ਮੈਨੂੰ ਨਹੀਂ ਪਤਾ ਕਿ ਆਉਣ ਵਾਲੀਆਂ ਸਦੀਆਂ ਗਾਂਧੀ ਨੂੰ ਕਿਸ ਤਰ੍ਹਾਂ ਯਾਦ ਕਰਨਗੀਆਂ ਪਰ ਏਨਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੋਦੀ ਨੂੰ ਜ਼ਰੂਰ ਯਾਦ ਕਰਨਗੀਆਂ ਕਿ ਕਿਵੇਂ ਸਾਹ ਲੈਂਦੇ ਹੋਏ ਇਕ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟ ਦਿੱਤਾ ਗਿਆ ਅਤੇ ਇਕ ਸਹਿਣਸ਼ੀਲ ਸਮਾਜ ਨੂੰ ਅਸਹਿਣਸ਼ੀਲ ਸਮਾਜ ਵਿਚ ਬਦਲ ਦਿੱਤਾ ਗਿਆ। ਮੈਨੂੰ ਨਹੀਂ ਪਤਾ ਕਿ ਜਦੋਂ ਸਦੀਆਂ ਇਹ ਮੁਲਾਂਕਣ ਕਰ ਰਹੀਆਂ ਹੋਣਗੀਆਂ ਤਾਂ ਉਸ ਸਮੇਂ ਦੇਸ਼ ਵਿਚ ਲੋਕਤੰਤਰ ਹੋਵੇਗਾ ਜਾਂ ਨਹੀਂ ਪਰ ਏਨਾ ਜ਼ਰੂਰ ਵਿਸ਼ਵਾਸ ਹੈ ਕਿ ਲੋਕਤੰਤਰ ਦੀ ਯਾਦ ਜ਼ਰੂਰ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਲਿਆਵੇਗੀ।
2014 ਵਿਚ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਡਾ. ਮਨਮੋਹਨ ਸਿੰਘ ਦੀ ਥਾਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਸੀ ਤਾਂ ਬਹੁਤ ਸਾਰੇ ਬੁੱਧੀਜੀਵੀਆਂ ਨੂੰ ਇਸ ਗੱਲ ਦੀ ਉਮੀਦ ਸੀ ਕਿ ਦੇਸ਼ ਨੂੰ ਇਕ ਬੇਹੱਦ ਭ੍ਰਿਸ਼ਟ ਸਰਕਾਰ ਤੋਂ ਛੁਟਕਾਰਾ ਮਿਲਿਆ ਹੈ, ਦੇਸ਼ ਹੁਣ ਰਾਸ਼ਟਰ ਨਿਰਮਾਣ ਦੇ ਦੂਜੇ ਦੌਰ ਵਿਚ ਦਾਖ਼ਲ ਹੋਏਗਾ। ਇਹ ਉਹ ਲੋਕ ਸਨ ਜੋ ਹਿੰਦੂਵਾਦੀ ਨਹੀਂ ਸਨ, ਇਹ ਉਹ ਲੋਕ ਸਨ ਜੋ ਆਰ. ਐਸ. ਐਸ. ਦੇ ਪ੍ਰਚਾਰਕ ਨਹੀਂ ਸਨ, ਇਹ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵਿਚ ਵੱਡੇ-ਵੱਡੇ ਅਹੁਦਿਆਂ 'ਤੇ ਸਨ, ਵਿਦੇਸ਼ੀ ਅਖ਼ਬਾਰਾਂ ਵਿਚ ਕਾਲਮ ਲਿਖਿਆ ਕਰਦੇ ਸਨ। ਇਨ੍ਹਾਂ ਨੂੰ ਭਾਜਪਾ ਤੋਂ ਉਮੀਦ ਸ਼ਾਇਦ ਨਹੀਂ ਸੀ, ਇਨ੍ਹਾਂ ਨੂੰ ਉਮੀਦ ਸੀ ਮੋਦੀ ਤੋਂ। ਡਾ. ਮਨਮੋਹਨ ਸਿੰਘ ਦੀ ਹਰ ਕਮਜ਼ੋਰੀ ਦਾ ਜਵਾਬ ਉਹ ਮੋਦੀ ਵਿਚ ਲੱਭ ਰਹੇ ਸਨ। ਅੱਜ ਅੱਠ ਸਾਲ ਬਾਅਦ ਇਹੀ ਲੋਕ ਮੋਦੀ ਤੋਂ ਨਾ ਸਿਰਫ਼ ਨਿਰਾਸ਼ ਹਨ, ਸਗੋਂ ਦੇਸ਼ ਵਿਚ ਲੋਕਤੰਤਰ ਬਚੇਗਾ ਜਾਂ ਨਹੀਂ, ਇਸ ਗੱਲ 'ਤੇ ਡੂੰਘੀ ਸੋਚ ਵਿਚ ਹਨ।
ਮੈਨੂੰ ਉਦੋਂ ਵੀ ਇਹ ਸਮਝ ਸੀ ਅਤੇ ਅੱਜ ਵੀ ਹੈ, ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਵਿਚ ਲੋਕਤੰਤਰ ਕਮਜ਼ੋਰ ਹੋਵੇਗਾ, ਸੰਸਥਾਵਾਂ ਨੂੰ ਸਿਉਂਕ ਲੱਗੇਗੀ, ਮੁਸਲਿਮ ਸਮਾਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰੇਗਾ ਅਤੇ ਸਮਾਜਕ ਤਾਣਾ-ਬਾਣਾ ਟੁੱਟੇਗਾ। ਮੈਨੂੰ ਇਹ ਸ਼ੱਕ ਸੀ ਕਿ ਮੀਡੀਆ ਸਰਕਾਰ ਦਾ ਦਾਸ ਬਣ ਜਾਵੇਗਾ, ਨੌਕਰਸ਼ਾਹੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਵੇਗੀ ਅਤੇ ਭਾਰਤ ਦੀ ਦਿੱਖ ਨੂੰ ਡੂੰਘੀ ਸੱਟ ਲੱਗੇਗੀ। ਹਿੰਦੂਤਵ ਭਾਰੂ ਹੋਵੇਗਾ ਅਤੇ ਨਹਿਰੂਵਾਦੀ ਉਦਾਰਵਾਦ ਦੀਆਂ ਜੜ੍ਹਾਂ ਵਿਚ ਤੇਲ ਪਾ ਦਿੱਤਾ ਜਾਵੇਗਾ। ਧਰਮ ਦਾ ਬੋਲਬਾਲਾ ਹੋਵੇਗਾ ਅਤੇ 'ਮੀਡੀਆਕ੍ਰਿਟੀ' ਸਮਾਜ ਦੀ ਸੋਚ ਬਣ ਜਾਵੇਗੀ, ਜਿਸ ਵਿਚ ਹਰ ਉਹ ਚੀਜ਼ ਜੋ 'ਕ੍ਰੀਏਟਿਵ' ਹੈ, ਉਹ ਈਸ਼ਨਿੰਦਾ ਦਾ ਕਾਰਨ ਬਣੇਗੀ। ਰਚਨਾਤਮਿਕਤਾ ਨੂੰ ਠੁਕਰਾ ਦਿੱਤਾ ਜਾਵੇਗਾ ਅਤੇ ਚਮਚਾਗਿਰੀ ਨੂੰ ਸੱਤਾ ਦੀ ਹਮਦਰਦੀ ਹਾਸਲ ਹੋਵੇਗੀ। ਪਰ ਮੈਨੂੰ ਜਿਸ ਚੀਜ਼ ਦੀ ਉਮੀਦ ਨਹੀਂ ਸੀ ਉਹ ਇਹ ਕਿ ਇਹ ਸਭ ਕੁਝ ਦੇਸ਼ ਦੀ ਮੁੱਖ ਧਾਰਾ ਬਣ ਜਾਵੇਗਾ ਅਤੇ ਭਾਰਤੀ ਸੱਭਿਅਤਾ, ਜੋ ਹਜ਼ਾਰਾਂ ਸਾਲ ਤੋਂ ਲੋਕਤੰਤਰੀ ਰਹੀ ਹੈ, ਜਿਸ ਨੇ ਕਬੀਰ ਵਰਗੇ ਵਿਦਰੋਹੀ ਨੂੰ ਜਨਮ ਦਿੱਤਾ, ਉਹ ਏਨੀ ਆਸਾਨੀ ਨਾਲ ਸੱਤਾ ਅਤੇ ਵਿਚਾਰਧਾਰਾ ਦੇ ਸਾਹਮਣੇ ਸ਼ਰਨਾਗਤ ਹੋ ਜਾਏਗੀ ਅਤੇ ਉਹ ਜੋ ਪੜ੍ਹੇ-ਲਿਖੇ ਹਨ, ਆਪਣੇ ਵਿਵੇਕ ਨੂੰ ਕਿਨਾਰੇ ਰੱਖ ਕੇ ਬੁਰਛਾਗਰਦੀ ਨੂੰ ਦਰੁਸਤ ਠਹਿਰਾਉਣਗੇ।
ਜੇਕਰ ਅੱਠ ਸਾਲ ਬਾਅਦ ਧਰਮ ਦੇ ਨਾਂਅ 'ਤੇ ਹੱਥਾਂ 'ਚ ਤਲਵਾਰ ਅਤੇ ਪਿਸਤੌਲ ਲੈ ਕੇ ਨਿਕਲਣ ਵਾਲਿਆਂ ਨੂੰ ਪੜ੍ਹਿਆ-ਲਿਖਿਆ ਸਮਾਜ ਧਰਮ ਰੱਖਿਅਕ ਮੰਨਣ ਲੱਗੇ, ਧਰਮ ਸੰਸਦ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਗੱਲ ਕਰਨ ਵਾਲਿਆਂ ਨੂੰ ਸਾਧੂ, ਸੰਨਿਆਸੀ ਕਿਹਾ ਜਾਵੇ ਅਤੇ ਬਾਪੂ ਦੀ ਮੂਰਤੀ 'ਤੇ ਗੋਲੀ ਚਲਾਉਣ ਵਾਲੇ ਦੇਸ਼ ਭਗਤ ਹੋ ਜਾਣ ਤਾਂ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਦੇਸ਼ ਬੁਨਿਆਦੀ ਤੌਰ 'ਤੇ ਬਦਲ ਚੁੱਕਾ ਹੈ ਅਤੇ ਇਹ ਸਭ ਪਿਛਲੇ ਅੱਠ ਸਾਲਾਂ ਵਿਚ ਹੋਇਆ ਹੈ।
ਅਜਿਹਾ ਨਹੀਂ ਹੈ ਕਿ ਸੱਭਿਅਤਾਵਾਂ ਵਿਚ ਉਥਲ-ਪੁਥਲ ਨਹੀਂ ਹੁੰਦੀ ਅਤੇ ਸੱਭਿਅਤਾਵਾਂ ਤਬਦੀਲੀ ਦੀ ਬੇਯਕੀਨੀ ਵਿਚੀਂ ਨਹੀਂ ਲੰਘਦੀਆਂ। ਭਾਰਤੀ ਸਮਾਜ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਦੂਜੀਆਂ ਸੱਭਿਅਤਾਵਾਂ ਦਾ ਨਾਮੋ-ਨਿਸ਼ਾਨ ਨਹੀਂ ਸੀ ਉਦੋਂ ਉਹ ਇਕ ਬੇਹੱਦ ਪ੍ਰਸਿੱਧ ਸਮਾਜ ਸੀ। ਮੋਹੰਜੋਦੜੋ-ਹੜੱਪਾ ਦੀ ਖੁਦਾਈ ਵੇਲੇ ਮਿਲੀਆਂ ਨਿਸ਼ਾਨੀਆਂ ਇਸ ਗੱਲ ਦਾ ਸਬੂਤ ਹਨ ਕਿ ਮਨੁੱਖੀ ਸੱਭਿਅਤਾ ਦੇ ਵਿਕਾਸ ਦੀ ਲੜੀ ਵਿਚ ਭਾਰਤ ਦੀ ਥਾਂ ਕਿੰਨੀ ਉੱਚੀ ਸੀ। ਉਸ ਸਮੇਂ ਸਿਰਫ ਮਿਸਰ ਦੀ ਇਕੱਲੀ ਸੱਭਿਅਤਾ ਹੀ ਅਜਿਹੀ ਸੀ ਜਿਥੇ ਮਨੁੱਖੀ ਜੀਵਨ ਅਤੇ ਜੀਵਨ ਤੋਂ ਬਾਅਦ ਉਸ 'ਤੇ ਡੂੰਘਾ ਚਿੰਤਨ ਹੋਇਆ ਸੀ ਅਤੇ ਉਸ ਨੂੰ ਸੁਰੱਖਿਅਤ ਰੱਖਣ ਦੀ ਸੰਵੇਦਨਾ ਜਿਊਂਦੀ ਸੀ। ਮਿਸਰ ਦੇ ਪਿਰਾਮਿਡ ਇਸ ਗੱਲ ਦੇ ਗਵਾਹੀ ਹਨ ਅਤੇ ਮਮੀ ਦੇ ਰੂਪ ਵਿਚ ਉਨ੍ਹਾਂ ਦੇ ਰਾਜਿਆਂ ਦੇ ਅੱਜ ਵੀ ਸੰਭਾਲ ਕੇ ਰੱਖੇ ਗਏ ਅਵਸ਼ੇਸ਼ ਇਸ ਗੱਲ ਦੀ ਗਵਾਹੀ ਦਿੰਦੇ ਹਨ। ਪਰ ਉਹੀ ਮਿਸਰ ਅੱਜ ਇਕ ਟੁੱਟਾ ਹੋਇਆ ਸਮਾਜ ਹੈ। ਧਰਮ ਦੀ ਕੱਟੜਤਾ ਨੇ ਉਸ ਨੂੰ ਸੱਭਿਅਤਾਵਾਂ ਦੀ ਦੌੜ ਵਿਚ ਬੇਹੱਦ ਪਿੱਛੇ ਧੱਕ ਦਿੱਤਾ ਹੈ। ਪਰ ਉਹ ਸਮਾਜ ਜਿਨ੍ਹਾਂ ਨੇ ਧਰਮ ਦੀ ਖੜੋਤ ਨੂੰ ਚੁਣੌਤੀ ਦਿੱਤੀ, ਵਿਗਿਆਨਕ ਸੋਚ ਨੂੰ ਪਹਿਲ ਦਿੱਤੀ, ਉਹ ਅੱਜ ਵਿਕਾਸ ਦੇ ਦੌਰ 'ਚ ਸਭ ਤੋਂ ਅੱਗੇ ਹਨ। ਅਜਿਹਾ ਨਹੀਂ ਹੈ ਕਿ ਇਨ੍ਹਾਂ ਸਮਾਜਾਂ ਵਿਚੋਂ ਧਰਮ ਅਲੋਪ ਹੋ ਗਿਆ ਹੈ, ਬਸ ਧਰਮ ਨੂੰ ਇਹ ਸਮਝਾ ਦਿੱਤਾ ਗਿਆ ਹੈ ਕਿ ਉਹ ਆਪਣੇ ਨਿੱਜੀ ਦਾਇਰੇ ਵਿਚ ਰਹੇ ਅਤੇ ਰਾਜਨੀਤੀ ਤੋਂ ਦੂਰ ਰਹੇ। ਪੋਪ ਅਤੇ ਪਾਦਰੀ ਚਰਚ ਤੱਕ ਹੀ ਸੀਮਤ ਰਹਿਣ।
ਪੱਛਮ ਨੇ ਮੱਧਕਾਲ ਵਿਚ ਧਰਮ ਦੇ ਜਨਤਕ ਜੀਵਨ ਵਿਚ ਦਖ਼ਲ ਦਾ ਹਸ਼ਰ ਦੇਖਿਆ ਅਤੇ ਭੋਗਿਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਧਰਮ ਨੂੰ ਜੇਕਰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਇਸ ਦੀ ਆੜ ਵਿਚ ਕਿਵੇਂ-ਕਿਵੇਂ ਦੇ ਭ੍ਰਿਸ਼ਟਾਚਾਰ ਅਤੇ ਵਿਭਚਾਰ ਪੈਦਾ ਹੁੰਦੇ ਹਨ ਅਤੇ ਸਮਾਜ ਇਕ ਹਿੰਸਕ ਸਮਾਜ ਵਿਚ ਤਬਦੀਲ ਹੋ ਜਾਂਦਾ ਹੈ। ਲਿਹਾਜ਼ਾ ਉਸ ਨੇ ਇਹ ਫ਼ੈਸਲਾ ਕੀਤਾ ਕਿ ਧਰਮ ਦਾ ਸਨਮਾਨ ਹੈ ਪਰ ਸੀਮਤ ਦਾਇਰੇ ਵਿਚ, ਉਸ ਨੂੰ ਈਸ਼ਵਰ ਅਤੇ ਵਿਅਕਤੀ ਵਿਚਾਲੇ ਛੱਡ ਦਿੱਤਾ ਗਿਆ, ਉਸ ਨੂੰ ਰਾਜਨੀਤਕ ਜੀਵਨ ਵਿਚ ਦਾਖ਼ਲੇ ਦੀ ਇਜਾਜ਼ਤ ਨਹੀਂ ਹੈ। ਭਾਰਤ ਨੇ ਬਦਕਿਸਮਤੀ ਨਾਲ ਆਪਣੇ ਹੀ ਅਤੀਤ ਤੋਂ ਸਬਕ ਨਹੀਂ ਲਿਆ। ਧਰਮ ਦੀ ਵਜ੍ਹਾ ਕਰਕੇ ਦੇਸ਼ ਦੀ ਵੰਡ ਹੋਈ ਅਤੇ ਪਾਕਿਸਤਾਨ ਵਰਗਾ ਮੁਲਕ ਬਣਿਆ ਜੋ ਅੱਜ ਵੀ ਸੱਭਿਆ ਸਮਾਜ ਕਹਾਉਣ ਦੇ ਯੋਗ ਨਹੀਂ ਹੈ ਅਤੇ ਇਹ ਵੀ ਤੈਅ ਨਹੀਂ ਹੈ ਕਿ ਉਹ ਲੰਮੇ ਸਮੇਂ ਤੱਕ ਇਕ ਰਹਿ ਵੀ ਸਕੇਗਾ ਜਾਂ ਨਹੀਂ। ਪਿਛਲੇ ਅੱਠ ਸਾਲਾਂ ਨੇ ਭਾਰਤ ਨੂੰ ਪਾਕਿਸਤਾਨ ਦੇ ਬਰਾਬਰ ਲਿਆ ਖੜ੍ਹਾ ਕੀਤਾ ਹੈ।
ਅੱਜ ਹਰ ਨਿੱਕੀ ਜਿਹੀ ਗੱਲ 'ਤੇ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗ ਜਾਂਦੀ ਹੈ। ਪੁਲਿਸ ਇਸ ਤਰ੍ਹਾਂ ਦੇ ਲੋਕਾਂ ਦੇ ਹੱਥ ਦੀ ਕਠਪੁਤਲੀ ਬਣ ਚੁੱਕੀ ਹੈ। ਜਿਸ ਦੇਸ਼ ਵਿਚ ਕਬੀਰ ਨੇ ਹਿੰਦੂ ਅਤੇ ਮੁਸਲਮਾਨ, ਦੋਵਾਂ ਨੂੰ ਬੁਰੀ ਤਰ੍ਹਾਂ ਫਟਕਾਰਿਆ ਅਤੇ ਮੰਦਰ ਮਸਜਿਦ ਦੇ ਨਾਂਅ 'ਤੇ ਪੰਡਿਤ ਅਤੇ ਮੁੱਲਾ, ਦੋਵਾਂ ਦੇ ਕੰਨ ਸੇਕੇ, ਉਥੇ ਰੌਲਾ ਇਸ ਗੱਲ 'ਤੇ ਮਚਿਆ ਹੈ ਕਿ ਮਸਜਿਦ ਨੂੰ ਪੁੱਟ ਕੇ ਇਹ ਤੈਅ ਕੀਤਾ ਜਾਵੇ ਕਿ ਉਥੇ ਮੰਦਰ ਸੀ ਜਾਂ ਨਹੀਂ। ਅਯੁੱਧਿਆ ਤੋਂ ਬਾਅਦ ਇਹ ਮੰਨਿਆ ਜਾਣ ਲੱਗਿਆ ਸੀ ਕਿ ਹੁਣ ਮੰਦਰ ਮਸਜਿਦ ਵਿਵਾਦ ਨੂੰ ਤਿਲਾਂਜਲੀ ਦੇ ਦਿੱਤੀ ਜਾਵੇਗੀ ਅਤੇ ਹਿੰਦੂ ਮੁਸਲਿਮ ਇਤਿਹਾਸ ਦੀਆਂ ਜ਼ਿਆਦਤੀਆਂ ਨੂੰ ਭੁਲਾ ਕੇ ਸ਼ਾਂਤੀ ਅਤੇ ਮੇਲ-ਮਿਲਾਪ ਦਾ ਜੀਵਨ ਜਿਊਣਗੇ, ਉਥੇ ਨਵੇਂ ਸਿਰੇ ਤੋਂ ਅਤੀਤ ਨੂੰ ਪੁੱਟਿਆ ਜਾ ਰਿਹਾ ਹੈ ਅਤੇ ਧਰਮ ਨੂੰ ਧਰਮ ਨਾਲ ਲੜਾਇਆ ਜਾ ਰਿਹਾ ਹੈ। ਇਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਜਨਤਕ ਥਾਂ 'ਤੇ ਨਮਾਜ਼ ਨਹੀਂ ਪੜ੍ਹ ਸਕਦੇ, ਉਨ੍ਹਾਂ ਦੀਆਂ ਕੁੜੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਇੱਛਾ ਨਾਲ ਕੱਪੜੇ ਨਹੀਂ ਪਾ ਸਕਦੀਆਂ, ਉਨ੍ਹਾਂ ਨੂੰ ਇੱਛਾ ਮੁਤਾਬਿਕ ਖਾਣਾ ਖਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਆਪਣੀ ਇੱਛਾ ਅਨੁਸਾਰ ਵਪਾਰ ਵੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਹਿੰਦੂਆਂ ਦੇ ਮੰਦਰਾਂ ਦੇ ਆਲੇ-ਦੁਆਲੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਲਾਊਡ ਸਪੀਕਰ 'ਤੇ ਅਜ਼ਾਨ ਵੀ ਉਹ ਨਹੀਂ ਦੇ ਸਕਦੇ।
ਇਸ ਤਰ੍ਹਾਂ ਨਹੀਂ ਸੀ ਕਿ 2014 ਤੋਂ ਪਹਿਲਾਂ ਇਸ ਦੇਸ਼ ਵਿਚ ਹਿੰਦੂ ਅਤੇ ਮੁਸਲਮਾਨਾਂ ਵਿਚਾਲੇ ਪੂਰੀ ਤਰ੍ਹਾਂ ਸ਼ਾਂਤੀ ਸੀ। ਦੰਗੇ ਹੁੰਦੇ ਸਨ, ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਦੀਆਂ ਜਾਨਾਂ ਜਾਂਦੀਆਂ ਸਨ। ਹਿੰਦੂ ਅਤੇ ਮੁਸਲਮਾਨ, ਦੋਵਾਂ ਪਾਸਿਆਂ ਤੋਂ ਨਫ਼ਰਤ ਦੇ ਸੌਦਾਗਰ ਅੱਗ ਲਾਇਆ ਕਰਦੇ ਸਨ। ਲੋਕਾਂ ਨੂੰ ਭੜਕਾਇਆ ਜਾਂਦਾ ਸੀ। ਇਕ ਦੂਜੇ ਦੇ ਧਰਮ ਵਿਰੁੱਧ ਬੇਵਜ੍ਹਾ ਗੱਲਾਂ ਕੀਤੀਆਂ ਜਾਂਦੀਆਂ ਸਨ। ਪੁਲਿਸ ਪ੍ਰਸ਼ਾਸਨ 'ਤੇ ਇਕ ਧਰਮ ਵਿਸ਼ੇਸ਼ ਦਾ ਪੱਖ ਲੈਣ ਦੇ ਦੋਸ਼ ਲਗਦੇ ਸਨ, ਪਰ ਸਮਾਜ ਵਿਚ ਦੰਗਾ ਕਰਾਉਣ ਵਾਲਿਆਂ ਦੇ, ਇਸ ਤਰ੍ਹਾਂ ਦੇ ਨੇਤਾਵਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸੋਹਲੇ ਨਹੀਂ ਸਨ ਗਾਏ ਜਾਂਦੇ, ਉਨ੍ਹਾਂ ਨੂੰ ਸਮਾਜ ਦੀ ਪ੍ਰਵਾਨਗੀ ਵੀ ਨਹੀਂ ਸੀ ਹੁੰਦੀ। ਅੱਜ ਸ਼ਰਮ ਦੀ ਉਹ ਦੀਵਾਰ ਭੁਰ-ਭੁਰ ਕੇ ਡਿਗ ਗਈ ਹੈ ਅਤੇ ਹਿੰਦੂਤਵ ਦੇ ਨਾਂਅ 'ਤੇ ਹਰ ਗ਼ਲਤ ਕੰਮ ਨੂੰ ਨੈਤਿਕਤਾ ਦਾ ਲਿਬਾਸ ਪਹਿਨਾਇਆ ਜਾ ਰਿਹਾ ਹੈ, ਜੋ ਜਿੰਨੀ ਤੇਜ਼ੀ ਅਤੇ ਊਰਜਾ ਨਾਲ ਨਫ਼ਰਤ ਫੈਲਾਅ ਰਿਹਾ ਹੈ, ਦੂਜੇ ਧਰਮ ਦੇ ਲੋਕਾਂ ਨੂੰ ਗਾਲ੍ਹਾਂ ਦੇ ਰਿਹਾ ਹੈ, ਉਹ ਸਮਾਜ ਵਿਚ ਓਨਾ ਹੀ ਚੰਗਾ ਅਤੇ ਸਨਮਾਨਿਤ ਮੰਨਿਆ ਜਾ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਸੱਤਾ ਇਸ ਤਰ੍ਹਾਂ ਦੇ ਲੋਕਾਂ ਨੂੰ ਸਨਮਾਨਿਤ ਕਰ ਰਹੀ ਹੈ, ਉਨ੍ਹਾਂ ਨੂੰ ਆਦਰਸ਼ ਦੇ ਤੌਰ 'ਤੇ ਸਥਾਪਤ ਕਰ ਰਹੀ ਹੈ। ਭਾਵ ਸਮਾਜ ਦੀਆਂ ਪ੍ਰਵਾਨਿਤ ਕਦਰਾਂ-ਕੀਮਤਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਸੱਭਿਅਤਾ ਦੀਆਂ ਸਰਬੋਤਮ ਕਦਰਾਂ-ਕੀਮਤਾਂ ਮਮਤਾ, ਕਰੁਣਾ, ਸੱਚ, ਅਹਿੰਸਾ ਅਤੇ ਸਹਿਣਸ਼ੀਲਤਾ ਨੂੰ ਮੁਢਲੇ ਤੌਰ 'ਤੇ ਬਦਲਿਆ ਜਾ ਰਿਹਾ ਹੈ ਕਿਉਂਕਿ ਸੱਤਾ 'ਤੇ ਕਾਬਜ਼ ਵਿਚਾਰਧਾਰਾ ਇਹ ਮੰਨਦੀ ਹੈ ਕਿ ਇਨ੍ਹਾਂ ਕਦਰਾਂ-ਕੀਮਤਾਂ ਦੀ ਵਜ੍ਹਾ ਕਰਕੇ ਹੀ ਹਿੰਦੂ ਸਮਾਜ ਹਜ਼ਾਰਾਂ ਸਾਲਾਂ ਤੱਕ ਗ਼ੁਲਾਮ ਰਿਹਾ ਹੈ। ਇਤਿਹਾਸ ਦਾ ਇਹ ਸਰਲੀਕਰਨ ਦੇਸ਼ ਲਈ ਬੇਹੱਦ ਖ਼ਤਰਨਾਕ ਹੈ। ਇਹ ਦੇਸ਼ ਨੂੰ ਇਕ ਹੋਰ ਵੰਡ ਦੀ ਦਿਸ਼ਾ ਵੱਲ ਲੈ ਜਾਵੇਗਾ।
ਸਾਡੇ ਅੱਜ ਦੇ ਸੱਤਾ ਦੇ ਸਿਖ਼ਰ 'ਤੇ ਬੈਠੇ ਲੋਕ ਇਹ ਭੁੱਲ ਗਏ ਹਨ ਕਿ ਤਲਵਾਰ ਦੇ ਜ਼ੋਰ ਨਾਲ ਜਿਨ੍ਹਾਂ ਸੱਭਿਅਤਾਵਾਂ ਨੇ ਕਬਜ਼ਾ ਕੀਤਾ, ਉਹ ਅੱਜ ਕਿਸ ਹਾਲਤ ਵਿਚ ਹਨ। ਉਨ੍ਹਾਂ ਨੂੰ ਦੁਨੀਆ ਵਿਚ ਕਿਸ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਕੀ ਇਕ ਸੱਭਿਅਤਾ ਦੇ ਨਾਤੇ ਅਸੀਂ ਵੀ ਉਹ ਹੀ ਗ਼ਲਤੀਆਂ ਦੁਹਰਾਈਏੇ? ਤਾਜ ਮਹੱਲ ਨੂੰ ਬਰਬਾਦ ਕਰਨ ਨਾਲ ਹਿੰਦੂ ਸੱਭਿਅਤਾ ਦੀ ਤਰੱਕੀ ਨਹੀਂ ਹੋਵੇਗੀ ਅਤੇ ਨਾ ਹੀ ਕੁਤੁਬ ਮਿਨਾਰ ਨੂੰ ਵਿਸ਼ਣੂ ਸਤੰਭ ਸਾਬਤ ਕਰਨ ਨਾਲ ਇਤਿਹਾਸ ਵਿਚ ਬਦਲਾ ਪੂਰਾ ਹੋਵੇਗਾ। ਕ੍ਰਿਸ਼ਨ ਜਨਮ ਭੂਮੀ ਲਈ ਈਦਗਾਹ ਦੀ ਜ਼ਮੀਨ ਮਿਲ ਵੀ ਗਈ ਤਾਂ ਕੀ ਭਾਰਤ ਫਿਰ ਤੋਂ ਸੋਨੇ ਦੀ ਚਿੜੀ ਕਹਾਏਗਾ? ਸੋਨੇ ਦੀ ਚਿੜੀ ਭਾਰਤ ਉਦੋਂ ਕਹਾਉਂਦਾ ਸੀ ਜਦੋਂ ਇਸ ਧਰਤੀ 'ਤੇ ਰਿਗਵੇਦ ਦੀ ਰਚਨਾ ਹੋਈ ਸੀ ਅਤੇ ਵੇਦਾਂਤ ਨੇ ਦੁਨੀਆ ਦੇ ਸਾਹਮਣੇ ਗਿਆਨ ਦੇ ਨਵੇਂ ਦਰਵਾਜ਼ੇ ਖੋਲ੍ਹੇ ਸਨ, ਉਸ ਨੇ ਢਾਹ-ਢੁਹਾਈ ਦਾ ਨਹੀਂ, ਸੁੱਤੀਆਂ ਹੋਈਆਂ ਸੱਭਿਅਤਾਵਾਂ ਨੂੰ ਜਗਾਉਣ ਕਰਨ ਦਾ ਕੰਮ ਕੀਤਾ ਸੀ। ਜਦੋਂ ਉਸ ਨੇ ਕਿਹਾ ਸੀ 'ਅਥਾਤੋ ਬ੍ਰਹਮ ਜਗਿਆਸਾ' ਉਦੋਂ ਦੁਨੀਆ ਉਸ ਦੇ ਸਾਹਮਣੇ ਨਤਮਸਤਕ ਹੋਈ ਸੀ, ਨਾ ਕਿ ਉਦੋਂ ਜਦੋਂ ਉਹ ਦੂਜਿਆਂ ਦੀਆਂ ਧਾਰਮਿਕ ਥਾਵਾਂ 'ਤੇ ਚੜ੍ਹ ਕੇ ਆਪਣਾ ਝੰਡਾ ਲਹਿਰਾਉਣ ਦਾ ਹੁਨਰ ਹਾਸਲ ਕਰ ਰਹੀ ਹੈ।
-ਈ-ਮੇਲ : ashutosh83b@gmail.com
ਹਾਲਾਂਕਿ ਪੁਰਾਣਾਂ ਅਤੇ ਵੇਦਾਂ ਆਦਿ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਸੰਸਾਰ ਵਿਚ ਕਿਸੇਚੀਜ਼ਦੇ 10 ਜਾਂ ਇਸ ਤੋਂ ਵੀ ਵਧੇਰੇਆਯਾਮ(ਡਾਈਮੈਨਸ਼ਨਜ਼) ਹੁੰਦੇ ਹਨ, ਪਰ ਵਿਗਿਆਨ ਹਰਚੀਜ਼ਦੇ 4ਆਯਾਮਮੰਨਦਾ ਹੈ। ਉਂਜ ਆਮ ਗੱਲਬਾਤ ਤੇ ਸੋਚ ਵਿਚ ਕਿਸੇਚੀਜ਼ਦੇ ਸਿਰਫ਼ ਦੋ ਪਹਿਲੂ ਹੀ ...
ਰੂਸ ਦੇ ਲੋਕਾਂ ਵਿਚ ਲੈਨਿਨ ਪ੍ਰਤੀ ਏਨਾ ਪਿਆਰ, ਸਤਿਕਾਰ, ਮਾਣ ਅਤੇ ਸ਼ਰਧਾ ਹੈ ਕਿ ਉਸ ਦੀ ਤਸਵੀਰ ਹਰ ਸਕੂਲ, ਹਰ ਘਰ, ਹਰ ਕਲੱਬ ਅਤੇ ਹਰ ਕਾਰਖਾਨੇ ਵਿਚ ਸਜੀ ਹੋਈ ਹੈ। ਪੇਸਟਰੀਆਂ ਅਤੇ ਕੇਕਾਂ, ਗਲੀਚਿਆਂ ਅਤੇ ਕੱਪੜਿਆਂ, ਗੁਲਦਸਤਿਆਂ, ਬੁੱਤਾਂ, ਚਿੱਤਰਾਂ ਅਤੇ ...
ਬਿਨਾਂ ਸ਼ੱਕ ਲਤਾ ਮੰਗੇਸ਼ਕਰ ਦਾ ਰੁਤਬਾ ਭਾਰਤੀ ਭਾਸ਼ਾਵਾਂ ਦੀਆਂ ਮਹਿਲਾ ਗਾਇਕਾਵਾਂ ਵਿਚੋਂ ਸਰਬੋਤਮ ਰਿਹਾ ਹੈ। ਅੱਜ ਉਹ ਸਾਡੇ ਵਿਚ ਮੌਜੂਦ ਨਹੀਂ ਪਰ ਆਪਣੇ-ਆਪ ਵਿਚ ਕੋਈ ਵੀ ਸ਼ਖ਼ਸ ਐਨਾ ਨਿਪੁੰਨ ਨਹੀਂ ਹੋ ਸਕਦਾ ਜਿੰਨੀ ਦੇਰ ਤਾਈਂ ਉਸਤਾਦਾਂ ਨੇ ਉਸ ਨੂੰ ਚੰਡਿਆ ਨਾ ਹੋਵੇ। ...
ਸੰਘਣੇ ਜੰਗਲਾਂ 'ਚ ਰਹਿਣ ਵਾਲਾ ਇਕ ਵਿਲੱਖਣ ਰੂਪ ਵਾਲਾ ਇਹ ਪੰਛੀ ਹੈ ਕੁਲਸਾ (kha&eej pheasant)। ਇਹ ਤਿੱਤਰ ਪਰਿਵਾਰ ਦਾ ਪੰਛੀ ਹੈ। ਇਹ ਪੰਛੀ ਹਿਮਾਲਿਆ ਦੇ ਤਲਹੱਟੀ ਇਲਾਕਿਆਂ ਦੇ ਜੰਗਲਾਂ 'ਚ ਰਹਿੰਦਾ ਹੈ ਤੇ ਬਹੁਤ ਹੀ ਘੱਟ ਬਾਹਰ ਆਉਂਦਾ ਹੈ। ਪਾਕਿਸਤਾਨ ਤੋਂ ਲੈ ਕੇ ਮਿਆਂਮਾਰ ...
ਜ਼ਿੰਦਗੀ ਵਿਚ ਉਮਰ ਦੇ ਵੱਖਰੇ-ਵੱਖਰੇ ਖ਼ੂਬਸੂਰਤ ਪੜਾਅ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਹੀ ਆਉਂਦੇ ਹਨ। ਮਾ. ਹਰਜੀਤ ਸਿੰਘ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਵਿਚੋਂ ਹੈ। ਉਹ ਜੰਮਿਆ ਯੂ.ਪੀ. ਵਿਚ, ਜਵਾਨੀ ਪੰਜਾਬ ਵਿਚ ਮਾਣੀ ਤੇ ਨੌਕਰੀ ਤੋਂ ਸੇਵਾਮੁਕਤ ਹੋਕੇ ਆਪਣਾ ਬੁਢਾਪਾ ...
ਅੱਜਕਲ੍ਹ ਲੋਕਾਂ ਦੀਆਂ ਹਰ ਮਸਲੇ ਅਤੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੱਕੀਆਂ ਧਾਰਨਾਵਾਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਬਦਲ ਜਾਂਦਾ ਹੈ ਭਾਵ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕਿਸੇ ਵਿਅਕਤੀ ਨੂੰ ਪੱਕੇ ਚੌਖਟੇ 'ਚ ਫਿੱਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX