ਗੁਰੂ ਨਾਨਕ ਸਾਹਿਬ ਦਾ ਤਤਕਾਲੀਨ ਸਮਾਜ ਜਾਤੀ ਵਿਵਸਥਾ ਉੱਪਰ ਖੜ੍ਹਾ ਸੀ। ਬ੍ਰਾਹਮਣ ਅਤੇ ਖੱਤਰੀ ਸ਼੍ਰੇਸਠ ਮੰਨੇ ਜਾਂਦੇ ਸਨ। ਵੈਸ਼ ਅਤੇ ਸ਼ੂਦਰ ਇਨ੍ਹਾਂ ਸ਼੍ਰੈਸਠ ਵਰਗਾਂ ਦੀ ਸੇਵਾ ਵਿਚ ਆਪਣਾ ਵਕਤ ਗੁਜ਼ਾਰਦੇ ਸਨ। ਸ਼ੂਦਰਾਂ ਅਤੇ ਅਛੂਤਾਂ ਦਾ ਜੀਵਨ ਬਹੁਤ ਭਿਆਨਕ ਸੀ। ...
ਇਨਸਾਨ ਦਾ ਇਨਸਾਨਾਂ ਨਾਲ ਇਸ਼ਕੋ-ਮੁਹੱਬਤ। ਮਹਾਨ ਰੂਹਾਨੀ ਹਸਤੀਆਂ ਦਾ ਰੱਬ ਨਾਲ ਇਸ਼ਕ। ਇਨ੍ਹਾਂ ਮੁਹੱਬਤਾਂ ਨਾਲ ਮਾਲਾਮਾਲ ਹੈ ਧਰਤੀ ਪੰਜਾਬ ਦੀ। ਬੰਦਿਆਂ ਨੂੰ ਰੱਬ ਨਾਲ ਜੋੜਨਾ। ਰੱਬ ਦੇ ਬੰਦਿਆਂ ਨੂੰ ਉਸ ਰਾਹ 'ਤੇ ਚਲਾਉਣਾ, ਜਿਸ ਰਾਹ 'ਤੇ ਚਲਾਉਣ ਵਾਲਿਆਂ ਤੋਂ ਰੱਬ ...
ਮਨੁੱਖ ਨੂੰ ਸਮਾਜਿਕ ਜੀਵ ਆਖਿਆ ਗਿਆ ਹੈ ਕਿਉਂਕਿ ਉਹ ਦੂਜੇ ਜੀਵਾਂ ਤੋਂ ਨਿਆਰਾ ਇਕ ਸਮਾਜ ਦੀ ਸਿਰਜਣਾ ਕਰਕੇ ਉਸ ਵਿਚ ਆਪਣੇ ਟੱਬਰ ਦੇ ਨਾਲ ਰਹਿੰਦਾ ਹੈ। ਸੰਸਾਰ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜਿਹੜੇ ਸਮਾਜਿਕ ਜੀਵਨ ਨੂੰ ਤਿਆਗ ਇਕੱਲਤਾ ਦਾ ਜੀਵਨ ਜਿਊਂਦੇ ਹਨ। ਗ੍ਰਹਿਸਥੀ ਜੀਵਨ ਦਾ ਤਿਆਗ ਆਪਣੀ ਜ਼ਿੰਮੇਵਾਰੀ ਤੋਂ ਦੂਰ ਭੱਜਣਾ ਹੈ। ਦੁਨੀਆਂਦਾਰੀ ਤੋਂ ਮੂੰਹ ਮੋੜ ਆਪਣੇ-ਆਪ ਨੂੰ ਗੁਰੂ ਜਾਂ ਪੀਰ ਅਖਵਾਉਣਾ ਤੇ ਬਿਨਾਂ ਕੋਈ ਕੰਮਕਾਜ ਕੀਤਿਆਂ ਮੰਗ ਕੇ ਖਾਣ ਵਾਲੇ ਦੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਨਿਖੇਧੀ ਕੀਤੀ ਹੈ।
ਗੁਰੂ ਜੀ ਨੇ ਗ੍ਰਹਿਸਥੀ ਜੀਵਨ ਨੂੰ ਉੱਤਮ ਅਤੇ ਗ੍ਰਹਿਸਥੀ ਨੂੰ ਦਾਤਾ ਮੰਨਿਆ ਹੈ। ਗੁਰੂ ਜੀ ਦਾ ਉਪਦੇਸ਼ ਹੈ ਕਿ ਮੰਗ ਖਾਣ ਵਾਲਾ ਕਿਵੇਂ ਵੱਡਾ ਇਨਸਾਨ ਹੋ ਸਕਦਾ ਹੈ। ਵੱਡਾ ਇਨਸਾਨ ਤਾਂ ਉਹ ਹੈ ਜੋ ਮਿਹਨਤ ਦੀ ਕਮਾਈ ਖਾਂਦਾ ਹੈ ਅਤੇ ਜਿਥੋਂ ਤੀਕ ਹੋ ਸਕੇ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ। ਉਨ੍ਹਾਂ ਆਖਿਆ:
ਗੁਰੁ ਪੀਰੁ ਸਦਾਏ ਮੰਗਣ ਜਾਇ
ਤਾ ਕੈ ਮੂਲਿ ਨ ਲਗੀਐ ਪਾਇ
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ। (ਅੰਗ : 1245)
ਗੁਰੂ ਜੀ ਦੱਸਦੇ ਹਨ ਕਿ ਅਸਲ ਜੀਵਨ ਗ੍ਰਹਿਸਥੀ ਦਾ ਹੀ ਹੈ ਜਿਹੜਾ ਸਖ਼ਤ ਮਿਹਨਤ ਕਰਦਾ ਹੈ। ਰੱਬੀ ਹੁਕਮ ਵਿਚ ਰਹਿੰਦਿਆਂ ਹੋਇਆਂ ਆਪਣੇ ਟੱਬਰ ਦੀ ਪਾਲਣਾ ਕਰਨ ਦੇ ਨਾਲੋਂ ਨਾਲ ਲੋੜਵੰਦਾਂ ਦੀ ਸਹਾਇਤਾ ਵੀ ਕਰਦਾ ਹੈ।
ਗ੍ਰਹਿਸਥੀ ਜੀਵਨ ਤਿਆਗ ਰੱਬ ਦੀ ਤਲਾਸ਼ ਵਿਚ ਭਟਕਣਾ ਕਾਇਰਤਾ ਹੈ। ਰੱਬ ਦੀ ਪ੍ਰਾਪਤੀ ਗ੍ਰਹਿਸਥੀ ਜੀਵਨ ਜੀਉਂਦਿਆਂ ਹੋਇਆਂ ਵੀ ਹੋ ਸਕਦੀ ਹੈ ਜੇਕਰ ਉਸ ਦੀ ਦਰਸਾਈ ਜੀਵਨ ਜਾਚ ਅਨੁਸਾਰ ਜੀਵਨ ਨੂੰ ਜੀਵਿਆ ਜਾਏ।
ਸਤਿਗੁਰ ਕੀ ਐਸੀ ਵਡਿਆਈ
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ (ਅੰਗ : 661)
ਗੁਰੂ ਜੀ ਨੇ ਸਫ਼ਲ ਗ੍ਰਹਿਸਥ ਜੀਵਨ ਬਾਰੇ ਵੀ ਵਿਸਥਾਰ ਵਿਚ ਦੱਸਿਆ ਹੈ। ਗ੍ਰਹਿਸਥ ਰੂਪੀ ਗੱਡੀ ਦੇ ਪਤੀ ਪਤਨੀ ਦੋ ਪਹੀਏ ਹਨ। ਆਦਰਸ਼ ਗ੍ਰਹਿਸਥੀ ਜੀਵਨ ਉਦੋਂ ਹੀ ਹੋ ਸਕਦਾ ਹੈ ਜੇਕਰ ਸੁਕ੍ਰਿਤ ਕਰਦਿਆਂ ਨਾਮ ਜਪਦਿਆਂ ਅਤੇ ਵੰਡ ਛਕਦਿਆਂ ਜੀਵਨ ਜੀਵਿਆ ਜਾਵੇ। ਉਨ੍ਹਾਂ ਮਨੁੱਖੀ ਗੁਣਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ।
ਸਚ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸੁ ਪਰਧਾਨ
(ਅੰਗ : 1245)
ਪਰ ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਦੋਵੇਂ ਇਕ ਦੂਜੇ ਦੇ ਸਹਾਇਕ ਹੋਣ, ਆਪੋ ਵਿਚ ਪਿਆਰ ਅਤੇ ਵਿਸ਼ਵਾਸ ਹੋਵੇ ਦੋਵੇਂ ਦੁਖ ਸੁਖ ਵਿਚ ਇਕ ਦੂਜੇ ਨਾਲ ਖੜ੍ਹੇ ਹੋਣ।
ਸਜਣ ਸੇਈ ਨਾਲਿ ਮੈ ਚਲਦਿਆ ਨਾਲ ਚਲੰਨਿ
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ
(ਅੰਗ : 729)
ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ, ਜਿਹੜਾ ਆਪਸੀ ਵਿਸ਼ਵਾਸ ਉਤੇ ਖੜ੍ਹਾ ਹੈ। ਇਕ ਦੂਜੇ ਨਾਲ ਕੀਤਾ ਵਿਸ਼ਵਾਸ਼ਘਾਤ ਗ੍ਰਹਿਸਥੀ ਜੀਵਨ ਨੂੰ ਤਬਾਹ ਕਰ ਦਿੰਦਾ ਹੈ, ਘਰ ਸਵਰਗ ਬਣਨ ਦੀ ਥਾਂ ਨਰਕ ਬਣ ਜਾਂਦਾ ਹੈ। ਜੇਕਰ ਪਤੀ ਵਿਸ਼ਵਾਸਘਾਤ ਕਰੇ ਤਾਂ ਗੁਰੂ ਜੀ ਅਜਿਹੇ ਪਤੀ ਨੂੰ ਮੱਤ ਦਿੰਦੇ ਹਨ ਕਿ ਇਸ ਵਿਸ਼ਵਾਸਘਾਤ ਦਾ ਲੇਖਾ ਕੇਵਲ ਇਸ ਦੁਨੀਆਂ ਵਿਚ ਹੀ ਨਹੀਂ ਦੇਣਾ ਪੈਂਦਾ ਹੈ ਸਗੋਂ ਅੱਗੇ ਵੀ ਇਸ ਦਾ ਲੇਖਾ ਮੰਗਿਆ ਜਾਂਦਾ ਹੈ:
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ (ਅੰਗ : 472)
ਇਸੇ ਤਰ੍ਹਾਂ ਪਤਨੀ ਨੂੰ ਵਿਸ਼ਵਾਸਘਾਤ ਕਰਨ ਤੋਂ ਵਰਜਦਿਆਂ ਹੋਇਆਂ ਗੁਰੂ ਜੀ ਆਖਦੇ ਹਨ ਕਿ ਅਜਿਹੀ ਪਤਨੀ ਆਪਣੇ ਆਪ ਨੂੰ ਸੁਹਾਗਣ ਅਖਵਾਉਣ ਦੀ ਹੱਕਦਾਰ ਨਹੀਂ ਰਹਿੰਦੀ। ਸੁਹਾਗਣ ਉਹ ਹੀ ਹੈ ਜਿਹੜੀ ਆਪਣੇ ਪਤੀ ਨੂੰ ਸੱਚਾ ਪਿਆਰ ਕਰਦੀ ਹੈ। ਗੁਣਵੰਤੀ ਨਾਰ ਦੇ ਗੁਣਾਂ ਦੀ ਵਿਆਖਿਆ ਵੀ ਗੁਰੂ ਜੀ ਵਲੋਂ ਸੁੰਦਰ ਢੰਗ ਨਾਲ ਕੀਤੀ ਗਈ ਹੈ।
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ
ਖਿਮਾ ਸੀਗਾਰੁ ਕਾਮਣਿ ਤਨੁ
ਪਹਿਰੈ ਰਾਵੈ ਲਾਲ ਪਿਆਰੀ (ਅੰਗ : 359)
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ (ਅੰਗ : 17)
ਗੁਰੂ ਸਾਹਿਬ ਵਲੋਂ ਦੱਸੀ ਮਨੁੱਖੀ ਜੀਵਨ ਜਾਚ ਅਦੁੱਤੀ ਹੈ। ਗੁਰੂ ਜੀ ਵਲੋਂ ਗ੍ਰਹਿਸਥੀ ਨੂੰ ਮਹਾਨ ਆਖਿਆ ਗਿਆ ਹੈ ਪਰ ਇਹ ਮਹਾਨਤਾ ਉਦੋਂ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਪਤੀ ਪਤਨੀ ਦੋਵੇਂ ਇਕ ਦੂਜੇ ਪ੍ਰਤੀ ਵਫ਼ਾਦਾਰ ਹੀ ਨਹੀਂ ਸਗੋਂ ਇਕ ਜੋਤ ਦੋ ਮੂਰਤੀਆਂ ਵਾਲੀ ਸਥਿਤੀ ਵਿਚ ਰਹਿਣ। ਜਦੋਂ ਆਪਸ ਵਿਚ ਸੁੱਚਾ ਪਿਆਰ ਅਤੇ ਭਰੋਸਾ ਹੋਵੇਗਾ ਉਦੋਂ ਹੀ ਗੁਰੂ ਜੀ ਵਲੋਂ ਦਰਸਾਈ ਸੁੱਚੀ ਕਿਰਤ, ਨਾਮ ਜਪਣਾ ਅਤੇ ਵੰਡ ਛਕਣ ਵਾਲੇ ਅਸੂਲਾਂ ਦਾ ਧਾਰਨੀ ਬਣਿਆ ਜਾ ਸਕਦਾ ਹੈ। ਅਜਿਹੀ ਅਵਸਥਾ ਵਿਚ ਮਾਨਵ ਗ੍ਰਹਿਸਥੀ ਹੁੰਦਾ ਹੋਇਆ ਵੀ ਮੋਹ ਮਾਇਆ ਤੋਂ ਉਚੇਰਾ ਹੋ ਕੇ ਸੰਨਿਆਸੀ ਬਣ ਸਕਦਾ ਹੈ।
ਮਹਾਨ ਮਨੁੱਖ ਉਹ ਹੀ ਹੈ ਜਿਹੜਾ ਗ੍ਰਹਿਸਥੀ ਹੁੰਦਿਆਂ ਹੋਇਆਂ ਵੀ ਸੱਚਾ ਅਤੇ ਸੁੱਚਾ ਜੀਵਨ ਬਸਰ ਕਰਦਾ ਹੈ। ਗੁਰੂ ਜੀ ਵਲੋਂ ਦਰਸਾਏ ਰਾਹ ਉਤੇ ਤੁਰਿਆਂ ਅਜਿਹਾ ਹੋਣਾ ਸੰਭਵ ਹੈ। ਮਨੁੱਖ ਸੱਚਾ ਅਤੇ ਸੁੱਚਾ ਜੀਵਨ ਜੀਉਂਦਿਆਂ ਹੋਇਆਂ ਹੀ ਇਸ ਸੰਸਾਰ ਵਿਚ ਸਫ਼ਲ ਹੋ ਸਕਦਾ ਹੈ ਅਤੇ ਰੱਬ ਨਾਲ ਉਸਦਾ ਮੇਲ ਵੀ ਹੋ ਜਾਂਦਾ ਹੈ।
ਸੁਖਾਵਾਂ ਘਰੋਗੀ ਮਾਹੌਲ ਆਤਮਿਕ ਸੁੱਖ ਦੀ ਪ੍ਰਾਪਤੀ ਨਾਲ ਹੀ ਹੁੰਦਾ ਹੈ। ਸੰਸਾਰਕ ਸੁੱਖਾਂ ਪਿੱਛੇ ਭੱਜਣ ਨਾਲ ਤਾਂ ਤ੍ਰਿਸ਼ਨਾ ਵਿਚ ਵਾਧਾ ਹੁੰਦਾ ਹੈ ਕਿਉਂਕਿ, ਸਰੀਰਕ ਭੁੱਖ ਕਦੇ ਵੀ ਤ੍ਰਿਪਤ ਨਹੀਂ ਹੁੰਦੀ। ਤ੍ਰਿਪਤੀ ਤਾਂ ਉਦੋਂ ਹੀ ਮਿਲਦੀ ਹੈ ਜਦੋਂ ਮਨ ਤ੍ਰਿਪਤ ਹੋਵੇ ਭਾਵ ਮਨੁੱਖ ਦਾ ਆਪਣੇ ਮਨ ਉਤੇ ਕਾਬੂ ਹੋਵੇ। ਸਤਿ ਅਤੇ ਸੰਤੋਖ ਦੀ ਗ੍ਰਹਿਸਥੀ ਜੀਵਨ ਵਿਚ ਵਿਸ਼ੇਸ਼ ਮਹੱਤਤਾ ਹੈ। ਜੇਕਰ ਪਤੀ ਪਤਨੀ ਨੂੰ ਇਕ ਦੂਜੇ ਉਤੇ ਭਰੋਸਾ ਹੈ ਤੇ ਉਹ ਇਕ ਦੂਜੇ ਨਾਲ ਕਦੇ ਝੂਠ ਨਹੀਂ ਬੋਲਦੇ ਉਦੋਂ ਹੀ ਘਰ ਦਾ ਮਾਹੌਲ ਖੁਸ਼ੀਆਂ ਭਰਿਆ ਹੋ ਸਕਦਾ ਹੈ। ਬਹੁਤੇ ਘਰੋਗੀ ਝਗੜਿਆਂ ਦੀ ਜੜ੍ਹ ਤ੍ਰਿਸ਼ਨਾ ਹੈ। ਘਰ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਜ਼ਰੂਰੀ ਹੈ ਪਰ ਹੋਰ ਤੇ ਹੋਰ ਲਈ ਦੌੜਨ ਨਾਲ ਘਰ ਵਿਚੋਂ ਸੁੱਖ ਤੇ ਸ਼ਾਂਤੀ ਦੂਰ ਹੋ ਜਾਂਦੀ ਹੈ। ਸੰਤੋਖ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਪਤੀ-ਪਤਨੀ ਸੰਤੋਖੀ ਹੋਣਗੇ ਫਿਰ ਹੋਰ ਤੇ ਹੋਰ ਪ੍ਰਾਪਤ ਕਰਨ ਲਈ ਉਹ ਕਦੇ ਗਲਤ ਕੰਮ ਨਹੀਂ ਕਰਨਗੇ।
ਸਫ਼ਲ ਸੁਖਾਵੇਂ ਗ੍ਰਹਿਸਥੀ ਜੀਵਨ ਦੀ ਜਾਚ ਜਿਹੜੀ ਗੁਰੂ ਸਾਹਿਬ ਜੀ ਨੇ ਦਰਸਾਈ ਹੈ ਉਸ ਨੂੰ ਸਾਰੇ ਸੰਸਾਰ ਵਿਚ ਇਸ ਵਰ੍ਹੇ ਪ੍ਰਚਾਰਨ ਅਤੇ ਪਸਾਰਨ ਦੀ ਲੋੜ ਹੈ। ਇਹ ਇਕ ਅਜਿਹੀ ਜੀਵਨ ਜਾਚ ਹੈ ਜਿਸ ਨਾਲ ਹਰ ਘਰ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਸੁਖਾਵਾਂ ਮਾਹੌਲ ਬਣ ਸਕਦਾ ਹੈ।
'ਗੁਰੂ ਨਾਨਕ ਵਿਸ਼ੇਸ਼ ਅੰਕ' ਦੀ ਪ੍ਰਕਾਸ਼ਨਾ ਕਰਕੇ ਇਸ ਵਾਰ 'ਧਰਮ ਤੇ ਵਿਰਸਾ' ਸਪਲੀਮੈਂਟ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਲੜੀਵਾਰ ਕਾਲਮ ਨਹੀਂ ਛਾਪੇ ਜਾ ਰਹੇ। ਅਗਲੀ ਵਾਰ ਤੋਂ ਇਹ ਬਾਕਾਇਦਾ ਛਾਪੇ ਜਾਣਗੇ। ਪਾਠਕ ਨੋਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX