ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਸਮੁੱਚੀ ਅਰਥਵਿਵਸਥਾ ਲੜਖੜਾ ਗਈ ਸੀ। ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿਚ ਭਾਰੀ ਵਾਧੇ ਨੇ ਲੋਕਾਂ ਵਿਚ ਵੱਡਾ ...
ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼
ਸਿੱਖੀ ਦੇ ਬੂਟੇ ਦੀ ਜੜ੍ਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਤੇ ਇਸ ਬੂਟੇ ਦੀ ਪ੍ਰਫੁੱਲਿਤਾ ਤੇ ਸਾਂਭ-ਸੰਭਾਲ ਅੱਗੋਂ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਆਪਣੇ ਜੀਵਨ-ਕਾਲ ਦੌਰਾਨ ਕਰਦੇ ਰਹੇ। ਇਸ ਤਰ੍ਹਾਂ ਸਿੱਖੀ ਜੀਵਨ-ਜਾਚ ਸਿਖਾਉਣ ਲਈ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਕਾਰਜ ਵਾਸਤੇ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ, ਬਾਬਾ ਅਮਰਦਾਸ ਜੀ ਤੋਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਗਟ ਹੋਏ। ਸ੍ਰੀ ਗੁਰੂ ਰਾਮਦਾਸ ਜੀ ਨੇ ਚੌਥੇ ਪਾਤਸ਼ਾਹ ਦੇ ਰੂਪ ਵਿਚ ਗੁਰੂ ਨਾਨਕ ਜੋਤਿ ਨੂੰ ਧਾਰਨ ਕੀਤਾ ਅਤੇ ਸਰਬ ਲੋਕਾਈ ਦਾ ਮਾਰਗ ਦਰਸ਼ਨ ਕਰ ਕੇ ਜੀਵਨ ਜੁਗਤਿ ਸਮਝਾਈ। ਗੁਰੂ ਸਾਹਿਬ ਦੀ ਧੰਨਤਾ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ-
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਅੰਗ 968)
ਆਪ ਜੀ ਨਿਰਮਲਤਾ ਦੇ ਪੁੰਜ ਸਨ, ਇਸ ਲਈ ਗੁਰਿਆਈ ਦੀ ਜ਼ਿੰਮੇਵਾਰੀ ਚੁੱਕਣ ਲਈ ਅਕਾਲ ਪੁਰਖ ਵਲੋਂ ਪ੍ਰਵਾਨਿਤ ਹੋਏ। ਸ੍ਰੀ ਗੁਰੂ ਰਾਮਦਾਸ ਜੀ ਸੰਤੁਸ਼ਟ ਜੀਵਨ ਦੇ ਮਾਲਕ, ਸੰਤ ਸੁਭਾਅ ਤੇ ਸੇਵਾ ਦੀ ਮੂਰਤ ਬਾਬਾ ਹਰਿਦਾਸ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਪ੍ਰਗਟ ਹੋਏ। ਆਪ ਜੀ ਦਾ ਆਗਮਨ ਕੱਤਕ ਵਦੀ 2 (25 ਅੱਸੂ) ਸੰਮਤ 1591 (1534 ਈ:) ਨੂੰ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿਖੇ ਹੋਇਆ। ਛੋਟੀ ਉਮਰੇ ਆਪ ਜੀ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੇ ਬਜ਼ੁਰਗ ਨਾਨੀ ਜੀ ਬਾਸਰਕੇ ਗਿੱਲਾਂ ਸ੍ਰੀ ਅੰਮ੍ਰਿਤਸਰ ਵਿਖੇ ਲੈ ਆਏ। ਪਰਿਵਾਰਕ ਗੁਜ਼ਾਰੇ ਲਈ ਇਥੇ ਘੁੰਙਣੀਆਂ ਵੇਚੀਆਂ।
ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਕਾਸ਼ ਨਗਰੀ ਸੀ। ਇਥੋਂ ਦੇ ਬਹੁਤੇ ਲੋਕ ਗੁਰੂ ਦਰਸ਼ਨਾਂ ਲਈ ਸ੍ਰੀ ਗੋਇੰਦਵਾਲ ਸਾਹਿਬ ਜਾਇਆ ਕਰਦੇ ਸਨ। ਭਾਈ ਜੇਠਾ ਜੀ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਉਹ ਵੀ ਸੰਗਤ ਵਿਚ ਤਨੋ, ਮਨੋ ਸੇਵਾ ਕਰਦੇ ਤੇ ਆਪਣਾ ਗੁਜ਼ਾਰਾ ਘੁੰਙਣੀਆਂ ਵੇਚ ਕੇ ਕਰਦੇ ਸਨ। ਗੁਰਬਾਣੀ, ਸਤਿਸੰਗਤ ਅਤੇ ਗੁਰੂ ਸੇਵਾ ਦਾ ਰੰਗ ਭਾਈ ਜੇਠਾ ਜੀ ਉੱਪਰ ਚੜ੍ਹਨ ਲੱਗ ਪਿਆ। ਨਿਮਰਤਾ, ਮਿੱਠੀ ਬੋਲ-ਬਾਣੀ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਖਿੱਚਿਆ। ਸੇਵਾ, ਘਾਲ ਤੇ ਸਿਰੜ ਨੇ ਭਾਈ ਜੇਠਾ ਜੀ ਨੂੰ ਤੀਜੇ ਪਾਤਸ਼ਾਹ ਜੀ ਦੇ ਨਜ਼ਦੀਕ ਲੈ ਆਂਦਾ। ਸਾਂਝ ਦੀ ਗੰਢ ਪੈਣੀ ਸ਼ੁਰੂ ਹੋ ਗਈ। ਗੁਰੂ-ਪਰਿਵਾਰ ਦੇ ਨਜ਼ਦੀਕ ਰਹਿੰਦਿਆਂ ਭਾਈ ਜੇਠਾ ਜੀ ਨੇ ਸੇਵਾ ਘਾਲ ਕਮਾਈ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਸਤਿਗੁਰਾਂ ਦੇ ਪਾਵਨ ਬਚਨਾਂ ਸਦਕਾ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਗਿਆ। ਭਾਈ ਜੇਠਾ ਜੀ ਸੇਵਕ ਤੋਂ ਜਵਾਈ ਬਣ ਗਏ ਪ੍ਰੰਤੂ ਜਵਾਈ ਭਾਈ ਵਾਲਾ ਰਿਸ਼ਤਾ ਗੁਰੂ-ਦਰਬਾਰੀ ਸੇਵਾ ਵਿਚ ਕਦੇ ਬੋਝ ਨਾ ਬਣਿਆ। ਨਿੱਤ ਦੀ ਤਰ੍ਹਾਂ ਬਾਉਲੀ ਦੀ ਗਾਰ ਕੱਢਣਾ, ਲੰਗਰਾਂ ਦੀ ਸੇਵਾ, ਸੰਗਤਾਂ ਦੀ ਸੇਵਾ ਨਿਰੰਤਰ ਜਾਰੀ ਰਹੀ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਨੇ ਸਿਰ 'ਤੇ ਟੋਕਰਾ ਚੁੱਕੀ ਵੇਖ ਕੇ ਤਾਅਨੇ ਵੀ ਮਾਰੇ, ਪਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ ਮਿਹਣੇ ਦਾ ਪਤਾ ਲੱਗਾ ਤਾਂ ਆਪ ਜੀ ਨੇ ਫ਼ਰਮਾਇਆ ਇਹ ਮਿੱਟੀ ਗਾਰੇ ਦਾ ਟੋਕਰਾ ਨਹੀਂ, ਇਹ ਤਾਂ ਦੀਨ ਦੁਨੀ ਦਾ ਸਿਰ ਛਤਰ ਹੈ। ਇਹ ਸੁਣ ਭਾਈ ਜੇਠਾ ਜੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਤੀਜੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਦੀ ਘਾਲ ਤੋਂ ਪ੍ਰਸੰਨ ਹੋ ਕੇ ਮਿੱਟੀ ਦਾ ਟੋਕਰਾ ਸਿਰੋਂ ਲੁਹਾ ਕੇ ਗੁਰਿਆਈ ਦੇ ਛਤਰ ਦੀ ਬਖਸ਼ਿਸ਼ ਕਰ ਦਿੱਤੀ। ਭੱਟ ਸਾਹਿਬਾਨ ਵਰਨਣ ਕਰਦੇ ਹਨ-
ਸਭ ਬਿਧਿ ਮਾਨਿੵਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਅੰਗ 1399)
ਇਸ ਤਰ੍ਹਾਂ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਵਾਨ ਹੋਏ। ਭਾਈ ਗੁਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਿੱਖੀ ਦਾ ਥੰਮ੍ਹ ਦੱਸਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਵਣਜ ਵਪਾਰੀ ਕਿਹਾ ਹੈ ਜੋ ਔਗੁਣਾਂ ਬਦਲੇ ਗੁਣ ਬਖਸ਼ਿਸ਼ ਕਰਦਾ ਹੈ:
ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।
ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ।
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ।
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ।
ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ।
(ਭਾਈ ਗੁਰਦਾਸ ਜੀ ਵਾਰ ਵਾਰ-24, ਪਾਊੜੀ-15)
ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਉੱਦਮ ਉਪਰਾਲੇ ਸ਼ੁਰੂ ਕੀਤੇ। ਗੁਰੂ ਘਰ ਦੀ ਹਰ ਪੱਖ ਤੋਂ ਮਜ਼ਬੂਤੀ ਲਈ ਜਿੱਥੇ ਮਸੰਦ ਸੰਸਥਾ ਦੀ ਨੀਂਹ ਰੱਖੀ, ਉਥੇ ਸਿੱਖੀ ਦੇ ਨਵੇਂ ਕੇਂਦਰ ਜਿਸ ਨੇ ਆਉਣ ਵਾਲੇ ਸਮੇਂ ਵਿਚ ਕੇਂਦਰੀ ਸਥਾਨ ਦਾ ਗੌਰਵ ਪ੍ਰਾਪਤ ਕਰਨਾ ਸੀ, ਬਾਰੇ ਵਿਉਂਤ ਸੋਚੀ। ਸ੍ਰੀ ਗੁਰੂ ਅਮਰਦਾਸ ਜੀ ਦੀ ਸੋਚ ਅਨੁਸਾਰ ਚੱਕ ਗੁਰੂ ਦੀ ਨੀਂਹ ਰੱਖੀ ਜੋ ਪਿੱਛੋਂ ਚੱਕ ਰਾਮਦਾਸ ਪੁਰ ਅਤੇ ਫਿਰ ਸ੍ਰੀ ਅੰਮ੍ਰਿਤਸਰ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਦੁਨੀਆ ਦੇ ਗੌਰਵਮਈ ਇਤਿਹਾਸ ਦਾ ਇਕ ਅਧਿਆਤਮਿਕ ਕੇਂਦਰ ਹੈ ਜੋ ਕਿ ਸਿੱਖ ਜਗਤ ਨੂੰ ਚੌਥੇ ਪਾਤਸ਼ਾਹ ਜੀ ਦੀ ਵੱਡੀ ਦੇਣ ਹੈ। ਭੱਟ ਬਾਣੀ ਵਿਚ ਜ਼ਿਕਰ ਹੈ-
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ॥
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ॥ (ਅੰਗ 1397)
ਸ੍ਰੀ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਭੰਡਾਰ ਮਨੁੱਖਤਾ ਦੀ ਝੋਲੀ ਵਿਚ ਪਾਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਪਾਤਸ਼ਾਹ ਜੀ ਦੀ ਬਾਣੀ ਮਨੁੱਖ ਮਾਤਰ ਲਈ ਧਰਮ ਨੂੰ ਧਾਰਨ ਕਰਾਉਣ ਦਾ ਵਸੀਲਾ, ਪ੍ਰੇਮ ਵਿਚ ਲੀਨ ਕਰਨ ਦਾ ਸਾਧਨ, ਸੁੱਖਾਂ ਦੀ ਦਾਤੀ, ਬਿਰਹੋਂ ਪੈਦਾ ਕਰਦੀ, ਗਿਆਨ ਪੈਦਾ ਕਰਕੇ ਆਤਮਿਕ ਅਨੰਦ ਪ੍ਰਦਾਨ ਕਰਦੀ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਹੁਤ ਬਖਸ਼ਿਸ਼ਾਂ ਹਨ। ਉਨ੍ਹਾਂ ਦੇ ਉਪਦੇਸ਼ ਜੀਵਨ ਨੂੰ ਅੰਮ੍ਰਿਤਮਈ ਬਣਾਉਣ ਵਾਲੇ ਹਨ। ਉਨ੍ਹਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਅਤੇ ਸਮਾਜਿਕ ਵਿਕਾਸ ਅਤੇ ਵਿਗਾਸ ਦਾ ਰਾਹ ਦਿਖਾਉਂਦੇ ਹਨ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਮਹੱਤਵ ਹੋਰ ਵੀ ਵਧੇਰੇ ਅਤੇ ਅਸਰਦਾਇਕ ਹੈ। ਮੇਰੀ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਹੈ ਕਿ ਆਓ, ਅਸੀਂ ਸਾਰੇ ਚੌਥੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਬਾਣੀ ਦੇ ਦਰਸਾਏ ਹੋਏ ਮਾਰਗ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਤ ਕਰੀਏ। ਗੁਰੂ ਸਾਹਿਬ ਵਰਗੀ ਨਿਮਰਤਾ ਦੇ ਧਾਰਨੀ ਬਣੀਏ।
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਸਥਾਪਨਾ ਦਿਵਸ 'ਤੇ ਵਿਸ਼ੇਸ਼
ਹਿਮਾਚਲ ਪ੍ਰਦੇਸ਼ ਦਾ ਨਿੱਕਾ ਜਿਹਾ 'ਪੈਰਾਡਾਈਜ਼ ਵਿਲੇਜ' ਭਾਖੜਾ ਸਾਰੇ ਸੰਸਾਰ 'ਚ ਪ੍ਰਸਿੱਧ ਹੈ। ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਬੰਨ੍ਹਾਂ 'ਚੋਂ ਇਕ ਭਾਖੜਾ ਡੈਮ ਇਸ ਪਿੰਡ 'ਚ ਹੀ ਸਥਿਤ ਹੈ। ਭਾਖੜਾ ਡੈਮ ਦਾ ਨਿਰਮਾਣ ਕਾਰਜ ਦੇਸ਼ ਨੂੰ ...
ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਹਾਲਤ 'ਤੇ ਕਵਿੱਤਰੀ ਸਬੀਹਾ ਸਦਫ਼ ਦਾ ਇਹ ਸ਼ਿਅਰ ਬਹੁਤ ਢੁਕਦਾ ਹੈ
ਨਾ ਕੋਈ ਉਲਝਣ ਨਾ ਦਿਲ ਪ੍ਰੇਸ਼ਾਂ,
ਨਾ ਕੋਈ ਦਰਦ-ਏ-ਨਿਹਾਂ ਥਾ ਪਹਿਲੇ।
ਹਮਾਰੇ ਹਾਥੋਂ ਮੇਂ ਤਿਤਲੀਆਂ ਥੀਂ,
ਯੇ ਦਿਲ ਸ਼ਾਦਮਾ ਥਾ ਪਹਿਲੇ।
ਪਰ ਹੁਣ ਹਾਲਾਤ ਉਹ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX