ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 31 ਜਨਵਰੀ-ਦੁਨੀਆ ਦਾ ਹੁਣ ਭਾਰਤ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ ਹੈ। ਭਾਰਤ ਹੁਣ ਇਕ ਅਜਿਹਾ ਦੇਸ਼ ਹੈ, ਜੋ ਅੱਜ ਦੀ ਵੰਡੀ ਹੋਈ ਦੁਨੀਆ ਨੂੰ ਜੋੜ ਰਿਹਾ ਹੈ। ਦੁਨੀਆ ਸਮੱਸਿਆਵਾਂ ਦੇ ਹੱਲ ਲਈ ਸਾਡੇ ਵੱਲ ਵੇਖ ਰਹੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਜਟ ਇਜਲਾਸ ਤੋਂ ਪਹਿਲਾਂ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਆਲਮੀ ਪੱਧਰ 'ਤੇ ਭਾਰਤ ਦੀ ਵਧ ਰਹੀ ਸਾਖ ਦਾ ਜ਼ਿਕਰ ਕਰਦਿਆਂ ਉਕਤ ਬਿਆਨ ਦਿੱਤਾ। ਰਾਸ਼ਟਰਪਤੀ ਨੇ ਵਿਆਪਕ ਪੱਧਰ 'ਤੇ ਭਾਰਤ ਦੇ ਵੱਡੇ ਹੋ ਰਹੇ ਅਕਸ ਨੂੰ ਲੈ ਕੇ ਇਹ ਵੀ ਕਿਹਾ ਕਿ ਅੱਤਵਾਦ ਖ਼ਿਲਾਫ਼ ਭਾਰਤ ਦੀ ਆਵਾਜ਼ ਹਰ ਮੰਚ 'ਤੇ ਸੁਣੀ ਜਾ ਰਹੀ ਹੈ। ਸਾਈਬਰ ਸੁਰੱਖਿਆ ਦੇ ਸਰੋਕਾਰਾਂ ਨੂੰ ਵੀ ਸਰਕਾਰ ਵਿਸ਼ਵ ਅੱਗੇ ਰੱਖ ਰਹੀ ਹੈ ਅਤੇ ਇਹ ਸਭ ਉਸ ਵੇਲੇ ਹੋ ਰਿਹਾ ਹੈ ਜਦੋਂ ਅੱਜ ਦੁਨੀਆ ਕਈ ਚੁਣੌਤੀਆਂ 'ਚੋਂ ਲੰਘ ਰਹੀ ਹੈ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਭਾਵ 'ਤੇ ਸਵਾਲ ਉਠਾਏ ਜਾ ਰਹੇ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ ਆਲਮੀ ਰਿਸ਼ਤਿਆਂ ਦੇ ਬਿਹਤਰੀਨ ਦੌਰ ਰਾਸ਼ਟਰਹਿਤ ਨੂੰ ਸਭ ਤੋਂ ਉੱਪਰ ਰੱਖ ਕੇ ਭੂਮਿਕਾ ਦਾ ਵਿਸਥਾਰ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਜਿਨ੍ਹਾਂ ਨੇ ਪਹਿਲੀ ਵਾਰ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕੀਤਾ, ਨੇ ਆਪਣੇ 1 ਘੰਟੇ, 3 ਮਿੰਟ ਦੇ ਭਾਸ਼ਨ 'ਚ ਚੋਖਾ ਚਿਰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਵਧ ਰਹੀ ਪ੍ਰਵਾਨਤਾ 'ਤੇ ਹੀ ਜ਼ੋਰ ਰੱਖਿਆ, ਜੋ ਕਿ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਸੰਕੇਤਾਂ ਦੇ ਬਿਲਕੁਲ ਅਨੂਕੁਲ ਸੀ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਨਾਂ 'ਚ ਵਧੇਰੇ ਤੌਰ 'ਤੇ ਆਲਮੀ ਪ੍ਰਭਾਵ ਦੀ ਗੱਲ ਉਸ ਵੇਲੇ ਕੀਤੀ ਗਈ ਹੈ ਜਦੋਂ ਭਾਰਤ ਜੀ-20 ਸਿਖਰ ਸੰਮੇਲਨਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਰਾਸ਼ਟਰਪਤੀ ਮੁਰਮੂ ਨੇ ਆਪਣੇ ਭਾਸ਼ਨ 'ਚ ਸਰਕਾਰ ਦੀ ਸ਼ਲਾਘਾ ਕਰਦਿਆਂ ਮੋਦੀ ਸਰਕਾਰ ਨੂੰ ਸਥਿਰ, ਬੇਬਾਕ, ਫ਼ੈਸਲਾਕੁੰਨ ਅਤੇ ਵੱਡੇ ਸੁਫ਼ਨਿਆਂ ਲਈ ਕੰਮ ਕਰਨ ਵਾਲੀ ਸਰਕਾਰ ਕਰਾਰ ਦਿੱਤਾ, ਜੋ ਬਿਨਾਂ ਕਿਸੇ ਭੇਦਭਾਵ ਦੇ ਸਭ ਲਈ ਕੰਮ ਕਰਦੀ ਹੈ। ਮੂਰਮੂ ਨੇ ਆਪਣੇ ਭਾਸ਼ਨ 'ਚ ਧਾਰਾ-370, ਸਰਜੀਕਲ ਸਟ੍ਰਾਈਕ, ਅਸਲ ਕੰਟਰੋਲ ਰੇਖਾ ਤੇ ਸਥਿਤੀ, ਅਗਨੀਵੀਰ ਜਿਹੇ ਕਈ ਮੁੱਦਿਆਂ ਨੂੰ ਵੀ ਭਰਵੀਂ ਥਾਂ ਦਿੱਤੀ ਜਿਨ੍ਹਾਂ 'ਤੇ ਵਿਰੋਧੀ ਧਿਰਾਂ ਵਲੋਂ ਸਮੇਂ-ਸਮੇਂ 'ਤੇ ਸਵਾਲ ਵੀ ਉਠਾਏ ਜਾਂਦੇ ਰਹੇ ਹਨ। ਰਾਸ਼ਟਰਪਤੀ ਮੁਰਮੂ ਨੇ ਲਗਾਤਾਰ 2 ਵਾਰ ਸਥਿਰ ਸਰਕਾਰ ਚੁਣਨ ਲਈ ਦੇਸ਼ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੀ ਸਰਕਾਰ ਨੇ ਸਰਜੀਕਲ ਸਟ੍ਰਾਈਕ ਤੋਂ ਲੈ ਕੇ ਅੱਤਵਾਦ ਖ਼ਿਲਾਫ਼ ਸਖਤ ਕੋਸ਼ਿਸਾਂ, ਕੰਟਰੋਲ ਰੇਖਾ ਤੋਂ ਅਸਲ ਕੰਟਰੋਲ ਰੇਖਾ ਤੱਕ ਹਰ ਬੁਰੀ ਕੋਸ਼ਿਸ਼ ਨੂੰ ਖ਼ਤਮ ਕੀਤਾ। ਧਾਰਾ-370 ਤੋਂ ਲੈ ਕੇ ਤਿੰਨ ਤਲਾਕ ਤੱਕ ਸਰਕਾਰ ਦੀ ਪਹਿਚਾਣ ਫ਼ੈਸਲਾਕੁੰਨ ਫ਼ੈਸਲੇ ਲੈਣ ਵਾਲੀ ਸਰਕਾਰ ਬਣੀ। ਉਨ੍ਹਾਂ ਅਗਨੀਵੀਰ ਯੋਜਨਾ ਨੂੰ ਅਜਿਹੀ ਯੋਜਨਾ ਕਰਾਰ ਦਿੱਤਾ ਜੋ ਦੇਸ਼ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰਾਸ਼ਟਰ ਸੇਵਾ ਦਾ ਮੌਕਾ ਪ੍ਰਦਾਨ ਕਰੇਗੀ।
ਗ਼ਰੀਬੀ ਹਟਾਓ ਹੁਣ ਸਿਰਫ਼ ਨਾਅਰਾ ਨਹੀਂ ਰਹਿ ਗਿਆ
ਰਾਸ਼ਟਰਪਤੀ ਮੁਰਮੂ ਨੂੰ ਸੰਵਿਧਾਨ ਦੀ ਧਾਰਾ-87ਏ ਤਹਿਤ ਭਾਸ਼ਨ ਦਿੰਦਿਆਂ, ਜਿਸ ਨੂੰ ਸਰਕਾਰ ਦੀਆਂ ਨੀਤੀਆਂ ਦਾ ਅਹਿਮ ਦਸਤਾਵੇਜ਼ ਕਰਾਰ ਦਿੱਤਾ ਜਾਂਦਾ ਹੈ, ਸਰਕਾਰ ਦੀ ਵਾਹ-ਵਾਹ ਕਰਨ ਦੇ ਨਾਲ-ਨਾਲ ਅਸਿੱਧੇ ਢੰਗ ਨਾਲ ਵਿਰੋਧੀ ਧਿਰ ਕਾਂਗਰਸ ਨੂੰ ਵੀ ਨਿਸ਼ਾਨੇ 'ਤੇ ਲਿਆ। ਰਾਸ਼ਟਰਪਤੀ ਨੇ ਕੇਂਦਰ ਸਰਕਾਰ ਦੇ ਗਰੀਬ ਪੱਖੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਹੁਣ ਗਰੀਬੀ ਹਟਾਓ ਸਿਰਫ਼ ਨਾਅਰਾ ਹੀ ਨਹੀਂ ਰਹਿ ਗਿਆ, ਸਗੋਂ ਸਰਕਾਰ ਵਲੋਂ ਗਰੀਬਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕਈ ਕਦਮ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 1971 'ਚ ਚੋਣ ਮੁਹਿੰਮ ਦੌਰਾਨ ਇੰਦਰਾ ਗਾਂਧੀ ਵਲੋਂ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਗਿਆ ਸੀ।
ਕਿਸਾਨਾਂ, ਆਦਿਵਾਸੀ ਅਤੇ ਔਰਤਾਂ ਦਾ ਜ਼ਿਕਰ
ਮੁਰਮੂ ਦੇ ਭਾਸ਼ਨ 'ਚ ਕਿਸਾਨਾਂ, ਆਦਿਵਾਸੀ ਅਤੇ ਔਰਤਾਂ ਨੂੰ ਵੀ ਭਰਵੀਂ ਥਾਂ ਦਿੱਤੀ। ਉਨ੍ਹਾਂ ਕਿਹਾ ਕਿ 11 ਕਰੋੜ ਛੋਟੇ ਕਿਸਾਨਾਂ ਨੂੰ ਵੀ ਤਰਜੀਹ ਦਿੱਤੀ ਗਈ ਜਿਨ੍ਹਾਂ 'ਚੋਂ 3 ਕਰੋੜ ਔਰਤਾਂ ਵੀ ਸਨ। ਸਰਕਾਰ ਨੇ ਕਿਸਾਨ ਸਨਮਾਨ ਨਿਧੀ ਤਹਿਤ 54 ਹਜ਼ਾਰ ਕਰੋੜ ਰੁਪਏ ਇਨ੍ਹਾਂ ਔਰਤ ਕਿਸਾਨਾਂ ਨੂੰ ਦਿੱਤੇ। ਛੋਟੇ ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾਈ ਗਈ। ਉਨ੍ਹਾਂ ਪੱਛੜੀਆਂ ਜਾਤਾਂ ਲਈ ਚੁੱਕੇ ਕਦਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 36 ਹਜ਼ਾਰ ਤੋਂ ਜ਼ਿਆਦਾ ਆਦਿਵਾਸੀ ਪਿੰਡਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ।
ਗੁਲਾਮੀ ਦੇ ਨਿਸ਼ਾਨ ਮਿਟਾ ਰਹੀ ਹੈ ਸਰਕਾਰ
ਸਰਕਾਰ ਵਲੋਂ ਗੁਲਾਮੀ ਦੇ ਨਿਸ਼ਾਨ ਮਿਟਾਉਣ ਦੀ ਕਵਾਇਦ ਵਜੋਂ ਰਾਸ਼ਟਰਪਤੀ ਨੇ ਰਾਜਪਥ ਦਾ ਨਾਂਅ 'ਕਰਤਵਯ ਪਥ' ਕਰਨ, ਪਰਮਵੀਰ ਚੱਕਰ ਜੇਤੂਆਂ ਦੇ ਨਾਂਅ 'ਤੇ 21 ਟਾਪੂਆਂ ਦਾ ਨਾਮਕਰਨਕਰਨ, ਰਾਸ਼ਟਰੀ ਜੰਗੀ ਯਾਦਗਾਰ, ਸਮੁੰਦਰੀ ਫ਼ੌਜ ਨੂੰ ਸ਼ਿਵਾਜੀ ਮਹਾਰਾਜ ਦੀ ਪ੍ਰਤੀਕ ਅਤੇ ਹਰ ਪ੍ਰਧਾਨ ਮੰਤਰੀ ਦੇ ਯੋਗਦਾਨ ਨੂੰ ਦਰਸਾਉਣ ਵਾਲਾ ਪ੍ਰਧਾਨ ਮੰਤਰੀ ਮਿਊਜ਼ੀਅਮ ਬਣਾਉਣ ਦਾ ਵੀ ਜ਼ਿਕਰ ਕੀਤਾ।
ਗੁਰੂ ਨਾਨਕ ਦੇਵ ਜੀ ਅਤੇ ਵੀਰ ਬਾਲ ਦਿਵਸ ਦਾ ਕੀਤਾ ਜ਼ਿਕਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਨ 'ਚ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਆਦਿ ਸ਼ੰਕਰਾਚਾਰਿਆ ਦੇ ਰਸਤੇ 'ਤੇ ਅੱਗੇ ਵਧ ਰਿਹਾ ਹੈ, ਉੱਥੇ ਸੂਚਨਾ ਤਕਨਾਲੋਜੀ ਹੱਬ ਵਜੋਂ ਵੀ ਵਿਕਸਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਗਿਆਨ, ਵਿਗਿਆਨ ਅਤੇ ਅਧਿਆਤਮ ਸਦੀਆਂ ਤੋਂ ਦੁਨੀਆ ਨੂੰ ਰਸਤਾ ਵਿਖਾ ਰਿਹਾ ਹੈ ਅਤੇ ਆਉਣ ਵਾਲੀਆਂ ਸਦੀਆਂ 'ਚ ਵੀ ਅਜਿਹਾ ਕਰੇਗਾ। ਮੁਰਮੂ ਨੇ ਦਸਵੀਂ ਪਾਤਿਸ਼ਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ 'ਚ ਪਹਿਲੀ ਵਾਰ ਮਨਾਏ ਵੀਰ ਬਾਲ ਦਿਵਸ ਦਾ ਵੀ ਉਚੇਚਾ ਜ਼ਿਕਰ ਕੀਤਾ।
ਸੁਭਾਸ਼ ਚੰਦਰ ਬੋਸ ਨੂੰ ਕੀਤਾ ਯਾਦ
ਰਾਸ਼ਟਰਪਤੀ ਨੇ ਆਪਣੇ ਭਾਸ਼ਨ 'ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਇੰਡੀਆ ਗੇਟ 'ਤੇ ਲੱਗੇ ਸੁਭਾਸ਼ ਚੰਦਰ ਬੋਸ ਦੇ ਬੁੱਤ ਤੋਂ ਇਲਾਵਾ ਅੰਡੇਮਾਨ ਨਿਕੋਬਾਰ 'ਚ ਨੇਤਾ ਨੂੰ ਸਮਰਪਿਤ ਮਿਊਜ਼ੀਅਮ ਬਾਰੇ ਵੀ ਚਰਚਾ ਕੀਤੀ।
ਰਾਸ਼ਟਰਪਤੀ ਦਾ ਭਾਸ਼ਨ 2024 ਆਮ ਚੋਣਾਂ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ-ਵਿਰੋਧੀ ਧਿਰਾਂ
ਨਵੀਂ ਦਿੱਲੀ (ਪੀ.ਟੀ.ਆਈ.)-ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਭਾਸ਼ਣ ਸੱਤਾਧਾਰੀ ਭਾਜਪਾ ਦੇ 2024 ਦੇ ਚੋਣ ਮਨੋਰਥ ਪੱਤਰ ਦੇ ਪਹਿਲੇ ਅਧਿਆਏ ਦੀ ਤਰ੍ਹਾਂ ਸੀ ਅਤੇ ਮਹਿੰਗਾਈ, ਫ਼ਿਰਕੂ ਸਦਭਾਵਨਾ ਅਤੇ ਔਰਤਾਂ ਨਾਲ ਜੁੜੇ ਪ੍ਰਮੁੱਖ ਮੁੱਦੇ ਇਸ 'ਚੋਂ ਗਾਇਬ ਸਨ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਇਹ ਸਰਕਾਰ ਦਾ ਬਿਆਨ ਹੈ ਜੋ ਰਾਸ਼ਟਰਪਤੀ ਜ਼ਰੀਏ ਆਇਆ ਹੈ ਅਤੇ ਇਸ 'ਚ ਕੋਈ ਨਵੀਂ ਗੱਲ ਨਹੀਂ ਹੈ। ਸੀ.ਪੀ.ਆਈ. ਦੇ ਸੰਸਦ ਮੈਂਬਰ ਬਿਨੋਏ ਵਿਸਵਾਮ ਨੇ ਵੀ ਰਾਸ਼ਟਰਪਤੀ ਦੇ ਭਾਸ਼ਣ ਦੀ ਆਲੋਚਨਾ ਕੀਤੀ।
ਨਹੀਂ ਆ ਸਕੇ ਖੜਗੇ ਤੇ ਰਾਹੁਲ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ
ਨਵੀਂ ਦਿੱਲੀ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦੇ ਭਾਸ਼ਨ ਦੌਰਾਨ ਸੰਸਦ ਦੇ ਸੈਂਟਰਲ ਹਾਲ 'ਚ ਕਾਂਗਰਸ ਵਲੋਂ ਸੋਨੀਆ ਗਾਂਧੀ ਪਹਿਲੀ ਕਤਾਰ ਦੇ ਬੈਂਚ 'ਚ ਇਕੱਲੀ ਬੈਠੀ ਨਜ਼ਰ ਆਈ ਕਿਉਂਕਿ ਖਰਾਬ ਮੌਸਮ ਕਾਰਨ ਕਸ਼ਮੀਰ 'ਚ ਫਸੇ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ, ਰਾਹੁਲ ਗਾਂਧੀ ਸਮੇਤ ਹੋਰ ਸੀਨੀਅਰ ਆਗੂ ਇਜਲਾਸ ਦੇ ਪਹਿਲੇ ਦਿਨ ਹਾਜ਼ਰ ਨਹੀਂ ਹੋ ਸਕੇ।
ਸਿਆਸੀ ਪਾਰਟੀਆਂ ਬਜਟ ਇਜਲਾਸ ਦੇ ਪਹਿਲੇ ਗੇੜ ਨੂੰ ਜਲਦ ਖ਼ਤਮ ਕਰਨ ਦੀਆਂ ਚਾਹਵਾਨ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਬਜਟ ਇਜਲਾਸ ਦੇ ਪਹਿਲੇ ਗੇੜ ਨੂੰ 13 ਫਰਵਰੀ ਦੀ ਬਜਾਏ 10 ਫਰਵਰੀ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਲੋਕ ਸਭਾ ਦੀ ਕੰਮਕਾਜੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਮੰਗ ਰੱਖੀ ਗਈ। ਸਪੀਕਰ ਨੇ ਕਿਹਾ ਕਿ ਉਹ ਇਸ ਮੰਗ 'ਤੇ ਵਿਚਾਰ ਕਰਨਗੇ।
ਨਵੀਂ ਦਿੱਲੀ, 31 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵਵਿਆਪੀ ਆਰਥਿਕ ਉਥਲ-ਪੁਥਲ ਦੇ ਵਿਚਕਾਰ, ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਵਿਸ਼ਵ ਲਈ ਉਮੀਦ ਦੀ ਕਿਰਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਬਜਟ ਵੱਲ ਪੂਰੇ ਵਿਸ਼ਵ ਦਾ ਧਿਆਨ ਹੈ। ਡਾਵਾਂਡੋਲ ਵਿਸ਼ਵ ਦੇ ਆਰਥਿਕ ਹਾਲਾਤ 'ਚ ਭਾਰਤ ਦਾ ਬਜਟ ਭਾਰਤ ਦੇ ਆਮ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਤਾਂ ਕਰੇਗਾ ਹੀ, ਪਰ ਵਿਸ਼ਵ ਜੋ ਆਸ ਦੀ ਕਿਰਨ ਵੇਖ ਰਿਹਾ ਹੈ। ਉਮੀਦ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਸੰਸਦ ਦੇ ਬਜਟ ਇਜਲਾਸ ਦੇ ਹੰਗਾਮੇਦਾਰ ਹੋਣ ਦੇ ਕਿਆਸਾਂ ਦਰਮਿਆਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਸੰਵਾਦ ਅਤੇ ਚਰਚਾ ਰਾਹੀਂ ਸਦਨ ਨੂੰ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼, ਸਭ ਤੋਂ ਪਹਿਲਾਂ ਦੇਸ਼ਵਾਸੀ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਇਸ ਬਜਟ ਇਜਲਾਸ 'ਚ ਤਕਰਾਰ ਵੀ ਰਹੇਗੀ, ਪਰ ਤਕਰੀਰ ਵੀ ਹੋਣੀ ਚਾਹੀਦੀ ਹੈ।
ਨਵੀਂ ਦਿੱਲੀ, 31 ਜਨਵਰੀ (ਉਪਮਾ ਡਾਗਾ ਪਾਰਥ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੀ ਆਰਥਿਕਤਾ ਦੀ ਤਸਵੀਰ ਪੇਸ਼ ਕਰਦੇ ਆਰਥਿਕ ਸਰਵੇਖਣ 'ਚ ਮਾਲੀ ਸਾਲ 2023-24 ਲਈ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਕਾਸ ਦਰ 6.5 ਫੀਸਦੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ ਜੋਕਿ ਪਿਛਲੇ 3 ਸਾਲਾਂ 'ਚ ਸਭ ਤੋਂ ਹੌਲੀ ਵਿਕਾਸ ਦਰ ਹੋਵੇਗੀ। ਜਦਕਿ 'ਨਾਮੀਨਲ ਜੀ.ਡੀ.ਪੀ.' (ਜਿਸ 'ਚ ਜੀ.ਡੀ.ਪੀ. ਦਰ ਮੌਜੂਦਾ ਰੇਟ 'ਤੇ, ਬਿਨਾਂ ਮਹਿੰਗਾਈ ਦੇ ਮਿਲਾਨ ਕੀਤੀ ਜਾਂਦੀ ਹੈ।) 11 ਫੀਸਦੀ ਰਹਿਣ ਅਤੇ ਅਸਲ ਜੀ.ਡੀ.ਪੀ. ਨਿਰਧਾਰਿਤ ਵਰ੍ਹੇ ਦੇ ਆਧਾਰ 'ਤੇ ਮਹਿੰਗਾਈ ਦਰ ਲਈ ਮਿਲਾਨ ਕਰਨ ਤੋਂ ਬਾਅਦ ਲਈ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜਦਕਿ ਅੰਤਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਨੇ ਮੌਜੂਦ ਮਾਲੀ ਸਾਲ ਲਈ ਭਾਰਤ ਦੀ ਅਨੁਮਾਨਿਤ ਕੁੱਲ ਘਰੇਲੂ ਵਿਕਾਸ ਦਰ 6.8 ਫੀਸਦੀ ਰਹਿਣ ਦਾ, ਅਗਲੇ ਵਿੱਤੀ ਸਾਲ 'ਚ 6.1 ਫੀਸਦੀ ਅਤੇ 2024-25 'ਚ 6.8 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਆਰਥਿਕ ਸਰਵੇਖਣ 'ਚ ਭਾਰਤੀ ਅਰਥਵਿਵਸਥਾ ਦੇ ਲੈ ਕੇ ਹਾਂਪੱਖੀ ਉਮੀਦ ਦਰਸਾਉਂਦੇ ਕਿਹਾ ਕਿ ਦੇਸ਼ ਦੇ ਅਰਥਚਾਰੇ ਨੇ ਜੋ ਕੁਝ ਵੀ ਗਵਾਇਆ ਹੈ, ਉਸ ਤੋਂ ਉੱਭਰ ਗਿਆ ਹੈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਜੋ ਗਤੀਵਿਧੀਆਂ ਘਟ ਗਈਆਂ ਸਨ, ਉਨ੍ਹਾਂ ਦੀ ਹੁਣ ਮੁੜ ਸਰਗਰਮ ਹੋਣ ਦੀ ਆਸ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਭਾਰਤ ਦੇ ਦੁਨੀਆਂ 'ਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣੇ ਰਹਿਣ ਦਾ ਅੰਦੇਸ਼ਾ ਪ੍ਰਗਟਾਇਆ ਹੈ। ਸਰਵੇਖਣ 'ਚ ਖਰੀਦਦਾਰੀ ਦੀ ਤਾਕਤ ਦੇ ਮਾਮਲੇ 'ਚ ਭਾਰਤ ਨੂੰ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਐਕਸਚੇਂਜ ਰੇਟ 'ਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੱਸਿਆ ਗਿਆ ਹੈ।
ਸਰਕਾਰ ਨੇ ਘਰੇਲੂ ਆਰਥਿਕ ਪੱਧਰ 'ਤੇ 2023-24 'ਚ ਬਿਹਤਰ ਸੰਭਾਵਨਾਵਾਂ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਨਿੱਜੀ ਸੈਕਟਰ ਵਲੋਂ ਨਿਵੇਸ਼ ਵਧਣ ਅਤੇ ਉਸਾਰੀ ਖੇਤਰ 'ਚ ਮੁੜ ਤੋਂ ਸਰਗਰਮੀ ਸ਼ੁਰੂ ਹੋਣ ਨਾਲ ਆਉਣ ਵਾਲੇ ਸਮੇਂ 'ਚ ਰੁਜ਼ਗਾਰ ਦੇ ਮੋਰਚੇ 'ਤੇ ਤਸਵੀਰ ਬਿਹਤਰ ਹੋਵੇਗੀ। ਅੰਕੜਿਆਂ ਮੁਤਾਬਿਕ ਜੁਲਾਈ-ਸਤੰਬਰ 2019 'ਚ ਬੇਰੁਜ਼ਗਾਰੀ ਦਰ 8.3 ਫੀਸਦੀ ਤੋਂ ਘੱੱਟ ਕੇ ਜੁਲਾਈ-ਸਤੰਬਰ 2022 'ਚ 7.2 ਫੀਸਦੀ ਹੋ ਗਈ ਹੈ। ਇਸ ਤੋਂ ਇਲਾਵਾ ਦੇਸ਼ 'ਚ ਵਿਦੇਸ਼ੀ ਮੁਦਰਾ ਦਾ ਢੁੱਕਵਾਂ ਭੰਡਾਰ ਹੋਣ ਕਾਰਨ ਚਾਲੂ ਮਾਲੀ ਘਾਟਾ ਦੀ ਭਰਪਾਈ ਹੋਣ ਦੀ ਉਮੀਦ ਪ੍ਰਗਟਾਈ ਗਈ ਹੈ। ਰਿਜ਼ਰਵ ਬੈਂਕ ਕੋਲ ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ ਵਿਦੇਸ਼ੀ ਮੁਦਰਾ ਦੇ ਭੰਡਾਰ 'ਚ ਦਖ਼ਲਅੰਦਾਜ਼ੀ ਦੀ ਗੁੰਜਾਇਸ਼ ਬਣੇ ਰਹਿਣ ਦਾ ਅਨੁਮਾਨ ਲਾਇਆ ਹੈ। ਆਰਥਿਕ ਸਰਵੇਖਣ 'ਚ ਅਗਲੇ ਵਿੱਤੀ ਸਾਲ ਪ੍ਰਚੂਨ ਮਹਿੰਗਾਈ ਦਰ 6 ਫੀਸਦੀ ਤੋਂ ਘੱਟ ਰਹਿਣ ਦੀ ਉਮੀਦ ਪ੍ਰਗਟਾਈ ਗਈ ਹੈ। ਮੁੱਖ ਆਰਥਿਕ ਸਲਾਹਕਾਰ ਸ੍ਰੀ ਅਨੰਤ ਨਾਗੇਸ਼ਵਰਨ ਨੇ ਕਿਹਾ ਮਾਲੀ ਸਾਲ 2023-24 'ਚ ਉਲਟ ਹਾਲਾਤ ਦੇ ਬਾਵਜੂਦ ਮਹਿੰਗਾਈ ਦਰ ਦੇ ਨਰਮ ਰਹਿਣ ਦੀ ਸੰਭਾਵਨਾ ਹੈ। ਕੱਚੇ ਤੇਲ ਦੀ ਕੀਮਤ ਜੇਕਰ 100 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਰਹਿੰਦੀ ਹੈ ਤਾਂ ਆਰਥਿਕ ਵਿਕਾਸ ਦਰ ਅਨੁਮਾਨ 'ਤੇ ਅਸਰ ਨਹੀਂ ਪਵੇਗਾ।
ਖੇਤੀ ਸੈਕਟਰ 'ਚ ਨਿੱਜੀ ਨਿਵੇਸ਼ 'ਚ 9.3 ਫ਼ੀਸਦੀ ਦਾ ਵਾਧਾ
ਆਰਥਿਕ ਸਰਵੇਖਣ 'ਚ 2022 'ਚ ਖੇਤੀਬਾੜੀ 'ਚ ਨਿੱਜੀ ਖੇਤਰ ਦੀ ਹਿੱਸੇਦਾਰੀ ਪਿਛਲੇ 12 ਸਾਲਾਂ 'ਚ ਸਭ ਤੋਂ ਵੱਧ ਦੱਸੀ ਗਈ ਹੈ। ਅੰਕੜਿਆਂ ਮੁਤਾਬਿਕ ਖੇਤੀ ਸੈਕਟਰ 'ਚ ਨਿੱਜੀ ਨਿਵੇਸ਼ 'ਚ 9.3 ਫੀਸਦੀ ਦਾ ਵਾਧਾ ਹੋਇਆ ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 1.5 ਗੁਣਾ ਵਧਿਆ ਹੈ। ਜਦਕਿ ਖੇਤੀਬਾੜੀ ਖੇਤਰ 'ਚ 18.6 ਲੱਖ ਕਰੋੜ ਦਾ ਕ੍ਰੈਡਿਟ ਅਤੇ ਅਨਾਜ ਦੇ ਉਤਪਾਦਨ 'ਚ 375 ਲੱਖ ਟਨ ਦਾ ਵਾਧਾ ਹੋਇਆ ਹੈ। ਈ. ਮੰਡੀ 'ਚ 2.39 ਲੱਖ ਕਰੋੜ ਦਾ ਵਪਾਰ ਹੋਇਆ ਹੈ ਜਿਸ ਕਾਰਨ 1 ਕਰੋੜ 74 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ। ਸਰਕਾਰ ਵਲੋਂ ਦਿੱਤੀ ਜਾ ਰਹੀ ਕਿਸਾਨ ਸਨਮਾਨ ਨਿਧੀ ਕਾਰਨ 11.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ।
ਆਰਥਿਕ ਸਰਵੇਖਣ 'ਚ ਕੁਝ ਚਿਤਾਵਨੀਆਂ ਵੀ
ਜ਼ਿਆਦਾਤਰ ਹਾਂਪੱਖੀ ਸਰਵੇਖਣ 'ਚ ਕੁਝ ਚਿਤਾਵਨੀਆਂ ਦਿੱਤੀਆਂ ਗਈਆਂ ਹਨ। ਸਰਵੇਖਣ 'ਚ ਆਲਮੀ ਪੱਧਰ 'ਤੇ ਆਰਥਿਕ ਮੰਦੀ ਦੇ ਖਦਸ਼ੇ ਨੂੰ ਵੇਖਦਿਆਂ ਭਾਰਤ ਦਾ ਨਿਰਯਾਤ ਘੱਟ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਸਰਵੇਖਣ 'ਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਉਤਪਾਦਾਂ ਦੀਆਂ ਅਸਥਿਰ ਕੀਮਤਾਂ ਅਤੇ ਕੱਚੇ ਮਾਲ ਦੀ ਸਪਲਾਈ 'ਚ ਰੁਕਾਵਟਾਂ ਦੇ ਕਾਰਨ ਆਲਮੀ ਪੱਧਰ 'ਤੇ ਨਵੀਆਂ ਰੁਕਾਵਟਾਂ ਵੇਖਣ ਨੂੰ ਮਿਲ ਸਕਦੀਆਂ ਹਨ ਜੋ ਸਾਡੇ ਉਦਯੋਗਿਕ ਵਿਕਾਸ 'ਤੇ ਦਬਾਅ ਪਾ ਸਕਦੀਆਂ ਹਨ। ਸਰਵੇਖਣ 'ਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਚੀਨ 'ਚ ਕੋਰੋਨਾ ਮਹਾਂਮਾਰੀ ਦੀ ਵਾਪਸੀ ਨਾਲ ਸਪਲਾਈ ਚੇਨ 'ਚ ਰੁਕਾਵਟਾਂ ਵੇਖਣ ਨੂੰ ਮਿਲ ਸਕਦੀਆਂ ਹਨ।
ਅਹਿਮਦਾਬਾਦ, 31 ਜਨਵਰੀ (ਏਜੰਸੀ)-ਗਾਂਧੀ ਨਗਰ ਦੀ ਇਕ ਅਦਾਲਤ ਵਲੋਂ ਜਬਰ ਜਨਾਹ ਦੇ ਇਕ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਆਸਾਰਾਮ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਹੈ, ਜੋ ਕਿ ਪੀੜਤ ਔਰਤ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ। ਬੀਤੇ ਦਿਨ ਆਸਾਰਾਮ ਨੂੰ 2013 'ਚ ਇਕ ਸਾਬਕਾ ਮਹਿਲਾ ਸ਼ਰਧਾਲੂ ਦੁਆਰਾ ਦਾਇਰ ਕੀਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ। 81 ਸਾਲਾ ਆਸਾਰਾਮ ਇਸ ਸਮੇਂ ਜੋਧਪੁਰ ਜੇਲ੍ਹ 'ਚ ਬੰਦ ਹੈ, ਜਿੱਥੇ ਉਹ 2013 'ਚ ਰਾਜਸਥਾਨ ਵਿਖੇ ਆਪਣੇ ਆਸ਼ਰਮ 'ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਇਕ ਹੋਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸੈਸ਼ਨ ਅਦਾਲਤ ਦੇ ਜੱਜ ਡੀ.ਕੇ. ਸੋਨੀ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਫੈਸਲਾ ਸੁਣਾਇਆ ਹੈ। ਹਾਲਾਂਕਿ ਬਚਾਅ ਪੱਖ ਨੇ ਫੈਸਲੇ ਨੂੰ ਗੁਜਰਾਤ ਹਾਈ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਅਦਾਲਤ ਨੇ ਬੀਤੇ ਦਿਨ ਆਸਾਰਾਮ ਨੂੰ 2013 'ਚ ਸੂਰਤ ਦੀ ਰਹਿਣ ਵਾਲੀ ਇਕ ਮਹਿਲਾ ਸ਼ਰਧਾਲੂ ਨਾਲ 2001 ਤੋਂ 2006 ਤੱਕ ਕਈ ਮੌਕਿਆਂ 'ਤੇ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਆਸਾਰਾਮ ਦੀ ਪਤਨੀ ਲਕਸ਼ਮੀਬੇਨ, ਬੇਟੀ ਤੇ 4 ਚੇਲਿਆਂ ਸਮੇਤ 6 ਹੋਰ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ, ਜਿਨ੍ਹਾਂ 'ਤੇ ਅਪਰਾਧ 'ਚ ਮਦਦ ਕਰਨ ਤੇ ਉਕਸਾਉਣ ਦੇ ਦੋਸ਼ ਸਨ।
ਚੰਡੀਗੜ੍ਹ, 31 ਜਨਵਰੀ (ਨਵਿੰਦਰ ਸਿੰਘ ਬੜਿੰਗ)-ਕੇਂਦਰੀ ਜਾਂਚ ਬਿਊਰੋ ਨੇ ਪ੍ਰਸ਼ਨ ਪੱਤਰ ਲੀਕ ਹੋਣ ਦੇ 2 ਮਾਮਲਿਆਂ ਦੀ ਚੱਲ ਰਹੀ ਜਾਂਚ ਦੌਰਾਨ 7 ਰਾਜਾਂ, ਜਿਨ੍ਹਾਂ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਆਦਿ ਸ਼ਾਮਿਲ ਹਨ, ਵਿਚ ਲਗਭਗ 50 ਸਥਾਨਾਂ 'ਤੇ ਛਾਪੇਮਾਰੀ ਕੀਤੀ। ਸੀ.ਬੀ.ਆਈ. ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਪੁਲਿਸ ਵਿਚ ਸਾਲ 2022 ਵਿਚ ਸਿਪਾਹੀਆਂ ਦੇ ਅਹੁਦਿਆਂ ਲਈ ਲਿਖਤੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਤਹਿਤ ਸੀ.ਬੀ.ਆਈ. ਨੇ ਇਹ ਮਾਮਲਾ ਦਰਜ ਕੀਤਾ ਸੀ, ਜਿਸ ਦੇ ਚਲਦਿਆਂ ਸੀ. ਬੀ. ਆਈ. ਨੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ 'ਚ ਵੀ ਛਾਪੇਮਾਰੀ ਕਰਦਿਆਂ ਕੁਝ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿਚ ਲਏ ਹਨ। ਸੀ.ਬੀ.ਆਈ ਨੇ ਕੀਤੀ ਪੜਤਾਲ ਦੌਰਾਨ ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ ਆਦਿ ਰਾਜਾਂ ਦੇ ਵੱਖ-ਵੱਖ ਵਿਚੋਲਿਆਂ ਦੀ ਕਥਿਤ ਭੂਮਿਕਾ ਦਾ ਖ਼ੁਲਾਸਾ ਹੋਇਆ ਸੀ।
ਅੰਮ੍ਰਿਤਸਰ, 31 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਪੁਲਿਸ ਲਾਈਨ ਆਬਾਦੀ 'ਚ ਸਥਿਤ ਮਸਜਿਦ 'ਚ ਸੋਮਵਾਰ ਨੂੰ ਹੋਏ ਆਤਮਘਾਤੀ ਧਮਾਕੇ ਤੋਂ ਬਾਅਦ ਬਚਾਅ ਕਾਰਜਾਂ 'ਚ ਲੱਗੇ ਅਧਿਕਾਰੀਆਂ ਨੇ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਵਿਅਕਤੀ ਦਾ ਕੱਟਿਆ ਹੋਇਆ ਸਿਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਹਮਲਾਵਰ ਨੇ ਮਸਜਿਦ 'ਚ ਜ਼ੁਹਰ ਦੀ ਨਮਾਜ਼ ਦੌਰਾਨ ਆਪਣੇ ਆਪ ਨੂੰ ਉਡਾ ਲਿਆ ਸੀ। ਇਸ ਦੌਰਾਨ ਬੰਬ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 100 ਤੱਕ ਪੁੱਜ ਗਈ ਹੈ, ਜਦਕਿ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ 225 ਦੱਸੀ ਜਾ ਰਹੀ ਹੈ। ਮਲਬੇ 'ਚੋਂ ਲਾਸ਼ਾਂ ਕੱਢਣ ਤੇ ਬਚਾਅ ਦੇ ਕਾਰਜ ਅਜੇ ਵੀ ਜਾਰੀ ਹਨ। ਪੁਲਿਸ ਅਧਿਕਾਰੀ ਮੁਹੰਮਦ ਇਜਾਜ਼ ਖ਼ਾਨ ਨੇ ਕਿਹਾ ਕਿ ਹਮਲਾਵਰ ਧਮਾਕੇ ਤੋਂ ਪਹਿਲਾਂ ਹੀ ਪੁਲਿਸ ਲਾਈਨ 'ਚ ਮੌਜੂਦ ਸੀ ਅਤੇ ਹੋ ਸਕਦਾ ਹੈ ਕਿ ਉਸ ਨੇ ਇਲਾਕੇ 'ਚ ਜਾਣ ਲਈ ਕਿਸੇ ਸਰਕਾਰੀ ਵਾਹਨ ਦੀ ਵਰਤੋਂ ਕੀਤੀ ਹੋਵੇ। ਇਸ ਦੌਰਾਨ ਧਮਾਕੇ ਦੇ ਤੁਰੰਤ ਬਾਅਦ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਮਸਜਿਦ 'ਚ ਹੋਏ ਆਤਮਘਾਤੀ ਬੰਬ ਧਮਾਕੇ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਅਜਿਹੀ ਕਾਰਵਾਈ ਨੂੰ ਅਪਰਾਧ ਮੰਨਦੇ ਹਨ।
ਚੰਡੀਗੜ੍ਹ, 31 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 1997 ਬੈਚ ਦੇ 8 ਆਈ.ਪੀ.ਐਸ. ਅਧਿਕਾਰੀਆਂ ਨੂੰ ਏ.ਡੀ.ਜੀ.ਪੀ. ਵਜੋਂ, 2004 ਬੈਚ ਦੇ 2 ਅਧਿਕਾਰੀਆਂ ਨੂੰ ਆਈ.ਜੀ. ਵਜੋਂ ਤੇ 2009 ਬੈਚ ਦੇ 2 ਅਧਿਕਾਰੀਆਂ ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਵਲੋਂ ਜਾਰੀ ਵੱਖ-ਵੱਖ ਹੁਕਮਾਂ ਅਨੁਸਾਰ 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਪਵਨ ਕੁਮਾਰ ਰਾਏ, ਨੌਨਿਹਾਲ ਸਿੰਘ, ਅਰੁਣ ਪਾਲ ਸਿੰਘ, ਰਾਜੇਸ਼ ਕੁਮਾਰ ਜੈਸਵਾਲ, ਗੁਰਿੰਦਰ ਸਿੰਘ ਢਿੱਲੋਂ, ਮੋਹਨੀਸ਼ ਚਾਵਲਾ, ਸੁਰਿੰਦਰਪਾਲ ਸਿੰਘ ਪਰਮਾਰ ਤੇ ਜਤਿੰਦਰ ਸਿੰਘ ਔਲਖ ਨੂੰ ਏ.ਡੀ.ਜੀ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਇਸੇ ਤਰ੍ਹਾਂ 2004 ਬੈਚ ਦੇ ਆਈ.ਪੀ.ਐਸ. ਅਧਿਕਾਰੀ ਬਲਜੋਤ ਸਿੰਘ ਰਠੋੜ ਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ.ਜੀ. ਵਜੋਂ ਤੇ 2009 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਰਚਰਨ ਸਿੰਘ ਭੁੱਲਰ ਤੇ ਉਪਿੰਦਰਜੀਤ ਸਿੰਘ ਘੁੰਮਣ ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜਤਿੰਦਰ ਸਿੰਘ ਔਲਖ ਜਿਨ੍ਹਾਂ ਨੂੰ ਏ.ਡੀ.ਜੀ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ ਅਤੇ ਉਹ ਇਸ ਸਮੇਂ ਮੁਖੀ ਖੁਫ਼ੀਆ ਵਿਭਾਗ ਹਨ ਅਤੇ ਉਪਿੰਦਰਜੀਤ ਸਿੰਘ ਘੁੰਮਣ ਜਿਨ੍ਹਾਂ ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ ਅਤੇ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਐਸ.ਐਸ.ਪੀ. ਹਨ। ਦੋਵੇਂ ਅਧਿਕਾਰੀ ਅੱਜ ਸੇਵਾ ਮੁਕਤ ਵੀ ਹੋ ਗਏ।
ਚੰਡੀਗੜ੍ਹ, 31 ਜਨਵਰੀ (ਹਰਕਵਲਜੀਤ ਸਿੰਘ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਿਨ੍ਹਾਂ ਵਲੋਂ ਮਗਰਲੇ ਕਰੀਬ 10 ਦਿਨਾਂ ਤੋਂ 5 ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਤਰਨਤਾਰਨ ਦੇ ਸਰਪੰਚਾਂ ਤੇ ਅਧਿਕਾਰੀਆਂ ਨੂੰ ਮਿਲਣ ਲਈ 1 ਤੇ ...
ਨਵੀਂ ਦਿੱਲੀ, 31 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਕੀਤੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਤੋਂ ਬਾਅਦ ਹੁਣ ਪਾਰਟੀ ਦਾ ਪੂਰਾ ਧਿਆਨ 'ਹਾਥ ਸੇ ਹਾਥ ਜੋੜੋ' ਮੁਹਿੰਮ ਵੱਲ ਹੈ। 'ਭਾਰਤ ਜੋੜੋ ਯਾਤਰਾ' ਦਾ ਦੂਜਾ ਪੜਾਅ ਮੰਨੀ ...
ਨਵੀਂ ਦਿੱਲੀ, 31 ਜਨਵਰੀ (ਏਜੰਸੀਆਂ)-ਏਅਰ ਇੰਡੀਆ ਪਿਸ਼ਾਬ ਕਾਂਡ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ। ਉਸ ਨੂੰ ਦਿੱਲੀ ਪੁਲਿਸ ਨੇ 6 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਵਧੀਕ ਸੈਸ਼ਨ ਜੱਜ ਹਰਜੋਤ ਸਿੰਘ ਭੱਲਾ ਨੇ ਅੱਜ ਮਾਮਲੇ ਦੀ ...
ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਸਾਬਕਾ ਕੇਂਦਰੀ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ (97) ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਨੇ 1977 ਤੋਂ 1979 ਤੱਕ ਮੁਰਾਰਜੀ ਦੇਸਾਈ ਦੇ ਮੰਤਰੀ-ਮੰਡਲ 'ਚ ਕਾਨੂੰਨ ਮੰਤਰੀ ਵਜੋਂ ਨਿਭਾਈ ਸੀ। ਸ਼ਾਂਤੀ ਭੂਸ਼ਣ ਨੇ ...
ਲੰਡਨ, 31 ਜਨਵਰੀ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਹਾਲ ਹੀ 'ਚ ਲੰਡਨ 'ਚ ਭਾਰਤ-ਯੂ.ਕੇ. ਅਚੀਵਰਜ਼ ਆਨਰਜ਼ ਦੁਆਰਾ ਆਰਥਿਕ ਤੇ ਰਾਜਨੀਤਿਕ ਜੀਵਨ 'ਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ, ਜਿਸ ਦਾ ...
ਨਵੀਂ ਦਿੱਲੀ, 31 ਜਨਵਰੀ (ਉਪਮਾ ਡਾਗਾ ਪਾਰਥ)-ਗਣਤੰਤਰ ਦਿਵਸ 'ਚ ਪ੍ਰਦਰਸ਼ਿਤ ਹੋਈਆਂ ਸਾਰੀਆਂ ਝਾਕੀਆਂ 'ਚੋਂ ਉਤਰਾਖੰਡ ਦੀ ਝਾਕੀ ਨੂੰ ਪਹਿਲਾ ਪੁਰਸਕਾਰ ਹਾਸਿਲ ਹੋਇਆ ਹੈ। ਇਸ ਤੋਂ ਇਲਾਵਾ ਗੁਜਰਾਤ ਦੀ ਝਾਕੀ ਨੂੰ ਲੋਕਪ੍ਰਿਯ ਪਸੰਦ (ਪਾਪੂਲਰ ਚੁਆਇਸ) ਪੁਰਸਕਾਰ ਮਿਲਿਆ ਹੈ ...
ਧਨਬਾਦ (ਝਾਰਖੰਡ), 31 ਜਨਵਰੀ (ਏਜੰਸੀ)-ਝਾਰਖੰਡ ਦੇ ਧਨਬਾਦ 'ਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਨਬਾਦ ਦੇ ਜੋਰਾਫਾਟਕ ਖੇਤਰ ਵਿਚ ਆਸ਼ੀਰਵਾਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX