ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ...
ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ...
ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।
ਕੋਰੋਨਾ ਤੋਂ ...
ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਵੇਲਾ ਸੰਸਕ੍ਰਿਤ ਦਾ ਸ਼ਬਦ ਹੈ। ਕੋਸ਼ ਵਿਚ ਇਸ ਦੇ 7 ਅਰਥ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਅਰਥ ਸਮਾਂ, ਵਕਤ ਹੈ। ਹੋਰ ਅਰਥਾਂ ਵਿਚ ਦਿਨ, ਘੜੀ (ਕਵਣੁ ਸੁ ਵੇਲਾ, ਵਖਤੁ ਕਵਣੁ') ਅਤੇ ਮੌਤ ਦਾ ਸਮਾਂ ਭਾਵ ਵੇਲਾ ਆ ਜਾਣਾ ਵੀ ਕੀਤੇ ਗਏ ਹਨ।
ਸਿੱਖ ਧਰਮ ਦੇ ਸਕਾਲਰ ਅਤੇ ਗੁਰਬਾਣੀ ਦੇ ਵਿਦਵਾਨ ਵਿਆਖਿਆਕਾਰ ਪ੍ਰੋ. ਸਾਹਿਬ ਸਿੰਘ ਅਨੁਸਾਰ ਸ਼ਬਦ 'ਵੇਲਾ' ਪੁਲਿੰਗ ਅਤੇ 'ਵੇਲ' ਇਸਤ੍ਰੀ ਲਿੰਗ ਹੈ। ਉਨ੍ਹਾਂ ਅਨੁਸਾਰ ਸ਼ਬਦ 'ਵਖਤੁ' ਦਾ ਅਰਥ ਉਸ ਸਮੇਂ ਤੋਂ ਹੈ ਜਦੋਂ ਜਗਤ ਬਣਿਆਂ। ਉਨ੍ਹਾਂ ਅਨੁਸਾਰ ਬਾਣੀ ਵਿਚ ਜਦ ਹਿੰਦੂਆਂ ਦਾ ਜ਼ਿਕਰ ਹੁੰਦਾ ਹੈ ਤਾਂ ਹੇਂਦਕਾ ਲਫਜ਼ 'ਵੇਲਾ' ਵਰਤਿਆ ਗਿਆ ਅਤੇ ਜਦੋਂ ਮੁਸਲਮਾਨਾਂ ਦਾ ਜ਼ਿਕਰ ਹੁੰਦਾ ਹੈ ਤਾਂ ਅਰਬੀ ਦੇ ਸ਼ਬਦ ਵਕਤ ਦਾ ਪੰਜਾਬੀ ਕ੍ਰਿਤ ਰੂਪ ਵਖਤ ਵਰਤਿਆ ਗਿਆ ਹੈ। ਮਹਾਨਕੋਸ਼ ਅਨੁਸਾਰ ਵੀ ਗੁਰਬਾਣੀ ਵਿਚ ਜਦੋਂ ਵੇਲਾ-ਵਕਤ/ਵੇਲਾ-ਵਖਤ ਦਾ ਮਿਲਵਾਂ ਪਦ ਆਉਂਦਾ ਹੈ, ਤਦ ਭਾਵ ਹੁੰਦਾ ਹੈ ਹਿੰਦੂ ਅਤੇ ਮੁਸਲਮਾਨਾਂ ਦਾ ਮੁਕੱਰਰ ਕੀਤਾ ਵੇਲਾ, ਯਥਾ-'ਕਵਣੁ ਸੁ ਵੇਲਾ ਵਖਤੁ ਕਵਣੁ...ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨਾ ਪਾਇਉ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥' ਅਤੇ 'ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ'? ਭਾਵ ਸੰਧਯਾ ਅਤੇ ਨਮਾਜ਼ ਦਾ ਸਮਾਂ। ਸਮੇਂ ਲਈ ਇਹ ਵੱਖਰੇ-ਵੱਖਰੇ ਲਫ਼ਜ਼ ਸਬੰਧਿਤ ਲੋਕਾਂ ਦੀ ਸਮਝ ਦੀ ਸਹੂਲਤ ਲਈ ਵਰਤੇ ਗਏ ਹਨ।
ਸਮਾਂ ਅਨੰਤ ਹੈ। ਸੰਸਾਰ ਦੀ ਸ੍ਰਿਸ਼ਟੀ ਤੋਂ ਪਹਿਲਾਂ ਵੀ ਸਮਾਂ ਸੀ। 2011 ਦੀ ਹਿੰਦੀ ਦੀ ਫਿਲਮ ਰੌਕਸਟਾਰ ਦਾ ਇਕ ਗੀਤ ਹੈ-'ਕੁੰਨ ਫਾਇਆ ਕੁੰਨ... ਜਬ ਕਹੀਂ ਪੇ ਕੁਛ ਨਹੀਂ ਭੀ ਨਹੀਂ ਥਾ, ਵਹੀ ਥਾ ਵਹੀ ਥਾ...'।
ਗੁਰਬਾਣੀ ਨੇ ਇਸ ਗੱਲ ਦਾ ਬੜੀ ਦੇਰ ਪਹਿਲਾਂ ਬੜਾ ਸਿੱਧਾ ਸਪੱਸ਼ਟ ਨਬੇੜਾ ਕਰ ਦਿੱਤਾ ਸੀ -'ਥਿਤਿ ਵਾਰੁ ਨ ਜੋਗੀ ਜਾਣੈ, ਰੁਤਿ ਮਾਹੁ ਨ ਕੋਈ॥ ਜਾ ਕਰਤਾ ਸਿਰਠੀ ਕਉ ਸਾਜੈ, ਆਪੇ ਜਾਣੇ ਸੋਈ'॥ (ਭਾਵ ਜਦੋਂ ਜਗਤ ਬਣਿਆ ਸੀ ਉਦੋਂ ਕਿਹੜੀ ਥਿੱਤ (ਤਰੀਕ), ਕਿਹੜਾ ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ ਦਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦੈ (ਕਿ ਜਗਤ ਕਦੋਂ ਰਚਿਆ)-ਪ੍ਰੋ: ਸਾਹਿਬ ਸਿੰਘ)।
ਗੁਰੂੁ ਗਰੰਥ ਸਾਹਿਬ ਵਿਚ ਅਨੇਕਾਂ ਅਜਿਹੀਆਂ ਟੂਕਾਂ ਹਨ ਜੋ ਸਮੇਂ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਹਨ। ਉਦਾਹਰਨ ਵਜੋਂ ਕੁਝ ਕੁ ਪੇਸ਼ ਹਨ-
-'ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ'॥
-'ਵਖਤੁ ਵੀਚਾਰੇ ਸੋ ਬੰਦਾ ਹੋਇ'॥
-ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ'॥
-ਵੇਲਾ ਵਖਤ ਸਭਿ ਸੁਹਾਇਆ॥
-ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ'॥
-ਬੇੜਾ ਬੰਧਿ ਨ ਸਕਿਉ ਬੰਦਨ ਕੀ ਵੇਲਾ'।
-'ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ'
-ਭਾਈ ਗੁਰਦਾਸ
ਸਮਾਂ ਬੜਾ ਸਮਰੱਥ ਹੈ। ਬੜੇ ਹਰਮਨ-ਪਿਆਰੇ ਟੀ.ਵੀ. ਸੀਰੀਅਲ ਮਹਾਂਭਾਰਤ ਦੇ ਆਰੰਭ ਵਿਚ 'ਸਮਾਂ' ਇਕ ਸੂਤਰਧਾਰ ਬਣ ਕੇ ਬਹੁਤ ਹੀ ਭਰਵੀਂ ਅਤੇ ਪ੍ਰਭਾਵਸ਼ਾਲੀ ਆਵਾਜ਼ ਵਿਚ ਬੋਲਦਾ ਹੈ-'ਮੈਂ... ਸਮਯ ਹੂੰ...ਮੇਰਾ ਕੋਈ ਅੰਤ ਨਹੀਂ, ਕਿਉਂਕਿ ਮੈਂ ਸਮਯ ਹੂੰ'। ਨਾਲ ਹੀ ਇਕ ਵੱਡਾ ਸਾਰਾ ਚੱਕਰ/ਪਹੀਆ ਘੁੰਮਦਾ ਦਿਖਾਈ ਦਿੰਦਾ ਹੈ। ਇਹ ਇਸ ਗੱਲ ਦਾ ਲਖਾਇਕ ਹੈ ਕਿ ਸਮਾਂ ਅਨੰਤ ਹੈ ਅਤੇ ਨਿਰੰਤਰ ਪਰਵਾਹ ਵਿਚ ਚਲਦਾ ਰਹਿੰਦਾ ਹੈ। ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਜੋ ਅੱਜ ਉੱਪਰ ਹੈ, ਕੱਲ੍ਹ ਥੱਲੇ ਆਏਗਾ। ਟੀਸੀ ਵਾਲੇ ਨੇ ਹੇਠਾਂ ਟਪਕਣਾ ਹੀ ਹੈ। ਇਹ ਕੁਦਰਤ ਦਾ ਨੇਮ ਹੈ। ਸਮੇਂ ਦੇ ਗੇੜ ਦੀ ਗੱਲ 1965 ਦੀ ਇਕ ਕਲਾਸਿਕ ਹਿੰਦੀ ਫ਼ਿਲਮ 'ਵਕਤ' ਵਿਚ ਬਹੁਤ ਖੁਬਸੂਰਤ ਢੰਗ ਨਾਲ ਬਿਆਨ ਕੀਤੀ ਗਈ ਹੈ। ਇਸੇ ਹੀ ਫ਼ਿਲਮ ਵਿਚ ਵਕਤ ਬਾਰੇ ਇਕ ਸੁੰਦਰ ਗੀਤ ਹੈ-'ਵਕਤ ਸੇ ਦਿਨ ਔਰ ਰਾਤ, ਵਕਤ ਸੇ ਕਲ੍ਹ ਔਰ ਆਜ/ਵਕਤ ਕੀ ਹਰ ਸ਼ੈਅ ਗੁਲਾਮ ਵਕਤ ਕਾ ਹਰ ਸ਼ੈਅ ਪੇ ਰਾਜ'...। ਉਰਦੂ ਕਵੀ ਮੋਮਿਨ ਨੇ ਇਸ ਸਬੰਧੀ ਇਕ ਬਾਕਮਾਲ ਸ਼ੇਅਰ ਕਿਹਾ ਹੈ-
'ਯੇਹ ਵਕਤ ਕੀ ਬਾਤ ਹੈ 'ਮੋਮਿਨ' ਕੁਛ ਕਹਾ ਨਹੀਂ ਜਾਤਾ,
ਕਲ੍ਹ ਕੇ ਤਰਾਸ਼ੇ ਹੂਏ ਬੁੱਤ ਆਜ ਖੁਦਾ ਬਨੇ ਬੈਠੇ ਹੈਂ'!
ਪਰ ਨਾਲ ਹੀ ਇਕ ਚਿਤਾਵਣੀ ਵੀ ਹੈ-
'ਜਿਨ ਬੁੱਤੋਂ ਮੇਂ ਆ ਜਾਤੀ ਹੈ ਖੁਦਾਈ ਮਿਜਾਜ਼,
ਹਮ ਨੇ ਦੇਖਾ ਹੈ ਕਿ ਵੋਹ ਬੁੱਤ ਤੋੜ ਦੀਏ ਜਾਤੇ ਹੈਂ'!
ਘੜੀ ਦੀ ਸੂਈ ਵੀ ਘੁੰਮਦੀ ਹੀ ਰਹਿੰਦੀ ਹੈ, ਕਿਉਂਕਿ ਸਮਾਂ ਵੀ ਲਗਾਤਾਰ ਚਲਦਾ ਰਹਿੰਦੈ। ਘੜੀ ਦੇ ਅੰਕ ਵੀ ਕਈ ਸੁਨੇਹੇ-ਸਬਕ ਦਿੰਦੇ ਹਨ। ਭਾਵੇਂ ਸਭ ਅੰਕਾਂ ਦੀ ਅਹਿਮੀਅਤ ਹੈ ਪਰ ਅਸੀਂ ਇਥੇ ਕੁਝ ਕੁ ਦਾ ਹੀ ਵਰਨਣ ਕਰਾਂਗੇ। ਇਕ ਦੋ ਤੇ ਦੋ ਗਿਆਰਾਂ ਹੋ ਜਾਂਦੇ ਹਨ। ਅਸੀਂ ਸਾਰੇ ਨੰਬਰ ਵੰਨ ਬਣਨਾ ਚਾਹੁੰਦੇ ਹਾਂ, ਭਾਵ ਪਹਿਲੇ ਸਥਾਨ, ਪਹਿਲੇ ਨੰਬਰ/ਪੁਜ਼ੀਸ਼ਨ ਉੱਪਰ ਆਉਣਾ/ਰਹਿਣਾ ਲੋਚਦੇ ਹਾਂ। ਹਰੇਕ ਹੀ ਜ਼ਿੰਦਗੀ ਦੀ ਦੌੜ ਵਿਚ 'ਫਸਟ' ਆਉਣ ਦੀ ਸਿੱਕ ਰੱਖਦੈ, ਦੂਜੇ ਜਾਂ ਤੀਜੇ ਸਥਾਨ ਉੱਪਰ ਕੋਈ ਨਹੀਂ ਆਉਣਾ ਚਾਹੁੰਦਾ। ਤਣਾਉ ਅਤੇ ਸਟਰੈੱਸ ਵੀ ਇਸ ਦੌੜ ਕਾਰਨ ਹੀ ਹਨ। ਪਰ ਹਰ ਕੋਈ ਪਹਿਲੀ ਥਾਂ ਤਾਂ ਨਹੀਂ ਨਾ ਲੈ ਸਕਦਾ। ਦੋ ਨੰਬਰ ਦੋਰਾਹਾ 'ਤੇ ਦੁਬਿਧਾ ਦਰਸਾਉਂਦੈ ਪਰ ਨਾਲ ਹੀ ਦੋ ਵਿਕਲਪਾਂ ਵਿਚ ਚੋਣ ਕਰਨ ਦੀ ਖੁੱਲ੍ਹ ਵੀ ਦਿੰਦੈ। ਜ਼ਿੰਦਗੀ ਵਿਚ ਦੋਰਾਹੇ ਉੱਪਰ ਸਹੀ ਰਾਹ ਦੀ ਚੋਣ ਕਰਨਾ ਮੰਜ਼ਿਲ ਉੱਪਰ ਅਪੜਨ ਦੀ ਗਾਰੰਟੀ ਹੈ। ਤਿੰਨ ਅੰਕ ਨੂੰ ਤਾਂ ਸਮਝਦੇ ਹੀ ਮਾੜਾ ਹਨ। ਬਚਪਨ ਵਿਚ ਅਸਾਂ ਵੱਡੇ ਸਾਰੇ ਤੱਕੜ ਵਿਚ ਬਜ਼ੁਰਗਾਂ ਨੂੰ ਦਾਣੇ ਤੋਲਦਿਆਂ ਦੇਖਿਆ। ਉਹ ਤੀਸਰੇ ਅੰਕ 'ਤੇ ਆ ਕੇ ਸ਼ਬਦ 'ਵਾਧੇ' ਵਰਤਦੇ ਸਨ, ਤਿੰਨ ਨਹੀਂ। ਵੈਸੇ ਵੀ ਤਿੰਨ ਕਾਣੇ ਹੀ ਕਹੇ ਜਾਂਦੇ ਹਨ!ਹਿੰਦੀ ਵਾਲੇ ਵੀ ਢਾਕ ਕੇ ਤੀਨ ਪਾਤ ਕਹਿੰਦੇ ਹਨ। ਇਹ ਵੀ ਕਿਹਾ ਜਾਂਦੇ ਕਿ ਤੀਜਾ ਰਲਿਆ ਤਾਂ ਘਰ ਗਲਿਆ। 'ਨਾ ਤਿੰਨਾਂ 'ਚ ਨਾ ਤੇਰਾਂ 'ਚ' ਦੀ ਗੱਲ ਵੀ ਹੁੰਦੀ ਹੈ। 13 ਦੇ ਅੰਕੜੇ ਨੂੰ ਤਾਂ 3 ਨਾਲੋਂ ਵੀ ਮਾੜਾ ਸਮਝਿਆ ਜਾਂਦੈ । ਪਰ ਸਿੱਖ ਧਰਮ ਦੇ ਬਾਨੀ ਗੁਰੂੁ ਨਾਨਕ ਦੇਵ ਜੀ ਨੇ ਤੇਰਾਂ ਨੂੰ 'ਤੇਰਾ' ਬਣਾ ਕੇ ਪ੍ਰਭੂਪ੍ਰੀਤੀ ਵਿਚ ਲੀਨ ਹੋਣ ਦਾ ਪਾਠ ਪੜ੍ਹਾਇਆ ਅਤੇ ਤੇਰਾਂ ਦੇ ਅੰਕੜੇ ਨੂੰ ਸ਼ੁੱਭਸ਼ਗਨੀ ਕਰ ਦਿੱਤਾ! ਜ਼ੀਰੋ ਦੀ ਹਾਲਤ ਹੋਰ ਵੀ ਮਾੜੀ ਹੈ। ਭਲਾ ਕੌਣ ਜ਼ੀਰੋ ਹੋਣਾ ਚਾਹੁੰਦੈ? ਕਲਾਸ ਵਿਚ ਜੇ ਜ਼ੀਰੋ ਨੰਬਰ ਮਿਲ ਜਾਵੇ ਤਾਂ ਨਾਲ ਦੇ 'ਓਇ ਆਂਡਾ ਮਿਲਿਆ' ਕਹਿ ਕੇ ਮਜ਼ਾਕ ਉਡਾਉਂਦੇ ਹਨ। ਪਰ ਲੋਕ ਭੁੱਲ ਜਾਂਦੇ ਹਨ ਕਿ ਏਕਾ, ਜ਼ੀਰੋ ਨਾਲ ਹੀ 10,1000, ਲੱਖ, ਕਰੋੜ ਬਣਦੈ! ਮਿਹਨਤ-ਮੁਸ਼ੱਕਤ ਕਰਨ ਵਾਲੇ 'ਜ਼ੀਰੋ' ਤੋਂ 'ਹੀਰੋ' ਬਣ ਜਾਂਦੇ ਹਨ! ਬਾਬਾ ਨਜ਼ਮੀ ਨੇ ਕਿਆ ਖੂਬ ਕਿਹੈ-'ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ/ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ'।
ਪੰਜ ਨੰਬਰ ਦੀ ਬੜੀ ਮਹੱਤਤਾ ਹੈ। ਸਿੱਖ ਧਰਮ ਹੈ ਹੀ ਪੰਜ ਪ੍ਰਧਾਨੀ ਪ੍ਰਬੰਧ! ਭਾਈ ਗੁਰਦਾਸ ਅਨੁਸਾਰ 'ਇਕ ਸਿਖ ਦੋਇ ਸਾਧ ਸੰਗ ਪੰਜੀ ਪ੍ਰਮੇਸ਼ਰ'। ਗੁਰਬਾਣੀ ਵਿਚ ਆਉਂਦੈ-'ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ'। ਅੰਮ੍ਰਿਤ ਵੇਲੇ ਨਿਤਨੇਮ ਦੀਆਂ ਪੰਜ ਬਾਣੀਆਂ ਹਨ। ਪੰਜ ਗੁਰਮੁਖਾਂ ਨੇ ਗੁਰੂੁ ਗੋਬਿੰਦ ਸਿੰਘ ਜੀ ਨੂੰ ਸੀਸ ਭੇਟ ਕਰਕੇ, ਫਿਰ ਅੰਮ੍ਰਿਤ ਛਕ ਕੇ ਪੰਜ ਪਿਆਰੇ ਬਣ ਗੂਰੂ ਜੀ ਨੂੰ ਅੰਮ੍ਰਿਤਪਾਨ ਕਰਵਾ ਇਕ ਨਿਆਰੇ ਵਿਚਾਰ ਖਾਲਸਾ ਪੰਥ ਦੀ ਨੀਂਹ ਰੱਖੀ। ਪੰਜ ਹੀ ਕੱਕਾਰ ਹਨ। ਸਿੱਖ ਧਰਮ ਦੇ ਪੰਜ ਤਖ਼ਤ ਹਨ। ਬਸ ਪੰਜਾਂ ਵਿਚ ਪ੍ਰਮੇਸ਼ਰ! ਦਸ ਪਾਤਸ਼ਾਹੀਆਂ ਹੋਣ ਕਾਰਨ ਦਸ ਦਾ ਅੰਕੜਾ ਬੜਾ ਮੁਕੱਦਸ ਹੈ। ਦੁਸਹਿਰੇ ਦਾ ਨਾਂਅ ਵੀ 10 ਸਿਰਾਂਵਾਲੇ ਰਾਵਣ ਕਾਰਨ ਪਿਆ ਹੈ। 12 ਦਾ ਅੰਕੜਾ ਦੇਹਲੀ ਦੀਪਕ ਦਾ ਕੰਮ ਕਰਦੈ। ਦੁਪਹਿਰ ਵੇਲੇ ਇਹ ਸੁਭਾ-ਸ਼ਾਮ ਵਿਚ ਪੁਲ ਬਣਦੈ ਅਤੇ ਰਾਤ ਵੇਲੇ ਬੀਤ ਰਹੇ ਦਿਨ ਅਤੇ ਆਉਣ ਵਾਲੇ ਨਵੇਂ ਦਿਨ ਨੂੰ ਬਗਲਗੀਰ ਕਰਵਾਉਂਦੈ।
ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਰੁੱਤਾਂ-ਥਿੱਤਾਂ ਬਦਲਦੀਆਂ ਰਹਿੰਦੀਆਂ ਹਨ, ਤਬਦੀਲੀ ਕੁਦਰਤ ਦਾ ਨਿਯਮ ਹੈ। ਸਮਾਂ ਹਰ ਹਾਲਤ ਵਿਚ ਬਦਲਦਾ ਹੈ ਪਰ ਸਮਾਂ ਬਦਲਣ ਲਈ ਵੀ ਸਮਾਂ ਤਾਂ ਲਗਦਾ ਹੀ ਹੈ। ਕਹਿੰਦੇ ਹਨ ਕਿ ਸਮਾਂ ਬੜਾ ਵੱਡਾ ਲੁਕਮਾਨ ਹੈ, ਇਹ ਹਰ ਜ਼ਖ਼ਮ ਭਰ ਦਿੰਦਾ ਹੈ ਪਰ ਜ਼ਖ਼ਮ ਭਰਨ ਲਈ ਸਮੇਂ ਨੂੰ ਸਮਾਂ ਤਾਂ ਦੇਣਾ ਚਾਹੀਦੈ। ਅੰਗਰੇਜ਼ੀ ਵਿਚ ਆਮ ਕਿਹਾ ਜਾਂਦੈ-'ਦਿਸ ਟੂ ਵਿਲ ਪਾਸ' (ਇਹ ਵੀ ਲੰਘ ਜਾਏਗਾ-ਭਾਵ ਮਾੜਾ ਸਮਾਂ ਵੀ ਬੀਤ ਜਾਏਗਾ)।
ਜੋ ਵਰਤਮਾਨ ਵਿਚ ਵਿਚਰਦਾ ਹੈ ਉਸ ਦਾ ਭਵਿੱਖ ਸੰਵਰ ਜਾਂਦੈ ਅਤੇ ਭੂਤਕਾਲ ਵੀ ਸੁਖਧ ਸਿਮਰਤੀ 'ਚ ਸੰਜੋਇਆ ਜਾਂਦੈ। ਸਾਡੇ ਸੰਕਟਾਂ ਅਤੇ ਸਮੱਸਿਆਵਾਂ ਦਾ ਕਾਰਨ ਬੀਤੇ ਦੇ ਭਾਰ ਨੂੰ ਸਿਰ ਉੱਪਰ ਚੱਕੀ ਰੱਖਣਾ/ਢੋਈ ਜਾਣਾ ਹੈ। ਅੰਗਰੇਜ਼ੀ ਕਵੀ ਪੀ.ਬੀ. ਸ਼ੈਲੀ ਪੰਛੀ ਸਕਾਈਲਾਰਕ ਨੂੰ ਸੰਬੋਧਤ ਕਵਿਤਾ ਵਿਚ ਠੀਕ ਕਹਿੰਦੈ ਕਿ 'ਅਸੀਂ ਅੱਗੇ ਪਿੱਛੇ ਝਾਕਦੇ ਰਹਿੰਦੇ ਹਾਂ ਅਤੇ ਜੋ ਨਹੀਂ ਹੈ ਉਸ ਲਈ ਵਿਲਕਦੇ ਰਹਿੰਦੇ ਹਾਂ'। 'ਵਕਤ' ਫ਼ਿਲਮ ਵਿਚ ਸਹੀ ਸਲਾਹ ਦਿੱਤੀ ਗਈ ਹੈ-'ਆਗੇ ਭੀ ਜਾਨੇ ਨਾ ਤੂ, ਪੀਛੇ ਭੀ ਜਾਨੇ ਨਾ ਤੂ/ਜੋ ਭੀ ਹੈ ਬਸ ਯਹੀ ਇਕ ਪਲ ਹੈ'। 'ਹੇ ਬੇਬੀ' ਅਤੇ 'ਕੱਲ੍ਹ ਹੋ ਨਾ ਹੋ' ਫ਼ਿਲਮਾਂ ਵਿਚ ਵੀ ਮੌਜੂਦਾ ਪਲ ਨੂੰ ਮਾਨਣ ਦੀ ਵਕਾਲਤ ਕੀਤੀ ਗਈ ਹੈ।
ਸਮਾਂ ਇਕ ਅਮੋੜ ਅਰਬੀ ਘੋੜਾ ਹੈ ਜੋ ਪਹਾੜ ਦੀ ਢਲਵਾਨ 'ਤੇ ਬੇਲਗਾਮ ਸਰਪਟ ਦੌੜਦਾ ਰਹਿੰਦਾ ਹੈ। ਇਸ ਨੂੰ ਸੂਰਮੇ ਹੀ ਕਾਬੂ ਕਰ ਸਕਦੇ ਹਨ। ਸ਼ਾਹਸਵਾਰ ਹੀ ਅੱਥਰੇ ਘੋੜਿਆਂ ਨੂੰ ਸੰਭਾਲ ਸਕਦੇ ਹਨ, ਤੇਰ ਮੇਰ ਨਹੀਂ। ਜੋ ਸਮਾਂ ਨਹੀਂ ਸੰਭਾਲਦੇ, ਸਮਾਂ ਵੀ ਉਨ੍ਹਾਂ ਨੂੰ ਨਹੀਂ ਸੰਭਾਲਦਾ। ਜੋ ਸਮੇਂ ਨੂੰ ਜ਼ਾਇਆ ਕਰਦੇ ਹਨ ਉਹ ਵੀ ਸਮਾਂ ਪਾ ਕੇ ਜ਼ਾਇਆ ਹੋ ਜਾਂਦੇ ਹਨ। ਸਮੇਂ ਨੂੰ ਮਾਰਨ (ਕਿਲ) ਵਾਲੇ ਖੁਦ ਮਰ (ਕਿਲਡ) ਜਾਂਦੇ ਹਨ। ਖੁੰਝਿਆ ਵੇਲਾ ਹੱਥ ਨਹੀਂ ਆਉਂਦਾ। ਮੁਜ਼ੱਫਰ ਰਜ਼ਮੀ ਦਾ ਮਸ਼ਹੂਰ ਸ਼ੇਅਰ ਹੈ-
'ਯੇਹ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖਤਾ ਕੀ ਥੀ ਸਦੀਉਂ ਨੇ ਸਜ਼ਾ ਪਾਈ'।
ਸਮਾਂ ਬਹੁਮੁੱਲਾ ਖਜ਼ਾਨਾ ਹੈ, ਇਕ ਕੀਮਤੀ ਸਰਮਾਇਆ। ਲੰਘਿਆ ਵੇਲਾ ਵਾਪਸ ਨਹੀਂ ਮੁੜਦਾ। ਭਾਈ ਵੀਰ ਸਿੰਘ ਹੋਰਾਂ ਸਮੇਂ ਵਾਰੇੇ ਇਕ ਬੜੀ ਸੁੰਦਰ ਕਵਿਤਾ ਲਿਖੀ ਹੈ 'ਸਮਾਂ' ਜਿਸ ਵਿਚ ਉਹ ਉਡਦੇ ਜਾ ਰਹੇ ਸਮੇਂ ਨੂੰ ਸੰਭਾਲਣ ਦੀ ਤਾਗੀਦ ਕਰਦੇ ਹਨ-
'ਰਹੀ ਵਾਸਤੇ ਘੱਤ 'ਸਮੇਂ' ਨੇ ਇਕ ਨਾ ਮੰਨੀ/ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ...ਹੋ! ਅਜੇ ਸੰਭਾਲ ਇਸ 'ਸਮੇਂ' ਨੂੰ/ਕਰ ਸਫਲ ਉਡੰਦਾ ਜਾਂਵਦਾ/ਇਹ ਠਹਿਰਨ ਜਾਚ ਨਾ ਜਾਣਦਾ/ਲੰਘ ਗਿਆ ਨਾ ਮੁੜ ਕੇ ਆਂਵਦਾ'।
ਇਸੇ ਲਈ ਵਕਤ ਵਾਰੇ ਸੋਚ-ਵੀਚਾਰ ਕਰਨ ਵਾਲਾ ਬੰਦਾ, ਵੇਲੇ ਨੂੰ ਸੰਭਾਲਣ ਵਾਲਾ ਵਿਅਕਤੀ, ਸਮੇਂ ਨੂੰ ਸਮਝਣ ਵਾਲਾ ਸ਼ਖਸ, ਬੰਦਾਨਵਾਜ਼ ਦਾ ਬੰਦਾ ਬਣ ਜਾਂਦੈ, ਕਿਉਂਕਿ 'ਵਖਤੁ ਵੀਚਾਰੇ ਸੁ ਬੰਦਾ ਹੋਇ'!
-ਫਗਵਾੜਾ।
ਮੋਬਾਈਲ : 98766-55055
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ...
ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ...
ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX