ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਮੇਂ ਅਮਰੀਕਾ ਦੀ ਫੇਰੀ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਕਿ ਅਫ਼ਗਾਨ ਵਿਚ ਤਾਲਿਬਾਨ ਕਬਜ਼ਾ ਕਰਕੇ ਆਪਣੀ ਸਰਕਾਰ ਬਣਾ ਚੁੱਕਾ ਹੈ ਅਤੇ ਦੂਜੇ ਪਾਸੇ ਚੀਨ ਆਪਣੀ ਵਧਦੀ ਹੋਈ ਤਾਕਤ ...
ਮਨ ਦੀ ਆਦਤ ਹੈ ਇਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਚਲਦੇ ਰਹਿਣਾ। ਇਕ ਮੰਜ਼ਿਲ ਤੋਂ ਦੂਜੀ ਤੇ ਫਿਰ ਦੂਜੀ ਤੋਂ ਮਗਰੋਂ ਤੀਜੀ। ਮਨੋਵਿਗਿਆਨ ਦੱਸਦਾ ਹੈ ਕਿ ਕੁਝ ਪ੍ਰਾਪਤ ਕਰਨ ਤੋਂ ਬਾਅਦ ਮਨ ਦੀ ਭਟਕਣਾ ਤ੍ਰਿਪਤ ਨਹੀਂ ਹੁੰਦੀ ਬਲਕਿ ਪਹਿਲਾਂ ਨਾਲੋਂ ਵੀ ਤੀਬਰ ਹੋ ਜਾਂਦੀ ਹੈ। ਮਹਾਨ ਮਨੋਵਿਗਿਆਨੀ ਡਾ. ਫਰਾਇਡ ਨੇ ਕਿਹਾ ਹੈ ਮਨ ਨੂੰ ਜਿਧਰੋਂ ਮੋੜਿਆ ਜਾਵੇ ਮਨ ਦਾ ਆਕਰਸ਼ਨ ਉਸ ਪਾਸੇ ਵੱਲ ਵਧੇਰੇ ਹੁੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਨ੍ਹਾਂ ਪੰਜਾਂ ਪ੍ਰਵਿਰਤੀਆਂ ਤੋਂ ਮਨੁੱਖ ਨੂੰ ਮੁਕਤ ਕਰਨ ਲਈ ਸਾਲਾਂ ਤੋਂ ਰੱਬ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਦੂਜੇ ਪਾਸੇ ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ 'ਚੋਂ ਜੇਕਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਨਫ਼ੀ ਕਰ ਦਿੱਤਾ ਜਾਵੇ ਤਾਂ ਬਾਕੀ ਜੋ ਬਚੇਗਾ ਉਹ ਮਨੁੱਖ ਨਹੀਂ ਹੋਵੇਗਾ। ਮਨੋਵਿਗਿਆਨ ਅਨੁਸਾਰ ਮਨ 'ਚੋਂ ਉਤਪੰਨ ਹੋਈਆਂ ਖਾਹਿਸ਼ਾਂ ਨੂੰ ਦਬਾਉਣ ਨਾਲ ਖਾਹਿਸ਼ਾਂ ਦੀ ਅਪੂਰਤੀ ਵੱਖਰਾ ਰੂਪ ਅਖ਼ਤਿਆਰ ਕਰ ਲੈਂਦੀ ਹੈ ਅਤੇ ਇਸ ਦਾ ਵੇਗ ਮਨੁੱਖੀ ਮਨ ਵਿਚ ਇਕ ਤਰ੍ਹਾਂ ਦਾ ਖਲਲ ਪਾ ਦਿੰਦਾ ਹੈ।
ਮਨ ਨੂੰ ਜਿੱਤ ਲੈਣਾ ਆਸਾਨ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਹੈ ਕਿ ਮਨ ਨੂੰ ਜਿੱਤ ਲੈਣਾ ਦੁਨੀਆ ਜਿੱਤ ਲੈਣ ਦੇ ਬਰਾਬਰ ਹੈ। ਮਨੁੱਖ ਦੀ ਸਾਰੀ ਉਮਰ ਬੀਤ ਜਾਂਦੀ ਹੈ ਪਰ ਉਸ ਨੂੰ ਇਹ ਸਮਝ ਨਹੀਂ ਪੈਂਦੀ ਕਿ ਦਿਮਾਗ਼ ਕਿਵੇਂ ਕੰਮ ਕਰਦਾ ਹੈ। ਡਾਕਟਰ ਮਰੀਜ਼ ਨੂੰ ਕਹਿੰਦਾ ਹੈ 'ਤੁਸੀਂ ਫ਼ਿਕਰ ਕਰਦੇ ਹੋ ਚਿੰਤਾ ਕਰਦੇ ਹੋ ਗ਼ਮ ਨਾ ਕਰਿਆ ਕਰੋ। ਜ਼ਿਆਦਾ ਨਾ ਸੋਚਿਆ ਕਰੋ। ਇਸੇ ਲਈ ਤੁਹਾਡੀ ਬਿਮਾਰੀ ਨਹੀਂ ਠੀਕ ਹੋ ਰਹੀ।' ਇੱਥੇ ਡਾਕਟਰ ਭੁੱਲ ਕਰਦੇ ਹਨ ਕਿ ਗ਼ਮ ਕਰਨਾ ਜਾਂ ਨਾ ਕਰਨਾ ਮਰੀਜ਼ ਦੇ ਵੱਸ ਵਿਚ ਨਹੀਂ ਹੁੰਦਾ। ਉਦਾਸ, ਪ੍ਰੇਸ਼ਾਨ ਅਤੇ ਦੁਖੀ ਕਰਨ ਵਾਲੇ ਵਿਚਾਰਾਂ ਦਾ ਪ੍ਰਵਾਹ ਤਾਂ ਦਿਮਾਗ਼ ਵਿਚ ਆਪਣੇ ਆਪ ਚੱਲ ਰਿਹਾ ਹੁੰਦਾ ਹੈ। ਚੰਗੇ-ਮਾੜੇ ਵਿਚਾਰਾਂ ਦੇ ਇਸ ਪ੍ਰਵਾਹ 'ਤੇ ਸਾਡਾ ਕੰਟਰੋਲ ਨਹੀਂ। ਜੇਕਰ ਅਸੀਂ ਖਿਆਲ ਕਰੀਏ ਕਿ ਕੱਲ੍ਹ ਸਾਡੇ ਨਾਲ ਵਾਪਰੀ ਮਾੜੀ ਘਟਨਾ ਨੂੰ ਦਿਮਾਗ਼ 'ਚੋਂ ਕੱਢ ਦੇਣਾ ਹੈ ਜਾਂ ਕਿਸੇ ਘਟਨਾ ਬਾਰੇ ਹੁਣ ਬਿਲਕੁਲ ਨਹੀਂ ਸੋਚਣਾ ਤਾਂ ਇਹ ਸਾਡੇ ਵੱਸ ਵਿਚ ਨਹੀਂ ਹੈ। ਅਸੀਂ ਜਿੰਨਾ ਜ਼ੋਰ ਲਾ ਕੇ ਕਿਸੇ ਗੱਲ ਨੂੰ ਭੁਲਾਉਣ ਜਾਂ ਦਿਮਾਗ਼ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਓਨਾ ਹੀ ਜ਼ਿਆਦਾ ਅਤੇ ਵਾਰ-ਵਾਰ ਸਾਨੂੰ ਉਸ ਦਾ ਖਿਆਲ ਪ੍ਰੇਸ਼ਾਨ ਕਰਨ ਲੱਗ ਪੈਂਦਾ ਹੈ।
ਇਕ ਵਾਰ ਇਕ ਵਿਦਵਾਨ ਕੋਲ ਇਕ ਸ਼ਖ਼ਸ ਆਇਆ ਤੇ ਕਹਿਣ ਲੱਗਾ, 'ਮਹਾਰਾਜ ਮੈਨੂੰ ਕੋਈ ਮੰਤਰ ਦਿਓ ਜਿਸ ਨੂੰ ਪੜ੍ਹਨ ਨਾਲ ਮੈਂ ਜਿਵੇਂ ਚਾਹਵਾਂ ਕਰ ਸਕਾਂ।' ਉਸ ਵਿਦਵਾਨ ਨੇ ਕਿਹਾ, 'ਐਸਾ ਕੋਈ ਮੰਤਰ ਨਹੀਂ ਹੁੰਦਾ। ਨਾਲੇ ਮੰਤਰ ਤੰਤਰ ਇਹ ਸਭ ਫਜ਼ੂਲ ਦੀਆਂ ਗੱਲਾਂ ਹਨ।' ਪਰ ਉਹ ਸ਼ਖ਼ਸ ਉਸ ਵਿਦਵਾਨ ਦੇ ਖਹਿੜੇ ਹੀ ਪੈ ਗਿਆ। ਉਸ ਨੇ ਕਿਹਾ, 'ਜਿੰਨੀ ਦੇਰ ਮੈਨੂੰ ਤੁਸੀਂ ਅਜਿਹਾ ਮੰਤਰ ਨਹੀਂ ਦੇਵੋਗੇ ਮੈਂ ਇੱਥੋਂ ਨਹੀਂ ਜਾਵਾਂਗਾ।' ਵਿਦਵਾਨ ਨੇ ਕੁਝ ਸੋਚ ਕੇ ਇਕ ਕਾਗਜ਼ 'ਤੇ ਕੁਝ ਸ਼ਬਦ ਲਿਖ ਦਿੱਤੇ ਤੇ ਕਿਹਾ, 'ਠੀਕ ਹੈ ਆਹ ਲਓ ਮੈਂ ਮੰਤਰ ਲਿਖ ਦਿੱਤਾ ਹੈ ਇਸ ਨੂੰ ਪੜ੍ਹਨ ਤੋਂ ਬਾਅਦ ਜੋ ਚਾਹੋਗੇ ਕਰ ਸਕੋਗੇ।' ਮੰਤਰ ਲੈ ਕੇ ਉਹ ਸ਼ਖ਼ਸ ਖੁਸ਼ੀ-ਖੁਸ਼ੀ ਘਰ ਨੂੰ ਤੁਰਨ ਹੀ ਲੱਗਾ ਸੀ ਕਿ ਵਿਦਵਾਨ ਨੇ ਉਸ ਨੂੰ ਮਗਰੋਂ ਆਵਾਜ਼ ਦਿੱਤੀ ਤੇ ਕਿਹਾ, 'ਰੁਕੋ! ਇਕ ਜ਼ਰੂਰੀ ਗੱਲ ਤਾਂ ਦੱਸਣੀ ਮੈਂ ਭੁੱਲ ਹੀ ਗਿਆ ਹਾਂ, ਉਹ ਇਹ ਹੈ ਕਿ ਜਦੋਂ ਇਸ ਮੰਤਰ ਨੂੰ ਪੜ੍ਹਨਾ ਹੈ ਤੁਹਾਨੂੰ ਉੱਲੂ ਦਾ ਖਿਆਲ ਨਹੀਂ ਆਉਣਾ ਚਾਹੀਦਾ ਤੇ ਯਾਦ ਰੱਖਣਾ ਜੇਕਰ ਉੱਲੂ ਦਾ ਖਿਆਲ ਕੀਤਾ ਤਾਂ ਮੰਤਰ ਕੰਮ ਨਹੀਂ ਕਰੇਗਾ।' ਉਸ ਸ਼ਖ਼ਸ ਨੇ ਕਿਹਾ, ਮਹਾਰਾਜ ਦੱਸਣ ਲਈ ਸ਼ੁਕਰੀਆਂ ਪਰ ਮੈਂ ਉੱਲੂ ਨੂੰ ਆਪਣੇ ਨੇੜੇ ਫਟਕਣ ਵੀ ਨਹੀਂ ਦਿਆਂਗਾ, ਤੁਸੀਂ ਚਿੰਤਾ ਨਾ ਕਰੋ।' ਉਹ ਖੁਸ਼ੀ-ਖੁਸ਼ੀ ਘਰ ਪਹੁੰਚਿਆ। ਜਦੋਂ ਘਰ ਜਾ ਕੇ ਉਸ ਨੇ ਮੰਤਰ ਦਾ ਖਿਆਲ ਕੀਤਾ ਤਾਂ ਉੱਲੂ ਵੀ ਨਾਲ ਹੀ ਹਾਜ਼ਰ ਹੋ ਗਿਆ। ਉਸ ਨੇ ਵਾਰ-ਵਾਰ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਉੱਲੂ ਤੋਂ ਖਹਿੜਾ ਛੁੱਟ ਜਾਵੇ ਪਰ ਜਿਵੇ ਹੀ ਉਹ ਉੱਲੂ ਦਾ ਖਿਆਲ ਤਿਆਗਣ ਦੀ ਕੋਸ਼ਿਸ਼ ਕਰਦਾ ਉਸੇ ਤਰ੍ਹਾਂ ਹਜ਼ਾਰਾਂ ਉੱਲੂ ਦਿਮਾਗ ਵਿਚ ਉਡਾਰੀਆਂ ਭਰਨ ਲਗਦੇ। ਘਰ ਦੇ ਦਰੱਖਤਾਂ, ਕੰਧਾਂ ਬਨੇਰਿਆਂ 'ਤੇ ਉੱਲੂ ਬੈਠੇ ਨਜ਼ਰ ਆਉਣ ਲੱਗ ਪੈਂਦੇ। ਪ੍ਰੇਸ਼ਾਨ ਹੋਇਆ ਉਹ ਬੰਦਾ ਦੁਬਾਰਾ ਵਿਦਵਾਨ ਪਾਸ ਗਿਆ ਤੇ ਅਰਜ਼ ਕੀਤੀ, 'ਮਹਾਰਾਜ ਇਸ ਉੱਲੂ ਦਾ ਕੁਝ ਕਰੋ।' ਉਸ ਵਿਦਵਾਨ ਨੇ ਕਿਹਾ, 'ਮਾਫ਼ ਕਰਨਾ ਇਸ ਉੱਲੂ ਦਾ ਮੇਰੇ ਪਾਸ ਕੋਈ ਉਪਾਅ ਨਹੀਂ।' ਵਿਗਿਆਨ ਨੇ ਜੀਵਨ ਦੀਆਂ ਮੁਸ਼ਕਿਲਾਂ, ਦੁੱਖ-ਤਕਲੀਫ਼ਾਂ ਅਤੇ ਬਿਮਾਰੀਆਂ ਨੂੰ ਕੁਝ ਹੱਦ ਤੱਕ ਘੱਟ ਕਰ ਦਿੱਤਾ ਹੈ ਪਰ ਮਾਨਸਿਕ ਸੰਤੁਸ਼ਟੀ ਪੱਖੋਂ ਅਸੀਂ ਸੱਖਣੇ ਜਿਹੇ ਹੋ ਗਏ ਹਾਂ।
ਉਸ ਸਮੇਂ ਜਦੋਂ ਆਦਿਮਾਨਵ ਗੁਫ਼ਾਵਾਂ ਵਿਚ ਰਹਿੰਦਾ ਸੀ। ਉਸ ਨੂੰ ਕੁਦਰਤੀ ਕਰੋਪੀਆਂ ਅਤੇ ਜੰਗਲੀ ਜੀਵਾਂ ਦਾ ਹੀ ਡਰ ਸੀ। ਇਸ ਦੇ ਉਪਾਅ ਲਈ ਉਸ ਨੇ ਮਨੋਕਲਪਿਤ ਦੇਵੀ ਦੇਵਤੇ ਸਿਰਜ ਲਏ ਅਗੇਤਰੇ ਡਰ ਤੋਂ ਲਗਭਗ ਸੁਰਖਰੂ ਹੋ ਗਿਆ। ਸਦੀਆਂ ਬਾਅਦ ਜਦ ਮਨੁੱਖ ਹੋਰ ਸਿਆਣਾ ਹੋਇਆ ਤਾਂ ਉਸ ਨੇ ਆਪਣੇ ਕੰਮਾਂ ਨੂੰ ਵੰਡ ਲਿਆ। ਖੇਤੀ, ਵਪਾਰ, ਜੰਗਾਂ-ਯੁੱਧਾਂ ਅਤੇ ਧਰਮ-ਕਰਮ ਦੇ ਖੇਤਰ ਲਈ ਵੀ ਵੱਖ-ਵੱਖ ਵਰਗ ਬਣਾਏ ਗਏ। ਇਸ ਤੋਂ ਅਗਾਂਹ ਸੰਦ ਬਣਾਉਣੇ, ਕੱਪੜੇ, ਜੁੱਤੀਆਂ ਅਤੇ ਭਾਂਡੇ ਆਦਿ ਬਣਾਉਣ ਲਈ ਵੀ ਵੱਖ-ਵੱਖ ਕਬੀਲਿਆਂ ਵਿਚ ਕੁਝ ਹੁਨਰਮੰਦ ਲੋਕਾਂ ਨੇ ਜ਼ਿੰਮੇਵਾਰੀਆਂ ਸੰਭਾਲੀਆਂ। ਵਸਤਾਂ ਗਿਣਤੀ ਦੀਆਂ ਸਨ ਅਤੇ ਵਸਤਾਂ ਦੀ ਵਰਤੋਂ ਵੀ ਬੜੀ ਸੀਮਤ ਸੀ। ਇਸ ਲਈ ਕਿਸੇ ਨੂੰ ਕੋਈ ਬਾਹਲਾ ਮਾਨਸਿਕ ਬੋਝ ਨਹੀਂ ਸੀ। ਫਜ਼ੂਲ ਖ਼ਰਚ, ਲੋਕ ਦਿਖਾਵਾ ਅਤੇ ਫੋਕੀ ਸ਼ਾਨ-ਓ-ਸ਼ੌਕਤ ਤੋਂ ਮਨੁੱਖ ਬਚਿਆ ਹੋਇਆ ਸੀ। ਚੀਜ਼ਾਂ/ਵਸਤਾਂ ਨੂੰ ਪੈਦਾ ਕਰਨ, ਘੜਨ/ਬਣਾਉਣ ਦੀ ਕਿਰਿਆ ਮਨੁੱਖ ਨੂੰ ਸਿਰਜਣਸ਼ੀਲ ਬਣਾਉਂਦੀ ਸੀ। ਅਜਿਹੀ ਵਿਵਸਥਾ ਵਿਚ ਜਿੱਥੇ ਮਨੁੱਖ ਕੁਦਰਤ ਦੇ ਕਰੀਬ ਜਿਊਂਦਾ ਸੀ ਉੱਥੇ ਉਹ ਮਾਨਸਿਕ ਤੌਰ 'ਤੇ ਅੱਜ ਦੇ ਮਨੁੱਖ ਜਿੰਨਾ ਪ੍ਰੇਸ਼ਾਨ ਨਹੀਂ ਸੀ। ਇਸ ਦੇ ਉਲਟ ਬਾਜ਼ਾਰ ਦੇ ਪ੍ਰਭਾਵ ਨੇ ਚੀਜ਼ਾਂ ਵਸਤਾਂ ਦੀ ਸਿਰਜਣਸ਼ੀਲਤਾ ਨੂੰ ਮਨੁੱਖਾਂ ਤੋਂ ਖੋਹ ਕੇ ਆਪਣੇ ਵਿਸ਼ਾਲ ਮਸ਼ੀਨੀ ਹੱਥਾਂ ਵਿਚ ਲੈ ਲਿਆ। ਮਨੁੱਖ ਨੂੰ ਇਕ ਤਰ੍ਹਾਂ ਮੰਡੀ ਦੀ ਵਸਤ ਸਮਝ ਕੇ ਇਸ ਦੀ ਹਰ ਲੋੜ ਤੋਂ ਕਮਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਲਸਰੂਪ ਸਾਡੇ ਸਰੀਰਕ ਕੰਮ ਘੱਟ ਹੋ ਰਹੇ ਹਨ ਪਰ ਮਾਨਸਿਕ ਪ੍ਰੇਸ਼ਾਨੀਆਂ ਵਧ ਰਹੀਆਂ ਹਨ। ਆਪਣੀ ਅਕਲ, ਸਿਆਣਪ ਨਾਲ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿਚ ਵੱਡੀਆਂ ਕਰਾਮਾਤਾਂ ਕਰਨ ਵਾਲੇ ਮਨੁੱਖ ਦੇ ਪਾਗਲਪਨ ਦਾ ਵੀ ਕੋਈ ਪਾਰਾਵਾਰ ਨਹੀਂ। ਅਖੌਤੀ ਵਿਕਾਸ ਅਤੇ ਸਿਆਣਪ ਦਾ ਦਾਅਵਾ ਕਰਨ ਵਾਲੇ ਮਨੁੱਖ ਨੇ ਏਨੇ ਵਿਨਾਸ਼ਕਾਰੀ ਜੰਗੀ ਪ੍ਰਬੰਧ ਕੀਤੇ ਹਨ। ਮਿੰਟਾਂ ਵਿਚ ਅਜਿਹੀ ਭਿਆਨਕ ਸਥਿਤੀ ਪੈਦਾ ਕੀਤੀ ਜਾ ਸਕਦੀ ਹੈ ਕਿ ਲੱਖਾਂ ਸਾਲਾਂ ਤੱਕ ਧਰਤੀ 'ਤੇ ਕਿਸੇ ਜੀਵ ਦੇ ਪੈਦਾ ਹੋਣ ਦੀ ਸੰਭਾਵਨਾ ਹੀ ਨਹੀਂ ਰਹੇਗੀ। ਪ੍ਰਦੂਸ਼ਣ ਏਨਾ ਹੈ ਕਿ ਹਵਾ ਪਾਣੀ ਪਲੀਤ ਹੋ ਰਹੇ ਹਨ। ਜੀਵਨ ਰੱਖਿਅਕ ਓਜ਼ੋਨ ਦੀ ਪਰਤ ਵਿਚ ਮਘੋਰੇ ਹੋ ਰਹੇ ਹਨ। ਦੁਨੀਆ ਦੇ ਅਨੇਕਾਂ ਖਿੱਤਿਆਂ ਵਿਚ ਧਰਮਾਂ, ਕੌਮਾਂ, ਨਸਲਾਂ ਜਾਂ ਹੱਦਬੰਦੀਆਂ ਦੇ ਨਾਂਅ 'ਤੇ ਜੰਗਾਂ ਚਲਦੀਆਂ ਹੀ ਰਹਿੰਦੀਆਂ ਹਨ। ਇਹ ਕਿਸ ਤਰ੍ਹਾਂ ਦੀ ਤਰੱਕੀ ਹੈ ਜੋ ਮਨੁੱਖ ਕਰ ਰਿਹਾ ਹੈ? ਮਨੁੱਖ ਦੀਆਂ ਆਪਹੁਦਰੀਆਂ ਨਾਲ ਇਸ ਦੇ ਸਮੁੱਚੇ ਜੀਵਨ ਦੀ ਹੋਂਦ ਹੀ ਖ਼ਤਰੇ ਵਿਚ ਪੈ ਰਹੀ ਹੈ। ਦੁਨੀਆ, ਜਿਵੇਂ ਇਕ ਵੱਡਾ ਪਾਗਲਖਾਨਾ ਬਣ ਰਹੀ ਹੈ। ਇਸ ਦੁਨੀਆ ਨੂੰ ਸਮਝਦਾਰ ਮਨੁੱਖਾਂ ਦੀ ਦੁਨੀਆ ਬਣਾਉਣ ਵਿਚ ਕਿੰਨੀ ਦੇਰ ਲੱਗੇਗੀ? ਕੀ ਇਹ ਸੰਭਵ ਵੀ ਹੋ ਸਕੇਗਾ ਕਦੇ?
ਇਕ ਮੰਗਣ ਵਾਲੇ ਤੋਂ ਲੈ ਕੇ ਵੱਡੇ ਨੇਤਾ ਤੱਕ ਹਰ ਕੋਈ ਸੋਨੇ ਦੇ ਮਨੋਕਲਪਿਤ ਮ੍ਰਿਗ ਪਿੱਛੇ ਦੌੜ ਰਿਹਾ ਹੈ। ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਪਿੱਛੇ ਇਕ ਹੀ ਮਨੋਰਥ ਹੈ, ਉਹ ਹੈ ਮਾਨਸਿਕ ਸ਼ਾਂਤੀ। ਹਰ ਤਰ੍ਹਾਂ ਦੇ ਇੰਤਜ਼ਾਮ ਕਰਨ ਉਪਰੰਤ ਵੀ ਜਦ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ਤਾਂ ਮਨੁੱਖ ਇਸ ਵਾਸਤੇ ਹੋਰ ਸਾਧਨਾਂ ਦੀ ਖੋਜ ਕਰਦਾ ਹੈ। ਉਹ ਆਸ਼ਰਮਾਂ, ਡੇਰਿਆਂ ਅਤੇ ਧਾਰਮਿਕ ਅਸਥਾਨਾਂ ਦੇ ਵਾਰ-ਵਾਰ ਚੱਕਰ ਲਗਾਉਂਦਾ ਹੈ। ਨਵੇਂ-ਨਵੇਂ ਮਨੋਰੰਜਨ ਦੇ ਸਾਧਨਾਂ ਦੀ ਤਲਾਸ਼ ਕਰਦਾ ਹੈ। ਥੋੜ੍ਹੀ ਰਾਹਤ ਮਹਿਸੂਸ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਪ੍ਰਯੋਗ ਕਰਦਾ ਹੈ। ਨਸ਼ਾ ਇਕ ਤਰ੍ਹਾਂ ਨਾਲ ਮਾਨਸਿਕ ਅਤੇ ਸਰੀਰਕ ਲੋੜਾਂ, ਥੋੜ੍ਹਾਂ, ਡਰ, ਉਦਾਸੀ, ਬੇਚੈਨੀ ਅਤੇ ਟੁੱਟ-ਭੱਜ ਦਾ ਆਪ ਹੀ ਡਾਕਟਰ ਬਣ ਕੇ ਗ਼ਲਤ ਢੰਗ ਨਾਲ ਇਲਾਜ ਕਰਨ ਦੀ ਵਿਅਰਥ ਕੋਸ਼ਿਸ਼ ਹੈ। ਅਜੋਕੇ ਸਮਿਆਂ ਵਿਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਉਤਸ਼ਾਹ ਨਹੀਂ ਹੈ। ਘਰ ਪਰਿਵਾਰ ਦੇ ਜੀਆਂ ਦਾ ਆਪਸੀ ਮੋਹ ਘਟ ਰਿਹਾ ਹੈ। ਬਰਦਾਸ਼ਤ ਕਰਨ ਦੀ ਹੱਦ ਘਟ ਰਹੀ ਹੈ, ਆਤਮ-ਹੱਤਿਆਵਾਂ ਦੀ ਸੰਖਿਆ ਵਧ ਰਹੀ ਹੈ। ਸਤਿਕਾਰਯੋਗ ਬਜ਼ੁਰਗਾਂ ਨੂੰ ਆਧੁਨਿਕਤਾ ਦੀ ਤਹਿਜ਼ੀਬ ਫਾਲਤੂ ਸਮਝਣ ਲੱਗ ਪਈ ਹੈ। ਸ਼ਹਿਰੋਂ ਵੱਖਰੇ ਬਿਰਧ ਆਸ਼ਰਮਾਂ ਦਾ ਉਸਾਰੇ ਜਾਣਾ ਦੱਸਦਾ ਹੈ ਕਿ ਹੁਣ ਬਜ਼ੁਰਗਾਂ ਲਈ ਘਰਾਂ ਵਿਚ ਥਾਂ ਨਹੀਂ ਰਹੀ। ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਦਾਦੀ ਅਤੇ ਪੋਤੇ ਦਰਮਿਆਨ ਪਾਈਆਂ ਜਾਣ ਵਾਲੀਆਂ ਬਾਤਾਂ ਦਾ ਸਮਾਂ ਸੋਸ਼ਲ ਮੀਡੀਆ, ਵੀਡੀਓ ਗੇਮਾਂ ਅਤੇ ਟੀ.ਵੀ. ਚੈਨਲਾਂ ਨੇ ਖੋਹ ਲਿਆ ਹੈ।
ਕਹਿੰਦੇ ਹਨ ਕਿ ਕਈ ਸਾਲ ਇਕ ਰੁੱਖ ਹੇਠ ਤਪ ਕਰਨ ਨਾਲ ਸਿਧਾਰਥ ਦਾ ਸਰੀਰ ਸੁੱਕ ਕੇ ਲੱਕੜ ਹੋ ਗਿਆ ਪਰ ਕੁਝ ਹਾਸਲ ਨਾ ਹੋਇਆ। ਇਕ ਦਿਨ ਗਾਉਣ ਵਾਲੇ ਲੋਕ ਗਾਇਕਾਂ ਦੀ ਇਕ ਟੋਲੀ ਉਸ ਪਾਸਿਓਂ ਗੁਜ਼ਰੀ। ਜੋ ਗੀਤ ਗਾਉਂਦੇ ਜਾ ਰਹੇ ਸਨ। ਉਸ ਗੀਤ ਦਾ ਭਾਵ ਸੀ ਸੰਗੀਤ ਦੀਆਂ ਤਾਰਾਂ ਨੂੰ ਏਨਾ ਨਾ ਕੱਸ ਕਿ ਤਾਰਾਂ ਟੁੱਟ ਜਾਣ ਤੇ ਏਨੀਆਂ ਢਿੱਲੀਆਂ ਵੀ ਨਾ ਛੱਡ ਕੇ ਇਨ੍ਹਾਂ 'ਚੋਂ ਸੰਗੀਤ ਹੀ ਨਾ ਨਿਕਲੇ। ਇਨ੍ਹਾਂ ਸ਼ਬਦਾਂ ਤੋਂ ਭਗਵਾਨ ਬੁੱਧ ਨੇ ਜੀਵਨ ਲਈ ਬਹੁਤ ਮਹੱਤਵਪੂਰਨ ਮੱਧ ਮਾਰਗ ਦੀ ਖੋਜ ਕੀਤੀ। ਜ਼ਿੰਦਗੀ ਦੇ ਸਾਜ ਨੂੰ ਸੁਰ 'ਚ ਰੱਖਣ ਲਈ ਜ਼ਰੂਰੀ ਹੈ ਇਸ ਦੀਆਂ ਤਾਰਾਂ ਨੂੰ ਬਾਹਲਾ ਕੱਸਿਆ ਜਾਂ ਢਿੱਲਾ ਨਾ ਛੱਡਿਆ ਜਾਵੇ। ਜ਼ਿੰਦਗੀ ਦੇ ਰੰਗਾਂ ਨੂੰ ਗੂੜ੍ਹਾ ਕਰਨ ਲਈ ਜ਼ਰੂਰੀ ਹੈ ਕਿ ਕਲਾ, ਕਿਤਾਬਾਂ ਅਤੇ ਸਿਰਜਣਾਤਮਿਕ ਕੰਮਾਂ ਨੂੰ ਜੀਵਨ ਦਾ ਹਿੱਸਾ ਬਣਾਇਆ ਜਾਵੇ। ਆਪਣੇ ਆਪ, ਘਰ ਪਰਿਵਾਰ ਅਤੇ ਸਮਾਜ ਲਈ ਵੀ ਸਮਰੱਥਾ ਅਨੁਸਾਰ ਸੁਹਿਦਰਤਾ ਨਾਲ ਜੀਵਿਆ ਜਾਵੇ, ਕਿਸੇ ਬਜ਼ੁਰਗ ਦੇ ਠੰਢੇ ਹੱਥਾਂ ਨੂੰ ਹੱਥਾਂ ਵਿਚ ਲੈ ਕੇ ਘੁੱਟਿਆ ਜਾਵੇ, ਨਿੱਕੇ ਹੱਥਾਂ ਨੂੰ ਸਹਾਰਾ ਦੇ ਕੇ ਕੋਈ ਚਿੱਤਰ ਬਣਾਇਆ ਜਾਵੇ, ਸਵੇਰੇ ਨਹਿਰ ਦੇ ਕਿਨਾਰੇ ਤੁਰਿਆ ਜਾਵੇ, ਕਿਸੇ ਦੁਖੀ ਦਾ ਹਾਲ-ਚਾਲ ਪੁੱਛਿਆ ਜਾਵੇ, ਦੂਜਿਆਂ ਦਾ ਆਸਰਾ ਬਣਿਆ ਜਾਵੇ, ਦੂਰ-ਦੁਰਾਡੇ ਦੇਸ਼, ਪਹਾੜਾਂ, ਰੇਗਿਸਤਾਨਾਂ ਵਿਚ ਘੁੰਮਿਆ ਜਾਵੇ, ਮੁਸਕਾਨ ਦੀ ਮਹਿਕ ਨੂੰ ਦੂਰ-ਦੂਰ ਤੱਕ ਖਿਲਾਰਿਆ ਜਾਵੇ, ਰੁੱਖਾਂ ਬੂਟਿਆਂ ਦੇ ਨਾਲ-ਨਾਲ ਜੀਵਿਆ ਜਾਵੇ, ਪੰਛੀਆਂ ਪਰਿੰਦਿਆਂ ਨਾਲ ਗੱਲਾਂ ਕੀਤੀਆਂ ਜਾਣ ਤੇ ਤਾਰਿਆਂ ਨਾਲ ਬਾਤਾਂ ਪਾਈਆਂ ਜਾਣ। ਜਿਊਣ ਦੇ ਅਰਥ ਸਿਰਫ ਆਪਣੇ ਆਪ ਲਈ ਜਿਊਣ ਤੱਕ ਹੀ ਸੀਮਤ ਨਹੀਂ ਹਨ ਬਲਕਿ ਇਸ ਸਮਾਜ, ਧਰਤੀ ਅਤੇ ਆਲੇ-ਦੁਆਲੇ ਲਈ ਵੀ ਜੀਵਿਆ ਜਾਵੇ। ਇਸ ਦੀ ਅੱਜ ਦੇ ਸਮਾਜ ਵਿਚ ਸਭ ਤੋਂ ਵੱਡੀ ਲੋੜ ਹੈ।
-ਜ਼ੀਰਾ: ਮੋ 98550-51099
ਬਲਰਾਜ ਸਾਹਨੀ ਦੀ ਵਧੇਰੇ ਪ੍ਰਸਿੱਧੀ ਇਕ ਅਦਾਕਾਰ ਵਜੋਂ ਹੈ। ਅਦਾਕਾਰੀ ਉਸ ਦਾ ਸ਼ੌਕ ਨਹੀਂ, ਮਜਬੂਰੀ ਸੀ। ਸਾਹਿਤਕਾਰ ਬਣਨ ਦੀ ਤਾਂਘ ਉਸ ਦੇ ਮਨ ਵਿਚ ਹਮੇਸ਼ਾ ਉੱਸਲਵਟੇ ਲੈਂਦੀ ਰਹੀ। ਉਹ ਸਾਰੀ ਉਮਰ ਇਕ ਅਜੀਬ ਕਸ਼ਮਕਸ਼ ਅਤੇ ਦੁਬਿਧਾ ਦਾ ਸ਼ਿਕਾਰ ਰਿਹਾ। ਕਸ਼ਮਕਸ਼ ਇਹੋ ਸੀ ਕਿ ...
ਕੇਂਦਰ ਦੀ ਵਰਤਮਾਨ ਸਰਕਾਰ ਨੇ ਰਾਸ਼ਟਰਵਾਦੀ ਧਾਰਨਾ ਨੂੰ ਪ੍ਰਮੁੱਖਤਾ ਦੇਣ ਦੇ ਏਜੰਡੇ ਅਧੀਨ ਕੋਰੋਨਾ ਤਾਲਾਬੰਦੀ ਦੇ ਹਨੇਰੇ ਵਿਚ ਸਾਕਾ ਜਲ੍ਹਿਆਂਵਾਲਾ ਬਾਗ਼ ਦੀ ਧਰਮ-ਨਿਰਪੱਖ ਤੇ ਸਾਂਝੀ ਵਿਰਾਸਤ ਨੂੰ ਉਜਾਗਰ ਕਰਨ ਦੀ ਥਾਂ ਨੂੰ ਅਖੌਤੀ ਰਾਸ਼ਟਰੀ ਸਰੂਪ ਦੇਣ ਦਾ ਦਾਅ ...
ਇਹ 'ਸਿੰਘਾਸਨ ਦੀ ਖੇਡ' ਸੀ, ਜਿਸ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ, ਜੋ ਚੋਟੀ ਦੇ ਦਾਅਵੇਦਾਰਾਂ ਵਲੋਂ ਇਕ-ਦੂਜੇ ਨੂੰ ਸ਼ਹਿ-ਮਾਤ ਦੇਣ ਦੇ ਚਲਦਿਆਂ ਚਾਰ ਦਹਾਕੇ ਪਹਿਲਾਂ ਗਿਆਨੀ ਜ਼ੈਲ ਸਿੰਘ (1972-1977) ਤੋਂ ਬਾਅਦ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX