ਅੰਮ੍ਰਿਤਸਰ ਦੇ ਟਾਂਗਰਾ ਨੇੜਲੇ ਪਿੰਡ ਮੁੱਛਲ ਵਿਚ, ਤਰਨ ਤਾਰਨ ਸ਼ਹਿਰ ਅਤੇ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੇ ਜਿਥੇ ਗਹਿਰਾ ਸਦਮਾ ਪੈਦਾ ਕੀਤਾ ਹੈ, ਉਥੇ ਇਕ ਵਾਰ ਫਿਰ ਪੰਜਾਬ ਭਰ ਵਿਚ ਨਸ਼ਿਆਂ ਦੇ ਹੁੰਦੇ ...
ਸੰਸਾਰ ਵਿਚ ਸ਼ਾਇਦ ਹੀ ਕਿਸੇ ਦੇਸ਼ ਦੀ ਸਿੱਖਿਆ ਨੀਤੀ ਦਾ ਆਧਾਰ ਅਜਿਹਾ ਹੋਵੇ, ਜਿਸ ਵਿਚ ਇਹ ਨਾ ਕਿਹਾ ਜਾਂਦਾ ਹੋਵੇ ਕਿ ਵਿਦਿਆਰਥੀਆਂ ਨੂੰ ਸੱਚ, ਸ਼ਾਂਤੀ, ਪ੍ਰੇਮ, ਅਹਿੰਸਾ, ਧਰਮ, ਸਦਾਚਾਰ ਅਤੇ ਸੇਵਾ ਦਾ ਪਾਠ ਪੜ੍ਹਾਇਆ ਜਾਣਾ ਜ਼ਰੂਰੀ ਹੈ। ਅਸੀਂ ਵੀ ਇਸੇ 'ਤੇ ਜ਼ੋਰ ਦਿੰਦੇ ...
ਅੱਜ ਲਈ ਵਿਸ਼ੇਸ਼
ਵਿਸ਼ਵ ਅੰਦਰ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਤਿਉਹਾਰ ਕਿਸੇ ਮਹਾਨ ਵਿਅਕਤੀ ਦੇ ਜਨਮ ਜਾਂ ਮਰਨ ਨਾਲ ਸਬੰਧਿਤ ਹੁੰਦੇ ਹਨ ਅਤੇ ਕੁਝ ਤਿਉਹਾਰ ਰੁੱਤਾਂ ਦੀ ਤਬਦੀਲੀ ਨਾਲ ਸਬੰਧ ਰੱਖਦੇ ਹਨ। ਕੁਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹੁੰਦੇ ਹਨ। ਭਾਵ ਵਿਸ਼ਵ ਦਾ ਕੋਈ ਵੀ ਖਿੱਤਾ ਅਜਿਹਾ ਨਹੀਂ ਜਿੱਥੇ ਕੋਈ ਨਾ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਇਸਲਾਮ ਧਰਮ ਵਿਚ ਸਿਰਫ਼ ਦੋ ਤਿਉਹਾਰ ਹਨ। ਈਦ-ਉਲ-ਫ਼ਿਤਰ ਅਤੇ ਈਦ-ਉਲ-ਅਜ਼ਹਾ ਨੂੰ ਆਮ ਕਰਕੇ (ਬਕਰੀਦ) ਵੀ ਕਿਹਾ ਜਾਂਦਾ ਹੈ। ਈਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਖ਼ੁਸ਼ੀ ਹੈ ਅਤੇ ਕੁਰਬਾਨੀ ਨੂੰ ਅਰਬੀ ਭਾਸ਼ਾ ਵਿਚ ਅਜ਼ਹਾ ਕਹਿੰਦੇ ਹਨ। ਵਿਸ਼ਵ ਦੀ ਮੁੱਢ ਕਦੀਮ ਤੋਂ ਰੀਤ ਹੈ ਕਿ ਪਿਆਰ, ਮੁਹੱਬਤ ਅਤੇ ਇਸ਼ਕ ਕਰਨ ਵਾਲਿਆਂ ਨੂੰ ਪਰਖਿਆ ਜਾਵੇ, ਜੋ ਜਿੰਨਾ ਨੇੜੇ ਹੁੰਦਾ ਹੈ, ਉਸ ਦਾ ਓਨਾ ਹੀ ਕਰੜਾ ਇਮਤਿਹਾਨ ਵੀ ਲਿਆ ਜਾਂਦਾ ਹੈ। ਫ਼ਿਰ ਅੱਲਾਹ ਦਾ ਵੀ ਇਹੀ ਕਾਨੂੰਨ ਤੇ ਦਸਤੂਰ ਹੈ ਕਿ ਜੋ ਇਨਸਾਨ ਉਸ ਦੇ ਕਰੀਬ ਅਤੇ ਪਿਆਰਾ ਹੈ ਤਾਂ ਅੱਲਾਹ ਦਾ ਵਰਤਾਓ ਇਸ ਦੇ ਨਾਲ ਉਹ ਨਹੀਂ ਹੁੰਦਾ, ਜੋ ਆਮ ਇਨਸਾਨਾਂ ਨਾਲ ਹੁੰਦਾ ਹੈ, ਸਗੋਂ ਉਸ ਨੂੰ ਪਰਖ ਅਤੇ ਇਮਤਿਹਾਨ ਦੇ ਕਈ ਪੜਾਵਾਂ 'ਚੋਂ ਵਧੇਰੇ ਗੁਜ਼ਰਨਾ ਪੈਂਦਾ ਹੈ।
ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਦਾ ਇਰਸ਼ਾਦ ਹੈ ਕਿ ਸਾਰੇ ਨਬੀਆਂ ਨੂੰ ਰੁਤਬੇ ਦੇ ਅਨੁਸਾਰ ਇਮਤਿਹਾਨ ਦੀਆਂ ਦੁੱਖ-ਤਕਲੀਫ਼ਾਂ ਝੱਲਣੀਆਂ ਪਈਆਂ। ਇਸੇ ਪ੍ਰਕਾਰ ਦੀ ਇਕ ਉਦਾਹਰਨ ਹਜ਼ਰਤ ਇਬਰਾਹੀਮ ਅਲੈ. ਦੀ ਹੈ, ਜਿਨ੍ਹਾਂ ਨੇ ਵਿਅਕਤੀਗਤ ਤੌਹੀਦ (ਇਕ ਅੱਲਾਹ ਦੀ ਬੰਦਗ਼ੀ) ਦਾ ਸੁਨੇਹਾ ਦੇ ਕੇ ਸਾਰੀ ਇਨਸਾਨੀਅਤ ਵਿਚ ਭਾਈਚਾਰੇ ਦੀ ਨੀਂਹ ਰੱਖੀ। ਆਪ ਨੇ ਜਿਸ ਕੌਮ ਵਿਚ ਜਨਮ ਲਿਆ, ਉਸ ਕੌਮ ਵਿਚ ਰੱਬ ਦੀ ਬੰਦਗ਼ੀ (ਭਗਤੀ) ਦੀ ਥਾਂ ਸੂਰਜ, ਚੰਦ ਅਤੇ ਸਿਤਾਰਿਆਂ ਦੀ ਪੂਜਾ ਹੁੰਦੀ ਸੀ। ਚੰਦ ਅਤੇ ਸਿਤਾਰਿਆਂ ਦੀ ਪੂਜਾ ਉਸ ਸਮੇਂ ਇਕ ਧਾਰਮਿਕ ਪ੍ਰਪੱਕਤਾ ਹੀ ਨਹੀਂ ਸੀ, ਸਗੋਂ ਉਸ ਵਕਤ ਦੀ ਸਿਆਸਤ ਦੀ ਨੀਂਹ ਵੀ ਸੀ। ਹਜ਼ਰਤ ਇਬਰਾਹੀਮ ਅਲੈ. ਨੇ ਇਸ ਪ੍ਰਪੱਕਤਾ (ਭਰੋਸੇ) ਵਿਚ ਕੋਈ ਕਸ਼ਿਸ਼ (ਖਿੱਚ) ਨਾ ਵੇਖਦੇ ਹੋਏ ਸੰਸਾਰਿਕ ਢਾਂਚੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਜੋ ਕੁਝ ਚਮਕਦਾ ਹੈ ਅਤੇ ਫਿਰ ਧੁੰਦਲਾ ਹੋ ਜਾਂਦਾ ਹੈ, ਸਿਤਾਰੇ ਨਿਕਲਦੇ ਹਨ, ਛੁਪ ਜਾਂਦੇ ਹਨ, ਸੂਰਜ ਚਮਕਦਾ ਹੈ, ਫਿਰ ਰਾਤ ਦੇ ਹਨੇਰੇ ਵਿਚ ਅਲੋਪ ਹੋ ਜਾਂਦਾ ਹੈ। ਇਹ ਚਮਕਣ ਅਤੇ ਅਲੋਪ ਹੋਣ ਵਾਲੀਆਂ ਚੀਜ਼ਾਂ ਖ਼ੁਦਾ ਨਹੀਂ ਹੋ ਸਕਦੀਆਂ, ਖ਼ੁਦਾ ਤਾਂ ਉਹ ਹੈ ਜੋ ਇਨ੍ਹਾਂ ਸਭ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਹੈ। ਇਸ ਸਹੀ ਸੋਚ, ਫ਼ਿਕਰ ਤੇ ਸੱਚੇ ਯਕੀਨ (ਭਰੋਸੇ) ਦੇ ਐਲਾਨ ਦੇ ਬਦਲੇ ਵਿਚ ਆਪ ਨੂੰ ਕੀਮਤ ਚੁਕਾਉਣੀ ਪਈ ਕਿ ਆਪ ਘਰੋਂ ਬੇਘਰ ਹੋ ਗਏ, ਸਮਾਜ ਵਿਚ ਆਪ ਦਾ ਮੁਕਾਮ ਇਕ ਅਜਨਬੀ ਇਨਸਾਨ ਵਾਂਗ ਹੋ ਗਿਆ, ਲੋਕਾਂ ਨੇ ਆਪ ਨੂੰ ਹਰ ਤਰ੍ਹਾਂ ਨਾਲ ਖਿਝਾਉਣਾ ਅਤੇ ਦੁੱਖ-ਤਕਲੀਫ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਲੋਕ ਆਪ ਦੀਆਂ ਗੱਲਾਂ ਸੁਣ ਕੇ ਆਪ ਦੇ ਦੁਸ਼ਮਣ ਬਣ ਗਏ, ਇੱਥੋਂ ਤੱਕ ਕਿ 'ਇਰਾਕ' ਦਾ ਹੁਕਮਰਾਨ (ਨਮਰੂਦ) ਵੀ ਆਪ ਦੀ ਜਾਨ ਦਾ ਵੈਰੀ ਹੋ ਗਿਆ ਤੇ ਕ੍ਰੋਧ ਵਿਚ ਆ ਕੇ ਉਸ ਨੇ ਇਬਰਾਹੀਮ ਨੂੰ ਮੌਤ ਦੀ ਸਜ਼ਾ ਦੇਣੀ ਚਾਹੀ। ਅੱਗ ਦੇ ਬਲਦੇ ਭਾਂਬੜ ਵਿਚ ਆਪ ਨੂੰ ਸੁੱਟਣ ਦਾ ਅਟੱਲ ਫ਼ੈਸਲਾ ਕਰ ਦਿੱਤਾ, ਇੱਥੋਂ ਤੱਕ ਕਿ ਆਪ ਨੂੰ ਅੱਗ ਦੇ ਬਲਦੇ ਭਾਂਬੜ ਵਿਚ ਸੁੱਟ ਦਿੱਤਾ ਗਿਆ। ਲੋਕ ਧਾਰਨਾ ਹੈ ਕਿ ਅੱਗ ਉਨ੍ਹਾਂ ਦਾ ਕੁਝ ਨਾ ਵਿਗਾੜ ਸਕੀ ਪਰ ਹਕੂਮਤ ਦੇ ਦਬਾਅ ਹੇਠ ਲੋਕਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਨਾ ਦਿੱਤਾ। ਫ਼ਿਰ ਹਜ਼ਰਤ ਇਬਰਾਹੀਮ ਅਲੈ. ਨੇ ਆਪਣਾ ਘਰ ਛੱਡ ਕੇ ਖ਼ਾਲੀ ਹੱਥ ਦੇਸ਼ ਇਰਾਕ 'ਚੋਂ ਨਿਕਲ ਕੇ ਮੁਲਕ-ਏ-ਸ਼ਾਮ (ਸੀਰੀਆ) ਵਿਚ ਆਪਣੀ ਰਿਹਾਇਸ਼ ਬਣਾਈ, ਇਸ ਸਮੇਂ ਆਪ ਦੇ ਕੋਈ ਔਲਾਦ ਨਹੀਂ ਸੀ। ਹੁਣ ਹਜ਼ਰਤ ਇਬਰਾਹੀਮ ਅਲੈ. ਕਾਫ਼ੀ ਜ਼ਈਫ਼ (ਬੁੱਢੇ) ਹੋ ਚੁੱਕੇ ਸਨ, ਉਨ੍ਹਾਂ ਨੇ ਇਸ ਅਵਸਥਾ ਵਿਚ ਸਹਾਰੇ ਲਈ ਅੱਲਾਹ ਕੋਲੋਂ ਇਕ ਪੁੱਤਰ ਲਈ ਦੁਆ (ਅਰਦਾਸ) ਮੰਗੀ, ਅੱਲਾਹ ਪਾਕ ਨੇ ਉਨ੍ਹਾਂ ਦੀ ਦੁਆ ਨੂੰ ਕਬੂਲ (ਪ੍ਰਵਾਨ) ਕਰ ਲਿਆ। 86 ਸਾਲ ਦੀ ਉਮਰ ਵਿਚ ਆਪ ਦੀ ਪਤਨੀ ਹਜ਼ਰਤ ਹਾਜ਼ਰਾ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਮੁਹੰਮਦ ਇਸਮਾਈਲ ਰੱਖਿਆ ਗਿਆ, ਇਕੱਲਾ ਸਪੁੱਤਰ ਜ਼ਈਫ਼ (ਬੁੱਢੇ) ਅਤੇ ਬਿਰਧ ਹੋ ਚੁੱਕੇ ਪਿਤਾ ਦੀ ਤਮੰਨਾ ਦਾ ਇਹ ਆਲਮ ਸੀ ਕਿ ਜਦੋਂ ਤੁਰਨ ਫ਼ਿਰਨ ਲੱਗ ਪਿਆ, ਬੱਚੇ ਦਾ ਪਾਲਣ, ਪੋਸ਼ਣ ਕਰਨ ਅਤੇ ਪ੍ਰੇਸ਼ਾਨੀਆਂ ਝੱਲਣ ਤੋਂ ਬਾਅਦ ਹੁਣ ਸਮਾਂ ਆਇਆ ਸੀ ਕਿ ਜ਼ਈਫ਼ (ਕਮਜ਼ੋਰ) ਹੋ ਚੁੱਕੇ ਪਿਤਾ ਦਾ ਸਹਾਰਾ ਬਣਦਾ ਪਰ ਲੋਕ ਧਾਰਨਾ ਹੈ ਕਿ ਅੱਲਾਹ ਦੇ ਹੁਕਮ 'ਤੇ ਉਹ ਆਪਣੇ ਇਸ 13 ਸਾਲ ਦੇ ਪੁੱਤਰ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਪਰ ਅੱਲ੍ਹਾਹ ਪਾਕਿ ਨੇ ਕ੍ਰਿਸ਼ਮਈ ਢੰਗ ਨਾਲ ਉਨ੍ਹਾਂ ਦੇ ਪੁੱਤਰ ਦੀ ਥਾਂ ਦੁੰਬੇ ਦੀ ਕੁਰਬਾਨੀ ਸਵੀਕਾਰ ਕਰ ਲਈ। ਅੱਲਾਹ ਦੀ ਜ਼ਾਤ ਨੂੰ ਬਾਪ-ਬੇਟੇ ਦੀ ਇਹ ਅਦਾ ਐਨੀ ਪਸੰਦ ਆਈ ਕਿ ਹਜ਼ਰਤ ਇਬਰਾਹੀਮ ਨੂੰ ਆਪਣਾ ਖ਼ਲੀਲ ਯਾਨੀ (ਦੋਸਤ) ਇਸਮਾਈਲ ਨੂੰ ਆਪਣਾ ਪੈਗ਼ੰਬਰ ਬਣਾਇਆ ਅਤੇ ਉਨ੍ਹਾਂ ਦੇ ਵੰਸ਼ 'ਚੋਂ ਹੀ ਆਖਰੀ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਨੂੰ ਬਣਾਇਆ। ਇਹ 'ਜਿਲਹਿੱਜਾ' (ਇਸਲਾਮੀ ਮਹੀਨੇ) ਦੀ ਦਸਵੀਂ ਤਾਰੀਖ ਦਾ ਵਾਕਿਆ ਹੈ, ਇਸੇ ਦਿਨ ਈਦ-ਉਲ-ਅਜ਼ਹਾ ਮਨਾਈ ਜਾਂਦੀ ਹੈ, ਜੋ ਕਿ ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ ਹੈ। ਹਜ਼ਰਤ ਇਬਰਾਹੀਮ ਅਲੈ. ਅਤੇ ਹਜ਼ਰਤ ਇਸਮਾਈਲ ਅਲੈ. ਦੇ ਇਸ ਪੂਰੇ ਵਾਕਿਆ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹੱਕ, ਸੱਚ ਅਤੇ ਸਹੀ ਗੱਲ ਕਹਿਣ ਉੱਤੇ ਇਨਸਾਨ ਨੂੰ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮੌਕਿਆਂ ਉੱਤੇ ਸਬਰ ਅਤੇ ਸੰਤੋਖ ਦਾ ਪੱਲਾ ਫੜ ਕੇ ਰੱਖਣਾ ਹੀ ਚੰਗੇ ਵਿਅਕਤੀ ਦੀ ਪਛਾਣ ਅਤੇ ਕਾਮਯਾਬੀ ਦੀ ਨਿਸ਼ਾਨੀ ਹੈ, ਕੁਰਬਾਨੀ ਕੋਈ ਰਸਮੋ-ਰਿਵਾਜ ਨਹੀਂ, ਸਗੋਂ ਈਮਾਨ ਦੀ ਤਾਜ਼ਗੀ ਦਾ ਨਾਂਅ ਹੈ। ਹਕੀਕਤ ਵਿਚ ਕੁਰਬਾਨੀ ਦਾ ਇਹੀ ਇਕ ਰਸਤਾ ਹੈ, ਜਿਸ ਉੱਤੇ ਚੱਲ ਕੇ ਅੱਲਾਹ ਦੇ ਨੇਕ ਇਨਸਾਨ ਨੇ ਪੂਰੀ ਇਨਸਾਨੀਅਤ ਦੀ ਕਿਸਮਤ ਬਦਲ ਦਿੱਤੀ। ਕੁਰਬਾਨੀ ਦਾ ਮਕਸਦ : ਕੁਰਬਾਨੀ ਦਾ ਅਰਥ ਸਿਰਫ਼ ਇਹ ਨਹੀਂ ਕਿ ਇਕ ਪਸ਼ੂ ਦੀ ਕੁਰਬਾਨੀ ਕਰਕੇ ਉਸ ਦਾ ਗੋਸ਼ਤ ਖਾ ਲਿਆ ਜਾਵੇ, ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਵਿਚ ਵੰਡ ਦਿੱਤਾ ਜਾਵੇ, ਬਲਕਿ ਕੁਰਬਾਨੀ ਦਾ ਅਸਲ ਮਕਸਦ ਇਹ ਹੈ ਕਿ ਸਾਡੇ ਦਿਲਾਂ ਦੀ ਕੈਫ਼ੀਅਤ (ਹਾਲਤ) ਅਜਿਹੀ ਬਣ ਜਾਵੇ ਕਿ ਚਾਹੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਪਰ ਰੱਬ ਦੀ ਰਜ਼ਾ ਹਾਸਲ ਕਰਨ ਲਈ ਕੋਈ ਵੀ ਪਿਆਰੀ ਤੋਂ ਪਿਆਰੀ ਚੀਜ਼ ਰੱਬ ਦੇ ਰਸਤੇ ਵਿਚ ਰੁਕਾਵਟ ਨਾ ਬਣ ਸਕੇ।
-ਪ੍ਰਤੀਨਿਧ ਰੋਜ਼ਾਨਾ ਅਜੀਤ, ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ
ਮੋ: 95927-54907
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX