ਹਰ ਸਾਲ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ ਤਾਂ ਸਾਰਾ ਦੇਸ਼ ਇਸ ਨੂੰ ਆਜ਼ਾਦੀ ਮਿਲਣ ਦੇ ਜਸ਼ਨ ਵਜੋਂ ਮਨਾਉਂਦਾ ਹੈ। ਮੌਜੂਦਾ ਪੀੜ੍ਹੀ ਨੂੰ ਇਹ ਪਤਾ ਵੀ ਨਹੀਂ ਹੈ ਕਿ ਆਜ਼ਾਦੀ ਲੈਣ ਸਮੇਂ ਭਾਰਤ ਕਿਵੇਂ ਵੰਡਿਆ ਗਿਆ ਸੀ ਤੇ ਇਸ ਵੰਡ ਕਾਰਨ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਏਨਾ ...
ਇਸ ਸਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਪਰ ਉਸ ਸਮੇਂ ਜਿਨ੍ਹਾਂ ਕਰੋੜਾਂ ਲੋਕਾਂ ਨੇ ਆਜ਼ਾਦੀ ਦੇ ਨਾਲ-ਨਾਲ ਵੰਡ ਦੇ ਦੁਖਾਂਤ ਦਾ ਸੰਤਾਪ ਆਪਣੇ ਹੱਡਾਂ 'ਤੇ ਹੰਢਾਇਆ, ਉਹ ਇਸ ਨੂੰ ਕਦੇ ਭੁੱਲ ਨਹੀਂ ਸਕੇ। ਥੋੜ੍ਹੇ ਬਹੁਤ ਜੋ ...
1947 ਵਿਚ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮਿਲੀ ਮੁਕਤੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਮਨੋਰਥ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼ ਭਗਤਾਂ ਅਤੇ ਆਮ ਦੇਸ਼-ਵਾਸੀਆਂ ਲਈ ਖੁਸ਼ੀ ਦਾ ਕਾਰਨ ਬਣੀ, ਉੱਥੇ ਇਸ ਪ੍ਰਾਪਤੀ ਲਈ ਹੋਏ ਸੰਘਰਸ਼ ਵਿਚ ਮੋਢੀ ਰਹੇ ਦੋ ਪ੍ਰਾਂਤਾਂ ਬੰਗਾਲ ਅਤੇ ਪੰਜਾਬ ਲਈ ਇਹ ਘਟਨਾ ਸਦਾ ਵਾਸਤੇ ਨਾਸੂਰ ਬਣੀਆਂ ਦੁਖਦਾਈ ਯਾਦਾਂ ਛੱਡ ਗਈ। ਇਨ੍ਹਾਂ ਦੋਵਾਂ ਪ੍ਰਾਂਤਾਂ ਦੀ ਧਰਤੀ ਹੀ ਦੋ ਵੱਖਰੇ-ਵੱਖਰੇ ਮੁਲਕਾਂ ਦੇ ਦੋ-ਦੋ ਸੂਬਿਆਂ ਵਿਚ ਨਹੀਂ ਵੰਡੀ ਗਈ, ਲੋਕ ਵੀ ਵੰਡੇ ਗਏ ਜਿਸ ਦੇ ਨਤੀਜੇ ਵਜੋਂ ਜਿਸ ਪੱਧਰ ਉੱਤੇ ਲੋਕਾਂ ਦਾ ਉਜਾੜਾ ਹੋਇਆ, ਉਸ ਦੀ ਦੁਨੀਆ ਦੇ ਇਤਿਹਾਸ ਵਿਚ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਪੰਜਾਬ ਦੀ ਗੱਲ ਕਰੀਏ ਤਾਂ ਇਕ ਕਰੋੜ ਦੇ ਲਗਭਗ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ, ਅੱਧੇ ਤੋਂ ਕੁਝ ਵੱਧ ਮੁਸਲਮਾਨ ਭਾਰਤੀ ਪੰਜਾਬ ਤੋਂ ਪਾਕਿਸਤਾਨੀ ਪੰਜਾਬ ਵਿਚ ਗਏ ਅਤੇ ਏਦੂੰ ਕੁਝ ਕੁ ਘੱਟ ਓਧਰੋਂ ਏਧਰ ਆਏ। ਪਰ ਇਸ ਸਭ ਕੁਝ ਦੇ ਪਿੱਛੇ ਦਿਲ ਕੰਬਾਊ ਅੰਕੜੇ ਮਜ਼੍ਹਬੀ ਜੋਸ਼ ਵਿਚ ਲਗਭਗ ਦਸ ਲੱਖ ਨਿਰਦੋਸ਼ ਵਿਅਕਤੀਆਂ ਨੂੰ ਅਣਆਈ ਮੰੌਤੇ ਮਾਰ ਦਿੱਤੇ ਜਾਣ ਅਤੇ ਤਿੰਨ ਲੱਖ ਦੇ ਕਰੀਬ ਔਰਤਾਂ ਨੂੰ ਉਧਾਲੇ ਜਾਣ ਦੇ ਹਨ।
ਅਜਿਹਾ ਅਚਾਨਕ ਨਹੀਂ ਸੀ ਵਾਪਰਿਆ। ਉੱਨ੍ਹੀਵੀਂ ਸਦੀ ਵਿਚ ਹੀ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਨੇ ਭਾਰਤੀਆਂ ਨੂੰ ਧਰਮ ਦੇ ਆਧਾਰ ਉੱਤੇ ਟਕਰਾਅ ਦੇ ਰਾਹ ਪਾ ਦਿੱਤਾ ਸੀ, ਜਿਸ ਕਾਰਨ ਹਰ ਧਰਮ ਆਪਣੇ ਭਾਵ ਮੰਨਣ ਵਾਲਿਆਂ ਦੀ ਗਿਣਤੀ ਵਧਾਉਣ ਲੱਗ ਪਿਆ ਸੀ। ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਕੁਝ ਮੁਸਲਮਾਨ ਜਥੇਬੰਦੀਆਂ ਪ੍ਰਸ਼ਾਸਨ ਵਿਚ ਮੁਸਲਮਾਨਾਂ ਦੀ ਭਾਗੀਦਾਰੀ ਵਧਾਉਣ ਵਾਸਤੇ ਬਰਤਾਨਵੀ ਸਰਕਾਰ ਉੱਤੇ ਦਬਾਅ ਪਾ ਰਹੀਆਂ ਸਨ, ਜਿਸ ਦੇ ਸਿੱਟੇ ਵਜੋਂ ਬਰਤਾਨਵੀ ਪਾਰਲੀਮੈਂਟ ਵਲੋਂ ਰਾਜ-ਪ੍ਰਬੰਧ ਵਿਚ ਭਾਰਤੀਆਂ ਦਾ ਹਿੱਸਾ ਵਧਾਉਣ ਦੇ ਮੰਤਵ ਨਾਲ ਬਣਾਏ ਇੰਡੀਅਨ ਕੌਂਸਲਜ਼ ਐਕਟ, 1909 ਵਿਚ ਮੁਸਲਮਾਨਾਂ ਲਈ ਵੱਖਰੇ ਚੋਣ ਖੇਤਰ ਬਣਾਏ ਜਾਣਾ ਨਿਸਚਿਤ ਕੀਤਾ ਗਿਆ। ਫ਼ਿਰਕਾਪ੍ਰਸਤੀ ਦੇ ਬੀਜ ਨੂੰ ਇੰਡੀਅਨ ਕੌਂਸਲਜ਼ ਐਕਟ, 1919, ਜਿਸ ਵਿਚ ਹੋਰ ਧਾਰਮਿਕ ਘੱਟ-ਗਿਣਤੀਆਂ ਲਈ ਵੀ ਅਜਿਹਾ ਉਪਬੰਦ ਕੀਤਾ ਗਿਆ, ਦੇ ਰਾਹੀਂ ਵਧਣ-ਫੁੱਲਣ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ। ਬਰਤਾਨਵੀ ਹਾਕਮਾਂ ਅਤੇ ਹਿੰਦੁਸਤਾਨੀ ਆਗੂਆਂ ਦਰਮਿਆਨ ਅਸਫਲ ਰਹੀ ਦੂਜੀ ਗੋਲ ਮੇਜ਼ ਕਾਨਫਰੰਸ ਪਿੱਛੋਂ ਬਰਤਾਨਵੀ ਪ੍ਰਧਾਨ ਮੰਤਰੀ ਰਾਮਸੇ ਮੈਕਡੋਨਾਲਡ ਵਲੋਂ 1932 ਵਿਚ ਇਕਤਰਫ਼ਾ ਤੌਰ ਉੱਤੇ ਐਲਾਨੇ ਕਮਿਊਨਲ ਅਵਾਰਡ ਨੇ ਫਿਰਕੂ ਵੰਡ ਨੂੰ ਪੱਕਾ ਕਰ ਦਿੱਤਾ। ਇਸ ਵਿਚ ਮੁਸਲਮਾਨਾਂ ਦੇ ਨਾਲ ਨਾਲ ਸਿੱਖਾਂ, ਭਾਰਤੀ ਈਸਾਈਆਂ, ਪਛੜੀਆਂ ਸ਼੍ਰੇਣੀਆਂ ਆਦਿ ਲਈ ਵੀ ਵੱਖਰੇ ਚੋਣ ਖੇਤਰ ਨਿਰਧਾਰਿਤ ਕਰਨ ਦੀ ਵਿਵਸਥਾ ਕੀਤੀ ਗਈ ਸੀ। ਗਾਂਧੀ ਜੀ ਵਲੋਂ ਇਸ ਅਵਾਰਡ ਨੂੰ 'ਭਾਰਤ ਦੀ ਏਕਤਾ ਅਤੇ ਕੌਮਵਾਦ ਉੱਤੇ ਹਮਲਾ' ਕਹਿੰਦਿਆਂ ਨਾਮਨਜ਼ੂਰ ਕੀਤੇ ਜਾਣ ਦੇ ਰੋਸ ਵਜੋਂ ਮੁਹੰਮਦ ਅਲੀ ਜਿਨਾਹ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਮੁਸਲਮ ਲੀਗ ਵਿਚ ਸ਼ਾਮਿਲ ਹੋ ਗਏ ਸਨ। ਉਸ ਵੇਲੇ ਤੱਕ ਕੇਵਲ ਪੜ੍ਹੇ-ਲਿਖੇ ਅਤੇ ਰੱਜੇ ਪੁੱਜੇ ਮੁਸਲਮਾਨ ਹੀ ਮੁਸਲਿਮ ਲੀਗ ਦੇ ਪ੍ਰਭਾਵ ਹੇਠ ਸਨ ਪਰ ਜਿਨਾਹ ਨੇ ਇਸ ਨੂੰ ਆਮ ਮੁਸਲਮਾਨਾਂ ਤੱਕ ਲੈ ਜਾਣ ਦਾ ਕੰਮ ਕੀਤਾ, ਜਿਸ ਨਾਲ ਨਾ ਕੇਵਲ ਮੁਸਲਿਮ ਲੀਗ ਦੇ ਮੈਂਬਰਾਂ ਦੀ ਗਿਣਤੀ ਲੱਖਾਂ ਤੱਕ ਪੁੱਜ ਗਈ ਸਗੋਂ ਇਸ ਦਾ ਪ੍ਰਭਾਵ ਖੇਤਰ, ਜੋ ਪਹਿਲਾਂ ਮੁੱਖ ਤੌਰ 'ਤੇ ਸੰਯੁਕਤ ਪ੍ਰਾਂਤਾਂ ਤੱਕ ਸੀਮਿਤ ਸੀ, ਹੋਰ ਵੀ ਫੈਲ ਗਿਆ। 1937 ਦੀਆਂ ਚੋਣਾਂ ਪਿਛੋਂ ਕਾਂਗਰਸ 11 ਪ੍ਰਾਂਤਾਂ ਵਿਚੋਂ 7 ਪ੍ਰਾਂਤਾਂ ਵਿਚ ਸਰਕਾਰ ਬਣਾਉਣ ਵਿਚ ਸਫਲ ਹੋਈ। ਕਾਂਗਰਸੀ ਵਜ਼ਾਰਤਾਂ ਵਲੋਂ ਲਏ ਗਏ ਕੁੱਝ ਫ਼ੈਸਲਿਆਂ ਤੋਂ ਮੁਸਲਿਮ ਲੀਗ ਆਗੂਆਂ ਨੇ ਯਕੀਨ ਕਰ ਲਿਆ ਕਿ ਹਿੰਦੂ ਬਹੁ-ਗਿਣਤੀ ਵਾਲੇ ਮੁਲਕ ਵਿਚ ਉਹ ਸੁਰੱਖਿਅਤ ਨਹੀਂ ਰਹਿ ਸਕਦੇ। ਨਤੀਜੇ ਵਜੋਂ ਮੁਸਲਿਮ ਲੀਗ ਨੇ 22 ਦਸੰਬਰ, 1939 ਦਾ ਦਿਨ ਅਨਿਆਏ ਕਾਂਗਰਸ ਰਾਜ ਤੋਂ 'ਮੁਕਤੀ ਦਿਵਸ' ਵਜੋਂ ਮਨਾਇਆ। ਕੁਝ ਮਹੀਨਿਆਂ ਪਿੱਛੋਂ ਮਾਰਚ 1940 ਦੌਰਾਨ ਲਾਹੌਰ ਵਿਚ ਹੋਏ 27ਵੇਂ ਸਾਲਾਨਾ ਮੁਸਲਿਮ ਲੀਗ ਸੈਸ਼ਨ ਵਿਚ ਜਿਨਾਹ ਨੇ ਦੋ ਕੌਮਾਂ ਦੇ ਸਿਧਾਂਤ ਦੀ ਜਨਤਕ ਤੌਰ ਉੱਤੇ ਵਿਆਖਿਆ ਕਰਦਿਆਂ ਮੁਸਲਮਾਨਾਂ ਵਾਸਤੇ ਮੁਲਕ ਦੇ ਉੱਤਰ-ਪੂਰਬ ਅਤੇ ਉੱਤਰ-ਪੱਛਮ ਵਿਚ ਵੱਖਰੇ ਮੁਲਕ ਦੀ ਮੰਗ ਕੀਤੀ। ਲਾਰਡ ਵੇਵਲ ਨੇ ਕਾਂਗਰਸ ਅਤੇ ਮੁਸਲਿਮ ਲੀਗ ਦੋਵਾਂ ਨੂੰ ਇਕ ਮੱਤ ਕਰਨ ਲਈ 1945 ਵਿਚ ਸ਼ਿਮਲੇ ਮੀਟਿੰਗ ਕੀਤੀ ਜੋ ਨਿਹਫਲ ਰਹੀ। ਬਰਤਾਨਵੀ ਸਰਕਾਰ ਨੂੰ ਦਿਸਣ ਲੱਗਾ ਕਿ ਮੁਲਕ ਨੂੰ ਵੰਡਣ ਬਿਨਾਂ ਹੋਰ ਕੋਈ ਚਾਰਾ ਨਹੀਂ।
ਅਜਿਹੇ ਮਾਹੌਲ ਵਿਚ ਗਾਂਧੀ ਜੀ ਨੇ ਵੰਡ ਸੰਬੰਧੀ ਮੁਸਲਿਮ ਲੀਗ ਨੂੰ ਇਕ ਨਵਾਂ ਪ੍ਰਸਤਾਵ ਦਿੱਤਾ। ਗਾਂਧੀ ਜੀ ਦਾ ਸੁਝਾਅ ਸੀ ਕਿ ਕਾਂਗਰਸ ਅਤੇ ਮੁਸਲਮ ਲੀਗ ਵਲੋਂ ਸਹਿਮਤੀ ਨਾਲ ਗਠਿਤ ਕਮਿਸ਼ਨ ਮੁਸਲਮ ਬਹੁ-ਗਿਣਤੀ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕਰੇ ਅਤੇ ਫਿਰ ਚੋਣ ਪੱਤਰ ਜਾਂ ਕਿਸੇ ਹੋਰ ਵਿਧੀ ਨਾਲ ਇਸ ਖੇਤਰ ਦੀ ਬਾਲਗ ਵਸੋਂ ਦੀ ਇੱਛਾ ਜਾਣੀ ਜਾਵੇ। ਜੇ ਕਰ ਬਹੁ-ਗਿਣਤੀ ਅਲਹਿਦਗੀ ਦੇ ਪੱਖ ਵਿਚ ਹੋਵੇ ਤਾਂ ਹਿੰਦੁਸਤਾਨ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤੀ ਮਿਲਣ ਪਿੱਛੋਂ ਜਿੰਨੀ ਜਲਦੀ ਸੰਭਵ ਹੋ ਸਕੇ ਇਸ ਖੇਤਰ ਨੁੰ ਵੱਖਰਾ ਮੁਲਕ ਮੰਨ ਲਿਆ ਜਾਵੇ। ਜਿਨਾਹ ਨੇ ਇਹ ਕਹਿੰਦਿਆਂ ਇਹ ਤਜਵੀਜ਼ ਰੱਦ ਕੀਤੀ ਕਿ ਉਸ ਦੀ ਮੰਗ ਮੁਸਲਮਾਨ ਕੌਮ ਲਈ ਖ਼ੁਦਮੁਖਤਿਆਰੀ ਦੀ ਹੈ, ਕਿਸੇ ਇਲਾਕੇ ਦੀ ਖ਼ੁਦਮੁਖਤਿਆਰੀ ਦੀ ਨਹੀਂ। ਆਪਣੀ ਮੰਗ ਮਨਵਾਉਣ ਲਈ ਸਰਕਾਰ ਉੱਤੇ ਦਬਾਅ ਪਾਉਣ ਲਈ ਜਿਨਾਹ ਨੇ ਮੁਸਲਮਾਨਾਂ ਨੂੰ 16 ਅਗਸਤ 1946 ਦਾ ਦਿਨ 'ਡਾਇਰੈਕਟ ਐਕਸ਼ਨ ਡੇ' ਵਜੋਂ ਮਨਾਉਣ ਦਾ ਸੱਦਾ ਦਿੱਤਾ। ਇਸ ਦਿਨ ਕਲਕੱਤੇ ਵਿਚ ਵੱਡੀ ਪੱਧਰ ਉੱਤੇ ਕਤਲੋ-ਗਾਰਤ ਹੋਈ।
1941 ਦੀ ਮਰਦਮ-ਸ਼ੁਮਾਰੀ ਦੇ ਅੰਕੜੇ ਸਾਹਮਣੇ ਸਨ, ਇਸ ਲਈ ਮੁਸਲਮ ਲੀਗ ਨੂੰ ਪਾਕਿਸਤਾਨ ਬਣਨ ਵਾਲੇ ਬਹੁਤ ਸਾਰੇ ਇਲਾਕੇ ਬਾਰੇ ਕੋਈ ਭੁਲੇਖਾ ਨਹੀਂ ਸੀ, ਜੇ ਕੋਈ ਘਾਟ ਸੀ ਤਾਂ ਇਹ ਸੀ ਇਸ ਖੇਤਰ ਵਿਚੋਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਅਤੇ ਵਣਜ ਵਿਚ ਮੋਹਰੀ 'ਕਾਫਰਾਂ' ਨੂੰ ਕੱਢ ਕੇ ਇਸ ਨੂੰ ਪਾਕ ਬਣਾਉਣ ਦੀ। ਅਜੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਨੇ ਹਿੰਦੁਸਤਾਨ ਵਿਚੋਂ ਬਰਤਾਨਵੀ ਸਲਤਨਤ ਦਾ 15 ਅਗਸਤ, 1947 ਨੂੰ ਅੰਤ ਹੋਣ ਬਾਰੇ 3 ਜੂਨ, 1947 ਵਾਲਾ ਐਲਾਨ ਨਹੀਂ ਸੀ ਕੀਤਾ ਕਿ ਇਸ ਤੋਂ ਪਹਿਲਾਂ ਹੀ ਉਪਰੋਕਤ ਕਾਰਵਾਈ ਸ਼ੁਰੂ ਹੋ ਗਈ। ਇਸ ਦਾ ਆਰੰਭ ਰਾਵਲਪਿੰਡੀ, ਮੁਲਤਾਨ, ਅਟਕ ਆਦਿ ਜ਼ਿਲਿਆਂ ਤੋਂ ਹੋਇਆ। ਇਨ੍ਹਾਂ ਜ਼ਿਲਿਆਂ ਤੋਂ ਉਜਾੜੇ ਲੋਕ ਪੂਰਬੀ ਪੰਜਾਬ ਵੱਲ ਆਏ ਤਾਂ ਪ੍ਰਤੀਕਰਮ ਹੋਣਾ ਸੁਭਾਵਿਕ ਸੀ। ਦੋਵੇਂ ਪਾਸੀਂ ਹੋ ਰਹੀ ਮਾਰ-ਧਾੜ ਨੂੰ ਵਧਾਉਣ ਵਾਸਤੇ ਜਿੱਥੇ ਸਵਾਰਥੀ ਹਿਤ ਰੱਖਦੇ ਰਾਜਸੀ-ਧਾਰਮਿਕ ਆਗੂਆਂ ਨੇ ਵਧੇਰੇ ਹੱਲਾਸ਼ੇਰੀ ਦਿੱਤੀ, ਉੱਥੇ ਗੜਬੜ ਵਾਲੇ ਮਾਹੌਲ ਨੂੰ ਕਾਬੂ ਵਿਚ ਰੱਖਣ ਦੇ ਜ਼ਿੰਮੇਵਾਰ ਪ੍ਰਸ਼ਾਸਨ ਨੇ ਓਨੀ ਹੀ ਘੱਟ ਸਰਗਰਮੀ ਵਿਖਾਈ। ਇਸ ਦਾ ਜੋ ਨਤੀਜਾ ਨਿਕਲਿਆ ਉਸ ਦਾ ਸੰਖੇਪ ਬਿਆਨ ਸ਼ੁਰੂ ਵਿਚ ਕੀਤਾ ਗਿਆ ਹੈ।
ਕੀ ਇਸ ਮੌਕੇ ਹਰ ਪਾਸੇ ਸ਼ੈਤਾਨੀਅਤ ਅਤੇ ਹੈਵਾਨੀਅਤ ਦਾ ਹੀ ਬੋਲਬਾਲਾ ਸੀ? ਖ਼ੈਰ ਇਹ ਰਹੀ ਕਿ ਪੂਰੀ ਤਰ੍ਹਾਂ ਇੰਜ ਨਹੀਂ ਸੀ ਹੋਇਆ। ਜਿਵੇਂ ਗੁਰਬਾਣੀ ਦਾ ਫ਼ਰਮਾਨ ਹੈ, 'ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ', ਇਨ੍ਹੀਂ ਦਿਨੀਂ ਵੀ ਟਾਵੇਂ-ਟਾਵੇਂ ਥਾਂ ਹੈਵਾਨੀਅਤ ਉੱਤੇ ਇਨਸਾਨੀਅਤ ਹਾਵੀ ਰਹੀ। ਸ਼ਹੀਦ ਭਗਤ ਸਿੰਘ ਦਾ ਸਾਥੀ ਕਾਮਰੇਡ ਧੰਨਵੰਤਰੀ, ਜਿਸ ਨੇ ਕਾਲੇਪਾਣੀ ਜੇਲ੍ਹ ਵਿਚ ਵੀ ਕੁਝ ਵਰ੍ਹੇ ਗੁਜ਼ਾਰੇ ਸਨ, ਇਨ੍ਹੀਂ ਦਿਨੀਂ ਅੰਮ੍ਰਿਤਸਰ ਰਹਿ ਰਿਹਾ ਸੀ। ਉਸ ਨੇ ਦੇਸ਼ ਵੰਡ ਸਮੇਂ ਹੋਏ ਘਟਨਾਕ੍ਰਮ ਬਾਰੇ ਇਕ ਕਿਤਾਬਚਾ ਲਿਖਿਆ, 'ਲਹੂ ਲੁਹਾਨ ਪੰਜਾਬ ਚਿਤਾਵਨੀ ਦਿੰਦਾ ਹੈ', ਜਿਸ ਵਿਚ ਉਸ ਨੇ ਇਨਾਸੀਅਤ ਦੇ ਜਿਊਂਦੇ ਹੋਣ ਦੀਆਂ ਕਈ ਉਦਾਹਰਨਾਂ ਦਿੱਤੀਆਂ ਹਨ। ਉਹ ਦੱਸਦਾ ਹੈ ਕਿ ਧਰਮ-ਨਿਰਪੱਖ ਸੋਚ ਦੇ ਧਾਰਨੀ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਬਾਬਾ ਸੋਹਨ ਸਿੰਘ ਭਕਨਾ ਦੇ ਪ੍ਰਭਾਵ ਕਾਰਨ ਪ੍ਰੀਤ ਨਗਰ ਅਤੇ ਪਿੰਡ ਭਕਨਾ ਦੇ ਆਸ-ਪਾਸ ਵੱਡਾ ਪਿੰਡ ਸਮੂਹ ਇਸ ਹੋਣੀ ਤੋਂ ਬਚਿਆ ਰਿਹਾ। ਰੇਲਵੇ ਸਟੇਸ਼ਨ ਖਾਸਾ ਦੇ ਨੇੜੇ ਹੁਸ਼ਿਆਰ ਨਗਰ ਵਿਚ ਸਿੱਖ ਕਿਸਾਨਾਂ ਨੇ 300 ਮੁਸਲਮਾਨਾਂ ਨੂੰ ਆਸਰਾ ਦਿੱਤਾ, ਬਾਹਰਲੇ ਧਾੜਵੀਆਂ ਨੇ ਦੋ ਵਾਰ ਹਮਲਾ ਕੀਤਾ ਪਰ ਉਨ੍ਹਾਂ ਦੀ ਦਾਲ ਨਾ ਗਲੀ। ਖਾਪਰਖੇੜੀ ਪਿੰਡ ਵਿਚ ਪਿੰਡ ਵਾਲਿਆਂ ਨੇ 900 ਮੁਸਲਮਾਨਾਂ ਨੂੰ ਟਿਕਾਣਾ ਦਿੱਤਾ, ਜਦ ਸਾਂਭਣਾ ਮੁਸ਼ਕਿਲ ਹੋਇਆ ਤਾਂ ਨੰਗੀਆਂ ਕਿਰਪਾਨਾਂ ਲਹਿਰਾਉਂਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲਾਹੌਰ ਜਾਣ ਵਾਲੀ ਰੇਲ ਚੜ੍ਹਾ ਕੇ ਗਏ। ਇਸ ਜ਼ਿਲ੍ਹੇ ਵਿਚ ਹੀ ਛੱਜਲਵੱਢੀ, ਕਠਾਣੀਆ, ਵੇਰਕਾ, ਬਡਾਲਾ-ਭਿੱਟੇਵਿੰਡ ਦੇ ਵਸਨੀਕਾਂ ਨੇ ਵੀ ਅਜਿਹੀ ਮਿਸਾਲ ਕਾਇਮ ਕੀਤੀ।
ਇਸ ਤਰ੍ਹਾਂ ਦੀ ਮਾਨਵਵਾਦੀ ਘਟਨਾ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਲਤਾਲਾ ਵਿਚ ਵੀ ਵਾਪਰੀ। ਲਤਾਲੇ ਦੇ ਨਾਲ ਲੱਗਵਾਂ ਨਿਰੋਲ ਮੁਸਲਮਾਨਾਂ ਦਾ ਪਿੰਡ ਸੀ ਜੁੜਾਹਾਂ। ਮਜ਼੍ਹਬੀ ਜੋਸ਼ ਵਿਚ ਆਏ ਗੱਭਰੂਆਂ ਦੀ ਇਕ ਟੋਲੀ, ਜਿਸ ਵਿਚ ਲਤਾਲੇ ਦੇ ਗੱਭਰੂ ਵੀ ਸ਼ਾਮਿਲ ਸਨ, ਨੇ ਹਥਿਆਰਬੰਦ ਹੋ ਕੇ ਪਿੰਡ ਜੁੜਾਹਾਂ ਵਿਚ ਵਸਦੇ ਮੁਸਲਮਾਨਾਂ ਉੱਤੇ ਹਮਲਾ ਕਰ ਦਿੱਤਾ। ਲੁੱਟਮਾਰ ਤਾਂ ਜੋ ਹੋਣੀ ਸੀ, ਉਹ ਹੋਈ ਹੀ, ਲਤਾਲਾ ਵਾਲੇ ਗੱਭਰੂ ਆਪਣੇ ਘਰ ਵਸਾਉਣ ਦੀ ਨੀਅਤ ਨਾਲ ਤਿੰਨ ਮੁਸਲਮਾਨ ਮੁਟਿਆਰਾਂ ਧੱਕੇ ਨਾਲ ਪਿੰਡ ਲੈ ਆਏ। ਜਦ ਪਿੰਡ ਵਾਸੀ ਬਜ਼ੁਰਗਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਦਿਲ ਇਹ ਅਨਰਥ ਵੇਖ ਕੇ ਤੜਫ਼ ਉੱਠਿਆ। ਉਨ੍ਹਾਂ ਨੌਜਵਾਨਾਂ ਨੂੰ ਸੱਦ ਕੇ ਉਨ੍ਹਾਂ ਨੂੰ ਅਜਿਹੀ ਕਰਤੂਤ ਕਰਨ ਲਈ ਲਾਅਨਤਾਂ ਪਾਈਆਂ ਅਤੇ ਕੁਝ ਪਤਵੰਤੇ ਆਪ ਇਨ੍ਹਾਂ ਦੁਖਿਆਰੀਆਂ ਨੂੰ ਪਾਕਿਸਤਾਨ ਜਾਣ ਦੇ ਇੱਛਕ ਮੁਸਲਮਾਨਾਂ ਵਾਸਤੇ ਲਾਏ ਕੈਂਪ ਵਿਚ ਪੁੱਜਦਾ ਕਰਕੇ ਆਏ। ਮੁਸਲਮਾਨ ਔਰਤਾਂ ਦੇ ਉਧਾਲੇ ਦੀ ਇਸ ਘਟਨਾ ਨੇ ਪਿੰਡ ਵਾਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ। ਉਨ੍ਹਾਂ ਨੂੰ ਡਰ ਭਾਸਣ ਲੱਗਾ ਕਿ ਪਿੰਡ ਦੇ ਸ਼ਰਾਰਤੀ ਗੱਭਰੂ ਬਾਹਰਲੇ ਧਾੜਵੀਆਂ ਨਾਲ ਰਲ ਕੇ ਕਦੇ ਵੀ ਪਿੰਡ ਵਿਚ ਵਸਦੇ ਮੁਸਲਮਾਨਾਂ ਲਈ ਖ਼ਤਰੇ ਦਾ ਕਾਰਨ ਬਣ ਸਕਦੇ ਹਨ। ਫਲਸਰੂਪ ਪਿੰਡ ਦੇ ਪਤਵੰਤਿਆਂ ਨੇ ਆਪਸੀ ਸਲਾਹ- ਮਸ਼ਵਰੇ ਉਪਰੰਤ ਪਿੰਡ ਦੇ ਮੁਸਲਮਾਨ ਵਸਨੀਕਾਂ ਨੂੰ ਭਾਵੀ ਖ਼ਤਰੇ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਪਿੰਡ ਛੱਡ ਜਾਣ ਦੀ ਸਲਾਹ ਦਿੱਤੀ। ਜਿਹੋ ਜੇਹੇ ਹਾਲਾਤ ਚੱਲ ਰਹੇ ਸਨ, ਉਸ ਵਿਚ ਕਿਸੇ ਇਕੱਲੇ-ਦੁਕੱਲੇ ਮੁਸਲਮਾਨ ਦਾ ਪਿੰਡ ਵਿਚੋਂ ਜਾਣਾ ਸੁਰੱਖਿਅਤ ਨਹੀਂ ਸੀ। ਇਸ ਲਈ ਸਾਰੇ ਮੁਸਲਮਾਨ ਪਰਿਵਾਰਾਂ ਨੂੰ ਜਾਣ ਵਾਸਤੇ ਇਕੱਠਿਆਂ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਧਨ ਮਾਲ, ਜੋ ਉਹ ਨਾਲ ਲੈ ਜਾ ਸਕਦੇ ਸਨ, ਸੰਭਾਲ ਲੈਣ ਲਈ ਆਖਿਆ ਗਿਆ। ਆਖਿਰ ਇਕ ਦਿਨ ਪਿੰਡ ਦੇ ਪਤਵੰਤੇ ਸਾਰੇ ਮੁਸਲਮਾਨ ਪਰਿਵਾਰਾਂ ਨੁੰ ਹਿਫ਼ਾਜ਼ਤ ਨਾਲ ਮੁਸਲਮਾਨ ਰਿਆਸਤ ਮਲੇਰਕੋਟਲਾ ਦੀ ਜੂਹ ਵਿਚ ਪੈਂਦੇ ਪਿੰਡ ਰਸੂਲਪੁਰ ਵਿਚ ਛੱਡ ਕੇ ਆਏ।
ਉਸ ਵੇਲੇ ਦੇ ਜ਼ਹਿਰੀਲੇ ਮਾਹੌਲ ਵਿਚ ਅਜਿਹਾ ਪੈਂਤੜਾ ਲੈਣਾ ਕਿੰਨਾ ਮੁਸ਼ਕਿਲ ਸੀ ਇਸ ਦਾ ਅੰਦਾਜ਼ਾ ਇਸ ਤੋਂ ਲੱਗ ਜਾਂਦਾ ਹੈ ਕਿ ਮਾਨਵਵਾਦੀ ਸੋਚ ਦੇ ਧਾਰਨੀ ਗਹਿਲ ਸਿੰਘ ਛੱਜਲਵੱਢੀ ਅਤੇ ਕੋਟ ਧਰਮ ਚੰਦ ਦੇ ਮੇਘ ਸਿੰਘ ਅਤੇ ਸੂਬਾ ਸਿੰਘ ਨੂੰ ਅਜਿਹਾ ਕਰਨ ਬਦਲੇ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ।
ਵਿਰਾਸਤ ਮਨੁੱਖ ਦੀ ਹੋਣੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਹ ਵੀ ਇਨ੍ਹਾਂ ਕਾਲੇ ਦਿਨਾਂ ਵਿਚ ਸਪੱਸ਼ਟ ਹੋਇਆ। ਸਰਹਿੰਦ ਦੇ ਮੁਗ਼ਲ ਸੂਬੇਦਾਰ ਵਜ਼ੀਰ ਖਾਂ ਨੇ ਮੁੱਲਾਂ-ਮੌਲਾਣਿਆਂ ਦੇ ਆਖੇ ਲੱਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ। ਕਚਹਿਰੀ ਵਿਚ ਹਾਜ਼ਰ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਨੇ ਇਸ ਅਨਰਥ ਦੇ ਵਿਰੁੱਧ ਹਾਅ ਦਾ ਨਾਅਰਾ ਮਾਰਿਆ। ਉਦੋਂ ਤਾਂ ਉਸ ਦੀ ਗੱਲ ਗੌਲੀ ਨਾ ਗਈ ਪਰ ਲਗਭਗ ਢਾਈ ਸਦੀਆਂ ਪਿੱਛੋਂ ਦੇਸ਼-ਵੰਡ ਵੇਲੇ ਇਸ ਘਟਨਾ ਦਾ ਅਸਰ ਹੋਇਆ। ਮੂੰਹੋਂ ਮੂੰਹ ਇਹ ਗੱਲ ਫੈਲ ਗਈ ਅਤੇ ਇਕ ਅਣ-ਐਲਾਨਿਆ ਨਿਰਣਾ ਸਭ ਨੇ ਪ੍ਰਵਾਨ ਕਰ ਲਿਆ ਕਿ ਮਲੇਰਕੋਟਲੇ ਦੇ ਕਿਸੇ ਮੁਸਲਮਾਨ ਦਾ ਵਾਲ ਵਿੰਗਾ ਨਹੀਂ ਹੋਣ ਦੇਣਾ। ਫਲਸਰੂਪ ਕੇਵਲ ਮਲੇਰਕੋਟਲੇ ਦੇ ਵਸਨੀਕ ਹੀ ਨਹੀਂ, ਬਾਹਰਲਿਆਂ ਇਲਾਕਿਆਂ ਵਿਚੋਂ ਵੀ ਜਦ ਕਿਸੇ ਮੁਸਲਮਾਨ ਨੇ ਮਲੇਰਕੋਟਲਾ ਰਿਆਸਤ ਦੀ ਹੱਦ ਵਿਚ ਪੈਰ ਧਰ ਲਿਆ ਤਾਂ ਭਾਵੇਂ ਕਿੱਡੀ ਵੱਡੀ ਵਹੀਰ ਉਸ ਦਾ ਪਿੱਛਾ ਕਰ ਰਹੀ ਹੁੰਦੀ, ਵਹੀਰ ਦੇ ਪੈਰ ਉੱਥੇ ਹੀ ਰੁਕ ਜਾਂਦੇ।
ਸ੍ਰੀ ਰਾਜ ਮੋਹਨ ਗਾਂਧੀ ਨੇ ਆਪਣੀ ਪੁਸਤਕ 'ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੇਟਨ ਤੱਕ ਦਾ ਇਤਿਹਾਸ' ਵਿਚ ਠੀਕ ਹੀ ਲਿਖਿਆ ਹੈ ਕਿ ਅੰਨ੍ਹੇ ਮਜ਼੍ਹਬੀ ਜੋਸ਼ ਦੀ ਹਨੇਰੀ ਵਗਣ ਦੇ ਬਾਵਜੂਦ ਪੰਜਾਬੀਆਂ ਦੀ ਮਾਨਵਤਾ, ਹਮਦਰਦੀ ਅਤੇ ਸੱਭਿਆਚਾਰਕ ਸਾਂਝ ਨੇ ਮਜ਼੍ਹਬੀ ਨਫ਼ਰਤ ਅਤੇ ਝੱਲਪੁਣੇ ਨੂੰ ਮਾਤ ਪਾ ਦਿੱਤੀ। ਲੁਟੇਰੇ ਅਤੇ ਕਾਤਲ ਪੰਜਾਬੀਆਂ ਨਾਲੋਂ ਆਪਣੇ ਸੰਗੀ ਪੰਜਾਬੀਆਂ ਨੂੰ ਬਚਾਉਣ ਵਾਲਿਆਂ ਦੀ ਗਿਣਤੀ ਕਿਤੇ ਵੱਧ ਹੈ। ਸ੍ਰੀ ਗਾਂਧੀ ਅਨੁਸਾਰ ਇਹੋ ਕਾਰਨ ਸੀ ਕਿ ਪੂਰਬੀ ਪੰਜਾਬ ਵਿਚੋਂ 44 ਲੱਖ ਮੁਸਲਮਾਨਾਂ ਅਤੇ ਪੱਛਮੀ ਪੰਜਾਬ ਵਿਚੋਂ 36 ਲੱਖ ਹਿੰਦੂਆਂ ਤੇ ਸਿੱਖਾਂ ਨੇ ਇਸ ਅਸੈਨਿਕ ਬਖੇੜੇ ਦੌਰਾਨ ਸਰਹੱਦ ਸੁਰੱਖਿਅਤ ਪਾਰ ਕੀਤੀ।
ਨਿਸਚੇ ਹੀ, ਘੋਰ ਅੰਧਕਾਰ ਵਿਚ ਟਿਮਟਿਮਾਏ ਇਨ੍ਹਾਂ ਜੁਗਨੂੰਆਂ ਦੀ ਯਾਦ ਮਨੁੱਖਤਾ ਦੇ ਰੌਸ਼ਨ ਭਵਿੱਖ ਦਾ ਯਕੀਨ ਦੁਆਉਂਦੀ ਹੈ।
-#3154, ਸੈਕਟਰ-71, ਮੁਹਾਲੀ।
ਮੋਬਾਈਲ : 94170-49417
ਮੇਰੀ ਮਾਂ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੱਕ ਮੈਂ ਉਸ ਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ...
ਗੱਲ ਕਰਨਾ ਤਾਂ ਔਖਾ ਨਹੀਂ ਹੁੰਦਾ, ਔਖਾ ਇਹ ਹੁੰਦਾ ਹੈ ਕਿ ਗੱਲ ਚੱਜ ਦੀ ਕੀਤੀ ਕਿਵੇਂ ਜਾਵੇ? ਕਿਉਂਕਿ ਸਿਆਣਪ ਲੀੜਿਆਂ 'ਚੋਂ ਨਹੀਂ, ਤੁਹਾਡੀ ਬੋਲਬਾਣੀ 'ਚੋਂ ਝਲਕਦੀ ਹੈ। ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਪੈਸਾ ਕਮਾਉਣ ਤੋਂ ਵੀ ਪਹਿਲਾਂ ਦੁਨੀਆ 'ਚ ਜੱਸ ਕਮਾਉਣ ਦੇ ...
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX