ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਉਂਦੇ ਤਿੰਨ ਸਾਲਾਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰਨ ਰੂਪ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਪੁਰਾਤਨ ਪਰੰਪਰਾ ਨੂੰ ਸੁਰਜੀਤ ਕਰਨ ਅਤੇ ਹਾਰਮੋਨੀਅਮ, ਗੁਰਬਾਣੀ ਕੀਰਤਨ ਲਈ ਜਿਸ ਦੀ ਵਰਤੋਂ ਵੀਹਵੀਂ ਸਦੀ ਦੌਰਾਨ ਸ਼ੁਰੂ ਹੋਈ, ਨੂੰ ਸਮਾਂ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਬਾਹਰ ਕਰਨ ਦੀ ਗੱਲ ਆਖੀ ਹੈ।
ਕੀਰਤਨ ਕੀ ਹੈ?
'ਗੁਰਸ਼ਬਦ ਰਤਨਾਗਰ ਮਹਾਨ ਕੋਸ਼' ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਮਤਿ ਵਿਚ ਰਾਗ ਸਹਿਤ ਕਰਤਾਰ ਦੇ ਗੁਣਗਾਉਣ ਦਾ ਨਾਉਂ 'ਕੀਰਤਨ' ਹੈ। ਗੁਰਬਾਣੀ ਕੀਰਤਨ ਦੀ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤੀ ਸੀ। ਗੁਰੂ ਸਾਹਿਬ ਖ਼ੁਦ ਕੀਰਤਨ ਕਰਦੇ ਅਤੇ ਭਾਈ ਮਰਦਾਨਾ ਰਬਾਬ ਵਜਾਉਂਦਾ। ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰ ਭਾਈ ਸਾਦੂ ਤੇ ਭਾਈ ਬਾਦੂ ਰਬਾਬੀ ਕੀਰਤਨ ਕਰਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਸੱਤਾ ਤੇ ਭਾਈ ਬਲਵੰਡ ਕੀਰਤਨ ਦੀ ਸੇਵਾ ਕਰਦੇ ਰਹੇ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਭਾਈ ਬਾਬਕ ਰਬਾਬੀ ਜੋ ਢਾਡੀ ਬਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੂਰਬੀਰਾਂ ਦੀਆਂ ਵਾਰਾਂ ਗਾਉਂਦਾ ਰਿਹਾ ਹੈ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਭਾਈ ਬਾਬਕ ਕਈ ਸਾਲਾਂ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਵੀ ਕਰਦਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਭਾਈ ਸੱਦੂ ਤੇ ਭਾਈ ਮੱਦੂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ।
ਕੀ ਹੁੰਦੇ ਹਨ ਤੰਤੀ ਸਾਜ਼?
ਰਾਗ-ਬੱਧ ਗੁਰਬਾਣੀ ਨੂੰ ਸੁਰ ਦੇ ਨਾਲ ਮਿਲਾ ਕੇ ਗਾਉਣ ਲਈ ਗੁਰੂ ਸਾਹਿਬਾਨ ਨੇ ਰਬਾਬ, ਸਿਰੰਦਾ, ਤਾਊਸ, ਦਿਲਰੁਬਾ ਅਤੇ ਤਾਨਪੁਰਾ ਦੀ ਵਰਤੋਂ ਕੀਤੀ। ਇਨ੍ਹਾਂ ਦੇ ਨਾਲ ਸੁਰਾਂ ਨੂੰ ਤਾਲ ਦੇਣ ਲਈ ਮ੍ਰਿਦੰਗ, ਪਖਾਵਜ ਅਤੇ ਢੋਲਕ ਵਰਤੇ ਜਾਂਦੇ ਰਹੇ ਇਹ ਸਾਰੇ ਸਾਜ਼ ਤਾਰ (ਤੰਤੀ) ਨਾਲ ਵਜਾਉਣ ਵਾਲੇ ਹੋਣ ਕਾਰਨ 'ਤੰਤੀ ਸਾਜ਼' ਅਖਵਾਏ। 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ' ਵਿਚ ਗਿਆਨੀ ਕਿਰਪਾਲ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬਾਨ ਤੋਂ ਮਗਰੋਂ ਰਾਗੀ ਸਿੰਘ ਤੰਬੂਰਾ, ਦੋਤਾਰਾ, ਸਿਤਾਰ ਅਤੇ ਚੌਤਾਰਾ ਦੀ ਵਰਤੋਂ ਵੀ ਕਰਦੇ ਰਹੇ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੰਸਰੀ, ਅਲਗੋਜ਼ੇ, ਇਕਤਾਰਾ ਅਤੇ ਸਾਰੰਗੀ ਵਰਗੇ ਸਾਜ਼ ਵਜਾਉਣ ਦੀ ਸ਼ੁਰੂ ਤੋਂ ਮਨਾਹੀ ਹੈ।
ਕਿੰਝ ਅਲੋਪ ਹੋਈ ਤੰਤੀ ਸਾਜ਼ ਪ੍ਰਣਾਲੀ?
ਜਰਮਨ ਦਾ ਈਜਾਦ ਹੋਇਆ ਹਾਰਮੋਨੀਅਮ 1874 ਈਸਵੀ ਦੇ ਆਸ-ਪਾਸ ਭਾਰਤ ਆਇਆ। ਸਿੱਖਣਾ ਤੇ ਵਜਾਉਣਾ ਸੌਖਾ ਹੋਣ ਕਾਰਨ ਰਾਗੀ ਸਿੰਘਾਂ ਨੇ ਵੀ ਹਾਰਮੋਨੀਅਮ ਅਪਣਾ ਲਿਆ। ਨਤੀਜੇ ਵਜੋਂ ਇਹ ਸਾਜ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਲਈ ਵਰਤੋਂ ਵਿਚ ਆਉਣ ਲੱਗਾ। ਸੰਗੀਤ ਦੇ ਉਸਤਾਦਾਂ ਦੀ ਸੰਗਤ ਵਿਚ ਸਾਲਾਂ-ਬੱਧੀ ਮਿਹਨਤ ਕਰਕੇ ਤੰਤੀ-ਸਾਜ਼ਾਂ ਨਾਲ ਰਾਗਾਂ 'ਚ ਪ੍ਰਬੀਨ ਬਣਨ ਦਾ ਰੁਝਾਨ ਖ਼ਤਮ ਹੋ ਗਿਆ। ਨਤੀਜੇ ਵਜੋਂ ਕੀਰਤਨ ਦੀ ਪੁਰਾਤਨ ਤੇ ਮੌਲਿਕ ਸ਼ੈਲੀ ਅਲੋਪ ਹੋਣੀ ਸ਼ੁਰੂ ਹੋ ਗਈ ਅਤੇ ਇਲਾਹੀ ਕੀਰਤਨ ਪਹਿਲਾਂ ਰਾਗਾਂ ਤੋਂ ਰੀਤਾਂ ਅਤੇ ਫਿਰ ਫ਼ਿਲਮੀ ਧੁਨਾਂ 'ਤੇ ਹੋਣਾ ਸ਼ੁਰੂ ਹੋ ਗਿਆ।
ਮਿਆਰ 'ਚ ਗਿਰਾਵਟ ਆਈ
ਪਦਮ ਸ੍ਰੀ ਮਰਹੂਮ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਜ਼ਿਕਰ ਕਰਦੇ ਹੁੰਦੇ ਸਨ ਕਿ ਇਕ ਵਾਰ ਸੰਗੀਤ ਜਗਤ ਦੇ ਉਸਤਾਦ ਛੋਟੇ ਗ਼ੁਲਾਮ ਅਲੀ ਖਾਂ (ਪਾਕਿਸਤਾਨ) ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਪਰਿਕਰਮਾ ਵਿਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਇੱਥੇ ਕੀਰਤਨਕਾਰਾਂ ਦੇ ਮਿਆਰ 'ਚ ਆਈ ਗਿਰਾਵਟ ਤੋਂ ਨਿਰਾਸ਼ ਹੁੰਦਿਆਂ ਆਖਿਆ ਸੀ ਕਿ ਗੁਰੂ ਨਾਨਕ ਦਾ ਇਹ ਦਰ ਤਾਂ ਏਨਾ ਵੱਡਾ ਤੇ ਸੰਗੀਤ ਦੀ 'ਆਦਿ ਤੇ ਅਮੁੱਕ ਧਾਰਾ' ਹੈ ਕਿ ਇੱਥੋਂ ਦੇ ਰਾਗ ਧਨੀ ਕੀਰਤਨਕਾਰਾਂ ਅੱਗੇ ਗਾਉਣ ਤੋਂ ਹਿੰਦੁਸਤਾਨ ਦੇ ਵੱਡੇ-ਵੱਡੇ ਗਵੱਈਏ ਕੰਨ ਭੰਨਦੇ ਹੁੰਦੇ ਸਨ ਪਰ ਅੱਜ ਇਹ ਮਿਆਰ ਏਨਾ ਨੀਵਾਂ ਕਿਉਂ ਡਿਗ ਪਿਆ ਹੈ ਕਿ ਰਾਗ, ਸੁਰ, ਤਾਲ ਦੀ ਵੀ ਪੂਰੀ ਤਰ੍ਹਾਂ ਸੋਝੀ ਨਾ ਰੱਖਣ ਵਾਲੇ ਇੱਥੇ ਕੀਰਤਨ ਕਰ ਰਹੇ ਹਨ। ਇਹ ਲੋੜ ਸਿੱਖ ਜਗਤ ਵਿਚ ਵੀ ਪਿਛਲੇ ਸਮੇਂ ਤੋਂ ਲਗਾਤਾਰ ਜ਼ੋਰ ਫੜਦੀ ਜਾ ਰਹੀ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੌਲਿਕ ਮਰਯਾਦਾ ਜੋ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬੱਧੀ ਸੀ, ਨੂੰ ਮੂਲ ਰੂਪ ਵਿਚ ਸੁਰਜੀਤ ਰੱਖਣ ਲਈ, ਇੱਥੇ ਕੀਰਤਨ ਦੀ ਪੁਰਾਤਨ ਗਾਇਨ ਸ਼ੈਲੀ ਤੇ ਸਾਜ਼ਾਂ ਦੀ ਪਰੰਪਰਾ ਨੂੰ ਬਹਾਲ ਕਰਨਾ ਚਾਹੀਦਾ ਹੈ ਅਤੇ ਤੰਤੀ ਸਾਜ਼ਾਂ ਨੂੰ ਪ੍ਰਮੁੱਖਤਾ ਦੇਣ ਲਈ ਹਾਰਮੋਨੀਅਮ ਨੂੰ ਪਾਸੇ ਕਰਨਾ ਪਵੇਗਾ। ਕਿਉਂਕਿ ਦਹਾਕਾ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਪ੍ਰੋ. ਕਰਤਾਰ ਸਿੰਘ (ਮਰਹੂਮ) ਦੀ ਦੇਖ-ਰੇਖ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗਾਂ ਤੇ ਤੰਤੀ ਸਾਜ਼ਾਂ ਵਿਚ ਕੀਰਤਨ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤ ਵੇਲੇ ਆਸਾ ਦੀ ਵਾਰ, ਬਿਲਾਵਲੁ ਦੀ ਚੌਂਕੀ ਅਤੇ ਸ਼ਾਮ ਨੂੰ ਸੋਦਰੁ ਦੀ ਚੌਂਕੀ ਵੇਲੇ ਤੰਤੀ ਸਾਜ਼ਾਂ ਦੀ ਮਰਯਾਦਾ ਸੁਰਜੀਤ ਕਰਵਾਈ ਸੀ ਪਰ ਇਨ੍ਹਾਂ ਵਿਚ ਵੀ ਰਾਗੀ ਜਥੇ ਤੰਤੀ ਸਾਜ਼ਾਂ ਨੂੰ ਖ਼ੁਦ ਬਹੁਤ ਘੱਟ ਵਜਾਉਂਦੇ ਹਨ, ਸਗੋਂ ਦਿਲਰੁਬਾ ਵਜਾਉਣ ਵਾਲਾ ਇਕ ਵੱਖਰਾ ਸਾਜ਼ਿੰਦਾ ਸਿੰਘ ਜਥੇ 'ਚ ਸ਼ਾਮਿਲ ਹੁੰਦਾ ਹੈ
ਕਿਵੇਂ ਪ੍ਰਫੁੱਲਿਤ ਹੋਵੇ ਮੌਲਿਕ ਕੀਰਤਨ ਸ਼ੈਲੀ?
ਭਾਵੇਂ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਲਈ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਅਤੇ ਪੂਰਨ ਤੌਰ 'ਤੇ ਤੰਤੀ ਸਾਜ਼ਾਂ ਨਾਲ ਕੀਰਤਨ ਪਰੰਪਰਾ ਦੀ ਸੁਰਜੀਤੀ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਹੈ ਤਾਂ ਜੋ ਸਾਰੇ ਰਾਗੀ ਜਥੇ ਤੰਤੀ ਸਾਜ਼ਾਂ ਨਾਲ ਕੀਰਤਨ ਸਿਖਲਾਈ ਹਾਸਲ ਕਰ ਸਕਣ, ਪਰ ਪੰਥ ਅੰਦਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਜਥਿਆਂ ਪ੍ਰਤੀ ਬੇਰੁਖ਼ੀ ਭਰਿਆ ਰਵੱਈਆ ਖ਼ਤਮ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤੇ ਬਗ਼ੈਰ, ਤੰਤੀ ਸਾਜ਼ ਪ੍ਰਣਾਲੀ ਨੂੰ ਪ੍ਰਜ੍ਵਲਿਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਰੋਤਿਆਂ ਵਿਚ ਕੰਨ-ਰਸ ਭਾਰੂ ਹੋਣ ਅਤੇ ਪ੍ਰਬੰਧਕਾਂ ਵਿਚ ਇੱਛਾ-ਸ਼ਕਤੀ ਦੀ ਘਾਟ ਹੋਣ ਕਾਰਨ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਿਚੋਂ ਜਿਹੜੇ ਉਂਗਲਾਂ 'ਤੇ ਗਿਣਨ ਜੋਗੇ ਜਥੇ ਤੰਤੀ ਸਾਜ਼ਾਂ ਦੇ ਮਾਹਰ ਹਨ, ਉਹ ਵੀ ਹੁਣ ਤੱਕ ਨਿਰਾਸ਼ਾ ਦੇ ਸ਼ਿਕਾਰ ਹੀ ਰਹੇ ਹਨ। ਹਾਰਮੋਨੀਅਮ ਨਾਲ ਕੀਰਤਨ ਵਿਚ ਮੁਹਾਰਤ ਕੋਈ ਵੀ ਸੰਗੀਤ ਵਿਦਿਆਰਥੀ ਸਾਲ-ਡੇਢ ਸਾਲ ਵਿਚ ਸਹਿਜੇ ਹੀ ਕਰ ਸਕਦਾ ਹੈ ਜਦੋਂਕਿ ਤੰਤੀ ਸਾਜ਼ਾਂ ਵਿਚ ਮੁਹਾਰਤ ਲਈ ਦਹਾਕਿਆਂ ਦੀ ਸਿਖਲਾਈ ਅਤੇ ਦਿਨ-ਰਾਤ ਦੇ ਰਿਆਜ਼ ਦੀ ਲੋੜ ਹੁੁੰਦੀ ਹੈ। ਇਸ ਕਰਕੇ ਪੰਥਕ ਸੰਸਥਾਵਾਂ ਤੇ ਸੰਗਤ 'ਚ ਤੰਤੀ ਸਾਜ਼ਾਂ ਦੇ ਮਾਹਰ ਰਾਗੀਆਂ ਪ੍ਰਤੀ ਵਿਸ਼ੇਸ਼ ਸਤਿਕਾਰ ਅਤੇ ਸਨਮਾਨ ਬਹਾਲ ਕੀਤੇ ਬਗ਼ੈਰ ਅਤੇ ਉਨ੍ਹਾਂ ਦੀ ਉਪਜੀਵਕਾ ਨੂੰ ਸੁਰੱਖਿਅਤ ਕੀਤੇ ਬਗ਼ੈਰ, ਗੁਰਮਤਿ ਦੀ ਮੌਲਿਕ ਕੀਰਤਨ ਸ਼ੈਲੀ ਨੂੰ ਪ੍ਰਫੁੱਲਿਤ ਕਰਨਾ ਅਸੰਭਵ ਹੈ।
# ਸ੍ਰੀ ਅਨੰਦਪੁਰ ਸਾਹਿਬ
ਮੋ: 98780-70008.
ਸਿਰੋਪਾਓ ਦਾ ਭਾਵ ਹੈ, ਸਿਰ ਤੋਂ ਪੈਰਾਂ ਤੀਕਰ ਦੀ ਵਿਸ਼ੇਸ਼ ਪੁਸ਼ਾਕ ਦਾ ਵਸਤਰ ਜੋ ਮਾਣ-ਸਨਮਾਨ ਦੇ ਚਿੰਨ੍ਹ ਵਜੋਂ, ਕਿਸੇ ਆਦਰਯੋਗ ਵਿਅਕਤੀ ਦੇ ਅੰਗਰਖੇ ਵਜੋਂ ਪਹਿਨਾਇਆ ਜਾਂਦਾ ਹੈ। ਸਿੱਖ ਧਰਮ ਵਿਚ ਸਿਰੋਪਾਓ ਦੀ ਪਰੰਪਰਾ ਦਾ ਮੁੱਢ ਕਦੋਂ ਤੇ ਕਿਵੇਂ ਬੱਝਾ, ਸਿਰੋਪਾਓ ਦੀ ...
ਜੈਤਸਰੀ ਮਹਲਾ ੯
ੴ ਸਤਿਗੁਰ ਪ੍ਰਸਾਦਿ
ਭੂਲਿਓ ਮਨੁ ਮਾਇਆ ਉਰਝਾਇਓ
ਜੋ ਜੋ ਕਰਮ ਕੀਓ ਲਾਲਚ ਲਗਿ
ਤਿਹ ਤਿਹ ਆਪੁ ਬੰਧਾਇਓ੧ ਰਹਾਉ
ਸਮਝ ਨ ਪਰੀ ਬਿਖੈ ਰਸਿ ਰਚਿਓ
ਜਸੁ ਹਰਿ ਕੋ ਬਿਸਰਾਇਓ
ਸੰਗਿਸੁਆਮੀ ਸੋ ਜਾਨਿਓ ਨਾਹਿਨ
ਬਨੁ ਖੋਜਨ ਕਉ ਧਾਇਓ੧
ਰਤਨੁ ਰਾਮੁ ਘਟ ਹੀ ਕੇ ...
ਸੰਸਾਰ ਦਾ ਸੱਚ ਹੈ ਕਿ ਕੀਮਤ ਉਸ ਦੀ ਹੀ ਪੈਂਦੀ ਹੈ, ਜਿਸ ਵਿਚ ਕੋਈ ਗੁਣ ਹੁੰਦਾ ਹੈ। ਔਗੁਣ ਭਰਪੂਰ ਹਰ ਥਾਂ ਬੇਕਦਰਾ ਹੁੰਦਾ ਹੈ। ਦਾਨਿਆਂ ਦਾ ਕਥਨ ਹੈ ਕਿ ਗੁਣਹਰ ਥਾਂ ਆਪਣਾ ਆਦਰ ਕਰਵਾ ਲੈਂਦਾ ਹੈ। ਬਾਬਾ ਫ਼ਰੀਦ ਜੀ ਮਾਨਵਤਾ ਨੂੰ ਸੁਚੇਤ ਕਰਦੇ ਹਨ ਕਿ ਹੇ ਫ਼ਰੀਦ! ਉਹ ਕੰਮ ...
ਜਦ ਮੈਂ ਹਰਿਆਣੇ ਵਲੋਂ 2004 ਵਿਚ ਮੈਂਬਰ ਪਾਰਲੀਮੈਂਟ ਬਣਿਆ ਸੀ ਤਾਂ ਮੈਂ ਸਿੱਖ ਮਸਲਿਆਂ ਬਾਰੇ ਜਾਣਕਾਰੀ ਆਰੰਭ ਕੀਤੀ ਅਤੇ ਇਸ ਨਤੀਜੇ 'ਤੇ ਪੁੱਜਿਆ ਕਿ ਸਭ ਤੋਂ ਅਹਿਮ ਮੁੱਦਾ ਸਿੱਖਾਂ ਲਈ ਵਿਆਹ ਕਰਨ ਸੰਬੰਧੀ ਕਾਨੂੰਨ ਹੈ। ਸਿੱਖ ਇਤਿਹਾਸ ਵਿਚ ਖੋਜ ਕਰਨ ਲੱਗਿਆਂ ਇਹ ਪਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX