ਲੁੰਬਿਨੀ, 16 ਮਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਨਿਪਾਲ ਦੀ ਲਗਾਤਾਰ ਮਜ਼ਬੂਤ ਹੋ ਰਹੀ ਮਿੱਤਰਤਾ ਤੇ ਨੇੜਤਾ ਉਭਰ ਰਹੇ ਕੌਮਾਂਤਰੀ ਹਾਲਾਤ 'ਚ ਪੂਰੀ ਮਨੁੱਖਤਾ ਲਈ ਲਾਭਕਾਰੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਤੇ ਨਿਪਾਲ ਦੇ ਸੰਬੰਧ ਹਿਮਾਲਿਆ ਵਾਂਗ ਅਟੱਲ ਹਨ। ਇਥੇ ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਨਿਪਾਲ ਦੀ ਲਗਾਤਾਰ ਮਜ਼ਬੂਤ ਹੋ ਰਹੀ ਦੋਸਤੀ ਤੇ ਸਾਡੀ ਨੇੜਤਾ ਉੱਭਰ ਰਹੀਆਂ ਕੌਮਾਂਤਰੀ ਸਥਿਤੀਆਂ 'ਚ ਸਾਰੀ ਮਨੁੱਖਤਾ ਲਈ ਲਾਭਕਾਰੀ ਸਾਬਿਤ ਹੋਵੇਗੀ। ਲੁੰਬਿਨੀ ਦੇ ਇੰਟਰਨੈਸ਼ਨਲ ਕਾਨਵੈਨਸ਼ਨ ਸੈਂਟਰ ਤੇ ਮੈਡੀਟੇਸ਼ਨ ਹਾਲ ਵਿਖੇ 2566ਵੇਂ ਬੁੱਧ ਜੈਅੰਤੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਮੌਕੇ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਤੇ ਉਨ੍ਹਾਂ ਦੀ ਪਤਨੀ ਡਾ. ਆਰਜ਼ੂ ਰਾਣਾ ਦਿਓਬਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਮਾਗਮ 'ਚ ਨਿਪਾਲ ਦੀ ਕੈਬਨਿਟ ਦੇ ਕਈ ਮੰਤਰੀਆਂ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਕਰੀਬ 20 ਮਿੰਟ ਦੇ ਵਿਸ਼ੇਸ਼ ਸੰਬੋਧਨ ਦੌਰਾਨ ਕਿਹਾ ਕਿ ਮਹਾਤਮਾ ਬੁੱਧ ਦੇ ਜਨਮ ਸਥਾਨ ਦੀ ਊਰਜਾ ਨੇ ਉਨ੍ਹਾਂ ਨੂੰ ਵੱਖਰੀ ਕਿਸਮ ਦੀ ਭਾਵਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਮੈਂ 2014 'ਚ ਇਸ ਜਗ੍ਹਾ ਲਈ ਮਹਾਬੋਧੀ ਦਾ ਜੋ ਬੂਟਾ ਤੋਹਫ਼ੇ 'ਚ ਦਿੱਤਾ ਸੀ, ਉਹ ਹੁਣ ਇਕ ਦਰੱਖਤ ਦਾ ਰੂਪ ਧਾਰਨ ਕਰ ਰਿਹਾ ਹੈ। ਲੁੰਬਿਨੀ ਵਿਖੇ ਭਿਕਸ਼ੂਆਂ, ਬੋਧੀ ਵਿਦਵਾਨਾਂ ਤੇ ਕੌਮਾਂਤਰੀ ਸ਼ਖ਼ਸੀਅਤਾਂ ਸਮੇਤ 2500 ਦੇ ਕਰੀਬ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਬੁੱਧ ਮਨੁੱਖਤਾ ਦੀ ਸਮੂਹਿਕ ਸਮਝ ਦੇ ਅਵਤਾਰ ਹਨ। ਇਸ ਮੌਕੇ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਕਿਹਾ ਕਿ ਨਿਪਾਲ ਭਾਰਤ ਨਾਲ ਆਪਸੀ ਸਨਮਾਨ ਤੇ ਸਮਝ ਦੇ ਆਧਾਰ 'ਤੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਗੁਆਂਢੀ ਸਾਂਝੇ ਅਧਿਆਤਮਕ, ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਬੰਧਨਾਂ ਨਾਲ ਇਕ-ਦੂਜੇ ਨਾਲ ਜੁੜੇ ਹੋਏ ਹਨ। ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੇਰ ਬਹਾਦਰ ਦਿਓਬਾ ਨੇ ਕਿਹਾ ਕਿ ਨਿਪਾਲ ਬੁਨਿਆਦੀ ਢਾਂਚੇ, ਸੰਪਰਕ, ਪਣ-ਬਿਜਲੀ, ਖੇਤੀਬਾੜੀ, ਮਨੁੱਖੀ ਵਸੀਲਿਆਂ ਦੇ ਨਾਲ-ਨਾਲ ਭੂਚਾਲ ਤੋਂ ਬਾਅਦ ਦੇ ਪੁਨਰ ਨਿਰਮਾਣ ਤੇ ਸੱਭਿਆਚਾਰਕ ਵਿਰਾਸਤ ਦੀ ਬਹਾਲੀ 'ਚ ਭਾਰਤ ਦੇ ਸਹਿਯੋਗ ਦੀ ਬਹੁਤ ਕਦਰ ਕਰਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁੰਬਿਨੀ, ਮਹਾਤਮਾ ਬੁੱਧ ਦੇ ਜਨਮ ਸਥਾਨ ਵਿਖੇ ਆਪਣੇ ਨਿਪਾਲੀ ਹਮਰੁਤਬਾ ਸ਼ੇਰ ਬਹਾਦਰ ਦਿਓਬਾ ਨਾਲ ਦੁਵੱਲੇ ਸੰਬੰਧਾਂ ਬਾਰੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਵੱਖ-ਵੱਖ ਖੇਤਰਾਂ 'ਚ ਦੁਵੱਲੀ ਭਾਈਵਾਲੀ 'ਚ ਨਵੇਂ ਖੇਤਰਾਂ ਦਾ ਹੋਰ ਵਿਕਾਸ ਕਰਨ ਬਾਰੇ ਚਰਚਾ ਕੀਤੀ। ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸੱਭਿਆਚਾਰ ਤੇ ਸਿੱਖਿਆ ਦੇ ਖੇਤਰਾਂ 'ਚ ਸਹਿਯੋਗ ਲਈ 6 ਸਮਝੌਤਿਆਂ 'ਤੇ ਦਸਤਖਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਹਿਮਾਲੀਅਨ ਦੇਸ਼ 'ਚ ਬੁੱਧ ਪੂਰਨਿਮਾ ਮੌਕੇ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਦੇ ਸੱਦੇ 'ਤੇ ਲੁੰਬਿਨੀ ਦੇ ਇਕ ਦਿਨਾ ਦੌਰੇ 'ਤੇ ਹਨ, ਨੇ ਇਥੋਂ ਦੇ ਪ੍ਰਸਿੱਧ ਮਾਇਆ ਦੇਵੀ ਮੰਦਿਰ 'ਚ ਵੀ ਪੂਜਾ ਕੀਤੀ। ਜ਼ਿਕਰਯੋਗ ਹੈ ਕਿ 2014 ਤੋਂ ਪ੍ਰਧਾਨ ਮੰਤਰੀ ਵਲੋਂ ਨਿਪਾਲ ਦਾ ਇਹ 5ਵਾਂ ਦੌਰਾ ਹੈ।
ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਲਈ ਆਪਣੀ ਸਰਕਾਰ ਦੇ ਪਹਿਲੇ ਨਿਵੇਕਲੇ ਪ੍ਰੋਗਰਾਮ 'ਲੋਕ ਮਿਲਣੀ' ਦਾ ਆਗਾਜ਼ ਕੀਤਾ। ਇੱਥੇ ਪੰਜਾਬ ਭਵਨ ਵਿਖੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੇਰੀ ਸਰਕਾਰ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਲੰਮੇ ਸਮੇਂ ਤੋਂ ਲਟਕਦੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕਰਨ ਲਈ ਸਹੂਲਤਾਂ ਮੁਹੱਈਆ ਕਰ ਸਕੀਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਫੌਰੀ ਨਿਪਟਾਉਣ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਉੱਚ ਅਧਿਕਾਰੀ ਇਸ 'ਲੋਕ ਮਿਲਣੀ' ਦੌਰਾਨ ਉਨ੍ਹਾਂ ਦੇ ਨਾਲ ਹਨ ਤਾਂ ਜੋ ਲੋਕਾਂ ਵਲੋਂ ਉਠਾਏ ਗਏ ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਪੰਜਾਬ ਭਵਨ ਵਿਖੇ ਇਸ 'ਲੋਕ ਮਿਲਣੀ' ਦੌਰਾਨ 61 ਸ਼ਿਕਾਇਤਕਰਤਾਵਾਂ ਨੇ ਮੁੱਖ ਮੰਤਰੀ ਅੱਗੇ ਆਪਣੀਆਂ ਸ਼ਿਕਾਇਤਾਂ ਰੱਖੀਆਂ। ਉਨ੍ਹਾਂ ਨੇ ਇਸ ਮੌਕੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਸਮਾਂਬੱਧ ਅਤੇ ਨਤੀਜਾ ਮੁਖੀ ਢੰਗ ਨਾਲ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਉਹ ਹਰ ਹਫਤੇ ਨਿੱਜੀ ਤੌਰ 'ਤੇ ਇਨ੍ਹਾਂ ਸ਼ਿਕਾਇਤਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਦੀ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਇਕ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਮੁੱਖ ਮੰਤਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਨੂੰ ਯੋਗ ਲਾਭਪਾਤਰੀਆਂ ਨੂੰ 'ਸ਼ਗਨ ਸਕੀਮ' ਦੇ ਬਕਾਇਆ ਪਏ ਬਕਾਏ ਤੁਰੰਤ ਜਾਰੀ ਕਰਨ ਲਈ ਆਖਿਆ। ਇਸ ਦੌਰਾਨ ਮੁੱਖ ਮੰਤਰੀ ਨਾਲ 'ਲੋਕ ਮਿਲਣੀ' 'ਚ ਸ਼ਾਮਿਲ ਹੋਏ ਲੋਕਾਂ ਨੇ ਨਾਗਰਿਕਾਂ ਨੂੰ ਤੁਰੰਤ ਰਾਹਤ ਦੇਣ ਲਈ ਭਗਵੰਤ ਮਾਨ ਸਰਕਾਰ ਦੇ ਇਸ ਨੇਕ ਅਤੇ ਲੋਕ ਪੱਖੀ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਡਾਇਰੈਕਟਰ ਜਨਰਲ ਆਫ਼ ਪੁਲਿਸ ਵੀ.ਕੇ. ਭਾਵਰਾ, ਵਧੀਕ ਮੁੱਖ ਸਕੱਤਰ ਸੀਮਾ ਜੈਨ, ਸਰਬਜੀਤ ਸਿੰਘ, ਅਨੁਰਾਗ ਅਗਰਵਾਲ ਅਤੇ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਆਰ.ਕੇ.ਗੈਂਟਾ, ਅਲੋਕ ਸ਼ੇਖਰ, ਵਿਵੇਕ ਪ੍ਰਤਾਪ ਸਿੰਘ, ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੁਮੇਧ ਸਿੰਘ ਗੁਰਜਰ ਤੇ ਅਜੋਏ ਸ਼ਰਮਾ ਆਦਿ ਵੀ ਹਾਜ਼ਰ ਸਨ।
ਕਈ ਲੋਕਾਂ ਨੂੰ ਨਹੀਂ ਮਿਲੀ ਪ੍ਰੋਗਰਾਮ 'ਚ ਦਾਖ਼ਲ ਹੋਣ ਦੀ ਆਗਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਲਈ 'ਲੋਕ ਮਿਲਣੀ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਕਈ ਲੋਕਾਂ ਨੂੰ ਇਸ ਪ੍ਰੋਗਰਾਮ 'ਚ ਜਾਣ ਦੀ ਆਗਿਆ ਨਹੀਂ ਮਿਲੀ, ਜਿਸ ਕਾਰਨ ਲੋਕ ਪੰਜਾਬ ਭਵਨ ਦੇ ਗੇਟ ਸਾਹਮਣੇ ਖੜ੍ਹੇ ਪ੍ਰੇਸ਼ਾਨ ਹੁੰਦੇ ਰਹੇ। ਇਨ੍ਹਾਂ ਲੋਕਾਂ ਵਿਚ ਕੁਝ ਆਪਣੀ ਨੌਕਰੀ ਸੰਬੰਧੀ, ਧੋਖਾਧੜੀ ਦੇ ਮਾਮਲਿਆਂ, ਨਸ਼ੇ, ਜ਼ਮੀਨੀ ਵਿਵਾਦ ਆਦਿ ਨਾਲ ਜੁੜੇ ਮਸਲੇ ਲੈ ਕੇ ਪਹੁੰਚੇ ਸਨ ਪਰ ਉਨ੍ਹਾਂ ਦਾ ਨਾਂਅ ਮੁੱਖ ਮੰਤਰੀ ਨੂੰ ਮਿਲਣ ਵਾਲੇ ਲੋਕਾਂ ਦੀ ਸੂਚੀ 'ਚ ਨਾ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਭਵਨ ਦੇ ਗੇਟ 'ਤੇ ਹੀ ਸਰਕਾਰੀ ਅਧਿਕਾਰੀਆਂ ਨੂੰ ਆਪਣੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਦੇ ਕੇ ਵਾਪਸ ਪਰਤਣਾ ਪਿਆ। ਮੁੱਖ ਮੰਤਰੀ ਨੂੰ ਨਾ ਮਿਲ ਸਕਣ ਕਾਰਨ ਲੋਕ ਗੁੱਸੇ 'ਚ ਵੀ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ 'ਚ ਸਭ ਨੂੰ ਜਾਣ ਦੀ ਆਗਿਆ ਹੋਣੀ ਚਾਹੀਦੀ ਸੀ, ਕਿਉਂਕਿ ਉਹ ਲੰਮਾ ਸਫਰ ਤੈਅ ਕਰਕੇ ਇਥੇ ਪਹੁੰਚੇ ਹਨ।
ਵਾਰਾਨਸੀ, 16 ਮਈ (ਏਜੰਸੀ)-ਇਥੇ ਗਿਆਨਵਾਪੀ ਮਸਜਿਦ ਵਿਚ ਜਾਰੀ ਸਰਵੇਖਣ ਦੌਰਾਨ ਸ਼ਿਵਲਿੰਗ ਮਿਲਣ ਤੋਂ ਬਾਅਦ ਇਕ ਸਥਾਨਕ ਅਦਾਲਤ ਨੇ ਵਾਰਾਨਸੀ ਪ੍ਰਾਸ਼ਸਨ ਨੂੰ ਸ਼ਿਵਲਿੰਗ ਮਿਲਣ ਵਾਲੇ ਸਥਾਨ ਨੂੰ ਸੀਲ ਕਰਨ ਦਾ ਹੁਕਮ ਦਿੱਤਾ। ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਜ਼ਿਲ੍ਹਾ ਮੈਜਿਸਟ੍ਰੇਟ, ਪੁਲਿਸ ਕਮਿਸ਼ਨਰ ਅਤੇ ਸੀ. ਆਰ. ਪੀ. ਐਫ. ਕਮਾਂਡੈਂਟ ਨੂੰ ਸੀਲ ਕੀਤੇ ਸਥਾਨ ਦੀ ਪੁਖਤਾ ਸੁਰੱਖਿਆ ਯਕੀਨੀ ਕਰਨ ਦੇ ਵੀ ਆਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਅੱਜ ਦਾ ਸਰਵੇਖਣ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ ਕਰੀਬ ਦੋ ਘੰਟਿਆਂ ਬਾਅਦ 10.15 ਤੱਕ ਸਮਾਪਤ ਹੋ ਗਿਆ। ਵਾਰਾਨਸੀ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਪੱਖ ਅਦਾਲਤ ਵਲੋਂ ਗਠਤ ਕੀਤੇ ਕਮਿਸ਼ਨ ਦੇ ਕੰਮ ਤੋਂ ਸੰਤੁਸ਼ਟ ਹਨ। ਇਸ ਦੌਰਾਨ ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਦਾਅਵਾ ਕੀਤਾ ਹੈ ਕਿ ਸਰਵੇਖਣ ਕਰਨ ਵਾਲੀ ਟੀਮ ਨੂੰ ਦੌਰਾਨ ਕੰਪਲੈਕਸ 'ਚ ਵਾਜ਼ੂਖਾਨਾ (ਜਿੱਥੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਹੱਥ ਧੋਏ ਜਾਂਦੇ ਹਨ) ਨੇੜੇ ਸ਼ਿਵਲਿੰਗ ਮਿਲਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜਦੋਂ ਬੀਤੇ ਕੱਲ੍ਹ ਸਰਵੇ ਦਾ ਕੰਮ ਬੰਦ ਹੋਣ ਵਾਲਾ ਸੀ ਤਾਂ ਫੈਸਲਾ ਲਿਆ ਗਿਆ ਕਿ 16 ਮਈ ਨੂੰ ਵੀ ਸਰਵੇ ਕੀਤਾ ਜਾਵੇਗਾ ਅਤੇ ਦੋ ਘੰਟਿਆਂ ਤੋਂ ਵੱਧ ਸਮੇਂ ਸਰਵੇ ਕਰਨ ਤੋਂ ਬਾਅਦ ਕੰਮ ਸਮਾਪਤ ਕਰ ਦਿੱਤਾ ਗਿਆ।
ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਇਲਾਹਾਬਾਦ ਹਾਈ ਕੋਰਟ ਵਲੋਂ ਗਿਆਨਵਾਪੀ-ਕਾਸ਼ੀ ਵਿਸ਼ਵਨਾਥ ਮਸਜਿਦ ਦੇ ਅੰਦਰ ਵੀਡੀਓਗ੍ਰਾਫੀ ਦੀ ਦਿੱਤੀ ਮਨਜ਼ੂਰੀ ਖ਼ਿਲਾਫ਼ ਸੁਪਰੀਮ ਕੋਰਟ ਮੰਗਲਵਾਰ ਨੂੰ ਇਕ ਮੁਸਲਿਮ ਧਿਰ ਦੀ ਅਪੀਲ 'ਤੇ ਸੁਣਵਾਈ ਕਰੇਗੀ। ਜਾਣਕਾਰੀ ਅਨੁਸਾਰ ਜਸਟਿਸ ਡਾ. ਡੀ.ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐਸ. ਨਰਸਿਮ੍ਹਾ ਦਾ ਬੈਂਚ ਹਾਈਕੋਰਟ ਵਲੋਂ ਦਿੱਤੀ ਮਨਜ਼ੂਰੀ ਨੂੰ ਚੁਣੌਤੀ ਦੇਣ ਵਾਲੀ ਅਪੀਲ 'ਤੇ ਸੁਣਵਾਈ ਕਰੇਗਾ।
ਮੈਨੇਜਮੈਂਟ ਵਲੋਂ ਦਾਅਵਾ ਖ਼ਾਰਜ
ਉੱਧਰ ਮਸਜਿਦ ਦੀ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਨੇ ਸ਼ਿਵਲਿੰਗ ਦੇ ਮਿਲਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਉਸ ਨੇ ਕਿਹਾ ਕਿ ਜੋ 'ਹਿੱਸਾ' ਮਿਲਿਆ ਹੈ ਉਹ ਮਸਜਿਦ ਵਿਚ ਲੱਗੇ ਫੁਹਾਰੇ ਦਾ ਹੀ ਇਕ ਹਿੱਸਾ ਹੈ ਅਤੇ ਹਿੰਦੂ ਧਿਰ ਦੇ ਵਕੀਲ ਨੇ ਪੂਰੀ ਜਾਣਕਾਰੀ ਸੁਣੇ ਬਿਨਾਂ ਹੀ ਇਸ ਦਾ ਐਲਾਨ ਕਰ ਦਿੱਤਾ।
ਗੁਹਾਟੀ, 16 ਮਈ (ਏਜੰਸੀ)-ਭਾਰਤੀ ਫ਼ੌਜ ਦੀ ਪੂਰਬੀ ਕਮਾਨ ਦੇ ਮੁਖੀ ਨੇ ਅੱਜ ਦੱਸਿਆ ਕਿ ਅਰੁਣਾਚਲ ਪ੍ਰਦੇਸ਼ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ) ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ। ਇਸ ਦੇ ਨਾਲ ਹੀ ਚੀਨੀ ਸੈਨਾ ਸਰਹੱਦ ਨੇੜੇ ਆਪਣੀ ਤਾਕਤ ਨੂੰ ਵਧਾ ਰਹੀ ਹੈ। ਪੂਰਬੀ ਕਮਾਨ ਦੇ ਮੁਖੀ ਲੈਫ਼ਟੀਨੈਂਟ ਜਨਰਲ ਆਰ. ਪੀ. ਕਲਿਤਾ ਨੇ ਕਿਹਾ ਕਿ ਭਾਰਤੀ ਸੈਨਾ ਸਰਹੱਦ 'ਤੇ ਪੈਦਾ ਹੋਣ ਵਾਲੀ ਕਿਸੇ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਸਰਹੱਦ ਨੇੜੇ ਭਾਰਤੀ ਸੈਨਾ ਵੀ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਸਮਰੱਥਾ ਨੂੰ ਲਗਾਤਾਰ ਵਿਕਸਿਤ ਕਰ ਰਹੀ ਹੈ। ਉਨ੍ਹਾਂ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਿੱਬਤ ਖੇਤਰ 'ਚ ਅਸਲ ਕੰਟਰੋਲ ਰੇਖਾ (ਐਲ. ਏ. ਸੀ.) ਦੇ ਪਾਰ ਬਹੁਤ ਸਾਰੇ ਬੁਨਿਆਦੀ ਢਾਂਚੇ ਦਾ ਵਿਕਾਸ ਚੱਲ ਰਿਹਾ ਹੈ। ਦੂਸਰਾ ਪੱਖ ਲਗਾਤਾਰ ਆਪਣੇ ਸੜਕ, ਰੇਲ ਅਤੇ ਹਵਾਈ ਸੰਪਰਕ ਨੂੰ ਵਿਕਸਿਤ ਕਰ ਰਿਹਾ ਹੈ ਤਾਂ ਜੋ ਉਹ ਕਿਸੇ ਸਥਿਤੀ ਦਾ ਜਵਾਬ ਦੇਣ ਜਾਂ ਬਲਾਂ ਨੂੰ ਇਕੱਠੇ ਕਰਨ ਲਈ ਬਿਹਤਰ ਸਥਿਤੀ 'ਚ ਹੋਵੇ। ਉਨ੍ਹਾਂ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਐਲ. ਏ. ਸੀ. ਦੇ ਨੇੜਲੇ ਪਿੰਡਾਂ ਦਾ ਨਿਰਮਾਣ ਕੀਤਾ ਹੈ। ਜਿਨ੍ਹਾਂ ਦੀ ਵਰਤੋਂ ਦੋਹਰੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਅਸੀਂ ਸਥਿਤੀ ਸੰਭਾਲਣ ਲਈ ਆਪਣੇ ਬੁਨਿਆਦੀ ਢਾਂਚੇ ਅਤੇ ਸਮਰੱਥਤਾਵਾਂ ਦੇ ਨਾਲ-ਨਾਲ ਤੰਤਰ ਨੂੰ ਵੀ ਉੱਨਤ ਕਰ ਰਹੇ ਹਾਂ। ਇਸ ਨਾਲ ਅਸੀਂ ਮਜ਼ਬੂਤ ਸਥਿਤੀ 'ਚ ਆ ਗਏ ਹਾਂ। ਉਨ੍ਹਾਂ ਸਵੀਕਾਰ ਕੀਤਾ ਕਿ ਸਰਹੱਦੀ ਖੇਤਰਾਂ 'ਚ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ 'ਚ ਮੁਸ਼ਕਲ ਖੇਤਰ ਅਤੇ ਖ਼ਰਾਬ ਮੌਸਮ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੈਨਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਟੋਰਾਂਟੋ, 16 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ 20 ਸਾਲ ਦੇ ਨਵਕਿਰਨ ਸਿੰਘ ਦੀ ਏਲਡੋਰਾਡੋ ਪਾਰਕ ਏਰੀਆ ਨੇੜੇ ਨਦੀ 'ਚ ਡੁੱਬ ਕੇ ਮੌਤ ਹੋਣ ਦੀ ਖਬਰ ਹੈ। ਉਹ ਪਿੰਡ ਬੱਧਨੀ ਕਲਾਂ (ਮੋਗਾ) ਤੋਂ ਬਲਦੇਵ ਸਿੰਘ ਦਾ ਬੇਟਾ ਸੀ। ਪਰਿਵਾਰ ਦੇ ਪਿੰਡ ਤੋਂ ਕਰੀਬੀ ਸਤਬੀਰ ਸਿੰਘ ਧਾਲੀਵਾਲ ਨੇ ਬਰੈਂਪਟਨ ਵਿਖੇ ਦੱਸਿਆ ਕਿ ਨਵਕਿਰਨ 12 ਜਮਾਤਾਂ ਪਾਸ ਕਰਨ ਮਗਰੋਂ ਪਿਛਲੇ ਸਾਲ ਸਤੰਬਰ 'ਚ ਕੈਨੇਡਾ ਆਇਆ ਸੀ ਅਤੇ ਆਪਣੀ ਅਗਲੇਰੀ ਪੜ੍ਹਾਈ ਦਾ ਪਹਿਲਾ ਸਮੈਸਟਰ ਸਾਰਨੀਆ ਤੋਂ ਪਾਸ ਕਰਕੇ ਹੁਣ ਸਕਾਰਬਰੋ 'ਚ ਸੈਂਟੇਨੀਅਲ ਕਾਲਜ ਦਾ ਵਿਦਿਆਰਥੀ ਸੀ। ਪਤਾ ਲੱਗਾ ਹੈ ਕਿ ਐਤਵਾਰ ਦੀ ਛੁੱਟੀ ਸੀ ਅਤੇ ਘਰੋਂ ਬੱਧਨੀ ਕਲਾਂ ਤੇ ਰੁੜਕਾ ਦੇ 5 ਮੁੰਡੇ ਇਕੱਠੇ ਗਏ ਸਨ। ਜਦੋਂ ਨਵਕਿਰਨ ਪਾਣੀ (ਜੋ ਬਹੁਤਾ ਡੂੰਘਾ ਵੀ ਨਹੀਂ ਸੀ) ਵਿਚ ਵੜਿਆ ਤਾਂ ਅਚਾਨਕ ਅੰਦਰ ਧਸ ਗਿਆ। ਪੁਲਿਸ ਅਤੇ ਬਚਾਓ ਅਮਲੇ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਬਰੈਂਪਟਨ ਦੇ ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਨੇ ਦੱਸਿਆ ਕਿ ਨਵਕਿਰਨ ਮਿਹਨਤੀ ਨੌਜਵਾਨ ਸੀ ਅਤੇ ਪੜ੍ਹਾਈ ਦੇ ਨਾਲ ਇਕ ਕੰਪਨੀ 'ਚ ਫੂਡ ਪੈਕਜਿੰਗ ਦਾ ਕੰਮ ਵੀ ਕਰਦਾ ਸੀ। ਮ੍ਰਿਤਕ ਦੇ ਸਾਥੀਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਟੋਰਾਂਟੋ 'ਚ ਸਥਿਤ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਧੀਰਜ ਪਾਰੀਕ ਨੇ ਕਿਹਾ ਕਿ ਕੈਨੇਡਾ 'ਚ ਵੱਖ-ਵੱਖ ਕਾਰਨਾਂ ਕਰਕੇ ਭਾਰਤੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਰਹਿਣਾ ਇਕ ਬਹੁਤ ਵੱਡਾ ਮੁੱਦਾ ਹੈ ਜਿਸ ਬਾਰੇ ਨੌਜਾਵਾਨਾਂ ਅਤੇ ਪਰਿਵਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਕਸਬਾ ਬੱਧਨੀ ਕਲਾਂ ਦਾ ਸੀ ਨੌਜਵਾਨ
ਬੱਧਨੀ ਕਲਾਂ, (ਸੰਜੀਵ ਕੋਛੜ)-ਕਸਬਾ ਬੱਧਨੀ ਕਲਾਂ 'ਚ ਸੋਗ ਦੀ ਲਹਿਰ ਦੌੜ ਗਈ। ਭਰੇ ਮਨ ਨਾਲ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਅਤੇ ਉਸ ਦੇ ਤਾਇਆ ਨਿਰਮਲ ਸਿੰਘ ਹੈੱਡ ਗ੍ਰੰਥੀ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਜਦੋਂ ਸਾਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਇਹ ਦੁੱਖ ਭਰਿਆ ਫ਼ੋਨ ਆਇਆ ਤਾਂ ਸਾਡੇ ਸਿਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਉਨ੍ਹਾਂ ਨਵਕਿਰਨ ਦੀ ਹੋਈ ਮੌਤ ਬਾਰੇ ਜਾਣਕਾਰੀ ਦਿੱਤੀ। ਉਹ ਆਪਣੇ ਪਿੱਛੇ ਇਕ ਭੈਣ ਅਤੇ ਪਿਤਾ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਇਸ ਦੁੱਖ ਦੀ ਘੜੀ 'ਚ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਸਿਆਸੀ, ਧਾਰਮਿਕ ਜਥੇਬੰਦੀਆਂ ਦੇ ਆਗੂ, ਨਗਰ ਅਤੇ ਇਲਾਕਾ ਨਿਵਾਸੀ ਉਨ੍ਹਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾਂ ਕਰ ਰਹੇ ਹਨ।
ਨਵੀਂ ਦਿੱਲੀ, 16 ਮਈ (ਏਜੰਸੀ)-ਦਵਾਈ ਫਰਮ ਬਾਇਓਲਾਜੀਕਲ ਈ. ਲਿਮਟਿਡ (ਬੀ.ਈ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਕੋਵਿਡ-19 ਵੈਕਸੀਨ 'ਕਾਰਬੇਵੈਕਸ' ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ। ਇਸ ਦੀ ਕੀਮਤ ਵਿਚ ਜੀ.ਐਸ.ਟੀ. ਸ਼ਾਮਿਲ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੇ ਚਲਦਿਆਂ ਉਪਯੋਗਕਰਤਾਵਾਂ ਨੂੰ ਟੈਕਸ ਅਤੇ ਟੀਕਾ ਲਗਾਉਣ ਦੇ ਟੈਕਸ ਸਮੇਤ ਪ੍ਰਤੀ ਖੁਰਾਕ ਲਈ 400 ਰੁਪਏ ਅਦਾ ਕਰਨੇ ਹੋਣਗੇ। ਇਸ ਤੋਂ ਪਹਿਲਾਂ ਨਿੱਜੀ ਟੀਕਾਕਰਨ ਕੇਂਦਰਾਂ ਵਿਚ ਟੀਕੇ ਦੇ ਉਪਯੋਗਕਰਤਾਵਾਂ ਲਈ ਕੁੱਲ ਕੀਮਤ 990 ਰੁਪਏ ਪ੍ਰਤੀ ਖੁਰਾਕ ਸੀ।
ਸਮਰਾਲਾ, 16 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਕੁੱਲੇਵਾਲ ਵਿਖੇ ਨਿਹੰਗ ਸਿੰਘਾਂ ਵਲੋਂ ਕੀਤੀ ਕੁੱਟਮਾਰ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਰੋਸ 'ਚ ਆਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਮਰਾਲਾ ਥਾਣੇ ਅੱਗੇ ਧਰਨਾ ਲਾ ਦਿੱਤਾ, ਜਿਸ ਕਾਰਨ ਲੁਧਿਆਣਾ-ਚੰਡੀਗੜ ਹਾਈਵੇ 'ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਜਾਣਕਾਰੀ ਅਨੁਸਾਰ ਰਾੜਾ ਸਾਹਿਬ ਦੇ ਨੇੜਲੇ ਪਿੰਡ ਕੁੱਲੀ ਵਿਖੇ ਨੌਜਵਾਨ ਅਵਤਾਰ ਸਿੰਘ (22) ਦੇ ਘਰ ਕੱਲ੍ਹ ਕੁਝ ਨਿਹੰਗ ਸਿੰਘ ਉਸ ਕੋਲੋਂ ਇਕ ਗ਼ਾਇਬ ਹੋਈ ਲੜਕੀ ਬਾਰੇ ਪੁੱਛ-ਪੜਤਾਲ ਕਰਨ ਆਏ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਅਵਤਾਰ ਸਿੰਘ ਨੂੰ ਆਪਣੀ ਗੱਡੀ 'ਚ ਪਾ ਕੇ ਸਮਰਾਲਾ ਨੇੜਲੇ ਪਿੰਡ ਕੁੱਲੇਵਾਲ ਵਿਖੇ ਲੈ ਆਏ। ਇਸ ਤੋਂ ਬਾਅਦ ਮ੍ਰਿਤਕ ਦੇ ਪਿੰਡ ਤੋਂ 4-5 ਰਿਸ਼ਤੇਦਾਰ ਵੀ ਉਥੇ ਪਹੁੰਚ ਗਏ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਨੌਜਵਾਨ ਨੂੰ ਇਕ ਘਰ ਦੇ ਅੰਦਰ ਲਿਜਾ ਕੇ ਬੜੀ ਬੇਰਹਿਮੀ ਨਾਲ ਕੁੱਟੇ ਜਾਣ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ। ਨੌਜਵਾਨ ਦੇ ਰਿਸ਼ਤੇਦਾਰਾਂ ਨੇ ਨਿਹੰਗ ਸਿੰਘਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਲੜਕਾ ਬੇਕਸੂਰ ਹੈ, ਪਰ ਨਿਹੰਗ ਸਿੰਘਾਂ ਨੇ ਨੌਜਵਾਨ ਉਸ ਦੇ ਰਿਸ਼ਤੇਦਾਰਾਂ ਨੂੰ ਨਹੀਂ ਸੌਂਪਿਆ ਤੇ ਮਾਰਕੁੱਟ ਕਾਰਨ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਅਵਤਾਰ ਸਿੰਘ ਦੀ ਲਾਸ਼ ਨੂੰ ਉਸ ਦੇ ਵਾਰਸ ਸਿਵਲ ਹਸਪਤਾਲ ਲੈ ਕੇ ਆਏ ਹਨ ਤੇ ਮ੍ਰਿਤਕ ਦੇ ਰਿਸ਼ਤੇਦਾਰ ਤੇ ਪਿੰਡ ਵਾਲੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨੇ 'ਤੇ ਬੈਠ ਗਏ ਹਨ। ਸਥਾਨਕ ਉਪ-ਪੁਲਿਸ ਕਪਤਾਨ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਿਸ ਧਾਰਾ 302 ਅਧੀਨ ਕੇਸ ਦਰਜ ਕਰ ਰਹੀ ਹੈ ਤੇ ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ।
ਕੋਲੰਬੋ, 16 ਮਈ (ਏਜੰਸੀ)-ਸ੍ਰੀਲੰਕਾ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਅਗਲੇ ਦੋ ਮਹੀਨੇ ਸਭ ਤੋਂ ਔਖੇ ਹੋਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਰਾਜਪਕਸ਼ੇ ਪਰਿਵਾਰ ਤੇ ਇਸ ਦੇ ਸਾਬਕਾ ਤਾਕਤਵਰ ਵਿਅਕਤੀ ਮਹਿੰਦਾ ਰਾਜਪਕਸ਼ੇ ਦੇ ਹਵਾਲੇ ਨਾਲ ਕਿਹਾ ...
ਅੰਮ੍ਰਿਤਸਰ, 16 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿਲੋਮੀਟਰ ਦੂਰ ਸਰਬੰਦ ਖੇਤਰ ਦੇ ਬਾਟਾਤਾਲ ਬਾਜ਼ਾਰ 'ਚ ਲੰਘੇ ਦਿਨ ਅਣਪਛਾਤੇ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤੀ ਗਈ ਦੋ ਸਿੱਖ ...
ਨਵੀਂ ਦਿੱਲੀ, 16 ਮਈ (ਏਜੰਸੀ)-ਭਾਰਤ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੱਖਣ-ਪੱਛਮੀ ਮੌਨਸੂਨ ਸੋਮਵਾਰ ਨੂੰ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਅੱਗੇ ਵਧੀ ਹੈ, ਜਿਸ ਤੋਂ 4 ਮਹੀਨਿਆਂ ਦੇ ਬਰਸਾਤ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੰਡੇਮਾਨ ...
ਬਾਂਸਵਾੜਾ (ਰਾਜਸਥਾਨ), 16 ਮਈ (ਏਜੰਸੀਆਂ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਜੋੜਦੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਵੰਡਣ ਦਾ ਕੰਮ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ 2 ਹਿੰਦੋਸਤਾਨ ਬਣਾਉਣਾ ...
ਨਵੀਂ ਦਿੱਲੀ, 16 ਮਈ (ਏਜੰਸੀ)- ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਸਰਕਾਰ ਨੇ ਪਵਨ ਹੰਸ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਕੇਂਦਰ ਵਲੋਂ ਬੋਲੀ ਜਿੱਤਣ ਵਾਲੇ ਸੰਘ (ਕੰਸਰੋਟੀਅਮ) ਦੇ ਸਭ ਤੋਂ ਵੱਡੇ ਹਿੱਸੇਦਾਰ ਅਲਮਾਸ ਗਲੋਬਲ ਖ਼ਿਲਾਫ਼ ਰਾਸ਼ਟਰੀ ਕੰਪਨੀ ...
ਨਵੀਂ ਦਿੱਲੀ, 16 ਮਈ (ਆਈ. ਏ. ਐਨ. ਐਸ.)-ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨੀ ਖਾੜਕੂਆਂ ਤੋਂ ਜਾਨ ਦਾ ਖਤਰਾ ਦੱਸਿਆ ਹੈ। ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ...
ਨਵੀਂ ਦਿੱਲੀ, 16 ਮਈ (ਏਜੰਸੀ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਾਕਿਸਤਾਨ 'ਚ ਦੋ ਸਿੱਖਾਂ ਦੀ ਹੱਤਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਨੂੰ ਪਾਕਿ ਸਰਕਾਰ ਦੇ ਸਾਹਮਣੇ ਉਠਾਉਣ ਦੀ ਅਪੀਲ ਕੀਤੀ ਹੈ। ਇਕਬਾਲ ...
ਨਵੀਂ ਦਿੱਲੀ, 16 ਮਈ (ਏਜੰਸੀ)-ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਮੌਸਮ ਤਬਦੀਲੀ ਦੀ ਬਦਤਰ ਸਥਿਤੀ ਨਾਲ ਜੂਝ ਰਿਹਾ ਹੈ, ਜਿਥੇ ਉੱਤਰ ਭਾਰਤ 'ਚ ਝੁਲਸਾਉਣ ਵਾਲੀਆਂ ਹਵਾਵਾਂ ਨਾਲ ਦਿੱਲੀ 'ਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ, ਜਦਕਿ ਉੱਤਰ-ਪੂਰਬ 'ਚ ਹੜ੍ਹਾਂ ਨੇ ਤਬਾਹੀ ...
ਚੰਡੀਗੜ੍ਹ, 16 ਮਈ (ਏਜੰਸੀ)-ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਪੈਣ ਨਾਲ ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 'ਚ ਸੋਮਵਾਰ ਨੂੰ ਮਾਮੂਲੀ ਕਮੀ ਦਰਜ ਕੀਤੀ ਗਈ ਹੈ, ਹਾਲਾਂਕਿ ਦੋਹਾਂ ਸੂਬਿਆਂ 'ਚ ਪਾਰਾ ਅਜੇ ਵੀ ਆਮ ਨਾਲੋਂ ਵਧੇਰੇ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ...
ਨਵੀਂ ਦਿੱਲੀ, 16 ਮਈ (ਏਜੰਸੀ)-ਨਾਸਾ ਜੈਟ ਪ੍ਰੋਪਲਸ਼ਨ ਲੈਬਾਰਟੀ (ਜੇ. ਪੀ. ਐਲ.) ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਗਰਮੀ ਦੀ ਲਹਿਰ ਦਰਮਿਆਨ ਦਿੱਲੀ ਦੇ ਸ਼ਹਿਰੀ ਖੇਤਰਾਂ (ਹੀਟ ਆਈਲੈਂਡਜ਼) 'ਚ ਤਾਪਮਾਨ ਨੂੰ ਦਰਸਾਉਂਦੀ ਇਕ ਤਸਵੀਰ ਸਾਂਝੀ ਕੀਤੀ ਹੈ। ਟਵਿੱਟਰ 'ਤੇ 13 ਮਈ ਨੂੰ ਨਾਸਾ ...
ਸ੍ਰੀਨਗਰ, 16 ਮਈ (ਮਨਜੀਤ ਸਿੰਘ)-ਜ਼ਿਲ੍ਹਾ ਬਾਂਦੀਪੋਰਾ 'ਚ ਪੁਲਿਸ ਨੇ ਲਸ਼ਕਰ ਦੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇਕ ਪਾਕਿ ਸਿਖਲਾਈ ਪ੍ਰਾਪਤ ਅੱਤਵਾਦੀ, 2 ਹਾਈਬ੍ਰਿਡ ਅੱਤਵਾਦੀਆਂ ਤੇ ਔਰਤ ਸਮੇਤ 4 ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 2 ਵਾਹਨ ਜ਼ਬਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX