ਹਰ ਸਾਲ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ ਤਾਂ ਸਾਰਾ ਦੇਸ਼ ਇਸ ਨੂੰ ਆਜ਼ਾਦੀ ਮਿਲਣ ਦੇ ਜਸ਼ਨ ਵਜੋਂ ਮਨਾਉਂਦਾ ਹੈ। ਮੌਜੂਦਾ ਪੀੜ੍ਹੀ ਨੂੰ ਇਹ ਪਤਾ ਵੀ ਨਹੀਂ ਹੈ ਕਿ ਆਜ਼ਾਦੀ ਲੈਣ ਸਮੇਂ ਭਾਰਤ ਕਿਵੇਂ ਵੰਡਿਆ ਗਿਆ ਸੀ ਤੇ ਇਸ ਵੰਡ ਕਾਰਨ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਏਨਾ ਵੱਡਾ ਖ਼ੂਨੀ ਸਾਕਾ ਸ਼ਾਇਦ ਹੀ ਦੁਨੀਆ ਵਿਚ ਕਿਧਰੇ ਹੋਰ ਵਾਪਰਿਆ ਹੋਵੇ। ਭਾਰਤ ਦੇ ਸਭ ਤੋਂ ਵਧ ਖ਼ੁਸ਼ਹਾਲ ਸੂਬੇ ਪੰਜਾਬ ਵਿਚ ਮੈਂ ਅੱਖੀਂ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਵੇਖੀਆਂ ਹਨ। ਕਈ ਇਤਿਹਾਸਕਾਰਾਂ ਨੇ ਉਸ ਸਮੇਂ ਜੋ ਵਾਪਰਿਆ ਉਸ ਬਾਰੇ ਕਿਤਾਬਾਂ ਲਿਖੀਆਂ ਹਨ। ਸ. ਖ਼ੁਸ਼ਵੰਤ ਸਿੰਘ ਦੀ ਕਿਤਾਬ Train to Pakistan ਇਸ ਸਾਕੇ ਦਾ ਇਕ ਦਸਤਾਵੇਜ਼ ਹੈ। ਭੀਸ਼ਮ ਸਾਹਨੀ ਦਾ ਲੜੀਵਾਰ 'ਤਮਸ' ਨੂੰ ਵੇਖ ਕੇ ਰੋਣਾ ਆਉਂਦਾ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।' ਸਆਦਤ ਹਸਨ ਮੰਟੋ ਦੀ ਕਹਾਣੀ 'ਟੋਭਾ ਟੇਕ ਸਿੰਘ' ਹੋਏ ਜ਼ੁਲਮਾਂ ਨੂੰ ਯਾਦ ਕਰਵਾਉਂਦੀ ਹੈ। ਅੱਜ ਲੋੜ ਹੈ ਜਦੋਂ 75 ਸਾਲ ਹੋਣ 'ਤੇ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਉਨ੍ਹਾਂ ਬੇਗੁਨਾਹ ਲੋਕਾਂ ਨੂੰ ਵੀ ਯਾਦ ਕਰੀਏ, ਜਿਹੜੇ ਆਜ਼ਾਦੀ ਸਮੇਂ ਬਲੀ ਚੜ੍ਹ ਗਏ ਸਨ।
ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਪੰਜਾਬ ਵਿਚ ਵੰਡ ਭਾਵ ਪਾਰਟੀਸ਼ਨ ਸਾਕਾ ਕਦੋਂ ਅਤੇ ਕਿਵੇਂ ਵਾਪਰਿਆ? ਮੁਸਲਿਮ ਲੀਗ ਭਾਰਤ ਨੂੰ ਵੰਡ ਕੇ ਵੱਖਰਾ ਪਾਕਿਸਤਾਨ ਬਣਾਉਣਾ ਚਾਹੁੰਦੀ ਸੀ। ਕਾਂਗਰਾਸ ਪਾਰਟੀ ਬੜੀ ਦੇਰ ਤੱਕ ਇਸ ਵੰਡ ਦੇ ਖਿਲਾਫ਼ ਅੜੀ ਰਹੀ ਸੀ। ਮਗਰੋਂ ਉਨ੍ਹਾਂ ਇਸ ਬਾਰੇ ਹਾਂ ਕਰ ਦਿੱਤੀ ਸੀ। ਪੰਜਾਬ ਵਿਚ ਇਕ ਸਾਂਝੀ ਸਰਕਾਰ ਦੇ ਮੁੱਖ ਮੰਤਰੀ ਖਿਜ਼ਰ ਹਯਾਤ ਟਿਵਾਣਾ ਸਨ। ਕਾਂਗਰਸ ਤੇ ਅਕਾਲੀ ਪਾਰਟੀ ਦੋਵੇਂ ਉਸ ਵਿਚ ਸ਼ਾਮਿਲ ਸਨ। ਮੁਸਲਿਮ ਲੀਗ ਵਿਰੋਧੀ ਪਾਰਟੀ ਹੁੰਦਿਆਂ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਸਾਰਾ ਜ਼ੋਰ ਲਗਾ ਕੇ ਟਿਵਾਣਾ ਤੋਂ 2 ਮਾਰਚ, 1947 ਨੂੰ ਅਸਤੀਫ਼ਾ ਦਿਵਾ ਦਿੱਤਾ ਅਤੇ ਇਹ ਨਾਅਰਾ ਲੱਗ ਗਿਆ, 'ਨਵੀਂ ਖ਼ਬਰ ਆਈ ਹੈ ਖ਼ਿਜ਼ਰ ਸਾਡਾ ਭਾਈ ਹੈ'। ਮੁਸਲਿਮ ਲੀਗ ਨੂੰ ਅਸੈਂਬਲੀ ਵਿਚ ਬਹੁਮਤ ਲੈਣ ਲਈ ਅਕਾਲੀ ਐਮ. ਐਲ. ਏਜ਼. ਦੀ ਮਦਦ ਲੋੜ ਸੀ।
3 ਮਾਰਚ ਨੂੰ ਅਕਾਲੀ ਪਾਰਟੀ ਦੀ ਮੀਟਿੰਗ ਜੋ ਲਾਹੌਰ ਵਿਚ ਪੰਜਾਬ ਅਸੈਂਬਲੀ ਦੀ ਇਮਾਰਤ ਵਿਚ ਹੋਈ ਸੀ। ਇਸ ਮੀਟਿੰਗ ਦੀ ਸਰਦਾਰ ਸਵਰਨ ਸਿੰਘ ਨੇ ਪ੍ਰਧਾਨਗੀ ਕੀਤੀ। ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ ਅਤੇ ਹੋਰ ਲੀਡਰ ਮੀਟਿੰਗ ਵਿਚ ਸ਼ਾਮਿਲ ਸਨ। ਉਨ੍ਹਾਂ ਸਾਂਝਾ ਫ਼ੈਸਲਾ ਲਿਆ ਕਿ ਅਸੀਂਂ ਪਾਕਿਸਤਾਨ ਬਣਨ ਦੇ ਵਿਰੁੱਧ ਹਾਂ ਤੇ ਜੇ ਸਾਡੀ ਮਦਦ ਨਾਲ ਮੁਸਲਿਮ ਲੀਗ ਸਰਕਾਰ ਬਣ ਜਾਂਦੀ ਹੈ ਤਾਂ ਇਹ ਤੁਰੰਤ ਮਤਾ ਪਾਸ ਕਰਕੇ ਸਾਰੇ ਪੰਜਾਬ ਨੂੰ ਪਾਕਿਸਤਾਨ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਸੁਣਾ ਦੇਵੇਗੀ, ਜੋ ਕਿ ਸਿੱਖਾਂ ਦੇ ਖਿਲਾਫ਼ ਜਾਵੇਗਾ। ਮੀਟਿੰਗ ਪਿੱਛੋਂ ਉਹ ਦਫ਼ਤਰ ਤੋਂ ਬਾਹਰ ਆ ਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਣ ਲੱਗ ਗਏ। ਸ. ਸਵਰਨ ਸਿੰਘ ਨੇ ਸਭ ਤੋਂ ਪਹਿਲਾਂ ਪੰਜ ਨਾਅਰੇ ਪਾਕਿਸਤਾਨ ਵਿਰੁੱਧ ਲਗਾਏ। ਉਸ ਪਿਛੋਂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸਾਰੇ 23 ਅਕਾਲੀ ਐਮ. ਐਲ. ਏਜ਼. ਨੇ ਵਾਰੀ-ਵਾਰੀ ਜੈਕਾਰੇ ਲਗਾਏ। ਅਸੈਂਬਲੀ ਇਮਾਰਤ ਨੂੰ ਹਜ਼ਾਰਾਂ ਮੁਸਲਮਾਨਾਂ ਨੇ ਘੇਰ ਰੱਖਿਆ ਸੀ ਤੇ ਉਹ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਸ ਸਮੇਂ ਮੀਆਂ ਫ਼ਿਤਖਾਰੁਦੀਨ ਮੁਸਲਿਮ ਲੀਡਰ ਦੀ ਸਿਆਣਪ ਨਾਲ ਅਕਾਲੀਆਂ ਤੇ ਮੁਸਲਮਾਨਾਂ ਦਾ ਟਕਰਾਅ ਵਲ ਗਿਆ। ਪਰ ਉਸ ਸਮੇਂ ਇਹ ਝੂਠੀ ਅਫ਼ਵਾਹ ਫੈਲਾਅ ਦਿੱਤੀ ਗਈ ਕਿ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗ ਦਾ ਝੰਡਾ ਆਪਣੀ ਕਿਰਪਾਨ ਨਾਲ ਪਾੜ ਦਿੱਤਾ ਹੈ। ਅਸੈਂਬਲੀ ਉੱਪਰ ਝੰਡਾ ਤਾਂ ਉਸ ਵੇਲੇ ਅੰਗਰੇਜ਼ ਸਰਕਾਰ ਦਾ ਯੂਨੀਅਨ ਜੈਕ ਲੱਗਿਆ ਹੋਇਆ ਸੀ। ਦੂਸਰੇ ਦਿਨ ਕਪੂਰਥਲਾ ਹਾਊਸ ਦੇ ਮੈਦਾਨ ਵਿਚ ਇਕ ਲੱਖ ਤੋਂ ਵੱਧ ਹਿੰਦੂ-ਸਿੱਖ ਇਕੱਠੇ ਹੋਏ, ਜਿਥੇ ਉਨ੍ਹਾਂ ਪਾਕਿਸਤਾਨ ਵਿਰੁੱਧ ਫ਼ੈਸਲਾ ਲਿਆ ਤੇ ਝੰਡਾ ਪਾੜਨ ਵਾਲੀ ਗੱਲ ਦਾ ਖੰਡਨ ਕੀਤਾ। ਮੁਸਲਿਮ ਲੀਗ ਹਰ ਹਾਲਤ ਵਿਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਸੀ। ਸਰ ਜੈਨਕਿੰਨ ਗਵਰਨਰ ਪੰਜਾਬ ਨੂੰ ਲਾਰਡ ਵੈਵਲ ਵਾਇਸਰਾਏ ਭਾਰਤ ਨੇ ਲਿਖਤੀ ਤੌਰ 'ਤੇ ਭੇਜਿਆ ਕਿ ਜਦ ਤੱਕ ਇਹ ਬਹੁਗਿਣਤੀ ਸਾਬਤ ਨਹੀਂ ਕਰਦੇ। ਇਨ੍ਹਾਂ ਦੀ ਵਜ਼ਾਰਤ ਨਾ ਬਣਾਈ ਜਾਵੇ।
ਮੁਹੰਮਦ ਅਲੀ ਜਿਨਾਹ ਹਰ ਹਾਲਤ ਵਿਚ ਵੱਖਰਾ ਪਾਕਿਸਤਾਨ ਤੇ ਉਸ ਵਿਚ ਪੂਰਾ ਪੰਜਾਬ ਸ਼ਾਮਿਲ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਫ਼ੈਸਲਾ ਲੈ ਲਿਆ ਕਿ ਡਾਇਰੈਕਟ ਐਕਸ਼ਨ (direct action) 7 ਮਾਰਚ ਤੋਂ ਆਰੰਭ ਕੀਤਾ ਜਾਵੇਗਾ, ਜਿਸ ਰਾਹੀਂ ਸਾਰੇ ਪੰਜਾਬ ਵਿਚ ਮੁਸਲਮਾਨ ਝੰਡੇ ਲੈ ਕੇ ਸੜਕਾਂ 'ਤੇ ਆ ਗਏ। ਇਸ ਨੂੰ ਹੋਰ ਕਾਮਯਾਬ ਕਰਨ ਲਈ ਅਤੇ ਦਬਾਅ ਵਧਾਉਣ ਲਈ ਮੁਸਲਿਮ ਲੀਗ ਵਲੋਂ ਇੱਕਾ-ਦੁੱਕਾ ਸਿੱਖਾਂ 'ਤੇ ਲਾਹੌਰ ਵਿਚ ਹਮਲਾ ਕਰ ਦਿੱਤਾ। ਕਈ ਸਿੱਖ ਸੜਕਾਂ 'ਤੇ ਮਾਰ ਦਿੱਤੇ ਗਏ। ਸਿੱਖ ਵਿਦਿਆਰਥੀਆਂ ਵਲੋਂ ਇਕ ਜੁਆਬੀ ਜਲੂਸ ਲਾਹੌਰ ਵਿਚ ਕੱਢਿਆ ਗਿਆ। ਉਥੇ ਪੁਲਿਸ ਨੇ ਗੋਲੀ ਚਲਾਈ ਤੇ ਕਈ ਵਿਦਿਆਰਥੀ ਮਾਰੇ ਗਏ। ਅੰਮ੍ਰਿਤਸਰ ਸ਼ਹਿਰ ਵਿਚ ਵੀ ਮੁਸਲਮਾਨਾਂ ਨੇ ਫ਼ਸਾਦ ਆਰੰਭ ਦਿੱਤੇ। ਅੰਗਰੇਜ਼ ਦੀ ਹਮੇਸ਼ਾ ਇਹ ਵਿਉਂਤ ਸੀ ਕਿ ਸਿੱਖ ਮੁਸਲਿਮ ਲੀਗ ਨਾਲ ਮਿਲ ਕੇ ਰਹਿਣ ਤੇ ਸਾਰਾ ਪੰਜਾਬ ਪਾਕਿਸਤਾਨ ਵਿਚ ਸ਼ਾਮਲ ਹੋਵੇ ਅਤੇ ਮੁਸਲਿਮ ਲੀਗ ਸਿੱਖਾਂ ਨੂੰ ਸਪੈਸ਼ਲ ਰਿਆਇਤਾਂ ਦੇਵੇਗੀ। ਮੈਂ ਕਈ ਕਿਤਾਬਾਂ ਵਿਚ ਪੜ੍ਹਿਆ ਹੈ ਕਿ ਕਈ ਸਿੱਖ ਲੀਡਰ ਇਸ ਸੁਝਾਅ ਬਾਰੇ ਸੋਚਦੇ ਵੀ ਸਨ। ਪਰ ਡਾਇਰੈਕਟ ਐਕਸ਼ਨ ਦੇ ਦੌਰਾਨ ਜੋ ਸਿੱਖਾਂ 'ਤੇ ਮਾਰਚ ਦੇ ਮਹੀਨੇ ਜ਼ੁਲਮ ਹੋਏ, ਉਸ ਕਰਕੇ ਸਿੱਖਾਂ ਕੋਲ ਭਾਰਤ ਵਿਚ ਰਹਿਣ ਤੋਂ ਬਿਨਾਂ ਹੋਰ ਕੋਈ ਦੂਜਾ ਰਸਤਾ ਨਾ ਰਿਹਾ। 10-13 ਮਾਰਚ ਤੱਕ ਰਾਵਲਪਿੰਡੀ ਡਵੀਜ਼ਨ ਦੇ ਸਾਰੇ ਇਲਾਕਿਆਂ ਅਤੇ ਫਰੰਟੀਅਰ ਸੂਬੇ ਦੇ ਕੋਹਾਟ ਐਬਟਾਬਾਦ ਹਰੀਪੁਰ ਹਜ਼ਾਰਾ ਵਿਚ ਵੀ ਸਿੱਖਾਂ ਦੇ ਸਾਰੇ ਪਿੰਡ ਸਾੜ ਦਿੱਤੇ ਗਏ। ਇਨ੍ਹਾਂ ਦਿਨਾਂ ਵਿਚ ਜੋ ਖ਼ੂਨੀ ਹੋਲੀ ਖੇਡੀ ਗਈ, ਉਸ ਬਾਰੇ ਬੜਾ ਕੁਝ ਲਿਖਿਆ ਗਿਆ ਹੈ। ਥੋਹਾ ਕਾਲਸਾ ਪਿੰਡ ਵਿਚ ਸਿੱਖ ਬੀਬੀਆਂ ਨੇ ਆਪਣੀ ਇੱਜ਼ਤ ਬਚਾਉਣ ਲਈ ਖੂਹ ਵਿਚ ਛਾਲਾਂ ਮਾਰੀਆਂ। ਟੇਰੀ ਚੱਕਰੀ ਪਿੰਡ ਵਿਚ ਸਿੱਖਾਂ ਨੇ ਆਪ ਸਾਰੀਆਂ ਲੜਕੀਆਂ ਅਤੇ ਧੀਆਂ ਨੂੰ ਮਾਰ ਦਿੱਤਾ ਅਤੇ ਫਿਰ ਆਪ ਲੜਦੇ-ਲੜਦੇ ਸ਼ਹੀਦ ਹੋ ਗਏ। ਇਨ੍ਹਾਂ ਇਲਾਕਿਆਂ ਵਿਚ ਸਿੱਖ ਆਬਾਦੀ ਪੰਜ ਫੀਸਦੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਪਿੰਡ ਡੁਡਿਆਲ ਵਿਚ ਮੁਸਲਮਾਨਾਂ ਨੇ ਹਮਲਾ ਕੀਤਾ, 11-12 ਮਾਰਚ ਨੂੰ ਸਾਡੇ ਪਿੰਡ ਦੇ ਸਿੱਖ ਨੌਜਵਾਨਾਂ ਨੇ ਬੜੀ ਹਿੰਮਤ ਨਾਲ ਮੁਕਾਬਲਾ ਕਰਕੇ ਪਿੰਡ ਬਚਾਇਆ। 13 ਮਾਰਚ ਨੂੰ ਹਜ਼ਾਰਾਂ ਮੁਸਲਮਾਨ ਢੋਲ ਵਜਾ ਕੇ ਮੁੜ ਆਏ ਅਤੇ ਸਾਰੇ ਪਿੰਡ ਨੂੰ ਅੱਗ ਲਗਾ ਦਿੱਤੀ। ਅਸੀਂ ਗੁਰਦੁਆਰਾ ਸੰਤਪੁਰਾ ਪੁੱਜ ਗਏ ਤੇ ਉਥੋਂ ਪਿੰਡ ਦੇ ਬਾਹਰ ਸ. ਸੁੰਦਰ ਸਿੰਘ ਦੀ ਕੋਠੀ ਵਿਚ ਇਕੱਠੇ ਹੋ ਗਏ। ਜਿਸ ਨੂੰ ਮੁਸਲਮਾਨਾਂ ਨੇ ਘੇਰ ਲਿਆ ਪਰ ਇਕ ਰੱਬੀ ਕਰਾਮਾਤ ਹੋਈ ਕਿ ਇਕ ਫ਼ੌਜ ਦੀ ਟੁਕੜੀ ਦੂਰੋਂ ਸੜਦੇ ਪਿੰਡ ਨੂੰ ਦੇਖ ਕੇ ਉਥੇ ਪੁੱਜ ਗਈ ਤੇ ਸਾਨੂੰ ਬਚਾ ਲਿਆ। ਮੈਂ ਉਸ ਸਮੇਂ ਸਕੂਲ ਪੜ੍ਹਦਾ ਸੀ ਅਤੇ ਇਹ ਭਿਆਨਕ ਸੀਨ ਕਦੇ ਭੁੱਲ ਨਹੀਂ ਸਕਦਾ। ਪੰਡਿਤ ਨਹਿਰੂ ਨੇ ਇਸ ਹੋਏ ਜ਼ੁਲਮ ਨੂੰ ਵੇਖ ਕੇ ਲਾਰਡ ਵੈਵਲ ਨੂੰ ਚਿੱਠੀ ਲਿਖੀ ਤੇ ਮੁਸਲਿਮ ਲੀਗ ਦੀਆਂ ਕਾਰਵਾਈਆਂ ਬਾਰੇ ਲਿਖਿਆ। ਮੈਂ ਸ. ਸਾਧੂ ਸਿੰਘ ਹਮਦਰਦ ਦੀ ਕਿਤਾਬ 'ਯਾਦ ਬਣੀ ਇਤਿਹਾਸ' ਵਿਚ ਵੰਡ ਸਮੇਂ ਜੋ ਕੁਝ ਮਾਰਚ 1947 ਵਿਚ ਵਾਪਰਿਆ, ਉਹ ਪੜ੍ਹਿਆ ਹੈ। ਉਹ ਆਪ ਵੀ ਲਾਹੌਰ ਵਿਚ ਕਿਵੇਂ ਆਪਣੇ ਟੱਬਰ ਨੂੰ ਬਚਾ ਸਕੇ, ਉਸ ਬਾਰੇ ਲਿਖਿਆ ਹੈ। ਉਨ੍ਹਾਂ ਨੇ 'ਅਜੀਤ' ਵਿਚ ਉਸ ਸਮੇਂ ਇਕ ਅਰਦਾਸ ਛਾਪੀ ਸੀ ਜੋ ਇਸ ਪ੍ਰਕਾਰ ਹੈ:-
ਅਰਦਾਸ
''.... ਜਿਨ੍ਹਾਂ ਸਿੰਘਾਂ ਨੇ ਜਨੂੰਨੀਆਂ ਦਾ ਮੁਕਾਬਲਾ ਕਰਕੇ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਅਕਹਿ ਤੇ ਅਸਹਿ ਕਸ਼ਟ ਸਹਾਰੇ ਪਰ ਆਪਣਾ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ ਉਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ.!... ਵਾਹਿਗੁਰੂ!! ਵਾਹਿਗੁਰੂ!!! ਜਿਨ੍ਹਾਂ ਬੀਬੀਆਂ ਨੇ ਖੂਹਾਂ ਵਿਚ ਛਾਲਾਂ ਮਾਰ ਕੇ, ਕੜਾਹਿਆਂ ਵਿਚ ਸੜ ਕੇ ਅਤੇ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਖ਼ਤਮ ਕੀਤਾ ਤੇ ਆਪਣਾ ਸਤ ਅਤੇ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ, ਉਨ੍ਹਾਂ ਬੀਬੀਆਂ ਦੀ ਸ਼ਹੀਦੀ ਦਾ ਧਿਆਨ ਧਰਕੇ ਖਾਸਲਾ ਜੀ ਬੋਲੋ ਵਾਹਿਗੁਰੂ! ਵਾਹਿਗੁਰੂ!! ਵਾਹਿਗੁਰੂ!!!'
ਪੰਜਾਬ ਸਰਕਾਰ ਨੇ ਇਹ ਛਾਪਣ ਕਰਕੇ 'ਅਜੀਤ' ਅਖ਼ਬਾਰ ਵੀ ਕੁਝ ਚਿਰ ਲਈ ਬੰਦ ਕਰ ਦਿੱਤਾ ਸੀ।
ਮਾਸਟਰ ਤਾਰਾ ਸਿੰਘ ਨੇ ਉਸ ਸਮੇਂ ਐਲਾਨ ਕੀਤਾ ਕਿ ਸਿੱਖਾਂ ਦਾ ਇਸ ਇਲਾਕੇ ਵਿਚ ਰਹਿਣਾ ਹੁਣ ਮੁਮਕਿਨ ਨਹੀਂ ਹੈ। ਉਧਰੋਂ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਰੇਡੀਓ 'ਤੇ ਐਲਾਨ ਕੀਤਾ ਕਿ ਸਾਰੇ ਰਿਫਿਊਜੀ ਪਟਿਆਲਾ ਆ ਜਾਣ ਤੇ ਉਨ੍ਹਾਂ ਦੇ ਰਹਿਣ ਦਾ ਹਰ ਪ੍ਰਬੰਧ ਕਰਾਂਗੇ। ਭਾਰਤ ਦੀ 1947 ਦੀ ਵੰਡ ਦਾ ਇਹ ਪਹਿਲਾ ਹਿੱਸਾ ਹੈ, ਜਿਸ ਵਿਚ ਏਨਾ ਕਤਲੇਆਮ ਹੋਇਆ ਅਤੇ ਏਨੀ ਵੱਡੀ ਗਿਣਤੀ ਵਿਚ ਲੋਕ ਬੇਘਰ ਹੋ ਗਏ ਸਨ। ਇਸ ਦਾ ਦੂਸਰਾ ਹਿੱਸਾ ਜੋ ਹੋਰ ਵੀ ਦਰਦਨਾਕ ਹੈ, ਉਹ 15 ਅਗਸਤ, 1947 ਤੋਂ ਆਰੰਭ ਹੁੰਦਾ ਹੈ। ਜਦੋਂ ਦੇਸ਼ ਦੀ ਵੰਡ ਹੋਈ ਤੇ ਪਾਕਿਸਤਾਨ ਕਾਇਮ ਹੋ ਗਿਆ। ਲਾਹੌਰ, ਸ਼ੇਖੂਪੁਰਾ, ਗੁੱਜਰਾਂਵਾਲਾ, ਮਿੰਟਗੁਮਰੀ, ਲਾਇਲਪੁਰ ਵਿਚ ਵਸਦੇ ਸਿੱਖ ਜੋ ਵੱਡੀਆਂ ਜ਼ਮੀਨਾਂ ਦੇ ਮਾਲਕ ਸਨ, ਉਹ ਉਥੋਂ ਉੱਜੜ ਕੇ ਮੀਲਾਂ ਲੰਬੇ ਕਾਫ਼ਲੇ ਬਣਾ ਕੇ ਗੱਡਿਆਂ 'ਤੇ ਬੈਠ ਕੇ ਮੁਸਲਮਾਨਾਂ ਦਾ ਮੁਕਾਬਲਾ ਕਰਦੇ ਹੋਏ ਬੜੀ ਮੁਸ਼ਕਿਲ ਨਾਲ ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਤੇ ਭਾਰਤ ਪੁੱਜੇ ਸਨ। ਏਨੀ ਵੱਡੀ ਕੁਰਬਾਨੀ ਜੋ ਇਨ੍ਹਾਂ ਬੇਗੁਨਾਹ ਪੰਜਾਬੀਆਂ ਨੇ ਉਸ ਸਮੇਂ ਦਿੱਤੀ ਸੀ ਉਸ ਨੂੰ ਘੱਟ ਤੋਂ ਘੱਟ ਅੱਜ ਦੇ ਭਾਰਤ ਵਾਸੀਆਂ ਨੂੰ ਯਾਦ ਕਰਵਾਉਣ ਦੀ ਲੋੜ ਹੈ। ਅਸੀਂਂ ਭੁੱਲ ਨਾ ਜਾਈਏ ਕਿ ਭਾਰਤ ਦੀ ਆਜ਼ਾਦੀ ਲਈ ਕੀ ਕੁਝ ਵਾਪਰਿਆ ਅਤੇ ਕਿਵੇਂ ਰੱਜੇ-ਪੁੱਜੇ ਵਸਦੇ ਪੰਜਾਬੀ ਖ਼ਾਕਸਾਰ ਹੋ ਗਏ ਸਨ। ਮੈਨੂੰ ਯਾਦ ਹੈ ਕਿ ਜਦ ਅਸੀਂ ਪਟਿਆਲਾ ਪੁੱਜੇ ਤਾਂ ਮੇਰੇ ਪਿਤਾ ਜੀ ਕੋਲ ਕੇਵਲ 300 ਰੁਪਏ ਸਨ ਅਤੇ ਮੈਂ ਉਸ ਉਮਰ ਵਿਚ ਇਕ ਸਾਲ ਮਜ਼ਦੂਰੀ ਕੀਤੀ ਸੀ। ਗੁਰੂ ਦੀ ਕ੍ਰਿਪਾ ਨਾਲ ਪੰਜਾਬੀ ਮੁੜ ਉੱਠੇ ਤੇ ਅੱਜ ਵਿਸ਼ਵ ਭਰ ਵਿਚ ਉਨ੍ਹਾਂ ਆਪਣੀ ਧਾਕ ਬਣਾ ਰੱਖੀ ਹੈ। ਪਰ ਇਸ ਬਟਵਾਰੇ ਦੇ ਇਸ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਸ ਸਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਪਰ ਉਸ ਸਮੇਂ ਜਿਨ੍ਹਾਂ ਕਰੋੜਾਂ ਲੋਕਾਂ ਨੇ ਆਜ਼ਾਦੀ ਦੇ ਨਾਲ-ਨਾਲ ਵੰਡ ਦੇ ਦੁਖਾਂਤ ਦਾ ਸੰਤਾਪ ਆਪਣੇ ਹੱਡਾਂ 'ਤੇ ਹੰਢਾਇਆ, ਉਹ ਇਸ ਨੂੰ ਕਦੇ ਭੁੱਲ ਨਹੀਂ ਸਕੇ। ਥੋੜ੍ਹੇ ਬਹੁਤ ਜੋ ...
1947 ਵਿਚ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮਿਲੀ ਮੁਕਤੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਮਨੋਰਥ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼ ਭਗਤਾਂ ਅਤੇ ਆਮ ਦੇਸ਼-ਵਾਸੀਆਂ ਲਈ ਖੁਸ਼ੀ ਦਾ ਕਾਰਨ ਬਣੀ, ਉੱਥੇ ਇਸ ਪ੍ਰਾਪਤੀ ਲਈ ਹੋਏ ਸੰਘਰਸ਼ ਵਿਚ ਮੋਢੀ ਰਹੇ ਦੋ ...
ਮੇਰੀ ਮਾਂ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੱਕ ਮੈਂ ਉਸ ਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ...
ਗੱਲ ਕਰਨਾ ਤਾਂ ਔਖਾ ਨਹੀਂ ਹੁੰਦਾ, ਔਖਾ ਇਹ ਹੁੰਦਾ ਹੈ ਕਿ ਗੱਲ ਚੱਜ ਦੀ ਕੀਤੀ ਕਿਵੇਂ ਜਾਵੇ? ਕਿਉਂਕਿ ਸਿਆਣਪ ਲੀੜਿਆਂ 'ਚੋਂ ਨਹੀਂ, ਤੁਹਾਡੀ ਬੋਲਬਾਣੀ 'ਚੋਂ ਝਲਕਦੀ ਹੈ। ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਪੈਸਾ ਕਮਾਉਣ ਤੋਂ ਵੀ ਪਹਿਲਾਂ ਦੁਨੀਆ 'ਚ ਜੱਸ ਕਮਾਉਣ ਦੇ ...
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX