹਨ ਦੀ ਸਪੀਡ 'ਤੇ ਕਾਬੂ ਰੱਖਣਾ ਚਾਹੀਦਾ ਹੈ। ਸੜਕ ਕਿਨਾਰੇ ਵਾਹਨ ਰੋਕਣਾ ਪਵੇ ਤਾਂ ਪਾਰਕਿੰਗ ਲਾਈਟਾਂ ਜਾਂ ਇੰਡੀਕੇਟਰ ਜਗਾ ਕੇ ਰੱਖੋ। ਚੰਗਾ ਹੋਵੇ ਜੇ ਵਾਹਨ ਨੂੰ ਕਿਸੇ ਪੈਟਰੋਲ ਪੰਪ, ਢਾਬੇ ਆਦਿ ਖੁੱਲ੍ਹੀ ਜਗ੍ਹਾ 'ਤੇ ਰੋਕਿਆ ਜਾਵੇ ਤਾਂ ਜੋ ਦੁਰਘਟਨਾ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਵਾਹਨ ਦੀਆਂ ਲਾਈਟਾਂ ਵੀ ਚਾਲੂ ਰੱਖਣੀਆਂ ਚਾਹੀਦੀਆਂ ਹਨ। ਇਕ ਵਾਹਨ ਨੂੰ ਦੂਜੇ ਵਾਹਨ ਤੋਂ ਹਮੇਸ਼ਾ ਦੂਰੀ ਬਣਾ ਕੇ ਚੱਲਣਾ ਚਾਹੀਦਾ ਹੈ।
-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।
ਜ਼ਰੂਰੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੀ ਉਲੰਘਣਾ ਕਾਰਨ ਹੀ ਸੜਕੀ ਹਾਦਸੇ ਵਾਪਰਦੇ ਹਨ। ਵਾਹਨਾਂ ਦੀ ਗਿਣਤੀ 'ਚ ਵਾਧਾ ਹੋਣ ਨਾਲ ਸੜਕਾਂ 'ਤੇ ਭੀੜ ਵਧਦੀ ਜਾ ਰਹੀ ਹੈ। ਲੋਕ ਜਲਦਬਾਜ਼ੀ 'ਚ ਟ੍ਰੈਫਿਕ ਨਿਯਮਾਂ ਵੱਲ ਧਿਆਨ ਨਹੀਂ ਦਿੰਦੇ।
ਇਹ ਨਿਯਮ ਹੀ ਹਨ ਜੋ ਸਾਡੀ ਜਾਨ ਨੂੰ ਖ਼ਤਰੇ ਤੋਂ ਬਚਾਉਂਦੇ ਹਨ। ਜੇ ਅਸੀਂ ਹੈਲਮਟ ਨਹੀਂ ਪਾਉਂਦੇ ਤਾਂ ਨੁਕਸਾਨ ਸਾਡਾ ਹੀ ਹੈ। ਕਈ ਜਾਨਾਂ ਸਿਰ 'ਤੇ ਸੱਟ ਲੱਗਣ ਕਰਕੇ ਹੀ ਜਾਂਦੀਆਂ ਹਨ। ਜੇਕਰ ਅਸੀਂ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਤੋਂ ਬਚ ਸਕਾਂਗੇ। ਸਾਨੂੰ ਆਪਣੇ ਬੱਚਿਆਂ, ਰਿਸ਼ਤੇਦਾਰਾਂ ਤੇ ਦੋਸਤਾਂ, ਮਿੱਤਰਾ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਫੋਕੇ ਸਾਬਤ ਹੋਏ ਵਾਅਦੇ
ਨਾਗ ਛੇੜ ਲਿਆ ਕਾਲਾ, ਭੁੱਲ ਗਈ ਮੰਤਰ ਨੂੰ, ਇਹ ਸਤਰ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਢੁਕਵੀਂ ਹੈ। ਜਦੋਂ ਸਰਕਾਰ ਸੱਤਾ ਵਿਚ ਆਈ ਤਾਂ ਉਨ੍ਹਾਂ ਬਹੁਤ ਸਾਰੇ ਵਾਅਦੇ ਤੇ ਦਾਅਵੇ ਕੀਤੇ। ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ। ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਭ੍ਰਿਸ਼ਟਾਚਾਰ ਨੂੰ ਨੱਥ ਪਾ ਦੇਵਾਂਗੇ। ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਵਾਂਗੇ। ਪ੍ਰਦੂਸ਼ਣ ਦੀ ਰੋਕਥਾਮ ਕਰਾਂਗੇ।
ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੇ ਗੱਭਰੂਆਂ ਨੂੰ ਉਕਸਾਉਣ ਵਾਲੇ ਨਕਲੀ ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਾਂਗੇ। ਕਿਸਾਨਾਂ ਦੇ ਮਸਲੇ ਹੱਲ ਕਰਾਂਗੇ। ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦੇਵਾਗੇ। ਪਰ ਅੱਜ ਤੱਕ ਸਰਕਾਰ ਨੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ।
-ਡਾ. ਨਰਿੰਦਰ ਭੱਪਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਵਕਤ ਦੀ ਪਾਬੰਦੀ
ਜੀਵਨ 'ਚ ਸਫ਼ਲਤਾ ਦੇ ਬੁਨਿਆਦੀ ਅਸੂਲਾਂ 'ਚੋਂ ਇਕ ਹੈ ਸਮੇਂ ਦੀ ਪਾਬੰਦੀ। ਸਾਨੂੰ ਆਪਣੇ ਸਾਰੇ ਕੰਮ ਵੇਲੇ ਸਿਰ ਨਿਬੇੜ ਲੈਣੇ ਚਾਹੀਦੇ ਹਨ। ਪਰ ਸਾਡੇ ਦੇਸ਼ ਵਿਚ ਸਮੇਂ ਦੀ ਢੁਕਵੀਂ ਵਰਤੋਂ ਬਹੁਤ ਘੱਟ ਲੋਕ ਕਰਦੇ ਹਨ। ਮਹਾਨ ਜਰਨੈਲ ਨਪੋਲੀਅਨ ਕਹਿੰਦਾ ਹੁੰਦਾ ਸੀ ਕਿ ਸਮੇਂ ਦੀ ਹਰ ਇਕ ਘੜੀ ਜੋ ਅਸੀਂ ਹੱਥੋਂ ਗਵਾਉਂਦੇ ਹਾਂ, ਉਹ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ। ਸੋ, ਵਕਤ ਦੀ ਪਾਬੰਦੀ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਾਡਾ ਜੀਵਨ ਵਧੇਰੇ ਸੰਤੁਲਿਤ ਤੇ ਅਨੁਸ਼ਾਸਿਤ ਬਣ ਸਕਦਾ ਹੈ।
-ਡਾ. ਨਰਿੰਦਰ ਭੱਪਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਸਰਕਾਰ ਧਿਆਨ ਦੇਵੇ
ਮੌਜੂਦਾ ਪੰਜਾਬ ਸਰਕਾਰ ਨੂੰ ਸੂਬੇ ਦੇ ਹਰ ਪਹਿਲੂ 'ਤੇ ਧਿਆਨ ਦੇਣ ਦੀ ਲੋੜ ਹੈ। ਹਰ ਰੋਜ਼ ਚੋਰੀਆਂ, ਲੁੱਟਾਂ-ਖੋਹਾਂ, ਹੱਤਿਆ, ਜਬਰਜਨਾਹ, ਛੇੜਛਾੜ ਦੀਆਂ ਘਟਨਾਵਾਂ ਵਧ ਰਹੀਆਂ ਹਨ। ਨਸ਼ੇ ਦੇ ਤਸਕਰਾਂ ਨੂੰ ਸਰਕਾਰ ਬਣਨ 'ਤੇ ਨੱਥ ਪਾਉਣ ਦਾ ਵਾਅਦਾ ਕਰਨਾ ਵਾਲੀ ਪਾਰਟੀ ਸੱਤਾ 'ਚ ਆਉਣ ਤੋਂ ਬਾਅਦ ਅਜੇ ਤਕ ਕੁਝ ਨਹੀਂ ਕਰ ਸਕੀ।
ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਨਸ਼ੇ ਨਾਲ ਗ੍ਰਸਤ ਹੋ ਰਹੇ ਹਨ। ਮਹਿੰਗਾਈ ਤੇ ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ। ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਚਾਰ ਚੁਫੇਰੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕੋਈ ਸਰਕਾਰੀ ਅਫ਼ਸਰ ਆਮ ਆਦਮੀ ਦੀ ਗੱਲ ਨਹੀਂ ਸੁਣਦਾ, ਮਸਲੇ ਤਾਂ ਕੀ ਹੱਲ ਕਰਨੇ ਹਨ। ਸੱਤਾਧਾਰੀ ਪਾਰਟੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਕਿਉਂ ਨਹੀਂ ਪੂਰੇ ਕਰ ਰਹੀ?
ਨਵੀਂ ਪੀੜ੍ਹੀ ਦਾ ਨਜ਼ਰੀਆ
ਨਜ਼ਰੀਆ ਪੰਨੇ 'ਤੇ 11 ਸਤੰਬਰ ਨੂੰ ਛਪੇ ਲੇਖ 'ਚ ਬੱਬੂ ਤੀਰ ਨੇ ਬੜਾ ਫ਼ਰਕ ਹੈ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਗੱਲ ਕੀਤੀ ਗਈ ਹੈ। ਨਵੀਂ ਪੀੜ੍ਹੀ ਰੋਕ ਟੋਕ ਨੂੰ ਨਰਕ ਤੇ ਮਨਮਰਜ਼ੀ ਨੂੰ ਆਜ਼ਾਦੀ ਸਮਝਦੀ ਹੈ। ਇਸ 'ਚ ਔਰਤਾਂ ਬਾਰੇ ਵੀ ਕਿਹਾ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਚਲਦੇ ਮਾਹੌਲ 'ਚ ਤਬਦੀਲੀ ਤੇ ਸਾਰਿਆਂ ਨੂੰ ਆਪਣੀ ਮੰਜ਼ਿਲ ਤਾਂ ਦਿਸਣ ਲੱਗ ਪਈ, ਪਰ ਤੁਰਨ ਦਾ ਮੌਕਾ ਕਿਸੇ ਕਿਸੇ ਨੂੰ ਹੀ ਮਿਲਿਆ। ਇਸ 'ਚ ਨਵੀਂ ਪੀੜ੍ਹੀ ਦੇ ਤਜਰਬੇ ਬਾਰੇ ਵੀ ਗੱਲ ਕੀਤੀ ਗਈ ਹੈ ਕਿ ਇਹ ਪੁਰਾਣੀ ਪੀੜ੍ਹੀ ਦੀ ਸੋਚ ਨਾਲ ਮੇਲ ਨਹੀਂ ਖਾਂਦੀ।
-ਰਾਜਦੀਪ ਕੌਰ
ਦਸੌਂਧਾ ਸਿੰਘ ਵਾਲਾ
ਰਿਸ਼ਤਿਆਂ 'ਚ ਆਇਆ ਨਿਘਾਰ
ਹਰ ਰੋਜ਼ ਕਤਲ, ਡਕੈਤੀਆਂ ਦੀਆਂ ਖ਼ਬਰਾਂ ਸੁਣਦੇ ਹਾਂ ਤਾਂ ਦਿਲ ਕੰਬਣ ਲੱਗ ਜਾਂਦਾ ਹੈ। ਖ਼ੂਨ ਦੇ ਰਿਸ਼ਤੇ ਤਾਰ-ਤਾਰ ਹੋ ਚੁੱਕੇ ਹਨ। ਛੋਟੀ ਉਮਰ ਦੇ ਬੱਚੇ ਭੈੜੀ ਸੰਗਤ ਵਿਚ ਪੈ ਕੇ ਆਪਣਾ ਭਵਿੱਖ ਖਰਾਬ ਕਰ ਰਹੇ ਹਨ। ਖਬਰ ਪੜ੍ਹੀ, ਮੁੰਡੇ ਕੁੜੀ ਨੇ ਪ੍ਰੇਮ ਵਿਆਹ ਕਰਵਾਇਆ ਸੀ। 7 ਮਹੀਨਿਆਂ ਬਾਅਦ ਕੁੜੀ ਦੇ ਚਾਚੇ ਤੇ ਭਰਾ ਨੇ ਲੜਕੇ ਦਾ ਕਤਲ ਕਰ ਦਿੱਤਾ।
ਦੇਖੋ! ਜੇ ਤੁਸੀਂ ਪ੍ਰੇਮ ਵਿਆਹ ਕਰਵਾਉਣਾ ਹੈ ਤਾਂ ਪਹਿਲਾਂ ਆਪਣੇ ਮਾਂ-ਬਾਪ ਨੂੰ ਜ਼ਰੂਰ ਦੱਸੋ। ਮਾਂ ਬਾਪ ਕਦੇ ਵੀ ਆਪਣੀ ਔਲਾਦ ਬਾਰੇ ਗਲਤ ਨਹੀਂ ਸੋਚਦੇ। ਇਕ ਹੋਰ ਜ਼ਮੀਨੀ ਵਿਵਾਦ ਵਿਚ ਮਾਸੀ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਖ਼ੂਨ ਦੇ ਰਿਸ਼ਤਿਆਂ 'ਤੇ ਪੈਸਾ ਭਾਰੀ ਪੈ ਰਿਹਾ ਹੈ। ਪੈਸੇ ਪਿੱਛੇ ਇਨਸਾਨ ਕੁੱਝ ਵੀ ਕਰ ਰਿਹਾ ਹੈ। ਇਕ ਹੋਰ ਹੈਰਾਨ ਕਰਨ ਵਾਲੀ ਖਬਰ ਪੜ੍ਹੀ ਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ, ਤਕਰਾਰ ਸਿਰਫ਼ ਨਹਾਉਣ ਨੂੰ ਲੈ ਕੇ ਹੋਇਆ। ਪਹਿਲਾਂ ਨਹਾਉਣ ਦੀ ਜ਼ਿੱਦ ਕੀਤੀ, ਖਿੱਚੋ ਤਾਣ ਇੰਨੀ ਵਧ ਗਈ ਕਿ ਤੇਜ਼ ਹਥਿਆਰ ਨਾਲ ਸਕੇ ਭਾਈ ਦਾ ਕਤਲ ਹੀ ਕਰ ਦਿੱਤਾ। ਸਾਡੀ ਮਾਨਸਿਕਤਾ ਕਿਹੋ ਜਿਹੀ ਹੋ ਚੁੱਕੀ ਹੈ। ਅੱਜ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਬਿਲਕੁਲ ਵੀ ਨਹੀਂ ਹਨ।
-ਸੰਜੀਵ ਸਿੰਘ ਸੈਣੀ
ਮੁਹਾਲੀ
ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ
ਜੇਕਰ ਦੇਸ਼ ਤੇ ਕੁਝ ਸੂਬਿਆਂ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇਂ ਤੋਂ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਭਾਵੇਂ ਸਾਰੇ ਦੇਸ਼ 'ਚ ਸ਼ਰਾਰਤੀ ਅਨਸਰਾਂ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ, ਫਿਰੋਤੀਆਂ ਮੰਗਣੀਆਂ, ਗੋਲੀਆਂ ਚਲਾਉਣਾ ਤੇ ਕਤਲ ਕਰਨ ਆਮ ਜਿਹਾ ਕੰਮ ਹੋ ਗਿਆ ਹੈ।
ਹੁਣ ਤਾਂ ਇਹ ਸ਼ਰਾਰਤੀ ਅਨਸਰ ਧਰਮ ਦੇ ਨਾਂਅ 'ਤੇ ਵੀ ਲੋਕਾਂ 'ਚ ਵੰਡੀਆਂ ਪਾਉਣਾ ਚਾਹੁੰਦੇ ਹਨ। ਇਹ ਮੰਦਰਾਂ, ਗੁਰੂਘਰਾਂ ਤੇ ਮਸਜਿਦਾਂ 'ਤੇ ਹਮਲੇ ਕਰ ਕੇ ਲੋਕਾਂ ਨੂੰ ਧਰਮਾਂ ਦੇ ਨਾਂਅ 'ਤੇ ਲੜਾ ਕੇ ਨਫ਼ਰਤ ਦੀ ਅੱਗ ਫੈਲਾਅ ਰਹੇ ਹਨ। ਹੁਣ ਅਜਿਹੇ ਸ਼ਰਾਰਤੀ ਅਨਸਰ ਧਰਮ ਦਾ ਮਖੌਟਾ ਪਾ ਕੇ ਵਿਦੇਸ਼ਾਂ 'ਚ ਨਫ਼ਰਤ ਦੀ ਅੱਗ ਫੈਲਾਉਣ ਲੱਗ ਪਏ ਹਨ। ਅਜਿਹੀਆਂ ਘਟਨਾਵਾਂ ਕਰ ਕੇ ਸਾਡੇ ਦੇਸ਼ ਤੇ ਧਰਮਾਂ ਦਾ ਨਾਂਅ ਬਦਨਾਮ ਹੋ ਰਿਹਾ ਹੈ। ਕਿਸੇ ਵੀ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਨੂੰ ਧਰਮ ਦੇ ਮਖੌਟੇ ਪਾ ਕੇ ਗ਼ਲਤ ਕੰਮ ਕਰਨ 'ਤੇ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।
ਅਸੀਂ ਭਾਰਤ ਤੇ ਕੈਨੇਡਾ ਸਰਕਾਰਾਂ ਨੂੰ ਧਰਮ ਦੇ ਨਾਂਅ 'ਤੇ ਨਫ਼ਰਤ ਦੀ ਅੱਗ ਫੈਲਾਉਣ ਵਾਲੇ ਸ਼ਰਾਰਤੀ ਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।
-ਗੁਰਤੇਜ ਸਿੰਘ ਖੁਡਾਲ
ਬਠਿੰਡਾ।
ਆਓ, ਉਪਦੇਸ਼ ਧਾਰਨ ਕਰੀਏ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ 'ਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸ਼ਹਿਰ, ਕਸਬੇ ਤੇ ਪਿੰਡਾਂ 'ਚ ਹਰ ਪਾਸੇ ਪਵਿੱਤਰ ਗੁਰਬਾਣੀ ਦਾ ਪ੍ਰਵਾਹ ਵਗਦੀ ਕੰਨੀਂ ਪੈਂਦਾ ਹੈ। ਗੁਰੂ ਨਾਨਕ ਜੀ ਨੇ ਖ਼ਲਕਤ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਹੌਕਾ ਦਿੱਤਾ ਸੀ ਕਿਉਂਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਮਨ ਨੂੰ ਜੋ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਸਾਨੂੰ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਸਰਬ ਸਾਂਝੇ ਗੁਰੂ ਨਾਨਕ ਪਾਤਿਸ਼ਾਹ ਦੇ ਦਿੱਤੇ ਸੱਚ ਦੇ ਉਪਦੇਸ਼ ਨੂੰ ਧਾਰਨ ਕਰ ਕੇ ਬੁਰਾਈਆਂ ਨੂੰ ਤਿਆਗ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਮਨ ਉਸ ਪ੍ਰਭੂ, ਪਰਮਾਤਮਾ ਵਾਲੇ ਪਾਸੇ ਲਗਾਉਣ, ਵਹਿਮਾਂ-ਭਰਮਾਂ, ਫੋਕੇ ਕਰਮਕਾਂਡਾਂ ਦੇ ਚੱਕਰਾਂ 'ਚ ਨਾ ਫਸਣ ਤੇ ਸਾਦਾ ਜੀਵਨ ਬਸਰ ਕਰਨ ਦਾ ਉਪਦੇਸ਼ ਦਿੱਤਾ ਸੀ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਅੱਖਾਂ ਨਾਲ ਜਹਾਨ
ਆਲਮੀ ਪੱਧਰ 'ਤੇ ਫੈਲੇ ਮੈਡੀਕਲ ਮਾਫੀਏ ਵਲੋਂ ਸਭ ਤੋਂ ਭੈੜੇ ਤੇ ਵਹਿਮੀ ਤਰੀਕੇ ਨਾਲ ਗ਼ਰੀਬ ਜਨਤਾ ਦੀ ਲੁੱਟ, ਖਸੁੱਟ ਕੀਤੀ ਜਾ ਰਹੀ ਹੈ। ਮਨੁੱਖੀ ਸਿਹਤ ਤੇ ਪਰਮਾਤਮਾ ਦੀ ਹੋਂਦ, ਡਰ, ਭੈਅ ਨੂੰ ਇਸ ਮਾਫੀਏ ਨੇ ਆਪਣੇ ਹੀ ਭਲੇ ਨਾਲ ਜੋੜ ਲਿਆ ਹੈ। ਇਹ ਠੀਕ ਹੈ ਕਿ ਡਾਕਟਰ ਰੱਬ ਰੂਪ ਹੁੰਦਾ ਹੈ, ਪਰ ਇਸੇ ਆੜ ਵਿਚ ਮਰੀਜ਼ਾਂ ਦੀ ਲੁੱਟ ਹੋ ਰਹੀ ਹੈ।
ਜਦੋਂ ਡਾਕਟਰ ਪੁੱਛਦਾ ਹੈ, 'ਕਿ ਬੀਬੀ ਕਿੰਨੇ ਵਾਲਾ ਲੈਨੰਜ਼ ਪਵਾਉਣਾ ਹੈ, 20 ਕਿ 30 ਹਜ਼ਾਰ ਵਾਲਾ ਤਾਂ ਸੱਭਿਅਤਾ, ਸ਼ਰਮ, ਕਾਨੂੰਨ ਤੇ ਮਨੁੱਖਤਾ ਥਾਂ 'ਤੇ ਹੀ ਮਰ ਮੁੱਕ ਜਾਂਦੀ ਹੈ। ਅੱਖਾਂ ਨਾਲ ਜਹਾਨ ਵਾਲੀ ਗੱਲ ਵੀ ਬੀਹ-ਤੀਹ ਹਜ਼ਾਰ ਦੇ ਚੱਕਰਵਿਊ 'ਚ ਘੁੰਮ ਜਾਂਦੀ ਹੈ। ਸਿਹਤ ਦੇ ਪੱਖ ਤੋਂ ਘਟੀਆ-ਵਧੀਆ ਇਲਾਜ਼ ਤੁਰੰਤ ਬੰਦ ਹੋਵੇ। ਇਸ ਨੂੰ ਸਖ਼ਤੀ ਨਾਲ ਇਕ ਸਮਾਨ ਕੀਤਾ ਜਾਵੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਓ
ਕਹਿੰਦੇ ਇਕ ਚੰਗੀ ਪੁਸਤਕ ਇਕ ਚੰਗੇ ਦੋਸਤ ਵਾਂਗ ਹੁੰਦੀ ਹੈ। ਜੋ ਤੁਹਾਨੂੰ ਚੰਗੀ ਸੇਧ ਦੇ ਸਕਦੀ ਹੈ। ਤੁਹਾਨੂੰ ਇਕ ਚੰਗਾ ਇਨਸਾਨ ਬਣਾ ਸਕਦੀ ਹੈ। ਤੁਹਾਡੀ ਸ਼ਖ਼ਸੀਅਤ 'ਚ ਨਿਖਾਰ ਲਿਆ ਸਕਦੀ ਹੈ। ਇਸ ਲਈ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਤੁਸੀਂ ਇਕ ਚੰਗੇ ਇਨਸਾਨ ਦੇ ਨਾਲ-ਨਾਲ ਇਕ ਸਫਲ ਇਨਸਾਨ ਵੀ ਬਣ ਸਕਦੇ ਹੋ। ਘਰਾਂ 'ਚ ਚੰਗੀਆਂ ਪੁਸਤਕਾਂ ਰੱਖੋ। ਸਾਨੂੰ ਆਪਣੇ ਦੋਸਤਾਂ, ਮਿੱਤਰਾਂ ਤੇ ਆਪਣੇ ਬੱਚਿਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
-ਲੈਕਚਰਾਰ ਅਜੀਤ ਖੰਨਾ
ਨਸ਼ਿਆਂ ਦਾ ਕਹਿਰ
ਹਰ ਰੋਜ਼ ਪੰਜਾਬ 'ਚ ਕੋਈ ਨਾ ਕੋਈ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ਿਆਂ ਦੀ ਲਪੇਟ 'ਚ ਆ ਚੁੱਕੀਆਂ ਹਨ। ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀ.ਐੱਸ.ਐੱਫ਼. ਵਲੋਂ ਲਗਾਤਾਰ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਸੂਬੇ ਦੇ ਆਲਾ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਨਸ਼ੀਲੀਆਂ ਦਵਾਈਆਂ ਵੀ ਹਰ ਰੋਜ਼ ਫ਼ੜਨ ਦੀਆਂ ਖ਼ਬਰਾਂ ਵੀ ਆਮ ਸੁਣਦੇ ਹਾਂ। ਹੁਣ ਨਸ਼ਿਆਂ ਦੇ ਡਰ ਤੋਂ ਮਾਂ-ਬਾਪ ਆਪਣੇ ਜਵਾਨ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਹਨ। ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹਨ। ਇਹ ਵੀ ਪਰਵਾਸ ਦਾ ਇਕ ਬਹੁਤ ਵੱਡਾ ਕਾਰਨ ਹੈ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਲਈ ਪੁਲਿਸ ਦੇ ਵੱਡੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ। ਸੂਬਾ ਸਰਕਾਰ ਵਲੋਂ ਹੁਣ ਤੱਕ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
-ਅਸ਼ੀਸ਼ ਸ਼ਰਮਾ ਜਲੰਧਰ
ਵਧਦੀਆਂ ਕੀਮਤਾਂ
ਸਮਾਜ ਵਿਚ ਜੀਊਂਦੇ ਰਹਿਣ ਲਈ ਮਨੁੱਖ ਨੂੰ ਨਿੱਤ ਦਿਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਿੱਤ ਦਿਨ ਚੀਜ਼ਾਂ ਖ਼ਾਸ ਤੌਰ 'ਤੇ ਸਬਜ਼ੀਆ-ਦਾਲਾਂ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਲੋਕਾਂ ਦਾ ਜੀਊਣਾ ਮੁਸ਼ਕਿਲ ਕਰਕੇ ਰੱਖ ਦਿੱਤਾ ਹੈ। ਗਰੀਬ ਵਰਗ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਤੇਜ਼ੀ ਨਾਲ ਅਤੇ ਬਹੁਤ ਹੀ ਜ਼ਿਆਦਾ ਵਧ ਰਹੇ ਹਨ। ਕਦੇ-ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਚੀਜ਼ਾਂ ਦੇ ਭਾਅ ਬੇਲਗਾਮ ਹੀ ਹੋ ਗਏ ਹਨ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਾ ਹੋਵੇ। ਬੇਲਗਾਮ ਹੋਈਆਂ ਕੀਮਤਾਂ ਦੀ ਪੀੜ ਘਟਾਉਣ ਲਈ ਵਪਾਰੀ ਲੋਕ ਕੋਰੋਨਾ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੰਦੇ ਹਨ। ਸਰਦੇ ਪੁੱਜਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਨਾਲ ਹੀ ਚੀਜ਼ਾਂ ਦੀ ਵਰਤੋਂ ਕਰਨ ਤਾਂ ਜੋ ਮਹਿੰਗਾਈ ਨੂੰ ਕਾਬੂ ਕਰਨ ਵਿਚ ਸਹਾਈ ਹੋ ਸਕੇ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਵਧ ਰਹੇ ਸੜਕ ਹਾਦਸੇ
ਦਿਨੋ ਦਿਨ ਵਧ ਰਹੇ ਸੜਕ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜ਼ਿਆਦਾ ਤਰ ਸੜਕ ਦੁਰਘਟਨਾਵਾਂ 'ਚ ਲਾਪਰਵਾਹੀ ਹੀ ਸਾਹਮਣੇ ਆਉਂਦੀ ਹੈ, ਜਿਵੇਂ ਓਵਰਟੇਕ ਕਰਨਾ, ਓਵਰਲੋਡਿੰਗ, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ, ਤੇਜ਼ ਰਫ਼ਤਾਰ ਆਦਿ। ਹਾਲਾਂਕਿ ਟੁੱਟੀਆਂ ਸੜਕਾਂ, ਅਵਾਰਾ ਪਸ਼ੂਆਂ ਦੇ ਅਚਾਨਕ ਗੱਡੀ ਸਾਹਮਣੇ ਆਉਣ ਕਰਕੇ ਵੀ ਹਾਦਸੇ ਵਾਪਰਦੇ ਹਨ। ਕਈ ਵਾਰ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ 'ਚ ਆਪਣੇ ਵਾਹਨ 'ਤੇ ਕਾਬੂ ਨਹੀਂ ਰੱਖ ਪਾਉਂਦੇ। ਹਾਦਸੇ ਵਾਪਰ ਜਾਂਦੇ ਹਨ। ਸਾਨੂੰ ਧੁੰਦ 'ਚ ਹਮੇਸ਼ਾ ਹੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਹਨ। ਸੜਕ ਹਾਦਸਿਆਂ ਦਾ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ, ਜਿਸ ਦੀ ਪਾਲਣਾ ਕਰਕੇ ਅਸੀਂ ਸੜਕ ਹਾਦਸਿਆਂ ਤੋਂ ਬਚ ਸਕਦੇ ਹਾਂ।
-ਰਿੰਕਲ, ਮੁੱਖ ਅਧਿਆਪਕਾ, ਫਿਰੋਜ਼ਪੁਰ।
ਸਰਦੀਆਂ 'ਚ ਸਿਹਤ ਦਾ ਧਿਆਨ ਰੱਖੋ
ਹੁਣ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਸਾਨੂੰ ਸਾਰਿਆਂ ਨੂੰ ਹੀ ਸਭ ਤੋਂ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਥੋੜੀ ਜਿਹੀ ਵੀ ਲਾਪਰਵਾਹੀ ਸਾਡੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਅਸੀਂ ਸਰਦੀਆਂ ਦੀ ਸ਼ੁਰੂਆਤ 'ਚ ਕਈ ਵਾਰੀ ਲਾਪਰਵਾਹੀ ਕਰ ਜਾਂਦੇ ਹਾਂ। ਸਰਦੀ ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤ ਜਲਦੀ ਆਪਣੀ ਲਪੇਟ 'ਚ ਲੈ ਲੈਂਦੀ ਹੈ, ਜਿਸ ਨਾਲ ਖੰਘ, ਜ਼ੁਕਾਮ, ਬੁਖਾਰ, ਸਾਹ, ਦਮਾ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਪਰਾਲੀ ਤੇ ਮੁਲਾਜ਼ਮ
ਪ੍ਰਦੂਸ਼ਣ ਬਾਰੇ ਪੰਜਾਬ ਸਰਕਾਰ ਦੀ ਸਾਰਥਕ ਪਹੁੰਚ ਤਾਂ ਠੀਕ ਹੈ ਪਰ ਪਰਾਲੀ ਪ੍ਰਦੂਸ਼ਣ ਦੇ ਮੁੱਦੇ 'ਤੇ ਸਰਕਾਰੀ ਮੁਲਾਜ਼ਮਾਂ ਖਿਲਾਫ਼ ਕਾਰਵਾਈ ਸਰਾਸਰ ਧੱਕਾ ਹੈ। ਚਿੱਠੀ ਪੱਤਰ ਕੱਢ ਕੇ ਵਟਸਐਪ ਰਾਹੀਂ ਅੱਗੇ ਤੌਰ ਕੇ ਉੱਚ ਅਧਿਕਾਰੀ ਤੇ ਸਰਕਾਰ ਤਾਂ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ ਪਰ ਹੇਠਲੇ ਮੁਲਾਜ਼ਮਾਂ ਦੀ ਮਾਨਸਿਕ ਪੀੜਾ ਤੇ ਧੱਕਾ ਸਹਿਣ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰਾਲੀ ਬਾਰੇ ਸੰਬੰਧਿਤ ਅਦਾਰੇ ਦੱਸ ਰਹੇ ਹਨ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਪੰਜਾਬ 'ਚ ਪਰਾਲੀ ਸਾੜਨ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਮੁਲਾਜ਼ਮ ਖਿਲਾਫ਼ ਕਾਰਵਾਈ ਕਿਉਂ? ਮੁਲਾਜ਼ਮ ਸਰਕਾਰ ਦਾ ਸੁਨੇਹਾ ਕਿਸਾਨਾਂ ਤੇ ਲੋਕਾਂ ਤੱਕ ਪਹੁੰਚਾ ਸਕਦਾ ਹੈ, ਪਰ ਪਰਾਲੀ ਨੂੰ ਅੱਗ ਲਗਾਉਣਾ ਜਾਂ ਨਾ ਲਗਾਉਣਾ ਕਿਸਾਨ ਦੀ ਇੱਛਾ 'ਤੇ ਨਿਰਭਰ ਹੈ। ਪ੍ਰਦੂਸ਼ਣ ਤੇ ਆਮ ਲੋਕ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਭ ਦੀ ਸਿਹਤ ਠੀਕ ਰਹਿ ਸਕੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਨਸ਼ਿਆਂ ਦਾ ਕਹਿਰ
ਹਰ ਰੋਜ਼ ਪੰਜਾਬ 'ਚ ਕੋਈ ਨਾ ਕੋਈ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ਿਆਂ ਦੀ ਲਪੇਟ 'ਚ ਆ ਚੁੱਕੀਆਂ ਹਨ। ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀ.ਐੱਸ.ਐੱਫ਼. ਵਲੋਂ ਲਗਾਤਾਰ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਸੂਬੇ ਦੇ ਆਲਾ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਨਸ਼ੀਲੀਆਂ ਦਵਾਈਆਂ ਵੀ ਹਰ ਰੋਜ਼ ਫ਼ੜਨ ਦੀਆਂ ਖ਼ਬਰਾਂ ਵੀ ਆਮ ਸੁਣਦੇ ਹਾਂ। ਹੁਣ ਨਸ਼ਿਆਂ ਦੇ ਡਰ ਤੋਂ ਮਾਂ-ਬਾਪ ਆਪਣੇ ਜਵਾਨ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਹਨ। ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹਨ। ਇਹ ਵੀ ਪਰਵਾਸ ਦਾ ਇਕ ਬਹੁਤ ਵੱਡਾ ਕਾਰਨ ਹੈ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਲਈ ਪੁਲਿਸ ਦੇ ਵੱਡੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ। ਸੂਬਾ ਸਰਕਾਰ ਵਲੋਂ ਹੁਣ ਤੱਕ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
-ਅਸ਼ੀਸ਼ ਸ਼ਰਮਾ ਜਲੰਧਰ
ਵਧਦੀਆਂ ਕੀਮਤਾਂ
ਸਮਾਜ ਵਿਚ ਜੀਊਂਦੇ ਰਹਿਣ ਲਈ ਮਨੁੱਖ ਨੂੰ ਨਿੱਤ ਦਿਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਿੱਤ ਦਿਨ ਚੀਜ਼ਾਂ ਖ਼ਾਸ ਤੌਰ 'ਤੇ ਸਬਜ਼ੀਆ-ਦਾਲਾਂ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਲੋਕਾਂ ਦਾ ਜੀਊਣਾ ਮੁਸ਼ਕਿਲ ਕਰਕੇ ਰੱਖ ਦਿੱਤਾ ਹੈ। ਗਰੀਬ ਵਰਗ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਤੇਜ਼ੀ ਨਾਲ ਅਤੇ ਬਹੁਤ ਹੀ ਜ਼ਿਆਦਾ ਵਧ ਰਹੇ ਹਨ। ਕਦੇ-ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਚੀਜ਼ਾਂ ਦੇ ਭਾਅ ਬੇਲਗਾਮ ਹੀ ਹੋ ਗਏ ਹਨ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਾ ਹੋਵੇ। ਬੇਲਗਾਮ ਹੋਈਆਂ ਕੀਮਤਾਂ ਦੀ ਪੀੜ ਘਟਾਉਣ ਲਈ ਵਪਾਰੀ ਲੋਕ ਕੋਰੋਨਾ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੰਦੇ ਹਨ। ਸਰਦੇ ਪੁੱਜਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਨਾਲ ਹੀ ਚੀਜ਼ਾਂ ਦੀ ਵਰਤੋਂ ਕਰਨ ਤਾਂ ਜੋ ਮਹਿੰਗਾਈ ਨੂੰ ਕਾਬੂ ਕਰਨ ਵਿਚ ਸਹਾਈ ਹੋ ਸਕੇ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਵਧ ਰਹੇ ਸੜਕ ਹਾਦਸੇ
ਦਿਨੋ ਦਿਨ ਵਧ ਰਹੇ ਸੜਕ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜ਼ਿਆਦਾ ਤਰ ਸੜਕ ਦੁਰਘਟਨਾਵਾਂ 'ਚ ਲਾਪਰਵਾਹੀ ਹੀ ਸਾਹਮਣੇ ਆਉਂਦੀ ਹੈ, ਜਿਵੇਂ ਓਵਰਟੇਕ ਕਰਨਾ, ਓਵਰਲੋਡਿੰਗ, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ, ਤੇਜ਼ ਰਫ਼ਤਾਰ ਆਦਿ। ਹਾਲਾਂਕਿ ਟੁੱਟੀਆਂ ਸੜਕਾਂ, ਅਵਾਰਾ ਪਸ਼ੂਆਂ ਦੇ ਅਚਾਨਕ ਗੱਡੀ ਸਾਹਮਣੇ ਆਉਣ ਕਰਕੇ ਵੀ ਹਾਦਸੇ ਵਾਪਰਦੇ ਹਨ। ਕਈ ਵਾਰ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ 'ਚ ਆਪਣੇ ਵਾਹਨ 'ਤੇ ਕਾਬੂ ਨਹੀਂ ਰੱਖ ਪਾਉਂਦੇ। ਹਾਦਸੇ ਵਾਪਰ ਜਾਂਦੇ ਹਨ। ਸਾਨੂੰ ਧੁੰਦ 'ਚ ਹਮੇਸ਼ਾ ਹੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਹਨ। ਸੜਕ ਹਾਦਸਿਆਂ ਦਾ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ, ਜਿਸ ਦੀ ਪਾਲਣਾ ਕਰਕੇ ਅਸੀਂ ਸੜਕ ਹਾਦਸਿਆਂ ਤੋਂ ਬਚ ਸਕਦੇ ਹਾਂ।
-ਰਿੰਕਲ, ਮੁੱਖ ਅਧਿਆਪਕਾ, ਫਿਰੋਜ਼ਪੁਰ।
ਸਰਦੀਆਂ 'ਚ ਸਿਹਤ ਦਾ ਧਿਆਨ ਰੱਖੋ
ਹੁਣ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਸਾਨੂੰ ਸਾਰਿਆਂ ਨੂੰ ਹੀ ਸਭ ਤੋਂ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਥੋੜੀ ਜਿਹੀ ਵੀ ਲਾਪਰਵਾਹੀ ਸਾਡੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਅਸੀਂ ਸਰਦੀਆਂ ਦੀ ਸ਼ੁਰੂਆਤ 'ਚ ਕਈ ਵਾਰੀ ਲਾਪਰਵਾਹੀ ਕਰ ਜਾਂਦੇ ਹਾਂ। ਸਰਦੀ ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤ ਜਲਦੀ ਆਪਣੀ ਲਪੇਟ 'ਚ ਲੈ ਲੈਂਦੀ ਹੈ, ਜਿਸ ਨਾਲ ਖੰਘ, ਜ਼ੁਕਾਮ, ਬੁਖਾਰ, ਸਾਹ, ਦਮਾ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਪਰਾਲੀ ਤੇ ਮੁਲਾਜ਼ਮ
ਪ੍ਰਦੂਸ਼ਣ ਬਾਰੇ ਪੰਜਾਬ ਸਰਕਾਰ ਦੀ ਸਾਰਥਕ ਪਹੁੰਚ ਤਾਂ ਠੀਕ ਹੈ ਪਰ ਪਰਾਲੀ ਪ੍ਰਦੂਸ਼ਣ ਦੇ ਮੁੱਦੇ 'ਤੇ ਸਰਕਾਰੀ ਮੁਲਾਜ਼ਮਾਂ ਖਿਲਾਫ਼ ਕਾਰਵਾਈ ਸਰਾਸਰ ਧੱਕਾ ਹੈ। ਚਿੱਠੀ ਪੱਤਰ ਕੱਢ ਕੇ ਵਟਸਐਪ ਰਾਹੀਂ ਅੱਗੇ ਤੌਰ ਕੇ ਉੱਚ ਅਧਿਕਾਰੀ ਤੇ ਸਰਕਾਰ ਤਾਂ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ ਪਰ ਹੇਠਲੇ ਮੁਲਾਜ਼ਮਾਂ ਦੀ ਮਾਨਸਿਕ ਪੀੜਾ ਤੇ ਧੱਕਾ ਸਹਿਣ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰਾਲੀ ਬਾਰੇ ਸੰਬੰਧਿਤ ਅਦਾਰੇ ਦੱਸ ਰਹੇ ਹਨ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਪੰਜਾਬ 'ਚ ਪਰਾਲੀ ਸਾੜਨ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਮੁਲਾਜ਼ਮ ਖਿਲਾਫ਼ ਕਾਰਵਾਈ ਕਿਉਂ? ਮੁਲਾਜ਼ਮ ਸਰਕਾਰ ਦਾ ਸੁਨੇਹਾ ਕਿਸਾਨਾਂ ਤੇ ਲੋਕਾਂ ਤੱਕ ਪਹੁੰਚਾ ਸਕਦਾ ਹੈ, ਪਰ ਪਰਾਲੀ ਨੂੰ ਅੱਗ ਲਗਾਉਣਾ ਜਾਂ ਨਾ ਲਗਾਉਣਾ ਕਿਸਾਨ ਦੀ ਇੱਛਾ 'ਤੇ ਨਿਰਭਰ ਹੈ। ਪ੍ਰਦੂਸ਼ਣ ਤੇ ਆਮ ਲੋਕ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਭ ਦੀ ਸਿਹਤ ਠੀਕ ਰਹਿ ਸਕੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਮਾੜੀ ਹਾਲਤ 'ਚ ਅੰਨਦਾਤਾ
ਜਦੋਂ ਛੇ ਮਹੀਨੇ ਬਾਅਦ ਫ਼ਸਲ ਪੱਕਦੀ ਹੈ ਤਾਂ ਕਿਤੇ ਨਾ ਕਿਤੇ ਕਿਸਾਨ ਨੂੰ ਚਾਅ ਚੜ੍ਹ ਜਾਂਦਾ ਹੈ ਕਿ ਹੁਣ ਉਹ ਆਪਣੀ ਫ਼ਸਲ ਨੂੰ ਵੱਢੇਗਾ, ਵੇਚੇਗਾ ਤੇ ਪੈਸਿਆਂ ਨਾਲ ਆਪਣੀਆਂ ਲੋੜਾਂ ਨੂੰ ਪੂਰਾ ਕਰੇਗਾ। ਪਰ ਲਗਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅੰਨਦਾਤਾ ਹਮੇਸ਼ਾ ਖੁਸ਼ ਰਹੇ। ਉਹ ਹਮੇਸ਼ਾ ਹੀ ਕੋਈ ਨਾ ਕੋਈ ਅਜਿਹਾ ਆਦੇਸ਼ ਦਿੰਦੀਆਂ ਹਨ ਜੋ ਕਿਸਾਨਾਂ ਦੇ ਹੱਕ 'ਚ ਨਹੀਂ ਹੁੰਦਾ। ਇਸ ਵਾਰ ਵੀ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਮੰਡੀਆਂ 'ਚ ਰੁਲਦੀ ਰਹੀ ਕਿਉਂਕਿ ਸਮੇਂ ਸਿਰ ਖਰੀਦਦਾਰੀ ਨਹੀਂ ਹੋ ਸਕੀ। ਕਿਸਾਨਾਂ ਦੀ ਦੀਵਾਲੀ ਤੇ ਗੁਰਪੁਰਬ ਵੀ ਇਸ ਵਾਰ ਮੰਡੀਆਂ ਵਿਚ ਹੀ ਲੰਘੇ। ਹੁਣ ਇਕ ਹੋਰ ਸਮੱਸਿਆ ਡੀ.ਏ.ਪੀ. ਖਾਦ ਬਣ ਗਈ ਹੈ, ਜੋ ਕਿਸਾਨਾਂ ਨੂੰ ਆਸਾਨੀ ਨਾਲ ਨਹੀਂ ਮਿਲ ਰਹੀ। ਸਰਕਾਰ ਨੂੰ ਇਸ ਦੀ ਕਾਲਾਬਾਜ਼ਾਰੀ ਨੂੰ ਰੋਕਣਾ ਚਾਹੀਦਾ ਹੈ।
-ਮਨਪ੍ਰੀਤ ਕੌਰ ਸਮਾਲਸਰ
(ਮੋਗਾ)
ਨਾਬਾਲਿਗ ਵਾਹਨ ਚਾਲਕ
ਨਾਬਾਲਿਗਾਂ ਦੇ ਵਹੀਕਲ ਚਲਾਉਣ ਬਾਰੇ ਜਾਰੀ ਕੀਤੇ ਹੁਕਮ ਬੇਅਸਰ ਵਿਖਾਈ ਦੇ ਰਹੇ ਹਨ। ਇਕ ਅਗਸਤ, 2024 ਤੋਂ ਪੰਜਾਬ ਪੁਲਿਸ ਵਲੋਂ ਜਾਰੀ ਕੀਤੇ ਗਏ ਉਕਤ ਹੁਕਮਾਂ ਦੀ ਸ਼ਰ੍ਹੇਆਮ ਹੁਕਮ ਅਦੂਲੀ ਵੇਖੀ ਜਾ ਰਹੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਬੱਚੀਆਂ ਐਕਟਿਵਾ ਆਦਿ ਵਹੀਕਲ ਬੇਫਿਕਰ ਹੋ ਕੇ ਸੜਕਾਂ 'ਤੇ ਘੁਮਾਉਂਦੇ ਵੇਖੇ ਜਾ ਸਕਦੇ ਹਨ। ਜਦਕਿ ਨਵੇਂ ਨਿਯਮਾਂ ਮੁਤਾਬਿਕ ਕੋਈ ਨਾਬਾਲਗ ਵਹੀਕਲ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ ਜੁਰਮਾਨਾ ਤੇ ਸਜ਼ਾ ਦੋਵੇਂ ਹੋ ਸਕਦੇ ਹਨ। ਇਸ ਦੇ ਬਾਵਜੂਦ ਅਜੇ ਤੱਕ ਉਕਤ ਹੁਕਮਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ, ਜੋ ਬਹੁਤ ਅਫ਼ਸੋਸਜਨਕ ਹੈ। ਇਹ ਹੁਕਮ ਬੇਅਸਰ ਕਿਉਂ ਹਨ? ਇਸ ਦਾ ਜਵਾਬ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦੇਣਾ ਚਾਹੀਦਾ ਹੈ।
-ਅਜੀਤ ਖੰਨਾ
ਸੜਕੀ ਹਾਦਸੇ
ਅੱਜਕਲ ਧੂੰਏਂ ਤੇ ਧੁੰਦ ਕਰਕੇ ਰੋਜ਼ਾਨਾ ਹੀ ਸੜਕੀ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਸੜਕੀ ਹਾਦਸਿਆਂ ਬਾਰੇ ਪੜ੍ਹ ਕੇ, ਸੁਣ ਕੇ ਅਤੇ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਵੇਂ ਨਿੱਕੀ ਜਿਹੀ ਲਾਪਰਵਾਹੀ ਕਰਕੇ ਵਾਪਰ ਰਹੇ। ਇਨ੍ਹਾਂ ਸੜਕੀ ਹਾਦਸਿਆਂ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਕਈ ਵਾਰ ਤਾਂ ਇਕੋ ਪਰਿਵਾਰ ਦੇ 4-5 ਜੀਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਕਈ ਥਾਵਾਂ 'ਤੇ ਪਰਿਵਾਰਾਂ ਦੇ ਪਰਿਵਾਰ, ਸਕੂਲੀ ਬੱਚੇ ਤੇ ਹੋਰ ਲੋਕ ਸੜਕੀ ਹਾਦਸਿਆਂ ਕਰਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅੱਜਕਲ੍ਹ ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਧੂੰਆਂ, ਧੁੰਦ, ਤੇਜ਼ ਰਫ਼ਤਾਰ, ਨਸ਼ਾ ਕਰਕੇ ਗੱਡੀਆਂ ਚਲਾਉਣਾ ਤੇ ਲਾਪਰਵਾਹੀ ਹੈ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਅਪਰਾਧੀ ਬੇਖੌਫ਼
ਪੰਜਾਬ ਵਿਚ ਵਧ ਰਹੀਆਂ ਲੁੱਟਾਂ, ਖੋਹਾਂ, ਫਿਰੌਤੀਆਂ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਹਨ। ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ 'ਚ ਰੋਜ਼ਾਨਾ ਲੁੱਟ, ਖੋਹ ਦੀਆਂ ਵਾਰਦਾਤਾਂ ਆਮ ਗੱਲ ਹੋ ਗਈ ਹੈ, ਅਪਰਾਧੀਆਂ ਨੂੰ ਪੁਲਿਸ ਦਾ ਭੋਰਾ ਵੀ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਲੋਕਾਂ 'ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਨੂੰ ਆਪਣੀਆਂ ਗੱਡੀਆਂ ਹੇਠ ਦਰੜ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਅਤੇ ਲਾਅ ਐਂ ਆਰਡਰ ਕਾਇਮ ਕਰਨਾ ਹੁੰਦਾ ਹੈ। ਸੂਬਾ ਸਰਕਾਰ ਤੇ ਪੁਲਿਸ ਇਸ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਪੈਨਸ਼ਨਰਾਂ ਦੀਆਂ ਮੰਗਾਂ
ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਉਨ੍ਹਾਂ ਦੀ ਅਣਦੇਖੀ ਕਰ ਰਹੀ ਹੈ। ਪੰਜਾਬ ਦੇ ਸਾਰੇ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਉਮੀਦਾਂ ਸਨ। ਪਰ ਸਰਕਾਰ ਉਨ੍ਹਾਂ ਨੂੰ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਪਣੇ ਡੀ.ਏ. ਦੀਆਂ ਨਵੀਆਂ ਕਿਸ਼ਤਾਂ ਅਤੇ ਡੀ.ਏ. ਦਾ ਬਕਾਇਆ ਨਾ ਮਿਲਣ ਕਰਕੇ ਬਹੁਤ ਜ਼ਿਆਦਾ ਨਿਰਾਸ਼ ਅਤੇ ਸਰਕਾਰ ਪ੍ਰਤੀ ਗੁੱਸੇ 'ਚ ਹਨ। ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਰਕਾਰ ਨੂੰ ਬੇਨਤੀ ਹੈ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਜਦੋਂ ਦੀ ਇਹ ਸਰਕਾਰ ਬਣੀ ਹੈ ਇਨ੍ਹਾਂ ਨੇ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਦਿੱਤਾ।
-ਗੁਰਤੇਜ ਸਿੰਘ ਖੁਡਾਲ
ਬਠਿੰਡਾ।
ਆਸਟ੍ਰੇਲੀਆ ਦਾ ਵੱਡਾ ਫ਼ੈਸਲਾ
11 ਨਵੰਬਰ ਨੂੰ ਛਪੇ ਪ੍ਰੋ. ਕੁਲਬੀਰ ਸਿੰਘ ਦਾ ਸੋਸ਼ਲ ਮੀਡੀਆ ਦੀ ਬੁਰੀ ਆਦਤ ਸੰਬੰਧੀ ਆਸਟ੍ਰੇਲੀਆ ਦਾ ਵੱਡਾ ਫ਼ੈਸਲਾ ਪੜ੍ਹ ਕੇ ਬਹੁਤ ਵਧੀਆ ਲੱਗਿਆ, ਇਸ 'ਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਹਤ ਤੇ ਮਾਨਸਿਕ ਸਰੀਰ 'ਤੇ ਬੁਰਾ ਪ੍ਰਭਾਵ ਪੈਦਾ ਹੈ। ਇਸ ਸੰਬੰਧ 'ਚ ਆਸਟ੍ਰੇਲੀਆ ਨੇ ਕਾਨੂੰਨ ਲਾਗੂ ਕੀਤਾ ਹੈ, ਕਿ 16 ਸਾਲ ਦੇ ਬੱਚੇ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।
-ਰਾਜਦੀਪ ਕੌਰ
ਦਸੌਂਧਾ ਸਿੰਘ ਵਾਲਾ।
ਹਾਂ ਪੱਖੀ ਨਜ਼ਰੀਏ ਨਾਲ ਪਾਓ ਸਫ਼ਲਤਾ
ਸਾਡੀ ਸੋਚ 'ਤੇ ਹੀ ਸਾਡਾ ਦ੍ਰਿਸ਼ਟੀਕੋਣ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਦਾ ਵੀ ਅਸੀਂ ਕਿਸੇ ਪ੍ਰਤੀ ਨਜ਼ਰੀਆ ਰੱਖਦੇ ਹਾਂ, ਅਸੀਂ ਉਸ ਇਨਸਾਨ ਨਾਲ ਉਸੇ ਤਰ੍ਹਾਂ ਦਾ ਵਤੀਰਾ ਕਰਨ ਲੱਗ ਜਾਂਦੇ ਹਾਂ। ਕਿਸੇ ਪ੍ਰਤੀ ਜੋ ਸਾਡੀ ਸੋਚ ਵਧੀਆ ਹੁੰਦੀ ਹੈ, ਸਾਡਾ ਉਸ ਨਾਲ ਪਿਆਰ ਵੱਧ ਜਾਂਦਾ ਹੈ। ਅਸੀਂ ਹਮੇਸ਼ਾ ਹੀ ਉਸ ਦੇ ਸੁੱਖ-ਦੁੱਖ ਦੇ ਭਾਗੀਦਾਰ ਬਣ ਜਾਂਦੇ ਹਾਂ। ਜਦੋਂ ਅਸੀਂ ਕਿਸੇ ਪ੍ਰਤੀ ਨਾਂਹ-ਪੱਖੀ ਸੋਚ ਰੱਖਦੇ ਹਾਂ ਤਾਂ ਸਾਡਾ ਉਸ ਦੇ ਪ੍ਰਤੀ ਵਤੀਰਾ ਵੀ ਨਫ਼ਰਤ ਵਾਲਾ ਬਣ ਜਾਂਦਾ ਹੈ। ਸਾਡੇ ਮਨ ਵਿਚ ਉਸ ਦੇ ਪ੍ਰਤੀ ਈਰਖਾ, ਵੈਰ, ਨਫ਼ਰਤ ਵਧਦਾ ਚਲਿਆ ਜਾਂਦਾ ਹੈ। ਸਾਨੂੰ ਆਪਣੀ ਸੋਚ ਨੂੰ ਹਮੇਸ਼ਾ ਹੀ ਵਧੀਆ ਤੇ ਸੰਤੁਲਿਤ ਰੱਖਣਾ ਚਾਹੀਦਾ ਹੈ। ਸਕਾਰਾਤਮਕ ਸੋਚ, ਚੰਗੇ ਵਿਚਾਰ, ਸਾਨੂੰ ਉੱਚੇ ਤੋਂ ਉੱਚੇ ਰੁਤਬੇ ਤੱਕ ਲੈ ਜਾਂਦੇ ਹਨ। ਜੇਕਰ ਅਸੀਂ ਵੱਡਾ ਮੁਕਾਮ ਹਾਸਿਲ ਨਹੀਂ ਕਰ ਪਾਵਾਂਗੇ। ਹਾਂ ਪੱਖੀ ਨਜ਼ਰੀਆ ਸਾਨੂੰ ਹਮੇਸ਼ਾ ਹੀ ਊਰਜਾ ਪ੍ਰਦਾਨ ਕਰਦਾ ਹੈ। ਜੇ ਸਾਡੇ ਦਿਮਾਗ਼ ਅੰਦਰ ਨਕਾਰਾਤਮਕ ਵਿਚਾਰ ਰਹਿਣਗੇ, ਅਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਵਾਂੰਗੇ। ਦ੍ਰਿਸ਼ਟੀਕੋਣ ਦਾ ਸਾਡੇ ਜੀਵਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਸ ਲਈ ਸਾਡੀ ਸ਼ਖ਼ਸੀਅਤ ਦੀ ਪਛਾਣ ਸਾਡੇ ਵਧੀਆ ਨਜ਼ਰੀਏ ਤੋਂ ਹੀ ਹੋਣੀ ਚਾਹੀਦੀ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਬੇਰੁਜ਼ਗਾਰੀ ਦੀ ਸਮੱਸਿਆ
ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਹੀ ਗੰਭੀਰ ਬਣੀ ਹੋਈ ਹੈ। ਨੌਕਰੀ ਨਾ ਮਿਲਣ ਕਰਕੇ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਅਤੇ ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੇ ਹਨ। ਪੜ੍ਹ ਲਿਖ ਕੇ ਨੌਜਵਾਨ ਇਕ ਆਦਰਯੋਗ ਨੌਕਰੀ ਮਿਲਣ ਦੀ ਉਮੀਦ ਕਰਦਾ ਹੈ ਪਰ ਜਦੋਂ ਉਹ ਸਰਕਾਰਾਂ ਤੋਂ ਨੌਕਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਹੀ ਮਿਲਦੀਆਂ ਹਨ ਜਾਂ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਕੁਝ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਲੈਂਦੇ ਹਨ। ਸਰਕਾਰਾਂ ਚੋਣਾਂ ਵੇਲੇ ਬਹੁਤ ਵੱਡੇ-ਵੱਡੇ ਵਾਅਦੇ ਨੌਕਰੀਆਂ ਦੇਣ ਲਈ ਕਰਦੀਆਂ ਹਨ। ਇਹ ਵਾਅਦੇ ਚੋਣਾਂ ਜਿੱਤਣ ਤੋਂ ਬਾਅਦ ਇਕ ਵਾਅਦਾ ਮਾਤਰ ਹੀ ਰਹਿ ਜਾਂਦਾ ਹੈ। ਜਿਸ ਦੇਸ਼ 'ਚ ਪੜ੍ਹ ਲਿਖ ਕੇ ਨੌਜਵਾਨ ਰੁਜ਼ਗਾਰ ਲਈ ਭਟਕਦੇ ਫਿਰਨ ਉਸ ਦੇਸ਼ ਦੇ ਭਵਿੱਖ 'ਤੇ ਸ਼ੰਕੇ ਉੱਠਣੇ ਲਾਜ਼ਮੀ ਹਨ। ਸਰਕਾਰ ਤੋਂ ਇਹ ਪੁੱਛਣਾ ਬਣਦਾ ਹੈ ਕਿ ਪੜ੍ਹੇ-ਲਿਖੇ ਭਾਰਤ ਦੇ ਨੌਜਵਾਨ ਦਰਮਿਆਨ ਬੇਰੁਜ਼ਗਾਰੀ ਦੀ ਦਰ ਐਨੀ ਉੱਚੀ ਕਿਉਂ ਬਣੀ ਹੋਈ ਹੈ? ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਰਕਾਰਾਂ ਦਾ ਕੰਮ ਅਤੇ ਜ਼ਿੰਮੇਦਾਰੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਸਮਰੱਥ ਬਣਾਏ ਬਗੈਰ ਕੋਈ ਵੀ ਦੇਸ਼ ਅਸਲ ਤਰੱਕੀ ਨਹੀਂ ਕਰ ਸਕਦਾ।
-ਅਸ਼ੀਸ਼ ਸ਼ਰਮਾ
ਜਲੰਧਰ
ਪ੍ਰਦੂਸ਼ਣ
ਕੁਦਰਤ ਦੇ ਕੰਮਾਂ ਨੂੰ ਮਨੁੱਖ ਨਹੀਂ ਕਰ ਸਕਦਾ। ਪਰ ਮਨੁੱਖ ਵਲੋਂ ਆਪਣੇ ਕੰਮ ਕਰਦਿਆਂ ਕੁਦਰਤ ਦਾ ਖਿਆਲ ਰੱਖਣ ਨਾਲ ਹੀ ਮੁਸੀਬਤਾਂ ਦਾ ਅੰਤ ਹੋਵੇਗਾ। ਪ੍ਰਦੂਸ਼ਣ ਖ਼ਿਲਾਫ਼ ਕਾਰਵਾਈ ਕਈ ਵਾਰ ਸਿਆਸੀ ਜਾਮਾ ਪਹਿਨ ਲੈਂਦੀ ਹੈ। ਇਹ ਸਮੱਸਿਆ ਬਿਮਾਰੀਆਂ ਤੇ ਹੋਰ ਅਲਾਮਤਾਂ ਦਾ ਕਾਰਨ ਬਣ ਕੇ ਕਾਰਪੋਰੇਟ ਦੀ ਬੋਲੀ ਬੋਲਣ ਲੱਗਦੀ ਹੈ। ਇਸ ਵਾਰ ਪ੍ਰਦੂਸ਼ਣ ਖ਼ਿਲਾਫ਼ ਪੰਜਾਬ ਸਰਕਾਰ ਨੇ ਤਸੱਲੀਬਖ਼ਸ਼ ਕੰਮ ਤੇ ਯਤਨ ਕੀਤੇ ਹਨ। ਰੂਪਨਗਰ ਲਾਗੇ ਅੰਬੂਜਾ ਫੈਕਟਰੀ ਪ੍ਰਦੂਸ਼ਣ ਕਰਕੇ ਵਿਵਾਦਾਂ ਵਿਚ ਰਹੀ। ਮੌਜੂਦਾ ਐਮ.ਐਲ.ਏ. ਸ੍ਰੀ ਦਿਨੇਸ਼ ਚੱਢਾ ਨੇ ਇਸ ਮਸਲੇ 'ਤੇ ਸਾਰਥਿਕ ਅਤੇ ਸੰਤੁਲਿਤ ਹੱਲ ਕੱਢਣ ਦੇ ਯਤਨ ਕੀਤੇ, ਜੋ ਪ੍ਰਸੰਸਾਯੋਗ ਬਣੇ। ਸਾਫ਼ ਹਵਾ ਲੈਣਾ ਮਨੁੱਖ ਦਾ ਹੱਕ ਵੀ ਹੈ। ਸਿਹਤ ਦੀ ਕੀਮਤ 'ਤੇ ਪ੍ਰਦੂਸ਼ਣ ਹਰ ਹਾਲ 'ਚ ਬੰਦ ਹੋਣਾ ਚਾਹੀਦਾ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਸਮੋਗ ਦਾ ਕਹਿਰ
ਭਾਵੇਂ ਲੇਖਕਾਂ, ਅਖ਼ਬਾਰਾਂ, ਇਲੈਕਟ੍ਰਾਨਿਕ ਮੀਡੀਆ ਵਲੋਂ ਪਰਾਲੀ ਸਾੜਨ, ਪਟਾਕੇ ਚਲਾਉਣ ਤੋਂ ਰੋਕਣ ਲਈ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਗਿਆ। ਪਰ ਕਿਸੇ ਨੂੰ ਵੀ ਨਾ ਤਾਂ ਕਾਨੂੰਨ ਦਾ ਡਰ ਨਜ਼ਰ ਆਇਆ ਤੇ ਨਾ ਹੀ ਪ੍ਰਦੂਸ਼ਣ ਫੈਲਣ ਨਾਲ ਦਮੇ, ਸਾਹ ਤੇ ਦਿਲ ਦੇ ਮਰੀਜ਼ਾਂ 'ਤੇ ਕੋਈ ਤਰਸ ਆਇਆ। ਮਾਣਯੋਗ ਹਾਈ ਕੋਰਟ ਨੇ ਇਸ ਸੰਬੰਧੀ ਸਖ਼ਤ ਟਿੱਪਣੀ ਕਰਦਿਆਂ ਸਰਕਾਰਾਂ ਨੂੰ ਫਿਟਕਾਰ ਵੀ ਲਗਾਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।
ਰੇਲ ਹਾਦਸਿਆਂ ਦੀ ਸਾਜਿਸ਼
ਅੱਜ-ਕੱਲ੍ਹ ਨਿਊਜ਼ ਚੈਨਲਾਂ 'ਤੇ ਇਹ ਖ਼ਬਰ ਲਗਭਗ ਰੋਜ਼ਾਨਾ ਨਸ਼ਰ ਹੋ ਰਹੀ ਹੈ ਕਿ ਰੇਲਵੇ ਲਾਈਨ 'ਤੇ ਸਿਲੰਡਰ ਰੱਖ ਦਿੱਤਾ, ਕਦੇ ਕੋਈ ਵੱਡਾ ਪੱਥਰ ਰੱਖ ਦਿੱਤਾ ਹੈ ਜਾਂ ਕੋਈ ਰੇਲਵੇ ਲਾਈਨ ਨੂੰ ਹੀ ਪੁੱਟ ਜਾਂਦਾ ਹੈ, ਹੋਰ ਤਾਂ ਹੋਰ ਇਕ ਜਗ੍ਹਾ 'ਤੇ ਤਾਂ ਬਾਕਾਇਦਾ ਟ੍ਰੇਨ ਉਡਾਉਣ ਦੀ ਸਾਜਿਸ਼ ਵੀ ਨਾਕਾਮ ਕੀਤੀ ਗਈ ਹੈ। ਇਹ ਸਭ ਕੁਝ ਜਾਣਬੁਝ ਕੇ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਲਈ ਕੀਤਾ ਜਾ ਰਿਹਾ ਹੈ। ਜਦਕਿ ਟ੍ਰੇਨ 'ਚ ਸਫ਼ਰ ਕਰਨਾ ਹਰ ਕੋਈ ਸੁਰੱਖਿਅਤ ਸਮਝਤਾ ਹੈ।
-ਰਾਜਦੀਪ ਕੌਰ
ਦਸੌਂਧਾ ਸਿੰਘ ਵਾਲਾ
ਕੈਂਸਰ ਦਾ ਇਲਾਜ
ਕੈਂਸਰ ਦੀ ਬਿਮਾਰੀ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। 60-70 ਸਾਲ ਪਹਿਲਾਂ ਕੈਂਸਰ ਦਾ ਨਾਂਅ ਬਹੁਤ ਘੱਟ ਲੋਕਾਂ ਨੂੰ ਪਤਾ ਸੀ। ਲੋਕ ਸਿਹਤ ਤੇ ਖੁਰਾਕ ਪੱਖੋਂ ਬਹੁਤ ਸਾਵਧਾਨ ਹੁੰਦੇ ਸਨ। ਫਾਸਟ-ਫੂਡ, ਤਲੀਆਂ ਵਸਤੂਆਂ ਦੀ ਵਰਤੋਂ ਬਹੁਤ ਘੱਟ ਸੀ। ਦੇਸੀ ਘਿਓ, ਸ਼ੱਕਰ, ਦਹੀਂ ਅਤੇ ਚਾਟੀ ਦੀ ਲੱਸੀ ਦੀ ਵਰਤੋਂ ਆਮ ਹੁੰਦੀ ਸੀ। ਖ਼ਤਰਨਾਕ ਨਸ਼ੇ ਬਿਲਕੁਲ ਨਹੀਂ ਸਨ। ਆਬਾਦੀ ਵੀ ਘੱਟ ਸੀ, ਫੈਕਟਰੀਆਂ ਦੀ ਗਿਣਤੀ ਘੱਟ ਸੀ। ਜ਼ਮੀਨੀ ਪਾਣੀ ਦਾ ਪੱਧਰ ਕਾਫੀ ਉੱਪਰ ਅਤੇ ਸ਼ੁੱਧ ਹੁੰਦਾ ਸੀ। ਸਬਜ਼ੀਆਂ ਤੇ ਫਲਾਂ 'ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਸੀ ਹੁੰਦੀ।
ਭਾਰਤ ਵਿਚ ਔਸਤਾਨ 4109 ਤੇ ਪੰਜਾਬ ਵਿਚ 105 ਵਿਅਕਤੀਆਂ ਨੂੰ ਰੋਜ਼ਾਨਾ ਕੈਂਸਰ ਤੋਂ ਪੀੜਤ ਹੋਣ ਦੇ ਅੰਕੜੇ ਆ ਰਹੇ ਹਨ। ਕੈਂਸਰ ਤੋਂ ਮਰਦ, ਇਸਤਰੀਆਂ, ਬਜ਼ੁਰਗ ਅਤੇ ਬੱਚੇ ਸਭ ਪੀੜਤ ਹੋ ਰਹੇ ਹਨ। ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲੇ ਵਲੋਂ 9 ਅਗਸਤ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਹੈ ਕਿ ਸਾਲ 2024 ਦੌਰਾਨ ਭਾਰਤ ਵਿਚ 15,33,055 ਕੈਂਸਰ ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2021 ਵਿਚ ਕੈਂਸਰ ਕਾਰਨ 7.89 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ।
ਬੀਤੇ 7 ਸਾਲਾਂ ਦੌਰਾਨ ਕੈਂਸਰ ਦੇ ਇਲਾਜ 'ਤੇ ਪੰਜਾਬ ਅੰਦਰ 6 ਹਜ਼ਾਰ ਕਰੋੜ ਖ਼ਰਚਣ ਦੇ ਦਾਅਵੇ ਕੀਤੇ ਗਏ ਹਨ। ਕੈਂਸਰ ਦੀ ਬਿਮਾਰੀ ਕਰਕੇ ਪੰਜਾਬ ਦੀ ਹਾਲਤ ਬਹੁਤ ਗੰਭੀਰ ਬਣ ਚੁੱਕੀ ਹੈ। ਮਾਲਵਾ ਖੇਤਰ ਅੰਦਰ ਧਰਤੀ ਹੇਠਲੇ ਪਾਣੀ ਅੰਦਰ ਯੂਰੇਨੀਅਮ ਵਰਗੇ ਤੱਤਾਂ ਕਰਕੇ ਹਰ ਤੀਜੇ-ਚੌਥੇ ਘਰ ਵਿਚ ਕੈਂਸਰ ਦਾ ਮਰੀਜ਼ ਮਿਲ ਰਿਹਾ ਹੈ।
ਮੇਰਾ ਮੰਨਣਾ ਹੈ ਕਿ ਜੇਕਰ ਸੰਗਤਾਂ ਕੁਝ ਕਰਨਾ ਚਾਹੁੰਣ ਤਾਂ ਉਹ ਸਭ ਕੁਝ ਕਰ ਸਕਦੀਆਂ ਹਨ। ਸਿਰਫ਼ ਉਨ੍ਹਾਂ ਨੂੰ ਅਗਵਾਈ ਦੀ ਲੋੜ ਹੁੰਦੀ ਹੈ। ਪੰਜਾਬ (ਹੁਸ਼ਿਆਰਪੁਰ) ਵਿਚ ਮੁਫ਼ਤ ਕੈਂਸਰ ਦਾ ਹਸਪਤਾਲ ਖੋਲ੍ਹਣ ਅਤੇ ਕੈਂਸਰ ਪੀੜਤਾਂ ਦਾ ਇਲਾਜ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਜਿਵੇਂ ਕਿ ਹੁਸ਼ਿਆਰਪੁਰ ਵਿਚ ਸਮਾਜ ਸੇਵੀ ਸੰਸਥਾਵਾਂ, ਵੱਖ-ਵੱਖ ਜਥੇਬੰਦੀਆਂ ਅਤੇ ਮਹਾਨ ਸੰਤਾਂ-ਮਹਾਤਮਾ ਦੇ ਸਹਿਯੋਗ ਨਾਲ ਇਕ ਬਹੁਤ ਵੱਡਾ ਮੁਫ਼ਤ ਕੈਂਸਰ ਦਾ ਹਸਪਤਾਲ ਖੋਲ੍ਹ ਸਕਦੇ ਹਨ। ਇਨ੍ਹਾਂ ਨੂੰ ਦੇਸ-ਪਰਦੇਸ ਦੀਆਂ ਸੰਗਤਾਂ ਬਹੁਤ ਸਹਿਯੋਗ ਦੇ ਸਕਦੀਆਂ ਹਨ ਅਤੇ ਕੈਂਸਰ ਪੀੜਤਾਂ ਦਾ ਮੁਫ਼ਤ ਇਲਾਜ ਦਾ ਲੰਗਰ ਲਗਾ ਸਕਦੇ ਹਨ। ਹੁਸ਼ਿਆਰਪੁਰ ਵਿਚ ਕੈਂਸਰ ਦਾ ਕੋਈ ਵੀ ਹਸਪਤਾਲ ਨਹੀਂ ਹੈ।
-ਮਾਸਟਰ ਮੋਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਗੜਦੀਵਾਲਾ, ਹੁਸ਼ਿਆਰਪੁਰ।
ਚੰਡੀਗੜ੍ਹ ਦਾ ਮੁੱਦਾ ਚੁੱਕਣ ਲਈ ਧੰਨਵਾਦ
ਪਿਆਰੇ ਭਾਜੀ ਸ. ਬਰਜਿੰਦਰ ਸਿੰਘ ਹਮਦਰਦ ਜੀ,
ਅੱਜ ਮੈਂ ਆਪ ਜੀ ਦੇ ਅਖ਼ਬਾਰ 'ਅਜੀਤ' ਵਿਚ 'ਕੇਂਦਰ ਸਰਕਾਰ ਦੀ ਵੱਡੀ ਬੇਇਨਸਾਫ਼ੀ' ਤਹਿਤ ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਬਹੁਤ ਵਧੀਆ, ਸ਼ਾਨਦਾਰ ਅਤੇ ਢੁਕਵਾਂ ਐਡੀਟੋਰੀਅਲ ਪੜ੍ਹਿਆ, ਜਿਸ ਨੂੰ ਪੜ੍ਹ ਕੇ ਬਹੁਤ ਖੁਸ਼ੀ, ਤਸੱਲੀ ਤੇ ਮਾਣ ਵੀ ਹੋਇਆ। ਸੱਚਮੁੱਚ ਇਹ ਗੱਲ/ਮੱਦਾ, ਪਿਛੋਕੜ/ਇਤਿਹਾਸ, ਤਾਰੀਖਾਂ, ਅੰਕੜਿਆਂ ਅਤੇ ਤੱਥਾਂ 'ਤੇ ਆਧਾਰਿਤ, ਲਿਖਿਆ ਹੋਇਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਬੇ-ਮਿਸਾਲ ਟਿੱਪਣੀ ਹੈ। ਆਪ ਜੀ ਅਤੇ ਆਪ ਦਾ 'ਅਜੀਤ' ਅਖ਼ਬਾਰ ਇਸ ਸਾਰੀ ਗੱਲ/ਮੁੱਦੇ ਨੂੰ ਚੁੱਕਣ/ਜੱਗ ਜ਼ਾਹਿਰ ਕਰਨ ਲਈ ਸ਼ਲਾਘਾ ਤੇ ਵਧਾਈ ਦਾ ਪਾਤਰ ਹਨ। ਮੈਂ ਹੋਰ ਵੀ ਪ੍ਰੈੱਸ ਵਿੱਚ ਨਜ਼ਰ ਮਾਰੀ, ਸ਼ਾਇਦ ਸਿਰਫ਼ ਤੁਸੀਂ ਹੀ, ਆਪਣੇ ਪਿਆਰੇ ਪੰਜਾਬ ਤੇ ਪੰਜਾਬੀਅਤ ਨਾਲ ਹਮਦਰਦੀ ਨਾਲ ਸੋਚਦੇ/ਦੇਖਦੇ ਹੋਏ ਅਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੁੱਕਿਆ ਹੈ।
ਇਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ, ਕਿ ਅੱਜਕੱਲ੍ਹ ਜਦੋਂ ਦਾ ਯੂ.ਟੀ./ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਹੀ ਵੱਖ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਲੈਣ-ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਉਦੋਂ ਤੋਂ ਹੀ ਸੂਬੇ ਵਿੱਤ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਸੰਸਥਾਵਾਂ ਨੇ ਵੀ ਚੰਡੀਗੜ੍ਹ ਹਰਿਆਣੇ ਦੀ ਨਵੀਂ ਵਿਧਾਨ ਸਭਾ ਬਣਾਉਣ ਦਾ ਡਟ ਕੇ ਵਿਰੋਧ ਕੀਤਾ ਹੈ, ਕੇਂਦਰ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਨੇ ਬੇਵਜਾ ਇਹ ਮੁੱਦਾ/ਵਿਵਾਦ/ ਬਵਾਲ ਖੜ੍ਹਾ ਕਰ ਦਿੱਤਾ ਹੈ। ਇਸ ਦਾ ਮੈਂ ਤੇ ਸਾਡੀ ਕਾਂਗਰਸ ਪਾਰਟੀ ਪੁਰਜ਼ੋਰ ਵਿਰੋਧ ਕਰਦੀ ਹੈ। ਹਮਦਰਦ ਸਾਹਿਬ, ਜਿਵੇਂ ਕਿ ਆਪ ਜੀ ਨੇ ਲੇਖ ਵਿਚ ਦੱਸਿਆ ਹੈ, ਕਿ 21 ਸਤੰਬਰ 1953 ਨੂੰ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਅਤੇ 1966 ਵਿਚ ਪੁਨਰਗਠਨ ਐਕਟ ਅਧੀਨ ਹਰਿਆਣਾ ਨਵਾਂ ਰਾਜ ਬਣਾਇਆ ਗਿਆ ਸੀ, ਉਸ ਸਮੇਂ ਪੰਜਾਬ ਦੇ ਕੁਝ ਪਹਾੜੀ ਇਲਾਕੇ ਹਿਮਾਚਲ ਵਿਚ ਵੀ ਸ਼ਾਮਿਲ ਕੀਤੇ ਗਏ ਸਨ। ਨਵੇਂ ਬਣੇ ਹਰਿਆਣਾ ਦੀ ਆਰਜ਼ੀ ਤੌਰ 'ਤੇ ਚੰਡੀਗੜ੍ਹ ਰਾਜਧਾਨੀ ਬਣਾਈ ਗਈ ਸੀ। ਮੈਂ ਸਮਝਦਾ ਹਾਂ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੌੜੇ ਹਿੱਤਾਂ/ ਚੌਧਰ ਨੂੰ ਮੁੱਖ ਰੱਖ ਕੇ ਵੱਡੇ ਮਹਾਂਪੰਜਾਬ ਤੋਂ ਮੌਜੂਦਾ ਛੋਟਾ ਪੰਜਾਬ ਲੈ ਲਿਆ ਸੀ। ਉਦੋਂ ਕਾਂਗਰਸ ਪਾਰਟੀ ਦੇ ਮਹਾਂਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਹਰਮਨ-ਪਿਆਰੇ ਅਤੇ ਵਿਕਾਸਪੁਰਸ਼ ਸਵ: ਪ੍ਰਤਾਪ ਸਿੰਘ ਕੈਰੋਂ ਹੁੰਦੇ ਸਨ, ਜਿਨ੍ਹਾਂ ਨੇ ਮਹਾਂਪੰਜਾਬ ਦੀ ਕੱਟ-ਵੱਢ/ਛੋਟਾ ਕਰਨ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਅੱਜ ਇਸ ਗੱਲ ਨੂੰ 58 ਸਾਲ ਹੋ ਚੁੱਕੇ ਹਨ, ਪਰ ਸਮੇਂ ਦੀਆਂ ਤਤਕਾਲੀ ਸਰਕਾਰਾਂ ਗੰਭੀਰਤਾ ਨਾਲ ਇਸ ਮਸਲੇ ਦਾ ਹੱਲ ਨਹੀਂ ਕਰਵਾ ਸਕੀਆਂ, ਭਾਵ ਬਤੌਰ ਰਾਜਧਾਨੀ ਚੰਡੀਗੜ੍ਹ ਨਹੀਂ ਹਾਸਿਲ ਕਰ ਸਕੀਆਂ, ਅੱਜ ਵੀ ਉਹ ਕੇਂਦਰ ਪ੍ਰਸ਼ਾਸਿਤ ਇਲਾਕਾ ਹੈ ਅਤੇ ਤੱਥਾਂ ਅਤੇ ਆਪ ਜੀ ਦੇ ਐਡੀਟੋਰੀਅਲ ਮੁਤਾਬਿਕ ਇਸ ਕੇਂਦਰ ਪ੍ਰਸ਼ਾਸਿਤ ਖੇਤਰ ਵਿਚ ਮੁਲਾਜ਼ਮਾਂ ਦੀ ਰੇਸ਼ੋ 60:40 ਦੀ ਰੱਖੀ ਗਈ ਸੀ, ਪਰ ਕੇਂਦਰ ਸਰਕਾਰ ਇਸ 'ਤੇ ਕਾਇਮ ਨਹੀਂ ਰਹੀ। ਅੱਜ ਮੈਂ ਆਪਣੇ ਅਤੇ ਆਪਣੀ ਕਾਂਗਰਸ ਪਾਰਟੀ ਵਲੋਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਜਥੇਬੰਦੀ ਨੂੰ ਅਪੀਲ ਕਰਦਾ ਹਾਂ, ਕਿ ਸਾਨੂੰ ਆਪਣੀ ਛੋਟੀਆਂ-ਮੋਟੀਆਂ ਗੱਲਾਂ ਜਾਂ ਖਹਿਬਾਜ਼ੀ ਭੁਲਾ ਕੇ, ਪੰਜਾਬ ਅਤੇ ਚੰਡੀਗੜ੍ਹ ਦੇ ਹਿੱਤ ਲਈ, ਇਕੱਠੇ ਹੋ ਕੇ, ਪ੍ਰਧਾਨ ਮੰਤਰੀ ਜੀ ਅਤੇ ਗ੍ਰਹਿ ਮੰਤਰੀ ਜੀ ਨੂੰ ਮਿਲ ਕੇ, ਇਸ ਨਾਵਾਜਬ ਕਦਮ ਨੂੰ ਰੋਕਣਾ ਚਾਹੀਦਾ ਹੈ।
ਮੈਂ ਕੇਂਦਰ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਨੂੰ ਵੀ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਜ਼ਮੀਨ ਦੇਣ ਦੇ ਫ਼ੈਸਲੇ 'ਤੇ ਬਿਲਕੁਲ ਅਮਲ ਨਾ ਕੀਤਾ ਜਾਏ, ਤਾਂ ਜੋ ਇਸ ਖਿੱਤੇ ਵਿਚ ਅਸ਼ਾਂਤੀ ਪੈਦਾ ਨਾ ਹੋਵੇ। ਕੇਂਦਰ ਸਰਕਾਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਨੂੰ ਸੌਂਪਣ ਲਈ ਜਲਦੀ ਤੋਂ ਜਲਦੀ ਫ਼ੈਸਲਾ ਕਰਨਾ ਚਾਹੀਦਾ ਹੈ। ਆਖਰ ਵਿਚ ਫਿਰ ਇਕ ਵਾਰ ਮੈਂ ਆਪ ਜੀ ਨੂੰ ਪੰਜਾਬ ਦਾ ਇਹ ਗੰਭੀਰ/ਢੁਕਵਾਂ ਮੁੱਦਾ ਚੁੱਕਣ 'ਤੇ ਆਪ ਜੀ ਅਤੇ ਆਪ ਜੀ ਦੇ ਅਖ਼ਬਾਰ ਦਾ ਧੰਨਵਾਦ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।
-ਸ਼ੁੱਭ ਇੱਛਾਂਵਾਂ ਅਤੇ ਡੂੰਘੇ ਆਦਰ ਸਹਿਤ।
ਹਿਤੂ,
-ਜਗਮੋਹਨ ਸਿੰਘ ਕੰਗ
ਸਾਬਕ ਮੰਤਰੀ, ਪੰਜਾਬ
ਸਫ਼ਰ ਕਰਦਿਆਂ ਸੁਚੇਤ ਰਹੋ
ਸਾਨੂੰ ਅਕਸਰ ਵਿਆਹ ਸ਼ਾਦੀਆਂ, ਧਾਰਮਿਕ ਯਾਤਰਾਵਾਂ ਅਤੇ ਹੋਰ ਸਮਾਗਮਾਂ ਵਿਚ ਸ਼ਮਿਲ ਹੋਣ ਲਈ ਸਫ਼ਰ ਕਰਨਾ ਪੈਂਦਾ ਹੈ। ਇਹ ਸਫ਼ਰ ਬੱਸ ਰਾਹੀਂ, ਰੇਲ ਰਾਹੀਂ ਜਾਂ ਕਈ ਵਾਰੀ ਹਵਾਈ ਜਹਾਜ਼ ਰਾਹੀਂ ਵੀ ਕਰਨਾ ਪੈਂਦਾ ਹੈ। ਜਦੋਂ ਵੀ ਅਸੀਂ ਲੰਬੇ ਸਫ਼ਰ 'ਤੇ ਜਾਂ ਛੋਟੇ ਸਫ਼ਰ 'ਤੇ ਹੋਈਏ, ਸਾਨੂੰ ਕੁਝ ਗੱਲਾਂ ਦਾ ਵਿਸ਼ੇਸ਼ ਤੌਰ 'ਤੇ ਆਪਣੀ ਹਿਫਾਜ਼ਤ ਲਈ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਤੇ ਜ਼ਰੂਰੀ ਗੱਲ ਇਹ ਹੈ ਕਿ ਕਦੀ ਵੀ ਕਿਸੇ ਅਨਜਾਣ ਬੰਦੇ ਤੋਂ ਮੋਟਰਸਾਈਕਲ ਜਾਂ ਕਾਰ ਸਵਾਰ ਤੋਂ ਲਿਫ਼ਟ ਦੀ ਆਫਰ ਸਵੀਕਾਰ ਨਾ ਕਰੋ। ਕਈ ਵਾਰ ਗ਼ਲਤ ਬੰਦੇ ਤੋਂ ਲਿਫ਼ਟ ਲੈਣਾ ਬਹੁਤ ਭਾਰੀ ਪੈ ਸਕਦਾ ਹੈ। ਜਾਨ ਵੀ ਜਾ ਸਕਦੀ ਹੈ। ਦੂਜਾ ਕਿਸੇ ਓਪਰੇ ਵਿਅਕਤੀ ਪਾਸੋਂ ਖਾਣ ਪੀਣ ਵਾਲੀ ਵਸਤੂ ਲੈ ਕੇ ਨਾ ਖਾਉ, ਇਸ ਵਿਚ ਬੇਹੋਸ਼ ਕਰਨ ਵਾਲੀ ਦਵਾ ਜਾਂ ਜ਼ਹਿਰ ਵੀ ਹੋ ਸਕਦੀ ਹੈ। ਸਾਥੀ ਮੁਸਾਫ਼ਰ ਸਮਝਣਗੇ ਕਿ ਤੁਸੀਂ ਸੌ ਗਏ, ਉਹ ਵਿਅਕਤੀ ਤੁਹਾਡਾ ਪਰਸ ਜਾਂ ਹੋਰ ਕੋਈ ਕੀਮਤੀ ਸਾਮਾਨ ਲੈ ਕੇ ਰਫੂ ਚੱਕਰ ਹੋ ਸਕਦਾ ਹੈ। ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਪਾ ਕੇ ਸਫ਼ਰ ਕਰਨਾ ਤਾਂ ਹੋਰ ਵੀ ਖ਼ਤਰਨਾਕ ਗ਼ਲਤੀ ਸਾਬਤ ਹੋ ਸਕਦੀ ਹੈ। ਕਿਉਂ ਜਦ ਝਪਟ ਮਾਰ ਗਹਿਣੇ ਖੋਹ ਕੇ ਦੌੜਦਾ ਹੈ ਤਾਂ ਤੁਹਾਡਾ ਰੌਲਾ ਰੱਪਾ ਸੁਣ ਕੇ ਕੁਝ ਲੋਕ ਉਸ ਦੇ ਮਗਰ ਤਾਂ ਦੌੜਨਗੇ, ਪਰ ਤਦ ਤੱਕ ਉਹ ਬਹੁਤ ਦੂਰ ਜਾ ਚੁੱਕਾ ਹੋਵੇਗਾ। ਇਹ ਲੋਕ ਪੇਸ਼ਾਵਰ ਚੋਰ ਹੁੰਦੇ ਹਨ, ਉਨ੍ਹਾਂ ਕਾਰਾ ਕਰਨ ਤੋਂ ਬਾਅਦ ਭੱਜਣ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੁੰਦਾ ਹੈ। ਮੰਨ ਲਓ ਤੁਸੀਂ ਇਸ ਲਈ ਬਾਜ਼ਾਰ ਵਿਚ ਜਾਂ ਗਲੀ ਵਿਚ ਸਫ਼ਰ ਕਰਦੇ ਸਮੇਂ ਵੀ ਆਪਣੇ ਕੀਮਤੀ ਸਾਮਾਨ 'ਤੇ ਮਜ਼ਬੂਤ ਪਕੜ ਰੱਖੋ। ਅਵੇਸਲਾ ਪਨ ਮਹਿੰਗਾ ਪੈ ਸਕਦਾ ਹੈ। ਅੱਜ ਕੱਲ੍ਹ ਤਾਂ ਰਾਹ ਜਾਂ ਕਿਸੇ ਦਾ ਘਰ ਪੁੱਛਣ ਦੇ ਬਹਾਨੇ ਆਪਣੇ ਘਰ ਦੇ ਗੇਟ 'ਤੇ ਖੜ੍ਹੀਆਂ ਬੀਬੀਆਂ ਦੀਆਂ ਵਾਲੀਆਂ ਜਾਂ ਕਾਂਟੇ ਵਗੈਰਾ ਵੀ ਲਾਹ ਕੇ ਦੌੜ ਜਾਂਦੇ ਹਨ। ਸ਼ਹਿਰਾਂ ਵਿਚ ਬਹੁਤੇ ਗੇਟ ਬੰਦ ਕਰ ਕੇ ਹੀ ਰੱਖੇ ਜਾਂਦੇ ਹਨ ਅਤੇ ਬੰਦੇ ਦੀ ਪਹਿਚਾਨ ਕਰ ਕੇ ਹੀ ਖੋਲ੍ਹੇ ਜਾਂਦੇ ਹਨ। ਬਚਾਅ ਵਿਚ ਹੀ ਬਚਾਅ ਹੈ। ਸਫ਼ਰ ਕਰਦੇ ਸਮੇਂ ਚੌਕਸ ਰਹਿਣਾ ਜ਼ਰੂਰੀ ਹੈ।
-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲਾ ਕਪੂਰਥਲਾ।
ਬਦਖੋਈਆਂ ਕਰਨ ਤੋਂ ਬਚੋ
ਬਦਖੋਈਆਂ, ਮਤਲਬ ਚੁਗਲੀਆਂ ਜਾ ਬਦਨਾਮੀ ਕਰਨਾ ਹੈ। ਅਸੀਂ ਆਮ ਤੌਰ 'ਤੇ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਪਿੱਠ ਪਿੱਛੇ ਇਕ-ਦੂਜੇ ਦੀਆਂ ਬਹੁਤ ਬਦਖੋਈਆਂ ਕਰਦੇ ਹਨ, ਜਦਕਿ ਮੂੰਹ 'ਤੇ ਕੁਝ ਨਹੀਂ ਕਹਿੰਦੇ। ਕਈ ਬੰਦਿਆਂ ਦਾ ਸੁਭਾਅ ਹੀ ਅਜਿਹਾ ਬਣਿਆ ਹੁੰਦਾ ਹੈ ਕਿ ਉਹ ਬਦਖੋਈਆਂ ਕਰੇ ਬਿਨਾਂ ਰਹਿ ਹੀ ਨਹੀਂ ਸਕਦੇ ਜਾਂ ਇਹ ਆਖ ਲਵੋ ਕਿ ਉਨ੍ਹਾਂ ਨੂੰ ਦੂਜਿਆਂ ਦੀਆਂ ਬਦਖੋਈਆਂ ਕੀਤੇ ਬਿਨਾਂ ਰੋਟੀ ਹੀ ਹਜ਼ਮ ਨਹੀਂ ਹੁੰਦੀ ਜਾਂ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ। ਭਾਵੇਂ ਉਨ੍ਹਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਫਿਰ ਵੀ ਉਹ ਦੂਜਿਆਂ ਦੀਆਂ ਬਦਖੋਈਆਂ ਕਰੇ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਉਹ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਨ। ਵੈਸੇ ਇਹ ਆਦਤ ਹੈ ਬਹੁਤ ਮਾੜੀ ਤੇ ਅਜਿਹੇ ਬੰਦੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਹਰ ਕੋਈ ਉਨ੍ਹਾਂ ਤੋਂ ਪਾਸਾ ਵੱਟਦਾ ਹੈ, ਸਗੋਂ ਅਜਿਹੀ ਮਾੜੀ ਆਦਤ ਤੋਂ ਬਚਣਾ ਚਾਹੀਦਾ ਹੈ।
-ਲੈਕਚਰਾਰ ਅਜੀਤ ਖੰਨਾ
ਐਮ.ਏ. (ਇਤਿਹਾਸ)
ਪੰਜਾਬ 'ਚ ਨਸ਼ੇ ਦੀ ਸਮੱਸਿਆ
ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਇਕ ਗੰਭੀਰ ਮੁੱਦਾ ਬਣ ਚੁੱਕੀ ਹੈ। ਸੂਬੇ ਦੇ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਭੈੜੀ ਲਤ ਕਾਰਨ ਆਪਣਾ, ਆਪਣੇ ਪਰਿਵਾਰਾਂ ਦਾ ਭਵਿੱਖ ਖ਼ਤਰੇ 'ਚ ਪਾ ਰਹੇ ਹਨ। ਇਸ ਸਮੱਸਿਆ ਦਾ ਮੂਲ ਕਾਰਨ ਨਸ਼ੀਲੀਆਂ ਦਵਾਈਆਂ ਦੀ ਆਸਾਨੀ ਨਾਲ ਉਪਲਬਧਤਾ ਹੈ ਤੇ ਹੈਰੋਇਨ, ਥਿਨਰ ਤੇ ਬਹੁਤ ਸਾਰੀਆਂ ਹੋਰ ਨਸ਼ੀਲੀਆਂ ਦਵਾਈਆਂ ਖੁੱਲ੍ਹੇਆਮ ਮਿਲ ਜਾਂਦੀਆਂ ਹਨ। ਭਾਵੇਂ ਸਰਕਾਰ ਨੇ ਕਈ ਨਸ਼ਾ-ਮੁਕਤੀ ਕੇਂਦਰ ਖੋਲ੍ਹੇ ਹਨ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਇਹ ਕਦਮ ਅਜੇ ਵੀ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਰਹੇ। ਪੁਲਿਸ ਨਸ਼ੇ ਦੇ ਸੂਤਰਧਾਰਾਂ ਤੱਕ ਪਹੁੰਚਣ 'ਚ ਅਸਫ਼ਲ ਰਹੀ ਹੈ। ਜੇਕਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣਾ ਔਖਾ ਹੋ ਜਾਏਗਾ।
ਇਸ ਸਮੱਸਿਆ ਦਾ ਖ਼ਾਤਮਾ ਕਰਨ ਲਈ ਸਿਰਫ਼ ਕਾਨੂੰਨੀ ਕਾਰਵਾਈ ਨਾਲ ਹੀ ਨਹੀਂ, ਸਗੋਂ ਲੋਕਾਂ 'ਚ ਜਾਗਰੂਕਤਾ ਪੈਦਾ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ। ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।
-ਅਮਨਦੀਪ ਕੌਰ
ਵਿਦਿਆਰਥਣ, ਬਾਬਾ ਫ਼ਰੀਦ ਕਾਲਜ ਆਫ ਐਜੂਕੇਸ਼ਨ, ਬਠਿੰਡਾ।
ਮਹਿੰਗਾਈ ਨੇ ਕੱਢੇ ਵੱਟ
ਦੇਸ਼ 'ਚ ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਹਰੀਆਂ ਸਬਜ਼ੀਆਂ 'ਤੇ ਤਾਂ ਅੱਜ ਹੱਥ ਤੱਕ ਨਹੀਂ ਟਿਕਦਾ। ਟਮਾਟਰ, ਅਦਰਕ, ਸ਼ਿਮਲਾ ਮਿਰਚਾਂ, ਗੋਭੀ, ਬੈਂਗਣ, ਆਲੂ, ਪਿਆਜ਼ ਤਕਰੀਬਨ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹੀ ਹਾਲ ਫ਼ਲਾਂ ਦਾ ਹੈ। ਚਾਵਲ, ਆਟਾ ਤੇ ਕਰਿਆਨਾ ਸਾਰਾ ਕੁਝ ਮਹਿੰਗਾ ਹੋ ਚੁੱਕਿਆ ਹੈ। ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਸਰ੍ਹੋਂ ਦੇ ਤੇਲ, ਰਿਫਾਇੰਡ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਹਾਲਾਂਕਿ ਕੇਂਦਰ ਸਰਕਾਰ ਤਾਂ ਹਰ ਵਾਰ ਦਾਅਵਾ ਕਰਦੀ ਹੈ ਕਿ ਮਹਿੰਗਾਈ ਕੰਟਰੋਲ ਵਿਚ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਪਰਿਵਾਰ ਵਿਚ ਕਮਾਉਣ ਵਾਲਾ ਇਕ ਬੰਦਾ ਤੇ ਖਾਣ ਵਾਲੇ ਪੰਜ ਹੋਣ ਤਾਂ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਣਗੇ।
-ਸੰਜੀਵ ਸਿੰਘ ਸੈਣੀ
ਮੁਹਾਲੀ
ਵਧੀਆ ਲੱਗਾ ਅਜੀਤ ਮੈਗਜ਼ੀਨ
ਬੀਤੇ ਦਿਨੀਂ ਐਤਵਾਰ ਦੇ ਅੰਕ ਨਾਲ ਪ੍ਰਾਪਤ ਹੋਇਆ ਅਜੀਤ ਮੈਗਜ਼ੀਨ ਪੜ੍ਹ ਕੇ ਛੁੱਟੀ ਵਾਲਾ ਦਿਨ ਸਫ਼ਲ ਹੋ ਗਿਆ। ਇਸ 'ਚ ਜਿਥੇ ਡੋਨਾਲਡ ਟਰੰਪ ਦੀ ਜਿੱਤ ਤੇ ਅਮਰੀਕਾ ਦੀ ਅਗਾਊਂ ਨੀਤੀ ਬਾਰੇ ਐੱਸ. ਅਸ਼ੋਕ ਭੌਰਾ ਦਾ ਲੇਖ ਪੜ੍ਹਿਆ, ਉਥੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਲੇਖ ਜ਼ਿੰਦਗੀ 'ਚ ਹਮੇਸ਼ਾ ਸਾਕਾਰਾਤਮਿਕ ਸੋਚ ਅਪਣਾਉਾਂਦੇ ਹੋਏ ਵਾਹਿਗੁਰੂ ਦੁਆਰਾ ਬਖ਼ਸ਼ੀ ਇਸ ਅਨਮੋਲ ਜ਼ਿੰਦਗੀ ਦਾ ਸ਼ੁਕਰ ਮਨਾਉਂਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਜਸਵਿੰਦਰ ਸਿੰਘ ਰੁਪਾਲ ਦਾ ਛਪਿਆ ਵੱਡੀਆਂ ਹਸਤੀਆਂ ਦੇ ਵੱਡੇ ਕੰਮ, ਜੋ ਅਣਗੌਲੇ ਰਹਿ ਗਏ ਉਨ੍ਹਾਂ ਨੂੰ ਇਤਿਹਾਸ ਦੇ ਝਰੋਖਿਆਂ 'ਚੋਂ ਕੱਢ ਕੇ ਵਰਤਮਾਨ 'ਚ ਲਿਆ ਕੇ ਪਾਠਕਾਂ ਦੇ ਰੂਬਰੂ ਕਰਨ ਦਾ ਯਤਨ ਲੇਖਕ ਦਾ ਸ਼ਲਾਘਾਯੋਗ ਉਪਰਾਲਾ ਹੈ।
ਸਾਈਬਰ ਹਮਲੇ ਤੋਂ ਬਚਣ ਲਈ ਅੰਮ੍ਰਿਤਬੀਰ ਦੇ ਦਿੱਤੇ ਸੁਝਾਅ ਯਾਦ ਰੱਖਣ ਵਾਲੇ ਹਨ। ਅਜੀਤ ਮੈਗਜ਼ੀਨ ਦਾ ਸਮੁੱਚਾ ਅੰਕ ਗਿਆਨ 'ਚ ਵਾਧਾ ਕਰਨ ਵਾਲਾ ਤੇ ਸਾਂਭਣਯੋਗ ਸੀ। ਭਵਿੱਖ 'ਚ ਵੀ ਅਜਿਹੇ ਅੰਕ ਦੀ ਉਡੀਕ ਰਹੇਗੀ।
-ਰਜਵਿੰਦਰ ਪਾਲ ਸ਼ਰਮਾ
ਪਾਕਿ 'ਚ ਅੱਤਵਾਦੀ ਹਮਲਾ
ਅਜੀਤ ਦੀ ਖ਼ਬਰ ਪਾਕਿ ਕਵੇਟਾ ਰੇਲਵੇ ਸਟੇਸ਼ਨ 'ਤੇ ਧਮਾਕਾ ਹੋਣ ਨਾਲ 30 ਲੋਕਾਂ ਦੀ ਮੌਤ ਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਬਾਰੇ ਪੜਵੀ। ਨਿਰਦੋਸ਼ ਲੋਕਾਂ ਨੂੰ ਮਾਰਨਾ ਮੰਦਭਾਗੀ ਘਟਨਾ ਹੈ। ਭਾਰਤ ਹਮੇਸ਼ਾ ਸ਼ਾਂਤੀ ਚਾਹੁੰਦਾ ਹੈ ਤੇ ਅੱਤਵਾਦ ਖਿਲਾਫ ਯੂ.ਐਨ.ਓ. ਵਿਚ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਪਾਕਿ 'ਚ ਲਗਾਤਾਰ ਅੱਤਵਾਦੀ ਹਮਲਿਆਂ ਨੂੰ ਦੇਖ ਕੇ ਪਾਕਿ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਜੇ ਉਹ ਕਿਸੇ ਦੇ ਘਰ ਦੇ ਅੰਦਰ ਵੜ ਅੱਤਵਾਦੀ ਗਤੀਵਿਧੀਆਂ ਚਲਾਏਗਾ ਤਾਂ ਉਸ ਦਾ ਇਹੀ ਅੰਜਾਮ ਹੋਵੇਗਾ ਜੋ ਕਵੇਟਾ ਵਿਖੇ ਹੋਇਆ ਹੈ। ਪਾਕਿ ਲਗਾਤਾਰ ਜੰਮੂ-ਕਸ਼ਮੀਰ 'ਚ ਅੱਤਵਾਦੀ ਕੈਂਪਾਂ ਰਾਹੀਂ ਉਨ੍ਹਾਂ ਨੂੰ ਭਾਰਤ ਦੇ ਖਿਲਾਫ਼ ਵਰਤ ਰਿਹਾ ਹੈ। ਪਾਕਿ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਤਵਾਦੀ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਅੱਤਵਾਦ ਕਿਸੇ ਦੇ ਨਹੀਂ ਹੁੰਦੇ। ਪਾਕਿਸਤਾਨ ਨੂੰ ਅੱਤਵਾਦ ਨੂੰ ਬੜ੍ਹਾਵਾ ਦੇਣ ਤੋਂ ਬਾਜ਼ ਆਉਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ
ਸੇਵਾ ਮੁਕਤ ਇੰਸਪੈਕਟਰ।
ਹਥਿਆਰਾਂ 'ਤੇ ਪਾਬੰਦੀ ਜ਼ਰੂਰੀ
ਬੀਤੇ ਦਿਨ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿਖੇ ਇਕ ਵਿਆਹ ਸਮਾਗਮ ਦੌਰਾਨ ਲਾੜੀ ਦੇ ਗੋਲੀ ਲੱਗਣ ਦੀ ਘਟਨਾ ਨੇ ਇਕ ਵਾਰ ਫਿਰ ਮੈਰਿਜ ਪੈਲੇਸਾਂ 'ਚ ਹਥਿਆਰਾਂ ਦੀ ਹੁੰਦੀ ਸ਼ਰੇਆਮ ਵਰਤੋਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ। ਭਾਵੇਂ ਮੈਰਿਜ ਪੈਲੇਸਾਂ ਵਿਚ ਵੀ ਲਿਖ ਕੇ ਲਗਾਇਆ ਹੁੰਦਾ ਹੈ ਕਿ ਹਥਿਆਰ ਦੀ ਵਰਤੋਂ ਕਰਨਾ ਸਖ਼ਤ ਮਨ੍ਹਾਂ ਹੈ ਪਰੰਤੂ ਇਸ ਲਿਖੀ ਚਿਤਾਵਨੀ ਦਾ ਕਿਸੇ 'ਤੇ ਕੋਈ ਅਸਰ ਨਹੀਂ ਹੁੰਦਾ। ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ਨੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਦੇ ਰੰਗ ਵਿਚ ਭੰਗ ਪਾ ਦਿੱਤਾ। ਇਸ ਤੋਂ ਪਹਿਲਾਂ ਮਾਨਸਾ ਵਿਚ ਇਕ ਸਟੇਜ ਡਾਂਸਰ ਦੇ ਗੋਲੀ ਲੱਗਣ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ, ਪਰੰਤੂ ਅਜਿਹੀਆਂ ਅਣਹੋਣੀਆਂ ਘਟਨਾਵਾਂ ਨੂੰ ਰੋਕਣ ਵਿਚ ਪ੍ਰਸ਼ਾਸਨ ਹਮੇਸ਼ਾ ਨਾਕਾਮ ਰਿਹਾ ਹੈ। ਵਿਆਹ ਇਕ ਧਾਰਮਿਕ ਅਤੇ ਸਮਾਜਿਕ ਸੰਸਕਾਰ ਹੈ। ਇਸ ਦੀਆਂ ਖ਼ੁਸ਼ੀਆਂ ਬਣਾਈ ਰੱਖਣ ਲਈ ਜਿਥੇ ਸਾਨੂੰ ਹਥਿਆਰਾਂ ਪ੍ਰਤੀ ਆਪਣੀ ਸੋਚ ਬਦਲਣੀ ਹੋਵੇਗੀ ਉਥੇ ਪ੍ਰਸ਼ਾਸਨ ਨੂੰ ਵੀ ਸਖ਼ਤੀ ਨਾਲ ਪੇਸ਼ ਆਉਣਾ ਹੋਵੇਗਾ।
-ਰਜਵਿੰਦਰ ਪਾਲ ਸ਼ਰਮਾ
ਵਿਦਿਆਰਥੀਆਂ ਦੀ ਸਾਰ ਲਵੇ ਸਰਕਾਰ
ਪਿਛਲੇ ਕੁਝ ਸਮੇਂ ਤੋਂ ਭਾਰਤ-ਕੈਨੇਡਾ ਦੇ ਆਪਸੀ ਰਿਸ਼ਤੇ ਸੁਖਾਵੇਂ ਨਹੀਂ ਚੱਲ ਰਹੇ। ਦੋਹਾਂ ਦੇਸ਼ਾਂ 'ਚ ਆਪਸੀ ਸੰਬੰਧ ਖਰਾਬ ਹੋਣ ਦੀ ਵਜ੍ਹਾ ਕੈਨੇਡਾ 'ਚ ਗਰਮਖਿਆਲੀ ਨਿੱਝਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਨੂੰ ਮੰਨਿਆ ਜਾ ਰਿਹਾ ਹੈ। ਹੁਣ ਕੈਨੇਡਾ ਨੇ ਸਟੱਡੀ ਵੀਜ਼ੇ ਤੇ ਟੂਰਿਸਟ ਵੀਜ਼ਿਆਂ 'ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ। ਕੈਨੇਡਾ 'ਚ ਬਹੁਤ ਸਾਰੇ ਕਾਲਜ ਬੰਦ ਹੋ ਚੁੱਕੇ ਹਨ। ਜਿਸ ਕਰਕੇ ਬਹੁਤ ਸਾਰੇ ਭਾਰਤੀ ਤੇ ਖ਼ਾਸ ਕਰਕੇ ਪੰਜਾਬੀ ਵਿਦਿਆਰਥੀ ਮੁਸ਼ਕਿਲ 'ਚ ਆ ਗਏ ਹਨ। ਇਸ ਮਹੀਨੇ ਤੋਂ ਕੈਨੇਡਾ ਵਲੋਂ ਸਟਡੀ ਵੀਜ਼ਾਂ ਨਿਯਮ ਬਦਲੇ ਜਾਣ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ 'ਚ ਹੋਰ ਮੁਸ਼ਕਿਲ ਆਉਣ ਦੀ ਸੰਭਾਵਨਾ ਹੈ। ਇਸ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਬਿਨਾਂ ਦੇਰੀ ਨਜਿੱਠਣਾ ਚਾਹੀਦਾ ਹੈ।
-ਲੈਕਚਰਾਰ ਅਜੀਤ ਖੰਨਾ
ਨਜ਼ਰੀਆ ਬਦਲੋ ਹਾਲਾਤ ਆਪੈ ਬਦਲਣਗੇ
ਪੰਜਾਬੀਓ, ਤੁਹਾਡੇ ਨਜ਼ਰੀਏ ਨੂੰ ਕੀ ਹੋ ਗਿਆ ਹੈ। ਸਾਡੀ ਮਾਨਸਿਕ ਬੁੱਧੀ ਕਿਉਂ ਉਥੇ ਦੀ ਉਥੇ ਹੀ ਖੜੋਤੀ ਹੈ ਕਿ ਜਣਾ-ਖਣਾ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਠੇਕੇਦਾਰ ਬਣਿਆ ਹੋਇਆ ਹੈ। ਕੁਝ ਚਲਾਕ ਠੱਗ ਕਿਸਮ ਦੇ ਲੋਕ ਪੰਜਾਬੀ ਸੱਭਿਆਚਾਰ ਦੀ ਓਟ ਆਸਰਾ ਲੈ ਕੇ ਆਪਣੇ ਘਰ ਭਰ ਰਹੇ ਹਨ। ਲੋਕ ਸਾਡੇ 'ਤੇ ਹੱਸਦੇ ਹਨ ਕਿਉਂ ਅਸੀਂ ਸਮਝ ਨਹੀਂ ਰਹੇ। ਸਾਡੇ ਕੋਲ ਸਿਰਫ਼ ਤੇ ਸਿਰਫ਼ ਗਾਣੇ ਹੀ ਬਚੇ ਹਨ। ਹੋਰ ਸਾਡੇ ਪੱਲੇ ਕੀ ਹੈ ਕਦੋਂ ਤੱਕ ਅਸੀਂ ਭਟਕਦੇ ਰਹਾਂਗੇ। ਪੰਜਾਬ ਦੀ ਹਾਲਤ ਪੰਜਾਬੀਆਂ ਨਾਲੋਂ ਜ਼ਿਆਦਾ ਕੌਣ ਸਮਝ ਸਕਦਾ ਹੈ। ਸੋਸ਼ਲ ਮੀਡੀਆ 'ਤੇ ਛੋਟੀਆਂ-ਛੋਟੀਆਂ ਆਡੀਓ ਰੀਲਾਂ, ਕਲਿੱਪਾਂ ਰਾਹੀਂ ਦੁਨੀਆ ਸਾਹਮਣੇ ਪੰਜਾਬੀਆਂ ਨੂੰ ਕੀ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਪੰਜਾਬ ਤਾਂ ਕਿਤੇ ਵੀ ਦਿਖਾਈ ਨਹੀਂ ਦਿੰਦਾ। ਮੁੱਠੀ ਭਰ ਲੋਕ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਵਿਰਸੇ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹਨ। ਪੰਜਾਬੀ ਨੂੰ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਦਾਅਵਾ ਕਰਨ ਵਾਲਿਆਂ ਨੇ ਸਾਡੇ ਸੱਭਿਆਚਾਰ ਦਾ ਬੇੜਾ ਗਰਕ ਕੀਤਾ ਹੈ। ਹੁਣ ਤੱਕ ਅਸੀਂ ਪੰਜਾਬੀਅਤ ਨੂੰ ਸਮਰਪਿਤ ਵਿਸ਼ੇ ਉੱਪਰ ਕੋਈ ਫ਼ਿਲਮ ਤੱਕ ਨਹੀਂ ਬਣਾ ਸਕੇ। ਅਸੀਂ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦਾ ਸਤਿਆਨਾਸ਼ ਮਾਰ ਰਹੇ ਹਾਂ। ਨੈੱਟਫਲਿਕਸ 'ਤੇ ਜਾ ਕੇ ਵੇਖੋ ਕਿਸ ਤਰ੍ਹਾਂ ਦੀ ਵਿਸ਼ਿਆਂ ਨੂੰ ਉਨ੍ਹਾਂ ਦੇ ਨਿਰਦੇਸ਼ਕਾਂ, ਐਕਟਰਾਂ ਨੇ ਛੋਹਿਆ ਹੈ। ਸਾਡੇ ਪੱਲੇ ਕੀ ਹੈ। ਸਾਡੇ ਗਾਇਕਾਂ ਤੇ ਨਿਰਦੇਸ਼ਕਾਂ ਦੇ ਪੱਲੇ ਕੁਝ ਵੀ ਨਹੀਂ। ਕਿਤਾਬਾਂ ਨਾਲ ਜੁੜ ਕੇ ਤਹਿ ਤੱਕ ਜਾਉ। ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ। ਹੁਣ ਤੁਸੀਂ ਜਵਾਨ ਹੋ, ਪਰ ਉਦੋਂ ਸਮਾਂ ਲੰਘ ਚੁੱਕਾ ਹੋਵੇਗਾ।
-ਹਰਜਾਪ ਸਿੰਘ
ਪਿੰਡਾ ਕੈਰਾਬਾਦ, ਦਸੂਹਾ, ਹੁਸ਼ਿਆਰਪੁਰ।
ਤਿਉਹਾਰਾਂ 'ਤੇ ਤਬਾਹੀ ਦੀ ਪਿਰਤ
'ਧੂੰਏਂ ਦੀਆਂ ਪਰਤਾਂ' ਸੰਪਾਦਕੀ ਜ਼ਿਕਰ ਕਰਦੀ ਹੈ ਕਿ ਉੱਤਰੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਪ੍ਰਦੂਸ਼ਣ ਤੇ ਧੂੰਏਂ ਭਰੀ ਹਵਾ ਦੀਆਂ ਪਰਤਾਂ ਪਰਤ ਦਰ ਪਰਤ ਫੈਲਦੀਆਂ ਜਾ ਰਹੀਆਂ ਹਨ। ਜਿਨ੍ਹਾਂ ਕਰਕੇ ਸਾਹ ਦੀਆਂ ਬਿਮਾਰੀਆਂ ਤੋਂ ਇਲਾਵਾ ਹੋਰ ਅਨੇਕਾਂ ਬਿਮਾਰੀਆਂ ਦੀ ਪਕੜ ਮਜ਼ਬੂਤ ਹੋਣ ਲੱਗੀ ਹੈ। ਹਵਾ ਗੁਣਵੱਤਾ ਸੂਚਕ ਇੰਡੈਕਸ ਦਾ ਸੁਖਾਵਾਂ ਅੰਕੜਾ 50 ਪਛੜ ਚੁੱਕਾ ਹੈ। ਅੰਮ੍ਰਿਤਸਰ 'ਚ 314 ਤੇ ਖੰਨਾ 'ਚ 308 ਅੰਕੜੇ ਖ਼ਤਰੇ ਦੇ ਸੂਚਕ ਹਨ। 200 ਤੋਂ ਉੱਪਰ ਤਾਂ ਲਗਭਗ ਸਾਰੇ ਹੀ ਵੱਡੇ ਸ਼ਹਿਰ ਪੁੱਜ ਚੁੱਕੇ ਹਨ। ਅੰਕੜਿਆਂ ਮੁਤਾਬਿਕ ਜਿੱਥੇ ਦੋ ਦਿਨ ਦੀ ਦੀਵਾਲੀ ਦੌਰਾਨ ਚੱਲੇ ਪਟਾਕਿਆਂ ਨਾਲ ਹਵਾ 'ਚ ਜ਼ਹਿਰ ਘੁਲਦੀ ਰਹੀ, ਉੱਥੇ ਪਹਿਲੀ ਨਵੰਬਰ ਨੂੰ ਪੰਜਾਬ ਵਿਚ 587 ਥਾਵਾਂ'ਤੇ ਪਰਾਲੀ ਸਾੜਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਸੰਪਾਦਕੀ ਚੋਂ ਮਹੱਤਵਪੂਰਨ ਪ੍ਰਸ਼ਨ ਪੈਦਾ ਹੁੰਦੇ ਹਨ ਕਿ ਪਟਾਕੇ ਬਣਾਉਣ 'ਤੇ ਹੀ ਪਾਬੰਦੀ ਲਗਾ ਦੇਣ ਦੇ ਅਦਾਲਤੀ ਫ਼ੈਸਲੇ ਲਾਗੂ ਕਰਨ 'ਚ ਸਰਕਾਰਾਂ ਅਸਮਰੱਥ ਕਿਉਂ ਹਨ? ਕਾਰਖ਼ਾਨਿਆਂ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਸੀਮਤ ਕਰਨ 'ਚ ਕੋਈ ਯੋਜਨਾਬੰਦੀ ਕਿਉਂ ਨਹੀਂ ਕੀਤੀ ਜਾ ਰਹੀ? ਸਵਾਲ ਪੈਦਾ ਹੁੰਦਾ ਹੈ ਕਿ ਦੀਵੇ ਤੇ ਲਾਈਟਾਂ ਨਾਲ ਘਰ-ਬਾਹਰ ਰੁਸ਼ਨਾ ਦੇਣ ਵਾਲੇ ਲੋਕਾਂ ਦੇ ਆਪਣੇ ਅੰਦਰ ਰੌਸ਼ਨੀ ਕਦੋਂ ਹੋਵੇਗੀ? ਧਰਮਾਂ ਤੇ ਤਿਉਹਾਰਾਂ ਦੀ ਆੜ ਵਿਚ ਪਨਪੇ ਅੱਤਵਾਦ ਪ੍ਰਤੀ ਧਾਰਮਕਿ ਮੁਖੀ ਖਾਮੋਸ਼ ਕਿਉਂ ਹਨ? ਕੀ ਕਿਸੇ ਵੀ ਧਰਮ ਗ੍ਰੰਥਾਂ ਅੰਦਰ ਐਸੀ ਤਬਾਹਕੁੰਨ ਪਿਰਤ ਦੀ ਕੋੋਈ ਮਿਸਾਲ ਮੌਜੂਦ ਹੈ, ਜੋ ਕੁਦਰਤ ਕਾਇਨਾਤ ਸਮੁੱਚੇ ਜੀਵਾਂ ਤੇ ਮਨੁੱਖਤਾ ਦਾ ਸਾਹ ਘੁੱਟ ਦੇਣ ਵਾਲੀ ਹੋਵੇ? ਜੇਕਰ ਸਰਕਾਰਾਂ, ਅਦਾਲਤਾਂ ਨੇ ਸਖ਼ਤ ਕਦਮ ਨਾ ਉਠਾਏ ਤੇ ਲੋਕ ਜ਼ਾਬਤੇ 'ਚ ਨਾ ਆਏ ਤਾਂ ਚੌਗਿਰਦਾ ਪੂਰੀ ਤਰ੍ਹਾਂ ਜ਼ਹਿਰੀਲੇ ਚੈਂਬਰ ਦਾ ਰੂਪ ਧਾਰ ਲਵੇਗਾ
-ਰਸ਼ਪਾਲ ਸਿੰਘ
ਐਸ.ਜੇ.ਐਸ.ਨਗਰ, ਹੁਸ਼ਿਆਰਪੁਰ
ਨਸ਼ਾ
ਹਰ ਮਨੁੱਖ ਨੂੰ ਕਿਸੇ ਨਾ ਕਿਸੇ ਨਸ਼ੇ ਦੀ ਆਦਤ ਹੁੰਦੀ ਹੈ। ਨਸ਼ਾ ਵਿਅਕਤੀ ਦੇ ਤਨ ਮਨ ਅਤੇ ਦਿਮਾਗ਼ 'ਤੇ ਸਿੱਧਾ ਅਸਰ ਕਰਦਾ ਹੈ। ਨਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ, ਜੋ ਸਰੀਰ ਅਤੇ ਦਿਮਾਗ਼ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਦਕਿ ਚੰਗੇ ਨਸ਼ੇ ਸਾਡੀਆਂ ਉਹ ਆਦਤਾਂ ਹਨ ਜੋ ਸਾਡੀ ਸ਼ਖ਼ਸੀਅਤ ਨੂੰ ਨਿਖਾਰ ਕੇ ਸਾਡਾ ਜੀਵਨ ਕਾਮਯਾਬ ਬਣਾਉਂਦੀਆਂ ਹਨ। ਕਾਮਯਾਬੀ ਮਿਲਣ ਤੇ ਸਮਾਜ ਸਾਡਾ 'ਚ ਰੁਤਬਾ ਤੇ ਇੱਜ਼ਤ ਵਧਦੀ ਹੈ ਜਿਵੇਂ ਲਿਖਣ ਦਾ ਨਸ਼ਾ ਸਾਡੀਆਂ ਰੁਚੀਆਂ ਨੂੰ ਨਿਖਾਰਦਾ ਹੈ ਅਤੇ ਨਾਲ ਹੀ ਮਾਂ ਬੋਲੀ ਨਾਲ ਪਿਆਰ ਵੀ ਵਧਾਉਂਦਾ ਹੈ। ਪੜ੍ਹਨ ਦਾ ਨਸ਼ਾ ਸਾਨੂੰ ਦਿਮਾਗ਼ੀ ਤੌਰ 'ਤੇ ਵਿਕਸਿਤ ਕਰਦਾ ਹੈ ਅਤੇ ਸਾਨੂੰ ਟੀਚੇ ਤੱਕ ਪਹੁੰਚਾਉਣ 'ਚ ਮਦਦ ਕਰਦਾ ਹੈ। ਇਸੇ ਤਰ੍ਹਾਂ ਘੁੰਮਣ ਦਾ ਨਸ਼ਾ ਜਿਥੇ ਆਮ ਗਿਆਨ 'ਚ ਵਾਧਾ ਕਰਦਾ ਹੈ ਉੱਥੇ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ। ਕੁਝ ਕਰਕੇ ਵਿਖਾਉਣ ਦਾ ਨਸ਼ਾ ਵੀ ਵਿਅਕਤੀ ਨੂੰ ਕਾਮਯਾਬੀ ਤੱਕ ਲੈ ਜਾਂਦਾ ਹੈ। ਇਸ ਤੋਂ ਉਲਟ ਮਾੜੇ ਨਸ਼ੇ ਸ਼ੌਕ ਤੋਂ ਸ਼ੁਰੂ ਹੁੰਦੇ ਹਨ ਵੱਡਿਆਂ ਨੂੰ ਦੇਖ ਕੇ ਰੀਸੋ-ਰੀਸ ਬੱਚੇ ਸਿਗਰਟ, ਜਰਦਾ, ਕੂਲਿਪ, ਸ਼ਰਾਬ ਜਾਂ ਹੋਰ ਨਸ਼ੇ ਕਰਨ ਲਗਦੇ ਹਨ। ਇਹੀ ਸ਼ੌਕ ਉਨ੍ਹਾਂ ਦੀ ਆਦਤ ਬਣਨ ਲਗਦੀ ਹੈ। ਨਸ਼ੇ ਵਿਅਕਤੀ ਨੂੰ ਸਿਰਫ਼ ਬਰਬਾਦੀ ਵੱਲ ਲੈ ਕੇ ਜਾਂਦੇ ਹਨ। ਨਸ਼ਿਆਂ 'ਚ ਵੜਨਾ ਤਾਂ ਬਹੁਤ ਸੌਖਾ ਹੈ ਪਰ ਬਾਹਰ ਨਿਕਲਣਾ ਮੌਤ ਦੇ ਬਰਾਬਰ ਹੁੰਦਾ ਹੈ। ਨਸ਼ੇ ਧਨ, ਦੌਲਤ, ਤਾਕਤ, ਵਿੱਦਿਆ ਦੀ ਬਰਬਾਦੀ ਦੇ ਨਾਲ-ਨਾਲ ਬੰਦੇ ਦੀ ਹੋਰਾਂ ਤੋਂ ਬੇਕਦਰੀ ਵੀ ਕਰਵਾਉਂਦੇ ਹਨ।
-ਗੌਰਵ ਮੁੰਜਾਲ
ਪੀ.ਸੀ.ਐਸ.
ਹੁਣ ਧੂੰਆਂ ਲਾਹੌਰ ਵਲ
ਇਨ੍ਹਾਂ ਦਿਨਾਂ 'ਚ ਮੌਸਮ ਦੇ ਹਿਸਾਬ ਨਾਲ ਧੂੰਆਂ ਅਸਮਾਨ ਵੱਲ ਘੱਟ ਜਾਂਦਾ ਹੋਣ ਕਰਕੇ ਹਰ ਥਾਂ ਦੀ ਆਬੋ-ਹਵਾ ਖ਼ਰਾਬ ਹੁੰਦੀ ਹੈ। ਸਾਡੇ ਸਮਾਜ 'ਚ ਇਹ ਗੱਲ ਆਮ ਹੈ ਕਿ ਅਸੀਂ ਆਪਣੀ ਗਲਤੀ ਮੰਨਣ ਦੀ ਥਾਂ ਸਾਰਾ ਦੋਸ਼ ਦੂਜੇ ਦੇ ਸਿਰ ਮੜ੍ਹਨ ਦੀ ਗੱਲ ਕਰਦੇ ਹਾਂ। ਪਹਿਲਾਂ ਪੰਜਾਬ ਦੀ ਪਰਾਲੀ ਦਾ ਕਥਿਤ ਧੂੰਆਂ ਦਿੱਲੀ ਨੂੰ ਤੰਗ ਕਰਦਾ ਰਿਹਾ ਪਰ ਐਤਕੀਂ ਪੰਜਾਬ ਦੀ ਆਬੋ ਹਵਾ ਦਿੱਲੀ ਨਾਲੋਂ ਵੱਧ ਖ਼ਰਾਬ ਹੋਣ ਕਰਕੇ ਦਿੱਲੀ ਵਾਲਿਆਂ ਨੂੰ ਪੰਜਾਬ ਸਿਰ ਦੋਸ਼ ਮੜ੍ਹਨਾ ਔਖਾ ਲੱਗਾ। ਪਰ ਹੁਣ ਖ਼ਬਰ ਆਈ ਹੈ ਕਿ ਪੱਛਮੀ ਪੰਜਾਬ ਦੀ ਮੁੱਖ ਮੰਤਰੀ ਨੇ ਇਲਜ਼ਾਮ ਲਗਾਇਆ ਹੈ ਕਿ ਸਾਡੇ ਪਾਕਿਸਤਾਨ 'ਚ ਪੰਜਾਬ ਦਾ ਧੂੰਆਂ ਆ ਗਿਆ ਹੈ, ਜਿਸ ਨੇ ਲਾਹੌਰ ਦੀ ਆਬੋ ਹਵਾ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ।
ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੀਆਂ ਸਰਕਾਰਾਂ ਸਣੇ ਪਾਕਿਸਤਾਨ ਇਕ ਦੂਜੇ ਤੇ ਦੋਸ਼ ਕਿਉਂ ਮੜ੍ਹ ਰਹੀਆਂ ਹਨ। ਜਦੋਂ ਕਿ ਪੰਜਾਬ ਦੇ ਧੂੰਏਂ ਨੇ ਪੰਜਾਬ ਦੀ ਆਬੋ ਹਵਾ ਨੂੰ ਤਾਂ ਇੰਨਾ ਖ਼ਰਾਬ ਨਹੀਂ ਕੀਤਾ, ਫਿਰ ਇਹ ਧੂੰਆਂ ਪਾਕਿਸਤਾਨ ਜਾਂ ਦਿੱਲੀ ਦੀ ਆਬੋ ਹਵਾ ਨੂੰ ਕਿਵੇਂ ਖ਼ਰਾਬ ਕਰ ਸਕਦਾ ਹੈ? ਸਾਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ ਫਿਰ ਦੂਜੇ 'ਤੇ ਇਲਜ਼ਾਮ ਲਗਾਉਣਾ ਚਾਹੀਦਾ ਹੈ।
ਪੰਜਾਬ 'ਚ ਐਤਕੀਂ ਪਰਾਲੀ ਸਾੜਨ ਦੀਆਂ ਘਟਨਾਵਾਂ ਪਹਿਲਾਂ ਨਾਲੋਂ ਬਹੁਤ ਹੀ ਘੱਟ ਦੇਖਣ 'ਚ ਆਈਆਂ ਹਨ। ਫਿਰ ਵੀ ਪੰਜਾਬ ਦਾ ਵਾਤਾਵਰਨ ਦੂਜਿਆਂ ਨਾਲੋਂ ਸ਼ੁੱਧ ਹੋਣ ਕਰਕੇ ਸਾਰੇ ਇਲਜ਼ਾਮ ਪੰਜਾਬ ਸਿਰ ਮੜ੍ਹੇ ਜਾ ਰਹੇ ਹਨ? ਪੰਜਾਬ ਨੂੰ ਹੀ ਕਿਉਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ?
-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, ਜ਼ਿਲਾ ਮੋਗਾ।
ਕਿਸਾਨ ਵਿਚਾਰਾ ਕੀ ਕਰੇ?
ਦੋਹਰੀ ਦੀਵਾਲੀ ਦੇ ਦੀਵਿਆਂ 'ਚ ਰੁਸ਼ਨਾਇਆ ਪੰਜਾਬ ਪ੍ਰਦੂਸ਼ਣ ਦੀ ਮਾਰ ਦੇ ਨਾਲ-ਨਾਲ ਅੰਨਦਾਤੇ ਦੇ ਮਨ ਨੂੰ ਵੀ ਬੁਝਾ ਗਿਆ। ਸਿਆਸੀ ਘੁੰਮਣਘੇਰੀਆਂ 'ਤੇ ਭੰਬਲਭੂਸੇ ਵਾਲੇ ਮਾਹੌਲ ਨੇ ਇਸ ਵਾਰ ਵੀ ਕਿਸਾਨ ਨੂੰ ਮੰਡੀਆਂ 'ਚ ਰੁਲਣ ਲਈ ਮਜਬੂਰ ਕਰ ਦਿੱਤਾ। ਕੇਂਦਰੀ ਪੂਲ 'ਚ 40-45 ਫ਼ੀਸਦੀ ਕਣਕ 'ਤੇ 20-25 ਫ਼ੀਸਦੀ ਚੌਲ ਭੇਜਣ ਵਾਲਾ ਪੰਜਾਬ ਫ਼ਸਲ ਦੀ ਦੁਰਦਸ਼ਾ ਦੇਖ ਕੇ ਆਪਣੀ ਹੋਣੀ 'ਤੇ ਹੰਝੂ ਵਹਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਦੀ ਪਹਿਲ ਕਦਮੀ ਜ਼ਰੀਏ ਲਿਫਟਿੰਗ ਤੇਜ਼ ਤਾਂ ਹੋਈ, ਪਰ ਪਿਛਲੀਆਂ ਛਿਮਾਹੀਆਂ ਮੁਤਾਬਿਕ ਪਛੜੀ ਰਹੀ। ਕਿਸਾਨ ਵਿਚਾਰਾ ਕਰੇ ਵੀ ਕੀ? ਝੋਨੇ ਦੀ ਕਿਸਮ ਪੀ-ਆਰ 126 ਦੀ ਬਿਜਾਈ ਲਈ ਸਰਕਾਰ ਵਲੋਂ ਜ਼ੋਰ ਪਾਉਣ ਦੇ ਬਾਵਜੂਦ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲਿਆ। ਅੰਨਦਾਤੇ ਦੀ ਦੀਵਾਲੀ ਮੰਡੀਆਂ 'ਚ ਲੱਗੇ ਝੋਨੇ ਦੇ ਢੇਰਾਂ ਤੇ ਸੋਚਾਂ ਥੱਲੇ ਦੱਬ ਕੇ ਰਹਿ ਗਈ। ਇਸ ਵਰਤਾਰੇ ਨੇ ਤਾਂ ਪੰਜਾਬ 'ਚ ਰਹਿਣ ਵਾਲਿਆਂ ਲਈ ਇਹ ਗਾਣਾ ਵੀ ਲਾਗੂ ਕਰ ਵੀ ਦਿੱਤਾ, ਹਰ ਬੰਦੇ ਦੀ ਦੀਵਾਲੀ ਰੱਬਾ ਘਰ 'ਚ ਹੋਵੇ' ਹੁਣ ਕੇਂਦਰ ਨੇ ਕਿਹਾ ਕਿ ਗੁਦਾਮਾਂ 'ਚੋਂ ਮਾਰਚ 25 ਤੱਕ 120 ਟਨ ਝੋਨਾ ਚੁੱਕ ਲਿਆ ਜਾਵੇਗਾ। ਇਸ ਨਾਲ ਸ਼ਾਇਦ ਭਵਿੱਖ 'ਚ ਦਿੱਕਤ ਨਾ ਆਵੇ। ਚਲੋ ਖ਼ੈਰ ਪਾਛੈ ਜੋ ਬੀਤੀ ਸੋ ਬੀਤੀ ਹੁਣ ਪੰਜਾਬ ਸਰਕਾਰ ਨੂੰ ਕੇਂਦਰ ਦਾ ਭਰੋਸਾ ਦਿੱਤਾ ਹੈ ਕਿ ਕਣਕ ਵੇਲੇ ਅਜਿਹਾ ਨਹੀਂ ਹੋਵੇਗਾ। ਕੀ ਇਸ 'ਤੇ ਯਕੀਨ ਕਰਨਾ ਚਾਹੀਦਾ ਹੈ? ਇਸ ਤੋਂ ਇਲਾਵਾ ਮੰਡੀਆਂ ਵਿਚ ਕਿਸਾਨ ਭਵਨ ਵੀ ਹੋਣੇ ਚਾਹੀਦੇ ਹਨ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਮੁਲਾਜ਼ਮਾਂ ਨਾਲ ਧੱਕਾ
ਪੰਜਾਬ ਦੇ ਮੁਲਾਜ਼ਮਾਂ ਨੇ ਆਪਣੀਆਂ ਹਾਲਤਾਂ ਤੇ ਬਦਲਾਵ ਨੂੰ ਮੁੱਖ ਰੱਖਦਿਆਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ 'ਆਪ' ਪਾਰਟੀ ਦੇ ਵਲੋਂ ਹਿੱਕ ਠੋਕ ਕੇ ਕੀਤੇ ਇਕਰਾਰਾਂ ਤੋਂ ਪ੍ਰਭਾਵਿਤ ਹੋ ਕੇ ਆਪ ਪਾਰਟੀ ਨੂੰ ਬਹੁਮਤ ਨਾਲ ਜਿਤਾਇਆ। ਇਸ ਉਪਰੰਤ ਲਗਾਤਾਰ ਸਰਕਾਰ ਨੂੰ ਖ਼ਜ਼ਾਨਾ ਭਰਨ ਲਈ ਢਾਈ ਸਾਲ ਦਾ ਸਮਾਂ ਦਿੱਤਾ ਗਿਆ। ਪਰ ਅੱਜ ਜੋ ਮੁਲਾਜ਼ਮਾ ਦੀ ਹਾਲਤ ਹੈ, ਉਹ ਜੱਗ ਜ਼ਾਹਿਰ ਹੈ। ਅੱਜ ਪੰਜਾਬ ਦਾ ਕਰਮਚਾਰੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਹੋਰ ਗੁਆਂਢੀ ਰਾਜਾਂ ਦੇ ਕਰਮਚਾਰੀਆਂ ਨਾਲੋਂ ਇਕੱਲੇ ਮਹਿੰਗਾਈ ਭੱਤੇ ਵਿੱਚ ਹੀ 15% ਫਾਡੀ ਹਨ। ਪੈਨਸ਼ਨਰਾਂ (ਬਾਬੇ ਕਰਮਚਾਰੀਆਂ) ਨੂੰ ਪੇਅ ਕਮਿਸ਼ਨ ਦਾ ਬਕਾਇਆ ਲੰਬੇ ਸਮੇਂ ਤੋਂ ਪੈਡਿੰਗ ਹੈ ਜੋ ਨਹੀਂ ਦਿੱਤਾ ਜਾ ਰਿਹਾ। ਹੋਰ ਤੇ ਹੋਰ ਮੁੱਖ ਮੰਤਰੀ ਵਲੋਂ ਵਾਰ-ਵਾਰ ਕਰਚਾਰੀਆਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਇਹ ਲੁਕਾ ਛਿਪੀ ਵਾਲੀ ਨੀਤੀ ਪੰਜਾਬੀ ਲੋਕਾਂ ਨੂੰ ਹੋਰ ਪਿੱਛੇ ਵੱਲ ਲੈ ਜਾਵੇਗੀ। ਲੋਕ ਕਿਸੇ ਨੂੰ ਵੀ ਮੁਆਫ਼ ਨਹੀਂ ਕਰਦੇ, ਜੇਕਰ ਸਰਕਾਰ ਨੇ ਮੌਕਾ ਨਾ ਸੰਭਾਲਿਆ ਤਾਂ ਲੋਕਾ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਹੀ ਇਨ੍ਹਾਂ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਢੁਕਵਾਂ ਜਵਾਬ ਲੋਕ ਸਭਾ ਚੋਣਾਂ ਵਾਂਗ ਦੇਣਗੇ ਤੇ ਇਹ ਵੀ ਬਾਕੀ ਦਲਾਂ ਨਾਲੋਂ ਫਾਡੀ ਰਹਿਣਗੇ।
-ਜੋਗਾ ਰਾਮ ਹੀਉਂ
ਜਾਅਲੀ ਸਮਾਜ ਸੇਵਾ
ਸਮਾਜ ਸੇਵਾ ਦਾ ਮਤਲਬ ਹੈ ਕਿ ਕੋਈ ਵਿਅਕਤੀ ਸਮਾਜ ਦੇ ਭਲੇ ਲਈ ਆਪਣਾ ਤਨ ਮਨ ਸਮਰਪਿਤ ਕਰਕੇ ਨਿਰਸਵਾਰਥ ਹੋ ਕੇ ਕਾਰਜ ਕਰੇ, ਉਸ ਨੂੰ ਸਮਾਜ ਸੇਵੀ ਆਖਿਆ ਜਾਂਦਾ ਹੈ। ਪਰ ਅੱਜ ਕੱਲ ਆਮ ਵੇਖਿਆ ਜਾ ਰਿਹਾ ਹੈ ਕਿ ਹਰ ਕੋਈ ਆਪਣੇ ਆਪ 'ਚ ਸਮਾਜ ਸੇਵੀ ਬਣਿਆ ਫਿਰਦਾ ਹੈ। ਆਪਣੇ ਨਾਂਅ ਨਾਲ ਸਮਾਜ ਸੇਵੀ ਲਿਖਣ ਦਾ ਟ੍ਰੈਂਡ ਜਿਹਾ ਚੱਲ ਰਿਹਾ ਹੈ। ਵੇਖਣ 'ਚ ਆਉਂਦਾ ਹੈ ਕਿ ਬੰਦਾ ਸਿਰੇ ਦਾ ਠੱਗ ਜਾਂ ਲੁਟੇਰਾ ਹੋਵੇਗਾ। ਪਰ ਬੋਰਡਾਂ ਜਾਂ ਇਸ਼ਤਿਹਾਰਾਂ 'ਤੇ ਉਸ ਨੂੰ ਸਮਾਜ ਸੇਵੀ ਲਿਖਿਆ ਹੁੰਦਾ ਹੈ। ਕਈ ਵਾਰ ਤਾਂ ਇਹੋ ਜਿਹੇ ਸਮਾਜ ਸੇਵੀ ਕਹਾਉਣ ਵਾਲੇ ਜਿਸ ਪ੍ਰੋਗਰਾਮ 'ਚ ਚੀਫ਼ ਗੈਸਟ ਬਣ ਕੇ ਜਾਂਦੇ ਹਨ, ਉਥੇ ਉਹ ਵਿਅਕਤੀ ਵੀ ਹੁੰਦਾ ਹੈ ਜਿਸ ਨੂੰ ਉਕਤ ਸਮਾਜ ਸੇਵੀ ਚੀਫ਼ ਗੈਸਟ ਨੇ ਠੱਗਿਆ ਹੁੰਦਾ ਹੈ। ਅਜਿਹੇ ਸਮਾਜ ਸੇਵੀਆਂ ਨੂੰ ਜਾਅਲੀ ਸਮਾਜ ਸੇਵੀ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ।
-ਲੈਕਚਰਾਰ ਅਜੀਤ ਖੰਨਾ
ਐਮ.ਏ. ਐਮ.ਫਿਲ., ਐਮ.ਜੇ.ਐਸ.ਸੀ. ਬੀ.ਐੱਡ.
ਇੱਛਾ-ਸ਼ਕਤੀ
ਸਫ਼ਲਤਾ ਕਿਸੇ ਇਕ ਪਹਿਲੂ 'ਤੇ ਨਿਰਭਰ ਨਹੀਂ ਕਰਦੀ, ਸਗੋਂ ਬਹੁਤ ਸਾਰੇ ਪਹਿਲੂਆਂ ਉੱਪਰ ਨਿਰਭਰ ਕਰਦੀ ਹੈ। ਇਨ੍ਹਾਂ ਵਿਚੋਂ ਇਕ ਪਹਿਲੂ ਹੈ ਇੱਛਾ-ਸ਼ਕਤੀ। ਅਸੀਂ ਬਿਨਾਂ ਇੱਛਾ-ਸ਼ਕਤੀ ਕੋਈ ਵੀ ਕੰਮ ਨੇਪਰੇ ਨਹੀਂ ਚਾੜ੍ਹ ਸਕਦੇ। ਕਿਸੇ ਕੰਮ ਨੂੰ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਤੇ ਕਾਮਯਾਬੀ ਹਾਸਲ ਕਰਨ ਜਾਂ ਕਿਸੇ ਮੰਜ਼ਿਲ 'ਤੇ ਪਹੁੰਚਣ ਲਈ ਦ੍ਰਿੜ ਇਰਾਦਾ ਬਣਾਉਣਾ ਇੱਛਾ ਸ਼ਕਤੀ ਨਾਲ ਹੀ ਸੰਭਵ ਹੈ। ਦ੍ਰਿੜ੍ਹ ਇੱਛਾ-ਸ਼ਕਤੀ ਵਾਲੇ ਲੋਕ ਹਮੇਸ਼ਾ ਹਿੰਮਤ ਤੇ ਲਗਨ ਨਾਲ ਕੰਮ ਕਰਦੇ ਹੋਏ ਆਪਣੀ ਸਫ਼ਲਤਾ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਦੇ ਹਨ। ਇੱਛਾ ਸ਼ਕਤੀ ਸਦਕਾ ਮਨੁੱਖ ਨੇ ਉੱਚੀਆਂ-ਉੱਚੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸੋਚੋ ਜੇਕਰ ਵਿਗਿਆਨੀਆਂ ਨੇ ਇੱਛਾ-ਸ਼ਕਤੀ ਨਾਲ ਖੋਜਾਂ ਨਾ ਕੀਤੀਆਂ ਹੁੰਦੀਆਂ ਤਾਂ ਕਿ ਅੱਜ ਸਾਡਾ ਜੀਵਨ ਵਰਤਮਾਨ ਦੀ ਤਰ੍ਹਾਂ ਸੁਖਦਾਈ ਹੋ ਸਕਦਾ ਸੀ। ਇੱਛਾ-ਸ਼ਕਤੀ ਸਦਕਾ ਹੀ ਅੱਜ ਦਾ ਮਨੁੱਖ ਆਕਾਸ਼, ਪਤਾਲ ਦੇ ਰਾਜ ਜਾਣਨ ਵਿਚ ਸਫ਼ਲ ਹੋ ਸਕਿਆ।
-ਡਾਕਟਰ ਨਰਿੰਦਰ ਭੱਪਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਸੁੰਦਰ ਵਿਅੰਗ
ਰਾਮੂ ਵਾਲੀ ਕੋਠੀ ਦਾ ਸਰਦਾਰ ਕਹਾਣੀ ਵਿਚ ਲੇਖਕ ਨੇ ਬੜੇ ਸੁੰਦਰ ਤੇ ਸੁਹਜਮਈ ਤਰੀਕੇ ਨਾਲ ਪੰਜਾਬ ਦੀ ਅਜੋਕੀ ਸਥਿਤੀ 'ਤੇ ਵਿਅੰਗ ਕੱਸਿਆ ਹੈ। ਲੇਖਕ ਬੀਰਪਾਲ ਗਿੱਲ ਨੇ ਜਿਥੇ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਵਿਚ ਵਧਦੇ ਦਬਦਬੇ ਦਾ ਜ਼ਿਕਰ ਕੀਤਾ ਹੈ, ਉੱਥੇ ਪੰਜਾਬੀਆਂ ਅੰਦਰ ਵਿਦੇਸ਼ ਜਾਣ ਦੀ ਖਿੱਚ ਅਤੇ ਮਜਬੂਰੀ ਵੱਸ ਪ੍ਰਵਾਸ ਕਰਨਾ, ਔਲਾਦ ਮੋਹ ਵਿਚ ਆਪਣੇ ਵਿਰਸੇ ਤੇ ਜੜ੍ਹਾਂ ਤੋਂ ਟੁੱਟਣ ਬਾਰੇ ਬੜੇ ਭਾਵੁਕ ਤਰੀਕੇ ਨਾਲ ਬਿਆਨ ਕੀਤਾ ਹੈ। ਲੇਖਕ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਕਿਸ ਤਰ੍ਹਾਂ ਪ੍ਰਵਾਸੀ ਭਾਰਤੀ ਜੜੋਂ ਨਾਲੋਂ ਟੁੱਟ ਜਾਣ ਕਰਕੇ ਕਿਵੇਂ ਲੋਕ ਮਨਾਂ ਤੋਂ ਉਤਰ ਜਾਂਦੇ ਹਨ।
-ਰਣਜੀਤ ਸਿੰਘ ਰਿਆ
ਲੈਕਚਰਾਰ, ਇਤਿਹਾਸ।
ਔਰਤਾਂ ਦਾ ਸਤਿਕਾਰ
ਔਰਤਾਂ ਨੇ ਹਰ ਖੇਤਰ ਵਿਚ ਬਾਜ਼ੀ ਮਾਰੀ ਹੈ। ਭਾਵੇਂ ਉਹ ਰਾਜਨੀਤੀ ਖੇਤਰ, ਪੁਲਾੜ ਖੇਤਰ, ਪ੍ਰਸ਼ਾਸਨਿਕ ਖੇਤਰ ਜਾਂ ਫ਼ੌਜ, ਏਅਰ ਫੋਰਸ ਹੋਵੇ। ਔਰਤਾਂ ਅੱਜ ਹਰ ਖੇਤਰ ਵਿਚ ਮਰਦਾਂ ਦੀ ਬਰਾਬਰੀ ਕਰ ਰਹੀਆਂ ਹਨ। ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਕੁੜੀਆਂ ਅਕਸਰ ਬਾਜ਼ੀ ਮਾਰਦੀਆਂ ਹਨ। ਬਹੁਤੀ ਵਾਰ ਕਈ ਗ਼ਰੀਬ ਪਰਿਵਾਰਾਂ ਦੀਆਂ ਕੁੜੀਆਂ ਸੀਮਤ ਸਾਧਨ ਹੁੰਦੇ ਹੋਏ ਵੀ ਆਪਣੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰਦੀਆਂ ਹਨ। ਅੱਜ ਕੁੜੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਕਲਪਨਾ ਚਾਵਲਾ, ਸੁਨੀਤਾ ਵਿਲੀਅਮਜ਼ ਨੇ ਪੁਲਾੜ ਤੱਕ ਬਾਜ਼ੀ ਮਾਰੀ ਹੈ। ਪ੍ਰਸ਼ਾਸਨਿਕ ਅਹੁਦਿਆਂ 'ਤੇ ਤਾਇਨਾਤ ਕੁੜੀਆਂ ਵਧੀਆ ਸੇਵਾਵਾਂ ਨਿਭਾਅ ਰਹੀਆਂ ਹਨ। ਉਹ ਹਵਾਈ ਸੈਨਾ, ਥਲ ਸੈਨਾ, ਜਲ ਸੈਨਾ ਵਿਚ ਜਹਾਜ਼ ਉਡਾ ਰਹੀਆਂ ਹਨ। ਆਖਿਰ ਕਿਉਂ ਕੁੜੀਆਂ ਨੂੰ ਫਿਰ ਵੀ ਬੇਗਾਨਾ ਧਨ ਸਮਝਿਆ ਜਾਂਦਾ ਹੈ। ਕਿਉਂ ਉਨ੍ਹਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖਾਂ ਵਿਚ ਮਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਇਹ ਸੋਹਣੇ ਸੰਸਾਰ ਦੇ ਦਰਸ਼ਨ ਨਹੀਂ ਕਰਨ ਦਿੱਤੇ ਜਾਂਦੇ? ਅਸੀਂ 8 ਮਾਰਚ ਨੂੰ ਔਰਤ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ ਪਰ ਅਸੀਂ ਔਰਤ ਨੂੰ ਬਣਦਾ ਸਤਿਕਾਰ ਨਹੀਂ ਦੇ ਰਹੇ। ਉਨ੍ਹਾਂ ਨਾਲ ਜਬਰਜਨਾਹ, ਛੇੜ ਛਾੜ, ਤੇਜ਼ਾਬੀ ਹਮਲੇ ਵਰਗੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਕਲਕੱਤਾ ਕਾਂਡ ਨੂੰ ਕੋਈ ਨਹੀਂ ਭੁੱਲ ਸਕਦਾ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਸੀ ਕਿ ਉਕ ਕੜੀ ਜਿਸ ਦੇ ਸਿਰ 'ਤੇ ਨਾ ਭਰਾ ਤੇ ਨਾ ਪਿਓ ਹੈ। ਆਪ ਹੀ ਟਰੈਕਟਰ ਚਲਾ ਕੇ ਖੇਤੀ ਕਰਦੀ ਹੈ। ਬਹੁਤ ਮਾਣ ਵਾਲੀ ਗੱਲ ਹੈ।
-ਸੰਜੀਵ ਸਿੰਘ ਸੈਣੀ ਮੁਹਾਲੀ।
ਵਾਹਿਗੁਰੂ ਸਭ ਨੂੰ ਸੁਮੱਤ ਬਖ਼ਸ਼ੇ
24 ਅਕਤੂਬਰ ਵਾਲੇ ਅੰਕ 'ਚ ਲਾਭ ਸਿੰਘ ਸ਼ੇਰਗਿੱਲ ਦਾ ਲੋਕ ਮੰਚ ਕਾਲਮ 'ਚ ਲੇਖ 'ਨਾ ਕਰੀਏ ਕੁਦਰਤੀ ਨਿਆਮਤਾਂ ਦਾ ਘਾਣ' ਪੜ੍ਹਿਆ। ਲੇਖਕ ਨੇ ਸੌ ਫ਼ੀਸਦ ਸਹੀ ਆਖਿਆ ਹੈ ਕਿ ਅੱਜ ਮਨੁੱਖ ਗੁਰੂਆਂ ਦੇ ਦਰਸਾਏ ਮਾਰਗ ਨੂੰ ਵਿਸਾਰ ਕੇ ਕੁਦਰਤੀ ਨਿਆਮਤਾਂ ਦੀ ਮਹੱਤਤਾ ਨੂੰ ਭੁੱਲ ਚੁੱਕਾ ਹੈ। ਬਾਣੀ 'ਚ ਹਵਾ ਨੂੰ ਗੁਰੂ ਤੇ ਪਾਣੀ ਨੂੰ ਪਿਤਾ ਜਦਕਿ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਪਰ ਇਸ ਸਭ ਨੂੰ ਵਿਸਾਰ ਕੇ ਬੰਦਾ ਪੈਸੇ ਦੇ ਲਾਲਚ 'ਚ ਹਵਾ ਨੂੰ ਦੂਸ਼ਿਤ ਕਰਨ 'ਚ ਕੋਈ ਕਸਰ ਨਹੀਂ ਛੱਡ ਰਿਹਾ। ਪਾਣੀ ਦੀ ਬੇਕਦਰੀ ਕੀਤੀ ਜਾ ਰਹੀ ਹੈ, ਧਰਤੀ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਮੈਂ ਤਾਂ ਬਸ ਇਹੀ ਕਹਾਂਗਾ ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖ਼ਸ਼ੇ।
-ਲੈਕਚਰਾਰ ਅਜੀਤ ਖੰਨਾ
ਮਹਿੰਗਾਈ ਭੱਤਾ
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਚਾਰ ਫ਼ੀਸਦੀ ਮਹਿੰਗਾਈ ਭੱਤਾ ਦੇ ਕੇ ਬੁੱਤਾ ਸਾਰਨ ਦਾ ਯਤਨ ਕੀਤਾ ਹੈ। ਚਲੋ ਖ਼ੈਰ ਦੇਰ ਆਏ ਦਰੁਸਤ ਆਏ। ਮੁੱਖ ਮੰਤਰੀ ਸਾਹਿਬ ਦਾ ਮੁਲਾਜ਼ਮਾਂ ਪ੍ਰਤੀ ਸਨੇਹ ਤੇ ਵਿਸ਼ਵਾਸ ਤਾਰੀਫ਼ ਯੋਗ ਹੀ ਹੈ। ਚੋਣ ਵਾਅਦੇ ਅਨੁਸਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਬਹੁਤ ਕੁਝ ਕਰਨਾ ਸਰਕਾਰ ਦੇ ਖੇਮੇ ਵਿਚ ਹੈ। ਇਕ ਉਦਾਹਰਨ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਦੇਣੀ ਬਣਦੀ ਹੈ, ਉਨ੍ਹਾਂ ਆਰਡਰ ਕੀਤੇ ਸਨ ਕਿ ਕੇਂਦਰ ਮੁਲਾਜ਼ਮਾਂ ਨੂੰ ਜੋ ਮਹਿੰਗਾਈ ਭੱਤਾ ਦੇਵੇਗਾ, ਉਹ ਪੰਜਾਬ ਵੀ ਦੇਵੇਗਾ। ਇਹ 40-50 ਸਾਲ ਚੱਲਦਾ ਰਿਹਾ। ਇਸੇ ਤਰਜ਼ 'ਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਪਹਿਲਾਂ ਡੀ.ਏ. ਨੂੰ ਡੀਲਿੰਕ ਕਰਨ ਵਾਲੇ ਉਜਾਗਰ ਕੀਤੇ ਜਾਣ। ਇਸ ਤੋਂ ਬਾਅਦ ਰਹਿੰਦਾ ਬਕਾਇਆ ਤੇ ਮੰਗਾਂ ਦਾ ਮਸਲਾ ਹੱਲ ਕਰ ਕੇ ਲਛਮਣ ਸਿੰਘ ਗਿੱਲ ਵਰਗੀ ਇਬਾਰਤ ਲਿਖਣੀ ਮੁੱਖ ਮੰਤਰੀ ਸਾਹਿਬ ਦੀ ਇੱਛਾ ਹੋਵੇ, ਜੋ ਜਲਦੀ ਹਕੀਕਤ ਬਣੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਲੁੱਤੀਬਾਜ਼ਾਂ ਤੋਂ ਬੱਚ ਕੇ
ਲੁੱਤੀਬਾਜ਼ ਠੇਠ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਕਿ ਕੋਈ ਝੂਠੀ-ਮੂਠੀ ਦੀ ਗੱਲ ਦੱਸ ਕੇ ਕਿਸੇ ਦੇ ਖ਼ਿਲਾਫ਼ ਤੁਹਾਨੂੰ ਜਾਂ ਕਿਸੇ ਹੋਰ ਨੂੰ ਭੜਕਾਉਣਾ। ਅਜਿਹੇ ਲੋਕ ਤੁਹਾਨੂੰ ਗਾਹੇ-ਬਗਾਹੇ ਜ਼ਰੂਰ ਮਿਲੇ ਹੋਣਗੇ। ਜੋ ਏਧਰ ਦੀਆਂ ਉਧਰ ਤੇ ਉਧਰ ਦੀਆਂ ਏਧਰ ਲੁੱਤੀਆਂ ਲਗਾਉਂਦੇ ਰਹਿੰਦੇ ਹਨ। ਲੁਤੀਬਾਜ਼ ਇੰਨੇ ਹੁਸ਼ਿਆਰ ਤੇ ਚੌਕੰਨੇ ਹੁੰਦੇ ਹਨ ਕਿ ਉਹ ਮਿੰਟਾਂ ਸਕਿੰਟਾਂ 'ਚ ਲੁਤੀ ਲਗਾ ਕੇ ਚਲੇ ਜਾਂਦੇ ਹਨ। ਲੁਤੀਬਾਜ਼ ਹਮੇਸ਼ਾ ਘਾਤਕ ਸਾਬਤ ਹੁੰਦੇ ਹਨ, ਕਿਉਂਕਿ ਉਹ ਬਿਨਾਂ ਵਜ੍ਹਾ ਇਕ-ਦੂਜੇ 'ਚ ਦੂਰੀਆਂ ਪਵਾ ਦਿੰਦੇ ਹਨ। ਅਜਿਹੇ ਲੋਕਾਂ ਨੂੰ ਚੁਗਲਖੋਰ ਦਾ ਨਾਂ ਵੀ ਦਿੱਤਾ ਜਾਂਦਾ ਹੈ। ਜੋ ਲਾਲਚ ਵੱਸ ਜਾਂ ਫਿਰ ਆਪਣਾ ਕੋਈ ਹੋਰ ਮਕਸਦ ਪੂਰਾ ਕਰਨ ਲਈ ਲੁੱਤੀ ਲਗਾਉਂਦੇ ਹਨ। ਜਦਕਿ ਕੋਈ ਮਸ਼ਕਰਾ ਸੁਭਾਅ ਕਰਕੇ ਲੁੱਤੀ ਲਾਏ ਬਿਨ ਰਹਿ ਨਹੀਂ ਸਕਦੇ। ਲੁੱਤੀਬਾਜ਼ਾਂ ਤੋਂ ਵਕਫ਼ਾ ਬਣਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਲੁੱਤੀਬਾਜ਼ਾਂ ਨੂੰ ਦੂਰੋਂ ਸਲਾਮ ਕਰ ਦੇਣੀ ਚਾਹੀਦੀ ਹੈ। ਲੁੱਤੀਬਾਜ਼ ਪੂਰੇ ਅਦਾਕਾਰ ਹੁੰਦੇ ਹਨ ਜਿਨ੍ਹਾਂ ਦੀ ਝੂਠੀ ਗੱਲ ਵੀ ਤੁਹਾਨੂੰ ਸੱਚ ਜਾਪਣ ਲਗਦੀ ਹੈ। ਜਿਸ ਦੀ ਮੁੱਖ ਵਜ੍ਹਾ ਇਹ ਹੁੰਦੀ ਹੈ ਕਿ ਲੁੱਤੀਬਾਜ਼ ਦੇ ਹਾਵਭਾਵਾਂ ਤੋਂ ਤੁਹਾਡਾ ਵਿਸ਼ਵਾਸ ਉਨ੍ਹਾਂ 'ਤੇ ਵਧ ਜਾਂਦਾ ਹੈ। ਜਿਸ ਦਾ ਉਹ ਫਾਇਦਾ ਉਠਾ ਕੇ ਉਹ ਆਪਣੀ ਝੂਠੀ ਗੱਲ ਨੂੰ ਵੀ ਸੱਚੀ ਗੱਲ ਬਣਾ ਕੇ ਤੁਹਾਨੂੰ ਜਚਾਉਣ 'ਚ ਕਾਮਯਾਬ ਹੋ ਜਾਂਦਾ ਹੈ।
-ਅਜੀਤ ਖੰਨਾ
ਨਵੀਆਂ ਪੰਚਾਇਤਾਂ
ਨਿਰਸੰਦੇਹ ਲੋਕਤੰਤਰ ਦੀ ਸਭ ਤੋਂ ਹੇਠਲੀ ਇਕਾਈ ਪਿੰਡਾਂ 'ਚ ਚੁੱਕੇ ਹੋਏ ਵਿਕਾਸ ਕਾਰਜ ਮੁੜ ਸ਼ੁਰੂ ਹੋਣ ਦੀ ਆਸ ਬੱਝੀ ਹੈ। ਭਾਵੇਂ ਪੰਚਾਇਤੀ ਚੋਣਾਂ 'ਚ ਵੋਟਾਂ ਦੌਰਾਨ ਦੋ ਧਿਰਾਂ ਬਣ ਜਾਂਦੀਆਂ ਹਨ। ਪਰ ਸਾਨੂੰ ਸਭ ਕੁਝ ਭੁਲ-ਭੁਲਾ ਕੇ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਲਈ ਸਹਿਯੋਗ ਦੇਣਾ ਚਾਹੀਦਾ ਹੈ। ਪਾਰਟੀਬਾਜ਼ੀ ਤਹਿਤ ਪਿੰਡਾਂ ਨੂੰ ਹਾਸ਼ੀਏ 'ਤੇ ਨਹੀਂ ਧੱਕਣਾ ਚਾਹੀਦਾ। ਸਰਬਸੰਮਤੀ ਨਾਲ ਚੁਣੇ ਗਏ ਪੰਚ-ਸਰਪੰਚ ਵਧਾਈ ਦੇ ਪਾਤਰ ਹਨ ਕਿਉਂਕਿ ਉਨ੍ਹਾਂ ਦਾ ਆਪਸੀ ਮਿਲਵਰਤਨ, ਭਾਈਚਾਰਕ ਸਾਂਝ, ਸਹਿਚਾਰ ਦੀ ਭਾਵਨਾ ਲੋਕ ਮਨਾਂ ਨੂੰ ਚੰਗੀ ਲੱਗੀ ਹੋਵੇਗੀ। ਆਓ! ਮੁੜ ਆਪਸੀ ਰੰਜਿਸ਼ ਮਿਟਾ ਕੇ ਚੁਣੇ ਗਏ ਨਵੇਂ ਪੰਚਾਂ ਸਰਪੰਚਾਂ ਨੂੰ ਸਹਿਯੋਗ ਦੇ ਕੇ ਆਪੋ ਆਪਣੇ ਪਿੰਡਾਂ ਦੀ ਬਿਹਤਰੀ ਲਈ ਕੰਮ ਕਰੀਏ। ਚੁਣੇ ਗਏ ਪੰਚ-ਸਰਪੰਚ ਇੰਨਾ ਕੁ ਤਨਦੇਹੀ ਤੇ ਇਮਾਨਦਾਰੀ ਨਾਲ ਲੋਕ-ਹਿੱਤਾਂ ਲਈ ਸਹੀ ਫ਼ੈਸਲੇ ਕਰਨ ਕਿ ਮੁੜ ਲੋਕ ਸਰਬਸੰਮਤੀ ਪੰਚ-ਸਰਪੰਚ ਚੁਣ ਲੈਣ। ਆਖਿਰ ਨਵੀਆਂ ਪੰਚਾਇਤਾਂ ਨੂੰ ਬਹੁਤ-ਬਹੁਤ ਮੁਬਾਰਕਾਂ।
-ਜਸਬੀਰ ਦੱਧਾਹੂਰ
ਪਿੰਡ ਤੇ ਡਾ. ਦੱਧਾਹੂਰ, ਤਹਿ. ਰਾਏਕੋਟ, ਲੁਧਿਆਣਾ।
ਕਿਉਂ ਵਧਦੇ ਜਾ ਰਹੇ ਨੇ ਸੜਕ ਹਾਦਸੇ
ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵਲੋਂ ਸੜਕਾਂ ਚੌੜੀਆਂ ਕਰਨ ਦੇ ਬਾਵਜੂਦ ਵੀ ਜਮਾਵੜਾ ਤੇ ਹਾਦਸੇ ਵਧਦੇ ਜਾ ਰਹੇ ਹਨ। ਇਨ੍ਹਾਂ ਹਾਦਸਿਆਂ 'ਚ ਹਰ ਸਾਲ ਹਜ਼ਾਰਾਂ ਜਾਨਾਂ ਜਾ ਰਹੀਆਂ ਹਨ ਤੇ ਲੱਖਾਂ ਲੋਕ ਅਪੰਗ ਹੋ ਰਹੇ ਹਨ। ਜਿਸ ਦਾ ਮੁੱਖ ਕਾਰਨ ਮੋਬਾਈਲ, ਨਸ਼ਾ, ਬੇਧਿਆਨੀ, ਆਵਾਰਾ ਕੁੱਤੇ ਤੇ ਪਸ਼ੂ ਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਹੈ। ਇਨ੍ਹਾਂ ਹਾਦਸਿਆਂ 'ਚ ਕਈ ਵਾਰ ਪੂਰੇ ਪਰਿਵਾਰ ਤਬਾਹ ਹੋ ਜਾਂਦੇ ਹਨ। ਹਾਦਸਿਆਂ ਦੀ ਰੋਕਥਾਮ ਹਿੱਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਹੈਲਮਟ ਪਾਉਣਾ ਤੇ ਬੈਲੇਟ ਲਗਾਉਣ ਨੂੰ ਮਜਬੂਰੀ ਨਹੀਂ ਜ਼ਰਰੂੀ ਸਮਝਿਆ ਜਾਵੇ। ਵਹੀਕਲ ਦੀ ਸਪੀਡ ਕੰਟ੍ਰੋਲ 'ਚ ਰੱਖੀ ਜਾਵੇ। ਬਹੁਤੀ ਵਾਰ ਸੜਕ ਪਾਰ ਕਰਨ ਵਾਲਿਆਂ ਦੀ ਗਲਤੀ ਤੇ ਕਾਹਲੀ ਕਾਰਨ ਵੀ ਹਾਦਸੇ ਵਾਪਰਦੇ ਹਨ। ਪ੍ਰਸ਼ਾਸਨ, ਪੁਲਿਸ ਤੇ ਸੇਵਾ ਸੁਸਾਇਟੀਆਂ ਵਲੋਂ ਵਿਭਾਗ ਹਰ ਸਕੂਲ ਕਾਲਜ 'ਚ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ ਕਰਵਾ ਕੇ ਬੱਚਿਆਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਪੰਜਾਬ ਪੁਲਿਸ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਕਿ ਉਨ੍ਹਾਂ ਨੇ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਨੂੰ 'ਫਰਿਸ਼ਤਾ ਸਕੀਮ' ਤਹਿਤ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਮਦਦਗਾਰਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ।
-ਰਘਬੀਰ ਸਿੰਘ ਬੈਂਸ
ਰਿਟਾ. ਸੁਪਰਿੰਟੈਂਡੈਂਟ।
ਨਕਲੀ ਸ਼ਰਾਬ 'ਤੇ ਸ਼ਿਕੰਜਾ
ਬਿਹਾਰ ਵਿਚ ਨਕਲੀ ਸ਼ਰਾਬ ਪੀਣ ਕਰਕੇ ਚਾਰ ਵਿਅਕਤੀਆਂ ਦੀ ਮੌਤ ਨੇ ਇਕ ਵਾਰ ਫਿਰ ਨਕਲੀ ਸ਼ਰਾਬ ਦੇ ਕਾਲੇ ਧੰਦੇ ਨੂੰ ਉਜਾਗਰ ਕਰਕੇ ਸਰਕਾਰ ਦੀਆਂ ਸ਼ਰਾਬਬੰਦੀ ਅਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਵਾਲੀਆਂ ਨੀਤੀਆਂ ਦੀ ਅਸਫ਼ਲਤਾ 'ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਸ਼ਰਾਬ ਇਕ ਅਜਿਹਾ ਪਦਾਰਥ ਹੈ ਜਿਸ ਨੂੰ ਪੰਜਾਬ ਦੇ ਇਕ ਸਾਬਕਾ ਸਿਹਤ ਮੰਤਰੀ ਤਾਂ ਨਸ਼ਾ ਹੀ ਨਹੀਂ ਸੀ ਮੰਨਦੇ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਵਿਚ ਵੀ ਹੋਈਆਂ ਮੌਤਾਂ ਦੀ ਖ਼ਬਰ ਨੇ ਸਰਕਾਰ ਦੀਆਂ ਨਸ਼ਾ ਰੋਕਣ ਵਿਚ ਨਾਕਾਮ ਨੀਤੀਆਂ ਨੂੰ ਉਜਾਗਰ ਕੀਤਾ ਸੀ। ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਗੂੜ੍ਹੀ ਨੀਂਦ ਵਿਚੋਂ ਜਾਗ ਉੱਠਦਾ ਹੈ ਅਤੇ ਜਾਂਚ ਲਈ ਟਾਸਕ ਫੋਰਸ ਵੀ ਬਣਾ ਕੇ ਖ਼ਾਨਾਪੂਰਤੀ ਕਰ ਦਿੰਦਾ ਹੈ। ਇਸ ਟਾਸਕ ਫੋਰਸ ਦਾ ਨਤੀਜਾ ਜ਼ੀਰੋ ਅਤੇ ਸਮੱਸਿਆ ਦਾ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਪਹਿਲਾਂ ਪੰਜਾਬ ਵਿਚ ਅਤੇ ਹੁਣ ਬਿਹਾਰ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਇਸ ਗੱਲ ਦੀ ਸ਼ਾਅਦੀ ਭਰਦੀਆਂ ਹਨ ਕਿ ਸ਼ਰਾਬ ਦੇ ਨਾਂਅ ਤੇ ਜ਼ਹਿਰ ਪਰੋਸ ਵਾਲਿਆਂ ਦੇ ਹੌਂਸਲੇ ਬੁਲੰਦ ਹਨ। ਉਹ ਕੁਝ ਸਮੇਂ ਲਈ ਕਾਰੋਬਾਰ ਠੱਪ ਕਰ ਦਿੰਦੇ ਹਨ ਪਰੰਤੂ ਬੰਦ ਨਹੀਂ ਕਰਦੇ।
ਸਮੇਂ ਸਮੇਂ ਤੇ ਹੋਣ ਵਾਲੀਆਂ ਮੌਤਾਂ ਇਹ ਸੱਚ ਉਜ਼ਾਗਰ ਕਰਦੀਆਂ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਨਕਲ਼ੀ ਸ਼ਰਾਬ ਦੇ ਧੰਦੇ ਦੀਆਂ ਜੜ੍ਹਾਂ ਪੁੱਟਣ ਵਿਚ ਨਾਕਾਮ ਰਹੀਆਂ ਹਨ। ਸਰਕਾਰ ਦੀਆਂ ਕਾਰਗੁਜ਼ਾਰੀਆਂ ਹੀ ਦੇਖੀ ਜਾਣਾ ਇਸ ਸਮੱਸਿਆ ਦਾ ਹੱਲ ਨਹੀਂ। ਸਮਾਜਿਕ ਸੰਸਥਾਵਾਂ ਅਤੇ ਕਾਰਕੁਨਾਂ ਦੇ ਨਾਲ ਨਾਲ ਹਰ ਇਕ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸ਼ਰਾਬ ਦੇ ਨਾਲ ਨਾਲ ਸਮਾਜ ਨੂੰ ਖੋਖਲਾ ਕਰ ਰਹੇ ਹੋਰ ਨਸ਼ਿਆਂ ਵਿਰੁੱਧ ਵੀ ਆਵਾਜ਼ ਬੁਲੰਦ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਵੇ।
-ਰਜਵਿੰਦਰ ਪਾਲ ਸ਼ਰਮਾ
ਸਰਕਾਰ ਹਰ ਪਾਸੇ ਫੇਲ੍ਹ
ਮੌਜੂਦਾ ਪੰਜਾਬ ਸਰਕਾਰ ਸੂਬੇ 'ਚ ਹਰ ਪਹਿਲੂ 'ਤੇ ਫੇਲ੍ਹ ਸਾਬਤ ਹੋਈ ਹੈ। ਹਰ ਰੋਜ਼ ਚੋਰੀਆਂ, ਲੁੱਟਾਂ-ਖੋਹਾਂ, ਕਤਲ, ਬਲਾਤਕਾਰ, ਛੇੜਛਾੜ ਦੀਆਂ ਘਟਨਾਵਾਂ ਵਧ ਰਹੀਆਂ ਹਨ। ਨਸ਼ੇ ਦੇ ਤਸਕਰਾਂ ਨੂੰ ਸਰਕਾਰ ਬਣਨ 'ਤੇ ਨੱਥ ਪਾਉਣ ਦੀ ਵਾਅਦਾ ਕਰਨ ਵਾਲੀ ਪਾਰਟੀ ਸੱਤਾ 'ਚ ਆਉਣ ਤੋਂ ਬਾਅਦ ਅਜੇ ਤੱਕ ਕੁਝ ਨਹੀਂ ਕਰ ਸਕੀ।
ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਨਸ਼ੇ ਨਾਲ ਗ੍ਰਸਤ ਹੋ ਰਹੇ ਹਨ। ਮਹਿੰਗਾਈ ਅਤੇ ਬੇਰੁਜ਼ਗਾਰੀ ਦਿਨੋ-ਦਿਨ ਉਚਾਈਆਂ ਛੂਹ ਰਹੀ ਹੈ। ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਆਮ ਆਦਮੀ ਕਲੀਨਕਾਂ ਦਾ ਪ੍ਰਬੰਧ ਵੀ ਸਹੀ ਨਹੀਂ। ਚਾਰ ਚੁਫੇਰੇ ਰਿਸ਼ਵਤ ਦਾ ਬੋਲਬਾਲਾ ਹੈ। ਕੋਈ ਸਰਕਾਰੀ ਅਫਸਰ ਆਮ ਆਦਮੀ ਦੀ ਗੱਲ ਨਹੀਂ ਸੁਣਦਾ, ਮਸਲੇ ਤਾਂ ਕੀ ਹੱਲ ਕਰਨੇ ਹਨ।
ਅਜੇ ਤਕ ਪੰਜਾਬ ਦੇ ਮਸਲੇ ਉੱਥੇ ਦੇ ਉੱਥੇ ਖੜ੍ਹੇ ਹਨ। ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਕਿਉਂ ਨਹੀਂ ਪੂਰੇ ਕਰ ਰਹੀ?
-ਡਾ. ਨਰਿੰਦਰ ਭੱਪਰ
ਪਿੰਡ ਡਾਕਖਾਨਾ ਝਬੇਲਵਾਲੀ।
ਸ੍ਰੀ ਮੁਕਤਸਰ ਸਾਹਿਬ।
ਸਾਫ਼ ਸਫ਼ਾਈ ਦਾ ਬੁਰਾ ਹਾਲ
ਬਠਿੰਡਾ ਵਿਖੇ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ ਅਤੇ ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਟਿੱਪਰਾਂ ਵਾਲਿਆਂ ਦੀ ਲਗਾਤਾਰ ਹੜਤਾਲ ਹੋਣ ਕਰਕੇ ਬਠਿੰਡੇ ਸ਼ਹਿਰ ਵਿਚ ਸਫਾਈ ਦਾ ਬਹੁਤ ਬੁਰਾ ਹਾਲ ਹੈ। ਸਾਰੇ ਸਫਾਈ ਸੇਵਕ ਆਪਣਾ ਕੰਮ ਛੱਡ ਕੇ, ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਗੇਟ 'ਤੇ ਲਗਤਾਰ ਧਰਨਾ ਦੇ ਰਹੇ ਹਨ। ਪਰ ਨਗਰ ਨਿਗਮ ਸਫਾਈ ਸੇਵਕਾਂ ਅਤੇ ਕੂੜਾ ਚੁੱਕਣ ਵਾਲੇ ਟਿੱਪਰਾਂ ਵਾਲਿਆਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਮਸਲਾ ਹੱਲ ਨਹੀਂ ਕਰ ਰਿਹਾ। ਸਫਾਈ ਸੇਵਕਾਂ ਅਤੇ ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਹੋਣ ਕਰਕੇ ਲੋਕਾਂ ਦੇ ਘਰਾਂ ਵਿਚ ਬਹੁਤ ਕੂੜਾ ਜਮ੍ਹਾਂ ਹੋਇਆ ਪਿਆ ਹੈ। ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕੂੜੇ ਤੋਂ ਮੱਛਰਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਜੀਵ ਜੰਤੂ ਪੈਦਾ ਹੁੰਦੇ ਹਨ। ਜਿਨ੍ਹਾਂ ਦੇ ਲੜਨ ਕਰਕੇ ਕਈ ਤਰ੍ਹਾਂ ਦੇ ਬੁਖਾਰ, ਡੇਂਗੂ ਤੋਂ ਇਲਾਵਾ ਹੋਰ ਖ਼ਤਰਨਾਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਕੁਝ ਸਾਲ ਪਹਿਲਾਂ ਬਠਿੰਡਾਸਫਾਈ ਨੂੰ ਲੈ ਕੇ ਪੂਰੇ ਪੰਜਾਬ ਵਿਚ ਪਹਿਲੇ ਨੰਬਰ 'ਤੇ ਆਉਂਦਾ ਰਿਹਾ ਹੈ। ਨਗਰ ਨਿਗਮ ਦੀ ਅਫਸਰਸ਼ਾਹੀ ਅਤੇ ਨਗਰ ਨਿਗਮ ਦੇ ਲੋਕਾਂ ਵਲੋਂ ਚੁਣੇ ਮੈਂਬਰ ਆਪੋ-ਆਪਣੇ ਘਰਾਂ ਦਾ ਕੂੜਾ ਆਪਣੀ ਪਾਵਰ ਵਰਤ ਕੇ ਸਫਾਈ ਸੇਵਕਾਂ ਤੋਂ ਚੁਕਵਾ ਰਹੇ ਹਨ, ਪਰ ਲੋਕਾਂ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦੇ ਰਹੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਖੁਸ਼ਵੰਤ ਜਿੱਤ ਗਿਆ
ਕਿਸੇ ਨੂੰ ਜਿੱਤਣਾ ਸਭ ਤੋਂ ਜਜ਼ਬਾਤੀ ਕੰਮ ਹੁੰਦਾ ਹੈ। ਸੂਝਵਾਨ ਅਤੇ ਮੂਰਖ ਦੀ ਜਿੱਤ ਵਿਚ ਵੀ ਅੰਤਰ ਹੁੰਦਾ। ਖੇਡਾਂ, ਅਦਾਲਤੀ ਅਤੇ ਸਿਆਸੀ ਜਿੱਤਾਂ ਨਾਲੋਂ ਸਾਹਿਤਕ ਜਿੱਤ ਗੂੜ੍ਹਾ ਨਿੱਘ ਦਿੰਦੀ ਹੈ। ਖੁਸ਼ਵੰਤ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਸਮਕਾਲੀ ਸਾਹਿਤਕਾਰ ਸਨ। ਇਨ੍ਹਾਂ ਦਾ ਮੇਲ ਮਿਲਾਪ ਵੀ ਸਾਹਿਤ ਕਰਕੇ ਹੀ ਹੋਇਆ ਸੀ। ਅੰਮ੍ਰਿਤਾ ਪ੍ਰੀਤਮ ਦਾ ਨਾਵਲ 'ਪਿੰਜਰ' ਖੁਸ਼ਵੰਤ ਸਿੰਘ ਨੇ ਪੜ੍ਹ ਕੇ ਇਸ ਦੇ ਤਾਰੀਫ਼ ਵਾਲੇ ਸ਼ਬਦਾਂ ਦਾ ਖ਼ਤ ਅੰਮ੍ਰਿਤਾ ਵੱਲ ਭੇਜਿਆ। ਅੰਮ੍ਰਿਤਾ ਨੂੰ ਲੱਗਿਆ ਕਿ ਮੇਰੀ ਪਛਾਣ ਵਿਚ ਖੁਸ਼ਵੰਤ ਸਿੰਘ ਨੇ ਦੇਰੀ ਕੀਤੀ। ਸਾਹਿਤਕਾਰ ਨਿੱਘੇ, ਗੂੜ੍ਹੇ ਅਤੇ ਦੂਰਦਰਸ਼ੀ ਹੁੰਦੇ ਹਨ। ਇਸੇ ਲੜੀ ਤਹਿਤ ਅੰਮ੍ਰਿਤਾ ਦੇ ਅੰਦਰੋਂ ਪੁੰਗਾਰਾ ਫੁੱਟਿਆ ਕਿ ਕਦਰ ਤਾਂ ਭਾਵੇਂ ਦੇਰ ਨਾਲ ਕੀਤੀ, ਪਰ ਹਾਂ ਖੁਸ਼ਵੰਤ ਸਿੰਘ ਨੇ ਖ਼ਤ ਜ਼ਰੀਏ ਮੇਰੀ ਕਦਰ ਨੂੰ ਮੰਨਣ ਵਿਚ ਪਹਿਲ ਕੀਤੀ, ਇਸ ਲਈ ਖੁਸ਼ਵੰਤ ਜਿੱਤ ਗਿਆ। ਅੰਮ੍ਰਿਤਾ ਪ੍ਰੀਤਮ ਨੇ ਭੂਸ਼ਨ ਧਿਆਨਪੁਰੀ ਨੂੰ ਪੱਤਰ ਦਾ ਜਵਾਬ ਪੰਦਰਾਂ ਪੈਸੇ ਵਾਲੇ ਪੋਸਟ ਕਾਰਡ ਤੇ ਇਉਂ ਲਿਖਿਆ ਸੀ, 'ਅੰਦਾਜ਼-ਏ-ਭੂਸ਼ਨ ਨੂੰ ਮੇਰਾ ਸਲਾਮ ਆਖਣਾ' ਸਾਹਿਤਕ ਤਰੀਫ਼ ਦਾ ਤਰੀਕਾ ਅਤੇ ਛੋਟੇ ਵੱਡੇ ਨੂੰ ਵਡਿਆਉਣਾ ਆਪਣੇ ਹੀ ਅੰਦਾਜ਼ ਵਿਚ ਡੂੰਘੀਆਂ ਰਮਜ਼ਾਂ ਵਾਲਾ ਹੁੰਦਾ ਹੈ।
-ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ, ਰੂਪਨਗਰ
ਕਿਸਾਨੀ ਬਚਾਉਣ ਦੀ ਲੋੜ
ਅਖਬਾਰਾਂ ਦੀਆਂ ਸੁਰਖੀਆਂ 'ਚ ਅਕਸਰ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਹਿ ਵਡਿਆਇਆ ਜਾਂਦਾ ਹੈ, ਇਹ ਗੱਲ ਸੱਚੀ ਵੀ ਲੱਗਦੀ ਹੈ, ਪਰ ਜੇਕਰ ਪੁਰਾਤਨ ਕਾਲ ਤੋਂ ਲੈ ਕੇ ਹੁਣ ਤੱਕ ਵੇਖਿਆ ਜਾਵੇ ਤਾਂ ਕਿਸਾਨ ਦੇ ਅੰਨਦਾਤਾ ਹੋਣ ਵਾਲੀ ਗੱਲ ਸੱਚ ਤੋਂ ਕੋਹਾਂ ਦੂਰ ਤੇ ਝੂਠ ਦਾ ਇਕ ਪੁਲੰਦਾ ਜਾਪਦੀ ਹੈ, ਕਿਉਂਕਿ ਜੇ ਇਹ ਗੱਲ ਸੱਚ ਹੁੰਦੀ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤਾਂ ਸਾਹਿਤਕਾਰ ਇਹ ਕਦੇ ਨਾ ਲਿਖਦੇ 'ਜੱਟਾ ਤੇਰੀ ਜੂਨ ਬੁਰੀ'। ਵਾਕਿਆ ਹੀ। ਜੱਟ ਦੀ ਜੂਨ ਬਹੁਤ ਬੁਰੀ ਹੈ, ਕਿਉਂਕਿ ਜਿਣਸ ਮੰਡੀਆਂ 'ਚ ਤੁਲ ਨਹੀਂ ਰਹੀ, ਸਗੋਂ ਰੁਲ ਰਹੀ ਹੈ। ਪੁੱਤਾਂ ਵਾਂਗ ਪਾਲੀ ਸੋਨੇ ਜੇਹੀ ਫ਼ਸਲ ਨੂੰ ਵੇਚਣ ਵਾਸਤੇ ਅੰਨਦਾਤਾ ਡਾਢਾ ਖ਼ਫ਼ਾ ਹੈ। ਲੀਡਰ ਉੱਚੀ ਉੱਚੀ ਟਾਹਰਾਂ ਮਾਰਦੇ ਨਹੀਂ ਥੱਕਦੇ ਕਿ ਮੰਡੀਆਂ 'ਚੋ ਕਿਸਾਨ ਦੀ ਫ਼ਸਲ ਦਾ ਇਕ ਇਕ ਦਾਣਾ ਚੁੱਕਿਆ ਜਾ ਰਿਹਾ ਹੈ। ਪਰ ਅਸਲ ਹਕੀਕਤ ਤਾਂ ਕਿਸਾਨ ਹੀ ਬਿਆਨ ਕਰ ਸਕਦਾ ਹੈ। ਮੰਡੀਆਂ 'ਚ ਬਾਰਦਾਨੇ ਦੀ ਘਾਟ, ਝੋਨੇ ਦੀ ਨਮੀ 17 ਫ਼ੀਸਦੀ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਵਲੋਂ ਬੋਲੀ ਨਾ ਲਗਾਉਣਾ, ਲਿਫਟਿੰਗ ਨਾ ਹੋਣਾ ਤੇ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਤੈਅ ਮੁੱਲ (ਐੱਮਐੱਸਪੀ) ਤੋਂ ਘੱਟ ਮੁੱਲ 'ਤੇ ਖਰੀਦ ਕਰਨਾ ਆਦਿ ਮੁਸ਼ਕਿਲਾਂ ਸਾਡੇ ਅੰਨਦਾਤੇ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਕਈ-ਕਈ ਦਿਨਾਂ ਤੋਂ ਮੰਡੀਆਂ 'ਚ ਦਿਨ ਰਾਤ ਭੁੱਖਾ ਭਾਣਾ ਰੁਲਦਾ ਦੇਸ਼ ਦਾ ਅੰਨਦਾਤਾ ਸਰਕਾਰਾਂ ਤੇ ਅਫ਼ਸਰਸ਼ਾਹੀ ਦੇ ਤਰਲੇ ਮਾਰਨ ਲਈ ਮਜਬੂਰ ਹੈ। ਸਰਕਾਰਾਂ ਦੀਆਂ ਨੀਤੀਆਂ ਕਿਸਾਨ ਪੱਖੀ ਨਾ ਹੋਣ ਕਰਕੇ ਦੇਸ਼ ਦਾ ਅੰਨਦਾਤਾ ਦੀਵਾਲੀ ਵਰਗੇ ਮਹੱਤਵਪੂਰਨ ਤਿਉਹਾਰ ਆਪਣੇ ਪਰਿਵਾਰਾਂ ਨਾਲ ਘਰਾਂ 'ਚ ਨਹੀਂ ਮਨਾ ਸਕੇ। ਪਰ ਸਾਡੀ ਸਰਕਾਰ ਤੇ ਅਫ਼ਸਰਸ਼ਾਹੀ ਦੇ ਸਿਰ ਉੱਤੇ ਜੂੰਅ ਤੱਕ ਨਹੀਂ ਸਰਕ ਰਹੀ। ਉਹ ਆਪਣੀ ਜਿਣਸ ਦਾ ਵਾਜਬ ਮੁੱਲ ਲਵਾਉਣ ਵਾਸਤੇ ਸੜਕਾਂ 'ਤੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਤੇ ਲਾਚਾਰ ਹੋਇਆ ਬੇਵੱਸ ਨਜ਼ਰ ਆ ਰਿਹਾ ਹੈ। ਇਹ ਹੈ ਮੇਰੇ ਦੇਸ਼ ਦੇ ਅੰਨਦਾਤਾ ਦੀ ਅਸਲ ਤਸਵੀਰ।
-ਲੈਕ: ਅਜੀਤ ਖੰਨਾ
ਵਧੀਆ ਲੇਖ
ਪਿਛਲੇ ਦਿਨੀਂ ਅਜੀਤ ਮੈਗਜ਼ੀਨ ਵੱਖ-ਵੱਖ ਵਿਧਾਵਾਂ ਦੀਆ ਲਿਖਤਾਂ ਨਾਲ ਛਪ ਕੇ ਸਾਡੇ ਵਿਹੜੇ ਆਇਆ। ਡਾ. ਬਿਕਰਮ ਸਿੰਘ ਵਿਰਕ ਦਾ ਟਾਟਾ ਬਾਰੇ ਲਿਖਿਆ ਲੇਖ ਸਹੀ ਅਰਥਾਂ ਵਿਚ 'ਭਾਰਤ ਰਤਨ' ਸੀ। ਰਤਨ ਟਾਟਾ 'ਤੇ ਪੜ੍ਹਨ ਨੂੰ ਮਿਲਿਆ। ਜਿਸ ਵਿਚ ਟਾਟਾ ਦੇ ਜੀਵਨ ਕਾਲ ਅਤੇ ਕਾਰੋਬਾਰ ਬਾਰੇ ਜਾਣਕਾਰੀ ਪੜ੍ਹਨ ਨੂੰ ਮਿਲੀ, ਅਜਿਹੇ ਵੱਡੇ ਕਾਰੋਬਾਰੀ, ਦਾਨਵੀਰ ਅਤੇ ਵਿੱਦਿਆਦਾਨੀ ਦੇ ਸਫਲ ਜੀਵਨ ਤੋਂ ਵੱਡੀਆਂ ਸੇਧਾਂ ਮਿਲਦੀਆਂ ਹਨ। ਇਸੇ ਅੰਕ 'ਚ ਤੀਰਥੰਕਰ ਮਿੱਤਰਾ ਦੀ ਲਿਖਤ 'ਜ਼ਿੰਦਗੀ ਨੂੰ ਬੇਬਾਕੀ ਨਾਲ ਜਿਊਣ ਵਾਲੀ ਅਭਿਨੇਤਰੀ ਰੇਖਾ' ਸਿਰਲੇਖ ਤਹਿਤ ਪੜ੍ਹਨ ਨੂੰ ਮਿਲੀ। ਜਿਸ ਵਿਚ ਪ੍ਰਸਿੱਧ ਅਭਿਨੇਤਰੀ ਰੇਖਾ ਦੀ ਅਦਾਕਾਰੀ ਤੇ ਜੀਵਨਸ਼ੈਲੀ ਬਾਰੇ ਪੜ੍ਹ ਕੇ ਆਮ-ਗਿਆਨ 'ਚ ਵਾਧਾ ਹੋਇਆ। ਅਜਿਹੇ ਅਦਾਕਾਰ ਆਪਣੀ ਵਿਲੱਖਣ ਅਤੇ ਅਨੋਖੀ ਯਾਦਗਾਰੀ ਅਦਾਕਾਰੀ ਦੇ ਕਾਰਨ ਹਮੇਸ਼ਾ ਲਈ ਲੋਕਾਂ ਦੇ ਦਿਲ ਰਾਜ ਕਰਦੇ ਹਨ। ਇਕ ਦਰਜਨ ਕਿਤਾਬਾਂ ਦੇ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਕੁਲ ਮਿਲਾ ਕੇ 13 ਅਕਤੂਬਰ ਦਾ ਅਜੀਤ ਮੈਗਜ਼ੀਨ ਬਹੁਤ ਕੁਝ ਕਾਬਲੇ ਗੌਰ ਅਤੇ ਕਾਬਲੇ ਤਾਰੀਫ ਲਿਖਤਾਂ ਨਾਲ ਓਤ-ਪਰੋਤ ਹੋ ਪਾਠਕਾਂ ਨੂੰ ਪੜ੍ਹਨ, ਸਮਝਣ ਅਤੇ ਸਾਂਭਣਯੋਗ ਸਮੱਗਰੀ ਦੇ ਗਿਆ ਹੈ।
-ਐੱਸ.ਮੀਲੂ. ਫਰੌਰ।
ਪਰਾਲੀ ਨੂੰ ਅੱਗ
ਇਹ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਜਦੋਂ ਅਸੀਂ ਸਰਕਾਰਾਂ ਦੀਆਂ ਨੀਤੀਆਂ ਨੂੰ ਵੇਖਦੇ ਹਾਂ ਕਿਉਂਕਿ ਵੱਡੇ-ਵੱਡੇ ਰੋਟਾਵੇਟਰ, ਸੁਪਰਸੀਡਰ ਹਰ ਕਿਸਾਨ ਨਹੀਂ ਖ਼ਰੀਦ ਸਕਦਾ ਭਾਵੇਂ ਸਰਕਾਰ ਇਨ੍ਹਾਂ ਉੱਪਰ ਸਬਸਿਡੀ ਦਿੰਦੀ ਹੈ ਤੇ ਇਨ੍ਹਾਂ ਨੂੰ ਚਲਾਉਣ ਵਾਸਤੇ ਵੱਡੇ ਟਰੈਕਟਰਾਂ ਦੀ ਜ਼ਰੂਰਤ ਪੈਂਦੀ ਹੈ, ਜਦਕਿ ਪੰਜਾਬ ਵਿਚ ਜ਼ਿਆਦਾਤਰ ਛੋਟੇ ਕਿਸਾਨ ਹਨ ਉਹ ਵੱਡੇ-ਵੱਡੇ ਟਰੈਕਟਰਾਂ ਨੂੰ ਖਰੀਦਣ ਵਾਸਤੇ ਪੈਸਾ ਕਿੱਥੋਂ ਲਿਆਉਣਗੇ, ਫਿਰ ਸੁਪਰ ਸੀਡਰ ਵਰਗੇ ਉਪਕਰਨਾਂ ਦੀ ਤਾਂ ਗੱਲ ਦੂਰ ਹੈ ।
ਅੱਜਕੱਲ੍ਹ ਪਰਾਲੀ ਨੂੰ ਇਕੱਠਾ ਕਰਕੇ ਗੰਢਾਂ ਬਣਾ ਕੇ ਟਰੈਕਟਰ ਟਰਾਲੀਆਂ ਵਿਚ ਭਰ ਕੇ ਖੇਤ ਖਾਲੀ ਕੀਤੇ ਜਾ ਰਹੇ ਹਨ, ਪਰ ਸੁਣ ਕੇ ਹੈਰਾਨੀ ਹੋਵੇਗੀ ਲਗਭਗ 300 ਰੁਪਏ ਪ੍ਰਤੀ ਵਿੱਘਾ ਕਿਸਾਨ ਨੂੰ ਦੇਣਾ ਪੈ ਰਿਹਾ ਕਿ ਮੇਰੇ ਖੇਤ ਵਿਚੋਂ ਤੁਸੀਂ ਪਰਾਲੀ ਲੈ ਕੇ ਜਾਓ ਅਤੇ ਉਹ ਲੋਕ ਅੱਗੇ ਫੈਕਟਰੀਆਂ ਵਿਚ ਵੇਚ ਦਿੰਦੇ ਹਨ।
ਜੋ ਲੋਕ ਕਿਸਾਨ ਦਾ ਖੇਤ ਖਾਲੀ ਕਰਦੇ ਹਨ ਪਰਾਲੀ ਚੁੱਕਦੇ ਹਨ ਉਨ੍ਹਾਂ ਦੀ ਦੋਨੇ ਪਾਸੋਂ ਚਾਂਦੀ ਹੁੰਦੀ ਹੈ, ਕਿਉਂਕਿ ਇਧਰ ਉਹ ਕਿਸਾਨ ਕੋਲੋਂ ਪੈਸੇ ਲੈਂਦੇ ਹਨ ਤੇ ਉਧਰ ਫੈਕਟਰੀ ਦੇ ਵਿਚ ਜਾ ਕੇ ਉਹ ਪਰਾਲੀ ਨੂੰ ਵੇਚ ਦਿੰਦੇ ਹਨ।
ਵੈਸੇ ਸਰਕਾਰ ਫਸਲੀ ਚੱਕਰ 'ਤੇ ਵੀ ਧਿਆਨ ਦੇ ਰਹੀ ਹੈ, ਜੇਕਰ ਹੋਰ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦਿੰਦੀ ਹੈ ਤੇ ਕਿਸਾਨ ਉਹੀ ਬੀਜੇਗਾ,ਪਰ ਸਰਕਾਰ ਨੂੰ ਉਨ੍ਹਾਂ ਫਸਲਾਂ ਦੇ ਮੰਡੀਕਰਨ 'ਤੇ ਵੀ ਧਿਆਨ ਦੇਣਾ ਪਵੇਗਾ। ਇਸ ਨਾਲ ਆਪਣਾ ਵਾਤਾਵਰਨ ਅਤੇ ਧਰਤੀ ਹੇਠਲਾ ਪਾਣੀ ਦੋਨੋਂ ਬਚਣਗੇ ।
ਹੁਣ ਇਹ ਸਮਾਂ ਹੀ ਦੱਸੇਗਾ ਕਿ ਸਰਕਾਰ ਪਰਾਲੀ ਦੇ ਮੁੱਦੇ ਉੱਪਰ ਕਿੰਨੀ ਕੁ ਸੰਵੇਦਨਾ ਨਾਲ ਕੰਮ ਕਰੇਗੀ।
-ਡਾ. ਕਰਨਵੀਰ ਸਿੰਘ ਘਨੌਰੀ
ਸਰਕਾਰੀ ਸਕੂਲਾਂ ਦਾ ਹਾਲ
ਅੱਜ ਕੀ ਕੰਮ ਮਿਲਿਆ? ਮੈਂ ਕੋਲ ਬੈਠੀ ਕੁੜੀ ਨੂੰ ਪੁੱਛਿਆ, ਜੋ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਸੀ। ਕੁਝ ਵੀ ਨਹੀ ਦੀਦੀ ਅੱਜ ਸਕੂਲ 'ਚ ਬਿਜਲੀ ਨਹੀਂ ਸੀ ਤਾਂ ਅਧਿਆਪਕਾਂ ਨੇ ਪੜ੍ਹਾਇਆ ਹੀ ਨਹੀਂ। ਕਿਉਂ ਥੋਡੇ ਸਕੂਲ ਦੇ ਅਧਿਆਪਕ ਬਿਜਲੀ ਤੇ ਚਲਦੇ ਆ। ਕੋਲ ਬੈਠੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਮਜ਼ਾਕ ਕਰਦਿਆਂ ਆਖਿਆ, ਪਿਛਲੇ ਇਕ ਮਹੀਨੇ ਤੋ ਮੈਂ ਰੋਜ਼ ਕੰਮ ਨਾ ਮਿਲਣ ਦੇ ਨਵੇਂ ਹੀ ਬਹਾਨੇ ਸੁਣ ਰਹੀ ਸੀ। ਹੋਰ ਤਾਂ ਹੋਰ ਚੌਥੀ ਕਲਾਸ ਵਿਚ ਪੜ੍ਹ ਰਹੀ ਸੰਦੀਪ ਨੂੰ ਆਪਣਾ ਨਾਂਅ ਤੱਕ ਵੀ ਨਹੀਂ ਸੀ ਲਿਖਣਾ ਆਉਂਦਾ। ਮੈਨੂੰ ਲੱਗਦਾ ਸਰਕਾਰੀ ਤੇ ਪ੍ਰਾਇਮਰੀ ਸਕੂਲਾ ਦੇ ਅਧਿਆਪਕਾਂ ਨੂੰ ਬੱਸ ਨੌਕਰੀਆਂ ਲੈਣ ਦਾ ਹੀ ਸ਼ੌਕ ਆ ਪੜ੍ਹਾਉਣ ਦਾ ਨ੍ਹੀ। ਹਰ ਇਕ ਨਵੀਂ ਸਰਕਾਰ ਵੀ ਇਹੀ ਕਹਿੰਦੀ ਕਿ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਗੇ, ਪਰ ਅਫਸੋਸ ਕਿ ਉਨ੍ਹਾਂ ਦਾ ਧਿਆਨ ਸਿਰਫ ਇਮਾਰਤਾਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ।ਅਧਿਆਪਕਾਂ ਜਾਂ ਬੱਚਿਆ ਵੱਲ ਨਹੀਂ ਤੇ ਨਾ ਹੀ ਉਥੇ ਮਿਲ ਰਹੀ ਸਿੱਖਿਆ ਵੱਲ।
-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫ਼ਿਰੋਜ਼ਪੁਰ।
ਭਾਰਤ ਕੈਨੇਡਾ ਦੇ ਵਿਗੜਦੇ ਰਿਸ਼ਤੇ
ਅਜੀਤ ਦੀ ਸੰਪਾਦਕੀ 'ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤੇ' ਵਿਚ ਸਤਿਕਾਰਯੋਗ ਡਾ. ਬਰਜਿੰਦਰ ਸਿੰਘ ਹਮਦਰਦ ਜੀ ਨੇ ਭਾਰਤ ਤੇ ਕੈਨੇਡਾ ਵਿਚਾਲੇ ਮੌਜੂਦਾ ਤਣਾਅ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਤਣਾਅ ਨੂੰ ਘੱਟ ਕਰਨ ਦਾ ਸੁਝਾਅ ਵੀ ਦਿੱਤਾ ਹੈ। ਇਹ ਸੰਪਾਦਕੀ ਬਹੁਤ ਹੀ ਗਿਆਨ ਭਰਪੂਰ ਹੈ। ਕੈਨੇਡਾ ਪੰਜਾਬੀਆਂ ਦੀ ਸੁਪਨ ਨਗਰੀ ਹੈ ਅਤੇ ਹਰ ਪੰਜਾਬੀ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰੀ ਕੈਨੇਡਾ ਜ਼ਰੂਰ ਜਾਵੇ। ਅੰਕੜਿਆਂ ਅਨੁਸਾਰ ਇਸ ਸਮੇਂ ਕੈਨੇਡਾ ਵਿਚ ਕਰੀਬ 7 ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਹਨ ਅਤੇ ਕੈਨੇਡਾ ਦੇ ਕਈ ਇਲਾਕੇ ਤਾਂ ਪੰਜਾਬੀਆਂ ਦੇ ਗੜ੍ਹ ਹਨ, ਜਿਨ੍ਹਾਂ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਪੰਜਾਬ ਤੋਂ ਬਾਅਦ ਵੱਡੀ ਗਿਣਤੀ ਪੰਜਾਬੀ ਕੈਨੇਡਾ ਵਿਚ ਹੀ ਵਸਦੇ ਹਨ ਅਤੇ ਪੰਜਾਬ ਆ ਕੇ ਖ਼ਰੀਦਦਾਰੀ ਕਰਕੇ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ। ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਪੰਜਾਬ ਵਿਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਡਾਲਰ ਜਾਂ ਰੁਪਏ ਭੇਜੇ ਜਾਂਦੇ ਹਨ, ਜੋ ਕਿ ਪੰਜਾਬ ਨੂੰ ਆਰਥਿਕ ਪੱਧਰ 'ਤੇ ਮਜ਼ਬੂਤ ਕਰਦੇ ਹਨ। ਕੈਨੇਡਾ ਭਾਵੇਂ ਗੋਰਿਆਂ ਦਾ ਮੁਲਕ ਹੈ, ਪਰ ਪੰਜਾਬੀਆਂ ਨੂੰ ਉਹ ਹੁਣ ਆਪਣਾ ਹੀ ਦੂਜਾ ਘਰ ਲੱਗਣ ਲੱਗ ਪਿਆ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਤਾਜ਼ਾ ਕੂਟਨੀਤਕ ਤਣਾਅ ਕਾਰਨ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਪੰਜਾਬ ਰਹਿੰਦੇ ਪਰਿਵਾਰ ਚਿੰਤਤ ਹਨ ਅਤੇ ਇਨ੍ਹਾਂ ਪੰਜਾਬੀਆਂ ਨੂੰ ਚਿੰਤਾ ਹੋ ਰਹੀ ਹੈ ਕਿ ਕਿਤੇ ਉਨ੍ਹਾਂ ਨੂੰ ਕੈਨੇਡਾ ਦੇ ਵੀਜ਼ੇ ਮਿਲਣ ਵਿਚ ਮੁਸ਼ਕਿਲ ਨਾ ਆਉਣ ਲੱਗੇ। ਆਪਸੀ ਤਣਾਅ ਸਮਾਪਤ ਕਰਨ ਲਈ ਦੋਵੇਂ ਦੇਸ਼ਾਂ ਨੂੰ ਹੀ ਆਪਸੀ ਸਹਿਮਤੀ ਨਾਲ ਸਾਂਝੇ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਦੁਵੱਲੇ ਸਬੰਧ ਮਿੱਤਰਤਾਪੂਰਨ ਬਣਨ।
-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61-ਏ ਵਿੱਦਿਆ ਨਗਰ, ਪਟਿਆਲਾ।
ਅੰਨਦਾਤੇ ਦੀ ਬੇਕਦਰੀ
ਪਿਛਲੇ ਕੁਝ ਦਿਨਾਂ ਤੋਂ ਅਖ਼ਬਾਰਾਂ ਨੇ ਅੰਨਦਾਤੇ ਦੀ ਤਰਜਮਾਨੀ ਕਰਕੇ ਸਰਕਾਰ ਨੂੰ ਮੌਕਾ ਸਾਂਭਣ ਦੀ ਨਸੀਹਤ ਦਿੱਤੀ ਹੈ। ਇਹ ਤਾਂ ਮੌਸਮ ਦੀ ਮਿਹਰਬਾਨੀ ਹੈ ਜੋ ਠੀਕ ਰਿਹਾ ਨਹੀਂ ਤਾਂ ਸਰਕਾਰ ਦੇ ਅਕਸ ਨੂੰ ਹੋਰ ਵੀ ਢਾਹ ਲੱਗ ਜਾਣੀ ਸੀ। ਝੋਨੇ ਦੀ ਖਰੀਦਦਾਰੀ ਤੁਰੰਤ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨ ਦੇ ਹੌਸਲੇ ਬੁਲੰਦ ਰਹਿਣ। ਬਿਨਾਂ ਸ਼ੱਕ ਪੰਜਾਬ ਸਰਕਾਰ ਦੇ ਉਪਰਾਲੇ ਜਾਰੀ ਹਨ, ਪਰ ਸਿਆਸੀ ਸੌੜ ਸਾਜਿਸ਼ ਵੀ ਜਾਪਦੀ ਹੈ। ਕੁਝ ਵੀ ਹੋਵੇ ਮੁੱਖ ਮੰਤਰੀ ਸਾਹਿਬ ਦੇ ਭਰੋਸਾ ਵਧਾਉਣ ਵਾਲੇ ਯਤਨਾਂ ਵਿਚ ਅੜਿੱਕੇ ਪਾਉਣ ਨਾਲੋਂ ਗੰਭੀਰ ਸੰਕਟ ਮਿਲ ਬੈਠ ਕੇ ਮੌਸਮ ਦੀ ਕਰੋਪੀ ਹੋਣ ਤੋਂ ਪਹਿਲਾਂ ਮਾਮਲਾ ਨਿਬੇੜਿਆ ਜਾਵੇ। ਅੰਨਦਾਤੇ ਦੀ ਬੇਕਦਰੀ ਰੋਕਣ ਅਤੇ ਭਰੋਸਾ ਜਿੱਤਣਾ ਸਰਕਾਰ ਲਈ ਭਵਿੱਖੀ ਸੰਕਟਾਂ ਤੋਂ ਬਚਾਅ ਕਰ ਸਕਦਾ ਹੈ। ਫ਼ਸਲ ਦੀ ਵੇਚ ਵੱਟ ਤੋਂ ਬਿਨਾਂ ਮੰਡੀਆਂ 'ਚ ਜੱਟ ਅਤੇ ਚੁੱਲ੍ਹੇ ਮੂਹਰੇ ਔਰਤ ਰੁਲਦੀ ਹੀ ਰਹੇਗੀ। ਅੰਨਦਾਤੇ ਦੀ ਬੇਕਦਰੀ ਰੋਕਣ ਲਈ ਸਰਕਾਰ ਉਪਰਾਲੇ ਹੋਰ ਵੀ ਤੇਜ਼ ਕਰੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਸੁੰਦਰਤਾ ਦੀ ਅਹਿਮੀਅਤ
ਅਸੀਂ ਹਰ ਤਰ੍ਹਾਂ ਦੇ ਰੰਗ ਦਾ ਆਨੰਦ ਮਾਣਦੇ ਹਾਂ, ਸਮਾਜ ਵਿਚ ਵਿਚਰਦਿਆਂ। ਸੁੰਦਰ ਚਿਹਰਾ ਸਾਨੂੰ ਜਲਦੀ ਹੀ ਆਪਣੀ ਤਰਫ਼ ਖਿੱਚ ਲੈਂਦਾ ਹੈ। ਅਸੀਂ ਅਜਿਹੇ ਵਿਅਕਤੀ ਦੇ ਮੋਹ ਜਾਲ ਵਿਚ ਬੰਨ੍ਹੇ ਜਾਂਦੇ ਹਾਂ। ਪਰ ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਜ਼ਿਆਦਾ ਸੋਹਣੀ ਹੁੰਦੀ ਹੈ। ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਇਕ ਚੰਗੇ ਇਨਸਾਨ ਦੀ ਸੁੰਦਰਤਾ ਦੀਆਂ ਨਿਸ਼ਾਨੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੋ ਲੋਕ ਬਾਹਰੋਂ ਸੋਹਣੇ ਹੁੰਦੇ ਹਨ, ਉਹ ਅੰਦਰਲੋਂ ਕਾਲੇ ਦਿਲ ਵਾਲੇ ਹੁੰਦੇ ਹਨ। ਉਨ੍ਹਾਂ ਅੰਦਰ ਦੂਜਿਆਂ ਦਾ ਸਤਿਕਾਰ ਕਰਨ ਦੀ ਭਾਵਨਾ ਨਾ ਬਰਾਬਰ ਹੁੰਦੀ ਹੈ। ਉਹ ਸੁੰਦਰਤਾ ਕਾਰਨ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ। ਇਨਸਾਨ ਦੀ ਸੋਚ ਵਧੀਆ ਹੋਣੀ ਚਾਹੀਦੀ ਹੈ। ਇਹ ਸੁੰਦਰਤਾ ਚਿਹਰੇ 'ਤੇ ਨਿਰਭਰ ਨਹੀਂ ਕਰਦੀ। ਕਈ ਬੰਦੇ ਏਨੇ ਸੋਹਣੇ ਹੁੰਦੇ ਹਨ, ਪਰ ਉਨ੍ਹਾਂ ਦੀ ਬੋਲਬਾਣੀ ਦੂਜਿਆਂ ਦਾ ਤਨ ਮਨ ਫੂਕ ਦਿੰਦੀ ਹੈ। ਜੇ ਸਾਡੇ ਅੰਦਰ ਚੰਗੇ ਗੁਣ ਨਹੀਂ ਹਨ ਤਾਂ ਅਜਿਹੀ ਸੁੰਦਰਤਾ ਦਾ ਕੀ ਫਾਇਦਾ? ਚਿਹਰੇ ਦੀ ਸੁੰਦਰਤਾ ਸਮੇਂ ਨਾਲ ਘਟਦੀ ਜਾਂਦੀ ਹੈ ਪਰ ਹਿਰਦੇ ਦੀ ਸੁੰਦਰਤਾ ਹੈ, ਉਹ ਹਮੇਸ਼ਾ ਹੀ ਅਮਰ ਰਹਿੰਦੀ ਹੈ।
-ਸੰਜੀਵ ਸਿੰਘ ਸੈਣੀ ਮੁਹਾਲੀ।
ਪਖੰਡੀਆਂ ਦਾ ਸਾਮਰਾਜ
ਅੱਜ ਦਾ ਯੁਗ ਜਿਥੇ ਵਿਗਿਆਨਕ ਤੌਰ 'ਤੇ ਤਰੱਕੀ ਕਰਦਾ ਜਾ ਰਿਹਾ ਹੈ, ਪਰ ਦੂਜੇ ਪਾਸੇ ਪਖੰਡੀਆਂ ਦਾ ਸਾਮਰਾਜ ਵੀ ਵਧਦਾ-ਫੁਲਦਾ ਜਾ ਰਿਹਾ ਹੈ। ਦੁੱਖ ਦੀ ਗੱਲ ਇਙ ਹੈ ਕਿ ਇਸ ਸਾਮਰਾਜ ਦਾ ਸ਼ਿਕਾਰ ਅਨਪੜ੍ਹ ਹੀ ਨਹੀਂ ਸਗੋਂ ਪੜ੍ਹਿਆ-ਲਿਖਿਆ ਤਬਕਾ ਵੀ ਹੋ ਰਿਹਾ ਹੈ।
ਇਨ੍ਹਾਂ ਲੋਕਾਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਇਹ ਭੂਤਾਂ-ਪ੍ਰੇਤਾਂ ਦੇ ਨਾਂਅ 'ਤੇ ਲੋਕਾਂ ਦੀ ਭੀੜ ਨੇ ਵੀ ਕਤਲ ਕਰਨ ਤੋਂ ਝਿਜਕ ਨਹੀਂ ਦਿਖਾ ਰਹੇ। ਇਨ੍ਹਾਂ ਦੇ ਅਜਿਹੇ ਕਾਰਨਾਮਿਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹਨ। ਤਾਜ਼ੀ ਘਟਨਾ ਬਟਾਲਾ ਦੇ ਪਿੰਡ ਸਿੰਘਪੁਰਾ ਦੀ ਹੈ ਜਿਥੇ ਭੂਤਾਂ ਦੇ ਨਾਂਅ 'ਤੇ ਲੋਕਾਂ ਦੀ ਭੀੜ ਵਿਚ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਇਕ ਦਾਦਾ-ਦਾਦੀ ਨੇ ਅਜਿਹੇ ਲੋਕਾਂ ਦੇ ਝਾਂਸੇ 'ਚ ਆ ਕੇ ਬਲੀ ਦੇ ਨਾਂਅ 'ਤੇ ਨੰਨ੍ਹੇ-ਮੁੰਨੇ ਪੋਤਾ-ਪੋਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦ ਬੱਚਿਆਂ ਦੀ ਮਾਂ ਬੱਚਿਆਂ ਨੂੰ ਬਚਾਉਣ ਲਈ ਆਈ ਤਾਂ ਉਸ ਨੂੰ ਵੀ ਅਧ-ਮੋਇਆ ਕਰ ਦਿੱਤਾ। ਇਸੇ ਤਰ੍ਹਾਂ ਮੋਗੇ ਦੇ ਇਕ ਪਿੰਡ 'ਚ ਔਰਤ ਤਾਂਤਰਿਕ ਨੇ ਇਕ 8-10 ਸਾਲ ਦੀ ਬੱਚੀ ਨੂੰ ਪੂਰੇ ਪਿੰਡ ਦੀ ਹਾਜ਼ਰੀ 'ਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਲੋਕ ਆਪਣੇ ਬੱਚਿਆਂ ਨੂੰ ਇਨ੍ਹਾਂ ਹੱਥੋਂ ਮਰਵਾਉਂਦੇ ਰਹਿਣਗੇ। ਪ੍ਰਸ਼ਾਸਨ ਤੇ ਇਨਸਾਫ਼ ਪਸੰਦ ਲੋਕ ਕਦ ਤੱਕ ਇਸ ਜ਼ੁਲਮ ਨੂੰ ਅੱਖੀਂ ਵੇਖਦੇ ਰਹਿਣਗੇ।
-ਬੰਤ ਸਿੰਘ ਘੁਡਾਣੀ
ਲੁਧਿਆਣਾ।
ਸਮੇਂ ਦੀ ਬੱਚਤ
ਅਕਸਰ ਅਸੀਂ ਦੇਖਦੇ ਹਾਂ ਕਿ ਫਾਟਕ ਬੰਦ ਹੋਣ 'ਤੇ ਕਿਵੇਂ ਟਰੈਫਿਕ ਜਾਮ ਹੁੰਦਾ ਹੈ। ਸਾਨੂੰ ਫਾਟਕ ਬੰਦ ਹੋਣ 'ਤੇ ਜ਼ਰੂਰ ਰੁਕਣਾ ਪੈਂਦਾ ਹੈ। ਅਸੀਂ ਖੜ੍ਹੇ-ਖੜ੍ਹੇ ਦੇਖਦੇ ਹਾਂ ਕਿ ਕਿਵੇਂ ਲੋਕ ਇਕ ਦੂਸਰੇ ਤੋਂ ਅੱਗੇ ਵਧ ਕੇ ਆਪੋ-ਆਪਣਾ ਵਹੀਕਲ ਅੱਗੇ ਲੈ ਜਾਂਦੇ ਹਨ ਤੇ ਪੂਰੀ ਸੜਕ ਰੋਕ ਦਿੰਦੇ ਹਨ। ਆਪਣੀ ਲਾਈਨ ਵਿਚ ਬਹੁਤ ਘੱਟ ਲੋਕ ਖੜ੍ਹਦੇ ਹਨ। ਜੋ ਜ਼ਿਆਦਾਤਰ ਅੱਗੇ ਵਧ ਕੇ ਪੂਰਾ ਰਸਤਾ ਹੀ ਰੋਕ ਦਿੰਦੇ ਹਨ। ਇਹ ਮਾਹੌਲ ਦੋਨੋਂ ਪਾਸੇ ਹੀ ਹੁੰਦਾ ਹੈ, ਜਦੋਂ ਟ੍ਰੇਨ ਗੁਜ਼ਰਦੀ ਹੈ ਤਾਂ ਫਾਟਕ ਖੁਲ੍ਹਦੇ ਹੀ ਹਰ ਕੋਈ ਬਹੁਤ ਕਾਹਲੀ ਵਿਚ ਅੱਗੇ ਵੱਧਦਾ ਹੈ। ਦੋਹਾਂ ਪਾਸਿਆਂ ਤੋਂ ਬਰਾਬਰ ਆਉਣ-ਜਾਣ ਵਾਲੇ ਇਕ ਦੂਸਰੇ ਦਾ ਰਸਤਾ ਰੋਕ ਕੇ ਆਪਣਾ ਤੇ ਦੂਜਿਆਂ ਦਾ ਕਿੰਨਾ ਟਾਈਮ ਖ਼ਰਾਬ ਕਰਦੇ ਹਨ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਹਮਣੇ ਆਉਣ ਜਾਣ ਵਾਲਾ ਰਸਤਾ ਖਾਲੀ ਛੱਡ ਕੇ ਲਾਈਨ ਵਿਚ ਆਪੋ-ਆਪਣਾ ਵਹੀਕਲ ਖੜ੍ਹਾਵੇ ਤਾਂ ਹਰ ਕੋਈ ਆਸਾਨੀ ਨਾਲ ਲੰਘ ਕੇ ਆਪਣੇ ਟਾਈਮ ਦੀ ਬੱਚਤ ਕਰ ਸਕਦਾ ਹੈ।
-ਬਰਿੰਦਰ ਮਸੌਣ ਧੂਰੀ।
ਨਸ਼ੇ ਦੀ ਹਕੀਕਤ
ਪੰਜਾਬ ਵਿਚ ਹਰ ਪੰਜ ਸਾਲ ਬਾਅਦ ਰਾਜ ਦੀ ਸੱਤਾ ਦਾ ਪਰਿਵਰਤਨ ਹੁੰਦਾ ਹੈ, ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਅਤੇ ਲੀਡਰ ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦਿਆਂ ਪੰਜਾਬ ਨੂੰ ਸਵਰਗ ਬਣਾਉਣ ਤੇ ਨਸ਼ਾ ਮੁਕਤ ਬਣਾਉਣ ਦੇ ਲਾਰੇ ਲਗਾਉਂਦੇ ਹਨ, ਜੋ ਸਿਰਫ਼ ਲਾਰੇ ਹੀ ਰਹਿ ਜਾਂਦੇ ਹਨ। ਪੰਜਾਬ ਲੰਮੇ ਸਮੇਂ ਤੋਂ ਮੈਡੀਕਲ ਅਤੇ ਕੈਮੀਕਲ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ, ਪਰ ਹਾਲੇ ਤੱਕ ਸਥਿਤੀ ਜਿਉਂ ਦੀ ਤਿਉਂ ਹੈ। ਵਿਰੋਧੀ ਧਿਰ ਵਿਚ ਹੁੰਦਿਆਂ ਜੋ ਲੀਡਰ ਦੂਸਰੇ ਸਿਆਸੀ ਆਗੂਆਂ 'ਤੇ ਨਸ਼ਾ ਵੇਚਣ ਤੇ ਵਿਕਾਉਣ ਦੇ ਦੋਸ਼ ਲਗਾਉਂਦੇ ਹਨ ਤੇ ਖ਼ੁਦ ਸੱਤਾ ਵਿਚ ਆਉਣ ਤੋਂ ਬਾਅਦ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਨਸ਼ਾ ਬੰਦ ਹੋਣ ਦੇ ਸਿਆਸੀ ਦਾਅਵੇ ਕਰਦੇ ਹਨ। ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲੋਕ ਸਭਾ ਮੈਂਬਰ ਹੁੰਦਿਆਂ ਪੰਜਾਬ ਸਰਕਾਰ ਦੇ ਉਸ ਸਮੇਂ ਦੇ ਮੰਤਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਰਹੇ ਸਨ ਅਤੇ ਨਸ਼ਾ 24 ਘੰਟਿਆਂ ਵਿਚ ਬੰਦ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੇ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਨਸ਼ਾ ਬੰਦ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਹਾਲੇ ਤੱਕ ਉਨ੍ਹਾਂ 'ਤੇ ਅਮਲ ਨਹੀਂ ਹੋਇਆ ਤੇ ਹਾਲੇ ਵੀ ਨੌਜਵਾਨ ਟੀਕੇ ਲਗਾ ਕੇ ਮਰ ਰਹੇ ਹਨ। ਲੋਕਾਂ ਵਲੋਂ ਬਦਲਾਅ ਦੇ ਨਾਂਅ 'ਤੇ ਦਿੱਤਾ ਗਿਆ ਵੋਟ ਉਨ੍ਹਾਂ ਦੀਆਂ ਉਮੀਦਾਂ 'ਤੇ ਖ਼ਰਾ ਨਹੀਂ ਉਤਰਿਆ। ਹੁਣ ਸਮਾਂ ਹੈ ਕਿ 'ਆਪ' ਸਰਕਾਰ ਨਸ਼ੇ ਬਾਰੇ ਸਖ਼ਤੀ ਨਾਲ ਕੰਮ ਕਰੇ ਅਤੇ ਇਸ ਨੂੰ ਠੱਲ੍ਹ ਪਾਵੇ।
-ਰਾਮ ਸਿੰਘ ਕਲਿਆਣ
ਪਿੰਡ ਕਲਿਆਣ ਸੁੱਖਾ (ਬਠਿੰਡਾ)
ਮਿਲਾਵਟ ਭਰਪੂਰ ਪਦਾਰਥ
ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਖੁਰਾਕੀ ਪਦਾਰਥਾਂ ਦੀ ਸ਼ੁੱਧਤਾ ਤੇ ਅਕਸਰ ਪ੍ਰਸ਼ਨ ਚਿੰਨ੍ਹ ਲਗਦੇ ਰਹਿੰਦੇ ਹਨ, ਜਿਸ ਕਰਕੇ ਖੁਰਾਕੀ ਪਦਾਰਥਾਂ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਹਰ ਪਦਾਰਥ ਮਜਬੂਰੀਵਸ ਖਾਣਾ ਪੈ ਰਿਹਾ ਹੈ। ਭਾਵੇਂ ਖੁਰਾਕੀ ਪਦਾਰਥਾਂ 'ਚ ਹੁੰਦੀ ਮਿਲਾਵਟ ਨੂੰ ਰੋਕਣ ਲਈ ਦੇਸ਼ ਵਿਚ ਕਈ ਕਾਨੂੰਨ ਬਣੇ ਹੋਏ ਹਨ, ਪਰ ਮਿਲਾਵਟ ਕਰਨ ਵਾਲੇ ਆਪਣਾ ਕੰਮ ਬੜੇ ਬੇਖੌਫ਼ ਹੋ ਕੇ ਕਰ ਰਹੇ ਹਨ।
ਅਜਿਹਾ ਵਰਤਾਰਾ ਕਿਉਂ? ਜਿਵੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਅਕਸਰ ਮਿਲਾਵਟੀ ਪਦਾਰਥ ਫੜੇ ਜਾਣ ਬਾਰੇ ਖ਼ਬਰਾਂ ਮੱਥੇ ਲੱਗਦੀਆਂ ਰਹਿੰਦੀਆਂ ਹਨ, ਠੀਕ ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ 'ਚੋਂ ਖੁਰਾਕੀ ਪਦਾਰਥ ਦੁੱਧ, ਘਿਓ, ਪਨੀਰ ਆਦਿ ਵੱਡੀ ਤਾਦਾਦ ਵਿਚ ਫੜੇ ਗਏ ਹਨ, ਜੋ ਬੇਹੱਦ ਮਿਲਾਵਟ ਭਰਪੂਰ ਦੱਸੇਗਾ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜੋ ਕੈਮੀਕਲਾਂ ਦੀ ਇਨ੍ਹਾਂ ਪਦਾਰਥਾਂ 'ਚ ਮਿਲਾਵਟ ਦੱਸੀ ਜਾ ਰਹੀ ਹੈ। ਉਹ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਲੋੜ ਹੈ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਪੂਰੀ ਗੰਭੀਰਤਾ ਦੇ ਨਾਲ ਇਸ ਜਾਨ ਲੇਵਾ ਵਰਤਾਰੇ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ।
-ਬੰਤ ਸਿੰਘ ਘੁਡਾਣੀ ਲੁਧਿਆਣਾ।
ਪਰਾਲੀ ਦਾ ਧੂੰਆਂ
ਅਸਲ ਵਿਚ ਪਰਾਲੀ ਦਾ ਮੁੱਦਾ ਹੁਣ ਸਮਾਜਿਕ ਔਕੜਾਂ ਦੀ ਥਾਂ ਰਾਜਸੀ ਮੁੱਦਾ ਬਣ ਗਿਆ ਹੈ। ਪਰਾਲੀ ਦਾ ਧੂੰਆਂ ਪੰਜਾਬ ਤੇ ਹਰਿਆਣਾ ਨੂੰ ਲੰਘ ਕੇ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ? ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ।
ਦੁਸਹਿਰੇ ਤੇ ਦੀਵਾਲੀ ਵੇਲੇ ਚੱਲਦੇ ਅਰਬਾਂ ਦੇ ਪਟਾਕਿਆਂ ਬਾਰੇ ਜੇ ਕੋਈ ਗੱਲ ਕਰੇ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਲੱਖਾਂ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਦਾ ਧੂੰਆਂ, ਸੱਤਾਧਾਰੀਆਂ ਨੂੰ ਮਿਲਦੇ ਕਰੋੜਾਂ ਰੁਪਏ ਦੇ ਚੰਦੇ ਕਰਕੇ ਚਰਚਾ ਦਾ ਵਿਸ਼ਾ ਨਹੀਂ ਬਣਦਾ ਹੈ। ਆਪਣੇ-ਆਪ ਬਣੇ ਰਾਸ਼ਟਰੀ ਚੈਨਲਾਂ ਨੂੰ ਵੀ ਪਰਾਲੀ ਤੋਂ ਇਲਾਵਾ ਹਵਾ ਪ੍ਰਦੂਸ਼ਣ ਦਾ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ। ਕਿਸਾਨ ਜਥੇਬੰਦੀਆਂ ਨੂੰ ਇਸ ਬਾਰੇ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ। ਪਰਾਲੀ ਸਾੜ ਕੇ ਅਸੀਂ ਜ਼ਮੀਨ ਨੂੰ ਬੰਜਰ ਹੋਣ ਵੱਲ ਧੱਕ ਰਹੇ ਹਾਂ।
-ਐਡਵੋਕੇਟ ਕੰਵਲਜੀਤ ਸਿੰਘ ਕੁਟੀ
ਜ਼ਿਲ੍ਹਾ ਕਚਹਿਰੀਆਂ, ਬਠਿੰਡਾ।
ਪੋਲੀਓ ਅਤੇ ਜਾਗਰੂਕਤਾ
ਪਿਛਲੇ ਦਿਨੀਂ ਛਪੇ ਫੀਚਰ 'ਆਓ ਪੋਲੀਓ ਸੰਬੰਧੀ ਜਾਗਰੂਕ ਹੋਈਏ' ਜਿਸ 'ਚ ਰਾਜੇਸ਼ ਰਿਖੀ ਪੰਜਗਰਾਈਆਂ ਵਲੋਂ ਪੋਲੀਓ ਦੀ ਬਿਮਾਰੀ ਦੇ ਸਾਰੇ ਕਾਰਨਾਂ, ਲੱਛਣਾਂ ਅਤੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਹੈ। ਪੋਲੀਓ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜਿਸ ਦੀ ਗ੍ਰਿਫ਼ਤ ਵਿਚ ਆਉਣ ਤੋਂ ਬਾਅਦ ਇਸ ਦਾ ਇਲਾਜ ਵੀ ਸੰਭਵ ਨਹੀਂ। ਜਨਵਰੀ, 2014 ਵਿਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਗਿਆ ਸੀ, ਜੋ ਖ਼ੁਸ਼ੀ ਦੀ ਗੱਲ ਹੈ, ਪਰ ਭਾਰਤ ਦੀ ਤਰ੍ਹਾਂ ਹੋਰ ਦੇਸ਼ਾਂ ਵਿਚ ਵੀ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਜਿਸ ਲਈ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰੀਏ। ਇਹ ਇਕ ਚੰਗੇ ਨਾਗਰਿਕ ਦਾ ਕਰਤੱਵ ਹੈ।
-ਹਰਜੋਤ ਕੌਰ
ਦਸੌਂਧਾ ਸਿੰਘ ਵਾਲਾ, ਮਾਲੇਰਕੋਟਲਾ।
ਖਾਓ-ਪੀਓ ਜ਼ਰੂਰ, ਜ਼ਰਾ ਸੰਭਲ ਕੇ
ਸਿਹਤ ਸਿੱਧੀ ਖਾਣ-ਪੀਣ ਉੱਤੇ ਨਿਰਭਰ ਕਰਦੀ ਹੈ। ਅੱਜ ਦੇ ਇਲੈਕਟ੍ਰਾਨਿਕ ਯੁਗ ਵਿਚ ਮਨੁੱਖੀ ਜੀਵਨ ਤੇਜ਼ੀ ਨਾਲ ਚਲਦਾ ਹੈ। ਪਹਿਲਾਂ ਤਾਂ ਖਾਧ ਪਦਾਰਥ ਹੀ ਮਿਲਾਵਟੀ ਮਿਲਦੇ ਹਨ, ਉੱਤੋਂ ਸਾਡੇ ਖਾਣ ਦੇ ਤਰੀਕੇ ਗਲਤ ਹਨ। ਸਾਡੇ ਸਿਆਣੇ ਕਹਿੰਦੇ ਹੁੰਦੇ ਸਨ ਕਿ ਭੋਜਨ ਹਮੇਸ਼ਾ ਚੁਪ ਚਾਪ ਖਾਉ। ਅੱਜ ਦੇ ਸਮੇਂ ਮੋਬਾਈਲ ਫੋਨ ਅਤੇ ਟੀ.ਵੀ. ਨੇ ਸਾਡੇ ਖਾਣੇ ਨੂੰ ਆਪਣੀ ਗ੍ਰਿਫ਼ਤ ਵਿਚ ਕਰ ਲਿਆ ਹੈ। ਭੋਜਨ ਖਾਂਦੇ ਸਮੇਂ ਸਾਡਾ ਧਿਆਨ ਟੀ.ਵੀ. ਅਤੇ ਮੋਬਾਈਲ 'ਤੇ ਹੁੰਦਾ ਹੈ। ਖਾਣਾ ਪਰੋਸਣ ਤੋਂ ਖ਼ਤਮ ਹੁੰਦੇ ਦਾ ਪਤਾ ਹੁੰਦਾ ਹੈ, ਵਿਚ ਵਿਚਾਲੇ ਦਾ ਪਤਾ ਹੀ ਨਹੀਂ ਹੁੰਦਾ। ਬੱਚਿਆਂ ਨੂੰ ਇਸ ਵਰਤਾਰੇ ਤੋਂ ਬਚਾਉਣ ਦੀ ਖ਼ਾਸ ਜ਼ਰੂਰਤ ਹੈ। ਸਿਹਤ ਖਜ਼ਾਨੇ ਨੂੰ ਮੋਬਾਈਲ ਫੋਨ ਅਤੇ ਟੀ.ਵੀ. ਨੇ ਆਪਣੀ ਬੁੱਕਲ ਵਿਚ ਰੱਖ ਕੇ ਖਰਾਬ ਕਰ ਦਿੱਤਾ ਹੈ। ਬੇਧਿਆਨੀ ਨਾਲ ਖਾਣੇ ਦੇ ਰਸ, ਸਰੀਰ ਦੇ ਇਸ਼ਾਰੇ ਅਤੇ ਖਾਣੇ ਦੀ ਲੋੜ ਦਾ ਪਤਾ ਹੀ ਨਹੀਂ ਚਲਦਾ। ਇਸ ਤੋਂ ਇਲਾਵਾ ਬਿਨਾਂ ਚਬਾਏ ਵੀ ਖਾਣਾ ਨਿਗਲਿਆ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਧਿਆਨ ਅਤੇ ਚੁੱਪ ਨਾਲ ਖਾਧਾ ਖਾਣਾ ਸਵਾਦ ਅਤੇ ਰਸ ਪੈਦਾ ਕਰਕੇ ਸਰੀਰ ਨੂੰ ਊਰਜਾ ਦਿੰਦਾ ਹੈ। ਖਾਣੇ ਪੀਣੇ ਨਾਲ ਮੋਬਾਈਲ ਅਤੇ ਟੀ.ਵੀ. 'ਤੇ ਧਿਆਨ ਕੇਂਦਰਿਤ ਕਰਨ ਨਾਲ ਸਰੀਰਕ ਅਤੇ ਮਾਨਸਿਕ ਗਿਰਾਵਟ ਆਉਂਦੀ ਹੈ, ਜਿਸ ਨਾਲ ਮਨੁੱਖਤਾ ਦਾ ਵਿਕਾਸ ਰੁਕਦਾ ਹੈ। ਇਹ ਆਦਤ ਪਕੇਰੀ ਕਰਨ ਦੀ ਲੋੜ ਹੈ ਕਿ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਅੇਤ ਟੀ.ਵੀ. ਤੋਂ ਦੂਰ ਰਹੀਏ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਇਨਕਲਾਬੀ ਠੱਗੀ
ਪੰਜਾਬ, 1986 ਤੋਂ ਡਾਈਵਰਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਗਾਤਾਰ ਫ਼ਸਲੀ ਵਿਭਿੰਨਤਾ ਨੂੰ ਲਾਗੂ ਕਰ ਕੇ ਭਵਿੱਖੀ ਚੁਣੌਤੀਆਂ ਅਤੇ ਵੰਗਾਰਾਂ ਨਾਲ ਸਿੱਝਣ ਦਾ ਯਤਨ ਕਰ ਰਿਹਾ ਹੈ। ਭਾਵੇਂ ਇਹ ਸੁਸਤ ਚਾਲ ਨਾਲ ਚੱਲ ਰਿਹਾ ਹੈ। ਸਰਕਾਰੀ ਯਤਨ ਲੋਕਾਂ ਦੇ ਮੱਠੇ ਹੁੰਗਾਰੇ ਨਾਲ ਸੁਸਤ ਹੋ ਜਾਂਦੇ ਹਨ। ਹੁਣ ਸਰਕਾਰ ਦੀ ਫ਼ਸਲੀ ਵਿਭਿੰਨਤਾ ਮੱਕੀ ਦੀ ਬਿਜਾਈ ਦੀ ਜਾਅਲਸਾਜ਼ੀ ਨਾਲ ਫਿਰ ਵਿਵਾਦਾਂ ਵਿਚ ਘਿਰ ਗਈ ਹੈ। 1315 ਏਕੜ ਵਿਚ ਮੱਕੀ ਬਿਜਾਂਦ ਵਿਖਾ ਕੇ ਮੱਕੀ ਬੀਜ ਸੰਸਥਾ ਨੇ ਮੁਨਾਫ਼ਾਖੋਰਾਂ ਨਾਲ ਮਿਲ ਕੇ ਇਨਕਲਾਬੀ ਠੱਗੀ ਮਾਰੀ ਹੈ। ਪੰਜਾਬ ਸਰਕਾਰ ਦੀ ਵਿਸ਼ੇਸ਼ ਰੁਚੀ ਨੇ ਇਸ ਮਸਲੇ ਨੂੰ ਉਜਾਗਰ ਕਰ ਕੇ ਫ਼ਸਲੀ ਵਿਭਿੰਨਤਾ ਨੂੰ ਖੋਰਾ ਲੱਗਣ ਤੋਂ ਬਚਾਇਆ ਹੈ। ਇਸ ਸਭ ਕੁਝ ਪਿੱਛੇ ਖ਼ਾਸ ਕਾਰਨ ਹਨ, ਜਿਸ ਕਰਕੇ ਮਹਿਕਮਿਆਂ ਨੂੰ ਅਜਿਹੇ ਕੰਮ ਮਜਬੂਰੀ ਵੱਸ ਕਰਨੇ ਪੈਂਦੇ ਹਨ। ਸਰਕਾਰ ਦਾ ਕੰਮ ਹੈ ਕਿ ਬੇਲੋੜੇ ਬੋਝ, ਕਾਗਜ਼ੀ ਕਾਰਵਾਈਆਂ ਅਤੇ ਡਰਾ ਧਮਕਾ ਕੇ ਮੁਲਾਜ਼ਮਾਂ ਤੇ ਟੀਚੇ ਪੂਰੇ ਕਰਨ ਦਾ ਸਹਿਮ ਵੀ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ। ਸਮੇਂ ਅਤੇ ਹਾਲਾਤ ਦੀ ਪੜਤਾਲ ਤੋਂ ਬਿਨਾਂ ਟੀਚੇ ਠੋਸਣਾ ਅਤੇ ਉੱਚ ਅਧਿਕਾਰੀ ਨੂੰ ਬੇਬਾਕੀ ਨਾਲ ਆਪਣੀ ਜ਼ਮੀਨੀ ਹਕੀਕਤ ਨਾ ਦਸ ਸਕਣਾ ਇਸ ਦਾ ਦੂਜਾ ਕਾਰਨ ਹੈ। ਠੱਗੀ ਖੋਰੀ ਕਾਨੂੰਨਨ ਅਤੇ ਸ਼ਿਸ਼ਟਾਚਾਰੀ ਬੁਰਾਈ ਹੈ ਜੋ ਗੰਭੀਰ ਹੈ, ਪਰ ਇਸ ਗੋਰਖ ਮੱਕੀ ਬਿਜਾਈ ਧੰਦੇ ਦੇ ਹਰ ਪਹਿਲੂ ਨੂੰ ਘੋਖ ਕੇ ਪੁਖ਼ਤਾ ਇੰਤਜ਼ਾਮ ਅਤੇ ਮਾਪਦੰਡ ਤੈਅ ਕੀਤੇ ਜਾਣ ਜੋ ਭਵਿੱਖੀ ਅਸਰ ਹੇਠ ਹੋਣ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਭਾਰਤ-ਪਾਕਿ ਸੰਬੰਧ
ਸੰਨ 1947 ਨੂੰ ਹਿੰਦੁਸਤਾਨ ਦੀ ਵੰਡ ਭਾਰਤ ਤੇ ਪਾਕਿਸਤਾਨ ਦੇ ਰੂਪ ਵਿਚ ਹੋਈ ਸੀ। ਪਾਕਿਸਤਾਨ ਇਕ ਇਸਲਾਮਿਕ ਦੇਸ਼ ਬਣਿਆ ਸੀ ਤੇ ਭਾਰਤ ਇਕ ਸੈਕੂਲਰ ਦੇਸ਼। ਪਰ ਦੋਵਾਂ ਹੀ ਦੇਸ਼ਾਂ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਰਹਿੰਦੇ ਹਨ। ਭਾਰਤ ਵਿਚ ਖਾਸ ਕਰਕੇ 35 ਕਰੋੜ ਮੁਸਲਮਾਨ ਰਹਿੰਦੇ ਹਨ। ਵੰਡ ਤੋਂ ਬਾਅਦ ਕਸ਼ਮੀਰ ਦੇ ਮਸਲੇ ਕਾਰਨ ਇਨ੍ਹਾਂ ਦੇਸ਼ਾਂ ਵਿਚਕਾਰ ਤਿੰਨ ਜੰਗਾਂ ਹੋ ਚੁੱਕੀਆਂ ਹਨ। ਜੰਗ ਤੋਂ ਬਿਨਾਂ ਪਾਕਿਸਤਾਨੀ ਅੱਤਵਾਦੀ ਕਸ਼ਮੀਰ ਵਿਚ ਘੁਸਪੈਠ ਕਰਦੇ ਰਹਿੰਦੇ ਹਨ। ਫੌਜੀਆਂ, ਸ਼ਕਤੀ ਬਲਾਂ ਤੇ ਸਿਵਲੀਅਨ ਲੋਕਾਂ ਦੀਆਂ ਮੌਤਾਂ ਰੋਜ਼ਾਨਾ ਦੀ ਕਹਾਣੀ ਬਣ ਚੁੱਕੀ ਹੈ। ਜਦਕਿ ਸੰਸਾਰ ਦੇ ਉੱਨਤ ਦੇਸ਼ਾਂ ਵਿਚ ਰਹਿੰਦੇ ਭਾਰਤੀ ਤੇ ਪਾਕਿਸਤਾਨੀ ਨਾਗਰਿਕ ਅਮਨ ਤੇ ਮਿਲਜੁਲ ਕੇ ਰਹਿੰਦੇ ਹਨ। ਉਨ੍ਹਾਂ ਦੇਸ਼ਾਂ ਵਿਚ ਧਰਮ ਦੀ ਲੜਾਈ ਨਹੀਂ ਹੁੰਦੀ। ਸੰਸਾਰ ਦੇ ਬਦਲੇ ਹੋਏ ਹਾਲਾਤ ਅਨੁਸਾਰ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਣੇ ਰੰਜਿਸ਼ ਵਾਲੇ ਇਰਾਦੇ ਖ਼ਤਮ ਕਰ ਕੇ ਮੁੜ ਤੋਂ ਵਿਚਾਰ ਕਰਨੀ ਚਾਹੀਦੀ ਹੈ। ਇਸ ਨਾਲ ਇਸ ਖਿੱਤੇ ਵਿਚ ਅਮਨ-ਸ਼ਾਂਤੀ ਬਹਾਲ ਹੋਣ ਨਾਲ ਦੋਵਾਂ ਦੇਸ਼ਾਂ ਦੇ ਲੋਕ ਖੁਸ਼ਹਾਲ ਹੋ ਜਾਣਗੇ। ਦੋਵਾਂ ਦੇਸ਼ਾਂ ਦੇ ਅਮਨ ਪਸੰਦ ਲੋਕ ਭਾਰਤ-ਪਾਕਿ ਏਕਤਾ ਦਾ ਭਰਪੂਰ ਸੁਆਗਤ ਕਰਨਗੇ। ਸਾਰੀਆਂ ਲੜਾਈਆਂ-ਝਗੜੇ ਆਪਣੇ-ਆਪ ਖਤਮ ਹੋ ਜਾਣਗੇ।
-ਅਸ਼ੀਸ਼ ਸ਼ਰਮਾ
ਜਲੰਧਰ।
ਸਮਾਜ ਕਿੱਧਰ ਨੂੰ ਜਾ ਰਿਹਾ ਹੈ
ਅੱਜ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਵਿਚ ਅਹਿਮ ਥਾਂ ਬਣਾ ਲਈ ਹੈ। ਇੰਟਰਨੈੱਟ ਦੀ ਜ਼ਿਆਦਾ ਵਰਤੋਂ ਨਾਲ ਮਾਨਸਿਕ ਸਿਹਤ ਉੱਤੇ ਬਹੁਤ ਮਾੜੇ ਪ੍ਰਭਾਵ ਪੈ ਰਹੇ ਹਨ। ਕੁਝ ਹੱਦ ਤੱਕ ਮਾਂ-ਬਾਪ ਵੀ ਜ਼ਿੰਮੇਵਾਰ ਹਨ। ਅੱਜ ਆਨਲਾਈਨ ਗੇਮਾਂ ਬਿਨਾਂ ਬੱਚੇ ਰਹਿ ਨਹੀਂ ਪਾਉਂਦੇ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਮਾਂ ਗੁਜ਼ਾਰਨ ਤੇ ਇੰਟਰਨੈੱਟ ਦੀ ਵਰਤੋਂ ਸੀਮਤ ਸਮੇਂ ਲਈ ਕਰਨ ਦੇਣੀ ਚਾਹੀਦੀ ਹੈ। ਸਮਾਜ ਕਿੱਧਰ ਨੂੰ ਜਾ ਰਿਹਾ ਹੈ, ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਹਾਲ ਹੀ ਵਿਚ ਜ਼ੀਰਾ ਵਿਖੇ ਪੁੱਤਰਾਂ ਵਲੋਂ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਗੁਆਂਢੀ ਹੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਿਆ। ਦੇਖੋ ਪੁੱਤਰਾਂ ਹੱਥੋਂ ਪਿਓ ਦਾ ਕਤਲ ਹੋ ਰਿਹਾ ਹੈ। ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ। ਇਹ ਕੋਈ ਅਜਿਹੀ ਪਹਿਲੀ ਘਟਨਾ ਨਹੀਂ ਹੈ। ਰੋਜ਼ਾਨਾ ਕਿਸੇ ਨਾ ਕਿਸੇ ਵਿਭਾਗ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਇਕ ਤਹਿਸੀਲਦਾਰ ਫੜਿਆ ਗਿਆ, ਫਿਰ ਪਟਵਾਰੀ, ਕਾਨੂੰਗੋ। ਪਤਾ ਨਹੀਂ ਹੁਣ ਤੱਕ ਕਿੰਨੇ ਹੀ ਮੁਲਾਜ਼ਮ ਫੜੇ ਗਏ ਹਨ। ਵਿਚਾਰ ਕਰਨ ਵਾਲੀ ਗੱਲ ਹੈ ਕਿ ਲੱਖ ਦੇ ਕਰੀਬ ਤਨਖਾਹ ਲੈਣ ਵਾਲਾ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਲੈ ਰਿਹਾ ਹੈ। ਡੁੱਬ ਕੇ ਮਰ ਜਾਣਾ ਚਾਹੀਦਾ ਅਜਿਹੇ ਇਨਸਾਨਾਂ ਨੂੰ, ਜੋ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦੇ ਹਨ।
-ਸੰਜੀਵ ਸਿੰਘ ਸੈਣੀ ਮੁਹਾਲੀ।
ਡੇਂਗੂ ਦਾ ਕਹਿਰ
ਮੌਸਮ 'ਚ ਬਦਲਾਅ ਆਉਣ ਦੇ ਬਾਵਜੂਦ ਸੂਬੇ ਭਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਸਰਦੀ ਰੁੱਤ ਸ਼ੁਰੂ ਹੁੰਦਿਆਂ ਹੀ ਡੇਂਗੂ ਨੇ ਵੀ ਪੰਜਾਬ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਤੰਬਰ ਤੋਂ ਨਵੰਬਰ ਤੱਕ ਡੇਂਗੂ ਦਾ ਕਹਿਰ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ, ਡੇਂਗੂ ਬੁਖਾਰ ਸਾਫ਼ ਪਾਣੀ ਵਿਚ ਪੈਦਾ ਹੋਏ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ। ਮੱਛਰਾਂ ਨੂੰ ਮਾਰਨ ਲਈ ਸਰਕਾਰ ਸਮੇਂ-ਸਮੇਂ 'ਤੇ ਛਿੜਕਾਅ ਵੀ ਕਰਵਾਉਂਦੀ ਹੈ। ਪਰ ਸਿਆਣਿਆਂ ਦੀ ਕਹਾਵਤ ਹੈ ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਇਸ ਸਮੇਂ ਬਹੁਤ ਸਹੀ ਢੁਕਦੀ ਹੈ। ਡਾਕਟਰਾਂ ਵਲੋਂ ਡੇਂਗੂ ਤੋਂ ਬਚਣ ਲਈ ਸਾਨੂੰ ਪੈਰਾਂ ਤੋਂ ਉੱਪਰ ਤੱਕ ਸਰੀਰ ਢੱਕ ਕੇ ਰੱਖਣ ਲਈ ਕਿਹਾ ਜਾਂਦਾ ਹੈ ਪਰ ਅਸੀਂ ਲਾਪ੍ਰਵਾਹੀ ਵਰਤ ਜਾਂਦੇ ਹਾਂ। ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਫ਼-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ 'ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਇਹ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕੱਪੜੇ ਪਹਿਨਣੇ ਜਿਸ ਨਾਲ ਪੂਰਾ ਸਰੀਰ ਢਕਿਆ ਰਹੇ। ਸਰੀਰ ਟੁੱਟਣ ਵਰਗੇ ਲੱਛਣ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਡੇਂਗੂ ਦਾ ਟੈਸਟ ਤੇ ਇਲਾਜ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਡਰ ਦਾ ਮਾਹੌਲ
ਪੰਜਾਬ ਦੇ ਹਾਲਾਤ ਦਿਨ-ਬਦਿਨ ਖਰਾਬ ਹੁੰਦੇ ਜਾ ਰਹੇ ਹਨ। ਰੋਜ਼ਾਨਾ ਕਿਤੇ ਨਾ ਕਿਤੇ ਕਤਲ ਦੀਆਂ ਵਾਰਦਾਤਾਂ ਅਤੇ ਦਿਨ-ਦਿਹਾੜੇ ਹੀ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਤਲ ਸ਼ਰੇਆਮ ਖੂਨ ਦਾ ਨੰਗਾ ਨਾਚ ਖੇਡ ਰਹੇ ਹਨ। ਅਪਰਾਧੀਆਂ ਵਲੋਂ ਕਦੇ ਸੜਕਾਂ ਅਤੇ ਕਦੇ ਘਰਾਂ ਵਿਚ ਵੜ ਕੇ ਕਤਲ ਕਰਨ ਦੀਆਂ ਖਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਪੁਲਿਸ ਪ੍ਰਸ਼ਾਸਨ ਲੋਕਾਂ ਦੀ ਹਿਫ਼ਾਜਤ ਕਰਨ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਆਮ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। ਰਾਜਨੀਤਕ ਪਾਰਟੀਆਂ ਇਕ-ਦੂਸਰੇ ਨੂੰ ਦੋਸ਼ ਦੇ ਕੇ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ। ਰਾਜਨੀਤੀ ਤੋਂ ਉਪਰ ਉੱਠ ਕੇ ਪੁਲਿਸ ਸਖ਼ਤ ਪ੍ਰਬੰਧ ਕਰੇ ਅਤੇ ਗ਼ਲਤ ਅਨਸਰਾਂ ਨੂੰ ਨੱਥ ਪਾਵੇ, ਤਾਂ ਜੋ ਲੋਕ ਬੇਖੌਫ਼ ਹੋ ਕੇ ਵਿਚਰ ਸਕਣ।
-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਜ਼ਿਲ੍ਹਾ ਲੁਧਿਆਣਾ।
ਸੜਕਾਂ ਦਾ ਸੁਧਾਰ
ਆਵਾਜਾਈ ਵਾਸਤੇ ਅਤੇ ਜਨਤਾ ਦੀ ਸਹੂਲਤ ਲਈ ਸੜਕਾਂ ਪੱਕੀਆਂ ਅਤੇ ਵਧੀਆ ਹੋਣੀਆਂ ਚਾਹੀਦੀਆਂ ਹਨ। ਜਿਸ ਦੇਸ਼ ਵਿਚ ਰਾਜ ਵਿਚ, ਰਾਜ ਵਿਚ ਸੜਕਾਂ ਆਵਾਜਾਈ ਦੀ ਸੁੱਖ-ਸਹੂਲਤਾਂ ਹੁੰਦੀਆਂ ਹਨ, ਉਹ ਦੇਸ਼ ਬਹੁਤ ਉੱਨਤੀ 'ਤੇ ਹੋਵੇਗਾ। ਇਹ ਸਭ ਕੁਝ ਸਰਕਾਰਾਂ ਉੱਪਰ ਨਿਰਭਰ ਕਰਦਾ ਹੈ ਕਿ ਕਾਰਾਂ, ਟਰੱਕਾਂ ਅਤੇ ਹੋਰ ਵਹੀਕਲਾਂ ਸਭ ਸੁਰਖਿਅਤ ਹੋਣ ਕਿਉਂਕਿ ਸਰਕਾਰਾਂ ਸਾਰੇ ਵਹੀਕਲਾਂ ਪਾਸੋਂ ਰੋਡ ਟੈਕਸ ਲੈਂਦੀਆਂ ਹਨ ਅਤੇ ਸੜਕਾਂ ਦਾ ਸੁਧਾਰ ਕਰਨਾ ਵੀ ਸਰਕਾਰ ਦਾ ਫ਼ਰਜ਼ ਬਣਦਾ ਹੈ। ਪ੍ਰੰਤੂ ਸਰਕਾਰਾਂ ਪੂਰੀ ਤਰ੍ਹਾਂ ਆਪਣਾ ਫ਼ਰਜ਼ ਨਹੀਂ ਨਿਭਾਉਂਦੀਆਂ। ਜਿਵੇਂ ਇਕ ਪੌਦਾ ਲਗਾਇਆ ਜਾਂਦਾ ਹੈ, ਉਸ ਦਾ ਮਾਲਕ ਹਫ਼ਤੇ-ਪੰਦਰਾਂ ਅਤੇ ਮਹੀਨੇ ਬਾਅਦ ਨਹੀਂ ਦੇਖਦਾ ਉਹ ਪੌਦਾ ਸੁੱਕ ਜਾਂਦਾ ਹੈ। ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕਾਂ ਬਣਾਈਆਂ ਜਾਂਦੀਆਂ ਹਨ, ਸੜਕ ਬਣਨ ਉਪਰੰਤ ਨਾ ਸਰਕਾਰ ਦੇਖਦੀ ਹੈ ਨਾ ਪੀ.ਡਬਲਿਊ.ਡੀ. ਦੇ ਐਸ.ਡੀ.ਓ. ਦੇਖਦੇ ਹਨ। ਸੜਕ ਬਣਨ ਉਪਰੰਤ ਵੱਡੇ-ਵੱਡੇ ਟੋਏ ਪੈਣ ਕਾਰਨ ਸੜਕ ਉਪਰੋਂ ਲੰਘਣ ਦੀ ਬਹੁਤ ਮੁਸ਼ਕਿਲ ਆਉਂਦੀ ਹੈ, ਜਿਹੜੀਆਂ ਲਿੰਕ ਸੜਕਾਂ ਹਾਈਵੇ ਨਾਲ ਜੋੜਦੀਆਂ ਹਨ, ਬਹੁਤੀ ਗਿਣਤੀ ਵਿਚ ਟੁੱਟੀਆਂ ਹਨ। ਸੜਕਾਂ ਤਿਆਰ ਹੋਣ ਤੋਂ ਬਾਅਦ ਕਈ-ਕਈ ਸਾਲ ਉਨ੍ਹਾਂ ਦਾ ਹਾਲ ਨਹੀਂ ਪੁੱਛਿਆ ਜਾਂਦਾ ਹੈ। ਪਹਿਲਾਂ ਟੋਏ ਛੋਟੇ-ਛੋਟੇ ਹੁੰਦੇ ਹਨ। ਬਾਅਦ ਵਿਚ ਹੈਵੀ ਵਹੀਕਲ ਚਲਣ ਨਾਲ ਬਹੁਤ ਵੱਡੇ-ਵੱਡੇ ਟੋਏ ਪੈ ਜਾਂਦੇ ਹਨ, ਜਿਨ੍ਹਾਂ ਕਾਰਨ ਦੁਰਘਟਨਾਵਾਂ ਬਹੁਤ ਹੁੰਦੀਆਂ ਹਨ। ਗੱਡੀਆਂ ਅਤੇ ਮੋਟਰਸਾਈਕਲ ਵੀ ਟੁੱਟਦੇ ਹਨ। ਜਦੋਂ ਸਰਕਾਰ ਅਤੇ ਸੜਕ ਮਹਿਕਮੇ ਦੇ ਸੰਬੰਧੀ ਮੁਲਾਜ਼ਮਾਂ ਅਤੇ ਅਫ਼ਸਰ ਨਹੀਂ ਪੁੱਛਦੇ, ਉਸ ਤੋਂ ਬਾਅਦ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਕੇ ਕੁਝ ਮਾਇਆ ਇਕੱਠੀ ਕਰ ਕੇ ਸੜਕਾਂ ਦੇ ਟੋਏ ਪੂਰ ਕੇ ਸੁਧਾਰ ਕਰਦੇ ਹਨ। ਕੁਝ ਸਮੇਂ ਬਾਅਦ ਸ਼ੂਗਰ ਮਿੱਲਾਂ ਵਿਚ ਗੰਨੇ ਦੀ ਢੁਆਈ ਚਾਲੂ ਹੋਵੇਗੀ, ਵੱਡੇ-ਵੱਡੇ ਟੋਏ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰੀ ਗੰਨੇ ਦੀਆਂ ਟਰਾਲੀਆਂ ਉਲਟ ਵੀ ਜਾਂਦੀਆਂ ਹਨ, ਜਾਨ-ਮਾਲ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਅਸਲ ਵਿਚ ਬਣੀ ਹੋਈ ਸੜਕ ਨੂੰ ਠੀਕ ਰੱਖਣ ਦਾ ਫਾਰਮੂਲਾ ਇਹ ਹੈ ਕਿ ਪੀ.ਡਬਲਿਊ.ਡੀ. ਦੇ ਐਸ.ਡੀ.ਓ. ਨੂੰ ਸੜਕਾਂ ਦਾ ਏਰੀਆ ਵੰਡ ਕੇ ਦਿੱਤਾ ਜਾਵੇ। ਉਸ ਐਸ.ਡੀ.ਓ. ਅਤੇ ਠੇਕੇਦਾਰ ਸੜਕ ਨੂੰ ਬਣਾਉਣ ਦੀ ਜ਼ਿੰਮੇਵਾਰੀ ਹੋਵੇ। ਸੜਕਾਂ ਦੇ ਮੰਤਰੀ ਸਾਹਿਬਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪ ਜਾ ਕੇ ਜਾਂ ਕਿਸੇ ਅਫ਼ਸਰ ਨੂੰ ਭੇਜ ਕੇ ਸੜਕ ਦੀ ਰਿਪੋਟ ਲੈਣ ਉਪਰੰਤ ਐਸ.ਡੀ.ਓ. ਅਤੇ ਠੇਕੇਦਾਰ ਦੀ ਪੁੱਛਗਿੱਛ ਕੀਤੀ ਜਾਵੇ। ਇਸ ਤਰ੍ਹਾਂ ਸੜਕਾਂ ਦਾ ਸੁਧਾਰ ਹੋ ਸਕਦਾ ਹੈ ਅਤੇ ਸੜਕਾਂ ਨੂੰ ਬਣਾਉਣ ਦਾ ਖਰਚ ਵੀ ਘੱਟ ਹੋਵੇਗਾ। ਇਥੇ ਮੁਸ਼ਕਿਲ ਇਹ ਹੈ ਕਿ ਉਪਰ ਤੋਂ ਲੈ ਕੇ ਥੱਲੇ ਤੱਕ ਕੋਈ ਵੀ ਅਫ਼ਸਰ ਸੜਕਾਂ ਦੀ ਸਾਰ ਨਹੀਂ ਲੈਂਦਾ ਹੈ। ਇਸ ਕਰਕੇ ਜਨਤਾ ਬਹੁਤ ਦੁਖੀ ਹੈ। ਫਿਰ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਸਾਡੀਆਂ ਵੋਟਾਂ ਪਾਉਣ ਦੀ ਸਜ਼ਾ ਮਿਲ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਸੁਧਾਰਨ ਦੀ ਕਿਰਪਾਲਤਾ ਕਰਨ ਜੀ।
-ਮਾ. ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ: ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ।
ਆਓ, ਸਾਫ਼-ਸੁਥਰੀ ਦੀਵਾਲੀ ਮਨਾਈਏ
ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ, ਜਿਥੇ ਕਿਤੇ ਵੀ ਭਾਰਤ ਵਾਸੀ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਵਸੇ ਹਨ, ਉਥੇ ਪੂਰੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਬੱਚੇ, ਨੌਜਵਾਨ, ਬਜ਼ੁਰਗ ਇਸ ਤਿਉਹਾਰ ਨੂੰ ਆਪੋ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਇਹ ਤਿਉਹਾਰ ਧਾਰਮਿਕ ਪੱਖੋਂ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੋਸਤ, ਮਿੱਤਰ, ਸੱਜਣ, ਰਿਸ਼ਤੇਦਾਰ, ਸਰਕਾਰੀ, ਪ੍ਰਾਈਵੇਟ ਦਫ਼ਤਰ, ਕੰਪਨੀਆਂ ਦੇ ਅਹੁਦੇਦਾਰ ਜਾਂ ਕਰਮਚਾਰੀ ਇਕ-ਦੂਸਰੇ ਨੂੰ ਦੀਵਾਲੀ ਦੀ ਮੁਬਾਰਕਬਾਦ ਕੱਪੜੇ, ਮਠਿਆਈ, ਗਿਫਟ ਆਦਿ ਰਾਹੀਂ ਦਿੰਦੇ ਹਨ। ਬੱਚੇ ਇਸ ਤਿਉਹਾਰ ਨੂੰ ਪਟਾਕੇ, ਆਤਿਸ਼ਬਾਜ਼ੀ ਕਰਕੇ ਮਨਾਉਂਦੇ ਹਨ, ਪਰ ਇਸ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਅਨੇਕਾਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਜਾਂ ਕਈ ਲੋਕ ਇਸ ਪਵਿੱਤਰ ਤਿਉਹਾਰ ਨੂੰ ਸ਼ਰਾਬ, ਨਸ਼ੇ ਕਰਕੇ ਮਨਾਉਂਦੇ ਹਨ ਅਤੇ ਆਪਸ ਵਿਚ ਲੜਾਈਆਂ ਕਰਦੇ ਹਨ। ਸਭ ਨੂੰ ਚਾਹੀਦਾ ਹੈ ਕਿ ਅਸੀਂ ਦੀਵਾਲੀ ਨੂੰ ਸਾਫ਼-ਸੁਥਰਾ ਮਨਾਈਏ। ਜੇਕਰ ਪੈਸੇ ਪਟਾਕਿਆਂ, ਸ਼ਰਾਬਾਂ 'ਤੇ ਖਰਚਣੇ ਨੇ ਤਾਂ ਇਹ ਪੈਸੇ ਕਿਸੇ ਜ਼ਰੂਰਤਮੰਦ ਦੀ ਮਦਦ 'ਚ ਲਗਾਈਏ, ਇਹੀ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਹੋਵੇਗਾ। ਵਾਤਾਵਰਨ ਵੀ ਸਾਫ਼ ਰਹੇਗਾ। ਰੁੱਖ ਲਗਾ ਕੇ ਗਰੀਨ ਦੀਵਾਲੀ ਮਨਾਈਏ। ਜ਼ਰੂਰਤਮੰਦ ਗਰੀਬ ਬੱਚਿਆਂ ਦੀ ਪੜ੍ਹਾਈ 'ਚ ਮਦਦ ਕਰੀਏ। ਕੱਪੜੇ ਆਦਿ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਤੌਰ 'ਤੇ ਮਦਦ ਕਰੀਏ।
-ਗੁਰਪ੍ਰੀਤ ਹੈਪੀ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।
ਪ੍ਰਸ਼ਾਸਨ ਵਰਤੇ ਸਖ਼ਤੀ
ਦੀਵਾਲੀ ਤੇ ਹੋਰ ਤਿਉਹਾਰਾਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦੀਆਂ ਹਨ ਤੇ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਖੋਆ ਫੜਿਆ ਜਾਂਦਾ ਹੈ। ਕਈ ਹਲਵਾਈ ਨਕਲੀ ਦੁੱਧ, ਖੋਆ ਪਨੀਰ ਨਾਲ ਮਿਠਾਈਆਂ ਤਿਆਰ ਕਰਦੇ ਹਨ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੋਈ ਹਲਵਾਈ ਸਿੰਥੈਟਿਕ ਦੁੱਧ, ਨਕਲੀ ਖੋਆ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਹੁੰਦਾ ਹੈ। ਸਿਹਤ ਮੰਤਰਾਲੇ ਨੂੰ ਸਿਰਫ਼ ਤਿਉਹਾਰਾਂ ਵਿਚ ਹੀ ਨਹੀਂ, ਸਾਲ ਵਿਚ ਕਿਸੇ ਵੀ ਵਕਤ ਮਿਠਾਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਸਾਨੂੰ ਆਪਣੇ ਘਰ ਦੇ ਬਣੇ ਮਿੱਠੇ ਚੌਲ, ਦੇਸੀ ਘਿਉ ਦੀ ਦੇਗ਼ ਖਾਣੀ ਚਾਹੀਦੀ ਹੈ। ਰਿਸ਼ਤੇਦਾਰ ਕਰੀਬੀ ਮਿੱਤਰਾਂ ਨੂੰ ਮਹਿੰਗੇ ਤੋਹਫ਼ੇ ਦੇਣ ਤੋਂ ਗੁਰੇਜ਼ ਕਰੋ। ਲੋਕਾਂ ਨੇ ਘਰਾਂ ਦੀ ਸਫ਼ਾਈ ਵੀ ਕਰ ਲਈ ਹੈ। ਘਰਾਂ ਦੀ ਸਫ਼ਾਈ ਦੇ ਨਾਲ ਨਾਲ ਆਪਣੇ ਮਨਾਂ ਦੀ ਸਫ਼ਾਈ ਵੀ ਕਰੀਏ, ਕਿਉਂਕਿ ਪ੍ਰਦੂਸ਼ਣ ਚਾਹੇ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਵੇਂ ਹੀ ਖ਼ਤਰਨਾਕ ਹਨ।
-ਸੰਜੀਵ ਸਿੰਘ ਸੈਣੀ, ਮੋਹਾਲੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਈ ਸੀ। ਇਹ ਗੁਰਦੁਆਰਾ ਐਕਟ ਅਧੀਨ ਪੰਜ ਸਾਲ ਬਾਅਦ ਚੁਣੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧ ਅਤੇ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਦਾ ਮੁੱਖ ਉਦੇਸ਼ ਹੁੰਦਾ ਹੈ। ਚੋਣਾਂ, ਕੰਮਾਂ ਕਾਰਾਂ ਅਤੇ ਨੁਮਾਇੰਦਿਆਂ ਪ੍ਰਤੀ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਜਦੋਂ ਵੀ ਇਸ ਦੀਆਂ ਚੋਣਾਂ ਬਾਰੇ ਗੱਲ ਹੁੰਦੀ ਹੈ ਤਾਂ ਇਸ ਬਾਰੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦਾ ਦੌਰ ਚੱਲ ਰਿਹਾ ਹੈ। ਇਸ ਦੀਆਂ ਵੋਟਾਂ ਬਣਾਉਣ ਲਈ ਫਾਰਮ ਪੜ੍ਹ ਕੇ ਇਉਂ ਲੱਗਦਾ ਹੈ ਕਿ ਵੋਟਰ ਬਹੁਤ ਘੱਟ ਸੂਚੀਬੱਧ ਹੋਣਗੇ। ਖ਼ਾਲਸੇ ਦੀ ਜਨਮ ਭੂਮੀ ਦੇ ਖਿੱਤੇ ਵਿਚ ਇਨ੍ਹਾਂ ਵੋਟਾਂ ਪ੍ਰਤੀ ਤਿਉਹਾਰ ਜਿੰਨਾ ਉਤਸ਼ਾਹ ਹੋਣਾ ਚਾਹੀਦਾ ਹੈ ਜੋ ਕਿ ਨਹੀਂ ਹੈ। ਵੋਟਾਂ ਬਣਾਉਣ ਲਈ ਮਿਤੀਆਂ ਵਿਚ ਵਾਰ-ਵਾਰ ਵਾਧਾ ਹੁੰਦਾ ਜਾ ਰਿਹਾ ਹੈ। ਵੋਟਾਂ ਘੱਟ ਗਿਣਤੀ ਵਿਚ ਬਣ ਰਹੀਆਂ ਹਨ। ਔਰਤ ਵੋਟਰ ਯੋਗਤਾ ਪੱਖੋਂ ਵਧ ਸਕਦੇ ਹਨ ਪਰ ਫਿਰ ਵੀ ਉਤਸ਼ਾਹ ਨਹੀਂ ਦਿਖਾ ਰਹੇ। ਅਸਲ ਮਾਅਨਿਆਂ ਵਿਚ ਯੋਗਤਾ ਪੱਖੋਂ ਵੋਟਰਾਂ ਦੀ ਕਮੀ ਜ਼ਰੂਰ ਹੈ। ਇਸ ਯੋਗਤਾ ਲਈ ਕਿੱਥੇ ਕਮੀ ਹੈ? ਇਹ ਵਿਸ਼ਾ ਪੰਥਕ ਜਥੇਬੰਦੀਆਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਵਰਤਾਰੇ ਲਈ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਇਕ ਦੇਸ਼ ਇਕ ਚੋਣ
ਸਰਕਾਰ ਨੇ 'ਇਕ ਰਾਸ਼ਟਰ ਇਕ ਚੋਣ' ਕਰਵਾਉਣ ਬਾਰੇ ਕਮੇਟੀ ਬਣਾ ਕੇ ਉਸ ਦੀਆਂ ਸਿਫ਼ਾਰਸ਼ਾਂ ਵੀ ਲੈ ਲਈਆਂ ਹਨ, ਕਈ ਇਸ ਦੇ ਹੱਕ ਵਿਚ ਵੀ ਹਨ ਪਰ ਇਹ ਲੋਕਤੰਤਰ ਲਈ ਘਾਤਕ ਹੈ। ਜਿਹੜੀ ਥੋੜੀ ਬਹੁਤ ਵਕਤੀ ਆਜ਼ਾਦੀ ਦੀ ਖੁੱਲ੍ਹ ਮਿਲਦੀ ਹੈ, ਸਵਾਲ ਉਠਾਉਣ ਦਾ ਮੌਕਾ ਮਿਲਦਾ ਹੈ ਉਹ ਵੀ ਖ਼ਤਮ ਹੋ ਜਾਵੇਗਾ। ਦੇਸ਼ 'ਚ ਚੋਣ ਵੇਲੇ ਹੋਰ ਮੁੱਦੇ ਤੇ ਰਾਜਾਂ 'ਚ ਵਿਧਾਨ ਸਭਾ ਚੋਣਾਂ ਮੌਕੇ ਹੋਰ ਮਸਲੇ ਤੇ ਸਥਾਨਕ ਚੋਣਾਂ ਦੇ ਆਪਣੇ ਏਜੰਡੇ ਹੁੰਦੇ ਹਨ। ਸਾਰਿਆਂ ਨੂੰ ਇਕ ਬਰਾਬਰ ਨਹੀਂ ਰੱਖਿਆ ਜਾ ਸਕਦਾ। ਸਾਡਾ ਦੇਸ਼ ਵੰਨ ਸੁਵੰਨਤਾ ਦਾ ਗੁਲਦਸਤਾ ਹੈ ਜਿਥੇ ਵੱਖਰੇ ਰਾਜ, ਵੱਖਰੀ ਮਿੱਟੀ, ਸੱਭਿਆਚਾਰ ਤੇ ਲੋੜਾਂ ਹਨ। ਸਭ ਨੂੰ ਇਕੋ ਰੱਸੇ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਅਨੇਕਤਾ ਵਿਚ ਏਕਤਾ ਹੈ ਨਾ ਕਿ ਏਕਤਾ ਵਿਚ ਅਨੇਕਤਾ। ਕਦੇ ਇਕ ਰਾਸ਼ਟਰ ਇਕ ਭਾਸ਼ਾ, ਹੁਣ ਇਕ ਦੇਸ਼ ਇਕ ਚੋਣ, ਕਲ੍ਹ ਨੂੰ ਇਕ-ਇਕ ਕਰਨ ਲਈ ਕੀ ਬਾਕੀ ਰਹਿ ਜਾਵੇਗਾ? ਸਗੋਂ ਹੋਣਾ ਤੇ ਇਹ ਚਾਹੀਦਾ ਹੈ ਕਿ ਚੋਣ ਦੇ ਨਿਰਧਾਰਤ ਖ਼ਰਚੇ ਤੋਂ ਵੱਧ ਖ਼ਰਚ ਕਰਨ 'ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਸਮੇਂ ਦੀ ਗੱਲ ਹੈ ਤਾਂ ਇੰਨਾ ਸਮਾਂ ਬਰਬਾਦ ਕਰਨ ਦੀ ਲੋੜ ਹੀ ਨਹੀਂ, ਲੋਕਾਂ ਨੂੰ ਭਰਮਾਉਣਾ ਬੰਦ ਕਰ ਕੇ ਲਾਗੂ ਕਰ ਸਕਣ ਵਾਲਾ ਵਿਹਾਰਕ ਮੈਨੀਫੈਸਟੋ ਜਾਰੀ ਕੀਤਾ ਜਾਵੇ, ਜਿਸ ਦੀ ਬਾਅਦ 'ਚ ਕਾਨੂੰਨੀ ਪਾਲਣਾ ਵੀ ਹਰ ਹਾਲ ਵਿਚ ਹੋਣੀ ਚਾਹੀਦੀ ਹੈ। ਸਭ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬਰਾਬਰ ਦੇ ਮੌਕੇ ਦੇ ਕੇ ਬਰਾਬਰ ਸਮਾਂ ਦੇ ਕੇ ਸਰਕਾਰੀ ਟੈਲੀਵਿਜ਼ਨ 'ਤੇ ਗੱਲ ਕਹਿਣ ਦਾ ਪ੍ਰਬੰਧ ਕੀਤਾ ਜਾਵੇ। ਵੋਟਾਂ ਦੀ ਆਜ਼ਾਦੀ ਦਾ ਕੋਈ ਮੁੱਲ ਨਹੀਂ ਇਸ ਸਾਹਮਣੇ ਪੈਸੇ ਦੀ ਬੱਚਤ 'ਤੇ ਸਮੇਂ ਦੀ ਗਿਣਤੀ ਨਾਲ ਵਿਕਾਸ ਦਾ ਢੰਡੋਰਾ ਕੋਈ ਮਾਇਨੇ ਨਹੀਂ ਰੱਖਦਾ।
-ਸ਼ਮਸ਼ੇਰ ਸਿੰਘ ਘੁਮਾਣ
ਮਿਲਾਵਟੀ ਭੋਜਨ ਪਦਾਰਥ
ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸੋਨੇ ਤੋਂ ਲੈ ਕੇ ਰਸੋਈ ਤੱਕ ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਹਰ ਚੀਜ਼ ਵਿਚ ਮਿਲਾਵਟ ਆਮ ਗੱਲ ਹੋ ਗਈ ਹੈ। ਪਹਿਲਾਂ ਸਿਰਫ਼ ਦੁੱਧ 'ਚ ਪਾਣੀ ਅਤੇ ਦੇਸੀ ਘਿਓ 'ਚ ਵਨਸਪਤੀ (ਡਾਲਡਾ) ਦੀ ਮਿਲਾਵਟ ਦੀ ਗੱਲ ਸੁਣੀ ਜਾਂਦੀ ਸੀ, ਪਰ ਅੱਜ ਘਰ-ਘਰ ਵਿਚ ਲਗਭਗ ਹਰੇਕ ਚੀਜ਼ ਵਿਚ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ। ਮਿਲਾਵਟੀ ਪਦਾਰਥਾਂ ਨਾਲ ਹਰੇਕ ਸਾਲ ਹਜ਼ਾਰਾਂ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀ ਕੀਮਤੀ ਜਾਨ ਗੁਆ ਬਹਿੰਦੇ ਹਨ। ਸਾਡੇ ਦੇਸ਼ 'ਚ ਮਿਲਾਵਟ ਕਰਨ ਨੂੰ ਇਕ ਗੰਭੀਰ ਜ਼ੁਰਮ ਮੰਨਿਆ ਗਿਆ ਹੈ, ਮਿਲਾਵਟ ਸਾਬਤ ਹੋਣ 'ਤੇ ਭਾਰਤੀ ਕਾਨੂੰਨ ਦੀ ਧਾਰਾ 272 ਦੇ ਤਹਿਤ ਦੋਸ਼ੀ ਨੂੰ ਉਮਰ ਕੈਦ ਤੱਕ ਦੀ ਸਜ਼ਾ ਦੇਣ ਦਾ ਜ਼ਿਕਰ ਹੈ ਪਰ ਬਹੁਤ ਘੱਟ ਮਾਮਲਿਆਂ 'ਚ ਸਜ਼ਾ ਅਤੇ ਜੁਰਮਾਨਾ ਹੋ ਪਾਉਂਦਾ ਹੈ। ਮਿਲਾਵਟੀ ਮਠਿਆਈਆਂ ਨਾ ਸਿਰਫ਼ ਤਿਉਹਾਰਾਂ ਦੀ ਭਾਵਨਾ ਨੂੰ ਗੰਧਲਾ ਕਰਦੀਆਂ ਹਨ, ਸਗੋਂ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ। ਅਸੀਂ ਖ਼ਤਰਿਆਂ ਤੋਂ ਜਾਣੂ ਹੋ ਕੇ ਸਾਵਧਾਨੀ ਵਰਤਕੇ ਤਿਉਹਾਰਾਂ ਦੇ ਸੀਜ਼ਨ ਦਾ ਸੁਰੱਖਿਅਤ ਆਨੰਦ ਲੈ ਸਕਦੇ ਹਾਂ।
-ਅਸ਼ੀਸ਼ ਸ਼ਰਮਾ
ਜਲੰਧਰ
ਪੰਜਾਬ ਵਿਚ ਪੂੰਜੀ ਕਿਉਂ ਨਹੀਂ ਲਾਉਂਦੇ?
ਪੰਜਾਬ ਦੀ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਅਤੇ ਨਿੱਘਰਦੀ ਜਾ ਰਹੀ ਹੈ। ਪੰਜਾਬ ਵਿਚ ਹੁਣ ਪ੍ਰਵਾਸੀਆਂ ਵਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀਆਂ ਸੜਕਾਂ ਦੇ ਆਲੇ-ਦੁਆਲੇ ਵੀ ਰੇਹੜੀਆਂ, ਫੜੀਆਂ ਲਗਾ ਲਈਆਂ ਗਈਆਂ ਹਨ। ਰੁਜ਼ਗਾਰ ਦੀ ਭਾਲ 'ਚ ਪੰਜਾਬ ਦੀ ਨੌਜਵਾਨੀ ਵਿਦੇਸ਼ੀ ਉਡਾਰੀਆਂ ਮਾਰ ਰਹੀ ਹੈ। ਸਰਕਾਰਾਂ ਇਸ ਭਵਿੱਖੀ ਚੁਣੌਤੀ ਨੂੰ ਸਹਿਜ ਲੈ ਕੇ ਸਿਰਫ਼ ਵੋਟ ਬੈਂਕਾਂ ਦੀ ਸਥਾਪਿਤੀ ਲਈ ਯਤਨਸ਼ੀਲ ਹਨ। ਹਰ ਕੰਮ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਹਰ ਉਦਯੋਗਪਤੀ ਇਥੋਂ ਦੇ ਸਿਸਟਮ ਦੀ ਮਾਰ ਨਹੀਂ ਸਹਿ ਸਕਦਾ। ਮੌਕੇ ਦੀਆਂ ਸਰਕਾਰਾਂ ਨੂੰ ਆਪਣੀ ਠਾਠ-ਬਾਠ ਦੀ ਜ਼ਿੰਦਗੀ ਅਤੇ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸੂਬਿਆਂ ਦੀ ਭਲਾਈ ਲਈ ਸੁਹਿਰਦਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਪ੍ਰਵਾਸ ਨੂੰ ਰੋਕਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਥੇ ਜਿਹੜੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਛੋਟੇ-ਮੋਟੇ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਹੀ ਕੋਈ ਕੰਮ ਕਰਨ। ਜਿਸ ਨਾਲ ਪੰਜਾਬ ਦੀ ਨੌਜਵਾਨੀ ਜਿਥੇ ਵਿਦੇਸ਼ਾਂ ਵਿਚ ਧੱਕੇ ਖਾਣ ਲਈ ਮਜਬੂਰ ਨਹੀਂ ਹੋਵੇਗੀ ਉਥੇ ਵਿਦੇਸ਼ਾਂ ਵਿਚ ਜਾਣ ਲਈ ਕੀਤੇ ਜਾਣ ਵਾਲਾ ਲੱਖਾਂ ਰੁਪਏ ਵੀ ਬਚ ਸਕਦੇ ਹਨ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਫ਼ਰਕ ਪਵੇਗਾ।
-ਅਸ਼ੀਸ਼ ਸ਼ਰਮਾ
ਜਲੰਧਰ
ਸਾਫ਼ ਸਫ਼ਾਈ ਦਾ ਬੁਰਾ ਹਾਲ
ਬਠਿੰਡਾ ਵਿਖੇ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ ਅਤੇ ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਟਿੱਪਰਾਂ ਵਾਲਿਆਂ ਦੀ ਲਗਾਤਾਰ ਹੜਤਾਲ ਹੋਣ ਕਰਕੇ ਬਠਿੰਡੇ ਸ਼ਹਿਰ ਵਿਚ ਸਫਾਈ ਦਾ ਬਹੁਤ ਬੁਰਾ ਹਾਲ ਹੈ। ਸਾਰੇ ਸਫਾਈ ਸੇਵਕ ਆਪਣਾ ਕੰਮ ਛੱਡ ਕੇ, ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਗੇਟ 'ਤੇ ਲਗਤਾਰ ਧਰਨਾ ਦੇ ਰਹੇ ਹਨ। ਪਰ ਨਗਰ ਨਿਗਮ ਸਫਾਈ ਸੇਵਕਾਂ ਅਤੇ ਕੂੜਾ ਚੁੱਕਣ ਵਾਲੇ ਟਿੱਪਰਾਂ ਵਾਲਿਆਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਮਸਲਾ ਹੱਲ ਨਹੀਂ ਕਰ ਰਿਹਾ। ਸਫਾਈ ਸੇਵਕਾਂ ਅਤੇ ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਹੋਣ ਕਰਕੇ ਲੋਕਾਂ ਦੇ ਘਰਾਂ ਵਿਚ ਬਹੁਤ ਕੂੜਾ ਜਮ੍ਹਾਂ ਹੋਇਆ ਪਿਆ ਹੈ। ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕੂੜੇ ਤੋਂ ਮੱਛਰਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਜੀਵ ਜੰਤੂ ਪੈਦਾ ਹੁੰਦੇ ਹਨ। ਜਿਨ੍ਹਾਂ ਦੇ ਲੜਨ ਕਰਕੇ ਕਈ ਤਰ੍ਹਾਂ ਦੇ ਬੁਖਾਰ, ਡੇਂਗੂ ਤੋਂ ਇਲਾਵਾ ਹੋਰ ਖ਼ਤਰਨਾਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਕੁਝ ਸਾਲ ਪਹਿਲਾਂ ਬਠਿੰਡਾਸਫਾਈ ਨੂੰ ਲੈ ਕੇ ਪੂਰੇ ਪੰਜਾਬ ਵਿਚ ਪਹਿਲੇ ਨੰਬਰ 'ਤੇ ਆਉਂਦਾ ਰਿਹਾ ਹੈ। ਨਗਰ ਨਿਗਮ ਦੀ ਅਫਸਰਸ਼ਾਹੀ ਅਤੇ ਨਗਰ ਨਿਗਮ ਦੇ ਲੋਕਾਂ ਵਲੋਂ ਚੁਣੇ ਮੈਂਬਰ ਆਪੋ-ਆਪਣੇ ਘਰਾਂ ਦਾ ਕੂੜਾ ਆਪਣੀ ਪਾਵਰ ਵਰਤ ਕੇ ਸਫਾਈ ਸੇਵਕਾਂ ਤੋਂ ਚੁਕਵਾ ਰਹੇ ਹਨ, ਪਰ ਲੋਕਾਂ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦੇ ਰਹੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਖੁਸ਼ਵੰਤ ਜਿੱਤ ਗਿਆ
ਕਿਸੇ ਨੂੰ ਜਿੱਤਣਾ ਸਭ ਤੋਂ ਜਜ਼ਬਾਤੀ ਕੰਮ ਹੁੰਦਾ ਹੈ। ਸੂਝਵਾਨ ਅਤੇ ਮੂਰਖ ਦੀ ਜਿੱਤ ਵਿਚ ਵੀ ਅੰਤਰ ਹੁੰਦਾ। ਖੇਡਾਂ, ਅਦਾਲਤੀ ਅਤੇ ਸਿਆਸੀ ਜਿੱਤਾਂ ਨਾਲੋਂ ਸਾਹਿਤਕ ਜਿੱਤ ਗੂੜ੍ਹਾ ਨਿੱਘ ਦਿੰਦੀ ਹੈ। ਖੁਸ਼ਵੰਤ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਸਮਕਾਲੀ ਸਾਹਿਤਕਾਰ ਸਨ। ਇਨ੍ਹਾਂ ਦਾ ਮੇਲ ਮਿਲਾਪ ਵੀ ਸਾਹਿਤ ਕਰਕੇ ਹੀ ਹੋਇਆ ਸੀ। ਅੰਮ੍ਰਿਤਾ ਪ੍ਰੀਤਮ ਦਾ ਨਾਵਲ 'ਪਿੰਜਰ' ਖੁਸ਼ਵੰਤ ਸਿੰਘ ਨੇ ਪੜ੍ਹ ਕੇ ਇਸ ਦੇ ਤਾਰੀਫ਼ ਵਾਲੇ ਸ਼ਬਦਾਂ ਦਾ ਖ਼ਤ ਅੰਮ੍ਰਿਤਾ ਵੱਲ ਭੇਜਿਆ। ਅੰਮ੍ਰਿਤਾ ਨੂੰ ਲੱਗਿਆ ਕਿ ਮੇਰੀ ਪਛਾਣ ਵਿਚ ਖੁਸ਼ਵੰਤ ਸਿੰਘ ਨੇ ਦੇਰੀ ਕੀਤੀ। ਸਾਹਿਤਕਾਰ ਨਿੱਘੇ, ਗੂੜ੍ਹੇ ਅਤੇ ਦੂਰਦਰਸ਼ੀ ਹੁੰਦੇ ਹਨ। ਇਸੇ ਲੜੀ ਤਹਿਤ ਅੰਮ੍ਰਿਤਾ ਦੇ ਅੰਦਰੋਂ ਪੁੰਗਾਰਾ ਫੁੱਟਿਆ ਕਿ ਕਦਰ ਤਾਂ ਭਾਵੇਂ ਦੇਰ ਨਾਲ ਕੀਤੀ, ਪਰ ਹਾਂ ਖੁਸ਼ਵੰਤ ਸਿੰਘ ਨੇ ਖ਼ਤ ਜ਼ਰੀਏ ਮੇਰੀ ਕਦਰ ਨੂੰ ਮੰਨਣ ਵਿਚ ਪਹਿਲ ਕੀਤੀ, ਇਸ ਲਈ ਖੁਸ਼ਵੰਤ ਜਿੱਤ ਗਿਆ। ਅੰਮ੍ਰਿਤਾ ਪ੍ਰੀਤਮ ਨੇ ਭੂਸ਼ਨ ਧਿਆਨਪੁਰੀ ਨੂੰ ਪੱਤਰ ਦਾ ਜਵਾਬ ਪੰਦਰਾਂ ਪੈਸੇ ਵਾਲੇ ਪੋਸਟ ਕਾਰਡ ਤੇ ਇਉਂ ਲਿਖਿਆ ਸੀ, 'ਅੰਦਾਜ਼-ਏ-ਭੂਸ਼ਨ ਨੂੰ ਮੇਰਾ ਸਲਾਮ ਆਖਣਾ' ਸਾਹਿਤਕ ਤਰੀਫ਼ ਦਾ ਤਰੀਕਾ ਅਤੇ ਛੋਟੇ ਵੱਡੇ ਨੂੰ ਵਡਿਆਉਣਾ ਆਪਣੇ ਹੀ ਅੰਦਾਜ਼ ਵਿਚ ਡੂੰਘੀਆਂ ਰਮਜ਼ਾਂ ਵਾਲਾ ਹੁੰਦਾ ਹੈ।
-ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ, ਰੂਪਨਗਰ
ਕਿਸਾਨੀ ਬਚਾਉਣ ਦੀ ਲੋੜ
ਅਖਬਾਰਾਂ ਦੀਆਂ ਸੁਰਖੀਆਂ 'ਚ ਅਕਸਰ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਹਿ ਵਡਿਆਇਆ ਜਾਂਦਾ ਹੈ, ਇਹ ਗੱਲ ਸੱਚੀ ਵੀ ਲੱਗਦੀ ਹੈ, ਪਰ ਜੇਕਰ ਪੁਰਾਤਨ ਕਾਲ ਤੋਂ ਲੈ ਕੇ ਹੁਣ ਤੱਕ ਵੇਖਿਆ ਜਾਵੇ ਤਾਂ ਕਿਸਾਨ ਦੇ ਅੰਨਦਾਤਾ ਹੋਣ ਵਾਲੀ ਗੱਲ ਸੱਚ ਤੋਂ ਕੋਹਾਂ ਦੂਰ ਤੇ ਝੂਠ ਦਾ ਇਕ ਪੁਲੰਦਾ ਜਾਪਦੀ ਹੈ, ਕਿਉਂਕਿ ਜੇ ਇਹ ਗੱਲ ਸੱਚ ਹੁੰਦੀ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤਾਂ ਸਾਹਿਤਕਾਰ ਇਹ ਕਦੇ ਨਾ ਲਿਖਦੇ 'ਜੱਟਾ ਤੇਰੀ ਜੂਨ ਬੁਰੀ'। ਵਾਕਿਆ ਹੀ। ਜੱਟ ਦੀ ਜੂਨ ਬਹੁਤ ਬੁਰੀ ਹੈ, ਕਿਉਂਕਿ ਜਿਣਸ ਮੰਡੀਆਂ 'ਚ ਤੁਲ ਨਹੀਂ ਰਹੀ, ਸਗੋਂ ਰੁਲ ਰਹੀ ਹੈ। ਪੁੱਤਾਂ ਵਾਂਗ ਪਾਲੀ ਸੋਨੇ ਜੇਹੀ ਫ਼ਸਲ ਨੂੰ ਵੇਚਣ ਵਾਸਤੇ ਅੰਨਦਾਤਾ ਡਾਢਾ ਖ਼ਫ਼ਾ ਹੈ। ਲੀਡਰ ਉੱਚੀ ਉੱਚੀ ਟਾਹਰਾਂ ਮਾਰਦੇ ਨਹੀਂ ਥੱਕਦੇ ਕਿ ਮੰਡੀਆਂ 'ਚੋ ਕਿਸਾਨ ਦੀ ਫ਼ਸਲ ਦਾ ਇਕ ਇਕ ਦਾਣਾ ਚੁੱਕਿਆ ਜਾ ਰਿਹਾ ਹੈ। ਪਰ ਅਸਲ ਹਕੀਕਤ ਤਾਂ ਕਿਸਾਨ ਹੀ ਬਿਆਨ ਕਰ ਸਕਦਾ ਹੈ। ਮੰਡੀਆਂ 'ਚ ਬਾਰਦਾਨੇ ਦੀ ਘਾਟ, ਝੋਨੇ ਦੀ ਨਮੀ 17 ਫ਼ੀਸਦੀ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਵਲੋਂ ਬੋਲੀ ਨਾ ਲਗਾਉਣਾ, ਲਿਫਟਿੰਗ ਨਾ ਹੋਣਾ ਤੇ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਤੈਅ ਮੁੱਲ (ਐੱਮਐੱਸਪੀ) ਤੋਂ ਘੱਟ ਮੁੱਲ 'ਤੇ ਖਰੀਦ ਕਰਨਾ ਆਦਿ ਮੁਸ਼ਕਿਲਾਂ ਸਾਡੇ ਅੰਨਦਾਤੇ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਕਈ-ਕਈ ਦਿਨਾਂ ਤੋਂ ਮੰਡੀਆਂ 'ਚ ਦਿਨ ਰਾਤ ਭੁੱਖਾ ਭਾਣਾ ਰੁਲਦਾ ਦੇਸ਼ ਦਾ ਅੰਨਦਾਤਾ ਸਰਕਾਰਾਂ ਤੇ ਅਫ਼ਸਰਸ਼ਾਹੀ ਦੇ ਤਰਲੇ ਮਾਰਨ ਲਈ ਮਜਬੂਰ ਹੈ। ਸਰਕਾਰਾਂ ਦੀਆਂ ਨੀਤੀਆਂ ਕਿਸਾਨ ਪੱਖੀ ਨਾ ਹੋਣ ਕਰਕੇ ਦੇਸ਼ ਦਾ ਅੰਨਦਾਤਾ ਦੀਵਾਲੀ ਵਰਗੇ ਮਹੱਤਵਪੂਰਨ ਤਿਉਹਾਰ ਆਪਣੇ ਪਰਿਵਾਰਾਂ ਨਾਲ ਘਰਾਂ 'ਚ ਨਹੀਂ ਮਨਾ ਸਕੇ। ਪਰ ਸਾਡੀ ਸਰਕਾਰ ਤੇ ਅਫ਼ਸਰਸ਼ਾਹੀ ਦੇ ਸਿਰ ਉੱਤੇ ਜੂੰਅ ਤੱਕ ਨਹੀਂ ਸਰਕ ਰਹੀ। ਉਹ ਆਪਣੀ ਜਿਣਸ ਦਾ ਵਾਜਬ ਮੁੱਲ ਲਵਾਉਣ ਵਾਸਤੇ ਸੜਕਾਂ 'ਤੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਤੇ ਲਾਚਾਰ ਹੋਇਆ ਬੇਵੱਸ ਨਜ਼ਰ ਆ ਰਿਹਾ ਹੈ। ਇਹ ਹੈ ਮੇਰੇ ਦੇਸ਼ ਦੇ ਅੰਨਦਾਤਾ ਦੀ ਅਸਲ ਤਸਵੀਰ।
-ਲੈਕ: ਅਜੀਤ ਖੰਨਾ
ਵਧੀਆ ਲੇਖ
ਪਿਛਲੇ ਦਿਨੀਂ ਅਜੀਤ ਮੈਗਜ਼ੀਨ ਵੱਖ-ਵੱਖ ਵਿਧਾਵਾਂ ਦੀਆ ਲਿਖਤਾਂ ਨਾਲ ਛਪ ਕੇ ਸਾਡੇ ਵਿਹੜੇ ਆਇਆ। ਡਾ. ਬਿਕਰਮ ਸਿੰਘ ਵਿਰਕ ਦਾ ਟਾਟਾ ਬਾਰੇ ਲਿਖਿਆ ਲੇਖ ਸਹੀ ਅਰਥਾਂ ਵਿਚ 'ਭਾਰਤ ਰਤਨ' ਸੀ। ਰਤਨ ਟਾਟਾ 'ਤੇ ਪੜ੍ਹਨ ਨੂੰ ਮਿਲਿਆ। ਜਿਸ ਵਿਚ ਟਾਟਾ ਦੇ ਜੀਵਨ ਕਾਲ ਅਤੇ ਕਾਰੋਬਾਰ ਬਾਰੇ ਜਾਣਕਾਰੀ ਪੜ੍ਹਨ ਨੂੰ ਮਿਲੀ, ਅਜਿਹੇ ਵੱਡੇ ਕਾਰੋਬਾਰੀ, ਦਾਨਵੀਰ ਅਤੇ ਵਿੱਦਿਆਦਾਨੀ ਦੇ ਸਫਲ ਜੀਵਨ ਤੋਂ ਵੱਡੀਆਂ ਸੇਧਾਂ ਮਿਲਦੀਆਂ ਹਨ। ਇਸੇ ਅੰਕ 'ਚ ਤੀਰਥੰਕਰ ਮਿੱਤਰਾ ਦੀ ਲਿਖਤ 'ਜ਼ਿੰਦਗੀ ਨੂੰ ਬੇਬਾਕੀ ਨਾਲ ਜਿਊਣ ਵਾਲੀ ਅਭਿਨੇਤਰੀ ਰੇਖਾ' ਸਿਰਲੇਖ ਤਹਿਤ ਪੜ੍ਹਨ ਨੂੰ ਮਿਲੀ। ਜਿਸ ਵਿਚ ਪ੍ਰਸਿੱਧ ਅਭਿਨੇਤਰੀ ਰੇਖਾ ਦੀ ਅਦਾਕਾਰੀ ਤੇ ਜੀਵਨਸ਼ੈਲੀ ਬਾਰੇ ਪੜ੍ਹ ਕੇ ਆਮ-ਗਿਆਨ 'ਚ ਵਾਧਾ ਹੋਇਆ। ਅਜਿਹੇ ਅਦਾਕਾਰ ਆਪਣੀ ਵਿਲੱਖਣ ਅਤੇ ਅਨੋਖੀ ਯਾਦਗਾਰੀ ਅਦਾਕਾਰੀ ਦੇ ਕਾਰਨ ਹਮੇਸ਼ਾ ਲਈ ਲੋਕਾਂ ਦੇ ਦਿਲ ਰਾਜ ਕਰਦੇ ਹਨ। ਇਕ ਦਰਜਨ ਕਿਤਾਬਾਂ ਦੇ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਕੁਲ ਮਿਲਾ ਕੇ 13 ਅਕਤੂਬਰ ਦਾ ਅਜੀਤ ਮੈਗਜ਼ੀਨ ਬਹੁਤ ਕੁਝ ਕਾਬਲੇ ਗੌਰ ਅਤੇ ਕਾਬਲੇ ਤਾਰੀਫ ਲਿਖਤਾਂ ਨਾਲ ਓਤ-ਪਰੋਤ ਹੋ ਪਾਠਕਾਂ ਨੂੰ ਪੜ੍ਹਨ, ਸਮਝਣ ਅਤੇ ਸਾਂਭਣਯੋਗ ਸਮੱਗਰੀ ਦੇ ਗਿਆ ਹੈ।
-ਐੱਸ.ਮੀਲੂ. ਫਰੌਰ।
ਮੇਲਿਆਂ ਦਾ ਘਟਦਾ ਰੁਝਾਨ
ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਸੰਬੰਧ ਸਾਡੇ ਸੱਭਿਆਚਾਰਕ, ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਕੋਈ ਮੇਲਾ ਨਾ ਲਗਦਾ ਹੋਵੇ। ਇਹ ਮੇਲੇ ਗੁਰੂਆਂ, ਪੀਰਾਂ, ਸਿੱਖ ਸ਼ਹੀਦਾਂ, ਹਕੀਕੀ ਇਸ਼ਕ ਕਰਨ ਵਾਲੇ ਆਸਕਾਂ, ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸੂਰਬੀਰਾਂ, ਵਾਤਾਵਰਨ ਪ੍ਰੇਮੀਆਂ ਜਾਂ ਵੱਖ-ਵੱਖ ਗੋਤਾਂ ਨਾਲ ਸੰਬੰਧਤ ਉਨ੍ਹਾਂ ਦੇ ਵੱਡ-ਵਡੇਰਿਆਂ ਦੀ ਯਾਦ ਵਿਚ ਮਨਾਏ ਜਾਂਦੇ ਹਨ। ਮੇਲੇ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ। ਹਰ ਮੇਲੇ ਵਿਚ ਹਰ ਧਰਮ ਜਾਤ ਗੋਤ ਨਾਲ ਸੰਬੰਧਤ ਲੋਕ ਪਹੁੰਚਦੇ ਹਨ, ਜਿਸ ਨਾਲ ਭਾਈਚਾਰਕ ਏਕਤਾ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਮੇਲੇ ਪੁਰਾਤਨ ਸੱਭਿਆਚਾਰ ਨੂੰ ਜਿਊਂਦਾ ਰੱਖਣ ਅਤੇ ਇਤਿਹਾਸ ਬਾਰੇ ਲੋਕਾਂ ਨੂੰ ਭਰਪੂਰ ਜਾਣਕਾਰੀ ਦੇਣ ਦੇ ਚੰਗੇ ਮਾਧਿਅਮ ਹਨ। ਪੁਰਾਣੇ ਸਮਿਆਂ 'ਚ ਮੇਲਿਆਂ ਤੇ ਸ਼ਰਧਾ ਭਾਰੂ ਰਹਿੰਦੀ ਸੀ, ਮਰਦ ਔਰਤਾਂ ਬੁੱਢੇ ਬੱਚੇ ਜਵਾਨ ਮੁਟਿਆਰਾਂ ਸਭ ਇਕੱਠੇ ਹੋ ਕੇ ਮੇਲਿਆਂ ਨੂੰ ਜਾਂਦੇ, ਗੀਤ ਗਾਉਂਦੇ ਭੰਗੜੇ ਪਾਉਂਦੇ। ਕਈ ਘੰਟੇ ਇਹ ਅਖਾੜਾ ਚਲਦਾ, ਇਸਦਾ ਅਨੰਦ ਮਾਣਨ ਵਾਲੇ ਵਧੇਰੇ ਕਰਕੇ ਨੌਜਵਾਨ ਹੀ ਹੁੰਦੇ। ਉਨ੍ਹਾਂ ਦੇ ਸਾਫ਼ ਸੁਥਰੇ ਮਨਾਂ 'ਤੇ ਕਦੇ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਸੀ ਮਿਲਦਾ, ਪਰ ਅੱਜ ਕੱਲ ਅਜਿਹਾ ਪਿਆਰ ਮੁਹੱਬਤ ਤੇ ਇਕੱਠ ਮੇਲਿਆਂ ਤੋਂ ਗਾਇਬ ਹਨ। ਮੇਲੇ ਚੋਂ ਵਾਪਸ ਜਾਂਦੇ ਬੱਚੇ ਹੱਥਾਂ ਵਿਚ ਖਿਡੌਣੇ, ਫੜੀ, ਸੀਟੀਆਂ ਜਾਂ ਬੰਸਰੀਆਂ ਵਜਾਉਂਦੇ ਘਰਾਂ ਨੂੰ ਜਾਂਦੇ ਸਨ। ਸਮੇਂ ਦੇ ਵਿਕਾਸ ਤੇ ਸਾਇੰਸ ਦੀ ਤਰੱਕੀ ਨੇ ਮੇਲਿਆਂ ਦੀ ਦਿੱਖ ਬਦਲ ਦਿੱਤੀ ਹੈ। ਦੁੱਖ ਇਸ ਗੱਲ ਦਾ ਹੈ ਕਿ ਮੇਲਿਆਂ 'ਚੋਂ ਪੁਰਾਤਨ ਸੱਭਿਆਚਾਰ ਖ਼ਤਮ ਹੋ ਰਿਹਾ ਹੈ, ਇਤਿਹਾਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਵਿਰਬਾ ਹੋ ਜਾਣਗੀਆਂ। ਮੇਲਿਆਂ ਦਾ ਜੋ ਮਕਸਦ ਹੁੰਦਾ ਸੀ, ਉਹ ਨਹੀਂ ਰਹਿਣਾ ਅਤੇ ਰੌਣਕਾਂ ਘਟਦੀਆਂ ਘਟਦੀਆਂ ਇਨ੍ਹਾਂ ਮੇਲਿਆਂ ਨੂੰ ਅੰਤ ਵੱਲ ਲੈ ਜਾਣਗੀਆਂ।
-ਗੌਰਵ ਮੁੰਜਾਲ ਪੀ.ਸੀ.ਐਸ.
ਲਾਪ੍ਰਵਾਹੀ ਬਨਾਮ ਹਾਦਸੇ
ਟ੍ਰੈਫਿਕ ਨਿਯਮਾਂ ਦੀ ਕੀਤੀ ਉਲੰਘਣਾ ਹਾਦਸਿਆਂ ਨੂੰ ਸੱਦਾ ਦਿੰਦੀ ਹੈ। ਸੁਰੱਖਿਆ ਹਟੀ ਦੁਰਘਟਨਾ ਘਟੀ ਦਾ ਨਿਯਮ ਸਰਵਵਿਆਪੀ ਹੈ। ਇਸੇ ਤਰ੍ਹਾਂ ਹੀ ਬੀਤੇ ਦਿਨ ਗੁਜ਼ਰਾਤ ਦੇ ਅੰਬਾਜੀ ਵਿਚ ਦੇਖਣ ਨੂੰ ਮਿਲਿਆ, ਜਿਥੇ ਇਕ ਸ਼ਰਾਬੀ ਹਾਲਤ ਵਿਚ ਰੀਲ ਬਣਾ ਰਹੇ ਬਸ ਡਰਾਈਵਰ ਦੁਆਰਾ ਬੱਸ ਪਲਟਾ ਦਿੱਤੀ ਗਈ, ਇਸ ਹਾਦਸੇ ਵਿਚ ਛੇ ਵਿਅਕਤੀਆਂ ਦੀ ਮੌਤ ਅਤੇ ਪੈਂਤੀ ਤੋਂ ਵੱਧ ਜ਼ਖ਼ਮੀ ਹੋਣ ਦੀ ਖ਼ਬਰ ਹੈ। ਨਸ਼ੇ ਅਤੇ ਡਰਾਈਵਿੰਗ ਦਾ ਆਪਸ ਵਿਚ ਕੋਈ ਸੰਬੰਧ ਨਹੀਂ। ਡਰਾਈਵਿੰਗ ਦੌਰਾਨ ਮੋਬੀਲ ਦੀ ਕੀਤੀ ਵਰਤੋਂ ਅਕਸਰ ਹਾਦਸਿਆਂ ਨੂੰ ਸੱਦਾ ਦਿੰਦੀ ਹੈ, ਪ੍ਰੰਤੂ ਸਿ ਘਟਨਾ ਵਿਚ ਤਾਂ ਲਾਪ੍ਰਵਾਹੀ ਦੀ ਹੱਦ ਹੋ ਗਈ। ਬੁੱਧੀਜੀਵੀਆਂ ਦੀ ਅੱਖਾਂ ਖੋਲ੍ਹਣ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਅਜਿਹੀਆਂ ਘਟਨਾਵਾਂ ਤਾਂ ਰੋਜ਼ਾਨਾ ਵਾਪਰਦੀਆਂ ਰਹਿੰਦੀਆਂ ਹਨ, ਜਿਸ ਵਿਚ ਕੋਈ ਇਕ ਵਿਅਕਤੀ ਲਾਪ੍ਰਵਾਹੀ ਨਾਲ ਸੈਂਕੜੇ ਵਿਅਕਤੀਆਂ ਦੀ ਜਾਨ ਜ਼ੋਖਮ ਵਿਚ ਪਾ ਦਿੰਦਾ ਹੈ। ਜੋ ਵਿਅਕਤੀ ਜ਼ਖ਼ਮੀ ਹੋਏ ਅਤੇ ਜੋ ਇਸ ਦੁਨੀਆ ਤੋਂ ਅਣਜਾਣੇ ਵਿਚ ਰੁਖ਼ਸਤ ਹੋਏ, ਉਨ੍ਹਾਂ ਦਾ ਕੀ ਕਸੂਰ ਸੀ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿਥੇ ਅਸੀਂ ਬੇਨਤੀ ਕਰਦੇ ਹਾਂ ਕਿ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਡਰਾਈਵਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਮੁਕੱਰਰ ਕਰਨੀ ਚਾਹੀਦੀ ਹੈ, ਉਥੇ ਅਜਿਹੇ ਸ਼ਰਾਬੀ ਅਤੇ ਲਾਪ੍ਰਵਾਹ ਡਰਾਈਵਰਾਂ ਖਿਲਾਫ਼ ਆਮ ਵਿਅਕਤੀ ਨੂੰ ਆ ਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤਾਂ ਜੋ ਕੋਈ ਵੀ ਬੇਕਸੂਰ ਵਿਅਕਤੀ ਇਨ੍ਹਾਂ ਦੀ ਲਾਪ੍ਰਵਾਹੀ ਦੀ ਬਲੀ ਨਾ ਚੜ੍ਹ ਸਕੇ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਤਹਿ ਤੇ ਜ਼ਿਲ੍ਹਾ ਬਠਿੰਡਾ।
ਕਦੋਂ ਖ਼ਤਮ ਹੋਵੇਗੀ...
ਪੰਜਾਬ ਦੇ ਸ਼ਹਿਰਾਂ, ਬਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ 'ਤੇ ਭੀਖ ਮੰਗਦੇ ਬੱਚੇ ਅਕਸਰ ਦੇਖਣ ਨੂੰ ਮਿਲਦੇ ਹਨ, ਜਦਕਿ ਇਨ੍ਹਾਂ ਦੀ ਉਮਰ ਖੇਡਣ, ਮੌਜ-ਮਸਤੀ ਮਾਨਣ ਅਤੇ ਪੜ੍ਹਾਈ ਕਰਨ ਦੀ ਹੁੰਦੀ ਹੈ। ਪਰ ਇਨ੍ਹਾਂ ਬੱਚਿਆਂ ਨੇ ਕਦੇ ਸਕੂਲ ਅੰਦਰ ਪੈਰ ਧਰ ਕੇ ਨਹੀਂ ਦੇਖਿਆ ਹੁੰਦਾ, ਪੜ੍ਹਾਈ ਹਾਸਲ ਕਰਨੀ ਤਾਂ ਇਨ੍ਹਾਂ ਲਈ ਬੜੀ ਦੂਰ ਦੀ ਗੱਲ ਹੈ। 10 ਤੋਂ 15 ਦੀ ਉਮਰ ਵਾਲੇ ਬੱਚੇ ਮੋਢਿਆਂ ਪਿਛੇ ਬੋਰੀਆਂ ਲਟਕਾਈ ਕੂੜੇ-ਕਰਕਟ ਦੇ ਢੇਰਾਂ 'ਚੋਂ ਕਾਗਜ਼ ਆਦਿ ਚੁਗਦੇ ਵੇਖੇ ਜਾ ਸਕਦੇ ਹਨ। ਦੂਜੇ ਪਾਸੇ ਬਾਲ ਮਜ਼ਦੂਰੀ ਖਤਮ ਕਰਨ ਦੀਆਂ ਬਿਆਨ-ਬਾਜ਼ੀਆਂ ਚਿਰਾਂ ਤੋਂ ਛਪ ਰਹੀਆਂ ਹਨ, ਪਰ ਬਾਲ ਮਜ਼ਦੂਰੀ ਉਸੇ ਤਰ੍ਹਾਂ ਜਾਰੀ ਹੈ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ' ਕਿਉਂ ਅਜਿਹੇ ਬੱਚਿਆਂ ਬਾਰੇ ਸਖ਼ਤ ਨੋਟਿਸ ਨਹੀਂ ਲੈ ਰਿਹਾ? ਉਹ ਕਿਹੜੀ ਡਿਊਟੀ ਨਿਭਾਅ ਰਹੇ ਹਨ? ਕੀ ਇਸ ਕਮਿਸ਼ਨ ਨੇ ਕਦੇ ਅਜਿਹੇ ਬੱਚਿਆਂ ਬਾਰੇ ਪੜਤਾਲ ਕੀਤੀ ਹੈ ਕਿ ਉਹ ਕਿਹੜੀ ਮਜਬੂਰੀ ਵਸ ਮਜ਼ਦੂਰੀ ਕਰ ਰਹੇ ਹਨ, ਲੋਕਾਂ ਤੋਂ ਲੇਲ੍ਹੜੀਆਂ ਕੱਢ-ਕੱਢ ਪੈਸਿਆਂ ਦੀ ਭੀਖ ਮੰਗ ਰਹੇ ਹਨ? ਅਜਿਹੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਪਾਸੋਂ ਕਿਉਂ ਕੰਮ ਕਰਵੇ ਰਹਨ। ਇਹ ਬੱਚਿਆਂ ਨੂੰ ਸਕੂਲ ਪੜ੍ਹਨ ਕਿਉਂ ਨਹੀਂ ਪਾਇਆ ਜਾ ਰਿਹਾ? ਕੀ ਕਮਿਸ਼ਨ 'ਤੇ ਆਸ ਰੱਖੀ ਜਾ ਸਕਦੀ ਹੈ ਕਿ ਉਹ ਆਪਣੇ ਫ਼ਰਜ਼ ਨੂੰ ਨਿਭਾਉਂਦਿਆਂ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਦਲੇਗਾ?
-ਭੋਲਾ ਨੂਰਪੁਰਾ
ਪਿੰਡ ਤੇ ਡਾਕ: ਨੂਰਪੁਰਾ, ਵਾਇਆ ਹਲਵਾਰਾ (ਲੁਧਿਆਣਾ)।
ਵਿਚਾਰੇ ਗ਼ਰੀਬ ਮਰੀਜ਼
ਦਿਨੋ-ਦਿਨ ਬਿਮਾਰੀਆਂ ਵਧ ਰਹੀਆਂ ਹਨ। ਇਕ ਬਿਮਾਰੀ ਦਾ ਹੱਲ ਨਹੀਂ ਹੁੰਦਾ, ਹੋਰ ਨਵੀਂ ਬਿਮਾਰੀ ਆ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗਣੀ ਜਾਂ ਬਿਮਾਰ ਹੋਣ ਦਾ ਹਰ ਇਕ ਨੂੰ ਡਰ ਰਹਿੰਦਾ ਹੈ। ਬਿਮਾਰੀਆਂ ਹਰ ਇਕ ਨੂੰ ਚਿੱਚੜ ਵਾਂਗ ਚਿੰਬੜ ਰਹੀਆਂ ਹਨ। ਜੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਮਰੀਜ਼ ਦਵਾਈ ਨਹੀਂ ਲੈ ਸਕਦਾ, ਕਿਉਂਕਿ ਦਵਾਈ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਲੋਕ ਸਰਕਾਰੀ ਹਸਪਤਾਲਾਂ ਵਿਚ ਜਾਂਦੇ ਹਨ। ਡਾਕਟਰ ਜਿਹੜੀ ਦਵਾਈ ਲਿਖਦਾ ਹੈ, ਉਹ ਦਵਾਈ ਹਸਪਤਾਲ ਵਿਚੋਂ ਨਹੀਂ ਮਿਲਦੀ। ਉਹ ਹਸਪਤਾਲ ਤੋਂ ਬਾਹਰ ਦਵਾਈਆਂ ਵਾਲੀ ਦੁਕਾਨ 'ਤੇ ਆਮ ਮਿਲ ਜਾਂਦੀ ਹੈ ਪਰ ਦੁਕਾਨਾਂ ਵਾਲੇ ਮਰੀਜ਼ਾਂ ਦੀ ਜੇਬ ਉੱਪਰ ਡਾਕਾ ਮਾਰਦੇ ਹਨ। ਮਰੀਜ਼ ਦਵਾਈ ਦੀ ਕੀਮਤ ਸੁਣ ਕੇ ਆਪਣੇ-ਆਪ ਨੂੰ ਕੋਸਦਾ ਰਹਿ ਜਾਂਦਾ ਹੈ। ਕਈ ਵਾਰ ਮਰੀਜ਼ਾਂ ਨੂੰ ਦਵਾਈ ਵੀ ਸਹੀ ਨਹੀਂ ਮਿਲਦੀ। ਨਕਲੀ ਦਵਾਈਆਂ ਖਾ-ਖਾ ਕੇ ਮਰੀਜ਼ ਠੀਕ ਹੋਣ ਦੀ ਥਾਂ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਖ਼ਾਸ ਕਰਕੇ ਅਨਪੜ੍ਹ ਵਿਅਕਤੀ ਨੂੰ ਇਸ ਪ੍ਰਤੀ ਬਹੁਤ ਪ੍ਰੇਸ਼ਾਨੀਆਂ ਆਉਂਦੀਆਂ ਹਨ। ਜੇ ਉਹ ਡਾਕਟਰ ਬਾਰੇ ਵੀ ਪੁੱਛਦਾ ਹੈ, ਤਾਂ ਉਸ ਨੂੰ ਕੋਈ ਦੱਸਣ ਲਈ ਤਿਆਰ ਨਹੀਂ। ਮਰੀਜ਼ਾਂ ਪ੍ਰਤੀ ਸਿਹਤ ਵਿਭਾਗ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਜ਼ਿੰਦਗੀ ਖੂਬਸੂਰਤ ਹੈ
ਜ਼ਿੰਦਗੀ ਦਾ ਹਰ ਪਲ ਖੂਬਸੂਰਤ ਹੈ। ਆਓ, ਹਰ ਪਲ ਖੁਸ਼ ਰਹਿ ਕੇ ਜ਼ਿੰਦਗੀ ਦਾ ਭਰਪੂਰ ਆਨੰਦ ਲਈਏ। ਅੱਜਕਲ੍ਹ ਦੀ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਛੋਟੀ ਹੋ ਚੁੱਕੀ ਹੈ, ਕੀ ਪਤਾ ਅਗਲਾ ਪਲ ਆਵੇਗਾ ਜਾਂ ਨਾ ਆਵੇ। ਇਸ ਕਰਕੇ ਕਿਸੇ ਪ੍ਰਤੀ ਮਨ ਵਿਚ ਵੈਰ ਨਫ਼ਰਤ ਨਾ ਰੱਖੀਏ। ਕਿਸੇ ਨਾਲ ਬਹਿਸ ਨਾ ਕਰੀਏ। ਆਪਣੇ-ਆਪ ਨੂੰ ਸਮਾਂ ਦੇ ਕੇ ਖ਼ੁਦ 'ਤੇ ਏਨਾ ਫੋਕਸ ਕਰੀਏ ਕਿ ਦੂਜੇ ਦੀ ਜ਼ਿੰਦਗੀ ਬਾਰੇ ਸੋਚਣ ਦਾ ਖਿਆਲ ਤੁਹਾਡੇ ਮਨ ਵਿਚ ਨਾ ਆਵੇ, ਕਿ ਉਹ ਕੀ ਕਰ ਰਿਹਾ ਹੈ? ਕਿਉਂ ਕਰ ਰਿਹਾ ਹੈ? ਕਿਥੇ ਜਾ ਰਿਹਾ ਹੈ? ਜੋ ਤੁਹਾਡੀਪਿੱਠ ਪਿਛੇ ਬੋਲਣ ਵਾਲਿਆਂ ਦੀਆਂ ਗੱਲਾਂ 'ਤੇ ਧਿਆਨ ਨਾ ਦਿਓ। ਅਸੀਂ ਹੋਰਾਂ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਹਾਂ ਪਰ ਆਪਣੇ-ਆਪ ਲਈ ਕਦੇ ਵੀ ਸਮਾਂ ਨੂੰ ਕੱਢਦੇ। ਜੇਕਰ ਅਸੀਂ ਆਪਣੇ ਲਈ ਸਮਾਂ ਕੱਢਾਂਗੇ, ਤਾਂ ਸਾਡੀ ਜ਼ਿੰਦਗੀ ਨਿਖਰਦੀ ਚਲੀ ਜਾਵੇਗੀ। ਆਪਣੇ ਸ਼ੌਕਾਂ ਨੂੰ ਪੂਰਾ ਕਰੋ। ਚੰਗਾ ਸੋਚੋ। ਆਪਣੇ ਹੁਨਰ ਨੂੰ ਦੂਜਿਆਂ ਸਾਹਮਣੇ ਲੈ ਕੇ ਆਓ। ਆਪਣੀ ਤੁਲਨਾ ਕਦੇ ਵੀ ਕਿਸੇ ਨਾਲ ਨਾ ਕਰੋ। ਆਪਣੀ ਅਹਿਮੀਅਤ ਨੂੰ ਸਮਝੋ। ਤੁਸੀਂ ਬਹੁਤ ਕੀਮਤੀ ਇਨਸਾਨ ਹੋ।
-ਸੰਜੀਵ ਸਿੰਘ ਸੈਣੀ, ਮੋਹਾਲੀ।
ਮੇਲਾ ਚਿਰਾਗ਼ਾਂ ਜਾਣਕਾਰੀ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਲਹਿੰਦੇ ਪੰਜਾਬ ਤੋਂ ਡਾ. ਤਾਹਿਰ ਮਹਿਮੂਦ ਹੁਰਾਂ ਦਾ ਇਕ ਖ਼ੂਬਸੂਰਤ ਲੇਖ 'ਮੇਲਾ ਚਿਰਾਗਾਂ ਲਾਹੌਰ' ਦੋ ਕਿਸ਼ਤਾਂ ਵਿਚ ਛਪਿਆ। ਸ਼ਾਹ ਹੁਸੈਨ ਅਤੇ ਉਨ੍ਹਾਂ ਦੇ ਸ਼ਾਗਿਰਦ ਮਾਧੋ ਲਾਲ ਹੁਸੈਨ ਦੇ ਗੁਰੂ ਚੇਲੇ ਦੇ ਰਿਸ਼ਤੇ ਨੂੰ ਡਾ. ਤਾਹਿਰ ਮਹਿਮੂਦ ਨੇ ਬੜੇ ਸੋਹਣੇ ਸ਼ਬਦਾਂ ਵਿਚ ਬਿਆਨ ਕੀਤਾ। ਗੁਰੂ ਅਤੇ ਚੇਲਾ ਦੋਵੇਂ ਅਲੱਗ-ਅਲੱਗ ਮਜ਼੍ਹਬ ਨਾਲ ਤਾਅਲੁਕ ਰੱਖਣ ਵਾਲੇ ਸਨ ਅਤੇ ਲੋੋਕਾਂ ਵਲੋਂ ਉਨ੍ਹਾਂ ਦੇ ਰਿਸ਼ਤੇ ਨੂੰ ਦਿੱਤੀ ਗ਼ਲਤ ਰੰਗਤ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਧੁਨ ਦੇ ਪੱਕੇ ਨਿਕਲੇ, ਜਿਸ ਕਰਕੇ ਅੱਜ ਵੀ ਦੋਵੇਂ ਇਕ-ਦੂਜੇ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਲਾਹੌਰ ਵਿਚ ਇਨ੍ਹਾਂ ਦੋਵਾਂ ਦੀ ਮਜ਼ਾਰ 'ਤੇ ਜਦੋਂ ਧਰਮ ਦੇ ਠੇਕੇਦਾਰਾਂ ਵਲੋਂ ਇਕ ਜਣੇ ਦਾ ਨਾਂਅ ਮਿਟਾਇਆ ਗਿਆ ਤਾਂ ਧਰਮਾਂ ਦੇ ਰੌਲੇ ਗੌਲੇ ਤੋਂ ਉੱਪਰ ਉਠ ਕੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੇ ਮੁੜ ਦੋਵਾਂ ਦੇ ਨਾਵਾਂ ਨੂੰ ਮੁੜ ਉਸੇ ਜਗ੍ਹਾ 'ਤੇ ਲਗਾਇਆ। ਧਰਮ ਦੇ ਨਾਂਅ 'ਤੇ ਵੰਡੇ ਗਏ ਪੰਜਾਬ ਨੂੰ ਅੱਜ ਸ਼ਾਹ ਹੁਸੈਨ ਤੇ ਮਾਧੋ ਲਾਲ ਵਰਗੇ ਪੰਜਾਬੀਆਂ ਦੀ ਬੜੀ ਲੋੜ ਹੈ। ਜੋ ਦੋਵੇਂ ਪਾਸੇ ਦੇ ਪੰਜਾਬੀਆਂ ਦੇ ਦਿਲਾਂ ਵਿਚ ਮੁਹੱਬਤ ਜਗਾਉਣ। ਮੁਹੱਬਤ ਵੰਡਣ ਵਾਲੇ ਇਸ ਖ਼ੂਬਸੂਰਤ ਲੇਖ ਲਈ 'ਅਜੀਤ' ਅਤੇ ਡਾ. ਤਾਹਿਰ ਮਹਿਮੂਦ ਜੀ ਦੋਵੇਂ ਵਧਾਈ ਦੇ ਪਾਤਰ ਹਨ।
-ਲਖਵਿੰਦਰ ਜੌਹਲ 'ਧੱਲੇਕੇ'
ਸਰਕਾਰ ਦਾ ਸਹੀ ਫ਼ੈਸਲਾ
ਪੰਜਾਬ ਮੰਤਰੀ ਮੰਡਲ ਦਾ ਵੱਡਾ ਫੈਸਲਾ ਪੰਜਾਬ ਪੰਚਾਇਤੀ ਰਾਜ ਰੂਲ 1994 'ਚ ਸੋਧ ਹੋਵੇਗੀ। ਸਿਆਸੀ ਪਾਰਟੀਆਂ ਦੇ ਚਿੰਨ੍ਹਾਂ 'ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ। ਬਿਨਾਂ ਕਿਸੇ ਰਾਜਨੀਤੀ ਦਬਾਅ ਤੇ ਨਿਰਪੱਖ ਹੋਣਗੀਆਂ ਪੰਚਾਇਤੀ ਪੰਚ, ਸਰਪੰਚ ਦੀਆਂ ਚੋਣਾਂ। ਪਿੰਡਾਂ ਦੀ ਖ਼ੁਸ਼ਹਾਲੀ ਵਾਸਤੇ ਪੰਚਾਇਤਾਂ ਦਾ ਗਠਨ ਹੋਇਆ ਸੀ। ਪੰਚਾਇਤਾਂ ਪਿੰਡ ਦੇ ਨਿੱਕੇ ਮੋਟੇ ਝਗੜੇ ਪਿੰਡ ਵਿਚ ਹੀ ਨਿਬੇੜ ਲੈਦੀਆਂ ਹਨ, ਥਾਣੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਬਾਕੀ ਹੋਰ ਪਿੰਡ ਦੇ ਵਿਕਾਸ ਵਾਸਤੇ ਪੰਚਾਇਤਾਂ ਨੂੰ ਫੰਡ ਮਿਲਦੇ ਹਨ ਜੋ ਪੰਚਾਇਤਾਂ ਪਿੰਡ ਦੀ ਗਲੀਆਂ, ਸੜਕਾਂ, ਨਾਲੀਆਂ ਤੇ ਹੋਰ ਪਿੰਡ ਦੇ ਵਿਕਾਸ ਵਾਸਤੇ ਅਹਿਮ ਰੋਲ ਅਦਾ ਕਰਦੀਆਂ ਹਨ। ਚੋਣ ਸਰਬਸੰਮਤੀ ਨਾਲ ਹੋਣ ਕਾਰਨ ਸਰਕਾਰ ਵਲੋਂ ਉਸ ਪਿੰਡ ਨੂੰ ਵੱਖਰੀ ਗ੍ਰਾਂਟ ਵੀ ਮਿਲਦੀ ਹੈ। ਇਸ ਕਰ ਕੇ ਹਰ ਪਿੰਡ ਨੂੰ ਸਰਬਸੰਮਤੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਕਰ ਚੋਣ ਕਰਨੀ ਵੀ ਪਏ ਪੜ੍ਹੇ ਲਿਖੇ, ਬੇਦਾਗ਼ ਜੋ ਪਿੰਡ ਵਿਚ ਸ਼ਰਾਬ ਤੇ ਪੈਸੇ ਨਾਂ ਵੰਡਣ ਪੰਚ, ਸਰਪੰਚ ਚੁਨਣੇ ਚਾਹੀਦੇ ਹਨ। ਪਿੰਡਾਂ ਵਿਚ 33 ਫ਼ੀਸਦੀ ਕੋਟਾ ਔਰਤਾਂ ਦਾ ਹੈ। ਇਸ ਲਈ ਯੋਗ ਇਸਤਰੀ ਸਰਪੰਚ ਦੀ ਚੋਣ ਕੀਤੀ ਜਾਵੇ ਜੋ ਆਪਣੇ ਬਲਬੂਤੇ ਤੇ ਸਰਪੰਚੀ ਕਰੇ ਨਾ ਕੇ ਆਪਣੇ ਘਰ ਵਾਲੇ ਦੇ ਬਲਬੂਤੇ 'ਤੇ। ਅਕਸਰ ਦੇਖਿਆ ਹੈ ਸਰਪੰਚ ਔਰਤ ਦਾ ਘਰ ਵਾਲਾ ਹੀ ਸਰਪੰਚੀ ਕਰਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ।
ਔਰਤਾਂ ਨਾਲ ਵਿਵਹਾਰ!
ਇਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਪ੍ਰਸ਼ਾਸਨ ਦੀ ਇੱਛਾ ਸ਼ਕਤੀ 'ਤੇ ਨਿਰਭਰ ਕਰਦਾ ਹੈ ਜੋ ਕਿਸੇ ਵੀ ਸਥਾਪਿਤ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਨਿਰਧਾਰਤ ਕਰਦਾ ਹੈ। ਜਿਵੇਂ ਕਿ ਔਰਤਾਂ ਵਿਰੁੱਧ ਲਗਾਤਾਰ ਹੋ ਰਹੇ ਜੁਰਮਾਂ ਤੋਂ ਰੇਖਾਂਕਿਤ ਹੁੰਦਾ ਹੈ ਕਿ ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਛਾ ਸ਼ਕਤੀ ਦਿਖਾਈ ਨਹੀਂ ਦੇ ਰਹੀ ਹੈ ਅਤੇ ਇੱਛਾ ਸ਼ਕਤੀ ਦੀ ਇਸ ਅਣਹੋਂਦ ਨੂੰ ਤਿੰਨ ਹਾਲੀਆ ਮਾਮਲਿਆਂ ਦੁਆਰਾ ਉਜਾਗਰ ਕਰ ਦਿੱਤਾ ਗਿਆ ਹੈ - ਕੋਲਕਾਤਾ ਵਿਚ ਇਕ ਡਾਕਟਰ ਦਾ ਬਲਾਤਕਾਰ ਅਤੇ ਕਤਲ, ਮਹਾਰਾਸ਼ਟਰ ਦੇ ਬਦਲਾਪੁਰ ਵਿਚ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਨਾਲ ਬਲਾਤਕਾਰ ਅਤੇ ਮਲਿਆਲਮ ਫ਼ਿਲਮ ਇੰਡਸਟਰੀ ਦੀ ਸ਼ਰਮਨਾਕ ਸਥਿਤੀ ਬਾਰੇ ਜਸਟਿਸ ਹੇਮਾ ਕਮੇਟੀ ਵਲੋਂ ਕੀਤੇ ਗਏ ਸ਼ਰਮਨਾਕ ਖੁਲਾਸੇ। ਇਹ ਵਿਚਾਰਨ ਦੀ ਗੱਲ ਹੈ ਕਿ ਜਿਸ ਦੇਸ਼ ਵਿਚ ਔਰਤਾਂ ਨੂੰ ਬਚਪਨ ਤੋਂ ਹੀ ਦੇਵੀਆਂ ਵਾਂਗ ਸਤਿਕਾਰਿਆ ਜਾਂਦਾ ਹੈ, ਉੱਥੇ ਔਰਤਾਂ 'ਤੇ ਜ਼ੁਲਮ ਬੇਰੋਕ ਜਾਰੀ ਹਨ। ਸਵਾਮੀ ਵਿਵੇਕਾਨੰਦ ਨੇ ਇਕ ਵਾਰ ਕਿਹਾ ਸੀ, 'ਕਿਸੇ ਰਾਸ਼ਟਰ ਦੀ ਤਰੱਕੀ ਦਾ ਸਭ ਤੋਂ ਵਧੀਆ ਥਰਮਾਮੀਟਰ ਉਸ ਦੀਆਂ ਔਰਤਾਂ ਨਾਲ ਉਸ ਦਾ ਵਿਵਹਾਰ ਹੈ।' ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਰਾਜਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਮੂਲੀਅਤ ਤੋਂ ਬਿਨਾਂ ਇਕ ਵੱਖਰੀ, ਸੁਤੰਤਰ ਅਤੇ ਚਾਕ-ਚੌਬੰਦ ਪ੍ਰਣਾਲੀ ਬਣਾਉਣ 'ਤੇ ਵਿਚਾਰ ਕੀਤਾ ਜਾਵੇ, ਜੋ ਪੀੜਤ ਔਰਤਾਂ ਪ੍ਰਤੀ ਸੰਵੇਦਨਸ਼ੀਲ ਅਤੇ ਸਸ਼ਕਤ ਹੋਵੇ ਤਾਂ ਜੋ ਸਾਡੇ ਦੇਸ਼ ਵਿਚ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
-ਇੰ. ਕ੍ਰਿਸ਼ਨ ਕਾਂਤ ਸੂਦ, ਨੰਗਲ।
ਹਾਲਾਤ ਕਾਫ਼ੀ ਵਿਗੜ ਚੁੱਕੇ ਹਨ
ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਵਿਗੜ ਚੁੱਕੇ ਹਨ। ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ, ਖ਼ਬਰਾਂ ਵਾਲੇ ਚੈਨਲ ਦੇਖਦੇ ਹਾਂ ਕਿ ਕਿਵੇਂ ਪੰਜਾਬ ਵਿਚ ਹਰ ਦਿਨ ਸ਼ਰੇਆਮ ਬਾਜ਼ਾਰਾਂ ਵਿਚ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਅਤੇ ਕਤਲ ਤੱਕ ਕੀਤੇ ਜਾ ਰਹੇ ਹਨ। ਸੋਚਣ ਵਾਲੀ ਗੱਲ ਹੈ ਕਿਇਨ੍ਹਾ ਲੋਕਾਂ ਕੋਲ ਇੰਨਾ ਅਸਲ੍ਹਾ ਕਿੱਥੋਂ ਆਇਆ, ਕਿਵੇਂ ਇਹ ਲੋਕ ਇੰਨਾ ਅਸਲ੍ਹਾ ਲੈ ਕੇ ਸ਼ਰੇਆਮ ਘੁੰਮ ਰਹੇ ਹਨ। ਕਦੀ ਨਹੀਂ ਸੋਚਿਆ ਸੀ ਕਿ ਪੰਜਾਬ ਨੂੰ ਵੀ ਕਦੇ ਇਹੋ ਜਿਹੇ ਹਾਲਾਤ ਦੇਖਣੇ ਪੈਣਗੇ। ਸਾਡੀ ਪੁਲਿਸ, ਖੁਫ਼ੀਆ ਵਿਭਾਗ ਅਤੇ ਹੋਰ ਸੁਰੱਖਿਆ ਵਿਭਾਗ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿਚ ਨਾਕਾਮ ਹੋ ਰਹੇ ਹਨ। ਆਮ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਅਜਿਹੀਆਂ ਘਟਨਾਵਾਂ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਔਰਤਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਕਾਂਟੇ, ਲੋਕਾਂ ਦੇ ਮੋਬਾਈਲ ਫੋਨ, ਕਾਰਾਂ ਮੋਟਰਸਾਈਕਲ ਚੋਰੀ ਹੋ ਰਹੇ ਹਨ। ਕਈ ਇਲਾਕਿਆਂ ਵਿਚ ਤਾਂ ਤੁਸੀਂ ਰਾਤ ਨੂੰ ਜਾ ਵੀ ਨਹੀਂ ਸਕਦੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਦਸ ਦਾ ਨੋਟ
ਦਸ ਦਾ ਨੋਟ ਅਹਿਸਾਨ ਚੜ੍ਹਾਉਣ ਦਾ ਅਹਿਸਾਸ ਹੁੰਦਾ ਹੈ। ਨੋਟ ਬੰਦੀ ਤਾਂ ਖਾਹਮਖਾਹ ਬਦਨਾਮ ਹੋ ਗਈ। ਚੰਗਾ ਹੁੰਦਾ ਜੇ ਸਿਰਫ਼ ਦਸ ਦਾ ਨੋਟ ਹੀ ਬੰਦ ਕਰ ਦਿੰਦੇ। ਅੱਜ ਛੋਟੀ ਅਤੇ ਸਹਿਣਯੋਗ ਰਾਸ਼ੀ ਦਸ ਦੇ ਨੋਟ ਵਿਚ ਛੁਪੀ ਪਈ ਹੈ। ਹਾਂ ਇਕ ਗੱਲ ਜ਼ਰੂਰ ਹੈ ਕਿ ਦਸ ਦਾ ਨੋਟ ਪਰਦੇ ਢੱਕ ਲੈਂਦਾ ਹੈ। ਅਸੀਂ ਜਦੋਂ ਧਾਰਮਿਕ ਅਸਥਾਨ ਜਾਂ ਸਮਾਗਮ ਵਿਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਜੇਬ ਵਿਚ ਦਸ ਦਾ ਨੋਟ ਫਰੋਲਦੇ ਹਾਂ। ਦਸ ਦਾ ਨੋਟ ਜੇ ਨਾ ਹੋਵੇ ਤਾਂ ਵੱਡਾ ਨੋਟ ਤੁੜਵਾਉਮ ਲਈ ਕਈ ਥਾਵਾਂ 'ਤੇ ਜਾਂਦੇ ਹਾਂ, ਨਾਲ ਹੀ ਸ਼ਰਤ ਲਾਉਂਦੇ ਹਾਂ ਕਿ ਦਸ ਦਾ ਨੋਟ ਵਿਚ ਜ਼ਰੂਰ ਹੋਵੇ। ਉਹੀ ਦਸ ਰੁਪਏ ਲੈ ਕੇ ਸਮਾਗਮ ਵਿਚ ਜਾਂਦੇ ਹਾਂ। ਸਮਾਜਿਕ ਪੈਂਹਠ ਅਤੇ ਮਾਲੀ ਨੁਕਸਾਨ ਬਚਾਉਣ ਲਈ ਦਸ ਦਾ ਨੋਟ ਸਹਾਈ ਹੁੰਦਾ ਹੈ। ਗੁਰੂ ਘ੍ਰ ਦੇ ਪਾਟੀਆਂ ਬਾਰੇ ਤਨਖਾਹ ਅਤੇ ਹੋਰ ਘਾਟਾਂ ਬਾਰੇ ਚਰਚਾਵਾਂ ਚਲਦੀਆਂ ਹਨ। ਚੜ੍ਹਾਉਂਦੇ ਅਸੀਂ ਦਸ ਰੁਪਏ ਹੀ ਹਾਂ। ਲਾਗੀਆਂ ਨੂੰ ਵੀ ਸਿਰਫ਼ ਦਸ ਰੁਪਏ ਦੇਣ ਦਾ ਮਾਪਦੰਡ ਹੈ। ਬੱਚੇ ਨੂੰ ਵਰਾਉਣ ਲਈ ਵੀ ਦਸ ਰੁਪਏ ਦਿੰਦੇ ਹਾਂ। ਇਸ ਸਭ ਕੁਝ ਦਾ ਅੰਤ ਹੋ ਜਾਂਦਾ ਜੇ ਨੋਟ ਬੰਦੀ ਦਸ ਰੁਪਏ ਦੀ ਕਰਕੇ ਸਿੱਧਾ ਸੌ ਦਾ ਨੋਟ ਸ਼ੁਰੂ ਕਰ ਦਿੰਦੇ। ਦਸ ਦਾ ਨੋਟ ਸੁੱਟ ਕੇ ੱਹਿਸਾਨ ਕਰ ਦਿੰਦੇ ਹਾਂ। ਇਹ ਨੋਟ ਦੋੇਵੰ ਪੱਖ ਢਕ ਵੀ ਲੈਂਦੇ ਹੈ। ਅਮੀਰ ਗਰੀਬ ਦੇ ਪਾੜੇ ਨੂੰ ਵੀ ਦਸ ਦਾ ਨੋਟ ਦਰਸਾ ਦਿੰਦਾ ਹੈ। ਖਾਧੀ ਪੀਤੀ ਵਿਚ ਵੀ ਇਹ ਸਭ ਤੋਂ ਵੱਧ ਉਲਰਦਾ ਹੈ। ਸ਼ਰਾਬੀ ਵੀ ਦਸ ਦੀ ਸੋਝੀ ਰੱਖਦਾ ਹੈ। ਦਸ ਦਾ ਨੋਟ ਗਰੀਬ ਦਾ ਸਹਾਰਾ ਅਤੇ ਅਮੀਰ ਦਾ ਕੰਜੂਸਪੁਣਾ ਦਰਸਾਉਣ ਦਾ ਇਕ ਮਾਤਰ ਸਾਧਨ ਹੈ। ਕੁਝ ਸਾਲ ਪਹਿਲਾਂ ਦਸ ਦਸ ਪਾ ਕੇ ਸ਼ਰਾਬ ਪੀਤੀ ਜਾਂਦੀ ਸੀ। ਹੁਣ ਮਹਿੰਗਾਈ ਕਰਕੇ ਸ਼ਰਾਬ ਦੀ ਦਸੀ ਬੰਦ ਹੋ ਚੁੱਕੀ ਹੈ। ਉਂਜ ਦਸ ਤੋਂ ਬਾਅਦ ਹੀ ਸੋ ਬਣਦਾ ਹੈ ਪਰ ਜਦੋਂ ਦਸ ਦੇ ਨੋਟ ਨੂੰ ਇਕ ਮਾਪਦੰਡ ਵਿਚ ਨਿਰਧਾਰਤ ਕੀਤਾ ਜਾਂਦਾ ਹੈ ਤਾਂ ਵਿਅੰਗ ਮੱਲੋਮੱਲੀ ਫੁਰਰਦਾ ਹੈ ਕਿ ਦਸ ਦੀ ਨੋਟ ਬੰਦੀ ਹੋਵੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਵਧ ਰਹੇ ਜਬਰ ਜਨਾਹ
ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ 'ਤੇ ਹੀ ਅਗਲੇਰੇ ਮਾਹੌਲ ਦੀ ਕਲਪਨਾ ਕੀਤੀ ਜਾਂਦੀ ਹੈ। ਪਰ ਵਰਤਮਾਨ ਸਮੇਂ ਵਿਚ ਬੱਚੇ ਬਚਪਨ 'ਚ ਵੀ ਬਹੁਤ ਸੰਤਾਪ ਹੰਢਾ ਰਹੇ ਹਨ। ਨਾਬਾਲਗ ਬੱਚੀਆਂ ਨਾਲ ਰੋਜ਼ਾਨਾ ਜਬਰ ਜਨਾਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ ਦੀ ਖ਼ਬਰ ਆ ਜਾਂਦੀ ਹੈ, ਜਿਥੇ ਦਰਿੰਦਿਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਮਾਪਿਆਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਹਰਜ਼ਾਨਾ ਬੱਚਚੀਆਂ ਨੂੰ ਭੁਗਤਣਾ ੈਪੰਦਾ ਹੈ ਕਿਉਂਕਿ ਡਰ ਦੇ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਇਸ ਮੁੱਦੇ ਨੂੰ ਗੰਭੀਰਤਾ ਨਾਲ ਪੜਚੋਲਿਆ ਜਾਣਾ ਚਾਹੀਦਾ ਹੈ ਅਤੇ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ।
-ਰਾਜਿੰਦਰ ਕੌਰ
ਐਸ.ਡੀ. ਕਾਲਜ, ਬਰਨਾਲਾ।
ਮੋਬਾਈਲ ਦੇਖਣ ਦੀ ਆਦਤ
ਅੱਜ ਦੇ ਸਮੇਂ ਵਿਚ ਮੋਬਾਈਲ ਇਕ ਅਜਿਹਾ ਯੰਤਰ ਹੈ ਜੋ ਸਾਡੀ ਬਹੁਤ ਵੱਡੀ ਜ਼ਰੂਰਤ ਬਣ ਗਿਆ ਹੈ। ਮੋਬਾਈਲ ਦੀ ਖੋਜ ਮਾਰਟਿਨ ਕੂਪਰ ਨੇ 1973 ਵਿੱਚ ਕੀਤੀ। ਮੋਬਾਈਲ ਫੋਨ ਸ਼ੁਰੂਆਤੀ ਦੌਰ ਵਿਚ ਕਾਲ ਕਰਨ ਲਈ ਤਿਆਰ ਕੀਤਾ ਗਿਆ, ਪਰ ਬਦਲਦੇ ਸਮੇਂ ਦੇ ਨਾਲ 1992 ਵਿਚ 'ਆਈ.ਬੀ.ਐਮ.' ਕੰਪਨੀ ਨੇ ਪਹਿਲਾ ਸਮਾਰਟ ਫੋਨ ਤਿਆਰ ਕੀਤਾ ਜਦਕਿ ਭਾਰਤ ਵਿੱਚ 2007 ਵਿੱਚ ਪਹਿਲਾ ਸਮਾਰਟ ਫੋਨ ਬਾਜ਼ਾਰ ਵਿੱਚ ਆਇਆ। ਬਿਨਾਂ ਸ਼ੱਕ ਮੋਬਾਈਲ ਅੱਜ ਦੇ ਯੁੱਗ ਵਿਚ ਬਹੁਤ ਵੱਡੀ ਸੰਚਾਰ ਕ੍ਰਾਂਤੀ ਹੈ। ਮੋਬਾਈਲ ਦੂਰਸੰਚਾਰ ਦਾ ਸਾਧਨ ਹੋਣ ਦੇ ਨਾਲ-ਨਾਲ ਕੰਪਿਊਟਰ ਦੀ ਤਰ੍ਹਾਂ ਵੀ ਵਰਤਿਆ ਜਾ ਰਿਹਾ ਹੈ ਅਤੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੈ। ਅੱਜ ਦੇ ਸੋਸ਼ਲ ਮੀਡੀਆ ਯੁੱਗ ਵਿਚ ਲੋਕ ਬਹੁਤ ਸਾਰਾ ਕੰਟੈਂਟ ਤਿਆਰ ਕਰਕੇ ਮੋਟੀ ਕਮਾਈ ਕਰ ਰਹੇ ਹਨ। ਵਿਦਿਆਰਥੀ ਵਰਗ ਅਤੇ ਕਰੋੜਾਂ ਲੋਕ ਮੋਬਾਈਲ ਦੀ ਵਰਤੋਂ ਕਰਕੇ ਹੈਲਥ, ਬਿਜ਼ਨੈੱਸ ਅਤੇ ਰਸੋਈ ਦੀ ਜਾਣਕਾਰੀ ਲੈ ਕੇ ਆਪਣਾ ਜੀਵਨ ਖ਼ੁਸ਼ਹਾਲ ਬਣਾ ਰਹੇ ਹਨ। ਮੋਬਾਈਲ ਘਰ ਬੈਠੇ ਹੀ ਬੈਂਕ ਦੇ ਕੰਮ ਕਰ ਰਿਹਾ ਹੈ ਬਿੱਲ ਭਰਨੇ, ਸ਼ਾਪਿੰਗ ਕਰਨੀ, ਪੈਸੇ ਦਾ ਲੈਣ-ਦੇਣ ਕਰਨ ਕਰਕੇ ਬੈਂਕਾਂ ਦਾ ਕੰਮ ਮੋਬਾਈਲ ਨੇ ਘਟਾ ਦਿੱਤਾ ਹੈ।
ਬੇਸ਼ੱਕ ਮੋਬਾਈਲ ਦੇ ਬਹੁਤ ਸਾਰੇ ਫਾਇਦੇ ਹਨ ਪਰ ਇਸ ਨੇ ਸਮਾਜ ਨੂੰ ਨੁਕਸਾਨ ਵੀ ਬਹੁਤ ਪਹੁੰਚਿਆ ਹੈ। ਮੋਬਾਈਲ 'ਤੇ ਸੋਸ਼ਲ ਮੀਡੀਆ ਦੀ ਭਰਮਾਰ ਹੋਣ ਕਰਕੇ ਬਹੁਤ ਸਾਰੇ ਲੋਕ ਸਾਰਾ ਦਿਨ ਆਪਣਾ ਸਮਾਂ ਮਨੋਰੰਜਨ ਦੇ ਨਾਂਅ 'ਤੇ ਵਿਅਰਥ ਗੁਆ ਦਿੰਦੇ ਹਨ। ਮਨੁੱਖ ਦੀ ਸਿਹਤ 'ਤੇ ਇਸਦੇ ਬਹੁਤ ਦੁਰਪ੍ਰਭਾਵ ਪਏ ਹਨ। ਸਭ ਤੋਂ ਵੱਧ ਨੁਕਸਾਨ ਸਾਡੇ ਬੱਚਿਆਂ ਦਾ ਹੋਇਆ ਹੈ ਇਕ ਸਾਲ ਦੇ ਜੰਮੇ ਹੋਏ ਬੱਚੇ ਨੂੰ ਚੁੱਪ ਕਰਵਾਉਣ ਲਈ ਜਾਂ ਕੁਝ ਖੁਆਉਣ ਲਈ ਮੋਬਾਈਲ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਮਾਵਾਂ ਦਾ ਕੰਮ ਤਾਂ ਬੇਸ਼ੱਕ ਘਟ ਗਿਆ ਹੈ, ਪਰ ਬੱਚੇ ਦੇ ਦਿਮਾਗ ਤੇ ਇਹ ਗੱਲਾਂ ਬਹੁਤ ਬੁਰਾ ਅਸਰ ਪਾ ਰਹੀਆਂ ਹਨ। ਬਹੁਤ ਸਾਰੇ ਬੱਚੇ ਮੋਬਾਈਲ ਦੀ ਪੱਕੀ ਆਦਤ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਮੋਬਾਈਲ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਬੌਧਿਕ ਅਤੇ ਸਰੀਰਕ ਵਿਕਾਸ ਕਿਵੇਂ ਹੋਵੇਗਾ ਜੋ ਇੱਕ ਪ੍ਰਸ਼ਨ ਚਿੰਨ ਹੈ।
ਸਮੇਂ ਦੀ ਲੋੜ ਹੈ ਕਿ ਅਸੀ ਆਪ ਵੀ ਮੋਬਾਈਲ ਦਾ ਸਦਉਪਯੋਗ ਕਰੀਏ ਤਾਂ ਜੋ ਬੱਚਿਆਂ ਨੂੰ ਵੀ ਅਸੀਂ ਜ਼ਿਆਦਾ ਮੋਬਾਈਲ ਵਰਤਣ ਤੋਂ ਹਟਾ ਸਕੀਏ ਤੇ ਬੱਚੇ ਨੂੰ ਮੋਬਾਈਲ ਦੀ ਸਾਰਥਕ ਵਰਤੋਂ ਕਰਨ ਬਾਰੇ ਸਮਝਾਈਏ ।
-ਧਿਆਨ ਸਿੰਘ
ਵਿਦਿਆਰਥੀ ਅਤੇ ਨਸ਼ੇ
ਨਸ਼ਾ ਇਕ ਅਜਿਹਾ ਜ਼ਹਿਰੀਲਾ ਅਤੇ ਨਸ਼ੀਲਾ ਪਦਾਰਥ ਹੈ, ਜੋ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਸਿੱਧ ਹੁੰਦਾ ਹੈ। ਜੋ ਦਿਮਾਗ਼ ਦੇ ਨਾੜੀ ਤੰਤਰ ਨੂੰ ਨਸ਼ਟ ਕਰ ਕੇ ਮਨੁੱਖ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦਾ ਹੈ ਤੇ ਉਸ ਦੇ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਜੀਵਨ ਨੂੰ ਨਿੰਦਣਯੋਗ ਬਣਾ ਦਿੰਦਾ ਹੈ। ਨਸ਼ਾ ਬੇਲੋੜੀ ਉਕਸਾਹਟ ਪੈਦਾ ਕਰ ਕੇ ਵਕਤੀ ਤੌਰ 'ਤੇ ਇਨਸਾਨ ਨੂੰ ਝੂਠਾ ਸੁੱਖ ਅਤੇ ਹੁਲਾਰਾ ਦੇ ਕੇ ਨਕਲੀ ਖ਼ੁਸ਼ੀ ਦਾ ਭਰਮ ਪੈਦਾ ਕਰਦਾ ਹੈ। ਵਿਦਿਆਰਥੀਆਂ ਵਿਚ ਵਧ ਰਿਹਾ ਨਸ਼ਿਆਂ ਦਾ ਸੇਵਨ ਚਿੰਤਾਜਨਕ ਹੈ। ਸ਼ਰਾਬ, ਨਸ਼ੀਲੀਆਂ ਗੋਲੀਆਂ, ਤੰਬਾਕੂ, ਹੈਰੋਇਨ, ਅਫ਼ੀਮ ਅਤੇ ਹੋਰ ਪਤਾ ਨਹੀਂ ਕੀ ਕੁਝ ਸਾਡੀ ਨਵੀਂ ਪੀੜ੍ਹੀ ਨੂੰ ਤਬਾਹੀ ਵੱਲ ਧੱਕ ਰਿਹਾ ਹੈ। ਕਿਸੇ ਵੀ ਬਿਮਾਰੀ ਦੇ ਇਲਾਜ ਲਈ ਉਸ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। 'ਜੈਸੀ ਸੰਗਤਿ ਵੈਸੀ ਰੰਗਤ' ਇਕ ਆਮ ਕਹਾਵਤ ਹੈ। ਪਰਿਵਾਰ ਤੋਂ ਬਾਅਦ ਵਿਦਿਆਰਥੀ 'ਤੇ ਉਸ ਦੀ ਸੰਗਤ ਦਾ ਸਭ ਤੋਂ ਵੱਧ ਅਸਰ ਹੁੰਦਾ ਹੈ ਜੋ ਕਿ ਉਹ ਸਹਿਜ ਸੁਭਾਅ ਆਪਣੇ ਦੋਸਤਾਂ ਦੀਆਂ ਆਦਤਾਂ ਗ੍ਰਹਿਣ ਕਰ ਲੈਂਦਾ ਹੈ। ਜਦ ਉਹ ਮਿੱਤਰਾਂ ਦੀ ਮੋਟਰ 'ਤੇ ਕੱਚ ਦੀ ਗਲਾਸੀ ਖੜਕਾ ਕੇ, ਦਾਰੂ ਪੀਣਾ ਕੰਮ ਜੱਟਾਂ ਦਾ, ਘਰ ਦੀ ਸ਼ਰਾਬ ਹੋਵੇ, ਚੌਥਾ ਪੈੱਗ ਪਾ ਕੇ ਤੇਰੀ ਬਾਂਹ ਫੜਨੀ ਅਜਿਹੇ ਗੀਤ ਸੁਣਦੇ ਹਨ ਤਾਂ ਉਹ ਨਕਲੀ 'ਹੀਰੋਇਜ਼ਮ' ਦੀ ਭਾਵਨਾ ਤਹਿਤ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ। ਨਸ਼ਿਆਂ ਦੇ ਵਪਾਰੀ ਤੇ ਉਨ੍ਹਾਂ ਦੇ ਏਜੰਟ ਸਕੂਲਾਂ, ਕਾਲਜਾਂ ਨੇੜੇ ਗੇੜੇ ਕੱਢਦੇ ਅਣਭੋਲ ਵਿਦਿਆਰਥੀਆਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ। ਪਹਿਲਾਂ ਸਿਰਫ਼ ਨਸ਼ੇ ਮੁੰਡੇ ਹੀ ਕਰਦੇ ਸਨ ਹੁਣ ਕੁੜੀਆਂ ਵੀ ਨਸ਼ੇ ਕਰਨ ਦੀਆਂ ਆਦੀਹੋ ਰਹੀਆਂ ਹਨ। ਨਸ਼ਿਆਂ ਦੀ ਬਿਮਾਰੀ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ ਏਡਜ਼, ਕੈਂਸਰ, ਲੀਵਰ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਹੱਸਦੇ ਵਸਦੇ ਘਰ ਉੱਜੜ ਰਹੇ ਹਨ ਸਾਨੂੰ ਪਤਾ ਹੈ ਕਿ ਬੰਜਰ ਧਰਤੀ ਉੱਤੇ ਕੁੱਝ ਨਹੀਂ ਉੱਗਦਾ। ਨਸ਼ੇ ਵਿਦਿਆਰਥੀਆਂ ਦੇ ਦਿਮਾਗ਼ ਨੂੰ ਬੰਜਰ ਬਣਾ ਰਹੇ ਹਨ।
-ਮੋਹਣ ਸਿੰਘ ਖਰੌੜ
ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ, ਪਟਿਆਲਾ।
ਲਾਟਰੀਆਂ ਬੰਦ ਹੋਣ
ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਲਾਟਰੀਆਂ ਸਮੁੱਚੇ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਕਾਰਨ ਘਰ ਤਬਾਹ ਹੋ ਰਹੇ ਹਨ, ਪਰਿਵਾਰ ਉੱਜੜ ਰਹੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪੈ ਰਿਹਾ ਹੈ।ਭਾਵੇਂ ਕੋਈ ਵੀ ਲਤ ਹਾਨੀਕਾਰਕ ਹੈ ਪਰ ਲਾਟਰੀ ਇਕ ਅਜਿਹਾ ਜੂਆ ਹੈ ਜੋ ਕਦੇ ਕਿਸੇ ਦਾ ਨਹੀਂ ਹੋਇਆ। ਹਰ ਲਾਟਰੀ ਖਰੀਦਣ ਵਾਲਾ ਹਮੇਸ਼ਾ ਇਹ ਸੋਚਦਾ ਹੈ ਕਿ ਉਹਦੀ ਲਾਟਰੀ ਨਿਕਲ ਆਵੇਗੀ ਪਰ ਹਰ ਕੋਈ ਖੁਸ਼ਕਿਸਮਤ ਨਹੀਂ ਹੋ ਸਕਦਾ। ਅਣਗਿਣਤ ਲੋਕਾਂ ਵਿੱਚੋਂ ਕਿਸੇ ਇੱਕ ਹੀ ਵਿਅਕਤੀ ਨੂੰ ਕਰੋੜ/ਡੇਢ ਕਰੋੜ ਦਾ ਇਨਾਮ ਮਿਲਣਾ ਹੈ ਤਾਂ ਕੀ ਅਜਿਹਾ ਪੈਸਾ ਮਨ ਨੂੰ ਸ਼ਾਂਤੀ ਦੇਵੇਗਾ? ਬਿਲਕੁਲ ਨਹੀਂ। ਦੋਸਤੋ! ਸਰਕਾਰਾਂ ਦੇ ਪਿੱਛੇ ਲੱਗ ਆਪਣਾ ਕੀਮਤੀ ਪੈਸਾ ਬਰਬਾਦ ਨਾ ਕਰੋ। ਸਾਨੂੰ ਆਪਣੇ ਆਪ ਨੂੰ ਸੰਭਾਲਣਾ ਹੋਵੇਗਾ ਕਿਉਂਕਿ ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਇੱਥੇ ਵਰਣਨਯੋਗ ਹੈ ਕਿ ਲਾਟਰੀ ਕਾਰਨ ਪਰਿਵਾਰਾਂ ਵਿਚ ਮੁਸੀਬਤਾਂ ਵਧ ਰਹੀਆਂ ਹਨ। ਲਾਟਰੀ ਖਿਡਾਰੀਆਂ ਦੇ ਘਰਾਂ ਵਿਚ ਵਧੇਰੇ ਕਰਕੇ ਔਰਤਾਂ ਮਜ਼ਦੂਰੀ ਕਰਨ ਲਈ ਮਜਬੂਰ ਹਨ ਅਤੇ ਮਰਦ ਆਪਣੀ ਕਮਾਈ ਦਾ ਬਹੁਤਾ ਹਿੱਸਾ ਲਾਟਰੀ ਟਿਕਟਾਂ ਖਰੀਦਣ ਵਿੱਚ ਖਰਚ ਕਰ ਰਹੇ ਹਨ। ਇੱਕ ਵਾਰ ਲਾਟਰੀ ਦੀ ਆਦਤ ਪੈਣ 'ਤੇ ਲਾਲਚ ਕਾਰਨ ਮਨੁੱਖ ਇਸ ਦਲਦਲ ਵਿੱਚ ਧਸਦਾ ਜਾਂਦਾ ਹੈ। ਭਾਵੇਂ ਕੋਈ ਲਾਟਰੀ ਵਿੱਚ ਇਨਾਮ ਵਜੋਂ ਥੋੜ੍ਹੀ ਜਿਹੀ ਰਕਮ ਜਿੱਤ ਲੈਂਦਾ ਹੈ ਤਾਂ ਉਹ ਦੁਬਾਰਾ ਲਾਟਰੀ ਟਿਕਟਾਂ ਖਰੀਦਣ ਵਿੱਚ ਉਕਤ ਰਕਮ ਦਾ ਨਿਵੇਸ਼ ਕਰਦਾ ਹੈ। ਸਰਕਾਰਾਂ ਨੂੰ ਇਸ ਸਮਾਜਿਕ ਬੁਰਾਈ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ। ਭਾਵੇਂ ਲਾਟਰੀ ਰਾਜ ਸਰਕਾਰਾਂ ਲਈ ਆਮਦਨ ਦਾ ਮੁੱਖ ਸਾਧਨ ਹੈ ਪਰ ਇਸ ਨੂੰ ਬੰਦ ਕਰਕੇ ਆਮਦਨ ਦੇ ਬਦਲਵੇਂ ਸਾਧਨ ਲੱਭੇ ਜਾਣੇ ਚਾਹੀਦੇ ਹਨ ਕਿਉਂਕਿ ਇਸ ਦਾ ਸਮੁੱਚੇ ਸਮਾਜ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
-ਵਰਿੰਦਰ ਸ਼ਰਮਾ
ਊਨਾ, (ਹਿਮਾਚਲ ਪ੍ਰਦੇਸ਼)
ਕਲਾ ਅਤੇ ਸੱਭਿਆਚਾਰ
ਸਾਡ ਜੀਵਨ ਵਿਚ ਕਲਾ ਤੇ ਸੱਭਿਆਚਾਰ ਦਾ ਬਹੁਤ ਮਹੱਤਵ ਹੈ। ਇਹ ਸਿਰਫ਼ ਲੋਕਾਂ ਦੀ ਪਛਾਣ ਹੀ ਨਹੀਂ, ਸਗੋਂ ਸਾਡੇ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ। ਸਥਾਨਕ ਕਲਾਕਾਰਾਂ ਨੂੰ ਸਹਾਰਾ ਦੇਣ ਅਤੇ ਉਨ੍ਹਾਂ ਦੇ ਕੰਮਾਂ ਨੂੰ ਪ੍ਰਮੋਟ ਕਰਨ ਲਈ ਸਾਨੂੰ ਵਧੇਰੇ ਮੰਚਾਂ ਦੀ ਲੋੜ ਹੁੰਦੀ ਹੈ। ਇਸ ਨਾਲ ਨਾ ਸਿਰਫ ਕਲਾਕਾਰੀ ਨੂੰ ਉਤਸ਼ਾਹ ਮਿਲੇਗਾ, ਬਲਕਿ ਨਵੀਆਂ ਪੀੜੀਆਂ ਨੂੰ ਵੀ ਕਲਾ ਨੂੰ ਪ੍ਰਗਟਾਉਣ ਦਾ ਮੌਕਾ ਮਿਲੇਗਾ। ਸਾਨੂੰ ਚਾਹੀਦਾ ਹੈ ਕਿ ਸਥਾਨਕ ਯੂਥ ਫੈਸਟੀਵਲ, ਕਲਾ ਪ੍ਰਦਰਸ਼ਨ ਅਤੇ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕੀਤਾ ਜਾਵੇ, ਤਾਂ ਜੋ ਸਾਡੇ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਸਾਂਝਾ ਕਰਨ ਦਾ ਮੌਕਾ ਮਿਲੇ। ਮੈਂ ਉਮੀਦ ਕਰਦੀ ਹਾਂ ਕਿ ਸਥਾਨਕ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਕੋਈ ਕਾਰਵਾਈ ਕਰਨ ਵਿਚ ਸਹਾਇਤਾ ਕਰੋਗੇ।
-ਨੀਲਾਕਸ਼ੀ ਫਗਵਾੜਾ।
ਡਿਸਪੋਜ਼ਲ ਦੀ ਵਰਤੋਂ ਘੱਟ ਕਰੋ
ਅੱਜਕਲ੍ਹ ਬਹੁਤੇ ਸਮਾਜਿਕ ਪ੍ਰੋਗਰਾਮਾਂ ਵਿਚ ਡਿਸਪੋਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਭਾਵੇਂ ਉਹ ਪਲਾਸਟਿਕ ਦੇ ਬਣੇ ਗਲਾਸ, ਚਮਚੇ ਜਾਂ ਕੌਲੀਆਂ ਹੋਣ। ਇਸ ਤੋਂ ਬਿਨਾਂ ਥਰਮਕੋਲ ਨਾਲ ਬਣਾਏ ਜਾਂਦੇ ਗਲਾਸ ਅਤੇ ਹੋਰ ਸਾਮਾਨ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪ੍ਰਕਾਰ ਦੇ ਡਿਸਪੋਜ਼ਲ ਵਿਚ ਖਾਣਾ ਖਾਣ ਨਾਲ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਕਿਉਂਕਿ ਪਲਾਸਟਿਕ ਜਾਂ ਥਰਮਾਕੋਲ ਨਾਲ ਬਣੇ ਬਰਤਨ ਦੀ ਵਰਤੋਂ ਖਾਣਾ ਖਾਣ ਲਈ ਜਾਂ ਪਾਣੀ ਪੀਣ ਲਈ ਕਰਨ ਨਾਲ ਇਹ ਆਪਣਾ ਕੁਝ ਨਾ ਕੁਝ ਅਸਰ ਛੱਡਦੇ ਹਨ, ਜੋ ਕਿ ਇਨਸਾਨੀ ਸਰੀਰ ਵਿਚ ਲਗਾਤਾਰ ਜਾ ਕੇ ਇਨਸਾਨ ਨੂੰ ਬਿਮਾਰ ਕਰਦਾ ਹੈ। ਅਕਸਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕ ਮੇਲਿਆਂ, ਦਿਨ ਤਿਉਹਾਰਾਂ 'ਤੇ ਲੰਗਰ ਲਗਾਉਂਦੇ ਹਨ ਇਤ ਇਸ ਦੌਰਾਨ ਉਹ ਡਿਸਪੋਜ਼ਲ ਵਿਚ ਖਾਣ ਪੀਣ ਦੇ ਪਦਾਰਥ ਵਰਤਦੇ ਹਨ। ਇਸ ਦੀ ਵਰਤੋਂ ਕਰਨ ਤੋਂ ਬਾਅਦ ਡਿਸਪੋਜ਼ਲ ਨੂੰ ਸੜਕਾਂ ਦੇ ਆਲੇ-ਦੁਆਲੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਇਹ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਦਾ ਹੈ, ਉਥੇ ਹੀ ਅਵਾਰਾ ਜਾਨਵਰਾਂ ਅਤੇ ਪੰਛੀਆਂ ਵਲੋਂ ਭੋਜਨ ਦੀ ਤਲਾਸ਼ ਵਿਚ ਇਸ ਜਗ੍ਹਾ 'ਤੇ ਆਪਣੇ ਡੇਰੇ ਲਾ ਲਏ ਜਾਂਦੇ ਹਨ। ਜੇ ਇਸ ਨੂੰ ਸਾੜਿਆ ਵੀ ਜਾਂਦਾ ਹੈ ਤਾਂ ਇਸ ਤੋਂ ਨਿਕਲਿਆ ਧੂੰਆਂ ਇਨਸਾਨੀ ਸਿਹਤ ਅਤੇ ਵਾਤਾਵਰਨ ਲਈ ਖ਼ਤਰਨਾਕ ਸਾਬਤ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਡਿਸਪੋਜ਼ਲ ਦੀ ਵਰਤੋਂ ਘੱਟ ਤੋਂ ਘੱਟ ਕਰੀਏ, ਇਸ ਨਾਲ ਅਸੀਂ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ।
-ਅਸ਼ੀਸ਼ ਸ਼ਰਮਾ ਜਲੰਧਰ
ਅਵਾਰਾ ਕੁੱਤੇ ਦੇ ਵੱਢਣ 'ਤੇ ਸਾਵਧਾਨੀਆਂ
ਅਵਾਰਾ ਕੁੱਤੇ ਦੇ ਵੱਢਣ ਸਮੇਂ ਜੇਕਰ ਤੁਰੰਤ ਡਾਕਟਰੀ ਸਹਾਇਤਾ ਨਾ ਮਿਲੇ, ਤਾਂ ਮੁੱਢਲੀ ਸਹਾਇਤਾ ਵਜੋਂ ਸਾਬਣ ਨਾਲ 15 ਮਿੰਟ ਵਗਦੇ ਪਾਣੀ ਨਾਲ ਜ਼ਖ਼ਮ ਧੋਣਾ ਚਾਹੀਦਾ ਹੈ। ਇਹ ਕੁੱਤੇ ਦੀ ਲਾਹਰ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਦਾ ਹੈ। ਰੇਬੀਜ਼ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਜ਼ਖ਼ਮਾਂ ਨੂੰ ਵੀ ਹੱਥ ਨਾ ਲਾਉ ।ਦਸਤਾਨੇ ਦੀ ਵਰਤੋਂ ਕਰੋ। ਮੁੱਢਲੀ ਡਾਕਟਰੀ ਸਹਾਇਤਾ ਜਿੰਨੀ ਜਲਦੀ ਹੋਵੇ ਲਓ, ਨਜ਼ਦੀਕੀ ਹਸਪਤਾਲ ਵਿਚ ਕੁੱਤੇ ਦਾ ਟੀਕਾ ਲਗਾਉਣਾ ਹੈ। 5 ਟੀਕੇ ਲਗਾਉ। ਜ਼ਖ਼ਮ 'ਤੇ ਕੋਈ ਮਰਮ ਪੱਟੀ ਬਿਟਾਡੀਨ ਨਹੀਂ ਲਗਾਉਣੀ। ਘਰੇਲੂ ਨੁਸਖਾ ਨਹੀਂ ਵਰਤਣਾ। ਜੇ ਕੋਈ ਜਾਨਵਰ ਬੀਮਾਰ ਜਾਂ ਜ਼ਖ਼ਮੀ ਹੈ ਉਸ ਤੋਂ ਦੂਰ ਰਹੋ। ਇਹ ਬਿਮਾਰੀ ਇਕ ਪ੍ਰਜਾਤੀ ਤੋਂ ਦੂਸਰੀ ਪ੍ਰਜਾਤੀ ਤੱਕ ਫੈਲਦੀ ਹੈ। ਕੁੱਤੇ ਦੇ ਜ਼ਖ਼ਮ ਵੱਡਾ ਹੈ ਤੇ ਟਾਂਕਿਆਂ ਦੀ ਵਰਤੋ ਨਾ ਕਰੋ। ਪਾਲਤੂ ਕੁੱਤਿਆਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX