ਤਾਜਾ ਖ਼ਬਰਾਂ


ਸਕੂਲ ਬੱਸ ਥੱਲੇ ਆਇਆ ਕੁੱਤਾ, ਕੁੱਤੇ ਦੇ ਮਾਲਕ ਨੇ ਕਿਰਪਾਨ ਨਾਲ ਕੀਤਾ ਹਮਲਾ
. . .  2 minutes ago
ਬਟਾਲਾ, 7 ਫਰਵਰੀ (ਕਾਹਲੋਂ)- ਪਿੰਡ ਹਰਚੋਵਾਲ ਵਿਖੇ ਇਕ ਸਕੂਲ ਦੀ ਬੱਸ ਹੇਠਾਂ ਅਚਾਨਕ ਪਾਲਤੂ ਕੁੱਤੇ ਦੇ ਆ ਜਾਣ ਨਾਲ ਉਸ ਦੀ ਮੌਤ ਹੋ ਗਈ। ਗੁੱਸੇ ਵਿਚ ਆਏ ਕੁੱਤੇ ਦੇ ਮਾਲਕ ਨੇ ਬੱਸ ਨੂੰ ਘੇਰ ਲਿਆ ਅਤੇ ਕਿਰਪਾਨ ਨਾਲ ਬੱਸ ਅੰਦਰ ਜਾ ਕੇ ਸਕੂਲੀ ਬੱਚਿਆਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚੇ ਡਰ ਨਾਲ ਭੁੱਬਾਂ ਮਾਰ ਕੇ ਰੋਣ ਲੱਗ ਪਏ...
ਪਾਕਿਸਤਾਨੀ ਡਰੋਨ ਨੇ ਭਾਰਤ ਅੰਦਰ ਕੀਤੀ ਘੁਸਪੈਠ
. . .  18 minutes ago
ਖਾਲੜਾ,7 ਫਰਵਰੀ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ਼ ਦੀ ਸਰਹੱਦੀ ਚੌਕੀ ਬਾਬਾ ਪੀਰ ਦੇ ਅਧੀਨ ਆਉਂਦੇ ਏਰੀਏ ਅੰਦਰ 6 ਅਤੇ 7 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਖ਼ਬਰ ਹੈ। ਜਿਸ ਨੂੰ ਸੁੱਟਣ ਲਈ ਬੀ. ਐਸ. ਐਫ਼ ਜਵਾਨਾ ਵਲੋਂ ਫ਼ਾਇਰਿੰਗ...
ਦਿੱਲੀ ਨਗਰ ਨਿਗਮ ਚੋਣਾਂ: ਭਾਜਪਾ ਵਲੋਂ ਆਪ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  21 minutes ago
ਨਵੀਂ ਦਿੱਲੀ, 7 ਫਰਵਰੀ- ਦਿੱਲੀ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਦੀ ਚੋਣ ਨੂੰ ਲੈ ਕੇ ਦਿੱਲੀ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ...
ਕੇਂਦਰੀ ਰੱਖਿਆ ਮੰਤਰੀ ਪਹੁੰਚੇ ਤ੍ਰਿਪੁਰਾ, ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
. . .  30 minutes ago
ਅਗਰਤਲਾ, 7 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਦੇ ਮੱਦੇਨਜ਼ਰ ਅੱਜ ਰੱਖਿਆ ਮੰਤਰੀ ਅਤੇ ਭਾਜਪਾ ਨੇਤਾ ਰਾਜਨਾਥ ਸਿੰਘ ਅਗਰਤਲਾ ਪਹੁੰਚੇ। ਉਹ ਅੱਜ ਚੋਣਾਂ ਵਾਲੇ ਸੂਬੇ ਦੇ ਉਨਾਕੋਟੀ ਅਤੇ ਪੱਛਮੀ ਤ੍ਰਿਪੁਰਾ ਜ਼ਿਲ੍ਹਿਆਂ ਵਿਚ ਭਾਜਪਾ ਦੀਆਂ ‘ਵਿਜੇ ਸੰਕਲਪ’ ਰੈਲੀਆਂ ਨੂੰ...
ਚੀਨ ਵਲੋਂ ਤੁਰਕੀ ਨੂੰ 6 ਮਿਲੀਅਨ ਡਾਲਰ ਮਦਦ ਦੀ ਪੇਸ਼ਕਸ਼
. . .  33 minutes ago
ਬੀਜਿੰਗ, 7 ਫਰਵਰੀ- ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਦੇ ਅਨੁਸਾਰ ਚੀਨ ਨੇ ਭੂਚਾਲ ਰਾਹਤ ਲਈ ਤੁਰਕੀ ਨੂੰ 6 ਮਿਲੀਅਨ ਡਾਲਰ ਦੀ ਐਮਰਜੈਂਸੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਚੀਨ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪ੍ਰੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਚੀਨ ਨੇ ਤੁਰਕੀ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ਲਈ ਸੰਵੇਦਨਾ...
ਰਾਹਤ ਸਮੱਗਰੀ ਲੈ ਤੁਰਕੀ ਪੁੱਜਿਆ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼
. . .  41 minutes ago
ਨਵੀਂ ਦਿੱਲੀ, 7 ਫਰਵਰੀ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਰਕੀ ਵਿਚ ਖ਼ੋਜ ਅਤੇ ਬਚਾਅ ਕਾਰਜਾਂ ਵਿਚ ਮਦਦ ਲਈ ਆਫ਼ਤ ਰਾਹਤ ਸਮੱਗਰੀ ਅਤੇ ਬਚਾਅ ਦਲ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਭੂਚਾਲ ਪ੍ਰਭਾਵਿਤ...
ਆਰਮੀ ਫ਼ੀਲਡ ਹਸਪਤਾਲ ਨੇ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਕੀਤੀ ਰਵਾਨਾ
. . .  58 minutes ago
ਨਵੀਂ ਦਿੱਲੀ, 7 ਫਰਵਰੀ- ਆਰਮੀ ਫ਼ੀਲਡ ਹਸਪਤਾਲ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਰਵਾਨਾ ਕੀਤੀ। ਇਸ ਮੈਡੀਕਲ ਟੀਮ ਵਿਚ ਆਰਥੋਪੀਡਿਕ ਸਰਜੀਕਲ ਟੀਮ, ਜਨਰਲ ਸਰਜੀਕਲ ਸਪੈਸ਼ਲਿਸਟ ਟੀਮ ਅਤੇ ਮੈਡੀਕਲ ਸਪੈਸ਼ਲਿਸਟ ਟੀਮਾਂ ਸਮੇਤ ਗੰਭੀਰ ਜ਼ਖ਼ਮੀਆਂ ਦੀ ਦੇਖਭਾਲ...
ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਵਲੋਂ ਬਜਟ ਵਿਰੁੱਧ ਰੋਸ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਬਜਟ 2023-24 ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਮੌਲਾਨਾ ਅਬਦੁੱਲ ਕਲਾਮ ਸਕਾਲਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ ਵਿਚ ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਅਡਾਨੀ ਵਿਵਾਦ...
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਲੋਂ ਤੁਰਕੀ ਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ
. . .  about 1 hour ago
ਕੈਨਬਰਾ, 7 ਫਰਵਰੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ...
ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਕਾਰਨ ਇਕ ਜ਼ਖ਼ਮੀ
. . .  about 1 hour ago
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤੀ ਕੰਪਲੈਕਸ ਦੇ ਬਿਲਕੁਲ ਬਾਹਰ ਅੱਜ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਹਿਮਾਸ਼ੂ ਵਜੋ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ...
ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿਚ
. . .  about 1 hour ago
ਨਵੀਂ ਦਿੱਲੀ. 7 ਫਰਵਰੀ- ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 256 (ਖ਼ਰਾਬ) ਸ਼੍ਰੇਣੀ ਵਿਚ ਹੈ। ਇਸ ਦੀਆਂ ਕੁਝ ਤਸਵੀਰਾਂ ਇੰਡੀਆ ਗੇਟ ਅਤੇ ਕਰਤੱਵਿਆ ਪੱਥ ਤੋਂ ਸਾਹਮਣੇ ਆਈਆਂ...
ਸੁਪਰੀਮ ਕੋਰਟ ਵਲੋਂ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੋਵਰੀ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ...
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਅਡਾਨੀ ਵਿਵਾਦ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ...
ਬਜਟ ਇਜਲਾਸ 'ਆਪ' ਨੂੰ ਛੱਡ ਕੇ ਵਿਰੋਧੀ ਪਾਰਟੀਆਂ ਅੱਜ ਸੰਸਦ 'ਚ ਲੈਣਗੀਆਂ ਹਿੱਸਾ
. . .  about 2 hours ago
ਤੁਰਕੀ 'ਚ ਮੁੜ 5.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਅੰਕਾਰਾ, 7 ਫਰਵਰੀ-ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਅੰਕਾਰਾ ਸੂਬੇ ਦੇ ਕੇਂਦਰੀ ਅਨਾਤੋਲੀਆ ਖੇਤਰ ਵਿਚ ਸਥਿਤ ਤੁਰਕੀ ਦੇ ਗੋਲਬਾਸੀ ਸ਼ਹਿਰ ਵਿਚ ਅੱਜ ਸਵੇਰੇ 8.43 ਵਜੇ 5.5 ਤੀਬਰਤਾ ਦਾ ਭੁਚਾਲ ਆਇਆ...
ਬਿਹਾਰ:ਜੇ.ਡੀ.ਯੂ. ਦੇ ਐਮ.ਐਲ.ਸੀ. ਰਾਧਾਚਰਨ ਸੇਠ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਵਲੋਂ ਛਾਪੇਮਾਰੀ
. . .  about 3 hours ago
ਪਟਨਾ, 7 ਫਰਵਰੀ-ਜਨਤਾ ਦਲ (ਯੁਨਾਇਟਡ) ਦੇ ਐਮ.ਐਲ.ਸੀ. ਰਾਧਾਚਰਨ ਸੇਠ ਅਤੇ ਉਸ ਦੇ ਕਰੀਬੀ ਸਹਿਯੋਗੀ ਦੇ ਪਟਨਾ ਅਤੇ ਅਰਾਹ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਦੁਆਰਾ ਛਾਪੇਮਾਰੀ ਕੀਤੀ...
ਬਜਟ ਇਜਲਾਸ:ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਖੜਗੇ ਦੇ ਦਫਤਰ 'ਚ ਹੋਵੇਗੀ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ ਦੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 7 ਫਰਵਰੀ-ਬਜਟ ਇਜਲਾਸ ਦੌਰਾਨ ਸਦਨ ਦੇ ਫਲੋਰ ਲਈ ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਅੱਜ ਸੰਸਦ ਵਿਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਸਵੇਰੇ 10 ਵਜੇ ਸਾਰੇ ਸਮਾਨ ਸੋਚ ਵਾਲੇ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ...
ਭੁਚਾਲ ਪ੍ਰਭਾਵਿਤ ਤੁਰਕੀ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਲੈਸ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ
. . .  about 3 hours ago
ਨਵੀਂ ਦਿੱਲੀ, 7 ਫਰਵਰੀ-ਭੁਚਾਲ ਪ੍ਰਭਾਵਿਤ ਤੁਰਕੀ ਲਈ ਵਿਸ਼ੇਸ਼ ਤੌਰ 'ਤੇ ਲੈਸ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ ਹੋਏ...
ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
. . .  about 4 hours ago
ਮੈਲਬੌਰਨ, 7 ਫਰਵਰੀ-ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ...
ਪੇਰੂ 'ਚ ਜ਼ਮੀਨ ਖਿਸਕਣ ਕਾਰਨ 15 ਮੌਤਾਂ
. . .  about 4 hours ago
ਲੀਮਾ, 7 ਫਰਵਰੀ-ਦੱਖਣੀ ਪੇਰੂ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੇਰੂ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਰੇਕਿਪਾ ਖੇਤਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਏ.ਐਫ.ਪੀ. ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ...
ਤੁਰਕੀ ਅਤੇ ਸੀਰੀਆ 'ਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਮੌਤਾਂ
. . .  about 4 hours ago
ਅੰਕਾਰਾ/ਅਜ਼ਮਰੀਨ, 7 ਫਰਵਰੀ-ਐਸੋਸਿਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਲੋਕ ਮਾਰੇ ਗਏ ਹਨ।ਤੁਰਕੀ ਵਿਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ...
ਅੱਜ ਹੋਵੇਗੀ ਭਾਜਪਾ ਸੰਸਦੀ ਦਲ ਦੀ ਮੀਟਿੰਗ
. . .  about 5 hours ago
ਨਵੀਂ ਦਿੱਲੀ, 7 ਫਰਵਰੀ-ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਅੱਜ ਸੰਸਦ ਵਿਚ ਮੀਟਿੰਗ ਹੋਣ ਵਾਲੀ ਹੈ। ਸੰਸਦ ਵਿਚ ਭਾਜਪਾ ਦੀ ਹਫਤਾਵਾਰੀ ਮੀਟਿੰਗ ਹਰ ਮੰਗਲਵਾਰ ਨੂੰ ਹੁੰਦੀ ਹੈ, ਜਦੋਂ ਸਦਨ ਕੰਮ ਕਰਦਾ ਹੈ।ਇਸ ਬੈਠਕ 'ਚ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਬਜਟ...
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮਾਘ ਸੰਮਤ 554
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਪਹਿਲਾ ਸਫ਼ਾ

ਤੁਰਕੀ ਤੇ ਸੀਰੀਆ 'ਚ ਭੁਚਾਲ-ਵਿਆਪਕ ਤਬਾਹੀ, 2600 ਤੋਂ ਵੱਧ ਮੌਤਾਂ

* ਪਲਾਂ ਵਿਚ ਮਲਬੇ ਦਾ ਢੇਰ ਬਣੀਆਂ ਗਗਨਚੁੰਬੀ ਇਮਾਰਤਾਂ * ਕਈ ਲੋਕ ਦੱਬੇ

ਅੰਕਾਰਾ/ਅਜ਼ਮਰੀਨ, 6 ਫਰਵਰੀ (ਏ.ਪੀ.)-ਸੋਮਵਾਰ ਤੜਕੇ ਤੁਰਕੀ ਦੇ ਦੱਖਣ ਪੂਰਬੀ ਅਤੇ ਸੀਰੀਆ ਦੇ ਉੱਤਰੀ ਇਲਾਕਿਆਂ 'ਚ ਆਏ 7.8 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੁਚਾਲ ਕਾਰਨ 2600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਕਈ ਲੋਕਾਂ ਦੇ ਅਜੇ ਵੀ ਮਲਬੇ ਹੇਠ ਫਸੇ ਹੋਣ ਕਾਰਨ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਹੈ। ਬਚਾਅ ਕਰਮੀਆਂ ਵਲੋਂ ਸ਼ਹਿਰਾਂ ਤੇ ਕਸਬਿਆਂ 'ਚ ਮਲਬੇ ਦੇ ਵੱਡੇ ਢੇਰਾਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਯਤਨ ਵੱਡੀ ਪੱਧਰ 'ਤੇ ਜਾਰੀ ਹਨ। ਤੜਕਸਾਰ ਆਏ ਭੁਚਾਲ ਕਾਰਨ ਲੋਕਾਂ ਦੀ ਨੀਂਦ ਉੱਡ ਗਈ ਅਤੇ ਉਨ੍ਹਾਂ ਨੂੰ ਬਰਫ਼ਬਾਰੀ ਵਾਲੀ ਸਰਦ ਰਾਤ 'ਚ ਸੜਕਾਂ 'ਤੇ ਆਉਣਾ ਪਿਆ। ਲਿਬਲਾਨ 'ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਿਕ ਭੁਚਾਲ ਦਾ ਕੇਂਦਰ ਤੁਰਕੀ ਦੇ ਗਾਜ਼ੀਆਂਟੇਪ ਸ਼ਹਿਰ ਤੋਂ ਕਰੀਬ 33 ਕਿਲੋਮੀਟਰ ਦੂਰ 18 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਤੁਰਕੀ ਦੇ ਅਧਿਕਾਰੀਆਂ ਮੁਤਾਬਿਕ ਭੁਚਾਲ ਤੋਂ ਬਾਅਦ ਵੀ ਕਈ ਝਟਕੇ ਮਹਿਸੂਸ ਕੀਤੇ ਗਏ। ਟੈਲੀਵਿਜ਼ਨ 'ਤੇ ਸੰਬੋਧਨ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਿਪ ਏਰਦੋਗਨ ਨੇ ਮੌਤਾਂ ਦੇ ਅੰਕੜੇ ਬਾਰੇ ਦੱਸਦਿਆਂ ਕਿਹਾ ਕਿ ਹੁਣ ਤੱਕ ਤੁਰਕੀ ਦੇ 10 ਸੂਬਿਆਂ 'ਚ 1600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 11000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਲਗਪਗ 2470 ਲੋਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਦੂਜੇ ਪਾਸੇ ਸੀਰੀਆ ਦੇ ਸਿਹਤ ਮੰਤਰਾਲੇ ਅਨੁਸਾਰ ਸੀਰੀਆ ਦੇ ਸਰਕਾਰੀ ਕਬਜ਼ੇ ਵਾਲੇ ਖ਼ੇਤਰਾਂ 'ਚ ਮਰਨ ਵਾਲਿਆਂ ਦਾ ਅੰਕੜਾ 570 ਤੋਂ ਪਾਰ ਹੋ ਗਿਆ ਅਤੇ 1400 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ 'ਚ 450 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੀਰੀਆ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਛੋਟੇ ਜਿਹੇ ਕਸਬੇ ਅਜ਼ਮਰੀਨ 'ਚ ਕਈ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਕੰਬਲਾਂ 'ਚ ਲਪੇਟ ਕੇ ਇਕ ਹਸਪਤਾਲ 'ਚ ਲਿਆਂਦੇ ਹੋਏ ਵੇਖਿਆ ਗਿਆ। ਵਿਰੋਧੀ ਐਮਰਜੈਂਸੀ ਸੰਗਠਨ ਜਿਸ ਨੂੰ ਵ੍ਹਾਈਟ ਹੈਲਮੇਟ ਵੀ ਕਿਹਾ ਜਾਂਦਾ ਹੈ, ਨੇ ਆਪਣੇ ਬਿਆਨ 'ਚ ਕਿਹਾ ਕਿ ਸਰਹੱਦ ਦੇ ਸੀਰੀਆ ਵਾਲੇ ਪਾਸੇ ਭੁਚਾਲ ਨੇ ਵਿਰੋਧੀਆਂ ਦੇ ਕਬਜ਼ੇ ਵਾਲੇ ਖ਼ੇਤਰਾਂ ਨੂੰ ਤਬਾਹ ਕਰ ਦਿੱਤਾ, ਜਿੱਥੇ ਦੇਸ਼ ਦੇ ਲੰਬੇ ਗ੍ਰਹਿ ਯੁੱਧ ਦੇ ਕਾਰਨ ਸੀਰੀਆ ਦੇ ਹੋਰਨਾਂ ਇਲਾਕਿਆਂ 'ਚੋਂ ਬੇਘਰ ਹੋਏ ਲਗਪਗ 40 ਲੱਖ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਪਰਿਵਾਰ ਮਲਬੇ 'ਚ ਫਸੇ ਹਨ। ਤੁਰਕੀ ਦੇ ਰਾਸ਼ਟਰਪਤੀ ਨੇ ਦੱਸਿਆ ਕਿ ਸੀਰੀਆ ਦੇ ਅਲੈਪੋ ਤੇ ਹਾਮਾ ਸ਼ਹਿਰ ਤੋਂ ਤੁਰਕੀ ਦੇ ਦਿਯਾਰਬਾਕਿਰ ਤੱਕ ਫੈਲੇ ਸਰਹੱਦੀ ਇਲਾਕੇ 'ਚ ਕਈ ਇਮਾਰਤਾਂ ਦੇ ਢਹਿ-ਢੇਰੀ ਹੋਣ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਤੁਰਕੀ 'ਚ 5600 ਦੇ ਕਰੀਬ ਇਮਾਰਤਾਂ ਤਬਾਹ ਹੋ ਗਈਆਂ। ਭੁਚਾਲ ਨੇ ਗਾਜ਼ੀਆਂਟੇਪ ਦੇ ਸਭ ਤੋਂ ਮਸ਼ਹੂਰ ਇਤਿਹਾਸਕ ਕਿਲ੍ਹੇ ਨੂੰ ਭਾਰੀ ਨੁਕਸਾਨ ਪਹੁੰਚਾਇਆ। ਤੱਟਵਰਤੀ ਸ਼ਹਿਰ ਇਸਕੈਂਡਰੋਨ 'ਚ ਇਕ ਹਸਪਤਾਲ ਦੀ ਇਮਾਰਤ ਵੀ ਢਹਿ ਗਈ। ਤੁਰਕੀ 'ਚ ਭੁਚਾਲ ਪ੍ਰਭਾਵਿਤ ਖ਼ੇਤਰਾਂ 'ਚੋ ਨਿਕਲਣ ਲਈ ਲੋਕ ਵੱਡੀ ਗਿਣਤੀ 'ਚ ਸੜਕਾਂ 'ਤੇ ਆ ਗਏ ਜਿਸ ਕਾਰਨ ਸੜਕਾਂ 'ਤੇ ਵੱਡੇ ਟ੍ਰੈਫਿਕ ਜਾਮ ਲੱਗ ਗਏ, ਜਿਸ ਨਾਲ ਬਚਾਅ ਟੀਮਾਂ ਨੂੰ ਪ੍ਰਭਾਵਿਤ ਖ਼ੇਤਰਾਂ ਤੱਕ ਪਹੁੰਚਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੜਕਾਂ 'ਤੇ ਨਾ ਆਉਣ ਦੀ ਅਪੀਲ ਕੀਤੀ ਗਈ ਹੈ। ਇਲਾਕੇ ਦੀਆਂ ਮਸਜਿਦਾਂ ਨੂੰ ਲੋਕਾਂ ਲਈ ਪਨਾਹਗਾਹਾਂ ਵਜੋਂ ਖੋਲ੍ਹਿਆ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਤਬਾਹੀ ਨੂੰ ਜਲਦ ਤੋਂ ਜਲਦ ਅਤੇ ਘੱਟ ਤੋਂ ਘੱਟ ਨੁਕਸਾਨ ਨਾਲ ਪਾਰ ਕਰ ਲਵਾਂਗੇ। ਭਾਰਤ ਸਮੇਤ ਕਈ ਦੇਸ਼ਾਂ ਵਲੋਂ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ।
ਤੁਰਕੀ 'ਚ ਲਗਾਤਾਰ ਆ ਰਹੇ ਹਨ ਭੁਚਾਲ ਦੇ ਝਟਕੇ
ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਸੋਮਵਾਰ ਤੜਕੇ ਆਏ ਭੁਚਾਲ ਤੋਂ ਬਾਅਦ ਤੁਰਕੀ 'ਚ ਲਗਾਤਾਰ ਭੁਚਾਲ ਦੇ ਝਟਕੇ ਆ ਰਹੇ ਹਨ। ਜਿਨ੍ਹਾਂ 'ਚੋਂ ਇਕ ਦੀ ਤੀਬਰਤਾ 7.6 ਸੀ ਅਤੇ ਜਿਸ ਦੀ ਡੂੰਘਾਈ 10 ਕਿੱਲੋਮੀਟਰ ਸੀ। ਇਹ ਝਟਕੇ ਸਾਈਪ੍ਰਸ ਤੱਕ ਵੀ ਮਹਿਸੂਸ ਕੀਤੇ ਗਏ। ਸਾਈਪ੍ਰਸ ਦੀ ਰਾਜਧਾਨੀ ਨਿਕੋਸੀਆ 'ਚ ਉੱਚੀਆਂ ਇਮਾਰਤਾਂ 'ਚ ਕੰਮ ਕਰਨ ਵਾਲੇ ਲੋਕ ਤੁਰੰਤ ਸੜਕਾਂ 'ਤੇ ਆ ਗਏ।
ਤੁਰਕੀ 'ਚ ਬਚਾਅ ਤੇ ਰਾਹਤ ਟੀਮਾਂ ਭੇਜੇਗਾ ਭਾਰਤ
ਨਵੀਂ ਦਿੱਲੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਮੋਦੀ ਵਲੋਂ ਤੁਰਕੀ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਤੋਂ ਤੁਰੰਤ ਬਾਅਦ ਭਾਰਤ ਸਰਕਾਰ ਨੇ ਰਾਸ਼ਟਰੀ ਆਫ਼ਤ ਰਿਸਪਾਂਸ ਬਲ (ਐਨ.ਡੀ.ਆਰ.ਐਫ.) ਦੀਆਂ ਬਚਾਅ ਤੇ ਮੈਡੀਕਲ ਟੀਮਾਂ ਅਤੇ ਰਾਹਤ ਸਮੱਗਰੀ ਤੁਰਕੀ ਭੇਜਣ ਦਾ ਫ਼ੈਸਲਾ ਕੀਤਾ ਹੈ। ਇਕ ਅਧਿਕਾਰਕ ਬਿਆਨ ਅਨੁਸਾਰ ਮੋਦੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ ਵਲੋਂ ਫ਼ੌਰੀ ਰਾਹਤ ਉਪਾਵਾਂ ਲਈ ਸਾਊਥ ਬਲਾਕ 'ਚ ਕੀਤੀ ਗਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। 100 ਕਰਮਚਾਰੀਆਂ ਵਾਲੀਆਂ ਐਨ. ਡੀ. ਆਰ. ਐਫ. ਦੀਆਂ ਦੋ ਟੀਮਾਂ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਕੁੱਤਿਆਂ (ਡਾਗ ਸਕੁਐਡ) ਅਤੇ ਲੋੜੀਂਦੇ ਸਾਜ਼ੋ-ਸਾਮਾਨ ਨਾਲ ਤੁਰਕੀ ਲਈ ਉਡਾਣ ਭਰਨ ਨੂੰ ਤਿਆਰ ਹਨ। ਜ਼ਰੂਰੀ ਦਵਾਈਆਂ ਦੇ ਨਾਲ ਸਿਖ਼ਲਾਈ ਪ੍ਰਾਪਤ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਤੁਰਕੀ ਸਰਕਾਰ ਅਤੇ ਅੰਕਾਰਾ 'ਚ ਭਾਰਤੀ ਦੂਤਾਵਾਸ ਅਤੇ ਇਸਤਾਂਬੁਲ 'ਚ ਕੌਂਸਲੇਟ ਜਨਰਲ ਦਫਤਰ ਦੇ ਤਾਲਮੇਲ ਨਾਲ ਰਾਹਤ ਸਮੱਗਰੀ ਭੇਜੀ ਜਾਵੇਗੀ।

ਪ੍ਰਨੀਤ ਕੌਰ ਦਾ ਕਾਂਗਰਸ ਨੂੰ ਕਰਾਰਾ ਜਵਾਬ

ਕਿਹਾ, ਕਰ ਲਵੋ ਜੋ ਕਰਨਾ

ਨਵੀਂ ਦਿੱਲੀ, 6 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਅਤੇ ਪ੍ਰਨੀਤ ਕੌਰ ਦਰਮਿਆਨ ਬਰਖ਼ਾਸਤਗੀ ਨੂੰ ਲੈ ਕੇ 'ਪਹਿਲੇ ਆਪ' ਦੀ ਖੇਡੀ ਜਾ ਰਹੀ ਖੇਡ ਅਜੇ ਹੋਰ ਲੰਮੀ ਚੱਲ ਸਕਦੀ ਹੈ। ਪਾਰਟੀ ਨੇਤਾਵਾਂ ਵਲੋਂ ਭਾਵੇਂ ਪ੍ਰਨੀਤ ਕੌਰ ਨੂੰ ਸੂਬਾਈ ਨੇਤਾਵਾਂ ਦੇ ਦਬਾਅ ਹੇਠ 3 ਦਿਨਾਂ ਦਾ ਸਮਾਂ ਦਿੰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਾਂਗਰਸ ਤੋਂ ਮੁਅੱਤਲ ਕੀਤਾ ਗਿਆ ਹੈ, ਜਿਸ ਦਾ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਕਰਨ ਲਈ ਸੁਤੰਤਰ ਹੈ। ਹਲਕਿਆਂ ਮੁਤਾਬਿਕ ਪੰਜਾਬ ਦੇ ਕੁਝ ਆਗੂਆਂ ਨੇ ਪਾਰਟੀ ਨੂੰ ਪ੍ਰਨੀਤ ਕੌਰ ਨੂੰ ਬਰਖ਼ਾਸਤ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਾਂਗਰਸ ਨੂੰ ਪ੍ਰਨੀਤ ਕੌਰ ਨੂੰ ਆਪ ਹੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਤੱਕ ਉਡੀਕ ਕਰਨ ਨੂੰ ਕਿਹਾ ਹੈ। ਅਜਿਹਾ ਕਰਨ ਨਾਲ ਪ੍ਰਨੀਤ ਕੌਰ ਦੀ ਸੰਸਦ ਮੈਂਬਰਸ਼ਿਪ ਆਪੇ ਹੀ ਰੱਦ ਹੋ ਜਾਵੇਗੀ, ਜਦਕਿ ਪ੍ਰਨੀਤ ਕੌਰ ਇਸ ਉਡੀਕ 'ਚ ਹੈ ਕਿ ਕਾਂਗਰਸ ਉਨ੍ਹਾਂ ਨੂੰ ਬਰਖ਼ਾਸਤ ਕਰੇ, ਜਿਸ ਨਾਲ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਬਚੀ ਰਹੇਗੀ। ਅਜਿਹੀਆਂ ਤਕਨੀਕੀ ਘੁੰਮਣ-ਘੇਰੀਆਂ ਕਾਰਨ ਹੀ ਕਾਂਗਰਸ ਵਲੋਂ ਪ੍ਰਨੀਤ ਕੌਰ ਖ਼ਿਲਾਫ਼ ਪਹਿਲੀ ਕਾਰਵਾਈ ਕਰਨ 'ਚ ਏਨੀ ਦੇਰੀ ਕੀਤੀ ਗਈ, ਜਦਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਖੁੱਲ੍ਹ ਕੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਪ੍ਰਚਾਰ ਵੀ ਕੀਤਾ ਅਤੇ ਭਾਜਪਾ ਦੇ ਨਾਲ ਕਈ ਪ੍ਰੋਗਰਾਮਾਂ 'ਚ ਸ਼ਾਮਿਲ ਵੀ ਹੋਈ।
ਨੋਟਿਸ ਦਾ ਦਿੱਤਾ ਠੋਕਵਾਂ ਜਵਾਬ
ਪ੍ਰਨੀਤ ਕੌਰ ਨੇ ਪਾਰਟੀ ਵਲੋਂ ਦਿੱਤੇ ਗਏ ਕਾਰਨ ਦੱਸੋ ਨੋਟਿਸ ਦਾ ਠੋਕਵਾਂ ਜਵਾਬ ਦਿੰਦਿਆਂ ਨਾ ਸਿਰਫ਼ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਸਿੱਧੇ ਢੰਗ ਨਾਲ ਨਿਸ਼ਾਨੇ 'ਤੇ ਲਿਆ, ਸਗੋਂ ਚਿੱਠੀ ਭੇਜਣ ਵਾਲੇ ਤਾਰਿਕ ਅਨਵਰ (ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਮੈਂਬਰ) ਨੂੰ ਵੀ ਜੰਮ ਕੇ ਰਗੜੇ ਲਾਏ, ਨਾਲ ਹੀ ਕਿਹਾ ਕਿ ਪਾਰਟੀ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਕਰਨ ਲਈ ਸੁਤੰਤਰ ਹੈ। ਪ੍ਰਨੀਤ ਕੌਰ ਨੇ ਕਾਰਨ ਦੱਸੋ ਨੋਟਿਸ ਦਾ ਚਿੱਠੀ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ 'ਤੇ ਇਲਜ਼ਾਮ ਲਾਉਣ ਵਾਲੇ ਪੰਜਾਬ ਕਾਂਗਰਸ ਦੇ ਉਹੀ ਨੇਤਾ ਹਨ, ਜਿਨ੍ਹਾਂ ਖ਼ਿਲਾਫ਼ ਕਈ ਮੁੱਦਿਆਂ 'ਤੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਪਤੀ (ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ) ਨਾਲ ਸੰਪਰਕ ਕੀਤਾ ਜਾਵੇ ਤਾਂ ਉਹ ਸਾਰੀ ਜਾਣਕਾਰੀ ਦੇਣਗੇ। ਪ੍ਰਨੀਤ ਕੌਰ ਨੇ ਤਾਰਿਕ ਅਨਵਰ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਜਿਸ ਵਿਅਕਤੀ ਨੇ ਸਾਲ 1999 'ਚ ਸੋਨੀਆ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ 'ਤੇ ਪਾਰਟੀ ਛੱਡ ਦਿੱਤੀ ਸੀ ਅਤੇ 20 ਸਾਲ 2019 ਤੱਕ ਪਾਰਟੀ ਤੋਂ ਬਾਹਰ ਰਹੇ ਉਹ ਹੁਣ ਉਨ੍ਹਾਂ ਤੋਂ ਕਥਿਤ ਅਨੁਸ਼ਾਸਨ ਦੇ ਮਾਮਲੇ 'ਤੇ ਸਵਾਲ ਕਰ ਰਹੇ ਹਨ।
ਮੇਰੇ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਲਈ ਸੁਤੰਤਰ ਹੈ ਕਾਂਗਰਸ
ਪ੍ਰਨੀਤ ਕੌਰ ਨੇ ਨੋਟਿਸ ਦੇ ਜਵਾਬ 'ਚ ਕਿਹਾ ਕਿ ਪਾਰਟੀ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਕਰਨ ਲਈ ਸੁਤੰਤਰ ਹੈ। ਮੁਅੱਤਲ ਕੀਤੀ ਗਈ ਸੰਸਦ ਮੈਂਬਰ ਨੇ ਪਟਿਆਲਾ ਦੇ ਲੋਕਾਂ ਨੂੰ ਆਪਣੀ ਤਰਜੀਹ ਦੱਸਦਿਆਂ ਕਿਹਾ ਕਿ ਭਾਵੇਂ ਕੋਈ ਵੀ ਸਰਕਾਰ ਹੋਵੇ ਉਹ ਆਪਣੇ ਖੇਤਰ ਅਤੇ ਪੰਜਾਬ ਦੇ ਨਾਲ ਖੜ੍ਹੀ ਹੈ। ਪਟਿਆਲਾ ਤੋਂ ਸੰਸਦ ਮੈਂਬਰ ਨੇ ਕੇਂਦਰੀ ਮੰਤਰੀਆਂ ਅਤੇ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਨੂੰ ਲੈ ਕੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਿਸੇ ਵੀ ਰਾਜ 'ਚ ਕਾਂਗਰਸ ਸਰਕਾਰ ਦੇ ਮੰਤਰੀ ਨੂੰ ਆਪਣੇ ਰਾਜ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮਿਲਣਾ ਪੈਂਦਾ ਹੈ। ਉਨ੍ਹਾਂ ਮਿਸਾਲ ਦਿੰਦਿਆਂ ਇਹ ਵੀ ਕਿਹਾ ਕਿ ਪੰਜਾਬ 'ਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਅਜਿਹਾ ਹੋਇਆ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਾਂਗਰਸ ਸ਼ਾਸਿਤ ਛੱਤੀਸਗੜ੍ਹ ਅਤੇ ਰਾਜਸਥਾਨ 'ਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੋਵੇਗਾ। ਪ੍ਰਨੀਤ ਕੌਰ ਨੇ ਅੱਗੇ ਇਹ ਵੀ ਕਿਹਾ ਕਿ ਪਾਰਟੀ ਭਾਵੇਂ ਇਸ ਨੂੰ ਪਸੰਦ ਕਰੇ ਜਾ ਨਾ ਕਰੇ ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਨੇਤਾਵਾਂ ਨੂੰ ਮਿਲਦੇ ਰਹਿਣਗੇ।

ਰਾਜਪਾਲ ਦੀ ਨਸ਼ਿਆਂ ਤੇ ਅਮਨ ਕਾਨੂੰਨ ਸੰਬੰਧੀ ਸਰਗਰਮੀ ਨੇ ਰਾਜ ਸਰਕਾਰ ਦੀ ਨੀਂਦ ਉਡਾਈ

ਹਰਕਵਲਜੀਤ ਸਿੰਘ
ਚੰਡੀਗੜ੍ਹ, 6 ਫਰਵਰੀ-ਪੰਜਾਬ ਦੇ ਰਾਜਪਾਲ ਵਲੋਂ ਜਿਸ ਗੰਭੀਰਤਾ ਨਾਲ ਸੂਬੇ ਵਿਚ ਨਸ਼ਿਆਂ ਦੀ ਜਾਰੀ ਵਿਕਰੀ ਤੇ ਅਮਨ ਕਾਨੂੰਨ ਦੀ ਸਥਿਤੀ ਸੰਬੰਧੀ ਆਪਣੇ ਵਿਚਾਰਾਂ ਨੂੰ ਜਨਤਕ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਰਾਜ ਸਰਕਾਰ ਕਾਫ਼ੀ ਪ੍ਰੇਸ਼ਾਨ ਤੇ ਚਿੰਤਤ ਨਜ਼ਰ ਆ ਰਹੀ ਹੈ। ਸਰਕਾਰ ਨੂੰ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਕੀ ਰਾਜਪਾਲ ਦੀ ਇਹ ਕਾਰਵਾਈ ਕੇਂਦਰ ਦੀ ਰਜ਼ਾਮੰਦੀ ਨਾਲ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵਜੋਂ ਪ੍ਰਸ਼ਾਸਨ ਵਿਚ ਘੱਟ ਤੋਂ ਘੱਟ ਦਖ਼ਲ ਦੇਣ ਵਾਲੇ ਰਾਜਪਾਲ ਵਜੋਂ ਜਾਣੇ ਜਾਂਦੇ ਹਨ, ਜਦੋਂ ਕਿ ਮਗਰਲੇ ਕਈ ਰਾਜਪਾਲਾਂ ਦਾ ਪ੍ਰਸ਼ਾਸਕ ਵਜੋਂ ਚੰਡੀਗੜ੍ਹ ਪ੍ਰਸ਼ਾਸਨ 'ਚ ਦਖ਼ਲ ਕਾਫ਼ੀ ਜ਼ਿਆਦਾ ਸੀ। ਪ੍ਰੰਤੂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸੂਬੇ 'ਚ ਨਸ਼ਿਆਂ ਤੇ ਅਮਨ ਕਾਨੂੰਨ ਦੇ ਮੁੱਦੇ 'ਤੇ ਜਿਵੇਂ ਸਰਹੱਦੀ ਖੇਤਰਾਂ ਵਿਚ ਆਮ ਦੁਕਾਨਾਂ 'ਤੇ ਨਸ਼ੇ ਵਿਕਣ ਤੇ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਉਪਲਬਧ ਹੋਣ ਦੀ ਗੱਲ ਕਹੀ ਗਈ, ਸਰਕਾਰ ਵਲੋਂ ਉਨ੍ਹਾਂ ਦੇ ਇਸ ਦਾਅਵੇ ਦਾ ਖੰਡਨ ਤਾਂ ਨਹੀਂ ਕੀਤਾ ਜਾ ਸਕਿਆ ਜਦੋਂ ਕਿ ਰਾਜਪਾਲ ਦੀ ਸਰਗਰਮੀ ਨੂੰ ਨੁਕਤਾਚੀਨੀ ਦਾ ਮੁੱਦਾ ਜ਼ਰੂਰ ਬਣਾਇਆ ਗਿਆ। ਰਾਜ ਦੇ ਉੱਚ ਸਰਕਾਰੀ ਹਲਕਿਆਂ ਵਿਚ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨੀ ਜ਼ਰੂਰ ਹੈ ਕਿ ਜੇਕਰ ਰਾਜਪਾਲ ਆਪਣੀ ਇਹ ਸਰਗਰਮੀ ਕੇਂਦਰ ਦੀ ਮਰਜ਼ੀ ਅਨੁਸਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਿਪੋਰਟਾਂ ਆਦਿ ਵੀ ਭੇਜ ਰਹੇ ਹਨ ਤਾਂ ਇਸ ਪਿੱਛੇ ਕੇਂਦਰ ਦਾ ਮੰਤਵ ਕੀ ਹੋ ਸਕਦਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਜਿਨ੍ਹਾਂ ਦਾ ਸਿਆਸਤ ਤੇ ਪੱਤਰਕਾਰੀ ਦੇ ਖੇਤਰ ਵਿਚ ਵੀ ਲੰਮਾ ਤਜਰਬਾ ਹੈ, ਨੂੰ ਕੇਂਦਰ ਵਲੋਂ ਪੰਜਾਬ ਵਿਚ ਇਸ ਲਈ ਤਬਦੀਲ ਕੀਤਾ ਗਿਆ ਸੀ, ਕਿਉਂਕਿ ਕੇਂਦਰ ਸਰਹੱਦੀ ਸੂਬੇ 'ਚ ਇਕ ਤਜਰਬੇਕਾਰ ਤੇ ਸਰਗਰਮ ਰਾਜਪਾਲ ਚਾਹੁੰਦਾ ਸੀ। ਦੇਸ਼ ਦਾ ਇਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੋਣ ਕਾਰਨ ਕੇਂਦਰ ਪੰਜਾਬ ਦੇ ਅਮਨ ਕਾਨੂੰਨ, ਸਰਹੱਦ ਪਾਰ ਦੀਆਂ ਗਤੀਵਿਧੀਆਂ ਤੇ ਸਮਗਲਿੰਗ ਆਦਿ ਦੇ ਮੁੱਦਿਆਂ ਸੰਬੰਧੀ ਵੀ ਕਾਫ਼ੀ ਚਿੰਤਤ ਰਹਿੰਦਾ ਹੈ। ਲੇਕਿਨ ਮਗਰਲੇ ਕੁਝ ਸਮੇਂ ਤੋਂ ਸੂਬੇ ਵਿਚ ਵਿਗੜ ਰਹੇ ਅਮਨ ਕਾਨੂੰਨ ਅਤੇ ਪੈਦਾ ਹੋ ਰਹੇ ਦਹਿਸ਼ਤ ਦੇ ਮਾਹੌਲ ਅਤੇ ਕਾਬੂ 'ਚ ਨਹੀਂ ਆ ਰਹੀ ਨਸ਼ਿਆਂ ਦੀ ਸਮੱਸਿਆ ਕੇਂਦਰ ਲਈ ਵੀ ਸਿਰਦਰਦੀ ਬਣ ਰਹੀ ਹੈ ਅਤੇ ਇਸੇ ਕਾਰਨ ਕੇਂਦਰ ਵਲੋਂ ਰਾਜ ਵਿਚ ਬੀ.ਐਸ.ਐਫ਼ ਦਾ ਅਧਿਕਾਰ ਖੇਤਰ ਵਧਾਉਣ ਤੋਂ ਬਾਅਦ ਹੁਣ ਸੂਬੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਤੇ ਈ. ਡੀ ਦੀ ਨਫ਼ਰੀ ਵਧਾਉਣ ਤੋਂ ਇਲਾਵਾ ਨਵੇਂ ਦਫ਼ਤਰ ਖੋਲ੍ਹਣ ਦਾ ਵੀ ਫ਼ੈਸਲਾ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਸੂਬੇ ਵਿਚਲੇ ਆਈ.ਏ.ਐਸ. ਤੇ ਆਈ.ਪੀ.ਐਸ. ਕਾਡਰ ਦੇ ਅਧਿਕਾਰੀ ਜੋ ਕੇਂਦਰੀ ਸੇਵਾ ਦੇ ਅਧਿਕਾਰੀ ਹੋਣ ਕਾਰਨ ਕੇਂਦਰ ਦੇ ਕੰਟਰੋਲ ਹੇਠ ਹੁੰਦੇ ਹਨ, ਹੁਣ ਉਨ੍ਹਾਂ ਦੇ ਵਿਵਹਾਰ ਵਿਚ ਵੀ ਤਬਦੀਲੀ ਆ ਰਹੀ ਹੈ ਅਤੇ ਸੂਬਾ ਸਰਕਾਰ ਦੇ ਨਾ ਮੰਨੇ ਜਾਣ ਵਾਲੇ ਹੁਕਮਾਂ 'ਤੇ ਅਮਲ ਤੋਂ ਇਨਕਾਰੀ ਹੋਣ ਤੋਂ ਇਲਾਵਾ ਅਜਿਹੀਆਂ ਸਿਫ਼ਾਰਸ਼ਾਂ ਜਾਂ ਹੁਕਮ ਰਿਕਾਰਡ ਵੀ ਕਰਨ ਲੱਗ ਪਏ ਹਨ, ਜਿਸ ਕਾਰਨ ਸਰਕਾਰ ਲਈ ਮੁਸੀਬਤ ਵੀ ਖੜ੍ਹੀ ਹੋ ਸਕਦੀ ਹੈ। ਭਗਵੰਤ ਮਾਨ ਸਰਕਾਰ ਦੀਆਂ ਬਹੁਤ ਕੁਝ ਪਰਦੇ ਪਿੱਛੇ ਰੱਖਣ ਦੀਆਂ ਕੋਸ਼ਿਸ਼ਾਂ ਵੀ ਮੁਸ਼ਕਲ ਵਿਚ ਆ ਰਹੀਆਂ ਹਨ, ਕਿਉਂਕਿ ਸਰਕਾਰ ਵਲੋਂ ਮੰਤਰੀ ਮੰਡਲ ਸਮੇਤ ਕਈ ਮੀਟਿੰਗਾਂ ਦੇ ਫ਼ੈਸਲੇ ਗੁਪਤ ਰੱਖਣ ਦੀਆਂ ਕੋਸ਼ਿਸ਼ਾਂ ਵੀ ਅਸਫਲ ਸਾਬਤ ਹੋ ਰਹੀਆਂ ਹਨ, ਕਿਉਂਕਿ ਮੰਤਰੀ ਮੰਡਲ ਦੀ ਮਗਰਲੀ ਬੈਠਕ ਵਿਚਲੇ ਕਈ ਮਾਮਲਿਆਂ ਸੰਬੰਧੀ ਸਰਕਾਰੀ ਖ਼ਾਮੋਸ਼ੀ ਦੇ ਬਾਵਜੂਦ ਕਈ ਕੁਝ ਬਾਹਰ ਆ ਰਿਹਾ ਹੈ। ਉੱਚ ਪੱਧਰੀ ਸਰਕਾਰੀ ਮੀਟਿੰਗਾਂ ਵਿਚ ਸ਼ਾਮਿਲ ਹੋਣ ਵਾਲੇ ਨਵਲ ਅਗਰਵਾਲ ਦੀ ਨਿਯੁਕਤੀ ਦਾ ਏਜੰਡਾ ਗੁਪਤ ਰੱਖਣ ਤੋਂ ਇਲਾਵਾ ਉਸ 'ਤੇ ਫ਼ੈਸਲਾ ਨਾ ਹੋਣਾ ਵੀ ਉਜਾਗਰ ਨਹੀਂ ਹੋਣ ਦਿੱਤਾ ਗਿਆ ਅਤੇ ਅੱਜ ਮੁੱਖ ਸਕੱਤਰ ਵਲੋਂ ਇਕ ਵਿਸ਼ੇਸ਼ ਮੀਟਿੰਗ ਸੱਦ ਕੇ ਉਸ ਨੂੰ ਸੇਵਾ ਕੇਂਦਰਾਂ ਲਈ ਸਲਾਹਕਾਰ ਨਿਯੁਕਤ ਕਰਨ ਦਾ ਫ਼ੈਸਲਾ ਜ਼ਰੂਰ ਲੈ ਲਿਆ ਗਿਆ। ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਤੋਂ ਸਰਕਾਰੀ ਪ੍ਰਚਾਰ ਲਈ ਫ਼ੰਡ ਪ੍ਰਾਪਤ ਕਰਨ ਅਤੇ ਸਰਕਾਰੀ ਸਕੀਮਾਂ ਨੂੰ ਸਿਆਸੀ ਲੋੜਾਂ ਅਨੁਸਾਰ ਢਾਲਣ ਲਈ ਵੀ ਸਰਕਾਰ ਨੂੰ ਅਫ਼ਸਰਸ਼ਾਹੀ ਤੋਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ। ਸਰਕਾਰੀ ਹਲਕਿਆਂ ਦਾ ਮੰਨਣਾ ਹੈ ਕਿ ਕੇਂਦਰ ਵਲੋਂ ਰਾਜਪਾਲ ਤੋਂ ਜਿਵੇਂ ਰਿਪੋਰਟਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਜ਼ਰੂਰ ਕੋਈ ਮੰਤਵ ਹੋ ਸਕਦਾ ਹੈ। ਲੇਕਿਨ ਰਾਜਪਾਲ ਤੇ ਕੇਂਦਰ ਨਾਲ ਅਸੁਖਾਵੇ ਸੰਬੰਧ ਬਣਾਉਣ ਕਾਰਨ ਸੂਬਾ ਸਰਕਾਰ ਨੂੰ ਹੁਣ ਪੁਲਿਸ ਦੇ ਨਵੀਨੀਕਰਨ ਸਮੇਤ ਹੋਰ ਬਹੁਤ ਸਾਰੀਆਂ ਸਕੀਮਾਂ ਲਈ ਫ਼ੰਡ ਪ੍ਰਾਪਤ ਹੋ ਸਕਣਾ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਲੇਕਿਨ ਕੇਂਦਰ ਤੇ ਰਾਜਪਾਲ ਨਾਲ ਚੱਲ ਰਿਹਾ ਇਹ ਟਕਰਾਅ ਰਾਜ ਸਰਕਾਰ ਨੂੰ ਕਿੱਧਰ ਲੈ ਕੇ ਜਾਵੇਗਾ ਇਹ ਸਭ ਲਈ ਬੁਝਾਰਤ ਬਣਿਆ ਹੋਇਆ ਹੈ।

ਅਡਾਨੀ ਮੁੱਦੇ 'ਤੇ ਚੌਥੇ ਦਿਨ ਸੰਸਦ 'ਚ ਹੰਗਾਮਾ

* ਕਾਂਗਰਸ ਵਲੋਂ ਦੇਸ਼ ਭਰ 'ਚ ਪ੍ਰਦਰਸ਼ਨ * ਅੱਜ ਸ਼ੁਰੂ ਹੋ ਸਕਦੀ ਹੈ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 6 ਫਰਵਰੀ (ਉਪਮਾ ਡਾਗਾ ਪਾਰਥ)-ਅਡਾਨੀ ਗਰੁੱਪ ਤੋਂ ਆਈ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਮਚੇ ਸਿਆਸੀ ਭੁਚਾਲ 'ਚ ਕਾਂਗਰਸ ਨੇ ਸੋਮਵਾਰ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ, ਜਿਸ 'ਚ ਕਾਂਗਰਸ ਦੀ ਅਗਵਾਈ ਹੇਠ 16 ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਇਸ ਮੁੱਦੇ ਦੀ ਸੁਪਰੀਮ ਕੋਰਟ ਜਾਂ ਸੰਸਦੀ ਕਮੇਟੀ ਦੀ ਨਿਗਰਾਨੀ 'ਚ ਜਾਂਚ ਕਰਨ ਦੀ ਮੰਗ ਦੁਹਰਾਈ। ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਲਗਾਤਾਰ ਚੌਥੇ ਦਿਨ ਪ੍ਰਭਾਵਿਤ ਰਹੀ ਅਤੇ ਜਿਥੇ ਇਕ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਇਸ ਤੋਂ ਇਲਾਵਾ ਕਾਂਗਰਸ ਨੇ ਦੇਸ਼ ਭਰ 'ਚ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਐਨ. ਐਮ. ਯੂ. ਆਈ. ਨੇ ਜੰਤਰ-ਮੰਤਰ 'ਤੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹੰਗਾਮਾ ਵਧਣ 'ਤੇ ਪੁਲਿਸ ਨੇ ਕੁਝ ਕਾਰਜਕਰਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ।
ਵਿਰੋਧੀ ਧਿਰਾਂ ਵਲੋਂ ਹੰਗਾਮਾ
ਵਿਰੋਧੀ ਧਿਰਾਂ ਨੇ ਸੰਸਦ 'ਚ ਅਡਾਨੀ ਮੁੱਦੇ 'ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੇ ਚੈਂਬਰ 'ਚ ਇਕ ਵਾਰ ਫਿਰ ਵਿਰੋਧੀ ਧਿਰ ਨੇ ਰਣਨੀਤਕ ਬੈਠਕ ਕੀਤੀ, ਜਿਸ 'ਚ ਵੀ.ਐਮ.ਕੇ., ਐਨ.ਸੀ.ਪੀ., ਬੀ.ਆਰ.ਐਸ., ਜਨਤਾ ਦਲ (ਯੂ), ਸਮਾਜਵਾਦੀ ਪਾਰਟੀ, ਸੀ. ਪੀ. ਐਮ., ਸੀ.ਪੀ.ਆਈ., ਕੇਰਲ ਕਾਂਗਰਸ, ਜੇ. ਐਮ. ਐਮ., ਆਰ.ਐਲ.ਡੀ., ਆਰ. ਐਸ. ਪੀ., ਆਮ ਆਦਮੀ ਪਾਰਟੀ, ਆਈ. ਯੂ. ਐਮ. ਐਲ., ਆਰ.ਜੇ.ਡੀ. ਅਤੇ ਸ਼ਿਵ ਸੈਨਾ ਸ਼ਾਮਿਲ ਰਹੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੱਡੇ ਬੈਕਰ ਰਾਹੀਂ ਜੇ.ਪੀ.ਸੀ. ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਦੀ ਮੰਗ ਦੁਹਰਾਈ। ਇਸ ਤੋਂ ਇਲਾਵਾ ਸੰਸਦ ਮੈਂਬਰ ਐਲ. ਆਈ. ਸੀ. ਅਤੇ ਐਸ.ਬੀ.ਆਈ. ਨੂੰ ਬਚਾਉਣ ਦੇ ਪੋਸਟਰ ਫੜੇ ਵੀ ਨਜ਼ਰ ਆਏ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਨ ਰੰਜਨ ਚੌਧਰੀ ਨੇ ਕਿਹਾ ਕਿ ਇਹ ਕਾਂਗਰਸ ਦਾ ਨਹੀਂ, ਸਗੋਂ ਦੇਸ਼ ਦਾ ਮਾਮਲਾ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਦੀ ਮੰਗ ਕਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਸਦਨ 'ਚ ਚਰਚਾ ਕੀਤੀ ਜਾਵੇ, ਤਾਂ ਜੋ ਇਸ ਆਰਥਿਕ ਘੁਟਾਲੇ ਦੇ ਹਵਾਲੇ ਨਾਲ ਅਰਥਚਾਰੇ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਜਾ ਸਕੇ।
ਲਗਾਤਾਰ ਚੌਥੇ ਦਿਨ ਨਹੀਂ ਹੋਈ ਕਾਰਵਾਈ
ਅਡਾਨੀ ਗਰੁੱਪ ਨੂੰ ਲੈ ਕੇ ਹਮਲਾਵਰ ਹੋਈਆਂ ਵਿਰੋਧੀ ਧਿਰਾਂ ਕਰਕੇ ਲਗਾਤਾਰ ਚੌਥੇ ਦਿਨ ਵੀ ਦੋਹਾਂ ਸਦਨਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ। ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਡਾਨੀ ਸਰਕਾਰ ਹਾਏ-ਹਾਏ ਦੇ ਨਾਅਰੇ ਲਗਾਉਂਦੇ ਸਦਨ ਦੇ ਵਿਚਕਾਰ ਆ ਗਏ। ਲੋਕ ਸਭਾ ਸਪੀਕਰ ਓਮ ਬਿਰਲਾ, ਜੋ ਸਦਨ ਨੂੰ ਭੂਟਾਨ ਤੋਂ ਆਏ ਵਫ਼ਦ ਬਾਰੇ ਜਾਣਕਾਰੀ ਦੇ ਰਹੇ ਸਨ, ਨੇ ਸਖ਼ਤ ਲਹਿਜ਼ੇ 'ਚ ਕਾਂਗਰਸ ਸੰਸਦ ਮੈਂਬਰਾਂ ਨੂੰ ਆਪਣੀ ਸੀਟ 'ਤੇ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਾਅਰੇਬਾਜ਼ੀ ਸੰਸਦ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਦੇਸ਼ ਦੀ ਜਨਤਾ ਦੇ ਬੁਨਿਆਦੀ ਸਵਾਲਾਂ 'ਤੇ ਚਰਚਾ ਕਰਨ ਲਈ ਕਿਹਾ। ਹੰਗਾਮਾ ਜਾਰੀ ਰਹਿਣ 'ਤੇ ਬਿਰਲਾ ਨੇ ਸਦਨ ਦੀ ਕਾਰਵਾਈ ਉਠਾ ਦਿੱਤੀ।
ਸਰਕਾਰ ਜਵਾਬ ਦੇਣ ਨੂੰ ਤਿਆਰ-ਪ੍ਰਹਿਲਾਦ ਜੋਸ਼ੀ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਜੋ ਵੀ ਚਰਚਾ ਕਰਨਾ ਚਾਹੁੰਦੇ ਹਨ, ਰਾਸ਼ਟਰਪਤੀ ਦੇ ਭਾਸ਼ਨ ਦੇ ਮਤੇ 'ਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਜਵਾਬ ਦੇਣ ਲਈ ਤਿਆਰ ਹੈ। ਜੋਸ਼ੀ ਨੇ ਬਜਟ ਇਜਲਾਸ ਦੀ ਪ੍ਰੰਪਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਜਟ ਇਜਲਾਸ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕਰਨ ਦੀ ਪ੍ਰੰਪਰਾ ਰਹੀ ਹੈ, ਉਸ ਨੂੰ ਤੋੜਿਆ ਨਾ ਜਾਵੇ।
ਅੱਜ ਸ਼ੁਰੂ ਹੋ ਸਕਦੀ ਹੈ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ
ਮੰਗਲਵਾਰ ਨੂੰ ਵਿਰੋਧੀ ਧਿਰਾਂ ਸਦਨ ਦੀ ਕਾਰਵਾਈ ਚਲਾਉਣ 'ਚ ਸਹਿਯੋਗ ਕਰਨਗੀਆਂ। ਹਲਕਿਆਂ ਮੁਤਾਬਿਕ ਮੰਗਲਵਾਰ ਨੂੰ ਆਖ਼ਿਰਕਾਰ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਸ਼ੁਰੂ ਹੋ ਜਾਵੇਗੀ। ਹਲਕਿਆਂ ਮੁਤਾਬਿਕ ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਬਜਟ ਇਜਲਾਸ ਦੀ ਚੱਲਦੀ ਆ ਰਹੀ ਰਵਾਇਤ ਮੁਤਾਬਿਕ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕੀਤੇ ਜਾਣ ਨੂੰ ਲੈ ਕੇ ਸੋਮਵਾਰ ਨੂੰ ਸਪੀਕਰ ਓਮ ਬਿਰਲਾ ਦੇ ਚੈਂਬਰ 'ਚ ਮੀਟਿੰਗ ਹੋਈ, ਜਿਸ 'ਚ ਕਾਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਚਰਚਾ ਲਈ ਤਿਆਰ ਹਨ ਬਸ਼ਰਤੇ ਪ੍ਰਧਾਨ ਮੰਤਰੀ ਇਸ 'ਤੇ ਜਵਾਬ ਦੇਣ।
ਜਦੋਂ ਬਿੱਟੂ ਤੇ ਔਜਲਾ ਨੇ ਵੀ.ਐਮ.ਸੀ. ਦੇ ਕਲਿਆਣ ਬੈਨਰਜੀ ਨੂੰ ਕਰਵਾਇਆ ਸ਼ਾਂਤ
ਵਿਰੋਧੀ ਧਿਰ ਦੀ ਇਕਜੁੱਟਤਾ ਦਾ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਦਰਸ਼ਨ ਕਰ ਰਹੀਆਂ ਵਿਰੋਧੀ ਧਿਰਾਂ ਲੋਕ ਸਭਾ 'ਚ ਉਸ ਵੇਲੇ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੀਆਂ ਨਜ਼ਰ ਆਈਆਂ, ਜਦੋਂ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਟੀ.ਐਮ.ਸੀ. ਨੇਤਾ ਕਲਿਆਣ ਬੈਨਰਜੀ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ। ਮਾਮਲੇ ਦੇ ਪਿਛੋਕੜ 'ਚ ਜਦ ਲੋਕ ਸਭਾ ਦੀ ਕਾਰਵਾਈ ਦੁਪਹਿਰ ਨੂੰ ਦਿਨ ਭਰ ਚੱਲੀ ਮੁਲਤਵੀ ਕਰਨ ਤੋਂ ਬਾਅਦ ਜਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਰਾਜ ਮੰਤਰੀ ਅਰਜੁਨ ਰਾਮ ਘੇਮਵਾਲ ਵਿਰੋਧੀ ਧਿਰਾਂ ਦੀਆਂ ਬੈਂਚਾਂ ਤੱਕ ਪਹੁੰਚੇ। ਇਸ ਗੱਲਬਾਤ 'ਚ ਅਧੀਰ ਰੰਜਨ ਚੌਧਰੀ ਤੋਂ ਇਲਾਵਾ ਡੀ.ਐਮ.ਕੇ. ਦੀ ਕਨੀਮੋਝੀ ਦੀ ਟੀ.ਐਮ. ਸੀ. ਦੇ ਕਲਿਆਣ ਬੈਨਰਜੀ ਸਮੇਤ ਕੁਝ ਨੇਤਾ ਮੌਜੂਦ ਸਨ। ਇਸ ਦੌਰਾਨ ਬੈਨਰਜੀ ਨੇ ਚੌਧਰੀ ਤੇ ਤਿੱਖੇ ਸ਼ਬਦੀ ਤੀਰ ਚਲਾਉਂਦੇ ਹੋਏ, ਉਨ੍ਹਾਂ ਨੂੰ ਭਾਜਪਾ ਦੇ ਲਈ ਕੰਮ ਕਰਨ ਦਾ ਤਾਅਨਾ ਦਿੱਤਾ। ਅਧੀਰ ਰੰਜਨ ਚੌਧਰੀ ਨੇ ਕੁਝ ਦੇਰ ਮੁਸਕਰਾ ਕੇ ਮੌਕੇ ਨੂੰ ਟਾਲਣਾ ਚਾਹਿਆ, ਪਰ ਬੈਨਰਜੀ ਦੇ ਲਗਾਤਾਰ ਚੌਧਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ 'ਤੇ ਚੌਧਰੀ ਨੇ ਵੀ ਜਵਾਬੀ ਤੀਰ ਚਲਾਏ, ਜਿਸ 'ਤੇ ਪਿਛਲੇ ਬੈਂਚਾਂ 'ਤੇ ਬੈਠੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੋਹਾਂ ਨੇਤਾਵਾਂ ਕੋਲ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਉਣ ਲੱਗੇ।
ਸਰਕਾਰ ਅਡਾਨੀ 'ਤੇ ਸੰਸਦ 'ਚ ਬਹਿਸ ਨਹੀਂ ਹੋਣ ਦੇ ਰਹੀ-ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ 'ਚ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਡਰੀ ਹੋਈ ਹੈ ਅਤੇ ਅਡਾਨੀ ਮੁੱਦੇ 'ਤੇ ਬਹਿਸ ਨਹੀਂ ਹੋਣ ਦੇਣਾ ਚਾਹੁੰਦੀ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੋਦੀ ਜੀ ਪੂਰੀ ਕੋਸ਼ਿਸ਼ ਕਰਨਗੇ ਕਿ ਅਡਾਨੀ 'ਤੇ ਸੰਸਦ 'ਚ ਬਹਿਸ ਨਾ ਹੋਏ। ਉਨ੍ਹਾਂ ਕਿਹਾ ਕਿ ਉਹ 2-3 ਸਾਲ ਤੋਂ ਇਹ ਮੁੱਦਾ ਉਠਾ ਰਹੇ ਹਨ ਕਿ ਅਡਾਨੀ ਦੇ ਪਿੱਛੇ ਕਿਹੜੀ ਸ਼ਕਤੀ ਹੈ, ਉਹ ਸਾਹਮਣੇ ਆਉਣੀ ਚਾਹੀਦੀ ਹੈ।
ਦੇਸ਼ ਭਰ 'ਚ ਪ੍ਰਦਰਸ਼ਨ
ਅਡਾਨੀ ਮੁੱਦੇ 'ਤੇ ਹਮਲਾਵਰ ਹੋਈ ਕਾਂਗਰਸ ਨੇ ਸੋਮਵਾਰ ਨੂੰ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਤਾਮਿਲਨਾਡੂ, ਬਿਹਾਰ, ਛੱਤੀਸਗੜ੍ਹ ਸਮੇਤ ਕਈ ਰਾਜਾਂ 'ਚ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ 'ਤੇ ਪ੍ਰਦਰਸ਼ਨ ਕੀਤਾ ਅਤੇ ਜਨਤਾ ਦੀ ਕਮਾਈ ਨੂੰ ਖ਼ਤਰੇ 'ਚ ਪਾਉਣ ਵਾਂਗ ਅਡਾਨੀ ਘੁਟਾਲੇ 'ਤੇ ਜੇ.ਪੀ.ਸੀ.ਦੀ. ਮੰਗ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਰਾਜਧਾਨੀ ਦਿੱਲੀ 'ਚ ਭਾਰਤੀ ਯੁਵਾ ਕਾਂਗਰਸ ਅਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਕਾਰਕੁੰਨਾਂ ਨੇ ਜੰਤਰ-ਮੰਤਰ 'ਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।

ਲਾਹੌਲ ਤੇ ਸਪੀਤੀ 'ਚ ਬਰਫ਼ ਦੇ ਤੋਦੇ ਹੇਠ ਦੱਬਣ ਨਾਲ 2 ਮਜ਼ਦੂਰਾਂ ਦੀ ਮੌਤ, ਇਕ ਲਾਪਤਾ

ਸ਼ਿਮਲਾ, 6 ਫਰਵਰੀ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪੀਤੀ ਜ਼ਿਲ੍ਹੇ ਦੇ ਸ਼ਿੰਕੁਲਾ-ਦਰਚਾ ਮਾਰਗ 'ਤੇ ਬਰਫ਼ ਦਾ ਇਕ ਤੋਦੇ ਡਿਗਣ ਨਾਲ ਉਸ ਹੇਠ ਦੱਬ ਕੇ 2 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇਕ ਹੋਰ ਮਜ਼ਦੂਰ ਅਜੇ ਵੀ ਬਰਫ਼ ਹੇਠ ਦੱਬਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਚਿੱਕਾ ਪਿੰਡ ਨੇੜੇ ਬਰਫੀਲਾ ਤੂਫ਼ਾਨ ਆਉਣ 'ਤੇ 3 ਮਜ਼ਦੂਰ ਬਰਫ਼ ਕੱਟਣ ਵਾਲੇ ਆਪਣੇ ਔਜ਼ਾਰਾਂ ਸਮੇਤ ਬਰਫ਼ ਦੇ ਤੋਦੇ ਹੇਠ ਦੱਬ ਗਏ, ਪੁਲਿਸ ਤੇ ਸਿਹਤ ਮੁਲਜ਼ਮਾਂ ਦੀ ਟੀਮ ਤੇ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਿਸ ਦੌਰਾਨ ਰਾਮ ਬੁਢਾ (ਨਿਪਾਲ) ਤੇ ਰਾਕੇਸ਼ (ਚੰਬਾ) ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਪਰ ਪਸਾਂਗ ਚੇਹਰਿੰਗ ਲਾਮਾ (ਨਿਪਾਲ) ਅਜੇ ਲਾਪਤਾ ਹੈ।

ਦੁਬਈ ਤੋਂ ਕਰਾਚੀ ਲਿਆਂਦੀ ਮੁਸ਼ੱਰਫ ਦੀ ਮ੍ਰਿਤਕ ਦੇਹ

ਅੱਜ ਕੀਤਾ ਜਾਵੇਗਾ ਸੁਪਰਦ-ਏ-ਖ਼ਾਕ

ਅੰਮ੍ਰਿਤਸਰ, 6 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਅੱਜ ਰਾਤ ਦੁਬਈ ਤੋਂ ਚਾਰਟਿਡ ਜਹਾਜ਼ ਰਾਹੀਂ ਪਾਕਿਸਤਾਨ ਲਿਆਂਦਾ ਗਿਆ। 1999 ਦੇ ਕਾਰਗਿਲ ਯੁੱਧ ਦੇ ਸਾਜ਼ਿਸ਼ਘਾੜੇ ਮੁਸ਼ੱਰਫ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਦੁਬਈ 'ਚ ਦਿਹਾਂਤ ਹੋ ਗਿਆ ਸੀ। 79 ਸਾਲਾ ਸਾਬਕਾ ਫੌਜੀ ਸ਼ਾਸਕ ਮੁਸ਼ੱਰਫ 2016 ਤੋਂ ਸੰਯੁਕਤ ਅਰਬ ਅਮੀਰਾਤ 'ਚ ਸੀ ਅਤੇ ਅਮਰੀਕਨ ਹਸਪਤਾਲ ਦੁਬਈ 'ਚ ਇਲਾਜ ਚੱਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਸ਼ੱਰਫ ਦੀ ਮ੍ਰਿਤਕ ਦੇਹ ਏਅਰਬੱਸ 319 ਚਾਰਟਿਡ ਜਹਾਜ਼ ਰਾਹੀਂ ਕਰਾਚੀ ਲਿਆਂਦੀ ਗਈ। ਉਸ ਦੀ ਪਤਨੀ ਸਹਿਬਾ, ਪੁੱਤਰ ਬਿਲਾਲ ਤੇ ਧੀ ਆਇਲਾ ਮ੍ਰਿਤਕ ਦੇ ਲੈ ਕੇ ਕਰਾਚੀ ਪੁੱਜੇ। ਜਾਣਕਾਰੀ ਅਨੁਸਾਰ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 11:30 ਵਜੇ ਵਿਸ਼ੇਸ਼ ਉਡਾਣ ਰਾਹੀਂ ਕਰਾਚੀ ਲਿਆਂਦਾ ਜਾਣਾ ਸੀ। ਪਰ ਸੰਯੁਕਤ ਅਰਬ ਅਮੀਰਾਤ ਵਿਚ ਪਾਕਿ ਦੇ ਸਫਾਰਤਖਾਨੇ ਅਤੇ ਪਾਕਿ ਸਰਕਾਰ ਵਿਚਾਲੇ ਹਵਾਈ ਜਹਾਜ਼ ਅਤੇ ਕੁਝ ਹੋਰ ਦਸਤਾਵੇਜ਼ਾਂ ਸਮੇਤ ਐਨ. ਓ. ਸੀ. ਪ੍ਰਕਿਰਿਆਵਾਂ ਦੀ ਉਪਲਬਧਤਾ ਵਿਚ ਅੜਚਨ ਆਉਣ ਕਾਰਨ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਲਿਜਾਣ ਵਿਚ ਦੇਰੀ ਹੋ ਗਈ। ਮੰਗਲਵਾਰ ਨੂੰ ਜ਼ੁਹਰ ਦੀ ਨਮਾਜ਼ ਤੋਂ ਬਾਅਦ ਕਰਾਚੀ ਦੇ ਪੁਰਾਣੇ ਫੌਜੀ ਕਬਰਸਤਾਨ ਮਲੇਰ ਕੈਂਟ ਦੇ ਗੁਲ ਮੁਹਾਰ ਪੋਲੋ ਮੈਦਾਨ 'ਚ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਸੁਪਰਦ-ਏ-ਖਾਕ ਕੀਤਾ ਜਾਵੇਗਾ।

ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੇ ਚੁੱਕੀ ਸਹੁੰ

ਨਵੀਂ ਦਿੱਲੀ, 6 ਫਰਵਰੀ (ਜਗਤਾਰ ਸਿੰਘ)-ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਵਲੋਂ ਸੋਮਵਾਰ ਨੂੰ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਬਾਅਦ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਸੁਪਰੀਮ ਕੋਰਟ ਦੇ ਇਨ੍ਹਾਂ ਨਵੇਂ ਜੱਜਾਂ 'ਚ ਜਸਟਿਸ ਪੰਕਜ ਮਿੱਤਲ, ਜਸਟਿਸ ਸੰਜੇ ਕਰੋਲ, ਜਸਟਿਸ ਪੀ.ਵੀ. ਸੰਜੇ ਕੁਮਾਰ, ਜਸਟਿਸ ਅਹਿਸਾਨੁਦੀਨ ਅਮਾਨਉੱਲਾ ਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਿਲ ਹਨ, ਜੋ ਇਸ ਤੋਂ ਪਹਿਲਾਂ ਰਾਜਸਥਾਨ ਹਾਈਕੋਰਟ ਦੇ ਚੀਫ਼ ਜਸਟਿਸ ਪੰਕਜ ਮਿੱਤਲ, ਪਟਨਾ ਹਾਈਕੋਰਟ ਦੇ ਚੀਫ਼ ਜਸਟਿਸ ਸੰਜੇ ਕਰੋਲ, ਮਨੀਪੁਰ ਹਾਈਕੋਰਟ ਦੇ ਚੀਫ਼ ਜਸਟਿਸ ਪੀ.ਵੀ. ਸੰਜੇ ਕੁਮਾਰ, ਪਟਨਾ ਹਾਈਕੋਰਟ ਦੇ ਜਸਟਿਸ ਅਹਿਸਾਨੁਦੀਨ ਅਮਾਨਉੱਲਾ ਤੇ ਇਲਾਹਾਬਾਦ ਹਾਈਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਦੱਸਣਯੋਗ ਹੈ ਕਿ ਸਹੁੰ ਚੁਕਣ ਵਾਲੇ 5 ਜੱਜਾਂ 'ਚੋਂ ਸਭ ਤੋਂ ਸੀਨੀਅਰ ਜਸਟਿਸ ਮਿੱਤਲ ਹਨ।

ਨਹੀਂ ਹੋ ਸਕੀ ਦਿੱਲੀ ਦੇ ਮੇਅਰ ਦੀ ਚੋਣ

ਨਵੀਂ ਦਿੱਲੀ, 6 ਫਰਵਰੀ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ (ਐਮ.ਸੀ.ਡੀ.) 'ਚ ਹੰਗਾਮੇ ਦੇ ਚਲਦਿਆਂ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸੋਮਵਾਰ ਨੂੰ ਵੀ ਨਹੀਂ ਹੋ ਸਕੀ। ਅਦਾਲਤ ਵਲੋਂ ਦੋਸ਼ੀ ਠਹਿਰਾਏ 'ਆਪ' ਦੇ 2 ਵਿਧਾਇਕਾਂ ਤੇ ਨਾਮਜ਼ਦ 10 ਐਲਡਰਮੈਨ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ...

ਪੂਰੀ ਖ਼ਬਰ »

ਮੋਦੀ ਵਲੋਂ ਦੇਸ਼ ਦੀ ਵੱਡੀ ਹੈਲੀਕਾਪਟਰ ਨਿਰਮਾਣ ਫੈਕਟਰੀ ਦਾ ਉਦਘਾਟਨ

ਤੁਮਾਕੁਰੂ (ਕਰਨਾਟਕ), 6 ਫਰਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ 'ਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ. ਏ. ਐਲ.) ਦੀ ਹੈਲੀਕਾਪਟਰ ਫੈਕਟਰੀ, ਜੋ ਦੇਸ਼ ਦੀ ਸਭ ਤੋਂ ਵੱਡੀ ਹੈਲੀਕਾਪਟਰ ਨਿਰਮਾਣ ਕੰਪਨੀ ਹੈ, ਦਾ ਉਦਘਾਟਨ ...

ਪੂਰੀ ਖ਼ਬਰ »

ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ-ਸ਼ਾਹਬਾਜ਼ ਸ਼ਰੀਫ਼

ਕਿਹਾ, ਮੌਜੂਦਾ ਸੰਕਟ ਦੌਰਾਨ ਪਾਕਿ ਕਸ਼ਮੀਰ ਏਜੰਡੇ ਨੂੰ ਅੱਗੇ ਵਧਾਉਣ ਦੀ ਸਥਿਤੀ 'ਚ ਨਹੀਂ

ਸੁਰਿੰਦਰ ਕੋਛੜ ਅੰਮ੍ਰਿਤਸਰ, 6 ਫਰਵਰੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੰਨਿਆ ਹੈ ਕਿ ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਕਰਜ਼ਾ ਦੇਣ ਦੇ ਮਾਮਲੇ 'ਚ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐਫ.) ਵਲੋਂ ਅਪਣਾਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX