ਪੰਜਾਬ 'ਚ ਅਵਾਰਾ ਤੇ ਲਾਵਾਰਸ ਘੁੰਮਦੇ ਪਸ਼ੂਆਂ ਦੀ ਸਮੱਸਿਆ ਇਕ ਵਾਰ ਫਿਰ ਵਿਕਰਾਲ ਰੂਪ ਧਾਰਨ ਕਰਕੇ ਸਾਹਮਣੇ ਆ ਖੜ੍ਹੀ ਹੋਈ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਅੱਜ ਵੀ ਇਸ ਸੂਬੇ ਦੀ ਅਰਥ-ਵਿਵਸਥਾ ਜ਼ਿਆਦਾਤਰ ਖੇਤੀਬਾੜੀ ਤੇ ਪੇਂਡੂ ਪਿਛੋਕੜ 'ਤੇ ਹੀ ਨਿਰਭਰ ਕਰਦੀ ਹੈ। ਪੰਜਾਬ ਦੁੱਧ ਉਤਪਾਦਨ ਕਰਨ ਵਾਲਾ ਵੱਡਾ ਸੂਬਾ ਹੋਣ ਕਾਰਨ ਵੀ ਇੱਥੇ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣਾ ਸੁਭਾਵਿਕ ਗੱਲ ਹੈ। ਸੂਬੇ 'ਚ ਖੇਤੀਬਾੜੀ ਦੇ ਆਧੁਨਿਕੀਕਰਨ ਤੇ ਆਰਥਿਕ ਖੇਤਰ 'ਚ ਵਿਕਾਸ ਅਤੇ ਤਰੱਕੀ ਦੇ ਨਜ਼ਰੀਏ ਨਾਲ ਵੀ ਇੱਥੇ ਅਵਾਰਾ ਪਸ਼ੂਆਂ ਦੀ ਗਿਣਤੀ ਵਧੀ ਹੈ। ਖੇਤੀਬਾੜੀ ਖੇਤਰ 'ਚ ਟਰੈਕਟਰ ਯੁੱਗ ਦੇ ਆਉਣ ਨਾਲ ਪਸ਼ੂਆਂ 'ਤੇ ਆਧਾਰਿਤ ਖੇਤੀਬਾੜੀ ਦਾ ਪੱਧਰ ਘਟਦਾ ਗਿਆ, ਜਿਸ ਨਾਲ ਅਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਚਲੀ ਗਈ। ਇਕ ਸਰਵੇਖਣ ਅਨੁਸਾਰ ਸੂਬੇ 'ਚ ਅਜਿਹੇ ਅਵਾਰਾ ਪਸ਼ੂਆਂ ਦੀ ਗਿਣਤੀ 50 ਲੱਖ ਤੋਂ ਵੱਧ ਹੈ। ਅਜਿਹੇ ਲਾਵਾਰਸ ਪਸ਼ੂ ਸ਼ਹਿਰਾਂ ਤੇ ਪਿੰਡਾਂ ਦੋਵਾਂ ਥਾਵਾਂ 'ਤੇ ਬਹੁਗਿਣਤੀ 'ਚ ਘੁੰਮਦੇ-ਫਿਰਦੇ ਦਿਖਾਈ ਦਿੰਦੇ ਹਨ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ। ਸ਼ਹਿਰਾਂ ਦੇ ਗਲੀ-ਮੁਹੱਲਿਆਂ 'ਚ ਘੁੰਮਦੇ ਇਹ ਅਵਾਰਾ ਪਸ਼ੂ ਜਿੱਥੇ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ, ਉੱਥੇ ਹੀ ਪਿੰਡਾਂ 'ਚ ਇਹ ਫ਼ਸਲਾਂ ਦੇ ਨੁਕਸਾਨ ਦਾ ਕਾਰਨ ਬਣਦੇ ਹਨ। ਇਨ੍ਹਾਂ ਕਾਰਨ ਅਕਸਰ ਪਿੰਡਾਂ 'ਚ ਲੜਾਈ-ਝਗੜੇ ਵੀ ਹੁੰਦੇ ਰਹਿੰਦੇ ਹਨ। ਇਨ੍ਹਾਂ ਪਸ਼ੂਆਂ ਦੇ ਅਵਾਰਾ ਹੋਣ ਅਤੇ ਇਨ੍ਹਾਂ ਦੀ ਗਿਣਤੀ 'ਚ ਵਾਧੇ ਲਈ ਲੋਕਾਂ 'ਚ ਨੈਤਿਕਤਾ ਦੀ ਘਾਟ ਵੀ ਜ਼ਿੰਮੇਵਾਰ ਹੈ।
ਬਿਨਾਂ ਸ਼ੱਕ ਅਜਿਹੇ ਪਸ਼ੂ ਖੇਤੀਬਾੜੀ ਲਈ ਹਾਨੀਕਾਰਕ ਹਨ ਅਤੇ ਸ਼ਹਿਰਾਂ 'ਚ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ, ਪਰ ਅਜਿਹੇ ਜ਼ਿਆਦਾਤਰ ਪਸ਼ੂ ਸ਼ਹਿਰਾਂ ਜਾਂ ਪਿੰਡਾਂ 'ਚ ਬਹੁਤ ਹੀ ਤਰਸਯੋਗ ਹਾਲਤ 'ਚ ਰਹਿੰਦੇ ਦੇਖੇ ਜਾਂਦੇ ਹਨ। ਸ਼ਹਿਰਾਂ 'ਚ ਅਜਿਹੇ ਪਸ਼ੂ ਅਕਸਰ ਕੂੜੇ ਦੇ ਢੇਰਾਂ 'ਚ ਮੂੰਹ ਮਾਰ ਕੇ ਆਪਣਾ ਪੇਟ ਭਰਦੇ ਹਨ। ਇਸ ਦੌਰਾਨ ਉਹ ਪਲਾਸਟਿਕ ਤੇ ਹੋਰ ਹਾਨੀਕਾਰਕ ਚੀਜ਼ਾਂ ਵੀ ਨਿਗਲ ਲੈਂਦੇ ਹਨ। ਇਸ ਨਾਲ ਕਈ ਵਾਰ ਉਹ ਪੇਟ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਵੀ ਜਾਂਦੇ ਹਨ। ਪਿੰਡਾਂ 'ਚ ਫ਼ਸਲਾਂ ਦੀ ਸੁਰੱਖਿਆ ਦੇ ਨਾਂਅ 'ਤੇ ਇਨ੍ਹਾਂ ਨੂੰ ਦੂਰ ਭਜਾਉਣ ਲਈ ਇਨ੍ਹਾਂ ਦੀ ਡੰਡਿਆਂ-ਸੋਟਿਆਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ। ਪੇਟ ਭਰਨ ਲਈ ਚਾਰੇ ਅਤੇ ਪਾਣੀ ਦੇ ਲਈ ਅਕਸਰ ਇਨ੍ਹਾਂ ਨੂੰ ਇਧਰ-ਉਧਰ ਮੂੰਹ ਮਾਰਦੇ ਦੇਖਿਆ ਜਾ ਸਕਦਾ ਹੈ। ਸਿੱਟਾ ਇਹ ਹੈ ਕਿ ਇਨ੍ਹਾਂ ਦੀ ਇਹ ਹਾਲਤ ਜਿੱਥੇ ਨੈਤਿਕਤਾ ਦੇ ਨਿਘਾਰ ਨੂੰ ਦਰਸਾਉਂਦੀ ਹੈ, ਉੱਥੇ ਹੀ ਮਨੁੱਖਤਾ ਨੂੰ ਗੰਭੀਰ ਸੰਕਟ ਵੱਲ ਲਿਜਾਂਦੀ ਦਿਖਾਈ ਦਿੰਦੀ ਹੈ।
ਅਜਿਹੇ ਪਸ਼ੂਆਂ ਨੂੰ ਅਕਸਰ ਇਨ੍ਹਾਂ ਦੇ ਮਾਲਕਾਂ ਵਲੋਂ ਨਕਾਰ ਦਿੱਤੇ ਜਾਣ ਕਾਰਨ ਹੀ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਪਿੰਡਾਂ ਅਤੇ ਸ਼ਹਿਰਾਂ 'ਚ ਦੁਧਾਰੂ ਪਸ਼ੂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਲਾਵਾਰਸ ਛੱਡ ਦਿੱਤਾ ਜਾਂਦਾ ਹੈ। ਦੂਜੇ ਪਾਸੇ ਪੰਜਾਬ 'ਚ ਆਈ ਵਿਆਪਕ ਖ਼ੁਸ਼ਹਾਲੀ ਦੇ ਨਜ਼ਰੀਏ ਨਾਲ ਜ਼ਿਆਦਾਤਰ ਖੇਤੀਬਾੜੀ ਦੇ ਕੰਮ ਟਰੈਕਟਰ ਜਾਂ ਹੋਰ ਮਸ਼ੀਨਾਂ ਨਾਲ ਹੋਣ ਕਾਰਨ ਬਲਦਾਂ ਦਾ ਵਜੂਦ ਹੀ ਤਰਕਹੀਣ ਹੋ ਕੇ ਰਹਿ ਗਿਆ ਹੈ। ਸਮਾਜ ਦੇ ਕੁਝ ਦਾਨੀ ਤੇ ਦਿਆਲੂ ਲੋਕਾਂ ਵਲੋਂ ਕਈ ਥਾਈਂ ਗਊਸ਼ਾਲਾਵਾਂ ਦੀ ਵਿਵਸਥਾ ਕੀਤੀ ਜਾਂਦੀ ਰਹਿੰਦੀ ਹੈ, ਪਰ ਕਈ ਵਾਰ ਅਜਿਹੀਆਂ ਗਊਸ਼ਾਲਾਵਾਂ ਸਮੱਸਿਆ ਨੂੰ ਗੰਭੀਰ ਬਣਾਉਣ ਦਾ ਹੀ ਕਾਰਨ ਬਣਦੀਆਂ ਹਨ। ਜ਼ਿਆਦਾਤਰ ਗਊਸ਼ਾਲਾਵਾਂ 'ਚ ਗਾਵਾਂ ਅਤੇ ਹੋਰ ਪਸ਼ੂਆਂ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਮਨੁੱਖ ਦਾ ਦਰਦ ਹੋਰ ਵੀ ਵਧ ਜਾਂਦਾ ਹੈ। ਸਰਕਾਰੀ ਦਾਅਵਿਆਂ ਅਨੁਸਾਰ ਪੰਜਾਬ 'ਚ 2000 ਤੋਂ ਵਧ ਗਊਸ਼ਾਲਾਵਾਂ ਹਨ। ਇਨ੍ਹਾਂ 'ਚ ਗਾਵਾਂ ਤੇ ਹੋਰ ਪਸ਼ੂਆਂ ਦੇ ਰੱਖ-ਰਖਾਅ ਲਈ ਸੂਬਾ ਸਰਕਾਰਾਂ ਸਮੇਂ-ਸਮੇਂ 'ਤੇ 'ਗਊ-ਕਰ' ਵੀ ਉਗਰਾਹੁੰਦੀਆਂ ਰਹੀਆਂ ਹਨ, ਪਰ ਜ਼ਿਆਦਾਤਰ ਗਊਸ਼ਾਲਾਵਾਂ ਵੱਲ ਨਾ ਤਾਂ ਸਰਕਾਰਾਂ ਧਿਆਨ ਦਿੰਦੀਆਂ ਹਨ, ਨਾ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਹੀ ਯੋਗ ਦੇਖਭਾਲ ਕਰ ਪਾਉਂਦੀਆਂ ਹਨ। ਲਿਹਾਜ਼ਾ ਇਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੋ ਪਾਉਂਦੀ, ਜਿਸ ਕਾਰਨ ਇਹ ਪਸ਼ੂ ਬਿਮਾਰ ਹੋ ਕੇ ਕਈ ਵਾਰ ਅਸੁਭਾਵਿਕ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਉਮੀਦ ਨਾਲੋਂ ਵੱਧ ਪਸ਼ੂ ਹੋ ਜਾਣ 'ਤੇ ਕਈ ਵਾਰ ਅਜਿਹੇ ਕੇਂਦਰਾਂ ਤੋਂ ਰਾਤ ਸਮੇਂ ਪਸ਼ੂਆਂ ਨੂੰ ਕੱਢ ਦਿੱਤਾ ਜਾਂਦਾ ਹੈ। ਕਈ ਵਾਰ ਡੇਅਰੀਆਂ ਅਤੇ ਘਰੇਲੂ ਪਸ਼ੂਆਂ ਨੂੰ ਵੀ ਚੋਣ ਤੋਂ ਬਾਅਦ ਦਿਨ ਭਰ ਲਈ ਲਾਵਾਰਸ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਵੀ ਅਵਾਰਾ ਪਸ਼ੂਆਂ ਦੀ ਤਾਦਾਦ 'ਚ ਵਾਧਾ ਹੁੰਦਾ ਹੈ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਇਹ ਸਮੱਸਿਆ ਬੜੀ ਗੰਭੀਰ ਤੇ ਤਰਸਯੋਗ ਹੈ। ਦੇਸ਼ 'ਚ ਅਜਿਹੇ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤੀ ਸਮਾਜ 'ਚ ਦਾਨੀ ਤੇ ਧਾਰਮਿਕ ਲੋਕਾਂ ਦੀ ਬਹੁਗਿਣਤੀ ਹੈ, ਜੋ ਇਸ ਉਦੇਸ਼ ਨਾਲ ਧਨ ਦੀ ਸੇਵਾ ਕਰ ਸਕਦੇ ਹਨ। ਇਸ ਉਦੇਸ਼ ਦੀ ਪ੍ਰਾਪਤੀ ਲਈ ਗਊਸ਼ਾਲਾਵਾਂ ਜਾਂ ਅਜਿਹੇ ਕੇਂਦਰਾਂ ਦੀ ਬਹੁਤ ਵੱਡੇ ਪੱਧਰ 'ਤੇ ਜ਼ਰੂਰਤ ਹੈ, ਜਿੱਥੇ ਇਨ੍ਹਾਂ ਪਸ਼ੂਆਂ ਨੂੰ ਰੱਖਿਆ ਜਾ ਸਕੇ। ਸਰਕਾਰ ਵਲੋਂ ਇਸ ਦੇ ਲਈ ਠੋਸ ਤੇ ਯੋਗ ਨੀਤੀ ਬਣਾਏ ਜਾਣ ਅਤੇ ਫਿਰ ਉਸ 'ਤੇ ਪੂਰੀ ਇੱਛਾ ਸ਼ਕਤੀ ਨਾਲ ਅਮਲ ਕਰਨ ਦੀ ਬਹੁਤ ਲੋੜ ਹੈ। ਸਰਕਾਰ ਨੂੰ ਤਾਂ ਬਸ ਇਕ ਵਾਰ ਢਾਂਚਾ ਖੜ੍ਹਾ ਕਰਨ ਦੀ ਜ਼ਰੂਰਤ ਪਵੇਗੀ। ਬਾਕੀ ਕੰਮ ਦਾਨੀ ਲੋਕਾਂ ਦੀ ਦਿਆ-ਭਾਵਨਾ ਨਾਲ ਵੀ ਹੋ ਸਕਦਾ ਹੈ। ਸਮਾਜਿਕ ਪੱਧਰ 'ਤੇ ਵੀ ਇਸ ਸਮੱਸਿਆ ਪ੍ਰਤੀ ਲੋਕਾਂ 'ਚ ਮਨੁੱਖਤਾ ਅਤੇ ਨੈਤਿਕਤਾ ਦਾ ਪੱਧਰ ਉੱਚਾ ਚੁੱਕਣ ਲਈ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਅਸੀਂ ਸਮਝਦੇ ਹਾਂ ਕਿ ਅਵਾਰਾ ਤੇ ਲਾਵਾਰਸ ਪਸ਼ੂਆਂ ਨੂੰ ਸੁਰੱਖਿਆ ਦੇਣ ਦੇ ਲਈ ਕਾਨੂੰਨੀ ਪੱਖ ਨਾਲੋਂ ਜ਼ਿਆਦਾ ਨੈਤਿਕ ਅਤੇ ਮਾਨਵੀ ਪੱਖ 'ਤੇ ਜ਼ੋਰ ਦੇਣ ਦੀ ਲੋੜ ਹੈ। ਇਹ ਕੰਮ ਜਿੰਨੀ ਜਲਦੀ ਪੂਰਾ ਹੋਵੇਗਾ, ਓਨਾ ਹੀ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਦੇ ਹਿੱਤ 'ਚ ਅਤੇ ਸਮਾਜ ਦੇ ਸਮੁੱਚੇ ਹਿੱਤ 'ਚ ਵੀ ਹੋਵੇਗਾ।
ਮੈਨੂੰ ਹੈਰਾਨੀ ਹੈ ਕਿ ਪੰਜਾਬ ਨੂੰ ਚੰਡੀਗੜ੍ਹ ਲਈ ਆਪਣੀ ਜਾਇਜ਼ ਮੰਗ ਨੂੰ ਦੁਹਰਾਉਣ ਵਿਚ ਇੰਨਾ ਸਮਾਂ ਲੱਗ ਗਿਆ। ਉੱਧਰ ਇਸ ਮੰਗ ਦਾ ਵਿਰੋਧ ਕਰਨ ਲਈ ਹਰਿਆਣਾ ਵਿਧਾਨ ਸਭਾ ਵਲੋਂ ਇਕ ਵਿਸ਼ੇਸ਼ ਇਜਲਾਸ ਸੱਦਣ ਦੇ ਆਮ ਸਿਆਸੀ ਨਾਟਕ ਦੀ ਉਮੀਦ ਪਹਿਲਾਂ ਤੋਂ ਹੀ ਕੀਤੀ ਜਾ ਰਹੀ ...
ਆਸਕਰ ਸਮਾਰੋਹ ਵਿਚ ਵੱਜੇ ਥੱਪੜ ਦੀ ਚਾਰੇ ਪਾਸੇ ਚਰਚਾ ਹੈ। ਉਸ ਦੀ ਗੂੰਜ ਦੂਰ-ਦੂਰ ਤੱਕ ਸੁਣੀ ਗਈ। ਥੱਪੜ ਵਾਲਾ ਘਟਨਾਕ੍ਰਮ ਸਹਿਜ ਭਾਅ ਵੀ ਹੋ ਸਕਦਾ ਹੈ ਅਤੇ ਯੋਜਨਾਬੱਧ ਵੀ। ਪਹਿਲਾ ਆਸਕਰ ਸਮਾਰੋਹ 16 ਮਈ, 1929 ਨੂੰ ਹੋਇਆ ਸੀ। ਦੁਨੀਆ ਦੇ ਕਰੋੜਾਂ ਲੋਕ ਇਸ ਨੂੰ ਟੈਲੀਵਿਜ਼ਨ ...
ਜੇਕਰ ਕਿਸੇ ਉਦਯੋਗਪਤੀ ਨੂੰ ਸਿਆਸੀ ਸਹਾਰਾ ਮਿਲ ਜਾਵੇ ਤਾਂ ਉਹ ਕੀ ਨਹੀਂ ਕਰ ਸਕਦਾ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਮਿੱਤਰ ਗੌਤਮ ਅਡਾਨੀ ਹੁਣ ਭਾਰਤ ਦੇ ਨੰਬਰ ਇਕ ਅਤੇ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬੀਤੇ ਮੰਗਲਵਾਰ ਨੂੰ ਇਕ ਦਿਨ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX