ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਮੇਂ ਅਮਰੀਕਾ ਦੀ ਫੇਰੀ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਕਿ ਅਫ਼ਗਾਨ ਵਿਚ ਤਾਲਿਬਾਨ ਕਬਜ਼ਾ ਕਰਕੇ ਆਪਣੀ ਸਰਕਾਰ ਬਣਾ ਚੁੱਕਾ ਹੈ ਅਤੇ ਦੂਜੇ ਪਾਸੇ ਚੀਨ ਆਪਣੀ ਵਧਦੀ ਹੋਈ ਤਾਕਤ ...
ਮਨ ਦੀ ਆਦਤ ਹੈ ਇਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਚਲਦੇ ਰਹਿਣਾ। ਇਕ ਮੰਜ਼ਿਲ ਤੋਂ ਦੂਜੀ ਤੇ ਫਿਰ ਦੂਜੀ ਤੋਂ ਮਗਰੋਂ ਤੀਜੀ। ਮਨੋਵਿਗਿਆਨ ਦੱਸਦਾ ਹੈ ਕਿ ਕੁਝ ਪ੍ਰਾਪਤ ਕਰਨ ਤੋਂ ਬਾਅਦ ਮਨ ਦੀ ਭਟਕਣਾ ਤ੍ਰਿਪਤ ਨਹੀਂ ਹੁੰਦੀ ਬਲਕਿ ਪਹਿਲਾਂ ਨਾਲੋਂ ਵੀ ਤੀਬਰ ਹੋ ਜਾਂਦੀ ...
ਬਲਰਾਜ ਸਾਹਨੀ ਦੀ ਵਧੇਰੇ ਪ੍ਰਸਿੱਧੀ ਇਕ ਅਦਾਕਾਰ ਵਜੋਂ ਹੈ। ਅਦਾਕਾਰੀ ਉਸ ਦਾ ਸ਼ੌਕ ਨਹੀਂ, ਮਜਬੂਰੀ ਸੀ। ਸਾਹਿਤਕਾਰ ਬਣਨ ਦੀ ਤਾਂਘ ਉਸ ਦੇ ਮਨ ਵਿਚ ਹਮੇਸ਼ਾ ਉੱਸਲਵਟੇ ਲੈਂਦੀ ਰਹੀ। ਉਹ ਸਾਰੀ ਉਮਰ ਇਕ ਅਜੀਬ ਕਸ਼ਮਕਸ਼ ਅਤੇ ਦੁਬਿਧਾ ਦਾ ਸ਼ਿਕਾਰ ਰਿਹਾ। ਕਸ਼ਮਕਸ਼ ਇਹੋ ਸੀ ਕਿ ਅਦਾਕਾਰ ਉਹ ਬਣਨਾ ਨਹੀਂ ਸੀ ਚਾਹੁੰਦਾ ਪਰ ਇਹੋ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਬਣੀ ਰਹੀ, ਬੇਸ਼ੱਕ ਉਸ ਨੇ ਇਸ ਤੋਂ ਪਹਿਲਾਂ ਕੁਝ ਸਮਾਂ ਅਧਿਆਪਕੀ ਵੀ ਕੀਤੀ ਅਤੇ ਬੀ.ਬੀ.ਸੀ. 'ਤੇ ਰੇਡੀਓ ਅਨਾਊਂਸਰ ਵੀ ਰਿਹਾ। ਸਾਹਿਤਕਾਰੀ ਵੱਲ ਉਹ ਉਮਰ ਦੇ ਅਖ਼ੀਰਲੇ ਹਿੱਸੇ ਵਿਚ ਆਇਆ ਅਤੇ ਫਿਰ ਅਜਿਹਾ ਆਇਆ ਕਿ ਪਛੜੇਵਾਂ ਦੂਰ ਕਰਕੇ ਹੀ ਦਮ ਲਿਆ
ਬਲਰਾਜ ਸਾਹਨੀ ਨੇ ਪੰਜਾਬੀ ਵਿਚ ਕੀ ਕੁਝ ਲਿਖਿਆ? ਇਸ ਦਾ ਮੁਕੰਮਲ ਵੇਰਵਾ ਮੇਰੇ ਇਕ ਪੀ.ਐੱਚ.ਡੀ. ਵਿਦਿਆਰਥੀ ਡਾ. ਗੁਰਪ੍ਰੀਤ ਸਿੱਘ ਸਿੱਧੂ ਦੀ ਪੁਸਤਕ 'ਬਲਰਾਜ ਸਾਹਨੀ ਦੀ ਪੰਜਾਬੀ ਵਾਰਤਕ : ਆਲੋਚਨਾਤਮਿਕ ਅਧਿਐਨ' ਵਿਚ ਵੇਖਿਆ ਜਾ ਸਕਦਾ ਹੈ ਪਰ ਉਸ ਦੀ ਹਿੰਦੀ ਰਚਨਾਵਲੀ ਕਿਸੇ ਖੋਜ ਵਿਦਿਆਰਥੀ ਨੇ ਇਕੱਤਰ ਕੀਤੀ ਹੈ ਜਾਂ ਨਹੀਂ? ਇਸ ਦਾ ਮੈਨੂੰ ਇਲਮ ਨਹੀਂ। ਪਿਛਲੇ ਦਿਨੀਂ 1972 ਵਿਚ ਛਪੇ ਇਕ ਹਿੰਦੀ ਨਿਬੰਧ, ਜਿਸ ਦਾ ਪੰਜਾਬੀ ਅਨੁਵਾਦ ਹਰਜੋਤ ਨੇ ਕੀਤਾ ਹੈ, ਪੜ੍ਹਨ ਦਾ ਸਬੱਬ ਬਣਿਆ ਜਿਸ ਵਿਚੋਂ ਬਲਰਾਜ ਸਾਹਨੀ ਦੇ ਮਾਤਭਾਸ਼ਾ ਪ੍ਰਤੀ ਦ੍ਰਿਸ਼ਟੀਕੋਣ ਅਤੇ ਉਸ ਦੇ ਪੰਜਾਬੀ ਪਿਆਰ ਦੀ ਥਹੁ ਪਾਈ ਜਾ ਸਕਦੀ ਹੈ। ਇਸ ਤੋਂ ਬਿਨਾਂ ਇਸ ਨਿਬੰਧ ਵਿਚ ਹੀ ਭਾਰਤ ਦੀਆਂ ਭਾਸ਼ਾਈ ਅਤੇ ਲਿਪੀਆਂ ਦੀਆਂ ਸਮੱਸਿਆਵਾਂ ਉਪਰ ਵੀ ਚਰਚਾ ਹੈ। ਇਸ ਮਹੱਤਵਪੂਰਨ ਨਿਬੰਧ ਦਾ ਨਾਂਅ ਹੈ ਅਪੀਲ। ਪੰਜਾਹ ਸਫ਼ਿਆਂ ਉੱਪਰ ਫੈਲੇ ਇਸ ਨਿਬੰਧ ਵਿਚ ਬਲਰਾਜ ਸਾਹਨੀ ਦੇ ਭਾਰਤ ਦੀਆਂ ਭਾਸ਼ਾਵਾਂ, ਲਿਪੀਆਂ, ਸਾਹਿਤ ਅਤੇ ਸੱਭਿਆਚਾਰ ਬਾਰੇ ਵਿਚਾਰ ਵੀ ਅੰਕਿਤ ਹਨ ਅਤੇ ਉਸ ਦਾ ਨਿੱਜੀ ਭਾਸ਼ਾ ਸੰਕਲਪ ਵੀ।
ਪੰਜਾਬ ਵਿਚ ਪੰਜਾਬੀ ਅਤੇ ਹਿੰਦੀ ਦਾ ਝਗੜਾ ਤਕਰੀਬਨ ਡੇਢ ਸੌ ਸਾਲ ਪੁਰਾਣਾ ਹੈ ਜੋ ਸਮੇਂ-ਸਮੇਂ ਰੰਗ ਰੂਪ ਵਟਾ ਕੇ ਪ੍ਰਗਟ ਹੁੰਦਾ ਹੈ ਅਤੇ ਅੱਜ ਵੀ ਹੈ। ਬਹੁਤਾ ਪਿੱਛੇ ਨਾ ਜਾਈਏ ਤਾਂ ਗੱਲ ਪੰਜਾਬੀ ਸੂਬੇ ਦੇ ਕਾਇਮ ਹੋਣ ਤੋਂ ਕੀਤੀ ਜਾ ਸਕਦੀ ਹੈ। ਪੰਜਾਬੀ ਸੂਬਾ ਕਿਹੜੇ ਹਾਲਾਤ ਵਿਚ ਅਤੇ ਕਿਉਂ ਬਣਿਆ? ਹੁਣ ਇਹ ਸਭ ਕੁਝ ਇਤਿਹਾਸ ਬਣ ਚੁੱਕਾ ਹੈ ਪਰ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਵਿਰੋਧੀਆਂ ਦੀ ਮਾਨਸਿਕਤਾ ਵਿਚ ਅੱਜ ਵੀ ਬਹੁਤਾ ਫ਼ਰਕ ਨਹੀਂ ਆਇਆ। ਜੇਕਰ ਫ਼ਰਕ ਪਿਆ ਹੁੰਦਾ ਤਾਂ ਇਹ ਝਗੜਾ ਇਕ ਨਵੇਂ ਰੂਪ ਵਿਚ ਉੱਭਰ ਕੇ ਸਾਹਮਣੇ ਨਾ ਆਉਂਦਾ। ਪੂਰਾ ਜ਼ੋਰ ਲਾਉਣ ਦੇ ਬਾਵਜੂਦ ਜੇ ਪੰਜਾਬੀ ਸੂਬਾ ਭਾਵੇਂ ਲੰਗੜਾ ਲੂਲਾ ਹੀ ਸਹੀ, ਬਣ ਹੀ ਗਿਆ ਤਾਂ ਵੀ ਪੰਜਾਬੀ ਵਿਰੋਧੀਆਂ ਨੇ ਹਾਰ ਨਹੀਂ ਮੰਨੀ। ਅਨੇਕਾਂ ਅਦਾਰਿਆਂ ਵਿਚ ਅੱਜ ਵੀ ਪੰਜਾਬੀ ਬੋਲਣ ਦੀ ਮਨਾਹੀ ਹੈ ਅਤੇ ਕਿੱਧਰੇ-ਕਿੱਧਰੇ ਜੁਰਮਾਨਿਆਂ ਦੀ ਗੱਲ ਵੀ ਸੁਣਨ ਨੂੰ ਮਿਲਦੀ ਹੈ। ਪੰਜਾਬੀ ਦੇ ਟਾਕਰੇ ਉੱਤੇ ਅਨੇਕਾਂ ਸਕੂਲ ਹਿੰਦੀ ਨੂੰ ਵਧੇਰੇ ਉਤਸ਼ਾਹਿਤ ਕਰਦੇ ਹਨ। ਹਿੰਦੀ ਨੂੰ ਸੰਪਰਕ ਭਾਸ਼ਾ ਮੰਨਣ ਅਤੇ ਇਸ ਨੂੰ ਇਕ ਭਾਸ਼ਾ ਵਜੋਂ ਪੜ੍ਹਨ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅਜਿਹਾ ਕੁਝ ਮਾਤ ਭਾਸ਼ਾ ਪੰਜਾਬੀ ਦੀ ਕੀਮਤ ਉੱਪਰ ਹੋ ਰਿਹਾ ਹੈ। ਹਿੰਦੀ ਦੇ ਮੋਹ ਵਿਚ ਪੰਜਾਬੀ ਦਾ ਅਪਮਾਨ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਠਹਿਰਾਇਆ ਜਾ ਸਕਦਾ।
ਇਸੇ ਸੰਦਰਭ ਵਿਚ ਮੈਂ ਬਲਰਾਜ ਸਾਹਨੀ ਦੇ ਕੁਝ ਵਿਚਾਰ ਪੰਜਾਬੀ ਵਿਰੋਧੀ ਵੀਰਾਂ ਦੇ ਦ੍ਰਿਸ਼ਟੀਗੋਚਰ ਪੇਸ਼ ਕਰਨਾ ਚਾਹੁੰਦਾ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਬਲਰਾਜ ਸਾਹਨੀ ਨੇ ਪਹਿਲਾਂ ਪਹਿਲ ਹਿੰਦੀ ਵਿਚ ਲਿਖਣਾ ਸ਼ੁਰੂ ਕੀਤਾ ਸੀ। ਹਿੰਦੀ ਵਿਚ ਲਿਖੀਆਂ ਉਸ ਦੀਆਂ ਕਈ ਕਹਾਣੀਆਂ ਉਸ ਵੇਲੇ ਦੇ ਪ੍ਰਸਿੱਧ ਰਿਸਾਲਿਆਂ ਵਿਚ ਛਪਦੀਆਂ ਵੀ ਰਹੀਆਂ ਹਨ ਪਰ ਪੰਜਾਬੀ ਵੱਲ ਮੋੜਾ ਉਸ ਨੇ ਗੁਰਦੇਵ ਰਾਬਿੰਦਰਨਾਥ ਟੈਗੋਰ ਦੀ ਪ੍ਰੇਰਨਾ ਨਾਲ ਕੱਟਿਆ। ਸ਼ਾਂਤੀ ਨਿਕੇਤਨ ਵਿਖੇ ਪੜ੍ਹਾਉਂਦਿਆਂ ਟੈਗੋਰ ਨਾਲ ਉਸ ਦਾ ਵਾਹ ਵਾਸਤਾ ਰੋਜ਼ ਹੀ ਰਹਿੰਦਾ ਸੀ। ਆਰੰਭ ਵਿਚ ਉਹ ਟੈਗੋਰ ਦੀਆਂ ਦਲੀਲਾਂ ਨਾਲ ਆਪਣੀ ਅਸਹਿਮਤੀ ਪ੍ਰਗਟ ਕਰਦਾ ਰਿਹਾ ਪਰ ਉਸ ਦੇ ਨਿਰੰਤਰ ਇਸਰਾਰ ਅਤੇ ਆਤਮ-ਚਿੰਤਨ ਨੇ ਸਾਹਨੀ ਨੂੰ ਹਮੇਸ਼ਾ ਲਈ ਪੰਜਾਬੀ ਦੇ ਲੜ ਲਾ ਦਿੱਤਾ। ਅਪੀਲ ਨਿਬੰਧ ਵਿਚ ਬਲਰਾਜ ਸਾਹਨੀ ਦੇ ਹਿੰਦੀ ਪ੍ਰਤੀ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਨੂੰ ਜਾਣਨਾ ਲਾਹੇਵੰਦਾ ਰਹੇਗਾ। ਸਾਹਨੀ ਲਿਖਦਾ ਹੈ 'ਹਿੰਦੀ ਸਾਡੇ ਦੇਸ਼ ਦੀ ਇਕ ਵਿਸ਼ੇਸ਼ ਅਤੇ ਮਹੱਤਵਪੂਰਨ ਭਾਸ਼ਾ ਹੈ। ਇਸ ਦੇ ਨਾਲ ਸਾਡੀ ਰਾਸ਼ਟਰੀ ਅਤੇ ਭਾਵਨਾਤਮਿਕ ਏਕਤਾ ਦਾ ਸਵਾਲ ਜੁੜਿਆ ਹੋਇਆ ਹੈ ਪਰ ਇਹ ਸਚਾਈ ਹੈ ਕਿ ਉਹ ਆਪਣੇ ਖੇਤਰ ਵਿਚ ਅਤੇ ਉਸ ਤੋਂ ਬਾਹਰ ਵੀ ਕਈ ਪ੍ਰਕਾਰ ਦੇ ਸੰਪਰਦਾਇਕ ਤੇ ਪ੍ਰਾਂਤਕ (ਸੂਬਾਈ) ਵੈਰ ਵਿਰੋਧ ਤੇ ਝਗੜਿਆਂ ਝਮੇਲਿਆਂ ਦਾ ਕਾਰਨ ਬਣੀ ਹੋਈ ਹੈ।' ਉਹ ਇਸ ਤੱਥ ਨੂੰ ਜਦ ਦੇਸ਼ ਵੰਡ ਨਾਲ ਜੋੜ ਕੇ ਵੇਖਦਾ ਹੈ ਤਾਂ ਕਹਿ ਉੱਠਦਾ ਹੈ, 'ਇਕ ਵਾਰ ਪਹਿਲਾਂ ਵੀ ਮੇਰਾ ਵਤਨ ਪੰਜਾਬ ਸੰਪਰਦਾਇਕ ਰਾਜਨੀਤੀ ਦੀ ਛੁਰੀ ਦੇ ਥੱਲੇ ਆਪਣਾ ਸਿਰ ਦੇ ਚੁੱਕਾ ਹੈ ਅਤੇ ਲੱਖਾਂ ਲੋਕਾਂ ਨੂੰ ਵਿਅਰਥ 'ਚ ਕੁਰਬਾਨ ਹੋਣਾ ਪਿਆ ਸੀ। ਕਿਤੇ ਕਿਸਮਤ ਵਿਚ ਇਕ ਹੋਰ ਬਰਬਾਦੀ ਦੀ ਸ਼ੁਰੂਆਤ ਤਾਂ ਨਹੀਂ ਕਰ ਰਹੀ।' ਉਸ ਦੀ ਪੱਕੀ ਧਾਰਨਾ ਹੈ ਕਿ ਭਾਸ਼ਾ ਨੂੰ ਸੁਪਨੇ ਵਿਚ ਵੀ ਸੰਪਰਦਾਇਕ ਰਾਜਨੀਤੀ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ।
ਅਪੀਲ ਨਿਬੰਧ ਦਾ ਇਕ ਪ੍ਰਕਰਨ 'ਮੇਰੇ ਭਾਸ਼ਾ ਸਬੰਧੀ ਅਨੁਭਵ' ਹੈ ਜਿਸ ਵਿਚ ਉਹ ਆਪਣੇ ਅਤੇ ਟੈਗੋਰ ਦਰਮਿਆਨ ਹੋਈ ਵਾਰਤਾਲਾਪ ਦੀ ਖੁੱਲ੍ਹ ਕੇ ਚਰਚਾ ਕਰਦਾ ਹੈ। ਇਕ ਮੌਕੇ ਰਾਬਿੰਦਰ ਨਾਥ ਟੈਗੋਰ ਬਲਰਾਜ ਸਾਹਨੀ ਨੂੰ ਪੁੱਛਦਾ ਹੈ ਕਿ ਉਹ ਆਪਣੀ ਮਾਤ ਭਾਸ਼ਾ (ਪੰਜਾਬੀ) ਵਿਚ ਕਿਉਂ ਨਹੀਂ ਲਿਖਦਾ, ਹਿੰਦੀ ਵਿਚ ਕਿਉਂ ਲਿਖਦਾ ਹੈ? ਸਾਹਨੀ ਉੱਤਰ ਦਿੰਦਾ ਹੈ ਕਿ ਹਿੰਦੀ ਦੇਸ਼ ਦੀ ਭਾਸ਼ਾ ਹੈ। ਹਿੰਦੀ ਵਿਚ ਲਿਖਣ ਕਰਕੇ ਮੈਂ ਦੇਸ਼ ਭਰ ਦੇ ਪਾਠਕਾਂ ਤੱਕ ਪਹੁੰਚ ਸਕਦਾ ਹਾਂ। ਇਸ ਦੇ ਜਵਾਬ ਵਿਚ ਟੈਗੋਰ ਨੇ ਜੋ ਕਿਹਾ, ਉਹ ਬਹੁਤ ਮਹੱਤਵਪੂਰਨ ਹੈ। ਉਸ ਦਾ ਜਵਾਬ ਸੀ, 'ਮੈਂ ਤਾਂ ਕੇਵਲ ਇਕ ਪ੍ਰਾਂਤ ਦੀ ਭਾਸ਼ਾ ਵਿਚ ਹੀ ਲਿਖਦਾ ਹਾਂ ਪਰ ਮੇਰੀਆਂ ਰਚਨਾਵਾਂ ਨੂੰ ਸਾਰਾ ਭਾਰਤ ਹੀ ਨਹੀਂ, ਸਾਰਾ ਸੰਸਾਰ ਪੜ੍ਹਦਾ ਹੈ। ਪਾਠਕਾਂ ਦੀ ਗਿਣਤੀ ਭਾਸ਼ਾ ਉੱਤੇ ਨਿਰਭਰ ਨਹੀਂ ਕਰਦੀ।' ਇਸ ਉੱਤਰ ਦਾ ਵੀ ਸਾਹਨੀ ਉੱਪਰ ਕੋਈ ਬਹੁਤਾ ਅਸਰ ਨਾ ਹੋਇਆ। ਫਿਰ ਇਕ ਦਿਨ ਟੈਗੋਰ ਨੇ ਉਹੀ ਪ੍ਰਸ਼ਨ ਬਲਰਾਜ ਸਾਹਨੀ ਨੂੰ ਕੀਤਾ ਤਾਂ ਉਸ ਨੇ ਆਪਣਾ ਹਿੰਦੀ ਪ੍ਰੇਮ ਜਤਾਉਂਦਿਆਂ ਪਹਿਲਾਂ ਵਾਲਾ ਹੀ ਉੱਤਰ ਦਿੱਤਾ। ਅਸਲ ਵਿਚ ਸਾਹਨੀ ਉਸ ਵੇਲੇ ਤੱਕ ਪੰਜਾਬੀ ਨੂੰ ਹਿੰਦੀ ਦੀ ਹੀ ਇਕ ਉਪ ਭਾਸ਼ਾ ਮੰਨਦਾ ਸੀ ਜਿਸ ਵਿਚ ਸਿੱਖ ਧਾਰਮਿਕ ਗ੍ਰੰਥਾਂ ਤੋਂ ਇਲਾਵਾ ਹੋਰ ਕੋਈ ਸਾਹਿਤਕ ਰਚਨਾ ਨਹੀਂ ਸੀ। ਇਸ ਜਵਾਬ ਤੋਂ ਮਹਾਤਮਾ ਟੈਗੋਰ ਖਿੱਝ ਗਏ ਤੇ ਕਹਿਣ ਲੱਗੇ, 'ਜਿਸ ਭਾਸ਼ਾ ਵਿਚ ਗੁਰੂ ਨਾਨਕ ਜਿਹੇ ਮਹਾਨ ਕਵੀ ਨੇ ਲਿਖਿਆ ਹੈ, ਤੂੰ ਕਹਿੰਦਾ ਹੈ ਉਸ ਵਿਚ ਕੋਈ ਸਾਹਿਤ ਨਹੀਂ ਹੈ।' ਮਗਰੋਂ ਉਨ੍ਹਾਂ ਗੁਰੂ ਨਾਨਕ ਰਚਿਤ 'ਆਰਤੀ' ਵਿਚੋਂ ਕੁਝ ਸਤਰਾਂ ਸਾਹਨੀ ਨੂੰ ਸੁਣਾਈਆਂ। ਟੈਗੋਰ ਨੇ ਉਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਭਗਤ ਕਬੀਰ ਜੀ ਦੀ ਬਾਣੀ ਦਾ ਅਨੁਵਾਦ ਬੰਗਾਲੀ ਵਿਚ ਕੀਤਾ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਨੁਵਾਦ ਕਰਨ ਦੀ ਹਿੰਮਤ ਉਸ ਕੋਲੋਂ ਨਹੀਂ ਹੋਈ ਕਿਉਂਕਿ ਉਸ ਨੂੰ ਡਰ ਸੀ ਕਿ ਉਹ ਬਾਣੀ ਨਾਲ ਇਨਸਾਫ਼ ਨਹੀਂ ਕਰ ਸਕਦਾ।
ਜਿਸ ਦਿਨ ਰਾਬਿੰਦਰ ਨਾਥ ਟੈਗੋਰ ਅਤੇ ਬਲਰਾਜ ਸਾਹਨੀ ਦਰਮਿਆਨ ਗੱਲਬਾਤ ਹੋਈ, ਉਸੇ ਸ਼ਾਮ ਉਸ ਦੀ ਮੁਲਾਕਾਤ ਅਚਾਰੀਆ ਕਸ਼ਿਤੀ ਮੋਹਨ ਸੇਨ ਨਾਲ ਹੋਈ ਜੋ ਭਗਤੀ ਕਾਲ ਦੇ ਕੋਟੀ ਦੇ ਵਿਦਵਾਨ ਮੰਨੇ ਜਾਂਦੇ ਸਨ। ਜਦੋਂ ਬਲਰਾਜ ਸਾਹਨੀ ਨੇ ਉਸ ਨਾਲ ਮਹਾਤਮਾ ਟੈਗੋਰ ਨਾਲ ਹੋਈ ਵਾਰਤਾਲਾਪ ਦਾ ਜ਼ਿਕਰ ਕੀਤਾ ਤਾਂ ਸੇਨ ਨੇ ਵੀ ਅਜਿਹਾ ਉੱਤਰ ਦਿੱਤਾ ਕਿ ਸਾਹਨੀ ਨਿਰਉੱਤਰ ਹੋ ਗਿਆ। ਅਚਾਰੀਆ ਸੇਨ ਦਾ ਕਥਨ ਸੀ, 'ਪਰਾਈ ਭਾਸ਼ਾ ਵਿਚ ਲਿਖਣ ਵਾਲਾ ਲੇਖਕ ਵੇਸਵਾ ਦੇ ਸਮਾਨ ਹੈ। ਵੇਸਵਾ ਧਨ, ਦੌਲਤ, ਮਸ਼ਹੂਰੀ ਤੇ ਐਸ਼ਪ੍ਰਸਤੀ ਭਰਿਆ ਘਰ-ਬਾਰ ਸਭ ਕੁਝ ਪ੍ਰਾਪਤ ਕਰ ਸਕਦੀ ਹੈ ਪਰ ਇਕ ਗ੍ਰਹਿਣੀ ਨਹੀਂ ਬਣ ਸਕਦੀ।'
ਅੱਜਕਲ੍ਹ ਸੁਣਨ ਵਿਚ ਆਉਂਦਾ ਹੈ ਕਿ ਪੰਜਾਬ ਦੇ ਵਿੱਦਿਅਕ ਖੇਤਰ ਵਿਚ ਆਰ.ਐਸ.ਐਸ. ਬੜੇ ਜ਼ੋਰ ਸ਼ੋਰ ਨਾਲ ਪ੍ਰਵੇਸ਼ ਕਰ ਰਿਹਾ ਹੈ। ਇਸ ਦੀ ਭਾਸ਼ਾ ਨੀਤੀ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ, ਕਿਉਂਕਿ ਇਹ ਰਾਜ ਚਲਾ ਰਹੀ ਪਾਰਟੀ ਦੀ ਭਾਸ਼ਾ ਨੀਤੀ ਨਾਲ ਐਨ ਮੇਲ ਖਾਂਦੀ ਹੈ। ਆਰ.ਐਸ.ਐਸ. ਵਲੋਂ ਸੰਚਾਲਿਤ ਅਦਾਰਿਆਂ ਵਿਚ ਮਾਸਟਰ ਜਾਂ ਅਧਿਆਪਕ ਨੂੰ ਅਚਾਰੀਆ ਅਤੇ ਹੈੱਡ ਮਾਸਟਰ ਨੂੰ ਪ੍ਰਧਾਨ ਅਚਾਰੀਆ ਕਿਹਾ ਜਾਂਦਾ ਹੈ। ਪਿਛਲੇ ਦਿਨੀਂ ਯੂ.ਟਿਊਬ ਉੱਪਰ ਡਾ. ਪਿਆਰੇ ਲਾਲ ਗਰਗ ਦੀ ਇਕ ਮੁਲਾਕਾਤ ਵੇਖਣ ਦਾ ਮੌਕਾ ਮਿਲਿਆ ਜਿਸ ਵਿਚ ਉਸ ਨੇ ਖੁੱਲ੍ਹ ਕੇ ਆਰ.ਐਸ.ਐਸ. ਦੇ ਮਨਸੂਬਿਆਂ ਦੀ ਚਰਚਾ ਕੀਤੀ ਹੈ। ਕਹਿਣ ਦੀ ਲੋੜ ਨਹੀਂ ਕਿ ਪੰਜਾਬ ਦੀ ਭਾਸ਼ਾ ਸਮੱਸਿਆ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਸੁਲਘਦੀ ਰੱਖੀ ਜਾ ਰਹੀ ਹੈ। ਅਜਿਹੀ ਹਾਲਤ ਵਿਚ ਬਲਰਾਜ ਸਾਹਨੀ ਦੇ ਵਿਚਾਰ ਸਾਨੂੰ ਰਾਹ ਵੀ ਦੱਸਦੇ ਹਨ ਅਤੇ ਇਹ ਪੰਜਾਹ ਸਾਲਾਂ ਬਾਅਦ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹਨ।
-ਮੋ: 98889-39808.
ਕੇਂਦਰ ਦੀ ਵਰਤਮਾਨ ਸਰਕਾਰ ਨੇ ਰਾਸ਼ਟਰਵਾਦੀ ਧਾਰਨਾ ਨੂੰ ਪ੍ਰਮੁੱਖਤਾ ਦੇਣ ਦੇ ਏਜੰਡੇ ਅਧੀਨ ਕੋਰੋਨਾ ਤਾਲਾਬੰਦੀ ਦੇ ਹਨੇਰੇ ਵਿਚ ਸਾਕਾ ਜਲ੍ਹਿਆਂਵਾਲਾ ਬਾਗ਼ ਦੀ ਧਰਮ-ਨਿਰਪੱਖ ਤੇ ਸਾਂਝੀ ਵਿਰਾਸਤ ਨੂੰ ਉਜਾਗਰ ਕਰਨ ਦੀ ਥਾਂ ਨੂੰ ਅਖੌਤੀ ਰਾਸ਼ਟਰੀ ਸਰੂਪ ਦੇਣ ਦਾ ਦਾਅ ...
ਇਹ 'ਸਿੰਘਾਸਨ ਦੀ ਖੇਡ' ਸੀ, ਜਿਸ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ, ਜੋ ਚੋਟੀ ਦੇ ਦਾਅਵੇਦਾਰਾਂ ਵਲੋਂ ਇਕ-ਦੂਜੇ ਨੂੰ ਸ਼ਹਿ-ਮਾਤ ਦੇਣ ਦੇ ਚਲਦਿਆਂ ਚਾਰ ਦਹਾਕੇ ਪਹਿਲਾਂ ਗਿਆਨੀ ਜ਼ੈਲ ਸਿੰਘ (1972-1977) ਤੋਂ ਬਾਅਦ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX