ਕੋਰੋਨਾ ਮਹਾਂਮਾਰੀ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਐਲਾਨੀਆਂ ਗਈਆਂ ਪਾਬੰਦੀਆਂ ਵਿਚ ਵਾਧਾ ਕਰਦਿਆਂ ਇਨ੍ਹਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਹੇ ਇਕ ਦਿਨ ਪਹਿਲਾਂ ਸਿਹਤ ਮੰਤਰੀ ਨੇ ਇਹ ਇਸ਼ਾਰਾ ...
ਅੱਜ (4 ਮਈ, 2021) ਨੂੰ ਇਕ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਦੇ ਪਹਿਲੇ ਸਫ਼ੇ ਦੀਆਂ ਸੁਰਖੀਆਂ ਪੜ੍ਹ ਕੇ ਸਰੀਰ ਵਿਚ ਸਿਰ ਤੋਂ ਪੈਰਾਂ ਤੱਕ ਡਰ ਅਤੇ ਦਹਿਸ਼ਤ ਨਾਲ ਕੰਬਣੀ ਛਿੜ ਗਈ। ਸ਼ਾਇਦ ਇਸ ਲਈ ਕਿ ਦੂਰ ਲੱਗੀ ਅੱਗ ਦੇ ਨੇੜੇ ਆਉਣ ਵਿਚ ਦੇਰ ਕਿੱਥੇ ਲਗਦੀ ਹੈ? ਬੈਂਗਲੁਰੂ ਤੋਂ ਲਗਪਗ 175 ਕਿਲੋਮੀਟਰ ਦੇ ਫ਼ਾਸਲੇ 'ਤੇ ਚਾਮਰਾਜਨਗਰ ਜ਼ਿਲ੍ਹਾ ਹਸਪਤਾਲ ਵਿਚ ਆਕਸੀਜਨ ਸਪਲਾਈ ਵਿਚ ਕਮੀ ਆਉਣ ਦੀ ਵਜ੍ਹਾ ਨਾਲ 23 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਕਰਨਾਟਕ ਦੇ ਹੀ ਕੋਲਲੈਗਰ ਜ਼ਿਲ੍ਹੇ ਵਿਚ ਇਸੇ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਮੇਰਠ (ਉੱਤਰ ਪ੍ਰਦੇਸ਼) ਦੇ ਇਕ ਨਿੱਜੀ ਹਸਪਤਾਲ ਵਿਚ ਜਦੋਂ ਆਕਸੀਜਨ ਦੀ ਕਮੀ ਨਾਲ ਪੰਜ ਰੋਗੀਆਂ ਨੇ ਦਮ ਤੋੜ ਦਿੱਤਾ ਤਾਂ ਉਨ੍ਹਾਂ ਦੇ ਵਾਰਿਸਾਂ ਨੇ ਗੁੱਸੇ ਵਿਚ ਹਸਪਤਾਲ ਵਿਚ ਭੰਨਤੋੜ ਕੀਤੀ। ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਬੁਲਾਉਣੀ ਪਈ, ਕਿਉਂਕਿ ਹਸਪਤਾਲਾਂ ਨੇ ਮਰੀਜ਼ਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਰਿਸ਼ਤੇਦਾਰਾਂ 'ਤੇ ਪਾ ਦਿੱਤੀ ਹੈ, ਇਸੇ ਲਈ ਗੁਰੂਗ੍ਰਾਮ ਦੇ ਇਕ ਆਕਸੀਜਨ ਕੇਂਦਰ 'ਤੇ ਏਨੀ ਲੰਬੀ ਲਾਈਨ ਲੱਗੀ ਹੋਈ ਹੈ ਕਿ ਜੇਕਰ ਦੋ ਦਿਨ ਵਿਚ ਵੀ ਕਿਸੇ ਨੂੰ ਸਿਲੰਡਰ ਮਿਲ ਜਾਵੇ ਤਾਂ ਉਸ ਨੂੰ ਹਿਮਾਲਿਆ ਫ਼ਤਹਿ ਕਰਨ ਦਾ ਅਹਿਸਾਸ ਹੁੰਦਾ ਹੈ।
ਤੁਸੀਂ ਇਨ੍ਹਾਂ ਖ਼ਬਰਾਂ ਵਿਚ ਬੈਂਗਲੁਰੂ, ਮੇਰਠ ਅਤੇ ਗੁਰੂਗ੍ਰਾਮ ਦੀ ਜਗ੍ਹਾ ਆਪੋ-ਆਪਣੇ ਸ਼ਹਿਰਾਂ ਦੇ ਨਾਂਅ ਲਿਖ ਦਿਓ। ਬਾਕੀ ਖ਼ਬਰ ਬਦਲਣ ਦੀ ਲੋੜ ਨਹੀਂ, ਕਿਉਂਕਿ ਸਾਰੀਆਂ ਥਾਵਾਂ 'ਤੇ 19-21 ਦੇ ਅੰਤਰ ਨਾਲ ਸਮੱਸਿਆ ਇਕੋ ਹੀ ਹੈ। ਉਹ ਇਹ ਕਿ ਆਕਸੀਜਨ ਦੀ ਸਪਲਾਈ ਲੋੜੀਂਦੀ ਮਾਤਰਾ ਵਿਚ ਨਹੀਂ ਹੈ। ਇਸ ਨਾਲ ਉਨ੍ਹਾਂ ਪੀੜਤਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ, ਜਿਨ੍ਹਾਂ ਨੂੰ ਜੀਵਤ ਰੱਖਣ ਦੀਆਂ ਸੰਭਾਵਨਾਵਾਂ ਕਾਫੀ ਸਨ। ਇਸ ਲਈ ਹਰ ਜਗ੍ਹਾ ਤੋਂ ਆਕਸੀਜਨ ਦੀ ਕਮੀ, ਆਕਸੀਜਨ ਨਾ ਮਿਲਣ ਕਾਰਨ ਮੌਤਾਂ, ਆਕਸੀਜਨ ਹਾਸਲ ਕਰਨ ਲਈ ਸੰਘਰਸ਼, ਆਕਸੀਜਨ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਆਦਿ ਦੀਆਂ ਖ਼ਬਰਾਂ ਆ ਰਹੀਆਂ ਹਨ।
ਭਾਰਤ ਹਮੇਸ਼ਾ ਹੀ ਆਕਸੀਜਨ ਦੇ ਪ੍ਰਮੁੱਖ ਬਰਾਮਦਕਾਰਾਂ ਵਿਚ ਰਿਹਾ ਹੈ। ਇਸ ਲਈ ਕੋਵਿਡ-19 ਦੀ ਦੂਜੀ ਲਹਿਰ ਵਿਚ ਮੈਡੀਕਲ ਆਕਸੀਜਨ ਦੀ ਕਮੀ ਦੀਆਂ ਜੋ ਲਗਾਤਾਰ ਖ਼ਬਰਾਂ ਆ ਰਹੀਆਂ ਹਨ, ਉਹ ਭਾਰਤ ਦੀ ਪ੍ਰਸ਼ਾਸਨਿਕ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹਨ। ਹਾਲਾਂਕਿ ਕਈ ਰਾਜ ਸਰਕਾਰਾਂ ਕਹਿ ਰਹੀਆਂ ਹਨ ਕਿ ਉਹ ਮੌਤਾਂ ਦੇ ਅਸਲ ਕਾਰਨ ਦੀ ਜਾਂਚ ਕਰ ਰਹੀਆਂ ਹਨ ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਕਸੀਜਨ ਸੰਕਟ ਹੈ। ਆਕਸੀਜਨ ਦੀ ਕਮੀ ਦਾ ਮੁੱਖ ਕਾਰਨ ਇਹ ਹੈ ਕਿ ਮੰਗ ਅਨੁਸਾਰ ਸਪਲਾਈ ਨਹੀਂ ਹੋ ਰਹੀ ਅਤੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਵੀ ਸਖ਼ਤ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ, ਪਰ ਹੈਰਾਨੀ ਇਹ ਹੈ ਕਿ ਇਸ 'ਤੇ ਵੀ ਸਿਆਸੀ ਝੁਕਾਅ ਅਨੁਸਾਰ ਰਾਜਨੀਤੀ ਹੋ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦੋਸ਼ ਹੈ ਕਿ ਕੇਂਦਰ ਲੋੜ ਤੋਂ ਅੱਧੀ ਆਕਸੀਜਨ ਹੀ ਸਪਲਾਈ ਕਰ ਰਿਹਾ ਹੈ, ਜਦੋਂਕਿ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕਹਿ ਰਹੇ ਹਨ ਕਿ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਜਿਸ ਨੇ ਕਮੀ ਹੋਣ ਦੀ ਗੱਲ ਕੀਤੀ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਸ ਦੀ ਜਾਇਦਾਦ ਵੀ ਜ਼ਬਤ ਕੀਤੀ ਜਾ ਸਕਦੀ ਹੈ। ਇਹ ਵੱਖ ਗੱਲ ਹੈ ਕਿ ਸੂਬੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਜਿਵੇਂ ਆਗਰਾ, ਮੇਰਠ, ਲਖਨਊ, ਕਾਨਪੁਰ ਆਦਿ ਤੋਂ ਆਕਸੀਜਨ ਕਮੀ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਸੰਕਟ ਦਾ ਹੱਲ ਤਦ ਹੀ ਕੀਤਾ ਜਾ ਸਕਦਾ ਹੈ ਜੇਕਰ ਪਹਿਲਾਂ ਇਹ ਸਵੀਕਾਰ ਕਰ ਲਿਆ ਜਾਵੇ ਕਿ ਸੰਕਟ ਹੈ।
ਜਦੋਂ ਸਾਰੇ ਮਾਹਿਰਾਂ ਦੀ ਰਾਇ ਇਹ ਸੀ ਕਿ ਕੋਵਿਡ-19 ਦੀ ਦੂਜੀ ਲਹਿਰ ਮਾਰਚ-ਅਪ੍ਰੈਲ 2021 ਵਿਚ ਆਵੇਗੀ, ਜੋ ਪਹਿਲੀ ਲਹਿਰ ਨਾਲੋਂ ਖ਼ਤਰਨਾਕ ਹੋਵੇਗੀ ਅਤੇ ਉਸ ਵਿਚ ਆਕਸੀਜਨ ਦੀ ਜ਼ਿਆਦਾ ਲੋੜ ਪਵੇਗੀ ਤਾਂ ਕੇਂਦਰੀ ਸਰਕਾਰ ਵਲੋਂ ਆਕਸੀਜਨ ਬਰਾਮਦ ਨੂੰ ਦੁੱਗਣਾ ਕਰਨਾ ਵੱਡੀ ਪ੍ਰਸ਼ਾਸਨਿਕ ਗ਼ਲਤੀ ਸੀ। ਵਣਜ ਮੰਤਰਾਲੇ ਦੀ ਰਿਪੋਰਟ ਅਨੁਸਾਰ ਅਪ੍ਰੈਲ 2020 ਅਤੇ ਜਨਵਰੀ 2021 ਵਿਚ ਭਾਰਤ ਨੇ 9300 ਮੀਟ੍ਰਿਕ ਟਨ ਤੋਂ ਵਧੇਰੇ ਆਕਸੀਜਨ ਦੀ ਬਰਾਮਦ ਕੀਤੀ। ਵਿੱਤੀ ਸਾਲ 2020 ਵਿਚ ਭਾਰਤ ਨੇ 4500 ਮੀਟ੍ਰਿਕ ਟਨ ਆਕਸੀਜਨ ਬਰਾਮਦ ਕੀਤੀ ਸੀ। ਜਨਵਰੀ 2020 ਵਿਚ ਭਾਰਤ 352 ਮੀਟ੍ਰਿਕ ਟਨ ਆਕਸੀਜਨ ਬਰਾਮਦ ਕਰ ਰਿਹਾ ਸੀ, ਜਿਸ ਵਿਚ ਜਨਵਰੀ 2021 ਵਿਚ 734 ਫ਼ੀਸਦੀ ਵਾਧਾ ਕੀਤਾ ਗਿਆ। ਭਾਰਤ ਨੇ ਦਸੰਬਰ 2020 ਵਿਚ 2193 ਮੀਟ੍ਰਿਕ ਟਨ ਆਕਸੀਜਨ ਬਰਾਮਦ ਕੀਤੀ, ਜਦੋਂਕਿ ਦਸੰਬਰ 2019 ਵਿਚ ਬਰਾਮਦ ਦੀ ਮਾਤਰਾ ਸਿਰਫ 538 ਮੀਟ੍ਰਿਕ ਟਨ ਸੀ ਭਾਵ 308 ਫ਼ੀਸਦੀ ਦਾ ਵਾਧਾ। ਫਰਵਰੀ, ਮਾਰਚ ਅਤੇ ਅਪ੍ਰੈਲ 2021 ਦੀ ਬਰਾਮਦ ਦਾ ਡਾਟਾ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ।
ਸਰਕਾਰ ਦਾ ਕਹਿਣਾ ਹੈ ਕਿ ਮਹਾਂਮਾਰੀ ਸਾਲ 2020-21 ਵਿਚ ਸਿਰਫ ਉਦਯੋਗਿਕ ਆਕਸੀਜਨ ਦੀ ਹੀ ਬਰਾਮਦ ਕੀਤੀ ਗਈ ਸੀ ਨਾ ਕਿ 'ਦੁਰਲੱਭ' ਮੈਡੀਕਲ ਆਕਸੀਜਨ ਦੀ। ਪਰ ਤੱਥ ਇਹ ਹੈ ਕਿ ਹੁਣ ਜਦੋਂ ਸਾਹ ਔਖੇ ਆ ਰਹੇ ਹਨ, ਆਕਸੀਜਨ ਦੀ ਮੰਗ ਵਧਦੀ ਜਾ ਰਹੀ ਹੈ ਅਤੇ ਕਈ ਰਾਜ ਆਕਸੀਜਨ ਦੀ ਕਮੀ ਦੀਆਂ ਸ਼ਿਕਾਇਤਾਂ ਕਰ ਰਹੇ ਹਨ ਤਾਂ ਹਸਪਤਾਲਾਂ ਵੱਲ ਉਦਯੋਗਿਕ ਆਕਸੀਜਨ ਹੀ ਭੇਜੀ ਜਾ ਰਹੀ ਹੈ। ਬਹਰਹਾਲ, ਆਕਸੀਜਨ ਸੰਕਟ ਉਸ ਸਮੇਂ ਸਪੱਸ਼ਟ ਹੋ ਗਿਆ ਜਦੋਂ ਹਾਲ ਵਿਚ ਵਿਚ ਸੁਪਰੀਮ ਕੋਰਟ ਨੇ ਇਸ ਦਾ ਸਵੈ ਨੋਟਿਸ (ਸੂਹੋ ਮੋਟੋ) ਲਿਆ। ਭਾਰਤ ਵਿਚ ਸਟੀਲ ਪਲਾਂਟ ਆਕਸੀਜਨ ਦੇ ਮੁੱਖ ਸਪਲਾਇਰ ਹਨ। ਕਿਉਂਕਿ ਇਸ ਦੀ ਵੰਡ ਵਿਚ ਅਸਾਵਾਂਪਣ ਹੈ, ਇਸ ਲਈ ਆਕਸੀਜਨ ਵੰਡ ਦਾ ਨਿਰਣਾ ਕੇਂਦਰ ਕਰਦਾ ਹੈ ਅਤੇ ਰਾਜਾਂ ਦੀ ਜ਼ਿੰਮੇਵਾਰੀ ਟਰਾਂਸਪੋਰਟ ਦਾ ਪ੍ਰਬੰਧ ਕਰਨ ਦੀ ਹੈ। ਸਮੱਸਿਆਵਾਂ ਇੱਥੋਂ ਹੀ ਸ਼ੁਰੂ ਹੁੰਦੀਆਂ ਹਨ।
ਇਕ ਰਾਜ ਦੀ ਆਕਸੀਜਨ ਲੋੜ ਲਗਾਤਾਰ ਬਦਲਦੀ ਰਹਿੰਦੀ ਹੈ, ਕਿਉਂਕਿ ਮੰਗ ਕੇਸਾਂ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ। ਰਾਜਨੀਤਕ ਲਾਭ ਲਈ ਡਾਟੇ ਨੂੰ ਉੱਤੇ-ਹੇਠਾਂ ਕਰਨਾ ਸੌਖਾ ਨਹੀਂ ਹੁੰਦਾ। ਇਸ ਤੋਂ ਇਲਾਵਾ ਕੁਝ ਰਾਜ ਇਸ ਸਥਿਤੀ ਵਿਚ ਵੀ ਨਹੀਂ ਹੁੰਦੇ ਕਿ ਦੂਰੋਂ ਆਕਸੀਜਨ ਲਿਜਾ ਸਕਣ। ਇਸ ਲਈ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜਾਂ ਨੂੰ ਉਨ੍ਹਾਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਆਕਸੀਜਨ ਦੇਵੇ। ਪਰ ਕੁਝ ਰਾਜਾਂ ਵਿਚ ਇਸ ਦੀ ਕਮੀ ਜ਼ਰੂਰ ਹੈ। ਇਸ 'ਤੇ ਵੱਖਰੇ ਤੌਰ 'ਤੇ ਬਹਿਸ ਕੀਤੀ ਜਾ ਸਕਦੀ ਹੈ ਕਿ ਆਕਸੀਜਨ ਦੀ ਵੰਡ ਵਿਚ ਅਸਾਵਾਂਪਣ ਹੈ ਜਾਂ ਅਸਲੀਅਤ ਵਿਚ ਕਮੀ ਹੈ। ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਨਾਗਰਿਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ ਹੈ, ਆਕਸੀਜਨ ਲਈ ਰੋਂਦੇ ਵਿਲਕਦੇ ਨਾਗਰਿਕਾਂ ਦੀਆਂ ਤਸਵੀਰਾਂ, ਵੀਡੀਓ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਸਰਕਾਰਾਂ ਆਪਣੇ ਨੌਕਰਸ਼ਾਹਾਂ ਰਾਹੀਂ ਆਪਸ ਵਿਚ ਟਕਰਾਅ ਰਹੀਆਂ ਹਨ।
ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ਼ ਦੇ ਹਰ ਸ਼ਹਿਰ ਵਿਚ ਹਸਪਤਾਲ ਸੋਸ਼ਲ ਮੀਡੀਆ 'ਤੇ ਹਰ ਦਿਨ ਬੇਨਤੀ ਕਰ ਰਹੇ ਹਨ ਕਿ ਆਕਸੀਜਨ ਦੀ ਸਪਲਾਈ ਨੂੰ ਨਿਯਮਿਤ ਕੀਤਾ ਜਾਵੇ, ਕਿਉਂਕਿ ਅਨਿਯਮਿਤ ਸਪਲਾਈ ਨਾਲ ਤ੍ਰਾਸਦੀ ਵਿਚ ਵਾਧਾ ਹੋ ਰਿਹਾ ਹੈ। ਇਨ੍ਹਾਂ ਮੌਤਾਂ ਲਈ ਜਵਾਬਦੇਹੀ ਕਿਸ ਦੀ ਹੈ? ਇਨ੍ਹਾਂ ਦੇ 'ਕਤਲ' ਦਾ ਮੁਕੱਦਮਾ ਕਿਸ 'ਤੇ ਚਲਾਇਆ ਜਾਵੇ? ਪਿਛਲੇ ਕੁਝ ਹਫ਼ਤਿਆਂ ਦੌਰਾਨ ਏਨਾ ਤਾਂ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਅਤੇ ਰਾਜਾਂ ਨੇ ਕੋਵਿਡ ਦੀ ਦੂਜੀ ਲਹਿਰ ਲਈ ਕੋਈ ਤਿਆਰੀ ਨਹੀਂ ਸੀ ਕੀਤੀ। ਸ਼ਾਇਦ ਉਨ੍ਹਾਂ ਦੀਆਂ ਪਹਿਲੀਆਂ ਤਰਜੀਹਾਂ ਕੁਝ ਹੋਰ ਸਨ ਜਾਂ ਜਦੋਂ ਇਕ 'ਬੀ.ਐਸ.ਸੀ. ਪਾਸ' ਮੁੱਖ ਮੰਤਰੀ ਨਾਈਟ੍ਰੋਜਨ ਤੋਂ ਆਕਸੀਜਨ ਬਣਾਉਣ ਦੀ 'ਗੰਭੀਰ ਸਲਾਹ' ਦੇ ਸਕਦਾ ਹੈ ਤਾਂ ਇਹ ਵੀ ਸੰਭਵ ਨਹੀਂ ਹੈ ਕਿ ਸਰਕਾਰ ਵਿਚ ਬੈਠੇ ਲੋਕਾਂ ਨੂੰ ਪਤਾ ਹੀ ਨਾ ਹੋਵੇ ਕਿ ਮਹਾਂਮਾਰੀ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ। ਸਥਿਤੀ ਬਦ ਤੋਂ ਬਦਤਰ ਇਸ ਲਈ ਵੀ ਹੋ ਰਹੀ ਹੈ, ਕਿਉਂਕਿ ਕੇਂਦਰ ਅਤੇ ਰਾਜਾਂ ਦਰਮਿਆਨ ਹੀ ਨਹੀਂ ਰਾਜਾਂ ਦੇ ਆਪਣੇ ਜ਼ਿਲ੍ਹਿਆਂ ਵਿਚ ਵੀ ਤਾਲਮੇਲ ਦੀ ਘਾਟ ਹੈ। ਇਨ੍ਹਾਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ, ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰੀ ਕੀਤੀ ਜਾ ਸਕੇ।
(ਇਮੇਜ ਰਿਫਲੈਕਸ਼ਨ ਸੈਂਟਰ)
ਜਨਮ ਦਿਨ 'ਤੇ ਵਿਸ਼ੇਸ਼
5 ਮਈ ਦੇ ਦਿਨ ਦੇਸ਼ ਦੇ ਰਾਸ਼ਟਰਪਤੀ ਹਰ ਸਾਲ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਗਿਆਨੀ ਜ਼ੈਲ ਸਿੰਘ ਜੀ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ...
ਅੱਜ ਲਈ ਵਿਸ਼ੇਸ਼\
ਇਸ ਮਹਾਨ ਯੋਧੇ ਦਾ ਜਨਮ 5 ਮਈ, 1723 ਈ: ਨੂੰ ਲਾਹੌਰ ਤੋਂ 12 ਮੀਲ ਚੜ੍ਹਦੇ ਵੱਲ ਇਚੋਗਿਲ ਨਾਮੀ ਸਥਾਨ ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਤਿਹਾਸਕਾਰ ਲਿਖਦੇ ਹਨ ਕੀ ਇਨ੍ਹਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ। ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX