ਕੋਰੋਨਾ ਮਹਾਂਮਾਰੀ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਐਲਾਨੀਆਂ ਗਈਆਂ ਪਾਬੰਦੀਆਂ ਵਿਚ ਵਾਧਾ ਕਰਦਿਆਂ ਇਨ੍ਹਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਹੇ ਇਕ ਦਿਨ ਪਹਿਲਾਂ ਸਿਹਤ ਮੰਤਰੀ ਨੇ ਇਹ ਇਸ਼ਾਰਾ ...
ਅੱਜ (4 ਮਈ, 2021) ਨੂੰ ਇਕ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਦੇ ਪਹਿਲੇ ਸਫ਼ੇ ਦੀਆਂ ਸੁਰਖੀਆਂ ਪੜ੍ਹ ਕੇ ਸਰੀਰ ਵਿਚ ਸਿਰ ਤੋਂ ਪੈਰਾਂ ਤੱਕ ਡਰ ਅਤੇ ਦਹਿਸ਼ਤ ਨਾਲ ਕੰਬਣੀ ਛਿੜ ਗਈ। ਸ਼ਾਇਦ ਇਸ ਲਈ ਕਿ ਦੂਰ ਲੱਗੀ ਅੱਗ ਦੇ ਨੇੜੇ ਆਉਣ ਵਿਚ ਦੇਰ ਕਿੱਥੇ ਲਗਦੀ ਹੈ? ਬੈਂਗਲੁਰੂ ਤੋਂ ਲਗਪਗ 175 ...
ਜਨਮ ਦਿਨ 'ਤੇ ਵਿਸ਼ੇਸ਼
5 ਮਈ ਦੇ ਦਿਨ ਦੇਸ਼ ਦੇ ਰਾਸ਼ਟਰਪਤੀ ਹਰ ਸਾਲ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਗਿਆਨੀ ਜ਼ੈਲ ਸਿੰਘ ਜੀ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ...
ਅੱਜ ਲਈ ਵਿਸ਼ੇਸ਼\
ਇਸ ਮਹਾਨ ਯੋਧੇ ਦਾ ਜਨਮ 5 ਮਈ, 1723 ਈ: ਨੂੰ ਲਾਹੌਰ ਤੋਂ 12 ਮੀਲ ਚੜ੍ਹਦੇ ਵੱਲ ਇਚੋਗਿਲ ਨਾਮੀ ਸਥਾਨ ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਤਿਹਾਸਕਾਰ ਲਿਖਦੇ ਹਨ ਕੀ ਇਨ੍ਹਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ। ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ਹੈ। ਆਪ 5 ਭਰਾ ਸਨ ਜੱਸਾ ਸਿੰਘ, ਜੈ ਸਿੰਘ, ਖ਼ੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ। ਬਾਅਦ ਵਿਚ ਇਹ ਲੋਕ ਪਿੰਡ ਈਚੋਗਿੱਲ ਵਿਚ ਜਾ ਵਸੇ। ਇਸ ਕਰਕੇ ਪਹਿਲਾਂ ਸ: ਜੱਸਾ ਸਿੰਘ ਈਚੋਗਿੱਲਿਆ ਕਰਕੇ ਵੀ ਪ੍ਰਸਿੱਧ ਹੋਏ। ਫਿਰ ਇਹ ਪਰਿਵਾਰ ਨਵਾਬ ਕਪੂਰ ਸਿੰਘ ਦੀ ਕਾਇਮ ਕੀਤੀ ਪਹਿਲੀ ਸਿੱਖ ਜਥੇਬੰਦੀ ਦਲ ਖਾਲਸਾ ਵਿਚ ਸ਼ਾਮਿਲ ਹੋ ਕੇ ਜਥੇਬੰਦੀ ਦਾ ਹਿੱਸਾ ਬਣ ਗਏ। ਜਥੇਬੰਦੀ ਵਿਚ ਮਿਹਨਤ ਅਤੇ ਲਗਨ ਦੁਆਰਾ ਇਨ੍ਹਾਂ ਦਾ ਰੁਤਬਾ ਬਹੁਤ ਉੱਚਾ ਚਲਾ ਗਿਆ, ਨਵਾਬ ਕਪੂਰ ਸਿੰਘ ਮਗਰੋਂ ਦਲ ਖਾਲਸਾ ਦੀ ਕਮਾਨ ਸ: ਜੱਸਾ ਸਿੰਘ ਆਹਲੂਵਾਲੀਆ ਕੋਲ ਆ ਗਈ ਪਰ ਸ: ਜੱਸਾ ਸਿੰਘ ਰਾਮਗੜ੍ਹੀਆ ਪ੍ਰਮੁੱਖ ਜਰਨੈਲ ਬਣਿਆ ਰਿਹਾ।
ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਬਾਬਾ ਸ: ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤਰ ਤਿਆਰ ਕਰਕੇ ਦੇਣ ਵਾਲੇ ਕਾਰੀਗਰਾਂ ਵਿਚ ਸ਼ਾਮਿਲ ਸਨ। ਕਹਿੰਦੇ ਹਨ ਕਿ ਜਿਸ ਨਾਗਣੀ ਨਾਲ ਭਾਈ ਬਚਿੱਤਰ ਸਿੰਘ ਨੇ ਪਹਾੜੀ ਰਾਜਿਆਂ ਦੇ ਮਸਤੇ ਹਾਥੀ ਨੂੰ ਮਾਰਿਆ ਸੀ, ਉਹ ਨਾਗਣੀ ਸ: ਹਰਦਾਸ ਸਿੰਘ ਨੇ ਬਣਾਈ ਸੀ। ਆਪ ਦੇ ਪਿਤਾ ਸ: ਭਗਵਾਨ ਸਿੰਘ ਬਹੁਤ ਸੰਤ ਸੁਭਾਅ ਵਿਅਕਤੀ ਸਨ। ਉਹ ਆਪਣੇ ਜ਼ਮਾਨੇ ਦੇ ਬਹੁਤ ਉੱਘੇ ਧਾਰਮਿਕ ਪ੍ਰਚਾਰਕ ਸਨ, ਇਸ ਕਰਕੇ ਉਨ੍ਹਾਂ ਨੂੰ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਸੀ। ਉਨ੍ਹਾਂ ਦਾ ਕੰਮ ਸਿੱਖ ਪਰਿਵਾਰਾਂ ਵਿਚ ਪ੍ਰਚਾਰ ਕਰਕੇ ਨਵੇਂ ਬੱਚਿਆਂ ਨੂੰ ਸਿੱਖੀ ਦੀ ਲਗਨ ਲਗਾਉਣਾ ਅਤੇ ਜੋਸ਼ ਭਰਨਾ ਸੀ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ ਏਸ਼ੀਆ ਦੇ ਪ੍ਰਸਿਧ ਜੇਤੂ ਨਾਦਰ ਸ਼ਾਹ ਦੇ ਨਾਲ ਲੜੀ। ਉਸ ਵਕਤ ਉਹ ਤੇ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਜੋ ਦਲ ਖਾਲਸਾ ਦੇ ਜਾਂਬਾਜ਼ ਸਿਪਾਹੀ ਸਨ। ਦਲ ਖਾਲਸਾ ਤੇ ਪੰਜਾਬ ਦੇ ਹਾਕਮ ਜ਼ਕਰੀਆ ਖਾਂ ਵਿਚ ਬਹੁਤ ਜ਼ਬਰਦਸਤ ਟੱਕਰ ਹੁੰਦੀ ਰਹੀ। ਪਰ ਜਦੋਂ ਜ਼ਕਰੀਆ ਖਾਂ ਸਿੰਘਾਂ ਨਾਲ ਲੜ ਲੜ ਕੇ ਥੱਕ ਗਿਆ, ਤਾਂ ਉਸ ਨੇ ਸਿੱਖਾਂ ਨੂੰ ਜਗੀਰ ਦੇ ਕੇ ਸਮਝੌਤਾ ਕਰ ਲਿਆ। ਨਾਦਰ ਸ਼ਾਹ ਦੇ ਪੰਜਾਬ ਉੱਤੇ ਹਮਲੇ ਸਮੇਂ ਉਸ ਦੀ ਦਲ ਖਾਲਸਾ ਨਾਲ ਟੱਕਰ ਹੋਈ। ਇਸ ਲੜਾਈ ਵਿਚ 14 ਸਾਲਾ ਸ: ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜੌਹਰ ਦਿਖਾਏ ਜਿਸ ਨੂੰ ਵੇਖ ਕੇ ਵੱਡੇ-ਵੱਡੇ ਜਰਨੈਲ ਹੈਰਾਨ ਰਹਿ ਗਾਏ ਪਰ ਇਸ ਲੜਾਈ ਵਿਚ ਉਨ੍ਹਾਂ ਦੇ ਪਿਤਾ ਸ: ਭਗਵਾਨ ਸਿੰਘ ਸ਼ਹੀਦ ਹੋ ਗਏ। ਛੋਟੀ ਉਮਰ ਵਿਚ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਪਰ ਉਸ ਨੌਜਵਾਨ ਨੇ ਹੌਸਲਾ ਨਹੀਂ ਹਾਰਿਆ। ਇਹ ਭਿਅੰਕਰ ਲੜਾਈ, ਵਜ਼ੀਰਾਬਾਦ ਕਿਲ੍ਹਾ ਗੁੱਜਰਾਂਵਾਲਾ ਵਿਖੇ ਹੋਈ। ਇਸ ਲੜਾਈ ਵਿਚ ਸਿੱਖ ਸਿਪਾਹੀਆਂ ਦੀ ਬਹਾਦਰੀ ਨੂੰ ਵੇਖ ਕੇ ਨਾਦਰ ਸ਼ਾਹ ਨੂੰ ਪਿੱਛੇ ਮੁੜਨਾ ਪਿਆ। ਸ: ਜੱਸਾ ਸਿੰਘ ਦੀ ਬਹਾਦਰੀ ਨੂੰ ਵੇਖ ਕੇ ਜ਼ਕਰੀਆ ਖਾਨ ਨੇ ਸ: ਜੱਸਾ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਲਾਗੇ ਪੰਜ ਪਿੰਡ ਜਾਗੀਰ ਵਲੋਂ ਦਿੱਤੇ।
ਉਸ ਜ਼ਮਾਨੇ ਵਿਚ ਸਿੱਖ ਛੋਟੀਆਂ-ਛੋਟੀਆਂ ਮਿਸਲਾਂ ਵਿਚ ਵੰਡੇ ਹੋਏ ਸਨ। ਅਕਸਰ ਬਾਹਰੋਂ ਆਉਣ ਵਾਲੇ ਹਮਲਾਵਰ ਇਨ੍ਹਾਂ ਮਿਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ। ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਵਿਸਾਖੀ ਤੇ ਅੰਮ੍ਰਿਤਸਰ ਵਿਚ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਗੁਰਮਤਾ ਕੀਤਾ ਗਿਆ ਕਿ ਮਿਸਲਾਂ ਦੀ ਹਿਫ਼ਾਜ਼ਤ ਲਈ ਕਿਲ੍ਹੇ ਉਸਾਰੇ ਜਾਣ। ਸ: ਸੁੱਖਾ ਸਿੰਘ ਮਾੜੀ ਕੰਬੋਕੀ ਨੇ ਆਖਿਆ ਕਿ ਸਭ ਤੋਂ ਪਹਿਲਾ ਕਿਲ੍ਹਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਉਸਾਰਿਆ ਜਾਵੇ। ਇਹ ਕਿਲ੍ਹਾ ਬਣਾਉਣ ਦੀ ਜ਼ਿੰਮੇਵਾਰੀ ਸ: ਜੱਸਾ ਸਿੰਘ ਦੀ ਲਗਾਈ ਗਈ। 18 ਮਹੀਨਿਆਂ ਵਿਚ ਇਹ ਕਿਲ੍ਹਾ ਬਣ ਕੇ ਤਿਆਰ ਹੋਇਆ। ਸ: ਜੱਸਾ ਸਿੰਘ ਰਾਮਗੜ੍ਹੀਆ ਗੁਰੂ ਰਾਮਦਾਸ ਦੇ ਬਹੁਤ ਸ਼ਰਧਾਲੂ ਸਨ, ਇਸ ਲਈ ਗੁਰੂ ਰਾਮਦਾਸ ਪ੍ਰਕਾਸ਼ ਪੁਰਬ 'ਤੇ ਇਸ ਕਿਲ੍ਹੇ ਦਾ ਉਦਘਾਟਨ ਹੋਇਆ ਤੇ ਇਸ ਦਾ ਨਾਂਅ ਗੁਰੂ ਰਾਮਦਾਸ ਦੇ ਨਾਂਅ 'ਤੇ ਰਾਮ ਰੌਣੀ ਰੱਖਿਆ ਗਿਆ। ਸੰਨ 1748 ਵਿਚ ਮੀਰ ਮਨੂੰ ਨੇ ਅਦੀਨਾ ਬੇਗ ਰਾਹੀਂ ਇਸ ਕਿਲ੍ਹੇ ਨੂੰ ਘੇਰਾ ਪਾ ਲਿਆ। ਸ: ਜੱਸਾ ਸਿੰਘ ਦੀ ਰਾਜਨੀਤਕ ਸਿਆਣਪ ਅਤੇ ਮੌਕਾ ਸੰਭਾਲਣ ਦੀ ਸੂਝ-ਬੂਝ ਸਦਕਾ ਇਹ ਕਿਲ੍ਹਾ ਵੀ ਬਚ ਗਿਆ ਸਗੋਂ ਸਮਝੌਤੇ ਅਧੀਨ ਮੀਰ ਮਨੂੰ ਨੇ ਸਿੱਖਾਂ ਨੂੰ ਪੱਟੀ ਦੇ ਪਰਗਨੇ ਵਿਚ ਚੌਥਾ ਹਿੱਸਾ ਮਾਲੀਆ ਦੇਣਾ ਵੀ ਮੰਨ ਲਿਆ। ਉਸ ਦਿਨ ਤੋਂ ਇਹ ਕਿਲ੍ਹਾ ਸਿੱਖਾਂ ਦਾ ਗੜ੍ਹ ਬਣ ਗਿਆ ਤੇ ਇਸ ਦਾ ਨਾਂਅ ਰਾਮ ਰੌਣੀ ਤੋਂ ਬਦਲਕੇ ਰਾਮਗੜ੍ਹ ਰੱਖਿਆ ਗਿਆ। ਸ: ਜੱਸਾ ਸਿੰਘ ਨੂੰ ਇਸ ਕਿਲ੍ਹੇ ਦਾ ਕਿਲ੍ਹੇਦਾਰ ਥਾਪਿਆ ਗਿਆ। ਇਸ ਦਿਨ ਤੋਂ ਸ: ਜੱਸਾ ਸਿੰਘ ਦੇ ਨਾਂਅ ਨਾਲ ਰਾਮਗੜ੍ਹੀਆ ਸ਼ਬਦ ਜੁੜ ਗਿਆ। ਸ: ਜੱਸਾ ਸਿੰਘ ਕਾਰੀਗਰ ਬਰਾਦਰੀ ਵਿਚੋਂ ਸਨ, ਇਸ ਤੋਂ ਬਾਅਦ ਉਹ ਤੇ ਉਨ੍ਹਾਂ ਦੀ ਸਾਰੀ ਬਰਾਦਰੀ ਨੂੰ ਰਾਮਗੜ੍ਹੀਏ ਸ਼ਬਦ ਨਾਲ ਸਤਿਕਾਰਿਆ ਜਾਣ ਲੱਗਾ।
ਸ: ਜੱਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁੱਧ ਦੇ ਮਾਹਿਰ ਸਨ। ਪਹਾੜੀ ਇਲਾਕਿਆਂ ਵਿਚ ਕੋਈ ਵੀ ਜਰਨੈਲ ਉਨ੍ਹਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ। 1767 ਈ: ਵਿਚ ਉਨ੍ਹਾਂ ਦੀ ਲੜਾਈ ਬਿਆਸ ਦਰਿਆ ਦੇ ਕੋਲ ਅਹਿਮਦ ਸ਼ਾਹ ਅਬਦਾਲੀ ਨਾਲ ਹੋਈ। ਸ: ਜੱਸਾ ਸਿੰਘ ਨੇ ਏਨੀ ਬਹਾਦਰੀ ਨਾਲ ਟਾਕਰਾ ਕੀਤਾ ਕੀ ਅਹਿਮਦਸ਼ਾਹ ਅਬਦਾਲੀ ਨੂੰ ਪਿੱਛੇ ਹਟਨਾ ਪਿਆ। ਇਸ ਦਿਨ ਤੋਂ ਸ: ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂਅ 18ਵੀਂ ਸਦੀ ਦੇ ਉੱਘੇ ਜਰਨੈਲਾਂ ਵਿਚ ਗਿਣਿਆ ਜਾਣ ਲੱਗਾ। ਮੁਗਲ ਸਾਮਰਾਜ ਨੂੰ ਖ਼ਤਮ ਕਰਨ ਵਾਲਾ, ਰਾਜਪੂਤਾਂ ਤੇ ਮਰਹੱਟਿਆਂ ਵਿਰੁੱਧ ਜਿੱਤਾਂ ਪ੍ਰਾਪਤ ਕਰਨ ਵਾਲਾ, ਪਾਣੀਪਤ ਦੀ ਲੜਾਈ ਦਾ ਜੇਤੂ ਅਹਿਮਦ ਸ਼ਾਹ ਅਬਦਾਲੀ ਸ: ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦੇ ਹਥਿਆਰਬੰਦ ਸਿਪਾਹੀਆਂ ਸਾਹਮਣੇ ਬੇਵੱਸ ਹੋ ਗਿਆ। ਉਸ ਨੇ ਤੰਗ ਆ ਕੇ ਭਾਰਤ ਉੱਤੇ ਹਮਲੇ ਨਾ ਕਰਨ ਦਾ ਫ਼ੈਸਲਾ ਕਰ ਲਿਆ। ਉਸ ਦਿਨ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣੇ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਦਿਲ ਵਿਚ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਬਹੁਤ ਸਤਿਕਾਰ ਸੀ, ਇਸ ਕਰਕੇ ਉਸ ਨੇ ਕਿਲ੍ਹੇ ਦਾ ਨਾਂਅ ਰਾਮਗੜ੍ਹ ਰੱਖਿਆ, ਆਪਣੀਆਂ ਬਣਾਈਆਂ ਤੋਪਾਂ ਦਾ ਨਾਂਅ ਰਾਮਜੰਗੇ, ਰਾਮਬਾਣ ਆਦਿ ਰੱਖਿਆ, ਲੰਗਰ ਦਾ ਨਾਂਅ ਰਾਮ ਰੋਟੀ ਅਤੇ ਖ਼ਜ਼ਾਨੇ ਦਾ ਨਾਂਅ ਰਾਮ ਸਰ ਰੱਖਿਆ। ਗੱਲ ਕੀ, ਉਸ ਨੂੰ ਜੋ ਵੀ ਚੰਗਾ ਲੱਗਿਆ, ਉਸ ਨੂੰ ਗੁਰੂ ਰਾਮਦਾਸ ਦੇ ਨਾਂਅ ਨਾਲ ਜੋੜ ਦਿੱਤਾ। ਉਸ ਮਹਾਨ ਜਰਨੈਲ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿਚ ਪੰਜਾਬੀਆਂ ਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਆਪਣੇ ਆਖ਼ਰੀ ਸਮੇਂ ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਉੱਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਅਤੇ ਪੰਜਾਬ ਵਿਚ ਖਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਮਹਾਨ ਯੋਧਾ ਸੱਚਾ-ਸੁੱਚਾ ਗੁਰਸਿੱਖੀ ਜੀਵਨ ਬਤੀਤ ਕਰਕੇ 1803 ਈ: ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਪੰਜਾਬ ਦੀ ਕਾਇਨਾਤ ਦੇ ਵਿਚ ਉਸ ਦੀ ਯਾਦ ਸਦਾ ਕਾਇਮ ਰਹੇਗੀ।
-ਮੋ: 95010-26652
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX