ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਸਮੁੱਚੀ ਅਰਥਵਿਵਸਥਾ ਲੜਖੜਾ ਗਈ ਸੀ। ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿਚ ਭਾਰੀ ਵਾਧੇ ਨੇ ਲੋਕਾਂ ਵਿਚ ਵੱਡਾ ਸਹਿਮ ਪੈਦਾ ਕਰ ਦਿੱਤਾ ਸੀ। ਕੁਝ ਸਮਾਂ ਬੀਤਣ ਤੋਂ ਬਾਅਦ ਹਰ ਪੱਖ ਤੋਂ ਹੋਏ ਵੱਡੇ ਨੁਕਸਾਨ ਤੋਂ ਪਿੱਛੋਂ ਇਹੀ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਜਦੋਂ ਤੱਕ ਇਸ ਭਿਆਨਕ ਮਹਾਂਮਾਰੀ ਖ਼ਿਲਾਫ਼ ਕਿਸੇ ਪ੍ਰਭਾਵਸ਼ਾਲੀ ਟੀਕੇ ਦੀ ਈਜਾਦ ਨਹੀਂ ਹੁੰਦੀ, ਉਦੋਂ ਤੱਕ ਪੈਦਾ ਹੋਇਆ ਦੁਖਾਂਤ ਬਣਿਆ ਰਹੇਗਾ। ਦੁਨੀਆ ਭਰ ਦੇ ਦੇਸ਼ਾਂ ਅਤੇ ਵਿਗਿਆਨੀਆਂ ਨੇ ਟੀਕੇ ਦੀ ਪ੍ਰਾਪਤੀ ਲਈ ਪੂਰੀ ਵਾਹ ਲਾਈ। ਅਖੀਰ ਉਨ੍ਹਾਂ ਨੂੰ ਇਸ ਖੇਤਰ ਵਿਚ ਸਫਲਤਾ ਮਿਲਣ ਲੱਗੀ। ਇਸ ਵਿਚ ਰੂਸ, ਚੀਨ, ਅਮਰੀਕਾ, ਬਰਤਾਨੀਆ ਆਦਿ ਦੇਸ਼ ਅੱਗੇ ਵਧੇ। ਲਗਾਤਾਰ ਤਜਰਬੇ ਕੀਤੇ ਜਾਂਦੇ ਰਹੇ ਅਤੇ ਵੱਖ-ਵੱਖ ਟੀਕਿਆਂ ਦੀ ਮਹਾਨ ਈਜਾਦ ਦੁਨੀਆ ਦੇ ਸਾਹਮਣੇ ਆਈ।
ਭਾਰਤ ਗ਼ੁਰਬਤ ਮਾਰਿਆ ਅਤੇ ਵੱਡੀ ਆਬਾਦੀ ਵਾਲਾ ਦੇਸ਼ ਹੈ। ਇਸ ਲਈ ਇਸ ਦੀਆਂ ਸਮੱਸਿਆਵਾਂ ਅਨੇਕਾਂ ਅਨੇਕ ਹਨ। ਪਹਿਲਾਂ ਤਾਂ ਜਾਪਦਾ ਸੀ ਕਿ ਇਸ ਲਈ ਇਸ ਖੇਤਰ ਵਿਚ ਪ੍ਰਾਪਤੀ ਕਰਨੀ ਬੇਹੱਦ ਮੁਸ਼ਕਿਲ ਹੋਵੇਗੀ ਪਰ ਇਹ ਵੱਡੀ ਸੰਤੁਸ਼ਟੀ ਵਾਲੀ ਗੱਲ ਰਹੀ ਕਿ ਭਾਰਤ ਬਾਇਓਟੈਕ ਕੰਪਨੀ ਦੀ 'ਕੋਵੈਕਸੀਨ' ਅਤੇ ਸਿਰਮ ਇੰਸਟੀਚਿਊਟ ਆਫ ਇੰਡੀਆ ਵਲੋਂ 'ਕੋਵੀਸ਼ੀਲਡ' ਟੀਕਿਆਂ ਦੀ ਈਜਾਦ ਨੇ ਇਕ ਵੱਡੀ ਤਬਦੀਲੀ ਲਿਆਂਦੀ। ਦੇਸ਼ ਵਿਚ ਬਣੇ ਇਨ੍ਹਾਂ ਟੀਕਿਆਂ ਦੇ ਪ੍ਰਭਾਵਸ਼ਾਲੀ ਰੋਲ ਨੇ ਲੋਕ ਮਨਾਂ 'ਤੇ ਜਾਦੂਈ ਅਸਰ ਕੀਤਾ। ਦੇਸ਼ ਵਿਚ ਇਸੇ ਸਾਲ 16 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿਚ ਪਹਿਲਾਂ ਸਿਹਤ ਕਰਮੀਆਂ ਅਤੇ ਪਹਿਲੀ ਕਤਾਰ ਵਿਚ ਸਰਗਰਮ ਵਿਅਕਤੀਆਂ ਦੇ ਟੀਕੇ ਲਗਾਏ ਗਏ ਤੇ ਉਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਆਰੰਭੀ ਗਈ। ਇਸ ਦੇ ਨਾਲ-ਨਾਲ ਟੀਕਾ ਕੇਂਦਰਾਂ ਵਿਚ ਵੀ ਵਾਧਾ ਕੀਤਾ ਜਾਂਦਾ ਰਿਹਾ। ਅੱਜ ਇਨ੍ਹਾਂ ਦੀ ਸੰਖਿਆ 65 ਹਜ਼ਾਰ ਤੋਂ ਉੱਪਰ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿਚ ਬੇਹੱਦ ਮੁਸ਼ਕਿਲਾਂ ਸਾਹਮਣੇ ਆਈਆਂ। ਟੀਕਿਆਂ ਦੀ ਘਾਟ, ਇਨ੍ਹਾਂ ਦੀ ਵੰਡ ਅਤੇ ਇਨ੍ਹਾਂ ਨੂੰ ਲਗਾਉਣ ਵਿਚ ਪਹਿਲਾਂ-ਪਹਿਲ ਤਾਂ ਇਕ ਤਰ੍ਹਾਂ ਦਾ ਹੜਕੰਪ ਮਚ ਗਿਆ ਸੀ। ਦੇਸ਼ ਦੀ ਇਕ ਅਰਬ 30 ਕਰੋੜ ਦੇ ਕਰੀਬ ਆਬਾਦੀ ਲਈ ਇਹ ਕੰਮ ਬੇਹੱਦ ਮੁਸ਼ਕਿਲ ਸੀ। ਟੀਕਿਆਂ ਦੀ ਕੀਮਤ ਨੂੰ ਲੈ ਕੇ ਵੱਡੀ ਬਹਿਸ ਤੇ ਆਲੋਚਨਾ ਹੁੰਦੀ ਰਹੀ। ਦੋ ਖੁਰਾਕਾਂ ਵਿਚਲੇ ਦਿਨਾਂ ਦੇ ਅੰਤਰ ਨੂੰ ਲੈ ਕੇ ਵੀ ਲਗਾਤਾਰ ਚਰਚਾ ਚਲਦੀ ਰਹੀ ਪਰ ਇਹ ਗੱਲ ਜ਼ਰੂਰ ਸੰਤੁਸ਼ਟੀ ਵਾਲੀ ਸੀ ਕਿ ਟੀਕਾਕਰਨ ਨੂੰ ਲੈ ਕੇ ਲੋਕਾਂ ਵਿਚ ਇਹ ਵਿਸ਼ਵਾਸ ਬਣ ਗਿਆ ਕਿ ਟੀਕਾ ਲਗਵਾਉਣਾ ਇਕ ਸੁਰੱਖਿਆ ਛਤਰੀ ਹਾਸਲ ਕਰਨ ਵਾਲੀ ਗੱਲ ਹੈ। ਇਸ ਨਾਲ ਜਿਥੇ ਬਿਮਾਰੀ ਦੀ ਗੰਭੀਰਤਾ ਘਟੀ, ਉਥੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਘਟਦੀ ਗਈ। ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਗੁਜਰਾਤ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਨੇ ਟੀਕਾਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ। ਅੱਜ ਇਸ ਗੱਲ ਨੂੰ ਦੇਸ਼ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਕਿ ਟੀਕਾਕਰਨ ਦੀ ਇਸ ਮੁਹਿੰਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਦੇਸ਼ ਦੀ ਆਬਾਦੀ ਵਧੇਰੇ ਹੈ, ਇਸ ਲਈ ਇਸ ਵਿਚ ਪੂਰੀ ਸਫਲਤਾ ਲਈ ਹਾਲੇ ਹੋਰ ਵੀ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਪਾਏ ਜਾਂਦੇ ਟੀਕੇ ਪ੍ਰਤੀ ਭਰਮ-ਭੁਲੇਖੇ ਦੂਰ ਕੀਤੇ ਜਾਣੇ ਅਜੇ ਬਾਕੀ ਹਨ। ਹਾਲੇ ਦੋ ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਤੇ ਨੌਜਵਾਨਾਂ ਲਈ ਟੀਕਾਕਰਨ ਦੀ ਕਵਾਇਦ ਸ਼ੁਰੂ ਕੀਤੀ ਜਾਣੀ ਹੈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ 85 ਫ਼ੀਸਦੀ ਆਬਾਦੀ ਦਾ ਪੂਰਾ ਟੀਕਾਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਇਸ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ ਕਿਉਂਕਿ ਇਹ 'ਡੈਲਟਾ' ਵੈਰੀਅੰਟ ਆਦਿ ਨਾਵਾਂ ਦੇ ਨਾਲ ਵੱਖੋ-ਵੱਖਰੇ ਰੂਪਾਂ ਵਿਚ ਵੀ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਤਾਂ ਇਸ ਮਹਾਂਮਾਰੀ ਦੀ ਤੀਜੀ ਤੇ ਚੌਥੀ ਲਹਿਰ ਦੇ ਦਸਤਕ ਦੇਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਪਰ ਹੁਣ ਵੱਡੀ ਪੱਧਰ 'ਤੇ ਇਸ ਮੁਹਿੰਮ ਦੇ ਜਾਰੀ ਰਹਿਣ ਤੋਂ ਬਾਅਦ ਲੋਕ ਮਨਾਂ ਵਿਚੋਂ ਇਸ ਮਹਾਂਮਾਰੀ ਦਾ ਡਰ ਅਤੇ ਸਹਿਮ ਘਟਦਾ ਜਾ ਰਿਹਾ ਹੈ, ਜਿਸ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਉਣ ਲੱਗੀ ਹੈ। ਇਹ ਸਰਗਰਮੀ ਜਿਥੇ ਮੁੜ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲੀ ਸਾਬਤ ਹੋ ਸਕਦੀ ਹੈ, ਉਥੇ ਵੱਡੇ ਪੱਧਰ 'ਤੇ ਫੈਲੀ ਬੇਰੁਜ਼ਗਾਰੀ ਨੂੰ ਵੀ ਘਟਾਉਣ ਵਿਚ ਸਹਾਈ ਹੋ ਸਕੇਗੀ। ਅਸੀਂ ਇਸ ਪ੍ਰਾਪਤੀ 'ਤੇ ਸਰਕਾਰ ਅਤੇ ਦੇਸ਼ ਵਾਸੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਇਹ ਆਸ ਕਰਦੇ ਹਾਂ ਕਿ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਣਾ ਹੀ ਮੁਲਕ ਲਈ ਬਿਹਤਰੀ ਦੀ ਨਿਸ਼ਾਨੀ ਹੋਵੇਗੀ। ਆਉਂਦੇ ਕੁਝ ਮਹੀਨਿਆਂ ਵਿਚ ਦੇਸ਼ ਦੀ ਸਮੁੱਚੀ ਆਬਾਦੀ ਨੂੰ ਟੀਕਾਕਰਨ ਦੇ ਘੇਰੇ ਵਿਚ ਲਿਆਉਣਾ ਹੀ ਸਰਕਾਰ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।
-ਬਰਜਿੰਦਰ ਸਿੰਘ ਹਮਦਰਦ
ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼
ਸਿੱਖੀ ਦੇ ਬੂਟੇ ਦੀ ਜੜ੍ਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਤੇ ਇਸ ਬੂਟੇ ਦੀ ਪ੍ਰਫੁੱਲਿਤਾ ਤੇ ਸਾਂਭ-ਸੰਭਾਲ ਅੱਗੋਂ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਆਪਣੇ ਜੀਵਨ-ਕਾਲ ਦੌਰਾਨ ਕਰਦੇ ਰਹੇ। ਇਸ ਤਰ੍ਹਾਂ ਸਿੱਖੀ ...
ਸਥਾਪਨਾ ਦਿਵਸ 'ਤੇ ਵਿਸ਼ੇਸ਼
ਹਿਮਾਚਲ ਪ੍ਰਦੇਸ਼ ਦਾ ਨਿੱਕਾ ਜਿਹਾ 'ਪੈਰਾਡਾਈਜ਼ ਵਿਲੇਜ' ਭਾਖੜਾ ਸਾਰੇ ਸੰਸਾਰ 'ਚ ਪ੍ਰਸਿੱਧ ਹੈ। ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਬੰਨ੍ਹਾਂ 'ਚੋਂ ਇਕ ਭਾਖੜਾ ਡੈਮ ਇਸ ਪਿੰਡ 'ਚ ਹੀ ਸਥਿਤ ਹੈ। ਭਾਖੜਾ ਡੈਮ ਦਾ ਨਿਰਮਾਣ ਕਾਰਜ ਦੇਸ਼ ਨੂੰ ...
ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਹਾਲਤ 'ਤੇ ਕਵਿੱਤਰੀ ਸਬੀਹਾ ਸਦਫ਼ ਦਾ ਇਹ ਸ਼ਿਅਰ ਬਹੁਤ ਢੁਕਦਾ ਹੈ
ਨਾ ਕੋਈ ਉਲਝਣ ਨਾ ਦਿਲ ਪ੍ਰੇਸ਼ਾਂ,
ਨਾ ਕੋਈ ਦਰਦ-ਏ-ਨਿਹਾਂ ਥਾ ਪਹਿਲੇ।
ਹਮਾਰੇ ਹਾਥੋਂ ਮੇਂ ਤਿਤਲੀਆਂ ਥੀਂ,
ਯੇ ਦਿਲ ਸ਼ਾਦਮਾ ਥਾ ਪਹਿਲੇ।
ਪਰ ਹੁਣ ਹਾਲਾਤ ਉਹ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX