ਅਸਤੀਫ਼ਾ ਦੇਣ ਮਗਰੋਂ ਅੱਜ ਫਿਰ ਬਣਨਗੇ ਮੁੱਖ ਮੰਤਰੀ-ਤੇਜਸਵੀ ਉਪ ਮੁੱਖ ਮੰਤਰੀ
ਪਟਨਾ, 9 ਅਗਸਤ (ਪੀ.ਟੀ.ਆਈ.)-ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਵਿਰੋਧੀ ਵਜੋਂ ਵੇਖੇ ਜਾਂਦੇ ਨਿਤਿਸ਼ ਕੁਮਾਰ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਨਾਲੋਂ ਨਾਤਾ ਤੋੜ ਲਿਆ ਅਤੇ ਮਹਾਂਗੱਠਜੋੜ ਨਾਲ ਮਿਲ ਕੇ ਬਿਹਾਰ 'ਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 71 ਸਾਲਾ ਨਿਤਿਸ਼ ਕੁਮਾਰ ਮੁੱਖ ਮੰਤਰੀ ਵਜੋਂ ਤੇ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਵਜੋਂ ਬੁੱਧਵਾਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਰਾਜ ਭਵਨ ਅੰਦਰ ਇਹ ਸਾਦਾ ਸਮਾਗਮ ਹੋਵੇਗਾ। ਬਾਅਦ 'ਚ ਹੋਰ ਮੰਤਰੀਆਂ ਨੂੰ ਕੈਬਨਿਟ 'ਚ ਸ਼ਾਮਿਲ ਕੀਤਾ ਜਾਵੇਗਾ। ਨਿਤਿਸ਼ ਕੁਮਾਰ ਅੱਠਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ 7 ਪਾਰਟੀਆਂ ਦੇ ਗਠਜੋੜ ਦੀ ਅਗਵਾਈ ਕਰਨਗੇ, ਜਿਸ ਨੂੰ ਇਕ ਆਜ਼ਾਦ ਵਿਧਾਇਕ ਦਾ ਵੀ ਸਮਰਥਨ ਹੈ। ਮੰਗਲਵਾਰ ਨੂੰ ਸਾਰਾ ਦਿਨ ਤੇਜ਼ੀ ਨਾਲ ਚੱਲੇ ਸਿਆਸੀ ਘਟਨਾਕ੍ਰਮ 'ਚ ਨਿਤਿਸ਼ ਕੁਮਾਰ ਨੇ ਦੋ ਵਾਰ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕੀਤੀ, ਪਹਿਲੀ ਵਾਰ ਉਨ੍ਹਾਂ ਨੇ ਐਨ.ਡੀ.ਏ. ਦੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਸੌਂਪਿਆ ਅਤੇ ਫਿਰ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਗਠਬੰਧਨ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸੂਬੇ 'ਚ ਦੁਬਾਰਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਉਹ ਰਾਜਪਾਲ ਨੂੰ ਮਿਲੇ। ਉਨ੍ਹਾਂ ਕਿਹਾ ਕਿ ਮੈਂ 164 ਵਿਧਾਇਕਾਂ ਦੇ ਨਾਵਾਂ ਵਾਲੀ ਸੂਚੀ ਰਾਜਪਾਲ ਨੂੰ ਸੌਂਪੀ ਹੈ। 242 ਸੀਟਾਂ ਵਾਲੀ ਵਿਧਾਨ ਸਭਾ 'ਚ ਜਾਦੂਈ ਅੰਕੜਾ 122 ਹੈ। ਨਿਤਿਸ਼ ਕੁਮਾਰ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਐਨ.ਡੀ.ਏ. ਨਾਲੋਂ ਨਾਤਾ ਤੋੜਨ ਦਾ ਫ਼ੈਸਲਾ ਪਾਰਟੀ ਦੀ ਬੈਠਕ 'ਚ ਹੋਇਆ। ਨਿਤਿਸ਼ ਕੁਮਾਰ ਵਲੋਂ ਅੱਜ ਚੁੱਕਿਆ ਗਿਆ ਕਦਮ ਜੋ 2017 'ਚ ਵਾਪਰਿਆ ਸੀ, ਉਸ ਤੋਂ ਬਿਲਕੁਲ ਉਲਟ ਹੈ, ਉਸ ਸਮੇਂ ਨਿਤਿਸ਼ ਕੁਮਾਰ ਮਹਾਗਠਬੰਧਨ ਨੂੰ ਛੱਡ ਕੇ ਐਨ.ਡੀ.ਏ. 'ਚ ਮੁੜ ਸ਼ਾਮਿਲ ਹੋ ਗਏ ਸਨ। ਪਰ ਨਿਤਿਸ਼ ਕੁਮਾਰ ਨੇ ਹੁਣ 9 ਸਾਲਾਂ 'ਚ ਦੂਜੀ ਵਾਰ ਭਾਈਵਾਲ ਭਾਜਪਾ ਨਾਲੋਂ ਨਾਤਾ ਤੋੜ ਕੇ ਉਨ੍ਹਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਪਹਿਲੀ ਵਾਰ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਨਿਤਿਸ਼ ਕੁਮਾਰ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਰਿਹਾਇਸ਼ 'ਤੇ ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਨਾਲ ਗੱਲਬਾਤ ਕਰਨ ਲਈ ਗਏ। ਇਸ ਤੋਂ ਥੋੜ੍ਹੇ ਸਮੇਂ ਬਾਅਦ ਉਹ ਫਿਰ ਰਾਜਪਾਲ ਤੋਂ ਗਏ ਅਤੇ ਮਹਾਗਠਬੰਧਨ, ਜਿਸ 'ਚ ਆਰ.ਜੇ.ਡੀ., ਖੱਬੇਪੱਖੀ ਪਾਰਟੀਆਂ ਤੇ ਕਾਂਗਰਸ ਸ਼ਾਮਿਲ ਹਨ, ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਆਪਣੀ ਸਰਕਾਰੀ ਰਿਹਾਇਸ਼ 'ਚ ਸੱਦੀ ਪਾਰਟੀ ਦੀ ਮੀਟਿੰਗ 'ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਭਾਜਪਾ ਨੇ ਪਹਿਲਾਂ ਚਿਰਾਗ ਪਾਸਵਾਨ ਦੀ ਬਗ਼ਾਵਤ ਨੂੰ ਅੱਗੇ ਵਧਾ ਕੇ ਅਤੇ ਫਿਰ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਆਰ.ਸੀ.ਪੀ. ਸਿੰਘ ਦੇ ਅਸਤੀਫ਼ੇ ਜ਼ਰੀਏ ਜੇ.ਡੀ. (ਯੂ) ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਬਲੇਗੌਰ ਹੈ ਕਿ ਕੁੱਝ ਮੁੱਦਿਆਂ 'ਤੇ ਭਾਜਪਾ ਤੇ ਜੇ.ਡੀ. (ਯੂ) ਵਿਚਕਾਰ ਰਿਸ਼ਤੇ ਕੁਝ ਸਮੇਂ ਤੋਂ ਵਿਗੜ ਰਹੇ ਸਨ। ਇਨ੍ਹਾਂ ਮੁੱਦਿਆਂ 'ਚ ਜਾਤੀ ਜਨਗਣਨਾ, ਆਬਾਦੀ ਕੰਟਰੋਲ ਤੇ 'ਅਗਨੀਪੱਥ' ਰੱਖਿਆ ਭਰਤੀ ਯੋਜਨਾ ਸ਼ਾਮਿਲ ਹੈ। ਸੀ. ਪੀ. ਆਈ. ਐਮ. ਐਲ. (ਲਿਬਰੇਸ਼ਨ) ਦੇ ਜਨਰਲ ਸਕੱਤਰ ਦੀਪਾਨਕਰ ਭੱਟਾਚਾਰੀਆ ਨੇ ਦੱਸਿਆ ਕਿ ਉਕਤ ਦੋਵੇਂ ਪਾਰਟੀਆਂ ਦੇ ਰਿਸ਼ਤੇ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਦੇ ਉਸ ਬਿਆਨ ਤੋਂ ਬਾਅਦ ਕਾਫ਼ੀ ਵਿਗੜ ਗਏ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਖ਼ੇਤਰੀ ਪਾਰਟੀਆਂ ਦਾ ਕੋਈ ਭਵਿੱਖ ਨਹੀਂ ਹੈ। ਦੱਸਣਯੋਗ ਹੈ ਕਿ 2013 'ਚ ਨਰਿੰਦਰ ਮੋਦੀ ਦੇ ਗੱਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਨਿਤਿਸ਼ ਨੇ ਪਹਿਲੀ ਵਾਰ ਐਨ.ਡੀ.ਏ. ਨੂੰ ਛੱਡ ਦਿੱਤਾ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਸ਼ਿਵ ਸੈਨਾ ਨੇ ਵੀ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।
ਵਿਧਾਨ ਸਭਾ ਦੀ ਸਥਿਤੀ
242 ਮੈਂਬਰਾਂ ਵਾਲੀ ਸੂਬਾ ਵਿਧਾਨ ਸਭਾ 'ਚ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸਭ ਤੋਂ ਜ਼ਿਆਦਾ 79 ਵਿਧਾਇਕ ਹਨ, ਉਸ ਤੋਂ ਬਾਅਦ ਭਾਜਪਾ ਦੇ 77 ਅਤੇ ਜੇ.ਡੀ.(ਯੂ) ਦੇ 44 ਵਿਧਾਇਕ ਹਨ। ਜੇ.ਡੀ. (ਯੂ) ਨੂੰ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੋਸਤਾਨੀ ਅਵਾਮ ਮੋਰਚਾ ਪਾਰਟੀ ਦੇ ਚਾਰ ਵਿਧਾਇਕਾਂ ਤੇ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਵੀ ਹਾਸਲ ਹੈ। ਕਾਂਗਰਸ ਦੇ 19, ਸੀ.ਪੀ.ਆਈ.ਐਮ.ਐਲ. (ਐਲ) ਦੇ 12 ਅਤੇ ਸੀ.ਪੀ.ਆਈ. ਤੇ ਸੀ.ਪੀ.ਆਈ. (ਐਮ) ਦੇ ਦੋ-ਦੋ ਵਿਧਾਇਕ ਹਨ। ਇਕ ਵਿਧਾਇਕ ਅਸਾਦੁਦੀਨ ਓਵੈਸੀ ਦੀ ਪਾਰਟੀ ਦਾ ਹੈ।
ਭਾਜਪਾ ਦੇ ਭਾਈਵਾਲ ਬਣੇ ਰਹਾਂਗੇ-ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ
ਜੇ.ਡੀ. (ਯੂ) ਵਲੋਂ ਐਨ.ਡੀ.ਏ. ਤੋਂ ਨਾਤਾ ਤੋੜੇ ਜਾਣ ਤੋਂ ਬਾਅਦ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਬਣੀ ਰਹੇਗੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵਰਗਾ ਕੋਈ ਹੋਰ ਆਗੂ ਮਿਲਣਾ ਅਸੰਭਵ ਹੈ। ਪਾਰਸ ਨੇ ਆਪਣੇ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਡੀ ਪਾਰਟੀ 100 ਫ਼ੀਸਦੀ ਭਾਜਪਾ ਨਾਲ ਹੈ। ਉਨ੍ਹਾਂ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਦੇ ਸੰਸਥਾਪਕ ਮਰਹੂਮ ਰਾਮ ਵਿਲਾਸ ਪਾਸਵਾਨ ਦੀ ਅਗਵਾਈ 'ਚ 2014 'ਚ ਭਾਜਪਾ ਦਾ ਭਾਈਵਾਲ ਬਣਨ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਪਾਰਟੀ ਉਨ੍ਹਾਂ ਦੇ ਫ਼ੈਸਲੇ ਦੀ ਪਾਲਣਾ ਕਰਦੀ ਰਹੇਗੀ।
ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਜੇ.ਡੀ. (ਯੂ) ਆਗੂ ਨਿਤਿਸ਼ ਕੁਮਾਰ ਨੇ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਸਮਰਥਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਸੂਤਰਾਂ ਮੁਤਾਬਿਕ ਨਵੇਂ ਮੰਤਰੀ ਮੰਡਲ 'ਚ ਕਾਂਗਰਸ ਦੇ ਚਾਰ ਮੰਤਰੀ ਲਏ ਜਾ ਸਕਦੇ ਹਨ | ਇਸ ਤੋਂ ਇਲਾਵਾ ਕਾਂਗਰਸ ਨੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਦੀ ਵੀ ਮੰਗ ਕੀਤੀ ਹੈ ਪਰ ਨਿਤਿਸ਼ ਇਹ ਦੇਣ ਦੇ ਇੱਛੁਕ ਨਹੀਂ ਹਨ |
• ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ • ਮੰਗਾਂ ਨਾ ਮੰਨੇ ਜਾਣ 'ਤੇ 14 ਨੂੰ ਬੱਸਾਂ ਨੂੰ ਅੱਗ ਲਗਾਉਣ ਦਾ ਐਲਾਨ
ਪੁਨੀਤ ਬਾਵਾ
ਲੁਧਿਆਣਾ, 9 ਅਗਸਤ-ਮੰਗਾਂ ਮਨਵਾਉਣ ਲਈ 2500 ਨਿੱਜੀ ਬੱਸ ਆਪ੍ਰੇਟਰਾਂ ਤੇ 4000 ਮਿੰਨੀ ਬੱਸ ਆਪ੍ਰੇਟਰਾਂ ਵਲੋਂ ਪੰਜਾਬ ਭਰ ਵਿਚ ਚੱਕਾ ਜਾਮ ਕੀਤਾ ਗਿਆ, ਜਿਸ ਕਰਕੇ ਵੱਡੀ ਗਿਣਤੀ 'ਚ ਲੋਕਾਂ ਨੂੰ ਖੱਜਲ-ਖੁਆਰ ਵੀ ਹੋਣਾ ਪਿਆ | ਬੱਸ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਦੀ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦੀ ਯੋਜਨਾ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ | ਟਰਾਂਸਪੋਰਟਰਾਂ ਨੇ ਮੰਗ ਕੀਤੀ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਵਿਚ ਤਬਦੀਲੀ ਕੀਤੀ ਜਾਵੇ ਅਤੇ ਔਰਤਾਂ ਨੂੰ ਸਰਕਾਰੀ ਅਤੇ ਨਿੱਜੀ ਆਪ੍ਰੇਟਰਾਂ ਦੀਆਂ ਬੱਸਾਂ 'ਚ ਸਨਿਚਰਵਾਰ ਤੇ ਐਤਵਾਰ ਨੂੰ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਵੇ, ਜਿਹੜੀਆਂ ਔਰਤਾਂ ਨਿੱਜੀ ਬੱਸਾਂ 'ਚ ਸਫ਼ਰ ਕਰਦੀਆਂ ਹਨ, ਉਸ ਦੇ ਬਣਦੇ ਪੈਸੇ ਨਿੱਜੀ ਬੱਸ ਆਪ੍ਰੇਟਰਾਂ ਨੂੰ ਅਦਾ ਕੀਤੇ ਜਾਣ | ਆਪ੍ਰੇਟਰਾਂ ਨੇ ਕਿਹਾ ਕਿ ਕੋਰੋਨਾ ਕਾਲ ਸਮੇਂ ਨਿੱਜੀ ਬੱਸ ਆਪ੍ਰੇਟਰ ਟੈਕਸ ਡਿਫਾਲਟਰ ਹੋ ਗਏ ਸਨ ਅਤੇ ਪੰਜਾਬ ਸਰਕਾਰ ਵਲੋਂ 31 ਦਸੰਬਰ ਤੱਕ ਦਾ ਟੈਕਸ ਮੁਆਫ਼ ਕਰ ਦਿੱਤਾ ਗਿਆ ਸੀ | ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਜਿਸ ਤਰੀਕੇ ਨਾਲ 19 ਮਹੀਨੇ ਦਾ ਟੈਕਸ ਮੁਆਫ਼ ਕੀਤਾ ਗਿਆ ਉਸੇ ਤਰੀਕੇ ਨਾਲ ਪੰਜਾਬ 'ਚ ਵੀ ਕੀਤਾ ਜਾਵੇ | ਮੋਟਰ ਵਹੀਕਲ ਟੈਕਸ ਘਟਾ ਕੇ 1 ਰੁਪਏ ਪ੍ਰਤੀ ਕਿਲੋਮੀਟਰ ਕਰਨ ਅਤੇ ਦਿਨਾਂ ਦੀ ਛੋਟ 4 ਦਿਨਾਂ ਤੋਂ ਵਧਾ ਕੇ 10 ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਹਿਲੀ ਸਟੇਜ ਦਾ ਕਿਰਾਇਆ 10 ਰੁਪਏ ਤੋਂ ਵਧਾ ਕੇ 20 ਰੁਪਏ ਕੀਤਾ ਜਾਣਾ ਚਾਹੀਦਾ ਹੈ | ਜੇਕਰ ਸਰਕਾਰ ਕਰਾਇਆ ਵਧਾ ਕੇ ਲੋਕਾਂ 'ਤੇ ਬੋਝ ਨਹੀਂ ਪਾਉਣਾ ਚਾਹੁੰਦੀ ਤਾਂ ਬੱਸਾਂ ਦੇ ਕਾਰੋਬਾਰ ਨੂੰ ਟੈਕਸ ਅਤੇ ਅੱਡਾ ਫ਼ੀਸ ਮੁਆਫ਼ ਕਰਕੇ ਡੁੱਬਣ ਤੋਂ ਬਚਾਅ ਲਿਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਲੋਂ ਬੱਸ ਅੱਡਾ ਫ਼ੀਸ ਨੂੰ ਆਮਦਨ ਦਾ ਸਾਧਨ ਬਣਾ ਲਿਆ ਗਿਆ ਹੈ ਪਰ ਸਾਡੀ ਮੰਗ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਾਂਗ ਪੰਜਾਬ ਅੰਦਰ ਵੀ ਉਕਾ-ਪੁੱਕਾ ਫ਼ੀਸ ਪ੍ਰਾਪਤ ਕੀਤੀ ਜਾਵੇ ਅਤੇ ਪ੍ਰਤੀ ਬੱਸ 2 ਹਜ਼ਾਰ ਰੁਪਏ ਅੱਡਾ ਫ਼ੀਸ ਲੈਣੀ ਚਾਹੀਦੀ ਹੈ | ਕੋਰੋਨਾ ਕਾਲ ਦੌਰਾਨ ਡਿਫਾਲਟਰ ਹੋਏ ਟੈਕਸ ਨੂੰ ਸਮੇਤ ਵਿਆਜ ਤੇ ਜੁਰਮਾਨਾ ਭਰਨ ਵਾਲੇ ਬੱਸ ਆਪ੍ਰੇਟਰਾਂ ਦੀ ਵਿਆਜ ਤੇ ਜੁਰਮਾਨੇ ਦੀ ਰਕਮ ਨੂੰ ਆਉਣ ਵਾਲੇ ਟੈਕਸ 'ਚੋਂ ਘਟਾਉਣਾ ਚਾਹੀਦਾ ਹੈ | ਆਪਰੇਟਰਾਂ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਏ.ਸੀ. ਬੱਸਾਂ ਦਾ ਟੈਕਸ ਜੋ 5 ਰੁਪਏ ਤੋਂ ਵਧਾ ਕੇ 17 ਰੁਪਏ ਕਿਲੋਮੀਟਰ ਕੀਤਾ ਗਿਆ ਹੈ ਉਸ ਨੂੰ ਮੁੜ ਘਟਾਇਆ ਜਾਵੇ | ਪੰਜਾਬ ਮੋਟਰ ਯੂਨੀਅਨ ਦੇ ਸਕੱਤਰ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਵਲੋਂ ਗੱਲਬਾਤ ਲਈ ਨਹੀਂ ਬੁਲਾਇਆ ਜਾਂਦਾ ਅਤੇ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ 14 ਅਗਸਤ ਨੂੰ ਮਜ਼ਬੂਰੀਵਸ ਨਿੱਜੀ ਬੱਸ ਆਪ੍ਰੇਟਰਾਂ ਵਲੋਂ ਬੱਸਾਂ ਨੂੰ ਅੱਗ ਲਗਾਉਣੀ ਪਵੇਗੀ |
ਜਸਪਾਲ ਸਿੰਘ
ਜਲੰਧਰ, 9 ਅਗਸਤ-ਸਰਕਾਰ ਦੀ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣੀ ਰਾਜ ਦੇ ਨਿੱਜੀ ਬੱਸ ਕਾਰੋਬਾਰੀਆਂ 'ਤੇ ਇਸ ਕਦਰ ਭਾਰੀ ਪਈ ਹੈ ਕਿ ਉਨ੍ਹਾਂ ਦਾ 70 ਫ਼ੀਸਦੀ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਤੇ ਉਨ੍ਹਾਂ ਕੋਲ ਕੇਵਲ 30 ਫ਼ੀਸਦੀ ਸਵਾਰੀਆਂ ਹੀ ਰਹਿ ਗਈਆਂ ਹਨ | ਜਿਸ ਕਾਰਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨਿੱਜੀ ਬੱਸ ਕਾਰੋਬਾਰੀਆਂ ਲਈ ਟੈਕਸਾਂ ਦੀ ਅਦਾਇਗੀ ਵੀ ਮੁਸ਼ਕਿਲ ਹੋਈ ਪਈ ਹੈ | ਜਾਣਕਾਰੀ ਅਨੁਸਾਰ ਇਸ ਸਮੇਂ ਸੂਬੇ ਅੰਦਰ 2200 ਵੱਡੀਆਂ ਅਤੇ 4500 ਦੇ ਕਰੀਬ ਮਿੰਨੀ ਬੱਸਾਂ ਚੱਲ ਰਹੀਆਂ ਹਨ ਤੇ ਇਸ ਕਾਰੋਬਾਰ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਵੀ ਜੁੜਿਆ ਹੋਇਆ ਹੈ | ਨਿੱਜੀ ਬੱਸ ਮਾਲਕਾਂ ਵਲੋਂ ਹਰ ਸਾਲ ਸਰਕਾਰ ਨੂੰ ਕਰੀਬ 100 ਕਰੋੜ ਰੁਪਏ ਦਾ ਮਾਲੀਆ ਵੀ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਨਿੱਜੀ ਬੱਸ ਆਪ੍ਰੇਟਰਾਂ ਦੀ ਸਾਰ ਨਹੀਂ ਲਈ ਜਾ ਰਹੀ | ਸਗੋਂ ਸਰਕਾਰ ਦੀ ਮੁਫ਼ਤ ਬੱਸ ਸਫ਼ਰ ਸਹੂਲਤ ਅਤੇ ਗ਼ਲਤ ਟੈਕਸ ਨੀਤੀਆਂ ਕਾਰਨ ਨਿੱਜੀ ਬੱਸਾਂ ਦਾ ਕਾਰੋਬਾਰ ਲਗਾਤਾਰ ਘਾਟੇ 'ਚ ਜਾ ਰਿਹਾ ਹੈ | 70 ਫ਼ੀਸਦੀ ਸਵਾਰੀਆਂ ਸਰਕਾਰੀ ਬੱਸਾਂ 'ਚ ਬੈਠਣ ਨੂੰ ਤਰਜੀਹ ਦੇਣ ਲੱਗੀਆਂ ਹਨ ਤੇ ਨਿੱਜੀ ਬੱਸਾਂ 'ਚ ਕੇਵਲ ਮਰਦ ਸਵਾਰੀਆਂ ਹੀ ਰਹਿ ਗਈਆਂ ਹਨ | ਸਰਕਾਰ ਵਲੋਂ ਨਿੱਜੀ ਬੱਸ ਆਪ੍ਰੇਟਰਾਂ ਕੋਲੋਂ ਜੋ ਟੈਕਸ ਲਿਆ ਜਾਂਦਾ ਹੈ, ਉਸ ਉੱਪਰ ਵੀ 10 ਫ਼ੀਸਦੀ ਸੈੱਸ ਲਗਾਇਆ ਜਾਂਦਾ ਹੈ | ਬੱਸ ਦੀ ਚੈੱਸੀ ਜੋ ਸਾਲ 2020 'ਚ 16 ਲੱਖ ਰੁਪਏ ਤੱਕ ਤਿਆਰ ਹੋ ਜਾਂਦੀ ਸੀ, ਉਹ ਹੁਣ 26 ਲੱਖ 'ਚ ਪੈਂਦੀ ਹੈ ਤੇ ਬੱਸ ਦੀ ਬਾਡੀ ਵੀ ਪਹਿਲਾਂ ਤੋਂ ਕਾਫ਼ੀ ਮਹਿੰਗੀ ਹੋ ਗਈ ਹੈ | ਬੱਸਾਂ ਦੇ ਸਪੇਅਰ ਪਾਰਟਸ 'ਤੇ 28 ਫ਼ੀਸਦੀ ਜੀ. ਐਸ. ਟੀ. ਹੋਣ ਕਾਰਨ ਇਹ ਕਾਰੋਬਾਰ ਪਹਿਲਾਂ ਹੀ ਘਾਟੇ 'ਚ ਜਾ ਰਿਹਾ ਹੈ ਤੇ ਉੱਪਰੋਂ ਸਰਕਾਰਾਂ ਦੀਆਂ ਮੁਫ਼ਤ ਸਕੀਮਾਂ ਨੇ ਉਨ੍ਹਾਂ ਦਾ ਹੋਰ ਕਚੂਮਰ ਕੱਢ ਦਿੱਤਾ ਹੈ | ਹਾਲਾਂਕਿ ਇਹ ਸਕੀਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਦੀਆਂ ਔਰਤਾਂ ਲਈ ਪਿਛਲੇ ਸਾਲ ਅਪ੍ਰੈਲ 'ਚ ਸ਼ੁਰੂ ਕੀਤੀ ਗਈ ਸੀ ਪਰ ਹੁਣ ਇਹ ਸਹੂਲਤ ਮੌਜੂਦਾ 'ਆਪ' ਸਰਕਾਰ ਲਈ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ | ਵਿੱਤੀ ਬੋਝ ਦੇ ਚੱਲਦਿਆਂ ਸਰਕਾਰ ਲਈ ਇਸ ਸਕੀਮ ਨੂੰ ਚਾਲੂ ਰੱਖ ਸਕਣਾ ਇਕ ਚੁਣੌਤੀ ਬਣਿਆ ਹੋਇਆ ਹੈ ਤੇ ਨਿੱਜੀ ਬੱਸ ਕਾਰੋਬਾਰੀਆਂ ਵਲੋਂ ਵੀ ਇਸ ਸਕੀਮ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਨਾਲ ਸਰਕਾਰ ਕਸੂਤੀ ਸਥਿਤੀ 'ਚ ਫਸੀ ਨਜ਼ਰ ਆ ਰਹੀ ਹੈ | ਅਜਿਹੇ 'ਚ ਜੇਕਰ ਸਰਕਾਰ ਇਸ ਸਕੀਮ ਨੂੰ ਵਾਪਸ ਲੈਂਦੀ ਹੈ ਤਾਂ ਇਸ ਦਾ ਸਿੱਧਾ ਮਤਲਬ ਰਾਜ ਦੀ ਅੱਧੀ ਆਬਾਦੀ ਭਾਵ 1.33 ਕਰੋੜ ਔਰਤਾਂ ਦੀ ਨਾਰਾਜ਼ਗੀ ਸਿੱਧੇ ਤੌਰ 'ਤੇ ਮੁੱਲ ਲੈਣਾ ਹੈ | ਅਜਿਹੇ 'ਚ ਜੇਕਰ ਸਰਕਾਰ ਇਸ ਸਕੀਮ ਨੂੰ ਚਾਲੂ ਰੱਖਦੀ ਹੈ ਤਾਂ ਸਰਕਾਰ 'ਤੇ ਆਰਥਿਕ ਬੋਝ ਹੋਰ ਵਧੇਗਾ | ਸਰਕਾਰ ਦੇ ਸਾਹਮਣੇ ਸਰਕਾਰੀ ਬੱਸ ਕੰਪਨੀਆਂ ਦੇ ਘਾਟੇ ਨੂੰ ਪੂਰਾ ਕਰਨ ਦੇ ਨਾਲ-ਨਾਲ ਨਿੱਜੀ ਬੱਸ ਆਪਰੇਟਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਵੀ ਵੱਡੀ ਚੁਣੌਤੀ ਹੈ | ਹੁਣ ਜਦ ਨਿੱਜੀ ਬੱਸ ਆਪ੍ਰੇਟਰਾਂ ਨੇ ਰਾਜ ਭਰ 'ਚ ਬੱਸਾਂ ਦਾ ਚੱਕਾ ਜਾਮ ਕਰਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ ਕਿ ਉਹ ਇਸ ਮਾਮਲੇ 'ਚ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾਈ ਬੈਠੇ ਹਨ ਤਾਂ ਸਰਕਾਰ ਲਈ ਇਸ ਸਥਿਤੀ ਨਾਲ ਨਜਿੱਠਣਾ ਕਾਫ਼ੀ ਔਖਾ ਹੋ ਸਕਦਾ ਹੈ | ਦੱਸਣਯੋਗ ਹੈ ਕਿ ਸਰਕਾਰ ਦੀ ਮੁਫ਼ਤ ਸਫ਼ਰ ਸਹੂਲਤ ਸਕੀਮ ਨਾਲ ਖ਼ਜ਼ਾਨੇ 'ਤੇ ਹਰ ਸਾਲ 600 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਬੋਝ ਪੈ ਰਿਹਾ ਹੈ ਤੇ ਸਰਕਾਰ ਲਈ ਆਪਣੇ ਬੱਸ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣੀਆਂ ਵੀ ਔਖੀਆਂ ਹੋਈਆਂ ਪਈਆਂ ਹਨ | ਹਾਲ ਹੀ 'ਚ ਪੰਜਾਬ ਰੋਡਵੇਜ਼, ਪਨਬੱਸ ਤੇ ਪੈਪਸੂ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਲੈਣ ਲਈ ਸਰਕਾਰ ਦੇ ਖ਼ਿਲਾਫ਼ ਧਰਨੇ ਮੁਜ਼ਾਹਰੇ ਦੇਣ ਲਈ ਮਜਬੂਰ ਹੋਣਾ ਪਿਆ ਸੀ | ਜਦਕਿ ਦੂਸਰੇ ਪਾਸੇ ਇਸ ਸੰਬੰਧੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ |
ਸਰਕਾਰ ਦੇ ਪ੍ਰਬੰਧ ਬੇਅਸਰ-ਬਿਮਾਰ ਗਾਵਾਂ ਨੂੰ 'ਗੋਟ ਪੌਕਸ' ਵੈਕਸੀਨ ਲਗਾਉਣ ਦਾ ਕੰਮ ਢਿੱਲਾ
ਨਿਰਮਲ ਸਿੰਘ ਧਾਲੀਵਾਲ
ਮੁੱਲਾਂਪੁਰ-ਦਾਖਾ, 9 ਅਗਸਤ-ਸਮੁੱਚੇ ਪੰਜਾਬ ਦਾ ਪਸ਼ੂ ਪਾਲਕ ਲੰਪੀ ਸਕਿੰਨ ਦੀ ਬਿਮਾਰੀ ਫੈਲਣ ਤੋਂ ਬਾਅਦ ਵੱਡੀ ਬਿਪਤਾ 'ਚੋਂ ਲੰਘ ਰਿਹਾ | ਪਿਛਲੇ 20 ਦਿਨਾਂ ਤੋਂ ਪਸ਼ੂ ਹਸਪਤਾਲਾਂ ਦੇ ਡਾਕਟਰ ਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਇਸ ਵਾਰਿੲਲ ਬਿਮਾਰੀ ਦੇ ਇਲਾਜ ਤੋਂ ਬੇਵੱਸ ਹੋਣ ਕਰਕੇ ਹੁਣ ਲੰਪੀ ਸਕਿਨ ਬਿਮਾਰੀ ਪੀੜਤ ਪਸ਼ੂ, ਖਾਸਕਰ ਗਾਵਾਂ, ਬਲਦਾਂ ਦਾ ਮਰਨਾ ਆਮ ਹੋ ਗਿਆ ਹੈ, ਜਦ ਕਿ ਕਈ ਵੈਟਰਨਰੀ ਅਫ਼ਸਰ ਅਜੇ ਵੀ ਇਸ ਬਿਮਾਰੀ ਨੂੰ ਮਾਮੂਲੀ ਵਾਇਰਲ ਆਖ ਰਹੇ ਹਨ | ਲੰਪੀ ਸਕਿਨ ਬਿਮਾਰੀ ਵਾਲੀਆਂ ਗਾਵਾਂ ਦਾ ਮਹਿੰਗਾ ਇਲਾਜ ਤੇ ਮੌਤ ਦਰ 'ਚ ਵਾਧੇ ਸਮੇਂ ਮਰਨ ਵਾਲੀਆਂ ਗਾਵਾਂ ਦੇ ਪੋਸਟ ਮਾਰਟਮ ਦਾ ਪਸ਼ੂ ਪਾਲਣ ਵਿਭਾਗ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਿਹਾ | ਪਸ਼ੂ ਪਾਲਣ ਵਿਭਾਗ ਇਸ ਬਿਮਾਰੀ ਨਾਲ ਮਿ੍ਤਕ ਗਾਵਾਂ (ਪਸ਼ੂਆਂ) ਦਾ ਕੋਈ ਅੰਕੜਾ ਇਕੱਠਾ ਨਹੀਂ ਕਰ ਰਿਹਾ, ਤਾਂ ਫਿਰ ਮਿ੍ਤਕ ਪਸ਼ੂਆਂ ਦੀ ਸੂਚੀ ਕਿਵੇਂ ਬਣੇਗੀ | ਦਵਾਈ ਪੱਖੋਂ ਖਾਲੀ ਪਸ਼ੂ ਹਸਪਤਾਲ, ਡਿਸਪੈਂਸਰੀਆਂ ਦੇ ਡਾਕਟਰ, ਫਾਰਮਾਸਿਸਟ ਆਪਣੇ ਵਿਭਾਗ ਦਾ ਹੁਕਮ ਵਜਾਉਣ ਲਈ 'ਗੋਟ ਪੌਕਸ' ਵੈਕਸੀਨ ਲੈ ਕੇ ਘਰ-ਘਰ ਘੁੰਮ ਰਹੇ ਹਨ, ਜਦ ਕਿ ਇਸ ਵੈਕਸੀਨ ਲਈ ਪਹਿਲਾਂ ਤਾਂ ਪੂਰੇ ਮੁਹੱਲੇ, ਪਿੰਡ ਦਾ ਪਸ਼ੂ ਤੰਦਰੁਸਤ ਹੋਣਾ ਚਾਹੀਦਾ ਹੈ ਪਰ ਹੁਣ ਤਾਂ ਘਰ-ਘਰ ਗਾਵਾਂ ਲੰਪੀ ਸਕਿਨ ਬਿਮਾਰੀ ਨਾਲ ਤੜਫ ਰਹੀਆਂ, ਅਜਿਹੇ 'ਚ ਗੋਟ ਪੌਕਸ ਕੀ ਕਰੇਗੀ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦਾ ਖ਼ੁਦ ਵੈਟਰਨਰੀ ਵੈਕਸੀਨ ਇੰਸਟੀਚਿਊਟ ਹੋਣ ਦੇ ਬਾਅਦ ਵੀ 'ਗੋਟ ਪੌਕਸ' ਵੈਕਸੀਨ ਬਾਹਰਲੇ ਰਾਜਾਂ ਤੋਂ ਮੰਗਵਾਈ ਗਈ | ਵੈਕਸੀਨ ਤਿਆਰ ਕਰਨ ਵਾਲੀ ਕੰਪਨੀ ਅਨੁਸਾਰ ਇਹ ਲਾਈਵ ਵਾਇਰਸ ਵੈਕਸੀਨ ਹੈ, ਜਿਸ ਨੂੰ ਲੀਕੁਅਡ ਨਾਈਟਰੋਜਨ 'ਚ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ, ਨਿਯਮਾਂ ਅਨੁਸਾਰ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਸੁਰੱਖਿਅਤ ਤਰੀਕੇ ਨਾਲ ਸਿਰਫ ਤੰਦਰੁਸਤ ਪਸ਼ੂ ਨੂੰ ਹੀ ਇਹ ਵੈਕਸੀਨ ਲੱਗ ਸਕਦੀ ਹੈ | ਪਸ਼ੂ ਪਾਲਣ ਵਿਭਾਗ ਵਲੋਂ ਰੋਗਗ੍ਰਸਤ ਗਾਵਾਂ ਦੇ ਟੈਸਟ ਦਾ ਅੱਜ ਤੱਕ ਪ੍ਰਬੰਧ ਜ਼ੀਰੋ ਫੀਸਦੀ ਹੈ, ਜੇਕਰ ਕੋਈ ਪਸ਼ੂ ਪਾਲਕ ਆਪਣੇ ਪੱਧਰ 'ਤੇ ਲੰਪੀ ਸਕਿਨ ਰੋਗ ਪੀੜਤ ਪਸ਼ੂ ਦਾ ਸੈਂਪਲ ਕਿਸੇ ਲੈਬ ਨੂੰ ਦੇ ਦਿੰਦਾ ਤਾਂ ਖੂਨ ਦਾ ਇਹ ਸੈਂਪਲ ਜਲੰਧਰ ਸਥਿਤ ਐੱਨ. ਆਰ. ਡੀ. ਡੀ. ਐੱਲ ਲੈਬ ਹੁੰਦਾ ਹੋਇਆ (ਮੱਧ ਪ੍ਰਦੇਸ਼) ਭੋਪਾਲ ਵਿਖੇ ਸਥਿਤ ਲੈਬ ਲਈ ਭੇਜਿਆ ਜਾਂਦਾ, ਜਿਸ ਦੀ ਰਿਪੋਰਟ ਆਉਣ ਨੂੰ 7 ਤੋਂ 10 ਦਿਨ ਦਾ ਸਮਾਂ ਲੱਗ ਜਾਂਦਾ | ਲੋੜ ਹੈ ਕਿ ਪਸ਼ੂ ਪਾਲਣ ਵਿਭਾਗ ਮੰਤਰੀ ਲਾਲਜੀਤ ਸਿੰਘ ਭੁੱਲਰ, ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਪਸ਼ੂ ਪਾਲਣ ਡਾ: ਸੁਭਾਸ਼ ਚੰਦਰ ਲੰਪੀ ਸਕਿਨ ਬਿਮਾਰੀ ਪੀੜਤ ਪਸ਼ੂ ਧਨ ਬਚਾਉਣ ਲਈ ਯੋਗ ਉਪਰਾਲਾ ਕਰਨ, ਕਿਉਂਕਿ ਖੇਤੀ ਤੋਂ ਬਾਅਦ ਪਸ਼ੂ ਪਾਲਣ ਕਿੱਤਾ ਕਿਸਾਨ, ਮਜ਼ਦੂਰ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ | ਲੰਪੀ ਸਕਿਨ ਬਿਮਾਰੀ (ਚਮੜੀ 'ਤੇ ਗੱਠਾਂ) ਨੂੰ ਲੈ ਕੇ ਵੱਖੋ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਪਸ਼ੂ ਮਾਹਿਰ ਡਾਕਟਰਾਂ ਦੀਆਂ ਟੀਮਾਂ ਗਠਨ ਕਰਨ ਬਾਰੇ ਦਾਅਵਾ ਕੀਤਾ ਜਾ ਰਿਹਾ, ਜਦ ਕਿ ਲੰਪੀ ਸਕਿਨ ਰੋਗ ਪੀੜਤ ਗਾਵਾਂ ਦੇ ਮਰਨ ਤੱਕ ਵੀ ਪਸ਼ੂ ਪਾਲਣ ਵਿਭਾਗ ਦਾ ਕੋਈ ਅਧਿਕਾਰੀ ਪਸ਼ੂ ਪਾਲਕਾਂ ਕੋਲ ਨਹੀਂ ਪੁੱਜ ਰਿਹਾ | ਪਹੁੰਚੇ ਵੀ ਕਿਵੇਂ, ਕਿਉਂਕਿ ਪੰਜਾਬ ਭਰ 'ਚ ਸਰਕਾਰੀ ਪਸ਼ੂ ਸਿਹਤ ਸੇਵਾਵਾਂ ਲਈ ਵੈਟਰਨਰੀ ਅਫ਼ਸਰਾਂ ਦੀਆਂ 1508 ਅਸਾਮੀਆਂ ਪਿੱਛੇ 578 ਅਸਾਮੀਆਂ ਖਾਲੀ ਹਨ, ਜਦ ਕਿ ਵੈਟਰਨਰੀ ਇੰਸਪੈਕਟਰਾਂ ਦੀਆਂ 760 ਅਸਾਮੀਆਂ ਖਾਲੀ ਪਈਆਂ ਹਨ | ਕੋਰੋਨਾ ਕਾਲ ਦੌਰਾਨ ਜਿਵੇਂ ਸੈਨੀਟਾਈਜ਼ਰ, ਪੀ.ਪੀ.ਈ. ਐੱਨ-95 ਮਾਸਕ ਜਾਂ ਵਿਟਾਮਿਨਜ਼ ਦੀ ਦਵਾਈ ਵਿਕ੍ਰੇਤਾਵਾਂ ਵਲੋਂ ਲੁੱਟ ਮਚਾਈ ਸੀ, ਉਸੇ ਤਰਜ਼ 'ਤੇ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਪਸ਼ੂਆਂ ਲਈ ਪ੍ਰਤੀਰੋਧਕ ਸ਼ਕਤੀਆਂ ਵਾਲੀਆਂ ਦਵਾਈਆਂ ਵੀ ਦਵਾਈ ਵਿਕ੍ਰੇਤਾ ਮਨਮਰਜ਼ੀ ਦੇ ਭਾਅ ਦੇ ਰਿਹਾ ਹੈ | ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਇਸ 'ਤੇ ਸਖ਼ਤੀ ਕਰਨੀ ਚਾਹੀਦੀ ਹੈ |
ਨਵੀਂ ਦਿੱਲੀ, 9 ਅਗਸਤ (ਏਜੰਸੀ)-ਚੋਣ ਕਮਿਸ਼ਨ ਨੇ ਦਿੱਲੀ ਅਤੇ ਪੰਜਾਬ ਦੇ ਬਾਅਦ ਆਮ ਆਦਮੀ ਪਾਰਟੀ ਨੂੰ ਗੋਆ 'ਚ ਵੀ ਸੂਬਾਈ ਪਾਰਟੀ ਵਜੋਂ ਮਾਨਤਾ ਪ੍ਰਦਾਨ ਕਰ ਦਿੱਤੀ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿਟਰ 'ਤੇ ਇਸ ਦੀ ਸੂਚਨਾ ਆਪਣੇ ਸਮਰਥਕਾਂ ਨੂੰ ਦਿੰਦਿਆਂ ਦੱਸਿਆ ਕਿ ਜੇਕਰ ਅਸੀਂ ਇਕ ਹੋਰ ਸੂਬੇ 'ਚ ਮਾਨਤਾ ਪ੍ਰਾਪਤ ਕਰਦੇ ਹਾਂ ਤਾਂ 'ਆਪ' ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰੀ ਪਾਰਟੀ ਐਲਾਨ ਦਿੱਤਾ ਜਾਵੇਗਾ | ਉਨ੍ਹਾਂ ਇਸ ਪ੍ਰਾਪਤੀ ਲਈ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ |
ਤਾਈਪੇ/ਬੀਜਿੰਗ, 9 ਅਗਸਤ (ਏਜੰਸੀ)- ਸੰਕਟ 'ਚ ਘਿਰੇ ਤਾਈਵਾਨ ਨੇ ਮੰਗਲਵਾਰ ਨੂੰ ਹਮਲਾਵਰ ਰੁਖ ਅਪਣਾਉਂਦਿਆ ਚੀਨ ਦੇ ਫ਼ੌਜੀ ਅਭਿਆਸ ਦੇ ਮੁਕਾਬਲੇ 'ਚ ਫ਼ੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ, ਜਦਕਿ ਚੀਨ ਦਾ ਫ਼ੌਜੀ ਅਭਿਆਸ 6ਵੇਂ ਦਿਨ ਵੀ ਜਾਰੀ ਹੈ | ਤਾਈਵਾਨ ਨੇ ਆਪਣਾ ਲਾਈਵ-ਫਾਇਰ ਸੈਨਿਕ ਅਭਿਆਸ ਸ਼ੁਰੂ ਕਰਦਿਆਂ ਦੋਸ਼ ਲਗਾਇਆ ਹੈ ਕਿ ਚੀਨ ਵਲੋਂ ਅਮਰੀਕੀ ਸਪੀਕਰ ਨੈਂਨਸੀ ਪੇਲੋਸੀ ਦੇ ਤਾਈਪੇ ਦੇ ਦੌਰੇ ਦੇ ਵਿਰੋਧ ਦੀ ਆੜ 'ਚ ਸਵੈ-ਸਾਸਿਤ ਟਾਪੂ (ਤਾਈਵਾਨ) 'ਤੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ | ਤਾਈਵਾਨ ਦੀ 8ਵੀਂ ਆਰਮੀ ਕੋਰ ਦੇ ਬੁਲਾਰੇ ਲੂ ਵੋਈ-ਜੇ ਨੇ ਦੱਸਿਆ ਕਿ ਉੁਨ੍ਹਾਂ ਦੇ ਤੋਪਖਾਨੇ ਨੇ ਅਭਿਆਸ ਦੌਰਾਨ ਮਿੱਥੇ ਨਿਸ਼ਾਨਿਆਂ 'ਤੇ ਗੋਲਾਬਾਰੀ ਕੀਤੀ ਹੈ ਅਤੇ ਵੀਰਵਾਰ ਨੂੰ ਸੈਂਕੜੇ ਸੈਨਿਕਾਂ ਤੇ 40 ਹੋਵੀਟਜ਼ੇਰ (ਤੋਪਾਂ) ਨੂੰ ਅਭਿਆਸ 'ਚ ਸ਼ਾਮਿਲ ਕੀਤਾ ਜਾਵੇਗਾ | ਤਾਈਪੇ 'ਚ ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਅੰਤਰਰਾਸ਼ਟਰੀ ਮੀਡੀਆ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਏ ਹਨ ਕਿ ਚੀਨ ਵਲੋਂ ਆਪਣੀ ਸੈਨਿਕ ਪਲੇਅ-ਬੁੱਕ ਅਨੁਸਾਰ ਤਾਈਵਾਨ 'ਤੇ ਹਮਲੇ ਦੀ ਤਿਆਰੀ ਲਈ ਫ਼ੌਜੀ ਅਭਿਆਸ ਦੀ ਵਰਤੋਂ ਕੀਤੀ ਜਾ ਰਹੀ ਹੈ | ਉਧਰ ਚੀਨੀ ਸੈਨਾ ਦੀ ਈਸਟਰਨ ਥੀਏਟਰ ਕਮਾਂਡ ਨੇ ਤਾਈਵਾਨ ਦੇ ਆਲੇ-ਦੁਆਲੇ ਸਮੁੰਦਰੀ ਤੇ ਹਵਾਈ ਖੇਤਰਾਂ 'ਚ 9 ਅਗਸਤ ਨੂੰ ਵੀ ਆਪਣਾ ਬੇਮਿਸਾਲ ਫ਼ੌਜੀ ਅਭਿਆਸ ਜਾਰੀ ਰੱਖਿਆ | ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਤਾਈਵਾਨ ਦੇ ਫ਼ੌਜੀ ਅਭਿਆਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੌਜੂਦਾ ਤਣਾਅ ਦਾ ਕਾਰਨ ਤਾਈਵਾਨ ਦੇ ਸੱਤਾਧਾਰੀ ਡੀ.ਪੀ.ਪੀ. (ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ) ਦੇ ਅਧਿਕਾਰੀ ਹਨ ਜੋ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਆਜ਼ਾਦੀ ਦੇ ਨਾਂਅ 'ਤੇ ਭੜਕਾਹਟ ਪੈਦਾ ਕਰ ਰਹੇ ਹਨ |
ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਾਮਲੇ 'ਚ ਕੈਬਨਿਟ ਸਬ ਕਮੇਟੀ ਦੀ ਬੈਠਕ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਸਰਕਾਰ ਵਲੋਂ ਸਰਕਾਰੀ ਵਿਭਾਗਾਂ ਦੇ ...
ਪਿਛਲੇ ਸਾਲ ਦੇ ਮੁਕਾਬਲੇ ਅਸਾਸਿਆਂ 'ਚ 26 ਲੱਖ ਤੋਂ ਵੱਧ ਦਾ ਇਜ਼ਾਫ਼ਾ
ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.23 ਕਰੋੜ ਰੁਪਏ ਤੋਂ ਵੱਧ ਦੇ ਅਸਾਸੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬੈਂਕ 'ਚ ਜਮ੍ਹਾਂ ਰਕਮ ਹੈ | ਪ੍ਰਧਾਨ ਮੰਤਰੀ ਦੀ ...
ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਸਤਾਨ ਜ਼ਿਲੇ੍ਹ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ ਚਾਰ ਸੈਨਿਕ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ | ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ...
ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਮੌਜੂਦਾ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਨਵੇਂ ਚੁਣੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਆਪਣੀ ਰਿਹਾਇਸ਼ 'ਤੇ ਸਵਾਗਤ ਕੀਤਾ | ਬਿਰਲਾ ਨੇ ਨਾਇਡੂ ਅਤੇ ਧਨਖੜ ਨਾਲ ...
ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)-'ਭਾਰਤ ਛੱਡੋ ਅੰਦੋਲਨ' ਦੀ 80ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸ਼ਖ਼ਸੀਅਤਾਂ ਨੇ ਮੁਹਿੰਮ 'ਚ ਹਿੱਸਾ ਲੈਣ ਵਾਲੇ ਸਾਰੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ | ...
ਨਿੱਜੀ ਬੱਸ ਕਾਰੋਬਾਰੀਆਂ ਦੀ ਸੰਸਥਾ ਪੰਜਾਬ ਮੋਟਰ ਯੂਨੀਅਨ ਦੇ ਮੈਂਬਰ ਸੰਦੀਪ ਸ਼ਰਮਾ ਨੇ ਕਿਹਾ ਨਿੱਜੀ ਬੱਸ ਕਾਰੋਬਾਰ ਨੂੰ ਜਿੱਥੇ ਸਰਕਾਰ ਦੀ ਮੁਫ਼ਤ ਦੀ ਸਕੀਮ ਪ੍ਰਭਾਵਿਤ ਕਰ ਰਹੀ ਹੈ, ਉਥੇ ਗ਼ਲਤ ਟੈਕਸ ਨੀਤੀਆਂ ਨੇ ਵੀ ਕਾਰੋਬਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ...
ਨੋਇਡਾ, 9 ਅਗਸਤ (ਏਜੰਸੀ)-ਫਰਾਰ ਨੇਤਾ ਸ੍ਰੀਕਾਂਤ ਤਿਆਗੀ ਨੂੰ ਮੰਗਲਵਾਰ ਨੂੰ ਮੇਰਠ ਤੋਂ ਗਿ੍ਫ਼ਤਾਰ ਕੀਤਾ ਗਿਆ ਅਤੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਇਥੇ ਇਕ ਹਾਊਸਿੰਗ ਸੁਸਾਇਟੀ 'ਚ ਉਸ ਦੇ ਗ਼ੈਰ ...
ਸੰਯੁਕਤ ਰਾਸ਼ਟਰ, 9 ਅਗਸਤ (ਏਜੰਸੀ)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੇ ਮੈਂਬਰਾਂ ਨੂੰ ਅਕਤੂਬਰ 'ਚ ਨਵੀਂ ਦਿੱਲੀ ਤੇ ਮੁੰਬਈ 'ਚ ਹੋ ਰਹੀ ਅੱਤਵਾਦ-ਵਿਰੋਧੀ ਕਮੇਟੀ ਦੀ ਬੈਠਕ ਲਈ ਸੱਦਾ ਦਿੱਤਾ ਹੈ, ਜਿਸ ਦਾ ਉਦੇਸ਼ ਨਵੀਂਆਂ ਤਕਨੀਕਾਂ ਦੀ ...
ਲਖਨਊ, 9 ਅਗਸਤ (ਏਜੰਸੀ)-ਉੱਤਰ ਪ੍ਰਦੇਸ਼ ਪੁਲਿਸ ਨੇ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) ਨਾਲ ਸੰਬੰਧ ਰੱਖਣ ਵਾਲੇ ਇਕ ਅੱਤਵਾਦੀ ਨੂੰ ਕਾਬੂ ਕੀਤਾ ਹੈ ਜੋ ਆਜ਼ਾਦੀ ਦਿਹਾੜੇ ਮੌਕੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ | ਲਖਨਊ ਵਿਖੇ ਏ.ਡੀ.ਜੀ. (ਕਾਨੂੰਨ ਤੇ ਵਿਵਸਥਾ) ਪ੍ਰਸ਼ਾਂਤ ...
ਭੋਪਾਲ/ਗਵਾਲੀਅਰ, 9 ਅਗਸਤ (ਏਜੰਸੀ)- ਸਵਾਮੀ ਵੈਰਾਗਿਆਨੰਦ ਗਿਰੀ ਉਰਫ਼ 'ਮਿਰਚੀ ਬਾਬਾ' ਨੂੰ ਮੱਧ ਪ੍ਰਦੇਸ਼ ਦੇ ਰਾਜਧਾਨੀ ਭੋਪਾਲ 'ਚ ਆਪਣੀ ਇਕ ਸ਼ਰਧਾਲੂ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਗਵਾਲੀਅਰ ਦੇ ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ...
ਨਵੀਂ ਦਿੱਲੀ, 9 ਅਗਸਤ (ਏਜੰਸੀ)-ਵਿਰੋਧੀ ਪਾਰਟੀਆਂ ਨੇ ਕਿਹਾ ਕਿ ਜੇ.ਡੀ. (ਯੂ) ਵਲੋਂ ਭਾਜਪਾ ਨਾਲੋਂ ਨਾਤਾ ਤੋੜਨਾ ਭਗਵਾ ਪਾਰਟੀ ਦੀ ਡਰਾਉਣ ਵਾਲੀ ਰਾਜਨੀਤੀ 'ਤੇ ਵੱਡੀ ਸੱਟ ਹੈ ਅਤੇ ਇਹ ਭਾਰਤੀ ਰਾਜਨੀਤੀ 'ਚ ਤਬਦੀਲੀ ਨੂੰ ਵਿਖਾਉਂਦਾ ਹੈ | ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ...
ਪਟਨਾ/ਨਵੀਂ ਦਿੱਲੀ, 9 ਅਗਸਤ (ਪੀ. ਟੀ. ਆਈ.)-ਭਾਜਪਾ ਨੇ ਨਿਤਿਸ਼ ਕੁਮਾਰ 'ਤੇ ਲੋਕਾਂ ਦੇ ਫ਼ਤਵੇ ਦਾ ਅਪਮਾਨ ਕਰਨ ਅਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਨਿਤਿਸ਼ ਕੁਮਾਰ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਕਰਕੇ ਐਨ.ਡੀ.ਏ. 'ਚੋਂ ਬਾਹਰ ਹੋਏ ਹਨ | ਭਾਜਪਾ ਆਗੂਆਂ ...
ਮੁੰਬਈ, 9 ਅਗਸਤ (ਏਜੰਸੀ)-ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ 41 ਦਿਨ ਬਾਅਦ ਏਕਨਾਥ ਸ਼ਿੰਦੇ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ | ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਮਹਾਰਾਸ਼ਟਰ ਮੰਤਰੀ ਮੰਡਲ ਦੇ ਵਿਸਤਾਰ ਦੌਰਾਨ 18 ਵਿਧਾਇਕਾਂ ਨੂੰ ...
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਜੇ.ਡੀ. (ਯੂ) ਦੇ ਉਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ, ਜਿਸ 'ਚ ਇਹ ਆਖਿਆ ਗਿਆ ਸੀ ਕਿ ਭਾਜਪਾ ਪਾਰਟੀ ਨੂੰ ਤੋੜਨਾ ਅਤੇ ਨਿਤਿਸ਼ ਕੁਮਾਰ ਦੀ ਸਹਿਮਤੀ ਤੋਂ ਬਿਨਾਂ ਆਰ.ਸੀ.ਪੀ. ਨੂੰ ਕੇਂਦਰੀ ਮੰਤਰੀ ਬਣਾਉਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX