ਭਾਰਤ ਦੇ ਗੁਆਂਢੀ ਦੱਖਣੀ ਏਸ਼ੀਆ ਦੇ ਟਾਪੂ ਸ੍ਰੀਲੰਕਾ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਦੇ ਗੜਬੜ ਵਾਲੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਸੰਭਾਲਣ ਵਿਚ ਤਤਕਾਲੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਪੂਰੀ ਤਰ੍ਹਾਂ ਅਸਮਰੱਥ ਰਹੇ। ਮਹਿੰਦਾ ਦੇ ਛੋਟੇ ਭਰਾ ਗੋਟਾਬਾਇਆ ਰਾਜਪਕਸ਼ੇ ਰਾਸ਼ਟਰਪਤੀ ਹਨ। ਗੜਬੜ ਸ਼ੁਰੂ ਹੋਣ ਸਮੇਂ ਇਨ੍ਹਾਂ ਦੋਵਾਂ ਤੋਂ ਬਗ਼ੈਰ ਉਨ੍ਹਾਂ ਦੇ ਦਰਜਨ ਭਰ ਨੇੜਲੇ ਰਿਸ਼ਤੇਦਾਰਾਂ ਨੇ ਦੇਸ਼ ਦੇ ਸਾਰੇ ਉੱਚ ਅਹੁਦਿਆਂ ਨੂੰ ਸੰਭਾਲਿਆ ਹੋਇਆ ਸੀ। ਜਿਵੇਂ-ਜਿਵੇਂ ਹਾਲਾਤ ਵਿਗੜਦੇ ਗਏ, ਉਵੇਂ-ਉਵੇਂ ਇਸ ਪਰਿਵਾਰ ਦੇ ਮੈਂਬਰ ਸਰਕਾਰੀ ਅਹੁਦਿਆਂ ਤੋਂ ਅਸਤੀਫ਼ੇ ਦਿੰਦੇ ਰਹੇ। ਇਥੋਂ ਤੱਕ ਕਿ ਇਕ ਸਮਾਂ ਅਜਿਹਾ ਆਇਆ ਜਦੋਂ ਬਹੁਤੇ ਵਜ਼ੀਰਾਂ ਨੇ ਅਸਤੀਫ਼ੇ ਦੇ ਦਿੱਤੇ ਅਤੇ ਇਨ੍ਹਾਂ ਦੇ ਨੇੜਲੇ ਸਾਥੀ ਵੀ ਛੱਡ ਗਏ ਪਰ ਇਹ ਦੋਵੇਂ ਭਰਾ ਆਪੋ-ਆਪਣੇ ਅਹੁਦਿਆਂ 'ਤੇ ਬਣੇ ਰਹੇ। ਉਸ ਸਮੇਂ ਵੀ ਜਦੋਂ ਦੇਸ਼ ਭਰ ਵਿਚ ਇਨ੍ਹਾਂ ਦੇ ਖ਼ਿਲਾਫ਼ ਲੱਖਾਂ ਹੀ ਲੋਕ ਗਲੀਆਂ-ਬਾਜ਼ਾਰਾਂ ਵਿਚ ਉਤਰ ਆਏ ਸਨ।
ਸ੍ਰੀਲੰਕਾ ਦਾ ਰਕਬਾ 65 ਹਜ਼ਾਰ ਕਿ.ਮੀ. ਦੇ ਕਰੀਬ ਹੈ। ਇਹ ਪੰਜਾਬ ਤੋਂ 15 ਕੁ ਹਜ਼ਾਰ ਕਿ.ਮੀ. ਵੱਡਾ ਹੈ। ਇਸ ਦੀ ਆਬਾਦੀ ਸਵਾ ਕੁ ਦੋ ਕਰੋੜ ਹੈ। ਇਹ ਟਾਪੂ ਦੇਸ਼ ਵੀ ਭਾਰਤ ਦੀ ਆਜ਼ਾਦੀ ਤੋਂ ਇਕ ਸਾਲ ਬਾਅਦ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਹੋ ਗਿਆ ਸੀ। ਇਥੇ ਸੈਂਕੜੇ ਵਰ੍ਹਿਆਂ ਤੋਂ ਦੱਖਣੀ ਭਾਰਤੀ ਮੂਲ ਦੇ ਲੋਕ ਵੀ ਵੱਡੀ ਗਿਣਤੀ ਵਿਚ ਵਸੇ ਹੋਏ ਹਨ। ਇਨ੍ਹਾਂ ਦੀ ਹਮੇਸ਼ਾ ਇਥੇ ਆਪਣਾ ਆਜ਼ਾਦ ਦੇਸ਼ ਬਣਾਉਣ ਦੀ ਮੰਗ ਰਹੀ ਹੈ। ਦੋ ਦਹਾਕਿਆਂ ਤੱਕ ਤਾਮਿਲ ਟਾਈਗਰ ਲੰਕਾ ਦੀ ਸਰਕਾਰ ਨਾਲ ਖ਼ੂਨੀ ਲੜਾਈ ਲੜਦੇ ਰਹੇ ਸਨ। ਜਿਥੇ ਇਸ ਹਿੰਸਕ ਜੱਦੋ-ਜਹਿਦ ਨੇ ਇਸ ਟਾਪੂ ਦਾ ਹਰ ਪੱਖੋਂ ਵੱਡਾ ਨੁਕਸਾਨ ਕਰ ਦਿੱਤਾ ਸੀ, ਉਥੇ ਤਾਮਿਲ ਟਾਈਗਰਾਂ ਦੀ ਬਹਾਦਰੀ ਦੇਖ ਕੇ ਦੁਨੀਆ ਦੰਗ ਵੀ ਰਹਿ ਗਈ ਸੀ। ਤਾਮਿਲ ਖਾੜਕੂਆਂ ਦੇ ਸੰਘਰਸ਼ ਨੂੰ ਦਬਾਏ ਜਾਣ ਤੋਂ ਬਾਅਦ ਇਕ ਵਾਰ ਫਿਰ ਸ੍ਰੀਲੰਕਾ ਨੇ ਪੈਰਾਂ 'ਤੇ ਖੜ੍ਹਾ ਹੋਣ ਦਾ ਯਤਨ ਕੀਤਾ। ਮਹਿੰਦਾ ਰਾਜਪਕਸ਼ੇ ਨੂੰ ਤਾਮਿਲ ਟਾਈਗਰਾਂ 'ਤੇ ਜਿੱਤ ਦਾ ਸਿਹਰਾ ਦਿੱਤਾ ਗਿਆ ਪਰ ਇਸ ਤੋਂ ਬਾਅਦ ਉਹ ਤੇ ਉਸ ਦਾ ਪਰਿਵਾਰ ਜਿਥੇ ਸ੍ਰੀਲੰਕਾ ਦੀਆਂ ਬਾਕੀ ਰਹਿੰਦੀਆਂ ਹੋਰ ਸਮੱਸਿਆਵਾਂ ਹੱਲ ਕਰਨ ਤੋਂ ਅਸਮਰੱਥ ਰਹੇ, ਉਥੇ ਵੱਡੀ ਗਿਣਤੀ ਵਿਚ ਵਸੇ ਤਾਮਿਲ ਲੋਕਾਂ ਨਾਲ ਵੀ ਉਨ੍ਹਾਂ ਦਾ ਵਿਹਾਰ ਬਰਾਬਰੀ ਵਾਲਾ ਤੇ ਸੁਖਾਵਾਂ ਨਾ ਬਣ ਸਕਿਆ। ਰਾਜਪਕਸ਼ੇ ਪਰਿਵਾਰ ਦੇ ਸ਼ਾਸਨ ਹੇਠਲੇ ਇਸ ਟਾਪੂ ਵਿਚ ਹਰ ਖੇਤਰ ਵਿਚ ਯੋਜਨਾਬੰਦੀ ਦੀ ਘਾਟ ਰਹੀ। ਵੱਡੀਆਂ ਗ਼ੈਰ-ਜ਼ਰੂਰੀ ਯੋਜਨਾਵਾਂ ਲਈ ਸਰਕਾਰ ਨੇ ਚੀਨ ਤੇ ਹੋਰ ਦੇਸ਼ਾਂ ਤੋਂ ਵੱਡੇ ਕਰਜ਼ੇ ਲਏ। ਕੌਮਾਂਤਰੀ ਬੈਂਕ ਨੇ ਵੀ ਉਨ੍ਹਾਂ ਨੂੰ ਕੁਝ ਯੋਜਨਾਵਾਂ ਲਈ ਅਰਬਾਂ ਰੁਪਏ ਦੇ ਕਰਜ਼ੇ ਦਿੱਤੇ। ਪਰ ਇਨ੍ਹਾਂ ਯੋਜਨਾਵਾਂ ਨੂੰ ਸਰਕਾਰ ਦੀ ਨਾਅਹਿਲੀਅਤ ਕਰਕੇ ਸਿਰੇ ਨਾ ਚੜ੍ਹਾਇਆ ਜਾ ਸਕਿਆ ਅਤੇ ਇਨ੍ਹਾਂ ਵਿਚੋਂ ਕਈਆਂ ਦੇ ਕਿਆਸੇ ਲਾਭ ਵੀ ਦੇਸ਼ ਨੂੰ ਨਾ ਮਿਲ ਸਕੇ। ਖੇਤੀ ਦੇ ਖੇਤਰ ਵਿਚ ਕੁਦਰਤੀ ਖੇਤੀ ਦੇ ਕੀਤੇ ਗਏ ਨਵੇਂ ਤਜਰਬੇ ਕਾਰਨ ਉਪਜ ਬੇਹੱਦ ਘਟ ਗਈ। ਅਖੀਰ ਵੱਡੇ ਕਰਜ਼ੇ ਦੇ ਵਿਆਜ ਨੇ ਹੀ ਦੇਸ਼ ਨੂੰ ਖੋਖਲਾ ਕਰਕੇ ਰੱਖ ਦਿੱਤਾ। ਹਾਲਤ ਇਹ ਹੋ ਗਈ ਕਿ ਉਸ ਦੀ ਕਰੰਸੀ ਦੀ ਕੀਮਤ ਬੇਹੱਦ ਘੱਟ ਹੋ ਜਾਣ ਕਰਕੇ ਵਿਦੇਸ਼ਾਂ ਤੋਂ ਦਰਾਮਦ ਘੱਟ ਹੋ ਗਈ। ਦੇਸ਼ ਵਿਚ ਖ਼ੁਰਾਕ ਤੋਂ ਲੈ ਕੇ ਪੈਟਰੋਲ ਅਤੇ ਦਵਾਈਆਂ ਤੱਕ ਦੀ ਬੇਹੱਦ ਘਾਟ ਹੋ ਗਈ। ਬਿਜਲੀ ਦਾ ਉਤਪਾਦਨ ਠੱਪ ਹੋ ਕੇ ਰਹਿ ਗਿਆ, ਜਿਸ ਨਾਲ ਹਫ਼ਤਿਆਂ-ਬੱਧੀ ਬਿਜਲੀ ਨਦਾਰਦ ਹੋਣ ਲੱਗੀ। ਇਸ ਦਾ ਉਤਪਾਦਨ 'ਤੇ ਵੱਡਾ ਅਸਰ ਪਿਆ। ਖਾਣ-ਪੀਣ ਦੀਆਂ ਚੀਜ਼ਾਂ ਤੇ ਖ਼ੁਰਾਕੀ ਵਸਤਾਂ ਦੀ ਬੇਹੱਦ ਘਾਟ ਹੋ ਗਈ। ਅਜਿਹੇ ਸੰਕਟ ਦੇ ਸਮੇਂ ਵਿਚ ਭਾਰਤ ਤੇ ਹੋਰ ਦੇਸ਼ਾਂ ਨੇ ਵੀ ਸ੍ਰੀਲੰਕਾ ਵਿਚ ਵੱਧ ਤੋਂ ਵੱਧ ਮਦਦ ਭੇਜੀ ਪਰ ਜਿੰਨੀ ਵਧੇਰੇ ਲੋੜ ਸੀ, ਉਹ ਪੂਰੀ ਨਾ ਕੀਤੀ ਜਾ ਸਕੀ। ਲੋਕਾਂ ਦਾ ਗੁੱਸਾ ਗਲੀਆਂ-ਬਾਜ਼ਾਰਾਂ ਵਿਚ ਫੁੱਟ ਪਿਆ।
ਮਹੀਨਿਆਂ-ਬੱਧੀ ਲੱਖਾਂ ਹੀ ਲੋਕ ਸੜਕਾਂ 'ਤੇ ਉਤਰ ਕੇ ਮੁਜ਼ਾਹਰੇ ਕਰਨ ਲੱਗੇ ਤੇ ਧਰਨੇ ਦੇਣ ਲੱਗੇ। ਇਸ ਸੰਕਟ ਤੋਂ ਨਿਕਲਣ ਲਈ ਉਨ੍ਹਾਂ ਦੀ ਪਹਿਲੀ ਮੰਗ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੋਵਾਂ ਵਲੋਂ ਅਸਤੀਫ਼ੇ ਦੇਣ ਦੀ ਸੀ ਪਰ ਉਨ੍ਹਾਂ ਨੇ ਆਪਣੇ ਅਹੁਦਿਆਂ 'ਤੇ ਬਣੇ ਰਹਿਣ ਦੀ ਅੜੀ ਜਾਰੀ ਰੱਖੀ, ਜਿਸ ਕਰਕੇ ਹਾਲਾਤ ਹੋਰ ਵੀ ਵਿਗੜ ਗਏ। ਦੇਸ਼ ਵਿਚ ਗ੍ਰਹਿ ਯੁੱਧ ਵਾਲੀ ਸਥਿਤੀ ਬਣ ਗਈ ਅਤੇ ਸਥਿਤੀ ਅਜਿਹੀ ਵਿਗੜੀ ਕਿ ਪੁਲਿਸ ਤੇ ਫ਼ੌਜ ਲਈ ਇਸ ਸਥਿਤੀ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਗਿਆ, ਜਿਸ ਦਾ ਨਤੀਜਾ ਗੰਭੀਰ ਲੜਾਈਆਂ ਤੇ ਝਗੜਿਆਂ ਵਿਚ ਨਿਕਲਿਆ। ਅਖ਼ੀਰ ਹੁਣ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਪਰ ਦੇਸ਼ ਦੇ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ, ਜਿਨ੍ਹਾਂ ਨੂੰ ਕਾਬੂ ਵਿਚ ਰੱਖਣਾ ਬੇਹੱਦ ਮੁਸ਼ਕਿਲ ਜਾਪਦਾ ਹੈ। ਇਸ ਤੋਂ ਪਹਿਲਾਂ ਕਿ ਇਹ ਟਾਪੂ ਹੋਰ ਵੀ ਵੱਡੀ ਤਬਾਹੀ ਦਾ ਸ਼ਿਕਾਰ ਹੋ ਜਾਵੇ, ਗੁਆਂਢੀ ਭਾਰਤ ਅਤੇ ਖਿੱਤੇ ਦੇ ਹੋਰ ਵੱਡੇ ਦੇਸ਼ਾਂ ਨੂੰ ਇਸ ਸੰਕਟ ਦਾ ਹੱਲ ਕੱਢਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਦੁਨੀਆ ਭਰ ਦੇ ਦੇਸ਼ ਇਸ ਦੀ ਹੋਰ ਵਧੇਰੇ ਆਰਥਿਕ ਮਦਦ ਲਈ ਸਾਹਮਣੇ ਆਉਣ ਅਤੇ ਜ਼ਰੂਰੀ ਵਸਤਾਂ ਦੀ ਹਰ ਤਰ੍ਹਾਂ ਦੀ ਸਪਲਾਈ ਵਿਚ ਵਾਧਾ ਕੀਤਾ ਜਾਵੇ। ਅਜਿਹੇ ਕਦਮਾਂ ਤੋਂ ਬਗ਼ੈਰ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ।
-ਬਰਜਿੰਦਰ ਸਿੰਘ ਹਮਦਰਦ
2035 ਤੱਕ ਵੀ ਸਥਿਤੀ ਸੁਧਰਨ ਦੀ ਸੰਭਾਵਨਾ ਨਹੀਂ
ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਤੇ ਉੱਪਰੋਂ ਅਚਾਨਕ ਕੋਰੋਨਾ ਦੀ ਆਮਦ ਇਹ ਤਿੰਨੋਂ ਚੀਜ਼ਾਂ ਭਾਰਤ ਦੀ ਅਰਥਵਿਵਸਥਾ ਲਈ ਅਤਿ ਮਾਰੂ ਸਿੱਧ ਹੋਈਆਂ। ਕੋਰੋਨਾ ਭਾਵੇਂ ਕੁਦਰਤੀ ਮਾਰ ਸੀ ਪਰ ਨੋਟਬੰਦੀ ਤੇ ਜੀ.ਐਸ.ਟੀ. ਨੀਤੀਆਂ ...
ਚਾਹੇ ਕੋਈ ਕਿੰਨੀ ਵੀ ਫਿੱਕੀ ਪ੍ਰਵਿਰਤੀ ਵਾਲਾ ਇਨਸਾਨ ਹੋਵੇ, ਉਸ ਦੇ ਅੰਦਰ ਕੋਈ ਨਾ ਕੋਈ ਖ਼ਾਸੀਅਤ ਜ਼ਰੂਰ ਹੁੰਦੀ ਹੈ। ਅਜਿਹੀ ਜਿਹੜੀ ਉਸ ਤੋਂ ਰਿਸ਼ਤਿਆਂ ਨੂੰ ਬੇਜ਼ਾਰ ਨਾ ਹੋਣ ਦੇਵੇ। ਜਿਹੜੀ ਉਸ ਦੀ ਉਸਰੀ ਦੁਨੀਆ ਦਾ ਨੀਂਹ-ਪੱਥਰ ਹੋਵੇ। ਪਾਰਖੂ ਅੱਖ ਤਾਂ ਅਗਲੇ ਨੂੰ ...
2004 ਵਿਚ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਸਿੱਖਿਆ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਸਿੱਖਿਆ ਵਿਭਾਗ ਦੇ ਨਾਂਅ ਤਹਿਤ ਇਸ਼ਤਿਹਾਰ ਦੇ ਕੇ ਕੰਪਿਊਟਰ ਅਧਿਆਪਕਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX