ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਇਕ ਸ਼ਬਦ ਬੋਲਿਆ ਜਾਂਦਾ ਹੈ 'ਦਾਵਾਨਲ'। ਇਸ ਸ਼ਬਦ ਦਾ ਅਰਥ ਹੈ ਜੰਗਲਾਂ ਵਿਚ ਸੁੱਕੇ ਰੁੱਖਾਂ ਦੀਆਂ ਟਹਿਣੀਆਂ ਜਾਂ ਬਾਂਸਾਂ ਦੀ ਰਗੜ ਨਾਲ ਪੈਦਾ ਹੋਈ ਅੱਗ ਦੇ ਵਿਸ਼ਾਲ ਭਾਂਬੜ ਜੋ ਮੀਲਾਂ ਤੱਕ ਫੈਲ ਕੇ ਜੰਗਲੀ ਜਨ ਜੀਵਨ ਨੂੰ ਸੁਆਹ ਕਰ ਦਿੰਦੇ ਹਨ। ਪੁਰਾਣੇ ਵੇਲਿਆਂ ਵਿਚ ਦਾਵਾਨਲ ਨਾਲ ਜੰਗਲੀ ਵਣ, ਪੌਦੇ, ਬਨਸਪਤੀਆਂ, ਜੀਵ-ਜੰਤੂ, ਜਾਨਵਰ, ਪੰਛੀ ਤਾਂ ਮਰਦੇ ਹੀ ਸਨ ਪਰ ਕਦੇ-ਕਦੇ ਮਨੁੱਖੀ ਟੋਲੇ ਵੀ ਇਸ ਦੀ ਲਪੇਟ ਵਿਚ ਆ ਕੇ ਝੁਲਸ ਕੇ ਮਾਰੇ ਜਾਂਦੇ ਸਨ। ਸਦੀਆਂ ਤੱਕ ਮਨੁੱਖ ਦਾਵਾਨਲ ਤੋਂ ਡਰਦਾ ਤ੍ਰਹਿੰਦਾ ਰਿਹਾ ਹੈ। ਦਾਵਾਨਲ ਤਾਂ ਇਕ ਕੁਦਰਤੀ ਵਰਤਾਰਾ ਹੈ ਜੋ ਸਖ਼ਤ ਗਰਮੀ ਦੇ ਦਿਨਾਂ ਦੌਰਾਨ ਵਾਪਰਦਾ ਸੀ ਪਰ ਅੱਜ ਦੇ ਦੌਰ ਦੇ ਉਸ ਦਾਵਾਨਲ ਬਾਰੇ ਕੀ ਕਹੋਗੇ ਜੋ ਮਨੁੱਖ ਆਪ ਪੈਦਾ ਕਰ ਰਿਹਾ ਹੈ?
ਪਿਛਲੇ ਦਿਨੀਂ ਪੰਜਾਬ ਵਿਚ ਬੜੀਆਂ ਭਿਆਨਕ ਤੇ ਰੂਹ ਨੂੰ ਕੰਬਾਉਣ ਵਾਲੀਆਂ ਘਟਨਾਵਾਂ ਵਾਪਰੀਆਂ। ਕੁਝ ਦਿਨ ਪਹਿਲਾਂ ਇਕ ਸਕੂਲ ਵੈਨ ਅੱਗ ਦੀ ਲਪੇਟ ਵਿਚ ਆ ਗਈ ਅਤੇ ਮਾਸੂਮ ਬੱਚੇ ਝੁਲਸ ਗਏ ਪਰ ਜਾਨੋਂ ਬਚ ਗਏ। ਦੂਜੀ ਵੱਡੀ ਹੌਲਨਾਕ ਘਟਨਾ ਡੇਰਾ ਬਸੀ ਦੇ ਪਿੰਡ ਕੋਲ ਵਾਪਰੀ ਜਿਸ ਵਿਚ ਇਕ ਮਾਸੂਮ ਬੱਚੀ ਝੁੱਗੀ ਦੇ ਨੇੜੇ ਕਿਤੇ ਅਚਾਨਕ ਲੱਗੀ ਅੱਗ ਤੋਂ ਡਰ ਕੇ ਆਪਣੀ ਝੁੱਗੀ ਵੱਲ ਭੱਜੀ ਤੇ ਜਦੋਂ ਝੁੱਗੀ ਨੂੰ ਅੱਗ ਦੇ ਦਾਵਾਨਲ ਨੇ ਆਪਣੀ ਲਪੇਟ ਵਿਚ ਲੈ ਲਿਆ ਤਾਂ ਇਹ ਮਾਸੂਮ ਬਚਾਅ ਲਈ ਝੁੱਗੀ ਵਿਚ ਪਏ ਮੰਜੇ ਨਾਲ ਚੰਬੜ ਗਈ। ਅੱਗ ਦੀਆਂ ਲਪਟਾਂ ਵਿਚ ਰੋਈ ਚੀਕੀ ਤੇ ਅੰਤ ਰਾਖ ਹੋ ਗਈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਇਸ ਮਾਸੂਮ ਬੱਚੀ ਦੀ ਦਰਦਨਾਕ ਤਸਵੀਰ ਨੂੰ ਵੇਖ ਕੇ ਹਰ ਸੰਵੇਦਨਸ਼ੀਲ ਅੱਖ ਨਮ ਹੋਈ। ਅੱਗ ਵਿਚ ਰਾਖ ਹੋਈ ਮੰਜੇ ਨਾਲ ਚੰਬੜੀ ਮਾਸੂਮ ਬੱਚੀ ਦੀ ਤਸਵੀਰ ਦੇ ਬਹੁਤ ਕੁਝ ਆਖਦੀ ਪੁੱਛਦੀ ਹੈ। ਉਸ ਦੇ ਸਵਾਲਾਂ ਦਾ ਸਾਹਮਣਾ ਸਾਨੂੰ ਸਭ ਨੂੰ ਭਵਿੱਖ ਵਿਚ ਕਰਨਾ ਪੈਣਾ ਹੈ:-
ਧੁਖਦੇ ਬਿਰਖਾਂ, ਬਲਦੇ ਖੇਤਾਂ, ਪੁੱਛਿਆ ਇਕ ਸਵਾਲ,
ਮਾਂ ਨੂੰ ਲਾਂਬੂ ਲਾ ਕੇ ਕਿਹੜੇ, ਸੁੱਖ ਦੀ ਕਰਦੈ ਭਾਲ?
ਕਿਸੇ ਸਮੇਂ ਖੇਤੀ ਬੜਾ ਪਵਿੱਤਰ ਤੇ ਉੱਤਮ ਕਾਰਜ ਮੰਨਿਆ ਜਾਂਦਾ ਸੀ। ਉਦੋਂ ਸ਼ਾਇਦ ਅਜੇ ਖੇਤੀ 'ਤੇ ਬਾਜ਼ਾਰ ਦਾ ਗਲਬਾ ਨਹੀਂ ਸੀ ਪਿਆ। ਹੁਣ ਅਸੀਂ ਕੁਦਰਤ ਦੀ ਰਹਿਬਰੀ ਛੱਡ ਕੇ ਬਾਜ਼ਾਰ ਨੂੰ ਤਰਜੀਹ ਦਿੱਤੀ ਤੇ ਕਈ ਤਰ੍ਹਾਂ ਦੇ ਸੰਕਟ ਸਹੇੜ ਲਏ। ਖੇਤੀ, ਵਣਾਂ, ਪੌਦਿਆਂ, ਪਸ਼ੂ, ਪੰਛੀਆਂ ਦੇ ਨਾਲ-ਨਾਲ ਕੁਦਰਤ ਨਾਲ ਇਕਮਿਕ ਹੋ ਕੇ ਸਰਬੱਤ ਦੇ ਭਲੇ ਵਾਲਾ ਜੀਵਨ ਜਿਊਣ ਦਾ ਢੰਗ ਸੀ ਜੋ ਸਾਡੇ ਵੱਡੇ-ਵਡੇਰਿਆਂ ਨੇ ਸਦੀਆਂ ਲਾ ਕੇ ਲੱਭਿਆ ਸੀ। ਖੇਤੀ, ਜਿਊਣ ਦਾ ਉਹ ਢੰਗ ਸੀ ਜਿਸ ਰਾਹੀਂ ਮਨੁੱਖ ਨੇ ਹਵਾ, ਮਿੱਟੀ, ਪਾਣੀ ਨਾਲ ਇਕਮਿਕ ਹੋ, ਮੌਸਮਾਂ ਨੂੰ ਬਦਲਦਿਆਂ ਦੇਖ, ਪਸ਼ੂ, ਪਰਿੰਦਿਆਂ, ਰੁੱਖਾਂ, ਫੁੱਲਾਂ, ਬੂਟਿਆਂ ਦੇ ਜੀਵਨ ਨੂੰ ਜਾਣਦਿਆਂ ਸਮਝਦਿਆਂ ਆਪਣੇ ਆਪ ਨੂੰ ਸਮਝਣਾ ਸਿੱਖਣਾ ਹੁੰਦਾ ਸੀ। ਖੇਤੀ ਰਾਹੀਂ ਕੁਦਰਤ ਨਾਲ ਇਕਮਿਕ ਹੋ ਜੀਵਨ ਬਸਰ ਕਰਨ ਦਾ ਢੰਗ ਹੀ ਸ਼ਾਇਦ ਜਿਊਣ ਦਾ ਸਭ ਤੋਂ ਉੱਤਮ ਢੰਗ ਸੀ ਜੋ ਅਸਾਂ ਹੁਣ ਵਿਸਾਰ ਦਿੱਤਾ ਹੈ। ਅੱਜ ਵਿਕਸਤ ਪੱਛਮੀ ਦੇਸ਼ਾਂ ਦੇ ਸ਼ਹਿਰਾਂ ਵਿਚ ਲੱਖਾਂ ਡਾਲਰਾਂ ਦੀਆਂ ਤਨਖ਼ਾਹਾਂ ਲੈਣ ਵਾਲੇ ਕੁਝ ਲੋਕ ਸ਼ਹਿਰ ਅਤੇ ਬਾਜ਼ਾਰ ਦੀ ਚਮਕ-ਦਮਕ ਛੱਡ ਦੂਰ-ਦੁਰਾਡੇ ਪਿੰਡਾਂ ਵਿਚ ਕੁਝ ਖੇਤ ਲੈ ਕੇ ਖੇਤੀ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ। ਸ਼ਾਇਦ ਉਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਪੈਸੇ ਦੀ ਚਕਮ-ਦਮਕ ਲਈ ਜਿਸ ਤਲਿਸਮੀ ਸੰਸਾਰ ਵੱਲ ਨੂੰ ਅਸੀਂ ਦੌੜ ਰਹੇ ਹਾਂ, ਇਸ ਵਿਚ ਅੱਗੇ ਜਾ ਕੇ ਸਾਡੀਆਂ ਔਲਾਦਾਂ ਸਮੇਤ ਸਭ ਕੁਝ ਕਿਧਰੇ ਗਵਾਚ ਜਾਵੇਗਾ ਅਤੇ ਅੰਤ ਸਾਡੇ ਹੱਥ ਖਾਲੀ ਹੋ ਜਾਣਗੇ। ਬਾਜ਼ਾਰ ਅਤੇ ਬਾਜ਼ਾਰ ਦੀ ਸਿੱਖਿਆ ਨੇ ਸਾਨੂੰ ਸਿਖਾਇਆ ਕਿ ਮਨੁੱਖ ਨੇ ਮੁਨਾਫ਼ਾ ਕਮਾਉਣ ਲਈ ਇਲਮ ਹਾਸਲ ਕਰਨਾ ਅਤੇ ਇਸ ਇਲਮ ਦੇ ਆਸਰੇ ਸਾਰੀ ਉਮਰ ਮੁਨਾਫ਼ੇ ਲਈ ਜਿਊਣਾ ਹੈ। ਇਸੇ ਬਾਜ਼ਾਰੂ ਤਰਜੀਹ ਨੇ ਖੇਤੀ ਵਿਚ ਵੀ ਬਾਜ਼ਾਰੂ ਕਦਰਾਂ-ਕੀਮਤਾਂ ਦਾ ਪ੍ਰਵੇਸ਼ ਕਰਵਾਇਆ ਤੇ ਖੇਤੀ ਜਿਸ ਬਾਰੇ 'ਉੱਤਮ ਖੇਤੀ, ਮੱਧਮ ਵਪਾਰ, ਨਿਖਿੱਧ ਚਾਕਰੀ ਕਿਹਾ ਜਾਂਦਾ ਸੀ, ਜਿਸ ਖੇਤੀ ਨੂੰ ਸਾਡੇ ਗੁਰੂ ਬਾਬੇ ਨਾਨਕ ਨੇ :
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ। (ਅੰਗ : 595)
ਆਖ ਕੁਦਰਤ ਨਾਲ ਸਾਡੇ ਰਿਸ਼ਤੇ ਦੀ ਵਿਆਖਿਆ ਕੀਤੀ ਤੇ ਇਸ ਨੂੰ ਵਡਿਆਇਆ ਸੀ, ਉਸ ਖੇਤੀ 'ਤੇ ਬਾਜ਼ਾਰ ਦਾ ਗਲਬਾ ਪੈ ਗਿਆ। ਬਾਜ਼ਾਰ ਨੇ ਸਾਨੂੰ ਦੱਸਿਆ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਓ। ਕਿਸਾਨ ਬਾਜ਼ਾਰੂ ਤਰਜੀਹਾਂ ਅਨੁਸਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੁਰ ਪਿਆ। ਬਾਜ਼ਾਰੂ ਤਰਜੀਹਾਂ ਅਨੁਸਾਰ ਖੇਤਾਂ ਵਿਚ ਰੇਹਾਂ-ਸਪਰੇਹਾਂ ਦਾ ਪ੍ਰਵੇਸ਼ ਹੋਇਆ। ਵਹੀਆਂ ਤੇ ਬੈਂਕਾਂ ਦੇ ਖਾਤਿਆਂ ਦਾ ਮਕੜਜਾਲ। ਮਸ਼ੀਨਰੀ ਦੀ ਅੰਨ੍ਹੀ ਵਰਤੋਂ ਨਾਲ ਸਮਤਲ ਪੱਧਰੇ ਕੀਤੇ ਖੇਤਾਂ ਵਿਚ ਅਸੀਂ ਉਹੀ ਫ਼ਸਲਾਂ ਬੀਜਣ ਲੱਗੇ ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਸੀ। ਖੇਤਾਂ ਨਾਲ ਸਾਡਾ ਰਿਸ਼ਤਾ ਮੁਨਾਫ਼ੇ ਵਾਲਾ ਰਿਸ਼ਤਾ ਬਣ ਗਿਆ। ਖੇਤਾਂ 'ਚੋਂ ਰੁੱਖ, ਪਸ਼ੂ, ਪੰਛੀ, ਬਨਸਪਤੀਆਂ, ਸੂਏ, ਨੈਆਂ, ਵੇਈਆਂ, ਟੋਏ, ਟਿੱਬੇ, ਝਾੜ, ਬੂਟੇ, ਝਿੜੀਆਂ ਗਾਇਬ ਹੋਣ ਲੱਗ ਪਏ। ਹੁਣ ਅਸੀਂ ਖੇਤਾਂ ਨਾਲ ਇਕਮਿਕਤਾ ਛੱਡ ਦਿੱਤੀ, ਖੇਤਾਂ ਵਿਚ ਰਹਿਣਾ ਬਹਿਣਾ ਤਿਆਗ ਦਿੱਤਾ। ਪੁਰਾਣੇ ਵੇਲਿਆਂ ਤੋਂ ਖੇਤਾਂ ਵੱਲ ਨੂੰ ਜਾਂਦੇ ਚਾਹਾਂ, ਲੱਸੀ ਦੇ ਕਟੋਰੇ ਤੇ ਭੱਤੇ ਜਾਣੋ ਹਟ ਗਏ। ਸਾਡਾ ਖੇਤਾਂ ਨਾਲ ਰਿਸ਼ਤਾ ਮੁਨਾਫ਼ੇ ਦਾ ਰਿਸ਼ਤਾ ਬਣ ਗਿਆ। ਖੇਤੀ ਕਰਨ ਦਾ ਬਾਜ਼ਾਰੂ ਢੰਗ ਜੋ ਬਾਜ਼ਾਰ ਵਲੋਂ ਪਿੰਡ ਨੂੰ ਆਇਆ ਉਸ 'ਤੇ ਚਲਦਿਆਂ ਅਸੀਂ ਅੱਜ ਉਸ ਦੌਰ ਵਿਚ ਪਹੁੰਚ ਗਏ ਹਾਂ ਜਿੱਥੇ ਅਸੀਂ ਆਪਣੇ ਅੰਮ੍ਰਿਤ ਵਰਗੇ ਕਲ-ਕਲ ਕਰਦੇ ਪਾਣੀ ਗਵਾ ਲਏ। ਜ਼ਮੀਨ ਨੂੰ ਰੇਹਾਂ-ਸਪਰੇਹਾਂ ਦੀ ਨਸ਼ਈ ਬਣਾ ਦਿੱਤਾ। ਪਸ਼ੂ ਪਰਿੰਦੇ ਸਾਡੇ ਨਾਲੋਂ ਰੁੱਸ ਗਏ। ਬਿਰਖਾਂ ਦੀਆਂ ਠੰਢੀਆਂ ਛਾਵਾਂ ਸਾਥੋਂ ਦੂਰ ਹੋ ਗਈਆਂ। ਧਰਤੀ ਦੇ ਈਕੋ ਸਿਸਟਮ, ਫ਼ਸਲਾਂ ਪੌਦਿਆਂ ਨੂੰ ਕੁਦਰਤੀ ਢੰਗ ਨਾਲ ਵਿਗਸਣ ਮੌਲਣ ਲਈ ਅਤਿ ਜ਼ਰੂਰੀ ਜੈਵਿਕ ਕਿਰਿਆਵਾਂ ਨੂੰ ਅਸੀਂ ਤਬਾਹ ਕਰ ਦਿੱਤਾ। ਇਸ ਦੇ ਇਵਜ਼ ਸਾਡੇ ਹਿੱਸੇ ਕੀ ਆਇਆ? ਸਾਡੇ ਹਿੱਸੇ ਆਏ ਬੇਤਹਾਸ਼ਾ ਕਰਜ਼ੇ, ਖ਼ੁਦਕੁਸ਼ੀਆਂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ 'ਦਾਵਾਨਲ'। ਇਸ ਦਾਵਾਨਲ ਵਿਚ ਅਸੀਂ ਹੁਣ ਬਲ ਰਹੇ ਹਾਂ। ਇਸ 'ਦਾਵਾਨਲ' ਦੇ ਦੌਰ ਵਿਚ ਸਾਡਾ ਤਨ ਤੇ ਮਨ ਦੋਵੇਂ ਬਿਮਾਰ ਹੋ ਗਏ।
ਬਾਜ਼ਾਰੂ ਕਦਰਾਂ ਕੀਮਤਾਂ ਦੇ ਇਸ ਦੌਰ ਵਿਚ ਅਸੀਂ ਹੁਣ ਖੇਤਾਂ ਨੂੰ ਤਿਆਗ ਕੇ ਕਿਤੇ ਹੋਰ ਆਪਣਾ ਭਵਿੱਖ ਭਾਲਣ ਤੁਰ ਪਏ ਹਾਂ। ਅਖੌਤੀ ਵਿਕਾਸ ਦੇ ਇਸ ਦੌਰ ਵਿਚ ਅਸੀਂ ਕੁਦਰਤ ਨਾਲੋਂ ਤੋੜ ਵਿਛੋੜਾ ਕਰ ਕੇ ਆਪਣੇ ਭਵਿੱਖ ਨੂੰ ਹੋਰ ਧਰਤੀਆਂ 'ਤੇ ਭਾਲਣ ਤੁਰ ਪਏ ਹਾਂ। ਅਖੌਤੀ ਵਿਕਾਸ ਦੇ ਇਸ ਦੌਰ ਵਿਚ ਅਸੀਂ ਉਸ ਰਾਹ 'ਤੇ ਤੁਰ ਪਏ, ਜਿਸ ਬਾਰੇ ਅਸੀਂ ਮੰਨਦੇ ਹਾਂ ਕਿ ਇਸ ਵਿਵਸਥਾ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਨੇ ਸਾਨੂੰ ਇਸ ਤਬਾਹਕੁੰਨ ਰਾਹ 'ਤੇ ਤੋਰਿਆ ਹੈ। ਜੇਕਰ ਸਾਨੂੰ ਇਹ ਅਹਿਸਾਸ ਹੈ ਕਿ ਅਸੀਂ ਗ਼ਲਤ ਰਾਹ 'ਤੇ ਹਾਂ ਤਾਂ ਸਾਨੂੰ ਰੁਕਣਾ, ਵੇਖਣਾ, ਸਮਝਣਾ ਅਤੇ ਕੁਦਰਤ ਵੱਲ ਮੁੜਨਾ ਪਵੇਗਾ। ਜ਼ਹਿਰੀਲੀਆਂ ਰੇਹਾਂ-ਸਪਰੇਹਾਂ ਅਤੇ ਅੱਗ ਦੇ ਦਾਵਾਨਲ ਵਾਲੀ ਇਸ ਫ਼ਿਜ਼ਾ ਵਿਚ ਸਾਡੇ ਸਾਹ ਲੈਣ ਵਾਲੀ ਹਵਾ ਤੇ ਪੀਣ ਵਾਲਾ ਪਾਣੀ ਪਲੀਤ ਹੋ ਗਈ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਦੁਸ਼ਵਾਰੀਆਂ ਦੇ ਸ਼ਿਕਾਰ ਬਣੇ ਹਾਂ। ਹਵਾ ਪਾਣੀ ਅਤੇ ਮਿੱਟੀ ਦੀ ਬਰਬਾਦੀ ਤੋਂ ਹੋਈ ਨਿਗੁਣੀ ਜਿਹੀ ਵੱਟਕ ਜੇਬ ਵਿਚ ਪਾ ਅਸੀਂ ਹੁਣ ਆਪਣੇ ਦੁੱਖਾਂ ਦੇ ਹੱਲ ਲਈ ਦੁਬਾਰਾ ਬਾਜ਼ਾਰ ਵੱਲ ਭੱਜਦੇ ਹਾਂ ਬਾਜ਼ਾਰ ਸਾਡੀ ਇਸ ਹਾਲਤ 'ਤੇ ਜ਼ਰੂਰ ਹੱਸਦਾ ਹੋਵੇਗਾ।
ਬਾਜ਼ਾਰੂ ਢੰਗ ਦੀ ਖੇਤੀ ਨੇ ਜਿੱਥੇ ਸਾਨੂੰ ਕੁਦਰਤੀ ਨਿਆਮਤਾਂ ਤੋਂ ਦੂਰ ਕਰ ਦਿੱਤਾ ਉੱਥੇ ਅਸੀਂ ਕਿਰਤ ਤੋਂ ਵੀ ਟੁੱਟ ਗਏ। ਤਨ ਤੇ ਮਨ ਦੀ ਤੰਦਰੁਸਤੀ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਕਿਰਤ ਨਾਲ ਜੁੜੀਏ। ਸਾਡੇ ਵੱਡੇ ਵਡੇਰੇ ਜਦੋਂ ਪਹਿਰ ਦੇ ਤੜਕੇ ਖੇਤ ਹਲ ਲੈ ਕੇ ਜਾਂਦੇ ਸਨ, ਧਰਤੀ ਮਾਂ ਨੂੰ ਨਮਸਕਾਰ ਕਰਦੇ ਸਨ, ਮੱਥਾ ਟੇਕਦੇ ਸਨ। ਖੇਤ ਵਿਚ ਬੀਜ ਦਾ ਪਹਿਲਾ ਛੱਟਾ ਦਿੰਦਿਆਂ ਬੋਲਦੇ ਸਨ 'ਚਿੜੀ ਜਨੌਰ ਦੇ ਨਾਂਅ।' ਦੂਜਾ ਛੱਟਾ ਦਿੰਦਿਆਂ ਬੋਲਦੇ ਸਨ 'ਰਾਹੀ ਪਾਂਧੀ ਦੇ ਨਾਂਅ।' ਸਾਡੇ ਵੱਡੇ ਵਡੇਰਿਆਂ ਦੇ ਮਨ ਮਸਤਕ ਵਿਚ ਸਰਬੱਤ ਦਾ ਭਲਾ ਸੀ। ਉਹ ਜਾਣਦੇ ਸਨ ਕਿ ਖੇਤੀ ਕੇਵਲ ਆਪਣੇ ਲਈ ਹੀ ਨਹੀਂ ਹਰ ਜੀਅ ਜੰਤ ਦੇ ਭਲੇ ਲਈ ਵੀ ਹੁੰਦੀ ਹੈ। ਕਿਰਸਾਨ ਲਈ ਅੰਨਦਾਤੇ ਦਾ ਖਿਤਾਬ ਬਾਜ਼ਾਰੂ ਕਦਰਾਂ ਕੀਮਤਾਂ 'ਚੋਂ ਨਹੀਂ ਨਿਕਲਿਆ ਬਲਕਿ ਸਰਬੱਤ ਦੇ ਭਲੇ ਤੋਂ ਆਇਆ ਹੈ। ਕਿਰਤ ਤੋਂ ਟੁੱਟ ਜਾਣ ਦਾ ਭਾਵ ਹੈ ਆਪਣੇ ਆਪ ਤੋਂ ਟੁੱਟ ਜਾਣਾ ਸਾਡੇ ਬਾਬੇ ਨੂੰ ਕਿਰਤ ਕਰਨ ਦੀ ਅਹਿਮੀਅਤ ਦਾ ਡੂੰਘਾ ਗਿਆਨ ਸੀ, ਉਸ ਨਾਮ ਜਪਣ ਤੇ ਵੰਡ ਛਕਣ ਤੋਂ ਪਹਿਲਾਂ ਸਾਨੂੰ ਕਿਰਤ ਕਰਨ ਦੀ ਤਾਗੀਦ ਕੀਤੀ। ਚਾਰ ਉਦਾਸੀਆਂ ਤੋਂ ਮਗਰੋਂ ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਡੇਰਾ ਲਾ ਲਿਆ। ਇਤਿਹਾਸਕ ਤੱਥ ਦੱਸਦੇ ਹਨ ਕਿ ਉਨ੍ਹਾਂ ਫ਼ਕੀਰਾਂ ਵਾਲਾ ਬਾਣਾ ਲਾਹ ਕੇ ਕਿਸਾਨ ਵਾਲੇ ਕੱਪੜੇ ਪਹਿਨ ਲਏ ਅਤੇ ਆਪਣੇ ਪੁੱਤਰਾਂ ਨੂੰ ਵੀ ਕਿਹਾ ਕਿ ਆਓ ਖੇਤਾਂ ਵਿਚ ਸੱਚੀ-ਸੁੱਚੀ ਕਿਰਤ ਕਰੀਏ। ਕਰਤਾਰਪੁਰ ਰਹਿੰਦਿਆਂ ਉਨ੍ਹਾਂ ਸਤਾਰਾਂ-ਅਠਾਰਾਂ ਸਾਲ ਖੇਤੀ ਕੀਤੀ। ਖੇਤਾਂ ਨੂੰ ਪਾਣੀ ਨਾਲ ਸਿੰਝਿਆ, ਹਲ ਵਾਹਿਆ, ਕਿਆਰੇ ਬਣਾਏ, ਗੋਡੀ ਕੀਤੀ। ਕੁਦਰਤ ਤੋਂ ਤੋੜ-ਵਿਛੋੜੇ ਵਾਲੀ ਖੇਤੀ ਨੇ ਸਾਨੂੰ ਕਿਰਤ ਨਾਲੋਂ ਤੋੜ ਦਿੱਤਾ ਅਤੇ ਅਸੀਂ ਕਈ ਤਰ੍ਹਾਂ ਦੇ ਵਿਕਾਰਾਂ ਦੇ ਸ਼ਿਕਾਰ ਹੋ ਗਏ। ਕਿਰਤ ਤੋਂ ਦੂਰ ਹੋ ਗਈ ਜਵਾਨੀ ਨੇ ਹੋਰ ਧਰਤੀਆਂ 'ਤੇ ਜਾ ਕੇ ਵੱਸਣ ਦੀ ਰੀਝ ਨੂੰ ਆਪਣਾ 'ਸਟੇਟਸ ਸਿੰਬਲ' ਭਾਵ ਪ੍ਰਤਿਸ਼ਠਾ ਦਾ ਪ੍ਰਤੀਕ ਬਣਾ ਲਿਆ ਹੈ। ਕਿਰਤ ਤੋਂ ਟੁੱਟ ਜਾਣ ਦਾ ਅਰਥ ਹੈ ਆਪਣੇ-ਆਪ ਤੋਂ ਟੁੱਟ ਜਾਣਾ।
ਦਾਰਸ਼ਨਿਕ ਕਨਿਫਿਊਸ਼ੀਅਸ ਨੂੰ ਇਕ ਦਿਨ ਕਿਸੇ ਨੇ ਪੁੱਛਿਆ, 'ਕੀ ਕੇਵਲ ਧਰਮ ਦੀ ਸਿੱਖਿਆ ਨਾਲ ਕੋਈ ਮਨੁੱਖ ਪੂਰਨ ਮਨੁੱਖ ਬਣ ਜਾਂਦਾ ਹੈ?' ਉਸ ਨੇ ਕਿਹਾ 'ਨਹੀਂ।' ਸਵਾਲ ਕਰਨ ਵਾਲੇ ਨੇ ਅਗਲਾ ਸਵਾਲ ਕੀਤਾ, 'ਕੀ ਕੇਵਲ ਰਵਾਇਤੀ ਸਿੱਖਿਆ ਨਾਲ ਕੋਈ ਮਨੁੱਖ ਪੂਰਨ ਮਨੁੱਖ ਬਣ ਜਾਂਦਾ ਹੈ?' ਉਸ ਫਿਰ ਜਵਾਬ ਦਿੱਤਾ 'ਨਹੀਂ।' ਸਵਾਲ ਕਰਨ ਵਾਲੇ ਪੁੱਛਿਆ, 'ਪੂਰਨ ਮਨੁੱਖ ਬਣਨ ਲਈ ਕਿਹੜੀ ਤਰਜੀਹ ਸਭ ਤੋਂ ਜ਼ਰੂਰੀ ਹੈ?' ਉਸ ਨੇ ਕਿਹਾ 'ਕਿਰਤ।'
ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ ਆਪਣੇ ਪੁਰਖਿਆਂ ਦੇ ਖੇਤੀ ਕਰਨ ਦੇ ਢੰਗ ਨੂੰ ਸਮਝੀਏ, ਜਾਣੀਏ। ਖੇਤਾਂ ਨਾਲ ਹੀ ਨਹੀਂ ਚਿੜੀਆਂ, ਜਨੌਰਾਂ, ਦਰੱਖਤਾਂ, ਪੌਦਿਆਂ ਨਾਲ ਰਹਿੰਦਿਆਂ ਜੀਵਨ ਜਿਊਣ ਦੇ ਢੰਗ ਨੂੰ ਲੱਭੀਏ। ਜੀਵਨ ਦੀ ਖ਼ੁਸ਼ਹਾਲੀ ਲਈ ਯਤਨਸ਼ੀਲ ਹੋਈਏ। ਇਹ ਜਾਣੀਏ, ਸਮਝੀਏ ਕਿ ਮੁਨਾਫ਼ਾ, ਫਿਰ ਹੋਰ ਮੁਨਾਫ਼ਾ ਤੇ ਫਿਰ ਕੀ? ਆਪਣੀ ਵਿਰਾਸਤ ਤੋਂ ਸਿੱਖ ਕੇ ਅਗਲੇ ਸਾਬਤ ਕਦਮ ਪੁੱਟੀਏ। ਖੇਤਾਂ ਦੇ ਵਾਰਿਸ ਬਣਨ ਦੇ ਨਾਲ-ਨਾਲ ਉਨ੍ਹਾਂ ਤਰਜੀਹਾਂ ਅਨੁਸਾਰ ਖੇਤੀ ਕਰਨ ਲਈ ਸੰਘਰਸ਼ ਕਰੀਏ, ਜਿਸ 'ਤੇ ਚਲਦਿਆਂ ਸਾਡੇ ਕੁਦਰਤੀ ਸਰੋਤ ਮਿੱਟੀ ਪਾਣੀ ਹਵਾ ਦੀ ਸ਼ੁੱਧਤਾ ਬਰਕਰਾਰ ਰਹੇ। ਕਿਤੇ ਇਹ ਨਾ ਹੋਵੇ ਕਿ ਖੇਤਾਂ, ਬਿਰਖਾਂ, ਪੌਦਿਆਂ ਦੀ ਤਬਾਹੀ ਕਰਨ ਵਾਲੇ 'ਦਾਵਾਨਲ' ਵਿਚ ਸਾਡਾ ਭਵਿੱਖ ਵੀ ਝੁਲਸ ਜਾਵੇ। ਅੱਗਾਂ, ਲੂਆਂ ਤੇ ਕੜਕਦੀਆਂ ਧੁੱਪਾਂ ਦੇ ਇਸ ਦੌਰ ਵਿਚ ਆਓ ਚੌਗਿਰਦੇ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝੀਏ:
ਲਿਖ ਤੂੰ ਗੀਤ ਤੇ ਗ਼ਜ਼ਲਾਂ,
ਭਾਵੇਂ ਤੂੰ ਕਵਿਤਾਵਾਂ ਲਿਖ।
ਧੁੱਪ 'ਚ ਬਲਦੇ ਬਿਰਖਾਂ ਲਈ ਪਰ,
ਠੰਡੀਆਂ ਕੁਝ ਹਵਾਵਾਂ ਲਿਖ।
ਚਾਰੇ ਪਾਸੇ ਗਲਬਾ ਅੱਜਕਲ੍ਹ,
ਜ਼ਹਿਰਾਂ ਵੇਚਣ ਵਾਲੇ ਦਾ,
ਫਿਰਨ ਭਟਕਦੇ ਚਿੜੀ ਜਨੌਰ,
ਇਨ੍ਹਾਂ ਲਈ ਕੁਝ ਛਾਵਾਂ ਲਿਖ।
-ਜ਼ੀਰਾ। ਮੋਬਾਈਲ : 98550-51099
ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਕੇਸ ਵਿਚ ਸਰਬਉੱਚ ਅਦਾਲਤ ਵਲੋਂ ਆਪਣਾ ਫ਼ੈਸਲਾ ਬਦਲ ਦਿੱਤਾ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਵੀਰਵਾਰ 19 ਮਈ, 2022 ਨੂੰ ਇਸ ਮਾਮਲੇ ...
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਝਾਂਸੀ ਵਾਲੀ ਰਾਣੀ ਲਕਸ਼ਮੀ ਬਾਈ ਦਾ ਨਾਂਅ ਸਿਤਾਰੇ ਵਾਂਗ ਚਮਕਦਾ ਹੈ। ਛੋਟੀ ਉਮਰ ਦੀ ਇਸ ਸ਼ਹੀਦ ਸੁੰਦਰੀ ਦੀ ਸਮਾਧ ਕੋਟਾ ਦੇ ਸਰਾਏ ਅਤੇ ਗਵਾਲੀਅਰ ਦੇ ਦਰਮਿਆਨ ਪਹਾੜੀ ਇਲਾਕੇ ਵਿਚ ਬਣੀ ਹੋਈ ਹੈ। ਇਸ ਦਾ ਜਨਮ ਨਵੰਬਰ, 1835 ਨੂੰ ਪਿਤਾ ਬਲਵੰਤ ...
ਵਿਸ਼ਵ ਭਰ ਵਿਚਲੇ ਸੱਤ ਅਜੂਬਿਆਂ ਵਿਚੋਂ ਭਾਰਤ ਵਿਚਲਾ ਤਾਜ ਮਹੱਲ ਹੀ ਇਕ ਅਜਿਹਾ ਅਜੂਬਾ ਹੈ ਜਿਸ ਬਾਰੇ ਹਰ ਚੜ੍ਹੀ ਸਵੇਰ ਕੋਈ ਨਾ ਕੋਈ ਸੱਜਰਾ ਵਿਵਾਦ ਛਿੜਿਆ ਰਹਿੰਦਾ ਹੈ। ਮੁਹੱਬਤ ਦੀ ਇਸ ਮੁਕੱਦਸ ਜ਼ਿਆਰਤਗਾਹ ਨੂੰ ਮੰਦਿਰ-ਮਸਜਿਦ ਦੇ ਵਿਵਾਦ ਵਿਚ ਘੜੀਸਿਆ ਜਾ ਰਿਹਾ ...
ਮਿਹਨਤੀ ਬੰਦੇ ਨੂੰ ਰੱਬ ਨਾਲੋਂ ਵੀ ਵੱਧ ਇਸ ਗੱਲ 'ਤੇ ਯਕੀਨ ਹੁੰਦਾ ਹੈ ਕਿ ਮਿਹਨਤ ਨਾਲ ਅਮੀਰੀ ਭਾਵੇਂ ਨਾ ਵੀ ਆਵੇ ਪਰ ਗ਼ਰੀਬੀ ਨਹੀਂ ਰਹੇਗੀ। ਅਮੋਲਕ ਸਿੰਘ ਗੁਣਾਚੌਰ ਨੇ ਪਿਛਲੇ ਕੁਝ ਸਾਲਾਂ ਵਿਚ ਚੰਗੀ ਪੈੜ ਪਾਈ ਹੈ। ਵਧੀਆ ਕਾਰੋਬਾਰ ਸਥਾਪਤ ਕਰ ਲਿਆ ਹੈ। ਨਾਂਅ ਕਮਾਇਆ ...
ਗੱਲ 1968-69 ਦੀ ਹੈ ਜਦੋਂ ਮੈਂ ਮਿਡਲ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ ਮਾਣਕ ਮਾਜਰਾ ਲੁਧਿਆਣਾ) ਵਿਚ ਬਤੌਰ ਸ. ਸ. ਮਾਸਟਰ ਕਾਰਜਸ਼ੀਲ ਸਾਂ ।
ਅੱਧੀ ਛੁੱਟੀ ਦਾ ਸਮਾਂ ਸੀ ਜਦੋਂ ਬਲਾਕ ਸਿੱਖਿਆ ਅਫ਼ਸਰ ਸ: ਅਜੀਤ ਸਿੰਘ ਮਾਂਗਟ, ਜ਼ਿਲ੍ਹੇ ਤੋਂ ਨਿਯੁਕਤੀ ਪੱਤਰ ਲੈ ਕੇ ਸਾਡੇ ਸਕੂਲ ...
ਪੰਜਾਬੀ ਫ਼ਿਲਮ ਸਨਅਤ ਲਈ ਇਕ ਚੰਗੀ ਤੇ ਉਤਸ਼ਾਹਪੂਰਨ ਖ਼ਬਰ ਆਈ ਹੈ। ਇਸ ਖ਼ਬਰ ਦਾ ਸਿਹਰਾ ਜਾਂਦਾ ਹੈ ਯੂ.ਕੇ. ਵਾਸੀ ਡਾ. ਚਾਨਣ ਸਿੰਘ ਸਿੱਧੂ ਨੂੰ। ਉਹ ਹੁਣ ਨਿਰਮਾਤਾ ਬਣ ਕੇ ਮੀਲ ਦਾ ਪੱਥਰ ਨੁਮਾ ਪੰਜਾਬੀ ਫ਼ਿਲਮ 'ਚੰਨ ਪ੍ਰਦੇਸੀ' ਨੂੰ ਨਵੀਂ ਸਜਾਵਟ ਨਾਲ ਲੈ ਕੇ ਆਏ ਹਨ। ਡਿਜੀਟਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX