ਹਰਕਵਲਜੀਤ ਸਿੰਘ
ਚੰਡੀਗੜ੍ਹ, 4 ਜੁਲਾਈ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਭਗਵੰਤ ਮਾਨ ਦੇ ਮੰਤਰੀ ਮੰਡਲ ਲਈ ਪੰਜ ਹੋਰ ਨਵੇਂ ਮੰਤਰੀਆਂ ਨੂੰ ਸਹੁੰ ਚੁਕਵਾਈ ਗਈ। ਪੰਜਾਬ ਰਾਜ ਭਵਨ ਵਿਖੇ ਬਣੇ ਨਵੇਂ ਗੁਰੂ ਨਾਨਕ ਆਡੀਟੋਰੀਅਮ ਵਿਖੇ ਹੋਏ ਇਸ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਹੁੰ ਚੁੱਕਣ ਵਾਲੇ ਨਵੇਂ ਮੰਤਰੀਆਂ 'ਚ ਵਿਭਾਗਾਂ ਦੀ ਵੰਡ ਦੋ ਦਿਨਾਂ 'ਚ ਹੋ ਜਾਏਗੀ। ਅੱਜ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਨਾਮ ਤੋਂ ਦੋ ਵਾਰ ਪਾਰਟੀ ਵਿਧਾਇਕ ਚੁਣੇ ਗਏ ਅਮਨ ਅਰੋੜਾ (48) ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ (66) ਜੋ ਕਿੱਤੇ ਤੋਂ ਰੇਡੀਓਲਾਜਿਸਟ ਹਨ, ਨੇ ਦੂਜੇ ਸਥਾਨ 'ਤੇ ਸਹੁੰ ਚੁੱਕੀ। ਡਾ. ਨਿੱਝਰ, ਜਿਨ੍ਹਾਂ ਨੂੰ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਣ ਲਈ ਮਾਰਚ 2022 'ਚ ਪ੍ਰੋਟੈਮ ਸਪੀਕਰ ਵੀ ਬਣਾਇਆ ਗਿਆ ਸੀ, ਬੀਤੇ ਦਿਨੀਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਚੁਣੇ ਗਏ ਸਨ। ਤੀਸਰੇ ਨੰਬਰ 'ਤੇ ਸਹੁੰ ਚੁੱਕਣ ਵਾਲੇ ਫੌਜਾ ਸਿੰਘ ਸਰਾਰੀ (61) ਸੇਵਾ ਮੁਕਤ ਪੁਲਿਸ ਅਧਿਕਾਰੀ ਹਨ ਅਤੇ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ ਅਤੇ ਫ਼ਿਰੋਜ਼ਪੁਰ ਦੇ ਗੁਰੂ ਹਰਸਹਾਏ ਹਲਕੇ ਤੋਂ ਚੋਣ ਜਿੱਤ ਕੇ ਆਏ ਹਨ। ਇਸੇ ਤਰ੍ਹਾਂ ਚੇਤਨ ਸਿੰਘ ਜੌੜਮਾਜਰਾ (55) ਸਮਾਣਾ ਦੇ ਹਲਕੇ ਤੋਂ ਵਿਧਾਇਕ ਬਣੇ ਹਨ। ਅਨਮੋਲ ਗਗਨ ਮਾਨ (32) ਮੰਤਰੀ ਮੰਡਲ ਵਿਚ ਦੂਸਰੀ ਔਰਤ ਹੋਵੇਗੀ ਅਤੇ ਸਭ ਤੋਂ ਛੋਟੀ ਉਮਰ ਦੀ ਮੰਤਰੀ ਵੀ ਹੈ। ਉਹ ਨਾਮਵਰ ਪੰਜਾਬੀ ਗਾਇਕਾ ਤੇ ਕਲਾਕਾਰ ਵੀ ਹੈ ਅਤੇ ਇਸ ਵਾਰ ਖਰੜ ਦੇ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਅੱਜ ਦੇ ਇਸ ਸਹੁੰ ਚੁੱਕ ਸਮਾਗਮ ਦੌਰਾਨ ਦੂਜੀਆਂ ਪਾਰਟੀਆਂ ਦਾ ਕੋਈ ਸੀਨੀਅਰ ਆਗੂ ਨਜ਼ਰ ਨਹੀਂ ਆਇਆ, ਪਰ ਭਗਵੰਤ ਮਾਨ ਮੰਤਰੀ ਮੰਡਲ ਦੇ ਸਾਰੇ ਮੰਤਰੀ ਤੇ ਬਹੁਤੇ ਵਿਧਾਇਕ ਹਾਜ਼ਰ ਸਨ। ਪਾਰਟੀ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਨਵੇਂ ਬਣੇ ਮੰਤਰੀਆਂ ਨੂੰ ਵਧਾਈ ਦੇ ਰਹੇ ਸਨ। ਅੱਜ ਸਾਰੇ ਪੰਜ ਮੰਤਰੀਆਂ ਨੇ ਆਪਣੀ ਸਹੁੰ ਪੰਜਾਬੀ ਵਿਚ ਹੀ ਚੁੱਕੀ। ਮੁੱਖ ਮੰਤਰੀ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਆਸ ਹੈ ਕਿ ਮੇਰੇ ਮੰਤਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ ਤੇ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਅਗਲੇ ਦੋ ਦਿਨਾਂ 'ਚ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲ ਕਾਫ਼ੀ ਵਿਭਾਗ ਹਨ ਅਤੇ ਮੈਂ ਆਪਣਾ ਬੋਝ ਘਟਾਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਲਈ ਕਈ ਵਿਭਾਗ ਮਲਾਈਦਾਰ ਮੰਨੇ ਜਾਂਦੇ ਸਨ, ਪਰ ਸਾਡੀ ਸਰਕਾਰ ਲਈ ਸਭ ਵਿਭਾਗ ਹੀ ਚੰਗੇ ਹਨ ਅਤੇ ਨਵੇਂ ਮੰਤਰੀਆਂ ਨੂੰ ਚੰਗੇ ਵਿਭਾਗ ਹੀ ਮਿਲਣਗੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਮੰਤਰੀਆਂ 'ਤੇ ਮਾਣ ਹੈ ਕਿ ਉਨ੍ਹਾਂ ਨੂੰ ਜੋ ਵੀ ਵਿਭਾਗ ਮਿਲਣਗੇ ਉਹ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਕ ਵਾਰ ਜਾਂ ਦੋ ਵਾਰ ਜਿੱਤਣ ਵਾਲੀ ਪਾਰਟੀ ਵਿਚ ਕੋਈ ਗੱਲ ਨਹੀਂ ਅਤੇ ਮੇਰੇ ਲਈ ਜਿੱਤੇ ਸਾਰੇ 92 ਵਿਧਾਇਕ ਹੀਰੇ ਹਨ ਤੇ ਅਸੀਂ ਸਭ ਨੂੰ ਜ਼ਿੰਮੇਵਾਰੀਆਂ ਦੇਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਾਡੇ ਤੋਂ ਵੱਡੀਆਂ ਉਮੀਦਾਂ ਹਨ ਤੇ ਅਸੀਂ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਾਂਗੇ। ਵਰਨਣਯੋਗ ਹੈ ਕਿ ਮੰਤਰੀ ਮੰਡਲ ਵਿਚ ਅੱਜ ਦੇ ਵਾਧੇ ਨਾਲ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਦਾ ਆਕਾਰ 15 'ਤੇ ਪੁੱਜ ਗਿਆ ਹੈ ਪਰ 3 ਹੋਰ ਮੰਤਰੀਆਂ ਦੀਆਂ ਅਜੇ ਵੀ ਅਸਾਮੀਆਂ ਖ਼ਾਲੀ ਹਨ। ਪੁਰਾਣੇ 10 ਮੰਤਰੀਆਂ 'ਚੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ 'ਚੋਂ ਬਰਤਰਫ਼ ਕਰ ਦਿੱਤਾ ਗਿਆ ਸੀ। ਪੁਰਾਣੇ 10 ਮੰਤਰੀਆਂ 'ਚੋਂ ਵੀ 8 ਪਹਿਲੀ ਵਾਰ ਬਣੇ ਵਿਧਾਇਕ ਸਨ। ਅੱਜ ਜੋ 5 ਮੰਤਰੀ ਬਣੇ ਹਨ ਉਨ੍ਹਾਂ 'ਚੋਂ 4 ਮਾਲਵਾ ਖੇਤਰ ਤੋਂ ਅਤੇ ਇਕ ਮਾਝਾ ਖੇਤਰ ਤੋਂ ਹੈ, ਜਦੋਂ ਕਿ ਦੁਆਬਾ ਖੇਤਰ ਤੋਂ ਅੱਜ ਕੋਈ ਮੰਤਰੀ ਸ਼ਾਮਿਲ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੇ ਅੱਜ ਮੀਡੀਆ ਨੂੰ ਇਹ ਵੀ ਸੰਕੇਤ ਦਿੱਤਾ ਕਿ ਅਗਲੇ ਕੁਝ ਦਿਨਾਂ ਦੌਰਾਨ ਵੱਡੇ-ਵੱਡੇ ਘਪਲੇ ਸਾਹਮਣੇ ਆਉਣਗੇ, ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਕੁਝ ਇੰਤਜ਼ਾਰ ਕਰੋ।
ਇਸੇ ਦੌਰਾਨ ਮੁੱਖ ਮੰਤਰੀ ਨੇ ਕੱਲ੍ਹ ਸਵੇਰੇ ਮੰਤਰੀ ਮੰਡਲ ਦੀ ਬੈਠਕ ਸੱਦੀ ਹੈ, ਜਿਸ ਵਿਚ ਨਵੇਂ ਬਣਨ ਵਾਲੇ ਮੰਤਰੀ ਵੀ ਸ਼ਾਮਿਲ ਹੋਣਗੇ। ਨਵੇਂ ਮੰਤਰੀਆਂ ਲਈ ਇਹ ਪਹਿਲੀ ਮੀਟਿੰਗ ਹੋਵੇਗੀ, ਜਿਸ ਤੋਂ ਪਹਿਲਾਂ ਹਾਲਾਂ ਕਿ ਉਨ੍ਹਾਂ ਦੇ ਵਿਭਾਗਾਂ ਦਾ ਐਲਾਨ ਹੋਣ ਦੀ ਸੰਭਾਵਨਾ ਘੱਟ ਹੈ।
ਬੇਹੱਦ ਸਖ਼ਤ ਸੁਰੱਖਿਆ
ਸਹੁੰ ਚੁੱਕ ਸਮਾਗਮ ਲਈ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਵਲੋਂ ਸੁਰੱਖਿਆ ਬਹੁਤ ਸਖ਼ਤ ਰੱਖੀ ਹੋਈ ਸੀ ਤੇ ਰਾਜ ਭਵਨ ਵੱਲ ਜਾਣ ਵਾਲੇ ਸਾਰੇ ਮਾਰਗਾਂ 'ਤੇ ਬੈਰੀਕੇਡ ਲਗਾਏ ਹੋਏ ਸਨ। ਸਹੁੰ ਚੁੱਕਣ ਵਾਲੇ ਮੰਤਰੀਆਂ ਨੂੰ ਵੀ ਕੇਵਲ ਪਰਿਵਾਰਕ ਮੈਂਬਰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਥੋਂ ਤੱਕ ਕਿ ਮੀਡੀਆ ਨੂੰ ਵੀ ਗੁਰੂ ਨਾਨਕ ਆਡੀਟੋਰੀਅਮ ਦੀ ਉੱਪਰਲੀ ਗੈਲਰੀ ਤੱਕ ਸੀਮਤ ਰੱਖਿਆ ਗਿਆ ਅਤੇ ਮੀਡੀਆ ਨੂੰ ਸਮਾਗਮ ਦੌਰਾਨ ਮੁੱਖ ਮੰਤਰੀ ਤੇ ਮੰਤਰੀਆਂ ਤੋਂ ਵੀ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ।
ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੇ ਜੀਵਨ 'ਤੇ ਇਕ ਝਾਤ
ਸੁਨਾਮ ਊਧਮ ਸਿੰਘ ਵਾਲਾ, 4 ਜੁਲਾਈ (ਧਾਲੀਵਾਲ, ਭੁੱਲਰ)- ਵਿਧਾਨ ਸਭਾ ਹਲਕਾ ਸੁਨਾਮ ਤੋਂ ਸੂਬੇ ਭਰ 'ਚ ਸਭ ਤੋਂ ਵੱਧ 75,277 ਵੋਟਾਂ ਲੈ ਕੇ ਜਿੱਤ ਹਾਸਲ ਕਰਨ ਵਾਲੇ ਅਮਨ ਅਰੋੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਵਿਚੋਂ ਹਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਅਤਿ ਨਜ਼ਦੀਕੀ ਸਾਥੀਆਂ 'ਚੋਂ ਹਨ। 12 ਅਗਸਤ, 1974 ਨੂੰ ਜਨਮੇ ਅਮਨ ਅਰੋੜਾ ਨੂੰ ਸਿਆਸਤ ਆਪਣੇ ਪਿਤਾ ਕਾਂਗਰਸੀ ਆਗੂ ਬਾਬੂ ਭਗਵਾਨ ਦਾਸ ਅਰੋੜਾ ਤੋਂ ਗੁੜ੍ਹਤੀ 'ਚ ਮਿਲੀ। ਬਾਬੂ ਭਗਵਾਨ ਦਾਸ ਹਲਕੇ ਦੇ ਲਗਾਤਾਰ ਦੋ ਵਾਰ ਵਿਧਾਇਕ ਬਣਨ ਤੋਂ ਇਲਾਵਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਕਾਂਗਰਸ ਵਜ਼ਾਰਤ 'ਚ ਮੰਤਰੀ ਵੀ ਰਹੇ। ਅਮਨ ਅਰੋੜਾ, ਜਿਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉੱਚ ਵਿੱਦਿਆ ਹਾਸਲ ਕੀਤੀ ਅਤੇ ਆਪਣੇ ਪਿਤਾ ਦੇ ਅਚਾਨਕ ਦਿਹਾਂਤ ਤੋਂ ਬਾਅਦ ਸਰਗਰਮ ਸਿਆਸਤ 'ਚ ਪੈਰ ਧਰਿਆ। ਉਨ੍ਹਾਂ ਕਾਂਗਰਸ ਵਲੋਂ 2007 ਤੇ 2012 'ਚ ਸੁਨਾਮ ਹਲਕੇ ਤੋਂ ਚੋਣ ਲੜੀ ਪਰ ਦੋਵੇਂ ਵਾਰ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਤੋਂ ਹਾਰ ਗਏ। ਅਮਨ ਅਰੋੜਾ ਜਨਵਰੀ 2016 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਤੇ 2017 ਦੀ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 30307 ਵੋਟਾਂ 'ਤੇ ਮਾਤ ਦੇ ਕੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ। ਇਸ ਵਾਰ 2022 ਦੀਆਂ ਚੋਣਾਂ 'ਚ ਉਹ ਦੂਜੀ ਵਾਰ ਵਿਧਾਇਕ ਬਣੇ।
ਸਿਆਸਤ 'ਚ ਵੀ ਚਮਕੇ ਡਾ. ਨਿੱਜਰ
ਅੰਮ੍ਰਿਤਸਰ, 4 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੀ ਵਜ਼ਾਰਤ 'ਚ ਕੀਤੇ ਗਏ ਵਿਸਥਾਰ 'ਚ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਹਰੀ ਝੰਡੀ ਵਾਲੀ ਕਾਰ ਮਿਲਣ 'ਤੇ ਜਿਥੇ ਉਨ੍ਹਾਂ ਦੇ ਸਮਰਥਕ ਬਾਗੋ-ਬਾਗ ਹਨ, ਉਥੇ ਹੀ ਕੈਬਨਿਟ ਮੰਤਰੀ ਬਣਨ ਦੀ ਆਸ ਵਾਲੇ ਹੋਰਨਾਂ ਵਿਧਾਇਕਾਂ ਦੇ ਚਹੇਤਿਆਂ ਦੇ ਚਿਹਰੇ ਮੁਰਝਾਏ ਹੋਏ ਦਿਖਾਈ ਦਿੱਤੇ। ਡਾ. ਨਿੱਜਰ ਅੰਮ੍ਰਿਤਸਰ ਸ਼ਹਿਰ ਤੋਂ ਕੈਬਨਿਟ ਮੰਤਰੀ ਬਣਨ ਵਾਲੇ 'ਆਪ' ਦੇ ਪਹਿਲੇ ਵਿਧਾਇਕ ਬਣ ਗਏ ਹਨ। ਇਸ ਤੋਂ ਪਹਿਲਾਂ ਮਾਨ ਸਰਕਾਰ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਣਾਏ ਦੋਵੇਂ ਮੰਤਰੀ ਦਿਹਾਤੀ ਹਲਕਿਆਂ ਨਾਲ ਸੰਬੰਧਿਤ ਸਨ। ਮੁਢਲੇ ਦਿਨਾਂ ਤੋਂ 'ਆਪ' ਨਾਲ ਜੁੜੇ ਡਾ. ਨਿੱਜਰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪ ਦੀ ਬਣੀ ਨਵੀਂ ਸਰਕਾਰ ਦੌਰਾਨ ਪ੍ਰੋਟੈਮ ਸਪੀਕਰ ਵੀ ਬਣਾਇਆ ਗਿਆ ਸੀ। ਡਾ. ਨਿੱਜਰ ਇਸ ਵੇਲੇ ਧਾਰਮਿਕ ਤੇ ਵਿੱਦਿਅਕ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਹਨ। ਜਦਕਿ ਸਿਆਸਤ 'ਚ ਆਉਣ ਤੋਂ ਪਹਿਲਾਂ ਉਹ ਪ੍ਰਮੁੱਖ ਤੌਰ 'ਤੇ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਸਨ ਅਤੇ ਅੰਮ੍ਰਿਤਸਰ ਦੇ ਮਸ਼ਹੂਰ ਨਿੱਜਰ ਡਾਇਗਨੋਸਟਿਕ ਸੈਂਟਰ ਦੇ ਸੰਚਾਲਕ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਡਾ. ਨਿੱਜਰ ਨੇ ਸਿਆਸਤ ਨੂੰ ਮੁਕੰਮਲ ਸਮਾਂ ਦੇਣ ਦੇ ਇਰਾਦੇ ਨਾਲ ਆਪਣੇ ਡਾਇਗਨੋਸਟਿਕ ਸੈਂਟਰ ਨੂੰ ਠੇਕੇ 'ਤੇ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਦੌਰਾਨ ਭਾਵੇਂਕਿ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਹੋਰ ਡਾਕਟਰ ਵੀ ਵਿਧਾਇਕ ਚੁਣੇ ਗਏ ਹਨ ਪਰ ਕੈਬਨਿਟ ਮੰਤਰੀ ਵਾਲੀ ਕਾਰ ਫਿਲਹਾਲ ਡਾ. ਨਿੱਜਰ ਦੇ ਹਿੱਸੇ ਹੀ ਆਈ ਹੈ। ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਵੇਂ ਕੈਬਨਿਟ ਮੰਤਰੀ ਬਣਨ ਨਾਲ ਪੰਜਾਬ ਸਰਕਾਰ ਦੀ ਵਜ਼ਾਰਤ 'ਚ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਮੰਤਰੀਆਂ ਦੀ ਕੁਲ ਗਿਣਤੀ 3 ਹੋ ਗਈ ਹੈ।
ਅਨਮੋਲ ਦਾ ਗਾਇਕਾ ਤੋਂ ਮੰਤਰੀ ਬਣਨ ਦਾ ਸਫ਼ਰ
ਮਾਨਸਾ, 4 ਜੁਲਾਈ (ਰਾਵਿੰਦਰ ਸਿੰਘ ਰਵੀ)- ਮਾਨਸਾ ਦੀ ਧੀ ਅਨਮੋਲ ਗਗਨ ਮਾਨ ਨੂੰ ਪੰਜਾਬ ਕੈਬਨਿਟ 'ਚ ਨੁਮਾਇੰਦਗੀ ਮਿਲਣ 'ਤੇ ਜ਼ਿਲ੍ਹਾ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ ਹੈ। ਅਨਮੋਲ ਮਾਨਸਾ ਦੇ ਪਿੰਡ ਖਿੱਲਣ ਦੀ ਜੰਮਪਲ ਹੈ ਤੇ ਉਨ੍ਹਾਂ ਦਾ ਪਰਿਵਾਰ ਲੰਬਾ ਸਮਾਂ ਮਾਨਸਾ ਸ਼ਹਿਰ 'ਚ ਵੀ ਰਿਹਾ ਹੈ। ਅਨਮੋਲ ਨੇ ਗਾਇਕੀ ਦੇ ਪਿੜ 'ਚ ਸਫਲ ਹੋਣ ਤੋਂ ਬਾਅਦ ਰਾਜਨੀਤੀ ਦੇ ਖੇਤਰ 'ਚ ਵੀ ਝੰਡੇ ਗੱਡੇ। ਗਾਇਕਾ ਅਨਮੋਲ ਨੇ ਖਰੜ ਹਲਕੇ ਤੋਂ ਪਹਿਲੀ ਵਾਰ ਚੋਣ ਲੜੀ ਤੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 37 ਹਜ਼ਾਰ 885 ਵੋਟਾਂ ਦੇ ਫ਼ਰਕ ਨਾਲ ਪਛਾੜਿਆ ਸੀ। ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਅਨਮੋਲ ਹੁਣ ਮੰਤਰੀ ਵੀ ਬਣ ਗਈ ਹੈ। ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਇਤਿਹਾਸ 'ਚ ਪਹਿਲੀ ਵਾਰ ਔਰਤ ਮੰਤਰੀ ਬਣਨ ਦਾ ਮਾਣ ਵੀ ਅਨਮੋਲ ਦੇ ਹਿੱਸੇ ਆਇਆ ਹੈ। ਉਨ੍ਹਾਂ ਦੇ ਪਿਤਾ ਜੋਧਾ ਸਿੰਘ ਮਾਨ ਲੋਕ ਭਲਾਈ ਦੇ ਕੰਮ ਕਰ ਰਹੇ ਹਨ। ਅਨਮੋਲ ਨੇ ਇਕ ਕਿਤਾਬ 'ਅਸਲੀ ਇਨਸਾਨ ਕਿਵੇਂ ਬਣੀਏ' ਵੀ ਲਿਖੀ ਹੈ ਅਤੇ ਉਹ ਚੰਗੇ ਬੁਲਾਰੇ ਵੀ ਹਨ, ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਬੇਬਾਕੀ ਨਾਲ ਚੁੱਕਿਆ ਹੈ। ਭਾਵੇਂ ਮਾਨਸਾ ਨੂੰ ਪੰਜਾਬ ਵਜ਼ਾਰਤ 'ਚ ਨੁਮਾਇੰਦਗੀ ਜ਼ਰੂਰ ਮਿਲੀ ਹੈ ਪਰ ਉਨ੍ਹਾਂ ਦਾ ਹਲਕਾ ਹੋਰ ਹੈ।
ਨਵੀਂ ਦਿੱਲੀ, 4 ਜੁਲਾਈ (ਜਗਤਾਰ ਸਿੰਘ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਮੂਸੇਵਾਲਾ 'ਤੇ ਨੇੜਿਓਂ ਗੋਲੀਆਂ ਚਲਾਉਣ ਵਾਲੇ ਸ਼ੂਟਰ ਅੰਕਿਤ ਸੇਰਸਾ ਤੇ ਉਸ ਦੇ ਸਾਥੀ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ...
ਚੰਡੀਗੜ੍ਹ, 4 ਜੁਲਾਈ (ਤਰੁਣ ਭਜਨੀ)-ਡਰੱਗਜ਼ ਮਾਮਲੇ ਵਿਚ ਗ੍ਰਿਫ਼ਤਾਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਮਜੀਠੀਆ ਦੇ ਕੇਸ ਨੂੰ ਲੈ ਕੇ ਅਦਾਲਤ ਵਲੋਂ ਬਹਿਸ ...
ਚੰਡੀਗੜ੍ਹ, 4 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੀਨੀਅਰ ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀ.ਜੀ.ਪੀ. ਬਣਾਇਆ ਗਿਆ ਹੈ। ਡੀ.ਜੀ.ਪੀ. ਵੀ.ਕੇ. ਭਾਵਰਾ ਦੇ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ...
ਸ਼ਿਮਲਾ, 4 ਜੁਲਾਈ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਅੱਜ ਸਵੇੇਰੇ ਕਰੀਬ ਸਾਢੇ ਅੱਠ ਵਜੇ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਕੁਝ ਸਕੂਲੀ ਬੱਚੇ ਵੀ ਦੱਸੇ ਜਾਂਦੇ ਹਨ। ...
ਚੰਡੀਗੜ੍ਹ, 4 ਜੁਲਾਈ (ਪੀ. ਟੀ. ਆਈ.)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਪੰਜਾਬ ਪੁਲਿਸ ਦੀ ਜਾਂਚ ਵਿਰੁੱਧ ਦਾਇਰ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ। ਸੂਬਾ ਸਰਕਾਰ ਦੇ ਬਿਆਨਾਂ ਅਨੁਸਾਰ ਐਡਵੋਕੇਟ ਜਨਰਲ ਦੀ ਦਲੀਲ ਨੂੰ ...
ਚੰਡੀਗੜ੍ਹ, 4 ਜੁਲਾਈ (ਤਰੁਣ ਭਜਨੀ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਵਾਲੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖ਼ਾਰਜ ਕਰ ਦਿੱਤੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਪਟੀਸ਼ਨ ਦਾਇਰ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਝਾੜ ਲਗਾਈ ਤੇ ...
ਮੁੰਬਈ, 4 ਜੁਲਾਈ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ਵਿਧਾਨ ਸਭਾ ਦੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸਦਨ 'ਚ ਬਹਮੁਤ ਸਾਬਤ ਕਰਨ 'ਚ ਸਫਲ ਰਹੇ। 288 ਮੈਂਬਰਾਂ ਵਾਲੇ ਸਦਨ 'ਚ 164 ਵਿਧਾਇਕਾਂ ਨੇ ਭਰੋਸਗੀ ਮਤੇ ਦੇ ਹੱਕ 'ਚ ਵੋਟ ਪਾਈ ਜਦਕਿ ...
ਨਵੀਂ ਦਿੱਲੀ, 4 ਜੁਲਾਈ (ਪੀ.ਟੀ.ਆਈ.)-6 ਅਗਸਤ ਨੂੰ ਹੋਣ ਵਾਲੀਆਂ ਉਪ ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਅਤੇ 19 ਜੁਲਾਈ ਤੱਕ ਚੱਲੇਗੀ। ਦੱਸਣਯੋਗ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦਾ ਕਾਰਜਕਾਲ 10 ...
ਸ੍ਰੀਨਗਰ, 4 ਜੁਲਾਈ (ਮਨਜੀਤ ਸਿੰਘ)- ਬੀਤੇ ਦਿਨ ਰਿਆਸੀ ਪਿੰਡ ਵਾਸੀਆਂ ਵਲੋਂ ਭਾਰੀ ਅਸਲ੍ਹੇ ਸਮੇਤ ਕਾਬੂ ਕੀਤੇ ਗਏ ਲਸ਼ਕਰ ਦੇ ਪੀਰਪੰਚਾਲ ਦੇ ਡਵੀਜ਼ਨਲ ਕਮਾਂਡਰ ਤਾਲਿਬ ਹੁਸੈਨ ਸ਼ਾਹ ਦੇ ਭਾਜਪਾ ਦੇ ਸਰਗਰਮ ਮੈਂਬਰ ਹੋਣ ਦੀ ਰਿਪੋਰਟ ਅਤੇ ਉਸ ਦੀਆਂ ਭਾਜਪਾ ਨੇਤਾਵਾਂ ਨਾਲ ...
ਨਵੀਂ ਦਿੱਲੀ, 4 ਜੁਲਾਈ (ਏਜੰਸੀ)-ਅੱਤਵਾਦ ਵਿਰੋਧੀ ਜਾਂਚ ਏਜੰਸੀ ਐਨ. ਆਈ. ਏ. ਦੇ ਮੁਖੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਰਾਜਸਥਾਨ ਦੇ ਉਦੈਪੁਰ ਅਤੇ ਮਹਾਰਾਸ਼ਟਰ ਦੇ ਅਮਰਾਵਤੀ ...
ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਪ੍ਰਿਆਵਰਤ ਉਰਫ਼ ਫ਼ੌਜੀ (ਮੁੱਖ ਸ਼ੂਟਰ), ...
ਨਵੀਂ ਦਿੱਲੀ, 4 ਜੁਲਾਈ (ਜਗਤਾਰ ਸਿੰਘ)- ਫੌਜ 'ਚ ਭਰਤੀ ਦੀ ਨਵੀਂ ਯੋਜਨਾ 'ਅਗਨੀਪਥ' ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਹੁਣ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ। 'ਅਗਨੀਪਥ' ਯੋਜਨਾ ਖਿਲਾਫ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ। ਅਗਲੇ ...
ਲਖਨਊ, 4 ਜੁਲਾਈ (ਏਜੰਸੀ)- ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਸੰਸਦ ਤੇ ਚੋਣ ਕਮਿਸ਼ਨ ਨੂੰ ਅਪਰਾਧੀਆਂ ਨੂੰ ਰਾਜਨੀਤੀ 'ਚੋਂ ਬਾਹਰ ਕੱਢਣ ਤੇ ਸਿਆਸਤਦਾਨਾਂ ਤੇ ਅਫਸ਼ਰਸ਼ਾਹੀ ਦੇ ਅਪਵਿੱਤਰ ਗਠਜੋੜ ਨੂੰ ਤੋੜਨ ਲਈ ਪ੍ਰਭਾਵੀ ਕਦਮ ਉਠਾਉਣ ਲਈ ਕਿਹਾ ਹੈ। ਹਾਈਕੋਰਟ ਨੇ ...
ਸ੍ਰੀਨਗਰ, 4 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜੰਮੂ ਖੇਤਰ ਦੇ ਜ਼ਿਲ੍ਹੇ ਰਾਜੌਰੀ 'ਚ ਸੁਰੱਖਿਆ ਬਲਾਂ ਨੇ ਗ੍ਰਿਫ਼ਤਾਰ ਕੀਤੇ ਲਸ਼ਕਰ ਕਮਾਂਡਰ ਦੀ ਨਿਸ਼ਾਨਦੇਹੀ 'ਤੇ ਅੱਤਵਾਦੀ ਟਿਕਾਣੇ ਤੋਂ 6 ਸਿਟਿਕੀ ਬੰਬਾਂ ਸਮੇਤ ਭਾਰੀ ਅਸਲਾ ਬਰਾਮਦ ਕੀਤਾ। ਬੀਤੇ ਦਿਨ ਪਿੰਡ ...
ਨਵੀਂ ਦਿੱਲੀ, 4 ਜੁਲਾਈ (ਜਗਤਾਰ ਸਿੰਘ)-ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਮੌਨਸੂਨ ਇਜਲਾਸ 'ਚ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੱਡੀ ਸੁਗਾਤ ਦਿੱਤੀ ਹੈ। ਸਰਕਾਰ ਵਲੋਂ ਸਦਨ ਵਿਚ ਵਿਧਾਇਕਾਂ ਤੇ ਮੰਤਰੀਆਂ ਦੀਆਂ ਤਨਖ਼ਾਹਾਂ 'ਚ ਵਾਧੇ ਸੰਬੰਧੀ ਪੇਸ਼ ਕੀਤੇ ਗਏ ਬਿੱਲ ਨੂੰ ਪਾਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX