ਇਸ ਵਾਰ ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਕਈ ਪੱਖਾਂ ਤੋਂ ਦਿਲਚਸਪ ਰਹੇ ਹਨ। ਭਾਰਤ ਵਿਚ ਅਤੇ ਖ਼ਾਸ ਤੌਰ 'ਤੇ ਪੰਜਾਬ ਵਿਚ ਕੈਨੇਡਾ ਦੇ ਹਰ ਅਹਿਮ ਘਟਨਾਕ੍ਰਮ ਨੂੰ ਬੜੀ ਨੀਝ ਨਾਲ ਵਾਚਿਆ ਜਾਂਦਾ ਹੈ। ਕੈਨੇਡਾ ਦੇ ਨਵੇਂ ਅਧਿਆਇ ਦਾ ਇਤਿਹਾਸ ਕੁਝ ਸੌ ਵਰ੍ਹੇ ਹੀ ਪੁਰਾਣਾ ਹੈ। ਇਥੇ ਵੀ ਬਸਤੀਵਾਦੀਆਂ ਨੇ ਆਪਣੇ ਝੰਡੇ ਆ ਗੱਡੇ ਸਨ। ਚਾਹੇ ਫਰਾਂਸ ਅਤੇ ਕੁਝ ਹੋਰ ਯੂਰਪੀ ਮੁਲਕਾਂ ਤੋਂ ਲੋਕ ਇਥੇ ਆ ਕੇ ਵਸਦੇ ਰਹੇ ਹਨ ਪਰ ਇਥੇ ਬਹੁਤਾ ਪ੍ਰਭਾਵ ਬਰਤਾਨੀਆ ਦਾ ਹੀ ਰਿਹਾ। ਇਸ ਕਾਰਨ ਕੈਨੇਡਾ ਬਰਤਾਨਵੀ ਬਸਤੀਵਾਦ ਦਾ ਇਕ ਅਹਿਮ ਦੇਸ਼ ਬਣਿਆ ਰਿਹਾ। ਭਾਰਤ ਵਿਚ ਵੀ 200 ਸਾਲ ਤੱਕ ਅੰਗਰੇਜ਼ੀ ਹਕੂਮਤ ਰਹੀ ਹੋਣ ਕਾਰਨ ਵੱਖ-ਵੱਖ ਸਮੇਂ ਵੱਖ-ਵੱਖ ਢੰਗ-ਤਰੀਕਿਆਂ ਨਾਲ ਭਾਰਤੀ ਮੂਲ ਦੇ ਅਤੇ ਖ਼ਾਸ ਤੌਰ 'ਤੇ ਪੰਜਾਬੀ ਇਥੇ ਆ ਕੇ ਵਸਦੇ ਰਹੇ, ਜਿਸ ਕਾਰਨ ਦੋਵਾਂ ਦੇਸ਼ਾਂ ਦਾ ਰਿਸ਼ਤਾ ਗੂੜ੍ਹਾ ਬਣਿਆ ਰਿਹਾ।
ਅੰਗਰੇਜ਼ ਹਕੂਮਤ ਸਮੇਂ ਪੰਜਾਬੀਆਂ ਦੇ ਕੈਨੇਡਾ ਜਾਣ 'ਤੇ ਬੰਦਿਸ਼ਾਂ ਵੀ ਲਗਾਈਆਂ ਗਈਆਂ ਸਨ। ਕਾਮਾਗਾਟਾਮਾਰੂ ਜਹਾਜ਼ ਦੇ ਘਟਨਾਕ੍ਰਮ ਕਾਰਨ ਇਹ ਰੋਕਾਂ ਇਤਿਹਾਸ ਵਿਚ ਦਰਜ ਹੋ ਗਈਆਂ। ਭਾਰਤ ਦੀ ਆਜ਼ਾਦੀ ਲਈ ਵਿਦੇਸ਼ਾਂ ਵਿਚ ਉੱਠੀ ਗ਼ਦਰ ਲਹਿਰ ਵਿਚ ਵੀ ਕੈਨੇਡਾ ਰਹਿੰਦੇ ਪੰਜਾਬੀਆਂ ਅਤੇ ਖ਼ਾਸ ਤੌਰ 'ਤੇ ਸਿੱਖਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਸੀ। ਅਜਿਹੇ ਮੇਲ ਅਤੇ ਮਿਲਾਪ ਦੀ ਕੜੀ ਅੱਜ ਤੱਕ ਤੁਰਦੀ ਆ ਰਹੀ ਹੈ। ਅੱਜ ਚਾਹੇ ਪੰਜਾਬੀ ਦੁਨੀਆ ਭਰ ਦੇ ਦੇਸ਼ਾਂ ਵਿਚ ਵਸੇ ਹੋਏ ਹਨ। ਯੂਰਪ ਵਿਚ ਇੰਗਲੈਂਡ, ਜਰਮਨੀ ਅਤੇ ਫਰਾਂਸ ਤੋਂ ਇਲਾਵਾ ਇਹ ਦਰਜਨਾਂ ਹੀ ਦੇਸ਼ਾਂ ਵਿਚ ਫੈਲ ਚੁੱਕੇ ਹਨ। ਸਿੰਘਾਪੁਰ, ਮਲੇਸ਼ੀਆ ਆਦਿ ਏਸ਼ਿਆਈ ਦੇਸ਼ਾਂ ਵਿਚ ਵੀ ਇਨ੍ਹਾਂ ਦਾ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ। ਅਮਰੀਕਾ ਵਿਚ ਵੀ ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ ਵਿਚ ਵਸੇ ਹੋਏ ਹਨ। ਉਨ੍ਹਾਂ ਦਾ ਅਮਰੀਕੀ ਸਮਾਜ ਲਈ ਵੱਡਾ ਯੋਗਦਾਨ ਵੀ ਹੈ। ਇਸ ਯੋਗਦਾਨ ਵਿਚ ਵੀ ਪੰਜਾਬੀ ਮੋਹਰੀ ਦਿਖਾਈ ਦਿੰਦੇ ਹਨ। ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਵੀ ਪੰਜਾਬੀਆਂ ਦਾ ਪਸਾਰਾ ਵੇਖਿਆ ਜਾ ਸਕਦਾ ਹੈ ਪਰ ਪਿਛਲੇ ਕੁਝ ਦਹਾਕਿਆਂ ਵਿਚ ਜਿਸ ਤਰ੍ਹਾਂ ਪੰਜਾਬੀਆਂ ਨੇ ਕੈਨੇਡਾ ਵੱਲ ਵਹੀਰਾਂ ਘੱਤੀਆਂ ਹਨ, ਉਹ ਹੈਰਾਨ ਕਰਨ ਵਾਲੀ ਗੱਲ ਹੈ। ਇਸ ਮੁਲਕ ਦੀ ਧਰਤੀ ਵਿਸ਼ਾਲ ਹੈ ਪਰ ਜਨਸੰਖਿਆ ਕਾਫੀ ਘੱਟ ਹੈ।
ਇਸ ਦੇ ਦਰਜਨ ਭਰ ਸ਼ਹਿਰਾਂ ਦਾ ਨਾਂਅ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ। ਇਨ੍ਹਾਂ ਵਿਚ ਵੀ ਪੰਜਾਬੀਆਂ ਦੀ ਵੱਡੀ ਛਾਪ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕੁਝ ਪ੍ਰਾਂਤਾਂ ਦੇ ਇਲਾਕੇ ਤਾਂ ਅਜਿਹੇ ਹਨ ਜੋ ਮਿੰਨੀ ਪੰਜਾਬ ਹੋਣ ਦਾ ਪ੍ਰਭਾਵ ਦਿੰਦੇ ਹਨ। ਇਸੇ ਲਈ ਅੱਜ ਇਹ ਦੇਸ਼ ਪੰਜਾਬੀਆਂ ਲਈ ਦਿਲਚਸਪੀ ਭਰਿਆ ਬਣਿਆ ਹੋਇਆ ਹੈ। ਇਸ ਲਈ ਵੀ ਕਿ ਇਥੇ ਦੀ ਸਿਆਸਤ ਵਿਚ ਪੰਜਾਬੀਆਂ ਦਾ ਵੱਡਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਥੋਂ ਦੀਆਂ ਸੰਸਦੀ ਚੋਣਾਂ ਦੇ ਸਾਹਮਣੇ ਆਏ ਨਤੀਜੇ ਵੀ ਬੇਹੱਦ ਦਿਲਚਸਪ ਹਨ। ਮਿਸਾਲ ਦੇ ਤੌਰ 'ਤੇ ਹੁਣੇ ਹੋਈਆਂ ਮਧਕਾਲੀ ਸੰਸਦੀ ਚੋਣਾਂ ਵਿਚ ਘੱਟੋ-ਘੱਟ 21 ਪੰਜਾਬਣਾਂ ਮੈਦਾਨ ਵਿਚ ਸਨ। ਇਹ ਦੇਸ਼ ਦੇ ਹਰ ਸੂਬੇ ਵਿਚ ਹੀ ਖੜ੍ਹੀਆਂ ਸਨ। ਇਨ੍ਹਾਂ ਸਭ ਦਾ ਆਪੋ-ਆਪਣਾ ਪ੍ਰਭਾਵ ਬਣਿਆ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਥੋਂ ਦੀ ਲਿਬਰਲ ਪਾਰਟੀ ਦੇ ਆਗੂ ਹਨ। ਉਹ ਦੇਸ਼ ਭਰ ਵਿਚ ਹਰਮਨ-ਪਿਆਰੇ ਹਨ। ਉਨ੍ਹਾਂ ਦੇ ਪਿਤਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ, ਜਿਨ੍ਹਾਂ ਨੇ ਇਸ ਦੀ ਸਿਆਸਤ 'ਤੇ ਆਪਣੀ ਗਹਿਰੀ ਛਾਪ ਛੱਡੀ ਸੀ। ਜਸਟਿਨ ਟਰੂਡੋ ਦੀ ਇਕ ਪਿਆਰੀ ਗੱਲ ਇਹ ਵੀ ਹੈ ਕਿ ਉਨ੍ਹਾਂ ਨੇ ਮੋਹ ਨਾਲ ਉਥੇ ਵਸਦੇ ਬਹੁਤੇ ਪੰਜਾਬੀਆਂ ਦਾ ਮਨ ਜਿੱਤ ਲਿਆ ਹੈ। ਇਸ ਵਾਰ ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਕੁੱਲ 47 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਇਨ੍ਹਾਂ ਵਿਚ ਟਰੂਡੋ ਦੀ ਲਿਬਰਲ ਪਾਰਟੀ ਦੇ 17 ਉਮੀਦਵਾਰ ਸਨ। ਦੂਜੀ ਵੱਡੀ ਕੰਜ਼ਰਵੇਟਿਵ ਪਾਰਟੀ ਵਲੋਂ 13 ਪੰਜਾਬੀ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਸਨ। ਨਿਊ ਡੈਮੋਕ੍ਰੈਟਿਕ ਦੇ ਆਗੂ ਹੀ ਉਥੋਂ ਦੇ ਬੇਹੱਦ ਹਰਮਨ-ਪਿਆਰੇ ਸਿੱਖ ਜਗਮੀਤ ਸਿੰਘ ਹਨ, ਜਿਨ੍ਹਾਂ ਨੇ 10 ਪੰਜਾਬੀਆਂ ਨੂੰ ਟਿਕਟ ਦਿੱਤੀ ਸੀ।
ਪਿਛਲੀ ਵਾਰ 19 ਪੰਜਾਬੀ ਉਮੀਦਵਾਰ ਦੇਸ਼ ਦੀ ਸੰਸਦ ਵਿਚ ਪਹੁੰਚੇ ਸਨ, ਇਸ ਵਾਰ 18 ਪੰਜਾਬੀ ਸੰਸਦ ਵਿਚ ਪਹੁੰਚੇ ਹਨ। ਪਿਛਲੀ ਵਾਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਚਾਹੇ ਹਕੂਮਤ ਚਲਾ ਰਹੀ ਸੀ ਪਰ ਗਿਣਤੀ ਦੇ ਪੱਖ ਤੋਂ ਉਸ ਦਾ ਸੰਸਦ ਵਿਚ ਬਹੁਮਤ ਨਹੀਂ ਸੀ। ਇਸੇ ਲਈ ਉਨ੍ਹਾਂ ਨੇ ਪਿਛਲੇ 15 ਅਗਸਤ ਨੂੰ ਸੰਸਦ ਭੰਗ ਕਰਕੇ ਨਵੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਚਾਹੇ ਇਸ ਵਾਰ ਵੀ ਟਰੂਡੋ ਦੀ ਲਿਬਰਲ ਪਾਰਟੀ ਦੂਸਰੀਆਂ ਪਾਰਟੀਆਂ ਤੋਂ ਅੱਗੇ ਰਹੀ ਹੈ। ਕੰਜ਼ਰਵੇਟਿਵ ਬਲਾਕ ਕਿਊਬਿਕ ਅਤੇ ਨਿਊ ਡੈਮੋਕ੍ਰੈਟਿਕ ਆਦਿ ਪਾਰਟੀਆਂ ਪਿੱਛੇ ਰਹਿ ਗਈਆਂ ਹਨ ਪਰ ਟਰੂਡੋ ਨੂੰ ਆਪਣੀ ਸਰਕਾਰ ਚਲਾਉਣ ਲਈ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਸਮਝੌਤਾ ਕਰਨਾ ਪਵੇਗਾ। ਪਿਛਲੇ ਸਮੇਂ ਵਿਚ ਦੇਸ਼ ਨੂੰ ਦਰਪੇਸ਼ ਕੁਝ ਮਸਲਿਆਂ ਬਾਰੇ ਉਨ੍ਹਾਂ ਦੀ ਸਖ਼ਤ ਆਲੋਚਨਾ ਵੀ ਹੁੰਦੀ ਰਹੀ ਹੈ। ਕੋਵਿਡ ਮਹਾਂਮਾਰੀ ਨਾਲ ਨਿਪਟਣ ਦੇ ਮਾਮਲੇ ਵਿਚ ਵੀ ਕਈ ਪੱਖਾਂ ਤੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਦੇਸ਼ ਦੇ ਆਗੂਆਂ ਵਿਚੋਂ ਪਹਿਲੇ ਨੰਬਰ 'ਤੇ ਖੜ੍ਹੇ ਦਿਖਾਈ ਦਿੰਦੇ ਹਨ। ਪੰਜਾਬ ਅਤੇ ਪੰਜਾਬੀਆਂ ਨਾਲ ਵਿਸ਼ੇਸ਼ ਮੋਹ ਕਾਰਨ ਉਨ੍ਹਾਂ ਦੀ ਹੋਈ ਜਿੱਤ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਨਾਲ ਉਨ੍ਹਾਂ ਦੇ ਸੰਬੰਧ ਹੋਰ ਵੀ ਗੂੜ੍ਹੇ ਹੋਣ ਦੀ ਸੰਭਾਵਨਾ ਹੈ।
-ਬਰਜਿੰਦਰ ਸਿੰਘ ਹਮਦਰਦ
ਸਾਲ 1991-92 ਤੋਂ ਦੇਸ਼ ਵਿਚ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ, ਜਿਨ੍ਹਾਂ ਨੂੰ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਜਾਂ ਕਥਿਤ ਆਰਥਿਕ ਸੁਧਾਰ ਵਾਲੀਆਂ ਨੀਤੀਆਂ ਕਿਹਾ ਗਿਆ ਸੀ, ਅਸਲ ਵਿਚ ਉਹ ਜਨਤਕ ਖੇਤਰ ਦੀ ਭੂਮਿਕਾ ਘਟਾਉਣ ਅਤੇ ...
ਅੱਜ ਲਈ ਵਿਸ਼ੇਸ਼
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਫ਼ਰੀਦਕੋਟ ਨਗਰ ਵਿਚ 1215 ਈ. ਨੂੰ ਤਸ਼ਰੀਫ਼ ਲਿਆਏ ਸਨ। ਉਨ੍ਹਾਂ ਦਿਨਾਂ ਵਿਚ ਮੁਸਾਫ਼ਿਰ ਲੋਕ ਪੈਦਲ ਹੀ ਇਕ ਤੋਂ ਦੂਸਰੇ ਸਥਾਨ ਤੱਕ ਜਾਇਆ ਕਰਦੇ ਸਨ। ਦਿੱਲੀ ਤੋਂ ਅਜੋਧਨ ਆਉਣ ਜਾਣ ਵਿਚ ਕਈ ਹਫ਼ਤੇ ਲੱਗ ਜਾਂਦੇ ...
ਹਰਿਆਣਾ ਦੀ ਰਾਜਨੀਤੀ ਖ਼ਾਸ ਕਰਕੇ ਹਰਿਆਣਾ ਕਾਂਗਰਸ ਦੀ ਰਾਜਨੀਤੀ 'ਤੇ ਗੁਆਂਢੀ ਸੂਬੇ ਪੰਜਾਬ ਦੇ ਘਟਨਾਕ੍ਰਮ ਦਾ ਸਿੱਧਾ ਪ੍ਰਭਾਵ ਪੈਣ ਦੇ ਆਸਾਰ ਹਨ। ਪੰਜਾਬ ਵਿਚ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਇਕ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX