ਹਰਕਵਲਜੀਤ ਸਿੰਘ
ਚੰਡੀਗੜ੍ਹ, 30 ਮਈ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ 'ਅਜੀਤ' ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸਰਕਾਰ ਦੀ ਇੱਛਾ ਅਨੁਸਾਰ ਕੰਮ ਨਾ ਕਰਨ ਲਈ ਜਾਰੀ ਕੀਤੇ ਗਏ ਸੰਮਨਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸੰਮਨ ਵਾਪਸ ਲੈਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਨੂੰ ਰਾਜਪਾਲ ਵਲੋਂ 29 ਮਈ ਨੂੰ ਲਿਖੇ ਪ੍ਰਾਪਤ ਹੋਏ ਮੁੱਖ ਮੰਤਰੀ ਦੇ ਨਾਂਅ ਪੱਤਰ ਵਿਚ ਰਾਜਪਾਲ ਵਲੋਂ ਕਿਹਾ ਗਿਆ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਅਖ਼ਬਾਰ ਦੇ ਇਸ਼ਤਿਹਾਰ ਵੀ ਬੰਦ ਕੀਤੇ ਹੋਏ ਹਨ, ਜੋ ਕਿ ਗ਼ਲਤ ਹੈ ਅਤੇ ਸੁਪਰੀਮ ਕੋਰਟ ਵਲੋਂ ਅਜਿਹੇ ਮਾਮਲਿਆਂ ਵਿਚ ਦਿੱਤੇ ਕਈ ਫ਼ੈਸਲਿਆਂ ਵਿਚ ਨਿਰਧਾਰਤ ਨੈਤਿਕ ਨਿਰਦੇਸ਼ਾਂ ਦੇ ਵੀ ਵਿਰੁੱਧ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੱਤਰ ਵਿਚ ਕਿਹਾ ਕਿ ਮੈਂ ਵੀ ਚਾਰ ਦਹਾਕਿਆਂ ਤੱਕ ਪੱਤਰਕਾਰ ਰਿਹਾ ਹਾਂ, ਜੇਕਰ ਸਰਕਾਰ ਦੀ ਕਿਸੇ ਰਿਪੋਰਟ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਉਸ ਲਈ ਸਪੱਸ਼ਟੀਕਰਨ ਭੇਜਿਆ ਜਾ ਸਕਦਾ ਹੈ, ਜਾਂ ਮਾਮਲਾ ਸੰਬੰਧਿਤ ਸੰਪਾਦਕ ਨਾਲ ਵੀ ਉਠਾਇਆ ਜਾ ਸਕਦਾ ਹੈ ਅਤੇ ਜੇ ਤੁਸੀਂ ਫਿਰ ਵੀ ਸੰਤੁਸ਼ਟ ਨਾ ਹੋਵੋ ਤਾਂ ਤੁਸੀਂ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਰਾਜਪਾਲ ਨੇ ਕਿਹਾ ਕਿ ਪੱਤਰਕਾਰਤਾ ਦੇ ਕਿਸੇ ਵੀ ਮਿਆਰ ਅਨੁਸਾਰ ਤੁਹਾਡੀ ਕਾਰਵਾਈ ਨੂੰ ਠੀਕ ਨਹੀਂ ਕਿਹਾ ਜਾ ਸਕਦਾ ਅਤੇ ਇਸ ਨੂੰ ਬਦਲਾਖੋਰੀ ਵਜੋਂ ਹੀ ਦੇਖਿਆ ਜਾਵੇਗਾ। ਆਪਣੇ ਪੱਤਰ ਵਿਚ ਰਾਜਪਾਲ ਨੇ ਕਿਹਾ ਕਿ ਮੇਰੀ ਤੁਹਾਨੂੰ ਸਲਾਹ ਇਹੋ ਹੈ ਕਿ ਬਤੌਰ ਮੁੱਖ ਮੰਤਰੀ ਤੁਹਾਨੂੰ ਆਲੋਚਨਾ ਪ੍ਰਤੀ ਵੱਡਾ ਦਿਲ ਰੱਖਣਾ ਚਾਹੀਦਾ ਹੈ ਅਤੇ ਮਾਮਲੇ ਨੂੰ ਹੋਰ ਵਿਗਾੜਨ ਦੀ ਥਾਂ ਜਾਰੀ ਸੰਮਨ ਵਾਪਸ ਲੈ ਲੈਣੇ ਚਾਹੀਦੇ ਹਨ। ਸੂਚਨਾ ਅਨੁਸਾਰ ਮੁੱਖ ਮੰਤਰੀ ਜੋ ਹੁਣ ਰਾਜਪਾਲ ਦੇ ਪੱਤਰਾਂ 'ਤੇ ਚੁੱਪੀ ਰੱਖਣ ਤੇ ਕਾਰਵਾਈ ਨਾ ਕਰਨ ਦੀ ਨੀਤੀ 'ਤੇ ਹੀ ਚੱਲਦੇ ਰਹੇ ਹਨ, ਰਾਜਪਾਲ ਵਲੋਂ ਲਿਖੇ ਅਜਿਹੇ ਸਖ਼ਤ ਪੱਤਰ ਜਿਸ ਵਿਚ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਉਸ ਤੋਂ ਬਾਅਦ ਮੁੱਖ ਮੰਤਰੀ ਕੀ ਕਾਰਵਾਈ ਕਰਦੇ ਹਨ, ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ ਪਰ ਸਰਕਾਰੀ ਹਲਕਿਆਂ ਵਿਚ ਰਾਜਪਾਲ ਦੇ ਪੱਤਰ 'ਤੇ ਲਗਾਤਾਰ ਵੱਧ ਰਹੇ ਟਕਰਾਅ ਕਾਰਨ ਪ੍ਰੇਸ਼ਾਨੀ ਜ਼ਰੂਰ ਨਜ਼ਰ ਆ ਰਹੀ ਸੀ। ਮੁੱਖ ਮੰਤਰੀ ਸਕੱਤਰੇਤ ਅੱਜ ਰਾਜ ਭਵਨ ਨਾਲ ਲਗਾਤਾਰ ਸੰਪਰਕ ਵਿਚ ਜ਼ਰੂਰ ਰਿਹਾ ਅਤੇ ਇਸ ਸੰਬੰਧੀ ਕਾਫ਼ੀ ਚਰਚਾ ਚਲਦੀ ਰਹੀ।
ਚੰਡੀਗੜ੍ਹ, 30 ਮਈ (ਹਰਕਵਲਜੀਤ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋੋਂ ਅੱਜ ਇਕ ਵੱਡਾ ਸਿਆਸੀ ਧਮਾਕਾ ਕਰਦਿਆਂ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਤੁਰੰਤ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਵਲੋਂ ਅੱਗੇ ਰਾਜਪਾਲ ਪੰਜਾਬ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਵਲੋਂ ਕੱਲ੍ਹ ਸਵੇਰੇ 11 ਵਜੇ ਦੋ ਨਵੇਂ ਮੰਤਰੀਆਂ ਬਲਕਾਰ ਸਿੰਘ (ਸਾਬਕਾ ਪੁਲਿਸ ਅਧਿਕਾਰੀ) ਅਤੇ ਗੁਰਮੀਤ ਸਿੰਘ ਖੁਡੀਆ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਨ ਸੰਬੰਧੀ ਤਜਵੀਜ਼ ਵੀ ਰਾਜਪਾਲ ਦੀ ਪ੍ਰਵਾਨਗੀ ਲਈ ਭੇਜੀ ਗਈ ਹੈ। ਡਾ. ਨਿੱਜਰ, ਜੋ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਵਿਧਾਇਕ ਹਨ, ਜੁਲਾਈ 2022 ਦੌਰਾਨ ਮੰਤਰੀ ਬਣੇ ਸਨ ਅਤੇ ਇਮਾਨਦਾਰ ਤੇ ਨੇਕ ਇਨਸਾਨ ਵਜੋਂ ਜਾਣੇ ਜਾਂਦੇ ਹਨ। ਉਹ ਚੀਫ਼ ਖ਼ਾਲਸਾ ਦੀਵਾਨ ਦੇ ਵੀ ਮੁਖੀ ਹਨ ਅਤੇ 'ਅਜੀਤ' ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਸਰਕਾਰ ਵਲੋਂ ਚੱਲ ਰਹੀ ਕਾਰਵਾਈ ਕਾਰਨ ਨਿਰਾਸ਼ ਸਨ ਅਤੇ ਉਨ੍ਹਾਂ ਕੱਲ੍ਹ ਇਕ ਬਿਆਨ ਰਾਹੀਂ ਇਸ ਦਾ ਖੁੱਲ੍ਹ ਕੇ ਵਿਰੋਧ ਵੀ ਕੀਤਾ ਸੀ ਪਰ ਮੁੱਖ ਮੰਤਰੀ ਵਲੋਂ ਦਾਅਵਾ ਕੀਤਾ ਗਿਆ ਕਿ ਡਾ. ਨਿੱਜਰ ਨੇ ਅਸਤੀਫ਼ਾ ਨਿੱਜੀ ਕਾਰਨਾਂ ਕਰ ਕੇ ਦਿੱਤਾ ਹੈ। ਨਵੇਂ ਬਣਨ ਜਾ ਰਹੇ ਮੰਤਰੀਆਂ 'ਚ ਗੁਰਮੀਤ ਸਿੰਘ ਖੁਡੀਆ ਵਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਸੀਟ ਤੋਂ ਹਰਾਇਆ ਗਿਆ ਸੀ ਅਤੇ ਉਹ ਅਕਾਲੀ ਆਗੂ ਜਗਦੇਵ ਸਿੰਘ ਖੁਡੀਆ ਦੇ ਸਪੁੱਤਰ ਹਨ, ਜਿਨ੍ਹਾਂ ਦੀ ਭੇਦ ਭਰੇ ਹਾਲਾਤ ਵਿਚ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਬਲਕਾਰ ਸਿੰਘ ਸੂਬਾ ਪੁਲਿਸ ਸਰਵਿਸ ਦੇ ਅਧਿਕਾਰੀ ਹਨ ਤੇ ਵਧੀਕ ਪੁਲਿਸ ਕਮਿਸ਼ਨਰ ਰਹਿ ਚੁੱਕੇ ਹਨ। ਚਰਚਾ ਇਹ ਵੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕੱਲ੍ਹ ਚੰਡੀਗੜ੍ਹ ਆ ਰਹੇ ਹਨ ਅਤੇ ਸੰਭਵ ਹੈ ਕਿ ਉਹ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਹਾਜ਼ਰ ਹੋਣ। ਮੰਤਰੀ ਮੰਡਲ ਵਿਚ ਰੱਦੋ ਬਦਲ ਸੰਬੰਧੀ ਚਰਚੇ ਅੱਜ ਸਵੇਰੇ ਤੋਂ ਹੀ ਚੱਲ ਰਹੇ ਸਨ ਅਤੇ ਰਾਜਭਵਨ ਨੂੰ ਵੀ ਬਾਅਦ ਦੁਪਹਿਰ ਇਸ ਸੰਬੰਧੀ ਮੁੱਖ ਸਕੱਤਰ ਵਲੋਂ ਸੂਚਿਤ ਕੀਤਾ ਗਿਆ ਸੀ। ਮੌਸਮ ਖ਼ਰਾਬ ਹੋਣ ਕਾਰਨ ਸਹੁੰ ਚੁੱਕ ਸਮਾਗਮ ਕੱਲ੍ਹ ਰਾਜ ਭਵਨ ਦੇ ਨਵੇਂ ਬਣੇ ਹਾਲ ਵਿਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। 'ਅਜੀਤ' ਵਲੋਂ ਅੱਜ ਸ਼ਾਮ ਡਾ. ਇੰਦਰਬੀਰ ਸਿੰਘ ਨਿੱਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ਾਂ ਅਸਫ਼ਲ ਰਹੀਆਂ ਪਰ ਸੋਸ਼ਲ ਮੀਡੀਆ 'ਤੇ ਡਾ. ਨਿੱਜਰ ਦੀ ਨਿੱਜੀ ਜ਼ਿੰਦਗੀ, ਇਮਾਨਦਾਰੀ ਤੇ ਦਿਆਨਤਦਾਰੀ ਚਰਚੇ ਦਾ ਵਿਸ਼ਾ ਜ਼ਰੂਰ ਬਣੇ ਰਹੇ। ਉਨ੍ਹਾਂ ਕੋਈ ਦੋ ਦਹਾਕੇ ਪਹਿਲਾਂ ਬੇਸ਼ਕੀਮਤੀ ਕਰੋੜਾਂ ਰੁਪਏ ਦੀ ਜ਼ਮੀਨ ਇਕ ਸਕੂਲ ਨੂੰ ਦਾਨ ਵਿਚ ਦੇ ਦਿੱਤੀ ਸੀ। ਆਮ ਆਦਮੀ ਪਾਰਟੀ ਨਾਲ ਵੀ ਉਹ ਲੰਬੇ ਸਮੇਂ ਤੋਂ ਰਹੇ ਹਨ ਅਤੇ ਉਨ੍ਹਾਂ ਨਿਰਸਵਾਰਥ ਪਾਰਟੀ ਦਾ ਸਾਥ ਦਿੱਤਾ। ਚੀਫ਼ ਖ਼ਾਲਸਾ ਦੀਵਾਨ ਵਲੋਂ ਵੀ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀ ਇਸ ਸਿਰਮੌਰ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ਵਿਚ ਉਨ੍ਹਾਂ ਵਲੋਂ ਕੱਲ੍ਹ 'ਅਜੀਤ' ਵਿਰੁੱਧ ਸਰਕਾਰੀ ਕਾਰਵਾਈ ਦਾ ਕੀਤਾ ਗਿਆ ਵਿਰੋਧ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ
ਅੰਮ੍ਰਿਤਸਰ, 30 ਮਈ-ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਜਾਂ ਲੈ ਲਏ ਜਾਣ ਦੀ ਖ਼ਬਰ ਅੰਮ੍ਰਿਤਸਰ ਸਮੇਤ ਦੇਸ਼-ਵਿਦੇਸ਼ ਦੇ ਸਿਆਸੀ ਅਤੇ ਸਿੱਖ ਧਾਰਮਿਕ ਹਲਕਿਆਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਸ਼ਹਿਰ ਵਾਸੀ ਤੇ ਉਨ੍ਹਾਂ ਦੇ ਸਮਰਥਕ ਜਿਥੇ ਮੁੱਖ ਮੰਤਰੀ ਦੇ ਇਸ ਫ਼ੈਸਲੇ ਤੋਂ ਬਾਅਦ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਉਥੇ ਹੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਉਨ੍ਹਾਂ ਦੇ ਮਨਾਂ ਵਿਚ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਡਾ. ਨਿੱਜਰ ਸਿਆਸੀ ਤੇ ਧਾਰਮਿਕ ਹਲਕਿਆਂ ਵਿਚ ਇਕ ਇਮਾਨਦਾਰ ਤੇ ਸਾਊ ਸੁਭਾਅ ਵਾਲੇ ਗੁਰਸਿੱਖ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। ਉਹ ਪਿਛਲੇ ਵਰ੍ਹੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਸਨ। ਵਿਧਾਇਕ ਬਣਨ ਬਾਅਦ ਉਹ ਪਹਿਲਾਂ ਕੁਝ ਸਮਾਂ ਵਿਧਾਨ ਸਭਾ ਵਿਚ ਪ੍ਰੋ-ਟੈਮ ਸਪੀਕਰ ਰਹੇ। ਉਪਰੰਤ ਉਨ੍ਹਾਂ ਨੂੰ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਕੀਤੇ ਜਾਣ 'ਤੇ ਕੈਬਨਿਟ ਮੰਤਰੀ ਬਣਾਉਂਦਿਆਂ ਸਥਾਨਕ ਸਰਕਾਰਾਂ ਦਾ ਅਹਿਮ ਵਿਭਾਗ ਵੀ ਦਿੱਤਾ ਗਿਆ। ਦੋ ਮਹੀਨੇ ਪਹਿਲਾਂ ਹੋਏ ਜੀ-20 ਸੰਮੇਲਨ ਦੌਰਾਨ ਡਾ. ਨਿੱਜਰ ਨੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਨਿੱਜੀ ਦਿਲਚਸਪੀ ਲੈ ਕੇ ਕਾਫੀ ਯੋਗਦਾਨ ਪਾਇਆ। ਡਾ. ਨਿੱਜਰ ਦੀ ਕੈਬਨਿਟ ਮੰਤਰੀ ਵਜੋਂ ਕਾਰਜਸ਼ੈਲੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਦਾ ਸਿਆਸਤ ਵਿਚ ਸਾਕਾਰਾਤਮਿਕ ਰਵੱਈਆ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਵੱਡਾ ਕਾਰਨ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੇ ਸਮਰਥਕਾਂ ਦੀ ਗਿਣਤੀ ਵਿਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਸੀ। ਡਾ.ਨਿੱਜਰ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪਿਛਲੇ ਸਾਲ ਮਈ (2022) ਵਿਚ ਪ੍ਰਧਾਨ ਚੁਣੇ ਗਏ ਸਨ ਤੇ ਹੁਣ ਤੱਕ ਕੈਬਨਿਟ ਮੰਤਰੀ ਪੰਜਾਬ ਅਤੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੋਵਾਂ ਅਹੁਦਿਆਂ 'ਤੇ ਇਕੋ ਸਮੇਂ ਅਹਿਮ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਦੀਵਾਨ ਵਿੱਦਿਅਕ ਦੇ ਸਿੱਖੀ ਪ੍ਰਚਾਰ ਦੇ ਖੇਤਰ ਵਿਚ ਹੋਰ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਡਾ. ਨਿੱਜਰ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਕਦੇ ਚਿੱਕੜ ਉਛਾਲੀ ਨਹੀਂ ਕੀਤੀ ਤੇ ਉਨ੍ਹਾਂ ਨੂੰ ਸ਼ਹਿਰ ਦੇ ਲੋਕ ਸ਼ਰੀਫ ਸਿਆਸਤਦਾਨ ਵਜੋਂ ਜਾਣਦੇ ਹਨ। ਉਨ੍ਹਾਂ ਦੇ ਸਮਰਥਕਾਂ ਤੇ ਚੀਫ਼ ਖਾਲਸਾ ਦੀਵਾਨ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਡਾ. ਨਿੱਜਰ ਦੀ ਅਦਾਰਾ 'ਅਜੀਤ' ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਮੁੱਖ ਮੰਤਰੀ ਵਲੋਂ ਨਿੱਜੀ ਕਿੜ੍ਹ ਕੱਢਣ ਦੀ ਖਾਤਰ ਪ੍ਰੇਸ਼ਾਨ ਕਰਨ ਦੇ ਵਿਰੁੱਧ ਸਪੱਸ਼ਟ ਬਿਆਨੀ ਕਰਨ ਦੀ ਗੱਲ ਉਪਰਲਿਆਂ ਨੂੰ ਹਜ਼ਮ ਨਹੀਂ ਹੋਈ, ਜਿਸ ਲਈ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜ਼ਬੂੁਰ ਕੀਤਾ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ. ਨਿੱਜਰ ਅੰਮ੍ਰਿਤਸਰ ਸ਼ਹਿਰ ਵਿਚੋਂ ਇਕੋ-ਇਕ ਕੈਬਨਿਟ ਮੰਤਰੀ ਸਨ। ਇਸੇ ਦੌਰਾਨ ਜਦੋਂ ਡਾ. ਨਿੱਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦੀ ਸਥਾਨਕ ਬਸੰਤ ਐਵੀਨਿਊ ਸਥਿਤ ਨਿੱਜੀ ਰਿਹਾਇਸ਼ ਵਿਖੇ ਵੀ ਦੇਰ ਰਾਤ ਨੂੰ ਸੰਨਾਟਾ ਪਸਰਿਆ ਦਿਖਾਈ ਦਿੱਤਾ।
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ 9 ਸਾਲ ਪੂਰੇ ਹੋਣ ਨੂੰ ਸੇਵਾ ਦੇ 9 ਸਾਲ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 9 ਸਾਲਾਂ 'ਚ ਉਨ੍ਹਾਂ ਦੀ ਸਰਕਾਰ ਵਲੋਂ ਲਿਆ ਹਰ ਫ਼ੈਸਲਾ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਸੀ। ਮੋਦੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਲਈ ਅਸੀਂ ਹੋਰ ਵੀ ਜ਼ਿਆਦਾ ਮਿਹਨਤ ਕਰਦੇ ਰਹਾਂਗੇ। ਭਾਜਪਾ ਵਲੋਂ ਮੰਗਲਵਾਰ ਤੋਂ ਦੇਸ਼ ਭਰ 'ਚ ਵਿਸ਼ੇਸ਼ ਸੰਪਰਕ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਪੂਰਾ ਇਕ ਮਹੀਨਾ ਚੱਲੇਗੀ। ਇਸ ਦੌਰਾਨ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ 'ਚ ਮੋਦੀ ਮੰਤਰੀ ਮੰਡਲ ਦੇ ਮੰਤਰੀ ਸਰਕਾਰ ਦੀਆਂ ਉਪਲਬਧੀਆਂ ਦੀਆਂ ਜਾਣਕਾਰੀਆਂ ਦੇਣਗੇ, ਜਿਨ੍ਹਾਂ ਰਾਜਾਂ 'ਚ ਭਾਜਪਾ ਦੀ ਸਰਕਾਰ ਹੈ, ਉੱਥੋਂ ਦੇ ਮੁੱਖ ਮੰਤਰੀ ਵੀ ਇਸ ਦੌਰਾਨ ਨਾਲ ਰਹਿਣਗੇ। ਇਸ ਦੇ ਨਾਲ ਹੀ ਭਾਜਪਾ ਕਾਰਕੁੰਨ ਵੀ ਸਰਕਾਰ ਦੀਆਂ ਉਪਲਬਧੀਆਂ ਜਨਤਾ 'ਚ ਲੈ ਕੇ ਜਾਣਗੇ। ਭਾਜਪਾ ਦੀ ਮਹੀਨਾ ਭਰ ਚੱਲਣ ਵਾਲੀ ਜਨ ਸੰਪਰਕ ਮੁਹਿੰਮ ਦੇ ਇੰਚਾਰਜ ਤਰੁਣ ਚੁੱਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਰਾਜਸਥਾਨ ਦੇ ਅਜਮੇਰ 'ਚ ਇੱਕ ਰੈਲੀ ਨਾਲ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਨਗੇ ਅਤੇ ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਦੇਸ਼ ਭਰ ਵਿਚ 51 ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੋਂ ਇਲਾਵਾ ਹੋਰ ਆਗੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਜਨ ਸੰਪਰਕ ਪ੍ਰੋਗਰਾਮ ਹੋਵੇਗਾ। ਲੋਕ ਸਭਾ ਪੱਧਰ 'ਤੇ ਕੁੱਲ 500 ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ। ਪਾਰਟੀ ਨੇ 543 ਲੋਕ ਸਭਾ ਸੀਟਾਂ ਨੂੰ 144 ਕਲੱਸਟਰਾਂ ਵਿਚ ਵੰਡਿਆ ਹੈ, ਹਰੇਕ ਵਿੱਚ ਤਿੰਨ ਤੋਂ ਚਾਰ ਹਲਕੇ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਸਮੇਤ ਪਾਰਟੀ ਦੇ ਦੋ ਸੀਨੀਅਰ ਆਗੂ ਹਰ ਕਲੱਸਟਰ ਵਿਚ ਅੱਠ ਦਿਨ ਬਿਤਾਉਣਗੇ ਅਤੇ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਵੱਖ-ਵੱਖ ਜਨਤਕ ਸੰਪਰਕ ਪ੍ਰੋਗਰਾਮ ਕਰਨਗੇ ਅਤੇ ਚੰਗੇ ਪ੍ਰਸ਼ਾਸਨ ਅਤੇ ਗਰੀਬਾਂ ਦੀ ਭਲਾਈ ਬਾਰੇ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਨਗੇ।
ਸਰਕਾਰ ਨੇ ਇਤਿਹਾਸਕ ਪ੍ਰਾਪਤੀਆਂ ਕੀਤੀਆਂ-ਨੱਢਾ
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 9 ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ, ਜਿਸ ਦੌਰਾਨ ਸਿਹਤ, ਸਿੱਖਿਆ, ਆਰਥਿਕ ਸਵੈ-ਨਿਰਭਰਤਾ, ਸੜਕਾਂ, ਪਾਣੀ, ਬਿਜਲੀ ਵਰਗੀਆਂ ਬੁਨਿਆਦੀ ਲੋੜਾਂ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਕਤਾਰ ਦੇ
ਅਖੀਰਲੇ ਵਿਅਕਤੀ ਤੱਕ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ। 'ਆਜ਼ਾਦੀ ਦੇ ਅੰਮ੍ਰਿਤ ਕਾਲ' ਵਿਚ ਦੇਸ਼ ਇੱਕ ਵਿਕਸਿਤ ਭਾਰਤ ਬਣਨ ਦੇ ਸੰਕਲਪ ਨਾਲ ਪੂਰੇ ਆਤਮ ਵਿਸ਼ਵਾਸ ਅਤੇ ਉਤਸ਼ਾਹ ਨਾਲ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ।
ਨਿਰਮਲ ਸਿੰਘ ਧਾਲੀਵਾਲ
ਮੁੱਲਾਂਪੁਰ-ਦਾਖਾ, 30 ਮਈ -ਸੂਬੇ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵਲੋਂ 'ਅਜੀਤ' ਵਿਰੁੱਧ ਦਮਨਕਾਰੀ ਨੀਤੀ ਤਹਿਤ ਪਹਿਲਾਂ ਸਰਕਾਰੀ ਇਸ਼ਤਿਹਾਰ ਰੋਕੇ, ਇਸ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਫ਼ਰਮਾਨ ਬਾਅਦ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਸੰਮਨ ਕਰਨ 'ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਭਗਵੰਤ ਮਾਨ ਪ੍ਰਤੀ ਲਾਵਾ ਫੁੱਟਣ ਲੱਗ ਪਿਆ। ਡਾ. ਹਮਦਰਦ ਨੂੰ ਵਿਜੀਲੈਂਸ ਨੋਟਿਸ ਜਾਰੀ ਹੋਣ 'ਤੇ ਪੰਜਾਬ ਦੇ ਲੋਕ ਸੱਚ ਦੀ ਆਵਾਜ਼ 'ਅਜੀਤ' ਦੇ ਹੱਕ 'ਚ ਸੜਕਾਂ 'ਤੇ ਉਤਰਨੇ ਸ਼ੁਰੂ ਹੋ ਗਏ। ਵਿਧਾਨ ਸਭਾ ਹਲਕਾ ਦਾਖਾ ਦੇ ਕਸਬਾ ਮੰਡੀ ਮੁੱਲਾਂਪੁਰ ਵਿਖੇ 'ਅਜੀਤ' ਪ੍ਰਤੀ ਹਮਦਰਦੀ ਰੱਖਣ ਵਾਲੀਆਂ ਕਈ ਜਥੇਬੰਦੀਆਂ ਦੇ ਹਜ਼ਾਰਾਂ ਲੋਕਾਂ ਨੇ ਮੁੱਖ ਚੌਕ ਨੇੜੇ ਧਰਨਾ ਦੇ ਕੇ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਕਾਰਵਾਈ ਦੀ ਨਿੰਦਾ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ/ਧਨੇਰ) ਦੇ ਕਾਰਜਕਾਰੀ ਪੰਜਾਬ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਦੀ ਆਵਾਜ਼ ਖ਼ਿਲਾਫ਼ ਬਦਲਾਖੋਰੀ ਵਿਰੁੱਧ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ, ਕਿਉਂਕਿ ਡਾ. ਹਮਦਰਦ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਬੀ.ਕੇ.ਯੂ (ਡਕੌਂਦਾ/ਬੂਟਾ ਸਿੰਘ ਬੁਰਜਗਿੱਲ) ਦੇ ਬਲਾਕ ਮੁੱਲਾਂਪੁਰ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਵਲੋਂ 'ਅਜੀਤ' ਵਿਰੁੱਧ ਵਰਤੇ ਜਾ ਰਹੇ ਕੋਝੇ ਹੱਥਕੰਡੇ ਇਸ ਦੇ ਪਤਨ ਦਾ ਕਾਰਨ ਬਣਨਗੇ। ਗੁਰਮੇਲ ਸਿੰਘ ਭਰੋਵਾਲ ਨੇ ਕਿਹਾ ਕਿ ਲੱਗਦਾ ਹੈ ਭਗਵੰਤ ਮਾਨ ਸੰਵਿਧਾਨਿਕ ਉੱਚਿਚਤਾ ਭੁੱਲ ਬੈਠਾ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ, ਜਸਪਾਲ ਸਿੰਘ ਹੇਰਾਂ, ਸੰਤੋਖ ਗਿੱਲ, ਰਾਹੁਲ ਗਰੋਵਰ, ਸਤਵਿੰਦਰ ਸਿੰਘ ਗਿੱਲ, ਸੁਰਿੰਦਰ ਅਰੋੜਾ, ਮੀਤ ਪ੍ਰਧਾਨ ਤੇਜਿੰਦਰ ਸਿੰਘ ਗਿੱਲ ਸੁਧਾਰ, ਕਮਲਪ੍ਰੀਤ ਸਿੰਘ ਹੈਪੀ ਸਹੌਲੀ, ਬੀ.ਕੇ.ਯੂ (ਡਕੌਂਦਾ) ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ, ਜ਼ਿਲ੍ਹਾ ਸੈਕਟਰੀ ਇੰਦਰਜੀਤ ਸਿੰਘ ਜਗਰਾਉਂ, ਬਾਬਾ ਤਰਲੋਕ ਸਿੰਘ ਅਗਵਾੜ ਲੋਪੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਆਗੂ ਜਸਦੇਵ ਸਿੰਘ ਲਲਤੋਂ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਆਗੂ ਉਜਾਗਰ ਸਿੰਘ ਬੱਦੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬੜੈਚ, ਮਲਕੀਤ ਸਿੰਘ ਭੱਟੀਆਂ, ਦਵਿੰਦਰ ਸਿੰਘ ਲੰਮੇ, ਸੀ.ਪੀ.ਆਈ (ਐੱਮ) ਆਗੂ ਰੂਪ ਬਸੰਤ ਸਿੰਘ ਬੜੈਚ, ਬੀ.ਕੇ.ਯੂ (ਡਕੌਂਦਾ) ਇਕਾਈ ਰੱਤੋਵਾਲ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ, ਪੰਚ ਸ਼ਿੰਗਾਰਾ ਸਿੰਘ ਰੱਤੋਵਾਲ, ਸੁਖਦੇਵ ਸਿੰਘ ਰੱਤੋਵਾਲ, ਹੈਪੀ ਧਾਲੀਵਾਲ, ਬੀ.ਕੇ.ਯੂ (ਡਕੌਂਦਾ) ਇਕਾਈ ਟੂਸਾ ਪ੍ਰਧਾਨ ਹਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਆਗੂ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਸਵਿੰਦਰ ਸਿੰਘ ਥਰੀਕੇ, ਭਰਪੂਰ ਸਿੰਘ ਥਰੀਕੇ, ਸੁਖਦੇਵ ਸਿੰਘ ਮੋਹੀ, ਕੁਲਦੀਪ ਸਿੰਘ ਗੁੱਜਰਵਾਲ, ਜਗਦੀਪ ਸਿੰਘ ਜੱਗਾ ਥਰੀਕੇ, ਗੁਰਦਿਆਲ ਸਿੰਘ ਤਲਵੰਡੀ ਪ੍ਰਧਾਨ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ, ਲੋਕ ਕਲਾ ਮੰਚ ਪ੍ਰਧਾਨ ਹਰਕੇਸ਼ ਚੌਧਰੀ, ਬਾਬਾ ਫ਼ਤਹਿ ਸਿੰਘ ਗਤਕਾ ਅਖਾੜਾ ਮੁੱਲਾਂਪੁਰ ਮੁਖੀ ਸੁਰਿੰਦਰਪਾਲ ਸਿੰਘ, ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਪ੍ਰਧਾਨ ਗੁਰਮੇਲ ਸਿੰਘ ਹਿੱਸੋਵਾਲ, ਟਹਿਲ ਸਿੰਘ ਜਾਂਗਪੁਰ, ਢਾਡੀ ਗੁਲਜ਼ਾਰ ਸਿੰਘ, ਡਾ. ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੁੱਲਾਂਪੁਰ ਪ੍ਰਧਾਨ ਹਰਦਿਆਲ ਸਿੰਘ, ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸਰਬਜੋਤ ਕੌਰ ਬਰਾੜ, ਆਂਗਣਵਾੜੀ ਯੂਨੀਅਨ ਬਲਾਕ ਪ੍ਰਧਾਨ ਸਰਬਜੀਤ ਕੌਰ ਹੇਰਾਂ, ਬਲਾਕ ਕਾਂਗਰਸ ਮੁੱਲਾਂਪੁਰ ਮਹਿਲਾ ਪ੍ਰਧਾਨ ਸਰਬਜੀਤ ਕੌਰ ਨਾਹਰ, ਤੇਜਿੰਦਰ ਕੌਰ ਰਕਬਾ, ਖੁਸ਼ਮਿੰਦਰ ਕੌਰ, ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ, ਟੈਕਨੀਕਲ ਸਰਵਿਸ ਯੂਨੀਅਨ ਪ੍ਰਧਾਨ ਪਾਲ ਸਿੰਘ ਗਹੌਰ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੰਡੀ ਮੁੱਲਾਂਪੁਰ ਪ੍ਰਧਾਨ ਰਘਵੀਰ ਸਿੰਘ ਔਲਖ, ਕੈਮਿਸਟ ਐਸੋ: ਮੁੱਲਾਂਪੁਰ-ਦਾਖਾ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ, ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਪ੍ਰਧਾਨ ਗੁਰਮੇਲ ਸਿੰਘ ਬਿਰਕ, ਸਾਬਕਾ ਸਕੱਤਰ ਬਲਬੀਰ ਸਿੰਘ ਮਾਨ, ਲੇਖਕ ਅਮਰੀਕ ਸਿੰਘ ਤਲਵੰਡੀ, ਪੈਨਸ਼ਨਰਜ਼ ਯੂਨੀਅਨ ਪ੍ਰਧਾਨ ਹਰਦਿਆਲ ਸਿੰਘ ਘੁਮਾਣ, ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਰਪੰਚ ਯੂਨੀਅਨ ਬਲਾਕ ਸੁਧਾਰ ਪ੍ਰਧਾਨ ਹਰਮਿੰਦਰ ਸਿੰਘ ਪੱਪ, ਸਰਪੰਚ ਸੁਖਵਿੰਦਰ ਸਿੰਘ ਭੱਠਾਧੂਹਾ, ਸਰਪੰਚ ਬਲਵੰਤ ਸਿੰਘ ਰਾਣਕੇ, ਮਨਜੀਤ ਸਿੰਘ ਭੈਰੋਮੁੰਨਾ, ਕਿਸਾਨ ਆਗੂ ਬੇਅੰਤ ਸਿੰਘ ਸੰਧੂ, ਲੇਖ ਰਾਜ ਭੱਠਾਧੂਹਾ, ਜਸਵੀਰ ਸਿੰਘ ਭੱਟੀਆਂ, ਮਨਜੀਤ ਸਿੰਘ ਉੱਪਲ, ਹਰਦਿਆਲ ਸਿੰਘ ਵਲੀਪੁਰ, ਹਾਕਮ ਸਿੰਘ ਭੱਟੀਆਂ, ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਪ੍ਰਧਾਨ ਕ੍ਰਿਪਾਲ ਸਿੰਘ ਪਮਾਲੀ, ਸੈਕਟਰੀ ਕਰਤਾਰ ਸਿੰਘ ਖਹਿਰਾ ਬੇਟ, ਤੇਜਾ ਸਿੰਘ ਬੜੈਚ, ਭੁਪਿੰਦਰ ਸਿੰਘ ਬੜੈਚ, ਕਰਮਜੀਤ ਸਿੰਘ ਦਾਖਾ, ਗੁਰਦੀਪ ਸਿੰਘ ਕੋਟਉਮਰਾ, ਲਖਵੀਰ ਸਿੰਘ ਦਾਖਾ, ਕੇਵਲ ਸਿੰਘ ਮੁੱਲਾਂਪੁਰ, ਤੀਰਥ ਸਿੰਘ ਤਲਵੰਡੀ ਹੋਰਨਾਂ ਵਲੋਂ 'ਅਜੀਤ' ਅਖ਼ਬਾਰ ਵਿਰੁੱਧ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਬਾਰੇ ਬੋਲਦਿਆਂ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸਿਧਾਂਤਕ ਤੇ ਨੈਤਿਕ ਪੱਤਰਕਾਰਤਾ ਖ਼ਿਲਾਫ਼ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਵਾਲੀ ਭਾਵਨਾ ਬੰਦ ਕਰੇ, ਕਿਉਂਕਿ ਅਦਾਰਾ 'ਅਜੀਤ' ਤੇ ਡਾ. ਹਮਦਰਦ ਸਰਕਾਰ ਦੇ ਦਬਾਅ ਹੇਠ ਕਦੇ ਝੁਕੇ ਨਹੀਂ।
ਪਹਿਲਾਂ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਲੋਕ ਪੱਖੀ ਜਮਹੂਰੀ ਕਾਰਕੁੰਨ ਡਾ. ਨਵਸ਼ਰਨ, ਹੁਣ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਪੱਤਰਕਾਰ ਭਾਈਚਾਰਾ ਸਰਕਾਰ ਦੀਆਂ ਇਨ੍ਹਾਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰੇਗਾ। ਇਹ ਪ੍ਰਗਟਾਵਾ ਮੁੱਲਾਂਪੁਰ-ਦਾਖਾ ਤੋਂ ਵੱਖ-ਵੱਖ ਅਖ਼ਬਾਰਾਂ ਦੀ ਪ੍ਰਤੀਨਿਧਤਾ ਵਾਲੇ ਪੱਤਰਕਾਰਾਂ ਪੰਜਾਬ ਸਰਕਾਰ ਵਿਰੁੱਧ ਧਰਨੇ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਪ੍ਰੈੱਸ 'ਤੇ ਹਮਲੇ ਤੋਂ ਸਰਕਾਰਾਂ ਬਾਜ਼ ਨਾ ਆਈਆਂ ਤਾਂ ਰਾਜ ਭਰ 'ਚ ਡਵੀਜ਼ਨ, ਸਬ-ਡਵੀਜ਼ਨ ਪੱਧਰ 'ਤੇ ਇਕੋ ਦਿਨ ਸਰਕਾਰ ਖ਼ਿਲਾਫ਼ ਹੱਲਾ ਬੋਲਿਆ ਜਾਵੇਗਾ।
ਬੀਬੀਆਂ 'ਚ ਰੋਸ
ਬੀ.ਕੇ.ਯੂ (ਡਕੌਂਦਾ), ਬੀ.ਕੇ.ਯੂ (ਦੋਆਬਾ), ਕੁੱਲ ਹਿੰਦ ਕਿਸਾਨ ਸਭਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ, ਜ਼ਬਰ ਵਿਰੋਧੀ ਐਕਸ਼ਨ ਕਮੇਟੀ, ਬੀ.ਕੇ.ਯੂ (ਸਿੱਧੂਪੁਰ) ਦੀਆਂ ਬੀਬੀਆਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ 'ਚ ਸਰਕਾਰ ਖ਼ਿਲਾਫ਼ ਮੰਡੀ ਮੁੱਲਾਂਪੁਰ ਧਰਨੇ ਵਿਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਨੂੰ ਲਲਕਾਰਿਆ ਕਿ ਸੱਚ ਲਿਖਣੋ ਡਾ. ਹਮਦਰਦ ਦੀ ਕਲਮ ਨੂੰ ਰੋਕਿਆ ਨਹੀਂ ਜਾ ਸਕਦਾ। ਪਿੰਡ ਰੱਤੋਵਾਲ ਦੀਆਂ ਵੱਡੀ ਗਿਣਤੀ ਔਰਤਾਂ ਨੇ ਸਰਕਾਰ ਵਿਰੁੱਧ ਇਕੱਤਰਤਾ ਵਿਚ ਪਹੁੰਚ ਕੇ ਕਿਹਾ ਕਿ ਡਾ. ਹਮਦਰਦ ਦੀ ਕਲਮ ਕਦੇ ਵੀ ਝੁਕੀ ਨਹੀਂ ਅਤੇ ਨਾ ਹੀ ਝੁਕੇਗੀ।
ਜੰਮੂ/ਨਵੀਂ ਦਿੱਲੀ/ਪਟਨਾ, 30 ਮਈ (ਏਜੰਸੀ)- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਇਕ ਬੱਸ ਦੇ ਪੁਲ ਦੀ ਰੇਲਿੰਗ ਨਾਲ ਟਕਰਾ ਕੇ ਹੇਠਾਂ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਤੇ 66 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਕੱਟੜਾ ਜਾ ਰਹੀ ਬੱਸ ਜੰਮੂ-ਸ੍ਰੀਨਗਰ ਕੌਮੀ ਮਾਰਗ 'ਤੇ ਝੱਜਰ ਕੋਟਲੀ ਪੁਲ 'ਤੇ ਹਾਦਸਾਗ੍ਰਸਤ ਹੋ ਗਈ, ਜਿਸ 'ਚ ਬਹੁਤੇ ਸ਼ਰਧਾਲੂ ਬਿਹਾਰ ਦੇ ਲਖੀਸਰਾਏ ਦੇ ਰਹਿਣ ਵਾਲੇ ਹਨ, ਜੋ ਆਪਣੇ ਬੱਚੇ ਦਾ 'ਮੁੰਡਨ' ਕਰਵਾਉਣ ਲਈ ਮਾਤਾ ਵੈਸ਼ਨੋ ਦੇਵੀ ਜਾ ਰਹੇ ਸਨ। ਜੰਮੂ ਦੇ ਐਸ. ਐਸ. ਪੀ. ਚੰਦਨ ਕੋਹਲੀ ਨੇ ਦੱਸਿਆ ਕਿ ਝੱਜਰ ਕੋਟਲੀ ਪੁਲ 'ਤੇ ਮੰਗਲਵਾਰ ਸਵੇਰੇ 6-7 ਵਜੇ ਵਾਪਰੇ ਇਸ ਹਾਦਸੇ 'ਚ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ, ਪੁਲਿਸ ਤੇ ਸੀ. ਆਰ. ਪੀ. ਐਫ. ਦੀ ਜਵਾਨਾਂ ਦੀ ਮਦਦ ਨਾਲ ਜੰਮੂ ਦੇ ਜੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਬੱਸ 'ਚ ਸਵਾਰ ਬਚ ਗਏ ਇਕ ਸੇਵਾਦਾਰ ਨੇ ਦੱਸਿਆ ਕਿ ਖੱਬੀ ਲੇਨ 'ਚ ਜਾ ਰਹੀ ਬੱਸ ਅਚਾਨਕ ਡਰਾਈਵਰ ਤੋਂ ਬੇਕਾਬੂ ਹੋ ਕੇ ਸੱਜੇ ਪਾਸੇ ਜਾ ਕੇ ਪੁਲ ਦੀ ਰੇਲਿੰਗ ਨਾਲ ਟਕਰਾਉਣ ਬਾਅਦ ਹੇਠਾਂ ਡਿੱਗ ਗਈ। ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਬੱਸ ਹਾਦਸੇ 'ਚ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਮਾਰੇ ਗਏ ਲੋਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਐਕ-ਗ੍ਰੇਸ਼ੀਆ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਤੇ ਇਲਾਜ਼ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜੰਮੂ-ਕਸ਼ਮੀਰ ਦੇ ਸਕੱਤਰ ਏ.ਕੇ. ਮਹਿਤਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਜੀ.ਐਮ.ਸੀ. ਹਸਪਤਾਲ ਦਾ ਦੌਰਾ ਕੀਤਾ ਤੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ ਹੈ। ਡੀ.ਜੀ.ਪੀ. ਦਿਲਬਾਗ ਸਿੰਘ ਅਨੁਸਾਰ ਪਹਿਲੀ ਨਜ਼ਰੇ ਇਹ ਹਾਦਸਾ ਮਨੁੱਖੀ ਗਲਤੀ ਜਾਂ ਬੱਸ ਦੀ ਤੇਜ਼ ਰਫਤਾਰ ਦਾ ਜਾਪਦਾ ਹੈ। ਇਸ ਹਾਦਸੇ 'ਤੇ ਜੰਮੂ-ਕਸ਼ਮੀਰ ਭਾਜਪਾ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਦੁੱਖ ਪ੍ਰਗਟ ਕੀਤਾ ਹੈ, ਜਦਕਿ ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਚੇਅਰਮੈਨ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਆਗੂਆਂ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੀੜਤਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰਕੇ ਮੰਗਲਵਾਰ ਨੂੰ ਜੰਮੂ 'ਚ ਵਾਪਰੇ ਬੱਸ ਹਾਦਸੇ 'ਚ 10 ਸ਼ਰਧਾਲੂਆਂ ਦੀ ਹੋਈ ਮੌਤ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਹਾਦਸੇ 'ਚ ਜ਼ਖ਼ਮੀ ਹੋਣ ਵਾਲਿਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜੰਮੂ ਬੱਸ ਹਾਦਸੇ 'ਚ 10 ਸ਼ਰਧਾਲੂਆਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਦੀ ਐਕਸਗ੍ਰੇਸੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਨਵੀਂ ਦਿੱਲੀ ਸਥਿਤ ਸੂਬੇ ਦੇ ਰੈਜੀਡੈਂਟ ਕਮਿਸ਼ਨਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਤੇ ਜ਼ਖ਼ਮੀਆਂ ਦੇ ਢੁੱਕਵਾਂ ਇਲਾਜ ਯਕੀਨੀ ਬਣਾਉਣ ਲਈ ਕਿਹਾ ਹੈ।
ਅੰਮ੍ਰਿਤਸਰ, 30 ਮਈ (ਰੇਸ਼ਮ ਸਿੰਘ)-ਮਾਤਾ ਵੈਸ਼ਨੂੰ ਦੇਵੀ ਜਾ ਰਹੀ ਬੱਸ ਦੇ ਜੰਮੂ ਨੇੜੇ ਝੱਜਰ ਕੋਟਲੀ ਪੁਲ ਤੋਂ ਹੇਠਾਂ ਡਿੱਗਣ ਕਾਰਨ ਵਾਪਰੇ ਹਾਦਸੇ 'ਚ ਮਰਨ ਵਾਲਿਆਂ 'ਚ ਡਰਾਈਵਰ ਸਮੇਤ 3 ਲੋਕ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਇਸ ਹਾਦਸੇ ਦੀ ਖ਼ਬਰ ਇਥੇ ਪੁੱਜਣ 'ਤੇ ਪ੍ਰੀਤ ਨਗਰ ਫਹਤਿਗੜ ਚੂੜੀਆਂ ਰੋਡ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰੰਘ ਔਜਲਾ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਤੋਂ ਸਿੱਧੇ ਜੰਮੂ ਲਈ ਰਵਾਨਾ ਹੋ ਗਏ ਹਨ। ਇਸ ਹਾਦਸੇ ਦੇ ਮ੍ਰਿਤਕਾਂ ਦੀ ਸ਼ਨਾਖਤ ਬੱਸ ਦੇ ਡਰਾਈਵਰ ਗਨੇਸ਼ ਕੁਮਾਰ (35) ਪੁੱਤਰ ਜਗਦੀਸ਼ ਲਾਲ, ਸ੍ਰੀਮਤੀ ਲਲਿਤਾ ਦੇਵੀ (30) ਪਤਨੀ ਮਨੋਜ ਸ਼ਰਮਾ, ਕਰਿਸ਼ ਸ਼ਰਮਾ (5) ਪੁੱਤਰ ਮਨੋਜ ਸ਼ਰਮਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖ਼ਮੀ ਬਿਮਲਾ ਦੇਵੀ (31) ਪਤਨੀ ਮੁੰਨਾ ਵਾਸੀ ਪ੍ਰੀਤ ਐਵੀਨਿਊ ਅੰਮ੍ਰਿਤਸਰ ਵਜੋਂ ਹੋਈ ਹੈ। ਅੰਮ੍ਰਿਤਸਰ ਦੇ ਡੀ.ਸੀ. ਅਮਿਤ ਤਲਵਾੜ ਨੇ ਇਸ ਬੱਸ ਹਾਦਸੇ ਬਾਅਦ ਅਧਿਕਾਰੀਆਂ ਦੀ ਇਕ ਟੀਮ ਜੰਮੂ ਲਈ ਰਵਾਨਾ ਕਰ ਦਿੱਤੀ ਹੈ, ਜੋ ਜ਼ਖ਼ਮੀਆਂ ਦੇ ਇਲਾਜ ਤੇ ਮ੍ਰਿਤਕਾਂ ਦੀਆਂ ਦੇਹਾਂ ਦੀ ਸੰਭਾਲ ਕਰੇਗੀ। ਡੀ.ਸੀ. ਸ੍ਰੀ ਤਲਵਾੜ ਦੇ ਉਚੇਚੇ ਯਤਨਾਂ ਸਦਕਾ ਤਹਿਸੀਲਦਾਰ ਜਸਕਰਨਜੀਤ ਸਿੰਘ ਤੇ ਹੋਰ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਮੁੰਬਈ, 30 ਮਈ (ਏਜੰਸੀਆਂ)-ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵਲੋਂ 3 ਸਿੱਖ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਇਨ੍ਹਾਂ 'ਚ ਇਕ 14 ਸਾਲ ਦੇ ਸਿੱਖ ਬੱਚੇ ਦੀ ਮੌਤ ਹੋ ਗਈ ਹੈ, ਜਦਕਿ 2 ਹੋਰ ਸਿੱਖ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ। ...
ਜਲੰਧਰ, 30 ਮਈ (ਸ਼ਿਵ)- ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਬਦਲਾਖੋਰੀ ਦੀਆਂ ਕਾਰਵਾਈਆਂ ਕਰਨ 'ਤੇ 'ਆਪ' ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਭਾਜਪਾ ਪੰਜਾਬ ਦੇ ...
ਚੰਡੀਗੜ੍ਹ, 30 ਮਈ (ਪ੍ਰੋ. ਅਵਤਾਰ ਸਿੰਘ)-ਭਗਵੰਤ ਮਾਨ ਸਰਕਾਰ ਵਲੋਂ ਸੌੜੀ ਤੇ ਬਦਲਾਲਊ ਭਾਵਨਾ ਨਾਲ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਰਾਹੀਂ ਪ੍ਰੇਸ਼ਾਨ ਕਰਨ ਵਿਰੁੱਧ ਜਲੰਧਰ ਵਿਖੇ 1 ਜੂਨ ਨੂੰ ਸਾਰੀਆਂ ਪਾਰਟੀਆਂ ਦੀ ...
ਇੰਫਾਲ, 30 ਮਈ (ਏਜੰਸੀ)-ਕੇਂਦਰ ਅਤੇ ਮਨੀਪੁਰ ਸਰਕਾਰ ਨੇ ਸੂਬੇ 'ਚ ਹੋਈ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਆਵਜ਼ੇ ਦੀ ਰਾਸ਼ੀ ਕੇਂਦਰ ਅਤੇ ਸੂਬਾ ਸਰਕਾਰ ...
ਨਵੀਂ ਦਿੱਲੀ, 30 ਮਈ (ਉਪਮਾ ਡਾਗਾ ਪਾਰਥ)-ਮਨੀਪੁਰ 'ਚ ਹਾਲ 'ਚ ਹੋਈ ਹਿੰਸਾ ਨੂੰ ਲੈ ਕੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਪਾਰਟੀ ਦੇ ਇਕ ਵਫ਼ਦ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰ ਕੇ ਇਸ ਸੰਬੰਧ 'ਚ ਇਕ ਉੱਚ ਪੱਧਰੀ ਜਾਂਚ ...
ਅੰਮ੍ਰਿਤਸਰ, 30 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਉਸ ਦੇ ਮਿੱਤਰ ਦੇਸ਼ ਮਲੇਸ਼ੀਆ ਨੇ ਵੱਡਾ ਝਟਕਾ ਦਿੰਦਿਆਂ ਪਾਕਿਸਤਾਨ ਦੀ ਸਰਕਾਰੀ ਏਅਰਲਾਈਨਜ਼ ਪੀ. ਆਈ. ਏ. ਦਾ ਬੋਇੰਗ 777 ਜਹਾਜ਼ ਜ਼ਬਤ ਕਰ ਲਿਆ ਹੈ, ਜੋ ਉਸ ਨੇ ਮਲੇਸ਼ੀਆ ਤੋਂ ਲੀਜ਼ 'ਤੇ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ...
ਹਰਿਦੁਆਰ/ਨਵੀਂ ਦਿੱਲੀ, 30 ਮਈ (ਪੀ. ਟੀ. ਆਈ./ਬਲਵਿੰਦਰ ਸਿੰਘ ਸੋਢੀ)-ਦੇਸ਼ ਦੇ ਚੋਟੀ ਦੇ ਪਹਿਲਵਾਨ ਜਿਨ੍ਹਾਂ 'ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਸ਼ਾਮਿਲ ਹਨ, ਖਾਪ ਪੰਚਾਇਤਾਂ ਅਤੇ ਕਿਸਾਨ ਆਗੂਆਂ ਵਲੋਂ ਪੰਜ ਦਿਨਾਂ ਦਾ ਸਮਾਂ ਲੈਣ ਉਪਰੰਤ ਆਪਣੇ ਉਲੰਪਿਕ, ...
ਨਵੀਂ ਦਿੱਲੀ, 30 ਮਈ (ਉਪਮਾ ਡਾਗਾ ਪਾਰਥ)-ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ ਦਿੰਦਿਆਂ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਆਪਣੇ ਆਦੇਸ਼ 'ਚ ਸਿਸੋਦੀਆ ਖ਼ਿਲਾਫ਼ ਦੋਸ਼ਾਂ ਨੂੰ ਕਾਫ਼ੀ ਗੰਭੀਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX